ਖਾਲਸੇ ਦੀਆਂ ਲੜਾਈਆਂ

ਖਾਲਸੇ ਦੀ ਸਾਜਨਾ ਨਾਲ ਜਿੱਥੇ ਸਮੁੱਚੀ ਸਿੱਖ ਕੌਮ ਵਿਚ ਰਾਸ਼ਟਰੀ ਪੱਧਰ ਦੀ ਇਕ-ਰੂਪਤਾ ਨਿਸ਼ਚਿਤ ਹੋ ਗਈ ਸੀ ਉੱਥੇ ਉਹ ਇਕ ਮਰਯਾਦਾ ਤਹਿਤ ਹਥਿਆਰ-ਬੰਦ ਵੀ ਹੋ ਗਈ ਸੀ । ਇਸ ਸਭ ਕੁਝ ਦੇ ਨਾਲ ਨਾਲ ਖਾਲਸਾ ਭਾਈਚਾਰੇ ਵਿਚੋਂ ਜਾਤ-ਪਾਤ ਬਿਲਕੁਲ ਖ਼ਤਮ ਹੋ ਗਈ ਸੀ । ਅੰਮ੍ਰਿਤ ਛੱਕਣ ਤੋਂ ਬਾਅਦ ਅੰਮ੍ਰਿਤਧਾਰੀ ਵਿਅਕਤੀ ਨੇ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਹੋਣਾ ਸੀ । ਉਸ ਦੀ ਜ਼ਾਤ-ਗੋਤ, ਉਸ ਦਾ ਪਹਿਲਾ ਅਕੀਦਾ ਅਤੇ ਸੋਚ ਸਭ ਕੁਝ ਖਤਮ ਹੋ ਗਿਆ ਸੀ। ਇਸ ਕਰਕੇ ਸ਼ੂਦਰ ਲੋਕਾਂ ਨੇ ਜਦੋਂ ਅੰਮ੍ਰਿਤ ਛੱਕਣ ਪਿੱਛੋਂ ਆਪਣੇ ਆਪ ਨੂੰ ਹਥਿਆਰ-ਬੰਦ ਅਤੇ ਘੋੜਸੁਆਰ ਹੋਏ ਦੇਖਿਆ ਤਾਂ ਉਨ੍ਹਾਂ ਨੇ ਇਸ ਨੂੰ ਇਕ ਚਮਤਕਾਰ ਹੀ ਸਮਝਿਆ ਸੀ । ਉਹ ਸਮੂਹਾਂ ਦੇ ਰੂਪ ਵਿਚ ਉਮਡ ਕੇ ਧੜਾ-ਧੜ ਆਨੰਦਪੁਰ ਸਾਹਿਬ ਪਹੁੰਚਣੇ ਸ਼ੁਰੂ ਹੋ ਗਏ ਸਨ ਅਤੇ ਹਥਿਆਰਬੰਦ ਹੋ ਕੇ ਘੋੜਿਆਂ ‘ਤੇ ਅਸਵਾਰ ਹੋ ਇਉਂ ਬਾਹਰ ਨਿਕਲਦੇ ਸਨ ਜਿਵੇਂ ਕਿ ਉਹ ਮੁੱਦਤਾਂ ਦੇ ਸਰਦਾਰ ਬਣੇ ਹੁੰਦੇ ਸਨ। ਇਸ ਤਰ੍ਹਾਂ ਆਨੰਦਪੁਰ ਸਾਹਿਬ ਵਿਖੇ ਹਰ ਸਮੇਂ ਸੈਂਕੜਿਆਂ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਹਥਿਆਰਬੰਦ ਸਿੰਘ ਰਹਿਣ ਲੱਗ ਪਏ ਸਨ । ਇਨ੍ਹਾਂ ਦਾ ਨਿਸ਼ਚਾ ਸਿਰਫ ਆਪਣੇ ਗੁਰੂ ਵਿਚ ਸੀ । ਇਨ੍ਹਾਂ ਦਾ ਝੰਡਾ ਕੇਵਲ ਤੇ ਕੇਵਲ ਕੇਸਰੀ ਨਿਸ਼ਾਨ ਸਾਹਿਬ ਸੀ; ਇਨ੍ਹਾਂ ਨੇ ਸਿਰਫ ਆਪਣੇ ਗੁਰੂ ਦਾ ਹੀ ਹੁਕਮ ਮੰਨਣਾ ਸੀ। ਇਸ ਤਰ੍ਹਾਂ ਜੇ ਇਹ ਵੀ ਕਿਹਾ ਜਾਵੇ ਕਿ ਆਨੰਦਪੁਰ ਸਾਹਿਬ ਖਾਲਸੇ ਦਾ ਇਕ ਨਗਰ ਰਾਜ (city state) ਹੀ ਬਣ ਗਿਆ ਸੀ ਤਾਂ ਵੀ ਇਸ ਵਿਚ ਕੋਈ ਅਤਿ-ਕਥਨੀ ਨਹੀਂ ਹੋ ਸਕਦੀ। ਖਾਲਸੇ ਦੀ ਸਾਜਨਾ, ਅਸਲ ਵਿਚ, ਜ਼ੁਲਮ ਅਤੇ ਬੇਇਨਸਾਫੀ ਦੇ ਖਿਲਾਫ਼ ਸੰਘਰਸ਼ ਦਾ ਇਕ ਐਲਾਨ ਹੀ ਸੀ ਅਤੇ ਖਾਲਸੇ ਨੇ ਦਸਾਂ ਨਹੁੰਆਂ ਨਾਲ ਕਿਰਤ ਕਰਨ ਵਾਲੇ, ਵੰਡ ਕੇ ਛੱਕਣ ਵਾਲੇ ਅਤੇ ਵਾਹਿਗੁਰੂ ਦਾ ਨਾਮ ਜਪਣ ਵਾਲੇ ਲੋਕਾਂ ਦਾ ਰਾਜ ਕਾਇਮ ਕਰਨਾ ਸੀ ।

ਮਾਤਾ ਸਾਹਿਬ ਕੌਰ ਜੀ

ਆਨੰਦਪੁਰ ਸਾਹਿਬ ਉਸ ਰਾਜ ਵਿਚ ਸ਼ਾਮਲ ਸੀ ਜਿੱਥੇ ਉੱਚੀਆਂ ਜਾਤਾਂ ਦੀ ਸਰਦਾਰੀ ਸੀ ਅਤੇ ਨੀਵੀਆਂ ਜਾਤਾਂ ਨੂੰ ਦਬਾ ਕੇ ਅਤੇ ਸਮਾਜ ਵਿਚੋਂ ਛੇਕ ਕੇ ਰੱਖਿਆ ਹੋਇਆ ਸੀ । ਖਾਲਸੇ ਦਾ ਸੁਤੰਤਰ, ਜਾਤ-ਪਾਤ ਰਹਿਤ ਅਤੇ ਜੁਲਮ-ਜਬਰ ਦੇ ਖਿਲਾਫ ਐਲਾਨ ਅਜਿਹੇ ਸਮਾਜਿਕ ਅਤੇ ਰਾਜਸੀ ਢਾਂਚੇ ਦੇ ਅੰਦਰ ਇਕ ਵਿਰੋਧੀ ਸੰਕਲਪ ਹੀ ਸੀ। ਇਕ ਰਿਆਸਤ ਵਿਚ ਅਜਿਹੇ ਦੋ ਵਿਰੋਧੀ ਵਿਚਾਰਾਂ ਦੀ ਟੱਕਰ ਅਟੱਲ ਸੀ। ਇੱਥੇ ਇਕ ਗੱਲ ਹੋਰ ਵੀ ਧਿਆਨ ਰੱਖਣ ਯੋਗ ਹੈ ਕਿ ਖਾਲਸੇ ਦੀ ਸਾਜਨਾ ਤੋਂ ਪਹਿਲਾਂ ਅੰਦਾਜ਼ਨ 1698 ਈ. ਵਿਚ ਸ਼ਾਹਜ਼ਾਦਾ ਮੁਅੱਜ਼ਮ (ਪਿੱਛੋਂ ਬਾਦਸ਼ਾਹ ਬਹਾਦਰ ਸ਼ਾਹ) ਦੇ ਆਉਣ ਸਮੇਂ ਆਨੰਦਪੁਰ ਸਾਹਿਬ ਵਿਖੇ ਜਿਹੜੇ ਦੋ ਵਾਰ ਕੁਝ ਅਹਿਦੀਏ ਫ਼ੌਜ ਲੈ ਕੇ ਆਏ ਸਨ ਉਨ੍ਹਾਂ ਨੇ ਹੋਰਨਾਂ ਪਹਾੜੀ ਰਾਜਿਆਂ ਦੇ ਨਾਲ ਕਹਿਲੂਰ ਦੇ ਰਾਜਾ ਭੀਮ ਚੰਦ ਦੀ ਰਿਆਸਤ ਨੂੰ ਵੀ ਤਬਾਹ ਕਰ ਸੁੱਟਿਆ ਸੀ । ਅਹਿਮ ਗੱਲ ਇਹ ਸੀ ਕਿ ਉਨ੍ਹਾਂ ਨੇ ਗੁਰੂ ਘਰ ਦੇ ਸ਼ਰਧਾਲੂ ਲੋਕਾਂ ਦੀ ਮਦਦ ਵਜੋਂ ਉਨ੍ਹਾਂ ਸਭ ਲੋਕਾਂ ਨੂੰ ਉਜਾੜ ਸੁੱਟਿਆ ਸੀ ਜੋ ਗੁਰੂ ਘਰ ਦੇ ਵਿਰੋਧੀ ਸਨ । ਇਸ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਤਾਕਤ ਆਨੰਦਪੁਰ ਸਾਹਿਬ ਵਿਖੇ, ਉੱਥੋਂ ਦੇ ਰਾਜੇ ਦੇ ਮੁਕਾਬਲੇ ‘ਤੇ, ਹੋਰ ਮਜਬੂਤੀ ਨਾਲ ਸਥਾਪਤ ਹੋ ਗਈ ਸੀ । ਇਸ ਘਟਨਾ ਨੂੰ ਵੀ ਖਾਲਸੇ ਦੀ ਸਾਜਨਾ ਦੇ ਪਿੱਛੇ ਇਕ ਸਹਾਇਕ ਤੱਥ ਮੰਨਣਾ ਚਾਹੀਂਦਾ ਹੈ। ਪੱਕੇ ਪੈਰਾਂ ‘ਤੇ ਖੜ੍ਹੇ ਹੋਏ ਬਿਨਾਂ ਖਾਲਸੇ ਦੀ ਸਾਜਨਾ ਦਾ ਕੰਮ ਸੌਖਾ ਨਹੀਂ ਸੀ ਅਤੇ ਨਾ ਹੀ ਖਾਲਸੇ ਦੀ ਸਾਜਨਾ ਨੂੰ ਮਹਿਜ ਇਕ ਸਰਸਰੀ ਜਿਹੀ ਸੰਗਤਾਂ ਨੂੰ ਖਾਲਸਾ ਬਣਾ ਲੈਣ ਵਾਲੀ ਘਟਨਾ ਹੀ ਮੰਨਣਾ ਚਾਹੀਂਦਾ ਹੈ। ਇਹ ਇਕ ਬਹੁਤ ਗੰਭੀਰ ਘਟਨਾ ਸੀ ਅਤੇ ਇਸ ਦੇ ਸਿੱਟੇ ਵੀ ਬੜੇ ਗੰਭੀਰ ਕਿਸਮ ਦੇ ਸਨ। ਹੋਰਨਾਂ ਗੱਲਾਂ ਦੇ ਨਾਲ ਨਾਲ ਇਹ ਇੱਕ ਹਥਿਆਰਬੰਦ ਸੰਘਰਸ਼ ਦਾ ਅਤੇ ਸਿੱਖਾਂ ਦੀ ਸੁਤੰਤਰਤਾ ਦਾ ਐਲਾਨ ਵੀ ਸੀ । ਬਿਨਾਂ ਪੱਕੇ ਪੈਰਾਂ ‘ਤੇ ਖੜ੍ਹਿਆਂ ਇਹ ਗੱਲ ਹੋ ਨਹੀਂ ਸੀ ਸਕਦੀ। ਭੰਗਾਣੀ ਦੀ ਸਫਲ ਲੜਾਈ, ਨਾਦੌਣ ਦੀ ਸਫਲ ਲੜਾਈ, ਆਨੰਦਪੁਰ ਸਾਹਿਬ ਤੋਂ ਦਿਲਾਵਰ ਖ਼ਾਨ ਦੇ ਪੁੱਤਰ ਦਾ ਅਸਫਲ ਮੁੜ ਜਾਣਾ, ਹੁਸੈਨੀ ਖ਼ਾਨ ਦਾ ਮਾਰਿਆ ਜਾਣਾ ਅਤੇ ਅਹਿਦੀਆਂ ਰਾਹੀਂ ਗੁਰੂ ਘਰ ਦੇ ਵਿਰੋਧੀ ਲੋਕਾਂ ਨੂੰ ਤਬਾਹ ਕਰ ਦੇਣ ਦੀਆਂ ਘਟਨਾਵਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਜ਼ਬੂਤ ਪੈਰਾਂ ਉਪਰ ਖੜ੍ਹਿਆਂ ਕਰ ਦਿੱਤਾ ਸੀ । ਬਿਨਾਂ ਸ਼ੱਕ, ਜਿੱਥੋਂ ਤੱਕ ਕਿ ਰਿਆਸਤ ਕਾਇਮ ਕਰਨ ਦੀ ਗੱਲ ਸੀ ਜਾਂ ਕਿਸੇ ਰਾਜੇ ਦੀ ਤਾਕਤ ਖੋਹ ਕੇ ਉਸ ਦਾ ਰਾਜ ਹੜੱਪ ਕਰਨ ਦੀ ਗੱਲ ਸੀ ਜਾਂ ਵੱਧ ਤੋਂ ਵੱਧ ਜਮੀਨ ਰੋਕ ਕੇ ਆਪਣੀ ਜਾਗੀਰ ਕਾਇਮ ਕਰਨ ਦੀ ਗੱਲ ਸੀ, ਗੁਰੂ ਜੀ ਦਾ ਇਸ ਤਰ੍ਹਾਂ ਦਾ ਉੱਕਾ ਹੀ ਕੋਈ ਮਿਸ਼ਨ ਨਹੀਂ ਸੀ। ਪਰ ਇਸ ਸੱਚਾਈ ਨੂੰ ਵੀ ਮੰਨਣਾ ਪੈਣਾ ਹੈ ਕਿ ਆਨੰਦਪੁਰ ਸਾਹਿਬ ਵਿਚ ਖਾਲਸਾ ਆਪਣੇ ਆਤਮ-ਨਿਰਣੈ ਦੇ ਅਧਿਕਾਰ ਨੂੰ ਕਾਇਮ ਰੱਖ ਕੇ ਵਿਚਰਨਾ ਚਾਹੁੰਦਾ ਸੀ। ਆਤਮ-ਨਿਰਣੈ ਦੇ ਅਧਿਕਾਰ ਦਾ ਭਾਵ ਹੈ ਕਿ ਗੁਰੂ ਜੀ ਨੇ ਆਪਣੇ ਖਾਲਸਾਈ ਮਿਸ਼ਨ ਦੀ ਪੂਰਤੀ ਵਿਚ ਕਿਸੇ ਧਿਰ ਦਾ ਦਖ਼ਲ ਸਹਿਣ ਨਹੀਂ ਕਰਨਾ ਸੀ ਅਤੇ ਇਸ ਦੀਆਂ ਰੋਜਾਨਾਂ ਦੀਆਂ ਲੋੜਾਂ ਦੀ ਪੂਰਤੀ ਨਿਰਬਿਘਨ ਜਾਰੀ ਰੱਖਣੀ ਸੀ । ਖਾਲਸੇ ਦਾ ਇਕ ਸੁਤੰਤਰ ਮਿਸ਼ਨ ਸੀ। ਇਹ ਮਿਸ਼ਨ ਸੁਤੰਤਰਤਾ ਨਾਲ ਵਿਚਰ ਕੇ ਹੀ ਪੂਰਾ ਹੋ ਸਕਦਾ ਸੀ। ਖਾਲਸੇ ਦਾ ਆਪਣਾ ਨਿਸ਼ਾਨ ਸੀ ਤੇ ਆਪਣਾ ਹੀ ਵਿਧਾਨ (ਰਹਿਤ-ਮਰਯਾਦਾ) ਸੀ । ਖਾਲਸੇ ਦੀ ਆਪਣੀ ਸੋਚ ਸੀ ਤੇ ਆਪਣਾ ਹੀ ਨਿਸ਼ਚਾ ਸੀ । ਖਾਲਸੇ ਦਾ ਆਪਣਾ ਹੀ ਨੇਤਾ ਸੀ ਅਤੇ ਆਪਣੀ ਹੀ ਇਕ ਜੱਥੇਬੰਦਕ ਪਰਣਾਲੀ ਸੀ। ਇਸ ਵਿਚ ਕਿਸੇ ਬਾਹਰਲੀ ਧਿਰ ਦੀ ਕੋਈ ਦਖ਼ਲ-ਅੰਦਾਜੀ ਨਹੀਂ ਹੋਣੀ ਚਾਹੀਦੀ ਸੀ । ਇਸੇ ਤਰ੍ਹਾਂ ਰੋਜ਼ਾਨਾ ਦੀਆਂ ਲੋੜਾਂ ਦੀ ਪੂਰਤੀ ਲਈ ਖਾਲਸੇ ਨੂੰ ਆਪਣੇ ਘੋੜਿਆਂ ਲਈ ਘਾਹ-ਪੱਠੇ ਦੀ ਜ਼ਰੂਰਤ ਸੀ । ਹਜ਼ਾਰਾਂ ਆਦਮੀਆਂ ਦਾ ਲੰਗਰ ਤਿਆਰ ਕਰਨ ਲਈ ਅਨਾਜ ਅਤੇ ਲੱਕੜਾਂ ਦੀ ਜ਼ਰੂਰਤ ਸੀ। ਇਨ੍ਹਾਂ ਹਜਾਰਾਂ ਹਥਿਆਰ-ਬੰਦ ਸਿੰਘਾਂ ਲਈ ਹਥਿਆਰ ਮੁਹੱਈਆ ਕਰਾਉਣ ਵਾਸਤੇ ਹਥਿਆਰਾਂ ਦੀ ਖੁੱਲੀ ਵਿਤਰਣ-ਪਰਣਾਲੀ ਦੀ ਲੋੜ ਸੀ ਜਾਂ ਇਨ੍ਹਾਂ ਦੇ ਤਿਆਰ ਕਰਨ ਦੇ ਕਾਰਖਾਨੇ ਸਥਾਪਤ ਕਰਨੇ ਜ਼ਰੂਰੀ ਸਨ । ਇਹ ਉਕਤ ਦੋ ਗੱਲਾਂ ਜੇਕਰ ਨਿਰਬਿਘਨ ਚਲਦੀਆਂ ਸਨ ਤਾਂ ਗੁਰੂ ਜੀ ਦਾ ਕਹਿਲੂਰ ਦੇ ਰਾਜੇ ਨਾਲ ਕੋਈ ਵਿਰੋਧ ਨਹੀਂ ਸੀ ਪਰ ਜੇਕਰ ਰਾਜਾ ਇਹ ਸਭ ਕੁਝ ਨਹੀਂ ਹੋਣ ਦੇਣਾ ਚਾਹੁੰਦਾ ਸੀ ਤਾਂ ਇਹ ਵਿਰੋਧ ਆਪਣੇ ਆਪ ਹੀ ਪੈਦਾ ਹੋ ਜਾਣਾ ਸੀ।

ਗੁਰੂ ਗੋਬਿੰਦ ਸਿੰਘ ਜੀ (1675-1708 ਈ .)

ਇਸ ਤੱਥ ਦੀ ਪਰੋੜ੍ਹਤਾ ਲਈ ਸਾਨੂੰ ਅਨੇਕਾਂ ਗਵਾਹੀਆਂ ਮਿਲ ਜਾਂਦੀਆਂ ਹਨ ਕਿ ਗੁਰੂ ਜੀ ਨੇ ਕੋਸ਼ਿਸ਼ ਕੀਤੀ ਸੀ ਕਿ ਉਕਤ ਲੋੜਾਂ ਆਪਸੀ ਰਜ਼ਾ-ਮੰਦੀ ਨਾਲ ਉਪਲੱਭਧ ਹੋ ਸਕਣ । ਸਿੱਖ ਇਤਿਹਾਸ ਨੂੰ ਆਧੁਨਿਕ ਲੀਹਾਂ ‘ਤੇ ਲਿਖਣ ਵਾਲਾ ਸਭ ਤੋਂ ਪਹਿਲਾ ਇਤਿਹਾਸਕਾਰ ਗਯਾਨੀ ਗਯਾਨ ਸਿੰਘ ਲਿਖਦਾ ਹੈ ਕਿ ਜਦੋਂ ਸਿੰਘ ਆਨੰਦਪੁਰ ਸਾਹਿਬ ਤੋਂ ਬਾਹਰ ਘਾਹ, ਪੱਠੇ ਅਤੇ ਲੱਕੜਾਂ ਆਦਿ ਲੈਣ ਜਾਂਦੇ ਸਨ ਤਾਂ ਸਥਾਨਕ ਲੋਕਾਂ ਨਾਲ ਉਨ੍ਹਾਂ ਦਾ ਤਕਰਾਰ ਹੋ ਜਾਂਦਾ ਸੀ । ਉਹ ਲੋਕ ਰਾਜੇ ਪਾਸ ਸ਼ਿਕਾਇਤ ਕਰਦੇ ਸਨ ਅਤੇ ਰਾਜਾ ਗੁਰੂ ਜੀ ਪਾਸ ਆਪਣੇ ਬੰਦੇ ਭੇਜ ਕੇ ਲੋਕਾਂ ਦੀ ਉਕਤ ਸ਼ਿਕਾਇਤ ਬਾਰੇ ਦੱਸਦਾ ਸੀ । ਗੁਰੂ ਜੀ ਦਾ ਕਹਿਣਾ ਸੀ ਕਿ ਜੇਕਰ ਰਾਜਾ ਉਨ੍ਹਾਂ ਨੂੰ ਲੋੜ ਅਨੁਸਾਰ ਇਹ ਵਸਤਾਂ ਮੁਹੱਈਆ ਕਰਵਾ ਦੇਵੇ ਤਾਂ ਸਿੰਘ ਆਪ ਇਕੱਠੀਆਂ ਨਹੀਂ ਕਰਨਗੇ। ਰਾਜਾ ਇਹ ਲੋੜਾਂ ਪੂਰੀਆਂ ਕਰਨ ਦਾ ਵਾਇਦਾ ਤਾਂ ਕਰ ਲੈਂਦਾ ਸੀ ਪਰ ਲਗਾਤਾਰ ਨਿਰਬਿਘਨ ਮੁਹੱਈਆ ਨਹੀਂ ਕਰਦਾ ਸੀ । ਲਗਾਤਾਰ ਮੁਹੱਈਆ ਨਾ ਹੋਣ ਦੀ ਸੂਰਤ ਵਿਚ ਸਿੰਘ ਆਪ ਜਾਂਦੇ ਸਨ । ਇਸ ਤਰ੍ਹਾਂ ਸਿੰਘਾਂ ਦਾ ਅਤੇ ਸਥਾਨਕ ਲੋਕਾਂ ਦਾ ਝਗੜਾ ਵੱਧਦਾ ਸੀ । ਗਯਾਨ ਸਿੰਘ ਤੋਂ ਪਹਿਲਾਂ ਦੇ ਲੇਖਕ ਸੁੱਖਾ ਸਿੰਘ ਨੇ ਵੀ ਅਤੇ ਗੁਰੂ ਜੀ ਦੇ ਸਮਕਾਲੀ ਲੇਖਕ ਕਵੀ ਸੈਨਾਪਤਿ ਨੇ ਵੀ ਇਹ ਗੱਲ ਲਿਖੀ ਹੈ । ਸੈਨਾਪਤਿ ਅਨੁਸਾਰ ਜਦੋਂ ਸਿੰਘ ਘੋੜਸੁਆਰ ਹੋ ਕੇ ਪਿੰਡਾਂ ਵਿਚ ਰਸਦ ਲੈਣ ਲਈ ਜਾਂਦੇ ਸਨ ਤਾਂ ਅਜਿਹੇ ਪਿੰਡ ਜਿਹੜੇ ਸੁਲਹਾ-ਸਫਾਈ ਨਾਲ ਰਸਦ ਦੇ ਦਿੰਦੇ ਸੀ ਉਨ੍ਹਾਂ ਦੀ ਖਾਲਸਾ ਰਾਖੀ ਕਰਦਾ ਸੀ ਪਰ ਜਿਹੜੇ ਇਸ ਤਰ੍ਹਾਂ ਰਸਦ ਨਹੀਂ ਦਿੰਦੇ ਸਨ ਉਨ੍ਹਾਂ ਪਾਸੋਂ ਨੀਅਤ ਮੁੱਲ ਦੇ ਕੇ ਧੱਕੇ ਨਾਲ ਰਸਦ ਲੈ ਲਈ ਜਾਂਦੀ ਸੀ । ਸਿੱਖ ਇਤਿਹਾਸ ਦੇ ਇਸ ਸਮੇਂ ਬਾਰੇ ਲਿਖਣ ਵਾਲੇ ਆਧੁਨਿਕ ਇਤਿਹਾਸਕਾਰ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ। ਇਸ ਤਰ੍ਹਾਂ ਦੋ ਵਿਰੋਧੀ ਧਿਰਾਂ ਦੇ ਵੱਖ ਵੱਖ ਇਕੱਠ ਹੋਣੇ ਸ਼ੁਰੂ ਹੋ ਗਏ । ਜੁਲਮ ਅਤੇ ਜਬਰ ਦੇ ਖਿਲਾਫ ਲੜਨ ਵਾਲੇ ਲੋਕ, ਜੋ ਸਮੁੱਚੇ ਦੇਸ਼ ਦੇ ਵੱਖ ਵੱਖ ਖੇਤਰਾਂ ਵਿਚੋਂ ਆਉਂਦੇ ਸਨ, ਆਨੰਦਪੁਰ ਸਾਹਿਬ ਵਿਖੇ ਇਕੱਠੇ ਹੁੰਦੇ ਸਨ। ਇਸ ਵਿਸ਼ਾਲ ਇਕੱਠ ਦੀਆਂ ਲੋੜਾਂ ਦੀ ਪੂਰਤੀ ਲਈ ਰਸਦ ਆਦਿ ਲੈਣ ਲਈ ਜਦੋਂ ਸਿੰਘਾਂ ਦੀਆਂ ਟੁਕੜੀਆਂ ਬਾਹਰ ਜਾਂਦੀਆਂ ਸਨ ਤਾਂ ਸਥਾਨਕ ਵਿਰੋਧੀ ਲੋਕ ਬਿਲਾਸਪੁਰ ਪਹੁੰਚ ਕੇ ਇਕੱਠੇ ਹੁੰਦੇ ਸਨ । ਇਸ ਤਰ੍ਹਾਂ ਆਨੰਦਪੁਰ ਸਾਹਿਬ ਅਤੇ ਬਿਲਾਸਪੁਰ ਦੋ ਵਿਰੋਧੀ ਕੈਂਪਾਂ ਦੇ ਕੇਂਦਰ ਬਣ ਗਏ ਸਨ। ਕਹਿਲੂਰ ਦੇ ਰਾਜੇ ਨੇ ਇਸ ਸਭ ਕੁਝ ਨੂੰ ਆਪਣੀ ਸ਼ਕਤੀ ਲਈ ਖਤਰਾ ਸਮਝਿਆ ਸੀ ਅਤੇ ਉਹ ਇਸ ਖਤਰੇ ਨੂੰ ਖਤਮ ਕਰਨ ਲਈ ਆਪਣੇ ਗੁਆਂਢੀ ਪਹਾੜੀ ਰਾਜਿਆਂ ਨਾਲ ਸਲਾਹ ਮਸ਼ਵਰੇ ਕਰਨ ਲੱਗ ਪਿਆ ਸੀ।

ਪਹਿਲੇ ਉਪਾਅ ਵਜੋਂ ਰਾਜੇ ਨੇ ਆਪਣੇ ਪਿੰਡਾਂ ਦੀ ਰੱਖਿਆ ਕਰਨ ਲਈ ਆਪਣੀਆਂ ਸੈਨਿਕ ਟੁਕੜੀਆਂ ਤਾਇਨਾਤ ਕਰ ਦਿੱਤੀਆਂ ਸਨ ਤਾਂ ਕਿ ਇਹ ਟੁਕੜੀਆਂ ਰਸਦ-ਪਾਣੀ ਇਕੱਠਾ ਕਰਨ ਲਈ ਆਉਣ ਵਾਲੇ ਸਿੰਘ ਜੱਥਿਆਂ ਨੂੰ ਰੋਕ ਸਕਣ। ਇਸ ਤਹਿਤ ਇਕ ਵਾਰ ਰਸਦ ਲੈਣ ਲਈ ਗਏ ਖਾਲਸਾ ਜੱਥਿਆਂ ਦੀ ਇਨ੍ਹਾਂ ਸੈਨਿਕ ਟੁਕੜੀਆਂ ਨਾਲ ਮੁੱਠ-ਭੇੜ ਹੋ ਗਈ ਸੀ । ਇਹ ਸੈਨਿਕ ਟੁਕੜੀਆਂ ਬਲੀਆ ਚੰਦ ਅਤੇ ਆਲਮ ਚੰਦ ਨਾਂ ਦੇ ਮੁਖੀਆਂ ਜਾਂ ਰਾਜਿਆਂ ਦੇ ਅਧੀਨ ਸਨ । ਮੁੱਠ-ਭੇੜ ਵਿਚ ਸਿੰਘਾਂ ਨੇ ਇਨ੍ਹਾਂ ਸੈਨਿਕ ਟੁਕੜੀਆਂ ਨੂੰ ਵੀ ਭਜਾ ਦਿੱਤਾ ਸੀ । ਪਿੰਡਾਂ ਵਿਚ ਤਾਇਨਾਤ ਸੈਨਿਕ ਟੁਕੜੀਆਂ ਨੂੰ ਭਜਾਉਣ ਤੋਂ ਪਿੱਛੋਂ ਖਾਲਸਾ ਜੱਥੇ ਆਪਣੀ ਤਾਕਤ ਵਿਚ ਇਤਨੇ ਆਤਮ-ਵਿਸ਼ਵਾਸੀ ਹੋ ਗਏ ਸਨ ਕਿ ਉਹ ਪਿੰਡਾਂ ਨੂੰ ਇਹ ਗੱਲ ਸਪਸ਼ਟ ਰੂਪ ਵਿਚ ਪੁੱਛਣ ਲੱਗ ਪਏ ਸਨ ਕਿ ਕੀ ਉਹ ਖਾਲਸਾ ਮਿਸ਼ਨ ਨੂੰ ਅਪਣਾਉਂਦੇ ਹਨ ਜਾਂ ਨਹੀਂ? ਜਿਹੜਾ ਪਿੰਡ ਜਾਂ ਜਿਸ ਪਿੰਡ ਦੇ ਮੁੱਖੀ ਖਾਲਸਾ ਮਿਸ਼ਨ ਨੂੰ ਅਪਣਾ ਲੈਂਦੇ ਸਨ ਉਹਨਾਂ ਨੂੰ ਖਾਲਸਾ ਆਪਣੀ ਸੁਰੱਖਿਆ ਹੇਠ ਲੈ ਲੈਂਦਾ ਸੀ । ਜਿਹੜੇ ਨਹੀਂ ਅਪਣਾਉਂਦੇ ਸਨ ਉਨ੍ਹਾਂ ਨੂੰ ਦੁਸ਼ਮਣ ਦੇ ਪਿੰਡ ਸਮਝ ਕੇ ਉਜਾੜ ਦਿੱਤਾ ਜਾਂਦਾ ਸੀ । ਇਸੇ ਤਰ੍ਹਾਂ ਕਹਿਲੂਰ ਰਾਜ ਦੀਆਂ ਸੈਨਿਕ ਟੁਕੜੀਆਂ ਕਰਦੀਆਂ ਸਨ । ਖਾਲਸਈ ਸੁਰੱਖਿਆ ਹੇਠ ਲਏ ਗਏ ਪਿੰਡਾਂ ਨੂੰ ਉਹ ਉਜਾੜ ਦਿੰਦੀਆਂ ਸਨ । ਇਸ ਤਰ੍ਹਾਂ ਖਾਲਸੇ ਦੇ ਹਮਾਇਤੀ ਅਤੇ ਵਿਰੋਧੀ ਪਿੰਡਾਂ ਵਿਚਕਾਰ ਇਕ ਲਕੀਰ ਖਿੱਚੀ ਗਈ ਸੀ । ਸੈਨਾਪਤਿ ਦਾ ਕਥਨ ਹੈ ਕਿ ਇਸ ਤਰ੍ਹਾਂ ਖਾਲਸੇ ਨੇ ਆਨੰਦਪੁਰ ਸਾਹਿਬ ਦੇ ਆਲੇ-ਦੁਆਲੇ ਦੇ ਅਨੇਕਾਂ ਪਿੰਡ ਆਪਣੇ ਕਬਜ਼ੇ ਵਿਚ ਕਰ ਲਏ ਸਨ।

ਕਹਿਲੂਰ ਦੇ ਰਾਜਾ ਅਜਮੇਰ ਚੰਦ ਲਈ ਇਹ ਘਟਨਾਵਾਂ ਬਹੁਤ ਗੰਭੀਰ ਸਨ । ਉਸ ਨੇ ਆਪਣੇ ਗੁਆਂਢੀ ਰਾਜਿਆਂ ਤੋਂ ਸੈਨਿਕ ਮਦਦ ਲੈ ਕੇ ਆਨੰਦਪੁਰ ਸਾਹਿਬ ਉਪਰ ਸਿੱਧਾ ਹਮਲਾ ਕਰਨ ਦੀ ਵਿਉਂਤ ਬਣਾਈ। ਇਸ ਦੀ ਪੂਰਤੀ ਵਜੋਂ ਰਾਜੇ ਨੇ ਪਹਿਲਾਂ ਗੁਰੂ ਜੀ ਨੂੰ ਇਕ ਧਮਕੀ ਭਰਿਆ ਪੱਤਰ ਲਿਖਿਆ ਜਿਸ ਵਿਚ ਕਿਹਾ ਗਿਆ ਸੀ ਕਿ ਉਹ ਜਾਂ ਤਾਂ ਆਨੰਦਪੁਰ ਸਾਹਿਬ ਵਿਖੇ ਰਹਿਣ ਦਾ ਟੈਕਸ ਭਰਨ ਨਹੀਂ ਤਾਂ ਉਹ ਇਸ ਜਗਾਹ ਨੂੰ ਖਾਲੀ ਕਰ ਜਾਣ । ਗੁਰੂ ਸਾਹਿਬ ਨੇ ਇਸ ਪੱਤਰ ਦਾ ਜਵਾਬ ਦਿੰਦਿਆਂ ਕਿਹਾ ਕਿ ਜੇ ਰਾਜੇ ਨੂੰ ਪੈਸੇ ਦੀ ਲੋੜ ਹੈ ਤਾਂ ਉਹ ਉਨ੍ਹਾਂ ਦੇ ਦਰਬਾਰ ਵਿਚ ਪੇਸ਼ ਹੋ ਕੇ ਜਿਤਨੇ ਪੈਸੇ ਚਾਹੀਂਦੇ ਹਨ ਉਤਨੇ ਹੀ ਲੈ ਸਕਦਾ ਹੈ ਪਰ ਜੇ ਉਹ ਉਹਨਾਂ ਨੂੰ ਡਰਾ ਕੇ ਕਰ ਦੇ ਤੌਰ ‘ਤੇ ਪੈਸੇ ਲੈਣਾ ਚਾਹੁੰਦਾ ਹੈ ਤਾਂ ਉਹ ਇਕ ਪੈਸਾ ਵੀ ਦੇਣ ਲਈ ਤਿਆਰ ਨਹੀਂ ਹਨ। ਨਤੀਜੇ ਦੇ ਤੌਰ ‘ਤੇ ਰਾਜਾ ਅਜਮੇਰ ਚੰਦ ਨੇ ਗੁਆਂਢੀ ਰਾਜੇ ਹਿੰਡੂਰ ਦੀ ਸੈਨਾ ਨੂੰ ਨਾਲ ਲੈ ਕੇ ਆਪਣੀ ਫ਼ੌਜ ਨਾਲ ਆਨੰਦਪੁਰ ਸਾਹਿਬ ਨੂੰ ਜਾ ਘੇਰਿਆ । ਚਾਰੇ ਪਾਸਿਆਂ ਤੋਂ ਜਿੰਨੇ ਵੀ ਆਉਣ-ਜਾਣ ਦੇ ਰਸਤੇ ਸਨ ਉਹ ਸਭ ਬੰਦ ਕਰ ਦਿੱਤੇ ਗਏ ਸਨ ।

ਇਸ ਹਮਲੇ ਦਾ ਜਵਾਬ ਦੇਣ ਲਈ ਗੁਰੂ ਜੀ ਨੇ ਆਨੰਦਪੁਰ ਸਾਹਿਬ ਵਿਖੇ ਹਾਜ਼ਰ ਸਿੰਘਾਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਦੀ ਅਗਵਾਈ ਹੇਠ ਵੱਖ ਵੱਖ ਥਾਵਾਂ ‘ਤੇ ਤਾਇਨਾਤ ਕਰ ਦਿੱਤਾ ਸੀ। ਜਿਸ ਥਾਂ ‘ਤੇ ਘੇਰਾ ਪਾਉਣ ਵਾਲੇ ਰਾਜੇ ਅਤੇ ਸੈਨਿਕ ਕਮਾਂਡਰ ਇਕੱਠੇ ਹੋ ਕੇ ਲੜਾਈ ਦੀਆਂ ਵਿਉਂਤਾਂ ਬਣਾ ਰਹੇ ਸਨ ਸਾਹਿਬਜ਼ਾਦਾ ਅਜੀਤ ਸਿੰਘ ਨੇ ਸਿੱਧਾ ਉਸੇ ਥਾਂ ਉਪਰ ਹਮਲਾ ਕਰ ਦਿੱਤਾ। ਹਮਲੇ ਦੌਰਾਨ ਸਿੰਘਾਂ ਨੇ ਰਣਸਿੰਗਿਆਂ ਅਤੇ ਨਗਾਰਿਆਂ ਨਾਲ ਐਸਾ ਕੜਕਵਾਂ ਸ਼ੋਰ ਮਚਾਇਆ ਕਿ ਇਕੱਠੇ ਹੋਏ ਸਾਰੇ ਹਮਲਾਵਰ ਨੇਤਾ ਘਬਰਾ ਗਏ । ਸ਼ਾਇਦ ਰਾਜਿਆਂ ਨੂੰ ਗੁਰੂ ਜੀ ਵੱਲੋਂ ਮੁਕਾਬਲੇ ਦੀ ਉਮੀਦ ਨਹੀਂ ਸੀ । ਕਹਿਲੂਰ ਦੇ ਰਾਜੇ ਨੇ ਆਪਣੇ ਪਰਧਾਨ ਵਜੀਰ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਹੁਣ ਕੀ ਕਰਨਾ ਚਾਹੀਂਦਾ ਹੈ। ਪਰਧਾਨ ਵਜੀਰ ਨੇ ਜਵਾਬ ਦਿੱਤਾ ਕਿ ਜਦੋਂ ਉਹ ਘੇਰਾ ਪਾ ਕੇ ਬੈਠੇ ਹੀ ਹਨ ਤਾਂ ਲੜਾਈ ਕਰਨੀ ਚਾਹੀਂਦੀ ਹੈ । ਹੁਣ ਸੁਲਹਾ ਸਫਾਈ ਕਰਨ ਦੀ ਗੱਲ ਤਾਂ ਕੋਈ ਡਰਪੋਕ ਵਿਅਕਤੀ ਹੀ ਸੁਝਾਅ ਸਕਦਾ ਹੈ। ਇਸ ਅਨੁਸਾਰ ਰਾਜੇ ਤੋਂ ਇਜਾਜ਼ਤ ਲੈ ਕੇ ਸਮੁੱਚੀ ਹਮਲਾਵਰ ਸੈਨਾ ਨੇ ਲੜਾਈ ਸ਼ੁਰੂ ਕਰ ਦਿੱਤੀ।

ਕਵੀ ਸੈਨਾਪਤਿ ਨੇ ਇਸ ਲੜਾਈ ਦਾ ਅੱਖੀਂ ਦੇਖਿਆ ਚਿੱਤਰ ਇਸ ਤਰ੍ਹਾਂ ਪੇਸ਼ ਕੀਤਾ ਹੈ : ਸਭ ਤੋਂ ਪਹਿਲਾਂ ਬੰਦੂਕਾਂ . ਰਾਹੀਂ ਲੜਾਈ ਕੀਤੀ ਗਈ, ਬੰਦੂਕਾਂ ਦੇ ਪਿੱਛੋਂ ਤੀਰ ਕਮਾਨਾਂ ਨਾਲ ਅਤੇ ਤੀਰ ਕਮਾਨਾਂ ਤੋਂ ਪਿੱਛੋਂ ਤਲਵਾਰਾਂ ਸੂਤ ਲਈਆਂ ਗਈਆਂ।’ ਦੋਵਾ ਧਿਰਾਂ ਦੇ ਸਿਪਾਹੀ ਅੱਗੇ ਹੋ ਹੋ ਕੇ ਲੜਦੇ ਸਨ । ਕਦੇ ਇਕ ਨਾਲ ਇਕ ਅਤੇ ਕਦੇ ਦੋ ਦੋ ਬੰਦੇ ਇਕ ਇਕ ’ਤੇ ਟੁੱਟ ਪੈਂਦੇ ਸਨ । ਖਾਲਸਾ ਵਾਹਿਗੁਰੂ ਨੂੰ ਹਾਜਰ-ਨਾਜ਼ਰ ਸਮਝ ਕੇ ਲੜ ਰਿਹਾ ਸੀ । ਉਸ ਦੇ ਮਨ ਵਿਚ ਅਥਾਹ ਜੋਸ਼ ਸੀ। ਅਜੀਤ ਸਿੰਘ ਸਿੰਘਾਂ ਦੇ ਅੱਗੇ ਹੋ ਕੇ ਇਤਨੀ ਦਲੇਰੀ ਨਾਲ ਲੜ ਰਿਹਾ ਸੀ ਕਿ ਦੇਖਣ ਵਾਲੇ ਸਭ ਹੈਰਾਨ ਹੋ ਰਹੇ ਸਨ। ਅਜੀਤ ਸਿੰਘ ਦੀ ਯੁੱਧ-ਕਲਾ ਨੂੰ ਦੇਖ ਕੇ ਰਾਜਿਆਂ ਦੀ ਸੁੱਧ-ਬੁੱਧ ਭੁੱਲ ਗਈ ਸੀ । ਅਜੀਤ ਸਿੰਘ ਨੇ ਪੂਰੀ ਤਾਕਤ ਨਾਲ ਪਹਾੜੀ ਰਾਜਿਆਂ ਦੀ ਫ਼ੌਜ ਦਾ ਮੂੰਹ ਮੋੜ ਦਿੱਤਾ ਸੀ । ” ਕਵੀ ਸੈਨਾਪਤਿ ਲਿਖਦਾ ਹੈ ਕਿ ਇਸ ਗਹਿ-ਗੱਚ ਦੀ ਲੜਾਈ ਵਿਚ ਕੁਝ ਡੱਟ ਕੇ ਲੜਦੇ ਸਨ ਪਰ ਕੁਝ ਡਰ ਕੇ ਲੁੱਕ ਜਾਂਦੇ ਸਨ । ਕਈ ਜ਼ਖ਼ਮੀ ਹੋ ਕੇ ਬੇਹਾਲ ਹੋਏ ਡਿੱਗੇ ਪਏ ਸਨ ਅਤੇ ਕਈ ਜਖ਼ਮਾਂ ਤੋਂ ਪੀੜਤ ਸਿਰਾਂ ਨੂੰ ਮਾਰਦੇ ਹੋਏ ਬਿਕਰਾਲ ਆਵਾਜ਼ਾਂ ਕੱਢ ਰਹੇ ਸਨ । ਕਈ ਪਾਣੀ ਦੀ ਪਿਆਸ ਨਾਲ ਕੁਰਲਾ ਰਹੇ ਸਨ ਅਤੇ ਕਈ ਡਰ ਕੇ ਆਪਣੇ ਹਥਿਆਰ ਛੱਡ ਕੇ ਦੌੜ ਗਏ ਸਨ। ਪਰ ਸੂਰਮੇ ਸਿੰਘ ਇਕ ਦੂਜੇ ਦੇ ਅੱਗੇ ਹੋ ਕੇ ਲੜ ਰਹੇ ਸਨ ਅਤੇ ਮਰਨ ਤੋਂ ਨਹੀਂ ਡਰਦੇ ਸਨ । ਨੂੰ ਨਮੀ ਮਾਊT BUT

ਇਹ ਲੜਾਈ ਕਈ ਦਿਨ ਚਲਦੀ ਰਹੀ। ਖਾਲਸਾ ਇਸ ਲੜਾਈ ਵਿਚ ਭਾਰੂ ਰਿਹਾ ਸੀ ਅਤੇ ਰਾਜਿਆਂ ਦੀ ਫ਼ੌਜ ਨੇ ਹਾਰ ਮੰਨ ਲਈ ਸੀ । ਖਾਲਸੇ ਦੇ ਜੋਰ ਨੂੰ ਦੇਖ ਕੇ ਰਾਜੇ ਕਹਿਲੂਰ ਨੇ ਆਪਣੇ ਵਜ਼ੀਰ ਨਾਲ ਸਲਾਹ ਕੀਤੀ ਕਿ ਆਪਣੀ ਇੱਜ਼ਤ ਬਚਾਉਣ ਦਾ ਕੋਈ ਉਪਾਅ ਕੀਤਾ ਜਾਵੇ । ਉਪਾਅ ਇਹ ਕੀਤਾ ਗਿਆ ਕਿ ਉਨ੍ਹਾਂ ਨੇ ਇਕ ਗਊ ਦੇ ਕੇ, ਆਪਣੇ ਏਲਚੀ, ਗੁਰੂ ਗੋਬਿੰਦ ਸਿੰਘ ਜੀ ਪਾਸ ਭੇਜੇ । ਉਨ੍ਹਾਂ ਨੇ ਗਊ ਦੀ ਕਸਮ ਖਾ ਕੇ ਗੁਰੂ ਜੀ ਨੂੰ ਯਕੀਨ ਦੁਆਇਆ ਕਿ ਜੇਕਰ ਗੁਰੂ ਜੀ ਕੁਝ ਸਮੇਂ ਵਾਸਤੇ ਆਨੰਦਪੁਰ ਸਾਹਿਬ ਨੂੰ ਛੱਡ ਕੇ ਚਲੇ ਜਾਣ ਤਾਂ ਉਹ ਇੱਜ਼ਤ ਸਮੇਤ ਆਪਣੀਆਂ ਫ਼ੌਜਾਂ ਵਾਪਸ ਲਿਜਾ ਸਕਦੇ ਹਨ।

ਗੁਰੂ ਜੀ ਨੇ ਇਹ ਗੱਲ ਤੁਰੰਤ ਮੰਨ ਲਈ ਅਤੇ ਆਨੰਦਪੁਰ ਸਾਹਿਬ ਨੂੰ ਛੱਡ ਕੇ ਨਿਰਮੋਹਗੜ੍ਹ ਪਹੁੰਚ ਕੇ ਠਹਿਰਾ ਕਰ ਲਿਆ ਸੀ। 4 ਇਹ ਲੜਾਈ 31 ਭਾਦੋਂ ਅਤੇ ਇਕ ਅੱਸੂ, ਸੰਮਤ 1757 ਬਿ. ਮੁਤਾਬਕ 31 ਅਗਸਤ ਅਤੇ ਇਕ ਸਤੰਬਰ, 1700 ਈ. ਨੂੰ ਲੜੀ ਗਈ ਸੀ ।

ਨਿਰਮੋਹਗੜ੍ਹ ਦੀ ਲੜਾਈ :

ਜਦੋਂ ਗੁਰੂ ਜੀ ਖਾਲਸੇ ਸਮੇਤ ਆਨੰਦਪੁਰ ਸਾਹਿਬ ਨੂੰ ਛੱਡ ਕੇ ਨਿਰਮੋਹਗੜ੍ਹ ਵਿਖੇ ਆ ਗਏ ਸਨ ਤਾਂ ਪਹਾੜੀ ਰਾਜਿਆਂ ਦੀ ਫ਼ੌਜ ਨੇ ਖਾਲਸੇ ਉਪਰ ਪਿੱਛੋਂ ਅਚਾਨਕ ਹੀ ਹਮਲਾ ਕਰ ਦਿੱਤਾ ਸੀ ਅਤੇ ਆਨੰਦਪੁਰ ਸਾਹਿਬ ਨੂੰ ਲੁੱਟ ਲਿਆ ਸੀ ।” ਇਸ ਦੇ ਜਵਾਬ ਵਿਚ ਖਾਲਸੇ ਨੇ ਵੀ ਕਹਿਲੂਰ ਦੇ ਨਿਰਮੋਹਗੜ੍ਹ ਦੇ ਆਲੇ-ਦੁਆਲੇ ਦੇ ਉਹ ਸਾਰੇ ਪਿੰਡ ਲੁੱਟ ਲਏ ਸਨ ਜਿਹੜੇ ਰਾਜਿਆਂ ਦੇ ਹਮਾਇਤੀ ਸਨ । ਗੁਰੂ ਜੀ ਦਾ ਇਕ ਮੁੱਖੀ ਸਿੰਘ ਸਾਹਿਬ ਚੰਦ ਇਸ ਲੜਾਈ ਦੌਰਾਨ ਹੀ ਮਾਰਿਆ ਗਿਆ ਸੀ । ਇਸ ਦੀ ਲਾਸ਼ ਦਾ ਸੰਸਕਾਰ ਖਾਲਸੇ ਨੇ ਲੜਾਈ ਵਿਚ ਜਿੱਤ ਪਰਾਪਤ ਕਰਨ ਤੋਂ ਪਿੱਛੋਂ ਨਿਰਮੋਹਗੜ੍ਹ ਵਿਖੇ ਹੀ ਕਰ ਦਿੱਤਾ ਸੀ । 8 ਜਦ ਇਸ ਤਰ੍ਹਾਂ ਨਿਰਮੋਹਗੜ੍ਹ ਵਿਖੇ ਵੀ ਪਹਾੜੀ ਸੈਨਾ ਦਾ ਖਾਲਸੇ ਨੇ ਮੂੰਹ ਮੋੜ ਦਿੱਤਾ ਸੀ ਤਾਂ ਰਾਜਾ ਕਹਿਲੂਰ ਚਿੰਤਾ ਵਿਚ ਡੁੱਬ ਗਿਆ ਅਤੇ ਕਹਿਣ ਲੱਗਾ ਕਿ ਖਾਲਸੇ ਦੀ ਤਾਕਤ ਦੀ ਹੁਣ ਪੂਰੀ ਧੁੰਮ ਪੈ ਗਈ ਹੈ ਇਸ ਦਾ ਜ਼ਰੂਰ ਕੋਈ ਇਲਾਜ ਕਰਨਾ ਚਾਹੀਂਦਾ ਹੈ । ਸੈਨਾਪਤਿ ਅਨੁਸਾਰ ਇਸ ਇਲਾਜ ਵਜੋਂ ਉਸ ਨੇ ਆਪਣਾ ਵਜੀਰ ਬਾਦਸ਼ਾਹ (ਸੁਲਤਾਨ) ਔਰੰਗਜ਼ੇਬ ਪਾਸ ਭੇਜਿਆ। ਔਰੰਗਜ਼ੇਬ ਨੇ ਸਰਹਿੰਦ ਦੇ ਸੂਬੇਦਾਰ ਨੂੰ ਇਨ੍ਹਾਂ ਦੀ ਫ਼ੌਜੀ ਮਦਦ ਕਰਨ ਦਾ ਹੁਕਮ ਦਿੱਤਾ । ਸਰਹਿੰਦ ਦੇ ਸੂਬੇਦਾਰ ਨੇ ਇਨ੍ਹਾਂ ਹੁਕਮਾਂ ਤਹਿਤ ਆਪਣੀ ਫ਼ੌਜ ਪਹਾੜੀ ਰਾਜਿਆਂ ਦੀ ਮਦਦ ਲਈ ਭੇਜੀ ।

ਭਾਵੇਂ ਸੈਨਾਪਤਿ ਨੇ ਉਕਤ ਬਿਆਨ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਰਾਜੇ ਬਾਦਸ਼ਾਹ ਪਾਸ ਮਦਦ ਲੈਣ ਲਈ ਗਏ ਸਨ ਪਰ ਇਸ ਬਾਰੇ ਕੁਝ ਇਕ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ ਕਿ ਇਕ ਤਾਂ ਬਾਦਸ਼ਾਹ ਉਸ ਸਮੇਂ ਦੱਖਣ ਵਿਚ ਸੀ ਅਤੇ ਦੱਖਣ ਵਿਚ ਬਾਦਸਾਹ ਤੱਕ ਪਹੁੰਚਣਾ ਬਹੁਤ ਮੁਸ਼ਕਲ ਸੀ। ਇਹ ਪਹੁੰਚ ਵੱਧ ਤੋਂ ਵੱਧ ਦਿੱਲੀ ਤੱਕ ਜਾਂ ਫਿਰ ਸਰਹਿੰਦ ਤੀਕ ਹੋ ਸਕਦੀ ਸੀ । ਦੂਜਾ, ਕਿਉਂਕਿ ਪਹਾੜੀ ਰਾਜੇ ਮੁਗ਼ਲ ਸਲਤਨਤ ਦੀ ਸੈਨਿਕ ਮਦਦ ਨਹੀਂ ਕਰਦੇ ਸਨ ਸਗੋਂ ਇਸ ਦੇ ਇਵਜਾਨੇ ਵਜੋਂ ਸਿਰਫ ਪੈਸੇ ਹੀ ਭਰਦੇ ਸਨ ਇਸ ਲਈ ਰਾਜੇ ਆਪਣੇ ਲਈ ਬਾਦਸ਼ਾਹ ਪਾਸ ਸੈਨਿਕ ਮਦਦ ਮੰਗਣ ਜਾਣ, ਇਹ ਗੱਲ ਠੀਕ ਨਹੀਂ ਜਾਪਦੀ। ਪੰਜਾਬ ਦੀਆਂ ਪਹਾੜੀ ਰਿਆਸਤਾਂ ਸਿਰਫ ਕਾਂਗੜਾ ਅਤੇ ਸਰਹਿੰਦ ਦੇ ਫ਼ੌਜਦਾਰਾਂ ਦੀ ਨਿਗਰਾਨੀ ਹੇਠ ਸਨ ਇਸ ਲਈ ਸੈਨਿਕ ਮਦਦ ਵੱਧ ਤੋਂ ਵੱਧ ਕਾਂਗੜਾ ਅਤੇ ਸਰਹਿੰਦ ਦੇ ਫ਼ੌਜਦਾਰਾਂ ਪਾਸੋਂ ਹੀ ਮੰਗੀ ਜਾ ਸਕਦੀ ਸੀ। ਉਹ ਵੀ ਕੀਮਤ ਦੇ ਕੇ । ਇਸ ਲਈ ਬਾਦਸ਼ਾਹ ਪਾਸ ਜਾਣ ਦੀ ਗੱਲ ਜਾਂ ਤਾਂ ਸੰਕੇਤਕ ਹੈ ਤੇ ਜਾਂ ਫਿਰ ਗਲਤ ਹੈ।

ਉਧਰ ਗੁਰੂ ਜੀ ਨੇ ਹੁਕਮਨਾਮੇ ਭੇਜ ਕੇ ਸਾਰੇ ਪਿੰਡਾਂ ਵਿਚੋਂ ਸਿੰਘਾਂ ਨੂੰ ਬੁਲਾ ਲਿਆ । ਸਭ ਸਿੰਘ ਗੁਰੂ ਜੀ ਦੇ ਦਰਬਾਰ ਵਿਚ ਪਹੁੰਚ ਗਏ ਸਨ । ਇਸ ਸਮੇਂ ਕੱਤਕ ਦੀ ਪੂਰਨਮਾਸ਼ੀ ਦਾ ਗੁਰਪੁਰਬ ਸੀ। ਇਸ ਗੁਰਪੁਰਬ ‘ਤੇ ਵੈਸੇ ਵੀ ਸਿੱਖ ਸੰਗਤਾਂ ਹੁੰਮ-ਹੁਮਾ ਕੇ ਪਹੁੰਚੀਆਂ ਸਨ । ਗੁਰੂ ਜੀ ਨੇ ਸਭ ਨੂੰ ਹਥਿਆਰ ਪਕੜਾ ਕੇ ਲੜਨ ਲਈ ਤਿਆਰ ਕਰ ਦਿੱਤਾ। ਆਨੰਦਪੁਰ ਸਾਹਿਬ ਦੇ ਉਪਰ ਮੁਗਲਾਂ ਅਤੇ ਪਹਾੜੀ ਰਾਜਿਆਂ ਦੀ ਸੰਯੁਕਤ ਸੈਨਾ ਨੇ ਚੜ੍ਹਾਈ ਕੀਤੀ। ਆਲੇ ਦੁਆਲੇ ਦੇ ਗੁੱਜਰ ਅਤੇ ਹੋਰ ਗਵਾਰ ਲੋਕ ਵੀ ਇਸ ਸੰਯੁਕਤ ਫ਼ੌਜ ਨਾਲ ਰਲ ਕੇ ਉਮੱਡ ਪਏ ਸਨ । ਇਸ ਅਥਾਹ ਲਸ਼ਕਰ ਨੇ ਆਨੰਦਪੁਰ ਸਾਹਿਬ ਨੂੰ ਚਹੁੰ ਪਾਸਿਆਂ ਤੋਂ ਘੇਰ ਲਿਆ ਸੀ । ਸੈਨਾਪਤਿ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਇਸ ਘੇਰੇ ਵਿਚ ਇਸ ਤਰ੍ਹਾਂ ਬੈਠੇ ਜਾਪਦੇ ਸਨ ਜਿਵੇਂ ਕਿਸੇ ਅੰਗੂਠੀ ਵਿਚ ਨਗ ਜੜਿਆ ਹੁੰਦਾ ਹੈ ਜਾਂ ਤਾਰਿਆਂ ਦੇ ਵਿਚ ਚੰਨ ਘਿਰਿਆ ਹੋਇਆ ਹੁੰਦਾ ਹੈ। ਇਸ ਤਰ੍ਹਾਂ ਇਸ ਅਥਾਹ ਦਲ ਅਤੇ ਸਿੰਘਾਂ ਵਿਚਕਾਰ ਸੱਤ ਪਹਿਰ ਘਮਸਾਨ ਦੀ ਲੜਾਈ ਹੋਈ । ਆਖਰ ਤੁਰਕ ਫ਼ੌਜ ਪਿੱਛੇ ਹਟਣ ਲਈ ਮਜ਼ਬੂਰ ਹੋ ਗਈ । ਗੁਰੂ ਜੀ ਨਿਰਮੋਹਗੜ੍ਹ ਦੀ ਥਾਂ ਛੱਡ ਕੇ ਸਤਲੁਜ ਦਰਿਆ ਦੇ ਕੰਢੇ ਉਪਰ ਚਲੇ ਗਏ । ਦਰਿਆ ਨੂੰ ਪਾਰ ਕਰਨ ਸਮੇਂ ਫਿਰ ਗਹਿਗੱਚ ਲੜਾਈ ਹੋਈ। ਇੱਥੇ ਸਵਾ ਪਹਿਰ ਲੜਾਈ ਹੁੰਦੀ ਰਹੀ। ਇੱਥੋਂ ਵੀ ਸਿੰਘਾਂ ਨੇ ਦੁਸ਼ਮਣ ਦੇ ਸੰਯੁਕਤ ਦਲ ਦੇ ਮੂੰਹ ਮੋੜ ਦਿੱਤੇ । ਪਰ ਗੁਰੂ ਜੀ ਇੱਥੇ ਨਾ ਟਿਕੇ । ਬਿਸਾਲੀ ਰਿਆਸਤ ਦਾ ਰਾਜਾ ਗੁਰੂ ਜੀ ਨੂੰ ਆਪਣੀ ਰਿਆਸਤ ਵਿਚ ਲੈ ਗਿਆ । ਇਸ ਤਰ੍ਹਾਂ ਗੁਰੂ ਜੀ ਬਿਭੌਰ ਸਾਹਿਬ ਆ ਬਿਰਾਜੇ ।”

ਕਵੀ ਸੈਨਾਪਤਿ ਦੀ ਇਸ ਲੜਾਈ ਦੇ ਵਰਨਣ ਵਿਚ ਵੀ ਤਾਰੀਖ ਨਹੀਂ ਦਿੱਤੀ ਗਈ । ਪਰ ਜਿਵੇਂ ਕਿ ਸੈਨਾਪਤਿ ਨੇ ਮਹਾਂ-ਕਾਤਕੀ? (ਕੱਤਕ ਦੀ ਪੂਰਨਮਾਸ਼ੀ) ਦਾ ਜ਼ਿਕਰ ਕੀਤਾ ਹੈ ਇਸ ਲਈ ਨਿਸ਼ਚੇ ਹੀ ਇਹ ਲੜਾਈ ਕੱਤਕ ਮਹੀਨੇ ਦੇ ਅਖੀਰਲੇ ਦਿਨਾਂ ਵਿਚ ਹੋਈ ਹੋਵੇਗੀ । ਭਾਵ ਕਿ ਆਨੰਦਪੁਰ ਸਾਹਿਬ ਨੂੰ ਖਾਲੀ ਕਰਨ ਤੋਂ 20-22 ਦਿਨਾਂ ਬਾਅਦ ਹੀ ਬਿਭੌਰ ਸਾਹਿਬ ਵਾਲੀ ਥਾਂ ‘ਤੇ ਰਹਿਣ ਸਮੇਂ ਬਿਸਾਲੀ ਅਤੇ ਖੇੜਾ-ਕਲਮੋਟ ਦੇ ਪਿੰਡਾਂ ਦੇ ਵਸਨੀਕਾਂ ਵੱਲੋਂ ਸਿੱਖ ਸੰਗਤਾਂ ਨੂੰ ਲੁੱਟਿਆ ਗਿਆ ਸੀ। ਹੋ ਸਕਦਾ ਹੈ ਕਿ ਇਹ ਲੁੱਟ-ਰਾਜਿਆਂ ਵੱਲੋਂ ਦਿੱਤੀ ਗਈ ਸ਼ਹਿ ਕਰਕੇ ਹੋਈ ਹੋਵੇ। ਸੈਨਾਪਤਿ ਨੇ ਬਸਾਲੀ ਅਤੇ ਕਲਮੋਟ ਪਿੰਡਾਂ ਵਿਚ ਉੱਥੋਂ ਦੇ ਲੋਕਾਂ ਨਾਲ ਗੁਰੂ ਜੀ ਦੀਆਂ ਹੋਈਆਂ ਝੜੱਪਾਂ ਦਾ ਜ਼ਿਕਰ ਕੀਤਾ ਹੈ। ਜਦੋਂ ਗੁਰੂ ਜੀ ਨਿਰਮੋਹਗੜ੍ਹ ਤੋਂ ਹੱਟ ਕੇ ਸਤਲੁਜ ਦਰਿਆ ਦਾ ਕੰਢਾ ਪਾਰ ਕਰ ਰਹੇ ਸਨ ਤਾਂ ਉੱਥੇ ਦੁਸ਼ਮਣ ਨਾਲ ਬਿਜਈ ਲੜਾਈ ਕਰਨ ਉਪਰੰਤ ਬਿਸਾਲੀ ਵਿਖੇ ਆਏ ਸਨ । ਬਿਸਾਲੀ ਰਿਆਸਤ ਵਿਚ ਜਿਹੜੀ ਥਾਂ ‘ਤੇ ਗੁਰੂ ਸਾਹਿਬ ਦਾ ਕੈਂਪ ਲਗਾਇਆ ਹੋਇਆ ਸੀ ਉਹ ਬਿਭੌਰ ਸਾਹਿਬ ਵਾਲਾ ਅਸਥਾਨ ਸੀ।

ਜਦੋਂ ਗੁਰੂ ਸਾਹਿਬ ਬਿਭੌਰ ਸਾਹਿਬ ਵਾਲੇ ਅਸਥਾਨ ‘ਤੇ ਰਹਿ ਰਹੇ ਸੀ ਤਾਂ ਉੱਥੇ ਹੀ ਸਿੱਖ ਸੰਗਤਾਂ ਦਾ ਆਉਣਾ-ਜਾਣਾ ਸ਼ੁਰੂ ਹੋ ਗਿਆ ਸੀ । ਲੇਕਿਨ ਇੱਥੋਂ ਦੇ ਆਲੇ-ਦੁਆਲੇ ਦੇ ਉਨ੍ਹਾਂ ਪਿੰਡਾਂ ਦੇ ਲੋਕ, ਜਿਹੜੇ ਬਿਸਾਲੀ ਰਿਆਸਤ ਤੋਂ ਬਾਹਰ ਦੇ ਸਨ ਅਤੇ ਕਹਿਲੂਰ ਸਟੇਟ ਵਿਚ ਸਨ, ਆਉਣ-ਜਾਣ ਵਾਲੀਆਂ ਸਿੱਖ ਸੰਗਤਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਸਨ। ਇਨ੍ਹਾਂ ਵਿਚ ਕਲਮੋਟ ਦੇ ਪਿੰਡ ਦਾ ਖਾਸ ਤੌਰ ‘ਤੇ ਜ਼ਿਕਰ ਹੈ । ਕਵੀ ਸੈਨਾਪਤਿ ਦੱਸਦਾ ਹੈ ਕਿ ਕਲਮੋਟ ਵਿਚ ਘੁਮੰਡੀ ਅਤੇ ਗਰੂਰੀ ਕਿਸਮ ਦੇ ਲੋਕ ਰਹਿੰਦੇ ਸਨ । ਇਨ੍ਹਾਂ ਨੇ ਕਈ ਵਾਰ ਸਿੱਖ-ਸੰਗਤਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ । ਜਦੋਂ ਸਿੱਖਾਂ ਵੱਲੋਂ ਗੁਰੂ ਜੀ ਪਾਸ ਇਸ ਬਾਰੇ ਦੱਸਿਆ ਗਿਆ ਤਾਂ ਗੁਰੂ ਜੀ ਅਜਿਹੇ ਲੋਕਾਂ ਨੂੰ ਸੋਧਣ ਲਈ ਚੜ੍ਹ ਪਏ ਸਨ । ਖਾਲਸੇ ਨੇ ਕਲਮੋਟ ਪਿੰਡ ਨੂੰ ਚਹੁੰ-ਪਾਸਿਆਂ ਤੋਂ ਘੇਰ ਲਿਆ। ਕਲਮੋਟ ਦੇ ਲੋਕ ਵੀ ਇਕੱਠੇ ਹੋ ਕੇ ਮੁਕਾਬਲਾ ਕਰਨ ਲਈ ਤਿਆਰ ਹੋ ਗਏ ਸਨ । ਸਾਰੀ ਰਾਤ ਕਲਮੋਟ ਨੂੰ ਘੇਰ ਕੇ ਰੱਖਿਆ ਗਿਆ । ਦੂਸਰੇ ਦਿਨ, ਸੂਰਜ ਚੜ੍ਹਨ ਸਾਰ ਹੀ ਖਾਲਸੇ ਨੇ ਪੂਰੇ ਜ਼ੋਰ ਨਾਲ ਹਮਲਾ ਕੀਤਾ। ਪਹਿਲਾਂ ਪਹਿਲਾਂ ਦੋਨੋਂ ਪਾਸਿਆਂ ਤੋਂ ਤੀਰ-ਕਮਾਨਾਂ ਦੀ ਬੁਛਾੜ ਕੀਤੀ ਗਈ ਸੀ । ਪਰ ਖਾਲਸੇ ਦਾ ਜ਼ੋਰ ਪੈ ਜਾਣ ਕਾਰਣ ਕਲਮੋਟ ਦੇ ਲੋਕ ਪਿੰਡ ਛੱਡ ਕੇ ਭੱਜ ਨਿਕਲੇ ਸਨ । ਗੁਰੂ ਸਾਹਿਬ ਕਲਮੋਟ ਦੇ ਲੁਟੇਰੇ ਲੋਕਾਂ ਉਪਰ ਜਿੱਤ ਪਰਾਪਤ ਕਰਕੇ ਵਾਪਸ ਬਿਭੌਰ ਸਾਹਿਬ ਆ ਗਏ ਸਨ। ਇੱਥੇ ਹੀ ਕਹਿਲੂਰ ਦਾ ਰਾਜਾ ਗੁਰੂ ਜੀ ਨੂੰ ਆ ਮਿਲਿਆ । ਉਸ ਨੇ ਆਪਣੀ ਪਿਛਲੀ ਕਾਰ-ਗੁਜ਼ਾਰੀ ਦੀ ਮੁਆਫੀ ਮੰਗੀ ਅਤੇ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਵਿਖੇ ਆਉਣ ਦੀ ਬੇਨਤੀ बीडी।”

ਜਾਪਦਾ ਹੈ ਕਿ ਗੁਰੂ ਸਾਹਿਬ ਖਾਲਸੇ ਦੀ ਸਾਜਨਾ ਵਾਲੇ ਸਾਲ ਦੇ ਅਖੀਰ ਵਿਚ ਆਨੰਦਪੁਰ ਸਾਹਿਬ ਵਾਪਸ ਪਹੁੰਚ ਗਏ ਸਨ। ਭਾਵੇਂ ਕਿ ਸੈਨਾਪਤਿ ਨੇ ਇਸ ਦੀ ਕੋਈ ਤਾਰੀਖ ਨਹੀਂ ਦਿੱਤੀ। ਗੁਰੂ ਜੀ ਦਾ 1757 ਬਿ. ਅਰਥਾਤ 1699 ਈ. ਦਾ ਸਾਰਾ ਸਾਲ, ਖਾਲਸਾ ਸਾਜੇ ਜਾਣ ਤੋਂ ਪਿੱਛੋਂ ਪਹਾੜੀ ਰਾਜਿਆਂ ਦੀ ਸੈਨਾ ਨਾਲ ਹੀ ਹੋਈਆਂ ਲੜਾਈਆਂ ਵਿਚ ਹੀ ਬੀਤ ਗਿਆ ਸੀ। ਬਿਸਾਲੀ ਵਿਖੇ ਬਿਭੌਰ ਸਾਹਿਬ ਦੇ ਅਸਥਾਨ ‘ਤੇ ਗੁਰੂ ਸਾਹਿਬ ਥੋੜ੍ਹਾ ਸਮਾਂ ਹੀ ਰਹੇ ਪਰਤੀਤ ਹੁੰਦੇ ਹਨ। 1700 ਈ. ਦੇ ਸ਼ੁਰੂ ਵਿਚ ਗੁਰੂ ਸਾਹਿਬ ਵਾਪਸ ਆਨੰਦਪੁਰ ਸਾਹਿਬ ਆ ਗਏ ਸਨ।

ਆਨੰਦਪੁਰ ਸਾਹਿਬ ਦਾ ਦੂਸਰਾ ਯੁੱਧ :

ਗੁਰੂ ਗੋਬਿੰਦ ਸਿੰਘ ਜੀ 1700 ਈ. ਦੇ ਸ਼ੁਰੂ ਵਿਚ ਬਿਸਾਲੀ ਰਿਆਸਤ (ਬਿਭੌਰ ਸਾਹਿਬ) ਤੋਂ ਵਾਪਸ ਆਨੰਦਪੁਰ ਸਾਹਿਬ ਪਹੁੰਚ ਗਏ ਸਨ । 1705 ਈ. ਦੇ ਅਖੀਰਲੇ ਮਹੀਨੇ ਵਿਚ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਨੂੰ ਛੱਡਿਆ ਸੀ । ਇਸ ਤਰ੍ਹਾਂ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਗੁਰੂ ਸਾਹਿਬ ਆਨੰਦਪੁਰ ਸਾਹਿਬ ਦੇ ਪਹਿਲੇ ਯੁੱਧ ਤੋਂ ਵਿਹਲੇ ਹੋ ਕੇ ਤਕਰੀਬਨ 6 ਸਾਲ ਆਨੰਦਪੁਰ ਸਾਹਿਬ ਵਿਖੇ ਰਹੇ ਸਨ । ਇਨ੍ਹਾਂ ਵਿਚਕਾਰਲੇ ਪੰਜ ਸਾਲਾਂ ਦੇ ਸਮੇਂ ਵਿਚ ਜ਼ਰੂਰ ਹੀ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਦੀ ਸੁਰੱਖਿਆ ਪਰਣਾਲੀ ਨੂੰ ਮਜਬੂਤ ਕੀਤਾ ਹੋਣਾ ਹੈ। ਆਨੰਦਪੁਰ ਸਾਹਿਬ ਦੇ ਵਿਚ ਅਤੇ ਆਲੇ-ਦੁਆਲੇ ਤਕਰੀਬਨ ਛੇ ਕਿਲਿਆਂ ਬਾਰੇ ਸੁਣਿਆ ਜਾਂਦਾ ਹੈ । ਇਹ ਸਨ ਕਿਲਾ ਆਨੰਦਗੜ੍ਹ ਖਾਸ, ਕਿਲਾ ਤਖ਼ਤ ਸਿਰੀ ਕੇਸਗੜ੍ਹ ਸਾਹਿਬ, ਕਿਲਾ ਲੋਹਗੜ੍ਹ ਸਾਹਿਬ, ਕਿਲਾ ਹੋਲਗੜ੍ਹ ਸਾਹਿਬ, ਕਿਲਾ ਫਤਿਹਗੜ੍ਹ ਸਾਹਿਬ ਅਤੇ ਕਿਲਾ ਤਾਰਾਗੜ੍ਹ ਸਾਹਿਬ । ਇਨ੍ਹਾਂ ਵਿਚ ਕਿਲਾ ਆਨੰਦਪੁਰ ਸਾਹਿਬ ਅਤੇ ਕਿਲਾ ਕੇਸਗੜ੍ਹ ਸਾਹਿਬ ਬਾਰੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਇਹ ਕਿਲੇ ਪਾਉਂਟਾ ਸਾਹਿਬ ਤੋਂ 1688-89 ਈ. ਵਿਚ ਵਾਪਸ ਆ ਕੇ ਉਸਾਰੇ ਹੋਣਗੇ ਕਿਉਂਕਿ ਇਸ ਤਰ੍ਹਾਂ ਦੀ ਥੋੜ੍ਹੀ ਜਿਹੀ ਜਾਣਕਾਰੀ ‘ਬਚਿੱਤ੍ਰ ਨਾਟਕ’ ਦੀ ਲਿਖਤ ਤੋਂ ਮਿਲਦੀ ਹੈ । (ਕਾਹਿਲੂਰ ਮੇਂ ਬਾਂਧਿਓ ਆਣ ਆਨੰਦਪੁਰ ਗਾਂਵ) ਜਿਸ ਤਰ੍ਹਾਂ ਦਾ ਹਮਲਾ 1699 ਈ. ਦੇ ਅਖੀਰਲੇ ਮਹੀਨਿਆਂ ਵਿਚ ਗੁਆਂਢੀ ਰਾਜਿਆਂ ਦੀ ਸੈਨਿਕ ਮਦਦ ਲੈ ਕੇ ਕਹਿਲੂਰ ਦੇ ਰਾਜਾ ਅਜਮੇਰ ਚੰਦ ਨੇ ਆਨੰਦਪੁਰ ਸਾਹਿਬ ਉਪਰ ਕੀਤਾ ਸੀ, ਉਸ ਤਰ੍ਹਾਂ ਦਾ ਹਮਲਾ ਉਸ ਵੱਲੋਂ ਫੇਰ ਵੀ ਕੀਤਾ ਜਾ ਸਕਦਾ ਸੀ । ਇਸ ਖਤਰੇ ਤੋਂ ਬਚਣ ਲਈ ਜਰੂਰ ਹੀ ਗੁਰੂ ਜੀ ਨੇ ਇਹ ਉਕਤ ਦੱਸੇ ਕਿਲੇ ਤਾਮੀਰ ਕਰਵਾ ਲਏ ਹੋਣਗੇ। ਕਿਸੇ ਰਿਆਸਤ ਵਿਚ ਰਾਜੇ ਦੀ ਇਜਾਜ਼ਤ ਤੋਂ ਬਗੈਰ ਕਿਲ੍ਹੇ ਉਸਾਰ ਲੈਣਾ ਉਸ ਰਿਆਸਤ ਦੇ ਰਾਜੇ ਦੀ ਪਰਭੂਸਤਾ ਨੂੰ ਰੱਦ ਕਰਨ ਵਾਲੀ ਹੀ ਗੱਲ ਸੋਚੀ ਜਾ ਸਕਦੀ ਹੈ। ਵੈਸੇ ਤਾਂ ਖਾਲਸੇ ਦੀ ਸਾਜਨਾ ਦਾ ਭਾਵ ਹੀ ਆਨੰਦਪੁਰ ਸਾਹਿਬ ਵਿਚ ਖਾਲਸੇ ਦੀ ਸੁਤੰਤਰਤਾ ਦੇ ਐਲਾਨਨਾਮੇ ਤੋਂ ਹੀ ਲਿਆ ਜਾਣਾ ਚਾਹੀਂਦਾ ਹੈ । ਇਸ ਘਟਨਾ ਨਾਲ ਜਿੱਥੇ ਖਾਲਸੇ ਨੂੰ ਹਥਿਆਰਬੰਦ ਕੀਤਾ ਗਿਆ ਸੀ ਉੱਥੇ ਇਹ ਵੀ ਐਲਾਨਿਆ ਗਿਆ ਸੀ ਕਿ ਖਾਲਸਾ ਸਿਰਫ ਗੁਰੂ ਗੋਬਿੰਦ ਸਿੰਘ ਜੀ ਤੋਂ ਬਿਨਾਂ ਹੋਰ ਕਿਸੇ ਵੀ ਦੁਨਿਆਵੀ ਵਿਅਕਤੀ ਨੂੰ ਜਾਂ ਦੇਵੀ-ਦੇਵਤੇ ਨੂੰ ਆਪਣਾ ਗੁਰੂ ਜਾਂ ਨੇਤਾ ਨਹੀਂ ਮੰਨੇਗਾ । ਇਹ ਦੋਵੇਂ ਗੱਲਾਂ ਹੀ ਕਹਿਲੂਰ ਦੇ ਰਾਜੇ ਦੀ ਪਰੱਭੂਸਤਾ ਨੂੰ ਵੰਗਾਰਦੀਆਂ ਸਨ । ਕਿਲਿਆਂ ਦੀ ਸਥਾਪਨਾ ਨਾਲ ਤਾਂ ਇਸ ਵਿਚ ਰਹਿੰਦੀ-ਖੂੰਹਦੀ ਕਸਰ ਵੀ ਪੂਰੀ ਕਰ ਦਿੱਤੀ ਗਈ ਸੀ। ਕਿਲੇ ਵੀ ਐਸੀਆਂ ਸਥਿਤੀਆਂ ‘ਤੇ ਬਣਾਏ ਗਏ ਸਨ ਜਿਹੜੇ ਆਨੰਦਪੁਰ ਸਾਹਿਬ ਨੂੰ ਆਉਣ ਵਾਲੇ ਰਸਤਿਆਂ ਉਪਰ ਨਿਗਾਹ ਰੱਖਣ ਵਾਲੇ ਸਨ । ਇਕ ਤਰ੍ਹਾਂ ਨਾਲ ਆਨੰਦਪੁਰ ਸਾਹਿਬ ਦਾ ਆਲਾ ਦੁਆਲਾ ਕਿਲਿਆਂ ਨਾਲ ਪੂਰੀ ਤਰ੍ਹਾਂ ਮੋਰਚੇਬੰਦ ਕਰ ਲਿਆ ਗਿਆ ਸੀ । ਆਨੰਦਪੁਰ ਸਾਹਿਬ ਵਿਚ ਹਰ ਸਮੇਂ ਹਥਿਆਰਬੰਦ ਅਤੇ ਘੋੜ-ਸੁਆਰ ਖਾਲਸਾ ਰਹਿੰਦਾ ਸੀ । ਆਨੰਦਪੁਰ ਸਾਹਿਬ ਦੇ ਕਿਲਿਆਂ ਉਪਰ ਕੇਸਰੀ ਨਿਸ਼ਾਨ ਸਾਹਿਬ ਲਹਿਰਾਉਂਦੇ ਸਨ । ਸਵੇਰੇ-ਸ਼ਾਮ ਰਣਜੀਤ ਨਗਾਰਾ ਬਜਾਇਆ ਜਾਂਦਾ ਸੀ ਜੋ ਗੁਰੂ ਜੀ ਦੀ ਅਤੇ ਖਾਲਸੇ ਦੀ ਸੁਤੰਤਰ ਹੈਸੀਅਤ ਨੂੰ ਦਰਸਾਉਂਦਾ ਸੀ। ਕਾਹਿਲੂਰ ਦਾ ਰਾਜ ਬਰਾਹਮਣਵਾਦ ਦੀਆਂ ਨੀਤੀਆਂ ਦੀ ਪਰੱਤੀਨਿਧਤਾ ਕਰਦਾ ਸੀ ਜਦੋਂ ਕਿ ਆਨੰਦਪੁਰ ਸਾਹਿਬ ਇਸ ਦੇ ਬਿਲਕੁਲ ਵਿਪਰੀਤ ਸੰਕਲਪ ਉਭਾਰ ਰਿਹਾ ਸੀ । ਇਸ ਤਰ੍ਹਾਂ ਦੇਖਿਆਂ ਇਹ ਕਹਿਣ ਵਿਚ ਕੋਈ ਅਤਿਕਥਨੀ ਨਹੀਂ ਸਮਝੀ ਜਾਣੀ ਚਾਹੀਦੀ ਕਿ ਆਨੰਦਪੁਰ ਸਾਹਿਬ ਕਹਿਲੂਰ ਦੇ ਰਾਜੇ ਦੀ ਪਰਭੂਸੱਤਾ ਤੋਂ ਬਿਲਕੁਲ ਇਕ ਸੁਤੰਤਰ ਨਗਰ ਬਣ ਚੁੱਕਿਆ ਸੀ । ਇਸ ਨੂੰ ਖਾਲਸੇ ਦਾ ਨਗਰ-ਰਾਜ (city state) ਵੀ ਕਿਹਾ ਜਾ ਸਕਦਾ ਹੈ। ਇਸ ਸਭ ਕੁਝ ਨੂੰ ਕਹਿਲੂਰ ਦੇ ਰਾਜੇ ਵੱਲੋਂ ਸਹਾਰਨਾ ਸੰਭਵ ਨਹੀਂ ਸੀ।

ਇਸ ਦੇ ਨਾਲ ਹੀ ਤੱਤਕਾਲੀਨ ਕਾਰਣ ਦੇ ਤੌਰ ‘ਤੇ ਇਕ ਵਜ੍ਹਾ ਇਹ ਵੀ ਸੀ ਕਿ ਆਨੰਦਪੁਰ ਸਾਹਿਬ ਵਿਖੇ ਖਾਲਸੇ ਦਾ ਇਕੱਠ ਹਰ ਸਮੇਂ ਬਣਿਆ ਰਹਿੰਦਾ ਸੀ। ਜਿਵੇਂ ਕਿ ਪਹਿਲਾਂ ਵੀ ਲਿਖਿਆ ਗਿਆ ਹੈ ਕਿ ਸੈਂਕੜੇ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਰਹਿ ਰਹੇ ਵਿਅਕਤੀਆਂ ਦਾ ਲੰਗਰ-ਪਾਣੀ ਤਿਆਰ ਕਰਨ ਲਈ ਅਤੇ ਇਤਨੀ ਹੀ ਗਿਣਤੀ ਵਿਚਲੇ ਘੋੜਿਆਂ, ਬਲਦਾਂ, ਮੱਝਾਂ ਅਤੇ ਹੋਰ ਜਾਨਵਰਾਂ ਦੇ ਚਾਰੇ-ਪੱਠੇ ਦਾ ਵੀ ਹਰ ਸਮੇਂ ਮਿਲਦੇ ਰਹਿਣਾ ਜਰੂਰੀ ਹੈ। ਸਿੱਖ ਸੰਗਤਾਂ ਦੇ ਲੰਗਰ-ਪਾਣੀ ਲਈ ਭਾਵੇਂ ਆਨੰਦਪੁਰ ਸਾਹਿਬ ਦੇ ਆਲੇ-ਦੁਆਲੇ ਦੇ ਪਿੰਡਾਂ ਤੋਂ ਇਲਾਵਾ ਪੰਜਾਬ ਦੇ ਹੋਰ ਪਿੰਡਾਂ ਵਿਚੋਂ ਵੀ ਅਨਾਜ ਵਗੈਰਾ ਪਹੁੰਚਦਾ ਹੋਵੇਗਾ ਪਰ ਜ਼ਰੂਰ ਹੀ ਇੱਥੋਂ ਦੇ ਆਲੇ-ਦੁਆਲੇ ਦੇ ਪਿੰਡਾਂ ਉਪਰ ਇਸ ਦਾ ਪਰਭਾਵ ਪੈਣਾ ਹੀ ਪੈਣਾ ਸੀ। ਜੇਕਰ ਕਹਿਲੂਰ ਰਿਆਸਤ ਦਾ ਗੁਰੂ ਜੀ ਪਰੱਤੀ ਸਹਿਯੋਗਮਈ ਵਰਤਾਓ ਰਹਿੰਦਾ ਸੀ ਫਿਰ ਤਾਂ ਇਸ ਦਾ ਮਿਲਣਾ ਲਗਾਤਾਰ ਠੀਕ ਰਹਿ ਸਕਦਾ ਸੀ ਪਰ ਜੇਕਰ ਇਸ ਵਿਚ ਰਤਾ ਭਰ ਵੀ ਰਾਜੇ ਦਾ ਸਹਿਯੋਗ ਘੱਟਦਾ ਸੀ ਜਾਂ ਰਾਜੇ ਦਾ ਝੁਕਾਅ ਵਿਰੋਧਤਾ ਵਾਲਾ ਹੋ ਜਾਂਦਾ ਸੀ ਤਾਂ ਜ਼ਰੂਰ ਹੀ ਇਸ ਦੇ ਉਪਲਬਧ ਹੋਣ ਵਿਚ ਬਿਘਨ ਪੈਂਦਾ ਸੀ । ਬਿਘਨ ਪੈਣ ਦੀ ਸੂਰਤ ਵਿਚ ਆਨੰਦਪੁਰ ਸਾਹਿਬ ਵਿਚ ਇਕੱਠੇ ਹੋਏ ਖਾਲਸੇ ਦੇ ਲੰਗਰ-ਪਾਣੀ ਨੂੰ ਤਿਆਰ ਕਰਨ ਦੀ ਔਖਿਆਈ ਆਉਣੀ ਸੀ। ਇਹ ਮਾਮਲਾ ਇਤਨਾ ਪੇਚੀਦਾ ਸੀ ਕਿ ਇਸ ਨੂੰ ਹਰ ਹਾਲਤ ਵਿਚ ਹੱਲ ਕਰਨਾ ਹੀ ਪੈਣਾ ਸੀ । ਹੱਲ ਨਾ ਹੋਣ ਦੀ ਸੂਰਤ ਵਿਚ ਲੜਾਈ ਦਾ ਖ਼ਤਰਾ ਅਟੱਲ ਸੀ।

ਜਿਵੇਂ ਕਿ ਆਨੰਦਪੁਰ ਸਾਹਿਬ ਦੇ ਪਹਿਲੇ ਹਮਲੇ ਸਮੇਂ ਵੀ ਇਹ ਦੱਸਿਆ ਜਾ ਚੁੱਕਿਆ ਹੈ ਕਿ ਬਾਹਰੋਂ ਰਸਦ ਬਗੈਰਾ ਉਗਰਾਹੁਣ ਸਮੇਂ ਸਿੰਘਾਂ ਅਤੇ ਸਥਾਨਕ ਲੋਕਾਂ ਵਿਚ ਵਿਰੋਧ ਹੋ ਜਾਂਦਾ ਸੀ । ਇਸ ਤਰ੍ਹਾਂ ਦੇ ਹਾਲਾਤ ਦੋ ਸਾਲਾਂ ਤੋਂ ਕੁਝ ਵੱਧ ਸਮਾਂ ਰਹੇ ਸਨ। ਪਹਿਲਾਂ ਲਿਖਿਆ ਜਾ ਚੁੱਕਿਆ ਹੈ ਕਿ ਪਹਿਲੇ ਯੁੱਧ ਤੋਂ ਬਾਅਦ ਦੂਜੇ ਯੁੱਧ ਦੇ ਵਿਚਕਾਰਲਾ ਸਮਾਂ ਤਕਰੀਬਨ ਛੇ ਕੁ ਸਾਲ ਦਾ ਸੀ । ਸੈਨਾਪਤਿ ਦੋ ਕੁ ਸਾਲ ਤੋਂ ਕੁਝ ਵੱਧ ਸਮਾਂ ਦੱਸਦਾ ਹੈ ਜਦੋਂ ਕਿ ਖਾਲਸੇ ਦੀ ਆਲੇ-ਦੁਆਲੇ ਦੇ ਪਿੰਡਾਂ ਨਾਲ ਕਸ਼-ਮਕਸ਼ ਚਲਦੀ ਰਹੀ ਸੀ । ਇਸ ਤਰ੍ਹਾਂ ਅਸੀਂ ਸਹਿਜੇ ਹੀ ਇਹ ਅਨੁਮਾਨ ਲਗਾ ਸਕਦੇ ਹਾਂ ਕਿ ਮਸਾਂ ਚਾਰ ਕੁ ਸਾਲਾਂ ਦੇ ਸਮੇਂ ਤੱਕ ਹੀ ਰਾਜੇ ਦਾ ਸਹਿਯੋਗ ਰਿਹਾ ਸੀ । ਪਿੱਛੋਂ ਜਦੋਂ ਉਸ ਦਾ ਸਹਿਯੋਗੀ ਰਵਈਆ ਬਦਲ ਗਿਆ ਸੀ ਤਾਂ ਖਾਲਸੇ ਨੂੰ ਖ਼ੁਦ ਆਪਣੀ ਤਾਕਤ ਨਾਲ ਰਸਦ ਇਕੱਠੀ ਕਰਨੀ ਪਈ ਸੀ । ਇਕ ਤਾਂ ਆਨੰਦਪੁਰ ਸਾਹਿਬ ਦੇ ਆਲੇ-ਦੁਆਲੇ ਹਰ ਮੁੱਖ ਰਸਤੇ ਉਪਰ ਕਿਲੇ ਉਸਾਰ ਲੈਣਾ ਅਤੇ ਦੂਜਾ ਰਿਆਸਤ ਦੇ ਪਿੰਡਾਂ ਵਿਚੋਂ ਰਸਦ ਇਕੱਠੀ ਕਰਨਾ ਇਹ ਦੋ ਗੱਲਾਂ ਆਨੰਦਪੁਰ ਸਾਹਿਬ ਦੇ ਦੂਸਰੇ ਯੁੱਧ ਦਾ ਮੁੱਖ ਕਾਰਣ ਬਣ ਗਈਆਂ ਸਨ ।

ਕਹਿਲੂਰ ਦੇ ਰਾਜੇ ਨੇ ਇਹ ਸੋਚ ਕੇ ਕਿ ਖਾਲਸੇ ਦਾ ਦਬਦਬਾ ਹਰ ਪਾਸੇ ਵੱਧਦਾ ਜਾ ਰਿਹਾ ਹੈ ਅਤੇ ਇਸ ਨੂੰ ਰੋਕਣ ਲਈ ਉਸ ਨੇ ਆਪਣੀ ਅਤੇ ਆਪਣੇ ਗੁਆਂਢੀ ਰਾਜਿਆਂ ਦੀ ਸੈਨਾ ਇਕੱਠੀ ਕਰ ਲਈ । ਗੁਰੂ ਜੀ ਨੇ ਵੀ ਆਨੰਦਪੁਰ ਸਾਹਿਬ ਦੇ ਆਲੇ ਦੁਆਲੇ ਪੂਰੀ ਮੋਰਚਾਬੰਦੀ ਕਰ ਲਈ । ਵੱਖ ਵੱਖ ਥਾਵਾਂ ‘ਤੇ ਵੱਖ ਵੱਖ ਸਿੰਘਾਂ ਦੀ ਅਗਵਾਈ ਵਿਚ ਜੱਥੇ ਨੀਅਤ ਕਰ ਦਿੱਤੇ ਗਏ ਸਨ । ਪੰਜ ਸੌ ਸਿੰਘਾਂ ਦਾ ਇਕ ਜੱਥਾ ਸ਼ੇਰ ਸਿੰਘ ਅਤੇ ਨਾਹਰ ਸਿੰਘ ਦੀ ਅਗਵਾਈ ਵਿਚ ਕਿਲਾ ਲੋਹਗੜ੍ਹ ਵਿਚ ਤਾਇਨਾਤ ਕਰ ਦਿੱਤਾ ਸੀ । ਭਾਈ ਮੋਹਕਮ ਸਿੰਘ ਦੀ ਅਗਵਾਈ ਹੇਠ ਇਕ ਜੱਥਾ ਕਿਲਾ ਤਾਰਾਗੜ੍ਹ ਵਿਚ ਤਾਇਨਾਤ ਕਰ ਦਿੱਤਾ ਸੀ। ਪੰਜ ਸੌ ਸਿੰਘਾਂ ਦਾ ਹੀ ਇਕ ਜੱਥਾ ਭਾਈ ਆਲਮ ਸਿੰਘ ਅਤੇ ਉਦੈ ਸਿੰਘ ਦੀ ਅਗਵਾਈ ਵਿਚ ਕਿਲਾ ਹੋਲਗੜ੍ਹ ਵਿਖੇ ਤਾਇਨਾਤ ਕਰ ਦਿੱਤਾ ਸੀ । ਸਾਹਿਬਜਾਦਾ ਅਜੀਤ ਸਿੰਘ ਸਾਰੇ ਖਾਲਸਾ ਜੱਥਿਆਂ ਦਾ ਮੁੱਖੀ ਜਰਨੈਲ ਸੀ ਜੋ ਕਿਲਾ ਕੇਸਗੜ੍ਹ ਤੋਂ ਸਾਰੀ ਸਥਿਤੀ ਤੇ ਨਿਗਰਾਨੀ ਰੱਖ ਰਿਹਾ ਸੀ । ਗੁਰੂ ਸਾਹਿਬ ਖੁਦ ਕਿਲਾ ਆਨੰਦਗੜ੍ਹ ਵਿਖੇ ਸਾਰੇ ਮੋਰਚਿਆਂ ਨੂੰ ਦੇਖ ਰਹੇ ਸਨ 1

ਗੁਰੂ ਕੀਆਂ ਸਾਖੀਆਂ ਅਨੁਸਾਰ ਸੰਮਤ 1762 ਬਿ. ਦੇ ਜੇਠ ਮਹੀਨੇ ਦੀ ਪੰਜ ਤਾਰੀਖ਼ ਮੁਤਾਬਿਕ 5-6 ਮਈ 1705 ਈ. ਪਹਾੜੀ ਅਤੇ ਮੁਗ਼ਲ ਫ਼ੌਜਦਾਰਾਂ ਦੀ ਮਿਲਵੀਂ ਸੈਨਾ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਸੀ ।25 ਨੂੰ ਦੋਹਾਂ ਪਾਸਿਆਂ ਤੋਂ ਲੜਾਈ ਸ਼ੁਰੂ ਹੋ ਗਈ। ਸੈਨਾਪਤਿ ਲਿਖਦਾ ਹੈ ਕਿ ਜਦੋਂ ਖਾਲਸੇ ਨੇ ਕਿਲਾ ਕੇਸਗੜ੍ਹ ਸਾਹਿਬ ਤੋਂ ਤੋਪ ਚਲਾਈ ਸੀ ਤਾਂ ਪਹਾੜੀ ਰਾਜੇ ਘਬਰਾ ਗਏ ਸਨ। ਹੋ ਸਕਦਾ ਹੈ ਕਿ ਪਹਾੜੀ ਰਾਜਿਆਂ ਨੂੰ ਗੁਰੂ ਜੀ ਕੋਲ ਕਿਸੇ ਤੋਪ ਦੀ ਮੌਜੂਦਗੀ ਦੀ ਉਮੀਦ ਨਹੀਂ ਸੀ ਕਿਉਂਕਿ ਉਨ੍ਹਾਂ ਦੀ ਆਪਣੀ ਸੈਨਾ ਕੋਲ ਕੋਈ ਤੋਪ ਨਹੀਂ ਸੀ । ਨਤੀਜੇ ਵਜੋਂ ਰਾਜਾ ਕਹਿਲੂਰ ਨੇ ਸਰਹਿੰਦ, ਲਾਹੌਰ ਅਤੇ ਜੰਮੂ ਦੇ ਮੁਗ਼ਲ ਫ਼ੌਜਦਾਰਾਂ ਕੋਲੋਂ ਵੀ ਫ਼ੌਜੀ ਮਦਦ ਮੰਗੀ । ਇਨ੍ਹਾਂ ਤਿੰਨਾਂ ਫ਼ੌਜਦਾਰਾਂ ਦੀਆਂ ਮਿਲਵੀਆਂ ਫ਼ੌਜਾਂ ਨੇ ਸੰਯੁਕਤ ਰੂਪ ਵਿਚ ਆਨੰਦਪੁਰ ਸਾਹਿਬ ‘ਤੇ ਹਮਲਾ ਕੀਤਾ। ਆਲੇ-ਦੁਆਲੇ ਦੇ ਪਿੰਡਾਂ ਦੇ ਰੰਘੜ ਅਤੇ ਗੁੱਜਰ ਲੋਕਾਂ ਨੂੰ ਵੀ ਲੁੱਟ-ਖਸੁੱਟ ਕਰਨ ਲਈ ਇਕੱਠਾ ਕਰ ਲਿਆ ਗਿਆ ਸੀ । ਸੈਨਾਪਤਿ ਲਿਖਦਾ ਹੈ ਕਿ ਇਸ ਮੁਲਖਈਏ ਨੇ ਐਸਾ ਖਰੂਦ ਮਚਾਇਆ ਸੀ ਕਿ ਮੈਦਾਨਾਂ ਵਿਚ ਲੜ ਰਹੇ ਬਹਾਦਰਾਂ ਨੂੰ ਇਕ ਦੂਜੇ ਦੀ ਸੁੱਧ ਨਹੀਂ ਰਹੀ ਸੀ ।27 ਪਰ ਜਦੋਂ ਇਤਨੀ ਵਿਸ਼ਾਲ ਗਿਣਤੀ ਵਿਚ ਇਕੱਠੇ ਹੋਏ ਮੁਲਖਈਏ ਨੂੰ ਵੀ ਖਾਲਸੇ ਨੇ ਨਗਰ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਤਾਂ ਮੁਗ਼ਲ ਫ਼ੌਜਦਾਰਾਂ ਨੇ ਸਲਾਹ ਦਿੱਤੀ ਕਿ ਸਿੱਧੇ ਮੱਥੇ ਲੜਨ ਦੀ ਵਜਾਏ ਨਗਰ ਨੂੰ ਘੇਰ ਕੇ ਰੱਖਿਆ ਜਾਵੇ। ਇਸ ਤਰ੍ਹਾਂ ਆਨੰਦਪੁਰ ਸਾਹਿਬ ਦੇ ਨਗਰ ਨੂੰ ਚਾਰੇ ਪਾਸਿਆਂ ਤੋਂ ਘੇਰਾ ਪਾ ਲਿਆ ਗਿਆ। ਜਿੰਨੇ ਵੀ ਬਾਹਰੋਂ ਆਉਣ ਜਾਣ ਦੇ ਰਸਤੇ ਸਨ ਸਭ ਬੰਦ ਕਰ ਦਿੱਤੇ ਗਏ ਸਨ । ਦਰਿਆ ਦੇ ਕੰਢਿਆਂ ਉਪਰ ਫ਼ੌਜ ਤਾਇਨਾਤ ਕਰ ਦਿੱਤੀ ਗਈ ਤਾਂ ਕਿ ਸਿੰਘ ਇੱਥੋਂ ਪਾਣੀ ਨਾ ਲੈ ਸਕਣ । ਇਸ ਤਰ੍ਹਾਂ ਆਨੰਦਪੁਰ ਸਾਹਿਬ ਦਾ ਸੰਬੰਧ ਬਾਹਰਲੇ ਲੋਕਾਂ ਅਤੇ ਪਿੰਡਾਂ ਨਾਲੋਂ ਬਿਲਕੁੱਲ ਟੁੱਟ ਗਿਆ ਸੀ। ਅੰਦਰਲੀ ਰਸਦ ਨਾਲ ਜਿਤਨਾ ਕੁ ਸਮਾਂ ਲੰਘ ਸਕਦਾ ਸੀ ਉਹ ਲੰਘਾਇਆ ਗਿਆ । ਪਰ ਜਦੋਂ ਸਾਰੀ ਰਸਦ ਖ਼ਤਮ ਹੋ ਗਈ ਤਾਂ ਸਿੰਘ ਜੱਥੇ ਰਾਤ ਨੂੰ ਅਚਾਨਕ ਗੁਰੀਲਾ ਵਿਧੀ ਨਾਲ ਉਨ੍ਹਾਂ ਥਾਵਾਂ ’ਤੇ ਛਾਪੇ ਮਾਰਦੇ ਸਨ ਜਿੱਥੇ ਘੇਰਾ ਪਾਉਣ ਵਾਲੀ ਫ਼ੌਜ ਦੇ ਅੰਨ-ਭੰਡਾਰ ਸਨ । ਕਵੀ ਸੈਨਾਪਤਿ ਇਕ ਰਾਤ ਦੀ ਘਟਨਾ ਦਾ ਵੇਰਵਾ ਦਿੰਦਾ ਹੋਇਆ ਲਿਖਦਾ ਹੈ ਕਿ ਜਦੋਂ ਇਕ ਜੱਥਾ ਰਾਤ ਨੂੰ ਛੁੱਪ ਕੇ ਦੁਸ਼ਮਣ ਦੇ ਅੰਨ-ਭੰਡਾਰ ਉਪਰ ਛਾਪਾ ਮਾਰ ਕੇ ਅਨਾਜ ਲੁੱਟਣ ਗਿਆ ਸੀ ਤਾਂ ਉਹ ਸਾਰਾ ਜੱਥਾ ਹੀ ਇਸ ਕਾਰਵਾਈ ਵਿਚ ਮਾਰਿਆ ਗਿਆ ਸੀ । ਜਦੋਂ ਇਸ ਗੱਲ ਦਾ ਪਤਾ ਗੁਰੂ ਜੀ ਨੂੰ ਲੱਗਿਆ ਤਾਂ ਉਨ੍ਹਾਂ ਨੇ ਬੜੀ ਸਖ਼ਤਾਈ ਨਾਲ ਇਸ ਤਰ੍ਹਾਂ ਦੇ ਛਾਪਿਆਂ ‘ਤੇ ਪਾਬੰਦੀ ਲਗਾ ਦਿੱਤੀ । ਹੁਕਮ ਕਰ ਦਿੱਤਾ ਕਿ ਉਨ੍ਹਾਂ ਦੇ ਹੁਕਮ ਤੋਂ ਬਿਨਾਂ ਕੋਈ ਵੀ ਸਿੰਘ ਦੁਸ਼ਮਣ ‘ਤੇ ਹਮਲਾ ਨਹੀਂ ਕਰੇਗਾ ।28

ਪਾਣੀ ਦੀ ਤੰਗੀ ਇਸ ਤੋਂ ਵੀ ਜ਼ਿਆਦਾ ਸੀ । ਪਾਣੀ ਦਾ ਮੁੱਖ ਸਰੋਤ ਦਰਿਆ ਸੀ । ਉਸ ਨੂੰ ਦੁਸ਼ਮਣ ਨੇ ਪੂਰੀ ਤਰ੍ਹਾਂ ਆਪਣੇ ਕਬਜ਼ੇ ਵਿਚ ਕੀਤਾ ਹੋਇਆ ਸੀ । ਚਾਰ-ਚਾਰ ਦੀਆਂ ਟੋਲੀਆਂ ਬਣਾ ਕੇ ਸਿੰਘ ਪਾਣੀ ਲੈਣ ਲਈ ਨਿਕਲਦੇ ਸਨ। ਦੋ ਜਣੇ ਦੁਸ਼ਮਣ ਨਾਲ ਲੜਦੇ ਰਹਿੰਦੇ ਸਨ ਅਤੇ ਦੋ ਜਣੇ ਪਾਣੀ ਭਰ ਕੇ ਲਿਜਾਂਦੇ ਸਨ । ਅਜਿਹੀਆਂ ਛਾਪਾ ਮਾਰ ਕਾਰਵਾਈਆਂ ਨੂੰ ਰੋਕਣ ਲਈ ਦੁਸ਼ਮਣ ਨੇ ਸਖ਼ਤੀ ਨਾਲ ਹਰ ਥਾਂ ‘ਤੇ ਸਖ਼ਤ ਪਹਿਰੇ ਲਗਾ ਦਿੱਤੇ ਸਨ ਤਾਂ ਕਿ ਸਿੰਘ ਕਿਸੇ ਪਾਸਿਓਂ ਵੀ ਅਨਾਜ-ਪਾਣੀ ਪਰਾਪਤ ਨਾ ਕਰ ਸਕਣ । ਅਨਾਜ ਦੀ ਤੰਗੀ ਕਰਕੇ ਸਾਰੇ ਪਾਸੇ ਹਾਹਾਕਾਰ ਮੱਚੀ ਪਈ ਸੀ। ਇਕ ਸੇਰ ਅਨਾਜ ਇਕ ਰੁਪਏ ਦਾ ਵਿਕਦਾ ਸੀ । ਇਤਨੇ ਮਹਿੰਗੇ ਮੁੱਲ ਵਿਚ ਵੀ ਪੂਰਾ ਅਨਾਜ ਨਹੀਂ ਮਿਲਦਾ ਸੀ। ਚੋਰੀ-ਛੁਪੇ ਸਿੰਘ, ਘੇਰਾ ਪਾਈ ਸੈਨਿਕਾਂ ਨਾਲ, ਮਹਿੰਗੇ ਮੁੱਲ ‘ਤੇ ਅਨਾਜ ਜਾਂ ਆਟਾ ਲੈਣ ਦੇ ਸੌਦੇ ਕਰਦੇ ਸਨ। ਇਸ ਤਰ੍ਹਾਂ ਕਦੇ-ਕਦਾਈਂ ਜਿਆਦਾ ਮੁੱਲ ਅਦਾ ਕਰਨ ‘ਤੇ ਦੁਸ਼ਮਣ ਦੇ ਸੈਨਿਕਾਂ ਕੋਲੋਂ ਉਨ੍ਹਾਂ ਦੀ ਹੀ ਰਸਦ ਵਿਚੋਂ ਆਟਾ ਬਗੈਰਾ ਲੈ ਲਿਆ ਜਾਂਦਾ ਸੀ ਪਰ ਇਹ ਸਭ ਸਿਰਫ ਕੁਝ ਇਕ ਥਾਵਾਂ ‘ਤੇ ਹੀ ਹੁੰਦਾ ਸੀ ਅਤੇ ਉਹ ਵੀ ਸਿਰਫ ਡੰਗ ਟਪਾਉਣ ਲਈ। ਨਗਰ ਦੇ ਲੋਕ ਗੁਰੂ ਜੀ ਅੱਗੇ ਆ ਕੇ ਫਰਿਆਦ ਕਰਦੇ ਸਨ ਕਿ ਉਨ੍ਹਾਂ ਦਾ ਅਨਾਜ ਤੋਂ ਬਿਨਾਂ ਗੁਜਾਰਾ ਨਹੀਂ ਹੋ ਰਿਹਾ। ਇਸ ਕਰਕੇ ਉਨ੍ਹਾਂ ਨੂੰ ਨਗਰ ਛੱਡ ਜਾਣਾ ਚਾਹੀਦਾ ਹੈ । ਗੁਰੂ ਸਾਹਿਬ ਨਗਰ ਨੂੰ ਛੱਡਣ ਲਈ ਤਿਆਰ ਨਹੀਂ ਸਨ । ਉਨ੍ਹਾਂ ਨੂੰ ਪਤਾ ਸੀ ਕਿ ਦੁਸ਼ਮਣ ਉਸ ਸੂਰਤ ਵਿਚ ਵੀ ਉਨ੍ਹਾਂ ਉਪਰ ਹਮਲੇ ਕਰਨੋਂ ਹਟੇਗਾ ਨਹੀਂ।

ਦੁਸ਼ਮਣ ਦਾ ਇਸ ਤਰ੍ਹਾਂ ਦਾ ਵਿਵਹਾਰ ਵੀ ਉਹ ਪਹਿਲਾਂ ਕਈ ਵਾਰ ਦੇਖ ਚੁੱਕੇ ਸਨ । ਗੁਰੂ ਕੀਆਂ ਸਾਖੀਆਂ ਵਿਚ ਇਹ ਵੀ ਲਿਖਿਆ ਹੈ ਕਿ ਗੁਰੂ ਜੀ ਅਤੇ ਔਰੰਗਜੇਬ ਵਿਚਕਾਰ ਖ਼ਤੋ-ਖ਼ਿਤਾਬਤ ਵੀ ਚੱਲ ਰਹੀ ਸੀ ਇਸ ਕਰਕੇ ਗੁਰੂ ਜੀ ਇਸ ਗੱਲ ਦੀ ਉਡੀਕ ਵੀ ਕਰ ਰਹੇ ਸਨ ਕਿ ਸ਼ਾਇਦ ਔਰੰਗਜ਼ੇਬ ਦੇ ਹੁਕਮ ਨਾਲ ਹੀ ਆਨੰਦਪੁਰ ਸਾਹਿਬ ਦਾ ਘੇਰਾ ਚੁੱਕਿਆ ਜਾਵੇਗਾ।

ਜਦੋਂ ਨਗਰ ਦੇ ਲੋਕਾਂ ਨੇ ਦਬਾਅ ਪਾਉਣਾ ਜਾਰੀ ਰੱਖਿਆ ਅਤੇ ਸਭ ਪਾਸਿਓਂ ਨਗਰ ਨੂੰ ਛੱਡ ਕੇ ਚਲੇ ਜਾਣ ਦਾ ਵਿਚਾਰ ਜੋਰ ਫੜ ਗਿਆ ਤਾਂ ਗੁਰੂ ਜੀ ਨੇ ਸਭ ਨੂੰ ਮੁਖਾਤਿਬ ਹੋ ਕੇ ਕਿਹਾ ਕਿ ਨਗਰ ਛੱਡ ਜਾਣ ਦੀ ਸੂਰਤ ਵਿਚ ਜੇਕਰ ਕੋਈ ਮਾੜੀ ਘਟਨਾ ਵਾਪਰ ਗਈ ਤਾਂ ਉਸ ਦੇ ਜ਼ਿੰਮੇਵਾਰ ਉਹ ਸਾਰੇ ਹੀ ਹੋਣਗੇ । ਜੇਕਰ ਇਹ ਗੱਲ ਸਭ ਨੂੰ ਮਨਜ਼ੂਰ ਹੈ ਤਾਂ ਉਹ ਉਨ੍ਹਾਂ ਕੋਲ ਆ ਕੇ ਦਸਖ਼ਤ ਕਰ ਦੇਣ। ਇਸ ਤਰ੍ਹਾਂ ਦੀ ਲਿਖਤ ਕਰਵਾ ਕੇ ਗੁਰੂ ਜੀ ਨੇ ਸਭ ਨੂੰ ਆਨੰਦਪੁਰ ਸਾਹਿਬ ਨੂੰ ਖਾਲੀ ਕਰਨ ਦਾ ਐਲਾਨ ਕਰ ਦਿੱਤਾ । ਹਰ ਇਕ ਸਿੰਘ ਨੂੰ ਇਹ ਹਦਾਇਤ ਕਰ ਦਿੱਤੀ ਗਈ ਸੀ ਕਿ ਉਹ ਆਪਣੇ ਖਾਣ ਜੋਗਾ ਅਨਾਜ ਆਪਣੇ ਸਿਰ ‘ਤੇ ਚੁੱਕ ਲਵੇ । ਬਾਕੀ ਸਮਾਨ ਨੂੰ ਅੱਗ ਲਗਾ ਕੇ ਸਾੜ ਦਿੱਤਾ ਜਾਵੇ । ਇਸ ਤਰ੍ਹਾਂ 6-7 ਪੋਹ, ਸੰਮਤ 1762 ਬਿ. ਮੁਤਾਬਕ 5-6 ਦਸੰਬਰ, 1705 ਈ. ਦੀ ਰਾਤ ਨੂੰ ਗੁਰੂ ਸਾਹਿਬ ਆਨੰਦਪੁਰ ਸਾਹਿਬ ਨੂੰ ਖਾਲੀ ਕਰਕੇ ਰੋਪੜ ਦੀ ਤਰਫ ਨੂੰ ਰਵਾਨਾ ਹੋ ਗਏ ਸਨ।

ਆਨੰਦਪੁਰ ਸਾਹਿਬ ਨੂੰ ਖਾਲੀ ਕਰਨ ਤੋਂ ਪਹਿਲਾਂ ਭਾਈ ਗੁਰਬਖ਼ਸ਼ ਦਾਸ ਉਦਾਸੀ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਦੀ ਦੇਖ-ਭਾਲ ਕਰਨ ਲਈ ਉੱਥੇ ਹੀ ਰਹਿਣ ਦਾ ਹੁਕਮ ਕੀਤਾ ਗਿਆ । ਉਪਰੰਤ ਸਭ ਤੋਂ ਪਹਿਲਾਂ ਮਾਤਾ ਗੁਜਰੀ ਜੀ ਦੇ ਨਾਲ ਸਾਰੇ ਪਰਿਵਾਰਾਂ ਨੂੰ ਭੇਜਿਆ ਗਿਆ । ਉਨ੍ਹਾਂ ਦੇ ਪਿੱਛੇ ਭਾਈ ਉਦੈ ਸਿੰਘ ਦਾ ਜੱਥਾ ਤੁਰਿਆ । ਬਾਕੀ ਸਾਰਾ ਖਾਲਸਾ ਦਲ ਸਾਹਿਬਜਾਦਾ ਅਜੀਤ ਸਿੰਘ ਦੀ ਕਮਾਂਡ ਹੇਠ ਜਾ ਰਿਹਾ ਸੀ । ਗੁਰੂ ਸਾਹਿਬ ਭਾਈ ਦਯਾ ਸਿੰਘ, ਭਾਈ ਧਰਮ ਸਿੰਘ, ਭਾਈ ਮੁਹਕਮ ਸਿੰਘ, ਭਾਈ ਹਿੰਮਤ ਸਿੰਘ ਅਤੇ ਭਾਈ ਸਾਹਿਬ ਸਿੰਘ ਦੇ ਨਾਲ ਸਭ ਤੋਂ ਪਿੱਛੋਂ ਤੁਰੇ ਸਨ । ਗੁਰੂ ਸਾਹਿਬ ਅਜੇ ਮਸਾਂ ਹੀ ਨਿਰਮੋਹਗੜ੍ਹ ਵਾਲੀ ਥਾਂ ‘ਤੇ ਪਹੁੰਚੇ ਸਨ ਕਿ ਅਚਾਨਕ ਹੀ ਪਿੱਛੋਂ ਦੁਸ਼ਮਣ ਦੀਆਂ ਫ਼ੌਜਾਂ ਆ ਪਈਆਂ ਸਨ । ਗੁਰੂ ਸਾਹਿਬ ਨੇ ਭਾਈ ਉਦੈ ਸਿੰਘ ਦੇ ਜੱਥੇ ਨੂੰ ਹਦਾਇਤ ਕੀਤੀ ਕਿ ਉਹ ਦੁਸ਼ਮਣ ਨੂੰ ਵੱਧ ਤੋਂ ਵੱਧ ਸਮੇਂ ਤੱਕ ਉਲਝਾ ਕੇ ਰੱਖਣ ਦੀ ਕੋਸ਼ਿਸ਼ ਕਰੇ ਤਾਂ ਕਿ ਸਾਰੇ ਪਰਿਵਾਰ ਸਰਸਾ ਨਦੀ ਨੂੰ ਪਾਰ ਕਰਕੇ ਦੂਰ ਚਲੇ ਜਾਣ । ਜਾਪਦਾ ਹੈ ਕਿ ਦੁਸ਼ਮਣ ਦਾ ਜ਼ੋਰ ਜ਼ਿਆਦਾ ਪੈ ਗਿਆ ਸੀ ਜਿਸ ਕਰਕੇ ਨਾ ਹੀ ਤਾਂ ਪਰਿਵਾਰ ਹੀ ਠੀਕ ਤਰੀਕੇ ਨਾਲ ਸਰਸਾ ਨਦੀ ਨੂੰ ਪਾਰ ਕਰ ਸਕੇ ਸਨ ਅਤੇ ਨਾ ਹੀ ਭਾਈ ਉਦੈ ਸਿੰਘ ਦਾ ਜੱਥਾ ਹੀ ਆਪਣਾ ਬਚਾ ਕਰ ਸਕਿਆ ਸੀ । ਸਾਰੇ ਪਰਿਵਾਰ ਇਸ ਹਫੜਾ-ਦਫੜੀ ਵਿਚ ਵਿੱਛੜ ਗਏ ਸਨ ਅਤੇ ਭਾਈ ਉਦੈ ਸਿੰਘ, ਸਮੇਤ ਆਪਣੇ ਜੱਥੇ ਦੇ, ਸ਼ਹੀਦ ਹੋ ਗਿਆ ਸੀ । ਲੇਕਿਨ ਸਾਹਿਬਜ਼ਾਦਾ ਅਜੀਤ ਸਿੰਘ ਦੀ ਅਗਵਾਈ ਹੇਠ ਖਾਲਸਾ ਜੱਥਿਆਂ ਨੇ ਗੁਰੂ ਸਾਹਿਬ ਅਤੇ ਪੰਜ ਪਿਆਰਿਆਂ ਨੂੰ ਦੁਸ਼ਮਣ ਦੀ ਮਾਰ ਤੋਂ ਬਚਾ ਕੇ ਰੱਖਿਆ ਹੋਇਆ ਸੀ। ਜਾਨੀ ਨੁਕਸਾਨ ਬਹੁਤ ਹੋ ਗਿਆ ਸੀ। ਜਾਪਦਾ ਹੈ ਕਿ ਦੁਸ਼ਮਣ ਦੀਆਂ ਫ਼ੌਜਾਂ ਸਰਸਾ ਨਦੀ ਤੋਂ ਪਿੱਛੇ ਹੀ ਮੁੜ ਗਈਆਂ ਸਨ। ਕਿਉਂਕਿ ਸਰਸਾ ਨਦੀ ਤੋਂ ਲੈ ਕੇ ਰੋਪੜ ਤੱਕ ਕਿਸੇ ਹੋਰ ਲੜਾਈ ਦੀ ਜਾਣਕਾਰੀ ਨਹੀਂ ਮਿਲਦੀ । ਰੋਪੜ ਸਰਹਿੰਦ ਦੇ ਸੂਬੇ ਵਿਚ ਸੀ। ਸਰਹਿੰਦ ਦੀ ਸੈਨਾ ਆਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਵਿਚ ਸ਼ਾਮਲ ਸੀ। ਗੁਰੂ ਸਾਹਿਬ ਇੱਥੇ ਜ਼ਿਆਦਾ ਸਮਾਂ ਨਹੀਂ ਠਹਿਰੇ। ਉਹ ਵਾਹੋ-ਦਾਹੀ ਆਪਣੇ ਬਚੇ ਹੋਏ ਗਿਣਤੀ ਦੇ ਸਿੰਘਾਂ ਨਾਲ ਦੂਰ ਮਾਲਵੇ ਦੇ ਪਿੰਡਾਂ ਵਿਚ ਪਹੁੰਚਣਾ ਚਾਹੁੰਦੇ ਸਨ ।

ਭਾਵੇਂ ਰੋਪੜ ਖਾਸ ਦੀਆਂ ਸਥਾਨਕ ਰਵਾਇਤਾਂ ਇਹ ਜਾਣਕਾਰੀ ਦਿੰਦੀਆਂ ਹਨ ਕਿ ਗੁਰੂ ਸਾਹਿਬ, ਆਨੰਦਪੁਰ ਸਾਹਿਬ ਤੋਂ ਆਉਂਦੇ ਹੋਏ ਇੱਥੇ ਕੁਝ ਸਮਾਂ ਠਹਿਰੇ ਸਨ। ਵਰਤਮਾਨ ਗੁਰਦੁਆਰਾ ਭੱਠਾ ਸਾਹਿਬ ਗੁਰੂ ਸਾਹਿਬ ਦੇ ਠਹਿਰਣ ਵਾਲੀ ਥਾਂ ਨੂੰ ਦਰਸਾਉਂਦਾ ਹੈ । ਇੱਥੇ ਇਕ ਭੱਠਾ ਸੀ । ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਾਥੀ ਸਿੰਘ ਭਾਵੇਂ ਤਾਂ ਕੁਝ ਸਮਾਂ ਆਰਾਮ ਕਰਨ ਲਈ ਜਾਂ ਕੁਝ ਖਾਣ ਪੀਣ ਲਈ ਇਸ ਭੱਠੇ ਵਾਲੀ ਥਾਂ ਅੰਦਰ ਰਹੇ ਸਨ । ਇਸ ਦੇ ਨੇੜੇ ਹੀ ਕੋਟਲਾ ਨਿਹੰਗ ਵਿਖੇ ਨਿਹੰਗ ਖ਼ਾਨ ਪਠਾਣ ਦੇ ਘਰ ਵੀ ਗੁਰੂ ਜੀ ਦੇ ਜਾਣ ਦੀ ਜਾਣਕਾਰੀ ਮਿਲਦੀ ਹੈ। ਸੰਭਵ ਹੈ ਕਿ ਸੂਹੀਆਂ ਦੀਆਂ ਨਜ਼ਰਾਂ ਤੋਂ ਬਚਣ ਲਈ ਸਿੰਘ ਆਪਣੇ ਘੋੜਿਆਂ ਸਮੇਤ ਭੱਠੇ ਦੀ ਚਾਰ ਦਿਵਾਰੀ ਅੰਦਰ ਛੁਪ ਕੇ ਖੜ੍ਹੇ ਹੋਣ ਅਤੇ ਨਿਹੰਗ ਖ਼ਾਨ ਪਠਾਣ ਆਪਣੇ ਘਰੋਂ ਗੁਰੂ ਜੀ ਲਈ ਅਤੇ ਉਨ੍ਹਾਂ ਦੇ ਸਿੰਘਾਂ ਲਈ ਖਾਣਾ ਬਗੈਰਾ ਤਿਆਰ ਕਰ ਕੇ ਲਿਆਇਆ ਹੋਵੇ । ਪਰ ਇੱਥੇ ਜ਼ਿਆਦਾ ਸਮੇਂ ਦਾ ਠਹਿਰਾ ਸੰਭਵ ਨਹੀਂ ਸੀ । ਕਿਉਂਕਿ ਆਨੰਦਪੁਰ ਸਾਹਿਬ ਵਿਖੇ ਘੇਰਾ ਪਾਉਣ ਵਾਲੀ ਫ਼ੌਜ ਵਿਚ ਸਰਹਿੰਦ ਦੀ ਸੈਨਾ ਵੀ ਸੀ। ਇਸ ਨੇ ਵੀ ਇਧਰ ਹੀ ਆਉਣਾ ਸੀ । ਉਸ ਦੇ ਇੱਥੇ ਪਹੁੰਚਣ ਤੋਂ ਪਹਿਲਾਂ ਹੀ ਗੁਰੂ ਸਾਹਿਬ ਨੂੰ ਇੱਥੋਂ ਰਵਾਨਾ ਹੋਣਾ ਜ਼ਰੂਰੀ ਸੀ । ਗੁਰੂ ਸਾਹਿਬ ਰੋਪੜ ਤੋਂ ਮਾਲਵੇ ਵੱਲ ਨੂੰ ਜਾਣ ਲਈ ਸਰਹਿੰਦ ਵੱਲ ਦੇ ਮੁੱਖ ਰਸਤੇ ਰਾਹੀਂ ਜਾਣ ਦੀ ਬਜਾਏ ਬੂਰ-ਮਾਜਰੇ ਅਤੇ ਕੋਟਲੀ ਪਿੰਡਾਂ ਵਿਚੋਂ ਦੀ ਹੁੰਦੇ ਹੋਏ ਚਮਕੌਰ ਸਾਹਿਬ ਵੱਲ ਨੂੰ ਰਵਾਨਾ ਹੋ ਗਏ ਸਨ । ਉਨ੍ਹਾਂ ਨਾਲ ਗਿਣਤੀ ਦੇ ਚਾਲੀ ਸਿੰਘ ਸਨ ਜਿਨ੍ਹਾਂ ਵਿਚੋਂ ਦੋ ਵੱਡੇ ਸਾਹਿਬਜ਼ਾਦੇ, ਅਜੀਤ ਸਿੰਘ ਅਤੇ ਜੁਝਾਰ ਸਿੰਘ, ਪੰਜ ਪਿਆਰੇ ਭਾਈ ਦਯਾ ਸਿੰਘ, ਭਾਈ ਧਰਮ ਸਿੰਘ, ਭਾਈ ਮੁਹਕਮ ਸਿੰਘ, ਭਾਈ ਸਾਹਿਬ ਸਿੰਘ ਅਤੇ ਭਾਈ ਹਿੰਮਤ ਸਿੰਘ ਸਨ । ਇਨ੍ਹਾਂ ਤੋਂ ਇਲਾਵਾ ਭਾਈ ਮਾਨ ਸਿੰਘ, ਭਾਈ ਜੀਵਨ ਸਿੰਘ ਆਦਿ ਸਿੰਘ ਵੀ ਸਨ।

ਚਮਕੋਰ ਸਾਹਿਬ ਦੇ ਬਾਹਰਵਾਰ ਉੱਥੋਂ ਦੇ ਸਥਾਨਕ ਜ਼ਿਮੀਂਦਾਰ ਦਾ ਇਕ ਬਾਗ ਸੀ । ਗੁਰੂ ਸਾਹਿਬ ਇਸ ਬਾਗ ਵਿਚ ਖੜੋ ਗਏ । ਰੋਪੜ ਤੋਂ ਇਹ ਥਾਂ ਤਕਰੀਬਨ 25 ਕਿਲੋਮੀਟਰ ਦੀ ਵਿੱਥ ‘ਤੇ ਹੋਵੇਗੀ । ਜਦੋਂ ਜ਼ਿਮੀਂਦਾਰ ਦੇ ਘਰ ਇਹ ਖਬਰ ਪਹੁੰਚੀ ਕਿ ਉਸ ਦੇ ਬਾਗ ਵਿਚ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਿੰਘ ਪਹੁੰਚੇ ਹੋਏ ਹਨ ਤਾਂ ਉਹ ਜ਼ਿਮੀਂਦਾਰ ਗੁਰੂ ਜੀ ਨੂੰ ਆਪਣੇ ਘਰ ਲਿਆਉਣ ਲਈ ਬਾਗ ਵਿਚ ਪਹੁੰਚਿਆ। ਉਸ ਦੀ ਬੇਨਤੀ ‘ਤੇ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਚਾਲੀ ਸਿੰਘ ਸਾਥੀ ਉਸ ਜਿਮੀਂਦਾਰ ਦੇ ਘਰ ਪਹੁੰਚ ਗਏ। ਇਹ ਸਾਰੀ ਜਾਣਕਾਰੀ ਗੁਰੂ ਜੀ ਦੇ ਸਮਕਾਲੀ ਕਵੀ ਸੈਨਾਪਤਿ ਦੀ ਦਿੱਤੀ ਹੋਈ ਹੈ। ਭਾਵੇਂ ਸੈਨਾਪਤਿ ਨੇ ਉਸ ਜ਼ਿਮੀਂਦਾਰ ਦਾ ਨਾਂ ਨਹੀਂ ਲਿਖਿਆ ਪਰ ਉਪਰੋਕਤ ਕਥਨ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਜ਼ਿਮੀਂਦਾਰ ਆਪਣੇ ਖੇਤਰ ਦਾ ਕੋਈ ਤਕੜਾ ਅਮੀਰ ਕਿਸਾਨ ਹੋਵੇਗਾ ਜਿਹੜਾ ਇਕ ਬਾਗ ਦਾ ਵੀ ਮਾਲਕ ਸੀ ਅਤੇ ਜਿਸ ਦਾ ਘਰ ਚਾਲੀ ਸਿੰਘਾਂ ਅਤੇ ਉਨ੍ਹਾਂ ਦੇ ਘੋੜਿਆਂ ਨੂੰ ਠਹਿਰਾਉਣ ਲਈ ਕਾਫੀ ਖੁੱਲ੍ਹਾ-ਚੌੜਾ ਹੋਵੇਗਾ। ਨਿੱਕੇ-ਮੋਟੇ ਵਿਅਕਤੀ ਦੀ ਤਾਂ ਇਤਨੀਂ ਹਿੰਮਤ ਹੀ ਨਹੀਂ ਪੈ ਸਕਦੀ। ਮੈਲਕਾਮ ਨੇ ਇਸ ਨੂੰ ਚਮਕੌਰ ਦਾ ਰਾਜਾ ਲਿਖਿਆ ਹੈ । ਭਾਵੇਂ ਕੁਝ ਵੀ ਹੋਵੇ ਇਹ ਵਿਅਕਤੀ ਜ਼ਰੂਰ ਹੀ ਤਕੜੇ ਪਿਛੋਕੜ ਵਾਲਾ ਹੋਵੇਗਾ ਅਤੇ ਗੁਰੂ ਜੀ ਦਾ ਸ਼ਰਧਾਲੂ ਸੀ।

ਗੁਰੂ ਜੀ ਦੇ ਇੱਥੇ ਰਹਿਣ ਦੀ ਸੂਹ ਸਰਹਿੰਦ ਪਹੁੰਚ ਗਈ ਸੀ। ਇਹ ਖ਼ਬਰ ਸੁਣ ਕੇ ਸਰਹਿੰਦ ਦੇ ਨਵਾਬ ਨੇ ਆਪਣੀ ਸੈਨਾ ਤੁਰੰਤ ਹੀ ਚਮਕੌਰ ਵੱਲ ਨੂੰ ਭੇਜ ਦਿੱਤੀ ਤਾਂ ਕਿ ਰਾਤੋ-ਰਾਤ ਹੀ ਗੁਰੂ ਜੀ ਨੂੰ ਘੇਰ ਕੇ ਪਕੜ ਲਿਆ ਜਾਵੇ । ਰਸਤੇ ਦੇ ਪਿੰਡਾਂ ਵਿਚੋਂ ਵੀ ਅਣਗਿਣਤ ਮੁੱਲਖਈਆ ਇਕੱਠਾ ਕਰ ਲਿਆ ਗਿਆ ਸੀ। ਸਿੱਟੇ ਵਜੋਂ ਅਣਗਿਣਤ ਮੁੱਲਖਈਏ ਨੇ ਸਰਹਿੰਦ ਦੀ ਸੈਨਾ ਨਾਲ ਚਮਕੌਰ ਸਾਹਿਬ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ । ਇਸ ਅਚਨਚੇਤ ਪਏ ਘੇਰੇ ਦਾ ਮੁਕਾਬਲਾ ਕਰਨ ਲਈ ਉਸ ਘਰ ਵਿਚ ਜਿਤਨਾ ਕੁ ਪਰਬੰਧ ਹੋ ਸਕਿਆ ਉਹ ਤੁਰਤ-ਫੁਰਤ ਕੀਤਾ ਗਿਆ। ਜ਼ਫਰਨਾਮੇ ਵਿਚ ਗੁਰੂ ਜੀ ਨੇ ਜੋ ਕੁਝ ਵੀ ਜਾਣਕਾਰੀ ਇਸ ਲੜਾਈ ਬਾਰੇ ਦਿੱਤੀ ਹੈ ਉਸ ਅਨੁਸਾਰ “ਕਾਲੀਆਂ ਵਰਦੀਆਂ ਪਹਿਨਣ ਵਾਲੀ ਅਣਗਿਣਤ ਫ਼ੌਜ ਮੱਖੀਆਂ ਦੇ ਝੁੰਡ ਦੀ ਤਰ੍ਹਾਂ ਸ਼ੋਰ ਮਚਾਉਂਦੀ ਹੋਈ ਇਕ ਦਮ ਉਸ ਹਵੇਲੀ ’ਤੇ ਟੁੱਟ ਪਈ ਸੀ । ਚਮਕੌਰ ਸਾਹਿਬ ਨੂੰ ਚਾਰੇ ਪਾਸਿਆਂ ਤੋਂ ਇਸ ਤਰ੍ਹਾਂ ਘੇਰ ਲਿਆ ਸੀ ਜਿਸ ਤਰ੍ਹਾਂ ਫਸਲ ਦੇ ਦੁਆਲੇ ਵਾੜ ਕੀਤੀ ਹੁੰਦੀ ਹੈ । ਕਿਸੇ ਪਾਸੇ ਵੀ ਨਿਕਲਣ ਲਈ ਕੋਈ ਰਸਤਾ ਨਹੀਂ ਸੀ ।” ਘੇਰਾ ਪਾਉਣ ਵਾਲੀ ਫ਼ੌਜ ਘਰਾਂ ਦੀ ਓਟ ਲੈ ਲੈ ਕੇ ਅੱਗੇ ਹਵੇਲੀ ਵੱਲ ਵੱਧ ਰਹੀ ਸੀ।” ਜ਼ਫਰਨਾਮੇ ਵਿਚ ਦੱਸਿਆ ਗਿਆ ਹੈ ਕਿ “ਜਿਹੜਾ ਵੀ ਕੋਈ ਦੀਵਾਰ ਦੀ ਓਟ ਤੋਂ ਜਰਾ ਕੁ ਵੀ ਬਾਹਰ ਆਇਆ ਉਹ ਤੁਰੰਤ ਹੀ ਤੀਰਾਂ ਦੀ ਮਾਰ ਦਾ ਸ਼ਿਕਾਰ ਹੋ ਜਾਂਦਾ ਸੀ । ਫਿਰ ਦੀਵਾਰਾਂ ਦੀ ਓਟ ਤੋਂ ਕੋਈ ਵੀ ਸਾਹਮਣੇ ਨਾ ਆਇਆ ਅਤੇ ਇਉਂ ਉਹ ਤੀਰਾਂ ਦੀ ਮਾਰ ਤੋਂ ਬਚੇ ਰਹੇ ਸਨ । ਗੁਰੂ ਸਾਹਿਬ ਅਤੇ ਉਨ੍ਹਾਂ ਦੇ ਮੁੱਠੀ ਭਰ ਸਿੰਘ ਹਵੇਲੀ ਦੇ ਉਪਰੋਂ ਚਾਰੇ ਪਾਸੇ ਤੀਰ ਛੱਡ ਰਹੇ ਸਨ । ਜਿਸ ਤਰ੍ਹਾਂ ਵੀ ਹਵੇਲੀ ਦੀਆਂ ਛੱਤਾਂ ਉਪਰੋਂ ਮੋਰਚੇਬੰਦੀ ਹੋ ਸਕਦੀ ਸੀ ਉਸੇ ਤਰ੍ਹਾਂ ਝੱਟ-ਪੱਟ ਕੀਤੀ ਗਈ ਸੀ। ਕਿਉਂਕਿ ਨਾ ਹੀ ਤਾਂ ਇੱਥੇ ਗੁਰੂ ਸਾਹਿਬ ਦਾ ਲੜਾਈ ਕਰਨ ਦਾ ਕੋਈ ਇਰਾਦਾ ਸੀ ਅਤੇ ਨਾ ਹੀ ਇਹ ਹਵੇਲੀ ਲੜਾਈ ਲਈ ਬਣਾਈ ਗਈ ਸੀ। ਇਹ ਤਾਂ ਇਕ ਦਮ ਘੇਰਾ ਪੈ ਜਾਣ ਕਾਰਣ ਆਪਣਾ ਬਚਾਅ ਕਰਨ ਵਾਲੀ ਗੱਲ ਸੀ। ਸੰਭਵ ਤੌਰ ‘ਤੇ ਇਹ ਹਵੇਲੀ ਜਿਮੀਂਦਾਰ ਦੇ ਪਰਿਵਾਰ ਦੀ ਰਿਹਾਇਸ਼ ਸੀ । ਉਸ ਦੇ ਪਰਿਵਾਰ ਦੀ ਅਤੇ ਉਸ ਜ਼ਿਮੀਂਦਾਰ ਦੀ ਇਸ ਲੜਾਈ ਵਿਚ ਕੀ ਹਾਲਤ ਹੋਈ ਹੋਵੇਗੀ ਇਸ ਬਾਰੇ ਅੰਦਾਜ਼ਾ ਲਗਾਉਣਾ ਕੋਈ ਔਖਾ ਨਹੀਂ ਹੈ।

ਜ਼ਫਰਨਾਮੇ ਵਿਚ ਹਮਲਾ ਕਰਨ ਵਾਲੀ ਫ਼ੌਜ ਦੇ ਇਕ ਜਰਨੈਲ ਦਾ ਨਾਂ ਨਾਹਰ ਖਾਂ ਦੱਸਿਆ ਗਿਆ ਹੈ। “ਜਦੋਂ ਨਾਹਰ ਖਾਂ ਨੂੰ ਮੈਂ (ਗੁਰੂ ਜੀ) ਮੈਦਾਨੇ ਜੰਗ ਵਿਚ ਆਇਆ ਦੇਖਿਆ ਤਾਂ ਉਸ ਨੇ ਫੌਰਨ ਹੀ ਮੇਰੇ ਤੀਰ ਦਾ ਸੁਆਦ ਚੱਖਿਆ। ਉਸ ਦੀ ਭਿਆਨਕ ਹੋਈ ਹਾਲਤ ਨੂੰ ਦੇਖ ਕੇ ਬਾਕੀ ਦੇ ਸ਼ੇਖੀਆਂ ਮਾਰਨ ਵਾਲੇ ਪਠਾਣ ਵੀ ਉੱਥੋਂ ਭੱਜ ਗਏ ਸਨ । ਫਿਰ ਲੁਕ ਛਿਪ ਕੇ ਕੁਝ ਹੋਰ ਪਠਾਣ ਤੇਜ਼ ਹੜ੍ਹ ਵਾਂਗ ਤੀਰ ਅਤੇ ਬੰਦੂਕਾਂ ਲੈ ਕੇ ਹਵੇਲੀ ਉਪਰ ਹਮਲਾ ਕਰਨ ਲਈ ਅੱਗੇ ਵੱਧੇ।” ਇਨ੍ਹਾਂ ਦਾ ਆਗੂ ਜ਼ਫਰਬੇਗ ਸੀ । “ਉਸ ਨੇ ਕੁਝ ਹਮਲੇ ਤਾਂ ਸੂਝ-ਬੂਝ ਨਾਲ ਕੀਤੇ ਪਰ ਕੁਝ ਕੁ ਬੇਸਮਝੀ ਨਾਲ । ਉਸ ਨੇ ਸਾਡੇ ਦੋ ਸਿੰਘਾਂ ਨੂੰ ਮਾਰ ਦਿੱਤਾ ਪਰ ਉਹ ਆਪ ਵੀ ਉਨ੍ਹਾਂ ਦੇ ਤੀਰ ਨਾਲ ਮਾਰਿਆ ਗਿਆ। ਇਹ ਜ਼ਫਰਬੇਗ ਦੀਵਾਰ ਦੀ ਓਟ ਵਿਚ ਹੀ ਰਿਹਾ, ਬਹਾਦਰਾਂ ਵਾਂਗ ਮੇਰੇ (ਗੁਰੂ ਜੀ) ਸਾਹਮਣੇ ਨਹੀਂ ਆਇਆ।” ਇਸ ਤਰ੍ਹਾਂ ਉਹ ਲੁੱਕ-ਛਿਪ ਕੇ ਲੜਦਾ ਹੋਇਆ ਮਾਰਿਆ ਗਿਆ ਸੀ । ਬੰਦੂਕਾਂ ਤੇ ਤੀਰਾਂ ਦੀ ਵਰਖਾ ਦੋਹਾਂ ਪਾਸਿਆਂ ਤੋਂ ਇਤਨੀ ਤੇਜ਼ੀ ਨਾਲ ਹੋ ਰਹੀ ਸੀ ਕਿ ਦੋਹਾਂ ਪਾਸਿਆਂ ਦੇ ਕਾਫੀ ਆਦਮੀ ਮਾਰੇ ਜਾ ਚੁੱਕੇ ਸਨ। ਘੇਰਾ ਪਾਉਣ ਵਾਲੀ ਫ਼ੌਜ ਬਹੁਤ ਜ਼ਿਆਦਾ ਗਿਣਤੀ ਵਿਚ ਸੀ ਜਦੋਂ ਕਿ ਗੁਰੂ ਜੀ ਪਾਸ ਹਵੇਲੀ ਵਿਚ ਸਿਰਫ 40-45 ਸਿੰਘ ਹੀ ਸਨ ਅਤੇ ਉਹ ਵੀ ਥੱਕੇ ਹੋਏ ਅਤੇ ਭੁੱਖਣ-ਭਾਣੇ । ਇਸ ਲਈ ਬੇਸ਼ੁਮਾਰ ਮੁੱਲਖਈਏ ਅੱਗੇ ਚਾਲੀ-ਪੰਤਾਲੀ ਭੁੱਖਣ-ਭਾਣੇ ਬੰਦਿਆਂ ਦੀ ਬਹਾਦਰੀ ਵੀ ਕਿੰਨਾ ਕੁ ਸਮਾਂ ਠਹਿਰ ਸਕਦੀ ਹੈ। ਦਿਨ ਛਿਪ ਗਿਆ ਸੀ। ਰਾਤ ਦਾ ਚੰਦਰਮਾ ਨਿਕਲ ਆਇਆ ਸੀ।” ਰਾਤ ਨੂੰ ਹੀ ਇਸ ਹਵੇਲੀ ਵਿਚੋਂ ਨਿਕਲਣਾ ਸੀ ਨਹੀਂ ਤਾਂ ਦੂਸਰਾ ਦਿਨ ਚੜ੍ਹੇ ਤੋਂ ਇਸ ਮੁੱਲਖਈਏ ਨੇ ਚਾਰੇ ਪਾਸੇ ਅੱਗ ਲਾ ਦੇਣੀ ਸੀ। ਗੁਰੂ ਸਾਹਿਬ ਅਤੇ ਉਨ੍ਹਾਂ ਦੇ ਗਿਣਤੀ ਦੇ ਸਿੰਘਾਂ ਸਾਹਿਬਜ਼ਾਦਾ ਅਜੀਤ ਸਿੰਘ ਦੀ ਕਮਾਂਡ ਹੇਠ ਹਵੇਲੀ ਵਿਚੋਂ ਹਨੇਰੀ ਦੇ ਵਾਂਗ ਨਿਕਲੇ ਅਤੇ ਦੁਸ਼ਮਣ ਦੀਆਂ ਸਫਾਂ ਵਿਛਾਉਂਦੇ ਹੋਏ ਦੁਸ਼ਮਣ ਦੇ ਘੇਰੇ ਨੂੰ ਚੀਰ ਰਹੇ ਸਨ। ਇਸ ਗਹਿਗੱਚ ਦੀ ਲੜਾਈ ਵਿਚ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਦੂਸਰੇ ਸਿੰਘ ਸਾਥੀਆਂ ਸਮੇਤ ਇਕੱਠੇ ਲੜਦੇ ਹੋਏ ਸ਼ਹੀਦ ਹੋ ਗਏ ਸਨ । ਗੁਰੂ ਗੋਬਿੰਦ ਸਿੰਘ ਜੀ ਸਿਰਫ ਦੋ ਸਾਥੀ ਸਿੰਘਾਂ ਭਾਈ ਦਯਾ ਸਿੰਘ ਅਤੇ ਭਾਈ ਧਰਮ ਸਿੰਘ ਦੇ ਸਮੇਤ ਘੇਰੇ ਵਿਚੋਂ ਨਿਕਲਣ ਵਿਚ ਕਾਮਯਾਬ ਹੋ ਗਏ ਸਨ।

ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ

 

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ

 

ਭਾਈ ਿਹੰ ਮਤ ਸਿੰਘ ਜੀ , bhai Himant Singh Ji

ਚਮਕੌਰ ਸਾਹਿਬ ਦੇ ਘੇਰੇ ਵਿਚੋਂ ਨਿਕਲ ਕੇ ਗੁਰੂ ਸਾਹਿਬ ਰਾਤੋ-ਰਾਤ ਮਾਛੀਵਾੜੇ ਪਹੁੰਚੇ। ਮਾਛੀਵਾੜਾ ਚਮਕੌਰ ਸਾਹਿਬ ਤੋਂ ਪੱਛਮ-ਦੱਖਣ ਦੀ ਤਰਫ 25 ਕੁ ਕਿਲੋਮੀਟਰ ਦੀ ਵਿੱਥ ‘ਤੇ ਸਥਿਤ ਕਸਬਾ ਹੈ। ਇੱਥੇ ਗੁਰੂ ਜੀ ਦੇ ਸ਼ਰਧਾਲੂ ਪਠਾਣ ਗਨੀ ਖ਼ਾਨ ਅਤੇ ਨਬੀ ਖ਼ਾਨ ਰਹਿੰਦੇ ਸਨ । ਪਿੰਡ ਵਿਚ ਹੋਰ ਵੀ ਸਿੱਖ ਸੰਗਤਾਂ ਸਨ । ਇੱਥੋਂ ਲੋੜੀਂਦਾ ਆਰਾਮ ਕਰਨ ਉਪਰੰਤ ਅਤੇ ਖਾਣਾ ਵਗੈਰਾ ਛੱਕ ਕੇ ਅੱਗੇ ਦੀ ਤਰਫ ਰਵਾਨਾ ਹੋਏ। ਇੱਥੇ ਰਹਿਣਾ ਖਤਰੇ ਤੋਂ ਖਾਲੀ ਨਹੀਂ ਸੀ । ਗੁਰੂ ਜੀ ਦਾ ਇਰਾਦਾ ਛੇਤੀ ਤੋਂ ਛੇਤੀ ਮਾਲਵੇ ਦੇ ਪਿੰਡਾਂ ਵਿਚ ਪਹੁੰਚਣ ਦਾ ਸੀ ਤਾਂ ਕਿ ਸਿੱਖ ਸੰਗਤਾਂ ਨੂੰ ਛੇਤੀ ਛੇਤੀ ਇਕੱਠਿਆਂ ਕਰਕੇ ਦੁਸ਼ਮਣ ਦਾ ਮੁਕਾਬਲਾ ਕਰਨ ਦੇ ਯੋਗ ਹੋਇਆ ਜਾਂਦਾ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ

Leave a comment

error: Content is protected !!