ਸ਼ਾਹ ਹੁਸੈਨ,(1538-1599 ਈ : ) ਲਾਹੌਰ ਦਾ ਵਸਨੀਕ, ਅਕਬਰ ਤੇ ਗੁਰੂ ਅਰਜਨ ਦਾ ਸਮਕਾਲੀ ਸੀ । ਇਹ ਵੀ ਰੱਬ ਦੇ ਪ੍ਰੇਮ ਦਾ ਪ੍ਰਚਾਰ ਬੜੇ ਧੜੱਲੇਦਾਰ ਤਰੀਕੇ ਨਾਲ ਕਰਦਾ ਰਿਹਾ। ਮੁਸਲਮਾਨੀ ਰਵਾਇਤਾਂ ਵਿੱਚੋਂ ਉਸ ਨੂੰ ਸਭ ਤੋਂ ਬਹੁਤੀ ਖਿੱਚ ਇਸਲਾਮ ਦੇ ਰਹੱਸਵਾਦੀ ਪੱਖ ਦੀ ਪਈ, ਬਾਕੀ ਇਸਲਾਮੀ ਰਾਜ, ਨਿਯਮਾਵਲੀ ਤੇ ਦੀਨੀ ਪ੍ਰਚਾਰ ਤੋਂ ਉਹ ਜ਼ਰਾ ਵੀ ਪ੍ਰਭਾਵਿਤ ਨਾ ਹੋ ਸਕਿਆ। ਪ੍ਰਸਿੱਧ ਰਹੱਸਵਾਦੀ ਸ਼ੇਖ ਬਹਿਲੋਲ ਪਾਸੋਂ ਰੂਹਾਨੀ ਸਿੱਖਿਆ ਪ੍ਰਾਪਤ ਕਰਨ ਕਰਕੇ ਉਸ ਨੂੰ ਮਜ਼ਹਬ ਦੇ ਸੱਚ ਤੇ ਝੂਠ ਦੀ ਬਿਬੇਕ ਪ੍ਰਾਪਤ ਹੋ ਗਈ ਸੀ ਤੇ ਉਹ ਬੜੀ ਨਿਸਚਿਤਤਾ ਨਾਲ ਰੂਹਾਨੀ ਇਸ਼ਕ ਦੀ ਪ੍ਰੋੜ੍ਹਤਾ ਤੇ ਭੇਖੀ ਦੀਨ ਦਾ ਖੰਡਨ ਕਰਨ ਲੱਗ ਪਿਆ ਸੀ । ਸਿੱਖ ਗੁਰੂਆਂ ਦੇ ਪ੍ਰਭਾਵ ਨੇ ਉਸਨੂੰ ਹੋਰ ਵੀ ਨਿਸੰਗ ਕਰ ਦਿੱਤਾ । ਗੁਰੂ ਨਾਨਕ ਹਿੰਦੂ ਧਾਰਮਕ ਭੇਖਾ ਤੇ ਰਹੁ-ਰੀਤਾਂ ਦਾ ਮਖੌਲ ਉਡਾਉਣ ਲਈ ਕਦੇ ਇਕ ਭੇਖ ਕਦੀ ਦੂਸਰਾ ਭੇਖ ਧਾਰਨ ਕਰਦੇ ਤੇ ਕਦੀ ਕਈਆਂ ਨੂੰ ਰਲਾ ਮਿਲਾ ਕੇ ਵਰਤਦੇ ਰਹੇ ਸਨ। ਸ਼ਾਹ ਹੁਸੈਨ ਨੇ ਮੁਸਲਮਾਨੀ ਧਾਰਮਕ ਚਿੰਨ੍ਹਾਂ ਤੇ ਰਹੁ-ਰੀਤਾਂ ਦਾ ਮਖੌਲ ਉਡਾਉਣਾ ਸ਼ੁਰੂ ਕਰ ਦਿੱਤਾ ਤਾਂ ਕਿ ਇਸਲਾਮ ਦਾ ਰੂਹਾਨੀ ਤੇ ਸਮਾਜਕ ਰੋਲ ਭੁਲਦੇ ਜਾਂਦੇ ਮੁਸਲਮਾਨਾਂ ਨੂੰ ਝੰਜੋੜ ਕੇ ਜਗਾ ਸਕੇ । ਫਰੀਦ ਦੇ ਸਮੇਂ ਪੰਜਾਬ ਨੂੰ ਡੂੰਘੇ ਤੇ ਅਮਲੀ ਜੀਵਨ ਦਾ ਸੁਨੇਹਾ ਦੇਣ ਦਾ ਜੋ ਬੋਝ ਮੁਸਲਮਾਨ ਰਹੱਸਵਾਦੀਆਂ ਨੇ ਆਪਣੇ ਸਿਰ ਲਿਆ ਸੀ, ਹੁਣ ਸਿੱਖ ਗੁਰੂ ਉਸੇ ਕਰਤੱਵ ਨੂੰ ਵਧੇਰੀ ਲਗਨ ਤੇ ਸਿਆਣਪ ਨਾਲ ਪਾਲ ਰਹੇ ਸਨ ਤੇ ਰਸਮੀ ਇਸਲਾਮ ਦੇ ਧਾਰਨੀ ਕਈ ਮੁਸਲਮਾਨ ਉਨ੍ਹਾਂ ਦੇ ਯਤਨਾਂ ਦੀ ਵਿਰੋਧਤਾ ਕਰ ਰਹੇ ਸਨ । ਸ਼ਾਹ ਹੁਸੈਨ ਨੇ ਹੋਰ ਅਜਿਹੇ ਕੱਟੜਪੰਥੀ ਮੁਸਲਮਾਨਾਂ ਦੇ ਫੋਕਟ ਇਸਲਾਮ ਦਾ ਗੱਜ ਵੱਜ ਕੇ ਵਿਰੋਧ ਕਰਨ ਨੂੰ ਸਮੇਂ ਦੀ ਮੰਗ ਮਹਿਸੂਸ ਕੀਤਾ ਤਾਂਕਿ ਇਸਲਾਮ ਦਾ ਉਸਾਰੂ ਪ੍ਰਭਾਵ ਪੰਜਾਬ ਦੇ ਜੀਵਨ ਨੂੰ ਸਿੰਜਦਾ ਰਹੇ । ਅਕਬਰ ਦੇ ਰਾਜ ਵਿਚ ਭਾਰਤੀ ਮੁਸਲਮਾਨਾਂ ਵਿਚ ਵਿਦਵਤਾ ਦੀ ਪਫੁਲਤਾ ਵੱਡੇ ਪੈਮਾਨੇ ਤੇ ਹੋਣੀ ਸ਼ੁਰੂ ਹੋ ਗਈ ਸੀ, ਜਿਸ ਦਾ ਇਕ ਸਿੱਟਾ ਹਿੰਦੂ ਗ੍ਰੰਥਾਂ ਦੇ ਫ਼ਾਰਸੀ ਅਨੁਵਾਦ ਹੋਣ ਕਰਕੇ ਮੁਸਲਮਾਨਾਂ ਦਾ ਹਿੰਦੂਆਂ ਨਾਲ ਨੇੜਤਾ ਵਧਣਾ ਸੀ। ਤੇ ਦੂਸਰਾ ਪੱਖ ਨਿਰੋਲ ਇਸਲਾਮੀ ਪੁਸਤਕਾਂ ਦੀ ਵਿਚਾਰ ਵਿਆਖਿਆ ਦੇ ਅਵਸਰ ਵਧ ਜਾਣ ਕਰਕੇ ਮੁਸਲਮਾਨ ਆਲਮਾਂ ਦਾ ਇਕ ਐਸਾ ਟੋਲਾ ਪੈਦਾ ਹੋ ਜਾਣਾ ਸੀ ਜੋ ਇਸਲਾਮੀ ਸਿਧਾਂਤਾਂ ਦੀ ਸ਼ੁੱਧਤਾ ਦਾ ਝੰਡਾ ਖੜਾ ਕਰਨ ਲੱਗ ਪਿਆ ਸੀ । ਸ਼ਾਹ ਹੁਸੈਨ ਵਰਗੇ ਰਹੱਸਵਾਦੀ ਜੋ ਭਾਰਤੀ ਮੱਤਾਂ ਤੇ ਸਭਿਆਚਾਰ ਤੋਂ ਰੱਬ ਦੇ ਇਸ਼ਕ ਵਿਚ ਸਹਾਇਤਾ ਕਰਨ ਵਾਲਾ ਹਰ ਸਬਕ ਪੜ੍ਹਨ ਲਈ ਤਿਆਰ ਸਨ, ਅਜਿਹੇ ਆਲਮਾਂ ਨੂੰ ਬਹੁਤ ਰੜਕਦੇ ਸਨ। ਜਦੋਂ ਸ਼ਾਹ ਹੁਸੈਨ ਨੇ ਨਿਧੜਕ ਹੋ ਕੇ ਮੁਸਲਮਾਨੀ ਭੇਖਾਂ ਤੇ ਰਹੁ-ਰੀਤਾਂ ਦੀ ਵਿਰੋਧਤਾ ਸ਼ੁਰੂ ਕੀਤੀ ਤਾਂ ਇਸ ਧੜੇ ਵੱਲੋਂ ਉਸ ਨੂੰ ਬਦਨਾਮ ਤੇ ਸ਼ਰਮਸਾਰ ਕਰਨ ਦੀ ਜ਼ੋਰਦਾਰ ਮੁਹਿੰਮ ਸ਼ੁਰੂ ਹੋ ਗਈ। ਸ਼ਾਹ ਹੁਸੈਨ ਰੱਬ ਦੇ ਭਰੋਸੇ ਤੇ ਅਡੋਲ ਆਪਣੇ ਰਾਹ ਤੇ ਕੱਟੜ ਧੜੇ ਦਾ ਦਲੇਰੀ ਨਾਲ ਮੁਕਾਬਲਾ ਕਰਦਾ ਰਿਹਾ। ਉਸ ਨੂੰ ਬਦਨਾਮ ਕਰਨ ਵਾਲਿਆਂ ਦੀ ਨਿਸਫਲਤਾ ਦਾ ਝਲਕਾ ਉਸ ਦੀਆਂ ਕਾਫੀਆਂ ਵਿਚੋਂ ਵੀ ਪੈਂਦਾ ਹੈ।
ਸ਼ਾਹ ਹੁਸੈਨ (1538-1599 ਈ )
ਲੋਕਾਂ ਸੁਣਿਆ, ਦੇਸਾਂ ਸੁਣਿਆ, ਹੀਰ ਬੈਰਾਗਨ ਹੋਈ
ਇਕ ਸੁਣੇਂਦਾ ਲੱਖ ਸੁਣੇ, ਮੇਰਾ ਕਹਾਂ ਕਰੇਗਾ ਕੋਈ ।
ਬਾਬਾ ਫਰੀਦ ਦੀ ਕਵਿਤਾ ਵਿਚ ਦੰਭੀ ਦਰਵੇਸ਼ਾਂ ਦਾ ਕੁਝ ਖੰਡਨ ਜ਼ਰੂਰ ਮਿਲਦਾ ਹੈ ਪਰ ਕੱਟੜਪੰਥੀ ਲੋਕਾਂ ਵੱਲੋਂ ਉਸਦੀ ਵਿਰੋਧਤਾ ਹੋਣ ਦੀ ਤੇ ਉਸਦੇ ਆਪਣੇ ਬਚਾਅ ਕਰਨ ਦੀ ਕੋਈ ਨਿਸ਼ਾਨੀ ਨਹੀਂ ਮਿਲਦੀ। ਇਸਲਾਮੀ ਜਗਤ ਦੇ ਇਸ ਖਿੱਤੇ ਵਿਚ ਸ਼ਾਇਦ ਸ਼ਾਹ ਹੁਸੈਨ ਪਹਿਲਾ ਰਹੱਸਵਾਦੀ ਸੀ ਜਿਸ ਨੇ ਦਲੇਰੀ ਨਾਲ ਲੋਕ-ਹਿਤਾਂ ਤੋਂ ਅਵੇਸਲੀ ਹੁੰਦੀ ਜਾਂਦੀ ਮੁਸਲਮਾਨ ਮਜ਼ਹਬੀ ਸ਼੍ਰੇਣੀ ਵਿਰੁੱਧ ਬਗਾਵਤ ਦਾ ਝੰਡਾ ਖੜਾ ਕੀਤਾ ਤੇ ਇਸਲਾਮ ਦੀ ਅਸਲ ਸਪਿਰਿਟ ਨੂੰ ਜਾਗ੍ਰਿਤ ਰਖਿਆ । ਭਾਰਤੀ ਭਗਤੀ ਲਹਿਰ, ਸਿੱਖ ਲਹਿਰ ਤੇ ਇਸਲਾਮੀ ਰਵਾਇਤਾਂ ਦੇ ਨਰੋਏ ਅੰਸ਼ਾਂ ਦੇ ਇਕ ਸਾਂਝੇ ਜਿਹੇ ਮੁਰੱਕਬ ਦਾ ਉਪਦੇਸ਼ ਉਸਦੀ ਕਵਿਤਾ ਦਾ ਵਿਸ਼ਾ ਬਣਿਆ। ਹਰ ਦੇਸ਼ ਦੇ ਸੂਫ਼ੀ ਉੱਥੋਂ ਦੇ ਸਥਾਨਕ ਪ੍ਰਭਾਵਾਂ ਨੂੰ ਇਸਲਾਮ ਨਾਲ ਰਲਾਉਣ ਮਿਲਾਉਣ ਦੇ ਹਾਮੀ ਰਹੇ ਹਨ। ਫਰੀਦ ਨੇ ਭਾਰਤ ਵਿਚ ਇਸ ਪਰੰਪਰਾ ਦਾ ਮੁੱਢ ਬੰਨ੍ਹਿਆ ਤੇ ਸ਼ਾਹ ਹੁਸੈਨ ਨੇ ਇਸ ਨੂੰ ਅੱਗੇ ਟੋਰਿਆ । ਬੁਲ੍ਹੇ ਸ਼ਾਹ ਦੇ ਸਮੇਂ ਇਹ ਪਰੰਪਰਾ ਬਹੁਤ ਮਜ਼ਬੂਤ ਪੈਰਾਂ ਤੇ ਖਲੋਤੀ ਸਹੀ ਹੁੰਦੀ ਹੈ। ਸ਼ਾਹ ਹੁਸੈਨ ਦੀ ਕਵਿਤਾ ਦਾ ਇਹ ਸਾਂਝੇ ਭਾਵਾਂ ਵਾਲਾ ਗੁਣ ਉਸਦੀ ਕੀਮਤ ਨੂੰ ਬਹੁਤ ਉੱਚਾ ਕਰਦਾ ਹੈ।