ਗੁਰੂ ਤੇਗ ਬਹਾਦੁਰ ਜੀ (1664-1675 ਈ .)

ਗੁਰੂ ਤੇਗ ਬਹਾਦੁਰ ਜੀ ਸਿੱਖ ਰਾਸ਼ਟਰ ਦੇ ਨੌਵੇਂ ਗੁਰੂ ਸਨ । ਇਨ੍ਹਾਂ ਦਾ ਸਮਾਂ 1664 ਈ. ਤੋਂ ਲੈ ਕੇ 1675 ਈ. ਤੱਕ ਦਾ ਸੀ। ਆਪ ਜੀ ਦੇ ਸਮੇਂ ਤੱਕ ਸਿੱਖ ਧਰਮ ਆਪਣਾ ਅੱਠ ਪੀੜੀਆਂ ਦਾ ਵਿਕਾਸ ਤਹਿ ਕਰ ਚੁੱਕਿਆ ਸੀ । ਪਿੱਠ ਭੂਮੀ ਦੇ ਤੌਰ ’ਤੇ ਸਿੱਖ ਰਾਸ਼ਟਰ ਦੇ ਪਾਸ ਆਪਣਾ ਧਾਰਮਕ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ), ਇਕ ਕੇਂਦਰੀ ਧਾਰਮਿਕ ਅਸਥਾਨ (ਸ੍ਰੀ ਦਰਬਾਰ ਸਾਹਿਬ), ਸਿੱਖ ਰਾਸ਼ਟਰ ਦੇ ਆਤਮ-ਨਿਰਣੈ ਦਾ ਪਰਤੀਕ (ਸ੍ਰੀ ਅਕਾਲ ਤਖਤ ਸਾਹਿਬ), ਆਦਿ ਪ੍ਰਮੁੱਖ ਸੰਸਥਾਵਾਂ ਸਥਾਪਤ ਹੋ ਚੁੱਕੀਆਂ ਸਨ । ਸਿੱਖ ਰਾਸ਼ਟਰ ਆਪਣੇ ਮਹਿਬੂਬ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਅਸਹਿ ਝਟਕਾ ਸਹਿਣ ਕਰ ਕੇ ਜੰਗ ਦੇ ਮੈਦਾਨ ਵਿਚ ਆਪਣੇ ਦੁਸ਼ਮਣਾਂ ਦੇ ਖਿਲਾਫ਼ ਤਲਵਾਰ ਦਾ ਜ਼ੋਰ ਵੀ ਅਜਮਾ ਚੁੱਕਿਆ ਸੀ। ਦੇਸ਼ ਉੱਪਰ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਸੀ ਜਿਹੜਾ ਧਾਰਮਕ ਤੌਰ ‘ਤੇ ਉਤਨਾ ਸਹਿਣਸ਼ੀਲ ਨਹੀਂ ਸੀ ਜਿਤਨੇ ਉਸ ਦੇ ਪੂਰਵ ਅਧਿਕਾਰੀ ਮੁਗ਼ਲ ਬਾਦਸ਼ਾਹ ਸਨ । ਉਹ ਇਕ ਕੱਟੜ ਸੁੰਨੀ ਮੁਸਲਮਾਨ ਸੀ। ਬਾਦਸ਼ਾਹ ਭਾਵੇਂ ਸਾਧਾਰਨ ਜੀਵਨ-ਜੀਣ ਵਾਲਾ ਵਿਅਕਤੀ ਸੀ ਪਰ ਉਹ ਸਿਧਾਂਤਾਂ ਦਾ ਬੜਾ ਪਾਲਣਹਾਰ ਸੀ । ਭਾਵੇਂ ਗੁਰੂ ਜੀ ਦੀ ਰਿਹਾਇਸ਼ ਦਾ ਕੇਂਦਰ ਇਕ ਹਿੰਦੂ ਰਿਆਸਤ (ਬਿਲਾਸਪੁਰ) ਵਿਚ ਸੀ ਪਰ ਸਾਰਾ ਪੰਜਾਬ, ਜਿੱਥੇ ਕਿ ਸਿੱਖ ਰਾਸ਼ਟਰ ਵਿਕਸਤ ਹੋ ਰਿਹਾ ਸੀ, ਮੁਗ਼ਲ ਸਾਮਰਾਜ ਵਿਚ ਸੀ । ਇਸ ਕਰਕੇ ਗੁਰੂ ਜੀ ਦਾ ਮੁਗ਼ਲ ਸਾਮਰਾਜ ਨਾਲ ਸਿੱਧਾ ਟਕਰਾਅ ਸੀ । ਪੰਜਾਬ ਦੇ ਖੇਤਰਾਂ ਵਿਚੋਂ ਵੀ, ਮੁਕਾਬਲਤਨ ਜ਼ਿਆਦਾ ਨਾਜ਼ਕ ਖੇਤਰ ਮਾਲਵਾ ਸੀ ਕਿਉਂਕਿ ਇੱਥੇ ਸਰਵਰੀਆਂ (ਸੁਲਤਾਨੀਆਂ) ਦਾ ਬਹੁਤ ਜ਼ਿਆਦਾ ਜ਼ੋਰ ਸੀ। ਸਰਵਰੀਆਂ ਨੂੰ ਸੁਲਤਾਨੀਏ ਵੀ ਕਿਹਾ ਜਾਂਦਾ ਸੀ । ਇਸ ਦਾ ਮੋਢੀ ਸੱਯਦ ਅਹਿਮਦ ਸੀ ਜੋ ਮੁਲਤਾਨ ਦਾ ਰਹਿਣ ਵਾਲਾ ਸੀ । ਮੁੱਢ ਇਨ੍ਹਾਂ ਦਾ ਬਗਦਾਦ ਵਿਚ ਸੀ । ਸੱਯਦ ਅਹਿਮਦ ਨੂੰ ਉਸ ਦੇ ਸ਼ਰਧਾਲੂ ਸੁਲਤਾਨ ਕਹਿੰਦੇ ਸਨ। ਇਨ੍ਹਾਂ ਦੇ ਧਾਰਮਕ ਅਸਥਾਨ ਪੀਰ ਖਾਨੇ ਸਨ । ਇਨ੍ਹਾਂ ਪੀਰ ਖਾਨਿਆਂ ’ਤੇ ਹਰ ਮਹੀਨੇ ਦੇ ਪਹਿਲੇ ਵੀਰਵਾਰ ਨੂੰ ਚੜ੍ਹਾਵੇ ਚੜ੍ਹਾਏ ਜਾਂਦੇ ਸਨ ਅਤੇ ਮੰਨਤ-ਪੂਜਾ ਕੀਤੀ ਜਾਂਦੀ ਸੀ । ਸਰਵਰੀਆਂ ਅਤੇ ਸੁਲਤਾਨੀਆਂ ਨੂੰ ਧੌਂਕਲੀਏ ਵੀ ਕਿਹਾ ਜਾਂਦਾ ਸੀ । ਇਹ ਲੋਕ ਪੀਰਖਾਨਿਆਂ ‘ਤੇ ਇਕ ਬਹੁਤ ਮੋਟਾ ਅਤੇ ਮਿੱਠਾ ਰੋਟ ਬਣਾ ਕੇ ਵੰਡਿਆ ਕਰਦੇ ਸਨ । ਪੰਜਾਬ ਦੇ ਮਾਲਵੇ ਖੇਤਰ ਵਿਚ ਇਨ੍ਹਾਂ ਦਾ ਬਹੁਤ ਜ਼ੋਰ ਸੀ । ਨਿਰਸੰਦੇਹ ਇਸ ਖੇਤਰ ਵਿਚ ਆਪ ਜੀ ਤੋਂ ਪਹਿਲਾਂ ਆਪ ਜੀ ਦੇ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਕਾਫ਼ੀ ਭਰੱਮਣ ਕਰ ਚੁੱਕੇ ਸਨ ਪਰ ਉਨ੍ਹਾਂ ਦਾ ਜਿਆਦਾ ਮਨੋਰਥ ਜੰਗੀ ਤੌਰ ‘ਤੇ ਆਤਮ-ਰੱਖਿਆ ਦਾ ਸੀ। ਪਰਚਾਰ ਦਾ ਅਸਲ ਕੰਮ ਅਜੇ ਇੱਥੇ ਉਸ ਪੱਧਰ ‘ ਤੇ ਨਹੀਂ ਹੋਇਆ ਸੀ ਜਿਸ ਪੱਧਰ ‘ਤੇ ਸਰਵਰੀਆਂ ਦੇ ਮਜ਼ਬੂਤ ਆਧਾਰ ਨੂੰ ਤੋੜਨ ਦੀ ਲੋੜ ਸੀ। ਇਹ ਕੰਮ ਗੁਰੂ ਤੇਗ ਬਹਾਦੁਰ ਜੀ ਨੇ ਕਰਨਾ ਸੀ । ਇਸ ਤਰ੍ਹਾਂ ਗੁਰੂ ਤੇਗ ਬਹਾਦੁਰ ਜੀ ਦੇ ਸਾਹਮਣੇ ਸਿੱਖ ਧਰਮ ਦੇ ਪਰਚਾਰ ਦਾ ਮੈਦਾਨ ਵੀ ਬੜਾ ਵਿਸ਼ਾਲ ਸੀ ਅਤੇ ਇਸ ਵਿਚ ਅਨੇਕਾਂ ਖਤਰੇ ਵੀ ਛੁਪੇ ਹੋਏ ਸਨ । ਇਹੀ ਵਜ੍ਹਾ ਸੀ ਕਿ ਗੁਰੂ ਜੀ ਨੇ ਇਨ੍ਹਾਂ ਖ਼ਤਰਿਆਂ ਨਾਲ ਮੱਥਾ ਲਾਇਆ ਸੀ ਅਤੇ ਅੰਤ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਜੂਝਦੇ ਹੋਇਆਂ ਨੇ ਇਕ ਲਾਸਾਨੀ ਕੁਰਬਾਨੀ ਵੀ ਦਿੱਤੀ ਸੀ ।

ਗੁਰੂ ਤੇਗ ਬਹਾਦੁਰ ਜੀ (1664-1675 ਈ .)

 

ਗੁਰੂ ਤੇਗ ਬਹਾਦੁਰ ਜੀ ਦੇ ਜੀਵਨ ਬਿਰਤਾਂਤ ਨੂੰ ਲਿਖਣ ਲਈ ਮੌਲਿਕ ਅਤੇ ਸਮਕਾਲੀ ਸਰੋਤਾਂ ਦੀ ਬਹੁਤ ਵੱਡੀ ਘਾਟ ਸਾਹਮਣੇ ਆਉਂਦੀ ਹੈ। ਮੌਲਿਕ ਸਰੋਤਾਂ ਵਿਚੋਂ ਸਿਰਫ਼ ਗੁਰੂ ਜੀ ਦੀ ਆਪਣੀ ਬਾਣੀ ਹੀ ਹੈ ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਇਸ ਵਿਚੋਂ ਸਿਰਫ਼ ਆਪ ਜੀ ਦੀ ਵਿਚਾਰਧਾਰਾ ਬਾਰੇ ਹੀ ਜਾਣਕਾਰੀ ਮਿਲਦੀ ਹੈ। ਜੀਵਨ-ਬਿਰਤਾਂਤ ਬਾਰੇ ਨਹੀਂ । ਸਮਕਾਲੀ ਸਰੋਤਾਂ ਵਿਚੋਂ ਬਹੁਤੇ ਭਰੋਸੇਯੋਗ ਨਹੀਂ ਹਨ ਅਤੇ ਕੁਝ ਇਕ ਇਤਨੇ ਸੰਖੇਪ ਅਤੇ ਇਸ਼ਾਰੇ ਮਾਤਰ ਹਨ। ਜਿਨ੍ਹਾਂ ਤੋਂ ਕੋਈ ਵੀ ਸਪਸ਼ਟ ਜਾਣਕਾਰੀ ਨਹੀਂ ਲਈ ਜਾ ਸਕਦੀ। ਸਿਰਫ਼ ‘ਬਚਿੱਤ੍ਰ ਨਾਟਕ’ ਵਿਚਲੀਆਂ ਕੁਝ ਕੁ ਪੌੜੀਆਂ ਆਪ ਜੀ ਦੇ ਜੀਵਨ-ਵਾਕਿਆਤ ਬਾਰੇ ਇਸ਼ਾਰੇ ਮਾਤਰ ਚਾਨਣਾ ਪਾਉਂਦੀਆਂ ਹਨ । ਫਾਰਸੀ ਦੀਆਂ ਸਮਕਾਲੀ ਲਿਖਤਾਂ ਮੁਨਸ਼ੀ ਗੁਲਾਮ ਹੁਸੈਨ ਦੀ ‘ਸਿਅਰਉਲਮੁਤਾਖ਼ਰੀਨ ਅਤੇ ਖਾਫ਼ੀ ਖ਼ਾਨ ਦੀ ‘ਮੁੰਤਖੂਬ-ਉਲ-ਲੁਬਾਬ’, ਗੁਰੂ ਜੀ ਦੇ ਜੀਵਨ ਬਾਰੇ ਜਾਣਕਾਰੀ ਮੁਹੱਈਆ ਕਰਨ ਵਿਚ ਨਿਰਾਰਥਕ ਸਾਬਤ ਹੋ ਚੁੱਕੀਆਂ ਹਨ। ਇਹ ਲਿਖਤਾਂ ਫਿਰਕੂ ਨਫ਼ਰਤ ਅਤੇ ਪੱਖ-ਪਾਤੀ ਰਵੱਈਏ ਨਾਲ ਇਤਨੀਆਂ ਜਿਆਦਾ ਭਰੀਆਂ ਪਈਆਂ ਹਨ ਕਿ ਇਨ੍ਹਾਂ ਵਿਚੋਂ ਅਸੀਂ ਕਿਸੇ ਵੀ ਕਿਸਮ ਦੀ ਸਹਾਇਤਾ ਨਹੀਂ ਲੈ ਸਕਦੇ । ਬਾਕੀ ਦੀਆਂ ਪਿਛਲੇਰੀਆਂ ਪਰਸ਼ੀਅਨ ਲਿਖਤਾਂ ਦੀ ਕੋਈ ਵੀ ਇਤਿਹਾਸਕ ਅਹਿਮੀਅਤ ਨਹੀਂ ਹੈ। ਗੁਰਮੁਖੀ ਦੀਆਂ ਮੁੱਢਲੀਆਂ ਲਿਖਤਾਂ ਵੀ ਇਤਨੀਆਂ ਭਰੋਸੇਯੋਗ ਨਹੀਂ ਹਨ ਕਿ ਉਨ੍ਹਾਂ ਤੋਂ ਬਿਨਾਂ ਕਿਸੇ ਕਿੰਤੂ-ਪਰੰਤੂ ਦੇ ਕੋਈ ਜਾਣਕਾਰੀ ਲਈ ਜਾ ਸਕੇ । ਗੁਰਮੁੱਖੀ ਲਿਖਤਾਂ ਦੇ ਲੇਖਕ ਇਤਿਹਾਸਕ ਅਹਿਮੀਅਤ ਨੂੰ ਸਮਝਣ ਤੋਂ ਨਾਕਾਬਲ ਸਨ । ਉਨ੍ਹਾਂ ਨੇ ਬਿਨਾਂ ਕਿਸੇ ਛਾਣ-ਬੀਣ ਅਤੇ ਪੜਚੋਲ ਤੋਂ ਹਰ ਉਹ ਗੱਲ ਲਿਖ ਮਾਰੀ ਹੈ ਜਿਹੜੀ ਵੀ ਉਨ੍ਹਾਂ ਨੂੰ ਪਰਾਪਤ ਹੋ ਗਈ ਸੀ। ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਕਿ ਜਿਸ ਗੱਲ ਨੂੰ ਉਹ ਲਿਖ ਰਹੇ ਹਨ ਕਿ ਉਹ ਇਤਿਹਾਸਕ ਹੈ ਜਾਂ ਮਿਥਿਹਾਸਕ, ਸਿੱਖ ਧਰਮ ਦੀ ਵਿਚਾਰਧਾਰਾ ਨਾਲ ਮੇਲ ਖਾਂਦੀ ਵੀ ਹੈ ਜਾਂ ਨਹੀਂ, ਪਰੰਪਰਾਵਾਂ ਨਾਲ ਸੰਬੰਧਤ ਹੈ ਜਾਂ ਸਿਰਫ਼ ਅਫਵਾਹਾਂ ਨਾਲ । ਇਹੀ ਕਾਰਣ ਹੈ ਕਿ ਗੁਰਮੁੱਖੀ ਦੀਆਂ ਮੁੱਢਲੀਆਂ ਲਿਖਤਾਂ ਅਨੇਕਾਂ ਤਰ੍ਹਾਂ ਦਾ ਵਿਸ਼ਾਲ ਵਿਸ਼ਾ-ਵਸਤੂ ਰੱਖਣ ਦੇ ਬਾਵਜੂਦ ਵੀ ਕੰਮ ਦੀ ਗੱਲ ਬਹੁਤ ਘੱਟ ਮੁਹੱਈਆ ਕਰਦੀਆਂ ਹਨ। ਇਨ੍ਹਾਂ ਲਿਖਤਾਂ ਵਿਚ ਸ਼ਾਮਲ ਹਨ : ‘ਗੁਰ-ਬਿਲਾਸ ਛੇਵੀਂ ਪਾਤਸ਼ਾਹੀ; ‘ਗੁਰਬਿਲਾਸ ਦਸਵੀਂ ਪਾਤਸ਼ਾਹੀ ਕਰਿਤ ਕਵੀ ਕੋਇਰ ਸਿੰਘ, ‘ਬੰਸਾਵਲੀਨਾਮਾ’ ਕਰਿਤ ਕੇਸਰ ਸਿੰਘ ਛਿੱਬਰ, ‘ਮਹਿਮਾ ਪ੍ਰਕਾਸ਼ (ਕਵਿਤਾ)’ ਕਰਿਤ ਸਰੂਪ ਦਾਸ ਭੱਲਾ, ‘ਸ੍ਰੀ ਗੁਰ ਪ੍ਰਤਾਪਿ ਸੂਰਜ-ਗ੍ਰੰਥ” ਕਰਿਤ ਭਾਈ ਸੰਤੋਖ ਸਿੰਘ, ‘ਸ੍ਰੀ ਗੁਰੂ ਪੰਥ ਪ੍ਰਕਾਸ਼’ ਅਤੇ ‘ਤਵਾਰੀਖ ਗੁਰੂ ਖਾਲਸਾ’ ਕਰਿਤ ਗਯਾਨੀ ਗਯਾਨ ਸਿੰਘ, ਆਦਿ । ਇਨ੍ਹਾਂ ਦੇ ਹੀ ਨਾਲ ਗੁਰਮੁੱਖੀ ਵਿਚ ਕੁਝ ਲਿਖਤਾਂ ਭੱਟਾਂ ਨਾਲ ਵੀ ਸੰਬੰਧਤ ਹਨ ਜਿਨ੍ਹਾਂ ਨੂੰ ਪਿੱਛੋਂ ਗੁਰਮੁੱਖੀ ਅੱਖਰਾਂ ਵਿਚ ਲਿਖਿਆ ਗਿਆ ਸੀ । ਇਨ੍ਹਾਂ ਵਿਚ ‘ਭੱਟ ਵਹੀਆਂ’, ‘ਗੁਰ ਕੀਆਂ ਸਾਖੀਆਂ” ਅਤੇ ‘ਸ਼ਹੀਦ ਬਿਲਾਸ ਭਾਈ ਮਨੀ ਸਿੰਘ’ ਸ਼ਾਮਲ ਹਨ। ਇਨ੍ਹਾਂ ਬਾਰੇ ਵਿਸ਼ੇਸ਼ ਗੱਲ ਇਹ ਹੈ ਕਿ ਉਪਰੋਕਤ ਵਰਨਣ ਕੀਤੀਆਂ ਗੁਰਮੱਖੀ ਦੀਆਂ ਲਿਖਤਾਂ ਨਾਲੋਂ ਇਨ੍ਹਾਂ ਦਾ ਹਰ ਗੱਲ ਵਿਚ ਫ਼ਰਕ ਹੈ। ਜਿੱਥੇ ਗੁਰਮੁੱਖੀ ਦੀਆਂ ਮੁੱਢਲੀਆਂ ਲਿਖਤਾਂ ਇਤਿਹਾਸ ਅਤੇ ਮਿਥਿਹਾਸ ਵਿਚ ਅਤੇ ਪਰੰਪਰਾ ਤੇ ਅਫਵਾਹ ਦਾ ਕੋਈ ਵਖਰੇਵਾਂ ਨਹੀਂ ਰੱਖਦੀਆਂ ਉੱਥੇ ਭੱਟ ਵਹੀਆਂ ਅਤੇ ਇਨ੍ਹਾਂ ਉੱਪਰ ਆਧਾਰਤ ਲਿਖਤਾਂ ਇਸ ਗੱਲੋਂ ਮੁਕਤ ਹਨ। ਗੁਰੂ ਤੇਗ ਬਹਾਦੁਰ ਜੀ ਬਾਰੇ ਇਹ ਦੋਵੇਂ ਕਿਸਮ ਦੀਆਂ ਲਿਖਤਾਂ ਭਿੰਨ ਭਿੰਨ ਵਿਚਾਰ ਪੇਸ਼ ਕਰਦੀਆਂ ਹਨ। ਗੁਰਮੁੱਖੀ ਦੀਆਂ ਮੁੱਢਲੀਆਂ ਲਿਖਤਾਂ ਕਿਸੇ ਇਕ ਨੁਕਤੇ ਬਾਰੇ ਵੀ ਇਕ ਮੱਤ ਨਹੀਂ ਰੱਖਦੀਆਂ ਅਤੇ ਗੁਰੂ ਜੀ ਦੇ ਜੀਵਨ ਵਾਕਿਆਤ ਨੂੰ ਸਥਾਨਕ ਮਾਮਲਿਆਂ ਵਿਚ ਐਸਾ ਰਲਗੱਡ ਕਰਦੀਆਂ ਹਨ ਕਿ ਉਨ੍ਹਾਂ ਦਾ ਸਾਰਾ ਮਿਸ਼ਨ ਹੀ ਘਰੇਲੂ ਮਾਮਲਿਆਂ ਵਿਚ ਉਲਝ ਕੇ ਰਹਿ ਜਾਂਦਾ ਹੈ । ਜਦੋਂ ਕਿ ‘ਭੱਟ ਵਹੀਆਂ’ ’ਤੇ ਆਧਾਰਤ ਲਿਖਤਾਂ ਲੱਗਪੱਗ ਹਰ ਨੁਕਤੇ ਬਾਰੇ ਇਕ ਮੱਤ ਪੇਸ਼ ਕਰਦੀਆਂ ਹਨ ਅਤੇ ਹਰ ਘਟਨਾ ਨੂੰ ਇਕ ਵਿਸ਼ਾਲ ਦਾਇਰੇ ਵਿਚ ਰੱਖ ਕੇ ਪੇਸ਼ ਕਰਦੀਆਂ ਹਨ। ਇਸ ਤਰ੍ਹਾਂ ਗੁਰਮੁੱਖੀ ਦੀਆਂ ਮੁੱਢਲੀਆਂ ਲਿਖਤਾਂ ਨਾਲੋ ਇਨ੍ਹਾਂ ਦੀ ਪਹੁੰਚ ਅਤੇ ਵਿਆਖਿਆ ਵਿਚ ਬਹੁਤ ਅੰਤਰ ਹੈ । ਭਾਵੇਂ ‘ਭੱਟ ਵਹੀਆਂ ਅਤੇ ਇਨ੍ਹਾਂ ਉੱਪਰ ਆਧਾਰਤ ਦੂਸਰੀਆਂ ਲਿਖਤਾਂ ਬਾਰੇ ਲੇਖਕਾਂ ਦੇ ਇਕ ਸੀਮਿਤ ਵਰਗ ਵਿਚ ਇਹ ਵਿਚਾਰ ਵੀ ਪਰਚੱਲਤ ਹੈ ਕਿ ਕਿਉਂਕਿ ‘ਭੱਟ ਵਹੀਆਂ” ਦਾ ਮੂਲ ਖਰੜਾ ਕਿਤੋਂ ਵੀ ਉਪਲਭਦ ਨਹੀਂ ਹੈ ਇਸ ਲਈ ਇਹ ਵਹੀਆਂ ਸਭ ਨਕਲੀ ਹਨ। ਇਸ ਕਿਸਮ ਦੇ ਲੇਖਕਾਂ ਦੀ ਇਸ ਗੱਲ ਨਾਲ ਤਾਂ ਸਹਿਮਤ ਹੋਇਆ ਜਾ ਸਕਦਾ ਹੈ ਕਿ ‘ਭੱਟ ਵਹੀਆਂ” ਦਾ ਮੂਲ ਖਰੜਾ ਕਿਤੋਂ ਵੀ ਉਪਲਭਦ ਨਹੀਂ ਹੈ ਪਰ ਇਸ ਗੱਲ ਨਾਲ ਸਹਿਮਤ ਹੋਣਾ ਔਖਾ ਹੈ ਕਿ ਇਹ ਸਭ ਨਕਲੀ ਹਨ। ਇਨ੍ਹਾਂ ‘ਭੱਟ ਵਹੀਆਂ’ ਦੀ ਖੋਜ ਪੰਜਾਬ ਇਤਿਹਾਸ ਅਧਿਐਨ ਵਿਭਾਗ ਵਿਚ ਸਵਰਗਵਾਸੀ ਸਕਾਲਰ ਗਿਆਨੀ ਗਰਜਾ ਸਿੰਘ ਨੇ ਕੀਤੀ ਸੀ। ਉਸ ਨੇ ਹੀ ਇਨ੍ਹਾਂ ਦਾ ਵੱਖ ਵੱਖ ਭੱਟਾਂ ਕੋਲੋਂ ਭਾਰੀ ਔਖਿਆਈ ਨਾਲ ਭੱਟਅੱਖਰੀ ਤੋਂ ਗੁਰਮੁੱਖੀ ਅੱਖਰਾਂ ਵਿਚ ਖਰੜਾ ਤਿਆਰ ਕੀਤਾ ਸੀ। ਇਨ੍ਹਾਂ ਵਿਚ ਹਰ ਗੱਲ ਨੂੰ ਇਤਨੀ ਬਾਰੀਕੀ, ਵਿਸਥਾਰ ਅਤੇ ਪੂਰੀਆਂ ਤਿਥੀਆਂ ਸੰਮਤਾਂ ਨਾਲ ਬਿਆਨਿਆ ਗਿਆ ਹੈ ਕਿ ਇਨ੍ਹਾਂ ਵਿਚ ਕਿਸੇ ਵੀ ਕਿਸਮ ਦੇ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿੰਦੀ। ਹਾਂ ਭੱਟਅੱਖਰੀ ਤੋਂ ਗੁਰਮੁੱਖੀ ਵਿਚ ਉਤਾਰਾ ਕਰਦੇ ਸਮੇਂ ਸ਼ਬਦਾਂ ਦੀ ਅਦਲਾ-ਬਦਲੀ ਹੋ ਜਾਣੀ ਕੁਦਰਤੀ ਗੱਲ ਹੈ। ਇਸ ਕਰਕੇ ਇਨ੍ਹਾਂ ਲਿਖਤਾਂ ਦੀ ਇਤਿਹਾਸਕ ਅਹਿਮੀਅਤ ਤੋਂ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ । ਹਾਂ ਜਦੋਂ ਤੱਕ ਕਿਸੇ ਹੋਰ ਭਰੋਸੇਯੋਗ ਵਸੀਲੇ ਤੋਂ ਇਨ੍ਹਾਂ ਲਿਖਤਾਂ ਦਾ ਮਿਲਾਨ ਨਹੀਂ ਹੋ ਜਾਂਦਾ ਉਦੋਂ ਤੱਕ ਇਨ੍ਹਾਂ ਨੂੰ ਸਾਵਧਾਨੀ ਨਾਲ ਵਰਤਿਆ ਜਾਣਾ ਚਾਹੀਂਦਾ ਹੈ। ਇੱਥੇ ਗੁਰੂ ਸਾਹਿਬ ਦਾ ਜੀਵਨ-ਬਿਰਤਾਂਤ ਲਿਖਣ ਸਮੇਂ ਦੋਵੇਂ ਕਿਸਮ ਦੀਆਂ ਲਿਖਤਾਂ ਨੂੰ ਹੀ ਵਰਤੋਂ ਵਿਚ ਲਿਆਂਦਾ ਗਿਆ ਹੈ ਅਤੇ ਕੋਸ਼ਿਸ਼ ਕੀਤੀ ਗਈ ਹੈ ਕਿ ਹਰ ਨੁਕਤੇ ‘ਤੇ ਘੱਟ ਤੋਂ ਘੱਟ ਵਿਵਾਦ ਰਹਿਤ ਪਹੁੰਚ ਅਪਣਾਈ ਜਾਵੇ । ਗੁਰੂ ਜੀ ਦੇ ਮਾਲਵੇ ਵਿਚਲੇ ਸਫ਼ਰ ਬੜੀ ਅਹਿਮੀਅਤ ਰੱਖਦੇ ਹਨ। ਇਨ੍ਹਾਂ ਬਾਰੇ ਇਨ੍ਹਾਂ ਸਤਰਾਂ ਦੇ ਲਿਖਾਰੀ ਨੇ ਖੁਦ ਸਰਵੇਖਣ ਕੀਤਾ ਹੈ। ਉਪਰੋਕਤ ਸਾਰੇ ਸਰੋਤਾਂ ਤੋਂ ਲੋੜੀਂਦੀ ਜਾਣਕਾਰੀ ਲੈ ਕੇ ਅਤੇ ਸਿੱਖ ਪਰੰਪਰਾਵਾਂ ਤੋਂ ਸੇਧ ਲੈ ਕੇ ਗੁਰੂ ਜੀ ਦੇ ਜੀਵਨ ਬਿਰਤਾਂਤ ਦੇ ਵਾਕਿਆਤ ਦਰਜ ਕੀਤੇ ਹਨ।

ਗੁਰੂ ਤੇਗ ਬਹਾਦੁਰ ਜੀ (1664-1675 ਈ .)

ਗੁਰੂ ਤੇਗ ਬਹਾਦੁਰ ਜੀ ਦੇ ਜਨਮ ਬਾਰੇ ਮੁੱਢਲੀਆਂ ਲਿਖਤਾਂ ਵਿਚ ਮੁੱਖ ਤੌਰ ‘ਤੇ ਦੋ ਮੱਤ ਪਰਚੱਲਤ ਹਨ। ਇਕ ਮੱਤ ਅਨੁਸਾਰ ਗੁਰੂ ਜੀ ਦਾ ਜਨਮ 19 ਮੱਘਰ, ਸੰਮਤ 1678 ਬਿ. ਨੂੰ ਹੋਇਆ ਸੀ। ਇਸ ਮੱਤ ਦੇ ਲੇਖਕ ਕੇਸਰ ਸਿੰਘ ਛਿੱਬਰ ਅਤੇ ਗਯਾਨੀ ਗਯਾਨ ਸਿੰਘ ਹਨ। ਦੂਸਰੇ ਮੱਤ ਅਨੁਸਾਰ ਗੁਰੂ ਜੀ ਦਾ ਜਨਮ ਵਿਸਾਖ ਪੰਜ, ਸੰਮਤ 1679 ਬਿ. ਨੂੰ ਹੋਇਆ ਸੀ। ਇਸ ਨੂੰ ਮੰਨਣ ਵਾਲੇ ਲੇਖਕ ਹਨ ਭਾਈ ਸੰਤੋਖ ਸਿੰਘ, ਮੈਕਾਲਿਫ਼ ਅਤੇ ਭਾਈ ਕਾਨ੍ਹ ਸਿੰਘ ਨਾਭਾ । ਦੋਹਾਂ ਮੱਤਾਂ ਵਿਚੋਂ ਕਿਸ ਮੱਤ ਨੂੰ ਅਪਣਾਇਆ ਜਾਵੇ ਇਸ ਲਈ ਫੈਸਲਾ ਕਰਨਾ ਔਖਾ ਹੈ ਕਿਉਂਕਿ ਦੋਵੇਂ ਮੱਤਾਂ ਦੇ ਲੇਖਕਾਂ ਵਿਚੋਂ ਕੋਈ ਵੀ ਨਾ ਹੀ ਸਮਕਾਲੀ ਹੈ ਅਤੇ ਨਾ ਹੀ ਨਿਕਟ-ਸਮਕਾਲੀ। ਸਾਰੇ ਹੀ ਪਿਛਲੇਰੇ ਸਮੇਂ ਨਾਲ ਸੰਬੰਧਤ ਹਨ। ਕਿਉਂਕਿ ਆਧੁਨਿਕ ਇਤਿਹਾਸਕਾਰਾਂ’ ਨੇ ਵੀ ਵਿਸਾਖ ਪੰਜ, ਸੰਮਤ 1678 ਬਿ. ਵਾਲੀ ਜਨਮ ਮਿਤੀ ਅਪਣਾ ਲਈ ਹੈ ਅਤੇ ਇਸੇ ਮਿਤੀ ਅਨੁਸਾਰ ਗੁਰੂ ਜੀ ਦਾ ਗੁਰਪੁਰਬ ਮਨਾਇਆ ਜਾਂਦਾ ਹੈ ਇਸ ਲਈ ਇਹੀ ਮਿਤੀ ਅਪਣਾਉਣੀ ਚਾਹੀਂਦੀ ਹੈ। ਇਸ ਅਨੁਸਾਰ ਗੁਰੂ ਜੀ ਦਾ ਜਨਮ ਵਿਸਾਖ ਪੰਜ, ਸੰਮਤ 1678 ਬਿ. ਮੁਤਾਬਕ 1 ਅਪਰੈਲ, 1621 ਈ. ਨੂੰ ਅੰਮ੍ਰਿਤਸਰ ਗੁਰੂ ਕੇ ਮਹਿਲਾਂ ਵਿਚ ਹੋਇਆ। ਪਿਤਾ ਗੁਰੂ ਹਰਿਗੋਬਿੰਦ ਸਾਹਿਬ ਅਤੇ ਮਾਤਾ ਨਾਨਕੀ ਜੀ ਸਨ । ਆਪ ਜੀ ਦੇ ਚਾਰ ਵੱਡੇ ਭਰਾ ਅਤੇ ਇਕ ਵੱਡੀ ਭੈਣ ਸੀ । ਇਨ੍ਹਾਂ ਦੇ ਨਾਂ ਸਨ : ਬਾਬਾ ਗੁਰਦਿੱਤਾ ਜੀ, ਬੀਬੀ ਵੀਰੋ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਟੱਲ ਜੀ ਅਤੇ ਬਾਬਾ ਅਣੀ ਰਾਇ ਜੀ, ਗੁਰੂ ਤੇਗ ਬਹਾਦੁਰ ਜੀ ਸਭ ਤੋਂ ਛੋਟੇ ਅਤੇ ਪੰਜਵੇਂ ਸਾਹਿਬਜ਼ਾਦੇ ਸਨ।

ਬਾਬਾ ਗੁਰਦਿੱਤਾ ਜੀ, ਬਾਬਾ ਅਟੱਲ ਰਾਇ ਜੀ ਅਤੇ ਬਾਬਾ ਅਣੀ ਰਾਇ ਜੀ ਆਪ ਜੀ ਦੇ ਹੁੰਦਿਆਂ ਛੋਟੀ ਉਮਰ ਵਿਚ ਹੀ ਗੁਰਪੁਰੀ ਸਿਧਾਰ ਗਏ ਸਨ । ਇਸ ਕਰਕੇ ਆਪ ਜੀ ਦੇ ਜੀਵਨ ਵਿਚ ਸਿਰਫ ਦੋ ਭੈਣ-ਭਰਾ, ਬਾਬਾ ਸੂਰਜ ਮੱਲ ਜੀ ਅਤੇ ਬੀਬੀ ਵੀਰੋ ਜੀ ਆਪ ਤੋਂ ਵੱਡੇ ਸਨ । ਬਾਬਾ ਸੂਰਜ ਮੱਲ ਜੀ ਧਾਰਮਿਕ ਰੁਚੀਆਂ ਵਾਲੇ ਨਹੀਂ ਸਨ ਇਸ ਕਰਕੇ ਧਰਮ ਕਰਮ ਦੇ ਕੰਮਾਂ ਵਿਚ ਤੇਗ ਬਹਾਦੁਰ ਜੀ ਹੀ ਫ਼ਰਜ਼ ਨਿਭਾਉਂਦੇ ਸਨ।

(ਗੁਰੂ) ਤੇਗ ਬਹਾਦੁਰ ਜੀ ਦਾ ਬਚਪਨ, ਪਿਤਾ ਗੁਰੂ ਹਰਿਗੋਬਿੰਦ ਸਾਹਿਬ ਦੀ ਦੇਖ-ਰੇਖ ਵਿਚ ਹੀ ਪੂਰ ਚੜ੍ਹਿਆ ਸੀ । ਸਾਢੇ ਚਾਰ ਸਾਲ ਦੀ ਉਮਰ ਵਿਚ ਹੀ ਆਪ ਜੀ ਦੀ ਸਿੱਖਿਆ ਦਾ ਪਰਬੰਧ ਕੀਤਾ ਗਿਆ ਸੀ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੱਕ ਸਿੱਖ ਧਰਮ ਵਿਚ ਸਿੱਖਿਆ ਦਿੱਤੇ ਜਾਣ ਦਾ ਪਰਬੰਧ ਸੰਸਥਾਈ ਰੂਪ ਧਾਰਨ ਕਰ ਚੁੱਕਿਆ ਸੀ। ਗੁਰੂ ਅੰਗਦ ਦੇਵ ਜੀ ਨੇ ਬੱਚਿਆਂ ਨੂੰ ਪੜ੍ਹਾਏ ਜਾਣ ਲਈ ਗੁਰਮੁੱਖੀ ਅੱਖਰਾਂ ਵਿਚ ਸਿੱਖਿਆ ਦੇਣ ਵਾਲੀਆਂ ਪੋਥੀਆਂ ਅਤੇ ਕਾਇਦੇ ਲਿਖ ਕੇ ਪਰਚੱਲਤ ਕਰ ਦਿੱਤੇ ਸਨ । ਇਸ ਪਿੱਛੋਂ ਲਿਖਣ-ਪੜ੍ਹਨ ਦਾ ਕੰਮ ਬਾਕਾਇਦਾ ਰੂਪ ਵਿਚ ਸ਼ੁਰੂ ਹੋ ਗਿਆ ਸੀ। ਗੁਰੂ ਅਮਰ ਦਾਸ ਜੀ ਵੱਲੋਂ ਪੋਥੀਆਂ ਲਿਖਵਾਣਾ, ਗੁਰੂ ਰਾਮ ਦਾਸ ਜੀ ਵੱਲੋਂ ਖੁਦ ਉਨ੍ਹਾਂ ਇਤਿਹਾਸਕ ਵੇਰਵਿਆਂ ਦਾ ਲਿਖਤੀ ਰੂਪ ਵਿਚ ਰਿਕਾਰਡ ਰੱਖਣਾ ਜਿਹੜੇ ਗੁਰੂ ਅਮਰ ਦਾਸ ਜੀ ਦੀਆਂ ਜੀਵਨ ਘਟਨਾਵਾਂ ਨਾਲ ਸੰਬੰਧਤ ਸਨ, ਗੁਰੂ ਅਰਜਨ ਦੇਵ ਜੀ ਵੱਲੋਂ (ਗੁਰੂ) ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਉਣਾ ਆਦਿ ਗੱਲਾਂ ਇਸ ਗੱਲ ਨੂੰ ਸਾਬਤ ਕਰਦੀਆਂ ਹਨ ਕਿ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤੱਕ ਸਿੱਖ ਧਰਮ ਵਿਚ ਤੁਲਨਾਤਮਕ ਪੜ੍ਹਾਈ-ਲਿਖਾਈ ਕਰਵਾਉਣਾ ਸੰਸਥਾਈ ਰੂਪ ਅਖ਼ਤਿਆਰ ਕਰ ਚੁੱਕਿਆ ਸੀ । ਬਾਬਾ ਬੁੱਢਾ ਜੀ ਸਿਰੀ ਦਰਬਾਰ ਸਾਹਿਬ ਦੇ ਪਹਿਲੇ ਗਰੰਥੀ ਸਨ ਜਿਨ੍ਹਾਂ ਨੇ ਗੁਰਬਾਣੀ ਦੀ ਵਿਆਖਿਆ ਅਤੇ ਪਾਠ ਕਰਨਾ ਸ਼ੁਰੂ ਕੀਤਾ ਹੋਇਆ ਸੀ । ਭਾਈ ਗੁਰਦਾਸ ਜੀ ਦੀ ਵਿਆਖਿਆ ਨੂੰ ਸਮੁੱਚੀ ਗੁਰਬਾਣੀ ਦੀ ਅਤੇ ਸਿੱਖ ਸਿਧਾਂਤਾਂ ਦੀ ਕੁੰਜੀ ਸਮਝਿਆ ਜਾਂਦਾ ਹੈ । ਇਸ ਕਰਕੇ ਸਾਹਿਬਜਾਦਾ ਤੇਗ ਬਹਾਦੁਰ ਨੂੰ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਜੈਸੇ ਵਿਦਵਾਨਾਂ ਪਾਸ ਪੜ੍ਹਨ ਲਈ ਭੇਜਿਆ ਗਿਆ ਸੀ । ਉਸ ਸਮੇਂ ਭਾਵੇਂ ਪੜ੍ਹਾਈ ਦਾ ਪੱਧਰ ਸਿਰਫ਼ ਧਾਰਮਿਕ ਫਲਸਫਿਆਂ ਤੱਕ ਹੀ ਸੀਮਤ ਸੀ । ਇਸ ਵਿਚ ਹਿੰਦੂ ਮੱਤ ਦੀ ਜਾਣਕਾਰੀ, ਇਸਲਾਮ ਦੀ ਜਾਣਕਾਰੀ ਅਤੇ ਆਪਣੇ ਸਮੇਂ ਦੇ ਹੋਰ ਭਗਤੀ ਅੰਦੋਲਨਕਾਰੀਆਂ ਦੇ ਫਲਸਫੇ ਦੀ ਜਾਣਕਾਰੀ ਦਿੱਤੀ ਜਾਂਦੀ ਸੀ । ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਸੰਗੀਤ ਦੀ ਵੀ ਪੂਰੀ ਸਿੱਖਿਆ ਦਿੱਤੀ ਗਈ ਸੀ । ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਸਿਰਫ ਤੇਗ ਬਹਾਦੁਰ ਜੀ ਦਾ ਹੀ ਰਾਗ ਜੈਜਾਵੰਤੀ ਵਰਤਿਆ ਹੋਇਆ ਹੈ। ਇਹ ਜੰਗੀ ਭਾਵਨਾ ਪੈਦਾ ਕਰਨ ਵਾਲਾ ਰਾਗ ਹੈ। ਇਸ ਤੋਂ ਇਸ਼ਾਰਾ ਮਿਲਦਾ ਹੈ ਕਿ ਗੁਰੂ ਸਾਹਿਬ ਨੂੰ ਦਿੱਤੀ ਜਾਣ ਵਾਲੀ ਸਿੱਖਿਆ ਵਿਚ ਕਿਵੇਂ ਜੰਗੀ ਹੁਨਰ ਸਿਖਾਏ ਜਾਂਦੇ ਸਨ । ਆਪ ਜੀ ਦਾ ਸਾਰਾ ਬਚਪਨ ਹੀ ਜੰਗਾਂ-ਜੁੱਧਾਂ ਦੇ ਵਿਚ ਹੀ ਬੀਤਿਆ ਸੀ। 1627 ਤੋਂ ਲੈ ਕੇ 1634-35 ਤੱਕ ਗੁਰੂ ਹਰਿਗੋਬਿੰਦ ਸਾਹਿਬ ਨੂੰ ਅਨੇਕਾਂ ਹੀ ਛੋਟੀਆਂ-ਵੱਡੀਆਂ ਲੜਾਈਆਂ ਲੜਨੀਆਂ ਪਈਆਂ ਸਨ । ਗੁਰੂ ਸਾਹਿਬ ਦਾ ਪਰਿਵਾਰ ਵੀ ਲੜਾਈਆਂ ਦੇ ਮਾਹੌਲ ਵਿਚ ਹੀ ਵਿਚਰਦਾ ਸੀ। ਇਸ ਲਈ ਇਹ ਗੱਲ ਨਿਸ਼ਚੇ ਨਾਲ ਕਹੀ ਜਾ ਸਕਦੀ ਹੈ ਕਿ ਗੁਰੂ ਤੇਗ ਬਹਾਦੁਰ ਜੀ ਨੂੰ ਜੰਗੀ ਸਿੱਖਿਆ ਵੀ ਸਮੇਂ ਅਨੁਸਾਰ ਆਪਣੇ ਆਪ ਹੀ ਮਿਲਦੀ ਰਹੀ ਸੀ। ਕਰਤਾਰਪੁਰ ਦੀ ਲੜਾਈ ਸਮੇਂ ਆਪ ਦੀ ਉਮਰ ਤਕਰੀਬਨ 12-13 ਸਾਲਾਂ ਦੀ ਸੀ । ਇਸ ਲੜਾਈ ਵਿਚ ਤੇਗ ਬਹਾਦਰ ਜੀ ਵੱਲੋਂ ਵੀ ਹਿੱਸਾ ਲੈਣ ਦੇ ਵੇਰਵੇ ਮਿਲਦੇ ਹਨ । 1629 ਈ. ਵਿਚ ਤਕਰੀਬਨ 11 ਸਾਲ ਦੀ ਉਮਰ ਵਿਚ ਆਪ ਜੀ ਦੀ ਸ਼ਾਦੀ ਮਾਤਾ ਗੁਜਰੀ ਜੀ ਨਾਲ ਹੋਈ ਸੀ । ਮਾਤਾ ਗੁਜਰੀ ਜੀ ਲਖਨੌਰ (ਅੰਬਾਲਾ-ਹਰਿਆਣਾ) ਨਿਵਾਸੀ ਲਾਲ ਚੰਦ ਸੁਭਿਖੀ ਜੀ ਦੀ ਪੁੱਤਰੀ ਸਨ । ਇਹ ਪਰਿਵਾਰ ਪਿੱਛੋਂ ਕਰਤਾਰਪੁਰ ਆ ਕੇ ਹੀ ਰਹਿਣ ਲੱਗ ਪਿਆ ਸੀ । ਕਰਤਾਰਪੁਰ ਵਿਖੇ ਹੀ ਆਪ ਜੀ ਦੀ ਸ਼ਾਦੀ ਹੋਈ ਸੀ। ਗੁਰੂ ਹਰਿਗੋਬਿੰਦ ਸਾਹਿਬ ਸਾਰੇ ਪਰਿਵਾਰ ਸਮੇਤ 1634-35 ਈ. ਤੋਂ ਬਾਅਦ ਕੀਰਤਪੁਰ ਆ ਕੇ ਰਹਿਣ ਲੱਗ ਪਏ ਸਨ । ਇੱਥੇ ਆਪ ਜੀ ਦੇ ਦੋ ਭਰਾ ਬਾਬਾ ਗੁਰਦਿੱਤਾ ਜੀ ਅਤੇ ਬਾਬਾ ਅਣੀ ਰਾਏ ਜੀ ਸਵਰਗ ਸਿਧਾਰ ਗਏ ਸਨ । 1644 ਈ. ਵਿਚ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਵੀ ਜੋਤੀ-ਜੋਤ ਸਮਾ ਗਏ ਸਨ । ਇਨ੍ਹਾਂ ਮੌਤਾਂ ਦਾ ਆਪ ਜੀ ਦੇ ਦਿਲ ‘ਤੇ ਬਹੁਤ ਗਹਿਰਾ ਅਸਰ ਹੋਇਆ ਸੀ। ਆਪ ਆਪਣੀ ਮਾਤਾ ਨਾਨਕੀ ਜੀ ਅਤੇ ਸੁਪਤਨੀ ਗੁਜਰੀ ਜੀ ਸਮੇਤ ਕੀਰਤਪੁਰ ਸਾਹਿਬ ਨੂੰ ਛੱਡ ਕੇ ਬਾਬਾ ਬਕਾਲਾ ਵਿਖੇ ਆ ਕੇ ਰਹਿਣ ਲੱਗ ਪਏ ਸਨ । ਇੱਥੇ ਆਪ ਜੀ ਦਾ ਨਾਨਕਾ ਘਰ ਸੀ । ਨੌਵੇਂ ਗੁਰੂ ਪਰਗਟ ਹੋਣ ਤੱਕ ਆਪ ਇੱਥੇ ਹੀ ਰਹਿੰਦੇ ਰਹੇ ਸਨ ਪਰ ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕਰਿਸ਼ਨ ਜੀ ਦੇ ਨਿਰਦੇਸ਼ਾਂ ਮੁਤਾਬਕ ਆਪ ਧਰਮ ਪਰਚਾਰ ਲਈ ਬਾਹਰਲੀਆਂ ਥਾਵਾਂ ‘ਤੇ ਵੀ ਜਾਇਆ ਕਰਦੇ ਸਨ ।

‘ਭੱਟ ਵਹੀਆਂ’ ਅਤੇ ‘ਗੁਰ ਕੀਆਂ ਸਾਖੀਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਆਪ ਬਾਬਾ ਬਕਾਲਾ ਵਿਖੇ ਰਹਿੰਦੇ ਹੋਏ ਵੀ ਅਤੇ ਗੁਰੂ ਬਣਨ ਤੋਂ ਪਹਿਲਾਂ ਇਕ ਵਾਰ ਭਾਰਤ ਦੇ ਕੁਝ ਤੀਰਥ ਅਸਥਾਨਾਂ ਦੀ ਯਾਤਰਾ ਵੀ ਕਰ ਆਏ ਸਨ । ਜਿਵੇਂ ਕਿ ਇਨ੍ਹਾਂ ਟੁਕਾਂ ਤੋਂ ਸਾਬਤ ਹੁੰਦਾ ਹੈ :

“(ਗੁਰੂ) ਤੇਗ ਬਹਾਦੁਰ ਜੀ ਬੇਟਾ ਗੁਰੂ ਹਰਿਗੋਬਿੰਦ ਜੀ ਮਹਲਾ ਛਟੇ ਕਾ ਬਨਾਰਸ ਆਏ ਸਾਲ ਸਤਰੈ ਸੈ ਅਠਾਰਾਂ ਅਸਾੜ ਸੁਦੀ ਪੰਚਮੀ ਗੈਲੇ ਨਾਨਕੀ ਜੀ ਆਏ ਮਾਤਾ (ਗੁਰੂ) ਤੇਗ ਬਹਾਦੁਰ ਜੀ ਕੀ ਮਾਤਾ ਹਰੀ ਜੀ ਆਏ ਇਸਤਰੀ ਗੁਰੂ ਸੂਰਜ ਮਲ ਕੀ ਭਾਈ ਕਿਰਪਾਲ ਚੰਦ ਆਇਆ ਬੇਟਾ ਲਾਲ ਚੰਦ ਸੁਭਿਖੀ ਕਾ ਬਾਬਾ ਦਿਆਲ ਦਾਸ ਆਇਆ ਬੇਟਾ ਮਾਈ ਦਾਸ ਜਲਹਾਨੇ ਕਾ ਗਵਾਲ ਦਾਸ ਆਇਆ ਬੇਟਾ ਛੋਟੇ ਮਲ ਛਿਬਰ ਕਾ ਚੌਪਟ ਰਾਏ ਆਇਆ ਬੇਟਾ ਪੈਰਾ ਛਿਬਰ ਕਾ ਸੰਗਤ ਆਇਆ ਬੇਟਾ ਬਿਨਾ ਉਪਲ ਕਾ ਸਾਧੂ ਰਾਮ ਆਇਆ ਬੇਟਾ ਧਰਮੇ ਖੋਸਲੇ ਕਾ।” (ਭੱਟ ਵਹੀ ਪੂਰਬੀ ਦੱਖਣੀ ਖਾਤਾ ਬੜਤੀਆਂ ਕਾ )

ਭੱਟ ਵਹੀਆਂ ਦੀ ਹੀ ਇਕ ਹੋਰ ਟੂਕ ਹੈ :

“(ਗੁਰੂ) ਤੇਗ ਬਹਾਦੁਰ ਜੀ ਬੇਟਾ ਗੁਰੂ ਹਰਿਗੋਬਿੰਦ ਜੀ ਮਹਲ ਛੇ ਗੁਰੂ ਹਰਿ ਰਾਇ ਜੀ ਕੀ ਪਰਚਾਵਨੀ ਕਰਨ ਪਟਣਾ ਸੇ ਆਏ ਸਾਲ ਸਤਰੈ ਸੈ ਉਨੀਸ ਸ਼ੁਕਲਾ ਪਖੇ ਮਾਘ ਮਾਸ ਦੀ ਪੰਚਮੀ ਕੇ ਦਿਵਸ ਤੀਰਥ ਪ੍ਰਯਾਗ ਸੰਗਮ ਸੇ ਆਏ ਪਹੁੰਚੇ ਗੈਲ ਮਾਤਾ ਨਾਨਕੀ ਜੀ ਆਏ ਮਹਲ ਗੁਰੂ ਹਰਿਗੋਬਿੰਦ ਜੀ ਕੇ ਮਾਤਾ ਹਰੀ ਜੀ ਆਏ ਮਹਲ ਗੁਰੂ ਸੂਰਜ ਮਲ ਜੀ ਕੇ ਦੀਵਾਨ ਦਰਘਾ ਮਲ ਆਇਆ ਬੇਟਾ ਦਵਾਰਕਾ ਦਾਸ ਛਿਬਰ ਕਾ ਹੋਰ ਸਿੱਖ ਫਕੀਰ ਆਏ।”

ਉਕਤ ਗਵਾਹੀਆਂ ਦੀ ਰੋਸ਼ਨੀ ਵਿਚ ਅਸੀਂ ਕਹਿ ਸਕਦੇ ਹਾਂ ਕਿ ਸੰਮਤ 1718-19 ਬਿ. ਮੁਤਾਬਕ ਸੰਨ 1661 ਅਤੇ 62 ਦੇ ਸਾਲਾਂ ਵਿਚ ਤੇਗ ਬਹਾਦੁਰ ਜੀ ਨੇ ਬਾਬਾ ਬਕਾਲੇ ਤੋਂ ਭਾਰਤ ਦੇ ਤੀਰਥ ਅਸਥਾਨਾਂ ਦੀ ਯਾਤਰਾ ਕੀਤੀ ਸੀ । ਇਨ੍ਹਾਂ ਤੀਰਥ ਅਸਥਾਨਾਂ ਵਿਚ ਹਰਿਦੁਆਰ, ਗੜ੍ਹਮੁਕਤੇਸ਼ਵਰ, ਮਥੁਰਾ, ਆਗਰਾ, ਪਰਯਾਗ, ਬਨਾਰਸ ਅਤੇ ਪਟਣਾ ਸਾਹਿਬ ਆਦਿ ਅਸਥਾਨ ਸ਼ਾਮਲ ਸਨ। ਸਤਵੇਂ ਪਾਤਸ਼ਾਹ ਗੁਰੂ ਹਰਿ ਰਾਇ ਜੀ ਕੱਤਕ ਵਦੀ 9, ਸੰਮਤ 1718 ਬਿ. ਮੁਤਾਬਕ 6 ਅਕਤੂਬਰ, ਸੰਨ 1661 ਈ. ਨੂੰ ਜੋਤੀ-ਜੋਤ ਸਮਾ ਗਏ ਸਨ । ਤੇਗ ਬਹਾਦੁਰ ਜੀ ਨੂੰ ਇਹ ਦੁੱਖਦਾਈ ਸੂਚਨਾ ਪਟਣਾ ਸਾਹਿਬ ਵਿਖੇ ਪਹੁੰਚੀ ਸੀ। ਇਸ ਲਈ ਆਪ ਜਲਦੀ ਹੀ ਪਟਣਾ ਸਾਹਿਬ ਤੋਂ ਕੀਰਤਪੁਰ ਸਾਹਿਬ ਵਾਪਿਸ ਆ ਗਏ ਸਨ ਅਤੇ ਸਵਰਗੀ ਗੁਰੂ ਜੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਸੀ । ਗੁਰੂ ਕੀਆਂ ਸਾਖੀਆਂ ਤੋਂ ਪਤਾ ਲੱਗਦਾ ਹੈ ਕਿ ਤੇਗ ਬਹਾਦੁਰ ਜੀ ਫਿਰ 1663-64 ਈ. ਵਿਚ ਤੀਰਥ ਯਾਤਰਾ ‘ਤੇ ਗਏ ਸਨ ਅਤੇ ਜਦੋਂ ਅੱਠਵੇਂ ਪਾਤਸ਼ਾਹ ਗੁਰੂ ਹਰਿ ਕਰਿਸ਼ਨ ਜੀ ਦਿੱਲੀ ਵਿਖੇ ਗਏ ਸਨ ਤਾਂ ਆਪ ਵੀ ਉੱਥੇ ਹੀ ਸਨ ।” ਇੱਥੋਂ ਆਪ ਬਾਬਾ ਬਕਾਲਾ ਵਾਪਿਸ ਮੁੜ ਗਏ ਸਨ ।

ਗੁਰੂ ਤੇਗ ਬਹਾਦੁਰ ਜੀ ਨੇ ਨੌਵੀਂ ਗੁਰਗੱਦੀ ਆਪਣੇ ਪੋਤਰੇ ਗੁਰੂ ਹਰਿ ਕਰਿਸ਼ਨ ਤੋਂ ਪਰਾਪਤ ਕੀਤੀ ਸੀ। ਗੁਰੂ ਹਰਿ ਗੋਬਿੰਦ ਸਾਹਿਬ ਦੇ ਉੱਤਰਅਧਿਕਾਰੀ, ਉਨ੍ਹਾਂ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਛੋਟੇ ਸਪੁੱਤਰ ਗੁਰੂ ਹਰਿ ਰਾਏ ਜੀ ਸਨ ਜੋ ਤੇਗ ਬਹਾਦੁਰ ਜੀ ਦੇ ਭਤੀਜੇ ਲੱਗਦੇ ਸਨ। ਗੁਰੂ ਹਰਿ ਰਾਇ ਜੀ ਦੇ ਉੱਤਰਅਧਿਕਾਰੀ ਉਨ੍ਹਾਂ ਦੇ ਛੋਟੇ ਸਪੁੱਤਰ ਗੁਰੂ ਹਰਿ ਕਰਿਸ਼ਨ ਜੀ ਸਨ ਜੋ ਤੇਗ ਬਹਾਦੁਰ ਜੀ ਦੇ ਪੋਤਰੇ ਲੱਗਦੇ ਸਨ । ਗੁਰੂ ਹਰਿ ਕਰਿਸ਼ਨ ਜੀ ਬਾਲ ਅਵਸਥਾ ਵਿਚ ਹੀ ਸਨ। ਉਨ੍ਹਾਂ ਦੀ ਕੋਈ ਸੰਤਾਨ ਨਹੀਂ ਸੀ। ਉਨ੍ਹਾਂ ਦਾ ਵੱਡਾ ਭਾਈ ਰਾਮ ਰਾਇ ਉੱਤਰਅਧਿਕਾਰੀ ਬਣਨ ਦੇ ਅਧਿਕਾਰ ਤੋਂ ਵੰਚਿਤ ਕੀਤਾ ਹੋਇਆ ਸੀ। ਗੁਰੂ ਹਰਿ ਕਰਿਸ਼ਨ ਜੀ ਦਾ ਵੱਡਾ ਤਾਇਆ ਧੀਰ ਮੱਲ ਵੀ ਉੱਤਰਅਧਿਕਾਰੀ ਬਣਨ ਤੋਂ ਵੰਚਿਤ ਕੀਤਾ ਹੋਇਆ ਸੀ। ਇਸ ਤਰ੍ਹਾਂ ਗੁਰੂ ਹਰਿ ਕਰਿਸ਼ਨ ਜੀ ਦੇ ਸਮੁੱਚੇ ਖ਼ਾਨਦਾਨ ਵਿਚ ਸਿਰਫ਼ ਦੋ ਹੀ ਵਿਅਕਤੀ ਸਨ ਜਿਨ੍ਹਾਂ ਵਿਚੋਂ ਨੌਵੇਂ ਗੁਰੂ ਦੀ ਚੋਣ ਹੋ ਸਕਦੀ ਸੀ। ਇਹ ਸਨ ਗੁਰੂ ਹਰਿ ਕਰਿਸ਼ਨ ਜੀ ਦੇ ਬਾਬੇ ਅਰਥਾਤ ਗੁਰੂ ਹਰਿਗੋਬਿੰਦ ਜੀ ਦੇ ਸਪੁੱਤਰ ਸੂਰਜ ਮੱਲ ਜੀ ਅਤੇ ਤੇਗ ਬਹਾਦੁਰ ਜੀ । ਸੂਰਜ ਮੱਲ ਜੀ ਦੀ ਗੁਰਿਆਈ ਦੇ ਮਾਮਲਿਆਂ ਵਿਚ ਕੋਈ ਦਿਲਚਸਪੀ ਨਹੀਂ ਸੀ। ਉਹ ਸੰਸਾਰਿਕ ਵਿਅਕਤੀ ਸਨ ਅਤੇ ਦੁਨੀਆਂਦਾਰੀ ਦੇ ਕੰਮਾਂ ਵਿਚ ਉਲਝੇ ਹੋਏ ਸਨ। ਇਸ ਕਰ ਕੇ ਉਨ੍ਹਾਂ ਦਾ ਸਿੱਖ ਧਰਮ ਦੇ ਮੂਲ ਆਧਾਰ, ਸਿੱਖ ਸੰਗਤਾਂ ਨਾਲ ਕੋਈ ਲਗਾਓ ਨਹੀਂ ਸੀ । ਤੇਗ ਬਹਾਦੁਰ ਜੀ ਪੂਰੀ ਤਰ੍ਹਾਂ ਧਰਮ ਕਰਮ ਦੇ ਕੰਮਾਂ ਨੂੰ ਸਮਰਪਤ ਸਨ। ਅਸੀਂ ਪਿੱਛੇ ਦੇਖਿਆ ਹੈ ਕਿ ਤੇਗ ਬਹਾਦੁਰ ਜੀ ਗੁਰੂ ਬਣਨ ਤੋਂ ਪਹਿਲਾਂ ਸਿੱਖ ਜੱਥੇ ਨਾਲ ਤੀਰਥ ਅਸਥਾਨਾਂ ‘ਤੇ ਜਾ ਚੁੱਕੇ ਸਨ ਅਤੇ ਗੁਰੂ ਹਰਿ ਕਰਿਸ਼ਨ ਜੀ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਸਨ । ਇਸ ਲਈ ਜਦੋਂ ਦਿੱਲੀ ਵਿਖੇ ਗੁਰੂ ਹਰਿ ਕਰਿਸ਼ਨ ਜੀ 30 ਮਾਰਚ, 1664 ਈ. (ਚੇਤ ਸੁਦੀ 13, ਸੰਮਤ 1721 ਬਿ.) ਨੂੰ ਜੋਤੀ-ਜੋਤ ਸਮਾਉਣ ਸਮੇਂ ਗੁਰੂ ਤੇਗ ਬਹਾਦੁਰ ਜੀ ਨੂੰ ਆਪਣਾ ਉੱਤਰਅਧਿਕਾਰੀ ਐਲਾਨ ਕਰ ਗਏ ਸਨ ਉਸ ਸਮੇਂ ਤੇਗ ਬਹਾਦੁਰ ਜੀ ਬਾਬਾ ਬਕਾਲਾ ਵਿਖੇ ਸਨ । ਦਿੱਲੀ ਤੋਂ ਮੁੱਖੀ ਸਿੱਖਾਂ ਦਾ ਜੱਥਾ ਗੁਰੂ ਹਰਿ ਕਰਿਸ਼ਨ ਜੀ ਦੇ ਹੁਕਮਾਂ ਨੂੰ ਲੈ ਕੇ ਬਾਬਾ ਬਕਾਲਾ ਲਈ ਰਵਾਨਾ ਹੋ ਗਿਆ ਸੀ । ਇਸ ਜੱਥੇ ਵਿਚ ਭੱਟ ਵਹੀਆਂ ਅਨੁਸਾਰ ਇਹ ਮੁੱਖੀ ਸਿੱਖ ਸਨ : ਦੀਵਾਨ ਦਰਘਾ ਮਲ, ਚੌਪਤ ਰਾਏ, ਜੇਠਾ, ਮਨੀ ਰਾਮ, ਗੁਰਬਖ਼ਸ਼ ਅਤੇ ਨਾਨੂ ਸਵਰਗੀਯ ਗੁਰੂ ਹਰਿ ਕਰਿਸ਼ਨ ਜੀ ਦੀ ਮਾਤਾ ਸੁਲੱਖਣੀ ਜੀ ਵੀ ਇਸ ਜੱਥੇ ਨਾਲ ਸਨ । ਇਹ ਜੱਥਾ ਭਾਵੇਂ ਦਿੱਲੀ ਤੋਂ ਛੇਤੀ ਹੀ ਕੀਰਤਪੁਰ ਸਾਹਿਬ ਅਤੇ ਬਾਬਾ ਬਕਾਲਾ ਵਿਖੇ ਪਹੁੰਚ ਗਿਆ ਸੀ ਪਰ ਗੁਰੂ-ਘਰ ਦੇ ਦੋਖੀਆਂ : ਧੀਰ ਮੱਲ ਅਤੇ ਉਸ ਦੇ ਹੋਰ ਹਮਾਇਤੀਆਂ ਨੇ ਬਾਬਾ ਬਕਾਲਾ ਵਿਖੇ ਆਪਣੇ ਅੱਡੇ ਜਮਾਅ ਲਏ ਸਨ । ਇਨ੍ਹਾਂ ਨੇ ਹਰ ਤਰ੍ਹਾਂ ਨਾਲ ਸਿੱਖ ਸੰਗਤਾਂ ਨੂੰ ਵਰਗਲਾਉਣ, ਧਮਕਾਉਣ ਅਤੇ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਹੋ ਸਕਦਾ ਹੈ ਕਿ ਇਸ ਵਿਚ ਮੁਗ਼ਲ ਸਰਕਾਰ ਦੀ ਵੀ ਕੋਈ ਨੀਤੀ ਕੰਮ ਕਰ ਰਹੀ ਹੋਵੇ ਕਿਉਂਕਿ ਬਿਨਾਂ ਕਿਸੇ ਤਕੜੀ ਧਿਰ ਦੀ ਸ਼ਹਿ ਦੇ ਸਿੱਖ ਸੰਗਤਾਂ ਨੂੰ ਕਾਫ਼ੀ ਲੰਮੇ ਸਮੇਂ ਤੱਕ ਗੁਰੂ ਤੇਗ ਬਹਾਦੁਰ ਜੀ ਤੱਕ ਪਹੁੰਚਣ ਤੋਂ ਰੋਕਿਆ ਨਹੀਂ ਸੀ ਜਾ ਸਕਦਾ । ਜਿਹੜਾ ਜੱਥਾ ਦਿੱਲੀ ਤੋਂ ਅੱਠਵੇਂ ਗੁਰੂ ਦੀਆਂ ਹਦਾਇਤਾਂ ਮੁਤਾਬਕ ਤੇਗ ਬਹਾਦੁਰ ਜੀ ਨੂੰ ਗੁਰਿਆਈ ਤਿਲਕ ਦੇਣ ਲਈ ਬਾਬਾ ਬਕਾਲਾ ਵਿਖੇ ਭੇਜਿਆ ਗਿਆ ਸੀ ਉਹ ਗਿਆਰਾਂ ਅਗਸਤ ਤੱਕ ਆਪਣੀ ਰਸਮ ਪੂਰੀ ਨਹੀਂ ਕਰ ਸਕਿਆ ਸੀ । ਜੇ ਇਹ ਜੱਥਾ ਅਪਰੈਲ ਦੇ ਪਹਿਲੇ ਹਫਤੇ ਤੋਂ ਦਿੱਲੀ ਤੋਂ ਤੁਰਿਆ ਸੀ ਤਾਂ ਵੀ ਚਾਰ ਮਹੀਨੇ ਦਾ ਵਕਫਾ ਬਹੁਤ ਲੰਮਾਂ ਸਮਾਂ ਹੈ। ਲਗਾਤਾਰ ਚਾਰ ਮਹੀਨਿਆਂ ਤੋਂ ਉੱਪਰ ਸਮੇਂ ਤੱਕ ਇਹ ਜੱਥਾ ਗੁਰੂ ਤੇਗ ਬਹਾਦੁਰ ਜੀ ਨੂੰ ਗੁਰਿਆਈ ਤਿਲਕ ਲਗਾਉਣ ਦੀ ਰਸਮ ਅਦਾ ਨਹੀਂ ਕਰ ਸਕਿਆ ਸੀ । ਇਸ ਦਾ ਕਾਰਣ ਇਹੀ ਹੋ ਸਕਦਾ ਹੈ ਕਿ ਕਿਸੇ ਬਹੁਤ ਤਕੜੀ ਧਿਰ ਦੀ ਸਹਾਇਤਾ ਧੀਰ ਮੱਲ ਨੂੰ ਹੋਣੀ ਹੈ । ਬਾਬਾ ਬਕਾਲਾ ਵਿਖੇ ਗੁਰੂ ਤੇਗ ਬਹਾਦੁਰ ਜੀ ਦੀ ਵਿਰੋਧਤਾ ਕਰਨ ਵਾਲਾ ਮੁੱਖ ਤੌਰ ‘ਤੇ ਧੀਰ ਮੱਲ ਹੀ ਸੀ ਕਿਉਂਕਿ ਉਹ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਸੀ ਇਸ ਲਈ ਉਹ ਆਪਣੇ ਭਰਾ ਦੇ ਪਰਿਵਾਰ ਦੀ ਅੱਗੇ ਸੰਤਾਨ ਨਾ ਹੋਣ ਕਾਰਣ ਆਪਣੇ ਆਪ ਨੂੰ ਹੀ ਇਕੋ ਇਕ ਉੱਤਰਅਧਿਕਾਰੀ ਸਮਝਦਾ ਸੀ।

ਗੁਰੂ ਤੇਗ ਬਹਾਦੁਰ ਜੀ (1664-1675 ਈ .)

ਗੁਰੂ ਤੇਗ ਬਹਾਦੁਰ ਜੀ ਨੂੰ ਗੁਰਿਆਈ ਤਿਲਕ ਲਗਾਉਣ ਦੀ ਰਸਮ ਸਿਰਫ਼ ਉਸ ਸਮੇਂ ਸੰਭਵ ਹੋ ਸਕੀ ਸੀ ਜਦੋਂ ਕਿ ਭਾਈ ਮੱਖਣ ਸ਼ਾਹ ਜੈਸੇ ਮੁਖੀ ਸਿੱਖ ਆਪਣੇ ਹਥਿਆਰਬੰਦ ਵਿਅਕਤੀਆਂ ਨੂੰ ਲੈ ਕੇ ਬਾਬਾ ਬਕਾਲਾ ਵਿਖੇ ਪਹੁੰਚ ਗਏ ਸਨ । ਭਾਈ ਮੱਖਣ ਸ਼ਾਹ ਨਾ ਸਿਰਫ਼ ਇਕ ਧਨਾਢ ਵਪਾਰੀ ਹੀ ਸੀ ਸਗੋਂ ਉਸ ਦੇ ਪਾਸ ਮਨੁੱਖੀ ਸ਼ਕਤੀ ਵੀ ਬਹੁਤ ਸੀ । ਭਾਈ ਮੱਖਣ ਸ਼ਾਹ ਦੇ ਬਾਬਾ ਬਕਾਲਾ ਵਿਖੇ ਪਹੁੰਚਣ ਨਾਲ ਸਿੱਖ ਸੰਗਤਾਂ ਦਾ ਜ਼ੋਰ ਪੈ ਗਿਆ ਸੀ ਅਤੇ ਉਨ੍ਹਾਂ ਨੇ ਗੁਰਿਆਈ ਦੀ ਰਸਮ ਪੂਰੀ ਕਰਨ ਵਿਚ ਸਾਰਾ ਰਸਤਾ ਸਾਫ਼ ਕਰ ਦਿੱਤਾ ਸੀ।

ਭਾਦੋਂ ਦੀ ਅਮਾਵਸ, ਸੰਮਤ 1721 ਬਿ. ਮੁਤਾਬਕ 11 ਅਗਸਤ, 1664 ਈ. ਨੂੰ ਦਿੱਲੀ ਤੋਂ ਆਏ ਜੱਥੇ ਨੇ ਗੁਰੂ ਤੇਗ ਬਹਾਦੁਰ ਜੀ ਨੂੰ ਗੁਰਿਆਈ ਤਿਲਕ ਦਿੱਤਾ । ਇਸ ਤਰ੍ਹਾਂ ਬਹੁਤ ਵੱਡੀ ਵਿਰੋਧਤਾ ਦੇ ਬਾਵਜੂਦ ਵੀ ਗੁਰੂ ਤੇਗ ਬਹਾਦੁਰ ਜੀ ਨੌਵੇਂ ਗੁਰੂ ਦੇ ਤੌਰ ‘ਤੇ ਪਰਗਟ ਹੋ ਗਏ ਸਨ ਪਰ ਧੀਰ ਮੱਲ ਨੇ ਆਪਣੀ ਵਿਰੋਧਤਾ ਛੱਡੀ ਨਹੀਂ ਸੀ। ਉਹ ਸਿਰਫ਼ ਸਿੱਖ ਸੰਗਤਾਂ ਦਾ ਸਹਿਯੋਗ ਲੈਣ ਦੇ ਕੰਮ ਵਿਚ ਹੀ ਹਾਰਿਆ ਸੀ। ਗੁਰੂ ਤੇਗ ਬਹਾਦੁਰ ਜੀ ਬਾਬਾ ਬਕਾਲਾ ਤੋਂ ਕੀਰਤਪੁਰ ਸਾਹਿਬ ਆਉਂਦੇ ਜਾਂਦੇ ਰਹਿੰਦੇ ਸਨ । ਧੀਰ ਮੱਲ ਦੀ ਰਿਹਾਇਸ਼ ਕਰਤਾਰਪੁਰ ਵਿਖੇ ਸੀ। ਇਕ ਦਿਨ ਮੌਕਾ ਤਾੜ ਕੇ ਧੀਰ ਮੱਲ ਨੇ ਆਪਣੇ ਵਿਅਕਤੀਆਂ ਨਾਲ ਗੁਰੂ ਤੇਗ ਬਹਾਦੁਰ ਜੀ ਦੇ ਮਕਾਨ ਉੱਪਰ ਹਮਲਾ ਕਰ ਦਿੱਤਾ । ਸ਼ਾਇਦ ਧੀਰ ਮੱਲ ਨਿਰਾਸ਼ ਹੋਇਆ ਗੁਰੂ ਸਾਹਿਬ ਨੂੰ ਜਾਨੋਂ ਹੀ ਮਾਰ ਦੇਣਾ ਚਾਹੁੰਦਾ ਸੀ। ਉਸ ਦੇ ਸ਼ੀਹੇ ਮਸੰਦ ਨੇ ਗੁਰੂ ਜੀ ਉੱਪਰ ਗੋਲੀ ਚਲਾਈ । ਗੁਰੂ ਜੀ ਦੇ ਮਕਾਨ ਨੂੰ ਲੁੱਟ ਲਿਆ ਗਿਆ ਸੀ । ਗੁਰੂ ਜੀ ਗੋਲੀ ਲੱਗਣ ਕਰਕੇ ਜ਼ਖ਼ਮੀ ਹੋ ਗਏ ਸਨ । ਧੀਰ ਮੱਲ ਦੀ ਧਾੜ ਹਮਲਾ ਕਰਨ ਪਿੱਛੋਂ ਜਾ ਚੁੱਕੀ ਸੀ । ਭਾਈ ਮੱਖਣ ਸ਼ਾਹ ਅਤੇ ਹੋਰ ਮੁੱਖੀ ਸਿੱਖ ਕਿਧਰੇ ਬਾਹਰ ਗਏ ਹੋਏ ਸਨ । ਜਦੋਂ ਉਹ ਵਾਪਸ ਆਏ ਤੇ ਪਤਾ ਲੱਗਿਆ ਕਿ ਧੀਰ ਮੱਲ ਨੇ ਗੁਰੂ ਜੀ ਉੱਪਰ ਜਾਨਲੇਵਾ ਹਮਲਾ ਕੀਤਾ ਹੈ ਤਾਂ ਸਿੱਖ ਸੰਗਤਾਂ ਦੇ ਗੁੱਸੇ ਦੀ ਕੋਈ ਹੱਦ ਨਾ ਰਹੀ। ਉਹ ਗੁਰੂ ਜੀ ਦੀ ਆਗਿਆ ਤੋਂ ਬਿਨਾਂ ਹੀ ਧੀਰ ਮੱਲ ਦੇ ਡੇਰੇ ਉੱਪਰ ਜਾ ਪਏ । ਡੇਰੇ ਨੂੰ ਉਜਾੜ ਦਿੱਤਾ ਗਿਆਧੀਰ ਮੱਲ ਅਤੇ ਉਸ ਦੀ ਧਾੜ ਨੂੰ ਕੁੱਟ-ਮਾਰ ਕੇ ਭਜਾ ਦਿੱਤਾ ਗਿਆ ਅਤੇ ਡੇਰੇ ਦਾ ਸਭ ਸਮਾਨ, ਸਮੇਤ ਗੁਰੂ ਤੇਗ ਬਹਾਦੁਰ ਜੀ ਦੇ ਸਮਾਨ ਦੇ, ਚੁੱਕ ਕੇ ਲਿਆਂਦਾ ਗਿਆ । ਜਦੋਂ ਇਸ ਗੱਲ ਦਾ ਪਤਾ ਗੁਰੂ ਤੇਗ ਬਹਾਦੁਰ ਜੀ ਨੂੰ ਲੱਗਿਆ ਤਾਂ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ। ਉਨ੍ਹਾਂ ਨੇ ਧੀਰ ਮੱਲ ਦਾ ਸਾਰਾ ਸਮਾਨ, ਸਮੇਤ ਗੁਰੂ ਗ੍ਰੰਥ ਸਾਹਿਬ ਦੀ ਇਕ ਮੌਲਿਕ ਬੀੜ ਦੇ, ਧੀਰ ਮੱਲ ਨੂੰ ਵਾਪਸ ਕਰਨ ਦਾ ਹੁਕਮ ਕਰ ਦਿੱਤਾ । ਇਹ ਜਵਾਬੀ ਹਮਲਾ ਭਾਵੇਂ ਗੁਰੂ ਜੀ ਦੀ ਇਜਾਜਤ ਤੋਂ ਬਗੈਰ ਕੀਤਾ ਗਿਆ ਸੀ ਪਰ ਇਸ ਨਾਲ ਧੀਰ ਮੱਲ ਦੀ ਵਿਰੋਧਤਾ ਖ਼ਤਮ ਹੋ ਗਈ ਸੀ ਅਤੇ ਗੁਰੂ ਤੇਗ ਬਹਾਦੁਰ ਜੀ ਖੁਲ੍ਹੇ ਆਮ ਪਰਚਾਰ ਕਰਨ ਲੱਗ ਪਏ ਸਨ । ਇਸੇ ਹੀ ਸਮੇਂ ਗੁਰੂ ਜੀ ਨੇ ਬਾਬਾ ਬਕਾਲਾ ਤੋਂ ਮਾਝੇ ਦੇ ਇਲਾਕੇ ਦਾ ਪਹਿਲਾ ਦੌਰਾ ਸ਼ੁਰੂ ਕੀਤਾ । ਇਸ ਤਰ੍ਹਾਂ ਆਪ ਸਠਿਆਲਾ ਅਤੇ ਕਾਲੇਕੇ ਪਿੰਡਾਂ ਵਿਚੋਂ ਦੀ ਹੁੰਦੇ ਹੋਏ ਅੰਮ੍ਰਿਤਸਰ ਪਹੁੰਚੇ । ਅੰਮ੍ਰਿਤਸਰ ਦਾ ਕੇਂਦਰੀ ਅਸਥਾਨ ਕਾਫ਼ੀ ਲੰਮੇ ਅਰਸੇ ਤੋਂ ਗੁਰੂ ਸਾਹਿਬਾਨ ਦੇ ਸਿੱਧੇ ਕੰਟਰੋਲ ਹੇਠ ਨਹੀਂ ਸੀ। ਇੱਥੇ ਪਿਰਥੀ ਚੰਦ ਦੀ ਸੰਤਾਨ ਹੀ ਪਰਬੰਧ ਕਰਦੀ ਸੀ । ਜਦੋਂ ਗੁਰੂ ਜੀ ਅੰਮ੍ਰਿਤਸਰ ਪਹੁੰਚੇ ਸਨ ਤਾਂ ਇੱਥੇ ਇਸ ਬਾਰੇ ਦੋ ਵਿਰੋਧੀ ਵਿਚਾਰ ਮਿਲਦੇ ਹਨ। ਇਕ ਵਿਚਾਰ ਅਨੁਸਾਰ ਗੁਰੂ ਜੀ ਨੂੰ ਸਿਰੀ ਦਰਬਾਰ ਸਾਹਿਬ ਵਿਚ ਵੜਨ ਨਹੀਂ ਦਿੱਤਾ ਗਿਆ ਸੀ । ਦੂਜੇ ਵਿਚਾਰ ਅਨੁਸਾਰ ਗੁਰੂ ਜੀ ਦਾ ਸੋਢੀ ਹਰਿ ਜੀ ਦੇ ਵਿਅਕਤੀਆਂ ਵੱਲੋਂ ਪੂਰਾ ਸਤਿਕਾਰ ਕੀਤਾ ਗਿਆ ਸੀ । ਦੂਜੇ ਵਿਚਾਰ ਵਿਚ ਸੱਚਾਈ ਜ਼ਿਆਦਾ ਪਰਤੀਤ ਹੁੰਦੀ ਹੈ ਕਿਉਂਕਿ ਇਸ ਸਮੇਂ ਤੱਕ ਸਿੱਖ ਸੰਗਤਾਂ ਦਾ ਗੁਰੂ ਘਰ ਦੇ ਵਿਰੋਧੀਆਂ ਉੱਪਰ ਪੂਰਾ ਜੋਰ ਪੈ ਚੁੱਕਿਆ ਸੀ ਅਤੇ ਅੰਮ੍ਰਿਤਸਰ ਦੇ ਸੋਢੀਆਂ ਦੀ ਇਤਨੀ ਹਿੰਮਤ ਨਹੀਂ ਸੀ ਕਿ ਉਹ ਸਿੱਖਾਂ ਦੇ ਨੌਵੇਂ ਗੁਰੂ ਨੂੰ ਸਿੱਖਾਂ ਦੇ ਹੀ ਧਾਰਮਿਕ ਕੇਂਦਰ ਵਿਚ ਦਾਖ਼ਲ ਹੋਣ ਤੋਂ ਰੋਕ ਸਕਦੇ। ਭੱਟ ਵਹੀਆਂ ਅਨੁਸਾਰ ਗੁਰੂ ਜੀ ਨਾਲ ਇਸ ਸਮੇਂ ਸਮੇਤ ਮੱਖਣ ਸ਼ਾਹ ਲੁਬਾਣੇ ਦੇ ਸਭ ਮੁਖੀ ਸਿੱਖ ਸਨ । ਇਸ ਲਈ ਇਤਨੀ ਸੰਗਤ ਦੇ ਹੁੰਦਿਆਂ ਪਿਰਥੀ ਚੰਦ ਦੇ ਉੱਤਰਅਧਿਕਾਰੀਆਂ ਦੀ ਹਿੰਮਤ ਨਹੀਂ ਸੀ ਕਿ ਉਹ ਗੁਰੂ ਜੀ ਨੂੰ ਦਰਬਾਰ ਸਾਹਿਬ ਅੰਦਰ ਜਾਣ ਤੋਂ ਰੋਕ ਸਕਦੇ । ਗੁਰੂ ਜੀ ਨਾਲ ਮੁਖੀ ਸਿੱਖਾਂ ਦੀ ਵਹੀਰ ਦਾ ਭੱਟ ਵਹੀ ਤਿਮਰ ਬਿਜਲੌਂਤੋਂ ਕੀ ਵਿਚ ਇਉਂ ਉਲੇਖ ਮਿਲਦਾ ਹੈ :

“ਗੁਰੂ ਤੇਗ ਬਹਾਦੁਰ ਜੀ ਮਹਲ ਨਾਮਾ ਬੇਟਾ ਗੁਰੂ ਹਰਿਗੋਬਿੰਦ ਜੀ ਕਾ ਪੋਤਾ ਗੁਰੂ ਅਰਜਨ ਜੀ ਕਾ ਪੜਪੋਤਾ ਗੁਰੂ ਰਾਮਦਾਸ ਜੀ ਕਾ……..ਸਾਲ ਸਤਰੈ ਸੈ ਇਕੀਸ ਮਘਸਰ ਕੀ ਪੂਰਨਿਮਾ ਕੇ ਦਿਹੁੰ ਗੁਰੂ ਚਕ ਕੇ ਮਲਹਾਨ ਪਰਗਨਾ ਅਜਨਾਲਾ ਆਏ ਸਾਥ ਗੁਰੂ ਦਵਾਰਕਾ ਦਾਸ ਬੇਟਾ ਗੁਰੂ ਅਰਜਨੀ ਸਾਹਿਬ ਭੱਲਾ ਕਾ ਦੀਵਾਨ ਦਰਘਾ ਮਲ ਬੇਟਾ ਦਵਾਰਕਾ ਦਾਸ ਛਿਬਰ ਕਾ ਮੱਖਣ ਸ਼ਾਹ ਬੇਟਾ ਦਾਸੇ ਕਾ ਪੇਲੀਆ ਬਣਜਾਰਾ ਹੋਰ ਸਿੱਖ ਫ਼ਕੀਰ ਆਏ ਗੁਰੂ ਜੀ ਨੇ ਸਿਰੀ ਦਰਬਾਰ ਆਗੇ ਇਕ ਉੱਚੇ ਚਬੂਤਰੇ ਤੇ ਆਸਨ ਲਾਇਆ ਸਤਿਗੁਰ ਕਾ ਗੁਰੂ ਕੀ ਨਗਰੀ ਆਨਾ ਸੁਣ ਗੁਰੂ ਹਰਿ ਜੀ ਬੇਟਾ ਗੁਰੂ ਮਨੋਹਰ ਜੀ ਕਾ ਪੜਪੋਤਾ ਗੁਰੂ ਪਿਰਥੀ ਚੰਦ ਜੀ ਕਾ ਬੰਸ ਗੁਰੂ ਰਾਮਦਾਸ ਜੀ ਕੀ ਮਹਲ ਚੌਥੇ ਕੀ ਸੰਗਤ ਕੋ ਗੈਲ ਲੈ ਦਰਸ਼ਨ ਪਾਣੇ ਆਏ।”

ਗੁਰੂ ਤੇਗ ਬਹਾਦੁਰ ਜੀ (1664-1675 ਈ .)

ਅੰਮ੍ਰਿਤਸਰ ਕੁਝ ਸਮਾਂ ਠਹਿਰਨ ਉਪਰੰਤ ਗੁਰੂ ਸਾਹਿਬ, ਨੇੜੇ ਦੇ ਪਿੰਡ ਵੇਰਕਾ ਅਤੇ ਵੱਲਾ ਵੀ ਗਏ। ਇੱਥੋਂ ਘੂਕੇ ਵਾਲੀ (ਗੁਰੂ ਕੇ ਬਾਗ) ਪਿੰਡ ਗਏ । ਇੱਥੇ ਗੁਰੂ ਜੀ ਨੇ ਸੰਗਤਾਂ ਦੀ ਸਹੂਲਤ ਲਈ ਇਕ ਖੂਹ ਵੀ ਲਗਵਾਇਆ ਸੀ ਜਿਹੜਾ ਅੱਜ ਵੀ ਕਾਇਮ ਹੈ। ਇਸ ਖੂਹ ਦੀ ਮੌਣ ਦੇ ਅੰਦਰ ਇਕ ਪੱਥਰ ਲੱਗਿਆ ਹੋਇਆ ਹੈ ਜਿਸ ਉੱਪਰ ਲਿਖਿਆ ਹੋਇਆ ਹੈ ਕਿ ਇਸ ਖੂਹ ਦੀ ਟਹਿਲ ਗੁਰੂ ਜੀ ਨੇ ਕਰਵਾਈ ਸੀ। ਘੂਕੇ ਵਾਲੀ ਤੋਂ ਤਰਨ-ਤਾਰਨ ਅਤੇ ਗੋਇੰਦਵਾਲ ਸਾਹਿਬ ਵਿਚੋਂ ਦੀ ਹੁੰਦੇ ਹੋਏ ਗੁਰੂ ਜੀ ਖੇਮਕਰਨ ਅਤੇ ਚੋਲ੍ਹਾ ਸਾਹਿਬ ਗਏ। ਉਪਰੰਤ ਗੁਰੂ ਸਾਹਿਬ ਮਈ, 1665 ਈ. ਵਿਚ ਬਾਬਾ ਬਕਾਲਾ ਹੁੰਦੇ ਹੋਏ ਕੀਰਤਪੁਰ ਸਾਹਿਬ ਪਹੁੰਚ ਗਏ ਸਨ । ਬਾਬਾ ਬਕਾਲਾ ਤੋਂ ਕੀਰਤਪੁਰ ਪਹੁੰਚਦਿਆਂ ਰਸਤੇ ਵਿਚ ਅਨੇਕਾਂ ਥਾਵਾਂ ‘ਤੇ ਗੁਰੂ ਜੀ ਨੇ ਠਹਿਰਾ ਕੀਤਾ ਸੀ । ਇਨ੍ਹਾਂ ਵਿਚ ਇਹ ਅਸਥਾਨ ਹਨ : ਕਰਤਾਰਪੁਰ, ਪਲਾਹੀ ਨਗਰ, ਹਕੀਮਪੁਰ, ਨਵਾਂ ਸ਼ਹਿਰ, ਦੁਰਗਾਪੁਰ ਆਦਿ । ਕੀਰਤਪੁਰ ਸਾਹਿਬ ਪਹੁੰਚਣ ‘ਤੇ ਗੁਰੂ ਸਾਹਿਬ ਨੂੰ ਪਤਾ ਲੱਗਿਆ ਸੀ ਕਿ ਬਿਲਾਸਪੁਰ ਦੇ ਰਾਜਾ ਦੀਪ ਚੰਦ ਦਾ ਦਿਹਾਂਤ ਹੋ ਗਿਆ ਹੈ ਅਤੇ ਉਸ ਦੀ ਸਤਾਰਵੀਂ ਦੀ ਰਸਮ ਪੰਦਰਾਂ ਜੇਠ, ਸੰਮਤ 1722 ਬਿ. ਮੁਤਾਬਕ 13 ਮਈ, 1665 ਨੂੰ ਹੋਣੀ ਹੈ। ਇੱਥੇ ਹੀ ਬਿਲਾਸਪੁਰ ਦੀ ਵਿਧਵਾ ਰਾਣੀ ਦਾ ਰਾਜੇ ਦੀ ਸਤਾਰਵੀਂ ਰਸਮ ‘ਤੇ ਪਹੁੰਚਣ ਦਾ ਸੱਦਾ ਪਰਾਪਤ ਹੋਇਆ । ਫਲਸਰੂਪ ਗੁਰੂ ਸਾਹਿਬ ਆਪਣੇ ਸਾਰੇ ਪਰਿਵਾਰ ਸਮੇਤ ਬਿਲਾਸਪੁਰ ਪਹੁੰਚ ਗਏ । ਭੱਟ ਵਹੀ ਪੂਰਬੀ ਦੱਖਣੀ ਖਾਤਾ ਜਲਹਾਨਾ ਅਨੁਸਾਰ ਗੁਰੂ ਜੀ ਨਾਲ ਬਿਲਾਸਪੁਰ ਪਹੁੰਚਣ ਵਾਲੇ ਹੋਰ ਮੁਖੀ ਮੈਂਬਰ ਇਹ ਸਨ: ਮਾਤਾ ਨਾਨਕੀ ਜੀ, ਮਾਤਾ ਹਰਿ ਜੀ ਸੁਪਤਨੀ ਬਾਬਾ ਸੂਰਜ ਮੱਲ ਜੀ, ਮਾਤਾ ਸੁੱਲਖਣੀ ਜੀ ਸੁਪਤਨੀ ਸਵਰਗੀ ਗੁਰੂ ਹਰਿ ਰਾਇ ਜੀ ਦੀ, ਦੀਪ ਚੰਦ ਅਤੇ ਨੰਦ ਚੰਦ ਪੁੱਤਰ ਬਾਬਾ ਸੂਰਜ ਮੱਲ, ਦੀਵਾਨ ਦਵਾਰਕਾ ਦਾਸ ਛਿੱਬਰ ਦਾ ਪੁੱਤਰ ਦੀਵਾਨ ਦਰਘਾ ਮੱਲ; ਮਾਈ ਦਾਸ ਜਲਹਾਨੇ ਦੇ ਪੁੱਤਰ ਜੇਠਾ ਅਤੇ ਦਿਆਲ ਦਾਸ, ਪਦਮਾ ਰਾਏ ਦਾ ਪੁੱਤਰ ਦੁਰਗਾ ਦਾਸ; ਮੂਲੇ ਜਹਾਨੇ ਦਾ ਪੁੱਤਰ ਦਰੀਆ ਆਦਿ। ਇਨ੍ਹਾਂ ਤੋਂ ਇਲਾਵਾ ਇਸ ਵਹੀਰ ਨਾਲ ਕੁਝ ਹੋਰ ਸਿੱਖ ਸੰਤ ਵੀ ਸਨ।

ਗੁਰੂ ਤੇਗ ਬਹਾਦੁਰ ਜੀ (1664-1675 ਈ .)

ਬਿਲਾਸਪੁਰ ਦੀ ਵਿਧਵਾ ਰਾਣੀ ਚੰਪਾ ਨੂੰ ਇਸ ਗੱਲ ਦਾ ਪਤਾ ਸੀ ਕਿ ਗੁਰੂ ਤੇਗ ਬਹਾਦੁਰ ਜੀ ਕੀਰਤਪੁਰ ਸਾਹਿਬ ਨੂੰ ਛੱਡ ਕੇ ਕਿਸੇ ਹੋਰ ਥਾਂ ਸਿੱਖ ਕੇਂਦਰ ਸਥਾਪਤ ਕਰਨਾ ਚਾਹੁੰਦੇ ਹਨ। ਉਹ ਚਾਹੁੰਦੀ ਸੀ ਕਿ ਗੁਰੂ ਸਾਹਿਬ ਦਾ ਮੁੱਖ ਕੇਂਦਰ ਉਸ ਦੀ ਰਿਆਸਤ ਵਿਚ ਹੀ ਰਹੇ ਕਿਉਂਕਿ ਇਸ ਦਾ ਉਨ੍ਹਾਂ ਨੂੰ ਕਈ ਪੱਖੋਂ ਫਾਇਦਾ ਹੁੰਦਾ ਸੀ । ਇਸ ਲਈ ਉਸ ਨੇ ਗੁਰੂ ਜੀ ਦੀ ਮਾਤਾ ਨਾਨਕੀ ਜੀ ਅੱਗੇ ਆਪਣੀ ਇਹ ਰਾਇ ਰੱਖੀ ਕਿ ਜੇਕਰ ਗੁਰੂ ਜੀ ਕੀਰਤਪੁਰ ਸਾਹਿਬ ਵਿਖੇ ਨਹੀਂ ਰਹਿਣਾ ਚਾਹੁੰਦੇ ਤਾਂ ਉਹ ਨੇੜੇ ਹੀ ਉਸ ਦੀ ਰਿਆਸਤ ਵਿਚ ਜਿੱਥੇ ਵੀ ਥਾਂ ਦੀ ਚੋਣ ਕਰਨ ਉੱਥੇ ਰਹਿ ਸਕਦੇ ਹਨ। ਉਹ ਥਾਂ ਗੁਰੂ ਜੀ ਨੂੰ ਦੇ ਦਿੱਤੀ ਜਾਵੇਗੀ। ਸਿੱਟੇ ਵੱਜੋਂ ਗੁਰੂ ਜੀ ਦੇ ਮੁਖੀ ਸਿੱਖਾਂ ਨੇ ਵਰਤਮਾਨ ਆਨੰਦਪੁਰ ਸਾਹਿਬ ਵਾਲੀ ਥਾਂ ਦੀ ਚੋਣ ਕੀਤੀ ਜਿਸ ਨੂੰ ਉਸ ਵੇਲੇ ਲੋਦੀਪੁਰ, ਮੀਆਂ ਪੂਰ ਅਤੇ ਸਹੋਟੇ ਪਿੰਡਾਂ ਦੀ ਸਾਂਝੀ ਜੂਹ ਦੇ ਤੌਰ ‘ਤੇ ਮਾਖੋਵਾਲ ਦਾ ਥੇਹ ਕਿਹਾ ਜਾਂਦਾ ਸੀ। ਇਸ ਥਾਂ ਦਾ ਯੋਗ ਮੁੱਲ ਦਿੱਤਾ ਗਿਆ ਅਤੇ 21 ਹਾੜ, ਸੰਮਤ 1722 ਬਿ. ਮੁਤਾਬਕ 19 ਜੂਨ, 1665 ਈ. ਨੂੰ ਬਾਬਾ ਬੁੱਢਾ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਰੰਧਾਵਾ ਵੱਲੋਂ ਨਵੇਂ ਨਗਰ ਦੀ ਮੋੜੀ ਗੱਡੀ ਗਈ । ਇਸ ਦਾ ਨਾਂ ਗੁਰੂ ਜੀ ਦੀ ਮਾਤਾ, ਨਾਨਕੀ ਜੀ ਦੇ ਨਾਂ ‘ਤੇ ਚੱਕ-ਨਾਨਕੀ ਰੱਖਿਆ ਗਿਆ ।

ਪੂਰਬੀ ਭਾਰਤ ਦੇ ਅਸਥਾਨਾਂ ਦੇ ਦੌਰੇ :

ਗੁਰੂ ਤੇਗ ਬਹਾਦੁਰ ਜੀ ਵੱਲੋਂ ਨਵੇਂ ਨਗਰ ਚੱਕ-ਨਾਨਕੀ ਦੀ ਉਸਾਰੀ ਦੀ ਨੀਂਹ ਰਖਵਾਏ ਜਾਣ ਨੂੰ ਅਜੇ ਕੋਈ ਬਹੁਤਾ ਸਮਾਂ ਨਹੀਂ ਸੀ ਹੋਇਆ ਕਿ ਉਹ ਪੂਰਬੀ ਭਾਰਤ ਦੇ ਅਸਥਾਨਾਂ ਦੇ ਦੌਰਿਆਂ ਨੂੰ ਚਲ ਪਏ ਸਨ । ਜਿਵੇਂ ਕਿ ਪਿੱਛੇ ਲਿਖਿਆ ਜਾ ਚੁੱਕਿਆ ਹੈ ਕਿ ਚੱਕ-ਨਾਨਕੀ ਦੀ ਨੀਂਹ 19 ਜੂਨ, 1665 ਈ. (21 ਹਾੜ, ਸੰਮਤ 1722) ਨੂੰ ਰੱਖੀ ਗਈ ਸੀ ਅਤੇ ਗੁਰੂ ਜੀ 1665 ਈ. ਦੇ ਅਕਤੂਬਰ ਜਾਂ ਨਵੰਬਰ ਦੇ ਸ਼ੁਰੂ ਵਿਚ ਚੱਕ-ਨਾਨਕੀ ਤੋਂ ਚੱਲ ਪਏ ਸਨ ਕਿਉਂਕਿ ਭੱਟ ਵਹੀਆਂ ਅਨੁਸਾਰ ਗੁਰੂ ਜੀ ਇਸ ਸਾਲ ਦੀ ਦਿਵਾਲੀ ਨੂੰ ਬਾਂਗਰ (ਹਰਿਆਣੇ) ਦੇ ਪਰਸਿੱਧ ਅਸਥਾਨ ਧਮਧਾਨ ਵਿਖੇ ਸਨ । ਚੱਕ-ਨਾਨਕੀ ਤੋਂ ਇਤਨੀ ਛੇਤੀ ਚਲੇ ਜਾਣਾ, ਇਸ ਦੇ ਕੁਝ ਇਕ ਕਾਰਣ ਸਨ । ਸਭ ਤੋਂ ਵੱਡਾ ਕਾਰਣ ਤਾਂ ਇਹ ਸੀ ਕਿ ਗੁਰੂ ਜੀ ਦਾ ਪਰਿਵਾਰ ਪਟਣਾ ਸਾਹਿਬ (ਬਿਹਾਰ) ਵਿਖੇ ਸੀ ਅਤੇ ਗੁਰੂ ਸਾਹਿਬ ਥੋੜੇ ਸਮੇਂ ਵਾਸਤੇ, ਗੁਰੂ ਹਰਿ ਰਾਇ ਜੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਵਿਚ ਆਏ ਸਨ ਪਰ ਪਿੱਛੋਂ ਗੁਰੂ ਹਰਿ ਕਰਿਸ਼ਨ ਜੀ ਦੇ ਅਚਾਨਕ ਜੋਤੀ-ਜੋਤ ਸਮਾ ਜਾਣ ਕਾਰਣ ਗੁਰੂ ਤੇਗ ਬਹਾਦੁਰ ਜੀ ਵੱਲੋਂ ਗੁਰਗੱਦੀ ਧਾਰਨ ਕਰ ਲੈਣ ਨਾਲ ਅਤੇ ਗੁਰਗੱਦੀ ਧਾਰਨ ਕਰਨ ਸਮੇਂ ਹੋਏ ਝਗੜਿਆਂ ਕਾਰਣ ਗੁਰੂ ਜੀ ਦੀ ਪੰਜਾਬ ਵਿਚ ਮੌਜੂਦਗੀ ਲੰਮੀ ਹੋ ਗਈ ਸੀ। ਜਿਉਂ ਹੀ ਇਧਰ ਗੁਰੂ ਜੀ ਸਭ ਕੰਮਾਂ ਤੋਂ ਵਿਹਲੇ ਹੋਏ ਤਾਂ ਉਨ੍ਹਾਂ ਨੇ ਪਟਣਾ ਸਾਹਿਬ ਤੋਂ ਆਪਣਾ ਪਰਿਵਾਰ ਲਿਆਉਣ ਦੀ ਗੱਲ ਸੋਚੀ ਅਤੇ 1665 ਦੇ ਨਵੰਬਰ ਮਹੀਨੇ ਦੇ ਸ਼ੁਰੂ ਵਿਚ ਉਹ ਚੱਕ-ਨਾਨਕੀ ਤੋਂ ਚਲ ਪਏ ਸਨ ਅਤੇ ਧਮਧਾਨ ਸਾਹਿਬ ਪਹੁੰਚ ਗਏ ਸਨ । ‘ 8 ਨਵੰਬਰ 1665 ਈ. ਦੀ ਦੀਵਾਲੀ ਨੂੰ ਗੁਰੂ ਸਾਹਿਬ ਧਮਧਾਨ ਪਹੁੰਚ ਗਏ ਸਨ ਅਤੇ ਉੱਥੇ ਹੀ ਦੀਵਾਲੀ ਦਾ ਤਿਉਹਾਰ ਮਨਾਇਆ ਸੀ। ਦੀਵਾਲੀ ਤੋਂ ਕੁਝ ਦਿਨਾਂ ਪਿੱਛੋ ਗੁਰੂ ਸਾਹਿਬ ਦੀ ਗਰਿਫ਼ਤਾਰੀ ਹੋ ਜਾਂਦੀ ਹੈ। ਹੋ ਸਕਦਾ ਹੈ ਕਿ ਗੁਰੂ ਜੀ ਦੀ ਮਹਾਨ ਸ਼ਖ਼ਸੀਅਤ ਅਤੇ ਉਨ੍ਹਾਂ ਦੇ ਦੌਰਿਆਂ ਤੋਂ ਸਰਕਾਰ ਘਬਰਾ ਗਈ ਹੋਵੇ ਅਤੇ ਗੁਰੂ ਜੀ ਦੀ ਗਰਿਫ਼ਤਾਰੀ ਦੇ ਹੁਕਮ ਕੱਢ ਦਿੱਤੇ ਹੋਣ। ਆਲਮ ਖ਼ਾਨ ਰੁਹੇਲਾ ਨੇ ਆਪਣੀ ਸੈਨਿਕ ਟੁਕੜੀ ਨਾਲ, ਸਿੱਖ ਸੰਗਤਾਂ ਦੇ ਵਿਸ਼ਾਲ ਇਕੱਠ ਵਿਚੋਂ ਗੁਰੂ ਜੀ ਨੂੰ ਧਮਧਾਨ ਸਾਹਿਬ ਤੋਂ ਗਰਿਫ਼ਤਾਰ ਕਰ ਕੇ ਦਿੱਲੀ ਭੇਜ ਦਿੱਤਾ ਸੀ । ਬਾਦਸ਼ਾਹ ਬੁਰੰਜੀ ਅਨੁਸਾਰ ਇਸ ਇਕੱਠ ਵਿਚ 30 ਹਜਾਰ ਸਿੱਖ ਸ਼ਾਮਲ ਸਨ । 2 ‘ਭੱਟ ਵਹੀ ਜਾਦੂਬੰਸੀਆਂ ਖਾਤਾ ਬੜ੍ਹਤੀਆਂ ਅਨੁਸਾਰ :

“ਗੁਰੂ ਤੇਗ ਬਹਾਦੁਰ ਜੀ ਮਹਿਲ ਨਾਮਾ-ਨਗਰ ਧਮਧਾਨ ਪਰਗਨਾ ਬਾਂਗਰ ਸੇ ਆਲਮ ਖ਼ਾਨ ਰੋਹੇਲਾ ਸ਼ਾਹੀ ਹੁਕਮ ਗੈਲ ਦਿੱਲੀ ਸੇ ਲੇਕਰ ਆਯਾ ਸਾਲ ਸਤਰੈ ਸੈ ਬਾਈਸ ਕਾਰਤਿਕ ਮਾਸੇ ਸ਼ੁਕਲਾ ਪਖੇ ਸੁਦੀ ਗਿਆਰਾਂ ਦਿਹੁੰ ਸਾਥ ਸਤੀਦਾਸ ਮਤੀ ਦਾਸ ਬੇਟੇ ਹੀਰਾ ਮਲ ਛਿਬਰ ਕੇ ਗਵਾਲਦਾਸ ਬੇਟਾ ਛੋਟੇ ਮਲ ਛਿੱਬਰ ਕਾ ਗੁਰਦਾਸ ਬੇਟਾ ਕੀਰਤ ਬੜਤੀਆ ਕਾ ਸੰਗਤ ਬੇਟਾ ਬਿਨੇ ਉਪਲ ਕਾ ਜੇਠਾ ਦਿਆਲ ਦਾਸ ਬੇਟੇ ਮਤੀ ਦਾਸ ਦੇ ਜਲਹਾਨਾ ਬਲੋਤ ਹੋਰ ਸਿੱਖ ਫ਼ਕੀਰ ਫੜੇ ਆਏ।”

ਗੁਰੂ ਜੀ ਨੂੰ ਗਰਿਫ਼ਤਾਰ ਕਰਕੇ ਬਾਦਸ਼ਾਹ ਔਰੰਗਜ਼ੇਬ ਦੇ ਸਾਹਮਣੇ ਪੇਸ਼ ਕੀਤਾ ਗਿਆ, ਹੋ ਸਕਦਾ ਹੈ ਕਿ ਬਾਦਸ਼ਾਹ ਅਤੇ ਗੁਰੂ ਜੀ ਦੇ ਆਪਸੀ ਪੁੱਛ-ਗਿਛ ਵਾਲੇ ਸਵਾਲ ਜਵਾਬ ਹੋਏ ਹੋਣ ਪਰ ਔਰੰਗਜ਼ੇਬ ਨੇ ਗੁਰੂ ਜੀ ਨੂੰ ਜੈਪੁਰ ਦੇ ਰਾਜਾ ਮਿਰਜਾ ਰਾਜਾ ਜੈ ਸਿੰਘ ਦੇ ਬੇਟੇ ਕੰਵਰ ਰਾਮ ਸਿੰਘ ਕਛਬਾਹਾ ਦੀ ਹਿਰਾਸਤ ਵਿਚ ਭੇਜ ਦਿੱਤਾ । ਗੁਰੂ ਜੀ ਰਾਜਾ ਰਾਮ ਸਿੰਘ ਦੀ ਹਿਰਾਸਤ ਵਿਚ ਦੋ ਮਹੀਨੇ ਤਿੰਨ ਦਿਨ ਰਹੇ ਅਤੇ ਉਸੇ ਸਾਲ ਦੀ ਪੋਹ ਮਹੀਨੇ ਦੀ ਏਕਮ ਨੂੰ ਰਿਹਾਅ ਕਰ ਦਿੱਤੇ ਗਏ ਸਨ। ਭੱਟ ਵਹੀ ਜਾਦੂ ਬੰਸੀਆਂ ਖਾਤਾ ਬੜਤੀਆਂ ਦੀ ਇਸ ਬਾਰੇ ਟੂਕ ਇਸ ਤਰ੍ਹਾਂ ਹੈ :

“ਗੁਰੂ ਤੇਗ ਬਹਾਦੁਰ ਜੀ ਮਹਲ ਨਾਮਾ….., ਕੋ ਬਾਦਸ਼ਾਹ ਔਰੰਗਜੇਬ ਨੇ ਕੰਵਰ ਰਾਮ ਸਿੰਘ ਕੱਛਬਾਹਾ ਬੇਟਾ ਰਾਜਾ ਜੈ ਸਿੰਘ ਮਿਰਜਾ ਕੀ ਮਿਸਲ ਮੇਂ ਨਜ਼ਰਬੰਦ ਕੀਯਾ ਜਾਨੇ ਕਾ ਹੁਕਮ ਦੀਯਾ ਦੋ ਮਾਸੀ ਤੀਨ ਦਿਹੁ ਗੁਰੂ ਜੀ ਬੰਦ ਰਹੇ,,,,….ਸੰਮਤ ਸਤਰੈ ਸੈ ਬਾਈਸ ਕ੍ਰਿਸ਼ਣ ਪਖੇ ਪੋਖ ਮਾਸ ਕੀ ਏਕਮ ਕੋ ਬੰਧਨ ਮੁਕਤ ਹੂਏ।”

ਪਟਣਾ ਸਾਹਿਬ ਨੂੰ ਜਾਂਦਿਆਂ ਇਸ ਅਚਾਨਕ ਹੋਈ ਗਰਿਫ਼ਤਾਰੀ ਨੇ ਗੁਰੂ ਜੀ ਦੇ ਸਾਰੇ ਕਾਰਜਕਰਮ ਨੂੰ ਹੀ ਬਦਲ ਸੁੱਟਿਆ ਸੀ । ਗੁਰੂ ਜੀ ਨੂੰ ਰਾਜਾ ਰਾਮ ਸਿੰਘ ਨੇ ਕਿਉਂਕਿ ਪਿੱਛੇ ਦੱਸੇ ਮੁਤਾਬਕ ਦੋ ਮਹੀਨਿਆਂ ਅਤੇ ਕੁਝ ਦਿਨਾਂ ਬਾਅਦ ਰਿਹਾਅ ਕਰ ਦਿੱਤਾ ਸੀ। ਇਸ ਗੱਲ ਦਾ ਪਤਾ ਜਦੋਂ ਬਾਦਸ਼ਾਹ ਔਰੰਗਜ਼ੇਬ ਨੂੰ ਲੱਗਿਆ ਤਾਂ ਉਹ ਰਾਜਾ ਰਾਮ ਸਿੰਘ ‘ਤੇ ਬਹੁਤ ਗੁੱਸੇ ਹੋਇਆ ਸੀ। ਇਸੇ ਹੀ ਸਮੇਂ ਉਸ ਦੀ ਹਿਰਾਸਤ ਵਿਚੋਂ ਆਗਰੇ ਤੋਂ ਸ਼ਿਵਾ ਜੀ ਵੀ ਨੱਸ ਗਿਆ ਸੀ। ਇਸ ਗੱਲ ਨੇ ਉਸ ਦੇ ਸਾਰੇ ਵਿਸ਼ਵਾਸ ਨੂੰ ਖਤਮ ਕਰ ਦਿੱਤਾ ਸੀ । ਔਰੰਗਜ਼ੇਬ ਦਾ ਗੁੱਸਾ ਗੁੱਝਾ-ਛੁਪਾ ਨਹੀਂ ਸੀ । ਅਸਲ ਵਿਚ ਰਾਜਾ ਰਾਮ ਸਿੰਘ ਨੂੰ ਆਸਾਮ ਦੀ ਮੁਹਿੰਮ ‘ਤੇ ਭੇਜਣਾ ਇਸ ਗੁੱਸੇ ਦਾ ਸਿੱਟਾ ਹੀ ਸੀ । ਹੋ ਸਕਦਾ ਹੈ ਕਿ ਰਾਜਾ ਰਾਮ ਸਿੰਘ ਨੇ ਸਾਰੇ ਹਾਲਾਤ ਤੋਂ ਮਜ਼ਬੂਰ ਹੋ ਕੇ ਗੁਰੂ ਸਾਹਿਬ ਨੂੰ ਫਿਰ ਤੋਂ ਆਪਣੀ ਹਿਰਾਸਤ ਵਿਚ ਲੈ ਲਿਆ ਹੋਵੇ ਜਾਂ ਉਹ ਆਪਣੇ ਤੌਰ ‘ਤੇ ਆਪਣੀ ਮਾਨਸਿਕ ਤਸੱਲੀ ਲਈ ਗੁਰੂ ਜੀ ਨੂੰ ਨਾਲ ਲੈ ਗਿਆ ਹੋਵੇ । ਇੱਥੇ ਇਹ ਦੋਵੇਂ ਗੱਲਾਂ ਹੀ ਨਿਸ਼ਚਤ ਨਹੀਂ ਹਨ । ਪਰ ਇਕ ਗੱਲ ਨਿਸ਼ਚਤ ਹੈ ਕਿ ਜਦੋਂ ਰਾਜਾ ਰਾਮ ਸਿੰਘ ਆਸਾਮ ਦੀ ਮੁਹਿੰਮ ‘ਤੇ ਜਾ ਰਿਹਾ ਸੀ ਤਾਂ ਗੁਰੂ ਜੀ ਉਸ ਦੇ ਨਾਲ ਸਨ ਅਤੇ ਆਸਾਮ ਦੀ ਮੁਹਿੰਮ ਤੱਕ ਗੁਰੂ ਜੀ ਉਸ ਦੇ ਨਾਲ ਹੀ ਰਹੇ ਸਨ । ਗੁਰੂ ਜੀ ਦਾ ਇਕ ਹੁਕਮਨਾਮਾ ਇਸ ਗੱਲ ਦੀ ਬਹੁਤ ਤਕੜੀ ਗਵਾਹੀ ਦਿੰਦਾ ਹੈ :

“ਅਸੀਂ ਪਰੈ ਰਾਜਾ ਜੀ ਕੇ ਸਾਥ ਗਏ ਹਾਂ। ਕਬੀਲਾ ਹਮੋ ਪਟਣੇ ਮੈਂ ਛੋਡਾ ਹੈ । ਕੋਈ ਅਵਲ ਹਵੇਲੀ ਹੋਵੇ ਬਡੀ ਹੋਵੇ ਤਿਸ ਮੋ ਕਬੀਲੇ ਹਮਾਰੇ ਰਖਣੈ। ਸੰਗਤਿ ਕੇ ਗੁਰੂ ਰੁਜਗਾਰ ਮੋ ਬਰਕਤਿ ਕਰੈਗਾ। ਸੇਵਾ ਕੀ ਵੇਲਾ ਹੈ।”

ਭਾਵੇਂ ਗੁਰੂ ਜੀ ਰਾਜਾ ਰਾਮ ਸਿੰਘ ਦੀ ਹਿਰਾਸਤ ਵਿਚ ਸਨ ਪਰ ਧਾਰਮਿਕ ਤੌਰ ‘ਤੇ ਰਾਜਾ ਰਾਮ ਸਿੰਘ ਗੁਰੂ ਜੀ ਤੋਂ ਬਹੁਤ ਪਰਭਾਵਤ ਸੀ। ਰਾਜਪੂਤ ਰਾਜਿਆਂ ਵਿਚ ਆਮ ਕਰਕੇ ਅਤੇ ਜੈਪੁਰ ਦੇ ਰਾਜ ਘਰਾਣੇ ਵਿਚ ਖਾਸ ਕਰ ਕੇ ਸਿੱਖ ਗੁਰੂ ਸਾਹਿਬਾਨ ਦਾ ਬਹੁਤ ਸਤਿਕਾਰ ਸੀ । ਇਸ ਕਰਕੇ ਰਾਜਾ ਰਾਮ ਸਿੰਘ ਗੁਰੂ ਜੀ ਨੂੰ ਆਪਣੇ ਗੁਰੂ ਦੇ ਤੌਰ ‘ਤੇ ਹੀ ਦੇਖਦਾ ਸੀ । ਇਉਂ ਰਾਜਾ ਰਾਮ ਸਿੰਘ ਦੀ ਹਿਰਾਸਤ ਵਿਚ ਹੋਣ ਦੇ ਬਾਵਜੂਦ ਵੀ ਗੁਰੂ ਜੀ ਸੁਤੰਤਰ ਵਿਅਕਤੀ ਵਾਂਗ ਵਿਚਰਦੇ ਸਨ । ਇਸ ਸਮੇਂ ਦੇ ਗੁਰੂ ਜੀ ਦੇ ਕੁਝ ਹੁਕਮਨਾਮੇ ਇਸ ਤਰ੍ਹਾਂ ਦੀ ਜਾਣਕਾਰੀ ਦਿੰਦੇ ਹਨ। ਜਿਵੇਂ ਕਿ “ਕੂਚ ਕੀਏ ਹਮ ਕੋ ਚਾਰ ਦਿਨ ਹੋਏ ਹਹਿ। ਰਾਜੇ ਜੀ ਕੇ ਕੂਚ ਕੀਏ ਸਾਤ ਰੋਜ ਹੂਏ ਹੈ,…ਰਾਤ ਰਾਤ ਕਰ ਕੇ ਸ਼ਤਾਬੀ ਹਮਾਰੇ ਪਾਸ ਆਇ ਪਹੁੰਚਣਾ ਢੀਲ ਪਾਉ ਘੜੀ ਕੀ ਨਾਹੀਂ ਕਰਨੀ।”14 ਆਸਾਮ ਦੀ ਲੜਾਈ ਵਿਚ ਵੀ ਗੁਰੂ ਜੀ ਦੀ ਹਾਜ਼ਰੀ ਦਾ ਰਾਜਾ ਰਾਮ ਸਿੰਘ ਨੂੰ ਬਹੁਤ ਫ਼ਾਇਦਾ ਹੋਇਆ ਸੀ। ਆਸਾਮ ਫਤਿਹ ਹੋਇਆ। ਇਸ ਨਾਲ ਰਾਜਾ ਸਾਹਿਬ ਦਾ ਮਨੋਬਲ ਵੀ ਉੱਚਾ ਹੋਇਆ ਅਤੇ ਬਾਦਸ਼ਾਹ ਦੀਆਂ ਨਿਗਾਹਾਂ ਵਿਚ ਵੀ ਉਸ ਦਾ ਵਿਸ਼ਵਾਸ ਕਾਇਮ ਹੋ ਗਿਆ ਸੀ । ਆਸਾਮ ਤੋਂ ਵਾਪਸੀ ਸਮੇਂ ਗੁਰੂ ਸਾਹਿਬ ਰਾਜੇ ਨਾਲੋਂ ਅਲੱਗ ਹੋ ਕੇ ਪਟਣਾ ਸਾਹਿਬ ਪਹੁੰਚੇ ਅਤੇ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਦਿੱਲੀ 20 ਜੂਨ, 1670 ਈ. ਨੂੰ ਪਹੁੰਚ ਗਏ । ਗੁਰੂ ਸਾਹਿਬ ਦਿੱਲੀ ਰਾਜਾ ਰਾਮ ਸਿੰਘ ਤੋਂ ਪਹਿਲਾਂ ਪਹੁੰਚ ਗਏ ਸਨ । ਲੇਕਿਨ ਉਨ੍ਹਾਂ ਦੀ ਯੋਜਨਾ ਰਾਜਾ ਸਾਹਿਬ ਨੂੰ ਮਿਲਣ ਦੀ ਸੀ । ਉਨ੍ਹਾਂ ਨੇ ਆਪਣਾ ਪਰਿਵਾਰ ਸਮੇਤ ਬਾਲ ਗੋਬਿੰਦ ਦੇ ਲਖਨੌਰ ਸਾਹਿਬ ਭੇਜ ਦਿੱਤਾ ਸੀ । ਪਰਿਵਾਰ ਨੂੰ ਤਾਕੀਦ ਕੀਤੀ ਗਈ ਸੀ ਕਿ ਉਹ ਗੁਰੂ ਸਾਹਿਬ ਦੇ ਆਉਣ ਤੱਕ ਲਖਨੌਰ ਸਾਹਿਬ ਵਿਖੇ ਹੀ ਰਹੇ। ਗੁਰੂ ਸਾਹਿਬ ਖ਼ੁਦ ਰਾਜਾ ਰਾਮ ਸਿੰਘ ਦੀ ਮਾਤਾ ਕੋਲ ਉਸ ਦੀ ਹਵੇਲੀ ਵਿਚ ਹੀ ਰਹੇ ਅਤੇ ਸਾਰੇ ਪਰਿਵਾਰ ਨੂੰ ਧੀਰਜ ਦਿੱਤਾ ਕਿ ਰਾਜਾ ਰਾਮ ਸਿੰਘ ਬਿਲਕੁੱਲ ਸਹੀ ਸਲਾਮਤ ਫਤਿਹ ਪਰਾਪਤ ਕਰ ਕੇ ਵਾਪਸ ਆ ਰਿਹਾ ਹੈ। ਰਾਜਾ ਰਾਮ ਸਿੰਘ ਦੇ ਦਿੱਲੀ ਪਹੁੰਚਣ ਉਪਰੰਤ ਗੁਰੂ ਸਾਹਿਬ ਦਿੱਲੀ ਤੋਂ ਲਖਨੌਰ (ਅੰਬਾਲਾ) ਵਿਖੇ ਆਪਣੇ ਪਰਿਵਾਰ ਕੋਲ ਪਹੁੰਚ ਗਏ । ਇੱਥੇ ਕੁਝ ਸਮਾਂ ਠਹਿਰਣ ਉਪਰੰਤ ਗੁਰੂ ਸਾਹਿਬ ਅਤੇ ਉਨ੍ਹਾਂ ਦਾ ਪਰਿਵਾਰ ਮਾਲਵੇ ਦੇ ਮੱਲਾ (ਫਰੀਦਕੋਟ) ਪਿੰਡ ਵਿਚੋਂ ਦੀ ਹੁੰਦੇ ਹੋਏ ਬਾਬਾ ਬਕਾਲਾ ਪਹੁੰਚ ਗਏ । ਬਾਬਾ ਬਕਾਲਾ ਕੁਝ ਸਮਾਂ ਰਹੇ। ਇੱਥੋਂ ਸਾਰਾ ਗੁਰੂ ਪਰਿਵਾਰ ਚੱਕ-ਨਾਨਕੀ ਨੂੰ ਰਵਾਨਾ ਹੋਇਆ ਅਤੇ 1672 ਈ. ਦੀ ਵਿਸਾਖੀ ਗੁਰੂ ਸਾਹਿਬ ਨੇ ਚੱਕ-ਨਾਨਕੀ ਪਹੁੰਚ ਕੇ ਮਨਾਈ । ਇਸ ਤਰ੍ਹਾਂ ਗੁਰੂ ਤੇਗ ਬਹਾਦੁਰ ਜੀ ਨਵੰਬਰ, 1665 ਈ. ਵਿਚ ਚੱਕ-ਨਾਨਕੀ ਤੋਂ ਚੱਲਣ ਉਪਰੰਤ ਮਾਰਚ, 1672 ਈ. ਵਿਚ ਮੁੜ ਕੇ ਵਾਪਸ ਆਏ । ਇਸ ਤਰ੍ਹਾਂ ਇਹ ਅਰਸਾ ਕੁਲ ਛੇ ਸਾਲ ਪੰਜ ਮਹੀਨਿਆਂ ਦਾ ਬਣਦਾ ਹੈ।

ਗੁਰੂ ਤੇਗ ਬਹਾਦੁਰ ਜੀ (1664-1675 ਈ .)

 

ਮਾਲਵਾ ਅਤੇ ਬਾਂਗਰ ਖੇਤਰਾਂ ਦਾ ਦੌਰਾ:

ਗੁਰੂ ਤੇਗ ਬਹਾਦੁਰ ਜੀ ਬੜੇ ਲੰਮੇ ਅਰਸੇ ਬਾਅਦ ਪੂਰਬ ਦੇ ਅਸਥਾਨਾਂ ਵੱਲੋਂ ਮੁੜ ਕੇ ਚੱਕ-ਨਾਨਕੀ (ਆਨੰਦਪੁਰ ਸਾਹਿਬ) ਵਿਖੇ ਆਏ ਸਨ । ਇਸ ਸਮੇਂ ਤੱਕ ਇਹ ਨਗਰੀ ਪੂਰੀ ਤਰ੍ਹਾਂ ਵੱਸ ਚੁੱਕੀ ਸੀ ਅਤੇ ਗੁਰੂ ਪਰਿਵਾਰ ਲਈ ਲੋੜੀਂਦੀਆਂ ਇਮਾਰਤਾਂ ਬਣ ਚੁੱਕੀਆਂ ਸਨ । ਸੰਨ 1673 ਈ. ਵਿਚ ਮਈ ਦੇ ਮਹੀਨੇ ਬਾਲ ਗੋਬਿੰਦ ਜੀ ਦੀ ਸ਼ਾਦੀ ਚੱਕ-ਨਾਨਕੀ ਤੋਂ ਥੋੜ੍ਹੀ ਹੀ ਦੂਰ ਗੁਰੂ ਕਾ ਲਾਹੌਰ ਵਿਖੇ, ਬੀਬੀ ਜੀਤੋ ਜੀ ਨਾਲ ਕਰ ਦਿੱਤੀ ਗਈ ਸੀ। ਇਸ ਕੰਮ ਤੋਂ ਉਪਰੰਤ ਗੁਰੂ ਜੀ ਨੇ ਪੰਜਾਬ ਦੇ ਮਾਲਵਾ ਅਤੇ ਬਾਂਗਰ ਦੇਸ਼ ਦਾ ਦੌਰਾ ਕੀਤਾ। ਇਹ ਦੌਰਾ 1673 ਈ. ਦੀ ਵਰਖਾ ਰੁੱਤ ਤੋਂ ਪਿੱਛੋਂ ਹੀ ਸ਼ੁਰੂ ਹੋ ਸਕਦਾ ਸੀ ਕਿਉਂਕਿ ਸਾਲ ਦੇ ਚਾਰ ਮਹੀਨੇ ਜੇਠ, ਹਾੜ, ਸਾਉਣ, ਭਾਦੋਂ (ਅੱਧੀ ਮਈ ਤੋਂ ਅੱਧੇ ਸਤੰਬਰ ਤੱਕ) ਗਰਮੀ ਦੀ ਰੁੱਤ ਅਤੇ ਵਰਖਾ ਵਾਲੇ ਹੁੰਦੇ ਹਨ । ਇਸ ਲਈ ਪਰਚਾਰਕ ਲੋਕ ਜਾਂ ਸੰਤ ਲੋਕ ਇਸ ਨੂੰ ਲੰਘਾ ਕੇ ਹੀ ਆਪਣੀਆਂ ਯਾਤਰਾਵਾਂ ਸ਼ੁਰੂ ਕਰਦੇ ਹਨ। ਪੰਜਾਬੀ ਬੋਲੀ ਵਿਚ ਇਨ੍ਹਾਂ ਚਾਰ ਮਹੀਨਿਆਂ ਨੂੰ ਚੁਮਾਸਾ ਕਿਹਾ ਜਾਂਦਾ ਹੈ । ਇਸ ਲਈ ਸੰਭਵ ਹੈ ਕਿ 1673 ਈ. ਦੀ ਵਰਖਾ ਰੁੱਤ ਤੋਂ ਪਿੱਛੋਂ, ਜਦੋਂ ਕਿ ਗਰਮੀ ਅਤੇ ਵਰਖਾ ਰੁੱਤ ਦੇ ਚਾਰ ਮਹੀਨੇ ਲੰਘ ਗਏ ਸਨ, ਗੁਰੂ ਜੀ ਨੇ ਮਾਲਵਾ ਅਤੇ ਬਾਂਗਰ ਦੇਸ਼ ਦਾ ਦੌਰਾ ਸ਼ੁਰੂ ਕੀਤਾ।

ਮਾਲਵਾ ਮੁੱਢ ਤੋਂ ਹੀ ਸਿੱਖ ਧਰਮ ਦਾ ਗੜ੍ਹ ਰਿਹਾ ਹੈ। ਗੁਰੂ ਤੇਗ ਬਹਾਦੁਰ ਜੀ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਇਸ ਇਲਾਕੇ ਦੇ ਦੇਸ਼ ਵਿਆਪੀ ਦੌਰੇ ਕਰ ਚੁੱਕੇ ਸਨ । ਇਹ ਇਲਾਕੇ ਆਮ ਤੌਰ ‘ਤੇ ਘੱਟ ਉਪਜਾਊ ਸਨ ਅਤੇ ਇੱਥੇ ਪਾਣੀ ਦੀ ਘਾਟ ਸੀ । ਜੱਟ ਕਬੀਲਿਆਂ ਦੀ ਮੁੱਖ ਆਬਾਦੀ ਸੀ । ਮੁਸਲਮਾਨੀ ਜੋਰ ਮੁਕਾਬਲਤਨ ਇੱਥੇ ਘੱਟ ਸੀ। ਇਸ ਕਰਕੇ ਇੱਥੇ ਸਰਕਾਰੀ ਦਖ਼ਲਅੰਦਾਜ਼ੀ ਵੀ ਘੱਟ ਸੀ। ਇਲਾਕੇ ਦੇ ਜੱਟ ਚੌਧਰੀ ਸਨ ਜੋ ਹਕੂਮਤ ਨੂੰ ਸਾਲਾਨਾ ਜਾਂ ਛਿਮਾਹੀ ਮੁਆਮਲਾ ਤਾਰਦੇ ਰਹਿੰਦੇ ਸਨ । ਸਰਕਾਰ ਦੀ ਮੁਆਮਲਾ ਲੈਣ ਤੋਂ ਸਿਵਾ ਇਸ ਇਲਾਕੇ ਵਿਚ ਹੋਰ ਕੋਈ ਦਿਲਚਸਪੀ ਨਹੀਂ ਸੀ । ਜੱਟ ਚੌਧਰੀ ਸਰਕਾਰ ਦੇ ਕਰਿੰਦੇ ਵੀ ਸਨ ਪਰ ਅੰਦਰੋਂ ਧਾਰਮਿਕ ਤੌਰ ‘ਤੇ ਸਿੱਖ ਗੁਰੂ ਸਾਹਿਬਾਨ ਦੇ ਸ਼ਰਧਾਲੂ ਵੀ ਸਨ । ਗੁਰੂ ਤੇਗ ਬਹਾਦੁਰ ਜੀ ਉੱਪਰ ਲਗਾਤਾਰ ਸਰਕਾਰੀ ਨਜ਼ਰਾਂ ਟਿਕੀਆਂ ਹੋਈਆਂ ਸਨ । ਪਟਣਾ ਸਾਹਿਬ ਨੂੰ ਜਾਂਦਿਆਂ ਇਤਨਾ ਲੰਮਾ ਸਮਾਂ ਲੱਗ ਜਾਣ ਦਾ ਕਾਰਣ ਵੀ ਸਰਕਾਰੀ ਦਖ਼ਲਅੰਦਾਜ਼ੀ ਸੀ। ਇਸ ਕਰਕੇ ਮਾਲਵੇ ਜਾਂ ਬਾਂਗਰ ਦੇ ਇਲਾਕੇ ਵਿਚ ਦੌਰੇ ਕਰਨੇ ਇਸ ਪੱਖੋਂ ਫਾਇਦੇਮੰਦ ਵੀ ਸਨ ਕਿ ਇੱਥੇ ਗੁਰੂ ਜੀ ਦੇ ਪਰਚਾਰ ਦੌਰਿਆਂ ਵਿਚ ਕਿਸੇ ਕਿਸਮ ਦੀ ਸਰਕਾਰੀ ਦਖ਼ਲਅੰਦਾਜ਼ੀ ਦੀ ਸੰਭਾਵਨਾ ਨਹੀਂ ਸੀ । ਮਾਲਵੇ ਦੇ ਇਹ ਪਰਚਾਰ ਦੌਰੇ ਤਕਰੀਬਨ ਡੇਢ ਕੁ ਸਾਲ ਦੇ ਬਣਦੇ ਹਨ ਅਤੇ ਗੁਰੂ ਤੇਗ ਬਹਾਦੁਰ ਜੀ ਨੇ ਇਸ ਡੇਢ ਸਾਲ ਦੇ ਅਰਸੇ ਵਿਚ ਮਾਲਵੇ ਦਾ ਲਗਭਗ ਹਰ ਪਿੰਡ ਅਤੇ ਬਾਂਗਰ ਖੇਤਰ ਦੇ ਅਨੇਕਾਂ ਪਿੰਡ ਆਪਣੀ ਚਰਨ-ਧੂੜ ਨਾਲ ਪਵਿੱਤਰ ਕੀਤੇ ਸਨ।

ਜਦੋਂ ਅਸੀਂ ਇਨ੍ਹਾਂ ਪਰਚਾਰ ਦੌਰਿਆਂ ਦਾ ਅਧਿਐਨ ਕਰਦੇ ਹਾਂ ਤਾਂ ਸਾਨੂੰ ਗੁਰੂ ਜੀ ਵੱਲੋਂ ਕੀਤੇ ਗਏ ਕੰਮਾਂ ਦੀ ਐਸੀ ਜਾਣਕਾਰੀ ਮਿਲਦੀ ਹੈ ਜਿਸ ਨਾਲ ਹੈਰਾਨੀ ਹੁੰਦੀ ਹੈ। ਗੁਰੂ ਜੀ ਨੇ ਮਾਲਵੇ ਦੇ ਅਨੇਕਾਂ ਪਿੰਡਾਂ ਵਿਚ ਲੋਕਾਂ ਵਾਸਤੇ ਪਾਣੀ ਪੀਣ ਲਈ ਖੂਹ ਲਗਵਾਏ ਸਨ । ਪਹਿਲੇ ਲੱਗੇ ਹੋਏ ਖੂਹ ਹੋਰ ਡੂੰਘੇ ਕਰਵਾਏ ਗਏ ਸਨ ਤਾਂ ਕਿ ਹੇਠਾਂ ਤੋਂ ਅੱਛੇ ਪਾਣੀ ਦੀ ਤਹਿ ਕੱਢੀ ਜਾਵੇ । ਅਨੇਕਾਂ ਪਿੰਡਾਂ ਵਿਚ ਹੜ੍ਹਾਂ ਤੋਂ ਬਚਾਉਣ ਲਈ ਬੰਨ੍ਹ ਲਗਵਾ ਕੇ ਬਰਸਾਤੀ ਨਦੀਆਂ ਅਤੇ ਹੜ੍ਹਾਂ ਦਾ ਮੁਹਾਣ ਮੁੜਵਾਇਆ ਸੀ। ਅਨੇਕਾਂ ਪਿੰਡਾਂ ਵਿਚ ਲੋਕਾਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਇਆ ਸੀ । ਕਈ ਪਿੰਡਾਂ ਵਿਚ ਐਸੀਆਂ ਰਵਾਇਤਾਂ ਮਿਲਦੀਆਂ ਹਨ ਜਿੱਥੇ ਤਰਖਾਣ, ਜੁਲਾਹੇ ਜਾਂ ਹੋਰ ਨੀਵੀਆਂ ਜਾਤੀਆਂ ਦੇ ਲੋਕਾਂ ਨੂੰ ਸਿੱਖ ਧਰਮ ਦੇ ਪਰਚਾਰਕ ਥਾਪਿਆ ਸੀ। ਕਈ ਪਿੰਡਾਂ ਵਿਚ ਜੱਦੀ ਚੌਧਰੀਆਂ ਦੇ ਬਰਾਬਰ ਆਮ ਲੋਕਾਂ ਨੂੰ ਖੜ੍ਹਾ ਕੀਤਾ ਅਤੇ ਕਈ ਥਾਂ ਨਵੇਂ ਚੋਧਰੀਆਂ ਨੂੰ ਮਾਣਤਾ ਦਿੱਤੀ । ਇਉਂ ਗੁਰੂ ਤੇਗ ਬਹਾਦੁਰ ਜੀ ਮਾਲਵੇ ਅਤੇ ਬਾਂਗਰ ਖੇਤਰ ਦੇ ਦੌਰਿਆਂ ਤੋਂ ਮਹਾਨ ਅਧਿਆਤਮਕ ਪੁਰਸ਼ ਸਾਬਤ ਹੋਏ ਸਨ । ਇਉਂ ਲੱਗਦਾ ਹੈ ਕਿ ਜਿਵੇਂ ਗੁਰੂ ਜੀ ਲੋਕਾਂ ਦੀ ਆਵਾਜ਼ ਬਣ ਕੇ ਖੜੇ ਹੋ ਗਏ ਹੋਣ । ਅੱਜ ਮਾਲਵੇ ਵਿਚ ਸਿੱਖ ਗੁਰੂ ਸਾਹਿਬਾਨ ਵਿਚੋਂ ਸਭ ਤੋਂ ਵੱਧ ਗੁਰਦੁਆਰੇ ਗੁਰੂ ਤੇਗ ਬਹਾਦੁਰ ਜੀ ਦੀ ਯਾਦ ਨਾਲ ਸੰਬੰਧਤ ਹਨ।

ਇਸ ਤਰ੍ਹਾਂ ਗੁਰੂ ਤੇਗ ਬਹਾਦੁਰ ਜੀ ਦੇ ਮਾਲਵੇ ਅਤੇ ਬਾਂਗਰ ਖੇਤਰਾਂ ਦੇ ਦੌਰਿਆਂ ਦਾ ਸਰਵੇਖਣ ਅਤੇ ਵਿਸ਼ਲੇਸ਼ਣ ਕਰਨ ਤੋਂ ਚਾਰ ਐਸੀਆਂ ਮੁੱਖ ਥਾਵਾਂ ਸਾਡੇ ਸਾਹਮਣੇ ਆਉਂਦੀਆਂ ਹਨ ਜਿੱਥੇ ਗੁਰੂ ਜੀ ਨੇ ਡੇਰਾ ਲਾ ਕੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਧਰਮ ਪਰਚਾਰ ਕੀਤਾ ਸੀ । ਪਹਿਲੀ ਮੁੱਖ ਥਾਂ ਸੀ ਸੈਫ਼ਾਬਾਦ ਜਿਸ ਦਾ ਅਜੋਕਾ ਨਾਂ ਬਹਾਦੁਰਗੜ੍ਹ ਹੈ। ਇੱਥੇ ਠਹਿਰ ਕੇ, ਪਟਿਆਲਾ ਜਿਲ੍ਹੇ ਦੇ ਅਨੇਕਾਂ ਪਿੰਡਾਂ ਵਿਚ ਗੁਰੂ ਜੀ ਪਰਚਾਰ ਕਰਦੇ ਰਹੇ ਸਨ। ਦੂਜੀ ਮੁੱਖ ਥਾਂ ਸੀ ਧਮਧਾਨ ਸਾਹਿਬ। ਇਹ ਅੱਜ ਕੱਲ ਹਰਿਆਣਾ ਰਾਜ ਵਿਚ ਹੈ। ਉਸ ਸਮੇਂ ਇਸ ਇਲਾਕੇ ਨੂੰ ਬਾਂਗਰ ਕਿਹਾ ਜਾਂਦਾ ਸੀ । ਇੱਥੇ ਕੈਂਪ ਲਗਾ ਕੇ ਗੁਰੂ ਜੀ ਨੇ ਬਾਂਗਰ ਖੇਤਰ ਵਿਚ ਪਰਚਾਰ ਕੀਤਾ । ਇਸ ਬਾਂਗਰ ਖੇਤਰ ਵਿਚ ਕੁਝ ਇਲਾਕਾ ਪਟਿਆਲੇ ਅਤੇ ਸੰਗਰੂਰ ਜ਼ਿਲ੍ਹਿਆਂ ਦਾ ਵੀ ਸ਼ਾਮਲ ਸੀ । ਤੀਜਾ ਮੁੱਖ ਅਸਥਾਨ ਸੰਗਰੂਰ ਜ਼ਿਲ੍ਹੇ ਦਾ ਢਿਲਵਾਂ ਮੋੜ ਦਾ ਪਿੰਡ ਹੈ । ਇੱਥੇ ਗੁਰੂ ਜੀ ਦੇ ਕਾਫ਼ੀ ਦਿਨ ਠਹਿਰਣ ਦੀ ਜਾਣਕਾਰੀ ਮਿਲਦੀ ਹੈ । ਚੌਥਾ ਮੁੱਖ ਥਾਂ ਤਲਵੰਡੀ ਸਾਬੋ ਹੈ । ਇਹ ਦੋਵੇਂ ਥਾਵਾਂ ਢਿਲਵਾਂ ਅਤੇ ਤਲਵੰਡੀ ਸਾਬੋ ਮਾਲਵੇ ਦੇ ਗੜ੍ਹ ਹਨ । ਇਨ੍ਹਾਂ ਦੇ ਆਲੇ ਦੁਆਲੇ ਦੇ ਤਕਰੀਬਨ ਹਰ ਪਿੰਡ ਵਿਚ ਗੁਰੂ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਸਨ ।

ਇਕ ਪਾਸੇ ਔਰੰਗਜ਼ੇਬ ਦੀ ਕੱਟੜ ਧਾਰਮਿਕ ਨੀਤੀ ਦੇਸ਼ ਭਰ ਦੇ ਗੈਰ-ਮੁਸਲਮਾਨ ਲੋਕਾਂ ਨੂੰ ਇਸਲਾਮ ਵਿਚ ਲਿਆਉਣ ‘ਤੇ ਤੁਲੀ ਹੋਈ ਸੀ ਪਰ ਦੂਜੇ ਪਾਸੇ ਗੁਰੂ ਤੇਗ ਬਹਾਦੁਰ ਜੀ ਭਿੰਨ-ਭਿੰਨ ਅਸਥਾਨਾਂ ‘ਤੇ ਜਾ ਕੇ ਧਰਮ ਪਰਚਾਰ ਕਰ ਰਹੇ ਸਨ । ਇਹ ਦੋ ਵਿਰੋਧੀ ਝੁਕਾਅ ਇਤਿਹਾਸਕਾਰਾਂ ਲਈ ਇਕ ਬਹੁਤ ਵੱਡੀ ਮੁਸ਼ਕਲ ਦਾ ਹੱਲ ਲਈ ਖੜ੍ਹੇ ਹਨ। ਹੱਲ ਇਹ ਹੈ ਕਿ ਭਾਰਤ ਭਰ ਵਿਚ ਜੈ ਕਿਸੇ ਨੇਤਾ ਨੇ ਔਰੰਗਜ਼ੇਬ ਦੀ ਕੱਟੜ ਧਾਰਮਿਕ ਨੀਤੀ ਨੂੰ ਵੰਗਾਰਿਆ ਸੀ ਤਾਂ ਉਹ ਸਿਰਫ਼ ਗੁਰੂ ਤੇਗ ਬਹਾਦੁਰ ਜੀ ਹੀ ਸਨ। ਗੁਰੂ ਜੀ ਨੂੰ ਵਾਰ ਵਾਰ ਗਰਿਫ਼ਤਾਰ ਕਰਨਾ ਅਤੇ ਅਖ਼ੀਰ ਗੁਰੂ ਜੀ ਨੂੰ ਹਕੂਮਤ ਵੱਲੋਂ ਸ਼ਹੀਦ ਕਰ ਦੇਣਾ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਗੁਰੂ ਜੀ ਦੇ ਅਧਿਆਤਮਕ ਪਰਚਾਰ ਦੌਰਿਆਂ ਨੇ ਔਰੰਗਜੇਬ ਨੂੰ ਬੇਚੈਨ ਕਰ ਰੱਖਿਆ ਸੀ। ਗੁਰੂ ਸਾਹਿਬ ਫਿਰਕੂ ਬੰਧਨਾਂ ਤੋਂ ਪਰੇ ਹੋ ਕੇ ਸਮੁੱਚੇ ਭਾਰਤੀ ਸਮਾਜ ਦੇ ਇਕ ਧਾਰਮਿਕ ਨੇਤਾ ਦੇ ਰੂਪ ਵਿਚ ਵਿਚਰ ਰਹੇ ਸਨ। ਧਾਰਮਿਕ ਨੇਤਾ ਦਾ ਇਹੀ ਸਰਬ-ਪਰਵਾਣਤ ਰੂਪ ਔਰੰਗਜੇਬ ਦੀ ਕੱਟੜ ਧਾਰਮਿਕ ਨੀਤੀ ਨੂੰ ਇਕ ਖ਼ਤਰਾ ਬਣਿਆ ਖੜਾ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਇਹ ਵਾਕ : “ਧਰਮ ਹੇਤ ਸਾਕਾ ਜਿਨ ਕੀਆ । ਸੀਸ ਦੀਆ ਪਰ ਸਿਰਰੁ ਨਾ ਦੀਆ” ਇਸ ਕਥਨ ਦੀ ਸਪਸ਼ਟ ਤੌਰ ‘ਤੇ ਸ਼ਾਹਦੀ ਭਰ ਰਹੇ ਹਨ।

ਇਤਨੇ ਮਹਾਨ ਧਰਮ ਨਿਰਪੱਖ ਨੇਤਾ ਦੇ ਧਰਮ ਪਰਚਾਰ ਦੌਰਿਆਂ ਨੂੰ ਅਜੇ ਤੱਕ ਕਿਸੇ ਵੀ ਕਲਮ ਵੱਲੋਂ ਉਸ ਸੰਦਰਭ ਵਿਚ ਰੱਖ ਕੇ ਨਹੀਂ ਬਿਆਨਿਆ ਗਿਆ ਜਿਸ ਸੰਦਰਭ ਵਿਚ ਗੁਰੂ ਜੀ ਨੇ ਇਹ ਦੌਰੇ ਕੀਤੇ ਸਨ । ਸਗੋਂ ਇਨ੍ਹਾਂ ਨੂੰ ਫਿਰਕੂ ਦਰਿਸ਼ਟੀ ਜਾਂ ਇਕ ਉਦਾਸ ਬਿਰਤੀ ਵਿਚ ਰੱਖ ਕੇ ਵਿਆਖਿਆ ਗਿਆ ਹੈ । ਗੁਰੂ ਤੇਗ ਬਹਾਦੁਰ ਜੀ ਦੇ ਦੌਰਿਆਂ ਨੂੰ ਵਰਨਣ ਕਰਨ ਵਾਲੀਆਂ ਜੋ ਲਿਖਤਾਂ ਸਾਡੇ ਪਾਸ ਹਨ ਉਹ ਅਤੀ ਨਿਰਾਸ਼ ਕਰਨ ਵਾਲੀਆਂ ਹਨ। ਇਨ੍ਹਾਂ ਲਿਖਤਾਂ ਦਾ ਨਜ਼ਰੀਆ ਸੰਪਰਦਾਈ ਹੈ ਜਾਂ ਫਿਰ ਸਿੱਖ ਧਰਮ ਦੀ ਭਾਵਨਾ ਤੋਂ ਬਹੁਤ ਦੂਰ ਦਾ ਹੈ। ਮਾਲਵਾ ਦੇਸ਼ ਰਟਨ ਦੀ ਸਾਖੀ ਪੋਥੀ; ਪੰਡਿਤ ਤਾਰਾ ਸਿੰਘ ਦੀ ਸ੍ਰੀ ਗੁਰ ਤੀਰਥ ਸੰਗ੍ਰਹਿ; ਭਾਈ ਸੰਤੋਖ ਸਿੰਘ ਦਾ ਸੂਰਜ ਪ੍ਰਕਾਸ਼; ਗਯਾਨੀ ਗਯਾਨ ਸਿੰਘ ਦਾ ਗੁਰਧਾਮ ਸੰਗ੍ਰਹਿ; ਗਯਾਨੀ ਠਾਕਰ ਸਿੰਘ ਦੀ ਸ੍ਰੀ ਗੁਰਦੁਆਰੇ ਦਰਸ਼ਨ; ਭਾਈ ਕਾਨ੍ਹ ਸਿੰਘ ਨਾਭਾ ਦਾ ਮਹਾਨ ਕੋਸ਼ ਅਤੇ ਡਾ. ਫ਼ੌਜਾ ਸਿੰਘ ਵੱਲੋਂ ਸੰਪਾਦਿਤ ਕੀਤੀ ਗਈ ਯਾਤਰਾ ਅਸਥਾਨ ਤੇ ਯਾਦ ਚਿੰਨ੍ਹ ਵਾਲੀ ਪੁਸਤਕ, ਸਿੱਧੇ ਤੌਰ ’ਤੇ ਗੁਰੂ ਜੀ ਦੇ ਪਰਚਾਰ ਦੌਰਿਆਂ ਬਾਰੇ ਰੌਸ਼ਨੀ ਪਾਉਂਦੀਆਂ ਹਨ। ਇਸ ਵਿਚ ਨਿਸ਼ਚੇ ਹੀ ਸ਼ੱਕ ਨਹੀਂ ਕਿ ਇਨ੍ਹਾਂ ਲਿਖਤਾਂ ਵਿਚ ਬਹੁਤ ਸਾਰੇ ਅਜਿਹੇ ਅੰਸ਼ ਹਨ ਜੋ ਸਾਡੀ ਜਾਣਕਾਰੀ ਵਿਚ ਵਾਧਾ ਕਰਦੇ ਹਨ ਅਤੇ ਇਤਿਹਾਸ ਦੀ ਦਰਿਸ਼ਟੀ ਤੋਂ ਮਹੱਤਵਪੂਰਨ ਤੇ ਸਹਾਇਕ ਕਹੇ ਜਾ ਸਕਦੇ ਹਨ ਪਰ ਇਨ੍ਹਾਂ ਲਿਖਤਾਂ ਵਿਚ ਸਿਰਫ਼ ਭਾਈ ਕਾਨ੍ਹ ਸਿੰਘ ਨਾਭਾ ਦੀ ਲਿਖਤ ਨੂੰ ਛੱਡ ਕੇ, ਅਜਿਹੀਆ ਬਹੁਤ ਗੱਲਾਂ ਹਨ ਜਿਹੜੀਆਂ ਗੁਰੂ-ਆਸ਼ੇ ਨਾਲ ਜਾਂ ਗੁਰਬਾਣੀ ਨਾਲ ਮੇਲ ਨਹੀਂ ਖਾਂਦੀਆਂ । ਇਹ ਲਿਖਣ ਵਿਚ ਵੀ ਕੋਈ ਝਿਜਕ ਨਹੀਂ ਹੈ ਕਿ ਇਹ ਸਭ ਲਿਖਤਾਂ ਇਕ ਦੂਜੇ ਤੋਂ ਬਹੁਤ ਭਿੰਨ ਹਨ ਅਤੇ ਇਨ੍ਹਾਂ ਦੀ ਵਿਆਖਿਆ ਵੀ ਵੱਖਰੀ-ਵੱਖਰੀ ਹੈ। ਇਹ ਠੀਕ ਹੈ ਕਿ ਤੱਥਾਂ ਦੀ ਵਿਆਖਿਆ ਦਾ ਹੀ ਫ਼ਰਕ ਹੁੰਦਾ ਹੈ ਜਦੋਂ ਕਿ ਤੱਥ ਤਾਂ ਸਭ ਲਈ ਇਕੋ ਜਿਹੇ ਹੀ ਹੁੰਦੇ ਹਨ। ਬੇਸ਼ੱਕ ਇਨ੍ਹਾਂ ਲਿਖਤਾਂ ਦੇ ਲੇਖਕਾਂ ਨੇ ਗੁਰੂ ਜੀ ਦੇ ਦੌਰਿਆਂ ਨੂੰ ਕਲਮਬੰਦ ਕਰ ਕੇ ਸਾਡੇ ਲਈ ਪਰਚਾਰ ਦੌਰਿਆਂ ਦਾ ਅਧਿਐਨ ਕਰਨ ਦਾ ਰਸਤਾ ਖੋਲ੍ਹ ਦਿੱਤਾ ਹੈ ਪਰ ਉਨ੍ਹਾਂ ਨੇ ਇਤਿਹਾਸ ਅਤੇ ਮਿਥਿਹਾਸ, ਰਵਾਇਤ ਅਤੇ ਅਫਵਾਹ, ਸੰਪਰਦਾਈ ਅਤੇ ਜਾਤੀ ਝੁਕਾਅ ਇਤਨੇ ਰਲਗਡ ਕਰ ਦਿੱਤੇ ਹਨ ਕਿ ਸਾਡੇ ਲਈ ਉਨ੍ਹਾਂ ਨੂੰ ਅਲੱਗ-ਅਲੱਗ ਕਰਨਾ ਇਕ ਬਹੁਤ ਵੱਡੀ ਸਮੱਸਿਆ ਬਣ ਗਿਆ ਹੈ। ਮਾਲਵਾ ਦੇਸ਼ ਰਟਨ (ਦੇ ਦੌਰਿਆਂ) ਦੀ ਸਾਖੀ ਪੋਥੀ 1870 ਈ. ਦੇ ਨੇੜਲੇ ਸਮੇਂ ਵਿਚ ਲਿਖੀ ਹੋਈ ਲਿਖਤ ਹੈ। ਇਹ ਕੰਮ ਸਰਦਾਰ ਅਤਰ ਸਿੰਘ ਭਦੌੜ ਨੇ ਕਰਵਾਇਆ ਸੀ । ਕੰਮ ਕਰਨ ਵਾਲਾ ਕੋਈ ਉਦਾਸੀ ਸਾਧੂ ਸੀ । ਇਹ ਗੱਲ ਲਿਖਤ ਦੀ ਸ਼ੈਲੀ ਤੋਂ ਸਾਬਤ ਹੁੰਦੀ ਹੈ। ਇਸ ਵਿਚ ਪਰਚਾਰ ਦੌਰਿਆਂ ਦੀ ਸਾਰੀ ਵਿਆਖਿਆ ਮੰਗ ਕੇ ਖਾਣ ਵਾਲੇ ਸਾਧ ਸੰਤਾਂ ਵਾਲੀ ਹੀ ਹੈ। ਇਹ ਪਹਿਲੀ ਲਿਖਤ ਹੈ ਜਿਸ ਨੇ ਗੁਰੂ ਸਾਹਿਬ ਦੇ ਮੂੰਹੋਂ ਪੰਜਾਬ ਦੇ ਅਨੇਕਾਂ ਪਿੰਡਾਂ ਵਿਚਲੇ ਜੱਟ ਕਬੀਲਿਆਂ ਨੂੰ ਸਰਾਪ ਦਿਵਾਏ ਹਨ । ਕਿੰਨੀ ਅਜੀਬ ਗੱਲ ਹੈ ਕਿ ਪੰਜਾਬ ਦੇ ਇਤਿਹਾਸਕਾਰ ਤਾਂ ਮਾਲਵੇ ਦੇ ਜੱਟ ਕਬੀਲਿਆਂ ਨੂੰ ਧੜਾ-ਧੜ ਸਿੱਖ ਧਰਮ ਵਿਚ ਸ਼ਾਮਲ ਹੁੰਦਾ ਦਿਖਾ ਰਹੇ ਹਨ ਪਰ ਇਹ ਉਦਾਸੀ ਸਾਧੂ ਲੇਖਕ ਗੁਰੂ ਤੇਗ ਬਹਾਦੁਰ ਜੀ ਤੋਂ ਜੱਟ ਕਬੀਲਿਆਂ ਨੂੰ ਸਰਾਪ ਦਿਵਾ ਰਿਹਾ ਹੈ। ਮਿਸਾਲ ਦੇ ਤੌਰ ‘ਤੇ ਸਾਖੀ ਪੋਥੀ ਦੀਆਂ ਇਹ ਟੂਕਾਂ ਦੇਖੋ: “ਅੱਗੇ ਡੇਰਾ ਗੁਰੂ ਜੀ ਨੇ ਸੇਖੇ ਕੀਤਾ। ਉੱਥੇ ਜਵੰਧਿਆਂ ਦੇ ਬਾਈ ਪਿੰਡ ਸਨਿ ਬਸਦੇ ….ਬਾਹੀਏ ਕਾ ਸਰਦਾਰ ਸੀ, ਓਸ ਦਾ ਨਾਉਂ ਥੀ ਤਲੋਕਾ …….ਗੁਰੂ ਜੀ ਕੀ ਟਹਿਲ ਸੇਵਾ ਕੁਛ ਨਾ ਕੀਤੀ, ਜੀਵੰਧਿਆਂ ਉੱਤੇ ਕੋਪ ਹੋਏ ….ਗੁਰੂ ਜੀ ਬਚਨ ਕੀਤਾ : ਏਦਾ ਕੀ ਨਾਉਂ ਹੈ? ਓਸ ਕਹਿਆ : ਏਸ ਕਾ ਨਾਉਂ ਤਲੋਕਾ ਹੈ ਜੀ । ਗੁਰੂ ਜੀ ਕਹਿੰਦੇ : ਇਹੁ ਤਾ ਅਕਲ ਕਾ ਅੰਧਾ ਹੈ । ਓਸ ਆਖਿਆ : ਜੀ ਇਹ ਤਾਂ ਬਾਹੀਏ ਕਾ ਸਰਦਾਰ ਹੈ । ਗੁਰੂ ਜੀ ਹੱਥ ਉੱਤੇ ਹੱਥ ਮਾਰ ਕੇ ਕਹਿਆ : ਬਾਹੀਆ ਨਾ ਤੇਹੀਆ।” ਇੱਥੋਂ ਹੀ ਹੋਰ ਲੇਖਕਾਂ ਨੇ ‘ਜਵੰਧੇ ਅਕਲ ਕੇ ਅੰਧੇ’ ਦੀ ਕਹਾਉਤ ਘੜ ਲਈ।

ਇਸੇ ਤਰ੍ਹਾਂ ਗੁਰੂ ਜੀ ਜਦੋਂ ਭਿਖੀ ਜਾਂਦੇ ਹਨ ਤਾਂ ਉੱਥੋਂ ਭਾਈ ਦੇਸੂ ਨੂੰ ਸਿੱਖ ਬਣਾਇਆ। ਦੇਸੂ ਚਹਿਲ ਜੱਟ ਸੀ । ਜਦੋਂ ਉਹ ਸੁਲਤਾਨੀਆਂ ਜਾਂ ਸਰਵਰੀਆਂ ਦੇ ਦਬਾਅ ਹੇਠ ਆ ਕੇ ਸਿੱਖ ਧਰਮ ਤਿਆਗ ਬੈਠਾ ਤਾਂ ਸਾਖੀ ਪੋਥੀ ਦੇ ਲੇਖਕ ਨੇ ਸਾਰੇ ਚਹਿਲ ਕਬੀਲੇ ਨੂੰ ਹੀ ਸਰਾਪ ਦਿਵਾ ਦਿੱਤਾ। ਫਿਰ ਮੋੜਾਂ ਪਿੰਡ ਦੇ ਲੋਕਾਂ ਨੇ ਗੁਰੂ ਜੀ ਨੂੰ ਮਿਲ ਕੇ ਕਿਹਾ ਕਿ ਤੁਸੀਂ ਇਕੱਲੇ ਦੇਸੂ ਕਰ ਕੇ ਸਾਰੇ ਚਹਿਲਾਂ ਨੂੰ ਕਿਉਂ ਸਰਾਪ ਦੇ ਦਿੱਤਾ “ਜੀ ਮਿਹਰਬਾਨ। ਇਕ ਪਿੱਛੇ ਸਾਰੇ ਹੀ ਚਹਿਲ ਕਿਉਂ ਮਾਰੇ?” ਤਾਂ ਗੁਰੂ ਜੀ ਦੇ ਮੂੰਹੋਂ ਅਖਵਾਇਆ ਗਿਆ ਹੈ ਕਿ ਚੰਗਾ ਇਕੱਲੇ ਤਿਲੋਕੇ ਦੀ ਹੀ ਜੜ੍ਹ ਪੁੱਟੀ ਜਾਵੇਗੀ ਬਾਕੀ ਸਭ ਵਸਦੇ ਰਹਿਣਗੇ । ਸਿਰਫ਼ ਇਹ ਹੀ ਨਹੀਂ ਸਾਖੀ ਪੋਥੀ ਵਿਚ ਕੁਝ ਥਾਂ ਫਿਰਕੂ ਨਫ਼ਰਤ ਵੀ ਭਰੀ ਗਈ ਹੈ। ਇਸ ਦਾ ਲੇਖਕ ਗੁਰੂ ਜੀ ਦੇ ਮੂੰਹੋਂ ਮੁਸਲਮਾਨਾਂ ਪਰਤੀ ਮਾੜੇ ਸ਼ਬਦ ਅਖਵਾ ਰਿਹਾ ਹੈ। ਇੱਥੋਂ ਤੱਕ ਕਿ ਉਨ੍ਹਾਂ ਦੇ ਘੋੜੇ ਨੂੰ ਵੀ ਮੁਸਲਮਾਨਾਂ ਪਰਤੀ ਫਿਰਕੂ ਸੋਚ ਦਾ ਪਰਤੀਕ ਬਣਾ ਰਿਹਾ ਹੈ। ਮਿਸਾਲ ਦੇ ਤੌਰ ‘ਤੇ ਜਦੋਂ ਗੁਰੂ ਜੀ ਧੌਲੇ ਤੇ ਸੋਹੀਵਾਲ ਪਿੰਡਾਂ ਵਿਚ ਜਾਂਦੇ ਹਨ ਤਾਂ ਸਾਖੀ ਪੋਥੀਦਾ ਕਰਤਾ ਲਿਖ ਰਿਹਾ ਹੈ : “ਗੁਰੂ ਜੀ ਕਾ ਘੋੜਾ ਅੜੀ ਕਰ ਖਲੋਤਾ । ਗੁਰੂ ਕੇ ਕਾਂਮਚੀਆਂ ਮਾਰਣ, ਅੱਡੀਆਂ ਮਾਰਣ, ਘੋੜਾ ਦੁਇ ਕਦਮਾਂ ਪਿਛਾਹਾਂ ਜਾਇ, ਅਗਾਹਾਂ ਨਾ ਜਾਏ । ਗੁਰੂ ਜੀ ਨੇ ਕਹਿਆ “ਇਹ ਤੁਰਕਾਂ ਦੇ ਬੰਦੇ ਹਨ, ਘੋੜਾ ਤਦੀ ਨਹੀਂ ਜਾਂਦਾ ਅਗਾਂਹਾਂ ।”” ਇਸ ਤੋਂ ਪਿੱਛੋਂ ਦੇ ਲੇਖਕਾਂ ਨੇ ਵੀ ਕੁਝ ਥਾਂ ਗੁਰੂ ਜੀ ਦੇ ਪਰਚਾਰ ਮਿਸ਼ਨ ਨੂੰ ਬਿਗਾੜ ਕੇ ਪੇਸ਼ ਕੀਤਾ ਹੈ। ਮਿਸਾਲ ਦੇ ਤੌਰ ‘ਤੇ ਜਵੰਧਿਆਂ ਬਾਰੇ ਇਸ ਵਿਚ ਵਰਤੀ ਗਈ ਟੂਕ ਦੇਖੋ: “ਗੁਰੂ ਜੀ ਨੇ ਤੀਜੇ ਦਿਨ ਸਵੇਰੇ ਹੀ ਚਾਲੇ ਪਾ ਦਿੱਤੇ ਤੇ ਤਰਲੋਕੇ ਦੇ ਸ਼ਹਿਰ ਵੱਲ ਨੂੰ ਤੁਰ ਪਏ। ਸ਼ਹਿਰ ਦੇ ਦਰਵਾਜੇ ਤੋਂ ਬਾਹਰ ਰਸਤੇ ਉੱਤੇ ਕੁਝ ਬੱਚੇ ਖੇਡ ਰਹੇ ਸਨ। ਗੁਰੂ ਜੀ ਘੋੜੇ ਤੋਂ ਉਤਰੇ ਤੇ ਬੱਚਿਆਂ ਨੂੰ ਆਪਣੇ ਪਾਸ ਬਿਠਾ ਕੇ ਕਿਹਾ, “ਆਓ ਮੁੰਡਿਓ, ਪੂਰੀਏ” । ਗੁਰੂ ਜੀ ਨੇ ਬੱਚਿਆਂ ਦਾ ਹੱਥ ਫੜ ਕੇ ਇਹ ਸ਼ਬਦ ਉਨ੍ਹਾਂ ਨੂੰ ਰਟਾ ਦਿੱਤਾ : ਨਾ ਬਾਈਆ ਨਾ ਤੇਈਆ। ਏਥੇ ਹੋਸੀ ਥੇਹੀਆ-ਥੇਹੀਆ।”18 ਭਾਵ ਕਿ ਇਹ ਸਾਰਾ ਬਾਈਆ ਤੇਈਆ ਸਭ ਥੇਹ ਹੋ ਜਾਵੇਗਾ । ਇਹ ਸਰਾਪ ਦੇਣ ਪਿੱਛੋਂ ਤਿਰਲੋਕੇ ਦੀ ਕੁੜੀ ਗੁਰੂ ਜੀ ਕੋਲੋਂ ਭੁੱਲ ਬਖ਼ਸ਼ਾਉਣ ਗਈ । ਗੁਰੂ ਜੀ ਨੇ ਭੁੱਲ ਬਖ਼ਸ਼ਦਿਆਂ ਹੋਇਆਂ ਕਿਹਾ “ਜਾ ਬੱਚਾ, ਤੁਹਾਡੀ ਕਿਤੇ-ਕਿਤੇ ਕੁੱਤੀ ਭੌਂਕਿਆ ਕਰੂਗੀ ਪਰ ਜੋ ਅਸੀਂ ਕਹਿ ਦਿੱਤਾ ਹੈ ਉਹ ਬਚਨ ਅਟੱਲ ਰਹੂਗਾ।” ਇਸ ਪੁਸਤਕ ਵਿਚ ਹੀ ਭਿਖੀ ਦੇ ਦੇਸੂ ਚਹਿਲ ਬਾਰੇ ਜੋ ਕੁਝ ਲਿਖਿਆ ਗਿਆ ਹੈ ਉਹ ਸਾਖੀ ਪੋਥੀ ਤੋਂ ਵੀ ਦੋ ਕਦਮ ਅੱਗੇ ਜਾ ਕੇ ਲਿਖਿਆ ਹੈ । “ਅੰਤਰਜਾਮੀ ਗੁਰੂ ਤੇਗ ਬਹਾਦੁਰ ਜੀ ਨੂੰ ਆਵੇਸ਼ ਹੋਇਆ ਤੇ ਉਨ੍ਹਾਂ ਦੇ ਮੂੰਹੋਂ ਸੁੱਤੇ ਸਿੱਧ ਹੀ ਨਿਕਲਿਆ : ਚਹਿਲੋ ਤੁਹਾਡੀ ਜੜ ਪੁੱਟੀ ਜਾਵੇਗੀ । ਉਸ ਸਮੇਂ ਇਕ ਚਹਿਲ ਗੋਤ ਦੀ ਲੜਕੀ ਜੋ ਮਾਨ ਜੱਟਾਂ ਦੇ ਵਿਆਹੀ ਹੋਈ ਸੀ ਗੁਰੂ ਸਾਹਿਬ ਦੇ ਦਰਬਾਰ ਵਿਚ ਬੈਠੀ ਸੀ । ਉਸ ਨੇ ਕਿਹਾ, ਹਜ਼ੂਰ! ਤੁਸੀਂ ਸਾਰੇ ਚਹਿਲਾਂ ਦੀ ਜੜ੍ਹ ਕਿਉਂ ਪੁੱਟਦੇ ਹੋ, ਸਾਰੇ ਚਹਿਲਾਂ ਨੇ ਤੁਹਾਡਾ ਕੀ ਵਿਗਾੜਿਆ ਹੈ?”

ਇਸੇ ਤਰ੍ਹਾਂ ਹੀ ਸੋਹੀਵਾਲ ਪਿੰਡ ਬਾਰੇ ਲਿਖਿਆ ਹੈ: “ਗੁਰੂ ਜੀ ਨੇ ਪਿੰਡ ਦੇ ਵਸਨੀਕਾਂ ਤੋਂ ਪਿੰਡ ਦਾ ਨਾਂ ਪੁੱਛਿਆ। ਪਤਾ ਲੱਗਿਆ ਕਿ ਉਸ ਨੂੰ ਸੋਹੀਵਾਲ ਜਾਂ ਮੋਹੀਵਾਲ ਕਹਿੰਦੇ ਹਨ। ਗੁਰੂ ਜੀ ਨੇ ਬਚਨ ਕੀਤਾ: ਨਾ ਸੋਹੀ ਨਾ ਮੋਹੀ। ਇਹ ਹੋਸੀ ਥੇਹੀ-ਥੇਹੀ। ਇੱਥੇ ਹੋਸੀ ਮਿਰਗਾਂ ਦੀ ਠੇਹੀ।” ਫਿਰ ਜਦੋਂ ਘੋੜਾ ਅੱਗੇ ਨਾ ਤੁਰਿਆ ਤਾਂ ਕਿਹਾ ਗਿਆ ਕਿ “ਇਹ ਤਾਂ ਤੁਰਕਾਂ ਦੇ ਬੰਦੇ ਹਨ। ਮੋਟੀ ਅਕਲ ਦੇ ਆਦਮੀ ਹਨ। ਇਹ ਗੁਰੂ-ਪੀਰ ਨੂੰ ਨਹੀਂ ਜਾਣਦੇ।” ਇਹ ਤਾਂ ਕੁਝ ਵੰਨਗੀ ਮਾਤਰ ਵੇਰਵੇ ਹਨ। ਸਾਰੀ ਪੁਸਤਕ ਹੀ ਅਜਿਹੇ ਹਵਾਲਿਆਂ ਨਾਲ ਭਰੀ ਪਈ ਹੈ । ਸਿਤਮ ਦੀ ਗੱਲ ਤਾਂ ਇਹ ਹੈ ਕਿ ਇਹ ਸ਼ਬਦ ਇਸ ਤਰ੍ਹਾਂ ਕੌਮਿਆਂ ਵਿਚ ਅਤੇ ਆਪਣੀ ਸਿੱਧੀ ਜ਼ਬਾਨ ਵਿਚ ਦਿੱਤੇ ਗਏ ਹਨ ਜਿਵੇਂ ਕਿ ਇਹ ਸਚਮੁੱਚ ਹੀ ਗੁਰੂ ਜੀ ਦੇ ਮੁਖਾਰਬਿੰਦ ਵਿਚੋਂ ਉਚਾਰੇ ਗਏ ਹੋਣ । ਇਨ੍ਹਾਂ ਗੱਲਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲਿਖਣ ਵਾਲੇ ਦੀ ਸੋਚ ਕਿਹੋ ਜਿਹੀ ਹੈ। ਇਨ੍ਹਾਂ ਵੇਰਵਿਆਂ ਨੂੰ ਤਾਂ ਪੜ੍ਹ ਕੇ ਇਉਂ ਲੱਗਦਾ ਹੈ ਜਿਵੇਂ ਕਿ ਗੁਰੂ ਸਾਹਿਬ ਧਰਮ ਪਰਚਾਰ ਕਰਨ ਦੀ ਥਾਂ ਲੋਕਾਂ ਨਾਲ ਝਗੜਦੇ ਫਿਰਦੇ ਹੋਣ।

ਰਵਾਇਤ ਉਹ ਹੈ ਜੋ ਵਿਸ਼ਵਾਸ਼ ਨੂੰ ਅੱਗੇ ਤੋਰਦੀ ਹੈ। ਵਿਸ਼ਵਾਸ਼, ਵਿਚਾਰਧਾਰਾ ਵਿਚੋਂ ਉਗਮਦਾ ਹੈ। ਸਾਡਾ ਵਿਸ਼ਵਾਸ ਹੁੰਦਾ ਹੈ ਕਿ ਫਲਾਣੀ ਗੱਲ ਫਲਾਣੇ ਤਰੀਕੇ ਅਨੁਸਾਰ ਹੋਣੀ ਚਾਹੀਦੀ ਹੈ। ਜੇ ਇਸ ਦੀ ਪੂਰਤੀ ਲਈ ਲਿਖਤੀ ਗਵਾਹੀ ਨਹੀਂ ਮਿਲਦੀ ਤਾਂ ਅਸੀਂ ਆਪਣੇ ਵਿਸ਼ਵਾਸ਼ ਦੇ ਸਹਾਰੇ ਆਪਣੀ ਗੱਲ ਨੂੰ ਅੱਗੇ ਤੋਰਦੇ ਹਾਂ। ਇਸ ਵਿਸ਼ਵਾਸ ਦੇ ਸਹਾਰੇ ਤੁਰੀ ਹੋਈ ਗੱਲ ਰਵਾਇਤ ਦਾ ਰੂਪ ਧਾਰ ਲੈਂਦੀ ਹੈ। ਇਸ ਵਿਚ ਤਰਕ ਵੀ ਹੁੰਦਾ ਹੈ ਅਤੇ ਵਜਨਦਾਰ ਦਲੀਲ ਵੀ ਹੁੰਦੀ ਹੈ । ਅਫਵਾਹ ਉਹ ਹੈ ਜੋ ਮੂੰਹੋਂ ਮੂੰਹੀਂ ਤੁਰੀ ਆ ਰਹੀ ਗੱਲ ਨੂੰ ਆਪਣੀ ਸੋਚ ਅਤੇ ਸੁਭਾਅ ਅਨੁਸਾਰ ਵਾਧਾ ਘਾਟਾ ਕਰਕੇ ਆਪਣੀ ਮਨਮਰਜੀ ਅਨੁਸਾਰ ਅਪਣਾ ਲੈਂਦੇ ਹਾਂ। ਇਸ ਵਿਚ ਵਿਸ਼ਵਾਸ ਦੀ ਗੱਲ ਨਹੀਂ ਹੁੰਦੀ ਅਤੇ ਨਾ ਹੀ ਗੱਲ ਹੁੰਦੀ ਹੈ ਤਰਕ ਜਾਂ ਦਲੀਲ ਦੀ । ਇਹ ਅਗਿਆਨੀ ਲੋਕਾਂ ਦੀ ਪਦਾਇਸ਼ ਹੁੰਦੀ ਹੈ। ਇਨ੍ਹਾਂ ਵਿਚ ਨਿਬੇੜਾ ਕਰਨਾ ਜ਼ਰੂਰੀ ਹੈ । ਇਕ ਧਰਮ ਪਰਚਾਰ ਕਰਨ ਵਾਲਾ ਨੇਤਾ ਲੋਕਾਂ ਨੂੰ ਆਪਣੇ ਨਾਲ ਜੋੜਦਾ ਹੈ ਪਰ ਇਹ ਕਦੇ ਨਹੀਂ ਸੁਣਿਆ ਕਿ ਧਰਮ ਪਰਚਾਰ ਕਰਨ ਵਾਲਾ ਨੇਤਾ ਲੋਕਾਂ ਨਾਲ ਲੜਦਾ ਫਿਰਦਾ ਹੋਵੇ। ਇਹ ਗੱਲ ਤਾਂ ਸਮਝ ਵਿਚ ਆ ਸਕਦੀ ਹੈ ਕਿ ਉਹ ਮਿੱਠਾ ਬੋਲ ਕੇ ਅਤੇ ਵਿਰੋਧੀਆਂ ਦੀਆਂ ਕੌੜੀਆਂ ਗੱਲਾਂ ਨੂੰ ਵੀ ਨਜ਼ਰਅੰਦਾਜ਼ ਕਰ ਕੇ ਲੋਕਾਂ ਨੂੰ ਆਪਣੇ ਪੈਰੋਕਾਰ ਬਣਾਵੇ ਪਰ ਇਹ ਨਹੀਂ ਕਿ ਲੋਕਾਂ ਦੇ ਕਬੀਲਿਆਂ ਦੇ ਕਬੀਲਿਆਂ ਨੂੰ ਖਾਹਮੁਖਾਹ ਦੇ ਕੋੜੇ ਬਚਨ ਬੋਲ ਕੇ ਆਪਣੇ ਵਿਰੋਧੀ ਬਣਾ ਲਵੇ । ਹੁਣ ਇਸ ਵਿਚ ਕੀ ਤਰਕ ਜਾਂ ਦਲੀਲ ਹੈ ਕਿ ਗੁਰੂ ਜੀ ਨੇ ਜਵੰਧਿਆਂ ਦੇ ਬਾਈ ਪਿੰਡਾਂ ਅਤੇ ਚਹਿਲ ਜੱਟਾਂ ਦੇ ਇਕ ਤਕੜੇ ਕਬੀਲੇ ਨੂੰ ਸਰਾਪ ਦੇ ਕੇ ਆਪਣਾ ਵਿਰੋਧੀ ਬਣਾ ਲਿਆ ਸੀ? ਜਦੋਂ ਕਿ ਸੱਚਾਈ ਇਹ ਹੈ ਕਿ ਇਹ ਜੱਟ ਕਬੀਲੇ ਪਹਿਲਾਂ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਸਮੇਂ ਅਤੇ ਪਿੱਛੋਂ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਸਮੇਂ ਲੜੀਆਂ ਗਈਆਂ ਲੜਾਈਆਂ ਵਿਚ ਜਾਨਾਂ ਦੀ ਬਾਜ਼ੀ ਲਗਾ ਕੇ ਲੜਦੇ ਰਹੇ ਸਨ। ਅਸਲ ਵਿਚ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਹੀ ਪੰਜਾਬ ਦੇ ਜੱਟ ਕਬੀਲੇ ਸਿੱਖ ਧਰਮ ਨੂੰ ਅਪਣਾ ਚੁੱਕੇ ਸਨ ਅਤੇ ਜੁਲਿਫ਼ਕਾਰ ਅਰਧਿਸਤਾਨੀ ਤਾਂ ਇੱਥੋਂ ਤੱਕ ਲਿਖ ਦਿੰਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਵੇਲੇ ਸਾਰੇ ਮਸੰਦ ਜੱਟ ਹੀ ਸਨ ।23 ਅੱਜ ਵੀ ਇਹ ਜੱਟ ਕਬੀਲੇ ਸਿੱਖ ਧਰਮ ਦੀ ਜਿੰਦ ਤੇ ਜਾਨ ਹਨ। ਮਾਲਵੇ ਵਿਚ ਅੱਜ ਨਾ ਕੋਈ ਸੁਲਤਾਨੀਆ ਹੈ ਤੇ ਨਾ ਹੀ ਕੋਈ ਸਰਵਰੀਆ। ਅੱਜ ਇਹ ਸਾਰੇ ਹੀ ਸਿੱਖ ਹਨ। ਇਸ ਗੱਲ ਤੋਂ ਇਨ੍ਹਾਂ ਨੂੰ ਸਿੱਖ ਧਰਮ ਵਿਚ ਲਿਆਉਣ ਦੀ ਗੱਲ ਠੀਕ ਸਾਬਤ ਹੁੰਦੀ ਹੈ ਕਿ ਸਰਾਪ ਦੇ ਕੇ ਸਿੱਖੀ ਤੋਂ ਬਾਹਰ ਕੱਢਣ ਦੀ ਗੱਲ ਸਾਬਤ ਹੁੰਦੀ ਹੈ? ਇਹ ਦਲੀਲ ਆਪਣੇ ਆਪ ਹੀ ਉਕਤ ਕਿਸਮ ਦੀਆਂ ਲਿਖਤਾਂ ਨੂੰ ਰੱਦ ਕਰ ਦਿੰਦੀ ਹੈ। ਅੱਜ ਭੀਖੀ, ਸੋਹੀਵਾਲ ਅਤੇ ਸੇਖੇ ਪਿੰਡਾਂ ਦਾ ਸਰਵੇਖਣ ਕਰ ਕੇ ਦੇਖਿਆ ਜਾਵੇ ਤਾਂ ਉੱਥੋਂ ਦਾ ਹਰ ਇਕ ਵਸਨੀਕ ਜਾਂ ਤਾਂ ਸਿੱਖ ਹੈ ਤੇ ਜਾਂ ਗੁਰੂ ਸਾਹਿਬਾਨ ਦਾ ਉਪਾਸ਼ਕ ਹੈ। ਅੱਜ ਦੇ ਸੰਦਰਭ ਵਿਚ ਤਾਂ ਇਹ ਲਿਖਤਾਂ ਉੱਕਾ ਹੀ ਮਹੱਤਵ ਨਹੀਂ ਰੱਖਦੀਆਂ।

ਇੱਥੇ ਸਿਰਫ਼ ਉਨ੍ਹਾਂ ਗੱਲਾਂ ਨੂੰ ਹੀ ਦਰਜ ਕੀਤਾ ਗਿਆ ਹੈ ਜੋ ਸਿੱਖ ਧਰਮ ਦੀ ਵਿਚਾਰਧਾਰਾ ਨਾਲ ਮੇਲ ਖਾਂਦੀਆਂ ਹਨ ਅਤੇ ਜਿਨ੍ਹਾਂ ਦਾ ਸੰਬੰਧ ਸਿਰਫ ਗੁਰੂ ਜੀ ਦੀ ਆਮਦ ਨਾਲ ਹੀ ਹੈ। ਇਸ ਗੱਲ ਦਾ ਨਿਰਣਾ ਕਰਨਾ ਔਖਾ ਹੈ ਕਿ ਗੁਰੂ ਸਾਹਿਬ ਕਿੱਥੇ ਕਿੰਨਾ ਚਿਰ ਠਹਿਰੇ ਸਨ ਤੇ ਕਿੱਥੋਂ ਕਦੋਂ ਗਏ ਸਨ । ਹਰ ਪਿੰਡ ਵਿਚ ਉੱਥੋਂ ਦੇ ਲੋਕਾਂ ਨੇ ਬਿਨਾਂ ਕੁਝ ਸੋਚੇ ਅਤੇ ਵਿਚਾਰੇ ਦੇ ਇਕ-ਇਕ ਪਿੰਡ ਵਿਚ ਮਹੀਨਾ-ਮਹੀਨਾ ਭਰ ਦਾ ਠਹਿਰਾ ਬਣਾ ਰੱਖਿਆ ਹੈ। ਇਹ ਅਸੰਭਵ ਹੈ। ਹਰ ਪਿੰਡ ਨੇ ਇਹ ਗੱਲ ਪਰਚੱਲਤ ਕਰ ਰੱਖੀ ਹੈ ਕਿ ਗੁਰੂ ਸਾਹਿਬ ਉੱਥੇ ਰਾਤ ਰਹੇ ਸਨ। ਇਹ ਵੀ ਸੰਭਵ ਨਹੀਂ ਹੈ। ਜਦੋਂ ਇਕ ਵਿਸ਼ੇਸ਼ ਖੇਤਰ ਵਿਚ ਗੁਰੂ ਜੀ ਵਿਚਰਦੇ ਸਨ ਤਾਂ ਉਨ੍ਹਾਂ ਦਾ ਪੂਰਾ ਲਾਓ ਲਸ਼ਕਰ ਉਨ੍ਹਾਂ ਦੇ ਨਾਲ ਹੁੰਦਾ ਸੀ । ਇਸ ਲਾਓ ਲਸ਼ਕਰ ਵਿਚ ਗੁਰੂ ਜੀ ਦਾ ਪਰਿਵਾਰ, ਹੋਰ ਮੁਖੀ ਸਿੱਖਾਂ ਦੇ ਪਰਿਵਾਰ, ਘੋੜੇ, ਊਠ ਅਤੇ ਰੱਥ ਹੁੰਦੇ ਸਨ । ਇੰਨੇ ਲਾਓ-ਲਸ਼ਕਰ ਸਮੇਤ ਹਰ ਇਕ ਪਿੰਡ ਵਿਚ ਜਾ ਕੇ ਰਹਿਣਾ ਸੰਭਵ ਨਹੀਂ ਹੁੰਦਾ ਸੀ । ਘੋੜਿਆਂ ਤੇ ਊਠਾਂ ਲਈ ਚਾਰਾ, ਸੰਗਤ ਲਈ ਲੰਗਰ ਦਾ ਪਰਬੰਧ ਹਰ ਥਾਂ ‘ਤੇ ਸੰਭਵ ਨਹੀਂ ਹੁੰਦਾ ਸੀ। ਇਸ ਕਰ ਕੇ ਗੁਰੂ ਜੀ ਕਿਸੇ ਇਕ ਥਾਂ ‘ਤੇ ਡੇਰਾ ਲਗਾ ਲੈਂਦੇ ਸਨ । ਇਸ ਥਾਂ ਤੋਂ ਗੁਰੂ ਸਾਹਿਬ ਯੋਜਨਾ ਮੁਤਾਬਕ ਬਾਕੀ ਦੇ ਆਲੇ ਦੁਆਲੇ ਦੇ ਪਿੰਡਾਂ ਵਿਚ ਉੱਥੋਂ ਦੀ ਸੰਗਤ ਦੇ ਬੁਲਾਵੇ ‘ਤੇ ਜਾਂਦੇ ਸਨ । ਇਹ ਵੀ ਯਾਦ ਰੱਖਣ ਯੋਗ ਗੱਲ ਹੈ ਕਿ ਗੁਰੂ ਤੇਗ ਬਹਾਦੁਰ ਜੀ ਦੇ ਸਮੇਂ ਤੱਕ ਪੰਜਾਬ ਦੇ ਤਕਰੀਬਨ ਹਰ ਇਕ ਪਿੰਡ ਵਿਚ ਸਿੱਖ ਸੰਗਤਾਂ ਕਾਇਮ ਹੋ ਚੁੱਕੀਆਂ ਸਨ । ਇਸ ਲਈ ਇਸ ਗੱਲ ਦੀ ਸਮੱਸਿਆ ਨਹੀਂ ਸੀ ਕਿ ਕਿਸੇ ਪਿੰਡ ਵਿਚ ਗੁਰੂ ਸਾਹਿਬ ਦਾ ਸੁਆਗਤ ਹੁੰਦਾ ਸੀ ਜਾਂ ਨਹੀਂ । ਸੰਗਤਾਂ ਗੁਰੂ ਸਾਹਿਬ ਨੂੰ ਖੁਦ ਆ ਕੇ ਲਿਜਾਂਦੀਆਂ ਸਨ ।4 ਪਿੰਡ ਵਿਚ ਗੁਰੂ ਸਾਹਿਬ ਦਾ ਡੇਰਾ ਜਾਂ ਠਹਿਰਾਅ ਪਿੰਡ ਤੋਂ ਬਾਹਰਵਾਰ ਹੁੰਦਾ ਸੀ । ਜੇ ਕਿਸੇ ਪਿੰਡ ਵਿਚ ਕੋਈ ਮੁੱਖੀ ਸਿੱਖ ਹੁੰਦਾ ਸੀ ਤਾਂ ਗੁਰੂ ਸਾਹਿਬ ਉਸ ਦੇ ਘਰ ਵੀ ਚਲੇ ਜਾਇਆ ਕਰਦੇ ਸਨ। ਨਹੀਂ ਤਾਂ ਠਹਿਰਾਅ ਆਮ ਤੌਰ ‘ਤੇ ਸਾਂਝੀ ਥਾਂ ਉੱਪਰ ਹੀ ਹੁੰਦਾ ਸੀ।

ਪੰਜਾਬ ਦਾ ਮਾਲਵਾ ਖੇਤਰ ਸਾਰੇ ਦਾ ਸਾਰਾ ਹੀ ਆਮ ਤੌਰ ‘ਤੇ ਘੱਟ ਉਪਜਾਊ ਹੁੰਦਾ ਸੀ । ਵਹਿਕ ਜ਼ਮੀਨ ਬਹੁਤ ਘੱਟ ਹੁੰਦੀ ਸੀ। ਚਾਰੇ ਪਾਸੇ ਜਾਂ ਤਾਂ ਘਣੇ ਜੰਗਲ ਹੁੰਦੇ ਸਨ ਤੇ ਜਾਂ ਰੇਤ ਦੇ ਟਿੱਬੇ। ਇਸ ਕਰ ਕੇ ਇਸ ਖੇਤਰ ਵਿਚ ਨਾ ਹੀ ਕਿਸੇ ਰਾਜਨੀਤਕ ਹਾਕਮ ਦੀ ਦਿਲਚਸਪੀ ਸੀ ਅਤੇ ਨਾ ਹੀ ਕਿਸੇ ਇਸਲਾਮੀ ਪਰਚਾਰਕ ਜਾਂ ਬਰਾਹਮਣ ਦੀ । ਅਜਿਹੀ ਕਿਸੇ ਕਿਸਮ ਦੀ ਦਿਲਚਸਪੀ ਨਾ ਹੋਣ ਕਰਕੇ ਮਾਲਵਾ ਇਕ ਕਿਸਮ ਦਾ ਅਣਗੌਲਿਆ ਖੇਤਰ ਸੀ। ਇੱਥੇ ਜੱਟ ਕਬੀਲਿਆਂ ਦਾ ਵਸੇਬਾ ਸੀ। ਜੱਟ ਕਬੀਲੇ ਮੁੱਖ ਤੌਰ ‘ਤੇ ਖੇਤੀਬਾੜੀ ਕਰਨ ਵਾਲੇ ਅਤੇ ਡੰਗਰ ਪਾਲਣ ਵਾਲੇ ਲੋਕ ਸਨ । ਇਹ ਲੋਕ ਜੰਗਜੂ ਸਨ ਇਸ ਕਰ ਕੇ ਜੱਟ ਕਬੀਲਿਆਂ ਵਿਚ ਆਪਸ ਵਿਚ ਇੱਟ-ਖੜੱਕਾ ਰਹਿੰਦਾ ਸੀ। ਕਈਆਂ ਵਿਚ ਤਾਂ ਦੁਸ਼ਮਣੀ ਪੂਰੀ ਹੱਦ ਤੱਕ ਹੁੰਦੀ ਸੀ। ਇਨ੍ਹਾਂ ਦਾ ਮੁੱਖ ਝੁਕਾਅ ਸਿੱਖ ਧਰਮ ਵੱਲ ਸੀ।

ਮਾਲਵੇ ਵਿਚ ਪਾਣੀ ਦੀ ਬਹੁਤ ਘਾਟ ਸੀ । ਨਦੀਆਂ ਨਾਲੇ ਹੈ ਨਹੀਂ ਸਨ। ਬਰਸਾਤੀ ਢਾਬਾਂ ਜਾਂ ਛੱਪੜ ਹੀ ਹੁੰਦੇ ਸਨ। ਹਰ ਪਿੰਡ ਨੇ ਜਾਂ ਹਰ ਜੱਟ ਕਬੀਲੇ ਨੇ ਆਪਣੀ ਵਸੋਂ ਵੱਡੀ ਢਾਬ ਦੇ ਕਿਨਾਰੇ ਕੀਤੀ ਹੁੰਦੀ ਸੀ ਤਾਂ ਕਿ ਇੱਥੇ ਡੰਗਰਾਂ ਪਸ਼ੂਆਂ ਲਈ ਪਾਣੀ ਦੀ ਲੋੜ ਪੂਰੀ ਕੀਤੀ ਜਾਂਦੀ। ਢਾਬਾਂ ਜਾਂ ਛੱਪੜਾਂ ਵਿਚ ਬਰਸਾਤਾਂ ਵੇਲੇ ਪਾਣੀ ਭਰ ਜਾਂਦਾ ਸੀ । ਕਈ ਪਿੰਡਾਂ ਵਿਚ ਐਸੀਆਂ ਗੱਲਾਂ ਮਿਲਦੀਆਂ ਹਨ ਕਿ ਗੁਰੂ ਸਾਹਿਬ ਨੇ ਢਾਬਾਂ ਵਿਚੋਂ ਮਿੱਟੀ ਕਢਵਾਈ ਸੀ ਜਾਂ ਛੱਪੜ ਪੁਟਵਾ ਕੇ ਡੂੰਘੇ ਕਰਵਾਏ ਸਨ । ਇਹ ਇਕ ਬਹੁਤ ਵੱਡਾ ਕੰਮ ਸੀ ਲੋਕ ਭਲਾਈ ਦਾ । ਪੀਣ ਵਾਲਾ ਪਾਣੀ ਬਹੁਤ ਘੱਟ ਸੀ। ਸਿਰਫ ਖੂਹ ਹੀ ਇਕੋ ਇਕ ਸਰੋਤ ਸਨ। ਬਠਿੰਡਾ, ਮਾਨਸਾ ਅਤੇ ਕੁਝ ਬਾਂਗਰ ਦੇ ਇਲਾਕੇ ਵਿਚ ਪਾਣੀ ਬਹੁਤ ਡੂੰਘਾ ਸੀ । ਉਪਰਲੀ ਸਤਿਹ ਵਿਚ ਜਾਂ ਤਾਂ ਪਾਣੀ ਹੁੰਦਾ ਹੀ ਨਹੀਂ ਸੀ ਜਾਂ ਫਿਰ ਖਾਰਾ ਹੁੰਦਾ ਸੀ। ਡੂੰਘੇ ਖੂਹ ਲਗਵਾਉਣੇ ਕੋਈ ਸੌਖਾ ਕੰਮ ਨਹੀਂ ਸੀ। ਕੋਈ ਟਾਵਾਂ-ਟਾਵਾਂ ਖੂਹ ਹੀ ਡੂੰਘਾ ਸੀ। ਅਸੀਂ ਕਈ ਪਿੰਡਾਂ ਵਿਚ ਦੇਖਦੇ ਹਾਂ ਕਿ ਉੱਥੇ ਗੁਰੂ ਸਾਹਿਬ ਨੇ ਖਾਰੇ ਖੂਹ ਦਾ ਪਾਣੀ ਮਿੱਠਾ ਕੀਤਾ ਸੀ । ਭਾਵੇਂ ਕਿ ਮਿੱਠਾ ਕਰਨ ਦਾ ਢੰਗ ਗਲਤ ਬਤਾਇਆ ਗਿਆ ਹੈ ਕਿ ਜਿਵੇਂ ਮੂਲੋਵਾਲ ਦੇ ਇਕ ਖੂਹ ਵਿਚ ਕੁਝ ਗੁੜ ਘੋਲ ਕੇ ਪਾਣੀ ਮਿੱਠਾ ਕੀਤਾ ਦੱਸਿਆ ਗਿਆ ਹੈ ਪਰ ਪੁਰਾਤਨ ਲਿਖਤਾਂ ਦੇ ਲੇਖਕਾਂ ਨੇ ਹਰ ਗੱਲ ਨੂੰ ਅੱਖਰੀਂ ਅਰਥਾਂ ਵਿਚ ਰੱਖ ਕੇ ਵਰਨਣ ਕੀਤਾ ਹੈ ਜਦੋਂ ਕਿ ਇਸ ਦੇ ਅਰਥ ਮੁਹਾਵਰੇਦਾਰ ਬੋਲੀ ਦੇ ਹਨ । ਮਿੱਠੇ ਦਾ ਅਰਥ ਗੁੜ ਵਾਲੀ ਮਿਠਾਸ ਤੋਂ ਨਹੀਂ ਹੈ ਸਗੋਂ ਪਾਣੀ ਦੇ ਪੀਣ ਵਾਲੇ ਸੁਆਦ ਦੇ ਠੀਕ ਹੋਣ ਤੋਂ ਹੈ । ਖੂਹ ਦਾ ਪਾਣੀ ਮਿੱਠਾ ਕਰਨ ਦਾ ਮਤਲਬ ਹੈ ਕਿ ਗੁਰੂ ਜੀ ਨੇ ਖੂਹ ਨੂੰ ਹੋਰ ਡੂੰਘਾ ਕਰਵਾਇਆ ਸੀ । ਗੁਰੂ ਜੀ ਪਾਸ ਸਿੱਖ ਸੰਗਤਾਂ ਦੀ ਬਹੁਤਾਤ ਸੀ। ਪਿੰਡਾਂ ਦੇ ਲੋਕ ਵੀ ਗੁਰੂ ਜੀ ਦੇ ਹੁਕਮ ਅਧੀਨ ਸਨ। ਇਸ ਲਈ ਗੁਰੂ ਜੀ ਦੇ ਹੁਕਮ ਮੁਤਾਬਕ ਸਿੱਖ ਸੰਗਤਾਂ ਇਕੱਠੀਆਂ ਹੋ ਕੇ ਉਸ ਕੰਮ ਨੂੰ ਦਿਨਾਂ ਵਿਚ ਹੀ ਕਰ ਦਿੰਦੀਆਂ ਸਨ ਜਿਹੜਾ ਆਮ ਤੌਰ ‘ਤੇ ਘੱਟ ਵਿਅਕਤੀਆਂ ਵੱਲੋਂ ਹੁੰਦਾ ਹੀ ਨਹੀਂ ਸੀ । ਕਈ ਪਿੰਡਾਂ ਵਿਚ ਨਵੇਂ ਖੂਹ ਲਗਵਾਉਣ ਦੀ ਜਾਣਕਾਰੀ ਮਿਲਦੀ ਹੈ। ਜਿਵੇਂ ਘੂਕੇ ਵਾਲੀ (ਗੁਰੂ ਕਾ ਬਾਗ) ਅਤੇ ਚੱਕ ਗੁਰੂ (ਬੰਗੇ ਨੇੜੇ) । ਉਨ੍ਹਾਂ ਦਿਨਾਂ ਵਿਚ ਖੂਹ ਲਗਵਾਉਣਾ ਇਕ ਬਹੁਤ ਵੱਡਾ ਕੰਮ ਹੁੰਦਾ ਸੀ ਜਿਹੜਾ ਵਿਅਕਤੀਗਤ ਪਹੁੰਚ ਤੋਂ ਦੂਰ ਦੀ ਗੱਲ ਹੁੰਦਾ ਸੀ। ਗੁਰੂ ਜੀ ਨੇ ਲੋਕਾਂ ਦੀ ਪਾਣੀ ਦੀ ਸਹੂਲਤ ਨੂੰ ਮੁੱਖ ਰੱਖ ਕੇ ਅਨੇਕਾਂ ਖੂਹ ਲਗਵਾਏ ਸਨ।

ਮਾਲਵੇ ਦੇ ਸਫ਼ਰਾਂ ਦਾ ਅਧਿਐਨ ਕਰਦਿਆਂ ਇਕ ਗੱਲ ਹੋਰ ਸਾਹਮਣੇ ਆਉਂਦੀ ਹੈ, ਉਹ ਹੈ ਕਿ ਸੰਗਰੂਰ ਦੇ ਇਲਾਕੇ ਦੇ ਕਈ ਪਿੰਡਾਂ ਵਿਚ ਗੁਰੂ ਸਾਹਿਬ ਦੀ ਆਮਦ ਵੇਲੇ ਕੁਝ ਬਿਮਾਰੀਆਂ ਫੈਲਣ ਦੀ ਜਾਣਕਾਰੀ ਮਿਲਦੀ ਹੈ। ਜਿਵੇਂ ਕਿ ਹੰਢਿਆਏ ਅਤੇ ਸੇਖੇ ਆਦਿ ਪਿੰਡਾਂ ਵਿਚ ਗਲਘੋਟੂ ਦੀ ਬਿਮਾਰੀ ਜਾਂ ਸੋਕੇ ਦੀ ਬਿਮਾਰੀ ਜਾਂ ਮਿਆਦੀ ਤਾਪ ਦੀ, ਆਦਿ। ਪੁਰਾਤਨ ਲਿਖਤਾਂ ਵਿਚ ਭਾਵੇਂ ਇਸ ਗੱਲ ਨੂੰ ਕਿਸੇ ਹੋਰ ਢੰਗ ਨਾਲ ਵਿਆਖਿਆ ਗਿਆ ਹੈ ਪਰ ਇਸ ਤੋਂ ਇਹ ਸਮਝਣਾ ਚਾਹੀਂਦਾ ਹੈ ਕਿ ਗੁਰੂ ਸਾਹਿਬ ਨੇ ਆਪਣੇ ਧਰਮ ਪਰਚਾਰ ਦੌਰਿਆਂ ਦੌਰਾਨ ਲੋਕਾਂ ਨੂੰ ਕੁਝ ਬਿਮਾਰੀਆਂ ਤੋਂ ਨਿਜਾਤ ਦਿਵਾਈ ਸੀ। ਕਈ ਥਾਈਂ ਜ਼ਿਕਰ ਆਉਂਦਾ ਹੈ ਕਿ ਗੁਰੂ ਜੀ ਨੇ ਫਲਾਣੇ ਪਿੰਡ ਦੇ ਲੋਕਾਂ ਨੂੰ ਫਲਾਣੀ ਛੱਪੜੀ ਵਿਚ ਨਹਾਉਣ ਲਈ ਕਿਹਾ ਅਤੇ ਛੱਪੜੀ ਵਿਚ ਨਹਾਉਣ ਨਾਲ ਬਿਮਾਰੀ ਠੀਕ ਹੋ ਗਈ। ਇਹ ਸਭ ਸਿਰਫ ਵਿਆਖਿਆ ਕਰਨ ਦਾ ਫ਼ਰਕ ਹੈ। ਲੋੜ ਸਿਰਫ ਅਸਲੀਅਤ ਨੂੰ ਸਮਝਣ ਦੀ ਹੈ। ਅੱਜ ਜਿੰਨੇ ਸਰੋਵਰ ਮਾਲਵੇ ਦੀ ਧਰਤੀ ‘ਤੇ ਮਿਲਦੇ ਹਨ ਸਭ ਦੇ ਪਿਛੋਕੜ ਵਿਚ ਉਨ੍ਹਾਂ ਦਾ ਪਹਿਲਾ ਰੂਪ ਕੋਈ ਨਾ ਕੋਈ ਛੱਪੜੀ ਜਾਂ ਢਾਬ ਹੀ ਹੁੰਦੀ ਸੀ । ਸਰੋਵਰ ਸਿੱਖ ਧਰਮ ਦੇ ਸਮਾਜਿਕ ਸੰਕਲਪ ਨਾਲ ਸੰਬੰਧਤ ਹਨ। ਸਿੱਖ ਧਰਮ ਵਿਚ ਸਮਾਜਿਕ ਬਰਾਬਰਤਾ ਦਾ ਸਿਧਾਂਤ ਹੈ । ਸਰੋਵਰ ਇਸ ਸਿਧਾਂਤ ਨੂੰ ਅਮਲੀ ਰੂਪ ਦੇਣ ਵਾਲੇ ਅਸਥਾਨ ਹਨ । ਸਰੋਵਰ ਵਿਚ ਹਰ ਜਾਤ ਦਾ ਵਿਅਕਤੀ ਇਸ਼ਨਾਨ ਕਰੇਗਾ। ਇਸ ਨਾਲ ਸਮਾਜਿਕ ਊਚ-ਨੀਚ ਦਾ ਭੇਦ ਖਤਮ ਹੁੰਦਾ ਹੈ। ਵੈਸੇ ਵੀ ਸਰੋਵਰ ਵਿਚ ਇਸ਼ਨਾਨ ਕਰਨ ਨਾਲ ਤਨ ਅਤੇ ਮਨ ਦੀ ਮਲੀਨਤਾ ਖ਼ਤਮ ਹੁੰਦੀ ਹੈ । ਗੁਰੂ ਜੀ ਨੇ ਲੋਕਾਂ ਨੂੰ ਲੋਕਾਂ ਦੀ ਬੋਲੀ ਵਿਚ ਹੀ ਗੱਲ ਸਮਝਾਈ ਸੀ । ਲੋਕ ਬੋਲੀ ਸੀ ਉਨ੍ਹਾਂ ਦਾ ਅੰਧ ਵਿਸ਼ਵਾਸ਼। ਇਕ ਅੰਧਵਿਸ਼ਵਾਸ਼ ਨੂੰ ਖਤਮ ਕਰਨ ਲਈ ਦੂਸਰੇ ਅੰਧ ਵਿਸ਼ਵਾਸ਼ ਦੀ ਲੋੜ ਪੈਂਦੀ ਹੈ । ਜੇ ਇਕ ਅੰਧਵਿਸ਼ਵਾਸ਼ ਇਹ ਕਹਿੰਦਾ ਸੀ। ਕਿ ਸ਼ੂਦਰ ਦੀ ਛਾਇਆ ਪੈਣ ਨਾਲ ਉੱਚੀ ਕੁੱਲ ਦਾ ਵਿਅਕਤੀ ਭਿੱਟਿਆ ਜਾਂਦਾ ਹੈ ਤਾਂ ਗੁਰੂ ਜੀ ਨੇ ਅਜਿਹੇ ਅੰਧਵਿਸ਼ਵਾਸ ਨੂੰ ਖ਼ਤਮ ਕਰਨ ਲਈ ਇਹ ਪਰਚਾਰ ਕੀਤਾ ਕਿ ਫਲਾਣੀ ਛੱਪੜੀ ਵਿਚ ਇਸ਼ਨਾਨ ਕਰਨ ਨਾਲ ਰੋਗ ਦੂਰ ਹੋ ਜਾਣਗੇ । ਇਹ ਗੱਲ ਗੁਰੂ ਸਾਹਿਬ ਨੇ ਕਹੀ ਸੀ ਜਾਂ ਨਹੀਂ ਪਰ ਲੋਕਾਂ ਵਿਚ ਇਹ ਗੱਲ ਜ਼ਰੂਰ ਪਰਚੱਲਤ ਹੋ ਗਈ ਸੀ । ਇਸ ਸੰਕਲਪ ਨਾਲ ਬਿਮਾਰੀ ਦੂਰ ਹੋਈ ਜਾਂ ਨਹੀਂ ਪਰ ਇਹ ਛੱਪੜ ਜਾਂ ਢਾਬਾਂ ਪਵਿੱਤਰ ਤੀਰਥ ਅਸਥਾਨ ਜਰੂਰ ਬਣ ਗਏ ਹਨ ਅਤੇ ਇਨ੍ਹਾਂ ਤੀਰਥ ਅਸਥਾਨਾਂ ਨੇ ਬਰਾਹਮਣਵਾਦੀ ਤੀਰਥ ਅਸਥਾਨਾਂ ਦੀ ਜਾਂ ਬਰਾਹਮਣਵਾਦੀ ਸਾਮਰਾਜ ਦੀ ਹੈਂਕੜ ਖ਼ਤਮ ਕੀਤੀ ਹੈ। ਅੱਜ ਇਹ ਤੀਰਥ ਅਸਥਾਨ ਸਿੱਖ ਸੰਗਤਾਂ ਦੇ ਜਾਂ ਮਾਲਵੇ ਦੇ ਲੋਕਾਂ ਦੇ ਸਾਂਝੇ ਅਸਥਾਨ ਹਨ। ਇਸ ਕਰ ਕੇ ਇਸ ਗੱਲ ਵਿਚ ਤਾਂ ਅੰਤਰ ਹੋ ਸਕਦਾ ਹੈ ਕਿ ਕਿਸੇ ਲੇਖਕ ਨੇ ਇਨ੍ਹਾਂ ਛੱਪੜੀਆਂ ਜਾਂ ਢਾਬਾਂ ਵਿਚ ਨਹਾਉਣ ਦੀ ਗੱਲ ਨੂੰ ਕਿਵੇਂ ਬਿਆਨਿਆ ਹੈ ਪਰ ਇਸ ਗੱਲ ਵਿਚ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਇਹ ਛੱਪੜੀਆਂ ਅਤੇ ਢਾਬਾਂ ਹੀ ਅੱਜ ਪਵਿੱਤਰ ਤੀਰਥਾਂ ਦਾ ਰੂਪ ਧਾਰਨ ਕਰੀ ਬੈਠੀਆਂ ਹਨ।

ਗੁਰੂ ਤੇਗ ਬਹਾਦੁਰ ਜੀ ਦੇ ਮਾਲਵੇ ਦੇ ਸਫ਼ਰਾਂ ਦੀ ਜਾਂ ਬਾਕੀ ਦੇ ਇਲਾਕੇ ਦੇ ਸਫ਼ਰਾਂ ਦੀ ਕੋਈ ਮਿਤੀ ਕਿਸੇ ਤਰ੍ਹਾਂ ਵੀ ਨਿਸ਼ਚਿਤ ਨਹੀਂ ਕੀਤੀ ਜਾ ਸਕਦੀ । ਸਿਰਫ਼ ਇਨ੍ਹਾਂ ਯਾਤਰਾਵਾਂ ਬਾਰੇ ਮੋਟੇ ਤੌਰ ‘ਤੇ ਇਹ ਹੀ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਵਿਚੋਂ ਕੁਝ ਤਾਂ ਗੁਰੂ ਜੀ ਵੱਲੋਂ 1664 ਈ. ਵਿਚ ਗੁਰਗੱਦੀ ਧਾਰਨ ਕਰਨ ਤੋਂ ਤੁਰੰਤ ਪਿੱਛੋਂ ਕੀਤੇ ਗਏ ਸਨ ਜਦੋਂ ਕਿ ਗੁਰੂ ਜੀ ਖੇਮਕਰਨ ਅਤੇ ਚੋਲਾ ਸਾਹਿਬ ਪਹੁੰਚੇ ਸਨ । ਉਸ ਸਮੇਂ ਉਹ ਹਰੀ ਕੇ ਪੱਤਣ ਰਾਹੀਂ ਡਰੌਲੀ ਭਾਈ ਕੀ ਜਾਂ ਮੱਲਾ ਪਿੰਡ ਵੱਲ ਵੀ ਆਏ ਸਨ । ਡਰੌਲੀ ਭਾਈ ਕੀ ਵਿਖੇ ਗੁਰੂ ਸਾਹਿਬ ਦੀ ਮਾਸੀ ਅਤੇ ਮਾਸੜ ਜੀ ਸਨ ਅਤੇ ਮੱਲਾ ਵਿਖੇ ਉਨ੍ਹਾਂ ਦੀ ਵੱਡੀ ਭੈਣ ਬੀਬੀ ਵੀਰੋ ਜੀ ਰਹਿੰਦੇ ਸਨ । ਇਸ ਲਈ ਅਜਿਹੀਆਂ ਰਿਸ਼ਤੇਦਾਰੀਆਂ ਵਿਚ ਗੁਰੂ ਤੇਗ ਬਹਾਦੁਰ ਜੀ ਦਾ ਆਉਣਾ ਜਾਣਾ ਅਕਸਰ ਰਹਿੰਦਾ ਹੀ ਸੀ । ਆਉਂਦੇ ਜਾਂਦੇ, ਰਸਤੇ ਵਿਚਲੇ ਪਿੰਡਾਂ ਵਿਚ ਠਹਿਰਣਾ ਜਾਂ ਉੱਥੋਂ ਦੇ ਸਿੱਖ ਮੁਖੀਆਂ ਨੂੰ ਮਿਲਣਾ ਕੁਦਰਤੀ ਗੱਲ ਸੀ । ਇਸ ਲਈ ਇਕ ਤਾਂ ਕਈ ਪਿੰਡਾਂ ਵਿਚ, ਰਸਤੇ ਉੱਪਰ ਹੋਣ ਕਰ ਕੇ, ਕਈ ਕਈ ਵਾਰ ਆਉਣ ਜਾਣ ਦੀ ਗੱਲ ਹੋ ਸਕਦੀ ਹੈ। ਦੂਜਾ ਇਹ ਕਹਿਣਾ ਮੁਸ਼ਕਲ ਹੈ ਕਿ ਕਿਸ ਰਸਤੇ ਜਾਂ ਤਰਤੀਬ ਨਾਲ ਜਾਂ ਕਿਸ-ਕਿਸ ਦਿਨ ਜਾਂ ਮਿਤੀ ਨੂੰ ਗੁਰੂ ਜੀ ਫਲਾਣੇ ਪਿੰਡ ਵਿਚ ਗਏ ਸਨ । ਇੱਥੇ ਸਫ਼ਰਾਂ ਦਾ ਨਿਰੀਖਣ ਕਰਦਿਆਂ ਸਿਰਫ਼ ਗੁਰੂ ਜੀ ਦੀ ਆਉਣ ਦੀ ਗੱਲ ਨੂੰ ਹੀ ਸਾਹਮਣੇ ਰੱਖਿਆ ਹੈ।

ਇਸੇ ਤਰ੍ਹਾਂ ਮਾਲਵੇ ਦੇ ਸਫਰ ਕੁਝ ਕੁ ਉਸੇ ਸਮੇਂ ਵੀ ਹੋ ਸਕੇ ਸਨ ਜਦੋਂ ਗੁਰੂ ਸਾਹਿਬ 1665 ਈ. ਦੀ ਨਵੰਬਰ ਵਿਚ ਚੱਕ ਨਾਨਕੀ ਦੀ ਨੀਂਹ ਰਖਵਾਉਣ ਪਿੱਛੋਂ ਪਟਣੇ ਸਾਹਿਬ ਜਾਣ ਲਈ ਧਮਧਾਨ ਸਾਹਿਬ ਨੂੰ ਰਵਾਨਾ ਹੋਏ ਸਨ । ਧਮਧਾਨ ਸਾਹਿਬ ਨੂੰ ਜਾਣ ਲਈ ਰੋਪੜ, ਪਟਿਆਲਾ ਅਤੇ ਸਮਾਣਾ ਜਾਂ ਘੁੜਾਮ ਵਿਚੋਂ ਦੀ ਰਸਤਾ ਜਾਂਦਾ ਸੀ । ਕੁਦਰਤੀ ਗੱਲ ਹੈ ਕਿ ਧਮਧਾਨ ਸਾਹਿਬ ਨੂੰ ਜਾਂਦਿਆਂ ਰਸਤੇ ਵਿਚਲੇ ਪਿੰਡਾਂ ਜਾਂ ਕਸਬਿਆਂ ਵਿਚ ਗੁਰੂ ਜੀ ਠਹਿਰੇ ਹੋਣਗੇ। ਇਸੇ ਤਰ੍ਹਾਂ ਜਦੋਂ ਗੁਰੂ ਸਾਹਿਬ 1673 ਜਾਂ 74 ਵਿਚ ਚੱਕ ਨਾਨਕੀ ਤੋਂ ਮਾਲਵੇ ਦੇ ਸਫ਼ਰਾਂ ਲਈ ਚੱਲੇ ਸਨ ਤਾਂ ਵੀ ਉਨ੍ਹਾਂ ਦਾ ਰਸਤਾ ਉਹੀ ਰੋਪੜ, ਪਟਿਆਲਾ (ਉਸ ਸਮੇਂ ਬਹਾਦੁਰਗੜ) ਹੀ ਸੀ। ਇਸ ਤਰ੍ਹਾਂ ਕੁਝ ਪਿੰਡਾਂ ਵਿਚ ਗੁਰੂ ਸਾਹਿਬ ਇਕ ਤੋਂ ਵੱਧ ਵਾਰ ਆਏ ਸਨ। ਅੱਜ ਰੋਪੜ, ਪਟਿਆਲਾ ਅਤੇ ਇੱਥੋਂ ਤੱਕ ਕਿ ਕੁਝ ਸੰਗਰੂਰ ਦੇ ਪਿੰਡਾਂ ਵਿਚ ਇਹ ਗੱਲ ਪਰਚੱਲਤ ਹੋਈ ਪਈ ਹੈ ਕਿ ਗੁਰੂ ਸਾਹਿਬ ਇਨ੍ਹਾਂ ਪਿੰਡਾਂ ਵਿਚ ਦਿੱਲੀ ਨੂੰ ਸ਼ਹਾਦਤ ਦੇਣ ਜਾਣ ਸਮੇਂ ਆਏ ਸਨ । ਇਹ ਗੱਲ ਗਲਤ ਹੈ। ਗੁਰੂ ਜੀ ਦੀ ਗਰਿਫ਼ਤਾਰੀ ਦਿੱਲੀ ਜਾਂ ਆਗਰੇ ਤੋਂ ਨਹੀਂ ਹੋਈ ਸੀ ਸਗੋਂ ਰੋਪੜ ਜਿਲ੍ਹੇ ਦੇ ਪਿੰਡ ਮਲਿਕਪੁਰ ਰੰਘੜਾਂ ਤੋਂ ਹੋਈ ਸੀ । ਇਸ ਨਾਲ ਉਪਰੋਕਤ ਇਲਾਕੇ ਵਾਲੇ ਪਿੰਡਾਂ ਵਿਚਲੀ ਇਹ ਦੰਦ-ਕਥਾ ਗਲਤ ਹੋ ਜਾਂਦੀ ਹੈ ਕਿ ਗੁਰੂ ਸਾਹਿਬ ਉਨ੍ਹਾਂ ਪਿੰਡਾਂ ਵਿਚ ਦਿੱਲੀ ਨੂੰ ਸ਼ਹਾਦਤ ਦੇਣ ਜਾਣ ਸਮੇਂ ਆਏ ਸਨ।

ਮਾਲਵੇ ਦਾ ਮੁੱਖ ਪਰਚਾਰ ਦੌਰਾ 1673-74 ਅਤੇ 1675 ਦੇ ਪਹਿਲੇ ਅੱਧ ਵਿਚ ਕੀਤਾ ਗਿਆ ਸੀ। ਸਿਰਫ਼ ਇਹੀ ਦੌਰਾ ਸੀ ਜਿਹੜਾ ਗੁਰੂ ਸਾਹਿਬ ਨੇ ਮਾਲਵੇ ਦੀ ਧਰਤੀ ਉੱਪਰ ਇਕ ਨਿਯਤ ਕਾਰਜਕਰਮ ਅਨੁਸਾਰ ਕੀਤਾ ਸੀ । ਗੁਰੂ ਤੇਗ ਬਹਾਦੁਰ ਜੀ, ਗੁਰੂ ਨਾਨਕ ਦੇਵ ਜੀ ਤੋਂ ਪਿੱਛੋਂ ਦੂਸਰੇ ਗੁਰੂ ਸਨ ਜਿਨ੍ਹਾਂ ਨੇ ਸਭ ਤੋਂ ਵੱਧ ਦੇਸ਼ ਵਿਆਪੀ ਦੌਰੇ ਕੀਤੇ। ਗੁਰਿਆਈ ਧਾਰਨ ਕਰਨ ਤੋਂ ਪਹਿਲਾਂ ਵੀ ਅਤੇ ਗੁਰਿਆਈ ਧਾਰਨ ਕਰਨ ਤੋਂ ਪਿੱਛੋਂ ਵੀ । ਇਨ੍ਹਾਂ ਦੌਰਿਆਂ ਨੇ ਸਿੱਖ ਸੰਗਤਾਂ ਵਿਚ ਤਾਂ ਨਵੀਂ ਚੇਤਨਾ ਲਿਆਂਦੀ ਹੀ ਲਿਆਂਦੀ ਸੀ, ਸਗੋਂ ਇਨ੍ਹਾਂ ਨਾਲ ਹਿੰਦੂ ਸਮਾਜ ਵੀ ਗੁਰੂ ਤੇਗ ਬਹਾਦੁਰ ਜੀ ਦੇ ਦੁਆਲੇ ਇਕੱਠਾ ਹੋਣਾ ਸ਼ੁਰੂ ਹੋ ਗਿਆ ਸੀ । ਗੁਰੂ ਜੀ ਦੇ ਪਰਚਾਰ ਦੌਰਿਆਂ ਨੂੰ ਗਹੁ ਨਾਲ ਦੇਖਣ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਰਾਜਪੂਤ ਰਿਆਸਤਾਂ ਵਿਚਲੇ ਤੀਰਥ ਅਸਥਾਨਾਂ ‘ਤੇ ਪਰਚਾਰ ਦੌਰੇ ਘੱਟ ਕੀਤੇ ਸਨ ਸਗੋਂ ਜਿਹੜੇ ਅਸਥਾਨ ਜਾਂ ਸ਼ਹਿਰ ਮੁਗ਼ਲ ਸਰਕਾਰ ਅਧੀਨ ਸਨ ਉੱਥੇ ਦੌਰੇ ਜਿਆਦਾ ਕੀਤੇ ਸਨ । ਇਸ ਦਾ ਦੂਸਰਾ ਭਾਵ ਹੈ ਕਿ ਮੁਗ਼ਲ ਹਕੂਮਤ ਦੇ ਅਧੀਨ ਸੂਬਿਆਂ ਵਿਚਲਾ ਹਿੰਦੂ ਸਮਾਜ ਗੁਰੂ ਜੀ ਦੀ ਨਜ਼ਰ ਹੇਠ ਸੀ । ਗੁਰੂ ਜੀ ਨੇ ਇਸ ਹਿੰਦੂ ਸਮਾਜ ਦੀ ਬਾਂਹ ਪਕੜੀ ਸੀ । ਹਿੰਦੂਆਂ ਉੱਪਰ ਜ਼ੁਲਮ ਤਾਂ ਭਾਵੇਂ ਸਾਰੇ ਹਿੰਦੁਸਤਾਨ ਅੰਦਰ ਹੀ ਹੋ ਰਿਹਾ ਸੀ ਪਰ ਕਸ਼ਮੀਰ ਸੂਬੇ ਦਾ ਗਵਰਨਰ ਸਭ ਨਾਲੋਂ ਹੀ ਜਿਆਦਾ ਜਾਲਮ ਸਾਬਤ ਹੋ ਰਿਹਾ ਸੀ। ਕਸ਼ਮੀਰ ਵਿਚ ਇਫ਼ਤਿਖ਼ਾਰ ਖ਼ਾਨ ਸੂਬੇਦਾਰ ਸੀ । ਇਸ ਨੇ ਕਸ਼ਮੀਰੀ ਬਰਾਹਮਣਾਂ ਨੂੰ ਮੁਸਲਮਾਨ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਸੀ ।” ਇਸ ਜ਼ੁਲਮ ਦੇ ਸਤਾਏ ਬਰਾਹਮਣ ਆਨੰਦਪੁਰ ਸਾਹਿਬ (ਉਸ ਸਮੇਂ ਚੱਕ ਨਾਨਕੀ) ਵਿਖੇ ਗੁਰੂ ਤੇਗ ਬਹਾਦੁਰ ਜੀ ਦੇ ਦਰਬਾਰ ਵਿਚ ਆਪਣੀ ਫਰਿਆਦ ਲੈ ਕੇ ਆਏ। ਇਨ੍ਹਾਂ ਦੀ ਅਗਵਾਈ ਪੰਡਿਤ ਕਿਰਪਾ ਰਾਮ ਦੱਤ ਕਰ ਰਿਹਾ ਸੀ। ਭੱਟ ਵਹੀ ਤਲੌਂਡਾ ਪਰਗਨਾ ਜੀਂਦ ਵਿਚ ਇਸ ਬਾਰੇ ਇਉਂ ਲਿਖਿਆ ਹੈ :

“ਕਿਰਪਾ ਰਾਮ ਬੇਟਾ ਅੜੂ ਰਾਮ ਕਾ ਪੋਤਾ ਨਰੈਣ ਦਾਸ ਕਾ ਪੜਪੋਤਾ ਬਰਹਮ ਦਾਸ ਕਾ ਬੰਸ ਠਾਕਰ ਦਾਸ ਦਾ ਭਾਰਦਵਾਜੀ ਗੋਤਰਾ ਸਰਸੁਤ ਦੱਤ ਬਰਾਹਮਣ ਮਟਨ ਪਰਗਨਾ ਸ੍ਰੀ ਨਗਰ ਦੇਸ ਕਸ਼ਮੀਰ ਖੋੜਸ ਮੁਖੀ ਬਰਾਹਮਣੋ ਕਾ ਸੰਗ ਲੈ ਕੇ ਚੱਕ ਨਾਨਕੀ ਆਇਆ ਪਰਗਨਾ ਕਹਿਲੂਰ ਮੇ ਸਬੰਤ ਸਤਰੈ ਸੈ ਬਤੀਸ ਜੇਠ ਮਾਸੇ ਸੁਦੀ ਇਕਾਦਸ਼ੀ ਕੇ ਦਿਹੁ ਗੁਰੂ ਤੇਗ ਬਹਾਦੁਰ ਮਹਿਲਾ ਨਾਮਾ….ਨੇ ਇਨੇ ਧੀਰਜ ਦਈ।”

ਦੁੱਖੀ ਬਰਾਹਮਣਾਂ ਦੇ ਫਰਿਆਦ ਕਰਨ ਦਾ ਮਤਲਬ ਸੀ ਕਿ ਅਜਿਹੇ ਸੰਕਟਮਈ ਹਾਲਾਤ ਵਿਚ ਉਨ੍ਹਾਂ ਦਾ ਸਹਾਰਾ ਹੁਣ ਸਿਰੀ ਗੁਰੂ ਤੇਗ ਬਹਾਦੁਰ ਜੀ ਹੀ ਰਹਿ ਗਏ ਸਨ । ਗੁਰੂ ਜੀ ਨੇ ਇਸ ਸੰਕਟ ਬਾਰੇ ਆਪਣੇ ਦਰਬਾਰ ਵਿਚ ਖੁੱਲ੍ਹਾ ਵਿਚਾਰ ਕੀਤਾ। ਵਿਚਾਰ-ਵਟਾਂਦਰੇ ਉਪਰੰਤ ਇਹ ਗੱਲ ਸਾਹਮਣੇ ਆਈ ਕਿ ਸਮੁੱਚੇ ਬਰਾਹਮਣ ਸਮਾਜ ਦਾ ਸਾਰਾ ਬਿਰਤਾਂਤ ਗੁਰੂ ਤੇਗ ਬਹਾਦੁਰ ਜੀ ਖੁਦ ਬਾਦਸ਼ਾਹ ਔਰੰਗਜ਼ੇਬ ਸਾਹਮਣੇ ਲਿਜਾਣ ਅਤੇ ਬਾਦਸ਼ਾਹ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਉਣ । ਕਸ਼ਮੀਰੀ ਬਰਾਹਮਣਾਂ ਦੇ ਜੱਥੇ ਦੀ ਚੱਕ ਨਾਨਕੀ ਵਿਖੇ ਆਉਣ ਦੀ ਖ਼ਬਰ ਸਾਰੇ ਦੇਸ਼ ਵਿਚ ਫੈਲ ਗਈ ਸੀ। ਜਿਸ ਕਰ ਕੇ ਭਾਰਤ ਦੇ ਹਰ ਖੇਤਰ ਦਾ ਬਰਾਹਮਣ ਚੱਕ ਨਾਨਕੀ ਵਿਖੇ ਇਕੱਠਾ ਹੋਣਾ ਸ਼ੁਰੂ ਹੋ ਗਿਆ ਸੀ । ਇਸ ਗੱਲ ਨੇ ਸਾਰੇ ਉੱਤਰੀ ਭਾਰਤ ਵਿਚ ਤਰਥੱਲੀ ਮਚਾ ਦਿੱਤੀ ਸੀ । ਹਕੂਮਤ ਵੀ ਗੁਰੂ ਤੇਗ ਬਹਾਦੁਰ ਜੀ ਦੀਆਂ ਗਤੀਵਿਧੀਆਂ ਬਾਰੇ ਚੌਕਸ ਹੋ ਗਈ। ਆਖ਼ਰਕਾਰ ਗੁਰੂ ਸਾਹਿਬ ਬਾਦਸ਼ਾਹ ਸਾਹਮਣੇ ਸਾਰਾ ਬਿਰਤਾਂਤ ਰੱਖਣ ਲਈ, ਉਨ੍ਹਾਂ ਨੂੰ ਮਿਲਣ ਵਾਸਤੇ ਚੱਕ ਨਾਨਕੀ ਤੋਂ 10-11 ਸਾਵਣ ਸੰਮਤ 1732 ਬਿ. ਮੁਤਾਬਕ 10-11 ਜੁਲਾਈ 1675 ਈ. ਨੂੰ ਦਿੱਲੀ ਲਈ ਚੱਲ ਪਏ । ਚੱਲਣ ਤੋਂ ਪਹਿਲਾਂ ਗੁਰੂ ਜੀ ਨੇ ਬਾਲ ਗੋਬਿੰਦ ਜੀ ਨੂੰ ਆਪਣਾ ਉੱਤਰਅਧਿਕਾਰੀ ਥਾਪਿਆ। ‘ਭੱਟ ਵਹੀ’ ਤਲੌਂਡਾ ਪਰਗਨਾ ਜੀਂਦ ਅਨੁਸਾਰ :

“ਸਾਵਨ ਪਰਬਿਸ਼ਟੇ ਅਠਵੇਂ ਕੇ ਦਿਹੁੰ ਗੁਰੂ ਗੋਬਿੰਦ ਦਾਸ ਜੀ ਕੋ ਗੁਰਗੱਦੀ ਕਾ ਟੀਕਾ ਦੇ ਕੇ ਦਿੱਲੀ ਕੀ ਤਰਫ਼ ਜਾਣੇ ਕੀ ਤਿਆਰੀ ਕੀ ਸਾਥ ਦੀਵਾਨ ਮਤੀ ਦਾਸ ਸਤੀ ਦਾਸ ਰਸੋਈਆ ਬੇਟੇ ਹੀਰਾ ਨੰਦ ਛਿੱਬਰ ਕੇ ਦਿਆਲ ਦਾਸ ਬੇਟਾ ਮਾਈ ਦਾਸ ਕਾ ਜਲਹਾਨਾ ਬਲੌਤ ਆਇਆ।”

ਜਿਵੇਂ ਕਿ ਪਿੱਛੇ ਲਿਖਿਆ ਜਾ ਚੁੱਕਿਆ ਹੈ ਕਿ ਹਕੂਮਤ ਗੁਰੂ ਤੇਗ ਬਹਾਦੁਰ ਜੀ ਉੱਪਰ ਨਜ਼ਰ ਰੱਖ ਰਹੀ ਸੀ ਇਸ ਲਈ ਜਿਉਂ ਹੀ ਗੁਰੂ ਜੀ ਚੱਕ-ਨਾਨਕੀ ਤੋਂ ਚੱਲ ਕੇ ਬਿਲਾਸਪੁਰ ਰਿਆਸਤ ਦੀ ਜੂਹ ਵਿਚੋਂ ਨਿਕਲ ਕੇ ਮੁਗ਼ਲ ਹਕੂਮਤ ਦੇ ਖੇਤਰ ਵਿਚ ਦਾਖ਼ਲ ਹੋਏ ਤਾਂ ਮਲਿਕ ਪੁਰ ਰੰਘੜਾਂ ਦੇ ਅਸਥਾਨ ‘ਤੇ ਹੀ ਰੋਪੜ ਪੁਲਿਸ ਚੌਂਕੀ ਦੇ ਦਰੋਗੇ ਮਿਰਜ਼ਾ ਨੂਰ ਮੁਹੰਮਦ ਨੇ ਗੁਰੂ ਜੀ ਅਤੇ ਉਨ੍ਹਾਂ ਦੇ ਮੁਖੀ ਸਿੱਖਾਂ ਨੂੰ ਗਰਿਫ਼ਤਾਰ ਕਰ ਲਿਆ। ਗਰਿਫ਼ਤਾਰ ਕਰ ਕੇ ਪਹਿਲਾਂ ਸਰਹਿੰਦ ਪਹੁੰਚਾਇਆ ਗਿਆ ਅਤੇ ਫਿਰ ਚਾਰ ਮਹੀਨਿਆਂ ਤੱਕ ਬਸੀ ਪਠਾਣਾਂ ਦੇ ਬੰਦੀਖਾਨੇ ਵਿਚ ਰੱਖ ਕੇ ਗੁਰੂ ਜੀ ਨੂੰ ਸਖ਼ਤ ਤਸੀਹੇ ਦਿੱਤੇ ਗਏ। ਚਾਰ ਮਹੀਨਿਆਂ ਪਿੱਛੋਂ ਗੁਰੂ ਜੀ ਨੂੰ ਦਿੱਲੀ ਲਿਜਾ ਕੇ ਕੋਤਵਾਲੀ ਵਿਚ ਬੰਦ ਕਰ ਦਿੱਤਾ ਗਿਆ । ਇੱਥੇ ਗੁਰੂ ਜੀ ਨੂੰ ਅੱਠ ਦਿਨ ਰੱਖਿਆ ਗਿਆ। ‘ਭੱਟ ਵਹੀ ਮੁਲਤਾਨੀ ਸਿੰਧੀ ਖਾਤਾ ਬਲੌਤੋਂ ਕਾ ਵਿਚ ਇਸ ਬਾਰੇ ਇਉਂ ਲਿਖਿਆ ਹੈ: “ਗੁਰੂ ਤੇਗ ਬਹਾਦੁਰ ਜੀ ਮਹਲ ਨਾਮਾ ਕੋ ਨੂਰ ਮੁਹੰਮਦ ਖ਼ਾਨ ਮਿਰਜਾ ਚੌਂਕੀ ਰੋਪੜ ਵਾਲੇ ਨੇ ਸਾਲ ਸਤਰੈ ਸੈ ਬਤੀਸ ਸਾਵਨ ਪਰਬਿਸ਼ਟੇ ਬਾਰਾਂ ਕੇ ਦਿਹੁੰ ਗਾਉਂ ਮਲਿਕਪੁਰ ਰੰਘੜਾਂ ਪਰਗਨਾ ਘਨੌਲਾ ਸੇ ਪਕੜ ਕੇ ਸਰਹਿੰਦ ਪਹੁੰਚਾਇਆ ਗੈਲ ਦੀਵਾਨ ਮਤੀ ਦਾਸ ਸਤੀ ਦਾਸ ਬੇਟੇ ਹੀਰਾ ਮਲ ਛਿਬਰ ਕੇ ਗੈਲ ਦਿਆਲ ਦਾਸ ਬੇਟਾ ਮਾਈ ਦਾਸ ਬਲੌਤ ਕਾ ਪਕੜਿਆ ਆਇਆ ਗੁਰੂ ਜੀ ਚਾਰ ਮਾਸ ਬਸੀ ਪਠਾਨਾ ਕੇ ਬੰਦੀਖਾਨੇ ਮੇਂ ਬੰਦ ਰਹੇ ਆਠ ਦਿਵਸ ਦਿੱਲੀ ਕੋਤਵਾਲੀ ਮੇਂ ਕੈਦ ਰਹੇ।” ਗੁਰ ਕੀਆਂ ਸਾਖੀਆਂ ਵਿਚ ਇਸ ਬਾਰੇ ਥੋੜ੍ਹਾ ਜਿਹਾ ਹੋਰ ਵਿਸਥਾਰ ਵਿਚ ਲਿਖਿਆ ਗਿਆ ਹੈ :

“ਹਾਕਮ ਸਰਹਿੰਦ ਸੇ ਪਤਾ ਚਲਾ ਕਿ ਗੁਰੂ ਤੇਗ ਬਹਾਦੁਰ ਕਸ਼ਮੀਰੀ ਬਰਾਹਮਣਾਂ ਕੀ ਫਰਿਆਦ ਲੈ ਕੇ ਦਿੱਲੀ ਜਾ ਰਿਹਾ ਹੈ ਇਨੇ ਹਿਰਾਸਤ ਮੇ ਲੇ ਲੇਨਾ ਜ਼ਰੂਰੀ ਹੈ। ਨਾਜ਼ਮ ਸਰਹਿੰਦ ਨੇ ਚੌਕੀ ਸਰਦਾਰ ਰੋਪੜ ਸੇ ਲਿਖਾ ਕੇ ਉਸੇ ਸਮੇਂ ਬਮੇ ਹਮਰਾਹੀ ਸਿੱਖਾਂ ਗਰਿਫ਼ਤਾਰ ਕਰ ਕੇ ਮੇਰੇ ਰੋਬਰੂ ਸਰਹਿੰਦ ਮੇਂ ਲਾਇ ਕੇ ਪੇਸ਼ ਕੀਆ ਜਾਏ । ਉਧਰ ਗੁਰੂ ਜੀ ਬਮੇ ਤੀਨ ਸਿੱਖੋਂ ਕੇ ਨਦੀ ਸਰਸਾ ਪਾਰ ਹੋਇ ਕੇ ਮਲਕਪੁਰ ਰੰਘੜਾ ਭਾਈ ਨਗਾਹੀਏ ਸਿੱਖ ਕੇ ਗ੍ਰਹਿ ਮੇ ਆਏ ਨਿਵਾਸ ਕੀਆ। ਸੁਬਹ ਗੁਰੂ ਜੀ ਕਾ ਬਚਨ ਪਾਇ ਭਾਈ ਮਤੀਦਾਸ ਕੂਏ ਸੇ ਪਾਣੀ ਲੇਨੇ ਆਇਆ । ਭਾਵੀ ਪਰਬਲ ਮਤੀਦਾਸ ਹਰਟ ਕੀ ਲੱਕੜੀ ਸੇ ਪਾਉਂ ਰਾਖ ਪਾਣੀ ਨਿਕਾਲਨੇ ਲਗਾ, ਇਸ ਕਾ ਪੈਰ ਫਿਸਲ ਗਿਆ । ਜਿਸ ਸੇ ਮਤੀਦਾਸ ਕੂਏ ਮੇ ਗਿਰ ਪੜਾ। ਇਸ ਕੇ ਗਿਰਨੇ ਕੀ ਆਵਾਜ਼ ਸੁਣ ਕੇ ਗਿਰਦ ਨਿਵਾਹ ਦੇ ਲੋਕ ਆਏ ਜਮਾਂ ਹੂਏ। ਦੀਵਾਨ ਮਤੀ ਦਾਸ ਕੋ ਗਾਉ ਕੇ ਲੋਕਾਂ ਨੇ ਨਿਕਾਲਾ । ਪੂਛਨੇ ਸੇ ਪਤਾ ਚਲਾ ਕਿ ਇਹ ਗੁਰੂ ਜੀ ਸਮੇਤ ਨਗਾਹੀਏ ਕੇ ਘਰ ਮੇ ਠਹਿਰਾ ਹੂਆ ਹੈ। ਨਗਰ ਵਾਸੀ ਰੰਘੜਾ ਨੇ ਰੋਪੜ ਕੀ ਚੌਕੀ ਮੇ ਆਏ ਪਤਾ ਕੀਆ ਕਿ ਹਮਾਰੇ ਗਾਉ ਮੇ ਸਿੱਖੋਂ ਕਾ ਗੁਰੂ ਤੇਗ ਬਹਾਦੁਰ ਆਇਆ ਹੂਆ ਹੈ। ਚੌਕੀ ਸਰਦਾਰ ਨੇ ਮਲਕ ਪੁਰ ਜਾਏ ਗੁਰੂ ਜੀ ਕੋ ਤੀਨ ਸਿੱਖੋ ਹਮਰਾਹ ਪਕੜ ਰੋਪੜ ਮੇ ਲਿਆਂਦਾ। ਅਗਲੇ ਦਿਹੁੰ ਸੰਮਤ ਸਤਰਾਂ ਸੈ ਬਤੀਸ ਸਾਵਨ ਪਰਵਿਸ਼ਟੇ ਤੇਰਾਂ ਕੋ ਇਨੇ ਹਾਕਮ ਸਰਹਿੰਦ ਕੇ ਪੇਸ਼ ਕੀਆ ਗਿਆ। ਇਨ ਕੋ ਬਸੀ ਪਠਾਣਾਂ ਦੀ ਹਵਾਲਾਤ ਮੇਂ ਬੰਦ ਕਰ ਕੇ ਦਿੱਲੀ ਦਰਬਾਰ ਮੇ ਇਤਲਾਹ ਭੇਜ ਦਈ ਗਈ । ”

ਕੇਸਰ ਸਿੰਘ ਛਿੱਬਰ ਨੇ ਵੀ ਇਸ ਗੱਲ ਦੀ ਇਉਂ ਪੁਸ਼ਟੀ ਕੀਤੀ ਹੈ:

ਪਿੰਡ ਤੇ ਰੰਘੜ ਆਏ ਧਾਏ ।

ਗਹਿ ਲੀਤੇ ਸਾਹਿਬ ਅਤੇ ਸਤੀ ਦਾਸ ਜਾਇ।

ਮਤੀ ਦਾਸ ਭੀ ਖੂਹ ਤੇ ਕਢਿਆ ਮੰਗਾਇ।

ਭੇਜ ਆਦਮੀ ਫ਼ੌਜ ਰੋਪੜੋ ਮੰਗਾਈ ।

ਜੋ ਕੁਛ ਆਹਾ ਸੇ ਖੋਹਿ ਲੀਤਾ ਸਾਹਿਬ ਦਿੱਤਾ ਪਕੜਾਈ।

ਰੋਪੜ ਵਾਲਿਆਂ ਆਦਮੀ ਭੇਜਿਆ ਸਰਹਿੰਦ।

ਆਉਣ ਫ਼ੌਜ ਲੈ ਜਾਊ ਅਸਾਂ ਸਾਹਿਬ ਕੀਤੇ ਬੰਦ।

ਸੋ ਪਿੰਜਰਾ ਲੋਹੇ ਕਾ ਕਰ ਲਿਆਇ।

ਸਾਹਿਬ ਤਿਸ ਵਿਚ ਲੀਤੇ ਪਾਇ।

ਚਉਥੇ ਮਹੀਨੇ ਸਾਹਿਬ ਦਿੱਲੀ ਜਾਇ ਪਹੁਤੇ ।

ਵਿਚ ਮਾਰਗ ਦੁੱਖ ਪਾਇ ਬਹੁਤੇ । 

ਗੁਰੂ ਜੀ ਦੀ ਗਰਿਫ਼ਤਾਰੀ ਨਾਲ ਇਹ ਗੱਲ ਜੁੜੀ ਹੋਈ ਹੈ ਕਿ ਕੀ ਔਰੰਗਜੇਬ ਦਿੱਲੀ ਵਿਚ ਸੀ ਜਾਂ ਨਹੀਂ? ਹੁਣ ਤੱਕ ਦੀ ਖੋਜ ਇਹੀ ਦੱਸਦੀ ਹੈ ਕਿ ਉਸ ਸਮੇਂ ਬਾਦਸ਼ਾਹ ਔਰੰਗਜ਼ੇਬ ਦਿੱਲੀ ਵਿਚ ਨਹੀਂ ਸੀ ਸਗੋਂ ਉਹ ਹਸਨ ਅਬਦਾਲ (ਪੱਛਮੀ ਪੰਜਾਬ) ਵਿਖੇ ਕਿਸੇ ਮੁਹਿੰਮ ‘ਤੇ ਗਿਆ ਹੋਇਆ ਸੀ । ਸਾਕੀ ਮੁਸਤਾਅਦ ਖ਼ਾਨ ਦੀ ਲਿਖਤ ਅਨੁਸਾਰ ਬਾਦਸ਼ਾਹ ਔਰੰਗਜ਼ੇਬ ਨੇ ਮੁਹਰਮ ਦੀ ਗਿਆਰਾਂ ਤਾਰੀਖ ਅਨੁਸਾਰ 7 ਅਪਰੈਲ, 1674 ਈ. ਨੂੰ ਦਿੱਲੀ ਤੋਂ ਹਸਨ ਅਬਦਾਲ ਵੱਲ ਕੂਚ ਕੀਤਾ ਅਤੇ ਇੱਥੇ 23 ਦਸੰਬਰ, 1675 ਈ. ਤੱਕ ਰਿਹਾ ਸੀ।* ਇਹ ਗੱਲ ਸਾਡੇ ਇਤਿਹਾਸਕਾਰਾਂ ਵੱਲੋਂ ਵੀ ਬੜੇ ਯਕੀਨ ਨਾਲ ਅਪਣਾ ਲਈ ਗਈ ਹੈ ਪਰ ਸੁਆਲ ਇੱਥੇ ਪੈਦਾ ਇਹ ਹੁੰਦਾ ਹੈ ਕਿ ਜੇਕਰ ਬਾਦਸ਼ਾਹ ਔਰੰਗਜੇਬ ਦਿੱਲੀ ਵਿਖੇ ਨਹੀਂ ਸੀ ਤਾਂ ਗੁਰੂ ਤੇਗ ਬਹਾਦੁਰ ਜੀ ਅਤੇ ਉਨ੍ਹਾਂ ਦੇ ਸਿੱਖਾਂ ਨੂੰ ਨਜਰਬੰਦ ਕਰ ਕੇ ਸਰਹਿੰਦ ਜਾਂ ਬਸੀ ਪਠਾਣਾਂ ਤੋਂ ਦਿੱਲੀ ਕਿਉਂ ਭੇਜਿਆ ਗਿਆ ਸੀ? ਦੂਸਰਾ, ਬਾਦਸ਼ਾਹ ਦੀ ਗੈਰ-ਮੌਜੂਦਗੀ ਵਿਚ ਗੁਰੂ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਕਿਸ ਨੇ ਦਿੱਤਾ ਸੀ ਜਦੋਂ ਕਿ ਮੌਤ ਦੀ ਸਜ਼ਾ ਦੇਣ ਦਾ ਅਧਿਕਾਰ ਸਿਰਫ ਬਾਦਸ਼ਾਹ ਨੂੰ ਹੀ ਹੁੰਦਾ ਹੈ, ਹੋਰ ਕਿਸੇ ਨੂੰ ਵੀ ਇਹ ਅਧਿਕਾਰ ਨਹੀਂ ਹੁੰਦਾ। ਸ਼ਾਹੀ ਕਾਜੀ ਭਾਵੇਂ ਕਿੰਨੇ ਵੀ ਉੱਚੇ ਰੁਤਬੇ ਦਾ ਮਾਲਕ ਹੋਵੇ ਪਰ ਉਹ ਬਾਦਸ਼ਾਹ ਦੀ ਗੈਰ-ਹਾਜ਼ਰੀ ਵਿਚ ਕਦੇ ਵੀ ਮੌਤ ਦੀ ਸਜਾ ਨਹੀਂ ਦੇ ਸਕਦਾ। ਜੇਕਰ ਇਹ ਵੀ ਮੰਨ ਲਿਆ ਜਾਵੇ ਕਿ ਔਰੰਗਜ਼ੇਬ ਨੇ ਹਸਨ ਅਬਦਾਲ ਤੋਂ ਹੀ ਗੁਰੂ ਜੀ ਦੀ ਸ਼ਹਾਦਤ ਦੇ ਹੁਕਮ ਕਰ ਦਿੱਤੇ ਹੋਣ ਤਾਂ ਵੀ ਇਹ ਗੱਲ ਜੱਚਦੀ ਨਹੀਂ ਹੈ। ਗੁਰੂ ਤੇਗ ਬਹਾਦੁਰ ਜੀ ਜੈਸੇ ਮਹਾਨ ਨੇਤਾ ਨੂੰ, ਜਿਸ ਦੇ ਦੁਆਲੇ ਘੱਟੋ-ਘੱਟ ਉੱਤਰੀ ਭਾਰਤ ਦਾ ਸਮੁੱਚਾ ਹਿੰਦੂ ਸਮਾਜ ਕੇਂਦਰਿਤ ਹੋ ਰਿਹਾ ਸੀ, ਐਵੇਂ ਸਰਸਰੀ ਤੌਰ ‘ਤੇ ਮੌਤ ਦੀ ਸਜਾ ਦੇ ਹੁਕਮ ਘੱਟੋ-ਘੱਟ ਔਰੰਗਜ਼ੇਬ ਜੈਸੇ ਚਲਾਕ ਅਤੇ ਸਿਆਸੀ ਤੌਰ ‘ਤੇ ਨਿਪੁੰਨ ਬਾਦਸ਼ਾਹ ਵੱਲੋਂ ਉਮੀਦ ਨਹੀਂ ਕੀਤੇ ਜਾ ਸਕਦੇ । ਔਰੰਗਜ਼ੇਬ ਨੇ ਤਾਂ ਗੁਰੂ ਹਰਿਕਰਿਸ਼ਨ ਜੀ ਅਤੇ ਰਾਮ ਰਾਇ ਦੇ ਆਪਸੀ ਝਗੜੇ ਵਿਚ ਵੀ ਕਾਹਲੀ ਤੋਂ ਕੰਮ ਨਹੀਂ ਲਿਆ ਸੀ ਹਾਲਾਂ ਕਿ ਉਸ ਸਮੇਂ ਆਪਣੀ ਮਰਜ਼ੀ ਅਨੁਸਾਰ ਕੋਈ ਵੀ ਫੈਸਲਾ ਲੈ ਸਕਦਾ ਸੀ । ਉਸ ਨੇ ਬਾਬਾ ਰਾਮ ਰਾਇ ਦੀ ਸ਼ਕਾਇਤ ਬਾਰੇ ਪੂਰੀ ਜਾਣਕਾਰੀ ਪਰਾਪਤ ਕਰਨ ਲਈ ਗੁਰੂ ਹਰਿ ਕਰਿਸ਼ਨ ਜੀ ਨੂੰ ਦਿੱਲੀ ਬੁਲਾਇਆ ਸੀ ਅਤੇ ਸ਼ਾਇਦ ਗੁਰੂ ਹਰਿ ਕਰਿਸ਼ਨ ਜੀ ਦਾ ਪੱਖ ਜਾਣਨ ਉਪਰੰਤ ਔਰੰਗਜੇਬ ਨੇ ਇਹ ਸੱਚਾਈ ਲੱਭ ਲਈ ਸੀ ਕਿ ਅਸਲ ਗੁਰੂ ਕੌਣ ਹੈ । ਇਹੀ ਕਾਰਣ ਸੀ ਕਿ ਉਸ ਵੱਲੋਂ ਘੱਟੋ-ਘੱਟ ਗੁਰ-ਗੱਦੀ ਦੇ ਸੰਬੰਧ ਵਿਚ ਬਾਬਾ ਰਾਮ ਰਾਇ ਨੂੰ ਕੋਈ ਮਾਣਤਾ ਨਹੀਂ ਦਿੱਤੀ ਗਈ ਸੀ। ਗੁਰ-ਗੱਦੀ ਦੇ ਉੱਤਰਅਧਿਕਾਰੀ ਦਾ ਫੈਸਲਾ ਕਰਨ ਵਿਚ ਵੀ ਜੇਕਰ ਔਰੰਗਜ਼ੇਬ ਕਿਸੇ ਕਾਹਲੀ ਜਾਂ ਪੱਖਪਾਤ ਤੋਂ ਕੰਮ ਨਹੀਂ ਲੈ ਰਿਹਾ ਸੀ ਤਾਂ ਗੁਰੂ ਤੇਗ ਬਹਾਦੁਰ ਜੈਸੇ ਪਰਵਾਣਿਤ ਗੁਰੂ ਨੂੰ ਅਤੇ ਸਮਾਜਿਕ ਤੌਰ ‘ਤੇ ਸਰਬ-ਪਰਵਾਣਿਤ ਨੇਤਾ ਨੂੰ ਇਤਨੀ ਕਾਹਲੀ ਨਾਲ ਅਤੇ ਆਪਣੀ ਗੈਰ-ਮੌਜੂਦਗੀ ਵਿਚ, ਬਿਨਾਂ ਕਿਸੇ ਸੱਚਾਈ ਨੂੰ ਜਾਣੇ ਦੇ ਸ਼ਹੀਦ ਕਰਨ ਦਾ ਹੁਕਮ ਨਹੀਂ ਕਰ ਸਕਦਾ ਸੀ।

ਇਕ ਹੋਰ ਪੱਖੋਂ ਵੀ ਔਰੰਗਜ਼ੇਬ ਦੀ ਦਿੱਲੀ ਤੋਂ ਗੈਰ-ਹਾਜ਼ਰੀ ਸ਼ੱਕੀ ਬਣ ਜਾਂਦੀ ਹੈ। ਇਸ ਗੱਲ ਦੀ ਗਵਾਹੀ ਸਿਰਫ ਮੁਆਸਿਰ ਆਲਮਗੀਰੀ ਤੋਂ ਹੀ ਮਿਲਦੀ ਹੈ ਕਿ ਔਰੰਗਜ਼ੇਬ ਇਸ ਸਮੇਂ ਹਸਨ ਅਬਦਾਲ ਦੀ ਮੁਹਿੰਮ ‘ਤੇ ਗਿਆ ਹੋਇਆ ਸੀ । ਜਿੱਥੋਂ ਤੱਕ ਮੁਆਸਿਰ ਆਲਮਗੀਰੀ ਦੀ ਲਿਖਤ ਦੀ ਪਰਮਾਣੀਕਤਾ ਦਾ ਸੰਬੰਧ ਹੈ ਇਸ ਬਾਰੇ ਕਿਸੇ ਨੇ ਅਜੇ ਤੱਕ ਕੋਈ ਆਲੋਚਨਾਤਮਿਕ ਅਧਿਐਨ ਨਹੀਂ ਕੀਤਾ । ਇਸ ਕਰਕੇ ਇਸ ਦੀ ਪਰਮਾਣੀਕਤਾ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ । ਦੂਜਾ, ਹਸਨ ਅਬਦਾਲ ਦੀ ਕਿਹੜੀ ਇਤਨੀ ਵੱਡੀ ਮੁਹਿੰਮ ਸੀ ਕਿ ਬਾਦਸ਼ਾਹ ਨੂੰ ਖੁਦ ਫ਼ੌਜ ਦੀ ਅਗਵਾਈ ਕਰਨੀ ਪਈ ਸੀ ਅਤੇ ਲਗਾਤਾਰ ਪੌਣੇ ਦੋ ਸਾਲਾਂ ਦੇ ਅਰਸੇ ਤੱਕ ਉੱਥੇ ਰਹਿਣਾ ਪਿਆ ਸੀ । ਇਹ ਸਾਧਾਰਨ ਮੁਹਿੰਮ ਸੀ । ਇਹ ਵੀ ਹੋ ਸਕਦਾ ਹੈ ਕਿ ਫ਼ੌਜਾਂ ਨੂੰ ਹੱਲਾ ਸ਼ੇਰੀ ਦੇਣ ਲਈ ਜਾਂ ਦੁਸ਼ਮਣ ਨੂੰ ਹੌਂਸਲਾਹੀਣ ਕਰਨ ਲਈ ਇਹ ਗੱਲ ਧੂਮ ਧੁਮਾ ਦਿੱਤੀ ਗਈ ਹੋਵੇ ਕਿ ਬਾਦਸ਼ਾਹ ਖੁਦ ਫ਼ੌਜ ਦੀ ਅਗਵਾਈ ਕਰ ਰਿਹਾ ਹੈ। ਅਜਿਹੀਆਂ ਗੱਲਾਂ ਦੀ ਰੌਸ਼ਨੀ ਵਿਚ ਮੁਆਸਿਰੀ ਆਲਮਗੀਰੀ ਦੇ ਲੇਖਕ ਨੂੰ ਬਾਦਸ਼ਾਹ ਦੀ ਅਸਲ ਮੌਜੂਦਗੀ ਦਾ ਭੁਲੇਖਾ ਵੀ ਲੱਗ ਸਕਦਾ ਹੈ ਜਾਂ ਅਜਿਹਾ ਭੁਲੇਖਾ ਜਾਣ ਬੁੱਝ ਕੇ ਵੀ ਪਾਇਆ ਜਾ ਸਕਦਾ ਹੈ। ਪਰ ਇਕ ਗੱਲ ਨਿਸ਼ਚਿਤ ਹੈ ਕਿ ਬਾਦਸ਼ਾਹ ਤੋਂ ਬਿਨਾਂ ਹੋਰ ਕਿਸੇ ਨੂੰ ਵੀ ਮੌਤ ਦੀ ਸਜ਼ਾ ਦੇਣ ਦਾ ਅਧਿਕਾਰ ਨਹੀਂ ਸੀ। ਇਹ ਵੀ ਕਿ ਅਸੀਂ ਦਸਮ ਗਰੰਥ ਦੇ ‘ਬਚਿੱਤ੍ਰ ਨਾਟਕ’ ਵਿਚਲੇ ਇਸ ਵੇਰਵੇ ਨੂੰ ਕਿਸੇ ਵੀ ਤਰ੍ਹਾਂ ਅੱਖੋਂ ਓਹਲੇ ਨਹੀਂ ਕਰ ਸਕਦੇ ਕਿ ਗੁਰੂ ਤੇਗ ਬਹਾਦੁਰ ਜੀ ਨੇ ਦਿੱਲੀ ਦੇ ਮਾਲਕ ਦੇ ਸਿਰ ‘ਤੇ ਆਪਣੀ ਸ਼ਹਾਦਤ ਦਾ ਠੀਕਰ ਭੰਨ ਕੇ ਅਕਾਲ ਪੁਰਖ ਦੇ ਚਰਨਾਂ ਵੱਲ ਰਵਾਨਗੀ ਕਰ ਦਿੱਤੀ ।

ਠੀਕਰ ਫੋਰਿ ਦਿਲੀਸ ਸਿਰਿ ਪ੍ਰਭ ਪੁਰਿ ਕਿਯਾ ਪਯਾਨ । 

ਸਿੱਟੇ ਦੇ ਤੌਰ ‘ਤੇ ਬਾਦਸ਼ਾਹ ਵੱਲੋਂ ਹੁਕਮ ਕੀਤਾ ਗਿਆ ਕਿ ਗੁਰੂ ਤੇਗ ਬਹਾਦੁਰ ਜੀ ਨੂੰ ਤਿੰਨ ਪੇਸ਼ਕਸ਼ਾਂ ਕੀਤੀਆਂ ਜਾਣ । ਇਸਲਾਮ ਕਬੂਲ ਕਰਨਾ ਜਾਂ ਮੌਤ ਕਬੂਲ ਕਰਨੀ । ਜੇਕਰ ਇਨ੍ਹਾਂ ਦੋਹਾਂ ਵਿਚੋਂ ਗੁਰੂ ਜੀ ਕੋਈ ਵੀ ਗੱਲ ਕਬੂਲ ਨਾ ਕਰਨ ਤਾਂ ਕੋਈ ਕਰਾਮਾਤ ਦਿਖਾਉਣ, ਤਾਂ ਕੇ ਉਨ੍ਹਾਂ ਨੂੰ ਕਰਨੀ ਵਾਲਾ ਚਮਤਕਾਰੀ ਪੁਰਸ਼ ਮੰਨਿਆ ਜਾ ਸਕੇ । ਜਦੋਂ ਇਹ ਤਿੰਨੇ ਪੇਸ਼ਕਸ਼ਾਂ ਗੁਰੂ ਜੀ ਦੇ ਸਾਹਮਣੇ ਰੱਖੀਆਂ ਗਈਆਂ ਤਾਂ ਉਨ੍ਹਾਂ ਨੇ ਇਸਲਾਮ ਧਾਰਨ ਅਤੇ ਕਰਾਮਾਤ ਦਿਖਾਉਣ, ਦੋਹਾਂ ਤੋਂ ਹੀ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਮਕਸਦ ਤਾਂ ਸਿਰਫ ਮਨੁੱਖ ਦੇ ਜੀਊਣ ਦਾ ਅਧਿਕਾਰ ਪਰਾਪਤ ਕਰਨ ਦਾ ਸੀ, ਕਰਾਮਾਤ ਦਿਖਾ ਕੇ ਜਾਂ ਇਸਲਾਮ ਕਬੂਲ ਕਰ ਕੇ ਆਪਣੀ ਰਿਹਾਈ ਕਰਵਾਉਣ ਦਾ ਮਤਲਬ ਨਹੀਂ ਸੀ। ਔਰੰਗਜ਼ੇਬ ਨੇ ਇਹ ਗੱਲ ਨਹੀਂ ਮੰਨੀ ਅਤੇ ਗੁਰੂ ਜੀ ਨੇ ਬਾਦਸ਼ਾਹ ਦੀਆਂ ਪੇਸ਼ਕਸ਼ਾਂ ਨਹੀਂ ਮੰਨੀਆਂ। ਅੰਤ ਨੂੰ ਗੁਰੂ ਜੀ ਨੂੰ ਡਰਾਉਣ ਅਤੇ ਧਮਕਾਉਣ ਲਈ ਪਹਿਲਾਂ ਉਨ੍ਹਾਂ ਦੇ ਮੁਖੀ ਸਾਥੀ ਸਿੱਖਾਂ ਭਾਈ ਮਤੀ ਦਾਸ, ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਭਾਂਤ-ਭਾਂਤ ਦੇ ਦਰਦਨਾਕ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਮਤੀ ਦਾਸ ਜੀ ਨੂੰ ਲੱਕੜਾਂ ਵਿਚਕਾਰ ਨਪੀੜ ਕੇ ਆਰੇ ਨਾਲ ਚੀਰਿਆ ਗਿਆ। ਭਾਈ ਸਤੀ ਦਾਸ ਜੀ ਨੂੰ ਰੂੰ ਵਿਚ ਲਪੇਟ ਕੇ ਅੱਗ ਨਾਲ ਸਾੜਿਆ ਗਿਆ । ਗੁਰੂ ਜੀ ਸਭ ਕੁਝ ਦੇਖਦੇ ਰਹੇ ਅਤੇ ਅਡੋਲ ਰਹੇ। ਫਿਰ ਗੁਰੂ ਜੀ ਨੂੰ ਤਸੀਹੇ ਦੇ ਕੇ, ਚਾਂਦਨੀ ਚੌਕ ਦੇ ਵਿਚ ਇਕ ਬਰੋਟੇ ਦੇ ਦਰੱਖਤ ਹੇਠ ਸਭ ਲੋਕਾਂ ਦੇ ਸਾਹਮਣੇ ਮੱਘਰ ਸੁਦੀ ਪੰਚਮੀ, ਸੰਮਤ 1732 ਬਿ. ਮੁਤਾਬਕ ਗਿਆਰਾਂ ਨਵੰਬਰ, ਸੰਨ 1675 ਈ. ਨੂੰ ਗੁਰੂ ਜੀ ਦੇ ਸੀਸ ਨੂੰ ਕੱਟ ਕੇ ਸ਼ਰੀਰ ਨਾਲੋਂ ਅਲੱਗ ਕਰ ਦਿੱਤਾ ਗਿਆ।

ਇਹ ਹਕੂਮਤ ਦੇ ਜ਼ੁਲਮ ਦੀ ਇੰਤਹਾ ਸੀ । ਗੁਰੂ ਜੀ ਦੁੱਖੀ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਆਪਣਾ ਆਪ ਵਾਰ ਗਏ ਸਨ। ਉਨ੍ਹਾਂ ਨੇ ਸੀਸ ਦੇਣਾ ਪਰਵਾਨ ਕਰ ਲਿਆ ਪਰ ਆਪਣਾ ਸਿਦਕ ਨਹੀਂ ਹਾਰਿਆ। ਇਸ ਬਾਰੇ ਦਸਮ ਗਰੰਥ ਦੀਆਂ ਲਿਖੀਆਂ ਇਹ ਲਾਈਨਾਂ ਕਿੰਨੀਆਂ ਭਾਵਪੂਰਤ ਹਨ :

ਤਿਲਕ ਜੰਝੂ ਰਾਖਾ ਪ੍ਰਭ ਤਾਕਾ। ਕੀਨੋ ਬਡੋ ਕਲੂ ਮਹਿ ਸਾਕਾ।

ਸਾਧਨਿ ਹੇਤਿ ਇਤੀ ਜਿਨਿ ਕਰੀ। ਸੀਸੁ ਦੀਆ ਪਰ ਸੀ ਨ ਉਚਰੀ।

ਧਰਮ ਹੇਤ ਸਾਕਾ ਜਿਨਿ ਕੀਆ । ਸੀਸ ਦੀਆ ਪਰ ਸਿਰਰੁ ਨ ਦੀਆ।

ਭਾਈ ਲਖੀ ਸ਼ਾਹ ਨੇ ਆਪਣੇ ਪੁੱਤਰਾਂ ਨਗਾਹੀਆ, ਹੇਮਾ ਅਤੇ ਹਾੜੀ ਅਤੇ ਕਾਹਨੇ ਦੇ ਲੜਕੇ ਧੂਮਾਂ ਦੀ ਸਹਾਇਤਾ ਨਾਲ ਗੁਰੂ ਜੀ ਦੇ ਪਵਿੱਤਰ ਸਰੀਰ ਨੂੰ ਚੁੱਕ ਆਪਣੇ ਘਰ ਲਿਜਾ ਕੇ ਅੱਗ ਦੀ ਭੇਂਟ ਕਰ ਦਿੱਤਾ ਸੀ । ਗੁਰੂ ਜੀ ਦੇ ਪਵਿੱਤਰ ਸੀਸ ਨੂੰ ਭਾਈ ਜੈਤਾ ਜੀ ਰੰਘਰੇਟਾ ਦਿੱਲੀ ਤੋਂ ਚੁੱਕ ਛੁਪਦਾ-ਛੁਪਾਉਂਦਾ ਚੱਕ-ਨਾਨਕੀ ਵਿਖੇ ਲੈ ਆਇਆ ਸੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰਦੁਆਰਾ ਸੀਸ ਗੰਜ ਵਾਲੇ ਅਸਥਾਨ ‘ਤੇ ਸੰਸਕਾਰ ਕੀਤਾ ਗਿਆ ਸੀ।

ਗੁਰੂ ਤੇਗ ਬਹਾਦੁਰ ਜੀ ਇਕ ਮਹਾਨ ਫਿਲਾਸਫਰ ਅਤੇ ਧਾਰਮਕ ਨੇਤਾ ਸਨ । ਉਨ੍ਹਾਂ ਦੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸੰਨ 1706 ਈ. ਵਿਚ ਤਖ਼ਤ ਸਿਰੀ ਦਮਦਮਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਦੂਜੀ ਵਾਰ ਸੰਪਾਦਨਾ ਕਰਨ ਸਮੇਂ ਦਰਜ ਕੀਤੀ ਗਈ ਸੀ । ਗੁਰੂ ਜੀ ਦੀ ਕੁੱਲ ਬਾਣੀ ਦੇ 57 ਸਲੋਕ ਅਤੇ 59 ਸ਼ਬਦ ਹਨ । ਸਲੋਕ ਤਾਂ ਇਕੱਠੇ ਹੀ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਵਿਚ ਦਿੱਤੇ ਗਏ ਹਨ ਅਤੇ ਸ਼ਬਦ ਵੱਖ-ਵੱਖ ਰਾਗਾਂ ਵਿਚ ਦਰਜ ਹਨ। ਸਲੋਕਾਂ ਨੂੰ ਭੋਗ ਦੇ ਸਮੇਂ ਪਾਠੀ ਸਿੰਘਾਂ ਵੱਲੋਂ ਬੜੀ ਹੀ ਦਿਲਖਿੱਚਵੀਂ ਆਵਾਜ ਵਿਚ ਪੜ੍ਹਿਆ ਜਾਂਦਾ ਹੈ। ਇਨ੍ਹਾਂ ਬਾਰੇ ਇਕ ਰਵਾਇਤ ਇਹ ਵੀ ਹੈ ਕਿ ਇਹ ਸਲੋਕ ਗੁਰੂ ਜੀ ਨੇ ਹਿਰਾਸਤ ਦੇ ਅਰਸੇ ਦੌਰਾਨ ਰਚੇ ਸਨ ਅਤੇ ਕਿਸੇ ਤਰੀਕੇ ਨਾਲ ਬਾਲ ਗੋਬਿੰਦ ਜੀ ਤੱਕ ਪਹੁੰਚਾ ਦਿੱਤੇ ਗਏ ਸਨ।

ਗੁਰੂ ਤੇਗ ਬਹਾਦੁਰ ਜੀ ਦੀ ਸਾਰੀ ਵਿਚਾਰਧਾਰਾ ਇਨ੍ਹਾਂ ਹੀ ਸਲੋਕਾਂ ਅਤੇ ਸ਼ਬਦਾਂ ਵਿਚ ਪਰਗਟ ਹੁੰਦੀ ਹੈ। ਅਸਲ ਵਿਚ ਸਲੋਕ ਦੂਸਰੇ ਸ਼ਬਦਾਂ ਦਾ ਸਾਰਅੰਸ਼ ਹੀ ਹਨ। ਸ਼ਬਦਾਂ ਵਿਚ ਪਰਗਟ ਕੀਤੇ ਗਏ ਵਿਚਾਰ ਸਲੋਕਾਂ ਵਿਚ ਸੰਖੇਪ ਰੂਪ ਵਿਚ ਦੇ ਦਿੱਤੇ ਗਏ ਹਨ। ਗੁਰੂ ਸਾਹਿਬ ਦੀ ਬਾਣੀ ਵਿਚੋਂ ਜੋ ਵਿਚਾਰਧਾਰਾ ਪਰਗਟ ਹੁੰਦੀ ਹੈ ਉਸ ਅਨੁਸਾਰ ਉਨ੍ਹਾਂ ਨੇ ਮਨੁੱਖੀ ਜੀਵਨ ਦੇ ਤਿੰਨ ਪੱਖਾਂ ਉੱਪਰ ਜ਼ਿਆਦਾ ਜੋਰ ਦਿੱਤਾ ਹੈ। ਪਹਿਲਾ ਪੱਖ ਅਕਾਲ ਪੁਰਖ ਦਾ ਨਾਮ ਸਿਮਰਣ ਬਾਰੇ ਹੈ। ਗੁਰੂ ਸਾਹਿਬ ਵਾਹਿਗੁਰੂ ਦਾ ਜਾਪ ਕਰਨ ਲਈ ਮਨੁੱਖ ਨੂੰ ਵਾਰ-ਵਾਰ ਤਾਕੀਦ ਕਰਦੇ ਹੋਏ ਕਹਿ ਰਹੇ ਹਨ ਕਿ ਉਸ ਦੀ ਉਮਰ ਦਿਨ ਪਰਤੀ ਦਿਨ ਘੱਟਦੀ ਜਾ ਰਹੀ ਹੈ ਇਸ ਲਈ ਉਸ ਨੂੰ ਬਿਨਾਂ ਕੋਈ ਸਮਾਂ ਜਾਇਆ ਕਰੇ ਰੱਬ ਦਾ ਨਾਮ ਜਪਣਾ ਚਾਹੀਂਦਾ ਹੈ। ਜਿਸ ਤਰ੍ਹਾਂ ਟੁੱਟੇ ਹੋਏ ਘੜੇ ਵਿਚੋਂ ਪਾਣੀ ਸਿੰਮ-ਸਿੰਮ ਕੇ ਘੱਟਦਾ ਹੈ, ਮਨੁੱਖੀ ਜੀਵਨ ਇਸੇ ਤਰ੍ਹਾਂ ਘੱਟਦਾ ਜਾ ਰਿਹਾ ਹੈ। ਜੀਵਨ ਦਾ ਉਤਨਾ ਸਮਾਂ ਹੀ ਸਾਰਥਿਕ ਹੈ ਜਿਤਨੇ ਸਮੇਂ ਵਿਚ ਉਸ ਨੇ ਵਾਹਿਗੁਰੂ ਦਾ ਨਾਮ ਚਿਤਵਿਆ ਹੈ।

ਦੂਜਾ ਪੱਖ ਹੈ ਮਨੁੱਖ ਨੂੰ ਸੰਸਾਰਿਕ ਪਦਾਰਥਾਂ ਤੋਂ ਮੁਕਤ ਹੋਣ ਦਾ । ਗੁਰੂ ਜੀ ਮਨੁੱਖ ਨੂੰ ਵਾਰ-ਵਾਰ ਖ਼ਬਰਦਾਰ ਕਰਦੇ ਹਨ ਕਿ ਇਸ ਸੰਸਾਰ ਉੱਪਰ ਜਿਨ੍ਹਾਂ ਨੂੰ ਵੀ ਉਹ ਆਪਣਾ ਸਮਝਦਾ ਹੈ ਸਭ ਅੰਤਮ ਸਮੇਂ ਉਸ ਦਾ ਸਾਥ ਛੱਡ ਜਾਂਦੇ ਹਨ। ਮਾਂ-ਬਾਪ, ਭੈਣ-ਭਰਾ, ਦੋਸਤ-ਮਿੱਤਰ, ਸੰਗੀ-ਸਾਥੀ ਇਹ ਸਭ ਅੰਤਮ ਸਮੇਂ ਨਾਲ ਨਹੀਂ ਰਹਿੰਦੇ । ਇਸ ਕਰਕੇ ਮਨੁੱਖ ਨੂੰ ਇਨ੍ਹਾਂ ਨਾਲ ਮੋਹ-ਮਮਤਾ ਨਹੀਂ ਵਧਾਉਣੀ ਚਾਹੀਂਦੀ। ਇਸ ਦੇ ਨਾਲ ਹੀ ਮਨੁੱਖ ਨੂੰ ਹਰ ਕਿਸਮ ਦੀ ਖ਼ੁਸ਼ੀ-ਗਮੀ, ਦੁੱਖ-ਸੁੱਖ, ਅਤੇ ਅਮੀਰੀ-ਗਰੀਬੀ ਤੋਂ ਨਿਰਲੇਪ ਰਹਿਣਾ ਚਾਹੀਂਦਾ ਹੈ। ਗੁਰੂ ਸਾਹਿਬ ਪੂਰਨ ਮਨੁੱਖ ਉਸ ਨੂੰ ਸਮਝਦੇ ਹਨ ਜਿਸ ਨੂੰ ਕੋਈ ਲੋਭ-ਲਾਲਚ ਨਹੀਂ ਹੈ, ਜਿਹੜਾ ਸੁੱਖ-ਦੁੱਖ ਨੂੰ ਇਕ ਸਮਝਦਾ ਹੈ, ਜਿਸ ਦੇ ਦਿਲ ਵਿਚ ਮਾਨ ਅਤੇ ਅਪਮਾਨ ਦਾ ਕੋਈ ਅਹਿਸਾਸ ਨਹੀਂ ਅਤੇ ਜਿਹੜਾ ਸੋਨੇ ਅਤੇ ਲੋਹੇ ਨੂੰ ਇਕ ਸਮਾਨ ਸਮਝਦਾ ਹੈ। ਗੁਰੂ ਸਾਹਿਬ ਖ਼ੁਦ ਵੀ ਅਜਿਹੇ ਬੰਧਨਾਂ ਤੋਂ ਮੁਕਤ ਸਨ ਅਤੇ ਆਪਣੇ ਸਿੱਖ ਨੂੰ ਵੀ ਅਜਿਹੇ ਬੰਧਨਾਂ ਤੋਂ ਮੁਕਤ ਕਰਨਾ ਚਾਹੁੰਦੇ ਸਨ । ਅਜਿਹੇ ਬੰਧਨ-ਮੁਕਤ ਵਿਅਕਤੀ ਨੂੰ ਹੀ ਗੁਰੂ ਸਾਹਿਬ ਗਿਆਨੀ, ਚਤੁਰ-ਸੁਜਾਨ ਅਤੇ ਸੰਤ ਕਹਿੰਦੇ ਹਨ । ਬੰਧਨਾਂ ਵਿਚ ਜਕੜਿਆ ਵਿਅਕਤੀ ਉਨ੍ਹਾਂ ਦੀਆਂ ਨਿਗਾਹਾਂ ਵਿਚ ਮੂਰਖ ਹੈ, ਅਗਿਆਨੀ ਹੈ, ਬਾਵਰਾ ਹੈ ਅਤੇ ਅੰਧਾ ਹੈ।

ਤੀਜਾ ਪੱਖ ਹੈ ਮਨੁੱਖ ਦੀ ਸੁਤੰਤਰ ਹੋਂਦ ਦਾ । ਅਸਲ ਵਿਚ ਵਾਹਿਗੁਰੂ ਦਾ ਨਾਮ ਜਪ ਕੇ ਹੀ ਵਿਅਕਤੀ ਨਿਰਲੇਪਤਾ ਵੱਲ ਵੱਧਦਾ ਹੈ ਅਤੇ ਨਿਰਲੇਪਤਾ ਧਾਰਨ ਕਰ ਕੇ ਸੁਤੰਤਰਤਾ ਜਾਂ ਨਿਰਭੈਤਾ ਹਾਸਲ ਹੁੰਦੀ ਹੈ। ਗੁਰੂ ਸਾਹਿਬ ਦਾ ਵਿਚਾਰ ਸੀ ਕਿ ਨਿਰਭੈ ਅਰਥਾਤ ਸੁਤੰਤਰ ਵਿਅਕਤੀ ਉਹ ਹੀ ਹੈ ਜਿਹੜਾ ਨਾ ਤਾਂ ਕਿਸੇ ਨੂੰ ਭੈ ਦਿੰਦਾ ਹੈ ਅਤੇ ਨਾ ਹੀ ਕਿਸੇ ਦੇ ਭੈ ਵਿਚ ਆਉਂਦਾ ਹੈ। ਇਸ ਤਰ੍ਹਾਂ ਦੀ ਸਥਿਤੀ ਤਦ ਹੀ ਆਉਂਦੀ ਹੈ ਜੇਕਰ ਵਿਅਕਤੀ ਸੰਸਾਰਿਕ ਬੰਧਨਾਂ ਤੋਂ ਮੁਕਤ ਹੋਵੇਗਾ। ਸੰਸਾਰਿਕ ਬੰਧਨਾਂ ਵਿਚ ਜਕੜਿਆ ਵਿਅਕਤੀ ਨਾ ਹੀ ਨਿਰਭੈ ਹੋ ਸਕਦਾ ਹੈ ਤੇ ਨਾ ਹੀ ਸ਼ਕਤੀਸ਼ਾਲੀ । ਇਸ ਤਰ੍ਹਾਂ ਦੇ ਬਲ-ਰਹਿਤ ਵਿਅਕਤੀ ਨੂੰ ਅਨੇਕਾਂ ਤਰ੍ਹਾਂ ਦੇ ਬੰਧਨਾਂ ਵਿਚ ਜਕੜ ਲਿਆ ਜਾਂਦਾ ਹੈ। ਸ਼ਕਤੀਸ਼ਾਲੀ ਹੋਣ ਲਈ ਬੰਧਨ-ਮੁਕਤ ਹੋਣਾ ਪਏਗਾ ਅਤੇ ਸ਼ਕਤੀਸ਼ਾਲੀ ਵਿਅਕਤੀ ਸਭ ਕਿਸਮ ਦੇ ਬੰਧਨਾਂ ਤੋਂ ਛੁਟਕਾਰਾ ਵੀ ਪਰਾਪਤ ਕਰ ਲੈਂਦਾ ਹੈ। ਬੰਧਨ-ਮੁਕਤ ਵਿਅਕਤੀ ਅਰਥਾਤ ਸ਼ਕਤੀਸ਼ਾਲੀ ਵਿਅਕਤੀ ਹਰ ਤਰ੍ਹਾਂ ਦੇ ਸਾਧਨ ਪੈਦਾ ਕਰ ਸਕਦਾ ਹੈ ਜਾਂ ਸਭ ਕੁਝ ਪਰਾਪਤ ਕਰ ਸਕਦਾ ਹੈ।

ਗੁਰੂ ਜੀ ਦੀ ਵਿਚਾਰਧਾਰਾ ਦਾ ਅਹਿਮ ਪੱਖ ਇਹ ਹੈ ਕਿ ਉਨ੍ਹਾਂ ਨੇ ਜੋ ਕੁਝ ਆਪਣੀ ਬਾਣੀ ਰਾਹੀਂ ਮਨੁੱਖਤਾ ਨੂੰ ਸੁਨੇਹਾ ਦਿੱਤਾ ਉਨ੍ਹਾਂ ਨੇ ਆਪਣਾ ਜੀਵਨ ਵੀ ਉਸੇ ਤਰ੍ਹਾਂ ਦਾ ਜੀਵਿਆ ਸੀ । ਉਹ ਦਿਨ ਰਾਤ ਅਕਾਲ ਪੁਰਖ ਦੇ ਸਿਮਰਨ ਵਿਚ ਲੀਨ ਰਹਿੰਦੇ ਸਨ। ਉਹ ਸੰਸਾਰ ਦੇ ਹਰ ਬੰਧਨ ਤੋਂ ਮੁਕਤ ਸਨ । ਨਾ ਉਨ੍ਹਾਂ ਦੇ ਰਾਹ ਵਿਚ ਪਤਨੀ ਅਤੇ ਪੁੱਤਰ ਕੋਈ ਰੋਕ ਬਣ ਸਕੇ ਅਤੇ ਨਾ ਹੀ ਕੋਈ ਮਾਇਕ ਲੋਭ-ਲਾਲਚ ਹੀ ਉਨ੍ਹਾਂ ਨੂੰ ਡੁਲਾ ਸਕਿਆ । ਉਨ੍ਹਾਂ ਨੇ ਨਾ ਕਿਸੇ ਨੂੰ ਡਰਾਇਆ ਸੀ ਅਤੇ ਨਾ ਹੀ ਉਹ ਕਿਸੇ ਤੋਂ ਡਰੇ ਸਨ । ਅਖੀਰ, ਇਕ ਸੂਰਮੇ ਮਰਦ ਅਤੇ ਇਕ ਨਿਰਲੇਪ ਸੰਤ ਦੀ ਤਰ੍ਹਾਂ ਮਨੁੱਖਤਾ ਦੇ ਭਲੇ ਲਈ ਆਪਣੀ ਸ਼ਹਾਦਤ ਦੇ ਗਏ ਸਨ ਪਰ ਆਪਣਾ ਸਿਦਕ ਨਹੀਂ ਛੱਡਿਆ ਸੀ । ਉਨ੍ਹਾਂ ਦੀ ਸ਼ਹਾਦਤ ਹੀ ਉਨ੍ਹਾਂ ਦੀ ਕਹਿਣੀ ਅਤੇ ਕਰਨੀ ਦੀ ਸੁਮੇਲਤਾ ਵਾਲੇ ਜੀਵਨ ਦਾ ਸਭ ਤੋਂ ਵੱਡਾ ਸਬੂਤ ਹੈ।

ਗੁਰੂ ਤੇਗ ਬਹਾਦੁਰ ਜੀ, ਗੁਰੂ ਗੋਬਿੰਦ ਸਿੰਘ ਜੀ

Leave a comment

error: Content is protected !!