ਪੰਜਾਬ ਦੀ ਧਰਤੀ ਉਪਜਾਊ ਅਤੇ ਦਰਿਆਵਾਂ ਨਾਲ ਸ਼ਿੰਗਾਰੀ ਹੋਈ ਹੈ। ਇਸ ਦੇ ਮੌਸਮ ਰੰਗੀਲੇ ਤੇ ਸੁਹਾਉਣੇ ਹਨ। ਇਸ ਦੀ ਅਤਿ ਦੀ ਗਰਮੀ ਅਤੇ ਅਤਿ ਦੀ ਸਰਦੀ ਇਸ ਦੀ ਵੱਸੋਂ ਦੀ ਸਹਿਣ-ਸ਼ਕਤੀ ਨੂੰ ਵਧਾਉਂਦੀ ਹੈ। ਇਸ ਦੇ ਲਹਿਲਹਾਉਂਦੇ ਖੇਤਾਂ ਅਤੇ ਇਸ ਦੀਆਂ ਕੁੰਢੀਆਂ ਬੂਰੀਆਂ ਨੇ ਪੰਜਾਬੀਆਂ ਨੂੰ ਚੌੜੀਆਂ ਛਾਤੀਆਂ, ਤਕੜੇ ਡੌਲੇ ਅਤੇ ਗੁੰਦਵੇਂ ਸਰੀਰ ਦਿਤੇ ਹਨ। ਇਸ ਦੀ ਪੱਧਰੀ ਤੇ ਸਾਫ ਧਰਤੀ ਨੇ ਪੰਜਾਬੀ ਮਨ ਨੂੰ ਸਿੱਧਾ ਅਤੇ ਸਾਫ ਬਣਾਇਆ ਹੈ । ਪੰਜਾਬੀਆਂ ਦੇ ਸੁਭਾਅ ਦੇ ਇਹ ਲੱਛਣ ਪੰਜਾਬ ਦੇ ਸਿੱਧੇ ਸਾਦੇ ਲੋਕ ਨਾਚਾਂ ਵਿਚ ਵੀ ਪ੍ਰਗਟ ਹੋਏ ਹਨ।
ਪੰਜਾਬ ਸਦਾ ਮੁਹਿੰਮਾਂ ਦਾ ਅੱਡਾ ਬਣਿਆ ਰਿਹਾ ਹੈ। ਅਜਿਹੀ ਭੂਗੋਲਿਕ ਸਥਿਤੀ ਵਿਚ ਸਾਡਾ ਸਮਾਜ ਕਬਾਇਲੀ ਅਤੇ ਸਾਡੀ ਨਾਚ-ਕਲਾ ਲੋਕ-ਪੱਧਰ ਉੱਤੇ ਰਹਿਣੀ ਸੁਭਾਵਕ ਸੀ। ਇਸ ਗੱਲ ਤੋਂ ਇਹ ਬੜੀ ਪੱਕੀ ਤਰ੍ਹਾਂ ਸਿੱਧ ਹੁੰਦਾ ਹੈ ਕਿ ਲੋਕ-ਨਾਚ ਦਾ ਲੋਕਾਂ ਨਾਲ ਬਹੁਤ ਗੂੜ੍ਹਾ ਸਬੰਧ ਹੈ । ਅਮਨ ਦੀ ਜ਼ਿੰਦਗੀ ਤੋਂ ਦੂਰ ਸਦਾ ਲੜਾਈਆਂ ਲੜਦੇ ਹੋਏ ਪੰਜਾਬੀਆਂ ਵਿਚ ਵੀ ਲੋਕ-ਨਾਚ ਜੀਉਦੇ ਰਹੇ ਹਨ । ਸਲਤਨਤਾਂ ਬਦਲੀਆਂ, ਬਾਦਸ਼ਾਹੀਆਂ ਪਲਟੀਆਂ ਪਰ ਪੰਜਾਬ ਦੇ ਲੋਕ ਆਪਣੀ ਸੱਭਿਅਤਾ ਅਤੇ ਉਸ ਦੇ ਵਿਸ਼ੇਸ਼ ਅੰਗ ਲੋਕ-ਨਾਚ ਨੂੰ ਸੁਰਜੀਤ ਰੱਖਦੇ ਆਏ ਹਨ।
ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਲੋਕਾਂ ਦੇ ਮਨਾਂ ਉੱਤੇ ਸਦਾ ਹੀ ਧਰਮ ਦਾ ਗ਼ਲਬਾ ਰਿਹਾ ਹੈ। ਧਰਮ ਦਾ ਗ਼ਲਬਾ ਰੋਜ਼ ਦਿਹਾੜੀ ਦੇ ਜੀਵਨ ਉੱਤੇ ਜ਼ਿਆਦਾ ਹੋਣ ਕਾਰਨ ਨਾਚਾਂ ਉੱਤੇ ਵੀ ਹੈ। ਦੱਖਣ ਵਿਚ ਲੋਕ ਆਪਣੀਆਂ ਧੀਆਂ ਨੂੰ ਮੰਦਰਾਂ ਦੇ ਦੇਵਤਿਆਂ ਦੀ ਭੇਟ ਕਰ ਦਿੰਦੇ ਸਨ। ਜਿਨ੍ਹਾਂ ਦਾ ਜੀਵਨ, ਨਾਚ ਗਾਣੇ ਅਤੇ ਸੰਗੀਤ ਦੇ ਵਿਕਾਸ ਲਈ ਅਰਪਨ ਹੁੰਦਾ ਸੀ। ਅੱਜ ਵੀ ਬਹੁਤ ਸਾਰੇ ਇਲਾਕਿਆਂ ਦੇ ਲੋਕ-ਨਾਚਾਂ ਦਾ ਸਬੰਧ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਚਰਿਤਰ ਨਾਲ ਹੈ। ਉਤਰ-ਪ੍ਰਦੇਸ਼ ਵਿਚ ਤਾਂ ਕ੍ਰਿਸ਼ਨ ਲੀਲ੍ਹਾ ਸਬੰਧੀ ਨਾਚਾਂ ਦਾ ਹੋਣਾ ਜ਼ਰੂਰੀ ਸੀ, ਹੋਰ ਸੂਬਿਆਂ ਵਿਚ ਵੀ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਨਾਲ ਸਬੰਧਤ ਕਈ ਲੋਕ-ਨਾਚ ਮਿਲਦੇ ਹਨ। ਆਸਾਮ ਦੇ ‘ਕੇਲੀ ਗੋਪਾਲ’, ਮਨੀਪੁਰ ਦੇ ‘ਮਹਾ ਰਾਸ’ ਤੇ ‘ਕੁੰਜ ਰਾਸ’, ਮਹਾਰਾਸ਼ਟਰ ਦੇ ‘ਦਹੀ ਕਲਾ’ ਜਾਂ ‘ਦਹੀ ਹਾਂਡੀ’ ਅਤੇ ਗੁਜਰਾਤ ਦੇ ‘ਗਰਬਾ’ ਵਿਚ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਨੂੰ ਹੀ ਦਰਸਾਇਆ ਜਾਂਦਾ ਹੈ। ਇਸ ਤੋਂ ਉਪਰੰਤ ਬਹੁਤ ਸਾਰੇ ਨਾਚ ਅਜਿਹੇ ਵੀ ਹਨ ਜਿਨ੍ਹਾਂ ਦਾ ਸਬੰਧ ਸ਼ਿਵਜੀ ਦੇ ਜੀਵਨ ਨਾਲ ਹੈ। ਆਸਾਮ ਦਾ ‘ਨਟ ਪੂਜਾ’ ਤੇ ਮਨੀਪੁਰ ਦਾ ‘ਲਾਈ ਹਰੋਬਾ’ ਨਾਚ ਇਸ ਦੀਆਂ ਮਿਸਾਲਾਂ ਹਨ। ਮੱਧ-ਪ੍ਰਦੇਸ਼ ਵਿਚ ਇਕ ਨਾਚ ‘ਲਕਸ਼ਮੀ ਜਾਗਰ’ ਹੈ ਜਿਸ ਵਿਚ ਲੱਛਮੀ ਦੀ ਪੂਜਾ ਕੀਤੀ ਜਾਂਦੀ ਹੈ । ਲੱਛਮੀ ਦੀ ਮੂਰਤੀ ਨੂੰ ਇਕ ਬ੍ਰਿਛ ਦੇ ਹੇਠਾਂ ਸਜਾ ਕੇ ਰੱਖ ਲੈਂਦੇ ਹਨ ਅਤੇ ਸਾਰੀ ਰਾਤ ਮੁੰਡੇ ਅਤੇ ਕੁੜੀਆਂ ਰਲ ਕੇ ਇਸ ਮੂਰਤੀ ਅੱਗੇ ਨੱਚਦੇ ਹਨ । ਇਸੇ ਤਰ੍ਹਾਂ ਉੜੀਸਾ ਦਾ ‘ਗਰੁੜ ਬਾਹਨ’ ਅਤੇ ਕੇਰਲ ਦਾ ‘ਮੋਹਿਨੀ ਆਤਮ’ ਵਿਸ਼ਨੂੰ ਦੀ ਪੂਜਾ ਨਾਲ ਸਬੰਧਤ ਹਨ। ਬੰਗਾਲ ਦਾ ‘ਕੀਰਤਨ’ ਵੀ ਇਕ ਧਾਰਮਕ ਨਾਚ ਹੈ। ਇਨ੍ਹਾਂ ਨਾਚਾਂ ਵਿਚ ਕੇਵਲ ਇਕੋ ਧਰਮ ਦੇ ਲੋਕ ਹੀ ਹਿੱਸਾ ਲੈ ਸਕਦੇ ਹਨ, ਸਗੋਂ ਕਈ ਨਾਚਾਂ ਵਿਚ ਉਸ ਧਰਮ ਦੀਆਂ ਜਾਤਾਂ ਦਾ ਭੇਦ ਵੀ ਹੈ। ਬਿਹਾਰ ਵਿਚ ਇਕ ‘ਕਰਮ ਨਾਚ’ ਨੱਚਿਆ ਜਾਂਦਾ ਹੈ ਜਿਸ ਰਾਹੀਂ ਧਰਤੀ ਨੂੰ ਪ੍ਰਾਰਥਨਾ ਕੀਤੀ ਜਾਂਦੀ ਹੈ ਕਿ ਉਹ ਬਹੁਤਾ ਅਨਾਜ ਦੇਵੇ ਭਾਵੇਂ ਇਸ ਦਾ ਕਿਸੇ ਧਰਮ ਨਾਲ ਸਬੰਧ ਨਹੀਂ ਪਰ ਇਸ ਵਿਚ ਵੀ ਧਾਰਮਕ ਰੰਗ ਜ਼ਰੂਰ ਹੈ।
ਪੰਜਾਬ ਦੇ ਲੋਕ-ਨਾਚਾਂ ਵਿਚ ਧਾਰਮਕ ਅਸਰ ਬਹੁਤ ਘੱਟ ਹੈ ਜਾਂ ਅਸੀਂ ਕਹਿ ਸਕਦੇ ਹਾਂ, ਇਹ ਪ੍ਰਤੱਖ ਨਹੀਂ ਰਿਹਾ। ਮੁਸਲਮਾਨਾਂ ਵਿਚ ਨਾਚ ਗਾਣਾ ਮਜ਼ਹਬੀ ਤੌਰ ਤੇ ਮਨ੍ਹਾ ਹੈ। ਸਿੱਖ ਧਰਮ ਨੇ ਦੁਨਿਆਵੀ ਖੁਸ਼ੀ ਨੂੰ ਧਾਰਮਕ ਖੁਸ਼ੀ ਤੋਂ ਅੱਡ ਰਖਿਆ। ਇਨ੍ਹਾਂ ਦੋਹਾਂ ਦਾ ਅਸਰ ਪੰਜਾਬ ਦੇ ਹਿੰਦੂਆਂ ਉੱਤੇ ਵੀ ਪਿਆ। ਇਸ ਲਈ ਪੰਜਾਬ ਦੇ ਲੋਕ-ਨਾਚ ਧਾਰਮਕ ਨਾਚ ਨਹੀਂ ਹਨ। ਕੇਵਲ ਕੁੱਲੂ ਪਹਾੜ ਦਾ ‘ਦੁਸਹਿਰਾ’ ਨਾਚ ਹੀ ਇਕ ਅਜਿਹਾ ਨਾਚ ਹੈ ਜਿਸ ਦਾ ਸਬੰਧ ਧਰਮ ਨਾਲ ਹੈ। ਇਸ ਦਾ ਕਾਰਨ ਇਹ ਹੈ ਕਿ ਕੁੱਲੂ ਮੈਦਾਨੀ ਇਲਾਕੇ ਤੋਂ ਬਹੁਤ ਦੂਰ ਹੈ ਅਤੇ ਇਸ ਇਲਾਕੇ ਤੇ ਪੰਜਾਬ ਉੱਤੇ ਹੁੰਦੇ ਨਿੱਤ ਦੇ ਹਮਲਿਆਂ ਦਾ ਅਸਰ ਘੱਟ ਪਿਆ ਪਰ ਪੰਜਾਬ ਦੇ ਮੈਦਾਨੀ ਇਲਾਕੇ ਵਿਚ, ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਬਹੁਤ ਸਾਰੀਆਂ ਸੱਭਿਅਤਾਵਾਂ ਦਾ ਅਸਰ ਪੈਣ ਕਾਰਨ ਇਥੇ ਦੇ ਲੋਕਾਂ ਦਾ ਜੇਰਾ ਵੱਡਾ ਹੋ ਗਿਆ ਅਤੇ ਇੱਥੇ ਦੇ ਲੋਕੀ ਆਪਸ ਵਿਚ ਵੱਖੋ ਵੱਖ ਧਾਰਮਕ ਅਕੀਦੇ ਰੱਖਦੇ ਹੋਏ ਵੀ ਘੁਲ ਮਿਲ ਕੇ ਰਹਿਣ ਲੱਗੇ । ਇੱਥੇ ਨਾ ਤਾਂ ਹੋਰ ਸੂਬਿਆਂ ਵਾਂਗਰ ਇੰਨੀ ਛੂਤ-ਛਾਤ ਹੈ ਅਤੇ ਨਾ ਹੀ ਧਾਰਮਕ ਵਖੇਵਿਆਂ ਨੇ ਲੋਕਾਂ ਨੂੰ ਬਹੁਤਾ ਨਿਖੇੜਿਆ ਹੋਇਆ ਹੈ। ਇਸ ਲਈ ਪੰਜਾਬ ਦੇ ਲੋਕ-ਨਾਚ ਸਮੁੱਚੇ ਪੰਜਾਬੀਆਂ ਦੇ ਨਾਚ ਹਨ। ਹਰ ਇਕ ਪੰਜਾਬੀ, ਭਾਵੇਂ ਉਹ ਕਿਸੇ ਧਰਮ ਦੀ ਪਾਲਨਾ ਕਰਦਾ ਹੋਵੇ, ਇਨ੍ਹਾਂ ਨਾਚਾਂ ਵਿਚ ਰਲ ਮਿਲ ਕੇ ਹਿੱਸਾ ਲੈ ਸਕਦਾ ਹੈ। ਪੰਜਾਬ ਦੇ ਲੋਕ-ਨਾਚ ਸਹੀ ਅਰਥਾਂ ਵਿਚ ਸੰਸਾਰਕ ਨਾਚ ਹਨ ਅਤੇ ਇਹ ਨਾਚ ਕੇਵਲ ਖੁਸ਼ੀ ਲੈਣ ਲਈ ਤੇ ਖੁਸ਼ੀ ਦੇਣ ਲਈ ਨੱਚੇ ਜਾਂਦੇ ਹਨ।
ਇਹ ਲੋਕ-ਨਾਚ ਪੰਜਾਬੀਆਂ ਵਾਂਗ ਜੋਸ਼ੀਲੇ, ਤਕੜੇ ਅਤੇ ਕਰੜੇ ਨਾਚ ਹਨ। ਉਂਞ ਤਾਂ ਕਿਸੇ ਥਾਂ ਦੇ ਲੋਕ-ਨਾਚ ਵਿਚ ਕਲਾਸੀਕਲ ਨਾਚਾਂ ਵਰਗੀ ਲਚਕ ਅਤੇ ਸੁਹਲਤਾ ਨਹੀਂ ਹੁੰਦੀ ਪਰ ਪੰਜਾਬ ਦੇ ਲੋਕ-ਨਾਚਾਂ ਵਰਗੀ ਤਕੜਾਈ ਵੀ ਕਿਤੇ ਨਹੀਂ ਮਿਲਦੀ । ਭੰਗੜੇ ਦੇ ਨਾਚ ਨੂੰ ਵੇਖ ਕੇ ਤਾਂ ਦੂਜੇ ਸੂਬਿਆਂ ਦੇ ਲੋਕ ਹੈਰਾਨ ਹੁੰਦੇ ਹਨ। ਅਸਲ ਵਿਚ ਪਿੰਡਾਂ ਵਿਚ ਤਾਂ ਕਿਸੇ ਦੀ ਵਡਿਆਈ ਉਸ ਦੇ ਤਕੜੇ ਹੋਣ ਅਤੇ ਬਹੁਤਾ ਦਮ ਰੱਖਣ ਵਿਚ ਹੀ ਗਿਣੀ ਜਾਂਦੀ ਹੈ। ਨਾਚ ਕਰਦੇ ਸਮੇਂ ਉਹੋ ਹੀ ਦੂਜਿਆਂ ਦੀ ਉਪਮਾ ਤੇ ਪ੍ਰਸੰਸਾ ਲੈ ਸਕਦਾ ਹੈ ਜਿਹੜਾ ਆਪਣੀ ਤਕੜਾਈ ਅਤੇ ਬਹੁਤੇ ਸਾਹਸ ਦਾ ਸਬੂਤ ਦੇਵੇ ।
ਪੰਜਾਬੀਆਂ ਦਾ ਜੋਸ਼ ਨਾਚ ਕਰਦੇ ਸਮੇਂ, ਕੇਵਲ ਢੋਲ ਦੀ ਉੱਚੀ ਆਵਾਜ਼ ਉੱਤੇ ਤੇਜ਼ ਨੱਚਣ ਤੀਕ ਹੀ ਨਹੀਂ ਰਹਿੰਦਾ, ਉਹ ਮਸਤੀ ਵਿਚ ਆ ਕੇ ‘ਓਏ, ‘ਓਏ’ ‘ਬੱਲੇ, ਬੱਲੇ’ ਦੇ ਉੱਚੀ ਉੱਚੀ ਨਾਹਰੇ ਮਾਰਦੇ ਹਨ। ਕਦੀ ਕਦੀ ਕਿਲਕਾਰੀਆਂ ਮਾਰ ਕੇ ਅਤੇ ਕਦੀ ਉਚਾ ਕੁੱਦ ਕੁੱਦ ਕੇ ਵੀ ਆਪਣੇ ਮਨ ਦੀ ਅੰਦਰਲੀ ਖੁਸ਼ੀ ਨੂੰ ਪ੍ਰਗਟ ਕਰਦੇ ਹਨ। ਜਿੱਥੇ ਕਿਤੇ ਭੰਗੜਾ ਪੈਂਦਾ ਹੋਵੇ ਉੱਥੇ ਢੋਲ ਦੀ ਉਚੀ ਆਵਾਜ਼, ਘੁੰਗਰੂਆਂ ਦੀ ਛਣਕ, ਪੈਰਾਂ ਦੀ ਧਮਕ ਅਤੇ ਖੁਸ਼ੀ-ਭਰੀਆਂ ਉੱਚੀਆਂ ਆਵਾਜ਼ਾਂ ਦਰਸ਼ਕਾਂ ਨੂੰ ਹੀ ਨਹੀਂ, ਸਾਰੇ ਚੌਗਿਰਦੇ ਨੂੰ ਸਰੂਰ ਵਿਚ ਲਿਆ ਦਿੰਦੀਆਂ ਹਨ। ਗਿੱਧਾ ਪਾਉਂਦੇ ਮੁੰਡੇ ਭਲਾ ਉਚੀ ਉੱਚੀ ਬੋਲੀਆਂ ਤਾਂ ਪਾਉਂਦੇ ਹਨ, ਪਰ ਇਨ੍ਹਾਂ ਬੋਲੀਆਂ ਦੇ ਵਿਚ ਬੱਕਰਾ ਬੁਲਾਉਣਾ, ‘ਬੱਲੇ ਬੱਲੇ ਆਖ ਕੇ ਬੋਲੀ ਪਾਉਣ ਵਾਲੇ ਨੂੰ ਹੱਲਾਸ਼ੇਰੀ ਦੇਣਾ ਪੰਜਾਬੀਆਂ ਦੇ ਨਾਚ ਦਾ ਇਕ ਹੋਰ ਜ਼ਰੂਰੀ ਅੰਗ ਹੈ। ਪੰਜਾਬੀਆਂ ਦੇ ਨਾਚ ਕੋਈ ਚੁੱਪ-ਚੁਪੀਤੇ ਨਾਚ ਨਹੀਂ, ਸਗੋਂ ਬਲਕਾਰ ਲੋਕਾਂ ਦੇ ਜੋਸ਼ੀਲੇ ਅਤੇ ਹਲੂਣਾ ਦੇਣ ਵਾਲੇ ਨਾਚ ਹਨ। ਇੰਨਾਂ ਜੋਸ, ਇੰਨਾ ਖੇੜਾ ਤੇ ਇੰਨਾ ਉਚਾ ਬੋਲ ਕਿਸੇ ਹੋਰ ਪ੍ਰਦੇਸ਼ ਦੇ ਲੋਕ-ਨਾਚਾਂ ਵਿਚ ਨਹੀਂ ਮਿਲਦਾ ।
ਸਾਡੇ ਇਨ੍ਹਾਂ ਲੋਕ-ਨਾਚਾਂ ਵਿਚ ਕਿਸੇ ਬਣਾਉਟੀ ਹਾਰ ਸ਼ਿੰਗਾਰ ਲਈ ਕੋਈ ਥਾਂ ਨਹੀਂ । ਲੋਕੀ ਨੱਚਣ ਸਮੇਂ ਵੀ ਉਹੋ ਪੱਗ, ਲੰਮਾ ਕੁੜਤਾ ਤੇ ਲਾਂਗੜ ਬੰਨ੍ਹਦੇ ਹਨ। ਇਹ ਠੀਕ ਹੈ ਕਿ ਹਰ ਖੁਸ਼ੀ ਦੇ ਸਮੇਂ ਪੰਜਾਬੀ ਆਪਣੀ ਵਧੀਆ ਪੁਸ਼ਾਕ ਪਾਉਂਦਾ ਹੈ। ਨੱਚਣ ਸਮੇਂ ਵੀ ਲੋਕ ਸੋਹਣੇ ਤੋਂ ਸੋਹਣਾ ਕਪੜਾ ਪਹਿਨਦੇ ਹਨ ਪਰ ਕੋਈ ਬਣਾਉਟੀ ਭੇਸ ਧਾਰਨ ਨਹੀਂ ਕੀਤਾ ਜਾਂਦਾ । ਇਸ ਦਾ ਇਕ ਕਾਰਨ ਇਹ ਵੀ ਹੈ ਕਿ ਪੰਜਾਬ ਦੇ ਲੋਕ-ਨਾਚਾਂ ਵਿਚ ਕਿਸੇ ਕਹਾਣੀ ਜਾਂ ਕਿਸੇ ਖ਼ਾਸ ਕਿੱਤੇ ਨੂੰ ਨਹੀਂ ਦਰਸਾਇਆ ਜਾਂਦਾ ਤਾਂ ਜੁ ਉਨ੍ਹਾਂ ਨੂੰ ਕਿਸੇ ਪਾਤਰ ਦਾ ਭੇਸ ਬਦਲਣਾ ਪਵੇ । ਦੱਖਣ ਦੇ ਕਥਾਕਲੀ ਨਾਚ ਕਿਸੇ ਕਹਾਣੀ ਨੂੰ ਦਰਸਾਉਂਦੇ ਹਨ। ਇਸ ਲਈ ਹਰ ਕਲਾਕਾਰ ਨੂੰ ਨਾਇਕ ਦੀ ਢੁੱਕਵੀਂ ਪੁਸ਼ਾਕ ਪਾਉਣੀ ਪੈਂਦੀ ਹੈ। ਸਗੋਂ ਕਥਾਕਲੀ ਨਾਚ ਦੇ ਨਾਇਕਾਂ ਦੀਆਂ ਪੁਸ਼ਾਕਾਂ ਅੱਜਕੱਲ੍ਹ ਦੇ ਸਮੇਂ ਵਿਚ ਅਜੀਬ ਜਿਹੀਆਂ ਲਗਦੀਆਂ ਹਨ। ਕਿਸੇ ਪਰਦੇਸੀ ਆਦਮੀ ਲਈ ਤਾਂ ਉਨ੍ਹਾਂ ਪੁਸ਼ਾਕਾਂ ਨੂੰ ਵੇਖ ਕੇ ਇਹ ਪਛਾਣਨਾ ਵੀ ਔਖਾ ਹੁੰਦਾ ਹੈ ਕਿ ਨਾਇਕ ਕਿਹੜਾ ਹੈ । ਇਨ੍ਹਾਂ ਨਾਚਾਂ ਵਿਚ ਭੇਸ ਹੀ ਨਹੀਂ ਸਗੋਂ ਮੂੰਹ ਨੂੰ ਵੀ ਬਨਾਉਟੀ ਚਿਹਰਿਆਂ ਨਾਲ ਢੱਕ ਲਿਆ ਜਾਂਦਾ ਹੈ। ਉੜੀਸਾ ਵਿਚ ਇਕ ‘ਛਉ ਨਾਚ’ ਹੈ ਜਿਸ ਵਿਚ ਨੱਚਣ ਵਾਲੇ ਆਪਣੇ ਮੂੰਹ ਢਕ ਲੈਂਦੇ ਹਨ। ਆਸਾਮ ਦੇ ਪਹਾੜੀ ਨਾਗਾ-ਲੋਕ ਵੀ ਜਦੋਂ ਨਾਚ ਨੱਚਦੇ ਹਨ ਤਾਂ ਆਪਣੇ ਮੂੰਹ ਵੱਖੋ ਵੱਖ ਰੰਗਾਂ ਨਾਲ ਰੰਗ ਲੈਂਦੇ ਹਨ।
ਪੰਜਾਬ ਵਿਚ ਭਾਵੇਂ ਤੀਵੀਆਂ ਲਈ ਪਰਦਾ ਜ਼ਰੂਰੀ ਨਹੀਂ ਪਰ ਫੇਰ ਵੀ ਇੱਥੇ ਮਰਦ ਅਤੇ ਤੀਵੀਆਂ ਰਲ ਮਿਲ ਕੇ ਨਹੀਂ ਨੱਚਦੇ। ਮਰਦਾਂ ਦੇ ਨਾਚਾਂ ਨੂੰ ਤੀਵੀਆਂ ਵੇਖ ਸਕਦੀਆਂ ਹਨ ਪਰ ਮਰਦਾਂ ਨੂੰ ਤੀਵੀਂਆਂ ਦੇ ਨਾਚ ਵੇਖਣ ਦੀ ਆਗਿਆ ਨਹੀਂ ਹੁੰਦੀ। ਕੇਵਲ ਤੀਆਂ ਦੇ ਦਿਨਾਂ ਵਿਚ ਜਦੋਂ ਕੁੜੀਆਂ ਗਿੱਧਾ ਪਾਉਂਦੀਆਂ ਹਨ, ਪਿੰਡ ਦੇ ਜਵਾਈ ਨੂੰ ਕਦੇ ਕਦੇ ਇਹ ਖੁੱਲ੍ਹ ਦਿੱਤੀ ਜਾਂਦੀ ਹੈ ਕਿ ਉਹ ਤੀਆਂ ਦੇ ਗਿੱਧੇ ਨੂੰ ਵੇਖ ਸਕੇ । ਦੂਜੇ ਸੂਬਿਆਂ ਵਿਚ ਕਈ ਲੋਕ-ਨਾਚ ਅਜਿਹੇ ਹਨ ਜਿਨ੍ਹਾਂ ਵਿਚ ਤੀਵੀਂਆਂ ਤੇ ਮਰਦ ਰਲ ਮਿਲ ਕੇ ਨੱਚਦੇ ਹਨ। ਆਸਾਮ ਦਾ ‘ਖੰਡਾ ਲਿਮ’ ਜਿਹੜਾ ਵਾਢੀ ਦੇ ਸਮੇਂ ਨੱਚਿਆ ਜਾਂਦਾ ਹੈ, ਮਰਦਾਂ ਅਤੇ ਤੀਵੀਂਆਂ ਦਾ ਇਕੱਠਾ ਨਾਚ ਹੈ। ਮਨੀਪੁਰ ਵਿਚ ਮਰਦ ਅਤੇ ਤੀਵੀਂਆਂ ਬੜੀ ਖੁੱਲ੍ਹ ਨਾਲ ਰਲ ਮਿਲ ਕੇ ਨੱਚਦੇ ਹਨ। ਬਿਹਾਰ ਦੇ ਸੰਥਾਲੀ ਮੁੰਡੇ ਤੇ ਕੁੜੀਆ ਵੀ ਰਲ ਮਿਲ ਕੇ ਨੱਚਦੇ ਹਨ। ਇਸੇ ਤਰ੍ਹਾਂ ਮੱਧ-ਪ੍ਰਦੇਸ਼ ਦਾ ‘ਲਕਸ਼ਮੀ ਜਾਗਰ’ ਮਰਦਾਂ ਅਤੇ ਤੀਵੀਂਆਂ ਦਾ ਰਲਵਾਂ ਨਾਚ वै।
ਪੰਜਾਬ ਦੇ ਤਿੰਨ ਭਾਗ
ਭਾਰਤੀ ਪੰਜਾਬ ਨੂੰ ਸੱਭਿਅਤਾ ਅਤੇ ਲੋਕ-ਨਾਚਾਂ ਦੇ ਆਧਾਰ ਤੇ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ :-
1-ਮੈਦਾਨੀ ਇਲਾਕਾ
2-ਪਹਾੜੀ ਇਲਾਕਾ
3-ਹਰਿਆਣੇ ਦਾ ਇਲਾਕਾ ।
ਪੰਜਾਬੀ ਬੋਲੀ ਦੇ ਮੈਦਾਨੀ ਇਲਾਕੇ ਵਿਚ ਦਰਿਆ ਰਾਵੀ ਤੋਂ ਲੈ ਕੇ ਘੱਗਰ ਤੱਕ ਦਾ ਮੈਦਾਨੀ ਇਲਾਕਾ ਆਉਂਦਾ ਹੈ। ਅਸਲ ਵਿਚ ਇਹ ਓਹੀ ਇਲਾਕਾ ਹੈ ਜਿਸ ਨੂੰ ਭਾਰਤੀ ਪੰਜਾਬ ਦਾ ਖ਼ਾਲਸ ਪੰਜਾਬੀ ਬੋਲਦਾ ਇਲਾਕਾ ਕਿਹਾ ਜਾ ਸਕਦਾ ਹੈ। ਇਸ ਧਰਤੀ ਦੇ ਲੋਕ ਭਾਰਤ ਦੇ ਦੂਜੇ ਇਲਾਕੇ ਦੇ ਲੋਕਾਂ ਤੋਂ ਵੱਖ ਪਛਾਣੇ ਜਾਂਦੇ ਹਨ। ਇਨ੍ਹਾਂ ਦੇ ਲੋਕ-ਨਾਚ ਵੀ ਭਾਰਤ ਦੇ ਦੂਜੇ ਇਲਾਕਿਆਂ ਦੇ ਲੋਕ-ਨਾਚਾਂ ਕੋਲੋਂ ਅੱਡਰੇ ਹਨ ।
ਪਹਾੜੀ ਇਲਾਕੇ ਵਿਚ ਕੁੱਲੂ ਅਤੇ ਕਾਂਗੜੇ ਦਾ ਅਤੇ ਕੁਝ ਸ਼ਿਮਲੇ ਦੀਆਂ ਪਹਾੜੀਆਂ ਦਾ ਇਲਾਕਾ ਆਉਂਦਾ ਹੈ। ਇਸ ਇਲਾਕੇ ਤੇ ਪਹਾੜੀ ਹੋਣ ਕਾਰਨ ਬਾਹਰਲੇ ਹਮਲਾਵਰਾਂ ਦੀ ਸੱਭਿਅਤਾ ਦਾ ਅਸਰ ਬੜਾ ਘੱਟ ਪਿਆ । ਇਸ ਦੀ ਸੱਭਿਅਤਾ ਪੁਰਾਤਨ ਰੰਗ ਢੰਗ ਵਿਚ ਹੀ ਚੱਲੀ ਆਉਂਦੀ ਹੈ। ਇਹ ਹੀ ਕਾਰਨ ਹੈ ਕਿ ਇਸ ਦਾ ਮਸ਼ਹੂਰ ‘ਕੁੱਲੂ ਨਾਚ’ ਬਾਕੀ ਭਾਰਤ ਦੇ ਪ੍ਰਦੇਸ਼ਾਂ ਵਾਂਗਰ ਇਕ ਧਾਰਮਕ ਨਾਚ ਹੈ।
ਹਰਿਆਣੇ ਦੇ ਇਲਾਕੇ ਵਿਚ ਘੱਗਰ ਦੇ ਪੂਰਬ ਦਾ ਇਲਾਕਾ ਆਉਂਦਾ ਹੈ। ਇਸ ਇਲਾਕੇ ਦੇ ਲੋਕ-ਨਾਚ ਵੀ ਬਾਕੀ ਪੰਜਾਬ ਦੇ ਲੋਕ-ਨਾਚਾਂ ਕੋਲੋਂ ਵੱਖਰੇ ਹਨ। ਭਾਰਤ ਦੇ ਲੋਕ-ਨਾਚਾਂ ਵਾਂਗ ਇਸ ਇਲਾਕੇ ਦੇ ਲੋਕ-ਨਾਚਾਂ ਵਿਚ ਧਾਰਮਕ ਰੰਗ ਨਹੀਂ ਹੁੰਦਾ।
ਮੈਦਾਨੀ ਇਲਾਕੇ ਦੇ ਲੋਕ-ਨਾਚ
(ੳ) ਗਿੱਧਾ
ਪੰਜਾਬੀ ਬੋਲੀ ਦੇ ਮੈਦਾਨੀ ਇਲਾਕੇ ਦੇ ਲੋਕ-ਨਾਚਾਂ ਵਿਚ ਸਭ ਤੋਂ ਪਹਿਲਾ ਦਰਜਾ ਗਿੱਧੇ ਦਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹ ਲੋਕ-ਨਾਚ ਇਸ ਇਲਾਕੇ ਦਾ ਆਪਣਾ ਅਤੇ ਸਭ ਤੋਂ ਬਹੁਤਾ ਪ੍ਰਚੱਲਿਤ ਨਾਚ ਹੈ, ਜਦ ਕਿ ਦੂਜੇ ਹੋਰ ਨਾਚਾਂ ਦਾ ਸਬੰਧ ਵਧੇਰੇ ਪੱਛਮੀ ਪੰਜਾਬ ਨਾਲ ਹੈ। ਗਿੱਧਾ ਹੈ ਤਾਂ ਸਮੁੱਚੇ ਪੰਜਾਬ ਦਾ ਹੀ ਨਾਚ ਪਰ ਮਾਲਵੇ ਦੇ ਇਲਾਕੇ ਦਾ ਇਹ ਪ੍ਰਧਾਨ ਨਾਚ ਹੈ। ਗਿੱਧੇ ਦੇ ਨੱਚਣ ਨੂੰ ‘ਗਿੱਧਾ ਪਾਉਣਾ’ ਆਖਦੇ ਹਨ। ਗਿੱਧਾ ਭਾਵੇਂ ਹਰ ਸਮੇਂ ਪਾਇਆ ਜਾ ਸਕਦਾ ਹੈ ਪਰ ਹਰ ਖੁਸ਼ੀ ਦੇ ਮੌਕੇ ਉੱਤੇ ਇਸ ਦਾ ਪੈਣਾ ਜ਼ਰੂਰੀ ਹੈ। ਵਿਆਹ ਸ਼ਾਦੀ ਦੇ ਸਮੇਂ ਤਾਂ ਇਸ ਦਾ ਇੰਨਾ ਰਿਵਾਜ ਹੈ ਕਿ ਇਸ ਨੂੰ ਆਮ ਗਿੱਧੇ ਕੋਲੋਂ ਨਿਖੇੜਨ ਲਈ ‘ਵਿਆਹੁਲਾ ਗਿੱਧਾ’ ਆਖਿਆ ਜਾਂਦਾ ਹੈ। ਸਾਵਣ ਦੇ ਮਹੀਨੇ ਵਿਚ ਤੀਵੀਂਆਂ ਗਿੱਧੇ ਨੂੰ ਇਕ ਤਿਉਹਾਰ ਦੇ ਤੌਰ ਤੇ ਮਨਾਉਂਦੀਆ ਹਨ । ਇਸ ਤਿਉਹਾਰ ਨੂੰ ਤੀਆਂ ਜਾਂ ਸਾਵੇਂ ਕਿਹਾ ਜਾਂਦਾ ਹੈ । ਸਾਵੇਂ ਇਸ ਦਾ ਨਾਂ ਇਸ ਲਈ ਪਿਆ ਹੈ ਕਿ ਇਹ ਤਿਉਹਾਰ ਸਾਵਣ ਦੇ ਮਹੀਨੇ ਵਿਚ ਮਨਾਇਆ ਜਾਂਦਾ ਹੈ ਅਤੇ ਤੀਆਂ ਇਸ ਲਈ ਕਿਹਾ ਜਾਂਦਾ ਹੈ ਕਿ ਇਹ ਤਿਉਹਾਰ ਸਾਵਣ ਦੇ ਮਹੀਨੇ ਦੀ ਸੁਦੀ ਤਿੱਥ ਦੀ ਤੀਜੀ ਤਾਰੀਖ਼ ਤੋਂ ਸ਼ੁਰੂ ਹੁੰਦਾ ਹੈ ਅਤੇ ਪੂਰਨਮਾਸ਼ੀ ਤਕ ਰਹਿੰਦਾ ਹੈ। ਇਨ੍ਹਾਂ ਬਾਰਾਂ ਦਿਨਾਂ ਵਿਚ ਤੀਵੀਂਆਂ ਆਪਣੇ ਘਰ ਦੇ ਕੰਮਾਂ ਕਾਜਾਂ ਨੂੰ ਛੇਤੀ ਛੇਤੀ ਸਮੇਟ ਕੇ ਸਾਲਾਨਾ ਛੁੱਟੀ ਮਨਾਉਂਦੀਆਂ ਹਨ। ਇਸ ਤਿਉਹਾਰ ਦੀ ਇੰਨੀ ਮਹੱਤਤਾ ਹੈ ਕਿ ਹਰ ਵਿਆਹੀ ਕੁੜੀ ਇਨ੍ਹਾਂ ਦਿਨਾਂ ਵਿਚ ਪੇਕੇ ਘਰ ਜ਼ਰੂਰ ਆਉਂਦੀ ਹੈ ਅਤੇ ਇਸ ਤਰ੍ਹਾਂ ਇਸ ਮੌਕੇ ਉੱਤੇ ਦੂਰ ਦੁਰਾਡੀਆਂ ਥਾਵਾਂ ਤੇ ਵਿਆਹੀਆਂ ਕੁੜੀਆਂ ਮੁੜ ਮਿਲ ਪੈਂਦੀਆਂ ਹਨ ਤੇ ਮੁੜ ਉਹੋ ਬਚਪਨ ਦੀਆਂ ਗੱਲਾਂ ਅਤੇ ਉਹੋ ਅੱਲ੍ਹੜ ਹਾਸੇ ਤਾਜ਼ਾ ਹੋ ਜਾਂਦੇ ਹਨ।
ਗਿੱਧਾ ਪਾਉਂਦਿਆਂ ਕੇਵਲ ਨੱਚਿਆ ਹੀ ਨਹੀਂ ਜਾਂਦਾ ਸਗੋਂ ਮਨ ਦੇ ਭਾਵਾਂ ਨੂੰ ਖੁੱਲ੍ਹੀ ਤਰ੍ਹਾਂ ਪ੍ਰਗਟ ਕਰਨ ਲਈ ਇਸ ਦੇ ਨਾਲ ਗਾਣਾ ਵੀ ਗਾਇਆ ਜਾਂਦਾ ਹੈ। ਇਨ੍ਹਾਂ ਗਾਣਿਆਂ ਨੂੰ ‘ਬੋਲੀਆਂ’ ਕਹਿੰਦੇ ਹਨ। ਕੁੜੀਆਂ ਆਪਣੇ ਮਨ ਦੇ ਪਿਆਰ-ਉਛਾਲ ਨੂੰ ਜਾਂ ਸਮਾਜੀ ਦਬਾਉ ਹੇਠ ਦੱਬੇ ਹੋਏ ਵਿਚਾਰਾਂ ਨੂੰ ਨਿੱਡਰ ਹੋ ਕੇ ਗਿੱਧੇ ਦੀਆਂ ਬੋਲੀਆਂ ਵਿਚ ਪ੍ਰਗਟ ਕਰਦੀਆਂ ਹਨ। ਇਸ ਸਮੇਂ ਆਪਣੇ ਦਿਲ ਦੋ ਉਬਾਲ ਕੱਢ ਕੇ ਕੁੜੀਆਂ ਆਪਣਾ ਮਨ ਬਿਲਕੁਲ ਹੌਲਾ ਕਰ ਲੈਂਦੀਆਂ ਹਨ।
ਇਹ “ਬੋਲੀਆਂ” ਸਿੱਧੇ ਸਾਦੇ ਸ਼ਬਦਾਂ ਵਿਚ ਮਨ ਦੇ ਡੂੰਘੇ ਵਲਵਲੇ ਦੱਸਦੀਆਂ ਹਨ। ਇਨ੍ਹਾਂ ਦਾ ਸਬੰਧ ਲੋਕਾਂ ਦੇ ਦਿਲਾਂ ਨਾਲ ਇੰਨਾ ਨੇੜੇ ਦਾ ਹੁੰਦਾ ਹੈ ਕਿ ਲੋਕਾਂ ਨੂੰ ਬੋਲੀਆਂ ਤਾਂ ਯਾਦ ਹੁੰਦੀਆਂ ਹਨ ਪਰ ਇਨ੍ਹਾਂ ਦੇ ਰਚਣ ਵਾਲਿਆਂ ਦਾ ਪਤਾ ਨਹੀਂ ਹੁੰਦਾ। ਲੋਕ-ਨਾਚਾਂ ਵਾਂਗ ਇਹ ਬੋਲੀਆਂ ਵੀ ਮਨ ਦੀ ਤਰੰਗ ਜਾਂ ਵਹਿਣ ਹਨ। ਬਹੁਤੀਆਂ ਬੋਲੀਆਂ ਇਕ-ਤੁਕੀਆਂ ਹਨ ਤੇ ਇਸ ਲਈ ਤੁਕਾਂਤ ਦੀਆਂ ਬੰਦਿਸ਼ਾਂ ਤੋਂ ਆਜ਼ਾਦ ਹਨ। ਇਸੇ ਕਾਰਨ ਪਿੰਡ ਦੇ ਅਨਪੜ੍ਹ ਲੋਕੀ ਵੀ ਹੁਲਾਰੇ ਦੇ ਜ਼ੋਰ ਵਿਚ ਆ ਕੇ ਆਪ-ਮੁਹਾਰੇ ਬੋਲੀ ਰਚ ਲੈਂਦੇ ਹਨ। ਕਦੇ ਕਦੇ ਤੋਲ ਅਤੇ ਤੁਕਾਂਤ ਦੇ ਸੁਹੱਪਣ ਦਾ ਸੁਆਦ ਲੈਣ ਲਈ ਬੋਲੀ ਤੋਂ ਪਹਿਲਾਂ ਇਕ ਫ਼ਾਲਤੂ ਜਿਹਾ ਬੋਲ ਰਲਾ ਲੈਂਦੇ ਹਨ ਪਰ ਅਸਲ ਭਾਵ ਇਕ-ਤੁਕੀ ਵਿਚ ਹੀ ਹੁੰਦਾ ਹੈ। ਆਮ ਤੌਰ ਉੱਤੇ ਇਕ-ਤੁਕੀ ਬੋਲੀ ਪਾਉਣ ਸਮੇਂ ਇਸ ਦੇ ਸੁਆਦ ਨੂੰ ਲਮਕਾਉਣ ਲਈ ਪਹਿਲਾਂ ‘ਬੱਲੇ-ਬੱਲੇ’ ਜੋੜ ਲਿਆ ਜਾਂਦਾ ਹੈ। ਜਿਵੇਂ ਹੇਠ ਲਿਖੀ ਇਕ-ਤੁਕੀ ਬੋਲੀ ਜਿਸ ਵਿਚ ਅਥਾਹ ਪਿਆਰ ਨੂੰ ਪ੍ਰਗਟ ਕੀਤਾ ਹੈ, ਇਉਂ ਹੈ :-
ਤੈਨੂੰ ਦੇਖ ਕੇ ਸਬਰ ਨਾ ਆਵੇ,
ਯਾਰਾ ! ਤੇਰਾ ਘੁੱਟ ਭਰ ਲਾਂ
ਇਸ ਬੋਲੀ ਨੂੰ ਪਾਉਣ ਵੇਲੇ ਇਉਂ ਵੀ ਬੋਲਿਆ ਜਾਂਦਾ ਹੈ :
ਬੱਲੇ ਬੱਲੇ, ਭਈ ਯਾਰਾ ! ਤੇਰਾ ਘੁੱਟ ਭਰ ਲਾਂ
ਤੈਨੂੰ ਦੇਖ ਕੇ ਸਬਰ ਨਾ ਆਵੇ .
ਓਇ, ਯਾਰਾ ! ਤੇਰਾ ਘੁੱਟ ਭਰ ਲਾਂ
ਤੇ ਇਸੇ ਬੋਲੀ ਵਿਚ ਰੰਗ ਭਰਨ ਲਈ ਇਸ ਨੂੰ ਕਦੇ ਕਦੇ ਇਉਂ ਵੀ ਗਾਇਆ ਜਾਂਦਾ ਹੈ :
ਬਾਰ੍ਹੀਂ ਬਰਸੀਂ ਖੱਟਣ ਗਿਆ ਸੀ,
ਖੱਟ ਕੇ ਲਿਆਇਆ ਪਾਵੇ, ਯਾਰਾ !
ਤੇਰਾ ਘੁੱਟ ਭਰ ਲਾਂ,
ਤੈਨੂੰ ਦੇਖ ਕੇ ਸਬਰ ਨਾ ਆਵੇ
ਯਾਰਾ ! ਤੇਰਾ ਘੁੱਟ ਭਰ ਲਾਂ ਇਕ-ਤੁਕੀਆ ਬੋਲੀਆਂ ਤੋਂ ਇਲਾਵਾ ਲੰਮੀਆਂ ਬੋਲੀਆਂ ਵੀ ਹੁੰਦੀਆਂ ਹਨ। ਵੰਨਗੀ ਵਜੋਂ ਸਿਰਫ ਇਕ ਬੋਲੀ ਦਿੱਤੀ ਜਾਂਦੀ ਹੈ ਜਿਸ ਵਿਚ ਗਿੱਧੇ ਦੇ ਪਿੜ ਦਾ ਨਜ਼ਾਰਾ ਵਰਣਨ ਕੀਤਾ ਹੋਇਆ ਹੈ:
ਕੱਠੀਆਂ ਹੋ ਕੇ ਆਈਆਂ ਗਿੱਧੇ ਵਿਚ
ਇੱਕੋ ਜਿਹੀਆਂ ਮੁਟਿਆਰਾਂ,
ਚੰਦ ਦੇ ਚਾਨਣੇ ਇਉਂ ਚਮਕਦੀਆਂ
ਜਿਉਂ ਸੋਨੇ ਦੀਆਂ ਤਾਰਾਂ,
ਗਲੀਂ ਉਨ੍ਹਾਂ ਦੇ ਰੇਸ਼ਮੀ ਕੁੜਤੀਆਂ
ਤੇੜ ਨਮੀਆਂ ਸਲਵਾਰਾਂ,
ਕੁੜੀਆਂ ਇਉਂ ਨੱਚਣ
ਜਿਉਂ ਹਿਰਨਾਂ ਦੀਆਂ ਡਾਰਾਂ ।
ਤੀਆਂ ਵਿਚ ਜਿਹੜਾ ਗਿੱਧਾ ਪੈਂਦਾ ਹੈ ਉਹ ਆਮ ਤੌਰ ਤੇ ਪਿੰਡ ਦੇ ਬਾਹਰ ਕਿਸੇ ਵੱਡੇ ਪਿੱਪਲ ਜਾਂ ਬੋਹੜ ਦੇ ਬ੍ਰਿਛ ਹੇਠਾਂ ਕੁੜੀਆਂ ਇਕੱਠੀਆਂ ਹੋ ਕੇ ਪਾਉਂਦੀਆ ਹਨ। ਨੇੜੇ ਨੇੜੇ ਦੇ ਛੋਟੇ ਪਿੰਡਾਂ ਦੀਆਂ ਕੁੜੀਆਂ ਵੀ ਉਥੇ ਆ ਰਲਦੀਆਂ ਹਨ ਪਰ ਸੁਭਾਵਕ ਗਿੱਧਾ ਪਾਉਣ ਲਈ ਕੁੜੀਆਂ ਚੰਨ ਦੀ ਚਾਨਣੀ ਰਾਤ ਵਿਚ ਪਿੰਡ ਦੇ ਅੰਦਰ ਹੀ ਕਿਸੇ ਖੁੱਲ੍ਹੀ ਥਾਵੇਂ ਇਕੱਠੀਆਂ ਹੁੰਦੀਆ ਹਨ। ਗਿੱਧੇ ਲਈ ਕਿਸੇ ਸਾਜ਼ ਦੀ ਲੋੜ ਨਹੀਂ । ਕੁੜੀਆਂ ਤਾੜੀ ਮਾਰ ਕੇ ਹੀ ਤਾਲ ਦਿੰਦੀਆ ਹਨ ਅਤੇ ਨੱਚਣ ਵਾਲੀਆਂ ਉਸੇ ਤਾਲ ਉਤੇ ਨੱਚਦੀਆਂ ਹਨ ਪਰ ਗਿੱਧੇ ਵਿਚ ਢੋਲਕੀ ਜਾਂ ਘੜੇ ਦੀ ਵਰਤੋਂ ਵੀ ਕਰ ਲਈ ਜਾਂਦੀ ਹੈ ।
ਗਿੱਧਾ ਪਾਉਣ ਵੇਲੇ ਕੁੜੀਆਂ ਘੇਰਾ ਘੱਤ ਕੇ ਖਲੋ ਜਾਂਦੀਆ ਹਨ। ਇਨ੍ਹਾਂ ਵਿੱਚੋਂ ਇਕ ਕੁੜੀ ਘੇਰੇ ਅੰਦਰ ਢੋਲਕੀ ਜਾਂ ਘੜਾ ਲੈ ਕੇ ਬਹਿ ਜਾਂਦੀ ਹੈ । ਢੋਲਕੀ ਵੱਜਦੀ ਹੈ ਤਾਂ ਇਕ ਕੁੜੀ ਘੇਰੇਂ ਵਿਚ ਆ ਕੇ ਬੋਲੀ ਪਾਉਂਦੀ ਹੈ । ਬੋਲੀ ਪਾਉਂਦੇ ਸਮੇਂ ਉਹ ਚਾਰੇ ਪਾਸੇ ਘੁੰਮਦੀ ਹੈ ਤਾਂ ਪਿੜ ਵਿਚ ਖਲੋਤੀਆਂ ਸਭ ਕੁੜੀਆਂ ਉਸ ਨੂੰ ਵੇਖ ਸਕਣ । ਜਦ ਉਹ ਬੋਲੀ ਦਾ ਅਖੀਰਲਾ ਟੱਪਾ ਬੋਲਦੀ ਹੈ ਤਾਂ ਸਭ ਪਿੜ ਦੀਆਂ ਕੁੜੀਆਂ ਉਸ ਟੱਪੇ ਨੂੰ ਚੁੱਕ ਲੈਂਦੀਆਂ ਹਨ ਭਾਵ ਇਹ ਕਿ ਸਭ ਕੁੜੀਆਂ ਉਸ ਟੱਪੇ ਨੂੰ ਉੱਚੀ ਉਚੀ ਗਾਉਣ ਲੱਗ ਜਾਂਦੀਆ ਹਨ ਅਤੇ ਆਪਣੇ ਹੱਥਾਂ ਨਾਲ ਤਾੜੀ ਮਾਰ ਕੇ ਤਾਲ ਦਿੰਦੀਆਂ ਹਨ । ਇਸ ਬੋਲੀ ਦੇ ਚੁੱਕਣ ਉਤੇ ਦੋ ਕੁੜੀਆਂ ਘੇਰੇ ਚੋਂ ਅੱਗੇ ਵੱਧ ਕੇ ਨੱਚਣ ਲੱਗ ਜਾਂਦੀਆਂ ਹਨ। ਕਦੇ ਕਦਾਈਂ ਨੱਚਣ ਵਾਲੀਆਂ ਕੁੜੀਆਂ ਬੋਲੀ ਪੈਂਦੇ ਸਮੇਂ ਪਹਿਲਾਂ ਹੀ ਘੇਰੇ ਵਿਚ ਅੱਗੇ ਆ ਜਾਂਦੀਆਂ ਹਨ ਪਰ ਨਾਚ ਉਦੋਂ ਹੀ ਸ਼ੁਰੂ ਹੁੰਦਾ ਹੈ ਜਦੋਂ ਬੋਲੀ ਦਾ ਅਖੀਰਲਾ ਟੱਪਾ ਸਭ ਕੁੜੀਆਂ ਚੁੱਕਦੀਆਂ ਹਨ। ਇਨ੍ਹਾਂ ਨੱਚਣ ਵਾਲੀਆਂ ਕੁੜੀਆਂ ਦੇ ਪੈਰਾਂ ਵਿਚ ਆਮ ਤੌਰ ਤੇ ਉਤੇ ਝਾਂਜਰਾਂ ਪਾਈਆਂ ਹੁੰਦੀਆਂ ਹਨ । ਝਾਂਜਰਾਂ ਦੀ ਮਿੱਠੀ ਝੁਣਕਾਰ ਅਤੇ ਪੈਰਾਂ ਦੀ ਧਮਕ, ਢੋਲਕੀ ਜਾਂ ਘੜੇ ਦੀ ਤਾਲ ਉਤੇ ਰਲਵੀਂ ਤਾਲ ਅਤੇ ਰਲਵੀਂ ਤਾਲ ਵਿਚ ਵੱਜਦੀ ਤਾੜੀ ਇਕ ਸਮਾਂ ਬੰਨ੍ਹ ਦਿੰਦੀ ਹੈ । ਜਦ ਤੱਕ ਪਿੜ ਬੋਲੀ ਚੁੱਕੀ ਰੱਖਦਾ ਹੈ ਤਦ ਤੱਕ ਦੋਵੇਂ ਕੁੜੀਆਂ ਨੱਚਦੀਆਂ ਰਹਿੰਦੀਆਂ ਹਨ। ਜਦੋਂ ਪਿੜ ਬੋਲੀ ਛੱਡਦਾ ਹੈ ਉਦੋਂ ਨੱਚਣਾ ਬੰਦ ਹੋ ਜਾਂਦਾ ਹੈ । ਫਿਰ ਨੱਚਣ ਵਾਲੀਆਂ ਕੁੜੀਆਂ ਘੇਰੇ ਵਿਚ ਆ ਕੇ ਰਲ ਜਾਂਦੀਆ ਹਨ। ਫਿਰ ਕੋਈ ਹੋਰ ਕੁੜੀ ਘੇਰੇ ਵਿਚ ਆ ਕੇ ਨਵੀਂ ਬੋਲੀ ਪਾਉਂਦੀ ਹੈ ਅਤੇ ਉਸ ਤੋਂ ਪਿੱਛੋਂ ਕੋਈ ਹੋਰ ਦੋ ਕੁੜੀਆਂ ਘੇਰੇ ਵਿਚ ਆ ਕੇ ਨੱਚਣ ਲੱਗ ਜਾਂਦੀਆ ਹਨ। ਇਉਂ ਇਹ ਸਿਲਸਿਲਾ ਘੰਟਿਆਂ-ਬੱਧੀ ਚਲਦਾ ਰਹਿੰਦਾ ਹੈ।
ਘੇਰੇ ਅੰਦਰ ਨਾਚ ਕਿਸੇ ਬੱਝੇ ਨਿਯਮ ਅਨੁਸਾਰ ਨਹੀਂ ਹੁੰਦਾ। ਹਰ ਕੁੜੀ ਆਪਣੀ ਮਨ-ਮਰਜ਼ੀ ਦੇ ਢੰਗ ਨਾਲ ਨੱਚਦੀ ਹੈ। ਬੱਸ ਲੋੜ ਹੈ ਤਾਂ ਕੇਵਲ ਇਸ ਗੱਲ ਦੀ ਕਿ ਪੈਰ ਤਾਲ ਤੋਂ ਨਾ ਖੁੰਝੇ। ਤਾਲ ਵੀ ਸਿੱਧੀ ਅੱਧੇ ਕਹਿਰਵੇ ਵਿਚਂ ਯਾਨੀ ਚਾਰ ਮਾਤਰਾ ਦੀ ਹੁੰਦੀ ਹੈ। ਹਰ ਨੱਚਣ ਵਾਲੀ ਕੁੜੀ ਇਸ ਨਾਚ ਵਿਚ ਆਪਣੇ ਸਰੀਰ ਦੀ ਲਚਕ ਦੱਸਦੀ ਹੈ। ਨੱਚਦੇ ਨੱਚਦੇ ਸਰੀਰ ਨੂੰ ਵਲ ਦੇਣਾ, ਬਾਹਾਂ ਨੂੰ ਉਲਾਰ ਕੇ ਹਿਲਾਉਣਾ, ਤਾੜੀ ਮਾਰਦੇ ਹੋਏ ਕੋਡੇ ਹੋ ਕੇ ਨੱਚਣਾ ਅਤੇ ਕਦੇ ਘੁੰਡ ਕੱਢ ਕੇ ਨੱਚਣਾ ਗੱਲ ਕੀ ਜਿਸ ਤਰੰਗ ਵਿਚ ਵੀ ਕੋਈ ਕੁੜੀ ਤਾਲ ਉੱਤੇ ਪੈਰ ਮਾਰੇ ਅਤੇ ਸਰੀਰ ਨੂੰ ਹਲੂਣਾ ਦੇਵੇ ਸਭ ਠੀਕ ਹੈ। ਕਦੇ ਕਦੇ ਨੱਚਦੀਆਂ ਕੁੜੀਆਂ ਤਾਲ ਉਤੇ ‘ਉਈ, ਉਈ ਆਖ ਕੇ ਪੀਪੂ ਬੁਲਾਉਂਦੀਆਂ ਹਨ ਅਤੇ ਕਦੇ ਕਦੇ ਦੋਵੇਂ ਬੁੱਲ੍ਹਾਂ ਨੂੰ ਬੰਦ ਕਰ ਕੇ ਫੂਕ ਮਾਰ ਕੇ ਅਵਾਜ਼ ਕੱਢਦੀਆਂ ਹਨ ਜਿਸ ਨੂੰ ‘ਖਰੂੰਡਾ ਬੁਲਾਉਣਾ’ ਕਹਿੰਦੇ ਹਨ। ਇਹ ਆਵਾਜ਼ਾਂ ਉਸ ਸਮੇਂ ਆਪਣਾ ਹੀ ਰੰਗ ਬੰਨ੍ਹਦੀਆਂ ਹਨ। ਇਹ ਨਾਚ ਇੰਨਾ ਸਰੂਰ-ਭਰਿਆ ਹੁੰਦਾ ਹੈ ਕਿ ਨੱਚਣ ਵਾਲੀਆਂ ਹੀ ਨਹੀਂ ਸਗੋਂ ਪਿੜ ਵਿਚ ਖਲੋਤੀਆਂ ਸਾਰੀਆਂ ਬੁੱਢੀਆਂ ਨੱਢੀਆਂ ਮਸਤ ਹੋ ਜਾਂਦੀਆਂ ਹਨ ਅਤੇ ਜਦੋਂ ਬੋਲੀ ਛੱਡਦੀਆਂ ਹਨ ਉਦੋਂ ਹੀ ਪਤਾ ਲੱਗਦਾ ਹੈ ਕਿ ਉਹ ਧਰਤੀ ਉੱਤੇ ਖਲੋਤੀਆਂ ਹਨ।
ਇਹ ਹੈ ਪੰਜਾਬ ਦੀਆਂ ਮੁਟਿਆਰਾਂ ਦਾ ਸਭ ਤੋਂ ਪਿਆਰਾ ਲੋਕ-ਨਾਚ । ਇਸ ਵਿਚ ਓਨਾ ਹੀ ਜੋਸ਼, ਵਲਵਲਾ, ਤੇਜ਼ੀ ਅਤੇ ਸਾਹਸ ਹੈ ਜਿੰਨਾ ਕਿ ਪੰਜਾਬ ਦੀਆਂ ਤਕੜੀਆਂ ਅਤੇ ਸਿਹਤ ਵਾਲੀਆਂ . ਮੁਟਿਆਰਾਂ ਲਈ ਜ਼ਰੂਰੀ ਹੈ। ਗਿੱਧੇ ਵਿਚ ਇਕ ਪਾਲ ਅੰਦਰ ਖਲੋ ਕੇ ਅਤੇ ਇਕ ਸਾਂਝਾ ਪਿੜ ਬਣਾ ਕੇ ਸਭ ਵਿੱਥਾਂ ਦੂਰ ਕਰ ਦਿੱਤੀਆਂ ਜਾਂਦੀਆਂ ਹਨ। ਦੇਵਿੰਦਰ ਸਤਿਆਰਥੀ ਦੇ ਸ਼ਬਦਾਂ ਅਨੁਸਾਰ, ‘ਜੋ ਥਾਂ ਗੁਜਰਾਤ ਵਿਚ ਗਰਬੇ ਦੀ ਹੈ, ਉਹੀ ਸਾਡੇ ਪੰਜਾਬ ਦੇ ਪਿੰਡਾਂ ਵਿਚ ਗਿੱਧੇ ਦੀ ਹੈ। ਅਸਲ ਵਿਚ ਵੇਖਿਆ ਅਤੇ ਪਰਖਿਆ ਜਾਵੇ ਤਾਂ ਗਿੱਧਾ ਸਮੁੱਚੇ ਪੰਜਾਬ ਦਾ ਰਲਵਾਂ ਨਾਚ ਹੈ। ਇਹ ਸਭ ਵਖੇਵੇਂ ਦੂਰ ਕਰ ਕੇ ਮਨੁੱਖਤਾ ਨੂੰ ਏਕਤਾ ਦਾ ਸਬਕ ਦਿੰਦਾ ਹੈ ।
ਗਿੱਧਾ ਕੇਵਲ ਤੀਵੀਆਂ ਦਾ ਨਾਚ ਹੀ ਨਹੀਂ । ਪੰਜਾਬ ਦੇ ਮਰਦ ਵੀ ਗਿੱਧਾ ਪਾਉਂਦੇ ਹਨ। ਮਰਦਾਂ ਦੇ ਗਿੱਧੇ ਦੀ ਤਕਨੀਕ ਉਹੀ ਹੈ ਜੋ ਤੀਵੀਂਆਂ ਦੇ ਗਿੱਧੇ ਦੀ ਹੈ ਪਰ ਮਰਦਾਂ ਦੇ ਗਿੱਧੇ ਵਿਚ ਨਾਚ ਦਾ ਰੰਗ ਇੰਨਾ ਨਹੀਂ ਹੁੰਦਾ ਜਿੰਨਾ ਕਿ ਤੀਵੀਆਂ ਦੇ ਗਿੱਧੇ ਵਿਚ ਹੈ। ਮਰਦ ਵੀ ਗਿੱਧਾ ਪਾਉਣ ਸਮੇਂ ਓਵੇਂ ਹੀ ਘੇਰੇ ਵਿਚ ਬੋਲੀਆਂ ਪਾਉਂਦੇ ਅਤੇ ਤਾੜੀ ਮਾਰ ਕੇ ਨੱਚਦੇ ਹਨ ਪਰ ਇਨ੍ਹਾਂ ਦਾ ਬਹੁਤਾ ਜ਼ੋਰ ਬੋਲੀ ਉਤੇ ਹੁੰਦਾ ਹੈ। ਤੀਵੀਂਆਂ ਦੇ ਗਿੱਧੇ ਵਿਚ ਤਾਂ ਕੇਵਲ ਢੋਲਕੀ ਵੱਜਦੀ ਹੈ ਪਰ ਮਰਦ ਗਿੱਧੇ ਵਿਚ ਹਰ ਕਿਸਮ ਦੇ ਸਾਜ਼ ਵਰਤੋਂ ਵਿਚ ਲਿਆਉਂਦੇ ਹਨ। ਤੂੰਬਾ, ਕਾਟੋ, ਸੱਪ, ਚਿਮਟਾ, ਇਕਤਾਰਾ, ਨਗੋਜੇ, ਗੱਲ ਕੀ ਜਿਹੜਾ ਵੀ ਸਾਜ਼ ਕਿਸੇ ਕੋਲ ਹੋਵੇ, ਮਰਦਾਂ ਦੇ ਗਿੱਧੇ ਲਈ ਢੁੱਕ ਜਾਂਦਾ ਹੈ ਪਰ ਇਨ੍ਹਾਂ ਸਾਜ਼ਾਂ ਦੇ ਹੁੰਦਿਆਂ ਵੀ ਢੋਲ ਦਾ ਦਰਜਾ ਸਭ ਤੋਂ ਉੱਚਾ ਹੈ। ਅਸਲ ਤਾਲ ਢੋਲਕੀ ਦੀ ਹੁੰਦੀ ਹੈ ਅਤੇ ਬਾਕੀ ਸਾਰੇ ਸਾਜ਼ ਉਸ ਦੀ ਤਾਲ ਨੂੰ ਰੰਗ ਦਿੰਦੇ ਹਨ।
(ਅ) ਭੰਗੜਾ
ਭੰਗੜਾ ਪੰਜਾਬ ਦੇ ਨੌਜਵਾਨਾਂ ਦਾ ਬੜਾ ਹਰਮਨ-ਪਿਆਰਾ ਅਤੇ ਪ੍ਰਸਿੱਧ ਨਾਚ ਹੈ। ਇਹ ਨਾਚ ਪੰਜਾਬੀਆਂ ਦੇ ਸੁਭਾਅ, ਉਨ੍ਹਾਂ ਦੀ ਕਰੜਾਈ ਅਤੇ ਗਠੀਲੇਪਣ ਦੀ ਇਕ ਪ੍ਰਤੱਖ ਤਸਵੀਰ ਹੈ। ਇਹ ਨਾਚ ਅਸਲ ਵਿਚ ਹੈ ਤਾਂ ਪੱਛਮੀ ਪੰਜਾਬ ਦੇ ਜ਼ਿਲ੍ਹੇ ਸ਼ੇਖੂਪੁਰੇ, ਗੁਜਰਾਤ ਅਤੇ ਸਿਆਲਕੋਟ ਦਾ ਪਰ ਜੋਸ਼-ਭਰਿਆ ਹੋਣ ਕਾਰਨ ਸਾਰੇ ਪੰਜਾਬੀਆਂ ਦਾ ਮਨ ਖਿੱਚ ਚੁੱਕਾ ਹੈ। ਇਹ ਨਾਚ ਇੰਨਾ ਕਠਨ ਅਤੇ ਜ਼ੋਰ ਵਾਲਾ ਹੈ ਕਿ ਇਸ ਨੂੰ ਨੱਚਣਾ ਪੰਜਾਬੀਆਂ ਦੀ ਹੀ ਹਿੰਮਤ ਹੈ। ਭਾਰਤ ਦੇ ਹੋਰ ਕਿਸੇ ਇਲਾਕੇ ਦਾ ਲੋਕ-ਨਾਚ ਇਸ ਦੇ ਜੋਸ਼ ਅਤੇ ਜ਼ੋਰ ਦਾ ਮੁਕਾਬਲਾ ਨਹੀਂ ਕਰ ਸਕਦਾ ਸਗੋਂ ਇਹ ਲੋਕ-ਨਾਚ ਜਦ ਪਹਿਲੀ ਵਾਰ 1953 ਵਿਚ ‘ਗਣਰਾਜ ਦਿਵਸ’ ਉਤੇ ਨੱਚਿਆ ਗਿਆ ਤਾਂ ਲੋਕੀ ਦੰਗ ਰਹਿ ਗਏ । ਪੰਜਾਬੀਆਂ ਦੇ ਤਕੜੇ ਅਤੇ ਗਠੀਲੇ ਹੋਣ ਦਾ ਜੋ ਚਰਚਾ ਲੋਕਾਂ ਸੁਣਿਆ ਹੋਇਆ ਸੀ ਉਸ ਦਾ ਪ੍ਰਮਾਣ ਉਨ੍ਹਾਂ ਨੂੰ ਪੰਜਾਬੀਆਂ ਦੇ ਇਸ ਲੋਕ-ਨਾਚ ਵਿੱਚੋਂ ਪ੍ਰਤੱਖ ਮਿਲ ਗਿਆ। ਪੰਜਾਬੀ ਸਦਾ ਹੀ ਇਸ ਨਾਚ ਨੂੰ ਨੱਚ ਕੇ ਆਪਣੇ ਜੋਸ਼, ਤਾਕਤ ਅਤੇ ਸਾਹਸ ਨੂੰ ਦਰਸਾਉਣਾ ਆਪਣਾ ਮਾਣ ਸਮਝਦੇ ਰਹੇ ਹਨ।
(ਇਸ ਨਾਚ ਦਾ ਸਬੰਧ ਕਣਕ ਦੀ ਫਸਲ ਨਾਲ ਹੈ। ਜਦੋਂ ਅਪਰੈਲ ਦੇ ਮਹੀਨੇ ਵਿਚ ਕਿਰਸਾਣ ਕਹਿਰ ਦੀ ਸਰਦੀ ਵਿਚ ਘਾਲੀ ਹੋਈ ਘਾਲ ਦੇ ਸਿੱਟੇ ਵਜੋਂ ਸੁਨਹਿਰੀ ਕਣਕ ਆਪਣੇ ਖੇਤਾਂ ਵਿਚ ਲਹਿਲਹਾਉਂਦੀ ਵੇਖਦਾ ਹੈ ਤਾਂ ਉਸ ਦਾ ਮਨ ਹੁਲਾਰੇ ਵਿਚ ਆ ਜਾਂਦਾ ਹੈ । ਉਸ ਦਾ ਇਹ ਜੋਸ਼, ਖੁਸ਼ੀ ਅਤੇ ਵਲਵਲਾ ਉਸ ਦੇ ਭੰਗੜੇ ਨਾਚ ਵਿਚ ਪ੍ਰਗਟ ਹੁੰਦਾ ਹੈ। ਇਹ ਨਾਚ ਭਾਵੇਂ ਹਰ ਖੁਸ਼ੀ ਦੇ ਸਮੇਂ ਨੱਚਿਆ ਜਾਂਦਾ ਹੈ ਪਰ ਇਸ ਦਾ ਅਤੁੱਟ ਸਬੰਧ ਵਿਸਾਖੀ ਦੇ ਤਿਉਹਾਰ ਨਾਲ ਹੀ ਹੈ। ਪੱਛਮੀ ਪੰਜਾਬ ਵਿਚ ਵਿਸਾਖੀ ਵਾਲੇ ਦਿਨ ਬੜੀ ਸ਼ਾਨ ਨਾਲ ਪਿੰਡਾਂ ਵਾਲਿਆਂ ਦੇ ਮੇਲੇ ਹੁੰਦੇ ਸਨ। ਅਣਗਿਣਤ ਲੋਕ, ਬੱਚੇ, ਬੁੱਢੇ ਅਤੇ ਜਵਾਨ ਆਪਣੀ ਚੰਗੀ ਤੋਂ ਚੰਗੀ ਪੁਸ਼ਾਕ ਪਾ ਕੇ ਆਉਂਦੇ ਅਤੇ ਭੰਗੜਾ ਪਾਉਂਦੇ ਸਨ । ਪੰਜਾਬ ਦੀ ਵੰਡ ਤੋਂ ਪਹਿਲਾਂ ਹਿੰਦੂ, ਸਿੱਖ, ਮੁਸਲਮਾਨ ਸਭ ਰਲ ਕੇ ਇਨ੍ਹਾਂ ਮੇਲਿਆਂ ਵਿਚ ਹਿੱਸਾ ਲੈਂਦੇ ਸਨ । ਉਸ ਇਲਾਕੇ ਤੋਂ ਆਏ ਹੋਏ ਹਿੰਦੂ ਅਤੇ ਸਿੱਖਾਂ ਨੇ ਇਸ ਨਾਚ ਨੂੰ ਮਾਲਵੇ ਵਿਚ ਵੀ ਪ੍ਰਚੱਲਿਤ ਕਰ ਦਿੱਤਾ । ਅੱਜਕੱਲ੍ਹ ਮਰਦਾਂ ਦੇ ਨਾਚ ਵਿਚ ਭੰਗੜਾ ਪ੍ਰਧਾਨ ਹੈ।
ਇਸ ਨਾਚ ਵਿਚ ਓਹੀ ਪੇਂਡੂ ਸਾਜ਼ ਵਰਤੋਂ ਵਿਚ ਲਿਆਏ ਜਾਂਦੇ ਹਨ ਜਿਨ੍ਹਾਂ ਦਾ ਵਰਣਨ ਮਰਦਾਂ ਦੇ ਗਿੱਧੇ ਵਿਚ ਆ ਚੁੱਕਿਆ ਹੈ ਪਰ ਗਿੱਧੇ ਵਾਂਗ ਇਸ ਨਾਚ ਦਾ ਜ਼ਰੂਰੀ ਸਾਜ਼ ਵੀ ਢੋਲ ਹੀ ਹੈ ਅਤੇ ਬਾਕੀ ਸਾਰੇ ਸਾਜ਼ ਉਸ ਦੀ ਤਾਲ ਦਾ ਸਾਥ ਦੇਣ ਲਈ ਹੀ ਹੁੰਦੇ ਹਨ। ਸਭ ਤੋਂ ਪਹਿਲਾਂ ਢੋਲੀ ਅਖਾੜੇ ਵਿਚ ਢੋਲ ਵਜਾਉਣਾ ਸ਼ੁਰੂ ਕਰ ਦਿੰਦਾ ਹੈ। ਢੋਲ ਉੱਤੇ ਜਦੋਂ ਡੱਗਾ ਵੱਜਦਾ ਹੈ ਤਾਂ ਲੋਕੀ ਇਕ ਗੋਲ ਦਾਇਰਾ ਬਣਾ ਕੇ ਇਕੱਠੇ ਹੋ ਜਾਂਦੇ ਹਨ ਅਤੇ ਝੱਟ ਹੀ ਨੱਚਣ ਵਾਲੇ ਢੋਲੀ ਦੇ ਆਲੇ-ਦੁਆਲੇ ਘੇਰਾ ਘੱਤ ਲੈਂਦੇ ਹਨ। ਢੋਲੀ ਦੇ ਇਸ਼ਾਰੇ ਉੱਤੇ ਨਾਚ ਸ਼ੁਰੂ ਹੁੰਦਾ ਹੈ। ਲੋਕ ਮਸਤੀ ਵਿਚ ਆ ਕੇ ਘੇਰੇ ਵਿਚ ਨੱਚਣ ਲੱਗ ਪੈਂਦੇ ਹਨ। ਢੋਲੀ ਦੀ ਤਾਲ ਬਿਲਕੁਲ ਸਿੱਧੀ ਹੁੰਦੀ ਹੈ।
1-2-3 4 5 6-7 8
ਧਿਨ ਧ ਨਾ ਧਿਨ ਤ ਨਾ ਕਤ
ਪਹਿਲਾਂ ਤਾਂ ਇਹ ਤਾਲ ਮੱਠੀ ਮੱਠੀ ਵੱਜਦੀ ਹੈ ਤੇ ਲੋਕੀ ਤਾਲ ਉੱਤੇ ਪੈਰ ਹਿਲਾਉਦੇ, ਸਰੀਰ ਨੂੰ ਹਲੂਣਾ ਦਿੰਦੇ ਅਤੇ ਮੋਢੇ ਮਾਰਦੇ ਹੋਏ ਨੱਚਦੇ ਹਨ। ਕਦੇ ਗੋਡੇ ਅੱਗੇ ਵਧਾ ਸਰੀਰ ਨੂੰ ਨੀਵਾਂ ਕਰ ਕੇ ਤਾਲ ਉਤੇ ਨੱਚਦੇ ਹਨ। ਕਦੇ ਮੁੱਠੀ ਜਿਹੀ ਮੀਚ, ਪਹਿਲੀ ਉਂਗਲੀ ਖੜੀ ਕਰ, ਬਾਹਾਂ ਖਿਲਾਰ ਕੇ ਝਟਕਾ ਦਿੰਦੇ ਹਨ। ਮਸਤੀ ਵਿਚ ਝੂਮਦੇ ਨਚਾਰਾਂ ਦੇ ਸਰੀਰ ਦਾ ਅੰਗ ਅੰਗ ਢੋਲ ਦੀ ਤਾਲ ਉਤੇ ਹਲੋਰੇ ਲੈਣ ਲੱਗ ਪੈਂਦਾ ਹੈ। ਹੌਲੀ ਹੌਲੀ ਢੋਲੀ ਆਪਣੀ ਤਾਲ ਨੂੰ ਤੇਜ਼ ਕਰਦਾ ਹੈ। ਉਸ ਦੇ ਨਾਲ ਹੀ ਨੱਚਣ ਵਾਲੇ ਆਪਣੀਆਂ ਹਰਕਤਾਂ ਵੀ ਤੇਜ਼ ਕਰੀ ਜਾਂਦੇ ਹਨ। ਕੁਝ ਚਿਰ ਪਿੱਛੋਂ ਨੱਚਣ ਵਾਲੇ ਖਲੋ ਜਾਂਦੇ ਹਨ। ਕੋਈ ਮਨਚਲਾ ਜਵਾਨ ਘੇਰੇ ਦੇ ਅੰਦਰ ਆ ਕੇ ਇਕ ਹੱਥ ਕੰਨ ਉੱਤੇ ਰੱਖ ਕੇ ਤੇ ਦੂਜਾ ਹੱਥ ਉੱਚਾ ਚੁੱਕ ਕੇ ਅਨੋਖੇ ਢੰਗ ਨਾਲ ਕੋਈ ਬੋਲੀ ਪਾਉਂਦਾ ਹੈ :-
ਇਹ ਗਭਰੂ ਦੇਸ਼ ਪੰਜਾਬ ਦੇ
ਉੱਡਦੇ ਵਿਚ ਹਵਾ,
ਇਹ ਨੱਚ ਨੱਚ ਭੰਗੜਾ ਪਾਉਂਦੇ
ਤੇ ਦੇਂਦੇ ਧੂੜ ਧੁਮਾ,
ਹੋ ਢੋਲ ਵਾਲਿਆਂ ਜਵਾਨਾ !
ਬੋਲੀ ਨੂੰ ਸਹਾਰਾ ਦੇਣ ਲਈ ਢੋਲੀ ਢੋਲ ਤੇ ਗਿੜਗਿੜਾ ਮਾਰਦਾ ਹੈ।
ਧਧਾ ਧਧਾ ਧਧਾ ਧਿਨ ਧਿਨ
ਜਦੋਂ ਬੋਲੀ ਮੁਕਦੀ ਹੈ ਤਾਂ ਢੋਲੀ ਫੇਰ ਢੋਲ ਉਤੇ ਗਿੜਗਿੜਾ ਮਾਰ ਕੇ ਖ਼ਬਰਦਾਰ ਕਰਦਾ ਹੈ। ਇਸ ਤੋਂ ਪਿੱਛੋਂ ਫੇਰ ਉਹੋ ਨਾਚ ਵਾਲਾ ਤਾਲ ਵੱਜਦਾ ਹੈ ਅਤੇ ਲੋਕ ਨੱਚਣ ਲੱਗ ਪੈਂਦੇ ਹਨ। ਇਸ ਵਾਰ ਤਾਲ ਪਹਿਲਾਂ ਤੋਂ ਰਤਾ ਤੇਜ਼ ਸ਼ੁਰੂ ਹੁੰਦਾ ਹੈ ਅਤੇ ਹੌਲੀ ਹੌਲੀ ਹੋਰ ਤੇਜ਼ ਹੁੰਦਾ ਜਾਂਦਾ ਹੈ । ਇਹ ਸਿਲਸਲਾ ਚਲਦਾ ਰਹਿੰਦਾ ਹੈ। ਜਿਹੜੇ ਲੋਕ ਥੱਕ ਜਾਂਦੇ ਹਨ ਉਹ ਘੇਰੇ ਤੋਂ ਬਾਹਰ ਹੋ ਜਾਂਦੇ . ਹਨ ਅਤੇ ਨਵੇਂ ਲੋਕ ਜੋਸ਼ ਵਿਚ ਆ ਕੇ ਘੇਰੇ ਵਿਚ ਰਲਦੇ ਜਾਂਦੇ ਹਨ। ਨੱਚਣ ਵਾਲਿਆਂ ਦੀ ਗਿਣਤੀ ਦੀ ਕੋਈ ਬੰਦਸ਼ ਨਹੀਂ । ਜਿੰਨੇ ਲੋਕੀਂ ਹੋਰ ਰਲਦੇ ਜਾਂਦੇ ਹਨ ਓਨਾ ਹੀ ਘੇਰਾ ਵੱਡਾ ਹੁੰਦਾ ਜਾਂਦਾ ਹੈ ਅਤੇ ਜੇ ਲੋਕੀਂ ਘੱਟ ਜਾਣ ਤਾਂ ਘੇਰਾ ਛੋਟਾ ਹੋ ਜਾਂਦਾ ਹੈ । ਇਵੇਂ ਹੀ ਬੋਲੀਆਂ ਪੈਂਦੀਆਂ ਰਹਿੰਦੀਆਂ ਅਤੇ ਨਾਚ ਹੁੰਦਾ ਰਹਿੰਦਾ ਹੈ ।
ਇਸ ਨਾਚ ਵਿਚ ਨੱਚਣ ਵਾਲੇ ਲਈ ਕੇਵਲ ਇੱਕੋ ਗੱਲ ਜ਼ਰੂਰੀ ਹੈ ਕਿ ਉਹ ਤਾਲ ਨਾ ਤੋੜੇ ਅਤੇ ਢੋਲ ਦੀ ਤਾਲ ਉਤੇ ਨੱਚਦਾ ਰਹੇ । ਬਾਕੀ ਸਰੀਰ ਦੀਆਂ ਹਰਕਤਾਂ ਜਿਵੇਂ ਮਰਜ਼ੀ ਚਾਹੇ ਕਰੇ । ਕਈ ਵਾਰੀ ਕਈ ਮਨਚਲੇ ਜਵਾਨ ਪਾਲ ਛੱਡ ਕੇ ਘੇਰੇ ਦੇ ਅੰਦਰ ਆ ਜਾਂਦੇ ਹਨ ਅਤੇ ਆਪਣੇ ਸਰੀਰ ਦੀਆਂ ਅਨੋਖੀਆਂ ਹਰਕਤਾਂ ਦਿਖਾ ਕੇ ਵੇਖਣ ਵਾਲਿਆਂ ਅਤੇ ਦੂਜੇ ਨੱਚਣ ਵਾਲਿਆਂ ਦੀ ਪ੍ਰਸੰਸਾ ਲੈਂਦੇ ਹਨ। ਨੱਚਦੇ ਨੱਚਦੇ ਬਹਿ ਕੇ ਇਹ ਟੰਗ ਨੂੰ ਤਾਲ ਸਿਰ ਝਟਕਾ ਦੇ ਕੇ ਖਿਲਾਰਨਾ ਇਸ ਨਾਚ ਦੀ ਸਭ ਤੋਂ ਔਖੀ ਹਰਕਤ ਹੈ ਜਿਹੜੀ ਥੋੜ੍ਹੇ ਜਵਾਨ ਹੀ ਕਰ ਸਕਦੇ ਹਨ। ਕਈ ਵਾਰ ਦੋ ਜਵਾਨ ਘੇਰੇ ਦੇ ਅੰਦਰ ਆਹਮੋ-ਸਾਹਮਣੇ ਇਵੇਂ ਨੱਚਦੇ ਹਨ ਜਿਵੇਂ ਦੋਵੇਂ ਇਕ ਦੂਜੇ ਦਾ ਮੁਕਾਬਲਾ ਕਰ ਰਹੇ ਹੋਣ। ਇਕ ਟੰਗ ਦੇ ਭਾਰ ਨੀਵੇਂ ਹੋ ਕੇ ਆਪਣੇ ਹੱਥਾਂ ਦੀ ਸਾਹਮਣੇ ਵੱਲ ਕੰਘੀ ਪਾ ਕੇ ਹੁਲਾਰੇ ਦਿੰਦੇ ਹਨ। ਨੱਚਣਾ ਇਸ ਨਾਚ ਦੀ ਇਕ ਉਘੀ ਹਰਕਤ ਹੈ। ਕਈ ਵਾਰੀ ਦੋ ਨੱਚਣ ਵਾਲੇ ਇਕ ਦੂਜੇ ਦੇ ਪੈਰ ਵਿਚ ਪੈਰ ਅਟਕਾ, ਇਕ ਇਕ ਪੈਰ ਉੱਤੇ ਚੱਕਰ ਕੱਟਦੇ ਹਨ। ਇਹ ਹੈ ਮਨਚਲੇ ਪੰਜਾਬੀਆਂ ਦਾ ਮਨਚਲਾ ਨਾਚ-ਭੰਗੜਾ ।
ਭੰਗੜਾ ਕੇਵਲ ਨਾਚ ਹੀ ਨਹੀਂ ਸਰੀਰ ਦੀ ਕਸਰਤ ਦਾ ਸਾਧਨ ਵੀ ਹੈ। ਆਮ ਕਸਰਤ ਕਰਦੇ ਸਮੇਂ ਆਦਮੀ ਨੂੰ ਕੇਵਲ ਸਰੀਰ ਦੀ ਤਕੜਾਈ ਦਾ ਹੀ ਖ਼ਿਆਲ ਹੁੰਦਾ ਹੈ ਪਰ ਭੰਗੜਾ ਪਾਉਂਦੇ ਸਮੇਂ ਮਨ ਅਤੇ ਸਰੀਰ ਦੋਹਾਂ ਦੀ ਕਸਰਤ ਹੁੰਦੀ ਹੈ । ਮਨ ਖੁਸ਼ੀ ਨਾਲ ਖਿੜਦਾ ਹੈ ਅਤੇ ਸਰੀਰ ਤਕੜਾ ਹੁੰਦਾ ਹੈ। ਇਹੀ ਨਾਚ ਹੈ ਜਿਹੜਾ ਪੰਜਾਬੀਆਂ ਨੂੰ ਖੁਸ਼-ਰਹਿਣੇ ਅਤੇ ਬਲਵਾਨ ਯੋਧੇ ਬਣੇ ਰਹਿਣ ਵਿਚ ਸਹਾਈ ਹੁੰਦਾ ਹੈ ।
(ੲ) ਝੁੰਮਰ
ਝੁੰਮਰ ਪੱਛਮੀ ਪੰਜਾਬ ਦੇ ਸਾਂਦਲਬਾਰ ਦੇ ਵਸਨੀਕਾਂ ਦਾ ਜਿਨ੍ਹਾਂ ਨੂੰ ਜਾਂਗਲੀ ਕਿਹਾ ਜਾਂਦਾ ਹੈ, ਮਰਦਾਵਾਂ ਨਾਚ ਹੈ। ਇਹ ਇਲਾਕਾ ਰਾਵੀ ਅਤੇ ਝਨਾਂ ਦੇ ਵਿਚਾਲੇ ਹੈ। ਇਸ ਵਿਚ ਲਾਇਲਪੁਰ, ਸ਼ੇਖੂਪੁਰਾ, ਮਿੰਟਗੁਮਰੀ ਅਤੇ ਝੰਗ ਦੇ ਜ਼ਿਲ੍ਹਿਆਂ ਦਾ ਕੁਝ ਇਲਾਕਾ ਆਉਂਦਾ ਹੈ। ਪਹਿਲਾਂ ਇਹ ਇਲਾਕਾ ਬਿਲਕੁਲ ਜੰਗਲ ਸੀ ਪਰ ਜਦੋਂ ਨਹਿਰ ਲੋਅਰ ਚਨਾਬ ਇਸ ਇਲਾਕੇ ਵਿਚ ਆਈ ਤਾਂ ਜੰਗਲ ਕੱਟ ਕੇ ਇੱਥੇ ਨਵੇਂ ਸ਼ਹਿਰ ਆਬਾਦ ਕੀਤੇ ਗਏ ਅਤੇ ਇੱਥੋਂ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੋ ਗਿਆ। ਪਹਿਲਾਂ ਇੱਥੇ ਦੇ ਆਦਿ ਵਾਸੀਆਂ ਦਾ ਕਿੱਤਾ ਮੱਝਾਂ, ਗਾਈਆਂ ਅਤੇ ਊਠਾਂ ਦੇ ਵੱਗ ਅਤੇ ਭੇਡਾਂ, ਬੱਕਰੀਆਂ ਦੇ ਇੱਜੜ ਪਾਲਣਾ ਸੀ। ਵਹੀਰਾਂ ਵਿਚ ਟੁਰਦੀਆਂ ਡਾਚੀਆਂ ਦੀਆਂ ਲੰਮੀਆਂ ਗਰਦਨਾਂ ਦਾ ਹੁਲਾਰ ਤੇ ਉਨ੍ਹਾਂ ਦੇ ਗਲ ਪਈਆ ਟੱਲੀਆਂ ਦੀ ਟੁਣਕਾਰ ਜਾਂਗਲੀਆਂ ਦੇ ਮਨਾਂ ਨੂੰ ਲੈ ਮਈ ਬਣਾ ਦਿੰਦੀ ਸੀ । ਉਹ ਆਪਣੀਆਂ ਬਾਹਾਂ ਉਲਾਰ ਕੇ ਇਸ ਖੁਸ਼ੀ ਭਰੇ ਦ੍ਰਿਸ਼ ਨੂੰ ਆਪਣੇ ਨਾਚ ਵਿਚ ਬੰਨ੍ਹਣ ਦਾ ਯਤਨ ਕਰਦੇ ਹਨ।
ਇਹ ਲੋਕ ਆਪ ਤਾਂ ਨੱਚਦੇ ਹੀ ਹਨ ਆਪਣੇ ਊਠਾਂ ਅਤੇ ਘੋੜਿਆਂ ਉਤੇ ਬਹਿ ਕੇ ਉਨ੍ਹਾਂ ਨੂੰ ਵੀ ਖੁਸ਼ੀ ਵਿਚ ਨਚਾਉਂਦੇ ਹਨ। ਸਾਵਣ ਅਤੇ ਭਾਦੋਂ ਵਿਚ, ਜਦੋਂ ਸਾਰੇ ਜੰਗਲ ਵਿਚ ਹਰਿਆਵਲ ਹੁੰਦੀ ਸੀ ਅਤੇ ਇਨ੍ਹਾਂ ਦੇ ਵੱਗਾਂ ਅਤੇ ਇੱਜੜਾਂ ਲਈ ਘਾਹ ਬੜਾ ਹੁੰਦਾ ਸੀ ਤਾਂ ਇਹ ਲੋਕ ਮੇਲਿਆਂ ਵਿਚ ਇਕੱਠੇ ਹੋ ਕੇ ਆਪਣੇ ਗੁਣਾਂ ਅਤੇ ਆਪਣੇ ਜਨੌਰਾਂ ਦੇ ਗੁਣਾਂ ਦੀ ਨੁਮਾਇਸ਼ ਕਰਦੇ ਸਨ । ਹੁਣ ਜੰਗਲ ਤਾਂ ਨਹੀਂ ਰਹੇ ਪਰ ਮੇਲੇ ਅਜੇ ਵੀ ਲੱਗਦੇ ਹਨ। ਇਨ੍ਹਾਂ ਨੂੰ ਜਾਂਗਲੀ ਕੇਵਲ ਜੰਗਲ ਦੇ ਇਲਾਕੇ ਵਿਚ ਰਹਿਣ ਕਾਰਨ ਆਖਿਆ ਜਾਂਦਾ ਹੈ ਉਂਞ ਇਹ ਲੋਕ ਬੜੇ ਸੁਸ਼ੀਲ ਹਨ।
ਝੁੰਮਰ ਨੂੰ ਕਈ ਲੋਕ “ਬਲੋਚਾਂ ਦਾ ਨਾਚ” ਵੀ ਆਖਦੇ ਹਨ। ਕਾਰਨ ਇਹ ਹੈ ਕਿ ਕਾਫਲਿਆਂ ਵਿਚ ਤੁਰਨ ਵਾਲੇ ਬਲੋਚ ਵੀ ਇਵੇਂ ਹੀ ਝੁੰਮਰ ਪਾਉਂਦੇ ਸਨ । ਝੁੰਮਰ ਅਸਲ ਵਿਚ ਇਕ ਅਜਿਹਾ ਨਾਂ ਹੈ ਜਿਹੜਾ ਭਾਰਤ ਦੇ ਹੋਰ ਇਲਾਕਿਆਂ ਦੇ ਨਾਚਾਂ ਵਿਚ ਭੀ ਮਿਲਦਾ ਹੈ। ਬਿਹਾਰ, ਰਾਜਸਥਾਨ ਅਤੇ ਮੱਧ-ਪ੍ਰਦੇਸ਼ ਵਿਚ ਵੀ ‘ਝੁੰਮਰ’ ਦੇ ਨਾਂ ਦੇ ਲੋਕ-ਨਾਚ ਮਿਲਦੇ ਹਨ ਪਰ ਉਨ੍ਹਾਂ ਦੀ ਤਕਨੀਕ ਪੰਜਾਬ ਦੇ ਝੁੰਮਰ ਕੋਲੋਂ ਵੱਖਰੀ ਹੈ। ਕਈ ਵਾਰੀ ਝੁੰਮਰ ਨੂੰ ‘ਘੁੰਮਰ’ ਵੀ ਆਖ ਦਿੱਤਾ ਜਾਂਦਾ ਹੈ। ਪੰਜਾਬ ਵਿਚ ਝੁੰਮਰ ਨਾਚ ਦਾ ਸਬੰਧ ਸਾਂਦਲ-ਬਾਰ ਦੇ ਇਲਾਕੇ ਨਾਲ ਹੀ ਹੈ । ਉਸ ਇਲਾਕੇ ਤੋਂ ਆ ਕੇ ਭਾਰਤੀ ਪੰਜਾਬ ਵਿਚ ਵੱਸੇ ਲੋਕ ਅਜੇ ਵੀ ਝੁੰਮਰ ਪਾਉਂਦੇ ਹਨ। ਇਹ ਨਾਚ ਵੀ ਪੰਜਾਬ ਦੇ ਦਿਲ ਖਿੱਚਵੇਂ ਨਾਚਾਂ ਵਿੱਚੋਂ ਹੈ ।
ਇਸ ਨਾਚ ਦਾ ਜ਼ਰੂਰੀ ਸਾਜ਼ ਵੀ ਢੋਲ ਹੀ ਹੈ ਅਤੇ ਢੋਲ ਵੀ ਅਜਿਹਾ ਜਿਸ ਦੀ ਆਵਾਜ਼ ਰਾਤ ਦੇ ਟਿਕਵੇਂ ਸਮੇਂ ਵਿਚ ਮੀਲਾਂ ਤੀਕ ਸੁਣਾਈ ਦੇਵੇ । ਝੁੰਮਰ ਲਈ ਢੋਲ ਦੀਆਂ ਤਿੰਨ ਤਾਲਾਂ ਹਨ। ਪਹਿਲੀ ਮੱਠੀ, ਦੂਜੀ ਤੇਜ਼ ਅਤੇ ਤੀਜੀ ਬਹੁਤ ਤੇਜ਼। ਮੱਠੀ ਤਾਲ ਨੂੰ ‘ਝੁੰਮਰ ਦੀ ਤਾਲ’, ਦੂਜੀ ਨੂੰ ‘ਚੀਣਾ ਛੜਨਾ’ ਅਤੇ ਤੀਜੀ ਨੂੰ ‘ਧਮਾਲ’ ਆਖਦੇ ਹਨ । ਝੁੰਮਰ ਦੀ ਤਾਲ ਇਉਂ ਸ਼ੁਰੂ ਹੁੰਦੀ ਹੈ ।
ਧਿਨ ਧਿਨ-ਤਿਨਾਕੇ ਤਾ ਤਾ ਕਿ ਤਨਾਕੇ
ਜਦੋਂ ਕਿਸੇ ਪਿੰਡ ਵਿਚ ਢੋਲ ਵੱਜਦਾ ਹੈ ਤਾਂ ਇਹ ਝੁੰਮਰ ਨਾਚ ਦੀ ਤਿਆਰੀ ਦੀ ਨਿਸ਼ਾਨੀ ਹੈ। ਪਿੰਡ ਦੇ ਮਰਦ, ਤੀਵੀਆਂ ਅਤੇ ਬੱਚੇ ਢੋਲੀ ਕੋਲ ਆ ਕੇ ਘੇਰਾ ਘੱਤ ਕੇ ਖਲੋ ਜਾਂਦੇ ਹਨ। ਘੇਰੇ ਦੇ ਅੱਧੇ ਪਾਸੇ ਮਰਦ ਹੁੰਦੇ ਹਨ ਅਤੇ ਅੱਧੇ ਪਾਸੇ ਤੀਵੀਆਂ ਅਤੇ ਬੱਚੇ। ਜਦੋਂ ਪਿੜ ਬੱਝ ਜਾਂਦਾ ਹੈ ਤਾਂ ਢੋਲ ਵਾਲਾ ਲੋਕਾਂ ਨੂੰ ਇਸ਼ਾਰਾ ਕਰਦਾ ਹੈ ਅਤੇ ਝੁੰਮਰ ਦੀ ਤਾਲ ਵਜਾਉਂਦਾ ਹੈ। ਝੁੰਮਰ ਪਾਉਣ ਵਾਲੇ ਜਵਾਨ ਜਿਨ੍ਹਾਂ ਨੂੰ ਝੁੰਮਰੀ ਆਖਦੇ ਹਨ, ਪਿੜ ਦੇ ਘੇਰੇ ਅੰਦਰ ਢੋਲੀ ਦੇ ਇਰਦ ਗਿਰਦ ਆ ਖਲੋਂਦੇ ਹਨ ਅਤੇ ਨਾਚ ਸ਼ੁਰੂ ਕਰਦੇ ਹਨ। ਪਹਿਲਾਂ ਝੁੰਮਰੀ ਬਾਹਾਂ ਉਪਰ ਕਰ ਕੇ ਖਲੋ ਜਾਂਦੇ ਹਨ। ਫਿਰ ਤਾਲ ਸਿਰ ਖੱਬਾ ਪੈਰ ਅੱਗੇ ਰੱਖ ਬਾਹਾਂ ਨੂੰ ਹੁਲਾਰਾ ਦੇ ਕੇ ਹੱਥਾਂ ਨੂੰ ਹਿਲਾਉਂਦੇ ਹਨ। ਫਿਰ ਸੱਜਾ ਪੈਰ ਅੱਗੇ ਰੱਖ ਕੇ ਉਵੇਂ ਹੀ ਬਾਹਾਂ ਨੂੰ ਅਤੇ ਹੱਥਾਂ ਨੂੰ ਹਿਲਾਉਂਦੇ ਹਨ। ਤੀਜੀ ਵਾਰ ਮੁੱਠੀ ਮੀਚ ਕੇ ਛਾਤੀ ਕੋਲ ਲੈ ਆਉਂਦੇ ਹਨ ਜਾਂ ਇਕ ਹੱਥ ਨੂੰ ਛਾਤੀ ਦੇ ਕੋਲ ਰੱਖ ਅਤੇ ਦੂਜੇ ਨੂੰ ਲੱਕ ਦੇ ਪਿਛਲੇ ਪਾਸੇ ਰੱਖ ਕੇ ਝੁਕਦੇ ਹਨ । ਚੌਥੀ ਵਾਰ ਬਾਹਾਂ ਨੂੰ ਹੇਠਾਂ ਲਟਕਾ ਕੇ ਹੁਲਾਰ ਮਾਰਦੇ ਹੋਏ ਛਾਤੀ ਕੋਲ ਤਾੜੀ ਮਾਰ ਕੇ ਦੋਹਾਂ ਪੈਰਾਂ ਨਾਲ ਤਾਲ ਸਿਰ ਉੱਛਲਦੇ ਹਨ ਅਤੇ ਢੋਲੀ ਦੇ ਸ਼ੁਰੂ ਕਰਨ ਉੱਤੇ ਗੀਤ ਗਾਉਂਦੇ ਹਨ :-
ਮੈਂ ਜੋ ਤੈਨੂੰ ਵੇ ਆਖਿਆ
ਥਲ ਵਿਚ ਬੰਗਲਾ ਪਵਾ ਭਲਾ,
ਨਿੱਕੀਆਂ ਨਿੱਕੀਆਂ ਬਾਰੀਆਂ
ਤੇ ਲੱਗੇ ਪੂਰੇ ਦੀ ਵਾ ਭਲਾ,
ਮੈਂ ਜੋ ਤੈਨੂੰ ਵੇ ਆਖਿਆ
ਥਲ ਵਿਚ ਖੂਹ ਪੁਟਾ ਭਲਾ,
ਡਾਚੀਆਂ ਪਾਣੀ ਪੀ ਗਈਆਂ
ਤੇ ਤੋਤੇ ਕਰਨ ਦੁਆ ਭਲਾ,
ਮੈਂ ਜੋ ਤੈਨੂੰ ਵੇ ਆਖਿਆ
ਥਲ ਵਿਚ ਝੁੱਗੀ ਪਵਾ ਭਲਾ,
ਬਹੂੰ ਤੇ ਬਹੂੰ ਮੋਕਲੀ
ਦੋ ਬੰਦਿਆਂ ਦੀ ਜਾ ਭਲਾ ।
ਕਈ ਵਾਰੀ ਝੁੰਮਰ ਨਾਚ ਨੂੰ ਇਉਂ ਵੀ ਨਚਿਆ ਜਾਂਦਾ ਹੈ ਜਿਵੇਂ ਕਿ ਸਰਦਾਰ ਹਰਜੀਤ ਸਿੰਘ ਆਪਣੀ ਕਿਤਾਬ ‘ਨੈਂ ਝਨਾਂ’ ਵਿਚ ਵਰਣਨ ਕਰਦੇ ਹਨ, “ਪਹਿਲਾਂ ਝੁੰਮਰੀ ਹੱਥ ਹੇਠਾਂ ਤੋਂ ਚੁੱਕ ਕੇ ਦੋ ਵਾਰ ਛਾਤੀ ਅਗੇ ਮੁੱਠੀਆਂ ਜਿਹੀਆਂ ਮੀਟ ਕੇ ਮਟਕਾਉਂਦੇ ਹਨ। ਫੇਰ ਦੋਵੇਂ ਬਾਹਾਂ ਸਿਰ ਤੋਂ ਉਤਾਂਹ ਕੱਢ ਕੇ ਇਕ ਵੇਰ ਲਹਿਰਾਉਣ ਪਿੱਛੋਂ ਮੁੜ ਹੱਥ ਛਾਤੀ ਉਤੇ ਵਾਪਸ ਲਿਆ ਕੇ ਪਹਿਲਾਂ ਦੀ ਤਰ੍ਹਾਂ ਕੇਵਲ ਇਕ ਵੇਰ ਮਟਕਾਉਂਦੇ ਹਨ। ਹੱਥ ਮਟਕਾਉਣ ਪਿੱਛੋਂ ਬਾਹਾਂ ਫੇਰ ਆਪਣੇ ਅਸਲੀ ਟਿਕਾਣੇ ਉਤੇ ਹੀ ਸੁੱਟ ਦਿੱਤੀਆਂ ਜਾਂਦੀਆਂ ਹਨ ਅਤੇ ਬਾਰ ਬਾਰ ਇਸੇ ਤਰ੍ਹਾਂ ਕਰਦੇ ਹੋਏ ਨੱਚਦੇ ਰਹਿੰਦੇ ਹਨ।”
ਮਠੀ ਤਾਲ ਦੇ ਥੋੜ੍ਹੇ ਚਿਰ ਪਿੱਛੋਂ ਜਦੋਂ ਝੁੰਮਰੀ ਮਸਤੀ ਵਿਚ ਆ ਜਾਂਦੇ ਹਨ ਤਾਂ ਢੋਲੀ ਤਾਲ ਤੇਜ਼ ਕਰਦਾ ਹੈ । ਝੁੰਮਰੀ ਵੀ ਆਪਣੇ ਨਾਚ ਵਿਚ ਤੇਜ਼ੀ ਲਿਆਉਂਦੇ ਹਨ। ਥੋੜ੍ਹੇ ਚਿਰ ਪਿੱਛੋਂ ਤਾਲ ਬਦਲਦੀ ਹੈ ਅਤੇ ਚੀਣਾ ਛੜੀਣਾ ਸ਼ੁਰੂ ਹੁੰਦਾ ਹੈ :-
ਤਾ ਕਿ ਤਾ ਧਿਨ ਤਾ ਕਿਤਾ-
ਇਸ ਤਾਲ ਤੇ ਝੁੰਮਰੀ ਦੋਵੇਂ ਮੁੱਠੀਆਂ ਮੀਚ ਛਾਤੀ ਅਗੇ ਰੱਖ ਕੇ ਵਾਰੋ ਵਾਰੀ ਹੇਠਾਂ ਵੱਲ ਝਟਕਾ ਮਾਰਦੇ ਹਨ, ਜਿਵੇਂ ਸੋਟੇ ਨੂੰ ਉੱਖਲੀ ਵਿਚ ਮਾਰਦੇ ਹੋਣ ਅਤੇ ਫੇਰ ਇਕ ਲੱਤ ਨੂੰ ਹੁਲਾਰਾ ਦੇ ਕੇ, ਘੁੰਮ ਕੇ, ਪਿਛਲੇ ਪਾਸੇ ਵੱਲ ਮੂੰਹ ਕਰ ਕੇ ਉਵੇਂ ਹੀ ਮੁੱਠੀਆਂ ਮੀਚ ਝਟਕਾ ਮਾਰਦੇ ਹਨ ਅਤੇ ਇਹ ਗਾਣਾ ਗਾਉਂਦੇ ਹਨ :-
ਚੀਣਾ ਅਈਂ ਛਣੀਂਦਾ ਹੋ
ਚੀਣਾ ਅਈਂ ਛੜੀਂਦਾ ਯਾਰ,
ਮੋਹਲਾ ਅਈਂ ਮਰੀਂਦਾ ਹੋ
ਮੋਹਲਾ ਅਈਂ ਮਰੀਂਦਾ ਯਾਰ।
ਇਹ ਤੇਜ਼ੀ ਦੀ ਤਾਲ ਬੜੀ ਕਠਨ ਅਤੇ ਕਰੜੀ ਹੈ। ਗੱਭਰੂ ਵੀ ਛੇਤੀ ਹੀ ਥੱਕ ਜਾਂਦੇ ਹਨ। ਹਰ ਜਵਾਨ ਦਾ ਮਾਣ ਇਸ ਨਾਚ ਨੂੰ ਬਹੁਤੀ ਦੇਰ ਤੱਕ ਨੱਚਣ ਵਿਚ ਹੁੰਦਾ ਹੈ । ਪਰ ਤੀਜੀ ਤਾਲ ਸਭ ਤੋਂ ਤੇਜ਼ ਤਾਲ ਹੈ ਤੇ ਇਸ ਨੂੰ ਭੰਗੜੇ ਦਾ ਹੀ ਦੂਜਾ ਰੂਪ ਕਿਹਾ ਜਾ ਸਕਦਾ ਹੈ। ਇਸ ਵੇਲੇ ਵਿਰਲੇ ਜਵਾਨ ਹੀ ਪਿੜ ਵਿਚ ਰਹਿ ਜਾਂਦੇ ਹਨ ਤੇ ਉਹ ਪੂਰੀ ਤੇਜ਼ੀ ਨਾਲ ਢੋਲੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਨੱਚਦੇ ਹਨ। ਇਸ ਤਾਲ ਦੀਆਂ ਹਰਕਤਾਂ ਹਨ ਤੇ ਸਿੱਧੀਆਂ-ਸਾਦੀਆਂ ਪਰ ਇਹ ਬੜੀ ਤੇਜ਼ੀ ਨਾਲ ਕੀਤੀਆਂ ਜਾਂਦੀਆਂ ਹਨ । ਨੱਚਣ ਵਾਲੇ ਇਕ ਕਦਮ ਅੱਗੇ ਰੱਖਦੇ, ਇਕ ਨਿੱਕਾ ਕਦਮ ਪਿੱਛੇ ਹਟਾ ਕੇ ਫਿਰ ਕਦਮ ਅੱਗੇ ਵਧਾਉਂਦੇ ਅਤੇ ਤਾਲ ਸਿਰ ਤੇਜ਼ੀ ਨਾਲ ਪੈਰ ਮਿਲਾਉਂਦੇ ਚਲਦੇ ਹਨ।
ਇਸ ਤਾਲ ਵਿਚ ਕਈ ਵਾਰੀ, ਝੁੰਮਰੀ ਗਾਣੇ ਦੀ ਥਾਂ “ਛੂਹ, ਛੂਹ” ਦੀ ਆਵਾਜ਼ ਤਾਲ ਉਤੇ ਕੱਢਦੇ ਹਨ ਜਿਸ ਨੂੰ ‘ਫੁੰਮਣੀਆਂ ਕੱਢਣਾ’ ਆਖਦੇ ਹਨ ਤੇ ਕਦੇ ਕੂੰਜਾਂ ਵਾਂਗੂੰ ‘ਕੁਰਰ, ਕੁਰਰ’ ਦੀ ਆਵਾਜ਼ ਵੀ ਕਢਦੇ ਹਨ। ਇਹ ਆਵਾਜ਼ਾਂ ਨਾਚ ਵਿਚ ਨਵਾਂ ਰੰਗ ਪੈਦਾ ਕਰਦੀਆਂ ਹਨ।
ਭੰਗੜੇ ਵਾਂਗ ਇਸ ਨਾਚ ਵਿਚ ਜਿੰਨੇ ਲੋਕ ਚਾਹੁਣ ਮਿਲ ਕੇ ਨੱਚ ਸਕਦੇ ਹਨ ਅਤੇ ਜਿਹੜਾ ਝੁੰਮਰੀ ਥੱਕ ਜਾਂਦਾ ਹੈ ਉਹ ਪਿੜ ਵਿਚ ਬੈਠੇ ਲੋਕਾਂ ਵਿਚ ਜਾ ਰਲਦਾ ਹੈ ਅਤੇ ਜਿਸ ਕਿਸੇ ਦਾ ਜੀ ਕਰੇ ਉਠ ਕੇ ਝੁੰਮਰੀਆਂ ਵਿਚ ਰਲ ਜਾਂਦਾ ਹੈ। ਇਸੇ ਝੁੰਮਰ ਨਾਚ ਦਾ ਦੂਜਾ ਨਾਂ ਧਰੀਸ ਵੀ ਹੈ।
(ਸ) ਸੰਮੀ
ਸੰਮੀ ਤੀਵੀਆਂ ਦਾ ਨਾਚ ਹੈ ਤੇ ਇਸ ਦਾ ਸਬੰਧ ਵੀ ਸਾਂਦਲਬਾਰ ਦੇ ਇਲਾਕੇ ਨਾਲ ਹੈ । ਝਨਾਂ ਤੋਂ ਪਾਰਲੇ ਇਲਾਕੇ ਦੀਆਂ ਤੀਵੀਂਆਂ ਵੀ ਇਸ ਨਾਚ ਨੂੰ ਨੱਚਦੀਆਂ ਹਨ। ਚਾਨਣੀਆਂ ਰਾਤਾਂ ਵਿਚ ਜਦੋਂ ਕੁੜੀਆਂ ਇਕੱਠੀਆਂ ਹੋ ਕੇ ਸੰਮੀ ਪਾਉਂਦੀਆਂ ਹਨ ਤਾਂ ਉਨ੍ਹਾਂ ਦੀਆਂ ਬਾਹਾਂ ਦੇ ਉਲਾਰ ਤੇ ਚੂੜੀਆਂ ਦੀ ਛਣਕਾਰ ਅਤੇ ਪੈਰਾਂ ਦੀ ਧਮਕ ਤੇ ਝਾਂਜਰਾਂ ਦੀ ਝੁਣਕਾਰ ਨਾਲ ਇਕ ਸਮਾਂ ਬੱਝ ਜਾਂਦਾ ਹੈ। ਇਸ ਨਾਚ ਦੀ ਤਾਲ ਵਿਚ ਗਾਇਆ ਜਾ ਰਿਹਾ ਗਾਣਾ ਇਕ ਮਸਤੀ ਜਿਹੀ ਲਿਆ ਦਿੰਦਾ ਹੈ।
ਇਸ ਨਾਚ ਦਾ ਨਾਂ ਇਕ ਕੁੜੀ ਦੇ ਨਾਂ ਉੱਤੇ ਪਿਆ ਹੈ ਜਿਸ ਨੂੰ ਉਸ ਦਾ ਮਾਹੀ ਛੱਡ ਗਿਆ ਸੀ। ਉਹ ਆਪਣੇ ਮਾਹੀ ਦੀ ਯਾਦ ਵਿਚ ਮਸਤ ਹੋ ਕੇ ਨੱਚਿਆ ਤੇ ਗਾਇਆ ਕਰਦੀ ਸੀ। ਇਹ ਨਿਸਚੇ ਨਹੀਂ ਹੋ ਸਕਿਆ ਕਿ ਇਸ ਦਾ ਮਾਹੀ, ਜਿਸ ਨੂੰ ‘ਢੋਲ’ ਕਿਹਾ ਜਾਂਦਾ ਹੇ ਅਤੇ ਜਿਸ ਦੇ ਨਾਂ ਉੱਤੇ ਢੋਲੇ ਦੇ ਗੀਤ ਸ਼ੁਰੂ ਹੋਏ, ਕਿੱਥੋਂ ਦਾ ਰਹਿਣ ਵਾਲਾ ਸੀ । ਕਈਆਂ ਦਾ ਵਿਚਾਰ ਹੈ ਕਿ ਢੋਲ ਦਾ ਅਸਲੀ ਨਾ ‘ਸਨੇਹ ਕੁਮਾਰ’ ਸੀ ਅਤੇ ਉਹ ਰਾਜਸਥਾਨ ਦੇ ਰਾਜੇ ਨਲ ਦਾ ਪੁੱਤਰ ਸੀ। ਉਸ ਦਾ ਪਿਆਰ ਮਾਰਵਾੜ ਦੀ ਰਾਜਕੁਮਾਰੀ ਮਾਰੂ ਜਾਂ ਮਾਰੁਵਾਣੀ ਨਾਲ ਹੋ ਗਿਆ। ਇਹੀ ਕਹਾਣੀ ਪੰਜਾਬ ਵਿਚ ਆ.ਕੇ ਢੋਲ ਅਤੇ ਸੰਮੀ ਦਾ ਕਿੱਸਾ ਬਣ ਗਈ । ਕਈ ਲੋਕ ਢੋਲ ਅਤੇ ਸੰਮੀ ਦੋਹਾਂ ਨੂੰ ਪੰਜਾਬ ਦੇ ਰਹਿਣ ਵਾਲੇ ਹੀ ਆਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੱਛਮੀ ਪੰਜਾਬ ਦੀ ਲੋਕ-ਕਹਾਣੀ ‘ਢੋਲ ਸ਼ੰਮਸ’ ਵਿਗੜ ਕੇ ਢੋਲ ਅਤੇ ਸੰਮੀ ਬਣ ਗਈ ਹੈ । ਸੰਮੀ ਗੜ੍ਹ ਮੰਡਿਆਲੇ ਦੇ ਰਈਸ ਦੀ ਧੀ ਸੀ ਅਤੇ ਢੋਲ ਨੇੜੇ ਦੇ ਕਿਸੇ ਰਈਸ ਦਾ ਪੁੱਤਰ । ਢੋਲ ਸ਼ਿਕਾਰ ਖੇਡਦਾ ਸੰਮੀ ਦੇ ਬਾਗ਼ ਵਿਚ ਆ ਗਿਆ ਅਤੇ ਪਿਆਰ ਦਾ ਸ਼ਿਕਾਰ ਹੋ ਉਥੇ ਹੀ ਰਹਿਣ ਲੱਗ ਪਿਆ। ਜਦੋਂ ਉਸ ਦੇ ਇਲਾਕੇ ਵਿਚ ਬਗਾਵਤ ਹੋ ਗਈ ਤਾਂ ਉਹ ਸੰਮੀ ਨੂੰ ਛੱਡ ਕੇ ਟੁਰ ਗਿਆ ਅਤੇ ਸੰਮੀ ਉਸਦੀ ਯਾਦ ਵਿਚ ਮਸਤਾਨੀ ਹੋ ਨੱਚਦੀ ਤੇ ਗਾਉਂਦੀ ਰਹੀ।
ਸੰਮੀ ਨੱਚਣ ਵੇਲੇ ਹੋਰ ਲੋਕ-ਨਾਚਾਂ ਵਾਂਗ ਕੁੜੀਆ ਘੇਰੇ ਵਿਚ ਖਲੋ ਜਾਂਦੀਆਂ ਹਨ ਅਤੇ ਬਾਹਾਂ ਵਿਚ ਬਾਹਾਂ ਪਾ ਕੇ ਇਕ ਪੈਰ ਦੀ ਧਮਕ ਨਾਲ ਤਾਲ ਦਿੰਦੀਆਂ ਅਤੇ ਗਾਣਾ ਗਾਉਂਦੀਆਂ ਚੱਕਰ ਵਿਚ ਚੱਲਣ ਲੱਗ ਪੈਂਦੀਆਂ ਹਨ। ਕੁਝ ਚਿਰ ਪਿੱਛੋਂ ਸਭ ਕੁੜੀਆਂ ਬਾਹਾਂ ਛੱਡ ਕੇ ਇਨ੍ਹਾਂ ਨੂੰ ਉਂਪਰ ਵੱਲ ਉਲਾਰ ਕੇ ਚੁਟਕੀਆਂ ਮਾਰਦੀਆਂ ਹਨ ਅਤੇ ਫਿਰ ਛਾਤੀ ਕੋਲ ਲਿਆ ਕੇ ਤਾੜੀ ਮਾਰਦੀਆ ਹਨ। ਥੋੜ੍ਹੇ ਚਿਰ ਪਿੱਛੋਂ ਇਹ ਹਰਕਤ ਬਦਲਦੀ ਹੈ ਅਤੇ ਘੇਰੇ ਦੇ ਅੰਦਰਲੇ ਪਾਸੇ ਹੱਥ ਕਰ ਕੇ, ਝੁਕ ਕੇ, ਤਾੜੀ ਮਾਰਦੀਆਂ ਹਨ। ਫਿਰ ਇਕ ਬਾਂਹ ਉੱਪਰ ਉਲਾਰ ਕੇ ਤੇ ਦੂਜੀ ਹੇਠਾਂ ਵਲ ਲਮਕਾ ਕੇ ਉਹ ਚੁਟਕੀਆਂ ਮਾਰਦੀਆਂ ਹਨ ਅਤੇ ਫੇਰ ਹੇਠਲੀ ਬਾਂਹ ਉਪਰ ਵੱਲ ਉਲਾਰ ਕੇ ਅਤੇ ਉਪਰ ਵਾਲੀ ਬਾਂਹ ਹੇਠਾਂ ਵੱਲ ਲਮਕਾ ਕੇ ਚੁਟਕੀਆਂ ਮਾਰਦੀਆਂ ਹਨ। ਇਸ ਤੋਂ ਪਿੱਛੋਂ ਘੇਰੇ ਵੱਲ ਝੁਕ ਕੇ ਤਾੜੀਆਂ ਮਾਰਦੀਆਂ ਅਤੇ ਮੁੜ ਮੁੜ ਇਵੇਂ ਕਰਦੀਆਂ ਨੱਚਦੀਆਂ ਰਹਿੰਦੀਆਂ ਹਨ । ਕਈ ਵਾਰ ਚੁਟਕੀਆਂ ਦੋ ਦੀ ਥਾਂ ਤਿੰਨ ਵਾਰ ਵਜਾਉਂਦੀਆਂ ਹਨ। ਤੀਜੀ ਚੁਟਕੀ ਦੋਵੇਂ ਹੱਥ ਪਿੱਛੇ ਕਰ ਕੇ ਅਤੇ ਰਤਾ ਪਿੱਛੇ ਹਟ ਕੇ ਮਾਰਦੀਆਂ ਹਨ। ਚੌਥੀ ਵਾਰੀ ਅੱਗੇ ਵੱਧ ਕੇ ਮੁੜ ਓਵੇਂ ਹੀ ਚੱਕਰ ਵੱਲ ਝੁਕ ਕੇ ਤਾੜੀ ਮਾਰਦੀਆ ਹਨ। ਹੌਲੀ ਹੌਲੀ ਇਸ ਤਾਲ ਵਿਚ ਤੇਜੀ ਆਉਂਦੀ ਹੈ । ਨੱਚਣ ਵਾਲੀਆਂ ਇਕ ਪੈਰ ਦੀ ਧਮਕ ਦੀ ਥਾਂ ਦੋਹਾਂ ਪੈਰਾਂ ਨਾਲ ਉੱਛਲ ਕੇ ਧਮਕ ਦਿੰਦੀਆਂ ਹਨ। ਇਸ ਵੇਲੇ ਇਵੇਂ ਵਿਖਾਈ ਦਿੰਦਾ ਹੈ ਜਿਵੇਂ ਕੋਈ ਪਿਆਰ ਦੀ ਉਮੰਗ ਨੱਚਣ ਵਾਲੀਆਂ ਨੂੰ ਆਪ-ਮੁਹਾਰੇ ਉਛਾਲਾ ਦੇ ਰਹੀ ਹੈ। ਅੰਤ ਵਿਚ ਬਹੁਤੀ ਤੇਜ਼ੀ ਹੋਣ ਕਾਰਨ ਅਤੇ ਨੱਚਣ ਵਾਲੀਆਂ ਦੇ ਥੱਕ ਜਾਣ ਕਾਰਨ ਤਾਲ ਟੁੱਟ ਜਾਂਦੀ ਹੈ ਅਤੇ ਨਾਚ ਬੰਦ ਹੋ ਜਾਂਦਾ ਹੈ । ਹਿੰਮਤ ਵਾਲੀਆਂ ਥੋੜ੍ਹੇ ਚਿਰ ਪਿੱਛੋਂ ਮੁੜ ਉਠ ਕੇ ਨੱਚਣ ਲਈ ਤਿਆਰ ਹੋ ਜਾਂਦੀਆਂ ਹਨ ਅਤੇ ਜਿਨ੍ਹਾਂ ਵਿਚ ਸਾਹਸ ਨਹੀਂ ਰਹਿੰਦਾ ਉਨ੍ਹਾਂ ਦੀ ਥਾਂ ਹੋਰ ਮੱਲ
ਲੈਂਦੀਆਂ ਹਨ। ਇਸੇ ਸੰਮੀ ਨਾਚ ਦਾ ਦੂਜਾ ਰੂਪ ‘ਸਲਾਮ ਸੰਮੀ’ ਹੈ। ਇਸ ਨਾਚ ਵਿਚ ਨਾਚੀਆਂ ਦੋ ਚੁਟਕੀਆਂ ਮਾਰਨ ਦੀ ਥਾਂ ਦੋਹਾਂ ਹੱਥਾਂ ਨੂੰ ਮੱਥੇ ਦੇ ਦੋਹਾਂ ਪਾਸਿਆਂ ਤੇ ਟਿਕਾ ਕੇ ਲੱਕ ਨੂੰ ਘੇਰੇ ਵੱਲ ਤੇ ਫਿਰ ਬਾਹਰ ਵੱਲ ਲਚਕਾ ਕੇ ਮੁੜ ਤੀਜੀ ਤਾਲ ਤੇ ਤਾੜੀ ਮਾਰਦੀਆਂ ਹਨ। ਇਹ ਨਾਚ ਘੱਟ ਕੁੜੀਆ ਹੀ ਕਰ ਸਕਦੀਆ ਹਨ ਕਿਉਂਕਿ ਚੁਟਕੀ ਦੀ ਤਾਲ ਦਾ ਸਹਾਰਾ ਨਾ ਹੋਣ ਕਾਰਨ ਤਾਲ ਦੇ ਅੰਦਰ ਰਹਿਣਾ ਔਖਾ ਹੋ ਜਾਂਦਾ ਹੈ। ਕੁੜੀਆਂ ਇਸ ਨਾਚ ਵਿਚ ਠੀਕ ਨੱਚਣ ਨੂੰ ਵੱਡਾ ਮਾਣ ਸਮਝਦੀਆਂ ਹਨ । ਕਦੇ ਕਦੇ ਸਲਾਮ ਕਰਦੇ ਸਮੇਂ ਇਕ ਹੱਥ ਲੱਕ ਉਤੇ ਅਤੇ ਦੂਜਾ ਮੱਥੇ ਕੋਲ ਲਿਆਉਂਦੀਆਂ ਹਨ ਅਤੇ ਫੇਰ ਹੱਥ ਬਦਲ ਕੇ ਇਕ ਲੱਕ ਉਤੇ ਇਕ ਮੱਥੇ ਕੋਲ ਲਿਆਉਂਦੀਆਂ ਹਨ। ਤੀਜੀ ਵਾਰ ਮੁੜ ਓਵੇਂ ਹੀ ਤਾੜੀ ਮਾਰਦੀਆਂ ਹਨ।
ਇਸ ਨਾਚ ਲਈ ਕਿਸੇ ਸਾਜ਼ ਦੀ ਵੀ ਲੋੜ ਨਹੀਂ । ਢੋਲਕੀ ਵੀ, ਜਿਹੜੀ ਕਿ ਪਿੰਡਾਂ ਦਾ ਆਮ ਸਾਜ਼ ਹੈ, ਕਈ ਵਾਰੀ ਨਹੀਂ ਵਜਾਈ ਜਾਂਦੀ। ਤਾਲ ਦਾ ਹਿਸਾਬ ਕੇਵਲ ਤਾੜੀ ਅਤੇ ਚੁਟਕੀ ਨਾਲ ਹੀ ਰੱਖਿਆ ਜਾਂਦਾ ਹੈ।
ਸੰਮੀ ਦੇ ਲੋਕ-ਗੀਤ ਵਿਚ ਵੀ ਅਰਥ ਇੱਕੋ ਤੁਕ ਵਿਚ ਹੀ ਹੁੰਦਾ ਹੈ ਜਿਸ ਨੂੰ ਅੰਤਰਾ (ਉਚੀ ਸੁਰ) ਆਖ ਸਕਦੇ ਹਾਂ ਅਤੇ ਅਸਥਾਈ (ਨੀਵੀਂ ਸੁਰ) ਆਮ ਤੌਰ ਉਤੇ ‘ਸੰਮੀ ਮੇਰੀ ਵਣ’ ਹੁੰਦੀ ਹੈ। ‘ਵਣ’ ਜਾਂਗਲੀ ਬੋਲੀ ਵਿਚ ਕੁੜੀ ਨੂੰ ਆਖਦੇ ਹਨ। ਸੰਮੀ ਨੱਚਣ ਵੇਲੇ ਗਾਏ ਜਾਣ ਵਾਲੇ ਗੀਤ ਦੇ ਕੁਝ ਬੋਲ ਇਹ ਹਨ :-
ਸੰਮੀ ਮੇਰੀ ਵਣ, ਉਠ ਲੱਦੇ ਕਚੂਰ ਦੇ, ਸੰਮੀਆਂ।
ਸੰਮੀ ਮੇਰੀ ਵਣ, ਭਾੜੀ ਭਾੜੇ ਕਰਨ ਦੂਰ ਦੇ, ਸੰਮੀਆਂ।
ਸੰਮੀ ਮੇਰੀ ਵਣ, ਲੱਦੀ ਤਾਂ ਜਾਂਦੇ ਝੰਗ, ਵਣ ਸੰਮੀਆਂ ।
ਸੰਮੀ ਮੇਰੀ ਵਣ, ਝੰਗ ਨੂੰ ਲਗੜਾ ਰੰਗ, ਵਣ ਸੰਮੀਆਂ ।
(ਹ) ਕਿੱਕਲੀ
ਕਿੱਕਲੀ ਅਸਲ ਵਿਚ ਨਿੱਕੀਆਂ ਕੁੜੀਆਂ ਦਾ ਨਾਚ ਹੈ । ਕਦੇ ਕਦੇ ਨਿੱਕੇ ਨਿੱਕੇ ਮੁੰਡੇ ਤੇ ਕੁੜੀਆਂ ਰਲ ਕੇ ਵੀ ਕਿੱਕਲੀ ਪਾ ਲੈਂਦੇ ਹਨ। ਨਿੱਕੀਆਂ ਨਿੱਕੀਆਂ ਬੱਚੀਆਂ ਖੁੱਦੋ ਖੇਡਦੀਆਂ, ਥਾਲ ਪਾਉਂਦੀਆਂ ਜਾਂ ਬਹਿ ਕੇ ਗੱਲਾਂ ਕਰਦੀਆਂ, ਖੁਸ਼ੀ ਦੀ ਮੌਜ ਵਿਚ ਆ ਕੇ ਕਿੱਕਲੀ ਪਾਉਣ ਲੱਗ ਜਾਂਦੀਆ ਹਨ। ਦੋ ਕੁੜੀਆਂ ਆਹਮੋ ਸਾਹਮਣੇ ਖਲੋ ਕੇ ਸੱਜੇ ਹੱਥ ਨੂੰ ਸੱਜੇ ਨਾਲ ਤੇ ਖੱਬੇ ਹੱਥ ਨੂੰ ਖੱਬੇ ਨਾਲ ਇਵੇਂ ਫੜ ਲੈਂਦੀਆ ਹਨ ਜਿਵੇਂ ਕਿ ਲੋਕੀ ਹੱਥ ਮਿਲਾਉਂਦੇ ਹਨ। ਫੇਰ ਦੋਵੇਂ ਆਪਣੇ ਪੈਰਾਂ ਨੂੰ ਮਿਲਾ ਕੇ ਦੂਜੇ ਦੇ ਪੈਰਾਂ ਦੀਆਂ ਉਂਗਲੀਆਂ ਕੋਲ ਕਰ ਕੇ ਸਾਰਾ ਭਾਰ ਪਿੱਛੇ ਸੁੱਟ ਲੈਂਦੀਆ ਹਨ। ਇਸ ਤਰ੍ਹਾਂ ਬਾਹਾਂ ਪੂਰੀ ਤਰ੍ਹਾਂ ਤਣ ਜਾਂਦੀਆ ਹਨ। ਫੇਰ ਦੋਵੇਂ ਜ਼ੋਰ ਜ਼ੋਰ ਨਾਲ ਘੁੰਮਦੀਆਂ ਹਨ। ਘੁੰਮਣ ਵੇਲੇ ਬਾਹਾਂ ਦੇ ਤਣਾਉ ਦਾ ਸਹਾਰਾ ਲੈ ਕੇ, ਦੋਵੇਂ ਪੈਰ ਇਕੱਠੇ ਚੁੱਕ ਕੇ, ਸੱਜੇ ਪਾਸੇ ਸਰੀਰ ਨੂੰ ਇਕ ਤਾਲ ਉਤੇ ਐਸਾ ਹੁਲਾਰਾ ਦਿੰਦੀਆਂ ਹਨ ਕਿ ਜੀਊਂਦੇ ਜਾਗਦੇ ਦੋ ਸਰੀਰ ਇਕ ਲਾਟੂ ਬਣ ਜਾਂਦੇ ਹਨ। ਜਦੋਂ ਕੋਈ ਕੁੜੀ ਥੱਕ ਜਾਂਦੀ ਹੈ ਤਾਂ ਉਸ ਦੀ ਤਾਲ ਵਿਚ ਫ਼ਰਕ ਪੈ ਜਾਂਦਾ ਹੈ। ਇਹ ਗੱਲ ਦੂਜੀ ਕੁੜੀ ਨੂੰ ਕਿੱਕਲੀ ਬੰਦ ਕਰਨ ਦਾ ਇਸ਼ਾਰਾ ਹੁੰਦੀ ਹੈ। ਬੱਸ ਦੋਵੇਂ ਥੱਕ ਕੇ ਬਹਿ ਜਾਂਦੀਆ ਹਨ। ਫੇਰ ਉਹ ਆਪ ਨਹੀਂ ਘੁੰਮਦੀਆਂ ਪਰ ਉਨ੍ਹਾਂ ਨੂੰ ਚੌਗਿਰਦੇ ਦੀਆਂ ਸਭ ਚੀਜ਼ਾਂ ਘੁਮਾਟੀਆਂ ਖਾਂਦੀਆਂ ਪ੍ਰਤੀਤ ਹੁੰਦੀਆਂ ਹਨ। ਕਈ ਕਈ ਬੱਚੀਆਂ ਹੱਥਾਂ ਨੂੰ ਫੜਨ ਦੀ ਥਾਂ ਕੰਘੀ ਪਾ ਕੇ ਕਿੱਕਲੀ ਪਾਉਂਦੀਆਂ ਹਨ । ਇਕ ਬੱਚੀ ਅੱਧੀ ਮੁੱਠੀ ਮੀਚਦੀ ਹੈ ਤੇ ਦੂਜੀ ਉਸ ਦੀਆਂ ਉਂਗਲਾਂ ਵਿਚ ਉਪਰਲੇ ਪਾਸੋਂ ਉਂਗਲਾਂ ਪਾ ਕੇ ਜਿਵੇਂ ਮੁੱਠੀ ਮੀਚੀਦੀ ਹੈ, ਘੁੱਟ ਲੈਂਦੀ ਹੈ ਅਤੇ ਫੇਰ ਦੋਵੇਂ ਉੱਪਰ ਦੱਸੇ ਵਾਂਗੂੰ ਕਿੱਕਲੀ ਪਾਉਂਦੀਆਂ ਹਨ ।
ਚੱਕਰ ਵਿਚ ਘੁੰਮਣਾ ਬੱਚਿਆਂ ਲਈ ਇਕ ਖ਼ਾਸ ਮਹੱਤਤਾ ਰੱਖਦਾ ਹੈ। ਛੋਟੇ ਬੱਚੇ ਲਾਟੂ ਨੂੰ ਘੁੰਮਦਾ ਵੇਖ ਕੇ ਜਾਂ ਭੰਬੀਰੀ ਨੂੰ ਹੱਥਾਂ ਨਾਲ ਘੁੰਮਾ ਕੇ ਬੜੇ ਖੁਸ਼ ਹੁੰਦੇ ਹਨ। ਚੱਕਰ-ਚੂੰਢੇ ਉੱਤੇ ਹੂਟੇ ਲੈਣਾ ਅਤੇ ਮੈਰੀ-ਗੋ-ਰਾਊਂਡ (Merry-Go-Round) ਉੱਤੇ ਚੜ੍ਹਨਾ ਇਸੇ ਦਾ ਨਮੂਨਾ ਹੈ। ਕਿੱਕਲੀ ਦਾ ਨਾਚ ਵੀ ਬੱਚਿਆਂ ਦੀ ਖੁਸ਼ੀ ਨੂੰ ਪੂਰਾ ਕਰਦਾ ਹੈ।
ਬੱਚਿਆਂ ਦੇ ਪਿਆਰ ਦੀ ਦੁਨੀਆ ਮਾਂ, ਪਿਉ, ਭੈਣ ਅਤੇ ਭਰਾ ਦੀ ਹੈ। ਮਾਂ ਅਤੇ ਪਿਉ ਦੇ ਪਿਆਰ ਵਿਚ ਕੁਝ ਬਜੁਰਗੀ ਅਤੇ ਸਤਿਕਾਰ ਦਾ ਅੰਸ਼ ਹੁੰਦਾ ਹੈ ਅਤੇ ਭੈਣ ਦੇ ਭਰਾ ਵਿਚ ਹਾਣ ਦਾ ਪਿਆਰ ਹੁੰਦਾ ਹੈ। ਇਹੀ ਕਾਰਨ ਹੈ ਕਿ ਕਿੱਕਲੀ ਦੇ ਗੀਤ ਭੈਣ ਵੱਲੋਂ ਭਰਾ ਦੇ ਪਿਆਰ ਦਾ ਵਰਣਨ ਕਰਦੇ ਹਨ। ਕਿੱਕਲੀ ਦਾ ਸਭ ਤੋਂ ਬਹੁਤਾ ਪ੍ਰਚੱਲਿਤ ਗੀਤ, ਜਿਹੜਾ ਹਰ ਇਕ ਪੰਜਾਬੀ ਬੱਚੀ ਦੀ ਜ਼ਬਾਨ ਤੇ ਅਣਭੋਲ ਹੀ ਚੜ੍ਹ ਜਾਂਦਾ ਹੈ, ਇਉਂ ਹੈ :-
ਕਿਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ
ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ ।
ਇਹ ਗੀਤ ਕਿਵੇਂ ਚੱਲਿਆ ਅਤੇ ਕਦੋਂ ਚੱਲਿਆ ਇਹ ਪਤਾ ਕਰਨਾ ਅਸੰਭਵ ਹੈ। ਬੱਚੀਆਂ ਇਵੇਂ ਹੀ ਬੋਲਦੀਆਂ ਰਹਿਣਗੀਆਂ। ਹੇਠ ਲਿਖਿਆ ਗਾਣਾ ਅਸੀਂ ਕਿੱਕਲੀ ਪਾਉਂਦੀਆਂ ਬੱਚੀਆਂ ਕੋਲੋਂ ਸੁਣਿਆ ਹੈ। ਇਹ ਗਾਣਾ ਸਾਡੇ ਬਚਪਨ ਵੇਲੇ ਨਹੀਂ ਸੀ। ਇਸ ਵਿਚ ਭੈਣ ਦਾ ਵੀਰ ਦੇ ਨਾਲ ਅਤੁੱਟ ਪਿਆਰ ਪ੍ਰਗਟ ਹੁੰਦਾ ਹੈ। ਇਸ ਗਾਣੇ ਦੇ ਪਹਿਲੇ ਟੱਪਿਆਂ ਨੂੰ ਕੁੜੀਆਂ ਬਾਹਾਂ ਤਣ ਕੇ ਖਲੋਤੀਆਂ ਬੋਲਦੀਆਂ ਹਨ ਅਤੇ ਅਖੀਰਲੇ ਟੱਪੇ ਨੂੰ ਕਿੱਕਲੀ ਪਾਉਂਦੀਆਂ ਦੁਹਰਾਉਂਦੀਆਂ ਹਨ :
ਹੇਠ ਵਗੇ ਦਰਿਆ ਉੱਪਰ ਮੈਂ ਖਲੀ,
ਵੀਰ ਲਵਾਇਆ ਬਾਗ ਕਿ ਖਿੜ ਪਈ ਚੌਬਾਕਲੀ,
ਚੰਬਾਕਲੀ ਨਾ ਤੋੜ ਵੀਰਾ ਮਾਰੂਗਾ,
ਵੀਰ ਮੇਰਾ ਸਰਦਾਰ ਬਹਿੰਦਾ ਕੁਰਸੀ ਤੇ,
ਭਾਬੋ ਮੇਰੀ ਪਰਧਾਨ ਬਹਿੰਦੀ ਪੀੜ੍ਹੇ ਤੇ,
ਰੱਤਾ ਪੀੜ੍ਹਾ ਲਾਹੌਰ ਦਾ, ਦਿੱਲੀ ਤੇ ਪਿਸ਼ੌਰ ਦਾ।
ਜਦੋਂ ਕਿਤੇ ਖੇਡਦੀਆਂ ਬੱਚੀਆਂ ਵਿਚੋਂ ਇਕ ਜੋਟੀ ਕਿੱਕਲੀ ਪਾਉਣ ਲੱਗ ਜਾਂਦੀ ਹੈ ਤਾਂ ਥੋੜ੍ਹੇ ਚਿਰ ਵਿਚ ਹੀ ਉਹ ਥਾਂ ਕਈ ਜੋਟੀਆਂ ਦੀ ਕਿੱਕਲੀ ਦਾ ਅਖਾੜਾ ਬਣ ਜਾਂਦਾ ਹੈ। ਇਵੇਂ ਲੱਗਦਾ ਹੈ ਕਿ ਭੋਲੀਆਂ ਪਰੀਆਂ ਆਕਾਸ਼ ਤੋਂ ਉਤਰ ਧਰਤੀ ਤੇ ਫ਼ਿਕਰਾਂ ਤੋਂ ਬੇਪਰਵਾਹ ਹੋ ਵਾਯੂ-ਮੰਡਲ ਨੂੰ ਆਪਣੇ ਰੰਗ ਵਿਚ ਰੰਗ ਰਹੀਆਂ ਹਨ ।
ਕਿੰਨਾ ਭੋਲਾ-ਭਾਲਾ ਤੇ ਸਿੱਧਾ ਸਾਦਾ ਹੈ ਇਹ ਨਾਚ ਮਾਸੂਮ ਬੱਚੀਆਂ ਦਾ !
(ਕ) ਲੁੱਡੀ ਅਤੇ ਹੋਰ ਨਾਚ
ਲੁੱਡੀ ਪੰਜਾਬ ਦਾ ਇਕ ਖੁਸ਼ੀ-ਭਰਿਆ ਨਾਚ ਹੈ । ਲੋਕ ਕਿਸੇ ਜਿੱਤ ਦੀ ਖੁਸ਼ੀ ਵਿਚ ਲੁੱਡੀ ਪਾਉਂਦੇ ਹਨ। ਜਦੋਂ ਕੋਈ ਪਾਰਟੀ ਕਿਸੇ ਮੁਕੱਦਮੇ ਵਿਚ ਜਾਂ ਕਿਸੇ ਖੇਡ ਦੇ ਮੁਕਾਬਲੇ ਵਿਚ ਜਿੱਤ ਜਾਏ ਤਾਂ ਉਹਦੇ ਲੋਕ ਆਪਣੀ ਜਿੱਤ ਦੀ ਖੁਸ਼ੀ ਨੂੰ ਮਨਾਉਣ ਲਈ ਲੁੱਡੀ ਦਾ ਨਾਚ ਨੱਚਦੇ ਹਨ। ਢੋਲੀ ਨੂੰ ਸੱਦਿਆ ਜਾਂਦਾ ਹੈ ਅਤੇ ਉਹ ਲੁੱਡੀ ਦੀ ਤਾਲ ਇਉਂ ਵਜਾਉਂਦਾ ਹੈ :-
ਤਣ ਧਿੰਗਣ ਤਣਣ
ਬੱਸ ਫਿਰ ਜਿੱਤ ਦੀ ਖੁਸ਼ੀ ਵਿਚ ਮਸਤ ਹੋਏ ਲੋਕੀ ਉਠ ਕੇ ਢੋਲੀ ਦੇ ਆਲੇ-ਦੁਆਲੇ ਨੱਚਣ ਲਗ ਪੈਂਦੇ ਹਨ। ਪਹਿਲਾਂ ਤਾਂ ਛਾਤੀ ਅੱਗੇ ਤਾੜੀ ਮਾਰਦੇ, ਅੱਖਾਂ ਮਟਕਾਉਂਦੇ, ਮੋਢੇ ਹਿਲਾਉਂਦੇ ਅਤੇ ਲੱਕ ਲਚਕਾਉਂਦੇ ਹੋਏ ਚੱਕਰ ਅੰਦਰ ਤਾਲ ਵਿਚ ਤੁਰਦੇ ਹਨ। ਫੇਰ ਢੋਲੀ ਦੇ ਇਸ਼ਾਰੇ ਉੱਤੇ ਨਾਚ ਬਦਲਦਾ ਹੈ ਅਤੇ ਤਿੰਨ ਤਾੜੀਆਂ ਵੱਜਣੀਆਂ ਸ਼ੁਰੂ ਹੁੰਦੀਆ ਹਨ । ਪਹਿਲਾਂ ਝੁਕ ਕੇ ਘੇਰੇ ਦੇ ਅੰਦਰਲੇ ਪਾਸੇ, ਫੇਰ ਛਾਤੀ ਦੇ ਅੱਗੇ ਅਤੇ ਫੇਰ ਘੇਰੇ ਦੇ ਬਾਹਰਲੇ ਪਾਸੇ ਝੁਕ ਕੇ । ਇਸ ਤੋਂ ਬਾਅਦ ਢੋਲੀ ਦੇ ਇਸ਼ਾਰੇ ਤੇ ਪਹਿਲਾਂ ਸੱਜੀ ਬਾਂਹ ਤੇ ਸੱਜੀ ਲੱਤ ਚੁੱਕ ਕੇ ਖੱਬੇ ਪੈਰ ਨਾਲ ਕੁੱਦਦੇ ਹਨ ਤੇ ਫੇਰ ਖੱਬੀ ਬਾਂਹ ਤੇ ਖੱਬੀ ਲੱਤ ਚੁੱਕ ਕੇ ਸੱਜੇ ਪੈਰ ਨਾਲ ਕੁੱਦਦੇ ਹਨ ਅਤੇ ਨਾਲ ਹੀ ‘ਓਇ, ਓਇ’ ‘ਏਲੀ ਏਲੀ’ ਖੁਸ਼ੀ ਵਿਚ ਉੱਚੀ ਉੱਚੀ ਬੋਲਦੇ ਹਨ। ਕਦੇ ਕਦੇ ‘ਓ ਘੁੱਗੀ ਦੰਦ ! ਓ ਸ਼ੇਰਾ !’ ਮੁੜ ਮੁੜ ਕੇ ਆਖਦੇ ਹਨ। ਕਦੇ ਕਦੇ ਨੱਚਦੇ ਨੱਚਦੇ ਇਕ ਪੈਰ ਦੇ ਭਾਰ ਬਹਿ ਕੇ ਅੱਧਾ ਅੱਧਾ ਚੱਕਰ ਕੱਟਦੇ ਹਨ। ਇਸ ਨਾਚ ਵਿਚ ਵੀ ਕਈ ਵਾਰ ਝੁੰਮਰ ਵਾਗਰ ਫੁਮਣੀਆਂ ਕੱਢਦੇ ਹਨ।
ਇਹ ਨਾਚ ਹੈ ਤਾਂ ਜਿੱਤ ਦੀ ਖੁਸ਼ੀ ਦਾ, ਪਰ ਕਈ ਵਾਰੀ ਜਦੋਂ ਕਿਰਸਾਣ ਕਟਾਈ ਅਤੇ ਬਿਜਾਈ’ ਦਾ ਕੰਮ ਮੁਕਾ ਚੁੱਕਦੇ ਹਨ ਤਾਂ ਵੀ ਲੁੱਡੀ ਪਾਉਂਦੇ ਹਨ। ਇਸ ਨਾਚ ਵਿਚ ਗੀਤ ਨਹੀਂ ਗਾਇਆ ਜਾਂਦਾ ।
ਲੁੱਡੀ ਤੀਵੀਆਂ ਦਾ ਵੀ ਇਕ ਨਾਚ ਹੈ ਪਰ ਉਸ ਦਾ ਸਬੰਧ ਮਰਦਾਂ ਦੀ ਲੁੱਡੀ ਨਾਲ ਕੋਈ ਨਹੀਂ। ‘ਤੀਵੀਆਂ ਦੀ ਲੁੱਡੀ ਅਸਲ ਵਿਚ ਕਿੱਕਲੀ ਦਾ ਹੀ ਦੂਜਾ ਨਾਂ ਹੈ। ਕਈ ਵਾਰੀ ਕੁੜੀਆਂ ਇਹ ਲੁੱਡੀ ਗਿੱਧੇ ਦੇ ਨਾਚ ਵਿਚ ਵੀ ਪਾਉਂਦੀਆਂ ਹਨ ।
ਇਹ ਹਨ ਪੰਜਾਬੀ ਬੋਲੀ ਦੇ ਮੈਦਾਨੀ ਇਲਾਕੇ ਦੇ ਮਸ਼ਹੂਰ ਲੋਕ-ਨਾਚ ।
ਇਨ੍ਹਾਂ ਤੋਂ ਉਪਰੰਤ ਕਈ ਹੋਰ ਨਾਚ ਵੀ ਹਨ ਪਰ ਉਹ ਨਾਚ ਕਿਸੇ ਇਕ ਥਾਂ ਨਾਲ ਹੀ ਸਬੰਧ ਰੱਖਣ ਕਾਰਨ ਮਸ਼ਹੂਰ ਨਹੀਂ ਹੋ ਸਕੇ । ਪਟਿਆਲੇ ਸ਼ਹਿਰ ਵਿਚ ਇਕ ‘ਟਿਪਰੀ’ ਨਾਚ ਹੈ ਜਿਹੜਾ ਇਸ ਸ਼ਹਿਰ ਵਿਚ ਵੀ ਕੇਵਲ ਬਾਵਨ ਦੁਆਦਸ਼ੀ ਦੇ ਮੇਲੇ ਵਿਚ, ਜਿਹੜਾ ਭਾਦੋਂ ਦੇ ਮਹੀਨੇ ਵਿਚ ਆਉਂਦਾ ਹੈ, ਨੱਚਿਆ ਜਾਦਾ ਹੈ । ਜਵਾਨ ਮੁੰਡੇ ਹੱਥਾਂ ਵਿਚ ਡੰਡੇ ਫੜ, ਇਕ ਦੂਜੇ ਦੇ ਡੰਡੇ ਨਾਲ ਡੰਡਾ ਮਾਰਦੇ ਹੋਏ ਚੱਕਰ ਵਿਚ ਨੱਚਦੇ ਹਨ। ਇਸ ਨਾਚ ਵਿਚ ਕਈ ਮੁੰਡੇ ਆਪਣੇ ਕਰਤੱਬ ਸੋਹਣੀ ਤਰ੍ਹਾਂ ਦਿਖਾਉਂਦੇ ਹਨ। ਕਦੇ ਕਦੇ ਨੱਚਣ ਵਾਲੇ ਦੋ ਬਾਂਸਾਂ ਉੱਤੇ ਬੰਨ੍ਹੇ ਹੋਏ ਲੰਮੇ ਬਾਂਸ ਦੇ ਵਿਚਾਲੇ ਬੱਧੀਆਂ ਹੋਈਆਂ ਰੰਗ ਬਰੰਗੀਆ ਰੱਸੀਆਂ ਨੂੰ ਫੜ ਕੇ ਇਕ ਦੂਜੇ ਕੋਲੋਂ ਡੰਡੇ ਮਾਰਦੇ ਲੰਘਦੇ ਹਨ ਅਤੇ ਉੱਪਰ ਸਿਰ ਤੇ ਰੱਸੀਆਂ ਗੁੰਦੀਆਂ ਜਾਂਦੀਆਂ ਹਨ। ਫਿਰ ਉਸ ਗੁੰਦੀ ਰੱਸੀ ਨੂੰ ਓਵੇਂ ਹੀ ਨੱਚ ਕੇ ਖੋਲ੍ਹਦੇ ਹਨ। ਇਹ ਨਾਚ ਬੰਬਈ ਦੇ ‘ਡੰਡਿਆ ਰਾਸ’ ਜਾਂ ਰਾਜਸਥਾਨ ਦੇ ‘ਟਿਪਨੀ’ ਨਾਚ ਨਾਲ ਮਿਲਦਾ ਹੈ । ‘ਖਲਾ’ ਨਾਂ ਦਾ ਵੀ ਇਕ ਨਾਚ ਹੈ ਜਿਸ ਨੂੰ ਦੋ ਕੁੜੀਆਂ ਆਹਮੋ ਸਾਹਮਣੇ ਖਲੋ ਕੇ ਪੈਰਾਂ ਨੂੰ ਬਦਲ ਬਦਲ ਕੇ ਅੱਗੇ ਪਿੱਛੇ ਕਰਦੀਆ ਹੋਈਆਂ ਦੋਹਾਂ ਹੱਥਾਂ ਨਾਲ ਦੂਜੀ ਦੇ ਦੋਹਾਂ ਹੱਥਾਂ ਉਤੇ ਤਾੜੀ ਮਾਰ ਕੇ ਨੱਚਦੀਆਂ ਹਨ। ‘ਧਮਾਲ’ ਜਿਸ ਦਾ ਵਰਣਨ ਝੁੰਮਰ ਵਿਚ ਆ ਚੁੱਕਿਆ ਹੈ, ਪੰਜਾਬ ਦੇ ਮਸਤਾਨੇ ਫਕੀਰ ਵੀ ਪਾਉਂਦੇ ਹਨ। ‘ਫਹਾ’ ਨਾਚ ਵੀ ਮਾਲਵੇ ਵਿਚ ਗਿੱਧੇ ਦਾ ਹੀ ਤਿੱਖਾ ਰੂਪ ਹੈ।
ਪੰਜਾਬ ਵਿਚ ‘ਜਲਸਾ’ ਇਕ ਬੜਾ ਦਿਲ-ਖਿੱਚਵਾਂ ਮਨ-ਪਰਚਾਵਾ ਹੈ ਪਰ ਹੁਣ ਇਸ ਦਾ ਰਿਵਾਜ ਘਟਦਾ ਜਾ ਰਿਹਾ ਹੈ। ਇਸ ਨੂੰ ਲੋਕ-ਨਾਚ ਤਾਂ ਨਹੀਂ ਕਿਹਾ ਜਾ ਸਕਦਾ ਪਰ ਲੋਕਾਂ ਦਾ ਹਰਮਨ-ਪਿਆਰਾ ਨਾਚ ਜ਼ਰੂਰ ਹੈ । ਇਸ ਵਿਚ ਨੱਚਣ ਵਾਲੇ ਨੂੰ ‘ਨਚਾਰ’ ਆਖਦੇ ਹਨ। ਨਚਾਰ, ਤੀਵੀਆਂ ਵਾਲੇ ਕਪੜੇ ਪਾ ਕੇ ਤੇ ਤੀਵੀਆਂ ਦੇ ਸਭ ਹਾਰ ਸ਼ਿੰਗਾਰ ਕਰ ਕੇ ਪੈਰੀਂ ਘੁੰਗਰੂ ਬੰਨ੍ਹ ਕੇ ਨੱਚਦਾ ਹੈ। ਇਸ ਦੇ ਨਾਲ ਤਿੰਨ ਗਾਉਣ ਵਾਲੇ ਸਾਜ਼ਿੰਦੇ ਹੁੰਦੇ ਹਨ; ਇਕ ਸਾਰੰਗੀ ਵਾਲਾ ਅਤੇ ਉਸਦੇ ਦੋਵੇਂ ਪਾਸੇ ਨਿੱਕੀਆਂ ਢੱਡਾਂ ਵਾਲੇ। ਨਚਾਰ ਗਾਉਂਦਾ ਅਤੇ ਨੱਚਦਾ ਅੱਗੇ ਟੁਰਦਾ ਹੈ ਅਤੇ ਇਹ ਸਾਜ਼ਿੰਦੇ ਉਸ ਦੇ ਪਿੱਛੇ ਨਾਲ ਨਾਲ ਤੁਰਦੇ ਹਨ। ਰਾਤ ਵੇਲੇ ਇਕ ਜਾਂ ਦੋ ਮਸ਼ਾਲਚੀ ਹੁੰਦੇ ਹਨ ਜਿਹੜੇ ਨਚਾਰ ਦੇ ਮੁੱਖ ਉੱਤੇ ਰੌਸ਼ਨੀ ਪਾਉਂਦੇ ਨਾਲ ਨਾਲ ਟੁਰਦੇ ਹਨ। ਨਚਾਰ ਦੇ ਕਪੜੇ ਭਾਵੇਂ ਤੀਵੀਆਂ ਵਾਲੇ ਹੁੰਦੇ ਹਨ ਪਰ ਨਾਚ ਵਿਚ ਮਰਦਊਪੁਣੇ ਦੀ ਝਲਕ ਸਾਫ ਦਿੱਸਦੀ ਹੁੰਦੀ ਹੈ। ਉਹ ਕਈ ਵਾਰੀ ਨੱਚਦਾ ਨੱਚਦਾ ਦੌੜ ਕੇ ਇੰਨੀ ਉੱਚੀ ਉੱਛਲਦਾ ਹੈ ਕਿ ਅਜਿਹਾ ਕਰਨਾ ਮਰਦ ਦਾ ਹੀ ਕੰਮ ਹੈ। ਜਿੱਥੇ ਕਿਤੇ ਜਲਸਾ ਹੁੰਦਾ ਹੈ ਲੋਕੀ ਲਾਂਭੇ-ਚਾਂਭੇ ਦੇ ਪਿੰਡਾਂ ਤੋਂ ਆਉਂਦੇ ਹਨ ਅਤੇ ਇਕ ਬੜਾ ਇਕੱਠ ਹੋ ਜਾਦਾ ਹੈ ਤੇ ਗਈ ਰਾਤ ਤਕ ਗਾਣਾ ਤੇ ਨਾਚ ਹੁੰਦਾ ਰਹਿੰਦਾ ਹੈ।
ਪਹਾੜੀ ਇਲਾਕੇ ਦੇ ਲੋਕ-ਨਾਚ
(ੳ) ਕੁੱਲੂ ਦੇ ਧਾਰਮਕ ਨਾਚ
ਕੁੱਲੂ ਪੰਜਾਬ ਦੇ ਉੱਤਰ ਵਿਚ ਹੈ ਅਤੇ ਇਸ ਦੀਆਂ ਹੱਦਾਂ ਤਿੱਬਤ ਅਤੇ ਲੱਦਾਖ ਨਾਲ ਮਿਲਦੀਆਂ ਹਨ। ਇਹ ਪਹਾੜੀ ਇਲਾਕਾ ਆਪਣੇ ਅਤੇ ਆਪਣੇ ਵਸਨੀਕਾਂ ਦੇ ਸੁਹੱਣਪ ਲਈ ਮਸ਼ਹੂਰ ਹੈ। ਇਸ ਇਲਾਕੇ ਨੂੰ ‘ਦੇਵਤਿਆਂ ਦੀ ਖੁਸ-ਰਹਿਣੀ ਵਾਦੀ’ ਕਿਹਾ ਜਾਂਦਾ ਹੈ । ਇਹ ਹੈ ਵੀ ਠੀਕ । ਇਸ ਇਲਾਕੇ ਦੀ ਆਬਾਦੀ ਕੋਈ ਸਵਾ ਲਖ ਦੇ ਲਗਭਗ ਹੈ ਪਰ ਉਨ੍ਹਾਂ ਦੇ ਦੇਵਤਿਆਂ ਦੀ ਗਿਣਤੀ ਕੋਈ ਇਕ ਹਜ਼ਾਰ ਦੇ ਨੇੜੇ ਤੇੜੇ ਹੋਵੇਗੀ। ਹਰ ਇਕ ਪਿੰਡ ਵਿਚ ਇਕ ਦੇਵਤਾ ਜ਼ਰੂਰ ਹੁੰਦਾ ਹੈ । ਇਸ ਇਲਾਕੇ ਦੇ ਲੋਕ ਖੁਸ਼-ਰਹਿਣੇ, ਭੋਲੇ ਭਾਲੇ ਅਤੇ ਇੰਨੇ ਸਿੱਧੇ-ਸਾਦੇ ਹਨ ਕਿ ਇਨ੍ਹਾਂ ਦਾ ਦੇਵਤਾ ਜਿਸ ਨੂੰ ਇਹ ਦੇਉਂ’ ਆਖਦੇ ਹਨ, ਇਨ੍ਹਾਂ ਲਈ ਇਨ੍ਹਾਂ ਦਾ ਮਿੱਤਰ, ਪਰੋਹਤ, ਵੈਦ, ਜੋਤਸ਼ੀ, ਈਸ਼ਵਰ ਸਭ ਕੁਝ ਹੈ। ਇਸ ਵਾਦੀ ਦਾ ਸਭ ਤੋਂ ਵੱਡਾ ਦੇਵਤਾ ਰਘੁਨਾਥ ਹੈ ਜਿਸ ਨੂੰ ਵਿਸ਼ਨੂੰ ਦਾ ਹੀ ਅਵਤਾਰ ਮੰਨਿਆ ਜਾਂਦਾ ਹੈ ।
ਮਈ ਮਹੀਨੇ ਦੇ ਅੱਧ ਵਿਚ, ਜਦੋਂ ਕਿ ਫਸਲਾਂ ਪੱਕ ਕੇ ਤਿਆਰ ਹੋ ਜਾਂਦੀਆਂ ਹਨ, ਕੁੱਲੂ ਦੇ ਵਸਨੀਕ ਆਪਣੇ ਦੇਵਤਿਆਂ ਨੂੰ ਰੀਝਾਉਣ ਲਈ ਨਾਚਾਂ, ਗਾਣਿਆਂ ਦੇ ਮੇਲਿਆਂ ਦਾ ਆਰੰਭ ਕਰ ਦਿੰਦੇ ਹਨ। ਇਹ ਮੇਲੇ ਅਕਤੂਬਰ ਦੇ ਮਹੀਨੇ ਵਿਚ ਦੁਸਹਿਰੇ ਦੇ ਦਿਨਾ ਤਕ ਚਲਦੇ ਰਹਿੰਦੇ ਹਨ। ਇਨ੍ਹਾਂ ਮੇਲਿਆਂ ਦੀਆਂ ਤਾਰੀਖਾਂ ਇਵੇਂ ਨੀਅਤ ਕੀਤੀਆਂ ਹੁੰਦੀਆਂ ਹਨ ਕਿ ਕਿਸੇ ਪਿੰਡ ਦੇ ਦੂਰ ਦੂਰ ਤਕ ਵੀ ਕੋਈ ਹੋਰ ਮੇਲਾ ਨਹੀਂ ਹੁੰਦਾ ਤਾਂ ਜੋ ਮੇਲੇ ਦੀ ਰੌਣਕ ਵੰਡੀ ਨਾ ਜਾਵੇ। ਲਾਂਭੇ ਚਾਂਭੇ ਦੇ ਲੋਕ ਵਹੀਰਾਂ ਪਾ ਮੇਲੇ ਵਿਚ ਆ ਕੇ ਹਿੱਸਾ ਲੈਂਦੇ ਹਨ। ਇਨ੍ਹਾਂ ਮੇਲਿਆਂ ਦੇ ਕਾਰਨ ਇਹ ਵਾਦੀ ਅੱਧੇ ਸਾਲ ਦੇ ਲਗਭਗ ਆਪਣੇ ਦੇਵਤਿਆਂ ਦੇ ਅੱਗੇ ਕੀਤੇ ਜਾ ਰਹੇ ਨਾਚ ਤੇ ਗਾਣਿਆਂ ਨਾਲ ਗੂੰਜਦੀ ਰਹਿੰਦੀ ਹੈ।
ਇਨ੍ਹਾਂ ਮੇਲਿਆਂ ਵਿਚ ਪਿੰਡ ਦੇ ਦੇਵਤੇ ਨੂੰ ਪਾਲਕੀ ਵਿਚ ਬੜੀ ਸੋਹਣੀ ਤਰ੍ਹਾਂ ਸਜਾ ਕੇ ਆਦਰ ਤੇ ਸਤਿਕਾਰ ਨਾਲ ਮੰਦਰ ਤੋਂ ਬਾਹਰ ਪਿੰਡ ਦੀ ਖੁਲ੍ਹੀ ਥਾਂ ਤੇ ਲਿਆਇਆ ਜਾਂਦਾ ਹੈ । ਇਸ ਦੀ ਪਾਲਕੀ ਨੂੰ ਪੁਜਾਰੀਆਂ ਨੇ ਚੁੱਕਿਆ ਹੁੰਦਾ ਹੈ । ਇਸ ਦੇ ਅੱਗੇ ਲੋਕੀ ਝੰਡੇ ਚੁਕੀਂ, ਢੋਲ, ਨਗਾਰੇ, ਮਜੀਰੇ, ਡੱਫ, ਨਰਸਿੰਘੇ, ਭੋਂਪੂ ਤੇ ਸ਼ਹਿਨਾਈਆਂ ਵਜਾਉਂਦੇ; ਨੱਚਦੇ ਤੇ ਗਾਉਂਦੇ ਤੁਰਦੇ ਜਾਂਦੇ ਹਨ । ਨੱਚਣ ਵਾਲਿਆਂ ਨੇ ਆਪਣੇ ਆਪ ਨੂੰ ਸੋਹਣੀ ਤਰ੍ਹਾਂ ਸਜਾਇਆ ਹੁੰਦਾ ਹੈ। ਆਮ ਤੌਰ ਤੇ ਇਨ੍ਹਾਂ ਨੇ ਲੰਮਾ ਚੋਗਾ ਤੇ ਘੁੱਟਵਾਂ ਪਜਾਮਾ ਪਾਇਆ ਹੁੰਦਾ ਹੈ ਅਤੇ ਪੱਗਾਂ ਬੰਨ੍ਹੀਆਂ ਹੁੰਦੀਆਂ ਹਨ। ਗਲ ਵਿਚ ਫੁੱਲਾਂ ਦੇ ਹਾਰ ਅਤੇ ਹੱਥਾਂ ਵਿਚ ਫੁੱਲਾਂ ਦੇ ਗਜਰੇ ਪਏ ਹੁੰਦੇ ਹਨ। ਪੱਗ ਦੇ ਦੋਵੇਂ ਪਾਸੇ ਫੁੱਲਾਂ ਦੀਆਂ ਲੜੀਆਂ ਲਟਕਾਈਆਂ ਹੁੰਦੀਆਂ ਹਨ। ਸੱਜੇ ਹੱਥ ਵਿਚ ਰੁਮਾਲ ਫੜਿਆ ਹੁੰਦਾ ਹੈ । ਤਾਲ ਨਾਲ ਕਦਮ ਚੁੱਕਦੇ ਤੇ ਸਰੀਰ ਨੂੰ ਹਰ ਕਦਮ ਤੇ ਹਲੂਣਾ ਦਿੰਦੇ ਹੋਏ ਬਾਹਾਂ ਨੂੰ ਹਲੋਰਦੇ, ਸੱਜੇ ਹੱਥਾਂ ਨਾਲ ਰੁਮਾਲ ਲਹਿਰਾਉਂਦੇ ਤੁਰਦੇ ਜਾਂਦੇ ਹਨ। ਹੌਲੀ ਹੌਲੀ ਇਹ ਜਲੂਸ ਪਿੰਡ ਦੀ ਨੀਅਤ ਥਾਂ ਉੱਤੇ ਪੁੱਜਦਾ ਹੈ। ਜਿੱਥੇ ਦੇਵਤੇ ਦੀ ਪਾਲਕੀ ਆਦਰ ਅਤੇ ਸਤਿਕਾਰ ਨਾਲ ਉਤਾਰੀ ਜਾਂਦੀ ਹੈ।
ਦੇਵਤੇ ਨੂੰ ਉਤਾਰਨ ਪਿੱਛੋਂ ਜਦੋਂ ਨਾਚ ਦੀ ਸੁਰ ਵੱਜਦੀ ਹੈ ਤਾਂ ਲੋਕੀ ਉਸ ਦੇ ਆਲੇ ਦੁਆਲੇ ਚੱਕਰ ਬੰਨ੍ਹ ਕੇ ਖਲੋ ਜਾਂਦੇ ਹਨ ਅਤੇ ਇਕ ਦੂਜੇ ਦੇ ਹੱਥਾਂ ਨੂੰ ਫੜ ਕੇ ਪੈਰ ਮਾਰਦੇ ਚੱਕਰ ਵਿਚ ਨੱਚਣ ਲਗ ਪੈਂਦੇ ਹਨ। ਹੌਲੀ ਹੌਲੀ ਤਾਲ ਵਿਚ ਤੇਜ਼ੀ ਆਉਂਦੀ ਹੈ। ਜਦੋਂ ਲੋਕੀ ਮਸਤੀ ਵਿਚ ਆ ਜਾਂਦੇ ਹਨ ਤਾਂ ਇਨ੍ਹਾਂ ਦਾ ਦੇਵਤਾ ਵੀ ਖੁਸ਼ੀ ਵਿਚ ਆ ਕੇ ਇਨ੍ਹਾਂ ਨਾਲ ਨਾਚ ਵਿਚ ਰਲ ਜਾਂਦਾ ਹੈ। ਪੁਜਾਰੀ ਦੇਵਤੇ ਦੀ ਪਾਲਕੀ ਨੂੰ ਚੁੱਕ ਲੈਂਦੇ ਹਨ ਅਤੇ ਉਸ ਨੂੰ ਸੱਜੇ ਖੱਬੇ, ਉੱਪਰ ਹੇਠਾਂ, ਅੱਗੇ ਪਿੱਛੇ ਹਿਲਾਉਂਦੇ ਹਨ। ਇਸ ਦ੍ਰਿਸ਼ ਨੂੰ ਵੇਖ ਕੇ ਸ਼ਰਧਾ ਵਿਚ ਨੱਚਣ ਵਾਲਿਆਂ ਦੀ ਮਸਤੀ ਦੀ ਕੋਈ ਹੱਦ ਨਹੀਂ ਰਹਿੰਦੀ। ਉਹ ਸਰੂਰ ਵਿਚ ਆ ਕੇ ਤੇਜ਼ ਤੋਂ ਤੇਜ਼ ਨੱਚਦੇ ਹਨ ਅਤੇ ਇੰਜ ਲਗਦਾ ਹੈ ਕਿ ਕੇਵਲ ਉਹ ਲੋਕ ਹੀ ਨਹੀਂ ਸਗੋਂ ਸਾਰਾ ਸੰਸਾਰ ਹੀ ਨੱਚ ਰਿਹਾ ਹੈ । ਕਦੇ ਕਦੇ ਸਾਰੇ ਨੱਚਣ ਵਾਲੇ ਸਿਰ ਝੁਕਾ ਕੇ ਬਾਹਾਂ ਪਿੱਛੇ ਕਰ ਕੇ ਦੇਵਤੇ ਵੱਲ ਵਧਦੇ ਹਨ ਅਤੇ ਚੱਕਰ ਛੋਟਾ ਕਰ ਲੈਂਦੇ ਹਨ। ਫਿਰ ਪਿੱਛੇ ਵੱਲ ਹਟ ਕੇ ਚੱਕਰ ਵੱਡਾ ਕਰ ਲੈਂਦੇ ਹਨ। ਕੁਝ ਚਿਰ ਇਵੇਂ ਕਰਨ ਤੋਂ ਪਿੱਛੋਂ ਫੇਰ ਹੱਥਾਂ ਨੂੰ ਫੜ ਕੇ ਚੱਕਰ ਵਿਚ ਨੱਚਣ ਲਗ ਪੈਂਦੇ ਹਨ । ਕਦੇ ਕਦੇ ਤਾਂ ਇੰਨਾ ਤੇਜ਼ ਨੱਚਦੇ ਹਨ ਜਿਵੇਂ ਤੇਜ਼ੀ ਵਿਚ ਨੱਸ ਰਹੇ ਹੋਣ। ਇਹ ਨਾਚ ਸਾਰਾ ਦਿਨ ਹੁੰਦਾ ਰਹਿੰਦਾ ਹੈ ਅਤੇ ਥੱਕ ਕੇ ਡਿੱਗਣ ਵਾਲਿਆਂ ਦੀ ਥਾਂ ਨਵੇਂ ਸ਼ਰਧਾਲੂ ਮੇਲ ਲੈਂਦੇ ਹਨ। ਸੰਝ ਪੈਣ ਤੇ ਦੇਵਤੇ ਦੀ ਮੂਰਤੀ ਮੁੜ ਮੰਦਰ ਵਿਚ ਵਾਪਸ ਲੈ ਜਾਂਦੇ ਹਨ ਅਤੇ ਨਾਚ ਬੰਦ ਹੋ ਜਾਂਦਾ ਹੈ।
ਕੁੱਲੂ ਦੀ ਵਾਦੀ ਵਿਚ ਥਾਂ ਥਾਂ ਇਹ ਮੇਲੇ ਮਨਾਏ ਜਾਣ ਤੋਂ ਪਿੱਛੋਂ ਅਖੀਰਲਾ ਮੇਲਾ ਦੁਸਹਿਰੇ ਦੇ ਦਿਨਾਂ ਵਿਚ ਕੁੱਲੂ ਸ਼ਹਿਰ ਵਿਚ ਹੁੰਦਾ ਹੈ। ਮੇਲੇ ਦੇ ਆਰੰਭ ਵਿਚ ਦੂਜੇ ਪਿੰਡ ਦੇ ਦੇਵਤੇ ਆਪਣੇ ਪੁਜਾਰੀਆਂ ਅਤੇ ਸ਼ਰਧਾਲੂਆਂ ਨਾਲ ਸ੍ਰੀ ਰਘੁਨਾਥ ਜੀ ਨੂੰ ਮਿਲਣ ਆਉਂਦੇ ਹਨ। ਸ੍ਰੀ ਰਘੁਨਾਥ ਜੀ ਦੀ ਮੂਰਤੀ ਬੜੀ ਸੋਹਣੀ ਤਰ੍ਹਾਂ ਸਜਾ ਕੇ ਰਥ ਵਿਚ ਰੱਖੀ ਜਾਂਦੀ ਹੈ। ਰਥ ਦੇ ਨਾਲ ਲੰਮੇ ਰੱਸੇ ਬੰਨ੍ਹ ਦਿੱਤੇ ਹਨ ਤਾਂ ਜੋ ਬਹੁਤੇ ਸ਼ਰਧਾਲੂ ਰਥ ਨੂੰ ਖਿੱਚਣ ਦਾ ਮਾਣ ਪ੍ਰਾਪਤ ਕਰ ਸਕਣ । ਇਹ ਮੂਰਤੀ ਮੰਦਰ ਤੋਂ ਬੜੀ ਸ਼ਾਨ ਨਾਲ ਉੱਪਰ ਵਰਣਨ ਕੀਤੇ ਢੰਗ ਨਾਲ ਇਕ ਬੜੇ ਵੱਡੇ ਜਲੂਸ ਦੀ ਸ਼ਕਲ ਵਿਚ ਵਾਜਿਆਂ ਗਾਜਿਆਂ ਅਤੇ ਗਾਉਂਦੇ ਨੱਚਦੇ ਲੋਕਾਂ ਨਾਲ ਢਲਪੁਰ ਦੇ ਮੈਦਾਨ ਵਿਚ ਲਿਆਈ ਜਾਂਦੀ ਹੈ। ਇਹ ਮੈਦਾਨ ਇੰਨਾ ਵੱਡਾ ਹੈ ਕਿ ਇਸ ਵਿਚ ਹਜ਼ਾਰਾਂ ਆਦਮੀ ਸਮਾ ਸਕਦੇ ਹਨ। ਇਸ ਦੇ ਚੌਗਿਰਦੇ ਵੱਡੇ ਵੱਡੇ ਦਿਉਦਾਰ ਦੇ ਬ੍ਰਿਛ ਇਸ ਦੀ ਸ਼ਾਨ ਨੂੰ ਦੂਣਾ ਕਰ ਰਹੇ ਹਨ। ਇਹ ਮੇਲਾ ਸੱਤਾਂ ਦਿਨਾ ਤਕ ਰਹਿੰਦਾ ਹੈ ਅਤੇ ਲੋਕੀ ਰਘੁਨਾਥ ਜੀ ਦੀ ਮੂਰਤੀ ਤੇ ਹੋਰ ਥਾਵਾਂ ਤੋਂ ਆਈਆਂ ਮੂਰਤੀਆਂ ਦੇ ਆਲੇ-ਦੁਆਲੇ ਉੱਪਰ ਦੱਸੇ ਢੰਗ ਨਾਲ ਰਹਿੰਦੇ ਹਨ। ਕੁੱਲੂ ਦਾ ਇਹ ਮੇਲਾ ਅਤੇ ਇਸ ਦਾ ਲੋਕ-ਨਾਚ ਇੰਨਾ ਮਸ਼ਹੂਰ ਹੈ ਕਿ ਭਾਰਤ ਦੇ ਦੂਰ ਦੂਰ ਦੇ ਇਲਾਕਿਆਂ ਤੋਂ ਲੋਕ ਇਸ ਮੇਲੇ ਨੂੰ ਵੇਖਣ ਲਈ ਆਉਂਦੇ ਹਨ।
ਇਸ ਦੁਸਹਿਰੇ ਦੇ ਤਿਉਹਾਰ ਤੋਂ ਛੁੱਟ ਕੁੱਲੂ ਦੀ ਵਾਦੀ ਵਿਚ ਹੋਰ ਧਾਰਮਕ ਤਿਉਹਾਰ ਵੀ ਹਨ ਜਿਨ੍ਹਾਂ ਵਿਚ ਨਾਚ ਇਕ ਜ਼ਰੂਰੀ ਅੰਗ ਹੈ, ਜਿਵੇਂ ‘ਪਿੱਪਲ ਯਾਤਰਾ’। ਇਸ ਤਿਉਹਾਰ ਦਾ ਸਬੰਧ ਵੀ ਸ੍ਰੀ ਰਘੁਨਾਥ ਨਾਲ ਹੀ ਹੈ ਅਤੇ ਇਹ ਵੀ ਨਾਚਾਂ ਨਾਲ ਮਨਾਇਆ ਜਾਂਦਾ ਹੈ। ਇਕ ਤਿਉਹਾਰ ‘ਦੀਵਾਲੀ’ ਵੀ ਹੈ ਜਿਹੜਾ ਬੜੀ ਧੂਮ ਧਾਮ ਨਾਲ ਸਿਰਾਜ ਦੇ ਇਲਾਕੇ ਵਿਚ ਨਾਰਮੰਡ ਵਿਖੇ ਮਨਾਇਆ ਜਾਂਦਾ ਹੈ । ਸਿਰਾਜ ਦੇ ਲੋਕੀ ਅਣਥੱਕ ਨਾਚ ਨੱਚਣ ਵਾਲੇ ਸਮਝੇ ਜਾਂਦੇ ਹਨ। ਇਹ ਤਿਉਹਾਰ ਮੈਦਾਨੀ ਇਲਾਕੇ ਦੀ ਦੀਵਾਲੀ ਤੋਂ ਵੱਖਰਾ ਹੈ ਅਤੇ ਦਸੰਬਰ ਦੇ ਮਹੀਨੇ ਵਿਚ ਆਉਂਦਾ ਹੈ। ਇਸ ਮੇਲੇ ਵਿਚ ਦੇਵਤੇ ਦੀ ਮੂਰਤੀ ਮੰਦਰੋਂ ਬਾਹਰ ਨਹੀਂ ਲਿਆਈ ਜਾਂਦੀ ।
ਤੀਵੀਂਆਂ ਇਨ੍ਹਾਂ ਨਾਚਾਂ ਵਿਚ ਹਿੱਸਾ ਬਿਲਕੁਲ ਨਹੀਂ ਲੈਂਦੀਆਂ ਪਰ ਉਹ ਸਜ ਸਜਾ ਕੇ ਇਨ੍ਹਾਂ ਨਾਚਾਂ ਨੂੰ ਵੇਖਣ ਲਈ ਜ਼ਰੂਰ ਆਉਂਦੀਆ ਹਨ । ਨੱਚਣ ਵਾਲੀ ਟੋਲੀ ਦੇ ਆਲੇ-ਦੁਆਲੇ ਦਰਸ਼ਕਾਂ ਦੇ ਇਕ ਪਾਸੇ ਤੀਵੀਆਂ ਦਾ ਇਕੱਠ ਹੁੰਦਾ ਹੈ ਅਤੇ ਉਹ ਨੱਚਣ ਵਾਲੇ ਅਤੇ ਉਸ ਦੀ ਹਿੰਮਤ ਤੇ ਸ਼ਾਹਸ ਨੂੰ ਪ੍ਰਸੰਸਾ ਦੀ ਨਿਗਾਹ ਨਾਲ ਵੇਖਦੀਆਂ ਹਨ ।
(ਅ) ਨਾਟੀ
ਧਾਰਮਕ ਮੇਲਿਆਂ ਸਮੇਂ ਨੱਚਣ ਨੂੰ ਕੁੱਲੂ ਦੇ ਲੋਕ ਆਪਣਾ ਧਰਮ ਸਮਝਦੇ ਹਨ, ਪਰ ਇਨ੍ਹਾਂ ਮੇਲਿਆਂ ਤੋਂ ਇਲਾਵਾ ਵੀ ਕੁੱਲੂ ਦੇ ਲੋਕਾਂ ਪਾਸ ਨਾਚ ਮੌਜੂਦ ਹਨ। ਵਿਆਹ ਸ਼ਾਦੀ ਦੇ ਸਮੇਂ, ਪੁੱਤਰ, ਜੰਮਣ ਸਮੇਂ ਜਾਂ ਕਿਸੇ ਹੋਰ ਖੁਸ਼ੀ ਦੇ ਸਮੇਂ ਵੀ ਨਾਚ ਜ਼ਰੂਰੀ ਹੈ। ਧਾਰਮਕ ਨਾਚ ਦੀ ਤਰ੍ਹਾਂ ਇਸ ਫੁੱਲਾਂ ਦੀ ਵਾਦੀ ਵਿਚ ਰਹਿਣ ਵਾਲੇ ਲੋਕ ਆਪਣੇ ਆਪ ਨੂੰ ਫੁੱਲਾਂ ਨਾਲ ਸ਼ਿੰਗਾਰ ਲੈਂਦੇ ਹਨ, ਬਲਕਿ ਕਈ ਤਾਂ ਗਹਿਣੇ ਵੀ ਪਾ ਲੈਂਦੇ ਹਨ।
ਨਾਚ ਸ਼ੁਰੂ ਹੋਣ ਤੋਂ ਪਹਿਲਾਂ ਢੋਲ ਅਤੇ ਹੋਰ ਸਾਜ਼ਾਂ ਵਾਲੇ ਕਿਸੇ ਖੁਲ੍ਹੀ ਥਾਂ ਤੇ ਬਹਿ ਜਾਂਦੇ ਹਨ ਅਤੇ ਨੱਚਣ ਵਾਲੇ ਉਨ੍ਹਾਂ ਦੇ ਆਲੇ ਦੁਆਲੇ ਘੇਰਾ ਪਾ ਲੈਂਦੇ ਹਨ। ਸਾਜ਼ਾਂ ਅਤੇ ਢੋਲ ਦੀ ਸੁਰ ਤਾਲ ਤੇ ਨੱਚਣ ਵਾਲੇ ਪਹਿਲਾਂ ਖੱਬਾ ਪੈਰ ਅੱਗੇ ਰੱਖਦੇ ਅਤੇ ਮੋਢਿਆਂ ਨੂੰ ਝੁਕਾ ਕੇ ਸਰੀਰ ਨੂੰ ਲਚਕ ਦਿੰਦੇ ਹਨ। ਫੇਰ ਸੱਜਾ ਪੈਰ ਅੱਗੇ ਵਧਾ ਕੇ ਓਵੇਂ ਹੀ ਸਰੀਰ ਨੂੰ ਲਚਕ ਦਿੰਦੇ ਨੱਚਦੇ ਹਨ । ਕੁਝ ਚਿਰ ਪਿੱਛੋਂ ਨੱਚਣ ਵਾਲੇ ਇਕ ਦੂਜੇ ਦੇ ਹੱਥ ਫੜ ਕੇ ਘੇਰੇ ਵਿਚ ਨੱਚਣ ਲਗ ਜਾਂਦੇ ਹਨ। ਇਹ ਨਾਚ ਕਰਦੇ ਸਮੇਂ ਸਰੀਰ ਨੂੰ ਬੜੇ ਸੁਚੱਜੇ ਢੰਗ ਨਾਲ ਹਿਲੋਰੇ ਦਿੰਦੇ ਹਨ ਕਿ ਸਰੀਰ ਦਾ ਹਰ ਇਕ ਅੰਗ ਨਾਚ ਦੀ ਮਸਤੀ ਵਿਚ ਹਿੱਲਦਾ ਵਿਖਾਈ ਦਿੰਦਾ ਹੈ। ਹੌਲੀ ਹੌਲੀ ਸਾਜ਼ਿੰਦੇ ਆਪਣੀ ਤਾਲ ਨੂੰ ਤੇਜ਼ ਕਰਦੇ ਹਨ ਅਤੇ ਨੱਚਣ ਵਾਲਿਆਂ ਦੇ ਨਾਚ ਵਿਚ ਵੀ ਤੀਬਰਤਾ ਆ ਜਾਂਦੀ ਹੈ । ਜੋਸ਼ ਵਿਚ ਆ ਕੇ ਸਾਜ਼ਿੰਦੇ ਵੀ ਉਠ ਖਲੋਂਦੇ ਹਨ ਅਤੇ ਮਸਤੀ ਵਿਚ ਝੂਮਣ ਲੱਗ ਜਾਂਦੇ ਹਨ। ਢੋਲੀ ਕਈ ਵਾਰ ਢੋਲ ਵਜਾਉਂਦੇ ਹੋਏ ਸਿਰ ਤੇ ਰੱਖ ਲੈਂਦੇ ਹਨ ਪਰ ਤਾਲ ਨਹੀਂ ਖੁੰਝਦੀ। ਇਵੇਂ ਹੀ ਉਹ ਢੋਲ ਨੂੰ ਉੱਪਰ ਉਛਾਲਦੇ ਠੀਕ ਤਾਲ ਦਿੰਦੇ ਰਹਿੰਦੇ ਹਨ। ਨਾਚ ਦੇ ਸਰੂਰ ਵਿਚ ਆ ਕੇ ਨੱਚਣ ਵਾਲੇ ਤੇ ਸਾਜਿੰਦੇ ਦੋਵੇਂ ਇਕ ਸਮਾਂ ਬੰਨ੍ਹ ਦਿੰਦੇ ਹਨ। ਇਸ ਨਾਚ ਦੇ ਨਾਲ ਨਾਲ ਗਾਣਾ ਵੀ ਹੁੰਦਾ ਰਹਿੰਦਾ ਹੈ।.
(ੲ) ਤਲਵਾਰ ਨਾਟੀ
ਕੁੱਲੂ ਦੇ ਵਸਨੀਕਾਂ ਦਾ ਇਕ ਹੋਰ ਬੜਾ ਪਿਆਰਾ ਨਾਚ ‘ਤਲਵਾਰ ਨਾਟੀ’ ਹੈ। ਇਹ ਨਾਚ ਪੁਰਾਤਨ ਸਭਿਅਤਾ ਦਾ ਨਮੂਨਾ ਹੈ ਜਦੋਂ ਕਿ ਹਰ ਇਕ ਮਨੁੱਖ ਵਾਸਤੇ ਆਪਣੀ ਰੱਖਿਆ ਲਈ ਤਲਵਾਰ ਚਲਾਉਣ Y ਦੀ ਸਿੱਖਿਆ ਜ਼ਰੂਰੀ ਸੀ । ਤਲਵਾਰ ਦੇ ਧਨੀ ਕੇਵਲ ਆਪਣੀ ਰੱਖਿਆ ਲਈ ਹੀ ਮਸ਼ਹੂਰ ਨਹੀਂ ਸਨ ਹੁੰਦੇ ਸਗੋਂ ਉਹ ਦੂਜਿਆਂ ਦੇ ਮਾਣ ਅਤੇ ਸਤਿਕਾਰ ਦੇ ਪਾਤਰ ਵੀ ਹੁੰਦੇ ਸਨ। ਅੱਜ ਕੱਲ੍ਹ ਦੇ ਜ਼ਮਾਨੇ ਵਿਚ ਤਲਵਾਰ ਸੁਰੱਖਿਆ ਲਈ ਜਾਂ ਲੜਾਈ ਲਈ ਇੰਨਾ ਚੰਗਾ ਹਥਿਆਰ ਨਹੀਂ ਪਰ ਕੁੱਲੂ ਦੇ ਲੋਕਾਂ ਨੇ ‘ਤਲਵਾਰ ਨਾਟੀ’ ਦੀ ਸ਼ਕਲ ਵਿਚ ਇਸ ਪੁਰਾਤਨ ਹਥਿਆਰ ਦਾ ਮਾਣ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਨਾਚ ਨੂੰ ਦੂਜੇ ਸ਼ਬਦਾਂ ਵਿਚ ‘ਜੰਗੀ ਨਾਚ’ ਵੀ ਕਿਹਾ ਜਾ ਸਕਦਾ ਹੈ।
ਢੋਲ, ਨਰਸਿੰਘਿਆਂ ਅਤੇ ਨਗਾਰਿਆਂ ਆਦਿ ਵਾਲੇ ਸਾਜ਼ਿੰਦੇ ਲੜਾਈ ਦੀ ਸੁਰ ਵਜਾਉਂਦੇ ਹਨ ਤਾਂ ਨੱਚਣ ਵਾਲੇ ਜੋਸ਼ ਵਿਚ ਮਸਤੇ ਹੋਏ ਸੱਜੇ ਹੱਥ ਵਿਚ ਨੰਗੀ ਤਲਵਾਰ ਫੜੀ ਅਤੇ ਖੱਬੇ ਹੱਥ ਵਿਚ ਮਿਆਨ ਫੜੀ ਮੈਦਾਨ ਵਿਚ ਨਿਕਲ ਆਉਂਦੇ ਹਨ। ਹਰ ਇਕ ਨੱਚਣ ਵਾਲਾ ਤਲਵਾਰ ਘੁਮਾਉਂਦਾ ਹੋਇਆ ਤਾਲ ਸਿਰ ਪੈਂਤੜੇ ਬਦਲਦਾ ਹੈ। ਹਰ ਆਦਮੀ ਕੁਝ ਚਿਰ ਆਪਣੇ ਕਰਤਬ ਦਿਖਾਉਣ ਪਿੱਛੋਂ ਦੋ ਦੋ ਆਦਮੀਆਂ ਦੀਆਂ ਜੋਟੀਆਂ ਬਣਾ ਕੇ ਲੜਾਈ ਦਾ ਇਕ ਸੋਹਣਾ ਦ੍ਰਿਸ਼ ਪੇਸ਼ ਕਰਦਾ ਹੈ। ਇਨ੍ਹਾਂ ਦੇ ਨਾਚ ਨੂੰ ਵੇਖ ਕੇ ਮਹਾਭਾਰਤ ਦੀ ਲੜਾਈ ਚੇਤੇ ਆ ਜਾਂਦੀ ਹੈ। ਇੰਨੇ ਵਿਚ ਢੋਲ ਦੀ ਤਾਲ ਫੇਰ ਤੇਜ਼ ਹੁੰਦੀ ਹੈ ਅਤੇ ਨੱਚਣ ਵਾਲੇ ਫਿਰ ਵੱਖਰੇ ਵੱਖਰੇ ਹੋ ਕੇ ਤਲਵਾਰ ਨੂੰ ਘੁੰਮਾਉਣਾ ਸ਼ੁਰੂ ਕਰ ਦਿੰਦੇ ਹਨ। ਤਲਵਾਰ ਚਲਾਉਣ ਵਾਲੇ ਦੀ ਤੇਜ਼ੀ ਅਤੇ ਸਾਹਸ ਨੂੰ ਵੇਖ ਕੇ ਦੇਖਣ ਵਾਲੇ ਪ੍ਰਸੰਸਾ ਕੀਤੇ ਬਿਨਾਂ ਨਹੀਂ ਰਹਿ ਸਕਦੇ । ਥੱਕਣ ਵਾਲੇ ਅਖਾੜੇ ਤੋਂ ਹਟ ਕੇ ਖਲੋਤੇ ਦਰਸ਼ਕਾਂ ਵਿਚ ਜਾ ਮਿਲਦੇ ਹਨ । ਆਖ਼ਰ ਢੋਲ ਬੰਦ ਹੋ ਜਾਂਦਾ ਹੈ ਅਤੇ ਇਹ ਨਾਚ ਵੀ ਮੁੱਕ ਜਾਂਦਾ ਹੈ । ਕਈ ਜਵਾਨ ਇਸ ਨਾਚ ਵਿਚ ਦੁਹਾਂ ਹੱਥਾਂ ਵਿਚ ਦੋ ਤਲਵਾਰਾਂ ਫੜ ਕੇ ਵੀ ਨਾਚ ਕਰਦੇ ਹਨ ਅਤੇ ਕਈ ਜਵਾਨ ਤਿੰਨ ਤਲਵਾਰਾਂ ਨਾਲ ਮੈਦਾਨ ਵਿਚ ਆਉਂਦੇ ਹਨ; ਦੋ ਤਲਵਾਰਾਂ ਉਨ੍ਹਾਂ ਦੇ ਦੁਹਾਂ ਹੱਥਾਂ ਵਿਚ ਹੁੰਦੀਆ ਹਨ ਤੇ ਤੀਜੀ ਨੂੰ ਦੰਦਾਂ ਵਿਚ ਫੜਿਆ ਹੁੰਦਾ ਹੈ।
(ਸ) ਕਾਂਗੜੇ ਦੇ ਗੱਦੀਆਂ ਦਾ ਨਾਚ
ਕਾਂਗੜੇ ਜ਼ਿਲ੍ਹੇ ਵਿਚ ਇਕ ਇਲਾਕਾ ਧੌਲਾਧਾਰ ਦੀਆਂ ਪਹਾੜੀਆਂ ਦਾ ਹੈ। ਇਸ ਇਲਾਕੇ ਦੇ ਰਹਿਣ ਵਾਲਿਆਂ ਨੂੰ ‘ਗੱਦੀ’ ਆਖਦੇ ਹਨ ਅਤੇ ਇਨ੍ਹਾਂ ਦੇ ਨਾਂ ਤੇ ਹੀ ਇਸ ਇਲਾਕੇ ਨੂੰ ਜਗਦੇਰਨ ਵੀ ਕਿਹਾ ਜਾਂਦਾ ਹੈ। ਇਨ੍ਹਾਂ ਦਾ ਮੁੱਖ ਕਿੱਤਾ ਭੇਡਾਂ ਅਤੇ ਬੱਕਰੀਆਂ ਪਾਲਣਾ ਹੈ। ਡਾਕਟਰ ਮਹਿੰਦਰ ਸਿੰਘ ਰੰਧਾਵਾ ਨੇ ਆਪਣੀ ਪੁਸਤਕ ‘ਕਾਂਗੜਾ’ ਵਿਚ ਲਿਖਿਆ ਹੈ ਕਿ ਇਨ੍ਹਾਂ ਲੋਕਾਂ ਦਾ ਪਿੱਛਾ ਪੰਜਾਬ ਹੀ ਹੈ ਅਤੇ ਇਹ ਲੋਕੀ ਔਰੰਗਜ਼ੇਬ ਦੇ ਰਾਜ ਸਮੇਂ ਜ਼ਬਰਦਸਤੀ ਮੁਸਲਮਾਨ ਬਣਾਏ ਜਾਣ ਦੀ ਮੁਹਿੰਮ ਤੋਂ ਡਰ ਕੇ ਲਾਹੌਰ ਨੂੰ ਛੱਡ ਪਹਾੜ ਵੱਲ ਚਲੇ ਗਏ। ਇਨ੍ਹਾਂ ਦਾ ਪਹਿਰਾਵਾ ਵੀ ਵੱਖਰੀ ਕਿਸਮ ਦਾ ਹੈ। ਮਰਦ ਅਤੇ ਤੀਵੀਆਂ ਦੋਵੇਂ ਉੱਨ ਦਾ ਢਿੱਲਾ ਜਿਹਾ ਚੋਲਾ ਪਾਉਂਦੇ ਹਨ। ਮਰਦਾਂ ਦਾ ਚੋਲਾ ਗੋਡਿਆਂ ਤੀਕ ਅਤੇ ਤੀਵੀਂਆਂ ਦਾ ਚੋਲਾ ਗਿੱਟਿਆਂ ਤੀਕ ਲੰਮਾ ਹੁੰਦਾ ਹੈ। ਮਰਦ ਸਿਰ ਉੱਤੇ ਉੱਚੀ ਜਿਹੀ ਟੋਪੀ ਪਹਿਨਦੇ ਹਨ ਜਾਂ ਪੱਗ ਬੰਨ੍ਹ ਲੈਂਦੇ ਹਨ। ਤੀਵੀਆਂ ਸਿਰ ਉੱਤੇ ਰੁਮਾਲ ਬੰਨ੍ਹਦੀਆਂ ਹਨ। ਮਰਦਾਂ ਦੀਆਂ ਟੰਗਾ ਆਮ ਤੌਰ ਤੇ ਨੰਗੀਆਂ ਹੁੰਦੀਆਂ ਹਨ ਜਾਂ ਉਹ ਘੁੱਟਵਾਂ ਪਜਾਮਾ ਪਾ ਲੈਂਦੇ ਹਨ। ਤੀਵੀਆਂ ਘੁੱਟਵਾਂ ਪਜਾਮਾ ਜ਼ਰੂਰ ਪਾਉਂਦੀਆਂ ਹਨ। ਤੀਵੀਂਆਂ ਅਤੇ ਮਰਦ ਲੱਕ ਦੇ ਆਲੇ ਦੁਆਲੇ ਇਕ ਬੜੀ ਲੰਮੀ ਉੱਨ ਦੀ ਰੱਸੀ ਲਪੇਟ ਲੈਂਦੇ ਹਨ। ਇਹ ਲੋਕੀ ਬੜੇ ਖੁਸ਼-ਰਹਿਣੇ ਹਨ ਅਤੇ ਰਲ ਕੇ ਨੱਚਣਾ ਇਨ੍ਹਾਂ ਦਾ ਆਮ ਦਿਲ-ਪਰਚਾਵਾ ਹੈ। ਮੇਲੇ ਅਤੇ ਤਿਉਹਾਰ ਵਿਚ ਤਾਂ ਇਹ ਲੋਕੀ ਨੱਚਦੇ ਹੀ ਹਨ ਪਰ ਕਿਸੇ ਵੀ ਖੁਸ਼ੀ ਦੇ ਸਮੇਂ ਇਨ੍ਹਾਂ ਨੂੰ ਸੱਦਾ ਭੇਜ ਦਿਉ ਇਹ ਆ ਜਾਣਗੇ । ਇਨ੍ਹਾਂ ਨੂੰ ਚੰਗਾ ਖਾਣਾ ਦਿਉ ਅਤੇ ਪੀਣ ਨੂੰ ਲੁਗੜੀ ਦਿਉ ਅਤੇ ਇਨ੍ਹਾਂ ਦਾ ਮਸਤੀ ਭਰਿਆ ਨਾਚ ਵੇਖ ਲਓ। ਲੁਗੜੀ ਚਾਵਲਾਂ ਨੂੰ ਖ਼ਮੀਰ ਕਰ ਕੇ ਬਣਦੀ ਹੈ। ਇਸ ਵਿਚ ਥੋੜ੍ਹਾ ਜਿਹਾ ਨਸ਼ਾ ਵੀ ਹੁੰਦਾ ਹੈ । ਲੁਗੜੀ ਇਨ੍ਹਾਂ ਦੀ ਮਨ-ਭਾਉਂਦੀ ਚੀਜ਼ ਹੈ ਅਤੇ ਨਾਚ ਕਰਦੇ ਸਮੇਂ ਮੁੜ ਮੁੜ ਪੀਂਦੇ ਰਹਿੰਦੇ ਹਨ। ਇਸ ਦੀ ਲੋਰ ਵਿਚ ਇਹ ਸਾਰੀ ਸਾਰੀ ਰਾਤ ਨੱਚਦੇ ਰਹਿੰਦੇ ਹਨ।
ਧੋਲਾਧਾਰ ਦੀਆਂ ਪਹਾੜੀਆਂ ਵਿਚ ਇਕ ਖੂਬਸੂਰਤ ਪਿੰਡ ‘ਬੀੜ’ ਨਾਂ ਦਾ ਹੈ । ਇੱਥੇ ਹੋਲੀਆਂ ਦੇ ਦਿਨਾਂ ਵਿਚ ਇਕ ਮੇਲਾ ਲਗਦਾ ਹੈ ਜਿਸ ਵਿਚ ਗੱਦੀ ਅਤੇ ਕਨੈਤ ਜਾਤੀ ਦੇ ਲੋਕ ਬਹੁਤ ਆਉਂਦੇ ਹਨ ਅਤੇ ਖੂਬ ਨੱਚਦੇ ਹਨ। ਇੱਥੇ ਵੀ ਕੁੱਲੂ ਦੇ ਲੋਕੀ ਆਪਣੇ ਦੇਵਤਿਆਂ ਨੂੰ ਪਾਲਕੀ ਵਿਚ ਲੈ ਆਉਂਦੇ ਹਨ ਅਤੇ ਇਹ ਮੇਲਾ ਕੁੱਲੂ ਦੇ ਦੁਸਹਿਰੇ ਦੇ ਮੇਲੇ ਦਾ ਇਕ ਛੋਟਾ ਜਿਹਾ ਨਮੂਨਾ ਬਣ ਜਾਂਦਾ ਹੈ।
ਗੱਦੀ ਵੀ ਨੱਚਣ ਵੇਲੇ ਇਕ ਘੇਰੇ ਵਿਚ ਖਲੋ ਜਾਂਦੇ ਹਨ । ਬਾਹਾਂ ਨੂੰ ਹਲੋਰਾ ਦਿੰਦੇ ਹੋਏ ਹੱਥਾਂ ਨੂੰ ਹਿਲਾਉਂਦੇ ਤੇ ਨਿੱਕੇ ਨਿੱਕੇ ਕਦਮ ਪੁੱਟਦੇ ਹਨ । ਕਦੇ ਕਦੇ ਆਪਣੀ ਚਾਲ ਬਦਲ ਲੈਂਦੇ ਹਨ ਅਤੇ ਖੱਬੇ ਪੈਰ ਨਾਲ ਦੋ ਵਾਰੀ ਧਮਕ ਦੇ ਕੇ ਤੀਜੀ ਵਾਰ ਸੱਜੇ ਪੈਰ ਨੂੰ ਅੱਗੇ ਵਧਾਉਂਦੇ ਹਨ। ਇਨ੍ਹਾਂ ਦਾ ਇਹ ਮਟਕ ਮਟਕ ਕੇ ਚਲਣਾ ਬੜਾ ਸੋਹਣਾ ਲਗਦਾ ਹੈ। ਕਦੇ ਕਦੇ ਇਹ ਨੱਚਦੇ ਹੋਏ ਇਕ ਲੱਤ ਨੂੰ ਉੱਚੀ ਚੁੱਕ, ਸਰੀਰ ਨੂੰ ਕੋਡਾ ਕਰ, ਹੱਥਾਂ ਨੂੰ ਹਲੋਰਾ ਦੇ ਕੇ ਲੱਤ ਹੇਠਾਂ ਤਾੜੀ ਮਾਰਦੇ ਹਨ ਅਤੇ ਇਵੇਂ ਬਦਲ ਬਦਲ ਕੇ ਤਾੜੀ ਮਾਰਦੇ ਨੱਚਦੇ ਰਹਿੰਦੇ ਹਨ। ਨੱਚਣ ਸਮੇਂ ਇਹ ਲੋਕੀ ਗਾਣਾ ਜ਼ਰੂਰ ਗਾਉਂਦੇ ਹਨ ਅਤੇ ਕਈ ਵਾਰ ਤਾੜੀ ਨਾਲ ਤਾਲ ਦਿੰਦੇ ਹਨ। ਜਦੋਂ ਨੱਚਣ ਵਾਲੇ ਬਹੁਤੀ ਲੋਰ ਵਿਚ ਆ ਜਾਂਦੇ ਹਨ ਤਾਂ ਘੇਰਾ ਛੱਡ ਕੇ ਤੇਜ਼ ਨੱਚਦੇ ਹਨ। ਬਾਹਾਂ ਨੂੰ ਹਲੋਰੇ ਦਿੰਦੇ ਹੋਏ, ਨੀਵੇਂ ਜਿਹੇ ਹੋ ਕੇ ਅੱਧਾਂ ਚੱਕਰ ਜਾਂ ਪੂਰਾ ਚੱਕਰ ਕੱਟਦੇ ਹਨ। ਚੱਕਰ ਕੱਟਣ ਦਾ ਢੰਗ ਕੁਝ ਅਨੋਖਾ ਜਿਹਾ ਹੈ, ਪਰ ਬੜੇ ਸੋਹਣੇ ਲਗਦੇ ਹਨ। ਜਦੋਂ ਬਾਹਾਂ ਖਿਲਾਰ ਕੇ ਚੱਕਰ ਕੱਟਦੇ ਹਨ ਅਤੇ ਇਨ੍ਹਾਂ ਦਾ ਚੋਲਾ ਇਸ ਹੁਲਾਰੇ ਵਿਚ ਖਿਲਰਦਾ ਹੈ ਤਾਂ ਇੰਜ ਜਾਪਦਾ ਹੈ ਕਿ ਤੇਜ਼ ਹਵਾ ਵਿਚ ਪਹਾੜਾਂ ਦੇ ਬ੍ਰਿਛ ਝੂਮ ਰਹੇ ਹੋਣ। ਇਵੇਂ ਚੱਕਰ ਕੱਟਦੇ ਹੋਏ ਕਈ ਵਾਰੀ ਬਹਿ ਜਾਂਦੇ ਹਨ। ਫੇਰ ਜੋਸ਼ ਵਿਚ ਉੱਠ ਕੇ “ਹਾਰੀ ਨਾਟਾ, ਭਾਲਾ ਹਾਏ” ਬੋਲਦੇ ਹਨ। ਇਨ੍ਹਾਂ ਸ਼ਬਦਾਂ ਦੇ ਅਰਥ ਹਨ : “ਆਉ ਨੱਚੀਏ, ਅਸੀਂ ਬੜੇ ਖੁਸ਼ ਹਾਂ।”
ਇਹ ਲੋਕ ਵੀ ਨਾਚ ਕਰਦੇ ਹੋਏ ਕਈ ਵਾਰੀ ‘ਸ਼ੂ, ਸ਼ੁ’ ਦੀ ਆਵਾਜ਼ ਕੱਢਦੇ ਹਨ। ਗੱਦੀਆਂ ਦੇ ਨੱਚਣ ਸਮੇਂ ਗਾਏ ਜਾਣ ਵਾਲੇ ਗੀਤਾਂ ਵਿਚੋਂ ਇਕ ਆਮ ਪ੍ਰਚੱਲਿਤ ਗੀਤ ਇਉਂ ਹੈ :-
ਅੱਜ ਦੀ ਰਾਤੀਂ ਰਓ ਮੇਰੇ ਗੱਦੀਆ,
ਅੱਜ ਦੀ ਰਾਤੀਂ ਰਓ, ਹੋ।
ਸਹੁਰਾ ਬੀ ਘਰ ਨਹੀਂ, ਸੱਸ ਵੀ ਘਰ ਨਹੀਂ,
ਕੱਲੀਏ ਜੋ ਲਗਦਾ ਹੈ ਭੌ, ਹੋ ।
ਤੇਲ ਬੀ ਦਿੰਨੀਆਂ, ਸਾਬਣ ਵੀ ਦਿੰਨੀਆਂ,
ਠੰਢੀਆਂ ਬੌੜੀਆਂ ਨ੍ਹਾਓ, ਹੋ।
ਚੌਲ ਬੀ ਦਿੰਨੀਆਂ, ਦਾਲ ਬੀ ਦਿੰਨੀਆਂ,
ਤੜਕੇ ਜੋ ਦਿੰਨੀਆਂ ਘਿਓ, ਹੋ।
ਮੰਜਾ ਬੀ ਦਿੰਨੀਆਂ, ਖਿੰਧ ਬੀ ਦਿੰਨੀਆਂ,
ਤੂੰ ਠੰਢਿਆਂ ਬਾਗ਼ਾਂ ਬਿਚ ਸੌਂ, ਹੋ ।
ਕਈ ਵਾਰੀ ਇਹ ਲੋਕੀ ਗੱਦੀ ਪ੍ਰੇਮੀਆਂ ਦੀ ਇਕ ਜੋੜੀ ‘ਕੁੰਜੂਆਂ’ ਅਤੇ ‘ਚੰਚਲੋ’ ਦੇ ਗੀਤਾਂ ਨੂੰ ਵੀ ਬੜੇ ਚਾਅ ਨਾਲ ਗਾਉਂਦੇ ਹਨ। ਕਈ ਵਾਰੀ ਨੱਚਣ ਵਾਲੇ ਦੋ ਟੋਲੀਆਂ ਵਿਚ ਹੋ ਕੇ ਆਪਸ ਵਿਚ ਗਾਣੇ ਰਾਹੀਂ ਸਵਾਲ ਜਵਾਬ ਵੀ ਕਰਦੇ ਹਨ।
ਗੱਦੀਆਂ ਦੇ ਨਾਚ ਦਾ ਜ਼ਰੂਰੀ ਸਾਜ਼ ਵੀ ਢੋਲ ਹੀ ਹੈ ਪਰ ਇਸ ਦੇ ਨਾਲ ਸ਼ਹਿਨਾਈ, ਬੀਨ, ਢੋਲ, ਦੋਤਾਰਾ, ਬੰਸਰੀ ਆਦਿ ਵੀ ਵਜਾਏ ਜਾਂਦੇ ਹਨ। ਇਨ੍ਹਾਂ ਸਾਜ਼ਾਂ ਵਾਲੇ ਨੱਚਣ ਵਾਲਿਆਂ ਦੇ. ਵਿਚਕਾਰ ਨਹੀਂ ਹੁੰਦੇ । ਇਕ ਪਾਸੇ ਖਲੋ ਕੇ ਜਾਂ ਬਹਿ ਕੇ ਸਾਜ਼ ਵਜਾਉਂਦੇ ਹਨ।
ਗੱਦੀਆਂ ਦਾ ਨਾਚ ਲੋਕ-ਨਾਚ ਦਾ ਇਕ ਸੋਹਣਾ ਨਮੂਨਾ ਹੈ। ਇਸ ਦੇ ਵਿਚ ਖੁਸ਼ੀ ਤੇ ਮਸਤੀ ਡੁੱਲ੍ਹ ਡੁੱਲ੍ਹ ਪੈਂਦੀ ਹੈ । ਇਸ ਨਾਚ ਵਿਚ ਜਿੰਨੇ ਲੋਕ ਚਾਹੁਣ ਨੱਚ ਸਕਦੇ ਹਨ ਅਤੇ ਹਰ ਇਕ ਨੱਚਣ ਵਾਲਾ ਬਿਨਾ ਕਿਸੇ ਬੰਦਸ਼ ਦੇ ਆਪਣੇ ਸਰੂਰ ਵਿਚ ਨਚਦਾ ਹੈ। ਇਹ ਨਾਚ ਕਿਨਾ ਸੋਹਣਾ ਅਤੇ ਮਨ-ਖਿੱਚਵਾਂ ਹੁੰਦਾ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 1954 ਵਿਚ ‘ਗਣਤੰਤਰ ਦਿਵਸ’ ਉੱਤੇ ਮਨਾਏ ਗਏ ਸਰਬ-ਭਾਰਤੀ ਲੋਕ-ਨਾਚ ਮੇਲੇ ਵਿਚ ਗੱਦੀਆਂ ਨੇ ਪਹਿਲਾ ਇਨਾਮ ਜਿੱਤਿਆ ਸੀ।
(ਹ) ਗੱਦਣਾਂ ਦਾ ਨਾਚ
ਗੱਦੀ ਲੋਕਾਂ ਦਾ ਜੀਵਨ ਭਾਵੇਂ ਬੜਾ ਖੁੱਲ੍ਹਾ-ਡੁੱਲ੍ਹਾ ਹੁੰਦਾ ਹੈ ਪਰ ਫਿਰ ਵੀ ਤੀਵੀਂਆਂ ਅਤੇ ਮਰਦ ਇਕੱਠੇ ਨਹੀਂ ਨੱਚਦੇ । ਜੇ ਇੱਕੋ ਦਿਨ ਇੱਕੋ ਥਾਂ ਉੱਤੇ ਮਰਦਾਂ ਅਤੇ ਤੀਵੀਂਆਂ ਦੋਹਾਂ ਦਾ ਨਾਚ ਹੋਵੇ ਤਾਂ ਤੀਵੀਆਂ ਇਕੱਠੀਆਂ ਹੋ ਜਾਂਦੀਆਂ ਹਨ ਅਤੇ ਘੇਰਾ ਬੰਨ੍ਹ ਕੇ ਬਹਿ ਜਾਂਦੀਆਂ ਹਨ ਪਰ ਮਰਦ ਘੱਟ ਹੀ ਤੀਵੀਂਆਂ ਦੇ ਨਾਚ ਨੂੰ ਵੇਖਦੇ ਹਨ ਭਾਵੇਂ ਤੀਵੀਂਆਂ ਆਮ ਖੁੱਲ੍ਹੀ ਥਾਂ ਉੱਤੇ ਹੀ ਨੱਚਦੀਆਂ ਹੋਣ। ਤੀਵੀਂਆਂ ਦੇ ਨਾਚ ਦੀ ਤਕਨੀਕ ਮਰਦਾਂ ਦੇ ਨਾਚ ਨਾਲ ਮਿਲਦੀ ਹੈ ਪਰ ਮਰਦਾਂ ਦਾ ਨਾਚ ਕੁਝ ਜੋਸ਼ੀਲਾ ਅਤੇ ਅੱਖੜ ਹੁੰਦਾ ਹੈ। ਤੀਵੀਂਆਂ ਦੇ ਨਾਚ ਵਿਚ ਨਜ਼ਾਕਤ ਅਤੇ ਸਰਲਤਾ ਅਧਿਕ ਹੁੰਦੀ ਹੈ। ਉਨ੍ਹਾਂ ਦੀ ਆਵਾਜ਼ ਵੀ ਵਧੇਰੇ ਮਿੱਠੀ ਅਤੇ ਸੁਰੀਲੀ ਹੁੰਦੀ ਹੈ । ਤੀਵੀਂਆਂ ਵੀ ਨੱਚਣ ਸਮੇਂ ਲੁਗੜੀ ਪੀਂਦੀਆਂ ਹਨ। ਇਹ ਤਾੜੀ ਮਾਰ ਕੇ ਅਤੇ ਚੁਟਕੀ ਵਜਾ ਕੇ, ਬਾਹਾਂ ਉਲਾਰ ਕੇ, ਹੱਥ ਹਿਲਾ ਕੇ, ਗਾਉਂਦੀਆਂ ਹੋਈਆਂ ਨੱਚਦੀਆਂ ਹਨ ਪਰ ਇਹ ਨੱਚਦੇ ਸਮੇਂ ਕਈ ਵਾਰੀ ਇੰਨਾ ਝੁਕਦੀਆਂ ਹਨ ਕਿ ਪੈਰਾਂ ਤੀਕ ਹੱਥ ਲਗਦੇ ਹਨ। ਨੱਚਣ ਸਮੇਂ ਜਦੋਂ ਚੱਕਰ ਕੱਟਦੀਆਂ ਹਨ ਤਾਂ ਇਕ ਪੈਰ ਤੇ ਹੁਲਾਰਾ ਲੈ ਕੇ ਅੱਧਾ ਚੱਕਰ ਕੱਟਦੀਆਂ ਹਨ ਅਤੇ ਦੂਜੇ ਹੁਲਾਰੇ ਨਾਲ ਮੁੜ ਓਵੇਂ ਹੀ ਹੋ ਜਾਂਦੀਆਂ ਹਨ। ਕਦੇ ਕਦੇ ਖਲੋ ਕੇ ਪੈਰ ਨੂੰ ਪੱਬਾਂ ਭਾਰ ਪਿੱਛੇ ਮਾਰਦੀਆਂ ਹਨ ਅਤੇ ਫੇਰ ਪੈਰ ਟਿਕਾ ਦੂਜੇ ਪੈਰ ਨੂੰ ਓਵੇਂ ਹੀ ਪੱਬਾਂ ਭਾਰ ਮਾਰਦੀਆਂ ਹਨ।
(ਕ) ਕਰਬੀ
ਪਹਾੜਾਂ ਦੇ ਦੂਰ ਅੰਦਰੂਨੀ ਇਲਾਕੇ ਵਿਚ, ਜਿੱਥੇ ਅਜੇ ਤਕ ਨਵੀਂ ਸਭਿਅਤਾ ਦਾ ਅਸਰ ਨਹੀਂ ਹੋਇਆ, ਤੀਵੀਂਆਂ ਅਤੇ ਮਰਦ ਰਲ ਕੇ ਨੱਚਦੇ ਹਨ। ਇਨ੍ਹਾਂ ਦੇ ਇਸ ਨਾਚ ਨੂੰ ‘ਕਰਥੀ’ ਆਖਦੇ ਹਨ । ਫਸਲਾਂ ਦੀ ਕਟਾਈ ਪਿੱਛੋਂ ਮਰਦ ਅਤੇ ਤੀਵੀਂਆਂ ਸੋਹਣੇ ਸੋਹਣੇ ਕਪੜੇ ਪਾ ਕੇ ਅਤੇ ਸਜ ਸਜਾ ਕੇ ਚਾਨਣੀ ਰਾਤ ਵਿਚ ਪਿੰਡ ਦੀ ਕਿਸੇ ਖੁੱਲ੍ਹੀ ਥਾਂ ਵਿਚ ਇਕੱਠੇ ਹੋ ਜਾਂਦੇ ਹਨ । ਨੱਚਣ ਵਾਲੇ ਮਰਦ ਅਤੇ ਤੀਵੀਂਆਂ ਇਕੱਠੇ, ਇਕ ਮਰਦ ਦੇ ਬਰਾਬਰ ਇਕ ਤੀਵੀਂ, ਖਲੋ ਕੇ ਘੇਰਾ ਬਣਾ ਲੈਂਦੇ ਹਨ। ਮਰਦ, ਨਾਲ ਦੇ ਦੂਜੇ ਮਰਦਾਂ ਦੇ ਹੱਥਾਂ ਨੂੰ ਅਤੇ ਤੀਵੀਂਆਂ ਨਾਲ ਦੀਆਂ ਦੂਜੀਆਂ ਤੀਵੀਂਆਂ ਦੇ ਹੱਥਾਂ ਨੂੰ ਪਿਛਲੇ ਪਾਸਿਉਂ ਫੜ ਕੇ ਇਕ ਰਲਵੀਂ ਲੜੀ ਬਣਾ ਲੈਂਦੇ ਹਨ। ਢੋਲ ਅਤੇ ਹੋਰ ਸਾਜ਼ਾਂ ਦੀ ਤਾਲ ਅਤੇ ਸੁਰ ਵਿਚ ਪਹਿਲਾਂ ਹੌਲੀ ਹੌਲੀ ਘੇਰੇ ਵਿਚ ਚੱਲਦੇ ਨੱਚਦੇ ਹਨ। ਹੌਲੀ ਹੌਲੀ ਇਹ ਤਾਲ ਤੇਜ਼ ਹੁੰਦੀ ਹੈ ਅਤੇ ਨਾਲ ਹੀ ਨੱਚਣ ਵਾਲੇ ਤੇਜ਼ੀ ਵਿਚ ਆ ਜਾਂਦੇ ਹਨ। ਇਸ ਨਾਚ ਨਾਲ ਵੀ ਗਾਣਾ ਹੁੰਦਾ ਰਹਿੰਦਾ ਹੈ।