ਅੰਮ੍ਰਿਤਸਰ ਬਹੁਤ ਸਦੀਆਂ ਪਹਿਲਾਂ ਜੰਗਲ ਸੀ, ਛੱਪੜ, ਛੱਪੜੀਆਂ, ਢਾਹਬਾਂ, ਤਲਾਬਾਂ (ਬਾਅਦ ਵਿਚ ਰਾਮ ਤਲਾਈ) ਜਿਵੇਂ ਢਾਹਬ ਖਟੀਕਾਂ, ਸੁਆਮੀ ਰਾਮ ਤੀਰਥ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਨਾਲ ਇਸ ਧਰਤੀ ਉਤੇ ਪਵਿੱਤਰ ਚਰਨ ਕਮਲਾਂ ਨਾਲ ਉਦਾਸੀਆਂ ਕਰਨ ਪਧਾਰੇ। ਦਸ ਗੁਰੂ ਜੋਤਾਂ ਦੇ ਨਿਰੰਤਰ ਸਿਮਰਨ ਅਭਿਆਸ ਅਤੇ ਨਿਸ਼ਕਾਮ ਸੇਵਾ ਦ੍ਰਿਸ਼ਟੀ ਬਾਅਦ ਛੱਪੜ, ਛੱਪੜੀ ਤੋਂ ਅੱਜ ਸ੍ਰੀ ਗੁਰੂ ਰਾਮਦਾਸ ਸਰੋਵਰ ਹੈ ਜਿੱਥੇ ਚੁੱਭੀ ਲਾ ਕੇ ਕਾਂ ਹੰਸ ਬਣਦੇ ਹਨ। ਪੱਟੀ ਦੇ ਦੁਨੀਚੰਦ ਸੇਠ ਦੀ ਸ਼ਰਧਾਲੂ ਤੇ ਧੀਰਜਵਾਨ ਪੁੱਤਰੀ ਬੀਬੀ ਰਜਨੀ ਦੇ ਧਰਮ ਪਤੀ ਦਾ ਕੁਸ਼ਟ ਰੋਗ ਵੀ ਇਸੇ ਸਰੋਵਰ ਵਿਚ ਇਸ਼ਨਾਨ ਕਰਕੇ ਠੀਕ ਹੋਇਆ ਸੀ । ਇਸ ਹਰਿਮੰਦਰ ਸਾਹਿਬ ਨਾਲ ਹੋਰ ਵੀ ਅਨੂਠੀਆਂ, ਵਚਿੱਤਰ, ਅਸਚਰਜ, ਅਲੋਕਾਰੀ ਤੇ ਰਹੱਸਾਤਮਕ ਸਾਖੀਆਂ ਜੁੜੀਆਂ ਹਨ।
ਅੰਮ੍ਰਿਤਸਰ ‘ਚ ਇਤਿਹਾਸਕ ਬਾਗਾਂ ਦੀ ਵੀ ਕਾਫੀ ਗਿਣਤੀ ਹੈ। ਕਈ ਸਮੇਂ ਨਾਲ ਖਤਮ ਹੋ ਗਏ ਤੇ ਕਈ ਕਟਵਾ ਕੇ ਮਕਾਨ ਮੁਹੱਲਿਆਂ ਦਾ ਨਿਰਮਾਣ ਕਰ ਦਿੱਤਾ ਗਿਆ। ਬਾਗ, ਜਿਵੇਂ ਸਕੱਤਰੀ ਬਾਗ, ਰਾਮਨੰਦ ਬਾਗ, ਰਾਮਬਾਗ, ਸ੍ਰ: ਖੁਸ਼ਹਾਲ ਸਿੰਘ ਦਾ ਬਾਗ ਅੰਦਰਵਾਰ ਗੇਟ ਹਕੀਮਾਂ ਅਤੇ ਜਲਿਆ ਵਾਲਾ ਬਾਗ ਜਿਸਦਾ ਪਹਿਲਾਂ ਨਾਂ ਇਕ ਅੱਲ ਤੋਂ ਸੀ, ਡੱਲਿਆਂ ਵਾਲਾ ਬਾਗ ਜੋ ਬਾਅਦ ਚ ਇਤਿਹਾਸਕ ਤੌਰ ਤੇ ਜਲਿਆ ਵਾਲਾ ਬਾਗ ਕਰਕੇ ਅੰਤਰ-ਰਾਸ਼ਟਰੀ ਪ੍ਰਸਿੱਧੀ ਦਾ ਅਨਿੱਖੜਵਾਂ ਅੰਗ ਬਣ ਗਿਆ। ਸ਼ਹਾਦਤ ਦਾ ਜਾਮ ਪੀਣ ਵਾਲਿਆਂ ਦੀ ਧਰਤੀ ਕਰਕੇ ਵੀ ਹਰਮਨ ਪਿਆਰਾ ਤੇ ਜਗਤ ਪ੍ਰਸਿੱਧ ਹੈ। ਕਈ ਇਸ ਬਾਗ ਨੂੰ ਜੱਲ ਦੀ ਸਮਾਧ ਨਾਲ ਜੋੜਦੇ ਹਨ ਜੋ ਹਾਲੇ ਵੀ ਇਸ ਬਾਗ ਵਿਚ ਮੌਜੂਦ ਹੈ।
ਜਲ੍ਹਿਆ ਵਾਲਾ ਬਾਗ ਚਾਰ-ਪੰਜ ਏਕੜ ਵਿਚ ਹੈ। ਜਿਸ ਵਿਚ ਇਕ ਖੂਹ ਬਿਨਾ ਬੰਨਿਆਂ, ਸੁਰੱਖਿਆ, ਆਕਾਰ ਵਿਚ ਚੌੜਾ ਅਤੇ ਡੂੰਘਾਈ ਵਿਚ ਗਹਿਰਾ ਸੀ, ਨੂੰ ਹੁਣ ਪੱਕਾ ਕੀਤਾ ਗਿਆ ਹੈ। ਤਿੰਨ ਕਮਰੇ, ਨਿੱਕੀ ਇੱਟ ਦੇ ਬਿਨਾਂ ਛੱਤਾਂ ਜੋ ਇਤਿਹਾਸਕ ਯਾਦਗਾਰ ਦੇ ਤੌਰ ਤੇ ਅੱਜ ਵੀ ਹਨ। ਜੱਲੇ ਦੀ ਸਮਾਧ ਹਾਲੇ ਵੀ ਹੈ, ਜਿਸ ਤੇ ਗੋਲੀਆਂ ਦੇ ਨਿਸ਼ਾਨਾਂ ਨੂੰ ਸਖਤ ਲੋਹੇ ਦੇ ਚੱਕਰਾਂ ਵਿਚ ਦਰਸ਼ਕਾਂ ਦੀ ਜਾਣਕਾਰੀ ਲਈ ਸੁਰੱਖਿਅਤ ਰੱਖਿਆ ਗਿਆ ਹੈ।
ਭਾਰਤ ਗਰੀਬੀ ਤੇ ਵਿਦੇਸ਼ੀ ਗੁਲਾਮੀ ਦਾ ਸਦਾ ਹੀ ਸ਼ਿਕਾਰ ਹੀ ਰਿਹਾ ਹੈ ਜਦੋਂਕਿ ਭਾਰਤ ਨੂੰ ਸੋਨੇ ਦੀ ਚਿੜੀ ਜਿਹਾ ਜਾਂਦਾ ਸੀ ਜੋ ਕਿ ਬਾਹਰ ਦੇ ਹਮਲਾਵਰ ਲੁੱਟ ਕੇ ਲੈ ਗਏ। ਪੰਜਾਬ ਸਰਹੱਦੀ ਨੇੜਲਿਆਂ ਇਲਾਕਿਆਂ ਕਾਰਨ ਵੀ ਮੁਗਲ ਰਾਜਿਆਂ ਅਤੇ ਪਹਾੜੀਆਂ ਦਾ ਸ਼ਿਕਾਰ ਰਿਹਾ ਹੈ। ਕਦੀ ਅਬਦਾਲੀ ਦਾ ਹਮਲਾ, ਕਦੇ ਗਜ਼ਨਵੀ ਦਾ ਹਮਲਾ, ਸਰਹੱਦੀ ਇਲਾਕੇ ਸਦਾ ਸਹਿਮ ਵਿਚ ਹੀ ਰਹਿੰਦੇ ਹਨ। ਅਜਿਹਾ ਸੰਨ 1947 ਦੇ ਦੰਗਿਆਂ ਚ ਵੀ ਵਾਪਰਿਆ ਤੇ ਸੰਨ 1984 ਦੇ ਫਸਾਦਾਂ ਵਿਚ ਵੀ ਵਾਪਰਿਆ।
1857 ਦਾ ਗ਼ਦਰ, ਇਤਿਹਾਸ ਚ ਬਹੁਤ ਮਹੱਤਵ ਰੱਖਦਾ ਹੈ। ਪੰਜਾਬੀ ਤੰਗੀਆਂ, ਕਠਿਨਾਈਆਂ ਚ ਵਿਦੇਸ਼ ਪਹੁੰਚੇ ਤੇ ਉਹਨਾਂ ਪੇਟ ਦੇ ਉਦਰ ਲਈ ਆਤਮਾ ਤੋਂ ਹੀਣੇ ਕੰਮ ਵੀ ਕਰਨੇ ਪਏ ਅਤੇ ਉਹ ਅੰਗ੍ਰੇਜ਼ ਸਰਕਾਰ ਦੇ ਸ਼ਾਹੀ ਹਾਕਮਾਂ ਦੇ ਪ੍ਰਤੀ ਗੁਲਾਮ ਵੀ ਬਣੇ। ਜਿਉਂ ਜਿਉਂ ਪੰਜਾਬੀ ਇਕੱਠੇ ਹੁੰਦੇ ਗਏ, ਉਨ੍ਹਾ ‘ਚ ਪੰਜਾਬੀ ਭਾਵਨਾ ਜਾਗ੍ਰਿਤ ਹੁੰਦੀ ਗਈ। ਆਪਸੀ ਏਕਤਾ ਨਾਲ ਗੁਪਤ ਮੀਟਿੰਗਾਂ ਰਾਹੀਂ ਨਿਰੰਤਰ ਸੰਘਰਸ਼ ਕੀਤਾ। ਜੇਲਾਂ ਕੱਟੀਆਂ, ਕੋੜੇ ਖਾਧੇ, ਹੱਥ-ਕੜੀਆਂ ਅਤੇ ਪੈਰੀਂ ਜੰਜੀਰਾਂ ਪੁਆਈਆਂ, ਭੁੱਖ, ਤੇਹ, ਸਿਤਮ, ਉਨੀਂਦਰਾ ਕੱਟਿਆ ਪਰ ਅਣਖ ਨਹੀਂ ਛੱਡੀ। ਕਈ ਛੋਟੀ ਉਮਰੇ ਦੇਸ਼ ਭਗਤੀ ਦੀ ਭਾਵਨਾ ਨਾਲ ਫਾਂਸੀ ਵੀ ਚੜ ਗਏ। ਇਸ ਗਦਰ ਵਿਚ ਪੰਜਾਬੀ ਹਾਰ ਗਏ।
ਸ੍ਰ: ਗੁਰਦਿੱਤ ਸਿੰਘ ਕਾਮਾਗਾਟਾਮਾਰੂ ਪਿੰਡ ਸਰਹਾਲੀ ਕਲਾਂ ਜ਼ਿਲਾ ਤਰਨਤਾਰਨ ਇਸ ਗਦਰ ਦੇ ਮੋਢੀਆਂ ਵਿਚੋਂ ਸਨ। ਜਿਨ੍ਹਾਂ ਦਾ ਪਰਿਵਾਰ ਸਰਹਾਲੀ ਕਲਾਂ ਵਿਚ ਰਹਿੰਦਾ ਹੈ।
ਬ੍ਰਿਟਿਸ਼ ਸਰਕਾਰ ਨੇ ਸੰਨ 1916-18 ਵਿਚ ਇਕ ਰੌਲਟ ਐਕਟ ਪਾਸ ਕੀਤਾ ਜਿਸ ਵਿਚ ਮਾਈਕਲ ਓਡਵਾਇਰ ਤੋਂ ਇਲਾਵਾ ਉਸ ਦੇ ਕਾਨੂੰਨੀ ਸਲਾਹਕਾਰ, ਉਚ ਅਧਿਕਾਰੀ, ਉਚ ਅਤੇ ਸ਼ਾਹੀ ਘਰਾਣਿਆਂ ਦੇ ਆਗੂ, ਰਾਜਕੁਮਾਰ, ਸ਼ਹਿਜਾਦੀਆਂ ਅਤੇ ਪਤਵੰਤੇ ਪਰਿਵਾਰਾਂ ਤੇ ਉਚ ਕੁਸ਼ਲ ਨੁਮਾਂਇਦੇ ਹਾਜ਼ਰ ਸਨ । ਸਾਂਝੇ ਮਤੇ ਤੇ ਵਚਨਬੱਧ, ਸਗੰਠਨ ਨੂੰ ਖੁੱਲੇਆਮ ਸੰਬੋਧਿਤ ਕੀਤਾ ਗਿਆ ਕਿ ਪੰਜਾਬ ਅਤੇ ਭਾਰਤ ਦੇ ਵਿਭਿੰਨ ਹਿੱਸਿਆਂ ਚੋਂ ਆਏ ਦੇਸ਼ਭਗਤਾਂ, ਆਗੂ, ਰੋਜ਼ਗਾਰ ਤੇ ਪੜਨ ਹਿਤ ਆਏ ਜੋਸ਼ੀਲੇ ਅਤੇ ਮਰਜੀਵੜਿਆਂ, ਬਹਾਦਰਾਂ ਨੇ ਬ੍ਰਿਟਿਸ਼ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਣ ਹਿਤ ਜਿੰਨਾ ਉਚ ਅਧਿਕਾਰੀ ਅਫਸਰਾਂ, ਸ਼ਾਹੀ ਘਰਾਣਿਆਂ ਦੇ ਰਾਜਿਆਂ, ਰਾਣੀਆਂ, ਆਮ ਜਨਤਾ, ਲੁਪਤ ਰਾਜਨੀਤੀ ਅਤੇ ਜਾਸੂਸੀ ਢੰਗ ਨਾਲ ਕਤਲ ਕੀਤਾ ਹੈ, ਸਰਕਾਰੀ ਸਥਾਪਤ ਸਮਾਜਿਕ ਇਮਾਰਤਾਂ, ਇਤਿਹਾਸਕ ਇਮਾਰਤਾਂ ਨੂੰ ਗੁਟ- ਬੰਦੀ ਅਤੇ ਯੋਜਨਾ ਬੱਧ ਨਾਸ਼ ਕੀਤਾ ਹੈ, ਅੱਗਾਂ ਲਾਈਆਂ ਹਨ, ਸਰਕਾਰੀ ਅਦਾਰਿਆਂ ਦੇ ਅੱਤ ਕੀਮਤੀ ਰਿਕਾਰਡ ਦਸਤਾਵੇਜਾਂ ਨੂੰ ਅੱਗ ਦੀ ਭੇਂਟ ਚੜਾਇਆ ਹੈ, ਕਈ ਅੰਗ੍ਰੇਜ ਔਰਤਾਂ, ਅੰਗ੍ਰੇਜ ਜਨਤਾ, ਬੇਦੋਸ਼ਾਂ ਦਾ ਕਤਲ ਕੀਤਾ ਹੈ। ਇਨ੍ਹਾਂ ਗੁਲਾਮ ਦੇਸ਼ ਦੇ ਵਾਸੀ ਹੋਣ ਦੇ ਬਾਵਜੂਦ ਵੀ ਬਿਟ੍ਰਿਸ਼ ਸਰਕਾਰ ਦਾ ਅਮਨ ਚੈਨ ਵੀ ਭੰਗ ਕੀਤਾ ਹੈ। ਇਹਨਾਂ ਸਾਰਿਆਂ ਨੂੰ ਕੁੱਤੇ ਦੀ ਮੌਤ ਮਾਰਿਆ ਜਾਵੇ । ਪਾਣੀ ਨਾ ਮੰਗਣ, ਜਖ਼ਮੀ ਲਈ ਕੋਈ ਇਲਾਜ ਨਾ ਹੋਵੇ। ਜੇਕਰ ਇਲਾਜ ਹੋਵੇ ਤਾਂ ਡਾਕਟਰ ਜਾਂ ਸਰਕਾਰੀ ਡਾਕਟਰ ਸਰਟੀਫਿਕੇਟ ਨਾ ਜਾਰੀ ਕਰਨ। ਜੇ ਅਜਿਹਾ ਨਾ ਹੋਇਆ ਤਾਂ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਪ੍ਰੈਸ ਨੋਟ ਤਤਪਰ ਜਾਰੀ ਕਰ ਦਿੱਤੇ ਗਏ। ਡਾਇਰ ਦੀ ਅੱਖਾਂ ਵਿਚ ਖੂਨ ਅਤੇ ਬਦਲੇ ਦੀ ਭਾਵਨਾ ਸੀ । ਬ੍ਰਿਗੇਡੀਅਰ ਤੇ ਫੌਜੀਆਂ ਨੂੰ ਹਥਿਆਰ ਬੰਦ ਹੋਣ ਲਈ ਚੌਕਸ ਕਰ ਦਿੱਤਾ ਗਿਆ । ਜਾਸੂਸੀ, ਮੁਖਬਰ ਗੰਢ ਲਏ ਗਏ। ਲੋੜਵੰਦਾਂ ਨੂੰ ਇਨਾਮ ਤੇ ਸਹੂਲਤਾਂ ਦੇ ਕੇ ਸੌਂਹ ਚੁਕਾਈ ਗਈ। ਭਾਰਤ ਅਤੇ ਖ਼ਾਸਕਰ ਪੰਜਾਬ ਵਿਚ ਜਲਸਾ, ਜਲੂਸ, ਇਕੱਠ, ਨਾਅਰੇ ਨਹੀਂ ਮਾਰੇ ਜਾਣਗੇ। ਕਿਤੇ ਚਾਰ ਬੰਦੇ ਇਕੱਠੇ ਨਹੀਂ ਦੇ ਸਕਦੇ। ਅਜਿਹਾ ਹੋਣ ਤੇ ਸਿੱਧੀ ਗੋਲੀ ਮਾਰ ਦਿੱਤੀ ਜਾਵੇਗੀ। ਮਾਰਸ਼ਲ ਲਾਅ ਜਾਰੀ ਕਰ ਦਿੱਤਾ ਜਾਵੇਗਾ। ਨਾ ਅਪੀਲ, ਨਾ ਦਲੀਲ, ਨਾ ਵਕੀਲ।
ਇਧਰ ਭਾਰਤੀ ਅਤੇ ਪੰਜਾਬੀ ਪੜ ਲਿਖੇ ਲੋਕ ਅਤੇ ਰਾਜਨੀਤਕ ਆਗੂ ਪੂਰੀ ਤਰ੍ਹਾਂ ਚੌਕਸ ਹੋ ਗਏ ਅਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਬ੍ਰਿਟਿਸ਼ ਸਰਕਾਰ ਨਾਲ ਨਾ ਮਿਲਵਰਤਣ, ਬਰਤਾਨਵੀ ਨਾ ਖਰੀਦਣ ਅਤੇ ਵਿਦੇਸ਼ੀ ਕੱਪੜਾ ਨਾ ਪਾਉਣ ਅਤੇ ਬ੍ਰਿਟਿਸ਼ ਹਕੂਮਤ ਨਾਲ ਟੋਟਲ ਬਾਈਕਾਟ ਦੇ ਫੈਸਲਾ ਕਰਨ ਦੀ ਰਿਪੋਰਟ ਪ੍ਰੈਸ ਰਾਹੀਂ ਅਖਬਾਰਾਂ ਵਿਚ ਪ੍ਰਕਾਸ਼ਿਤ ਕਰ ਦਿੱਤੀ ਗਈ। ਕੇਵਲ ਹੱਥ ਦਾ ਕੱਤਿਆ ਖਾਦੀ ਦਾ ਕੱਪੜਾ ਹੀ ਪਹਿਨਿਆ ਜਾਵੇ। ਅਜਿਹਾ ਵੀ ਨਹੀਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਬ੍ਰਿਟਿਸ਼ ਸਰਕਾਰ ਪ੍ਰਤੀ ਹਮਦਰਦਰਾਨਾ ਅਤੇ ਇਨਸਾਫ ਪਸੰਦ ਵੀ ਕਰਦੇ ਸਨ ਅਤੇ ਪਹਿਲੀ ਸੰਸਾਰ ਜੰਗ ਵਿਚ 1945 ਵਿਚ ਬ੍ਰਿਟਿਸ਼ ਸਰਕਾਰ ਨੂੰ ਪੂਰੀ ਮਦਦ ਦਿੱਤੀ ਸੀ। ਇਸ ਤੋਂ ਇਲਾਵਾ ਕਿ ਬਾਲ- ਗੰਗਾਧਰ ਤਿਲਕ ਇਸ ਗੱਲ ਦੇ ਪੂਰਨ ਵਿਰੋਧੀ ਸਨ ਪਰ ਜਦੋਂ ਜਲ੍ਹਿਆਂ ਵਾਲੇ ਬਾਗ ਦੇ ਸੰਬਧ ਵਿਚ ਮਾਰਸ਼ਲ ਲਾਅ ਜਾਰੀ ਕਰਨ ਅਤੇ 1920 ਇੰਨ ਦੀ ਜਾਬ ਦੇ ਦੁਖਾਂਤਕ ਸਮੇਂ ਜਦੋਂ ਕਿ ਪੂਰੇ ਪੰਜਾਬ ਨੂੰ ਬਿਖੇਰਿਆ ਜਾਣ ਦੀ ਸੋਝੀ ਮਹਾਤਮਾ ਗਾਂਧੀ ਜੀ ਨੂੰ ਪਈ ਤਾਂ ਗਾਂਧੀ ਜੀ ਨੂੰ ਪੱਕੇ ਤੌਰ ਤੇ ਵਿਸ਼ਵਾਸ ਹੋ ਗਿਆ ਤਾਂ ਨਾ-ਮਿਲਵਰਤਣ ਲਹਿਰ ਹੋਂਦ ਵਿਚ ਆਈ। ਨਾ-ਮਿਲਵਰਤਣ ਲਹਿਰ ਨੇ ਲੋਕਾਂ ਦੇ ਖਿਆਲਾਂ ਤੇ ਵਿਸ਼ਵਾਸਾਂ ਨੂੰ ਜਿੱਤਿਆ।
ਇੱਥੋਂ ਤੱਕ ਕਿਹਾ ਗਿਆ ਕਿ ਅਣਖੀ ਅਤੇ ਭਾਰਤੀ ਕੌਮੀਅਤਾ ਦੀ ਅਪਾਰ ਅਤੇ ਅਗਾਧ ਭਾਵਨਾ ਰੱਖਣ ਵਾਲੇ ਅੰਗ੍ਰੇਜ ਸਰਕਾਰ ਦੇ ਉਚੇ ਟਾਈਟਲ ਤੇ ਅਧਿਕਾਰੀ ਨੌਕਰੀਆਂ ਤੋਂ ਅਸਤੀਫਾ ਦੇ ਦੇਣ ਤੇ ਉਹ ਭਾਰਤੀ-ਪੰਜਾਬੀ ਅੰਗ੍ਰੇਜੀ ਸਕੂਲਾਂ ਦਾ ਬਾਈਕਾਟ ਕਰਨ। ਇੱਥੋਂ ਤੱਕ ਕਿ ਮੈਸੋਪਟਾਮੀਆ ਦੀਆਂ ਆਰਮੀ ਦੀਆਂ ਨੌਕਰੀਆਂ ਵਿਚ ਨਾ ਭਰਤੀ ਹੋਣ ਤੇ ਨਾ ਹੀ ਉਹ ਲੈਜੀਸਲੇਟਿਵ ਤੇ ਇਲੈਕਸ਼ਨ ਵਿਚ ਵੋਟ ਦੇਣ ਦਾ ਵੀ ਪੱਕਾ ਬਾਈਕਾਟ ਕਰਨ।
ਹਿੰਦੂ ਅਤੇ ਮੁਸਲਮਾਨਾਂ ਨੇ ਨਾ-ਮਿਲਵਰਤਣ ਲਹਿਰ ਵਿਚ ਵਧ ਚੜ ਕੇ ਬਿਨਾਂ ਕਿਸੇ ਵਿਤਕਰੇ ਤੋਂ ਹਿੱਸਾ ਲਿਆ । ਇਸ ਨਾ-ਮਿਲਵਰਤਣ ਕਾਰਵਾਈ ਅਧੀਨ ਰਾਸ਼ਟਰੀ ਵਿਦਿਅਕ ਸੰਸਥਾਵਾਂ ਖੋਲੀਆਂ ਜਿਵੇਂ ਕਿ ਪੀਠ, ਬੰਗਾਲ ਨੈਸ਼ਨਲ ਯੂਨੀਵਰਸਿਟੀ, ਨੈਸ਼ਨਲ ਕਾਲਜ ਲਾਹੌਰ, ਨੈਸ਼ਨਲ ਮੁਸਲਿਮ ਯੂਨੀਵਰਸਿਟੀ ਅਲੀਗੜ ਆਦਿ।
ਸੇਠ ਜਾਮਾ ਲਾਲ ਬਜਾਜ ਨੇ ਐਲਾਨ ਕੀਤਾ ਕਿ ਉਹ ਵਕੀਲਾਂ ਲਈ ਉਹ ਹਰ ਸਾਲ ਇਕ ਲੱਖ ਰੁਪਈਆ ਦੇਵੇਗਾ। ਚਾਲੀ ਲੱਖ ਵਲੰਟੀਅਰਸ ਕਾਂਗਰਸ ਵਿਚ ਸ਼ਾਮਿਲ ਕੀਤੇ ਗਏ। ਵੀਹ ਹਜ਼ਾਰ ਚਰਖਾ ਤਿਆਰ ਕੀਤਾ ਗਿਆ।
ਜਲਿਆ ਵਾਲਾ ਬਾਗ ਵਿਚ ਇਸ ਵਿਦਰੋਹ ਅਧੀਨ ਜਲਸਾ ਲਾਲਾ ਕਨਈਆ ਜੋ ਇਕ 72 ਸਾਲ ਦਾ ਬਜ਼ੁਰਗ ਸ਼ਹਿਰੀ ਅਤੇ ਪਤਵੰਤਾ ਫਕੀਰ ਸੀ, ਵਲੋਂ ਕੀਤਾ ਗਿਆ।
ਉਹੀ ਲੋਕ ਅਮਰ ਹੁੰਦੇ ਹਨ ਜਿਹੜੇ ਖਤਰੇ ਮੁੱਲ ਲੈਂਦੇ ਹਨ। ਦੇਸ਼ਭਗਤੀ ਕਫਨ ਬੰਨਣ ਦੇ ਬਰਾਬਰ ਹੈ। ਕੁਝ ਆਗੂਆਂ ਨੇ ਢਾਹਬ ਖਟੀਕਾਂ ਵਿਚ ਜਲਸਾ ਕਰਕੇ ਸਰਕਾਰ ਦੇ ਹੁਕਮ ਦਾ ਡਟਵਾਂ ਵਿਰੋਧ ਕੀਤਾ। ਇਹਨਾਂ ਆਗੂਆਂ ਦੇ ਵਿਚੋਂ ਇਕ ਦਾ ਨਾਂ ਹਰਬੰਸ ਲਾਲ ਸੀ ਜੇ ਜਲਸੇ ਦੀ ਪ੍ਰਧਾਨਗੀ ਕਰ ਰਿਹਾ ਸੀ। ਉਸ ਨੂੰ ਗ੍ਰਿਫਤਾਰ ਕਰਕੇ ਅਸਹਿ ਤਸੀਹੇ ਦਿੱਤੇ ਗਏ। ਕੇ ਪਰਿਵਾਰ ਨੂੰ ਖੂਨੀ ਡਾਇਰ ਨੇ ਬੇਹਦ ਤੰਗ ਕੀਤਾ।
13 ਅਪ੍ਰੈਲ 1919 ਦੇ ਦਿਨ ਇਸ ਜਲਸੇ ਦਾ ਲੀਡਰ ਆਗੂ ਡਾ. ਸੈਫੂਦੀਨ ਕਿਚਲੂ ਅਤੇ ਡਾ. ਸਤਪਾਲ ਸਨ । ਸੈਫੂਦੀਨ ਕਿਚਲੂ ਬ੍ਰਿਟਿਸ਼ ਤੋਂ ਬਾਰ ਐਟ ਲਾਅ ਪਾਸ ਕਰਕੇ ਆਇਆ ਸੀ।
ਸੀ.ਆਈ.ਡੀ ਦੇ ਬੰਦਿਆਂ ਰਾਹੀਂ ਡੀ.ਸੀ., ਐਸ.ਐਸ.ਪੀ. ਅਤੇ ਡਾਇਰ ਦੇ ਸਾਰੇ ਉਚ ਅਧਿਕਾਰੀਆਂ ਨੂੰ ਪਤਾ ਲੱਗ ਗਿਆ ਸੀ ਕਿ ਜਲਸਾ ਜਲਿਆ ਵਾਲੇ ਬਾਗ ਵਿਚ ਹੀ ਹੋਇਆ ਸੀ । ਸੰਚਾਰ ਸਾਧਨਾਂ ਰਾਹੀਂ ਇਸਦੇ ਵਿਰੋਧ ਵਿਚ ਸੁਨੇਹੇ ਤਾਰਾਂ ਭੇਜ ਕੇ ਜਲਸੇ ਦਾ ਵਿਰੋਧ ਕੀਤਾ।
ਬਦਲੇ ਦੀ ਭਾਵਨਾ, ਸਾਮਰਾਜੀ ਨਸ਼ੇ ਨਾਲ ਪਾਗਲ ਹੋਇਆ ਖੂਨੀ ਬਘਿਆੜ ਜਨਰਲ ਡਾਇਰ ਬੜੇ ਘੋਖਵੇਂ, ਗੁੱਝੇ ਤੇ ਅਭਿਮਾਨੀ ਲਹਿਜੇ ਵਿਚ ਮੱਥੇ ਤੇ ਵੱਟ ਪਾਕੇ ਦੰਦੀਆਂ ਕਰੀਚਦਾ ਜਲਿਆਂ ਵਾਲੇ ਬਾਗ ਵਿਚ ਦਾਖਿਲ ਹੋਇਆ। ਗਲੀ ਤੰਗ ਹੋਣ ਕਾਰਣ ਤੋਪਾਂ ਬਾਹਰ ਹੀ ਛੱਡ ਗਿਆ। ਇਹ ਤੰਗ ਗਲੀ ਛੇ ਫੁਟ ਚੌੜੀ ਸੀ।
ਡਾਇਰ ਦੇ ਕਾਫਲੇ ਵਿਚ 90 ਸੇਹਤਮੰਦ ਨੌਜਵਾਨ, ਹਾਬੜੇ ਹੋਏ ਸਿਪਾਹੀ ਹਥਿਆਰਾਂ ਨਾਲ ਲੈਸ ਸਨ। ਗੋਲੀ ਚਲਾਉਣ ਲਈ ਉਹ ਮਾਇਕਲ ਡਾਇਰ ਦਾ ਹੁਕਮ ਉਡੀਕ ਰਹੇ ਸਨ । ਭੋਲੀ ਜਨਤਾ ਬੇਖਬਰ ਸੀ। ਬੇਖਬਰ ਭੋਲੇ ਭਾਲੇ ਲੋਕਾਂ ਨੂੰ ਕੀ ਪਤਾ ਸੀ ਕਿ ਹੁਣੇ ਅਚਾਨਕ ਹੀ ਕੀ ਵਾਪਰਨ ਵਾਲਾ ਹੈ। ਕਰੀਬਨ ਸ਼ਾਮ ਦੇ 5:00 ਦੇ ਕਰੀਬ ਡਾਇਰ ਨੇ ਫੌਜਾਂ ਨੂੰ ਹੁਕਮ ਦਿੱਤਾ ਕਿ ਗੋਲੀਆਂ ਚਲਾਓ, ਕੋਈ ਵੀ ਬਚਿਆ ਨਾ ਰਹਿ ਜਾਵੇ। ਸਾਰੇ ਮਾਰ ਦਿਓ, ਪੂਰਾ ਸ਼ਹਿਰ ਉਡਾ ਦਿਓ । ਜਨਰਲ ਡਾਇਰ ਆਪਣੇ ਨਾਲ 1650 ਰਾਊਂਦ (ਕਾਰਤੂਸ) ਲੈ ਕੇ ਆਇਆ ਸੀ।
ਕੁਝ ਸਮੇਂ ਵਿਚ ਹੀ ਸੈਂਕੜੇ ਲੋਕ ਮੌਤ ਦੇ ਘਾਟ ਉਤਾਰ ਦਿੱਤੇ ਗਏ, ਬੱਚਿਆਂ ਦਾ ਬੁਰੀ ਤਰ੍ਹਾਂ ਕਤਲ ਕੀਤਾ ਗਿਆ । ਬੀਬੀਆਂ, ਨੌਜਵਾਨ ਮੁੰਡੇ-ਕੁੜੀਆਂ, ਕੁਆਰੀਆਂ ਪੰਜਾਬਣ ਮੁਟਿਆਰਾਂ, ਨਵ-ਵਿਆਹੀਆਂ ਮੁਟਿਆਰਾਂ ਮਿੰਟਾਂ-ਸਕਿੰਟਾਂ ਵਿਚ ਲਾਸ਼ ਦੀ ਢੇਹਰੀ ਹੋ ਗਈਆਂ । ਬਜ਼ੁਰਗ ਥਾਂ ਤੇ ਹੀ ਦਮ ਤੋੜ ਗਏ, ਕਈ ਖੂਹ ਵੱਲ ਬਚਾਅ ਲਈ ਭੱਜੇ ਪਰ ਖੂਹ ਦਾ ਨਾ ਕੋਈ ਬੰਨਾ ਸੀ ਤੇ ਨਾ ਕੋਈ ਹੋਰ ਸੁਰੱਖਿਆ। ਬੱਚੇ, ਬੁੱਢੇ, ਮੁੰਡੇ, ਬੀਬੀਆਂ ਅਤੇ ਬਜੁਰਗ ਖੂਹ ਵਿਚ ਡਿਗ ਕੇ ਮਰ ਗਏ। ਖੂਹ ਉਪਰ ਤੱਕ ਲਾਸ਼ਾਂ ਨਾਲ ਭਰ ਗਿਆ ਸੀ। ਭਰੇ ਖੂਹ ਵਿਚੋਂ 90 ਲਾਸ਼ਾਂ ਕੱਢੀਆਂ ਗਈਆਂ। ਕਈ ਲਾਸ਼ਾਂ ਫੁੱਲ ਗਈਆਂ ਸਨ, ਕਈ ਗਹਿਰੇ ਘਾਇਲ ਮਦਹੋਸ਼ੀ ਅਤੇ ਬੇਹੋਸ਼ੀ ਵਿਚ ਉਥੇ ਉਥੇ ਸਾਹ ਲੈ ਰਹੇ ਸਨ । ਲਾਸ਼ਾਂ ਨਾਲ ਭਰੇ ਖੂਹ ਨੂੰ ਤੱਕਣਾ ਕਮਜੋਰ ਦਿਲ ਅਤੇ ਬਿਮਾਰਾਂ ਲਈ ਕਠਿਨ ਹੀ ਨਹੀਂ ਅਸੰਭਵ ਵੀ ਸੀ। ਕਈ ਲਾਬਾਂ ਦੀ ਪਹਿਚਾਣ ਮਗਰੋਂ ਸਦਮੇ ਨਾਲ ਦਮ ਤੋੜ ਗਏ।
ਸ਼ਹੀਦੀ ਖੂਹ ਤੋਂ ਇਲਾਵਾ ਜਲਿਆ ਵਾਲੇ ਬਾਗ ਦੀ ਧਰਤੀ ਮਨੁੱਖੀ ਖੂਨ ਨਾਲ ਲਾਲ ਹੋ ਚੁੱਕੀ ਸੀ। ਚਹੁੰ ਤਰਫੋਂ ਲਾਸ਼ਾਂ ਹੀ ਲਾਂਸ਼ਾਂ ਸਨ। ਇਹ ਵਿਕਰਾਲ, ਭੈਅਭੀਤ ਦਰਿੰਦਗੀ ਦਾ ਦ੍ਰਿਸ਼ ਦੇਖਣਾ ਅਸਹਿ ਸੀ । ਤੜਫ ਰਹੇ ਲੋਕਾਂ ਦੀ ਹਾਇ ਹਾਇ ਸੁਣੀ ਨਹੀਂ ਸੀ ਜਾਂਦੀ, ਕਈ ਅਤਿ ਜਖਮੀ ਕੁਰਲਾ ਰਹੇ ਸਨ, ਕਈ ਵੈਣ ਪਾ ਰਹੇ ਸਨ, ਕਈ ਭਿਆਨਕ ਚੀਖਾਂ ਨਾਲ ਉਚੀ ਉਚੀ ਰੋਲਾ ਪਾ ਰਹੇ ਸਨ। ਕੰਧਾਂ ਚ ਗੋਲੀਆਂ ਦੇ ਨਿਸ਼ਾਨ ਸਨ । ਖੂਨ ਦੀ ਹੋਲੀ ਖੇਡੀ ਗਈ। ਨੇੜਲੇ ਘਰਾਂ ਦਾ ਵੀ ਬਹੁਤ ਨੁਕਸਾਨ ਹੋਇਆ।
ਏਨੀਆਂ ਲਾਸ਼ਾਂ ਨੂੰ ਤੱਕਣਾ ਵੀ ਕਿਹੜਾ ਆਸਾਨ ਹੁੰਦਾ ਹੈ। ਬਹੁਤ ਮਜਬੂਤ ਦਿਲ ਵਾਲੇ ਭਰ ਨੌਜਵਾਨ ਵੀ ਅਜਿਹੇ ਦੋਜਖ ਭਰੇ ਦ੍ਰਿਸ਼ ਨੂੰ ਵੇਖ ਕੰਬ ਉਠਦੇ ਹਨ। ਕਈ ਲਾਸ਼ਾਂ ਗੋਲੀਆਂ ਦੀ ਤਿੱਖੀ ਬੁਛਾੜ ਨਾਲ ਛਾਨਣੀ-ਛਾਨਣੀ ਹੋ ਗਈਆਂ। ਅਨੇਕਾਂ ਚਿਹਰੇ ਬੇ- ਪਹਿਚਾਣ ਹੋ ਗਏ। ਹਰਿਆ ਭਰਿਆ ਜਲਿਆਂ ਵਾਲਾ ਬਾਗ ਸ਼ਮਸਾਨ ਭੂਮੀ ਤੋਂ ਵੀ ਡਰਾਉਣਾ ਲੱਗ ਰਿਹਾ ਸੀ। ਖੂਨੀ ਬਘਿਆੜ ਜਨਰਲ ਡਾਇਰ ਇੰਨੇ ਤਸ਼ੱਦਦ ਤੋਂ ਬਾਅਦ ਵੀ ਸ਼ਾਂਤ ਨਹੀਂ ਸੀ ਹੋਇਆ।
ਜਲਿਆ ਵਾਲੇ ਬਾਗ ਦੇ ਆਲੇ ਦੁਆਲੇ ਘਰਾਂ ਦੇ ਬੂਹੇ ਬਾਰੀਆਂ ਬੰਦ ਸੀ। ਰਤਾ ਵੀ ਖੜਾਕ, ਅਵਾਜ ਨਹੀਂ ਸੀ ਸੁਣ ਰਹੀ । ਨਾ ਕੋਈ ਦੀਵਾ ਬੱਤੀ ਹੀ ਜਗ ਰਿਹਾ ਸੀ । ਨਾ ਕੋਈ ਰੋਸ਼ਨੀ ਤੇ ਨਾ ਕਿਸੇ ਚੁੱਲ ਵਿਚ ਅੱਗ ਲਿਸ਼ਕ ਰਹੀ ਸੀ । ਲੋਕ ਘਰਾਂ ਵਿਚ ਅਕਹਿ ਅਤੇ ਅਸਹਿ ਡਰ ਨਾਲ ਸਹਿਕੇ ਦੁੜਕੀ ਵੱਟੀ ਚੁੱਪ ਬੈਠੇ ਸਨ । ਉਹਨਾਂ ਦੇ ਘਰਾਂ ਦੀਆਂ ਬੂਹੇ ਬਾਰੀਆਂ ਅਤੇ ਕੰਧਾਂ ਵਿਚ ਗੋਲੀਆਂ ਦੇ ਨਿਸ਼ਾਨ ਲੱਗੇ ਸਨ । ਕਈ ਸਿੱਧੀਆਂ ਤੇਜ ਗੋਲੀਆਂ ਦੇ ਨਾਲ ਮਰ ਗਏ। ਕੋਈ ਗੁਆਂਢੀ ਡਰਦਾ ਕਿਸੇ ਗੁਆਂਢੀ ਨੂੰ ਅਵਾਜ ਨਹੀਂ ਸੀ ਮਾਰਦਾ। ਕਈ ਪੀੜਤਾਂ ਅਤੇ ਮਾਨਸਿਕ ਰੋਗੀਆਂ ਦੀਆਂ ਮਨਹੂਸ ਪਰ ਕਰੁਣਾਤਮਕ ਅਵਾਜਾਂ ਆ ਰਹੀਆਂ ਸਨ ਉਹ ਵੀ ਟੁੱਟੀਆਂ ਭੱਜੀਆਂ ਅਤੇ ਅਸਪਸ਼ਟ ਭਾਵ ਸਮਝ ਤੋਂ ਬਾਹਰ । ਹਾਂ ਕੁਝ ਬਾਲਕ ਭੁੱਖ ਅਤੇ ਦੁੱਧ ਖੁਣੋਂ ਤੜਪ, ਰੋ ਅਤੇ ਚੀਖਾਂ ਮਾਰ ਰਹੇ ਸਨ । ਭਿਆਨਕ ਕੋਹਰਾਮ ਚਾਰੇ ਪਾਸੇ ਮਚਿਆ ਸੀ।
ਭੁੱਖੇ ਖੂਨੀ ਬਘਿਆੜਾਂ ਨੂੰ ਹਿੰਸਾ ਵੇਲੇ ਹਮਦਰਦੀ ਅਤੇ ਤਰਸ ਕਿੱਥੇ ਹੁੰਦਾ ਹੈ ? ਉਨ੍ਹਾਂ ਤਾਂ ਹਰ ਹੀਲੇ ਆਪਣੀ ਭੁੱਖ, ਪਿਆਸ ਤ੍ਰਿਪਤ ਕਰਨ ਲਈ ਹਰ ਹੱਥ-ਕੰਡਾ ਵਰਤਣਾ ਹੁੰਦਾ ਹੈ। 13 ਅਪ੍ਰੈਲ 1919 ਦਾ ਦਿਨ ਤਾਂ ਸੂਰਜ ਦੇ ਚਾਨਣ ਵਿਚ ਵੀ ਹਨੇਰ ਮਈ ਹੋ ਗਿਆ ਸੀ । ਇਸ ਤੋਂ ਵੱਡਾ ਮਨੁੱਖਤਾ ਦਾ ਹੋਰ ਕੀ ਘਾਣ ਹੋ ਸਕਦਾ ਸੀ । ਚੰਗੀਆਂ ਭਲੀਆਂ ਰੌਸ਼ਨ ਅੱਖਾਂ ਵਿਚ ਖਾਮੋਸ਼ੀ ਅਤੇ ਸਹਿਮ ਦੀ ਧੁੰਧ ਛਾ ਗਈ ਸੀ । ਸ਼ਾਂਤ ਚਿਹਰੇ ਗੋਲੀਆਂ ਦੀ ਆਵਾਜ਼ ਨਾਲ ਭੈਅਭੀਤ ਸਨ।
ਕੁਝ ਲਾਸ਼ਾਂ ਪਹਿਚਾਣ ਵਿਚ ਵੀ ਆ ਗਈਆਂ ਜਿਵੇਂ ਚਿਹਰੇ ਤੋਂ, ਕੱਪੜਿਆਂ ਦੇ ਰੰਗਾਂ ਤੋਂ, ਹੱਥ ਵਿਚ ਫੜੀ ਕਿਸੇ ਕਿਸੇ ਨਿਸ਼ਾਨੀ ਤੋਂ, ਜਿਸਮ ਦੇ ਕਿਸੇ ਦਾਗ ਤੋਂ। ਔਰਤਾਂ ਦੀ ਪਹਿਚਾਣ ਜੁੜੇ, ਗੁੱਤ, ਚੁੰਨੀ, ਕੋਕੇ ਅਤੇ ਗਹਿਣੇ ਤੋਂ ਹੋਈ । ਲਾਸ਼ਾਂ ਦੇ ਵਾਰਿਸਾਂ ਦੇ ਵੈਣ ਅਤੇ ਉਚੇ ਕੀਰਨੇ ਪੱਥਰ ਦਿਲਾਂ ਨੂੰ ਮੋਮ ਕਰ ਰਹੇ ਸਨ।
ਕੁਝ ਹਿੰਦੁਸਤਾਨੀਆਂ ਨੇ ਆਜਾਦੀ ਦਾ ਨਾਹਰਾ ਲਾਇਆ। ਉਹਨਾਂ ਨੇ ਆਜਾਦੀ ਘੁਲਦਾ ਮੁੱਢ ਬੰਨਿਆ ਤੇ ਉਹਨਾਂ ਨੂੰ ਦਬਾਉਣ ਵਾਸਤੇ, ਆਜਾਦੀ ਦੇ ਨਾਅਰੇ ਨੂੰ ਰੋਕਣ ਲਈ ਕਾਲਾ ਕਾਨੂੰਨ ਬਣਾਇਆ ਜਿਸਦਾ ਨਾਂ ਰੌਲਟ ਐਕਟ ਸੀ।
ਇਕ ਅੰਗ੍ਰੇਜ ਮੈਂਬਰ ਸੀ ਮਿਸਟਰ ਰੋਲਟ, ਉਸਨੇ ਇਹ ਕਾਨੂੰਨ ਤਿਆਰ ਕੀਤਾ ਸੀ । ਉਸਦੇ ਨਾਂ ਕਰਕੇ ਹੀ ਇਸ ਕਾਨੂੰਨ ਦਾ ਨਾਂ ਰੋਲਟ ਐਕਟ ਪੈ ਗਿਆ। ਜੋ ਅਸਲ ਵਿਚ ਮਹਾਂ ਕਾਲਾ ਕਾਨੂੰਨ ਸੀ। ਜਿਸਦੇ ਸਾਹਮਣੇ ਕੋਈ ਭਾਰਤੀ ਨਹੀਂ ਬੋਲ ਸਕਦਾ ਸੀ। ਮਾਰਸ਼ਲ ਲਾਅ ਆਮ ਹੋ ਗਿਆ ਸੀ। ਵਸਦਾ ਸ਼ਹਿਰ ਸੁੰਨਾ ਲੱਗਦਾ ਸੀ, ਖ੍ਰੀਦੋ ਫਰੋਖਤ ਕਰਨ ਆਇਆਂ ਲਈ ਹੋਰ ਵੀ ਮੁਸੀਬਤ ਸੀ।
ਜਲਿਆ ਵਾਲੇ ਬਾਗ ਦੇ ਸ਼ਹੀਦ- ਸ਼ਹੀਦ ਬਾਲ ਮੁਕੰਦ ਜੀ, ਲਾਲਾ ਦੇਵੀ ਚੰਦ ਜੀ, ਗੁਰੂਬਖਸ਼ ਰਾਇ ਜੀ, ਸ੍ਰੀ ਹਜ਼ਾਰਾ ਲਾਲ ਜੀ, ਸ੍ਰੀ ਮਦਨ ਮੋਹਨ ਜੀ, ਮੇਵਾ ਲਾਲ ਅਤੇ ਸ਼ਹੀਦ ਲਾਲਾ ਲੱਛਮਣ ਦਾਸ ਜੀ ਆਦਿ।
ਜਲਿਆ ਵਾਲੇ ਬਾਗ ਦੇ ਖੂਨੀ ਸਾਕੇ ਦੇ ਜਖਮੀ ਬਹਾਦਰ ਪੰਜਾਬੀ- ਸ੍ਰੀ ਆਸਾ ਰਾਮ ਟੇਲਰ, ਸ੍ਰ: ਮੰਗਲ ਸਿੰਘ ਜੀ, ਸ਼੍ਰੀ ਹਰਨਾਮ ਦਾਸ ਜੀ, ਸ਼੍ਰੀ ਚੂਨੀ ਲਾਲ ਜੀ, ਸ਼੍ਰੀ ਚਰਨ ਦਾਸ ਜੀ ਆਦਿ ।
ਹੱਥ ਕੜੀਆਂ ਵਿਚ ਜਕੜੇ ਗੁਜੱਰਾਂਵਾਲੇ ਦੇ ਨੇਤਾ ਜਿਨ੍ਹਾਂ ਨੂੰ ਤਸ਼ੱਦਦ ਸਹਿਤ ਸੜਕਾਂ ਤੇ ਘੁਮਾਇਆ ਜਾ ਰਿਹਾ ਸੀ- 1. ਦੀਵਾਨ ਮੰਗਲ ਸੈਨ 2. ਲਾਲਾ ਅਮਰ ਨਾਥ 3. ਲਾਲਾ ਹਾਕਮ ਰਾਇ 4. ਲਾਲਾ ਰਲਿਆ ਰਾਮ 5. ਪੰ: ਦੀਵਾਨ ਚੰਦ ਜੀ ਆਦਿ।
ਜਲਿਆ ਵਾਲੇ ਬਾਗ ਦੇ ਆਗੂ, ਅਗਵਾਈ ਕਰਤਾ ਅਤੇ ਸ਼ਹੀਦ- ਡਾ: ਸੈਫੂਦੀਨ ਕਿਚਲੂ ਜੀ, ਸੁਆਮੀ ਸ਼ਰਧਾ ਨੰਦ ਜੀ, ਮਦਨ ਲਾਲ ਢੀਂਗਰਾ ਜੀ, ਮਹਾਸ਼ਾਂ ਰਤਨ ਚੰਦ ਜੀ, ਸ਼੍ਰੀ ਬੱਗਾ ਲਾਲ ਜੀ, ਡਾ. ਸ਼ਤਪਾਲ ਜੀ, ਜਨਾਬ ਐਮ. ਏ. ਅਨਸਾਰੀ ਅਤੇ ਬੀਬੀ ਰਤਨਾ ਦੇਵੀ ਜਿਸ ਦਾ ਪਤੀ ਗੋਲੀਆਂ ਚੱਲਣ ਸਮੇਂ ਘਰ ਵਿਚ ਹੀ ਦਮ ਤੋੜ ਗਿਆ। ਉਸਦੀ ਦੁਖਾਂਤਕ ਵਿੱਥਿਆ ਮਿਊਜੀਅਮ ਵਿਚੋਂ ਪੜ੍ਹੀ ਜਾ ਸਕਦੀ ਹੈ । ਗੁਜਰਾਂਵਾਲੇ ਵਿਚ ਖੁੱਲੇਆਮ ਕੋੜੇ ਲਗਾਏ ਗਏ। ਗੁੱਜਰਾਂਵਾਲੇ ਵਿਚ ਹਵਾਈ ਜਹਾਜਾਂ ਰਾਹੀਂ ਬੰਬਾਰੀ ਦੀ ਰਿਪੋਰਟ ਅਖਬਾਰਾਂ दिस इथी।
ਕਸੂਰ ਦਾ ਇਕ 11 ਸਾਲ ਦਾ ਬੱਚਾ ਜਿਸਦੇ ਉਤੇ ਰਾਜਾ ਦੇ ਖਿਲਾਫ ਲੜਾਈ ਛੇੜਨ ਦਾ ਦੋਸ਼ ਸੀ ਉਤੇ ਭਾਰੀ ਤੱਸ਼ਦਦ ਕੀਤਾ ਗਿਆ।
10 ਅਪ੍ਰੈਲ 1919 ਵਿਚ ਅੰਮ੍ਰਿਤਸਰ ਹੋਏ ਦੰਗਿਆਂ ਤੇ ਪੰਜਾਬ ਸਰਕਾਰ ਦੁਆਰਾ ਪ੍ਰੈਸ ਦੀ ਰਿਪੋਰਟ ਅਖਬਾਰਾਂ ਵਿਚ ਛਪੀ ਜੋ ਜਲਿਆਂ ਵਾਲੇ ਬਾਗ ਵਿਚ ਦਰਸ਼ਕਾਂ ਦੀ ਜਾਣਕਾਰੀ ਲਈ ਸੁਰੱਖਿਅਤ ਹੈ। 10 ਅਪ੍ਰੈਲ 1919 ਵਿਚ ਇਕ 19 ਸਾਲ ਦੇ ਲਾਹੌਰ ਦੇ ਇਕ ਨੌਜਵਾਨ ਨੂੰ ਗੋਲੀ ਲੱਗੀ ਸੀ ਜੋ ਦੂਸਰੇ ਦਿਨ ਮਰ ਗਿਆ । ਇਹ ਨੌਜਵਾਨ ਸਕੂਲ ਦਾ ਵਿਦਿਆਰਥੀ ਸੀ।
10-11 ਅਪ੍ਰੈਲ 1919 ਨੂੰ ਡਾ ਸੈਫੂਦੀਨ ਕਿਚਲੂ ਅਤੇ ਡਾ: ਸਤਪਾਲ ਜੀ ਨੂੰ ਧਰਮਸ਼ਾਲਾ ਜੇਲ ਵਿਚ ਲੈ ਗਏ ਅਤੇ ਤਸੀਹਿਆਂ ਸਹਿਤ ਲੰਮੇ ਅਰਸੇ ਲਈ ਨਜਰਬੰਦ ਕਰ ਦਿੱਤਾ । ਮਹਾਨ ਦੇਸ਼ ਭਗਤਾਂ ਨੂੰ ਪ੍ਰਣਾਮ ਕਰਨਾ ਬਣਦਾ ਹੈ। ਇਕ ਰਿਪੋਰਟ ਅਨੁਸਾਰ ਇਸ ਕਤਲੇਆਮ ਅਤੇ ਡਾਇਰ ਦੇ ਹਥਿਆਰਬੰਦ ਫੌਜੀਆਂ ਵਲੋਂ ਸਮਾਜਿਕ ਦਫਤਰੀ ਸਰਕਾਰੀ ਅਦਾਰਿਆਂ ਅਤੇ ਪ੍ਰਾਈਵੇਟ ਕਾਰਜਰਤ ਦਫਤਰਾਂ, ਬਾਜਾਰਾਂ ਅਤੇ ਹੋਰ ਸਥਾਪਿਤ ਇਮਾਰਤਾਂ ਨੂੰ ਤੋੜਨ, ਜਲਾਉਣ, ਗਿਰਾਉਣ: ਅਤੇ ਨਕਦੀ ਲੁੱਟ ਬਾਅਦ ਜੋ ਨੁਕਸਾਨ ਹੋਇਆ ਅਤੇ ਜੇ ਸਰਕਾਰੀ ਅਤੇ ਪ੍ਰਾਈਵੇਟ ਦਸਤਾਵੇਜ ਸੜਕੇ ਸੁਆਹ ਕਰ ਦਿੱਤੇ ਗਏ, ਸਰਵੇਖਣ ਬਾਅਦ ਇਹ ਕੁਲ ਨੁਕਸਾਨ 25,55,071 ਬਣਦਾ ਹੈ । ਸੰਨ 1919 ਤੋਂ ਅੱਜ ਤੱਕ ਜੇ ਇਸ ਦੀ ਦਰ ਕੱਢਣੀ ਹੋਵੇ ਤਾਂ ਇਹ ਆਰਥਿਕ ਨੁਕਸਾਨ ਕਰੋੜਾਂ ਦਾ ਬਣਦਾ ਹੈ। ਇਹ ਰਿਪੋਰਟ ਅੰਮ੍ਰਿਤਸਰ ਜਿਲੇ ਵਲੋਂ ਅਖਬਾਰਾਂ ਰਾਹੀਂ ਸਮੂਹਕ ਲੋਕਾਂ ਤੱਕ ਪ੍ਰਚਾਰੀ ਗਈ। ਇਹ ਬਾਰੀਕ ਵਿਸਥਾਰ ਜਲਿਆ ਵਾਲਾ ਬਾਗ ਵਿਚ ਸੁਰਖਿਅਤ ਹੈ।
ਕਿਤੇ ਚਾਰ ਬੰਦੇ ਇਕੱਤਰ ਨਹੀਂ ਹੋ ਸਕਦੇ ਸਨ । ਮਾਰਸ਼ਲ ਲਾਅ ਮਾਈਕਲ ਓਡਵਾਇਰ ਵਲੋਂ ਜਾਰੀ ਸੀ । ਸਿੱਧਾ ਗੋਲੀ ਦਾ ਹੁਕਮ ਸੀ । ਰਾਮ ਬਾਗ ਵਿਚ ਕੁਝ ਬੇਦੋਸ਼ੇ ਪੰਜਾਬੀਆਂ ਨੂੰ ਡਾਂਗਾਂ ਨਾਲ ਬੰਨ ਕੇ ਲਮਕਾ ਦਿੱਤਾ ਅਤੇ ਪਸ਼ੂਆਂ ਵਾਂਗ ਕੋੜੇ ਮਾਰੇ ਗਏ। ਸਰੀਰ ਵਿਚੋਂ ਲਹੂ ਚੋ ਰਿਹਾ ਸੀ। ਰਾਮ ਬਾਗ ਵਿਚ ਇਕ ਫੌਜੀ ਤੰਬੂ ਵਿਚ ਜਨਰਲ ਡਾਇਰ ਦਾ ਮੁਕਾਮ ਸੀ। ਹਥਿਆਰਬੰਦ ਫੌਜੀਆਂ ਨੂੰ ਡਾਇਰ ਦੇ ਤਹਿਤ ਕਾਰਜਰਤ ਡਾਇਰ ਪ੍ਰਤੀ ਸੁਹਿਰਦ, ਗੋਪਨੀਯ ਅਤੇ ਵਿਸ਼ਵਾਸਪਾਤਰ ਵਚਨਬੱਧ ਸਨ । ਡਾਇਰ ਮਹਾਂ ਹਿੰਸਕ ਸੀ । ਸ਼੍ਰੀ ਕਾਲੀ ਨਾਥ ਰਾਏ ਟ੍ਰਿਬਿਊਨ ਦੇ ਸੰਪਾਦਕ ਨੂੰ ਇਕ ਰਿਪੋਰਟ ਛਾਪਣ ਦੇ ਬਦਲੇ ਦੋ ਸਾਲਾਂ ਦੀ ਕਰੜੀ ਸਜਾ ਅਤੇ 2000 ਰੁ: ਜੁਰਮਾਨਾ ਕੀਤਾ ਗਿਆ। ਸਿਤਮ ਤੇ ਤਸ਼ੱਦਦ ਵੱਖਰਾ ਕੀਤਾ ਗਿਆ।
ਓਡਵਾਇਰ ਨੂੰ ਅਕਾਲ ਤਖਤ ਸਾਹਿਬ ਤੋਂ ਸਿਰੋਪਾ ਭੇਂਟ ਕੀਤਾ ਗਿਆ। ਇਸ ਸਨਮਾਨ ਦਾ ਕਾਰਨ ਫਿਲਹਾਲ ਗੁੱਝਾ ਹੈ। ਜਨਤਾ ਵਲੋਂ ਇਸ ਦਾ ਭਰਵਾਂ ਵਿਰੋਧ ਵੀ ਹੋਇਆ।
ਸ਼ਹੀਦੀ ਲਾਟ- ਅਮਰ ਸ਼ਹੀਦਾਂ ਦੀ ਯਾਦ ਵਿਚ ਲਾਲ ਰੰਗ ਦੇ ਪੱਥਰਾਂ ਵਿਚ ਇਹ ਲਾਟ (ਸ਼ਹੀਦੀ-ਸਮਾਰਕ) 13 ਅਪ੍ਰੈਲ ਸੰਨ 1961 ਵਿਚ ਪੰ: ਜਵਾਹਰ ਲਾਲ ਨਹਿਰੂ ਜੀ ਅਤੇ ਉਦੋਂ ਦੇ ਰਾਸ਼ਟਰਪਤੀ ਰਾਧਾ ਕ੍ਰਿਸ਼ਨਨ ਦੀ ਕੌਮੀ ਭਾਵਨਾ ਅਤੇ ਅਮਰ ਸ਼ਹੀਦਾਂ ਦੇ ਸਤਿਕਾਰ ਅਤੇ ਅਭੁੱਲ ਦੀ ਯਾਦ ਵਿਚ ਅਗਵਾਈ ਅਧੀਨ ਨਿਰਮਾਨ ਹੋਈ ।ਲਾਟ ਦੇ ਸੰਕੇਤ ਦਾ ਅਰਥ ਇਹ ਹੈ ਕਿ ਭਾਵ ਇਹ ਲਾਟ ਸੁਤੰਤਰ ਹੈ। ਚਿੰਨਾਤਮਕ ਤੌਰ ਤੇ ਹਰ 13 ਅਪ੍ਰੈਲ ਨੂੰ ਲਾਟ ਤੇ ਫੁੱਲ ਚੜਾ ਕੇ ਭਾਰਤ ਦਾ ਝੰਡਾ ਝੁਲਾ ਕੇ ਨੇਤਾ ਅਤੇ ਸ਼ਹਿਰੀ ਪਤਵੰਤੇ ਆਗੂ, ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਤ ਕਰਕੇ ਸਿਰ ਝੁਕਾਉਂਦੇ ਹਨ । ਮਾਈਕਲ ਓਡਵਾਇਰ ਦੀ ਹਿੰਸਕ ਬਿਰਤੀ ਅਤੇ ਪਾਸ਼ਵਿਕ ਕਾਇਰਤਾ ਤੇ ਥੁੱਕਦੇ ਆਪਣੇ ਅਮਰ ਸ਼ਹੀਦਾਂ ਨੂੰ ਵਨਿਮਰ ਪਰਿਣਾਮ ਕਰਦੇ ਹਨ। ਇਤਿਹਾਸਕ ਜਲਿਆਂ ਵਾਲਾ ਬਾਗ ਦਰਸ਼ਕਾਂ, ਸੈਲਾਨੀਆਂ ਅਤੇ ਆਮ ਸ਼ਹਿਰੀਆਂ ਲਈ ਮਨੋਰੰਜਨ ਦਾ ਵੀ ਉਚਿਤ ਅਤੇ ਵਧੀਆ ਰੁੱਖਾਂ, ਫੁੱਲਾਂ ਨਾਲ ਸਜਿਆ ਬਾਗ ਹੈ। ਕਿਸੇ ਦਰਸ਼ਕ ਲਈ ਕੋਈ ਟਿਕਟ ਨਹੀਂ ਹੈ।
ਜਲਿਆਂ ਵਾਲਾ ਬਾਗ ਦਾ ਮੁੱਖ ਦੁਆਰ ਅਤੇ ਇਮਾਰਤ ਨਿੱਕੀਆਂ ਨਾਨਕ ਸ਼ਾਹੀ ਇੱਟਾਂ ਨਾਲ ਤਿਆਰ ਕੀਤੀ ਗਈ ਹੈ। ਨਿਸ਼ਾਨੀ ਵਜੋਂ ਕੁਝ ਮੌਲਿਕ ਇਮਾਰਤਾਂ ਨੂੰ ਹੂ-ਬਹੂ ਉਸੇ ਸ਼ਿਦੱਤ ਅਤੇ ਸਤਿਕਾਰ ਨਾਲ ਸਾਂਭਿਆ ਹੋਇਆ ਹੈ। ਵਿਰਾਸਤ ਨੂੰ ਸਾਂਭਣਾ ਕੌਮੀ ਅਤੇ ਰਾਸ਼ਟਰੀ ਭਾਵਨਾ ਹੈ। ਦਰਸ਼ਕ, ਦੇਸ਼ ਭਗਤਾਂ, ਵਿਦੇਸ਼ੀਆਂ ਨਾਲ ਇਹ ਬਾਗ ਸਦਾ ਸੰਘਣੀ ਭੀੜ ਵਿਚ ਰਹਿੰਦਾ ਹੈ।
ਭਾਰਤ ਦਾ ਮਹਾਨ ਸਪੂਤ ਅਤੇ ਲਾਸਾਨੀ ਦੇਸ਼ ਭਗਤ ਸਰਦਾਰ ਊਧਮ ਸਿੰਘ ਸੁਨਾਮ ਦੇ ਕੰਬੋਜ ਸ੍ਰ: ਟਹਿਲ ਸਿੰਘ ਪਿਤਾ ਅਤੇ ਭਾਗਾਂ ਭਰੀ ਸੁੱਲਖਣੀ, ਪਵਿੱਤਰ ਸੰਸਕਾਰਾਂ ਵਾਲੀ ਮਾਂ ਸਰਦਾਰਨੀ ਨਰੈਣ ਕੌਰ ਦਾ ਮਾਂ ਸੂਰਮਾ ਸਪੁੱਤਰ ਸੀ । ਸ਼ਹੀਦ ਊਧਮ ਸਿੰਘ ਬਾਰੇ ਕਈ ਭਾਸ਼ਾਵਾਂ ਵਿਚ ਪੁਸਤਕਾਂ ਲਿਖੀਆਂ ਜਾ ਚੁੱਕੀਆ ਹਨ ਪਰ ਪੱਕੀ ਤੇ ਠੋਸ ਜਾਣਕਾਰੀ ਕਿਸੇ ਵਿਚ ਨਹੀਂ ਹੈ। ਉਸਦੇ ਜਨਮ ਬਾਰੇ, ਉਸਦੇ ਬਚਪਨ ਬਾਰੇ, ਉਸਦੀ ਪਾਲਣਾਂ-ਪੋਸ਼ਣ ਬਾਰੇ ਉਸਦੀ ਰਿਸ਼ਤੇਦਾਰੀ ਦਾ ਕੋਈ ਥਹੁ ਪਤਾ ਨਹੀਂ।
ਸ੍ਰ: ਊਧਮ ਸਿੰਘ ਬਚਪਨ ਵਿਚ ਹੀ ਮਾਂ-ਮਹਿੱਟਰ ਹੋ ਗਿਆ ਸੀ। ਕੁਝ ਚਿਰ ਬਾਅਦ ਉਸਦਾ ਬਾਪ ਵੀ ਚਲਾਣਾ ਕਰ ਗਿਆ । ਬਾਲਕ ਊਧਮ ਸਿੰਘ ਅਨਾਥ ਹੋ ਗਿਆ ਸੀ। ਊਧਮ ਸਿੰਘ ਅੰਮ੍ਰਿਤਸਰ ਦੇ ਕੇਂਦਰੀ ਖਾਲਸਾ ਯਤੀਮਖਾਨੇ ਵਿਚ ਭਰਤੀ ਹੋ ਗਿਆ। ਜਿੱਥੇ ਉਸਨੇ 1907-1919 ਤੱਕ ਰਹਿ ਕੇ ਵਿਦਿੱਆ ਪ੍ਰਾਪਤ ਕੀਤੀ ਅਤੇ ਫਿਰ ਕਲਕੱਤੇ ਚਲਾ ਗਿਆ।
ਕਿੱਥੇ ਸੁਨਾਮ, ਕਿੱਥੇ ਅੰਮ੍ਰਿਤਸਰ ਤੇ ਉਥੌਂ ਦਾ ਯਤੀਮਖਾਨਾ ਅਤੇ ਜਲਿਆਂ ਵਾਲਾ ਬਾਗ, ਕਿੱਥੇ ਕਲੱਕਤਾ, ਅਫਗਾਨਿਸਤਾਨ, ਅਫਰੀਕਾ, ਰੂਸ, ਇੰਗਲਿਸ਼ਸਤਾਨ ਤੇ ਉਥੋਂ ਦਾ ਵਾਤਾਵਰਨ, ਸਮਾਜਿਕ ਜੀਵਨ ਅਤੇ ਇਹਨਾਂ ਵਿਚੋਂ ਦੀ ਲੰਘਦਾ ਇਕੋ ਇਕ ਮਿਸ਼ਨ ਨਾਲ ਪ੍ਰੇਰਿਤ ਸਾਡਾ ਗੌਰਵਸ਼ਾਲੀ, ਨਿਰਭੈਅ, ਸਿਰਲੱਥ ਸੂਰਮਾ ਸਰਦਾਰ ਊਧਮ ਸਿੰਘ ਸੁਨਾਮ ਸੁਦ੍ਰਿੜ, ਆਤਮ ਵਿਸ਼ਵਾਸੀ, ਸੰਕਲਪੀ ਅਤੇ ਪ੍ਰਤਿੱਗਿਆ ਪਾਲਕ ਵਿਦੇਸ਼ਾਂ ਚੋਂ ਕਈ ਗੁਲਾਮੀ ਵਾਲੇ ਕੰਮਾਂ ਤੋਂ ਬਾਅਦ ਉਸਨੇ ਕੇਸ ਵੀ ਕਟਵਾ ਦਿੱਤੇ। ਟੋਪੀ ਪਹਿਣ ਲਈ, ਪੱਗੜੀ ਵੀ ਪਹਿਨਦਾ। ਰਿਹਾ। ਗੁਰੂ ਘਰ ਪ੍ਰਤੀ ਉਸਦੀ ਸ਼ਰਧਾ ਅਤੇ ਸਤਿਕਾਰ ਪੂਰਾ-ਪੁਰਾ ਸੀ । ਸ਼ਹੀਦ ਊਧਮ ਸਿੰਘ ਸੁਨਾਮ ਸਭ ਤੋਂ ਪਹਿਲਾਂ ਅਕਤੂਬਰ 1921 ਦੇ ਅਖੀਰ ਨੈਰੋਬੀ ਅਫਰੀਕਾ ਵਿਚ ਗਏ, ਉਥੇ ਸ੍ਰ: ਸੁੱਧ ਸਿੰਘ ਜੀ ਹੋਰਾਂ ਊਧਮ ਸਿੰਘ ਨੂੰ ਰੇਲਵੇ ਵਰਕਸ਼ਾਪ ਵਿਚ ਭਰਤੀ ਕਰਵਾ ਦਿੱਤਾ।
ਸ੍ਰ: ਊਧਮ ਸਿੰਘ ਦਾ ਸੁਭਾਓ ਠੰਡਾ ਅਤੇ ਮਿਲਾਪੜਾ ਸੀ । ਊਧਮ ਸਿੰਘ ਦੀਆਂ ਗੱਲਾਂ ਬਾਤਾਂ ਤੋਂ ਪਤਾ ਲੱਗਦਾ ਸੀ ਕਿ ਬੰਦਾ ਬੜਾ ਕਾਬਲ ਸੀ । ਕਰੜੇ ਸਰੀਰ ਵਾਲਾ, ਸ੍ਰ: ਊਧਮ ਸਿੰਘ ਗਹਿਰੀਆਂ ਸੋਚਾਂ ਵਿਚ ਡੁੱਬਿਆ ਰਹਿੰਦਾ ਅਤੇ ਦਿਲ ਦੇ ਭੇਤ ਕਿਸੇ ਨੂੰ ਨਾ ਕਹਿੰਦਾ। ਦੇਸ਼ ਭਗਤਾਂ, ਇਨਕਲਾਬੀਆਂ ਤੋਂ ਬਿਨਾਂ ਆਮ ਬੰਦਿਆਂ ਨਾਲ ਮੇਲ ਮਿਲਾਪ ਨਹੀਂ ਰੱਖਦਾ। ਸੀ। ਰੇਲਵੇ ਵਿਚ ਸ੍ਰ: ਊਧਮ ਸਿੰਘ ਨੇ ਮਿਸਤਰੀ ਚਿਰਾਗਦੀਨ ਕੋਲ ਤਿੰਨ ਮਹੀਨੇ ਨੌਕਰੀ ਕੀਤੀ, ਮਨ ਵਿਚ ਤਾਂ ਕੋਈ ਹੋਰ ਹੀ ਜ਼ਜ਼ਬਾ ਸੀ । ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਸੰਨ 1922 ਵਿਚ ਸ੍ਰ: ਊਧਮ ਸਿੰਘ ਬਾਹਰ ਚਲੇ ਗਏ।
ਇਹ ਵੀ ਸੱਚਾਈ ਹੈ ਕਿ ਸੰਨ 1919 ਸਮੇਂ ਉਹ ਅੰਮ੍ਰਿਤਸਰ ਯਤੀਮਖਾਨੇ ਸਨ, ਜੱਲਿਆਂ ਵਾਲੇ ਬਾਗ ਦਾ ਖੂਨੀ ਹੱਤਿਆ ਕਾਂਡ ਉਹਨਾਂ ਅੱਖੀਂ ਵੇਖਿਆ ਸੀ। ਖਬਰਾਂ ਤੇ ਪੁਸਤਕਾਂ ਤੋਂ ਜਾਣਕਾਰੀ ਮਿਲਦੀ ਹੈ ਕਿ ਹੱਠੀ, ਨਿਰਭੈਅ, ਵਚਨਬੱਧ, ਪ੍ਰਤੀਬੱਧ ਅਤੇ ਸ਼ਬਦ, ਸੰਕਲਪ ਦੇ ਪੂਰੇ ਸਿੱਖ ਨੇ ਦਰਬਾਰ ਸਾਹਿਬ ਵੱਲ ਮੂੰਹ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ ਸੀ ਅਤੇ ਅਕਾਲ ਤਖਤ ਸਾਹਿਬ ਵੱਲ ਮੂੰਹ ਕਰਕੇ ਅਟਲ ਯਕੀਨ ਨਾਲ ਸੌਂਹ ਖਾਧੀ ਸੀ ਕਿ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਜੀ, ਮੀਰੀ ਪੀਰੀ ਦੇ ਮਾਲਿਕ ਜਦ ਤੱਕ ਨਿਹੱਥੇ, ਬੇਦੋਸ਼ੇ, ਮਾਸੂਮ, ਬੱਚਿਆਂ, ਬੀਬੀਆਂ ਅਤੇ ਗੋਦੀਆਂ ਚ ਗੋਲੀਆਂ ਨਾਲ ਵਿੰਨੇ ਬੱਚਿਆਂ ਅਤੇ ਬਜੁਰਗਾਂ ਦਾ ਬਦਲਾ ਨਹੀਂ ਲੈ ਲੈਂਦਾ ਤਦ ਤੱਕ ਮੈਨੂੰ ਚੈਨ ਨਹੀਂ, ਮੈਨੂੰ ਸ਼ਕਤੀ ਦਾ ਆਸ਼ੀਰਵਾਦ ਦਿਓ।
“ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸਿ॥”
ਸ੍ਰ: ਊਧਮ ਸਿੰਘ ਨੇ ਬਦੇਸ਼ਾਂ ਵਿਚ ਇੰਜੀਨੀਅਰਿੰਗ ਵੀ ਕੀਤੀ। ਕਈ ਭੇਸ ਬਦਲੇ ਤੇ ਆਪਣਾ ਨਾਮ ਰਾਮ ਮੁਹੰਮਦ ਸਿੰਘ ਆਜਾਦ ਰੱਖ ਲਿਆ । ਕਈ ਤੰਗੀਆਂ ਕੱਟੀਆਂ, ਭੁੱਖੇ, ਪਿਆਸੇ, ਧੁੱਪ, ਠੰਡ ਅਤੇ ਬਿਮਾਰ ਹੋ ਜਾਣ ਤੇ ਵੀ ਆਪਣੇ ਆਸ਼ੇ ਤੋਂ ਅਡੋਲ ਨਾ ਹੋਏ । ਸਦੈਵ ਚੁਸਤ ਫੁਰਤ ਰਹਿੰਦੇ ਸਨ।
ਸ੍: ਊਧਮ ਸਿੰਘ ਨੇ ਇਕ ਅਮਰੀਕਨ ਔਰਤ ਨਾਲ ਵਿਆਹ ਵੀ ਕੀਤਾ ਅਤੇ ਸੰਤਾਨ ਵੀ ਸੀ । ਉਹਨਾਂ ਨੂੰ ਪੁਸਤਕਾਂ ਪੜਨ ਵਿਚ ਬਹੁਤ ਦਿਲਚਸਪੀ ਸੀ । ਉਹਨਾਂ ਦੀਆਂ ਕੁਝ ਚਿੱਠੀਆਂ ਅੰਗ੍ਰੇਜੀ ਵਿਚ ਵੀ ਮਿਲਦੀਆਂ ਹਨ ਜੋ ਵਿਆਕਰਨ ਪੱਖੋਂ ਅਧੂਰੀਆਂ ਹਨ। ਕਦੇ ਸ੍ਰ: ਊਧਮ ਸਿੰਘ ਕਲੀਨ ਸ਼ੇਵਡ ਸੀ ਪਰ ਇਹ ਵੀ ਸੱਚ ਹੈ ਕਿ ਉਸਨੇ ਲੰਡਨ ਦੇ ਵਿਚ ਅੰਮ੍ਰਿਤ ਵੀ ਛਕਿਆ ਹੋਇਆ ਸੀ । ਇਹ ਜਾਣਕਾਰੀ ਸ੍ਰ: ਰਤਨ ਸਿੰਘ ਆਜਾਦ ਦੇ ਇਕ ਅੰਗ੍ਰੇਜੀ ਵਿਚ ਲਿਖੀ ਇਕ ਡੇਢ ਸਫੇ ਦੀ ਰਚਨਾ ਤੋਂ ਮਿਲਦੀ ਹੈ। ਜਿਨ੍ਹਾਂ ਤੋਂ ਊਧਮ ਸਿੰਘ ਨੇ ਕਕਾਰਾਂ
ਦੀ ਮੰਗ ਕੀਤੀ ਸੀ।
13 ਅਪ੍ਰੈਲ 1919 ਅਤੇ 13 ਅਪ੍ਰੈਲ 1940 ਜਦੋਂਕਿ ਹਿੰਦੁਸਤਾਨ ਅੰਗ੍ਰੇਜਾਂ ਦੀ ਗੁਲਾਮੀ ਵਿਚ ਹੀ ਸੀ । ਇਨਾਂ ਸਮਾਂ ਸ੍ਰ: ਊਧਮ ਸਿੰਘ ਦੀ ਗੈਰਤ, ਅਣਖ, ਜਿੰਦਾਦਿਲੀ ਅਤੇ ਲਾੜੀ ਮੌਤ ਨਾਲ ਘਾਲਣਾ ਅਤੇ ਨਿਰੰਤਰ ਸਿਰਲੱਥ ਸੰਘਰਸ਼ ਜਾਰੀ ਰਿਹਾ।
ਲੰਡਨ ਜਾਣ ਤੋਂ ਪਹਿਲਾਂ ਉਚ ਵਿਚਾਰਾਂ ਅਤੇ ਸ਼ੇਰ ਮਨ ਦਾ ਦੁੱਲਾ ਸ੍ਰ: ਊਧਮ ਸਿੰਘ ਇਕ ਪਿਸਤੌਲ ਪੁਸਤਕ ਵਿਚ ਛੁਪਾ ਕੇ ਨਿਡਰਤਾ ਅਤੇ ਸਵੈਮਾਨ ਨਾਲ ਲੰਡਨ ਮੌਤ ਦੀ ਪ੍ਰਵਾਹ ਕੀਤੇ ਬਿਨਾਂ ਅਣਖੀ ਸੂਰਮੇ ਦੀ ਤਰਾਂ ਘੁੰਮਦਾ ਰਿਹਾ।
31 ਜੁਲਾਈ ਸੰਨ 1940 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਸੂਰਮੇ ਸਪੂਤ ਨੇ ਕੈਕਸਟਨ ਹਾਲ ਲੰਡਨ ਵਿਖੇ ਜਿੱਥੇ ਮਾਈਕਲ ਓਡਵਾਇਰ ਲੰਡਨ ਵਾਸੀਆਂ ਦੇ ਭਰਪੂਰ ਇਕੱਠ ਵਿਚ ਜੱਲਿਆਂ ਵਾਲੇ ਬਾਗ ਦੇ ਕੀਤੇ ਅਤਿਆਚਾਰ ਦੀ ਗੱਲ ਬੜੇ ਜੋਸ਼ ਖਰੋਸ਼ ਨਾਲ ਕਰ ਰਿਹਾ ਸੀ, ਮੌਕਾ ਤਾਣ ਕੇ ਊਧਮ ਸਿੰਘ ਨੇ ਡਾਇਰ ਦੇ ਕਤਲ ਦਾ ਪ੍ਰਣ ਪੂਰਾ ਕਰਨ ਲਈ ਪਿਸਤੌਲ ਕੱਢਿਆ ਤੇ ਪੰਜ ਗੋਲੀਆਂ ਮਾਰ ਕੇ ਥਾਂ ਤੇ ਹੀ ਮਾਰ ਦਿੱਤਾ। ਨਿਰਭੈਅ ਯੋਧੇ ਸ੍ਰ: ਊਧਮ ਸਿੰਘ ਨੇ ਲਲਕਾਰਾ ਮਾਰਿਆ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਕਿ ਅੱਜ ਗੁਰੂਦੁਆਰਾ (ਹਰਿਮੰਦਰ ਸਾਹਿਬ) ਅਕਾਲ ਤਖਤ ਸਾਹਿਬ ਵਲੋਂ ਬਖਸ਼ਿਸ਼ ਹਿੱਤ ਇਹ ਸਾਲਾਂ ਬੱਧੀ ਬਦਲੇ ਦਾ ਪ੍ਰਣ ਪੂਰਾ ਹੋਇਆ ਹੈ।
ਮਾਈਕਲ ਜਨਰਲ ਓਡਵਾਇਰ ਦੀ ਸ਼ਰੇਆਮ ਫਿਰਾਸ਼ਦਿਲੀ ਨਾਲ ਹੱਤਿਆ ਕਰਨ ਦੇ ਬਾਅਦ ਲੰਡਨ ਦੇ ਹਾਲ ਵਿਚ ਸੁੰਨ ਛਾ ਗਈ। ਜਨਰਲ ਡਾਇਰ ਦੇ ਨਿਕਟ ਵਰਤੀ ਉਚ ਅਧਿਕਾਰੀਆਂ ਨੇ ਸ੍ਰ: ਊਧਮ ਸਿੰਘ ਨੂੰ ਕੈਕਸਟਨ ਹਾਲ ਦੇ ਨਿਪੁੰਨ ਅਤੇ ਹੰਢੇ ਤਜਰਬੇਕਾਰ ਜਸੂਸਾਂ ਰਾਹੀਂ ਤਿੰਨ ਮਹੀਨੇ ਹੱਥ ਕੜੀਆ ਲਾ ਕੇ ਜੇਲ ਵਿਚ ਰੱਖਿਆ ਅਤੇ ਬਾਅਦ ਲੰਡਨ ਵਿਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ। ਸੱਤ ਸਮੁੰਦਰਾਂ ਤੋਂ ਪਾਰ 31 ਜੁਲਾਈ 1940 ਦੇ ਇਤਿਹਾਸਕ ਦਿਨ ਸਾਡਾ ਅਣਖ ਅਵਤਾਰ, ਸਰਦਾਰ ਊਧਮ ਸਿੰਘ ਕੰਬੋਜ ਅੰਤ ਗੁਰੂ ਅਤੇ ਦੇਸ਼ ਨੂੰ ਪਿਆਰਾ ਹੋ ਗਿਆ। ਉਹ ਆਜਾਦੀ ਦਾ ਮੂੰਹ ਤੱਕ ਨਾ ਵੇਖ ਸਕਿਆ ਪਰ ਦਰਬਾਰ ਸਾਹਿਬ ਵਿਖੇ ਕੀਤਾ ਪ੍ਰਣ ਪੂਰਾ ਕਰ ਗਿਆ।
16 ਜੁਲਾਈ 1974 ਨੂੰ ਪੂਰੇ ਕੌਮੀ ਮਾਣ ਨਾਲ ਸ਼੍ਰੋਮਣੀ, ਅਮਰ ਸ਼ਹੀਦ ਦੀਆਂ ਅਸਥੀਆਂ ਜਹਾਜ ਰਾਹੀਂ ਭਾਰਤ ਲਿਆਂਦੀਆਂ ਗਈਆਂ । ਜੋ ਜੱਲਿਆਂ ਵਾਲੇ ਬਾਗ ਦੇ ਨਵੇਂ ਬਣੇ ਮਿਊਜੀਅਮ ਵਿਚ ਬੜੇ ਸਤਿਕਾਰ ਨਾਲ ਦਰਸ਼ਕਾਂ, ਸੈਲਾਨੀਆਂ ਅਤੇ ਜਨਤਾ ਲਈ ਪਿੱਤਲ ਦੀ ਗਾਗਰ ਵਿਚ ਰੱਖੀਆਂ ਹੋਈਆਂ ਹਨ। ਚੌਂਕ ਪੁਤਲੀਘਰ ਦਾ ਨਾਂ ਸ਼ਹੀਦ ਊਧਮ ਸਿੰਘ ਚੌਂਕ ਵੀ ਰੱਖਿਆ ਗਿਆ। ਯਤੀਮਖਾਨਾ ਅੰਮ੍ਰਿਤਸਰ ਵਿਚ ਸ਼ਹੀਦ ਊਧਮ ਸਿੰਘ ਯਾਦਗਾਰੀ ਲਾਈਬ੍ਰੇਰੀ ਵੀ ਸਥਾਪਿਤ ਕੀਤੀ ਗਈ ਅਤੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਸਕੂਲ ਵੀ ਸ਼ਹੀਦ ਦੀ ਯਾਦ ਨੂੰ ਸਮਰਪਿਤ ਹੈ। ਜਿੱਥੇ ਯਤੀਮ ਬੱਚੇ ਵਿੱਦਿਆ ਪ੍ਰਾਪਤ ਕਰਦੇ ਹਨ। ਊਧਮ ਸਿੰਘ ਸ਼ਹੀਦ ਭਾਰਤ ਦੇਸ਼ ਦੀ ਅਣਖ ਤੇ ਸ਼ਾਨ ਬਣ ਕੇ ਅੱਜ ਵੀ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬਣਿਆ ਹੋਇਆ ਹੈ।
Credit – ਡਾ. ਜਸਵਿੰਦਰ ਕੌਰ ਮਾਹਲ