ਗੁਰਮਤਿ ਦੇ ਸੋਮੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਲਈ ਖਾਲਸਾ ਪੰਥ ਸਮੇਂ-ਸਮੇਂ ਲੋੜ ਅਨੁਸਾਰ ਧਰਮਸਾਲੀਏ, ਮਸੰਦ, ਮਹੰਤ ਆਦਿ ਦੀਆਂ ਸੰਸਥਾਵਾਂ ਤੇ ਕਮੇਟੀਆਂ ਬਣਾਉਂਦਾ ਆਇਆ ਹੈ ਅਤੇ ਲੋੜੀਦੀਆਂ ਤਬਦੀਲੀਆਂ ਵੀ ਕਰਦਾ ਰਿਹਾ ਹੈ। ਪਰ ਖਾਲਸਾ। ਪੰਥ ਨੇ ਕਦੇ ਵੀ ਗੁਰਮਤਿ-ਵਿਰੋਧੀ ਸ਼ਕਤੀਆਂ ਜਾਂ ਸਰਕਾਰੀ ਦਖਲ ਨੂੰ ਬਰਦਾਸ਼ਤ ਨਹੀਂ ਕੀਤਾ।
ਗੁਰਦੁਆਰਿਆਂ ਦੀ ਸੇਵਾ-ਸੰਭਾਲ ਦਾ ਕੰਮ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਧਰਮਸਾਲੀਏ, ਮਸੰਦ, ਉਦਾਸੀ, ਮਹੰਤ ਅਤੇ ਨਿਰਮਲੇ ਕਰਦੇ ਆ ਰਹੇ ਸਨ। ਉਹ ਸਭ ਗੁਰੂ ਸਾਹਿਬ ਦੁਆਰਾ ਦੱਸੀ ਰਹਿਤ-ਬਹਿਤ ‘ਤੇ ਹੀ ਜ਼ੋਰ ਦਿੰਦੇ ਸਨ । 1716 ਈ: ਤੋਂ 1799 ਈ: ਤਕ ਤਕਰੀਬਨ ਸਾਰੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਇਨ੍ਹਾਂ ਦੇ ਹੱਥਾਂ ਵਿਚ ਆ ਗਈ ਸੀ।
ਦੂਸਰੇ ਪਾਸੇ ਇਨ੍ਹਾਂ ਗੁਰਦੁਆਰਾ ਸਾਹਿਬਾਨ ਨੂੰ ਸਿੱਖ-ਸ਼ਕਤੀ ਦਾ ਸੋਮਾ ਜਾਣ ਕੇ ਖਾਲਸੇ ਨੂੰ ਇਨ੍ਹਾਂ ਤੋਂ ਵਾਂਝਿਆਂ ਕਰਨ ਦੀ ਕੋਸ਼ਿਸ਼ ਵੀ ਸ਼ੁਰੂ ਤੋਂ ਹੀ ਕੀਤੀ ਜਾਂਦੀ ਰਹੀ ਹੈ। ਸਰਬ-ਸਾਂਝੀਵਾਲਤਾ ਦੇ ਪ੍ਰਤੀਕ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਨਿਸ਼ਾਨਾ ਬਣਵਾਉਂਦੀਆਂ ਰਹੀਆਂ ਹਨ।
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਸਮੇਂ ਗੁਰਦੁਆਰਾ ਸਾਹਿਬਾਨ ਦੀ ਉਸਾਰੀ ਆਦਿ ਵੱਲ ਉਚੇਚਾ ਧਿਆਨ ਦਿੱਤਾ ਗਿਆ । ਪਰ ਉਸ ਸਮੇਂ ਇਨ੍ਹਾਂ ਦਾ ਪ੍ਰਬੰਧ ਮਹੰਤਾਂ, ਪੁਜਾਰੀਆਂ ਆਦਿ ਦੇ ਹੱਥ ‘ਚ ਹੀ ਰਿਹਾ ਜੋ ਗੁਰਦੁਆਰਾ ਸਾਹਿਬਾਨ ਦੇ ਸੁਧਾਰ ਵਿਚ ਕੋਈ ਖਾਸ ਦਿਲਚਸਪੀ ਨਹੀਂ ਸੀ ਰੱਖਦੇ। ਸੰਨ 1839 ਈ: ਵਿਚ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਮਗਰੋਂ ਪੰਜਾਬ ਦੀ ਰਾਜ ਗੱਦੀ ਪ੍ਰਾਪਤ ਕਰਨ ਲਈ ਹਨੇਰਗਰਦੀ ਮੱਚ ਗਈ, ਕਤਲ-ਓ-ਗਾਰਤ ਸ਼ੁਰੂ ਹੋ ਗਈ। ਇਨ੍ਹਾਂ ਹਾਲਾਤਾਂ ਬਾਰੇ ਸ਼ਾਹ ਮੁਹੰਮਦ ਨੇ ਆਪਣੀ ਅੱਖੀਂ ਦੇਖ ਕੇ ਲਿਖਿਆ ਹੈ:
” ਜੇਹੜਾ ਬਹੇ ਗੱਦੀ ਉਹਨੂੰ ਮਾਰ ਲੈਂਦੇ,
ਨਹੀਂ ਛੱਡਿਆ ਸਾਧ ਤੇ ਸੰਤ ਮੀਆਂ।
ਇਨ੍ਹਾਂ ਸਮਿਆਂ ਵਿਚ ਸਿੱਖੀ ਦਾ ਪ੍ਰਚਾਰ ਕਿਸ ਤਰ੍ਹਾਂ ਹੋ ਸਕਦਾ ਸੀ? ਕੁਝ ਸਮਾਂ ਬਾਅਦ ਅੰਗਰੇਜ਼ ਵੀ ਮੁਗਲ ਹਾਕਮਾਂ ਵਾਂਗ ਗੁਰਦੁਆਰਾ ਸਾਹਿਬਾਨ ਨੂੰ ਸਿੱਖ-ਸ਼ਕਤੀ ਦਾ ਕੇਂਦਰ ਮੰਨ ਕੇ ਦਖਲ-ਅੰਦਾਜ਼ੀ ਕਰਨ ਲੱਗੇ। ਉਨ੍ਹਾਂ ਨੇ ਮਹੰਤਾਂ ਨੂੰ ਆਪਣੇ ਨਾਲ ਰਲਾ ਕੇ ਉਨ੍ਹਾਂ ਦੀ ਪਿੱਠ ਪੂਰਨੀ ਸ਼ੁਰੂ ਕਰ ਦਿੱਤੀ। ਅੰਗਰੇਜ਼-ਰਾਜ ਦੇ ਪੰਜਾਬ ਅੰਦਰ ਸਥਾਪਿਤ ਹੋਣ ਮਗਰੋਂ ਉੱਠੀਆਂ ਕਈ ਧਾਰਮਿਕ, ਵਿੱਦਿਅਕ ਅਤੇ ਸਿਆਸੀ ਲਹਿਰਾਂ ਨੇ ਸਿੱਖਾਂ ਅੰਦਰ ਵੱਡੀ ਜਾਗ੍ਰਤੀ ਲੈ ਆਂਦੀ ਸੀ ਅਤੇ ਉਨ੍ਹਾਂ ਲਈ ਇਹ ਬਰਦਾਸ਼ਤ ਕਰਨਾ ਮੁਸ਼ਕਿਲ ਸੀ ਕਿ ਸਰਕਾਰ ਜਾਂ ਸਰਕਾਰ ਦੇ ਪਿੱਠੂ ਮਹੰਤ ਤੇ ਪੁਜਾਰੀ ਉਨ੍ਹਾਂ ਦੇ ਧਰਮ-ਅਸਥਾਨਾਂ ਅਤੇ ਹੋਰ ਆਸ਼ਰਮਾਂ ‘ਤੇ ਕਾਬਜ਼ ਰਹਿਣ ਅਤੇ ਨਿੱਜੀ ਲਾਭਾਂ ਹਿੱਤ ਇਨ੍ਹਾਂ ਨੂੰ ਵਰਤਣ।
ਅੰਗਰੇਜ਼ਾਂ ਦੀ ਸ਼ਹਿ ਕਾਰਨ ਗੁਰਦੁਆਰਿਆਂ ਦੇ ਪ੍ਰਬੰਧਕ ਮਹੰਤਾਂ, ਪੁਜਾਰੀਆਂ ਵਿਚ ਕੁਰੀਤੀਆਂ ਆਈਆਂ ਅਤੇ ਅੰਧੇਰ-ਗਰਦੀ ਸ਼ੁਰੂ ਹੋ ਗਈ ਜਿਸ ਕਾਰਨ ਰਹਿਤ-ਬਹਿਤ ਵਿਚ ਪੱਕੇ ਅਤੇ ਸੂਝਵਾਨ ਸਿੰਘਾਂ ਨੇ ਲੋੜ ਮਹਿਸੂਸ ਕੀਤੀ ਕਿ ਗੁਰਦੁਆਰਿਆਂ ਨੂੰ ਬੇਅਦਬੀ ਤੋਂ ਬਚਾਇਆ ਜਾਵੇ। ਸਾਰੇ ਗੁਰਦੁਆਰਾ ਸਾਹਿਬਾਨ ਮਹੰਤਾਂ ਦੇ ਕਬਜ਼ੇ ਹੇਠ ਆ ਗਏ ਸਨ। ਅਤੇ ਉਨ੍ਹਾਂ ਨੇ ਆਪਣੀਆਂ ਮਨ-ਮਾਨੀਆਂ ਸ਼ੁਰੂ ਕਰ ਦਿੱਤੀਆਂ ਸਨ । ਸ੍ਰੀ ਦਰਬਾਰ ਸਾਹਿਬ ‘ਤੇ ਅੰਗਰੇਜ਼ਾਂ ਦੇ ਪਿੱਠੂਆਂ ਦਾ ਕਬਜ਼ਾ ਹੋ ਗਿਆ ਸੀ, ਜਿਨ੍ਹਾਂ ਵੱਲੋਂ ਕਾਮਾਗਾਟਾਮਾਰੂ ਦੇ ਸ਼ਹੀਦਾਂ ਵਿਰੁੱਧ ਪਤਿਤ ਹੋਣ ਦਾ ਫ਼ੁਰਮਾਨ ਜਾਰੀ ਕੀਤਾ ਗਿਆ । ਜੱਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਦੇ ਦੋਸ਼ੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੁਜਾਰੀਆਂ ਨੇ ਸਿਰੋਪਾ ਦਿੱਤਾ। ਪ੍ਰਬੰਧਕਾਂ ਨੇ ਗੁਰਦੁਆਰਾ ਸਾਹਿਬਾਨ ਨੂੰ ਆਪਣੀ ਨਿੱਜੀ ਜਾਇਦਾਦ ਦੇ ਤੌਰ ‘ਤੇ ਸਮਝਣਾ ਸ਼ੁਰੂ ਕਰ ਦਿੱਤਾ ਅਤੇ ਇਨ੍ਹਾਂ ਪਵਿੱਤਰ ਅਸਥਾਨਾਂ ਦੀ ਪਵਿੱਤਰਤਾ ਨੂੰ ਭੰਗ ਕਰਨਾ ਸ਼ੁਰੂ ਕਰ ਦਿੱਤਾ । ਸੂਝਵਾਨ ਸਿੱਖਾਂ ਲਈ ਇਹ ਚਿੰਤਾ ਦਾ ਵਿਸ਼ਾ ਸੀ । ਉਨ੍ਹਾਂ ਨੇ ਥਾਂ ਪਰ ਥਾਂ ਜਾ ਕੇ ਸਿੱਖਾਂ ਨੂੰ ਜਾਗ੍ਰਿਤ ਕਰਨਾ ਸ਼ੁਰੂ ਕਰ ਦਿੱਤਾ । ਗੁਰਦੁਆਰਿਆਂ ਦੇ ਪ੍ਰਬੰਧ ਵਿਚ ਸੁਧਾਰ ਕਰਨ ਸੰਬੰਧੀ ਇਕ ਦੀਵਾਨ ਪਿੰਡ ਧਾਰੋਵਾਲੀ ਵਿਚ ਵੀ ਕੀਤਾ ਗਿਆ ।
ਗੁਰਦੁਆਰਿਆਂ ਦੇ ਪ੍ਰਬੰਧ ‘ਚ ਸੁਧਾਰ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ 30 ਅਪ੍ਰੈਲ 1921 ਈ: ਨੂੰ ਰਜਿਸਟਰਡ ਕਰਵਾਈ ਗਈ ਅਤੇ ਨਿਯਮਾਂ ਦੇ ਬਣਨ ਪਿੱਛੋਂ ਇਸ ਦੀ ਨਵੀਂ ਚੋਣ ਜੁਲਾਈ 1921 ਈ: ਵਿਚ ਕੀਤੀ ਗਈ। ਚੁਣੇ ਹੋਏ। ਮੈਂਬਰਾਂ ਦੀ ਕੁੱਲ ਗਿਣਤੀ ਦਾ ਪੰਜਵਾਂ ਹਿੱਸਾ 14 ਅਗਸਤ ਨੂੰ ਨਾਮਜ਼ਦ ਕੀਤਾ ਗਿਆ ਅਤੇ ਮੁਕੰਮਲ ਨਵੀਂ ਕਮੇਟੀ ਦੀ ਇਕੱਤਰਤਾ 27 ਅਗਸਤ 1921 ਈ: ਨੂੰ ਹੋਈ।
ਗੁਰਦੁਆਰਾ ਸੁਧਾਰ ਕਮੇਟੀ ਨੇ ਵੱਡੇ ਉਤਸ਼ਾਹ ਅਤੇ ਧਰਮ-ਭਾਵ ਨਾਲ ਗੁਰਦੁਆਰਿਆਂ ਦੇ ਸੁਧਾਰ ਦਾ ਕੰਮ ਅਰੰਭਿਆ । ਇਸ ਸੁਧਾਰ ਦੇ ਕੰਮ ਵਿਚ ਅਨੇਕਾਂ ਵਿਘਨ ਪਏ ਜਿਸ ਕਰਕੇ ਸਿੱਖ-ਪੰਥ ਨੂੰ ਬੜੀਆਂ ਕੁਰਬਾਨੀਆਂ ਕਰਨੀਆਂ ਪਈਆਂ।
ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਨੂੰ ਸਿੰਘਾਂ ਨੇ ਭ੍ਰਿਸ਼ਟ ਮਹੰਤਾਂ ਕੋਲੋਂ ਅਜ਼ਾਦ ਕਰਵਾ ਲਿਆ ਸੀ ਭਾਵੇਂ ਇਸ ਲਈ ਉਨ੍ਹਾਂ ਨੂੰ ਬਹੁਤ ਸੰਘਰਸ਼ ਕਰਨਾ ਪਿਆ ਤੇ ਸਿੰਘਾਂ ਨੂੰ ਘੋਰ ਕਸ਼ਟ ਸਹਾਰਨੇ ਪਏ। ਮਹੰਤਾਂ ਨਾਲ ਹੋਏ ਇਸ ਸੰਘਰਸ਼ ਵਿਚ ਭਾਈ ਹਜ਼ਾਰਾ ਸਿੰਘ ਜੀ ਸ਼ਹੀਦੀ ਪਾ ਗਏ ਸਨ । ਇਸ ਘਟਨਾ ਨੂੰ ਸੁਣ ਕੇ ਸੰਗਤਾਂ ਦੂਰ-ਦੂਰ ਤੋਂ ਆ ਰਹੀਆਂ ਸਨ । ਘੁੱਕੇਵਾਲੀ ਦੇ ਪਿੰਡ ਤੇੜੇ ਦੇ ਸਿੰਘ ਵੀ ਜਥੇਦਾਰ ਕਰਤਾਰ ਸਿੰਘ ਝੱਬਰ ਜੀ ਪਾਸ ਪੁੱਜੇ।
ਸ੍ਰੀ ਅੰਮ੍ਰਿਤਸਰ ਤੋਂ ਅਜਨਾਲੇ ਨੂੰ ਜਾਂਦੀ ਸੜਕ ਉੱਪਰ ਸ੍ਰੀ ਅੰਮ੍ਰਿਤਸਰ ਤੋਂ 13-14 ਮੀਲ ਦੀ ਦੂਰੀ ਅਤੇ ਸੜਕ ਤੋਂ ਥੋੜ੍ਹਾ ਜਿਹਾ ਹਟ ਕੇ ਪਿੰਡ ਘੁੱਕੇਵਾਲੀ ਰੋਡ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਦੀ ਜੂਹ ਵਿਚ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ਼ ਹੈ। ਇਸ ਅਸਥਾਨ ‘ਤੇ ਪਹਿਲਾਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅਤੇ ਫਿਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਰਨ ਪਾਏ ਸਨ । ਗੁਰਦੁਆਰਾ ਸਾਹਿਬ ਦੇ ਲਾਗੇ ਹੀ ਗੁਰਦੁਆਰਾ ਸਾਹਿਬ ਦੀ ਮਲਕੀਅਤ ਵਾਲੀ ਜ਼ਮੀਨ ਹੈ ਜੋ ਕਿਸੇ ਸਮੇਂ ਬਾਗ਼ ਸੀ ਜਿਸ ਨੂੰ ਗੁਰੂ ਕਾ ਬਾਗ਼ ਕਿਹਾ ਜਾਂਦਾ ਹੈ।
ਘੁੱਕੇਵਾਲੀ ਤੋਂ ਆਈ ਸੰਗਤ ਨੇ ਗੁਰੂ ਕੇ ਬਾਗ਼ ‘ਤੇ ਕਾਬਜ਼ ਮਹੰਤ ਸੁੰਦਰ ਦਾਸ ਦੀਆਂ ਕਰਤੂਤਾਂ ਦੱਸੀਆਂ ਕਿ ਉਹ ਸ਼ਰਾਬ ਪੀਣ ਦਾ ਆਦੀ ਹੈ ਅਤੇ ਉਸ ਨੇ ਇਕ ਵਿਧਵਾ ਇਸਤਰੀ ਜੋ ਸ਼ਰਾਬ ਪੀਣ ਦੀ ਆਦੀ ਹੈ ਨੂੰ ਬਿਨਾਂ ਅਨੰਦ ਕਾਰਜ ਕਰਵਾਇਆਂ ਹੀ ਆਪਣੇ ਘਰ ਵਿਚ ਰੱਖਿਆ ਹੋਇਆ ਹੈ। ਇਨ੍ਹਾਂ ਦੀਆਂ ਕੋਝੀਆਂ ਹਰਕਤਾਂ ਤੋਂ ਸੰਗਤ ਬਹੁਤ ਪਰੇਸ਼ਾਨ ਸੀ। ਸੰਗਤ ਨੇ ਜਥੇਦਾਰ ਕਰਤਾਰ ਸਿੰਘ ਝੱਬਰ ਨੂੰ ਬੇਨਤੀ ਕੀਤੀ ਕਿ ਉਹ ਮਹੰਤ ਸੁੰਦਰ ਦਾਸ ਤੋਂ ਗੁਰਦੁਆਰਾ ਸਾਹਿਬ ਨੂੰ ਅਜ਼ਾਦ ਕਰਵਾਉਣ ਵਿਚ ਉਨ੍ਹਾਂ ਦੀ ਮਦਦ ਕਰਨ। ਮਹੰਤ ਆਪਣੀਆਂ ਬਦਚਲਣੀਆਂ ਕਾਰਨ ਇਲਾਕੇ ਵਿਚ ਬਹੁਤ ਬਦਨਾਮ ਹੋ ਚੁੱਕਾ ਸੀ ।
ਸੰਗਤਾਂ ਦੀ ਮੰਗ ‘ਤੇ ਜਥੇਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ਹੇਠ 50 ਸਿੰਘਾਂ ਦਾ ਇਕ ਜਥਾ 31 ਜਨਵਰੀ, 1921 ਈ: ਨੂੰ ਸ੍ਰੀ ਅੰਮ੍ਰਿਤਸਰ ਤੋਂ ਟਾਂਗਿਆਂ ‘ਤੇ ਸਵਾਰ ਹੋ ਕੇ ਰਾਜਾਸਾਂਸੀ ਪਹੁੰਚ ਗਿਆ ਅਤੇ ਉੱਥੋਂ ਪੈਦਲ ਹੀ ਘੁੱਕੇਵਾਲੀ ਪਿੰਡ ਵੱਲ ਨੂੰ ਚੱਲ ਪਿਆ। ਇਲਾਕੇ ਦੇ ਸਿੰਘਾਂ ਨੂੰ ਜਥੇ ਦੇ ਆਉਣ ਦੀ ਪਹਿਲਾਂ ਹੀ ਖਬਰ ਸੀ । ਇਸ ਲਈ ਉਹ ਇਕ ਦਿਨ ਪਹਿਲਾਂ ਹੀ ਪਹੁੰਚ ਗਏ ਸਨ । ਰਸਤੇ ਵਿਚ ਵੀ ਜਥੇ ਨਾਲ ਹੋਰ ਸਿੰਘ ਰਲਦੇ ਗਏ। ਸਿੰਘਾਂ ਦਾ ਇਹ ਜਥਾ ਸ਼ਾਮ ਨੂੰ 4:00 ਵਜੇ ਦੇ ਲੱਗਭਗ ਘੁੱਕੇਵਾਲੀ ਪਿੰਡ ਪਹੁੰਚ ਗਿਆ। ਚਾਰ-ਪੰਜ ਸੌ ਦੇ ਕਰੀਬ ਸੰਗਤ ਗੁਰਦੁਆਰਾ ਸਾਹਿਬ ਵਿਚ ਇਕੱਠੀ ਹੋ ਗਈ ਸੀ।
ਮਹੰਤ ਨੇ ਵੀ ਭੱਜ-ਨੱਠ ਸ਼ੁਰੂ ਕਰ ਦਿੱਤੀ । ਉਸ ਨੇ ਰਾਤੋ-ਰਾਤ ਆਪਣੇ ਆਦਮੀ ਭੇਜ ਕੇ ਸ. ਅਮਰ ਸਿੰਘ ਝਬਾਲ ਨੂੰ ਬੁਲਾ ਲਿਆ । ਸ. ਅਮਰ ਸਿੰਘ ਝਬਾਲ ਨੇ ਜਥੇਦਾਰ ਕਰਤਾਰ ਸਿੰਘ ਝੱਬਰ ਨੂੰ ਮਿਲ ਕੇ ਮਹੰਤ ਤੋਂ ਕੀਤੀਆਂ ਕੁਰੀਤੀਆਂ ਦੀ ਲਿਖਤੀ ਮਾਫੀ ਮੰਗਵਾ ਦਿੱਤੀ। ਤੇ ਅੱਗੇ ਤੋਂ ਸਾਰਾ ਕੰਮ ਗੁਰ-ਮਰਯਾਦਾ ਵਿਚ ਰਹਿ ਕੇ ਕਰਨ ਦਾ ਪੱਕਾ ਇਕਰਾਰ ਲਿਖਵਾ ਕੇ ਦੇ ਦਿੱਤਾ। ਮਹੰਤ ਨੇ ਲਿਖ ਕੇ ਦੇ ਦਿੱਤਾ ਕਿ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰੂ ਕਾ ਬਾਗ਼ ਗੁਰਦੁਆਰਾ ਦਿੰਦਾ ਹਾਂ ਤੇ ਮੈਂ ਅੱਗੇ ਤੋਂ ਪ੍ਰਬੰਧਕ ਕਮੇਟੀ ਦੇ ਹੁਕਮ ਅਨੁਸਾਰ ਹੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕਰਾਂਗਾ। ਮਹੰਤ ਨਾਲ ਸੰਗਤ ਨੇ ਹੇਠ ਲਿਖੀਆਂ ਸ਼ਰਤਾਂ ਮੰਨਣ ‘ਤੇ ਮਹੰਤ ਬਣਿਆ ਰਹਿਣ ਦੀ ਆਗਿਆ ਦੇ ਦਿੱਤੀ :
- ਮਹੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸਿੱਖਾਂ ਦੀ ਨਾਮਜ਼ਦ ਕਮੇਟੀ ਦੇ ਅਧੀਨ ਕੰਮ ਕਰੇਗਾ।
- ਉਹ ਅੰਮ੍ਰਿਤਧਾਰੀ ਸਿੰਘ ਸਜੇਗਾ।
- ਉਹ ਕਿਸੇ ਇੱਕ ਇਸਤਰੀ ਨਾਲ ਸ਼ਾਦੀ ਕਰ ਸਕਦਾ ਹੈ ਪਰ ਉਹ ਕਿਸੇ ਇਸਤਰੀ ਨਾਲ ਨਜਾਇਜ਼ ਸੰਬੰਧ ਨਹੀਂ ਰੱਖੇਗਾ।
ਸੰਗਤ ‘ਚੋਂ ਇਕ ਪ੍ਰਬੰਧਕੀ ਕਮੇਟੀ ਬਣਾਈ ਗਈ ਤੇ ਸਾਰਾ ਪ੍ਰਬੰਧ ਉਸ ਕਮੇਟੀ ਦੇ ਸਪੁਰਦ ਕਰ ਦਿੱਤਾ ਗਿਆ। ਇਸ ਕਮੇਟੀ ਵਿਚ ਸ. ਦਾਨ ਸਿੰਘ ਵਛੋਆ, ਸ. ਅਮਰ ਸਿੰਘ ਝਬਾਲ, ਭਾਈ ਇੰਦਰ ਸਿੰਘ ਰਾਜੀਆ, ਸ. ਨਰੈਣ ਸਿੰਘ ਘੁੱਕੇਵਾਲੀ, ਸ. ਗੰਡਾ ਸਿੰਘ ਜਗਦੇਵ, ਸ. ਅਮਰ ਸਿੰਘ ਖਤਰਾਏਂ ਕਲਾਂ, ਭਾਈ ਆਤਮਾ ਸਿੰਘ ਸਹਿੰਸਰਾ, ਸ. ਅਰਜਨ ਸਿੰਘ ਭੋਇਵਾਲ, ਭਾਈ ਭਗਵਾਨ ਸਿੰਘ ਜੱਸੜਾਂ ਅਤੇ ਮਹੰਤ ਸੁੰਦਰ ਦਾਸ ਨੂੰ ਸ਼ਾਮਲ ਕੀਤਾ ਗਿਆ। ਸ. ਦਾਨ ਸਿੰਘ ਵਛੋਆ ਨੂੰ ਕਮੇਟੀ ਦਾ ਪ੍ਰਧਾਨ ਅਤੇ ਭਾਈ ਇੰਦਰ ਸਿੰਘ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਮਹੰਤ ਵੱਲੋਂ ਲਿਖੀ ਚਿੱਠੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਪੁਰਦ ਕਰ ਦਿੱਤੀ ਗਈ। ਮਹੰਤ ਨੇ ਸ੍ਰੀ ਅੰਮ੍ਰਿਤਸਰ ਜਾ ਕੇ ਖੰਡੇ ਦੀ ਪਾਹੁਲ ਪ੍ਰਾਪਤ ਕਰ ਲਈ। ਇਸ ਤੋਂ ਬਾਅਦ ਉਸ ਦਾ ਨਾਂ ਜੋਗਿੰਦਰ ਸਿੰਘ ਰੱਖਿਆ ਗਿਆ। ਉਸ ਨੇ ਰੱਖੇ ਪਿੰਡ ਦੀ ਜੰਮਪਲ ਈਸ਼ਰੀ ਨਾਲ ਅਨੰਦ ਕਾਰਜ ਕਰਾ ਲਿਆ ਜਿਸ ਦਾ ਖੰਡੇ ਦੀ ਪਾਹੁਲ ਲੈਣ ਤੋਂ ਬਾਅਦ ਨਾਂ ਗਿਆਨ ਕੌਰ ਰੱਖਿਆ ਗਿਆ।
ਮਹੰਤ ਨੇ ਫਰਵਰੀ, 1922 ਈ: ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮੁੜ ਤੋਂ ਸਮਝੌਤੇ ਦੀ ਗੱਲ ਚਲਾਈ । ਉਸ ਨੇ ਸ. ਤੇਜਾ ਸਿੰਘ ਸਮੁੰਦਰੀ, ਸ. ਬਾਲ ਸਿੰਘ ਅਤੇ ਸ. ਗੁਰਚਰਨ ਸਿੰਘ ਵੱਲੋਂ ਸਾਲਸੀ ਕਰਨ ਤੇ ਗੁਰਦੁਆਰਾ ਗੁਰੂ ਕੇ ਬਾਗ਼ ਦਾ ਸਾਰਾ ਕਬਜ਼ਾ ਦੇਣ ਬਦਲੇ 120 ਰੁਪਏ ਮਹੀਨਾ ਪੈਨਸ਼ਨ, ਰਿਹਾਇਸ਼ ਲਈ ਸ੍ਰੀ ਅੰਮ੍ਰਿਤਸਰ ਸ਼ਹਿਰ ਵਿਚ ਮਕਾਨ ਲੈਣਾ ਪ੍ਰਵਾਨ ਕਰ ਕੇ ਸਾਰਾ ਪ੍ਰਬੰਧ ਕਮੇਟੀ ਨੂੰ ਦੇਣਾ ਪ੍ਰਵਾਨ ਕਰ ਲਿਆ।
ਮਹੰਤ ਬੜਾ ਚਲਾਕ ਸੀ । ਉਸ ਨੇ ਆਪਣੀ ਲਿਖੀ ਚਿੱਠੀ ਕਿਸੇ ਰਾਹੀਂ ਇਕ ਕਲਰਕ ਨੂੰ 500 ਰੁਪਿਆ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿੱਚੋਂ ਚੋਰੀ ਕਰਵਾ ਲਈ ਅਤੇ ਗੁਰਦੁਆਰਾ ਸਾਹਿਬ ਵਿਚ ਸੇਵਾ ਕਰਦੇ ਸੇਵਾਦਾਰਾਂ ਨਾਲ ਦੁਰਵਿਵਹਾਰ ਸ਼ੁਰੂ ਕਰ ਦਿੱਤਾ।
8-9 ਅਗਸਤ, 1922 ਈ: ਨੂੰ ਲੰਗਰ ਲਈ ਗੁਰੂ ਕੇ ਬਾਗ਼ ‘ਚੋਂ ਲੱਕੜੀਆਂ ਲੈਣ ਗਏ ਸਿੰਘਾਂ ਨਾਲ ਝਗੜਾ ਵਧ ਗਿਆ । ਪੁਲੀਸ ਨੇ ਇਨ੍ਹਾਂ ਪੰਜਾਂ ਸਿੰਘਾਂ ਦਾ ਚਲਾਨ ਕਰ ਦਿੱਤਾ ਤੇ ਇਸ ਨਾਲ ਹੀ ਗੁਰੂ ਕੇ ਬਾਗ਼ ਦਾ ਮੋਰਚਾ ਸ਼ੁਰੂ ਹੋ ਗਿਆ। ਮੋਰਚੇ ਲਈ ਸਿੰਘਾਂ ਦੀ ਭਰਤੀ ਸ਼ੁਰੂ ਹੋ ਗਈ। 100 ਸਿੰਘਾਂ ਦਾ ਇਕ ਜਥਾ ਤਿਆਰ ਹੋ ਗਿਆ ਜਿਸ ਨੇ ਗੁਰਦੁਆਰਾ ਸਾਹਿਬ ਵੱਲ ਨੂੰ ਚਾਲੇ ਪਾ ਦਿੱਤੇ। ਇਹ ਜਥਾ ਰਾਤ ਖੰਨੇ ਲੁਬਾਣਿਆ ਕੱਟ ਕੇ ਜਦੋਂ ਨੇੜੇ ਹੀ ਲੰਘਦੀ ਡੇਕ ਲੰਘਿਆ ਤਾਂ ਉੱਥੇ ਕਾਲੇ ਪਿੰਡ ਦੇ ਇਕ ਭੁੰਝਗੀ ਬੰਤਾ ਸਿੰਘ ਨੂੰ ਅਚਾਨਕ ਸੱਪ ਨੇ ਡੱਸ ਲਿਆ। ਜਥੇ ਦੇ ਮੈਂਬਰਾਂ ਨੇ ਉਸ ਨੂੰ ਵਾਪਿਸ ਭੇਜਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨਿਆ। ਮੁਹੰਮਦਪੁਰ ਪਿੰਡ ਦੇ ਨੇੜੇ ਪਹੁੰਚ ਕੇ ਉਹ ਬੇਹੋਸ਼ ਹੋ ਗਿਆ। ਸੰਗਤ ਨੇ ਉਸ ਨੂੰ ਇਸ ਪਿੰਡ ਵਿਚ ਹੀ ਛੱਡ ਦਿੱਤਾ। ਪਿੰਡ ਦੀਆਂ ਸੰਗਤਾਂ ਨੇ ਉਸ ਦੀ ਬਹੁਤ ਸੇਵਾ ਕੀਤੀ ਜਿਸ ਨਾਲ ਉਹ ਜਲਦੀ ਹੀ ਠੀਕ ਹੋ ਗਿਆ।
ਚੂਹੜਕਾਣਾ ਤੋਂ ਸਿੰਘਾਂ ਦਾ ਇਕ ਜਥਾ ਸ੍ਰੀ ਅੰਮ੍ਰਿਤਸਰ ਪੁੱਜ ਗਿਆ ਜਿਸ ਨੇ ਰਾਤ ਨੂੰ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਆਪਣਾ ਪੜਾਅ ਕੀਤਾ। ਅਗਲੀ ਸਵੇਰ ਇਹ ਜਥਾ ਭਾਈ ਮਾਨ ਸਿੰਘ ਹੰਭੋ ਵਾਲਾ ਦੀ ਜਥੇਦਾਰੀ ਹੇਠ ਗੁਰੂ ਕੇ ਬਾਗ਼ ਨੂੰ ਰਵਾਨਾ ਹੋ ਗਿਆ ਜਿਸ ਨੂੰ ਰਸਤੇ ਵਿਚ ਹੀ ਗ੍ਰਿਫਤਾਰ ਕਰ ਲਿਆ ਗਿਆ। 22 ਅਗਸਤ ਤੋਂ ਰੋਜ਼ਾਨਾ ਲੱਗਭਗ 100 ਸਿੰਘਾਂ ਦਾ ਜਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਗੁਰੂ ਕੇ ਬਾਗ ਵੱਲ ਨੂੰ ਜਾਣਾ ਸ਼ੁਰੂ ਹੋ ਗਿਆ। ਅੰਮ੍ਰਿਤਸਰ ਪੁਲੀਸ ਦਾ ਡਿਪਟੀ ਸੁਪਰਡੈਂਟ ਮਿਸਟਰ ਬੀ.ਟੀ. ਸੀ। ਉਸ ਨੇ ਆਪਣੇ ਨਾਲ ਕੁਝ ਹੋਰ ਪੁਲੀਸ ਅਫਸਰ ਤੈਨਾਤ ਕੀਤੇ ਹੋਏ ਸਨ । ਉਹ ਸਾਰੇ ਗੁਰੂ ਕੇ ਬਾਗ਼ ਪਹੁੰਚ ਕੇ ਗੁਰਦੁਆਰਾ ਸਾਹਿਬ ਨੂੰ ਘੇਰਾ ਪਾ ਕੇ ਖੜ੍ਹ ਗਏ। ਭਾਦੋਂ ਦੀ ਮੱਸਿਆ ਦਾ ਦਿਨ ਹੋਣ ਕਰਕੇ ਬੇਸ਼ੁਮਾਰ ਸੰਗਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਨੂੰ ਆ ਰਹੀ ਸੀ ਜਿਨ੍ਹਾਂ ਨੂੰ ਰਸਤੇ ਵਿਚ ਹੀ ਰੋਕ ਕੇ ਡਾਂਗਾਂ ਨਾਲ ਬੁਰੀ ਤਰ੍ਹਾਂ ਮਾਰਿਆ-ਕੁੱਟਿਆ ਗਿਆ ਤੇ ਇਨ੍ਹਾਂ ਵਿੱਚੋਂ ਜੋ ਬੇਹੋਸ਼ ਹੋ ਗਏ ਉਸ ਨੂੰ ਕੇਸਾਂ ਤੋਂ ਫੜ ਕੇ ਧੂਹ ਕੇ ਨਾਲ ਲੱਗਦੇ ਗੰਦੇ ਪਾਣੀ ਦੇ ਛੱਪੜ ਵਿਚ ਸੁੱਟ ਦਿੱਤਾ ਗਿਆ।
ਸਰਕਾਰ ਨੇ ਮਹੰਤ ਨਾਲ ਰਲ ਕੇ ਲੰਗਰ ਲਈ ਲੱਕੜੀਆਂ ਲੈਣ ਗਏ ਸਿੰਘਾਂ ‘ਤੇ ਲੱਕੜੀਆਂ ਚੋਰੀ ਕਰਨ ਦਾ ਕੇਸ ਦਰਜ ਕਰ ਦਿੱਤਾ। ਸਿੰਘ ਇਸ ਦੇ ਵਿਰੋਧ ਲਈ ਹਰ ਰੋਜ਼ ਲੱਕੜੀਆਂ ਕੱਟਣ ਜਾਂਦੇ ਤੇ ਪੁਲੀਸ ਉਨ੍ਹਾਂ ਨੂੰ ਗ੍ਰਿਫਤਾਰ ਕਰ ਲੈਂਦੀ । 25 ਅਗਸਤ, 1922 ਤਕ ਇਨ੍ਹਾਂ ਸਿੰਘਾਂ ਦੀ ਗਿਣਤੀ 210 ਹੋ ਗਈ ਸੀ । ਸਿੰਘਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾਂਦੀ ਸੀ । ਸਿੰਘਾਂ ਦੇ ਇਕੱਠ ਨੂੰ ਦੇਖਦਿਆਂ ਸਰਕਾਰ ਨੇ ਅੱਗੇ ਤੋਂ ਇਨ੍ਹਾਂ ‘ਤੇ ਹੋਰ ਸਖ਼ਤੀ ਕਰਨ ਦਾ ਮਨ ਬਣਾ ਲਿਆ। ਪੁਲੀਸ ਆਪੇ ਤੋਂ ਬਾਹਰ ਹੋ ਗਈ। ਬੀ.ਟੀ. ਨੇ ਅਜਨਾਲੇ ਦੇ ਤਹਿਸੀਲਦਾਰ ਜ਼ਹੂਰ-ਉਦ-ਦੀਨ ਅਤੇ ਡਿਪਟੀ ਸੁਪਰਡੈਂਟ ਪੁਲੀਸ ਲਾਲਾ ਸ਼ਾਮ ਸਿੰਘ ਨੂੰ ਆਪਣੇ ਨਾਲ ਲੈ ਲਿਆ । ਪੁਲੀਸ ਨੇ ਸ਼ਾਂਤੀ ਨਾਲ ਬੈਠੀ ਸੰਗਤ ਨੂੰ ਡਾਂਗਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਪੁਲੀਸ ਦੇ ਰਵੱਈਏ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜ਼ਖਮੀਆਂ ਦੇ ਇਲਾਜ਼ ਲਈ ਚਾਰ ਡਾਕਟਰ ਡਾ. ਭਗਵਾਨ ਸਿੰਘ, ਡਾ. ਪੁਤਾਪ ਸਿੰਘ, ਡਾ. ਸੰਤ ਰਾਮ ਤੇ ਡਾ. ਕਿਰਪਾ ਰਾਮ ਨੂੰ ਭੇਜਿਆ।
26 ਅਗਸਤ ਨੂੰ ਪੱਟੀ ਵਾਲੇ ਬਾਬਾ ਕੇਹਰ ਸਿੰਘ ਦਾ ਜਥਾ 36 ਸਿੰਘਾਂ ਸਮੇਤ ਲੱਕੜੀਆਂ ਕੱਟਣ ਲਈ ਗਿਆ, ਉਸ ਦੀ ਪੁਲੀਸ ਨੇ ਬੁਰੀ ਤਰ੍ਹਾਂ ਮਾਰ-ਕੁਟਾਈ ਕੀਤੀ। ਮਿਸਟਰ ਬੀ.ਟੀ. ਨੂੰ ਇਨ੍ਹਾਂ ਦੇ ਆਉਣ ਬਾਰੇ ਪਤਾ ਲੱਗਾ ਤਾਂ ਉਸ ਨੇ ਬਾਬਾ ਜੀ ਨੂੰ ਸ਼੍ਰੋਮਣੀ ਕਮੇਟੀ ਅਤੇ ਮਹੰਤ ਵਿਚਕਾਰ ਸੁਲਹ ਕਰਵਾਉਣ ਦੀ ਬੇਨਤੀ ਕੀਤੀ। ਬਾਬਾ ਜੀ ਦੇ ਸਹਿਮਤੀ ਦੇਣ ‘ਤੇ ਉਸ ਨੇ ਬਾਬਾ ਜੀ ਨੂੰ ਤਹਿਸੀਲਦਾਰ ਅਤੇ ਮਹੰਤ ਨਾਲ ਅੰਮ੍ਰਿਤਸਰ ਜਾਣ ਲਈ ਆਪਣੀ ਕਾਰ ਦੇ ਦਿੱਤੀ । ਬਾਬਾ ਜੀ ਨੇ ਸ਼ਰਤ ਰੱਖ ਦਿੱਤੀ ਕਿ ਉਹ ਘਰੋਂ ਅਰਦਾਸ ਕਰ ਕੇ ਤੁਰੇ ਸਨ ਕਿ ਲੰਗਰ ਲਈ ਲੱਕੜਾਂ ਕੱਟ ਕੇ ਹੀ ਵਾਪਿਸ ਆਉਣਗੇ, ਇਸ ਲਈ ਉਹ ਆਪਣਾ ਪ੍ਰਣ ਪੂਰਾ ਕਰਨਗੇ, ਫੇਰ ਹੀ ਕਿਤੇ ਹੋਰ ਜਾਣਗੇ। ਪੁਲੀਸ ਅਫਸਰ ਬੀ.ਟੀ.ਨੇ ਉਨ੍ਹਾਂ ਨੂੰ ਲੱਕੜਾਂ ਕੱਟਣ ਦੀ ਆਗਿਆ ਵੀ ਦੇ ਦਿੱਤੀ । ਬਾਬਾ ਕੇਹਰ ਸਿੰਘ ਆਪਣਾ ਪ੍ਰਣ ਨਿਭਾ ਕੇ ਉਨ੍ਹਾਂ ਨਾਲ ਤੁਰ ਪਏ। ਸ੍ਰੀ ਅੰਮ੍ਰਿਤਸਰ ਪਹੁੰਚ ਕੇ ਇਨ੍ਹਾਂ ਮੁਖੀਆਂ ਦੀ ਮੀਟਿੰਗ ਹੋਈ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਲੀਸ ਦੀਆਂ ਵਧੀਕੀਆਂ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ‘ਤੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਬਾਰੇ ਪੁਲੀਸ ਨੂੰ ਪਤਾ ਲੱਗ ਗਿਆ ਤਾਂ ਇਸੇ ਦਿਨ ਬਾਬਾ ਕੇਹਰ ਸਿੰਘ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 8 ਉੱਘੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ।
ਅੰਗਰੇਜ਼ ਸਰਕਾਰ ਵੱਲੋਂ ਸਖ਼ਤੀਆਂ ਦਾ ਦੌਰ ਤੇਜ਼ ਕਰ ਦਿੱਤਾ ਗਿਆ । ਗੁਰਦੁਆਰਾ ਸਾਹਿਬ ਵਿਚ ਲੰਗਰ ਲਈ ਜਾਣ ਵਾਲੀ ਰਸਦ ‘ਤੇ ਪੂਰੀ ਸਖ਼ਤੀ ਨਾਲ ਰੋਕ ਲਾ ਦਿੱਤੀ. ਗਈ। ਜੇਕਰ ਨਾਲ ਦੇ ਪਿੰਡਾਂ ‘ਚੋਂ ਕੋਈ ਰਸਦ ਲੈ ਕੇ ਆਉਂਦਾ ਤਾਂ ਪੁਲੀਸ ਰਸਤੇ ਵਿਚ ਹੀ। ਖੋਹ ਲੈਂਦੀ। ਮੋਰਚੇ ਵਿਚ ਭਾਗ ਲੈਣ ਲਈ ਜ਼ਿਲ੍ਹਾ ਲਾਇਲਪੁਰ ਦੀ ਤਹਿਸੀਲ ਸਮੁੰਦਰੀ ਤੋਂ ਚੱਕ ਨੰਬਰ 445 ਤੋਂ ਜੱਥਾ ਆਇਆ। ਇਸ ਜਥੇ ਦੀ ਅਗਵਾਈ ਜਥੇਦਾਰ ਉੱਤਮ ਸਿੰਘ ਬਬਰ, ਮੀਤ ਜਥੇਦਾਰ ਸ. ਸ਼ਰਮ ਸਿੰਘ ਚੌਹਾਨ, ਗੁਰਦਿੱਤ ਸਿੰਘ ਸਫੇਦਪੋਸ਼, ਸ. ਬੂਟਾ ਸਿੰਘ ਸੈਕਟਰੀ, ਸ. ਹਾਕਮ ਸਿੰਘ, ਸ. ਭਗਤ ਸਿੰਘ ਅਤੇ ਸ. ਚੇਤ ਸਿੰਘ ਕਰ ਰਹੇ ਸਨ। ਰਾਤ ਨੂੰ ਦੋ ਸਿੰਘਾਂ ਨੇ ਦੱਸਿਆ ਕਿ ਇਥੋਂ ਨਜ਼ਦੀਕ ਹੀ ਇਕ ਖੂਹ ‘ਤੇ 25 ਪਿੰਡਾਂ ਵਿੱਚੋਂ ਲੰਗਰ ਪੁੱਜਾ। ਹੈ ਜੋ ਥੋੜ੍ਹੀ ਦੀ ਦੂਰ ਹੈ। ਇਸ ਰਸਦ ਨੂੰ ਗੁਰਦੁਆਰਾ ਸਾਹਿਬ ਲੈ ਕੇ ਆਉਣ ਦਾ ਪ੍ਰਬੰਧ ਕੀਤਾ। ਜਾਵੇ। ਜਥੇਦਾਰ ਸ਼ਰਮ ਸਿੰਘ ਨੇ ਲੰਗਰ ਲੈ ਕੇ ਆਉਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ। ਇਨ੍ਹਾਂ ਨੇ ੨੫ ਸਿੰਘਾਂ ਨੂੰ ਨਾਲ ਲੈ ਕੇ ਖੂਹ ਤੋਂ ਲੰਗਰ ਦੀਆਂ ਪੰਡਾਂ ਚੁੱਕ ਲਈਆਂ। ਚੰਨ ਚਾਨਣੀ ਰਾਤ ਵਿਚ ਜਦੋਂ ਬੀ.ਟੀ. ਨੇ ਕੁਝ ਹਰਕਤ ਮਹਿਸੂਸ ਕੀਤੀ ਤਾਂ ਘੋੜੀ ‘ਤੇ ਚੜ੍ਹ ਕੇ ਨਾਲ ਪਠਾਣ ਸਿਪਾਹੀਆਂ ਨੂੰ ਲੈ ਕੇ ਉਧਰ ਆ ਗਿਆ। ਜਥੇਦਾਰ ਸ਼ਰਮ ਸਿੰਘ ਤੇ ਬੀ.ਟੀ ਆਹਮੋ-ਸਾਹਮਣੇ ਆ ਗਏ । ਘੋੜੀ ਚੜ੍ਹ ਕੇ ਆਏ ਬੀ.ਟੀ. ਨੇ ਪਠਾਣਾਂ ਨੂੰ ਸਿੰਘਾਂ ‘ਤੇ ਹਮਲਾ ਕਰਨ ਦਾ ਹੁਕਮ ਦਿੱਤਾ। ਜਥੇਦਾਰ ਸ਼ਰਮ ਸਿੰਘ ਨੇ ਜੈਕਾਰਾ ਛੱਡ ਕੇ ਦੋਵੇਂ ਹੱਥਾਂ ਦੇ ਜ਼ੋਰ ਨਾਲ ਖੂੰਡੇ ਨਾਲ ਬੀ.ਟੀ. ‘ਤੇ ਵਾਰ ਕੀਤਾ। ਬੀ.ਟੀ. ਨੇ ਆਪਣਾ ਸਿਰ ਪਿੱਛੇ ਕਰ ਲਿਆ ਜਿਸ ਕਾਰਨ ਖੂੰਡਾ ਬੀ.ਟੀ. ਦੀ ਬਾਂਹ ਨੂੰ ਤੋੜ ਕੇ ਘੋੜੀ ਦੇ ਸਿਰ ਵਿਚ ਲੱਗਾ। ਘੋੜੀ ਧਰਤੀ ‘ਤੇ ਡਿੱਗ ਗਈ। ਸਿੰਘਾਂ ਨੇ ਬੜੀ ਫੁਰਤੀ ਨਾਲ ਲੰਗਰ ਟਿਕਾਣੇ ਸਿਰ ਪਹੁੰਚਾ ਦਿੱਤਾ। ਬੀ.ਟੀ.ਨੇ ਇਸ ਘਟਨਾ ਦਾ ਜ਼ਿਕਰ ਅੰਮ੍ਰਿਤਸਰ ਦੇ ਡੀ.ਸੀ. ਮਿਸਟਰ ਡੰਨਟ ਪਾਸ ਕਰਕੇ ਗੋਲੀ ਚਲਾਉਣ ਦਾ ਹੁਕਮ ਦੇਣ ਦੀ ਆਗਿਆ ਮੰਗੀ । ਡੀ.ਸੀ. 13 ਅਪ੍ਰੈਲ 1919 ਈ. ਦੇ ਜ਼ਲਿਆਂ ਵਾਲੇ ਬਾਗ ਦੀ ਘਟਨਾ ਤੋਂ ਬਹੁਤ ਡਰਿਆ ਹੋਇਆ ਸੀ ਅਤੇ ਉਸ ਨੇ ਹੁਕਮ ਦਿੱਤਾ ਕਿ ਉਹ ਸਿੰਘਾਂ ਨੂੰ ਕਹੇ ਲੰਗਰ ਦਿਨ ਵਿਚ ਹੀ ਲੈ ਕੇ ਜਾਣ, ਰਾਤ ਨੂੰ ਚੋਰਾਂ ਵਾਂਗ ਨਹੀਂ। ਇਸ ਘਟਨਾ ਕਾਰਨ ਬੱਬਰਾਂ ਦੇ ਇਸ ਜਥੇ ਨੂੰ ਡੁਰਲੀ ਜੱਥੇ ਦੇ ਨਾਂ ਨਾਲ ਜਾਣਿਆ ਜਾਣ ਲੱਗਾ।
12-13 ਸਤੰਬਰ ਨੂੰ ਅਮਰੀਕੀ ਪੱਤਰਕਾਰ ਕੈਪਟਨ ਵਰਗੀਜ਼ ਨੇ ਗੁਰੂ ਕੇ ਬਾਗ ਵਿਖੇ ਅੰਦੋਲਨਕਾਰੀਆਂ ‘ਤੇ ਹੋ ਰਹੇ ਤਸ਼ੱਦਦ ਦੀ ਡਾਕੂਮੇਂਟਰੀ ਤਿਆਰ ਕੀਤੀ ਗਈ। ਇਸ ਫਿਲਮ ਵਿਚ ਪੁਲਿਸ ਵੱਲੋਂ ਡਾਂਗਾਂ ਨਾਲ ਸਿੰਘਾਂ ਦੀ ਕੀਤੀ ਜਾ ਰਹੀ ਕੁੱਟਮਾਰ ਨੂੰ ਦਿਖਾਇਆ ਗਿਆ ਸੀ । ਪੁਲਿਸ ਦੇ ਪਾਲਤੂ ਕੁੱਤੇ ਸਿੰਘਾਂ ਨੂੰ ਵੱਢਦੇ ਹੋਏ ਦਿਖਾਏ ਗਏ। ਜਦੋਂ ਇਹ ਫਿਲਮ ਅਮਰੀਕਾ ਵਿਚ ਦਿਖਾਈ ਗਈ ਤਾਂ ਅਮਰੀਕੀ ਦਰਸ਼ਕਾਂ ਦੇ ਦਿਲਾਂ ਵਿਚ ਵੀ ਸਿੰਘਾਂ ਪ੍ਰਤੀ ਹਮਦਰਦੀ ਦੀ ਭਾਵਨਾ ਜਾਗਿਤ ਹੋ ਗਈ। ਅਜਿਹੀ ਫਿਲਮ ਦੇ ਦਿਖਾਏ ਜਾਣ ਦੇ ਵਿਰੋਧ ਵਿਚ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਅਮਰੀਕਨ ਰਾਸ਼ਟਰਪਤੀ ਨੂੰ ਲਿਖਤੀ ਅਪੀਲ ਵੀ ਕੀਤੀ। ਇਸ ਫਿਲਮ ਦੇ ਦਿਖਾਏ ਜਾਣ ਨਾਲ ਅੰਗਰੇਜ਼ ਸਰਕਾਰ ਦਾ ਤਸ਼ੱਦਦ ਜਗ-ਜਾਹਿਰ ਹੈ। ਗਿਆ ਸੀ।
ਗੁਰੂ ਕੇ ਬਾਗ਼ ਦੇ ਮੋਰਚੇ ਵਿਚ ਫ਼ੌਜੀ ਪੈਨਸ਼ਨੀਆਂ ਦਾ ਵੀ ਇਕ ਜਥਾ ਗ੍ਰਿਫ਼ਤਾਰ ਹੋਇਆ, ਜਿਸ ਦੇ ਮੁਖੀ ਸੂਬੇਦਾਰ ਅਮਰ ਸਿੰਘ ਪਿੰਡ ਧਾਲੀਵਾਲ, ਰਿਆਸਤ ਕਪੂਰਥਲਾ ਤੇ ਮੀਤ ਜਥੇਦਾਰ ਮਾਸਟਰ ਚਤਰ ਸਿੰਘ ਹਵਾਲਦਾਰ, ਪਲਟਨ ਨੰਬਰ 19 ਸਨ । ਇਸ ਜਥੇ ਨੂੰ ਨਵਾਬ ਅਸਲਮ ਹਯਾਤ ਖ਼ਾਂ ਮੈਜਿਸਟਰੇਟ ਅੰਮ੍ਰਿਤਸਰ ਵੱਲੋਂ ਢਾਈ-ਢਾਈ ਸਾਲ ਸਖ਼ਤ ਕੈਦ ਤੇ ਇੱਕ-ਇੱਕ ਸੌ ਰੁਪਏ ਜੁਰਮਾਨੇ ਦੀ ਸਜ਼ਾ ਦੇ ਦਿੱਤੀ।
29 ਅਕਤੂਬਰ, 1922 ਨੂੰ ਸ੍ਰੀ ਅੰਮ੍ਰਿਤਸਰ ਤੋਂ ਰਾਤ ਦੀ ਗੱਡੀ ਰਾਹੀਂ ਫ਼ੌਜੀ ਜਥੇ ਨੂੰ ਅਟਕ ਜੇਲ੍ਹ ਨੂੰ ਭੇਜਣ ਦਾ ਪ੍ਰਬੰਧ ਕੀਤਾ ਗਿਆ। ਇਹ ਗੱਡੀ ਗੁੱਜਰਾਂਵਾਲੇ ਪੁੱਜੀ। ਉੱਥੇ ਸੰਗਤ ਨੂੰ ਕਿਸੇ ਤਰ੍ਹਾਂ ਜਥੇ ਦੇ ਲੰਘਣ ਦੀ ਇਤਲਾਹ ਮਿਲ ਗਈ ਸੀ । ਗੁਜਰਾਂਵਾਲੇ ਸਟੇਸ਼ਨ ਉੱਪਰ ਭਾਈ ਅਮਰੀਕ ਸਿੰਘ, ਡਾਕਟਰ ਮਹਾਂ ਸਿੰਘ, ਸ. ਨਰਾਇਣ ਸਿੰਘ ਵਕੀਲ, ਮਾਸਟਰ ਛਹਿਬਰ ਸਿੰਘ ਸਮੇਤ ਸੰਗਤਾਂ ਨੇ ਭਾਰੀ ਗਿਣਤੀ ਵਿਚ ਜਥੇ ਦਾ ਸਵਾਗਤ ਕੀਤਾ। ਫਲ, ਮਿਠਾਈ ਤੇ ਹੋਰ ਕਈ ਚੀਜ਼ਾਂ ਭੇਟ ਕੀਤੀਆਂ।
ਜਿਸ ਗੱਡੀ ਵਿਚ ਫ਼ੌਜੀ ਸਿੰਘ ਅਟਕ ਨੂੰ ਜਾ ਰਹੇ ਸਨ, ਉਹ ਸਪੈਸ਼ਲ ਸੀ। ਇਹ ਗੱਡੀ 30 ਅਕਤੂਬਰ ਦੁਪਹਿਰ ਦੇ ਵਕਤ ਰਾਵਲਪਿੰਡੀ ਪੁੱਜ ਗਈ। ਗੁੱਜਰਾਂਵਾਲੇ ਤੋਂ ਹੀ ਉਸ ਦੀ ਖ਼ਬਰ ਸ੍ਰੀ ਪੰਜਾ ਸਾਹਿਬ ਵੀ ਪੁੱਜ ਗਈ ਸੀ। ਉੱਥੇ ਸੰਗਤ ਨੇ ਗੱਡੀ ਵਿਚ ਜਾ ਰਹੇ ਵੀਰਾਂ ਨੂੰ ਲੰਗਰ ਛਕਾਉਣ ਦੀ ਵਿਉਂਤ ਕੀਤੀ ਅਤੇ ਤਿਆਰੀ ਸ਼ੁਰੂ ਕਰ ਦਿੱਤੀ। ਜਦ ਕੁਝ ਸਿੱਖ ਮੁਖੀਆਂ ਨੇ ਸਟੇਸ਼ਨ ਮਾਸਟਰ ਤੋਂ ਪੁੱਛਿਆ ਤਾਂ ਉਸ ਨੇ ਕਿਹਾ, “ਗੱਡੀ ਇੱਥੇ ਨਹੀਂ ਰੁਕੇਗੀ। ਸਿੱਧੀ ਅਟਕ ਜਾਏਗੀ।” ਇਹ ਸੁਣ ਕੇ ਸ੍ਰੀ ਪੰਜਾ ਸਾਹਿਬ ਦੀ ਸੰਗਤ ਨੂੰ ਬਹੁਤ ਨਿਰਾਸਤਾ ਹੋਈ। ਉਸ ਵਕਤ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਨੇ ਸੰਗਤ ਨੂੰ ਕਿਹਾ, “ਗੱਡੀ ਜ਼ਰੂਰ ਖੜ੍ਹੀ ਹੋਵੇਗੀ। ਅਸੀਂ ਆਪਣੇ ਵੀਰਾਂ ਨੂੰ ਲੰਗਰ ਛਕਾ ਕੇ ਅੱਗੇ ਜਾਣ ਦੇਵਾਂਗੇ।” ਦੋਹਾਂ ਨੇ ਜਾਨ ਵਾਰ ਕੇ ਭਰਾਵਾਂ ਦੀ ਸੇਵਾ ਕਰਨ ਲਈ ਮਨ ਬਣਾ ਲਿਆ। ਪ੍ਰਤਿੱਗਿਆ ਬੜੀ ਕਠਨ ਸੀ । ਪਰ ਉਨ੍ਹਾਂ ਨੇ ਗੁਰੂ ਪਰਮੇਸ਼ਰ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਉਹ ਉਨ੍ਹਾਂ ਦੀ ਪ੍ਰਤਿੱਗਿਆ ਨੂੰ ਪੂਰਾ ਕਰਨ। ਉਹ ਸੰਗਤ ਸਮੇਤ ਰੇਲਵੇ ਸਟੇਸ਼ਨ ਸ੍ਰੀ ਪੰਜਾ ਸਾਹਿਬ (ਹਸਨ ਅਬਦਾਲ) ਪੁੱਜ ਗਏ।
ਰਾਵਲਪਿੰਡੀ ਤੋਂ ਗੱਡੀ ਚੱਲ ਕੇ ਸ੍ਰੀ ਪੰਜਾ ਸਾਹਿਬ ਸਟੇਸ਼ਨ ਦੇ ਲਾਗੇ ਪੁੱਜ ਚੁੱਕੀ ਸੀ। ਸਟੇਸ਼ਨ ਮਾਸਟਰ ਨੇ ਲਾਈਨ ਕਲੀਅਰ ਦਾ ਇਸ਼ਾਰਾ ਦਿੱਤਾ ਹੋਇਆ ਸੀ । ਗੱਡੀ ਦੇ ਖਲੋਣ ਦੀ ਕੋਈ ਆਸ ਨਹੀਂ ਸੀ । ਇਹ ਵੇਖ ਕੇ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਦੋਵੇਂ ਰੇਲਵੇ ਲਾਈਨ ਵਿਚ ਲੇਟ ਗਏ। ਹੋਰ ਵੀ ਕਈ ਸਿੰਘਾਂ ਨੇ ਯਤਨ ਕੀਤਾ, ਪਰ ਇਨ੍ਹਾਂ ਦੋਵਾਂ ਨੇ ਉਨ੍ਹਾਂ ਨੂੰ ਰੋਕਿਆ। ਗੱਡੀ ਦੇ ਡਰਾਈਵਰ ਨੇ ਰੇਲਵੇ ਲਾਈਨ ਉੱਤੇ ਲੇਟੇ ਹੋਏ ਸਿੰਘਾਂ ਨੂੰ ਵੇਖ ਕੇ ਬਥੇਰੇ ਵਿਸਲ ਦਿੱਤੇ। ਪਰ ਦੋਹਾਂ ਨੇ ਕੋਈ ਪਰਵਾਹ ਨਹੀਂ ਕੀਤੀ। ਉਹ ਮੌਤ ਤੋਂ ਨਿਰਭੈ ਅਤੇ ਦੇਹ ਅਧਿਆਸ ਤੋਂ ਉੱਚੇ ਹੋ ਚੁੱਕੇ ਸਨ। ਉਹ ‘ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ’ ਦੀ ਅਵਸਥਾ ਨੂੰ ਪ੍ਰਾਪਤ ਕਰ ਚੁੱਕੇ ਸਨ।
ਵਿਕਟਰ ਹੀਊਗੋ ਦਾ ਕਥਨ ਹੈ: “ਜ਼ਿੰਦਗੀ ਭਾਵੇਂ ਕਿਤਨੀ ਸ਼ਾਨਦਾਰ ਕਿਉਂ ਨਾ ਹੋਵੇ, ਪਰ ਉਹ ਤਾਰੀਖ਼ੀ ਫ਼ੈਸਲੇ ਲਈ ਸਦਾ ਮੌਤ ਦੀ ਉਡੀਕ ਕਰਦੀ ਹੈ।”
ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕਰਨ ਦਾ ਤਾਰੀਖ਼ੀ ਫ਼ੈਸਲਾ ਕਰ ਲਿਆ ਸੀ ।
ਰੇਲ ਗੱਡੀ ਤੇਜ਼ੀ ਨਾਲ ਆ ਰਹੀ ਸੀ। ਦੋਵੇਂ ਸੱਚੇ ਤੇ ਸੰਕਲਪੀ ਗੁਰਸਿੱਖ ਰੇਲਵੇ ਲਾਈਨ ਵਿਚ ਲੇਟੇ ਹੋਏ ਸਨ। ਅਖ਼ੀਰ ਇੰਜਣ ਉਨ੍ਹਾਂ ਦੀਆਂ ਹੱਡੀਆਂ ਨੂੰ ਚੂਰ ਕਰਦਾ ਹੋਇਆ ਦੋਹਾਂ ਦੇ ਉੱਪਰੋਂ ਲੰਘ ਗਿਆ। ਦੋਹਾਂ ਦੇ ਸਰੀਰ ਪਿੰਜੇ ਗਏ। ਉਹ ਸਖ਼ਤ ਜ਼ਖ਼ਮੀ ਹੈ। ਗਏ। ਗੱਡੀ ਖੜ੍ਹੀ ਹੋ ਗਈ। ਰੇਲਵੇ ਲਾਈਨ ਦੇ ਦੁਪਾਸੜ ਸੈਂਕੜੇ ਸੰਗਤਾਂ ਇਸ ਦਰਦਨਾਕ ਦ੍ਰਿਸ਼ ਨੂੰ ਵੇਖ ਕੇ ਤ੍ਰਾਹ-ਤ੍ਰਾਹ ਕਰ ਰਹੀਆਂ ਸਨ । ਜਦ ਉਨ੍ਹਾਂ ਦੋਹਾਂ ਨੂੰ ਇੰਜਣ ਦੇ ਪਹੀਆਂ ‘ਚੋਂ ਕੱਢਿਆ ਗਿਆ ਤਾਂ ਉਹ ਸਿਸਕ ਰਹੇ ਸਨ। ਡਿਪਟੀ ਕਮਿਸ਼ਨਰ ਨੂੰ ਇਸ ਦੀ ਇਤਲਾਹ ਮਿਲੀ। ਉਹ ਮੌਕੇ ‘ਤੇ ਪੁੱਜ ਗਿਆ।
ਜਦ ਸੰਗਤ ਨੇ ਦਮ ਤੋੜ ਰਹੇ ਸ਼ਹੀਦਾਂ ਦੀ ਸੰਭਾਲ ਕਰਨ ਦਾ ਯਤਨ ਕੀਤਾ, ਉਸ ਵਕਤ ਭਾਈ ਪ੍ਰਤਾਪ ਸਿੰਘ ਜੀ ਤੇ ਭਾਈ ਕਰਮ ਸਿੰਘ ਜੀ ਨੇ ਕਿਹਾ, “ਗੱਡੀ ਵਿਚ ਬੈਠੇ ਵੀਰਾਂ ਦੀ ਸੇਵਾ ਕਰ ਲਉ, ਫਿਰ ਸਾਡੀ ਸੰਭਾਲ ਕਰ ਲੈਣੀ।” ਉਨ੍ਹਾਂ ਦੀ ਇੱਛਿਆ ਅਨੁਸਾਰ ਗੱਡੀ ਵਿਚ ਜਾ ਰਹੇ ਸਿੰਘਾਂ ਨੂੰ ਲੰਗਰ ਵਰਤਾ ਦਿੱਤਾ।
ਗਿਆ । ਸੰਗਤ ਨੇ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਜੀ ਨੂੰ ਜ਼ਖ਼ਮੀ ਹਾਲਤ ਵਿਚ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਲਿਆਂਦਾ ਜਿੱਥੇ ਉਹ ਪੰਜ ਭੂਤਕ ਸਰੀਰ ਤਿਆਗ ਕੇ ਆਤਮਿਕ ਤੌਰ ‘ਤੇ ਗੁਰੂ-ਚਰਨਾਂ ਵਿਚ ਜਾ ਬਿਰਾਜੇ । ਸ੍ਰੀ ਪੰਜਾ ਸਾਹਿਬ ਵਿਚ ਹੀ ਹਜ਼ਾਰਾਂ ਸੰਗਤਾਂ ਨੇ ਦੋਹਾਂ ਸ਼ਹੀਦਾਂ ਦਾ ਬੜੇ ਵੈਰਾਗ ਅਤੇ ਪਿਆਰ-ਸਤਿਕਾਰ ਨਾਲ ਅੰਤਿਮ ਸੰਸਕਾਰ ਕੀਤਾ।
ਸਿੰਘਾਂ ਦੇ ਜਥੇ 17 ਨਵੰਬਰ ਤਕ ਗੁਰੂ ਕਾ ਬਾਗ ਵਿਖੇ ਜਾਂਦੇ ਰਹੇ । ਇਹ ਪੈਦਲ ਜਥੇ ਦੇ ਮੈਂਬਰ ਆਮ ਤੌਰ ‘ਤੇ ਚਾਰ-ਚਾਰ ਲਾਈਨਾਂ ਵਿਚ ਸੜਕ ਦੇ ਖੱਬੇ ਹੱਥ ਚੱਲਦੇ ਜਾਂਦੇ ਸੀ ਤਾਂ ਕਿ ਆਉਣ-ਜਾਣ ਵਾਲੇ ਨੂੰ ਕੋਈ ਮੁਸ਼ਕਿਲ ਨਾ ਹੋਵੇ । ਇਨ੍ਹਾਂ ਜਥਿਆਂ ਨੂੰ ਗੁਰਦੁਆਰਾ ਸਾਹਿਬ ਪਹੁੰਚਣ ਤੋਂ ਪਹਿਲਾਂ ਹੀ ਪੁਲੀਸ ਰੋਕ ਲੈਂਦੀ। ਪੁਲੀਸ ਨੂੰ ਦੇਖਦਿਆਂ ਹੀ ‘ਸਤਿਨਾਮੁ- ਵਾਹਿਗੁਰੂ’ ਦਾ ਜਾਪ ਜਾਂ ਕੀਰਤਨ ਸ਼ੁਰੂ ਕਰ ਦਿੰਦੇ। ਇਸੇ ਸਥਿਤੀ ਵਿਚ ਹੀ ਪੁਲੀਸ ਇਨ੍ਹਾਂ ‘ਤੇ ਡਾਂਗਾਂ ਵਰ੍ਹਾਉਣ ਲੱਗ ਪੈਂਦੀ। ਡਾਂਗਾਂ ਦੀ ਮਾਰ ਨਾਲ ਡਿੱਗੇ ਪਏ ਸਿੰਘਾਂ ‘ਤੇ ਪੁਲੀਸ ਆਪਣੇ ਘੋੜ-ਸਵਾਰ ਸਿਪਾਹੀਆਂ ਨੂੰ ਛੱਡ ਦਿੰਦੀ ਜਿਨ੍ਹਾਂ ਨਾਲ ਉਨ੍ਹਾਂ ਦੇ ਪਾਲਤੂ ਕੁੱਤੇ ਵੀ ਹੁੰਦੇ ਸਨ। ਹਾਰ ਕੇ ਸਰਕਾਰ ਨੇ ਇਸ ਸੰਕਟ ਨੂੰ ਖ਼ਤਮ ਕਰਨ ਲਈ ਸਰ ਗੰਗਾ ਰਾਮ ਦਾ ਸਹਿਯੋਗ ਲਿਆ ਜਿਸ ਨੇ 17 ਨਵੰਬਰ 1922 ਈ: ਨੂੰ ਮਹੰਤ ਸੁੰਦਰ ਦਾਸ ਪਾਸੋਂ ਬਾਗ ਦੀ ਸਾਰੀ ਜ਼ਮੀਨ ਪੱਟੇ ਉੱਤੇ ਲੈ ਕੇ ਸਿੱਖਾਂ ਦੇ ਹਵਾਲੇ ਕਰ ਦਿੱਤੀ। ਇਸ ਨਾਲ ਮੋਰਚਾ ਫਤਹਿ ਹੈ। ਗਿਆ। 27 ਅਪ੍ਰੈਲ, 1923 ਈ: ਨੂੰ ਗ੍ਰਿਫਤਾਰ ਕੀਤੇ ਸਾਰੇ ਅਕਾਲੀ ਵਰਕਰਾਂ ਨੂੰ ਰਿਹਾਅ ਕਰ ਦਿੱਤਾ ਗਿਆ । ਇਸ ਮੋਰਚੇ ਵਿਚ ਸ਼ਾਮਲ ਸਿੰਘਾਂ ‘ਚੋਂ 10 ਸਿੰਘ- ਭਾਈ ਭਗਤ ਸਿੰਘ ਤੇ ਭਾਈ ਤਾਰਾ ਸਿੰਘ ਪਿੰਡ ਤੇੜਾ ਪੁਲੀਸ ਦੀ ਕੁੱਟ ਕਾਰਨ ਆਪਣੇ ਹੀ ਪਿੰਡ ਵਿਚ 4 ਸਤੰਬਰ ਅਤੇ 6 ਸਤੰਬਰ, 1922 ਈ: ਨੂੰ ਸ਼ਹੀਦੀ ਪਾ ਗਏ। ਪਹਿਲਾਂ ਹੀ ਉਲੇਖ ਅਧੀਨ ਆ ਚੁੱਕੇ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਪੰਜਾ ਸਾਹਿਬ ਵਿਖੇ 30 ਅਕਤੂਬਰ ਨੂੰ ਸ਼ਹੀਦੀ ਪਾ ਗਏ। ਭਾਈ ਹਰੀ ਸਿੰਘ ਅੰਮ੍ਰਿਤਸਰ ਜੇਲ੍ਹ ਵਿਚ ਬਿਮਾਰ ਹੋ ਕੇ 9 ਨਵੰਬਰ, 1922 ਨੂੰ ਸ਼ਹੀਦੀ ਪਾ ਗਏ। ਭਾਈ ਪ੍ਰਕਾਸ਼ ਸਿੰਘ ਬੋਸਟਲ ਜੇਲ੍ਹ ਲਾਹੌਰ ਵਿਖੇ 25 ਨਵੰਬਰ ਨੂੰ ਬਿਮਾਰੀ ਦੀ ਹਾਲਤ ਵਿਚ ਸ਼ਹੀਦੀ ਪਾ ਗਏ । ਭਾਈ ਹਰਦਿੱਤ ਸਿੰਘ ਪਿੰਡ ਅੱਡੇਵਾਲ, ਲਾਹੌਰ ਜੇਲ੍ਹ, ਭਾਈ ਜਵਾਲਾ ਸਿੰਘ ਪਿੰਡ ਪੰਜੋਲਾ ਅਟਕ ਜੇਲ੍ਹ, ਭਾਈ ਬਿਸ਼ਨ ਸਿੰਘ ਪਿੰਡ ਸੋਹਲ ਅਟਕ ਜੇਲ੍ਹ ਵਿਚ ਸ਼ਹੀਦੀ ਪਾ ਗਏ ਅਤੇ ਭਾਈ ਪਿਰਥੀਪਾਲ ਸਿੰਘ ਜ਼ਖਮਾਂ ਦੀ ਮਾਰ ਨਾ ਝੱਲਦੇ ਹੋਏ 2 ਅਪ੍ਰੈਲ 1924 ਈ: ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚ ਇਲਾਜ ਅਧੀਨ ਸ਼ਹੀਦੀ ਪਾ ਗਏ। ਇਸ ਦੌਰਾਨ 5605 ਸਿੰਘਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਜਿਨ੍ਹਾਂ ਵਿਚ 35 ਸ਼੍ਰੋਮਣੀ ਕਮੇਟੀ ਮੈਂਬਰ ਵੀ ਸਨ।
ਸਰਕਾਰ ਨੇ ਇਸ ਸਮੇਂ ਇੰਨਾ ਤਸ਼ੱਦਦ ਕੀਤਾ ਕਿ ਪਾਦਰੀ ਸੀ. ਐਫ. ਐਂਡ੍ਰਿਊਜ਼ ਖੁਦ ਗੁਰੂ ਕੇ ਬਾਗ਼ ਪਹੁੰਚਿਆ ਤੇ ਹੁੰਦੇ ਤਸ਼ੱਦਦ ਨੂੰ ਦੇਖ ਕੇ ਕੁਰਲਾ ਉਠਿਆ। ਉਸ ਨੇ ਲਿਖਿਆ ਕਿ ਅਰਦਾਸ ਲਈ ਜੁੜ੍ਹੇ ਹੱਥ ਤੇ ਮੂੰਹੋਂ ਸਤਿਨਾਮ ਦਾ ਉਚਾਰਨ ਕਰ ਰਹੇ ਸਿੰਘਾਂ ਦੇ ਢਿੱਡਾਂ ਉੱਤੇ ਬੂਟਾਂ ਸਮੇਤ ਖੜ੍ਹੇ ਫੌਜੀ ਅਤੇ ਮੂੰਹ ਦੇ ਉੱਪਰ ਵੱਜਦੀਆਂ ਡਾਗਾਂ ਨੂੰ ਦੇਖ ਕੇ ਮੇਰਾ ਆਪਣੇ ਆਪ ਨੂੰ ਕਾਬੂ ਰੱਖਣਾ ਬੜੀ ਹੀ ਮੁਸ਼ਕਿਲ ਦੀ ਗੱਲ ਸੀ । ਉਹ ਧਰਮ ਦੇ ਰਾਹ ਦਾ ਪਾਂਧੀ ਪਾਦਰੀ ਲਿਖਦਾ ਹੈ ਕਿ ਬੇਹੋਸ਼ ਹੋਏ ਜ਼ਖ਼ਮੀ ਸਿੰਘਾਂ ਨੂੰ ਚੁੱਕ ਕੇ ਐਂਬੂਲੈਂਸ ਵਿਚ ਰੱਖਣ ਵਾਲਿਆਂ ‘ਤੇ ਵੀ ਇਸੇ ਤਰ੍ਹਾਂ ਦਾ ਤਸ਼ੱਦਦ ਕੀਤਾ ਗਿਆ । ਇਨ੍ਹਾਂ ਸਾਰੇ ਜ਼ੁਲਮਾਂ ਨੇ ਕਿਸੇ ਨੂੰ ਨਰਮ ਦਲੀਆ ਰਹਿਣ ਹੀ ਨਹੀਂ ਦਿੱਤਾ। ਬੀ. ਟੀ. ਵੱਲੋਂ ਕੀਤੀ ਗਈ ਖੁਦ ਮੋਰਚਾਬੰਦੀ ਦੌਰਾਨ ਉਸ ਨੇ ਆਪਣੇ ਕੁੱਤਿਆਂ ਨੂੰ ਵੀ ਸਿੱਖਾਂ ‘ਤੇ ਛੱਡਿਆ ਜਿਸ ਦੀਆਂ ਦੁਨੀਆਂ ਭਰ ਦੇ ਅਖਬਾਰਾਂ ਨੇ ਤਸਵੀਰਾਂ ਸਹਿਤ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ।
ਮਿਸਟਰ ਬੀ.ਟੀ. ਕੁਝ ਸਮਾਂ ਬਾਅਦ ਪਟਿਆਲਾ ਰਿਆਸਤ ਵਿਚ ਸੁਪਰਡੈਂਟ ਨਿਯੁਕਤ ਹੋ ਗਿਆ। ਉਨ੍ਹਾਂ ਦਿਨਾਂ ਵਿਚ ਚੱਠੇ ਸੇਖਵਾਂ ਪਿੰਡ ਦੀ ਇਕ ਇਸਤਰੀ ਪਰਤਾਪੀ ਆਪਣੇ ਪਤੀ ਦੇ ਕਤਲ ਕੇਸ ਕਾਰਨ ਜੇਲ੍ਹ ਵਿਚ ਬੰਦ ਸੀ । ਬੀ.ਟੀ. ਦੀ ਉਸ ਇਸਤਰੀ ਨਾਲ ਨੇੜਤਾ ਬਣ ਗਈ। ਬੀ.ਟੀ. ਨੇ ਆਪਣੇ ਅਸਰ-ਰਸੂਖ ਨਾਲ ਪਰਤਾਪੀ ਨੂੰ ਕੇਸ ਵਿੱਚੋਂ ਬਰੀ ਕਰਵਾ ਦਿੱਤਾ ਅਤੇ ਉਸ ਨਾਲ ਹੀ ਪਿੰਡ ਚੱਠੇ ਸੇਖਵਾਂ ਵਿਚ ਕੋਠੀ ਪਾ ਕੇ ਰਹਿਣ ਲੱਗ ਪਿਆ। ਉਸ ਨੇ ਆਪਣੀ ਤਬਦੀਲੀ ਵੀ ਮਲੇਰਕੋਟਲਾ ਰਿਆਸਤ ਵਿਚ ਡੀ.ਆਈ.ਜੀ. ਦੇ ਤੌਰ ‘ਤੇ ਕਰਵਾ ਲਈ ਸੀ ਅਤੇ ਕੁਝ ਸਮਾਂ ਬਾਅਦ ਉੱਥੋਂ ਸੇਵਾਮੁਕਤ ਹੋ ਗਿਆ। ਉਨ੍ਹਾਂ ਦਿਨਾਂ ਵਿਚ ਅਜ਼ਾਦੀ ਘੁਲਾਟੀਏ ਬੱਬਰਾਂ ਦਾ ਇਕ ਜਥਾ ਜਿਸ ਵਿਚ ਸ. ਕੁੰਢਾ ਸਿੰਘ ਗਾਜੀਆਣਾ, ਸ. ਬਚਨ ਸਿੰਘ ਲੋਹਾਖੇੜਾ, ਸ. ਭੋਲਾ ਸਿੰਘ ਲੋਹਾਖੇੜਾ, ਸ. ਕਰਤਾਰ ਸਿੰਘ ਛੀਨੀਵਾਲ, ਸ. ਹਰੀ ਸਿੰਘ ਭੈਣੀ ਅਤੇ ਫਜਲਾ ਘੁਮਾਣ ਕਲਾ ਆਦਿ ਸਰਗਰਮ ਮੈਂਬਰ ਸਨ। ਚੱਠੇ ਸੇਖਵਾਂ ਪਿੰਡ ਦੇ ਸ. ਕਾਕਾ ਸਿੰਘ ਨੂੰ ਬੀ.ਟੀ. ਬਹੁਤ ਤੰਗ ਕਰਦਾ ਸੀ । ਬੀ.ਟੀ. ਦੇ ਤਸ਼ੱਦਦ ਤੋਂ ਤੰਗ ਆਇਆ ਸ. ਕਾਕਾ ਸਿੰਘ ਪਿੰਡੋਂ ਭਗੌੜਾ ਹੋ ਗਿਆ । ਉਸ ਨੇ ਆਪਣਾ ਸੰਪਰਕ ਬੱਬਰਾਂ ਨਾਲ ਬਣਾ ਲਿਆ ਸੀ। ਉਸ ਨੇ ਬੱਬਰਾਂ ਨੂੰ ਬੀ.ਟੀ. ਦੀਆਂ ਸਾਰੀਆਂ ਕਰਤੂਤਾਂ ਦੱਸ ਕੇ ਉਸ ਨੂੰ ਮਾਰਨ ਦੀ ਯੋਜਨਾ ਬਣਾਈ। ਬੱਬਰਾਂ ਨੇ ਪਟਿਆਲੇ ਦੇ ਕਬਾੜੀਆਂ ਤੋਂ ਪੁਲਿਸ ਦੀਆਂ ਵਰਦੀਆਂ ਖਰੀਦ ਲਈਆਂ ਅਤੇ ਕੁਝ ਹਥਿਆਰਾਂ ਦਾ ਵੀ ਬੰਦੋਬਸਤ ਕਰ ਲਿਆ। ਸ. ਕੁੰਢਾ ਸਿੰਘ ਥਾਣੇਦਾਰ ਬਣ ਗਿਆ। ਸ. ਬਚਨ ਸਿੰਘ ਅਤੇ ਸ. ਭੋਲਾ ਸਿੰਘ ਨੇ ਹੌਲਦਾਰਾਂ ਵਾਲੀਆਂ ਵਰਦੀਆ ਪਹਿਨ ਲਈਆਂ। ਸ. ਕਰਤਾਰ ਸਿੰਘ ਛੀਨੀਵਾਲ ਅਤੇ ਫਜਲਾ ਘੁਮਾਣ ਕਲਾਂਦੋਵੇਂ ਵਰਦੀਆਂ ਪਾ ਕੇ ਸਿਪਾਹੀ ਬਣ ਗਏ। ਇਨ੍ਹਾਂ ਸਾਰਿਆਂ ਨੇ ਕਾਕਾ ਸਿੰਘ ਨੂੰ ਝੂਠੀ-ਮੂਠੀ ਦਾ ਮੁਜ਼ਰਮ ਬਣਾ ਕੇ ਹੱਥਕੜੀ ਨਾਲ ਬੰਨ੍ਹ ਲਿਆ। ਸ਼ਾਮ ਵੇਲੇ ਇਹ ਜਥਾ ਚੱਠੇ ਸੇਖਵਾਂ ਪਿੰਡ ਪਹੁੰਚ ਗਿਆ। ਬੀ.ਟੀ. ਆਪਣੀ ਕੋਠੀ ਵਿਚ ਕੁਰਸੀ ‘ਤੇ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ। ਪੁਲਿਸ ਦੇ ਭੇਸ ਵਿਚ ਪਹੁੰਚੇ ਬੱਬਰਾਂ ਨੇ ਬੀ.ਟੀ. ਨੂੰ ਕਿਹਾ ਕਿ ਉਹ ਉਨ੍ਹਾਂ ਦੇ ਮੁਜ਼ਰਮ ਕਾਕਾ ਸਿੰਘ ਨੂੰ ਫੜ੍ਹ ਕੇ ਲਿਆਏ ਹਨ । ਇਨ੍ਹਾਂ ਨੇ ਕਾਕਾ ਸਿੰਘ ਨੂੰ ਕਿਹਾ ਕਿ ਉਹ ਬੀ.ਟੀ. ਦੇ ਪੈਰਾਂ ਨੂੰ ਹੱਥ ਲਾ ਕੇ ਮਾਫੀ ਮੰਗੇ । ਪੈਰਾਂ ਨੂੰ ਹੱਥ ਲਾਉਣ ਦੇ ਬਹਾਨੇ ਸ. ਕਾਕਾ ਸਿੰਘ ਨੇ ਬੀ.ਟੀ. ਨੂੰ ਲੱਤਾਂ ਤੋਂ ਫੜ ਕੇ ਚੁੱਕ ਲਿਆ । ਸ. ਕੁੰਢਾ ਸਿੰਘ ਨੇ ਬੀ.ਟੀ. ਦੀ ਪੁੜਪੁੜੀ ਵਿਚ ਗੋਲੀ ਮਾਰੀ। ਪਰਤਾਪੀ ਉਰਫ ਹਰਨਾਮੀ ਦੌੜਨ ਲੱਗੀ ਤਾਂ ਬੱਬਰਾਂ ਨੇ ਉਸ ਨੂੰ ਵੀ ਪਾਰ ਬੁਲਾ ਦਿੱਤਾ।
ਸੁਨਾਮ ਪੁਲਿਸ ਨੇ ਸਾਰੇ ਬੱਬਰਾਂ ‘ਤੇ ਧਾਰਾ 302 ਦੇ ਤਹਿਤ ਦੁਹਰੇ ਕਤਲ ਅਤੇ ਡਕੈਤੀ ਦਾ ਮੁਕੱਦਮਾ ਦਰਜ ਕਰ ਕੇ ਇਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ । ਸ. ਈਸ਼ਰ ਸਿੰਘ ਦੇ ਘਰੋਂ ਚੱਠੇ ਸੇਖਵਾਂ ਪਿੰਡ ਵਿੱਚੋਂ ਸ. ਬਚਨ ਸਿੰਘ ਲੋਹਾਖੇੜਾ ਨੂੰ ਗਿ੍ਫ਼ਤਾਰ ਕਰ ਲਿਆ। ਇਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ।
ਸ. ਕਰਤਾਰ ਸਿੰਘ ਛੀਨੀਵਾਲ ਵੀ ਕੁਝ ਸਮਾਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਮੁਕੱਦਮੇ ਦੌਰਾਨ ਜੋ ਗਵਾਹ ਇਸ ਵਿਰੁੱਧ ਸਨ ਉਹ ਮੁੱਕਰ ਗਏ ਅਤੇ ਇਨ੍ਹਾਂ ਨੂੰ ਮੁਕੱਦਮੇ ‘ਚੋਂ ਬਰੀ ਕਰ ਦਿੱਤਾ ਗਿਆ।
ਸ. ਭੋਲਾ ਸਿੰਘ ਲੋਹਾਖੇੜਾ ਨੂੰ ਮੁਕੱਦਮੇ ਵਿਚ ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਇਹ 13 ਸਾਲ ਦੀ ਸਜਾ ਕੱਟ ਕੇ 1952 ਈ: ਵਿਚ ਰਿਹਾਅ ਹੋਏ । ਸੰਨ 1932 ਈ: ਵਿਚ ਆਪ ਨੂੰ ਪੰਜਾਬ ਸਰਕਾਰ ਨੇ ਅਜ਼ਾਦੀ ਘੁਲਾਟੀਏ ਵਜੋਂ ਪੈਨਸ਼ਨ ਦੇਣੀ ਸ਼ੁਰੂ ਕੀਤੀ ਅਤੇ ਤਾਮਰ ਪੱਤਰ ਦੇ ਕੇ ਆਪ ਦਾ ਸਨਮਾਨ ਕੀਤਾ। 80 ਸਾਲ ਦੀ ਉਮਰ ਵਿਚ ਕੈਂਸਰ ਦੀ ਬਿਮਾਰੀ ਨਾਲ ਆਪ ਦੀ ਮੌਤ ਹੋ ਗਈ।
ਸ. ਕਾਕਾ ਸਿੰਘ, ਸ. ਕੁੰਢਾ ਸਿੰਘ ਗਾਜੀਆਣਾ ਅਤੇ ਫਜਲਾ ਘੁਮਾਣ ਕਲਾਂ ਕੁਝ ਸਮਾਂ ਅੰਗਰੇਜ਼ਾਂ ਦੀਆਂ ਨਜ਼ਰਾਂ ਤੋਂ ਦੂਰ ਰਹੇ। ਮੁਖਬਰ ਦੀ ਇਤਲਾਹ ‘ਤੇ ਉਪਲੀ ਤੋਂ ਸੰਗਰੂਰ ਦੇ ਵਿਚਕਾਰ ਨਹਿਰ ਦੀ ਪਟੜੀ ‘ਤੇ ਇਕੱਠਿਆਂ ਜਾਂਦਿਆਂ ਨੂੰ ਪੁਲਿਸ ਨੇ ਘੇਰ ਲਿਆ। ਇਨ੍ਹਾਂ ਤਿੰਨਾਂ ਨੇ ਡੱਟ ਕੇ ਪੁਲਿਸ ਦਾ ਮੁਕਾਬਲਾ ਕੀਤਾ ਅਤੇ ਤਿੰਨੇ ਸ਼ਹੀਦੀ ਪ੍ਰਾਪਤ ਕਰ ਗਏ।
ਸੰਪਾਦਕ – ਗੁਰਮਤਿ ਪ੍ਰਕਾਸ਼,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।
(ਪੰਜਾਬ, ਭਾਰਤ)
Credit – ਸਿਮਰਜੀਤ ਸਿੰਘ