ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੁਕਤਸਰ ਦੀ ਲੜਾਈ

ਮੁਕਤਸਰ, ਜਿਸ ਨੂੰ ਉਸ ਸਮੇਂ ਖਿਦਰਾਣੇ ਦੀ ਢਾਬ ਕਿਹਾ ਜਾਂਦਾ ਸੀ, ਦੀ ਜੰਗ ਗੁਰੂ ਗੋਬਿੰਦ ਸਿੰਘ ਦੇ ਜੀਵਨ ਦੀ ਅਖੀਰਲੀ ਜੰਗ ਸੀ ਜਿਹੜੀ ਉਨ੍ਹਾਂ ਨੇ ਮੁਗ਼ਲ ਹਕੂਮਤ ਦੇ ਸਰਹਿੰਦ ਸੂਬੇ ਦੇ ਸੂਬੇਦਾਰ ਵਜੀਰ ਖ਼ਾਨ ਵੱਲੋਂ ਭੇਜੀ ਗਈ ਫ਼ੌਜ ਨਾਲ ਕੀਤੀ ਸੀ। ਇਹ ਦੋਵੇਂ ਧਿਰਾਂ ਵਿਚਕਾਰ ਹੋਈ ਗਹਿਗੱਚ ਲੜਾਈ ਸੀ । ਇਸ ਵਿਚ ਗੁਰੂ ਜੀ ਦੀ ਸਪਸ਼ਟ ਜਿੱਤ ਅਤੇ ਵਜ਼ੀਰ ਖ਼ਾਨ ਦੀ ਹਾਰ ਹੋਈ ਸੀ । ਇਹ ਲੜਾਈ 30 ਪੋਹ, ਸੰਮਤ 1762 ਬਿ. ਮੁਤਾਬਕ 14-15 ਜਨਵਰੀ, 1706 ਈ. ਨੂੰ ਲੜੀ ਗਈ ਸੀ ਅਤੇ ਪਹਿਲੀ ਮਾਘ ਨੂੰ ਸ਼ਹੀਦ ਹੋਏ ਦੋਵੇਂ ਧਿਰਾਂ ਦੇ ਸਿਪਾਹੀਆਂ ਦਾ ਉਨ੍ਹਾਂ ਦੀ ਆਪਣੀ ਆਪਣੀ ਮਰਯਾਦਾ ਅਨੁਸਾਰ ਸੰਸਕਾਰ ਕੀਤਾ ਗਿਆ ਸੀ । ਇਸ ਲੜਾਈ ਵਿਚ ਜੇਤੂ ਹੋਣ ਪਿੱਛੋਂ ਹੀ ਪੂਰੇ ਜੇਤੂ ਅੰਦਾਜ਼ ਵਿਚ ਗੁਰੂ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਜ਼ਫਰਨਾਮਾ (ਜਿੱਤ ਨੂੰ ਦਰਸਾਉਣ ਵਾਲਾ ਪੱਤਰ) ਲਿਖਿਆ ਸੀ ।

ਮੁਕਤਸਰ ਦੀ ਲੜਾਈ ਕੁਝ ਪੱਖੋਂ ਕਾਫੀ ਵਿਵਾਦਪੂਰਨ ਵੀ ਹੈ। ਮਿਸਾਲ ਦੇ ਤੌਰ ‘ਤੇ ਇਸ ਲੜਾਈ ਦੀ ਮਿਤੀ ਵਾਲਾ ਪੱਖ ਬਹੁਤ ਵਿਵਾਦਮਈ ਹੈ। ਇਸ ਪੱਖ ਦੇ ਸਪਸ਼ਟ ਨਾ ਹੋਣ ਕਰਕੇ ਇਸ ਸਮੇਂ ਹੀ ਵਾਪਰੀਆਂ ਹੋਰ ਘਟਨਾਵਾਂ ਬਾਰੇ ਵੀ ਸਪਸ਼ਟ ਰੂਪ ਵਿਚ ਕੁਝ ਨਹੀਂ ਕਿਹਾ ਜਾ ਸਕਦਾ । ਜੇਕਰ ਮੁਕਤਸਰ ਦੀ ਲੜਾਈ ਦੀ ਮਿਤੀ ਸਪਸ਼ਟ ਹੋ ਜਾਂਦੀ ਹੈ ਤਾਂ ਇਸੇ ਹੀ ਸਮੇਂ ਵਾਪਰੀਆਂ ਘਟਨਾਵਾਂ ਦਾ ਵੇਰਵਾ ਵੀ ਆਪਣੇ ਆਪ ਸਪਸ਼ਟ ਹੋ ਸਕਦਾ ਹੈ। ਮਿਸਾਲ ਦੇ ਤੌਰ ‘ਤੇ ਜਫਰਨਾਮਾ ਲਿਖੇ ਜਾਣ ਦੀ ਗੱਲ ਹੀ ਹੈ। ਜੇਕਰ ਮੁਕਤਸਰ ਦੀ ਜੰਗ 1762 ਬਿਦੀ ਹੀ ਪੋਹ-ਮਾਘ ਨੂੰ ਹੁੰਦੀ ਹੈ ਤਾਂ ਸਪਸ਼ਟ ਹੈ ਕਿ ਜਫਰਨਾਮਾ ਇਸ ਲੜਾਈ ਦੀ ਜਿੱਤ ਪਰਾਪਤ ਕਰਨ ਮਗਰੋਂ ਲਿਖਿਆ ਗਿਆ ਸੀ । ਇਸ ਦੇ ਨਾਲ ਹੀ ਗੁਰੂ ਜੀ ਦੀਆਂ ਮਾਲਵਾ ਵਿਚਲੀਆਂ ਥਾਵਾਂ ਦੀ ਯਾਤਰਾ ਬਾਰੇ ਵੀ ਸਪਸ਼ਟ ਰੂਪ ਵਿਚ ਲਿਖਿਆ ਜਾ ਸਕਦਾ ਹੈ।

ਮੁਕਤਸਰ ਦੀ ਲੜਾਈ ਦੀ ਮਿਤੀ ਬਾਰੇ ਦੋ ਮੱਤ ਚਲ ਰਹੇ ਹਨ। ਇਕ ਮੱਤ ਅਨੁਸਾਰ ਇਹ ਲੜਾਈ 1705 ਈ. ਦੇ ਪੋਹ ਮਹੀਨੇ ਦੇ ਅੰਤਿਮ ਦਿਨ ਲੜੀ ਗਈ ਸੀ। ਦੂਜੇ ਮੱਤ ਅਨੁਸਾਰ ਇਹ ਲੜਾਈ 1706 ਈ. ਦੇ ਵਿਸਾਖ ਮਹੀਨੇ ਦੀ ਤਿੰਨ ਤਾਰੀਖ ਨੂੰ ਲੜੀ ਗਈ ਸੀ । ਸ੍ਰੀ ਗੁਰ ਸੋਭਾ ਜੈਸੀ ਸਮਕਾਲੀ ਲਿਖਤ ਮੁਕਤਸਰ ਦੀ ਲੜਾਈ ਦੀ ਪਹਿਲੀ ਮਿਤੀ (30 ਪੋਹ) ਨੂੰ ਦਰਸਾਉਂਦੀ ਹੈ ਅਤੇ ਕੋਇਰ ਸਿੰਘ ਦੀ ਗੁਰਬਿਲਾਸ, ਗੁਰੂ ਕੀਆਂ ਸਾਖੀਆਂ ਅਤੇ ਕਨੱਈਆ ਲਾਲ ਦੀ ਤਾਰੀਖ-ਏ-ਪੰਜਾਬ ਇਸ ਗੱਲ ਦੀ ਪਰੋੜ੍ਹਤਾ ਕਰਦੀਆਂ ਹਨ । ਵਿਸਾਖ ਮਹੀਨੇ ਵਿਚ ਲੜਾਈ ਹੋਣ ਦੀ ਗੱਲ ਮਾਲਵਾ ਦੇਸ਼ ਰਟਨ ਦੀ ਸਾਖੀ ਪੋਥੀ ਵਿਚ ਆਈ ਡੇਲੇ ਤੋੜਨ ਦੀ ਕਥਾ ਨੂੰ ਆਧਾਰ ਬਣਾ ਕੇ ਅਪਣਾਈ ਗਈ ਹੈ। ਗਯਾਨੀ ਗਯਾਨ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਇਹ ਲੜਾਈ 21 ਬਿਸਾਖ, ਸੰਮਤ 1762 ਬਿ. ਮੁਤਾਬਕ ਮਈ ਦਾ ਪਹਿਲਾ ਹਫਤਾ 1705 ਈ. ਨੂੰ ਹੋਈ ਦੱਸਿਆ ਹੈ । ਇਸ ਗੱਲ ਨੂੰ ਮੰਨਣ ਵਾਲਿਆਂ ਦਾ ਤਰਕ ਹੈ ਕਿ ਡੇਲੇ ਸਿਰਫ ਵਿਸਾਖ ਦੇ ਮਹੀਨੇ ਹੀ ਲੱਗਦੇ ਹਨ। ਕਿਉਂਕਿ ਗੁਰੂ ਸਾਹਿਬ ਨੇ ਸਿੱਖਾਂ ਨੂੰ ਕਰੀਰਾਂ ਤੋਂ ਡੇਲੇ ਤੋੜ ਕੇ ਖਾਣ ਦੀ ਗੱਲ ਕਹੀ ਹੈ। ਇਸ ਕਰਕੇ ਜਰੂਰ ਹੀ ਇਹ ਮਹੀਨਾ ਵਿਸਾਖ ਦਾ ਹੋਵੇਗਾ। ਚੇਤੇ ਰਹਿਣਾ ਚਾਹੀਂਦਾ ਹੈ ਕਿ ਸਾਖੀ ਪੋਥੀ ਦੀ ਲਿਖਤ ਬਹੁਤ ਪਿੱਛੋਂ ਦੀ ਲਿਖਤ ਹੈ ਅਤੇ ਇਹ ਸਿਰਫ ਲੋਕ-ਕਥਾਵਾਂ ਦਾ ਹੀ ਸੰਗਰਹਿ ਹੈ। ਡੇਲੇ ਤੋੜਨ ਦੀ ਗੱਲ ਪਤਾ ਨਹੀਂ ਗੁਰੂ ਜੀ ਦੀ ਕਿਸ ਯਾਤਰਾ ਨਾਲ ਸਬੰਧਤ ਹੈ । ਗੁਰੂ ਜੀ ਨੇ ਮਾਲਵੇ ਵਿਚ ਇਕ ਤੋਂ ਵੱਧ ਵਾਰ ਯਾਤਰਾਵਾਂ ਕੀਤੀਆਂ ਸਨ। ਇਹ ਗੱਲ ਕਿਸੇ ਵੀ ਯਾਤਰਾ ਨਾਲ ਸਬੰਧਤ ਹੋ ਸਕਦੀ ਹੈ। ਇਸ ਲਈ ਇਸ ਸਾਧਾਰਨ ਤਰਕ ਦੇ ਆਧਾਰ ‘ਤੇ ਲੜਾਈ ਦੀ ਮਿਤੀ ਨਿਸ਼ਚਤ ਨਹੀਂ ਕੀਤੀ ਜਾ ਸਕਦੀ। ਕਵੀ ਸੈਨਾਪਤਿ ਨੇ ਸਪਸ਼ਟ ਰੂਪ ਵਿਚ ਲਿਖਿਆ ਹੈ ਕਿ ਗੁਰੂ ਸਾਹਿਬ ਚਮਕੌਰ ਸਾਹਿਬ ਦੇ ਘੇਰੇ ਵਿਚੌਂ ਨਿਕਲ ਕੇ ਬੈਰਾੜਾਂ ਦੇ ਇਲਾਕੇ ਵੱਲ ਗਏ ਸਨ ਅਤੇ ਉੱਥੋਂ ਇਕ ਵਿਸ਼ਾਲ ਪਾਣੀ ਵਾਲੇ ਤਲਾਬ (ਢਾਬ) ‘ਤੇ ਪਹੁੰਚ ਕੇ ਜੰਗੀ ਖਾਲਸੇ ਦੀ ਛਾਉਣੀ ਕੀਤੀ ਸੀ ।

ਛੋਡ ਚਮਕੌਰ ਤਾਹੀ ਸਮੈ ਰੂਪ ਯੋ ਧਾਰਿ ਦਿਸ ਔਰ ਆਯੋ।

………………………………………….

ਤਬ ਪ੍ਰਭ ਬੈਰਾਰਨ ਮਹਿ ਆਏ । ਸਭ ਸਿੰਘਨ ਮਿਲ ਦਰਸ਼ਨ ਪਾਏ।

………………………………………….

ਸਾਇਰ ਏਕ ਅਪਾਰ ਸੁਰ ਸੁਭਰ ਭਰਿਓ ਤਿਹ ਨੀਰ।

ਤਿਹ ਥਾਂ ਕੀਨੀ ਛਾਵਨੀ ਗੋਬਿੰਦ ਸਿੰਘ ਪ੍ਰਵੀਨ । 

ਇਨ੍ਹਾਂ ਟੁਕਾਂ ਤੋਂ ਇਹ ਹੀ ਗੱਲ ਸਾਹਮਣੇ ਆਉਂਦੀ ਹੈ ਕਿ ਗੁਰੂ ਸਾਹਿਬ ਚਮਕੌਰ ਸਾਹਿਬ ਤੋਂ ਸਿੱਧਾ ਹੀ ਕੁਝ ਇਕ ਪੜਾਅ ਕਰਦੇ ਹੋਏ ਮੁਕਤਸਰ ਵਾਲੇ ਅਸਥਾਨ ‘ਤੇ ਪਹੁੰਚ ਗਏ ਸਨ । ਚਮਕੌਰ ਸਾਹਿਬ ਤੋਂ ਲੈ ਕੇ ਮੁਕਤਸਰ ਦਾ ਪੰਧ ਭਾਵੇਂ ਲੰਮਾ ਨਹੀਂ ਸੀ ਪਰ ਇਹ ਰਸਤਾ ਸਿੱਧਾ ਵੀ ਨਹੀਂ ਸੀ। ਗੁਰੂ ਜੀ ਨੂੰ ਸਿੰਘਾਂ ਦੇ ਇਕੱਠੇ ਕਰਨ ਦੀ ਜਰੂਰਤ ਸੀ । ਇਹ ਜਰੂਰਤ ਪਿੰਡਾਂ ਵਿਚ ਖੁਦ ਜਾ ਕੇ ਜਾਂ ਸੁਨੇਹੇ ਭੇਜ ਕੇ ਹੀ ਪੂਰੀ ਹੋ ਸਕਦੀ ਸੀ । ਮਾਲਵੇ ਦਾ ਸਾਰਾ ਇਲਾਕਾ ਗੁਰੂ ਜੀ ਦੇ ਨਾਲ ਸੀ । ਇਸ ਕਰਕੇ ਗੁਰੂ ਸਾਹਿਬ ਚਮਕੌਰ ਸਾਹਿਬ ਤੋਂ ਮਾਛੀਵਾੜਾ ਹੁੰਦੇ ਹੋਏ ਉਨ੍ਹਾਂ ਪਿੰਡਾਂ ਵਿਚੋਂ ਦੀ ਗੁਜ਼ਰੇ ਸਨ ਜਿੱਥੇ ਜਿੱਥੋਂ ਸਿੰਘ ਨੌਜੁਆਨ ਅਤੇ ਹੋਰ ਲੋੜੀਂਦਾ ਸਮਾਨ ਮਿਲ ਸਕਦਾ ਸੀ । ਮਾਛੀਵਾੜੇ ਤੋਂ ਅੱਗੇ ਚੱਲਣ ਸਮੇਂ ਜਿਨ੍ਹਾਂ ਕੁਝ ਗੱਲਾਂ ਨੂੰ ਭਾਵਪੂਰਤ ਮੰਨਿਆ ਜਾ ਸਕਦਾ ਹੈ ਉਹ ਪਰਤੀਕਾਤਮਕ ਹੀ ਹਨ । ਆਮ ਲਿਖਤਾਂ ਵਿਚ ਫਜੂਲ ਦੀਆਂ ਗੱਲਾਂ ਜੋੜ ਕੇ ਗੁਰੂ ਜੀ ਦੇ ਸਾਰੇ ਸਫਰ ਨੂੰ ਮਿਥਿਹਾਸਕ ਬਣਾ ਕੇ ਰੱਖ ਦਿੱਤਾ ਗਿਆ ਹੈ। ਜਿਉਂ ਹੀ ਚਮਕੌਰ ਸਾਹਿਬ ਵਿਖੇ ਘੇਰਾ ਪਾਉਣ ਵਾਲੀ ਫ਼ੌਜ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਉਸ ਦੇ ਘੇਰੇ ਵਿਚੋਂ ਨਿਕਲ ਗਏ ਹਨ, ਉਸ ਨੇ ਉਸੇ ਸਮੇਂ ਹੀ ਗੁਰੂ ਜੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਸੀ। ਗਯਾਨੀ ਗਯਾਨ ਸਿੰਘ ਇਸ ਬਾਰੇ ਲਿਖਦਾ ਹੋਇਆ ਕਹਿੰਦਾ ਹੈ ਕਿ ਚਮਕੌਰ ਦੀ ਗੜ੍ਹੀ ਵਿਚੋਂ ਸ਼ਹੀਦ ਸਿੰਘਾਂ ਵਿਚੋਂ ਕੁਝ ਫ਼ੌਜੀ ਜਰਨੈਲ ਗੁਰੂ ਜੀ ਦੀ ਲਾਸ਼ ਦੀ ਭਾਲ ਕਰਦੇ ਸਨ । ਉਨ੍ਹਾਂ ਨੂੰ ਜਦ ਪਤਾ ਲੱਗਿਆ ਕਿ ਇਨ੍ਹਾਂ ਵਿਚ ਗੁਰੂ ਜੀ ਦੀ ਲਾਸ਼ ਨਹੀਂ ਹੈ ਤਾਂ ਉਨ੍ਹਾਂ ਨੇ ਪਿੰਡਾਂ ਦੇ ਪਿੰਡ ਛਾਣ ਮਾਰੇ ਤਾਂ ਕਿ ਗੁਰੂ ਜੀ ਨੂੰ ਪਕੜਿਆ ਜਾ ਸਕੇ ।” ਗੁਰੂ ਜੀ ਬਹੁਤ ਦੂਰ ਜਾ ਚੁੱਕੇ ਸਨ। ਮਾਛੀਵਾੜੇ ਲੋੜੀਂਦਾ ਆਰਾਮ ਕਰਨ ਉਪਰੰਤ ਅਤੇ ਭੋਜਨ ਪਾਣੀ ਛੱਕਣ ਉਪਰੰਤ ਉਹ ਵਾਹੋ-ਦਾਹੀ ਅੱਗੇ ਨੂੰ ਰਵਾਨਾ ਹੋ ਗਏ ਸਨ । ਜਦੋਂ ਇਉਂ ਫ਼ੌਜ ਪਿੱਛੇ ਪਈ ਹੋਵੇ ਤਾਂ ਨਾ ਹੀ ਕਿਸੇ ਦੇ ਚਉਬਾਰੇ ਵਿਚ ਸੌਣ ਦਾ ਸਮਾਂ ਹੁੰਦਾ ਹੈ ਅਤੇ ਨਾ ਹੀ ਲੋਕਾਂ ਦੇ ਘਰੋਂ ਘਰੀਂ ਜਾ ਕੇ ਭੇਟਾਂ-ਨਜ਼ਰਾਨੇ ਲੈਣ ਦਾ ਸਮਾਂ ਹੁੰਦਾ ਹੈ। ਗੁਰੂ ਜੀ ਸਾਹਮਣੇ ਤਾਂ ਮੁੱਖ ਨਿਸ਼ਾਨਾ ਛੇਤੀ ਤੋਂ ਛੇਤੀ ਪਿੰਡਾਂ ਵਿਚੋਂ ਸਿੰਘਾਂ ਨੂੰ ਇਕੱਠੇ ਕਰਨ ਦਾ ਸੀ ਤਾਂ ਕਿ ਪਿੱਛਾ ਕਰਦੀ ਆ ਰਹੀ ਫ਼ੌਜ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਮੁਕਾਬਲਾ ਕੀਤਾ ਜਾ ਸਕੇ ।

ਮਾਤਾ ਭਾਗ ਕੌਰ ਜੀ

ਮਾਛੀਵਾੜੇ ਵਿਚ ਗਨੀ ਖ਼ਾਨ ਅਤੇ ਨਬੀ ਖ਼ਾਨ ਜੈਸੇ ਸ਼ਰਧਾਲੂ ਲੋਕਾਂ ਦਾ ਜਿਕਰ ਆਉਂਦਾ ਹੈ। ਜ਼ਰੂਰ ਹੀ ਇਨ੍ਹਾਂ ਨੇ ਗੁਰੂ ਜੀ ਦੀ ਇਸ ਔਖੇ ਸਮੇਂ ਵਿਚ ਮਦਦ ਕੀਤੀ ਹੋਵੇਗੀ। ਗੁਰੂ ਸਾਹਿਬ ਮਾਛੀਵਾੜੇ ਤੋਂ ਲੱਲ ਕਲਾਂ ਅਤੇ ਘੁਲਾਲ ਆਦਿ ਪਿੰਡਾਂ ਵਿਚੋਂ ਦੀ ਜਾਂ ਇਨ੍ਹਾਂ ਪਿੰਡਾਂ ਦੀਆਂ ਜੂਹਾਂ ਵਿਚੋਂ ਦੀ ਹੁੰਦੇ ਹੋਏ ਰਾਮਪੁਰ ਕਟਾਣੀ ਪਿੰਡ ਪਹੁੰਚ ਗਏ । ਇਸ ਪਿੰਡ ਵਿਚ ਇਕ ਘੁੰਗਰਾਲੀ ਪਿੰਡ ਦਾ ਕੰਡਾ ਨਾਂ ਦਾ ਮਿਸਤਰੀ ਰਹਿੰਦਾ ਸੀ ਜਿਹੜਾ ਸਰਕਾਰੀ ਫ਼ੌਜਾਂ ਨੂੰ ਵਧੀਆ ਵਧੀਆ ਹਥਿਆਰ ਤਿਆਰ ਕਰਕੇ ਦਿੰਦਾ ਹੁੰਦਾ ਸੀ । ਇਸ ਨੇ ਗੁਰੂ ਜੀ ਦੀ ਸੇਵਾ ਵਿਚ ਇਕ ਕਮਾਨ, ਬਾਈ ਤੀਰ, ਦੋ ਤਲਵਾਰਾਂ, ਦੋ ਤਮੰਚੇ ਭੇਂਟਾ ਕੀਤੇ ਸਨ। ਇਨ੍ਹਾਂ ਹਥਿਆਰਾਂ ਨਾਲ ਪੂਰੀ ਤਰ੍ਹਾਂ ਲੈਸ ਹੋ ਕੇ ਗੁਰੂ ਸਾਹਿਬ ਅਗਾਂਹ ਨੂੰ ਚਲਦੇ ਹੋਏ ਆਲਮਗੀਰ ਪਹੁੰਚੇ । ਇੱਥੇ ਭਾਈ ਨਿਗਾਹੀਆ ਲੌਂਗੋਵਾਲ ਨਿਵਾਸੀ ਦੁੱਲਟਾਂ ਦੇ ਜੱਟ ਕਬੀਲੇ ਨਾਲ ਗੁਰੂ ਜੀ ਨੂੰ ਆ ਮਿਲਿਆ। ਉਸ ਨੇ ਇਕ ਘੋੜਾ ਅਤੇ ਇਕ ਜੁੱਤੀ ਦਾ ਜੋੜਾ ਗੁਰੂ ਜੀ ਦੀ ਭੇਟਾ ਕੀਤਾ। ” ਰਵਾਂ-ਰਵੀਂ ਗੁਰੂ ਜੀ ਹੇਹਰ ਪੁੱਜੇ। ਉੱਥੇ ਪਿੰਡ ਦੇ ਬਾਹਰਵਾਰ ਹੀ ਡੇਰਾ ਲਾਇਆ ਸੀ । ਉਸ ਪਿੰਡ ਦੇ ਹਿੰਦੂ ਅਤੇ ਮੁਸਲਮਾਨ ਸਾਰੇ ਹੀ ਪਤਾ ਲੱਗਣ ‘ਤੇ ਗੁਰੂ ਜੀ ਨੂੰ ਆ ਮਿਲੇ। ਉਦਾਸੀ ਡੇਰੇ ਦਾ ਮੁਖੀ ਮਹੰਤ ਕਿਰਪਾਲ ਦਾਸ ਵੀ ਗੁਰੂ ਜੀ ਕੋਲ ਪਹੁੰਚਿਆ । ਇੱਥੋਂ ਅੱਗੇ ਰਾਏਕੋਟ ਪਿੰਡ ਪਹੁੰਚੇ। ਇੱਥੇ ਦਾ ਚੌਧਰੀ ਰਾਇ ਕੱਲ੍ਹਾ ਅੱਗੋਂ ਆ ਮਿਲਿਆ । ਉਹ ਗੁਰੂ ਜੀ ਨਾਲ ਲੰਮੇ ਜੱਟ ਪੂਰੇ ਪਿੰਡ ਤੱਕ ਆਇਆ। ਰਾਇ ਕੱਲ੍ਹਾ ਨੇ ਆਪਣੇ ਇਕ ਭਰੋਸੇਯੋਗ ਬੰਦੇ ਨੂਰੇ ਮਾਹੀ ਨੂੰ ਸਰਹਿੰਦ ਭੇਜਿਆ ਤਾਂ ਕਿ ਉਹ ਗੁਰੂ ਜੀ ਦੇ ਦੋ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਜੀ ਦਾ ਪਤਾ ਲੈ ਕੇ ਆਵੇ। ਇਸੇ ਹੀ ਥਾਂ ‘ਤੇ ਉਸ ਨੇ ਇਹ ਦੁੱਖਦਾਈ ਖਬਰ ਦਿੱਤੀ ਸੀ ਕਿ ਉਨ੍ਹਾਂ ਨੂੰ ਸਰਹਿੰਦ ਦੇ ਸੂਬੇਦਾਰ ਨੇ ਸ਼ਹੀਦ ਕਰ ਦਿੱਤਾ ਹੈ ਇਨ੍ਹਾਂ ਦੁੱਖਦਾਈ ਖ਼ਬਰਾਂ ਨੇ ਗੁਰੂ ਜੀ ਦੀ ਦਰਿੜ੍ਹਤਾ ਨੂੰ ਹੋਰ ਵੀ ਪਕੇਰਾ ਕਰ ਦਿੱਤਾ ਸੀ । ਉਹ ਦਰਿੜ੍ਹ ਇਰਾਦੇ ਨਾਲ ਅਜਿਹੇ ਜਾਲਮਾਂ ਨੂੰ ਖ਼ਤਮ ਕਰਨ ਲਈ ਛੇਤੀ ਤੋਂ ਛੇਤੀ ਖਾਲਸਾ ਸਿੰਘਾਂ ਨੂੰ ਇਕੱਠੇ ਕਰਕੇ ਇਨ੍ਹਾਂ ਦੇ ਦੰਦ ਭੰਨਣੇ ਚਾਹੁੰਦੇ ਸਨ । ਤਖਤੂ ਪੁਰੇ ਪਹੁੰਚ ਕੇ ਪਿੰਡ ਦੇ ਬਾਹਰਵਾਰ ਗੁਰੂ ਜੀ ਨੇ ਆਪਣੀ ਵਹੀਰ ਨਾਲ ਇਕ ਢਾਬ ਦੇ ਕਿਨਾਰੇ ‘ਤੇ ਡੇਰਾ ਕੀਤਾ। ਗੁਰੂ ਜੀ ਨਾਲ ਇਸ ਸਮੇਂ ਤੱਕ ਬਹੁਤ ਲੋਕ ਰਲ ਗਏ ਸਨ ਉਨ੍ਹਾਂ ਦੀ ਵਹੀਰ ਪੂਰੇ ਤਨ-ਮਨ ਨਾਲ ਸਰਹਿੰਦ ਦੀ ਫ਼ੌਜ ਦਾ ਮੁਕਾਬਲਾ ਕਰਨ ਲਈ ਇਕੱਠੀ ਹੋ ਰਹੀ ਸੀ। ਮਧੇਅ ਪਿੰਡ ਵਿਚ ਇਕ ਉਮਰਦੀਨ ਨਾਂ ਦਾ ਹਕੀਮ ਰਹਿੰਦਾ ਸੀ। ਇਸ ਨੇ ਗੁਰੂ ਜੀ ਦੇ ਜਖ਼ਮਾਂ ਦੀ ਮਲ੍ਹਮ-ਪੱਟੀ ਕੀਤੀ ਸੀ ।” ਇੱਥੋਂ ਚਲਦਾ ਹੋਇਆ ਇਹ ਦਲ ਭਦੌੜ ਜਾ ਪਹੁੰਚਿਆ। ਇੱਥੇ ਛਿੱਬਰ ਬਰਾਹਮਣਾਂ ਦੇ ਖ਼ਾਨਦਾਨ ਵਿਚੋਂ ਇਕ ਭਾਈ ਚਰਨ ਦਾਸ ਛਿੱਬਰ ਰਹਿੰਦਾ ਸੀ । ਇਹ ਸਿੱਖ ਧਰਮ ਦਾ ਪਰਚਾਰਕ ਸੀ। ਇਸ ਨੇ ਆਪਣੇ ਪਿੰਡ ਵਿਚੋਂ ਗੁਰੂ ਜੀ ਦੇ ਦਲ ਲਈ ਰਸਦ-ਪਾਣੀ ਇਕੱਠਾ ਕਰਕੇ ਦਿੱਤਾ। ਭਦੌੜ ਵਿਖੇ ਗੁਰੂ ਸਾਹਿਬ ਪੋਹ ਮਹੀਨੇ ਦੀ 21 ਤਾਰੀਖ ਨੂੰ ਪਹੁੰਚੇ ਸਨ ।

ਇਸ ਸਮੇਂ ਤੱਕ ਗੁਰੂ ਜੀ ਪਾਸ ਸਿੰਘਾਂ ਦਾ ਇਕ ਬਹੁਤ ਵੱਡਾ ਦਲ ਇਕੱਠਾ ਹੋ ਗਿਆ ਸੀ ਇਹ ਸਮੁੱਚਾ ਵਹੀਰ ਗੁਰੂ ਜੀ ਦੀ ਅਗਵਾਈ ਹੇਠ ਦੀਨਾਂ-ਕਾਂਗੜਾ ਪਹੁੰਚਿਆ”ਦੀਨਾ-ਕਾਂਗੜ ਦਾ ਚੌਧਰੀ ਰਾਇ ਸ਼ਮੀਰ ਚੰਦ ਛੋਟੀ ਜਿਹੀ ਰਿਆਸਤ ਦਾ ਮਾਲਕ ਸੀ ਤੇ ਇਹ ਰਿਆਸਤ ਧਾਲੀਵਾਲ ਜਿਮੀਂਦਾਰਾਂ ਦੀ ਸੀ। ਇਸ ਚੌਧਰੀ ਦੇ ਦੋ ਲਘੂ ਭਾਈ ਚੌਧਰੀ ਲਖਮੀਰ ਚੰਦ ਤੇ ਤਖ਼ਤ ਮੱਲ ਸਨ।” ਇਸ ਪਿੰਡ ਵਿਚ ਇਕ ਦੇਸਾ ਨਾਂ ਦਾ ਸਿੱਖ ਪਰਚਾਰਕ ਵੀ ਸੀ । ਗੁਰੂ ਜੀ ਨੇ ਆਪਣਾ ਨਿਵਾਸ ਉਸ ਦੇ ਘਰ ਵਿਚ ਕੀਤਾ । ਗੁਰੂ ਜੀ ਦਾ ਸਾਰਾ ਵਹੀਰ ਦੀਨੇ ਦੇ ਧਾਲੀਵਾਲ ਜੱਟਾਂ ਨੇ ਆਪਣੇ ਪਾਸ ਰੱਖਿਆ ਸੀ ਲੰਗਰ-ਪਾਣੀ ਦਾ ਸਾਰਾ ਖਰਚਾ ਇਹ ਹੀ ਅਦਾ ਕਰਦੇ ਸਨ ਦੀਨਾਂ-ਕਾਂਗੜ ਸਰਹਿੰਦ ਦੇ ਨਾਜਮ ਦੇ ਅਧੀਨ ਧਾਲੀਵਾਲ ਜੱਟ ਕਬੀਲੇ ਦਾ ਅਰਧ-ਸੁਤੰਤਰ ਜੇਹਾ ਇਲਾਕਾ ਸੀ । ਇਹ ਧਾਲੀਵਾਲ ਕਬੀਲਾ ਵੀ ਮਾਲਵੇ ਦੇ ਹੋਰਨਾਂ ਜੱਟ ਕਬੀਲਿਆਂ ਵਾਂਗ ਸਿੱਖ ਧਰਮ ਵਿਚ ਪਰਵੇਸ਼ ਕੀਤਾ ਹੋਇਆ ਸੀ ਦੀਨੇ ਵਿਖੇ ਗੁਰੂ ਜੀ ਦੀ ਆਮਦ ਦਾ ਚਾਰੇ ਪਾਸੇ ਪਤਾ ਲੱਗ ਗਿਆ ਸੀ । ਪਤਾ ਲੱਗਣ ਤੇ “ਮਾਲਵੇ ਦੇਸ਼ ਦੇ ਸਿੱਖ ਨਜਰ ਭੇਟ ਦਸਵੰਧ ਦੀ ਦੌਲਤ ਲੈ ਕੇ ਦਰਸ਼ਨਾਂ ਨੂੰ ਆਉਣ ਲੱਗੇ । ਫਿਰ ਭਾਈ ਰੂਪੇ ਤਖਾਣ ਸਿੱਖ ਦੇ ਪੋਤਰੇ ਪਰਮ ਸਿੰਘ, ਧਰਮ ਸਿੰਘ, ਇਹ ਦੋਵੇਂ ਗੁਰੂ ਹਰਿ ਗੋਬਿੰਦ ਸਾਹਿਬ ਦੇ ਸ਼ਸ਼ਤਰ ਬਖ਼ਸ਼ੇ ਹੋਏ ਲੈ ਕੇ ਆਏ ਤੇ ਹੋਰ ਨਜ਼ਰ ਭੇਟਾਂ ਸਮੇਤ ਗੁਰੂ ਜੀ ਨੂੰ ਅਰਪਣ ਕਰ ਦਿੱਤੇ । ਇਨ੍ਹਾਂ ਨੂੰ ਦੇਖ ਕੇ ਗੁਰੂ ਸਾਹਿਬ ਬਹੁਤ ਖੁਸ਼ ਹੋਏ । ਜਦ ਮਾਲਵੇ ਦੇਸ਼ ਵਿਚ ਖਬਰਾਂ ਹੋਈਆਂ ਤਾਂ ਬੈਰਾੜ ਤੇ ਫੁਲ ਕੇ, ਧਾਲੀਵਾਲ, ਗਿੱਲ, ਚਹਿਲ, ਰੰਧਾਵੇ, ਕਾਲੇ, ਮਾਨ, ਮਾਹਲ, ਦੁੱਲਟ, ਆਦਿਕ ਦੇਸੀ ਜਿਮੀਂਦਾਰ ਤੇ ਭਾਈ ਬਹਿਲੋ, ਭਗਤੂ, ਭਾਈ ਮੂਲ ਚੰਦ, ਭੂੰਦੜ, ਸੰਦਾਂ ਜਹਾਂਦਾ, ਰਤਨਾ ਆਦਿਕ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਪਹੁੰਚ ਗਏ।””

ਦੇਖਦਿਆਂ ਦੇਖਦਿਆਂ ਹੀ ਸਿੰਘਾਂ ਦਾ ਬਹੁਤ ਵੱਡਾ ਦਲ ਗੁਰੂ ਜੀ ਦੀ ਅਗਵਾਈ ਹੇਠ ਕਾਇਮ ਹੋ ਗਿਆ। ਪਿੱਛੋਂ ਸਰਹਿੰਦ ਦੀ ਫ਼ੌਜ ਦੀਆਂ ਵੀ ਅੱਗੇ ਵੱਧਣ ਦੀਆਂ ਖਬਰਾਂ ਪਹੁੰਚ ਰਹੀਆਂ ਸਨ । ਗੁਰੂ ਸਾਹਿਬ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਸਨ ਪਰ ਇਹ ਮੁਕਾਬਲਾ ਦੀਨਾਂ-ਕਾਂਗੜ ਵਿਖੇ ਨਹੀਂ ਕੀਤਾ ਜਾ ਸਕਦਾ ਸੀ । ਇਕ ਤਾਂ ਇਹ ਇਕ ਵਿਸ਼ੇਸ਼ ਚੌਧਰ ਸੀ ਜਿਸ ਨੂੰ ਲੜਾਈ ਦਾ ਨੁਕਸਾਨ ਹੋ ਸਕਦਾ ਸੀ । ਗੁਰੂ ਸਾਹਿਬ ਨਹੀਂ ਚਾਹੁੰਦੇ ਸਨ ਕਿ ਧਾਲੀਵਾਲਾਂ ਦੀ ਰਿਆਸਤ ਨੂੰ ਖਾਹਮੁਖਾਹ ਲੜਾਈ ਵਿਚ ਸ਼ਾਮਲ ਕਰਕੇ ਇਸ ਦੇ ਸੁਤੰਤਰ ਦਰਜੇ ਨੂੰ ਕੋਈ ਨੁਕਸਾਨ ਹੋਵੇ। ਉਹ ਆਪਣੇ ਵਿਸ਼ਾਲ ਵਹੀਰ ਨੂੰ ਲੈਂਦੇ ਹੋਏ ਅੱਗੇ ਕਿਸੇ ਐਸੀ ਥਾਂ ਦੀ ਤਲਾਸ਼ ਵਿਚ ਵਧੇ ਜਿਹੜੀ ਇਕ ਤਾਂ ਲੜਾਈ ਪੱਖੋਂ ਸਹਾਇਕ ਹੋਵੇ ਅਤੇ ਦੂਜਾ ਉਹ ਕਿਸੇ ਦੀ ਚੌਧਰ ਜਾਂ ਰਿਆਸਤ ਤੋਂ ਮੁਕਤ ਹੋਵੇ । ਰਸਤੇ ਵਿਚ ਜਲਾਲ ਪਿੰਡ ਦੇ ਪੰਚ ਆਪਣੇ ਵੱਲੋਂ ਰਸਦ-ਪਾਣੀ ਲੈ ਕੇ ਆ ਮਿਲੇ । ਅੱਗੇ ਭਾਈ ਭਗਤੇ ਵਿਖੇ ਕਾਫੀ ਗਿਣਤੀ ਵਿਚ ਲੋਕ ਆ ਮਿਲੇ । ਇਨ੍ਹਾਂ ਨੂੰ ਇੱਥੇ ਅੰਮ੍ਰਿਤ ਛਕਾਇਆ ਗਿਆ । ਵਾਂਦਰ ਪਿੰਡ ਵਿਖੇ ਵਾਂਦਰ ਗੋਤ ਦੇ ਜੱਟ ਕਬੀਲੇ ਦਾ ਜੱਥਾ ਜਾ ਮਿਲਿਆ। ਬਨਗਾੜੀ, ਬਹਿਬਲ ਅਤੇ ਸਰਾਵੀਂ ਆਦਿ ਪਿੰਡਾਂ ਦਾ ਇਲਾਕਾ ਬੈਰਾੜਾਂ ਦੇ ਅਧਿਕਾਰ ਵਾਲਾ ਸੀ । ਇੱਥੇ ਬੈਰਾੜਾਂ ਦੇ ਜੱਥੇ ਆ ਮਿਲੇ । ਇਨ੍ਹਾਂ ਨੇ ਗੁਰੂ ਜੀ ਨੂੰ ਯਕੀਨ ਦਿਵਾਇਆ ਕਿ “ਗੁਰੂ ਜੀ ਆਪ ਕੀ ਤਾਬਿਆਂ ਸਾਡੇ ਮਨੁੱਖ ਰਹਿਣਗੇ, ਜੰਗ ਵੇਲੇ ਅਸੀਂ ਸਭੇ ਆਨਿ ਹਾਜਰਿ ਹੋਆਂਗੇ।”2 ਸਰਾਵਾਂ ਦੇ ਲੋਕਾਂ ਨੇ ਗੁਰੂ ਜੀ ਦੇ ਵਹੀਰ ਨੂੰ ਲੰਗਰ ਛਕਾਇਆ । ਜੈਤੋਂ ਪਹੁੰਚਣ ’ਤੇ ਉੱਥੋਂ ਦਾ ਚੌਧਰੀ ਖਾਨਾ ਬਰਾੜ ਆਪਣਾ ਜੱਥਾ ਲੈ ਕੇ ਗੁਰੂ ਜੀ ਨਾਲ ਆ ਰਲਿਆ। ਸੁਨੀਅਰ ਪਿੰਡ ਵਿਖੇ ਉੱਥੋਂ ਦੇ ਡੋਗਰਾਂ ਨੇ ਆਪਣੀਆਂ ਸਾਰੀਆਂ ਮੱਝੀਆਂ ਦਾ ਦੁੱਧ ਗੁਰੂ ਜੀ ਦੇ ਲੰਗਰ ਲਈ ਦੇ ਦਿੱਤਾ । ਅਬਲੂ-ਮਹਿਮਾ ਤੋਂ ਦਾਨ ਸਿੰਘ ਬਰਾੜ ਅਤੇ ਉਸ ਦਾ ਪੁੱਤਰ ਗੁਰਬਖ਼ਸ਼ ਸਿੰਘ ਆਪਣਾ ਜੱਥਾ ਲੈ ਕੇ ਗੁਰੂ ਜੀ ਨਾਲ ਆ ਰਲੇ । ਕੋਟਕਪੂਰਾ ਕਪੂਰੇ ਬਰਾੜ ਦੀ ਅਰਧ-ਸੁਤੰਤਰ ਰਿਆਸਤ ਸੀ। ਉਹ ਗੁਰੂ ਜੀ ਦਾ ਸਿੱਖ ਵੀ ਸੀ ਅਤੇ ਸਰਹਿੰਦ ਦੇ ਨਾਜ਼ਮ ਦਾ ਅਧਿਕਾਰੀ ਵੀ । ਉਹ ਆਪ ਤਾਂ ਗੁਰੂ ਜੀ ਦੇ ਵਹੀਰ ਤੋਂ ਭਾਵੇਂ ਅਲੱਗ ਰਿਹਾ ਪਰ ਆਪਣੇ ਇਲਾਕੇ ਵਿਚੋਂ ਅਨੇਕਾਂ ਬੈਰਾੜ ਨੌਜਵਾਨ ਗੁਰੂ ਜੀ ਦੇ ਦਲ ਵਿਚ ਸ਼ਾਮਲ ਕਰਵਾ ਦਿੱਤੇ ਸਨ। ਚੌਧਰੀ ਕਪੂਰੇ ਨੇ ਇਹ ਵੀ ਦੱਸਿਆ ਸੀ ਕਿ ਲੜਾਈ ਲਈ ਸਭ ਤੋਂ ਵਧੀਆ ਥਾਂ ਖਿਦਰਾਣੇ ਦੀ ਢਾਬ ਹੈ। ਉੱਥੇ ਚਾਲੀ ਕੋਹ ਦੇ ਖੇਤਰ ਵਿਚ ਸਿਵਾਏ ਉਸ ਢਾਬ ਤੋਂ ਕਿਧਰੇ ਵੀ ਪਾਣੀ ਨਹੀਂ ਹੈ । ਦੁਸ਼ਮਣ ਅਜਿਹੇ ਇਲਾਕੇ ਵਿਚ ਸਿੰਘਾਂ ਨਾਲ ਲੜ ਨਹੀਂ ਸਕੇਗਾ।

 

ਥਾਂ ਦਾ ਪਤਾ ਲੱਗਣ ‘ਤੇ ਗੁਰੂ ਸਾਹਿਬ ਵਾਹੋ-ਦਾਹੀ ਖਿਦਰਾਣੇ ਦੀ ਢਾਬ ਵੱਲ ਵਧੇ। ਪਿੱਛੇ ਮੁਗ਼ਲ ਫ਼ੌਜ ਵੀ ਵਾਹੋ-ਦਾਹੀ ਗੁਰੂ ਜੀ ਦਾ ਪਿੱਛਾ ਕਰਦੀ ਆ ਰਹੀ ਸੀ। ਰਸਤੇ ਵਿਚ ਰਾਮੇਆਣੇ ਪਿੰਡ ਵਿਖੇ ਮਾਝੇ ਦੇ ਸਿੰਘ ਆਪਣੇ ਆਪਣੇ ਜੱਥੇ ਲੈ ਕੇ ਆ ਮਿਲੇ । ਇਕ ਵਿਸ਼ਾਲ ਇਕੱਠ ਦੇ ਨੇਤਾ ਵਜੋਂ ਗੁਰੂ ਸਾਹਿਬ ਪੂਰੇ ਆਤਮਵਿਸ਼ਵਾਸ ਅਤੇ ਦਰਿੜ੍ਹ ਇਰਾਦੇ ਨਾਲ ਖਿਦਰਾਣੇ ਦੀ ਢਾਬ ‘ਤੇ ਪਹੁੰਚ ਗਏ । ਢਾਬ ਨੂੰ ਆਪਣੇ ਘੇਰੇ ਵਿਚ ਲੈ ਕੇ ਅਤੇ ਮੋਰਚੇ ਕਾਇਮ ਕਰਕੇ ਦੁਸ਼ਮਣ ਦੇ ਆਉਣ ਦੀ ਉਡੀਕ ਕਰਨ ਲੱਗੇ । ਖਿਦਰਾਣੇ ਦੀ ਢਾਬ ਦਾ ਸਾਰਾ ਆਲਾ ਦੁਆਲਾ ਸਿੰਘ ਜੱਥਿਆਂ ਨੇ ਰੋਕ ਰੱਖਿਆ ਸੀ। ਇਕ ਚਾਲੀ ਸਿੰਘਾਂ ਦਾ ਜੱਥਾ ਮਾਈ ਭਾਗੋ ਅਤੇ ਭਾਈ ਮਹਾਂ ਸਿੰਘ ਦੀ ਅਗਵਾਈ ਹੇਠ ਮਾਝੇ ਤੋਂ ਆ ਰਿਹਾ ਸੀ । ਇਹ ਜੱਥਾ ਮਾਝੇ ਦੇ ਦੂਸਰੇ ਦਲਾਂ ਤੋਂ ਪਿੱਛੇ ਰਹਿ ਗਿਆ ਸੀ । ਅਜੇ ਇਹ ਜੱਥਾ ਖਿਦਰਾਣੇ ਦੀ ਢਾਬ ਵੱਲ ਵੱਧ ਹੀ ਰਿਹਾ ਸੀ ਕਿ ਅਚਾਨਕ ਦੁਸ਼ਮਣ ਦੀ ਆ ਰਹੀ ਫ਼ੌਜ ਨਾਲ ਇਸ ਦਾ ਟਾਕਰਾ ਹੋ ਗਿਆ। ਦੁਸ਼ਮਣ ਦੀ ਅਥਾਹ ਫ਼ੌਜ ਤੋਂ ਡਰ ਕੇ ਭੱਜਣ ਦੀ ਥਾਂ ਇਸ ਜੱਥੇ ਨੇ ਦੁਸ਼ਮਣ ਨਾਲ ਉੱਥੇ ਹੀ ਡੱਟ ਕੇ ਮੁਕਾਬਲਾ ਕਰਨ ਦਾ ਫੈਸਲਾ ਕੀਤਾ। ਸਿੱਟੇ ਵਜੋਂ ਇਹ ਚਾਲੀ ਦੇ ਚਾਲੀ ਸਿੰਘ ਲੜਦੇ ਹੋਏ ਸ਼ਹੀਦੀਆਂ ਪਾ ਗਏ ਸਨ ।

ਉਕਤ ਜੱਥੇ ਨਾਲ ਮੁੱਠ-ਭੇੜ ਹੋਣ ਦੀ ਖ਼ਬਰ ਸੁਣ ਕੇ ਖਿਦਰਾਣੇ ਦੀ ਢਾਬ ਦੇ ਦੁਆਲੇ ਤਾਇਨਾਤ ਹੋਏ ਜੱਥੇ ਦੁਸ਼ਮਣ ਉਪਰ ਟੁੱਟ ਕੇ ਪੈ ਗਏ । ਸਵਾ ਪਹਿਰ ਗਹਿਗੱਚ ਲੜਾਈ ਹੋਈ। ” ਕਪੂਰਾ ਬਰਾੜ ਦੁਸ਼ਮਣ ਦੀ ਫ਼ੌਜ ਨਾਲ ਸੀ । ਜਦੋਂ ਫ਼ੌਜ ਦੇ ਕਮਾਂਡਰਾਂ ਨੇ ਕਪੂਰੇ ਤੋਂ ਪਾਣੀ ਬਾਰੇ ਪੁੱਛਿਆ ਤਾਂ ਕਪੂਰੇ ਨੇ ਦੱਸਿਆ ਕਿ ਅੱਗੇ ਤੀਹ ਕੋਹ ਤੱਕ ਅਤੇ ਪਿੱਛੇ ਦਸ ਕੋਹ ਤੱਕ ਕਿਧਰੇ ਵੀ ਪਾਣੀ ਨਹੀਂ ਹੈ । ਪਾਣੀ ਦੀ ਪਿਆਸ ਨਾਲ ਵਿਆਕੁਲ ਹੋਈ ਦੁਸ਼ਮਣ ਦੀ ਫ਼ੌਜ ਸਿੰਘਾਂ ਦੇ ਜੱਥਿਆਂ ਵਿਚ ਘਿਰੀ धड्डी मी।

ਕਵੀ ਸੈਨਾਪਤਿ ਲਿਖਦਾ ਹੈ ਕਿ ਦੁਸ਼ਮਣ ਦੀ ਸੈਨਾ ਉਪਰ ਸਿੰਘ ਜੱਥੇ ਚਾਰੇ ਪਾਸਿਓਂ ਸ਼ੇਰਾਂ ਵਾਂਗੂ ਗਰਜਦੇ ਹੋਏ ਆ ਝਪਟੇ ਸਨ । (ਸਿੰਘ ਚਾਰੋ ਦਿਸ਼ਾ ਦਲ ਮੈ ਪਰੇ ਸਿੰਘ ਸਿੰਘਾਨ ਹੂਜੋ ਸਹਾਏ)। ਮਾਲਵੇ ਦੇ ਜੱਟ ਕਬੀਲੇ ਜੰਗਲਾਂ ਵਿਚੋਂ ਢੋਲ ਬਜਾਉਂਦੇ ਹੋਏ ਬਘਿਆੜਾਂ ਵਾਂਗੂ ਆ ਨਿਕਲੇ ਸਨ । ਮਾਝੇ ਤੋਂ ਤੁਰੇ ਹੋਏ ਸਿੰਘ ਜੱਥੇ ਵਾਹੋ-ਦਾਹੀ ਗੁਰੂ ਜੀ ਵੱਲ ਆ ਰਹੇ ਸਨ । ਦੁਸ਼ਮਣ ਨੇ ਜਦ ਆਪਣੇ ਆਪ ਨੂੰ ਸਿੰਘਾਂ ਵਿਚਕਾਰ ਘਿਰਿਆ ਹੋਇਆ ਦੇਖਿਆ ਤਾਂ ਉਸ ਦੇ ਸਾਹਮਣੇ ਭੱਜਣ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਸੀ । ਸਿੰਘਾਂ ਨੇ ਦੁਸ਼ਮਣ ਦੇ ਢਾਈ ਸੌ ਸਿਪਾਹੀ ਮਾਰ ਦਿੱਤੇ ਸਨ। ” ਇਤਨਾ ਜਾਨੀ ਨੁਕਸਾਨ ਉਠਾ ਕੇ ਦੁਸ਼ਮਣ, ਕਪੂਰੇ ਬਰਾੜ ਦੀ ਸਲਾਹ ਨਾਲ ਪਿਛਾਂਹ ਨੂੰ ਭੱਜ ਗਿਆ । ਗੁਰੂ ਜੀ ਨੇ ਪਿੱਛੋਂ ਸ਼ਹੀਦ ਹੋਏ ਅਤੇ ਜ਼ਖ਼ਮੀ ਸਿਪਾਹੀਆਂ ਦੀ ਸੰਭਾਲ ਕੀਤੀ।

ਸਾਖੀ ਪੋਥੀ ਅਨੁਸਾਰ ਗੁਰੂ ਜੀ ਨੇ ਸੁੱਕੀਆਂ ਮਾਲ੍ਹਾਂ ਦੀਆਂ ਲੱਕੜਾਂ ਇਕੱਠੀਆਂ ਕਰਵਾ ਕੇ ਚਿਖਾਵਾਂ ਬਣਵਾਈਆਂ। ਆਪਣੇ ਹੱਥੀ ਹਰ ਚਿਖਾ ਨੂੰ ਅੱਗ ਆਪ ਲਗਾਈ। ਜਦੋਂ ਤੱਕ ਚਿਖਾਵਾਂ ਬਲਦੀਆਂ ਰਹੀਆਂ ਗੁਰੂ ਸਾਹਿਬ ਇਕ ਸੰਘਣੀ ਮਾਲ ਹੇਠ ਹੀ ਬੈਠੇ ਰਹੇ। ਸੰਸਕਾਰ ਕਰਨ ਉਪਰੰਤ ਗੁਰੂ ਜੀ ਨੇ ਸਿੰਘਾਂ ਦਾ ਦੀਵਾਨ ਸਜਾਇਆ ਅਤੇ ਐਲਾਨ ਕੀਤਾ ਕਿ ਇਹ ਚਾਲੀ ਸਿੰਘ ਮੁਕਤ ਹੋ ਗਏ ਹਨ। ਜਨਮ ਮਰਨ ਤੋਂ ਰਹਿਤ ਹੋ ਗਏ ਹਨ। ਇਨ੍ਹਾਂ ਨੇ ਬਹੁਤ ਉਚੀ ਪਦਵੀ ਪ੍ਰਾਪਤ ਕੀਤੀ

ਉਨ੍ਹਾਂ ਦੇ ਨਾਂ ਤੇ ਹੀ ਖਿਦਰਾਣੇ ਦੀ ਢਾਬ ਦਾ ਨਾਂ ਬਦਲ ਕੇ ਮੁਕਤਸਰ ਰੱਖਿਆ ਗਿਆ । ਗਯਾਨ ਸਿੰਘ ਲਿਖਦਾ ਹੈ: “ਇਤਨੇ ਨੂੰ ਮਹਾਂ ਸਿੰਘ ਨੇ ਵੀ ਪਰਾਣ ਤਿਆਗ ਦਿੱਤੇ । ਗੁਰੂ ਸਾਹਿਬ ਨੇ ਸਭਨਾਂ ਸ਼ਹੀਦ ਸਿੰਘਾਂ ਨੂੰ ਇਕੱਠਾ ਕਰਕੇ ਆਪਣੇ ਹੱਥੀਂ ਦਾਹ ਕਰਕੇ ਮੁਕਤਿਆਂ ਦਾ ਖਿਤਾਬ ਦਿੱਤਾ ਅਤੇ ਉਸ ਤਲਾਬ ਦਾ ਨਾਮ ਭੀ ਮੁਕਤਸਰ ਰੱਖਿਆ”

ਇਸ ਲੜਾਈ ਦੇ ਸਿੱਟੇ ਵਜੋਂ ਕੁਝ ਗੱਲਾਂ ਮਹੱਤਵਪੂਰਨ ਹਨ। ਇਕ, ਇਸ ਵਿਚ ਗੁਰੂ ਜੀ ਦੀ ਸਪਸ਼ਟ ਫਤਿਹ ਹੋਈ ਸੀ । ਇਸ ਤੋਂ ਬਾਅਦ ਗੁਰੂ ਸਾਹਿਬ ਮਾਲਵੇ ਵਿਚ ਨੌ ਮਹੀਨਿਆਂ ਦੇ ਲੰਮੇ ਸਮੇਂ ਤੱਕ ਰਹੇ ਸਨ ਪਰ ਦੁਸ਼ਮਣ ਦੀ ਹਿੰਮਤ ਨਹੀਂ ਪਈ ਸੀ ਕਿ ਉਹ ਗੁਰੂ ਜੀ ਨਾਲ ਫਿਰ ਤੋਂ ਕੋਈ ਛੇੜ-ਛਾੜ ਕਰਦਾ । ਦੂਜਾ, ਇਸ ਲੜਾਈ ਵਿਚ ਮਾਲਵੇ ਦੇ ਤਕਰੀਬਨ ਹਰ ਜੱਟ ਕਬੀਲੇ ਨੇ ਆਪਣੀ ਸ਼ਮੂਲੀਅਤ ਕੀਤੀ ਸੀ। ਮਾਝੇ ਦੇ ਜੱਥੇ ਵੀ ਹੁੰਮ-ਹੁਮਾ ਕੇ ਉੱਥੇ ਪਹੁੰਚੇ ਹੋਏ ਸਨ । ਇਸ ਤਰ੍ਹਾਂ ਇਸ ਲੜਾਈ ਵਿਚ ਮਾਝਾ ਅਤੇ ਮਾਲਵਾ ਦੋਵੇਂ ਹੀ ਪੂਰੀ ਤਰ੍ਹਾਂ ਸ਼ਾਮਲ ਸਨ । ਤੀਜਾ, ਇਸ ਗੱਲ ਦਾ ਭਲੀ ਭਾਂਤ ਗਯਾਨ ਹੋ ਗਿਆ ਸੀ ਕਿ ਮਾਲਵਾ ਯੁੱਧ-ਨੀਤੀ ਪੱਖੋਂ ਕਿਤਨਾ ਸਹਾਈ ਖੇਤਰ ਹੈ । ਗੁਰੂ ਜੀ ਨੇ ਲੜਾਈ ਪਿੱਛੋਂ ਮਾਲਵੇ ਦੇ ਪਿੰਡਾਂ ਦੇ ਵਿਸ਼ਾਲ ਦੌਰੇ ਕੀਤੇ ਸਨ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੁਕਤਸਰ ਦੀ ਲੜਾਈ

Leave a comment

error: Content is protected !!