ਗੁਰੂ ਨਾਨਕ ਦੇਵ ਜੀ ਮੁੱਖ ਰੂਪ ਵਿਚ ਗੁਰੂ ਸਨ। ਉਨ੍ਹਾਂ ਦੇ ਸੰਸਾਰਿਕ ਜੀਵਨ ਦਾ ਮੁੱਖ ਨਿਸ਼ਾਨਾ ਲੋਕਾਂ ਨੂੰ ਸਿੱਖਿਆ ਦੇਣਾ ਸੀ। ਸਿੱਖਿਆ ਦੇਣ ਲਈ ਅਤੇ ਆਪਣੇ ਮਿਸ਼ਨ ਨੂੰ ਪਰਚਾਰਨ ਲਈ ਉਨ੍ਹਾਂ ਨੇ ਸੰਸਾਰ ਵਿਆਪੀ ਦੌਰੇ ਕੀਤੇ। ਇਨ੍ਹਾਂ ਦੌਰਿਆਂ ਦੌਰਾਨ ਉਨ੍ਹਾਂ ਦਾ ਅਨੇਕਾਂ ਕਿਸਮ ਦੇ ਵਿਅਕਤੀਆਂ ਨਾਲ ਮਿਲਾਪ ਹੋਇਆ।
ਇਨ੍ਹਾਂ ਵਿਚ ਵੱਖ ਵੱਖ ਮੱਤਾਂ ਨੂੰ ਮੰਨਣ ਵਾਲੇ ਲੋਕ ਸਨ । ਹਰ ਵਿਅਕਤੀ ਨਾਲ ਉਨ੍ਹਾਂ ਨੇ ਆਪਣੇ ਵਿਚਾਰਾਂ ਨੂੰ ਸਾਂਝਿਆਂ ਕੀਤਾ। ਕਿਤੇ ਬਹਿਸ ਕੀਤੀ ਅਤੇ ਕਿਤੇ ਉਪਦੇਸ਼ ਦਿੱਤਾ। ਇਹ ਬਹਿਸਾਂ ਅਤੇ ਉਪਦੇਸ਼ਾਂ ਵਿਚੋਂ ਹੀ ਉਨ੍ਹਾਂ ਦੀ ਵਿਚਾਰਧਾਰਾ ਨਿਖਰ ਕੇ ਸਾਹਮਣੇ ਆਉਂਦੀ ਹੈ। ਆਪਣੀ ਵਿਚਾਰਧਾਰਾ ਵਿਚ ਗੁਰੂ ਜੀ ਨੇ ਦੇਸ਼ ਦੇ ਹਰ ਖੇਤਰ ਦੇ ਵਿਅਕਤੀ ਨੂੰ ਸ਼ਾਮਲ ਕਰਨ ਦੀ ਕੋਸ਼ਿਸ ਕੀਤੀ ਹੈ। ਉਨ੍ਹਾਂ ਦੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਇਸ ਅਧਿਆਇ ਵਿਚ ਉਨ੍ਹਾਂ ਦੀ ਬਾਣੀ ਵਿਚੋਂ ਚੋਣਵੇਂ ਵਿਚਾਰ (ਸ਼ਬਦ) ਲੈ ਕੇ ਉਨ੍ਹਾਂ ਦੀ ਬਹੁ-ਪੱਖੀ ਸਿੱਖਿਆ ਨੂੰ ਵਰਨਣ ਕੀਤਾ ਗਿਆ ਹੈ । ਵਿਚਾਰਧਾਰਾ ਨੂੰ ਵਰਨਣ ਕਰਨ ਸਮੇਂ ਸਾਰੇ ਦੇ ਸਾਰੇ ਸ਼ਬਦਾਂ ਨੂੰ ਨਹੀਂ ਲਿਆ ਗਿਆ ਕਿਉਂਕਿ ਇਸ ਤਰ੍ਹਾਂ ਬਹੁਤ ਜਿਆਦਾ ਵਿਸਥਾਰ ਹੋ ਜਾਣਾ ਸੀ । ਇੱਥੇ ਵੱਖ ਵੱਖ ਪੱਖਾਂ ਤੋਂ ਉਨ੍ਹਾਂ ਦੀ ਵਿਚਾਰਧਾਰਾ ਨੂੰ ਪਰਗਟ ਕਰਨ ਸਮੇਂ ਸਿਰਫ ਪਰਤੀਨਿਧ ਸ਼ਬਦ ਹੀ ਲਏ ਗਏ ਹਨ।
ਇੱਥੇ ਸਭ ਅਕਾਲ ਪੁਰਖ ਦੇ ਬੰਦੇ ਵੱਸਦੇ ਸਨ । ਹਿੰਦੂ ਅਤੇ ਮੁਸਲਮਾਨ ਦੇ ਧਾਰਮਿਕ ਮਤਭੇਦ ਤਾਂ ਬਾਅਦ ਦੀਆਂ ਸੋਚਣੀਆਂ ਸਨ। ਗੁਰੂ ਜੀ ਦਾ ਤਤਕਾਲੀਨ ਸੰਬੰਧ ਪੰਜਾਬ ਦੀ ਸਮਾਜਿਕ ਬਣਤਰ ਨਾਲ ਸੀ । ਪੰਜਾਬ ਦੀ ਸਮਾਜਿਕ ਬਣਤਰ ਵਿਚ ਮੁੱਖ ਤੌਰ ‘ਤੇ ਦੋ ਹੀ ਫਿਰਕੇ ਸਨ : ਹਿੰਦੂ ਅਤੇ ਮੁਸਲਮਾਨ । ਦੋਹਾਂ ਫਿਰਕਿਆਂ ਵਿਚ ਵੀ ਆਪਸੀ ਏਕਤਾ ਨਹੀਂ ਸੀ । ਦੋਵੇਂ ਫਿਰਕੇ ਹੀ ਆਪੋ-ਆਪਣੀ ਉਤਮਤਾ ਦਰਸਾਉਣ ਵਿਚ ਤੁਲੇ ਹੋਏ ਸਨ । ਗੁਰੂ ਜੀ ਨੇ ਦੋਵਾਂ ਹੀ ਫਿਰਕਿਆਂ ਨੂੰ ਹਿੰਦੂ ਅਤੇ ਮੁਸਲਮਾਨ ਦੇ ਤੌਰ ਤੇ ਪਛਾਨਣ ਤੋਂ ਇਨਕਾਰ ਕਰ ਦਿੱਤਾ । ਉਨ੍ਹਾਂ ਨੇ ਹਰ ਵਿਅਕਤੀ ਨੂੰ ਇਕ ਅਕਾਲ ਪੁਰਖ ਦੀ ਹੀ ਸੰਤਾਨ ਦੱਸਦਿਆਂ ਕਿਹਾ ਕਿ ਇਨ੍ਹਾਂ ਸਭ ਨੂੰ ਇਕੋ ਦਰਿਸ਼ਟੀ ਨਾਲ ਦੇਖਣਾ ਚਾਹੀਂਦਾ ਹੈ ਕਿਉਂਕਿ ਇਨ੍ਹਾਂ ਸਭ ਵਿਚ ਇਕੋ ਹੀ ਅਕਾਲ ਪੁਰਖ ਦਾ ਵਾਸਾ ਹੈ :
ਏਕ ਦ੍ਰਿਸਟਿ ਕਰਿ ਦੇਖਹੁ ਘਟਿ ਘਟਿ ਜੋਤਿ ਸਮੋਈ ਜੀਓੁ I
ਅਕਾਲ ਪੁਰਖ ਇਕ ਹੈ :
ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਵੱਧ ਪਰਚਾਰ ਇਸ ਗੱਲ ‘ਤੇ ਕੇਂਦਰਿਤ ਸੀ ਕਿ ਅਕਾਲ ਪੁਰਖ ਇਕ ਹੈ। ਉਹ ਵੀ ਸੱਚ ਹੈ ਅਤੇ ਉਹ ਹੀ ਸਾਰੀ ਸਰਿਸ਼ਟੀ ਦਾ ਸਿਰਜਨਹਾਰ ਹੈ। ਉਸ ਦੀ ਆਪਣੀ ਸਾਜੀ ਸਰਿਸ਼ਟੀ ਵਿਚ ਕਿਸੇ ਨਾਲ ਵੈਰ ਵਿਰੋਧ ਨਹੀਂ ਹੈ। ਉਹ ਭੈ ਤੋਂ ਰਹਿਤ ਹੈ, ਉਹ ਕਾਲ ਤੋਂ ਰਹਿਤ ਹੈ, ਜਨਮਾਂ ਤੋਂ ਰਹਿਤ ਹੈ ਅਤੇ ਆਪਣੇ ਆਪ ਵਿਚੋਂ ਹੀ ਪਰਗਟ ਹੋਣ ਵਾਲਾ ਹੈ। ਅਜਿਹੇ ਅਕਾਲ ਪੁਰਖ ਦਾ ਗਿਆਨ ਉਸ ਦੀ ਆਪਣੀ ਮਿਹਰ ਨਾਲ ਹੀ ਪਰਾਪਤ ਹੁੰਦਾ ਹੈ।
ਉਸ ਅਕਾਲ ਪੁਰਖ ਨੇ ਸਾਰੀ ਸਰਿਸ਼ਟੀ ਦੀ ਸਾਜਨਾ ਕੀਤੀ ਹੈ, ਉਸੇ ਨੇ ਹੀ ਇਸ ਸਾਜੀ ਹੋਈ ਸਰਿਸ਼ਟੀ ਵਿਚ ਚੇਤਨਤਾ ਪੈਦਾ ਕੀਤੀ ਹੈ। ਉਸੇ ਅਕਾਲ ਪੁਰਖ ਦੀ ਕਿਰਪਾ ਨਾਲ ਵੇਦ ਲਿਖੇ ਗਏ ਹਨ ਅਤੇ ਉਸੇ ਦਾ ਨਾਮ ਲੈ ਕੇ ਲੋਕ ਮੁਕਤੀ ਪਰਾਪਤ ਕਰਦੇ ਹਨ । ਉਸੇ ਹੀ ਅਕਾਲ ਪੁਰਖ ਦਾ ਸਹਾਰਾ ਲੈ ਕੇ ਗੁਰਮੁਖ ਲੋਕ ਇਸ ਭਵਜਲ ਰੂਪੀ ਸੰਸਾਰ ਵਿਚੋਂ ਨਿਰਲੇਪ ਰਹਿੰਦੇ ਹੋਏ ਤਰ ਜਾਂਦੇ ਹਨ। ਉਸੇ ਹੀ ਅਕਾਲ ਪੁਰਖ ਦਾ ਨਾਮ ਸੁਣਨਾ ਚਾਹੀਂਦਾ ਹੈ ਅਤੇ ਉਸੇ ਉੱਪਰ ਹੀ ਵਿਚਾਰ ਕਰਨੀ ਚਾਹੀਂਦੀ ਹੈ। ਉਸ ਵਿਚ ਹੀ ਤਿੰਨਾਂ ਦੁਨੀਆਂ ਦਾ ਗਿਆਨ ਸਮਾਇਆ ਹੋਇਆ ਹੈ। ਉਸ ਅਕਾਲ ਪੁਰਖ ਉੱਪਰ ਕੋਈ ਕਾਲ ਨਹੀਂ ਹੈ ਭਾਵ ਕਿ ਉਹ ਕਾਲ-ਰਹਿਤ ਹੈ। ਉਸ ਦੇ ਉਪਰ ਸਮੇਂ ਦਾ ਕੋਈ ਪਰਭਾਵ ਨਹੀਂ ਹੈ। ਉਹ ਦਿੱਸਦਾ ਨਹੀਂ ਹੈ, ਉਸ ਤੱਕ ਪਹੁੰਚਿਆ ਵੀ ਨਹੀਂ ਜਾ ਸਕਦਾ ਅਤੇ ਉਹ ਬਿਲਕੁਲ ਨਿਰਲੇਪ ਹੈ। ਉਹ ਸਭ ਦੇ ਨੇੜੇ ਹੈ ਉਸ ਨੂੰ ਦੂਰ ਨਹੀਂ ਸਮਝਦਾ ਚਾਹੀਂਦਾ। ਸਾਰੀ ਸਰਿਸ਼ਟੀ ਵਿਚ ਉਹ ਇਕ ਹੀ ਸਮਾਇਆ ਹੋਇਆ ਹੈ । ਉਸ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਦੀ ਸਰਬ-ਉੱਚ ਸ਼ਕਤੀ ਨੂੰ ਪਰਚਾਰਿਆ । ਅਸਲ ਵਿਚ ਉਨ੍ਹਾਂ ਦੀ ਸਿੱਖਿਆ ਦਾ ਜਾਂ ਵਿਚਾਰਧਾਰਾ ਦਾ ਮੂਲ ਆਧਾਰ ਹੀ ਅਕਾਲ ਪੁਰਖ ਦੀ ਏਕਤਾ ਦਾ ਸੀ । ਉਨ੍ਹਾਂ ਦੇ ਆਪਣੇ ਸਾਰੇ ਮਿਸ਼ਨ ਨੂੰ ਇਸੇ ਵਿਚਾਰ ਦੁਆਲੇ ਹੀ ਕੇਂਦਰਿਤ ਕੀਤਾ।
ਸ਼ਬਦ ਗੁਰੂ :
ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਨੂੰ ਨਿਰੰਕਾਰ ਦੇ ਤੌਰ ‘ਤੇ ਪਰਗਟ ਕੀਤਾ ਕਿਉਂਕਿ ਜੋ ਨਿਰੰਕਾਰ ਹੈ ਅਤੇ ਕਿਸੇ ਵੀ ਸ਼ਕਲ-ਸੂਰਤ ਤੋਂ ਰਹਿਤ ਹੈ ਫਿਰ ਉਸ ਦੀ ਹੋਂਦ ਕਿਹੋ ਜਿਹੀ ਹੈ? ਕਿਵੇਂ ਉਸ ਨੂੰ ਸਿਮਰਿਆ ਜਾਵੇ ਅਤੇ ਕਿਵੇਂ ਪਰਾਪਤ ਕੀਤਾ ਜਾਵੇ? ਗੁਰੂ ਜੀ ਨੇ ਇਸ ਦਾ ਸਮਾਧਾਨ ‘ਸ਼ਬਦ’ ਦੇ ਰੂਪ ਵਿਚ ਦਿੱਤਾ ਅਰਥਾਤ ਜੋ ਕੁਝ ਗੁਰੂ ਨੇ ਅਕਾਲ ਪੁਰਖ ਬਾਰੇ ਆਪਣੇ ਸ਼ਿਸ਼ਾਂ ਸਾਹਮਣੇ ਰੱਖਿਆ ਹੈ ਜਾਂ ਜੋ ਕੁਝ ਲਿਖਤੀ ਰੂਪ ਵਿਚ ਸਿੱਖਾਂ ਸਾਹਮਣੇ ਉਪਲਭਦ ਹੈ ਉਨ੍ਹਾਂ ਹੀ ਸ਼ਬਦਾਂ ਨੂੰ ਵਿਚਾਰ ਕੇ, ਸੁਣ ਕੇ ਅਤੇ ਪੜ੍ਹ ਕੇ ਅਕਾਲ ਪੁਰਖ ਦਾ ਗਿਆਨ ਪਰਾਪਤ ਕੀਤਾ ਜਾ ਸਕਦਾ ਹੈ। ਇਸ ਨਾਲ ਸਖ਼ਸ਼ੀ ਗੁਰੂ ਦੀ ਥਾਂ ‘ਸ਼ਬਦ ਗੁਰੂ’ ਦਾ ਸੰਕਲਪ ਹੋਂਦ ਵਿਚ ਆਇਆ। ਇਹੀ ‘ਸ਼ਬਦ ਗੁਰੂ’ ਗੁਰੂ ਜੀ ਪਿੱਛੋਂ ਬਾਕੀ ਦੇ ਗੁਰੂ ਸਾਹਿਬਾਨ ਦੇ ਸਮੇਂ ਗੁਰਬਾਣੀ ਦੇ ਰੂਪ ਵਿਚ ਅਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਸਾਹਮਣੇ ਆਇਆ । ਜੇ ਅਕਾਲ ਪੁਰਖ ਨਿਰਅਕਾਰ ਹੈ ਤਾਂ ਉਸ ਦੇ ਗਿਆਨ ਨੂੰ ਦਰਿੜ ਕਰਵਾਉਣ ਵਾਲਾ ਵੀ ਨਿਰਅਕਾਰ ਹੀ ਹੋਣਾ ਚਾਹੀਂਦਾ ਹੈ। ਸਰੀਰਕ ਰੂਪ ਵਿਚ ਸਿੱਖਿਆ ਦੇਣ ਵਾਲਾ ਉਸਤਾਦ ਨਿਰਅਕਾਰ ਨਹੀਂ ਹੋ ਸਕਦਾ। ਗੁਰੂ ਨਾਨਕ ਦੇਵ ਜੀ ਨੇ ਸਰੀਰਕ ਰੂਪ ਵਾਲੇ ਉਸਤਾਦ ਨੂੰ ਇਕ ਪਾਸੇ ਰੱਖ ਕੇ ਸ਼ਬਦ ਗੁਰੂ ਨੂੰ ਸਾਹਮਣੇ ਲਿਆਂਦਾ । ਸ਼ਬਦ ਗੁਰੂ ਨਾਲ ਸਖ਼ਸ਼ੀ ਪੂਜਾ (Personality Cult) ਸਥਾਪਤ ਨਹੀਂ ਹੁੰਦੀ। ਸਗੋਂ ਇਕ ਸੰਕਲਪ ਸਥਾਪਤ ਹੁੰਦਾ ਹੈ ਜਿਹੜਾ ਸ਼ਬਦ ਦਾ ਰੂਪ ਧਾਰਦਾ ਹੈ। ਇਸ ਨੂੰ ਆਧੁਨਿਕ ਬੋਲੀ ਵਿਚ ਇਉਂ ਕਿਹਾ ਜਾ ਸਕਦਾ ਹੈ ਕਿ ਪਰਮਾਤਮਾ ਦਾ ਗਿਆਨ ਅਤੇ ਆਪੇ ਦੀ ਸੋਝੀ ਸਿਰਫ ਅਧਿਐਨ (ਸ਼ਬਦ) ਕਰਨ ਨਾਲ ਹੀ ਹੋਣੀ ਹੈ। ਸ਼ਬਦ ਨੂੰ ਗੰਭੀਰ ਅਧਿਐਨ ਹੀ ਸਮਝਣਾ ਚਾਹੀਂਦਾ ਹੈ। ਗੁਰੂ ਜੀ ਦਾ ਕਹਿਣਾ ਹੈ ਕਿ ਗੁਰੂ ਤੋਂ ਬਿਨਾਂ ਸਭ ਪਾਸੇ ਅੰਧਕਾਰ ਹੀ ਅੰਧਕਾਰ ਹੈ ਪਰ ਅਜਿਹੇ ਗੁਰੂ ਬਾਰੇ ਬਿਨਾਂ ਸ਼ਬਦ ਤੋਂ ਕੁਝ ਵੀ ਜਾਣਿਆ ਨਹੀਂ ਜਾ ਸਕਦਾ ।” ਸ਼ਬਦ ਹੀ ਗੁਰੂ ਪੀਰ ਹੈ ਅਤੇ ਇਸ ਬਾਰੇ ਗਹਿਰੀ ਤੋਂ ਗਹਿਰੀ ਸੂਝ ਵੀ ਸ਼ਬਦ ਰਾਹੀਂ ਹੀ ਪਰਾਪਤ ਹੁੰਦੀ ਹੈ। ਬਿਨਾਂ ਸ਼ਬਦ ਤੋਂ ਸਾਰਾ ਜਗਤ ਹੀ ਕੁਰਾਹੇ ਪੈ ਕੇ ਬਉਲਾ ਹੋਇਆ ਫਿਰਦਾ ਹੈ। ਜਿਸ ਨੇ ਵੀ ਸ਼ਬਦ ਰੂਪੀ ਸੱਚ ਨੂੰ ਜਾਣ ਲਿਆ ਹੈ ਉਸੇ ਨੇ ਹੀ ਸੁਭਾਗ ਨਾਲ ਸਹਿਜ ਅਵਸਥਾ ਨੂੰ ਪਰਾਪਤ ਕਰ ਲਿਆ ਹੈ।” ਜਗਤ ਦੇ ਚਾਰੇ ਪਾਸੇ ਅਕਾਲ ਪੁਰਖ ਦਾ ਹੁਕਮ ਸਥਾਪਤ ਹੈ; ਚਹੁੰਆਂ ਦਿਸ਼ਾਵਾਂ ਵਿਚ ਹੀ ਸਮੇਤ ਪਾਤਾਲ ਦੇ, ਉਸੇ ਦੇ ਨਾਮ ਦਾ ਵਾਸਾ ਹੈ, ਇਸ ਲਈ ਇਸ ਸਾਰੀ ਸਰਿਸ਼ਟੀ ਵਿਚ ਉਸੇ ਸੱਚੇ ਪਰਮਾਤਮਾ ਦਾ, ਸ਼ਬਦ ਵਰਤਿਆ ਜਾਂਦਾ ਹੈ। ਪਰ ਇਸ ਦੀ ਸੋਝੀ ਕਿਸੇ ਕਰਮਾਂ ਵਾਲੇ ਨੂੰ ਹੀ ਪਰਾਪਤ ਹੁੰਦੀ ਹੈ। ਸਿੱਧਾਂ ਨਾਲ ਵੀ ਵਿਚਾਰ ਚਰਚਾ ਕਰਦੇ ਹੋਏ ਇਸੇ ਗੱਲ ‘ਤੇ ਜੋਰ ਦਿੱਤਾ ਗਿਆ ਹੈ ਕਿ ਸਿਰਫ ਸ਼ਬਦ ਹੀ ਗੁਰੂ ਹੈ। ਇਸ ਦੇ ਵਿਚ ਹੀ ਆਪਣਾ ਗਿਆਨ ਕੇਂਦਰਤ ਕਰਨਾ ਗੁਰੂ ਦੇ ਸ਼ਿਸ਼ਾਂ ਦਾ ਕੰਮ ਹੈ। ਜਿਸ ਤਰ੍ਹਾਂ ਸਾਰੇ ਸੰਸਾਰ ਦੇ ਅੰਦਰ ਸੂਰਜ ਵਿਆਪਕ ਹੈ ਇਸੇ ਤਰ੍ਹਾਂ ਸ਼ਬਦ ਦੀ ਮਹੱਤਤਾ ਵੀ ਸਾਰੇ ਜਗਤ ਵਿਚ ਸਥਾਪਤ ਹੈ। ਵਾਹਿਗੁਰੂ ਦੇ ਜਾਣਨ ਵਾਲੇ ਭਗਤਾਂ ਨੇ ਇਹ ਜਾਣ ਲਿਆ ਹੈ । ਹੇ ਅਉਧੂ! ਜਿਹੜਾ ਇਸ ਸੰਸਾਰ ਦੇ ਮੋਹ ਨੇ ਮਨ ਨੂੰ ਆਪਣੇ ਵੱਸ ਵਿਚ ਕਰ ਰੱਖਿਆ ਹੈ ਇਸ ਤੋਂ ਛੁਟਕਾਰਾ ਵੀ ਸ਼ਬਦ ਦੇ ਵਿਚਾਰ ਕਰਨ ਨਾਲ ਹੀ ਹੋਣਾ ਹੈ।” ਸਿੱਧਾਂ ਦੇ ਇਸ ਸਵਾਲ ਦਾ ਕਿ “ਕਿੱਥੇ ਕਿੱਥੇ ਘੁੰਮ ਕੇ ਸੱਚ ਦੀ ਪਰਾਪਤੀ ਹੋ ਸਕਦੀ ਹੈ?” ਦਾ ਜਵਾਬ ਦਿੰਦੇ ਹੋਏ ਗੁਰੂ ਜੀ ਨੇ ਕਿਹਾ ਕਿ ਮੁਕਤੀ ਤਾਂ ਸਿਰਫ ਸੱਚੇ ਸ਼ਬਦ ਦੇ ਵਿਚਾਰ ਕਰਨ ਨਾਲ ਹੀ ਹੋਣੀ ਹੈ।* ਇਸ ਕਰਕੇ ਸਿਰਫ ਸ਼ਬਦ ਹੀ ਹੈ ਜਿਹੜਾ ਸਾਰੀ ਕਰਣੀ ਦਾ ਤੱਤ ਹੈ, ਜਿਸ ਨੇ ਵਿਅਕਤੀ ਨੂੰ ਨਾਮ ਦੀ ਸੋਝੀ ਕਰਵਾਉਣੀ ਹੈ ਅਤੇ ਜਿਸ ਨੇ ਵਾਹਿਗੁਰੂ ਦੇ ਦਰ ’ਤੇ ਵਿਅਕਤੀ ਨੂੰ ਮੁਕਤੀ ਅਤੇ ਸੂਝ ਬਖ਼ਸ਼ਣੀ ਹੈ। ਇਸ ਤੋਂ ਬਿਨਾਂ ਸਭ ਕੁਝ ਲਾਲਸਾਵਾਂ ਵਿਚ ਫਸਣ ਵਾਲਾ ਗੁਬਾਰ ਹੀ ਹੈ।” ਸਿਰਫ ਗੁਰੂ ਦੀ ਸੱਚੀ ਬਾਣੀ ਤੇ ਹੀ ਵਿਚਾਰ ਕਰਕੇ ਪੂਰੇ ਗਿਆਨ ਦੀ ਪਰਾਪਤੀ ਹੁੰਦੀ ਹੈ। ਇਹ ਸ਼ਬਦ ਹੀ ਸਾਰੇ ਜਪਾਂ ਤੇ ਤਪਾਂ ਦਾ ਸਾਰ ਹੈ । ਇੰਦੂ ਭੂਸ਼ਣ ਬੈਨਰਜੀ ਨੇ ਗੁਰੂ ਜੀ ਦੇ ਇਸ ਵਿਚਾਰ ਨੂੰ ਇਨਾਂ ਸ਼ਬਦਾਂ ਨਾਲ ਬਿਆਨ ਕੀਤਾ ਹੈ: “ਉਪਰੋਕਤ ਚਰਚਾ ਤੋਂ ਇਹ ਗੱਲ ਭਲੀ ਭਾਂਤ ਪਰਤੀਤ ਹੋ ਜਾਂਦੀ ਹੈ ਕਿ ਗੁਰੂ ਨਾਨਕ ਦੇਵ ਜੀ ਕਰਾਂਤਕਾਰੀ ਸਨ ਜਿਨ੍ਹਾਂ ਦਾ ਉਦੇਸ਼ ਉਸ ਸਮਾਜ ਦੀਆਂ, ਜਿਸ ਵਿਚ ਉਨ੍ਹਾਂ ਨੇ ਜਨਮ ਲਿਆ ਸੀ, ਲੋਕ ਪ੍ਰਿਯ ਸੰਸਥਾਵਾਂ ਨੂੰ ਉਲਟ-ਪੁਲਟ ਕਰ ਕੇ ਸਮਾਜਿਕ ਕਰਾਂਤੀ ਲਿਆਉਣਾ ਅਤੇ ਪੁਰਾਤਨ ਦੇ ਖੰਡਰਾਂ ਤੇ ਨਵ-ਸਮਾਜ ਦੀ ਉਸਾਰੀ ਕਰਨਾ ਸੀ । ਇਉਂ ਲੱਗਦਾ ਹੈ ਕਿ ਉਨ੍ਹਾਂ ਨੇ ਆਪਣੇ ਸਮੇਂ ਵਿਚ ਪਰਚੱਲਿਤ ਸਭੇ ਮਹੱਤਵਪੂਰਨ ਰਹੁ ਰੀਤਾਂ ਅਤੇ ਸੰਸਥਾਵਾਂ ਦਾ ਵਾਰੋ-ਵਾਰੀ ਖੰਡਨ ਕੀਤਾ ਅਤੇ ਆਪਣੇ ਸਮਕਾਲੀ ਰਸਮੋਰਿਵਾਜ਼ਾਂ ਨੂੰ ਉੱਕਾ ਹੀ ਤਜ ਕੇ ਇਕ ਨਵਾਂ ਮਾਰਗ ਅਪਣਾਉਣ ਲਈ ਕਿਹਾ ਸੀ ।”
ਸਰਿਸ਼ਟੀ ਦੀ ਸਾਜਨਾ :
ਗੁਰੂ ਜੀ ਨੇ ਆਪਣੀਆਂ ਸਮਾਜਿਕ ਸਿੱਖਿਆਵਾਂ ਨੂੰ ਪਰਚਾਰਨ ਦੇ ਨਾਲ ਨਾਲ ਉਨ੍ਹਾਂ ਬੁਨਿਆਦੀ ਗੱਲਾਂ ਬਾਰੇ ਵੀ ਨਿਰਣੈਜਨਕ ਫੈਸਲੇ ਕੀਤੇ ਜਿਨ੍ਹਾਂ ਨਾਲ ਇਹ ਸਰਿਸ਼ਟੀ ਜਾਂ ਇਸ ਸਰਿਸ਼ਟੀ ਦੇ ਵਸਿੰਦੇ ਸਿੱਧੇ ਤੌਰ ਤੇ ਸੰਬੰਧਤ ਸਨ। ਸਰਿਸ਼ਟੀ ਦੀ ਰਚਨਾ ਇਕ ਐਸਾ ਜਟਿਲ ਵਿਸ਼ਾ ਹੈ ਜਿਸ ਬਾਰੇ ਲੋਕਾਂ ਵਿਚ ਅਨੇਕਾਂ ਵਹਿਮ ਅਤੇ ਦੰਦ ਕਥਾਵਾਂ ਪਰਚੱਲਤ ਹਨ। ਗੁਰੂ ਜੀ ਨੇ ਇਸ ਬਾਰੇ ਬੜੇ ਸਪਸ਼ਟ ਵਿਚਾਰ ਪੇਸ਼ ਕੀਤੇ ਹਨ। ਇਨ੍ਹਾਂ ਨਾਲ ਪਰਚੱਲਤ ਵਹਿਮਾਂ ਅਤੇ ਦੰਦ-ਕਥਾਵਾਂ ਤੋਂ ਛੁਟਕਾਰਾ ਮਿਲਦਾ ਹੈ। ਜਿਸ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਅਤੇ ਪਿੱਛੋਂ ਉਨ੍ਹਾਂ ਦੇ ਨੋ ਉਤਰਅਧਿਕਾਰੀ ਗੁਰੂ ਸਾਹਿਬਾਨ ਨੇ ਇਸ ਵਿਚਾਰ ਨੂੰ ਪਰਪੱਕਤਾ ਨਾਲ ਅਪਣਾਇਆ ਸੀ ਉਸ ਤੋਂ ਸਾਬਤ ਹੁੰਦਾ ਹੈ ਕਿ ਸਮਾਜਿਕ ਬੁਰਿਆਈਆਂ ਇਨ੍ਹਾਂ ਬੁਨਿਆਦੀ ਵਿਚਾਰਾਂ ਦੀ ਅਸਪਸ਼ਟਤਾ ਦੇ ਕਾਰਣ ਹੀ ਪੈਦਾ ਹੋਈਆਂ ਸਨ । ਜਦੋਂ ਸਮਾਜ ਦੇ ਜਾਂ ਸਰਿਸ਼ਟੀ ਦੇ ਬੁਨਿਆਦੀ ਸਿਧਾਂਤਾਂ ਬਾਰੇ ਸਪਸ਼ਟਤਾ ਹੋ ਗਈ ਤਾਂ ਸਭ ਸਮਾਜਿਕ ਬੁਰਿਆਈਆਂ ਜਾਂ ਮਤ-ਭੇਦ ਆਪਣੇ ਤੌਰ ਤੇ ਹੱਲ ਹੁੰਦੇ ਗਏ। ਬਰਾਹਮਣਵਾਦੀ ਸਿਧਾਂਤਾਂ ਅਨੁਸਾਰ ਸਮਾਜ ਨੂੰ ਜਾਣ-ਬੁੱਝ ਕੇ ਵਰਨ-ਆਸ਼ਰਮਾਂ ਅਨੁਸਾਰ ਵੰਡ ਕੇ ਸਿਰਜਿਆ ਗਿਆ ਸੀ । ਬਰਾਹਮਣਵਾਦ ਦੇ ਇਸ ਸੰਕਲਪ ਨੇ ਸਮਾਜਿਕ ਏਕਤਾ ਐਸੀ ਬੁਰੀ ਤਰ੍ਹਾਂ ਵੰਡ ਕੇ ਰੱਖ ਦਿੱਤੀ ਸੀ ਕਿ ਇਸ ਨੂੰ ਸੌਖਿਆਂ ਖ਼ਤਮ ਨਹੀਂ ਕੀਤਾ ਜਾ ਸਕਦਾ ਸੀ । ਇਸ ਬੁਰਿਆਈ ਨੂੰ ਖਤਮ ਕਰਨ ਲਈ ਗੁਰੂ ਜੀ ਨੇ ਸਰਿਸ਼ਟੀ ਰਚਨਾ ਦੇ ਸੰਕਲਪ ਨੂੰ ਸਪਸ਼ਟਤਾ ਦਿੱਤੀ । ਉਨ੍ਹਾਂ ਅਨੁਸਾਰ, ਇਸ ਸਰਿਸ਼ਟੀ ਦੀ ਸਾਜਨਾ ਤੋਂ ਪਹਿਲਾਂ ਅਣਗਿਣਤ ਜੁਗਾਂ ਤੀਕ ਧੁੰਦ ਹਨੇਰਾ ਹੀ ਪਸਰਿਆ ਹੋਇਆ ਸੀ । ਨਾ ਧਰਤੀ ਸੀ ਅਤੇ ਨਾ ਅਕਾਸ਼ ਸੀ; ਨਾ ਚੰਦ ਸੀ, ਨਾ ਸੂਰਜ ਤੇ ਨਾ ਦਿਨ ਅਤੇ ਰਾਤ ਸਨ। ਨਾ ਜੀਵਨ ਦੇ ਸੋਮੇ ਪਵਨ ਅਤੇ ਪਾਣੀ ਸਨ । ਨਾ ਹੀ ਕਿਸੇ ਕਿਸਮ ਦਾ ਸਵਰਗ ਅਤੇ ਨਰਕ ਦਾ ਕੋਈ ਸੰਕਲਪ ਸੀ, ਜਨਮ-ਮਰਨ ਅਤੇ ਭੈਅ ਆਦਿ ਦਾ ਵੀ ਕੋਈ ਸੰਕਲਪ ਨਹੀਂ ਸੀ । ਅਜਿਹੇ ਧੁੰਦਕਾਰ ਵਿਚ ਸਿਰਫ ਇਕ ਅਕਾਲ ਪਰਖ ਦੀ ਹੋਂਦ ਸੀ । 2 ਇਸ ਅਕਾਲ ਪੁਰਖ ਦੇ ਹੁਕਮ ਨਾਲ ਇਹ ਸਰਿਸ਼ਟੀ ਹੋਂਦ ਵਿਚ ਆਈ ਅਤੇ ਧਰਤੀ ਤੇ ਆਕਾਸ਼ ਵੀ ਆਪੋ ਆਪਣੀ ਥਾਂ ‘ਤੇ ਕਾਇਮ ਹੋ ਗਏ।” ਇਹ ਹੋਂਦ ਕਦੋਂ ਵਜੂਦ ਵਿਚ ਆਈ ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਹੈ। ਇਸ ਬਾਰੇ ਨਾ ਕੋਈ ਪੰਡਤ ਜਾਣਦਾ ਹੈ, ਨਾ ਹੀ ਕੋਈ ਕਾਜ਼ੀ ਅਤੇ ਜੋਗੀ ਹੀ ਜਾਣਦਾ ਹੈ।“ ਇਹ ਗਿਆਨ ਤਾਂ ਕਿਸੇ ਵਿਰਲੇ ਨੂੰ ਹੀ ਪਰਾਪਤ ਹੋਇਆ ਹੈ। ਜਿਸ ਨੂੰ ਇਹ ਗਿਆਨ ਪਰਾਪਤ ਹੋ ਗਿਆ ਹੈ ਉਸ ਨੂੰ ਪਤਾ ਹੈ ਕਿ ਸਿਰਫ ਅਕਾਲ ਪੁਰਖ ਹੀ ਇਸ ਸਰਿਸ਼ਟੀ ਦਾ ਰਚਨਹਾਰ ਹੈ ਅਤੇ ਪਾਲਣਹਾਰ ਹੈ। ਉਸ ਦੇ ਹੁਕਮ ਅਨੁਸਾਰ ਹੀ ਖੰਡ, ਬਰਿਹਮੰਡ ਅਤੇ ਪਾਤਾਲ ਪੈਦਾ ਹੋਏ ਹਨ। ਉਸੇ ਅਦਿੱਖ ਅਕਾਲ ਪੁਰਖ ਤੋਂ ਹੀ ਸਭ ਕੁਝ ਪੈਦਾ ਹੋਇਆ ਹੈ। ਅਜਿਹੇ ਅਕਾਲ ਪੁਰਖ ਦੇ ਅੰਤ ਨੂੰ ਵੀ ਕਿਸੇ ਨੇ ਨਹੀਂ ਜਾਣਿਆ। ਅਜਿਹਾ ਗਿਆਨ ਸਿਰਫ ਪੂਰੀ ਜਾਣਕਾਰੀ ਰੱਖਣ ਵਾਲਾ ਗੁਰੂ ਹੀ ਦਰਿੜ ਕਰਵਾ ਸਕਦਾ ਹੈ।” ਗਿਆਨ ਇਹ ਹੈ ਕਿ ਅਕਾਲ ਪੁਰਖ ਤੋਂ ਹੀ ਹਵਾ ਪੈਦਾ ਹੋਈ ਹੈ ਅਤੇ ਹਵਾ ਵਿਚੋਂ ਪਾਣੀ । ਫਿਰ ਇਸ ਪਉਣ ਅਤੇ ਪਾਣੀ ਦੇ ਸੰਗਮ ਤੋਂ ਇਹ ਸਰਿਸ਼ਟੀ ਪੈਦਾ ਹੋਈ ਹੈ। ਇਸ ਸਰਿਸ਼ਟੀ ਦੇ ਹਰ ਜੀਵ ਦੇ ਦਿਲ ਵਿਚ ਅਕਾਲ ਪੁਰਖ ਖੁਦ ਸਮੋਇਆ ਹੋਇਆ ਹੈ।*” ਇਸ ਸਿਧਾਂਤ ਅਨੁਸਾਰ ਇਹ ਸਾਰੀ ਸਰਿਸ਼ਟੀ ਉਸੇ ਨੇ ਹੀ ਬਣਾਈ ਹੈ ਅਤੇ ਸਭ ਕੁਝ ਉਹ ਖੁਦ ਹੀ ਕਰ ਰਿਹਾ ਹੈ। ਉਸੇ ਦੇ ਪਰਕਾਸ਼ ਤੋਂ ਹੀ ਸਾਰਾ ਪਾਸਾਰਾ ਹੋਇਆ ਹੈ ਅਤੇ ਸਾਰੇ ਪਾਸਾਰੇ ਵਿਚ ਉਹ ਹੀ ਸਮੋਇਆ ਹੋਇਆ ਹੈ।
ਖਾਣ-ਪੀਣ ਬਾਰੇ ਵਿਚਾਰ :
ਭਾਰਤੀ ਸਮਾਜ ਵਿਚ ਖਾਣ-ਪੀਣ ਬਾਰੇ ਅਨੇਕਾਂ ਮੱਤ ਪਰਚੱਲਤ ਹਨ ਅਤੇ ਇਥੇ ਹਰ ਤਰ੍ਹਾਂ ਦਾ ਖਾਣਾ ਖਾਧਾ ਜਾ ਰਿਹਾ ਹੈ। ਕੋਈ ਮਾਸਾਹਾਰੀ ਹੈ ਅਤੇ ਕੋਈ ਸ਼ਾਕਾਹਾਰੀ । ਜੋ ਸ਼ਾਕਾਹਾਰੀ ਹੈ ਉਹ ਮਾਸਾਹਾਰੀ ਨਾਲ ਘਿਰਣਾ ਕਰਦਾ ਹੈ। ਮਾਸਾਹਾਰੀ ਸ਼ਾਕਾਹਾਰੀ ਨੂੰ ਆਪਣੇ ਨਾਲੋਂ ਘਟੀਆ ਸਮਝਦਾ ਹੈ। ਇਹ ਵਿਚਾਰ ਮੁੱਢ ਤੋਂ ਹੀ ਤੁਰੇ ਆ ਰਹੇ ਹਨ। ਬਰਾਹਮਣ ਲੋਕਾਂ ਨੇ ਖਾਣ-ਪੀਣ ਦੀਆਂ ਅਨੇਕਾਂ ਬੰਦਸ਼ਾਂ ਲਗਾਈਆਂ ਹੋਈਆਂ ਸਨ । ਪਰ ਮੁਸਲਿਮ ਸਮਾਜ ਵਿਚ ਖਾਣ-ਪੀਣ ਦੀ ਖੁੱਲ੍ਹ ਸੀ । ਗੁਰੂ ਨਾਨਕ ਦੇਵ ਜੀ ਦਾ ਮੁੱਖ ਜ਼ੋਰ ਹਿੰਦੂ ਸਮਾਜ ਦੇ ਤਾਣੇ-ਪੇਟੇ ਵੱਲ ਜ਼ਿਆਦਾ ਕੇਂਦਰਿਤ ਸੀ ਕਿਉਂਕਿ ਇਸ ਵਿਚ ਹੀ ਭਾਂਤ ਭਾਂਤ ਦੀਆਂ ਬਹਿਸਾਂ ਹੁੰਦੀਆਂ ਸਨ। ਇਸੇ ਸਮਾਜ ਦੇ ਹੀ ਧਾਰਮਿਕ ਨੇਤਾਵਾਂ ਨੇ ਆਪਣੇ ਲੋਕਾਂ ਨੂੰ ਖਾਣ-ਪੀਣ ਦੇ ਬੰਦੇਜਾਂ ਅਤੇ ਭੰਬਲ-ਭੂਸਿਆਂ ਵਿਚ ਪਾਇਆ ਹੋਇਆ ਸੀ। ਗੁਰੂ ਜੀ ਦੀ ਪਹੁੰਚ ਇਸ ਬਾਰੇ ਪੂਰੀ ਤਰ੍ਹਾਂ ਸਪਸ਼ਟ ਸੀ। ਉਹ ਖਾਣ ਬਾਰੇ ਕਿਸੇ ਵੀ ਬਹਿਸ ਵਿਚ ਨਹੀਂ ਪੈਣਾ ਚਾਹੁੰਦੇ ਸਨ । ਉਨ੍ਹਾਂ ਦਾ ਕਥਨ ਸੀ ਕਿ ਮਾਸ ਖਾਣ ਜਾਂ ਨਾ ਖਾਣ ਬਾਰੇ ਸਿਰਫ ਮੂਰਖ ਲੋਕ ਹੀ ਬਹਿਸ ਕਰਦੇ ਹਨ ਕਿਉਂਕਿ ਇਨ੍ਹਾਂ ਲੋਕਾਂ ਨੂੰ ਇਸ ਗੱਲ ਦੀ ਹੀ ਸਮਝ ਨਹੀਂ ਹੈ ਕਿ ਪਾਪ ਜਾਂ ਪੁੰਨ ਕੀ ਹੁੰਦਾ ਹੈ? ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਹੈ ਕਿ ਮਾਸ ਕੀ ਹੈ ਅਤੇ ਸਾਗ ਕੀ ਹੈ? ਇਨ੍ਹਾਂ ਨੂੰ ਪਰਮਾਤਮਾ ਦੀ ਭਗਤੀ ਦਾ ਵੀ ਪਤਾ ਨਹੀਂ ਹੈ। ਜਿਹੜੇ ਲੋਕ ਮਾਸ ਨਹੀਂ ਖਾਂਦੇ ਜਾਂ ਮਾਸ ਦੀ ਮੁਸ਼ਕ ਤੋਂ ਬਚਣ ਲਈ ਆਪਣਾ ਨੱਕ ਪਕੜ ਕੇ ਲੰਘਦੇ ਹਨ ਉਹੀ ਬੰਦੇ ਚੋਰੀ ਛੁਪ ਕੇ ਪਾਪ ਕਰਦੇ ਹਨ । ਪਾਪ ਕਰਨ ਨੂੰ ਅਤੇ ਮਾਸ ਖਾਣ ਨੂੰ ਇਹ ਲੋਕ ਇਕ ਸਮਾਨ ਨਹੀਂ ਸਮਝਦੇ। ਇਨ੍ਹਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ ਕਿ ਵਿਅਕਤੀ ਮਾਸ ਦੇ ਵਿਚੋਂ ਹੀ ਜਨਮ ਲੈਂਦਾ ਹੈ; ਉਸ ਦਾ ਸਾਰਾ ਸਰੀਰ ਹੀ ਮਾਸ ਦਾ ਬਣਿਆ ਹੋਇਆ ਹੈ। ਮਾਸ ਨਾ ਖਾਣ ਦੀ ਨਸੀਹਤ ਦੇਣ ਵਾਲੇ ਪਾਂਡੇ ਹੋਰ ਗਿਆਨ ਧਿਆਨ ਦੀ ਗੱਲ ਤਾਂ ਜਾਣਦੇ ਨਹੀਂ ਹਨ ਪਰ ਮਾਸ ਨਾ ਖਾਣ ਦੀਆਂ ਹਦਾਇਤਾਂ ਇਸ ਤਰ੍ਹਾਂ ਕਰਦੇ ਹਨ ਜਿਵੇਂ ਕਿ ਇਹ ਬਹੁਤ ਵੱਡੇ ਗੁਣੀ-ਗਿਆਨੀ ਹੁੰਦੇ ਹੋਣ। ਇਹ ਬਾਹਰ ਤਾਂ ਮਾਸ ਖਾਣ ਦੀ ਮਨਾਹੀ ਕਰਦੇ ਹਨ ਪਰ ਆਪਣੇ ਘਰ ਚੋਰੀ-ਛੁਪ ਕੇ ਮਾਸ ਖਾਂਦੇ ਹਨ। ਉਹ ਇਨ੍ਹਾਂ ਨੂੰ ਮਾੜਾ ਨਹੀਂ ਲੱਗਦਾ। ਕੋਈ ਵੀ ਜੀਵ-ਜੰਤੂ ਮਾਸ ਤੋਂ ਬਿਨਾਂ ਨਹੀਂ ਹੋ ਸਕਦਾ ਅਤੇ ਉਹ ਮਾਸ ਵਿਚ ਹੀ ਬਸੇਰਾ ਕਰਦੇ ਹਨ।48 ਵਿਅਕਤੀ ਦਾ ਸਾਰਾ ਜੀਵਨ ਹੀ ਮਾਸ ਦੇ ਵਿਚ ਹੀ ਗੁਜ਼ਰਦਾ ਹੈ। ਉਸ ਦਾ ਗਰਭ ਵਿਚ ਹੋਣਾ, ਪੈਦਾ ਹੋਣਾ, ਬਚਪਨ, ਜੁਆਨੀ ਅਤੇ ਉਸ ਦਾ ਆਪਣਾ ਢਾਂਚਾ ਸਾਰਾ ਕੁਝ ਹੀ ਮਾਸ ਵਿਚ ਹੀ ਪੂਰ ਚੜ੍ਹਦਾ ਹੈ। ਜਦੋਂ ਵਿਅਕਤੀ ਦੇ ਅੱਗੋਂ ਔਲਾਦ ਹੁੰਦੀ ਹੈ ਇਹ ਸਭ ਕੁਝ ਵੀ ਮਾਸ ਦੀ ਆਪਸੀ ਕਿਰਿਆ ਨਾਲ ਹੀ ਹੁੰਦਾ ਹੈ। ਅਜਿਹੀ ਬਹਿਸ ਤੋਂ ਸਿਰਫ ਪਰਮਾਤਮਾ ਦੇ ਨਾਮ ਦਾ ਗਿਆਨ ਪਰਾਪਤ ਕਰ ਲੈਣ ਨਾਲ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਕਰਕੇ ਖਾਣ-ਪੀਣ ਬਾਰੇ ਬਹਿਸ ਨਹੀਂ ਕਰਨੀ ਚਾਹੀਂਦੀ । ਖਾਣਾ ਉਹੀ ਚੰਗਾ ਹੈ ਜੋ ਲੋੜ ਅਨੁਸਾਰ ਖਾਧਾ ਜਾਵੇ। ਲੋੜ ਤੋਂ ਜਿਆਦਾ ਖਾਧਾ ਖਾਣਾ ਮਾੜਾ ਹੈ ਭਾਵੇਂ ਉਹ ਕਿਸੇ ਵੀ ਤਰ੍ਹਾਂ ਦਾ ਹੀ ਹੋਵੇ । ਲੋੜ ਤੋਂ ਜਿਆਦਾ ਖਾਧਾ ਖਾਣਾ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ।° ਜੋ ਵੀ ਖੁਰਾਕ ਅਕਾਲ ਪੁਰਖ ਵੱਲੋਂ ਬਖ਼ਸ਼ੀ ਹੋਈ ਸਮਝ ਕੇ ਖਾਧੀ ਜਾਂਦੀ ਹੈ ਉਹ ਪਵਿੱਤਰ ਹੈ। ਜਿਸ ਖਾਣੇ ਦੇ ਖਾਣ ਨਾਲ ਅਕਾਲ ਪੁਰਖ ਦਾ ਨਾਂ ਵਿਸਰਦਾ ਹੈ ਉਹ ਹਰ ਖਾਣਾ ਮਾੜਾ ਹੈ ਅਤੇ ਅਪਵਿੱਤਰ ਹੈ । ਜੇਕਰ ਮਾਸ ਖਾਣਾ ਜੀਵ-ਹੱਤਿਆ ਕਰਕੇ ਮਾੜਾ ਸਮਝਿਆ ਜਾਣਾ ਹੈ ਫਿਰ ਤਾਂ ਹਰ ਸਬਜੀ, ਹਰ ਦਾਣਾ, ਇੱਥੋਂ ਤੱਕ ਕਿ ਗੋਹੇ ਅਤੇ ਲੱਕੜ ਵਿਚ ਵੀ ਜੀਵ ਹੁੰਦੇ ਹਨ। ਇਨ੍ਹਾਂ ਨੂੰ ਹਰ ਰੋਜ਼ ਖਾਧਾ ਜਾਂਦਾ ਹੈ ਅਤੇ ਅੱਗ ਵਿਚ ਬਾਲਿਆ ਜਾਂਦਾ ਹੈ। ਇਸ ਕਰਕੇ ਮਾਸ ਖਾਣ ਦੀ ਗੱਲ ਨੂੰ ਜੀਵ-ਹੱਤਿਆ ਨਾਲ ਨਹੀਂ ਜੋੜਨਾ ਚਾਹੀਂਦਾ ਸਗੋਂ ਮਨ ਨੂੰ ਸੰਤੁਸ਼ਟੀ ਦੇਣ ਨਾਲ ਜੋੜਨਾ ਚਾਹੀਂਦਾ ਹੈ । ਗੁਰੂ ਜੀ ਦਾ ਵਿਚਾਰ ਹੈ ਕਿ ਸੁਆਦ ਵਜੋਂ ਭੋਜਨ ਖਾਣਾ ਮਾੜਾ ਹੈ। ਇਸ ਨਾਲ ਦੁੱਖ ਲੱਗਦੇ ਹਨ।“ ਸੁਆਦੀ ਖਾਣਿਆਂ ਨਾਲ ਜਿੰਨੇ ਸੁਆਦ ਪੂਰੇ ਕੀਤੇ ਜਾਂਦੇ ਹਨ ਸਰੀਰ ਨੂੰ ਉਤਨੇ ਹੀ ਜ਼ਿਆਦਾ ਰੋਗ ਲੱਗਦੇ ਹਨ।” ਇਸ ਲਈ ਵਿਅਕਤੀ ਨੂੰ ਸਿਰਫ ਲੋੜ ਅਨੁਸਾਰ ਹੀ ਖਾਣਾ ਚਾਹੀਂਦਾ ਹੈ। ਇਸ ਸੋਚ ਨਾਲ ਖਾਣਾ ਖਾਣ ਦੇ ਸਾਰੇ ਬੰਧੇਜ ਅਤੇ ਭਰਮ ਆਪਣੇ ਆਪ ਹੀ ਖਤਮ ਹੋ ਜਾਂਦੇ ਹਨ । ਇਸ ਗੱਲ ਨੂੰ ਦੂਜੇ ਸ਼ਬਦਾਂ ਵਿਚ ਇਉਂ ਵੀ ਕਿਹਾ ਜਾ ਸਕਦਾ ਹੈ ਕਿ ਵਿਅਕਤੀ ਨੂੰ ਖਾਣ ਲਈ ਨਹੀਂ ਜੀਣਾ ਚਾਹੀਂਦਾ ਸਗੋਂ ਜੀਣ ਲਈ ਲੋੜ ਅਨੁਸਾਰ ਖਾਣਾ ਚਾਹੀਂਦਾ ਹੈ ਜੇਕਰ ਮਨ ਵਿਚ ਸੱਚਾਈ ਨਹੀਂ ਹੈ ਤਾ ਖਾਣ ਤੇ ਪਹਿਨਣ ਨਾਲ ਕੁਝ ਨਹੀਂ ਹੁੰਦਾ । ਜੇ ਵਿਅਕਤੀ ਅੰਦਰੋਂ ਝੂਠਾ ਹੈ ਅਤੇ ਪਾਖੰਡੀ ਹੈ ਤਾਂ ਭਾਵੇਂ ਉਹ ਮੇਵੇ ਖਾਵੇ, ਗੁੜ ਖਾਵੇ, ਘਿਉ, ਮੈਦਾ ਖਾਵੇ, ਮਾਸ ਖਾਵੇ, ਵਧੀਆ ਕੱਪੜੇ ਪਹਿਨੇ, ਵਧੀਆ ਸੇਜਾਂ ਉਪਰ ਭੋਗ ਬਿਲਾਸ ਕਰੇ, ਭਾਵੇਂ ਲੱਖਾਂ ਲਸ਼ਕਰਾਂ ਦਾ ਮਾਲਕ ਹੋਵੇ ਤੇ ਮਹਿਲਾਂ ਵਿਚ ਰਹਿੰਦਾ ਹੋਵੇ, ਇਹ ਸਭ ਕੁਝ ਬੇਕਾਰ ਹਨ। ਸਿਰਫ ਕਹਿਣੀ ਅਤੇ ਕਰਨੀ ਦੀ ਸੁਮੇਲਤਾ ਕਰਕੇ ਹੀ ਵਿਅਕਤੀ ਸਫਲ ਜ਼ਿੰਦਗੀ ਬਤੀਤ ਕਰ ਸਕਦਾ ਹੈ।
ਕਿਆ ਖਾਧੈ ਕਿਆ ਪੈਧੇ ਹੋਇ । ਜਾ ਮਨਿ ਨਾਹੀ ਸਾਚਾ ਹੋਇ।
ਕਿਆ ਮੇਵਾ ਕਿਆ ਘਿਉ ਗੁੜ ਮਿਠਾ ਕਿਆ ਮੈਦਾ ਕਿਆ ਮਾਸੁ।
ਫੋਕੀਆਂ ਰਸਮਾਂ ਦੀ ਨਿੰਦਿਆ :
ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮਕਾਲੀ ਸਮਾਜ ਵਿਚ ਪਰਚੱਲਤ ਫੋਕੀਆਂ ਅਤੇ ਫਜ਼ੂਲ ਦੀਆਂ ਰਸਮਾਂ ਨੂੰ ਅਪਣਾਉਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਸੀ । ਸਮੇਂ ਦੇ ਲਿਹਾਜ਼ ਨਾਲ ਜਿਸ ਰਸਮ ਦਾ ਆਪ ਜੀ ਨੂੰ ਮੁੱਢਲੇ ਜੀਵਨ ਵਿਚ ਹੀ ਸਾਹਮਣਾ ਕਰਨਾ ਪਿਆ ਉਹ ਸੀ ਜਨੇਊ ਨੂੰ ਧਾਰਨ ਕਰਨ ਦੀ। ਗੁਰੂ ਜੀ ਦੇ ਜੋ ਵਿਚਾਰ ਉਨ੍ਹਾਂ ਦੀ ਬਾਣੀ ਵਿਚ, ਜਨੇਊ ਬਾਰੇ ਦਰਜ ਹਨ ਉਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਗੁਰੂ ਜੀ ਨੇ ਉਸ ਜਨੇਊ ਦੀ ਪਰਮਾਣੀਕਤਾ ਨੂੰ ਰੱਦ ਕੀਤਾ ਸੀ ਜਿਹੜਾ ਹਿੰਦੂ ਲੋਕ ਇਕ ਬਰਾਹਮਣ ਦੁਆਰਾ ਅਤੇ ਇਕ ਵਿਸ਼ੇਸ ਰਸਮ ਰਾਹੀਂ ਆਪਣੇ ਬੱਚੇ ਨੂੰ ਧਾਰਨ ਕਰਵਾਉਂਦੇ ਸਨ । ਗੁਰੂ ਜੀ ਦਾ ਕਹਿਣਾਂ ਸੀ ਕਿ ਉਨ੍ਹਾਂ ਨੂੰ ਸਿਰਫ ਉਸ ਤਰ੍ਹਾਂ ਦਾ ਜਨੇਊ ਹੀ ਪੇਸ਼ ਕੀਤਾ ਜਾਵੇ ਜਿਹੜਾ ਨਾ ਟੁੱਟ ਸਕੇ, ਨਾ ਮੈਲਾ ਹੋ ਸਕੇ, ਨਾ ਅੱਗ ਵਿਚ ਸੜ ਸਕੇ ਅਤੇ ਜਿਸ ਜਨੇਊ ਦੇ ਪਹਿਨਣ ਨਾਲ ਉਨ੍ਹਾਂ ਦੇ ਮਨ ਵਿਚ ਦਇਆ, ਸੰਤੋਖ, ਜਤ ਅਤੇ ਸਤ ਦਾ ਵਾਸਾ ਹੋਵੇ । ਅਗਰ ਕਿਸੇ ਬਰਾਹਮਣ ਕੋਲ ਅਜਿਹਾ ਜਨੇਊ ਹੈ ਤਾਂ ਉਹ ਉਸ ਨੂੰ ਪਰਵਾਣ ਕਰਨ ਲਈ ਤਿਆਰ ਹਨ ।” ਪਰ ਅਜਿਹਾ ਜਨੇਊ ਕਿੱਥੇ ਹੋਣਾ ਸੀ? ਇਸ ਲਈ ਹਿੰਦੂ ਸਮਾਜ ਦੀ ਪਰਚੱਲਤ ਜਨੇਊ ਦੀ ਰਸਮ ਨੂੰ ਅਪਣਾਉਣ ਤੋਂ ਗੁਰੂ ਜੀ ਨੇ ਸਾਫ ਇਨਕਾਰ ਕਰ ਦਿੱਤਾ ਸੀ ।
ਅਜਿਹੀ ਹੀ ਫਜ਼ੂਲ ਦੀ ਰਸਮ ਸੀ ਮੜੀਆਂ, ਮਸਾਣਾਂ ਅਤੇ ਕਬਰਾਂ ਨੂੰ ਪੂਜਣ ਦੀ। ਵੱਡੇ-ਵਡੇਰਿਆਂ ਦੀ ਪੂਜਾ ਵੀ ਇਸ ਵਿਚ ਆ ਜਾਂਦੀ ਹੈ । ਗੁਰੂ ਜੀ ਦਾ ਸਪਸ਼ਟ ਉਪਦੇਸ਼ ਸੀ ਕਿ ਸਿਰਫ ਉਸੇ ਅਕਾਲ ਪੁਰਖ ਦੀ ਹੀ ਪੂਜਾ ਕੀਤੀ ਜਾਵੇ ਜਿਸ ਨੇ ਵਿਅਕਤੀ ਨੂੰ ਇਹ ਜਨਮ ਬਖ਼ਸ਼ਿਆ ਹੈ । ਉਸ ਦੀ ਪੂਜਾ ਤੋਂ ਬਿਨਾਂ ਹੋਰ ਕਿਸੇ ਵੀ ਮੜੀ-ਮਸਾਣੀ ਦੀ ਪੂਜਾ ਨਹੀਂ ਕਰਨੀ ਚਾਹੀਦੀ।” ਇਸ ਦੇ ਨਾਲ ਹੀ ਭਾਂਤ ਭਾਂਤ ਦੇ ਦੇਵੀ-ਦੇਵਤਿਆਂ ਦੀਆਂ ਸ਼ਕਲਾਂ ਪੱਥਰ ਦੇ ਬੁੱਤਾਂ ਵਿਚ ਢਾਲ ਕੇ, ਉਨ੍ਹਾਂ ਨੂੰ ਪੂਜਿਆ ਜਾਂਦਾ ਹੈ ਉਹ ਮੰਗਿਆਂ ਕੀ ਦੇ ਸਕਦੇ ਹਨ। ਅਜਿਹੇ ਪੱਥਰ ਆਪ ਵੀ ਪਾਣੀ ਵਿਚ ਡੁੱਬਦੇ ਹਨ ਅਤੇ ਆਪਣੇ ਪੂਜਣ ਵਾਲਿਆਂ ਨੂੰ ਵੀ ਡੋਬ ਦਿੰਦੇ ਹਨ।* ਇਨ੍ਹਾਂ ਰਸਮਾਂ ਦੇ ਨਾਲ ਹੀ ਜੋ ਪਰਚੱਲਤ ਰਸਮ ਹੋਰ ਸੀ ਉਹ ਸੀ ਵੱਖ ਵੱਖ ਤੀਰਥਾਂ ਉੱਪਰ ਜਾ ਕੇ ਇਸ਼ਨਾਨ ਕਰਨ ਦੀ । ਵਿਅਕਤੀ, ਬਰਾਹਮਣਵਾਦ ਦੇ ਵਹਿਮਾਂ ਵਿਚ ਜਕੜਿਆ ਹੋਇਆ ਸੀ ਕਿ ਤੀਰਥਾਂ ਉਪਰ ਨਹਾਉਣ ਨਾਲ ਉਸ ਨੂੰ ਮੁਕਤੀ ਪਰਾਪਤ ਹੋ ਸਕਦੀ ਹੈ। ਗੁਰੂ ਜੀ ਨੇ ਇਸ ਵਹਿਮ ਦੀ ਪੂਰੇ ਜ਼ੋਰ ਨਾਲ ਨਿੰਦਿਆ ਕੀਤੀ। ਗੁਰੂ ਜੀ ਦਾ ਕਹਿਣਾ ਸੀ ਕਿ ਜਿਨ੍ਹਾਂ ਲੋਕਾਂ ਦੇ ਮਨਾਂ ਵਿਚ ਖੋਟੀ ਬੁੱਧੀ ਅਤੇ ਹੰਕਾਰ ਭਰਿਆ ਹੋਇਆ ਹੈ ਉਨ੍ਹਾਂ ਵੱਲੋਂ ਤੀਰਥਾਂ ਉਪਰ ਇਸ਼ਨਾਨ ਕਰਨ ਦਾ ਕੀ ਫਾਇਦਾ ਹੈ?” ਮਨ ਵਿਚ ਤਾਂ ਖੋਟ ਰੱਖਿਆ ਹੋਇਆ ਹੈ ਪਰ ਅਜਿਹਾ ਮਨੁੱਖ ਤੀਰਥਾਂ ਉਪਰ ਇਸ਼ਨਾਨ ਕਰਨ ਲਈ ਘੁੰਮਦਾ ਫਿਰਦਾ ਹੈ। ਤੀਰਥਾਂ ‘ਤੇ ਇਸ਼ਨਾਨ ਕਰਕੇ ਮਨ ਨੂੰ ਸ਼ੁੱਧ ਕਰਨ ਦੀ ਅਜਿਹੀ ਸੋਚ ਮਨੁੱਖ ਦਾ ਕੀ ਪਾਰ-ਨਿਸਤਾਰਾ ਕਰ ਸਕਦੀ ਹੈ?° ਤੀਰਥਾਂ ਤੇ ਨਹਾਉਣ ਨਾਲ ਮਨ ਦੀ ਮੈਲ ਨਹੀਂ ਉਤਰਦੀ। ਇਸ ਤਰ੍ਹਾਂ ਦੇ ਕਰਮ ਧਰਮ ਤਾਂ ਸਗੋਂ ਹੰਕਾਰ ਨੂੰ ਵਧਾਉਂਦੇ ਹਨ। ਇਸ ਦੇ ਨਾਲ ਹੀ ਗੁਰੂ ਜੀ ਨੇ ਤੀਰਥਾਂ ’ਤੇ ਇਸ਼ਨਾਨ ਕਰਨ ਦੀ ਥਾਂ ’ਤੇ ਵਾਹਿਗੁਰੂ ਦਾ ਨਾਮ ਜਪਣ ਦਾ ਅਤੇ ਸ਼ਬਦ ‘ਤੇ ਵਿਚਾਰ ਕਰਨ ਦਾ ਉਪਦੇਸ਼ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਰਮਾਤਮਾ ਦਾ ਨਾਮ ਜਪਣਾ ਅਤੇ ਸ਼ਬਦ ਦੀ ਵਿਚਾਰ ਕਰਨੀ ਹੀ ਤੀਰਥ ਇਸ਼ਨਾਨ ਕਰਨ ਦੇ ਬਰਾਬਰ ਹੈ ਅਤੇ ਇਹੀ ਅੰਤਰ-ਗਿਆਨ ਹੈ। ਜੋ ਉਪਦੇਸ਼ ਗੁਰੂ ਦਿੰਦਾ ਹੈ ਉਸ ਉੱਤੇ ਅਮਲ ਕਰਨਾ ਹੀ ਸੱਚਾ ਤੀਰਥ ਇਸ਼ਨਾਨ ਹੈ। ਅਜਿਹਾ ਇਸ਼ਨਾਨ ਦਸਾਂ ਪੁਰਬਾਂ ਉਪਰ ਕੀਤੇ ਗਏ ਇਸ਼ਨਾਨ ਦੇ ਬਰਾਬਰ ਹੈ। ਇਸ ਲਈ ਸਿਰਫ ਵਾਹਿਗੁਰੂ ਦੇ ਨਾਮ ਦਾ ਦਾਨ ਪਰਾਪਤ ਕਰਨ ਦੀ ਹੀ ਪਰਾਰਥਨਾ ਹੋਣੀ ਚਾਹੀਂਦੀ ਹੈ। ਸਿਰਫ ਉਸ ਦਾ ਨਾਮ ਹੀ ਸੰਸਾਰ ਦੇ ਸਾਰੇ ਰੋਗਾਂ ਦਾ ਇਲਾਜ ਹੈ । ਸੱਚ ਦਾ ਮਾਰਗ ਅਪਣਾਏ ਬਿਨਾਂ ਮਨ ਸ਼ੁੱਧ ਨਹੀਂ ਰਹਿ ਸਕਦਾ । ਗੁਰੂ ਦੀ ਉਚਾਰੀ ਹੋਈ ਬਾਣੀ (ਸਿੱਖਿਆ) ਤੇ ਅਮਲ ਕਰਨਾ ਹੀ ਸੱਚਾ ਤੀਰਥ ਇਸ਼ਨਾਨ ਹੈ। ਪਰਮਾਤਮਾ ਦਾ ਨਾਮ ਜਪਣਾ ਵੀ ਸੱਚਾ ਤੀਰਥ ਇਸ਼ਨਾਨ ਹੈ। ਉਸ ਦੇ ਨਾਲ ਅੰਤਰ ਧਿਆਨ ਹੋ ਕੇ ਹੀ ਅਸਲੀਅਤ ਦੀ ਵਿਚਾਰ ਕਰਨੀ ਚਾਹੀਂਦੀ ਹੈ।
ਅੰਧ ਵਿਸ਼ਵਾਸਾਂ ਵਿਚ ਜਕੜੇ ਹਿੰਦੂਆਂ ਬਾਰੇ ਗੁਰੂ ਜੀ ਨੇ ਕਿਹਾ ਹੈ ਕਿ ਇਹ ਲੋਕ ਭੁੱਲੇ ਹੋਏ ਗਲਤ ਰਾਹ ’ਤੇ ਤੁਰ ਰਹੇ ਹਨ। ਜੋ ਇਨ੍ਹਾਂ ਨੂੰ ਨਾਰਦ ਨੇ ਕਿਹਾ ਹੈ ਇਹ ਉਸੇ ਮੁਤਾਬਕ ਬੁੱਤ ਪੂਜਾ ਕਰ ਰਹੇ ਹਨ। ਉਹ ਉਨ੍ਹਾਂ ਪੱਥਰਾਂ ਦੀ ਪੂਜਾ ਕਰਦੇ ਹਨ ਜਿਹੜੇ ਨਾ ਸੁਣ ਸਕਦੇ ਹਨ ਨਾ ਵੇਖ ਸਕਦੇ ਹਨ। ਉਹ ਹਨੇਰੇ ਵਿਚ ਰਹਿ ਰਹੇ ਹਨ ਅਤੇ ਅਗਿਆਨੀ ਬਣੇ ਹੋਏ ਹਨ। ਪੱਥਰ ਆਪ ਡੁੱਬ ਜਾਂਦੇ ਹਨ ਫਿਰ ਉਹ ਦੂਜਿਆਂ ਨੂੰ ਕਿਸ ਤਰ੍ਹਾਂ ਤਾਰ ਸਕਦੇ ਹਨ।“ ਇਹ ਲੋਕ ਆਪਣੇ ਘਰਾਂ ਵਿਚ ਨਰਾਇਣ ਦੀਆਂ ਮੂਰਤੀਆਂ ਰੱਖਦੇ ਹਨ। ਉਨ੍ਹਾਂ ਨੂੰ ਇਸ਼ਨਾਨ ਕਰਾਉਂਦੇ ਹਨ, ਕੇਸਰ ਅਤੇ ਚੰਦਨ ਦੇ ਟਿੱਕੇ ਲਗਾਉਂਦੇ ਹਨ ਪਰ ਆਪ ਮੰਗ ਮੰਗ ਕੇ ਖਾਂਦੇ ਹਨ। ਇਹ ਇਨ੍ਹਾਂ ਅਗਿਆਨੀਆਂ ਨੂੰ ਉਨ੍ਹਾਂ ਦੇ ਮੂਰਖਪੁਣੇ ਦੀ ਹੀ ਸਜ਼ਾ ਲੱਗੀ ਹੋਈ ਹੈ। ਮੂਰਤੀ ਨਾ ਕਿਸੇ ਨੂੰ ਰੋਟੀ ਦੇ ਸਕਦੀ ਹੈ ਅਤੇ ਨਾ ਹੀ ਮੌਤ ਤੋਂ ਬਚਾ ਸਕਦੀ ਹੈ । ਪਰ ਅੰਨ੍ਹੀ ਜਨਤਾ ਇਨ੍ਹਾਂ ਫੋਕੇ ਕਰਮ ਕਾਂਡਾਂ ਵਿਚ ਜਕੜੀ ਹੋਈ ਇਕ ਦੂਜੇ ਨਾਲ ਝਗੜ ਰਹੀ ਹੈ ।
ਲੋਕਾਂ ਵੱਲੋਂ ਆਪਣੇ ਵੱਡੇ ਵਡੇਰਿਆਂ ਨੂੰ ਵਿਸ਼ੇਸ ਦਿਨਾਂ ਉਪਰ ਦਾਨ ਕਰਨ ਦੀਆਂ ਵਸਤਾਂ ਬਾਰੇ ਗੁਰੂ ਜੀ ਕਹਿੰਦੇ ਹਨ ਕਿ ਜੇ ਕੋਈ ਚੋਰ ਕਿਸੇ ਦੇ ਘਰ ਦੀ ਵਸਤੂ ਚੋਰੀ ਕਰਕੇ ਉਸ ਨੂੰ ਆਪਣੇ ਪਿਤਰਾਂ ਲਈ ਦਾਨ ਕਰ ਦੇਵੇ ਅਤੇ ਅੱਗੇ ਪਿਤਰਾਂ ਵਿਚ ਜੇ ਚੋਰੀ ਕੀਤੀ ਗਈ ਵਸਤੂ ਦੇ ਅਸਲ ਮਾਲਕ ਦਾ ਪਿਤਰ ਬੈਠਾ ਹੋਵੇ ਤੇ ਉਹ ਇਸ ਨੂੰ ਪਛਾਣ ਲਵੇ ਫਿਰ ਅਜਿਹੇ ਦਾਨ ਕਰਨ ਵਾਲੇ ਦੇ ਪਿਤਰ ਦੀ ਕੀ ਹਾਲਤ ਹੋਵੇਗੀ? ਇਸ ਕਰਕੇ ਅਜਿਹੇ ਫੋਕੇ ਕਰਮ-ਕਾਂਡਾਂ ਤੋਂ ਹੱਟਣਾ ਚਾਹੀਂਦਾ ਹੈ। ਤੇ ਸਿਰਫ ਮਿਹਨਤ ਨਾਲ ਕੀਤੀ ਕਮਾਈ ਨੂੰ ਹੀ ਦਾਨ ਵਿਚ ਦੇਣਾ ਚਾਹੀਂਦਾ ਹੈ।” ਇਸੇ ਤਰ੍ਹਾਂ ਕਈ ਲੋਕ ਭੁੱਖੇ-ਪਿਆਸੇ ਰਹਿ ਕੇ ਘੁੰਮਦੇ ਫਿਰਦੇ ਰਹਿੰਦੇ ਹਨ। ਕਈ ਹੱਠ ਕਰਦੇ ਹੋਏ ਹੀ ਮਰ-ਮੁੱਕ ਜਾਂਦੇ ਹਨ। ਕਈ ਭੁੱਖੇ ਰਹਿ ਕੇ ਤੀਰਥਾਂ ਤੇ ਇਸ਼ਨਾਨ ਕਰਦੇ ਫਿਰਦੇ ਹਨ। ਕਈ ਅੱਗ ਜਲਾ ਕੇ ਤਪ ਕਰ ਕਰ ਕੇ ਆਪਣੇ ਸਰੀਰ ਨੂੰ ਸਾੜਦੇ ਰਹਿੰਦੇ ਹਨ । ਇਹ ਲੋਕ ਬੁਰੇ-ਭਲੇ ਦੀ ਸੋਝੀ ਹੀ ਨਹੀਂ ਰੱਖਦੇ ਨਾ ਹੀ ਇਨ੍ਹਾਂ ਨੂੰ ਸ਼ਬਦ ਦਾ ਕੋਈ ਗਿਆਨ ਹੈ। ਇਨ੍ਹਾਂ ਨੂੰ ਇਸ ਗੱਲ ਦਾ ਗਿਆਨ ਹੀ ਨਹੀਂ ਹੈ ਕਿ ਬਿਨਾਂ ਪਰਮਾਤਮਾ ਦਾ ਨਾਮ ਜਪੇ ਦੇ ਹੋਰ ਕਿਸੇ ਤਰੀਕੇ ਨਾਲ ਪਾਰ-ਨਿਸਤਾਰਾ ਨਹੀਂ ਹੋ ਸਕਦਾ ।
ਸਮਾਜਿਕ ਵਿਚਾਰਧਾਰਾ :
ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਪੰਜਾਬ ਵਿਚ ਪੰਜਾਬੀ ਸਮਾਜ ਮੁੱਖ ਤੌਰ ‘ਤੇ ਦੋ ਮੁੱਖ ਫਿਰਕਿਆਂ ਵਿਚ ਵੰਡਿਆ ਹੋਇਆ ਸੀ । ਇਹ ਸਨ : ਮੁਸਲਿਮ ਫਿਰਕਾ ਅਤੇ ਹਿੰਦੂ ਫਿਰਕਾ । ਪੰਜਾਬ ਦੀਆਂ ਪਹਾੜੀ ਰਿਆਸਤਾਂ ਨੂੰ ਛੱਡ ਕੇ ਬਾਕੀ ਸਾਰੇ ਪੰਜਾਬ ਵਿਚ ਪਹਿਲਾਂ ਪਠਾਣਾਂ ਦਾ ਤੇ ਪਿੱਛੋਂ ਮੁਗ਼ਲਾਂ ਦਾ ਰਾਜ ਸੀ । ਹਿੰਦੂ ਭਾਵੇਂ ਗੁਲਾਮੀ ਵਾਲਾ ਜੀਵਨ ਜੀ ਰਹੇ ਸਨ ਪਰ ਦਫਤਰਾਂ ਵਿਚ ਉਨ੍ਹਾਂ ਦਾ ਹੀ ਬੋਲਬਾਲਾ ਸੀ । ਦਫਤਰਾਂ ਵਿਚ ਲੇਖਾਕਾਰ ਜਾਂ ਹੋਰ ਕਲਰਕੀ ਪੱਧਰ ਦੀਆਂ ਛੋਟੀਆਂ ਨੌਕਰੀਆਂ ਵਿਚ ਹਿੰਦੂਆਂ ਦੀ ਕਾਫੀ ਗਿਣਤੀ ਸੀ । ਜਾਤ-ਪਾਤ ਵੈਸੇ ਤਾਂ ਮੁਸਲਿਮ ਸਮਾਜ ਵਿਚ ਵੀ ਸੀ ਪਰ ਹਿੰਦੂ ਸਮਾਜ ਵਿਚ ਇਹ ਬਹੁਤ ਬੁਰੀ ਤਰ੍ਹਾਂ ਸਮਾਈ ਹੋਈ ਸੀ। ਪੰਜਾਬ ਦਾ ਹਿੰਦੂ ਸਮਾਜ ਪੂਰੀ ਸਖਤਾਈ ਨਾਲ ਵਰਨ-ਆਸ਼ਰਮ ਅਨੁਸਾਰ ਚਾਰ ਮੁੱਖ ਸ਼ਰੇਣੀਆਂ ਵਿਚ ਵੰਡਿਆ ਹੋਇਆ ਸੀ। ਇਸ ਵਿਚ ਸਨ: ਬਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ । ਇਨ੍ਹਾਂ ਵਿਚ ਬਰਾਹਮਣਾਂ ਦੀ ਪੂਰੀ ਬੌਧਿਕ ਸਰਦਾਰੀ ਸੀ ਅਤੇ ਖੱਤਰੀ ਵੀ ਮਾਲਕੀ ਵਾਲਾ ਦਰਜਾ ਰੱਖਦੇ ਸਨ ਪਰ ਵੈਸ਼ ਅਤੇ ਸ਼ੂਦਰ ਤਾਂ ਸਮਾਜ ਦਾ ਅਤੀ ਹੇਠਲਾ ਦਰਜਾ ਪਰਾਪਤ ਲੋਕ ਸਨ । ਜੇ ਇਨ੍ਹਾਂ ਨੂੰ ਬਰਾਹਮਣ ਅਤੇ ਖੱਤਰੀ ਜਾਤੀ ਦੇ ਗੁਲਾਮ ਵੀ ਕਹਿ ਦਿੱਤਾ ਜਾਵੇ ਤਾਂ ਵੀ ਕੋਈ ਅੱਤਕਥਨੀ ਨਹੀਂ ਹੋਵੇਗੀ। ਜਿਸ ਤਰ੍ਹਾਂ ਗਿਆਰਵੀਂ ਅਤੇ ਬਾਰ੍ਹਵੀਂ ਸਦੀ ਦੌਰਾਨ ਅਫਗਾਨਸਿਤਾਨ ਵਿਚੋਂ ਆਉਣ ਵਾਲੇ ਹਮਲਾਵਰ ਸੁਲਤਾਨਾਂ ਵੇਲੇ ਉਨ੍ਹਾਂ ਨਾਲ ਗੁਲਾਮ ਲੋਕ ਵੀ ਆਇਆ ਕਰਦੇ ਸਨ ਜਿਹੜਾ ਦਰਜਾ ਉਨ੍ਹਾਂ ਗੁਲਾਮਾਂ ਦਾ ਸੀ, ਹਿੰਦੂ ਸਮਾਜ਼ ਦੇ ਵੈਸ਼ ਅਤੇ ਸ਼ੂਦਰ ਲੋਕਾਂ ਦਾ ਉਨ੍ਹਾਂ ਤੋਂ ਵੀ ਭੈੜਾ ਜੀਵਨ ਸੀ । ਸੁਲਤਾਨਾਂ ਦੇ ਗੁਲਾਮ ਤਾਂ ਕੁਝ ਨੀਯਤ ਸਮੇਂ ਬਾਅਦ ਜਾਂ ਕੁਝ ਵਿਸ਼ੇਸ ਕਿਸਮ ਦੇ ਚੰਗੇ ਕੰਮ ਕਰਨ ਕਰਕੇ ਸੁਤੰਤਰ ਕਰ ਦਿੱਤੇ ਜਾਂਦੇ ਸਨ ਪਰ ਵੈਸ਼ ਅਤੇ ਸ਼ੂਦਰ ਕਦੇ ਵੀ ਸੁਤੰਤਰ ਨਹੀਂ ਹੋ ਸਕਦੇ ਸਨ। ਤਰਾਸਦੀ ਇਸ ਗੱਲ ਦੀ ਸੀ ਕਿ ਇਹ ਲੋਕ ਬਹੁਤ ਵੱਡੀ ਬਹੁ-ਗਿਣਤੀ ਵਿਚ ਸਨ । ਹਿੰਦੂ ਸਮਾਜ ਵਿਚ ਇਨ੍ਹਾਂ ਦੀ ਗਿਣਤੀ ਬਰਾਹਮਣਾਂ ਅਤੇ ਖੱਤਰੀਆਂ ਦੀ ਗਿਣਤੀ ਨਾਲੋਂ ਕਿਤੇ ਜ਼ਿਆਦਾ ਸੀ। ਸਭ ਤੋਂ ਵੱਧ ਕੇ ਇਹ ਗੱਲ ਕਿ ਹਿੰਦੂ ਧਰਮ ਨਵੀਆਂ ਪਰਸਥਿਤੀਆਂ ਨਾਲ ਰਲ ਕੇ ਚਲਣ ਦੀ ਆਪਣੀ ਪੁਰਾਣੀ ਸਮਰੱਥਾ ਗੁਆ ਚੁੱਕਿਆ ਸੀ। ਇਹ ਬੀਤ ਚੁੱਕੇ ਸਮੇਂ ਦਾ ਬੰਦੀ ਬਣਿਆ ਬੈਠਾ ਸੀ । ਇਹ ਲੋਕਾਂ ਨੂੰ ਨਵੇਂ ਵਿਚਾਰ ਦੇਣ ਤੋਂ ਅਤੇ ਉਨ੍ਹਾਂ ਵਿਚ ਨਵੀਂ ਰੂਹ ਫੂਕਣ ਤੋਂ ਅਸਮਰਥ ਸੀ। ਸਿਰਫ ਆਪਣੀ ਹੀ ਉੱਚਤਾ ਦੇ ਵਿਚਾਰ ਵਿਚ ਇਸ ਦੇ ਅੰਧਵਿਸ਼ਵਾਸ ਨੇ ਇਸਲਾਮੀ ਹਮਲਿਆਂ ਵਿਚੋਂ ਪੈਦਾ ਹੋਈਆਂ ਗੰਭੀਰ ਹਕੀਕਤਾਂ ਨਾਲ ਮੱਥਾ ਲਾਉਣ ਤੋਂ, ਹਿੰਦੂ ਸਮਾਜ ਦੀਆਂ ਅੱਖਾਂ ਬੰਦ ਕਰ ਦਿੱਤੀਆਂ ਸਨ ।
ਸਦੀਆਂ ਦੀ ਰਾਜਨੀਤਕ ਗੁਲਾਮੀ ਨੇ ਹਿੰਦੂ ਸਮਾਜ ਨੂੰ ਐਸਾ ਬੇਬਸ ਕਰ ਦਿੱਤਾ ਸੀ ਕਿ ਰਾਜਨੀਤਕ ਗੁਲਾਮੀ ਦੇ ਪਰਭਾਵ ਨੂੰ ਨਜ਼ਰਅੰਦਾਜ਼ ਕਰਨ ਲਈ ਇਸ ਦੀ ਧਾਰਮਿਕ ਤੌਰ ‘ਤੇ ਜ਼ਿੰਮੇਵਾਰ ਬਰਾਹਮਣ ਜਮਾਤ ਨੇ ਹਿੰਦੂ ਸਮਾਜ ਦੇ ਨਿਯਮਾਂ ਨੂੰ ਹੋਰ ਵੀ ਕਠੋਰ ਅਤੇ ਕੱਟੜ ਬਣਾ ਦਿੱਤਾ ਸੀ। ਅਖੀਰ ‘ਤੇ ਇਸ ਸਮਾਜ ਵਿਚ ਅਨੇਕਾਂ ਫਜੂਲ ਦੀਆਂ ਸਮਾਜਿਕ ਰਸਮਾਂ ਪਰਚੱਲਤ ਹੋ ਗਈਆਂ ਸਨ ਜਿਨ੍ਹਾਂ ਨੇ ਹਰ ਹਿੰਦੂ ਨੂੰ ਆਪਣੀ ਜਕੜ ਵਿਚ ਜਕੜਿਆ ਹੋਇਆ ਸੀ।
ਮੁਸਲਿਮ ਸਮਾਜ ਭਾਵੇਂ ਰਾਜਨੀਤਕ ਸੱਤਾ ਵਾਲਾ ਸਮਾਜ ਸੀ ਅਤੇ ਇਸਲਾਮ ਦੀ ਸਿੱਖਿਆ ਵੀ ਕਾਫੀ ਹੱਦ ਤੱਕ ਜਾਤ-ਪਾਤ ਰਹਿਤ ਸਮਾਜ ਸਿਰਜਣ ਦੀ ਸੀ ਪਰ ਮੁਸਲਿਮ ਜਗਤ ਫਿਰ ਵੀ ਜਾਤ-ਪਾਤ ਤੋਂ ਰਹਿਤ ਨਹੀਂ ਸੀ। ਹਿੰਦੂ ਸਮਾਜ ਵਾਂਗ ਮੁਸਲਿਮ ਸਮਾਜ ਵਿਚ ਜਾਤ-ਵੰਡ ਪਰਣਾਲੀ ਨਹੀਂ ਸੀ। ਪਰ ਭਾਰਤ ਤੋਂ ਬਾਹਰੋਂ ਆਏ ਮੁਸਲਮਾਨ, ਭਾਰਤੀ ਸਮਾਜ ਵਿਚੋਂ ਬਣੇ ਮੁਸਲਮਾਨਾਂ ਦੇ ਮੁਕਾਬਲੇ ’ਤੇ ਆਪਣੇ ਆਪ ਨੂੰ ਜ਼ਿਆਦਾ ਉਚੇਰਾ ਸਮਝਦੇ ਸਨ । ਕਿਉਂਕਿ ਮੁਸਲਿਮ ਸਮਾਜ ਸ਼ਾਸ਼ਨ ਕਰਨ ਵਾਲਾ ਸਮਾਜ ਸੀ ਇਸ ਲਈ ਇਸ ਵਿਚ ਰਾਜਨੀਤਕ ਸਹੂਲਤਾਂ ਪਰਾਪਤ ਕਰਨ ਵਾਲਾ ਇਕ ਨਵਾਂ ਫਿਰਕਾ ਉਤਪੰਨ ਹੋ ਗਿਆ ਸੀ। ਇਸ ਨੂੰ ਅਹਿਲੇ ਦੌਲਤ ਕਿਹਾ ਜਾਂਦਾ ਸੀ। ਇਸ ਵਿਚ ਸ਼ਾਹੀ ਪਰਿਵਾਰ, ਇਸ ਦੇ ਰਿਸ਼ਤੇਦਾਰ, ਰਾਜਨੀਤਕ ਅਹੁਦੇ ਪਰਾਪਤ ਅਹਿਲਕਾਰ ਅਤੇ ਫ਼ੌਜੀ ਜਰਨੈਲ ਸ਼ਾਮਲ ਸਨ । ਨਿਸ਼ਚੇ ਹੀ ਇਹ ਤਬਕਾ ਆਪਣੇ ਆਪ ਨੂੰ ਬਾਕੀ ਸਾਰੇ ਮੁਸਲਿਮ ਸਮਾਜ ਨਾਲੋਂ ਉਚਤਮ ਸਮਝਦਾ ਸੀ । ਦੂਜੇ ਨੰਬਰ ’ਤੇ ਅਹਿਲੇ ਸਾਅਦਤ ਨਾਂ ਦੀ ਸ਼ਰੇਣੀ ਸੀ ਜਿਸ ਵਿਚ ਉਲੇਮਾ, ਕਾਜੀ ਅਤੇ ਸੱਯਦ ਲੋਕ ਸਨ। ਇਹ ਆਪਣੇ ਆਪ ਨੂੰ ਮੁਸਲਿਮ ਸਮਾਜ ਦਾ ਬੁੱਧੀਜੀਵੀ ਤਬਕਾ ਸਮਝਦੇ ਸੀ। ਤੀਜਾ ਤਬਕਾ ਅਹਿਲੇ ਮੁਰਾਦ ਸੀ। ਇਸ ਵਿਚ ਉਹ ਲੋਕ ਸ਼ਾਮਲ ਸਨ ਜਿਹੜੇ ਉੱਚੀਆਂ ਸ਼ਰੇਣੀਆਂ ਦੇ ਲੋਕਾਂ ਦੀਆਂ ਖੁਸ਼ੀਆਂ ਮਨਾਉਣ ਵਿਚ ਯੋਗਦਾਨ ਪਾਉਂਦੇ ਸਨ । ਜਿਵੇਂ ਕਿ ਸੰਗੀਤਕਾਰ, ਗਵਈਏ ਅਤੇ ਨੱਚਣ ਵਾਲੇ ਆਦਿ ।58 ਵੈਸੇ ਇਹ ਸਥਿਤੀ ਹਿੰਦੂ ਸਮਾਜ ਦੀ ਜਾਤ ਪਰਣਾਲੀ ਜੈਸੀ ਨਹੀਂ ਸੀ ਫਿਰ ਵੀ ਇਸ ਨੇ ਮੁਸਲਿਮ ਸਮਾਜ ਵਿਚ ਉਚਤਮ ਅਤੇ ਨਿਊਨਤਮ ਅਹਿਸਾਸ ਪੈਦਾ ਕਰ ਰੱਖਿਆ ਸੀ। ਭਾਰਤ ਵਿਚ ਜਿਉਂ ਹੀ ਇਸਲਾਮ ਰਾਜਸੀ ਤਾਕਤ ਬਣ ਕੇ ਆਇਆ ਤਾਂ ਇਹ ਕੁਰਾਨ ਦੀਆਂ ਸਿੱਖਿਆਵਾਂ ਨੂੰ ਭੁੱਲ ਕੇ ਭਾਰਤੀ ਪਰੰਪਰਾਵਾਂ ਵਿਚ ਹੀ ਰੰਗਿਆ ਗਿਆ ਸੀ ।” ਇਸ ਦਾ ਸਿੱਟਾ ਇਹ ਹੋਇਆ ਸੀ ਮੁਸਲਿਮ ਸਮਾਜ ਵੀ ਜਾਤ-ਪਾਤ ਤੋਂ ਰਹਿਤ ਨਹੀਂ ਸੀ “ਆਪਣੀ ਕਰੂਰਤਾ ਦੇ ਬਾਵਜੂਦ ਵੀ ਜਾਤ-ਵੰਡ ਨੇ ਭਾਰਤੀ ਲੋਕਾਂ ਨੂੰ ਆਪਣੀ ਪੱਕੀ ਗਰਿਫ਼ਤ ਵਿਚ ਜਕੜ ਰੱਖਿਆ ਸੀ। ਇੱਥੋਂ ਤੱਕ ਕਿ ਇਸਲਾਮ ਵੀ ਇਸ ਦੀਆਂ ਜੜ੍ਹਾਂ ਕੁਤਰਨ ਵਿਚ ਅਸਫਲ ਹੋ ਗਿਆ ਸੀ। ਪੰਜਾਬ ਵਿਚਲੇ ਪੰਜ ਸੌ ਸਾਲ ਦੇ ਮੁਸਲਿਮ ਸਾਸ਼ਨ ਦੇ ਅਤੇ ਦਿੱਲੀ ਵਿਚਲੇ ਤਿੰਨ ਸੌ ਸਾਲਾਂ ਦੇ ਮੁਸਲਿਮ ਸਾਸ਼ਨ ਦੇ ਬਾਅਦ ਵੀ ਬਾਬਰ ਨੇ ਇੱਥੋਂ ਦੇ ਸਾਰੇ ਕਾਰੀਗਰਾਂ ਨੂੰ ਜਾਤ-ਪਾਤ ਦੀਆਂ ਕੱਟੜਵਾਦੀ ਰਵਾਇਤਾਂ ਵਿਚ ਜਕੜੇ ਹੋਏ ਦੇਖਿਆ ਸੀ।”
ਇਸ ਤਰ੍ਹਾਂ ਪੰਜਾਬੀ ਸਮਾਜ ਦੇ ਇਹ ਦੋਵੇਂ ਮੁੱਖ ਫਿਰਕੇ ਇਕ ਦੂਜੇ ਪਰੱਤੀ ਸਹਾਨਭੂਤੀ ਰੱਖਣ ਵਾਲੇ ਨਹੀਂ ਸਨ। ਦੋਵਾਂ ਫਿਰਕਿਆਂ ਵਿਚ ਆਪਸੀ ਈਰਖਾ ਅਤੇ ਦਵੇਸ਼ ਭਾਵਨਾ ਸੀ। ਇਸ ਦਾ ਮੁੱਖ ਕਾਰਣ ਤਾਂ ਰਾਜਨੀਤਕ ਸੱਤਾ ਸੀ। ਇਸੇ ਰਾਜਨੀਤਕ ਸੱਤਾ ਵਿਚੋਂ ਇਕ ਦੂਜੇ ਪਰੱਤੀ ਈਰਖਾ ਅਤੇ ਅਵਿਸ਼ਵਾਸ ਨੇ ਜਨਮ ਲਿਆ ਸੀ । ਜਦੋਂ ਗੁਰੂ ਨਾਨਕ ਦੇਵ ਜੀ ਮੱਕੇ ਗਏ ਸਨ ਤਾਂ ਉੱਥੋਂ ਦੇ ਕਾਜ਼ੀਆਂ ਵੱਲੋਂ ਇਹ ਪੁੱਛਣ ‘ਤੇ ਕਿ ਹਿੰਦੂ ਮੁਸਲਮਾਨਾਂ ਵਿਚੋਂ ਕਿਹੜਾ ਵੱਡਾ ਹੈ ਦਾ ਉੱਤਰ ਗੁਰੂ ਨਾਨਕ ਦੇਵ ਜੀ ਨੇ ਜਵਾਬ ਦਿੰਦਿਆਂ ਕਿਹਾ ਸੀ ਕਿ ਦੋਵੇਂ ਫਿਰਕੇ ਹੀ ਅੱਛੇ ਕੰਮ ਨਾ ਕਰਨ ਕਰਕੇ ਰੋ ਕੁਰਲਾ ਰਹੇ ਹਨ। ਅਕਾਲ ਪੁਰਖ ਦੀ ਰਜਾ ਵਿਚ ਉਹ ਦੋਵੇਂ ਫਿਰਕੇ ਹੀ ਮਨਜ਼ੂਰ ਨਹੀਂ ਹਨ। ਇਨ੍ਹਾਂ ਦਾ ਬਾਹਰੀ ਪਰਭਾਵ ਇਸ ਤਰ੍ਹਾਂ ਦਾ ਆਰਜ਼ੀ ਹੈ ਜਿਵੇਂ ਮਜੀਠ ਦਾ ਕੱਚਾ ਰੰਗ ਹੁੰਦਾ ਹੈ ਜੋ ਪਾਣੀ ਨਾਲ ਧੋਤਿਆਂ ਇਕ ਦਮ ਉਤਰ ਜਾਂਦਾ ਹੈ । ਇਹ ਦੋਵੇਂ ਫਿਰਕੇ ਆਪਸ ਵਿਚ ਇਕ ਦੂਜੇ ਦੀ ਵਿਰੋਧਤਾ ਕਰਦੇ ਹਨ। ਇਸ ਵਿਰੋਧਤਾ ਦੇ ਸਾਹਮਣੇ ਰੱਬ ਪਰੱਤੀ ਦੋਹਾਂ ਦੇ ਸੰਕਲਪ ਅਸਲੀਅਤ ਖੋ ਬੈਠੇ ਹਨ। ਸਮਾਜ ਵਿਚ ਸਿਰਫ ਸ਼ੈਤਾਨ ਦਾ ਹੀ ਬੋਲਬਾਲਾ ਹੈ :
ਪੁੱਛਣ ਖੋਲ ਕਿਤਾਬ ਨੂੰ ਵਡਾ ਹਿੰਦੂ ਕਿ ਮੁਸਲਮਾਨੋਈ।
ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਵੇਂ ਰੋਈ।
ਹਿੰਦੂ ਮੁਸਲਮਾਨ ਦੋਇ ਦਰਗਹਿ ਅੰਦਰ ਲੈਨ ਨ ਢੋਈ।
ਕੱਚਾ ਰੰਗ ਕੁਸੁੰਭ ਕਾ ਪਾਣੀ ਧੋਤੈ ਥਿਰ ਨ ਰਹੋਈ।
ਕਰਨ ਬਖੀਲੀ ਆਪ ਵਿਚ ਰਾਮ ਰਹੀਮ ਕਥਾਇ ਖਲੋਈ।
ਰਾਹ ਸ਼ੈਤਾਨੀ ਦੁਨੀਆ ਗੋਈ।
ਭਾਈ ਗੁਰਦਾਸ ਜੀ ਨੇ ਇਕ ਹੋਰ ਥਾਂ ‘ਤੇ ਲਿਖਿਆ ਹੈ ਕਿ ਦੋਵਾਂ ਫਿਰਕਿਆਂ ਦੇ ਧਾਰਮਿਕ ਆਗੂ ਬਰਾਹਮਣ ਅਤੇ ਮੌਲਾਣੇ ਇਕ ਦੂਜੇ ਨਾਲ ਲੜ ਲੜ ਕੇ ਮਰ ਰਹੇ ਹਨ। ਸੱਚ ਦੀ ਕੋਈ ਵੀ ਗੱਲ ਨਹੀਂ ਕਰ ਰਿਹਾ। ਅਜਿਹੇ ਸਮਾਜ ਨੂੰ ਸਿਰਫ ਕੋਈ ਮਹਾਂਪੁਰਖ ਹੀ ਸੰਭਾਲ ਸਕਦਾ ਹੈ ਪਰ ਇਸ ਤਰ੍ਹਾਂ ਦਾ ਮਹਾਂਪੁਰਖ ਅਜੇ ਤੱਕ ਇਸ ਸਮਾਜ ਵਿਚ ਪੈਦਾ ਨਹੀਂ ਹੋਇਆ :
ਸੱਚ ਕਿਨਾਰੇ ਰਹਿ ਗਿਆ ਖਹਿ ਮਰਦੇ ਬਾਹਮਣ ਮਉਲਾਣੇ।
ਥੰਮੇ ਕੋਇ ਨ ਸਾਧ ਬਿਨ ਸਾਧੁ ਨ ਦਿਸੈ ਜਗ ਵਿਚ ਕੋਆ।
ਟਾਇਨਬੀ ਵੀ ਇਸੇ ਗੱਲ ਦੀ ਪੁਸ਼ਟੀ ਕਰਦਾ ਹੋਇਆ ਲਿਖਦਾ ਹੈ ਕਿ ਭਾਰਤੀ ਭੂਮੀ ਉੱਪਰ ਇਨ੍ਹਾਂ ਦੋਵੇਂ ਮਹਾਨ ਧਰਮਾਂ ਵਿਚਕਾਰ ਆਪਸੀ ਸੰਬੰਧਾਂ ਦੀ ਕਹਾਣੀ ਸਮੁੱਚੇ ਤੌਰ ‘ਤੇ ਆਪਸੀ ਅਵਿਸ਼ਵਾਸ ਅਤੇ ਦੁਸ਼ਮਣੀ ਵਾਲੀ ਭਾਵਨਾ ਦੀ टिव तामगाव वखा है। (“on the whole the story of the relations between these two great religions on Indian ground has been an unhappy tale of mutual misunderstanding and hostility.””)
ਹਿੰਦੂ ਸਮਾਜ ਵਿਚ ਕਿਉਂਕਿ ਬਰਾਹਮਣ ਦੇ ਨਾਲ ਨਾਲ ਖੱਤਰੀ ਦੀ ਵੀ ਸਰਦਾਰੀ ਸੀ ਇਸ ਲਈ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਬਰਾਹਮਣ ਦੇ ਨਾਲ ਹੀ ਖੱਤਰੀਆਂ ਦਾ ਵੀ ਜ਼ਿਕਰ ਆਉਂਦਾ ਹੈ। ਇਨ੍ਹਾਂ ਤੋਂ ਇਲਾਵਾ ਗੁਰੂ ਜੀ ਨੇ ਹਿੰਦੂ ਸਮਾਜ ਵਿਚ ਇਕ ਹੋਰ ਤੀਜੀ ਧਿਰ ਜੋਗੀਆਂ ਦਾ ਵੀ ਜਿਕਰ ਕੀਤਾ ਹੈ। ਇਹ ਗੋਰਖ ਨਾਥ ਦੀ ਸੰਪਰਦਾ ਵਿਚੋਂ ਸਨ। ਇਨ੍ਹਾਂ ਨੂੰ ਸਿੱਧ, ਨਾਥ ਅਤੇ ਜੋਗੀ ਤਿੰਨੇ ਹੀ ਨਾਵਾਂ ਨਾਲ ਪੁਕਾਰਿਆ ਗਿਆ ਹੈ। ਇਸ ਸੰਪਰਦਾ ਨੇ ਵੀ ਹਿੰਦੂ ਸਮਾਜ ਨੂੰ ਕਾਫੀ ਹੱਦ ਤੱਕ ਪਰਭਾਵਤ ਕੀਤਾ ਹੋਇਆ ਸੀ । ਇਸ ਕਰਕੇ ਇਸ ਸੰਪਰਦਾ ਦਾ ਵੀ ਗੁਰੂ ਜੀ ਦੀ ਬਾਣੀ ਵਿਚ ਕਾਫੀ ਜ਼ਿਕਰ ਆਇਆ ਹੈ ।
ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਆਪਣੇ ਸਮਕਾਲੀ ਸਮਾਜ ਦੀਆਂ ਫੋਕੀਆਂ ਰਸਮਾਂ ਤੇ ਰਿਵਾਜ਼ਾਂ ਦੇ ਵਿਰੁੱਧ ਆਵਾਜ਼ ਉਠਾਈ ਸੀ । ਇਸ ਕਰਕੇ ਉਨ੍ਹਾਂ ਦੀ ਸਾਰੀ ਬਾਣੀ ਵਿਚੋਂ ਸਮਾਜਿਕ ਸੰਕਲਪ ਉਪਰ ਜਿਆਦਾ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਨੇ ਆਪਣੀ ਸਮਾਜਿਕ ਵਿਚਾਰਧਾਰਾ ਵਿਚ ਸਮਾਜ ਦੇ ਚਾਰ ਮੁੱਖ ਫਿਰਕਿਆਂ ਦੀ ਕਾਰਗੁਜ਼ਾਰੀ ਉਪਰ ਜ਼ਿਆਦਾ ਜ਼ੋਰ ਦਿੱਤਾ ਹੈ । ਇਹ ਹਨ : ਕਾਜ਼ੀ, ਬਰਾਹਮਣ, ਖੱਤਰੀ ਅਤੇ ਜੋਗੀ । ਗੁਰੂ ਜੀ ਨੇ ਆਪਣਾ ਸਮਾਜਿਕ ਸੰਕਲਪ ਸ਼ੁਰੂ ਹੀ ਇਨ੍ਹਾਂ ਦੀ ਕਾਰਗੁਜਾਰੀ ਨੂੰ ਨਿੰਦ ਕੇ ਕੀਤਾ ਹੈ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ ਕਿ ਕਾਜੀ ਝੂਠ ਬੋਲ ਕੇ ਰਿਸ਼ਵਤ ਵਾਲਾ ਮੈਲਾ ਧਨ ਖਾ ਰਿਹਾ ਹੈ। ਬਰਾਹਮਣ ਗਰੀਬ ਆਦਮੀ ਦੀ ਲੁੱਟ ਦੇ ਰੂਪ ਵਿਚ ਜੀਵ-ਹੱਤਿਆ ਕਰਨ ਪਿੱਛੋਂ ਇਸ਼ਨਾਨ ਆਦਿ ਕਰਕੇ ਆਪਣੇ ਆਪ ਨੂੰ ਨਿਰਮਲ ਹੋਇਆ ਦਰਸਾਉਂਦਾ ਹੈ ਪਰ ਅਸਲ ਵਿਚ ਉਹ ਇਸ ਤਰ੍ਹਾਂ ਨਾਲ ਜੀਵਾਂ ਦੇ ਕਤਲ ਕਰਨ ਦੇ ਬਰਾਬਰ ਕੰਮ ਕਰਦਾ ਹੈ ।
ਬਰਾਹਮਣ ਅਤੇ ਕਾਜ਼ੀ ਅਮਲੀ ਜੀਵਨ ਵਿਚ ਲੁਕੇ-ਛੁਪੇ ਇਕ ਦੂਜੇ ਦੀ ਇਤਨੀ ਪੈਰਵੀ ਕਰਦੇ ਹਨ ਕਿ ਉਹ ਦੋਵੇਂ ਹੀ ਰਲ ਕੇ ਲੋਕਾਂ ਨੂੰ ਲੁੱਟਦੇ ਹਨ । ਮਨੁੱਖਾਂ ਨੂੰ ਲੁੱਟ ਕੇ ਖਾਣ ਵਾਲੇ ਨਮਾਜ਼ਾਂ ਪੜ੍ਹਦੇ ਹਨ। ਇਨ੍ਹਾਂ ਲੋਕਾਂ ਨੂੰ ਜੰਝੂ ਪਾਉਣ ਵਾਲੇ ਲੋਕ ਵਰਗਲਾ ਕੇ ਲਿਆਉਂਦੇ ਹਨ। ਇਨ੍ਹਾਂ ਦੇ ਘਰਾਂ ਵਿਚ ਜਾ ਕੇ ਬਰਾਹਮਣ ਸੰਖ ਵਜਾਉਂਦੇ ਹਨ। ਇਸ ਤਰ੍ਹਾਂ ਕਰਕੇ ਉਨ੍ਹਾਂ ਨੂੰ ਵੀ ਇਸ ਦਾ ਆਨੰਦ ਆਉਂਦਾ ਹੈ, ਇਨ੍ਹਾਂ ਦਾ ਹਰ ਕੰਮ ਹੀ ਝੂਠ ‘ਤੇ ਆਧਾਰਤ ਹੈ। ਝੂਠ ਬੋਲ ਕੇ ਹੀ ਇਹ ਰੋਟੀਆਂ ਖਾਂਦੇ ਹਨ। ਸ਼ਰਮ ਅਤੇ ਧਰਮ ਦਾ ਡੇਰਾ ਬਹੁਤ ਦੂਰ ਹੈ ਅਤੇ ਚਾਰੇ ਪਾਸੇ ਝੂਠ ਹੀ ਝੂਠ ਭਰਪੂਰ ਹੈ। ਇਨ੍ਹਾਂ ਲੋਕਾਂ ਨੇ ਮੱਥੇ ‘ਤੇ ਟਿੱਕਾ ਲਾ ਕੇ ਰੱਖਿਆ ਹੈ ਅਤੇ ਤੇੜ ਭਗਵੇਂ ਰੰਗ ਦੀ ਧੋਤੀ ਪਾਈ ਹੋਈ ਹੈ। ਪਰ ਹੱਥਾਂ ਵਿਚ ਛੁਰੀ ਫੜ ਕੇ ਲੋਕਾਂ ਨੂੰ ਕੋਹ ਰਹੇ ਹਨ। ਇਹ ਲੋਕ ਨੀਲੇ ਕੱਪੜੇ ਪਹਿਨ ਕੇ ਹਾਕਮਾਂ ਦੀ ਨਜ਼ਰ ਵਿਚ ਚੰਗੇ ਬਣਨ ਦੀ ਕੋਸ਼ਿਸ਼ ਕਰਦੇ ਹਨ ਅਤੇ ਜਿਨ੍ਹਾਂ ਨੂੰ ਇਹ ਲੋਕਾਂ ਸਾਹਮਣੇ ਮਲੇਛ ਕਹਿੰਦੇ ਹਨ ਉਨ੍ਹਾਂ ਪਾਸੋਂ ਹੀ ਲੁਕ-ਛਿਪ ਕੇ ਧਨ ਲੈ ਕੇ ਆਪਣੀਆਂ ਧਰਮ ਪੁਸਤਕਾਂ ਦੀ ਪੂਜਾ ਕਰਦੇ ਹਨ। ਇਹ ਹਲਾਲ ਕੀਤਾ ਹੋਇਆ ਬੱਕਰੇ ਦਾ ਮਾਸ ਵੀ ਖਾਂਦੇ ਹਨ ਪਰ ਲੋਕਾਂ ਨੂੰ ਕਹਿੰਦੇ ਹਨ ਕਿ ਉਨ੍ਹਾਂ ਵਿਚੋਂ ਕਿਸੇ ਨੇ ਵੀ ਉਨ੍ਹਾਂ ਦੇ ਚੌਂਕੇ ਉੱਪਰ ਨਹੀਂ ਚੜ੍ਹਨਾ ਤਾਂ ਕਿ ਇਸ ਨਾਲ ਉਨ੍ਹਾਂ ਦੀ ਰਸੋਈ ਭਰਿਸ਼ਟ ਨਾ ਹੋ ਜਾਵੇ। ਇਹ ਬਰਾਹਮਣ ਲੋਕ ਅਪਵਿੱਤਰ ਸਰੀਰ ਨਾਲ ਭੈੜਾ ਕੰਮ ਕਰਦੇ ਹਨ। ਭੈੜੇ ਕਰਮ ਕਰਕੇ ਇਨ੍ਹਾਂ ਦਾ ਮਨ ਜੂਠਾ ਹੁੰਦਾ ਹੈ ਪਰ ਉਸ ਨੂੰ ਸੁੱਚਾ ਕਰਨ ਲਈ ਇਹ ਜਲ ਦੀਆਂ ਚੁਲੀਆਂ ਭਰਦੇ ਹਨ ।
‘ ਇਨ੍ਹਾਂ ਬਰਾਹਮਣਾਂ ਨੇ, ਜਿਹੜੇ ਕਿ ਆਪਣੇ ਆਪ ਨੂੰ ਸਮਾਜ ਦੇ ਸਿਰਮੌਰ ਸਮਝਦੇ ਹਨ, ਤੁਰਕਾਂ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਨੇ ਨੀਲਾ ਪਹਿਰਾਵਾ ਪਹਿਨਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਦੇ ਸਾਰੇ ਅਮਲ ਤੁਰਕਾਂ ਅਤੇ ਪਠਾਣਾਂ ਵਰਗੇ ਹੀ ਹਨ, * ਜਿਨ੍ਹਾਂ ਨੂੰ ਇਹ ਹਰ ਸਮੇਂ ਆਪਣੇ ਸਮਾਜ ਅੰਦਰ ਨਿੰਦਦੇ ਰਹਿੰਦੇ ਸਨ । ਇਹ ਲੋਕ ਧਾਰਮਿਕ ਪੁਸਤਕਾਂ ਪੜ੍ਹਦੇ ਹਨ, ਸ਼ਾਮ ਦੇ ਮੌਕੇ ਇਨ੍ਹਾਂ ਬਾਰੇ ਬਹਿਸਾਂ ਵੀ ਕਰਦੇ ਹਨ, ਪੱਥਰ ਪੂਜਦੇ ਹਨ ਅਤੇ ਬਗਲੇ ਵਾਂਗੂ ਅੰਤਰਧਿਆਨ ਹੋ ਕੇ ਸਮਾਧੀ ਵੀ ਲਗਾਉਂਦੇ ਹਨ। ਮੂੰਹੋਂ ਐਸੀ ਚੰਗੀ ਤਰ੍ਹਾਂ ਝੂਠ ਬੋਲਦੇ ਹਨ ਜਿਵੇਂ ਕਿ ਉਹ ਝੂਠ ਹੁੰਦਾ ਹੀ ਨਾ ਹੋਵੇ ਅਤੇ ਘਰਾਂ ਵਿਚ ਤਿੰਨ ਵਾਰੀ ਗਾਇਤਰੀ ਦਾ ਪਾਠ ਵੀ ਕਰਦੇ ਹਨ। ਗਰਦਨ ਦੁਆਲੇ ਮਾਲਾ ਪਾ ਕੇ ਰੱਖਦੇ ਹਨ, ਮੱਥੇ ’ਤੇ ਤਿਲਕ ਲਗਾ ਕੇ, ਸਿਰ ਤੇ ਤੌਲੀਆ ਲੈ ਕੇ ਅਤੇ ਤੇੜ ਵਿਚ ਦੋ ਦੋ ਧੋਤੀਆਂ ਪਹਿਨ ਕੇ ਰੱਖਦੇ ਹਨ। ਜੇ ਇਹ ਲੋਕ ਪਰਮਾਤਮਾ ਦੇ ਅਸਲੀ ਗਿਆਨ ਨੂੰ ਸਮਝ ਲੈਣ ਤਾਂ ਇਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਇਨ੍ਹਾਂ ਵੱਲੋਂ ਕੀਤੇ ਜਾਣ ਵਾਲੇ ਕਰਮ ਕਿਤਨੇ ਥੋਥੇ ਅਤੇ ਫੋਕਟ ਹਨ।
ਬਰਾਹਮਣਾਂ ਦਾ ਮੁਗ਼ਲ ਹਕੂਮਤ ਦੇ ਮੁਲਾਜ਼ਮ ਹੋਣ ਦੀ ਸਥਿਤੀ ਦਾ ਵਰਨਣ ਕਰਦੇ ਹੋਏ ਦੱਸਿਆ ਗਿਆ ਹੈ ਕਿ ਜਿਹੜਾ ਬਰਾਹਮਣ ਹਕੂਮਤ ਦਾ ਮੁਲਾਜ਼ਮ ਹੈ ਉਹ ਹਕੂਮਤ ਦੇ ਹੁਕਮਾਂ ਦੇ ਅਧੀਨ ਗਊ ਉਪਰ ਲਗਾਇਆ ਗਿਆ ਟੈਕਸ ਅਦਾ ਕਰਦਾ ਹੈ ਪਰ ਦੂਜੇ ਪਾਸੇ ਆਪਣੇ ਘਰ ਗਊ ਦੇ ਗੋਹੇ ਨੂੰ ਪਵਿੱਤਰ ਮੰਨ ਕੇ ਆਪਣੀ ਰਸੋਈ ਨੂੰ ਲਿਪ-ਪੋਚ ਕੇ ਪਵਿੱਤਰ ਕਰਦਾ ਹੈ। ਇਹ ਦੋਗਲਾਪਣ ਅਪਣਾ ਕੇ ਬਰਾਹਮਣ ਕਿਹੜੇ ਧਰਮ ਦੀ ਗੱਲ ਕਰ ਰਿਹਾ ਹੈ? ਉਸ ਵਿਚ ਇਤਨੀ ਵੀ ਹਿੰਮਤ ਨਹੀਂ ਹੈ ਕਿ ਉਹ ਜਿਸ ਹਕੂਮਤ ਦਾ ਮੁਲਾਜ਼ਮ ਹੈ ਉਸ ਵੱਲੋਂ ਗਊ ਉਪਰ ਲਗਾਏ ਗਏ ਟੈਕਸ ਦੀ ਵਿਰੋਧਤਾ ਕਰ ਸਕੇ। ਇਸ ਨੇ ਆਪਣੇ ਪ੍ਰਭਾਵਸ਼ਾਲੀ ਪਹਿਰਾਵੇ ਲਈ ਤੇੜ ਵਿਚ ਭਗਵੇਂ ਰੰਗ ਦੀ ਧੋਤੀ ਪਾ ਰੱਖੀ ਹੈ, ਮੱਥੇ ‘ਤੇ ਕੇਸਰ ਦਾ ਟਿੱਕਾ ਲਾ ਰੱਖਿਆ ਹੈ ਅਤੇ ਗਲ ਵਿਚ ਮਾਲਾ ਪਾ ਰੱਖੀ ਹੈ ਪਰ ਮਲੇਛਾਂ ਦਾ ਧਨ ਲੈ ਕੇ ਖਾ ਰਿਹਾ ਹੈ । ਅੰਦਰੋਂ-ਅੰਦਰ ਆਪਣੀਆਂ ਧਾਰਮਿਕ ਪੁਸਤਕਾਂ ਵੀ ਪੜ੍ਹਦਾ ਹੈ ਅਤੇ ਇਨ੍ਹਾਂ ਦੀ ਪੂਜਾ ਵੀ ਕਰਦਾ ਹੈ ਪਰ ਬਾਹਰੋਂ ਸਭ ਅਮਲ ਤੁਰਕਾਂ ਵਾਲੇ ਅਪਣਾ ਰੱਖੇ ਹਨ । ਬਰਾਹਮਣ ਨੂੰ ਅਜਿਹੇ ਪਾਖੰਡ ਛੱਡ ਦੇਣੇ ਚਾਹੀਂਦੇ ਹਨ । ਉਸ ਦਾ ਪਾਰ ਨਿਸਤਾਰਾ ਤਾਂ ਸਿਰਫ ਸੱਚਾਈ ਦੇ ਮਾਰਗ ‘ਤੇ ਤੁਰ ਕੇ ਹੀ ਹੋ ਸਕਦਾ ਹੈ।
ਇਹ ਲੋਕ ਅੰਦਰੋਂ ਝੂਠੇ ਹਨ, ਬਾਹਰ ਆਪਣੀ ਇੱਜ਼ਤ ਦਰਸਾ ਕੇ ਦੁਨੀਆਂ ਵਿਚ ਫੈਲ ਰਹੇ ਹਨ। ਇਹ ਇਤਨੇ ਪਲੀਤ ਹੋ ਚੁੱਕੇ ਹਨ ਕਿ ਇਨ੍ਹਾਂ ਦੀ ਮੈਲ ਅਠਾਹਠ ਤੀਰਥਾਂ ਉਪਰ ਨਹਾ ਕੇ ਵੀ ਨਹੀਂ ਉਤਰ ਸਕਦੀ। ਉਹੀ ਵਿਅਕਤੀ ਸੰਸਾਰ ਵਿਚ ਆਪਣਾ ਨਾਂ ਕਮਾ ਸਕਦੇ ਹਨ ਜਿਹੜੇ ਅੰਦਰੋਂ ਰੇਸ਼ਮ ਦੀ ਤਰ੍ਹਾਂ ਸ਼ੁੱਧ ਹਨ ਬਾਹਰੋਂ ਭਾਵੇਂ ਉਹ ਲੀਰਾਂ ਜੈਸੇ ਕੱਪੜੇ ਹੀ ਪਹਿਨਦੇ ਹੋਵਣ। ਉਨ੍ਹਾਂ ਦੇ ਮਨਾਂ ਵਿਚ ਵੀ ਪਰਮਾਤਮਾ ਦਾ ਪਿਆਰ ਹੁੰਦਾ ਹੈ ਅਤੇ ਉਨ੍ਹਾਂ ਹੀ ਵਿਅਕਤੀਆਂ ਦੇ ਦਰਸ਼ਨ ਕਰਨੇ ਚਾਹੀਦੇ ਹਨ।”
ਗੁਰੂ ਨਾਨਕ ਦੇਵ ਜੀ ਨੇ ਨਿਰਸੰਦੇਹ ਆਪਣੇ ਸਮਾਜ ਦੇ ਮੋਹਰੀ ਨੇਤਾਵਾਂ ਦੇ ਦੋਗਲੇਪਣ ਦੀ ਕਰੜੀ ਨਿੰਦਿਆ ਕੀਤੀ ਸੀ ਅਤੇ ਇਨ੍ਹਾਂ ਮੋਹਰੀ ਨੇਤਾਵਾਂ ਵਿਚ ਕਾਜੀ, ਬਰਾਹਮਣ, ਖੱਤਰੀ ਅਤੇ ਜੋਗੀ ਮੁੱਖ ਤੌਰ ਤੇ ਆਉਂਦੇ ਹਨ । ਪਰ ਉਨ੍ਹਾਂ ਵੱਲੋਂ ਕੀਤੀ ਸਿਰਫ ਨਿੰਦਾ ਹੀ ਨਹੀਂ ਸੀ ਸਗੋਂ ਉਨ੍ਹਾਂ ਨੇ ਇਨ੍ਹਾਂ ਖੇਤਰਾਂ ਦੇ ਨੇਤਾਵਾਂ ਨੂੰ ਉਨ੍ਹਾਂ ਦੀ ਅਸਲ ਸਥਿਤੀ ਦਾ ਗਿਆਨ ਵੀ ਕਰਵਾਇਆ ਸੀ । ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਇਹ ਨੇਤਾ ਲੋਕ ਸੱਚੇ ਮਾਰਗ ‘ਤੇ ਚੱਲਣ ਦੀ ਕੋਸ਼ਿਸ਼ ਕਰਨ ਤਾਂ ਇਹ ਸਮਾਜ ਦਾ ਬੇੜਾ ਵੀ ਪਾਰ ਕਰ ਸਕਦੇ ਹਨ ਅਤੇ ਆਪਣੇ ਆਪ ਨੂੰ ਵੀ ਲੋਕਾਂ ਦੇ ਪਰਮਾਣੀਕ ਨੇਤਾ ਅਖਵਾ ਸਕਦੇ ਹਨ । ਇਸ ਤਰ੍ਹਾਂ ਗੁਰੂ ਸਾਹਿਬ ਇਕ ਸੱਚੇ ਮੁਸਲਮਾਨ ਦੀ ਪਰਿਭਾਸ਼ਾ ਇਉਂ ਦਿੰਦੇ ਹਨ :
“ਮੁਸਲਮਾਨ ਅਖਵਾਉਣਾ ਬਹੁਤ ਮੁਸ਼ਕਲ ਹੈ। ਜੇ ਕੋਈ ਮੁਸਲਮਾਨ ਹੈ ਉਸ ਨੂੰ ਆਪਣੇ ਮੁਸਲਮਾਨ ਹੋਣ ‘ਤੇ ਮਾਣ ਕਰਨਾ ਚਾਹੀਂਦਾ ਹੈ। ਉਸ ਨੂੰ ਸਭ ਤੋਂ ਪਹਿਲਾਂ ਧਰਮ ਨਾਲ ਪਿਆਰ ਕਰਨਾ ਚਾਹੀਂਦਾ ਹੈ। ਆਪਣੇ ਵਿਚੋਂ ਹੰਕਾਰ ਨੂੰ ਖਤਮ ਕਰ ਦੇਣਾ ਚਾਹੀਂਦਾ ਹੈ; ਜ਼ਿੰਦਗੀ ਅਤੇ ਮੌਤ ਦੇ ਫਿਕਰ ਤੋਂ ਉਪਰ ਉਠਿਆ ਹੋਇਆ ਹੋਣਾ ਚਾਹੀਂਦਾ ਹੈ। ਆਪਣਾ ਧਨ ਲੋੜਵੰਦਾਂ ਵਿਚ ਵੰਡ ਦੇਣਾ ਚਾਹੀਂਦਾ ਹੈ । ਉਸ ਨੂੰ ਆਪਣੇ ਧਰਮ ਨੂੰ ਹੀ ਆਪਣੇ ਜੀਵਨ ਦੀ ਬੇੜੀ ਦਾ ਮਲਾਹ ਬਣਾ ਲੈਣਾ ਚਾਹੀਂਦਾ ਹੈ। ਰੱਬ ਦੇ ਭਾਣੇ ਨੂੰ ਸਿਰ ਮੱਥੇ ਪੁਰ ਮੰਨਣਾ ਚਾਹੀਂਦਾ ਹੈ। ਆਪਣੇ ਆਪ ਦਾ ਨਾਸ਼ ਕਰਨਾ ਚਾਹੀਂਦਾ ਹੈ। ਉਸ ਨੂੰ ਜੀਵਾਂ ਉਪਰ ਮਿਹਰਬਾਨ ਹੋਣਾ ਚਾਹੀਂਦਾ ਹੈ। ਇਕ ਮੁਸਲਮਾਨ ਨੂੰ ਅਜਿਹੇ ਲੱਛਣਾਂ ਦਾ ਧਾਰਨੀ ਹੋਣਾ ਚਾਹੀਂਦਾ ਹੈ ।° ਮੁਸਲਮਾਨ ਲਈ ਪੰਜ ਵਾਰ ਪੰਜ ਨਿਮਾਜ਼ਾਂ ਪੜ੍ਹਨੀਆਂ ਜ਼ਰੂਰੀ ਹਨ। ਇਨ੍ਹਾਂ ਨਿਮਾਜ਼ਾਂ ਦੇ ਨਾਂ ਵੀ ਪੰਜ ਹੀ ਹਨ। ਪਹਿਲੀ ਨਿਮਾਜ਼ ਸੱਚ ਦੀ ਪਰਤੀਕ ਹੈ; ਦੂਜੀ ਹਲਾਲ ਦੀ ਕਮਾਈ ਦੀ; ਤੀਜੀ ਰੱਬ ਦੇ ਨਾਂ ‘ਤੇ ਦਾਨ ਦੇਣ ਦੀ, ਚੋਥੀ ਸ਼ੁੱਧ ਇਰਾਦੇ ਰੱਖਣ ਦੀ ਅਤੇ ਪੰਜਵੀਂ ਪਰਮਾਤਮਾ ਦਾ ਨਾਮ ਜਪਣ ਦੀ ਹੈ। ਇਕ ਮੁਸਲਮਾਨ ਨੂੰ ਉਪਰੋਕਤ ਦੇ ਅਨੁਸਾਰ ਨੇਕ ਅਮਲਾਂ ਦਾ ਕਲਮਾ ਪੜ ਕੇ ਹੀ ਆਪਣੇ ਆਪ ਨੂੰ ਮੁਸਲਮਾਨ ਅਖਵਾਉਣਾ ਚਾਹੀਂਦਾ ਹੈ ।“
ਅਸਲ ਬਰਾਹਮਣ ਉਹੀ ਹੈ ਜੋ ਪਰਮਾਤਮਾ ਦੇ ਭੇਦ ਨੂੰ ਸਮਝਦਾ ਹੈ; ਜੇ ਉਹ ਨਾਮ ਜਪਦਾ ਹੈ, ਸਖ਼ਤ ਮਿਹਨਤ ਰੂਪੀ ਤਪ ਨਲ ਆਪਣੀ ਕਿਰਤ ਕਰਦਾ ਹੈ ਅਤੇ ਉਸ ਵਿਚ ਸੰਜਮ ਹੈ; ਜੇ ਉਹ ਧਰਮ ਅਨੁਸਾਰ ਸੰਤੋਖੀ ਅਤੇ ਸਾਊ ਸੁਭਾਅ ਦਾ ਹੈ ਅਤੇ ਜੇ ਉਹ ਆਪਣੇ ਆਪ ਨੂੰ ਸਭ ਲਾਲਸਾਵਾਂ ਦੇ ਬੰਧਨ ਤੋਂ ਉਪਰ ਰੱਖਦਾ ਹੈ। ਜੇ ਇਸ ਤਰ੍ਹਾਂ ਦਾ ਬਰਾਹਮਣ ਕੋਈ ਹੋਵੇ ਤਾਂ ਉਹ ਪੂਜਣ ਯੋਗ ਹੁੰਦਾ ਹੈ।
ਅਸਲੀ ਖੱਤਰੀ ਉਹ ਹੈ ਜੋ ਸੂਰਮਤਾਈ ਵਾਲੇ ਕੰਮ ਕਰਦਾ ਹੈ; ਜੋ ਲੋੜਵੰਦਾਂ ਵਿਚ ਪੁੰਨ-ਦਾਨ ਕਰਦਾ ਹੈ; ਜੋ ਵਿਅਕਤੀ ਨੂੰ ਪਛਾਣ ਕੇ ਹੀ ਉਸ ਨਾਲ ਲੋੜੀਂਦਾ ਵਰਤਾਓ ਕਰਦਾ ਹੈ। ਸਿਰਫ ਤੇ ਸਿਰਫ ਅਜਿਹਾ ਖੱਤਰੀ ਹੀ ਪਰਵਾਣ ਹੋ ਸਕਦਾ ਹੈ।
ਇਸੇ ਤਰ੍ਹਾਂ ਜਿਹੜਾ ਜੋਗੀ ਜੀਵਨ ਜੀਣ ਦੀ ਜੁਗਤ ਨੂੰ ਜਾਣ ਗਿਆ ਹੈ ਅਤੇ ਪਰਮਾਤਮਾ ਦੇ ਹੁਕਮ ਵਿਚ ਹਰ ਸਮੇਂ ਇਕ ਸਮਾਨ ਰਹਿਣਾ ਸਿੱਖ ਗਿਆ ਹੈ ਉਹ ਹੀ ਅਸਲ ਜੋਗੀ ਹੈ। ਜਿਸ ਤਰ੍ਹਾਂ ਬਰਾਹਮਣ ਨੂੰ ਬੇਦ ਦਾ ਗਿਆਨ ਹੋਣਾ ਅਤੀ ਜਰੂਰੀ ਹੈ ਉਸੇ ਤਰ੍ਹਾਂ ਪਰਮਾਤਮਾ ਨੂੰ ਪਰਾਪਤ ਕਰਨ ਦਾ ਮਾਰਗ ਵੀ ਗਿਆਨ ਦਾ ਮਾਰਗ ਹੈ ਅਰਥਾਤ ਬਿਨਾਂ ਸਰਬਪੱਖੀ ਗਿਆਨ ਦੇ ਪਰਮਾਤਮਾ ਦਾ ਗਿਆਨ ਨਹੀਂ ਹੋ ਸਕਦਾ । ਖੱਤਰੀ ਦਾ ਅਸਲ ਗਿਆਨ ਉਸ ਦੀ ਸੂਰਮਤਾਈ ਹੈ ਅਤੇ ਸੂਦਰਾਂ ਦਾ ਕੰਮ ਹੋਰਾਂ ਦੀ ਸੇਵਾ ਕਰਨਾ ਮੰਨਿਆ ਜਾਂਦਾ ਹੈ । ਇਸ ਤਰ੍ਹਾਂ ਇਨ੍ਹਾਂ ਸਾਰਿਆਂ ਦਾ ਇਕ ਜ਼ਰੂਰੀ ਕੰਮ ਪਰਮਾਤਮਾ ਦੇ ਨਾਮ ਨੂੰ ਸਿਮਰਨ ਦਾ ਹੈ। ਜਿਸ ਵੀ ਵਿਅਕਤੀ ਨੇ ਇਸ ਗਿਆਨ ਨੂੰ ਪਰਾਪਤ ਕਰ ਲਿਆ ਹੈ ਉਹ ਵਾਹਿਗੁਰੂ ਦੇ ਹੀ ਸਮਾਨ ਹੋ ਜਾਂਦਾ ਹੈ ਅਤੇ ਗੁਰੂ ਨਾਨਕ ਦੇਵ ਜੀ ਅਜਿਹੇ ਵਿਅਕਤੀ ਨੂੰ ਆਪਣਾ ਮਾਲਕ ਵੀ ਸਮਝਣ ਨੂੰ ਤਿਆਰ ਹੋ ਜਾਂਦੇ ਹਨ। ਇਸ ਕਰਕੇ ਸੁੱਚੇ ਅਤੇ ਪਵਿੱਤਰ ਉਹ ਲੋਕ ਨਹੀਂ ਜਿਹੜੇ ਨਹਾ-ਧੋ ਕੇ ਅਤੇ ਅੱਛੇ ਸਾਫ ਬਸਤਰ ਪਹਿਨ ਕੇ ਬੈਠ ਜਾਂਦੇ ਹਨ। ਅਸਲ ਸੁੱਚੇ ਅਤੇ ਪਵਿੱਤਰ ਲੋਕ ਉਹ ਹਨ ਜਿਨ੍ਹਾਂ ਦੇ ਮਨ ਵਿਚ ਗਿਆਨ ਦਾ ਪਰਕਾਸ਼ ਹੈ।
ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਸਮਾਜਿਕ ਵਿਚਾਰਧਾਰਾ ਦਿੰਦਿਆਂ ਲੋਕਾਂ ਨੂੰ ਅਮਲੀ ਜੀਵਨ ਜੀਣ ਦੀ ਚੇਸ਼ਟਾ ਕੀਤੀ ਹੈ। ਉਹ ਨਹੀਂ ਚਾਹੁੰਦੇ ਸਨ ਕਿ ਵਿਅਕਤੀ ਦੋਗਲਾ ਜੀਵਨ ਜੀਵੇ। ਅਮਲੀ ਜੀਵਨ ਤਦ ਹੀ ਜੀਵਿਆ ਜਾ ਸਕਦਾ ਹੈ ਜੇਕਰ ਮਨੁੱਖ ਨੂੰ ਸਰਬਪੱਖੀ ਗਿਆਨ ਹੋਵੇਗਾ। ਭਾਵ ਕਿ ਗੁਰੂ ਜੀ ਵਿਅਕਤੀ ਨੂੰ ਇਕ ਪੂਰਾ ਜਾਗਰਤ ਅਤੇ ਪੂਰੇ ਗਿਆਨ ਵਾਲਾ ਵਿਅਕਤੀ ਦੇਖਣਾ ਚਾਹੁੰਦੇ ਸਨ । ਫੋਕੀਆਂ ਰਸਮਾਂ ਦੀ ਪਾਲਣਾ ਅਤੇ ਆਪਣੇ ਧਾਰਮਿਕ ਨੇਤਾਵਾਂ ਦਾ ਭੈਅ ਸਿਰਫ ਅਗਿਆਨੀ ਵਿਅਕਤੀ ਹੀ ਕਰਦਾ ਹੈ। ਅਰਥਾਤ ਅਗਿਆਨ ਮਨੁੱਖ ਨੂੰ ਗੁਲਾਮੀ ਦਾ ਜੀਵਨ ਦਿੰਦਾ ਹੈ ਅਤੇ ਗਿਆਨ ਸੁਤੰਤਰ ਜੀਵਨ ਦਾ। ਗੁਰੂ ਸਾਹਿਬ ਆਪਣੇ ਸਮਾਜ ਨੂੰ ਪੂਰੇ ਗਿਆਨ ਵਾਲਾ ਬਣਾਉਣ ਦੀ ਲੋਚਾ ਕਰਦੇ ਹਨ ਤਾਂ ਕਿ ਸਭ ਮਨੁੱਖ ਇਕ ਸੁਤੰਤਰ ਅਤੇ ਭੈ ਰਹਿਤ ਜੀਵਨ ਜੀ ਸਕਣ।
ਜਾਤ-ਪਾਤ ਦੀ ਵਿਰੋਧਤਾ :
ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਦਾ ਮੁੱਖ ਨਿਸ਼ਾਨਾ ਸਮਾਜਿਕ ਅਸਮਾਨਤਾ ਨੂੰ ਖ਼ਤਮ ਕਰਨ ਦਾ ਸੀ। ਇਹ ਅਸਮਾਨਤਾ ਭਾਵੇਂ ਜਾਤ-ਪਾਤ ਕਰਕੇ ਸੀ ਤੇ ਭਾਵੇਂ ਅਮੀਰੀ-ਗਰੀਬੀ ਕਰਕੇ । ਅਸਮਾਨਤਾ ਸਮਾਜ ਵਿਚ ਨਹੀਂ ਹੋਣੀ ਚਾਹੀਦੀ ਸੀ । ਗੁਰੂ ਜੀ ਖੁਦ ਉੱਚੀ-ਕੁਲ (ਬੇਦੀ ਖੱਤਰੀ) ਵਿਚ ਅਤੇ ਅਮੀਰ ਪਰਿਵਾਰ ਵਿਚ ਜਨਮੇ ਹੋਏ ਸਨ । ਉਨ੍ਹਾਂ ਦਾ ਪਿਤਾ ਆਪਣੇ ਖੇਤਰ ਦਾ ਪਟਵਾਰੀ ਸੀ । ਉਨ੍ਹਾਂ ਸਮਿਆਂ ਵਿਚ ਪਟਵਾਰੀ ਦੀ ਪਦਵੀ ਬਹੁਤ ਅਹਿਮ ਹੋਇਆ ਕਰਦੀ ਸੀ । ਇਸ ਪਦਵੀ ਦਾ ਮਾਲਕ ਅਮੀਰੀ ਪੱਖੋਂ ਤਾਂ ਤਕੜਾ ਹੁੰਦਾ ਹੀ ਸੀ ਸਗੋਂ ਇਲਾਕੇ ਵਿਚ ਅਸਰ-ਰਸੂਖ ਪੱਖੋਂ ਵੀ ਬਹੁਤ ਸਤਿਕਾਰ ਦਾ ਪਾਤਰ ਹੁੰਦਾ ਸੀ । ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਉੱਚੇ-ਕੁਲ ਵਿਚ ਜਨਮ ਲੈ ਕੇ ਅਤੇ ਅਮੀਰ ਪਰਿਵਾਰ ਦਾ ਪੁੱਤਰ ਹੋ ਕੇ ਜਾਤ-ਪਾਤ ਦੀ ਘਿਨਾਉਣੀ ਬਿਮਾਰੀ ਦੇ ਖਿਲਾਫ਼ ਆਵਾਜ਼ ਉਠਾਈ ਅਤੇ ਆਪਣੇ ਆਪ ਨੂੰ ਨੀਚ ਲੋਕਾਂ ਦਾ ਸੰਗੀ-ਸਾਥੀ ਦਰਸਾਇਆ । ਇਕ ਵਾਰ ਸਿੱਧਾਂ ਨਾਲ ਗੋਸ਼ਟ ਕਰਦੇ ਹੋਏ ਗੁਰੂ ਜੀ ਸਿੱਧਾਂ ਦੇ ਇਸ ਸਵਾਲ ਦਾ ਕਿ “ਉਹ ਆਪਣਾ ਨਾਂ ਦੱਸਣ” ਦੇ ਜਵਾਬ ਵਿਚ ਕਹਿੰਦੇ ਹਨ ਕਿ “ਉਨ੍ਹਾਂ ਦਾ ਨਾਂ ਨਾਨਕ ਹੈ, ਵਾਹਿਗੁਰੂ ਦਾ ਨਾਂ ਜਪ ਕੇ ਹੀ ਉਨ੍ਹਾਂ ਨੇ ਗਿਆਨ ਪਰਾਪਤ ਕੀਤਾ ਹੈ ਅਤੇ ਉੱਚੇ ਕੁਲ ਦੇ ਘਰ ਵਿਚ ਜਨਮ ਲੈ ਕੇ ਉਹ ਨੀਚ ਲੋਕਾਂ ਦਾ ਸਾਥੀ ਅਖਵਾ ਰਹੇ ਹਨ” :
ਆਖਣ ਸਿਧ ਸੁਣ ਬਾਲਿਆ ਅਪਣਾ ਨਾਉਂ ਤੁਮ ਦੇਹੁ ਬਤਾਈ।
ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤਿ ਪਾਈ।
ਨੀਚ ਕਹਾਇ ਊਚ ਘਰ ਆਈ।
ਇਕ ਨੀਚ ਜਾਤੀ ਦੇ ਵਿਅਕਤੀ ਵੱਲੋਂ ਆਪਣੇ ਨੀਚ ਜਾਤੀ ਦੇ ਸਾਥੀਆਂ ਲਈ ਹੱਕ ਦਾ ਨਾਅਰਾ ਲਗਾਉਣਾ ਉਤਨਾ ਮਹੱਤਵਪੂਰਨ ਨਹੀਂ ਹੁੰਦਾ ਜਿਤਨਾ ਕਿਸੇ ਉੱਚੀ ਕੁਲ ਅਤੇ ਅਮੀਰ ਪਰਿਵਾਰ ਵਿਚ ਜਨਮੇ ਵਿਅਕਤੀ ਵੱਲੋਂ ਸ਼ੁਰੂ ਕੀਤੇ ਸੰਘਰਸ਼ ਦਾ ਹੁੰਦਾ ਹੈ। ਨੀਵੇਂ ਕੁਲ ਦੇ ਵਿਅਕਤੀ ਸਾਹਮਣੇ ਤਾਂ ਕੋਈ ਹੋਰ ਬਦਲ ਹੁੰਦਾ ਹੀ ਨਹੀਂ ਜਦੋਂ ਕਿ ਉੱਚੀ ਕੁਲ ਦੇ ਵਿਅਕਤੀ ਕੋਲ ਹੋਰ ਅਨੇਕਾਂ ਬਦਲ ਹੁੰਦੇ ਹਨ । ਜੇ ਉਹ ਸਾਰੇ ਹੋਰ ਬਦਲ ਛੱਡ ਕੇ ਸਿਰਫ ਨੀਚ ਲੋਕਾਂ ਦੇ ਸਮਾਜਿਕ ਰੁਤਬੇ ਨੂੰ ਉੱਚਾ ਚੁੱਕਣ ਦੇ ਮਾਰਗ ਨੂੰ ਅਪਣਾਉਂਦਾ ਹੈ ਤਾਂ ਇਸ ਦੇ ਵਿਚ ਉਸ ਦੇ ਸਮਾਜਿਕ ਇਨਕਲਾਬ ਲਿਆਉਣ ਦੀ ਜਵਾਲਾ ਭੜਕ ਰਹੀ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਤੋਂ ਪਹਿਲੇ ਕਿਸੇ ਪੀਰ ਪੈਗੰਬਰ ਨੇ ਗੁਰੂ ਨਾਨਕ ਦੀ ਤਰ੍ਹਾਂ ਜਾਤ-ਪਾਤ ਦੇ ਖਿਲਾਫ਼ ਆਵਾਜ ਨਹੀਂ ਉਠਾਈ ਸੀ । ਨਾ ਹੀ ਕਿਸੇ ਨੇ ਔਰਤ ਜਾਤੀ ਦੇ ਮਾਣ-ਸਤਿਕਾਰ ਨੂੰ ਕਾਇਮ ਕਰਨ ਦੀ ਗੱਲ ਕੀਤੀ ਸੀ । ਜੇ ਕਿਸੇ ਨੇ ਇਸ ਦੇ ਖਿਲਾਫ਼ ਕੁਝ ਕਿਹਾ ਹੈ ਤਾਂ ਉਹ ਸਿਰਫ ਲਿਖਤੀ ਰੂਪ ਵਿਚ ਹੀ ਸਿਰਫ ਇਕ ਇਸ਼ਾਰੇ ਮਾਤਰ ਹੀ ਕਿਹਾ ਹੈ ਪਰ ਗੁਰੂ ਨਾਨਕ ਦੇਵ ਜੀ ਨੇ ਆਪਣੀ ਜੋਰਦਾਰ ਲਿਖਤ ਦੇ ਨਾਲ ਨਾਲ ਇਸ ਨੂੰ ਅਮਲੀ ਜੀਵਨ ਵਿਚ ਵੀ ਜੀਵਿਆ ਹੈ।
ਇੰਦੂ ਭੂਸ਼ਣ ਬੈਨਰਜੀ ਨੇ ਜਾਤ-ਪਾਤ ਦੇ ਮਸਲੇ ਤੇ ਆ ਕੇ ਆਪਣੇ ਮੁੱਢਲੇ ਝੁਕਾਅ ਵੱਲੋਂ ਇਹ ਕਹਿ ਕੇ ਮੋੜਾ ਕੱਟਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ ਨੂੰ ਸਖ਼ਤੀ ਨਾਲ ਤੋੜਨ ਦੀ ਥਾਂ ‘ਤੇ ਜ਼ਿਆਦਾ ਜੋਰ ਜਾਤੀ ਅਭਿਮਾਨ ਨੂੰ ਖ਼ਤਮ ਕਰਨ ਤੇ ਦਿੱਤਾ ਹੈ। ਇਸ ਲੇਖਕ ਦਾ ਮੱਤ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਾਤ-ਪਾਤ ਬਾਰੇ ਨਿਰਣਾ ਸਿਰਫ ਉਨ੍ਹਾਂ ਵੱਲੋਂ ਜਨੇਊ ਨਾ ਧਾਰਨ ਕਰਨ ਦੀ ਭਾਵਨਾ ਜਿਨ੍ਹਾਂ ਕੁ ਹੀ ਹੈ। ਇਸ ਬਾਰੇ ਉਨ੍ਹਾਂ ਨੇ ਕੋਈ ਜਿਆਦਾ ਪਰਚਾਰ ਨਹੀਂ ਕੀਤਾ । ਇਸ ਦਲੀਲ ਵਜੋਂ ਇਹ ਲੇਖਕ ਲਿਖਦਾ ਹੈ ਕਿ ਜਾਤ-ਪਾਤ ਬਾਰੇ ਗੁਰੂ ਨਾਨਕ ਦੇਵ ਜੀ ਦੇ ਬਹੁਤ ਥੋੜੇ ਜਿਹੇ ਹੀ ਸ਼ਬਦ ਹਨ ਅਤੇ ਇਨ੍ਹਾਂ ਵਿਚ ਵੀ ਜਾਤ-ਪਾਤ ਦੇ ਸਿਰਫ ਅਭਿਮਾਨ ਬਾਰੇ ਹੀ ਕਿਹਾ ਗਿਆ ਹੈ।
ਪਹਿਲੀ ਗੱਲ ਇਹ ਕਿ ਗੁਰੂ ਜੀ ਦੇ ਜਾਤ-ਪਾਤ ਬਾਰੇ ਥੋੜੇ ਹੀ ਸ਼ਬਦ ਹਨ। ਇਹ ਧਾਰਨਾ ਗਲਤ ਹੈ। ਸਗੋਂ ਇਸ ਦੇ ਉਲਟ ਗੁਰੂ ਜੀ ਨੇ ਕਈ ਥਾਈਂ ਊਚ-ਨੀਚ ਸੰਬੰਧੀ ਇਤਨੀ ਦਰਿੜਤਾ ਨਾਲ ਲਿਖਿਆ ਹੈ ਕਿ ਉਹ ਸ਼ਬਦ ਗੁਰੂ ਜੀ ਦੀ ਸਾਰੀ ਵਿਚਾਰਧਾਰਾ ਨੂੰ ਆਪਣੇ ਅੰਦਰ ਸਮੋ ਲੈਂਦਾ ਹੈ ਜਿਵੇਂ ਕਿ :
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਨਾਨਕ ਤਿਨ ਕੇ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥
ਇਸ ਦਾ ਭਾਵ ਹੈ ਕਿ ਨੀਚਾਂ ਵਿਚੋਂ ਜਿਹੜੀ ਸਭ ਤੋਂ ਨੀਵੀਂ ਜਾਤ ਹੈ ਅਤੇ ਉਸ ਨੀਚੀ ਜਾਤ ਤੋਂ ਵੀ ਜੇ ਕੋਈ ਹੋਰ ਨੀਚ ਜਾਤ ਹੈ ਨਾਨਕ ਉਨ੍ਹਾਂ ਦਾ ਸਾਥੀ ਹੈ। ਇਨ੍ਹਾਂ ਦੇ ਮੁਕਾਬਲੇ ਤੇ ਵੱਡੀਆਂ ਜਾਤੀਆਂ ਨਾਲ ਕੋਈ ਸਾਰੋਕਾਰ ਨਹੀਂ ਹੋ ਸਕਦਾ। ਅਕਾਲ ਪੁਰਖ ਦੀ ਮਿਹਰ ਵੀ ਉੱਥੇ ਹੀ ਹੁੰਦੀ ਹੈ ਜਿੱਥੇ ਨੀਚ ਜਾਤੀਆਂ ਦੇ ਲੋਕ ਰਹਿੰਦੇ ਹਨ। ਇਕ ਹੋਰ ਸ਼ਬਦ ਰਾਹੀਂ ਗੁਰੂ ਜੀ ਨੇ ਕਿਹਾ ਹੈ ਕਿ ਸਭ ਲੋਕਾਂ ਨੂੰ ਹੀ ਉੱਚਾ ਸਮਝਣਾ ਚਾਹੀਂਦਾ ਹੈ ਕਿਉਂਕਿ ਨੀਚ ਕੋਈ ਹੁੰਦਾ ਹੀ ਨਹੀਂ। ਇਕ ਅਕਾਲ ਪੁਰਖ ਨੇ ਸਭ ਨੂੰ ਸਿਰਜਿਆ ਹੈ ਅਤੇ ਸਭ ਨੂੰ ਜੋ ਰੌਸ਼ਨੀ ਪਰਾਪਤ ਹੋ ਰਹੀ ਹੈ ਉਹ ਵੀ ਇਕੋ ਅਕਾਲ ਪੁਰਖ ਦੀ ਹੀ ਬਖ਼ਸ਼ੀ ਹੋਈ ਹੈ। ਉਨ੍ਹਾਂ ਅਨੁਸਾਰ ਵਿਅਕਤੀ ਦੀ ਪਰਖ ਉਸ ਦੇ ਗੁਣਾਂ ਤੋਂ ਹੋਣੀ ਚਾਹੀਂਦੀ ਹੈ ਨਾ ਕੇ ਉਸ ਦੀ ਜਾਤ ਤੋਂ ।” ਉਨ੍ਹਾਂ ਅਨੁਸਾਰ ਵਿਅਕਤੀ ਲਈ ਜਾਤ-ਪਾਤ ਫਜੂਲ ਹੈ।” ਉੱਚੇ-ਲੰਮੇ ਨਾਂ ਵੀ ਸਭ ਫਜ਼ੂਲ ਹਨ । ਸਭ ਜੀਵ ਇਕ ਅਕਾਲ ਪੁਰਖ ਦੀ ਛਤਰ-ਛਾਇਆ ਵਿਚ ਹੀ ਪਲ ਰਹੇ ਹਨ। ਕੋਈ ਵੱਡਾ ਤਦ ਹੀ ਹੋਵੇਗਾ ਜੇ ਉਸ ਦੇ ਕੰਮ ਵੱਡੇ ਹੋਣਗੇ ।
ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਸੀ ਕਿ ਅਸਲੀ ਭਗਤ ਉਹ ਹੀ ਹਨ ਜਿਹੜੇ ਆਪਣੇ ਆਪ ਨੂੰ ਨੀਚ ਅਖਵਾਉਣ ‘ਚ ਫਖ਼ਰ ਸਮਝਦੇ ਹਨ। ਕਿਉਂਕਿ ਅਜਿਹੀ ਸੋਚ ਨਾਲ ਹੀ ਅਸਲ ਮੁਕਤੀ ਪਰਾਪਤ ਹੁੰਦੀ ਹੈ।94 ਅਕਾਲ ਪੁਰਖ ਦੀਆਂ ਨਜ਼ਰਾਂ ਵਿਚ, ਕੋਈ ਵਿਅਕਤੀ ਆਪਣੇ ਆਪ ਨੂੰ ਉੱਚਾ ਅਖਵਾ ਕੇ ਉੱਚਾ ਨਹੀਂ ਹੋ ਸਕਦਾ ।” ਨਾ ਹੀ ਜਾਤ-ਪਾਤ ਅਤੇ ਉੱਚੀ ਕੁਲ ਵਿਚ ਲਏ ਜਨਮ ਉੱਥੇ ਕੋਈ ਮਹੱਤਤਾ ਰੱਖਦੇ ਹਨ। ਵਿਅਕਤੀ ਦੀ ਵਡਿਆਈ ਜਾਂ ਵੱਡਪਣ ਤਾਂ ਸਿਰਫ ਉਸ ਵੱਲੋਂ ਕੀਤੇ ਗਏ ਚੰਗੇ ਕਰਮ ਕਰਕੇ ਹੀ ਪਰਾਪਤ ਹੁੰਦਾ ਹੈ। ਗੁਰੂ ਨਾਨਕ ਦੇਵ ਦੀਆਂ ਨਜ਼ਰਾਂ ਵਿਚ ਅਸਲ ਵਿਚ ਨੀਚ ਵਿਅਕਤੀ ਉਹ ਹੀ ਹੁੰਦਾ ਹੈ ਜਿਹੜਾ ਅਕਾਲ ਪੁਰਖ ਦੇ ਨਾਂ ਨੂੰ ਵਿਸਾਰ ਦਿੰਦਾ ਹੈ ਅਤੇ ਆਪਣਾ ਸਾਰਾ ਜੀਵਨ ਉਸ ਦੇ ਸਿਮਰਨ ਤੋਂ ਬਿਨਾਂ ਹੀ ਗੁਜ਼ਾਰ ਦਿੰਦਾ ਹੈ।” ਖੱਤਰੀਆਂ, ਬਰਾਹਮਣਾਂ, ਵੈਸ਼ਾਂ ਅਤੇ ਸ਼ੂਦਰਾਂ ਵਿਚੋਂ ਕੋਈ ਵੀ ਵਿਅਕਤੀ ਬਿਨਾਂ ਗੁਣਾਂ ਦੇ ਮੁਕਤੀ ਨਹੀਂ ਪਰਾਪਤ ਕਰ ਸਕਦਾ। ਇਹ ਮੁਕਤੀ ਸਿਰਫ ਗੁਣਾਂ ਕਰਕੇ ਹੀ ਹੋਣੀ ਹੈ।” ਉਨ੍ਹਾਂ ਦਾ ਮਿਸ਼ਨ ਕਿਸੇ ਇਕ ਜਾਤ-ਵਰਗ ਲਈ ਨਹੀਂ ਸੀ ਸਗੋਂ ਸਮਾਜ ਦੇ ਚਾਰੇ ਵਰਗਾਂ ਲਈ ਸੀ। ਚਾਰੇ ਵਰਨਾਂ ਨੂੰ ਖਤਮ ਕਰਨ ਵਿਚ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਇਤਨਾ ਦਰਿੜ ਸੀ ਕਿ ਉਨ੍ਹਾਂ ਦੇ ਪਿੱਛੋਂ ਉਨ੍ਹਾਂ ਦੇ ਉਤਰਅਧਿਕਾਰੀ ਗੁਰੂ ਸਾਹਿਬਾਨ ਨੇ ਵੀ ਇਸ ਜਾਤ-ਪਾਤ ਦੀ ਵੰਡ ਨੂੰ ਪੂਰੀ ਸਖ਼ਤੀ ਨਾਲ ਰੱਦ ਕੀਤਾ ਸੀ। ਗੁਰੂ ਨਾਨਕ ਦੇ ਪੰਜਵੇਂ ਉਤਰਅਧਿਕਾਰੀ ਗੁਰੂ ਅਰਜਨ ਦੇਵ ਜੀ ਨੇ ਵੀ ਇਸੇ ਮਿਸ਼ਨ ਨੂੰ ਇਤਨੀ ਹੀ ਸਖ਼ਤੀ ਨਾਲ ਅਪਣਾਉਂਦਿਆਂ ਕਿਹਾ ਕਿ ਗੁਰੂ ਨਾਨਕ ਦਾ ਉਪਦੇਸ਼ ਸਮਾਜ ਦੇ ਚਾਰਾਂ ਵਰਨਾਂ ਦੇ ਲੋਕਾਂ ਲਈ ਹੀ ਹੈ।” ਜੋ ਇਸ ਨੂੰ ਸੁਣੇਗਾ ਅਤੇ ਧਾਰਨ ਕਰੇਗਾ ਉਸੇ ਦਾ ਹੀ ਇਸ ਸੰਸਾਰ ਵਿਚੋਂ ਪਾਰ-ਉਤਾਰਾ ਹੋ ਸਕੇਗਾ। ™ ਇਨ੍ਹਾਂ ਚਾਰੇ ਵਰਨਾਂ ਦੇ ਵਿਅਕਤੀਆਂ ਨੂੰ ਇਕੋ ਹੀ ਪਰਮਾਤਮਾ ਦਾ ਨਾਮ ਜਪਾਉਣਾ ਹੈ ਅਤੇ ਇਨ੍ਹਾਂ ਨੂੰ ਉਸੇ ਇਕ ਅਕਾਲ ਪੁਰਖ ਦੀ ਹੀ ਦਿਨ-ਰਾਤ ਸੇਵਾ ਕਰਨੀ ਚਾਹੀਂਦੀ ਹੈ।੦
ਗੁਰੂ ਨਾਨਕ ਦੇਵ ਜੀ ਦੇ ਇਹ ਸ਼ਬਦ ਉਸ ਸਮੇਂ ਦੇ ਸਮਾਜ ਵਿਚਲੀ ਜਾਤ ਪਰਣਾਲੀ ਨੂੰ ਖ਼ਤਮ ਕਰਨ ਲਈ ਆਪਣੀ ਮਿਸਾਲ ਆਪ ਸਨ। ਇੰਦੂ ਭੂਸ਼ਣ ਬੈਨਰਜੀ ਦਾ ਇਹ ਕਹਿਣਾ ਕਿ ਕਿਉਂਕਿ ਗੁਰੂ ਸਾਹਿਬਾਨ ਨੇ ਆਪਣੇ ਵਿਆਹ ਆਪਣੀ ਹੀ ਸ਼ਰੇਣੀ ਦੇ ਲੋਕਾਂ ਵਿਚ ਕਰਵਾਏ ਸਨ। ਇਸ ਕਰਕੇ ਉਹ ਗੁਰੂ ਸਾਹਿਬਾਨ ਦੇ ਜਾਤ-ਪਾਤ ਤੋੜਨ ਦੇ ਸੰਕਲਪ ਨੂੰ ਕਰਾਂਤੀਕਾਰੀ ਨਹੀਂ ਮੰਨਦਾ । ਪਰ ਬੈਨਰਜੀ ਦੇ ਇਸ ਮੱਤ ਨਾਲ ਕੋਈ ਵੀ ਸਹਿਮਤ ਨਹੀਂ ਹੋ ਸਕਦਾ ਕਿਉਂਕਿ ਸਮਾਜ ਵਿਚ ਅਨੇਕਾਂ ਐਸੀਆਂ ਮਿਸਾਲਾਂ ਮਿਲ ਸਕਦੀਆਂ ਹਨ ਜਿੱਥੇ ਅੰਤਰਜਾਤੀ ਵਿਆਹ ਹੋਏ ਹਨ ਅੱਜ ਵੀ ਕਈ ਵਿਆਹ ਅੰਤਰਜਾਤੀ ਹੋ ਰਹੇ ਹਨ ਪਰ ਕੀ ਇਸ ਨਾਲ ਹਿੰਦੂ ਸਮਾਜ ਦੀ ਜਾਤ-ਪਾਤ ਖ਼ਤਮ ਹੋਈ ਹੈ? ਵਿਆਹ ਕਰਵਾਉਣ ਦੀ ਗੱਲ ਆਧੁਨਿਕ ਕਮਿਊਨਿਸਟ ਵਿਚਾਰਧਾਰਾ ਨੂੰ ਮੰਨਣ ਵਾਲੇ ਲੋਕਾਂ ਦੀ ਪੈਦਾ ਕੀਤੀ ਹੋਈ ਹੈ ਜਿਹੜੀ ਕਿ ਸਿਰਫ ਇਕ ਵਿਰੋਧਤਾ ਕਰਨ ਲਈ ਹੈ ਤੇ ਜਾਂ ਫਿਰ ਭਾਰਤੀ ਧਾਰਮਿਕ ਨੇਤਾਵਾਂ ਬਾਰੇ ਸਵਾਲ ਖੜੇ ਕਰਨ ਲਈ ਹੀ ਘੜੀ ਗਈ ਹੈ । ਜਾਤ-ਪਾਤ ਨੂੰ ਖ਼ਤਮ ਕਰਨ ਲਈ ਉਸ ਪਰਚਾਰ ਦੀ ਲੋੜ ਸੀ, ਉਹ ਭਾਵਨਾ ਪੈਦਾ ਕਰਨ ਦੀ ਲੋੜ ਸੀ, ਅਤੇ ਉਹ ਮਾਹੌਲ ਪੈਦਾ ਕਰਨ ਦੀ ਲੋੜ ਸੀ ਜਿਸ ਨਾਲ ਨੀਚ ਜਾਤੀ ਦੇ ਲੋਕਾਂ ਨੂੰ ਪਹਿਲਾਂ ਮਾਨਸਿਕ ਤੌਰ ‘ਤੇ ਇਹ ਅਹਿਸਾਸ ਹੁੰਦਾ ਕਿ ਉਹ ਵਾਕਿਆ ਹੀ ਸਮਾਜ ਦੀ ਇਕ ਸ਼ਕਤੀ ਹਨ, ਕਿ ਵਾਕਿਆ ਹੀ ਉਹ ਉਨ੍ਹਾਂ ਹੀ ਗੁਣਾਂ ਦੇ ਧਾਰਨੀ ਹਨ ਜਿਹੜੇ ਉਚ ਜਾਤੀ ਦੇ ਲੋਕਾਂ ਵਿਚ ਹਨ, ਕਿ ਵਾਕਿਆ ਹੀ ਉਹ ਉਚ ਜਾਤੀ ਦੇ ਲੋਕਾਂ ਜਿਤਨੇ ਅਧਿਕਾਰਾਂ ਦੇ ਮਾਲਿਕ ਹਨ। ਇਹ ਅਹਿਸਾਸ ਗੁਰੂ ਨਾਨਕ ਦੇਵ ਜੀ ਨੇ ਪੈਦਾ ਕੀਤਾ। ਉਹ ਉਨ੍ਹਾਂ ਲੋਕਾਂ ਦੇ ਘਰਾਂ ਵਿਚ ਜਾ ਕੇ ਰਹੇ ਜਿਨ੍ਹਾਂ ਦੇ ਘਰਾਂ ਵਿਚ ਜਾ ਕੇ ਰਹਿਣਾ ਉੱਚ ਜਾਤੀ ਦੇ ਲੋਕਾਂ ਲਈ ਵਿਵਰਜਿਤ ਸੀ। ਜਿਵੇਂ ਕਿ ਮਲਕ ਭਾਗੋ ਦੇ ਪਿੰਡ ਵਿਚ ਭਾਈ ਲਾਲੋ ਤਰਖਾਣ ਦੇ ਘਰ ਜਾ ਕੇ ਰਹਿਣਾ। ਫਿਰ ਭਾਈ ਲਾਲੋ ਨੂੰ ਹੀ ਉੱਥੋਂ ਦੀ ਸੰਗਤ ਦਾ ਮੁੱਖੀ ਨੀਯਤ ਕਰਨਾ । ਤਰਖਾਣ ਜਾਤੀ ਦੇ ਲੋਕਾਂ ਨੂੰ ਮੁੱਖੀ ਨੀਯਤ ਕਰਨ ਦੀ ਗੱਲ ਤਾਂ ਇਕ ਪਾਸੇ ਰਹੀ ਕੋਈ ਉਸ ਸਮੇਂ ਉੱਚੀ ਜਾਤ ਦਾ ਬੰਦਾ ਤਰਖਾਣ ਦੇ ਘਰ ਜਾ ਕੇ ਰਹਿ ਵੀ ਨਹੀਂ ਸਕਦਾ ਸੀ। ਫਿਰ ਆਪਣੀਆਂ ਯਾਤਰਾਵਾਂ (ਉਦਾਸੀਆਂ) ਦੌਰਾਨ, ਭਾਈ ਮਰਦਾਨੇ ਵਰਗੇ ਗਰੀਬ ਜਾਤੀ ਦੇ ਮੁਸਲਮਾਨ ਨੂੰ ਨਾਲ ਰੱਖਣਾ, ਹਸੂ ਲੋਹਾਰ ਅਤੇ ਸੀਹੇਂ ਧੋਬੀ ਵਰਗੇ ਅਤੀ ਨੀਚ ਜਾਤੀ ਦੇ ਲੋਕਾਂ ਨੂੰ ਆਪਣਾ ਹਮ ਸਫਰ ਬਣਾ ਕੇ ਨਾਲ ਤੋਰਨਾ ਆਦਿ ਆਪਣੇ ਆਪ ਵਿਚ ਹੀ ਇਕ ਬਹੁਤ ਵੱਡਾ ਕਰਾਂਤੀਕਾਰੀ ਕਦਮ ਸੀ। ਗੁਰੂ ਨਾਨਕ ਜੀ ਦੁਨਿਆਵੀ ਤੌਰ ‘ਤੇ ਇਕ ਪਟਵਾਰੀ ਦੇ ਪੁੱਤਰ ਸਨ । ਉਸ ਸਮੇਂ ਦਾ ਪਟਵਾਰੀ ਅੱਜ ਦੇ ਡਿਪਟੀ ਕਮਿਸ਼ਨਰ ਨਾਲੋਂ ਵੀ ਜਿਆਦਾ ਉਚੇ ਰੁਤਬੇ ਦਾ ਮਾਲਕ ਹੁੰਦਾ ਸੀ। ਅਜਿਹੇ ਉਚੇ ਰੁਤਬੇ ਵਾਲੇ ਆਦਮੀ ਦੇ ਪੁੱਤਰ ਲਈ ਉੱਚ ਜਾਤੀ ਦੇ ਲੋਕਾਂ ਵਿਚੋਂ ਸਾਥੀ ਲੱਭਣਾ ਕੋਈ ਔਖੀ ਗੱਲ ਨਹੀਂ ਸੀ । ਪਰ ਗੁਰੂ ਨਾਨਕ ਨੇ ਇਹ ਪਾਸਾ ਤਿਆਗ ਕੇ ਗਰੀਬ ਅਤੇ ਨੀਚ ਲੋਕਾਂ ਨੂੰ ਆਪਣੇ ਸਾਥੀ ਬਣਾਇਆ ਅਤੇ ਉਨ੍ਹਾਂ ਦੇ ਘਰਾਂ ਵਿਚ ਹੀ ਰਹੇ। ਇਹ ਅਮਲੀ ਕੰਮ ਸੀ ਜੋ ਜਾਤ-ਪਾਤ ਨੂੰ ਤੋੜਨ ਲਈ ਗੁਰੂ ਨਾਨਕ ਦੇਵ ਜੀ ਨੇ ਕੀਤੇ । ਉਨ੍ਹਾਂ ਦੇ ਸ਼ਬਦ ਇਸ ਦਾ ਵਿਚਾਰਧਾਰਕ ਪੱਖ ਹਨ। ਮਾਨਸਿਕਤਾ ਵਿਚਾਰਧਾਰਕ ਪੱਖ ਨਾਲ ਕਾਇਮ ਕੀਤੀ ਅਤੇ ਸੁਤੰਤਰ ਸਮਾਜ ਅਮਲੀ ਤੌਰ ‘ਤੇ ਗਰੀਬ ਤੇ ਨੀਚ ਲੋਕਾਂ ਨੂੰ ਪਰਚਾਰਕ ਥਾਪ ਕੇ ਕਾਇਮ ਕੀਤਾ। ਗੁਰੂ ਨਾਨਕ ਦੇ ਸ਼ਬਦਾ ਵਿਚੋਂ ਇਸ ਗੱਲ ਨੂੰ ਸੌਖਿਆਂ ਹੀ ਮੰਨਿਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਵਿਚਾਰ ਵਿਚ ਮੁਕਤੀ ਪਰਾਪਤ ਕਰਨ ਲਈ ਸਮਾਜ ਦੇ ਉੱਚ ਜਾਂ ਨੀਵੇਂ ਦਰਜੇ ਨਾਲ ਸੰਬੰਧਤ ਹੋਣਾ ਉੱਕਾ ਹੀ ਪਰਸੰਗਰਹਿਤ ਗੱਲ ਸੀ। ਅਸਲ ਵਿਚ ਇਹੀ ਇਕ ਮੁੱਖ ਪਰਭਾਵ ਹੈ ਜਿਹੜਾ ਕਿ ਪਾਠਕ ਉਨ੍ਹਾਂ ਦੀ ਬਾਣੀ ਵਿਚੋਂ ਮੁੱਖ ਤੌਰ ‘ਤੇ ਪਰਾਪਤ ਕਰ ਸਕਦੇ ਹਨ। ਇਸ ਤਰ੍ਹਾਂ ਇਨ੍ਹਾਂ ਵਿਚਾਰਾਂ ਦੀ ਰੌਸ਼ਨੀ ਵਿਚ ਬੈਨਰਜੀ ਦੇ ਇਤਰਾਜ਼ ਕੋਈ ਮਹੱਤਤਾ ਨਹੀਂ ਰੱਖਦੇ। ਇਹ ਭਾਰਤੀ ਇਤਿਹਾਸ ਵਿਚ ਪਹਿਲੀ ਵਾਰ ਹੋ ਰਿਹਾ ਸੀ ਜਦੋਂ ਕਿ ਕਿਸੇ ਧਾਰਮਿਕ ਨੇਤਾ ਨੇ ਪੂਰੀ ਦਰਿੜਤਾ ਅਤੇ ਪੂਰੀ ਸ਼ਕਤੀ ਨਾਲ ਭਾਰਤੀ ਸਮਾਜ ਵਿਚੋਂ ਜਾਤ-ਪਰਣਾਲੀ ਨੂੰ ਖ਼ਤਮ ਕਰਨ ਦਾ ਬੀੜਾ ਚੁੱਕਿਆ ਸੀ ।
ਔਰਤ ਨੂੰ ਉੱਚਾ ਦਰਜਾ ਦਿੱਤਾ:
ਔਰਤ ਵੀ ਸਮਾਜ ਦੇ ਉਸ ਵਰਗ ਵਿਚ ਹੀ ਸ਼ਾਮਲ ਸੀ ਜਿਸ ਨਾਲ ਸਮਾਜਿਕ ਬੇਇਨਸਾਫੀ ਹੁੰਦੀ ਸੀ। ਇਹ ਬੇਇਨਸਾਫੀ ਭਾਵੇਂ ਉਸ ਤਰ੍ਹਾਂ ਦੀ ਨਹੀਂ ਸੀ ਜਿਸ ਤਰ੍ਹਾਂ ਦੀ ਨੀਵੀਆਂ ਜਾਤੀਆਂ ਦੇ ਨਾਲ ਹੁੰਦੀ ਸੀ ਫਿਰ ਵੀ ਸਮਾਜ ਦੇ ਕਈ ਐਸੇ ਰਸਮੋ-ਰਿਵਾਜ ਸਨ ਜਿਨ੍ਹਾਂ ਸਾਹਮਣੇ ਔਰਤ ਇਕ ਲਾਚਾਰ, ਬੇਵੱਸ ਅਤੇ ਦਬੀ-ਕੁਚਲੀ ਵਸਤੂ ਬਣ ਕੇ ਰਹਿ ਗਈ ਸੀ। ਵਧੇਰੇ ਜੁਲਮੀ ਤਰੀਕਾ ਸਤੀ ਹੋਣ ਦਾ ਸੀ। ਔਰਤ ਨੂੰ ਆਪਣੇ ਮਰੇ ਹੋਏ ਪਤੀ ਦੇ ਨਾਲ ਹੀ ਅੱਗ ਵਿਚ ਸੜਨਾ ਪੈਂਦਾ ਸੀ । ਵਿਧਵਾ ਔਰਤ ਨੂੰ ਦੁਬਾਰਾ ਵਿਆਹ ਕਰਾਉਣ ਦੀ ਇਜਾਜਤ ਨਹੀਂ ਸੀ । ਉਸ ਨੂੰ ਆਦਮੀ ਦੇ ਬਰਾਬਰ ਹੱਕ ਵੀ ਨਹੀਂ ਪਰਾਪਤ ਸਨ । ਉਹ ਇਕ ਭੋਗ-ਵਿਲਾਸ ਦੀ ਪੂਰਤੀ ਕਰਨ ਵਾਲੀ ਵਸਤੂ ਸਮਝੀ ਜਾਂਦੀ ਸੀ । ਸਤੀ ਦੀ ਰਸਮ ਦੇ ਖਿਲਾਫ਼ ਤਾਂ ਗੁਰੂ ਨਾਨਕ ਦੇਵ ਜੀ ਦੇ ਤੀਜੇ ਉਤਰਅਧਿਕਾਰੀ ਗੁਰੂ ਅਮਰ ਦਾਸ ਜੀ ਨੇ ਬੀੜਾ ਚੁੱਕਿਆ ਸੀ। ਗੁਰੂ ਨਾਨਕ ਦੇਵ ਜੀ ਨੇ ਤਾਂ ਆਪਣਾ ਪਰਚਾਰ ਔਰਤ ਜਾਤੀ ਦੀ ਸਮਾਜਿਕ ਮਹੱਤਤਾ ਨੂੰ ਦਰਸਾਉਣ ਲਈ ਸ਼ੁਰੂ ਕੀਤਾ ਸੀ । ਜਦੋਂ ਤੱਕ ਔਰਤ ਜਾਤੀ ਦੀ ਸਮਾਜਿਕ ਮਹੱਤਤਾ ਨੂੰ ਨਹੀਂ ਸਮਝਿਆ ਜਾਣਾ ਸੀ ਉਸ ਸਮੇਂ ਤੱਕ ਉਸ ਨਾਲ ਹੋ ਰਹੀ ਸਮਾਜਿਕ ਬੇਇਨਸਾਫੀ ਨੂੰ ਕਿਵੇਂ ਸਮਝਿਆ ਜਾ ਸਕਦਾ ਸੀ ।
ਇਸ ਤਹਿਤ ਗੁਰੂ ਨਾਨਕ ਸਾਹਿਬ ਦਾ ਕਹਿਣਾ ਸੀ ਕਿ ਔਰਤ ਸੰਸਾਰ ਨੂੰ ਪੈਦਾ ਕਰਨ ਵਾਲੀ ਹੈ। ਸਭ ਕਿਸਮ ਦੇ ਸਮਾਜਿਕ ਰਿਸ਼ਤੇ ਨਾਤੇ ਔਰਤ ਨਾਲ ਹੀ ਪੂਰ ਚੜ੍ਹਦੇ ਹਨ। ਜੇਕਰ ਕਿਸੇ ਵਿਅਕਤੀ ਦੀ ਪਤਨੀ ਮਰ ਜਾਂਦੀ ਹੈ ਤਾਂ ਉਸ ਲਈ ਦੂਸਰੀ ਔਰਤ ਦੀ ਤਲਾਸ਼ ਕੀਤੀ ਜਾਂਦੀ ਹੈ ਕਿਉਂਕਿ ਉਹ ਵਿਅਕਤੀ ਔਰਤ ਬਿਨਾਂ ਰਹਿ ਨਹੀਂ ਸਕਦਾ। ਔਰਤ ਹੀ ਸਭ ਸਮਾਜਿਕ ਬੰਧਨਾਂ ਨੂੰ ਪੂਰ ਚੜ੍ਹਾਉਂਦੀ ਹੈ। ਇਸੇ ਤੋਂ ਹੀ ਵੱਡੇ ਵੱਡੇ ਰਾਜੇ ਪੈਦਾ ਹੁੰਦੇ ਹਨ। ਭਾਵ ਕਿ ਇਸ ਸੰਸਾਰ ਦਾ ਕੋਈ ਵੀ ਜੀਵ ਐਸਾ ਨਹੀਂ ਹੈ ਜੋ ਔਰਤ ਤੋਂ ਬਿਨਾਂ ਜੀ ਸਕੇ । ਜੇ ਕੋਈ ਔਰਤ ਤੋਂ ਬਿਨਾਂ ਹੈ ਤਾਂ ਉਹ ਸਿਰਫ ਇਕ ਅਕਾਲ ਪੁਰਖ ਹੈ ਜੋ ਕਿ ਨਿਰਅਕਾਰ ਹੈ। ਫਿਰ ਅਜਿਹੀ ਮਹੱਤਵਪੂਰਨ ਵਸਤੂ ਨੂੰ ਕਿਉਂ ਨਿੰਦਿਆ ਜਾਂਦਾ ਹੈ। ਕਿਉਂ ਇਸ ਨਾਲ ਇਤਨੀ ਬੇਇਨਸਾਫੀ ਕੀਤੀ ਜਾਂਦੀ ਹੈ? ” ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਨੇ ਔਰਤ ਦੇ ਸਮਾਜਿਕ ਰੁਤਬੇ ਨੂੰ ਮਹੱਤਵਪੂਰਨ ਦਰਸਾਉਣ ਲਈ ਇਕ ਐਸਾ ਅਨੋਖਾ ਤਰੀਕਾ ਅਪਣਾਇਆ ਸੀ ਜਿਹੜਾ ਉਨ੍ਹਾਂ ਤੋਂ ਪਹਿਲਾਂ ਕਿਸੇ ਨੇਤਾ ਨੇ ਨਹੀਂ ਅਪਣਾਇਆ ਸੀ । ਉਨ੍ਹਾਂ ਨੇ ਅਕਾਲ ਪੁਰਖ ਦੇ ਸਾਹਮਣੇ ਆਪਣੀ ਸਥਿਤੀ ਇਕ ਔਰਤ ਵਰਗੀ ਹੀ ਰੱਖੀ ਸੀ । ਭਾਵ ਕਿ ਗੁਰੂ ਜੀ ਜਦੋਂ ਵੀ ਆਪਣੀ ਅਤੇ ਅਕਾਲ ਪੁਰਖ ਦੇ ਵਿਚਕਾਰ ਦੋਹਾਂ ਦੀ ਸਥਿਤੀ ਬਿਆਨ ਕਰਦੇ ਹਨ ਤਾਂ ਕਈ ਥਾਈਂ ਅਕਾਲ ਪੁਰਖ ਨੂੰ ਇਕ ਪਤੀ ਦੇ ਤੌਰ ਤੇ ਅਤੇ ਆਪਣੇ ਆਪ ਨੂੰ ਇਕ ਔਰਤ ਜਾਂ ਪਤਨੀ ਦੇ ਤੌਰ ਤੇ ਬਿਆਨ ਕਰਦੇ ਹਨ। ਇਸੇ ਰਵਾਇਤ ਨੂੰ ਅਪਣਾਉਂਦੇ ਹੋਏ ਪਿਛਲੇ ਗੁਰੂ ਸਾਹਿਬਾਨ ਨੇ ਵੀ ਆਪਣੇ ਆਪ ਨੂੰ ਇਕ ਔਰਤ ਦੇ ਤੌਰ ਤੇ ਹੀ ਰੱਖ ਕੇ ਬਿਆਨ ਕੀਤਾ ਸੀ। ਗੁਰੂ ਗ੍ਰੰਥ ਸਾਹਿਬ ਵਿਚ ਵਾਰ ਵਾਰ ‘ਮਹਲਾ’ ਸ਼ਬਦ ਆਉਂਦਾ ਹੈ। ਜਿਵੇਂ ਕਿ ਮਹਲਾ ਪਹਿਲਾ, ਮਹਲਾ ਦੂਜਾ, ਤੀਜਾ, ਚੌਥਾ, ਪੰਜਵਾਂ ਆਦਿ । ਇੱਥੇ ਮਹਲਾ ਸ਼ਬਦ ਦੇ ਅਰਥ ਔਰਤ ਦੇ ਹਨ। ਭਾਵ ਕਿ ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ਹਰ ਸਮੇਂ ਇਕ ਔਰਤ ਦੇ ਨਾਲ ਰੱਖਿਆ ਹੈ। ਜਿਸ ਸਮਾਜ ਵਿਚ ਔਰਤ ਨੂੰ ਦਾਸੀ ਜਾਂ ਪੈਰ ਦੀ ਜੁੱਤੀ ਬਣਾ ਕੇ ਰੱਖਿਆ ਜਾਂਦਾ ਸੀ ਉਸ ਸਮਾਜ ਵਿਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਆਪ ਨੂੰ ਇਕ ਔਰਤ ਸਮਝ ਕੇ ਹੀ ਸਮਕਾਲੀ ਸਮਾਜ ਵਿਚ ਕੰਮ ਕੀਤਾ। ਇਸ ਨਾਲ ਔਰਤ ਸ਼ਬਦ ਨੂੰ ਮਹਾਨਤਾ ਮਿਲੀ ਅਤੇ ਇਸ ਮਹਾਨਤਾ ਨੇ ਔਰਤ ਦੇ ਸਤਿਕਾਰ ਵਿਚ ਵਾਧਾ ਕੀਤਾ । ਇਕ ਹੋਰ ਸ਼ਬਦ ਰਾਹੀਂ ਗੁਰੂ ਜੀ ਨੇ ਇਕ ਅੱਛੀ ਔਰਤ ਦੇ ਗੁਣ ਉਲੀਕੇ ਹਨ। ਗੁਰੂ ਜੀ ਕਹਿੰਦੇ ਹਨ ਕਿ ਅੱਛੀ ਔਰਤ ਉਹ ਹੀ ਹੈ ਜੋ ਹਮੇਸ਼ਾਂ ਆਪਣੇ ਪਤੀ ਦੇ ਪਿਆਰ ਦੀ ਪਾਤਰ ਬਣੀ ਰਹਿੰਦੀ ਹੈ; ਜਿਹੜੀ ਬਾਹਰੀ ਸੁੰਦਰਤਾ ਨੂੰ ਛੱਡ ਕੇ ਸਿਰਫ ਆਪਣੀ ਬੋਲ-ਚਾਲ ਨੂੰ ਸੁੰਦਰ ਬਣਾ ਕੇ ਰੱਖਦੀ ਹੈ; ਜਿਸ ਨੇ ਆਪਣੇ ਪਤੀ ਨਾਲ ਸੱਚਾ ਪਿਆਰ ਸਥਾਪਤ ਕਰ ਰੱਖਿਆ ਹੈ:
ਗੁਰੂ ਨਾਨਕ ਦੇਵ ਜੀ ਦੀ ਰਾਜਨੀਤਕ ਵਿਚਾਰਧਾਰਾ :
ਗੁਰੂ ਨਾਨਕ ਦੇਵ ਜੀ ਨਿਰੋਲ ਧਾਰਮਿਕ ਨੇਤਾ ਸਨ । ਧਾਰਮਿਕ ਨੇਤਾ ਦੇ ਤੌਰ ‘ਤੇ ਲੋਕ-ਹਿਤਾਂ ਲਈ ਉਨ੍ਹਾਂ ਨੇ ਆਵਾਜ਼ ਉਠਾਈ। ਖੇਤਰ ਭਾਵੇਂ ਕੋਈ ਵੀ ਸੀ ਪਰ ਜਿਸ ਵੀ ਖੇਤਰ ਵਿਚ ਗੁਰੂ ਜੀ ਨੇ ਲੋਕ-ਹਿਤਾਂ ਦੇ ਖਿਲਾਫ਼ ਕੰਮ ਹੁੰਦਾ ਦੇਖਿਆ ਉਨ੍ਹਾਂ ਨੇ ਉਸ ਦੇ ਖਿਲਾਫ਼ ਆਵਾਜ਼ ਜ਼ਰੂਰ ਉਠਾਈ। ਰਾਜਨੀਤੀ ਲੋਕ-ਹਿਤਾਂ ਨਾਲ ਸੰਬੰਧਤ ਅਜਿਹਾ ਖੇਤਰ ਹੈ ਜਿਸ ਨੇ ਹਰ ਸਮੇਂ ਜਨਤਾ ਉਪਰ ਆਪਣਾ ਪਰਭਾਵ ਪਾਉਣਾ ਹੈ। ਗੁਰੂ ਜੀ ਨੇ ਰਾਜਨੀਤਕ ਖੇਤਰ ਵਿਚ ਜੋ ਜੋ ਵੀ ਕੰਮ ਲੋਕ-ਹਿਤਾਂ ਦੇ ਖਿਲਾਫ ਹੁੰਦੇ ਦੇਖੇ ਉਸ ਦੇ ਖਿਲਾਫ ਡਟ ਕੇ ਬੋਲੇ। ਰਾਜਨੀਤਕ ਖੇਤਰ ਦੀ ਗੱਲ ਕਰਨ ਕਰਕੇ ਆਪ ਜੀ ਦੀ ਬਾਣੀ ਵਿਚ ਅਨੇਕਾਂ ਐਸੇ ਵੇਰਵੇ ਮਿਲਦੇ ਹਨ ਜਿਨ੍ਹਾਂ ਵਿਚੋਂ ਉਸ ਸਮੇਂ ਦੀ ਰਾਜਨੀਤਕ ਸਥਿਤੀ ਬਾਰੇ ਕਾਫੀ ਜਾਣਕਾਰੀ ਮਿਲ ਜਾਂਦੀ ਹੈ। ਉਨ੍ਹਾਂ ਦੀ ਬਾਣੀ ਵਿਚੋਂ ਰਾਜਨੀਤਕ ਸਥਿਤੀ ਸੰਬੰਧੀ ਜੋ ਵੀ ਜਾਣਕਾਰੀ ਮਿਲਦੀ ਹੈ ਉਸ ਨੂੰ ਅਸੀਂ ਤਿੰਨ ਸ਼ਰੇਣੀਆਂ ਵਿਚ ਰੱਖ ਕੇ ਵਰਨਣ ਕਰ ਸਕਦੇ ਹਾਂ । ਪਹਿਲਾ ਇਹ ਕਿ ਉਨ੍ਹਾਂ ਨੇ ਰਾਜਨੀਤਕ ਸੰਸਥਾਵਾਂ ਦੇ ਵਿਰੁੱਧ ਆਵਾਜ਼ ਨਹੀਂ ਉਠਾਈ ਅਤੇ ਨਾ ਹੀ ਕੋਈ ਰਾਜਨੀਤਕ ਪਰਣਾਲੀ ਸਥਾਪਤ ਕਰਨ ਬਾਰੇ ਕੁਝ ਕਿਹਾ ਹੈ ਬਲਕਿ ਉਨ੍ਹਾਂ ਨੇ ਆਪਣੀ ਸਮਕਾਲੀ ਰਾਜਨੀਤਕ ਅਧਿਕਾਰੀਆਂ ਦੇ ਕਿਰਦਾਰ ਬਾਰੇ ਗੱਲ ਕੀਤੀ ਹੈ। ਦੂਜਾ, ਕਿਉਂਕਿ ਉਹ ਖੁਦ ਰਾਜਨੀਤਕ ਲਗਾਓ ਜਾਂ ਰਾਜਨੀਤਕ ਬੰਧਨਾਂ ਤੋਂ ਸੁਤੰਤਰ ਸਨ ਇਸ ਲਈ ਉਨ੍ਹਾਂ ਨੇ ਰਾਜਨੀਤੀ ਨੂੰ ਇਕ ਦੂਸਰੇ ਦਰਜੇ ਦੀ ਤਾਕਤ ਵਜੋਂ ਲਿਆ ਹੈ। ਉਨ੍ਹਾਂ ਲਈ ਸੁਲਤਾਨ, ਬਾਦਸ਼ਾਹ, ਰਾਜਾ, ਫ਼ੌਜਦਾਰ, ਸਿਕਦਾਰ ਆਦਿ ਰਾਜਨੀਤਕ ਅਧਿਕਾਰੀ ਕੋਈ ਮਹੱਤਵ ਨਹੀਂ ਰੱਖਦੇ ਸਨ ਸਗੋਂ ਉਨ੍ਹਾਂ ਦੀ ਪਹਿਲੀ ਵਫਾਦਾਰੀ ਪਰਮ ਪੁਰਖ ਪਰਮਾਤਮਾ ਵੱਲ ਸੀ। ਸਮਕਾਲੀ ਰਾਜਸੀ ਸਿਧਾਂਤ ਭਾਵੇਂ ਕਿਨਾ ਵੀ ਬਾਦਸ਼ਾਹ ਦੀ ਸ਼ਕਤੀ ਨੂੰ ਸਥਾਪਤ ਕਰਦੇ ਸਨ ਪਰ ਉਨ੍ਹਾਂ ਨੇ ਹਮੇਸ਼ਾਂ ਬਾਦਸ਼ਾਹੀ ਤਾਕਤ ਨੂੰ ਆਮ ਲੋਕਾਂ ਦੇ ਬਰਾਬਰ ਰੱਖ ਕੇ ਤੱਕਿਆ ਹੈ। ਉਨ੍ਹਾਂ ਲਈ ਜੋ ਦਰਜਾ ਇੱਕ ਆਮ ਮਨੁੱਖ ਦਾ ਸੀ ਉਹੀ ਦਰਜਾ ਇਕ ਸੁਲਤਾਨ ਜਾਂ ਬਾਦਸ਼ਾਹ ਦਾ ਸੀ । ਅਮੀਰੀ-ਗਰੀਬੀ ਅਤੇ ਰਾਜਾ-ਪਰਜਾ ਉਨ੍ਹਾਂ ਦੇ ਵਿਚਾਰ ਅਨੁਸਾਰ ਅਕਾਲ ਪੁਰਖ ਦੇ ਹੁਕਮ ਅਨੁਸਾਰ ਸਥਾਪਤ ਹੋਈਆਂ ਸਥਿਤੀਆਂ ਹਨ। ਇਸ ਅਨੁਸਾਰ ਪਰਮਾਤਮਾ ਜੇ ਚਾਹੇ ਤਾਂ ਇਕ ਕੀੜੇ ਨੂੰ ਬਾਦਸ਼ਾਹ ਬਣਾ ਸਕਦਾ ਹੈ ਅਤੇ ਅਨੇਕਾਂ ਲਸ਼ਕਰਾਂ ਨੂੰ ਪਲਾਂ ਵਿਚ ਤਬਾਹ ਕਰ ਸਕਦਾ ਹੈ।
ਪਹਿਲੇ ਵਿਚਾਰ ਅਨੁਸਾਰ ਉਨ੍ਹਾਂ ਨੇ ਆਪਣੇ ਸਾਹਮਣੇ ਸਿਰਫ ਰਾਜਨੀਤਕ ਕਿਰਦਾਰ ਨੂੰ ਹੀ ਰੱਖਿਆ । ਜਿਵੇਂ ਕਿ ਜੋ ਰਾਜਨੀਤਕ ਕਿਰਦਾਰ ਉਨ੍ਹਾਂ ਨੇ ਆਪਣੇ ਸਮੇਂ ਦੇਖਿਆ ਉਹ ਸੱਚਾਈ ਤੋਂ ਬਹੁਤ ਦੂਰ ਸੀ । ਉਨ੍ਹਾਂ ਅਨੁਸਾਰ ਕਲਜੁੱਗ ਇਕ ਘਾਤਕ ਛੁਰੀ ਵਾਂਗ ਲੋਕਾਂ ਨੂੰ ਕੋਹ ਰਿਹਾ ਹੈ । ਰਾਜੇ ਕਸਾਈ ਬਣੇ ਹੋਏ ਹਨ । ਧਰਮ ਅਲੋਪ ਹੋ ਗਿਆ ਹੈ । ਸਾਰੇ ਪਾਸੇ ਝੂਠ ਦਾ ਅੰਨ੍ਹੇਰਾ ਛਾਇਆ ਹੈ। ਸੱਚ ਦਾ ਚੰਦਰਮਾ ਅਰਥਾਤ ਸੱਚ ਦਾ ਚਾਨਣ ਬਿਲਕੁਲ ਖ਼ਤਮ ਹੋ ਗਿਆ ਹੈ। ਇਸ ਝੂਠ ਦੇ ਅੰਨ੍ਹੇਰੇ ਵਿਚ ਕੋਈ ਰਾਹ ਨਹੀਂ ਲੱਭਦਾ ਕਿ ਮਨੁੱਖ ਕੀ ਕਰੇ । ਲੋਕ ਹਊਮੈ ਵਿਚ ਜਕੜੇ ਅਧਿਕਾਰੀਆਂ ਦੇ ਹੱਥੋਂ ਦੁਖੀ ਹੋ ਰਹੇ ਹਨ । ਅਜਿਹੇ ਅਧਿਕਾਰੀਆਂ ਕੋਲੋਂ ਕਿਸ ਤਰ੍ਹਾਂ ਮੁਕਤੀ ਪਰਾਪਤ ਕੀਤੀ ਜਾ ਸਕਦੀ ਹੈ। ਇਹ ਵਿਆਖਿਆ ਗੁਰੂ ਜੀ ਦੇ ਸ਼ਬਦਾਂ ਦੀ ਅੱਖਰੀਂ ਵਿਆਖਿਆ ਹੈ। ਇਸ ਦਾ ਭਾਵਅਰਥ ਇਹ ਹੈ ਕਿ ਸਮਕਾਲੀ ਅਧਿਕਾਰੀ ਲੋਕ-ਹਿਤਾਂ ਦੇ ਵਿਰੁੱਧ ਕੰਮ ਕਰ ਰਹੇ ਹਨ। ਰਾਜਾ ਅਤੇ ਉਸ ਦੇ ਅਧਿਕਾਰੀ ਕਸਾਈਆਂ ਵਾਂਗ ਲੋਕਾਂ ਨੂੰ ਲੁੱਟ ਰਹੇ ਹਨ। ਜਿਸ ਤਰ੍ਹਾਂ ਇਕ ਕਸਾਈ ਬੱਕਰੇ ਨੂੰ ਕੋਂਹਦਾ ਹੈ ਉਸੇ ਤਰ੍ਹਾਂ ਰਾਜਾ ਵੀ ਲਾਲਚ ਵਿਚ ਅੰਨਾ ਹੋਇਆ ਅਤੇ ਰਾਜਸੀ ਤਾਕਤ ਵਿਚ ਗਲਤਾਨ ਹੋਇਆ ਲੋਕਾਂ ਦੀ ਕਿਰਤ-ਕਮਾਈ ਨੂੰ ਹੜੱਪ ਕੇ ਉਨ੍ਹਾਂ ਦਾ ਕਤਲ ਕਰ ਰਿਹਾ ਹੈ। ਬਿਨਾਂ ਝੂਠ ਬੋਲੇ ਦੇ ਕੋਈ ਕੰਮ ਨਹੀਂ ਹੁੰਦਾ। ਸੱਚ ਕਹਿਣ ਦੀ ਕੋਈ ਵੀ ਹਿੰਮਤ ਨਹੀਂ ਕਰਦਾ । ਇਹ ਸਮਾਂ ਐਸਾ ਹੈ ਕਿ ਅਧਿਕਾਰੀਆਂ ਨੂੰ ਮਿਲਣ ‘ਤੇ ਵੀ ਮੁਸ਼ਕਲਾਂ ਦਾ ਕੋਈ ਹੱਲ ਨਹੀਂ ਹੁੰਦਾ । ਰਿਸ਼ਵਤ ਲਏ ਅਤੇ ਦਿੱਤੇ ਬਗੈਰ ਕੋਈ ਕੰਮ ਨਹੀਂ ਕਰਦਾ। ਰਾਜਾ ਵੀ ਤਦ ਹੀ ਕੋਈ ਇਨਸਾਫ ਦੀ ਗੱਲ ਕਰਦਾ ਹੈ ਜੇਕਰ ਉਸ ਨੂੰ ਰਿਸ਼ਵਤ ਵਜੋਂ ਕੁਝ ਦਿੱਤਾ ਜਾਵੇ । ਕਹਿਣ ਨੂੰ ਤਾਂ ਅਧਿਕਾਰੀ ਖ਼ੁਦਾ ਦਾ ਨਾਂ ਲੈ ਕੇ ਕੰਮ ਕਰਦੇ ਹਨ ਪਰ ਖੁਦਾ ਦੇ ਭੈ ਨੂੰ ਮੰਨਦਾ ਕੋਈ ਨਹੀਂ ਹੈ।
ਜਿਸ ਤਰ੍ਹਾਂ ਜਾਨਵਰਾਂ ਵਿਚੋਂ ਹਿਰਨਾਂ ਅਤੇ ਬਾਜਾਂ ਨੂੰ ਸਿਆਣਾ ਸਮਝਿਆ ਜਾਂਦਾ ਹੈ ਉਸੇ ਤਰ੍ਹਾਂ ਰਾਜਨੀਤਕ ਅਧਿਕਾਰੀਆਂ (ਸਿਕਦਾਰਾਂ) ਨੂੰ ਮਨੁੱਖਾਂ ਵਿਚੋਂ ਸਭ ਤੋਂ ਵੱਧ ਸਿਆਣਾ ਸਮਝਿਆ ਜਾਂਦਾ ਹੈ ਪਰ ਇਨ੍ਹਾਂ ਨੇ ਹਮੇਸ਼ਾਂ ਆਪਣੇ ਹੀ ਕੁਲ ਦੇ ਮੈਂਬਰਾਂ ਨੂੰ ਫਾਹੇ ਚਾੜਿਆ ਹੈ, ਅਸਲੀ ਸਿਆਣਾ ਉਹ ਹੀ ਹੈ ਜਿਸ ਨੇ ਨਾਮ ਜਪਿਆ ਹੈ ਅਰਥਾਤ ਅਸਲੀਅਤ ਨੂੰ ਪਛਾਣ ਲਿਆ ਹੈ। ਰਾਜਸੀ ਅਧਿਕਾਰੀ ਉਹ ਹੀ ਸਫਲ ਹੁੰਦਾ ਹੈ ਜਿਸ ਦੀ ਜੜ੍ਹ ਲੋਕਾਂ ਵਿਚ ਪੱਕੀ ਹੁੰਦੀ ਹੈ ਕਿਉਂਕਿ ਪਹਿਲਾਂ ਜੜ੍ਹ ਬਣਦੀ ਹੈ ਫਿਰ ਹੀ ਰੁੱਖ ਵੱਡਾ ਹੋ ਕੇ ਛਾਂ ਦਿੰਦਾ ਹੈ।” ਇੱਥੇ ਗੁਰੂ ਜੀ ਨੇ ਰਾਜਸੀ ਅਧਿਕਾਰੀਆਂ ਅਤੇ ਲੋਕਾਂ ਦੇ ਆਪਸੀ ਸਹਿਯੋਗ ਦੀ ਗੱਲ ਕਰਦਿਆਂ ਸਪਸ਼ਟ ਕੀਤਾ ਹੈ ਕਿ ਰਾਜਾ ਵੀ ਇਕ ਰੁੱਖ ਵਾਂਗ ਹੁੰਦਾ ਹੈ। ਮਜ਼ਬੂਤ ਜੜ ਉਪਰ ਉਸਰ ਕੇ ਹੀ ਰੁੱਖ ਲੋਕਾਂ ਲਈ ਛਾਂ ਦਿੰਦਾ ਹੈ ਇਸੇ ਤਰ੍ਹਾਂ ਉਹੀ ਰਾਜਾ ਲੋਕਾਂ ਦੇ ਹਿਤਾਂ ਦੀ ਗੱਲ ਕਰੇਗਾ ਜਿਸ ਦੀਆਂ ਲੋਕਾਂ ਵਿਚ ਜੜ੍ਹਾਂ ਮਜ਼ਬੂਤ ਹਨ। ਪਰ ਉਸ ਦੇ ਸਮਕਾਲੀ ਅਧਿਕਾਰੀ ਤਾਂ ਲੋਕਾਂ ਨੂੰ ਲੁੱਟ ਰਹੇ ਹਨ। ਰਾਜੇ ਮਾਸਖੋਰੇ ਸ਼ੇਰਾਂ ਦਾ ਰੂਪ ਧਾਰੀਂ ਬੈਠੇ ਹਨ । ਇਨ੍ਹਾਂ ਦੇ ਅਧਿਕਾਰੀ ਸ਼ਿਕਾਰ ਵਿਚੋਂ ਬਚਿਆ ਹੋਇਆ ਮਾਸ ਖਾਣ ਵਾਲੇ ਕੁੱਤਿਆਂ ਦਾ ਰੂਪ ਬਣੀ ਬੈਠੇ ਹਨ । ਇਹ ਅਧਿਕਾਰੀ ਆਰਾਮ ਨਾਲ ਰਹਿ ਰਹੇ ਲੋਕਾਂ ਨੂੰ ਅਢੁਕਵੇਂ ਸਮਿਆਂ ਤੇ ਜਾ ਕੇ ਉਨ੍ਹਾਂ ਨੂੰ ਜਗਾਉਂਦੇ ਹਨ ਅਤੇ ਇਨ੍ਹਾਂ ਕੋਲੋਂ ਧਨ ਮੰਗਦੇ ਹਨ। ਇਸ ਤਰ੍ਹਾਂ ਇਹ ਆਪਣੀ ਪਰਜਾ ਨੂੰ ਇਸ ਤਰ੍ਹਾਂ ਜ਼ਖ਼ਮੀ ਕਰ ਦਿੰਦੇ ਹਨ ਜਿਵੇਂ ਕਿਸੇ ਨੇ ਤੇਜ਼ ਤੇ ਤਿੱਖੇ ਨਹੁੰਆਂ ਨਾਲ ਉਨ੍ਹਾਂ ਨੂੰ ਜਖ਼ਮੀ ਕੀਤਾ ਹੋਵੇ । ਇਨ੍ਹਾਂ ਦੇ ਹੱਥੋਂ ਜੋ ਕੁਝ ਲੁੱਟਣ ਤੋਂ ਬਚ ਜਾਂਦਾ ਹੈ ਉਸ ਨੂੰ ਇਨ੍ਹਾਂ ਦੇ ਹੇਠਲੇ ਅਧਿਕਾਰੀ ਆ ਕੇ ਇਸ ਤਰ੍ਹਾਂ ਲੁੱਟਦੇ ਹਨ ਜਿਵੇਂ ਕਿ ਬਚੇ-ਖੁਚੇ ਮਾਸ ਨੂੰ ਪਿੱਛੋਂ ਆ ਕੇ ਕੁੱਤੇ ਖਾਂਦੇ ਅਤੇ ਚੱਟਦੇ ਹਨ। ਜੇ ਕਿਤੇ ਇਨ੍ਹਾਂ ਲੋਕਾਂ ਦੇ ਕੁਕਰਮਾਂ ਦਾ ਲੇਖਾ-ਜੋਖਾ ਹੋਵੇਗਾ ਤਾਂ ਅਜਿਹੇ ਬੇਸ਼ਰਮ ਤੇ ਜ਼ਾਲਮ ਅਧਿਕਾਰੀਆਂ ਦੀ ਗੱਲ ਉਪਰ ਕਿਸੇ ਨੇ ਵੀ ਇਤਬਾਰ ਨਹੀਂ ਕਰਨਾ ।
ਰਾਜਾ ਅਤੇ ਪਰਜਾ ਦਾ ਆਪਸੀ ਰਿਸ਼ਤਾ ਲੋਭ ਨੂੰ ਪੂਰਾ ਕਰਨ ਵਾਲਾ ਜਾਂ ਪਾਪਾਂ ਨੂੰ ਉਜਾਗਰ ਕਰਨ ਵਾਲਾ ਹੈ। ਅਰਥਾਤ ਇਹ ਰਿਸ਼ਤਾ ਲੋਭ-ਲਾਲਚ ਭਰਿਆ ਅਤੇ ਬੇਇਨਸਾਫੀ ਵਾਲਾ ਹੈ। ਅਧਿਕਾਰੀ (ਸਿਕਦਾਰ) ਝੂਠ ਦਾ ਪਰਤੀਕ ਬਣੇ ਹੋਏ ਹਨ। ਇਨ੍ਹਾਂ ਅਧਿਕਾਰੀਆਂ ਦੀ ਕਾਮਵਾਸ਼ਨਾ ਦੀ ਸੰਤੁਸ਼ਟੀ ਹੀ ਨਾਇਬ ਦੀ ਤਰ੍ਹਾਂ ਮੁਖ਼ਤਿਆਰ ਬਣੀ ਹੋਈ ਹੈ। ਅਜਿਹੀਆਂ ਮਹਿਫ਼ਲਾਂ ਵਿਚ ਹੀ ਸਭ ਵੀਚਾਰਾਂ ਹੁੰਦੀਆਂ ਹਨ। ਪਰਜਾ ਗਯਾਨ ਰਹਿਤ ਹੈ ਇਸ ਕਰਕੇ ਉਹ ਇਨ੍ਹਾਂ ਦੀ ਹਵਸ਼ ਦਾ ਸ਼ਿਕਾਰ ਬਣੀ ਹੋਈ ਹੈ।
ਦੂਜੀ ਸ਼ਰੇਣੀ ਦੇ ਵਿਚਾਰ ਉਹ ਹਨ ਜਿਨ੍ਹਾਂ ਵਿਚ ਸੁਲਤਾਨ ਜਾਂ ਬਾਦਸ਼ਾਹ ਨੂੰ ਸਰਬਉੱਚ ਸੱਤਾ ਦਾ ਮਾਲਕ ਨਾ ਸਮਝਦੇ ਹੋਏ ਉਸ ਨੂੰ ਸਿਰਫ ਆਮ ਮਨੁੱਖਾਂ ਦੀ ਤਰ੍ਹਾਂ ਇਕ ਮਨੁੱਖ ਹੀ ਦਰਸਾਇਆ ਗਿਆ ਹੈ। ਇਸ ਅਨੁਸਾਰ ਗੁਰੂ ਜੀ ਦਾ ਕਥਨ ਹੈ ਕਿ ਇਹ ਸਰਬਸ਼ਕਤੀਮਾਨ ਅਕਾਲ ਪੁਰਖ ਦਾ ਹੀ ਹੁਕਮ ਹੈ ਕਿ ਇਕ ਮਨੁੱਖ ਨੂੰ ਤਾਂ ਰਾਜਾ ਬਣਾ ਦਿੱਤਾ ਹੈ ਤੇ ਇਕ ਕੋਲੋਂ ਭੀਖ ਮੰਗਵਾ ਰਿਹਾ ਹੈ। 8 ਜੇ ਉਸ ਨੂੰ ਭਾਇਆ ਹੈ ਤਾਂ ਹੀ ਉਸ ਨੇ ਮਨੁੱਖ ਨੂੰ ਰਾਜਾ ਬਣਾਇਆ ਹੈ। ਉਹ ਅਕਾਲ ਪੁਰਖ ਇਤਨਾ ਸ਼ਕਤੀਸ਼ਾਲੀ ਹੈ ਕਿ ਉੱਚੇ ਦਰਜੇ ਦੇ ਵਿਅਕਤੀ ਨੂੰ ਨੀਚ ਬਣਾ ਸਕਦਾ ਹੈ ਅਤੇ ਨੀਚ ਨੂੰ ਸੁਲਤਾਨ ਬਣਾ ਸਕਦਾ ਹੈ।° ਇਸ ਕਰਕੇ ਇਨ੍ਹਾਂ ਸੁਲਤਾਨਾਂ ਜਾਂ ਰਾਜਿਆਂ ਦੀ ਸਥਿਰਤਾ ਦਾ ਕੋਈ ਪਤਾ ਨਹੀਂ ਹੈ । ਇਹ ਸਭ ਅਸਥਿਰ ਹਨ।” ਅਨੇਕਾਂ ਸੁਲਤਾਨਾਂ ਨੂੰ ਉਨ੍ਹਾਂ ਨੇ ਮਿੱਟੀ ਵਿਚ ਮਿਲਦੇ ਦੇਖਿਆ ਹੈ। ਇਨ੍ਹਾਂ ਕੋਲ ਭਾਵੇਂ ਲੱਖਾਂ ਦੀ ਗਿਣਤੀ ਵਾਲੇ ਲਾਓ-ਲਸ਼ਕਰ ਹਨ ਅਤੇ ਲੱਖਾਂ ਹੀ ਲੋਕ ਹਰ ਰੋਜ਼ ਸਲਾਮਾਂ ਕਰਨ ਵਾਲੇ ਹਨ । ਭਾਵੇਂ ਲੱਖਾਂ ਲੋਕਾਂ ਉਪਰ ਇਨ੍ਹਾਂ ਦਾ ਹੁਕਮ ਚੱਲਦਾ ਹੈ ਪਰ ਜਦੋਂ ਅਕਾਲ ਪੁਰਖ ਦੀ ਨਜ਼ਰ ਵਿਚ ਇਹ ਪਰਵਾਣ ਨਾ ਹੋਣ ਤਾਂ ਇਹ ਸਭ ਕੁਝ ਖ਼ਤਮ ਹੋ ਸਕਦਾ ਹੈ। ਇਨ੍ਹਾਂ ਦੇ ਸੁੰਦਰ ਮਹਿਲ, ਪੱਕੇ ਅਤੇ ਮਜਬੂਤ ਕਿਲੇ, ਹਾਥੀ ਘੋੜਿਆਂ ਦੇ ਲਸ਼ਕਰ ਆਦਿ ਵਿਚੋਂ ਕੁਝ ਵੀ ਇਨ੍ਹਾਂ ਨਾਲ ਨਹੀਂ ਜਾਣਾ। ਇਸ ਕਰਕੇ ਇਹ ਰਾਜੇ ਆਪਣੀ ਸ਼ਕਤੀ ਦਾ ਜੋ ਘੁਮੰਡ ਕਰਦੇ ਹਨ ਇਹ ਸਭ ਖ਼ਤਮ ਹੁੰਦੀ ਰਹਿੰਦੀ ਹੈ।11 ਜੋ ਅਸਲ ਸ਼ਕਤੀ ਹੈ ਜਾਂ ਜਿਸ ਸ਼ਕਤੀ ਦੀ ਸਿਫਤ ਸਲਾਹ ਕਰਨੀ ਚਾਹੀਂਦੀ ਹੈ ਉਹ ਅਕਾਲ ਪੁਰਖ ਹੈ। ਉਹੀ ਸੱਚਾ ਪਾਤਸ਼ਾਹ ਹੈ। ਉਸ ਦੇ ਦਰ ’ਤੇ ਹੀ ਕੀਤੀ ਹੋਈ ਅਰਦਾਸ ਪਰਵਾਣ ਚੜ੍ਹਦੀ ਹੈ। ਉਹੀ ਆਪਣੇ ਮਹਿਲਾਂ ਵਿਚ ਆਏ ਫਰਿਆਦੀ ਦੀ ਅਰਦਾਸ ਸੁਣਦਾ ਹੈ ਅਤੇ ਸਾਬਾਸ਼ ਵੀ ਦਿੰਦਾ ਹੈ। ਉਸੇ ਦੇ ਤਖਤ ਨੂੰ ਹੀ ਸੱਚਾ ਤਖਤ ਕਿਹਾ ਜਾਂਦਾ ਹੈ। ਉਹੀ ਮਨੁੱਖ ਨੂੰ ਵਡਿਆਈਆਂ ਦੀ ਬਖ਼ਸ਼ਿਸ਼ ਕਰਦਾ ਹੈ :
ਸਚੀ ਤੇਰੀ ਸਿਫਤਿ ਸਚੀ ਸਾਲਾਹ । ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ।
ਸਚਾ ਅਰਜੁ ਸਚੀ ਅਰਦਾਸਿ। ਮਹਲੀ ਖਸਮੁ ਸੁਣੇ ਸਾਬਾਸਿ।
ਸਚੈ ਤਖਤਿ ਬੁਲਾਵੈ ਸੋਇ। ਦੇ ਵਡਿਆਈ ਕਰੇ ਸੁ ਹੋਇ।
ਇਹ ਸਾਰਾ ਸੰਸਾਰ ਸਿਰਫ ਉਸ ਅਕਾਲ ਪੁਰਖ ਦੇ ਹੁਕਮਾਂ ਦਾ ਬੱਝਿਆ ਹੋਇਆ ਹੀ ਹੈ ਹੋਰ ਕਿਸੇ ਤਾਕਤ ਦੇ ਹੁਕਮ ਨਹੀਂ ਬੱਝਾ ਹੋਇਆ ।
ਤੀਜੀ ਸ਼ਰੇਣੀ ਗੁਰੂ ਜੀ ਦੇ ਰਾਜਨੀਤਕ ਵਿਚਾਰਾਂ ਦੀ ਉਹ ਹੈ ਜਿਸ ਵਿਚ ਉਹ ਆਪਣੇ ਆਪ ਨੂੰ ਰਾਜਨੀਤਕ ਤਾਕਤ ਤੋਂ ਪਰੇ ਰੱਖਣਾ ਚਾਹੁੰਦੇ ਹਨ। ਉਨ੍ਹਾਂ ਦੇ ਸਾਹਮਣੇ ਸਿਰਫ ਇਕੋ ਹੀ ਪਰਾਪਤੀ ਦਾ ਲਕਸ਼ ਹੈ। ਇਹ ਲਕਸ਼ ਹੈ ਅਕਾਲ ਪੁਰਖ ਦੀ ਪਰਾਪਤੀ ਦਾ। ਇਸ ਦੇ ਸਾਹਮਣੇ ਉਹ ਦੁਨੀਆਂ ਦੀ ਕਿਸੇ ਵੀ ਸੁੱਖ ਸਹੂਲਤ ਨੂੰ ਤੁੱਛ ਸਮਝਦੇ ਹਨ। ਉਨ੍ਹਾਂ ਦਾ ਕਥਨ ਹੈ ਕਿ ਉਹ ਸਿਰਫ ਪਰਮਾਤਮਾ ਦੇ ਸਿਮਰਨ ਨਾਲ ਜੁੜੇ ਰਹਿਣਾ ਚਾਹੁੰਦੇ ਹਨ ਜੇਕਰ ਸੁਲਤਾਨ ਬਣ ਕੇ ਜਾਂ ਲੱਖਾਂ ਲਸ਼ਕਰਾਂ ਦਾ ਮਾਲਕ ਹੋ ਕੇ, ਤਖਤ ਉਪਰ ਬੈਠ ਕੇ, ਹੁਕਮ ਜਾਰੀ ਕਰਨ ਦਾ ਅਧਿਕਾਰ ਪਰਾਪਤ ਕਰਕੇ ਉਸ ਦਾ ਸਿਮਰਨ ਵਿਸਰਦਾ ਹੈ ਤਾਂ ਉਨ੍ਹਾਂ ਨੂੰ ਇਨ੍ਹਾਂ ਚੀਜਾਂ ਦੀ ਕੋਈ ਲੋੜ ਨਹੀਂ ਹੈ:
ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ।
ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ।
ਮਤੁ ਦੇਖਿ ਭੂਲਾ ਵੀਸਰੈ ਤੇਰਾ ਚੀਤਿ ਨ ਆਵੈ ਨਾਉ ॥”