Nawab Kapur Singh | ਨਵਾਬ ਕਪੂਰ ਸਿੰਘ

ਜੀਵਨ ਬ੍ਰਿਤਾਂਤ

Contents hide
5 ਸਰਬੱਤ ਖਾਲਸੇ ਦੇ ਦਿਲਾਂ ਦਾ ਬਾਦਸ਼ਾਹ

ਨਵਾਬ ਕਪੂਰ ਸਿੰਘ ਜੀ

ਦਲਾਂ ਤੇ ਮਿਸਲਾਂ ਦਾ ਬਾਨੀ

ਅਤੇ

ਸਰਬੱਤ ਖਾਲਸੇ ਦੇ ਦਿਲਾਂ ਦਾ ਬਾਦਸ਼ਾਹ

ਜਨਮ

ਸੰਮਤ 1754 ਬਿ: ਦਾ ਸੁਭਾਗਾ ਵਰ੍ਹਾ, ਸਿੱਖ ਇਤਿਹਾਸ ਵਿਚ ਸਦਾ ਲਈ ਉਜਾਗਰ ਰਹੇਗਾ । ਇਸੇ ਸਾਲ ਉਸ ਮਹਾਨ ਵਿਅਕਤੀ ਨੇ ਜਨਮ ਲਿਆ, ਜਿਸ ਨੇ ਖਾਲਸਾ ਪੰਥ ਦੇ ਨਾਂ ਨੂੰ, ਸੰਸਾਰ ਪਰ ਸੂਰਜ ਵਤ ਪ੍ਰਕਾਸ਼ਮਾਨ ਕਰ ਦਿੱਤਾ । ਆਪ ਦਾ ਜਨਮ ਚੌਧਰੀ ਦਲੀਪ ਸਿੰਘ ਵਿਰਕ ਦੇ ਘਰ, ਪਿੰਡ ਕਾਲੋਕੇ, ਪਰਗਨਾਂ ਸ਼ੇਖੂਪੁਰਾ ਵਿਚ ਹੋਇਆ ।

ਬਿਰਧਾ ਦੀਆਂ ਕਥਨੀਆਂ ਅਤੇ ਪੁਰਾਤਨ ਲਿਖਤੀ ਸਾਖੀਆਂ ਨੂੰ ਮੇਲ ਕੇ ਵਿਚਾਰਿਆ ਜਾਏ ਤਾਂ ਆਪ ਦੇ ਜੀਵਨ ਦੀ ਚੋਖੀ ਸਾਮਿੱਗਰੀ ਅੱਖਾਂ ਮੂਹਰੇ ਆ ਜਾਂਦੀ ਹੈ ।

ਪਿੰਡ ਕਾਲੋਕੇ ਵਿਚ ਵਿਰਕਾਂ ਦੀਆਂ ਚਾਰ ਪੱਤੀਆਂ ਸਨ । ਚੌਧਰੀ ਦਲੀਪ ਸਿੰਘ ਮਾਲੋਕੀ ਪੱਤੀ ਦਾ ਪੱਤੀਦਾਰ ਸੀ । ਜਿਥੇ ਉਹ ਪੱਤੀਦਾਰੀ ਅਤੇ ਚੌਧਰਮੇ ਲਈ ਇਲਾਕੇ ਵਿਚ ਪ੍ਰਸਿਧ ਸੀ, ਉਥੇ ਉਸ ਤੋਂ ਵੀ ਵਧ, ਗੁਰੂ ਘਰ ਦੇ ਸਿਦਕੀ ਸਿੱਖ ਹੋਣ ਦੇ ਕਾਰਨ ਉਸ ਨੂੰ ਬਹੁਤ ਮਾਣ ਪ੍ਰਾਪਤ ਸੀ ।

ਕਪੂਰ ਸਿੰਘ ਦਾ ਬਾਲਪਨ

ਕਪੂਰ ਸਿੰਘ ਦੇ ਬਾਲਪਨ ਦੇ ਜਿੰਨੇ ਕੁ ਸਮਾਚਾਰ ਖੋਜ ਕਰਨ ਪਰ ਮਿਲੇ ਹਨ। ਉਹ ਇਹ ਹਨ ਕਿ ਸਿਰਜਨਹਾਰ ਨੇ ਇਸ ਬਾਲਕ ਦੀ ਸਾਜਨਾ ਐਸੀ ਵਿਲੱਖਣ ਸਾਜੀ ਸੀ ਜਿਸ ਨੂੰ ਵੇਖਣ ਵਾਲੇ ਅਚੰਭਤ ਹੋ ਜਾਂਦੇ ਸਨ ।

ਇੰਨੀ ਉਮਰ ਦੇ ਬੱਚਿਆਂ ਵਿਚ ਕਪੂਰ ਸਿੰਘ ਦਾ ਕਦ ਚੋਖਾ ਉੱਚਾ ਸੀ । ਜੁੱਸਾ ਦੂਹਰਾ ਅਤੇ ਸ਼ਕਤੀ ਭਰਪੂਰ ਸੀ, ਚਿਹਰਾ ਭਰਵਾਂ ਤੇ ਜੋਤ-ਮਈ ਸੀ । ਬੁੱਧੀ ਐਨੀ ਤੀਖਨ ਕਿ ਥੋੜ੍ਹੇ ਸਮੇਂ ਵਿਚ ਹੀ ਆਪਣੀ ਧਰਮੀ ਮਾਂ ਤੋਂ ਬਹੁਤ ਸਾਰੀ ਗੁਰਬਾਣੀ ਮੁਖ-ਆਗਰ ਕੰਠ ਕਰ ਲਈ । ਇਸ ਤੋਂ ਛੁੱਟ ਸਮੇਂ ਦੀ ਲੋੜ ਅਨੁਸਾਰ ਸ਼ਸਤ੍ਰ ਵਿਦਿਆ, ਤੇਗ, ਨੇਜੇ ਅਤੇ ਢਾਲ ਦੀ ਵਰਤੋਂ, ਤੀਰ, ਤੁਰੰਗ ਦੀ ਨਿਸ਼ਾਨਾ-ਬਾਜ਼ੀ ਵਿਚ ਪੂਰਨ ਪਰਬੀਨਤਾ ਪ੍ਰਾਪਤ ਕਰ ਲਈ ।

ਚੌਧਰੀ ਦਲੀਪ ਸਿੰਘ ਚਪਲ ਘੋੜਿਆਂ ਅਤੇ ਸੁੰਦਰ ਘੋੜੀਆਂ ਦੇ ਪਾਲਣ ਦਾ ਬੜਾ ਸ਼ੌਕੀਨ ਸੀ, ਜਿਸ ਦੇ ਕਾਰਨ ਸੁਤੇ ਹੀ ਕਾਕਾ ਕਪੂਰ ਸਿੰਘ ਘੋੜ- ਸਵਾਰੀ ਐਨੇ ਉੱਚੇ ਕਮਾਲ ਪਰ ਪੁੱਜ ਗਿਆ ਕਿ ਉਸ ਦਾ ਨਾਂ ਨਾਮੀ ਸਵਾਰਾਂ ਵਿਚ ਗਿਣਿਆ ਜਾਣ ਲੱਗਾ ।

ਨਵਾਂ ਜਨਮ

ਕਪੂਰ ਸਿੰਘ ਦੇ ਬਾਲ-ਪਨ ਦੀਆਂ ਖੇਡਾਂ ਦੀਆਂ ਰੁੱਚੀਆਂ ਜੰਗੀ ਕਰਤਬਾਂ ਦੇ ਅਭਿਆਸ ਨੂੰ ਵਧਾਉਣ ਵਲ ਰਹਿੰਦੀਆਂ ਸਨ । ਆਪ ਦੀ ਮਨ ਭਾਂਵਦੀ ਖੇਡ ਇਹ ਸੀ ਕਿ ਪਿੰਡ ਦੇ ਨੌਜਵਾਨ ਬਾਲਕਾਂ ਨੂੰ ਇਕੱਠਾ ਕਰਕੇ ਉਨ੍ਹਾਂ ਨੂੰ ਦੋਹਾਂ ਭਾਗਾਂ ਵਿੱਚ ਵੰਡ ਦਿੰਦਾ । ਇਕ ਦਲ ਦੀ ਅਗਵਾਈ ਆਪ ਕਰਦਾ ਅਤੇ ਦੂਜੇ ਨੂੰ ਵੈਰੀ ਦੀ ਸੈਨਾ ਸਮਝ ਕੇ ਉਸ ਪਰ ਹੁਨਰ ਦੇ ਜੋਸ਼ ਨਾਲ ਹੱਲਾ ਬੋਲਦਾ ਜੋ ਅਸਲ ਸੰਗਰਾਮ ਤੋਂ ਕਿਸੇ ਤਰ੍ਹਾਂ ਵੀ ਘੱਟ ਨਾ ਸੀ ਹੁੰਦਾ । ਇਸ ਸਮੇਂ ਉਹ ਵੈਰੀ ਦਲ ਦੇ ਖਿਡਾਰੀਆਂ ਨੂੰ ਘੇਰੇ ਵਿਚ ਲੈਣ ਦਾ ਯਤਨ ਕਰਦਾ ਅਤੇ ਜਦ ਉਹ ਕਾਬੂ ਆ ਜਾਂਦੇ ਤਾਂ ਉਨ੍ਹਾਂ ਤੋਂ ਹਥਿਆਰ ਖੋਹ ਕੇ ਉਹਨਾਂ ਨੂੰ ਕੈਦੀ ਬਣਾ ਲੈਂਦਾ, ਆਦਿ ।

ਦਸਿਆ ਜਾਂਦਾ ਹੈ ਕਿ ਇਕ ਦਿਨ ਇਨ੍ਹਾਂ ਜੰਗੀ ਅਭਿਆਸਾਂ ਦੇ ਕਰਦਿਆਂ ਟਾਕਰਾ ਕਰ ਰਹੀ ਫ਼ੌਜ ਦੇ ਇਕ ਨੌਜਵਾਨ ਨੇ ਜੋ ਜੋਸ਼ ਵਿਚ ਮੱਤਾ ਹੋਇਆ ਸੀ। ਆਪ ਪਰ ਤੇਗ਼ ਦਾ ਵਾਰ ਕੀਤਾ ਜੋ ਸੰਜੋਗ ਨਾਲ ਉਹ ਉਸ ਨੂੰ ਢਾਲ ਪਰ ਨਾ ਲੈ ਸਕਿਆ ਅਤੇ ਉਹ ਸਿੱਧੇ ਆਪ ਦੇ ਮੋਢੇ ਪਰ ਲੱਗਾ ਜਿਸ ਨਾਲ ਚੋਖੀ ਡੂੰਘਾਈ ਤਕ ਮੋਢਾ ਕੱਟ ਗਿਆ । ਪਹਿਲੇ ਪਹਿਲ ਤਾਂ ਉਸ ਸਮੇਂ ਦੇ ਫਟ ਬੰਨ੍ਹਾਂ ਦੀ ਵਿਚਾਰ ਸੀ ਕਿ ਕਪੂਰ ਸਿੰਘ ਇਸ ਘਾਓ ਤੋਂ ਨਰੋਆ ਨਾ ਹੋ ਸਕੇਗਾ ਪਰ ਲੰਮਾ ਇਲਾਜ ਕਰਨ ਪਰ ਫੱਟ ਮੋੜਾ ਖਾ ਗਿਆ ਤੇ ਆਪ ਨੂੰ ਮੁੜ ਨਵਾਂ ਜਨਮ ਮਿਲਿਆ । ਬਾਲ-ਪਨ ਦੀਆਂ ਜੰਗੀ ਖੇਡਾਂ ਦੇ ਝੁਕਾਵ ਤੋਂ ਸਪੱਸ਼ਟ ਹੋ ਜਾਂਦਾ ਹੈ। ਕਿ ਆਪ ਨਿੱਕੀ ਉਮਰ ਤੋਂ ਹੀ ਮੈਦਾਨ ਜੰਗ ਵਿਚ ਆਪਣੇ ਕਮਾਲ ਦਸਣ ਵਾਲਾ ਹੋਣਹਾਰ ਲਾਲ ਸੀ ।

ਕਪੂਰ ਸਿੰਘ ਦਾ ਅੰਮ੍ਰਿਤ ਪਾਨ ਕਰਨਾ

ਬੰਦਾ ਸਿੰਘ ਬਹਾਦਰ ਦੀ ਨੂੰ ਕੰਡੇ ਕਰ ਦੇਣ ਵਾਲੀ ਅਨੋਖੀ ਸ਼ਹੀਦੀ ਦੇ ਉਪਰੰਤ ਬੰਦਈਆਂ ਤੇ ਖਾਲਸੇ ਵਿਚ ਕੁਝ ਸਿਧਾਂਤੀ ਮਤਭੇਦ ਉਪਜ ਪਿਆ । ਇਸ ਸਮੇਂ ਬੰਦਈਆਂ ਨੇ ਇਕ ਰਾਤ ਚੁੱਪ-ਚਾਪ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਨੂੰ ਆਪਣੇ ਅਧਿਕਾਰ ਵਿਚ ਲੈ ਲਿਆ । ਦੂਜੇ ਬੰਨ੍ਹੇ ਖਾਲਸੇ ਨੇ ਸ੍ਰੀ ਅਕਾਲ ਤਖਤ ਦੀ ਸੇਵਾ ਆਪਣੇ ਹੱਥ ਲੈ ਲਈ ।

ਇਸ ਤਰ੍ਹਾਂ ਦੋਹਾਂ ਧਿਰਾਂ ਵਿਚ ਪਿਆਰ ਦੀ ਥਾਂ ਦੁਪਿਆਰ ਨੇ ਮਲ ਲਈ । ਹੁਣ ਸੰਮਤ 1778 ਬਿਕਰਮੀ (1721 ਈਸਵੀ) ਦੀ ਵਿਸਾਖੀ ਦਾ ਸਮਾਗਮ ਨੇੜੇ ਆ ਗਿਆ । ਇਸ ਮੌਕੇ ਆਪਸ ਦੇ ਕੌੜੱਤਣ ਦੇ ਵਧੇਰੇ ਵਧ ਜਾਣ ਦੀ ਸੰਭਾਵਨਾ ਨੂੰ ਅਨੁਭਵ ਕਰਕੇ ਪੰਥ ਦੇ ਕੁਝ ਸ਼ੁਭ-ਚਿੰਤਕ ਸ੍ਰੀ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾ ਜੀ ਦੀ ਸੇਵਾ ਵਿਚ ਦਿਲੀ ਹਾਜ਼ਰ ਹੋਏ । ਅੰਮ੍ਰਿਤਸਰ ਵਿਚ ਜੋ ਕੁਝ ਹੋ ਰਿਹਾ ਸੀ ਉਹ ਸਵਿਸਥਾਰ ਉਨ੍ਹਾਂ ਮਾਤਾਵਾਂ ਨੂੰ ਕਹਿ ਸੁਣਾਇਆ । ਲੰਮੀ ਸੋਚ ਦੇ ਬਾਅਦ ਇਹ ਵਿਉਂਤ ਸੋਚੀ ਗਈ ਕਿ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਭੇਜਿਆ ਜਾਏ ਅਤੇ ਉਹ ਦੋਹਾਂ ਧਿਰਾਂ ਦਾ ਵਿਚੋਲਾ ਬਣ ਕੇ ਖਾਲਸੇ ਦਾ ਆਪਸ ਵਿਚ ਮੇਲ ਮਿਲਾਪ ਕਰਵਾ ਦੇਵੇ ।

Nawab Kapur Singh | ਨਵਾਬ ਕਪੂਰ ਸਿੰਘ

ਭਾਈ ਸਾਹਿਬ ਮਾਤਾਵਾਂ ਦੇ ਹੁਕਮ ਅਨੁਸਾਰ ਅੰਮ੍ਰਿਤਸਰ ਪਹੁੰਚ ਗਏ ਇਥੇ ਆਪ ਨੇ ਦੋਹਾਂ ਧੜਿਆਂ ਨੂੰ ਸੰਤੁਸ਼ਟ ਕਰਕੇ ਪੰਥ ਨੂੰ ਖੂਨ-ਖਰਾਬੇ ਤੋਂ ਬਚਾ ਲਿਆ ਅਤੇ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਮੁੜ ਖਾਲਸੇ ਦੇ ਹੱਥ ਸੌਂਪੀ ।

ਹੁਣ ਖਾਲਸੇ ਵਿਚ ਏਕਤਾ ਆ ਗਈ ਸੀ, ਇਸ ਲਈ ਆਵਣ ਵਾਲੀ ਵਿਸਾਖੀ, ਸਰਬੱਤ ਖਾਲਸੇ ਨੇ ਮਿਲ ਕੇ ਰੌਣਕ ਨਾਲ ਮਨਾਈ ਜਿਸ ਦੀ ਨਜ਼ੀਰ ਪਹਿਲਾਂ ਘਟ ਮਿਲਦੀ ਸੀ ।

ਇਸ ਸਮਾਗਮ ਦੀ ਵਿਸ਼ੇਸ਼ ਸਫਲਤਾ ਇਹ ਸੀ ਕਿ ਭਾਈ ਸਾਹਿਬ ਦੇ ਪਰਚਾਰ ਦੇ ਕਾਰਨ ਬੇਅੰਤ ਮਾਈ ਭਾਈ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਜਿਨ੍ਹਾਂ ਵਿਚ ਕਪੂਰ ਸਿੰਘ ਨੇ ਭਾਈ ਮਨੀ ਸਿੰਘ ਜੀ ਦੇ ਹੱਥੋਂ ਅੰਮ੍ਰਿਤ ਪਾਨ ਕੀਤਾ। ਇਸ ਬਾਰੇ ਗਿਆਨੀ ਗਿਆਨ ਸਿੰਘ ਇਉਂ ਲਿਖਦਾ ਹੈ :-

ਕਬਿੱਤ

ਬ੍ਰਿਕ ਗੋਤ ਜ਼ਿਮੀਂਦਾਰ, ਤਹਾਂ ਕਾ ਬਸਨਵਾਰ,

ਥਾ ਦਲੀਪ ਸਿੰਘ ਭਾਰ, ਤੁਰਕਨ ਸੰਤਾਯੋ ਹੈ ।

ਕਪੂਰ ਸਿੰਘ ਦਾਨ ਸਿੰਘ ਦੋਹਾਂ ਪੁਤ੍ਰਾਂ ਸਮੇਤ,

ਮਨੀ ਸਿੰਘ ਜੀ ਤੇ ਸੁਧਾ ਛਕ ਮੁਦਾ ਪਾਯੋ ਹੈ ।

ਜੀਵਨ ਵਿਚ ਚਾਨਚੱਕ ਪਲਟਾ

ਸ਼ਹੀਦ ਭਾਈ ਤਾਰਾ ਸਿੰਘ ਜੀ, ਪਿੰਡ ਵਾਂ ਨਿਵਾਸੀ ਆਪਣੇ ਸਮੇਂ ਦਾ ਮਹਾਂ ਪਰ-ਉਪਕਾਰੀ, ਆਦਰਸ਼ਕ ਸਿੱਖ ਮੰਨਿਆ ਜਾਂਦਾ ਸੀ । ਜਿਥੇ ਉਹ ਨਾਮ ਬਾਣੀ ਦੀ ਰੰਗਣ ਵਿਚ ਸਦਾ ਰੱਤਾ ਰਹਿੰਦਾ ਸੀ, ਉਥੇ ਨਾਲ ਹੀ ਰਣ-ਭੂਮੀਆਂ ਦਾ ਨਿਰਭੈ ਜੋਧਾ ਪ੍ਰਸਿੱਧ ਸੀ ।

ਉਸ ਨੇ ਆਪਣੇ ਪਿੰਡ ਆਪਣੀ ਭੌਂ ਵਿਚ ਇਕ ਬੁਰਜ ਉਸਾਰਿਆ ਹੋਇਆ ਸੀ, ਜਿਹੜਾ ਉਸ ਕਰੜੇ ਸਮੇਂ ਸਿੰਘਾਂ ਦੇ ਵੇਲੇ ਕੁਵੇਲੇ ਆ ਰਹਿਣ ਦਾ ਪੱਕਾ ਟਿਕਾਣਾ ਸੀ । ਲੰਗਰ ਆਪ ਦਾ ਅਮੁੱਕ ਚਲਦਾ ਸੀ, ਜਿਸ ਤੋਂ ਸਭ ਕੋਈ ਵਰਸਾਂਵਦਾ ਸੀ ।

ਭਾਈ ਤਾਰਾ ਸਿੰਘ ਦੇ ਸਿੱਖੀ ਪਿਆਰ ਨੂੰ ਵੇਖ ਕੇ ਸਾਹਿਬ ਰਾਏ ਨਸ਼ਹਿਰੇ ਦਾ ਚੌਧਰੀ ਜਿਹੜਾ ਹਕੂਮਤ ਦਾ ਖੁਸ਼ਾਮਦੀ ਅਤੇ ਸਿੰਘਾਂ ਦਾ ਵੈਰੀ ਮੰਨਿਆ ਜਾਂਦਾ ਸੀ, ਭਾਈ ਜੀ ਦੇ ਬੁਰਜ ਵਿਚ ਸਿੰਘਾਂ ਦਾ ਰਹਿਣਾ ਅਤੇ ਲੰਗਰ ਤੋਂ ਲਾਭ ਪ੍ਰਾਪਤ ਕਰਨਾ ਤੱਕ ਕੇ ਇਹ ਈਰਖਾ ਦੀ ਅੱਗ ਵਿਚ ਸੜਦਾ ਰਹਿੰਦਾ ਸੀ । ਉਹ ਚਾਹੁੰਦਾ ਸੀ ਕਿ ਤਾਰਾ ਸਿੰਘ ਦੇ ਬੁਰਜ ਨੂੰ ਧਰਤੀ ਨਾਲ ਮਿਲਾ ਦਿੱਤਾ ਜਾਏ, ਜਿਥੇ ਸਿੰਘ ਆ ਕੇ ਟਿਕਦੇ ਹਨ ਅਤੇ ਲੰਗਰ ਬੰਦ ਕਰਵਾ ਦੇਵੇ ਜਿਥੋਂ ਉਨ੍ਹਾਂ ਨੂੰ ਖਾਣ ਲਈ ਪਰਸ਼ਾਦੇ ਮਿਲਦੇ ਹਨ ।

ਇਸ ਨੀਚ ਭਾਵਨਾ ਦੇ ਪੂਰੇ ਕਰਨ ਲਈ ਉਹ ਮਿਰਜ਼ਾ ਜਾਫਰ ਬੇਗ ਫੌਜਦਾਰ, ਪੱਟੀ ਦੀ ਹਾਜ਼ਰੀ ਵਿਚ ਪੁੱਜਾ ਤੇ ਭਾਈ ਤਾਰਾ ਸਿੰਘ ਦੇ ਵਿਰੁੱਧ ਇਹ ਦੁਸ਼ਨ ਲਾਇਆ ਕਿ ਉਸ ਨੇ, ਉਸ ਦੀਆਂ ਘੋੜੀਆਂ ਸਿੰਘਾਂ ਦੇ ਹੱਥ ਫੜਾ ਦਿੱਤੀਆਂ ਹਨ । ਇਸ ਤੋਂ ਛੁੱਟ ਇਹ ਵੀ ਕਿਹਾ ਕਿ ਉਹ ਸਿੰਘਾਂ ਨੂੰ ਆਪਣੇ ਬੁਰਜ ਵਿਚ ਪਨਾਹ ਦੇਂਦਾ ਹੈ ਤੇ ਖਾਣ ਲਈ ਲੰਗਰ ਵਰਤਾਂਦਾ ਹੈ ।

ਇਉਂ ਮਿਰਜ਼ਾ ਜ਼ਾਫ਼ਰ ਬੇਗ ਨੂੰ ਭੜਕਾ ਕੇ ਸਣੇ ਤੁਰਕਾਨੀ ਸਵਾਰਾਂ ਦੇ ਭਾਈ ਜੀ ਪਰ ਚਾੜ੍ਹ ਲੈ ਆਇਆ ।

ਸਿੰਘਾਂ ਨੂੰ ਜਦ ਚੌਧਰੀ ਸਾਹਿਬ ਰਾਏ ਦੇ ਇਸ ਪਾਪ ਕਰਮ ਦਾ ਪਤਾ ਲਗਾ ਤਾਂ ਉਹ ਵੀ ਕੋਈ ਸਵਾ ਸੌ ਦੇ ਲਗਪਗ ਆਲਿਓਂ ਦੁਆਲਿਓਂ ਭਾਈ ਤਾਰਾ ਸਿੰਘ ਦੀ ਸਹਾਇਤਾ ਲਈ ਇਕੱਠੇ ਹੋ ਗਏ । ਇਨ੍ਹਾਂ ਵਿਚ ਸਰਦਾਰ ਬਘੇਲ ਸਿੰਘ ਢਿਲੋਂ ਦੇ ਜੱਥੇ ਨੇ ਵਿਸ਼ੇਸ਼ ਭਾਗ ਲਿਆ P

ਜਾਫ਼ਰ ਬੇਗ ਦੇ ਸਵਾਰਾਂ ਨੇ ਉੱਥੇ ਪਹੁੰਚੇ ਕੇ ਪਿੰਡ ਨੂੰ ਘੇਰਾ ਪਾ ਲਿਆ ਅਤੇ ਲਗੇ ਗੋਲੀਆਂ ਦੀ ਬਰਖਾ ਵਸਾਵਣ । ਇਹਦੇ ਜਵਾਬ ਵਿਚ ਖਾਲਸੇ ਨੇ ਵੀ ਭਾਈ ਤਾਰਾ ਸਿੰਘ ਜੀ ਦੀ ਅਗਵਾਈ ਵਿਚ ਜੀਵਨ ਤੋਂ ਹੱਥ ਧੋ ਕੇ ਜਾਫ਼ਰ ਬੇਗ ਦਾ ਇਹ ਕਹਿਰ ਦਾ ਟਾਕਰਾ ਕੀਤਾ ਕਿ ਹਾਕਮ ਨੂੰ ਲੈਣੇ ਦੀ ਥਾਂ ਦੇਣੇ ਪੈ ਗਏ। ਸਾਰਾ ਦਿਨ ਲੋਹੇ ਨਾਲ ਲੋਹਾ ਖੜਕਦਾ ਰਿਹਾ ਲੌਢੇ ਪਹਿਰ ਖਾਲਸਾ ਬੁਰਜ ਦੇ ਮੋਰਚਿਆਂ ‘ਚੋਂ ਨਿਕਲ ਕੇ ਵੈਰੀ ਪਰ ਟੁੱਟ ਪਿਆ ਅਤੇ ਐਸੀਆਂ ਤੇਗਾਂ ਮਾਰੀਆਂ ਕਿ ਪੱਟੀ ਦੀ ਸੈਨਾ ਨੂੰ ਹੱਥਾਂ ਪੈਰਾਂ ਦੀ ਪੈ ਗਈ । ਉਹ ਆਪਣੇ ਕਈ ਸੌ ਸਵਾਰ ਮਰਵਾ ਕੇ ਮੈਦਾਨ ਖਾਲਸਾ ਦੀ ਭੇਟ ਕਰਕੇ ਆਪਣੀਆਂ ਜਾਨਾਂ ਬਚਾ ਕੇ ਨਿਕਲ ਗਏ । ਮਰਨ ਵਾਲਿਆਂ ਵਿਚ ਜਾਫ਼ਰ ਬੇਗ ਦਾ ਭਤੀਜਾ ਵੀ ਸੀ ।

ਇਥੋਂ ਭਾਂਜ ਖਾ ਕੇ ਮਿਰਜ਼ਾ ਜਾਫ਼ਰ ਬੇਗ ਸਿੱਧਾ ਲਾਹੌਰ ਪੁੱਜਾ ਅਤੇ ਜ਼ਕਰੀਆ ਖ਼ਾਨ ਕੋਲ ਜਾ ਪਿਟਿਆ । ਖ਼ਾਨ ਬਹਾਦਰ ਨੇ ਉਸ ਦੀ ਸਹਾਇਤਾ ਲਈ ਮੋਮਨ ਖ਼ਾਨ ਦੀ ਤਹਿਤ ਵਿਚ ਫੌਜ ਭੇਜ ਕੇ ਭਾਈ ਤਾਰਾ ਸਿੰਘ ਦੇ ਬੁਰਜ ਪਰ ਧਾਵਾ ਕਰਨ ਦਾ ਹੁਕਮ ਦਿੱਤਾ ਤਾਂ ਜੋ ਉਸ ਨੂੰ ਜੀਊਂਦਾ ਫੜਕੇ ਲਾਹੌਰ ਹਾਜ਼ਰ ਕੀਤਾ ਜਾਵੇ ।

ਮੋਮਨ ਖ਼ਾਨ ਨੇ ਪਹੁੰਚ ਕੇ ਬੁਰਜ ਨੂੰ ਘੇਰਾ ਪਾ ਲਿਆ । ਇਧਰੋਂ ਖਾਲਸੇ ਨੇ ਵੀ ਉਹ ਅੰਧਾ-ਧੁੰਧ ਗੋਲੀਆਂ ਵਸਾਈਆਂ ਕਿ ਵੈਰੀ ਦੇ ਅਨੇਕ ਜੁਵਾਨ ਸਦਾ ਦੀ ਨੀਂਦੇ ਸਵਾ ਦਿੱਤੇ ।

ਛੇਕੜ ਸਿੰਘਾਂ ਪਾਸ ਦਾਰੂ ਸਿੱਕਾ ਮੁੱਕ ਗਿਆ । ਤਲਵਾਰਾਂ ਧੂਹ ਕੇ ਗੜ੍ਹੀ ਵਿਚੋਂ ਬਾਹਰ ਨਿਕਲ ਆਏ । ਇਸ ਸਮੇਂ ਐਸੀ ਸਿਰੀ ਸਾਹਿਬ ਖੜਕੀ ਕਿ ਇਕ ਕਹਿਰ ਵਰਤ ਗਿਆ । ਇਥੇ ਭਾਈ ਤਾਰਾ ਸਿੰਘ, ਰਣ ਵਿਚ ਅਨੇਕਾਂ ਦੇ ਆਹੂ ਲਾਹੁੰਦਾ ਹੋਇਆ, ਵੈਰੀਆਂ ਦੀਆਂ ਬਰਛੀਆਂ ਦੇ ਕਈ ਫਟ ਸਰੀਰ ਪਰ ਖਾਕੇ ਸ਼ਹੀਦੀ ਦਾ ਅੰਮ੍ਰਿਤ ਪੀ ਗਿਆ P ਇਹ ਘਟਨਾ ਵੈਸਾਖ ਸੰਮਤ 1783 ਬਿ: (मंठ 1726) ी है ।

ਖਾਲਸੇ ਪਰ ਇਸ ਸ਼ਹੀਦੀ ਦਾ ਕੀ ਪ੍ਰਭਾਵ ਪਿਆ

ਸਤ ਸਰੂਪ, ਮਹਾਂ ਪਰ-ਉਪਕਾਰੀ, ਭਾਈ ਤਾਰਾ ਸਿੰਘ ਜੀ ਦੀ ਜਰਵਾਣਿਆਂ ਦੇ ਹੱਥੋਂ ਸ਼ਹੀਦੀ ਦੇ ਖ਼ਬਰ ਜਿਉਂ-ਜਿਉਂ ਖਾਲਸੇ ਵਿਚ ਖਿੱਲਰਦੀ ਗਈ ਤਿਉਂ- ਤਿਉਂ ਜੰਗਲ ਦੀ ਅਗਨ ਦੀ ਤਰ੍ਹਾਂ ਭਾਂਬੜ ਮਚਾਈ ਗਈ । ਵੈਰੀਆਂ ਦੇ ਇਸ ਅੱਤਿਆਚਾਰ ਨੇ ਨੌਜਵਾਨ ਖਾਲਸੇ ਦੇ ਜੀਵਨ ਵਿਚ ਤੂਫ਼ਾਨ-ਵਤ ਪ੍ਰੀਵਰਤਨ ਲੈ ਆਂਦਾ । ਸੈਂਕੜੇ ਗੁਰ-ਸਿੱਖਾਂ ਨੇ ਆਪਣੇ ਨਿੱਜੀ ਕੰਮ ਧੰਦੇ ਤਿਆਗ ਕੇ ਅੱਗੇ ਨੂੰ ਆਪਣਾ ਜੀਵਨ ਨਿਰੋਲ ਪੰਥ ਸੇਵਾ, ਅਤੇ ਜ਼ਾਲਮ ਹਕੂਮਤ ਤੋਂ ਭਾਈ ਤਾਰਾ ਸਿੰਘ ਦੀ ਹੱਤਿਆ ਦਾ ਬਦਲਾ ਲੈਣ ਦਾ ਪ੍ਰਣ ਕੀਤਾ । ਇਨ੍ਹਾਂ ਕੁਰਬਾਨੀ ਦੇ ਪਤੰਗਿਆਂ ਵਿਚ ਨੌ ਜਵਾਨ ਕਪੂਰ ਸਿੰਘ ਦਾ ਨਾਂ ਵਿਸ਼ੇਸ਼ ਲਿਖਣ ਯੋਗ ਹੈ । ਆਪ ਦੇ ਮਨ ਨੂੰ ਉਪਰੋਕਤ ਘਟਨਾ ਨੇ ਐਨਾ ਪੀੜਤ ਕੀਤਾ ਕਿ ਆਪ ਨੇ ਨਾ ਕੇਵਲ ਘਰ ਦੇ ਕੰਮ ਕਾਜ ਤੋਂ ਹੀ ਮੂੰਹ ਮੋੜ ਲਿਆ, ਸਗੋਂ ਸਾਕਾਂ ਸੰਬੰਧੀਆਂ ਤੋਂ ਹੀ ਨਿਰਮੋਹ ਹੋ ਕੇ ਸਦਾ ਲਈ ਆਪਣੇ ਆਪ ਨੂੰ ਪੰਥ ਦੀ ਸੇਵਾ ਲਈ ਸਮਰਪਨ ਕਰ ਦਿੱਤਾ । ਹੁਣ ਕਪੂਰ ਸਿੰਘ ਸਣੇ ਕਈ ਹੋਰਨਾਂ ਜਵਾਨਾਂ ਦੇ ਘਰੋਂ ਨਿਕਲ ਕੇ ਅੰਮਿ੍ਤਸਰ ਪਹੁੰਚਾ ਅਤੇ ਦੀਵਾਨ ਦਰਬਾਰਾ ਸਿੰਘ ਦੇ ਜੱਥੇ ਵਿਚ ਮਿਲ ਗਿਆ।

ਅੰਮ੍ਰਿਤਸਰ ਵਿਚ ਖਾਲਸੇ ਦਾ ਇਕੱਠ

ਜਿਹਾ ਕਿ ਪਾਠਕ ਉਪਰ ਪੜ੍ਹ ਆਏ ਹਨ ਕਿ ਭਾਈ ਤਾਰਾ ਸਿੰਘ ਜੀ ਦੀ ਸ਼ਹੀਦੀ ਨੇ ਸਾਰੇ ਖਾਲਸੇ ਨੂੰ ਇਕ ਹਲੂਣਾ ਦੇ ਦਿੱਤਾ ਸੀ । ਸਭ ਕੋਈ ਇਹ ਚਾਹੁੰਦਾ ਸੀ ਕਿ ਹਤਿਆਰਿਆਂ ਨੂੰ ਐਸੇ ਕਰਾਰੇ ਹੱਥ ਦੱਸੇ ਜਾਣ ਕਿ ਹਕੂਮਤ ਨੂੰ ਪਤਾ ਲੱਗ ਜਾਏ ਕਿ ਕਿਸੇ ਬਿਦੋਸ਼ੇ ਉਪਕਾਰੀ ਦੀ ਸ਼ਹੀਦੀ ਦਾ ਫਲ ਕਿਵੇਂ ਭੁਗਤਣਾ ਪੈਂਦਾ ਹੈ ।

ਇਸ ਵਿਚਾਰ ਨੂੰ ਵਰਤੋਂ ਵਿਚ ਲਿਆਣ ਲਈ, ਖਾਲਸੇ ਨੇ ਅੰਮ੍ਰਿਤਸਰ ਵਿਚ ਇਕ ਵੱਡਾ ਇਕੱਠ ਕੀਤਾ । ਜਿਸ ਵਿਚ ਲੰਮੀ ਵਿਚਾਰ ਦੇ ਉਪਰੰਤ ਇਹ ਗੁਰਮਤਾ ਸੋਧਿਆ ਗਿਆ, ਜਿਸ ਦੀਆਂ ਏਹ ਧਾਰਾਂ ਸਨ :-

  1. ਹਕੂਮਤ ਨੂੰ ਨਿਤਾਣਾ ਕਰਨ ਲਈ ਸ਼ਾਹੀ ਖਜ਼ਾਨੇ ਲਈ ਇਲਾਕਿਆਂ ਤੋਂ ਆਵਣ ਵਾਲੀ ਮਾਇਆ ਪਹੁੰਚਣ ਤੋਂ ਪਹਿਲਾਂ ਹੀ ਆਪਣੇ ਅਧਿਕਾਰ ਵਿਚ ਕਰ ਲਈ ਜਾਇਆ ਕਰੇ ।
  2. ਸ਼ਾਹੀ ਹਥਿਆਰ-ਘਰਾਂ ਤੋਂ ਹਥਿਆਰ ਅਤੇ ਹਕੂਮਤ ਦੇ ਘੋੜਿਆਂ ਦੇ ਗੱਲਿਆਂ ਤੋਂ ਘੋੜੇ ਪ੍ਰਾਪਤ ਕਰਕੇ ਖਾਲਸੇ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ।
  3. ਲਗਦੇ ਵਾਹ ਹਕੂਮਤ ਦੇ ਸਹਾਇਕਾਂ, ਖੁਸ਼ਾਮਦੀਆਂ ਦੀ ਵੀ ਪੂਰੀ ਪੂਰੀ ਸੁਧਾਈ ਕੀਤੀ ਜਾਏ ।

ਇਨ੍ਹਾਂ ਵਿਚਾਰਾਂ ਸਮੇਂ ਜੋਸ਼ੀਲੇ ਨੌਜੁਵਾਨ ਕਪੂਰ ਸਿੰਘ ਨੇ ਇਨ੍ਹਾਂ ਵਧ ਚੜ੍ਹ ਕੇ ਭਾਗ ਲਿਆ ਕਿ ਜਥੇਦਾਰ ਦਰਬਾਰਾ ਸਿੰਘ ਨੇ ਆਪ ਨੂੰ ਮੁੱਖ ਸੇਵਾਦਾਰਾਂ ਵਿਚ ਪ੍ਰਵਾਨ ਕਰ ਲਿਆ ।

ਸੰਮਤ 1783-84 ਦੀਆਂ ਮਾਰਾਂ

ਜਥੇਦਾਰ ਦਰਬਾਰਾ ਸਿੰਘ ਜੀ ਦੇ ਉਪਰੋਕਤ ਫ਼ੈਸਲੇ ਅਨੁਸਾਰ, ਕਪੂਰ ਸਿੰਘ ਦੀ ਅਗਵਾਈ ਹੇਠ ਇਕ ਤਕੜਾ ਜੱਥਾ ਮਾਝੇ ਵਿਚ ਫਿਰ ਨਿਕਲਿਆ । ਜੱਥੇ ਵਿਚੋਂ ਕੁਝ ਸਿਆਣੇ ਅਤੇ ਉਤਸ਼ਾਹੀ ਸਿੰਘ, ਵੈਰੀ ਦੀਆਂ ਖ਼ਬਰਾਂ ਪਹੁੰਚਾਣ ਦੀ ਸੇਵਾ ਲਈ ਨੀਯਤ ਕੀਤੇ ਗਏ ।

ਅੱਜ ਥੋੜ੍ਹੇ ਦਿਨ ਹੀ ਬੀਤੇ ਸਨ ਕਿ ਚਾਨਚੱਕ ਸੂਹੇ ਖ਼ਬਰ ਲੈ ਆਏ ਕਿ ਚਾਰ ਲੱਖ ਰੁਪਿਆ, ਮੁਲਤਾਨ ਦੇ ਇਲਾਕੇ ਦੇ ਮਾਲੀਏ ਦਾ ਦਿੱਲੀ ਸ਼ਾਹੀ ਖ਼ਜਾਨੇ ਲਈ ਜਾ ਰਿਹਾ ਹੈ । ਜਿਸ ਦੀ ਰਾਖੀ ਲਈ ਦੋ ਸੌ ਸਵਾਰਾਂ ਦਾ ਹਥਿਆਰ-ਬੰਦ ਦਸਤਾ ਨਾਲ ਹੈ । ਇਹ ਦੋ ਕੁ ਦਿਨਾਂ ਤੀਕ ਲਾਹੌਰ ਦੀ ਹੱਦ ਵਿਚ ਪਹੁੰਚਣਗੇ ।

ਇਹ ਸੁਣਦੇ ਸਾਰੇ ਹੀ ਖਾਲਸੇ ਨੇ ਝਟਾ-ਪਟ ਕੋਈ 400 ਖਿੰਡੇ ਹੋਏ ਸਿੰਘ ਇਕੱਠੇ ਕਰ ਲਏ ਅਤੇ ਜਦ ਇਹ ਖਜ਼ਾਨਾ ਖੁੱਡੀਆਂ ਪਰਗਨਾ ਲਾਹੌਰ ਦੇ ਮੁਕਾਮ ਪਰ ਪੁੱਜਾ ਤਾਂ ਖਾਲਸਾ ਇਕ-ਇਕ ਇਸ ਪਰ ਬਿਜਲੀ ਵਾਂਗ ਕੜਕ ਕੇ ਟੁੱਟ ਪਿਆ ਅਤੇ ਸਾਰਾ ਖ਼ਜ਼ਾਨਾ ਆਪਣੇ ਅਧਿਕਾਰ ਵਿਚ ਲੈ ਲਿਆ । ਰਖਵਾਲੀ ਫ਼ੌਜ ਦੇ ਜਵਾਨਾਂ ਵਿਚੋਂ ਲਗਭਗ ਅੱਧਿਆਂ ਤੋਂ ਵਧ ਮਾਰੇ ਯਾ ਫੱਟੜ ਕਰ ਦਿੱਤੇ ਅਤੇ ਬਾਕੀ ਰਹਿੰਦਿਆਂ ਨੇ ਭੱਜ ਕੇ, ਬੜੀ ਕਠਨਤਾ ਨਾਲ ਆਪਣੀਆਂ ਜਾਨਾਂ ਬਚਾ ਲਈਆਂ ਤੇ ਲਾਹੌਰ ਜਾ ਪਹੁੰਚੇ ।

ਖ਼ਜ਼ਾਨੇ ਦੇ ਨਾਲ ਮੁਰਦਿਆਂ ਤੇ ਫੱਟੜਾਂ ਦੇ ਘੋੜੇ ਤੇ ਸ਼ਸਤਰ ਵੀ ਲਗਦੇ ਹੱਥ ਖਾਲਸੇ ਨੇ ਸਾਂਭ ਲਏ

ਇਸ ਸਮੇਂ ਖਾਲਸੇ ਨੇ ਇੰਨੀ ਫੁਰਤੀ ਤੋਂ ਕੰਮ ਲਿਆ ਕਿ ਲਾਹੌਰ ਤੋਂ ਵੈਰੀ ਦੀ ਸਹਾਇਤਾ ਲਈ ਫ਼ੌਜ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਰਾਵੀ ਦੀਆਂ ਝੱਲਾਂ ਵਿਚ ਜਾ ਵੜਿਆ ਜਿੱਥੇ ਸ਼ਾਹੀ ਕਰਮਚਾਰੀਆਂ ਦਾ ਪਹੁੰਚਣਾ ਅਸੰਭਵ ਸੀ। ਫਿਰਤੂ ਦਸਤਾ ਦੋ ਚਾਰ ਦਿਨ ਇਧਰ ਉਧਰ ਭਾਲ ਕਰਕੇ ਲਾਹੌਰ ਪਰਤ ਗਿਆ। ਇਹ ਗੱਲ ਸਾਵਣ ਸੰਮਤ 1783 ਦੀ ਹੈ ।

ਦੂਜੀ ਮਾਰ

ਉਪਰਲੀ ਘਟਨਾ ਦੇ ਦੋ ਕੁ ਮਹੀਨੇ ਉਪਰੰਤ ਇਕ ਲੱਖ ਰੁਪਈਆ ਕਸੂਰ ਤੋਂ ਲਾਹੌਰ ਭੇਜਿਆ ਜਾ ਰਿਹਾ ਸੀ । ਸੂਬੇ ਵੱਲੋਂ ਰਾਖੀ ਪਹਿਰੇ ਦਾ ਬੜਾ ਤਕੜਾ ਪ੍ਰਬੰਧ ਸੀ । ਖ਼ਬਰ ਪੁਚਾਉ ਸੇਵਾਦਾਰਾਂ ਨੇ ਚਵਿੰਡੇ ਆ ਖ਼ਬਰ ਦਿੱਤੀ । ਖ਼ਾਲਸਾ ਤੁਰੰਤ ਦੀਵਾਨ ਦਰਬਾਰਾ ਸਿੰਘ ਦੀ ਅਗਵਾਈ ਹੇਠ ਤਿਆਰ ਹੋ ਕੇ ਕਾਹਨੇ ਕਾਛੇ ਦੇ ਲਾਗੇ, ਸ਼ਾਹੀ ਖ਼ਜ਼ਾਨੇ ਨੂੰ ਅੱਗੋਂ ਜਾ ਮੱਲਿਆ ਤੇ ਪਹਿਰੂਆਂ ਨੂੰ ਘੇਰਾ ਪਾ ਕੇ ਪਹਿਲਾਂ ਉਹਨਾਂ ਦੇ ਹਥਿਆਰ ਖੋਹ ਲਏ ਅਤੇ ਫਿਰ ਖ਼ਜ਼ਾਨਾ ਖੋਹਕੇ ਉਨ੍ਹਾਂ ਦੇ ਹੀ ਪਸ਼ੂਆਂ ਪਰ ਲੱਦਿਆ ਲਦਾਇਆ ਹੱਕ ਖੜਿਆ ਅਤੇ ਆਪਣੇ ਨੀਯਤ ਕੀਤੇ, ਸੁਰੱਖਿਅਤ ਸਥਾਨ ਪਰ ਪਹੁੰਚ ਗਏ । ਸ਼ਾਹੀ ਸੈਨਾ ਕਈ ਦਿਨ ਟੱਕਰਾਂ ਮਾਰ ਕੇ ਅਸਫ਼ਲ ਪਿਛਾਂਹ ਪਰਤ ਗਈ । ਇਸ ਧਾਵੇ ਵਿਚ ਵਧੇਰੇ ਸਿੰਘ ਚਵਿੰਡੇ ਦੇ ਸਨ।

ਤੀਜੀ ਸਫਲਤਾ

ਮੁਰਤਜਾ ਖ਼ਾਨ ਉਚਕਜ਼ਈ, ਪ੍ਰਸਿੱਧ ਘੋੜਿਆਂ ਦਾ ਸ਼ਾਹੀ ਸੁਦਾਗਰ ਸੀ ਇਹ ਹਜ਼ਾਰਾਂ ਦੀ ਗਿਣਤੀ ਵਿਚ ਘੋੜੇ ਤੇ ਹਥਿਆਰ ਅਫ਼ਗਾਨਿਸਤਾਨ, ਵਜ਼ੀਰੇਸਤਾਨ, ਈਰਾਨ ਅਤੇ ਹੋਰਨਾਂ ਦੂਰ-ਦੂਰ ਦੇਸ਼ਾਂ ਤੋਂ ਮੰਗਵਾ ਕੇ ਸ਼ਾਹੀ ਫੌਜ ਲਈ ਹਕੂਮਤ ਪਾਸ ਵੇਚਦਾ ਰਹਿੰਦਾ ਸੀ । ਇਸ ਵਪਾਰ ਵਿਚ ਇਸ ਲੱਖਾਂ ਰੁਪਏ ਕਮਾਏ ਸਨ, ਜਿਸ ਦੇ ਕਾਰਨ ਇਹ ਹਕੂਮਤ ਦਾ ਇਕ ਲੋੜੀਂਦਾ ਅੰਗ ਮੰਨਿਆ ਜਾਂਦਾ ਸੀ । ਅੱਸੂ ਸੰਮਤ 1783 ਦੀ ਗੱਲ ਹੈ ਕਿ ਇਹ ਕਈ ਸੌ ਘੋੜਿਆਂ ਦਾ ਗਲਾ ਅਤੇ ਹਥਿਆਰਾਂ ਦਾ ਜ਼ਖ਼ੀਰਾ ਲੈ ਕੇ ਸਣੇ ਆਪਣੇ ਕਾਫ਼ਲੇ ਦੇ ਦਿੱਲੀ ਜਾ ਰਿਹਾ ਸੀ ।

ਇਹ ਜਦ ਜੰਡਿਆਲੇ ਤੋਂ ਇਕ ਮੰਜ਼ਲ ਦੀ ਵਾਟ ਪਰ ਪੁੱਜਾ ਤਾਂ ਕਪੂਰ ਸਿੰਘ ਦੇ ਜੱਥੇ ਨੂੰ ਇਕ ਸੂਹੇ ਨੇ ਖ਼ਬਰ ਆ ਦਿੱਤੀ ਕਿ ਘੋੜਿਆਂ ਅਤੇ ਹਥਿਆਰਾਂ ਦਾ ਵੱਡਾ ਸਾਂਗਾ ਦਿੱਲੀ ਜਾ ਰਿਹਾ ਹੈ । ਜੇ ਕਦੇ ਇਸ ਦੀ ਸੁਧਾਈ ਕੀਤੀ ਜਾਏ ਤਾਂ ਸਾਰੇ ਜੱਥੇ ਦੀ ਹਥਿਆਰਾਂ ਤੇ ਘੋੜਿਆਂ ਦੀ ਥੁੜ੍ਹ ਪੂਰੀ ਹੋ ਸਕਦੀ ਹੈ । ਖ਼ਾਲਸੇ ਨੇ ਇਹ ਗ਼ੈਬੀ ਸਹਾਇਤਾ ਕਾਦਰ ਵਲੋਂ ਭੇਜੀ ਹੋਈ ਸਮਝੀ । ਉਸੇ ਵਕਤ ਸਾਰਾ ਜੱਥਾ ਤਿਆਰ ਹੋ ਕੇ ਉਥੇ ਪਹੁੰਚ ਗਿਆ, ਜਿਥੇ ਇਸ ਕਾਫ਼ਲੇ ਰਾਤ ਬੀਤਾਣ ਲਈ ਡੇਰਾ ਕਰਨਾ ਸੀ । ਬਸ ਘੋੜਿਆਂ ਨੂੰ ਸਾਹਮਣੇ ਵੇਖ ਕੇ ਖਾਲਸੇ ਇਕਾ- ਇਕਾ ਇਨ੍ਹਾਂ ਪਰ ਟੁੱਟ ਪਏ ਤੇ ਹੁਣ ਆਪਣੇ ਮੜੀਅਲ ਘੋੜਿਆਂ ਤੋਂ ਉਤਰ ਕੇ ਸ਼ਾਹੀ ਘੋੜਿਆਂ। ਪਰ ਸਵਾਰ ਹੋ ਕੇ ਤੁਰਤ ਫੁਰਤ ਅੱਖਾਂ ਤੋਂ ਓਹਲੇ ਹੋ ਗਏ

ਇਨ੍ਹਾਂ ਘੋੜਿਆਂ ਤੇ ਹਥਿਆਰਾਂ ਦੇ ਮਿਲਣ ਨਾਲ ਖਾਲਸਾ ਦਲ ਦੀ ਬਹੁਤ ਬੜੀ ਥੁੜ੍ਹ ਪੂਰੀ ਹੋ ਗਈ । ਹੁਣ ਉਹ ਇਨਾ ਸ਼ਕਤੀਵਰ ਹੋ ਗਿਆ ਕਿ ਛੋਟੀ ਮੋਟੀ ਗਸ਼ਤੀ ਫ਼ੌਜ ਨਾਲ ਤਕੜੀ ਟੱਕਰ ਲੈਣ ਦੇ ਸਮਰਥ ਹੋ ਗਿਆ ਸੀ ।

ਉਪਰ ਲਿਖੀਆਂ ਮਾਰਾਂ ਦੇ ਮਾਰਨ ਨਾਲ ਖਾਲਸੇ ਦਾ ਇੰਨਾ ਹੱਥ ਖੁੱਲ੍ਹਾ ਹੋ ਗਿਆ ਸੀ ਕਿ ਉਹ ਮੁੜ ਦਿਨੋਂ-ਦਿਨ ਵਧਣ ਫੁਲਣ ਲੱਗਾ । ਥੋੜ੍ਹੇ ਦਿਨਾਂ ਵਿਚ ਉਹ ਸੈਂਕੜਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਵੱਧ ਗਿਆ ।

ਦਿੱਲੀ ਤੇ ਲਾਹੌਰ ਦੀ ਫ਼ੌਜ ਦਾ ਮਿਲਵਾਂ ਇਕੱਠ

ਸ਼ਾਹੀ ਖ਼ਜ਼ਾਨੇ ਦੀ ਖੋਹਾ-ਖਾਹੀ ਦੀਆਂ ਖ਼ਬਰਾਂ ਸੁਣ ਕੇ ਦਿੱਲੀ ਦੀ ਹਕੂਮਤ ਬੜੀ ਘਬਰਾਈ ਅਤੇ ਆਪਣੀ ਵਿਸ਼ੇਸ਼ ਸੈਨਾ ਲਾਹੌਰ ਦੀ ਫੌਜੀ ਸਹਾਇਤਾ ਲਈ ਪੰਜਾਬ ਵਲ ਤੋਰੀ, ਤਾਂ ਜੋ ਸਿੱਖਾਂ ਦੀ ਉਠ ਰਹੀ ਸ਼ਕਤੀ ਨੂੰ ਵਧਣ ਤੋਂ ਪਹਿਲਾਂ ਮਿੱਧ ਦਿੱਤਾ ਜਾਏ । ਪੰਜਾਬ ਵਿਚ ਪਹੁੰਚ ਕੇ ਜ਼ਕਰੀਆ ਖ਼ਾਨ ਦੀ ਇੱਛਾ ਅਨੁਸਾਰ ਇਨ੍ਹਾਂ ਦੋਹਾਂ ਸਮਿੱਲਿਤ ਫ਼ੌਜਾਂ ਨੇ ਖ਼ਾਲਸੇ ਦੀ ਭਾਲ ਵਿਚ ਝਾੜ-ਝਾੜ ਕੇ ਖੱਡ ਖੱਡ ਨੂੰ ਛਾਣ ਮਾਰਿਆ ਅਤੇ ਕਈ ਥਾਈਂ ਡਟ ਕੇ ਟਾਕਰੇ ਵੀ ਹੋਏ ਪਰ ਖਾਲਸੇ ਦੀ ਅਗਵਾਈ ਦੀ ਵਾਗ ਡੋਰ ਦੀਵਾਨ ਦਰਬਾਰਾ ਸਿੰਘ ਤੇ ਕਪੂਰ ਸਿੰਘ ਵਰਗਿਆਂ ਮਹਾਨ ਆਗੂਆਂ ਦੇ ਹੱਥਾਂ ਵਿਚ ਹੋਣ ਦੇ ਕਾਰਣ ਵੈਰੀ ਜਿਉਂ-ਜਿਉਂ ਖਾਲਸੇ ਨੂੰ ਦਬਾਣ ਦਾ ਯਤਨ ਕਰਦਾ ਸੀ, ਅਮਰ ਖਾਲਸਾ ਜਿਉਂ ਤਿਉਂ ਦੂਣਾ ਚੌਣਾ ਹੋ ਕੇ ਕੁੰਦਨ ਵਾਂਗ ਵਧੇਰੀ ਚਮਕ ਨਾਲ ਸ਼ੁੱਧ ਹੋ ਹੋ ਨਿਖਰਦਾ ਸੀ ।

ਹਕੂਮਤ ਨੂੰ ਪੰਜਵੀਂ ਸਿੱਖਿਆ

ਮੁਹੰਮਦ ਜਾਫ਼ਰ ਖ਼ਾਨ ਸੱਤ ਹਜ਼ਾਰੀ ਪਿਸ਼ਾਵਰ ਤੋਂ ਦਿੱਲੀ ਜਾ ਰਿਹਾ ਸੀ । ਦਿੱਲੀ ਦਾ ਪੁਰਾਣਾ ਰਾਹ, ਨੂਰ ਦੀਨ ਦੀ ਸ਼ਰ੍ਹਾ ਤੋਂ ਹੁੰਦਾ ਹੋਇਆ ਗੋਇੰਦਵਾਲ ਦੇ ਪੱਤਣੋਂ ਪਾਰ ਹੋ ਕੇ ਲੰਘਦਾ ਸੀ । ਜਾਫ਼ਰ ਖ਼ਾਨ ਅਜੇ ਪੱਤਣ ਪਰ ਪਹੁੰਚਿਆ। ਹੀ ਸੀ ਕਿਸੇ ਨੇ ਸਰਦਾਰ ਬੁੱਢਾ ਸਿੰਘ ਅਤੇ ਬਾਗ ਸਿੰਘ ਨੂੰ ਖ਼ਬਰ ਆ ਦੱਸੀ ਕਿ ਜਾਫ਼ਰ ਖ਼ਾਨ ਲੱਖਾਂ ਰੁਪਿਆਂ ਦਾ ਸੋਨਾ ਚਾਂਦੀ ਦਿੱਲੀ ਲੈ ਜਾ ਰਿਹਾ ਹੈ । ਇਸ ਖ਼ਬਰ ਦੇ ਪਹੁੰਚਦੇ ਹੀ ਖਾਲਸਾ ਪੱਤਣ ਪਰ ਪੁੱਜ ਗਿਆ । ਇਹ ਜਾਫ਼ਰ ਖ਼ਾਨ ਦਿੱਲੀ ਹਕੂਮਤ ਦਾ ਪਤਵੰਤਾ ਕਰਮਚਾਰੀ ਸੀ । ਇਹ ਜਦ ਕਾਫ਼ਲੇ (ਸਾਂਗੋ) ਨੂੰ ਬੇੜੀਆਂ ਦੀ ਰਾਹੀਂ ਦਰਿਆ ਬਿਆਸਾ ਤੋਂ ਪਾਰ ਕਰਨ ਵਿਚ ਲੱਗਾ ਹੋਇਆ ਸੀ। ਇਸ ਦੇ ਕੁਝ ਪਹਿਰੇਦਾਰ ਪਾਰਲੇ ਕੰਢੇ ਪਰ ਠਹਿਰੇ ਹੋਏ ਸਨ ਅਤੇ ਕੁਝ ਅਜੇ ਉਰਾਰ ਹੀ ਸਨ ਕਿ ਇਕਾ-ਇਕ ਜਿਵੇਂ ਕਾਲੀਆਂ ਘਟਾ ਤੋਂ ਗੜੇਮਾਰ ਮੋਲੇਧਾਰ ਮੀਂਹ ਵਸ ਪੈਂਦਾ ਹੈ, ਠੀਕ ਇਸੇ ਤਰ੍ਹਾਂ ਗੋਲੀਆਂ ਦਾ ਮੀਂਹ ਕਾਫ਼ਲੇ ਪਰ ਵਸਣ ਲੱਗਾ । ਸਭ ਕਿਸੇ ਨੂੰ ਜਾਨ ਦੇ ਲਾਲੇ ਪੈ ਗਏ । ਕੋਈ ਜਾਨ ਬਚਾ ਕੇ ਕਿਧਰੇ ਨੱਠਾ ਅਤੇ ਕੋਈ ਕਿਧਰੇ ਭੱਜਾ । ਇਸ ਸਮੇਂ ਨੂੰ ਬਹੁ-ਮੁੱਲਾ ਜਾਣ ਕੇ, ਖਾਲਸੇ ਨੇ ਖ਼ਾਨ ਦੀ ਸਾਰੀ ਮਾਇਆ ਬੜੇ ਸਵਸ ਚਿੱਤ ਨਾਲ ਸਾਂਭ ਲਈ । ਪਾਤਣੀ ਤੇ ਖੇਵਟੀ ਅਜੇ ਰੌਲਾ ਹੀ ਪਾ ਰਹੇ ਸਨ ਕਿ ਖਾਲਸਾ ਪੂਰਨ ਨਿਰਭੈਤਾ ਨਾਲ ਵੇਖਦੇ ਵੇਖਦੇ ਘੋੜੇ ਉਡਾ ਕੇ ਅੱਖਾਂ ਤੋਂ ਉਹਲੇ ਹੋ ਗਿਆ । ਇਹ ਸੀ ਪੰਜਵੀਂ ਸਿੱਖਿਆ ਜੋ ਸੰਤ ਤਾਰਾ ਸਿੰਘ ਦੇ ਬਦਲੇ ਵਜੋਂ ਹਕੂਮਤ ਦੇ ਰੋਅਬ ਨੂੰ ਨਸ਼ਟ ਕਰਨ ਲਈ ਖਾਲਸੇ ਵਲੋਂ ਉਸ ਨੂੰ ਦਿੱਤੀ ਗਈ ।

ਛੇਵੀਂ ਮਾਰ ਤੇ ਆਚਰਣ ਦੀ ਉੱਚਤਾ ਦਾ ਅਦੁੱਤੀ ਨਮੂਨਾ

ਸੰਮਤ 1884 ਬਿ: ਨੂੰ ਦੀਵਾਨ ਦਰਬਾਰਾ ਸਿੰਘ, ਕਪੂਰ ਸਿੰਘ ਅਤੇ ਹਰੀ ਸਿੰਘ ਹਜ਼ੂਰੀਆ ਸਣੇ ਜੱਥਿਆਂ ਦੇ ਸ੍ਰੀ ਹਰਗੋਬਿੰਦ ਪੁਰੇ ਦੇ ਲਾਗੇ ਉਤਰੇ ਹੋਏ ਸੀ ਕਿ- ਸੰਜੋਗ ਨਾਲ ਇਕ ਦਿਨ ਸੇਠ ਪਰਤਾਪ ਚੰਦ ਜੋ ਸਿਆਲਕੋਟ ਦਾ ਇਕ ਬੜਾ ਪ੍ਰਸਿੱਧ ਲੱਖਾਂਪਤੀ ਸੌਦਾਗਰ ਸੀ, ਜਿਸ ਦੀਆਂ ਹਿੰਦ ਦੇ ਵੱਡੇ-ਵੱਡੇ ਸ਼ਹਿਰਾਂ ਵਿਚ ਕੋਠੀਆਂ ਚਲਦੀਆਂ ਸਨ, ਜਿਨ੍ਹਾਂ ਵਿਚੋਂ ਦਿੱਲੀ, ਬਨਾਰਸ, ਮੁਰਸ਼ਦਾਬਾਦ ਅਤੇ ਸੂਰਤ ਦੀਆਂ ਸ਼ਾਖਾਂ ਦਾ ਵਪਾਰ ਦੂਰ-ਦੂਰ ਤਕ ਖਿਲਰਿਆ ਹੋਇਆ ਸੀ ।

ਇਹ ਲੱਖਾਂ ਰੁਪਿਆਂ ਦਾ ਮਾਲ ਕਸ਼ਮੀਰ, ਲੱਦਾਖ ਅਤੇ ਜੰਮੂ ਆਦਿ ਦੀ ਪੈਦਾਵਾਰ ਪਸ਼ਮੀਨਾ, ਸ਼ਾਲਾਂ, ਚਾਂਦੀ ਦੇ ਭਾਂਡੇ, ਕੇਸਰ, ਕਸਤੂਰੀ, ਗਲੀਚੇ ਆਦਿ ਹਿੰਦ ਭੇਜਦਾ ਸੀ ਅਤੇ ਹਿੰਦ ਦੀ ਉਪਜ ਪੰਜਾਬ ਤੇ ਕਸ਼ਮੀਰ ਪਹੁੰਚਾਉਂਦਾ मी ।

ਇਸੇ ਪ੍ਰਤਾਪ ਚੰਦ ਦਾ ਟਾਂਡਾ ਜਿਸ ਵਿਚ ਕਈ ਸੌ ਪਸ਼ੂ, ਬਹੁਮੁੱਲੇ ਸਮਿਆਨ ਲੱਦੇ ਹੋਏ ਸਨ, ਨਾਲ ਦੇ ਖੁਲ੍ਹੇ ਮੈਦਾਨ ਵਿਚ ਆ ਉਤਰਿਆ । ਇਸ ਕਾਫਲੇ ਦੇ ਰਖਵਾਲੇ ਲਾਦੂ ਪਸ਼ੂਆਂ ਦੇ ਮਾਲਕ ਵਧੇਰੇ ਮੁਸਲਮਾਨ ਸਨ ।

ਇਨ੍ਹਾਂ ਦੇ ਉਤਾਰਾ ਕਰਦਿਆਂ ਹੀ ਖਾਲਸੇ ਨੂੰ ਕਿਸੇ ਆਣ ਦਸਿਆ ਕਿ ਇਹ ਟਾਂਡਾ ਦੋ ਕੋਹਾਂ ਦੀ ਵਾਟ ਪਰ ਆ ਉਤਰਿਆ ਹੈ ਜੋ ਦਿੱਲੀ ਸ਼ਾਹੀ ਘਰਾਣੇ ਦਾ ਸਾਮਾਨ ਲੈ ਜਾ ਰਿਹਾ ਹੈ । ਬਸ ਹੁਣ ਵਧੇਰੀ ਸੋਚ ਦੀ ਲੋੜ ਨਹੀਂ ਸੀ । ਸ਼ਾਹੀ ਘਰਾਣੇ ਦੇ ਮਾਲ ਦਾ ਨਾਂ ਸੁਣ ਕੇ ਅਜੇ ਰਾਤ ਦਾ ਹਨੇਰਾ ਪਸਰਿਆ ਹੀ ਸੀ ਕਿ ਖਾਲਸਾ ਇਸ ਪਰ ਜਾ ਪਿਆ। ਇਥੇ ਪਹੁੰਚਦੇ ਹੀ ਐਸੀਆਂ ਅੰਧਾ-ਧੁੰਦ ਵਾਰਾਂ ਝਾੜੀਆਂ ਜਿਨ੍ਹਾਂ ਨਾਲ ਕਈ ਪਹਿਰੇਦਾਰਾਂ ਨੂੰ ਸਦਾ ਦੀ ਨੀਂਦੇ ਸਵਾ ਦਿੱਤਾ, ਜੋ ਬਾਕੀ ਬਚੇ ਉਨ੍ਹਾਂ ਭੱਜ ਕੇ ਜਾਨਾਂ ਬਚਾ ਲਈਆਂ । ਹੁਣ ਟਾਂਡਾ ਬੇ-ਖਸਮਾ ਰਹਿ ਗਿਆ, ਜੋ ਕੁਝ ਇਸ ਵਿਚ ਸੀ ਉਹ ਸਭ ਖਾਲਸੇ ਸਾਂਭ ਲਿਆ ਅਤੇ ਕੂਚ ਕਰਕੇ ਆਪਣੇ ਡੇਰੇ ਜਾ ਸਾਹ ਲਿਆ ।

ਰਾਤ ਨੂੰ ਖਾਲਸੇ, ਹੱਥ ਆਏ ਮਾਲ ਦੀਆਂ ਜਦ ਗੰਢਾਂ ਖੋਲ੍ਹੀਆਂ ਤਾਂ ਇਨ੍ਹਾਂ ਵਿਚੋਂ ਬੜੀਆਂ ਬਹੁਮੁੱਲੀਆਂ ਸ਼ਾਲਾਂ ਆਦਿ ਨਿਕਲੀਆਂ । ਟਾਂਡੇ ਦੇ ਲਾਦੂ ਪਸ਼ੂਆਂ ਨਾਲ ਕੁਝ ਹਾਕਣ ਵਾਲੇ ਵੀ ਵਿਗਾਰੀ ਫੜ ਕੇ ਲਿਆਂਦੇ ਗਏ ਸਨ । ਇਨ੍ਹਾਂ ਖਾਲਸੇ ਨੂੰ ਦਸਿਆ ਕਿ ਇਸ ਵਿਚ ਸੰਦੇਹ ਨਹੀਂ ਕਿ ਇਹ ਸਾਰਾ ਮਾਲ ਸ਼ਾਹੀ ਘਰਾਣੇ ਲਈ ਦਿੱਲੀ ਜਾ ਰਿਹਾ ਹੈ ਪਰ ਇਸ ਦਾ ਮੁੱਲ, ਜੋ ਕਈ ਲੱਖ ਰੁਪਿਆ ਬਣਦਾ ਹੈ ਅਜੇ ਸੇਠ ਪਰਤਾਪ ਚੰਦ ਨੂੰ ਨਹੀਂ ਮਿਲਿਆ। ਇਸ ਸਾਮਾਨ ਦੇ ਦਿੱਲੀ ਪਹੁੰਚਣ ਤੇ ਉਪਰੰਤ ਇਸ ਦਾ ਮੁੱਲ ਉਸ ਨੂੰ ਮਿਲੇਗਾ । ਇਸ ਸਾਮਾਨ ਦਾ ਮਾਲਕ ਇਸ ਸਮੇਂ ਸੇਠ ਆਪ ਹੈ ਜੋ ਰਾਤ ਦੇ ਛਪੋਲ ਵਿਚ ਫਟੜ ਹੋ ਗਿਆ ਸੀ ਅਤੇ ਜਾਨ ਬਚਾ ਕੇ ਉਹ ਲਾਗੇ ਹੀ ਕਿਤੇ ਜਾ ਲੁੱਕਿਆ ਸੀ ।

ਪਸ਼ੂਆਂ ਦੇ ਮਾਲਕਾਂ ਤੋਂ ਇਹ ਵਰ ਸੁਣ ਕੇ ਜੱਥੇਦਾਰ ਨੇ ਖਾਲਸੇ ਨੂੰ ਦੱਸਿਆ। ਕਿ ਖਾਲਸਾ ਜੀ ! ਆਪਾਂ ਬਾਦਸ਼ਾਹੀ ਮਾਲ ਪਰਾਪਤ ਕਰਨਾ ਹੈ ਨਾਕਿ ਆਪਣੇ ਹਿੰਦੂ ਭਾਈਆਂ ਦਾ । ਇਸ ਲਈ ਇਹ ਸਭ ਸਮਾਨ ਦੀਆਂ ਗੰਢਾਂ ਬੰਨ੍ਹਕੇ ਇਨ੍ਹਾਂ ਹੀ ਪਸ਼ੂਆਂ ਪਰ ਲਦਾ ਲਵੋ ਤੇ ਹਿੰਦੂ ਮਾਲਕ ਦੀ ਭਾਲ ਕਰਕੇ ਇਹ ਸਭ ਕੁਝ ਉਸ ਨੂੰ ਪਹੁੰਚਾ ਦਿੱਤਾ ਜਾਏ । ਸੋ ਉਸੇ ਤਰ੍ਹਾਂ ਕੀਤਾ ਗਿਆ ਅਤੇ ਬਿਨਾਂ ਕਿਸੇ ਵਸਤ ਦੇ ਅੰਗੀਕਾਰ ਕਰਨ ਦੇ ਸਾਰਾ ਲਟਾ-ਪਟਾ ਜਿਉਂ ਦਾ ਤਿਉਂ ਅਸਲ ਹਿੰਦੂ ਮਾਲਕ ਨੂੰ ਮੋੜ ਦਿੱਤਾ । ਇਹ ਗੱਲ ਹੋਰ ਵੀ ਵਧੇਰੀ ਧਿਆਨ ਗੋਚਰੀ ਹੈ ਕਿ ਇਸ ਸਮੇਂ ਜੱਥੇ ਬਹੁਤ ਸਾਰੇ ਸਿੰਘਾਂ ਪਾਸ ਸਰੀਰ ਢੱਕਣ ਲਈ ਬਸਤਰ ਨਹੀਂ ਸਨ। ਕੇਵਲ ਕਛਹਿਰੇ ਹੀ ਪਹਿਨੇ ਹੋਏ ਸਨ ਅਤੇ ਸਿਆਲ ਦੀ ਰੁੱਤ ਸਿਰ ਪਰ ਆ ਰਹੀ ਸੀ ਪਰ ਇਹ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਇਨ੍ਹਾਂ ਬਸਤਰਾਂ ਦੀਆਂ ਗੱਠਾਂ ਵਿਚੋਂ ਇਕ ਕਪੜਾ ਵੀ ਆਪਣਾ ਸਰੀਰ ਢੱਕਣ ਲਈ ਕਿਸੇ ਨੇ ਆਪਣੇ ਪਾਸ ਨਾ ਰੱਖਿਆ ।

ਇਸ ਘਟਨਾ ਤੋਂ ਸਾਫ਼ ਸਿੱਧ ਹੋ ਜਾਂਦਾ ਹੈ ਕਿ ਖਾਲਸੇ ਦੀਆਂ ਮਾਰਾਂ, ਧੰਨ ਪਦਾਰਥ ਦਾ ਲੁੱਟਣਾ ਜਾਂ ਆਪਣੇ ਆਪ ਨੂੰ ਧਨਾਢ ਬਣਾਉਣ ਲਈ ਨਹੀਂ ਸੀ ਹੁੰਦਾ ਸਗੋਂ ਸਮੇਂ ਦੇ ਜ਼ਾਲਮ ਹਾਕਮਾਂ ਦਾ, ਜਨਤਾ ਦੇ ਮਨਾਂ ਤੋਂ ਡਰ ਦੂਰ ਕਰਨਾ ਅਤੇ ਉਨ੍ਹਾਂ ਨੂੰ ਆਪਣੇ ਕੀਤੇ ਅਤਿਆਚਾਰਾਂ ਦੀ ਸਿੱਖਿਆ ਦੇਣ ਲਈ ਸਨ । ਸੰਤੋਖੀ ਖਾਲਸੇ ਦੀ ਇਸ ਉੱਚ ਕਰਨੀ ਨੇ ਖਾਲਸੇ ਦੀ ਸ਼ਾਨ ਨੂੰ ਅਤਿ ਉੱਚਾ ਕਰ ਦਿੱਤਾ । ਲੱਖਾਂ ਰੁਪਿਆ ਦਾ ਪਦਾਰਥ ਆਪਣੇ ਕਬਜ਼ੇ ਵਿਚ ਕਰਕੇ ਮੋੜ ਦੇਣ ਦੀ ਨਜ਼ੀਰ ਸੰਸਾਰ ਤੇ ਕੋਈ ਨਹੀਂ ਮਿਲਦੀ ।

ਪੰਜਾਬ ਦੀ ਹਕੂਮਤ ਨੂੰ ਇਕ ਹੋਰ ਸਿੱਖਿਆ

ਦਿੱਲੀ ਦੀ ਹਕੂਮਤ ਨੂੰ ਜਦ ਸੂਬਾ ਲਾਹੌਰ ਵਲੋਂ ਤਿੰਨ ਸਾਲਾਂ ਤਕ ਮਾਲੀਏ ਆਦਿ ਦਾ ਕੋਈ ਰੁਪਿਆ ਨਾ ਪੁੱਜਾ ਤਦ ਦਿੱਲੀ ਵਲੋਂ ਜ਼ਕਰੀਆ ਖ਼ਾਨ ਪਰ ਕਰੜੀ ਨਰਾਜ਼ਗੀ ਪ੍ਰਗਟ ਕੀਤੀ ਗਈ । ਨਾਲ ਹੀ ਹੈਬਤ ਖ਼ਾਨ ਤੇ ਅਬਦੁੱਲਾ ਖ਼ਾਨ ਦੀ ਤਹਿਤ ਵਿਚ ਚੋਖੀ ਰੁਹੇਲਾ ਫ਼ੌਜ ਪੰਜਾਬ ਵਲ ਤੋਰੀ । ਬਾਦਸ਼ਾਹ ਨੇ ਹੈਬਤ ਖ਼ਾਨ ਨੂੰ ਹੁਕਮ ਦਿੱਤਾ ਕਿ ਜੇ ਹੋ ਸਕੇ ਖਿਰਾਜ ਦਾ ਬਕਾਇਆ ਸੂਬਾ ਲਾਹੌਰ ਤੋਂ ਵਸੂਲ ਕੀਤਾ ਜਾਏ । ਨਾਲ ਹੀ ਇਹ ਵੀ ਕਹਿ ਦਿੱਤਾ ਕਿ ਜਿੰਨੇ ਦਿਨ ਸੂਬਾ ਖਰਾਜ ਦੇ ਦਾਖ਼ਲ ਕਰਨ ਵਿਚ ਢਿੱਲ ਮੱਠ ਕਰੇ ਪੰਜ ਹਜ਼ਾਰ ਰੁਪਿਆ ਰੋਜ਼ਾਨਾ ਖ਼ਰਚ ਦਾ ਲਾਹੌਰ ਦੀ ਹਕੂਮਤ ਤੋਂ ਚੱਟੀ ਵਜੋਂ ਪ੍ਰਾਪਤ ਕੀਤਾ ਜਾਏ । ਹੈਬਤ ਖ਼ਾਨ ਨੇ ਇਉਂ ਹੀ ਕੀਤਾ । ਛੇਕੜ ਖ਼ਾਨ ਬਹਾਦਰ ਨੇ ਕਈ ਲੱਖ ਰੁਪਿਆ ਆਪਣੇ ਪਾਸੋਂ ਮਾਲੀਏ ਦਾ ਤਾਰ ਕੇ ਸ਼ਾਹੀ ਕਰਮਚਾਰੀਆਂ ਨੂੰ ਦਿੱਲੀ ਵੱਲ ਤੋਰਿਆ।

ਖਾਲਸੇ ਦਾ ਜੰਗੀ ਹੁਨਰ

ਜਦ ਖ਼ਾਲਸੇ ਨੂੰ ਪਤਾ ਲੱਗਾ ਕਿ ਕਈ ਲੱਖ ਰੁਪਿਆ ਖ਼ਰਾਜ ਦਾ ਲਾਹੌਰ ਤੋਂ ਦਿੱਲੀ ਆ ਰਿਹਾ ਹੈ ਤਾਂ ਉਹ ਤੁਰਤ ਨੂਰਦੀਨ ਦੀ ਸਰ੍ਹਾਂ ਲਾਗੇ (ਪਰਗਨਾ ਤਰਨਤਾਰਨ) ਕੋਲ ਪਹੁੰਚ ਗਿਆ ਅਤੇ ਜੱਥਾ ਦੋ ਭਾਗਾਂ ਵਿਚ ਵੰਡਿਆ ਗਿਆ । ਖ਼ਾਲਸੇ ਦੇ ਇਕ ਭਾਗ ਨੇ ਸਵੇਰ ਦੇ ਸਮੇਂ ਰੁਹੇਲਿਆਂ ਪਰ ਹੱਲਾ ਬੋਲ ਦਿੱਤਾ ਅਤੇ ਬੜੀ ਨਿਡਰਤਾ ਨਾਲ ਬੜੇ ਥੋੜ੍ਹੇ ਸਮੇਂ ਦੇ ਉਪਰੰਤ ਜਾਣ ਬੁੱਝ ਕੇ ਚਾਨਚੱਕ ਹਨ ਤੱਤੇ ਵਿਚੋਂ ਪਿਛੇ ਹਟ ਗਏ । ਰੁਹੇਲੇ ਆਪਣੀ ਫ਼ਤਹ ਜਾਣ ਕੇ ਖਾਲਸੇ ਦਾ ਪਿੱਛਾ ਕਰਦੇ ਹੋਏ ਚੋਖੇ ਦੂਰ ਨਿਕਲ ਗਏ । ਠੀਕ ਇਸ ਸਮੇਂ ਸਿੰਘਾਂ ਦੇ ਦੂਜੇ ਜੱਥੇ ਨੇ, ਜਿਹੜਾ ਇਸ ਸਮੇਂ ਦੀ ਉਡੀਕ ਵਿਚ ਚੁੱਪ ਚਾਪ ਲੁੱਕਿਆ ਹੋਇਆ ਸੀ, ਝੱਟ ਖਜ਼ਾਨੇ ਪਰ ਜਾ ਪਿਆ । ਜਿਹੜੇ ਥੋੜ੍ਹੇ ਜਿਹੇ ਪਹਿਰੇਦਾਰ ਪਿੱਛੇ ਰਹਿ ਗਏ ਸਨ ਉਨ੍ਹਾਂ ਨੂੰ ਕਾਬੂ ਕਰਕੇ ਅਤੇ ਸਾਰਾ ਖ਼ਜ਼ਾਨਾ ਜਿਸ ਵਿਚ ਕਈ ਲੱਖ ਰੁਪਿਆ ਸੀ, ਆਪਣਿਆਂ ਘੋੜਿਆਂ ਪਰ ਰੱਖ ਕੇ ਘਣੇ ਜੰਗਲਾਂ ਵਿਚ ਜਾ ਵੜੇ । ਹੁਣ ਦੂਜਾ ਜੱਥਾ ਵੈਰੀਆਂ ਤੋਂ ਬਚ ਬਚਾ ਕੇ, ਨੀਯਤ ਥਾਂ ਖ਼ਜ਼ਾਨੇ ਪਰ ਅਧਿਕਾਰ ਕਰਨ ਵਾਲੇ ਸਿੰਘਾਂ ਨੂੰ ਜਾ ਮਿਲਿਆ। ਇਹ ਘਟਨਾ ਹਾੜ ਸੰਮਤ 1787 री वै ।

ਜ਼ਕਰੀਆ ਖ਼ਾਨ ਵਲੋਂ ਕਰੜਾਈ

ਖ਼ਾਨ ਬਹਾਦਰ ਜ਼ਕਰੀਆ ਖ਼ਾਨ ਜਿਉਂ-ਜਿਉਂ ਖਾਲਸੇ ਦੀਆਂ ਇਨ੍ਹਾਂ ਸਫ਼ਲਤਾਈਆਂ ਦੇ ਸਮਾਚਾਰ ਸੁਣਦਾ, ਤਿਉਂ-ਤਿਉਂ ਉਹ ਕ੍ਰੋਧ ਦੇ ਸਾੜ ਨਾਲ, ਅੱਗ ਭਬੂਕਾ ਹੁੰਦਾ ਜਾਂਦਾ । ਦਿਨ ਰਾਤ ਉਹ ਇਨ੍ਹਾਂ ਸੋਚਾਂ ਵਿਚ ਡੁਬਿਆ ਰਹਿੰਦਾ ਸੀ ਕਿ ਕਿਵੇਂ ਸਿੱਖਾਂ ਦਾ ਪੰਜਾਬ ਵਿਚੋਂ ਖੁਰਾ ਖੋਜ ਮਿਟਾਇਆ ਜਾਏ । ਇਸ ਜਲਨ ਨੂੰ ਸ਼ਾਂਤ ਕਰਨ ਲਈ ਉਹ ਵਧ- ਤੋਂ ਵੱਧ ਕਰੜੇ ਫੁਰਮਾਨ ਜਾਰੀ ਕਰਦਾ, ਪਰ ਇਹ ਗੱਲ ਵੱਡੀ ਹੈਰਾਨਗੀ ਨਾਲ ਲਿਖਣੀ ਪੈਂਦੀ ਹੈ ਜਿਸ ਦੇ ਕਰੜੇ ਦਿਲ ਢਾਹੂ ਯਤਨ ਨਿਸਫਲ ਰਹੇ ।

ਇਸ ਦਾ ਮੁੱਖ ਕਾਰਨ ਇਹ ਸੀ ਕਿ ਇਕ ਤਾਂ ਉਸ ਸਮੇਂ ਦੇ ਖਾਲਸੇ ਦੀ ਗੁਰਬਾਣੀ ਲਈ ਸ਼ਰਧਾ ਸੀ । ਦੂਜਾ, ਖਾਲਸੇ ਦੀ ਅਗਵਾਈ ਉਹਨਾਂ ਕਹਿਣੀ ਤੇ ਕਰਨੀ ਉੱਚ ਜੀਵਨ ਵਾਲੇ ਆਗੂਆਂ ਦੇ ਹੱਥ ਸੀ, ਜੋ ਉਹ ਕਹਿੰਦੇ ਸਨ ਉਹ ਆਪ ਵਰਤ ਕੇ ਦਸਦੇ ਸਨ । ਜਿਨ੍ਹਾਂ ਦੀ ਨਿਸ਼ਕਾਮ ਸੇਵਾ ਤੇ ਕੁਰਬਾਨੀਆਂ ਨੂੰ ਵੇਖ ਕੇ ਖਾਲਸਾ ਪੰਥ ਕੌੜੀ ਵੇਲ ਦੀ ਤਰ੍ਹਾਂ, ਦੂਣਾ ਚਉਣਾ ਵਧਦਾ ਜਾਂਦਾ ਸੀ । ਇਸ ਉੱਚ ਜੀਵਨ ਦੀ ਸ਼ਕਤੀ ਨੂੰ ਜੋ ਮਿਟਾਣਾ ਚਾਹੁੰਦੇ ਸਨ ਉਹ ਆਪ ਮਿਟ ਜਾਂਦੇ ਸਨ । ਇਨ੍ਹਾਂ ਜਰਵਾਣਿਆਂ ‘ਚੋਂ ਸਿੱਖੀ ਦੇ ਵਾਧੇ ਦੀ ਅਠੱਲ ਲਹਿਰ ਨੂੰ ਕੋਈ ਠੱਲ੍ਹ ਨਾ ਪਾ ਸਕਿਆ ।

ਨਵਾਂ ਘਾਓ

ਸੰਨ 1733 ਈ: ਨੂੰ ਕਪੂਰ ਸਿੰਘ ਖਿੰਡੇ ਹੋਏ ਖਾਲਸੇ ਨੂੰ ਮੁੜ ਇਕੱਠਾ ਕਰਕੇ ਪੰਜਾਬ ਵਲ ਆ ਰਿਹਾ ਸੀ ਤਾਂ ਰੋਪੜ ਲਾਗੇ, ਆਪ ਦਾ ਸ਼ਾਹੀ ਗਸ਼ਤੀ ਫ਼ੌਜ ਨਾਲ ਸਾਹਮਣਾ ਹੋ ਪਿਆ । ਜਿਸ ਵਿਚ ਦੁਵੱਲੀਓਂ ਅੰਧ-ਧੁੰਦ ਤੇਗਾਂ ਚੱਲੀਆਂ। ਕਪੂਰ ਸਿੰਘ ਦਾ ਜੱਥਾ ਆਪਣੀਆਂ ਜਾਨਾਂ ਤੋਂ ਹੱਥ ਧੋ ਕੇ, ਵੈਰੀ ਦੇ ਗਲੇ ਜਾ ਪਿਆ ਜਿਸ ਨਾਲ ਸ਼ਾਹੀ ਸੈਨਾ ਦੇ ਆਗੂਆਂ ਨੂੰ ਲੈਣੇ ਦੇ ਦੇਣੇ ਪੈ ਗਏ ਅਰਥਾਤ ਉਹ ਆਪਣੇ ਬਹੁਤ ਸਾਰੇ ਸੈਨਕਾਂ ਦੀਆਂ ਲੋਥਾਂ ਹੀ ਛੱਡ ਕੇ ਹਰਨ ਹੋ ਗਏ । ਇਸ ਸੰਗਰਾਮ ਵਿਚ ਕਪੂਰ ਸਿੰਘ ਤੁਰਕ ਸੈਨਾ ਦੇ ਮੁੱਖੀ ਪਰ ਐਸਾ ਕੜਕ ਕੇ ਪਿਆ ਕਿ ਤੇਗ਼ ਦੀ ਇਕੋ ਸੱਟ ਨਾਲ ਉਸ ਦਾ ਕੰਘਾ ਕਰ ਦਿੱਤਾ । ਪਰ ਉਸ ਨੇ ਢਹਿੰਦੇ ਢਹਿੰਦੇ ਆਪਣੀ ਤਲਵਾਰ ਦਾ ਇਕ ਫਿਰਦਾ ਵਾਰ ਕਪੂਰ ਸਿੰਘ ਪਰ ਕੀਤਾ ਜਿਹੜਾ ਸਨਮੁੱਖ ਆਪ ਦੇ ਮੱਥੇ ਪਰ ਲਗਾ ਜੋ ਚੋਖਾ ਡੂੰਘਾ ਸੀ ।

ਆਪ ਦਾ ਫੱਟ ਅਜੇ ਅੱਲਾ ਹੀ ਸੀ ਕਿ ਆਪ ਸਣੇ ਜੱਥੇ ਦੇ ਅੰਮ੍ਰਿਤਸਰ ਪਹੁੰਚ ਗਏ ॥

ਜ਼ਕਰੀਆ ਖ਼ਾਨ ਦੀ ਨਵੀਂ ਚਾਲ

ਖ਼ਾਨ ਬਹਾਦਰ ਜ਼ਕਰੀਆ ਖ਼ਾਨ ਨੇ ਆਪਣੀ ਲਾਹੌਰ ਦੀ ਗਵਰਨਰੀ ਸਮੇਂ ਸਿੰਘਾਂ ਦੇ ਮੁਕਾਉਣ ਲਈ ਐਸਾ ਕੋਈ ਢੰਗ ਨਹੀਂ ਸੀ ਪਿਛੇ ਰਹਿਣ ਦਿੱਤਾ ਜੋ ਉਸ ਨੇ ਨਾ ਵਰਤਿਆ ਹੋਵੇ । ਪਰ ਸਫ਼ਲਤਾ ਦੀ ਥਾਏਂ ਉਲਟਾ ਖਾਲਸਾ ਪਹਿਲੇ ਤੋਂ ਵਧ ਸ਼ਕਤੀ-ਵਰ ਹੋ ਕੇ ਹਕੂਮਤ ਦੇ ਰਾਹ ਵਿਚ ਵੱਡੀ ਰੁਕਾਵਟ ਦਾ ਕਾਰਨ ਬਣਦਾ ਗਿਆ ।

ਖਾਲਸੇ ਦੇ ਇਸ ਰਾਮਰੌਲੇ ਦਾ ਸਭ ਤੋਂ ਵੱਧ ਬੁਰਾ ਅਸਰ ਜੋ ਪੰਜਾਬ ਪਰ ਪਿਆ, ਉਹ ਇਹ ਸੀ ਕਿ ਮਾਲੀਆ ਜੋ ਹਕੂਮਤ ਦੇ ਚਲਾਣ ਲਈ ਆਮਦਨਾਂ ਦਾ ਸਭ ਤੋਂ ਵੱਡਾ ਵਸੀਲਾ ਹੁੰਦਾ ਹੈ, ਲਾਹੌਰ ਦੇ ਖਜ਼ਾਨੇ ਵਿਚ ਆਵਣਾ ਲਗਭਗ ਮੂਲੋਂ ਬੰਦ ਹੋ ਗਿਆ, ਜਿਸ ਦੇ ਕਾਰਨ ਹਕੂਮਤ ਦੀ ਚਿੰਤਾ ਦਿਨੋ ਦਿਨ ਵਧਣ ਲੱਗੀ ।

ਹੁਣ ਹਕੂਮਤ ਦੇ ਸਾਰੇ ਹਥਿਆਰ ਖੁੰਡੇ ਹੋ ਗਏ ਪਰ ਖਾਲਸੇ ਦੀ ਜੀਵਨ- ਜੋਤੀ ਕੋਈ ਨਾ ਬੁਝਾ ਸਕਿਆ ।

ਪ੍ਰਤੀਤ ਹੁੰਦਾ ਹੈ ਕਿ ਖ਼ਾਨ ਬਹਾਦਰ ਸਾਰੀਆਂ ਕਰੜਾਈਆਂ ਤੇ ਨਿਰਦਯਤਾ ਦੇ ਅਤਿਆਚਾਰ ਵਰਤ ਵਰਤ ਕੇ ਅੱਕ ਗਿਆ ਤਦ ਉਸ ਇਹ ਫ਼ੈਸਲਾ ਕੀਤਾ ਕਿ ਹੁਣ ਕੋਈ ਨਵਾਂ ਢੰਗ ਵਰਤਣਾ ਚਾਹੀਦਾ ਹੈ ਜਿਸ ਨਾਲ ਸਿੰਘਾਂ ਨੂੰ ਕਾਬੂ ਕੀਤਾ ਜਾਏ ।

ਜ਼ਕਰੀਆ ਖ਼ਾਨ ਨੇ ਇਕ-ਇਕ ਪਲਟਾ ਖਾਧਾ ਅਤੇ ਇਕ ਨਵੀਂ ਚਾਲ ਚਲੀ, ਅਰਥਾਤ ਕਰੜਾਈ ਦੀ ਥਾਏਂ ਨਰਮੀ ਤੇ ਮੇਲ ਦਾ ਰਾਹ ਕੱਢਣ ਲਈ ਉਸ ਇਕ ਰਾਜਨੀਤਕ ਵਿਉਂਤ ਸੋਚ ਲਈ । ਉਹ ਸੰ: 1733 ਈ: ਨੂੰ ਦਿੱਲੀ ਪੁੱਜਾ ਅਤੇ ਉਥੇ ਦੀ ਹਕੂਮਤ ਨੂੰ ਸਣ-ਵੇਰਵੇ ਦੱਸਿਆ ਕਿ ਸਿੰਘਾਂ ਦਾ ਖੁਰਾ ਖੋਜ ਮੁਕਾਉਣ ਲਈ ਐਸਾ ਕੋਈ ਕਰੜਾ ਤੋਂ ਕਰੜਾ ਢੰਗ ਨਹੀਂ, ਜੋ ਮੈਂ ਨਾ ਵਰਤਿਆ ਹੋਵੇ ਪਰ ਇਹ ਮੁੱਕਣ ਵਿਚ ਨਹੀਂ ਆਉਂਦਾ ।

ਇਸ ਦੇ ਨਾਲ ਹੀ ਉਸ ਨੇ ਹਕੂਮਤ ਮੂਹਰੇ ਆਪਣੀ ਵਿਚਾਰ ਰੱਖੀ ਅਤੇ ਆਖਿਆ ਕਿ ਪੰਜਾਬ ਵਿਚ ਸ਼ਾਂਤੀ ਰੱਖਣ ਲਈ ਹੁਣ ਕੇਵਲ ਇਕੋ ਢੰਗ ਬਾਕੀ ਰਹਿ ਗਿਆ ਹੈ, ਜਿਸ ਦੇ ਵਰਤਿਆਂ ਹੋ ਸਕਦਾ ਹੈ ਸਿੰਘ ਸ਼ਾਂਤ ਹੋ ਜਾਣ |

ਉਹ ਵਿਚਾਰ ਇਹ ਹੈ ਕਿ-(1) ਸਿੰਘਾਂ ਤੋਂ ਸਾਰੀਆਂ ਬੰਦਸ਼ਾਂ ਉਠਾ ਲਈਆਂ ਜਾਣ । (2) ਉਨ੍ਹਾਂ ਨੂੰ ਇਕ ਵੱਡੀ ਜਾਗੀਰ ਦਿੱਤੀ ਜਾਏ ਜਿਸਦੀ ਉਪਜ ਤੋਂ ਉਨ੍ਹਾਂ ਦੇ ਪੇਟ ਰੱਜੇ ਰਹਿਣ । (3) ਉਨ੍ਹਾਂ ਦੇ ਆਗੂਆਂ ਨੂੰ ਕੋਈ ਉੱਚ ਪਦ ਦਿੱਤਾ ਜਾਏ ਤਾਕਿ ਉਹ ਸਿੰਘਾਂ ਨੂੰ ਆਪਣੇ ਕਾਬੂ ਵਿਚ ਰਖੇ ਤੇ ਦੇਸ਼ ਵਿਚੋਂ ਖਰੂਦ ਬੰਦ ਕਰ ਦੇਵੇ ।

ਬਾਦਸ਼ਾਹ ਤੇ ਵਜ਼ੀਰ ਨੇ ਜ਼ਕਰੀਆਂ ਖ਼ਾਨ ਦੀ ਇਸ ਵਿਉਂਤ ਨੂੰ ਪਰਵਾਨ ਕਰ ਲਿਆ ਅਤੇ ਇਸ ਦੀ ਯੋਗ ਵਰਤੋਂ ਦਾ ਉਸ ਨੂੰ ਅਧਿਕਾਰ ਬਖ਼ਸ਼ਿਆ ।

ਜ਼ਕਰੀਆਂ ਖ਼ਾਨ ਜਦ ਪਰਤ ਕੇ ਲਾਹੌਰ ਪੁੱਜਾ ਤਾਂ ਉਸਨੇ ਆਪਣੀਆਂ ਇਨ੍ਹਾਂ ਵਿਚਾਰਾਂ ਨੂੰ ਵਰਤੋਂ ਵਿਚ ਲਿਆਉਣ ਲਈ ਕੋਈ ਰਾਹ ਲੱਭਣਾ ਚਾਹਿਆ। ਲੰਮੀ ਵਿਚਾਰ ਦੇ ਉਪਰੰਤ ਭਾਈ ਸੁਬੇਗ ਸਿੰਘ ਨੂੰ ਆਪਣੇ ਦਰਬਾਰ ਵਿਚ ਬੁਲਵਾਇਆ ਅਤੇ ਉਸ ਨੂੰ ਸਮਝਾ ਕੇ ਦਸਿਆ ਕਿ ਦਿੱਲੀ ਅਤੇ ਲਾਹੌਰ ਦੀਆਂ ਹਕੂਮਤਾਂ ਸਿੰਘਾਂ ਨਾਲ ਅਗੇ ਨੂੰ ਸੁਲ੍ਹਾ ਸਫ਼ਾਈ ਲਈ ਤਿਆਰ ਹਨ । ਖਾਲਸੇ ਨੂੰ ਖਾਣ ਪੀਣ ਲਈ ਹਕੂਮਤ ਵਲੋਂ ਇਕ ਲੱਖ ਰੁਪਏ ਦੀ ਜਾਗੀਰ ਦੀ ਸਨਦ ਅਤੇ ਨਵਾਬੀ ਦਾ ਪਦ (ਖ਼ਿਤਾਬ) ਦਿੱਤਾ ਜਾਏਗਾ P ਜੋ ਮੁਗ਼ਲੀਆਂ ਬਾਦਸ਼ਾਹਿਤ ਵਿਚ ਉੱਚੀ ਇੱਜ਼ਤ ਤੇ ਸਤਿਕਾਰ ਦਾ ਲਖਾਇਕ ਹੈ ।

ਇਸ ਦੇ ਨਾਲ ਹੀ ਖਾਲਸੇ ਨੂੰ ਗੁਰਦਵਾਰਿਆਂ ਦੀ ਯਾਤਰਾ ਤੇ ਉਨ੍ਹਾਂ ਦੀ ਸੰਭਾਲ ਦੀ ਵੀ ਪੂਰੀ-ਪੂਰੀ ਖੁਲ੍ਹ ਦਿੱਤੀ ਜਾਏਗੀ ।

ਮਲੂਮ ਹੁੰਦਾ ਹੈ ਕਿ ਜ਼ਕਰੀਆ ਖ਼ਾਨ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਖਾਲਸੇ ਦੇ ਮਨਾਂ ਵਿਚ ਆਪਣੇ ਗੁਰੂ-ਸਥਾਨਾਂ ਲਈ ਅਗਧ ਪਿਆਰ ਹੁੰਦਾ ਹੈ । ਜੇ ਖਾਲਸਾ ਕਦੇ ਨਵਾਬੀ ਤੇ ਜਗੀਰੀ ਦੀ ਪਰਵਾਨਗੀ ਵਲੋਂ ਅਰੁੱਚੀ ਪਰਗਟ ਕਰੇ ਤਾਂ ਗੁਰਧਾਮਾਂ ਦੀ ਆਜ਼ਾਦੀ ਉਨ੍ਹਾਂ ਲਈ ਐਨੀ ਬਹੁਮੁੱਲੀ ਵਸਤ ਹੈ ਜਿਸ ਨੂੰ ਉਹ ਕਦੇ ਵੀ ਨਹੀਂ ਠੁਕਰਾ ਸਕਦੇ ।

ਜ਼ਕਰੀਆਂ ਖ਼ਾਨ ਨੇ ਸਰਦਾਰ ਸੁਬੇਗ ਸਿੰਘ ਨੂੰ ਲਾਹੌਰ ਤੋਂ ਵਿਦਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸਮਝਾ ਦਿੱਤਾ ਸੀ ਕਿ ਨਵਾਬੀ ਤੇ ਜਗੀਰ ਆਦਿ ਦਾ ਪਟਾ ਤੁਸਾਂ ਚੰਗੀ ਸੋਚ ਵਿਚਾਰ ਦੇ ਉਪਰੰਤ ਖਾਲਸੇ ਦੇ ਉਸ ਆਗੂ ਦੇ ਨਾਮ ਪਰ ਕਰਵਾਉਣਾ ਜਿਸ ਦਾ ਸਾਰੇ ਸਿੱਖਾਂ ਦੇ ਮਨਾਂ ਵਿਚ ਪਿਆਰ ਤੇ ਸਤਿਕਾਰ ਹੋਵੇ । ਨਾਲ ਹੀ ਉਸ ਵਿਚ ਕੁਝ ਗੁਣਾਂ ਦੀ ਵੰਨਗੀ ਵੀ ਸੁਬੇਗ ਸਿੰਘ ਦੀ ਦ੍ਰਿਸ਼ਟੀਗੋਚਰ ਕਰ ਦਿੱਤੀ । ਉਹਨਾਂ ਗੁਣਾਂ ਬਾਰੇ ਭਾਈ ਰਤਨ ਸਿੰਘ ਜੀ ਇਉਂ ਲਿਖਦੇ ਹਨ :

-ਦੋਹਰਾ-

ਇਹ ਅਹਿ ਨਵਾਬੀ ਅੱਧੀ ਸੂਬੇਦਾਰੀ ।

ਉਸੇ ਮਿਲਗੀ ਰਯਤ ਸਾਰੀ ।

ਸੂਰ, ਸਤੀ, ਦਾਤਾ, ਹਠੀ, ਤਪੀ ਜਪੀ ਜੋ ਕੋਇ ।

ਦੇਵਯੋ ਉਸੇ ਬਿਚਾਰੁਕੇ ਜੋ ਇਸ ਲਾਇਕ ਹੋਇ ।

ਜ਼ਕਰੀਆ ਖ਼ਾਨ ਤੋਂ ਸਭ ਗੱਲ ਬਾਤ ਸਮਝ ਕੇ ਸੁਬੇਗ ਸਿੰਘ ਸਣੇ ਸ਼ਾਹੀ ਪੇਸ਼ਕਾਰ ਦੇ ਸ੍ਰੀ ਅੰਮ੍ਰਿਤਸਰ ਪਹੁੰਚ ਗਿਆ, ਜਿਥੇ ਲੰਮੇ ਸਮੇਂ ਦੇ ਬਾਅਦ ਹਕੂਮਤ ਵਲੋਂ ਵਿਸਾਖੀ ਦੇ ਪੁਰਬ ਦੇ ਮਨਾਣ ਦੀ ਆਗਿਆ ਦਿੱਤੀ ਗਈ ਸੀ, ਜਿਸ ਦੇ ਕਾਰਨ ਖਾਲਸਾ ਦੂਰ-ਦੂਰ ਦੇ ਜੰਗਲਾਂ ਤੇ ਪਹਾੜਾਂ ਤੋਂ ਉਤਰ ਕੇ ਅੰਮ੍ਰਿਤਸਰ ਪੁੱਜ ਚੁੱਕਾ ਸੀ ।

ਜਦ ਸਰਦਾਰ ਸੁਬੇਗ ਸਿੰਘ ਸਣੇ ਸਾਥੀਆਂ ਦੇ ਖਾਲਸੇ ਦੇ ਦੀਵਾਨ ਵਿੱਚ ਹਾਜ਼ਰ ਹੋਇਆ ਤਾਂ ਗੱਲ ਬਾਤ ਕਰਨ ਤੋਂ ਪਹਿਲਾਂ ਉਸ ਨੂੰ ਇਸ ਦੋਸ਼ ਬਦਲੇ ‘ਤਨਖਾਹ’ ਲਾਈ ਗਈ ਕਿ ਉਹ ਇਨ੍ਹਾਂ ਕਰੜਾਈਆਂ ਦੇ ਸਮੇਂ ਖਾਲਸੇ ਦੇ ਵੈਰੀਆਂ ਨਾਲ ਮਿਲਵਰਤੋਂ ਕਰਦਾ ਰਿਹਾ ਹੈ । ਸੋ ਉਹ ਉਸ ਨੇ ਬਿਨਾਂ ਹਠ ਦੇ ਪਰਵਾਨ ਕਰ ਲਈ । ਇਸ ਮਰਯਾਦਾ ਦੇ ਉਪਰੰਤ ਉਸ ਨੂੰ ਦੀਵਾਨ ਵਿਚ ਬੁਲਾ ਲਿਆ ਗਿਆ ।

ਇਸ ਨੇ ਸਰਬੱਤ ਖਾਲਸੇ ਦੇ ਮੂਹਰੇ ਪ੍ਰਗਟ ਕੀਤਾ ਕਿ ਖ਼ਾਨ ਬਹਾਦਰ ਜ਼ਕਰੀਆ ਖ਼ਾਨ ਵਲੋਂ ਦਿੱਲੀ ਦੇ ਬਾਦਸ਼ਾਹ ਦੀ ਪਰਵਾਨਗੀ ਨਾਲ ਖ਼ਾਲਸੇ ਲਈ 1,00,000 ਰੁਪਏ ਦੀ ਜਾਗੀਰ ਜਿਸ ਵਿਚ ਇਹ ਪਿੰਡ ਸਨ, ਪਰਗਨਾ ਦੀਪਾਲ ਪੁਰ, ਕੰਘਨਵਾਲ ਅਤੇ ਝਬਾਲ ਸਣੇ ਤਾਲ ਦੇ ਸ਼ਾਮਲ ਸੀ । ਅਤੇ ਪੰਥ ਦੇ ਆਗੂ ਲਈ ਨਵਾਬੀ ਦਾ ਪਦ ਸਣੇ ਬਹੁਮੁੱਲੇ ਖ਼ਿਲਤ ਦੇ ਲੈ ਕੇ ਇਹ ਦਾਸ ਖਾਲਸੇ ਦੀ ਸੇਵਾ ਵਿਚ ਹਾਜ਼ਰ ਹੋਇਆ ਹੈ । ਇਸ ਦੇ ਨਾਲ ਹਕੂਮਤ ਵਲੋਂ ਖਾਲਸੇ ਦੇ ਸਾਰੇ ਗੁਰਧਾਮਾਂ ਦੀ ਯਾਤਰਾ ਦੀ ਬਾਨ ਵੀ ਹਟਾ ਦਿੱਤੀ ਗਈ ਹੈ । ਹੁਣ ਖਾਲਸਾ ਆਪਣੇ ਪੂਜਯ ਗੁਰੂ ਅਸਥਾਨਾਂ ਦੇ ਦਰਸ਼ਨ ਤੇ ਮੇਲੇ ਬਿਨਾਂ ਰੋਕ ਟੋਕ ਲਾ ਸਕਣਗੇ ।

ਸਰਬੱਤ ਖਾਲਸੇ ਵਲੋਂ ਇਸ ਪਰ ਵਿਚਾਰ ਆਰੰਭ ਹੋਈ ਕਿ ਕੀ ਇਹ ਸਭ ਕੁਝ ਪਰਵਾਨ ਕੀਤਾ ਜਾਏ ਯਾ ਮੋੜ ਘੱਲਿਆ ਜਾਏ । ਵਿਚਾਰ ਦੇ ਆਰੰਭ ਵਿਚ ਕਈਆਂ ਦੀ ਰਾਏ ਜਾਗੀਰ ਆਦਿ ਮੋੜ ਭੇਜਣ ਦੀ ਸੀ ਪਰ ਕੁਝ ਕੁ ਦੂਰ ਦਰਸ਼ਕ ਵਿਚਾਰਵਾਨ ਐਸੇ ਵੀ ਸਨ ਜੋ ਪ੍ਰਵਾਨਗੀ ਦੇ ਹੱਕ ਵਿਚ ਸਨ, ਉਨ੍ਹਾਂ ਦੀ ਵੱਡੀ ਦਲੀਲ ਸੀ ਕਿ ਇਹ ਖ਼ਿਤਾਬ ਕਿਸੇ ਤੋਂ ਮੰਗਿਆ ਨਹੀਂ । ਜੋ ਡਰ ਕੇ ਯਾ ਅੱਕ ਕੇ ਹਕੂਮਤ ਨੇ ਇਹ ਭੇਟਾ ਖਾਲਸੇ ਲਈ ਭੇਜੀ ਹੈ ਤਾਂ ਇਸ ਨੂੰ ਪਰਵਾਨ ਕਰ ਲੈਣੀ ਚਾਹੀਦੀ ਹੈ। ਜਦ ਤਕ ਸੂਬੇ ਦਾ ਖਾਲਸੇ ਨਾਲ ਵਰਤਾਰਾ ਚੰਗਾ ਰਹੇਗਾ ਉਦੋਂ ਤਕ ਇਸ ਤੋਂ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ । ਜਦ ਵੀ ਉਸ ਦੀ ਨੀਯਤ ਫਿਰਦੀ ਦਿਸੀ, ਉਸੇ ਦਿਨ ਮੁੜ ਇਹ ਉਸਦੇ ਮੱਥੇ ਮਾਰਾਂਗੇ । ਨਾ ਅਸਾਂ ਇਹ ਮੰਗ ਕੇ ਲਈ ਹੈ ਅਤੇ ਨਾ ਹੀ ਅਸੀਂ ਇਸ ਨੂੰ ਜੱਫਾ ਮਾਰ ਕੇ ਇਸ ਨਾਲ ਚਿਮੜਿਆ ਰਹਿਣਾ ਹੈ।

ਵਿਚਾਲੇ ਦਾ ਜਿੰਨਾ ਸਮਾਂ ਸ਼ਾਂਤ ਦਾ ਮਿਲ ਜਾਏ, ਪੰਥਕ ਜਥੇਬੰਦੀ ਨੂੰ ਪੱਕਿਆਂ ਕਰਨ ਤੇ ਗੁਰਸਿੱਖੀ ਦੇ ਪਰਚਾਰ ਲਈ ਵਰਤਿਆ ਜਾਏ । ਇਸ ਵਿਚ ਸਭ ਤੋਂ ਵੱਡੀ ਲਾਭਦਾਇਕ ਗੱਲ ਗੁਰਦੁਵਾਰਿਆਂ ਦੀ ਸੇਵਾ ਤੇ ਯਾਤਰਾ ਦੀ ਖੁਲ੍ਹ ਹੈ ਜਿਸ ਨੂੰ ਦ੍ਰਿਸ਼ਟੀਓਂ ਓਹਲੇ ਨਹੀਂ ਕੀਤਾ ਜਾ ਸਕਦਾ । ਇਹਨਾਂ ਗੁਰਦਵਾਰਿਆਂ ਦੀ ਕਈ ਸਾਲਾਂ ਤੋਂ ਦੇਖ ਭਾਲ ਨਾ ਹੋਵਣ ਦੇ ਕਾਰਨ ਹਾਲਤ ਚੰਗੀ ਨਹੀਂ ਰਹੀ। ਹੁਣ ਇਹਨਾਂ ਦੀ ਮੁਰੰਮਤ ਤੇ ਸੰਭਾਲ ਦੀ ਬੜੀ ਲੋੜ ਹੈ, ਸੋ ਇਸ ਸਮੇਂ ਤੋਂ ਜ਼ਰੂਰੀ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ ।

ਸੁਬੇਗ ਸਿੰਘ ਨੇ ਵੀ ਲਗਭਗ ਇਸੇ ਹੀ ਤਰ੍ਹਾਂ ਦੀਆਂ ਦਲੀਲਾਂ ਖਾਲਸੇ ਦੇ ਅੱਗੇ ਰੱਖੀਆਂ ਤੇ ਦੱਸਿਆ ਕਿ ਬਿਨਾਂ ਮੰਗੇ ਦੇ ਹਕੂਮਤ ਨੇ ਆਪਣੇ ਆਪ ਝੁਕ ਕੇ ਇਹ ਸਭ ਕੁਝ ਖਾਲਸੇ ਦੀ ਨਜ਼ਰ ਕੀਤਾ ਹੈ । ਜਦ ਤਕ ਨਿਭ ਸਕੇ ਇਸ ਤੋਂ ਜ਼ਰੂਰ ਲਾਭ ਪ੍ਰਾਪਤ ਕੀਤਾ ਜਾਏ ।

ਇਨ੍ਹਾਂ ਸਾਰੀਆਂ ਵਿਚਾਰਾਂ ਦੇ ਸੁਣਨ ਦੇ ਉਪਰੰਤ ਖਾਲਸਾ ਪਰਵਾਨਗੀ ਦੇ ਹੱਕ ਵਿਚ ਸਹਿਮਤ ਹੋ ਗਿਆ । ਪ੍ਰਤੀਤ ਹੁੰਦਾ ਹੈ ਕਿ ਨਵਾਬੀ ਤੇ ਜਗੀਰ ਦੀ ਪ੍ਰਵਾਨਗੀ ਵਿਚ ਖਾਲਸੇ ਲਈ ਸਭ ਤੋਂ ਵੱਡੀ ਖਿੱਚ ਗੁਰਧਾਮਾਂ ਦੀ ਖੁਲ੍ਹ ਸੀ ਜਿਸ ਦੇ ਸਾਹਮਣੇ ਸਭ ਨੂੰ ਸਿਰ ਝੁਕਾਣਾ ਪਿਆ । ਗੁਰਦਵਾਰਿਆਂ ਦੀ ਖੁਲ੍ਹ ਦਾ ਭਰੋਸਾ ਜੋ ਜ਼ਕਰੀਆਂ ਖ਼ਾਨ ਨੇ ਖਾਲਸੇ ਨੂੰ ਦਿਵਾਇਆ ਸੀ ਉਹ ਇਉ ਸੀ:

ਕਸਮ ਕੁਰਾਨ ਬਹੁ ਬਾਰ ਉਠਾਵਹਿ ।

ਗੁਰ ਚਕ ਹਮ ਕਦੇ ਪੈਰ ਨ ਪਾਵਹਿ ।

ਬਿਸ਼ਕੈ ਲੇਹ ਤੁਮ ਮੇਲਾ ਲਾਇ ।

ਨਨਕਾਣੇ ਮੈਂ ਰੋੜੀ ਜਾਇ ।

ਬਡੇ ਡੇਹਰੇ ਖੰਡੂਰ ਗੁਰ ਥਾਨ ।

ਤਰਨ ਤਾਰਨ ਗੁਰ ਔਰ ਮਕਾਨ ॥੬॥

ਦੋਹਰਾ

ਮੇਲਾ ਲਾਵਹੁ ਬਿਸ਼ਕੈ ਜਿਹਾ ਜਿਹਾ ਹੋਏ ਗੁਰ ਠੋਰ ।

ਮਾਫ਼ੀ ਕਰੇ ਮਸੂਲ ਹਮ ਘਰੋਂ ਕਰੈ ਔਰ ਗੌਰ ।

ਨਵਾਬੀ ਮਿਲਣੀ

ਜਗੀਰ ਆਦਿ ਦੀ ਪ੍ਰਵਾਨਗੀ ਦੇ ਬਾਅਦ ਹੁਣ ਨਵਾਂ ਪ੍ਰਸ਼ਨ ਇਕ ਹੋਰ ਉਠਿਆ ਕਿ ਨਵਾਬੀ ਦਾ ਪਦ ਅਤੇ ਜਗੀਰ ਸੌਂਪੀ ਕਿਸ ਨੂੰ ਜਾਏ ?

ਇਸ ਫੈਸਲੇ ਲਈ ਲੰਮੀ ਵਿਚਾਰ ਦੀ ਲੋੜ ਨਹੀਂ ਸੀ । ਇਸ ਮੁਰਾਤਬੇ ਲਈ ਇਸ ਸਮੇਂ ਦੋ ਵਿਅਕਤੀ ਸਨ । ਇਕ ਦੀਵਾਨ ਦਰਬਾਰਾ ਸਿੰਘ ਅਤੇ ਦੂਜਾ ਕਪੂਰ ਸਿੰਘ । ਤਿਆਗ-ਮੂਰਤੀ ਦਰਬਾਰਾ ਸਿੰਘ ਨੇ ਤਾਂ ਇਹ ਕਹਿਕੇ ਨਾਂਹ ਕਰ ਦਿੱਤੀ ਕਿ ਉਸ ਦੀ ਉਮਰ ਹੁਣ ਬ੍ਰਿਧ ਹੋ ਚੁੱਕੀ ਹੈ । ਇਸ ਲਈ ਉਸ ਨੂੰ ਇਸ ਭਾਰੀ ਜ਼ਿੰਮੇਂਵਾਰੀ ਤੋਂ ਖਿਮਾਂ ਬਖ਼ਸ਼ੀ ਜਾਏ ਅਤੇ ਨਾਲ ਹੀ ਕਿਹਾ ਕਿ ਇਸ ਭਾਰ ਨੂੰ ਪੂਰੀ ਤਰ੍ਹਾਂ ਨਿਭਾਣ ਲਈ ਸਾਰੇ ਲੋੜੀਂਦੇ ਸ਼ੁਭ ਗੁਣ ਕਪੂਰ ਸਿੰਘ ਵਿਚ ਮੌਜੂਦ ਹਨ, ਇਹ ਜ਼ਿਮੇਂਵਾਰੀ ਉਸ ਨੂੰ ਸੌਂਪਣੀ ਚਾਹੀਦੀ ਹੈ ।

ਹੁਣ ਅਧਿਕਾਰੀ ਕੇਵਲ ਕਪੂਰ ਸਿੰਘ ਹੀ ਬਾਕੀ ਸੀ ਜੋ ਪੰਥਕ ਸੇਵਾ, ਕੁਰਬਾਨੀ ਦੇ ਨਾਮ-ਬਾਣੀ ਦਾ ਰਸੀਆ ਸੀ, ਪਰ ਖਾਲਸੇ ਦੀ ਨੀਵੀਂ ਤੋਂ ਨੀਵੀਂ ਸੇਵਾ ਲੰਗਰ ਤੇ ਭਾਂਡੇ ਮਾਂਜਣੋ, ਪਾਣੀ ਤੇ ਪੱਖੇ ਦੀ ਸੇਵਾ ਹੱਥੀਂ ਕਰਨ ਵਿਚ ਉਹ ਸਦਾ ਮਾਣ ਸਮਝਦਾ ਸੀ । ਮੈਦਾਨ-ਜੰਗ ਵਿਚ ਵੀ ਉਹ ਆਪਣਾ ਲਹੂ ਡੁਲ੍ਹਾਣ ਲਈ ਸਦਾ ਤੱਤਪਰ ਰਹਿੰਦਾ ਸੀ । ਪਾਠਕ ਪਿਛੇ ਪੜ੍ਹ ਆਏ ਹਨ ਕਿ ਆਪ ਨੂੰ ਰੋਪੜ ਦੇ ਸੰਗਰਾਮ ਵਿਚ ਇਕ ਡੂੰਘਾ ਫੱਟ ਲੱਗਾ ਸੀ ਜੋ ਅਜੇ ਅੱਲਾ ਹੀ ਸੀ । ਆਪ ਇਸ ਸਮੇਂ ਵੀ ਦੀਵਾਨ ਵਿਚ ਖਾਲਸੇ ਦੀ ਪੱਖੇ ਦੀ ਸੇਵਾ ਕਰ ਰਿਹੇ ਸੀ । ਇਸ ਬਾਰੇ ਲਿਖਤ ਇਉਂ ਮਿਲਦੀ ਹੈ :-

ਕਪੂਰ ਸਿੰਘ ਥੋ ਟਹਲ ਕਮਾਵਤ।

ਦੌੜ ਦੌੜ ਪਖੇ ਝੁਲਾਵਤ।

ਉਨਾਂ ਲਈ ਤੇਗ ਬੀ ਸਨਮੁਖ ਦਲ।

ਐਸੀ ਸਜੀ ਜਨ ਸਸਿ ਮ੍ਰਿਗ ਛਲੈਂ ॥੪੨।

ਜ਼ਖਮ ਕਚੇ ਥੇ ਲਗਯੋ ਤਤਕਾਲ।

ਕਹੈ ਦੇਖ ਉਸ ਸਿੰਘ ਨਿਹਾਲ।

ਇਸ ਦੇ ਉਪਰੰਤ ਖਾਲਸੇ ਕਪੂਰ ਸਿੰਘ ਤੋਂ ਪੱਖੇ ਦੀ ਸੇਵਾ ਛੁਡਾ ਕੇ, ਸਰਬ-ਸੰਮਤੀ ਨਾਲ ਉਸ ਨੂੰ ਨਵਾਬੀ-ਪਦ ਪ੍ਰਦਾਨ ਕੀਤਾ । ਇਸ ਸਮੇਂ ਕਪੂਰ ਸਿੰਘ ਨੇ ਬੇਨਤੀ ਕੀਤੀ ਕਿ ਖਿਲਤ ਪੰਜਾਂ ਸਿੰਘਾਂ ਦੇ ਚਰਨਾਂ ਨਾਲ ਛੁਹਾ ਕੇ ਬਖ਼ਸ਼ਿਆ ਜਾਏ । ਹੁਣ ਸੰਗਤ ਵਿਚੋਂ ਪੰਜ ਪਿਆਰੇ ਸਾਹਮਣੇ ਆਏ, ਜਿਨ੍ਹਾਂ ਦੇ

ਨਾਮ ਇਹ ਸਨ :

  1. ਭਾਈ ਹਰੀ ਸਿੰਘ ਹਜ਼ੂਰੀਆ
  2. ਬਾਬਾ ਦੀਪ ਸਿੰਘ ਸ਼ਹੀਦ
  3. ਸ: ਜੱਸਾ ਸਿੰਘ ਰਾਮਗੜ੍ਹੀਆ
  4. ਭਾਈ ਕਰਮ ਸਿੰਘ
  5. ਸ: ਬੁੱਢਾ ਸਿੰਘ ਸ਼ੁਕਰਚੱਕੀਆ

ਅਰਦਾਸਾ ਸੋਧ ਕੇ ਇਨ੍ਹਾਂ ਪੰਜਾਂ ਨਵਾਬੀ ਦਾ ਖਿਲਤ ਕਪੂਰ ਸਿੰਘ ਨੂੰ ਪਹਿਨਾਇਆ P

ਖ਼ਿਲਤ ਨਾਲ ਇਹ ਕੁਝ ਆਇਆ ਸੀ-1. ਸ਼ਾਲ ਦੀ ਪੱਗ, 2. ਇਕ ਜੜਾਊ ਕਲਗੀ, 3. ਜਿਗਾ, 4. ਇਕ ਜੋੜੀ ਸੁਨਹਿਰੀ ਕੰਗਣਾਂ ਦੀ, 5. ਕੰਠਾ, 6. ਇਕ ਬਹੁ-ਮੁੱਲੇ ਮੋਤੀਆਂ ਦੀ ਮਾਲਾ, 7. ਇਕ ਕੀਨਖੁਵਾਬ ਦਾ ਜਾਮਾਂ, 8. ਇਕ ਜੜਾਊ ਸ਼ਮਸ਼ੀਰ ।

ਇਹ ਭੂਖ਼ਨ ਤੇ ਬਸਤਰ ਜਦ ਖ਼ਾਲਸੇ ਦੇ ਭਰੇ ਦੀਵਾਨ ਵਿਚ ਕਪੂਰ ਸਿੰਘ .ਨੂੰ ਪਹਿਨਾਏ ਗਏ ਤਾਂ ਆਪ ਨੂੰ ਅਨੂਪ ਰੂਪ, ਫਬਿਆ । ਚਿਹਰੇ ਦੀ ਲਸ ਲਸ ਕਰ ਰਹੀ ਲਾਲੀ ਦਾ ਪ੍ਰਭਾਵ ਇਉਂ ਪ੍ਰਤੀਤ ਹੁੰਦਾ ਸੀ ਜਿਵੇਂ ਮੁਖ ਮੰਡਲ ਤੋਂ ਨੂਰ ਤੇ ਦਬਦਬਾ, ਸਮਿਲਤ ਚੈਅ ਚੈਅ ਪੈਂਦੇ ਸਨ । ਇਸ ਸਮੇਂ ਆਪ ਦੇ ਜਲਾਲ ਦੀ ਝਾਲ ਨਾ ਸੀ ਝੱਲੀ ਜਾਂਦੀ । ਇਸ ਬਾਰੇ ਇਕ ਲਿਖਤ ਵਿਚ ਇਉਂ ਲਿਖਿਆ ਮਿਲਦਾ ਹੈ—

ਜਬ ਦਸਤਾਰ ਨਵਾਬੀ ਸਾਜੀ, ਤੇਜ ਕਦਾ ਅਧਕੈ ਮੁਖ ਜਾਗੀ ।

ਕੰਕਨ ਕੰਠੇ ਮੋਤੀ ਮਾਲਾ, ਕਲਗੀ, ਜਿਗਾ, ਜੜਾ ਜੜਾਊ ਬਿਸਾਲਾ ।

ਪਾਏ ਅਧਕ ਫਲ ਬ੍ਰਿਛ ਝਕਤ ਜਿਯੋ, ਮੇਘ ਦੂਤ ਝੁਕ ਬਾਰੀ ।

ਤਿਉਂ ਕਪੂਰ ਸਿੰਘ ਗੋਹੀ ਗਰੀਬੀ, ਸਦ ਗੁਨ ਔਰ ਆਪਾਰੀ ।

ਮਨਤ ਪੰਥ ਹੁਕਮ ਸਭ ਤਿਸ ਕਾ ਵਹਿ ਦੀਵਾਨ ਨਿਤ ਲਾਵੈ ।

ਬੁੰਗੇ ਤਖ਼ਤ ਅਕਾਲ ਅਗਾਰੀ, ਦੇਵਨ ਜਿਉਂ ਛਬ ਛਾਵਾਂ।

ਇਸ ਸਮੇਂ ਨਵਾਬ ਕਪੂਰ ਸਿੰਘ ਨੇ ਖ਼ਾਲਸੇ ਦੀ ਹਜ਼ੂਰੀ ਵਿਚ ਇਕ ਹੋਰ ਬੇਨਤੀ ਕਰਕੇ ਇਹ ਦਾਤ ਵੀ ਮੰਗੀ ਕਿ ਗੁਰੂ ਖ਼ਾਲਸੇ ਦਾਸ ਨੂੰ ਨਵਾਬੀ ਬਖ਼ਸ਼ ਕੇ ਨਿਵਾਜਿਆ ਹੈ ਪਰ ਦਾਸ ਨੂੰ ਸੰਗਤਾਂ ਦੀ ਸੇਵਾ ਤੋਂ ਵਾਂਝਿਆਂ ਨਹੀਂ ਰੱਖਣਾ। ਵਰਦਾਨ ਬਖ਼ਸ਼ੋ ਕਿ ਪੰਥ ਦੀ ਸੇਵਾ ਕੇਸੀਂ ਸੁਵਾਸੀਂ ਨਿਭ ਜਾਏ ।

ਇਸ ਤਰ੍ਹਾਂ ਜਿਉਂ-ਜਿਉਂ ਨਵਾਬ ਕਪੂਰ ਸਿੰਘ ਵਿਚ ਨਿਮਰਤਾ, ਸੇਵਾ ਤੇ ਗ਼ੈਰ-ਸਿੱਖਾਂ ਨਾਲ ਮੈਤਰੀਭਾਵ ਵਧਦਾ ਗਿਆ, ਉਧਰ ਖਾਲਸੇ ਦਾ ਮਨ ਵੀ ਉਸ ਤੇ ਸਤਿਕਾਰ ਤੇ ਪਿਆਰ ਨਾਲ ਭਰਪੂਰ ਹੋ ਗਿਆ । ਆਪ ਦੀ ਅੱਖ ਦੇ ਇਸ਼ਾਰੇ ਪਰ ਸਰਬੱਤ ਖਾਲਸਾ ਆਪਣੇ ਆਪ ਨੂੰ ਵਾਰਨ ਵਿਚ ਮਾਣ ਸਮਝਦਾ ਸੀ । ਦਸਾਂ ਸਤਿਗੁਰੂਆਂ ਅਤੇ ਸ੍ਰੀ ਗ੍ਰੰਥ ਸਾਹਿਬ ਦੇ ਬਾਅਦ ਆਪ ਦਾ ਹੁਕਮ ਅਟੱਲ ਮੰਨਿਆ ਜਾਂਦਾ ਸੀ । ਆਪ ਦੇ ਮੁੱਖ ਤੋਂ ਉਚਰਿਆ ਵਾਕ ਸਦਾ ਪਰਫੁਲਤ ਹੁੰਦਾ ਸੀ । ਇਸ ਬਾਰੇ ਇਤਿਹਾਸ ਵਿਚ ਇਉਂ ਲਿਖਿਆ ਹੈ ਜੋ ਆਪ ਦੇ ਜੀਵਨ ਪਰ

ਚੋਖਾ ਚਾਨਣਾ ਪਾਉਂਦਾ ਹੈ—

ਕਪੂਰ ਸਿੰਘ ਤਬ ਪੰਥ ਮੈਂ ਗੁਰ ਸਮ ਮਾਨਯੋ ਜਾਤ ।

ਜਤੀ, ਸਤੀ ਹਠੀ ਤਪੀ ਥਾਂ, ਬੀਰ ਵਲੀ ਬਖਿਆਤ ।੧੩।

ਨਵਾਬ ਕਪੂਰ ਸਿੰਘ ਜਾਣ ਕੇ ਉਸ ਤੋਂ ਪੂਰਾ-ਪੂਰਾ ਲਾਭ ਪ੍ਰਾਪਤ ਕਰ ਲੈਣਾ ਚਾਹੀਦਾ ਹੈ ।

ਪਿਛੇ ਜਿਹੇ ਜਦ ਸੰਨ 1729-33 ਵਿਚ ਜ਼ਕਰੀਆ ਖ਼ਾਨ ਨੇ ਸਿੰਘਾਂ ਪੁਰ ਅਤਿ ਦੀ ਕਰੜਾਈ ਵਰਤੀ ਸੀ ਤਦੋਂ ਖਾਲਸਾ ਪੰਜਾਬ ਵਿਚੋਂ ਖੇਰੂੰ-ਖੇਰੂੰ ਹੋ ਗਿਆ ਸੀ । ਨਵਾਬੀ ਮਿਲਣ ਦੇ ਉਪਰੰਤ ਸਭ ਤੋਂ ਪਹਿਲਾ ਕੰਮ ਜੋ ਆਪ ਨੇ ਹੱਥ ਵਿਚ ਲਿਆ ਉਹ ਇਹ ਸੀ ਕਿ ਖਿੰਡੇ ਹੋਏ ਖਾਲਸੇ ਨੂੰ ਜੰਗਲਾਂ, ਝਾੜਾਂ, ਪਹਾੜਾਂ ਅਤੇ ਰੇਤ ਬਲਿਆਂ ਵਿਚੋਂ ਜਿਥੇ-ਜਿਥੇ ਖਾਲਸੇ ਦਾ ਪਤਾ ਲਗਾ, ਉਥੋਂ ਆਪਣੇ ਆਦਮੀ ਭੇਜ ਕੇ ਸਭ ਨੂੰ ਸ੍ਰੀ ਅੰਮ੍ਰਿਤਸਰ ਮੰਗਵਾ ਲਿਆ ।

ਸਾਵਨ ਸੰਮਤ 1791 ਨੂੰ ਦੀਵਾਨ ਦਰਬਾਰਾ ਸਿੰਘ ਗੁਰਪੁਰੀ ਨੂੰ ਕਮਰਕੱਸਾ। ਕਰ ਗਿਆ । ਹੁਣ ਜਦੋਂ ਲਗਭਗ ਸਾਰੇ ਸਿੰਘ ਅੰਮ੍ਰਿਤਸਰ ਪਹੁੰਚ ਪਏ ਤਾਂ ਨਵਾਬ ਕਪੂਰ ਸਿੰਘ ਨੇ ਸਰਬੱਤ ਖਾਲਸੇ ਨੂੰ ਜੱਥੇਬੰਦੀ ਵਿਚ ਲਿਆਵਣ ਲਈ ਇਹ ਵਿਉਂਤ ਸੋਚੀ ਤੇ ਖਾਲਸੇ ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ । ਜਿਹੜੇ ਕੁਝ ਵਡੇਰੀ ਉਮਰ ਦੇ ਸਨ ਉਨ੍ਹਾਂ ਦਾ ਨਾਂ ‘ਬੁੱਢਾ ਦਲ’ ਅਤੇ ਨੌਜਵਾਨਾਂ ਦੇ ਇਕੱਠ, ਜਿਹੜੇ 40 ਸਾਲ ਦੀ ਆਯੂ ਤੋਂ ਹੇਠ ਸਨ, ਉਨ੍ਹਾਂ ਦਾ ਨਾਂ ‘ਤਰਨਾ ਦਲ’ ਰੱਖਿਆ ॥

ਬੁੱਢੇ ਦਲ ਦੀ ਸੇਵਾ ਗੁਰਦਵਾਰਿਆਂ ਦੀ ਦੇਖ-ਭਾਲ, ਖਾਲਸਾ ਧਰਮ ਦਾ ਪ੍ਰਚਾਰ ਤੇ ਮਨੁੱਖ ਮਾਤਰ ਨੂੰ ਅੰਮ੍ਰਿਤ ਦੀ ਦਾਤ ਲਈ ਪ੍ਰੇਰਨਾ ਕਰਨੀ, ਗੁਰ ਮਰਯਾਦਾ ਦੀ ਪਵਿੱਤਰਤਾ ਨੂੰ ਮਿਲਾਵਟ ਤੋਂ ਸੁਰੱਖਿਅਤ ਰਖਣਾ। ਲੋੜ ਪੈਣ ਪੁਰ ਤਰਨੇ ਦਲ ਨਾਲ ਮੋਢਾ ਜੋੜ ਕੇ ਸੰਗਰਾਮਾਂ ਵਿਚ ਤੇਜ਼ਾਂ ਮਾਰਨੀਆਂ ।

ਤਰਨੇ ਦਲ ਦਾ ਮੁੱਖ ਕੰਮ, ਦੀਨ ਦੁਖੀਆਂ ਦੀ ਸਹਾਇਤਾ ਲਈ ਮੈਦਾਨ ਜੰਗ ਵਿਚ ਪਹੁੰਚ ਕੇ ਉਨ੍ਹਾਂ ਦੀ ਰੱਖਿਆ ਕਰਨਾ ਅਤੇ ਬਾਹਰਲੇ ਹਮਲਾ- ਆਵਰਾਂ ਤੋਂ ਦੇਸ਼ ਨੂੰ ਆਜ਼ਾਦ ਕਰਾਉਣਾ ਸੀ । ਇਨ੍ਹਾਂ ਦੇਵਾਂ ਦਲਾਂ ਦੀ ਸਮਿਲਤ ਦੇਖ ਰੇਖ ਦੀ ਸੇਵਾ, ਸਰਬਸੰਮਤੀ ਨਾਲ ਨਵਾਬ ਕਪੂਰ ਸਿੰਘ ਦੇ ਹੱਥ ਸੌਂਪੀ ਗਈ P ਆਪ ਦੇ ਹਥੋਂ ਅੰਮ੍ਰਿਤ-ਪਾਨ ਕਰਨਾ ਬੜਾ ਪਾਵਨ ਮੰਨਿਆ ਜਾਂਦਾ ਸੀ । ਉਹ ਕਰਨੀ ਤੇ ਬੇ-ਦਾਗ਼ ਰਹਿਣੀ ਦੇ ਕਾਰਨ, ਸਤਿਗੁਰਾਂ ਨੇ ਆਪ ਨੂੰ ਵਾਕ ਸਿੱਧੀ ਦੀ ਐਸੀ ਬਰਕਤ ਬਖਸ਼ੀ ਸੀ ਕਿ ਜੋ ਬਚਨ ਆਪ ਦੇ ਮੁੱਖ ਤੋਂ ਨਿਕਲਦਾ ਸੀ, ਉਹ ਸਫਲ ਹੁੰਦਾ ਸੀ ।P ਹੁਣ ਨਵਾਬ ਕਪੂਰ ਸਿੰਘ ਨੇ ਦੋਵਾਂ ਦਲਾਂ ਵਿਚ

ਕੁਝ ਨਿਯਮ ਨੀਯਤ ਕੀਤੇ ਜੋ ਇਸ ਤਰ੍ਹਾਂ ਹਨ—

  1. ਜੋ ਮਾਇਆ, ਜਗੀਰ ਤੋਂ ਯਾ ਹੋਰਨਾਂ ਵਸੀਲਿਆਂ ਰਾਹੀਂ ਦੋਵਾਂ ਦਲਾਂ ਵਿਚੋਂ ਕਿਸੇ ਦੇ ਹੱਥ ਆਵੇ ਉਹ ਸਭ ਇਕੋ ਥਾਂ ਜੱਥੇ ਦੀ ਸਾਂਝੀ ਗੋਲਕ ਵਿਚ ਜਮ੍ਹਾਂ ਕੀਤੀ ਜਾਇਆ ਕਰੇ ।
  2. ਦੋਵਾਂ ਜੱਥਿਆਂ ਦੇ ਹਰ ਇਕ ਸਿੰਘ ਨੂੰ ਹਥਿਆਰਾਂ ਜਾਂ ਬਸਤਰਾਂ ਆਦਿ ਦੀ ਲੋੜ ਪਵੇ ਤਾਂ ਮਾਇਆ ਇਸ ਭੰਡਾਰੇ ਵਿਚੋਂ ਖ਼ਰਚ ਕੀਤੀ ਜਾਵੇ।
  3. ਦੋਵਾਂ ਜਥਿਆਂ ਦਾ ਲੰਗਰ ਇਕ ਥਾਂ ਤਿਆਰ ਹੋ ਕੇ ਸਭ ਨੂੰ ਇਕੋ ਜਿਹਾ ਵਰਤਾਇਆ ਜਾਵੇ ।
  4. ਆਪਣੇ ਜਥੇਦਾਰ ਦਾ ਹੁਕਮ ਮੰਨਣਾ ਹਰ ਇਕ ਸਿੰਘ ਦਾ ਮੁੱਖ ਫਰਜ ਹੋਵੇਗਾ ।
  5. ਦੋਵਾਂ ਜੱਥਿਆ ਦੇ ਸਿੰਘਾਂ ਵਿਚੋਂ ਜਦ ਸੰਬੰਧੀਆਂ ਨੂੰ ਮਿਲਣ ਘਰ ਜਾਣ ਤਾਂ ਜਥੇਦਾਰ ਦੀ ਆਗਿਆ ਲੈਕੇ ਜਾਣ ਅਤੇ ਜਦ ਪਰਤ ਕੇ ਆਉਣ ਤਾਂ ਆਪਣੀ ਹਾਜ਼ਰੀ ਦਸਿਆ ਕਰਨ ।

ਇਉਂ ਇਹ ਦੋਵੇਂ ਦਲ ਇਕ ਸਾਂਝੀ ਜੱਥੇਬੰਦੀ ਵਿਚ ਆ ਗਏ । ਇਹ ਸਾਂਝ ਇਥੋਂ ਤਕ ਵਧੀ ਕਿ ਜਿਥੇ ਖਾਲਸੇ ਦਾ ਭੰਡਾਰਾ ਸਾਂਝਾ ਸੀ ਉੱਥੇ ਨਾਲ ਹੀ ਦੁੱਖ ਅਤੇ ਸੁਖ ਵੀ ਸਭ ਸਾਂਝਾ ਹੋ ਗਿਆ । ਇਕ ਦੀ ਖੁਸ਼ੀ ਸਭ ਦੀ ਖੁਸ਼ੀ ਸੀ, ਇਕ ਨੂੰ ਕੰਡਾ ਪੁੜਦਾ ਤਾਂ ਸਾਰੀ ਕੌਮ ਦਾ ਮਨ ਪੀੜ ਨਾਲ ਤੜਪ ਪੈਂਦਾ ਅਤੇ ਉਹ ਉਦੋਂ ਤਕ ਸ਼ਾਂਤ ਹੋ ਕੇ ਨਹੀਂ ਸਨ ਬਹਿੰਦੇ, ਜਦ ਤਕ ਉਹਦੇ ਦੁੱਖ ਦੀ ਨਵਿਰਤੀ ਦਾ ਉਪਾਅ ਨਾ ਸਨ ਕਰ ਲੈਂਦੇ ।

ਇਉਂ ਇਹ ਦੋਵੇਂ ਦਲ ਇਕ ਸਾਂਝੇ ਭਾਈਚਾਰੇ ਅਤੇ ਇਕੋ ਪਰਵਾਰ ਵਾਂਗ ਜੀਵਨ ਬਿਤਾਣ ਲੱਗੇ ।

ਮਿਸਲਾਂ ਦੀ ਸਾਜਨਾ

ਉਪਰੋਕਤ ਪਰਬੰਧ ਨੂੰ ਅਜੇ ਬਹੁਤਾ ਸਮਾਂ ਨਹੀਂ ਸੀ ਬੀਤਿਆ ਕਿ ਤਰਨੇ ਦਲ ਦੀ ਗਿਣਤੀ ਵਧ ਕੇ ਕੋਈ 12000 ਦੇ ਲਗਭਗ ਹੋ ਗਈ । ਹੁਣ ਨਵਾਬ ਕਪੂਰ ਸਿੰਘ ਨੇ ਪੰਥ ਦੇ ਮੁਖੀਆਂ ਦੀ ਇਕ ਇਕਤ੍ਤਾ ਬੁਲਾਈ ਜਿਨ੍ਹਾਂ ਦੇ ਮੂਹਰੇ ਇਹ ਵਿਚਾਰ ਰੱਖੀ ਕਿ ਕਿਉਂਕਿ ਦਲ ਦੇ ਸਿੰਘਾਂ ਦੀ ਗਿਣਤੀ ਹੁਣ ਬਹੁਤ ਵਧ ਗਈ ਹੈ, ਇਕ ਥਾਂ ਲੰਗਰ ਦੇ ਸਜਾਣ ਅਤੇ ਵਰਤਾਣ ਵਿਚ ਚੋਖਾ ਸਮਾਂ ਬੀਤ ਜਾਂਦਾ ਹੈ, ਵਿਚਾਰ ਇਹ ਹੈ ਕਿ ਤਰਨੇ ਦਲ ਨੂੰ ਪੰਜਾਂ ਭਾਗਾਂ ਵਿਚ ਵੰਡ ਕੇ ਇਨ੍ਹਾਂ ਦੇ ਵੱਖ-ਵੱਖ ਜਥੇਦਾਰ ਥਾਪੇ ਜਾਣ ਤੇ ਲੰਗਰ ਲਈ ਸਾਂਝੇ ਮੋਦੀਖਾਨੇ (ਭੰਡਾਰੇ) ਵਿਚੋਂ ਰਸਦ ਲੈ ਕੇ ਇਕ ਜੱਥਾ ਆਪੋ ਆਪਣੇ ਲੰਗਰ ਸਜਾ ਲਿਆ ਕਰੇ।

ਨਵਾਬ ਜੀ ਦੀ ਇਹ ਵਿਉਂਤ ਸਾਰੇ ਮੁਖੀਆਂ ਪਰਵਾਨ ਕਰ ਲਈ । ਇਸ ਦੇ ਉਪਰੰਤ ਤਰਨੇ ਦਲ ਨੂੰ ਹੇਠ ਲਿਖੇ ਪੰਜਾਂ ਭਾਗਾਂ ਵਿਚ ਵੰਡਿਆ ਗਿਆ ਜਿਸ ਦੇ ਜਥੇਦਾਰਾਂ ਦੇ ਨਾਂ ਇਹ ਹਨ :-

ਪਹਿਲਾ ਜੱਥਾ-ਬਾਬਾ ਦੀਪ ਸਿੰਘ ਜੀ ਦੀ ਦੇਖ-ਰੇਖ ਵਿਚ ਰਖਿਆ ।

ਦੂਜਾ ਜੱਥਾ-ਕਰਮ ਸਿੰਘ, ਧਰਮ ਸਿੰਘ ਅੰਮ੍ਰਿਤਸਰੀਏ ਦੇ ਹੱਥ ਸੌਂਪਿਆ ।

ਤੀਜਾ ਜੱਥਾ-ਬਾਬਾ ਕਾਹਨ ਸਿੰਘ ਦੇ ਬਿਨੋਦ ਸਿੰਘ ਭੱਲੇ ਸਾਹਿਬਜ਼ਾਦੇ, ਗੋਇੰਦਵਾਲੀਆ ਦੀ ਅਗਵਾਈ ਵਿਚ ਰਖਿਆ ।

ਚੌਥਾ ਜੱਥਾ-ਇਸ ਦੀ ਅਗਵਾਈ ਦਸੌਂਧਾ ਸਿੰਘ ਨੂੰ ਦਿੱਤੀ ।

ਪੰਜਵਾਂ ਜੱਥਾ-ਪੰਜਵੇਂ ਜਥੇ ਦੀ ਜਥੇਦਾਰੀ ਵੀਰ ਸਿੰਘ ਤੇ ਜੀਵਨ ਸਿੰਘ ਰੰਗਰੇਟਿਆਂ ਨੂੰ ਸੌਂਪੀ ।

ਨਵਾਬ ਜੀ ਦੀ ਇਸ ਵਿਉਂਤ ਅਨੁਸਾਰ ਅਗੇ ਜਾ ਕੇ ਪੰਜ ਇਹ ਅਤੇ ਸਤ ਹੋਰ ਜੱਥੇ ਮਿਲ ਕੇ 12 ਮਿਸਲਾਂ’ ਦੇ ਨਾਂ ਪਰ ਪ੍ਰਸਿੱਧ ਹੋਏ।

ਜੱਸਾ ਸਿੰਘ ਦਾ ਮੇਲ

ਬਾਦਸ਼ਾਹ ਜੱਸਾ ਸਿੰਘ ਆਹਲੂਵਾਈਏ ਦਾ ਜਨਮ ਸਰਦਾਰ ਬਦਰ ਸਿੰਘ ਦੇ ਘਰ ਸੰਨ 1718 ਈ: ਨੂੰ ਹੋਇਆ ” ਪਿਤਾ ਦਾ ਛਤਰ ਨਿੱਕੀ ਉਮਰ ਵਿੱਚ ਉਸ ਦੇ ਸਿਰ ਤੋਂ ਉਠ ਗਿਆ । ਇਸ ਦੀ ਸੁਘੜ ਮਾਂ, ਉਸ ਨੂੰ ਬਾਲਕੀ ਉਮਰ ਵਿਚ ਨਾਲ ਲੈ ਕੇ ਸ੍ਰੀ ਮਾਤਾ ਸੁੰਦਰ ਜੀ ਦੀ ਸੇਵਾ ਵਿਖੇ ਦਿੱਲੀ ਪਹੁੰਚੀ । ਜਗਤ ਸੁੰਦਰੀ ਜੀ ਨੇ ਇਸ ਬਾਲਕ ਨੂੰ ਆਪਣੇ ਪੁੱਤਾਂ ਵਤ ਸਮਝ ਕੇ, ਕਈ ਵਰ੍ਹਿਆਂ ਤਕ ਆਪਣੇ ਪਾਸ ਰੱਖਿਆ P

ਵਿਦਾਇਗੀ ਸਮੇਂ ਮਾਤਾ ਜੀ ਨੇ ਇਸ ਨੂੰ ਦਸਮ ਪਾਤਸ਼ਾਹ ਜੀ ਦੀ ਇਕ ਸ਼ਮਸ਼ੇਰ ਇਕ ਗਰਜ਼ ਅਤੇ ਇਕ ਚਾਂਦੀ ਦਾ ਆਸਾ ਬਖ਼ਸ਼ਿਆ ਅਤੇ ਨਾਲ ਹੀ ਅਸੀਸ ਦਿੱਤੀ ਕਿ ਤੇਰੀ ਅਰਦਲ ਵਿਚ ਆਸਾ ਬਰਦਾਰ (ਚੋਬਦਾਰ) ਰਹਿਣਗੇ P

ਨਵਾਬ ਕਪੂਰ ਸਿੰਘ ਦੀ ਸੌਂਪਣੀ ਵਿਚ

ਸ੍ਰੀ ਮਾਤਾ ਸੁੰਦਰੀ ਜੀ ਨੇ ਉਪਰ ਲਿਖੀਆਂ ਬਖ਼ਸ਼ਸ਼ਾਂ ਦੇ ਨਾਲ ਇਹ ਹੁਕਮਨਾਮਾ ਨਵਾਬ ਕਪੂਰ ਸਿੰਘ ਵਲ ਲਿਖਵਾ ਭੇਜਿਆ, ਜਿਸ ਵਿਚ ਹੁਕਮ ਸੀ ਕਿ ਜੱਸਾ ਸਿੰਘ ਨੂੰ ਸਾਡਾ ਬੱਚਾ ਜਾਣ ਕੇ ਇਸ ਨੂੰ ਸਿੰਘਾਂ ਵਾਲੇ ਸਰਬ ਗੁਣਾਂ ਵਿਚ ਨਿਪੁੰਨ ਕਰ ਦੇਣਾ ।

ਨਵਾਬ ਜੀ ਨੇ ਮਾਤਾ ਜੀ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਥੋੜ੍ਹੇ ਸਮੇਂ ਵਿਚ ਹੀ ਇਸ ਨੌ-ਨਿਹਾਲ ਨੂੰ ਗੁਰ ਸਿੱਖਾਂ ਵਾਲੇ ਸਰਬੱਤ ਉੱਚ ਗੁਣਾਂ ਨਾਲ ਭੂਸ਼ਤ ਕਰ ਦਿੱਤਾ ।

ਇਸ ਦੇ ਕੁਝ ਦਿਨਾਂ ਬਾਅਦ ਨਵਾਬ ਜੀ ਨੇ ਇਸ ਨੂੰ ਹੋਣਹਾਰ ਸਪੁਤਰ ਜਾਣ ਕੇ ਉਸ ਨੂੰ ਦਲ ਦੇ ਤੋਸ਼ਾਖਾਨੇ (ਭੰਡਾਰੇ) ਦੀਆਂ ਕੁੰਜੀਆਂ ਸੌਂਪ ਦਿੱਤੀਆਂ। ਹੁਣ ਆਪ ਦੀ ਮੁੱਖ ਸੇਵਾ ਘੋੜਿਆਂ ਲਈ ਦਾਣਾ ਆਦਿ ਵੰਡਣਾ ਸੀ।

ਹਕੂਮਤ ਦਾ ਪ੍ਰਣ ਤੋੜਨਾ

ਸੰਨ 1733-34 ਖ਼ਾਲਸੇ ਲਈ ਬੜੇ ਸੁਭਾਗੇ ਵਰ੍ਹੇ ਸਨ ਜਦ ਕਿ ਨਵਾਬ ਕਪੂਰ ਸਿੰਘ ਦੀ ਯੋਗ ਅਗਵਾਈ ਵਿੱਚ ਖਿੰਡਿਆ ਹੋਇਆ ਖ਼ਾਲਸਾ ਇਕ ਸ਼ਕਤੀਮਾਨ ਜੱਥੇਬੰਦੀ ਵਿਚ ਜੁੜ ਗਿਆ । ਇਸ ਸਮੇਂ ਵਿਚ ਨਾ ਕੇਵਲ ਜਥੇਬੰਦੀ ਹੀ ਪੱਕੀ ਹੋਈ ਸਗੋਂ ਬੁੱਢੇ ਦਲ ਦੇ ਪ੍ਰਚਾਰ ਦਾ ਫਲ ਇਹ ਹੋਇਆ ਕਿ ਹਜ਼ਾਰਾਂ ਦੀ ਗਿਣਤੀ ਵਿਚ ਅਨਮਤਾਂ ਦੇ ਜੀਵ ਅੰਮ੍ਰਿਤ ਛਕ ਕੇ ਖ਼ਾਲਸਾ ਪੰਥ ਵਿਚ ਰਲ ਗਏ । ਖ਼ਾਲਸੇ ਦੀ ਇਸ ਮਹਾਨ ਏਕਤਾ ਅਤੇ ਅਣਗਿਣਤ ਜੀਵਾਂ ਨੂੰ ਸਿੱਖੀ ਵਿਚ ਪ੍ਰਵੇਸ਼ ਹੁੰਦਾ ਸੁਣ ਕੇ ਜ਼ਕਰੀਆ ਖ਼ਾਨ ਦਾ ਈਮਾਨ-ਡਗ-ਮਗਾ ਗਿਆ । ਖਾਲਸੇ ਨਾਲ ਉਸ ਦੇ ਕੀਤੇ ਹੋਏ ਪ੍ਰਣ ਨੂੰ ਭੰਗ ਕਰਨ ਲਈ ਉਹ ਹੁਣ ਕੋਈ ਆੜ ਢੂੰਢਣ ਲੱਗਾ ।

ਸੰਨ 1735 ਦੇ ਅਜੇ ਪੰਜ ਹੀ ਮਹੀਨੇ ਬੀਤੇ ਸਨ । ਅਰਥਾਤ ਹਾੜੀ ਦੀ ਫ਼ਸਲ ਤਿਆਰ ਸੀ । ਕਿ ਲਾਹੌਰ ਦੀ ਹਕੂਮਤ ਨੇ ਬਿਨਾਂ ਕਿਸੇ ਕਾਰਨ ਦੱਸੇ ਦੇ, ਆਪਣੇ ਫ਼ੌਜੀ ਸਵਾਰ, ਬਹੁਤ ਵੱਡੀ ਗਿਣਤੀ ਵਿਚ ਭੇਜ ਕੇ, ਖਾਲਸੇ ਦੀ ਜਾਗੀਰ ਪਰ ਆਪਣਾ ਕਬਜ਼ਾ ਕਰ ਲਿਆ ।

ਨਵਾਬ ਕਪੂਰ ਸਿੰਘ ਨੂੰ ਜਦ ਹਕੂਮਤ ਦੇ ਕੌਲ ਕਰਾਰਾਂ ਦੇ ਭੰਗ ਕਰਨ ਦੀ ਖ਼ਬਰ ਮਿਲੀ ਤਾਂ ਆਪ ਨੇ ਗਜ ਕੇ ਉਚਾਰਿਆ, ਜੋ ਹੋਇਆ ਹੈ ਉਹ ਅਕਾਲ ਪੁਰਖ ਦੇ ਹੁਕਮ ਤੇ ਰਜ਼ਾ ਵਿਚ ਹੋਇਆ ਹੈ, ਜਾਣੀ ਜਾਣ ਦਾਤਾ ਜਾਣਦਾ ਹੈ ਕਿ ਹੁਣ ਅਣਗਿਣਤ ਖਾਲਸੇ ਦਾ ਇਸ ਛੋਟੀ ਜਿਹੀ ਜਗੀਰ ਨਾਲ ਨਿਰਬਾਹ ਨਹੀਂ ਹੋਣਾ, ਅੱਗੇ ਨੂੰ ਸਾਰਾ ਪੰਜਾਬ ਖਾਲਸੇ ਦੀ ਜਗੀਰ ਹੋ ਜਾਏ ।”

ਆਪਣੇ ਸਤਿਕਾਰ ਯੋਗ ਜਥੇਦਾਰ ਦੇ ਮੁਖ ਤੋਂ ਇਹ ਵਾਕ ਸੁਣ ਕੇ ਜਥਿਆਂ ਦੇ ਸਿੰਘਾਂ ਨੇ ਅਕਾਸ਼ ਕੰਬਾਊ ਜੈਕਾਰਿਆਂ ਨਾਲ ਧਰਤ ਗਗਨ ਕੰਬਾ ਦਿੱਤਾ । ਹੁਣ ਅੰਮ੍ਰਿਤਸਰ ਦੇ ਗੁਰਦਵਾਰਿਆਂ ਦੀ ਸੇਵਾ ਲਈ ਕੁਝ ਸੇਵਾਦਾਰ ਪਿੱਛੇ ਛੱਡ ਕੇ, ਦੋਵੇਂ ਦਲ ਸੁਤੰਤਰ ਵਿਚਰਨ ਲੱਗੇ । ਕਈ ਅਜਾਣ ਲੇਖਕਾਂ ਦਾ ਇਸ ਬਾਰੇ ਇਹ ਲਿਖਣਾ ਕਿ ਬਚਨ ਖਾਲਸੇ ਭੰਗ ਕੀਤੀ ਸੀ, ਭਾਰੀ ਭੁੱਲ ਹੈ । ਹਕੀਕਤ ਇਹ ਹੈ ਕਿ ਖ਼ਾਨ ਬਹਾਦਰ ਜ਼ਕਰੀਆ ਖ਼ਾਨ ਖਾਲਸੇ ਦੀ ਇਸ ਮਹਾਨ ਜਥੇਬੰਦੀ ਵਿਚ ਇਕ-ਮਿਕ ਹੋ ਜਾਣ ਬਾਰੇ ਸੁਣ ਕੇ ਉਹ ਭੈ-ਭੀਤ ਹੋ ਗਿਆ ਸੀ ਅਤੇ ਕਿਸੇ ਬਹਾਨੇ ਨਾਲ ਖਾਲਸੇ ਨੂੰ ਮੁੜ ਖੇਰੂੰ ਖੇਰੂੰ ਕਰਨ ਤੇ ਉਸ ਪਰ ਮੁੜ ਅਤਿਆਚਾਰ ਆਰੰਭਣਾ ਚਾਹੁੰਦਾ ਸੀ ।

ਜ਼ਕਰੀਆ ਖ਼ਾਨ ਦੀ ਮੁੜ ਕਰੜਾਈ

ਖ਼ਾਨ ਬਹਾਦਰ ਦੇ ਪ੍ਰਣ ਭੰਗ ਕਰ ਦੇਣ ਦੇ ਉਪਰੰਤ ਖਾਲਸੇ ਦਾ ਖੁਰਾ ਖੋਜ ਮਿਟਾ ਦੇਣ ਲਈ, ਪਹਿਲਾ ਕੰਮ ਉਹ ਇਹ ਕੀਤਾ 4000 ਸਵਾਰਾਂ ਦੀ ਇਕ ਫਿਰਤੂ ਫੌਜ ਨੀਯਤ ਕੀਤੀ । ਇਸ ਨੂੰ ਅੱਠ ਹਿਸਿਆਂ ਵਿਚ ਵੰਡ ਕੇ ਇਨ੍ਹਾਂ ਦੀ ਵਾਗ ਡੋਰ ਸ਼ਾਹੀ ਫੌਜ ਵਿਚੋਂ ਚੋਣਵੇਂ ਤੇ ਨਿਡਰ ਮੁਖੀਆਂ ਦੇ ਹੱਥ ਸੌਂਪੀ । ਇਨ੍ਹਾਂ ਅਠ ਦਸਤਿਆਂ ਨੂੰ ਪੰਜਾਬ ਦੀ ਲੰਬਾਈ ਚੌੜਾਈ ਵਿਚ ਫਿਰ ਨਿਕਲਣ ਦਾ ਹੁਕਮ ਦਿੱਤਾ ਕਿ ਉਹ ਪਿੰਡਾਂ, ਝੱਲਾਂ ਜੰਗਲਾਂ ਅਤੇ ਖੱਡਾਂ ਵਿਚ ਸਿੰਘਾਂ ਦੀ ਭਾਲ ਕਰਨ ਤੇ ਜਿਥੇ ਕੋਈ ਸਿੱਖ ਮਿਲੇ ਉਸ ਨੂੰ ਉਥੇ ਮਾਰ ਦੇਣ ਜਾਂ ਜਿਊਂਦਾ ਫੜ ਕੇ ਲਾਹੌਰ ਭੇਜ ਦੇਣ ।

ਇਨ੍ਹਾਂ ਫਿਰਤੂ ਰਸਾਲਿਆਂ, ਪੰਜਾਬ ਦੀ ਚੱਪਾ ਚੱਪਾ ਧਰਤੀ ਛਾਣ ਮਾਰੀ ! ਜਿਥੇ ਵੀ ਕੋਈ ਸਿੰਘ ਮਿਲਿਆ, ਉਸ ਨੂੰ ਉਥੇ ਹੀ ਮੁਕਾ ਦਿੱਤਾ । ਹੁਣ ਕਦੀ ਕਦੀ ਖਾਲਸੇ ਦਾ ਸ਼ਾਹੀ ਸੈਨਾ ਨਾਲ ਮੈਦਾਨ ਵਿਚ ਸਾਹਮਣਾ ਵੀ ਹੋ ਪੈਂਦਾ ਸੀ। ਐਸੇ ਸਮੇਂ ਖਾਲਸਾ ਫਿਰਤੂ ਸੈਨਾ ਤੋਂ ਹਥਿਆਰ ਅਤੇ ਘੋੜੇ ਖੋਹ ਕੇ ਲੈ ਜਾਂਦਾ ਅਤੇ ਤੁਰਤ ਫੁਰਤ ਮੁੜ ਜੰਗਲਾਂ ਵਿਚ ਪਹੁੰਚ ਜਾਂਦਾ ।

ਇਹ ਅਤਿਆਚਾਰ ਚੋਖਾ ਸਮਾਂ ਚਾਲੂ ਰਹੇ ਪਰ ਜ਼ਕਰੀਆ ਖ਼ਾਨ ਨੂੰ ਜਿੰਨਾ ਛੇਤੀ ਖਾਲਸੇ ਨੂੰ ਮੁਕਾ ਦੇਣ ਦੀ ਆਸ ਸੀ, ਉਸ ਵਿਚ ਉਸ ਨੂੰ ਭਾਰੀ ਨਿਰਾਸਤਾ ਹੋਈ !

ਅਤਿ ਦੇ ਕਹਿਰ

ਜ਼ਕਰੀਆਂ ਖ਼ਾਨ ਨੇ ਜਦ ਕੁਝ ਸਮੇਂ ਦੇ ਉਪਰੰਤ ਸਿੰਘਾਂ ਮਗਰ ਛੱਡੀ ਗਈ ਫ਼ਿਰਤੂ ਫ਼ੌਜ ਦੇ ਖ਼ਰਚ ਦਾ ਵੇਰਵਾ ਡਿੱਠਾ ਤਾਂ ਉਹ ਘਬਰਾ ਉਠਿਆ, ਕਿਉਂਕਿ ਖ਼ਰਚ ਬਹੁਤ ਵਧ ਸੀ । ਅਤੇ ਇਸ ਤੋਂ ਲਾਭ ਕਿਤੇ ਬਹੁਤ ਘਟ । ਉਧਰ ਸਿੰਘਾਂ ਨੇ ਸਾਰੇ ਪੰਜਾਬ ਵਿਚ ਰਾਮ ਰੌਲੇ ਦੇ ਕਾਰਨ ਹਕੂਮਤ ਦੇ ਮਾਲੀਏ ਆਦਿ ਦੀ ਆਮਦਨੀ ਲਗਭਗ ਸਾਰੀ ਰੁਕ ਗਈ ਅਤੇ ਜੋ ਕੁਝ ਕਿਸੇ ਇਲਾਕੇ ਤੋਂ ਖ਼ਜ਼ਾਨੇ ਲਈ ਆਉਂਦਾ ਵੀ ਸੀ, ਤਾਂ ਉਹ ਰਾਜਧਾਨੀ ਵਿਚ ਪਹੁੰਚਣ ਤੋਂ ਪਹਿਲਾਂ ਹੀ ਸਿੰਘ ਰਾਹ ਵਿਚ ਖੋਹ ਲੈਂਦੇ ਸਨ, ਇਨ੍ਹਾਂ ਔਕੜਾਂ ਦੇ ਕਾਰਨ ਸ਼ਾਹੀ ਖ਼ਜ਼ਾਨਾ ਖ਼ਾਲੀ ਹੋਣ ਲੱਗਾ ।

ਗਸ਼ਤੀ ਸੈਨਾ ਦੇ ਅਸਹਿ ਭਾਰ ਨੂੰ ਹਲਕਾ ਕਰਨ ਲਈ ਖ਼ਾਨ ਬਹਾਦਰ ਨੇ ਇਕ ਹੋਰ ਵਿਉਂਤ ਸੋਚੀ ਕਿ ਸਿੰਘਾਂ ਦੀ ਫੜੋ-ਫੜੀ ਵਾਲੀ ਫ਼ੌਜ ਦੀ ਗਿਣਤੀ ਘਟਾ ਕੇ ਉਸ ਦੀ ਸਹਾਇਤਾ ਲਈ ਮੁਲਕੀ ਕਰਮਚਾਰੀਆਂ ਨੂੰ ਨਾਲ ਮਿਲਾ ਲਿਆ । ਨਵੇਂ ਪਰਬੰਧ ਅਨੁਸਾਰ ਪਰਗਨੇਦਾਰਾਂ, ਤਲਕੇਦਾਰਾਂ, ਕਾਨੂੰਗੋਆਂ, ਪਿੰਡਾਂ ਦੇ ਚੌਧਰੀਆਂ, ਨੰਬਰਦਾਰਾਂ ਅਤੇ ਜਾਗੀਰਦਾਰਾਂ ਦੇ ਨਾਂ ਪਰ ਫੁਰਮਾਨ ਜਾਰੀ ਕਰਕੇ ਉਨ੍ਹਾਂ ਤੋਂ ਜ਼ਿੰਮੇਂਵਾਰੀ ਲੈ ਲਈ ਕਿ ਉਹ ਆਪਣਿਆਂ ਪਿੰਡਾਂ, ਮਹੱਲਿਆਂ ਅਤੇ ਇਲਾਕਿਆਂ ਵਿਚ ਕਿਸੇ ਸਿੱਖ ਨੂੰ ਨਹੀਂ ਰਹਿਣ ਦੇਣਗੇ ।

ਫ਼ੁਰਮਾਨ ਦਾ ਵੇਰਵਾ ਇਉਂ ਸੀ :-

  1. ਜੇ ਕੋਈ ਸਿੰਘ ਦਾ ਸਿਰ ਪੇਸ਼ ਕਰੇਗਾ ਉਸ ਨੂੰ 50 ਰੁਪਏ ਇਨਾਮ ਮਿਲੇਗਾ ॥
  2. ਜੇ ਕੋਈ ਸਿੰਘ ਨੂੰ ਜਿਊਂਦਾ ਫੜ ਕੇ ਹਾਜ਼ਰ ਕਰੇਗਾ, ਉਹ ਵੀ 50 ਰੁਪਏ ਪਾਵੇਗਾ ।
  3. ਜੋ ਸਿੰਘ ਦਾ ਪਤਾ ਦਸੇਗਾ ਉਸ ਨੂੰ 10 ਰੁਪਏ ਇਨਾਮ ਮਿਲੇਗਾ ।
  4. ਜੋ ਪਕੜਾਏਗਾ ਉਹ 15 ਰੁਪਏ ਦੀ ਪ੍ਰਾਪਤੀ ਦਾ ਹੱਕਦਾਰ ਹੋਵੇਗਾ ।
  5. ਜੋ ਸਿੰਘ ਦਾ ਘਰ ਬਾਰ ਲੁੱਟ ਲਏਗਾ ਉਸ ਤੋਂ ਕੋਈ ਪੁਛ ਪ੍ਰਤੀਤ ਨਹੀਂ ਹੋਵੇਗੀ ।

ਗਫ਼ਲਤ ਲਈ ਸਜ਼ਾਵਾਂ

  1. ਜੇ ਕੋਈ ਸਿੰਘ ਆਪਣੇ ਘਰ ਜਾਂ ਖੇਤ ਵਿਚ ਪਨਾਹ ਦੇਵੇਗਾ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ ।
  2. ਜਿਹੜਾ ਸਿੰਘਾਂ ਦੇ ਰਹਿਣ ਦਾ ਪਤਾ ਜਾਣਦਾ ਹੋਇਆ ਹਕੂਮਤ ਨੂੰ ਖ਼ਬਰ ਨਹੀਂ ਪਹੁੰਚਾਏਗਾ ਉਹ ਵੀ ਕਤਲ ਕੀਤਾ ਜਾਏਗਾ ।
  3. ਜੇ ਕੋਈ ਸਿੰਘ ਪਾਸ ਅਨਾਜ ਵੇਚੇਗਾ ਯਾ ਰੋਟੀ ਦੇਵੇਗਾ ਯਾ ਹੋਰ ਕਿਸੇ ਤਰ੍ਹਾਂ ਦੀ ਸਹਾਇਤਾ ਕਰੇਗਾ ਉਹ ਹਿੰਦੂ ਨੂੰ ਬਦੋਬਦੀ ਮੁਸਲਮਾਨ ਬਣਾ ਦਿੱਤਾ ਜਾਏਗਾ ।
  4. ਜੋ ਸਰਕਾਰੀ ਕਰਮਚਾਰੀ ਸਿੱਖਾਂ ਬਾਰੇ ਕਿਸੇ ਤਰ੍ਹਾਂ ਦੀ ਗ਼ਫ਼ਲਤ ਕਰੇਗਾ ਉਸ ਨੂੰ ਆਪਣੇ ਅਹੁਦੇ ਤੋਂ ਹਟਾ ਦਿੱਤਾ ਜਾਏਗਾ ।

ਇਹ ਪਹਿਲੀ ਵਾਰ ਸੀ ਜਦ ਕੇਵਲ ਸਿੱਖੀ ਧਰਮ ਦੇ ਧਾਰਨ ਕਰਨ ਦੇ ਦੋਸ਼ ਲਈ, ਹਕੂਮਤ ਵਲੋਂ ਕਤਲ ਦੀ ਸਜ਼ਾ ਨੀਯਤ ਕੀਤੀ ਗਈ ।

ਹਕੂਮਤ ਵਲੋਂ ਇਸ ਅਤਿ ਦੀ ਕਰੜਾਈ ਦੇ ਕਾਰਨ ਸਿੰਘ ਕੁਝ ਸਮੇਂ ਲਈ ਪੰਜਾਬ ਦੇ ਪੱਧਰ ਇਲਾਕਿਆਂ ਨੂੰ ਤਿਆਗ ਕੇ, ਜੰਗਲਾਂ, ਪਹਾੜਾਂ, ਖੱਡਾਂ, ਝੱਲਾਂ ਅਤੇ ਮਾਲਵੇ ਦੇ ਤੇ ਬੀਕਾਨੇਰ ਦੇ ਰੇਤਲਿਆਂ ਥਲਾਂ ਵਲ ਨਿਕਲ ਗਏ ।

ਇਹ ਸਮਾਂ ਸਿੰਘਾਂ ਲਈ ਐਨਾ ਭਿਆਨਕ ਸੀ ਕਿ ਇਨ੍ਹਾਂ ਦਿਨਾਂ ਵਿਚ ਜਦ ਕਿਸੇ ਸਿੰਘ ਸਜ ਗਏ ਬੱਚੇ ਦੀ ਮਾਤਾ ਪਿਤਾ ਤੋਂ ਕੋਈ ਪੁੱਛਦਾ ਕਿ ਤੁਹਾਡੇ ਕਿੰਨੇ ਪੁੱਤ ਹਨ ਤਾਂ ਉਹ ਅਗੋਂ ਉੱਤਰ ਦਿੰਦੇ ਕਿ ਹੈ ਸਨ ਤਾਂ ਚਾਰ ਪਰ ਹੁਣ ਤਿੰਨ ਰਹਿ ਗਏ ਹਨ । ਇਕ ਸਿੰਘ ਬਣ ਗਿਆ ਹੈ ਅਰਥਾਤ ਇਹ ਅੱਜ ਕਲ ਸਿੰਘ ਬਣਨ ਦੇ ਦੋਸ਼ ਲਈ ਕਤਲ ਕਰ ਦਿੱਤਾ ਜਾਏਗਾ P

ਇਸ ਸਮੇਂ ਨਵਾਬ ਕਪੂਰ ਸਿੰਘ ਸਣੇ 800 ਸਿੰਘਾਂ ਦੇ ਜੱਥੇ ਦੇ ਬਾਬਾ ਆਲਾ ਸਿੰਘ ਬਾਨੀ ਰਿਆਸਤ ਪਟਿਆਲਾ ਪਾਸ ਠੀਕਰੀਵਾਲੇ ਜਾ ਰਹੇ । ਇਸ ਭੀੜਾ ਦੇ ਸਮੇਂ ਬਾਬਾ ਆਲਾ ਸਿੰਘ ਤੇ ਮਾਲਵੇ ਦੇ ਹੋਰਨਾਂ ਗੁਰਸਿਖਾਂ ਨੇ ਆਪਣੇ ਸਿੰਘ ਭਾਈਆਂ ਦੀ, ਲੰਗਰ ਪਾਣੀ ਦੀ ਸੇਵਾ ਬੜੇ ਪਿਆਰ ਤੇ ਉਤਸ਼ਾਹ ਨਾਲ ਰੱਜ ਕੇ रीडी ।

ਇਥੇ ਨਵਾਬ ਕਪੂਰ ਸਿੰਘ ਦਾ ਵਧੇਰਾ ਸਮਾਂ ਗੁਰਸਿੱਖਾਂ ਨੂੰ ਸਦਾ ਚੜ੍ਹਦੀਆਂ ਕਲਾਂ ਵਿਚ ਰਖਣ ਲਈ ਪ੍ਰਚਾਰ ਅਤੇ ਪੰਜਾਬ ਦੀ ਹਕੂਮਤ ਦੇ ਜ਼ੁਲਮਾਂ ਦੇ ਕਾਰਣ ਸਿੰਘਾਂ ਵਿੱਚ ਜੋ ਕੁਝ ਖਿੰਡਾਣ ਪੈਦਾ ਹੋ ਗਿਆ ਸੀ ਉਹਨਾਂ ਨੂੰ ਮੁੜ ਜਥੇਬੰਦ ਕਰਨ ਵਿਚ ਲਗ ਰਿਹਾ ਸੀ । ਇਸ ਸੇਵਾ ਨੂੰ ਸਿਰੇ ਚਾੜ੍ਹਨ ਲਈ ਕਈ ਵਾਰ ਆਪ ਨੂੰ ਦੂਰ-ਦੂਰ ਦਾ ਸਫ਼ਰ ਕਰਨਾ ਪੈਂਦਾ ਸੀ ।

ਸ਼ਹੀਦੀਆਂ ਤੇ ਇਨ੍ਹਾਂ ਦਾ ਫਲ

ਕੁਦਰਤ ਦਾ ਇਹ ਇਕ ਅਮਿੱਟ ਨਿਯਮ ਹੈ ਕਿ ਸ਼ਹੀਦਾਂ ਦਾ ਪਾਵਨ ਲਹੂ ਮੁਰਦਾ ਕੌਮਾਂ ਵਿਚ ਨਵਾਂ ਪ੍ਰਾਣ ਭਰਦਾ ਹੈ । ਇਹ ਵੀ ਇਕ ਮੰਨਿਆ ਹੋਇਆ ਨਿਸਚਾ ਹੈ ਕਿ ਲਹੂ ਜਦ ਰਗਾਂ ਦੇ ਅੰਦਰ ਹੁੰਦਾ ਹੈ ਤਾਂ ਉਹ ਕੇਵਲ ਇਕ ਮਨੁੱਖ ਦੇ ਸਰੀਰ ਵਿਚ ਗੇੜੇ ਲਾਂਵਦਾ ਹੈ, ਪਰ ਜਦ ਉਹ ਖੂਨ ਕੁਰਬਾਨੀ ਦੀ ਰਾਹੀਂ ਧਰਤੀ ਪਰ ਡੁਲ੍ਹਦਾ ਹੈ ਤਾਂ ਸਾਰੀ ਕੌਮ ਵਿਚ ਜੀਵਨ ਜਵਾਲਾ ਭੜਕਾ ਦੇਂਦਾ ਹੈ। ਨਿਰਸੰਦੇਹ ਸ਼ਹੀਦੀ ਲਹੂ ਵਿਚ ਇਕ ਕਰਾਮਾਤੀ ਅਸਰ ਹੁੰਦਾ ਹੈ ਕਿ ਇਸ ਦਾ ਇਕ-ਇਕ ਤੁਪਕਾ ਕੌਮਾਂ ਦੀ ਬੁਝ ਰਹੀ ਜੀਵਨ ਜੋਤ ਵਿਚ, ਆਪਣੇ ਤਨ ਦਾ ਲਹੂ ਤੇਲ ਦੀ ਥਾਂ ਪਾ ਕੇ ਉਸ ਨੂੰ ਜਗਮਗਾ ਦੇਂਦਾ ਹੈ । ਸ਼ਹੀਦ ਕੌਮੀ ਸ਼ਮਾਂ ਦੇ ਪਰਵਾਨੇ ਹੁੰਦੇ ਹਨ, ਜਿਨ੍ਹਾਂ ਦਾ ਬਲੀਦਾਨ ਡਿਗ ਰਹੀ ਕੌਮ ਨੂੰ ਮੁੜ ਖੜਾ ਕਰਕੇ, ਉਨੱਤੀ ਦੇ ਸਿਖਰ ਪਰ ਪਹੁੰਚਾ ਦਿੰਦਾ ਹੈ ।

ਠੀਕ ਇਸ ਸਿਧਾਂਤ ਅਨੁਸਾਰ, ਜਿਉਂ-ਜਿਉਂ ਜ਼ਕਰੀਆਂ ਖ਼ਾਨ ਖਾਲਸੇ ਨੂੰ ਕਰੜੇ ਤੋਂ ਕਰੜੇ ਕਸ਼ਟਾਂ ਦੀ ਕੁਠਾਲੀ ਵਿਚ ਤਪਾਂਦਾ ਉਹ ਤਿਉਂ-ਤਿਉਂ ਕੁੰਦਨ ਰੂਪ ਵਿਚ ਵਧੇਰਾ ਖਾਲਸਾ ਹੋ ਕੇ ਨਿੱਖਰਦਾ ।

ਜ਼ਕਰੀਆ ਖ਼ਾਨ ਦੇ ਉਪਰੋਕਤ ਫੁਰਮਾਨਾਂ ਦੇ ਕਾਰਨ, ਉਹ ਖਾਲਸੇ ਦੇ ਰਹਿਣ ਲਈ ਨਾ ਪਿੰਡਾਂ ਵਿਚ ਕੋਈ ਥਾਂ ਰਹੀ, ਨਾ ਸ਼ਹਿਰਾਂ ਵਿਚ ਕੋਈ ਠਾਹਰ, ਨਾ ਹੀ ਜੰਗਲਾਂ ਅਤੇ ਨਾ ਹੀ ਖੱਡਾਂ ਵਿੱਚ ਸਿਰ ਲੁਕਾਣ ਲਈ ਕੋਈ ਆੜ ਬਾਕੀ ਰਹੀ ਜਿਥੇ ਬਹਿਕੇ ਉਹ ਸੁਖ ਦਾ ਸਾਹ ਲੈ ਸਕਦੇ । ਜਿਥੇ ਵੀ ਕਿਸੇ ਨੂੰ ਕੋਈ ਸਿੱਖ ਇਸਤਰੀ, ਪੁਰਖ ਯਾ ਬੱਚਾ ਮਿਲਦਾ, ਇਨਾਮ ਦੇ ਲਾਲਚ ਲਈ ਜਾਂ ਆਪਣੇ ਆਪ ਨੂੰ ਹਕੂਮਤ ਦੀ ਮਾਰ ਤੋਂ ਬਚਾਣ ਲਈ, ਪਹਿਲਾਂ ਤਾਂ ਉਥੇ ਹੀ ਉਸ ਨੂੰ ਕਤਲ ਕਰ ਦਿੰਦਾ ਯਾ ਜਿਊਂਦੇ ਫੜ ਕੇ ਹਕੂਮਤ ਦੇ ਕਿਸੇ ਕਰਮਚਾਰੀ ਦੇ ਹਵਾਲੇ ਕਰ ਦਿੰਦਾ ।

ਸਿੰਘਾਂ ਦੀ ਸਹਿਨ ਸ਼ਕਤੀ

ਜਿਊਂਦੇ ਫੜੇ ਜਾਣ ਵਾਲੇ ਦਸ਼ਮੇਸ਼ ਜੀ ਦੇ ਬੱਚੇ ਬਚੀਆਂ ਨੂੰ ਐਸੇ ਐਸੇ ਭਿਆਨਕ ਤੇ ਹਿਰਦੇ ਕੰਬਾਊ ਢੰਗਾਂ ਨਾਲ ਸ਼ਹੀਦ ਕੀਤਾ ਜਾਂਦਾ ਸੀ ਜਿਸ ਦੇ ਅਨੁਭਵ ਕਰਨ ਨਾਲ ਅੱਜ ਵੀ ਸਰੀਰ ਰੋਮਾਂਚ ਹੋ ਜਾਂਦਾ ਹੈ ਅਰ ਮਨ ਦੀ ਧੜਕਣ ਰੁਕ-ਰੁਕ ਪੈਂਦੀ ਹੈ । ਉਨ੍ਹਾਂ ਵਿਚੋਂ ਕੁਝ ਕੁ ਦਾ ਵੇਰਵਾ ਹੇਠ ਦਿੱਤਾ ਜਾਂਦਾ ਹੈ :-

ਸਿਖ ਕੈਦੀਆਂ ਨੂੰ ਵਧੇਰਾ ਚਰਖੀਆਂ ਪਰ ਚਾੜ੍ਹ ਕੇ ਸ਼ਹੀਦ ਕੀਤਾ ਜਾਂਦਾ ਸੀ । ਚਰਖੀਆਂ ਪਰ ਚੜ੍ਹਨ ਵਾਲਿਆਂ ਦੇ ਹੱਡ ਚੂਰ-ਚੂਰ ਹੋ ਜਾਂਦੇ ਸਨ, ਸਰੀਰ ਦੇ ਜੋੜ ਖੁਲ੍ਹ ਜਾਂਦੇ ਹਨ । ਮਾਸ ਬੋਟੀ ਬੋਟੀ ਹੋ ਕੇ, ਹੱਡਾਂ ਤੋਂ ਵੱਖ ਹੋ ਜਾਂਦਾ ਸੀ P ਕਈਆਂ ਦਾ ਜਿਊਂਦੇ ਜੀ ਅੱਧਾ ਧੜ ਧਰਤੀ ਵਿਚ ਦੱਬ ਦਿੱਤਾ ਜਾਂਦਾ ਅਤੇ ਉਪਰਲਾ ਭਾਗ ਤੋਪ ਨਾਲ ਉਡਾਇਆ ਜਾਂਦਾ ਸੀ, ਕਈਆਂ ਨੂੰ ਲਾਹੌਰ ਦੇ ਬਜ਼ਾਰਾਂ ਦੇ ਚੌਕਾਂ ਵਿਚ ਸਿੰਘਣੀਆਂ ਦੀਆਂ ਅੱਖਾਂ ਦੇ ਸਾਹਮਣੇ ਉਨ੍ਹਾਂ ਦਿਆਂ ਬੱਚਿਆਂ ਦੇ ਪੇਟ ਛੁਰਿਆਂ ਨਾਲ ਚੀਰ ਕੇ ਉਨ੍ਹਾਂ ਦੀਆਂ ਆਂਦਰਾਂ ਕਢ ਕੇ ਉਨ੍ਹਾਂ ਦੇ ਗਲ੍ਹਾਂ ਵਿਚ ਪਾਈਆਂ ਜਾਂਦੀਆਂ ਸਨ । ਕਈਆਂ ਦੀਆਂ ਅੱਖਾਂ ਵਿਚ ਨਸ਼ਤਰ ਮਾਰ ਕੇ ਡੇਲੇ ਕਢ ਦਿੱਤੇ ਜਾਂਦੇ ਸਨ । ਕਈਆਂ ਦੇ ਸਿਰ ਮੂੰਗਲੀਆਂ ਮਾਰ-ਮਾਰ ਕੇ ਚੂਰ ਕਰ ਦਿੱਤੇ ਜਾਂਦੇ ਸਨ । ਕਈਆਂ ਨੂੰ ਦਰਿਆ ਰਾਵੀ ਦੇ ਪਾਣੀ ਵਿਚ ਡੋਬ ਕੇ ਸ਼ਹੀਦ ਕੀਤਾ ਜਾਂਦਾ ਸੀ । ਕਈਆਂ ਦੇ ਪੈਰਾਂ ਵਿਚ ਰੱਸੇ ਪਾਕੇ ਘੋੜਿਆਂ ਪਿੱਛੇ ਬੰਨ੍ਹ ਦਿੱਤਾ ਜਾਂਦਾ ਅਤੇ ਘੋੜਿਆਂ ਨੂੰ ਚਾਬਕਾਂ ਲਾ ਕੇ ਭਜਾਇਆ ਜਾਂਦਾ, ਜਿਸ ਨਾਲ ਘਸਰ ਘਸਰ ਕੇ ਉਨ੍ਹਾਂ ਦੀ ਚਮੜੀ, ਮਾਸ ਅਤੇ ਹੱਡੀਆਂ ਵੱਖੋ-ਵੱਖ ਕਰ ਦਿੱਤੀਆਂ ਜਾਂਦੀਆਂ । ਕਈਆਂ ਦੇ ਪੈਰਾਂ ਵਿਚ ਜੰਜੀਰ ਜਕੜ ਕੇ ਦੋਵਾਂ ਹਾਥੀਆਂ ਨਾਲ ਬੰਨ ਦਿੱਤਾ ਜਾਂਦਾ ਅਤੇ ਇਕ ਹਾਥੀ ਨੂੰ ਪੂਰਬ ਵਲ ਤੇ ਦੂਜੇ ਨੂੰ ਪੱਛਮ ਵਲ ਹਾਂਕਿਆ ਜਾਂਦਾ । ਇਸ ਬੇਤਰਸੀ ਨਾਲ ਸਿੰਘਾਂ ਦਾ ਸਰੀਰ ਦੋਵਾਂ ਭਾਗਾਂ ਵਿਚ ਚੀਰ ਦਿੱਤਾ ਜਾਂਦਾ । ਕਈਆਂ ਦੇ ਹੱਥ ਕਿਸੇ ਦੀਆਂ ਲਤਾਂ ਕਟ ਦਿੱਤੀਆਂ ਜਾਂਦੀਆਂ, ਅਨੇਕਾਂ ਨੂੰ ਦਰੱਖਤਾਂ ਨਾਲ ਲਟਕਾ ਕੇ ਉਨ੍ਹਾਂ ਦੀਆਂ ਪੁੱਠੀਆਂ ਖੱਲਾਂ ਉਤਾਰੀਆਂ ਜਾਂਦੀਆਂ ।

ਇਹ ਕਹਿਰ ਦੇ ਕਸ਼ਟ, ਬ੍ਰਿਧਾਂ, ਨੌਜਵਾਨਾਂ ਅਜਾਣ ਬੱਚਿਆਂ ਤੇ ਇਸਤ੍ਰੀਆਂ ਨੂੰ ਬਿਨਾਂ ਵਿਤਕਰੇ ਦੇ ਦਿੱਤੇ ਜਾਂਦੇ ਸੀ । ਇਹ ਅਤਿਆਚਾਰ ਹਕੂਮਤ ਵਲੋਂ ਸਿੰਘਾਂ ਪਰ ਇਸ ਲਈ ਕੀਤੇ ਜਾਂਦੇ ਸਨ ਤਾਂ ਜੋ ਇਨ੍ਹਾਂ ਭਿਆਨਕ ਦ੍ਰਿਸ਼ਿਆਂ ਨੂੰ ਵੇਖ ਕੇ, ਜਨਤਾ ਡਰ ਕੇ ਸਿੱਖ ਬਣਨ ਦਾ ਹੌਸਲਾ ਨਾ ਕਰ ਸਕੇ, ਪਰ ਇਹ ਗੱਲ ਹੈਰਾਨ ਕਰਨ ਵਾਲੀ ਹੈ ਕਿ ਇਹ ਸਭ ਕੁਝ ਵੇਖ ਕੇ ਸਿੱਖੀ ਦਿਨ ਦੂਣੀ ਅਤੇ ਰਾਤ ਚੌਗਣੀ ਵਧਦੀ ਜਾਂਦੀ ਸੀ । ਇਨ੍ਹਾਂ ਪਾਵਨ ਸ਼ਹੀਦਾਂ ਦੀਆਂ ਸ਼ਹੀਦੀ ਯਾਦਗਾਰਾਂ ਅੱਜ ਤੱਕ ਥਾਉਂ ਥਾਈਂ ਮੌਜ਼ੂਦ ਹਨ, ਜਿਨ੍ਹਾਂ ਵਿਚੋਂ ਸ਼ਹੀਦ ਗੰਜ ਸਿੰਘਣੀਆਂ ਲੁੰਡਾ ਬਾਜ਼ਾਰ ਲਾਹੌਰ, ਸ਼ਹੀਦ ਗੰਜ ਭਾਈ ਤਾਰੂ ਸਿੰਘ ਲੁੰਡਾ ਬਾਜ਼ਾਰ ਲਾਹੌਰ, ਸ਼ਹੀਦ ਗੰਜ ਭਾਈ ਮਨੀ ਸਿੰਘ, ਕਿਲਾ ਲਾਹੌਰ ਦੇ ਪੂਰਬੀ ਦਰਵਾਜੇ ਦੇ ਲਾਗੇ ਹੈ ਇਨ੍ਹਾਂ ਅਸਹਿ ਕਸ਼ਟਾਂ ਬਾਰੇ ਸਿੱਖ ਇਤਿਹਾਸ ਵਿਚ ਇਉਂ ਲਿਖਿਆ ਮਿਲਦਾ ਹੈ ।

ਦੋਹਿਰਾ

ਮਨੀ ਸਿੰਘ ਜਬ ਮਾਰਿਉ, ਬੰਦ ਬੰਦ ਤਿਸੈ ਕਟਾਏ ।

ਔਰ ਸਿੰਘ ਥੇ ਜੋ ਮਰੇ ਕੋ ਸਭ ਸਕੇ ਗਿਨਾਏ ॥੨॥

ਚੌਪਈ

ਕਈ ਚਰਖੀ ਕਈ ਫਾਂਸੀ ਮਾਰੇ ।

ਕਈ ਤੋਪਨ ਕਈ ਛੁਰੇ ਕਟਾਰੇ ।

ਕਈਅਨ ਸਿਰ ਮੂੰਗਲੀ ਕੁੱਟੇ ।

ਕਈ ਡੋਬੇ ਕਈ ਘਸੀਟ ਸੁ ਸੁੱਟੇ ।

ਦਬੇ ਕਟੇ ਬੰਦੂਖਨ ਦਏ ਮਾਰ ।

ਕੌਣ ਗਣੇ ਜੋ ਮਰੇ ਹਜ਼ਾਰ ।

ਪ੍ਰਾਂਤ ਪਾਂਤ ਕਈ ਪਕੜ ਬਹਾਏ ।

ਸਾਥ ਤੇਗਨ ਕਈ ਸੀਸ ਉਡਵਾਏ ।੪।

ਕਿਸੇ ਹੱਥ ਕਿਸੇ ਟੰਗ ਕਟਵਾਈ ।

ਅੱਖ ਕੱਢ ਕਿਸੇ ਖੱਲ ਉਤਰਵਾਈ ।

ਕੇਸਨ ਵਾਲੇ ਜੋ ਨਰ ਹੋਈ ।

ਬਾਰ ਬਿਰਧ ਲੱਭ ਛਡੈ ਨ ਕੋਈ ॥੬।

ਇਕ ਹੋਰ ਇਤਿਹਾਸ-ਲੇਖਕ ਇਸ ਤੋਂ ਵੀ ਵਧੇਰੇ ਅਤਿਆਚਾਰਾਂ ਦਾ ਵਿਸਥਾਰ ਇਉਂ ਲਿਖਦਾ ਹੈ ।

ਫਾਂਸੀ ਸੂਲੀ ਚਰਖੀ ਚਾੜੈ ।

ਬੌਥੇ ਤੀਰਨ ਇਹ ਸੰਗ ਫਾੜੈ ।

ਹਾਥੀ ਪਾਉਂ ਕਟਵਾਏ ਕਿ ਗੇਰੈ ।

ਕਾਂਹੂ ਤਸਮੇ ਪੈਂਚ ਨਬੇਰੈਂ ।

ਕਾਂਹੂ ਕੇ ਗਜਨ ਸੈਂ ਚਿਰ ਵਾਵੈ ।

ਸਾਥ ਜੰਬੂਰਨ ਕਿਸੈ ਕੁਹਾਵੈ ।

ਕੂਟ ਕੂਟ ਕਰ ਕਾਹਿ ਮੁਕਾਵੈ ।

ਦੋਸ਼ ਅਦੋਸ਼ ਨ ਜਰਾ ਲਖਾਵੈ ।

ਸਿੰਘਨ ਹਿਤ ਇਤ ਆਦਿਕ ਮੌਤੇ ।

ਨਟ ਰਾਖੀਂ ਥੀਂ ਦੁਸ਼ਟਨ ਔਤੈ ।

ਪਰ ਸਿੰਘ ਮਰਤੇ ਹਾਇ ਨ ਕੈਹੈ ।

ਭਾਣਾ ਪ੍ਰਭ ਕਾ ਖੁਸ਼ ਹੋਇ ਸੈਹੈ ।

ਸੰਸਾਰ ਨੂੰ ਅਚੰਭਤ ਕਰ ਦੇਣ ਵਾਲੀ ਜੋ ਗੱਲ ਹੈ ਉਹ ਇਹ ਹੈ ਕਿ ਇੰਨੇ ਭਿਆਨਕ ਤੇ ਅਸਹਿ ਕਸ਼ਟਾਂ ਨੂੰ ਖੁਸ਼ੀ ਖੁਸ਼ੀ ਸਹਾਰਦੇ ਹੋਏ ਕਿਸੇ ਸਿੰਘ, ਸਿੰਘਣੀ ਨੇ ਕਦੇ ਹਾ ਤਕ ਨਾ ਸੀ ਕੀਤੀ ਅਤੇ ਬੜੇ ਸਬਰ ਤੇ ਸ਼ੁਕਰ ਨਾਲ ਇਹ ਸਾਰੀਆਂ ਕਰੜਾਈਆਂ ਝਲਦੇ ਰਹੇ । ਇਸ ਅਦੁੱਤੀ ਸਾਹਸ ਨੂੰ ਵੇਖ ਕੇ ਇਕ ਅਸਿੱਖ ਇਤਿਹਾਸਕਾਰ ਲਿਖਦਾ ਹੈ ਕਿ ਇਨਾਂ ਡਰਾਵਣੇ ਕਸ਼ਟਾਂ ਦੇ ਸਹਾਰਨ ਦੇ ਹੇਠ ਇਕ ਸ਼ਕਤੀ ਤੇ ਉਤਸ਼ਾਹ ਕੰਮ ਕਰਦਾ ਸੀ ਤੇ ਉਹ ਸੀ ਇਹ ਕਿ ਹਰ ਇਕ ਗੁਰੂ ਦਾ ਸਿੱਖ ਇਸ ਗੱਲ ਪਰ ਭਰੋਸਾ ਰਖਦਾ ਸੀ ਕਿ ਇਹ ਤਨ ਮਨ ਅਤੇ ਧਨ ਮੇਰਾ ਆਪਣਾ ਨਹੀਂ ਇਹ ਸਤਿਗੁਰੂ ਅਤੇ ਉਸ ਦੇ ਪਿਆਰੇ ਪੰਥ ਦੀ ਅਮਾਨਤ ਹੈ। ਗੁਰੂ-ਪੰਥ ਲਈ ਜੋ ਕੁਰਬਾਨੀ ਦਿੱਤੀ ਜਾਏ ਇਸ ਦੇ ਬਦਲੇ ਸਤਿਗੁਰੂ ਦੇ ਦਰੋਂ ਉਨ੍ਹਾਂ ਨੂੰ ਬਰਕਤਾਂ, ਮੁਕਤੀ ਤੇ ਜੁਗਤੀ ਪ੍ਰਾਪਤ ਹੁੰਦੀ ਹੈ P

ਇਉਂ ਖਾਲਸੇ ਇਨ੍ਹਾਂ ਕਰੜਾਈਆਂ ਦੇ ਟਾਕਰੇ ਲਈ ਘਰ ਪਿੰਡ ਛੱਡ ਕੇ ਜੰਗਲਾਂ ਤੇ ਖੱਡਾਂ ਵਿਚ ਜਾਂ ਵੱਸੇ, ਪਰ ਉਥੇ ਵੀ ਇਨ੍ਹਾਂ ਦਾ ਪਿੱਛਾ ਕਰਨ ਲਈ ਛਾਪਾਮਾਰ ਫੌਜ ਇਨ੍ਹਾਂ ਦੀ ਭਾਲ ਵਿਚ ਫਿਰਦੀ ਰਹਿੰਦੀ ਸੀ ਅਤੇ ਜੰਗਲ ਦੇ ਸ਼ਿਕਾਰ ਵਾਂਗ ਇਨ੍ਹਾਂ ਦਾ ਸ਼ਿਕਾਰ ਕੀਤਾ ਜਾਂਦਾ ਸੀ । ਇਨ੍ਹਾਂ ਜ਼ੁਲਮਾਂ ਦੇ ਪਿੱਛੋਂ ਕਿਸੇ ਚੰਗੇ ਸਮੇਂ ਦੇ ਆਵਣ ਦੀ ਉਡੀਕ ਵਿਚ ਉਹ ਵੈਰੀਆਂ ਦੀਆਂ ਨਜ਼ਰਾਂ ਤੋਂ ਬਚ ਕੇ ਦਿਨ ਨੂੰ ਕੰਦਰਾਂ ਵਿਚ ਸਮਾਂ ਬਤਾਂਦੇ ਅਤੇ ਰਾਤ ਨੂੰ ਪੇਟ ਭਰਨ ਲਈ ਬਾਹਰ ਨਿਕਲਦੇ । ਇਸ ਸਮੇਂ ਸਿੰਘਾਂ ਦਾ ਖਾਜ, ਦਰੱਖਤਾਂ ਦੀਆਂ ਵੇਲਾ, ਪੱਤੇ ਜੰਗਲੀ ਬੇਰ, ਪੇਂਡੂ ਅਤੇ ਡੇਲੀਆਂ ਹੁੰਦਾ ਸੀ ।

ਇਉਂ ਦਿਨੋਂ ਦਿਨ ਇਨ੍ਹਾਂ ਦੀਆਂ ਕਠਨਾਈਆਂ ਵਧਦੀਆਂ ਗਈਆਂ ਪਰ ਖਾਲਸੇ ਦੀਆਂ ਚੜ੍ਹਦੀਆਂ ਕਲਾਂ ਤੋਂ ਅਤਿ ਉਚਾਣ ਪਰ ਪਹੁੰਚੀ ਹੋਈ ਸੁਰਤ ਦੇ ਸਾਹਮਣੇ ਇਹ ਦੁਖ, ਸੁਖ ਦੇ ਰੂਪ ਵਿਚ ਪ੍ਰਤੀਤ ਹੁੰਦੇ ਸਨ ।

ਇਸ ਕਰੜੇ ਸਮੇਂ ਚੰਗੇ ਭਾਗਾਂ ਨੂੰ ਖਾਲਸੇ ਨੂੰ ਐਸੇ ਸਰਬ ਗੁਣ ਨਿਪੁੰਨ ਆਗੂ ਮਿਲ ਗਏ, ਜਿਨ੍ਹਾਂ ਨੇ ਆਪਣੇ ਉੱਚ ਆਚਰਣ ਤੇ ਕਰਨੀ ਦੇ ਕਾਰਨ ਸਾਰੀ ਕੌਮ ਦੀ ਜੀਵਨ ਰੌ ਸਮੇਂ ਦੀ ਲੋੜ ਅਨੁਸਾਰ ਪਲਟਾ ਕੇ ਨਵਿਆਂ ਸੱਚਿਆਂ ਵਿਚ ਢਾਲ ਦਿੱਤੀ। ਇਨ੍ਹਾਂ ਸਤਿਕਾਰ ਯੋਗ ਹਸਤੀਆਂ ਦੇ ਨਾਉਂ ਇਹ ਹਨ: ਸੁਰਬੀਰ ਦੀਵਾਨ ਦਰਬਾਰਾ ਸਿੰਘ ਤੇ ਜੱਥੇਦਾਰ ਕਪੂਰ ਸਿੰਘ । ਇਨ੍ਹਾਂ ਖਾਲਸੇ ਦੀ ਰਹਿਣੀ-ਬਹਿਣੀ, ਬੋਲੀ ਅਤੇ ਨਾਉਂ ਆਦਿ ਸਭ ਕੁਝ ਬਦਲ ਕੇ ਨਵਾਂ ਰੂਪ ਇਸ ਨੂੰ ਦਿੱਤਾ । ਇਨ੍ਹਾਂ ਸਾਰੀ ਕੌਮ ਦੀ ਸੁਰਤ ਨੂੰ ਰੱਖਣ ਲਈ ਪ੍ਰਚੱਲਤ ਬੋਲ-ਚਾਲ ਨੂੰ ਬਦਲ ਦਿੱਤਾ ।

ਜ਼ਾਲਮ ਹਕੂਮਤ ਨੇ ਖਾਲਸੇ ਦੇ ਲੰਗਰ ਬੰਦ ਕਰ ਦਿੱਤੇ । ਖਾਲਸੇ ਨੇ ਲੰਗਰ ਨੂੰ ਮਸਤਾਨਾ ਕਹਿ ਦਿੱਤਾ । ਵੈਰੀਆਂ ਸਿੰਘਾਂ ਤੋਂ ਬਦਾਮ ਖੋਹ ਲਏ, ਖਾਲਸੇ ਛੋਲਿਆਂ ਨੂੰ ਬਦਾਮ ਅਤੇ ਉਬਲੇ ਘਾਹ ਤੇ ਪੱਤੀਆਂ ਨੂੰ ਸਬਜ਼-ਪਲਾਓ ਸਮਝ ਲਿਆ । ਹਤਿਆਰਿਆਂ ਖਾਲਸੇ ਦੀ ਹਿੰਮਤ ਤੋੜਨ ਲਈ ਇਸ ਨੂੰ ਭਿਆਨਕ ਦੁਖ ਦਿੱਤੇ ਪਰ ਖਾਲਸਾ ਸਦਾ ਚੜ੍ਹਦੀਆਂ ਕਲਾਂ ਵਿਚ ਵਿਚਰਦਾ ਹੋਇਆ, ਮੁਸੀਬਤਾਂ ਨਾਲ ਮਸਖ਼ਰੀਆਂ ਕਰਦਾ ਰਿਹਾ ਅਤੇ ਜੈਕਾਰਿਆਂ ਦੀ ਘਨਘੋਰ ਨਾਲ ਇਸ ਪਰ ਫ਼ਤਹਿ ਪਾਂਦਾ ਰਿਹਾ ।

ਬੋਲੀ ਅਤੇ ਨਾਂ ਦਾ ਮਨੁੱਖੀ ਜੀਵਨ ਪਰ ਬੜਾ ਡੂੰਘਾ ਅਸਰ ਪੈਂਦਾ ਹੈ । ਗੁਰਵਾਕ ਅਨੁਸਾਰ ‘ਜੈਸੀ ਮੰਨਸ਼ਾ ਤੈਸੀ ਦਿਸ਼ਾ’ ਦੇ ਭਾਵ ਨੂੰ ਮੁੱਖ ਰੱਖ ਕੇ ਜਥੇਦਾਰ ਕਪੂਰ ਸਿੰਘ ਜੀ ਅਤੇ ਦੀਵਾਨ ਦਰਬਾਰਾ ਸਿੰਘ ਜੀ ਨੇ ਪਹਿਲਾਂ ਪਹਿਲ ਕੋਈ 235 ਬੋਲ ਰਚੇ ਜਿਨ੍ਹਾਂ ਦੇ ਬੋਲਣ ਨਾਲ ਸੁਰਤ ਚੜ੍ਹਦੀਆਂ ਕਲਾਂ ਵਿਚ ਉਡਾਰੀਆਂ ਲਾਂਵਦੀ ਹੁੰਦੀ ਸੀ, ਜਿਨ੍ਹਾਂ ਵਿਚੋਂ ਕੁਝ ਕੁ ਅੱਗੇ ਦਿੱਤੇ ਜਾਂਦੇ ਹਨ-

ਇਸ ਅਪਦਾ ਦੇ ਸਮੇਂ ਰਚੇ ਸ਼ਬਦ ਤਿੰਨਾਂ ਭਾਗਾਂ ਵਿਚ ਵੰਡੇ ਹੋਏ ਮਿਲੇ ਹਨ। ਪਹਿਲੇ ਭਾਗ ਵਿਚ ਜੰਗਾਂ ਵਿਚ ਵਰਤਣ ਵਾਲੇ ਬੋਲੇ ਹਨ । ਦੂਜੇ ਭਾਗ ਵਿਚ ਖਾਣ-ਪਾਣ ਬਾਰੇ ਹਨ ਅਤੇ ਤੀਜੇ ਭਾਗ ਵਿਚ ਆਮ ਬੋਲ-ਚਾਲ ਵਿਚ ਵਰਤੇ ਜਾਣ ਵਾਲੇ ਸ਼ਬਦ ਹਨ ।

ਪਿਛੇ ਜਾ ਕੇ ਸਮੇਂ ਸਮੇਂ ਹੋਰ ਅਨੇਕ ਨਵੇਂ-ਨਵੇਂ ਬੋਲੇ ਵੱਧਦੇ ਗਏ, ਇਸ ਸਮੇਂ ਕੋਈ 900 ਦੇ ਲਗਭਗ ਬੋਲੇ ਮਿਲਦੇ ਹਨ । ਪਰ ਉਨ੍ਹਾਂ ਦੇ ਅਰਥ ਕੋਈ ਐਸੇ ਢੁੱਕਵੇਂ ਨਹੀਂ ਹਨ । ਇਸ ਭਿਆਨਕ ਸਮੇਂ ਪੰਥ ਦੇ ਆਗੂਆਂ ਦਾ ਖਾਲਸਈ ਬੋਲੀ ਆਦਿ ਬਦਲ ਕੇ ਨਵੀਂ ਰਚਨਾ ਰਚਨ ਦੇ ਦੋ ਭਾਵ ਸਨ । ਪਹਿਲਾ ਇਹੋ ਜਿਹਾ ਕਿ ਪਾਠਕ ਉਪਰ ਪੜ੍ਹ ਆਏ ਹਨ ਕਿ ਇਨ੍ਹਾਂ ਦੇ ਬੋਲਣ ਨਾਲ ਖਾਲਸਾ ਸਦਾ ਚੜ੍ਹਦੀਆਂ ਕਲਾਂ ਵਿਚ ਰਹੇ ।

ਦੂਜਾ—ਇਸ ਬੋਲੀ ਨੂੰ ਵੈਰੀ ਸਮਝ ਨਹੀਂ ਸਨ ਸਕਦੇ । ਇਹ ਬੋਲੇ ਇਹ ਕੰਮ ਦੇਂਦੇ ਸਨ ਜਿਹਾ ਕਿ ਮੌਜੂਦਾ ਸਮੇਂ ਦੀਆਂ ਹਕੂਮਤਾਂ ਆਪਣੇ ਲਈ ਗੁਪਤ ਬੋਲੇ, ਜਿਨ੍ਹਾਂ ਨੂੰ ਅੰਗਰੇਜ਼ੀ ਵਿਚ ਸਾਇਫ਼ਰ ਯਾ ਕੋਡਵਰਡਜ਼ ਕਹਿੰਦੇ ਹਨ । ਅਸਲ ਸ਼ਬਦ ਇਹ ਹਨ ।

ਲਾਹੌਰ ਦਾ ਕੋਤਵਾਲ ਬਣਨਾ

ਇਨ੍ਹਾਂ ਦਿਨਾਂ ਵਿਚ ਇਕ ਦਿਨ ਨਵਾਬ ਕਪੂਰ ਸਿੰਘ ਨੂੰ ਲਾਹੌਰ ਦੇ ਹਾਕਮਾਂ ਦਾ ਹੰਕਾਰ ਤੋੜਨ ਅਤੇ ਉਨ੍ਹਾਂ ਦੇ ਮਨ ਪਰ ਖ਼ਾਲਸੇ ਦੇ ਤੇਜ਼ ਦਾ ਚਮਤਕਾਰ ਬੈਠਾਣ ਲਈ ਇਕ ਵਿਚਿਤਰ ਸੂਝ ਸੁਝੀ । ਉਹ ਇਸ ਤਰ੍ਹਾਂ ਸੀ ਕਿ ਆਪਣੇ ਨਾਲ ਕੇਵਲ ਵੀਹ ਸਿੰਘ ਸਵਾਰ ਲਏ ਅਤੇ ਬਾਕੀ ਦਾ ਦਲ ਸ਼ਾਲਾਮਾਰ ਦੇ ਲਾਗੇ ਛੱਡਿਆ ਇਥੋਂ ਆਪ ਸਿੱਧੇ ਰਾਜਧਾਨੀ ਲਾਹੌਰ ਵਿਚ ਧਾ ਕੇ ਜਾ ਵੜਿਆ। ਜਿਸ ਨੇ ਰਾਹ ਵਿਚ ਰੋਕ ਪਾਈ ਉਸ ਨੂੰ ਸਦਾ ਦੀ ਨੀਂਦੇ ਸੁਲ੍ਹਾ ਦਿੱਤਾ, ਬਾਜ਼ਾਰਾਂ ਦੇ ਵਿਚੋਂ ਦੀ ਲੰਘਦੇ ਹੋਏ ਕੋਤਵਾਲੀ ਜਾ ਪੁਜੇ । ਇਥੇ ਝਟ ਘੋੜੇ ਤੋਂ ਛਲਾਂਗ ਮਾਰ ਕੇ ਉਤਰੇ ਅਤੇ ਚਾਨਚੱਕ ਹਥਿਆਰ-ਘਰ ਪਰ ਜਾ ਪਏ । ਇਥੋਂ ਸਾਰੇ ਹਥਿਆਰ ਹਥਿਆ ਕੇ ਦਸ ਸਵਾਰ ਕੋਤਵਾਲੀ ਦੇ ਇਕ ਬੰਨੇ ਅਤੇ ਦਸ ਦੂਜੇ ਪਾਸੇ ਵਲ ਪਹਿਰੇ ਪਰ ਖੜੇ ਕਰਕੇ ਆਪ ਚਬੂਤਰੇ ਪਰ ਕੋਤਵਾਲ ਦੀ ਗੱਦੀ ਪਰ ਸਵਿਸਚਿਤ ਨਾਲ ਤਕੀਆ ਲਾ ਕੇ ਜਾ ਬਿਰਾਜੇ । ਹੁਣ ਅਸਲ ਕੋਤਵਾਲ ਨੂੰ ਹੁਕਮ ਦਿੱਤਾ ਕਿ ਹਵਾਲਾਤੀਆਂ ਦੀਆਂ ਮਿਸਲਾਂ ਪੇਸ਼ ਕਰੋ । ਕਾਗਜ਼ ਤੋਂ ਪਤਾ ਲਗਾ ਕਿ ਬੰਦੀਖਾਨੇ ਵਿਚ ਉਸ ਸਮੇਂ 30 ਕੈਦੀ ਡੱਕੇ ਹੋਏ ਸਨ । ਕੋਤਵਾਲ ਨੂੰ ਕਿਹਾ ਕਿ ਇਨ੍ਹਾਂ ਸਾਰਿਆਂ ਦੀ ਤੁਰੰਤ ਬੰਦ-ਖੁਲਾਸ ਕਰ ਦੇਵੋ । ਉਸੇ ਵਕਤ ਹੁਕਮ ਦੀ ਪਾਲਨਾ ਕੀਤੀ ਗਈ । ਦੂਜਾ ਹੁਕਮ ਇਹ ਕੀਤਾ ਕਿ ਸਾਰਾ ਰੋਕ ਰੁਕਾਵਾ ਜੋ ਕੋਤਵਾਲੀ ਦੇ ਖਜ਼ਾਨੇ ਵਿਚ ਮੌਜੂਦ ਹੈ ਹਾਜ਼ਰ ਕਰੋ । ਸੋ ਇਹ ਵੀ ਹਾਜ਼ਰ ਕੀਤਾ ਗਿਆ, ਜੋ ਨਵਾਬ ਜੀ ਨੇ ਆਪਣੇ ਨਾਲ ਦੇ ਸਵਾਰਾਂ ਦੇ ਹਵਾਲੇ ਕਰਵਾ ਦਿੱਤਾ । ਇਸ ਦੇ ਬਾਅਦ ਕੋਤਵਾਲ ਨੂੰ ਸੰਬੋਧਨ ਕਰਕੇ ਕਿਹਾ ਆਪ ਨੇ ਆਪਣੇ ਵੱਡੇ ਮੁਖੀਆ ਨੂੰ ਆਖ ਦੇਣਾ ਕਿ ਨਵਾਬ ਕਪੂਰ ਸਿੰਘ, ਸਭ ਤੋਂ ਵੱਡੇ ਬਾਦਸ਼ਾਹ ਦਾ ਕੋਤਵਾਲ ਆਇਆ ਸੀ ਜਿਸ ਨੇ ਆਪਣੇ ਅਧਿਕਾਰ ਨਾਲ ਕੈਦੀਆਂ ਦੀ ਬੰਦ-ਖਲਾਸ ਕੀਤੀ ਹੈ, ਅਤੇ ਜੋ ਕੁਝ ਉਸ ਨੂੰ ਲੋੜੀਂਦਾ ਸੀ ਉਹ ਨਾਲ ਲੈ ਗਿਆ ਹੈ ।

ਇਸ ਦੇ ਬਾਅਦ ਗੱਦੀ ਤੋਂ ਉਠ ਕੇ ਘੋੜੇ ਪਰ ਸਵਾਰ ਹੋ ਗਏ ਤੇ ਸਣੇ ਸਾਥੀਆਂ ਦੇ ਅੱਖ ਦੇ ਫੁਰਕਾਰ ਵਿਚ ਇਹ ਰੱਬੀ ਕੋਤਵਾਲ ਸਾਹਿਬ ਹਵਾ ਵਿਚ ਉਡਦੇ ਦਿੱਸੇ । ਇਹ ਸਾਰਾ ਕਰਤਵ ਆਪ ਨੇ ਬਹੁਤ ਥੋੜ੍ਹੇ ਸਮੇਂ ਵਿਚ ਇਤਨੀ ਫੁਰਤੀ ਨਾਲ ਸਿਰੇ ਚਾੜ੍ਹਿਆ ਕਿ ਵੱਡੇ ਕਰਮਚਾਰੀਆਂ ਨੂੰ ਖ਼ਬਰ ਮਿਲਣ ਯਾ ਫੌਜ ਦੇ ਤਿਆਰ ਹੋ ਕੇ ਪਹੁੰਚਣ ਤੋਂ ਪਹਿਲਾਂ ਪਹਿਲ ਹੀ ਆਪ ਅਲੋਪ ਹੋ ਗਏ ।

ਇਸ ਘਟਨਾ ਬਾਰੇ ਪ੍ਰਾਚੀਨ ਪੰਥ ਪ੍ਰਕਾਸ਼ ਦਾ ਕਰਤਾ ਇਉਂ ਲਿਖਤਾ ਹੈ:

-ਦੋਹਿਰਾ-

ਏਕ ਦਿਵਸ ਇਸ ਨਵਾਬ ਕੈ ਮਨ ਮੈਂ ਆਈ ਮੌਜ ।

ਔਰ ਸਿੰਘ ਪੈ ਰਖ ਕੀਓ ਸ਼ਾਲਾਮਾਰ ਅਕੌਜ ॥੩੪॥

ਚੌਪਈ

ਚੜਯੋ ਨਵਾਬ ਕਿਹ ਖੇਲਨ ਸਕਾਰ ।

ਸਾਥ ਕੁਲ ਲੀਏ ਬੀਸ ਅਸਵਾਰ ।

ਜਾਵਤ ਜਾਵਤ ਜਾ ਪੁਜਯੋ ਲਾਹੌਰ ।

ਔਰ ਜਾ ਬੈਠੇ ਚਬੂਤਰੇ ਤੌਰ ।

ਪਹਿਰ ਏਕ ਤਹਿ ਹੁਕਮ ਚਲਾਏ ।

ਤੇ ਖ਼ਬਰ ਪੁੰਨੀ ਤੁਰਕ ਕਿਲੇ ਜੋ ਆਏ ।

ਕਪੂਰ ਸਿੰਘ ਮੁੜ ਪਿਛੇ ਧਯੋ ।

ਨਗਾਰਨ ਡਗੇ ਲਾਏ ਮੁੜਵਯੋ ।

ਨਵਾਬ ਕਪੂਰ ਸਿੰਘ ਇਹ ਕਾਰਨਾਮਾ ਨਿਰਭੈ ਜੋਧਿਆਂ ਦੇ ਇਤਿਹਾਸ ਵਿਚ ਬਹੁਤ ਉੱਚੀ ਥਾਂ ਰਖਦਾ ਹੈ ।

ਮਾਲਵੇ ਵੱਲ ਕੂਚ

ਨਵਾਬ ਕਪੂਰ ਸਿੰਘ ਲਾਹੌਰ ਦੀ ਕੋਤਵਾਲੀ ਪਰ ਦਿਨ ਦਿਹਾੜੇ ਹੱਲਾ ਬੋਲ ਕੇ ਉਥੇ ਡਕੇ ਹੋਏ ਬੰਦੀਵਾਨਾਂ ਦੀ ਬੰਦ ਖਲਾਸ ਕਰਕੇ ਆਪ ਨੇ ਸਣੇ ਦਲ ਦੇ ਦੁਆਬੇ ਵਲ ਕੂਚ ਕਰ ਦਿੱਤਾ । ਉਥੇ ਕੁਝ ਸਮਾਂ ਦੇ ਨਿਵਾਸ ਰੱਖਣ ਦੇ ਉਪਰੰਤ ਆਪ ਮਾਲਵੇ ਪਹੁੰਚੇ ।

ਬਾਬਾ ਆਲਾ ਸਿੰਘ ਦਾ ਅੰਮ੍ਰਿਤ ਪਾਨ ਕਰਨਾ

ਹੁਣ ਨਵਾਬ ਕਪੂਰ ਸਿੰਘ ਨੇ ਸਣੇ ਦਲ ਦੇ ਮਾਲਵੇ ਵਲ ਚਾਲੇ ਪਾ ਦਿੱਤੇ। ਆਪ ਦੇ ਮਾਲਵੇ ਵਲ ਪੁੱਜਣ ਦੀ ਖਬਰ ਸੁਣ ਕੇ ਬਾਬਾ ਆਲਾ ਸਿੰਘ ਸਣੇ ਬਹੁਤ ਸਾਰੇ ਆਪਣੇ ਦਰਬਾਰੀ ਅਤੇ ਇਲਾਕੇ ਦੇ ਮੁਖੀਆ ਆਪ ਨੂੰ ਪੰਥ ਦਰਦੀ ਅਤੇ ਮਹਾਂਪੁਰਖ ਜਾਣ ਕੇ, ਆਪ ਨੂੰ ਜੀ ਆਇਆ ਕਹਿਣ ਲਈ ਆਏ ਅਤੇ ਬੜੇ ਪਿਆਰ ਤੇ ਸਤਿਕਾਰ ਨਾਲ ਆਪ ਨੂੰ ਆਪਣੇ ਇਲਾਕੇ ਵਿਚ ਲੈ ਗਏ ਤੇ ਠੀਕਰੀਵਾਲੇ ਆਪ ਦਾ ਉਤਾਰਾ ਕਰਵਾਇਆ, ਨਾਲ ਹੀ ਜੱਥੇ ਦੇ ਲੰਗਰ ਲਈ ਖੁਲ੍ਹੀਆਂ ਰਸਦਾਂ ਭੇਜ ਦਿੱਤੀਆਂ । ਇਥੇ ਹੀ ਬੱਸ ਨਹੀਂ ਬਾਬਾ ਜੀ ਪਾਸ ਗੁਰੂ ਦਾ ਦਸਵੰਧ ਜੋ ਪਿੱਛੇ ਕਈ ਸਾਲਾਂ ਦਾ ਇਕੱਠਾ ਹੋਇਆ ਪਿਆ ਸੀ, ਜਿਸ ਦੀ ਗਿਣਤੀ ਬਹੁਤ ਵਧੇਰੀ ਸੀ, ਉਹ ਸਾਰਾ ਲਿਆ ਕੇ ਨਵਾਬ ਕਪੂਰ ਸਿੰਘ ਅੱਗੇ ਆ ਰੱਖਿਆ- ਜੋ ਖਾਲਸੇ ਦੀ ਉੱਨਤੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਪਰਵਾਨ ਕਰ ਲਿਆ ਗਿਆ ।

ਬਾਬਾ ਆਲਾ ਸਿੰਘ ਆਪਣੇ ਸਮੇਂ ਦਾ ਸਫ਼ਲ ਨੀਤੀਵਾਨ ਅਤੇ ਦੂਰ- ਦ੍ਰਿਸ਼ਟੀਵਾਨ ਮੰਨਿਆ ਜਾਂਦਾ ਸੀ । ਨਵਾਬ ਕਪੂਰ ਸਿੰਘ ਦਾ ਸਣੇ ਬੁੱਢੇ ਦਲ ਦੇ ਇਧਰ ਆਵਣ ਉਸ ਨੇ ਰੱਬੀ ਬਰਕਤ ਜਾਣਿਆ । ਇਸ ਸਮੇਂ ਉਸ ਨੇ ਖਾਲਸਾ ਦਲ ਤੋਂ ਬੜਾ ਲਾਭ ਪ੍ਰਾਪਤ ਕੀਤਾ । ਪਹਿਲਾਂ ਤਾਂ ਬੜੀ ਸ਼ਾਹਾਨਾ ਧੂਮ ਧਾਮ ਨਾਲ ਨਵਾਬ ਕਪੂਰ ਸਿੰਘ ਦੇ ਹੱਥੋਂ ਪਾਵਨ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਲਈ, ਤਿਆਰੀਆਂ ਆਰੰਭ ਦਿੱਤੀਆਂ ।

ਸਾਰਾ ਪ੍ਰਬੰਧ ਹੋ ਜਾਣ ਦੇ ਉਪਰੰਤ ਭਾਦਰੋਂ ਦੀ ਸੰਗਰਾਂਦ ਸੰਮਤ 1793 (ਸਤੰਬਰ 1736 ਈ:) ਦਾ ਸ਼ੁਭ ਦਿਨ ਇਸ ਮਹਾਂ ਸਮਾਗਮ ਲਈ ਨੀਯਤ ਕੀਤਾ। ਗਿਆ । ਤਦ ਇਸ ਖੁਸ਼ੀ ਦੇ ਆਗਮਨ ਲਈ ਬਾਬਾ ਜੀ ਨੇ ਆਪਣੇ ਸ਼ਾਹੀ ਮਹਿਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਰਖਵਾਇਆ । ਭੋਗ ਵਾਲੇ ਦਿਨ ਆਪਣੇ ਸੈਂਕੜੇ ਸਾਕਾਂ ਸੰਬੰਧੀਆਂ ਅਤੇ ਆਮ ਜਨਤਾ ਨੂੰ ਸਦੇ ਭੇਜ ਕੇ ਬਹੁਤ ਬੜਾ ਦੀਵਾਨ ਸਜਾਇਆ । ਇਸ ਸਮੇਂ ਆਪ ਨੇ ਹਜ਼ਾਰਾਂ ਰੁਪਈਆਂ ਦੇ ਸ਼ਸਤਰ, ਬਸਤਰ, ਘੋੜੇ, ਭਾਂਤ-ਭਾਂਤ ਦੇ ਰੰਗਾਂ ਦੇ ਖੇਸ, ਲਾਚੇ, ਲੁੰਗੀਆਂ ਅਤੇ ਰੇਸ਼ਮੀ ਦੁਸ਼ਾਲੇ ਜੱਥੇ ਦੀ ਭੇਟ ਕੀਤੇ । ਇਸ ਸਮਾਗਮ ਬਾਰੇ ਇਤਿਹਾਸ ਵਿਚ ਇਉਂ ਦਰਸਾਇਆ ਹੈ :

ਦੋਹਿਰਾ

ਸ੍ਰੀ ਆਲੇ ਸਿੰਘ ਉਸ ਸਮੇਂ ਗੁਰੂ ਗ੍ਰੰਥ ਕਾ ਪਾਠ ।

ਕਰਵਾ ਆਪਣੇ ਧਾਮ ਮੈਂ ਪੰਥ ਸਦਿਓ ਯੁਤ ਠਾਟ ॥੧੧।

ਅੰਮ੍ਰਿਤ ਛਕਿਓ ਨਵਾਬ ਤੈਂ ਪੰਥ ਤਈ ਪ੍ਰਸ਼ਾਦਿ ।

ਸਰਧਾ ਸਾਥ ਛਕਾਇਕ ਪੂਜਯੋ ਯੁਤ ਅਹਿਲਾਦ ॥੧੨॥

ਸ਼ਸ਼ਤਰ, ਬਸਤਰ, ਅਸਵ, ਬਹ ਡਬੇ ਬਗੇ ਖੇਸ ।

ਲਾਚੇ, ਲੁੰਗੀਆਂ, ਰੇਸ਼ਮੀ ਦਏ ਦੁਸਾਲ ਵਸ ।

ਜਥਾ ਜੋਗ ਪਹਿਨਾਇ ਉਹ ਖੁਸ਼ੀ ਪੰਥ ਦੀ ਲੀਨ ।

ਬੁੱਢਾ ਦਲ ਫਿਰ ਤਹਾਂ ਤੇ ਕਢਯੋ ਠਾਨ ਬਲ ਪੀਨ ।

ਇਸ ਸਮੇਂ ਬਾਬਾ ਆਲਾ ਸਿੰਘ ਨੇ ਅੰਮ੍ਰਿਤ ਛਕਣ ਦੀ ਖੁਸ਼ੀ ਵਿਚ ਨਵਾਬ ਕਪੂਰ ਸਿੰਘ ਦੀ ਇਕ ਸਦੀਵੀ ਯਾਦਗਾਰ ਕਾਇਮ ਰਖਣ ਲਈ ਠੀਕਰੀਵਾਲੇ ਅਸਥਾਨ ਪਰ ਜਿਥੇ ਨਵਾਬ ਕਪੂਰ ਸਿੰਘ ਦਾ ਡੇਰਾ ਸੀ ਇਕ ਪੱਕਾ ਖੂਹਾ ਤਿਆਰ ਕਰਵਾ ਦਿੱਤਾ ਜੋ ਅੱਜ ਤਕ ਮੌਜੂਦ ਹੈ ।

ਅੰਮ੍ਰਿਤ ਛਕਣ ਤੋਂ ਵਿਹਲੇ ਹੁੰਦਿਆਂ ਬਾਬਾ ਆਲਾ ਸਿੰਘ ਨੇ ਨਵਾਬ ਕਪੂਰ ਸਿੰਘ ਨੂੰ ਸਣੇ ਬੁੱਢੇ ਦਲ ਦੇ ਆਪਣੀ ਫ਼ੌਜ ਨਾਲ ਮਿਲਾ ਕੇ ਰਿਆਸਤ ਪਟਿਆਲੇ ਦੇ ਨਾਲ ਲਗਵੇਂ ਮੁਸਲਮ ਰਈਸਾਂ ਦੇ ਇਲਾਕੇ ਦੀ ਸੁਧਾਈ ਆਰੰਭ ਦਿੱਤੀ । ਇਹ ਰਈਸ, ਪਟਿਆਲਾ ਰਾਜ ਦੀ ਪਰਜਾ ਪਰ ਛਪੇਲ ਮਾਰ ਕੇ ਸਦਾ ਲੁੱਟ ਮਾਰ ਦਾ ਖਰੂਦ ਮਚਾਈ ਰਖਦੇ ਸਨ । ਜਿਨ੍ਹਾਂ-ਜਿਨ੍ਹਾਂ ਗਵਾਂਢੀ ਰਈਸਾਂ ਬਾਬਾ ਆਲਾ ਸਿੰਘ ਦਾ ਇਲਾਕਾ ਲੁੱਟਿਆ ਸੀ, ਉਨ੍ਹਾਂ ਸਾਰਿਆਂ ਨੂੰ ਨਵਾਬ ਕਪੂਰ ਸਿੰਘ ਨੇ ਉਨ੍ਹਾਂ ਦੇ ਬੀਜੇ ਦਾ ਫਲ ਦਿੱਤਾ ।

ਇਸ ਤਰ੍ਹਾਂ ਰਿਆਸਤ ਪਟਿਆਲੇ ਦਾ ਖਿਲਾਰ ਬਹੁਤ ਸਾਰਾ ਵਧ ਗਿਆ । ਵਿਸ਼ੇਸ਼ ਕਰਕੇ ਸਨਾਮ ਸਣੇ ਇਲਾਕੇ ਦੇ ਫ਼ਤਿਹ ਕਰਕੇ ਬਾਬਾ ਜੀ ਦੇ ਅਧਿਕਾਰ ਵਿਚ ਲੈ ਆਂਦਾ । ਇਸ ਨਾਲ ਰਿਆਸਤ ਪਟਿਆਲੇ ਦੀਆਂ ਨੀਹਾਂ ਵਧੇਰੀਆਂ ਪੱਕੀਆਂ ਹੋ ਗਈਆਂ ।

ਠੀਕਰੀਵਾਲੇ ਕੁਝ ਸਮਾਂ ਹੋਰ ਟਿਕਣ ਦੇ ਬਾਅਦ ਨਵਾਬ ਕਪੂਰ ਸਿੰਘ ਦਾ ਮਨ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਲਈ ਵਿਆਕੁਲ ਹੋਣ ਲਗਾ । ਨਵਾਬ ਸਾਹਿਬ ਨੇ ਆਪਣੇ ਮਨ ਦੀ ਇਹ ਲੋਚਨਾ ਬਾਬਾ ਜੀ ਦੇ ਮੂਹਰੇ ਪ੍ਰਗਟ ਕੀਤੀ ਤਾਂ ਬਾਬਾ ਜੀ ਨੇ ਦਸਿਆ ਕਿ ਆਪ ਜੀ ਦੀ ਭਾਵਨਾ ਬੜੀ ਪਾਵਨ ਹੈ ਪਰ ਮੇਰੀ ਇਕ ਮੰਗ ਬਾਕੀ ਰਹਿੰਦੀ ਹੈ ਜੇ ਇਥੋਂ ਆਪ ਵਿਦਾਇਗੀ ਤੋਂ ਪਹਿਲਾਂ ਪੂਰੀ ਕਰ ਜਾਓ ਤਾਂ ਮੈਂ ਅਤਿ ਧੰਨਵਾਦੀ ਹੋਵਾਂਗਾ । ਆਪ ਦਾ ਰੱਬ ਸਬਬੀ ਇਧਰ ਆਵਣਾ ਹੋਇਆ ਸੀ, ਸਾਡੀ ਉੱਨਤੀ ਦੇ ਰਾਹ ਵਿਚ ਇਕ ਕੰਡਾ ਹੋਰ ਹੈ, ਜੇ ਇਹ ਵੀ ਕੱਢ ਜਾਵੋ ਤਾਂ-ਜੋ ਸਿੱਖ ਰਿਆਸਤਾਂ ਵਧਣ ਫੁਲਣ । ਉਹ ਹੈ ਸਰਹਿੰਦ ਦੀ ਨਿਰਦਈ ਹਕੂਮਤ । ਜੇ ਇਸ ਨੂੰ ਇਕ ਕਰਾਰੀ ਸੱਟ ਲਾਈ ਜਾਓ ਤਾਂ ਅਸੀਂ ਨਿਸਚਿੰਤ ਹੋ ਜਾਵਾਂਗੇ ।

ਸਰਹਿੰਦ ਦੀ ਫ਼ਤਹਿ

ਸਰਹਿੰਦ, ਹਿੰਦ ਦਾ ਪ੍ਰਸਿਧ ਨਗਰ ਸੀ, ਇਸ ਨੂੰ ਫਿਰੋਜ਼ਸ਼ਾਹ ਤੁਗ਼ਲਕ ਨੇ ਬੜੀ ਰੌਣਕ ਦਿੱਤੀ ਸੀ । ਮੁਗ਼ਲਾਂ ਦੇ ਸਮੇਂ ਇਹ ਇਕ ਵੱਖ ਸਰਕਾਰ ਬਣੀ, ਜਿਸ ਦੇ ਅਧੀਨ 22 ਪਰਗਨੇ (ਜ਼ਿਲੇ) ਸਨ । ਸ਼ਹਿਨਸ਼ਾਹ ਅਕਬਰ ਨੂੰ ਸਰਹਿੰਦ ਨਾਲ ਬੜਾ ਲਗਾਵ ਰਿਹਾ ਹੈ। ਉਹ ਗਰਮੀਆਂ ਕਟਣ ਲਈ ਕਸ਼ਮੀਰ ਜਾਂਦਾ ਅਤੇ ਆਉਂਦਾ ਇਥੇ ਕੁਝ ਸਮਾਂ ਠਹਿਰਦਾ ਹੁੰਦਾ ਸੀ । ਹਰ ਵਾਰ ਇਥੇ ਦੀ ਰੌਣਕ ਵਧਾਉਣ ਲਈ ਨਵੀਆਂ ਤੋਂ ਨਵੀਆਂ ਸ਼ਾਹੀ ਇਮਾਰਤਾਂ, ਸੁੰਦਰ ਬਾਗ ਅਤੇ ਤਲਾਵ ਇਥੇ ਬਣਵਾਉਂਦਾ ਸੀ । ਇਸ ਦੀ ਸ਼ਾਨ ਲਾਹੌਰ ਅਤੇ ਦਿੱਲੀ ਦੀ ਰੌਣਕ ਨੂੰ ਪਿੱਛੇ ਛੱਡ ਰਹੀ ਸੀ ।

ਵਜ਼ੀਰ ਖ਼ਾਨ ਦੇ ਸਮੇਂ ਤਾਂ ਇਹ ਲਾਹੌਰ ਤੋਂ ਵੀ ਵਧ ਗਿਆ ਸੀ ਇਥੇ ਬੜੇ- ਬੜੇ ਪ੍ਰਸਿੱਧ ਵਪਾਰੀ ਤੇ ਕੋਠੀਦਾਰ ਆ ਵੱਸੇ ਸਨ ।

ਇਸੇ ਗੁਰੂ ਮਾਰੀ ਸਰਹਿੰਦ ਵਿਚ 13 ਪੋਹ ਸੰਮਤ 1761 ਬਿਕ੍ਰਮੀ ਨੂੰ ਸ੍ਰੀ ਗੁਰੂ ਕਲਗੀਧਰ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਾਲਮ ਵਜ਼ੀਰ ਖ਼ਾਨ ਨੇ ਜਿਊਂਦਾ ਕਿਲ੍ਹੇ ਦੀ ਕੰਧ ਵਿਚ ਚਿਣਵਾ ਦਿੱਤਾ ਸੀ ।

ਗੁਰੂ ਮਾਰੀ ਸਰਹਿੰਦ ਦਾ ਨਾਂ ਸੁਣਦਿਆਂ ਹੀ ਹਰ ਇਕ ਸਿੱਖ ਦੀਆਂ ਰਗਾਂ ਵਿਚ ਰੋਹ ਦੀਆਂ ਲਹਿਰਾਂ ਗੇੜੇ ਲਾਵਣ ਲਗ ਪੈਂਦੀਆਂ ਅਤੇ ਆਪ-ਮੁਹਾਰੇ ਦੰਦ ਕ੍ਰੀਚਣੀ ਛਿੜ ਪੈਂਦੀ ਸੀ । ਸਭ ਇਹ ਚਾਹੁੰਦੇ ਸਨ ਕਿ ਇਸ ਫਿਟਕਰੇ ਹੋਏ ਸ਼ਹਿਰ ਦੀ ਇੱਟ ਨਾਲ ਇੱਟ ਖੜਕਾਈ ਜਾਏ ਤਾਂ ਜੋ ਅੱਗੇ ਨੂੰ ਕੋਈ ਬਿਦੋਸ਼ੇ ਪਰ ਅਤਿਚਾਰ ਕਰਨ ਦਾ ਹੀਆ ਨਾ ਕਰ ਸਕੇ ।

ਇਸ ਵਿਚ ਸੰਦੇਹ ਨਹੀਂ ਕਿ ਜੇਠ ਸੰ: 1767 (1710 ਈ:) ਨੂੰ ਮਾਨਯੋਗ ਬੰਦਾ ਸਿੰਘ ਬਹਾਦਰ ਨੇ ਖਾਲਸਾ ਬੀਰਾਂ ਦੀ ਸਹਾਇਤਾ ਨਾਲ ਇਸ ਨੂੰ ਫ਼ਤਹਿ ਕਰਕੇ ਦਿਲ ਖੋਲ੍ਹ ਕੇ ਸੋਧਿਆ ਸੀ । ਪਰ ਇਥੇ ਕੀਤੇ ਗਏ ਹਤਿਆਰਿਆਂ ਵਲੋਂ ਅਤਿਆਚਾਰਾਂ ਦੇ ਟਾਕਰੇ ਪਰ ਉਹ ਪਹਾੜ ਦੇ ਸਾਹਮਣੇ ਇਕ ਰਤੀ ਤੁਲ ਸਨ । ਅਣਖੀਲਾ ਖਾਲਸਾ ਜਦ ਵੀ ਨਿਰਦੋਸ਼ ਸਾਹਿਬਜ਼ਾਦਿਆਂ ਦੇ ਅਸਹਿ ਕਸ਼ਟਾਂ ਨੂੰ ਚੇਤੇ ਕਰਦਾ ਹੁੰਦਾ ਸੀ ਤਾਂ ਆਪੇ ਤੋਂ ਬਾਹਰ ਹੋ ਜਾਂਦਾ ਸੀ ।

ਇਸ ਪਾਪ ਨਗਰੀ ਪਰ ਚੜ੍ਹਾਈ ਤੋਂ ਪਹਿਲਾਂ ਨਵਾਬ ਕਪੂਰ ਸਿੰਘ ਨੇ ਦਲ ਦੇ ਵਰਿਆਮ ਖਾਲਸੇ ਨੂੰ ਸੰਬੋਧਨ ਕਰਕੇ ਆਖਿਆ । ਖਾਲਸਾ ਜੀ ਅੱਜ ਸਾਡੀਆਂ ਅੱਖਾਂ ਮੂਹਰੇ ਉਹ ਘ੍ਰਿਣਤ ਕੰਧਾਂ ਹਨ, ਜਿਨ੍ਹਾਂ ਵਿਚ ਸਾਡੇ ਦਸ਼ਮੇਸ਼ ਦੇ ਲਾਡਲੇ ਸ਼ਾਹਿਬਜ਼ਾਦਿਆਂ ਨੂੰ ਅਕਥਨੀ ਕਸ਼ਟ ਦੇ ਕੇ ਜ਼ਿੰਦਾ ਪੂਰ ਦਿੱਤਾ ਗਿਆ ਸੀ । ਆਓ ਅਸੀਂ ਅਜ ਆਪਣਾ ਫਰਜ਼ ਪੂਰਾ ਕਰੀਏ ਤੇ ਇਸ ਥਾਂ ਇੱਟ ਨਾਲ ਇੱਟ ਖੜਕਾ ਦਈਏ । ਇਥੇ ਹੀ ਹਕੂਮਤ ਆਪਣੇ ਹੰਕਾਰੀ ਸੂਬੇ ਦੇ ਅਧੀਨ ਲਾਗੇ ਦੇ ਖਾਲਸੇ ਪਰ ਨਿਤ ਨਵੇਂ ਸੂਰਜ ਵਧੀਕੀਆਂ ਕਰ ਰਹੀ ਹੈ । ਇਸ ਦਾ ਉਪਾਅ ਇਹ ਹੈ ਕਿ ਇਸ ਨੂੰ ਪੈਰਾਂ ਥਲੇ ਲਤਾੜ ਰੱਖ ਦੇਈਏ ।

ਕਹਿੰਦੇ ਹਨ ਕਿ ਨਵਾਬ ਜੀ ਦੀ ਇਸ ਨਿੱਕੀ ਜਿਹੀ ਵੰਗਾਰ ਨੇ ਸਰਬੱਤ ਖਾਲਸੇ ਦੇ ਮਨਾਂ ਵਿਚ ਉਹ ਹਨੇਰ ਦਾ ਜੋਸ਼ ਭਰ ਦਿੱਤਾ ਕਿ ਉਹ ਆਪਣੀਆਂ ਜਾਨਾਂ ਤੋਂ ਹੱਥ ਧੋ ਕੇ ਵੈਰੀਆਂ ਦੇ ਗਲੇ ਜਾ ਪਏ । ਇਸ ਸਮੇਂ ਜੋ ਵੀ ਸਾਹਮਣੇ ਆਇਆ, ਉਸਨੂੰ ਗਾਜਰ ਮੂਲੀ ਵਾਂਗ ਤੇਗ਼ ਦੀ ਧਾਰ ਤੋਂ ਪਾਰ ਕਰ ਦਿੱਤਾ ।

ਇਸ ਦੇ ਮੰਨਣ ਤੋਂ ਇਨਕਾਰ ਨਹੀਂ ਕਿ ਸਰਹਿੰਦੀ ਫੌਜ ਨੇ ਆਪਣੀ ਰਾਜਧਾਨੀ ਨੂੰ ਖਾਲਸੇ ਦੇ ਧਾਵੇ ਤੋਂ ਬਚਾਵਣ ਲਈ ਚੰਗੀ ਬੀਰਤਾ ਤੋਂ ਕੰਮ ਲਿਆ ਪਰ ਇਸ ਚਾਨਚੱਕ ਕੜਕ ਤੇ ਆ ਪਈ ਖਾਲਸਈ ਬਿਜਲੀ ਦੀ ਸ਼ਕਤੀ ਨੂੰ ਠਲ੍ਹਣਾ ਉਨ੍ਹਾਂ ਲਈ ਅਣਹੋਣੀ ਗੱਲ ਸੀ । ਬੱਸ, ਤੁਰਕੀ ਫੌਜ ਖਾਲਸੇ ਦੇ ਹੱਥ ਮੈਦਾਨ ਜੰਗ ਸੌਂਪ ਕੇ, ਜਿੱਧਰ ਕਿਸੇ ਨੂੰ ਰਾਹ ਲੱਭਾ ਉਧਰ ਜਾਨ ਬਚਾ ਕੇ ਨਿਕਲ ਗਈ ।

ਹੁਣ ਖਾਲਸੇ ਵਿਜੈ ਦਾ ਝੰਡਾ ਲਹਿਰਾਂਦੇ ਹੋਏ ਸਿੱਧੇ ਸ਼ਾਹੀ ਖਜ਼ਾਨੇ ਪਰ ਜਾ ਪਏ । ਇਸ ਕੋਸ਼ ਵਿਚ ਕਈ ਲੱਖ ਰੁਪਿਆ ਦਿੱਲੀ ਭੇਜਣ ਲਈ ਤਿਆਰ ਕੀਤਾ ਹੋਇਆ ਸੀ । ਉਹ ਸਭ ਦਾ ਸਭ ਖਾਲਸੇ ਆਪਣੇ ਅਧਿਕਾਰ ਵਿਚ ਕਰ ਲਿਆ। ਇਸ ਤੋਂ ਛੁੱਟ ਉਥੇ ਦੇ ਨਿਰਦਈ ਹਾਕਮ ਤੇ ਅਮੀਰਾਂ ਨੂੰ ਜਿਨ੍ਹਾਂ ਜ਼ੁਲਮ ਤੇ ਅਤਿਆਚਾਰਾਂ ਨਾਲ ਪਰਜਾ ਦਾ ਲਹੂ ਨਿਚੋੜ ਨਿਚੋੜ ਕੇ ਆਪਣੇ ਘਰ ਭਰੇ ਸਨ ਉਹ ਸਾਰਾ ਧੰਨ ਖਾਲਸੇ ਨੇ ਸਾਂਭ ਲਿਆ । ਇਸ ਦੇ ਨਾਲ ਚੰਗੇ ਘੋੜੇ ਬਹੁ-ਮੁਲੇ ਹਥਿਆਰ ਜੋ ਜੇਤੂਆਂ ਦੇ ਹੱਥ ਲਗੇ ਉਨ੍ਹਾਂ ਦੀ ਗਿਣਤੀ ਬਹੁਤੀ ਸੀ, ਜੋ ਖਾਲਸੇ ਨੇ ਉਪਕਾਰ ਅਤੇ ਦੁਖੀਆਂ ਦੀਨਾਂ ਦੀ ਰੱਖਿਆ ਲਈ ਵਰਤਣ ਲਈ ਆਪਣੇ ਕਬਜ਼ੇ ਵਿਚ ਲੈ ਲਏ ਸਨ ।

ਇਹ ਦੂਜੀ ਵਾਰ ਸੀ ਜਦ ਗੁਰੂ ਮਾਰੀ ਸਰਹਿੰਦ ਪਰ ਖਾਲਸੇ ਦਾ ਕਹਿਰ ਟੁੱਟਾ ਸੀ। ਇਥੇ ਕਈ ਦਿਨ ਖਾਲਸੇ ਨੇ ਆਪਣਾ ਅਧਿਕਾਰ ਰਖਿਆ ਅਤੇ ਆਪਣੇ ਸ਼ਹੀਦਾਂ ਦੇ ਸ਼ਹੀਦਗੰਜ ਅਤੇ ਗੁਰਦਵਾਰਿਆਂ ਦੀ ਉਸਾਰੀ ਵਿਚ ਲੱਗ। ਹੁਣ ਇਥੇ ਦਾ ਕਾਰਜ ਸਭ ਤਰ੍ਹਾਂ ਸੰਪੂਰਨ ਹੋ ਗਿਆ ਸੀ, ਇਸ ਲਈ ਨਵਾਬ ਕਪੂਰ ਸਿੰਘ ਨੇ ਬਾਬਾ ਆਲਾ ਸਿੰਘ ਤੋਂ ਵਿਦਾਇਗੀ ਲੈ ਕੇ ਸ੍ਰੀ ਅੰਮ੍ਰਿਤਸਰ ਦੀ ਦੀਪਮਾਲਾ ਪਰ ਪਹੁੰਚਣ ਲਈ ਚਾਲੇ ਪਾ ਦਿੱਤੇ ਅਤੇ ਸ੍ਰੀ ਗੋਇੰਦਵਾਲ ਪਹੁੰਚ ਗਏ । ਇਹ ਗੱਲ 1693 ਦੀ ਹੈ।

ਸ਼ਾਹੀ ਫੌਜ ਨਾਲ ਟਾਕਰਾ

ਪਾਠਕ ਪਿੱਛੇ ਪੜ੍ਹ ਆਏ ਹਨ ਕਿ ਸਰਹਿੰਦ ਦੀ ਸੁਧਾਈ ਦੇ ਉਪਰੰਤ ਨਵਾਬ ਕਪੂਰ ਸਿੰਘ ਸਣੇ ਬੁੱਢੇ ਦਲ ਦੇ ਮਾਝੇ ਵੱਲ ਕੂਚ ਕਰ ਆਇਆ ਸੀ । ਦਲ ਨੇ ਗੋਇੰਦਵਾਲ ਦੇ ਪੱਤਣੋਂ ਬਿਆਸਾ ਪਾਰ ਕਰਕੇ ਸ੍ਰੀ ਬਾਵਲੀ ਸਾਹਿਬ ਦੀ ਯਾਤਰਾ ਕੀਤੀ । ਇਥੋਂ ਸ੍ਰੀ ਖੰਡੂਰ ਸਾਹਿਬ ਤੋਂ ਹੁੰਦਾ ਹੋਇਆ, ਦਲ ਨੇ ਸ੍ਰੀ ਤਰਨਤਾਰਨ ਸਾਹਿਬ ਜਾ ਇਸ਼ਨਾਨ ਕੀਤੇ । ਇਥੋਂ ਕੂਚ ਕਰਕੇ ਬਾਸਰਕੇ ਬੀੜ ਵਿਚ ਜਾ ਡੇਰਾ ਲਾਇਆ ।

ਲਾਹੌਰੀ ਫੌਜ ਦੀ ਚੜ੍ਹਾਈ

ਬੁੱਢੇ ਦਲ ਨੂੰ ਬੀੜ ਵਿਚ ਟਿਕਿਆ ਅਜੇ ਦੋ ਦਿਨ ਹੀ ਬੀਤੇ ਸਨ ਕਿ ਸੱਤ ਹਜ਼ਾਰ ਸ਼ਾਹੀ ਫੌਜ ਨੇ ਚਾਨਚੱਕ ਸਿੰਘਾਂ ਨੂੰ ਘੇਰਾ ਪਾ ਲਿਆ ।

ਖ਼ਾਨ ਬਹਾਦਰ ਨੂੰ ਇਕ ਤਾਂ ਸਰਹਿੰਦ ਦੇ ਉਜਾੜੇ ਦਾ ਦੁੱਖ ਸੀ, ਦੂਜਾ ਉਸ ਨੂੰ ਇਹ ਵੀ ਪੂਰਾ ਭਰੋਸਾ ਸੀ ਕਿ ਉਥੇ ਦੇ ਖਜ਼ਾਨੇ ਦੀ ਸਾਰੀ ਮਾਇਆ ਅਜੇ ਜਥੇ ਦੇ ਪਾਸ ਮੌਜੂਦ ਹੋਣੀ ਹੈ, ਜੋ ਉਨ੍ਹਾਂ ਨੂੰ ਤੁਰੰਤ ਫੁਰਤ ਘੇਰ ਕੇ ਉਹ ਸਾਰਾ ਧੰਨ ਪਦਾਰਥ ਸਿੰਘਾਂ ਤੋਂ ਖੋਹਣ ਵਿਚ ਸਫ਼ਲ ਹੋ ਜਾਏਗਾ । ਇਸ ਲਾਲਚ ਨੂੰ ਮੁੱਖ ਰੱਖ ਕੇ ਲਾਹੌਰ ਦੇ ਸੂਬੇ ਸ਼ੀਘਰ ਹੀ ਆਪਣੀ ਬਹੁਤ ਸਾਰੀ ਫੌਜ ਆਪਣੇ ਚੋਣਵੇਂ ਜਰਨੈਲਾਂ ਦੀ ਸੌਂਪਣੀ ਵਿਚ ਖਾਲਸੇ ਨੂੰ ਘੇਰ ਲੈਣ ਲਈ ਤੋਰੀ । ਇਸ ਸ਼ਾਹੀ ਸੈਨਾ ਦੇ ਕੁਝ ਮੁੱਖੀ ਅਗੂਆਂ ਦੇ ਨਾਂ ਇਹ ਹਨ :

ਹੈਬਤ ਖ਼ਾਨ, ਦੀਵਾਨ ਲਖਪਤ ਰਾਏ, ਸਲਾਬਤ ਖ਼ਾਨ ਅਤੇ ਕੁਤਬਦੀਨ ਖ਼ਾਨ ਆਦਿ ।

ਇਧਰ ਧਾਵਾ ਵੈਰੀ ਵੱਲੋਂ ਐਨੀ ਤੇਜੀ ਨਾਲ ਕੀਤਾ ਗਿਆ ਸੀ ਕਿ ਸਿੰਘਾਂ ਦੇ ਸੰਭਲਣ ਤੋਂ ਪਹਿਲਾਂ ਹੀ ਸਾਰੀ ਫੌਜ ਨੇ ਖ਼ਾਲਸੇ ਨੂੰ ਸੱਜਿਓਂ ਘੇਰ ਲਿਆ । ਵੈਰੀ ਸੈਨਾ ਦੇ ਪਹੁੰਚਣ ਸਾਰ ਨਵਾਬ ਕਪੂਰ ਸਿੰਘ ਨੇ ਝਟਾਪਟ ਖਾਲਸਾ ਦਲ ਨੂੰ ਤਿਆਰ ਕਰਕੇ ਵੈਰੀਆਂ ਦੇ ਟਾਕਰੇ ਲਈ ਡਟ ਜਾਣ ਦਾ ਹੁਕਮ ਦੇ ਦਿੱਤਾ । ਹੁਣ ਲੱਗੀ ਦੋਹਾਂ ਧਿਰਾਂ ਵਲੋਂ ਅੰਧਾ-ਧੁੰਧ ਗੋਲੀਆਂ ਤੀਰਾਂ ਦੀ ਮੋਲ੍ਹੇਦਾਰ ਬਰਖਾ ਹੋਣ।

ਉਧਰ ਦੋਵੇਂ ਧਿਰਾਂ ਦੇ ਸੂਰਮੇ ਸੰਗਰਾਮ ਵਿਚ ਬੀਰਤਾ ਦੇ ਕਮਾਲ ਦਸ ਰਹੇ। ਸਨ । ਇਧਰ ਨਵਾਬ ਕਪੂਰ ਸਿੰਘ ਨੇ ਨੌਜਵਾਨ ਜੱਸਾ ਸਿੰਘ ਨੂੰ ਕੁਝ ਸਿੰਘ ਦੇ ਕੇ ਆਖਿਆ ਤੁਸੀਂ ਸਰਹਿੰਦੀ ਖ਼ਜ਼ਾਨਾ ਘੋੜਿਆ ਪਰ ਲੱਦ ਲਵੋ ਤਾਂ ਜੋ ਇਹ ਵੈਰੀਆਂ ਦੇ ਹੱਥ ਨਾ ਪੈ ਸਕੇ । ਜੱਸਾ ਸਿੰਘ ਨੇ ਤੁਰਤ ਨਵਾਬ ਸਾਹਿਬ ਦੀ ਇੱਛਾ ਅਨੁਸਾਰ ਸਾਰਾ ਪਰਬੰਧ ਸੰਪੂਰਨ ਕਰ ਲਿਆ ।

ਹੁਣ ਦੋਵਾਂ ਧਿਰਾਂ ਦੇ ਬੀਰਾਂ ਨੂੰ ਕਟ-ਵਢ ਕਰਦਿਆਂ ਸੂਰਜ ਲੋਪ ਹੋ ਗਿਆ ਸੀ, ਅਨ੍ਹੇਰੇ ਦੀ ਕਾਲੀ ਚਾਦਰ ਸਭ ਪਾਸੇ ਖਿਲਰ ਗਈ ਤੇ ਮਸਾਂ ਕਿਤੇ ਸੂਰਮਿਆਂ ਨੇ ਸੁਖ ਦਾ ਸਾਹ ਲਿਆ ।

ਖਾਲਸੇ ਦਾ ਖ਼ਜ਼ਾਨਾ ਬਚਾ ਲੈ ਜਾਣਾ

ਇਸ ਸਮੇਂ ਨੂੰ ਨਵਾਬ ਕਪੂਰ ਸਿੰਘ ਨੇ ਬਹੁਮੁੱਲਾ ਜਾਣ ਕੇ ਦਲ ਦੇ ਕੁਝ ਸਿੰਘਾਂ ਨੂੰ ਤਾਂ ਵੈਰੀਆਂ ਦੇ ਟਾਕਰੇ ਪਰ ਰਹਿਣ ਦਿੱਤਾ ਅਤੇ ਬਾਕੀ ਦੇ ਸੂਰਮਿਆ ਦਾ ਇਕ ਤਕੜਾ ਜੱਥਾ ਤਿਆਰ ਕਰਕੇ ਖ਼ਜ਼ਾਨਾ ਤੇ ਹੋਰ ਲੋੜੀਂਦੀ ਸਾਮਿੱਗਰੀ ਜੋ ਜੱਸਾ ਸਿੰਘ ਨੇ ਘੋੜਿਆਂ ਪਰ ਲੱਦ ਲਈ ਸੀ ਉਸ ਦੀ ਸੌਂਪਣੀ ਵਿਚ ਦੇ ਕੇ ਰਾਤ ਦੇ ਘੋਰ ਅੰਧੇਰੇ ਵਿਚ, ਬੀੜ ਦੀ ਇਕ ਨੁਕਰੋਂ ਵੈਰੀਆਂ ਦੀਆਂ ਅੱਖਾਂ ਵਿਚ ਧੂੜ ਪਾ ਕੇ ਉਨ੍ਹਾਂ ਸਾਫ਼ ਬਾਹਰ ਕਢ ਕੇ ਪਹਿਲਾਂ ਤੋਂ ਨੀਯਤ ਕੀਤੀ ਹੋਈ ਸੁਰੱਖਿਅਤ ਥਾਂ ਵਲ ਤੋਰ ਦਿੱਤਾ । ਜਦ ਖ਼ਜ਼ਾਨੇ ਵਾਲਾ ਜੱਥ ਚੋਖੀ ਦੂਰ ਨਿਕਲ ਗਿਆ ਤਾਂ ਹੁਣ ਇਧਰ ਨਵਾਬ ਕਪੂਰ ਸਿੰਘ ਨੇ ਅੱਧੀ ਰਾਤ ਤੀਕ ਵੈਰੀਆਂ ਨੂੰ ਚੰਗੀ ਤਰ੍ਹਾਂ ਰੁਝੇਵੇਂ ਵਿਚ ਰਖਿਆ । ਛੇਕੜ ਯੁਧ ਨੀਤੀ ਦੇ ਹੁਨਰ ਅਨੁਸਾਰ ਬੜੇ ਸਾਹਸ ਨਾਲ ਖ਼ਾਲਸੇ ਨੇ ਬੀੜ ਵਿਚੋਂ ਨਿਕਲਣਾ ਆਰੰਭ ਕੀਤਾ । ਹੁਣ ਜੱਥਾ ਬੜੀ ਜੁਗਤਿ ਨਾਲ ਪਿਛੇ ਵੀ ਹਟਦਾ ਜਾਂਦਾ ਸੀ ਅਤੇ ਵੈਰੀਆਂ ਦੀ ਕਰੜੀ ਕਟਾ- ਵੱਢ ਵੀ ਕਰ ਰਿਹਾ ਸੀ । ਇਉਂ ਵੈਰੀ ਨੇ ਆਪਣਾ ਭਾਰੀ ਜਾਨੀ ਨੁਕਸਾਨ ਹੁੰਦਾ ਵੇਖ ਕੇ ਖ਼ਾਲਸੇ ਦਾ ਪਿੱਛਾ ਕਰਨਾ ਤਿਆਗ ਦਿੱਤਾ । ਇਸ ਜੰਗ ਵਿਚ ਵੈਰੀ ਨੂੰ ਭਿਆਨਕ ਨੁਕਸਾਨ ਉਠਾਣਾ ਪਿਆ । ਮਰਨ ਵਾਲਿਆਂ ਵਿਚ ਸਲਾਬਤ ਖ਼ਾਨ, ਫ਼ੌਜਦਾਰ ਅਤੇ ਕੁਤਬਦੀਨ ਖ਼ਾਨ, ਅਬਦੁੱਲ ਸਯਦ ਖ਼ਾਨ ਦੇ ਜਵਾਈ ਦਾ ਨਾਂ ਵਿਸ਼ੇਸ਼ ਲਿਖਣ ਯੋਗ ਹੈ ।

ਦੋਹਾਂ ਧਿਰਾਂ ਦਾ ਫ਼ਤਹਿ ਦਾ ਦਾਅਵਾ

ਇਸ ਸੰਗਰਾਮ ਬਾਰੇ ਦੋਹਾਂ ਧਿਰਾਂ ਦਾ ਆਪੋ ਆਪਣਾ ਦ੍ਰਿਸ਼ਟੀ-ਕੋਣ ਇਹ ਸੀ ਕਿ ਸ਼ਾਹੀ ਫ਼ੌਜ ਵਾਲੇ ਕਹਿੰਦੇ ਹਨ ਕਿ ਫ਼ਤਹਿ ਉਨ੍ਹਾਂ ਦੀ ਹੋਈ, ਕਿਉਂਕਿ ਮੈਦਾਨ ਉਨ੍ਹਾਂ ਦੇ ਹੱਥ ਰਿਹਾ ਹੈ ? ਦੂਜੇ ਬੰਨੇ ਖਾਲਸਾ ਇਹ ਦਸਦਾ ਹੈ ਕਿ ਅਸਲੋਂ ਜਿੱਤ ਉਸ ਦੀ ਹੋਈ ਹੈ । ਉਹ ਆਪਣੇ ਇਸ ਦਾਅਵੇ ਦੀ ਪ੍ਰੋੜ੍ਹਤਾ ਲਈ ਦਸਦਾ ਸੀ ਕਿ ਸ਼ਾਹੀ ਫੌਜ ਨੇ ਜਿਸ ਮਨੋਰਥ ਦੀ ਪੂਰਤੀ ਲਈ ਇਹ ਚੜ੍ਹਾਈ ਕੀਤੀ ਸੀ ਉਸ ਵਿਚ ਉਹ ਪੂਰੀ ਤਰ੍ਹਾਂ ਅਸਫਲ ਰਹੀ ਹੈ ਅਰਥਾਤ ਖਾਲਸਾ ਦਲ ਤੋਂ ਸਰਹਿੰਦ ਦਾ ਖ਼ਜ਼ਾਨਾ ਖੋਹਣ ਦੀ ਥਾਂ ਸਗੋਂ ਆਪਣੇ ਕਈ ਪ੍ਰਸਿੱਧ ਆਗੂਆਂ ਨੂੰ ਮੈਦਾਨ ਵਿਚ ਮਰਵਾ ਚੁੱਕੀ ਸੀ ਆਦਿ ।

ਦੋਵਾਂ ਧਿਰਾਂ ਨੂੰ ਸਜਰ-ਸਾਹ ਸਹਾਇਤਾ

ਅਗਲੀ ਭਲਕ ਨੂੰ ਬੁੱਢਾ ਦਲ ਖੇਮ ਕਰਨ ਦੇ ਲਾਗੇ ਪਹੁੰਚ ਗਿਆ । ਬਾਸਰਕੇ ਮੈਦਾਨ ਜੰਗ ਵਿਚ ਵੈਰੀ ਆਪਣੇ ਦੋ ਪ੍ਰਸਿੱਧ ਜਰਨੈਲ ਅਤੇ ਅਣਗਿਣਤ ਸੈਨਿਕ ਮਰਵਾ ਕੇ ਮਨ ਦੀ ਢੇਰੀ ਢਾਹ ਬੈਠਾ ਸੀ । ਉਹ ਹੁਣ ਆਪਣੇ ਫੱਟੜਾਂ ਨੂੰ ਇਕੱਠਿਆਂ ਕਰਨ ਅਤੇ ਮੁਰਦਿਆਂ ਨੂੰ ਦਫ਼ਨਾਣ ਵਿਚ ਲਗੇ ਹੋਏ ਸਨ ਕਿ ਉਥੇ ਵੈਰੀਆਂ ਨੂੰ ਲਾਹੌਰ ਵਲੋਂ ਸਮੁੰਦ ਖ਼ਾਨ ਦੀ ਤਹਿਤ ਵਿਚ ਸਜਰ-ਸਾਹ ਸਹਾਇਤਾ ਪਹੁੰਚ ਪਈ ਅਤੇ ਉਹ ਮੁੜ ਲੜਾਈ ਦੀਆਂ ਤਿਆਰੀਆਂ ਕਰਕੇ ਖਾਲਸੇ ਦਾ ਪਿੱਛਾ ਕਰਨ ਲਈ ਅੱਗੇ ਵਧੇ ।

ਉਧਰ ਨਵਾਬ ਕਪੂਰ ਸਿੰਘ ਨੇ ਬੀੜ ਵਿਚ ਲੜਾਈ ਦੇ ਆਰੰਭ ਹੋਣ ਸਮੇਂ ਆਪਣੇ ਕੁਝ ਸਵਾਰ, ਤਰਨੇ ਦਲ ਵਲ ਦੌੜਾ ਦਿੱਤੇ ਸਨ ਜੋ ਮਾਝੇ ਵਿਚ ਲਾਗੇ ਹੀ ਵਿਚਰ ਰਿਹਾ ਸੀ ਉਹ ਨਵਾਬ ਦਾ ਸੁਨੇਹਾ ਸੁਣਦੇ ਹੀ ਰਾਤੋ ਰਾਤ ਕੂਚ ਕਰਕੇ ਬੁੱਢੇ ਦਲ ਵਿਚ ਆ ਮਿਲਿਆ ।

ਮੁੜ ਜੰਗ

ਇਸ ਸਮੇਂ ਦੋਵੇਂ ਦਲਾਂ ਨੇ ਚੂਹਨੀਆਂ ਦੇ ਮੁਕਾਮ ਪੁਰ ਜਾ ਉਤਾਰਾ ਕੀਤਾ । ਇਥੇ ਖਾਲਸੇ ਨੂੰ ਸੂਹੇ ਖ਼ਬਰ ਦਿੱਤੀ ਕਿ ਲਾਹੌਰੀ ਫ਼ੌਜ ਨੂੰ ਹੋਰ ਕੁਮਕ ਮਿਲ ਗਈ ਹੈ ਅਤੇ ਉਹ ਇਧਰ ਆ ਰਹੀ ਹੈ ।

ਨਵਾਬ ਕਪੂਰ ਸਿੰਘ ਨੇ ਇਸ ਥਾਂ ਨੂੰ ਜੰਗ ਲਈ ਆਪਣੇ ਹੱਕ ਵਿਚ ਲਾਭਦਾਇਕ ਨਾ ਸਮਝ ਕੇ ਹੁਜਰਾ ਸ਼ਾਹ ਮੁਕਾਮ ਦੇ ਮੈਦਾਨ ਵਿਚ ਜਾ ਮੋਰਚਾ ਲਾਇਆ । ਇਥੇ ਖਾਲਸੇ ਨੇ ਰਾਤੋ ਰਾਤ ਲੋੜੀਂਦੇ ਸੰਘਰ ਤੇ ਖ਼ਾਈਆਂ ਆਦਿ ਤਿਆਰ ਕਰ ਲਈਆਂ ਅਤੇ ਲਗੇ ਸ਼ਾਹੀ ਫ਼ੌਜ ਦੀ ਉਡੀਕ ਕਰਨ ।

ਹੁਣ ਵੈਰੀ ਫ਼ੌਜ ਦੇ ਸਾਹਮਣੇ ਆਉਂਦਿਆਂ ਹੀ ਖਾਲਸੇ ਦੇ ਦੋਵਾਂ ਦਲਾਂ, ਇਕੋ ਵਾਰ ਕਈ ਹਜ਼ਾਰ ਰਾਮ ਜੰਗੇ ਦਾਗ਼ ਦਿੱਤੇ । ਸ਼ਾਹੀ ਸੈਨਾ ਰੜੇ ਮੈਦਾਨ ਵਿਚ ਸੀ, ਉਸ ਪਰ ਖਾਲਸੇ ਦੀਆਂ ਗੋਲੀਆਂ ਦੀ ਬਰਖਾ ਦਾ ਇੰਨਾ ਭਿਆਨਕ ਪ੍ਰਭਾਵ ਪਿਆ ਜਿਵੇਂ ਪੱਕੀ ਖੇਤੀ ਪਰ ਗੜੇ-ਮਾਰ ਦਾ ਹੁੰਦਾ ਹੈ । ਪਹਿਲੇ ਹੱਥ ਹੀ ਵੈਰੀ ਦੇ ਕਈ ਸੌ ਜੁਵਾਨ ਸਦਾ ਦੀ ਨੀਂਦੇ ਸਵਾ ਦਿੱਤੇ। ਲਾਹੌਰੀ ਫ਼ੌਜ ਨੇ ਵੀ ਖਾਲਸੇ ਦੇ ਟਾਕਰੇ ਪਰ ਜ਼ੋਰ ਦੀਆਂ ਗੋਲੀਆਂ ਚਲਾਈਆਂ ਪਰ ਚੂੰਕਿ ਖਾਲਸਾ ਆਪਣੇ ਮੋਰਚਿਆਂ ਦੇ ਅੰਦਰ ਸੀ, ਇਸ ਲਈ ਖਾਲਸੇ ਦਾ ਨਾਂ ਮਾਤਰ ਜਾਨੀ ਨੁਕਸਾਨ ਹੋਇਆ । ਇਸ ਤਰ੍ਹਾਂ ਦਿਨ ਭਰ ਵੈਰੀ ਖਾਲਸੇ ਦੀਆਂ ਖੰਦਕਾਂ ਤਕ ਪਹੁੰਚਣ ਲਈ ਹੱਲਾ ਕਰਦਾ ਸੀ ਅਤੇ ਖਾਲਸਾ ਗੋਲੀਆਂ ਦਾ ਮੀਂਹ ਵਰ੍ਹਾ ਕੇ ਹਰ ਵੇਰ ਉਸ ਨੂੰ ਪਿਛਾਂਹ ਧਕੇਲ ਦਿੰਦਾ ਸੀ ਇਉਂ ਦਿਨ ਭਰ ਸੰਗਰਾਮ ਗਰਮ ਰਿਹਾ। ਦੋਵੱਲਿਓਂ ਜੋਧਿਆਂ ਆਪਣੀ ਬੀਰਤਾ ਦੱਸਣ ਵਿਚ ਕੋਈ ਘਾਟਾ ਨਾ ਰਹਿਣ ਦਿੱਤਾ ।

ਇਸ ਰਣ ਵਿਚ ਦੋਵੇਂ ਧਿਰਾਂ ਚਾਹੁੰਦੀਆਂ ਸਨ ਕਿ ਬਾਸਰਕੇ ਦੀ ਲੜਾਈ ਵਿਚ ਫ਼ਤਹਿ ਅਤੇ ਹਾਰ ਦਾ ਸਿੱਟਾ ਸਪੱਸ਼ਟ ਨਹੀਂ ਸੀ ਰਿਹਾ ਹੁਣ ਇਸ ਮੈਦਾਨ ਵਿਚ ਸਾਫ਼ ਨਿਰਣਾ ਹੋ ਜਾਏ ਕਿ ਫ਼ਤਹਿ ਦਾ ਕਿਹੜਾ ਅਧਿਕਾਰੀ ਹੈ । ਇਸ ਭਾਵ ਨਾਲ ਇਥੇ ਦੋਵਾਂ ਧਿਰਾਂ ਨੇ ਰੱਜ ਕੇ ਬਲ ਪ੍ਰੀਖਿਆ ਦਾ ਸਬੂਤ ਦਿੱਤਾ ।

ਲੌਢੇ ਪਹਿਰ ਤਕ ਸੰਗਰਾਮ ਤੁਲਵਾਂ ਰਿਹਾ । ਠੀਕ ਇਸੇ ਸਮੇਂ ਨਵਾਬ ਕਪੂਰ ਸਿੰਘ ਨੇ ਕੋਈ ਦੋ ਸੌ ਸਿਰਲੱਥ ਜੋਧਿਆਂ ਨੂੰ, ਦੋਵਾਂ ਦਲਾਂ ਵਿਚੋਂ ਚੁਣ ਕੇ ਆਪਣੇ ਨਾਲ ਲਿਆ ਅਤੇ ਬਿਜਲੀ ਵਾਂਗ ਕੜਕ ਕੇ ਵੈਰੀਆਂ ਦੇ ਸਿਰ ਜਾ ਪਿਆ ਅਤੇ ਉਹ ਹਨੇਰ ਦੀ ਸਿਰੀ ਸਾਹਿਬ ਚਲਾਈ ਕਿ ਹੱਦ ਹੀ ਮੁਕਾ ਦਿੱਤਾ । ਇਸ ਦਾ ਸਿੱਟਾ ਇਹ ਨਿਕਲਿਆ ਕਿ ਇਸ ਸਮੇਂ ਲਾਹੌਰੀ ਫੌਜ ਦੀ ਅਗਵਾਈ ਕਰਨ ਵਾਲੇ ਆਗੂਆਂ ਵਿਚੋਂ ਬਹੁਤ ਸਾਰੇ ਚੁਣ-ਚੁਣ ਕੇ ਜਮਪੁਰੀ ਨੂੰ ਭੇਜ ਦਿੱਤੇ । ਹੁਣ ਜਦ ਵੈਰੀ ਫੌਜ ਨੇ ਆਪਣੇ ਮੁਖੀਆਂ ਨੂੰ ਧਰਤੀ ਪਰ ਤੜਫਦਾ ਡਿੱਠਾ ਤਾਂ ਉਹ ਡਾਢੀ ਅਧੀਰ ਹੋ ਗਈ । ਉਨ੍ਹਾਂ ਦੀਆਂ ਸਫਾਂ ਵਿਚ ਖਲਬਲੀ ਪਸਰ ਗਈ, ਇਸ ਘਬਰਾਹਟ ਵਿਚ ਜਿਧਰ ਕਿਸੇ ਨੂੰ ਰਾਹ ਲੱਭਾ ਉਧਰ ਨਿਕਲ ਗਿਆ ।

ਇਸ ਸੰਗ੍ਰਾਮ ਦੇ ਕਈ ਹਜ਼ਾਰ ਸ਼ਾਹੀ ਫੌਜ ਦੇ ਮੁਰਦਿਆਂ ਵਿਚੋਂ, ਦੁਨੀ ਚੰਦ, ਲਖਪਤ ਰਾਏ ਦਾ ਭਤੀਜਾ ਤੇ ਜਸਪਤ ਦਾ ਪੁੱਤਰ, ਜਮਾਲ ਖ਼ਾਨ, ਤਾਤਾਰ ਖ਼ਾਨ ਆਦਿ ਦੀਆਂ ਲਾਸ਼ਾਂ ਪਛਾਣੀਆਂ ਗਈਆਂ ।

ਇਸ ਦੇ ਨਾਲ ਹੀ ਅਜ ਬਾਸਰਕੇ ਲੜਾਈ ਦਾ ਵੀ ਦੋ ਟੁਕ ਨਿਰਣਾ ਹੋ ਗਿਆ ਕਿ ਦੋਵਾਂ ਧਿਰਾਂ ਵਿਚੋਂ ਜਿਤ ਦਾ ਦਾਅਵਾ ਕਿਸ ਦਾ ਠੀਕ ਸੀ ।

ਖਾਲਸਾ ਦੇ ਹੱਥੋਂ ਹਾਰ ਖਾ ਕੇ ਇਥੋਂ ਸ਼ਾਹੀ ਫ਼ੌਜ ਬੜੀ ਭੈੜੀ ਦਸ਼ਾ ਵਿਚ ਆਪਣਾ ਸਭ ਕੁਝ ਖਾਲਸੇ ਦੀ ਭੇਟ ਕਰ ਕੇ ਲਾਹੌਰ ਜਾ ਵੜੀ । ਇਹ ਲੜਾਈ ਕੱਤਕ ਸੰਮਤ (1793 ਬਿ:) 1736 ਈ: ਨੂੰ ਹੋਈ

ਜ਼ਕਰੀਆ ਖ਼ਾਨ ਦੀ ਮੁੜ ਕਰੜਾਈ

ਹੁਜਰਾ ਸ਼ਾਹ ਮੁਕਾਮ ਦੀ ਹਾਰ ਨੇ ਜ਼ਕਰੀਆ ਖ਼ਾਨ ਨੂੰ ਬਾਵਰਾ ਕਰ ਦਿੱਤਾ ਸੀ । ਉਸਦੇ ਫੌਜਦਾਰਾਂ ਦਾ ਕਤਲ ਤੇ ਫੌਜ ਦੀ ਬਰਬਾਦੀ ਨੇ ਉਸ ਨੂੰ ਸਿਰ ਤੋਂ ਪੈਰਾਂ ਤੱਕ, ਅੱਗ ਭਗੋਲਾ ਕਰ ਦਿੱਤਾ ।

ਨਿੱਤ-ਨਿੱਤ ਖ਼ਾਲਸੇ ਦੇ ਧਾਵਿਆਂ ਤੇ ਟਾਕਰਿਆਂ ਤੋਂ ਐਸਾ ਤੰਗ ਆਇਆ ਕਿ ਉਸ ਦੀ ਸੂਝ-ਬੂਝ ਟਿਕਾਣੇ ਨਾ ਰਹੀ । ਹੈਰਾਨ ਸੀ ਕਿ ਹੁਣ ਕਿਹੜਾ ਹਥਿਆਰ ਸਿੱਖਾਂ ਦੇ ਦਬਾਣ ਲਈ ਵਰਤੇ । ਸਖਤੀ ਅਤੇ ਕਰੜਾਈ ਦੇ ਤਾਂ ਉਹ ਸਾਰੇ ਢੰਗ ਖਾਲਸੇ ਵਿਰੁੱਧ ਅੱਗੇ ਹੀ ਵਰਤ ਚੁੱਕਾ ਸੀ।

ਕ੍ਰੋਧ ਤੇ ਘਬਰਾਹਟ ਵਿਚ ਇਸ ਨੂੰ ਕੋਈ ਨਵਾਂ ਤ੍ਰੀਕਾ ਨਾ ਸੁਝਿਆ ਤਾਂ ਇਸਨੇ ਆਪਣੇ ਚੋਵਣ ਸਲਾਹਕਾਰਾਂ ਦਾ ਇਕੱਠ ਕੀਤਾ ਤੇ ਉਨ੍ਹਾਂ ਤੋਂ ਪੁੱਛਿਆ ਕਿ ਦਸੋ ਸਿੱਖਾਂ ਦੇ ਮੁਕਾਣ ਲਈ ਕਿਹੜਾ ਹਥਿਆਰ ਵਰਤਿਆ ਜਾਏ ਜਿਸ ਰਾਹੀਂ ਉਨ੍ਹਾਂ ਤੋਂ ਛੁਟਕਾਰਾ ਪਾਇਆ ਜਾਏ । ਇਹ ਸੌ ਮਰਦੇ ਹਨ ਤਾਂ ਸੌ ਹੋਰ ਵਧ ਜਾਂਦੇ ਹਨ । ਕੋਈ ਐਸੀ ਵਿਉਂਤ ਸੋਚੋ ਜਿਸ ਨਾਲ ਇਨ੍ਹਾਂ ਦਾ ਅੱਗੇ ਦਾ ਵਾਧਾ ਰੁਕ ਜਾਏ ।

ਇਸ ਦੇ ਉੱਤਰ ਵਿਚ ਕਾਜ਼ੀ ਅਬਦੁੱਲ ਰਹਿਮਾਨ ਨੇ ਕਿਹਾ ਕਿ ਸਿੱਖਾਂ ਦੇ ਗੁਰੂਆਂ ਨੇ ਅੰਮ੍ਰਿਤਸਰ ਵਿਚ ਜੋ ਤਲਾਅ ਬਣਵਾਇਆ ਹੈ । ਇਸ ਦੇ ਅਰਥ ਹਨ ਆਬਿ-ਹਯਾਤ ਦਾ ਚਸ਼ਮਾ । ਇਹ ਲੋਕ ਜਦ ਉਸ ਵਿਚ ਨਹਾਉਂਦੇ ਹਨ ਤੇ ਉਸ ਦਾ ਪਾਣੀ ਪੀਂਦੇ ਹਨ ਤਾਂ ਇਹ ਅਮਰ ਹੋ ਜਾਂਦੇ ਹਨ । ਜੇ ਇਸ ਚਸ਼ਮੇ ਦੀ ਵਰਤੋਂ ਤੋਂ ਇਨ੍ਹਾਂ ਨੂੰ ਰੋਕਿਆ ਜਾਏ ਤਾਂ ਅੱਗੇ ਨੂੰ ਇਨ੍ਹਾਂ ਦਾ ਵਾਧਾ ਆਪਣੇ ਆਪ ਰੁਕ ਜਾਏਗਾ । ਕਾਜ਼ੀ ਦੀ ਇਸ ਵਿਚਾਰ ਨੂੰ ਸਾਰੇ ਸਲਾਹਕਾਰਾਂ ਬੜਾ ਸਲਾਹਿਆ ਅਤੇ ਜ਼ਕਰੀਆ ਖ਼ਾਨ ਨੇ ਕਾਜ਼ੀ ਅਬਦੁਲ ਰਹਿਮਾਨ ਨੂੰ ਹੀ ਇਸ ਵਿਉਂਤ ਨੂੰ ਸਫ਼ਲਤਾ ਤਕ ਪਹੁੰਚਾਣ ਲਈ ਅੰਮ੍ਰਿਤਸਰ ਦਾ ਜ਼ਿੰਮੇਂਵਾਰ ਨੀਯਤ ਕੀਤਾ ।

ਅੰਮ੍ਰਿਤਸਰ ਪਰ ਸ਼ਾਹੀ ਫ਼ੌਜ ਦਾ ਕਬਜ਼ਾ

ਅਬਦੁੱਲ ਰਹਿਮਾਨ ਦੀ ਨਵੀਂ ਦਸੀ ਵਿਉਂਤ ਅਨੁਸਾਰ ਜ਼ਕਰੀਆ ਖ਼ਾਨ ਨੇ ਚੋਖੀ ਫੌਜ, ਮੁਹੰਮਦ ਬਖਸ਼ ਦੀ ਸੌਂਪਣੀ ਵਿਚ, ਕਾਜ਼ੀ ਅਬਦੁੱਲ ਰਹਿਮਾਨ ਦੀ ਸਹਾਇਤਾ ਲਈ, ਅੰਮ੍ਰਿਤਸਰ ਤੋਰ ਦਿੱਤੀ, ਤਾਂ ਜੋ ਉਹ ਅੰਮ੍ਰਿਤਸਰ ਪਰ ਕਬਜ਼ਾ ਕਰ ਲਏ ਅਤੇ ਅੱਗੇ ਨੂੰ ਕਿਸੇ ਸਿੱਖ ਨੂੰ, ਨਾ ਇਸ ਤਲਾਅ ਵਿਚ ਨ੍ਹਾਵਣ ਦਿੱਤਾ ਜਾਏ ਅਤੇ ਨਾ ਹੀ ਉਨ੍ਹਾਂ ਨੂੰ ਇਸ ਦਾ ਅੰਮ੍ਰਿਤ ਪੀਵਣ ਨੂੰ ਮਿਲੇ ।

ਇਸ ਵਿਚਾਰ ਅਨੁਸਾਰ ਸ਼ਾਹੀ ਫੌਜ ਨੇ ਅੰਮ੍ਰਿਤਸਰ ਪਹੁੰਚਕੇ ਸਰੋਵਰ ਤੇ ਸ਼ਹਿਰ ਪਰ ਆਪਣਾ ਕਬਜ਼ਾ ਕਰ ਲਿਆ । ਉਹ ਸਾਰੇ ਰਾਹ ਜਿਹੜੇ ਦਰਬਾਰ ਸਾਹਿਬ ਵਲ ਜਾਂਦੇ ਸਨ, ਫੌਜ ਨੇ ਉਨ੍ਹਾਂ ਪਰ ਚੌਂਕੀਆਂ ਉਸਾਰ ਕੇ ਉਥੇ ਫੌਜੀ ਪਹਿਰੇ ਲਾ ਦਿੱਤੇ । ਸ਼ਹਿਰ ਵਿਚੋਂ ਸਾਰੇ ਸਿੱਖ ਮਾਰ ਦਿੱਤੇ ਯਾ ਕੱਢ ਦਿੱਤੇ ਗਏ । ਕੇਵਲ ਥੋੜ੍ਹੇ ਜਿਹੇ ਸਾਧ, ਫਕੀਰ, ਜਿਨ੍ਹਾਂ ਦੀ ਹੋਂਦ ਤੋਂ ਕੋਈ ਰਾਜਸੀ ਡਰ ਨਹੀਂ ਸੀ, ਰਹਿਣ ਦਿੱਤੇ । ਇਨ੍ਹਾਂ ਵਿਚ ਭਾਈ ਮਨੀ ਸਿੰਘ ਦਾ ਨਾਂ ਵਿਸ਼ੇਸ਼ ਲਿਖਤ ਯੋਗ ਹੈ ।

ਕਾਜ਼ੀ ਨੂੰ ਸਿੱਖਿਆ

ਅੰਮ੍ਰਿਤਸਰ ਦੇ ਦੁਆਲੇ ਸ਼ਾਹੀ ਫ਼ੌਜ ਦੇ ਕਰੜੇ ਪਹਿਰੇ ਲੱਗ ਜਾਣ ਦੇ ਕਾਰਨ ਸਰੋਵਰ ਵਿਚ ਅਸ਼ਨਾਨ ਕਰਨ ਵਾਲਿਆਂ ਦੀ ਗਿਣਤੀ ਕੁਝ ਸਮੇਂ ਲਈ ਘਟ ਗਈ । ਇਸ ਨੂੰ ਦੇਖ ਕਾਜ਼ੀ ਅਬਦੁੱਲ ਰਹਿਮਾਨ ਨੇ ਦਮਗਜਾ ਮਾਰਿਆ ਤੇ ਆਖਿਆ ਕਿ ਸਿੰਘਾਂ ਨੇ ਆਪਣੇ ਨਾਂ ਨਾਲ ‘ਸ਼ੇਰ’ ਦਾ ਸ਼ਬਦ ਜੋੜਿਆ ਹੋਇਆ ਹੈ । ਹੁਣ ਮੇਰੀ ਮੌਜੂਦਗੀ ਵਿਚ ਇਥੇ ਕੋਈ ਨ੍ਹਾਵਣ ਆਵੇ ਤਦ ਮੈਂ ਮੰਨਾਗਾ ਕਿ ਉਹ ਸ਼ੇਰ ਹਨ ।

ਕਾਜ਼ੀ ਦਾ ਇਹ ਬਬਾੜਾ ਕਿਸੇ ਨਵਾਬ ਕਪੂਰ ਸਿੰਘ ਨੂੰ ਜਾ ਦੱਸਿਆ ਜਿਸ ਨੂੰ ਸੁਣ ਕੇ ਆਪ ਨੇ ਆਪਣੇ ਦਲ ਵਿਚੋਂ ਕੁਝ ਸਵਾਰਾਂ ਨੂੰ ਹੁਕਮ ਦਿੱਤਾ ਕਿ ਭਾਵੇਂ ਸੀਸ ਵੀ ਕਿਉਂ ਨਾ ਵਾਰਨੇ ਪੈਣ ਪਰ ਅੰਮ੍ਰਿਤਸਰ ਸਰੋਵਰ ਵਿਚ ਜਾ ਕੇ ਟੁੱਭੇ ਜ਼ਰੂਰ ਲਾ ਆਵੋ । ਇਸ ਤਰ੍ਹਾਂ ਭੇਸ ਬਦਲਾ ਕੇ ਕਈ ਸਿੰਘ ਅਸ਼ਨਾਨ ਕਰ ਆਏ ।

ਕਾਜ਼ੀ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਕਿਹਾ ਕਿ ਭੇਸ ਵਟਾ ਕੇ ਚੋਰੀ ਨ੍ਹਾਵਣਾ ਕੋਈ ਬਹਾਦਰੀ ਨਹੀਂ । ਬੀਰਤਾ ਤਦ ਮੰਨਾਂਗਾ ਜੇ ਕੋਈ ਸਿੱਖ ਸਿੱਖੀ ਰੂਪ ਵਿਚ ਆ ਕੇ ਨਾਵੇ । ਲਿਖਤਾਂ ਮਿਲਦੀਆਂ ਹਨ ਕਿ ਇਸ ਦੇ ਦੋ ਦਿਨ ਬਾਅਦ, ਬਾਹਦਰ ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਵਾਲੇ ਸਣੇ ਭਾਈ ਬਰਾਜ ਸਿੰਘ (ਭਤੀਜਾ ਭਾਈ ਮਨੀ ਸਿੰਘ), ਅੰਮ੍ਰਿਤਸਰ ਆਇਆ ਅਤੇ ਕੇਸ ਨੰਗੇ ਕਰਕੇ ਸਰੋਵਰ ਵਿਚ ਟੁੱਭੇ ਲਾਏ ।ਇ

ਇਨ੍ਹਾਂ ਸੂਰਮਿਆਂ ਨਾ ਕੇਵਲ ਨਿਰਭੈ ਹੋ ਕੇ, ਸਿੱਖੀ ਦੇ ਭੇਸ ਵਿਚ ਇਸ਼ਨਾਨ ਕੀਤਾ ਸਗੋਂ “ਸਤਿ ਸ੍ਰੀ ਅਕਾਲ” ਦੇ ਜੈਕਾਰਿਆਂ ਨਾਲ ਧਰਤ ਅਕਾਸ਼ ਕੰਬਾ ਦਿੱਤੇ। ਫਿਰ ਝੱਟ ਆਪਣੇ ਘੋੜਿਆਂ ਪਰ ਪਲਾਕੀਆਂ ਮਾਰ ਕੇ ਸਵਾਰ ਹੋ ਗਏ ਅਤੇ ਅੱਖ ਦੇ ਫੁਰਕਾਰ ਵਿਚ ਆਪਣੇ ਜੱਥੇ ਦੇ ਕਈ ਸੌ ਸਵਾਰਾਂ ਵਿਚ ਜਾ ਮਿਲੇ, ਜਿਹੜੇ ਸ਼ਹਿਰ ਤੋਂ ਬਾਹਰ ਇਨ੍ਹਾਂ ਦੀ ਉਡੀਕ ਵਿਚ ਖੜੇ ਸਨ ।

ਇਸ ਸਮੇਂ ਪਹਿਰੇਦਾਰਾਂ ਅਤੇ ਉਨ੍ਹਾਂ ਦੇ ਆਗੂਆਂ ਜਦ ਜੈਕਾਰਿਆਂ ਦੀ ਘਨਘੋਰ ਸੁਣੀ ਤਾਂ ਉਹ ਝਟਾ ਪਟ ਹਥਿਆਰ ਸੰਭਾਲ ਕੇ ਉਨ੍ਹਾਂ ਦੇ ਮਗਰ ਭੱਜੇ ਪਰ ਅੱਗੇ ਪਹੁੰਚੇ ਕੇ ਇਨ੍ਹਾਂ ਦੀ ਹੈਰਾਨੀ ਦੀ ਕੋਈ ਹਦ ਨਾ ਰਹੀ । ਜਦ ਇਨ੍ਹਾਂ ਵੇਖਿਆ ਕਿ ਇਹ ਤਾਂ ਦੋ ਚਾਰ ਸਿੰਘ ਨਹੀਂ, ਸਗੋਂ ਕਈ ਸੌ ਦੀ ਗਿਣਤੀ ਵਿਚ ਮੌਜੂਦ ਹਨ ।

ਹੁਣ ਲੱਗੀ ਦੁਵੱਲੀਓਂ ਤੇਗ਼ ਚੱਲਣ । ਪਲ ਦੇ ਪਲ ਵਿਚ ਧਰਤੀ ਲਹੂ- ਲੁਹਾਨ ਹੋ ਗਈ । ਖਾਲਸੇ ਨੂੰ ਜਦ ਪਤਾ ਲੱਗਾ ਕਿ ਧਾਵਾ ਕਰਨ ਵਾਲਿਆਂ ਵਿਚ ਕਾਜ਼ੀ ਅਬਦੁਲ ਰਹਿਮਾਨ ਆਪ ਵੀ ਹੈ, ਜਿਸ ਨੇ ਗੁਰੂ ਦੀ ਨਗਰੀ ਪਰ ਪਹਿਰੇ ਲਾਣ ਦੀ ਵਿਉਂਤ ਜ਼ਕਰੀਆ ਖ਼ਾਨ ਦੇ ਸਾਹਮਣੇ ਰੱਖੀ ਸੀ, ਤਾਂ ਉਨ੍ਹਾਂ ਦੇ ਜੋਸ਼ ਸਾਗਰ ਵਿਚ ਉਹ ਲਹਿਰ ਉੱਠੀ, ਜਿਸ ਦਾ ਕੋਈ ਹਦ ਬੰਨਾ ਨਾ ਰਿਹਾ । ਥੋੜ੍ਹੇ ਚਿਰ ਵਿਚ ਉਸ ਨੂੰ ਲੱਭ ਲਿਆ ਅਤੇ ਉਸ ਪਰ ਐਸੇ ਕੜਕ ਕੇ ਪਏ ਕਿ ਉਸ ਦੀ ਹੱਡੀ ਬੋਟੀ ਵੱਖ-ਵੱਖ ਕਰ ਦਿੱਤੀ । ਕਾਜ਼ੀ ਦੇ ਜਵਾਨ ਪੁੱਤ ਨੇ ਜਦ ਆਪਣੇ ਪਿਤਾ ਦੀ ਇਹ ਦਿਸ਼ਾ ਵੇਖੀ ਤਾਂ ਉਹ ਉਸ ਦੀ ਸਹਾਇਤਾ ਲਈ ਉਥੇ ਪੁੱਜਾ ਤੇ ਲਗਾ ਖਾਲਸੇ ਪਰ ਤਲਵਾਰ ਚਲਾਣ, ਪਰ ਅਜੇ ਬਹੁਤਾ ਸਮਾਂ ਨਾ ਸੀ। ਬੀਤਿਆ ਕਿ ਕਾਜ਼ੀ ਦੇ ਪੁੱਤ ਨੂੰ ਵੀ ਖਾਲਸੇ ਨੇ ਪਿਤਾ ਦੇ ਨਾਲ ਹੀ ਜਮਪੁਰੀ ਤੋਰਿਆ

ਕਾਜ਼ੀ ਤੇ ਉਸ ਦੇ ਪੁੱਤਰ ਤੋਂ ਛੁੱਟ ਹੋਰ ਕੋਈ ਵੈਰੀਆਂ ਦੇ ਆਹੂ ਲਾ ਕੇ ਖਾਲਸਾ ਬਿਜਲੀ ਦੀ ਲਿਸ਼ਕਾਰ ਵਾਂਗ ਘੋੜੇ ਉਡਾ ਕੇ ਛਾਈਂ ਮਾਈਂ ਹੋ ਗਿਆ । ਇਹ ਸੀ ਮਿਲਿਆ ਕਾਜ਼ੀ ਅਬਦੁੱਲ ਰਹਿਮਾਨ ਨੂੰ ਆਪਣੇ ਬੀਜੇ ਦਾ ਫਲ ।

ਸ਼ਾਹੀ ਫ਼ੌਜ ਦੀ ਲੜਾਈ

ਜ਼ਕਰੀਆ ਖ਼ਾਨ ਨੂੰ ਅੱਗੇ ਜਾ ਕੇ ਖੋਜ ਤੋਂ ਪਤਾ ਲੱਗਾ ਕਿ ਅੰਮ੍ਰਿਤਸਰ ਦੀ ਫ਼ੌਜ ਪਰ ਹੱਲਾ ਬੋਲਣਾ ਅਤੇ ਕਾਜ਼ੀ ਅਬਦੁੱਲ ਰਹਿਮਾਨ, ਹਾਕਮ ਅੰਮ੍ਰਿਤਸਰ ਤੇ ਉਸ ਦੇ ਪੁੱਤ ਦੀ ਹੱਤਿਆ, ਨਵਾਬ ਕਪੂਰ ਸਿੰਘ ਦੇ ਹੁਕਮ ਨਾਲ, ਬੁੱਢੇ ਦਲ ਦੇ ਸਿੰਘਾਂ ਨੇ ਕੀਤੀ ਹੈ । ਨਾਲ ਹੀ ਇਹ ਵੀ ਮਾਲੂਮ ਹੋਇਆ ਕਿ ਕਪੂਰ ਸਿੰਘ ਨੇ ਆਪਣੇ ਜੱਥੇ ਦੇ ਕੁਝ ਸਿੰਘ ਬਦਲੇ ਹੋਏ ਭੇਸ ਵਿਚ ਮੇਰੀ ਅਣਖ ਮੁਕਾਣ ਲਈ ਵੀ ਨੀਯਤ ਕੀਤੇ ਹੋਏ ਹਨ ਜੋ ਦਿਨ ਰਾਤੀਂ ਮੇਰੀ ਭਾਲ ਵਿਚ ਫਿਰ ਰਹੇ ਹਨ । ਇਹ ਸਭ ਕੁਝ ਸੁਣ ਕੇ ਪਹਿਲਾਂ ਤਾਂ ਉਹ ਬੜਾ ਘਬਰਾਇਆ ਅਤੇ ਦਿਨ ਰਾਤ ਕਿਲ੍ਹੇ ਦੇ ਅੰਦਰ, ਕਰੜੇ ਪਹਿਰੇ ਵਿਚ ਰਹਿੰਦਾ ਰਿਹਾ । ਇਸ ਤਰ੍ਹਾਂ ਦਾ ਹਕੂਮਤ ਦੇ ਕੰਮ ਤੋਂ ਚੋਖਾ ਸਮਾਂ ਗੈਰ ਹਾਜ਼ਰੀ ਦੇ ਕਾਰਨ, ਰਾਜ ਦੇ ਕੰਮ ਕਾਰ ਵਿਚ ਅਫੜਾ ਦਫੜੀ ਪਸਰ ਗਈ । ਤਦ ਖ਼ਾਨ ਬਾਹਦਰ ਕੁਝ ਹੀਆ ਕਰਕੇ ਬੜੇ ਕਰੜੇ ਪਹਿਰੇ ਵਿਚ ਬਾਹਰ ਆਇਆ । ਇਥੇ ਉਸ ਨੇ ਸਭ ਤੋਂ ਪਹਿਲਾਂ ਕੰਮ ਇਹ ਕੀਤਾ ਕਿ ਫੌਜ ਦੇ ਮੁਖੀਆ ਦਾ ਇਕ ਇਕੱਠ ਬੁਲਾਇਆ ਅਤੇ ਉਨ੍ਹਾਂ ਨੂੰ ਨਵਾਬ ਕਪੂਰ ਸਿੰਘ ਦੇ ਬੁੱਢੇ ਦਲ ਦੇ ਹਲਿਆਂ ਦਾ ਹਾਲ ਖੋਲ੍ਹ ਕੇ ਦੱਸਿਆ । ਲੰਮੀ ਵਿਚਾਰ ਦੇ ਉਪਰੰਤ ਇਹ ਫੈਸਲਾ ਹੋਇਆ ਕਿ ਬੜੀ ਤਕੜੀ ਫ਼ੌਜ, ਸਮੰਦ ਖ਼ਾਨ ਦੀ ਸਰਦਾਰੀ ਵਿਚ ਨਵਾਬ ਕਪੂਰ ਸਿੰਘ ਦੀ ਭਾਲ ਵਿਚ ਤੋਰੀ ਜਾਏ ।

ਸ਼ਾਹੀ ਫ਼ੌਜ ਨਾਲ ਟੱਕਰਾ

ਕੁਝ ਦਿਨਾਂ ਦੀ ਭਾਲ ਦੇ ਬਾਅਦ ਮਾਣਕ ਦੇ ਮੁਕਾਮ ਪਰ ਲਾਹੌਰੀ ਫ਼ੌਜ ਦਾ ਬੁੱਢੇ ਦਲ ਨਾਲ ਟਾਕਰਾ ਹੋ ਗਿਆ । ਦੋਵੇਂ ਧਿਰਾਂ ਦੇ ਸੂਰਮਿਆਂ ਆਪਣੀ ਬੀਰਤਾ ਦੇ ਭਾਰੀ ਕਮਾਲ ਦੱਸੇ ।

ਨਵਾਬ ਕਪੂਰ ਸਿੰਘ ਦੀ ਯੁੱਧ ਨੀਤੀ

ਅਸੀਂ ਉਪਰ ਲਿਖ ਆਏ ਹਾਂ ਕਿ ਵੈਰੀ ਦੀ ਫ਼ੌਜ ਦੀ ਗਿਣਤੀ ਬਹੁਤੀ ਵਧੇਰੀ ਸੀ, ਦੂਜਾ ਉਨ੍ਹਾਂ ਪਾਸ ਸਮਾਨ ਜੰਗ ਵੀ ਬਹੁਤਾ ਸੀ । ਪਹਿਲਾਂ ਪਹਿਲੇ ਤਾਂ ਖਾਲਸਾ ਦਲ ਦੇ ਸੂਰਮਿਆਂ ਨੇ ਸ਼ਾਹੀ ਫੌਜ ਦੇ ਛੱਕੇ ਛੁਡਾ ਦਿੱਤੇ ਪਰ ਲੜਾਈ ਦੇ ਲਮਕ ਜਾਣ ਦੇ ਕਾਰਨ ਖਾਲਸੇ ਦਾ ਦਾਰੂ ਸਿੱਕਾ ਮੁਕਣ ਲੱਗਾ ਤਾਂ ਇਸ ਸਮੇਂ ਨਵਾਬ ਕਪੂਰ ਸਿੰਘ ਨੇ ਯੁੱਧ-ਨੀਤੀ ਦਾ ਇਕ ਉੱਚਾ ਕਮਾਲ ਦਸਿਆ । ਇਸ ਗੱਲ ਦਾ ਖੁਫੀਆ ਪਤਾ ਲੱਗ ਗਿਆ ਸੀ ਕਿ ਸੈਦੇ ਖ਼ਾਨ ਸਿਆਲ ‘ਗੜ੍ਹੀ ਸੈਦ ਖ਼ਾਨ’ ਵਾਲ ਨੇ ਬਹੁਤ ਸਾਰਾ ਦਾਰੂ ਸਿੱਕਾ ਸਿੰਘਾਂ ਦੇ ਵਿਰੁੱਧ ਵਰਤਣ ਲਈ ਇਕਤ੍ਰ ਕਰ ਰਖਿਆ ਹੈ ਜੋ ਉਸ ਨੇ ਛੇਤੀ ਹੀ ਸ਼ਾਹੀ ਸੈਨਾ ਨਾਲ ਮਿਲ ਕੇ ਸਿੰਘਾਂ ਦੀਆਂ ਛਾਤੀਆਂ ਵਿਨ੍ਹਣ ਲਈ ਵਰਤਣਾ ਹੈ । ਇਸ ਦੀ ਪ੍ਰਾਪਤੀ ਨਾਲ ਦੁਹਰਾ ਲਾਭ ਸੀ, ਇਕ ਤਾਂ ਆਪਣੇ ਵਿਰੁੱਧ ਇਸ ਦੀ ਵਰਤੋਂ ਨੂੰ ਰੋਕ ਕੇ ਆਪਣੀ ਰੱਖਿਆ ਕਰਨੀ, ਦੂਜਾ ਉਹ ਸਮਾਨ ਉਹਦੇ ਉਲਟ ਵਰਤਣਾ । ਜੋ ਖਾਲਸੇ ਦੀ ਸਫ਼ਲਤਾ ਲਈ ਅਤਿਅੰਤ ਲਾਭਦਾਇਕ ਸਿੱਧ ਹੋਇਆ । ਇਸ ਨੀਤੀ ਨੂੰ ਇੰਝ ਵਰਤੋਂ ਵਿਚ ਲਿਆਂਦਾ ਗਿਆ ਕਿ ਇਸ ਸਮੇਂ ਇਕ ਪਾਸੇ ਤਾਂ ਆਪ ਵੈਰੀ ਦੀ ਫ਼ੌਜ ਨਾਲ ਸਨਮੁਖ ਲੜ ਕੇ ਉਸ ਨੂੰ ਜੰਗ ਵਿਚ ਉਲਝਾਈ ਰਖਿਆ, ਦੂਜੇ ਬੰਨੇ ਕੁਝ ਕੁ ਨਿੱਡਰ ਸਿੰਘਾਂ ਨੂੰ ਤੁਰਕਾਨੀ ਭੇਸ ਪਹਿਨਾ ਕੇ ਸੈਦੇ ਖ਼ਾਨ ਸਿਆਲ ਦੀ ਗੜ੍ਹੀ ਵਲ ਤੋਰ ਦਿੱਤਾ ਜਿਨ੍ਹਾਂ ਨੇ ਜਾ ਕੇ ਉਸ ਨੂੰ ਆਖਿਆ ਕਿ ਸ਼ਾਹੀ ਫ਼ੌਜ ਨੇ ਸਿੰਘਾਂ ਨੂੰ ਘੇਰੇ ਵਿਚ ਲਿਆ ਹੋਇਆ ਹੈ ਹੁਣ ਆਪ ਸਣੇ ਆਪਣੀ ਸੈਨਾ ਦੇ ਉਥੇ ਪਹੁੰਚ ਕੇ ਸਰਕਾਰੀ ਫ਼ੌਜ ਦੀ ਸਹਾਇਤਾ ਕਰੋ ਜਿਸ ਦੀ ਇਸ ਸਮੇਂ ਡਾਢੀ ਲੋੜ ਹੈ । ਆਪ ਨੂੰ ਸਮੱਦ ਖ਼ਾਨ ਨੇ ਛੇਤੀ ਪਹੁੰਚਣ ਦਾ ਹੁਕਮ ਦਿੱਤਾ ਹੈ ।

ਇਸ ਹੁਕਮ ਦੇ ਪਹੁੰਚਦੇ ਹੀ ਸੈਦ ਖਾਨ ਨੇ ਝੱਟ-ਪੱਟ ਆਪਣੀ ਸਾਰੀ ਸੈਨਾ ਨਾਲ ਕੂਚ ਕਰ ਦਿੱਤਾ ਤੇ ਗੜ੍ਹੀ ਦੀ ਰੱਖਿਆ ਲਈ ਸਾਧਾਰਨ ਪਹਿਰੇਦਾਰ ਪਿਛੇ ਛੱਡ ਗਿਆ । ਇਸ ਸਮੇਂ ਨੂੰ ਬਹੁਮੁੱਲਾ ਜਾਣ ਕੇ ਜਿਹੜੇ ਸਿੰਘ ਸਵਾਰ ਨਾਲ ਦੀਆਂ ਝਾੜੀਆਂ ਵਿਚ ਲੁਕੇ ਹੋਏ ਸਨ, ਝਟ ਗੜ੍ਹੀ ਪਰ ਜਾ ਪਏ ਤੇ ਪਹਿਰੇਦਾਰਾਂ ਨੂੰ ਕਾਬੂ ਕਰਕੇ ਬਹੁਤ ਭਾਰੀ ਜ਼ਖ਼ੀਰਾ ਗੋਲੀ ਬਰੂਦ ਦਾ, ਉਸੇ ਗੜ੍ਹੀ ਦੇ ਸੌ ਊਠਾਂ ਪਰ ਲੱਦ ਕੇ ਨਵਾਬ ਕਪੂਰ ਸਿੰਘ ਦੀ ਹਜ਼ੂਰੀ ਵਿਚ ਆ ਹਾਜ਼ਰ ਕੀਤਾ ਜੋ ਅਤਿ ਲੋੜੀਂਦੇ ਸਮੇਂ ਖਾਲਸੇ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰ ਗਿਆ।

ਇਸ ਗੋਲੀ ਬਰੂਦ ਦੇ ਪਹੁੰਚ ਜਾਣ ਦੇ ਨਾਲ ਖਾਲਸਾ ਸੱਜਰ-ਸਾਹ ਹੋ ਕੇ ਵੈਰੀਆਂ ਪਰ ਜਾ ਪਿਆ ਅਤੇ ਅਣਗਿਣਤਾਂ ਨੂੰ ਪਰਲੋਕ ਤੋਰਿਆ ਜਿਨ੍ਹਾਂ ਵਿਚ ਇਸ ਫ਼ੌਜ ਦਾ ਫ਼ੌਜਦਾਰ ਵੀ ਸੀ । ਇਸ ਘਟਨਾ ਦਾ ਵੇਰਵਾ ਇਤਿਹਾਸ ਵਿਚ ਇਸ ਪ੍ਰਕਾਰ ਲਿਖਿਆ ਹੈ :

ਦਾਰੂ ਸਿੱਕਾ ਖਰਚਾ ਔਰੈਂ ।

ਰਹਿਓਨ ਸਿੰਘਨ ਢਿਗ ਜਬ ਗੌਰੈ ।

ਤਬ ਕਪੂਰ ਸਿੰਘ ਵਿਉਂਤ ਬਨਾਈ ।

ਸਨਮੁਖ ਸਤਰੂ ਰਖੀ ਲੜਾਈ ।

ਸਿੰਘ ਜਵਾਨ ਚੁਨ ਬਲੀ ਬਧੇਰੇ ।

ਫਨਵਾ ਤੁਰਕੀ ਵੇਸ ਅਛੋਰੇ ।

ਸੈਦੇ ਖ਼ਾਨ ਸਿਆਲ ਕੇ ਗੜਪਰ ।

ਭੇਜ ਸੋਧ ਅਰਦਾਸਾ ਬੜਕਰ ।

ਦੇ ਸਵਾਰਨ ਅਗੇ ਜਾਏ ।

ਕਰ ਸਲਾਮ ਤਿਹ ਕਹਯੋ ਸੁਨਾਏ ।

ਗਸ਼ਤੀ ਫ਼ੌਜ ਸਿੰਘਨ ਕੇ ਪਾਛੇ ।

ਆਈ ਤੁਮੇਂ ਬੁਲਾਯੋ ਆਛੇ ।

ਇਹ ਸੁਣ ਸੋ ਲੈ ਕੈ ਨਿਜ ਸੈਨਾ।

ਚੜ ਕਰ ਗਯੋ ਉਤੈ ਤਜ ਐਨਾ ॥

ਪਾਛੇ ਸਿੰਘ ਹਜ਼ਾਰਕ ਚਾਰੈ ।

ਥਾਂ ਲੁਕ ਰਹਿਓ ਜੁ ਨਦੀ ਕਨਾਰੇ ।

ਧਾਇ ਧਸਯੋ ਕਿਸ ਕੇ ਅੜ ਮੈਹੈਂ ।

ਕਤਲ ਕਰੇ ਰਖਵਾਰੇ ਤੈਹੈਂ ।

ਪਕੜਿਓ ਊਂਠ ਸੌਕ ਤਿਸ ਕੇਰਾ ।

ਦਾਰੂ ਸਿੱਕਾ ਲਦਿਉ ਬਧੇਰਾ ।

ਲਯੋ ਖਜ਼ਾਨਾ ਆਪ ਉਠਾਏ ।

ਸਾਂ ਦਲ ਵਾਰੇ ਓਰ ਚਲਾਏ ।

ਨਵਾਬ ਕਪੂਰ ਸਿੰਘ ਦਾ ਸਮੱਦ ਖ਼ਾਨ ਤੋਂ ਬਦਲਾ ਲੈਣਾ

ਭਾਈ ਮਨੀ ਸਿੰਘ ਨੂੰ ਖੇਦ ਦੇ ਕੇ ਸ਼ਹੀਦ ਕਰਨ ਵਾਲੇ ਹੋਰ ਤਾਂ ਲਗਭਗ ਸਾਰੇ ਮੁਕਾ ਦਿੱਤੇ ਗਏ ਸਨ ਪਰ ਇਸ ਭਾਰੀ ਅੱਤਿਆਚਾਰ ਦੇ ਦੋ ਅਪਰਾਧੀਆਂ ਨੂੰ ਅਜੇ ਸਜ਼ਾ ਦੇਣੀ ਬਾਕੀ ਸੀ । ਇਨ੍ਹਾਂ ਵਿਚੋਂ ਇਕ ਸਮੱਦ ਖ਼ਾਨ ਸੀ ਅਤੇ ਦੂਜਾ ਖ਼ਾਨ ਬਹਾਦਰ ਜ਼ਕਰੀਆਂ ਖ਼ਾਨ । ਨਵਾਬ ਚਾਹੁੰਦਾ ਸੀ ਕਿ ਪਹਿਲਾਂ ਸਮੱਦ ਖ਼ਾਨ ਦੀ ਅਲਖ ਮੁਕਾਈ ਜਾਏ ।

ਨਵਾਬ ਕਪੂਰ ਸਿੰਘ ਦੀ ਯੁੱਧ-ਨੀਤੀ ਦਾ ਦੂਜਾ ਕਮਾਲ

ਇਸ ਵਿਚਾਰ ਅਨੁਸਾਰ ਸਿੰਘਾਂ ਕਈ ਵਾਰ ਜ਼ਕਰੀਆ ਖ਼ਾਨ ਨੂੰ ਨਰਕ ਪਹੁੰਚਾਣ ਦਾ ਯਤਨ ਕੀਤਾ ਪਰ ਇਹ ਚੰਗੇ ਭਾਗਾਂ ਨਾਲ ਬਚਦਾ ਰਿਹਾ ।

ਇਸ ਭਾਵ ਨੂੰ ਤਾਂ ਕਈ ਵੇਰ ਪਹਿਲਾਂ ਵੀ ਪ੍ਰਗਟ ਕੀਤਾ ਗਿਆ ਹੈ ਕਿ ਖਾਲਸੇ ਦੀ ਖ਼ਬਰ-ਰਸਾਨੀ ਦਾ ਕਮਾਲ ਉਸ ਭਿਆਨਕ ਸਮੇਂ ਉੱਚ ਸਿਖਰ ਪਰ ਪੁੱਜਾ ਹੋਇਆ ਸੀ ।

ਇਨ੍ਹਾਂ ਦਿਨਾਂ ਵਿਚ ਹੀ ਸੂਹੀਆਂ ਨਵਾਬ ਕਪੂਰ ਸਿੰਘ ਨੂੰ ਆ ਦੱਸਿਆ ਕਿ ਸਮੱਦ ਖ਼ਾਨ ਬੀਮਾਰੀ ਦੇ ਬਹਾਨੇ ਆਪ ਤੇ ਸਿੰਘਾਂ ਦੇ ਟਾਕਰੇ ਲਈ ਨਹੀਂ ਆਂਵਦਾ। ਆਪਣੇ ਛੋਟੇ ਅਹੁਦੇਦਾਰਾਂ ਨੂੰ ਅੱਗੇ ਝੋਕਦਾ ਹੈ ਅਤੇ ਆਪ ਪਾਲਕੀ ਵਿਚ ਜੰਗੀ ਫ਼ੌਜ ਤੋਂ ਤਿੰਨ ਚਾਰ ਕੋਹ ਪਿੱਛੇ ਰਹਿੰਦਾ ਹੈ।

ਇਸ ਸਮੇਂ ਨਵਾਬ ਕਪੂਰ ਸਿੰਘ ਨੇ ਇਕ ਅਸਚਰਜ ਜੰਗੀ ਹੁਨਰ ਤੋਂ ਕੰਮ ਲਿਆ । ਤਿੰਨ ਹਜ਼ਾਰ ਖਾਲਸਾ ਦਲ ਦੇ ਜੁਵਾਨਾਂ ਨੂੰ ਦੋਹਾਂ ਭਾਗਾਂ ਵਿਚ ਵੰਡ ਦਿੱਤਾ । ਢਾਈ ਹਜ਼ਾਰ ਦੇ ਲਗਭਗ ਖਾਲਸੇ ਨੇ ਵੈਰੀ ਦੀ ਫ਼ੌਜ ਪਰ ਹੱਲਾ ਬੋਲ ਦਿੱਤਾ ਅਤੇ ਬਾਕੀ ਸੈਨਕ ਆਪਣੇ ਨਾਲ ਰਾਖਵੇਂ ਰਖੇ । ਵਿਚਾਰ ਪਹਿਲਾਂ ਇਉਂ ਕੀਤੀ ਹੋਈ ਸੀ ਕਿ ਜਦ ਵੈਰੀ ਨਾਲ ਜੰਗ ਆਰੰਭ ਹੋ ਜਾਏ ਤਾਂ ਖਾਲਸੇ ਦਾ ਵੱਡਾ ਭਾਗ ਵੈਰੀਆਂ ਤੋਂ ਭਜ ਜਾਏ ਇਉਂ ਸ਼ਤਰੂ ਦੀ ਸੈਨਾ ਨੂੰ ਆਪਣੇ ਪਿੱਛੇ- ਪਿੱਛੇ ਖਿੱਚ ਕੇ ਦੂਰੀ ਤੇ ਲੈ ਜਾਏ ਤਾਂ ਜੋ ਨਵਾਬ ਦਾ ਜੱਥਾ ਸਮੱਦ ਖ਼ਾਨ ਪਰ ਜਾ ਪਏ ਅਤੇ ਉਸ ਨੂੰ ਜੀਂਵਦਾ ਫੜ ਲਿਆ ਜਾਵੇ । ਸੋ ਇਸ ਤਰ੍ਹਾਂ ਕੀਤਾ ਗਿਆ।

ਖਾਲਸਾ ਤੁਰਕਾਂ ਦੇ ਅੱਗੇ ਭੱਜ ਨਿਕਲਿਆ ਤਾਂ ਵੈਰੀਆਂ ਜਾਤਾ ਖਾਲਸਾ ਭਾਂਜ ਖਾ ਗਿਆ ਹੈ । ਇਸ ਭਰਮ ਵਿਚ ਉਹ ਖਾਲਸੇ ਦਾ ਪਿੱਛਾ ਕਰਦੇ ਹੋਏ ਦੂਰ ਨਿਕਲ ਗਏ । ਇਸ ਸਮੇਂ ਨੂੰ ਬਹੁੱਮਲਾ ਜਾਣ ਕੇ ਨਵਾਬ ਕਪੂਰ ਸਿੰਘ ਕੜਕ ਕੇ ਉਸ ਪਰ ਜਾ ਪਿਆ ਅਤੇ ਪੱਥਰ ਦਿਲ ਸਮੱਦ ਖ਼ਾਨ ਨੂੰ ਫੜ ਲਿਆ । ਹੁਣ ਇਸ ਦੇ ਪੈਰਾਂ ਵਿਚ ਰੱਸੇ ਪਾ ਕੇ ਚਾਰ ਘੋੜਿਆਂ ਦੇ ਮਗਰ ਬੰਨ੍ਹ ਦਿੱਤਾ ਤੇ ਘੋੜਿਆਂ ਨੂੰ ਚਾਬਕਾਂ ਲਾਈਆਂ ਗਈਆਂ । ਇਉਂ ਇਸ ਅਪਰਾਧੀ ਦੇ ਸਰੀਰ ਨੂੰ ਘਸੀਟਣ ਦੇ ਕਾਰਨ ਇਸ ਦੇ ਕਈ ਅੰਗ ਵੱਖ-ਵੱਖ ਹੋ ਗਏ । ਇਉਂ ਇਸ ਦੇ ਗੁਨਾਹਾਂ ਦੀ

ਸਜ਼ਾ ਉਸ ਨੂੰ ਹੱਥੋਂ-ਹੱਥ ਭੁਗਤਾਈ ਗਈ । ਇਹ ਸੀ ਦੂਜੀ ਸਫ਼ਲ ਯੁੱਧ-ਨੀਤੀ ਦਾ ਨਮੂਨਾ ਜੋ ਨਵਾਬ ਕਪੂਰ ਸਿੰਘ ਨੇ ਵਰਤਿਆ । ਇਸ ਘਟਨਾ ਨੂੰ ਇਤਿਹਾਸ ਵਿਚ ਇਸ ਪ੍ਰਕਾਰ ਲਿਖਿਆ ਹੈ—

ਚੌਪਈ

ਇਕ ਦਿਨ ਦਿਲ ਨਵਾਬ ਕੇ ਆਈ ।

ਮਾਰੇਂ ਖਾਨ ਸਮੁੰਦੇ ਤਾਂਈਂ ।

ਸੋ ਇਨ ਚਾਰ ਕੋ ਸਨਿਜ ਡੇਰਾ ।

ਰਖਤ ਫੌਜ ਕੇ ਪੀਛੇ ਹੇਰਾ

ਅੰਮ੍ਰਿਤ ਵੇਲੇ ਤੀਨ ਹਜ਼ਾਰਕ ।

ਲੀਨੋ ਸਿੰਘ ਨਵਾਬ ਅਰਿ ਗਾਰਕ ।

ਸਾਤਕ ਕੋਸ ਕਨਾਰੇ ਬਨਮੈਂ ।

ਜਾ ਬੈਠਿਓ ਛਪ ਕੇ ਰਿਸ ਮਨ ਮੈਂ ।

ਸਿੰਘ ਔਰ ਸਭ ਲੜ ਕਰ ਭਾਗੇ ।

ਤੁਰਕ ਤਿਨੋ ਕੇ ਪੀਛੇ ਲਾਗੇ ।

ਖਾਂ ਸਮੁੰਦਰ ਸੈਨਾ ਕੇ ਪਾਛੇ ।

ਆਯੋ ਦਾਵ ਹੇਠ ਜਬ ਆਛੇ ।

ਸਿੰਘ ਕਪੂਰ ਸਿੰਘਨ ਕੋ ਲੈਕੇ । ਤਿਸ ਪਰ ਪਰਿਓ ਬਿਜ ਸਮ ਧੈਕੇ ।

ਮਨੀ ਸਿੰਘ ਕੇ ਹੁਤੇ ਭਤੀਜੇ ।

ਮਿਲੇ ਸਮੁੰਦ ਖਾਂ ਕੋ ਹੋ ਜੀਜੇ ।

ਅਨਕ ਸਬੰਧੀ ਸਾਥੀ ਘਾ ਕੇ ।

ਫਿਰ ਸਮੁੰਦ ਖਾਂ ਤਹੀ ਗਹਾ ਕੇ ।

ਰੱਸੇ ਪੈਰਾਂ ਵਿਚ ਪੁਵਾਏ ।

ਚਾਰ ਸਵਾਰਨ ਕੇ ਪਕਰਾਏ ।

ਮਾਰਿਓ ਸੋ ਘਸੀਟ ਤਰਸਾਏ ।

ਬਦਲਾ ਲਯੋ ਮਨੀ ਸਿੰਘ ਕਾ ਹੈ।

ਕਪੂਰ ਸਿੰਘ ਦੇ ਕਰਤਬਾਂ ਦਾ ਇਕ ਹੋਰ ਨਮੂਨਾ

ਭਾਈ ਮਨੀ ਸਿੰਘ ਜੀ ਦੇ ਹਤਿਆਰਿਆਂ ਅਤੇ ਖਾਲਸੇ ਦੇ ਵੈਰੀਆਂ ਵਿਚੋਂ ਭਾਵੇਂ ਇਸ ਵਕਤ ਤੀਕ ਕਈਆਂ ਨੂੰ ਚੁਣ ਚੁਣ ਕੇ ਉਨ੍ਹਾਂ ਦੇ ਬੀਜੇ ਹੋਏ ਦਾ ਫਲ ਉਨ੍ਹਾਂ ਨੂੰ ਚਖਾ ਦਿੱਤਾ ਗਿਆ ਸੀ ਪਰ ਅੱਜ ਇਸ ਸਾਕੇ ਦਾ ਮੁਖ ਅਪਰਾਧੀ ਪਿਛੇ ਰਹਿੰਦਾ ਸੀ ਅਤੇ ਇਹ ਸੀ ਖਾਨ ਬਹਾਦਰ ਜ਼ਕਰੀਆ ਖ਼ਾਨ ਜਿਸ ਨੇ ਵੈਰ ਭਾਵ ਨੂੰ ਮਨ ਵਿਚ ਰਖ ਕੇ ਭਾਈ ਮਨੀ ਸਿੰਘ ਦੇ ਫਸਾਣ ਲਈ ਇਹ ਸਾਰਾ ਜਾਲ ਖਲੇਰਿਆ ਸੀ । ਇਹ ਜਿਉਂ-ਜਿਉਂ ਭਾਈ ਸਾਹਿਬ ਦੇ ਹਤਿਆਰਿਆਂ ਦੀਆਂ ਸਜ਼ਾਵਾਂ ਦਾ ਹਾਲ ਸੁਣਦਾ ਸੀ ਤਿਉਂ-ਤਿਉਂ ਸਹਿਮਦਾ ਜਾਂਦਾ ਸੀ । ਇਹ ਚੰਗੀ ਤਰ੍ਹਾਂ ਸਮਝਦਾ ਸੀ ਕਿ ਜਿੰਨ੍ਹਾਂ ਨੇ ਮੇਰੇ ਹੁਕਮ ਨਾਲ ਭਾਈ ਮਨੀ ਸਿੰਘ ਨੂੰ ਕਸ਼ਟ ਦਿੱਤੇ ਸਨ ਜੋ ਉਨ੍ਹਾਂ ਦਾ ਇਹ ਕੁਝ ਹਾਲ ਖਾਲਸਿਆਂ ਦੇ ਹੱਥੋਂ ਹੋ ਰਿਹਾ ਹੈ ਤਾਂ ਪਤਾ ਨਹੀਂ ਮੇਰੇ ਨਾਲ ਉਨ੍ਹਾਂ ਦਾ ਕੀ ਵਰਤਾਰਾ ਹੋਵੇਗਾ । ਇਸ ਤਰ੍ਹਾਂ ਖ਼ਾਨ ਬਹਾਦਰ ਨੇ ਕਿਲੇ ਤੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ । ਆਪਣੇ ‘ਬੇਗਮਪੁਰੇ’ ਵਾਲੇ ਮਹਿਲ ਵਿਚ ਰਹਿਣਾ ਤਿਆਗ ਕੇ ਸਣੇ ਬੇਗ਼ਮਾਂ ਦੇ ਕਿਲ੍ਹੇ ਦੇ ਅੰਦਰ ਜਾ ਰਿਹਾ । ਰਾਜ ਦੇ ਸਰਕਾਰੀ ਕੰਮ, ਵਜ਼ੀਰਾਂ ਤੇ ਫੌਜੀ ਮੁਖੀਆਂ ਨਾਲ ਵਿਚਾਰਾਂ ਤੇ ਸਲਾਹਾਂ ਕਰਨ ਤੇ ਦਰਬਾਰ ਕਿਲ੍ਹੇ ਦੇ ਅੰਦਰ ਹੀ ਲੱਗਣ ਲੱਗ ਪਏ ਅਤੇ ਕਿਲ੍ਹੇ ਦੇ ਦਰਵਾਜ਼ੇ ਦੀ ਰਖਵਾਲੀ ਵਿਚ ਫੌਜ ਦਾ ਕਈ ਗੁਣਾਂ ਵਾਧਾ ਕਰ ਦਿੱਤਾ ।

ਇਧਰ ਨਵਾਬ ਕਪੂਰ ਸਿੰਘ ਨੇ ਖ਼ਾਨ ਬਹਾਦਰ ਬਾਰੇ ਦਿਨ ਦਿਨ ਦੀ ਖ਼ਬਰ ਪਹੁੰਚਾਣ ਲਈ ਕਈ ਸਿਆਣੇ ਸੂਹੀਏ ਨੀਯਤ ਕੀਤੇ ਹੋਏ ਸਨ । ਉਨ੍ਹਾਂ ਇਕ ਦਿਨ ਇਹ ਸੂਹ ਆ ਦਿੱਤੀ ਕਿ ਆਵਣ ਵਾਲੇ ਜੁਮੇਂ ਦੀ ਨਮਾਜ਼ ਜ਼ਕਰੀਆ ਖ਼ਾਨ ਬਾਦਸ਼ਾਹੀ ਮਸੀਤ ਵਿਚ ਪੜ੍ਹੇਗਾ ।

ਇਸ ਖ਼ਬਰ ਦੇ ਪਹੁੰਚਣ ਸਾਰ ਨਵਾਬ ਕਪੂਰ ਸਿੰਘ ਨੇ ਝਟਾ ਪਟ ਆਪਣੇ ਸੂਰਬੀਰ ਜੱਥੇ ਵਿਚੋਂ ਦੇ ਹਜ਼ਾਰ ਦੇ ਲਗਭਗ ਸਿੰਘਾਂ ਨੂੰ ਸਬਜ਼ ਰੰਗ ਦੇ ਬਸਤ੍ ਪਹਿਨਾਣ ਦਾ ਪ੍ਰਬੰਧ ਕਰ ਲਿਆ ਅਤੇ ਇਸ ਤਰ੍ਹਾਂ ਹੈਦਰੀ ਝੰਡੇ ਦੇ ਨਮੂਨੇ ਪਰ ਇਕ ਝੰਡਾ ਵੀ ਤਿਆਰ ਹੋ ਗਿਆ ਜਿਸ ਪਰ ਚੰਨ ਤਾਰੇ ਦਾ ਇਸਲਾਮੀ ਚਿੱਤਰ ਲੱਗਾ ਹੋਇਆ ਸੀ । ਇਸ ਸਾਰੇ ਜਥੇ ਦੇ ਸਿੰਘਾਂ ਦੇ ਦਾੜੇ ਤਾਂ ਪਹਿਲਾਂ ਤੋਂ ਹੀ ਖੁਲ੍ਹੇ ਸਨ । ਹੁਣ ਨਾਲ ਕੇਸ ਵੀ ਖੋਲ੍ਹ ਕੇ ਇਸਲਾਮੀ ਮਜੇਦੀਨਾਂ ਵਾਂਗ ਪਿਛਾਂਹ ਖਿਲਾਰ ਲਏ । ਇਹ ਸਾਰੇ ਇਸ ਭੇਸ ਵਿਚ ਇਉਂ ਦਿਸਦੇ ਸਨ ਜਿਉਂ ਉੱਚ ਦੇ ਪੀਰਾਂ ਦੇ ਮੁਰੀਦ ਸਿੰਘਾਂ ਦੇ ਵਿਰੁੱਧ ਜਹਾਦੀ ਲੜਾਈ ਲੜਣ ਲਈ ਆਏ ਹਨ ।

ਇਸ ਸਮੇਂ ਨਵਾਬ ਕਪੂਰ ਸਿੰਘ ਨੇ ਜਹਾਦੀ ਝੰਡੇ ਵਾਲੇ ਨੂੰ ਸੈਨਾ ਦੇ ਮੂਹਰੇ ਤੋਰਿਆ ਤੇ ਇਹ ਦੇ ਪਿੱਛੇ-ਪਿਛੇ ਇਹ ਸਬਜ਼-ਪੋਸ਼ ਟੋਲਾ ਸਣੇ ਨਵਾਬ ਕਪੂਰ ਸਿੰਘ ਦੇ ਦਰਿਆ ਰਾਵੀ ਦੇ ਬੇਲ ਵਿਚੋਂ ਨਿਕਲਿਆ ਅਤੇ ਅਲਾ ਹੂ ਅਕਬਰ (ਅਕਾਲ ਪੁਰਖ ਵੱਡਾ ਹੈ) ਦੇ ਅਕਾਸ਼-ਤੋੜ ਨਾਹਰੇ ਲਗਾਂਦੇ ਹੋਏ ਬਾਦਸ਼ਾਹੀ ਮਸੀਤ ਵਲ ਆ ਗਏ । ਆਮ ਜਨਤਾ ਇਹਨਾਂ ਦੇ ਜੋਸ਼ ਤੇ ਬਾਣੇ ਨੂੰ ਵੇਖਕੇ ਇਹ ਸਮਝਦੇ ਸਨ ਕਿ ਇਹ ਗਾਜ਼ੀ ਹੁਣੇ ਹੀ ਸਿੰਘਾਂ ਤੇ ਫਤਹਿ ਪਾ ਕੇ ਇਨਾਮ ਤੇ ਜਗੀਰਾ ਪ੍ਰਾਪਤ ਕਰਨ ਲਈ ਇਥੇ ਆਏ ਹਨ ।

ਠੀਕ ਜੁਮੇਂ ਦੀ ਨਿਮਾਜ਼ ਦੇ ਆਰੰਭ ਹੋਣ ਤੋਂ ਥੋੜ੍ਹਾ ਸਮਾਂ ਪਹਿਲਾਂ ਨਵਾਬ ਕਪੂਰ ਸਿੰਘ ਉਸ ਥਾਂ ਪਰ ਪਹੁੰਚ ਗਿਆ ਜੋ ਟਕਸਾਲੀ ਦਰਵਾਜ਼ੇ ਤੋਂ ਬਾਹਰਵਾਰ ਕਿਲ੍ਹੇ ਅਤੇ ਮਸੀਤ ਦੇ ਲਾਗੇ ਖੁਲ੍ਹਾ ਮੈਦਾਨ ਸੀ ।

ਹੁਣ ਪਲ-ਪਲ ਖ਼ਾਨ ਬਹਾਦਰ ਦੀ ਸਵਾਰੀ ਦੀ ਉਡੀਕ ਹੋਣ ਲਗੀ ਤੇ ਹਰ ਇਕ ਸਿੰਘ ਇਸ ਤਾੜ ਵਿਚ ਸੀ ਕਿ ਹੁਣੇ ਹੀ ਜ਼ਕਰੀਆ ਖ਼ਾਨ ਪੁਜੇਗਾ ਅਤੇ ਇਸ ਖਾਲਸੇ ਦੇ ਵੈਰੀ ਦੇ ਲਹੂ ਵਿਚ ਮੇਰੀ ਤਲਵਾਰ ਟੁਬੇ ਲਾਏਗੀ । ਇਸ ਤਰ੍ਹਾਂ ਉਡੀਕਾਂ ਉਡੀਕਾਂ ਵਿਚ ਨਿਮਾਜ਼ ਦਾ ਸਮਾਂ ਬੀਤ ਗਿਆ । ਨਿਮਾਜ਼ੀਆਂ ਸ਼ਾਹੀ ਮਸੀਤ ਵਿਚ ਨਿਮਾਜ਼ ਪੜ੍ਹ ਲਈ ਪਰ ਖ਼ਾਨ ਬਹਾਦਰ ਕਿਲ੍ਹੇ ਵਿਚੋਂ ਨਾ ਨਿਕਲਿਆ । ਨਿਮਾਜ਼ ਦੇ ਆਰੰਭ ਸਮੇਂ ਉਸ ਨੇ ਮਸੀਤ ਦੇ ਪੇਸ਼ ਇਮਾਮ ਨੂੰ ਸੁਨੇਹਾ ਘਲਵਾ ਦਿੱਤਾ ਕਿ ਜ਼ਕਰੀਆ ਖ਼ਾਨ ਦੀ ਤਬੀਅਤ ਇਕਾ-ਇਕ ਖ਼ਰਾਬ ਹੋ ਗਈ ਸੀ। ਜਿਸ ਦੇ ਕਾਰਨ ਉਹ ਮਸੀਤ ਵਿਚ ਨਹੀਂ ਆਏ ।

ਪ੍ਰਤੀਤ ਹੁੰਦਾ ਹੈ ਕਿ ਖ਼ਾਨ ਬਹਾਦਰ ਨੂੰ ਕਿਸੇ ਤਰ੍ਹਾਂ ਖ਼ਤਰੇ ਦਾ ਸ਼ੰਕਾ ਉਪਜ ਪਿਆ ਸੀ, ਜਿਸ ਕਰਕੇ ਉਹ ਨਿਮਾਜ਼ ਲਈ ਕਿਲ੍ਹੇ ਤੋਂ ਬਾਹਰ ਨਾ ਨਿਕਲਿਆ। ਜਦ ਨਿਮਾਜ਼ ਪੜ੍ਹੀ ਗਈ ਤਾਂ ਇਹ ਬਨਾਵਟੀ ਗਾਜ਼ੀਆਂ ਦੇ ਆਗੂਆਂ ਇਹ ਵਿਚਾਰ ਕੇ ਕਿ ਜਦ ਹੁਣ ਲਾਹੌਰ ਆਏ ਹਾਂ ਤਾਂ ਕੁਝ ਨਾ ਕੁਝ ਖਾਲਸਈ ਚਮਤਕਾਰ ਇਥੇ ਦਸਿਆ ਜਾਏ । ਸੋ ਨਵਾਬ ਜੀ ਦੇ ਇਸ ਹੁਕਮ ਨੂੰ ਸੁਣਦੇ ਹੀ ਸਾਰੇ ਜੱਥੇ ਨੇ ਹੁਣ ਅੱਲਾ ਹੂ ਅਕਬਰ ਦੇ ਨਾਹਰਿਆ ਨੂੰ ‘ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਵਿਚ ਪਲਟ ਦਿੱਤਾ । ਇਹ ਸਾਰਾ ਜੱਥਾ ਟਕਸਾਲੀ ਦਰਵਾਜ਼ਿਓਂ ਸ਼ਹਿਰ ਵਿਚ ਵੜ ਕੇ ਭਾਟੀਉਂ ਬਾਹਰ ਨਿਕਲ ਗਿਆ । ਸ਼ਹਿਰ ਵਿਚੋਂ ਲੰਘਦਿਆਂ ਜੱਥੇ ਦੇ ਜਿਨ੍ਹਾਂ ਸਿੰਘਾਂ ਨੂੰ ਜਿਸ ਜਿਸ ਚੀਜ਼ ਦੀ ਲੋੜ ਸੀ ਉਹ ਚੁੱਕ ਲਈ ਅਤੇ ਸਿੱਧੇ ਬਿਨਾਂ ਰੋਕ ਟੋਕ ਲਾਹੌਰੋਂ ਨਿਕਲ ਕੇ ਅੱਖ ਦੇ ਫੁਰਕਾਰ ਵਿਚ ਅਖਾਂ ਤੋਂ ਅਲੋਪ ਹੋ ਗਏ ।

ਇਸ ਘਟਨਾ ਨੂੰ ਉਲੀਕਦੇ ਹੋਏ ਇਕ ਇਤਿਹਾਸ ਲੇਖਕ ਨੇ ਇਉਂ ਲਿਖਿਆ ਹੈ

ਸੁਨ ਹਵਾਲ ਖਾਨੂੰ ਤਿਸਕਾਹੈ ।

ਡਰਤ ਲਾਹੌਰੋਂ ਨਿਕਸੇ ਨਾਹੀਂ ।

ਤਿਸ ਕੇ ਮਾਰਨ ਹੇਤ ਉਪਾਉ ।

ਸਿੰਘ ਤਕਾਵ ਰਹੇ ਏ ਦਾਉ ।

ਇਕ ਦਿਨ ਖ਼ਬਰ ਮਿਲੀ ਇਹ ਤਹੈਂ ।

ਜੁੰਮੇਂ ਨਿਮਾਜ਼ ਮਸੀਤੇ ਪੜਹੈਂ ।

ਨੀਲੀ ਬਰਦੀ ਸਿੰਘਨ ਧਾਰੀ ।

ਸਜਯੇ ਵੇਸ ਤੁਰਕਨ ਅਨ ਹਾਰੀ ।

ਦੂਇਕ ਹਜ਼ਾਰ ਸਿੰਘ ਤਟਰਾਵੀ ।

ਜਾਇ ਤਿਨੈ ਇਹੁ ਬਯੇਤ ਬਨਾਵੀ ।

ਸਬਜ਼ ਰੰਗ ਕਰ ਝੰਡਾ ਆਗੇ ।

ਅਕਬਰ ਹੱਕ ਬੋਲਨੇ ਲਾਗੇ ।

ਮਾਰ ਸਿਖਾਨ ਕੋ ਫੌਜ ਤੁਰਕਾਨੀ ।

ਜਾਨਯੋ ਲੋਗਨ ਆਈ ਮਹਾਨੀ ।

ਪਰ ਉਸ ਦਿਨ ਖਾਨੂੰ ਨਾ ਆਯੋ ।

ਲਗੀ ਖ਼ਬਰ ਮਧ ਕਿਲੇ ਰਹਾਯੋ ।

ਕੰਵਰ ਲਾਲ ਸਿੰਘ ਦੀ ਸਹਾਇਤਾ ਕਰਨੀ

ਖਾਲਸੇ ਦੇ ਉਪਰ ਦੱਸੇ ਅਣਖੀਲੇ ਤੇ ਨਿਰਭੈਤਾ ਦੇ ਚਮਤਕਾਰ ਪੂਰੇ ਕਰਕੇ ਨਵਾਬ ਕਪੂਰ ਸਿੰਘ ਦੇ ਬੁਢੇ ਦਲ ਦੇ ਸੂਰਮਿਆਂ ਦੀ ਇੱਛਾ ਅਨੁਸਾਰ ਸੁਣ ਪੰਜਾਬ ਤੋਂ ਬਾਹਰ ਦੀਆਂ ਇਸਲਾਮੀ ਰਿਆਸਤਾਂ ਤੇ ਇਲਾਕਿਆਂ ਨੂੰ ਸੋਧਣ ਲਈ ਸਤਲੁਜ ਤੋਂ ਪਾਰ ਵਲ ਕੂਚ ਕਰ ਦਿੱਤਾ । ਮਾਲਵੇ ਵਿਚ ਕਦਮ ਰਖਦਿਆਂ ਹੀ ਬਾਬਾ ਆਲਾ ਸਿੰਘ ਜੀ ਦੇ ਸਪੁੱਤਰਾਂ ਨੂੰ ਜਦ ਪਤਾ ਲਗਾ ਤਾਂ ਆਪ ਆਪਣੇ ਮੁਖੀ ਸਰਦਾਰਾਂ ਨਾਲ ਇਨ੍ਹਾਂ ਦੀ ਅਗਵਾਈ ਲਈ ਪੁਜੇ ਅਤੇ ਬੜੇ ਮਾਣ ਤੇ ਸਤਿਕਾਰ ਲਈ ਪੁਜੇ ਅਤੇ ਬੜੇ ਮਾਣ ਤੇ ਸਤਿਕਾਰ ਨਾਲ ਨਵਾਬ ਕਪੂਰ ਸਿੰਘ ਨੂੰ ਸਣੇ ਦਲ ਦੇ ਆਪਣੀ ਰਿਆਸਤ ਵਿਚ ਲੈ ਜਾਕੇ, ਬਰਨਾਲੇ ਦੇ ਲਾਗੇ ਖੁਲ੍ਹੇ ਮੈਦਾਨ ਵਿਚ ਉਸ ਦਾ ਡੇਰਾ ਲਵਾ ਦਿੱਤਾ ਅਤੇ ਦਲ ਦੀ ਬੜੇ ਖੁਲ੍ਹੇ ਦਿਲ ਨਾਲ ਰਸਦ ਪਾਣੀ ਦੀ ਸੇਵਾ ਕੀਤੀ । ਨਵਾਬ ਕਪੂਰ ਸਿੰਘ ਨੂੰ ਇਥੇ ਠਹਿਰਿਆਂ ਕੁਝ ਦਿਨ ਹੀ ਬੀਤੇ ਸਨ ਕਿ ਕੰਵਰ ਲਾਲ ਸਿੰਘ ਨਵਾਬ ਦੀ ਸੇਵਾ ਵਿਚ ਹਾਜ਼ਰ ਹੋਇਆ ਅਤੇ ਬੇਨਤੀ ਕੀਤੀ ਕਿ ਉਹ ਸਣੇ ਦਲ ਦੇ ਉਸ ਦੀ ਰਿਆਸਤ ਵਿਚ ਚਰਨ ਪਾਵਨ ਦੀ ਕ੍ਰਿਪਾ ਕਰਨ ।

ਕੰਵਰ ਦੀ ਸ਼ਰਧਾ ਨੂੰ ਵੇਖ, ਨਵਾਬ ਕਪੂਰ ਸਿੰਘ ਉਹਦੇ ਨਾਲ ਰਾਜਧਾਨੀ ਵਿਚ ਪਹੁੰਚੇ । ਇਥੇ ਇਸ ਦੇ ਦਲ ਦੀ ਐਸੇ ਉਤਸ਼ਾਹ ਨਾਲ ਸੇਵਾ ਕੀਤੀ ਕਿ ਸਭ ਦਾ ਮਨ ਆਪਣੇ ਹੱਥ ਵਿਚ ਲੈ ਲਿਆ । ਇਕ ਦਿਨ ਇਸ ਨੇ ਆਪਣੇ ਦੁੱਖ ਨਵਾਬ ਸਾਹਿਬ ਦੇ ਸਾਹਮਣੇ ਖੋਲ੍ਹ ਕੇ ਰੱਖੇ ਅਤੇ ਦੱਸਿਆ ਕਿ ਲਾਗੇ ਦੇ ਮੁਸਲਮਾਨ ਹਾਕਮ ਇਸ ਦੇ ਇਲਾਕੇ ਪਰ ਛਪੋਲ ਮਾਰ ਕੇ ਉਸ ਦੇ ਕਈ ਪਿੰਡ ਦਬਾ ਬੈਠੇ ਹਨ ।

ਨਵਾਬ ਕਪੂਰ ਸਿੰਘ ਨੇ ਮੁਸਲਮਾਨਾਂ ਵੱਲੋਂ ਵਧੀਕੀ ਤੇ ਅਤਿਆਚਾਰਾਂ ਦੇ ਸਮਾਚਾਰ ਸੁਣ ਕੇ ਉਸੇ ਦਿਨ ਆਪਣੇ ਦਲ ਨੂੰ ਨਾਲ ਲੈ ਕੇ ਵੈਰੀਆਂ ਦੇ ਇਲਾਕਿਆਂ ਪਰ ਚੜ੍ਹਾਈ ਕਰ ਦਿੱਤੀ ਅਤੇ ਕੰਵਰ ਤੋਂ ਧੱਕੇ ਨਾਲ ਖੋਹੇ ਹੋਏ ਪਿੰਡ ਉਸ ਨੂੰ ਮੁੜ ਦਿਵਾ ਦਿੱਤੇ । ਪਹਿਲਾਂ ਰਤੀਏ ਦੇ ਪਰਗਨੇ ਪਰ ਉਸ ਦਾ ਕਬਜ਼ਾ ਕਰਵਾ ਦਿੱਤਾ । ਇਸ ਦੇ ਉਪਰੰਤ ਬਾਂਗਰ ਦੇ ਇਲਾਕੇ ਪਰ ਜਾ ਧਾਵਾ ਕੀਤਾ ਅਤੇ ਇਥੋਂ ਪਿੰਡ ਲੇਲ, ਭਟਾਲ, ਕਾਹੂਰੀ ਆਦਿ ਸਲੇਮ ਖ਼ਾਨ ਤੋਂ ਜਿੱਤ ਕੇ ਉਸ ਨੂੰ ਸੌਂਪ ਦਿੱਤੇ ।

ਜਦ ਇਹ ਮੁਹਿੰਮ ਹੁਣ ਸਭ ਤਰ੍ਹਾਂ ਸਫ਼ਲ ਹੋ ਗਈ ਤਾਂ ਇਥੋਂ ਵਿਦਾ ਹੋ ਕੇ ਨਵਾਬ ਕਪੂਰ ਸਿੰਘ ਨੇ ਦਿੱਲੀ ਵੱਲ ਕੂਚ ਕਰ ਦਿੱਤਾ ।

ਨਵਾਬ ਕਪੂਰ ਸਿੰਘ ਨੇ ਦਿੱਲੀ ਦਾ ਇਲਾਕਾ ਸੋਧਣਾ

ਇਸ ਤਰ੍ਹਾਂ ਰਾਹ ਵਿਚ ਪਹਿਲੇ ਝੱਜਰ ਦੇ ਨਵਾਬ ਦੇ ਕਿਲ੍ਹੇ ਪਰ ਧਾਵਾ ਬੋਲ ਦਿੱਤਾ । ਇਸ ਨੇ ਖਾਲਸੇ ਦੀ ਅਥਾਹ ਲਹਿਰ ਦਾ ਕੀ ਟਾਕਰਾ ਕਰਨਾ ਸੀ । ਇਕੋ ਝਪਟ ਵਿਚ ਮਰੋੜ ਕੇ ਰੱਖ ਦਿੱਤਾ । ਇਸ ਦੀ ਖੁਲ੍ਹੀ ਸੁਧਾਈ ਕੀਤੀ ਗਈ। ਇਥੋਂ ਦਾਦਰੀ ਦੇ ਰਈਸ ਇਸਮਾਈਲ ਖ਼ਾਨ ਨੂੰ ਜਾ ਘੇਰਿਆ । ਇਸ ਨੇ ਝਜਰ ਦੇ ਨਵਾਬ ਦਾ ਹਾਲ ਪਹਿਲਾਂ ਹੀ ਸੁਣ ਲਿਆ ਸੀ, ਇਸ ਲਈ ਇਹ ਬਿਨਾਂ ਲੜਾਈ ਦੇ ਯੋਗ ਨਜ਼ਰਾਨਾ ਲੈ ਕੇ ਨਵਾਬ ਕਪੂਰ ਸਿੰਘ ਦੀ ਸੇਵਾ ਵਿਚ ਹਾਜ਼ਰ ਹੋਇਆ ਤੇ ਬੜੀ ਨਿੰਮ੍ਰਤਾ ਨਾਲ ਜਾਨ ਬਖਸ਼ੀ ਲਈ ਬਿਨੈ ਕੀਤੀ । ਘੋੜੇ ਆਦਿ ਨਜ਼ਰਾਨਾ ਤਾਰ ਕੇ ਆਪਣਾ ਪਿੱਛਾ ਛੁਡਾਇਆ ।

ਇਸ ਦੇ ਬਾਅਦ ਦੁਜਾਨੇ ਤੇ ਪਟੌਦੀ ਦੀ ਵਾਰੀ ਆਈ । ਪਟੌਦੀ ਦੇ ਫੈਜ਼ ਤਲਬ ਖ਼ਾਨ ਨੇ ਭਾਰੀ ਨਜ਼ਰਾਨਾ ਤੇ ਸਾਰੇ ਦਲ ਲਈ ਰਸਦ ਆਦਿ ਦੀ ਭੇਟਾ ਹਾਜ਼ਰ ਕਰਕੇ ਈਨ ਮੰਨ ਲਈ ।

ਬਹਾਦਰ ਗੜ੍ਹ ਦੇ ਸ਼ਮਸ਼ੇਰ ਖ਼ਾਨ ਨੇ ਜਦ ਦਲ ਦਾ ਰੁੱਖ ਇਧਰ ਵਲ ਡਿੱਠਾ ਤਾਂ ਉਹ ਸਣੇ ਆਪਣੇ ਸੰਬੰਧੀਆਂ ਤੇ ਮੁਖੀ ਅਹੁਦੇਦਾਰਾਂ ਦੇ ਬਹੁਤ ਸਾਰਾ ਧਨ ਦਲ ਦੀਆਂ ਲੋੜਾਂ ਪੂਰੀਆਂ ਕਰਨ ਲਈ ਨਾਲ ਲੈ ਕੇ ਹਾਜ਼ਰ ਹੋਇਆ ਅਤੇ ਆਪਣੀ ਰਿਆਸਤ ਨੂੰ ਬਚਾ ਲਿਆ ।

ਛੇਕੜ ਪਰ ਦਲ ਦਿੱਲੀ ਦੇ ਪਰਗਨੇ ਵਿਚ ਜਾ ਵੜਿਆ ਅਤੇ ਫ਼ਰੀਦਾਬਾਦ, ਬਲਬਗੜ੍ਹ ਅਤੇ ਮਰੇਲੀ ਤੇ ਗੁੜਗਾਵਾਂ ਦੀ ਸੁਧਾਈ ਕਰਦੇ ਹੋਏ ਜਦ ਦਲ ਫ਼ਰੁਖਾਬਾਦ ਦੇ ਲਾਗੇ ਪੂਜਾ ਤਾਂ ਪਤਾ ਲੱਗਾ ਕਿ ਇਥੇ ਦਾ ਨਵਾਬ ਭਾਰੀਆਂ ਜੰਗੀ ਤਿਆਰੀਆਂ ਕਰਕੇ ਖਾਲਸੇ ਦਾ ਰਾਹ ਰੋਕੀ, ਬਲ ਸ਼ਕਤੀ ਦੀ ਪ੍ਰੀਖਿਆ ਲਈ ਤਿਆਰ ਖੜਾ ਹੈ । ਖਾਲਸੇ ਨੂੰ ਕੁਝ ਦਿਨ ਤੇਗ਼ ਦੇ ਖੁਲ੍ਹੇ ਚੱਲਣ ਦਾ ਸਮਾਂ ਨਾ ਸੀ ਮਿਲਿਆ ਜਿਸ ਕਰਕੇ ਇਨ੍ਹਾਂ ਦੇ ਡੌਲੇ ਵੀ ਫਰਕ ਰਹੇ ਸਨ । ਖਾਲਸੇ ਜਦ ਨਵਾਬ ਦੀ ਸੈਨਾ ਨੂੰ ਸਾਹਮਣੇ ਝੰਡੇ ਝੁਲਾਰਦੇ ਤੇ ਤੇਗਾਂ ਲਿਸ਼ਕਾਰਦੇ ਡਿੱਠਾ ਤਾਂ ਇਨ੍ਹਾਂ ਦੇ ਜੋਸ਼ ਸਾਗਰ ਵਿਚ ਐਸੀ ਜੁਵਾਰ ਭਾਟਾ ਆਈ ਕਿ ਇਹ ਆਪੇ ਤੋਂ ਬਾਹਰ ਹੋ ਗਏ ਅਤੇ ਐਸੇ ਜੋਸ਼ ਨਾਲ ਗਾਜ਼ੀਆਂ ਪਰ ਟੁੱਟ ਕੇ ਪਏ ਜਿਉਂ ਸਾਵਣ ਦੇ ਹੜ ਦੀ ਕਾਂਗ ਕੱਖਾਂ ਨੂੰ ਅੱਗੇ ਧਰ ਕੇ ਰੋੜ੍ਹ ਖੜਦੀ ਹੈ, ਠੀਕ ਇਸੇ ਤਰ੍ਹਾਂ ਖਾਲਸੇ ਦੇ ਬੀਰਾਂ ਵੈਰੀ ਨੂੰ ਅੱਗੇ ਧਰ ਲਿਆ । ਹੁਣ ਉਨ੍ਹਾਂ ਨੂੰ ਪਤਾ ਲੱਗ ਗਿਆ। ਕਿ ਉਨ੍ਹਾਂ ਦਾ ਟਾਕਰਾ ਅੱਜ ਸੰਸਾਰ ਦੀ ਇਕ ਐਸੀ ਕੌਮ ਨਾਲ ਪਿਆ ਹੈ ਜੋ ਬਕਣਾ ਤੇ ਡਰਣਾ ਜਾਣਦੀ ਹੀ ਨਹੀਂ । ਉਹ ਜਹਾਦੀ ਜਿਹੜੇ ਥੋੜ੍ਹਾ ਸਮਾਂ ਪਹਿਲਾਂ ਜੋਸ਼ ਵਿਚ ਉਛਲ ਰਹੇ ਸੀ ਹੁਣ ਖਾਲਸੇ ਦੀ ਅਥਾਹ ਲਹਿਰ ਦੇ ਸਾਹਮਣੇ ਇਉਂ ਬੈਠ ਗਏ ਜਿਉਂ ਪਾਣੀ ਦੇ ਬੁਦਬੁਦੇ ਹਵਾ ਦੇ ਝੋਕੇ ਨਾਲ ਫਿਸ ਜਾਂਦੇ ਹਨ ।

ਹੁਣ ਵੈਰੀਆਂ ਲਈ ਹੋਰ ਕੋਈ ਰਾਹ ਬਚਾਓ ਦਾ ਨਾ ਸੀ ਰਿਹਾ। ਉਨ੍ਹਾਂ ਆਪਣੀ ਮੂਰਖਤਾ ਪਰ ਪਸ਼ਚਾਤਾਪ ਕਰਦੇ ਹੋਇਆਂ ਚਿੱਟਾ ਝੰਡਾ, ਖੜਾ ਕਰਕੇ ਆਪਣੇ ਹਥਿਆਰ ਖਾਲਸੇ ਦੇ ਪੈਰਾਂ ਵਿਚ ਸੁੱਟ ਦਿੱਤੇ । ਇਸ ਦੇ ਨਾਲ ਜਾਨ- ਬਖਸ਼ੀ ਲਈ ਪ੍ਰਾਰਥਨਾ ਵੀ ਕੀਤੀ ।

ਵਿਜੈਈ ਖਾਲਸੇ ਨੇ ਨਵਾਬ ਨੂੰ ਸਿੱਖਿਆ ਦੇਣ ਲਈ ਚੋਖਾ ਜੰਗੀ ਖਰਚਾ ਉਸ ਦੇ ਜ਼ਿੰਮੇਂ ਪਾਇਆ । ਚੂੰਕਿ ਉਹ ਆਪਣੇ ਮਨ ਦਾ ਚਾਅ (ਸ਼ੌਕ) ਪੂਰਾ ਕਰਨ ਲਈ ਖਾਲਸੇ ਨਾਲ ਲੜਿਆ ਸੀ, ਇਸ ਲਈ ਬਿਨਾਂ ਕਿਸੇ ਨਰਮੀ ਦਸਣ ਦੇ ਪੂਰਾ ਜੁਰਮਾਨਾ ਉਸ ਤੋਂ ਭਰ ਲਿਆ ਗਿਆ ।

ਪੁਰਾਤਨ ਲਿਖਤਾਂ ਤੋਂ ਸਿੱਧ ਹੁੰਦਾ ਹੈ ਕਿ ਨਵਾਬ ਕਪੂਰ ਸਿੰਘ ਦੇ ਇਸ ਦੌਰੇ ਵਿਚ ਖਾਲਸਾ ਦਲ ਨੂੰ ਇੰਨੀ ਸਫ਼ਲਤਾ ਪ੍ਰਾਪਤ ਹੋਈ ਕਿ ਉਹ ਆਪਣੇ ਘੋੜਿਆਂ ਨੂੰ ਮਾਇਆ ਨਾਲ ਲੱਦ ਕੇ ਮਾਲਵੇ ਵਲ ਪਰਤੇ ਸਨ ।

ਇਸ ਦੇ ਉਪਰੰਤ ਨਵਾਬ ਕਪੂਰ ਸਿੰਘ ਨੇ ਠੀਕਰੀਵਾਲੇ ਪਟਿਆਲੇ ਵਿਚ ਸਣੇ ਜੱਥੇ ਦੇ ਆ ਡੇਰਾ ਲਾਇਆ ।

“ਘੋੜੇ ਲਦ ਦੌਲਤ ਕੇ ਫਿਰ ਸਿੰਘ ਲੌਟ ਮਾਲਵੇ ਆਏ । ਰਹਯੋ ਨਵਾਬ ਠੀਕਰੀਵਾਲ ਔਰ ਥਾਏਂ ।

ਨਵਾਬ ਕਪੂਰ ਸਿੰਘ ਦਾ ਨਾਦਰ ਸ਼ਾਹ ਨੂੰ ਸੋਧਣਾ

ਨਾਦਰ ਸ਼ਾਹ ਦੇ ਕਹਿਰ ਤੇ ਭੈਅ ਤੋਂ ਸਾਰਾ ਹਿੰਦ ਥਰ-ਥਰ ਕੰਬਦਾ ਸੀ । ਇਹ ਇੰਨੇ ਕਰੋਧੀ ਸੁਭਾਅ ਦਾ ਮਨੁੱਖ ਸੀ ਕਿ ਇਸ ਨੇ ਇਕ ਸਾਧਾਰਨ ਅਵੱਗਿਆ ਲਈ ਆਪਣੇ ਸੱਕੇ ਪੁੱਤਰ ਰਜ਼ਾਕੁਲੀ ਦੀਆਂ ਦੋਵੇਂ ਅੱਖਾਂ ਆਪਣੇ ਸਾਹਮਣੇ ਅੰਨ੍ਹੀਆਂ ਕਰਵਾ ਦਿੱਤੀਆਂ ਸਨ । ਇਸੇ ਤਰ੍ਹਾਂ ਦਿੱਲੀ ਦੇ ਬਜ਼ਾਰ ਵਿਚ ਕਿਸੇ ਚਰਸੀ ਦੀ ਭੁੱਲ ਬਦਲੇ ਉਸ ਨੂੰ ਕਤਲੇ ਆਮ ਦਾ ਹੁਕਮ ਦੇ ਕੇ 112000 ਮਨੁੱਖ ਜਿਨ੍ਹਾਂ ਵਿਚ ਬੁੱਢੇ, ਬੱਚੇ, ਇਸਤ੍ਰੀਆਂ, ਸਮਿੱਲਤ ਸਨ, ਤਲਵਾਰ ਦੀ ਧਾਰ ਤੋਂ ਪਾਰ ਕਰਵਾ ਦਿੱਤੇ ਸਨ । ਇਸ ਦੇ ਨਾਲ ਹੀ ਸ਼ਹਿਰੀਆਂ ਦੇ ਘਰ ਫੂਕੇ ਗਏ, ਮਹੱਲੇ ਲੁੱਟੇ ਗਏ, ਇਸਤ੍ਰੀਆਂ ਦੀ ਪਤ ਖੋਹੀ ਗਈ । ਇਹ ਸਭ ਕੁਝ ਇਸ ਦੀਆਂ ਅੱਖਾਂ ਸਾਹਮਣੇ ਹੁੰਦਾ ਰਿਹਾ ਪਰ ਇਸ ਦੇ ਪੱਥਰ ਤੋਂ ਵੀ ਕਠੋਰ ਮਨ ਵਿਚ ਜ਼ਰਾ ਜਿੰਨਾ ਤਰਸ ਨਾ ਆਇਆ ਸਗੋਂ ਜਿਉਂ-ਜਿਉਂ ਉਹ ਜਨਤਾ ਨੂੰ ਕਤਲ ਹੁੰਦਾ ਵੇਖਦਾ ਸੀ ਉੱਨਾ ਹੀ ਵਧ ਜੋਸ਼ ਵਿਚ ਉਛਲਦਾ ਸੀ ।

ਨਾਦਰ ਸ਼ਾਹ ਦੇ ਇਸ ਅਤਿਆਚਾਰ ਨਾਲ ਦਿੱਲੀ ਦੇ ਰਮਣੀਕ ਬਜ਼ਾਰ, ਘੁਘ ਵਸਦੇ ਮਹੱਲੇ ਅਤੇ ਗਲੀਆਂ ਵਿਚ ਲਾਸ਼ਾਂ ਦੇ ਢੇਰ ਲਗ ਗਏ ਪਰ ਖਾਲਸੇ ਨੇ ਐਸੇ ਭਿਆਨਕ ਤੇ ਰਾਖਸ਼ ਬੁੱਧੀ ਵਾਲੇ ਜਰਵਾਣੇ ਦੀ ਐਸੀ ਗਤ ਬਣਾਈ ਕਿ ਉਹ ਆਪਣੇ ਸਾਰੇ ਜੀਵਨ ਵਿਚ ਨਾ ਸੀ ਭੁਲਾ ਸਕਿਆ ।

ਨਾਦਰ ਸ਼ਾਹ ਕੌਣ ਸੀ ?

ਨਾਦਰ ਸ਼ਾਹ ਦਾ ਜਨਮ ਦਸੰਬਰ ਸੰਨ 1688 ਨੂੰ ਇਕ ਗਡਰੀਏ ਇਮਾਮ ਕੁਲੀ ਦੇ ਘਰ, ਮਸ਼ਦ ਦੇ ਲਾਗੇ ਇਕ ਪਿੰਡ ਦੋਸਤ ਗੜ੍ਹ ਵਿਚ ਹੋਇਆ । ਉਸ ਦੇ ਬਾਲਪਨ ਦੇ ਸਮਾਚਾਰ ਬਹੁਤ ਘਟ ਮਿਲਦੇ ਹਨ । ਕੇਵਲ ਇਨ੍ਹਾਂ ਮਾਲੂਮ ਹੋ ਸਕਿਆ ਹੈ ਕਿ ਜਦ ਉਹ 18 ਸਾਲ ਦੀ ਉਮਰ ਵਿਚ ਪੂਜਾ ਤਾਂ ਉਹ ਹਥਿਆਰਾਂ ਨਾਲ ਅਤਿ ਪਿਆਰ ਕਰਦਾ ਸੀ । ਇਸ ਅਵਸਥਾ ਵਿਚ ਇਸ ਨੇ ਕੁਝ ਹੋਰ ਨੌਜਵਾਨਾਂ ਨੂੰ ਆਪਣੇ ਨਾਲ ਮਿਲਾ ਕੇ ਧਾੜਵੀਆਂ ਦਾ ਇਕ ਤਕੜਾ ਟੋਲਾ ਬਣਾ ਲਿਆ ਅਤੇ ਇਲਾਕੇ ਵਿਚ ਮਾਰ ਧਾੜ ਕਰਨ ਲੱਗਾ । ਇਸ ਦੇ ਬਾਅਦ ਉਹ ਕੰਧਾਰ ਦੇ ਇਕ ਉੱਘੇ ਰਈਸ ਪਾਸ ਨੌਕਰ ਹੋ ਗਿਆ । ਇਥੇ ਇਸ ਨੇ 1731 ਵਿਚ ਆਪਣੇ ਮਾਲਕ ਨਾਲ ਐਸਾ ਧ੍ਰੋਹ ਕਮਾਇਆ, ਜੋ ਬਹੁਤ ਘੱਟ ਦੇਖਣ ਵਿਚ ਆਉਂਦਾ ਹੈ, ਅਰਥਾਤ ਕਿਸੇ ਸਾਧਾਰਣ ਗੱਲ ਦੇ ਵਖੇਜ ਪਰ ਇਸ ਨੇ ਉਸ ਦੀਆਂ ਦੋਵੇਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ ਅਤੇ ਉਸ ਦੀ ਜਾਇਦਾਦ ਪਰ ਕਬਜ਼ਾ ਕਰ ਲਿਆ ।

ਇਸ ਸਮੇਂ ਦਿੱਲੀ ਦੇ ਤਖ਼ਤ ਪਰ ਮੁਹੱਮਦ ਸ਼ਾਹ ਰੰਗੀਲਾ ਸੀ ਜਿਸ ਦੇ ਜੀਵਨ ਦਾ ਮੁੱਖ ਮੰਤਵ, ਦਿਨ ਰਾਤ ਸ਼ਰਾਬ ਪੀਣੀ ਅਤੇ ਨਾਚ ਰੰਗ ਵਿਚ ਗਲਤਾਨ ਰਹਿਣਾ ਸੀ । ਇਸਦੇ ਦਰਬਾਰੀਆਂ ਵਿਚ ਬੜੀ ਕਰੜੀ ਧੜੇਬੰਦੀ ਖਿਲਰੀ ਹੋਈ ਸੀ । ਨਿਜ਼ਾਮੁਲ ਮੁਲਕ ਅਤੇ ਸਆਦਤ ਖ਼ਾਨ ਨੇ ਆਪਣੇ ਮਾਲਕ ਨਾਲ ਗ਼ਦਾਰੀ ਕਰਕੇ ਨਾਦਰ ਸ਼ਾਹ ਨੂੰ ਹਿੰਦ ਪਰ ਚੜ੍ਹਾਈ ਦਾ ਬੁਲਾਵਾ ਦਿੱਤਾ ਅਤੇ ਨਾਲ ਹੀ ਉਸ ਦੀ ਇਸ ਕਾਰਜ ਵਿਚ ਸਭ ਤਰ੍ਹਾਂ ਸਹਾਇਤਾ ਕਰਨ ਦਾ ਵਾਅਦਾ ਕੀਤਾ ।

ਇਸ ਉਕਸਾਹਟ ਅਨੁਸਾਰ ਨਾਦਰ ਸ਼ਾਹ ਨੇ ਮਈ ਸੰਨ 1738 ਨੂੰ ਹਿੰਦ ਪਰ ਚੜ੍ਹਾਈ ਕਰ ਦਿੱਤੀ । ਇਸ ਸਮੇਂ ਕਾਬਲ, ਜਲਾਲਾਬਾਦ ਅਤੇ ਪਿਸ਼ਾਵਰ ਮੁਗਲੀਆ ਹਕੂਮਤ ਦੇ ਸੂਬੇ ਸਨ ।

ਪਹਿਲਾਂ ਉਸ ਨੇ ਕਾਬਲ ਪਰ ਕਬਜ਼ਾ ਕਰਕੇ ਇਥੋਂ ਚੋਖਾ ਖ਼ਜ਼ਾਨਾ ਲੁੱਟਿਆ ਜਿਸ ਦੇ ਕਾਰਨ ਮਾਇਆ ਵੱਲੋਂ ਉਸ ਦਾ ਹੱਥ ਖੁਲ੍ਹਾ ਹੋ ਗਿਆ । ਇਥੇ ਉਸ ਨੇ ਕੱਜਲਬਾਸ਼ ਤੇ ਅਜ਼ਬਕਾ ਨੂੰ ਆਪਣੀ ਫ਼ੌਜ ਵਿਚ ਭਰਤੀ ਕਰ ਲਿਆ ।

ਇਸ ਦੇ ਬਾਦ ਜਲਾਲਾਬਾਦ ਦੇ ਗਵਰਨਰ ਨੂੰ ਕਤਲ ਕਰਕੇ ਨਾਦਰ ਨੇ ਪਿਸ਼ਾਵਰ ਵੱਲ ਕੂਚ ਕੀਤਾ । ਇਥੇ ਦੇ ਗਵਰਨਰ ਨਾਸਰ ਖ਼ਾਨ ਨੇ ਵੈਰੀਆਂ ਦਾ ਟਾਕਰਾ ਕੀਤਾ ਪਰ ਭਾਂਜ ਖਾ ਕੇ ਸ਼ਹਿਰ ਖ਼ਾਲੀ ਕਰ ਗਿਆ । ਇਸ ਪਰ ਨਾਦਰ ਨੇ ਸੌਖਾ ਹੀ ਕਬਜ਼ਾ ਕਰ ਲਿਆ । ਇਹ ਗੱਲ 20 ਨਵੰਬਰ 1738 ਦੀ ਹੈ ।

ਇਥੋਂ ਕੂਚ ਕਰਕੇ ਅਟਕ ਤੋਂ ਪਾਰ ਹੋਇਆ ਅਤੇ ਮੰਜ਼ਲੋਂ-ਮੰਜ਼ਲ ਲਾਹੌਰ ਪੁੱਜਾ । ਜ਼ਕਰੀਆ ਖ਼ਾਨ ਗਵਰਨਰ ਲਾਹੌਰ, ਵਲੋਂ ਸਾਧਾਰਨ ਟਾਕਰੇ ਦੇ ਉਪਰੰਤ ਨਾਦਰ ਸ਼ਾਹ ਦਾ ਲਾਹੌਰ, ਪਰ ਕਬਜ਼ਾ ਹੋ ਗਿਆ ਤੇ ਜ਼ਕਰੀਆ ਖ਼ਾਨ ਨੇ ਨਾਦਰ ਸ਼ਾਹ ਦੀ ਈਨ ਮੰਨ ਲਈ ।

ਜ਼ਕਰੀਆ ਖ਼ਾਨ ਨੂੰ ਆਪਣੇ ਵੱਲੋਂ ਲਾਹੌਰ ਦਾ ਗਵਰਨਰ ਥਾਪ ਕੇ, ਨਾਦਰ ਸ਼ਾਹ ਦਿੱਲੀ ਵੱਲ ਵਧਿਆ ।

ਦਿੱਲੀ ਦੇ ਬਾਦਸ਼ਾਹ ਦੀ, ਜਿਸ ਦੇ ਵਿਸ਼ੱਈ ਜੀਵਨ ਬਾਰੇ ਅਸੀਂ ਉਪਰ ਲਿਖ ਆਏ ਹਾਂ, ਹੁਣ ਅੱਖ ਖੁਲ੍ਹੀ ਤਾਂ ਉਸ 150000 ਫ਼ੌਜ ਨਾਲ ਕਰਨਾਲ ਪਹੁੰਚ ਕੇ ਨਾਦਰ ਸ਼ਾਹ ਨੂੰ ਠੱਲ੍ਹਾ ਪਾਣਾ ਚਾਹਿਆ । ਪਰ ਮੈਦਾਨ ਜੰਗ ਵਿਚ ਮੁਗ਼ਲੀਆ ਫ਼ੌਜ ਨੂੰ ਭਾਰੀ ਹਾਰ ਹੋਈ, ਜਿਸਦਾ ਕਾਰਨ ਇਹ ਸੀ ਕਿ ਦਿੱਲੀ ਦੀ ਸ਼ਾਹੀ ਫ਼ੌਜ ਦੇ ਆਗੂ ਅਤੇ ਦਰਬਾਰੀ ਆਪਣੇ ਮਾਲਕ ਦੇ ਦਿਲੋਂ ਵਿਰੋਧੀ ਸਨ । ਇਨ੍ਹਾਂ ਸਾਰੇ ਹਾਲਾਂ ਨੰ ਨੂੰ ਵੇਖਕੇ ਮੁਹੰਮਦ ਸ਼ਾਹ ਨੇ ਹਥਿਆਰ ਸੁੱਟ ਦਿੱਤੇ ਤੇ ਸਿੱਧੇ ਨਾਦਰ ਸ਼ਾਹ ਦੇ ਕੈਂਪ ਵਿਚ ਪਹੁੰਚ ਕੇ ਈਨ ਮੰਨ ਲਈ ।

ਨਾਦਰ ਸ਼ਾਹ ਦੀ ਫ਼ੌਜ ਨੇ ਦਿਲੀ ਦੀਆਂ ਤੋਪਾਂ, ਹਾਥੀਆਂ, ਹਥਿਆਰਾਂ ਅਤੇ ਸਾਰੇ ਜੰਗੀ ਸਾਮਾਨ ਪਰ ਆਪਣਾ ਕਬਜ਼ਾ ਕਰ ਲਿਆ। ਦਿੱਲੀ ਦੇ ਖਜ਼ਾਨੇ, ਤੋਸ਼ਾਖਾਨੇ ਤੇ ਹੋਰ ਸਾਰੇ ਵਿਭਾਗਾਂ ਦੀਆਂ ਕੁੰਜੀਆਂ ਨਾਦਰ ਨੇ ਆਪਣੇ ਹੱਥ ਵਿੱਚ ਲੈ ਲਈਆਂ ।

  • ਹੁਣ ਦੋਵੇਂ ਬਾਦਸ਼ਾਹ ਕਰਨਾਲ ਤੋਂ ਦਿੱਲੀ ਵਲ ਟੁਰ ਪਏ ਤੇ ਨਾਦਰ ਸ਼ਾਹ 12000 ਕਜ਼ਲਬਾਸ਼ ਫ਼ੌਜ ਨਾਲ ਦਿੱਲੀ ਪੁੱਜਾ ਅਤੇ ਅਗਲੇ ਦਿਨ ਬੜੀ ਧੂਮ- ਧਾਮ ਨਾਲ ਕਿਲ੍ਹੇ ਵਿਚ ਦਾਖ਼ਲ ਹੋਇਆ । ਮੁਹੰਮਦ ਸ਼ਾਹ ਨੇ ਵਜ਼ੀਰ ਸ਼ਾਹ ਦੀ ਅਗਵਾਈ ਕੀਤੀ । ਨਾਦਰ ਸ਼ਾਹ ਨੇ ਸ਼ਾਹੀ ਮਹੱਲ ਵਿਚ ਜਾ ਨਿਵਾਸ ਕੀਤਾ । ਅਗਲੇ ਦਿਨ ਨਾਦਰ ਸ਼ਾਹ ਨੇ ਮੁਗਲ ਬਾਦਸ਼ਾਹ ਤੋਂ ਪੰਝੀ ਕਰੋੜ ਰੁਪਏ ਲੜਾਈ ਦਾ ਖ਼ਰਚਾ ਮੰਗਿਆ । ਮੁਹੰਮਦ ਸ਼ਾਹ ਨੇ ਖ਼ਜ਼ਾਨੇ ਖੋਲ ਦਿੱਤੇ, ਜਿਸ ਵਿਚ ਕਈ ਪੀੜ੍ਹੀਆਂ ਦੇ ਇਕੱਤ੍ਰ ਕੀਤੇ ਹੋਏ ਜਵਾਹਰਾਤ, ਹੀਰੇ, ਸੋਨਾ, ਚਾਂਦੀ ਤੇ ਹੋਰ ਬਹੁਮੁੱਲੇ ਪਦਾਰਥਾਂ ਪਰ ਨਾਦਰ ਸ਼ਾਹ ਨੇ ਕਬਜ਼ਾ ਕਰ ਲਿਆ । ਇਸ ਤੋਂ ਛੁੱਟ ਤਖ਼ਤ ਤਾਊਸ, ਜਿਸ ਪਰ ਕਈ ਕਰੋੜ ਦੇ ਹੀਰੇ ਤੇ ਕਈ ਤਰ੍ਹਾਂ ਦੇ ਜਵਾਹਰਾਤ ਜੜੇ ਹੋਏ ਸਨ । ਆਪਣੀ ਸੌਂਪਣੀ ਵਿਚ ਲੈ ਲਿਆ । ਇਸ ਦੇ ਬਾਅਦ ਮੁਗਲੀਆ ਦਰਬਾਰ ਦੇ ਸਾਰੇ ਦਰਬਾਰੀਆਂ, ਅਮੀਰਾਂ, ਵਜ਼ੀਰਾਂ ਨੇ ਆਪੋ ਆਪਣੀ ਵਲੋਂ ਲੱਖਾਂ ਰੁਪਿਆਂ ਦੇ ਨਜ਼ਰਾਨੇ ਭੇਟ ਕੀਤੇ ।

ਇਸ ਦੇ ਥੋੜ੍ਹੇ ਦਿਨਾਂ ਬਾਅਦ ਈਦ ਦਾ ਦਿਨ ਆਇਆ । ਈਦਗਾਹ ਵਿਚ ਖੁਤਬਾ ਨਾਦਰ ਸ਼ਾਹ ਦੇ ਨਾਉਂ ਦਾ ਪੜ੍ਹਿਆ ਗਿਆ । ਇਸ ਦਿਨ ਇਕ ਬੜੀ ਅਯੋਗ ਘਟਨਾ ਸਾਹਮਣੇ ਆਈ । ਇਕ ਈਰਾਨੀ ਸਿਪਾਹੀ ਨੇ ਦਿਲੀ ਦੇ ਇਕ ਕਬੂਤਰਾਂ ਵੇਚਣ ਵਾਲੇ ਤੋਂ ਦੋ ਕਬੂਤਰਾਂ ਖੋਹ ਲਈਆਂ ਇਸ ਪਰ ਸ਼ਹਿਰ ਵਿਚ ਬੜਾ ਰੌਲਾ ਰੱਪਾ ਖਿਲਰ ਗਿਆ । ਇਸੇ ਦੇ ਨਾਲ ਹੀ ਕਿਸੇ ਨਿਸ਼ੱਈ ਨੇ ਨਸ਼ੇ ਦੇ ਤੁਰੰਗ ਵਿਚ ਆਖਿਆ-“ਵਾਹ ! ਦਿਲੀ ਵਾਲੋ ਖੂਬ ਚਾਲ ਚਲੀ, ਨਾਦਰ ਸ਼ਾਹ ਨੂੰ ਪਰਾਹੁਣਾ ਬਣਾ ਕੇ ਉਸ ਦੀ ਅਲਖ ਮੁਕਾ ਦਿੱਤੀ ।” ਇਹ ਰਵਾੜਾ ਸ਼ਹਿਰ ਵਿਚ ਜੰਗਲ ਦੀ ਅੱਗ ਵਾਂਗ ਪਸਰ ਗਿਆ । ਚੂੰਕਿ ਈਰਾਨੀਆਂ ਦੀਆਂ ਸ਼ਹਿਰ ਵਾਸੀਆਂ ਪਰ ਨਿਤ ਦੀਆਂ ਵਧੀਕੀਆਂ ਦੇ ਕਾਰਨ ਉਨ੍ਹਾਂ ਦੇ ਮਨ ਫੱਟੜ ਹੋਏ। ਸਨ । ਇਸ ਦਿਸ਼ਾ ਵਿਚ ਕਿਸੇ ਕਿਸੇ ਥਾਂ ਸ਼ਹਿਰ ਵਿਚ ਈਰਾਨੀਆਂ ਪਰ ਹਮਲੇ ਕੀਤੇ ਗਏ ।

ਇਸ ਖ਼ਬਰ ਦੇ ਸੁਣਨ ਨਾਲ ਕਰੋਧੀ ਨਾਦਰ ਸ਼ਾਹ ਦੇ ਮਨ ਦੀ ਅੱਗ ਭੜਕ ਉਠੀ ਤੇ ਉਹ ਸ਼ਾਹੀ ਮਹਿਲ ਤੋਂ ਨਿਕਲ ਕੇ ਸਿੱਧਾ ਚਾਂਦਨੀ ਚੌਂਕ ਵਿਚ ਪੁੱਜਾ । ਤਲਵਾਰ ਧੂਹ ਕੇ ਆਪਣੀਆਂ ਫ਼ੌਜਾਂ ਨੂੰ ਹੁਕਮ ਦਿੱਤਾ ਕਿ ਜੋ ਕੋਈ ਹਿੰਦੀ ਮਿਲੇ ਉਸਨੂੰ ਕਤਲ ਕਰਦੇ ਜਾਓ । ਹੁਕਮ ਦੇ ਮਿਲਦੇ ਹੀ ਕਟਾ ਵਢ ਆਰੰਭ ਹੋ ਗਈ ਅਤੇ ਘੁਗ ਵਸਦੇ ਦਿੱਲੀ ਦੇ ਬਾਜ਼ਾਰਾਂ ਤੇ ਗਲੀਆਂ ਵਿਚ ਮੁਰਦਾ ਦੇਹਾਂ ਦੇ ਢੇਰ ਲਗ ਗਏ ।

ਇਸ ਅਤਿਆਚਾਰ ਤੋਂ ਨਾ ਨਰ ਬਚੇ ਨਾ ਨਾਰੀਆਂ । ਬੱਚੇ ਤੇ ਬਿਰਧਾਂ ਦੀ ਕੂਕ ਪੁਕਾਰ ਵਲ ਵੀ ਕਿਸੇ ਕੋਈ ਧਿਆਨ ਨਾ ਦਿੱਤਾ । ਇਸ ਤਰ੍ਹਾਂ ਲਗਭਗ 9 ਘੰਟੇ ਨਾਦਰ ਸ਼ਾਹ ਰੋਸ਼ਨਉਲ ਦੌਲਾ ਦੀ ਸੁਨਹਿਰੀ ਮਸੀਤ ਵਿਚ ਬੈਠਾ ਰਿਹਾ ਤੇ ਇਸ ਸਮੇਂ ਵਿਚ ਦਿੱਲੀ ਦੇ ਗਲੀ ਕੂਚਿਆਂ ਵਿਚ 112000 ਤੋਂ 150000 ਦੇ ਵਿਚਾਲੇ ਇਸਤਰੀ, ਪੁਰਸ਼, ਬੱਚੇ ਅਤੇ ਬਿਰਧ ਤਲਵਾਰ ਦੀ ਘਾਟ ਤੋਂ ਪਾਰ ਕਰ ਦਿੱਤੇ ਗਏ ।

ਨਾਦਰ ਦੀ ਲੁੱਟ

ਇਸ ਪੱਥਰ-ਦਿੱਲੀ ਦੇ ਕੁਕਰਮ ਦੇ ਉਪਰੰਤ ਹੁਣ ਉਸਨੇ ਹਿੰਦ ਦਾ ਖ਼ਜ਼ਾਨਾ, ਸੋਨਾ ਚਾਂਦੀ ਜਵਾਹਰਾਤ, ਫ਼ਰਨੀਚਰ, ਪਹਿਨਣ ਦੇ ਬਹੁਮੁੱਲੇ ਪੁਸ਼ਾਕੇ, ਹਾਥੀ, ਘੋੜੇ, ਊਂਠ, ਤੋਪਾਂ, ਹਥਿਆਰ ਆਦਿ ਸ਼ਾਹੀ ਘਰਾਣੇ ਤੋਂ ਆਪਣੇ ਅਧਿਕਾਰ ਵਿਚ ਕਰ ਲਏ

ਇਸ ਦੇ ਬਾਅਦ ਹੁਣ ਵਾਰੀ ਆਈ ਵਜ਼ੀਰਾਂ ਤੇ ਅਮੀਰਾਂ ਦੀ ਇਨ੍ਹਾਂ ਜੋ ਜੋ ਕੁਝ ਯੋਗ ਯਾ ਅਯੋਗ ਢੰਗ ਨਾਲ ਆਪਣੇ ਸਾਰੇ ਜੀਵਨ ਵਿਚ ਇਕੱਠਾ ਕੀਤਾ। ਸੀ ਉਹ ਸਾਰਾ, ਉਨ੍ਹਾਂ ਨੂੰ ਅਨੇਕ ਤਰ੍ਹਾਂ ਦੇ ਕਸ਼ਟ ਦੇ ਕੇ ਸਭ ਕੁਝ ਖੋਹ ਲਿਆ। ਜਿਸ ਦੀ ਗਿਣਤੀ ਕਰੋੜਾਂ ਰੁਪਈਆਂ ਤਕ ਪਹੁੰਚ ਗਈ । ਹੁਣ ਛੇਕੜ ਦਿੱਲੀ ਸ਼ਹਿਰ ਅਤੇ ਲਾਗੇ ਤਾਗੇ ਦੇ ਵਪਾਰੀਆਂ, ਸੁਦਾਗਰਾਂ, ਜ਼ਿੰਮੀਂਦਾਰਾਂ ਨੂੰ ਬੜੀ ਕਠੋਰਤਾ ਨਾਲ ਤਸੀਹੇ ਦੇ ਕੇ ਉਨ੍ਹਾਂ ਤੋਂ ਸਭ ਕੁਝ ਖੋਹ ਲੀਤਾ ਗਿਆ । ਇਥੇ ਤਕ ਕਿ ਮਾਇਆ ਦੀ ਭਾਲ ਕਰਦਿਆਂ, ਅਭਾਗੀ ਜਨਤਾ ਦੇ ਘਰਾਂ ਦੇ ਵਿਹੜੇ ਪੁਟੇ ਗਤੇ, ਛੱਤਾਂ ਢਾਹੀਆਂ ਗਈਆਂ । ਇਸ ਤਰ੍ਹਾਂ ਹਜ਼ਾਰਾਂ ਘਰ ਢਹਿ ਢੇਰੀ ਕੀਤੇ ਗਏ ।

ਹੁਣ ਜਦ ਇਸ ਨੂੰ ਭਰੋਸਾ ਹੋ ਗਿਆ ਕਿ ਦਿੱਲੀ ਦੇ ਕਿਸੇ ਵਸਨੀਕ ਪਾਸ ਕੁਝ ਵੀ ਬਾਕੀ ਨਹੀਂ ਰਿਹਾ, ਤਦੋਂ ਇਸ ਇਕ ਨਵਾਂ ਕੰਮ ਆਰੰਭਿਆ, ਅਰਥਾਤ ਦਿੱਲੀ ਅਤੇ ਦਿੱਲੀ ਦੇ ਇਲਾਕੇ ਵਿਚ ਜਿਥੇ-ਜਿਥੇ ਕਿਸੇ ਕਾਰੀਗਰ ਦਾ ਪਤਾ ਲਗਾ ਉਸ ਨੂੰ ਆਪਣੇ ਸਵਾਰ ਭੇਜ ਕੇ, ਸਣੇ ਹਥਿਆਰਾਂ ਦੇ ਪਕੜ ਮੰਗਵਾਇਆ। ਇਸ ਮਾਰ ਤੋਂ ਨਾ ਕੋਈ ਤਰਖਾਣ ਬਚ ਸਕਿਆ, ਨਾ ਲੁਹਾਰ, ਨਾ ਕੋਈ ਪੱਥਰ- ਘਾੜੂ (ਸੰਘ-ਤ੍ਰਾਸ਼) ਅਤੇ ਨਾ ਹੀ ਕੋਈ ਸ਼ਾਲਬਾਫ਼ । ਮਿਸਟਰ ਫਰੋਜ਼ਰ ਨੇ ਨਾਦਰ ਸ਼ਾਹ ਦੇ ਜੀਵਨ ਇਤਿਹਾਸ ਵਿਚ ਇਸ ਲੁੱਟ ਦੀ ਇਕ ਲੰਮੀ ਸੂਚੀ ਦਿੱਤੀ ਹੈ ਜੋ ਇਉਂ ਹੈ—

ਸੱਤਰ ਕਰੋੜ ਰੁਪਏ ਦਾ ਸੋਨਾ ਤੇ ਜਵਾਹਿਰਾਤ ।

ਵੀਹ ਕਰੋੜ ਰੁਪਿਆ ਤਾਵਾਨ ਜੰਗ, 1000 ਹਾਥੀ,

7000 ਘੋੜੇ, 10,000 ਊਂਠ, 200 ਚੰਗੇ ਕਾਰੀਗਰ

ਤਰਖਾਨ, 130 ਖੁਸ਼ ਨਵੀਸ, 200 ਲੁਹਾਰ, 300 ਰਾਜ,

200 ਪੱਥਰ-ਘਾੜੂ, 100 ਹੀਜੜੇ ਹਰਮ ਦੀ ਸੇਵਾ ਲਈ ।

ਇਸ ਸਭ ਕੁਝ ਨਾਲ ਲੈਕੇ ਹੁਣ ਨਾਦਰ ਸ਼ਾਹ ਵਲੋਂ ਈਰਾਨ ਵਲ ਮੁੜਨ ਦੀ ਤਿਆਰੀ ਹੋਣ ਲੱਗੀ । ਜਾਂਦੇ ਜਾਂਦੇ ਛੇਕੜਾ ਕੰਮ ਇਸ ਇਹ ਕੀਤਾ ਕਿ ਆਪਣੇ ਪੁੱਤ ਨਸਰੁੱਲਾ ਦਾ ਵਿਆਹ ਸ਼ਾਹੀ ਘਰਾਣੇ ਦੀ ਸ਼ਾਹਜ਼ਾਦੀ ਨਾਲ ਕਰਾ ਲਿਆ । ਨਾਲ ਹੀ ਆਪ ਵੀ ਮੁਜ਼ੱਫਰ ਸ਼ਾਹ ਦੀ ਸੁੰਦਰ ਕੰਨਿਆਂ ਨੂੰ, ਘਰ ਪਾ ਲੈਣਾ ਚਾਹਿਆ, ਪਰ ਇਸ ਦੀ ਇਕ ਬੇਗਮ ਜਿਸ ਦਾ ਇਸ ਪਰ ਬੜਾ ਪ੍ਰਭਾਵ ਸੀ, ਇਹ ਕੰਮ ਸਿਰੇ ਨਾ ਚੜ੍ਹਨ ਦਿੱਤਾ ।

ਤੁਰਨ ਤੋਂ ਪਹਿਲਾਂ ਨਾਦਰ ਨੇ ਮੁਹੰਮਦ ਸ਼ਾਹ ਤੋਂ ਇਕ ਅਹਿਦਨਾਮੇ ਪੁਰ ਦਸਤਖ਼ਤ ਕਰਵਾ ਲਏ । ਜਿਸ ਵਿਚ ਲਿਖਿਆ ਸੀ ਕਿ ਦਰਿਆ ਅਟਕ ਦੇ ਉੱਤਰ-ਪੱਛਮੀ ਸੂਬਾ ਸਣੇ ਸੂਬਾ ਸਿੰਧ ਤੇ ਕਾਬਲ ਆਦਿ ਦਾ ਇਲਾਕਾ ਅੱਗੇ ਨੂੰ ਨਾਦਰ ਸ਼ਾਹ ਦੇ ਰਾਜ ਦਾ ਭਾਗ ਸਮਝੇ ਜਾਣਗੇ । ਦਿਲੀ ਦੀ ਹਕੂਮਤ ਦਾ ਅੱਗੇ ਨੂੰ ਇਸ ਇਲਾਕੇ ਨਾਲ ਕੋਈ ਸੰਬੰਧ ਨਹੀਂ ਰਹੇਗਾ ।

ਕੂਚ ਤੋਂ ਕੁਝ ਦਿਨ ਪਹਿਲਾਂ ਨਾਦਰ ਸ਼ਾਹ ਨੇ ਆਪਣੇ ਵਜ਼ੀਰ ਅਬਦੁੱਲ ਬਾਕੀ ਨੂੰ ਫ਼ੌਜ ਦੇ ਕੇ ਪੰਜਾਬ ਦੇ ਗਵਰਨਰ, ਜ਼ਕਰੀਆ ਖ਼ਾਨ ਪਾਸ ਤੋਰ ਦਿੱਤਾ, ਤਾਂ ਜੋ ਉਸ ਦੇ ਪਹੁੰਚਣ ਪਰ ਉਹ ਇਕ ਕਰੋੜ ਰੁਪਿਆ ਤਿਆਰ ਰਖੇ । ਜਦ ਅਸੀਂ ਪੰਜਾਬ ਪਹੁੰਚੀਏ ਤਾਂ ਉਹ ਰੁਪਏ ਸਾਡੇ ਖ਼ਜਾਨੇ ਵਿਚ ਦਾਖ਼ਲ ਕਰ ਦਿੱਤੇ ਜਾਣ ।

ਇਹ ਹੁਕਮ ਦੇ ਪਹੁੰਚਦਿਆਂ ਜ਼ਕਰੀਆ ਖ਼ਾਨ ਨੇ ਲਾਹੌਰ ਤੇ ਪੰਜਾਬ ਦੇ ਅਮੀਰਾਂ ਤੇ ਵੱਡੇ ਵਪਾਰੀਆਂ ਦਾ ਸ਼ਾਲਾਮਾਰ ਬਾਗ ਵਿਚ ਇਕ ਭਾਰੀ ਇਕੱਠ ਕੀਤਾ ਅਤੇ ਉਨ੍ਹਾਂ ਨੂੰ ਦਸਿਆ ਕਿ ਲਾਹੌਰ ਤੇ ਪੰਜਾਬ ਦੇ ਵੱਡੇ-ਵੱਡੇ ਸ਼ਹਿਰ ਤਦੇ ਹੀ ਲੁੱਟ ਤੇ ਬਰਬਾਦੀ ਤੋਂ ਬਚਾਏ ਜਾ ਸਕਦੇ ਹਨ ਜੇ ਕਦੇ ਨਾਦਰ ਸ਼ਾਹ ਦੀ ਮੰਗੀ ਹੋਈ ਰਕਮ ਉਸ ਦੇ ਹਵਾਲੇ ਕੀਤੀ ਜਾਏ । ਕਰੋੜ ਰੁਪਿਆ ਮੂੰਹੋਂ ਕਹਿ ਦੇਣਾ ਤਾਂ ਸੌਖਾ ਹੈ, ਪਰ ਇਸ ਦਾ ਇਕੱਠਾ ਕਰਨਾ ਬੜਾ ਕਠਨ ਕੰਮ ਸੀ । ਹੁਣ ਲਗੇ ਅਭਾਗੇ ਵਪਾਰੀਆਂ ਪਰ ਅਤਿਆਚਾਰ ਹੋਣ । ਜਿਸ ਦੀ ਹਜ਼ਾਰ ਦੀ ਹੈਸਿਅਤ ਸੀ ਉਸ ਤੋਂ ਲੱਖ ਤੇ ਲੱਖ ਵਾਲੇ ਤੋਂ ਦਸ ਲੱਖ ਨਚੋੜਿਆ ਗਿਆ

ਨਾਦਰ ਸ਼ਾਹ ਬਾਰੇ ਨਵਾਬ ਕਪੂਰ ਸਿੰਘ ਦੇ ਇਰਾਦੇ

ਨਾਦਰ ਸ਼ਾਹ ਦਾ ਇਸ ਤਰ੍ਹਾਂ ਹਿੰਦੋਸਤਾਨ ਦੇ ਵਸਨੀਕਾਂ ਪਰ ਜ਼ੁਲਮ ਨਾਲ ਕਈ ਕਰੋੜ ਰੁਪਿਆ, ਹਾਥੀ ਘੋੜੇ ਤੇ ਹਜ਼ਾਰਾਂ ਇਸਤ੍ਰੀਆਂ ਪੁਰਸ਼ਾਂ ਨੂੰ ਆਪਣੇ ਦਾਸੀ ਦਾਸ ਬਣਾ ਕੇ ਨਾਲ ਲੈ ਜਾਣ ਦਾ ਹਾਲ ਨਵਾਬ ਕਪੂਰ ਸਿੰਘ ਨੇ ਸੁਣਿਆਂ ਤਾਂ ਉਸ ਦਾ ਲਹੂ ਦੇਸ਼ ਪਿਆਰ ਦੇ ਦੁਖ ਨਾਲ ਉਬਲ ਪਿਆ । ਆਪ ਨੇ ਝਟ ਖਾਲਸੇ ਦੇ ਦੋਵਾਂ ਦਲਾਂ ਨੂੰ ਇਕੱਠੇ ਕਰਨ ਦਾ ਪ੍ਰਬੰਧ ਕਰ ਲਿਆ । ਇਨ੍ਹਾਂ ਨੂੰ ਦੱਸਿਆ ਕਿ ਨਾਦਰ ਸ਼ਾਹ ਸਾਡੇ ਦੇਸ਼ ਨੂੰ ਕੰਗਾਲ ਕਰ ਚਲਿਆ ਹੈ । ਉਸ ਨੇ ਇਹ ਵੀ ਬੜੇ ਦੁਖ ਨਾਲ ਖਾਲਸੇ ਦੇ ਸਾਹਮਣੇ ਪ੍ਰਗਟ ਕੀਤਾ ਕਿ ਇਸ ਜਰਵਾਣੇ ਨੂੰ ਨਾ ਹੀ ਰਾਜਪੂਤਾਂ ਆਪਣੀ ਤੇਗ ਦੇ ਜੌਹਰ ਦਸੇ ਅਤੇ ਨਾ ਮਰਹੱਟੇ ਮੈਦਾਨ ਵਿਚ ਆਏ । ਮੁਗ਼ਲਾਂ ਦੀ ਵਿਸ਼ੇ ਵਿਕਾਰਾਂ ਵਿਚ ਨਾਸ ਹੋ ਚੁੱਕੀ ਸ਼ਕਤੀ ਤਾਂ ਕਿਸੇ ਗਿਣਤੀ ਵਿਚ ਹੀ ਨਹੀਂ । ਉਹ ਆਪਣੇ ਮਨ ਵਿਚ ਇਹ ਖ਼ਿਆਲ ਲੈ ਕੇ ‘ਜਾ ਰਿਹਾ ਹੈ ਕਿ ਹਿੰਦ ਦੇ ਲੋਕ ਤਾਂ ਅਣਖ ਤੇ ਬੀਰਤਾ ਤੋਂ ਥੋਥੇ ਸਿੱਧ ਹੋਏ ਹਨ। ਖਾਲਸਾ ਜੀ ! ਆਓ, ਆਪਾ ਵਾਰ ਕੇ ਇਸ ਜਰਵਾਣੇ ਦੇ ਕੀਤੇ ਜ਼ੁਲਮਾਂ ਦਾ ਫਲ ਇਸ ਨੂੰ ਚਖਾਈਏ ਤੇ ਇਸ ਦੇ ਬਣਾਏ ਖਿਆਲਾਂ ਨੂੰ ਬਦਲ ਦੇਈਏ ਤੇ ਇਸ ਨੂੰ ਦਸ ਦੇਈਏ ਕਿ ਇਸ ਦੇਸ਼ ਵਿਚ ਸਾਰੀਆਂ ਕੌਮਾਂ ਮੁਰਦਾ ਨਹੀਂ ਹੋ ਚੁੱਕੀਆਂ । ਇਕ ਕੌਮ ਐਸੀ ਵੀ ਹੈ ਜਿਹੜੀ ਆਪਣੇ ਪਿਆਰੇ ਦੇਸ਼ ਦੀ ਪੱਤ ਨੂੰ ਸਥਿਰ ਰਖਣ ਲਈ ਵੱਡੀ ਤੋਂ ਵੱਡੀ ਕੁਰਬਾਨੀ ਕਰ ਸਕਦੀ ਹੈ । ਨਵਾਬ ਸਾਹਿਬ ਦੇ ਦੇਸ਼ ਦਰਦ ਵਿਚ ਤੜਪ ਰਹੇ ਮਨ ਵਿਚੋਂ ਨਿਕਲੀ ਅਵਾਜ਼ ਨੂੰ ਸੁਣ ਕੇ, ਜਿਸ ਦੇ ਇਕ ਇਕ ਸ਼ਬਦ ਵਿਚੋਂ ਅਣਖ, ਨਿਰਭੈਤਾ, ਕੁਰਬਾਨੀ, ਦੁਖੀਆਂ ਲਈ ਪਿਆਰ, ਛਲਕ ਛਲਕ ਪੈ ਰਿਹਾ ਸੀ, ਸਰਬੱਤ ਖਾਲਸੇ ਦਾ ਮਨ ਤੜਫਾ ਦਿੱਤਾ । ਸੂਰਮਿਆਂ ਦੇ ਹੱਥ ਤਲਵਾਰਾਂ ਦੀਆਂ ਮੁੱਠਾਂ ਪਰ ਪਏ ਤੇ ਤਿੱਖੀਆਂ ਤੇਗਾਂ ਧੂਹ ਕਢੀਆਂ। ਹੁਣ ਹਰ ਇਕ ਗੁਰੂ ਦਾ ਲਾਲ ਇਹ ਚਾਹੁੰਦਾ ਸੀ ਕਿ ਮੇਰੀ ਤੇਗ਼ ਹੀ ਵੈਰੀਆਂ ਦੇ ਲਹੂ ਵਿਚ ਟੁਬੇ ਲਾਏ ।

ਨਵਾਬ ਕਪੂਰ ਸਿੰਘ ਨੇ ਲੰਮੀ ਵਿਚਾਰ ਦੇ ਉਪਰੰਤ ਇਹੋ ਵਿਉਂਤ ਸੋਚੀ ਕਿ ਹਰ ਦੂਜੀ ਤੀਜੀ ਰਾਤ ਨੂੰ ਦਿਸ਼ਾ ਤੇ ਸਮਾਂ ਬਦਲਾ ਬਦਲਾ ਕੇ ਨਾਦਰ ਸ਼ਾਹ ਦੇ ਡੇਰੇ ਪਰ ਰਾਤ ਛਪੋਲ ਮਾਰੇ ਜਾਣ ਅਤੇ ਉਸ ਤੋਂ ਆਪਣੇ ਦੇਸ਼ ਦੇ ਪੁਰਖ, ਇਸਤ੍ਰੀਆਂ, ਸੋਨਾ, ਘੋੜੇ ਅਤੇ ਹਥਿਆਰ, ਨਿਰਭੈ ਹੋ ਕੇ ਖੋਹ ਲਏ ਜਾਣ । ਇਸ ਬਾਰੇ ਭਾਈ ਰਤਨ ਸਿੰਘ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਨਾਦਰ ਸ਼ਾਹ ਦੀ ਲੁੱਟ ਤੇ ਨਵਾਬ ਕਪੂਰ ਸਿੰਘ ਦਾ ਉਸ ਨੂੰ ਸੋਧਣ ਬਾਰੇ ਇਉਂ ਲਿਖਿਆ ਹੈ :

ਦੋਹਿਰਾ

ਸਿੰਘਨ ਮੈਂ ਨਵਾਬ ਜੋ ਕਪੂਰ ਸਿੰਘ ਜੀ ਨਾਮ ।

ਸਭ ਸਿੰਘਨ ਕੋ ਤਿਨ ਕਹੀ ਬਹੁਤ ਬਨੂੰ ਸਿੰਘਨ ਕੋ ਕਾਮ ।

ਕਪੂਰ ਸਿੰਘ ਜਬ ਯੋਂ ਕਹੀ ਸਿੰਘਨ ਸਭਨ ਸੁਨਾਇ ।

ਸਤਿ ਸਤਿ ਸਭ ਕਹ ਉਠੇ ਕੁਨਸ ਕਰ ਸਿਰ ਨਿਯਾਇ ।

ਚੌਪਈ

ਦਿੱਲੀ ਲੁਟ ਕਹਾ ਲੈ ਗਿਨੀਏ ।

ਪਦਮ ਰੁਪਏ ਲੈ ਰਾਹ ਸੁਨੀਏ ॥

ਜਿਸ ਦਾ ਭਾਵ ਇਹ ਹੈ ਕਿ ਨਵਾਬ ਕਪੂਰ ਸਿੰਘ ਨੇ ਸਿੰਘਾਂ ਅੱਗੇ ਨਾਦਰ ਦੀ ਸੁਧਾਈ ਦੀ ਵਿਉਂਤ ਰੱਖੀ, ਜਿਹੜਾ ਪਦਮ ਰੁਪਏ ਦਿੱਲੀ ਤੋਂ ਲੁੱਟ ਕੇ ਲਿਆਇਆ ਸੀ । ਨਵਾਬ ਜੀ ਦੀ ਵਿਚਾਰ ਸਰਬੱਤ ਖਾਲਸੇ ਸਤਿ ਕਰਕੇ ਪ੍ਰਵਾਨ ਕਰ ਲਈ ਅਰਥਾਤ ਫੈਸਲਾ ਹੋਇਆ ਕਿ ਨਾਦਰ ਲੁਟੇਰੇ ਦਾ ਹਿੰਦ ਤੋਂ ਲੁੱਟਿਆ ਮਾਲ ਧਨ, ਵਧ ਤੋਂ ਵੱਧ ਖੋਹ ਲਿਆ ਜਾਏ ਅਤੇ ਜੇ ਕਦੇ ਈਰਾਨੀ ਸੈਨਾ ਟਾਕਰੇ ਪਰ ਆਏ ਤਾਂ ਉਹਨੂੰ ਗਾਜਰ ਮੂਲੀ ਵਤ ਕੱਟ ਕੇ ਆਪ ਮੱਖਣ ਵਿਚੋਂ ਵਾਲ ਵਾਂਗ ਨਿਕਲ ਜਾਇਆ ਕਰਨ ।

ਹੁਣ ਨਾਦਰ ਸ਼ਾਹ ਦਾ ਡੇਰਾ ਚਨਾਬ ਦੇ ਕੰਢੇ ਅਖਨੂਰ ਦੇ ਮੁਕਾਮ ਪਰ ਪੁੱਜਾ। ਇਥੇ ਜੋ ਪਹਿਲੀ ਰਾਤ ਆਈ ਉਹ ਬੜੀ ਡਰਾਵਣੀ ਸੀ । ਇਕ ਤਾਂ ਆਕਾਸ਼ ਪਰ ਕਾਲੀਆਂ ਘਟਾਂ ਛਾਈਆਂ ਹੋਈਆਂ ਸਨ । ਦੂਜਾ, ਉਪਰੋਂ ਵਰਖਾ ਰੰਗ ਲਾ ਦਿੱਤਾ । ਇਸ ਘੋਰ-ਅੰਧਿਆਰੇ ਵਿਚ ਬਿਜਲੀ ਦੀ ਭਿਆਨਕ ਕੜਕ ਦੇ ਨਾਲ-ਨਾਲ ਖਾਲਸੇ ਦੇ ਜੈਕਾਰਿਆਂ ਦੀ ਗਰਜ ਨੇ ਮਿਲ ਕੇ ਸਮੇਂ ਨੂੰ ਸੌ ਗੁਣਾਂ ਵਧੇਰੇ ਭਿਆਨਕ ਕਰ ਦਿੱਤਾ, ਜਿਸ ਦੇ ਕਾਰਨ ਡੇਰੇ ਦੇ ਪਹਿਰੇਦਾਰ ਸਹਿਮ ਗਏ ਸਨ । ਠੀਕ ਇਸ ਡਰਾਵਣੇ ਸਮੇਂ ਖਾਲਸੇ ਦੇ ਕਈ ਹਜ਼ਾਰ ਸੂਰਮੇਂ ਈਰਾਨੀਆਂ ਪਰ ਬਿਜਲੀ ਵਤ ਟੁਟੇ ਪਏ । ਜੋ ਸਾਹਮਣੇ ਆਇਆ ਉਸ ਦਾ ਕੰਘਾ ਕਰਕੇ ਰੱਖ ਦਿੱਤਾ ਅਤੇ ਮਾਰੋ ਮਾਰ ਕਰਦੇ ਬੰਦੀਵਾਨਾਂ ਦੀ ਵਲਗਨ ਤਕ ਪਹੁੰਚ ਗਏ । ਇਥੋਂ ਬਹੁਤ ਬੜੀ ਗਿਣਤੀ ਵਿੱਚ ਇਨ੍ਹਾਂ ਕੈਦੀਆਂ ਨੂੰ ਛੁਡਾ ਲਿਆ। ਫਿਰ ਸੋਨੇ ਦੇ ਸੰਦੂਕਾਂ ਨੂੰ ਜਾ ਘੇਰਿਆ । ਛੇਕੜੇ ਘੋੜਿਆਂ ਦੇ ਗਲੇ ਵਿਚੋਂ ਦਿਲ ਖੋਲ੍ਹ ਕੇ ਘੋੜੇ ਸਾਂਭ ਲਏ । ਲਗਦੇ ਹੱਥ ਕੁਝ ਹਥਿਆਰ ਵੀ ਖੋਹ ਲਏ। ਵੈਰੀਆਂ ਦੇ ਹੋਸ਼ ਸੰਭਾਲਣ ਤੋਂ ਪਹਿਲਾਂ ਖਾਲਸਾ ਛਾਈਂ-ਮਾਈਂ ਹੋ ਗਿਆ। ਇਸ ਦੇ ਪਿਛੋਂ ਈਰਾਨੀਆਂ ਬੜਾ ਜੋਸ਼ ਦੱਸਿਆ, ਪਰ ਇਹ ਜੋਸ਼ ਵਿਅਰਥ ਸੀ। ਜਿਹੜਾ ਸਮਾਂ ਜੋਸ਼ ਦੱਸਣ ਦਾ ਸੀ ਉਸ ਸਮੇਂ ਅੱਖਾਂ ਮਲਦੇ ਤੇ ਪਿਆਰੀਆਂ ਜਾਨਾਂ ਬਚਾਣ ਦੇ ਢੰਗ ਵਰਤਦੇ ਰਹੇ ।

ਅਗਲੀ ਭਲਕ ਨਾਦਰ ਸ਼ਾਹ ਨੇ ਆਪਣੇ ਸਾਰੇ ਮੁਖੀ ਕਰਿੰਦੇ ਤੇ ਨਵਾਬ ਜ਼ਕਰੀਆ ਖ਼ਾਨ, ਜੋ ਅਰਦਲ ਵਿਚ ਸ਼ਾਹ ਦੇ ਨਾਲ ਸੀ, ਉਸ ਪਰ ਬੜਾ ਕਰੋਪਵਾਨ ਹੋਇਆ ਤੇ ਆਖਿਆ ਇਨ੍ਹਾਂ ਪੰਜਾਬੀਆਂ ਦੀ ਇਸ ਬਗ਼ਾਵਤ ਦਾ ਤੂੰ ਜ਼ੁੰਮੇਂਵਾਰ ਹੈਂ । ਹੁਣੇ ਜਾ ਕੇ ਇਨ੍ਹਾਂ ਦੇ ਘਰ ਘਾਟ ਸਾੜ ਦੇਹ ਤੇ ਮੇਰਾ ਖੋਹ ਕੇ ਲੈ ਗਏ ਸੋਨਾ ਆਦਿ ਮੈਨੂੰ ਪਰਤਾ ਦੇ । ਜ਼ਕਰੀਆ ਖ਼ਾਨ ਅੱਗੋਂ ਚੁੱਪ ਕਰ ਰਿਹਾ । ਕਿਉਂਕਿ ਉਹ ਜਾਣਦਾ ਸੀ ਕਿ ਜਿਹੜੇ ਮੱਲਾਂ ਮਾਰ ਕੇ ਲੈ ਗਏ ਹਨ ਉਹ ਐਸੇ ਨਹੀਂ, ਜਿਨ੍ਹਾਂ ਦੇ ਹੱਥ ਆਈ ਕੋਈ ਵਸਤੂ ਮੁੜ ਪ੍ਰਾਪਤ ਹੋ ਸਕੇ ।

ਫ਼ੌਜ ਦੇ ਆਗੂਆਂ ਮੀਂਹ ਬਦਲ ਦਾ ਕਾਰਣ ਦੱਸ ਕੇ ਉਸ ਦਿਨ ਨਾਦਰ ਦੇ ਕਹਿਰ ਤੋਂ ਉਨ੍ਹਾਂ ਆਪਣੇ ਆਪ ਨੂੰ ਬਚਾ ਲਿਆ । ਪਰ ਇਹ ਤਾਂ ਅਜੇ ਆਰੰਭ ਹੀ ਸੀ । ਇਹ ਸਿਲਸਲਾ ਤਾਂ ਲੰਮੇ ਸਮੇਂ ਤਕ ਚਾਲੂ ਰਹਿਣਾ ਸੀ ।

ਵਿਚਲੀਆਂ ਦੋ ਰਾਤਾਂ ਖ਼ਾਲੀ ਗਈਆਂ, ਕਿਉਂਕਿ ਖਾਲਸੇ ਦੇ ਹੱਥ ਆਇਆ ਪਦਾਰਥ ਉਹ ਕਿਸੇ ਸੁਰੱਖਿਅਤ ਥਾਏਂ ਪਹੁੰਚਾਣ ਲਈ ਦੂਰ ਨਿਕਲ ਗਏ ਸਨ । ਤੀਜੀ ਰਾਤ ਖਾਲਸੇ ਨੇ ਪਹਿਲੇ ਤੋਂ ਵੀ ਵਧੇਰੇ ਭਿਆਨਕ ਧਾਵਾ ਕੀਤੀ। ਇਸ ਰਾਤ ਸੰਯੋਗ ਨਾਲ ਹਥਿਆਰਾਂ ਦਾ ਜਖੀਰਾ ਖਾਲਸੇ ਦੇ ਸਾਹਮਣੇ ਆ ਗਿਆ, ਉਸ ਨੂੰ ਦਿਲ ਖੋਲ੍ਹ ਕੇ ਸਾਂਭਿਆ । ਇਸ ਸਮੇਂ ਐਸੀ ਭਗੌਤੀ ਚਲੀ ਕਿ ਥੋੜ੍ਹੇ ਸਮੇਂ ਵਿਚ ਧਰਤੀ ਲਾਲੋ ਲਾਲ ਹੋ ਗਈ ਅਤੇ ਮੁੜ ਪਹਿਲੇ ਦੀ ਤਰ੍ਹਾਂ ਖਾਲਸਾ ਸਵਾਰ ਵੈਰੀਆਂ ਦੇ ਵੇਖਦੇ ਵੇਖਦੇ ਉਡ ਪੁਡ ਗਏ ।

ਇਸ ਦੂਜੇ ਛਪੋਲ ਵਿਚ ਕੁਝ ਸਿੰਘ ਵੀ ਸ਼ਹੀਦ ਹੋਏ । ਇਨ੍ਹਾਂ ਸ਼ਹੀਦ ਸਿੰਘਾਂ ਦੇ ਸਿਰਾਂ ਪਰ ਲੰਮੇ ਲੰਮੇ ਕੇਸ ਤੇ ਮੂੰਹ ਪਰ ਸਾਬਤ ਸੁੱਚੀਆਂ ਦਾੜ੍ਹੀਆਂ ਦੇਖ ਕੇ ਸ਼ਾਹ ਨੂੰ ਦੱਸਿਆ ਗਿਆ ਕਿ ਇਹ ਹਨ ਉਹ ਸਿਖ ਜਿਹੜੇ ਸ਼ਹਿਨਸ਼ਾਹ ਦੀ ਸੈਨਾ ਨੂੰ ਲੁੱਟ ਰਹੇ ਹਨ ।

ਇਨ੍ਹਾਂ ਸੂਰਮਿਆਂ ਦੀ ਸਾਬਤ ਸੂਰਤ ਵੇਖ ਕੇ ਉਹ ਵਧੇਰਾ ਗਜ਼ਬ ਵਿਚ ਲਾਲ ਪੀਲਾ ਹੋਇਆ ਅਤੇ ਜ਼ਕਰੀਆ ਖ਼ਾਨ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਲੰਮੇ- ਲੰਮੇ ਵਾਲਾਂ ਵਾਲਿਆਂ ਦੇ-ਜਿੰਨ੍ਹਾਂ ਮੇਰੇ ਡੇਰੇ ਪਰ ਹੱਲਾ ਕੀਤਾ ਹੈ, ਘਰ-ਘਾਟ ਸਾੜ ਦਿਓ, ਇਨ੍ਹਾਂ ਨੂੰ ਮੁਕਾ ਦੇਵੋ ।

ਅੱਗੋਂ ਕੰਬਦਿਆਂ ਕੰਬਦਿਆਂ ਜ਼ਕਰੀਆ ਖ਼ਾਨ ਨੇ ਅਦਬ ਨਾਲ ਆਖਿਆ, “ਸ਼ਹਿਨਸ਼ਾਹ ! ਇਨ੍ਹਾਂ ਦੇ ਘਰ ਤਾਂ ਇਨ੍ਹਾਂ ਦੇ ਘੋੜਿਆਂ ਦੀਆਂ ਕਾਠੀਆਂ ਪਰ ਹਨ ”

ਜ਼ਕਰੀਆ ਖ਼ਾਨ ਦੇ ਮੂੰਹੋਂ ਸਿੱਖਾਂ ਦੇ ਜੀਵਨ ਦੇ ਸਮਾਚਾਰ ਸੁਣ ਕੇ ਉਹ ਵੱਡੀ ਹੈਰਾਨੀ ਵਿਚ ਪੈ ਗਿਆ ਅਤੇ ਜ਼ਕਰੀਆ ਖ਼ਾਨ ਤੋਂ ਸਿੱਖਾਂ ਬਾਰੇ ਵਧੇਰਾ ਵੇਰਵਾ ਪੁਛਿਆ, ਜਿਸ ਦੇ ਉੱਤਰ ਵਿਚ ਖ਼ਾਨ ਬਾਦਸ਼ਾਹ ਨੇ ਜੋ ਉੱਤਰ ਦਿੱਤਾ ਉਹ ਰਤਨ ਸਿੰਘ ਨੇ ਇਉਂ ਲਿਖਿਆ ਹੈ :

ਚੌਪਈ

ਪੂਛਯੋ ਖਾਨੂ ਕੋ ਨਾਦਰ ਆਇ ।

ਹਮ ਕੋ ਲੂਟਨਦਾਰ ਬਤਾਇ ।

ਜਿਨ ਲੁਟ ਖਾਯੋ ਹਮਰੋ ਰਾਹੁ ।

ਮੁਲਕ ਉਸੇ ਕੀ ਉਡਾ ਦਿਓ ਸਵਾਹਿ ॥੩॥

ਤਬ ਖਾਨੂ ਨੇ ਐਸ ਬਖਾਨੀ ।

ਮੁਲਕ ਉਸੇ ਕੇ ਨਾਹਿ ਨਿਸਾਨੀ ।

ਖੜੇ ਸੋਵੈਂ ਔ ਚਲਤੇ ਖਾਂਹਿ ।

ਨਾਹਿ ਬੈਠੇ ਵੈ ਕਿਤੇ ਰਖਾਇ ॥੪॥

ਨੂੰਨ ਘਿਰਤ ਕੋ ਸੁਵਾਦ ਨ ਜਾਨੇ ।

ਹਮ ਦੁਖ ਦੇਵੈਂ ਵੈ ਸੁਖਮਾਨੇ ।

ਹਾੜ ਨਾ ਦਿਨ ਭਰ ਪੀਵੈ ਪਾਨੀ ।

ਸਿਆਲੇ ਰਖੈ ਨ ਅਗਨ ਨਿਸ਼ਾਨੀ ॥੫॥

ਨਹਿ ਖਾਵੈਂ ਵੈ ਪੀਸਯ ਨਾਜ ।

ਲੜੈ ਬਹੁਤ ਵੈ ਕਰਕੇ ਭਾਜ ।

ਏਕ ਹੋਏ ਤਾਂ ਸੌ ਸੌ ਲਰੈ ।

ਮਰਨੈ ਤੇ ਵੈ ਮੂਲ ਨ ਡਰੈਂ ॥੬॥

ਦੋਹਿਰਾ

ਰਹੈ ਚਾਉ ਉਨ ਮਰਨ ਕੋ ਦੀਨ ਮਜ਼ਹਬ ਕੇ ਭਾਈ ।

ਹਮ ਮਾਰਤ ਉਨ ਥਕ ਗਏ ਉਇ ਘਟਤ ਨ ਕਿਤਹੂ ਦਾਇ ।੭।

ਨਾਦਰ ਸ਼ਾਹ ਜਿਉਂ-ਜਿਉਂ ਅੱਗੇ ਕੂਚ ਕਰਦਾ ਗਿਆ ਖਾਲਸਾ ਦਲ ਤਿਉਂ ਤਿਉਂ ਇਸ ਦਾ ਬਰਾਬਰ ਪਿੱਛਾ ਕਰਦਾ ਰਿਹਾ । ਜਦ ਵੀ ਸਮਾਂ ਮਿਲਦਾ ਉਸ ਪਰ ਜਾ ਛਪੋਲ ਮਾਰਦਾ । ਇਸ ਤਰ੍ਹਾਂ ਖਾਲਸੇ ਨੇ ਆਪਣੇ ਦੇਸ਼ ਦੀਆਂ ਬਹੁਤ ਸਾਰੀਆਂ ਇਸਤ੍ਰੀਆਂ, ਪੁਰਸ਼ਾਂ ਜਿਨ੍ਹਾਂ ਨੂੰ ਉਹ ਗੁਲਾਮ ਬਣਾ ਕੇ ਲੈ ਜਾ ਰਿਹਾ ਸੀ ਅਤੇ ਧੰਨ ਨਾਦਰ ਸ਼ਾਹ ਤੋਂ ਖੋਹ ਕੇ ਦੇਸ਼ ਵਿਚ ਰਖ ਲਿਆ ਅਤੇ ਇਉਂ ਨਾਦਰ ਦਾ ਚੋਖਾ ਭਾਰ, ਬੀਰ ਖਾਲਸੇ ਨੇ ਹਲਕਾ ਕਰ ਦਿੱਤਾ ।

ਕਪੂਰ ਸਿੰਘ ਦਾ ਅੰਮ੍ਰਿਤਸਰ ਨੂੰ ਵੈਰੀਆਂ ਤੋਂ ਛੁਡਾਉਣਾ

ਪਾਠਕ ਪਿਛੇ ਪੜ੍ਹ ਆਏ ਹਨ ਕਿ ਜ਼ਕਰੀਆ ਖ਼ਾਨ ਨੂੰ ਉਸ ਦੇ ਸਲਾਹਕਾਰਾਂ ਪੂਰਾ ਨਿਸਚਾ ਕਰਵਾ ਦਿੱਤਾ ਸੀ ਕਿ ਇਹ ਅੰਮ੍ਰਿਤਸਰ ਦੇ ਆਬੇਹਿਆਤ ਦਾ ਅਸਰ ਹੈ ਜਿਸ ਦੇ ਕਾਰਨ ਸਿੱਖ ਮੁਕਣ ਵਿਚ ਨਹੀਂ ਆਂਵਦੇ । ਇਸ ਵਿਚਾਰ ਅਨੁਸਾਰ ਖ਼ਾਨ ਬਹਾਦਰ ਨੇ ਸ਼ਾਹੀ ਫ਼ੌਜ ਅੰਮ੍ਰਿਤਸਰ ਭੇਜ ਕੇ ਅੰਮਿ੍ਤਸਰ ਸਰੋਵਰ ਦੇ ਦੁਆਲੇ ਚੌਕੀਆਂ ਬੈਠਾ ਦਿੱਤੀਆਂ ਸਨ । ਉਥੇ ਦੀ ਫ਼ੌਜ ਦੇ ਕੋਤਵਾਲ ਨੂੰ ਹੁਕਮ ਦੇ ਦਿੱਤਾ ਸੀ ਕਿ ਕਿਸੇ ਸਿੱਖ ਨੂੰ ਅੰਮ੍ਰਿਤਸਰ ਸਰੋਵਰ ਵਿਚ ਇਸ਼ਨਾਨ ਨਾ ਕਰਨ ਦੇਵੇ ।

ਇਸ ਫ਼ੌਜ ਦਾ ਮੁਖ ਪਹਿਲਾਂ ਕਾਜ਼ੀ ਅਬਦੁੱਲ ਰਹਿਮਾਨ ਨੀਯਤ ਹੋਇਆ ਜਿਸ ਨੂੰ ਖਾਲਸੇ ਨੇ ਉਸ ਦੀ ਕਰਨੀ ਦਾ ਫਲ ਚਖਾਇਆ ਸੀ ।

ਮੱਸੇ ਦਾ ਦਿਨ ਦਿਹਾੜੇ ਕਤਲ

ਉਸ ਦੇ ਉਪਰੰਤ ਮੱਸਾ ਰੰਗੜ ਮੰਡਿਆਲੀਆ ਮੁਕੱਰਰ ਹੋਇਆ, ਜੋ ਨਵੰਬਰ 1739 ਤੋਂ ਅਗਸਤ 1740 ਤਕ ਅੰਮ੍ਰਿਤਸਰ ਦਾ ਕੋਤਵਾਲ ਰਿਹਾ । ਜਿਸ ਨੂੰ ਖਾਲਸੇ ਦੇ ਮਾਣਯੋਗ ਸੂਰਬੀਰਾਂ, ਸਰਦਾਰ ਮਹਿਤਾਬ ਸਿੰਘ ਮੀਰਾਂ ਕੋਟੀਏ ਅਤੇ ਨਿੱਡਰ ਸੁਖਾ ਸਿੰਘ ਮਾੜੀ ਕੰਬੋ ਵਾਲੇ, ਆਪਣੇ ਸੀਸ ਤਲੀ ਪਰ ਧਰ ਕੇ, ਦਿਨ ਦੀਵੀਂ ਦਰਬਾਰ ਸਾਹਿਬ ਦੇ ਅੰਦਰ, ਜਿਥੇ ਉਹ ਪਾਪ ਕਮਾਂਵਦਾ ਸੀ ਕਤਲ ਕਰਕੇ ਸੂਰਮਿਆਂ ਦੇ ਗਗਨ ਮੰਡਲ ਵਿਚ ਉੱਚੀ ਥਾਂ ਪਾਈ ਸੀ ।

ਹਕੂਮਤ ਵਲੋਂ ਹੋਰ ਕਰੜਾਈ

ਮੱਸੇ ਦੀ ਮੌਤ ਦੇ ਉਪਰੰਤ ਕਈ ਕੁਮੇਦਾਨ ਨੀਯਤ ਹੋਏ ਅਤੇ ਕਈ ਬਦਲੇ। ਜ਼ਕਰੀਆ ਖ਼ਾਨ ਆਪ ਵੀ ਜੁਲਾਈ ਸੰਨ 1745 ਨੂੰ ਮਰ ਗਿਆ। ਉਸ ਦੀ ਥਾਂ ਉਸ ਦਾ ਵੱਡਾ ਪੁੱਤਰ ਯਾਹੀਆ ਖ਼ਾਨ ਪੰਜਾਬ ਦਾ ਹਾਕਮ ਬਣਿਆ । ਕੁਝ ਸਮੇਂ ਦੇ ਬਾਅਦ ਇਸ ਦੇ ਨਿਕੇ ਭਾਈ ਸ਼ਾਹ ਨਿਵਾਜ਼ ਖ਼ਾਨ ਨੇ 12 ਮਾਰਚ 1747 ਨੂੰ ਉਸ ਨੂੰ ਫੜ ਕੇ ਬੰਦੀਖਾਨੇ ਪਾ ਦਿੱਤਾ ਅਤੇ ਆਪ ਲਾਹੌਰ ਦਾ ਗਵਰਨਰ ਬਣ ਬੈਠਾ । ਪਰ ਇਹ ਗਲ ਵੱਡੀ ਹੈਰਾਨ ਕਰਨ ਵਾਲੀ ਹੈ ਕਿ ਪੰਜਾਬ ਦੇ ਗਵਰਨਰ ਬਦਲਦੇ ਰਹੇ, ਅੰਮ੍ਰਿਤਸਰ ਦੇ ਕੋਤਵਾਲ ਤੇ ਕੁਮੇਦਾਨ ਤਬਦੀਲ ਹੁੰਦੇ ਰਹੇ ਪਰ ਸਿੰਘਾਂ ਦੇ ਵਿਰੁੱਧ ਜ਼ੁਲਮ ਤੇ ਕਰੜਾਈ ਦਾ ਝੱਖੜ ਇਕ-ਰਸ ਝੁਲਦਾ ਰਿਹਾ । ਜਦ ਤੋਂ ਸੰਨ 1737 ਈ: ਨੂੰ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਤੋਂ ਕੈਦ ਕਰਕੇ ਲਾਹੌਰ ਵਿਚ ਸ਼ਹੀਦ ਕੀਤਾ ਗਿਆ ਸੀ, ਸਿੰਘਾਂ ਲਈ ਅੰਮ੍ਰਿਤਸਰ ਦਾ ਇਸ਼ਨਾਨ ਅਤੇ ਦਰਬਾਰ ਸਾਹਿਬ ਦੇ ਦਰਸ਼ਨ ਬੰਦ ਕਰ ਦਿੱਤੇ ਗਏ ਸਨ ।

ਸਲਾਬਤ ਖ਼ਾਨ ਨੂੰ ਸਿੱਖਿਆ

ਸੰਨ 1747 ਦੇ ਛੇਕੜਲੇ ਦਿਨੀਂ ਠਰੂ ਪਿੰਡ ਦਾ ਮੁਸਲਮ ਰਾਜਪੂਤ ਸਲਾਬਤ ਖ਼ਾਨ ਅੰਮ੍ਰਿਤਸਰ ਦੀ ਸ਼ਾਹੀ ਫ਼ੌਜ ਦਾ ਹਾਕਮ ਨੀਯਤ ਹੋਇਆ । ਇਸ ਦੇ ਹਕੂਮਤ ਦੀ ਵਾਗਡੋਰ ਹੱਥ ਵਿਚ ਲੈਂਦਿਆਂ ਹੀ ਸ੍ਰੀ ਦਰਬਾਰ ਸਾਹਿਬ ਤੇ ਸਰੋਵਰ ਦੇ ਪਹਿਰੇ ਹੋਰ ਵਧੇਰੇ ਕਰੜੇ ਕਰਨ ਲਈ ਪ੍ਰਕਰਮਾਂ ਦੇ ਚੌਹਵੀਂ ਪਾਸੀਂ ਪਹਿਰੇਦਾਰਾਂ ਲਈ ਗੜ੍ਹੀਆਂ ਬਣਾ ਲਈਆਂ ਤਾਂ ਜੋ ਰਾਤ ਦਿਨ ਪਹਿਰੇਦਾਰ ਉਥੇ ਮੌਜੂਦ ਰਹਿਣ ।

ਹੁਣ ਸਲਾਬਤ ਖ਼ਾਨ ਵਲੋਂ ਇਹ ਸਖ਼ਤੀ ਇਥੋਂ ਤਕ ਵਧੀ ਕਿ ਜਦ ਕੋਈ ਦਰਬਾਰ ਸਾਹਿਬ ਦੇ ਦਰਸ਼ਨਾਂ ਦਾ ਪਿਆਸਾ ਸਿੱਖ ਕਿਸੇ ਤਰ੍ਹਾਂ ਸਰੋਵਰ ਤੱਕ ਪਹੁੰਚ ਵੀ ਜਾਂਦਾ ਸੀ ਤੇ ਉਸ ਨੂੰ ਉਥੇ ਹੀ ਗੋਲੀ ਮਾਰ ਕੇ ਅੰਮ੍ਰਿਤ ਸਰੋਵਰ ਦੇ ਵਿਚ ਹੀ ਸ਼ਹੀਦ ਕਰ ਦਿੱਤਾ ਜਾਂਦਾ ਸੀ ।

ਖਾਲਸਾ ਇਸ ਦੇ ਇਨ੍ਹਾਂ ਜ਼ੁਲਮਾਂ ਨੂੰ ਲਹੂ ਭਰੀਆਂ ਅੱਖਾਂ ਨਾਲ ਵੇਖਦਾ ਸੀ, ਪਰ ਯੋਗ ਸਮੇਂ ਦੇ ਆਉਣ ਨੂੰ ਉਡੀਕ ਰਿਹਾ ਸੀ ।

ਪੰਥ ਦਾ ਜ਼ਰੂਰੀ ਇਕੱਠ

ਸਲਾਬਤ ਖ਼ਾਨ ਦੇ ਇਸ ਜ਼ੁਲਮ ਨੂੰ ਵੇਖ ਕੇ ਨਵਾਬ ਕਪੂਰ ਸਿੰਘ ਵਰਗਾ ਨਿਡਰ ਧਰਮੀ ਬੀਰ ਇਹ ਕਦ ਤਕ ਸਹਾਰ ਸਕਦਾ ਸੀ । ਛੇਕੜ ਆਪ ਨੇ ਪੰਥ ਦੇ ਦੋਵੇਂ ਦਲਾਂ ਦੇ ਮੁਖੀਆਂ ਦਾ ਇਕ ਇਕੱਠ ਕੀਤਾ ਜਿਸ ਪਰ ਗੁਰੂ ਦੀ ਨਗਰੀ ਨੂੰ ਜਰਵਾਣਿਆਂ ਦੇ ਕਬਜ਼ੇ ਵਿਚੋਂ ਅਜ਼ਾਦ ਕਰਾਣ ਲਈ ਗੁਰਮਤਾ ਪੰਥ ਦੇ ਮੂਹਰੇ। ਰਖਿਆ । ਨਾਲ ਹੀ ਸੰਗਤਾਂ ਨੂੰ ਸੁਣਾ ਦਿੱਤਾ ਕਿ ਖਾਲਸੇ ਜੀ ਭਾਵੇਂ ਆਪਾਂ ਨੂੰ ਕਿੰਨੀ ਕੁਰਬਾਨੀ ਵੀ ਕਿਉਂ ਨਾ ਦੇਣੀ ਪਏ, ਹੁਣ ਸ੍ਰੀ ਅੰਮ੍ਰਿਤਸਰ ਨੂੰ ਹੋਰ ਇਕ ਦਿਨ ਲਈ ਵੀ ਸ਼ੱਤਰੂਆਂ ਦੇ ਕਬਜ਼ੇ ਵਿਚ ਨਹੀਂ ਰਹਿਣ ਦੇਣਾ ।

ਇਹ ਅਤਿ ਜ਼ਰੂਰੀ ਗੁਰਮਤਾ, ਅਕਾਸ਼-ਗੂੰਜਾਊ ਜੈਕਾਰਿਆਂ ਦੀ ਘਨਘੋਰ ਵਿਚ ਸਰਬ-ਸੰਮਤੀ ਨਾਲ ਪਰਵਾਨ ਕੀਤਾ ਗਿਆ ।

ਗੁਰੂ ਨਗਰੀ ਨੂੰ ਆਜ਼ਾਦ ਕਰਣ ਲਈ ਚੜ੍ਹਾਈ

ਉਪਰੋਕਤ ਗੁਰਮਤੇ ਦੇ ਬਾਅਦ ਹੁਣ ਛੇਤੀ ਹੀ ਵੈਰੀਆਂ ਪਰ ਚੜ੍ਹਾਈ ਦੀਆਂ ਤਿਆਰੀਆਂ ਹੋਣ ਲਗੀਆਂ ਤੇ ਥੋੜ੍ਹੇ ਦਿਨਾਂ ਦੇ ਅੰਦਰ-ਅੰਦਰ ਹੀ ਖਾਲਸੇ ਚੜ੍ਹਾਈ ਲਈ ਦਿਨ ਨੀਯਤ ਕਰ ਲਿਆ । ਇਸ ਮੁਹਿੰਮ ਦੀ ਅਗਵਾਈ ਲਈ ਨਵਾਬ ਕਪੂਰ ਸਿੰਘ ਨੇ ਆਪਣੇ ਧਰਮ ਪੁੱਤਰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਸਥਾਪਤ ਕੀਤਾ । ਖਾਲਸੇ ਦੀ ਇਸ ਚੜ੍ਹਾਈ ਵਿਚ ਮੁਲਕ ਗੀਰੀ ਦੀ ਕੋਈ ਲਾਲਸਾ ਕੰਮ ਨਾ ਸੀ ਕਰ ਰਹੀ, ਸਗੋਂ ਆਪਣੇ ਪਿਆਰੇ ਸਤਿਗੁਰੂ ਦੀ ਨਗਰੀ ਨੂੰ ਜ਼ਾਲਮਾਂ ਦੇ ਪੰਜੇ ਤੋਂ ਛੁਡਾਣ ਦੀ ਭਾਵਨਾ ਮਨਾਂ ਵਿਚ ਉਛਾਲੇ ਖਾ ਰਹੀ ਸੀ ।

ਸਲਾਬਤ ਖ਼ਾਨ ਦਾ ਕਤਲ

ਜਿਥੇ ਸੂਰਮਿਆਂ ਦੇ ਮਨਾਂ ਵਿਚ ਐਨਾ ਅਗਾਧ ਜੋਸ਼ ਛਲਕ ਰਿਹਾ ਹੋਵੇ ਉਨ੍ਹਾਂ ਮੂਹਰੇ ਕੁਛ ਛਿੱਲੜਾਂ ਬਦਲੇ ਖ਼ਰੀਦੇ ਹੋਏ ਲਾਣੇ ਕੀ ਠਹਿਰਣਾ ਸੀ ?

ਹੁਣ ਜਦ ਮਾਰਚ ਸੰਨ 1748 ਨੂੰ ਖਾਲਸੇ ਨੇ ਪਹਿਰ ਰਾਤ ਰਹਿੰਦੀ ਅੰਮ੍ਰਿਤਸਰ ਦੇ ਵੈਰੀਆਂ ਪਰ ਧਾਵਾ ਬੋਲਿਆ ਤਾਂ ਉਹ ਪਾਵਨ ਗੁਰਧਾਮ ਦੀ ਸੁਤੰਤ੍ਰਤਾ ਲਈ ਜੋਸ਼ ਵਿਚ ਮੱਤੇ ਹੋਏ ਸਲਾਬਤ ਖ਼ਾਨ ਦੀ ਗੜ੍ਹੀ ਪਰ ਟੁੱਟ ਪਏ । ਰਾਹ ਦੇ ਪਹਿਰੇਦਾਰਾਂ ਦਾ ਸਫਾਇਆ ਕਰਦੇ ਹੋਏ ਗੜ੍ਹੀ ਨੂੰ ਜਾ ਘੇਰਿਆ ।

ਸਲਾਬਤ ਖ਼ਾਨ ਵੀ ਪ੍ਰਸਿੱਧ ਰਾਜਪੂਤ ਸੂਰਮਾ ਸੀ ਉਹ ਝਟਾ-ਪਟ ਆਪਣੇ ਜਵਾਨ ਤਿਆਰ ਕਰਕੇ ਖਾਲਸੇ ਦੇ ਟਾਕਰੇ ਲਈ ਮੈਦਾਨ ਵਿਚ ਲੈ ਆਇਆ ਤੇ ਹੁਣ ਦੋਵਾਂ ਧਿਰਾਂ ਵੱਲੋਂ ਖਟਾਖਟ ਤਲਵਾਰਾਂ ਚੱਲਣ ਲੱਗੀਆਂ । ਸ੍ਰੀ ਦਰਬਾਰ ਸਾਹਿਬ ਦਾ ਪਿਆਰ ਤੇ ਸਤਿਕਾਰ ਖਾਲਸੇ ਨੂੰ ਆਪੇ ਤੋਂ ਬਾਹਰ ਕਰ ਰਿਹਾ ਸੀ । ਇਨ੍ਹਾਂ ਜਾਨਾਂ ਤੋਂ ਹੱਥ ਧੋ ਕੇ ਐਸਾ ਅਥਾਹ ਜੋਸ਼ ਦੱਸਿਆ ਕਿ ਪਲ ਦੇ ਪਲ ਵਿਚ ਧਰਤੀ ਪਰ ਲਾਸ਼ਾਂ ਹੀ ਦਿੱਸਣ ਲੱਗੀਆਂ ।

ਸਲਾਬਤ ਖ਼ਾਨ ਨੇ ਹੁਣ ਜਦ ਆਪਣੇ ਜਵਾਨਾਂ ਦੇ ਪੈਰ ਮੈਦਾਨ ਵਿਚੋਂ ਬਿੜਕਦੇ ਡਿਠੇ ਤਾਂ ਉਹ ਝੱਟ ਆਪਣਾ ਘੋੜਾ ਉਡਾ ਕੇ ਅੱਗੇ ਲੈ ਆਇਆ ਅਤੇ ਪਿੱਛੇ ਹਟ ਰਹੇ ਸੈਨਿਕਾਂ ਨੂੰ ਹੱਲਾ ਸ਼ੇਰੀ ਦੇਣ ਲੱਗਾ । ਪਰ ਇਹ ਇਸ ਦੀ ਸ਼ਕਤੀ ਤੋਂ ਬਾਹਰ ਸੀ ਕਿ ਉਹ ਇਸ ਸਮੇਂ ਖਾਲਸੇ ਦੇ ਜੋਸ਼-ਸਾਗਰ ਦੀ ਅਥਾਹ ਲਹਿਰ ਨੂੰ ਠੱਲ੍ਹ ਸਕਦਾ । ਠੀਕ ਇਸ ਹਫੜਾਤਫੜੀ ਵਿਚ ਉਹ ਬਹਾਦਰ ਜੱਸਾ ਸਿੰਘ ਦੇ ਸਾਹਮਣੇ ਆ ਗਿਆ । ਬੱਸ ਫਿਰ ਕੀ ਸੀ ਆਹਲੂਵਾਲੀਆ ਬੀਰ ਐਸੀ ਨਿਰਭੈਤਾ ਨਾਲ ਉਸ ਪਰ ਇੰਝ ਝਪਟਿਆ ਜਿਵੇਂ ਬਾਜ਼ ਆਪਣੇ ਸ਼ਿਕਾਰ ਪਰ ਝਪਟਦਾ ਹੈ । ਇਸ ਨਾਜ਼ੁਕ ਸਮੇਂ ਸਲਾਬਤ ਖ਼ਾਨ ਨੇ ਹੌਂਸਲਾ ਸਥਿਰ ਰੱਖਦੇ ਹੋਏ ਜੱਸਾ ਸਿੰਘ ਪਰ ਆਪਣੀ ਸ਼ਮਸ਼ੀਰ ਦਾ ਵਾਰ ਕਰਨਾ ਚਾਹਿਆ ਪਰ ਸਰਦਾਰ ਨੇ ਵੈਰੀ ਦੀ ਤਲਵਾਰ ਆਪਣੇ ਖੰਡੇ ਨਾਲ ਦੋ ਟੁਕ ਕਰ ਦਿੱਤੀ । ਉਪਰੋਂ ਉਸੇ ਭਾਰੇ ਖੰਡੇ ਦਾ ਐਸਾ ਤੁਲਵਾਂ ਵਾਰ ਖ਼ਾਨ ਪਰ ਕੀਤਾ ਕਿ ਉਸ ਦਾ ਸਿਰ ਧੜ ਤੋਂ ਅੱਡ ਕਰਕੇ ਧਰਤੀ ਪਰ ਸੁੱਟ ਦਿੱਤਾ ।

ਸਲਾਬਤ ਖ਼ਾਨ ਦਾ ਭਤੀਜਾ ਨਿਜ਼ਾਬਤ ਖ਼ਾਨ, ਆਪਣੇ ਨੇਜ਼ੇ ਦਾ ਵਾਰ ਜੱਸਾ ਸਿੰਘ ਪਰ ਕਰਨ ਲੱਗਾ ਹੀ ਸੀ ਕਿ ਇਥੇ ਝਟ ਨਵਾਬ ਕਪੂਰ ਸਿੰਘ ਉੱਡ ਕੇ ਪਹੁੰਚ ਗਿਆ ਤੇ ਆਪਣੇ ਤੀਰ ਨਾਲ ਉਸ ਨੂੰ ਵੀ ਉਸ ਦੇ ਚਾਚੇ ਦੇ ਨਾਲ ਹੀ ਰਖਿਆ ।

ਹੁਣ ਬਾਕੀ ਰਹਿੰਦੀ ਵੈਰੀ ਦੀ ਫ਼ੌਜ ਨੇ ਜਦ ਆਪਣੇ ਆਗੂਆਂ ਨੂੰ ਧਰਤੀ ਪਰ ਤੜਫਦਾ ਡਿੱਠਾ ਤਾਂ ਉਨ੍ਹਾਂ ਲਈ ਹੁਣ ਹੋਰ ਮੈਦਾਨ ਜੰਗ ਵਿਚ ਠਹਿਰਨਾ ਅਸੰਭਵ ਹੋ ਗਿਆ । ਇਸ ਸਮੇਂ ਵੈਰੀ ਮੈਦਾਨ ਵਿਚੋਂ ਜਾਨਾਂ ਬਚਾ ਕੇ ਨਿਕਲ ਗਿਆ । ਇਉਂ ਖਾਲਸੇ ਨੇ ਚੋਖੇ ਸਮੇਂ ਦੇ ਬਾਦ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਤੇ ਸਰੋਵਰ ਵਿਚ ਖੁਲ੍ਹੇ ਟੁੱਭੇ ਲਾਏ ।

ਇਹ ਲੜਾਈ ਦੁਪਹਿਰ ਤਕ ਲੜੀ ਗਈ ਸੀ। ਬਾਅਦ ਵਿਚ ਖਾਲਸੇ ਦਾ ਅੰਮਿ੍ਤਸਰ ਪਰ ਪੂਰਾ ਪੂਰਾ ਕਬਜ਼ਾ ਹੋ ਗਿਆ। ਕਈ ਕੈਦੀ ਬਹੁਤ ਸਾਰੇ ਹਥਿਆਰ ਤੇ ਜੰਗੀ ਸਾਮਾਨ ਖਾਲਸੇ ਦੇ ਹੱਥ ਆਇਆ।

ਇਸ ਦੇ ਉਪਰੰਤ ਖਾਲਸੇ ਉਸੇ ਘੜੀ ਸ੍ਰੀ ਹਰਿਮੰਦਰ ਸਾਹਿਬ ਦੀ ਸੁਵੱਛਤਾ ਦੀ ਸੇਵਾ ਆਰੰਭ ਦਿੱਤੀ ਅਤੇ ਦੋਵੇਂ ਪਰਕਰਮਾਂ ਤੇ ਅਕਾਲ ਤਖ਼ਤ ਸਾਹਿਬ ਦੀ ਸੇਵਾ ਬਾਕੀ ਰਹਿੰਦਾ ਦਿਨ ਅਤੇ ਅੱਗੇ ਆਵਣ ਵਾਲੀ ਸਾਰੀ ਰਾਤ ਹੁੰਦੀ ਰਹੀ ਅਰਥਾਤ ਇਨ੍ਹਾਂ ਨੂੰ ਦੋ ਦੋ ਤਿੰਨ ਤਿੰਨ ਵਾਰੀ ਧੋ ਧੋ ਕੇ ਸਾਫ਼ ਕੀਤਾ । ਅਗਲੇ ਦਿਨ ਅੰਮ੍ਰਿਤ ਵੇਲੇ ਕਈ ਸਾਲਾਂ ਦੇ ਬਾਅਦ ਆਸਾ ਜੀ ਦੀ ਵਾਰ ਦਾ ਦੀਵਾਨ, ਸ੍ਰੀ ਹਰਿਮੰਦਰ ਸਾਹਿਬ ਤੇ ਤਖ਼ਤ ਅਕਾਲ ਬੁੰਗੇ ਸਜਿਆ ।

ਨਵਾਬ ਕਪੂਰ ਸਿੰਘ ਦੇ ਸਮੇਂ ਸਿੱਖੀ ਜੀਵਨ

ਫਰਵਰੀ ਸੰਨ 1716 ਈ: ਨੂੰ ਸ਼ੇਰ-ਦਿਲ ਬੰਦਾ ਸਿੰਘ ਬਹਾਦਰ, ਦਿੱਲੀ ਵਿਚ ਸ਼ਹੀਦੀ ਪ੍ਰਾਪਤ ਕਰ ਗਿਆ । ਇਸ ਦੇ ਉਪਰੰਤ ਕਿਸੇ ਯੋਗ ਆਗੂ ਦੀ ਥੁੜ੍ਹ ਦੇ ਕਾਰਣ ਖਾਲਸੇ ਦੀ ਜਥੇਬੰਦੀ ਮੂਲੋਂ ਹੀ ਖੇਰੂੰ-ਖੇਰੂੰ ਹੋ ਗਈ । ਹਕੂਮਤ ਦੀ ਅਤਿ ਦੀ ਕਰੜਾਈ ਦਾ ਸਿੱਟਾ ਇਹ ਨਿਕਲਿਆ ਕਿ ਚੋਖੇ ਸਮੇਂ ਤਕ, ਜਿੱਥੇ ਕਿਸੇ ਸਿੱਖ ਨੂੰ ਸਿਰ ਲੁਕਾਣ ਲਈ ਥਾਂ ਮਿਲੀ ਉਥੇ ਹੀ, ਚੰਗੇ ਦਿਨਾਂ ਦੇ ਆਉਣ ਦੀ ਉਡੀਕ ਵਿਚ ਟਿਕ ਗਿਆ । ਇਸ ਖਿੰਡਾਵ ਵਿਚ ਸਮਾਂ ਬੀਤਦਾ ਜਾ ਰਿਹਾ ਸੀ ਕਿ ਚੰਗੇ ਭਾਗਾਂ ਨੂੰ ਇਕ ਐਸਾ ਮਹਾਨ ਵਿਅਕਤੀ ਸਾਹਮਣੇ ਆਇਆ, ਜਿਸ ਦੀ ਕਰਨੀ ਤੇ ਕਥਨੀ ਦੇ ਜਾਦੂ ਭਰੇ ਪ੍ਰਭਾਵ ਨੇ ਕੌਮ ਦੀ ਕਾਇਆ ਪਲਟ ਦਿੱਤੀ। ਇਸ ਉੱਚ ਹਸਤੀ ਦਾ ਨਾਂ ਕਪੂਰ ਸਿੰਘ ਸੀ, ਜਿਸ ਨੇ ਆਪਣੀ ਪਰਬਲ ਸ਼ਕਤੀ ਨਾਲ ਖਿੰਡੇ ਹੋਏ ਪੰਥ ਦੇ ਜੀਵਨ ਨੂੰ ਨਵੇਂ ਸੰਚਿਆਂ ਵਿਚ ਢਾਲ ਦਿੱਤਾ। ਜਿਸ ਦੇ ਅਸਰ ਨਾਲ ਇਨ੍ਹਾਂ ਦੀ ਰਹਿਣੀ-ਬਹਿਣੀ, ਖਾਣਾ ਪਹਿਨਣਾ, ਬੋਲ- ਚਾਲ ਅਰਥਾਤ ਸਭ ਕੁਝ ਨਵੇਂ ਰੂਪ ਵਿਚ ਸਾਜ ਦਿੱਤਾ । ਇਸ ਦਾ ਫਲ ਇਹ ਹੋਇਆ ਕਿ ਹਰ ਇਕ ਸਿੱਖ, ਆਪਣੀ ਕੌਮ ਦੀ ਭਲਾਈ ਲਈ, ਆਪਣਾ ਤਨ, ਮਨ, ਧਨ, ਅਤੇ ਆਪਣੀ ਪਿਆਰੀ ਤੋਂ ਪਿਆਰੀ ਵਸਤ ਨੂੰ ਨਿਛਾਵਰ ਕਰਨਾ ਆਪਣੇ ਜੀਵਨ ਦਾ ਮੁਖ ਮੰਤਵ ਸਮਝਦਾ ਸੀ ।

ਇਹ ਸਮਾਂ ਖਾਲਸੇ ਦੇ ਜੀਵਨ ਵਿਚ ਅਤਿਅੰਤ ਕਠਨ ਤੇ ਭਿਆਨਕ ਸੀ। ਇਹ ਉਹੀ ਸਮਾਂ ਸੀ ਜਦ ਕਿਸੇ ਮਾਤਾ ਤੋਂ ਕੋਈ ਪੁੱਛਦਾ ਸੀ ਕਿ ਤੇਰੇ ਕਿੰਨੇ ਪੁੱਤ ਹਨ, ਤਾਂ ਉਹ ਅੱਗੋਂ ਆਖਦੀ, ਚਾਰ ਸਨ ਪਰ ਇਕ ਸਿੱਖ ਬਣ ਗਿਆ ਹੈ, ਬਾਕੀ ਤਿੰਨ ਰਹਿ ਗਏ ਹਨ । ਚੌਥਾ ਸਿਖ ਹੋਣ ਬਦਲੇ ਅੱਜ ਕਲ ਕਤਲ ਕਰ ਦਿੱਤਾ ਜਾਵੇਗਾ । ਇਹ ਉਹੀ ਦਿਨ ਸਨ ਜਦ ਸਿੰਘਾਂ ਦੇ ਘਰ ਬਾਰ ਲੁੱਟ ਲਏ ਗਏ । ਇਨ੍ਹਾਂ ਦੇ ਬੱਚੇ ਤੇ ਸਿੰਘਣੀਆਂ ਬੰਦੀਖ਼ਾਨਿਆਂ ਵਿਚ ਪਾਈਆਂ ਗਈਆਂ। ਸਿੰਘਾਂ ਪਰ ਖਾਣ ਲਈ ਅਨਾਜ ਵੇਚਣਾ ਜੁਰਮ ਸੀ । ਉਹ ਕੇਵਲ ਜੰਗਲ ਦਾ ਘਾਹ ਤੇ ਪੱਤੇ ਉਬਾਲ ਕੇ ਖਾਂਦੇ ਤੇ ਇਸੇ ਨੂੰ ਸਬਜ਼ ਪੁਲਾ ਆਖ ਕੇ ਚੜ੍ਹਦੀਆਂ ਕਲਾਂ ਵਿਚ ਰਹਿ ਕੇ ਸ਼ੁਕਰ ਮਨਾਂਦੇ ਸਨ । ਪਹਿਨਣ ਲਈ ਭੂਰਾ ਮਿਲਦਾ ਤਾਂ ਇਸੇ ਨੂੰ ਦੁਸ਼ਾਲਾ ਸਮਝ ਕੇ ਸੰਤੁਸ਼ਟ ਹੋ ਜਾਂਦੇ ।

ਹਕੂਮਤ ਵੱਲੋਂ ਇਹ ਕਰੜਾਈਆਂ ਤੇ ਕਠਨਤਾਈਆਂ, ਕੇਵਲ ਕੁਝ ਦਿਨਾਂ ਯਾ ਮਹੀਨਿਆਂ ਲਈ ਨਹੀਂ ਸਨ । ਸਗੋਂ ਕਈ ਸਾਲਾਂ ਤੱਕ ਖਾਲਸਾ ਖਿੜੇ ਮੱਥੇ ਇਹ ਅਸਹਿ ਕਸ਼ਟ ਸਹਾਰਦਾ ਰਿਹਾ । ਖਾਲਸੇ ਦੀ ਸਹਿਨ ਸ਼ਕਤੀ ਬਾਰੇ ਉਸ ਦੇ ਕੱਟਰ ਵੈਰੀਆਂ ਦੇ ਮੂੰਹਾਂ ਤੋਂ ਵੀ ਉਸ ਦੀ ਮਹਿਮਾਂ ਸੁਣ ਕੇ ਅਸੀਂ ਅਨੁਭਵ ਕਰਾ ਸਕਦੇ ਹਾਂ ਕਿ ਖਾਲਸੇ ਦੇ ਦੈਵੀ ਗੁਣ ਕਿੰਨੀ ਉੱਚਤਾ ਤੇ ਪੁੱਜ ਚੁੱਕੇ ਸਨ ਕਿ ਜੋ ਇਸ ਦਾ ਖੁਰਾ-ਖੋਜ ਮਿਟਾਣ ਲਈ ਆਏ ਸਨ, ਉਹ ਵੀ ਇਸ ਦੇ ਆਚਰਣ ਨੂੰ ਦੇਖ ਕੇ ਵਾਹ-ਵਾਹ ਕਰ ਉਠਦੇ ਸਨ, ਇਨ੍ਹਾਂ ਵਿਚੋਂ ਕੁਝ ਕੁ ਦੇ ਨਾਂ ਅਸੀਂ ਹੇਠ ਦਿੰਦੇ ਹਾਂ ।

ਕਾਜ਼ੀ ਨੂਰ ਮੁਹੰਮਦ, ਕਾਜ਼ੀ ਅਬਦੁੱਲਾ ਕਿਲਵਾਰ ਦਾ ਪੁੱਤਰ ਅਤੇ ਗੁਜਬਾ ਇਲਾਕਾ ਕਿਲਾਤ (ਬਲੋਚਸਤਾਨ) ਦਾ ਵਸਨੀਕ ਸੀ । ਇਹ ਅਮੀਰ ਨਸੀਰ ਖ਼ਾਨ, ਵਾਲੀਏ ਕਿਲਾਤ ਨਾਲ ਸਿੰਘਾਂ ਦੇ ਵਿਰੁਧ ਲੜਨ ਲਈ, ਅਹਿਮਦ ਸ਼ਾਹ ਅਬਦਾਲੀ ਦੀ ਸਹਾਇਤਾ ਲਈ ਪੰਜਾਬ ਆਇਆ ਸੀ । ਇਸ ਨੇ ਸਿੰਘਾਂ ਤੇ ਅਬਦਾਲੀ ਫ਼ੌਜ ਵਿਚ ਹੋਈਆਂ ਕਈ ਲੜਾਈਆਂ ਆਪਣੀ ਅੱਖੀਂ ਡਿੱਠੀਆਂ ਸਨ। ਇਹ ਸਾਰੀਆਂ ਘਟਨਾਵਾਂ ਨਾਲੋਂ ਨਾਲ ਲਿਖਦਾ ਗਿਆ । ਜਿਸ ਦਾ ਨਾਂ ਇਸ ਨੇ “ਜੰਗ-ਨਾਮਾ” ਰਖਿਆ । ਕਾਜ਼ੀ ਨੂਰ ਮੁਹੰਮਦ ਬੜਾ ਪੱਖ-ਪਾਤੀ ਲੇਖਕ ਸੀ । ਆਰੰਭ ਵਿਚ ਇਹ ਸਿੱਖਾਂ ਬਾਰੇ ਬੜੇ ਆਯੋਗ ਤੇ ਘ੍ਰਿਣਾ-ਪੂਰਤ ਸ਼ਬਦ ਵਰਤਦਾ ਹੈ ।

ਪਰ ਜਿਉਂ-ਜਿਉਂ ਉਸ ਨੂੰ ਸਿੰਘਾਂ ਦੇ ਉਚ ਗੁਣਾਂ ਦੇ ਵੇਖਣ ਦਾ ਸਮਾਂ ਮਿਲਦਾ ਗਿਆ, ਤਿਉਂ-ਤਿਉਂ ਉਸ ਦੇ ਮਨ ਵਿਚ ਪਲਟਾ ਆਂਦਾ ਗਿਆ । ਜਿਸ ਕਾਨੀ ਨਾਲ ਉਹ ਸਿੰਘਾਂ ਨੂੰ ਸਿੰਘ ਦੀ ਥਾਂ ਸਗੋਂ ਕੁੱਤਾ ਲਿਖਦਾ ਸੀ । ਸਿੱਖੀ ਜੀਵਨ ਨੂੰ ਆਪਣੀਆਂ ਅੱਖਾਂ ਨਾਲ ਵੇਖ ਕੇ ਉਸੇ ਕਲਮ ਨਾਲ ਉਹ ਲਿਖਦਾ ਹੈ—ਸਿੰਘਾਂ ਨਾਲ ਇਹ ਅਤਿਅੰਤ ਅਨਿਆ ਹੋਵੇਗਾ ਜੇ ਕਦੇ ਉਨ੍ਹਾਂ ਨੂੰ ਕੁੱਤਾ ਆਖਿਆ ਜਾਏ, ਕਿਉਂਕਿ ਉਨ੍ਹਾਂ ਦਾ ਪਦ ਸ਼ੇਰ ਹੈ ਅਤੇ ਉਨ੍ਹਾਂ ਦੇ ਕਰਤਵ ਵੀ ਸ਼ੇਰਾਂ ਵਾਲੇ ਹਨ । ਐ ਨੌਜੁਵਾਨ (ਬਲੋਚ) ਜੇ ਤੂੰ ਹਿੰਦੁਸਤਾਨੀ ਭਾਖਾ ਤੋਂ ਅਜਾਣੂ ਹੈਂ (ਤਾਂ ਆ ਤੈਨੂੰ ਮੈਂ ਦਸਾਂ ਕਿ “ਸਿੰਘ” ਦੇ ਅਰਥ ‘ਸ਼ੇਰ’ ਦੇ ਹਨ ।) ਨਿਰਸੰਦੇਹ ਰਣਤੱਤਿਆਂ ਵਿਚ ਉਹ ਸ਼ੇਰ ਦੇ ਬਰਾਬਰ ਹਨ ਅਤੇ ਅਮਨ ਤੇ ਖੁਸ਼ੀ ਦੇ ਸਮੇਂ ਐਨੇ ਉਦਾਰ-ਚਿਤ ਹੁੰਦੇ ਹਨ ਕਿ ਹਾਤਮਤਾਈ ਦੀ ਖੁਲ੍ਹ-ਦਿਲੀ ਵੀ ਉਨ੍ਹਾਂ ਮੂਹਰੇ ਕੁਝ ਨਹੀਂ ਦਿਸਦੀ । ਜਦ ਇਹ ਤਿੱਖੀਆਂ ਤਲਵਾਰਾਂ ਫੜ ਕੇ ਮੈਦਾਨ ਵਿਚ ਉਤਰਦੇ ਹਨ ਤਾਂ ਹਿੰਦ ਤੋਂ ਸਿੰਧ ਤਕ ਫਤਹਿ ਹੀ ਫਤਹਿ ਕਰੀ ਜਾਂਦੇ ਹਨ । ਐਸੀ ਕੋਈ ਵੀ ਸ਼ਕਤੀਮਾਨ ਬਹਾਦਰ ਨਹੀਂ ਦਿਸਦਾ ਜਿਹੜਾ ਇਨ੍ਹਾਂ ਨੂੰ ਠੱਲ੍ਹ ਪਾ ਸਕੇ । ਜਦ ਇਹ ਨੇਜ਼ਾ ਹੱਥ ਫੜਦੇ ਹਨ ਤਾਂ ਵੈਰੀਆਂ ਦੀਆਂ ਫੌਜਾਂ ਨੂੰ ਪੂਰੀ ਹਾਰ ਦੇਂਦੇ ਹਨ । ਜਦ ਇਕ ਵੈਰੀ ਘਾਤਕ ਤੀਰ-ਕਮਾਨ ਵਿਚ ਟਿਕਾ ਕੇ ਚਿੱਲਾ ਕੰਨ ਤਕ ਖਿੱਚ ਕੇ ਚੜ੍ਹਾਂਦੇ ਹਨ ਤਾਂ ਦੁਸ਼ਮਣਾਂ ਦੇ ਦਿਲ ਬੈਂਤ ਵਾਂਗ ਕੰਬ ਜਾਂਦੇ ਹਨ । ਜਦ ਇਹ ਸਫ਼ਾ ਜੰਗ ਦੀ ਚੋਟ ਵੈਰੀ ਦੇ ਜ਼ਰਾ-ਪੋਸ਼ ਸਰੀਰ ਪਰ ਕਰਦੇ ਹਨ ਤਾਂ ਉਹ ਜ਼ਰਾ ਵੈਰੀ ਦਾ ਕਫ਼ਨ ਬਣ ਜਾਂਦਾ ਹੈ ।

ਇਨ੍ਹਾਂ ਸਭ ਦੇ ਕੱਦ ਕਾਠ ਮਾਨੋਂ ਇਕ ਪਹਾੜ ਵਤ ਗਰਾਂਡੀਲ ਹੁੰਦੇ ਹਨ । ਇਕ ਇਕ ਪੰਜਾਹ ਜਿਹਾ ਹੁੰਦਾ ਹੈ ।

ਈਰਾਨ ਦਾ ਪ੍ਰਸਿੱਧ ਬੀਰ ਬਹਿਰਾਮ-ਗੌਹਰ ਜੋ ਸ਼ੇਰਾਂ ਦੇ ਸ਼ਿਕਾਰ ਲਈ ਪ੍ਰਸਿੱਧ ਮੰਨਿਆ ਜਾਂਦਾ ਹੈ ਪਰ ਜੇ ਕਦੇ ਬਹਿਰਾਮ ਗੌਹਰ ਵੀ ਇਨ੍ਹਾਂ ਸਿੰਘਾਂ ਦੇ ਟਾਕਰੇ ਪਰ ਆਏ ਤਾਂ ਉਹ ਵੀ ਇਨ੍ਹਾਂ ਦੀ ਸ਼ਰੇਸ਼ਤਾਈ ਦੇ ਮੰਨਣ ਤੋਂ ਨਾਂਹ ਨਹੀਂ ਕਰੇਗਾ ।

ਹੋਰਨਾਂ ਹਥਿਆਰਾਂ ਤੋਂ ਵੱਖ ਜਦ ਇਹ (ਸਿੰਘ) ਬੰਦੂਕ ਫੜ ਕੇ ਰਣ ਵਿਚ ਆਪਣੇ ਵੈਰੀਆਂ ਪਰ ਸ਼ੇਰ ਵਾਂਗ ਬੁਕਦੇ ਤੇ ਛਲਾਂਗਾਂ ਮਾਰ ਕੇ ਟੁੱਟ ਪੈਂਦੇ ਹਨ ਤਾਂ ਜੋ ਸਾਹਮਣੇ ਆਂਦਾ ਹੈ ਉਸ ਨੂੰ ਧੂੜ ਵਿਚ ਮਿਲਾ ਦੇਂਦੇ ਹਨ । ਆਪ ਨੂੰ ਇਨ੍ਹਾਂ ਦੀ ਬੰਦੂਕ ਦੇ ਕਮਾਲ ਦੇਖਕੇ ਇਹ ਮੰਨਣਾ ਪਵੇਗਾ ਕਿ ਬੰਦੂਕ ਦੀ ਕਾਢ ਲੁਕਮਾਨ ਹਕੀਮ ਨੇ ਨਾ ਸੀ ਕਢੀ ਸਗੋਂ ਇਹ ਇਨ੍ਹਾਂ ਕੁੱਤਿਆਂ (ਸਿੰਘਾਂ) ਦੀ ਸਾਧਨਾ ਹੈ ॥

ਉਂਞ ਬੰਦੂਕਾਂ ਤਾਂ ਅਨੇਕ ਸੂਰਮਿਆਂ ਦੇ ਹੱਥਾਂ ਵਿਚ ਹੁੰਦੀਆਂ ਹਨ ਪਰ ਇਸ ਦੀ ਵਰਤੋਂ ਇਨ੍ਹਾਂ ਤੁਲ ਕੋਈ ਵੀ ਨਹੀਂ ਜਾਣਦਾ । ਇਹ ਥੋੜ੍ਹੇ ਸਮੇਂ ਵਿਚ ਸੈਂਕੜ੍ਹੇ ਗੋਲੀਆਂ ਵੈਰੀਆਂ ਪਰ ਸੱਜਿਓਂ, ਖੱਬਿਓਂ, ਸਾਹਮਣੇ, ਅਤੇ ਪਿੱਛੇ ਤੋਂ ਧੂੰਆਂ-ਧਾਰ ਬਰਖਾ ਵਾਂਗ ਵਰ੍ਹਾ ਦਿੰਦੇ ਹਨ ।

ਜੇ ਕਦੇ ਆਪ ਨੂੰ ਮੇਰੀ ਇਸ ਲਿਖਤ ਦੇ ਮੰਨਣ ਵਿਚ ਸ਼ੰਕਾ ਹੋਵੇ ਤਾਂ ਇਸ ਦੀ ਤਸਦੀਕ ਉਨ੍ਹਾਂ ਬੀਰਾਂ ਤੋਂ ਕਰੋ ਜਿਨ੍ਹਾਂ ਨੇ ਮੈਦਾਨ ਜੰਗ ਵਿਚ ਇਨ੍ਹਾਂ ਦੇ ਹੱਥ ਡਿਠੇ ਹੋਏ ਹਨ । ਨਿਰਸੰਦੇਹ ਇਹ ਮੇਰੀ ਲਿਖਤ ਤੋਂ ਬਹੁਤ ਵਧ ਚੜ੍ਹ ਕੇ ਇਨ੍ਹਾਂ ਦੇ ਗੁਣ ਪ੍ਰਗਟਾਣਗੇ । ਮੇਰੀ ਰਾਏ ਵਿਚ ਉਹ 30,000 (ਤੀਹ ਹਜ਼ਾਰ) ਅਬਦਾਲੀ ਫ਼ੌਜ ਤੋਂ ਵੀ ਬਹਾਦਰ ਹਨ ਜਿਨ੍ਹਾਂ ਨਾਲ ਇਨ੍ਹਾਂ ਨੂੰ ਰਣ ਵਿਚ ਬਲ- ਪ੍ਰੀਖਿਆ ਕਰਨ ਦਾ ਸਮਾਂ ਮਿਲਿਆ ਹੈ ।

ਕਾਜ਼ੀ ਅੱਗੇ ਜਾ ਕੇ ਲਿਖਦਾ ਹੈ—ਐ ਬਲੋਚ ਬੀਰੋ ਮੇਰੀ ਇਕ ਹੋਰ ਸਿੱਖਿਆ ਚੇਤੇ ਰਖੋ । ਕਈ ਵੇਰ ਇਹ (ਸਿੰਘ) ਲੜਦੇ-ਲੜਦੇ ਚਾਨਚੱਕ ਮੈਦਾਨ ਜੰਗ ਵਿਚੋਂ ਨਿਕਲ ਜਾਂਦੇ ਹਨ । ਖ਼ਬਰਦਾਰ ਰਹੋ ਇਨ੍ਹਾਂ ਦੇ ਇਸ ਕਰਤਬ ਨੂੰ ਉਨ੍ਹਾਂ ਦੀ ਭਾਂਜ ਨਾ ਸਮਝ ਲੈਣੀ ਇਹ ਉਨ੍ਹਾਂ ਦੇ ਲੜਨ ਦਾ ਇਕ ਜੰਗੀ ਹੁਨਰ ਹੈ । ਕਈ ਵਰਾਂ ਇਸ ਭਰਮ ਵਿਚ ਵੈਰੀ ਨਿਰਭੈਤਾ ਨਾਲ ਆਪਣੀ ਜਿੱਤ ਸਮਝ ਕੇ ਉਨ੍ਹਾਂ ਦਾ ਪਿੱਛਾ ਕਰਦੇ ਹਨ । ਜਦ ਉਹ (ਸਿੰਘ) ਭਾਪ ਲੈਂਦੇ ਹਨ ਕਿ ਵੈਰੀਆਂ ਦਾ ਪਿੱਛਾ ਕਰਨ ਵਾਲਾ ਭਾਗ ਆਪਣੀ ਫ਼ੌਜ ਤੋਂ ਅੱਡ ਹੋ ਗਿਆ ਹੈ ਤੇ ਛੇਤੀ ਇਸ ਨੂੰ ਸਹਾਇਤਾ ਨਹੀਂ ਪਹੁੰਚ ਸਕਦੀ, ਤਦ ਇਹ ਇਕਾ-ਇਕ ਮੁੜ ਕੇ ਪਿੱਛਾ ਕਰਨ ਵਾਲਿਆਂ ਪਰ ਟੁੱਟ ਪੈਂਦੇ ਹਨ ਤੇ ਉਹ ਹਨੇਰ ਦੀ ਤੇਗ ਚਲਾਂਦੇ ਹਨ ਕਿ ਵੈਰੀਆਂ ਨੂੰ ਲੈਣੇ ਦੇ ਦੇਣੇ ਪੈ ਜਾਂਦੇ ਹਨ ।

ਕੀ ਬਹਾਦਰ ਬਲੋਚ ਨੂੰ ਨਹੀਂ ਸੁਣਿਆ ਕਿ ਇਨ੍ਹਾਂ (ਸਿੰਘਾਂ) ਨੇ ਇਹਾ ਢੰਗ ਖ਼ਾਨ! (ਨਸੀਰ ਖ਼ਾਨ) ਨੂੰ ਫਸਾਣ ਲਈ ਵਰਤਿਆ ਸੀ । ਇਹ ਜੰਗ ਵਿਚੋਂ ਖ਼ਾਨ ਤੋਂ ਭੱਜ ਨੱਠੇ । ਖ਼ਾਨ ਜਾਤਾ ਕਿ ਮੈਦਾਨ ਮਾਰ ਲਿਆ ਹੈ ਤੇ ਉਸਨੇ ਭਜਦਿਆਂ ਦਾ ਦੂਰ ਤੱਕ ਪਿੱਛਾ ਕੀਤਾ । ਜਦ ਉਨ੍ਹਾਂ ਇਸ ਨੂੰ ਹੋਰ ਫ਼ੌਜ ਤੋਂ ਵਿਛੜਿਆ ਡਿੱਠਾ ਤਾਂ ਉਨ੍ਹਾਂ ਇਕ ਦਮ ਪਰਤ ਕੇ ਖ਼ਾਨ ਨੂੰ ਘੇਰ ਲਿਆ ਪਰ ਚੂੰਕਿ ਖ਼ਾਨ ਸੰਸਾਰ ਦੇ ਉੱਘੇ ਬਲਵਾਨਾਂ ਵਿਚੋਂ ਇਕ ਸੀ, ਇਸ ਲਈ ਮਸਾਂ ਕਿਤੇ ਉਹ ਆਪਣੀ ਜਾਨ ਬਚਾ ਕੇ ਉਨ੍ਹਾਂ ਤੋਂ ਬਚ ਸਕਿਆ ਸੀ, ਪਰ ਆਪਣੇ ਅਣਗਿਣਤ ਸਾਥੀ ਉਨ੍ਹਾਂ ਦੇ ਹੱਥੋਂ ਮਰਵਾ ਆਇਆ ਸੀ ।

ਮੁੜ ਕਾਜ਼ੀ ਲਿਖਦਾ ਹੈ—ਐ ਬੀਰ ਸੂਰਮਿਓਂ ! ਇਨ੍ਹਾਂ (ਸਿੰਘਾਂ) ਦੇ ਇਨ੍ਹਾਂ ਜੰਗੀ ਕਮਾਲਾਂ ਦੀ ਦਾਦ ਦਿੰਦੇ ਹੋਏ ਇਨ੍ਹਾਂ ਨਾਲ ਨਿਆਂ ਕਰਨਾ ਚਾਹੀਦਾ ਹੈ। ਆਦਿ P

ਇਸੇ ਤਰ੍ਹਾਂ ਦਾ ਇਕ ਹੋਰ ਮੁਸਲਮ ਵੈਰੀ ਸਿੰਘਾਂ ਦੇ ਗੁਣਾਂ ਬਾਰੇ ਲਿਖਦਾ ਹੈ। ਇਸ ਗੱਲ ਜਗਤ ਪ੍ਰਸਿੱਧ ਹੈ ਕਿ ਦੁਰਾਨੀ ਫ਼ੌਜ ਤੋਂ ਛੁੱਟ ਸੰਸਾਰ ਦੀ ਹੋਰ ਕੋਈ ਸੈਨਾ ਇਨ੍ਹਾਂ ਸਿੰਘਾਂ ਦੀ ਬਰਾਬਰੀ ਨਹੀਂ ਕਰ ਸਕਦੀ । ਇਨ੍ਹਾਂ ਦੇ ਕਦ ਦੇਵਾਂ ਵਾਲੇ ਤੇ ਸਾਜਨਾ ਸ਼ੇਰਾਂ ਵਾਂਗ ਹੁੰਦੀ ਹੈ । ਇਹ ਗੱਲ ਮੈਂ ਭਰੋਸੇ ਨਾਲ ਲਿਖਦਾ ਹਾਂ ਕਿ ਇਨ੍ਹਾਂ ਦੀ ਲੱਤ ਦੀ ਇਕ ਠੋਕਰ ਨਾਲ ਵਲੈਤੀ (ਕਾਬਲੀ) ਘੋੜਾ ਉਥੇ ਹੀ ਤੜਫ ਕੇ ਮਰ ਜਾਂਦਾ ਹੈ । ਇਨ੍ਹਾਂ ਦੀ ਬੰਦੂਕ ਦਾ ਨਿਸ਼ਾਨਾ ਇੰਨਾ ਹੁੰਦਾ ਹੈ ਕਿ ਇਹ 900 ਕਦਮ ਦੀ ਦੂਰੀ ਤੋਂ ਸਾਫ਼ ਨਿਸ਼ਾਨੇ ਫੁੰਡਦੇ ਹਨ ।P ਇਹ ਇਕੋ ਕੂਚ ਵਿਚ ਘੋੜੇ ਦੀ ਪਿੱਠ ਪਰ 200 ਕੋਹ ਦੀ ਮੰਜ਼ਲ ਤਹਿ ਕਰ ਲੈਂਦੇ ਹਨ । ਇਨ੍ਹਾਂ ਦੀ ਬੀਰਤਾ ਦਾ ਇਹ ਪਰਤੱਖ ਸਬੂਤ ਹੈ ਕਿ ਜੇ ਇਹ ਇੰਨੇ ਬਹਾਦਰ ਨਾ ਹੁੰਦੇ ਤਾਂ ਇਹ ਵਲੈਤੀ (ਅਫ਼ਗਾਨੀ) ਫ਼ੌਜਾਂ ਦਾ ਇੰਨੀ ਸਫ਼ਲਤਾ ਨਾਲ ਟਾਕਰਾ ਕਿਵੇਂ ਕਰਦੇ । ਦੁਰਾਨੀ ਫ਼ੌਜ ਵੀ ਇਨ੍ਹਾਂ (ਸਿੰਘਾਂ) ਦੀ ਤੇਗ਼ ਦੀ ਧਾਕ ਮੰਨਦੀ ਹੈ।

ਖਾਲਸੇ ਦੇ ਜੀਵਨ ਬਾਰੇ ਉਪਰੋਕਤ ਗਵਾਹੀਆਂ ਉਨ੍ਹਾਂ ਲੋਕਾਂ ਦੀਆਂ ਲਿਖਤਾਂ ਤੋਂ ਲਈਆਂ ਗਈਆਂ ਹਨ ਜਿਹੜੇ ਉਸ ਦੇ ਕੱਟਰ ਵੈਰੀ ਸਨ ਪਰ ਖਾਲਸੇ ਤੇ ਉੱਚੇ ਤੇ ਸਚੇ ਗੁਣਾਂ ਨੂੰ ਵੇਖ, ਬੇਵੱਸ ਹੋ ਕੇ ਉਨ੍ਹਾਂ ਨੂੰ ਖਾਲਸੇ ਬਾਰੇ ਇਹ ਕੁਝ ਲਿਖਣਾ ਪਿਆ ।

ਅੱਗੇ ਜਾ ਕੇ ਮੁੜ ਕਾਜ਼ੀ ਨੂਰ ਮੁਹੰਮਦ ਲਿਖਦਾ ਹੈ ਕਿ ਸਿੰਘਾਂ ਵਿਚ ਮੈਦਾਨ ਜੰਗ ਦੇ ਗੁਣਾਂ ਤੋਂ ਵਖ ਉਹ ਐਡੇ ਉੱਚ ਆਚਰਣ ਵਾਲੇ ਹੁੰਦੇ ਹਨ ਕਿ ਉਹ ਇਸਤ੍ਰੀ-ਜਾਤੀ ਪਰ ਹੱਥ ਨਹੀਂ ਚੁੱਕਦੇ ਤੇ ਨਾ ਹੀ ਉਸ ਦੇ ਗਹਿਣੇ ਤੇ ਧੰਨ ਲੁੱਟਦੇ ਹਨ । ਭਾਵੇਂ ਇਸਤ੍ਰੀ ਬੇਗ਼ਮ ਹੋਵੇ ਯਾ ਦਾਸੀ । ਇਸ ਨਿਯਮ ਦੇ ਉਹ ਪੱਕੇ ਪਾਬੰਧ ਹੁੰਦੇ ਹਨ । ਵਿਭਚਾਰੀ ਉਨ੍ਹਾਂ ਵਿਚ ਕੋਈ ਮੂਲੋਂ ਹੁੰਦਾ ਹੀ ਨਹੀਂ । ਤ੍ਰੀਮਤ ਭਾਵੇਂ ਜਵਾਨ ਹੋਵੇ ਜਾਂ ਬ੍ਰਿਧ, ਇਹ ਸਭ ਨੂੰ ਬੁੱਢੀ ਸਦਦੇ ਹਨ । ਇਸ ਤੋਂ ਉਨ੍ਹਾਂ ਦੇ ਮਨਾਂ ਵਿਚ ਵਸੀਕਾਰ ਹੋਣ ਦੀ ਸੰਭਾਵਨਾ ਸਪਸ਼ਟ ਹੁੰਦੀ ਹੈ ।

ਇਸੇ ਤਰ੍ਹਾਂ ਜੰਗ ਦੇ ਬਾਅਦ ਜੋ ਇਨ੍ਹਾਂ ਮੂਹਰੇ ਹਥਿਆਰ ਸੁੱਟ ਦੇਵੇ ਉਸਨੂੰ ਮਾਫ਼ ਕਰ ਦਿੰਦੇ ਹਨ । ਨੱਸੇ ਜਾਂਦੇ ਵੈਰੀਆਂ ਦਾ ਪਿੱਛਾ ਬਹੁਤ ਘਟ ਕਰਦੇ ਹਨ। ਚੋਰੀ ਕਰਨੀ ਇਹ ਜਾਣਦੇ ਹੀ ਨਹੀਂ ।

ਰੋਜ਼-ਰੋਜ਼ ਦੇ ਕਸ਼ਟ ਤੇ ਕਰੜਾਈਆਂ ਸਹਾਰ ਸਹਾਰ ਕੇ ਖਾਲਸੇ ਦੀ ਸਰੀਰਕ ਸਹਿਣ ਸ਼ਕਤੀ ਐਨੀ ਪਰਬਲ ਹੋ ਗਈ ਸੀ ਕਿ ਇਨ੍ਹਾਂ ਨੂੰ ਕੋਈ ਦੁੱਖ ਦੁਖਦਾਈ ਨਹੀਂ ਸੀ ਪ੍ਰਤੀਤ ਹੁੰਦਾ । ਇਸ ਬਾਰੇ ਉਸ ਸਮੇਂ ਦਾ ਇਕ ਸਿਆਣਾ ਖੋਜੀ ਇਉਂ ਲਿਖਦਾ ਹੈ ।

“ਸਰੀਰ ਨੂੰ ਝੁਲਸਣ ਵਾਲੀਆਂ ਧੁਪਾਂ, ਮੋਹਲੇਧਾਰ ਬਰਖਾ, ਕਕਰੀਲੀਆਂ ਠੰਡਾਂ ਅਤੇ ਸਮੇਂ ਦੀਆਂ ਮੁਸੀਬਤਾਂ ਇਨ੍ਹਾਂ (ਸਿੰਘਾਂ) ਪਰ ਕੋਈ ਅਸਰ ਨਾ ਸਨ ਪਾ ਸਕਦੀਆਂ । ਹਕੂਮਤ ਅਤੇ ਇਨ੍ਹਾਂ ਦੇ ਧਰਮ ਦੇ ਵੈਰੀਆਂ ਵਲੋਂ ਇਨ੍ਹਾਂ ਪਰ ਕਹਿਰ ਦੇ ਅਤਿਆਚਾਰਾਂ ਦਾ ਹੋਣਾ, ਇਨ੍ਹਾਂ ਦੇ ਘਰ ਢਾਹੇ ਗਏ, ਇਨ੍ਹਾਂ ਦੇ ਧਰਮ ਸਥਾਨਾਂ ਦੀਆਂ ਬੇਅਦਬੀਆਂ ਕੀਤੀਆਂ ਗਈਆਂ, ਇਨ੍ਹਾਂ ਦੇ ਬੱਚੇ ਤੇ ਇਸਤ੍ਰੀਆਂ ਨੂੰ ਤਰ੍ਹਾਂ-ਤਰ੍ਹਾਂ ਦੇ ਅਸਹਿ ਕਸ਼ਟ ਦਿੱਤੇ ਗਏ, ਪਰ ਇਨ੍ਹਾਂ ਦੀ ਚੜ੍ਹੀ ਹੋਈ ਸੁਰਤ ਨੂੰ ਕੋਈ ਅਪਦਾ ਨੀਵੀਂ ਨ ਕਰ ਸਕੀ ।”

ਇਹ ਐਸੇ ਅਚਿੰਤ ਸੁਭਾਅ ਵਾਲੇ ਹੁੰਦੇ ਹਨ ਕਿ ਇਹ ਕਦੇ ਇਸ ਗੱਲ ਦੀ ਚਿੰਤਾ ਨਹੀਂ ਕਰਦੇ ਕਿ ਕਲ੍ਹ ਕੀ ਕੁਝ ਵਾਪਰੇਗਾ । ਇਹ ਸਦਾ ਖਿੜੇ ਤੇ ਵਿਗਸੇ ਹੋਏ ਅਤੇ ਰਜ਼ਾ ਵਿਚ ਰਾਜ਼ੀ ਰਹਿਣ ਵਾਲੇ ਹੁੰਦੇ ਹਨ, ਆਦਿ

ਨਵਾਬ ਕਪੂਰ ਸਿੰਘ ਦੇ ਸਮੇਂ ਦੀਆਂ ਸਿੰਘਣੀਆਂ ਦਾ ਜੀਵਨ

ਪਿਛਲੇ ਪੰਨਿਆਂ ਪਰ ਪਾਠਕ ਨਵਾਬ ਕਪੂਰ ਸਿੰਘ ਦੀ ਅਗਵਾਈ ਵਿਚ ਸਿੰਘਾਂ ਦੀ ਰਹਿਣੀ ਬਹਿਣੀ ਦੇ ਅਦੁੱਤੀ ਗੁਣਾਂ ਦੇ ਚਮਤਕਾਰ ਖਾਲਸੇ ਦੇ ਵੈਰੀਆਂ ਦੀ ਕਾਨੀ ਨਾਲ ਲਿਖੀ ਮਹਿਮਾ ਪੜ੍ਹ ਆਏ ਹਨ । ਹੁਣ ਉਸ ਸਮੇਂ ਦੀਆਂ ਸਿੰਘਣੀਆਂ ਦੇ ਬੇਮਿਸਾਲ ਕਾਰਨਾਮਿਆਂ ਅਤੇ ਕੁਰਬਾਨੀਆਂ ਦੇ ਕੁਝ ਮਾਜਰੇ ਲਿਖਦੇ ਹਾਂ ।

ਨਵਾਬ ਕਪੂਰ ਸਿੰਘ ਦੀ ਜਥੇਦਾਰੀ ਸਮੇਂ ਸਿੰਘਣੀਆਂ ਦੇ ਪੰਥ ਲਈ ਕੀਤੇ ਬੀਰਤਾ ਦੇ ਕਾਰਨਾਮਿਆਂ ਅਤੇ ਕੁਰਬਾਨੀਆਂ ਦਾ ਭਾਗ ਇੰਨਾ ਸ਼ਾਨਦਾਰ ਤੇ ਅਦੁੱਤੀ ਹੈ ਜਿਸ ਦੀ ਨਜ਼ੀਰ ਹੋਰ ਕਿਸੇ ਕੌਮ ਦੀਆਂ ਬੀਬੀਆਂ ਪੇਸ਼ ਨਹੀਂ ਕਰ ਸਕਦੀਆਂ । ਉਸ ਸਮੇਂ ਸਿੰਘਣੀਆਂ ਦੀ ਸੁਰਤ ਇੰਨੀ ਉਚਿਆਣ ਪਰ ਪਹੁੰਚ ਚੁੱਕੀ ਸੀ ਕਿ ਦੇਸ਼ ਸੇਵਾ ਵਿਚ ਉਨ੍ਹਾਂ ਆਪਣੇ ਭਾਈਆਂ ਦੇ ਮੋਢੇ ਨਾਲ ਮੋਢਾ ਡਾਹ ਕੇ ਉਹ ਕੁਝ ਕਰ ਦਸਿਆ ਕਿ ਕਈ ਪੱਖਾਂ ਵਿਚ ਤਾਂ ਉਹ ਸਿੰਘਾਂ ਦੀਆਂ ਕੁਰਬਾਨੀਆਂ ਤੋਂ ਵੀ ਅੱਗੇ ਵਧ ਗਈਆਂ ਸਨ ।

ਨਿਰਭੈਤਾ ਦੀ ਅਦੁੱਤੀ ਮਿਸਾਲ

ਹਾੜ ਸੰਮਤ 1783 ਬਿ: ਨੂੰ ਜਥੇਦਾਰ ਬਹਾਦਰ ਸਿੰਘ ਚਾਵੰਡੇ ਨਿਵਾਸੀ ਦੇ ਪੁੱਤ ਦਾ ਵਿਆਹ ਸੀ । ਇਸਦੇ ਸਾਕ ਸੰਬੰਧੀਆਂ ਦਾ ਖਿਲਾਰ ਬਹੁਤ ਖਿਲਰਿਆ ਹੋਇਆ ਸੀ । ਇਸ ਸਮੇਂ ਉਸ ਨੇ ਲਗਭਗ ਆਪਣੇ ਸਾਰੇ ਬੰਦਪਾਂ ਨੂੰ ਘਰ ਮੰਗਵਾਇਆ । ਨੀਯਤ ਸਮੇਂ ਜਨੇਤ ਨੇ ਸਣੇ ਜਾਂਞੀਆਂ ਦੇ ਧੇਤੇ ਪਿੰਡ ਵੱਲ ਕੂਚ ਕਰ ਦਿੱਤਾ ਜੋ ਚਾਵੰਡੇ ਤੋਂ 20 ਕੋਹ ਦੀ ਦੂਰੀ ਪਰ ਸੀ । ਘਰ ਵਿਚ ਕੋਈ ਸਵਾ ਸੌ ਦੇ ਲਗਭਗ ਸਿੰਘਣੀਆਂ ਹੀ ਰਹਿ ਗਈਆਂ ਸਨ ।

ਇਸ ਭੇਦ ਦੀ ਖ਼ਬਰ ਮੇਰੀ ਪਿੰਡ ਦੇ ਚੁਗ਼ਲਾਂ ਨੇ ਹਕੂਮਤ ਦੇ ਕਰਮਚਾਰੀਆਂ ਨੂੰ ਜਾ ਪਹੁੰਚਾਈ ਅਤੇ ਉਨ੍ਹਾਂ ਨੂੰ ਨਗਰ ਪਰ ਚਾੜ੍ਹ ਲੈ ਆਏ । ਸਿੰਘਣੀਆਂ ਨੂੰ ਜਦ ਜਰਵਾਣਿਆਂ ਦੀ ਸੈਨਾ ਦੇ ਹੱਲੇ ਦੀ ਖ਼ਬਰ ਪਹੁੰਚੀ ਤਾਂ ਇਹ ਬਹਾਦਰ ਇਸਤ੍ਰੀਆਂ ਘਬਰਾਈਆਂ ਨਹੀਂ ਸਗੋਂ ਇਨ੍ਹਾਂ ਤੁਰਤ ਆਪਣੇ ਸ਼ਸਤਰਾਂ ਨੂੰ ਸੰਭਾਲਿਆ ਤੇ ਹਵੇਲੀ ਦੇ ਵੱਡੇ ਦਰਵਾਜ਼ੇ ਪਰ ਪਹੁੰਚ ਕੇ ਕਮਾਲ ਨਿਰਭੈਤਾ ਨਾਲ ਵੈਰੀਆਂ ਨੂੰ ਅੰਦਰ ਵੜਨ ਤੋਂ ਰੋਕਿਆ । ਜਿਉਂ-ਜਿਉਂ ਫ਼ੌਜ ਦੇ ਜਵਾਨ ਅੰਦਰ ਵੜਨ ਲਈ ਧਾਵਾ ਕਰ ਕੇ ਆਂਵਦੇ ਸਨ ਤਿਉਂ-ਤਿਉਂ ਇਹ ਬੀਰ ਸਪੁਤ੍ਰੀਆਂ ਆਪਣੀਆਂ ਤੇਗਾਂ ਨਾਲ ਉਨ੍ਹਾਂ ਦੇ ਆਹੂ ਲਾਹੀ ਜਾਂਦੀਆਂ ਸਨ । ਹਵੇਲੀ ਦੇ ਬਾਹਰ ਲੋਥਾਂ ਪਰ ਲੋਥਾਂ ਦੇ ਢੇਰ ਲਾ ਦਿੱਤੇ । ਇਥੇ ਹੀ ਬੱਸ ਨਹੀਂ, ਇਨ੍ਹਾਂ ਮੁਰਦਿਆਂ ਅਤੇ ਫਟੜਾਂ ਦੇ ਹਥਿਆਰ ਵੀ ਖੋਹ ਲਏ । ਹੁਣ ਜਦ ਇਨ੍ਹਾਂ ਕੋਲ ਵਧੇਰੇ ਸ਼ਸਤਰ ਹੋ ਗਏ ਤਾਂ ਇਨ੍ਹਾਂ ਬਾਹਰ ਨਿਕਲ ਕੇ ਜਹਾਦੀਆਂ ਪਰ ਐਸੀ ਦ੍ਰਿੜ੍ਹਤਾ ਨਾਲ ਬੱਝਵਾਂ ਹੱਲਾ ਕੀਤਾ ਕਿ ਵੈਰੀਆਂ ਦੇ ਮੂੰਹ ਤੋੜ ਦਿੱਤੇ । ਇਉਂ ਗਸ਼ਤੀ ਫ਼ੌਜ ਨੇ ਜਦ ਆਪਣੇ ਆਪ ਨੂੰ ਭਾਰੀ ਖ਼ਤਰੇ ਵਿਚ ਡਿੱਠਾ ਤਾਂ ਉਹ ਮੈਦਾਨ ਸਿੰਘਣੀਆਂ ਦੇ ਹੱਥ ਛੱਡ ਕੇ ਆਪਣੀਆਂ ਪਿਆਰੀਆਂ ਜਾਨਾਂ ਬਚਾ ਕੇ ਜਿਧਰੋਂ ਆਏ ਸਨ ਉਧਰ ਨੂੰ ਭੱਜ ਗਏ – ਇਹ ਫ਼ਤਹਿ ਦੀ ਸਭ ਤੋਂ ਵਧ ਮਹੱਤਤਾ ਇਹ ਹੈ ਕਿ ਇਹ ਸਫ਼ਲਤਾ ਸਿੰਘਣੀਆਂ ਨੇ ਬਿਨਾਂ ਸਿੰਘਾਂ ਦੀ ਸਹਾਇਤਾ ਦੇ ਗਸ਼ਤੀ ਫ਼ੌਜ ਪਰ ਪ੍ਰਾਪਤ ਕੀਤੀ मी ।

ਸਿੰਘਣੀਆਂ ਦੀ ਸਵੈ-ਰੱਖਿਆ ਅਤੇ ਇਸ ਮਹਾਨ ਫਤਹਿ ਦੇ ਸਮਾਚਾਰ ਜਦ ਸਿੰਘਾਂ ਅਤੇ ਦੇਸ਼ ਦੀਆਂ ਹੋਰਨਾਂ ਸਿੰਘਣੀਆਂ ਸੁਣੇ ਤਾਂ ਉਨ੍ਹਾਂ ਦੇ ਹੀਏ ਸ਼ੇਰਾਂ ਤੁਲ ਵਧ ਗਏ । ਸਿੰਘਣੀਆਂ ਦੀ ਬੀਰਤਾ ਦਾ ਇਹ ਤਾਂ ਕੇਵਲ ਇਕ ਨਮੂਨਾ ਹੈ । ਇਤਿਹਾਸ ਦਸਦਾ ਹੈ ਕਿ ਇਸ ਤਰ੍ਹਾਂ ਦੇ ਅਨੇਕਾਂ ਮੈਦਾਨ ਜੰਗਾਂ ਵਿਚ ਸਿੰਘਣੀਆਂ ਨੇ ਵੈਰੀਆਂ ਨੂੰ ਲੋਹੇ ਦੇ ਚਣੇ ਚਬਾਏ ਸਨ । ਇਸ ਬਾਰੇ ਇਉਂ ਲਿਖਿਆ ਹੈ :

ਸੁਣ ਇਹ ਖ਼ਬਰ ਸਿੰਘ ਖੁਸ਼ ਹੋਏ,

ਔਰ ਸਿੰਘਣੀਆਂ ਦੇਸ਼ੇ ਮਝਾਰ ।

ਹੋਇ ਦਲੇਰ ਫੇਰ ਬਹਿ ਠੌਰੇਂ,

ਲੜੀਆਂ ਤੁਰਕਨ ਸੇ ਬਹ ਬਾਰ ।

ਆਪਣੇ ਜਤ ਸਤ ਧਰਮ ਧਾਮ ਧਨ,

ਰਹੀਆਂ ਭਲੇ ਬਚਾਵਤ ਠੀਕ ।

ਦੇਸ਼ ਪੰਜਾਬ ਬਸ਼ੇਸ਼ ਬਾਤ ਇਹ,

ਫੈਲ ਰਹੀ ਥੀ ਅਧਕੈਂ ਨੀਤਾ ।

ਸਿੰਘਣੀਆਂ ਦੀ ਬੀਰਤਾ ਦੇ ਅਨੇਕ ਚਮਤਕਾਰ ਅਸੀਂ ਇਥੇ ਹੀ ਛੱਡਦੇ ਹਾਂ। ਹੁਣ ਅਸੀਂ ਮਨਾਂ ਨੂੰ ਕੰਬਾ ਦੇਣ ਵਾਲੇ ਕੁਝ ਸਾਕੇ ਲਿਖਦੇ ਹਾਂ ਜੋ ਇਨ੍ਹਾਂ ਗੁਰੂ ਗੋਬਿੰਦ ਸਿੰਘ ਦੀਆਂ ਬੱਚੀਆਂ ਨੇ ਖਾਲਸਾ ਧਰਮ ਦੀ ਅਣਖ ਨੂੰ ਅਮਿੱਟ ਰੱਖਣ ਲਈ, ਆਪਣੇ ਜਿਗਰ ਦੇ ਲਾਲਾਂ ਦੇ ਟੁਕੜੇ ਕਰਵਾਏ, ਸਾਰਾ ਸਾਰਾ ਦਿਨ ਚੱਕੀਆਂ ਪੀਠੀਆਂ, ਭੁੱਖੀਆਂ ਰਹੀਆਂ, ਜਾਨਾਂ ਵਾਰੀਆਂ ਪਰ ਖਾਲਸਾ ਧਰਮ ਤੇ ਕੌਮੀ ਸ਼ਾਨ ਨੂੰ ਦਾਗ਼ ਨਹੀਂ ਲਾਇਆ । ਇਹ ਬੀਰ ਸਪੁਤ੍ਰੀਆਂ ਸਨ, ਜਿਨ੍ਹਾਂ ਦੀਆਂ ਕੁਰਬਾਨੀਆਂ ਵੱਲ ਰੋਜ਼ਾਨਾ ਅਰਦਾਸ ਵਿਚ ਸਿੱਖ ਸੰਗਤਾਂ ਨੂੰ ਧਿਆਨ ਦਿਵਾਇਆ ਜਾਂਦਾ ਹੈ ।

ਅਸਹਿ ਕਸ਼ਟਾਂ ਵਿਚ ਅਡੋਲ ਰਹਿਣਾ

ਜ਼ਕਰੀਆ ਖ਼ਾਨ ਦੀ ਸੂਬੇਦਾਰੀ ਦਾ ਸਮਾਂ ਬੀਤ ਗਿਆ । ਉਹ 1 ਜੁਲਾਈ ਸੰਨ 1745 ਨੂੰ ਮਰ ਗਿਆ । ਕੁਝ ਸਮਾਂ ਯਾਹੀਆ ਖ਼ਾਨ ਤੇ ਸ਼ਾਹ ਨਵਾਬ ਖ਼ਾਨ ਪੰਜਾਬ ਦੀ ਹਕੂਮਤ ਕਰਕੇ ਲਾਹੌਰ ਦੀ ਗਵਰਨਰੀ 1747 ਵਿਚ ਮੀਰ ਮੰਨੂੰ (ਮੁਈਨੁਦੀਨ) ਦੇ ਹੱਥ ਆਈ । ਆਸ ਸੀ ਕਿ ਇਸ ਦੇ ਸਮੇਂ ਸਿੰਘਾਂ ਪਰ ਹੋ ਰਹੇ ਅਤਿਆਚਾਰ ਕੁਝ ਘਟ ਜਾਣਗੇ ਪਰ ਇਸ ਨੇ ਤਾਂ ਹਕੂਮਤ ਦੀ ਵਾਗਡੋਰ ਹੱਥ ਲੈਂਦਿਆਂ ਹੀ ਇਹ ਪਿਛਲੇ ਜ਼ਾਲਮਾਂ ਤੋਂ ਚਾਰ ਗੁਣਾਂ ਵੱਧ ਸਿੱਧ ਹੋਇਆ P ਇਸ ਦੇ ਜ਼ੁਲਮਾਂ ਬਾਰੇ ਖਾਲਸੇ ਵਿਚ ਬੋਲੀ ਜਾਣ ਵਾਲੀ ਇਸ ਅਖ਼ਾਵਤ ਤੋਂ ਅੱਜ ਤੱਕ ਪੰਜਾਬ ਦਾ ਬੱਚਾ ਬੱਚਾ ਜਾਣੂ ਹੈ । ਜਿਸ ਤੋਂ ਮੰਨੂੰ ਦੇ ਅਤਿਆਚਾਰ ਆਪਣੇ ਆਪ ਚੋ-ਚੋ ਪੈਂਦੇ ਹਨ । ਉਹ ਇਹ ਹੈ :

“ਮੈਨੂੰ ਅਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ ।

ਜਿਉਂ-ਜਿਉਂ ਮੰਨੂੰ ਵਢਦਾ ਅਸੀਂ ਦੂਣੇ ਸਵਾਇ ਹੋਏ।”

ਮੀਰ ਮੰਨੂੰ ਨੇ ਆਪਣੀ ਫਿਰਤੂ ਫ਼ੌਜ ਸੱਯਦ ਜਮੀਲੇ ਦੀਨ ਖ਼ਾਨ, ਖਵਾਜਾ ਮਿਰਜ਼ਾ ਅਤੇ ਬਖਸ਼ੀ ਗਾਜ਼ੀ ਬੇਗ ਖ਼ਾਨ ਨੂੰ ਸੌਂਪ ਕੇ ਸਿੰਘਾਂ ਦੀ ਭਾਲ ਲਈ ਬਾਹਰ ਭੇਜ ਦਿੱਤੀ । ਇਨ੍ਹਾਂ ਪੰਜਾਬ ਦੇ ਕੋਨੇ-ਕੋਨੇ ਵਿਚ ਸਿੰਘਾਂ ਨੂੰ ਢੂੰਡਣਾ ਆਰੰਭ ਦਿੱਤਾ । ਇਸ ਯਤਨ ਵਿਚ ਇਨ੍ਹਾਂ ਹਜ਼ਾਰਾਂ ਦੀ ਗਿਣਤੀ ਵਿਚ ਸਿੰਘਾਂ ਨੂੰ ਸ਼ਹੀਦ ਕੀਤਾ ਅਤੇ ਇਸ ਤੋਂ ਵੱਧ ਜਿਊਂਦੇ ਕੈਦ ਕਰਕੇ ਲਾਹੌਰ ਲਿਆਂਦੇ ਗਏ। ਜਿਨ੍ਹਾਂ ਨੂੰ ਨਖਾਸਖਾਨੇ ਦੇ ਮੈਦਾਨ ਵਿਚ ਕਤਲ ਕਰ ਕੇ, ਉਨ੍ਹਾਂ ਦੇ ਸਿਰਾਂ ਦੇ ਕੋਟ ਉਸਾਰੇ ਗਏ । ਇਸ ਤੋਂ ਪਹਿਲਾਂ ਵੈਰੀਆਂ ਸਿੰਘਾਂ ਦੇ ਬੱਚਿਆਂ ਤੇ ਸਿੰਘਣੀਆਂ ਪਰ ਕਦੇ ਬਹੁਤਾ ਹੱਥ ਨਾ ਸੀ ਚੁੱਕਿਆ । ਇਸ ਭਾਵ ਨੂੰ ਮੁਖ ਰਖ ਕੇ ਸਿੰਘ ਤਾਂ ਜੰਗਲਾਂ ਤੇ ਝਲਾਂ ਵਿਚ ਨਿਕਲ ਗਏ ਅਤੇ ਸਿੰਘਣੀਆਂ ਨੂੰ ਘਰਾਂ ਵਿਚ ਰਹਿਣ ਦਿੱਤਾ ।

ਆਰੰਭ ਵਿਚ ਤਾਂ ਮੰਨੂੰ ਵਲੋਂ ਵਧੇਰੀ ਫੜੋਫੜੀ ਸਿੰਘਾਂ ਦੀ ਹੁੰਦੀ ਰਹੀ, ਪਰ ਹੁਣ ਜਦ ਉਸ ਨੂੰ ਮਲੂਮ ਹੋ ਗਿਆ ਕਿ ਸਿੰਘ ਤਾਂ ਉਸ ਦੀ ਪਕੜ ਤੋਂ ਕਿਤੇ ਦੁਰੇਡੇ ਨਿਕਲ ਗਏ ਹਨ ਤਾਂ ਇਸ ਆਪਣਾ ਧਿਆਨ ਸਿੰਘਣੀਆਂ ਦੀ ਪਕੜ ਵਲ ਫੇਰਿਆ । ਹੁਣ ਸੈਂਕੜਿਆਂ ਦੀ ਗਿਣਤੀ ਵਿਚ ਬੇਦੋਸ਼ੀਆਂ ਸਿੰਘਣੀਆਂ ਅਤੇ ਮਾਸੂਮ ਬੱਚੇ ਫੜ ਲੀਤੇ ਗਏ । ਪਹਿਲਾਂ ਉਨ੍ਹਾਂ ਨੂੰ ਸਿੱਖੀ ਧਰਮ ਤਿਆਗ ਕੇ ਇਸਲਾਮ ਵਿਚ ਆਵਣ ਲਈ ਪ੍ਰੇਰਨਾ ਦਿੱਤੀ ਜਾਂਦੀ, ਅਤੇ ਸੁਖੀ ਜੀਵਨ ਦੇ ਲੋਭ ਲਾਲਚ ਦਿੱਤੇ ਜਾਂਦੇ । ਪਰ ਜਦ ਇਹ ਸਭ ਢੰਗ ਮੂਲੋਂ ਅਸਫਲ ਸਿੱਧ ਹੁੰਦੇ ਤਾਂ ਇਨ੍ਹਾਂ ਨੂੰ ਅਸਹਿ ਕਸ਼ਟ ਦੇਣੇ ਆਰੰਭ ਕੀਤੇ ਜਾਂਦੇ ਸਨ । ਇਕ ਅਸਿੱਖ ਲੇਖਕ ਸਿੱਖਾਂ ਦੇ ਕਸ਼ਟਾਂ ਦੇ ਸਮਾਚਾਰ ਲਿਖਦਾ ਹੋਇਆ ਸਿੰਘਣੀਆਂ ਬਾਰੇ ਪ੍ਰਗਟ ਕਰਦਾ ਹੈ ਕਿ ਉਨ੍ਹਾਂ (ਸਿੰਘਾਂ) ਦੀਆਂ ਇਸਤ੍ਰੀਆਂ ਤੇ ਬੱਚੇ ਪਕੜੇ ਜਾਂਦੇ ਸਨ। ਅਤੇ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਕਸ਼ਟ ਦੇ ਕੇ ਮਾਰ ਦਿੱਤਾ ਜਾਂਦਾ ਸੀ ।

ਇੰਨੀ ਦਿਨੀਂ 1752 ਈਸਵੀ ਵਿਚ ਵੱਖੋ-ਵੱਖ ਪਿੰਡਾਂ ਤੋਂ ਲਗਭਗ ਤਿੰਨ ਸੌ ਬੀਬੀਆਂ ਅਤੇ ਕੋਈ ਸੌ ਕੁ ਬੱਚੇ ਜਿਨ੍ਹਾਂ ਵਿਚ ਇਕ ਮਹੀਨੇ ਦੀ ਉਮਰ ਤੋਂ ਤਿੰਨ ਚਾਰ ਵਰ੍ਹਿਆਂ ਤਕ ਦੀ ਆਯੂ ਦੇ ਬਾਲਕ ਵੀ ਆਪਣੀਆਂ ਮਾਵਾਂ ਨਾਲ ਫੜੇ ਗਏ । ਇਸ ਸਾਰੇ ਟੋਲੇ ਨੂੰ ਮੰਨੂੰ ਦੇ ਹੁਕਮ ਨਾਲ ਲਾਹੌਰ ਪਹੁੰਚਾਇਆ ਗਿਆ ਅਤੇ ਦਿੱਲੀ ਦਰਵਾਜ਼ੇ ਦੇ ਬਾਹਰ ਨਖਾਸਖ਼ਾਨੇ ਦੇ ਲਾਗੇ ਇਕ ਇਮਾਰਤ ਦੀ ਵਲਗਣ ਵਿਚ ਇਨ੍ਹਾਂ ਸਭ ਨੂੰ ਕੈਦ ਕੀਤਾ ਗਿਆ । ਜਿਸ ਥਾਂ ਦਾ ਨਾਂ ਅੱਗੇ ਜਾ ਕੇ ਸ਼ਹੀਦਗੰਜ ਪ੍ਰਸਿੱਧ ਹੋਇਆ ।

ਕਿਸੇ ਕੈਦੀ ਲਈ ਆਪਣੇ ਸਨਬੰਧੀਆਂ ਦਾ ਵਿਛੋੜਾ ਹੀ ਕੋਈ ਘਟ ਦੁਖਦਾਈ ਨਹੀਂ ਹੁੰਦਾ ਉਪਰੋਂ ਜ਼ਾਲਮਾਂ ਨੇ ਤਸੀਹਾਂ ਦੀ ਹੱਦ ਮੁਕਾ ਦਿੱਤੀ ਸੀ । ਅੱਖੀਂ ਪਹਿਰੀਂ ਛੋਲਿਆਂ ਦੀ ਰੋਟੀ ਤੇ ਇੱਕ ਛੱਨਾ ਪਾਣੀ ਦਾ ਮਿਲਦਾ ਸੀ । ਨਾ ਨ੍ਹਾਉਣਾ ਨਾ ਧੋਣਾ ਸਭ ਦੀ ਨਰਕ ਨਿਵਾਸੀਆਂ ਵਾਲੀ ਦਸ਼ਾ ਹੋ ਗਈ ਸੀ । ਇਸ ਤੋਂ ਵੱਧ ਦੁਖ ਇਹ ਸੀ ਕਿ ਅੰਞਾਣੇ ਬੱਚੇ ਭੁੱਖ ਦੇ ਦੁੱਖ ਨਾਲ ਵਿਲੂੰ-ਵਿਲੂੰ ਕਰਨ ਲਗ ਪਏ । ਪਰ ਵਾਰਨੇ ਜਾਈਏ ਗੁਰਸਿੱਖੀ ਦੇ ਪਿਆਰ ਤੋਂ, ਜਿਨ੍ਹਾਂ ਦੀ ਝੋਲੀ ਬਾਲ ਨਹੀਂ ਸਨ ਉਹ ਆਪਣੀ ਰੋਟੀ ਵਿਚੋਂ ਚੱਪਾ ਚੱਪਾ ਬਚਾ ਕੇ ਆਪ ਭੁੱਖ ਦਾ ਦੁੱਖ ਭੋਗਦੀਆਂ ਅਤੇ ਉਹ ਟੁਕਰ ਭੁੱਖ ਦੇ ਮਾਰੇ ਚਿਚਲਾ ਰਹੇ ਬਾਲਾਂ ਨੂੰ ਖਵਾਂਦੀਆਂ ।

ਲਿਖਿਆ ਹੈ ਕਿ ਇਕ ਦਿਨ ਮੀਰ ਮੰਨੂੰ ਸਣੇ ਕੁਝ ਵੱਡੇ ਕਰਮਚਾਰੀਆਂ ਦੇ ਇਸ ਬੰਦੀਖਾਨੇ ਆਇਆ ਤੇ ਇਨ੍ਹਾਂ ਸਭ ਸਿੰਘਣੀਆਂ ਨੂੰ ਵਿਹੜੇ ਵਿਚ ਇਕੱਠਾ ਕਰਕੇ ਇਨ੍ਹਾਂ ਦੀ ਰਾਖੀ ਵਾਲੇ ਮੁਖ-ਰਖਵਾਲੇ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਸਾਰੀਆਂ ਨੂੰ ਸਣੇ ਬੱਚਿਆਂ ਦੇ ਮੁਸਲਮਾਨੀਆਂ ਬਣਾਓ । ਜਿਹੜੀ ਫਰਮਾਨ ਦੇ ਮੰਨਣ ਤੋਂ ਨਾਂਹ ਨੁਕਰ ਕਰੇ ਉਹਨੂੰ ਸਵਾ ਸਵਾ ਮਣ ਦਾਣੇ ਪੀਹਣ ਲਈ ਚੱਕੀਆਂ ਪਰ ਲਾਓ, ਜੋ ਨਾ ਪੀਹੇ ਉਸ ਨੂੰ ਚਾਬਕਾਂ ਲਾਓ ।

ਮੰਨੂੰ ਦੇ ਇਸ ਹੁਕਮ ਅਨੁਸਾਰ ਅਗਲੇ ਦਿਨ ਚੱਕੀਆਂ ਦਾ ਪ੍ਰਬੰਧ ਹੋ ਗਿਆ। ਅਤੇ ਇਨ੍ਹਾਂ ਬੀਬੀਆਂ ਅੱਗੇ ਰੱਖੀਆਂ ਗਈਆਂ ।

ਜ਼ਿੰਮੀਂਦਾਰ ਘਰਾਣਿਆਂ ਦੀਆਂ ਬੀਬੀਆਂ ਤਾਂ ਕਠਨ ਘਾਲ ਦੇ ਉਪਰੰਤ ਆਪਣੀ ਮੁਸ਼ੱਕਤ ਪੂਰੀ ਕਰ ਲੈਂਦੀਆਂ ਸਨ ਪਰ ਧਨਾਢ ਘਰਾਣਿਆਂ ਵਿਚ ਪਲੀਆਂ ਕੱਚੀਆਂ ਲਈ ਤਾਂ ਇਹ ਦੁਖ ਅਸਹਿ ਹੋ ਗਿਆ । ਪਹਿਲੇ ਦਿਨ ਹੀ ਹੱਥਾਂ ਪੈਰ ਪਰ ਛਾਲੇ ਪੈ ਗਏ, ਸਰੀਰ ਥਕੇਵੇਂ ਨਾਲ ਚੂਰ-ਚੂਰ ਹੋ ਗਏ । ਲਿਖਤਾਂ ਦਸਦੀਆਂ ਹਨ ਇਨ੍ਹਾਂ ਬਹਾਦਰ ਸਿੰਘਣੀਆਂ, ਇਨ੍ਹਾਂ ਭਿਆਨਕ ਕਸ਼ਟਾਂ ਵਿਚ ਵੀ ਆਪਸ ਦੇ ਸਿੱਖੀ ਪਿਆਰ ਨੂੰ ਹੱਥੋਂ ਨਹੀਂ ਸੀ ਛੱਡਿਆ । ਜਿਹੜੀਆਂ ਬੀਬੀਆਂ ਦੇ ਝੋਲੀ ਬਾਲ ਨਹੀਂ ਸਨ ਤੇ ਸਰੀਰ ਕਰਕੇ ਤਕੜੀਆਂ ਸਨ ਉਹ ਆਪਣੀਆਂ ਪੀਹਣੀਆਂ ਪੀਹ ਕੇ ਬਾਲਾਂ ਵਾਲੀਆਂ ਅਤੇ ਲਿੱਸੀਆਂ ਭੈਣਾਂ ਨਾਲ ਜੁੜ ਬਹਿੰਦੀਆਂ ਤੇ ਇਸ ਤਰ੍ਹਾਂ ਦੂਣੀ ਘਾਲ ਘਾਲ ਕੇ ਆਪਣੀਆਂ ਭੈਣਾਂ ਦਾ ਦੁੱਖ ਵੰਡਾਂਦੀਆਂ ।

ਘੋਰ ਅਤਿਆਚਾਰ

ਪੁਰਾਤਨ ਲਿਖਤਾਂ ਵਿਚ ਲਿਖਿਆ ਮਿਲਦਾ ਹੈ ਕਿ ਮੰਨੂੰ ਨੂੰ ਇਹ ਭਰੋਸਾ ਸੀ ਕਿ ਜਿਹੜਾ ਹੁਕਮ ਉਹ ਸਿੰਘਣੀਆਂ ਦੀ ਮੁਸ਼ੱਕਤ ਬਾਰੇ ਦੇ ਆਇਆ ਹੈ ਉਹ ਅਸਹਿ ਹੈ ਅਤੇ ਇਨ੍ਹਾਂ ਦੁਖਾਂ ਤੋਂ ਘਬਰਾ ਕੇ ਇਹ ਕੈਦਣਾਂ ਸਿੱਖੀ ਤਿਆਗ ਕੇ ਇਸਲਾਮ ਨੂੰ ਧਾਰਨ ਕਰ ਲੈਣਗੀਆਂ । ਇਸ ਭਾਵ ਨੂੰ ਮੁੱਖ ਰਖ ਕੇ ਕੁਝ ਦਿਨਾਂ ਦੇ ਬਾਅਦ ਉਹ ਮੁੜ ਬੰਦੀਖਾਨੇ ਪੁਜਾ ਅਤੇ ਬੜੇ ਨਰਮ ਸ਼ਬਦਾਂ ਨਾਲ ਸਭ ਨੂੰ ਸੰਬੋਧਨ ਕਰਕੇ ਆਖਿਆ ਤੁਸਾਂ ਅਤੇ ਤੁਹਾਡੇ ਬੱਚਿਆਂ ਪਰ ਮੈਨੂੰ ਬੜਾ ਤਰਸ ਆਂਵਦਾ ਹੈ ਤੁਸੀਂ ਹੱਠ ਛੱਡ ਕੇ ਇਸਲਾਮ ਦੀ ਸ਼ਰਨ ਲਵੋ । ਤੁਸੀਂ ਇਹ ਗੱਲ ਪੱਕੀ ਸਮਝ ਲਵੋ ਕਿ ਪਹਿਲਾਂ ਤਾਂ ਇਸ ਕੈਦ ਵਿਚੋਂ ਤੁਹਾਡਾ ਜਿਊਂਦੇ ਜੀ ਬਾਹਰ ਨਿਕਲਣਾ ਇਕ ਅਨਹੋਣੀ ਗੱਲ ਹੈ । ਇਕ ਪਲ ਲਈ ਇਹ ਮੰਨ ਵੀ ਲਿਆ ਜਾਏ ਕਿ ਤੁਸੀਂ ਇਥੋਂ ਛੁਟਕਾਰਾ ਪਾ ਕੇ ਬਾਹਰ ਚਲੀਆਂ ਵੀ ਜਾਓ ਤਾਂ ਆਪ ਬਾਹਰ ਨਿਕਲ ਕੇ ਕਿਸ ਪਾਸ ਰਵੋਗੀਆਂ, ਕਿਉਂਕਿ ਤੁਹਾਡੇ ਸੰਬੰਧੀ ਤਾਂ ਕਤਲ ਕਰ ਦਿੱਤੇ ਗਏ ਹਨ, ਹੁਣ ਤਾਂ ਬਾਹਰ ਸਿੱਖਾਂ ਦਾ ਖੁਰਾ ਖੋਜ ਹੀ ਮਿਟ ਗਿਆ ਹੈ।

ਆਪ ਲਈ ਹੁਣ ਇਕੋ ਰਾਹ ਰਹਿ ਗਿਆ ਹੈ ਕਿ ਇਸਲਾਮ ਵਿਚ ਆ ਜਾਓ ਤੇ ਇਨ੍ਹਾਂ ਦੁੱਖਾਂ ਤੋਂ ਛੁੱਟਕਾਰਾ ਪਾ ਕੇ ਸੁਖ ਭੋਗੋ । ਇਕ ਲਿਖਤ ਦਾ ਭਾਵ ਇਉਂ ਹੈ:

ਸਿੰਘਣੀਆਂ ਕੋ ਕਹਯੋ ਮਨੂੰ ਤੁਮ ਤੀਨ ਕਬੂਲੋ ।

ਮਨ ਬਾਛਤ ਸੁਖ ਭੁਗੋ ਬੈਠੀਆਂ ਪਲਣੇ ਝੂਲੋ ।

ਫਿਰ ਲਿਖਿਆ ਹੈ, ਇਹ ਸੁਣ ਕੇ ਸਿੰਘਣੀਆਂ ਉੱਤਰ ਦਿੱਤਾ-

ਸੁਣ ਸਿੰਘਣੀਆਂ ਕਹਯੋ ਦੀਨ ਹਮ ਸਾਚਾ ਲੀਓ ।

ਹੇਤ ਤਾਰਨੇ ਸੁਤ ਅਕਾਲ ਨੇ ਹਮ ਕੇ ਦੀਓ ।

ਔਰ ਮਜ਼੍ਹਬ ਹੈ ਜਿਤਕ ਸਭੀ ਬੰਦਯੋ ਨੇ ਕੀਏ ।

ਰਚ ਬਨਾਵਟੀ ਕੂਰ ਪ੍ਰਭੂ ਤੇ ਬੇਮੁਖ ਥੀਏ ।

ਗੁਰਮਤ ਸਚਾ ਲਾਲ ਛੋਡ ਕਰ ਕਯੋ ਗਹਿ ਥਾਰਾ ।

ਬੇਈਮਾਨ ਬਨ ਜੀਐ ਕਸੋ ਕਬਲੋ ਸੰਸਾਰਾ ।

ਰੋਗ, ਸੋਗ, ਭੁੱਖ, ਦੂਤ, ਕਾਲ, ਕਰਮਨ ਕਾ ਲੇਖੋ ।

ਭੋਗਨ ਪਹੈ ਸਰਦ ਮਜ਼੍ਹਬ ਮੈਂ ਇਕ ਸਮ ਦੇਖੋ ।

ਸਿੰਘਣੀਆਂ ਤੋਂ ਇਹ ਸਿਦਕ ਭਰੇ ਵਾਕ ਸੁਣ ਕੇ, ਹਕੂਮਤ ਦੇ ਮਦ ਵਿਚ ਮੱਤੇ ਹੋਏ ਮੰਨੂੰ ਦਾ ਕਰੋਧ ਭੜਕ ਉਠਿਆ । ਇਸ ਦੇ ਹੁਕਮ ਨਾਲ ਇਸ ਦੀ ਫ਼ੌਜ ਦੇ ਜਵਾਨਾਂ ਨੇ ਇਨ੍ਹਾਂ ਸਿੰਘਣੀਆਂ ਦੀਆਂ ਝੋਲੀਆਂ ਤੋਂ ਇਆਣੇ ਬੱਚੇ ਖੋਹ ਲੀਤੇ ਉਨ੍ਹਾਂ ਨੂੰ ਖਿਦੋ ਵਾਂਗ ਉਤਾਂਹ ਸੁੱਟਿਆ ਤੇ ਹੇਠ ਨੇਜ਼ੇ ਧਰ ਕੇ ਮਾਵਾਂ ਦੀਆਂ ਅੱਖਾਂ ਦੇ ਸਾਹਮਣੇ ਉਨ੍ਹਾਂ ਨੂੰ ਪਰੋ ਦਿੱਤਾ । ਇਸ ਤਰ੍ਹਾਂ ਬਾਲਕ ਚਿਚਲਾ ਚਿਚਲਾ ਕੇ ਲੁਛ ਲੁਛ ਕੇ ਪਰਾਣ ਤਿਆਗ ਗਏ ।

ਸਿੰਘਣੀਆਂ ਦੇ ਇਨ੍ਹਾਂ ਕਸ਼ਟਾਂ ਦਾ ਵਰਣਨ ਇਉਂ ਕੀਤਾ ਗਿਆ ਹੈ :

ਸਿੰਘਣੀਆਂ ਕੇ ਬੱਚੇ ਲਾ ਕੇ ।

ਉਨ ਕੇ ਸਨਮੁਖ ਉਨੇ ਦਿਖਾ ਕੇ ।

ਊਪਰ ਕੋ ਉਛਾਲ ਕਰ ਸੁਟਹੈਂ ।

ਕਰ ਅਤਿ ਜ਼ੁਲਮ ਜੜ੍ਹਾਂ ਨਿਜ ਪੁਟ ਹੈਂ ।

ਬਰਛਿਆਂ ਮਾਂਹਿ ਅਨੇਕ ਪਰੋਏ ।

ਸ਼ੀਰਖੋਰ ਤੜਫ਼ਾ ਇਮ ਕੋਹੈ

ਇਸ ਤੋਂ ਬਾਅਦ ਬੱਚਿਆਂ ਦੇ ਕਈ ਟੋਟੇ ਕੀਤੇ ਗਏ, ਅਤੇ ਇਹ ਟੋਟੇ ਮਾਵਾਂ ਦੀਆਂ ਝੋਲੀਆਂ ਵਿਚ ਸੁੱਟ ਦਿੱਤੇ ।

ਇਸ ਘਟਨਾ ਬਾਰੇ ਇਕ ਹੋਰ ਖੋਜੀ ਇਤਿਹਾਸਕਾਰ ਇਉਂ ਲਿਖਦਾ ਹੈ—

“ਮੀਰ ਮੰਨੂੰ ਨੇ ਸਿੰਘਣੀਆਂ ਨੂੰ ਪੁੱਜ ਪੁੱਜ ਕੇ ਦੁੱਖ ਦਿਤੇ, ਉਨ੍ਹਾਂ ਪਾਸੋਂ ਚੱਕੀਆਂ ਪਿਹਾਈਆਂ ਗਈਆਂ, ਮੁਸ਼ੱਕਤਾਂ ਲਈਆਂ, ਤਰ੍ਹਾਂ-ਤਰ੍ਹਾਂ ਦੇ ਡੂਮ ਡਰਾਵੇ ਦਿੱਤੇ, ਲਾਲਚ ਦਸੇ ਪਰ ਜਦ ਉਹ ਧਰਮ ਤੋਂ ਨਾ ਡੋਲੀਆਂ ਤਾਂ ਉਨ੍ਹਾਂ ਦੀਆਂ ਝੋਲੀਆਂ ਵਿਚੋਂ ਉਨ੍ਹਾਂ ਦੇ ਬਾਲ ਖੋਹ ਕੇ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਕੋਹ ਕੇ ਮਾਰ ਕੇ ਫੇਰ ਉਨ੍ਹਾਂ ਦੀਆਂ ਝੋਲੀਆਂ ਵਿਚ ਪਾ ਕੇ ਮੁਸ਼ੱਕਤਾਂ ਲੈਂਦੇ ਰਹੇ । ਅਨੇਕਾਂ ਸਿੰਘਣੀਆਂ ਸ਼ਹੀਦ ਵੀ ਕੀਤੀਆਂ ਗਈਆਂ । ਮੁਗ਼ਲ ਹਕੂਮਤ ਵਲੋਂ ਇਹ ਅਤਿ ਦੇ ਕਸ਼ਟ ਸਨ ਜੋ ਸਿੰਘਣੀਆਂ ਨੂੰ ਦਿੱਤੇ ਗਏ ।

ਬੜੀ ਅਚੰਭਤ ਕਰਨ ਵਾਲੀ ਗੱਲ ਤਾਂ ਇਹ ਹੈ ਇਨ੍ਹਾਂ ਬੀਬੀਆਂ ਤੇ ਬੱਚਿਆਂ ਕਹਿਰ ਦੇ ਕਸ਼ਟ ਸਹਾਰੇ ਪਰ ਕਿਸੇ ਇਕ ਨੇ ਵੀ ਸਿੱਖੀ ਧਰਮ ਨੂੰ ਨਾ ਛਡਿਆ ।

ਹਤਿਆਰੇ ਦੀ ਸਿੱਖਿਆਦਿਕ ਮੌਤ

ਮੀਰ ਮੰਨੂੰ ਜਿਸ ਭਿਆਨਕ ਮੌਤੇ ਮੋਇਆ ਇਹ ਮਨੁੱਖਾਂ ਪਰ ਜ਼ੁਲਮ ਕਰਨ ਵਾਲਿਆਂ ਲਈ ਕਦੇ ਨਾ ਭੁੱਲਣ ਵਾਲੀ ਸਿਖਿਆਦਿਕ ਮੌਤ ਸੀ । ਇਸ ਦੇ ਜ਼ੁਲਮਾਂ ਨੇ ਭਿਆਨਕ ਰੂਪ ਧਾਰ ਕੇ ਇਸ ਨੂੰ ਉਸ ਮੌਤੇ ਮਾਰਿਆ ਜਿਸ ਦਾ ਕਿ ਉਹ ਅਧਿਕਾਰੀ ਸੀ ।

3 ਨਵੰਬਰ ਸੰਨ 1753 ਦੀ ਰਾਤ ਨੂੰ ਮੰਨੂੰ ਨੂੰ ਮੁੱਲਾਂ ਪੁਰ ਦੇ ਚੌਧਰੀ ਨੇ ਲਾਹੌਰ ਖ਼ਬਰ ਦਿੱਤੀ ਕਿ ਪਿੰਡ ਦੇ ਕਮਾਦ ਦੇ ਖੇਤਾਂ ਵਿਚ ਬਹੁਤ ਸਾਰੀ ਸਿੰਘ ਸਿੰਘਣੀਆਂ ਅਤੇ ਬੱਚੇ ਠਹਿਰੇ ਹੋਏ ਹਨ ਉਸ ਤੋਂ ਫ਼ੌਜ ਦੀ ਸਹਾਇਤਾ ਦੀ ਮੰਗ ਕੀਤੀ ਤਾਂ ਜੋ ਉਨ੍ਹਾਂ ਨੂੰ ਕੈਦ ਕਰ ਲਿਆ ਜਾਏ ਯਾ ਓਥੇ ਹੀ ਮਾਰ ਮੁਕਾਈਏ । ਇਹ ਸੁਣ ਕੇ ਮੀਰ ਮੰਨੂੰ ਜਿਸ ਦਾ ਸੀਨਾ ਸਿੰਘਾਂ ਦੇ ਵਿਰੁੱਧ ਜ਼ਹਿਰੀਲੇ ਭਾਵ ਨਾਲ ਭਰਿਆ ਪਿਆ ਸੀ । ਇਸ ਆਖਿਆ, ਇਸ ਸ਼ਕਾਰ ਨੂੰ ਮਾਰਨ ਲਈ ਮੈਂ ਆਪ ਜਾਂਦਾ ਹਾਂ । ਸੋ ਕੁਝ ਚੋਣਵੇਂ ਸਵਾਰ ਨਾਲ ਲੈ ਕੇ ਅਗਲੇ ਦਿਨ ਉਹ ਮੁੱਲਾਂ ਪੁਰ ਪਹੁੰਚ ਗਿਆ ਅਤੇ ਜਾਂਦੇ ਹੀ ਉਨ੍ਹਾਂ ਗੰਨਿਆਂ ਦੇ ਖੇਤਾਂ ਨੂੰ ਜਾ ਘੇਰਾ ਪਾਇਆ । ਅੰਦਰ ਸਿੰਘਾਂ ਨੂੰ ਜਦ ਪਤਾ ਲਗਾ ਕਿ ਉਹ ਘੇਰੇ ਵਿਚ ਆ ਗਏ ਹਨ ਤਾਂ ਇਨ੍ਹਾਂ ਵੈਰੀਆਂ ਦੀਆਂ ਸਫ਼ਾਂ ਨੂੰ ਤੋੜ ਕੇ ਨਿਕਲ ਜਾਣ ਦਾ ਉੱਦਮ ਕੀਤਾ ਅਤੇ ਆਪਣੇ ਰਾਮ ਜੰਗਿਆਂ ਨੂੰ ਇਕੱਠਿਆਂ ਦਾਗ਼ ਦਿੱਤਾ । ਮੀਰ ਮੰਨੂੰ ਜੋ ਇਕ ਬੜੇ ਚਪਲ ਘੋੜੇ ਪਰ ਸਵਾਰ ਸੀ, ਉਹ ਇਨ੍ਹਾਂ ਬੰਦੂਕਾਂ ਦੀ ਅਵਾਜ਼ ਸੁਣ ਕੇ ਐਸਾ ਭੜਕਿਆ ਕਿ ਮੰਨੂੰ ਉਸ ਦੀ ਜੀਨ ਤੋਂ ਹੇਠ ਡਿੱਗ ਪਿਆ ਅਤੇ ਡਿਗਦਿਆਂ ਉਸਦਾ ਇਕ ਪੈਰ ਰਕਾਬ ਵਿਚ ਫਸ ਗਿਆ । ਹੁਣ ਘੋੜਾ ਆਪਣੇ ਸਥਾਨ ਵਲ ਭੱਜਿਆ ਤਾਂ ਮੰਨੂੰ ਉਸ ਦੇ ਨਾਲ-ਨਾਲ ਟਿੱਬਿਆਂ ਨਾਲਿਆਂ ਅਤੇ ਕੰਡਿਆਂ, ਝਾੜਾਂ ਨਾਲ ਰਗੜਾਂ ਖਾਂਦਾ ਰਿਹਾ ਜਿਸ ਨਾਲ ਉਸ ਦਾ ਚੰਮ, ਮਾਸ ਬੋਟੀ-ਬੋਟੀ ਹੋ ਕੇ ਥਾਉਂ ਥਾਈਂ ਖਿੱਲਰਦਾ ਗਿਆ । ਘੋੜਾ ਜਦ ਹਫ਼ ਕੇ ਲਾਹੌਰ ਦੇ ਲਾਗੇ ਖੜਾ ਹੋਇਆ ਤਾਂ ਮੀਰ ਮੰਨੂੰ ਦਾ ਚਿਹਰਾ ਆਦਿ ਐਸਾ ਛਿੱਲਿਆ ਗਿਆ ਸੀ ਕਿ ਪਛਾਣ ਤੋਂ ਰਹਿ ਚੁੱਕਾ ਸੀ । ਇਸ ਤਰ੍ਹਾਂ ਇਸ ਹਤਿਆਰੇ ਦਾ ਭਿਆਨਕ ਅੰਤ ਹੋਇਆ । ਮਰਦਿਆਂ ਆਪਣਿਆਂ ਬੰਧਪਾਂ ਤੇ ਬੱਚਿਆਂ ਨਾਲ ਬੋਲ ਵੀ ਨਾ ਸਕਿਆ। ਇਹ ਘਟਨਾ 7 ਮੁਹਰਮ, 1167 ਹਿਜਰੀ ਮੁਤਾਬਕ 4 ਨਵੰਬਰ ਸੰਨ 1753 री वै ।

ਸਿੰਘਣੀਆਂ ਦੀ ਪੁਕਾਰ ਸੁਣੀ ਗਈ

ਇਥੇ ਹੀ ਬੱਸ ਨਹੀਂ, ਮੰਨੂੰ ਦੀ ਛਿੱਲੀ ਹੋਈ ਮੁਰਦਾ ਲਾਸ਼ ਜਦੋਂ ਘੋੜੇ ਦੀ ਰਕਾਬ ਵਿਚੋਂ ਇਸ ਦੀ ਲੱਤ ਛੁਡਾ ਕੇ ਕੱਢੀ ਗਈ ਤਾਂ ਬਜਾਏ ਇਸ ਦੇ ਕਿ ਇਹ ਸਤਿਕਾਰ ਨਾਲ ਇਸ ਦੇ ਦੁੱਖੀ ਸੰਬੰਧੀਆਂ ਦੇ ਹਵਾਲੇ ਕੀਤੀ ਜਾਂਦੀ ਅਤੇ ਜੀਵਦੇ ਜੀ ਜੇ ਉਸ ਨਾਲ ਕਿਸੇ ਨੂੰ ਗੱਲ ਬਾਤ ਦਾ ਸਮਾਂ ਨਾ ਸੀ ਮਿਲਿਆ ਤਾਂ ਘੱਟੋ ਘੱਟ ਹੁਣ ਮੁਰਦਾ ਦੇਹ ਨੂੰ ਦੇਖ ਕੇ ਮਨ ਨੂੰ ਕੁਝ ਧਰਵਾਸ ਦੇ ਲੈਂਦੇ ਪਰ ਐਸਾ ਨਹੀਂ ਹੋਇਆ ।

ਫ਼ੌਜ ਦੇ ਵਧੇਰੇ ਭਾਗ ਦੀ ਕਈ ਮਹੀਨਿਆਂ ਦੀ ਤਲਬ ਸੂਬੇ ਵਲ ਬਾਕੀ ਰਹਿੰਦੀ ਸੀ, ਇਨ੍ਹਾਂ ਸਮਝਿਆ ਕਿ ਸੂਬੇ ਦਾ ਪੁੱਤ ਛੋਟਾ ਬੱਚਾ ਹੈ, ਪਤਾ ਨਹੀਂ ਹਕੂਮਤ ਅੱਗੇ ਨੂੰ ਕਿਸ ਦੇ ਹੱਥ ਜਾਂਦੀ ਹੈ ਅਤੇ ਸਾਡੇ ਬਕਾਏ ਦਾ ਕੀ ਬਣੇਗਾ । ਇਨ੍ਹਾਂ ਸਿਪਾਹੀਆਂ ਇਕੱਠੇ ਹੋ ਕੇ ਝਟ ਪਟ ਮੰਨੂੰ ਦੀ ਲੋਥ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਗੱਜ ਵੱਜ ਕੇ ਸਾਫ਼ ਕਹਿ ਦਿੱਤਾ ਕਿ ਲਾਸ਼ ਨੂੰ ਉਸ ਸਮੇਂ ਤਕ ਦਫ਼ਨ ਨਹੀਂ ਕਰਨ ਦੇਵਾਂਗੇ ਜਦ ਤਕ ਸਾਡੀ ਸਾਰੀ ਬਕਾਇਆ ਤਲਬ ਤਾਰ ਨਹੀਂ ਦਿੱਤੀ ਜਾਂਦੀ ।

ਇਤਿਹਾਸ ਵਿਚ ਲਿਖਿਆ ਹੈ ਕਿ ਫ਼ੌਜੀਆਂ ਨੇ ਮੰਨੂੰ ਦੀ ਲਾਸ਼ ਨੂੰ ਪੰਜ ਦਿਨ ਦਬਣ ਨਾ ਦਿੱਤਾ । ਛੇਕੜ ਛੇਵੇਂ ਦਿਨ ਮੁਰਾਦ ਬੇਗ਼ਮ ਨੇ ਸਾਰਾ ਬਕਾਇਆ ਤਾਰ ਕੇ ਖ਼ਸਮ ਦੀ ਲਾਸ਼ ਨੂੰ ਪ੍ਰਾਪਤ ਕਰਕੇ ਦਫ਼ਨਾਇਆ । ਇਹ ਵੀ ਲਿਖਿਆ ਮਿਲਦਾ ਹੈ ਕਿ ਲਾਸ਼ ਗਲ ਗਈ ਸੀ ਅਤੇ ਇਸ ਤੋਂ ਸੜੀ ਹੋਈ ਬਦਬੂ ਆਂਵਦੀ ਸੀ ।

ਸਿੰਘਣੀਆਂ ਨੂੰ ਖਾਲਸੇ ਦਾ ਛੁਡਾ ਲੈ ਜਾਣਾ

ਸਿੰਘਣੀਆਂ ਨੂੰ ਕਸ਼ਟ ਦੇਣ ਦੀ ਖ਼ਬਰ ਕੁਝ ਦਿਨ ਪਹਿਲਾਂ ਖਾਲਸੇ ਨੂੰ ਮਿਲ ਚੁੱਕੀ ਸੀ ਅਤੇ ਖਾਲਸਾ ਉਨ੍ਹਾਂ ਨੂੰ ਛੁਡਾਣ ਲਈ ਸੋਚਾਂ ਵਿਚ ਸੀ-ਕਿ ਇਕਾ ਇਕ ਮੀਰ ਮੰਨੂੰ ਦੀ ਮੌਤ ਅਤੇ ਲਾਹੌਰ ਵਿਚ ਹਫੜਾ-ਦਫੜੀ ਦੀਆਂ ਖ਼ਬਰਾਂ ਵੀ ਤਰਨੇ ਦਲ ਵਿਚ ਛੇਤੀ ਹੀ ਪਹੁੰਚ ਗਈਆਂ ।

ਹੁਣ ਖਾਲਸਾ ਸਿੰਘਣੀਆਂ ਨੂੰ ਜ਼ਾਲਮਾਂ ਦੀ ਕੈਦ ਵਿਚੋਂ ਬੰਦ-ਖਲਾਸ ਕਰਾਨ ਲਈ ਤਿਆਰ-ਬ-ਤਿਆਰ ਹੋ ਕੇ ਲਾਹੌਰ ਪਰ ਜਾ ਪਿਆ ਅਤੇ ਜਾਂਦੇ ਹੀ ਕੁਝ ਕੁ ਨੇ ਨੌਂ ਲੱਖੇ ਦੀ ਫ਼ੌਜ ਨੂੰ ਜਾ ਘੇਰਿਆ ਅਤੇ ਬਾਕੀ ਦੇ ਸਿੱਧੇ ਨਖਾਸਖਾਨੇ ਦੀ ਇਮਾਰਤ ਪਰ ਆ ਪਏ ਅਤੇ ਪੂਰਬ ਵਲ ਤੋਂ ਕੰਧ ਵਿਚ ਖੁਲ੍ਹਾ ਪਾੜ ਪਾ ਕੇ ਨਖਾਸਖਾਨੇ ਦੇ ਭੋਰੇ ਵਿਚ ਜਾ ਵੜੇ ਤੇ ਜੈਕਾਰੇ ਗਜਾਂਦੇ ਹੋਏ ਸਰਬੱਤ ਬੀਬੀਆਂ, ਬੱਚਿਆਂ ਨੂੰ ਝਟ ਪਟ ਬਾਹਰ ਲੈ ਆਂਦਾ ਅਤੇ ਆਪਣੇ ਘੋੜਿਆਂ ਪਰ ਇਕ ਇਕ ਭੈਣ ਨੂੰ ਚਾੜ੍ਹ ਲਿਆ । ਇਸ ਤਰ੍ਹਾਂ ਸਭ ਦੀ ਬੰਦ-ਖਲਾਸੀ ਕਰਕੇ ਆਪਣੀ ਨਿਰਭੈਤਾ ਅਤੇ ਪੰਥਕ ਪਿਆਰ ਦਾ ਅਦੁੱਤੀ ਸਬੂਤ ਦਿੱਤਾ । ਇਹ ਗੱਲ 12 ਮੁਹੱਰਮ ਸੰਨ 1167 ਮੁਤਾਬਕ 9 ਨਵੰਬਰ ਸੰਨ 1753 ਦੀ ਹੈ ।

ਨਵਾਬ ਕਪੂਰ ਸਿੰਘ ਦਾ ਚਲਾਣਾ

ਨਵਾਬ ਕਪੂਰ ਸਿੰਘ ਨੇ ਜਦ ਆਪਣਾ ਸਮਾਂ ਨੇੜੇ ਡਿੱਠਾ ਤਾਂ ਆਪ ਨੇ ਸ੍ਰੀ ਅੰਮਿ੍ਤਸਰ ਵਿਚ ਖਾਲਸੇ ਦਾ ਇਕ ਵੱਡਾ ਇਕੱਠ ਕੀਤਾ । ਜਦ ਲਗਭਗ ਸਾਰਾ ਪੰਥ ਇਕੱਤਰ ਹੋ ਗਿਆ ਤਾਂ ਆਪ ਨੇ ਅੱਸੂ ਸੁਦੀ ਦਸਵੀਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ ਵਿਚ ਅੰਮ੍ਰਿਤ ਵੇਲੇ ਦੀਵਾਨ ਵਿਚ ਸਰਬੱਤ ਖਾਲਸੇ ਨੂੰ ਸੰਬੋਧਨ ਕਰਕੇ ਆਖਿਆ, ਗੁਰੂ ਰੂਪ ਖਾਲਸਾ ਜੀ ! ਦਾਸ ਨੇ ਜਦ ਵੀ ਆਪ ਤੋਂ ਕੋਈ ਦਾਨ ਦੀ ਮੰਗ ਕੀਤੀ ਹੈ ਤਾਂ ਆਪ ਸਦਾ ਹੀ ਦਾਸ ਨੂੰ ਨਿਵਾਜਦੇ ਰਹੇ ਹੋ। ਹੁਣ ਇਸ ਸਮੇਂ ਮੈਂ ਆਪ ਤੋਂ ਇਕ ਅੰਤਮ ਦਾਨ ਮੰਗਦਾ ਹਾਂ ਅਤੇ ਮੈਨੂੰ ਆਪ ਤੋਂ ਪੂਰਨ ਆਸ ਹੈ ਕਿ ਆਪ ਮੈਨੂੰ ਇਹ ਦਾਨ ਬਖਸ਼ ਕੇ ਨਿਵਾਜੋਗੇ ।

ਉਹ ਮੰਗ ਇਹ ਹੈ ਕਿ ਆਪ ਨੇ ਇਕ ਮੁੱਠ ਹੋ ਕੇ ਰਹਿਣਾ । ਇਸ ਸਮੇਂ ਇਹ ਦਾਸ ਆਪ ਨੂੰ ਉਸ ਦੀ ਸੌਂਪਣੀ ਵਿਚ ਸੌਂਪਣ ਲੱਗਾ ਹੈ ਜੋ ਗੁਰਸਿੱਖੀ ਦਾ ਉੱਤਮ ਨਮੂਨਾ ਹੈ । ਉਹ ਮਹਾਨ ਹਸਤੀ ਜੱਸਾ ਸਿੰਘ ਆਹਲੂਵਾਲੀਆ ਹੈ । ਆਪ ਨੇ ਉਸ ਦੀ ਅਨੁਸਾਰਤਾ ਵਿਚ ਜਥੇਬੰਦ ਹੋ ਕੇ ਰਹਿਣਾ । ਖਾਲਸਾ ਜੀ ! ਆਪ ਨੇ ਆਪਾ ਵਾਰ ਕੇ ਬੜੀਆਂ ਬੜੀਆਂ ਕੁਰਬਾਨੀਆਂ ਕੀਤੀਆਂ ਹਨ ਜਿਸ ਦਾ ਫਲ ਹੁਣ ਛੇਤੀ ਨਿਕਲਣ ਵਾਲਾ ਹੈ । ਪਰ ਇਸ ਸਾਰੀ ਸਫ਼ਲਤਾ ਦਾ ਭੇਦ ਆਪ ਦੀ ਜਥੇਬੰਦੀ ਵਿਚ ਹੈ । ਇਸ ਸਮੇਂ ਸਰਬੱਤ ਖਾਲਸੇ ਨੇ ਨਵਾਬ ਕਪੂਰ ਸਿੰਘ ਦੀ ਮੰਗ ਦੀ ਪ੍ਰਵਾਨਗੀ ਅਕਾਸ਼ ਕੰਬਾਊ ਜੈਕਾਰਿਆਂ ਦੀ ਗੂੰਜ ਨਾਲ ਦਿੱਤੀ ।

ਇਸ ਦੇ ਉਪਰੰਤ ਆਪ ਨੇ ਸ੍ਰੀ ਕਲਗੀਧਰ ਜੀ ਦੀ ਗਾਤਰ ਦੀ ਸ੍ਰੀ ਸਾਹਿਬ ਜੋ ਆਪ ਨੂੰ ਮਾਤਾ ਸੁੰਦਰੀ ਜੀ ਤੋਂ ਪ੍ਰਾਪਤ ਹੋਈ ਸੀ, ਸ੍ਰ. ਜੱਸਾ ਸਿੰਘ ਨੂੰ ਬਖਸ਼ੀ। ਇਹ ਅਮੋਲਕ ਸ਼ਸਤ੍ਰ ਹੁਣ ਰਿਆਸਤ ਕਪੂਰਥਲਾ ਦੇ ਤੋਸ਼ਾਖਾਨੇ ਵਿਚ ਸਨਮਾਨ ਨਾਲ ਰੱਖਿਆ ਹੋਇਆ ਹੈ। ਇਸ ਦੇ ਨਾਲ ਹੀ ਪੰਥ ਦੀ ਜਥੇਦਾਰੀ ਉਸ ਦੇ ਹੱਥ ਸੌਂਪ ਸੱਚਖੰਡ ਜਾ ਵਸੇ । ਇਹ ਘਟਨਾ ਸੰਮਤ 1811 ਬਿਕ੍ਰਮੀ (ਸੰਨ 1753) ਦੀ ਹੈ ।

ਆਪ ਦਾ ਸਸਕਾਰ ਬਾਬਾ ਅਟੱਲ ਜੀ ਦੇ ਦੇਹਰੇ ਪਾਸ ਕੀਤਾ ਗਿਆ ਅਤੇ ਉਸ ਪਰਥਾਏ ਨਵਾਬ ਕਪੂਰ ਸਿੰਘ ਦੀ ਸੰਗਮਰਮਰ ਦੀ ਸਮਾਧ ਬਾਬਾ ਅਟੱਲ ਰਾਏ ਜੀ ਦੇ ਨੌਂ ਛੱਤੇ ਗੁਰਦੁਆਰੇ ਦੇ ਪੂਰਬ ਵਲ ਦੇ ਦਰਵਾਜ਼ ਦੇ ਲਾਗੇ ਗੁਮਟੀਦਾਰ ਬਣਵਾਈ ਜਿਸ ਪਰ ਇਹ ਲਿਖਤ ਗੁਰਮੁਖੀ ਤੇ ਫ਼ਾਰਸੀ ਅੱਖਰਾਂ ਵਿਚ ਉਕਰੀ ਹੋਈ ਹੈ :

ਸਮਾਧ ਨਵਾਬ ਕਪੂਰ ਸਿੰਘ ਜੀ ਬਹਾਦਰ ਬਜ਼ੁਰਗ ।

ਮਹਾਰਾਜਾ ਸਾਹਿਬ ਬਹਾਦਰ ਵਾਲੀਏ ਕਪੂਰਥਲਾ ।

ਇਸ ਸਮਾਧ ਨੂੰ ਸੁਰੱਖਿਅਤ ਰੱਖਣ ਲਈ ਇਸ ਦੇ ਚੌਗਿਰਦੇ ਜੰਗਲਾ ਲੱਗਾ ਹੋਇਆ ਸੀ ।

ਜੀਵਨ ਪਰ ਇਕ ਦ੍ਰਿਸ਼ਟ

ਨਵਾਬ ਕਪੂਰ ਸਿੰਘ ਦਾ ਕੱਦ ਚੋਖਾ ਉੱਚਾ ਸੀ, ਐਨਾ ਉੱਚਾ ਕਿ ਉਹ ਜਦ ਕਈ ਹਜ਼ਾਰ ਦਲ ਦੇ ਜਵਾਨਾਂ ਨਾਲ ਮਿਲਕੇ ਤੁਰਦਾ ਹੁੰਦਾ ਸੀ ਤਾਂ ਉਹ ਉੱਚਿਆ ਸੈਨਕਾਂ ਨਾਲੋਂ ਵੀ ਉੱਚਾ ਦਿਸ਼ਦਾ ਸੀ । ਚਿਹਰਾ ਐਨਾ ਸੁੰਦਰ, ਲਾਲੀ ਭਿੰਨਾ ਤੇ ਤੇਜਮਈ ਸੀ ਕਿ ਦਰਸ਼ਨ ਦੀ ਇਕ ਝਲਕ ਨਾਲ ਦੇਖਣ ਵਾਲਿਆਂ ਦੇ ਮਨ ਵਸੀਕਾਰ ਕਰ ਲੈਂਦਾ ਸੀ । ਛਾਤੀ ਇੰਨੀ ਸਡੌਲ ਜਿਵੇਂ ਕਿਸੇ ਵੱਡੇ ਮਲਾਂ ਮਾਰੂ ਪਹਿਲਵਾਨ ਦੀ ਹੁੰਦੀ ਹੈ । ਡੌਲੇ ਇੰਨੇ ਸ਼ਕਤੀ ਭਰਪੂਰ ਸਨ ਕਿ ਇਨ੍ਹਾਂ ਨਾਲ ਜਿਸ ਪਰ ਆਪਣੀ ਤੇਗ ਦਾ ਵਾਰ ਕਰਦੇ ਹੁੰਦੇ ਸਨ, ਇਕੇ ਸੱਟ ਨਾਲ ਉਹ ਅਭਾਗੇ ਦੀ ਅਲਖ ਮੁਕਾ ਦਿੰਦੇ ਸਨ ।

ਆਪ ਦੇ ਕਦ-ਕਾਠ ਬਾਰੇ ਮੌਲਵੀ ਬੂਟੇ ਸ਼ਾਹ ਲਿਖਦਾ ਹੈ : “ ਨਵਾਬ ਕਪੂਰ ਸਿੰਘ ਸੁੰਦਰ ਸਰੂਪ ਅਤੇ ਉੱਚੇ ਕੱਦ ਵਾਲਾ ਬੀਰ ਸੀ । ਚੌੜੀ ਛਾਤੀ ਅਤੇ ਸ਼ਕਤੀਮਾਨ ਡੌਲਿਆਂ ਵਾਲਾ ਸੂਰਮਾ ਸੀ । ਉਸ ਦੇ ਚਿਹਰੇ ਦਾ ਤੇਜ ਐਸਾ ਪ੍ਰਭਾਵਜਨਕ ਸੀ ਕਿ ਜਿਹੜਾ ਉਸ ਨੂੰ ਇਕ ਵਾਰ ਮਿਲਦਾ ਸੀ, ਉਹ ਉਸ ਤੋਂ ਵਿਛੜਨਾ ਨਾ ਸੀ ਚਾਹੁੰਦਾ । ਉਹ ਸੁਭਾਵਕ ਬੜਾ ਦਾਨੀ ਸੀ । ਉਸ ਦੇ ਲੰਗਰ ਵਿਚੋਂ ਬਿਨਾਂ ਵਿਤਕਰੇ ਦੇ ਗਰੀਬ ਤੇ ਅਮੀਰ ਸਭ ਨੂੰ ਹਰ ਵਕਤ ਖਾਣ ਲਈ ਪ੍ਰਸ਼ਾਦ ਮਿਲਦਾ ਸੀ ।”

ਉਹ ਤੀਰ ਅਤੇ ਤੁਪਕ ਦਾ ਅਚੁੱਕ ਨਿਸ਼ਾਨੇਬਾਜ਼ ਸੀ, ਆਪ ਦਾ ਮਨ ਭਾਂਵਦਾ ਹਥਿਆਰ ਸ੍ਰੀ ਸਾਹਿਬ ਸੀ । ਜਿਸ ਨਾਲ ਉਹ ਘੋਰ ਸੰਗਰਾਮਾਂ ਵਿਚ ਜਰਵਾਣਿਆਂ ਦੇ ਆਹੂ ਲਾਹ ਕੇ ਰੱਖ ਦਿੰਦਾ ਸੀ । ਉਸ ਦੀ ਬੋਲ-ਚਾਲ ਇੰਨੀ ਰਸ-ਭਰੀ ਹੁੰਦੀ ਸੀ ਕਿ ਸੁਣਨ ਵਾਲੇ ਪਰ ਜਾਦੂ ਵਾਲਾ ਪ੍ਰਭਾਵ ਪੈਂਦਾ ਸੀ ।

ਨਿਰਭੈਤਾ

ਭਿਆਨਕ ਰਣਤੱਤਿਆਂ ਵਿਚ ਜਦੋਂ ਗੋਲੀਆਂ ਤੇ ਤੀਰਾਂ ਦਾ ਮੀਂਹ ਸਾਵਣ ਦੀ ਝੜੀ ਵਾਂਗ ਵਰ੍ਹ ਰਿਹਾ ਹੁੰਦਾ ਸੀ । ਇਹ ਨਿਰਭੈ ਜੋਧਾ, ਮਸਤ ਹਾਥੀ ਦੀ ਤਰ੍ਹਾਂ ਝੂਮਦਾ ਝਾਮਦਾ ਸਭ ਤੋਂ ਮੂਹਰੇ ਵੈਰੀਆਂ ਪਰ ਟੁੱਟ ਪੈਂਦਾ ਸੀ ।

ਇਸ ਸਮੇਂ ਉਹ ਆਪਣੀ ਜ਼ਿੰਦਗੀ ਤੋਂ ਹੱਥ ਧੋ ਕੇ ਐਸੀ ਤੇਗ਼ ਚਲਾਂਦਾ ਕਿ ਜੋ ਵੀ ਸਾਹਮਣੇ ਆਉਂਦਾ ਉਸ ਨੂੰ ਢਹਿ ਢੇਰੀ ਕਰ ਦਿੰਦਾ । ਇਹਾ ਕਾਰਨ ਸੀ। ਕਿ ਆਪ ਦਾ ਸਰੀਰ ਫੱਟਾਂ ਨਾਲ ਛਾਨਣੀ ਹੋਇਆ ਪਿਆ ਸੀ । ਆਪ ਦੇ ਸਰੀਰ ਪਰ ਕੋਈ ਥਾਂ ਬਿਨਾਂ ਫੱਟਾਂ ਦੇ ਐਸੀ ਨਹੀਂ ਸੀ ਜਿਥੇ ਚਾਰ ਉਂਗਲਾਂ ਦਾ ਚੱਪਾ ਰਖਿਆ ਜਾਏ ਤੇ ਉਸ ਦੇ ਹੇਠਾਂ ਘਾਉ ਦਾ ਨਿਸ਼ਾਨ ਨਾ ਹੋਵੇ । ਇਸ ਨਿਰਭੈਤਾ ਦਾ ਫਲ ਸੀ ਕਿ ਫ਼ਤਹਿ ਸਦਾ ਆਪ ਦੇ ਪੈਰ ਚੁੰਮਦੀ ਹੁੰਦੀ ਸੀ ।

ਪੰਜਾਬ ਦੇ ਇਤਿਹਾਸ ਦਾ ਪ੍ਰਸਿੱਧ ਲੇਖਕ ਮੁਹੰਮਦ ਲਤੀਫ਼ ਲਿਖਦਾ ਹੈ—”ਨਵਾਬ ਕਪੂਰ ਸਿੰਘ ਨੂੰ ਇਸ ਗੱਲ ਦਾ ਮਾਣ ਸੀ ਕਿ ਉਸ ਨੇ ਆਪਣੇ ਹੱਥ ਨਾਲ 500 ਮੁਸਲਮਾਨ ਕਤਲ ਕੀਤੇ ਸਨ

ਜਥੇਬੰਦੀ ਦੀ ਮਹਾਨ ਸ਼ਕਤੀ

ਆਪ ਦੇ ਗੁਣ-ਭੂਸ਼ਤ ਜੀਵਨ ਦੇ ਅਨੇਕ ਗੁਣਾਂ ਵਿਚੋਂ ਇਕ ਉੱਚਾ ਗੁਣ ਇਹ ਸੀ ਕਿ ਆਪ ਨੇ ਆਪਣੀ ਸਭਿਅਤਾ ਦੇ ਪ੍ਰਭਾਵ ਨਾਲ ਖੇਰੂੰ-ਖੋਰੂੰ ਹੋ ਚੁੱਕੇ ਖਾਲਸਾ ਪੰਥ ਨੂੰ ਇਕ ਜਥੇਬੰਦੀ ਵਿਚ ਜੋੜ ਕੇ ਅਤਿਅੰਤ ਸ਼ਕਤੀ-ਮਾਨ ਬਣਾ ਦਿੱਤਾ । ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੇ ਉਪਰੰਤ, ਕਿਸੇ ਸਫ਼ਲ ਆਗੂ ਦੀ ਥੁੜ੍ਹ ਦੇ ਕਾਰਣ ਸਾਰੀ ਕੌਮ ਖਿੰਡ ਕੇ ਡਾਢੀ ਨਿਤਾਣੀ ਹੋ ਗਈ ਸੀ । ਇਹ ਆਪ ਦੀ ਅਥੱਕ ਘਾਲ ਅਤੇ ਉੱਚੇ ਆਦਰਸ਼ਕ ਸਿੱਖੀ ਜੀਵਨ ਦਾ ਕੰਮ ਸੀ ਜੋ ਆਪ ਨੇ ਸਰਬੱਤ ਖਾਲਸੇ ਨੂੰ ਇਕ ਲੜੀ ਵਿਚ ਪਰੋ ਕੇ ਅਦੁੱਤੀ ਸ਼ਕਤੀ-ਮਾਨ ਕਰ ਦਿੱਤਾ ।

ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਦੇ ਬਾਅਦ ਇਹ ਦੂਜੀ ਵਾਰ ਸੀ ਜਦੋਂ ਸਾਰਾ ਖਾਲਸਾ ਪੰਥ ਇਕ-ਮਿਕ ਹੋ ਕੇ ਦੁੱਖੀਆਂ ਦੀ ਭਲਾਈ ਲਈ ਆਪਾ ਵਾਰਨ ਲਈ ਸਦਾ ਤੱਤਪਰ ਰਹਿੰਦਾ ਸੀ ।

ਦਲ ਅਤੇ ਮਿਸਲਾਂ ਦੀ ਸਾਜਨਾ

ਜਦ ਸਾਰਾ ਪੰਥ ਆਪ ਦੇ ਪਿਆਰ ਵਿਚ ਇਕ-ਮੁੱਠ ਹੋ ਕੇ ਆਪ ਦੇ ਝੰਡੇ ਹੇਠ ਆ ਗਿਆ ਤਾਂ ਆਪ ਨੇ ਪੰਥ ਨੂੰ ਇਕ ਮਰਯਾਦਾ ਵਿਚ ਲੈ ਜਾਣ ਦੀ ਇਕ ਮਹਾਨ ਵਿਉਂਤ ਸੋਚੀ । ਪਹਿਲਾਂ ਖਾਲਸੇ ਨੂੰ ਦੋਵਾਂ ਭਾਗਾਂ ਵਿਚ ਵੰਡਿਆ । ਇਕ ਦਾ ਨਾਂ ‘ਬੁੱਢਾ ਦਲ’ ਅਤੇ ਦੂਜੇ ਦਾ ‘ਤਰਨਾ ਦਲ’ ਰੱਖਿਆ । ਬੁੱਢੇ ਦਲ ਵਿਚ ਬਡੇਰੀ ਉਮਰ ਦੇ ਬੀਰ ਰਖੇ ਅਤੇ ਤਰਨੇ ਦਲ ਵਿਚ ਨੌਜੁਆਨ ਜੋਧੇ ਸਨ, ਜੋ ਲੋੜ ਦੇ ਸਮੇਂ, ਦੂਰ-ਦੂਰ ਉਡਕੇ ਪਹੁੰਚ ਜਾਂਦੇ ਸਨ ਅਤੇ ਆਪਣੇ ਆਗੂ ਦੇ ਹੁਕਮ ਨਾਲ ਰਣਤੱਤਿਆਂ ਵਿਚ ਜਰਵਾਣਿਆਂ ਨੂੰ ਆਪਣੀਆਂ ਤੇਗਾਂ ਦੇ ਜੌਹਰ ਦਿਖਾਂਦੇ ਸਨ । ਜਿਹਾ ਕਿ ਆਪ ਪਿੱਛੇ ਮਿਸਲਾਂ ਦੀ ਸਾਜਨਾ ਬਾਰੇ ਪੜ੍ਹ ਆਏ ਹੋ, ਇਥੇ ਉਸ ਦਾ ਮੁੜ ਲਿਖਣਾ ਉਚਿੱਤ ਨਹੀਂ ਪ੍ਰਤੀਤ ਹੁੰਦਾ ।

ਪਰਮਾਰਥਕ ਜੀਵਨ

ਇਹ ਤਾਂ ਪਾਠਕ ਪਿੱਛੇ ਪੜ੍ਹ ਹੀ ਆਏ ਹਨ ਕਿ ਮੈਦਾਨ ਜੰਗਾਂ ਵਿਚ ਲੱਗੇ ਫੱਟਾਂ ਨਾਲ ਨਵਾਬ ਕਪੂਰ ਸਿੰਘ ਦਾ ਸਰੀਰ ਛਾਨਣੀ ਹੋਇਆ ਪਿਆ ਸੀ ਇਸੇ ਤਰ੍ਹਾਂ ਕਈ ਇਤਿਹਾਸਕਾਰਾਂ ਲਿਖਿਆ ਹੈ ਕਿ ਆਪ ਨੇ ਰਣਭੂਮੀਆਂ ਵਿਚ ਆਪਣੀ ਤੇਗ਼ ਨਾਲ 500 ਜਰਵਾਣਿਆਂ ਦਾ ਸਫਾਇਆ ਕੀਤਾ ਸੀ । ਆਓ! ਹੁਣ ਆਪ ਦੇ ਪਰਮਾਰਥਕ ਜੀਵਨ ਵੱਲ ਜ਼ਰਾ ਦ੍ਰਿਸ਼ਟੀ ਫੇਰੀਏ । ਆਪ ਦਾ ਆਤਮਕ ਜੀਵਨ ਐਨੀ ਬੁਲੰਦੀ ਪਰ ਪਹੁੰਚ ਚੁੱਕਾ ਸੀ ਕਿ ਆਪ ਦੇ ਕਰ ਕਮਲਾਂ ਤੋਂ ਅੰਮ੍ਰਿਤ ਪਾਨ ਕਰਨਾ ਵੱਡੀ ਸੁਭਾਗਤਾ ਸਮਝਿਆ ਜਾਂਦਾ ਸੀ । ਵਾਕ ਸਿੱਧੀ ਬਾਰੇ ਤਾਂ ਸਰਬ ਸਾਧਾਰਣ ਦਾ ਇਹ ਪੱਕਾ ਨਿਸਚਾ ਸੀ ਕਿ ਆਪ ਦੇ ਮੁਖ ਤੋਂ ਨਿਕਲੀ ਹੋਈ ਅਸੀਸ ਸਦਾ ਸਫ਼ਲ ਹੁੰਦੀ ਹੈ । ਬਾਬਾ ਆਲਾ ਸਿੰਘ ਬਾਨੀ ਰਿਆਸਤ ਪਟਿਆਲਾ ਨੇ ਵੱਡੀ ਵਡਿਆਈ ਸਮਝ ਕੇ ਬੜੀ ਸ਼ਰਧਾ ਨਾਲ ਆਪ ਤੋਂ ਅੰਮ੍ਰਿਤ ਪਾਨ ਕੀਤਾ ਸੀ । ਠੀਕਰੀਵਾਲੇ ਰਿਆਸਤ ਪਟਿਆਲਾ ਵਿਚ, ਜਿਸ ਥਾਏਂ, ਦੀਵਾਨ ਵਿਚ ਬਾਬਾ ਜੀ ਨੇ ਸਣੇ ਸੈਂਕੜੇ ਹੋਰਨਾਂ ਅਭਿਲਾਖੀਆਂ ਦੇ ਅੰਮ੍ਰਿਤ ਛਕਿਆ, ਬਾਬਾ ਆਲਾ ਸਿੰਘ ਜੀ ਨੇ ਉਸ ਥਾਏਂ ਆਪ ਜੀ ਦੀ ਸਦੀਵੀ ਯਾਦਗਾਰ ਵਜੋਂ ਇਕ ਬੜਾ ਪੱਕਾ ਖੂਹ ਲਵਾਇਆ । ਇਹ ਇਤਿਹਾਸਕ ਖੂਹ ਅੱਜ ਤਕ ਮੌਜੂਦ ਹੈ ।

ਸੰਨ 1733 ਤੋਂ 1753 ਦੇ ਵਿਚਾਲੇ ਪੰਥ ਦੇ ਸੱਭ ਕਾਰਜ ਆਪ ਦੀ ਪਰਵਾਨਗੀ ਨਾਲ ਹੁੰਦੇ ਸਨ । ਮੁਕਦੀ ਗੱਲ ਇਹ ਹੈ ਕਿ ਨਵਾਬ ਕਪੂਰ ਸਿੰਘ ਦਾ ਜੀਵਨ ਪੂਰਨ ਗੁਰਸਿੱਖਾਂ ਵਾਲਾ ਆਦਰਸ਼ਕ ਜੀਵਨ ਸੀ ।

ਅਤਿ ਕਠਨ ਸਮੇਂ ਪੰਥ ਨੂੰ ਚੜ੍ਹਦੀਆਂ ਕਲਾਂ ਵਿਚ ਰੱਖਣਾ

ਅਬਦੁੱਲ ਸਮੱਦ ਖ਼ਾਨ, ਦਲੇਰ ਜੰਗ, ਜ਼ਕਰੀਆ ਖ਼ਾਨ, ਯਾਹੀਆ ਖ਼ਾਨ ਅਤੇ ਮੀਰ ਮੰਨੂੰ ਦੀ ਹਕੂਮਤ ਸਮੇਂ ਸੰਸਾਰ ਦਾ ਕੋਈ ਕਸ਼ਟ ਨਹੀਂ, ਜੋ ਸਿੱਖਾਂ ਦਾ ਨਾਂ ਨਿਸ਼ਾਨ ਮਿਟਾਣ ਲਈ ਹਕੂਮਤ ਵਲੋਂ ਇਨ੍ਹਾਂ ਨੂੰ ਨਾ ਸੀ ਦਿੱਤਾ ਗਿਆ । ਵਿਸ਼ੇਸ਼ ਕਰਕੇ ਜ਼ਕਰੀਆ ਖ਼ਾਨ ਨੇ ਤਾਂ ਇਸ ਕੰਮ ਵਿਚ ਅਤਿ ਕਰ ਦਿੱਤੀ ਸੀ । ਇਸ ਦੇ ਸਮੇਂ ਸ਼ਾਹੀ ਫ਼ਰਮਾਨਾਂ ਵਿਚ ਸਿੰਘਾਂ ਦੇ ਸਿਰਾਂ ਲਈ ਇਨਾਮ ਨੀਯਤ ਹੋਏ। ਇਨ੍ਹਾਂ ਦਾ ਪਿੰਡਾਂ ਵਿਚ ਰਹਿਣਾ ਜੁਰਮ ਸਮਝਿਆ ਜਾਂਦਾ ਸੀ, ਇਨ੍ਹਾਂ ਪਰ ਅਨਾਜ ਵੇਚਣੇ ਗੁਨਾਹ ਸੀ । ਸਿੰਘਾਂ ਨੂੰ ਵੇਖ ਕੇ ਫੜਨ ਵਾਲੇ ਨੂੰ ਇਨਾਮ ਮਿਲਦਾ ਸੀ ਅਤੇ ਨਾ ਫੜਾਵਨ ਵਾਲੇ ਨੂੰ ਮੌਤ ਦੀ ਸਜ਼ਾ ਭੁਗਤਣੀ ਪੈਂਦੀ ਸੀ । ਇੰਨੇ ਭਿਆਨਕ ਤੇ ਕਰੜੇ ਸਮੇਂ ਸਿੱਖੀ ਨੂੰ ਬਚਾਈ ਰਖਣਾ ਇਹ ਆਪ ਦਾ ਦੂਰ- ਦ੍ਰਿਸ਼ਟੀ ਦਾ ਕੰਮ ਸੀ । ਇਨ੍ਹਾਂ ਕਠਨਾਈਆਂ ਵਿਚ ਆਪ ਨੇ ਖਾਲਸੇ ਦੀ ਰਹਿਣੀ ਬਹਿਣੀ, ਬਦਲ ਦਿੱਤੀ, ਸੂਰਤ ਬਦਲ ਦਿੱਤੀ, ਖਾਣਾ ਬਦਲ ਦਿੱਤਾ, ਬੋਲੀ ਬਦਲ ਦਿੱਤੀ, ਨਾਂ ਬਦਲ ਦਿੱਤੇ ਅਤੇ ਸਾਰੀ ਜੀਵਨ-ਜੁਗਤੀ ਬਦਲ ਕੇ ਨਵੇਂ ਸੱਚਿਆਂ ਵਿਚ ਢਾਲ ਦਿੱਤੀ, ਜਿਸ ਦੇ ਪ੍ਰਭਾਵ ਨਾਲ ਖਾਲਸਾ ਭੱਖਦੀ ਕੁਠਾਲੀ ਵਿਚੋਂ ਵਧ ਕੁੰਦਨ ਹੋ ਕੇ ਨਿਕਲਿਆ । ਜ਼ਾਲਮਾਂ ਨੇ ਖਾਲਸੇ ਦੇ ਲੰਗਰ ਬੰਦ ਕੀਤੇ, ਆਪ ਨੇ ਇਸ ਦਾ ਨਾਂ ਲੰਗਰ ਮਸਤਾਨਾ ਰੱਖਿਆ । ਹਕੂਮਤ ਨੇ ਖਾਲਸੇ ਪਰ ਦਾਲ ਭਾਜੀ ਵੇਚਣ ਦੀ ਮਨਾਹੀ ਕਰ ਦਿੱਤੀ, ਖਾਲਸੇ ਨੇ ਅਲੂਣਾ ਘਾਹ ਤੇ ਪੱਤੇ ਛਕਣ ਨੂੰ ਸਬਜ਼ ਪੁਲਾ ਸਮਝ ਲਿਆ । ਕਈ ਕਈ ਦਿਨਾਂ ਦੇ ਉਪਰੰਤ ਕਦੇ ਛੋਲਿਆਂ ਦੀ ਮੁੱਠ ਖਾਣ ਨੂੰ ਮਿਲਦੀ ਇਸ ਦਾ ਨਾਂ ਖਾਲਸੇ ਬਦਾਮ ਰਖ ਕੇ ਮਨ ਨੂੰ ਸੰਤੁਸ਼ਟ ਕਰ ਲਿਆ । ਇਸ ਤਰ੍ਹਾਂ ਨਿਰਾਸਤਾ ਯਾ ਢਹਿੰਦੀਆਂ ਕਲਾਂ ਤੋਂ ਖਾਲਸੇ ਨੂੰ ਬਚਾ ਕੇ ਆਪ ਨੇ ਚੜ੍ਹਦੀਆਂ ਕਲਾਂ ਵਿਚ ਰੱਖਿਆ । ਇਥੇ ਤੱਕ ਆਪ ਨੇ ਕੌਮ ਦੇ ਜੀਵਨ ਵਿਚ ਤਬਦੀਲੀ ਲੈ ਆਂਦੀ ਕਿ ਸਿੰਘਾਂ ਦੇ ਨਿਤਾਣੇ ਤੇ ਬੇਅਰਥ ਨਾਉਂ ਵੀ ਬਦਲ ਕੇ ਉੱਚ ਗੁਣਾਂ ਤੇ ਦਬਦਬੇ ਦੇ ਲਖਾਇਕ ਨਾ ਰਖੇ ਜਿਹਾ ਕਿ ਨਿੱਕਾ ਸਿੰਘ ਦੀ ਥਾਂ ਸੁਮੇਰ ਸਿੰਘ, ਤੋਤਾ ਸਿੰਘ ਦੀ ਥਾਂ ਜੰਗ ਬਹਾਦਰ ਸਿੰਘ, ਬਿੱਲਾ ਸਿੰਘ ਦੀ ਥਾਂ ਸ਼ੇਰ ਸਿੰਘ, ਘਸੀਟਾ ਸਿੰਘ ਦੀ ਥਾਂ ਮੁਗਲਦਮਨ ਸਿੰਘ, ਫ਼ਕੀਰ ਸਿੰਘ ਦੀ ਥਾਂ ਅਮੀਰ ਸਿੰਘ ਆਦਿ ਰਖੇ । ਇਸ ਤਰ੍ਹਾਂ ਆਪ ਜੀ ਦੀ ਅਗਵਾਈ ਵਿਚ ਖਾਲਸੇ ਦੀ ਬੋਲੀ, ਖਾਜ਼, ਰਹਿਣੀ ਦੇ ਬਦਲ ਜਾਣ ਨਾਲ ਖਾਲਸਾ ਇੰਨੀ ਅਮਰ ਤੇ ਸੁਰਜੀਤ ਹੋ ਗਿਆ ਸੀ ਕਿ ਇਸ ਨੂੰ ਮਿਟਾਣ ਵਾਲੇ ਆਪ ਮਿਟ ਗਏ ਪਰ ਖਾਲਸਾ ਪਹਿਲਾਂ ਤੋਂ ਵੀ ਵਧੇਰਾ ਸ਼ਕਤੀਮਾਨ ਤੇ ਚੜ੍ਹਦੀਆਂ ਕਲਾਂ ਵਿਚ ਸੰਸਾਰ ਪਰ ਵਧਿਆ ਤੇ ਸ਼ਕਤੀਮਾਨ ਤੇ ਚੜ੍ਹਦੀਆਂ ਕਲਾਂ ਵਿਚ ਸੰਸਾਰ ਪਰ ਵਧਿਆ ਤੇ ਫੁੱਲਿਆ ।

ਸਿੱਖੀ ਦੇ ਪ੍ਰਚਾਰ ਦੀ ਲਗਨ

ਨਵਾਬ ਕਪੂਰ ਸਿੰਘ ਦੇ ਮਨ ਵਿਚ ਅੰਮ੍ਰਿਤ ਪ੍ਰਚਾਰ ਦੀ ਲਗਨ ਇੰਨੀ ਪ੍ਰਬਲ ਸੀ ਕਿ ਉਹ ਆਪਣੇ ਜੀਵਨ ਦਾ ਮੁੱਖ ਮੰਤਵ ਪੰਥ ਦੀ ਇਹ ਸੇਵਾ ਸਮਝਦਾ ਸੀ । ਆਪ ਦੇ ਪ੍ਰਚਾਰ-ਖੇਤਰ ਦੀ ਚੋਣ ਵਿਚ ਇਕ ਖਾਸ ਉੱਚਿਤਾ ਦ੍ਰਿਸ਼ਟੀ ਮੂਹਰੇ ਆ ਖੜੋਂਦੀ ਹੈ, ਜਿਸ ਦੇ ਕਾਰਨ ਉਸ ਦਾ ਜੀਵਨ ਹੋਰ ਵਧ ਬੁਲੰਦੀ ਪਰ ਦਿਸ ਪੈਂਦਾ ਹੈ ਉਹ ਇਹ ਕਿ ਆਪ ਨੂੰ ਧਰਮ ਯੁੱਧ ਦੇ ਕੰਮਾਂ ਤੋਂ ਜਦ ਜ਼ਰਾ ਵੀ ਵਿਹਲ ਮਿਲਦੀ ਤਾਂ ਆਰਾਮ ਕਰਨ ਦੀ ਥਾਂ ਆਪ ਅੰਮ੍ਰਿਤ ਚਾਰ ਦੀ ਸੇਵਾ ਵਿਚ ਜੁਟ ਜਾਂਦੇ । ਆਪ ਇੰਨੇ ਜਨ ਸਨੇਹੀ ਸਨ ਕਿ ਅੰਮ੍ਰਿਤ ਪ੍ਰਚਾਰ ਵੀ ਉਨ੍ਹਾਂ ਸ਼੍ਰੇਣੀਆਂ ਵਿਚ ਕਰਦੇ ਸਨ ਜਿਨ੍ਹਾਂ ਨੂੰ ਹੰਕਾਰੀ ਲੋਕ, ਨੀਵੀਆਂ ਜਾਤਾਂ ਸਮਝਦੇ ਹਨ । ਅਰਥਾਤ ਰਵਿਦਾਸੀਏ, ਰਾਮਦਾਸੀਏ, ਕਬੀਰ ਪੰਥੀਏ, ਝੀਵਰ, ਜੁਲਾਹੇ ਅਤੇ ਹੋਰ ਅਨੇਕ ਅਛੂਤ ਜਾਤੀਆਂ ਦੇ ਇਸਤ੍ਰੀ, ਪੁਰਸ਼ਾਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਆਪਣੀ ਹੱਥੀਂ ਅੰਮ੍ਰਿਤ ਛਕਾ ਕੇ ਖਾਲਸਾ ਫੁਲਵਾੜੀ ਵਿਚ ਅਭੇਦ ਕਰ ਲੈਂਦੇ ਸਨ ।

ਆਪ ਦੀ ਕਥਨੀ ਵਿਚ ਮਿੱਠਤ ਅਤੇ ਸਿੱਖੀ ਸਿਦਕ ਦੀ ਸ਼ਕਤੀ ਐਸੀ ਪ੍ਰਭਾਵ ਪੂਰਨ ਹੁੰਦੀ ਸੀ ਕਿ ਜੋ ਕੋਈ ਆਪ ਦੇ ਬਚਨ ਸੁਣਦਾ ਸੀ ਭਾਵੇਂ ਉਹ ਕਿੰਨਾ ਕਠੋਰ ਮਨ ਕਿਉਂ ਨਾ ਹੋਵੇ, ਉਹ ਝਟ ਸਿੱਖੀ ਦੇ ਸ਼ਮਾਂ ਦਾ ਭੌਰਾ ਬਣਾ ਜਾਂਦਾ ਸੀ । ਆਪ ਦੇ ਇਸ ਮਹਾਨ ਗੁਣ ਦੇ ਸਾਹਮਣੇ ਅਸਿੱਖ ਪੱਖਪਾਤੀ ਇਤਿਹਾਸਕ ਲੇਖਕ ਵੀ ਸਿਰ ਝੁਕਾਉਂਦੇ ਹਨ ।

ਸੱਯਦ ਮੁਹੰਮਦ ਲਤੀਫ਼ ਲਿਖਦਾ ਹੈ—‘ਨਵਾਬ ਕਪੂਰ ਸਿੰਘ ਨੇ ਹਜ਼ਾਰਾਂ ਦੀ ਗਿਣਤੀ ਵਿਚ ਜੱਟਾਂ, ਤਰਖਾਣਾ, ਜੁਲਾਹਿਆਂ, ਝੀਵਰਾਂ ਅਤੇ ਛਤਰੀਆਂ ਨੂੰ ਆਪਣੇ ਹੱਥੀਂ ਅੰਮ੍ਰਿਤ ਛਕਾ ਕੇ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਮੰਡਲ ਵਿਚ ਅਭੇਦ ਕੀਤਾ ।

ਇਸ ਸਮੇਂ ਇਹ ਇਕ ਮੰਨੀ ਹੋਈ ਗੱਲ ਸੀ ਕਿ ਸ੍ਰੀ ਕਲਗੀਧਰ ਜੀ ਦੇ ਜੋਤੀ ਜੋਤ ਸਮਾਵਣ ਦੇ ਬਾਅਦ ਆਪ ਨੇ ਜਿੰਨੀ ਵਧ ਗਿਣਤੀ ਵਿਚ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਕਿਸੇ ਹੋਰ ਨੇ ਨਹੀਂ ਛਕਾਇਆ । ਆਪ ਦੀ ਨਿਤ ਦੀ ਜੀਵਨ ਜੁਗਤੀ ਇਹ ਸੀ : ਰਸਨਾ ਨਾਲ ਬਾਣੀ ਪੜ੍ਹਦੇ ਅਤੇ ਮਾਲਾ ਦੀ ਥਾਂ ਹੱਥਾਂ ਨਾਲ ਅੰਮ੍ਰਿਤ ਅਭਿਲਾਖੀਆਂ ਲਈ ਕਛਹਿਰੇ ਸੀਂਵਦੇ ਰਹਿੰਦੇ ਸਨ । ਆਪ ਦੇ ਜੀਵਨ ਦੇ ਇਸ ਉਤਮ ਨਮੂਨੇ ਨੂੰ ਵੇਖ ਕੇ ਬੁੱਢੇ ਦਲ ਦੇ ਅਨੇਕ ਸਿੰਘ ਇਸ ਕਾਰ ਵਿਚ ਲਗੇ ਰਹਿੰਦੇ ਸਨ ।

ਜਥੇਦਾਰੀ ਨੂੰ ਨਿੱਜੀ ਵਰਾਸਤ ਨਹੀਂ ਬਣਨ ਦਿੱਤਾ

ਸੰਨ 1753 ਵਿਚ ਜਦ ਨਵਾਬ ਕਪੂਰ ਸਿੰਘ ਨੇ ਆਪਣੇ ਹੁਕਮ-ਸਤਿ ਹੋਣ ਦਾ ਦਿਨ ਨੇੜੇ ਡਿੱਠਾ ਤਾਂ ਆਪ ਨੇ ਅੰਮ੍ਰਿਤਸਰ ਵਿਚ ਸਰਬੱਤ ਖਾਲਸੇ ਦਾ ਭਾਰੀ ਇਕੱਠ ਬੁਲਾਇਆ । ਇਸ ਮੇਂ ਆਪ ਨੇ ਆਪਣੇ ਬਹਾਦਰ ਅਤੇ ਆਗਿਆਕਾਰ ਭਤੀਜੇ ਸਰਦਾਰ ਖੁਸ਼ਾਲ ਸਿੰਘ ਨੂੰ ਪੰਥ ਦੀ ਜਥੇਦਾਰੀ ਨਹੀਂ ਦਿੱਤੀ ਸਗੋਂ ਇਸ ਪਦ ਨੂੰ ਪੰਥ ਦੀ ਪਾਵਨ ਅਮਾਨਤ ਸਮਝਦੇ ਸਨ । ਇਸ ਲਈ ਆਪ ਨੇ ਇਹ ਵਡਿਆਈ, ਜੱਥੇ ਵਿਚੋਂ ਇਸ ਪਦਵੀ ਦੇ ਹਰ ਤਰ੍ਹਾਂ ਯੋਗ ਸਮਝਕੇ ਪੰਥ ਦੀ ਅਗਵਾਈ ਦੀ ਵਾਗਡੋਰ ਬਹਾਦਰ ਜੱਸਾ ਸਿੰਘ ਆਹਲੂਵਾਲੀਆ ਦੇ ਹੱਥ ਸੌਂਪੀ। ਆਪ ਦੀ ਇਹ ਚੋਣ ਅੱਗੇ ਜਾ ਕੇ ਇੰਨੀ ਸਫ਼ਲ ਸਿੱਧ ਹੋਈ ਕਿ ਆਪ ਦੀ ਦੂਰ- ਦ੍ਰਿਸ਼ਟੀ ਦੀ ਅਤੇ ਨਿਸ਼ਕਾਮ ਸੇਵਾ ਦੀ ਮੋਹਰ ਆਪਣੇ ਆਪ ਮਨਾਂ ਪਰ ਛਪ ਜਾਂਦੀ ਹੈ ।

ਮੁਕਦੀ ਗੱਲ ਇਹ ਹੈ ਕਿ ਜਿੰਨੇ ਉੱਚੇ ਗੁਣ ਕਿਸੇ ਸੰਪੂਰਨ ਗੁਰਸਿੱਖ ਲਈ ਲੋੜੀਂਦੇ ਹਨ ਉਹ ਸਭ ਆਪ ਦੇ ਜੀਵਨ ਵਿਚ ਪਾਏ ਜਾਂਦੇ ਸਨ ।

ਨਵਾਬ ਕਪੂਰ ਸਿੰਘ ਇਤਿਹਾਸਕਾਰਾਂ ਦੀ ਨਜ਼ਰ ਵਿਚ

ਨਵਾਬ ਕਪੂਰ ਸਿੰਘ ਦੇ ਜੀਵਨ ਵਿਚ ਐਸੀ ਖਿੱਚ ਸੀ ਕਿ ਕਈ ਪੱਖ- ਪਾਤੀ ਇਤਿਹਾਸਕਾਰ, ਜਿਨ੍ਹਾਂ ਦੀ ਲੇਖਣੀ ਖਾਲਸੇ ਦੇ ਗੁਣ ਲਿਖਣ ਸਮੇਂ ਰੁਕ ਰੁਕ ਪੈਂਦੀ ਸੀ ਉਹ ਵੀ ਉਸ ਦੇ ਉੱਚੇ ਆਚਰਣ ਦੀ ਮਹਿਮਾਂ ਲਿਖਣ ਲਈ ਮਜਬੂਰ ਹੋ ਗਏ ਹਨ ।

ਲੈਪਲ ਗ੍ਰਿਫਨ ਜੋ ਖਾਲਸੇ ਦੇ ਇਤਿਹਾਸ ਨੂੰ ਆਪਣੀ ਦ੍ਰਿਸ਼ਟੀ-ਕੋਨ ਅਨੁਸਾਰ ਤੋੜ ਮਰੋੜ ਕੇ ਲਿਖਣ ਵਿਚ ਆਪਣਾ ਹੁਨਰ ਸਮਝਦਾ ਸੀ, ਨਵਾਬ ਕਪੂਰ ਸਿੰਘ ਦਾ ਜੀਵਨ ਜੋ ਅਗਿਣਤ ਗੁਣਾਂ ਨਾਲ ਭੂਸ਼ਤ ਸੀ, ਉਸ ਅੱਗੇ ਸੀਸ ਝੁਕਾਉਂਦਾ ਹੋਇਆ ਆਪਣੀ ਪ੍ਰਸਿੱਧ ਪੁਸਤਕ ‘ਦੀ ਰਾਜਾਜ਼ ਆਫ਼ ਦੀ ਪੰਜਾਬ’ ਵਿਚ ਲਿਖਦਾ ਹੈ :

“ਜਦ ਤਕ ਨਵਾਬ ਕਪੂਰ ਸਿੰਘ ਜੀਵਦਾ ਸੀ ਉਹ ਸਿੱਖਾਂ ਦੇ ਸਾਰੇ ਆਗੂਆਂ ਵਿਚੋਂ ਪਹਿਲੇ ਦਰਜੇ ਦਾ ਮੰਨਿਆ ਜਾਂਦਾ ਸੀ । ਇਹ ਉਹੀ ਮਹਾਂ ਬੀਰ ਸੀ, ਜਿਸ ਨੇ ਖਾਲਸੇ ਦੀ ਖੇਰੂੰ-ਖੇਰੂੰ ਹੋ ਚੁੱਕੀ ਕੌਮ ਨੂੰ ਜਥੇਬੰਦ ਕਰਕੇ ਖਾਲਸਾ ਦਲ ਦੇ ਰੂਪ ਵਿਚ ਮੂਰਤੀਮਾਨ ਕੀਤਾ । ਸਰਦਾਰ ਜੱਸਾ ਸਿੰਘ ਨੇ ਭੀ ਖਾਲਸੇ ਵਿਚ ਬੜੀ ਪ੍ਰਸਿੱਧਤਾ ਪਾਈ ਸੀ । ਪਰ ਉਸ ਦੀ ਵਡਿਆਈ ਦਾ ਵਸੀਲਾ ਵੀ ਨਵਾਬ ਕਪੂਰ ਸਿੰਘ ਸੀ ।

ਨਵਾਬ ਕਪੂਰ ਸਿੰਘ ਦਾ ਜਦ ਅੰਤ ਸਮਾਂ ਨੇੜੇ ਆਇਆ ਤਾਂ ਉਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਬਖਸ਼ਿਆ ਗੁਰਜ ਜੱਸ਼ਾ ਸਿੰਘ ਨੂੰ ਸੌਂਪ ਕੇ, ਖਾਲਸਾ ਪੰਥ ਦੀ ਜਥੇਦਾਰੀ ਉਸ ਦੇ ਹੱਥ ਦਿੱਤੀ । ਇਹ ਘਟਨਾ ਸੰਨ 1853 ਦੀ ਹੈ ।

Nawab Kapur Singh | ਨਵਾਬ ਕਪੂਰ ਸਿੰਘ

ਘਨੱਈਆ ਲਾਲ

ਰਾਏ ਬਹਾਦਰ ਘਨੱਈਆ ਲਾਲ, ਤਾਰੀਖ ਪੰਜਾਬ ਵਿਚ ਲਿਖਦਾ ਹੈ-‘ਨਵਾਬ ਕਪੂਰ ਸਿੰਘ ਕੋ ਤਮਾਮ ਸਿੱਖ ਅਪਨਾ ਪੇਸ਼ਵਾ ਤਸੱਵਰ ਕਰਤੇ ਬੇ ਔਰ ਜੋ ਸ਼ਖਸ ਉਸ ਕੇ ਹਾਥ ਸੇ ਪਾਹੁਲ (ਅੰਮ੍ਰਿਤ) ਲੇਕਰ ਸਿਖ ਬਨਤਾ ਵੋ ਫ਼ਖਰ ਕਰਤਾ ਕਿ ਮੈਂ ਵੋ ਸਿੱਖ ਹੂੰ ਜਿਸ ਨੇ ਨਵਾਬ ਕਪੂਰ ਸਿੰਘ ਸੇ ਪਾਹੁਲ ਲੀ ਹੈ । ਹਜ਼ਾਰੋਂ ਜਾਟ, ਤਰਖਾਨ, ਅਛੂਤ, ਖਤਰੀ ਔਰ ਅਰੋੜੇ ਉਸ ਨੇ ਸਿੱਖ ਕਰ ਡਾਲੇ। ਉਸ ਕੇ ਹਾਥ ਸੇ ਬਨੇ ਹੁਏ ਸਿੱਖ, ਬੜੇ ਬੜੇ ਦੌਲਤਮੰਦ ਹੋਕਰ ਵਾਲੀਆਨ ਮੁਲਕ, ਸਾਹਿਬ ਦੌਲਤ ਵ ਹਸ਼ਮਤ ਬਨ ਗਏ । ਉਸ ਕਾ ਕੌਲ (ਬਚਨ) ਥਾ ਕਿ ਮੈਂਨੇ ਆਪਣੇ ਹਾਥ ਸੇ ਪਾਂਚ ਸੌ ਮੁਸਲਮਾਨ ਲੁਟੇਰੋਂ ਕੋ ਕਤਲ ਕੀਆ ਹੈ । ਜੋ ਅਮਲ ਮੇਰੀ ਨਿਜ਼ਾਤ (ਮੁਕਤੀ) ਕਾ ਮੂਜਬ ਹੋਗਾ ॥

ਮੌਲਵੀ ਬੂਟੇ ਸ਼ਾਹ

ਬੂਟੇ ਸ਼ਾਹ, ਅਸਲ ਨਾਂ ਗੁਲਾਮ ਮੁਹੱਈਉਦੀਨ ਲਿਖਦਾ ਹੈ । ‘ਨਵਾਬ ਕਪੂਰ ਸਿੰਘ ਬੜਾ ਪਰਤਾਪੀ, ਸੁੰਦਰ, ਉੱਚੇ ਕੱਦ, ਚੌੜੀ ਛਾਤੀ ਵਾਲਾ ਬੜਾ ਤਾਕਤਵਰ ਅਤੇ ਨਿਹਾਇਤ ਦਾਨੀ ਆਗੂ ਸੀ । ਉਸ ਦੇ ਲੰਗਰ ਵਿਚੋਂ ਫ਼ਕੀਰਾਂ ਨੂੰ ਹਰ ਵੇਲੇ ਪ੍ਰਸ਼ਾਦਿ ਮਿਲਦਾ ਰਹਿੰਦਾ ਸੀ । ਜਿਹੜਾ ਇਕ ਵੇਰ ਇਸ ਨੂੰ ਮਿਲਦਾ ਸੀ ਉਸ ਦਾ ਮਨ ਉਸ ਤੋਂ ਵਿਛੜਨ ਨੂੰ ਨਾ ਸੀ ਕਰਦਾ । ਫ਼ਤਹਿ ਨੇ ਸਦਾ ਉਸ ਦੇ ਪੈਰ ਚੁੰਮੇ।

ਡਾਕਟਰ ਗੋਕਲ ਚੰਦ

ਡਾਕਟਰ ਗੋਕਲ ਚੰਦ ਆਪਣੇ ਦ੍ਰਿਸ਼ਟੀ-ਕੋਨ ਤੋਂ ਸਿੱਖ ਇਤਿਹਾਸ ਦੇ ਚੰਗੇ ਖੋਜੀ ਹਨ । ਆਪ ਆਪਣੀ ਲਿਖਤ ਪੁਸਤਕ ‘ਸਿੱਖਾਂ ਦਾ ਪ੍ਰੀਵਰਤਨ’ ਵਿਚ ਨਵਾਬ ਕਪੂਰ ਸਿੰਘ ਬਾਰੇ ਲਿਖਦੇ ਹਨ :

‘ਬੰਦਾ ਬਹਾਦਰ ਦੀ ਸ਼ਹੀਦੀ ਦੇ ਬਾਅਦ ਜਦੋਂ ਖਾਲਸਾ ਖੇਰੂੰ ਖੇਰੂੰ ਹੋ ਗਿਆ ਸੀ, ਇਹ ਕਿਸੇ ਦੂਰਦਰਸ਼ੀ ਦਾ ਕੰਮ ਸੀ ਕਿ ਖਿੰਡੇ ਹੋਏ ਖਾਲਸੇ ਨੂੰ ਮੁੜ ਜਥੇਬੰਦ ਕਰਕੇ ਅਤਿ ਸ਼ਕਤੀਮਾਨ ਬਣਾ ਦਿੱਤਾ । ਆਪ ਦੀ ਬੀਰਤਾ ਅਤੇ ਉੱਚ ਧਰਮੀ ਜੀਵਨ ਦਾ ਖਾਲਸੇ ਦੇ ਆਗੂਆਂ ਦੇ ਮਨਾਂ ਵਿਚ ਇਕ ਨਵੇਂ ਖਿਆਲ ਦਾ ਬੀਜ ਪਾ ਦਿੱਤਾ ਤੇ ਖਾਲਸੇ ਹੁਣ ਧਾਰਮਿਕ ਸਿਧਾਂਤਾਂ ਦੇ ਨਾਲ ਦੇਸ਼ ਦੀ ਆਜ਼ਾਦੀ ਅਤੇ ਖਾਲਸੇ ਲਈ ਰਾਜ ਭਾਗ ਦੀ ਪ੍ਰਾਪਤੀ ਦਾ ਸਿਧਾਂਤ ਵੀ ਅਪਨਾ ਲਿਆ । ਇਸ ਨੇ ਪਹਿਲਾਂ ਖਿਲਰੇ ਹੋਏ ਖਾਲਸੇ ਨੂੰ ਦੋਵਾਂ ਦਲਾਂ ਦੇ ਰੂਪ ਵਿਚ ਜਥੇਬੰਦ ਕੀਤਾ । ਫਿਰ ਇਨ੍ਹਾਂ ਨੂੰ ਪੰਜਾਂ ਭਾਗਾਂ ਵਿਚ ਵੰਡ ਕੇ ਇਨ੍ਹਾਂ ਦਾ ਨਾਂ ਮਿਸਲਾਂ ਰਖਿਆ ।

ਸਿੰਘਪੁਰੀਆ ਮਿਸਲ ਦਾ ਬਾਨੀ ਆਪ ਨਵਾਬ ਕਪੂਰ ਸਿੰਘ ਸੀ । ਜਿਹਾ ਅਸੀਂ ਪਿਛੇ ਲਿਖ ਆਏ ਹਾਂ ਕਿ ਕਿਵੇਂ ਕਪੂਰ ਸਿੰਘ ਫੈਜ਼ਲਪੁਰੀਆ, ਗਰੀਬਾਂ ਵਿਚੋਂ ਉੱਨਤੀ ਕਰਕੇ ਸਾਰੇ ਪੰਜਾਬ ਵਿਚ ਇਕ ਬਹੁਤ ਬੜਾ ਸ਼ਕਤੀਮਾਨ ਮੁੱਖੀ ਆਗੂ ਬਣ ਗਿਆ ।

ਦਿੱਲੀ ਦੇ ਬਾਦਸ਼ਾਹ ਨੇ ਜਦ ਖਾਲਸੇ ਨਾਲ ਮੇਲ ਰਖਣ ਲਈ ਨਵਾਬੀ ਦਾ ਖਿਲਤ ਅਤੇ ਜਾਗੀਰ ਅੰਮ੍ਰਿਤਸਰ ਭੇਜੀ ਸੀ ਤਾਂ ਸਿੰਘਾਂ ਪਹਿਲਾਂ ਇਸ ਨੂੰ ਪਰਵਾਨ ਕਰਨ ਤੋਂ ਨਾਂਹ ਕਰ ਦਿੱਤੀ । ਇਸ ਸਮੇਂ ਕਪੂਰ ਸਿੰਘ ਖਾਲਸੇ ਦੇ ਦੀਵਾਨ ਵਿਚ ਪੱਖੇ ਦੀ ਸੇਵਾ ਕਰ ਰਿਹਾ ਸੀ । ਸਿੰਘਾਂ ਵਲੋਂ ਖਿੱਲਤ ਤੇ ਨਵਾਬੀ ਆਦਿ ਇਸ ਨੂੰ ਦਿੱਤੀ ਗਈ । ਉਸ ਦਿਨ ਤੋਂ ਉਸ ਦਾ ਨਾਂ ‘ਨਵਾਬ ਕਪੂਰ ਸਿੰਘ’ ਪ੍ਰਸਿੱਧ ਹੋਇਆ ।

‘ਥੋੜ੍ਹੇ ਸਮੇਂ ਦੇ ਉਪਰੰਤ ਨਵਾਬ ਕਪੂਰ ਸਿੰਘ ਨੇ ਫੈਜ਼ਲਾਖਾਨ ਤੋਂ ਫੈਜ਼ਲਾਪੁਰ ਫ਼ਤਹਿ ਕਰ ਲਿਆ । ਇਸ ਦਾ ਨਾਂ ਉਸ ਨੇ ਬਦਲਕੇ ਸਿੰਘਪੁਰ ਰਖਿਆ । ਇਸੇ ਕਾਰਨ ਉਸ ਦੀ ਮਿਸਲ ਦਾ ਨਾਂ ਸਿੰਘਪੁਰੀ ਮਿਸਲ ਵਖਿਆਤ ਹੈ । ਇਸਦੀ ਮਿਸਲ ਦੀ ਵਰਿਆਮਤਾ ਦਾ ਸਿੱਕਾ ਅੰਮ੍ਰਿਤਸਰ ਤੋਂ ਦਿਲੀ ਦੀਆਂ ਕੰਧਾਂ ਤੀਕ ਮੰਨਿਆ ਜਾਂਦਾ ਸੀ । ਜਿਹਾ ਕਿ ਉਪਰ ਲਿਖ ਆਏ ਹਾਂ, ਨਵਾਬ ਕਪੂਰ ਸਿੰਘ, ਸਿੱਖ ਮੁੱਖੀਆਂ ਵਿਚ ਸਭ ਤੋਂ ਵੱਧ ਸ਼ਕਤੀਮਾਨ ਆਗੂ ਸੀ ।

‘ਸਾਰੇ ਸਿੰਘਾਂ ਵਿਚ ਉਹ ਮਹਾਨ ਪਵਿੱਤਰ ਜੀਵਨ ਵਾਲਾ ਸੰਤ ਮੰਨਿਆ ਜਾਂਦਾ ਸੀ । ਇਸ ਲਈ ਉਸ ਨੂੰ ਸਾਰਾ ਪੰਥ ਸਤਿਕਾਰਦਾ ਹੁੰਦਾ ਸੀ ।’

ਸਯਦ ਮੁਹੰਮਦ ਲਤੀਫ

‘ਸਿੰਘ ਪੁਰੀਆ ਜਥੇਬੰਦੀ ਦਾ ਬਾਨੀ ਨਵਾਬ ਕਪੂਰ ਸਿੰਘ ਸੀ । ਇਸ ਨੇ ਫੈਜ਼ਲਪੁਰ ਨੂੰ ਸਣੇ ਤਾਲਕੇ ਦੇ, ਉਸ ਦੇ ਮਾਲਕ ਤੋਂ ਫ਼ਤਹਿ ਕਰਕੇ ਉਸ ਦਾ ਨਾਂ ਸਿੰਘਪੁਰ ਰਖਿਆ, ਜਿਸ ਤੋਂ ਇਸ ਘਰਾਣੇ ਦਾ ਨਾਂ ਸਿੰਘਪੁਰੀਏ ਪ੍ਰਸਿੱਧ ਹੋਇਆ।

‘ਖਾਲਸਾ ਦਲ ਕਪੂਰ ਸਿੰਘ ਦੀ ਯੋਗ ਅਗਵਾਈ ਵਿਚ ਉੱਨਤੀ ਦੀ ਚੋਟੀ ਪਰ ਪੁੱਜਾ । ਇਹ ਸਿੰਘ ਆਗੂਆਂ ਵਿਚ ਸਭ ਤੋਂ ਮੁੱਖੀ ਆਗੂ ਮੰਨਿਆ ਜਾਂਦਾ ਸੀ। ਇਸ ਦੀ ਵਡਿਆਈ ਦਾ ਕਾਰਨ ਇਹ ਸੀ ਕਿ ਉਸ ਨੇ ਸਿੱਖਾਂ ਦੇ ਮਨ ਵਿਚ ਇਹ ਬੀਜ, ਬੀਜ ਦਿੱਤਾ ਸੀ ਕਿ ਸਿੰਘ ਪੰਜਾਬ ਵਿਚ ਸੁਤੰਤਰ ਰਾਜ ਦੇ ਮਾਲਕ ਹੋਣੇ ਚਾਹੀਦੇ ਹਨ ।

‘ਪੰਥ ਨੇ ਇਸ ਨੂੰ ਨਵਾਬੀ ਦਾ ਪਦ ਬਖਸ਼ਿਆ ਸੀ । ਉਸ ਨੇ ਹਜ਼ਾਰਾਂ ਦੀ ਗਿਣਤੀ ਵਿਚ ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤ ਬਿਨਾਂ ਊਚ ਨੀਚ ਦੇ ਵਿਤਕਰੇ ਦੇ ਆਮ ਜਨਤਾ ਨੂੰ ਛਕਾ ਕੇ ਸਿੱਖੀ ਵਿਚ ਮਿਲਾ ਲਿਆ ਸੀ । ਜਿਨ੍ਹਾਂ ਵਿਚ ਜਾਟ, ਤਰਖਾਣ, ਖੱਤਰੀ, ਝੀਵਰ, ਜੁਲਾਹੇ ਅਤੇ ਅਛੂਤ ਜਾਤੀਆਂ ਦੇ ਮਨੁੱਖ ਵੀ ਸ਼ਾਮਲ ਸਨ ।

‘ਸਿੱਖਾਂ ਵਿਚ ਉਹ ਇੰਨੀ ਉੱਚੀ ਰਹਿਣੀ ਦੇ ਮਹਾਨ ਆਤਮਕ ਜੀਵਨ ਵਾਲਾ ਸੰਤ ਸੀ ਕਿ ਉਸ ਦੇ ਹੱਥੋਂ ਪਾਹੁਲ ਲੈਣੀ ਬੜਾ ਫ਼ਖਰ ਸਮਝਿਆ ਜਾਂਦਾ ਸੀ । ਉਸ ਨੂੰ ਇਸ ਗੱਲ ਦਾ ਵੀ ਮਾਣ ਸੀ ਕਿ ਉਸ ਨੇ 500 ਮੁਸਲਮਾਨਾਂ ਨੂੰ ਆਪਣੇ ਹੱਥੀਂ ਮਾਰਿਆ ਸੀ । ਇਸ ਨੂੰ ਉਹ ਆਪਣੇ ਜੀਵਨ ਦੀ ਕਲਿਆਨ ਦਾ ਵਸੀਰਾ ਸਮਝਦਾ ਸੀ ।

‘ਨਵਾਬ ਕਪੂਰ ਸਿੰਘ ਨੇ ਕਈ ਵੈਰ ਦਿੱਲੀ ਤਕ ਦਾ ਇਲਾਕਾ ਸੋਧਿਆ P’

ਜਨਰਲ ਗਾਰਡਨ

ਜਨਰਲ ਗਾਰਡਨ, ਸਿੱਖਾਂ ਦੇ ਇਤਿਹਾਸ ਦਾ ਪ੍ਰਸਿਧ ਲੇਖਕ ਹੈ । ਉਹ ਖਾਲਸੇ ਦੇ ਉੱਚ ਗੁਣਾਂ ਨੂੰ ਆਪਣੀ ਲੇਖਣੀ ਦੁਆਰਾ ਬੜੇ ਉੱਤਮ ਢੰਗ ਨਾਲ ਪ੍ਰਗਟ ਕਰਦਾ ਹੈ । ਨਵਾਬ ਕਪੂਰ ਸਿੰਘ ਨੇ ਖਿੰਡੀ ਹੋਈ ਖਾਲਸਾ ਕੌਮ ਨੂੰ ਮੁੜ ਜਥੇਬੰਦ ਕਰਕੇ ਦਲਾਂ ਤੇ ਮਿਸਲਾਂ ਦੀ ਸਾਜਨਾ ਸਾਜੀ ਅਤੇ ਖਾਲਸੇ ਦੇ ਮਨਾਂ ਵਿਚ ਅਜ਼ਾਦੀ ਦੇ ਬੀ ਦੇ ਬੀਜਣੇ ਦੇ ਕਰਾਮਾਤੀ ਕਰਤਵਾਂ ਬਾਰੇ ਇੰਝ ਲਿਖਿਆ ਹੈ, ਜਿਸ ਦਾ ਸੁਤੰਤਰ ਅਨੁਵਾਦ ਹੇਠ ਦਿੰਦੇ ਹਾਂ ।

‘ਗੁਰੂ ਗੋਬਿੰਦ ਸਿੰਘ ਦੇ ਸਮਾ ਜਾਣ ਦੇ ਬਾਅਦ ਖਾਲਸਾ ਕੌਮ ਖਿੰਡ ਗਈ ਸੀ । ਮੈਦਾਨ ਜੰਗਾਂ ਵਿਚ ਇਸ ਦੀ ਅਗਵਾਈ ਕਰਨ ਵਾਲਾ ਕੋਈ ਆਗੂ ਨਾ ਸੀ ਰਿਹਾ । ਈਰਾਨੀ ਹਮਲਾ-ਆਵਰ (ਨਾਦਰ ਸ਼ਾਹ 1738) ਦੀ ਚੜ੍ਹਾਈ ਤੋਂ ਕੁਝ ਪਹਿਲਾਂ ਇਹ ਮੁੜ ਜਥੇਬੰਦ ਹੋ ਕੇ ਕਈ ਜਥਿਆਂ (ਮਿਸਲਾਂ) ਦੇ ਰੂਪ ਵਿਚ ਪ੍ਰਗਟ ਹੋਈ ।

ਇਨ੍ਹਾਂ ਮਿਸਲਾਂ ਦੇ ਸਰਦਾਰ ਅੱਗੇ ਜਾ ਕੇ ਵਰਿਆਮ ਸੂਰਮੇ ਸਿੱਧ ਹੋਏ । ਇਹਨਾਂ ਦਾ ਸਭ ਕੁਝ ਸਾਂਝਾ ਸੀ, ਦੁੱਖ-ਸੁੱਖ ਸਾਂਝਾ ਸੀ, ਕਮਾਈ ਸਾਂਝੀ ਸੀ ।

ਇਹ ਕਮਾਈ ਪਹਿਲਾਂ ਇਕੋ ਭੰਡਾਰੇ ਵਿਚ ਇਕੱਠੀ ਰੱਖੀ ਜਾਂਦੀ ਸੀ ਅਤੇ ਲੋੜ ਅਨੁਸਾਰ ਸਭ ਕੋਈ ਇਸੇ ਖਜ਼ਾਨੇ ਵਿਚੋਂ, ਜਥੇਦਾਰ ਰਾਹੀਂ ਪ੍ਰਾਪਤ ਕਰਦਾ ਸੀ । ਇਥੋਂ ਤਕ ਸਾਂਝੀਵਾਲਤਾ ਕਿ ਸਭ ਲਈ ਭੋਜਨ ਵੀ ਇਕ ਹੀ ਲੰਗਰ ਵਿਚ ਪਕਦਾ ਸੀ ਅਤੇ ਇਥੇ ਹੀ ਸਾਰੇ ਬੈਠ ਕੇ ਇਕੱਠੇ ਇਕੋ ਥਾਏਂ ਛਕਦੇ ਸਨ । ਕਿਸੇ ਦੇ ਮਨ ਵਿਚ ਇਹ ਵਿਤਕਰਾ ਕਦੇ ਨਾ ਸੀ ਉਪਜਿਆ ਕਿ ਮੈਂ ਵਧ ਕਮਾਈ ਲਿਆਇਆ ਹਾਂ ਅਤੇ ਦੂਜਾ ਘਟ । ਉਹ ਕਿਉਂ ਮੇਰੇ ਜਿਨਾ ਖਾਏ, ਆਦਿ ।

ਮੈਕਗ੍ਰੈਗਰ

ਮੈਕਗ੍ਰੈਗਰ ਆਪਣੀ ਲਿਖਤ ‘ਹਿਸਟਰੀ ਆਫ਼ ਦੀ ਸਿਖਜ਼’ ਵਿਚ ਲਿਖਦਾ ਹੈ— ‘ਫੈਜ਼ਲਪੁਰੀਆ ਮਿਸਲ ਦਾ ਬਾਨੀ, ਕਪੂਰ ਸਿੰਘ ਸੀ। ਇਹ ਬੜਾ ਬਹਾਦਰ ਅਤੇ ਨਿਡੱਰ ਸੂਰਮਾ ਸੀ । ਇਹ ਅੱਗੇ ਜਾ ਕੇ ਨਵਾਬ ਕਪੂਰ ਸਿੰਘ ਦੇ ਨਾਂ ਨਾਲ ਪ੍ਰਸਿੱਧ ਹੋਇਆ । ਇਸ ਦੇ ਜੀਵਨ ਦਾ ਬਹੁਤ ਸਮਾਂ ਖ਼ਾਨ ਬਹਾਦਰ (ਜ਼ਕਰੀਆ ਖ਼ਾਨ) ਗਵਰਨਰ ਲਾਹੌਰ ਦੇ ਨਾਲ ਰਣਭੂਮੀਆਂ ਵਿਚ ਲੜਦਿਆਂ ਬੀਤਿਆ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਸਮੇਂ ਸੰਸਾਰ ਤੋਂ ਕੂਚ ਕਰ ਗਿਆ ।

ਰਤਨ ਸਿੰਘ ਭੰਗੂ

ਭਾਈ ਰਤਨ ਸਿੰਘ ਭੰਗੂ ਕਰਤਾ, ਪ੍ਰਾਚੀਨ ਪੰਥ ਪ੍ਰਕਾਸ਼, ਨਵਾਬ ਕਪੂਰ ਸਿੰਘ ਦੇ ਜੀਵਨ ਪਰ ਆਪਣੀ ਰਚਨਾ ਵਿਚ ਥਾਉਂ ਥਾਈਂ ਇਉਂ ਚਾਨਣਾ ਪਾਉਂਦਾ ਹੈ :-

ਨਵਾਬ ਕਪੂਰ ਸਿੰਘ ਦੀ ਅਗਵਾਈ ਵਿਚ ਖਾਲਸਾ ਪੰਥ ਦਾ ਬੜਾ ਪ੍ਰਤਾਪ ਵਧਿਆ । ਤੁਰਕ ਵੀ ਇਸ ਦੇ ਰੋਅਬ ਤੋਂ ਭੈ ਖਾਂਦੇ ਸਨ ਅਤੇ ਜਗੀਰ ਦੇ ਟਕੇ ਆਪ ਉਗਰਾਹ ਕੇ ਉਸ ਦੇ ਪਾਸ ਪਹੁੰਚਾ ਦੇਂਦੇ ਸਨ । ਭੰਗੂ ਜੀ ਲਿਖਦੇ ਹਨ-

‘ਕਪੂਰ ਸਿੰਘ ਨਿਬਾਬ ਭਏ ਤੋਂ ਸਿੰਘਨ ਵਧਯੋ ਪਰਤਾਪ ।

ਤੁਰਕ ਖੁਸ਼ਾਮਦ ਬਹੁ ਕਰੈਂ ਟਕੇ ਦੇ ਘਾਲੇ ਆਪ ।

ਭੰਗੂ ਜੀ ਅੱਗੇ ਜਾ ਕੇ ਦਸਦੇ ਹਨ ਕਿ ਕਪੂਰ ਸਿੰਘ ਨੂੰ ਨਵਾਬੀ ਮਿਲਣ ਪਰ ਉਸ ਵਿਚ ਹੰਕਾਰ ਯਾ ਵਡਿਆਈ ਨਾ ਸੀ ਆਈ । ਜਿਉਂ-ਜਿਉਂ ਪੰਥ ਵਲੋਂ ਉਸ ਨੂੰ ਮਾਣ ਤੇ ਸਤਿਕਾਰ ਮਿਲਦਾ ਤਿਉਂ-ਤਿਉਂ ਉਹ ਫਲਦਾਰ ਬ੍ਰਿਛ ਵਾਂਗੂ ਹੋਰ ਹੋਰ ਨਿਮਰਤਾ ਨਾਲ ਪੰਥ ਦੀ ਸੇਵਾ ਕਰਨ ਵਿਚ ਵਧ-ਵਧ ਕੇ ਤਤਪਰ ਹੁੰਦਾ ਜਾਂਦਾ ਸੀ । ਭਾਈ ਰਤਨ ਸਿੰਘ ਲਿਖਦੇ ਹਨ-

ਕਪੂਰ ਸਿੰਘ ਪਰ ਕਿਰਪਾ ਪੰਥ ਕਰੀ ।

ਭਲੀ ਬੁਧ ਆਇ ਤਿਸ ਮੈਂ ਪਰੀ ।

ਬਹੁਤ ਸਿੰਘ ਕੋ ਆਧਰ ਧਰੈ । ਬਿਨਾ ਪੁਛ ਪੰਥ ਗਲ ਨ ਕਰੈ ।੯।

ਟਹਲ ਅਗੇ ਤੇ ਕਰੈ ਸਵਾਈ ।

ਬਹੁਤ ਗਰੀਬੀ ਉਸ ਮਨ ਆਈ । ਜਿਮ ਜਿਮ ਪੰਥਹਿ ਟਹਲ ਕਮਾਵੈ ।

ਤਿਮ ਤਿਮ ਸਿੰਘ ਜੀ ਗੁਰਮਤ ਆਵੇ ।੧੦। ਖਿੰਡੇ ਹੋਏ ਖਾਲਸੇ ਨੂੰ ਜਦ ਆਪ ਨੇ ਇਕ ਪਾਵਨ ਜਥੇਬੰਦੀ ਵਿਚ ਲਿਆ ਕੇ ਇਕ ਲੜੀ ਵਿਚ ਪਰੋ ਦਿੱਤਾ ਤੇ ਉਸ ਵਿਚ ਇੰਨਾ ਗੂੜਾ ਪਿਆਰ ਭਰ ਦਿੱਤਾ ਕਿ ਉਹ ਆਪਸ ਵਿਚ ਸਕੇ ਭਾਈਆਂ ਤੋਂ ਵੀ ਵਧ ਪਿਆਰ ਕਰੇ ਸਨ । ਇਹ ਕਈ ਹਜ਼ਾਰ ਦੀ ਗਿਣਤੀ ਵਿਚ ਹੁੰਦੇ ਹੋਏ ਉਹ ਆਪਣੇ ਆਪ ਨੂੰ ਇਕ ਪ੍ਰੀਵਾਰ ਦੀ ਤਰ੍ਹਾਂ ਸਮਝਦੇ ਸਨ । ਇਨ੍ਹਾਂ ਦਾ ਸਭ ਕੁਝ ਸਾਂਝਾ ਸੀ । ਇਕ ਦੇ ਦੁੱਖ ਨਾਲ

ਸਭ ਦੇ ਮਨ ਵਿਚ ਚਿਣਗ ਉਠਦੀ ਸੀ ਅਤੇ ਸਭ ਦੇ ਸੁੱਖ ਨਾਲ ਮਨਾਂ ਨੂੰ ਠੰਡ ਪੈਂਦੀ ਸੀ । ਪ੍ਰਾਚੀਨ ਪੰਥ ਪ੍ਰਕਾਸ਼ ਦਾ ਲੇਖਕ ਲਿਖਦਾ ਹੈ :

ਇਕ ਥਾਂ ਤੇ ਸਭ ਲੇ ਪੁਸਾਕ ।

ਇਕਹਿ ਥਾਏਂ ਸਭ ਦੇਵਹਿ ਰਾਖ ।

ਟਿਕ ਥਾਏਂ ਸਭ ਰਖੋਂ ਕਮਾਈ ।

ਰਖੈ ਨਾਹੀ ਕੋਈ ਤਿਸੈ ਛਪਾਈ ।

ਦਰਬ ਲਿਆਵੈਂ ਜੋ ਬਾਹਰੋਂ ਕੋਈ ।

ਪਾਵੈ ਖਜ਼ਾਨੇ ਇਕ ਥਾਂ ਕੋਈ P

ਮੁਕਦੀ ਗੱਲ ਇਹ ਹੈ ਕਿ ਨਵਾਬ ਕਪੂਰ ਸਿੰਘ ਦੀ ਦੇਖ ਰੇਖ ਵਿਚ ਸਾਂਝੀ ਜਥੇਬੰਦੀ ਅਤੇ ਸਾਂਝਾ ਭਾਈਚਾਰਾ, ਸੱਕੇ ਭਾਈਆਂ ਤੁਲ ਜੀਵਨ ਬਿਤਾਂਵਦਾ ਸੀ ।

ਗਿਆਨੀ ਗਿਆਨ ਸਿੰਘ

ਗਿਆਨੀ ਗਿਆਨ ਸਿੰਘ ਆਪਣੀ ਰਚਿਤ ਤਵਾਰੀਖ ਗੁਰੂ ਖਾਲਸਾ ਵਿਚ ਨਵਾਬ ਕਪੂਰ ਸਿੰਘ ਬਾਰੇ ਇਉਂ ਲਿਖਦਾ ਹੈ :

ਨਵਾਬ ਕਪੂਰ ਸਿੰਘ ਆਪਣੇ ਆਪ ਵਿਚ ਵੱਡੇ ਹੌਂਸਲੇ ਵਾਲਾ ਅਤੇ ਬਹਾਦਰ ਸਿੰਘ ਸੀ । ਉਹ ਲੜਾਈ ਦੇ ਮੈਦਾਨ ਵਿਚ ਮਸਤ ਹਾਥੀ ਦੀ ਤਰ੍ਹਾਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਾ ਹੋਇਆ ਵੈਰੀਆਂ ਦੇ ਸਿਰ ਜਾ ਚੜ੍ਹਦਾ ਸੀ । ਇਸ ਦੇ ਸਾਰੇ ਸਰੀਰ ਪਰ ਫੱਟਾਂ ਦੇ ਚਿੰਨ੍ਹ ਸਨ । ਇਸ ਨੂੰ ਇਸ ਗੱਲ ਦਾ ਮਾਣ ਸੀ ਕਿ ਇਸ ਨੇ ਪੰਥ ਸੇਵਾ ਦੇ ਰਣ-ਖੇਤਰ ਵਿਚ ਆਪਣਾ ਸਰੀਰ ਜ਼ਖਮਾਂ ਨਾਲ ਛਾਨਣੀ ਕਰਵਾ ਲਿਆ ਸੀ ਪਰ ਕਦੇ ਮੈਦਾਨ ਜੰਗ ਵਿਚੋਂ ਪਿਛੇ ਨਹੀਂ ਸੀ ਹਟਿਆ ।

ਨਵਾਬ ਕਪੂਰ ਸਿੰਘ ਨੂੰ ਸਿਖੀ ਦੇ ਪ੍ਰਚਾਰ ਦਾ ਬੇਅੰਤ ਚਾਅ ਸੀ, ਹਜ਼ਾਰਾਂ ਹੀ ਅੱਡ-ਅੱਡ ਜਾਤੀਆਂ ਦੇ ਆਦਮੀਆਂ ਨੂੰ ਇਸ ਨੇ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਸੀ । ਊਚ ਨੀਚ ਦੀ ਕੋਈ ਪ੍ਰਵਾਹ ਨਾ ਸੀ ਕਰਦਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨੂੰ ਪੂਰਾ ਕਰਦਾ ਰਿਹਾ ।

ਖਾਲਸੇ ਵਿਚ ਇਸ ਨੂੰ ਬੜੀ ਇੱਜ਼ਤ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ । ਲੋਕੀਂ ਇਸ ਦੇ ਹੱਥੋਂ ਅੰਮ੍ਰਿਤ ਛਕਣਾ ਚੰਗਾ ਸਮਝਦੇ ਸਨ । ਮਹਾਰਾਜਾ ਆਲਾ ਸਿੰਘ ਵਾਲੀਏ ਪਟਿਆਲਾ ਨੇ ਵੀ ਇਸ ਦੇ ਹੱਥੋਂ ਹੀ ਅੰਮ੍ਰਿਤ ਛਕਿਆ ਸੀ। ਜਿਸ ਦੀ ਯਾਦਗਾਰ ਵਿਚ, ਠੀਕਰੀਵਾਲੇ, ਜਿਥੇ ਨਵਾਬ ਕਪੂਰ ਸਿੰਘ ਰਿਹਾ ਕਰਦਾ ਸੀ, ਪੱਕਾ ਖੂਹ ਲਵਾ ਦਿੱਤਾ ਸੀ । ਉਹ ਹੁਣ ਤਕ ਮੌਜੂਦ ਹੈ ।

ਭਾਈ ਕਾਹਨ ਸਿੰਘ ਜੀ

ਸਿੱਖੀ ਮੰਡਲ ਦੇ ਪ੍ਰਸਿੱਧ ਵਿਦਵਾਨ ਭਾਈ ਕਾਹਨ ਸਿੰਘ ਜੀ ਲਿਖਦੇ ਹਨ : ਇਹ ਧਰਮੀ ਵੀਰ, ਪੰਥ ਦੀ ਵੱਡੀ ਸੇਵਾ ਕਰਦਾ ਰਿਹਾ ਅਤੇ ਕਰਣੀ ਵਾਲੇ ਸਿੰਘਾਂ ਵਿਚ ਇਸ ਦੀ ਗਿਣਤੀ ਹੋਈ ਆਦਿ ।

ਨਵਾਬ ਕਪੂਰ ਸਿੰਘ ਦਾ ਦੇਹਾਂਤ ਸੰਮਤ 1711 (1753) ਨੂੰ ਅੰਮ੍ਰਿਤਸਰ ਵਿਚ ਹੋਇਆ ਅਤੇ ਇਸ ਦਾ ਅੰਤਮ ਸੰਸਕਾਰ ਬਾਬਾ ਅਟੱਲ ਸਿੰਘ ਦੇ ਦੇਹਰੇ ਪਾਸ ਕੀਤਾ ਗਿਆ ॥

ਗਿਆਨੀ ਠਾਕੁਰ ਸਿੰਘ ਜੀ

ਪੰਥ ਖਾਲਸੇ ਦਾ ਪ੍ਰਸਿੱਧ ਖੋਜੀ ਗਿਆਨੀ ਠਾਕਰ ਸਿੰਘ, ਨਵਾਬ ਕਪੂਰ ਸਿੰਘ ਦੇ ਜੀਵਨ ਪਰ ਇੰਝ ਪ੍ਰਕਾਸ਼ ਪਾਂਵਦਾ ਹੈ :

ਸਿੰਘਪੁਰੀਆ ਮਿਸਲ ਦੇ ਮੋਢੀ ਨਵਾਬ ਕਪੂਰ ਸਿੰਘ ਸਾਹਿਬ ਜੀ ਹੋਏ ਹਨ। ਆਪ ਗੁਰਮਤ, ਗੁਰਬਾਣੀ ਦੇ ਪ੍ਰੇਮੀ, ਨਿਤਨੇਮੀ, ਜਿਤਿੰਦੇ, ਬਚਨ ਪਾਲ, ਧਰਮੀ ਜੋਧੇ, ਸੁਹਿਰਦ, ਗੁਰੂ ਪੰਥ ਦੇ ਹਿਤੂ ਅਤੇ ਸੇਵਕ ਭਾਵ ਰੱਖਣ ਵਾਲੇ ਸਨ । ਆਪ ਨੂੰ ਪੰਥ ਗੁਰੂ ਵਲੋਂ ਨਵਾਬੀ ਦਾ ਖ਼ਿਤਾਬ ਮਿਲਿਆ ਸੀ P

ਪ੍ਰਿੰਸੀਪਲ ਤੇਜਾ ਸਿੰਘ ਤੇ ਪ੍ਰੋਫੈਸਰ ਗੰਡਾ ਸਿੰਘ

ਆਪਣੇ ਸਮੇਂ ਦੇ ਦੋ ਪ੍ਰਸਿੱਧ ਇਤਿਹਾਸ ਖੋਜੀ, ਪ੍ਰਿੰਸੀਪਲ ਤੇਜਾ ਸਿੰਘ ਜੀ ਅਤੇ ਪ੍ਰੋਫੈਸਰ ਗੰਡਾ ਸਿੰਘ ਜੀ ਨਵਾਬ ਕਪੂਰ ਸਿੰਘ ਬਾਰੇ ਇਉਂ ਵਿਚਾਰ ਲਿਖਦੇ ਹਨ । ਜਿਸ ਦਾ ਸੰਖੇਪ ਭਾਵ ਇਹ ਹੈ:

ਨਵਾਬ ਕਪੂਰ ਸਿੰਘ ਆਪਣੇ ਆਤਮਕ ਅਤੇ ਸੰਸਾਰਕ ਉੱਚੇ ਜੀਵਨ ਲਈ ਸਾਰੇ ਪੰਥ ਵਿਚ ਸਤਿਕਾਰਿਆ ਜਾਂਦਾ ਸੀ । ਦੋਵੇਂ ਦਲਾਂ ਦੀ ਵਾਗ ਡੋਰ ਉਸ ਦੇ ਹੱਥ ਸੀ। ਉਸ ਦੇ ਹੱਥੋਂ ਅੰਮ੍ਰਿਤ ਪਾਨ ਕਰਨ ਵਿਚ ਬੜਾ ਮਾਣ ਸਮਝਿਆ ਜਾਂਦਾ ਸੀ । ਉਸ ਦੇ ਮੁੱਖ ਤੋਂ ਨਿਕਲੇ ਬਚਨ ਸਫ਼ਲ ਹੁੰਦੇ ਸਨ

ਨਵਾਬ ਕਪੂਰ ਸਿੰਘ ਦੀ ਸੰਤਾਨ

ਆਪ ਦੇ ਘਰ ਸੰਤਾਨ ਨਹੀਂ ਸੀ । ਆਪਣੇ ਭਤੀਜੇ ਖੁਸ਼ਾਲ ਸਿੰਘ ਨੂੰ ਹੀ ਆਪ ਨੇ ਪੁੱਤਰਾਂ ਵਾਂਗ ਪਾਲਿਆ ਸੀ । ਜਿਹਾ ਕਿ ਪਿੱਛੇ ਲਿਖਿਆ ਗਿਆ ਹੈ ਕਿ ਨਵਾਬ ਕਪੂਰ ਸਿੰਘ ਨੇ ਜਥੇਦਾਰ ਨੂੰ ਵਰਾਸਤ ਨਾ ਸੀ ਬਣਾਇਆ, ਸਗੋਂ ਪੰਥਕ ਸੇਵਾ ਲਈ ਇਸ ਨੂੰ ਖਾਲਸੇ ਦੀ ਸਿਆਣਪ ਨਾਲ ਸੇਵਾ ਨਿਭਾਣ ਦੇ ਯੋਗ ਸਮਝਿਆ ਉਸ ਨੂੰ ਇਹ ਮਾਣ ਬਖਸ਼ਿਆ । ਉਹ ਸਰਬ ਗੁਣਾਂ ਨਿਪੁੰਨ ਹਸਤੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸੀ, ਜਿਸ ਨੇ ਆਪ ਦੇ ਪੈਰਾਂ ਦੇ ਚਿੱਤਰਾਂ ਪਰ ਤੁਰ ਕੇ ਪੰਥ ਵਿਚ ਵੱਡਾ ਮਾਣ ਤੇ ਨਾਮ ਪਾਇਆ ਸੀ ਅਤੇ ਖਾਲਸਾ ਕੌਮ ਦੀ ਵੱਡੀ ਸੇਵਾ ਕੀਤੀ ।

ਆਪ ਨੇ ਖਾਲਸੇ ਦੀ ਮਹਾਨ ਸ਼ਕਤੀ ਦਾ ਐਸਾ ਵਚਿੱਤਰ ਚਮਤਕਾਰ ਦੱਸਿਆ ਕਿ ਉਸ ਨੇ ਕੁਝ ਸਮੇਂ ਲਈ ਲਾਹੌਰ ਦੀ ਇਸਲਾਮੀ ਰਾਜਧਾਨੀ ਪਰ ਕਬਜ਼ਾ ਕਰ ਲਿਆ । ਇਸੇ ਤਰ੍ਹਾਂ ਦੁਆਬੇ ਦਾ ਸਾਰਾ ਇਲਾਕਾ ਮੁਸਲਮ ਭੱਟੀਆਂ ਤੋਂ ਸ਼ਮਸ਼ੇਰ ਦੇ ਜ਼ੋਰ ਨਾਲ ਫ਼ਤਹਿ ਕਰਕੇ ਕਪੂਰਥਲਾ ਆਪਣੀ ਰਿਆਸਤ ਦੀ ਰਾਜਧਾਨੀ ਸਥਾਪਤ ਕੀਤੀ ।

ਪੰਥਕ ਜਥੇਦਾਰੀ ਤੋਂ ਵੱਖ ਸਿੰਘਪੁਰੀ ਮਿਸਲ ਦੀ ਵਾਗ ਡੋਰ ਨਵਾਬ ਜੀ ਦੇ ਭਤੀਜੇ ਸਰਦਾਰ ਖੁਸ਼ਾਲ ਸਿੰਘ ਨੇ ਆਪਣੇ ਹੱਥ ਲਈ P

ਬਹਾਦਰ ਖੁਸ਼ਾਲ ਸਿੰਘ ਵੀ ਆਪਣੇ ਵਰਯਾਮ ਤਾਇਆ ਜੀ ਵਾਂਗ ਮਹਾਨ ਸੂਰਬੀਰ ਜੋਧਾ ਸੀ । ਇਸ ਦੇ ਨਾਲ ਹੀ ਸਿੱਖੀ ਦੇ ਵਾਧੇ ਦੀ ਲਗਨ ਅਤੇ ਦੁਖੀਆਂ ਅਨਾਥਾਂ ਦੀ ਰੱਖਿਆ ਤੇ ਸਹਾਇਤਾ ਕਰਨੀ ਇਹ ਆਪਣੇ ਜੀਵਨ ਦਾ ਮੁੱਖ ਮੰਤਵ ਸਮਝਦਾ ਸੀ ।

ਸੰਮਤ 1820 ਬਿ: ਨੂੰ ਖਾਲਸੇ ਨੇ ਜਦ ਸਮਿਲਤ ਸ਼ਕਤੀ ਨਾਲ ਸਰਹਿੰਦ ਪਰ ਚੜ੍ਹਾਈ ਕਰਕੇ ਇਸ ਨੂੰ ਫ਼ਤਹਿ ਕਰ ਲਿਆ ਤਾਂ ਇਸ ਸਮੇਂ ਸਰਦਾਰ ਖੁਸ਼ਾਲ ਸਿੰਘ ਨੇ ਆਪਣੇ ਜੀਵਨ ਤੋਂ ਹੱਥ ਧੋ ਕੇ ਉਹ ਤੇਗਾਂ ਮਾਰੀਆਂ ਸਨ ਕਿ ਵੇਖਣ ਵਾਲੇ ਹੈਰਾਨ ਰਹਿ ਗਏ ਸਨ । ਇਸ ਫ਼ਤਹਿ ਨਾਲ ਖਾਲਸੇ ਦੇ ਕਬਜ਼ੇ ਵਿਚ 52 ਲੱਖ ਦਾ ਇਲਾਕਾ ਆ ਗਿਆ । ਜਿਸ ਵਿਚੋਂ ਸਰਦਾਰ ਖੁਸ਼ਾਲ ਸਿੰਘ ਨੇ ਕੰਧੋਲਾ, ਘਨੋਲੀ ਅਤੇ ਭਰਤਗੜ੍ਹ 150000 ਰੁਪਏ ਆਮਦਨ ਦਾ ਇਲਾਕਾ ਆਪਣੇ ਅਧਿਕਾਰ ਵਿਚ ਲੈ ਲਿਆ ।

ਇਸੇ ਤਰ੍ਹਾਂ ਸੰਮਤ 1825 ਨੂੰ ਸ਼ੇਖ ਨਿਜਾਮੋਦੀਨ, ਹਾਕਮ ਜਲੰਧਰ ਪਰ ਧਾਵਾ ਕਰਕੇ ਰਣਤੱਤੇ ਵਿਚ ਉਸ ਨੂੰ ਭਾਰੀ ਹਾਰ ਦਿੱਤੀ ਤੇ ਉਸ ਦਾ ਸਾਰਾ ਇਲਾਕਾ ਫ਼ਤਹਿ ਕਰਕੇ ਆਪਣੇ ਕਬਜ਼ੇ ਵਿਚ ਕਰ ਲਿਆ। ਇਨ੍ਹਾਂ ਵਿਚੋਂ ਜਲੰਧਰ, ਬਲੰਦਗੜ੍ਹ, ਹੈਬਤਪੁਰ, ਪੱਟੀ, ਨੂਰਪੁਰ ਅਤੇ ਬਹਿਰਾਮਪੁਰ ਵਿਸ਼ੇਸ਼ ਕਰਕੇ ਲਿਖਣ ਯੋਗ ਹਨ । ਇਸ ਸਮੇਂ ਲਗਭਗ ਤਿੰਨ ਲੱਖ ਦੀ ਰਿਆਸਤ ਇਸ ਸਰਦਾਰ ਦੇ ਹੱਥ ਆਈ । ਇਸ ਦੇ ਉਪਰੰਤ ਸਰਦਾਰ ਖੁਸ਼ਾਲ ਸਿੰਘ ਨੇ ਆਪਣਾ ਨਿਵਾਸ ਜਲੰਧਰ ਵਿਚ ਰੱਖਿਆ ।

ਸਰਦਾਰ ਖੁਸ਼ਾਲ ਸਿੰਘ ਦੇ ਚਲਾਣੇ ਦੇ ਬਾਅਦ ਪਿਤਾ ਦਾ ਸਾਰਾ ਤਾਲਕਾ ਉਸ ਦੇ ਸਪੁੱਤਰ ਸਰਦਾਰ ਬੁੱਧ ਸਿੰਘ ਦੇ ਹੱਥ ਆਇਆ ਜਿਸ ਨੂੰ ਇਸ ਨੇ ਹੋਰ ਵੀ ਵਧਾ ਲਿਆ ।

ਸਰਦਾਰ ਬੁੱਧ ਸਿੰਘ ਦੇ ਜੀਵਨ ਵਿਚ ਵੀ ਆਪਣੇ ਪਿਤਾ ਪਿਤਾਮਾ ਦੇ ਸ਼ੁਭ ਗੁਣਾਂ ਦਾ ਝਲਕਾ ਪੈਂਦਾ ਸੀ ।

ਇਸ ਸਰਦਾਰ ਦੇ ਸੱਤ ਪੁੱਤਰ ਸਨ । ਇਨ੍ਹਾਂ ਵਿਚੋਂ ਸਰਦਾਰ ਅਮਰ ਸਿੰਘ ਸਭ ਤੋਂ ਵੱਡਾ ਸੀ । ਇਸ ਨੇ ਆਪਣੇ ਪਿਤਾ ਦੀ ਜਾਇਦਾਦ ਆਪਣੇ ਭਾਈਆਂ ਵਿਚ ਇਸ ਪ੍ਰਕਾਰ ਵੰਡ ਦਿੱਤੀ:

ਭੂਪਾਲ ਸਿੰਘ ਨੂੰ ਘਨੋਲੀ ਸਣੇ ਇਲਾਕੇ ਦੇ ।

ਗੁਪਾਲ ਸਿੰਘ ਮਨੋਲੀ ।

ਲਾਲ ਸਿੰਘ ਨੂੰ ਬੰਗਾ ।

ਹਰਦਿਆਲ ਸਿੰਘ ਨੂੰ ਬੇਲਾ ।

ਗੁਰਦਿਆਲ ਸਿੰਘ ਨੂੰ ਅਟੱਲਗੜ੍ਹ ।

ਦਿਆਲ ਸਿੰਘ ਨੂੰ ਕੋਧੋਲਾ ਦੇ ਦਿੱਤੀਆਂ ਤੇ ਆਪਣੇ ਲਈ ਭਰਤਗੜ੍ਹ ਰੱਖਿਆ ।

ਇਹ ਘਰਾਣਾ ਖਾਲਸੇ ਵਿਚ ਬੜਾ ਸਤਿਕਾਰਿਆ ਜਾਂਦਾ ਹੈ । ਇਨ੍ਹਾਂ ਦੇ ਵਿਵਾਹ ਸੰਬੰਧ ਬੜੇ-ਬੜੇ ਉੱਚ ਘਰਾਣਿਆਂ ਵਿਚ ਹੋਏ ਹਨ। ਜਿਹਾ ਕਿ ਸਰਦਾਰ ਮਨੋਲੀ, ਸਰਦਾਰ ਭਗਵੰਤ ਸਿੰਘ ਸਪੁੱਤਰ ਸਰਦਾਰਾ ਸਿੰਘ ਜੀ ਮਾਤਾ ਰਾਜਾ ਬਦਨ ਸਿੰਘ ਰਈਸ ਮਲੋਦ ਦੀ ਕੰਨਿਆ ਸੀ ਅਤੇ ਇਸ ਦਾ ਪਹਿਲਾ ਵਿਆਹ ਸਰਦਾਰ ਜੀਵਨ ਸਿੰਘ ਸ਼ਹਜ਼ਾਦਪੁਰੀਏ ਦੀ ਲੜਕੀ ਨਾਲ ਹੋਇਆ। ਸੀ। ਇਸ ਬੀਬੀ ਦੇ ਚਲਾਣੇ ਤੇ ਉਪਰੰਤ ਦੂਜੀ ਸ਼ਾਦੀ ਸਰਦਾਰ ਬਲਵੰਤ ਸਿੰਘ ਰਈਸ ਅਟਾਰੀ ਦੀ ਸਪੁੱਤਰੀ ਨਾਲ ਹੋਈ । ਇਸੇ ਤਰ੍ਹਾਂ ਸਰਦਾਰ ਭਗਵੰਤ ਸਿੰਘ ਦੀ ਵੱਡੀ ਕੰਨਿਆਂ ਦਾ ਅਨੰਦ ਕਾਰਜ ਮਹਾਰਾਜਾ ਫ਼ਰੀਦਕੋਟ ਨਾਲ ਹੋਇਆ ਸੀ

ਇਸ ਘਰਾਣੇ ਦੇ ਕਈ ਸਰਦਾਰ ਅੰਗਰੇਜ਼ੀ ਰਾਜ ਸਮੇਂ ਵੱਡੇ-ਵੱਡੇ ਅਹੁਦਿਆਂ ਪਰ ਰਹਿ ਚੁੱਕੇ ਹਨ ਅਤੇ ਹੁਣ ਵੀ ਹਨ ।

Nawab Kapur Singh | ਨਵਾਬ ਕਪੂਰ ਸਿੰਘ

ਲਿਖਤ-ਆਧਾਰ ਸੋਮੇ

ਅੰਗਰੇਜ਼ੀ ਪੁਸਤਕਾਂ

ਹਿਸਟਰੀ ਆਫ਼ ਦੀ ਸਿਖਜ਼ ਉਰੀਜਨ ਐਂਡ ਪ੍ਰਾਗਰਸ ਆਫ਼ ਦੀ ਸਿਖਜ਼ ਇਨ ਇੰਡੀਅਨ ਟੈਕਟਸ-ਇਹ ਪੁਸਤਕ ਮੇਜਰ ਬ੍ਰੋਨ ਨੇ ਲਿਖੀ ਹੈ । ਲੇਖਕ ਸ਼ਾਹ ਆਲਮ ਬਾਦਸ਼ਾਹ ਦਿੱਲੀ ਦੇ ਦਰਬਾਰ ਵਿਚ ਅੰਗਰੇਜ਼ਾਂ ਦਾ ਏਲਚੀ ਸੀ । ਇਥੇ ਇਸ ਨੇ ਸਿੱਖਾਂ ਬਾਰੇ ਬਹੁਤ ਕੁਝ ਵਾਕਫ਼ੀ ਪ੍ਰਾਪਤ ਕਰ ਲਈ । ਪਰ ਟੈਰਕਟਾਂ ਵਿਚ ਕਈ ਗੱਲਾਂ ਨਿਰਮੂਲ ਵੀ ਲਿਖ ਗਿਆ ਹੈ ।

ਹਿਸਟਰੀ ਆਫ਼ ਦੀ ਸਿਖਜ਼-ਇਹ ਇਤਿਹਾਸ ਜੋਜ਼ਫ ਭੇਵਡ ਕਨਿੰਘਮ ਨੇ ਲਿਖਿਆ ਹੈ । ਸੰਨ 1837 ਵਿਚ ਇਹ ਲੁਧਿਆਣੇ ਵਿਚ ਸਹਾਇਕ ਰਾਜਸੀ ਏਜੰਟ ਨੀਯਤ ਹੋਇਆ । ਇਹ ਲਗਭਗ ਅੱਠ ਸਾਲ ਸਿੱਖਾਂ ਵਿਚ ਰਿਹਾ । ਸਿੱਖਾਂ ਦੀ ਬੀਰਤਾ ਅਤੇ ਆਚਰਨ ਨੂੰ ਵੇਖ ਕੇ ਇਹ ਐਸਾ ਪ੍ਰਭਾਵਤ ਹੋਇਆ ਕਿ ਜਦ ਸੰਨ 1844 ਵਿਚ ਇਸ ਨੂੰ ਸਿੱਖ ਰਿਆਸਤਾਂ ਅਤੇ ਖਾਲਸਾ ਰਾਜ ਦੀ ਫ਼ੌਜ ਬਾਰੇ ਰਿਪੋਰਟ ਤਿਆਰ ਕਰਨ ਦਾ ਹਕੂਮਤ ਵਲੋਂ ਹੁਕਮ ਮਿਲਿਆ ਤਾਂ ਸਾਰੇ ਰਾਜਸੀ ਲਿਖਤੀ ਕਾਗਜ਼ਾਂ ਦੇ ਵਾਚਣ ਦਾ ਇਸ ਨੂੰ ਸਮਾਂ ਮਿਲਿਆ ਤਾਂ ਰਿਪੋਰਟ ਦੇ ਨਾਲ-ਨਾਲ ਇਸ ਨੇ ਉਹ ਮਸਾਲਾ ਸਿੱਖਾਂ ਦੀ ਹਿਸਟਰੀ ਲਿਖਣ ਵਿਚ ਵੀ ਵਰਤਣਾ ਆਰੰਭ ਦਿੱਤਾ । ਲਾਰਡ ਡਲਹੌਜੀ ਨੇ ਇਸ ਦੇ ਇਸ ਕੰਮ ਨੂੰ ਇਨ੍ਹਾਂ ਦੋਹਾਂ ਗੱਲਾਂ ਕਾਰਨ ਪਸੰਦ ਨਾ ਕੀਤਾ । ਪਹਿਲੀ ਬਿਨਾਂ ਵੱਡੇ ਅਫਸਰਾਂ ਤੋਂ ਆਗਿਆ ਲਏ ਦੇ ਸਰਕਾਰੀ ਕਾਗਜ਼ ਪੱਤਰ ਜਾਤੀ ਕੰਮ ਲਈ ਵਰਤਣਾ, ਦੂਜਾ ਜਿਸ ਸਮੇਂ ਵਿਚ ਇਹ ਹਿਸਟਰੀ ਲਿਖੀ ਸੀ ਉਸ ਦੀ ਉਹ ਹਕੂਮਤ ਤੇ ਤਲਬ ਲੈਂਦਾ ਸੀ । ਇਸ ਦਾ ਕਿਸੇ ਜਾਤੀ ਕੰਮ ਵਿਚ ਸਮਾਂ ਲਾਣਾ ਅਯੋਗ ਸੀ । ਇਸ ਪਰ ਇਸ ਦੀ ਪੈਨਸ਼ਨ ਰੋਕ ਦਿੱਤੀ ਗਈ । ਇਸ ਹਿਸਟਰੀ ਵਿਚ ਕਈ ਥਾਈਂ ਸਿੱਖਾਂ ਲਈ ਸਤਿਕਾਰ ਵੀ ਪਾਇਆ ਜਾਂਦਾ ਹੈ ਪਰ ਮਹਾਰਾਜਾ ਰਣਜੀਤ ਸਿੰਘ ਤੇ ਉਸ ਦੇ ਘਰਾਣੇ ਦੇ ਕੁਝ ਜੀਵਾਂ ਬਾਰੇ ਸੁਣੀਆਂ ਸੁਣਾਈਆਂ ਬੇਬੁਨਿਆਦ ਗੱਲਾਂ ਲਿਖ ਕੇ ਉਹਨਾਂ ਨਾਲ ਅਨਿਆ ਕੀਤਾ ਹੈ ।

ਹਿਸਟਰੀ ਆਫ਼ ਦੀ ਸਿਖਜ਼, ਮੈਕਗ੍ਰੈਗਰ-ਮਿਸਲਾਂ ਬਾਰੇ ਵਾਕਫੀ ਚੰਗੀ ਦਿੰਦਾ ਹੈ । ਪਰ ਇਸ ਲੇਖਕ ਦੀ ਖੋਜ ਸਰਸਰੀ ਹੈ, ਸੰਨ ਸਾਲ ਵੀ ਗਲਤ ਹਨ। ਜੇ ਹੋਰਨਾਂ ਲਿਖਤਾਂ ਦੀ ਸਹਾਇਤਾ ਨਾਲ ਵਾਚੀ ਜਾਏ ਤਾਂ ਚੋਖੀ ਵਾਕਫ਼ੀ ਮਿਲਦੀ ਹੈ ।

ਹਿਸਟਰੀ ਆਫ਼ ਦੀ ਪੰਜਾਬ-ਇਹ ਸੱਯਦ ਮੁਹੰਮਦ ਲਤੀਫ਼ ਲਾਹੌਰੀ ਨੇ ਲਿਖੀ ਹੈ । ਪੰਜਾਬ ਤੇ ਸਿੱਖਾਂ ਸੰਬੰਧੀ ਵਾਕਫ਼ੀ ਬਹੁਤ ਹੈ ਪਰ ਵਧੇਰੀ ਲਿਖਤ ਪੱਖਪਾਤ ਦੀ ਰੰਗਤ ਵਿਚ ਰੰਗੀ ਹੋਈ ਹੈ । ਫਿਰ ਵੀ ਬਹੁਤ ਕੁਝ ਮਸਾਲਾ ਇਸ ਸੋਮੇ ਤੋਂ ਮਿਲਦਾ ਹੈ ।

ਏ ਹਿਸਟਰੀ ਆਫ਼ ਦੀ ਸਿਖਜ਼-ਲੇਖਕ ਡਾਕਟਰ ਹਰੀ ਰਾਮ ਗੁਪਤਾ । ਗੁਪਤਾ ਨੇ ਇਸ ਪੁਸਤਕ ਦੇ ਲਿਖਦਿਆਂ ਬੜੀ ਡੂੰਘੀ ਖੋਜ ਤੋਂ ਕੰਮ ਲਿਆ ਹੈ । ਵਿਸ਼ੇਸ਼ ਕਰਕੇ ਸੰਨ 1739-1768 ਦੇ ਸਮੇਂ ਦੀਆਂ ਘਟਨਾਵਾਂ ਬਹੁਮੁੱਲੇ ਮਸਾਲੇ ਦਾ ਖਜ਼ਾਨਾ ਹੈ ।

ਟਾਂਸਫ਼ਾਰਮਿਸ਼ਨ ਆਫ਼ ਸਿਖਇਜ਼ਮ-ਇਹ ਡਾਕਟਰ ਗੋਕਲ ਚੰਦ ਨਾਰੰਗ ਦੀ ਲਿਖਤ ਹੈ । ਸਿੱਖ ਇਤਿਹਾਸ ਬਾਰੇ ਚੋਖੀ ਖੋਜ ਤੋਂ ਕੰਮ ਲਿਆ ਗਿਆ । ਕਈ ਵਾਕਿਆਤ ਸਿੱਖੀ ਦ੍ਰਿਸ਼ਟੀਕੋਣ ਨਾਲ ਮੇਲ ਨਹੀਂ ਖਾਂਦੇ, ਪਰ ਜੇ ਗਹੂ ਨਾਲ ਅਤੇ ਹੋਰਨਾਂ ਇਤਿਹਾਸਾਂ ਦੀ ਸਹਾਇਤਾ ਨਾਲ ਇਸ ਨੂੰ ਵਾਚਿਆ ਜਾਏ ਤਾਂ ਮਿਸਲਾਂ ਦੇ ਸਮੇਂ ਨੂੰ ਚੰਗੀ ਤਰ੍ਹਾਂ ਸਪੱਸ਼ਟ ਕੀਤਾ ਹੈ ।

ਰਾਜਾਜ਼ ਆਫ਼ ਦੀ ਪੰਜਾਬ ਤੇ ਰਈਸਾਨੇ ਪੰਜਾਬ-ਇਹ ਦੋਵੇਂ ਇਤਿਹਾਸਕ ਪੁਸਤਕਾਂ ਸਰ ਲੈਪਲ ਗ੍ਰਿਫਨ ਨੇ ਅੰਗ੍ਰੇਜ਼ੀ ਸਰਕਾਰ ਦੀ ਇੱਛਾ ਅਨੁਸਾਰ ਲਿਖੀਆਂ ਹਨ । ਲੇਖਕ ਦੀ ਲਿਖਤ ਸ਼ੈਲੀ ਉਚੇ ਦਰਜੇ ਦੀ ਹੈ ਅਤੇ ਆਪ ਦੀਆਂ ਪੁਸਤਕਾਂ ਇਤਿਹਾਸਕ ਮਸਾਲੇ ਨਾਲ ਭਰਪੂਰ ਹਨ । ਪਰ ਲੇਖਕ ਦੀਆਂ ਰੁੱਚੀਆਂ ਦਾ ਝੁਕਾਵ ਖਾਲਸੇ ਦੇ ਉਚ ਗੁਣਾਂ ਨੂੰ ਨੀਵਾਂ ਦਸਣ ਵਲ ਸਪੱਸ਼ਟ ਦਿਸਦਾ ਹੈ। ਇਹਨਾਂ ਪੁਸਤਕਾਂ ਦੀ ਵਰਤੋਂ ਬੜੀ ਸਿਆਣਪ ਨਾਲ ਕਰਨੀ ਚਾਹੀਦੀ ਹੈ ਨਹੀਂ ਤਾਂ ਭਾਰੀ ਭੁਲੇਖਿਆਂ ਦਾ ਸ਼ਿਕਾਰ ਹੋ ਜਾਣਾ ਸੰਭਵ ਹੈ ।

ਏ ਸ਼ਾਰਟ ਹਿਸਟਰੀ ਆਫ਼ ਦੀ ਸਿਖਜ਼-ਇਹ ਹਿਸਟਰੀ ਖਾਲਸੇ ਦੇ ਪ੍ਰਸਿੱਧ ਦੋ ਖੋਜੀ ਵਿਅਕਤੀਆਂ ਨੇ ਮਿਲ ਕੇ ਲਿਖੀ ਹੈ । ਪ੍ਰਿੰਸੀਪਲ ਤੇਜਾ ਸਿੰਘ ਅਤੇ ਪ੍ਰੋਫੈਸਰ ਗੰਡਾ ਸਿੰਘ ਇਹ ਦੋਵੇਂ ਲੇਖਕ ਬੜੀ ਸੂਖਮ ਸੂਝ-ਬੂਝ ਵਾਲੇ ਹਨ । ਥੋੜ੍ਹੇ ਜਿਹੇ ਸ਼ਬਦਾਂ ਵਿਚ ਬਹੁਤ ਸਾਰਾ ਮਸਾਲਾ ਜਿਹੜਾ ਇਸ ਪੁਸਤਕ ਤੋਂ ਪਾਠਕਾਂ ਨੂੰ ਮਿਲਦਾ ਹੈ ਹੋਰਥੋਂ ਕਿਤੇ ਵੀ ਨਹੀਂ ਮਿਲਦਾ । ਇਹ ਪੁਸਤਕ ਵਾਕਫੀ ਦਾ ਭੰਡਾਰ वै।

ਦੀ ਸਿਖਜ਼-ਇਹ ਜਨਰਲ ਗਾਰਡਨ ਦੀ ਲਿਖਤ ਹੈ। ਲੇਖਕ ਦਾ ਵਧੇਰਾ ਸਮਾਂ ਸਿੰਘ ਰਜਮੰਟਾਂ ਵਿਚ ਰਹਿਣ ਦੇ ਕਾਰਨ ਉਸ ਨੇ ਇਨ੍ਹਾਂ ਸੂਰਬੀਰਾਂ ਦੇ ਉਚ ਆਚਰਨ ਅਤੇ ਬੀਰਤਾ ਨੂੰ ਵੇਖਕੇ ਬੜੇ ਸੁੰਦਰ ਢੰਗ ਨਾਲ ਦਰਸਾਇਆ ਹੈ। ਲੇਖਕ ਦੀ ਲਿਖਤ ਤੋਂ ਖਾਲਸਈ ਸ਼ਾਨ ਚੋ ਚੋ ਪੈਂਦੀ ਹੈ। ਦਲਾਂ ਤੇ ਮਿਸਲਾਂ ਸਮੇਂ ਦੇ ਖਾਲਸੇ ਦੇ ਜੀਵਨ ਨੂੰ ਬੜੀ ਹੀ ਯੋਗਤਾ ਨਾਲ ਪ੍ਰਗਟਾਇਆ ਹੈ। ਇਹ ਪੁਸਤਕ ਵਾਕਫ਼ੀ ਦਾ ਭੰਡਾਰ ਹੈ।

ਏ ਰੀਪੋਰਟ ਆਨ ਦੀ ਸਿਖਜ਼—ਇਹ ਰਿਪੋਟ ਕਰਨਲ ਪੋਲੀਅਰ ਨੇ ਸਿੱਖਾਂ ਬਾਰੇ ਈਸਟ ਇੰਡੀਆਂ ਕੰਪਨੀ ਦੇ ਰਾਜਸੀ ਵਿਭਾਗ ਦੇ ਹੁਕਮ ਨਾਲ ਡੂੰਘੀ ਖੋਜ ਦੇ ਉਪਰੰਤ ਤਿਆਰ ਕੀਤੀ ਸੀ । ਇਹ ਲਿਖਤ ਸਿੱਖਾਂ ਦੀ ਰਹਿਣੀ ਬਹਿਣੀ, ਸਿੱਖਾਂ ਦਾ ਖਾਣਾ ਪਹਿਨਣਾ, ਉਨ੍ਹਾਂ ਦੀ ਜੀਵਨ ਜੁਗਤੀ ਆਦਿ ਦੀ ਵਾਕਫੀ ਲਈ ਅੰਗਰੇਜ਼ੀ ਵਿਚ ਸਭ ਤੋਂ ਪੁਰਾਣੀ ਲਿਖਤ ਹੈ । ਲੇਖਕ ਨੇ ਜਿਸ ਸਚਾਈ ਅਤੇ ਅਸਲੀਅਤ ਨੂੰ ਦਿਆਨਤਦਾਰੀ ਨਾਲ ਨਿਭਾਇਆ ਹੈ, ਇਹ ਮਸਲਾ ਕਿਤੇ ਹੋਰ ਥਾਂ ਨਹੀਂ ਮਿਲਦਾ । ਫਾਰਸਟਰ ਨੇ ਆਪਣੀ ਪੁਸਤਕ ਵਿਚ ਇਸ ਰਿਪੋਟ ਤੋਂ ਵੀ ਵਧੇਰਾ ਮਸਾਲਾ ਲਿਆ ਹੈ । ਇਹ ਬੰਦਾ ਸਿੰਘ ਦੀ ਸ਼ਹੀਦੀ ਦੇ ਬਾਅਦ ਦੇ ਸਿੰਘਾਂ ਦੇ ਜੀਵਨ ਦੀ ਆਰਸੀ ਹੈ ।

ਏ ਜਰਨੀ ਫ਼ਰਾਮ ਬੰਗਾਲ ਟੂ ਇੰਗਲੈਂਡ-1782 ਵਿਚ ਫਾਰਸਟਰ ਈਸਟ ਇੰਡੀਆ ਕੰਪਨੀ ਦੇ ਮੁਲਕੀ ਵਿਭਾਗ ਦਾ ਕਰਿੰਦਾ ਸੀ । ਇਸ ਨੇ ਪੰਜਾਬ ਅਤੇ ਹਮਾਲੀਏ ਦੀ ਪਰਬਤ ਧਾਰ ਦੇ ਨੀਵੇਂ ਇਲਾਕੇ ਦਾ ਸਫ਼ਰ ਕੀਤਾ ਸੀ ।

ਇਸ ਯਾਤਰਾ ਸਮੇਂ ਇਸ ਨੇ ਪੰਜਾਬ ਵਿਚ ਸਿੱਖੀ ਜੀਵਨ ਦੇ ਹਰ ਪੱਖ ਬਾਰੇ ਐਨੀ ਡੂੰਘੀ ਖੋਜ ਕੀਤੀ ਹੈ ਕਿ ਪੜ੍ਹ ਕੇ ਹੈਰਾਨ ਹੋ ਜਾਈਦਾ ਹੈ । ਇਸ ਸਾਰੀ ਖੋਜ ਨੂੰ ਬੜੇ ਉੱਤਮ ਢੰਗ ਨਾਲ ਇਸ ਨੇ ਦਰਸਾਣ ਦਾ ਯਤਨ ਕੀਤਾ ਹੈ ।

ਕਰਨਲ ਪੋਲੀਅਰ ਦੇ ਬਾਅਦ ਇਹ ਦੂਜਾ ਲੇਖਕ ਹੈ ਜਿਸ ਨੇ ਸਿੱਖੀ ਆਚਰਣ ਨੂੰ ਅਸਲ ਰੂਪ ਵਿਚ ਸਮਝਿਆ ਹੈ । ਇਸ ਨੇ ਦੂਰ ਦ੍ਰਿਸ਼ਟੀ ਦੇ ਆਧਾਰ ਪਰ ਸਿੱਖਾਂ ਦੇ ਭਵਿੱਖਤ ਬਾਰੇ ਕੁਝ ਲਿਖਤ ਲਿਖੀ ਸੀ ਜਿਹੜੀ ਅੱਗੇ ਜਾ ਕੇ ਅੱਖਰ-ਅੱਖਰ ਠੀਕ ਸਿਧ ਹੋਈ । ਸਿਖਾਂ ਬਾਰੇ ਇਸ ਦੀ ਵਾਕਫ਼ੀ ਬਹੁਮੁੱਲੀ ਹੈ । ਇਹ ਬੜਾ ਸਿਆਣਾ ਲੇਖਕ ਹੈ ।

ਹਿਸਟਰੀ ਆਫ਼ ਦੀ ਗੁਰਦਵਾਰਾ ਸ਼ਹੀਦ ਗੰਜ ਲਾਹੌਰ-ਇਹ ਸਰਦਾਰ ਗੰਡਾ ਸਿੰਘ ਦੀ ਲਿਖਤ ਹੈ । ਪੁਸਤਕ ਬੜੀ ਖੋਜ ਨਾਲ ਲਿਖੀ ਗਈ ਹੈ । ਸ਼ਹੀਦ ਗੰਜ ਸਿੰਘਣੀਆਂ ਬਾਰੇ ਇਸ ਵਿਚ ਬਹੁਮੁੱਲੀ ਵਾਕਫ਼ੀ ਮਿਲਦੀ ਹੈ । ਉਸ ਕਰੜੇ ਸਮੇਂ ਦਾ ਮੂੰਹ ਬੋਲਦਾ ਅਕਟ ਇਤਿਹਾਸ ਹੈ ।

ਫ਼ਾਰਸੀ ਪੁਸਤਕਾਂ

ਖ਼ਜ਼ਾਨਾ ਏ ਅਮੀਰਾਂ-ਗੁਲਾਮ ਅਲੀ ਬਲਗ੍ਰਾਮੀ (1763 ਈ:) ਲੇਖਕ ਪੰਜਾਬ ਵਿਚ ਫਿਰ ਕੇ ਵਾਕਿਆਤ ਇਕੱਠੇ ਕਰਦਾ ਰਿਹਾ ਸੀ । ਸੰਨ 1761 ਵਿਚ ਖ਼ਾਲਸੇ ਦਾ ਲਾਹੌਰ ਪਰ ਕਬਜ਼ਾ ਕਰਨਾ ਇਸ ਦੀ ਅੱਖੀਂ ਡਿੱਠੀ ਘਟਨਾ ਸੀ, ਜਿਸ ਨੂੰ ਇਸ ਨੇ ਸਵਿਸਥਾਰ ਕਾਨੀ ਬੰਦ ਕੀਤਾ ਸੀ । ਇਸ ਤਰ੍ਹਾਂ ਵੱਡਾ ਘਲੂਘਾਰਾ ਅਤੇ ਬਾਬਾ ਆਲਾ ਸਿੰਘ ਦਾ ਪਾਨੀਪਤ ਦੇ ਮੈਦਾਨ ਜੰਗ ਵਿਚ ਮਰਹੱਟਿਆਂ ਨੂੰ ਰਸਦ ਆਦਿ ਦੀ ਸਹਾਇਤਾ ਦੇਣ ਬਾਰੇ ਇਸ ਚੰਗੇ ਖੋਲ੍ਹਵੇਂ ਸਮਾਚਾਰ ਦਿੱਤੇ ਹਨ ।

ਜਹਾਨ ਕੁਸ਼ਾ, ਜਹਾਨ ਕੁਸ਼ਾ ਏ ਨਾਦਰੀ-ਇਹ ਪੁਸਤਕ ਮੁਹੰਮਦ ਮੈਦੀ ਅਲੀ ਖ਼ਾਨ ਨੇ ਲਿਖੀ ਹੈ ਜੋ ਨਾਦਰ ਸ਼ਾਹ ਦਾ ਪੇਸ਼ਕਾਰ ਸੀ । ਇਸ ਨੇ ਨਾਦਰ ਸ਼ਾਹ ਦੀ ਹਿੰਦ ਪਰ ਚੜ੍ਹਾਈ ਦੇ ਵਾਕਿਆਤ ਬੜੇ ਵਿਸਥਾਰ ਨਾਲ ਦਿੱਤੇ ਹਨ ।

ਜੰਗਨਾਮਾ-ਲਿਖਤ ਕਾਜ਼ੀ ਨੂਰ ਮੁਹੰਮਦ । ਇਹ ਲੇਖਕ ਕਿਲਾਤ ਦੇ ਲਾਗੇ ਇਕ ਪਿੰਡ ਦਾ ਵਸਨੀਕ ਸੀ । ਇਹ ਖ਼ਾਨ ਕਿਲਾਤ, ਨਸੀਰ ਖ਼ਾਨ, ਨਾਲ ਅਹਿਮਦ ਸ਼ਾਹ ਅਬਦਾਲੀ ਦੀ ਸਹਾਇਤਾ ਲਈ ਪੰਜਾਬ ਆਇਆ ਸੀ । ਇਹ ਪੁਸਤਕ ਲੇਖਕ ਨੇ ਖਾਲਸੇ ਤੇ ਐਹਮਦ ਸ਼ਾਹ ਅਬਦਾਲੀ ਦੇ ਸੰਗਰਾਮਾਂ ਵਿਚ ਬਲ-ਪ੍ਰੀਖਿਆ ਦੇ ਕਾਰਨਾਮੇ ਆਪਣੀ ਅੱਖੀਂ ਵੇਖ ਕੇ ਲਿਖੀ ਸੀ । ਆਰੰਭ ਵਿਚ ਇਸ ਦਾ ਮਨ ਖਾਲਸੇ ਬਾਰੇ ਘਿਰਣਾ ਨਾਲ ਭਰਿਆ ਪਿਆ ਸੀ । ਪਰ ਸਮਾਂ ਮਿਲਣ ਪਰ ਜਿਉਂ-ਜਿਉਂ ਇਸ ਨੇ ਖਾਲਸੇ ਦੇ ਉੱਚ ਗੁਣ ਤੇ ਬੇਮਿਸਾਲ ਬੀਰਤਾ, ਪਵਿਤਰ ਆਚਰਨ, ਸਾਦਾ ਤੇ ਸੁੱਚਾ ਜੀਵਨ ਡਿੱਠਾ ਤਾਂ ਇਸ ਦਾ ਹਿਰਦਾ ਨਫ਼ਰਤ ਦੀ ਥਾਂ ਸਤਿਕਾਰ ਨਾਲ ਭਰਪੂਰ ਹੋ ਗਿਆ ਸੀ । ਅਜਾਣਪੁਣੇ ਸਮੇਂ ਖਾਲਸੇ ਲਈ ਅਯੋਗ ਸ਼ਬਦ ਵੀ ਇਸ ਵਰਗੇ ਕਿਸੇ ਘਟ ਹੀ ਵਰਤੇ ਹੋਣ ਹਨ, ਪਰ ਜਦ ਗੁਣ ਵੇਖੇ ਤਾਂ ਇਸ ਜਿਹਾ ਸ਼ਾਨਦਾਰ ਲਫ਼ਜ਼ਾਂ ਵਿਚ ਖਾਲਸੇ ਦੀ ਮਹਿਮਾ ਕਰਨ ਵਾਲਾ ਵੀ ਕੋਈ ਕੋਈ ਮਿਲੇਗਾ । ਐਸਾ ਕੋਈ ਉੱਚਾ ਪਦ ਨਹੀਂ ਜਿਹੜਾ ਇਸ ਨੇ ਖਾਲਸੇ ਦੇ ਨਾਂ ਨਾਲ ਨਾ ਜੋੜਿਆ ਹੋਵੇ । ਇਹ ਪੁਸਤਕ ਇਤਿਹਾਸਕ ਦ੍ਰਿਸ਼ਟੀ-ਕੋਣ ਤੋਂ ਵੱਡਮੁੱਲੀ ਚੀਜ਼ ਹੈ ।

ਸ਼ਾਹ ਆਲਮ ਨਾਮਾ-ਲੇਖਕ ਗੁਲਾਮ ਅਲੀ ਖ਼ਾਨ । ਇਹ ਭਿਖਾਰੀ ਖ਼ਾਨ ਦਾ ਪੁੱਤਰ ਸੀ । ਜਿਸ ਨੂੰ ਮੀਰ ਮੰਨੂੰ ਦੀ ਇਸਤਰੀ ‘ਮੁਗਲਾਣੀ ਬੇਗਮ’ ਕਾਮ- ਨਿਸ਼ਿਆਈ ਹੋਈ ਨੇ ਸੰਨ 1753 ਵਿਚ ਬੜੀ ਨਿਰਦਯਤਾ ਨਾਲ ਖੋਦ ਦੇ ਕੇ ਕਤਲ ਕੀਤਾ ਸੀ । ਇਸ ਨੇ ਪੰਜਾਬ ਦੇ ਉਸ ਸਮੇਂ ਦੇ ਬੜੇ ਸੋਹਣੇ ਹਾਲ ਲਿਖੇ ਹਨ । ਵਿਸ਼ੇਸ਼ ਕਰਕੇ ਮੀਰ ਮੰਨੂੰ ਅਤੇ ਮੁਗਲਾਣੀ ਬੇਗਮ ਦੇ ਜੀਵਨ ਪਰ ਚੋਖਾ ਪ੍ਰਕਾਸ਼ ਪਾਇਆ ਹੈ ।

ਸੈਰੁਲਮਤਾਖਰੀਨ-ਇਹ ਪੁਸਤਕ ਵਿਚ ਗੁਲਾਮ ਹੁਸੈਨ ਨੇ ਸਨ 1707 ਤੋਂ 1782 ਤਕ ਦਾ ਇਤਿਹਾਸ ਲਿਖਿਆ ਹੈ । ਇਸ ਵਿਚ ਸਿੱਖਾਂ ਸੰਬੰਧੀ ਚੋਖੇ ਵਾਕਿਆਤ ਮਿਲਦੇ ਹਨ, ਪਰ ਇਨ੍ਹਾਂ ਨੂੰ ਬੜੀ ਸਿਆਣਪ ਨਾਲ ਪੜ੍ਹਨ ਦੀ ਲੋੜ ਹੈ, ਨਹੀਂ ਤਾਂ ਕਈ ਥਾਈਂ ਭਾਰੀ ਭੁਲੇਖਿਆਂ ਵਿਚ ਪੈ ਜਾਣ ਦਾ ਡਰ ਹੈ ।

ਖਾਲਸਾ ਨਾਮਾ—ਇਸ ਪੁਸਤਕ ਵਿਚ ਬਖ਼ਤ ਮਲ ਨੇ ਖਾਲਸੇ ਦਾ ਇਤਿਹਾਸ ਆਪਣੀ ਸਮਝ ਅਨੁਸਾਰ ਵਿਸਥਾਰ ਪੂਰਬਕ ਲਿਖਿਆ ਹੈ ।

ਕਿਤਾਬੇ ਤਾਰੀਖੇ ਪੰਜਾਬ-ਲੇਖਕ ਖੁਸ਼ਵਕਤ ਰਾਏ । ਖੁਸ਼ਵਕਤ ਰਾਏ ਈਸਟ ਇੰਡੀਆ ਕੰਪਨੀ ਦਾ ਏਜੰਟ ਸੀ । ਇਸ ਨੇ ਆਪਣੇ ਅੰਨਦਾਤਿਆਂ ਦੀ ਪ੍ਰਸੰਨਤਾ ਪ੍ਰਾਪਤ ਕਰਨ ਦੇ ਲੋਭ ਵਿਚ ਖਾਲਸਾ ਧਰਮ ਤੇ ਇਤਿਹਾਸ ਬਾਰੇ ਜਾਣ ਬੁਝ ਕੇ ਭਿਆਨਕ ਭੁੱਲਾਂ ਲਿਖੀਆਂ ਹਨ, ਜਿਨ੍ਹਾਂ ਨੂੰ ਪ੍ਰਿੰਸਪ ਆਦਿ ਅੰਗਰੇਜ਼ੀ ਲੇਖਕਾਂ ਨੇ ਆਪਣੀਆਂ ਪੁਸਤਕਾਂ ਵਿਚ ਬਿਨਾਂ ਖੋਜੇ ਨਕਲ ਕਰਕੇ ਸਿੱਖਾਂ ਬਾਰੇ ਵੱਡੇ ਟਪਲੇ ਖਾਧੇ ਹਨ । ਇਹ ਪੁਸਤਕ ਅੱਖਾਂ ਖੋਲ੍ਹ ਕੇ ਪੜ੍ਹਨ ਵਾਲੀ ਹੈ ।

ਤਾਰੀਖੇ ਪੰਜਾਬ-ਇਹ ਪੁਸਤਕ ਐਹਮਦਸ਼ਾਹ ਬਟਾਲਵੀ ਨੇ ਲਿਖੀ ਹੈ । ਸਿੱਖਾਂ ਬਾਰੇ ਇਹ ਸਵਿਸਥਾਰ ਲਿਖਤੀ ਇਤਿਹਾਸ ਹੈ । ਇਸ ਨੇ ਵਧੇਰਾ ਘਨੱਈਆ ਅਤੇ ਰਾਮਗੜ੍ਹੀਆ ਮਿਸਲ ਦਾ ਹਾਲ ਦਿੱਤਾ ਹੈ ।

ਰਿਸਾਲਾ-ਏ-ਸਾਹਿਬ ਨਿਮਾ ਚਾਰ ਬਾਗ਼ ਪੰਜਾਬ-ਇਸ ਦਾ ਲੇਖਕ ਗਨੇਸ਼ ਦਾਸ, ਗੁਜਰਾਤ ਦੇ ਕਾਨੂੰਗੋਆਂ ਦੇ ਘਰਾਣੇ ਵਿਚੋਂ ਸੀ । ਇਸ ਨੇ ਪੰਜਾਬ ਦੇ ਹਾਲ ਬੜੇ ਵਿਸਥਾਰ ਨਾਲ ਲਿਖੇ ਹਨ । ਇਸ ਪੁਸਤਕ ਤੋਂ ਸਿੱਖਾਂ ਬਾਰੇ ਚੋਖੀ ਵਾਕਫੀ ਮਿਲਦੀ ਹੈ ।

ਉਮਦਾਤ-ਉਤ-ਤਵਾਰੀਖ-ਇਸ ਦਾ ਲੇਖਕ ਸੋਹਨ ਲਾਲ ਸੂਰੀ ਹੈ । ਇਸ ਦਾ ਕਰਤਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਰੋਜ਼ਨਾਮਚਾ ਨਵੀਸ ਸੀ । ਇਸ ਨੇ ਪੰਜਾਬ ਵਿਚ ਵਾਪਰੀਆਂ ਘਟਨਾਵਾਂ ਨੂੰ ਨਾਲੋ ਨਾਲ ਆਪਣੀ ਪੁਸਤਕ ਵਿਚ ਕਾਨੀ-ਬੰਦ ਕੀਤਾ ਸੀ । ਇਸ ਨੇ ਆਪਣੇ ਤੋਂ ਪਹਿਲਾਂ ਦੇ ਸਮਾਚਾਰ ਆਪਣੇ ਪਿਤਾ ਗਨਪਤ ਰਾਏ, ਜੋ ਸ਼ੇਰਿ ਪੰਜਾਬ ਦੇ ਪਿਤਾ ਪਿਤਾਮਾ ਦੀ ਨੌਕਰੀ ਵਿਚ ਸੀ, ਉਸ ਦੀਆਂ ਲਿਖਤਾਂ ਤੋਂ ਲਏ ਸਨ । ਵਧੇਰਾ ਮਸਾਲਾ ਇਸ ਨੇ ਬਖਤ ਮਲ ਦੇ ਖਾਲਸਾਨਾਮੇ ਅਤੇ ਤਾਰੀਖੇ ਪੰਜਾਬ ਅਹਿਮਦ ਸ਼ਾਹੀ ਵਿਚੋਂ ਉਤਾਰਾ ਕੀਤਾ ਹੈ । ਲੇਖਕ ਡੋਗਰਿਆਂ ਦੇ ਧੜੇ ਦਾ ਹਾਮੀ ਸੀ । ਇਸ ਦੇ ਵਾਕਿਆਤ ਸੋਚ ਕੇ ਵਰਤਣ ਵਾਲੇ ਹਨ ।

ਤਾਰੀਖੇ ਪੰਜਾਬ-ਇਹ ਬੂਟੇ ਸ਼ਾਹ ਅਸਲ ਨਾਂ ਗੁਲਾਮ ਮੁਹੀਉਦੀਨ ਨੇ ਰਚੀ ਸੀ । ਲੇਖਕ ਈਸਟ ਇੰਡੀਆ ਕੰਪਨੀ ਦੀ ਨੌਕਰੀ ਵਿਚ ਸੀ । ਇਹ ਪੁਸਤਕ ਉਸ ਨੇ ਸਰ ਡੇਵਡ ਅਕਟਰ ਲੋਨੀ ਦੀ ਇੱਛਾ ਅਨੁਸਾਰ ਲਿਖੀ । ਜਿਸ ਨੂੰ ਗਹੁ ਨਾਲ ਪੜ੍ਹਿਆਂ ਚੋਖੀ ਵਾਕਫੀ ਮਿਸਲਾਂ ਬਾਰੇ ਮਿਲਦੀ ਹੈ ।

ਮੁਹਾਰਬਾਤੇ ਸਲਾਤੀਨੇ ਦੁਰਾਨੀ—ਇਹ ਪੁਸਤਕ ਅਬਦੁਲ ਕਰੀਮ ਨੇ ਲਿਖੀ ਹੈ । ਲੇਖਕ ਅੰਗਰੇਜ਼ਾਂ ਦੀ ਨੌਕਰੀ ਵਿਚ ਸੀ ਅਤੇ ਲੁਧਿਆਣੇ ਰਹਿੰਦਾ ਸੀ । ਇਸ ਨੇ ਸਿੰਘਾਂ ਅਤੇ ਦੁਰਾਨੀਆਂ ਦੇ ਸੰਗਰਾਮਾਂ ਦਾ ਵੇਰਵਾ ਖੋਲ੍ਹ ਕੇ ਦਿੱਤਾ ਹੈ ।

ਇਬਰਤਨਾਮਾ—ਇਹ ਅਲੀਉਦੀਨ ਲਾਹੌਰੀ ਦੀ ਲਿਖਤ ਹੈ । ਇਹ ਵੀ ਕੰਪਨੀ ਦਾ ਨੌਕਰ ਸੀ । ਇਹ ਪੁਸਤਕ ਵਿਚ ਆਰੰਭ ਤੋਂ ਖਾਲਸੇ ਦੇ ਸਮਾਚਾਰ ਇਸ ਕਾਨੀ-ਬੰਦ ਕੀਤੇ ਹਨ ।

ਪੰਥ ਪ੍ਰਕਾਸ਼-ਲੇਖਕ ਗਿਆਨੀ ਗਿਆਨ ਸਿੰਘ ਜੀ । ਇਹ ਪੁਸਤਕ ਖਾਲਸੇ ਦਾ ਬਹੁਮੁੱਲਾ ਇਤਿਹਾਸ ਹੈ । ਜੋ ਬੜੇ ਵੇਰਵੇ ਨਾਲ ਲਿਖਿਆ ਗਿਆ ਹੈ। ਗਿਆਨੀ ਜੀ ਦੀ ਘਾਲ ਅਤਿ ਸਤਿਕਾਰਯੋਗ ਹੈ । ਇਹ ਇਤਿਹਾਸਕ ਘਟਨਾਵਾਂ ਦਾ ਅਮੁੱਕ ਸਾਗਰ ਹੈ । ਘਟਨਾਵਾਂ ਦੀਆਂ ਤਰੀਕਾਂ ਦੂਜੀਆਂ ਇਤਿਹਾਸਕ ਪੁਸਤਕਾਂ ਨਾਲ ਮੇਲ ਕੇ ਪੜ੍ਹਨੀਆਂ ਚਾਹੀਦੀਆਂ ਹਨ ।

ਤਵਾਰੀਖ ਗੁਰੂ ਖਾਲਸਾ ਤੇ ਸ਼ਮਸ਼ੇਰ ਖਾਲਸਾ, ਇਹ ਵੀ ਗਿਆਨੀ ਗਿਆਨ ਸਿੰਘ ਦੀਆਂ ਰਚਨਾਵਾਂ ਹਨ ।

ਬੰਦਾ ਬਹਾਦਰ-ਇਹ ਪੁਸਤਕ ਸਰਦਾਰ ਕਰਮ ਸਿੰਘ ਹਿਸਟੋਰੀਅਨ ਦੀ ਰਚਿਤ ਹੈ । ਇਸ ਦੇ ਲਿਖਣ ਵਿਚ ਚੋਖੀ ਖੋਜ ਕੀਤੀ ਗਈ ਹੈ । ਗੁਰਮੁਖੀ ਵਿਚ ਵਿਗਿਆਨਕ ਢੰਗ ਨਾਲ ਲਿਖੀ ਗਈ ਇਹ ਪਹਿਲੀ ਇਤਿਹਾਸਕ ਪੁਸਤਕ ਹੈ।

ਬਾਬਾ ਆਲਾ ਸਿੰਘ-ਇਹ ਵੀ ਸਰਦਾਰ ਕਰਮ ਸਿੰਘ ਹਿਸਟੋਰੀਅਨ ਦੀ ਲਿਖਤ ਹੈ । ਇਸ ਵਿਚ ਪਟਿਆਲਾ ਰਾਜ ਦੇ ਬਾਨੀ ਦਾ ਜੀਵਨ ਉੱਤਮ ਢੰਗ ਨਾਲ ਲਿਖਿਆ ਹੈ । ਇਸ ਤੋਂ ਚੋਖੀ ਇਤਿਹਾਸਕ ਵਾਕਫੀ ਮਿਲਦੀ ਹੈ ।

ਮਹਾਰਾਜਾ ਕੌੜਾ ਮਲ-ਇਹ ਸਰਦਾਰ ਗੰਡਾ ਸਿੰਘ ਪ੍ਰਸਿਧ ਇਤਿਹਾਸ ਖੋਜੀ ਦੀ ਲਿਖਤ ਹੈ । ਇਹ ਪੁਸਤਕ ਵਿਚ ਵਿਸ਼ੇਸ਼ ਵਾਧਾ ਇਹ ਹੈ ਕਿ ਇਸ ਦੀਆਂ ਤਰੀਕਾਂ ਸਹੀ ਹਨ । ਰਾਜਾ ਕੌੜਾ ਮਲ ਦਾ ਜੀਵਨ ਬੜੇ ਸੁੰਦਰ ਢੰਗ ਨਾਲ ਲਿਖਿਆ ਹੈ । ਉਸ ਸਮੇਂ ਦੇ ਇਤਿਹਾਸ ਦਾ ਉੱਤਮ ਨਮੂਨਾ ਹੈ ।

 

Credit – ਬਾਬਾ ਪ੍ਰੇਮ ਸਿੰਘ ਹੋਤੀ

Leave a comment

error: Content is protected !!