ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੀਆਂ ਗੁਆਂਢੀ ਰਿਆਸਤਾਂ

ਗੁਰੂ ਗੋਬਿੰਦ ਸਿੰਘ ਜੀ ਨੇ 1675 ਈ. ਵਿਚ ਗੁਰਗੱਦੀ ਸੰਭਾਲੀ ਸੀ । ਉਨ੍ਹਾਂ ਦੇ ਕੰਮਾਂ ਨੂੰ ਵਾਚਣ ਤੋਂ ਪਹਿਲਾਂ ਉਸ ਆਲੇ ਦੁਆਲੇ ਨੂੰ ਵਾਚ ਲੈਣਾ ਅਤੀ ਜਰੂਰੀ ਹੈ ਤਾਂ ਕਿ ਉਸ ਸਥਿਤੀ ਤੋਂ ਜਾਣੂੰ ਹੋਇਆ ਜਾਵੇ ਜਿਸ ਸਥਿਤੀ ਦੇ ਵਿਚ ਗੁਰੂ ਜੀ ਰਹਿ ਰਹੇ ਸਨ । ਸਥਿਤੀਆਂ ਤੋਂ ਜਾਣੂ ਹੋਏ ਬਿਨਾਂ ਇਤਿਹਾਸਕ ਘਟਨਾਵਾਂ ਦਾ ਸਹੀ ਨਿਰਣਾ ਨਹੀਂ ਕੀਤਾ ਜਾ ਸਕਦਾ । ਗੁਰੂ ਜੀ ਦਾ ਮੁੱਖ ਕੇਂਦਰ ਆਨੰਦਪੁਰ ਸਾਹਿਬ ਸੀ। ਸਿੱਖ ਧਰਮ ਦੇ ਪਰਚਾਰ ਦਾ ਮੁੱਖ ਖੇਤਰ ਪੰਜਾਬ ਸੀ । ਪੰਜਾਬ ਦਾ ਭੂਗੋਲਕ ਖੇਤਰ ਦਰਿਆ ਜਿਹਲਮ ਤੋਂ ਲੈ ਕੇ ਘੱਗਰ ਨਦੀ ਤੱਕ ਦਾ ਮੈਦਾਨੀ ਇਲਾਕਾ ਸੀ । ਇਸ ਵਿਚੋਂ ਵੀ ਸਿੱਖ ਧਰਮ ਦੇ ਧਰਮ ਪਰਚਾਰ ਵਾਲਾ ਮੁੱਖ ਕੇਂਦਰ ਰਾਵੀ ਤੋਂ ਲੈ ਕੇ ਘੱਗਰ ਤੱਕ ਦਾ ਇਲਾਕਾ ਹੀ ਸੀ । ਦਰਿਆਵਾਂ ਦੇ ਦੁਆਬਾਂ ਦਾ ਇਹ ਸਾਰਾ ਮੈਦਾਨੀ ਇਲਾਕਾ ਮੁਗ਼ਲ ਸਾਮਰਾਜ ਵਿਚ ਸ਼ਾਮਲ ਸੀ । ਇਹ ਮੈਦਾਨੀ ਇਲਾਕਾ ਪਰਬੰਧਕੀ ਤੌਰ ‘ਤੇ ਭਾਵੇਂ ਕਈ ਖੇਤਰਾਂ ਵਿਚ ਵੰਡਿਆ ਹੋਇਆ ਸੀ ਅਤੇ ਇਹ ਸਾਰੇ ਖੇਤਰ ਆਬਾਦੀ ਅਤੇ ਪਰਬੰਧਕੀ ਪੱਖੋਂ ਭਾਵੇਂ ਇਕੋ ਜਿਹੇ ਨਹੀਂ ਸਨ । ਪੰਜਾਬ ਦੀ ਕੇਂਦਰੀ ਰਾਜਧਾਨੀ ਲਾਹੌਰ ਸੀ । ਇਸ ਤੋਂ ਇਲਾਵਾ ਮੁਲਤਾਨ ਅਤੇ ਸਰਹਿੰਦ ਵੀ ਖੇਤਰੀ ਕੇਂਦਰ ਸਨ। ਲਾਹੌਰ ਦੇ ਸੂਬੇਦਾਰ ਦਾ ਹੁਕਮ ਭਾਵੇਂ ਇਨ੍ਹਾਂ ਸਭ ਉਪਰ ਲਾਗੂ ਹੁੰਦਾ ਸੀ ਪਰ ਆਪਣੇ ਅੰਦਰੂਨੀ ਪਰਬੰਧ ਅੰਦਰ ਇਨ੍ਹਾਂ ਕੇਂਦਰਾਂ ਦੇ ਹਾਕਮ ਲਗਪਗ ਸੁਤੰਤਰ ਸਨ । ਲਾਹੌਰ ਦੇ ਹਾਕਮ ਦਾ ਰੁਤਬਾ ਪੂਰੇ ਗਵਰਨਰ ਵਾਲਾ ਸੀ ਜਿਸ ਨੂੰ ਸੂਬੇਦਾਰ ਵੀ ਕਿਹਾ ਜਾਂਦਾ ਸੀ । ਸੂਬੇਦਾਰ ਦਾ ਅੱਖਰੀ ਅਰਥ ਸੂਬੇ ਦਾ ਮਾਲਕ ਹੁੰਦਾ ਸੀ। ਸੁਜਾਨ ਰਾਏ ਭੰਡਾਰੀ ਨੇ ਸੂਬਾ ਲਾਹੌਰ ਦਾ ਖੇਤਰਫਲ ਇਉਂ ਬਿਆਨ ਕੀਤਾ ਹੈ: “ਇਹ ਸੂਬੇ ਦੀ ਲੰਬਾਈ ਦਰਿਆ ਸਤਲੁਜ ਤੋਂ ਸਿੰਧ ਤੀਕ ਇਕ ਸੌ ਅੱਸੀ ਕੋਹ ਤੇ ਚੌੜਾਈ ਭੇਰੇ ਤੋਂ ਚੌਖੰਡੀ ਤੱਕ ਸਤਾਸੀ ਕੋਹ ਹੈ। ਪੂਰਬ ਵਿਚ ਸਰਹਿੰਦ, ਪੱਛਮ ਵਿਚ ਮੁਲਤਾਨ, ਉੱਤਰ ਵਿਚ ਕਸ਼ਮੀਰ, ਦੱਖਣ ਵਿਚ ਦੀਪਾਲਪੁਰ, ਪੰਜ ਦੁਆਬੇ ਅਤੇ ਪੰਜ ਸਰਕਾਰਾਂ ਹਨ ਜਿਨ੍ਹਾਂ ਦੇ ਤਿੰਨ ਸੌ ਮਹਲ ਹਨ। ਆਮਦਨੀ ਉਣਾਨਵੇਂ ਕਰੋੜ, ਤੇਤੀ ਲੱਖ ਸੱਤਰ ਹਜ਼ਾਰ ਦਾਮ ਹੈ।” ਸਰਹਿੰਦ ਅਤੇ ਮੁਲਤਾਨ ਖੇਤਰਾਂ ਦੇ ਹਾਕਮਾਂ ਨੂੰ ਫ਼ੌਜਦਾਰ ਜਾਂ ਮਨਸਬਦਾਰ ਕਿਹਾ ਜਾਂਦਾ ਸੀ । ਇਹ ਫ਼ੌਜਦਾਰ ਲੋੜ ਪੈਣ ‘ਤੇ ਲਾਹੌਰ ਦੇ ਸੂਬੇਦਾਰ ਨੂੰ, ਜਾਂ ਬਾਦਸ਼ਾਹ ਦੀਆਂ ਹਦਾਇਤਾਂ ਮੁਤਾਬਕ ਕਿਸੇ ਹੋਰ ਸੈਨਾਪਤੀ ਨੂੰ, ਫ਼ੌਜੀ ਮਦਦ ਮੁਹੱਈਆ ਕਰਦੇ ਸਨ । ਸਰਹਿੰਦ ਦੀ ਫ਼ੌਜਦਾਰੀ ਜਾਂ ਮਨਸਬਦਾਰੀ ਹੇਠ ਘੱਗਰ ਅਤੇ ਸਤਲੁਜ ਦੇ ਵਿਚਕਾਰਲਾ ਮੈਦਾਨੀ ਇਲਾਕਾ ਸੀ । ਇਸ ਨੂੰ ਮੋਟੇ ਰੂਪ ਵਿਚ ਮਾਲਵਾ ਕਿਹਾ ਜਾਂਦਾ ਸੀ । ਤਕਨੀਕੀ ਪੱਖੋਂ ਭਾਵੇਂ ਇਸ ਵਿਚ ਕੁਝ ਬਾਂਗਰ ਅਤੇ ਪੁਆਧ ਦਾ ਇਲਾਕਾ ਵੀ ਸ਼ਾਮਲ ਸੀ। ਸਰਹਿੰਦ ਨਾਲ ਇਕ ਵਿਸ਼ੇਸ਼ਣ ਬਾਵਨੀ ਜੁੜਿਆ ਹੋਇਆ ਸੀ ਜਿਵੇਂ ਕਿ ਸਰਹਿੰਦ ਬਾਵਨੀ । ਬਾਵਨੀ ਦਾ ਭਾਵ 52 ਤੋਂ ਹੈ। ਇਸ ਦਾ ਇਹ ਮਤਲਬ ਸੀ ਕਿ ਸਰਹਿੰਦ ਦੇ ਫ਼ੌਜਦਾਰ ਦੇ ਜੁਮੇਂ 52 ਲੱਖ ਰੁਪਿਆ ਸਾਲਾਨਾ ਮੁਆਮਲਾ ਇਕੱਠਾ ਕਰਨ ਦਾ ਕੰਮ ਲੱਗਿਆ ਹੁੰਦਾ ਸੀ । ਭਾਵ ਕਿ ਸਰਹਿੰਦ ਦੇ ਪਰਗਨੇ ਤੋਂ 52 ਲੱਖ ਰੁਪਏ ਦਾ ਮਾਮਲਾ ਉਗਰਾਹਿਆ ਜਾਂਦਾ ਸੀ । 1681 ਈ. ਦੇ ਅੱਧ ਵਿਚ ਨਿਜਾਮੁਦੀਨ ਅਹਿਮਦ ਨੂੰ ਸਰਹਿੰਦ ਦਾ ਫ਼ੌਜਦਾਰ ਨਿਯੁਕਤ ਕੀਤਾ ਗਿਆ ਸੀ । ਪਰ ਸਾਨੂੰ ਪਿੱਛੋਂ ਦੇ ਸਮੇਂ ਵਿਚ ਸਰਹਿੰਦ ਦੇ ਸੂਬੇਦਾਰ ਦਾ ਨਾਂ ਵਜ਼ੀਰ ਖ਼ਾਂ ਮਿਲਦਾ ਹੈ। ਸਰਹਿੰਦ ਦਾ ਸਾਰਾ ਪਰਗਨਾ ਸਿੱਖ ਧਰਮ ਦਾ ਗੜ੍ਹ ਸੀ। ਇਹੀ ਕਾਰਣ ਸੀ ਕਿ ਸਰਹਿੰਦ ਦਾ ਹਾਕਮ ਹਮੇਸ਼ਾਂ ਹੀ ਸਿੱਖਾਂ ਨਾਲ ਖਾਰ ਖਾਂਦਾ ਸੀ । ਇਸ ਦਾ ਦੂਜਾ ਕਾਰਣ ਸੀ ਸਰਹਿੰਦ ਵਿਚ ਰੋਜ਼ਾ ਸ਼ਰੀਫ਼ ਦਾ ਹੋਣਾ। ਇਹ ਮੁਜੱਦਦ ਅਲਫ਼ ਸਾਨੀ ਦਾ ਸਥਾਪਤ ਕੀਤਾ ਹੋਇਆ ਧਾਰਮਕ ਕੇਂਦਰ ਸੀ । ਇਹ ਕੱਟੜ ਸੁੰਨੀ ਮੁਸਲਮਾਨ ਸੀ ਅਤੇ ਸਿੱਖ ਗੁਰੂ ਸਾਹਿਬਾਨ ਦਾ ਸਖ਼ਤ ਵਿਰੋਧੀ ਸੀ । ਇਸ ਦੇ ਉੱਤਰਅਧਿਕਾਰੀਆਂ ਦਾ ਸਰਹਿੰਦ ਵਿਖੇ ਕੇਂਦਰ ਹੋਣ ਕਰਕੇ ਸਰਹਿੰਦ ਦਾ ਫ਼ੌਜਦਾਰ ਹਰ ਸਮੇਂ ਇਨ੍ਹਾਂ ਦੇ ਪਰਭਾਵ ਹੇਠ ਰਹਿੰਦਾ ਸੀ । ਕੁਦਰਤੀ ਗੱਲ ਸੀ ਕਿ ਉਹ ਅਕਸਰ ਗੁਰੂ ਸਾਹਿਬਾਨ ਦਾ ਵਿਰੋਧੀ ਹੀ ਹੁੰਦਾ ਸੀ। ਇਸ ਦੇ ਮੁਕਾਬਲੇ ‘ਤੇ ਮੁਲਤਾਨ ਦੇ ਹਾਕਮ ਨਾਲ ਸਿੱਖਾਂ ਦਾ ਕੋਈ ਜਿਆਦਾ ਵਿਰੋਧ ਨਹੀਂ ਸੀ ਕਿਉਂਕਿ ਇਕ ਤਾਂ ਮੁਲਤਾਨ ਦੀ ਮਨਸਬਦਾਰੀ ਵਿਚ ਸਿੱਖਾਂ ਦੀਆਂ ਗਤੀਵਿਧੀਆਂ ਕੋਈ ਜ਼ਿਆਦਾ ਨਹੀਂ ਸਨ ਅਤੇ ਦੂਜਾ ਉਸ ਨੂੰ ਪੱਛਮ ਵੱਲੋਂ ਹਮੇਸ਼ਾਂ ਹੀ ਕਿਸੇ ਨਾ ਕਿਸੇ ਖ਼ਤਰੇ ਦਾ ਸ਼ੱਕ ਹੀ ਰਹਿੰਦਾ ਸੀ । ਇਸ ਕਰਕੇ ਉਸ ਨੂੰ ਆਪਣੇ ਇਲਾਕੇ ਦੀ ਆਬਾਦੀ ਨਾਲ ਚੰਗੇ ਸਬੰਧ ਬਣਾ ਕੇ ਰੱਖਣੇ ਹੀ ਪੈਂਦੇ ਸਨ ।

ਲਾਹੌਰ ਦੇ ਸੂਬੇਦਾਰ ਦੀ ਮੁਲਤਾਨ ਅਤੇ ਸਰਹਿੰਦ ਦੇ ਫ਼ੌਜਦਾਰਾਂ ਤੋਂ ਇਲਾਵਾ ਬਾਕੀ ਦੇ ਪਹਾੜੀ ਖੇਤਰਾਂ ਜਿਨ੍ਹਾਂ ਵਿਚ ਜੰਮੂ ਅਤੇ ਕਾਂਗੜਾ ਸ਼ਾਮਲ ਸੀ, ਸਭ ਉਪਰ ਨਿਗਰਾਨੀ ਕਰਨ ਦਾ ਅਧਿਕਾਰ ਸੀ । ਲਾਹੌਰ ਦਾ ਸੂਬਾ ਭਾਵੇਂ ਭੂਗੋਲਕ ਤੌਰ ‘ਤੇ ਸਾਰਾ ਪੰਜਾਬ ਹੀ ਸੀ ਪਰ ਇਸ ਦਾ ਨਾਂ ਪੰਜਾਬ ਦੀ ਥਾਂ ਲਾਹੌਰ ਸੂਬਾ ਹੀ ਪਰਚੱਲਤ ਸੀ । ਮੁਗ਼ਲ ਸਾਮਰਾਜ ਦੌਰਾਨ ਪੰਜਾਬ ਪਰਾਂਤ ਦੀ ਬੜੀ ਅਹਿਮੀਅਤ ਸੀ । ਇਕ ਤਾਂ ਇਹ ਦਿੱਲੀ (ਮੁਗ਼ਲ ਕੇਂਦਰ) ਅਤੇ ਕਾਬਲ (ਮੁਗ਼ਲਾਂ ਦਾ ਪਦਾਇਸ਼ੀ ਕੇਂਦਰ) ਵਿਚਕਾਰ ਸਾਂਝਾ ਲਿੰਕ ਸੀ । ਦੂਜਾ ਪੰਜਾਬ ਵਿਚੋਂ ਮੁਗ਼ਲ ਫ਼ੌਜ ਲਈ ਰਿਸ਼ਟ-ਪੁਸ਼ਟ ਨੌਜੁਆਨਾਂ ਦੀ ਭਰਤੀ ਬੜੀ ਆਸਾਨੀ ਨਾਲ ਹੁੰਦੀ ਰਹਿੰਦੀ ਸੀ । ਤੀਜਾ ਇਹ ਜਰਖੇਜ਼ ਸੂਬਾ ਸੀ ਅਤੇ ਮਾਮਲੇ ਦੀ ਉਗਰਾਹੀ ਦਾ ਇਕ ਅਮੀਰ ਖੇਤਰ ਸੀ। ਇਸ ਕਰਕੇ ਪੰਜਾਬ ਜਾਂ ਤਾਂ ਬਾਦਸ਼ਾਹ ਦੇ ਵਲੀ-ਅਹਿਦ ਦੇ ਤਹਿਤ ਹੁੰਦਾ ਸੀ ਤੇ ਜਾਂ ਫਿਰ ਉਸ ਦੇ ਬਹੁਤ ਹੀ ਭਰੋਸੇਯੋਗ ਅਧਿਕਾਰੀ ਦੇ ਅਧੀਨ। ਪੰਜਾਬ ਦੇ ਸੂਬੇ ਨੂੰ ਚਾਰ ਖੇਤਰਾਂ (ਲਾਹੌਰ, ਸਰਹਿੰਦ, ਮੁਲਤਾਨ ਅਤੇ ਕਾਂਗੜਾ) ਵਿਚ ਵੰਡ ਕੇ ਰੱਖਣਾ ਵੀ ਮੁਗ਼ਲ ਬਾਦਸ਼ਾਹਾਂ ਦੀ ਇਕ ਕੂਟਨੀਤੀ ਹੀ ਸੀ। ਇਸ ਤਰ੍ਹਾਂ ਲਾਹੌਰ ਦੇ ਸੂਬੇਦਾਰ ਦੇ ਪਰ ਕੱਟੇ ਰਹਿੰਦੇ ਸਨ ਅਤੇ ਉਸ ਨੂੰ ਹਰ ਸਮੇਂ ਬਾਕੀ ਦੇ ਤਿੰਨ ਫ਼ੌਜਦਾਰਾਂ ਦੇ ਸਹਿਯੋਗ ਉਪਰ ਨਿਰਭਰ ਹੋ ਕੇ ਰਹਿਣਾ ਪੈਂਦਾ ਸੀ । ਭਾਵੇਂ ਲਾਹੌਰ ਦੇ ਸੂਬੇਦਾਰਾਂ ਦੀ ਬਾਕਾਇਦਾ ਲਿਸਟ ਤਾਂ ਕਿਸੇ ਵੀ ਸੋਮੇ ਤੋਂ ਪੂਰੇ ਭਰੋਸੇ ਨਾਲ ਨਹੀਂ ਮਿਲਦੀ ਕਿਉਂਕਿ ਹਰ ਲਿਖਤ ਵਿਚ ਹੀ ਇਨ੍ਹਾਂ ਦੇ ਨਾਵਾਂ ਵਿਚ ਕਾਫੀ ਅੰਤਰ ਹੈ। ਪਰ ਔਰੰਗਜ਼ੇਬ ਦੇ ਸਮਕਾਲੀ ਲੇਖਕ ਸਾਕੀ ਮੁਸਤਾਅਦ ਖ਼ਾਂ ਨੇ ਆਪਣੀ ਲਿਖਤ ਵਿਚ ਲਾਹੌਰ ਦੇ ਸੂਬੇਦਾਰਾਂ ਦਾ ਜੋ ਹਵਾਲਾ ਦਿੱਤਾ ਹੈ ਉਹ ਇਸ ਤਰ੍ਹਾਂ ਹੈ: 18 ਸਤੰਬਰ, 1678 ਈ. ਨੂੰ ਲਾਹੌਰ ਦੇ ਸੂਬੇਦਾਰ ਕਵਾਮੂਦੀਨ ਨੂੰ ਲਾਹੌਰ ਦੇ ਨਾਲ ਜੰਮੂ ਦਾ ਸੂਬੇਦਾਰ ਵੀ ਬਣਾਇਆ ਗਿਆ ਸੀ। ਪਰ ਇਸ ਦੀ ਲਾਹੌਰ ਦੇ ਕਾਜ਼ੀ ਨਾਲ ਬਿਗੜ ਗਈ ਸੀ, ਇਸ ਕਰਕੇ ਇਸ ਨੂੰ 1679 ਈ. ਵਿਚ ਹਟਾ ਦਿੱਤਾ ਗਿਆ ਸੀ ਅਤੇ ਸ਼ਾਹਜ਼ਾਦਾ ਮੁਹੰਮਦ ਆਜ਼ਮ (ਪਿੱਛੋਂ ਬਹਾਦਰ ਸ਼ਾਹ) ਨੂੰ ਲਾਹੌਰ ਦਾ ਨਾਜ਼ਿਮ ਥਾਪਿਆ ਗਿਆ ਸੀ। ਮਾਰਚ, 1698 ਈ. ਵਿਚ ਲਾਹੌਰ ਦੇ ਸੂਬੇਦਾਰ ਮੁਕੱਰਮ ਖ਼ਾਨ ਨੂੰ ਹਟਾ ਕੇ ਅਬੁਲਨਸਰ ਨੂੰ ਸੂਬੇਦਾਰ ਬਣਾਇਆ ਗਿਆ। ਵਜੀਹਉਦੀਨ ਖ਼ਾਨ ਨੂੰ ਦੁਸ਼ਮਣ ਕੁਚਲਣ ਲਈ ਆਨੰਦਪੁਰ ਵੱਲ ਭੇਜਿਆ ਗਿਆ। 9 ਸਤੰਬਰ, 1705 ਈ. ਦਿਨ ਐਤਵਾਰ ਨੂੰ ਸ਼ਾਹ ਆਲਮ ਬਹਾਦਰ (ਮੁਅੱਜਮ) ਦੇ ਵਕੀਲਾਂ ਨੂੰ ਲਾਹੌਰ ਦੀ ਸੂਬੇਦਾਰੀ ਸੌਂਪੀ ਗਈ। ਫਰਵਰੀ, 1707 ਵਿਚ ਲਾਹੌਰ ਦੇ ਨਾਇਬ ਸੂਬੇਦਾਰ ਮੁਨਈਅਮ ਖਾਂ ਨੂੰ ਇਕ ਹਜ਼ਾਰੀ ਅਮੀਰ ਦੇ ਮਨਸਬ ਵਿਚ ਪੰਜ ਸਦੀ, ਇਕ ਸੌ ਸਵਾਰ ਦਾ ਵਾਧਾ ਬਖ਼ਸ਼ਿਆ ਗਿਆ । ਜੋ ਨਾਂ ਇਕਰਮ ਅਲੀ ਨੇ ਆਪਣੀ ਪੁਸਤਕ ਵਿਚ ਲਾਹੌਰ ਦੇ ਸੂਬੇਦਾਰਾਂ ਦੇ ਦਿੱਤੇ ਹਨ ਉਨ੍ਹਾਂ ਵਿਚ ਉਕਤ ਲਿਖਤ ਨਾਲੋਂ ਨਾਵਾਂ ਦਾ ਕਾਫੀ ਅੰਤਰ ਹੈ। ਉਸ ਅਨੁਸਾਰ 1675 ਈ. ਵਿਚ ਪੰਜਾਬ ਦਾ ਗਵਰਨਰ ਹੁਸੈਨ ਕੁਲੀ ਖਾਂ ਸੀ । ਪਰ ਇਸ ਨੂੰ ਇਸੇ ਸਾਲ ਹਟਾ ਦਿੱਤਾ ਗਿਆ ਸੀ। ਅਤੇ ਇਸ ਦੀ ਥਾਂ ਸ਼ਾਹ ਕੁਲੀ ਖਾਂ ਮਹਰਾਮ ਨੂੰ ਸੂਬੇਦਾਰ ਨਿਯੁਕਤ ਕੀਤਾ ਗਿਆ ਸੀ । ਇਹ 1678 ਈ. ਤੱਕ ਰਿਹਾ ਸੀ। ਇਸ ਪਿਛੋਂ ਸਈਅਦ ਖਾਂ ਨੂੰ ਲਾਹੌਰ ਦਾ ਸੂਬੇਦਾਰ ਬਣਾਇਆ ਗਿਆ ਜੋ 1685 ਈ. ਤੱਕ ਰਿਹਾ ਸੀ ।’ ਪਰ ਜਿਵੇਂ ਸਾਕੀ ਮੁਸਤਾਅਦ ਖ਼ਾਂ ਦੀ ਲਿਖਤ ਤੋਂ ਸਪਸ਼ਟ ਹੁੰਦਾ ਹੈ ਕਿ ਪੰਜਾਬ ਦਾ ਪਰਬੰਧ ਜ਼ਿਆਦਾਤਰ ਔਰੰਗਜੇਬ ਦੇ ਵੱਡੇ ਸ਼ਾਹਜ਼ਾਦੇ ਮੁਹੰਮਦ ਮੁਅੱਜ਼ਮਾਂ, ਜੋ ਪਿੱਛੋਂ ਬਹਾਦੁਰ ਸ਼ਾਹ ਦੇ ਨਾਂ ਨਾਲ ਬਾਦਸ਼ਾਹ ਬਣਿਆ ਸੀ, ਦੇ ਪਾਸ ਜਾਂ ਉਸ ਦੇ ਆਪਣੇ ਭਰੋਸੇਯੋਗ ਬੰਦਿਆਂ ਦੇ ਪਾਸ ਹੀ ਰਿਹਾ ਸੀ । ਬਹਾਦਰ ਸ਼ਾਹ ਦੇ ਬਾਦਸ਼ਾਹ ਬਣਨ ਸਮੇਂ (1707 ਈ.) ਉਸ ਦਾ ਪਹਿਲਾ ਵਜੀਰ ਲਾਹੌਰ ਦਾ ਸੂਬੇਦਾਰ ਮੁਨਈਅਮ ਖਾਂ ਹੀ ਬਣਿਆ ਸੀ । ਇਹ ਮੁਨਈਅਮ ਖਾਂ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਬਹੁਤ ਸ਼ਰਧਾਲੂ ਸੀ ਪੰਜਾਬ ਦਾ ਪਹਾੜੀ ਇਲਾਕਾ ਮੈਦਾਨੀ ਇਲਾਕੇ ਨਾਲੋਂ ਬਹੁਤ ਭਿੰਨਤਾ ਰੱਖਦਾ ਸੀ । ਇਕ ਤਾਂ ਪਹਾੜੀ ਖੇਤਰ ਦੇ ਲੋਕ ਵੈਸੇ ਹੀ ਧਰਮ, ਸੋਚ ਅਤੇ ਸਭਿਆਚਾਰ ਪੱਖੋਂ ਪੰਜਾਬ ਦੇ ਮੈਦਾਨੀ ਇਲਾਕੇ ਦੇ ਲੋਕਾਂ ਨਾਲੋਂ ਵੱਖਰੇ ਸਨ । ਦੂਜਾ, ਪਹਾੜੀ ਇਲਾਕਾ ਸੁਤੰਤਰ ਰਾਜਪੂਤ ਰਾਜਿਆਂ ਦੀਆਂ ਰਿਆਸਤਾਂ ਵਿਚ ਵੰਡਿਆ ਹੋਇਆ ਸੀ । ਇਹ ਰਿਆਸਤਾਂ ਭਾਵੇਂ ਮੁਗ਼ਲ ਸਾਮਰਾਜ ਦੇ ਅਧੀਨ ਸਨ ਪਰ ਅੰਦਰੂਨੀ ਤੌਰ ‘ਤੇ ਇਹ ਸੁਤੰਤਰ ਸਨ। ਬਾਦਸ਼ਾਹਾਂ ਦੀ ਮੁੱਖ ਦਿਲਚਸਪੀ ਇਨ੍ਹਾਂ ਰਿਆਸਤਾਂ ਵਿਚੋਂ ਸਾਲਾਨਾ ਮਾਮਲਾ ਉਗਰਾਹੁਣ ਤਕ ਹੀ ਸੀਮਤ ਸੀ ਤੇ ਜਾਂ ਫਿਰ ਕਦੇ-ਕਦਾਈਂ ਜਦੋਂ ਕੋਈ ਸ਼ਾਹੀ ਮੁਹਿੰਮ ਪਹਾੜੀ ਖੇਤਰ ਵਿਚ ਭੇਜੀ ਜਾਂਦੀ ਸੀ ਉਸ ਲਈ ਫ਼ੌਜੀ ਮਦਦ ਅਤੇ ਰਸਦ-ਪਾਣੀ ਮੁਹੱਈਆ ਕਰਨਾ ਹੀ ਹੁੰਦਾ ਸੀ। ਵੈਸੇ ਮੁਗ਼ਲ ਬਾਦਸ਼ਾਹਾਂ ਨੇ ਪੰਜਾਬ ਦੀਆਂ ਪਹਾੜੀ ਰਿਆਸਤਾਂ ਨੂੰ ਇਸ ਤਰ੍ਹਾਂ ਕਾਬੂ ਕੀਤਾ ਹੋਇਆ ਸੀ ਕਿ ਇਹ ਬਹੁਤ ਹੀ ਘੱਟ ਹਾਲਾਤ ਵਿਚ ਬਾਗ਼ੀ ਹੋ ਸਕਦੀਆਂ ਸਨ। ਨਾ ਹੀ ਇਨ੍ਹਾਂ ਨੂੰ ਆਪਣਾ ਸਿੱਕਾ ਲਾਗੂ ਕਰਨ ਦੀ ਇਜਾਜ਼ਤ ਸੀ ਅਤੇ ਨਾ ਹੀ ਇਨ੍ਹਾਂ ਨੂੰ ਆਪਣੇ ਤੋਰ ’ਤੇ ਉੱਤਰ ਅਧਿਕਾਰੀ ਨਿਯੁਕਤ ਕਰਨ ਦਾ ਅਧਿਕਾਰ ਸੀ । ਉੱਤਰ ਅਧਿਕਾਰੀ ਨਿਯੁਕਤ ਕਰਨ ਦੀ ਅੰਤਮ ਮਨਜ਼ੂਰੀ ਬਾਦਸ਼ਾਹ ਵੱਲੋਂ ਲੈਣੀ ਪੈਂਦੀ ਸੀ। ਇਨ੍ਹਾਂ ਨੂੰ ਮੌਤ ਦੀ ਸਜਾ ਦੇਣ ਦਾ ਵੀ ਅਧਿਕਾਰ ਨਹੀਂ ਸੀ ਅਤੇ ਹਰ ਰਿਆਸਤ ਨੂੰ ਆਪਣਾ ਰਾਜ-ਕੁੰਵਰ ਜਾਂ ਵਲੀ-ਅਹਿਦ ਨੂੰ ਬਾਦਸ਼ਾਹ ਦੇ ਦਰਬਾਰ ਵਿਚ ਜਰਗਮਾਲ ਦੇ ਤੌਰ ‘ਤੇ ਛੱਡਣਾ ਪੈਂਦਾ ਸੀ। ਰਿਆਸਤਾਂ ਦੇ ਰਾਜਿਆਂ ਨੂੰ ਆਪਣੀ ਹਰ ਰਾਣੀ ਦੇ ਪੇਟ ਵਿਚੋਂ ਪੈਦਾ ਹੋਏ ਬੱਚੇ ਦੀ ਰਿਪੋਰਟ ਮੁਗ਼ਲ ਦਰਬਾਰ ਵਿਚ ਭੇਜਣੀ ਹੁੰਦੀ ਸੀ। ਕਿਉਂਕਿ ਇਹ ਰਿਆਸਤਾਂ ਫ਼ੌਜੀ ਮਦਦ ਬਹੁਤ ਘੱਟ ਮੁਹੱਈਆ ਕਰਦੀਆਂ ਸਨ ਇਸ ਕਰਕੇ ਇਨ੍ਹਾਂ ਨੂੰ ਸਾਲਾਨਾ ਜਾਂ ਛਿਮਾਹੀ ਮਾਮਲਾ ਦੇਣਾ ਪੈਂਦਾ ਸੀ ।”

ਗੁਰੂ ਗੋਬਿੰਦ ਸਿੰਘ ਜੀ (1675-1708 ਈ .)

ਉਕਤ ਸਭ ਮਾਮਲਿਆਂ ਤੋਂ ਇਲਾਵਾ ਇਹ ਰਿਆਸਤਾਂ ਸੁਤੰਤਰ ਸਨ। ਆਪਣੀ ਮਰਜ਼ੀ ਮੁਤਾਬਕ ਇਹ ਕਿਲੇ ਉਸਾਰ ਸਕਦੀਆਂ ਸਨ। ਆਪਣੀ ਜਨਤਾ ਲਈ ਆਪਣੀ ਲੋੜ ਅਨੁਸਾਰ ਕਾਨੂੰਨ ਬਣਾ ਸਕਦੀਆਂ ਸਨ । ਜਿਸ ਤਰ੍ਹਾਂ ਚਾਹੁੰਦੀਆਂ ਸਨ ਉਸੇ ਤਰ੍ਹਾਂ ਉਹ ਲੋਕਾਂ ਕੋਲੋਂ ਲਗਾਨ ਦਾ ਹਿੱਸਾ ਨੀਯਤ ਕਰ ਸਕਦੀਆਂ ਸਨ। ਸਾਰੀਆਂ ਰਿਆਸਤਾਂ ਆਪਸ ਵਿਚ ਜਿਸ ਤਰ੍ਹਾਂ ਦੇ ਸਬੰਧ ਚਾਹੁੰਦੀਆਂ ਸਨ ਬਣਾ ਕੇ ਰੱਖ ਸਕਦੀਆਂ ਸਨ। ਜੇ ਇਕ ਰਿਆਸਤ ਦੂਸਰੀ ਰਿਆਸਤ ‘ਤੇ ਹਮਲਾ ਕਰਦੀ ਸੀ ਤਾਂ ਇਸ ਵਿਚ ਵੀ ਮੁਗ਼ਲ ਬਾਦਸ਼ਾਹ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਸੀ । ਭਾਵ ਕਿ ਇਹ ਆਪਸ ਵਿਚ ਪੂਰੀ ਤਰ੍ਹਾਂ ਲੜ-ਭਿੜ ਕੇ ਮਰ ਸਕਦੀਆਂ ਸਨ ਬਾਦਸ਼ਾਹ ਦੀ ਇਨ੍ਹਾਂ ਵਿਚ ਕੋਈ ਦਖ਼ਲ-ਅੰਦਾਜ਼ੀ ਨਹੀਂ ਹੁੰਦੀ ਸੀ। ਪਹਾੜੀ ਰਿਆਸਤਾਂ ਦੇ ਪਾਸ ਕੋਈ ਬਹੁਤੇ ਵਸੀਲੇ ਨਹੀਂ ਹੁੰਦੇ ਸਨ । ਲੋਕ ਗਰੀਬ ਸਨ । ਖਾਣ ਜੋਗਾ ਲੋੜੀਂਦਾ ਅਨਾਜ ਵੀ ਪੈਦਾ ਨਹੀਂ ਹੁੰਦਾ ਸੀ। ਇਸ ਕਰਕੇ ਸਰਕਾਰਾਂ ਵੀ ਮਾਇਕ ਪੱਖੋਂ ਕਮਜ਼ੋਰ ਹੀ ਹੁੰਦੀਆਂ ਸਨ । ਅਜਿਹੀ ਮਾਇਕ ਕਮਜ਼ੋਰੀ ਕਰਕੇ ਤਕੜੀਆਂ ਫ਼ੌਜਾਂ ਰੱਖਣਾ ਅਸੰਭਵ ਹੁੰਦਾ ਸੀ। ਇਸ ਕਰਕੇ ਹਰ ਰਿਆਸਤ ਦੇ ਪਾਸ ਸਿਰਫ ਉਸ ਦੀ ਅੰਦਰੂਨੀ ਸਥਿਤੀ ਨੂੰ ਕਾਬੂ ਵਿਚ ਰੱਖਣ ਜੋਗੀ ਹੀ ਸੈਨਾ ਹੁੰਦੀ ਸੀ । ਪਹਾੜੀ ਰਿਆਸਤਾਂ ਦੇ ਸੈਨਿਕ ਵੀ ਮੈਦਾਨੀ ਸੈਨਿਕਾਂ ਦੇ ਮੁਕਾਬਲੇ ’ਤੇ ਕਮਜ਼ੋਰ ਹੀ ਹੁੰਦੇ ਸਨ। ਹਾਥੀ ਨਹੀਂ ਰੱਖੇ ਜਾਂਦੇ ਸਨ । ਹੋਰ ਤਾਂ ਹੋਰ ਸੈਨਿਕਾਂ ਦੇ ਹਥਿਆਰ ਵੀ ਮੁਗ਼ਲ ਫ਼ੌਜ ਦੇ ਮੁਕਾਬਲੇ ‘ਤੇ ਬਹੁਤ ਘਟੀਆ ਸਨ । ਮੁਗ਼ਲ ਫ਼ੌਜਾਂ ਕੋਲ ਵੱਡੀਆਂ ਵੱਡੀਆਂ ਤੋਪਾਂ, ਤੋੜੇਦਾਰ ਬੰਦੂਕਾਂ ਅਤੇ ਵੱਡੇ ਭਾਰੀ ਬਰਛੇ ਹੁੰਦੇ ਸਨ । ਪਰ ਪਹਾੜੀ ਸੈਨਿਕਾਂ ਪਾਸ ਇਨ੍ਹਾਂ ਦੀ ਜਾਣਕਾਰੀ ਵੀ ਨਹੀਂ ਸੀ । ਉਨ੍ਹਾਂ ਪਾਸ ਸਾਧਾਰਨ ਤੀਰ ਕਮਾਨ ਅਤੇ ਤਲਵਾਰਾਂ ਹੀ ਹੁੰਦੀਆਂ ਸਨ। ਬਹੁਤ ਘੱਟ ਸੈਨਿਕ ਘੋੜ-ਸੁਆਰ ਹੁੰਦੇ ਸਨ । ਜ਼ਿਆਦਾ ਗਿਣਤੀ ਪੈਦਲ ਸੈਨਿਕਾਂ ਦੀ ਹੀ ਹੁੰਦੀ ਸੀ । ਸੈਨਿਕਾਂ ਵਿਚ ਵੀ ਸਿਰਫ ਰਾਜਪੂਤ ਜਾਂ ਖੱਤਰੀ ਲੋਕ ਹੀ ਹੁੰਦੇ ਸਨ । ਸਮਾਜ ਦਾ ਦਲਿਤ ਵਰਗ ਫ਼ੌਜ ਵਿਚ ਭਰਤੀ ਨਹੀਂ ਕੀਤਾ ਜਾਂਦਾ ਸੀ । ਇਸ ਲਈ ਸਮਾਜ ਦਾ ਇਕ ਤਕੜਾ ਹਿੱਸਾ ਸੈਨਿਕ ਸ਼ਕਤੀ ਤੋਂ ਬਾਹਰ ਹੀ ਰੱਖਿਆ ਹੁੰਦਾ ਸੀ ।”

ਪੰਜਾਬ ਦੀਆਂ ਪਹਾੜੀ ਰਿਆਸਤਾਂ ਵਿਚ ਆਮ ਤੌਰ ‘ਤੇ ਬਾਈਧਾਰ ਪਹਾੜੀ ਰਾਜਿਆਂ ਦਾ ਜ਼ਿਕਰ ਆਉਂਦਾ ਹੈ । ਧਾਰ ਦਾ ਮਤਲਬ ਇਕ ਪਹਾੜੀ ਝਰਨੇ ਤੋਂ ਹੈ । ਇਸ ਤਰ੍ਹਾਂ ਮੋਟੇ ਜਿਹੇ ਰੂਪ ਵਿਚ ਹਰ ਧਾਰ ਜਾਂ ਹਰ ਪਹਾੜੀ ਝਰਨੇ ਦੀ ਇਕ ਵੱਖਰੀ ਰਿਆਸਤ ਹੁੰਦੀ ਸੀ। ਇਸ ਤਰ੍ਹਾਂ ਕੁਲ ਬਾਈ ਧਾਰਾਂ ਸਨ ਅਤੇ ਬਾਈ ਧਾਰਾਂ ਦੁਆਲੇ ਹੀ ਬਾਈ ਰਿਆਸਤਾਂ ਸਥਾਪਤ ਹੋ ਗਈਆਂ ਸਨ । ਇਸ ਨੂੰ ਦੂਜੇ ਸ਼ਬਦਾਂ ਵਿਚ ਇਉਂ ਵੀ ਕਿਹਾ ਜਾ ਸਕਦਾ ਹੈ ਕਿ ਕੁਲ ਪਹਾੜੀ ਰਿਆਸਤਾਂ ਵਿਚ ਬਾਈ ਧਾਰਾਂ (ਝਰਨੇ) ਸਨ । ਬਾਈ ਧਾਰਾਂ ਹੋਣ ਕਰਕੇ ਇੱਥੋਂ ਦੇ ਰਾਜਿਆਂ ਨੂੰ ਬਾਈਧਾਰ ਦੇ ਰਾਜੇ ਕਿਹਾ ਜਾਂਦਾ ਸੀ । ਭਾਵੇਂ ਕੁਝ ਵੀ ਹੋਵੇ ਇਹ ਇਕ ਸਾਧਾਰਨ ਜਿਹੀ ਵਿਆਖਿਆ ਹੈ। ਤਕਨੀਕੀ ਪੱਖੋਂ ਇਹ ਵਿਆਖਿਆ ਪੂਰੀ ਨਹੀਂ ਉਤਰਦੀ। ਅੱਜ ਭੂਗੋਲਕ ਤੌਰ ‘ਤੇ ਬਾਈ ਧਾਰਾਂ ਨੂੰ ਤਾਲਾਸ਼ ਕਰਨਾ ਸੰਭਵ ਨਹੀਂ ਹੈ। ਦਰਿਆਵਾਂ ਅਤੇ ਇਨ੍ਹਾਂ ਵਿਚ ਪੈਂਦੇ ਨਦੀ ਨਾਲਿਆਂ ਨੂੰ ਝਰਨਿਆਂ ਦਾ ਜਾਂ ਧਾਰਾਂ ਦਾ ਨਾਂ ਦੇਣਾ ਠੀਕ ਹੈ ਜਾਂ ਗ਼ਲਤ ਇਸ ਗੱਲ ਦੀ ਪਰੋੜਤਾ ਕਰਨੀ ਸੰਭਵ ਨਹੀਂ ਹੈ।

ਭੂਗੋਲਕ ਤੌਰ ‘ਤੇ ਪੱਛਮ ਵੱਲ ਰਾਵੀ ਦਰਿਆ ਤੋਂ ਲੈ ਕੇ ਪੂਰਬ ਵੱਲ ਜਮੁਨਾ ਨਦੀ ਤੱਕ ਦੇ ਵਿਚਕਾਰਲੇ ਪਹਾੜੀ ਇਲਾਕੇ ਦੀਆਂ ਰਿਆਸਤਾਂ ਨੂੰ ਪੰਜਾਬ ਦੀਆਂ ਪਹਾੜੀ ਰਿਆਸਤਾਂ ਕਿਹਾ ਜਾਂਦਾ ਸੀ । ਇਸ ਵਿਚ ਸ਼ਾਮਲ ਸਨ: ਨੂਰਪੁਰ, ਕਾਂਗੜਾ, ਗੁਲੇਰ, ਬਸਾਲੀ, ਸੀਬਾ, ਕੁਟਲੇਹਰ, ਦਾਤਾਰਪੁਰ, ਬਿਲਾਸਪੁਰ, ਸੁਕੇਤ, ਮੰਡੀ, ਕੁਲੂ, ਚੰਬਾ, ਬੁਸ਼ੈਹਰ, ਜੁਬਾਲ, ਜਸਰੋਟਾ, ਬਿੱਝੜਵਾਲ, ਡਢਵਾਲ, ਨਾਲਾਗੜ੍ਹ, ਅਰਕੀ, ਜਸਵਾਨ, ਸਿਰਮੌਰ ਆਦਿ । ਸਮੇਂ ਅਨੁਸਾਰ ਇਨ੍ਹਾਂ ਵਿਚੋਂ ਕਈਆਂ ਦੇ ਨਾਵਾਂ ਵਿਚ ਤਬਦੀਲੀਆਂ ਵੀ ਹੋਈਆਂ ਹਨ। ਕਈ ਰਿਆਸਤਾਂ ਖ਼ਤਮ ਵੀ ਹੋਈਆਂ ਹਨ ਅਤੇ ਕਈ ਨਵੀਆਂ ਵੀ ਬਣੀਆਂ ਸਨ । ਸਾਰੀਆਂ ਰਿਆਸਤਾਂ ਇਕੋ ਜਿਹੀਆਂ ਨਹੀਂ ਸਨ । ਕੁਝ ਵੱਡੀਆਂ ਸਨ ਪਰ ਕੁਝ ਬਹੁਤ ਹੀ ਛੋਟੇ ਆਕਾਰ ਦੀਆਂ ਸਨ । ਕਾਂਗੜਾ, ਬਿਲਾਸਪੁਰ ਅਤੇ ਸਿਰਮੌਰ ਵੱਡੀਆਂ ਰਿਆਸਤਾਂ ਸਨ । ਬਸਾਲੀ, ਨਾਲਾਗੜ੍ਹ ਅਤੇ ਅਰਕੀ ਜੈਸੀਆਂ ਬਹੁਤ ਹੀ ਛੋਟੀਆਂ ਰਿਆਸਤਾਂ ਸਨ । ਪਹਾੜੀ ਰਾਜਿਆਂ ਵਿਚ ਕੋਈ ਵੀ ਮਹਾਰਾਜਾ ਨਹੀਂ ਸੀ । ਸਾਰੇ ਹੀ ਰਾਜੇ ਸਨ । ਛੋਟੀਆਂ ਰਿਆਸਤਾਂ ਦੇ ਰਾਜਿਆਂ ਨੂੰ ਬਹੁਤ ਹੀ ਘੱਟ ਅਧਿਕਾਰ ਪਰਾਪਤ ਸਨ । ਇਹ ਰਾਜੇ ਅਕਸਰ ਜਾਗੀਰਦਾਰਾਂ ਵਰਗੇ ਹੀ ਹੁੰਦੇ ਸਨ।

ਆਨੰਦਪੁਰ ਸਾਹਿਬ ਕਹਿਲੂਰ ਦੀ ਰਿਆਸਤ ਵਿਚ ਸਥਿਤ ਸੀ । ਕਹਿਲੂਰ ਇਸ ਰਿਆਸਤ ਦਾ ਭੂਗੋਲਕ ਨਾਂ ਸੀ। ਕਿਉਂਕਿ ਇਸ ਦੀ ਰਾਜਧਾਨੀ ਬਿਲਾਸਪੁਰ ਸੀ, ਇਸ ਕਰਕੇ ਇਸ ਨੂੰ ਬਿਲਾਸੁਪਰ ਦੀ ਰਿਆਸਤ ਵੀ ਕਹਿ ਦਿੱਤਾ ਜਾਂਦਾ ਸੀ । ਪੁਰਾਣਾ ਬਿਲਾਸਪੁਰ ਗੋਬਿੰਦ ਸਾਗਰ ਵਿਚ ਡੁੱਬ ਗਿਆ ਹੈ। ਅੱਜ ਦਾ ਬਿਲਾਸਪੁਰ ਨਵਾਂ ਵਸਾਇਆ ਗਿਆ ਸ਼ਹਿਰ ਹੈ। ਜਦੋਂ ਅਸੀਂ ਇਸ ਪੁਸਤਕ ਵਿਚ ਬਿਲਾਸਪੁਰ ਸ਼ਹਿਰ ਦੀ ਗੱਲ ਕਰਦੇ ਹਾਂ ਉਸ ਦਾ ਅੱਜ ਦੇ ਬਿਲਾਸਪੁਰ ਸ਼ਹਿਰ ਨਾਲ ਕੋਈ ਸਬੰਧ ਨਹੀਂ ਹੈ। ਇਤਿਹਾਸਕ ਸ਼ਹਿਰ ਅੱਜ ਖ਼ਤਮ ਹੋ ਚੁੱਕਿਆ ਹੈ।

ਆਨੰਦਪੁਰ ਸਾਹਿਬ ਸਤਲੁਜ ਦਰਿਆ ਦੇ ਖੱਬੇ ਕੰਢੇ ਉਪਰ ਸਥਿਤ ਹੈ। ਇਸ ਦੀ ਇਹ ਸਥਿਤੀ ਮੁੱਢਲੇ ਲੇਖਕਾਂ ਨੂੰ ਵੀ ਆਕਰਸ਼ਿਤ ਕਰਦੀ ਰਹੀ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਲੇਖਕ ਸੁਜਾਨ ਰਾਏ ਭੰਡਾਰੀ ਨੇ ਇਸ ਬਾਰੇ ਇਉਂ ਬਿਆਨਿਆ ਹੈ : “ਪਰਬਤ ਤੋਂ ਉਤਰ ਕੇ ਇਹ ਦਰਿਆ ਦੋ ਸ਼ਾਖਾਵਾਂ ਵਿਚ ਮਾਖੋਵਾਲ (ਆਨੰਦਪੁਰ) ਦੇ ਹੇਠੋਂ ਵੱਗਦਾ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਅਸਥਾਨ ਹੈ। ਸਤਲੁਜ ਦਰਿਆ ਕਹਿਲੂਰ ਅਤੇ ਮੁਗ਼ਲ ਰਾਜ ਦੀ ਸਾਂਝੀ ਹੱਦ ਸੀ। ਇਸ ਤਰ੍ਹਾਂ ਆਨੰਦਪੁਰ ਸਾਹਿਬ ਮੁਗ਼ਲ ਰਾਜ ਦੇ ਬਿਲਕੁੱਲ ਹੀ ਨੇੜੇ ਸਥਿਤ ਸੀ।

ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਕਹਿਲੂਰ ਰਿਆਸਤ ਦੇ ਦੋ ਰਾਜੇ ਹੋਏ ਸਨ । ਇਹ ਸਨ ਰਾਜਾ ਭੀਮ ਚੰਦ ਅਤੇ ਰਾਜਾ ਅਜਮੇਰ ਚੰਦ । ਰਾਜਾ ਭੀਮ ਚੰਦ 1692 ਈ. ਤੱਕ ਰਿਹਾ ਸੀ ਫਿਰ ਅਜਮੇਰ ਚੰਦ ਰਾਜਾ ਬਣਿਆ ਸੀ । ਗੁਰੂ ਜੀ ਦੇ ਰਾਜਾ ਭੀਮ ਚੰਦ ਨਾਲ ਸਬੰਧ ਚੰਗੇ ਰਹੇ ਸਨ । ਪਰ ਰਾਜਾ ਅਜਮੇਰ ਚੰਦ ਨਾਲ ਬਿਗੜ ਗਏ ਸਨ। ਕਹਿਲੂਰ ਦੇ ਰਾਜਿਆਂ ਦੇ ਗੁਰੂ ਘਰ ਨਾਲ ਚੰਗੇ ਸਬੰਧਾਂ ਦੇ ਹੋਣ ਕਰਕੇ ਹੀ ਆਨੰਦਪੁਰ ਜੈਸਾ ਮਹੱਤਵਪੂਰਨ ਕੇਂਦਰ ਕਹਿਲੂਰ ਰਿਆਸਤ ਵਿਚ ਵਸਾਇਆ ਗਿਆ ਸੀ।

ਨਾਲਾਗੜ੍ਹ ਜਿਸ ਨੂੰ ਹਿੰਡੂਰ ਰਿਆਸਤ ਵੀ ਕਿਹਾ ਜਾਂਦਾ ਸੀ, ਵੀ ਕਹਿਲੂਰ ਦੇ ਗੁਆਂਢ ਵਿਚ ਸੀ । ਭਾਵੇਂ ਖੇਤਰਫਲ ਦੇ ਪੱਖੋਂ ਇਹ ਬਹੁਤ ਛੋਟੀ ਰਿਆਸਤ ਸੀ। ਸਿੱਖ ਗੁਰੂ ਸਾਹਿਬਾਨ ਦੇ ਸਬੰਧ ਹਿੰਡੂਰ ਦੀ ਰਿਆਸਤ ਨਾਲ ਬਹੁਤ ਅੱਛੇ ਰਹੇ ਸਨ । ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਰਾਜੇ ਧਰਮ ਚੰਦ (1618-1701), ਹਿੰਮਤ ਚੰਦ (1701-1704) ਅਤੇ ਭੂਪ ਚੰਦ ਸਨ।

ਸਿਰਮੌਰ (ਨਾਹਨ) ਦੀ ਰਿਆਸਤ ਭਾਵੇਂ ਆਨੰਦਪੁਰ ਸਾਹਿਬ ਤੋਂ ਬਹੁਤ ਦੂਰ ਸੀ ਪਰ ਇਸ ਨਾਲ ਪਾਉਂਟਾ ਸਾਹਿਬ ਵਿਖੇ ਰਹਿਣ ਕਰਕੇ ਗੁਰੂ ਸਾਹਿਬ ਦਾ ਸਿੱਧਾ ਸਬੰਧ ਰਿਹਾ ਸੀ । ਨਾਹਨ ਰਿਆਸਤ ਦੀ ਆਖ਼ਰੀ ਹੱਦ ਜਮੁਨਾ ਦਰਿਆ ਸੀ । ਜਮੁਨਾ ਤੋਂ ਪਰਲੇ ਪਾਸੇ ਗੜ੍ਹਵਾਲ ਰਿਆਸਤ ਸੀ । ਗੜ੍ਹਵਾਲ ਦੇ ਰਾਜੇ ਫਤਿਹ ਸ਼ਾਹ ਨਾਲ ਹੀ ਗੁਰੂ ਜੀ ਦੀ 1688 ਈ. ਵਿਚ ਭੰਗਾਣੀ ਦੀ ਲੜਾਈ ਹੋਈ ਸੀ । ਨਾਹਨ ਰਿਆਸਤ ਵਿਚ ਗੁਰੂ ਜੀ ਦੇ ਸਮਕਾਲੀ ਤਿੰਨ ਰਾਜੇ ਹੋਏ ਸਨ। ਪਹਿਲਾ ਰਾਜਾ ਬੁੱਧ ਪਰਕਾਸ਼ (1664-1684), ਦੂਜਾ ਰਾਜਾ ਮੇਦਨੀ ਪਰਕਾਸ਼ (1684-1704) ਅਤੇ ਤੀਜਾ ਰਾਜਾ ਹਰੀ ਪਰਕਾਸ਼ (1704-1712) मी।

ਮੰਡੀ ਰਿਆਸਤ ਭਾਵੇਂ ਆਨੰਦਪੁਰ ਦੇ ਨੇੜੇ ਨਹੀਂ ਸੀ ਪਰ ਗੁਰੂ ਸਾਹਿਬਾਨ ਦੇ ਮੰਡੀ ਰਿਆਸਤ ਨਾਲ ਕਾਫੀ ਪੁਰਾਣੇ ਅਤੇ ਅੱਛੇ ਸਬੰਧ ਸਨ। ਗੁਰੂ ਗੋਬਿੰਦ ਸਿੰਘ ਜੀ ਮੰਡੀ ਰਿਆਸਤ ਵਿਚ ਇਕ ਦੋ ਵਾਰ ਗਏ ਵੀ ਸਨ ਅਤੇ ਮੰਡੀ ਵਿਚ ਇਹ ਦੰਦ-ਕਥਾ ਵੀ ਪਰਚੱਲਤ ਹੈ ਕਿ ਮੰਡੀ ਰਿਆਸਤ ਦੀ ਸੁਰੱਖਿਆ ਲਈ ਗੁਰੂ ਗੋਬਿੰਦ ਸਿੰਘ ਜੀ ਦਾ ਵਰ ਮਿਲਿਆ ਹੋਇਆ है। निभाभ मैल (1664-1679), वौत मैल (1679-1684), भडे मिँप मैठ (1684-1727) वाव माविव रे ਸਮਕਾਲੀ ਰਾਜੇ ਸਨ। ਰਾਜਾ ਸਿੱਧ ਸੈਨ ਦੀ ਲੜਕੀ ਤਾਂ ਖਾਲਸਾ ਰਾਜ ਦੇ ਪਹਿਲੇ ਬਾਨੀ ਬੰਦਾ ਸਿੰਘ ਬਹਾਦੁਰ ਨਾਲ ਵਿਆਹੀ ਹੋਈ ਸੀ। ਮੰਡੀ ਦੇ ਰਾਜੇ ਨੇ ਬੰਦਾ ਸਿੰਘ ਬਹਾਦੁਰ ਦੀ ਮਦਦ ਵੀ ਬਹੁਤ ਕੀਤੀ ਸੀ।

ਕਾਂਗੜਾ, ਪੰਜਾਬ ਦੀਆਂ ਪਹਾੜੀ ਰਿਆਸਤਾਂ ਵਿਚੋਂ ਸਭ ਤੋਂ ਸ਼ਕਤੀਸ਼ਾਲੀ ਅਤੇ ਵਿਸ਼ਾਲ ਰਿਆਸਤ ਸੀ । ਭਾਵੇਂ ਇਸ ਦੀਆਂ ਹੱਦਾਂ ਆਨੰਦਪੁਰ ਸਾਹਿਬ ਦੇ ਨਜ਼ਦੀਕ ਨਹੀਂ ਸਨ ਪਰ ਨਾਦੌਣ ਕਿਉਂਕਿ ਇਸ ਰਿਆਸਤ ਦਾ ਇਕ ਮਹੱਤਵਪੂਰਨ ਸ਼ਹਿਰ ਸੀ ਅਤੇ 1690 ਈ. ਵਿਚ ਨਾਦੌਣ ਦੀ ਲੜਾਈ ਵਿਚ ਗੁਰੂ ਜੀ ਨੇ ਸਰਗਰਮ ਹਿੱਸਾ ਲਿਆ ਸੀ । ਇਸ ਲੜਾਈ ਵਿਚ ਇਕ ਪਾਸੇ ਅਲਫ਼ ਖ਼ਾਂ ਅਤੇ ਕੁਝ ਇਕ ਹੋਰ ਪਹਾੜੀ ਰਿਆਸਤਾਂ ਦੇ ਰਾਜੇ ਸਨ । ਦੂਜੇ ਪਾਸੇ ਕਾਂਗੜੇ ਦਾ ਰਾਜਾ ਭੀਮ ਚੰਦ, ਹੋਰ ਪਹਾੜੀ ਰਾਜੇ ਅਤੇ ਗੁਰੂ ਗੋਬਿੰਦ ਸਿੰਘ ਜੀ ਸਨ । ‘ਬਚਿੱਤ੍ਰ ਨਾਟਕ’ ਵਿਚ ਇਸ ਸਮੇਂ ਦੇ ਕਾਂਗੜੇ ਦੇ ਰਾਜੇ ਦਾ ਨਾਂ ਕਿਰਪਾਲ ਚੰਦ ਲਿਖਿਆ ਹੋਇਆ ਹੈ ਪਰ ਕਾਂਗੜੇ ਦੇ ਰਾਜਿਆਂ ਦੀ ਲਿਸਟ ਵਿਚ ਕਿਰਪਾਲ ਚੰਦ ਦਾ ਨਾਂ ਕਿਤੇ ਵੀ ਨਹੀਂ ਹੈ। ਲਿਸਟ ਅਨੁਸਾਰ 1690 ਵਿਚ ਰਾਜਾ ਭੀਮ ਚੰਦ ਕਾਂਗੜੇ ਦਾ ਰਾਜਾ ਸੀ । ਇਸ ਪਿੱਛੋਂ ਰਾਜਾ ਆਲਮ ਚੰਦ (1697-1700) ਅਤੇ ਰਾਜਾ ਹਮੀਰ ਚੰਦ (1700-1747) ਰਾਜੇ ਬਣੇ ਸਨ।° ਕਾਂਗੜਾ ਪੰਜਾਬ ਦੀਆਂ ਪਹਾੜੀ ਰਿਆਸਤਾਂ ਦੀ ਸਿਰਮੌਰ ਰਿਆਸਤ ਸੀ ਅਤੇ ਕਾਂਗੜੇ ਦਾ ਕਿਲ੍ਹਾ ਵੀ ਆਪਣੀ ਮਜ਼ਬੂਤੀ ਵਿਚ ਬਹੁਤ ਮਸ਼ਹੂਰ ਸੀ । ਇਸ ਦੀ ਮਜ਼ਬੂਤੀ ਬਾਰੇ ਸੁਜਾਨ ਰਾਏ ਭੰਡਾਰੀ ਨੇ ਇਉਂ ਲਿਖਿਆ ਹੈ: “ਕਾਂਗੜੇ ਦਾ ਪਰਾਚੀਨ ਕਿਲ੍ਹਾ ਲਾਹੌਰ ਤੋਂ ਉੱਤਰ ਵੱਲ ਪਹਾੜਾਂ ਦੇ ਵਿਚਕਾਰ ਹੈ। ਇਸ ਦੀ ਕਠਿਨਾਈ, ਮਜ਼ਬੂਤੀ ਅਤੇ ਪਕਿਆਈ ਪਰਸਿੱਧ ਹੈ। ਇਸ ਦੇ ਤੇਈ ਬੁਰਜ ਅਤੇ ਸੱਤ ਫਾਟਕ ਹਨ । ਇਸ ਦੀ ਲੰਬਾਈ ਕੋਹ ਦਾ ਚੌਥਾ ਭਾਗ ਹੈ ਅਤੇ ਚੌੜਾਈ ਬਾਈ ਜਰੀਬ ਹੈ ਅਤੇ ਉਚਾਈ ਇਕ ਸੌ ਚਾਰ ਗਜ਼ ਹੈ । ਵਿਚਕਾਰ ਦੋ ਵਿਸ਼ਾਲ ਤਲਾਉ ਹਨ । ਇਸ ਦੀ ਨੀਂਹ ਰੱਖਣ ਦੀ ਮਿਤੀ ਦਾ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਪਤਾ ਨਹੀਂ । ਕੰਧਾਂ ਅਸਮਾਨ ਨਾਲ ਗੱਲਾਂ ਕਰਦੀਆਂ ਹਨ।” ਮੁਗ਼ਲ ਬਾਦਸ਼ਾਹਾਂ ਨੇ ਸਾਰੀਆਂ ਪਹਾੜੀਆਂ ਰਿਆਸਤਾਂ ਨੂੰ ਆਪਣੇ ਅੰਕੁਸ਼ ਹੇਠ ਰੱਖਣ ਲਈ ਕਾਂਗੜੇ ਦੇ ਕਿਲ੍ਹੇ ਨੂੰ ਸਿੱਧਾ ਆਪਣੇ ਕਬਜ਼ੇ ਵਿਚ ਕਰਕੇ ਰੱਖਿਆ ਹੋਇਆ ਸੀ। ਅਕਬਰ ਦੇ ਸਮੇਂ ਤੋਂ ਹੀ ਇਸ ਕਿਲ੍ਹੇ ਵਿਚ ਇਕ ਤਕੜੀ ਮੁਗ਼ਲ ਫ਼ੌਜ ਰੱਖੀ ਹੋਈ ਸੀ । ਇਸ ਫ਼ੌਜ ਦੇ ਕਮਾਂਡਰ ਨੂੰ ਫ਼ੌਜਦਾਰ ਜਾਂ ਮਨਸਬਦਾਰ ਕਿਹਾ ਜਾਂਦਾ ਸੀ । ਇਸ ਦਾ ਕੰਮ ਸਿਰਫ ਮੁਗ਼ਲ ਅਧਿਕਾਰੀਆਂ ਦੀ ਫ਼ੌਜੀ ਮਦਦ ਕਰਨਾ ਹੀ ਸੀ । ਪਹਾੜੀ ਰਿਆਸਤਾਂ ਦੇ ਅੰਦਰੂਨੀ ਪਰਬੰਧ ਵਿਚ ਇਸ ਦੀ ਕੋਈ ਦਖ਼ਲ ਅੰਦਾਜ਼ੀ ਨਹੀਂ ਸੀ । ਰਾਵੀ ਅਤੇ ਜਿਹਲਮ ਦੇ ਵਿਚਕਾਰਲੇ ਖੇਤਰ ਦੀਆਂ ਪਹਾੜੀ ਰਿਆਸਤਾਂ ਜੰਮੂ ਦੇ ਫ਼ੌਜਦਾਰ ਦੀ ਨਿਗਰਾਨੀ ਹੇਠ ਸਨ । ਇਸ ਤਰ੍ਹਾਂ ਪੰਜਾਬ ਦੀਆਂ ਪਹਾੜੀ ਰਿਆਸਤਾਂ ਅਤੇ ਜੰਮੂ-ਕਸ਼ਮੀਰ ਦੀਆਂ ਪਹਾੜੀ ਰਿਆਸਤਾਂ ਉਪਰ ਨਿਗਰਾਨੀ ਰੱਖਣ ਵਾਸਤੇ ਮੁਗ਼ਲ ਸਾਮਰਾਜ ਦੇ ਮੁੱਖ ਕੇਂਦਰ ਕਰਮਵਾਰ ਕਾਂਗੜਾ ਅਤੇ ਜੰਮੂ ਸਨ । ਸਰਹਿੰਦ ਅਤੇ ਲਾਹੌਰ ਦੇ ਹਾਕਮਾਂ ਕੋਲੋਂ ਵੀ ਭਾਵੇਂ ਸਮੇਂ ਅਨੁਸਾਰ ਇਹ ਸੈਨਿਕ ਮਦਦ ਲੈ ਲਈ ਜਾਂਦੀ ਸੀ ਪਰ ਇਨ੍ਹਾਂ ਦਾ ਅਧਿਕਾਰ ਖੇਤਰ ਸਿਰਫ ਪੰਜਾਬ ਦੇ ਮੈਦਾਨੀ ਇਲਾਕੇ ਹੀ ਸਨ।

ਗੁਲੇਰ ਦੀ ਰਿਆਸਤ ਦਾ ਵੀ ਜ਼ਿਕਰ ‘ਬਚਿੱਤ੍ਰ ਨਾਟਕ’ ਵਿਚ ਵਾਰ ਵਾਰ ਆਉਂਦਾ ਹੈ। ਇਹ ਕਾਂਗੜੇ ਦੀ ਰਿਆਸਤ ਵਿਚੋਂ ਹੀ ਵੱਖ ਸਥਾਪਤ ਹੋਈ ਇਕ ਛੋਟੀ ਜਿਹੀ ਰਿਆਸਤ ਸੀ। ਭਾਵੇਂ ਇਸ ਰਿਆਸਤ ਦੇ ਰਾਜਿਆਂ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਸਿੱਧਾ ਸਬੰਧ ਤਾਂ ਨਹੀਂ ਰਿਹਾ ਸੀ ਪਰ ਜਿਨ੍ਹਾਂ ਵੀ ਲੜਾਈਆਂ ਦਾ ਜਿਕਰ ‘ਬਚਿੱਤ੍ਰ ਨਾਟਕ’ ਵਿਚ ਆਇਆ ਹੈ ਉਨ੍ਹਾਂ ਵਿਚ ਗੁਲੇਰ ਦੇ ਰਾਜਾ ਗੋਪਾਲ ਚੰਦ ਦਾ ਜ਼ਿਕਰ ਕਈ ਵਾਰ ਆਇਆ ਹੈ। ਇਸ ਕਰਕੇ ਗੁਲੇਰ ਰਿਆਸਤ ਵੀ ਇਸ ਵਿਸ਼ੇ ਨਾਲ ਸਬੰਧਤ ਹੈ। ਬਸਾਲੀ ਇਕ ਹੋਰ ਛੋਟੀ ਜਿਹੀ ਜਾਗੀਰ-ਨੁਮਾ ਰਿਆਸਤ ਸੀ ਜਿਸ ਦਾ ਖੇਤਰ ਮੌਜੂਦਾ ਨੰਗਰ ਦੇ ਆਲੇ-ਦੁਆਲੇ ਦਾ ਇਲਾਕਾ ਹੀ ਸੀ । ਨੰਗਲ ਟਾਊਨਸ਼ਿਪ ਤਾਂ ਸਿਰਫ ਆਧੁਨਿਕ ਸਮੇਂ ਵਿਚ ਸਥਾਪਤ ਹੋਇਆ ਸ਼ਹਿਰ ਹੈ। ਇਸ ਦਾ ਪਿਛੋਕੜ ਪੁਰਾਣਾ ਨਹੀਂ ਹੈ। ਪਰ ਇਸ ਦੇ ਆਲੇ-ਦੁਆਲੇ ਦੇ ਪਿੰਡ ਬਸਾਲੀ ਵਿਚ ਸ਼ਾਮਲ ਸਨ । ਬਸਾਲੀ ਦਾ ਰਾਜਾ ਗੁਰੂ ਸਾਹਿਬ ਦਾ ਬਹੁਤ ਸ਼ਰਧਾਲੂ ਰਿਹਾ ਸੀ ਅਤੇ ਗੁਰੂ ਸਾਹਿਬ ਇਸ ਰਿਆਸਤ ਵਿਚ ਕਾਫੀ ਸਮਾਂ ਰਹਿੰਦੇ ਰਹੇ ਸਨ । ਬਾਕੀ ਡਢਵਾਲ, ਕੁਟਲੇਹਰ, ਬਿੱਝੜਵਾਲ ਆਦਿ ਰਿਆਸਤਾਂ ਜਿਨ੍ਹਾਂ ਦਾ ਜ਼ਿਕਰ ‘ਬਚਿੱਤ੍ਰ ਨਾਟਕ’ ਵਿਚ ਆਉਂਦਾ ਹੈ, ਦੀ ਭੂਗੋਲਿਕ ਪਛਾਣ ਕਰਨੀ ਇਸ ਸਮੇਂ ਲਗਭਗ ਅਸੰਭਵ ਹੀ ਹੈ। ਉਕਤ ਵਰਨਣ ਦਾ ਮਨੋਰਥ ਪਹਾੜੀ ਰਿਆਸਤਾਂ ਦਾ ਸਿਰਫ ਇਕ ਮੋਟਾ ਜਿਹਾ ਖਾਕਾ ਦਰਸਾਉਣ ਦਾ ਹੀ ਹੈ । ਇਨ੍ਹਾਂ ਦੀਆਂ ਹੱਦਾਂ ਤਕਨੀਕੀ ਤੌਰ ‘ਤੇ ਕਿੱਥੋਂ ਤੱਕ ਸਨ ਜਾਂ ਕਿਸ ਕਿਸ ਸ਼ਹਿਰ ਨਾਲ ਲੱਗਦੀਆਂ ਸਨ ਇਸ ਦੇ ਵਿਚ ਵਖਰੇਵਾਂ ਹੋ ਸਕਦਾ ਹੈ।

ਗੁਰੂ ਗੋਬਿੰਦ ਸਿੰਘ ਜੀ (1675-1708 ਈ .)

 

Leave a comment

error: Content is protected !!