Bhai Taru Singh ji | ਭਾਈ ਤਾਰੂ ਸਿੰਘ ਜੀ

ਹਿੰਦੂਆਂ ਦੀ ਨਿਘਰੀ ਦਸ਼ਾ ਤੇ ਖ਼ਾਲਸੇ ਦਾ ਜਨਮ

ਤਿਲਕ ਜੰਵੂ ਰਾਖਾ ਪ੍ਰਭ ਤਾ ਕਾ॥ ਕੀਨੋ ਬਡੋ ਕਲੂ ਮਹਿ ਸਾਕਾ ॥੧੩॥ (ਬਚਿਤ੍ਰ ਨਾਟਕ, ਧਿਆਇ ਪੰਜਵਾਂ)

ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਬਾਰੇ ਦਸਮੇਸ਼ ਜੀ ਰਚਿਤ ਬਚਿਤ੍ਰ ਨਾਟਕ ਦੀਆਂ ਉਪਰਲੀਆਂ ਤੁਕਾਂ ਦੇ ਸਹੀ ਭਾਵ ਨੂੰ ਨਾ ਸਮਝਦੇ ਹੋਏ, ਬਹੁਤ ਸਾਰੇ ਇਤਿਹਾਸਕਾਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਮਨੋਰਥ ਸਿਰਫ਼ ਤਿਲਕ ਜੰਝੂ ਦੀ ਰਾਖੀ ਹੀ ਮੰਨ ਕੇ ਇਸ ਮਹਾਨ ਘਟਨਾ ਦਾ ਵਰਣਨ ਸਮਾਪਤ ਕਰ ਦੇਂਦੇ ਹਨ। ਇਹ ਉਨ੍ਹਾਂ ਦੀ ਹਿਮਾਲੀਏ ਪਹਾੜ ਜਿਡੀ ਭੁਲ ਹੈ, ਇਸ ਬੇਮਿਸਾਲ ਕੁਰਬਾਨੀ ਨਾਲ ਬੜੀ ਭਾਰੀ ਬੇ-ਇਨਸਾਫ਼ੀ ਹੈ ਤੇ ਉਸ ਦੀ ਮਹਾਨਤਾ ਨੂੰ ਸਿਰਿਓਂ ਹੀ ਖ਼ਤਮ ਕਰ ਦੇਣ ਵਾਲੀ ਗੱਲ ਹੈ। ਕੇਵਲ ਤਿਲਕ ਜੰਞ ਦੀ ਖ਼ਾਤਰ ਹੀ ਇਹ ਸਭ ਕੁਝ ਨਹੀਂ ਸੀ ਹੋਇਆ, ਇਸ ਕੁਰਬਾਨੀ ਪਿਛੇ ਬਹੁਤ ਵੱਡਾ ਅਸੂਲ ਖੜਾ ਹੈ । ਉਸ ਨੂੰ ਸਮਝਣ ਦੀ ਲੋੜ ਹੈ। ਗੁਰੂ-ਘਰ ਦਾ ਓਟ-ਆਸਰਾ ਲੈਣ ਵਾਲਾ ਭਾਵੇਂ ਕਿਸੇ ਵੀ ਧਰਮ ਦਾ ਧਾਰਨੀ ਹੁੰਦਾ, ਉਸ ਦੀ ਸਹਾਇਤਾ ਇਸ ਪ੍ਰਕਾਰ ਹੀ ਹੋਣੀ ਸੀ ਅਤੇ ਲਾਜ਼ਮੀ ਹੋਣੀ ਸੀ। ਇਹ ਇਸ ਲਈ ਨਹੀਂ ਸੀ ਹੋਈ ਕਿ ਗੁਰੂ-ਘਰ ਦਾ ਆਸਰਾ ਤਕਾਅ ਕੇ ਆਉਣ ਵਾਲੇ ਤਿਲਕ ਲਾ ਕੇ ਜੰਞ ਪਾ ਕੇ ਆਏ ਸਨ । ਇਸ ਤਿਲਕ ਜੰਵੂ ਨੂੰ ਧਾਰਨ ਕਰਨ ਦੀ ਥਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਪਖੰਡ ਜਣਾਇਆ ਸੀ ਅਤੇ ਜਿਨ੍ਹਾਂ ਦੀ ਜੋਤਿ ਇਹ ਨੌਵਾਂ ਰੂਪ ਧਾਰ ਕੇ ਉਸੇ ਹੀ ਸਚਾਈ ਨੂੰ ਅਮਲੀ ਤੌਰ ‘ਤੇ ਪ੍ਰਚਾਰ ਰਹੀ ਸੀ ਅਤੇ ਵਹਿਮਾਂ ਭਰਮਾਂ ਦਾ ਉਸੇ ਹੀ ਗਤੀ ਨਾਲ ਖੰਡਨ ਕਰ ਰਹੀ ਸੀ, ਉਸ ਨੇ ਹੁਣ ਇਸ ਦੀ ਰਖਵਾਲੀ ਲਈ ਕਿਉਂ ਏਡਾ ਵੱਡਾ ਮੁਲ ਤਾਰਨ ਦਾ ਫ਼ੈਸਲਾ ਕਰ ਲਿਆ। ਬੱਸ ਇਸੇ ਹੀ ਨੁਕਤੇ ਨੂੰ ਸਮਝਣ ਦੀ ਲੋੜ ਹੈ। ਸਮਝ ਲਵੋ ਕਿ ਜੇ ਕਿਤੇ ਉਸ ਵੇਲੇ ਇਹੋ ਹੀ ਬਿਪਤਾ ਹਿੰਦੁਆਂ ਵਲੋਂ ਮੁਸਲਮਾਨਾਂ ਨੂੰ ਪਾਈ ਜਾ ਰਹੀ ਹੁੰਦੀ ਤੇ ਉਂਜ ਹੀ ਮੁਸਲਮਾਨ ਗੁਰੂ ਮਹਾਰਾਜ ਅਗੇ ਜੋਦੜੀ ਕਰਦੇ ਤਾਂ ਹਿੰਦੂਆਂ ਦੀ ਬਾਂਹ ਵਾਂਗ ਹੀ ਉਨ੍ਹਾਂ ਦੀ ਬਾਂਹ ਫੜ ਕੇ ਉਨ੍ਹਾਂ ਦੇ ਕਿਸੇ ਚਾਂਦਨੀ ਚੌਕ ਵਿਚ ਉਨ੍ਹਾਂ ਦੀ ਖ਼ਾਤਰ ਖਿੜੇ ਮੱਥੇ ਸ਼ਹਾਦਤ ਦੇ ਦੇਂਦੇ । ਸੋ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸਿਰਫ਼ ਤਿਲਕ ਜੰਵੂ ਆਦਿ ਚਿੰਨ੍ਹਾਂ ਨੂੰ ਬਚਾਉਣ ਦੀ ਖ਼ਾਤਰ ਨਹੀਂ ਸੀ, ਸਗੋਂ ਇਕ ਨੂਰ ਤੋਂ ਉਪਜੇ ਕੁਦਰਤ ਦੇ ਬੰਦਿਆਂ ਉਤੇ ਔਰੰਗਜ਼ੇਬ ਵਲੋਂ ਜ਼ੋਰ-ਜ਼ੁਲਮ ਦੁਆਰਾ ਕਿਸੇ ਦੇ ਧਰਮ ਨੂੰ ਨਸ਼ਟ ਭ੍ਰਿਸ਼ਟ ਕਰ ਕੇ ਧਰਮ-ਬਦਲੀ ਲਈ ਮਜਬੂਰ ਕਰਨੋਂ ਠਲ੍ਹ ਪਾਉਣ ਦੀ ਖ਼ਾਤਰ ਸ਼ਹਾਦਤ ਸੀ।

ਹਿੰਦੂ ਵੀ ਉਸੇ ਇਲਾਹੀ ਨੂਰ ਤੋਂ ਉਪਜੇ ਸਨ, ਜਿਸ ਤੋਂ ਮੁਸਲਮਾਨ। ਫਿਰ ਉਨ੍ਹਾਂ ਦੇ ਧਰਮ ‘ਤੇ ਪਾਬੰਦੀਆਂ ਬੰਦਸ਼ਾਂ ਕਿਉਂ ? ਉਨ੍ਹਾਂ ਦੇ ਧਰਮ ਦੀ ਨਿਰਾਦਰੀ ਕਿਉਂ ? ਉਨ੍ਹਾਂ ਦਾ ਜੀਵਨ ਨਰਕ ਸਮਾਨ ਕਿਉਂ ਬਣਾਇਆ ਜਾਵੇ? ਆਪਣਾ ਧਰਮ ਛਡਣ ਤੇ ਮੁਸਲਮਾਨ ਧਰਮ ਗ੍ਰਹਿਣ ਕਰਨ ਲਈ ਉਨ੍ਹਾਂ ਨੂੰ ਮਜਬੂਰ ਕਿਉਂ ਕੀਤਾ ਜਾਵੇ ? ਮੁਸਲਮਾਨਾਂ ਵਾਂਗ ਹੀ ਹਿੰਦੂਆਂ ਨੂੰ ਵੀ ਹੱਕ ਹੈ। ਕਿ ਉਹ ਆਪਣਾ ਮਨ-ਭਾਉਂਦਾ ਧਰਮ ਧਾਰਨ ਕਰ ਕੇ ਸਨਮਾਨ ਸਹਿਤ ਜੀਵਨ ਬਤੀਤ ਕਰਨ। ਇਕ ਬਾਪ ਦੇ ਬੇਟੇ ਹੋਣ ਦੇ ਨਾਤੇ ਉਨ੍ਹਾਂ ਦਾ ਹੱਕ ਵੀ ਬਰਾਬਰ ਦਾ ਹੈ। ਇਹ ਕੁਰਬਾਨੀ ਇਸ ਹੱਕ ਨੂੰ ਕਾਇਮ ਰੱਖਣ ਵਾਸਤੇ ਸੀ । ਮਜ਼ਲੂਮ ਦੀ ਰੱਖਿਆ ਉਸ ਦੇ ਧਰਮ ਪੱਖੋਂ ਨਹੀਂ, ਸਗੋਂ ਇਸ ਦ੍ਰਿਸ਼ਟੀ ਤੋਂ ਕਿ ਉਹ ਮਜ਼ਲੂਮ ਹੈ, ਕੀਤੀ ਗਈ ਸੀ। ਇਹੋ ਗੁਰੂ-ਘਰ ਦਾ ਅਸੂਲ ਹੈ। ਔਰੰਗਜ਼ੇਬ ਇਕ ਗ਼ੈਰ-ਕੁਦਰਤੀ ਨੀਤੀ ‘ਤੇ ਚਲ ਰਿਹਾ ਸੀ ਤੇ ਉਸ ਦੇ ਜ਼ੁਲਮ-ਜਬਰ ਦੇ ਹੜ੍ਹ ਨੂੰ ਠਲ੍ਹਣ ਲਈ ਉਨ੍ਹਾਂ ਬਲੀਦਾਨ ਦਿਤਾ।

ਚਾਂਦਨੀ ਚੌਕ ਵਿਚ ਸੱਯਦ ਜਲਾਲੁਦੀਨ ਦੀ ਤਲਵਾਰ ਨੇ ਗੁਰੂ ਜੀ ਦਾ ਸਿਰ ਕਲਮ ਕੀਤਾ। ਦੇਰ ਤਕ ਉਨ੍ਹਾਂ ਦਾ ਸੀਸ ਤੇ ਧੜ ਖੂਨ ਵਿਚ ਲਤ ਪਤ ਪਿਆ ਰਿਹਾ। ਜਿਨ੍ਹਾਂ ਦੀ ਖ਼ਾਤਰ ਇਹ ਸਿਰ ਦਿਤਾ ਸੀ, ਉਨ੍ਹਾਂ ਵਿਚੋਂ ਕਿਸੇ ਨੂੰ ਹੀਆ ਨਾ ਪਿਆ ਕਿ ਅੱਗੇ ਹੋ ਕੇ ਸਰੀਰ ਦਾ ਦਾਹ-ਸੰਸਕਾਰ ਕਰਨ ਲਈ ਕੋਈ ਯਤਨ ਕਰੇ। ਸਭ ਕੰਨੀ ਖਿਸਕਾ ਗਏ। ਆਈ ਖ਼ਲਕਤ ਤਮਾਸ਼ਾ ਵੇਖ ਕੇ ਘਰੋ ਘਰੀ ਚਲੀ ਗਈ। ਕਰੋੜਾਂ ਦੀ ਗਿਣਤੀ ਵਿਚ ਵਸਣ ਵਾਲੀ ਤਿਲਕ ਜੰਞ ਦੇ ਧਾਰਨੀਆਂ ਦੀ ਗਿਣਤੀ ਵਿਚੋਂ ਕੋਈ ਸ਼ੰਕਰਾਚਾਰੀਆ, ਕੋਈ ਰਿਸ਼ੀ ਮੁਨੀ ਜਾਂ ਨਾਥ ਸਵਾਮੀ ਜੋਸ਼ ਖਾ ਕੇ ਨਹੀਂ ਉਠਿਆ ਕਿ ਮਜ਼ਲੂਮਾਂ ਨੂੰ ਜਥੇਬੰਦ ਕਰ ਕੇ ਜ਼ਾਲਮ ਸਰਕਾਰ ਨਾਲ ਟੱਕਰ ਲੈਂਦਾ ਹੋਇਆ ਖ਼ੁਦ ਮਰ ਮਿਟੇ ਜਾਂ ਸਰਕਾਰ ਦੀ ਸਫ਼ ਵਲ੍ਹੇਟ ਦੇਵੇ। ਕਾਰਨ ? ਸੈਂਕੜੇ ਸਾਲਾਂ ਦੀ ਲਗਾਤਾਰ ਗ਼ੁਲਾਮੀ ਨੇ ਹਿੰਦੂਆਂ ਨੂੰ ਅਣਖ-ਹੀਣ ਤੇ ਸਾਹਸ-ਹੀਣ ਬਣਾ ਕੇ ਰਖ ਦਿਤਾ ਸੀ । ਉਹ ਆਪ ਆਪਣੀ ਰੱਖਿਆ ਨਹੀਂ ਸਨ ਕਰ ਸਕਦੇ। ਸਿਰਫ਼ ਇਹ ਤਮੰਨਾ ਸੀ ਕਿ ਕੋਈ ਆਪ ਮਰ ਕੇ ਉਨ੍ਹਾਂ ਨੂੰ ਬਚਾਅ ਲਵੇ । ਇਹੋ ਜਿਹੀ ਮਾਨਸਿਕ ਸਥਿਤੀ ਵਾਲੀ ਕੌਮ ਵਿਚੋਂ ਕੌਣ ਗੁਰੂ ਜੀ ਦੀ ਸ਼ਹਾਦਤ ਸਮੇਂ ਹਾਅ ਦਾ ਨਾਅਰਾ ਮਾਰਦਾ, ਜਾਂ ਕੌਣ ਉਸ ਮਿਰਤਕ ਦੇਹ ਨੂੰ ਚੁਕਣ ਲਈ ਆਉਂਦਾ। ਔਰੰਗਜ਼ੇਬ ਦਾ ਹੁਕਮ ਸੀ ਕਿ ਜੇ ਕੋਈ ਗੁਰੂ ਤੇਗ ਬਹਾਦਰ ਦਾ ਸਿਖ ਹੈ ਤਾਂ ਧੜ ਉਠਾ ਕੇ ਲੈ ਜਾਵੇ; ਪਰ ਕੋਈ ਵੀ ਨਾ ਨਿਤਰਿਆ। ਅੰਤ ਨੂੰ ਉਹੋ ਹੀ ਨਿਤਰੇ, ਜੋ ਇਸ ਘਰ ਨਾਲ ਜੁਡ਼ੇ ਹੋਏ ਸਨ, ਜਿਹੜੇ ਇਸ ਤੋਂ ਪੁੜ ਪੁੜ ਕੁਰਬਾਨ ਹੋਣ ਲਈ ਤਤਪਰ ਸਨ।

ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂਆਂ ਦੀ ਪਰਲੇ ਦਰਜੇ ਦੀ ਇਸ ਨਿਘਰੀ ਹੋਈ ਹਾਲਤ ਨੂੰ ਤੱਕਿਆ ਕਿ ਇਹ ਬਹੁ-ਗਿਣਤੀ ਵਿਚ ਹੁੰਦਿਆਂ ਹੋਇਆਂ ਵੀ ਬਾਹਰੋਂ ਆਏ ਮੁਠੀ ਭਰ ਸਾਮਰਾਜੀਆਂ ਤੋਂ ਮਾਰ ਖਾਈ ਜਾ ਰਹੇ ਹਨ ਤੇ ਸਿਰ ਤਕ ਨਹੀਂ ਚੁਕਦੇ। ਗ਼ੁਲਾਮੀ ਤੇ ਬੇਗ਼ੈਰਤੀ ਦਾ ਏਨਾ ਪ੍ਰਭਾਵ ਪੈ ਚੁਕਿਆ ਹੈ ਕਿ ਅਣਖ, ਆਜ਼ਾਦੀ ਤੇ ਬਰਾਬਰੀ ਦਾ ਸਬਕ ਦੇਣ ਵਾਲੇ ਸੋਮੇ ਨੂੰ ਹੀ ਹਿੰਦੂ ਪਹਾੜੀ ਰਾਜੇ ਸਦਾ ਲਈ ਖ਼ਤਮ ਕਰਨ ਲਈ ਤਿਆਰ ਹਨ। ਇਸ ਕੁਹਜੇ ਕੰਮ ਲਈ ਔਰੰਗਜ਼ੇਬ ਨੂੰ ਮਦਦ ਲਈ ਦੁਹਾਈ ਦੇ ਰਹੇ ਹਨ। ਗ਼ੁਲਾਮੀ ਦੇ ਸੰਗਲ ਆਪਣੇ ਹੱਥੀਂ ਆਪਣੇ ਗਲੀਂ ਕੱਸਣ ਵਿਚ ਹੀ ਭਲਾ ਸਮਝਦੇ ਹਨ। ਅਣਖ ਤੇ ਸਵੈ-ਮਾਣ ਤਾਂ ਇਨ੍ਹਾਂ ਵਿਚ ਨਾਮ-ਮਾਤਰ ਵੀ ਨਹੀਂ ਰਹੇ।

ਦਸਮੇਸ਼ ਜੀ ਨੇ ਇਨ੍ਹਾਂ ਦੀ ਕਮਜ਼ੋਰੀ ਨੂੰ ਚੰਗੀ ਤਰ੍ਹਾਂ ਭਾਂਪ ਕੇ ਨਿਰਣਾ ਕੀਤਾ ਕਿ ਇਸ ਦਾ ਕਾਰਨ ਹਿੰਦੂਆਂ ਵਿਚ ਜ਼ਾਤ-ਪਾਤ ਦੀ ਵੰਡ ਤੇ ਛੂਤ-ਛਾਤ ਹੈ, ਜੋ ਇਨ੍ਹਾਂ ਨੂੰ ਕਦੇ ਇਕੱਠਿਆਂ ਨਹੀਂ ਹੋਣ ਦੇਵੇਗੀ ਤੇ ਕਦੇ ਇਨ੍ਹਾਂ ਨੂੰ ਬਲਵਾਨ ਨਹੀਂ ਬਣਨ ਦੇਵੇਗੀ। ਗੁਰੂ ਪਾਤਿਸ਼ਾਹ ਦੀ ਸੋਚ ਸੀ ਕਿ ਬ੍ਰਾਹਮਣਾਂ ਵਲੋਂ ਹਿੰਦੂਆਂ ਵਿਚ ਪਾਏ ਵਹਿਮ, ਭਰਮ, ਜ਼ਾਤ-ਪਾਤ ਦੀ ਵੰਡ, ਛੂਤ-ਛਾਤ ਆਦਿ ਕਿਤੇ ਸਿੱਖਾਂ ਵਿਚ ਵੀ ਨਾ ਪਰਵੇਸ਼ ਕਰ ਜਾਣ ਤੇ ਇਨ੍ਹਾਂ ਨੂੰ ਵੀ ਉਨ੍ਹਾਂ ਵਾਂਗ ਹੀ ਨਾ ਗ਼ਰਕ ਕਰ ਦੇਣ, ਇਸ ਲਈ ਇਸ ਰੋਗ ਦਾ ਪੱਕਾ ਹੀ ਇਲਾਜ ਕਰ ਦਿਤਾ। ਉਨ੍ਹਾਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰ ਕੇ ਸਿੱਖਾਂ ਨੂੰ ਸਿੰਘ ਬਣਾ ਦਿਤਾ। ਜ਼ਾਤ-ਪਾਤ ਤੇ ਛੂਤ-ਛਾਤ ਦੇ ਪਾਏ ਭਰਮ ਦਾ ਸਦਾ ਲਈ ਨਾਸ ਕਰ ਦਿਤਾ। ਜਾਤੀ-ਅਭਿਮਾਨ ਦੀ ਹਮੇਸ਼ਾ ਲਈ ਜੜ੍ਹ ਪੁਟ ਦਿਤੀ।

ਗੁਰੂ ਗੋਬਿੰਦ ਸਿੰਘ ਜੀ ਨੇ ੧੬੯੯ ਦੀ ਵਿਸਾਖੀ ਨੂੰ ਸਿਰਾਂ ਦੀ ਭੇਟ ਲੈ ਕੇ ਪੰਜਾਂ ਸਿੱਖਾਂ ਨੂੰ ਪਾਹੁਲ ਦਿਤੀ ਤੇ ਸਿੰਘ ਸਜਾਅ ਦਿਤਾ। ਇਨ੍ਹਾਂ ਨੂੰ ‘ਪੰਜ ਪਿਆਰੇ’ ਕਹਿ ਕੇ ਨਿਵਾਜਿਆ। ਇਹ ਸਭ ਤੋਂ ਪਹਿਲੇ ਸਿੰਘ ਸਨ । ਖ਼ਾਲਸਾ ਪੰਥ ਦੀ ਨੀਂਹ ਰਖੀ ਗਈ। ਫਿਰ ਗੁਰੂ ਜੀ ਨੇ ਇਨ੍ਹਾਂ ਤੋਂ ਆਪ ਅੰਮ੍ਰਿਤ ਛਕਿਆ। ਦੁਨੀਆ ਨੇ ਇਕ ਅਨੋਖੀ ਘਟਨਾ ਤੱਕੀ, ਜਿਸ ਨੂੰ ਸਮੇਂ ਨੇ ਆਪਣੀ ਹਿਕ ਉਤੇ ਸਦਾ ਲਈ ਇੰਜ ਉਕਰ ਲਿਆ :

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ।

ਭਾਵ, ਗੁਰੂ ਮਹਾਰਾਜ ਗੁਰੂ ਭੀ ਹਨ ਤੇ ਚੇਲਾ ਵੀ, ਪੈਗੰਬਰ ਵੀ ਤੇ ਪੈਰੋਕਾਰ ਵੀ, ਮੁਰਸ਼ਦ ਵੀ ਤੇ ਮੁਰੀਦ ਵੀ। ਅੱਜ ਤਕ ਗੁਰੂ ਤੇ ਚੇਲਾ ਇਕ ਪੱਧਰ ‘ਤੇ ਨਹੀਂ ਸਨ ਆ ਸਕੇ। ਹੁਣ ਗੁਰੂ ਤੇ ਪੰਥ ਅਭੇਦ ਹੋ ਗਏ। ਇਹ ਆਪਣੀ ਕਿਸਮ ਦਾ ਪਹਿਲਾ ਤੇ ਆਖ਼ਰੀ ਦ੍ਰਿਸ਼ ਸੀ, ਜੋ ਦੁਨੀਆ ਨੇ ਤੱਕਿਆ। ਇਹ ਜ਼ੁਲਮ-ਜਬਰ ਕਰਨ ਵਾਲਿਆਂ ਨੂੰ ਵੰਗਾਰ ਸੀ ਤੇ ਕਰੋੜਾਂ ਦੀ ਗਿਣਤੀ ਵਿਚ ਗੁਲਾਮੀ ਦੀ ਚੱਕੀ ਵਿਚ ਪਿਸ ਰਹੀ ਮਨੁੱਖਤਾ ਨੂੰ ਸਾਹਸ-ਭਰੀ ਲਲਕਾਰ ਸੀ।

ਖੰਡੇ ਦੀ ਪਾਹੁਲ ਲੈਣਾ ਸਿੰਘਾਂ ਦੀ ਸ਼ਬਦਾਵਲੀ ਵਿਚ ਅੰਮ੍ਰਿਤ ਛਕਣਾ ਹੈ। ਇਹ ਆਬਿ-ਹਯਾਤ ਹੈ। ਜੋ ਪ੍ਰਾਣੀ ਅੰਮ੍ਰਿਤ ਛਕ ਲੈਂਦਾ ਹੈ, ਉਹ ਸਿੰਘ ਬਣ ਜਾਂਦਾ ਹੈ ਤੇ ਉਹ ਖ਼ਾਲਸਾ ਪੰਥ ਦਾ ਅੰਗ ਬਣ ਜਾਂਦਾ ਹੈ । ਖ਼ਾਲਸਾ ਪੰਥ ਵਿਚ ਰਲਣ ਨਾਲ ਪਿਛਲੀ ਜ਼ਾਤ-ਪਾਤ ਸਭ ਖ਼ਤਮ। ਬ੍ਰਾਹਮਣ, ਖਤਰੀ, ਵੈਸ਼, ਸ਼ੂਦਰ ਦਾ ਵਿਤਕਰਾ ਇਕ-ਦਮ ਸਮਾਪਤ ਹੋ ਜਾਂਦਾ ਹੈ। ਇਕੇ ਬਾਟੇ ਵਿਚੋਂ ਸਾਰਿਆਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ। ਪਿਛਲਾ ਜਾਤਿ-ਅਭਿਮਾਨ ਤੇ ਜਾਤਿ-ਹੀਣਤਾ ਦਾ ਅਹਿਸਾਸ ਹਮੇਸ਼ਾ ਲਈ ਖ਼ਤਮ ਹੋ ਜਾਂਦਾ ਹੈ, ਤੇ ਸਭ ਦੀ ਇਕੋ ਸੰਗਤ-ਪੰਗਤ ਬਣ ਜਾਂਦੀ ਹੈ । ਖ਼ਾਲਸਾ ਪੰਥ ਵਿਚ ਬ੍ਰਾਹਮਣ ਸ਼ੂਦਰ ਦਾ ਦਰਜਾ ਬਰਾਬਰ ਹੈ। ਹਰ ਇਕ ਦੇ ਬਰਾਬਰ ਦੇ ਹੱਕ ਹਨ। ਜ਼ਾਤ ਕਰਕੇ ਕੋਈ ਵੱਡਾ ਛੋਟਾ ਨਹੀਂ । ਅਮੀਰੀ ਗ਼ਰੀਬੀ ਦੇ ਦਰਜੇ ਨੂੰ ਕੋਈ ਥਾਂ ਨਹੀਂ । ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣ ਦਾ ਆਦੇਸ਼ ਹੈ। ਦਾਨ ਦੇਣ ਲੈਣ ਦੇ ਪਖੰਡ ਦੀ ਗੁੰਜਾਇਸ਼ ਹੀ ਨਹੀਂ । ਇਸ ਦੀ ਬਿਲਕੁਲ ਮਨਾਹੀ ਹੈ। ਨਿਸ਼ਕਾਮ ਸੇਵਾ, ਸਰਬੱਤ ਦਾ ਭਲਾ, ਅਣਖ, ਆਜ਼ਾਦੀ ਤੇ ਦੇਸ਼ ਧਰਮ ਦੀ ਆਨ ਖ਼ਾਤਰ ਕੁਰਬਾਨੀ ਖ਼ਾਲਸੇ ਲਈ ਮੁਢਲਾ ਸਬਕ ਹੈ। ਇਹ ਕੁਦਰਤ ਦੀਆਂ ਲੀਹਾਂ ‘ਤੇ ਚਲਣ ਵਾਲਾ ਪੰਥ ਹੈ, ਜਿਸ ਵਿਚ ਬਨਾਵਟ, ਝੂਠ, ਕਰਮ-ਕਾਂਡ, ਨਿਰਮੂਲ ਰਸਮਾਂ, ਰਹੁ-ਰੀਤਾਂ ਨੇ ਪਾਖੰਡ ਦੀ ਰੰਚਕ ਮਾਤਰ ਵੀ ਗੁੰਜਾਇਸ਼ ਨਹੀਂ।

ਅੰਮ੍ਰਿਤਧਾਰੀ ਸਿੰਘ ਵਾਸਤੇ ਪੰਜਾਂ ਕਕਾਰਾਂ ਦੀ ਰਹਿਤ ਰਖਣੀ ਅਤੀ ਜ਼ਰੂਰੀ ਹੈ, ਜਿਸ ਵਿਚ ਕੋਈ ਛੋਟ ਜਾਂ ਢਿਲ ਨਹੀਂ ਹੋ ਸਕਦੀ। ਜੀਵਨ ਭਰ ਇਨ੍ਹਾਂ ਕਕਾਰਾਂ ਨੂੰ ਆਪਣੇ ਸਰੀਰ ਨਾਲੋਂ ਅੱਡ ਨਹੀਂ ਕਰਨਾ। ਸਰੀਰ ਦਾ ਕੋਈ ਵੀ ਰੋਮ ਨਹੀਂ ਛੇੜਨਾ। ਕੁਠਾ ਨਹੀਂ ਖਾਣਾ, ਤਮਾਕੂ ਨਹੀਂ ਪੀਣਾ। ਪਰ-ਨਾਰੀ ਜਾਂ ਪਰ-ਮਰਦ ਨਾਲ ਕੋਈ ਸੰਬੰਧ ਨਹੀਂ ਰਖਣਾ। ਯੁਧ ਵਿਚ ਕੋਈ ਹਥਿਆਰ ਸੁਟ ਦੇਵੇ ਤਾਂ ਉਸ ‘ਤੇ ਵਾਰ ਨਹੀਂ ਕਰਨਾ। ਚੋਰ ਯਾਰ ਨਾਲ ਕੋਈ ਵਿਵਹਾਰ ਨਹੀਂ ਰਖਣਾ।

ਜਿਨ੍ਹਾਂ ਦੇ ਹੱਡੀਂ ਗੁਲਾਮੀ ਰਚੀ ਹੋਈ ਸੀ ਤੇ ਅਣਖ ਗੁਆ ਕੇ ਅਸਲੋਂ ਹੀ ਸਾਹਸ-ਹੀਣ ਹੋ ਚੁਕੇ ਸਨ ਅਤੇ ਮੁਗਲੀਆ ਸਾਮਰਾਜ ਵਲੋਂ ਬਖ਼ਸ਼ੀਆਂ ਮਾਮੂਲੀ ਨੌਕਰੀਆਂ ਜਾਂ ਛੋਟੀਆਂ ਜਾਗੀਰਾਂ ਲੈ ਕੇ ਬੇਅਣਖੀ ਭਰੀ ਖ਼ੁਸ਼ੀ ਵਿਚ ਜੂਨ ਕਟ ਰਹੇ ਸਨ ਤੇ ਪੁਰਾਣੇ ਖ਼ਿਆਲਾਂ ਦੀਆਂ ਜ਼ੰਜੀਰਾਂ ਵਿਚ ਜਕੜੇ ਹੋਏ। ਸਨ, ਉਹ ਇਸ ਨਵ-ਚੇਤਨਾ ਵਾਲੇ ਖ਼ਾਲਸਈ ਜੀਵਨ ਤੋਂ ਬੜੇ ਘਬਰਾਏ।” ਉਨ੍ਹਾਂ ਲਈ ਜ਼ਾਤ-ਪਾਤ ਨੂੰ ਛਡ ਦੇਣਾ ਬੜੀ ਔਖੀ ਖੇਡ ਸੀ। ਪਰ ਸਿੰਘਾਂ ਦੀ ਗਿਣਤੀ ਵਧਦੀ ਹੀ ਗਈ। ਪੰਜਾਬ ਦੇ ਬਹੁਤੇ ਲੋਕਾਂ, ਖ਼ਾਸ ਕਰ ਖੇਤੀ-ਬਾੜੀ ਕਰਨ ਵਾਲਿਆਂ ਨੇ ਅੰਮ੍ਰਿਤ ਛਕ ਲਿਆ।

ਔਰੰਗਜ਼ੇਬ ਜਦ ਆਪਣੇ ਕੋੜਮੇ-ਕਬੀਲੇ ਵਿਚੋਂ ਤਖ਼ਤ ਦੇ ਹੋ ਸਕਣ ਵਾਲੇ ਸਾਰੇ ਦਾਅਵੇਦਾਰਾਂ ਨੂੰ ਮੌਤ ਦੇ ਘਾਟ ਉਤਾਰ ਕੇ ਰਾਜ-ਸੱਤਾ ਦਾ ਮਾਲਕ ਬਣ ਗਿਆ ਤਾਂ ਹਿੰਦੂਆਂ ਉਤੇ ਨਵੇਂ ਸਿਰਿਓਂ ਜਜ਼ੀਆ ਲਾ ਦਿਤਾ ਗਿਆ। (ਅਕਬਰ ਦੇ ਸਮੇਂ ਇਹ ਬੰਦ ਕਰ ਦਿਤਾ ਗਿਆ ਸੀ)। ਹੋਰ ਕਈ ਬੰਦਸ਼ਾਂ ਵੀ ਲਾਗੂ ਕਰ ਦਿਤੀਆਂ ਗਈਆਂ, ਜਿਵੇਂ ਰੇਸ਼ਮੀ ਕਪੜੇ ਪਹਿਨਣੇ, ਸਫ਼ੈਦ ਪਗੜੀ ਤੇ ਤੁੱਰਾ ਛਡਣਾ, ਅਰਬੀ ਨਸਲ ਦੇ ਘੋੜੇ ਦੀ ਸਵਾਰੀ, ਪਾਲਕੀ ਦੀ ਸਵਾਰੀ, ਦਾੜ੍ਹੀ ਮੁੱਛ ਰਖਣੀ, ਹਿੰਦੂਆਂ ਲਈ ਮਨਾਹੀ ਕਰ ਦਿਤੀ। ਕੋਈ ਵੀ ਹਿੰਦੂ ਨਾ ਹਥਿਆਰ ਰਖ ਸਕਦਾ ਸੀ, ਨਾ ਆਪਣੇ ਜਿਸਮ ‘ਤੇ ਉਨ੍ਹਾਂ ਨੂੰ ਸਜਾਅ ਸਕਦਾ ਸੀ । ਸਿੰਘਾਂ ਵਾਸਤੇ ਕੇਸ ਦਾੜ੍ਹੀ ਰਖਣਾ ਤੇ ਹਥਿਆਰ ਸਜਾਉਣਾ ਧਾਰਮਿਕ ਫ਼ਰਜ਼ ਸੀ।

ਸਮੇਂ ਦੀ ਹਕੂਮਤ ਨੇ ਆਪਣੇ ਦ੍ਰਿਸ਼ਟੀਕੋਨ ਤੋਂ ਸਿੰਘਾਂ ਦੇ ਕੇਸ ਰਖਣ ਤੇ ਹਥਿਆਰ ਸਜਾਉਣ ਅਤੇ ਘੋੜੇ ਦੀ ਸਵਾਰੀ ਨੂੰ, ਵੇਖਦਿਆਂ ਹੋਇਆਂ ਆਪਣੇ ਲਈ ਖ਼ਤਰਾ ਸਮਝਿਆ ਤੇ ਪੂਰੀ ਸਖ਼ਤੀ ਨਾਲ ਸਿੰਘਾਂ ਨੂੰ ਦਬਾਅ ਦੇਣਾ ਚਾਹਿਆ। ਮੁਗ਼ਲੀਆ ਹਕੂਮਤ ਤੇ ਖ਼ਾਲਸਾ ਪੰਥ ਵਿਚਕਾਰ ਇਹ ਵਿਰੋਧ ਸ਼ਸਤਰੀ ਟਾਕਰੇ ਦਾ ਰੂਪ ਧਾਰਨ ਕਰ ਗਿਆ। ਸਿੰਘ ਨਗਾਰੇ ਵਜਾਉਂਦੇ, ਸਨੱਧ-ਬੱਧ ਹੋ ਕੇ ਨਿਸ਼ਾਨ ਲੈ ਕੇ ਘੋੜਿਆਂ ‘ਤੇ ਚੜ੍ਹ ਕੇ ਵਿਚਰਦੇ। ਸ਼ਿਕਾਰ, ਜਿਸ ਦੀ ਹਿੰਦੂਆਂ ਲਈ ਸਖ਼ਤ ਬੰਦਸ਼ ਸੀ, ਸਿੰਘ ਉਹ ਵੀ ਵੱਜ ਗੱਜ ਕੇ ਖੇਡਦੇ। ਅਹਿਦੀਆਂ’ ਦੀ ਸਵਾਰੀ ਵਾਲੀਆਂ ਪਾਲਕੀਆਂ ਚੁਕਣੋਂ ਸਾਫ਼ ਇਨਕਾਰ ਕਰਦੇ ਤੇ ਪਿੰਡ ਵਿਚ ਆਇਆਂ ਨੂੰ ਜਬਰੀ ਮੰਗਣ ਤੇ ਰਸਦ ਪਾਣੀ ਜਾਂ ਘਾਹ ਪੱਠਾ ਵੀ ਨਾ ਦੇਂਦੇ। ਇੰਜ ਇਹ ਲਹਿਰ ਦਿਨ-ਬਦਿਨ ਜ਼ੋਰ ਫੜਦੀ ਗਈ। ਮੁਗ਼ਲ ਹਕੂਮਤ ਦੀ ਸਖ਼ਤੀ ਵੀ ਨਾਲ ਨਾਲ ਵਧਦੀ ਗਈ। ਗੁਰੂ ਗੋਬਿੰਦ ਸਿੰਘ ਜੀ ਨਾਲ ਪਹਿਲਾਂ ਪਹਾੜੀਆਂ ਤੇ ਫਿਰ ਸ਼ਾਹੀ ਫ਼ੌਜਾਂ ਨਾਲ ਬੜੀਆਂ ਭਾਰੀਆਂ ਲੜਾਈਆਂ ਹੋਈਆਂ । ਗੁਰੂ ਜੀ ਨੂੰ ਅਨੰਦਪੁਰ ਸਾਹਿਬ ਛਡਣਾ ਪਿਆ। ਚਾਰੇ ਸਾਹਿਬਜ਼ਾਦੇ ਤੇ ਮਾਤਾ ਜੀ ਸ਼ਹੀਦ ਹੋ ਗਏ। ਸਿੰਘ ਵੀ ਬੇਸ਼ੁਮਾਰ ਸ਼ਹੀਦ ਹੋ ਗਏ। ਨਿਬੇੜਾ ਕਿਸੇ ਧਿਰ ਦੀ ਹਾਰ ਜਿਤ ਵਿਚ ਨਾ ਹੋਇਆ।

ਜਦ ਔਰੰਗਜ਼ੇਬ ਮੋਇਆ ਤਾਂ ਉਸ ਦੇ ਲੜਕੇ ਮੁਅੱਜ਼ਮ (ਬਹਾਦਰ ਸ਼ਾਹ) ਨੇ ਰਾਜ-ਗੱਦੀ ਪ੍ਰਾਪਤ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਦੀ ਅਸ਼ੀਰਵਾਦ ਤੇ ਸਹਾਇਤਾ ਇਹ ਵਚਨ ਦੇ ਕੇ ਪ੍ਰਾਪਤ ਕਰ ਲਈ ਕਿ ਉਹ ਧਾਰਮਿਕ ਭਿੰਨ-ਭੇਦਾਂ ਤੇ ਰੂ-ਰਿਆਇਤਾਂ ਤੋਂ ਉਪਰ ਉੱਠ ਕੇ ਹੱਕ-ਇਨਸਾਫ਼ ਦਾ ਰਾਜ ਚਲਾਏਗਾ। ਜਿਨ੍ਹਾਂ ਸਰਕਾਰੀ ਅਫ਼ਸਰਾਂ, ਭਾਵੇਂ ਉਹ ਕਿਡੇ ਵੀ ਵੱਡੇ ਅਹੁਦੇ ਉਤੇ ਕਿਉਂ ਨਾ ਹੋਣ, ਗੁਰੂ ਜੀ ਉਤੇ ਵਧੀਕੀਆਂ ਤੇ ਅਤਿਆਚਾਰ ਕੀਤੇ ਹਨ, ਉਨ੍ਹਾਂ ਨੂੰ ਗੁਰੂ ਜੀ ਦੇ ਹਵਾਲੇ ਕਰ ਦੇਵੇਗਾ, ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਤੋਂ ਬਖ਼ਸ਼ਿਆ ਨਹੀਂ ਜਾਵੇਗਾ।

ਬਹਾਦਰ ਸ਼ਾਹ ਨੇ ਜਦ ਰਾਜ-ਸੱਤਾ ਪ੍ਰਾਪਤ ਕਰ ਲਈ ਤਾਂ ਆਪਣੇ ਇਕਰਾਰਾਂ ਵਲੋਂ ਘੇਸਲ ਮਾਰਨੀ ਸ਼ੁਰੂ ਕਰ ਦਿਤੀ। ਦਸਮੇਸ਼ ਜੀ ਜਦ ਦਿੱਲੀਓਂ ਦੱਖਣ ਵਲ ਨੂੰ ਚਾਲੇ ਪਾ ਗਏ ਤਾਂ ਬਾਦਸ਼ਾਹ ਵੀ ਦੱਖਣ ਦੇ ਬੰਦੋਬਸਤ ਲਈ ਉਸ ਪਾਸੇ ਚਲ ਪਿਆ। ਬੁਰਹਾਨਪੁਰ ਇਕ ਵਾਰ ਫਿਰ ਮੇਲ ਹੋਇਆ ਤੇ ਨੰਦੇੜ ਤਕ ਗੁਰੂ ਮਹਾਰਾਜ ਤੇ ਬਾਦਸ਼ਾਹ ਇਕੱਠੇ ਹੀ ਗਏ। ਮਰਹੱਟਿਆਂ ਵਲੋਂ ਤਾਂ ਭਾਵੇਂ ਅਜੇ ਜ਼ਿਆਦਾ ਸ਼ੋਰਸ਼ (ਬਗ਼ਾਵਤ) ਨਹੀਂ ਸੀ ਹੋ ਰਹੀ, ਪਰ ਉਸ ਦਾ ਆਪਣਾ ਭਰਾ ਕਾਮ ਬਖ਼ਸ਼, ਜੋ ਗੁਜਰਾਤ ਦਾ ਗਵਰਨਰ ਸੀ, ਬਾਗੀ ਹੋ ਗਿਆ ਤੇ ਉਸ ਨੇ ਆਪਣੀ ਖ਼ੁਦ-ਮੁਖ਼ਤਾਰੀ ਦਾ ਐਲਾਨ ਕਰ ਦਿਤਾ। ਬਹਾਦਰ ਸ਼ਾਹ ਗੁਰੂ ਜੀ ਨਾਲ ਕੀਤੇ ਕੌਲ ਪੂਰੇ ਕਰਨ ਵਿਚ ਟਾਲ-ਮਟੋਲ ਵੀ ਕਰ ਰਿਹਾ ਸੀ ਤੇ ਉਨ੍ਹਾਂ ਨੂੰ ਨਾਲ ਲੈ ਜਾ ਕੇ ਮਰਹੱਟਿਆਂ ਦੇ ਵਿਰੁਧ ਵੀ ਵਰਤਣਾ ਚਾਹੁੰਦਾ ਸੀ। ਗੁਰੂ ਜੀ ਨੇ ਉਸ ਦੀ ਇਸ ਚਾਲ ਵਿਚ ਆਉਣ ਤੋਂ ਸਾਫ਼ ਇਨਕਾਰ ਕਰ ਦਿਤਾ। ਉਹ ਤਾਂ ਨੰਦੇੜ ਹੀ ਰੁਕ ਗਏ ਤੇ ਬਹਾਦਰ ਸ਼ਾਹ ਅੱਗੇ ਨੂੰ ਚਲ ਪਿਆ।

ਇਨ੍ਹੀਂ ਦਿਨੀਂ ਮਾਧੋ ਦਾਸ ਗੁਰੂ ਜੀ ਪਾਸੋਂ ਅੰਮ੍ਰਿਤ ਛਕ ਕੇ ਬੰਦਾ ਸਿੰਘ ਬਹਾਦਰ ਬਣ ਚੁਕਾ ਸੀ ਅਤੇ ਪਹਾੜੀ ਰਾਜਿਆਂ ਤੇ ਜ਼ਾਲਮ ਮੁਗ਼ਲ ਅਫ਼ਸਰਾਂ ਦੀ ਸੁਧਾਈ ਲਈ ਗੁਰੂ ਜੀ ਤੋਂ ਆਗਿਆ ਤੇ ਅਸ਼ੀਰਵਾਦ ਲੈ ਕੇ ਪੰਜਾਬ ਨੂੰ ਰਵਾਨਾ ਹੋ ਗਿਆ ਸੀ । ਉਸ ਨੇ ਪੰਜਾਬ ਅੱਪੜ ਕੇ ਹੇਠਲੀ ਉਤੇ ਲਿਆ ਦਿਤੀ ਅਤੇ ਕਰਨਾਲ ਤੋਂ ਲੈ ਕੇ ਲਾਹੌਰ ਦੀਆਂ ਕੰਧਾਂ ਤਕ ਮੁਗ਼ਲੀਆ ਰਾਜ ਦੀ ਸਫ਼ ਵਲ੍ਹੇਟ ਕੇ ਖ਼ਾਲਸੇ ਦਾ ਰਾਜ ਕਾਇਮ ਕਰ ਦਿਤਾ। ਜ਼ਾਲਮਾਂ ਦੁਸ਼ਟਾਂ ਨੂੰ ਚੁਣ ਚੁਣ ਕੇ ਮਾਰਿਆ। ਉਸ ਨੇ ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾ ਲਿਆ, ਜੋ ਕਪਾਲ ਮੋਚਨ (ਜ਼ਿਲਾ ਅੰਬਾਲਾ) ਤੋਂ ੨੦-੨੨ ਕਿਲੋਮੀਟਰ ਪਹਾੜਾਂ ਦੀ ਗੋਦ ਵਿਚ ਹੈ।

ਪੰਜਾਬ ਦੀਆਂ ਘਟਨਾਵਾਂ ਦੀ ਖ਼ਬਰ ਬਾਦਸ਼ਾਹ ਨੂੰ ਉਜੈਨ ਵਿਖੇ ਉਸ ਦੇ ਕੰਪੂ ਵਿਚ ਮਿਲੀ। ਕਾਮ ਬਖ਼ਸ਼ ਨੂੰ ਉਸ ਨੇ ਮਾਰ ਲਿਆ ਸੀ, ਇਸ ਲਈ ਸਾਰੀ ਫ਼ੌਜ, ਸਮੇਤ ਰਾਜਪੂਤਾਂ ਦੀਆਂ ਸੈਨਾਵਾਂ ਦੇ ਉਹ ਬੰਦਾ ਸਿੰਘ ਵਿਰੁਧ ਪੰਜਾਬ ਨੂੰ ਚੜ੍ਹ ਪਿਆ।

ਬਾਦਸ਼ਾਹ ਅਜਮੇਰ ਪੁਜਾ ਸੀ ਕਿ ਵਜੀਦ ਖ਼ਾਨ ਦੇ ਪੁਤਰ, ਸਰਹੰਦ ਤੇ ਸਮਾਣੇ ਦੇ ਸੱਯਦਾਂ ਤੇ ਹੋਰ ਹਜ਼ਾਰਾਂ ਲੋਕਾਂ ਨੂੰ ਨਾਲ ਲੈ ਕੇ ਇਥੇ ਪੁਜੇ ਤੇ ਸਭ ਹੋਈ ਬੀਤੀ ਨਾਲ ਸੌ ਸੌ ਝੂਠ ਗੰਢ ਕੇ, ਵਧਾ ਚੜ੍ਹਾ ਕੇ ਦੱਸ ਕੇ ਬੁੱਢੇ ਬਾਦਸ਼ਾਹ ਨੂੰ ਖੂਬ ਭਖਾ ਦਿਤਾ। ਲਸ਼ਕਰ ਨੇ ਤਤਕਾਲ ਕੂਚ ਕੀਤਾ ਤੇ ਤੇਜ਼ ਰਫ਼ਤਾਰ ਕਾਸਿਦਾਂ ਰਾਹੀਂ ਹੁਕਮ ਭਿਜਵਾ ਦਿਤੇ ਕਿ ਅਲਾਹਾਬਾਦ ਤਕ ਦੀਆਂ ਫ਼ੌਜਾਂ ਇਕੱਠੀਆਂ ਹੋ ਕੇ ਬਾਦਸ਼ਾਹ ਦਾ, ਦਿੱਲੀਓਂ ਬਾਹਰ ਅਠ ਕੋਹ ਦੀ ਵਿਥ ‘ਤੇ, ਮਿਥੇ ਥਾਂ ਉਤੇ ਇੰਤਜ਼ਾਰ ਕਰਨ।

ਬਾਦਸ਼ਾਹ ਦਿੱਲੀ ਨਹੀਂ ਵੜਿਆ, ਸਾਰੇ ਲਾਮ-ਲਸ਼ਕਰ ਨੂੰ ਲੈ ਕੇ ਮੁਖ਼ਲਸਗੜ੍ਹ (ਲੋਹਗੜ੍ਹ) ਨੂੰ ਘੇਰ ਲਿਆ । ਦੁਵੱਲੀ ਜਾਨੀ ਮਾਲੀ ਨੁਕਸਾਨ ਬਹੁਤ ਹੋਇਆ। ਇਸ ਘੇਰੇ ਸਮੇਂ ਬਾਦਸ਼ਾਹ ਆਪ, ਉਸ ਦੇ ਚਾਰੇ ਸ਼ਹਿਜ਼ਾਦੇ ਤੇ ਬੜੇ ਬੜੇ ਤਜਰਬੇਕਾਰ ਜਰਨੈਲ ਤੇ ਕਈ ਰਾਜਪੂਤ ਰਾਜੇ ਬੰਦਾ ਸਿੰਘ ਦੇ ਮੁਕਾਬਲੇ ‘ਤੇ ਸਨ। ਇਹ ਲੱਖਾਂ ਦਾ ਘੇਰਾ ਸੀ । ਪਰ ਬਾਦਸ਼ਾਹ ਦੀ ਮਾਯੂਸੀ ਤੇ ਗੁੱਸੇ ਦੀ ਹੱਦ ਨਾ ਰਹੀ ਜਦ ਬੰਦਾ ਸਿੰਘ ਆਪਣੇ ਸਾਰੇ ਜ਼ਖ਼ੀਰੇ ਸਾੜ ਫੂਕ ਕੇ ਨਾਹਨ ਦੀਆਂ ਪਹਾੜੀਆਂ ਵਲ ਨਿਕਲ ਗਿਆ।

ਬਹਾਦਰ ਸ਼ਾਹ ਲੋਹਗੜ੍ਹ ਆਹਿਸਤਾ ਆਹਿਸਤਾ ਲਾਹੌਰ ਵਲ ਨੂੰ ਹੋ ਤੁਰਿਆ। ਇਥੇ ਆ ਕੇ ਇਸ ਸੁਝਾਉ ‘ਤੇ, ਕਿ ਨਾਨਕ ਪੰਥੀ (ਸਿੰਘ) ਹਿੰਦੂਆਂ ਦੇ ਭੇਸ ਵਿਚ ਆ ਕੇ ਲਸ਼ਕਰ ਤੇ ਸ਼ਹਿਰ ਵਿਚ ਨੁਕਸਾਨ ਕਰ ਜਾਂਦੇ ਹਨ, ਉਸ ਨੇ ਹੁਕਮ ਜਾਰੀ ਕਰ ਦਿਤਾ ਕਿ ਕੋਈ ਹਿੰਦੂ, ਜੋ ਲਸ਼ਕਰ ਵਿਚ ਹੈ, ਦਾੜ੍ਹੀ ਮੁੱਛ ਨਾ ਰਖੇ। ਉਨ੍ਹਾਂ ਤੋਂ ਇਹ ਇਜਾਜ਼ਤ ਵਾਪਸ ਲਈ ਜਾਂਦੀ ਹੈ । ਰਾਤੋ ਰਾਤ ਦਾੜੀਆਂ ਸਫ਼ਾ-ਚਟ ਹੋ ਗਈਆਂ। ਇਸ ਤੋਂ ਪਿਛੋਂ ਸ਼ਹਿਰੀ ਵਸਨੀਕ ਹਿੰਦੂਆਂ ਤੋਂ ਵੀ ਇਹ ਇਜਾਜ਼ਤ ਵਾਪਸ ਲੈ ਲਈ ਤੇ ਉਨ੍ਹਾਂ ਵੀ ਸਿਰ ਮੂੰਹ ਮੁਨਵਾ ਦਿਤੇ । ਬਾਦਸ਼ਾਹ ਨੂੰ ਸਿੰਘਾਂ ਵਿਰੁਧ ਜਦ ਹੋਰ ਭਖਾਇਆ ਗਿਆ ਤਾਂ ਉਸ ਨੇ ੧੦ ਦਸੰਬਰ ੧੭੧੦ ਈ: ਨੂੰ ਸਿੰਘਾਂ ਦਾ ਸਿਰਿਓਂ ਹੀ ਕਤਲਾਮ ਕਰ ਦੇਣ ਦਾ ਫੁਰਮਾਨ ਜਾਰੀ ਕਰ ਦਿਤਾ। ਇਹ ਸਿੰਘਾਂ ਵਿਰੁਧ ਕਤਲਿ-ਆਮ ਦਾ ਪਹਿਲਾ ਬਾਦਸ਼ਾਹੀ ਫੁਰਮਾਨ ਸੀ। ਇਸ ਤੋਂ ਪਿਛੋਂ ਫਿਰ ਚਲ ਸੋ ਚਲ ਰਹੀ।

ਕਿਨ੍ਹਾਂ ਹਾਲਾਤ ਤੇ ਸਮੇਂ ਵਿਚ ਭਾਈ ਤਾਰੂ ਸਿੰਘ ਜੀ ਹੋਏ ?

ਦਿੱਲੀ, ਲਾਹੌਰ, ਸਰਹੰਦ, ਮੁਲਤਾਨ, ਕਸ਼ਮੀਰ, ਪਹਾੜੀ ਰਾਜਿਆਂ, ਰਾਜਪੂਤ ਰਾਜਿਆਂ, ਨਿਕੇ ਮੋਟੇ ਨਵਾਬਾਂ ਦੀਆਂ ਫ਼ੌਜਾਂ ਅਤੇ ਬੇਓੜਕੇ ਮੁਲਖਈਏ ਦੀ ਸਹਾਇਤਾ ਨਾਲ ਅਬਦੁੱਸਮਦ ਖ਼ਾਨ ਗਵਰਨਰ ਲਾਹੌਰ ਨੇ ਬੰਦਾ ਸਿੰਘ ਨੂੰ ਥੋੜੇ ਜਿਹੇ ਸਾਥੀਆਂ ਨਾਲ ਗੁਰਦਾਸ ਨੰਗਲ ਦੀ ਗੜ੍ਹੀ ਵਿਚ ਘੇਰ ਲਿਆ ਤੇ ਇਹ ਘੇਰਾ ਅਠ ਮਹੀਨੇ ਤੋਂ ਕੁਝ ਦਿਨ ਉਪਰ ਜਾਰੀ ਰਿਹਾ। ਰਸਦ ਪੱਠੇ ਤੇ ਦਾਰੂ ਸਿੱਕੇ ਦੀ ਘਾਟ ਨੇ ਭਾਵੇਂ ਘਿਰਿਆਂ ਹੋਇਆਂ ਦੀ ਬੜੀ ਮੰਦੀ ਹਾਲਤ ਕਰ ਦਿੱਤੀ ਸੀ, ਫਿਰ ਵੀ ਫ਼ੌਜ ਡਰਦੀ ਗੜ੍ਹੀ ਦੇ ਨੇੜੇ ਨਹੀਂ ਸੀ ਫਟਕਦੀ। ਕਿਸੇ ਪਾਸੇ ਗੱਲ ਨਾ ਲਗਦੀ ਵੇਖ ਕੇ ਅੰਤ ਨੂੰ ਸੁਲਹ ਦਾ ਫ਼ਰੇਬੀ ਜਾਲ ਤਾਣਿਆ ਗਿਆ ਤੇ ਅਨੰਦਪੁਰ ਸਾਹਿਬ ਦੇ ਘੇਰੇ ਸਮੇਂ ਵਾਂਗ ਹੀ ਕੁਰਾਨ ਦੀ ਕਸਮ ਖਾ ਕੇ ਬੰਦਾ ਸਿੰਘ ਨੂੰ ਵਿਸ਼ਵਾਸ ਦਿਵਾ ਦਿਤਾ ਕਿ ਉਸ ਨਾਲ ਬਾਦਸ਼ਾਹ ਸੁਲਹ ਕਰਦਾ ਹੈ। ਗੜ੍ਹੀ ਛੱਡ ਕੇ ਬਾਹਰ ਆ ਜਾਵੇ ਤੇ ਗੁਜ਼ਾਰੇ ਲਈ ਕੁਝ ਇਲਾਕਾ ਲੈਣਾ ਤੈਅ ਕਰਨ ਲਈ ਗੱਲ-ਬਾਤ ਕਰ ਲਵੇ । ਇੰਜ ਵਿਸਾਹਘਾਤ ਕਰ ਕੇ ਉਸ ਨੂੰ ਸਾਥੀਆਂ ਸਮੇਤ ਫੜ ਲਿਆ। ਜ਼ਖ਼ਮੀ ਤੇ ਬੀਮਾਰ ਤਾਂ ਗੜ੍ਹੀ ਦੇ ਪਾਸ ਹੀ ਕਤਲਾ ਦਿਤੇ ਗਏ। ਬਾਕੀ ੭੪੬ ਦੇ ਕਰੀਬ ਫੜ ਕੇ ਲਾਹੌਰ लै भांरे।

ਲਾਹੌਰੋਂ ਦਿੱਲੀ ਨੂੰ ਲੈ ਜਾਣ ਲੱਗਿਆਂ ਜ਼ਕਰੀਆ ਖ਼ਾਨ ਨੂੰ ਫੁਰਿਆ ਕਿ ਕੈਦੀਆਂ ਦੀ ਗਿਣਤੀ ਤਾਂ ਕੁਝ ਸੈਂਕੜੇ ਹੈ। ਦਿੱਲੀ ਵਿਚ ਤਾਅਨੇ ਵਜਣਗੇ ਕਿ ਲੱਖਾਂ ਦੀ ਗਿਣਤੀ ਨਾਲ ਅੱਠ ਮਹੀਨਿਆਂ ਤੋਂ ਵੀ ਵੱਧ ਸਮੇਂ ਤਕ ਘੇਰੇ ਦਾ ਨਤੀਜਾ ਇਹ ੭੪੬ ਆਦਮੀ ਹਨ, ਜਿਨ੍ਹਾਂ ਪਾਸ ਹਥਿਆਰ ਵੀ ਪੂਰੇ ਨਹੀਂ ? ਬੜੀ ਵੱਡੀ ਸੂਰਮਗਤੀ ਕਰ ਕੇ ਆਏ ਹੋ! ਸਿਰਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ, ਬਸ, ਸੋਚ ਦੀ ਢਿਲ ਸੀ, ਫ਼ੌਜਾਂ ਤਲਵਾਰਾਂ ਸੂਤ ਕੇ ਪੰਜਾਬ ਦਿਆਂ ਪਿੰਡਾਂ ਵਿਚ ਵੜ ਗਈਆਂ ਤੇ ਜ਼ੁਲਮ-ਜਬਰ ਦੇ ਭਾਂਬੜ ਬਾਲ ਕੇ ਰਖ ਦਿਤੇ। ਜੋ ਪੱਗ-ਬੰਨ੍ਹ ਕਾਬੂ ਆਇਆ, ਲਾਹੌਰ ਲਿਆ ਕੇ ਕਤਲ ਕੀਤਾ ਗਿਆ ਤੇ ਸਿਰਾਂ ਦੇ ਸੈਂਕੜੇ ਗੱਡੇ ਭਰ ਕੇ ਕੈਦੀਆਂ ਦੇ ਨਾਲ ਹੀ ਪਿਛੇ ਪਿਛੇ ਦਿੱਲੀ ਨੂੰ ਤੋਰ ਦਿਤੇ, ਤਾਕਿ ਉਥੇ ਇਹ ਭੁਲੇਖਾ ਪਾਇਆ ਜਾ ਸਕੇ ਕਿ ਬੜੀ ਭਿਆਨਕ ਲੜਾਈ ਵਿਚ ਏਨੇ ਸਿਖ ਮਾਰ ਕੇ ਬੰਦਾ ਸਿੰਘ ਨੂੰ ਬੜੀ ਮੁਸ਼ਕਲ ਨਾਲ ਫੜਿਆ ਜਾ ਸਕਿਆ ਹੈ । ਲਾਹੌਰੋਂ ਦਿੱਲੀ ਨੂੰ ਜਾਂਦਿਆਂ ਰਾਹ ਦੇ ਆਸ ਪਾਸ ਦਿਆਂ ਪਿੰਡਾਂ ਵਿਚੋਂ ਇੰਜ ਹੀ ਸਿੰਘਾਂ ਦਾ ਸ਼ਿਕਾਰ ਖੇਡਿਆ ਜਾਂਦਾ ਰਿਹਾ ਤੇ ਜੋ ਕਾਬੂ ਆਇਆ, ਕਤਲ ਕਰ ਕੇ ਸਿਰ ਗੱਡਿਆਂ ਵਿਚ ਸੁਟ ਲਿਆ ਜਾਂਦਾ ਰਿਹਾ।

ਬੰਦਾ ਸਿੰਘ ਦੇ ਸਾਥੀ ਸਿੰਘ ਮਾਰਚ ੧੭੧੬ ਵਿਚ ਕੁਤਵਾਲੀ ਦੇ ਸਾਹਮਣੇ, ਅਜੋਕੀ ਗਾਂਧੀ ਲਾਇਬਰੇਰੀ ਵਾਲੀ ਥਾਂ, ਸੌ ਸੌ ਕਰਕੇ ਰੋਜ਼ ਕਤਲ ਹੁੰਦੇ ਰਹੇ। ਕਿਸੇ ਨੇ ਵੀ ਜਾਨ ਬਚਾਉਣ ਲਈ ਇਸਲਾਮ ਨਾ ਕਬੂਲਿਆ। ਸਮੇਤ ਅੱਠ ਜਰਨੈਲਾਂ ਤੇ ਆਪਣੇ ਚਾਰ ਸਾਲਾਂ ਦੇ ਬੱਚੇ ਦੇ ਬੰਦਾ ਸਿੰਘ ਨੂੰ ਕੁਤਬ ਸਾਹਿਬ ਦੀ ਲਾਠ ਦੇ ਲਾਗੇ ੯ ਜੂਨ ੧੭੧੬ ਈ: ਨੂੰ ਬੜੇ ਭਾਰੇ ਤਸੀਹੇ ਦੇ ਕੇ ਸ਼ਹੀਦ ਕਰ ਦਿਤਾ ਗਿਆ।

ਦਿੱਲੀ ਵਿਚ ਬੈਠਿਆਂ ਹਿੰਦੁਸਤਾਨ ਦੇ ਬਾਦਸ਼ਾਹ ਫ਼ਰਖ਼ਸੀਅਰ ਨੇ ਸਮਝ ਲਿਆ ਕਿ ਸਿਖ ਨਾਮ ਦੀ ਚੀਜ਼ ਸਦਾ ਲਈ ਦੁਨੀਆ ਵਿਚੋਂ ਖ਼ਤਮ ਕਰ ਦਿਤੀ ਗਈ ਹੈ। ਇਕ ਹੱਦ ਤਕ ਉਸ ਦੀ ਇਹ ਖ਼ੁਸ਼ਫ਼ਹਿਮੀ (ਮਨੌਤ) ਠੀਕ ਵੀ ਸੀ। ਸਿੱਖਾਂ ਦਾ ਬਹੁਤ ਹੀ ਜ਼ਿਆਦਾ ਜਾਨੀ ਮਾਲੀ ਨੁਕਸਾਨ ਹੋਇਆ ਸੀ। ਸਾਰੇ ਹੀ ਸਮਝਣ ਲੱਗ ਪਏ ਸਨ ਕਿ ਸਿਖ ਹੁਣ ਮਿਟਾਅ ਦਿਤੇ ਗਏ ਹਨ, ਇਹ ਕਦੀ ਉਠ ਨਹੀਂ ਸਕਣਗੇ।

ਬਾਦਸ਼ਾਹ ਨੇ ਖ਼ਾਸ ਤੌਰ ‘ਤੇ ਖ਼ਿਲਅਤ ਦੇ ਕੇ ਜ਼ਕਰੀਆ ਖ਼ਾਨ ਨੂੰ ਮਾਣ-ਵਡਿਆਈ ਦਿਤੀ ਤੇ ਉਸ ਦਾ ਮਰਤਬਾ ਵਧਾਇਆ ਗਿਆ । ਅਬਦੁਸਮੱਦ ਖ਼ਾਨ ਦਲੇਰ ਜੰਗ ਨੂੰ ਇਸ ਚੰਗੇ ਕੰਮ ਲਈ ਵਧਾਈ ਭੇਜੀ ਗਈ, ਸਤਿਕਾਰ ਦਿਤਾ ਗਿਆ ਤੇ ਨਾਲ ਹੀ ਆਦੇਸ਼ ਦਿੱਤਾ ਗਿਆ ਕਿ ਸਿੱਖਾਂ ਪ੍ਰਤੀ ਸਖ਼ਤੀ ਵਿਚ ਢਿਲ ਨਾ ਆਵੇ। ਜੇ ਕੋਈ ਲੁਕ ਛਿਪ ਕੇ ਬਚ ਗਿਆ ਹੋਵੇ ਤਾਂ ਇਨ੍ਹਾਂ ਦੇ ਕਤਲਾਮ ਤੇ ਤਬਾਹੀ ਲਈ ਨਵੇਂ ਸਿਰਿਓਂ ਕਿਸੇ ਨਵੇਂ ਫ਼ਰਮਾਨ ਦੀ ਲੋੜ ਨਹੀਂ ਹੈ। ਸ਼ਹਿਨਸ਼ਾਹ ਬਹਾਦਰ ਸ਼ਾਹ ਖ਼ੁਲਦ-ਨਸ਼ੀਨ (ਮਰਹੂਮ) ਵਲੋਂ ਦਸੰਬਰ ੧੭੧੦ ਈ: ਨੂੰ ਸਿੱਖਾਂ ਦੇ ਕਤਲਾਮ ਲਈ ਜਾਰੀ ਕੀਤਾ ਗਿਆ ਫ਼ਰਮਾਨ ਸਿੱਖਾਂ ਵਿਰੁਧ ਹਮੇਸ਼ਾ ਲਈ ਲਾਗੂ ਸਮਝਿਆ ਜਾਵੇ ।

ਅਬਦੁਸਮੱਦ ਖ਼ਾਨ ਨੇ ਸਿੱਖਾਂ ਨੂੰ ਫ਼ਨਾਹ-ਫ਼ਿਲਾ ਕਰਨ ਵਿਚ ਕੋਈ ਕਸਰ ਨਾ ਛੱਡੀ। ਗ੍ਰਾਮ ਬਸਤੀਆਂ ਤਾਂ ਇਕ ਪਾਸੇ ਰਹੀਆਂ, ਉਸ ਨੇ ਜੰਗਲ-ਬੇਲੇ ਤੇ ਝਾੜ-ਬੂਟ ਵੀ ਹੰਢ ਮਾਰੇ। ਜੋ ਸਿਖ ਫੜਿਆ ਗਿਆ, ਲਾਹੌਰ ਮੰਗਵਾ ਕੇ ਮੌਤ ਦੇ ਘਾਟ ਉਤਾਰ ਦਿਤਾ ਗਿਆ । ਰਾਠ ਸਿੰਘ ਭਾਵੇਂ ਗਿਣਤੀ ਵਿਚ ਬਹੁਤ ਜ਼ਿਆਦਾ ਨਹੀਂ ਸਨ ਰਹਿ ਗਏ, ਪਰ ਮੁਗ਼ਲੀਆ ਫ਼ੌਜਾਂ ਨਾਲ ਬਰਾਬਰ ਟੱਕਰਾਂ ਲੈਂਦੇ ਰਹੇ। ਇਹ ਅਸਾਵਾਂ ਮੁਕਾਬਲਾ ਸੀ । ਜਦ ਪਾਣੀ ਸਿਰੋਂ ਲੰਘਦਾ ਦਿਸਿਆ ਤਾਂ ਕੁਝ ਕੁ ਹਠੀਆਂ ਨੂੰ ਛੱਡ ਕੇ ਬਹੁਤ ਸਾਰੇ ਪੰਜਾਬੋਂ ਨਿਕਲ ਗਏ। ਬੰਦਾ ਸਿੰਘ ਦੇ ਰਾਜ-ਕਾਲ ਵਿਚ, ਉਸ ਦੇ ਜਾਹੋ ਜਲਾਲ ਤੇ ਸ਼ਕਤੀ ਨੂੰ ਵੇਖ ਕੇ ਬਹੁਤ ਸਾਰੇ ਹਿੰਦੂ ਅੰਮ੍ਰਿਤਧਾਰੀ ਬਣ ਗਏ ਸਨ। ਇਹ ਸੌਦਾ ਸਿਰਫ਼ ਗੌਂ ਦਾ ਸੀ। ਪਰ ਜਦ ਉਸ ਦੀ ਸ਼ਹੀਦੀ ਪਿਛੋਂ ਬਿਪਤਾ ਦੇ ਕਟਕ ਸਿਰ ‘ਤੇ ਆਣ ਚੜ੍ਹੇ, ਸਖ਼ਤੀ ਨਾ ਝਲ ਸਕਦੇ ਹੋਏ ਜਾਨਾਂ ਬਚਾਉਣ ਲਈ ਸਿੱਖੀ ਤਿਆਗ ਕੇ ਫ਼ੌਰਨ ਆਪਣੇ ਪਹਿਲੇ ਅਸਲੀ ਰੂਪ ਵਿਚ ਆ ਗਏ। ਸਿਲਸਿਲਾ ਇਥੇ ਹੀ ਨਾ ਰੁਕਿਆ। ਕਿਉਂਕਿ ਸਿਖ ਹੋਣਾ ਹਕੂਮਤ ਦਾ ਵਿਦਰੋਹੀ ਮੰਨਿਆ ਜਾਂਦਾ ਸੀ, ਇਨ੍ਹਾਂ ਦੇ ਆਪਣੇ ਦੋਖੀ ਸ਼ਰੀਕਾਂ ਨੇ ਹੀ ਦੱਸਾਂ ਪਾ ਪਾ ਕੇ ਇਨ੍ਹਾਂ ਉਤੇ ਅਤਿਆਚਾਰ ਕਰਵਾਏ ਤੇ ਇਹ ਲੋਕ-ਮਾਰੀ ਦੇ ਪ੍ਰਾਣ ਬਚਾਉਣ ਖ਼ਾਤਰ ਧੜਾ ਧੜ ਮੁਸਲਮਾਨ ਬਣਦੇ ਗਏ ਤੇ ਬਣੇ ਵੀ ਪਿੰਡਾਂ ਦੇ ਪਿੰਡ।

ਬੰਦਾ ਸਿੰਘ ਦੀ ਸ਼ਹਾਦਤ ਪਿਛੋਂ ਦਲੇਰਿ-ਜੰਗ ਨੇ ਪੰਜ ਛੇ ਸਾਲ ਤਕ ਸਿੱਖਾਂ ਉਤੇ ਬੜੇ ਕਹਿਰ ਤੋੜੇ। ਪਰ ਪਿਛੋਂ ਆ ਕੇ ਐਸ਼ੋ-ਇਸ਼ਰਤ ਵਿਚ ਖਚਿਤ ਹੋ ਜਾਣ ਕਰਕੇ ਸਿੱਖਾਂ ਵਲੋਂ ਕਾਫ਼ੀ ਢਿਲਾ ਪੈ ਗਿਆ। ਸੰਭਵ ਹੈ ਕਿ ਉਹ ਸਮਝ ਬੈਠਾ ਹੋਵੇ ਕਿ ਉਸ ਨੇ ਪੰਜਾਬ ਵਿਚੋਂ ਸਿੱਖਾਂ ਦਾ ਮੂਲੋਂ ਹੀ ਸਫ਼ਾਇਆ ਕਰ ਦਿੱਤਾ ਹੈ। ਇਹ ਉਸ ਦੀ ਭੁਲ ਸੀ । ਸਿੱਖਾਂ ਨੂੰ ਪੰਜਾਬ ਨਾਲੋਂ ਕੇਣ ਅਲਹਿਦਾ ਕਰ ਸਕਦਾ ਹੈ ? ਜਦ ਸਖ਼ਤੀ ਵਿਚ ਢਿਲ ਆਈ ਤਾਂ ਸਿੰਘ ਝਲਾਂ, ਬੀੜਾਂ, ਜੰਗਲਾ ਤੇ ਪਹਾੜਾਂ ਨੂੰ ਛੱਡ ਕੇ ਆਪਣੇ ਗ੍ਰਾਮਾਂ, ਨਗਰਾਂ ਵਲ ਪਰਤੇ। ਹਕੂਮਤ ਨਾਲ ਬਸਤੀ ਟਾਕਰਾ ਕਰਨ ਵਾਲੇ ਤਾਂ ਪੱਕੇ ਤੌਰ ‘ਤੇ ਪਿੰਡਾਂ ਵਿਚ ਨਾ ਟਿਕੇ, ਪਰ ਗੁਰਮੁਖ ਸਿੰਘ ਅਮਨ ਚੈਨ ਨਾਲ ਆਪਣੀ ਖੇਤੀ-ਵਾੜੀ ਦੇ ਕੰਮਾਂ ਵਿਚ ਲੱਗ ਗਏ।

ਅਬਦੁਸਮੱਦ ਖ਼ਾਨ ਦੀ ਇਹ ਢਿਲ ਸਿੰਘਾਂ ਲਈ ਬੜੀ ਲਾਭਵੰਦੀ ਸਿਧ ਹੋਈ। ਇਹ ਸੁਖ ਦਾ ਸਮਾਂ ਬਹੁਤੀ ਦੇਰ ਤਕ ਕਾਇਮ ਨਾ ਰਿਹਾ। ਦਲੇਰਿ-ਜੰਗ ਦੀ ਢਿਲ ਨੇ ਕਈ ਲੋਟੂ ਜਾਂਗਲੀ ਕਬੀਲਿਆਂ ਤੇ ਗਰੋਹਾਂ ਵਿਚ ਲਾਲਚ ਨੂੰ ਉਭਾਰ ਦਿਤਾ। ਬਾਰਾਂ, ਨੱਕੇ, ਲਹਿੰਦੀ ਤੇ ਲਖੀ ਜੰਗਲ ਵਾਲੇ ਪਾਸੇ ਅਮਨ ਅਮਾਨ ਖ਼ਤਮ ਹੋ ਗਿਆ। ਥਾਂ ਥਾਂ ਉਤੇ ਧਾੜੇ, ਲੁੱਟਾਂ, ਖੋਹਾਂ ਤੇ ਡਾਕੇ ਵੱਜਣੇ ਸ਼ੁਰੂ ਹੋ ਗਏ। ਪਰ ਸਿਤਮ (ਲੋਹੜਾ) ਇਹ ਹੋਇਆ ਕਿ ਇਹ ਸਾਰੀ ਬਦ-ਅਮਨੀ ਸਿੱਖਾਂ ਦੇ ਸਿਰ ਮੜ੍ਹੀ ਗਈ। ਜਦ ਇਸ ਮੰਦੀ ਹਾਲਤ ਦੀਆਂ ਖ਼ਬਰਾਂ ਦਿੱਲੀ ਅੱਪੜੀਆਂ ਤਾਂ ਦਲੇਰਿ-ਜੰਗ ਨੂੰ ਲਾਹੌਰੋਂ ਮੁਲਤਾਨ ਸੂਬੇ ਵਿਚ ਬਦਲ ਦਿਤਾ ਤੇ ਉਸ ਦੇ ਪੁਤਰ ਜ਼ਕਰੀਆ ਖ਼ਾਨ ਨੂੰ ਕਸ਼ਮੀਰੋਂ ਲਾਹੌਰ ਲੈ ਆਂਦਾ । ਇਹ ਨਜ਼ਾਮਤ ਉਸ ਨੇ ਮੂੰਹੋਂ ਮੰਗ ਕੇ ਲਈ ਸੀ, ਕਿਉਂਕਿ ਉਹ ਸਮਝਦਾ ਸੀ ਕਿ ਬੰਦਾ ਸਿੰਘ ਵਿਰੁਧ ਪ੍ਰਾਪਤ ਹੋਈ ਸਫਲਤਾ ਵਿਚ ਉਹ ਵੱਡਾ ਹਿੱਸੇਦਾਰ ਸੀ। ਉਹ ਦਿੱਲੀ ਸਰਕਾਰ ਦਾ ਭਰੋਸਾ ਜਿਤ ਚੁਕਿਆ ਸੀ । ਉਸ ਨੂੰ ਆਪਣੀ ਤਾਕਤ, ਤਜਰਬੇ ਤੇ ਸੰਗਦਿਲੀ ਉਤੇ ਨਿਸਚਾ ਸੀ ਕਿ ਉਹ ਸਿੱਖਾਂ ਵਿਰੁਧ ਸਾਰਿਆਂ ਨਾਲੋਂ ਜ਼ਿਆਦਾ ਸਖ਼ਤੀ ਕਰ ਸਕਦਾ ਹੈ।

ਜ਼ਕਰੀਆ ਖ਼ਾਨ ਵਲੋਂ ਮੁੜ ਸਖ਼ਤੀ ਦਾ ਅਰੰਭ

ਜ਼ਕਰੀਆ ਖ਼ਾਨ, ਜਿਸ ਨੂੰ ਇਤਿਹਾਸਕਾਰ ਖ਼ਾਨ ਬਹਾਦਰ ਵੀ ਕਹਿੰਦੇ ਹਨ, ਨੇ ਆਉਂਦਿਆਂ ਹੀ ਸਿੱਖਾਂ ਦੇ ਖ਼ਾਤਮੇ ਲਈ ਬਾਨ੍ਹਣੂ ਬੰਨ੍ਹਣੇ ਅਰੰਭ ਦਿਤੇ। ਉਸ ਦੇ ਬਾਪ ਨੇ ਇਸ ਕੰਮ ਲਈ ਗਸ਼ਤੀ ਫ਼ੌਜ ਬਣਾਈ ਸੀ, ਜੋ ਖ਼ਬਰ ਮਿਲਣ ‘ਤੇ ਦੂਰ ਦੂਰ ਤਕ ਸਿੱਖਾਂ ਵਿਰੁਧ ਜਾ ਅਪੜਦੀ ਤੇ ਉਨ੍ਹਾਂ ਨੂੰ ਜ਼ਿੰਦਾ ਫੜ ਲੈਣ ਜਾਂ ਮਾਰ ਮੁਕਾਉਣ ਦੇ ਯਤਨ ਕਰਦੀ। ਖ਼ਾਨ ਬਹਾਦਰ ਨੇ ਇਸ ਗਸ਼ਤੀ ਫ਼ੌਜ ਨੂੰ ਨਵੇਂ ਸਿਰਿਓਂ ਤਰਤੀਬ ਦਿਤੀ ਤੇ ਉਸ ਦੀ ਗਿਣਤੀ ਵੀ ਬਹੁਤ ਵਧਾ ਲਈ। ਇਹ ਸਿੰਘਾਂ ਵਿਰੁੱਧ ਪਿੰਡਾਂ ਵਿਚ ਹਰਲ ਹਰਲ ਕਰਦੀ ਫਿਰਦੀ। ਇਸ ਨੇ ਸਿੰਘਾਂ ਵਿਰੁਧ ਕੋਈ ਪੁਣ-ਛਾਣ ਥੋੜੋ ਕਰਨੀ ਸੀ। ਅੰਮ੍ਰਿਤਧਾਰੀ ਹੋਣਾ ਹੀ ਉਨ੍ਹਾਂ ਦਾ ਸਭ ਤੋਂ ਵੱਡਾ ਕਸੂਰ ਸੀ । ਸਿੱਖੀ ਸਰੂਪ ਵਾਲੇ ਨੂੰ ਸਰਕਾਰ ਦਾ ਵਿਦਰੋਹੀ ਜਾਣ ਕੇ ਖ਼ਤਮ ਕਰਨਾ ਇਸ ਫ਼ੌਜ ਦਾ ਪਹਿਲਾ ਨਿਸ਼ਾਨਾ ਸੀ । ਇਸ ਸਰੂਪ ਵਿਚ ਜੋ ਵੀ ਦਿਸਿਆ, ਬੱਸ ਅੱਗੇ ਧਰ ਲਿਆ ਗਿਆ ਤੇ ਲਾਹੌਰ ਲੈ ਜਾ ਕੇ ਕਤਲਾਇਆ ਗਿਆ।

ਗਸ਼ਤੀ ਫ਼ੌਜ ਦੇ ਕਾਲਮਾਂ ਦੇ ਕੰਮ ਨੂੰ ਸੁਖਾਵਾਂ ਤੇ ਅਸਰ-ਦਾਇਕ ਬਣਾਉਣ ਲਈ ਪਿੰਡ ਪਿੰਡ ਮੁਖ਼ਬਰਾਂ ਦਾ ਜਾਲ ਵਿਛਾ ਦਿਤਾ ਗਿਆ। ਤੱਪਿਆਂ ਦਿਆਂ ਚੌਧਰੀਆਂ ਤੇ ਪਿੰਡਾਂ ਦਿਆਂ ਨੰਬਰਦਾਰਾਂ ਪਾਸੋਂ ਲਿਖਵਾ ਲਿਆ ਗਿਆ ਕਿ ਉਨ੍ਹਾਂ ਦੀਆਂ ਚੌਧਰਾਇਤਾਂ ਤੇ ਨੰਬਰਦਾਰੀਆਂ ਵਿਚ ਕੋਈ ਸਿੰਘ ਨਜ਼ਰ ਨਾ ਆਵੇ । ਇਸ ਵਿਉਂਤ ਦੀ ਸਫਲਤਾ ਲਈ ਜਿਸ ਜਿਸ ਨੇ ਵਧ ਚੜ੍ਹ ਕੇ ਹਿੱਸਾ ਲਿਆ ਤੇ ਨਮਕ-ਹਲਾਲੀ ਵਿਖਾਈ, ਸਰਕਾਰ ਵਲੋਂ ਉਨ੍ਹਾਂ ਦਾ ਮਾਣ-ਸਤਿਕਾਰ ਵਧਾਇਆ ਜਾਵੇਗਾ, ਤੇ ਕਈ ਰਿਆਇਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਨ੍ਹਾਂ ਸਰਕਾਰੀ ਖ਼ੈਰ-ਖ਼ਵਾਹਾਂ ਨੇ ਆਪਣੇ ਆਪ ਨੂੰ ਇਕ ਦੂਜੇ ਤੋਂ ਵਧ ਵਫ਼ਾਦਾਰ ਸਾਬਤ ਕਰਨ ਲਈ ਅਮਨ ਚੈਨ ਨਾਲ ਵਸਦੇ ਸਾਧਾਰਨ ਸਿੱਖਾਂ ਨੂੰ ਜੋ ਕਿਰਸਾਣੀ ਜਾਂ ਕੋਈ ਹੋਰ ਨਿੱਕਾ ਮੋਟਾ ਕਿੱਤਾ ਕਰਦੇ ਸਨ, ਨੂੰ ਵੀ ਕਿਸੇ ਨਾ ਕਿਸੇ ਵਲਾਵੇ ਵਿਚ ਲਿਆ ਕੇ ਫੜਵਾ ਦੇਣਾ। ਇਸ ਤਰ੍ਹਾਂ ਦੇ ਬੇਦੋਸ਼ੇ ਤੇ ਮਾਸੂਮ ਸਿੱਖਾਂ ਨੂੰ ਲਾਹੌਰ ਲੈ ਜਾ ਕੇ ਇਕ ਹੀ ਸਵਾਲ ਪੁਛਿਆ ਜਾਂਦਾ ਕਿ ਜੇ ਤੁਸੀਂ ਜਾਨ ਬਚਾਉਣੀ ਚਾਹੁੰਦੇ ਹੋ ਤਾਂ ਸਿੱਖੀ ਤਿਆਗ ਕੇ ਮੁਸਲਮਾਨ ਹੋਣ ਲਈ ਤਿਆਰ ਹੋ ? ਆਫ਼ਰੀਨ ਹੈ ਇਨ੍ਹਾਂ ਸਿਧੇ ਸਾਦੇ ਤੇ ਨਿਰਦੋਸ਼ ਧਰਮੀਆਂ ਦੇ, ਜਿਨ੍ਹਾਂ ਕੁਝ ਦਿਨਾਂ ਦੀ ਜ਼ਿੰਦਗੀ ਲਈ ਆਪਣਾ ਧਰਮ ਨਾ ਹਾਰਿਆ। ਇਹੋ ਜਿਹੇ ਅਣਗਿਣਤ ਨਿਰਦੋਸ਼ਾਂ ਦੇ ਸਿਰ ਨਖ਼ਾਸ ਮੰਡੀ ਵਿਚ ਲਹਿੰਦੇ ਰਹੇ, ਨਿਰਦੋਸ਼ ਸਿਖ ਅਨੇਕ ਪ੍ਰਕਾਰ ਦੇ ਤਸੀਹੇ ਖਿੜੇ ਮੱਥੇ ਝਲਦੇ ਰਹੇ, ਪਰ ਕਿਸੇ ਲਾਲਚ ਜਾਂ ਡਰ ਦਾ ਸ਼ਿਕਾਰ ਹੋ ਕੇ ਸਿੱਖੀ ਨੂੰ ਦਾਗ਼ ਨਾ ਲਾਇਆ।

ਸਿੱਖੀ ਦੇ ਦੋਖੀ ਸਰਕਾਰੀ ਮੁਖ਼ਬਰਾਂ ਤੇ ਸੂਹੀਆਂ ਦਾ ਜਾਲ

ਜ਼ਕਰੀਆ ਖ਼ਾਨ ਨੇ ਆਪਣੀ ਨੀਤੀ ਸਫਲ ਕਰਨ ਲਈ ਆਪਣੇ ਮੁਖ਼ਬਰਾਂ ਦਾ ਬੜਾ ਵੱਡਾ ਤੇ ਸੰਘਣਾ ਜਾਲ ਆਪਣੀ ਨਿਜ਼ਾਮਤ ਵਿਚ ਤਣਿਆ ਹੋਇਆ। ਸੀ। ਸਿੱਖਾਂ ਦੇ ਖ਼ਾਤਮੇ ਲਈ ਜਿਨ੍ਹਾਂ ਸਭ ਤੋਂ ਵਧ ਜ਼ੋਰ ਲਾਇਆ, ਉਨ੍ਹਾਂ ਵਿਚੋਂ ਸਭ ਤੋਂ ਉਘੇ ਇਹ ਹਨ:

ਚੌਧਰੀ ਰਾਮਾ ਰੰਧਾਵਾ ਘਣੀਏ ਵਾਲਾ,

ਕਰਮਾ ਛੀਨੇ ਪਿੰਡ ਦਾ,

ਮਾਨਾ ਨੌਸ਼ਹਿਰਾ ਪੰਨੂਆਂ ਦਾ,

ਸਾਹਿਬ ਰਾਇ ਸੰਧੂ ਨੌਸ਼ਹਿਰਾ ਢਾਲਾ,

ਧਰਮ ਦਾਸ ਤੋਪੀ ਜੋਧਾ ਨਗਰੀਆ,

ਦਿਲਬਾਗ ਰਾਇ ਸਰਾਉ,

ਹੈਬਤ ਮੱਲ ਧਨੇਸ਼ਟੇ ਵਾਲਾ,

ਲਾਲੂ ਵਿਰਕ ਭਿਖੀ ਦਾ,

ਮੋਲਕ ਰਾਇ ਸੰਧੂ ਬੁੰਦਾਲੀਆ,

ਚੌਧਰੀ ਦਿਆਲਾ ਵੜਾਇਚ ਗੁਜਰਾਂਵਾਲੇ ਦਾ,

ਸਯਾਮ ਸ਼ਾਹ ਖਤਰੀ ਘਰਜਾਖ ਦਾ,

ਗੁਰੀਆ ਮੱਟੂ ਪਿੰਡ ਦਾ,

ਦਿਆਨਤ ਰਾਇ ਸੋਧਰੇ ਦਾ,

ਉਘਰ ਸੈਨ ਖਤਰੀ ਐਮਨਾਬਾਦੀ,

ਗੁਲਾਬ ਰਾਇ ਬੈਂਸ ਮਾਹਲਪੁਰੀਆ,

ਮੱਦੋ ਚੌਧਰੀ ਮਜੀਠੇ ਦਾ,

ਜੋਧ ਖੋਖਰ ਵਾਲਾ,

ਮੁਲੇਮੀ ਗਿਲ ਨੌਸ਼ਹਿਰੇ ਦਾ,

ਨਥਾ ਉੱਪਲ ਐਮੇ ਵਾਲਾ,

ਹਸਨਾ ਸੰਧੂ ਸਰਾਂ ਵਾਲਾ,

ਕਜਲਾ ਰੰਧਾਵਾ ਬਟਾਲੇ ਦਾ,

ਭਾਗੂ ਕਾਹਲੋ ਗੋਤ ਦਾ, ਪਿੰਡ ਭਾਗੂਵਾਲੀਆ,

ਅਕਾਲ ਬੱਘਾ, ਰਾਇ ਥਾਨਾਬਾਦ,

ਰਾਇ ਹਰ ਚੰਦ ਚਸ਼ਮੇ ਦਾ,

ਰਾਇ ਖ਼ੁਸ਼ਾਲੀ ਸੰਧੂ ਕਾਨ੍ਹੇ ਦਾ,

ਭੀਮਾ ਢਿਲੋਂ ਕਸੂਰ ਦਾ,

ਦਿਆਲਾ ਕਾਹਲੋਂ ਸੈਦਵਾਲੇ ਦਾ,

ਨਿਬਾਹੂ ਸੰਧੂ ਭੂਰੇ ਪਿੰਡੋਂ,

ਮਿਲਖਾ ਸੰਧੂ ਕਾਛੇ ਦਾ,

ਹਯਾਤ ਖ਼ਾਂ ਠਠੇ ਪਿੰਡ ਦਾ,

ਪੀਰ ਮੁਹੰਮਦ ਚੱਠਾ,

ਹਰ ਭਗਤ ਨਿਰੰਜਨੀਆ ਜੰਡਿਆਲੇ ਦਾ,

ਕਾਦਰ ਬਖ਼ਸ਼ ਨਿਢਾਲ,

ਸਾਹਿਬ ਖ਼ਾਂ ਟਿਵਾਣਾ,

ਇਸਮਾਈਲ ਖ਼ਾਂ ਮੰਡਿਆਲ ਸਿਆਲਕੋਟ ਦਾ,

ਫ਼ਤਹ ਖ਼ਾਂ ਘੇਬ ਕੋਟ-ਘੇਬਾ ਦਾ,

ਔਲੀਆ ਘੇਬ ਪਿੰਡੀ-ਘੇਬਾ ਤੋਂ, ਆਦਿ।

ਇਨ੍ਹਾਂ ਵਿਚ ਹਰਭਗਤ ਨਿਰੰਜਨੀਆ ਸਭ ਤੋਂ ਵੱਡਾ ਦੁਸ਼ਟ ਸੀ ਤੇ ਰਾਮੇ ਰੰਧਾਵੇ ਦਾ ਚੰਡਾਲਪੁਣਾ ਇਨ੍ਹਾਂ ਸਤਰਾਂ ਤੋਂ ਭਲੀ ਭਾਂਤ ਅਨੁਭਵ ਹੋ ਸਕਦੈ :

ਰਾਮੇ ਰੰਧਾਵੇ ਕੇ ਦੇਸ ਨਾ ਜਾਇਉ॥ ਮਾਝੇ ਮੇਂ ਹੀ ਡੇਲਾ ਬਾਟਾ ਖਾਇਉ॥

ਰਾਮੇ ਰੰਧਾਵੇ ਨੇ ਖ਼ਾਨ ਬਹਾਦਰ ਦੀ ਖ਼ੁਸ਼ਨੂਦੀ ਹਾਸਿਲ (ਪ੍ਰਸੰਨਤਾ ਪ੍ਰਾਪਤ) ਕਰਨ ਲਈ ਸਿੰਘਾਂ ਦੇ ਛੋਟੇ ਛੋਟੇ ਬੱਚੇ ਵੀ ਸੂਹਾਂ ਦੇ ਕੇ ਫੜਵਾ ਕੇ ਮਰਵਾ ਦਿਤੇ। ਜ਼ੁਲਮ ਦਾ ਕੋਈ ਓੜਕ ਨਾ ਰਿਹਾ।

ਜ਼ਕਰੀਆ ਖ਼ਾਨ ਨਾਜ਼ਿਮ ਲਾਹੌਰ ਸਰਕਾਰ, ਗਸ਼ਤੀ ਫ਼ੌਜਾਂ, ਮੁਖ਼ਬਰਾਂ ਦੇ ਜਾਲ, ਜਨੂੰਨੀ ਗ਼ਾਜ਼ੀਆਂ ਦੀਆਂ ਧਾੜਾਂ ਅਤੇ ਉਤੋਂ ਦਿੱਲੀ ਸਰਕਾਰ ਦੀ ਫ਼ੌਜੀ ਸਹਾਇਤਾ ਨਾਲ ਵੀ ਸਿੰਘਾਂ ਨੂੰ ਨਿਵਾ ਨਾ ਸਕਿਆ, ਤਾਂ ਅੰਤ ਲਿਫ਼ ਕੇ ਸਿੰਘਾਂ ਨਾਲ ਸੁਲਹ ਕਰ ਲਈ। ਸਿੰਘਾਂ ਨੂੰ ਨਵਾਬੀ ਭੇਟ ਕਰ ਕੇ ਜਾਗੀਰਾਂ ਦਿਤੀਆਂ। ਇਸ ਨੀਤੀ ਦਾ ਮਨੋਰਥ ਸਿੰਘਾਂ ਵਿਚ ਫੁਟ ਦੇ ਬੀਜ ਬੀਜ ਕੇ ਉਨ੍ਹਾਂ ਨੂੰ ਆਪੋ ਵਿਚ ਲੜਾ ਕੇ ਕਮਜ਼ੋਰ ਕਰਨ ਪਿਛੋਂ, ਆਪ ਕਰਾਰੀ ਸੱਟ ਮਾਰ ਉਨ੍ਹਾਂ ਨੂੰ ਤਬਾਹ ਕਰਨ ਤੋਂ ਸੀ। ਉਸ ਵੇਲੇ ਸਿੰਘ ਬੜੇ ਸਿਦਕੀ ਤੇ ਇਕ ਦੂਜੇ ਨੂੰ ਵੇਖ ਕੇ ਜੀਊਣ ਵਾਲੇ ਤੇ ਇਕ ਦੂਜੇ ਤੋਂ ਜਾਨਾਂ ਕੁਰਬਾਨ ਕਰਨ ਵਾਲੇ ਸਨ । ਸੋ ਉਹ ਜ਼ਕਰੀਆ ਖ਼ਾਨ ਦੇ ਫ਼ਰੇਬ ਦੇ ਕੁਟਲ-ਜਾਲ ਵਿਚ ਨਾ ਆਏ। ਖ਼ਾਨ ਬਹਾਦਰ ਆਪ ਹੀ ਸੁਲਹ ਦਾ ਅਹਿਦ ਤੋੜ, ਹਿਛ ਕੇ ਸਿੰਘਾਂ ਦੇ ਗਲ ਪੈ ਗਿਆ ਤੇ ਜ਼ੁਲਮ ਦੇ ਭਾਂਬੜ ਅੱਗੇ ਨਾਲੋਂ ਵੀ ਵਧ ਮਚਾਅ ਦਿਤੇ । ਸਿੰਘਾਂ ਨੇ ਘਰ-ਘਾਟ ਛਡ ਕੇ ਫਿਰ ਜੰਗਲਾਂ ਤੇ ਝਲਾਂ ਵਿਚ ਟਿਕਾਣੇ ਜਾ ਮੱਲੇ। ਕੁਝ ਪਹਾੜਾਂ ਵਿਚ ਜਾ ਵੜੇ ਤੇ ਕਈ ਰਾਜਸਥਾਨ ਦੇ ਮਾਰੂ ਥਲਾਂ ਵਿਚ ਜਾ ਨਿਕਲੇ। ਉਹ ਸਖ਼ਤ ਤੋਂ ਸਖ਼ਤ ਔਕੜਾਂ ਤੇ ਕਸ਼ਟ ਝਲਦੇ ਹੋਏ ਦਿਨ-ਕਟੀ ਕਰਦੇ ਰਹੇ, ਪਰ ਜ਼ਕਰੀਆ ਖ਼ਾਨ ਦੀ ਈਨ ਨਹੀਂ ਮੰਨੀ।

ਦਰਬਾਰ ਸਾਹਿਬ ਦੇ ਦੁਆਲੇ ਪਹਿਰੇ ਬਿਠਾ ਦਿਤੇ ਗਏ ਤੇ ਸਿੰਘਾਂ ਲਈ ਗੁਰੂ-ਘਰ ਦੇ ਦਰਸ਼ਨ-ਦੀਦਾਰ ਵੀ ਬੰਦ ਹੋ ਗਏ। ਜ਼ਕਰੀਆ ਖ਼ਾਨ ਦੀ ਦਿਲੀ ਸੱਧਰ ਪੂਰੀ ਨਾ ਹੋਈ। ਸਿੰਘ ਤਲੀਆਂ ‘ਤੇ ਸਿਰ ਧਰ ਕੇ ਪਹਿਰੂਆਂ ਵਿਚ-ਦੀ ਲੰਘ ਕੇ ਦਰਸ਼ਨ-ਇਸ਼ਨਾਨ ਕਰ ਆਉਂਦੇ। ਸੁਖਾ ਸਿੰਘ ਮਾੜੀ ਤਾਂ ਕਈ ਵਾਰ ਵੰਗਾਰ ਕੇ ਵਰ੍ਹਦੀਆਂ ਗੋਲੀਆਂ ਵਿਚ ਇਸ਼ਨਾਨ ਕਰ ਗਿਆ ਸੀ। ਸਿਰਫ਼ ਇਸ਼ਨਾਨ ਹੀ ਨਹੀਂ, ਫ਼ੌਜੀ ਪਹਿਰੇਦਾਰਾਂ ਲਈ ਵੀ ਬਹਿਸ਼ਤਾਂ ਦੇ ਦਰਵਾਜ਼ੇ ਖੋਲ੍ਹ ਜਾਂਦਾ ਰਿਹਾ। ਮੌਤ ਦਾ ਭੈ, ਇਸ ਪ੍ਰੇਮ-ਖੇਡ ਨੂੰ ਰੋਕ ਨਾ ਸਕਿਆ। ਸਿੰਘ ਵੰਗਾਰ ਵੰਗਾਰ ਕੇ ਦਰਬਾਰ ਸਾਹਿਬ ਦੇ ਦਰਸ਼ਨ-ਇਸ਼ਨਾਨ ਵੀ ਕਰਦੇ ਰਹੇ ਅਤੇ ਆਪਣੇ ਇਸ਼ਟ ਦੀ ਸ਼ਮ੍ਹਾ ‘ਤੇ ਪਰਵਾਨਿਆਂ ਵਾਂਗ ਜਾਨਾਂ ਕੁਰਬਾਨ ਕਰਦੇ ਰਹੇ। ਨਾ ਤਾਂ ਖ਼ਾਨ ਬਹਾਦਰ ਨੇ ਹੀ ਨਰਮੀ ਫੜੀ ਤੇ ਨਾ ਸਿੰਘ ਹੀ ਕੁਰਬਾਨੀਆਂ ਤੋਂ ਪਿਛੇ ਹਟੇ।

੧੭੩੯ ਈਸਵੀ ਵਿਚ ਨਾਦਰਸ਼ਾਹ ਈਰਾਨ ਦਾ ਬਾਦਸ਼ਾਹ ਕਾਬਲ ਨੂੰ ਜਿਤਦਾ ਹੋਇਆ ਹਿੰਦੁਸਤਾਨ ਉਤੇ ਚੜ੍ਹ ਆਇਆ। ਦਿੱਲੀ ਵਿਚ ਕਤਲਾਮ ਕਰ ਕੇ ਤੇ ਇਸ ਨੂੰ ਲੁਟ-ਪੁਟ ਕੇ ਵਾਪਸ ਆਉਂਦਾ ਸਿੰਘਾਂ ਹੱਥੋਂ ਲੁਟਿਆ ਗਿਆ। ਜਦ ਉਸ ਨੂੰ ਸਿੰਘਾਂ ਬਾਰੇ ਖ਼ਾਨ ਬਹਾਦਰ ਪਾਸੋਂ ਵਾਕਫ਼ੀ ਮਿਲੀ ਤੇ ਪਤਾ ਲੱਗਾ ਕਿ ਕਿਹੋ ਜਿਹੀ ਕੌਮ ਨਾਲ ਉਸ ਦਾ ਵਾਹ ਪਿਆ ਹੈ, ਉਸ ਨੇ ਜ਼ਕਰੀਆ ਖ਼ਾਨ ਨੂੰ ਨਸੀਹਤ ਕੀਤੀ ਸੀ ਕਿ ਇਹ ਤੇਰੇ ਮੇਰੇ ਮਾਰਨ ਦੇ ਨਹੀਂ। ਇਨ੍ਹਾਂ ਤੋਂ ਬਚਣਾ ਹੀ ਚੰਗਾ ਹੈ। ਇਹ ਛੇਤੀ ਹੀ ਉਠਣਗੇ। ਇਨ੍ਹਾਂ ਨੂੰ ਕੋਈ ਦਬਾਅ ਨਹੀਂ ਸਕੇਗਾ। ਆਪਣੇ ਸ਼ਾਸਨ ਨੂੰ ਪੱਕਿਆਂ ਕਰ, ਤੇ ਇਨ੍ਹਾਂ ਤੋਂ ਚਿੰਤਾਤੁਰ ਰਹਿ।

ਸੜੇ ਬਲੇ ਤੇ ਖਿਝੇ ਹੋਏ ਖ਼ਾਨ ਬਹਾਦਰ ਨੇ ਆਖ਼ਰੀ ਦਾਉ ਖੇਡਣ ਲਈ, ਦਿੱਲੀ ਸਰਕਾਰ ਤੋਂ ਫ਼ੌਜੀ ਸਹਾਇਤਾ ਤੇ ਨਾਦਰਸ਼ਾਹ ਪਾਸੋਂ ਮਿੰਨਤ ਸਮਾਜਤ ਨਾਲ ੨੧ ਲੱਖ ਰੁਪਏ ਖ਼ਰਾਜ ਦੀ ਰਕਮ ਵਿਚੋਂ ਕੁਝ ਛੂਟ ਦੀ ਰਿਆਇਤ ਹਾਸਿਲ ਕਰ ਕੇ, ਆਪਣੀ ਤਾਕਤ ਨੂੰ ਇਕੱਤਰ ਕਰਨ ਪਿਛੋਂ ਸਿੱਖਾਂ ਦੀ ਤਬਾਹੀ ਲਈ ਇਕ ਭਰਪੂਰ ਵਾਰ ਕੀਤਾ। ਦਰਬਾਰ ਸਾਹਿਬ ਦੇ ਦੁਆਲੇ ਪਹਿਲਾਂ ਨਾਲੋਂ ਵੀ ਸਖ਼ਤ ਪਹਿਰੇ ਬਿਠਾਏ ਗਏ ਅਤੇ ਸਿੰਘਾਂ ਨੂੰ ਪੰਜਾਬ ਛੱਡ ਜਾਣ ਲਈ ਮਜਬੂਰ ਕਰ ਦਿਤਾ। ਇਹ ੧੭੪੦ ਈ: ਦਾ ਦੌਰ ਸੀ, ਜਦ ਮੱਸੇ ਰੰਘੜ ਨੇ ਅੱਤ ਚੁਕ ਲਈ ਤੇ ਸਿੰਘਾਂ ਉਸ ਦਾ ਦਰਬਾਰ ਸਾਹਿਬ ਅੰਦਰ ਹੀ ਕਤਲ ਕੀਤਾ। ਮੱਸੇ ਦਾ ਕਤਲ ਲਾਹੌਰ ਅਤੇ ਦਿੱਲੀ ਦੀ ਸਰਕਾਰ ਦੇ ਮੂੰਹ ‘ਤੇ ਬੜਾ ਵੱਡਾ ਥੱਪੜ ਸੀ। ਖ਼ਾਨ ਬਹਾਦਰ ਤਾਂ ਕ੍ਰੋਧ ਵਿਚ ਮੱਚ ਕੇ ਕੋਲਾ ਹੋ ਗਿਆ ਤੇ ਸਿੱਖਾਂ ਦੇ ਬੀਜ-ਨਾਸ ਦੀ ਕਸਮ ਖਾ ਲਈ। ਜ਼ੁਲਮ ਦੀ ਭੱਠੀ ਤਪਾਉਣ ਵਾਲੀ ਅਖ਼ੀਰ ਕਰ ਦਿਤੀ। ਚੌਧਰੀਆਂ, ਮੁਖ਼ਬਰਾਂ ਤੇ ਹੋਰ ਸਰਕਾਰੀ ਟੁਕੜ-ਬੋਚਾਂ ਨੂੰ ਲਾਹੌਰ ਸੱਦ ਕੇ ਬੁਰੀ ਤਰ੍ਹਾਂ ਜਲੀਲ ਕੀਤਾ । ਇਨ੍ਹਾਂ ਦੇ ਅੜਿੱਕੇ ਰਾਠ ਸਿੰਘ ਤਾਂ ਆਉਂਦੇ ਨਹੀਂ ਸਨ ਤੇ ਨਾ ਹੀ ਇਹ ਡਰਦੇ ਉਨ੍ਹਾਂ ਵਲ ਮੂੰਹ ਹੀ ਕਰਦੇ ਸਨ । ਆਪਣੀਆਂ ਜਾਨਾਂ ਜਾਗੀਰਾਂ ਤੇ ਚੌਧਰਾਇਤਾਂ ਬਚਾਉਣ ਲਈ ਇਨ੍ਹਾਂ ਦੁਸ਼ਟਾਂ ਨੇ ਘਰ-ਬਾਰੀ ਮਾਸੂਮ ਸਿੱਖਾਂ ਨੂੰ ਫੜਾ ਫੜਾ ਮਰਵਾਉਣਾ ਨਿੱਤ ਦਾ ਕਰਮ ਬਣਾ ਲਿਆ। ਚੱਕੀ ਵਿਚ ਦਾਣਿਆਂ ਦਾ ਗਾਲਾ ਪੈਂਦਾ ਹੈ ਤੇ ਪੁੜ ਉਨ੍ਹਾਂ ਨੂੰ ਪੀਹ ਕੇ ਰਖ ਦੇਂਦੇ ਹਨ। ਇੰਜ ਹੀ ਇਹ ਮੁਖ਼ਬਰ ਮਾਸੂਮਾਂ ਦੇ ਭਰ ਭਰ ਗਾਲੇ ਪਾਈ ਗਏ ਤੇ ਖ਼ਾਨ ਬਹਾਦਰ ਦੀ ਜ਼ੁਲਮੀ ਚੱਕੀ ਉਨ੍ਹਾਂ ਨੂੰ ਪੀਸਦੀ ਰਹੀ। ਇਹ ਸਿਲਸਿਲਾ ੧੭੪੫ ਈ: ਵਿਚ ਖ਼ਾਨ ਬਹਾਦਰ ਦੀ ਮੌਤ ਤਕ ਲਗਾਤਾਰ ਇਕ-ਟਕ ਜਾਰੀ ਰਿਹਾ। ਇਹੋ ਹੀ, (ਭਾਵ ਖ਼ਾਨ ਬਹਾਦਰ ਦੇ ਅੰਤਲੇ ਦਿਨ) ਭਾਈ ਤਾਰੂ ਸਿੰਘ ਦੀ ਸ਼ਹਾਦਤ ਦਾ ਸਮਾਂ ਹੈ।

ਭਾਈ ਤਾਰੂ ਸਿੰਘ ਜੀ ਦਾ ਉਪਕਾਰੀ ਜੀਵਨ

ਇਕ ਸੜਕ ਅੰਮ੍ਰਿਤਸਰ ਤੋਂ ਝਬਾਲ-ਭਿਖੀਵਿੰਡ ਵਿਚ-ਦੀ ਹੋ ਕੇ ਖੇਮਕਰਨ (ਹੁਣ ਹਿੰਦੁਸਤਾਨ ਦੇ ਐਨ ਪੱਛਮੀ ਬਾਰਡਰ ਉਤੇ) ਜਾਂਦੀ ਹੈ। ਪਾਕਿਸਤਾਨ ਬਣਨ ਤੋਂ ਪਹਿਲਾਂ ਇਹ ਸੜਕ ਕਸੂਰ ਨੂੰ ਅੰਮ੍ਰਿਤਸਰ ਨਾਲ ਮੇਲਦੀ ਸੀ । ਲਾਹੌਰੋਂ ਇਕ ਸੜਕ ਚਲ ਕੇ ਖਾਲੜਾ-ਭਿਖੀਵਿੰਡ ਵਿਚ-ਦੀ ਹੁੰਦੀ ਹੋਈ ਹਰੀਕੇ ਪਤਣ ਪਹੁੰਚਦੀ ਸੀ। ਇਹ ਦੋਵੇਂ ਸੜਕਾਂ ਭਿਖੀਵਿੰਡ ਪਿੰਡ ਦੇ ਪੱਛਮ-ਦੱਖਣੀ ਕੋਨੇ ਵਿਚ ਇਕ ਦੂਜੇ ਨੂੰ ਕਟਦੀਆਂ ਹਨ। ਇਸ ਚੌਰਸਤੇ ਦੇ ਐਨ ਪਹਾੜ ਵਿਚ ਡੇਢ ਕਿਲੋਮੀਟਰ ਦੀ ਵਿਥ ‘ਤੇ ਆਪੋ ਵਿਚ ਚੜ੍ਹਦੇ-ਲਹਿੰਦੇ ਰੁਖ਼ ‘ਤੇ ਦੋ ਛੋਟੇ ਛੋਟੇ, ਪਰ ਇਤਿਹਾਸਕ ਪੱਖੋਂ ਮਹੱਤਤਾ ਵਾਲੇ ਪਿੰਡ ਹਨ-ਪੂਹਲਾ ਅਤੇ ਸਿੰਘਪੁਰਾ। ਇਨ੍ਹਾਂ ਦਾ ਆਪੋ ਵਿਚ ਪੂਰਬ-ਪੱਛਮ ਰੁਖ਼ ਫ਼ਾਸਲਾ ਤਿੱਤਰ-ਉਡਾਰੀ ਹੈ ਤੇ ਪੂਹਲਾ ਪੱਛਮ ਵਿਚ ਹੈ। ਪੂਹਲਾ ਭਾਈ ਤਾਰੂ ਸਿੰਘ ਦਾ ਪਿੰਡ ਹੈ ਤੇ ਇਨ੍ਹਾਂ ਜੱਟਾਂ ਦਾ ਗੋਤਰ ਸੰਧੂ ਹੈ। ਸਿੰਘਪੁਰਾ ਸਿੰਘ-ਪੁਰੀਆ ਮਿਸਲ (ਫ਼ੈਜ਼ਉਲਾ-ਪੁਰੀਆ ਮਿਸਲ) ਦੇ ਮੋਢੀ ਨਵਾਬ ਕਪੂਰ ਸਿੰਘ ਦਾ ਪਿੰਡ ਹੈ ਤੇ ਇਥੋਂ ਦੇ ਜੱਟ ਵਿਰਕ ਹਨ।

ਭਾਈ ਤਾਰੂ ਸਿੰਘ ਦੀ ਛੋਟੀ ਜਿਹੀ ਜ਼ਿਮੀਦਾਰੀ ਸੀ । ਇਹ ਬਚਪਨ ਵਿਚ ਹੀ ਅੰਮ੍ਰਿਤ ਪਾਨ ਕਰ ਕੇ ਸਿੰਘ ਸੱਜ ਗਏ ਸਨ । ਇਨ੍ਹਾਂ ਦੇ ਪਿਤਾ ਭਾਈ ਜੋਧ ਸਿੰਘ ਸੂਬਾ ਸਰਹੰਦ ਦੀ ਫ਼ੌਜ ਨਾਲ ਲੜਦੇ ਹੋਏ ਮੁਕਤਸਰ ਸਾਹਿਬ ਦੀ ਲੜਾਈ ਵਿਚ ਸ਼ਹੀਦ ਹੋਏ ਸਨ। ਭਜਨ ਬੰਦਗੀ, ਖੇਤਾਂ ਵਿਚ ਦਸਾਂ ਨਹੁੰਆਂ ਦੀ ਕਿਰਤ ਕਰਨੀ, ਆਪਣੀ ਆਮਦਨੀ ਨੂੰ ਲੋੜਵੰਦਾਂ ਨਾਲ ਵੰਡ ਛਕਣਾ ਭਾਈ ਤਾਰੂ ਸਿੰਘ ਜੀ ਦੀ ਜ਼ਿੰਦਗੀ ਦਾ ਹੁਲਾਰਾ ਸੀ। ਉਹ ਪੂਰਨ ਗੁਰਸਿਖ ਸਨ ਤੇ ਹਰ ਇਕ ਦੇ ਸਹਾਈ ਸਨ। ਲਾਹੌਰੋਂ ਪੱਟੀ ਨੂੰ ਜਾਣ ਵਾਲੀ ਸੜਕ ਇਨ੍ਹਾਂ ਦੇ ਪਿੰਡ ਪੂਹਲਾ ਦੇ ਦੱਖਣ ਵਲ-ਦੀ ਲੰਘਦੀ ਸੀ। ਰਾਤ ਬਰਾਤੇ ਰਾਹੀ ਪਾਂਧੀ ਇਨਾਂ ਦੇ ਘਰ ਹੀ ਆਣ ਟਿਕਦੇ, ਜਿਥੇ ਬਿਨਾਂ ਭੇਦ-ਭਾਵ ਜਾਂ ਵਿਤਕਰੇ ਦੇ, ਲੰਗਰ-ਪਾਣੀ ਤੇ ਮੰਜਾ ਬਿਸਤਰਾ ਮਿਲਦਾ। ਰਾਹੀ ਸੁਖ ਦਾ ਸਮਾਂ ਕੱਟ ਕੇ ਭਾਈ ਤਾਰੂ ਸਿੰਘ ਦਾ ਜਸ ਗਾਉਂਦੇ ਆਪਣੇ ਰਾਹੇ ਪੈਂਦੇ । ਇਸ ਸੇਵਾ-ਭਾਵ ਨੇ ਭਾਈ ਜੀ ਦੀ ਸੋਭਾ ਬਹੁਤ ਦੂਰ ਦੂਰ ਤਕ ਪਹੁੰਚਾ ਦਿਤੀ ਹੋਈ ਸੀ। ਇਨ੍ਹਾਂ ਦਾ ਘਰ “ਘਰ ਘਰ ਅੰਦਰਿ ਧਰਮਸਾਲ” ਦਾ ਸਾਕਾਰ ਨਮੂਨਾ ਬਣਿਆ ਹੋਇਆ ਸੀ। ਹਰ ਲੋੜਵੰਦ ਮੁਸਾਫ਼ਰ ਵਾਸਤੇ ਹਰ ਸਮੇਂ ਖੁਲ੍ਹਾ। ਘਰ ਦੇ ਸਿਰਫ਼ ਤਿੰਨ ਹੀ ਜੀਅ ਸਨ : ਮਾਤਾ, ਭਾਈ ਤਾਰੂ ਸਿੰਘ ਤੇ ਛੋਟੀ ਭੈਣ ਬੀਬੀ ਤਾਰੋ । ਬੀਬੀ ਦਾ ਪਤੀ ਗੁਜ਼ਰ ਚੁਕਿਆ ਸੀ ਤੇ ਆਪਣੇ ਪੇਕੇ ਘਰ ਇਥੇ ਭਾਈ ਜੀ ਪਾਸ ਹੀ ਰਹਿੰਦੀ ਸੀ। ਇਸ ਦਾ ਕੋਈ ਬੱਚਾ ਨਹੀਂ ਸੀ। ਦੋਵੇਂ ਮਾਵਾਂ ਧੀਆਂ ਹੋਰ ਕੰਮ ਕਾਜ ਤੋਂ ਵੇਹਲੀਆਂ ਹੋ ਕੇ ਆਉਣ ਜਾਣ ਵਾਲੇ ਰਾਹੀ-ਪਾਂਧੀਆਂ ਵਾਸਤੇ ਲੰਗਰ ਤਿਆਰ ਕਰਨ ਲਈ ਚੱਕੀ ‘ਤੇ ਆਟਾ ਪੀਸਣ ਲੱਗ ਜਾਂਦੀਆਂ। ਆਟਾ ਪੀਸਣਾ, ਆਏ ਗਏ ਲਈ ਲੰਗਰ ਸਜਾਉਣਾ, ਛਕਾਉਣਾ, ਬਰਤਨ ਮਾਂਜਣੇ ਤੇ ਟਹਿਲ ਕਮਾਉਣੀ ਇਨ੍ਹਾਂ ਲਈ ਬੰਦਗੀ ਸੀ । ਹਾੜੀ ਸਾਉਣੀ ਜੋ ਆਉਂਦੀ, ਭਾਈ ਜੀ ਸੇਵਾ ਵਿਚ ਖ਼ਰਚ ਕਰ ਦੇਂਦੇ। ਉਹ ਕਿਹਾ ਕਰਦੇ ਸਨ ਕਿ ਇਹ ਸਭ ਕੁਝ ਵਾਹਿਗੁਰੂ ਦੀ ਦੇਣ ਤੇ ਕਿਰਪਾ ਹੈ ਅਤੇ ਇਹ ਸਾਧ ਸੰਗਤ ਵਾਸਤੇ ਹੈ। ਇਹ ਇਨ੍ਹਾਂ ਦੇ ਹੀ ਲੇਖੇ ਲਗਣਾ ਚਾਹੀਦਾ ਹੈ। ਸੇਵਾ ਤਾਂ ਸਾਨੂੰ ਲਾਹੇ ਵਿਚ ਮਿਲਦੀ ਹੈ।

ਚਾਰ-ਚੁਫੇਰੇ ਦੇ ਲੋਕ ਭਾਈ ਜੀ ਨੂੰ ਬੜਾ ਵੱਡਾ ਭਜਨੀਕ ਤੇ ਪੂਰਨ ਗੁਰਸਿਖ ਸਮਝ ਕੇ ਬਹੁਤ ਹੀ ਪਿਆਰ ਸਤਿਕਾਰ ਦੇਂਦੇ ਸਨ । ਸਾਰੇ ਹੀ ਰਾਠ ਸਿੰਘ, ਪਰ ਸਿੰਘਪੁਰੀਆ ਮਿਸਲ ਦੇ ਸੂਰਮੇ ਖ਼ਾਸ ਤੌਰ ‘ਤੇ ਇਨ੍ਹਾਂ ਦਾ ਸਤਿਕਾਰ ਕਰਦੇ ਸਨ।

ਉਨ੍ਹੀਂ ਦਿਨੀਂ ਸੰਚਾਰ ਦੇ ਸਾਧਨ ਅੱਜ ਵਰਗੇ ਨਹੀਂ ਸਨ । ਸੂਬਿਆਂ ਵਿਚ ਵਾਪਰਨ ਵਾਲੀਆਂ ਘਟਨਾਵਾਂ ਦੀਆਂ ਖ਼ਬਰਾਂ ਉਚੇਚੇ ਤੌਰ ‘ਤੇ ਘੋੜ-ਸਵਾਰ ਜਾਂ ਸਾਂਢਣੀ-ਸਵਾਰ (ਡਾਚੀਆਂ ਊਠਾਂ ਉਤੇ ਸਵਾਰ) ਪ੍ਰਾਂਤਿਕ ਰਾਜਧਾਨੀਆਂ ਤੋਂ ਦਿੱਲੀ ਵੱਲ ਲੈ ਜਾਇਆ ਕਰਦੇ ਸਨ ਤੇ ਕਈ ਕਈ ਦਿਨ ਰਾਹ ਵਿਚ ਹੀ ਲੱਗ ਜਾਂਦੇ। ਕਿਸੇ ਭੇਜੀ ਮੁਹਿੰਮ ਦਾ ਕੀ ਸਿੱਟਾ ਨਿਕਲਿਆ, ਕਿਸੇ ਇਲਾਕੇ ਵਿਚ ਜੇ ਕੋਈ ਉਪੱਧਰ ਜਾਂ ਗੜਬੜ ਹੋ ਗਈ ਤਾਂ ਉਸ ਦੀ ਖ਼ਬਰ, ਤੇ ਫਿਰ ਉਸ ਉਤੇ ਕਾਬੂ ਪਾ ਲਏ ਦੀ ਸੂਚਨਾ, ਜਾਂ ਖ਼ਤਰਨਾਕ ਹਾਲਤ ਵਿਚ ਮੰਗੀ ਗਈ ਸੈਨਿਕ ਸਹਾਇਤਾ ਲਈ ਬੇਨਤੀ, ਸਿੰਘਾਂ ਹਥੋਂ ਲੁਟੇ ਗਏ ਕਾਫ਼ਲਿਆਂ ਜਾਂ ਸ਼ਾਹੀ ਖ਼ਜ਼ਾਨਿਆਂ ਦੀਆਂ ਰਾਹ ਵਿਚ ਲੁਟੇ ਜਾਣ ਦੀਆਂ ਖ਼ਬਰਾਂ ਬੜੀ ਦੇਰ ਨਾਲ ਨਾਜ਼ਮ ਜਾਂ ਬਾਦਸ਼ਾਹ ਨੂੰ ਪੁਜਦੀਆਂ। ਇਹ ਖ਼ਬਰਾਂ ਵੀ ਜਰਨੈਲੀ ਸੜਕਾਂ ਦੇ ਨਾਲ ਨਾਲ ਹੀ ਸਫ਼ਰ ਕਰਦੀਆਂ ਸਨ। ਖ਼ਬਰਾਂ ਲੈ ਜਾਣ ਵਾਲੇ ਰਾਹ ਵਿਚ ਬਣੀਆਂ ਸਰਕਾਰੀ ਸਰਾਵਾਂ ਵਿਚ ਰਾਤ ਕੱਟਦੇ। ਉਥੇ ਗੱਲ-ਕਥ ਰਾਹੀਂ ਜੋ ਸੁਣਿਆ ਜਾਂਦਾ, ਉਹ ਮੁਸਾਫ਼ਰਾਂ-ਪਾਂਧੀਆਂ ਰਾਹੀਂ ਬੜੀ ਦੇਰ ਪਿਛੋਂ ਗੱਲੋ-ਗੱਲੀ ਪਿੰਡਾਂ ਵਿਚ ਪਹੁੰਚਦਾ। ਕਈਆਂ ਘਟਨਾਵਾਂ ਦਾ ਦੂਰ ਦਰਾਜ਼ ਦਿਆਂ ਇਲਾਕਿਆਂ ਵਿਚ ਕਈ ਕਈ ਮਹੀਨਿਆਂ ਪਿਛੋਂ ਪਤਾ ਲੱਗਦਾ। ਖ਼ਬਰਾਂ ਦੇ ਪਸਾਰ ਦੇ ਵੱਡੇ ਸਾਧਨ ਜਰਨੈਲੀ ਸੜਕ ਉਤੇ ਬਣੀਆਂ ਸਰਕਾਰੀ ਸਰਾਵਾਂ ਤੇ ਦਰਿਆਵਾਂ ਦੇ ਪਤਣ ਸਨ । ਸਰਕਾਰੀ ਹਰਕਾਰੇ, ਮੁਸਾਫ਼ਰ ਤੇ ਕਾਫ਼ਲੇ ਇਥੋਂ ਦੀ ਲੰਘਦੇ ਹੋਏ ਠਹਿਰਦੇ। ਦਿੱਲੀ, ਲਾਹੌਰ ਜਾਂ ਹੋਰ ਸ਼ਹਿਰਾਂ ਦੀਆਂ ਖ਼ਬਰਾਂ ਮੂੰਹੋਂ ਮੂੰਹ ਚਾਰ-ਚੁਫੇਰੇ ਨੂੰ ਤੁਰ ਜਾਂਦੀਆਂ।

ਜ਼ਕਰੀਆ ਖ਼ਾਨ ਨੇ ਸਿੰਘਾਂ ਵਿਰੁੱਧ ਅਤਿਆਚਾਰਾਂ ਦੀ ਕੁਠਾਲੀ ਬੁਰੀ ਤਰ੍ਹਾਂ ਤਪਾਈ ਹੋਈ ਸੀ । ਸਿੰਘਾਂ ਦੀਆਂ ਸ਼ਹਾਦਤਾਂ, ਕੌਣ ਤੇ ਕਿਥੋਂ ਫੜਿਆ ਗਿਆ, ਗਸ਼ਤੀ ਫ਼ੌਜ ਨਾਲ ਸਿੰਘਾਂ ਦੀਆਂ ਹੋਣ ਵਾਲੀਆਂ ਟੱਕਰਾਂ ਵਿਚ ਦੁਵੱਲਾ ਜਾਂ ਇਕ ਧਿਰ ਦਾ ਕਿੰਨਾ ਕੁ ਨੁਕਸਾਨ ਹੋਇਆ, ਇਸ ਦਾ ਵੀ ਲਾਹੌਰ ਵਲੋਂ ਆਏ ਮੁਸਾਫ਼ਰਾਂ ਦੇ ਮੂੰਹੋਂ ਹੀ ਪਤਾ ਲੱਗਦਾ ਸੀ। ਲੋਕਾਂ ਵਾਸਤੇ ਕੋਈ ਅਖ਼ਬਾਰ ਜਾਂ ਰਸਾਲੇ ਉਪਲਬਧ ਨਹੀਂ ਸਨ । ਤਾਰ, ਰੇਡੀਉ, ਟੈਲੀਫੂਨ, ਵਾਇਰਲੈਸ ਤੇ ਟੈਲੀਵੀਯਨ ਤਾਂ ਅਜੇ ਕਲ੍ਹ ਹੋਂਦ ਵਿਚ ਆਏ ਹਨ। ਇਨ੍ਹਾਂ ਸਾਧਨਾਂ ਤੋਂ ਬਿਨਾਂ ਕਿਹੋ ਜਿਹੀ ਹਾਲਤ ਹੋਵੇਗੀ, ਕੇਵਲ ਅਨੁਭਵ ਹੀ ਕੀਤਾ ਜਾ ਸਕਦੈ।

ਭਾਈ ਤਾਰੂ ਸਿੰਘ ਦਾ ਪਿੰਡ ਲਾਹੌਰ-ਪੱਟੀ ਵਾਲੀ ਵੱਡੀ ਸੜਕ ਪਾਸ ਸੀ ਤੇ ਉਸ ਦੇ ਘਰ ਓਬੜ ਅਜਨਬੀ ਰਾਹੀਆਂ ਨੂੰ ਰਾਤ-ਕਟੀ ਲਈ ਬਿਨਾਂ ਭਿੰਨ-ਭੇਤ ਦੇ ਆਰਾਮ-ਆਸਰਾ ਮਿਲਦਾ ਸੀ। ਇਸ ਲਈ ਲਾਹੌਰ ਵਿਚ ਵਾਪਰਨ ਵਾਲੀਆਂ ਕਈ ਘਟਨਾਵਾਂ, ਖ਼ਾਸ ਕਰਕੇ ਜੋ ਸਿੰਘਾਂ ਨਾਲ ਸੰਬੰਧਤ ਹੋਇਆ ਕਰਦੀਆਂ ਸਨ, ਦਾ ਇਥੇ ਪਤਾ ਲਗਦਾ ਰਹਿੰਦਾ ਸੀ। ਰਾਠ ਸਿੰਘਾਂ ਨੂੰ ਉਨ੍ਹਾਂ ਵਿਰੁੱਧ ਹੋਣ ਵਾਲੀਆਂ ਸਰਕਾਰੀ ਕੋਸ਼ਿਸ਼ਾਂ ਦੀ ਇਥੋਂ ਸੂਹ ਮਿਲ ਜਾਂਦੀ ਤੇ ਇੰਜ ਵੇਲੇ ਸਿਰ ਪਤਾ ਲੱਗ ਜਾਣ ਨਾਲ ਕਈ ਵਾਰ ਉਨ੍ਹਾਂ ਦਾ ਬਚਾਅ ਵੀ ਹੋ ਜਾਂਦਾ। ਲਾਹੌਰ ਪੂਹਲਿਆਂ ਤੋਂ ਦੂਰ ਨਹੀਂ ਹੈ। ਸਿਰਫ਼ ੪੫ ਕਿਲੋਮੀਟਰ ਦੀ ਵਿਥ ਹੈ। ਲਾਹੌਰ ਖ਼ਾਨ ਬਹਾਦਰ ਦੀ ਕਚਹਿਰੀ ਵਿਚ ਹੋਏ ਵਾਪਰੇ ਦੀਆਂ ਖ਼ਬਰਾਂ ਦੂਜੇ ਕੁ ਦਿਨ ਮੁਸਾਫ਼ਰਾਂ ਰਾਹੀਂ ਇਥੇ ਪਹੁੰਚ ਜਾਂਦੀਆਂ। ਰਹੀਮ ਬਖ਼ਸ਼ ਮਾਛੀ ਪੱਟੀ ਵਾਲੇ ਨਾਲ ਪੱਟੀ ਦੇ ਫ਼ੌਜਦਾਰ ਵਲੋਂ ਹੋਈ ਵਧੀਕੀ ਦੀ ਖ਼ਬਰ ਵੀ ਇਥੇ ਹੀ ਮਿਲੀ ਸੀ। ਇਥੋਂ ਕੁਝ ਰਾਠ ਸਿੰਘਾਂ ਨੇ ਪੱਟੀ ਜਾ ਕੇ ਜਾਨਾਂ ਹੂਲ ਕੇ ਉਸ ਗਰੀਬ ਦੀ ਕੰਨਿਆ ਦਾ ਸਤ ਪਤ ਬਚਾਇਆ ਸੀ।”

ਭਾਈ ਤਾਰੂ ਸਿੰਘ ਦੀ ਜ਼ਮੀਨ ਲਹਿੰਦੇ ਪਹਾੜ ਵਾਲੇ ਪਾਸੇ ਪਿੰਡੋਂ ਡੇਢ ਕਿਲੋਮੀਟਰ ਦੀ ਵਿਥ ‘ਤੇ ਸੀ । ਖੇਤਾਂ ਤੋਂ ਅਗੇ ਪੱਛਮ ਪਹਾੜ ਵਿਚ ਇਕ ਤਕੜੀ ਝਿੜੀ ਸੀ। ਕਿਸੇ ਜ਼ਮਾਨੇ ਇਹ ਜਾਮ੍ਹਣ ਵਾਲੀ ਰੱਖ ਤੇ ਛਾਂਗੇ ਮਾਂਗੇ ਵਾਲੇ ਜੰਗਲ (ਇਹ ਦੋਵੇਂ ਹੀ ਹੁਣ ਪਾਕਿਸਤਾਨ ਵਿਚ ਹਨ) ਦਾ ਹਿੱਸਾ ਸੀ । ਭੰਗੀ, ਕਨ੍ਹਈਆ, ਸਿੰਘਪੁਰੀਆ ਅਤੇ ਸ਼ਹੀਦ ਮਿਸਲ ਦੇ ਰਾਠ ਸਿੰਘਾਂ, ਜੋ ਆਮ ਤੌਰ ‘ਤੇ ਮਾਝੇ ਦਿਆਂ ਜੰਗਲਾਂ ਬੇਲਿਆਂ ਵਿਚ ਵਿਚਰਦੇ ਸਨ, ਵਿਚੋਂ ਪੰਜ ਪੰਜ, ਦਸ ਦਸ ਸਿੰਘ ਰਾਤ-ਕਟੀ ਲਈ ਇਸ ਝਿੜੀ ਵਿਚ ਆ ਨਿਕਲਦੇ। ਦਿਹਾੜੀ ਡੰਗ ਟਪਾਅ ਕੇ ਫਿਰ ਕਿਸੇ ਪਾਸੇ ਛਿੜ ਜਾਂਦੇ । ਇਹ ਸਿੰਘ ਪਿੰਡ ਪੂਹਲੇ ਵਿਖੇ ਨਹੀਂ ਸਨ ਆਇਆ ਜਾਇਆ ਕਰਦੇ। ਇਥੇ ਹੀ ਰਹਿੰਦੇ ਤੇ ਇਥੋਂ ਹੀ ਅੱਗੇ ਨਿਕਲ ਜਾਂਦੇ। ਇਹ ਸੂਰਮੇ ਆਪਣੀ ਕੌਮੀ ਅਣਖ ਦਾ ਝੰਡਾ ਬੁਲੰਦ ਰਖਣ ਲਈ ਸਿਰ ਤਲੀ ਉਤੇ ਧਰੀ ਫਿਰਦੇ ਸਨ। ਸਰਕਾਰ ਦੀਆਂ ਗਸ਼ਤੀ ਫ਼ੌਜਾਂ ਇਨ੍ਹਾਂ ਨੂੰ ਚੈਨ ਨਾਲ ਨਹੀਂ ਸਨ ਟਿਕਣ ਦੇਂਦੀਆਂ, ਤੇ ਇਹ ਸਰਕਾਰ ਨੂੰ ਸੁਖ ਦੀ ਨੀਂਦ ਨਹੀਂ ਸਨ ਸੌਣ ਦੇਂਦੇ। ਇਨ੍ਹਾਂ ਵਿਚੋਂ ਜਦ ਕੋਈ ਪੈਦਲ ਜਾਂ ਘੋੜ-ਚੜ੍ਹੇ ਥੋੜੇ ਚਿਰ ਲਈ ਇਸ ਝਿੜੀ ਵਿਚ ਆਣ ਟਿਕਦੇ ਤਾਂ ਭਾਈ ਤਾਰੂ ਸਿੰਘ ਰਾਤ ਨੂੰ ਲੰਗਰ ਤਿਆਰ ਕਰ ਕੇ, ਸਿਰ ‘ਤੇ ਚੁਕ ਕੇ, ਜੰਗਲ ਵਿਚ ਲਿਆ ਕੇ ਬੜੇ ਪਿਆਰ ਨਾਲ ਸਿੰਘਾਂ ਨੂੰ ਛਕਾ ਜਾਂਦਾ। ਕਿਸੇ ਦੀ ਲੀੜੇ ਕਪੜੇ ਨਾਲ ਵੀ ਸਹਾਇਤਾ ਕੀਤੀ ਜਾਂਦੀ। ਲਾਹੌਰ ਵਾਪਰੀਆਂ ਘਟਨਾਵਾਂ ਦੀਆਂ ਖ਼ਬਰਾਂ, ਜੋ ਫੜੇ ਗਏ ਜਾਂ ਸ਼ਹੀਦ ਕੀਤੇ ਗਏ ਸਿੰਘਾਂ ਬਾਰੇ ਹੁੰਦੀਆਂ, ਗਸ਼ਤੀ ਫ਼ੌਜ ਦੀ ਹਿਲ-ਜੁਲ ਸੰਬੰਧੀ, ਭਾਵ ਜਿਸ ਗੱਲ ਦੀ ਸੂਹ ਭਾਈ ਸਾਹਿਬ ਨੂੰ ਮਿਲੀ ਹੁੰਦੀ, ਰਾਤ ਨੂੰ ਝਿੜੀ ਵਿਚ ਸਿੰਘਾਂ ਨੂੰ ਮਿਲ ਜਾਂਦੀ ਤੇ ਫਿਰ ਉਨ੍ਹਾਂ ਤੋਂ ਅੱਗੇ ਜਥਿਆਂ ਵਿਚ ਅੱਪੜ ਜਾਂਦੀ। ਸਿੰਘ ਜੋ ਜੰਗਲਾਂ ਵਿਚ ਮਾਰੇ ਮਾਰੇ ਫਿਰਦੇ ਸਨ, ਉਨ੍ਹਾਂ ਤਾਈਂ ਖ਼ਬਰ ਸੂਹ ਪਹੁੰਚਣ ਦਾ ਇਹੋ ਜਿਹੀ ਠਾਹਰ ਤੋਂ ਬਿਨਾਂ ਹੋਰ ਕੀ ਸਾਧਨ ਹੋ ਸਕਦਾ ਸੀ ?

ਭਾਈ ਤਾਰੂ ਸਿੰਘ ਜੀ ਬਿਨਾਂ ਵਿਤਕਰੇ ਸਮੂਹ ਮਨੁੱਖ-ਮਾਤਰ ਨੂੰ ਪਿਆਰ ਕਰਦੇ ਸਨ। ਪਰ ਇਨ੍ਹਾਂ ਸਿੰਘਾਂ ਲਈ ਤਾਂ ਉਨ੍ਹਾਂ ਦੇ ਦਿਲ ਵਿਚ ਵਿਸ਼ੇਸ਼ ਪ੍ਰੇਮ ਸੀ। ਉਹ ਸਮਝਦੇ ਸਨ ਕਿ ਇਹ ਪੰਥ ਦੀ ਆਨ ਸ਼ਾਨ ਕਾਇਮ ਰਖਣ ਲਈ ਜਾਨਾਂ ਦੀ ਬਾਜੀ ਲਾ ਕੇ ਜੂਝ ਰਹੇ ਹਨ। ਇਨ੍ਹਾਂ ਦੀ ਸੇਵਾ ਅਸਲ ਸੇਵਾ ਹੈ ਤੇ ਇਹੋ ਬੰਦਗੀ ਹੈ। ਇਨ੍ਹਾਂ ਦੀ ਸੇਵਾ ਵਿਚ ਜੇ ਜਾਨ ਵੀ ਲੇਖੇ ਲੱਗ ਜਾਵੇ ਤਾਂ ਇਹ ਵੱਡੇ ਭਾਗ ਹੋਣਗੇ । ਇਸ ਲਈ ਉਹ ਆਪ ਮਾੜਾ ਛਕ ਲੈਂਦੇ, ਲੋੜ ਪੈਣ ‘ਤੇ ਫਾਕੇ ਵੀ ਕਟ ਲੈਂਦੇ, ਦੋ ਮੁੱਠਾਂ ਭੁਜੇ ਛੋਲੇ ਚੱਬ ਕੇ ਗੁਜ਼ਰ ਕਰ ਲੈਂਦੇ, ਪਰ ਇਨ੍ਹਾਂ ਲਈ ਯਤਨ ਕਰ ਕੇ ਕਣਕ ਦੇ ਪ੍ਰਸ਼ਾਦੇ ਤਿਆਰ ਕਰਦੇ। ਕਣਕ ਉਨ੍ਹੀਂ ਦਿਨੀਂ ਵੱਡਮੁਲੀ ਚੀਜ਼ ਸੀ ਤੇ ਹਾਰੀ ਸਾਰੀ ਦੇ ਨਸੀਬਾਂ ਵਿਚ ਨਹੀਂ ਸੀ ਹੁੰਦੀ। ਲੋੜਵੰਦ ਸਿੰਘਾਂ ਲਈ ਕਛਹਿਰੇ ਤੇ ਦਸਤਾਰੇ ਵੀ ਹਾਜ਼ਰ ਕਰਦੇ। ਇਨ੍ਹਾਂ ਦੀ ਸੇਵਾ, ਜਿਸ ਨੂੰ ਉਹ ਬਹੁਤ ਉਤਮ ਮੰਨਦੇ ਸਨ, ਵਿਚ ਉਨ੍ਹਾਂ ਨੂੰ ਆਪਣੇ ਸਤਿਗੁਰੂ ਦਸਮੇਸ਼ ਜੀ ਵਾਂਗ ਹੀ ਇਲਾਹੀ ਆਨੰਦ ਆਉਂਦਾ ਸੀ, ਕਿਉਂਕਿ ਸਤਿਗੁਰਾਂ ਵਲੋਂ ਹਰ ਪ੍ਰਕਾਰ ਦੀ ਸੇਵਾ, ਦਾਨ ਤੇ ਮਾਣ ਸਤਿਕਾਰ ਲਈ ਇਨ੍ਹਾਂ ਅੰਮ੍ਰਿਤਧਾਰੀ ਸਿੰਘਾਂ ਨੂੰ ਹੀ ਸਰਬ-ਉਚ ਅਧਿਕਾਰੀ ਠਹਿਰਾਇਆ ਗਿਆ ਸੀ, ਜਦੋਂ ਕਿ ਉਚ-ਜਾਤਿ-ਅਭਿਮਾਨੀ ਤੇ ਹਉਮੈ ਦੀ ਜਿਲ੍ਹਣ ਵਿਚ ਗ਼ਰਕ ਹੋਏ ਪੰਡਤਾਂ ਨੇ ਕਿੰਤੂ ਕਰਦਿਆਂ ਕਿਹਾ ਸੀ ਕਿ ਹਰ ਤਰ੍ਹਾਂ ਦੀ ਸੇਵਾ, ਦਾਨ ਅਤੇ ਸਤਿਕਾਰ ਉਤੋਂ ਹੱਕ ਕੇਵਲ ਸਾਡਾ ਹੈ, ਤੇ ਸਾਡੀ ਸੇਵਾ ਹੀ ਅੱਗੇ ਫਲੇ ਫੁਲੇਗੀ, ਇਨ੍ਹਾਂ ਹਕੀਰਾਂ ਦੀ ਸਾਡੇ ਨਾਲ ਕਿਵੇਂ ਬਰਾਬਰੀ ਹੋ ਸਕਦੀ ਹੈ । ਉਨ੍ਹਾਂ ਦੇ ਜਵਾਬ ਵਿਚ ਫੁਰਮਾਉਂਦਿਆਂ ਸਤਿਗੁਰਾਂ ਨੇ ਪੰਡਤਾਂ ਦੇ ਕਿਵਾੜ ਇੰਜ ਖੋਲ੍ਹੇ ਸਨ:

ਸ੍ਵੈਯਾ : ਜੁੱਧ ਜਿਤੇ ਇਨ ਹੀ ਕੇ ਪ੍ਰਸਾਦਿ, ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ ॥ ਅਘ ਅਉਘ ਟਰੇ ਇਨ ਹੀ ਕੇ ਪ੍ਰਸਾਦਿ, ਇਨ ਹੀ ਕੀ ਕ੍ਰਿਪਾ ਫੁਨ ਧਾਮ ਭਰੇ ॥ ਇਨ ਹੀ ਕੇ ਪ੍ਰਸਾਦਿ ਸੁਬਿਦਿਆ ਲਈ, ਇਨ ਹੀ ਕੀ ਕ੍ਰਿਪਾ ਸਭ ਸੱਤ੍ਰ ਮਰੇ॥ ਇਨ ਹੀ ਕ੍ਰਿਪਾ ਕੇ ਸਜੇ ਹਮ ਹੈ, ਨਹੀ ਮੋ ਸੋ ਗਰੀਬ ਕਰੋਰ ਪਰੇ ॥੨॥

ਸ੍ਵੈਯਾ : ਸੇਵ ਕਰੀ ਇਨ ਹੀ ਕੀ ਭਾਵਤ, ਅਉਰ ਕੀ ਸੇਵ ਸੁਹਾਤ ਨ ਜੀ ਕੋ॥ ਦਾਨ ਦਯੋ ਇਨ ਹੀ ਕੋ ਭਲੋ, ਅਰੁ ਆਨ ਕੋ ਦਾਨ ਨ ਲਾਗਤ ਨੀਕੋ॥ ਆਗੈ ਫਲੈ ਇਨ ਹੀ ਕੋ ਦਯੋ, ਜਗ ਮੈ ਜਸੁ ਅਉਰ ਦਯੋ ਸਭ ਫੀਕੋ॥ ਮੋ ਗ੍ਰਹਿ ਮੈ ਤਨ ਤੇ ਮਨ ਤੇ ਸਿਰ ਲਉ, ਧਨ ਹੈ ਸਭ ਹੀ ਇਨ ਹੀ ਕੋ॥੩॥

(ਪਾ: ੧੦, ‘ਗਿਆਨ ਪ੍ਰਬੋਧ’ ਦੇ ਅੰਤ ਵਿਚ)

ਭਾਈ ਤਾਰੂ ਸਿੰਘ ਜੀ ਨੇ ਵੀ ਭਾਈ ਮਨੀ ਸਿੰਘ ਜੀ ਦੀ ਜਥੇਦਾਰੀ ਵਿਚ ਅੰਮ੍ਰਿਤ ਛਕਿਆ ਸੀ । ਭਾਈ ਤਾਰਾ ਸਿੰਘ ‘ਵਾਂ’ ਦੇ ਜੀਵਨ ਨੇ ਉਨ੍ਹਾਂ ਨੂੰ ਬੜਾ ਪ੍ਰਭਾਵਤ ਕੀਤਾ। ਉਨ੍ਹਾਂ ਦੀ ਤੇ ਪਿਛੋਂ ਭਾਈ ਮਨੀ ਸਿੰਘ ਜੀ ਦੀ ਧਰਮ ਹੇਤ ਸ਼ਹੀਦੀ ਨੇ ਇਨ੍ਹਾਂ ਦੇ ਮਨ ‘ਤੇ ਬੜਾ ਗਹਿਰਾ ਅਸਰ ਕੀਤਾ। ਲੋੜਵੰਦਾਂ ਦੀ ਸੇਵਾ ਕਰ ਕੇ ਇਨ੍ਹਾਂ ਨੂੰ ਬੜਾ ਹੀ ਅਨੰਦ ਆਉਂਦਾ । ਹਰ ਇਕ ਨਾਲ ਮਿੱਠਾ ਬੋਲਣ ਤੇ ਸਾਧੂ-ਸੰਤਾਂ ਵਾਲਾ ਸੁਭਾਉ ਹੋਣ ਕਰਕੇ ਸਾਰਾ ਤਪਾ ਇਨ੍ਹਾਂ ਨੂੰ ਦਿਲੋਂ ਸਤਿਕਾਰਦਾ ਸੀ। ਇਸ ਤਪੇ ਵਿਚ ਮੁਸਲਮਾਨ-ਵਸੋਂ ਵੀ ਕਾਫ਼ੀ ਸੀ, ਪਰ ਕਿਸੇ ਮੁਸਲਮਾਨ ਨੂੰ ਇਨ੍ਹਾਂ ਨਾਲ ਕੋਈ ਈਰਖਾ ਨਹੀਂ ਸੀ । ਉਨ੍ਹਾਂ ਵਿਚੋਂ ਕਿਸੇ ਨੇ ਵੀ ਲਾਹੌਰ ਜਾ ਕੇ ਇਨ੍ਹਾਂ ਵਿਰੁਧ ਕਦੀ ਕੁਝ ਨਹੀਂ ਸੀ ਕਿਹਾ। ਮੱਸੇ ਰੰਘੜ ਦੇ ਕਤਲ ਪਿਛੋਂ ਜਦ ਸਿੰਘਾਂ ਉਤੇ ਪਰਲੇ ਦਰਜੇ ਦੀ ਸਖ਼ਤੀ ਹੋਈ ਤਾਂ ਵੀ ਇਨ੍ਹਾਂ ਵਲ ਕਿਸੇ ਉਂਗਲ ਨਹੀਂ ਸੀ ਚੁਕੀ।

ਅਗਸਤ ੧੭੪੦ ਈ: ਵਿਚ ਮੱਸੇ ਦਾ ਕਤਲ ਹੋਇਆ ਤੇ ਇਸ ‘ਤੇ ਖ਼ਾਨ ਬਹਾਦਰ ਬੜਾ ਕ੍ਰੋਧਵਾਨ ਹੋਇਆ। ਇਹ ਕਤਲ ਮੁਗਲੀਆ ਸਰਕਾਰ ਦੀ ਬੜੀ ਵੱਡੀ ਹਾਰ ਸੀ ਕਿ ਉਨ੍ਹਾਂ ਦਾ ਇਕ ਉਘਾ ਥੰਮ੍ਹ, ਸਰਕਾਰ ਦਾ ਹੁਕਮ ਪਾਲਦਾ ਹੋਇਆ, ਉਨ੍ਹਾਂ ਸਿੰਘਾਂ ਹੱਥੋਂ ਢਹਿ-ਢੇਰੀ ਹੋ ਜਾਵੇ, ਜਿਨ੍ਹਾਂ ਨੂੰ ਨਾਸ ਕਰ ਦੇਣ ਲਈ ਸਰਕਾਰ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਸੀ। ਸਿੰਘਾਂ ਉਤੇ ਤਾਂ ਨਵੇਂ ਸਿਰਿਓਂ ਸਖ਼ਤੀ ਅਰੰਭ ਹੋਣੀ ਹੀ ਸੀ, ਪਰ ਇਸ ਵਾਰ ਮੁਖ਼ਬਰਾਂ ਉਤੇ ਵੀ ਪੂਰੀ ਪੂਰੀ ਕਰੜਾਈ ਹੋਈ। ਇਨ੍ਹਾਂ ਨੂੰ ਲਾਹੌਰ ਸੱਦ ਕੇ ਜ਼ਲੀਲ ਕੀਤਾ ਗਿਆ ਤੇ ਧਮਕੀ ਦਿਤੀ ਗਈ ਕਿ ਜੇ ਕਿਸੇ ਵਲੋਂ ਜ਼ਰਾ ਵੀ ਢਿਲ ਹੋਈ ਤਾਂ ਜੇਲ੍ਹਾਂ ਵਿਚ ਰੋਲ ਰੋਲ ਕੇ ਮਾਰਿਆ ਜਾਵੇਗਾ। ਸਖ਼ਤੀ ਨਾਲ ਇਹ ਹੁਕਮ ਦਿਤਾ ਗਿਆ ਕਿ ਸਿੰਘਾਂ ਨੂੰ ਫੜਾਉਣ ਲਈ ਦਿਨ ਰਾਤ ਇਕ ਕਰ ਦਿਤਾ ਜਾਵੇ। ਫਿਰ ਵੀ ਅਗਲੇ ਚਾਰ ਸਾਲਾਂ ਤਕ ਭਾਈ ਤਾਰੂ ਸਿੰਘ ਵਲ ਕੋਈ ਨਹੀਂ ਝਾਕਿਆ। ਉਂਜ ਭਾਵੇਂ ਇਸ ਅਰਸੇ ਵਿਚ ਹਜ਼ਾਰਾਂ ਸਿੰਘਾਂ ਨੂੰ ਮੁਖ਼ਬਰਾਂ ਤੇ ਚੌਧਰੀਆਂ ਨੇ ਫੜਵਾ ਫੜਵਾ ਕੇ ਮਰਵਾ ਦਿਤਾ।

ਹਰਭਗਤ ਨਿਰੰਜਨੀਏ ਦੀ ਮੁਖ਼ਬਰੀ

ਸਰਕਾਰ ਦੇ ਪਰਲੇ ਦਰਜੇ ਦੇ ਵਫ਼ਾਦਾਰ ਚੌਧਰੀਆਂ ਅਤੇ ਮੁਖ਼ਬਰਾਂ ਵਿਚੋਂ ਸਭ ਤੋਂ ਉਘਾ ਤੇ ਨਿਰਦਈ ਜੰਡਿਆਲਾ-ਗੁਰੂ ਦਾ ਹਰਭਗਤ ਨਿਰੰਜਨੀਆ ਸੀ। ਇਨ੍ਹਾਂ ਦਾ ਵੱਡਾ ਹੰਦਾਲ ਹੋਇਆ ਹੈ, ਜੋ ਗੁਰੂ ਅਮਰਦਾਸ ਜੀ ਦਾ ਅਨਿੰਨ ਸ਼ਰਧਾਲੂ ਤੇ ਪੂਰਨ ਸਿਖ ਸੀ ਤੇ ਲੰਗਰ ਵਿਚ ਸੇਵਾ ਕਰਿਆ ਕਰਦਾ ਸੀ। ਇਸ ਤੋਂ ਪਿਛੋਂ ਇਸ ਦੇ ਪੁੱਤਰ ਬਿਧੀ ਚੰਦ ਨੇ ਕੁਝ ਕੁਕਰਮ ਕੀਤੇ, ਜਿਸ ਕਾਰਨ ਸਿੱਖਾਂ ਨੇ ਉਸ ਨੂੰ ਛੇਕ ਦਿਤਾ। ਉਸ ਨੇ ਇਕ ਅੱਡ ਹੀ ਫ਼ਿਰਕਾ ਤੋਰ ਲਿਆ, ਜਿਸ ਵਿਚ ਹੰਦਾਲ ਨੂੰ ਗੁਰੂ ਮੰਨ ਕੇ ਆਪ ਉਸ ਦਾ ਉੱਤਰਾਧਿਕਾਰੀ ਬਣ ਬੈਠਾ। ਇਹ ਮਹੰਤ ਆਕਲ ਦਾਸ ਉਸ ਤੋਂ ਚੌਥੀ ਥਾਂ ਉਤੇ ਹੈ। ਇਹ ਆਪਣੇ ਆਪ ਨੂੰ ਨਿਰੰਜਨੀਏ ਵੀ ਅਖਵਾਉਂਦੇ ਹਨ।

ਪਿੰਡ ਪੂਹਲਾ ਚੌਧਰੀ ਸਾਹਿਬ ਰਾਏ ਨੌਸ਼ਹਿਰੀਏ ਦੀ ਚੌਧਰਾਇਤ ਵਿਚ ਸੀ। ਚੌਧਰੀ ਹਿੰਮਤ ਰਾਏ ਨੌਸ਼ਹਿਰਾ ਪੰਨੂਆਂ ਵਾਲਾ ੩੨ ਕੁ ਕਿਲੋਮੀਟਰ ਦੀ ਦੂਰੀ ‘ਤੇ ਬੈਠਾ ਸੀ। ਚੈਂਚਲ ਸੰਧੂ ਚੀਚੇ ਵਾਲਾ (ਮਹਿਤਾਬ ਸਿੰਘ ਮੀਰਾਂ ਕੋਟੀਏ ਦੀ ਦੱਸ ਇਸ ਨੇ ਹੀ ਪਾਈ ਤੇ ਉਸ ਨੂੰ ਫੜਾਉਣ ਦਾ ਕਾਰਾ ਜੰਡਿਆਲੀਏ ਕੀਤਾ ਸੀ) ਅਤੇ ਹੈਬਤ ਮੱਲ ਨੇਸ਼ਟੇ ਵਾਲਾ ਪੂਹਲਿਆਂ ਤੋਂ ਬਹੁਤੀ ਦੂਰ ਨਹੀਂ ਸਨ। ਇਨ੍ਹਾਂ ਸਾਰਿਆਂ ਨੂੰ ਪਤਾ ਸੀ ਕਿ ਪੂਹਲਿਆਂ ਵਿਚ ਭਾਈ ਤਾਰੂ ਸਿੰਘ ਰਹਿੰਦਾ ਹੈ। ਪਰ ਕਿਸੇ ਉਸ ਉਤੇ ਕੋਈ ਮੁਖ਼ਬਰੀ ਨਾ ਕੀਤੀ। ਇਸ ਤੋਂ ਸਾਫ਼ ਜ਼ਾਹਰ ਹੋ ਜਾਂਦਾ ਹੈ ਕਿ ਭਾਈ ਤਾਰੂ ਸਿੰਘ ਦਾ ਆਸ਼ਾ ਸਰਬੱਤ ਦਾ ਭਲਾ ਮੰਗਣ ਵਾਲਾ ਸੀ ਤੇ ਉਹ ਸਾਰਿਆਂ ਦਾ ਸਾਂਝਾ ਸੀ। ਜੇ ਇਹ ਗੱਲ ਨਾ ਹੁੰਦੀ ਤਾਂ ਇਹ ਸਰਕਾਰ ਦੇ ਵਫ਼ਾਦਾਰ ਮੁਖ਼ਬਰ ਉਸ ਨੂੰ ਕਦੇ ਵੀ ਨਾ ਬਖ਼ਸ਼ਦੇ।

ਜੰਡਿਆਲਾ-ਗੁਰੂ ਜੀ.ਟੀ. ਰੋਡ ਉਤੇ ਸ੍ਰੀ ਅੰਮ੍ਰਿਤਸਰੋਂ ੧੭-੧੮ ਕਿਲੋਮੀਟਰ ਪੂਰਬ-ਦੱਖਣ ਵਿਚ ਸਥਿਤ ਹੈ। ਪੂਹਲਿਆਂ ਤੋਂ ਜੰਡਿਆਲਾ ਲਗ ਪਗ ੫੫-੫੬ ਕਿਲੋਮੀਟਰ ਦੇ ਫ਼ਾਸਲੇ ‘ਤੇ ਹੈ ਅਤੇ ਪੂਹਲਾ ਉਸ ਵੇਲੇ ਜੰਡਿਆਲੀਏ ਦੀ ਚੌਧਰਾਇਤ ਵਿਚ ਵੀ ਨਹੀਂ ਸੀ। ਇਹ ਨਿਰੰਜਨੀਆ ਆਕਲ ਦਾਸ ਇਕ ਤਾਂ ਸਿੱਖਾਂ ਦਾ ਕਟੜ ਵੈਰੀ, ਦੂਜਾ ਖ਼ਾਨ ਬਹਾਦਰ ਦੀ ਹਿਕ ਦਾ ਵਾਲ ਬਣਿਆ ਬੈਠਾ ਸੀ। ਇਸ ਆਦਮੀ ਨੇ ਸਿੱਖਾਂ ਦੇ ਮੁਕੰਮਲ ਖ਼ਾਤਮੇ ਲਈ ਜ਼ਕਰੀਆ ਖ਼ਾਨ ਨਾਲੋਂ ਵੀ ਕਿਤੇ ਵੱਧ ਅੱਤ ਚੁਕੀ ਹੋਈ ਸੀ । ਭਾਈ ਤਾਰੂ ਸਿੰਘ ਦੀ ਸੋਭਾ ਦੀ ਭਿਣਖ ਇਸ ਦੇ ਕੰਨੀਂ ਵੀ ਪੈ ਚੁਕੀ ਸੀ । ਇਹ ਉਸ ਨੂੰ ਹਿਕ ਦਾ ਫੋੜਾ ਅਨੁਭਵ ਹੋਣ ਲੱਗਾ—ਹੈਂ! ਇਹ ਸਿਖ ਅਜੇ ਬਚਿਆ ਹੋਇਆ ਹੈ !!

ਦੂਜਿਆਂ ਨਾਲੋਂ ਵਧੇਰੇ ਵਫ਼ਾਦਾਰੀ ਜਗਾਉਣ ਲਈ ਸੁਨਹਿਰੀ ਮੌਕਾ ਹੱਥੋਂ ਕਿਉਂ ਗੁਆਇਆ ਜਾਵੇ। ਨਾਜ਼ਿਮ ਕਿੰਨਾ ਖ਼ੁਸ਼ ਹੋਵੇਗਾ ਇਹ ਜਾਣ ਕੇ ਕਿ ਆਕਲ ਦਾਸ ਤਾਂ ਦੂਜਿਆਂ ਦੇ ਇਲਾਕਿਆਂ ਵਿਚ ਹੀ ਸਿੱਖਾਂ ਉਤੇ ਨਿਗਹਬਾਨੀ ਕਰਦਾ ਹੈ। ਘੋੜੇ ‘ਤੇ ਸਵਾਰ ਹੋ ਕੁਝ ਹਵਾਰੀ ਨਾਲ ਲੈ ਕੇ ਲਾਹੌਰ ਨੂੰ ਤੁਰ ਪਿਆ ਤੇ ਦੂਜੇ ਦਿਨ ਉਥੇ ਜਾ ਪਹੁੰਚਿਆ।

ਕਚਹਿਰੀ ਵਿਚ ਪਹੁੰਚ ਤਾਂ ਇਸ ਦੀ ਹੈ ਹੀ ਸੀ। ਝਟ ਨਾਜ਼ਿਮ ਦੇ ਪੇਸ਼ ਹੋ ਕੇ ਦਰਵੇਸ਼ ਉਤੇ ਜ਼ੁਲਮ ਦਾ ਪਹਾੜ ਸੁਟ ਦਿਤਾ। ਝੂਠ ਸੱਚ ਗੰਢ ਕੇ ਖ਼ਾਨ ਬਹਾਦਰ ਨੂੰ ਕਿਹਾ ਕਿ ਹਨੇਰ ਪੈ ਗਿਆ ਹੈ। ਹਜ਼ੂਰ ਦੀਆਂ ਅੱਖਾਂ ਥੱਲੇ, ਲਾਹੌਰ ਦੀਆਂ ਕੰਧਾਂ ਨਾਲ ਸਰਕਾਰ ਦਾ ਬੜਾ ਵੱਡਾ ਵਿਦਰੋਹੀ ਬੈਠਾ ਹੈ ਤੇ ਕਿਸੇ ਨੂੰ ਚਿਤ-ਚੇਤਾ ਨਹੀਂ ਕਿ ਉਹ ਅਜੇ ਜੀਊਂਦਾ ਮੌਜਾਂ ਕਰ ਰਿਹਾ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਉਸ ਵਲੋਂ ਏਨੀ ਅਵੇਸਲੀ ਹੋਈ ਬੈਠੀ ਹੈ। ਭਾਵੇਂ ਇਹ ਪਿੰਡ ਮੇਰੀ ਸਪੁਰਦ-ਦਾਰੀ ਵਿਚ ਨਹੀਂ ਹੈ, ਪਰ ਬੰਦਾ ਸਰਕਾਰ ਦਾ ਪੁਰਾਣਾ ਨਮਕ-ਖ਼ਾਰ ਹੋ ਕੇ ਅੱਖੀਂ ਕਿਵੇਂ ਮੀਟ ਸਕਦਾ ਹੈ ? ਜਦ ਦਾ ਪਤਾ ਲਗਾ ਹੈ, ਖ਼ਾਦਮ ਦੀ ਤਾਂ ਨੀਂਦ ਹੀ ਉਡ ਪੁਡ ਗਈ ਹੈ । ਉਸ ਨੇ ਜਦ ਵੇਖਿਆ ਕਿ ਜ਼ਕਰੀਆ ਖ਼ਾਨ ਉਸ ਦੀਆਂ ਗੱਲਾਂ ਨਾਲ ਉਤੇਜਿਤ ਹੋ ਗਿਆ ਹੈ ਤਾਂ ਕਿਹਾ ਕਿ ਇਹ ਪੂਹਲੇ ਪਿੰਡ ਦਾ ਭਾਈ ਤਾਰੂ ਸਿੰਘ ਨਾਂ ਦਾ ਸੰਧੂ ਜੱਟ ਹੈ । ਉਤੋਂ ਵੇਖਣ ਨੂੰ ਬੜਾ ਭੋਲਾ-ਭਾਲਾ, ਭਲਾ ਮਾਣਸ, ਮਿਠ-ਬੋਲੜਾ ਤੇ ਸਾਰਿਆਂ ਦਾ ਸਾਂਝਾ ਬਣਿਆ ਬੈਠਾ ਹੈ, ਪਰ ਵਿਚੋਂ ਬਹੁਤ ਹੀ ਖ਼ਤਰਨਾਕ ਹੈ। ਇਸ ਨੇ ਆਪਣੀ ਮੱਕਾਰੀ ਦਾ ਬੜਾ ਤਕੜਾ ਜਾਲ ਫੈਲਾਇਆ ਹੋਇਆ ਹੈ। ਇਸ ਪਾਸ ਸਰਕਾਰ ਦੇ ਵਿਦਰੋਹੀ ਸਿੰਘ ਰਾਤਾਂ ਕੱਟਦੇ ਹਨ। ਇਹ ਉਨ੍ਹਾਂ ਨੂੰ ਲੰਗਰ ਖੁਆਉਂਦਾ ਹੈ। ਸਿੰਘ ਬਾਹਰ ਉਸ ਦੇ ਖੇਤਾਂ ਵਿਚ ਠਹਿਰਦੇ ਹਨ। ਇਸ ਪਾਸੋਂ ਇਲਾਕੇ ਦੀ ਸੂਹ ਲੈਂਦੇ ਹਨ ਅਤੇ ਸ਼ਾਹ-ਰਾਹਾਂ ਉਤੇ ਵਾਰਦਾਤਾਂ ਕਰਦੇ ਹਨ, ਪਿੰਡ ਵਿਚ ਵੱਸਣ ਵਾਲੀ ਤੁਹਾਡੀ ਪਰਜਾ ਦੇ ਖਾਂਦੇ-ਪੀਂਦੇ ਸਾਊ ਲੋਕਾਂ ਦੇ ਘਰ-ਘਾਟ ਲੁਟਦੇ ਹਨ। ਕਈ ਵਾਰ ਦਿਨ-ਦੀਵੀਂ ਧਾੜੇ ਮਾਰਦੇ ਹਨ। ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਦਿਨੇ ਹਲ ਵਾਹੁੰਦਾ ਹੈ, ਪਰ ਰਾਤ ਨੂੰ ਸੰਨ੍ਹਾਂ ਲਾ ਕੇ ਲੋਕਾਂ ਦੇ ਝੁਗੇ ਫੋਲ ਲੈਂਦਾ ਹੈ, ਸੰਨ੍ਹ ਲਾਉਣ ਦਾ ਬੜਾ ਮਾਹਿਰ ਹੈ। ਆਪ ਮਾੜਾ ਖਾਂਦਾ ਹੈ, ਭੁੱਖਾਂ ਕਟਦਾ ਹੈ, ਭੁਜੇ ਛੋਲੇ ਹੀ ਚੱਬ ਕੇ ਗੁਜ਼ਾਰਾ ਕਰ ਲੈਂਦਾ ਹੈ, ਪਰ ਸਿੰਘਾਂ ਨੂੰ ਵਧੀਆ ਅੰਨ-ਪਾਣੀ ਛਕਾਉਂਦਾ ਹੈ। ਲੀੜਾ ਕੱਪੜਾ ਤੇ ਖ਼ਰਚ ਆਦਿ ਵੀ ਦੇਂਦਾ ਹੈ। ਮਾਝੇ ਦੇ ਬੜੇ ਬੜੇ ਧਾੜਵੀ ਇਸ ਦੇ ਯਾਰ ਹਨ । ਧਾੜਿਆਂ, ਲੁੱਟਾਂ ਤੇ ਚੋਰੀ ਦੇ ਮਾਲ ਵਿਚੋਂ ਇਸ ਨੂੰ ਹਿੱਸਾ ਦੇਂਦੇ ਹਨ ਅਤੇ ਇਹ ਉਨ੍ਹਾਂ ਦੀ ਸੇਵਾ ਕਰਦਾ ਹੈ। ਚੌਧਰੀ ਮੱਸੇ ਦਾ ਕਾਤਿਲ ਮਹਿਤਾਬ ਸਿੰਘ ਮੀਰਾਂ ਕੋਟੀਆ ਅਤੇ ਇਸ ਕਿਸਮ ਦੇ ਹੋਰ ਖ਼ਤਰਨਾਕ ਸਿੰਘ ਉਸ ਪਾਸ ਆ ਕੇ ਠਹਿਰਦੇ ਹਨ। ਉਂਜ ਭਾਵੇਂ ਹਿੰਦੂ ਮੁਸਲਮਾਨਾਂ ਨੂੰ ਇਕੋ ਜਿਹਾ ਸਮਝਦਾ ਹੈ, ਵਖਾਲੇ ਲਈ ਬੜੀ ਕਰੜੀ ਬੰਦਗੀ ਕਰਦਾ ਹੈ, ਕਿਰਤ ਕਰਦਾ ਹੈ, ਲੋਕ ਉਸ ਨੂੰ ਕਬੀਰ ਤੇ ਧੰਨੇ ਵਰਗਾ ਭਗਤ ਸਮਝ ਕੇ ਸਤਿਕਾਰਦੇ ਹਨ, ਪਰ ਅੰਦਰੋਂ ਇਹ ਬੜਾ ਵੱਡਾ ਸਰਕਾਰ-ਵਿਦਰੋਹੀ ਹੈ। ਜਿਨ੍ਹਾਂ ਨੇ ਚੌਧਰੀ ਮੱਸਾ ਫ਼ੌਜਾਂ ਦੇ ਲਗੇ ਪਹਿਰਿਆਂ ਵਿਚੋਂ ਮਾਰ ਲਿਆ ਤੇ ਅੱਜ ਤਕ ਹੱਥ ਨਹੀਂ ਆਏ, ਉਹ ਇਸ ਪਾਸ ਆਉਂਦੇ ਹਨ, ਇਹ ਹੁਣ ਤੁਹਾਨੂੰ ਕਤਲ ਕਰਨ ਦੇ ਬਾਨ੍ਹਣੂੰ ਬੰਨ੍ਹ ਰਹੇ ਹਨ। ਸਰਕਾਰ ਨੂੰ ਹੁਣੇ ਈ ਆਪਣੇ ਬੰਦੋਬਸਤ ਨਾਲ ਤਕੜਾਈ ਕਰ ਦੇਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਕਿ ਇਹ ਕੋਈ ਕਾਰਾ ਕਰਵਾ ਦੇਵੇ, ਹੁਣੇ ਹੀ ਫੜ ਕੇ ਮੌਤ ਦੇ ਘਾਟ ਉਤਾਰ ਦੇਣਾ ਹੀ ਅਕਲਮੰਦੀ ਹੈ। ਹਜ਼ੂਰ! ਗਿਆ ਵੇਲਾ ਹੱਥ ਨਹੀਂ ਆਉਂਦਾ। ਇਸ ਪਾਸੇ ਤੁਰੰਤ ਧਿਆਨ ਦੇਵੋ| ਮੇਰਾ ਮਨ ਸ਼ਾਅਦੀ ਦੇਂਦਾ ਹੈ ਕਿ ਪੱਟੀ ਵਾਲਾ ਕਾਰਾ ਵੀ ਇਸ ਨੇ ਹੀ ਕਰਵਾਇਆ ਹੋਵੇਗਾ। ਇਹ ਬੰਦਾ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਜਿੰਨੀ ਛੇਤੀ ਹੋ ਸਕੇ, ਕਾਰਵਾਈ ਕੀਤੀ ਜਾਵੇ। ਚੰਗਾ ਹੋਵੇ ਜੇ ਇਸ ਨੂੰ ਅੱਜ ਭਲਕ ਹੀ ਫੜ ਲਿਆ ਜਾਵੇ ਤੇ ਫਿਰ ਜੀਊਂਦਾ ਲਾਹੌਰੋਂ ਵਾਪਸ ਨਾ ਮੁੜੇ। ਅਸੀਂ ਨਾ-ਚੀਜ਼ ਤਾਂ ਸਰਕਾਰ ਦੇ ਪੁਰਾਣੇ ਲੂਣ ਖਾਣ ਵਾਲਿਆਂ ਵਿਚੋਂ ਹਾਂ, ਇਸ ਲਈ ਅਸਾਂ ਤਾਂ ਜ਼ਰੂਰ ਨੇਕ ਰਾਏ ਹੀ ਦੇਣੀ ਹੈ। ਅਗੋਂ ਮੰਨਣਾ ਜਾਂ ਨਾ ਮੰਨਣਾ ਹਜ਼ੂਰ ਦੀ ਆਪਣੀ ਮਰਜ਼ੀ ਹੈ। ਖ਼ਾਨ ਬਹਾਦਰ ਏਨਾ ਲੰਮਾ ਬਿਆਨ ਸੁਣ ਕੇ ਪੂਰਾ ਭਖ ਉਠਿਆ। ਜੰਡਿਆਲੀਏ ਨੂੰ ਸ਼ਾਬਾਸ਼ ਦਿਤੀ ਤੇ ਮੋਮਨ ਖ਼ਾਨ ਨੂੰ ਬੁਲਾ ਕੇ ਹੁਕਮ ਦਿਤਾ ਕਿ ਮਾਝੇ ਵਿਚ ਪਢਾਣੇ ਲਾਗੇ ਪੂਹਲਾ ਪਿੰਡ ਹੈ। ਉਥੋਂ ਦਾ ਇਕ ਤਾਰੂ ਸਿੰਘ ਨਾਉਂ ਦਾ ਜੱਟ ਸਿਖ ਹੈ, ਲੋਕ ਉਸ ਨੂੰ ਭਾਈ ਤੇ ਭਗਤ ਕਹਿ ਕੇ ਵੀ ਸੱਦਦੇ ਹਨ। ਉਸ ਨੂੰ ਛੇਤੀ ਤੋਂ ਛੇਤੀ ਬੰਦੀ ਬਣਾ ਕੇ ਕਚਹਿਰੀ ਵਿਚ ਪੇਸ਼ ਕੀਤਾ ਜਾਵੇ ।

ਭਾਈ ਤਾਰੂ ਸਿੰਘ ਜੀ ਦੀ ਗ੍ਰਿਫ਼ਤਾਰੀ

ਹੁਕਮ ਦੀ ਦੇਰ ਸੀ, ਇਕ ਅਫ਼ਸਰ ਪੁਲਸ ਦਾ ਦਸਤਾ ਲੈ ਕੇ ਚੜ੍ਹ ਪਿਆ ਤੇ ਪਢਾਣੇ ਥਾਣੀਂ ਹੁੰਦਾ ਹੋਇਆ ਅਗਲੇ ਦਿਨ ਪੂਹਲਾ ਪਿੰਡ ਆਣ ਘੇਰਿਆ। ਲੋਕ ਹੈਰਾਨ ਰਹਿ ਗਏ ਕਿ ਇਸ ਪਿੰਡ ਵਿਚ ਪੁਲਸ ਅੱਗੇ ਨਾ ਪਿਛੇ, ਪਰ ਅੱਜ ਕਿਉਂ ? ਪੁਲਸ-ਅਫ਼ਸਰ ਸੱਥ ਵਿਚ ਜਾ ਬੈਠਾ ਤੇ ਨੰਬਰਦਾਰ ਨੂੰ ਬੁਲਾ ਲਿਆ। ਉਸ ਦੀ ਖੂਬ ਝਾੜ ਝੰਬ ਕੀਤੀ ਕਿ ਉਸ ਨੇ ਅੱਜ ਤੋਂ ਪਹਿਲਾਂ ਖ਼ੁਦ ਆਪ ਕਿਉਂ ਨਾ ਤਾਰੂ ਸਿੰਘ ਵਰਗੇ ਸਰਕਾਰ-ਵਿਦਰੋਹੀ ਬਾਰੇ ਰਿਪੋਰਟ ਦਿਤੀ। ਉਸ ਨੂੰ ਫੜਾਉਣ ਦਾ ਪਹਿਲਾਂ ਯਤਨ ਕਿਉਂ ਨਹੀਂ ਕੀਤਾ। ਤੁਸੀਂ ਪਿੰਡਾਂ ਵਿਚ ਸਰਕਾਰ ਦੇ ਬਾਗ਼ੀ ਪਾਲਦੇ ਹੋ । ਕੀ ਇਹ ਇਰਾਦਾ ਤਾਂ ਨਹੀਂ ਕਿ ਤੁਹਾਡਾ ਵੀ ਘਾਣ ਬੱਚਾ ਘਾਣ ਨਾਲ ਹੀ ਪੀੜਿਆ ਜਾਵੇ । ਕੁਝ ਹੋਰ ਵੀ ਪਿੰਡ ਦੇ ਸਿਆਣੇ ਲੋਕ ਆ ਪਹੁੰਚੇ ਸਨ ਤੇ ਅਫ਼ਸਰ ਨੂੰ ਇੰਜ ਲੋਹੇ-ਲਾਖਾ ਹੋਇਆ ਤੇ ਉਪਰਲੇ ਸਖ਼ਤ ਬੋਲ ਕਹਿੰਦੇ ਨੂੰ ਸੁਣਿਆ। ਸਾਰੇ ਹੈਰਾਨ ਪਰੇਸ਼ਾਨ ਕਿ ਇਹ ਕੀ ਸੁਣ ਰਹੇ ਹਨ। ਨੰਬਰਦਾਰ ਤੇ ਲੋਕਾਂ ਬੜੇ ਤਰਲੇ ਨਾਲ ਕਿਹਾ ਕਿ ਦੁਹਾਈ ਰੱਬ ਦੀ, ਇਹ ਸਭ ਕੋਰਾ ਝੂਠ ਹੈ। ਕਿਸੇ ਪਾਪੀ ਚੁਗ਼ਲ ਨੇ ਗਰੀਬ ਉਤੇ ਝੂਠੀ ਲੂਤੀ ਫੂਕੀ ਹੈ। ਉਸ ਨੇ ਕਿਸੇ ਨੂੰ ਤਾਂ ਕੀ ਕਹਿਣਾ ਹੈ, ਉਹ ਤਾਂ ਤੁਰਨ ਲੱਗਾ ਗਲੀਆਂ ਦੇ ਕਖਾਂ ਨੂੰ ਵੀ ਨਹੀਂ ਦੁਖਾਉਂਦਾ। ਸਾਥੋਂ ਜੋ ਚਾਹੋ, ਸਫ਼ਾਈ ਲੈ ਲਵੋ ਅਤੇ ਜੇ ਇਸ ਵਿਚ ਰੌਚ-ਮਾਸਾ ਵੀ ਝੂਠ ਜਾਂ ਫ਼ਰਕ ਨਿਕਲੇ ਤਾਂ ਸਰਕਾਰ ਜੋ ਚਾਹੇ, ਸਾਨੂੰ ਡੰਨ ਦੇਵੇ। ਪਰ ਪੁਲਸ ਨੇ ਇਕ ਨਾ ਸੁਣੀ । ਉਲਟੀ ਲੋਕਾਂ ਦੀ ਹੋਰ ਲਾਹ ਪਾਹ ਕਰਨ ਲੱਗੀ। ਤਾੜ ਕੇ ਹੁਕਮ ਦਿਤਾ ਕਿ ਉਸ ਨੂੰ ਪੇਸ਼ ਕਰੋ। ਜਿੰਨਾ ਚਿਰ ਨਹੀਂ ਆਉਂਦਾ, ਉਸ ਦੇ ਘਰ ਦੇ ਜੀਅ ਫੜ ਲਿਆਵੋ।

ਇਹ ਕੁਝ ਪਿੰਡ ਦੀ ਸੱਥ ਵਿਚ ਹੁੰਦਾ ਵੇਖ-ਸੁਣ ਕੇ ਇਕ ਗਭਰੂ ਪੁਲਸ ਤੋਂ ਅੱਖ ਬਚਾਅ ਕੇ ਖਿਸਕ ਗਿਆ ਤੇ ਭਜ ਕੇ ਖੇਤ ਵਿਚ ਹਲ ਵਾਹੁੰਦੇ ਭਾਈ ਤਾਰੂ ਸਿੰਘ ਪਾਸ ਪਹੁੰਚਿਆ ਤੇ ਕਹਿਣ ਲੱਗਾ ਕਿ ਭਾਈ ਜੀ, ਹਲ ਛੱਡ ਕੇ ਇਥੋਂ ਕਿਸੈ ਪਾਸੇ ਖਿਸਕ ਜਾਵੋ । ਤੁਹਾਨੂੰ ਫੜਨ ਲਈ ਪਿੰਡ ਨੂੰ ਪੁਲਸ ਘੇਰੀ ਬੈਠੀ ਹੈ। ਉਹ ਤੁਹਾਨੂੰ ਸਰਕਾਰ ਦਾ ਬਾਗ਼ੀ ਕਹਿ ਰਹੀ ਹੈ। ਕਿਸੇ ਚੁਗ਼ਲ ਦਾ ਬੇੜਾ ਗਰਕ ਹੋ ਗਿਆ ਹੈ, ਜੋ ਏਡੀ ਝੂਠੀ ਤੁਹਮਤ ਤੁਹਾਡੇ ਉਤੇ ਲਾ ਦਿਤੀ ਹੈ । ਬਥੇਰੀ ਸਫ਼ਾਈ ਦਿਤੀ ਹੈ, ਪਰ ਉਹ ਮੰਨਦੇ ਹੀ ਨਹੀਂ। ਤੁਹਾਨੂੰ ਫੜ ਕੇ ਲਾਹੌਰ ਲੈ ਜਾਣ ਲਈ ਕਹਿ ਰਹੇ ਹਨ। ਲਾਹੌਰ ਲੈ ਜਾ ਕੇ ਕਿਹੜਾ ਸਿੰਘ ਅੱਜ ਤਕ ਜੀਊਂਦਾ ਮੁੜਨ ਦਿਤਾ ਹੈ। ਤੁਸੀਂ ਛੇਤੀ ਏਥੋਂ ਹਟ ਕੇ ਝਿੜੀ ਵਲ ਹੋ ਜਾਵੋ ਤੇ ਉਥੇ ਜਾ ਲੁਕੋ । ਉਹਦੇ ਵਿਚ ਉਨ੍ਹਾਂ ਵੜਨਾ ਨਹੀਂ ਤੇ ਤੁਹਾਨੂੰ ਲਭ ਸਕਣਾ ਨਹੀਂ। ਸਾਡੇ ਨਾਲ ਜੋ ਹੋਊਗੀ, ਅਸੀਂ ਨਿੱਬੜ ਲਵਾਂਗੇ। ਮਾਲ-ਡੰਗਰ ਦਾ ਤੁਸੀਂ ਫ਼ਿਕਰ ਨਾ ਕਰਿਓ, ਅਸੀਂ ਸਾਂਭਾਂਗੇ, ਭੁਖਿਆਂ ਨਹੀਂ ਰਹਿਣ ਦੇਂਦੇ, ਤੁਹਾਨੂੰ ਵੀ ਪ੍ਰਸ਼ਾਦਾ ਇਥੇ ਰਾਤ ਨੂੰ ਅੱਖ ਬਚਾਅ ਕੇ ਦੇ ਜਾਇਆ ਕਰਾਂਗੇ। ਪੁਲਸ ਕਿੰਨਾ ਕੁ ਚਿਰ ਪਿੰਡ ਬਹਿ ਰਹੇਗੀ। ਦੋ ਚਾਰ ਦਿਨਾਂ ਵਿਚ ਝਖ ਮਾਰ ਕੇ ਉਠ ਜਾਵੇਗੀ। ਜਦ ਠੰਡ-ਠੰਢੌਲਾ ਹੋ ਗਿਆ, ਤੁਹਾਨੂੰ ਦੱਸ ਦਿਆਂਗੇ, ਤੁਸੀਂ ਮੁੜ ਆਇਓ। ਆਏ ਗਏ ਰਾਹੀ ਪਾਤੀ ਨੂੰ ਤੁਹਾਡੇ ਵਾਂਗ ਹੀ ਲੰਗਰ-ਪਾਣੀ ਛਕਾਵਾਂਗੇ। ਮੈਂ ਹੱਥ ਜੋੜਦਾ ਹਾਂ, ਤੁਸੀਂ ਇਥੋਂ ਖਿਸਕ ਜਾਵੋ। ਪੁਲਸ ਖੇਤ ਵੱਲ ਵੀ ਆਈ ਖੜੀ ਹੈ । ਤੁਸੀਂ ਮਿੰਨਤ ਮੰਨ ਲਵੋ | ਨੌਜੁਆਨ ਨੇ ਇਹ ਵਾਕ ਬੜੀ ਕਾਹਲੀ ਵਿਚ ਤੇ ਭਰੇ ਦਿਲ ਨਾਲ ਕਹੇ।

ਭਾਈ ਤਾਰੂ ਸਿੰਘ ਜੀ ਨੇ ਆਉਣ ਵਾਲੇ ਗਭਰੂ ਨੂੰ ਧੀਰਜ ਦੇਂਦਿਆਂ ਕਿਹਾ ਕਿ ਤੂੰ ਆਪਣੀ ਸੋਚ ਮੂਜਬ ਜੋ ਇੰਜ ਭੱਜੇ ਆ ਕੇ ਮੈਨੂੰ ਅਗਲਵਾਂਢੀ ਖ਼ਬਰਦਾਰ ਕਰ ਕੇ ਆਪਣੇ ਵਲੋਂ ਮੇਰੇ ਨਾਲ ਹਮਦਰਦੀ ਨਿਭਾਈ ਹੈ, ਮੈਂ ਉਸ ਲਈ ਤੇਰਾ ਧੰਨਵਾਦੀ ਹਾਂ । ਭੱਜੇ ਤਾਂ ਉਹ ਜੋ ਚੋਰ ਉਚੱਕਾ ਹੋਵੇ, ਮੈਂ ਕੋਈ ਗੁਨਾਹੀ ਜਾਂ ਮੁਜਰਮ ਥੋੜਾ ਹਾਂ ? ਸੱਚ ਨੂੰ ਆਂਚ ਨਹੀਂ ਆਉਂਦੀ। ਪਿੰਡ ਨੂੰ ਅਜਾਈਂ ਵਖਤ ਵਿਚ ਪਾ ਕੇ ਮੈਂ ਜਾਨ ਬਚਾਅ ਲਵਾਂ, ਇਹ ਤਾਂ ਬੜਾ ਪਾਪ ਹੋਵੇਗਾ; ਹਮੇਸ਼ਾ ਲਈ ਦਾਗ਼ ਲੱਗ ਜਾਵੇਗਾ। ਸੂਰਮਿਆਂ ‘ਤੇ ਭਰੋਸੇ ਵਾਲਿਆਂ ਦੀ ਪਰਖ ਔਖੀ ਘੜੀ ਵਿਚ ਹੀ ਹੁੰਦੀ ਹੈ। ਕਾਇਰਾਂ ਵਾਂਗ ਭਜ ਜਾਵਾਂ ਤਾਂ ਸਿੰਘ ਦੀ ਸ਼ਾਨ ਦੇ ਹੀ ਉਲਟ ਹੈ। ਅੱਜ ਨਹੀਂ ਤਾਂ ਕੱਲ੍ਹ ਮਰਨਾ ਤਾਂ ਹੈ ਹੀ, ਗੀਦੀਆਂ ਵਾਂਗ ਮਰ ਕੇ ਸਿੱਖੀ ਦੀ ਆਨ ਸ਼ਾਨ ਨੂੰ ਕਿਉਂ ਵੱਟਾ ਲਾਈਏ ? ਮੈਂ ਹੁਣ ਆਪ ਹੀ ਪਿੰਡ ਨੂੰ ਜਾਂਦਾ ਹਾਂ। ਤੂੰ ਹਰਨਾੜੀ ਘਰ ਪਹੁੰਚਾ ਦੇਵੀਂ। ਇਹ ਕਹਿ ਕੇ ਭਾਈ ਤਾਰੂ ਸਿੰਘ ਜੀ ਉਸ ਅੱਖਾਂ ਭਰੀ ਖੜੇ ਗਭਰੂ ਨੂੰ ਪ੍ਰਾਣੀ ਫੜਾ ਕੇ ਪਿੰਡ ਵੱਲ ਨੂੰ ਤੁਰ ਪਏ।

ਭਾਈ ਸਾਹਿਬ ਪਿੰਡ ਵੱਲ ਨੂੰ ਅਧੋਂ ਲੰਘ ਆਏ ਸਨ, ਜਦ ਉਸ ਪਾਸਿਓਂ ਆ ਰਹੇ ਸਵਾਰਾਂ ਦੀ ਧੂੜ ਦਿਸੀ। ਸਮਝ ਗਏ ਕਿ ਪੁਲਸ ਦੇ ਸਵਾਰ ਆ ਰਹੇ ਹਨ। ਪਿੰਡ ਦੇ ਦੋ ਆਦਮੀ ਵੀ ਨਾਲ ਸਨ। ਜਦ ਲਾਗੇ ਪੁਜੇ ਤਾਂ ਭਾਈ ਤਾਰੂ ਸਿੰਘ ਨੇ ਫ਼ਤਹ ਬੁਲਾ ਕੇ ਕਿਹਾ ਕਿ ਤੁਹਾਨੂੰ ਖੇਚਲ ਦੀ ਲੋੜ ਨਹੀਂ ਸੀ, ਮੈਂ ਸੁਣ ਕੇ ਆਪ ਹੀ ਆ ਰਿਹਾ ਸਾਂ। ਪਰ ਪੁਲਸ ਵਾਲੇ ਆਪਣਾ ਰੁਅਬ ਛਾਂਟਣ ਲੱਗੇ। ਇਕ ਸਵਾਰ ਉਤਰ ਕੇ ਝੱਟ ਨਾਲ ਉਨ੍ਹਾਂ ਦੀਆਂ ਬਾਹਾਂ ਪਿਛੇ ਬੰਨ੍ਹਣ ਲੱਗਾ। ਭਾਈ ਸਾਹਿਬ ਨੇ ਕਿਹਾ ਕਿ ਜੇ ਮੈਂ ਭਜਣਾ ਹੁੰਦਾ ਤਾਂ ਆਪ ਤੁਹਾਡੇ ਵੱਲ ਕਿਉਂ ਆਉਂਦਾ। ਮੈਂ ਸਿੰਘ ਹਾਂ, ਕੋਈ ਬਦਮਾਸ਼ ਨਹੀਂ। ਆਰਾਮ ਨਾਲ ਘੋੜਿਆਂ ‘ਤੇ ਚੜ੍ਹੇ ਚਲੋ, ਮੈਂ ਤੁਹਾਡੇ ਨਾਲ ਚੱਲਦਾ ਹਾਂ, ਜਿਧਰ ਤੁਸੀਂ ਚਾਹੁੰਦੇ ਹੋ। ਇਥੋਂ ਅੱਗੇ ਚੱਲ ਕੇ ਪੁਲਸ ਵਾਲਿਆਂ ਨਾਲ ਭਾਈ ਤਾਰੂ ਸਿੰਘ ਜੀ ਸੱਥ ਵਿਚ ਬੈਠੇ ਪੁਲਸ-ਅਫ਼ਸਰ ਪਾਸ ਪਹੁੰਚੇ ਤੇ ਗੱਜ ਕੇ ਫ਼ਤਹ ਬੁਲਾਈ। ਘੋੜ-ਸਵਾਰਾਂ ਆਪਣੀ ਕਾਰਕਰਦਗੀ ਪਾਉਂਦਿਆਂ ਕਿਹਾ ਕਿ ਜਨਾਬ, ਇਹੋ ਤਾਰੂ ਸਿੰਘ ਹੈ। ਤੇ ਫੜ ਲਿਆਂਦਾ ਹੈ। ਥੋੜੀ ਜਿਹੀ ਢਿਲ ਹੋ ਜਾਂਦੀ ਤਾਂ ਸ਼ਾਇਦ ਹੱਥ ਹੀ ਨਾ ਆਉਂਦਾ । ਅਸਾਂ ਬੜੀ ਹਿੰਮਤ ਨਾਲ ਗ੍ਰਿਫ਼ਤਾਰ ਕੀਤਾ ਹੈ ਜਨਾਬ ਇਸ ਨੂੰ।

ਅਹਿਦੀਆ ਪੁਲਸ ਵਾਲੀ ਗਰਮੀ ਜ਼ਰੂਰ ਵਿਖਾਉਂਦਾ, ਪਰ ਭਾਈ ਤਾਰੂ ਸਿੰਘ ਦੀ ਮਾਸੂਮ ਸ਼ਕਲ-ਸੂਰਤ ਨੇ ਉਸ ਦੀ ਗਰਮੀ ਠੰਢੀ ਪਾ ਦਿਤੀ। ਪਲ ਭਰ ਪਿਛੋਂ ਉਸ ਨੇ ਹੁਕਮ ਦਿਤਾ ਕਿ ਇਸ ਦੀਆਂ ਮੁਸ਼ਕਾਂ ਬੰਨ੍ਹ ਲਈਆਂ ਜਾਣ।

ਪੁਲਸ ਪਿੰਡ ਵਿਚ ਕਿਸ ਵਾਸਤੇ ਆਈ ਸੀ, ਇਸ ਦਾ ਬੱਚੇ ਬੱਚੇ ਨੂੰ ਪਤਾ ਲੱਗ ਚੁਕਾ ਸੀ । ਭਾਈ ਤਾਰੂ ਸਿੰਘ ਦੀ ਬਿਰਧ ਮਾਤਾ ਤੇ ਭੈਣ ਨੂੰ ਵੀ ਸੱਦ ਲਿਆ ਗਿਆ। ਮਾਂ ਨੇ ਜਦ ਬੇਦੋਸ਼ੇ ਪੁਤ ਦੀਆਂ ਇੰਜ ਮੁਸ਼ਕਾਂ ਕਸੀਦੀਆਂ ਵੇਖੀਆਂ ਤਾਂ ਉਸ ਦੀ ਮਮਤਾ ਤੜਫ ਉਠੀ। ਅਹਿਦੀਏ ਦਾ ਹਾੜਾ ਕਢਿਆ ਕਿ ਇਸ ਨੂੰ ਇੰਜ ਨਾ ਬੰਨ੍ਹੇ। ਪਿੰਡ ਵਾਲੇ ਹਾਜ਼ਰ ਹਨ, ਤਸਦੀਕ ਪੜਤਾਲ ਕਰ ਲਵੋ, ਮੇਰੇ ਬੱਚੇ ਦਾ ਕੋਈ ਕਸੂਰ ਨਹੀਂ ਹੈ। ਹੱਕ ਹਲਾਲ ਦੀ ਕਿਰਤ ਕਰਦਾ ਹੈ। ਕਦੀ ਕਿਸੇ ਨੂੰ ਮਾੜਾ ਨਹੀਂ ਬੋਲਿਆ। ਨੰਬਰਦਾਰ ਨੂੰ ਪੁਛ ‘ਲਵੋ | ਪੰਚਾਇਤ ਪਾਸੋਂ ਤਸੱਲੀ ਲੈ ਲਵੋ। ਮੇਰੇ ਬੁੜਾਪੇ ਦਾ ਤਾਂ ਸਹਾਰਾ ਹੀ ਇਹੋ ਹੈ। ਅਹਿਦੀਏ ਨੇ ਕੜਕ ਕੇ ਆਖਿਆ ਕਿ ਸਰਕਾਰ-ਵਿਦਰੋਹੀ ਪੁਤ ਦਿਆਂ ਜੁਰਮਾਂ ਉਤੇ ਇੰਜ ਪਰਦੇ ਨਹੀਂ ਪੈਣ ਲੱਗੇ ਬੁੜ੍ਹੀਏ ! ਤੇਰੇ ਭਾ ਦਾ ਸਾਊ ਹੋਵੇਗਾ, ਪਰ ਸਰਕਾਰ ਦੀਆਂ ਨਜ਼ਰਾਂ ਵਿਚ ਇਹ ਵਿਦਰੋਹੀ ਹੈ। ਬਾਗ਼ੀਆਂ ਨੂੰ ਪਨਾਹ ਦੇਂਦਾ ਹੈ। ਸਰਕਾਰੀ ਅਫ਼ਸਰਾਂ ਦਿਆਂ ਕਾਤਲਾਂ ਨੂੰ ਪਾਸ ਠਹਿਰਾਉਂਦਾ ਹੈ ਤੇ ਅੰਨ-ਪਾਣੀ ਨਾਲ ਸੇਵਾ ਕਰਦਾ ਹੈ ਤੇ ਉਨ੍ਹਾਂ ਨੂੰ ਖ਼ਰਚੇ ਦੇਂਦਾ ਹੈ। ਧਾੜੇ ਮਰਵਾ ਕੇ ਵਿਚੋਂ ਹਿੱਸੇ ਲੈਂਦਾ ਹੈ। ਦਿਨੇ ਹਲ ਵਾਹ ਛਡਿਆ, ਰਾਤ ਨੂੰ ਸੰਨ੍ਹਾਂ ਲਾ ਲਈਆਂ। ਤੇਰੀਆਂ ਮੋਮੋਠਗਣੀਆਂ ਦਾ ਸਾਡੇ ਉਤੇ ਕੀ ਅਸਰ ਹੈ। ਤੁਸੀਂ ਦੋਵੇਂ ਮਾਵਾਂ ਧੀਆਂ ਸਰਕਾਰ ਦੇ ਵਿਦਰੋਹੀਆਂ ਨੂੰ ਰੋਟੀਆਂ ਪਕਾਅ ਪਕਾਅ ਕੇ ਖੁਆਉਂਦੀਆਂ ਹੋ । ਤੁਹਾਡਾ ਜੁਰਮ ਵੀ ਘਟ ਨਹੀਂ। ਤੇਰੇ ਬੁੜੇਪੇ ਉਤੇ ਤਰਸ ਆਉਂਦਾ ਹੈ, ਪਰ ਇਸ ਕੁੜੀ ਨੂੰ ਨਹੀਂ ਛਡਣਾ। ਇਸ ਨੂੰ ਵੀ ਨਾਲ ਬੰਨ੍ਹ ਲਿਆ ਜਾਵੇ । ਲਾਹੌਰ ਜਾ ਕੇ ਦੁੱਧ-ਪਾਣੀ ਅੱਡੋ ਅੱਡ ਹੋ ਜਾਵੇਗੀ। ਹਾਜ਼ਰ ਲੋਕਾਂ ਜਦ ਇਹ ਸੁਣਿਆ, ਕਲੇਜਾ ਫੜ ਲਿਆ। ਕਰ ਕੀ ਸਕਦੇ ਸਨ, ਤੜਫ਼ ਕੇ ਰਹਿ ਗਏ।

ਅੱਜ ਵਾਂਗ ਉਸ ਸਮੇਂ ਪਿੰਡ ਆਉਣ ਵਾਲੇ ਸਰਕਾਰੀ ਕਰਮਚਾਰੀਆਂ ਦੇ ਜਲ-ਪਾਣੀ ਤੇ ਰੋਟੀ ਟੁੱਕ ਦਾ ਪ੍ਰਬੰਧ ਨੰਬਰਦਾਰਾਂ ਸਿਰ ਹੀ ਹੁੰਦਾ ਸੀ । ਜਦ ਪੁਲਸ ਖਾ ਪੀ ਕੇ ਤੁਰਨ ਲੱਗੀ ਤਾਂ ਨੰਬਰਦਾਰ ਤੇ ਪੰਚਾਇਤ ਵਾਲਿਆਂ ਹੱਥ ਬੰਨ੍ਹ ਕੇ ਬੜੀ ਅਧੀਨਗੀ ਨਾਲ ਤਰਲੇ ਲੈਂਦਿਆਂ ਬੀਬੀ ਤਾਰੋ ਉਤੇ ਰਹਿਮ ਕਰਨ ਲਈ ਕਿਹਾ ਕਿ ਇਹ ਪਿੰਡ ਦੀ ਧੀ ਧਿਆਣੀ ਹੈ। ਪਿੰਡ ਉਤੇ ਇਹ ਧੱਕਾ ਨਾ ਕਰੋ । ਨਿਰਦੋਸ਼ ਕੰਨਿਆ ਹੈ, ਦਇਆ ਕਰੋ ਤੇ ਇਸ ਨੂੰ ਛੱਡ ਦਿਉ। ਪਹਿਲਾਂ ਤਾਂ ਅਹਿਦੀਆ ਆਕੜਿਆ, ਪਰ ਲੋਕਾਂ ਦਾ ਇਸ਼ਾਰਾ ਸਮਝ ਕੇ ਕੁਝ ਰਕਮ ਇਕੱਤ ਕਰ ਕੇ ਅੱਗੇ ਲਿਆ ਧਰੀ । ਬੀਬੀ ਤਾਰੋ ਨੂੰ ਛੁਡਾ ਲਿਆ ਗਿਆ ।

ਲੋਕਾਂ ਦੇ ਮਿੰਨਤ ਤਰਲਾ ਕਰਨ ‘ਤੇ ਪੁਲਸ ਨੇ ਮਾਂ ਤੇ ਭੈਣ ਨੂੰ ਆਗਿਆ ਦੇ ਦਿਤੀ ਕਿ ਉਹ ਅੱਗੇ ਹੋ ਕੇ ਤਾਰੂ ਸਿੰਘ ਨੂੰ ਮਿਲ ਲੈਣ । ਦੋਹਾਂ ਨੇ ਅੱਗੇ ਵਧ ਕੇ ਤਾਰੂ ਸਿੰਘ ਜੀ ਨੂੰ ਜੱਫੀ ਵਿਚ ਲੈ ਲਿਆ ਤੇ ਬੇਦੋਸ਼ਾ ਪੁਤ ਤੇ ਵੀਰ ਨੂੰ ਬੱਝਾ ਵੇਖ ਕੇ ਉਭੇ ਸਾਹੀਂ ਰੋਣ ਲੱਗ ਪਈਆਂ । ਉਹ ਸਮਝਦੀਆਂ ਸਨ ਕਿ ਇਸ ਨੇ ਹੁਣ ਕਦ ਮੁੜਨਾ ਹੈ, ਇਹ ਮੇਲੇ ਅਖ਼ੀਰ ਦੇ ਹਨ, ਦਿਲ ਹੰਝੂਆਂ ਰਾਹੀਂ ਵਹਿ ਤੁਰਿਆ। ਤਾਰੂ ਸਿੰਘ ਨੇ ਦੋਹਾਂ ਨੂੰ ਧੀਰਜ ਦੇਂਦਿਆਂ ਕਿਹਾ ਕਿ ਮੈਂ ਬਿਲਕੁਲ ਨਿਰਦੋਸ਼ ਹਾਂ। ਵਾਹਿਗੁਰੂ ਜਾਣਦਾ ਹੈ ਤੇ ਉਹੀ ਮੇਰਾ ਰਾਖਾ ਹੈ। ਤੁਸੀਂ ਸਬਰ ਤੇ ਹੌਸਲਾ ਕਰਨਾ ਹੈ। ਆਏ ਗਏ ਦੀ ਸੇਵਾ ਇੰਜ ਹੀ ਜਾਰੀ ਰਹੇ । ਗੁਰੂ ਕਾ ਲੰਗਰ ਸਦਾ ਵਾਂਗ ਚਲਦਾ ਰਹੇ, ਵਾਹਿਗੁਰੂ ਸਹਾਈ ਹੋਣਗੇ। ਕੋਈ ਝੂਠੀ ਆਸ ਨਹੀਂ ਰਖਣੀ। ਲਾਹੌਰ ਜਾ ਕੇ ਮੇਰਾ ਜੀਉਂਦਾ ਮੁੜਨਾ ਮੁਸ਼ਕਲ ਹੈ। ਮੈਨੂੰ ਨਿਸਚਾ ਹੈ, ਇਹ ਭਾਣਾ ਵਾਪਰ ਕੇ ਰਹਿਣਾ ਹੈ। ਸੋ ਤੁਸਾਂ ਉਸ ਦੀ ਰਜ਼ਾਅ ਵਿਚ ਰਹਿਣਾ ਹੈ। ਦਿਲ ਨਹੀਂ ਛੋਟਾ ਕਰਨਾ । ਜ਼ੋਰਾਵਰ ਸਿੰਘ ਤੇ ਫ਼ਤਹ ਸਿੰਘ ਦੀ ਕੁਰਬਾਨੀ ਨੂੰ ਚੇਤੇ ਰਖ ਕੇ ਚੜ੍ਹਦੀ ਕਲਾ ਵਿਚ ਰਹਿਓ। ਵਾਹਿਗੁਰੂ ਨੂੰ ਅੰਗ ਸੰਗ ਸਮਝਣਾ। ਮੇਰੀ ਥਾਂ ਹੁਣ ਪਿੰਡ ਵਾਲਿਆਂ ਨੂੰ ਸਮਝਿਓ। ਤੁਹਾਡੇ ਲਈ ਇਹ ਸਾਰੇ ਹੀ ਤਾਰੂ ਸਿੰਘ ਹਨ। ਮਾਵਾਂ ਨੂੰ ਰੀਝ ਹੁੰਦੀ ਹੈ ਕਿ ਪੁਤ ਜਵਾਨ ਹੋਣ ਤੇ ਉਨ੍ਹਾਂ ਨੂੰ ਘੋੜੀ ਚੜ੍ਹਦਿਆਂ ਨੂੰ ਵੇਖਣ। ਭੈਣਾਂ ਵੀ ਇਹੋ ਹੀ ਚਾਹੁੰਦੀਆਂ ਹਨ। ਲਉ ਮੇਰੇ ਮਾਤਾ ਜੀ ਤੇ ਭੈਣ ਜੀ, ਮੈਂ ਅੱਜ ਘੋੜੀ ਚੜ੍ਹ ਚਲਿਆ ਹਾਂ । ਮਾਤਾ ਜੀ, ਭਰੋਸਾ ਰਖਿਓ, ਮੈਂ ਤੁਹਾਡੇ ਦੁੱਧ ਨੂੰ ਲਾਜ ਨਹੀਂ ਲਾਵਾਂਗਾ। ਸਿੱਖੀ ਦੀ ਸ਼ਾਨ ਨੂੰ ਕਲੰਕਤ ਨਹੀਂ ਕਰਾਂਗਾ।

ਫਿਰ ਪਿੰਡ ਵਾਲਿਆਂ ਨੂੰ ਕਿਹਾ-ਮੇਰੇ ਬਜ਼ੁਰਗੋ ਤੇ ਭਰਾਵੋ, ਜੇ ਮੇਰੇ ਬਾਪੂ ਜੀ ਜੀਉਂਦੇ ਹੁੰਦੇ ਤਾਂ ਮਾਂ ਤੇ ਭੈਣ ਦੀ ਸੌਂਪਣਾ ਦੀ ਖੇਚਲ ਤੁਹਾਨੂੰ ਨਾ ਦੇਂਦਾ। ਉਹ ਆਪੇ ਸਾਰੀ ਗੱਲ ਨੂੰ ਸਾਂਭ ਲੈਂਦੇ । ਮੈਨੂੰ ਕੋਈ ਫ਼ਿਕਰ ਨਾ ਰਹਿੰਦਾ। ਤੁਹਾਡੇ ਬਿਨਾਂ ਹੁਣ ਇਨ੍ਹਾਂ ਦੁਖੀਆਂ ਦਾ ਕੌਣ ਹੈ ? ਇਸ ਲਈ ਹੁਣ ਇਨ੍ਹਾਂ ਦੀ ਬਾਂਹ ਤੁਹਾਡੇ ਹੱਥ ਫੜਾ ਚਲਿਆ ਹਾਂ । ਮੇਰੀ ਤੁਹਾਨੂੰ ਸਾਰਿਆਂ ਨੂੰ ਹੁਣ ਇਹ ਆਖ਼ਰੀ ਫ਼ਤਹ ਹੈ।

ਕੋਈ ਐਸੀ ਅੱਖ ਨਹੀਂ, ਜੋ ਤਰੱਪ ਤਰੱਪ ਹੰਝੂ ਨਾ ਕੇਰ ਰਹੀ ਹੋਵੇ। ਪੱਥਰ-ਦਿਲ ਪੁਲਸ ਵਾਲਿਆਂ ‘ਚੋਂ ਕਈਆਂ ਦੇ ਦਿਲ ਪੰਘਰ ਗਏ ਸਨ। ਦਿਲ ਦੀ ਪੀੜਾ ਅੱਖਾਂ ਵਿਚ ਆ ਗਈ। ਪਰ ਇਹ ਹੁਕਮ ਦੇ ਬੱਧੇ ਮੁਲਾਜ਼ਮ ਸਨ। ਕੀ ਕਰ ਸਕਦੇ ਸਨ?

ਇਕ ਸਵਾਰ ਦੇ ਪਿਛੇ ਭਾਈ ਤਾਰੂ ਸਿੰਘ ਜੀ ਨੂੰ ਬਿਠਾ ਕੇ ਪਢਾਣੇ ਪਿੰਡ ਵਲ ਲੈ ਤੁਰੇ ।

ਕਈ ਭੂਬਾਂ ਮਾਰ ਕੇ ਰੋ ਉਠੇ । ਮਾਯੂਸੀ ਤੇ ਗ਼ਮ ਦੀਆਂ ਮੂਰਤਾਂ ਬਣੇ, ਜਾਂਦੀ ਪੁਲਸ ਨੂੰ ਤੱਕ ਰਹੇ ਸਨ । ਮਾਂ ਤੇ ਭੈਣਾਂ ਦੇ ਦਿਲਾਂ ਦੀ ਪੀੜ ਨੂੰ ਕੋਈ ਆਲ-ਔਲਾਦ ਵਾਲਾ ਹੀ ਸਮਝ ਸਕਦੈ। ਅੱਖਾਂ ਦੇ ਸਾਹਮਣੇ ਮਾਂ ਦੇ ਇਕੱਲੇ ਪੁਤ ਤੇ ਭੈਣ ਦੇ ਇਕੋ ਇਕ ਵੀਰੇ ਨੂੰ ਮੌਤ ਦੇ ਘਾਟ ਵਲ ਲਈ ਜਾ ਰਹੇ ਸਨ । ਜਦ ਤਕ ਦਿਸਦਾ ਰਿਹਾ, ਇਕ ਆਸ ਜਿਹੀ ਬੱਝੀ ਰਹੀ, ਨਜ਼ਰ ਪਿੱਛਾ ਕਰਦੀ ਰਹੀ। ਜਦ ਜਾਂਦੇ ਦਿਸਣੋਂ ਹਟ ਗਏ ਤਾਂ ਮਾਵਾਂ ਧੀਆਂ ਝਿਸੀਆਂ ਵੱਟੀ, ਹੌਕੇ ਲੈਂਦੀਆਂ ਘਰ ਨੂੰ ਤੁਰ ਪਈਆਂ । ਸਾਰੇ ਲੋਕ ਡੌਰ-ਭੌਰੇ ਹੋਏ ਪਏ ਸਨ ਕਿ ਇਹ ਕੀ ਭਾਣਾ ਵਾਪਰ ਗਿਆ ਹੈ। ਸਾਰੇ ਘਰ ਤਕ ਨਾਲ ਆਏ। ਸਾਰਿਆਂ ਦੇ ਦਿਲਾਂ ਵਿਚ ਆਉਣ ਵਾਲੇ ਦੋ ਚਾਰ ਦਿਨਾਂ ਵਿਚ ਵਾਪਰਨ ਵਾਲੇ ਭਾਣੇ ਦਾ ਨਕਸ਼ਾ ਸੀ, ਜੋ ਕਿਸੇ ਨੂੰ ਮੂੰਹ ਨਹੀਂ ਸੀ ਖੋਲ੍ਹਣ ਦੇਂਦਾ। ਕੌਣ ਅੱਗੇ ਵਧ ਕੇ ਮਾਂ ਦੇ ਦਿਲ ਨੂੰ ਢਾਸਣਾ ਦੇਵੇ । ਸੂਰਜ ਹੁੰਦਿਆਂ ਪੂਹਲਿਆਂ ਵਿਚ ਗਹਿਰਾ ਹਨੇਰ ਪਸਰਿਆ ਹੋਇਆ ਸੀ।

ਅਜੇ ਦਿਨ ਨਹੀਂ ਸੀ ਅਸਤਿਆ ਜਦ ਪੁਲਸ ਦਾ ਦਸਤਾ ਭਾਈ ਤਾਰੂ ਸਿੰਘ ਨੂੰ ਲੈ ਕੇ ਪਿੰਡ ਪਢਾਣੇ ਪਹੁੰਚ ਕੇ ਰਾਤ-ਕਟੀ ਲਈ ਪਿੰਡ ਦੀ ਸਥ ਵਿਚ ਆਣ ਉਤਰਿਆ ਤੇ ਚੌਧਰੀ ਨੂੰ ਬੁਲਾ ਕੇ ਘੋੜਿਆਂ ਦੇ ਦਾਣੇ-ਪੱਠੇ ਤੇ ਪੁਲਸ ਦੀਆਂ ਰੋਟੀਆਂ ਦਾ ਹੁਕਮ ਦਿਤਾ। ਪਿੰਡ ਵਿਚ ਪਲੋ ਪਲੀ ਜੰਗਲ ਦੀ ਅੱਗ ਵਾਂਗ ਇਹ ਖ਼ਬਰ ਫੈਲ ਗਈ ਕਿ ਇਹ ਪੁਲਸ-ਦਸਤਾ ਖ਼ਾਨ ਬਹਾਦਰ ਨਾਜ਼ਿਮ ਲਾਹੌਰ ਦੇ ਹੁਕਮ ਤਹਿਤ ਭਾਈ ਤਾਰੂ ਸਿੰਘ ਪੂਹਲਿਆਂ ਵਾਲੇ ਨੂੰ ਫੜ ਕੇ ਲਾਹੌਰ ਲਈ ਜਾ ਰਿਹਾ ਹੈ। ਭਾਈ ਤਾਰੂ ਸਿੰਘ ਦੀ ਪ੍ਰਭਤਾ ਤੇ ਨਾਮ ਦੂਰ ਦੂਰ ਤਕ ਫੈਲਿਆ ਹੋਇਆ ਸੀ । ਸਾਰੇ ਜਾਣਦੇ ਸਨ ਕਿ ਇਹ ਹਰ ਇਕ ਦਾ ਸਹਾਈ ਹੈ ਤੇ ਬਿਨਾਂ ਕਿਸੇ ਭਿੰਨ-ਭੇਤ ਦੇ ਆਏ ਗਏ ਦੀ ਸੇਵਾ ਆਦਰ ਕਰਨ ਵਾਲਾ ਸਾਧੂ ਸੁਭਾਅ ਗੁਰਮੁਖ ਸਿੰਘ ਹੈ। ਭਾਵੇਂ ਚੁਗ਼ਲਾਂ ਤੇ ਮੁਖ਼ਬਰਾਂ ਨੇ ਇਲਾਕੇ ਵਿਚ ਬਹੁਤ ਹੀ ਵਧੀਕੀਆਂ ਤੇ ਪਾਪ ਕੀਤੇ ਸਨ, ਪਰ ਅੱਜ ਤਕ ਕਿਸੇ ਨੇ ਇਸ ਵਲ ਕਿਸੇ ਅਪਰਾਧ ਦੇ ਦੋਸ਼ ਵਜੋਂ ਉਂਗਲੀ ਨਹੀਂ ਸੀ ਉਠਾਈ। ਅੱਜ ਕਿਉਂ ਏਕਾ ਏਕ ਇਸ ਦਰਵੇਸ਼ ਨੂੰ ਫੜ ਕੇ ਲਈ ਜਾਂਦੇ ਹਨ। ਕੁਝ ਆਦਮੀਆਂ ਜਾ ਕੇ ਭਾਈ ਸਾਹਿਬ ਦੀਆਂ ਮੁਸ਼ਕਾਂ ਕਸੀਆਂ ਹੋਈਆਂ ਅੱਖੀਂ ਵੇਖੀਆਂ। ਉਹ ਭਾਵੇਂ ਬੈਠਾ ਮੰਜੇ ’ਤੇ ਸੀ, ਪਰ ਬਣਾਇਆ ਬੰਦੀ ਸੀ । ਤਸੱਲੀ ਹੋ ਗਈ ਕਿ ਗੱਲ ਠੀਕ ਹੈ।

ਸਾਰਿਆਂ ਨੂੰ ਇਸ ਗੱਲ ਦਾ ਗਿਆਨ ਸੀ ਕਿ ਲਾਹੌਰੋਂ ਸਿੰਘ ਜੀਊਂਦਾ ਨਹੀਂ ਮੁੜਨਾ । ਇਹ ਬੇਦੋਸ਼ਾ ਸਿੰਘ, ਜੋ ਇਕ ਧਰਮਾਤਮਾ ਸਰੂਪ ਹੈ ਤੇ ਜਿਸ ਨੇ ਅਜੇ ਤਕ ਕਿਸੇ ਦਾ ਦਿਲ ਨਹੀਂ ਦੁਖਾਇਆ, ਇੰਜ ਅਜਾਈਂ ਮਾਰਿਆ ਜਾਣਾ ਬੜੀ ਮਾੜੀ ਗੱਲ ਹੈ। ਪੁਲਸ ਵਾਲਿਆਂ ਪੋਲੇ ਪੈਰੀਂ ਤਾਂ ਛਡਣਾ ਨਹੀਂ, ਪਰ ਜਿਵੇਂ ਕਿਵੇਂ ਵੀ ਹੋ ਸਕੇ, ਭਾਈ ਸਾਹਿਬ ਨੂੰ ਛੁਡਾ ਲਿਆ ਜਾਵੇ । ਛੁਡਾਉਣ ਦਾ ਇਕੋ ਰਾਹ ਸੀ ਕਿ ਉਨ੍ਹਾਂ ਨੂੰ ਪੁਲਸ ਤੋਂ ਜ਼ਬਰਦਸਤੀ ਖੋਹ ਲਿਆ ਜਾਵੇ । ਕੁਝ ਮਨਚਲੇ ਗਭਰੂਆਂ ਕਿਹਾ ਕਿ ਸੁੱਕਾ-ਪੁੱਕਾ ਛੁਡਾ ਲੈਣ ਦਾ ਕੀ ਮਤਲਬ ਹੈ, ਪੁਲਸ ਨੂੰ ਵੀ ਰੱਜ ਕੇ ਕੁੱਟਿਆ ਜਾਵੇ । ਜੋ ਕੁਝ ਬਿਪਤਾ ਪਵੇਗੀ, ਸਿਰਾਂ ‘ਤੇ ਝਲ ਲਵਾਂਗੇ। ਪਰ ਪੁਲਸ ਵੀ ਤਾਂ ਯਾਦ ਰਖੂ ਕਿ ਗਏ ਸਾਂ ਕਿਸੇ ਬੇਦੋਸ਼ੇ ਨੂੰ ਫੜਨ ।

ਇਹ ਮਤਾ ਪਕਾਅ ਕੇ ਗਭਰੂ ਸੋਟੇ ਸੇਲੇ ਤੇ ਤਾਂਬਲ, ਜੋ ਹੱਥ ਵਿਚ ਆਇਆ, ਲੈ ਕੇ ਛੇਵੀਂ ਪਾਤਸ਼ਾਹੀ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋ ਗਏ। ਕੁਝ ਬਜ਼ੁਰਗ ਬਾਬੇ ਵੀ ਇਥੇ ਆਣ ਪਹੁੰਚੇ ਸਨ । ਸਾਰਿਆਂ ਦਾ ਜੋਸ਼ ਡੁਲ੍ਹ ਡੁਲ੍ਹ ਪੈਂਦਾ ਸੀ। ਇੰਜ ਜਾਪਦਾ ਸੀ ਕਿ ਇਹ ਹੁਣ ਵੀ ਪੁਲਸ ਦੇ ਗਲ ਪਏ ਕਿ ਪਏ । ਪਰ ਇਕ ਵਡੇਰੀ ਉਮਰ ਦੇ ਸਿੰਘ ਨੇ ਬੜੇ ਗੰਭੀਰ ਆਵਾਜ਼ੇ ਵਿਚ ਕਿਹਾ, “ਸੂਰਮਿਓ, ਜ਼ਰਾ ਕੁ ਜੇਰਾ ਕਰੋ । ਜੋ ਕੁਝ ਤੁਸਾਂ ਮਤਾ ਪਕਾਇਆ ਹੈ ਤੇ ਜੋ ਕਰਨਾ ਚਾਹੁੰਦੇ ਹੋ, ਤੁਹਾਨੂੰ ਇਹੋ ਹੀ ਸ਼ੋਭਦਾ ਹੈ। ਮੇਰੀ ਅਰਜੋਈ ਮੰਨੋ ਤਾਂ ਇਕ ਵਾਰ ਭਾਈ ਜੀ ਦੇ ਮਨ ਦੀ ਵੀ ਪੁਛ ਲੈਣੀ ਚਾਹੀਦੀ ਹੈ ਕਿ ਇਸ ਮਤੇ ਬਾਰੇ ਉਨ੍ਹਾਂ ਦਾ ਕੀ ਇਰਾਦਾ ਹੈ। ਉਹ ਧਰਮੀ ਤੇ ਬੰਦਗੀ ਵਾਲੇ ਸਿੰਘ ਹਨ। ਮੌਤ ਦਾ ਉਨ੍ਹਾਂ ਨੂੰ ਕੋਈ ਡਰ ਨਹੀਂ। ਮੈਂ ਕਈ ਵਾਰ ਉਨ੍ਹਾਂ ਦੇ ਪੂਹਲੀਂ ਦਰਸ਼ਨ ਕੀਤੇ ਹਨ ਤੇ ਉਨ੍ਹਾਂ ਪਾਸ ਰਾਤਾਂ ਵੀ ਕੱਟੀਆਂ ਹਨ। ਆਪਾਂ ਜੇ ਉਨ੍ਹਾਂ ਦੀ ਇਛਾ ਤੋਂ ਬਿਨਾਂ ਉਨ੍ਹਾਂ ਨੂੰ ਛੁਡਾ ਲਈਏ ਤਾਂ ਹਕੂਮਤ ਨੇ ਤਾਂ ਖ਼ੈਰ ਨਹੀਂ ਗੁਜ਼ਾਰਨੀ। ਸਾਡੇ ਬਚਾਅ ਲਈ ਉਹ ਕਲ੍ਹ ਤਾਈਂ ਆਪ ਹੀ ਲਾਹੌਰ ਜਾ ਪੇਸ਼ ਹੋਣ। ਕਿਉਂਕਿ ਉਹ ਇਹੋ ਜਿਹੀ ਰਿਹਾਈ ਲੈ ਕੇ ਜ਼ਿੰਦਾ ਰਹਿਣਾ ਅਤੀ ਕਾਇਰਤਾ ਸਮਝਣਗੇ। ਇਹ ਉਨ੍ਹਾਂ ਦੇ ਗੁਰਸਿਖ ਜੀਵਨ ਦੀ ਸ਼ਾਨ ਦੇ ਅਨਕੂਲ ਨਹੀਂ ਹੈ। ਇਹ ਮੇਰਾ ਪੱਕਾ ਨਿਸਚਾ ਹੈ। ਅੱਗੇ ਤੁਹਾਡੀ ਮਰਜ਼ੀ। ਫਿਰ ਵੀ ਅੰਤ ਵਿਚ ਮੈਂ ਇਹੋ ਹੀ ਕਹਾਂਗਾ ਕਿ ਉਨ੍ਹਾਂ ਦੀ ਆਗਿਆ ਤੋਂ ਬਿਨਾਂ ਕੁਝ ਨਾ ਕਰਿਓ।”

ਇਹ ਸੁਣ ਕੇ ਸਾਰਿਆਂ ਹਾਜ਼ਰ ਸਿੰਘਾਂ ਨੇ ਉਸ ਬਜ਼ੁਰਗ ਸਿੰਘ ਨੂੰ ਬੇਨਤੀ ਕੀਤੀ ਕਿ ਤੁਸੀਂ ਆਪ ਹੀ ਸਹਿਜ ਨਾਲ ਜਾ ਕੇ ਭਾਈ ਜੀ ਦੀ ਸਲਾਹ ਲੈ ਆਉ । ਉਹ ਸਿੰਘ ਤਾਂ ਇਸ ਕੰਮ ਲਈ ਤੁਰ ਗਿਆ, ਬਾਕੀ ਵਾਹਿਗੁਰੂ ਅੱਗੇ ਅਰਦਾਸ ਕਰਨ ਲੱਗ ਪਏ ਕਿ ਹੇ ਸੱਚੇ ਪਾਤਸ਼ਾਹ! ਰਹਿਮ ਕਰ ਕੇ ਭਾਈ ਜੀ ਦੇ ਮੂੰਹੋਂ ਇਕ ਵਾਰ ‘ਹਾਂ’ ਕਢਵਾ ਦੇਹ ਤੇ ਸਾਡੇ ਦਿਲ ਦੀਆਂ ਹੋ ਜਾਣ। ਫਿਰ ਪੁਲਸ ਵਾਲੇ ਪਰਚੰਡ ਉਡਦੇ ਵੇਖਿਓ। ਅਰਕਾਂ ਤੇ ਗੋਡਿਆਂ ਤੋਂ ਬਾਹੀਂ ਲਤਾਂ ਭੰਨਾਂਗੇ। ਹੇ ਮੀਰੀ ਪੀਰੀ ਦਿਆ ਮਾਲਕਾ! ਅੱਜ ਸਾਡੀ ਜੋਦੜੀ ਸੁਣ ਲੈ ।

ਉਹ ਸਿੰਘ ਗੁਰਦੁਆਰਾ ਸਾਹਿਬੋਂ ਘਰ ਆਇਆ ਤੇ ਦੁੱਧ ਲੈ ਕੇ ਭਾਈ ਜੀ ਨੂੰ ਛਕਾਉਣ ਦੇ ਪੱਜ ਉਥੇ ਜਾ ਪਹੁੰਚਿਆ। ਪੁਲਸ ਨੇ ਉਸ ਨੂੰ ਨਾ ਰੋਕਿਆ। ਸਿੰਘ ਨੇ ਮੌਕਾ ਪਾ ਕੇ ਅਸਲੋਂ ਮੱਧਮ ਅਵਾਜ਼ ਵਿਚ ਪਿੰਡ ਵਾਲਿਆਂ ਦਾ ਮਤਾ ਦੱਸਿਆ ਕਿ ਉਹ ਪੁਲਸ ਪਾਸੋਂ ਤੁਹਾਨੂੰ ਜ਼ਬਰਦਸਤੀ ਛੁਡਾਉਣਾ ਚਾਹੁੰਦੇ ਹਨ ਤੇ ਇਸ ਕੰਮ ਲਈ ਸੋਟੇ ਲੈ ਕੇ ਗੁਰਦੁਆਰਾ ਸਾਹਿਬ ਵਿਖੇ ਤੁਹਾਡੀ ‘ਹਾਂ’ ਦੀ ਉਡੀਕ ਵਿਚ ਬੈਠੇ ਹਨ। ਕਹਿੰਦੇ ਹਨ ਕਿ ਭਾਈ ਜੀ ਨਿਰਦੋਸ਼ ਹਨ ਤੇ ਅਸੀਂ ਪੁਲਸ ਨੂੰ ਇਹ ਨਹੀਂ ਕਰਨ ਦੇਣਾ ਕਿ ਤੁਹਾਨੂੰ ਲਾਹੌਰ ਲੈ ਜਾਵੇ । ਸਾਡਾ ਫ਼ਿਕਰ ਨਾ ਕਰਨ | ਅਸੀਂ ਹਰ ਬਿਪਤਾ ਨੂੰ ਗੱਜ ਵੱਜ ਕੇ ਸਿਰ ‘ਤੇ ਝਲਾਂਗੇ । ਵੱਡੀ ਗੱਲ ਤਾਂ ਇਹੋ ਹੀ ਹੋਵੇਗੀ ਨਾ, ਕਿ ਖ਼ਾਨ ਬਹਾਦਰ ਦੀ ਫ਼ੌਜ ਆ ਕੇ ਪਿੰਡ ਸਾੜ-ਫੂਕ ਦੇਵੇਗੀ। ਅਸੀਂ ਸਾਲ ਦੋ ਸਾਲ ਲਈ ਜੰਗਲਾਂ ਵਿਚ ਜਾ ਟਿਕਾਂਗੇ। ਸਾਡੇ ਹੋਰ ਵੀ ਭਰਾ ਤਾਂ ਇੰਜ ਹੀ ਦਿਨ-ਕਟੀ ਕਰ ਰਹੇ ਹਨ। ਜਦ ਬਲ ਪਊ, ਫਿਰ ਪਿੰਡ ਆਣ ਵਸਾਵਾਂਗੇ।

ਭਾਈ ਸਾਹਿਬ ਨੇ ਉਸ ਨੂੰ ਧੀਰਜ ਦੇ ਕੇ ਕਿਹਾ, “ਖ਼ਾਨ ਬਹਾਦਰ ਦਾ ਜ਼ੁਲਮ-ਜਬਰ ਦਾ ਭਠ ਕੁਰਬਾਨੀ ਦਾ ਲਹੂ ਪਿਆਂ ਹੀ ਠੰਡਾ ਹੋਣਾ ਹੈ। ਅੱਜ ਮੈਨੂੰ ਵਾਹਿਗੁਰੂ ਨੇ ਇਹ ਮੌਕਿਆ ਬਖ਼ਸ਼ਿਆ ਹੈ ਤੇ ਖੁੰਝਿਆਂ ਪਤਾ ਨਹੀਂ ਫਿਰ ਕਦੋਂ ਮਿਲੇ। ਤੁਹਾਨੂੰ ਵਖਤ ਵਿਚ ਪਾ ਕੇ ਮੈਂ ਬਚ ਨਿਕਲਾਂ, ਪੰਥ ਨੂੰ ਕੀ ਮੂੰਹ ਵਿਖਾਵਾਂਗਾ ਤੇ ਵਾਹਿਗੁਰੂ ਪਾਸ ਕਿਵੇਂ ਸੁਰਖ਼ਰੂ ਹੋ ਕੇ ਜਾਵਾਂਗਾ । ਸਿਰ ਦਿਤਿਆਂ ਜ਼ੁਲਮ ਦੇ ਭਾਂਬੜ ਠੰਡੇ ਹੋਣੇ ਹਨ। ਕੁਰਬਾਨੀ ਤੋਂ ਮੁਖ ਮੋੜਨਾ ਸਿੰਘਾਂ ਦੀ ਸ਼ਾਨ ਦੇ ਉਲਟ ਹੈ। ਜਿਸ ਮੌਤ ਲਈ ਮੈਂ ਅੱਜ ਜਾ ਰਿਹਾ ਹਾਂ, ਇਸ ਨਾਲ ਪੰਥ ਦੀ ਚੜ੍ਹਦੀ ਕਲਾ ਹੋਵੇਗੀ ਤੇ ਜ਼ੁਲਮ ਪਾਪ ਦਾ ਨਾਸ ਹੋਵੇਗਾ। ਜੇ ਮੈਂ ਮੌਤੋਂ ਡਰ ਕੇ ਬਚ ਨਿਕਲਣਾ ਹੁੰਦਾ ਤਾਂ ਮੈਂ ਪਿੰਡ ਵੀ ਪੁਲਸ ਪਾਸੋਂ ਨੱਠ ਸਕਦਾ ਸਾਂ । ਜੰਗਲ ਵਿਚ ਚਲਿਆ ਜਾਂਦਾ ਤਾਂ ਕਿਸ ਮਾਈ ਦੇ ਲਾਲ ਮੇਰੇ ਪਿਛੇ ਆਉਣਾ ਸੀ। ਕੁਰਬਾਨੀ ਦਾ ਸਮਾਂ ਆ ਗਿਆ ਹੈ। ਮੈਂ ਸ਼ਹੀਦੀ ਗਾਨਾ ਬੰਨ੍ਹ ਕੇ ਤੁਰਿਆ ਹਾਂ, ਹੁਣ ਵਾਪਸ ਜਾਣਾ ਅਸੰਭਵ ਹੈ। ਸਤਿਗੁਰਾਂ ਨੇ ਸਿੰਘਾਂ ਨੂੰ ਭਾਣੇ ਵਿਚ ਰਹਿਣ ਦਾ ਸਬਕ ਦ੍ਰਿੜਾਇਆ ਹੈ, ਇਸ ਤੋਂ ਬਾਹਰ ਜਾਣਾ ਸਿਖ ਨੂੰ ਸੋਭਦਾ ਨਹੀਂ। ਤੁਸੀਂ ਹੁਣ ਵਾਪਸ ਜਾ ਕੇ ਸਾਰਿਆਂ ਨੂੰ ਮੇਰੇ ਵਲੋਂ ਪਿਆਰ ਨਾਲ ਫ਼ਤਹ ਬੁਲਾ ਕੇ, ਮੇਰੀ ਕੀਤੀ ਬੇਨਤੀ ਦੱਸ ਕੇ ਚੁਪ-ਚਾਪ ਘਰਾਂ ਨੂੰ ਲੈ ਜਾਵੋ । ਕਿਸੇ ਵੀ ਕਿਸਮ ਦਾ ਉਪੱਧਰ ਨਹੀਂ ਕਰਨਾ। ਇਹ ਮੇਰੀ ਤੁਹਾਡੇ ਸਾਰਿਆਂ ਅੱਗੇ ਜੋਦੜੀ ਹੈ।”

ਉਸ ਸਿੰਘ ਨੇ ਵਾਪਸ ਆ ਕੇ ਜੋ ਭਾਈ ਸਾਹਿਬ ਨੇ ਕਿਹਾ ਸੀ, ਕਹਿ ਸੁਣਾਇਆ। ਪੁਲਸ ਵਿਰੁੱਧ ਲੂਹਰੀਆਂ ਲੈ ਰਹੇ ਤੇ ਫਰਕਦੇ ਡੌਲੇ ਸ਼ਾਂਤ ਹੋ ਗਏ। ਸਿੰਘ ਦਿਲ ਮਸੋਸਦੇ ਹੋਏ ਘਰਾਂ ਨੂੰ ਪਰਤ ਗਏ।

ਦਿਨ ਚੜ੍ਹਿਆ ਤੇ ਪੁਲਸ ਨੰਬਰਦਾਰਾਂ ਦਾ ਲਿਆਂਦਾ ਲੱਸੀ ਪਾਣੀ ਛਕ ਕੇ ਲਾਹੌਰ ਨੂੰ ਉਠ ਤੁਰੀ। ਪੁਲਸ ਭਾਈ ਸਾਹਿਬ ਨੂੰ ਲੈ ਕੇ ਦੁਪਹਿਰ ਤੋਂ ਪਹਿਲਾਂ ਹੀ ਲਾਹੌਰ ਜਾ ਪਹੁੰਚੀ।

ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ

Bhai Taru Singh | ਭਾਈ ਤਾਰੂ ਸਿੰਘ ਜੀ

ਮੋਮਨ ਖ਼ਾਨ ਨੇ ਭਾਈ ਤਾਰੂ ਸਿੰਘ ਨੂੰ ਹਥਕੜੀ ਤੇ ਬੇੜੀਆਂ ਪਾ ਕੇ ਜ਼ਕਰੀਆ ਖ਼ਾਨ ਦੀ ਲੱਗੀ ਕਚਹਿਰੀ ਵਿਚ ਜਾ ਪੇਸ਼ ਕੀਤਾ, ਭਰੀ ਕਚਹਿਰੀ ਵਿਚ ਭਾਈ ਤਾਰੂ ਸਿੰਘ ਜੀ ਨੇ ਗਜਵੀਂ ਆਵਾਜ਼ ਵਿਚ ਉੱਚੀ ਸਾਰੀ ਫ਼ਤਹ ਬੁਲਾਈ। ਦੀਵਾਨ ਲਖਪਤ ਰਾਏ ਤੜਫ਼ ਉਠਿਆ ਤੇ ਕਿਹਾ, “ਸਿਖੜਿਆ ! ਇਹ ਅਨੰਦਪੁਰ ਵਿਖੇ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਜਾਂ ਅੰਮ੍ਰਿਤਸਰ ਦਾ ਹਰਿਮੰਦਰ ਨਹੀਂ, ਜਿਥੇ ਤੇਰੀ ਬੁਲਾਈ ਫ਼ਤਹ ਪਰਵਾਨ ਹੋਵੇਗੀ। ਇਹ ਮੁਗ਼ਲੀਆ ਰਾਜ ਦੇ ਪੰਜਾਬ ਦੇ ਨਾਜ਼ਮ ਸਾਹਿਬ ਜਨਾਬ ਖ਼ਾਨ ਬਹਾਦਰ ਸਾਹਿਬ ਦੀ ਕਚਹਿਰੀ ਹੈ। ਇਥੇ ਸਲਾਮ ਬੁਲਾਈਦੀ ਹੈ; ਸਿਰਫ਼ ਸਲਾਮ ਹੀ ਕਬੂਲ ਹੁੰਦੀ ਹੈ। ਜੇ ਜ਼ਿੰਦਗੀ ਚਾਹੁੰਦਾ ਹੈਂ ਤਾਂ ਨਾਜ਼ਿਮ ਸਾਹਿਬ ਨੂੰ ਝੁਕ ਕੇ ਸਲਾਮ ਕਰ ਤੇ ਨਾਲ ਹੀ ਫ਼ਤਹ ਬੁਲਾਉਣ ਦੀ ਗੁਸਤਾਖ਼ੀ ਲਈ ਹੱਥ ਜੋੜ ਕੇ ਮੁਆਫ਼ੀ ਮੰਗ, ਨਹੀਂ ਤਾਂ ਮੌਤ ਦੇ ਘਾਟ ਉਤਾਰ ਦਿਤਾ ਜਾਵੇਂਗਾ।”

ਭਾਈ ਤਾਰੂ ਸਿੰਘ ਜੀ ਨੇ ਬੜੀ ਧੀਰਜ ਤੇ ਨਿਰਭੈਤਾ ਨਾਲ ਉੱਤਰ ਦਿਤਾ-“ਮੌਤ ਤੋਂ ਬੁਜ਼ਦਿਲ ਤੇ ਕਾਇਰ ਲੋਕ ਡਰਿਆ ਕਰਦੇ ਹਨ। ਅਸੀਂ ਖੰਡੇ ਦੀ ਧਾਰ ‘ਚੋਂ ਪੈਦਾ ਹੋਏ ਹਾਂ। ਮੌਤ ਤਾਂ ਸਾਡੀ ਖਿਡਾਵੀ ਹੈ। ਮਰਦਾਂ ਦੀ ਮੌਤੇ ਮਰਨ ਵਾਲੇ ਮੌਤ ਨੂੰ ਅਗਲਵਾਂਢੀ ਹੋ ਕੇ ਮਿਲਿਆ ਕਰਦੇ ਹਨ; ਡਰਿਆ ਨਹੀਂ ਕਰਦੇ। ਦੀਵਾਨ ਸਾਹਿਬ, ਤੁਹਾਨੂੰ ਭਲੀ ਭਾਂਤ ਪਤਾ ਹੈ ਕਿ ਸਿੰਘ ਸਦਾ ਫ਼ਤਹ ਗਜਾਉਂਦੇ ਹਨ ਤੇ ਰਹਿੰਦੀ ਦੁਨੀਆ ਤਕ ਗਜਾਉਂਦੇ ਰਹਿਣਗੇ।”

ਖ਼ਾਨ ਬਹਾਦਰ ਐਸਾ ਦਲੇਰੀ ਭਰਿਆ ਜਵਾਬ ਸੁਣ ਕੇ ਬੜਾ ਕ੍ਰੋਧ ਵਿਚ ਆਇਆ। ਉਸ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਭਾਈ ਤਾਰੂ ਸਿੰਘ ਨੇ ਬੜੀ ਨਿਰਭੈਤਾ ਸਹਿਤ ਸਿੰਘ-ਤਕਣੀ ਨਾਲ ਉਸ ਵਲ ਵੇਖਦਿਆਂ ਪੁਛਿਆ, “ਮੈਨੂੰ ਕਿਸ ਦੋਸ਼ ਵਿਚ ਬੰਦੀ ਬਣਾ ਕੇ ਇਥੇ ਮੰਗਵਾਇਆ ਹੈ ?”

ਭਖੇ ਹੋਏ ਖ਼ਾਨ ਬਹਾਦਰ ਨੇ ਕੜਕ ਕੇ ਕਿਹਾ, “ਤਾਰੂ ਸਿੰਘਾ, ਤੇਰੀਆਂ ਕਰਤੂਤਾਂ ਦਾ ਪੂਰੀ ਤਰ੍ਹਾਂ ਪਤਾ ਲੱਗ ਚੁਕਾ ਹੈ । ਤੂੰ ਹਕੂਮਤ ਦੇ ਬਾਗ਼ੀਆਂ ਨੂੰ ਪਨਾਹ ਦੇ ਕੇ ਆਪਣੇ ਪਾਸ ਰਖਦਾ ਹੈਂ। ਡਾਕੂ ਤੇ ਧਾੜਵੀ ਤੇਰੇ ਪਾਸ ਆ ਕੇ ਟਿਕਦੇ ਹਨ ਤੇ ਇਨ੍ਹਾਂ ਪਾਸੋਂ ਮਾਝੇ ਵਿਚ ਦੂਰ ਦੂਰ ਤਕ ਸੰਨ੍ਹਾਂ ਲਵਾਉਂਦਾ, ਡਾਕੇ ਤੇ ਧਾੜੇ ਮਰਵਾਉਂਦਾ ਹੈਂ ਅਤੇ ਐਸੀਆਂ ਹੋਰ ਵਾਰਦਾਤਾਂ ਕਰਾਉਂਦਾ ਰਹਿੰਦਾ ਹੈਂ। ਲੁਟ ਤੇ ਚੋਰੀ-ਡਾਕਿਆਂ ਦੇ ਮਾਲ ‘ਚੋਂ ਹਿੱਸਾ ਲੈਂਦਾ ਹੈਂ ਤੇ ਪਰਦਾ-ਪੋਸ਼ੀ ਲਈ ਜ਼ਾਹਰਾ ਤੌਰ ‘ਤੇ ਗ਼ਰੀਬਾਂ ਅਮੀਰਾਂ ਲਈ ਲੰਗਰ ਦਾ ਢੋਂਗ ਰਚਿਆ ਹੋਇਆ। ਹੈ। ਜੋ ਕੁਝ ਪੱਟੀ ਵਿਚ ਹੋਇਆ ਹੈ ਤੇ ਫ਼ੌਜਦਾਰ ਨਾਲ ਜੋ ਵਾਪਰੀ ਹੈ, ਉਸ ਸਾਰੇ ਦਾ ਤੂੰ ਹੀ ਮੋਢੀ ਹੈਂ। ਕਿਸੇ ਗੱਲੋਂ ਮੁਕਰੇਂ ਤਾਂ ਹਰ-ਭਗਤ ਨਿਰੰਜਨੀਆ ਜੰਡਿਆਲੇ ਵਾਲਾ ਠੋਸ ਸਬੂਤ ਦੇ ਕੇ ਆਪਣੀ ਗਵਾਹੀ ਨਾਲ ਤੇਰੇ ਅਪਰਾਧ ਸਾਬਤ ਕਰ ਸਕਦੈ।”

ਅਗੋਂ ਭਾਈ ਤਾਰੂ ਸਿੰਘ ਜੀ ਨੇ ਉੱਤਰ ਦਿਤਾ, “ਤੇਰੇ ਝੂਠੇ ਗਵਾਹਾਂ ਦੀ ਲੋੜ ਤਦ ਪਵੇ ਜੇ ਤਾਰੂ ਸਿੰਘ ਵੀ ਝੂਠ ਬੋਲਣ ਜਾਣਦਾ ਹੋਵੇ । ਤੇਰੀ ਨਿਗਾਹ ਵਿਚ ਤੇਰੇ ਇਹ ਗਵਾਹ ਬਹੁਤ ਸੱਚੇ ਹਨ। ਜੋ ਕੁਝ ਕਹਿੰਦੇ ਹਨ ਠੀਕ ਹੈ। ਉਹ ਤਾਂ ਕਾਇਰਾਂ ਵਾਂਗ ਲੁਕ ਛਿਪ ਕੇ ਤੇਰੇ ਪਾਸ ਆ ਕੇ ਝੂਠ ਸੱਚ ਗੰਢ ਕੇ ਲੂਤੀਆਂ ਫੂਕਦੇ ਹਨ। ਤੇ ਅੰਦਰੋਂ ਕਿਸੇ ਡਰ ਨਾਲ ਉਨ੍ਹਾਂ ਦੇ ਦਿਲ ਧੜਕਦੇ ਰਹਿੰਦੇ ਹਨ। ਮੈਂ ਤੇਰੀ ਭਰੀ ਕਚਹਿਰੀ ਵਿਚ ਲਲਕਾਰ ਕੇ ਆਖਦਾ ਹਾਂ ਕਿ ਪੱਟੀ ਵਿਚ ਜੋ ਕੁਝ ਹੋਇਆ, ਉਸ ਦਾ ਕਰਤਾ ਧਰਤਾ ਮੈਂ ਹਾਂ। ਇਕ ਗ਼ਰੀਬ ਮੁਸਲਮਾਨ ਦੀ ਧੀ ਤੇਰੇ ਵਲੋਂ ਥਾਪੇ ਲੋਕਾਂ ਦੀ ਇਜ਼ਤ ਤੇ ਜਾਨ ਮਾਲ ਦੇ ਰਾਖੇ ਮੁਖੀ ਨੇ ਜ਼ਬਰਦਸਤੀ ਉਧਾਲ ਕੇ ਨਿਕਾਹ ਤੋਂ ਬਿਨਾਂ ਹੀ ਘਰ ਪਾ ਲਈ। ਤੇਰੀ ਇਸ ਕਚਹਿਰੀ ਵਿਚੋਂ ਵੀ ਉਸ ਨੂੰ ਇਨਸਾਫ਼ ਨਾ ਮਿਲਿਆ ਤੇ ਉਹ ਲਾਹੌਰੋਂ ਸੀਨਾ ਪਿਟਦਾ ਘਰ ਨੂੰ ਮੁੜਿਆ। ਕਿਸੇ ਪਾਸਿਓਂ ਢੋਈ ਨਾ ਮਿਲਦੀ ਵੇਖ ਕੇ ਉਸ ਨੇ ਸਿੰਘਾਂ ਪਾਸ ਬਹੁੜੀ ਕੀਤੀ। ਦੁਸ਼ਟ ਨੂੰ ਸੋਧ ਕੇ ਬੁੱਢੇ ਨੂੰ ਇਨਸਾਫ਼ ਲੈ ਕੇ ਦਿਤਾ। ਉਸ ਦੀ ਧੀ ਵਾਪਸ ਕਰਵਾਈ। ਫ਼ਰਕ ਕੇਵਲ ਏਨਾ ਹੈ ਕਿ ਤੂੰ ਇਸ ਨੂੰ ਜ਼ੁਲਮ ਤੇ ਬਗ਼ਾਵਤ ਸਮਝਦਾ ਹੈਂ, ਗੁਨਾਹ ਸਮਝਦਾ ਹੈਂ, ਅਸੀਂ ਇਸ ਨੂੰ ਧਰਮ ਤੇ ਉਪਕਾਰ ਸਮਝਦੇ ਹਾਂ।

“ਤੂੰ ਜਿਨ੍ਹਾਂ ਸਿੰਘਾਂ ਨੂੰ ਹਕੂਮਤ ਦੇ ਬਾਗ਼ੀ, ਡਾਕੂ ਤੇ ਲੁਟੇਰੇ ਕਹਿੰਦਾ ਹੈਂ, ਉਹ ਗੁਰੂ ਕੇ ਲਾਲ ਹਨ। ਉਹ ਜ਼ੁਲਮੀ ਰਾਜ ਦੀ ਸਫ਼ ਵਲ੍ਹੇਟਣ ਲਈ ਅਤੇ ਗ਼ਰੀਬਾਂ ਉਤੇ ਪਰਉਪਕਾਰ ਕਰਨ ਲਈ ਘਰ-ਘਾਟ ਛਡ ਕੇ ਸਿਰ ਤਲੀ ‘ਤੇ ਧਰੀ ਫਿਰਦੇ ਹਨ। ਉਨ੍ਹਾਂ ਦੀ ਸੇਵਾ ਕਰਨਾ ਮੇਰੇ ਲਈ ਸਰਵ-ਉਚ ਕਰਤੱਵ ਹੈ—ਇਹ ਮੇਰਾ ਧਰਮ ਸਿਖਾਂਦਾ ਹੈ।”

ਜ਼ਕਰੀਆ ਖ਼ਾਨ ਨੇ ਆਪਣੇ ਗੁੱਸੇ ‘ਤੇ ਕਾਬੂ ਪਾਉਂਦੇ ਹੋਏ ਨੇ ਕਿਹਾ, “ਤਾਰੂ ਸਿੰਘ ! ਜਦ ਤੂੰ ਆਪਣੇ ਜੁਰਮ ਦਾ ਇਕਬਾਲ ਕਰ ਲਿਆ ਹੈ, ਤੇਰੇ ਬਚ ਨਿਕਲਣ ਦਾ ਕੋਈ ਰਾਹ ਨਹੀਂ ਹੈ । ਬੜੇ ਭਿਆਨਕ ਤਸੀਹੇ ਦੇ ਦੇ ਕੇ ਮਾਰਿਆ ਜਾਵੇਂਗਾ। ਤੈਨੂੰ ਪਤਾ ਹੋਵੇਗਾ ਕਿ ਤੈਥੋਂ ਪਹਿਲੇ ਸਿੰਘ ਬੜੇ ਸਖ਼ਤ ਅਜ਼ਾਬ ਦੇ ਦੇ ਕੇ ਕਤਲ ਕੀਤੇ ਗਏ ਸਨ। ਉਹ ਵੀ ਆਪਣੀ ਜ਼ਿਦ ਤੋਂ ਬਾਜ਼ ਨਾ ਆਏ। ਤੂੰ ਚੜ੍ਹਦੀ ਜਵਾਨੀ ਹੈਂ, ਤੇ ਇਸਲਾਮ ਦਾ ਰਹਿਮ ਦਾ ਦਰਵਾਜ਼ਾ ਤੇਰੇ ਲਈ ਖੁਲ੍ਹਾ ਹੈ। ਦੀਨ ਇਸਲਾਮ ਕਬੂਲ ਕਰ ਕੇ ਤੂੰ ਬੇ-ਵਕਤ ਤੇ ਅਜਾਈਂ ਮੌਤ ਮਰਨੋਂ ਬਚ ਸਕਦੈਂ।”

ਭਾਈ ਤਾਰੂ ਸਿੰਘ ਜੀ ਨੇ ਬੜੇ ਹੀ ਠਰੂੰਮੇ ਨਾਲ ਜਵਾਬ ਦਿਤਾ, “ਮੁਸਲਮਾਨ ਬਣ ਕੇ ਵੀ ਤਾਂ ਆਖ਼ਰ ਨੂੰ ਮਰਨਾ ਹੀ ਹੈ । ਕੀ ਤੁਹਾਨੂੰ ਮੁਸਲਮਾਨਾਂ ਨੂੰ ਮੌਤ ਨਹੀਂ ਆਵੇਗੀ? ਅਵੱਸ਼ ਆਵੇਗੀ। ਜੋ ਜੰਮਿਆ ਹੈ, ਉਸ ਲਈ ਮੌਤ ਅਵੱਸ਼ ਹੈ। ਸਾਨੂੰ ਤਾਂ ਗੁੜ੍ਹਤੀ ਹੀ ਮੌਤ ਨੇ ਦਿਤੀ ਹੈ। ਚੰਦ ਰੋਜ਼ ਦੀ ਨਿਗੂਣੀ ਜ਼ਿੰਦਗੀ ਬਦਲੇ ਆਪਣੇ ਅਨਮੋਲ ਧਰਮ ਨੂੰ ਕਿਉਂ ਛੱਡਿਆ ਜਾਵੇ ! ਜਿਵੇਂ ਮੱਛੀ ਪਾਣੀ ਤੋਂ ਬਿਨਾਂ ਬਚ ਨਹੀਂ ਸਕਦੀ, ਸਿਖ ਵੀ ਸਿੱਖੀ ਤੋਂ ਅਲਹਿਦਾ ਹੋ ਕੇ ਜ਼ਿੰਦਾ ਨਹੀਂ ਰਹਿ ਸਕਦਾ। ਇਸ ਕੂੜੀ ਜ਼ਿੰਦਗੀ ਬਦਲੇ ਮੈਂ ਸਿੱਖੀ ਨਾਲ ਸੌਦਾ ਕਿਵੇਂ ਕਰ ਸਕਦਾਂ ? ਸਿੱਖੀ ਤਾਂ ਕੇਸਾਂ ਸਵਾਸਾਂ ਨਾਲ ਨਿਭੇਗੀ। ਜਦ ਤਕ ਦਮ ਬਾਕੀ ਹਨ, ਸਿੱਖੀ ਨਹੀਂ ਛਡ ਸਕਦਾ। ਇਸ ਸੰਬੰਧ ਵਿਚ ਤੇਰੀ ਨਸੀਹਤ ਦੀ ਕਦਾਚਿਤ ਲੋੜ ਨਹੀਂ। ਜੋ ਜੀਅ ਵਿਚ ਆਵੇ, ਮੇਰੇ ਨਾਲ ਸਖ਼ਤੀ ਕਰ ਲੈ, ਮੈਂ ਤੈਥੋਂ ਰਹਿਮ ਦੀ ਭੀਖ ਵੀ ਨਹੀਂ ਮੰਗਣੀ। ਇਹ ਮੇਰਾ ਤੈਨੂੰ ਆਖ਼ਰੀ ਤੇ ਅਟੱਲ ਜਵਾਬ ਹੈ।”

Bhai Taru Singh | ਭਾਈ ਤਾਰੂ ਸਿੰਘ ਜੀ

ਖ਼ਾਨ ਬਹਾਦਰ ਨੂੰ ਸੱਤੀ ਕੱਪੜੀਂ ਅੱਗ ਲੱਗ ਗਈ । ਗੁੱਸੇ ਵਿਚ ਗਰਜਿਆ, “ਜਿਹੜੇ ਕੇਸਾਂ ਦਾ ਐਡਾ ਲਾਡ ਤੇ ਮਾਣ ਕਰਦਾ ਹੈਂ, ਇਹ ਮੈਂ ਜੁੱਤੀਆਂ ਨਾਲ ਪਲ ਵਿਚ ਉਖੇੜ ਦਿਆਂਗਾ। ਸਵਾਸ ਤੇਰੇ ਮੈਂ ਕਿਵੇਂ ਕਢਦਾ ਹਾਂ, ਇਹ ਦੁਨੀਆ देधेगी।”

ਕੇਸਾਂ ਦੀ ਬੇਅਦਬੀ ਸੁਣ ਕੇ ਭਾਈ ਤਾਰੂ ਸਿੰਘ ਵੀ ਰੋਹ ਵਿਚ ਆ ਗਿਆ। ਭਬਕ ਕੇ ਬੋਲਿਆ, “ਜੁੱਤੀਆਂ ਤਾਂ ਤੇਰੇ ਸਿਰ ਵਿਚ ਪੈਣਗੀਆਂ। ਜਿਹੜੇ ਪੂਰੇ ਸਿੰਘ ਹਨ, ਵਾਹਿਗੁਰੂ ਦੀ ਕਿਰਪਾ ਨਾਲ ਉਨ੍ਹਾਂ ਦੀ ਸਿੱਖੀ ਕੇਸ ਸਵਾਸਾਂ ਨਾਲ ਨਿਭੇਗੀ।”

ਇਹ ਅਦਾਲਤ ਕੀ ਸੀ ? ਕੇਵਲ ਇਕ ਵਿਖਾਵਾ, ਹਰ ਕਿਸਮ ਦਾ ਜਬਰ ਤੇ ਪਾਪ ਇਸ ਅਦਾਲਤ ਦੀ ਦੰਭੀ ਕਾਰਵਾਈ ਰਾਹੀਂ ਸਿੱਖਾਂ ਉਤੇ ਢਾਹਿਆ ਜਾਂਦਾ। ਝਟ ਫ਼ਤਵਾ ਦਿਤਾ ਗਿਆ ਕਿ ਇਸ ਗੁਸਤਾਖ਼ ਸਿਖ ਨੂੰ ਚਰਖੀ ਉਤੇ ਚਾੜ੍ਹਿਆ ਜਾਵੇ ਤੇ ਓਨਾ ਚਿਰ ਇਸ ਨੂੰ ਉਤੋਂ ਉਤਾਰਿਆ ਨਾ ਜਾਵੇ ਜਿੰਨਾ ਚਿਰ ਇਹ ਤੌਬਾ ਤੌਬਾ ਨਾ ਬੋਲ ਉਠੇ ਤੇ ਜ਼ਬਾਨੋਂ ਨਾ ਕਹੇ ਕਿ ਸਿੱਖੀ ਤਿਆਗ ਕੇ ਮੈਂ ਇਸਲਾਮ ਕਬੂਲਣ ਨੂੰ ਤਿਆਰ ਹਾਂ। ਅਸਲ ਵਿਚ ਖ਼ਾਨ ਬਹਾਦਰ ਤਾਰੂ ਸਿੰਘ ਨੂੰ ਮਾਰਨ ਦੀ ਥਾਂ ਤਸੀਹੇ ਦੇ ਦੇ ਕੇ ਮੁਹੰਮਦੀ ਦੀਨ ਦੇ ਘੇਰੇ ਵਿਚ ਲਿਆਉਣਾ ਚਾਹੁੰਦਾ ਸੀ । ਇੰਜ ਹੋ ਜਾਣ ਨਾਲ ਬਾਕੀ ਸਿੱਖਾਂ ਦੀ ਦ੍ਰਿੜ੍ਹਤਾ ਤੇ ਹੱਠ ਉਤੇ ਕਰਾਰੀ ਚੋਟ ਹੋਵੇਗੀ ਤੇ ਸ਼ਾਇਦ ਇਸ ਦਾ ਅਸਰ ਦੂਜਿਆਂ ਉਤੇ ਵੀ ਪਵੇ ਤੇ ਸਿਖ ਵੇਖੋ-ਵੇਖੀ ਮੁਸਲਮਾਨ ਬਣਦੇ ਜਾਣ। ਉਸ ਨੇ ਫਿਰ ਦਬਕਾ ਮਾਰਿਆ ਕਿ ਦੂਰੋਂ ਦੂਰੋਂ ਮੌਤ ਜਿੰਨੀ ਸਹਿਲ ਤੇ ਚੰਗੀ ਪ੍ਰਤੀਤ ਹੁੰਦੀ ਹੈ, ਨੇੜੇ ਆਉਣ ‘ਤੇ ਓਨੀ ਹੀ ਭਿਆਨਕ ਹੋ ਜਾਇਆ ਕਰਦੀ ਹੈ। ਆਪਣੀ ਜਵਾਨੀ ‘ਤੇ ਤਰਸ ਖਾ, ਪਿਛੇ ਰੋਂਦੀ ਕੁਰਲਾਂਦੀ ਮਾਂ ਅਤੇ ਭੈਣ ਵਲ ਨਿਗਾਹ ਮਾਰ। ਗ਼ਲਤ ਰਸਤਾ ਛੱਡ ਦੇਹ। ਅਸਲਾਮ ਕਬੂਲ ਕਰ ਲੈ, ਦੁਨੀਆ ਦੇ ਸਾਰੇ ਸੁਖ ਹਾਜ਼ਰ ਕਰ ਦਿਤੇ ਜਾਣਗੇ। ਨਹੀਂ ਤੇ ਯਾਦ ਰਖ, ਸਦਾ ਲਈ ਖ਼ਾਕ ਵਿਚ ਮਿਲਾ ਦਿਤਾ ਜਾਵੇਂਗਾ।

ਭਾਈ ਤਾਰੂ ਸਿੰਘ ਨੇ ਜ਼ਖ਼ਮੀ ਸ਼ੇਰ ਵਾਂਗ ਗਰਜ ਕੇ ਆਖਿਆ, “ਸੂਬੇਦਾਰ ਸਾਹਿਬ! ਮੌਤ ਨਾਮਰਦਾਂ ਤੇ ਕਾਇਰਾਂ ਵਾਸਤੇ ਹੁੰਦੀ ਹੈ, ਜੀਊਂਦਿਆਂ ਵਾਸਤੇ ਨਹੀਂ। ਅਸੀਂ ਤਾਂ ਜ਼ਿੰਦਗੀ ਹੀ ਮੌਤ ਵਿਚੋਂ ਪ੍ਰਾਪਤ ਕੀਤੀ ਹੈ। ਪਲ ਪਲ ਪਿਛੋਂ ਮੌਤ ਮੌਤ ਕਹਿ ਕੇ ਸਾਨੂੰ ਤੇਰੇ ਡਰਾਵੇ ਕੀ ਕਹਿੰਦੇ ਹਨ ? ਤੇਰੀ ਪਟਾਰੀ ਵਿਚ ਮੌਤ ਦਾ ਜਿੰਨਾ ਵੀ ਵੱਡਾ ਭਿਆਨਕ ਰੂਪ ਹੈ, ਕੱਢ ਲੈ। ਅਗਲੇ ਸਿੰਘਾਂ ਉਤੇ ਤੂੰ ਅੱਤ ਦਰਜੇ ਦੇ ਅਤਿਆਚਾਰਾਂ ਦੀਆਂ ਰੀਝਾਂ ਪੂਰੀਆਂ ਕੀਤੀਆਂ ਹਨ, ਮੇਰੇ ‘ਤੇ ਵੀ ਕਰ ਲੈ ! ਖ਼ਾਲਸਾ ਹਾਜ਼ਰ ਹੈ। ਮੌਤੋਂ ਡਰ ਕੇ ਮੈਂ ਆਪਣਾ ਧਰਮ ਛਡ ਦਿਆਂਗਾ, ਇਹ ਤੇਰਾ ਖ਼ਾਮ ਖ਼ਿਆਲ ਹੈ। ਤੇਰੇ ਜ਼ਬਰ ਤੇ ਮੇਰੇ ਸਬਰ ਦੀ ਪਰਖ ਹੈ । ਤੂੰ, ਤੇਰੀ ਕਚਹਿਰੀ ਤੇ ਦੁਨੀਆ ਵੇਖ ਲਵੇਗੀ, ਇਸ ਪਰਖ ਵਿਚ ਕੌਣ ਜਿਤਦਾ ਤੇ ਕੌਣ ਹਾਰਦਾ ਹੈ।”

ਤੁਰੰਤ ਚਰਖੀ ਚਾੜ੍ਹਨ ਦਾ ਇਸ਼ਾਰਾ ਹੋ ਗਿਆ। ਜੱਲਾਦਾਂ ਸਿੰਘ ਨੂੰ ਪਹੀਏ ਉਤੇ ਨਰੜ ਕੇ ਗੇੜੇ ਦਿਤੇ ਤੇ ਹੱਡ ਕੜਕਾ ਦਿਤੇ। ਮਾਸ ਉਡਿਆ ਤੇ ਮੂੰਹ ਥਾਣੀ ਲਹੂ ਵਗਣ ਲੱਗਾ। ਗੁੰਦਿਆ ਤੇ ਭਰਿਆ ਹੋਇਆ ਦਰਸ਼ਨੀ ਸਰੀਰ ਪਲ ਵਿਚ ਮਰੋੜ ਕੇ ਰਖ ਦਿਤਾ। ਜਿੰਨਾ ਚਿਰ ਹੋਸ਼ ਰਹੀ, ਸਿੰਘ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀ ਗਿਆ । ਜਦ ਬਿਲਕੁਲ ਬੇਹੋਸ਼ ਹੋ ਗਿਆ ਤਾਂ ਇਸ਼ਾਰਾ ਪਾ ਕੇ ਜੱਲਾਦਾਂ ਉਸ ਨੂੰ ਖੋਲ੍ਹ ਕੇ ਭੁੰਜੇ ਲਾਹ ਦਿਤਾ । ਨੀਮ ਮੁਰਦਾ ਜਿਸਮ ਨੂੰ ਚੁਕਵਾ ਕੇ ਬੰਦੀਖ਼ਾਨੇ ਭੇਜ ਦਿਓ। ਇਹ ਹੁਕਮ ਵੀ ਨਾਲ ਹੀ ਜਾਰੀ ਕਰ ਦਿਤਾ ਗਿਆ ਕਿ ਹੋਸ਼ ਆਉਣ ‘ਤੇ ਕਲ੍ਹ ਇਸ ਨੂੰ ਕਚਹਿਰੀ ਵਿਚ ਲਿਆਂਦਾ ਜਾਵੇ । ਵੇਖਣ ਵਾਲਿਆਂ ‘ਚੋਂ ਕੋਈ ਨਹੀਂ ਸੀ ਸਮਝਦਾ ਕਿ ਇਹ ਅਧ-ਮੋਇਆ ਸਿਖ ਕੱਲ੍ਹ ਤਕ ਜ਼ਿੰਦਾ ਰਹਿ ਸਕੇਗਾ। ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ । ਅਜੇ ਸਿੰਘ ਦੀ ਕਰੜੀ ਅਜ਼ਮਾਇਸ਼ ਬਾਕੀ ਸੀ ।

ਹੋਸ਼ ਆਉਣ ‘ਤੇ ਅਗਲੇ ਦਿਨ ਫਿਰ ਪੇਸ਼ੀ ਹੋਈ। ਸਿੰਘ ਨੇ ਪਹਿਲਾਂ ਵਾਂਗ ਫ਼ਤਹ ਬੁਲਾਈ ਤੇ ਸਾਰੀ ਕਚਹਿਰੀ ਸੜ ਬਲ ਕੇ ਕੋਲਾ ਹੋ ਗਈ। ਸਭ ਤੋਂ ਜ਼ਿਆਦਾ ਔਖਿਆਈ ਦੀਵਾਨ ਲਖਪਤ ਰਾਏ ਨੂੰ ਹੋਈ। “ਸੁਣਾ ਕੁਝ ਆਇਆ ਸੁਆਦ ਚਰਖੀ ਦਾ ?” ਖ਼ਾਨ ਬਹਾਦਰ ਨੇ ਪੁਛਿਆ, “ਚਰਖੀ ਦਾ ਸੁਆਦ ?”

ਤਾਰੂ ਸਿੰਘ ਜੀ ਨੇ ਉੱਤਰ ਦਿਤਾ, “ਤੂੰ ਇਸ ਅਨੰਦ ਨੂੰ ਕੀ ਜਾਣੇਂ ? ਸ਼ਮ੍ਹਾ ਉਤੇ ਪਰਵਾਨੇ ਦੇ ਪਰ ਸੜਨ ਦੇ ਸੁਆਦ ਦਾ ਮੱਖੀਆਂ ਨੂੰ ਕੀ ਪਤਾ। ਚਰਖੀ ਦਾ ਸੁਆਦ ਕੋਈ ਆਸ਼ਿਕ ਸਾਦਿਕ ਹੀ ਜਾਣਦੇ ਹਨ। ਕੋਈ ਅਨੰਦ ਲੈਣਾ ਹੈ ਤਾਂ ਪਲਕ ਲਈ ਆਪ ਚਰਖੀ ‘ਤੇ ਚੜ੍ਹ ਕੇ ਵੇਖ ਲੈ।”

ਏਡਾ ਟਕੋਰਾਂ ਭਰਿਆ ਤੇ ਹਤਕ ਭਰਪੂਰ ਜਵਾਬ ਸੁਣ ਕੇ ਜ਼ਕਰੀਆ ਖ਼ਾਨ ਨੂੰ ਅੱਗ ਲੱਗ ਉਠੀ। ਉਸ ਨੇ ਨਵਾਂ ਹੁਕਮ ਦਿਤਾ। ਜੱਲਾਦਾਂ ਨੇ ਜਮੂਰਾਂ ਤੇ ਤੱਤੀਆਂ ਸੀਖਾਂ ਨਾਲ ਅੱਖਰ ਅੱਖਰ ਹੁਕਮ ਪੂਰਾ ਕਰ ਦਿਤਾ। ਪਰ ਸਿੰਘ ਦੀ ਅਡੋਲਤਾ ਵਿਚ ਕੋਈ ਫ਼ਰਕ ਨਾ ਪਿਆ। ਨਾਜ਼ਿਮ ਨੇ ਫਿਰ ਆਖ਼ਰੀ ਵਾਰ ਸਮਝਾਉਣ ਦਾ ਯਤਨ ਕੀਤਾ । ਤਾਰੂ ਸਿੰਘ ਜੀ ਨੇ ਪਹਿਲਾਂ ਨਾਲੋਂ ਵੀ ਕਰੜਾ ਉੱਤਰ ਦੇਂਦਿਆਂ ਕਿਹਾ ਕਿ ਆਪਣਾ ਧਰਮ ਛਡ ਕੇ ਮੈਂ ਇਸਲਾਮ ਕਬੂਲ ਕਰ ਲਵਾਂਗਾ, ਇਹ ਬਿਲਕੁਲ ਅਨਹੋਣੀ ਗੱਲ ਹੈ। ਮੈਂ ਪਹਿਲਾਂ ਹੀ ਕਹਿ ਦਿਤਾ ਸੀ ਕਿ ਮੇਰਾ ਸਿੱਖੀ ਧਰਮ ਕੇਸਾਂ ਸੁਆਸਾਂ ਨਾਲ ਨਿਭੇਗਾ। ਤੈਨੂੰ ਭੁਲੇਖਾ ਕਿਸ ਗੱਲ ਦਾ ਹੈ?”

ਖ਼ਾਨ ਬਹਾਦਰ ਦੇ ਗੁੱਸੇ ਦੀ ਹੱਦ ਨਾ ਰਹੀ। ਉਸ ਨੇ ਕਿਹਾ, “ਮੈਂ ਪਹਿਲਾਂ ਤੇਰੇ ਕੇਸਾਂ ਦੀ ਹੀ ਖ਼ਬਰ ਲੈਂਦਾ ਹਾਂ। ਇਨ੍ਹਾਂ ਨੂੰ ਮੁੰਨ ਕੇ ਇਨ੍ਹਾਂ ਦਾ ਵਾਣ ਵਟਾਉਂਦਾ ਹਾਂ, ਵੇਖਦਾ ਹਾਂ ਤੇਰੇ ਕੇਸ ਕਿਵੇਂ ਤੇਰੇ ਧਰਮ ਨਾਲ ਨਿਭਦੇ ਹਨ।”

ਸਿੰਘ ਨੇ ਵੀ ਬੜੇ ਹੌਸਲੇ ਨਾਲ ਉੱਤਰ ਦਿਤਾ, “ਐ ਜ਼ਾਲਮ ਹਾਕਿਮ!

ਮੇਰੇ ਸਤਿਗੁਰੂ ਨੂੰ ਮਨਜ਼ੂਰ ਹੋਇਆ ਤਾਂ ਮੇਰੀ ਸਿੱਖੀ ਕੇਸਾਂ ਸੁਆਸਾਂ ਨਾਲ ਨਿਭੇਗੀ । ਪਰ ਤੈਨੂੰ ਖ਼ਾਲਸੇ ਦੀ ਜੁੱਤੀ ਅੱਗੇ ਲੱਗ ਕੇ ਜਾਣਾ ਪਵੇਗਾ।”

ਝਟ ਨਾਈ ਮੰਗਵਾ ਕੇ ਕੇਸ ਕਤਲ ਕਰਨ ਦਾ ਹੁਕਮ ਦਿਤਾ। ਨਾਈ ਨੇ ਕਈ ਰਗੜੇ ਮਾਰੇ, ਪਰ ਇਕ ਵੀ ਕੇਸ ਨਾ ਕਟਿਆ ਗਿਆ। ਬਸ ਫਿਰ ਲੋਹੇ ਲਾਖੇ ਹੋਏ ਖ਼ਾਨ ਬਹਾਦਰ ਨੇ ਝਟ ਮੋਚੀ ਮੰਗਵਾ ਕੇ ਹੁਕਮ ਦਿਤਾ, “ਤਾਰੂ ਸਿੰਘ ਨੂੰ ਆਪਣੇ ਕੇਸਾਂ ਦਾ ਬਹੁਤ ਮਾਣ ਹੈ। ਇਸ ਢੰਗ ਨਾਲ ਇਸ ਦੇ ਕੇਸ ਉਤਾਰ ਦਿਉ ਕਿ ਮੁੜ ਕੇ ਉੱਗ ਹੀ ਨਾ ਸਕਣ। ਰੰਬੀ ਨਾਲ ਸਣੇ ਕੇਸਾਂ ਖੋਪਰੀ ਹੀ ਉਡਾ ਦਿਓ।”

ਹੁਕਮ ਮਿਲਦਿਆਂ ਸਾਰ ਜੱਲਾਦ ਉਸ ਦੀਆਂ ਲੱਤਾਂ ਤੇ ਬਾਹੀਂ ਬੰਨ੍ਹਣ ਲੱਗੇ । ਸਿੰਘ ਨੇ ਇਤਰਾਜ਼ ਕੀਤਾ, “ਇਹ ਕਿਉਂ ? ਬੰਨ੍ਹਣ ਵਾਲਿਆਂ ਕਿਹਾ ਕਿ ਤੇਰੀ ਖੋਪਰੀ ਲਥਣੀ ਹੈ। ਰੰਬੀ ਦੀ ਵਾਢ ਨਾਲ ਤੂੰ ਤੜਫੇਂਗਾ ਤੇ ਮੋਚੀ ਦੇ ਕੰਮ ਵਿਚ ਵਿਘਨ ਪਵੇਗਾ। ਇੰਜ ਕੰਮ ਨੂੰ ਵਾਧੂ ਦੇਰ ਲੱਗੇਗੀ।

ਤਾਰੂ ਸਿੰਘ ਨੇ ਉਨ੍ਹਾਂ ਨੂੰ ਰੋਕਦਿਆਂ ਹੋਇਆਂ ਕਿਹਾ, “ਮੈਂ ਕੋਈ ਭੇਡ ਬੱਕਰੀ ਨਹੀਂ ਹਾਂ, ਜਿਸ ਨੂੰ ਤੁਸੀਂ ਹਲਾਲ ਕਰਨ ਲੱਗੇ ਹੋ ਅਤੇ ਜਿਸ ਨੂੰ ਢਾਹ ਕੇ ਨਪਣਾ ਘੁਟਣਾ ਤੁਹਾਡੇ ਲਈ ਜ਼ਰੂਰੀ ਹੈ। ਮੈਂ ਕਲਗੀਧਰ ਦਾ ਸਿੰਘ ਹਾਂ ਤੇ ਆਪਣੇ ਪਿਆਰੇ ਤੋਂ ਕੁਰਬਾਨ ਹੋਣ ਲੱਗਾ ਹਾਂ । ਤੁਸੀਂ ਮੈਨੂੰ ਜੂੜ ਬੰਨ੍ਹ ਕੇ ਖੋਪਰਾ ਲਾਹ ਦਿਉ ਤਾਂ ਇਹ ਕੁਰਬਾਨੀ ਕਾਹਦੀ ਹੈ ? ਰੰਬੀ ਚਲਣ ਨਾਲ ਦਰਦ ਮੈਨੂੰ ਨਹੀਂ, ਸਗੋਂ ਤੁਹਾਨੂੰ ਹੋਵੇਗੀ, ਤੁਹਾਡੇ ਖ਼ਾਨ ਬਹਾਦਰ ਨੂੰ ਹੋਵੇਗੀ। ਤੁਸੀਂ ਮੋਚੀ ਤੋਂ ਜਿਵੇਂ ਜੀਅ ਚਾਹਵੇ, ਰੰਬੀ ਚਲਵਾਓ; ਮੈਂ ਸੀ ਵੀ ਨਹੀਂ ਕਰਾਂਗਾ । ਤੜਫਣਾ ਤਾਂ ਇਕ ਪਾਸੇ ਰਿਹਾ, ਮੈਂ ਹਿਲਾਂਗਾ ਵੀ ਨਹੀਂ। ਤੁਸੀਂ ਆਪਣੇ ਮਨ ਦੀਆਂ ਪੂਰੀਆਂ ਕਰੋ, ਸਾਨੂੰ ਆਪਣੇ ਮਨ ਦੀ ਕਰਨ ਦਿਓ।”

ਭਾਈ ਤਾਰੂ ਸਿੰਘ ਚੌਂਕੜਾ ਮਾਰ ਕੇ, ਬਾਹਾਂ ਪਿਛਲੇ ਪਾਸੇ ਕਰ ਕੇ ਹੱਥ ਭੁੰਜੇ ਲਾ ਕੇ ਚੰਗੀ ਤਰ੍ਹਾਂ ਬੈਠ ਗਿਆ, ਮਾਨੋ ਰੰਬੀ ਉਤੇ ਹਥੌੜੀ ਦੀ ਸੱਟ ਵਿਰੁਧ ਟਗਾਂ ਰਖਣ ਦਾ ਜਤਨ ਕਰ ਰਿਹਾ ਹੋਵੇ ਕਿ ਮੋਚੀ ਨੂੰ ਉਸ ਦੀ ਕਾਰਵਾਈ ਵਿਚ ਕੋਈ ਔਖਿਆਈ ਨਾ ਹੋਵੇ। ਮੋਚੀ ਰੰਬੀ ਦੀ ਧਾਰ ਕੱਢ ਕੇ ਭਾਈ ਤਾਰੂ ਸਿੰਘ ਜੀ ਦੇ ਪਾਸ ਬਿਲਕੁਲ ਉਸ ਦੇ ਰੂਬਰੂ ਬੈਠ ਗਿਆ । ਮੱਥੇ ਉਤੇ ਵਾਲਾਂ ਦੀ ਪਾਲ ਤੋਂ ਵਾਹਵਾ ਥੱਲੇ ਰੰਬੀ ਰਖ ਕੇ ਪਿਛੋਂ ਹਥੌੜੀ ਦੀ ਸੱਟ ਮਾਰ ਕੇ ਰੰਬੀ ਚੰਗੂ ਅੰਦਰ ਧਸਾ ਦਿਤੀ। ਰੰਬੀ ਪੁਟਦਿਆਂ ਲਹੂ ਦੀਆਂ ਧਾਰਾਂ ਛੁਟ ਪਈਆਂ। ਫਿਰ ਸੱਜੇ ਖੱਬੇ ਦੋਹਾਂ ਕੰਨਾਂ ਦੇ ਪਿਛਲੇ ਪਾਸੇ ਤਕ ਇਸ ਤਰ੍ਹਾਂ ਨਾਲ ਨਾਲ ਰਖ ਕੇ ਗਿੱਚੀ ਛੱਡ ਕੇ ਇਕ ਧਾਰ ਦੀ ਸ਼ਕਲ ਦਾ ਲੰਮਾ ਜ਼ਖ਼ਮ ਲਾ ਲਿਆ। ਖੂਨ ਦੀਆਂ ਧਾਰਾਂ ਮੂੰਹ ਉਤੋਂ ਦੀ ਦਾੜ੍ਹੇ ਥਾਣੀ ਹੋ ਕੇ ਪੇਟ ਤੋਂ ਵਗ ਕੇ ਚੌਂਕੜਾ ਵੱਜੇ ਪੱਟਾਂ ਉਤੇ ਦੀ ਵਗ ਕੇ ਜ਼ਮੀਨ ਉਤੇ ਵਹਿਣ ਲਗੀਆਂ । ਸਿੰਘ ‘ਅਕਾਲ’ ‘ਅਕਾਲ’ ਜਪੀ ਜਾਵੇ ਤੇ ਮੋਚੀ ਰੰਬੀ ਦਾ ਉੜੇਸਣਾ ਦੇ ਦੇ ਕਚਰ ਕਚਰ ਖੋਪਰੀ ਉਤਾਰੀ ਗਿਆ। ਭਾਈ ਤਾਰੂ ਸਿੰਘ ਖੂਨ ਤੇ ਬੋਟੀਆਂ ਦੇ ਛਪੜ ਵਿਚ ਬੈਠਾ ਹੋਇਆ ਸੀ। ਮੋਚੀ ਦੀ ਰੰਬੀ ਤੇ ਹੱਥ ਖੂਨ ਨਾਲ ਲੱਤ-ਪੱਤ ਹੋਏ ਸਨ। ਹੁਣ ਉਹ ਉਠ ਕੇ ਖੂਨ ਦੇ ਛਪੜ ਵਿਚ ਖਲੋਤਾ ਹੋਇਆ ਸਿਰ ਦੇ ਪਿਛਲੇ ਪਾਸੇ ਵਾਲਾ ਖੋਪਰੀ ਦਾ ਹਿੱਸਾ ਲਾਹ ਰਿਹਾ ਸੀ। ਵੇਖਣ ਵਾਲੇ ਸਾਰੇ, ਇਹ ਖੂਨੀ ਨਜ਼ਾਰਾ ਵੇਖ ਕੇ ਤ੍ਰਾਹਮਾਨ ਤ੍ਰਾਹਮਾਨ ਕਰ ਰਹੇ ਸਨ । ਕਈ ਤਾਂ ਇਸ ਭਿਆਨਕ ਝਾਕੀ ਨੂੰ ਵੇਖਣ ਦੀ ਤਾਬ ਨਾ ਝਲਦੇ ਹੋਏ ਉਥੋਂ ਲਾਂਭੇ ਹੋ ਗਏ। ਕਈ ਦੰਦਾਂ ਥਲੇ ਜੀਭ ਦਈ ਕਸੀਸ ਵੱਟੀ ਖੜੇ ਸਨ, ਵੇਖਣ ਲਈ ਕਿ ਇਸ ਤੋਂ ਅੱਗੇ ਕੀ ਹੁੰਦਾ ਹੈ। ਸਾਰੇ ਹੈਰਾਨ ਸਨ ਕਿ ਇਹ ਸਿਖ ਏਨੀ ਪੀੜ ਕਿਵੇਂ ਜਰੀ ਜਾ ਰਿਹਾ ਹੈ ? ਉਹ ਅਡੋਲ-ਚਿਤ ਬੈਠਾ ਹੋਇਆ ਜਪੁਜੀ ਸਾਹਿਬ ਦਾ ਜਾਪ ਕਰ ਰਿਹਾ ਸੀ।

ਖੋਪਰੀ ਹੁਣ ਗਿੱਚੀ ਤਕ ਲਥ ਗਈ, ਕੇਵਲ ਪਿਛਲਾ ਹਿੱਸਾ ਅਜੇ ਧੌਣ ਨਾਲ ਜੁੜਿਆ ਹੋਇਆ ਸੀ । ਮੋਚੀ ਨੇ ਰੰਬੀ ਦੇ ਮੂੰਹ ਤੋਂ ਉਂਗਲ ਨਾਲ ਬੋਟੀਆਂ ਸਾਫ਼ ਕਰ ਕੇ ਉਸ ਨੂੰ ਥੋੜਾ ਜਿਹਾ ਫਿਰ ਤੇਜ਼ ਕੀਤਾ। ਫਿਰ ਗਿਚੀ ਤਕ ਦੇ ਵਾਲਾਂ ਵਾਲਾ ਹਿੱਸਾ ਇਕੋ ਰਗੜੇ ਵਿਚ ਵੱਢ ਕੇ ਕੇਸਾਂ ਤੋਂ ਫੜ ਕੇ ਖੋਪਰੀ ਉਤਾਂਹ ਹੀ ਚੁਕ’ ਲਈ। ਇਕ ਹੱਥ ਵਿਚ ਰੰਬੀ, ਦੂਜੇ ਹੱਥ ਵਿਚ ਖੋਪਰੀ ਚੁਕ ਕੇ ਪਹਿਲਾਂ ਸਿੰਘ ਵਲ ਤੇ ਫੇਰ ਜ਼ਕਰੀਆ ਖ਼ਾਨ ਵਲ ਤੱਕਿਆ, ਮਾਨੋ ਪੁਛ ਰਿਹਾ ਹੋਵੇ, ਹੁਕਮ ਦੀ ਤਾਮੀਲ ਵਿਚ ਕੋਈ ਕਸਰ ਤਾਂ ਨਹੀਂ ਰਹਿ ਗਈ। ਸੂਬੇਦਾਰ ਨੇ ਸਿਰ ਹਿਲਾ ਕੇ ਤਾਮੀਲ ਦੀ ਪੂਰਤੀ ਲਈ ਸ਼ਾਬਾਸ਼ ਦਿਤੀ। ਫਿਰ ਇਸ਼ਾਰਾ ਪਾ ਕੇ ਖੋਪਰੀ ਭਾਈ ਤਾਰੂ ਸਿੰਘ ਤੋਂ ਜ਼ਰਾ ਕੁ ਹਟ ਕੇ ਉਸ ਦੇ ਸਾਹਮਣੇ ਹੀ ਰਖ ਦਿਤੀ।

ਭਾਈ ਤਾਰੂ ਸਿੰਘ ਉਸੇ ਤਰ੍ਹਾਂ ਹੀ ਪਿਛਾਂਹ ਹੱਥ ਲਾਈ ਖੂਨ ਵਿਚ ਗੜੁਚ ਉਸ ਲਹੂ-ਬੋਟੀਆਂ ਨਾਲ ਬਣੇ ਛਪੜ ਵਿਚ ਅਡੋਲ ਬੈਠਾ ਸੀ। ਖੂਨ ਨਾਲ ਭਿੱਜੀਆਂ ਅੱਖਾਂ ਨਾਲ ਖ਼ਾਨ ਬਹਾਦਰ ਵੱਲ ਤਕਿਆ ਤੇ ਪੁਛਿਆ, “ਖ਼ਾਨ ਬਹਾਦਰ ! ਕੋਈ ਹੋਰ ਅਰਮਾਨ ਜੇ ਪੂਰਾ ਕਰਨ ਵਾਲਾ ਰਹਿੰਦਾ ਹੋਵੇ ਤਾਂ ਸਿੰਘ ਹਾਜ਼ਰ ਹੈ।” ਆਸ਼ਿਕ ਨੇ ਆਪਣੇ ਪਿਆਰੇ ਤੋਂ ਪ੍ਰੇਮ-ਰਸ ਪਾਉਣ ਲਈ ਖੋਪਰੀ ਦਾ ਕਾਸਾ ਬਣਾ ਲਿਆ ਸੀ। ਖ਼ਾਨ ਬਹਾਦਰ ਉਸ ਨਾਲ ਅੱਖਾਂ ਨਾ ਮਿਲਾ ਸਕਿਆ। ਹੁਣ ਤਕ ਖੂਨ ਕਾਫ਼ੀ ਵਗ ਚੁਕਿਆ ਸੀ । ਕੁਝ ਦੇਰ ਬਾਅਦ ਤਾਰੂ ਸਿੰਘ ਬੇਹੋਸ਼ ਹੋ ਕੇ ਉਸ ਖੂਨ ਦੀ ਬਣੀ ਝੀਲ ਵਿਚ ਡਿਗ ਪਿਆ।

ਇਹ ਸਭ ਕੁਝ ਉਸ ਥਾਂ ਹੋਇਆ, ਜਿਸ ਨੂੰ ਸ਼ਹੀਦਗੰਜ ਸਿੰਘਣੀਆਂ (ਲਾਹੌਰ ਰੇਲਵੇ ਸਟੇਸ਼ਨ ਦੇ ਐਨ ਸਾਹਮਣੇ ਤੇ ਬਿਲਕੁਲ ਪਾਸ ਹੀ) ਕਹਿੰਦੇ ਹਨ। ਇਤਿਹਾਸਾਂ ਵਿਚ ਇਸ ਥਾਂ ਨੂੰ ਨਖ਼ਾਸ ਚੌਕ ਲਿਖਿਆ ਹੈ। ਅੱਜ ਇਹ ਥਾਂ ਲੰਡਾ ਬਾਜ਼ਾਰ ਅਖਵਾਉਂਦਾ ਹੈ। ਇਥੇ ਨਾਜ਼ਮ ਲਾਹੌਰ ਦੀ ਕਚਹਿਰੀ ਸੀ। ਇਸ ਦੇ ਦੁਆਲੇ ਡੂੰਘੀ ਖਾਈ ਜਿਹੀ ਬਣੀ ਹੋਈ ਸੀ । ਭਾਈ ਤਾਰੂ ਸਿੰਘ ਜੀ ਨੂੰ, ਜੋ ਨੀਮ ਮੁਰਦਾ ਹਾਲਤ ਵਿਚ ਸੀ, ਇਸ ਖਾਈ ਵਿਚ ਸੁਟਾ ਦਿਤਾ ਗਿਆ।

Bhai Taru Singh | ਭਾਈ ਤਾਰੂ ਸਿੰਘ ਜੀ

ਜ਼ਕਰੀਆ ਖ਼ਾਨ ਦਾ ਬੁਰਾ ਹਸ਼ਰ

“ਸ਼ਮ੍ਹਾ ਜਲਤੀ ਰਹੀ ਪਰਵਾਨੇ ਕੇ ਜਲ ਜਾਨੇ ਕੇ ਬਾਅਦ”

ਜ਼ਕਰੀਆ ਖ਼ਾਨ ਅੱਜ ਸਮੇਂ ਤੋਂ ਪਹਿਲੋਂ ਹੀ ਕਚਹਿਰੀ ਬਰਖ਼ਾਸਤ ਕਰ ਕੇ ਘਰ ਨੂੰ ਉਠ ਤੁਰਿਆ। ਵਿਖਾਵੇ ਖ਼ਾਤਰ ਚਿਹਰੇ ‘ਤੇ ਰੁਅਬ ਤੇ ਜਲਾਲ ਬਣਾਇਆ ਹੋਇਆ ਸੀ ਕਿ ਅੱਜ ਦੀਨ ਇਸਲਾਮ ਦੀ ਡਾਢੀ ਖ਼ਿਦਮਤ ਕੀਤੀ ਹੈ, ਸਿਖ ਇਸ ਨਾਲ ਤਹਿਕ ਜਾਣਗੇ। ਦਿਲ ਨੂੰ ਸ਼ਾਇਦ ਇਹ ਢਾਸਣਾ ਦੇਈ ਅੱਗੇ ਨੂੰ ਤੁਰ ਰਿਹਾ ਸੀ । ਪਰ ਤੋਰ ਦੱਸਦੀ ਸੀ ਕਿ ਉਸ ਦੀ ਜ਼ਮੀਰ ਕਿਸੇ ਅਥਾਹ ਭਾਰ ਥੱਲੇ ਦੱਬੀ ਹੋਈ ਹੈ। ਸਿੱਖਾਂ ਨੂੰ ਤਸੀਹੇ ਦੇ ਦੇ ਕੇ ਮਰਵਾਉਣ ਵਿਚ ਉਸ ਨੇ ਪਹਿਲਾਂ ਹੀ ਕੋਈ ਕਸਰ ਨਹੀਂ ਸੀ ਛੱਡੀ, ਪਰ ਅੱਜ ਵਾਲਾ ਕਾਰਾ ਤਾਂ ਜ਼ੁਲਮ ਦੀ ਸਿਖਰ ਸੀ। ਤੇਜ਼ ਨਿਗਾਹ ਵਾਲੇ ਉਸ ਦੀ ਇਹ ਹਾਲਤ ਤਾੜ ਗਏ। ਕਚਹਿਰੀਓਂ ਨਿਕਲ ਕੇ ਖਾਈ ਵਿਚ ਪਏ ਸਿਖ ਵਲ ਉਸ ਨੇ ਇਕ ਸਰਸਰੀ ਝਾਤ ਪਾਈ, ਬਣਾ ਕੇ ਤੱਕਿਆ ਨਹੀਂ। ਉਸ ਬੇਹੋਸ਼ ਪਏ ਧਰਮੀ ਪਰਵਾਨੇ ਵਲ ਦੇਰ ਤਕ ਵੇਖ ਨਾ ਸਕਿਆ। ਦਰਬਾਰੀ ਅਮੀਰ ਤੇ ਛੋਟੇ ਅਹਿਲਕਾਰ ਵੀ ਗਹਿਰੀ ਚੁੱਪ ਵਿਚ ਡੁਬੇ ਘਰਾਂ ਨੂੰ ਤੁਰ ਗਏ।

“ਭਾਈ ਤਾਰੂ ਸਿੰਘ ਜੀਊਂਦੇ ਦੀ ਖੋਪਰੀ ਖ਼ਾਨ ਬਹਾਦਰ ਨੇ ਉਤਰਵਾ ਦਿੱਤੀ ਹੈ ਤੇ ਉਹ ਅਜੇ ਵੀ ਜੀਉਂਦਾ ਹੈ ਤੇ ਬੇਹੋਸ਼ੀ ਦੀ ਹਾਲਤ ਵਿਚ, ਕਚਹਿਰੀ ਦੇ ਬਾਹਰ ਖਾਈ ਵਿਚ ਸੁਟਿਆ ਪਿਆ ਹੈ”, ਇਹ ਖ਼ਬਰ ਪਲ ਵਿਚ ਸਾਰੇ ਸ਼ਹਿਰ ਅੰਦਰ ਖਿਲਰ ਗਈ ਅਤੇ ਅਗਲੇ ਦਿਨ ਆਸ ਪਾਸ ਦਿਆਂ ਪਿੰਡਾਂ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ।

ਲਾਹੌਰ ਵਿਚ ਕੁਝ ਰਾਮਗੜ੍ਹੀਆ ਸਿਖ ਰਹਿੰਦੇ ਸਨ । ਇਹ ਦੁਖਦਾਈ ਖ਼ਬਰ ਸੁਣ ਕੇ ਉਹ ਜਰ ਨਾ ਸਕੇ। ਕਿਸੇ ਵਸੀਲੇ ਰਾਹੀਂ ਸਰਕਾਰੀ ਆਗਿਆ ਨਾਲ ਭਾਈ ਜੀ ਨੂੰ ਚੁਕ ਕੇ ਇਕ ਧਰਮਸਾਲਾ ਵਿਚ ਲੈ ਗਏ । ਜਰਾਹਾਂ ਦੀ ਸਹਾਇਤਾ ਲੈਣੀ ਚਾਹੀ, ਪਰ ਉਹ ਜ਼ਕਰੀਆ ਖ਼ਾਨ ਦੇ ਡਰੋਂ ਇਲਾਜ ਕਰਨ ਲਈ ਲਾਗੇ ਨਾ ਢੁਕੇ। ਉਹਨਾਂ ਗ਼ਰੀਬਾਂ ਕੋਈ ਚਾਰਾ ਨਾ ਚਲਦਾ ਵੇਖ ਕੇ ਨਿੰਮ ਦੇ ਗਰਮ ਪਾਣੀ ਨਾਲ ਪਹਿਲਾਂ ਸਾਰੇ ਸਿਰ, ਜੋ ਇਕ ਵੱਡੇ ਜ਼ਖ਼ਮ ਵਾਂਗ ਬਣ ਚੁਕਿਆ ਸੀ, ਨੂੰ ਧੋਤਾ ਤੇ ਫਿਰ ਕੜਾਹ ਬਣਾ ਕੇ ਕੋਸਾ ਕੋਸਾ ਭਾਈ ਜੀ ਦੇ ਸਿਰ ‘ਤੇ ਬੰਨ੍ਹਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਪਹਿਲਾਂ ਹੋਸ਼ ਵਿਚ ਆਏ ਤੇ ਫਿਰ ਆਹਿਸਤਾ ਆਹਿਸਤਾ ਕਾਇਮ ਹੋਣ ਲੱਗ ਪਏ।

ਖ਼ਾਨ ਬਹਾਦਰ ਨੂੰ ਪਿਸ਼ਾਬ ਦਾ ਬੰਨ੍ਹ ਪੈਣਾ

ਆਖ਼ਰ ਕੁਦਰਤ ਵੀ ਕੋਈ ਚੀਜ਼ ਹੈ। ਜ਼ੁਲਮ ਦੀ ਵੀ ਕੋਈ ਹੱਦ ਹੁੰਦੀ ਹੈ। ਬੇ-ਗੁਨਾਹ ਮਜ਼ਲੂਮ ਪ੍ਰਭੂ ਦੇ ਪਿਆਰਿਆਂ ਦੀ ਆਹ ਵਿਚ ਬੜਾ ਅਸਰ ਹੁੰਦਾ ਹੈ। ਸਤਿਗੁਰੂ ਦੇ ਸੱਚੇ ਅਨਿੰਨ ਸੇਵਕ ਦੇ ਮੂੰਹੋਂ ਨਿਕਲਿਆ ਆਖ਼ਰੀ ਬਚਨ ਪੂਰਾ ਹੋ ਕੇ ਹੀ ਰਹਿਣਾ ਸੀ, ਕਿਉਂਕਿ ਕੋਈ ਸ਼ਕਤੀ ਭਗਤਾਂ ਦੀ ਰਾਖੀ ਲਈ ਅਟੱਲ ਖੜੀ ਹੈ। ਰੱਬ ਨੇ ਉਸੇ ਰਾਤ ਇਨਸਾਫ਼ ਦੇ ਹੁਕਮ ਜਾਰੀ ਕਰ ਦਿਤੇ। ਜ਼ਕਰੀਆ ਖ਼ਾਨ ਨੂੰ ਪਿਸ਼ਾਬ ਦਾ ਬੰਨ੍ਹ ਪੈ ਗਿਆ। ਬੜੀ ਤਕਲੀਫ਼ ਹੋਣ ਲੱਗੀ। ਝਟ ਉਸੇ ਵੇਲੇ ਹਕੀਮ ਸੱਦੇ ਗਏ। ਜਦ ਕੋਈ ਫ਼ਰਕ ਨਾ ਪਿਆ ਤਾਂ ਦਮ ਕਰਨ ਲਈ ਮੌਲਵੀ ਮੁਲਾਣੇ ਤੇ ਪੀਰ ਫ਼ਕੀਰ ਬੁਲਾਏ ਗਏ। ਦਮ ਕੀਤੇ ਗਏ। ਕੁਰਾਨ ਪਾਕ ਦੇ ਨਾਲ ਝਲ ਮਾਰੀ ਗਈ। ਦੁਆਈਂ ਪੜ੍ਹੀਆਂ। ਤਵੀਤ ਬਣਾ ਕੇ ਗਲ ਵਿਚ ਪਾਏ। ਪਰ ਕੋਈ ਖ਼ਾਤਰ-ਖ਼ਾਹ ਅਸਰ ਨਾ ਹੋਇਆ। ਤਕਲੀਫ਼ ਵਧਦੀ ਗਈ। ਸਦਕੇ ਦਿਤੇ ਗਏ। ਤੜਕਸਾਰ ਕੁਰਾਨ ਖ਼ਾਨੀ (ਕੁਰਾਨ ਸ਼ਰੀਫ਼ ਦਾ ਪਾਠ) ਅਰੰਭ ਕੀਤੀ ਗਈ। ਪਰ ਨਾਲ ਨਾਲ ਨਵਾਬ ਦੀ ਹਾਏ ਹਾਏ ਦੀਆਂ ਚਾਂਗਰਾਂ ਮੁਗ਼ਲਪੁਰੇ ਦੇ ਮਹੱਲਾਂ ਤੋਂ ਬਾਹਰ ਸੁਣਾਈ ਦੇਂਦੀਆਂ ਸਨ। ਨਾ ਦਵਾਈਆਂ ਦਾ ਕੋਈ ਅਸਰ ਹੋ ਰਿਹਾ ਸੀ ਅਤੇ ਨਾ ਹੀ ਪੜ੍ਹੀਆਂ ਜਾਣ ਵਾਲੀਆਂ ਦੁਆਵਾਂ ਦਾ ਹੀ।

ਇਹ ਹਾਲਤ ਵੇਖ ਕੇ ਸਾਰੇ ਸਮਝ ਗਏ ਕਿ ਜ਼ਕਰੀਆ ਖ਼ਾਨ ਨੇ ਇਕ ਰੱਬ ਦੇ ਪਿਆਰੇ ਨਾਲ ਸਿਰੋਂ ਪਰੇ ਧੱਕਾ ਕੀਤਾ ਹੈ। ਇਹਦੇ ‘ਤੇ ਰੱਬ ਦੀ ਕ੍ਰੋਪੀ ਇਸ ਕਰਕੇ ਹੋਈ ਹੈ ਕਿ ਉਸ ਨੇ ਬੇਗੁਨਾਹ ਦਰਵੇਸ਼ ਭਾਈ ਤਾਰੂ ਸਿੰਘ ‘ਤੇ ਜ਼ੁਲਮ ਕਰਨ ਵਾਲੀ ਅੱਤ ਕਰ ਦਿੱਤੀ ਹੈ। ਇਸ ਨੂੰ ਤੱਟ ਫੱਟ ਕੀਤੇ-ਦੀ-ਸਜ਼ਾ ਮਿਲ ਰਹੀ ਹੈ। ਹਕੀਮਾਂ, ਪੀਰਾਂ, ਫ਼ਕੀਰਾਂ ਤੇ ਦਰਬਾਰ ਦੇ ਵਡੇ ਵਡੇ ਅਮੀਰਾਂ ਨੇ ਨਿਰਣਾ ਦਿਤਾ ਕਿ ਭਾਈ ਤਾਰੂ ਸਿੰਘ ਹੀ ਖ਼ਾਨ ਬਹਾਦਰ ਨੂੰ ਇਸ ਅਜ਼ਾਬ ਤੋਂ ਬਖ਼ਸ਼ ਸਕਦੇ ਹਨ। ਨਵਾਬ, ਜੋ ਨਾ ਮਰਿਆਂ ਨਾ ਜੀਊਂਦਿਆਂ ਵਿਚ ਪੀੜ ਨਾਲ ਤੜਫ਼ ਰਿਹਾ ਸੀ, ਨੇ ਝਟ ਧਰਮਸਾਲਾ ਵਾਲੇ ਸਿੱਖਾਂ ਨੂੰ ਬੁਲਾ ਕੇ ਕਿਹਾ ਕਿ ਰੱਬ ਦਾ ਵਾਸਤਾ ਜੇ, ਮੈਨੂੰ ਭਾਈ ਤਾਰੂ ਸਿੰਘ ਪਾਸੋਂ ਬਖ਼ਸ਼ਵਾ ਦਿਤਾ ਜਾਵੇ। ਸਿੱਖਾਂ ਅਗੋਂ ਉੱਤਰ ਦਿਤਾ ਕਿ ਭਾਈ ਸਾਹਿਬ ਤਾਂ ਇਸ ਵੇਲੇ ਕਾਲਾ ਨਾਗ ਬਣੇ ਬੈਠੇ ਹਨ। ਨਾ ਜਾਣੇ ਅਗੋਂ ਕੋਈ ਉਲਟੀ ਸਿੱਧੀ ਕੱਢ ਦੇਣ ਤੇ ਸਾਨੂੰ ਹੀ ਸਰਾਪ ਮਿਲ ਜਾਵੇ। ਸਾਨੂੰ ਇਸ ਬਾਰੇ ਕਹਿਣ ਦੀ ਹਿੰਮਤ ਨਹੀਂ। ਉਹਨਾਂ ਦਾ ਕੱਢਿਆ ਬਚਨ ਖ਼ਾਲੀ ਨਹੀਂ ਜਾਵੇਗਾ। ਹਾਂ, ਇਕ ਸੂਰਤ ਹੈ। ਜੇ ਭਾਈ ਸੁਬੇਗ ਸਿੰਘ ਜੰਬਰ ਉਹਨਾਂ ਨੂੰ ਜਾ ਕੇ ਮਿਲਣ ਤੇ ਬੇਨਤੀ ਕਰਨ ਤਾਂ ਸ਼ਾਇਦ ਉਹ ਮੰਨ ਜਾਣ।

ਰਾਵੀ ਦਰਿਆਓਂ ਪਾਰ ਲਾਹੌਰ ਦੇ ਇਲਾਕੇ ਵਿਚ ਇਕ ਪਿੰਡ ਜੰਬਰ ਹੈ। ਭਾਈ ਸੁਬੇਗ ਸਿੰਘ ਇਸ ਪਿੰਡ ਦੇ ਜੰਮ-ਪਲ ਸਨ । ਇਹ ਚੰਗੇ ਪੜ੍ਹੇ-ਲਿਖੇ ਤੇ ਸੂਝਵਾਨ ਸਿਖ ਸਨ । ਬਹਾਦਰ ਸ਼ਾਹ ਦੇ ਵੇਲੇ ਹੀ ਅਜਾਰਾਦਾਰੀ ਕਰਨ ਦਾ ਕੰਮ ਕਰਦੇ ਆ ਰਹੇ ਸਨ । ਲਾਹੌਰ ਦਰਬਾਰ ਦੇ ਅਮੀਰਾਂ ਤੇ ਹੋਰ ਛੋਟੇ ਵੱਡੇ ਅਹੁਦੇਦਾਰਾਂ ਤੇ ਅਹਿਲਕਾਰਾਂ ਨਾਲ ਇਹਨਾਂ ਦਾ ਮੇਲ-ਮਿਲਾਪ ਚੰਗਾ ਸੀ । ਇਹ ਭਾਵੇਂ ਮੁਗ਼ਲ ਸਰਕਾਰ ਤੋਂ ਠੇਕੇ ਲਿਆ ਕਰਦੇ ਸਨ ਤੇ ਚੰਗੇ ਪੈਸੇ ਵਾਲੇ ਸਨ, ਪਰ ਆਪਣੇ ਧਰਮ ਵਿਚ ਚੰਗੇ ਪਰਪੱਕ ਸਨ। ਇਸ ਕਰਕੇ ਸਿਖ ਵੀ ਇਹਨਾਂ ਦਾ ਬੜਾ ਸਤਿਕਾਰ ਤੇ ਆਮਨਾ ਮੰਨਦੇ ਸਨ । ਦਰਬਾਰ ਵਿਚ ਵੀ ਇੱਜ਼ਤ ਬਣੀ ਆ ਰਹੀ ਸੀ।

ਲਾਹੌਰ ਸਰਕਾਰ ਨੂੰ ਜਦੋਂ ਵੀ ਸਿੰਘਾਂ ਨਾਲ ਕੋਈ ਮੁਆਮਲਾ ਪੇਸ਼ ਆਇਆ ਤਾਂ ਸਰਕਾਰ ਵਲੋਂ ਸਿੰਘਾਂ ਨਾਲ ਗੱਲ ਬਾਤ ਕਰਨ ਲਈ ਇਹਨਾਂ ਨੂੰ ਭੇਜਿਆ ਜਾਂਦਾ ਸੀ । ਮੁਹੰਮਦ ਅਸਲਮ ਖ਼ਾਨ ਲਾਹੌਰ ਦਾ ਸੂਬੇਦਾਰ ਸੀ । ਸਾਰੇ ਮੁਲਕ ਵਿਚ ਗ਼ਦਰ ਮੱਚ ਗਿਆ। ਜਦ ਸਿਖ ਕਾਫ਼ੀ ਤਾਕਤ ਫੜ ਗਏ ਤਾਂ ਸੂਬੇਦਾਰ ਨੂੰ ਡਰ ਪੈਦਾ ਹੋ ਗਿਆ ਕਿ ਸਿਖ ਲਾਹੌਰ ‘ਤੇ ਪਏ ਕਿ ਪਏ। ਉਸ ਨੂੰ ਹੱਥਾਂ ਪੈਰਾਂ ਦੀਆਂ ਪਈਆਂ ਹੋਈਆਂ ਸਨ ਕਿ ਲਾਹੌਰ ਉਤੇ ਹਮਲੇ ਦੀ ਸੂਰਤ ਵਿਚ ਉਹ ਉਹਨਾਂ ਦਾ ਟਾਕਰਾ ਨਹੀਂ ਕਰ ਸਕੇਗਾ । ਸੋ ਮੁਹੰਮਦ ਅਸਲਮ ਨੇ ਭਾਈ ਸੁਬੇਗ ਸਿੰਘ ਦੇ ਹੀ ਵਸੀਲੇ ਨਾਲ ਖ਼ਾਲਸਾ ਜੀ ਨਾਲ ਸੁਲ੍ਹਾ-ਸਫ਼ਾਈ ਕਰ ਲਈ ਤੇ ਸ਼ਹਿਰ ਬਚਾਅ ਲਿਆ ।

ਜ਼ਕਰੀਆ ਖ਼ਾਨ, ਜੋ ੧੭੨੬ ਈਸਵੀ ਵਿਚ ਲਾਹੌਰ ਦਾ ਨਾਜ਼ਮ ਬਣ ਕੇ ਆਇਆ ਤੇ ਸਿੱਖਾਂ ਨੂੰ ਮੁਕੰਮਲ ਤੌਰ ‘ਤੇ ਮੁਕਾਅ ਦੇਣ ਦੇ ਸਾਰੇ ਯਤਨ ਲਾ ਥੱਕਾ, ਦਿੱਲੀਓਂ ਵੀ ਸਹਾਇਤਾ ਲਈ ਫ਼ੌਜ ਮੰਗਵਾ ਲਈ ਤੇ ਕੋਈ ਚੰਗਾ ਸਿੱਟਾ ਨਾ ਨਿਕਲਿਆ ਤਾਂ ਦਿੱਲੀ ਦੇ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਨੂੰ ਮਸ਼ਵਰਾ ਦੇ ਕੇ ਕਿ ਖ਼ਾਲਸਾ ਸਾਡੇ ਮਾਰਿਆਂ ਮਰਨਾ ਨਹੀਂ, ਇਹ ਰੋਜ਼-ਬਰੋਜ਼ ਦੇ ਲਗਾਤਾਰ ਕਤਲਾਮ ਦੇ ਬਾਵਜੂਦ ਤਾਕਤ ਫੜੀ ਜਾਂਦੇ ਹਨ, ਇਹਨਾਂ ਨਾਲ ਸੁਲ੍ਹਾ-ਸਫ਼ਾਈ ਹੀ ਠੀਕ ਹੈ, ਇਸ ਲਈ ਇਨ੍ਹਾਂ ਦੇ ਗੁਜ਼ਾਰੇ ਲਈ ਕੁਝ ਇਲਾਕਾ ਜਗੀਰ ਵਜੋਂ ਦੇਣ ਤੇ ਇਹਨਾਂ ਵਿਚੋਂ ਕਿਸੇ ਸਿਰਕਢ ਨੂੰ ਨਵਾਬ ਬਣਾਉਣ ਦੇ, ਤੇ ਨਾਲ ਹੀ ਹਰਿਮੰਦਰ ਸਾਹਿਬ ਨੂੰ ਕੁਝ ਪਿੰਡ ਭੇਟ ਕਰਨ ਦੇ ਹੁਕਮ ਬਾਦਸ਼ਾਹ ਤੋਂ ਲਏ ਸਨ। ਬੜੀ ਸਿਆਣਪ ਨਾਲ ਉਸ ਨੇ ਇਹ ਅਮਨ ਦਾ ਰਾਹ ਕਢਿਆ ਸੀ।

ਜਿਹੜੀ ਸਫ਼ਾਰਤ ਸਿੰਘਾਂ ਨੂੰ ਨਵਾਬੀ ਖ਼ਿਲਅਤ ਆਦਿ ਭੇਟ ਕਰਨ ਗਈ ਸੀ, ਉਸ ਨਾਲ ਵੀ ਭਾਈ ਸੁਬੇਗ ਸਿੰਘ ਨੂੰ ਜ਼ਕਰੀਆ ਖ਼ਾਨ ਨੇ ਘਲਾਇਆ ਸੀ। ਭਾਈ ਸੁਬੇਗ ਸਿੰਘ ਜੀ ਨੇ ਮਿੰਨਤ ਸਮਾਜਤ ਕਰ ਕੇ ਇਸ ਭੇਟ ਨੂੰ ਮਨਜ਼ੂਰ ਕਰਨ ਲਈ ਰਾਜ਼ੀ ਕਰ ਲਿਆ ਸੀ।

ਹੁਣ ਜਦ ਜ਼ਕਰੀਆ ਖ਼ਾਨ ਦੀ ਆਪਣੀ ਜਾਨ ਲਬਾਂ ‘ਤੇ ਆਈ ਖੜੀ ਸੀ ਤਾਂ ਭਾਈ ਤਾਰੂ ਸਿੰਘ ਪਾਸੋਂ ਬਖ਼ਸ਼ਵਾਏ ਜਾਣ ਲਈ ਇਨ੍ਹਾਂ ਨੂੰ ਹੀ ਧਰਮਸਾਲਾ ਵਿਚ ਭੇਜਿਆ ਗਿਆ, ਜਿਥੇ ਰਾਮਗੜ੍ਹੀਏ ਸਿਖ ਉਹਨਾਂ ਦਾ ਇਲਾਜ ਤੇ ਸੇਵਾ ਕਰ ਰਹੇ ਸਨ। ਭਾਈ ਸੁਬੇਗ ਸਿੰਘ ਨੂੰ ਬੜੀ ਮਿੰਨਤ ਕੀਤੀ ਗਈ ਸੀ ਕਿ ਜਿਵੇਂ ਕਿਵੇਂ ਵੀ ਹੋ ਸਕੇ, ਮੈਨੂੰ ਉਹਨਾਂ ਤੋਂ ਮੁਆਫ਼ ਕਰਵਾਇਆ ਜਾਵੇ। ਅੱਲਾ ਦਾ ਵਾਸਤਾ ਜੇ, ਖ਼ਾਲੀ ਹੱਥ ਨਾ ਮੁੜਿਓ।

ਭਾਈ ਸੁਬੇਗ ਸਿੰਘ ਜਦ ਉਸ ਧਰਮਸਾਲਾ ਵਿਚ ਭਾਈ ਤਾਰੂ ਸਿੰਘ ਪਾਸ ਪਹੁੰਚੇ, ਸਾਰੀ ਗੱਲ ਮੁਢੋਂ ਅਖ਼ੀਰ ਤਕ ਬੜੀ ਨਿਮਰਤਾ ਨਾਲ ਕਹੀ ਤੇ ਬੜੀ ਹੀ ਅਧੀਨਗੀ ਨਾਲ ਖ਼ਾਨ ਬਹਾਦਰ ਨੂੰ ਬਖ਼ਸ਼ ਦੇਣ ਲਈ ਬਿਨੈ ਕੀਤੀ । ਭਾਈ ਤਾਰੂ ਸਿੰਘ ਨੇ ਸਭ ਕੁਝ ਧੀਰਜ ਨਾਲ ਸੁਣ ਕੇ ਕਿਹਾ ਕਿ ਤੁਸੀਂ ਇਕ ਬਜ਼ੁਰਗ ਤੇ ਗੁਰਮੁਖ ਸਿੰਘ ਹੋ ਕੇ ਉਸ ਦੁਸ਼ਟ ਦੀ ਸਿਫ਼ਾਰਸ਼ ਕਰਨ ਆਏ ਹੋ। ਜੋ ਤੀਰ ਚਲਣਾ ਸੀ, ਉਹ ਚੱਲ ਚੁਕਿਆ । ਹੁਣ ਤਾਂ ਉਸ ਨੂੰ ਅਸੀਂ ਜੁੱਤੀਆਂ ਨਾਲ ਅੱਗੇ ਲਾ ਕੇ ਲੈ ਜਾਵਾਂਗੇ । ਹਾਂ, ਖ਼ਾਲਸਾ ਜੀ ਸਮਰੱਥ ਹਨ। ਉਹ ਬਖ਼ਸ਼ ਦੇਣ ਤਾਂ ਬਖ਼ਸ਼ ਦੇਣ। ਅਸੀਂ ਇਸ ਦੁਸ਼ਟ ਨੂੰ ਨਹੀਂ ਬਖ਼ਸ਼ ਸਕਦੇ। ਸ: ਸੁਬੇਗ ਸਿੰਘ ਨੂੰ ਇਸ ਤੋਂ ਅੱਗੇ ਕੁਝ ਕਹਿਣ ਦੀ ਹਿੰਮਤ ਨਾ ਪਈ। ਉਹਨਾਂ ਤੋਂ ਆਗਿਆ ਲੈ ਫ਼ਤਹ ਬੁਲਾ ਕੇ ਉਥੋਂ ਆ ਗਏ।

ਇਥੋਂ ਉਹ ਸਿਧੇ ਉਸ ਪਾਸੇ ਜੰਗਲ ਨੂੰ ਗਏ ਜਿਥੇ ਖ਼ਾਲਸਾ ਜੀ ਦਾ ਬੜਾ ਤਕੜਾ ਜਥਾ ਸ: ਕਪੂਰ ਸਿੰਘ ਦੀ ਅਗਵਾਈ ਵਿਚ ਡੇਰੇ ਲਾਈ ਬੈਠਾ ਸੀ। ਇਥੇ ਪਹੁੰਚ ਕੇ ਸ: ਕਪੂਰ ਸਿੰਘ ਤੋਂ ਆਗਿਆ ਲੈ ਕੇ ਸਾਰਾ ਮਾਜਰਾ ਬਿਆਨ ਕੀਤਾ। ਖ਼ਾਲਸਾ ਜੀ ਪਹਿਲਾਂ ਹੀ ਇਸ ਘਟਨਾ ਬਾਰੇ ਸੁਣ ਚੁਕਾ ਸੀ ਕਿ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰ ਦਿਤੀ ਜਾ ਚੁਕੀ ਹੈ। ਉਹ ਗੁੱਸੇ ਨਾਲ ਭਰੇ ਪਏ ਸਨ। ਕੁਝ ਮਨਚਲੇ ਬਹਾਦਰ ਸ: ਕਪੂਰ ਸਿੰਘ ਉੱਤੇ ਜ਼ੋਰ ਦੇ ਰਹੇ ਸਨ ਕਿ ਲਾਹੌਰ ਉੱਤੇ ਧਾਵਾ ਬੋਲ ਦਿਤਾ ਜਾਵੇ, ਸਿੰਘਾਂ ਦੇ ਸਿਰਾਂ ਦੇ ਬਣਾਏ ਮੀਨਾਰ ਡੇਗ ਕੇ ਉਹਨਾਂ ਦਾ ਸਸਕਾਰ ਕਰ ਦਿਤਾ ਜਾਵੇ ਤੇ ਜੋ ਬੰਦੀ-ਖ਼ਾਨਿਆਂ ਵਿਚ ਡੱਕੇ ਹੋਣ, ਉਹਨਾਂ ਨੂੰ ਛੁਡਾ ਲਿਆ ਜਾਵੇ । ਇੰਜ ਕਰਦਿਆਂ ਭਾਵੇਂ ਉਥੇ ਹੀ ਸ਼ਹੀਦ ਹੋ ਜਾਇਆ ਜਾਵੇ, ਇਹ ਸੌਦਾ ਮਹਿੰਗਾ ਨਹੀਂ ਹੋਵੇਗਾ। ਇਸ ਤੋਂ ਵਧ ਅਸਾਂ ਜ਼ਿੰਦਗੀ ਵਿਚ ਕੀ ਲਾਹਾ ਖਟਣਾ ਹੈ।

ਸ: ਸੁਬੇਗ ਸਿੰਘ ਨੇ ਬੜੇ ਧੀਰਜ ਤੇ ਸਤਿਕਾਰ ਨਾਲ ਸਿੰਘਾਂ ਨੂੰ ਬੇਨਤੀ ਕੀਤੀ ਕਿ ਖ਼ਾਲਸਾ ਜੀ ਬਖ਼ਸ਼ਣਹਾਰ ਹੈ। ਦਰ ‘ਤੇ ਡਿਗੇ ਵੈਰੀ ਨੂੰ ਠੁਕਰਾਉਂਦਾ ਨਹੀਂ। ਮੇਰੇ ਆਏ ਦੀ ਵੀ ਲਾਜ ਪਾਲੋ । ਉਹਨਾਂ ਮੈਨੂੰ ਘਲਾਇਆ ਹੀ ਇਸ ਕਰਕੇ ਹੈ ਕਿ ਖ਼ਾਲਸਾ ਜੀ ਦੇ ਦਰੋਂ ਮੁਆਫ਼ੀ ਦੀ ਖ਼ੈਰ ਜ਼ਰੂਰ ਹੀ ਪੈ ਜਾਵੇਗੀ।

ਕੁਝ ਬਜ਼ੁਰਗ ਸਿੰਘਾਂ ਤੇ ਸ: ਕਪੂਰ ਸਿੰਘ ਨੇ ਥੋੜਾ ਸਮਾਂ ਵਿਚਾਰ ਕਰ ਕੇ ਕਿਹਾ, “ਭਾਈ ਤਾਰੂ ਸਿੰਘ ਜੀ ਦਾ ਬਚਨ ਤਾਂ ਅਟਲਾਧਾ ਹੈ। ਜਿਵੇਂ ਉਹਨਾਂ ਕਿਹਾ, ਹੋਵੇਗਾ ਉਂਜ ਹੀ। ਪਰ ਪਿਸ਼ਾਬ ਦਾ ਬੰਨ੍ਹ ਤਾਂ ਟੁਟ ਸਕਦੈ, ਜੇ ਭਾਈ ਸਾਹਿਬ ਦੀਆਂ ਜੁੱਤੀਆਂ ਲੈ ਜਾ ਕੇ ਸੂਬੇ ਦੇ ਸਿਰ ਵਿਚ ਵੱਜਣ। ਜਦੋਂ ਤਕ ਇੰਜ ਨਾ ਹੋਇਆ, ਇਹ ਬੰਨ੍ਹ ਨਹੀਂ ਟੁਟਣਾ। ਇਸ ਦੇ ਨਾਲ ਹੀ ਸਿੰਘਾਂ ਦੇ (ਜੋ ਅੱਜ ਤਕ ਸ਼ਹੀਦ ਕੀਤੇ ਹਨ) ਸਿਰਾਂ ਦੇ ਉਸਾਰੇ ਮੀਨਾਰ ਢਾਹ ਕੇ ਉਨ੍ਹਾਂ ਦਾ ਸਸਕਾਰ ਕਰਵਾਇਆ ਜਾਵੇ, ਬੰਦੀ ਸਿੰਘ ਛਡੇ ਜਾਣ, ਚਰਖੜੀਆਂ ਪੁਟਵਾਈਆਂ ਜਾਣ। ਤੇ ਅਗੇ ਤੋਂ ਸਿੰਘਾਂ ਦੀਆਂ ਗ੍ਰਿਫ਼ਤਾਰੀਆਂ ਬੰਦ ਕੀਤੀਆਂ ਜਾਣ। ਜਿੰਨੀ ਛੇਤੀ ਇਹ ਸਭ ਕੁਝ ਹੋ ਗਿਆ ਉਨੀ ਛੇਤੀ ਪਿਸ਼ਾਬ ਦਾ ਰੋਗ ਵੀ ਠੀਕ ਹੋ ਜਾਵੇਗਾ। ਖ਼ਾਲਸਾ ਜੀ ਵਲੋਂ ਸਿਰਫ਼ ਏਨੀ ਹੀ ਮੁਆਫ਼ੀ ਹੋ ਸਕਦੀ ਹੈ।”

ਸ: ਸੁਬੇਗ ਸਿੰਘ ਇਹ ਸਭ ਕੁਝ ਪਰਵਾਨ ਕਰ ਕੇ, ਆਗਿਆ ਲੈ ਕੇ ਝਟ ਮੁਗ਼ਲਪੁਰੇ ਦਿਆਂ ਮਹੱਲਾਂ ਵਿਚ ਆਇਆ। ਪੀੜ ਨਾਲ ਮੱਛੀ ਵਾਂਗ ਤੜਫਦੇ ਨਵਾਬ ਨੂੰ ਸਾਰੀ ਗੱਲ ਦੱਸੀ। ਉਸ ਨੇ ਕਿਹਾ ਕਿ ਜਿਵੇਂ ਵੀ ਹੋ ਸਕਦੈ, ਮੈਨੂੰ ਇਸ ਅਜ਼ਾਬ ਤੋਂ ਬਚਾਉ| ਹਾਜ਼ਰ ਸਿਆਣਿਆਂ ਨੇ ਕਿਹਾ ਕਿ ਇਸ ਵਿਚ ਕੋਈ ਹਰਜ ਨਹੀਂ ਹੈ। ਜੇ ਇੰਜ ਹੀ ਪਿਸ਼ਾਬ ਦਾ ਬੰਨ੍ਹ ਟੁਟਦਾ ਹੈ ਤਾਂ ਇੰਜ ਹੀ ਤੋੜੋ। ਦੇਰੀ ਨਾ ਕਰੋ। ਖ਼ਾਨ ਬਹਾਦਰ ਦੀ ਜਾਨ ਬਚਣੀ ਚਾਹੀਦੀ ਹੈ । ਭਾਈ ਤਾਰੂ ਸਿੰਘ ਪਹੁੰਚਿਆ ਹੋਇਆ ਰੱਬ ਦਾ ਪਿਆਰਾ ਹੈ, ਉਸ ਦੀ ਜੁੱਤੀ ਇਹ ਕਰਮ ਕਰੇਗੀ।

ਭਾਈ ਤਾਰੂ ਸਿੰਘ ਦੇ ਜੁੱਤੇ ਖ਼ਾਨ ਬਹਾਦਰ ਦੇ ਸਿਰ ਵਿਚ ਮਾਰੇ ਗਏ

ਚਰਖੜੀਆਂ ਪੁਟ ਦੇਣ, ਬੰਦੀਆਂ ਨੂੰ ਛਡਣ ਤੇ ਸਿਰਾਂ ਦੇ ਬਣੇ ਮੁਨਾਰੇ ਗਿਰਾ ਕੇ ਤੁਰੰਤ ਸਸਕਾਰ ਕਰ ਦੇਣ ਦੇ ਆਦੇਸ਼ ਭਾਈ ਸੁਬੇਗ ਸਿੰਘ ਨੂੰ ਦੇ ਕੇ ਭਾਈ ਤਾਰੂ ਸਿੰਘ ਪਾਸ ਭੇਜਿਆ ਗਿਆ । ਖ਼ਾਲਸਾ ਜੀ ਨੇ ਜਿਵੇਂ ਮੁਆਫ਼ੀ ਬਖ਼ਸ਼ੀ ਸੀ, ਸਭ ਦਸਿਆ। ਉਹਨਾਂ ਕਿਹਾ ਕਿ ਖ਼ਾਲਸਾ ਜੀ ਦਾ ਹੁਕਮ ਨਹੀਂ ਟਾਲਿਆ ਜਾ ਸਕਦਾ। ਆਪਣਾ ਜੋੜਾ ਭਾਈ ਸੁਬੇਗ ਸਿੰਘ ਦੇ ਹਵਾਲੇ ਕਰ ਦਿਤਾ। ਇਹ ਮਖ਼ਮਲ ਦੇ ਕਪੜੇ ਵਿਚ ਲਪੇਟ ਕੇ ਉਸ ਦੇ ਮਹੱਲਾਂ ਵਿਚ ਪਹੁੰਚਾਇਆ ਗਿਆ। ਸਿੰਘ ਦੀ ਜੁੱਤੀ ਉਸ ਕਪੜੇ ਵਿਚ ਲਿਪਟੀ-ਲਪਟਾਈ ਹੀ ਮਾਰੀ ਗਈ, ਪਰ ਕੋਈ ਖ਼ਾਸ ਅਸਰ ਨਾ ਹੋਇਆ। ਹਾਜ਼ਰ ਦਾਨਿਆਂ ਵਿਚੋਂ ਕਿਸੇ ਨੇ ਕਿਹਾ, “ਝਿਜਕੋ ਨਾ, ਜੁੱਤੀ ਕਪੜੇ ਵਿਚੋਂ ਬਾਹਰ ਕਢ ਕੇ ਸਿਰ ਵਿਚ ਮਾਰੋ, ਅੱਲਾ ਦੀ ਜ਼ਾਤ-ਪਾਕ ਜ਼ਰੂਰ ਰਹਿਮ ਕਰੇਗੀ।” ਇੰਜ ਹੀ ਕੀਤਾ ਗਿਆ। ਕੁਝ ਹੀ ਪਲਾਂ ਪਿਛੋਂ ਪਿਸ਼ਾਬ ਖੁਲ੍ਹ ਕੇ ਆ ਗਿਆ। ਸਾਰਿਆਂ ਨੇ ਇਸ ਕਿਰਿਆ ਨੂੰ ਜ਼ਾਤੇ ਇਲਾਹੀ ਦਾ ਮੁਅਜਜ਼ਾ ਮੰਨਿਆ ਤੇ ਰੱਬੁੱਲਇੱਜ਼ਤ ਦਾ ਸ਼ੁਕਰ ਅਦਾਅ ਕੀਤਾ । ਜ਼ਕਰੀਆ ਖ਼ਾਨ ਦੀਆਂ ਅੱਖਾਂ ਵਿਚ ਛਾਇਆ ਅੰਨ੍ਹੇਰਾ ਖ਼ਤਮ ਹੋ ਗਿਆ ਤੇ ਉਨ੍ਹਾਂ ਵਿਚ ਜੀਵਨ ਦਾ ਪ੍ਰਕਾਸ਼ ਲਿਸ਼ਕਣ ਲੱਗਾ । ਬੱਸ ਫਿਰ ਕਾਹਦੀ ਦੇਰੀ ਸੀ। ਮੁਗ਼ਲਪੁਰੇ ਦੇ ਮਹੱਲ ਖ਼ੁਸ਼ੀਆਂ ਦੇ ਸ਼ਾਦਿਆਨਿਆਂ ਨਾਲ ਗੂੰਜ ਉਠੇ।

ਨਵਾਬ ਸਾਹਿਬ ਦੀ ਤੰਦਰੁਸਤੀ ਦੀ ਖ਼ਬਰ ਸ਼ਹਿਰ ਵਿਚ ਫੈਲ ਗਈ। ਸਾਰੇ ਸ਼ਹਿਰ ਵਿਚ ਉਸ ਦੀ ਸਿਹਤਯਾਬੀ ਦੀ ਖ਼ੁਸ਼ੀ ਵਜੋਂ ਚਰਾਗਾਂ (ਦੀਪ-ਮਾਲਾ) ਕੀਤਾ ਗਿਆ। ਮਸਜਦਾਂ ਵਿਚ ਸ਼ੁਕਰਾਨੇ ਦੀ ਨਮਾਜ਼ ਪਿਛੋਂ ਖ਼ਾਸ ਦੁਆਵਾਂ ਮੰਗੀਆਂ ਜਾ ਰਹੀਆਂ ਸਨ। ਦੂਜੇ ਪਾਸੇ ਸ: ਸੁਬੇਗ ਸਿੰਘ, ਸਿੰਘਾਂ ਦੇ ਸਿਰਾਂ ਦੇ ਮੁਨਾਰੇ ਗਿਰਾ ਕੇ ਉਹਨਾਂ ਦਾ ਸਸਕਾਰ ਕਰਵਾ ਰਹੇ ਸਨ। ਸਰਕਾਰੀ ਕਰਮਚਾਰੀ ਕਾਹਲੀ ਕਾਹਲੀ ਚਰਖੜੀਆਂ ਪੁਟਵਾ ਰਹੇ ਸਨ । ਬੰਦੀ ਸਿੰਘ ਛੱਡੇ ਗਏ ਤੇ ਸਿੰਘਾਂ ਦੀਆਂ ਗ੍ਰਿਫ਼ਤਾਰੀਆਂ ਬੰਦ ਕਰਨ ਦਾ ਹੁਕਮ ਨਵਾਬ ਨੇ ਦੇ ਦਿਤਾ।

ਲਾਹੌਰ ਦਾ ਉਹ ਹਿੱਸਾ, ਜਿਥੇ ਅੱਜ ਕਲ੍ਹ ਲੰਡਾ ਬਜ਼ਾਰ ਤੇ ਵੱਡਾ ਰੇਲਵੇ ਸਟੇਸ਼ਨ ਹੈ, ਇਸ ਦੇ ਚਾਰ ਚੁਫੇਰੇ ਚੱਪਾ ਚੱਪਾ ਜ਼ਮੀਨ ਸਿੰਘਾਂ ਦੇ ਖੂਨ ਨਾਲ ਸਿੰਜੀ ਹੋਈ ਹੈ।

ਤੰਦਰੁਸਤੀ ਹਾਸਲ ਕਰਨ ਤੋਂ ਪਿਛੋਂ ਜ਼ਕਰੀਆ ਖ਼ਾਨ ਸਿਰਫ਼ ਚਾਰ ਦਿਨ ਹੀ ਜੀਵਿਆ। ਇਸ ਦੇ ਪਿਛੋਂ ਉਹ ਅਚਨਚੇਤ ਹੀ ਮਰ ਗਿਆ। ਇਹ ਪਤਾ ਚਲਦਾ ਹੈ ਕਿ ਪਿਸ਼ਾਬ ਦਾ ਬੰਨ੍ਹ ਛਿੱਤਰ ਵਜਣ ਨਾਲ ਟੁੱਟਦਾ, ਪਿਸ਼ਾਬ ਆ ਜਾਂਦਾ। ਜਦ ਫਿਰ ਮਸਾਨੇ ਵਿਚ ਪਿਸ਼ਾਬ ਇਕੱਠਾ ਹੋ ਜਾਂਦਾ ਤਾਂ ਫਿਰ ਉਹੋ ਛਿੱਤਰਾਂ ਨਾਲ ਪਿਟਾਈ ਹੁੰਦੀ। ਛਿੱਤਰ ਵਜਦੇ ਵੀ ਸਿਰ ਵਿਚ। ਪਿਸ਼ਾਬ ਫਿਰ ਜਾਰੀ ਹੋ ਜਾਂਦਾ। ਇਹ ਸਿਲਸਿਲਾ ਚਾਰ ਦਿਨ ਜਾਰੀ ਰਿਹਾ ਤੇ ਬਾਕਾਇਦਾ ਜੁੱਤੀਆਂ ਸਿਰ ਵਿਚ ਵੱਜਦੀਆਂ ਰਹੀਆਂ।

ਜਦ ਇਸ ਵਾਕਿਆ ਦੀ ਖ਼ਬਰ ਭਾਈ ਤਾਰੂ ਸਿੰਘ ਜੀ ਨੂੰ ਹੋਈ ਤਾਂ ਉਹਨਾਂ ਨੇ ਕਿਹਾ ਕਿ ਹੁਣ ਸਾਡਾ ਸਮਾਂ ਵੀ ਆਣ ਪੂਜਾ ਹੈ । ਸਾਡਾ ਕੰਮ ਨਵਾਬ ਨੂੰ ਜੁੱਤੀਆਂ ਮਾਰ ਕੇ ਉਸ ਨੂੰ ਅੱਗੇ ਲਾ ਕੇ ਲਿਜਾਣਾ ਸੀ। ਉਹ ਪੂਰਾ ਹੋ ਗਿਆ ਹੈ, ਸੋ ਹੁਣ ਅਸੀਂ ਵੀ ਚਾਲੇ ਪਾਉਂਦੇ ਹਾਂ। ਉਸੇ ਦਿਨ ਭਾਈ ਤਾਰੂ ਸਿੰਘ ਜੀ ਵੀ ਚੜ੍ਹਾਈ ਕਰ ਗਏ ਤੇ ਦੁਨੀਆ ਨੂੰ ਦੱਸ ਦਿਤਾ ਗਿਆ ਕਿ ਸਿਦਕ ਭਰੋਸੇ ਵਾਲੇ ਸਿੰਘ ਸਿੱਖੀ ਕੇਸਾਂ ਸਵਾਸਾਂ ਨਾਲ ਕਿਸ ਤਰ੍ਹਾਂ ਨਿਭਾਉਂਦੇ ਹਨ। (ਯਹ ਸਿਖ ਬਹਾਦਰ ਸੂਰੇ, ਆਪਣੇ ਹਠ ਦੇ ਪੂਰੇ)।

ਇਹ ਵਾਕਿਆ ਦਿਨ ਸੋਮਵਾਰ ਪਹਿਲੀ ਸਾਵਣ ਸੰਮਤ ੧੮੦੨ ਬਿਕਰਮੀ ਮੁਤਾਬਕ ੧੨ ਜਮਾਦੀ ਉਲ-ਸਾਨੀ ੧੧੮੫ ਹਿਜਰੀ ਮੁਤਾਬਕ ਪਹਿਲੀ ਜੁਲਾਈ ਸੰਨ ੧੭੪੫ ਈਸਵੀ ਦਾ ਹੈ।

ਸੋਮਵਾਰ ੧ ਸਾਵਣ ਸੰਮਤ ੧੮੦੨ ਬਿਕ੍ਰਮੀ ਸੋਮਵਾਰ ੧ ਜੁਲਾਈ ਸੰਨ ੧੭੪੫ ਈਸਵੀ ਸੋਮਵਾਰ ੧੨ ਜਮਾਦੀ ਉਲ-ਸਾਨੀ ੧੧੮੫ ਹਿਜਰੀ

ਭਾਈ ਤਾਰੂ ਸਿੰਘ ਦਾ ਸ਼ਹੀਦਗੰਜ ਲਾਹੌਰ ਰੇਲਵੇ ਸਟੇਸ਼ਨ ਦੇ ਪਾਸ ਲੰਡਾ ਬਾਜ਼ਾਰ ਵਿਚ, ਸ਼ਹੀਦਗੰਜ ਸਿੰਘਣੀਆਂ ਦੇ ਲਾਗੇ ਹੀ ਅੱਜ ਤਕ ਉਨ੍ਹਾਂ ਦੀ ਯਾਦ ਤਾਜ਼ਾ ਕਰ ਰਿਹਾ ਹੈ।

“ਸ਼ਹੀਦ ਕੀ ਜੋ ਮੌਤ ਹੈ ਵੁਹ ਕੌਮ ਕੀ ਹਯਾਤ ਹੈ। ਹਯਾਤ ਤੋ ਹਯਾਤ ਹੈ ਮੌਤ ਭੀ ਹਯਾਤ ਹੈ।”

ਸ਼ਹੀਦਗੰਜ ਭਾਈ ਤਾਰੂ ਸਿੰਘ ਜੀ ਤੇ ਸ਼ਹੀਦਗੰਜ ਸਿੰਘਣੀਆਂ ਬਾਰੇ ਕੁਝ ਸ਼ਬਦ

ਇਹ ਗੱਲ ਮਈ ੧੯੭੬ ਦੀ ਹੈ, ਜਦ ਮੈਨੂੰ ਵੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ‘ਤੇ ਜਾਣ ਵਾਲੇ ਜਥੇ ਵਿਚ ਸ਼ਾਮਲ ਹੋ ਕੇ ਡੇਰਾ ਸਾਹਿਬ ਲਾਹੌਰ ਜਾਣ ਦਾ ਮੌਕਿਆ ਮਿਲਿਆ। ਇਸ ਵਾਰ ਸ: ਅਮਰ ਸਿੰਘ ਦੁਸਾਂਝ ਐਡੀਟਰ ‘ਅਕਾਲੀ ਪਤ੍ਰਕਾ’ ਜਥੇ ਦੇ ਮੁਖੀ ਸਨ।

ਸਾਰੇ ਇਤਿਹਾਸਕ ਸਥਾਨ, ਜੋ ਸਿਖ ਇਤਿਹਾਸ ਨਾਲ ਸੰਬੰਧਤ ਹਨ, ਵੇਖਣ ਦਾ ਸੁਭਾਗ ਪ੍ਰਾਪਤ ਹੋਇਆ। ਸ਼ਹੀਦਗੰਜ ਭਾਈ ਤਾਰੂ ਸਿੰਘ ਜਦ ਡਿਠਾ ਤਾਂ ਮਨ ‘ਤੇ ਬੜੀ ਭਾਰੀ ਚੋਟ ਵੱਜੀ। ਸ਼ਹੀਦਗੰਜ ਦੇ ਲਾਗੇ ਹੀ ਇਕ ਕਬਰ ਦੇ ਮਜੌਰ ਦੀ ਰਿਹਾਇਸ਼ ਸੀ । ਭਾਈ ਸਾਹਿਬ ਦੇ ਸ਼ਹੀਦਗੰਜ ਦੇ ਚਬੂਤਰੇ ‘ਤੇ ਇਕ ਬਕਰੀ ਬੱਧੀ ਹੋਈ ਤੇ ਪਾਸ ਹੀ ਉਸ ਦੇ ਦੋ ਪਠੋਰੇ ਬੈਠੇ ਹੋਏ ਸਨ। ਪੌੜੀਆਂ ਤੇ ਚਬੂਤਰਾ ਮੇਂਗਣਾਂ ਨਾਲ ਭਰੇ ਪਏ ਸਨ। ਲਾਗੇ ਹੀ ਮਜੌਰ ਦੇ ਨਿਆਣੇ ਖੇਡ ਰਹੇ ਸਨ ਤੇ ਚਬੂਤਰੇ ਦੀ ਉਤਲੀ ਤੋਂ ਹੇਠਲੀ ਪੌੜੀ ‘ਤੇ ਇਕ ਨਿਆਣੇ ਨੇ ਟੁੱਟੀ ਕੀਤੀ ਹੋਈ ਸੀ ਤੇ ਸ਼ਹੀਦਗੰਜ ਵਾਲੀ ਬਾਹਰਲੀ ਕੰਧ ਨਾਲ ਲਾ ਕੇ ਇਕ ਹੁੱਕਾ ਰਖਿਆ ਹੋਇਆ ਸੀ। ਆਸ ਪਾਸ ਸਫ਼ਾਈ ਦਾ ਕੀ ਹਾਲ ਸੀ, ਦੱਸਣ ਤੋਂ ਅਸਮਰੱਥ ਹਾਂ। ਜਦ ਅਸਾਂ ਉਥੇ ਖੜੇ ਸਾਰੇ ਸਿੰਘਾਂ ਇਤਰਾਜ਼ ਕੀਤਾ ਤੇ ਉਸ ਨੂੰ ਕੜਕ ਕੇ ਪਏ ਤੇ ਆਖਿਆ ਕਿ ਹੁਣੇ ਜਾ ਕੇ ਸੰਬੰਧਤ ਉਚ-ਅਧਿਕਾਰੀ ਨੂੰ ਇਸ ਹੋ ਰਹੀ ਬੇਅਦਬੀ ਦੀ ਸ਼ਿਕਾਇਤ ਕਰਦੇ ਹਾਂ ਤਾਂ ਉਹ ਭੈਭੀਤ ਜਿਹਾ ਹੋ ਕੇ ਬਕਰੀ ਖੋਲ੍ਹ ਕੇ ਪਰੇ ਲੈ ਗਿਆ। ਝਾੜੂ ਲੈ ਕੇ ਮੇਂਗਣਾਂ ਹੂੰਜੀਆਂ ਤੇ ਨਿਆਣਿਆਂ ਨੂੰ ਵੀ ਦਬਕਾਇਆ। ਘਰ-ਵਾਲੀ ਨੂੰ ਡਾਂਟਿਆ ਤੇ ਟੁੱਟੀ ਸਾਫ਼ ਕਰ ਕੇ ਪਾਣੀ ਨਾਲ ਫ਼ਰਸ਼ ਧੋਣ ਲਈ ਕਿਹਾ। ਬੜੀਆਂ ਮਿੰਨਤਾਂ ਕਰੇ ਕਿ ਮੈਂ ਗਰੀਬ ਆਦਮੀ ਹਾਂ, ਬਾਲ ਬੱਚੇਦਾਰ ਹਾਂ, ਸ਼ਿਕਾਇਤ ਨਾ ਕਰਿਓ। ਤੁਹਾਡੀ ਜ਼ਿਆਰਤ ਸਫਲ ਹੋਵੇ।

ਇਹ ਸਿਖ ਇਤਿਹਾਸ ਦੇ ਉਘੇ ਕੌਮੀ ਸ਼ਹੀਦ ਦੀ ਛੋਟੀ ਜਿਹੀ ਯਾਦਗਾਰ (ਇਹ ਯਾਦਗਾਰ ਉਸ ਦੇ ਕਾਰਨਾਮੇ ਦੀ ਸ਼ਾਨ ਦੇ ਸ਼ਾਇਆ ਨਹੀਂ) ਦਾ ਹਾਲ ਸੀ, ਜਿਸ ਨੂੰ ਅਸੀਂ ਰੋਜ਼ ਅਰਦਾਸ ਵਿਚ ਯਾਦ ਕਰਦੇ ਹਾਂ ਤੇ ਆਪਣੇ ਵਿਚ ਵੈਸਾ ਹੀ ਸਿੱਖੀ ਪਿਆਰ ਤੇ ਜਜ਼ਬਾ ਪੈਦਾ ਕਰਨਾ ਲੋਚਦੇ ਹਾਂ। ਜਿਨ੍ਹਾਂ ਦੀਆਂ ਕੁਰਬਾਨੀਆਂ ਦੇ ਅਸੀਂ ਵਾਰਸ ਬਣ ਕੇ ਦੁਨੀਆ ਵਿਚ ਫ਼ਖਰ ਕਰਦੇ ਹਾਂ ਕਿ ਲੋਕੋ, ਵੇਖੋ ਜ਼ਰਾ ਸਾਡਾ ਇਤਿਹਾਸਕ ਵਿਰਸਾ। ਉਹਨਾਂ ਦੇ ਨਾਂ ‘ਤੇ ਅਸੀਂ ਕੀ ਨਹੀਂ ਕਰਦੇ। ਵਾਪਸ ਆ ਕੇ ਜਦ ਵਕਫ਼ ਬੋਰਡ ਵਾਲਿਆਂ ਨੂੰ ਸ਼ਿਕਾਇਤ ਕੀਤੀ, ਉਹਨਾਂ ਅਫ਼ਸੋਸ ਵੀ ਜ਼ਾਹਰ ਕੀਤਾ ਤੇ ਭਰੋਸਾ ਦਿਵਾਇਆ ਕਿ ਯੋਗ ਕਾਰਵਾਈ ਕੀਤੀ ਜਾਵੇਗੀ ਤੇ ਅੱਗੇ ਤੋਂ ਕੋਈ ਸ਼ਿਕਾਇਤ ਨਹੀਂ ਹੋਵੇਗੀ। ਵਾਹਿਗੁਰੂ ਹੀ ਜਾਣਦਾ ਹੈ ਕਿ ਹੁਣ ਕੀ ਹਾਲ ਹੈ।

੧੯੮੫ ਤਕ ਮੇਰਾ ਪਾਸਪੋਰਟ ਵੈਲਿਡ ਸੀ। ਪਿਛੋਂ ਨਿਯਮ ਹੀ ਕੁਝ ਐਸੇ ਬਣ ਗਏ ਕਿ ਮੈਨੂੰ ਮੁੜ ਦਰਸ਼ਨ ਨਹੀਂ ਹੋਏ, ਭਾਵ ੭੬ ਤੋਂ ੮੫ ਤਕ। ਮੁੜ ਮੁੜ ਉਹਨਾਂ ਪਰਪੱਕ ਸ਼ਰਧਾਵਾਨ ਸਿੱਖਾਂ ਨੂੰ ਆਗਿਆ ਮਿਲਦੀ ਗਈ ਜੋ ਯਾਤਰਾ ਦੇ ਨਾਲ ਨਾਲ ਆਪਣਾ ਮਾਲੀ ਲਾਭ ਵੀ ਉਠਾਉਣਾ ਚੰਗਾ ਜਾਣਦੇ ਹਨ ਤੇ ਸਿਫ਼ਾਰਸ਼ਾਂ ਵੀ ਮੋਟੀਆਂ ਰਖਦੇ ਹਨ। ਸਾਡੇ ਦੇਸ ਦੀਆਂ ਲੋਈਆਂ ਤੇ ਸ਼ਾਲ, ਇਲਾਚੀਆਂ ਤੇ ਵਿਸਕੀ ਹਥੋਂ-ਹਥ ਵਿਕ ਜਾਂਦੀ ਹੈ। ਇੰਜ ਮਾਲ ਪੈਦਾ ਕਰ ਲੈਣ ਵਾਲੇ ਤੇ ਅਧਿਕਾਰੀਆਂ ਨੂੰ ਖ਼ੁਸ਼ ਕਰ ਲੈਣ ਵਾਲਿਆਂ ਦੇ ਮੁਕਾਬਲੇ ਵਿਚ ਮੇਰੇ ਵਰਗੇ ਮਲੰਗ ਨੂੰ ਕੌਣ ਪੁਛਦਾ, ਜਿਨ੍ਹੇ ਜਾ ਕੇ ਪਬਲਿਕ ਔਰੀਐਂਟਲ ਲਾਇਬਰੇਰੀ ਲਾਹੌਰ, ਦਿਆਲ ਸਿੰਘ ਕਾਲਜ ਲਾਇਬਰੇਰੀ ਤੇ ਪੁਰਾਣੀਆਂ ਇਤਿਹਾਸਕ ਕਿਤਾਬਾਂ ਵੇਚਣ ਵਾਲਿਆਂ ਦੀਆਂ ਦੁਕਾਨਾਂ ਦੇ ਚੱਕਰ ਕੱਟਣੇ ਹਨ। ਦਰਸ਼ਨਾਂ ਵਾਸਤੇ ਸਿਫ਼ਾਰਸ਼ ਚਾਹੀਦੀ ਸੀ ਤੇ ਉਹ ਮੇਰੇ ਪਾਸ ਹੈ ਨਹੀਂ ਸੀ।’

ਇਸ ਤੋਂ ਪਿਛੋਂ ਜਦ ਸ਼ਹੀਦਗੰਜ ਸਿੰਘਣੀਆਂ ਦੇ ਦਰਸ਼ਨ ਕੀਤੇ ਤਾਂ ਰੂਹ ਹੀ ਕੰਬ ਗਈ। ਇਸ ਦੀ ਇਮਾਰਤ ਵਿਚ ਕਈ ਕਿਸਮ ਦੇ ਦਫ਼ਤਰ ਬਣੇ ਹੋਏ ਸਨ। ਇਕ ਹਿੱਸਾ ਸਕੂਲ ਦੇ ਅਧੀਨ ਸੀ । ਸੰਗਮਰਮਰ ਲੱਗੇ ਵਾਲਾ ਲੰਮਾ ਚੌੜਾ ਚਬੂਤਰਾ, ਜਿਥੇ ਵੰਡ ਤੋਂ ਪਹਿਲਾਂ ਮਹਾਰਾਜ ਦੀ ਹਜ਼ੂਰੀ ਵਿਚ ਦੀਵਾਨ ਸੱਜਦੇ ਸਨ ਤੇ ਸੰਗਤਾਂ ਬੈਠ ਕੇ ਰੱਬੀ ਬਾਣੀ ਦੇ ਕੀਰਤਨ ਦਾ ਅਨੰਦ ਮਾਣਿਆ ਕਰਦੀਆਂ ਤੇ ਢਾਡੀਆਂ ਕਵੀਸ਼ਰਾਂ ਤੋਂ ਕੌਮੀ ਇਤਿਹਾਸ ਸੁਣ ਕੇ ਗਦ ਗਦ ਹੁੰਦੀਆਂ ਸਨ, ਅੱਜ ਉਹ ਪਵਿਤਰ ਸਥਾਨ ਨਮਾਜ਼ ਅਧੀਨ ਹੈ। ਸ਼ਹੀਦਗੰਜ ਦੀ ਪੱਛਮ ਵਾਲੀ ਕੰਧ ਨੂੰ ਈਦਗਾਹ ਵਾਲੀ ਮਹਿਰਾਬ ਦੀ ਸ਼ਕਲ ਦੇ ਕੇ ਉਸ ਨੂੰ ਮਸਜਿਦ-ਨੁਮਾ ਬਣਾ ਦਿਤਾ ਗਿਆ ਹੈ। ਉਸ ਦੀ ਸ਼ਕਲ ਇਸ ਪ੍ਰਕਾਰ ਹੈ – ட ਇਹ ਖ਼ਮ ਮਹਿਰਾਬ ਦਰਸਾਉਂਦਾ ਹੈ, ਜਿਥੇ ਖ਼ਤੀਬ ਖੜਾ ਹੋ ਕੇ ਹਾਜ਼ਰੀਨ ਵਲ ਮੂੰਹ ਕਰ ਕੇ ਜੁੰਮੇ ਦੀ ਨਮਾਜ਼ ਪਿਛੋਂ ਵਾਅਜ਼ ਕਰਦਾ ਹੈ।

ਯਾਦ ਰਹੇ ਕਿ ਸ਼ਹੀਦਗੰਜ ਵਾਲੀ ਥਾਂ ਦੇ ਇਕ ਪਾਸੇ ਮੁਸਲਮਾਨੀ ਕਾਲ ਵੇਲੇ ਬਣੀ ਇਕ ਨਿਕੀ ਜਿਹੀ ਮਸਜਿਦ ਦਾ ਖੰਡਰ ਖੜਾ ਸੀ । ਇਹ ਵਰਤੋਂ ਵਿਚ ਨਹੀਂ ਸੀ ਤੇ ਚਿਰ ਕਾਲ ਤੋਂ ਇੰਜ ਹੀ ਖੜਾ ਸੀ । ਫ਼ਿਰਕਾਪ੍ਰਸਤੀ ਤੇ ਈਰਖਾ ਨੇ ਆਪਣਾ ਰੰਗ ਵਿਖਾਇਆ ਤੇ ਇਹ ਖੰਡਰ ਬੜੇ ਵੱਡੇ ਮੁਕੱਦਮੇ ਦਾ ਕਾਰਨ ਬਣਿਆ ਸੀ । ਫ਼ਸਾਦ ਹੋਏ, ਛੁਰੇ ਤਲਵਾਰਾਂ ਤੇ ਗੋਲੀਆਂ ਚਲੀਆਂ, ਖੂਨ ਖ਼ਰਾਬਾ ਹੋਇਆ, ਤੇ ਪਿਛੋਂ ਬੜੀ ਦੇਰ ਤਕ ਪੰਜਾਬ ਹਾਈ ਕੋਰਟ ਵਿਚ ਮੁਕੱਦਮਾ ਚਲਿਆ । ਸਿੱਖਾਂ ਵਲੋਂ ਰਾਏ ਬਹਾਦਰ ਬਦਰੀ ਦਾਸ ਮੁਕੱਦਮੇ ਦੀ ਪੈਰਵੀ ਕਰਦੇ ਸਨ, ਜੋ ਪੰਜਾਬ ਦੇ ਬੜੇ ਉਘੇ ਵਕੀਲ ਸਨ । ਮੁਕੱਦਮਾ ਸਿੱਖਾਂ ਦੇ ਹੱਕ ਵਿਚ ਹੋ ਗਿਆ। ੧੧-੧੨ ਸਾਲ ਪਿਛੋਂ ਮੁਲਕ ਦੀ ਵੰਡ ਹੋ ਗਈ। ਜਦ ਕੋਈ ਵਾਲੀ-ਵਾਰਸ ਨਾ ਰਿਹਾ ਤਾਂ ਮੁਸਲਮਾਨਾਂ ਨੇ ਛੋਟੀ ਜਿਹੀ ਮਸਜਿਦ ਦੀ ਥਾਂ ਤਾਂ ਇਕ ਪਾਸੇ ਰਹੀ, ਸਾਰੇ ਸ਼ਹੀਦਗੰਜ ਦੀ ਪੱਛਮੀ ਕੰਧ ਨੂੰ ਮਹਿਰਾਬ-ਨੁਮਾ ਬਣਾ ਕੇ ਮਸਜਿਦ ਲਈ ਵਰਤਣਾ ਸ਼ੁਰੂ ਕਰ ਦਿਤਾ ਹੈ। ਇਹ ਸਰਾ-ਸਰ ਧੱਕਾ ਤੇ ਬੇ-ਇਨਸਾਫ਼ੀ ਹੈ। ਉਨ੍ਹਾਂ ਨੂੰ ਸਾਡੇ ਧਾਰਮਿਕ ਸਥਾਨ ‘ਤੇ ਕੌਮੀ ਚਿੰਨ੍ਹ, ਜਿਸ ਦਾ ਹਾਈ ਕੋਰਟ ਨੇ ਬਹੁਤ ਪਹਿਲਾਂ ਠੋਕਵਾਂ ਫ਼ੈਸਲਾ ਦੇ ਦਿਤਾ ਸੀ, ਨੂੰ ਵਿਗਾੜਨ ਦਾ ਕੋਈ ਹੱਕ ਨਹੀਂ। ਅਸੀਂ ਹੱਦੋਂ ਐਸ ਪਾਸੇ ਬੈਠੇ ਹਾਂ । ਜੇ ਵੰਡ ਨਾ ਹੁੰਦੀ ਤਾਂ ਕਿਸ ਦੀ ਤਾਕਤ ਸੀ ਕਿ ਸਾਡੇ ਇਹਨਾਂ ਮਹਾਨ ਇਤਿਹਾਸਕ ਅਸਥਾਨਾਂ ਦੀ ਇਸ ਤਰ੍ਹਾਂ ਬੇਅਦਬੀ ਕਰਦਾ । ਪਰ ਅਫ਼ਸੋਸ, ਮਨਜ਼ਲ ‘ਤੇ ਅੱਪੜ ਕੇ ਰਾਹਨੁਮਾਵਾਂ ਨੇ ਹੀ ਕਾਫ਼ਲਾ ਲੁਟ ਲਿਆ।

ਸ਼ਾਮ ਨੂੰ ਡੇਹਰਾ ਸਾਹਿਬ ਵਾਪਸ ਆ ਕੇ ਮੈਂ ਸਿੱਧਾ ਸ: ਅਮਰ ਸਿੰਘ ਜੀ ਦੁਸਾਂਝ ਦੇ ਕਮਰੇ ਵਿਚ ਗਿਆ, ਜੋ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੀ ਸਮਾਧ ਦੇ ਪੂਰਬ ਵਾਲੇ ਕਮਰਿਆਂ ‘ਚੋਂ ਇਕ ਸੀ । ਦਾਸ ਨੇ ਜੋ ਵੇਖਿਆ ਸੀ, ਉਸ ਵੱਲ ਉਹਨਾਂ ਦਾ ਧਿਆਨ ਦਿਵਾਇਆ। ਉਹਨਾਂ ਸਤਿਕਾਰ ਨਾਲ, ਪਰ ਐਡੀਟਰਾਂ ਵਾਲਾ ਹੁੰਗਾਰਾ ਦਿਤਾ। ਮੈਂ ਬੇਨਤੀ ਕੀਤੀ ਕਿ ਤੁਸੀਂ ਵਕਫ਼ ਬੋਰਡ ਦੇ ਉੱਚ ਅਧਿਕਾਰੀਆਂ ਤੇ ਹਕੂਮਤ ਦੇ ਨੋਟਿਸ ਵਿਚ ਲਿਆਵੋ । ਇਸ ਮੁਆਮਲੇ ਨੂੰ ਕਰੜੇ ਹੱਥੀਂ ਲੈਣਾ ਚਾਹੀਦਾ ਹੈ।

ਸਬੱਬ ਨਾਲ ਇਸ ਸਮਾਗਮ ਦੇ ਮੌਕੇ ‘ਤੇ ਗਿਆਨੀ ਜ਼ੈਲ ਸਿੰਘ ਮੁਖ ਮੰਤਰੀ ਪੰਜਾਬ ਵੀ ਆਏ ਸਨ ਤੇ ਲਾਹੌਰ ਇਕ ਹੋਟਲ ਵਿਚ ਠਹਿਰੇ ਹੋਏ ਸਨ। ਜਦ ਉਹ ਗੁਰਦੁਆਰਾ ਸਾਹਿਬ ਆਏ ਤਾਂ ਮੈਂ ਫਿਰ ਦੁਸਾਂਝ ਸਾਹਿਬ ਨੂੰ ਯਾਦ ਕਰਾਉਂਦਿਆਂ ਬੇਨਤੀ ਕੀਤੀ ਕਿ ਇਕ ਤਾਂ ਗਿਆਨੀ ਜੀ ਸ਼ਹੀਦਗੰਜ ਆਪ ਜਾ ਕੇ ਆਪਣੀ ਅੱਖੀਂ ਸਭ ਕੁਝ ਵੇਖ ਲੈਣ ਤੇ ਆਪਣੇ ਅਸਰ ਰਸੂਖ਼ ਨਾਲ ਜ਼ਰੂਰ ਕੋਈ ਕਦਮ ਚੁਕਣ । ਦਿੱਲੀ ਸਰਕਾਰ ਨੂੰ ਕਹਿਣ, ਜੋ ਆਪਣੀ ਪੱਧਰ ‘ਤੇ ਕੋਈ ਤੁਰੰਤ ਠੋਸ ਕਾਰਵਾਈ ਕਰੇ । ਹੋਰ ਤਾਂ ਸਭ ਕੁਝ ਫੇਰ ਕੀਤਾ ਜਾ ਸਕਦੈ, ਪਰ ਸਭ ਤੋਂ ਪਹਿਲਾਂ ਫ਼ੌਰੀ ਤੌਰ ‘ਤੇ ਸ਼ਹੀਦਗੰਜ ਦੀ ਪੱਛਮੀ ਕੰਧ ਵਾਲਾ ਖ਼ਮ ਢੁਆ ਕੇ ਸਿੱਧਾ ਕਰਵਾਇਆ ਜਾਵੇ । ਸ: ਅਮਰ ਸਿੰਘ ਨੇ ਕਿਹਾ ਕਿ ਜ਼ਰੂਰ ਹੀ ਗਿਆਨੀ ਜੀ ਨੂੰ ਕਹਿੰਦੇ ਹਾਂ ਤੇ ਜ਼ੋਰ ਦੇ ਕੇ ਕਹਿੰਦੇ ਹਾਂ। ਪਤਾ ਨਹੀਂ ਦੋਹਾਂ ਨੇਤਾਵਾਂ, ਜਦ ਮਿਲੇ ਕਿਵੇਂ ਗੱਲ-ਬਾਤ ਕੀਤੀ ਹੋਵੇ। ਇਸ ਤੋਂ ਪਿਛੋਂ ਇਸ ਬਾਰੇ ਨਾ ਕੁਝ ਹੋਇਆ, ਨਾ ਸੁਣਿਆ।

ਦੁਸਾਂਝ ਜੀ ਨੂੰ ਇਹ ਵੀ ਬੇਨਤੀ ਕੀਤੀ ਗਈ ਸੀ ਕਿ ਆਪਣੇ ਅਖ਼ਬਾਰ ਵਿਚ ਵੀ ਵਾਪਸ ਚਲ ਕੇ ਆਵਾਜ਼ ਉਠਾਇਓ। ਤੁਹਾਡੀ ਕਲਮ ਵਿਚ ਜ਼ੋਰ ਹੈ ਤੇ ਤੁਸੀਂ ਆਪਣੀ ਆਵਾਜ਼ ਬੋਲਿਆਂ ਕੰਨਾਂ ਵਿਚ ਵੀ ਸੁਣਦੀ ਕਰ ਸਕਦੇ ਹੋ। ਪਰ ਅਫ਼ਸੋਸ! ਉਹ ਇਸ ਬਾਰੇ ਕੁਝ ਵੀ ਨਾ ਲਿਖ ਸਕੇ । ਕਾਰਨ ਵਾਹਿਗੁਰੂ ਹੀ ਜਾਣਦਾ ਹੈ। ਦੁਸਾਂਝ ਜੀ ਜ਼ਿੰਦਾ ਹੁੰਦੇ ਤਾਂ ਸ਼ਾਇਦ ਦੱਸ ਸਕਦੇ।

ਜਥਾ ਜਦ ਵਾਪਸ ਆਇਆ ਤਾਂ ਦਾਸ ਪਿੰਡੋਂ ਸਿੱਧਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਖੇ ਸਕੱਤਰ ਸਾਹਿਬ ਦੇ ‘ਹਜ਼ੂਰ’ ਪੇਸ਼ ਹੋਇਆ। ਉਨ੍ਹਾਂ ਨੇ ਮੇਰੀ ਗੱਲ ਸੁਣੀ-ਅਣਸੁਣੀ ਕਰਦਿਆਂ ਕਿਹਾ ਕਿ ਜਾਉ, ਧਰਮ ਪ੍ਰਚਾਰ ਕਮੇਟੀ ਵਾਲਿਆਂ ਨਾਲ ਗੱਲ ਕਰੋ।

ਧਰਮ ਪ੍ਰਚਾਰ ਕਮੇਟੀ ਦੇ ਦਫ਼ਤਰ ਵਿਚ ਗਿਆ ਤੇ ਇਥੋਂ ਦੇ ਸਕੱਤਰ ਨੇ ਕਿਹਾ ਕਿ ਲਿਖ ਕੇ ਦਿਓ। ਪ੍ਰਧਾਨ ਸਾਹਿਬ ਤੇ ‘ਅਸ਼ੋਕ’ (ਸਵਰਗਵਾਸੀ ਸ: ਸ਼ਮਸ਼ੇਰ ਸਿੰਘ ‘ਅਸ਼ੋਕ’) ਨੂੰ ਵੀ ਮਿਲੋ। ਪ੍ਰਧਾਨ ਸਾਹਿਬ ਤਾਂ ਨਾ ਮਿਲੇ ਪਰ ਅਸ਼ੋਕ ਸਾਹਿਬ ਨੂੰ ਜਾ ਫ਼ਤਹ ਬੁਲਾਈ। ਉਹਨਾਂ ਕਿਹਾ-ਸੁਣਿਆ ਤਾਂ ਬਹੁਤ, ਪਰ ਆਖ਼ਿਰ ਵਿਚ ਕਿਹਾ ਕਿ ਉਹਨਾਂ ਦੀ ਉਥੇ ਕੀ ਵੱਟਤ ਹੈ । ਤੁਸੀਂ ਜੋ ਲਿਖ ਕੇ ਦਿਉਗੇ, ਟਿਪਣੀ ਸਹਿਤ ਅੱਗੇ ਤੋਰਿਆ ਜਾਵੇਗਾ। ਮੈਂ ਜੋ ਕੁਝ ਵੇਖਿਆ ਸੀ, ਉਸ ਦੀ ਦੂਸਰੀ ਕਾਪੀ (ਪਹਿਲੀ ਧਰਮ ਪ੍ਰਚਾਰ ਕਮੇਟੀ ਦੇ ਦਫ਼ਤਰ ਵਿਚ ਦੇ ਦਿਤੀ ਸੀ) ਅਸ਼ੋਕ ਜੀ ਨੂੰ ਦੇ ਦਿਤੀ। ਮੈਂ ਮਗਰੋਂ ਵੀ ਜਾ ਕੇ ਪਤਾ ਕਰਦਾ ਰਿਹਾ, ਪਰ ਮੈਨੂੰ ਕੋਈ ਮੂੰਹ ਸਿਰ ਨਾ ਲਭਾ। ਇਥੇ ਨਾ ਦਾਲ ਗਲਦੀ ਵੇਖ ਕੇ ਦਮਦਮੀ ਟਕਸਾਲ ਦੇ ਮੁਖੀ ਪਾਸ, ਭਾਵ ਸੰਤ ਕਰਤਾਰ ਸਿੰਘ ਜੀ ਖ਼ਾਲਸਾ ਪਾਸ ਜਾ ਅਰਜ਼ बोडी।

ਉਹਨਾਂ ਯਥਾ ਸ਼ਕਤ ਜ਼ੋਰ ਲਾਉਣ ਦਾ ਭਰੋਸਾ ਦਿਵਾਇਆ। ਪਰ ਅਫ਼ਸੋਸ ਉਹ ਛੇਤੀ ਹੀ ਇਕ ਹਾਦਸੇ ਵਿਚ ਸਖ਼ਤ ਜ਼ਖ਼ਮੀ ਹੋ ਕੇ ਅਕਾਲ ਚਲਾਣਾ ਕਰ ਗਏ। ਉਹਨਾਂ ਤੋਂ ਪਿਛੋਂ ਥਾਪੇ ਗਏ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਸਾਰੀ ਗੱਲ ਦੱਸੀ। ਉਨ੍ਹਾਂ ਕਿਹਾ ਕਿ ਇਹ ਹਿਰਦੇ-ਵੇਧਕ ਗੱਲ ਉਹ ਸੰਤਾਂ ਤੋਂ ਪਹਿਲਾਂ ਹੀ ਸੁਣ ਚੁਕੇ ਹਨ। ਕਿਹਾ ਕਿ ਚਾਰ ਸੌ ਸਾਲਾ ਦਿਵਸ ਤੋਂ ਮਗਰੋਂ ਆਪਾਂ ਇਸੇ ਕੰਮ ਵੱਲ ਹੋ ਜਾਣਾ ਹੈ। ਇਸ ਸਮਾਗਮ ਤੋਂ ਮਗਰੋਂ ਛੇਤੀ ਹੀ ਨਿਰੰਕਾਰੀਆਂ ਵਲੋਂ ਵਿਸਾਖੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਵਿਖੇ ੧੩ ਸਿੰਘ ਸ਼ਹੀਦ ਤੇ ਬਹੁਤ ਸਾਰੇ ਜ਼ਖ਼ਮੀ ਕਰ ਦਿਤੇ ਗਏ। ਉਹ ਉਸ ਪਾਸੇ ਰੁਝ ਗਏ। ਜਦ ਵੀ ਉਹਨਾਂ ਨੂੰ ਮਿਲੇ, ਉਹਨਾਂ ਕਿਹਾ ਕਿ ਸਾਨੂੰ ਚੇਤਾ ਹੈ। ਫ਼ਿਕਰ ਨਾ ਕਰੋ, ਗੱਲ ਕਿਸੇ ਪਾਸੇ ਲਾ ਕੇ ਹੀ ਛਡਾਂਗੇ।

੧੯੭੮-੭੯ ਵਿਚ ਹਾਲਾਤ ਬੜੀ ਤੇਜ਼ੀ ਨਾਲ ਬਦਲਦੇ ਗਏ । ਸਤੰਬਰ ੧੯੮੦ ਵਿਚ ਹਿੰਦ ਸਮਾਚਾਰ ਦੇ ਮੁਖ ਸੰਪਾਦਿਕ ਦੇ ਕਤਲ ਪਿਛੋਂ ਉਹਨਾਂ ਦੀ ਫੜੋ ਫੜਾਈ, ਉਹਨਾਂ ਦੇ ਸਿੰਘਾਂ ਦੀਆਂ ਗ੍ਰਿਫ਼ਤਾਰੀਆਂ ਤੇ ਇਹਨਾਂ ਦੀ ਰਿਹਾਈ ਲਈ ਉਹਨਾਂ ਦਾ ਮੋਰਚਾ। ਫਿਰ ਅਕਾਲੀ ਦਲ ਦਾ ਨਹਿਰ-ਰੋਕੂ ਮੋਰਚਾ ੧੯੮੨ ਵਿਚ। ਮੈਂ ਆਪ ਸਖ਼ਤ ਬੀਮਾਰ ਹੋ ਗਿਆ, ਪੀ.ਜੀ.ਆਈ ਦੇ ਚੱਕਰ । ਅੰਤ ਨੂੰ ਮੇਰਾ ਮੇਜਰ ਉਪ੍ਰੇਸ਼ਨ ਹੋ ਕੇ ਖਲਾਸੀ ਹੋਈ। ਅਕਤੂਬਰ ੧੯੮੩ ਤਕ ਮੈਂ ਕੁਝ ਨਾ ਕਰ ਸਕਿਆ। ਇਸ ਵੇਲੇ ਹਾਲਾਤ ਹੋਰ ਵੀ ਗੰਭੀਰ ਹੋ ਗਏ ਸਨ । ਤੇ ਇਨ੍ਹਾਂ ਹਾਲਾਤ ਵਿਚ ਉਹਨਾਂ ਨੂੰ ਕੀ ਕਹਿੰਦੇ। ਬਲਿਊ ਸਟਾਰ ਉਪ੍ਰੇਸ਼ਨ ਜੂਨ ੧੯੮੪ ਨੇ ਸਾਰੀ ਕਹਾਣੀ ਹੀ ਮੁਕਾਅ ਦਿਤੀ ਹੈ।

੧੦ ਸਾਲਾਂ ਵਿਚ ਇਹ ਗੱਲ ਕਿਸੇ ਪਾਸੇ ਨੂੰ ਵੀ ਤੁਰ ਨਹੀਂ ਸਕੀ, ਕੋਈ ਚੰਗਾ ਨਤੀਜਾ ਨਿਕਲਣਾ ਤਾਂ ਇਕ ਪਾਸੇ ਰਿਹਾ। ਮੈਂ ਜੋ ਵੇਖਿਆ, ਵਾਹਿਗੁਰੂ ਜਾਣੇ ਉਸ ਪਿਛੋਂ ਹੋਰ ਕੀ ਕੁਝ ਬਣ ਗਿਆ ਹੈ। ਲਾਹੌਰੋਂ ਹੋ ਕੇ ਆਏ ਸੱਜਣ ਜ਼ਿਆਦਾ ਜਾਣਦੇ ਹਨ ਤੇ ਦੱਸ ਸਕਦੇ ਹਨ। ਮੈਂ ਇਹਨਾਂ ਸਫ਼ਿਆਂ ਰਾਹੀਂ ਸਾਰੇ ਖ਼ਾਲਸਾ ਪੰਥ ਦੇ ਧਿਆਨ ਵਿਚ ਲਿਆਉਣ ਦਾ ਯਤਨ ਕਰ ਰਿਹਾ ਹਾਂ । ਸਾਰਿਆਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਜੇ ਇੰਜ ਹੀ ਅਸਾਂ ਮੌਨ ਧਾਰੀ ਰਖਿਆ ਤਾਂ ਸ਼ਹੀਦਗੰਜ ਨਾਂ ਦੇ ਕੋਈ ਵੀ ਅਸਥਾਨ ਲਾਹੌਰ ਦੇ ਲੰਡਾ ਬਾਜ਼ਾਰ ਵਿਖੇ ਵੇਖਣ ਨੂੰ ਨਹੀਂ ਮਿਲਣਗੇ। ਏਡੀਆਂ ਵੱਡੀਆਂ ਇਤਿਹਾਸਕ ਘਟਨਾਵਾਂ ਇਕ ਅਲਫ਼ ਲੇਲਾ ਦੇ ਕਿੱਸੇ ਦੀਆਂ ਘਟਨਾਵਾਂ ਬਣ ਕੇ ਰਹਿ ਜਾਣਗੀਆਂ। ਇਹ ਇਤਿਹਾਸਕ ਵਿਰਸਾ ਹੀ ਸਾਡੀ ਜ਼ਿੰਦ-ਜਾਨ ਹੈ। ਇਹਨਾਂ ਦੇ ਆਸਰੇ ਹੀ ਅਸੀਂ ਦੁਨੀਆ ਵਿਚ ਛਾਤੀ ਤਾਣ ਕੇ ਤੁਰ ਫਿਰ ਸਕਦੇ ਹਾਂ। ਇਹ ਅਨਮੋਲ ਇਤਿਹਾਸਕ ਚਿੰਨ੍ਹ ਜੇ ਸਾਡੀ ਅਣਗਹਿਲੀ ਕਰਕੇ ਮਿਟ ਗਏ, ਜਿਸ ਦੀ ਅੱਜ ਪੂਰੀ ਮੰਦੀ ਸੰਭਾਵਨਾ ਨਜ਼ਰ ਆ ਰਹੀ ਹੈ, ਤਾਂ ਉਹ ਖ਼ਾਲਸਾ ਕੌਮ, ਜਿਸ ਨੂੰ ਦੁਨੀਆ ਦੇ ਜਰਵਾਣੇ ਸਾਰਾ ਟਿਲ ਲਾ ਕੇ ਵੀ ਖ਼ਤਮ ਨਾ ਕਰ ਸਕੇ, ਸਦੀਆਂ ਕੀ, ਦਹਾਕਿਆਂ ਵਿਚ ਮਿਟ ਜਾਵੇਗੀ।

ਸਾਰਾ ਪੰਥ ਇਕ-ਮੁਠ ਤੇ ਇਕ-ਜ਼ਬਾਨ ਹੋ ਕੇ ਕੇਂਦਰੀ ਸਰਕਾਰ ਨੂੰ ਜ਼ੋਰਦਾਰ ਸ਼ਬਦਾਂ ਵਿਚ ਕਹੇ ਕਿ ਸਾਡੇ ਇਹਨਾਂ ਚਿੰਨ੍ਹਾਂ ਨੂੰ ਮੁਸਲਮਾਨ ਤੰਗ-ਨਜ਼ਰੀ ਦੀ ਦਸਤ ਬੁਰਦ ਤੋਂ ਸੁਰੱਖਿਅਤ ਕਰੇ । ਸਭ ਕੁਝ ਹੋ ਸਕਦੈ, ਸਿਰਫ਼ ਸਾਨੂੰ ਹੀ ਆਲਸ ਤਿਆਗਣ ਦੀ ਲੋੜ ਹੈ।

 

Credit – ਸਵਰਨ ਸਿੰਘ

Leave a comment

error: Content is protected !!