ਅਜੋਕੀ ਪੰਜਾਬੀ ਕਵਿਤਾ | Punjabi Kavita
ਇਕ ਉੜੀਆ ਕਵੀ ਦਾ ਆਖਣਾ ਹੈ :
ਵਿਸ਼ਾਲ ਨਦੀ ਦੇ ਭੰਵਰ ਵਿਚ
ਇਕ ਫੁੱਲ ਛਾਲ ਮਾਰਦਾ ਹੈ
ਇਕ ਤੇਜਸਵੀ ਫੁੱਲ
ਹਿੰਮਤ ਦਾ ਫੁੱਲ ।
ਝੱਲੇ ਤੂਫ਼ਾਨ ਦੇ ਹੇਠ ਚੁੰਮਦਾ ਹੈ
ਇਕ ਪੱਤਾ, ਇਕ ਹਰਿਆ ਪੱਤਾ,
ਤਜਰਬੇ ਦਾ ਪੱਤਾ ।
ਹਨੇਰੇ ਦੀ ਵੇਲ ਉਤੇ
ਇਕ ਕਲੀ ਖਿੜੀ
ਉਹ ਕਲੀ ਚਾਨਣ ਦੀ।
ਜੇ ਇਸ ਗੱਲ ਨੂੰ ਪੰਜਾਬੀ ਸਾਹਿਤ ਦੀ ਉਪਜ ਉਤੇ ਢੁਕਾਇਆ ਜਾਏ ਤਾਂ ਇਹ ਸਭ ਤੋਂ ਵੱਧ ਪੰਜਾਬੀ ਕਵਿਤਾ ਦੀ ਜ਼ਿੰਦਗੀ ਉਤੇ ਢੁਕਦੀ ਹੈ । ਪੰਜਾਬੀ ਕਵਿਤਾ ਦੀ ਜਾਨ ਵਿਚ ਮੁੱਢ ਤੋਂ ਇਕ ਜੁਰਅਤ ਰਹੀ ਹੈ। ਇਸ ਦੇ ਤਜਰਬੇ ਨੇ ਤੂਫਾਨਾਂ ਦੇ ਹੇਠ ਚੁੰਮੇ ਹਨ ਅਤੇ ਜ਼ਿੰਦਗੀ ਦੀਆਂ ਹਨੇਰੀਆਂ ਕੀਮਤਾਂ ਦੀ ਵੇਲ ਉਤੇ ਨਰੋਈਆਂ ਕੀਮਤਾਂ ਦੇ ਚਾਨਣ ਦੀ ਕਲੀ ਨੂੰ ਖਿੜਨ ਵਿਚ ਇਹ ਹਮੇਸ਼ਾਂ ਸਹਾਈ ਰਹੀ ਹੈ।
ਗੁਰੂ ਨਾਨਕ ਦੀ ਕਲਮ ਦੀ ਇਸੇ ਜੁਰਅਤ ਦਾ ਸਦਕਾ ਸਮੇਂ ਦੀਆਂ ਸਿਥਲ ਕੀਮਤਾਂ ਨੇ ਗੁਰੂ ਨਾਨਕ ਨੂੰ ਕੁਝ ਸਮੇਂ ਲਈ ‘ਕੁਰਾਹੀਆ’ ਕਹਿ ਦਿੱਤਾ । ਵਾਰਸ ਦੀ ਇਸੇ ‘ਜੁਰਅਤ’ ਦਾ ਸਦਕਾ ਵਾਰਸ ਦੇ ਗੁਰੂ ਨੇ ਵਾਰਸ ਦੀ ਰਚਨਾ ਨੂੰ ‘ਮੁੰਜ ਦੀ ਰੱਸੀ’ ਆਖ ਦਿੱਤਾ । ਭਾਵੇਂ ਪਿੱਛੋਂ ਉਸ ਨੇ ਮੰਨ ਲਿਆ ਕਿ ਵਾਰਸ ਨੇ ਮੁੰਜ ਦੀ ਰੱਸੀ ਵਿਚ ਮੋਤੀ ਪਰੋਏ ਹਨ ਅਤੇ ਸਮੇਂ ਨੇ ਕਬੂਲ ਲਿਆ ਕਿ ਗੁਰੂ ਨਾਨਕ ਇਕ ਸੱਚਾ ਰਹਿਨੁਮਾ ਹੈ। ਪੰਜਾਬੀ ਕਵੀਆਂ ਦੀ ਕਲਮ ਨੇ ਜੁਰਅਤ ਦੀ ਇਸ ਪੰਰਪਰਾ ਨੂੰ ਹਮੇਸ਼ਾ ਅੱਗੇ ਤੋਰਿਆ ਹੈ। ਸਮੇਂ ਦੀ ਲੋੜ ਰੰਗ ਵਟਾਂਦੀ ਰਹੀ ਹੈ ਪਰ ਉਸ ਦੀ ਜੁਰਅਤ ਕਦੇ ਮਾਂਦੀ ਨਹੀਂ ਪਈ ।
ਭਾਈ ਵੀਰ ਸਿੰਘ ਦੇ ਆਤਮ-ਤਜਰਬੇ ਦਾ ਸੂਖਮ ਬਿਆਨ ਹਮੇਸ਼ਾ ਸਾਂਭਣ-ਯੋਗ ਰਹੇਗਾ :
ਸਾਬਣ ਲਾ ਲਾ ਧੋਤਾ ਕੋਲਾ, ਦੁੱਧ ਦਹੀਂ ਵਿਚ ਪਾਇਆ
ਖੁੰਬ ਚਾੜ੍ਹ ਰੰਗਣ ਭੀ ਧਰਿਆ, ਰੰਗ ਨਾ ਓਸ ਵਟਾਇਆ
ਵਿਛੜਿਆਂ ਕਾਲਖ ਸੀ ਆਈ, ਬਿਨ ਮਿਲਿਆਂ ਨਹੀਂ ਲਹਿੰਦੀ
ਅੰਗ ਅੱਗ ਦੇ ਲਾ ਕੇ ਵੇਖੋ, ਚੜ੍ਹਦਾ ਰੂਪ ਸਵਾਇਆ।
ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ, ਅਸਾਂ ਧਾ ਗਲਵੱਕੜੀ ਪਾਈ। ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਧਨੀ ਰਾਮ ਚਾਤ੍ਰਿਕ ਦੀਆਂ ‘ਦਿਲ’ ਵਰਗੀਆਂ ਕਵਿਤਾਵਾਂ ਹਮੇਸ਼ਾਂ ਪੰਜਾਬੀ ਸਾਹਿਤ ਦੇ ਦਿਲ ਨੂੰ ਧੂਹ ਪਾਂਦੀਆਂ ਰਹਿਣਗੀਆਂ !
ਅਹੁ ਵੇਖ ਸੂਰਜ ਢਲ ਗਿਆ
ਗਊਆਂ ਦਾ ਚੌਣਾ ਆ ਗਿਆ,
ਸੁਣ ਤੇ ਸਹੀ ਵਾਜ ਆ ਗਈ,
ਔਹ ਬੰਸਰੀ ਵਜਦੀ ਪਈ,
ਸਦਕੇ ਗਈ ! ਓਹੋ ਹੀ ਹੈ,
ਹਾਂ, ਹਾਂ, ਉਹੋ ਹੀ ਵੇਖ ਲੈ।
ਰੱਜ ਰੱਜ ਕੇ ਦੀਦੇ ਠਾਰ ਲੈ,
ਕੋਈ ਪੰਜ ਪਾ ਖਲਿਆਰ ਲੈ ।
ਵੇ ਸੋਹਣਿਆ ! ਐਧਰ ਤੇ ਆ,
ਵੱਛਾ ਮੇਰਾ ਫੜ ਲੈ ਜ਼ਰਾ,
ਮੈਂ ਧਾਰ ਕੱਢਣ ਲੱਗੀਆਂ।
ਪੰਜਾਬੀ ਕਵਿਤਾ ਦਾ ਸੁਭਾਅ ਵੀ ਪੂਰਨ ਸਿੰਘ ਦੇ ਲਿਖੇ ਪੰਜਾਬੀ ਜਵਾਨਾਂ ਦੇ ਸੁਭਾਅ ਵਾਂਗ ਹੈ :
ਇਹ ਬੇਪ੍ਰਵਾਹ ਪੰਜਾਬ ਦੇ
ਮੌਤ ਨੂੰ ਮਖ਼ੌਲਾਂ ਕਰਨ,
ਮਰਨ ਥੀਂ ਨਹੀਂ ਡਰਦੇ ।
ਇਹ ਪੰਜਾਬੀ ਕਵਿਤਾ ਦਾ ਜੇਰਾ ਸੀ, ਜਿਸਨੇ ਹੀਰਾ ਸਿੰਘ ਦਰਦ ਕੋਲੋਂ ਲਿਖਵਾਇਆ :
ਸੋਨ ਸੁਰਾਹੀ ਵਾਲੇ ਸਾਕੀ, ਤੇਰਾ ਵੱਡਾ ਨਾਵਾਂ
ਤੈਨੂੰ ਵਿਚ ਅਕਾਸ਼ ਚੜ੍ਹਾਇਆ, ਤੇਰੀਆਂ ਸਿਫਤ ਹਵਾਵਾਂ
ਜੇ ਤੂੰ ਧਰਤੀ ਦਾ ਹੈਂ ਬੰਦਾ, ਆ ਖਾਂ ਪਲ ਕੁ ਹੇਠਾਂ
ਮੈਂ ਵੀ ਤੇਰੇ ਨਾਲ ਅੱਜ ਕੁਝ, ਗੱਲਾਂ ਕਰਨੀਆਂ ਚਾਹਵਾਂ ।
ਇਸੇ ਜੇਰੇ ਦਾ ਸਦਕਾ ਦੀਵਾਨ ਸਿੰਘ ਨੇ ਲਿਖਿਆ :
ਰੱਬ ਸਾਡਾ ਕਿਰਦਗਾਰ ਬਣਿਆ ਸੀ, ਪਰਵਰਦਗਾਰ
ਅਸੀਂ ਉਸਦੇ ਕਿਰਦਗਾਰ ਬਣੇ, ਪਰਵਰਦਗਾਰ
ਰੱਬ ਸਾਡਾ ਤਮਾਸ਼ਾ ਬਣਾਇਆ ਸੀ
ਅਸੀਂ ਉਸਦਾ ਤਮਾਸ਼ਾ ਬਣਾਇਆ।
ਅਤੇ ਇਸੇ ਜੇਰੇ ਦੀ ਚਿਣਗ ਲੈਕੇ ਦਰਸ਼ਨ ਸਿੰਘ ਅਵਾਰਾ ਨੇ ਰੱਬ ਨੂੰ ਆਖਿਆ :
ਘੁੰਡ ਮੁੱਖੜੇ ਤੋਂ ਚਾ ਓਇ ਯਾਰ !
ਪਾ ਕੇ ਪਾਣੀ ਵਿਚ ਮਧਾਣੀ
ਐਵੇਂ ਕਿਉਂ ਪਈ ਬਾਂਹ ਥਕਾਣੀ
ਛੱਡ ਖ਼ਾਂ ਇੰਜ ਬੁਝਾਰਤ ਪਾਣੀ
ਸਿੱਧੀ ਛੋਹ ਦੇ ਪ੍ਰੀਤ ਕਹਾਣੀ
ਮੈਨੂੰ ਇਨ੍ਹਾਂ ਵਕੀਲਾਂ ਅੱਗੇ
ਨਾ ਚੱਟੀਆਂ ਭਰਵਾ ਓਇ ਯਾਰ
ਘੁੰਡ ਮੁੱਖੜੇ ਤੋਂ ਚਾ ਓਇ ਯਾਰ।
ਪਾਏ ਨੀ ਜਿਹੜੇ ਵਿਚ ਵਿਚੋਲੇ
ਇਹਨਾਂ ਤੋਂ ਸੜ ਹੋ ਗਿਆ ਕੋਲੇ
ਉਪਰੋਂ ਦਿਸਦੇ ਭੋਲੇ ਭੋਲੇ
ਵਿਚੋਂ ਨੇ ਪਰ ਅੱਗ ਦੇ ਗੋਲੇ
ਮਿਲਣਾ ਈ ਤਾਂ ਸਿੱਧਾ ਮਿਲ
ਇਹਨਾਂ ਵਸ ਨਾ ਪਾ ਓਇ ਯਾਰ
ਘੁੰਡ ਮੁੱਖੜੇ ਤੋਂ ਚਾ ਓਇ ਯਾਰ।
ਮੋਹਨ ਸਿੰਘ ਨੇ ਸ਼ਖਸੀ ਪਿਆਰ ਦੀ ਵਲਗਣ ਨੂੰ ਵੱਡਿਆਂ ਕੀਤਾ ਅਤੇ ਕਈਆਂ ‘ਵਾਦਾਂ’ ਦੇ ਖਿਲਰੇ ਤਿਣਕਿਆਂ ਨੂੰ ਇਕੱਠਿਆਂ ਕਰਕੇ ‘ਉਡੀਕ’ ਅਤੇ ‘ਬੁਤਖ਼ਾਨਾ ਸਜਾਈਏ ਸਾਥੀਓ, ਵਰਗੀਆਂ
ਕਵਿਤਾਵਾਂ ਲਿਖੀਆਂ :
ਡੂੰਘੀ ਆਥਣ ਹੋ ਗਈ, ਮਾਹੀਆ, ਲੱਥੀ ਸੰਝ ਚੁਫੇਰ ਵੇ
ਵਿਚ ਪੱਛਮ ਦੇ ਸੂਹੀ ਲਾਂਗੜ, ਸੂਰਜ ਦਿੱਤੀ ਖਲੇਰ ਵੇ।
ਲੋਪ ਹੋਈ ਚਾਨਣ ਦੀ ਸੱਗੀ, ਸੰਘਣਾ ਹੋਇਆ ਹਨੇਰ ਵੇ ।
ਅੱਧ ਅਸਮਾਨੀ ਚੰਨ ਦਾ ਡੋਲਾ, ਤਾਰਿਆਂ ਭਰੀ ਚੰਗੇਰ ਵੇ ।
ਬੁੱਢੀਆਂ ਖਿੜੀਆਂ ਤਿੰਞਣ ਪਾਇਆ, ਰਿਸ਼ਮਾਂ ਰਹੀਆਂ ਅਟੇਰ ਵੇ ।
ਧਰਤੀ ਵਿਚ ਘੰਗੋਸੇ ਡੁੱਬੀ,ਅੰਬਰ ਰਿਹਾ ਉਘੇਰ ਵੇ
ਪਹਿਲਾ ਪਹਿਰ ਰਾਤ ਦਾ ਲੱਗਾ, ਵੱਜੀ ਫ਼ਜ਼ਰ ਦੀ ਭੇਹਰ ਵੇ
ਚੁਹਕੀ ਚਿੜੀ ਲਾਲੀ ਚਿਚਲਾਣੀ, ਲੱਗਾ ਹੋਣ ਮੁਨ੍ਹੇਰ ਵੇ
ਪੂਰਬ ਗੁਜਰੀ ਰਿੜਕਣ ਬੈਠੀ, ਛਿਟਾਂ ਉਡੀਆਂ ਢੇਰ ਵੇ ।
ਚਾਨਣ ਨਾਲ ਆਕਾਸ਼ ਭਰ ਗਏ, ਚੜ੍ਹ ਪਈ ਸੋਨ ਸਵੇਰ ਵੇ ।
ਇਤਨੀ ਵੀ ਕੀ ਦੇਰ ਵੇ ਮਾਹੀਆ, ਇਤਨੀ ਵੀ ਕੀ ਦੇਰ ਵੇ ।
ਆਉ ਬੁੱਤ ਨੂੰ ਛੱਡ ਕੇ, ਬੁਤਖਾਨਾ ਸਜਾਈਏ ਸਾਥੀਓ
ਸੋਹਣਿਆਂ ਨੂੰ ਸੋਹਣੀ ਦੁਨੀਆਂ, ਵਿਚ ਵਸਾਈਏ ਸਾਥੀਓ
ਆਉ ਹੱਥੀਂ ਵਾਹੀਏ ਕਿਸਮਤ ਦੀ ਮੁਸਕਾਂਦੀ ਲਕੀਰ
‘ਲੇਖ ਮਿਟ ਸਕਦੇ ਸਖੀ’ ਨੂੰ ਆਜ਼ਮਾਈਏ ਸਾਥੀਓ।
ਪੰਜਾਬੀ ਕਵਿਤਾ ਨੇ ‘ਮਿੱਤਰਾਂ ਦੇ ਗ਼ਮ’ ਤੋਂ ‘ਲੋਕਾਂ ਦੇ ਗ਼ਮ’ ਤੱਕ ਪਹੁੰਚਣ ਦਾ ਪੰਧ ਕੱਟਿਆ । ਇਹ ਪੰਧ ਸੌਖਾ ਨਹੀਂ ਸੀ । ਕਈਆਂ ਦੇ ਪੈਰ ਥਿੜਕੇ ਕਈਆਂ ਦੇ ਪੈਰਾਂ ਅੱਗੋਂ ਰਾਹ ਗੁਆਚੇ । ਸਮਾਜਵਾਦ ਦੇ ਕਈ ਤਜਰਬੇ ਕੁਝ ਉਨ੍ਹਾਂ ਲੋਕਾਂ ਨੇ ਵੀ ਕੀਤੇ ਜਿਨ੍ਹਾਂ ਦੇ ਮਨ ਵਿਚ ਸਮੇਂ ਦੀ ਲੋੜ ਨੂੰ ਇਕ ਰਿਵਾਜ ਦੀ ਖ਼ਾਤਰ ਪੂਰਿਆਂ ਕਰਨ ਦਾ ਚਾਅ ਤਾਂ ਸੀ ਪਰ ਦਿਲ ਦੇ ਲਹੂ ਦੀ ਇਕ ਬੂੰਦ ਵੀ ਉਨ੍ਹਾਂ ਦੇ ਸਮਾਜਵਾਦੀ ਖ਼ਿਆਲ ਵਿਚ ਨਹੀਂ ਸੀ ਰਲੀ ਹੋਈ ਪਰ ਵਕਤੀ ਧੂੜਾਂ ਲਹਿ ਜਾਂਦੀਆਂ ਹਨ ਅਤੇ ਸੱਚੀ ਸਮਾਜਕ ਵੇਦਨਾ ਸਮੇਂ ਦੀ ਛਾਤੀ ਵਿਚ ਚੀਸ ਪਾ ਦੇਂਦੀ ਹੈ । ਬਾਵਾ ਬਲਵੰਤ ਦੀ ‘ਸਮਾਜਵਾਦ’ ਵਰਗੀ ਤਿੱਖੀ ਕਵਿਤਾ ਅਜਿਹੀ ਚੀਸ ਦੀ ਗਵਾਹ ਹੈ
ਜਨਮ ਤੋਂ ਪਹਿਲਾਂ ਮੇਰੇ ਇਕ ਜੋਤਸ਼ੀ ਕਹਿੰਦਾ ਰਿਹਾ
ਏਸ ਦੇ ਹੱਥੋਂ ਹੈ ਮਹਾਰਾਣੀ ਦੀ ਮੌਤ
ਇਸ ਲਈ ਰਾਣੀ ਦੇ ਰਾਖੇ, ਉਸਦੇ ਗੋਲੇ ਅਤੇ ਵਜ਼ੀਰ
ਉਸਦੇ ਕੁੱਤੇ, ਉਸਦੇ ਦਾਰੂਗੀਰ ਤੇ ਉਸਦੇ ਫ਼ਕੀਰ
ਜਨਮ ਦੇ ਦਿਨ ਹੀ ਮੇਰੇ ਮਾਰਣ ਨੂੰ ਆਈ ਇਹ ਵਹੀਰ
ਸੈਂਕੜੇ ਯਮ ਰੂਪ ਤੋਪਾਂ, ਗੋਲਿਆਂ, ਫ਼ੌਜਾਂ ਦੇ ਨਾਲ
ਬਦ ਲੈ ਆਏ ਮੇਰਾ ਕਾਲ
ਸਾਜ਼ਸ਼ੀ ਲੋਹੇ ਦੀ ਇਕ ਦੀਵਾਰ ਬਣਵਾਈ ਗਈ
ਘੇਰਿਆ ਵੱਖ ਵੱਖ ਮੁਲਕ ਗ਼ੁੱਸੇ ਦੀਆਂ ਕੜੀਆਂ ਦੇ ਨਾਲ
ਖੂਬ ਹੋਈਆਂ ਸਾਜ਼ਸ਼ਾਂ ਮੇਰੇ ਮਿਟਾਵਣ ਦੇ ਲਈ।
ਈਸ਼ਵਰ ਚਿੱਤਰਕਾਰ ਦੀ ਕਲਮ ਵਿਚ ਰੂਪ-ਚਿੱਤਰ ਅਤੇ ਸਮਾਜਵਾਦ ਇਕੱਠੇ ਹੋ ਕੇ ਮਿਲਦੇ ਹਨ :
ਤੇਰੀ ਉਡੀਕ ਨਾਲ ਇਉਂ ਕੀਲੀ ਗਈ ਏ ਕਲਪਨਾ
ਉਠ ਕੇ ਤਰੰਗ ਕੋਈ ਜਿਉਂ ਇਕੋ ਜਗ੍ਹਾ ਖੜੀ ਰਹੀ
ਅੰਦਰੇ ਅੰਦਰ ਲਹੂ ਹੈ ਵਹਿੰਦਾ,
ਟੱਕ ਮਾਰਿਆ ਜਿਉਂ ਕੋਈ ਬੂਟਾ
ਇਕੇ ਥਾਉਂ ਅਹਿਲ ਖੜਾ ਹੀ
ਉਮਰਾਂ ਤੀਕ ਹੈ ਰਿਸਦਾ ਰਹਿੰਦਾ।
ਭੁੱਖ ਦੀ ਕੁੱਖ ‘ਚੋ’ ਜੰਮੀ ਜਾਵਣ ਗਾਜ਼ੀ ਅਤੇ ਸ਼ਹੀਦ
ਭੁੱਖ ਬਣੀ ਦੀਵਾਲੀ ਸਾਂਝੀ, ਭੁੱਖ ਬਣੀ ਬਕਰੀਦ
ਹਰ ਜੀਵਨ ਦੇ ਖੇਤਰ ਅੰਦਰ ਭੁੱਖ ਬਣੀ ਪਰਧਾਨ
ਥਾਂ ਥਾਂ ਲੜਦਾ ਦਿਸੇ ਵਪਾਰ
ਸਾਮਰਾਜ ਦਾ ਕਲਸ ਸੁਨਹਿਰੀ ਕਿਵੇਂ ਬਚੇਗਾ ?
ਆਪੇ ਵਿਚ ਬੰਦ ਰਹਿਣ ਵਾਲੀ ਰੁਚੀ ਲੋਕ-ਰਾਹ ਉਤੇ ਕਦਮ ਰੱਖਦੀ ਰਹੀ: ਗੋਪਾਲ ਸਿੰਘ
ਦਰਦੀ ਲਿਖਦਾ ਹੈ:-
ਪਹਿਲਾਂ ਦਿਲ ਸੀ ਕਿ ਰਵਾਂ ਮੀਟਿਆ ਸੀਟਿਆ
ਕੱਲਾ ਰੱਬ ਵਾਂਗ ਰਾਜ਼ ਵਿਚ ਔਲੀਆ ਜਿਹਾ
ਬੰਦ, ਕਲੀ ਹਾਰ, ਮੂਕ ਅਲਸਾਇਆ, ਸੁੱਤੜਾ
ਵਾਂਗ ਗੰਢ ਦੇ ਵਲ੍ਹੇਟੀ ਹੋਈ ਜ਼ਿੰਦੜੀ ਰਖਾਂ
ਆਪ ਨਸ਼ੇ ਵਿਚ ਚੂਰ ਘੁੱਟ ਵਾਂਗ ਭਰਿਆ
ਜੀਣ ਸੁਰ ਛੇੜਾਂ ਬੱਝੀ ਤਾਰ ਵਾਂਗ ਕਸਿਆ
ਕਿਸੇ ਵਿਚ ਜੇ ਗੁਆਚਾਂ ਝੱਟ ਜਾਵਾਂ ਲਭਿਆ
ਤੇ ਜਾਂ ਸੁੱਤਾ ਦਿਲ ਵਾਂਗ ਚਲਦਾ ਰਵਾਂ
ਹੁਣ ਦਿਲ ਹੈ ਕਿ ਖੁਲ੍ਹਾਂ ਡੋਲ੍ਹਾਂ ਗੁੰਮਾਂ, ਉਲਝਾਂ
ਲੀਰੋ ਲੀਰ ਕਰਾਂ ਹੋਂਦ ਜੋੜਾਂ ਫੇਰ ਟੋਟਿਆਂ
ਚਿਟੀ ਪੁੰਨ ਵਿਚੋਂ ਪਾਪ ਦੀ ਕਿਰਨ ਬਣ ਜਾਂ
ਹੋਵਾਂ ਇਕ ਤੋਂ ਅਨੇਕ ਨਾਲੇ ਇਕ ਵੀ ਰਵਾਂ
ਪ੍ਰੀਤਮ ਸਿੰਘ ਸਫ਼ੀਰ ਨੇ ਛਾਇਆਵਾਦ ਦਾ ਸਫ਼ਲ ਤਜਰਬਾ ਕੀਤਾ। ‘ਕੱਖਾਂ ਦੀ ਕੁੱਲੀ’ ਜਿਹੀਆਂ ਕਵਿਤਾਵਾਂ ਸਾਹਿਤ ਨੂੰ ਦਿਤੀਆਂ ! ਬਾਰਾਂ ਚੌਦਾਂ ਸਾਲਾਂ ਬਾਅਦ ਵੀ ਇਹ ਕਵਿਤਾ ਕਵੀ ਦੀ ਕਲਮ ਦੀ ਪ੍ਰਤੀਨਿਧਤਾ ਕਰਦੀ ਹੈ;-
ਕੱਖਾਂ ਦੀ ਕੁੱਲੀ ਮੇਰੀ ਸੁੰਞੀ ਸੁੰਞੀ ਲਗਦੀ ਇਹ ਨਾ ਅਜੇ ਮਤਵਾਲੀ
ਕੱਖ ਕੱਖ ਇਸਦਾ ਉਠਕੇ ਤੁਰ ਗਿਆ, ਕੋਈ ਸ਼ਕਤੀਸ਼ਾਲੀ
ਨਾ ਕੋਈ ਤੇਰੇ ਨੈਣ ਨਸ਼ੀਲੇ, ਇਸਦੀ ਜੋਤ ਜਗਾਵਣ
ਨਾ ਕੋਈ ਤੇਰੇ ਬੋਲ ਰਸੀਲੇ, ਇਸ ਦੀ ਰੂਹ ਉਕਸਾਵਣ
ਨਾ ਕੋਈ ਇਹ ਗੁੱਝੀਆਂ ਮੁਸਕਾਨਾਂ ਦੇ ਸੱਕੀਆਂ ਖੁਸ਼ਹਾਲੀ
ਬੀਤੇ ਗਏ ਜੁਗ ਸਿਕਦਿਆਂ ਸਿਕਦਿਆਂ; ਇਹ ਖ਼ਾਲੀ ਦੀ ਖ਼ਾਲੀ ।
ਦੇਵਿੰਦਰ ਸਤਿਆਰਥੀ ਦੇ ਕਾਵਿ-ਤਜਰਬੇ ਵਿਚ ਕਈ ਰੰਗਾਂ ਤੇ ਕਈ ਨਸਲਾਂ ਦੇ ਲੋਕ ਸਾਹ
ਲੈਂਦੇ ਪ੍ਰਤੀਤ ਹੁੰਦੇ ਹਨ। ਉਸ ਦੀ ਯਾਤਰਾ ਵਿਚ ਘਾਟ ਘਾਟ ਦਾ ਪਾਣੀ ਹੈ:-
ਪਾਹੁਲ ਮੇਰੀ ਬੱਚੀ
ਨਵੇਂ ਤੁਰੇ ਬੇਰਾਂ ਦੀ ਹਾਣ
ਦੁੱਧ ਦੀ ਦੰਦੀ ਕੱਚੀ ।
ਬਿਸਕੁਟ ਵਾਂਗੂੰ ਭੁਰ ਭੁਰ ਪੈਂਦੀ ਪਾਹੁਲ ਦੀ ਮੁਸਕਾਨ
ਉਸਦੀਆਂ ਅੱਖੀਆਂ ਅੰਦਰ ਝਾਕੇ, ਪਿਛਲੀ ਕੋਈ ਪਛਾਣ
ਕੱਚਾ ਦੁੱਧ ਉਸਦਾ ਵਿਸ਼ਵਾਸ, ਘੁੱਟ ਘੁੱਟ ਚੁੰਘੇ ਮਾਂ ਦਾ ਥਣ
ਜਿਵੇਂ ਸਵਾਣੀ ਚਰਖਾ ਕੱਤਦੀ ਹੱਥ ਵਿਚ ਪੋਲੀ ਪੂਣੀ ਫੜਦੀ
ਮੈਂ ਵੀ ਕੱਢਾਂ ਹੌਲੇ ਹੌਲੇ ਲੋਕ-ਕਥਾ ਦਾ ਤੰਦ ਪੁਰਾਣਾ ।…. ਕਵਿਤਾ ਵਿਚ ਬੰਗਾਲ ਦੀ ਇਕ ਲੋਕ-ਕਥਾ ਛੋਹ ਦੇਂਦਾ ਹੈ। ਸਾਡੇ ਅੱਜ ਦੇ ਕਵੀ ਸਮਾਜਵਾਦ ਦੀ ਅਤੇ ਅਗੋਂ ਸਤਿਆਰਥੀ ਆਪਣੀ ਡੂੰਘੀ ਝੋਨਾਂ ਨੂੰ ਆਪਣੇ ਪਿਆਰ-ਘੜੇ ਦੇ ਆਸਰੇ ਤਰਦੇ ਹਨ। ਕੱਚਿਆਂ ਘੜਿਆਂ ਦੀ ਕਹਾਣੀ ਡੁੱਬ ਜਾਂਦੀ ਹੈ ਪਰ ਪੱਕਿਆਂ ਘੜਿਆਂ ਵਾਲੇ ਹੁਨਰ ਦੇ ਮਹੀਂਵਾਲ ਦਾ ਮੇਲ ਪਾ ਲੈਂਦੇ ਹਨ। ਦੂਸਰੇ ਲਫਜ਼ਾਂ ਵਿਚ ਸ਼ਖ਼ਸੀ ਮੁਹੱਬਤ ਦੀਆਂ ਕੀਮਤਾਂ ਨੂੰ ਜਿਨ੍ਹਾਂ ਨੇ ਪੁਰਾਣਾ ਸਿੱਕਾ ਆਖ ਕੇ ਸੁੱਟ ਨਹੀਂ ਪਾਇਆ, ਸਗੋਂ ਉਹਦੇ ਵਿਚ ਲੋਕ-ਪਿਆਰ ਦੀਆਂ ਕੀਮਤਾਂ ਨੂੰ ਰਲਾ ਕੇ ਉਸੇ ਸਿੱਕੇ ਨੂੰ ਸਮੇਂ ਦੀ ਲੋੜ ਅਨੁਸਾਰ ਬਣਾਇਆ ਹੈ, ਤਵਾਰੀਖ਼ ਦੇ ਵਰਕਿਆਂ ਨੇ ਉਨ੍ਹਾਂ ਦੀਆਂ ਕਲਮਾਂ ਨੂੰ ਚੁੰਮ ਕੇ ਸਾਂਭ ਲਿਆ ਹੈ।
ਖ਼ਿਆਲ ਦੀ ਤੀਬਰਤਾ ਅਤੇ ਬੋਲੀ ਦੀ ਸਾਦਗੀ ਪੰਜਾਬੀ ਕਵਿਤਾ ਦਾ ਇਕ ਹੋਰ ਗੁਣ ਹੈ, ਜਿਵੇਂ ਵੀਅਤਨਾਮ ਦੇ ਪ੍ਰਧਾਨ ਹੋ ਚੀ ਮਿੰਨ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤਾ ਪ੍ਰੀਤਮ ਦੀ ਲਿਖੀ ਇਕ ਕਵਿਤਾ –
ਇਹ ਕਵਣ ਸੁ ਰਾਜਾ ਸੁਣੀਂਦਾ ਇਹ ਕਵਣ ਸੁ ਜੋਗੀ ਆਖਦੇ
ਜਿਦ ਪਰੀ ਦੇ ਪੈਰਾਂ ਵਿਚੋਂ ਕੰਡਾ ਕਿਸ ਨੇ ਕੱਢਿਆ !
ਅੱਧੀ ਰਾਤੀਂ ਕਿਸਨੇ ਆ ਕੇ ਗ਼ਮ ਦੀ ਚੱਕੀ ਹੱਥ ਪੁਆਇਆ
ਨ੍ਹੇਰੇ ਦੀ ਪਗਡੰਡੀ ਉਤੋਂ ਦੀਵਾ ਲੰਘਦਾ ਵੇਖਿਆ।
ਵੀਅਤਨਾਮ ਦੀ ਧਰਤੀ ਕੋਲੋਂ ਪੌਣਾਂ ਵੀ ਅਜ ਪੁੱਛਣ ਪਈਆਂ
ਤਵਾਰੀਖ਼ ਦੀਆਂ ਗੱਲ੍ਹਾਂ ਉਤੋਂ ਅੱਥਰੂ ਕਿਸ ਨੇ ਪੂੰਝਿਆ !
ਧਰਤੀ ਨੂੰ ਅੱਜ ਪਿਛਲੀ ਰਾਤੇ ਇਕ ਹਰਿਆਉਲਾ ਸੁਪਨਾ ਆਇਆ
ਅੰਬਰ ਦੇ ਖੇਤਾਂ ਵਿਚ ਜਾ ਕੇ ਸੂਰਜ ਕਿਸ ਨੇ ਬੀਜਿਆ !
ਪਤਝੜ ਦੀ ਡੰਡੀ ਤੇ ਤੁਰਦੇ ਫੁੱਲਾਂ ਦੇ ਅਜ ਪੈਰ ਗੁਲਾਬੀ
ਕਵਣ ਸੁ ਇਸ਼ਕ ਮਨੁੱਖ ਦਾ ਇਹ ਕਵਣ ਸੁ ਅੱਖਰ ਬੋਲਿਆ ।
ਅਸਲਵਾਦ ਦੀਆਂ ਖਿੰਡੀਆਂ ਜ਼ੁਲਫ਼ਾਂ ਨੂੰ ਬਣਾ ਸੁਆਰ ਕੇ ਉਨ੍ਹਾਂ ਵਿਚ ਰੋਮਾਂਸ ਦਾ ਰਾਂਗਲਾ ਫੁੱਲ ਟੰਗਣ ਵਾਲ਼ੇ ਪਿਆਰਾ ਸਿੰਘ ਸਹਿਰਾਈ, ਸੰਤੋਖ ਸਿੰਘ ਧੀਰ, ਸੁਖਬੀਰ ਅਤੇ ਸ: ਦਿਓਲ ਨੇ ਕੁਝ ਪਿਆਰੇ ਤਜਰਬੇ ਕੀਤੇ ਹਨ:-
ਦੇਹ ਜ਼ਰਾ ਦਿਲ ਨੂੰ ਸਹਾਰਾ ਦੋਸਤਾ, ਦਿੱਸਣ ਵਾਲਾ ਮੂੰਹ ਪਿਆਰਾ ਦੋਸਤਾ।
ਪੈਰਾਂ ਦੇ ਛਾਲੇ ਵੀ ਮਹਿਕਾਂ ਛੱਡਦੇ, ਸਫ਼ਰ ਹੁਣ ਲਗਦਾ ਨਾ ਭਾਰਾ ਦੋਸਤਾ
ਖੁੱਲ੍ਹ ਗਏ ਨੇ ਭੇਤ ਸਾਰੇ ਖੁੱਲ੍ਹ ਗਏ, ਛਲ ਸਕੇ ਕੋਈ ਨਾ ਲਾਰਾ ਦੋਸਤਾ !
ਮੰਜ਼ਲ ਤਾਂ ਮੈਨੂੰ ਰਹੀ ਮੇਰੀ ਉਡੀਕ, ਮੰਝਧਾਰ ਇਹ ਨਹੀਂਉਂ ਕਿਨਾਰਾ ਦੋਸਤਾ
ਜਿਹੜੇ ਦਿਲ ਸੂਰਜ ਸਕਣ ਆਪੇ ਚੜ੍ਹਾ, ਲੋਚਣ ਕਿਵੇਂ ਜੁਗਨੂੰ ਸਹਾਰਾ ਦੋਸਤਾ
ਮੈਨੂੰ ਸੰਘਣੇ ਨ੍ਹੇਰਿਆਂ ਦਾ ਗ਼ਮ ਨਹੀਂ, ਹਰ ਪੈਰ ਤੇ ਚੜ੍ਹਿਆ ਸਿਤਾਰਾ ਦੋਸਤਾਂ
ਸਾਡੇ ਵੇਹੜੇ ਵੀ ਤਾਂ ਧੂੜਾਂ ਲਿਸ਼ਕੀਆਂ, ਤੱਕ ਚਾਨਣ ਦਾ ਪਸਾਰਾ ਦੋਸਤਾ
ਅੱਖੜੀ ਰੋਈ ਬੜੀ ਪਰ ਬਣ ਗਿਆ ਅੰਤਲਾ ਅਥਰੂ ਸਿਤਾਰਾ ਦੋਸਤਾ
ਹਰ ਥਾਂ ਹੁਣ ਮਹਿਕਣ ਸਵੇਰਾਂ ਸੁੱਚੀਆਂ, ਮੂਹ-ਝਾਖਰਾ ਕਰਦਾ ਇਸ਼ਾਰਾ ਦੋਸਤਾ
(ਪਿਆਰਾ ਸਿੰਘ ਸਹਿਰਾਈ)
ਖੋ ਗਈ ਕਿਧਰੇ ਦਿਲ ਦੀ ਟੁਕੜੀ ਖ਼ਾਕ ਥਲਾਂ ਦੀ ਰੋਲਾਂ ਮੈਂ
ਪਤ ਪਤ ਕਰ ਇਹ ਦੁਨੀਆਂ ਛਾਣੀ ਕਿਸ ਦੁਨੀਆਂ ਹੁਣ ਟੋਲਾਂ ਮੈਂ
ਰਾਤ ਦੀ ਕਫ਼ਨੀ ਦਾ ਲੜ ਚੁਕ ਨਾ ਮੇਰੇ ਮੂੰਹ ਤੋਂ ਪਰਭਾਤੇ
ਸੁੰਨੇ ਸੱਖਣੇ ਇਸ ਜਗ ਉਤੇ ਕੀਕਣ ਅੱਖੀਆਂ ਖੋਲ੍ਹਾਂ ਮੈਂ
ਬੁੱਲ੍ਹ ਨਹੀਂ ਮੁਸਕਾਇਆ ਕਰਦੇ ਦਿਲ ਮੁਸਕਾਇਆ ਕਰਦਾ ਹੈ
ਹੁਣ ਹੱਸਾਂ ਤਾਂ ਏਕਣ ਹੱਸਾਂ ਝੂਠ ਜਿਵੇਂ ਕੋਈ ਬੋਲਾਂ ਮੈਂ
ਅੱਜ ਦਿਲ ਉੱਤੇ ਭਾਰ ਹੈ ਏਨਾ ਸ੍ਰਿਸ਼ਟੀ ਵੀ ਤਾਂ ਝਲਦੀ ਨਹੀਂ
ਧਰਤ ਅੰਬਰ ਦੇ ਪੱਲੜੇ ਛੋਟੇ ਕਿਸ ਤੱਕੜੀ ਤੇ ਤੋਲਾਂ ਮੈਂ
ਸੀਨੇ ਵਿਚ ਗੁਲਾਬ ਖਿੜੇ ਸਨ ਮੈਂ ਖੁਸ਼ਬੋਆਂ ਵੰਡੀਆਂ ਸਨ
ਅੱਜ ਅੰਗੀਠਾ ਅੰਗਿਆਰਾਂ ਦਾ ਕਿਸ ਅੱਗੇ ਦਿਲ ਫੋਲਾਂ ਮੈਂ
ਇਕ ਤੇਰੇ ਦਮ ਨਾਲ ਕਿ ਸਾਜਨ ਮੈਂ ਦਰਿਆ ਮੈਂ ਸਾਗਰ ਸਾਂ
ਅਜ ਥਾਲੀ ਦੇ ਪਾਣੀ ਵਾਂਗੂੰ ਇਕ ਤੇਰੇ ਬਿਨ ਡੋਲਾਂ ਮੈਂ
ਇਹ ਦੁਨੀਆਂ ਰਸ ਭਰੀ ਕਟੋਰੀ ਇਕ ਪਾਸਾ ਸੀ ਮੂਰਤ ਦਾ
ਰਸ ਦੀ ਭਰੀ ਕਟੋਰੀ ਵਿਚ ਅੱਜ ਰੱਤ ਜਿਗਰ ਦੀ ਘੋਲਾਂ ਮੈਂ ।
(ਸੰਤੋਖ ਸਿੰਘ ਧੀਰ)
ਇਹ ਕੌਣ ਅੱਜ ਜਜ਼ਬਿਆਂ ਚੋਂ ਮੇਰੇ ਗੁਜ਼ਰ ਗਿਆ ਹੈ
ਕਿ ਗੁਲਸਿਤਾਂ ਮਹਿਕਿਆ ਹੈ ਰਾਹੀਂ ਹਿਨਾਈ ਜ਼ਖ਼ਮਾਂ ਦੇ ਫੁੱਲ ਲੈ ਕੇ
ਕਿਵੇਂ ਮੈਂ ਰਾਹਾਂ ਦੇ ਮੂੰਹ ਡੱਕ ਲਾਂ
ਕਿ ਫੇਰ ਮੁੜ ਆਣ ਦੂਰ ਹੋ ਰਹੇ ਕਿਸੇ ਦੀ ਪਾਇਲ ਦੇ ਬੋਲ ਟੁਟ ਕੇ
ਉਹ ਬੋਲ, ਜਿਨ੍ਹਾਂ ‘ਚ ਅਲਵਿਦਾ ਦੀ ਕਹਾਣੀ ਰਹਿ ਰਹਿ ਕੇ ਕੰਬ ਰਹੀ ਹੈ।
ਹਲ ਦੀ ਨੋਕ ਜਗਾ ਰਹੀ
ਬੰਜਰ ਧਰਤੀ ਦੇ ਸੁੱਤੇ ਹੋਏ ਸੁਪਨੇ
ਫੁੱਲਾਂ ਦੀ ਖੁਸ਼ਬੂ ਵਿਚ ਰਾਤਾਂ ਦੇ ਢਿਲਕੇ ਹੋਏ ਜੂੜੇ ਖੁਲ੍ਹਦੇ ।………
ਝੁੱਗੀਆਂ ਵਿਚ ਬਚਪਨ ਪੀਲੇ ਸੁੱਕੇ ਫੁੱਲਾਂ ਵਾਂਗ ਪਤਝੜੀ ਫਾਥਾ
ਹਸਦੇ ਹੋਏ ਕਪਾਹ ਦੇ ਖੇਤਾਂ ਵਿਚ ਅਸਮਤਾਂ ਦੇ ਨੰਗੇ ਪਿੰਡੇ………
ਰਾਤ ਤੇਰੀ ਅੱਜ ਯੁਗਾਂ ਲੰਬੀ ਉਮਰ ਹੋਏ
ਤੇ ਇਵੇਂ ਹੀ ਢਿਲਕਿਆ ਰਹੇ ਮਹਿਕਦੇ ਹੋਏ ਤੇਰੇ ਵਾਲਾਂ ਦਾ ਜੂੜਾ
ਕੋਈ ਮੇਰੇ ਸੁਪਨਿਆਂ ਵਿਚ ਆ ਰਿਹਾ ਹੈ
ਨ੍ਹੇਰਿਆਂ ਦੇ ਮਖ਼ਮਲੀ ਰਾਹ ਤੇ ਤਿਲਕ ਰਹੇ ਸੁਪਨਿਆਂ ਦੇ ਸੋਹਲ ਕਦਮ ।
ਰਾਤ ਇੰਜੇ ਹੀ ਰਹਿਣ ਦੇ
ਇਹ ਜੁ ਤੇਰੇ ਮੋਢਿਆਂ ਤੋਂ ਚਾਨਣੀ ਦਾ ਅੱਜ ਦੁਪੱਟਾ ਲਹਿ ਗਿਆ ਹੈ।
ਬਹੁਤ ਸੋਹਣੇ ਕੁਝ ਕੁ ਪਲ ਨੇ ਇਹ
ਜ਼ਿੰਦਗੀ ਪਰਾਂ ਨੂੰ ਸਮੇਟ ਕੇ ਬੈਠ ਗਈ ਏ ਏਕਰ
ਜਿਵੇਂ ਕਿ ਪੰਛੀ ਹੈ ਆਲ੍ਹਣੇ ਵਿਚ ਆਰਾਮ ਕਰਦਾ।
(ਸੁਖਬੀਰ )
ਵੰਝਲੀ ਵਰਗਾ ਯਾਰ ਛੁਹਾਹਿਆ ਬੁੱਲ੍ਹੀਆਂ ਨੂੰ
ਵੱਜੀ ਪਿਆਰ ਦੀ ਫੂਕ ਬੇਲਾ ਗੂੰਜ ਪਿਆ
ਚੂਰੀ ਛੰਨੇ ਦੀ ਗੱਲ ਲੁਕਾਈ ਕਰਦੀ ਰਹੀ।
ਮਧੁਰ ਮਧੁਰ ਕੁਝ ਬੋਲ ਚੁੰਮਦੇ ਕੰਨਾਂ ਨੂੰ
ਹਿਰਦਾ ਪੂਰੇ ਨਾਦ ਨੱਚਣ ਰਾਗਣੀਆਂ
ਰੂਹ ਮੇਰੀ ਵਿਚ ਸੁਹਜ ਵੰਝਲੀ ਭਰਦੀ ਰਹੀ ।
ਪੋਚ ਪਾਚ ਕੇ ਅੰਗਣ ਦਿਲ ਦਾ ਇਉਂ ਕੀਤਾ
ਜਿਉਂ ਸ਼ਿਵਜੀ ਦਾ ਮੰਦਰ ਦਿਹੁਰਾ ਮਸਜਦ ਦਾ
ਅੰਦਰ ਹੋਵੇ ਪਾਠ ਚੌਰ ਨੂੰ ਕਰਦੀ ਰਹੀ ।
ਅੱਜ ਖੁੱਲ੍ਹਾ ਇਹ ਭੇਤ ਰਾਂਝਣ ਪੰਜ ਕਿਉਂ
ਸੂਲ ਸੁਰਾਹੀ ਕਾਹ ਤੋਂ ਖੰਜਰ ਪਿਆਲਾ ਕਿਉਂ
ਸੱਥਰ ਯਾਰ ਦੇ ਨਾਲ ਜਿੰਦ ਕਿਉਂ ਪਰਚੀ ਰਹੀ।
ਬੁੱਲ੍ਹਾ ਕਹੇ ‘ਬਲਾਅ’ ਇਸ਼ਕ ਨਾ ਕਰੀਓ ਕੋਅ
ਵਾਰਸ ਆਖੇ ਸੰਗ ਸਦਾ ਹੈ ਆਸ਼ਕ ਨੂੰ
ਜਿੰਦ ਮੇਰੀ ਸਤਕਾਰ ਉਸੇ ਦਾ ਕਰਦੀ ਰਹੀ ।
ਸ਼ਾਕਰ ਰਹੁ ਜਿੰਦੜੀਏ ਆਪਣੀ ਹਸਤੀ ਤੇ
ਭੌਂਦੇ ਪਏ ਬ੍ਰਹਮੰਡ ਸੂਰਜ ਹਿਲਦਾ ਨਾ
ਪਾਣੀ ਸਦਾ ਖ਼ੁਦਾਈ ਇਸ਼ਕ ਦਾ ਭਰਦੀ ਰਹੀ।
ਵਸਲ ਯਾਰ ਜਿਹਾ ਹੱਜ ਹੈ ਨਾ ਮੱਕੇ ਵਿਚ
ਮਨ ਮੰਦਰ ਜਿਹਾ ਮੰਦਰ ਹੋਰ ਨਾ ਦੁਨੀਆਂ ਤੇ
ਐਵੇਂ ਰੋਜ਼ੇ ਤਾਜ ਅਮੀਰੀ ਘੜਦੀ ਰਹੀ।
(ਨ. ਸ. ਦਿਓਲ)
ਤਨਜ਼ ਦੀ ਤਿੱਖੀ ਤਲਵਾਰ ਨੂੰ ਲੋਕ-ਗੀਤਾਂ ਵਰਗੀ ਮਿੱਠੀ ਬੋਲੀ ਦੇ ਮਿਆਨ ਵਿਚ ਰੱਖ ਕੇ ਪੇਸ਼ ਕਰਨਾ ਵੀ ਅੱਜ ਦੀ ਪੰਜਾਬੀ ਕਵਿਤਾ ਦਾ ਇਕ ਗੁਣ ਹੈ:-
ਕਣਕਾਂ ਦੀ ਖ਼ੁਸ਼ਬੋ ਵੇ ਮਾਹੀਆ ਕਣਕਾਂ ਦੀ ਖ਼ੁਸ਼ਬੋ
ਸੀ ਪਾਲੀ ਧੀਆਂ ਵਾਂਗ ਵੇ ਅੱਜ ਗਈ ਪਰਾਈ ਹੋ।…..
ਇਸ਼ਕ ਠੋਹਕਰ ਤੇ ਮੁਸਕਰਾਉਂਦਾ ਹੈ
ਤਾਰਾ ਟੁਟਦਾ ਵੀ ਜਗਮਗਾਉਂਦਾ ਹੈ
ਇਕ ਜੁਗ ਇਕ ਦਰਦ ਸੁਲਾਉਂਦਾ ਹੈ
ਅਗਲਾ ਪਲ ਸੌ ਦਰਦ ਜਗੌੰਦਾ ਹੈ
ਹਿਜਰ ਦੀ ਰਾਤ ਨੀਂਦ ਕਦ ਆਉਂਦੀ
ਵਸਲ ਦੀ ਰਾਤ ਕੌਣ ਸੌਂਦਾ ਹੈ
ਮੋਰ ਨਚਦੇ ਵੀ ਰੋਂਦੇ ਰਹਿੰਦੇ ਨੇ
ਹੰਸ ਮਰਦੇ ਹੋਏ ਵੀ ਗੌਂਦਾ ਹੈ।
(ਗੁਰਚਰਨ ਰਾਮਪੁਰੀ)
ਅਜੇ ਵੀ ਰਾਤਾਂ ਜ਼ੁਲਫ਼ਾਂ ਜਹੀਆਂ, ਹੋਠਾਂ ਜਹੀਆਂ ਦੁਮੇਲਾਂ
ਅਜੇ ਵੀ ਫੁੱਲ ਰੁਖ਼ਸਾਰਾਂ ਵਰਗੇ ਹੰਝੂਆਂ ਵਾਂਗ ਤਰੇਲਾਂ
ਜ਼ੁਲਫ਼ਾਂ ਦੇ ਪਰਛਾਵੇਂ ਮਿਟ ਗਏ ਤੇ ਜ਼ੁਲਫ਼ਾਂ ਦੇ ਸਾਏ
ਤਪਦੇ ਥਲ ਤੇ ਲੰਮੜਾ ਪੈਂਡਾ ਕਿੰਜ ਕੋਈ ਮੰਜ਼ਲ ਪਾਏ
ਰਾਹਾਂ ਦੇ ਵਿਚ ਰਾਹ ਬਣ ਗਈਆਂ ਪ੍ਰੀਤਾਂ ਦੀਆਂ ਉਡੀਕਾਂ
ਨੂਰਾਂ ਦਾ ਦਿਲ ਦਾਗ਼ੀ ਹੋਇਆ ਵਫ਼ਾ ਦੇ ਮੂੰਹ ਤੇ ਲੀਕਾਂ ।
(ਸੁਰਜੀਤ ਰਾਮਪੁਰੀ)
ਤਨਜ਼ ਦੀ ਤਲਵਾਰ ਨੂੰ ਹਰਿਭਜਨ ਸਿੰਘ ਨੇ ਜਿੱਥੇ ਵੀ ਪੇਸ਼ ਕੀਤਾ ਹੈ, ਸਾਣ ਚਾੜ੍ਹ ਕੇ ਪੇਸ਼ ਕੀਤਾ ਹੈ :-
ਸਾਡੇ ਯੁਗ ਦੇ ਰਥਵਾਨ ਕਬਰ ਜਹੇ ਮਾਨੁਖ
ਰਥ ਵਿਚ ਜੋੜੇ ਨੇ ਲੱਖ ਹੱਤਿਆ ਦੇ ਘੋੜੇ
ਨਾਸਾਂ ਚੋਂ ਸੁਟਦੇ ਮਹਾਂ ਅਗਨ ਦੀਆਂ ਲਾਟਾਂ
ਜਿਸ ਥਾਉਂ ਲੰਘਣ ਤ੍ਰਾਸ ਤ੍ਰਾਸ ਜੜ੍ਹ-ਚੇਤਨ
ਕੋਹਾਂ ਤਕ ਧਰਤੀ ਜੀਕਣ ਕੁੱਖ-ਤਰੂਈ
ਫੁੱਲ ਬੂਟੇ ਲੁਸਣ, ਤੁਰ ਭੁਰ ਤੋਂ ਤੇ ਡਿਗਣ
ਨਫ਼ਰਤ ਦੀਆਂ ਲੀਕਾਂ ਵਿਚ ਵੰਡੀ ਕੁਲ ਧਰਤੀ… … …
ਹਰ ਬਾਲ ਨਵਾਂ ਜੋ ਧਰਤੀ ਤੇ ਆਉਂਦਾ ਏ
ਉਹ ਸਾਡੇ ਗ਼ਮ ਅੰਬਰ ਤੇ ਆਸ ਸਿਤਾਰਾ
ਹਰ ਪਲ ਅੰਬਰ ਤੋਂ ਟੁਟਦੇ ਰਹਿਣ ਸਿਤਾਰੇ
ਹਰ ਪਲ ਅੰਬਰ ਤੇ ਉਗਦੇ ਰਹਿਣ ਸਿਤਾਰੇ
ਹਾਲੇ ਕੁਦਰਤ ਮਾਯੂਸ ਨਹੀਂ ਆਦਮ ਤੋਂ
ਨਾਲੇ ਧਰਤੀ ਵੀ ਡਾਢੀ ਦਯਾ ਮਈ ਏ
ਜਿਸ ਥਾਂ ਡੁਲ੍ਹਦੀ ਹੈ ਬਾਲ-ਲਹੂ ਦੀ ਧਾਰਾ
ਜਿਸ ਥਾਂ ਸਿਰੀਆਂ ਦਾ ਛੱਟਾ ਦਿੱਤਾ ਜਾਂਦਾ
ਉਸ ਥਾਂ ਵੀ ਉਗ ਪੈਂਦੇ ਨੇ ਹਰ ਬਰਸਾਤੇ
ਸਾਵੇ ਘਾ, ਸੂਹੇ ਫੁੱਲ, ਉਨਾਬੀ ਬੂਟੇ
ਹਾਲੇ ਧਰਤੀ ਵੀ ਡਾਢੀ ਦਯਾਮਈ ਏ ।
(ਹਰਿਭਜਨ ਸਿੰਘ)
ਜਸਵੰਤ ਸਿੰਘ ਨੇਕੀ ਵੀ ਤਨਜ਼ ਦਾ ਵਾਰ ਤਿੱਖਾ ਕਰਦਾ ਹੈ :-
ਬੀਤ ਰਹੇ ਜੁਗ ਚਾਰ
ਲੰਡੇ ਹੋ ਗਏ ਪੈਰ ਧਰਮ ਦੇ
ਮਰ ਰਹੀ ਹਾਹਾਕਾਰ
ਆਦਿ ਜੁਗਾਦਾਂ ਤੋਂ ਇਨਸਾਨ
ਆਪਣੇ ਚੌਗਿਰਦੇ ਦਾ ਬਰਦਾ, ਆਪਣੇ ਚੌਗਿਰਦੇ ਤੋਂ ਡਰਦਾ
ਜਿਸ ਚੌਗਿਰਦੇ ਦੇ ਵਿਚ ਵਿਚਰਦਾ,
ਉਸ ਦੀ ਬਹੁ ਰੰਗੀ ਸ਼ਕਤੀ ਦਾ ਕਰਨ ਲੱਗਾ ਸਨਮਾਨ
ਕੁਦਰਤ ਚੋਂ ਉਸ ਘੜੇ ਦੇਵਤੇ ਤਕੜੇ ਤੇ ਬਲਵਾਨ
ਜਿਸ ਨੂੰ ਉਸ ਨੇ ਬਾਹਵਾਂ ਲਾਈਆਂ ਦੋ ਦੀ ਥਾਂ ਤੇ ਚਾਰ
ਜਿਨ੍ਹਾਂ ਨੂੰ ਤਿੰਨ ਤਿੰਨ ਅੱਖਾਂ ਲਾਈਆਂ ਇਸ ਮਸਤਕ ਵਿਚਕਾਰ
ਫਿਰ ਉਸ ਲਈ ਵਾਹਨ ਬਣਾਏ, ਫਿਰ ਉਨ੍ਹਾਂ ਦੇ ਬੁੱਤ ਬਣਾਏ
ਇਕਲਵੰਝੇ ਜਹੇ ਫੇਰ ਇਹ ਬੁੱਤ ਕਿਸੇ ਥਾਂ ਆਣ ਟਿਕਾਏ
ਥਾਪ ਲਏ ਭਗਵਾਨ ।
ਤਾਰਾ ਸਿੰਘ ਦੀ ਤਨਜ਼ ਦਾ ਤਿੱਖਾ ਕੰਡਾ, ਕੂਲੀਆਂ ਪਿਆਰੀਆਂ ਤੁਲਨਾਵਾਂ ਦੇ ਫੁੱਲਾਂ ਵਿਚ ਕੱਜਿਆ ਹੁੰਦਾ ਹੈ :-
ਪਿਆਰ ਤੇਰਾ ਜੀਵਨ ਵਿਚ ਮੈਨੂੰ
ਕੁੱਲ ਏਨਾ ਚਿਰ ਮਿਲਿਆ
ਜੇਠ ਹਾੜ ਦੀ ਰੁੱਤੇ
ਜਿਉਂ ਥਲ ਭੁਜਦੇ ਸਿਖ਼ਰ ਦੁਪਹਿਰੇ
ਇਕ ਕਿਣਕੇ ਦੇ ਉਤੋਂ
ਅੱਕ-ਕੱਕੜੀ ਦਾ ਫੰਭਾ ਉਡਦਾ
ਪਲ ਛਿਣ ਛਾਂ ਕਰ ਜਾਵੇ।
ਹੇ ਮੇਰੀ ਸਰਘੀ-ਮੁੱਖ ਚੰਨੀਏ
ਯਾਦ ਤੇਰੀ ਮੈਂ ਸਾਂਭ ਸਾਂਭ ਕੇ
ਇੰਜ ਦਿਲ ਅੰਦਰ ਰੱਖੀ
ਜਿਉਂ ਸਿਆਲੀ ਰੁੱਤੇ, ਟੁੱਟੇ ਹੋਏ ਛੱਪਰ ਦੇ ਉਤੇ
ਮੀਂਹ ਗੜੇ ਦਾ ਵਸਦਾ, ਛੱਪਰ ਚੋਵੇ
ਥੱਲੇ ਇੱਕ ਮੁਸਾਫ਼ਰ ਬੈਠਾ ਅੱਗ ਬਾਲ ਕੇ
ਤ੍ਰਿਪ ਤ੍ਰਿਪ ਚੋਂਦੇ ਮੀਂਹ ਦੇ ਟੇਪਿਉਂ
ਨਿੱਘ ਬਚਾਵਣ ਖ਼ਾਤਰ
ਰੋਕ ਪਿੱਠ ਤੇ ਗੰਧਲਾ ਪਾਣੀ
ਅੱਗ ਤੇ ਝੁਕਿਆ ਹੋਵੇ ।
ਸਮਾਜਕ ਸੂਝ ਅਤੇ ਕਾਵਿ-ਸ਼ਕਤੀ ਦੇ ਸੰਗਮ ਨੇ ਸਾਹਿਤ ਨੂੰ ਪਿਛਲੇ ਥੋੜ੍ਹੇ ਜਹੇ ਸਾਲਾਂ ਵਿਚ
ਕਈ ਪਿਆਰੀਆਂ ਚੀਜ਼ਾਂ ਦਿੱਤੀਆਂ ਹਨ :-
ਦਿਲ ਦੀ ਲਾਲੀ ਨਾਲ ਗੀਤ ਅਜ ਰੰਗਣੇ ਚਾਹਵਾਂ
ਲਾਲ ਤੁਕਾਂ ਵਿਚ ਰੂਹ ਦੋ ਸ਼ੋਅਲੇ ਟੰਗਣੇ ਚਾਹਵਾਂ
ਨਾਗ ਮਨਾਂ ਦੇ ਕੱਲ ਜਿਨ੍ਹਾਂ ਸਨ ਸਹਿਜੇ ਕੀਲੇ
ਉਹੀਉ ਠੱਗ ਸਪਾਧੇ ਅੱਜ ਮੈਂ ਡੰਗਣੇ ਚਾਹਵਾਂ ।
ਗੌਣਾਂ ਲੋਚਾਂ ਬੈਠ ਗਗਨ-ਗੰਗਾ ਦੇ ਕੰਢੇ
ਬੱਦਲਾਂ ਦੇ ਗਲ ਪਾਣੇ ਸੋਚ ਦੇ ਬੰਗਣੇ ਚਾਹਵਾਂ।
ਚੜ੍ਹਨਾ ਚਾਹਵਾਂ ਅਰਸ਼ ਦੀਆਂ ਅੰਤਮ ਸਿਖਰਾਂ ਤੇ
ਅੱਜ ਮਨ ਦੇ ਸਭ ਭਉ ਛਿੱਕਿਆਂ ਤੇ ਟੰਗਣੇ ਚਾਹਵਾਂ
ਬੈਠ ਕਿਸੇ ਦੁੱਧ ਚਿੱਟੀ ਲੋਅ ਦੀ ਖੰਭੜੀ ਉਤੇ
ਸੱਤ-ਰੰਗੀਆਂ ਪੀਂਘਾਂ ਦੇ ਪੱਤਣ ਲੰਘਣੇ ਚਾਹਵਾਂ ।
(ਤਖ਼ਤ ਸਿੰਘ)
ਅਜੇ ਮੈਂ ਤੇਰਾ ਪਿਆਰ ਕਿਵੇਂ ਅਪਣਾਵਾਂ
ਰੂਹ ਦੀ ਤੜਪਣ ਤਾਂ ਦੇਖਾਂ ਵਿੱਥਾਂ ਕਿੰਜ ਮਿਟਾਵਾਂ
ਅਜੇ ਤਾਂ ਗੂਹੜੇ ਬੱਦਲਾਂ ਦੇ ਪਰਛਾਵੇਂ
ਅਜੇ ਨਾ ਹੋਏ ਸੂਰਜ ਚੰਦਾ ਧਰਤ ਅੰਬਰ ਦੇ ਸਾਹਵੇਂ
ਅਜੇ ਪਿਆਰ ਦੇ ਪੈਰ ਜੰਜ਼ੀਰਾਂ ਨੈਣਾਂ ਉਤੇ ਪਹਿਰੇ
ਅਜੇ ਸਮਾਂ ਬੇਧੜਕ ਨਾ ਹੋਇਆ ਬਿੜਕਾਂ ਲੈ ਲੈ ਠਹਿਰੇ
ਅਜੇ ਪ੍ਰੀਤ ਦੁਬਧਾ ਵਿਚ ਡੁੱਬੀ ਟੋਹਣੇ ਪਏ ਸਹਾਰੇ
ਅੰਧਕਾਰ ਨੇ ਰਾਸ ਰਚਾਈ ਚਾਨਣ ਖੜਾ ਕਿਨਾਰੇ
(ਪ੍ਰਭਜੋਤ ਕੌਰ)
ਸਜਣ ਜੀ ਇਹ ਨਫ਼ਰਤ ਦੀ ਹੈ ਰਾਤੜੀ
ਆਓ ਪਲ ਛਿਣ ਪਿਆਰਾਂ ਦੇ ਦਰ ਢਹਿ ਪਈਏ
ਆਓ ਚੁੰਮੀਏਂ ਅੰਗਾਰਾਂ ਦੀ ਸੋਖੀ ਦਾ ਮੂੰਹ
ਆਓ ਸੂਲਾਂ ਦੀ ਸੇਜਾ ਨੂੰ ਗਲ ਲਾ ਲਈਏ ।
ਸਜਣ ਜੀ ਇਹ ਤੇਰੇ ਹੁਸਨ ਦੀ ਕਥਾ
ਅਸੀ ਸਦੀਆਂ ਤੋਂ ਹਸ ਹਸ ਸੁਣਾਉਂਦੇ ਰਹੇ
ਇਹਦੇ ਬਦਲੇ ਸ਼ਰੀਅਤ ਦੇ ਕੁਝ ਪਾਰਸਾ
ਸਾਨੂੰ ਸੂਲੀ ਤੇ ਟੰਗ ਮੁਸਕਰਾਉਂਦੇ ਰਹੇ ।…..
ਸਜਣ ਜੀ ਇਹ ਧਰਤੀ ਦੀ ਕੁੱਖ ਦਾ ਅਮਲ
ਡੁਲ੍ਹ ਜਾਂਦਾ ਰਿਹਾ ਮਰੂਥਲਾਂ ਦੇ ਉਤੇ
ਰਾਸ ਆਈ ਨਾ ਜ਼ਿੰਦਗੀ ਨੂੰ ਇਸਦੀ ਅਦਾ
ਜੋ ਸੀ ਨਿਰਭਰ ਨਿਗੂਣੇ-ਪਲਾਂ ਦੇ ਉੱਤੇ…
ਸਜਣ ਜੀ ਕਿ ਨਫ਼ਰਤ ਦੇ ਇਹ ਪੈਂਤੜੇ
ਹੁਣ ਬਹੁਤ ਸਮਾਂ ਨਾ ਸਹੇ ਜਾਣਗੇ
ਇਹਨਾਂ ਉਤੇ ਮੁਹੱਬਤਾਂ ਦੇ ਫੁੱਲ ਟਹਿਕਣੇ
ਰਾਜ ਸੁਖ ਤੇ ਅਮਨ ਦੇ ਕਹੇ ਜਾਣਗੇ
ਸਜਣ ਜੀ ਇਹ ਨਫ਼ਰਤ ਦੀ ਹੈ ਰਾਤੜੀ।
(ਸੁਖਪਾਲਵੀਰ ਸਿੰਘ ਹਸਰਤ)
ਜਿਵੇਂ ਭਵਿੱਖ ਪ੍ਰਾਹੁਣਾ ਬਣ ਕੇ ਅੱਜ ਦੇ ਉਜੜੇ ਵਿਹੜੇ ਅੰਦਰ
ਇੱਕ ਝਾਤ ਪਾਉਣ ਲਈ ਆਏ, ਇੰਜ ਉਹ ਮੇਰੇ ਵਿਹੜੇ ਆਏ
ਜਿਉਂ ਔੜੀ ਧਰਤੀ ਦੇ ਉਤੇ ਠਹਿਰ ਠਹਿਰ ਕੇ ਛਾਏ ਬੱਦਲ
ਬੀਜਾਂ ਭਰੀ ਧਰਤ ਨੂੰ ਜਿੱਦਾਂ ਸਬਜ਼ ਜਿਹਾ ਕੋਈ ਸੁਪਨਾ ਆਏ
ਇੰਜ ਕਿਸੇ ਨਾ ਸੁਪਨੇ ਬੀਜੇ ਇੰਜ ਕਿਸੇ ਨਾ ਸੁਪਨੇ ਸਾਂਭੇ
ਸੁਪਨਿਆਂ ਦੀ ਇਸ ਫਸਲ ਦੇ ਉਤੇ ਇੰਜ ਕਿਸੇ ਨਾ ਗਾਹ ਗਹਾਏ ।
(ਹਰਨਾਮ ਸਿੰਘ ਨਾਜ਼)
ਇਸ਼ਕ ਮੇਰੇ ਦੀ ਕਹਾਣੀ ਹੈ ਪੁਰਾਣੀ ਤਾਂ ਬੜੀ
ਮੈਂ ਨਵੀਂ ਕਰਦਾ ਰਿਹਾ ਹਾਂ ਏਸ ਨੂੰ ਪਰ ਹਰ ਘੜੀ ।
ਵੇਖਦੀ ਰਹੀ ਮੁਸਕਰਾ ਕੇ ਹਰ ਨਵੇਲੇ ਹੁਸਨ ਨੂੰ
ਇੱਕ ਨਵੀਂ ਸੂਰਤ ਮੇਰੇ ਦਿਲ ਦੇ ਬਨੇਰੇ ਤੇ ਖੜੀ ।
ਉਤਨੀ ਵਾਰੀ ਇਸਦੀ ਹਿੰਮਤ ਹੋਰ ਵੀ ਪਕਦੀ ਗਈ।
ਜਿਤਨੀ ਵਾਰੀ ਜ਼ੁਲਮ ਦੀ ਭੱਠੀ ਦੇ ਅੰਦਰ ਉਹ ਸੜੀ।
ਗ਼ਮ ਤਾਂ ਹੈ ਕਿ ਛੁੱਟ ਗਈ ਕੰਨੀ ਕਿਸੇ ਦੇ ਸਾਥ ਦੀ
ਪਰ ਮੈਂ ਅੱਜ ਲੋਕਾਂ ਦੇ ਗ਼ਮ ਦੀ ਸੋਚ ਕੇ ਕੰਨੀ ਫੜੀ।
(ਤੇਰਾ ਸਿੰਘ ਚੰਨ)
ਤਾਰਾ ਸਿੰਘ ਵਿਰਕ ਧਰਤੀ ਤੇ ਰੱਬ ਦਾ ਮੇਲ ਅਨੁਭਵ ਕਰ ਰਿਹਾ ਇਉਂ ਲਿਖਦਾ ਹੈ :-
ਖੁਲ੍ਹੀਆਂ ਜ਼ਮੀਨਾਂ, ਤੇ ਮੇਰੇ ਦਿਲ ਦਾ ਨਾਚ ।
ਪੋਲੀ ਗੁਲਾਬੀ ਮਿਟੀ ਤੇ ਚੁਪ ਚਾਪ ਪੈਰਾਂ ਦੇ ਨਿਸ਼ਾਨ।
ਰੱਬ ਫਿਰਦਾ ਫਿਰਦਾ ਬਹਿ ਗਿਆ ਵਿਚ ਮੇਰੇ ।
ਸਪੂਤਨਿਕ ਦੇ ਬਿਆਨ ਨੂੰ ਹਜ਼ਾਰਾ ਸਿੰਘ ਗੁਰਦਾਸਪੁਰੀ ਇਕ ਰਾਂਗਲੇ-ਗੀਤ ਵਾਂਗ ਲਿਖਦਾ ਹੈ :-
ਲੱਭੋ ਨੀ ਲੱਭੋ ਸਾਡਾ ਇਸ਼ਕ ਗਵਾਚੜਾ, ਹੁਣੇ ਸੀ ਨਚਦਾ ਨਚਾਰ
ਹੁਣੇ ਸੀ ਮੋਤੀਆਂ ਦਾ ਮੁਕਟ ਇਸ਼ਕ ਦਾ, ਨੈਣ-ਮਹਲਾਂ ਵਿਚਕਾਰ
ਹੁਣੇ ਸੀ ਰਾਂਝਣਾ ਹੁਣੇ ਸੀ ਕਾਹਨ, ਹੁਣੇ ਸੀ ਰਾਧਾ ਦਾ ਪਿਆਰ
ਹੁਣੇ ਸੀ ਜਿੰਦ ਵਿਚ ਲਟ ਲਟ ਖਿੜਿਆ, ਜਿੰਦੜੀ ਦੀ ਬਣਕੇ ਬਹਾਰ
ਹੁਣੇ ਸੀ ਅੰਬਰੀਂ ਤਾਰਾ ਚੜ੍ਹਿਆ ਮਿੱਟੀ ਵਿਚ ਰਿਸ਼ਮਾਂ ਖ਼ਿਲਾਰ
ਹੁਣੇ ਸੀ ਸਾਗਰੀਂ ਹੁਣੇ ਸੀ ਬੱਦਲੀਂ ਬਿਜਲੀ ਦੀ ਫੜਦਾ ਲਕਾਰ
ਲੱਭੋ ਨੀ ਲੱਭੋ ਸੱਤਾਂ ਦੀਪਾਂ ‘ਚ ਲੱਭੋ, ਢੂੰਡੋ ਨੀ ਚੂੰਡੋ ਕੂੰਟਾਂ ਚਾਰ
ਕੱਲ੍ਹ ਤੇ ਨਚਦਾ ਸੀ ਧਰਤੀ ਦੇ ਤਲ ਤੇ ਅੱਜ ਗਲਵਕੜੀਓਂ ਪਾਰ
ਗਿਆਨ ਸਿੰਘ ਦੀ ਨਵੀਂ ਕਲਮ ਨਰੋਈ ਤੇ ਸੂਝਵਾਨ ਹੈ .-
ਮੇਰੀ ਅੰਮੜੀ, ਮੇਰੀ ਪ੍ਰਿਤਮਾ, ਮੇਰੀ ਵੀਰੀ, ਮੇਰੀ ਬੱਚੀ
ਚਾਰੇ ਰੂਪ ਨਾਰ ਦੇ ਵੇਖੇ, ਅਮਿਉਂ, ਮਦੁਰਾ, ਮਾਖਿਓਂ।
ਕਦੇ ਮੇਰੀ ਅੰਮੜੀ ਦੀ ਲੋਰੀ, ਕਦੇ ਮੇਰੀ ਪ੍ਰਿਤਮਾ ਦਾ ਗਿੱਧਾ
ਕਦੇ ਮੇਰੀ ਵੀਰੀ ਦਾ ਤ੍ਰਿੰਵਣ, ਕਦੇ ਮਿਰੀ ਬੱਚੀ ਦਾ ਥਾਲ
ਮੁੜ ਮੁੜ ਨਵੇਂ ਨਵੇਂ ਰੂਪਾਂ ਵਿਚ ਇਕ ਗੀਤ ਜਨਮ ਲੈਂਦਾ ਹੈ।
ਇੱਕ ਪਹਾੜੀ ਬਰਨੇ ਦੀ ਲੈਅ, ਹਰ ਮੋੜ ਤੇ ਕੰਨੀਂ ਪੈਂਦੀ।
ਇਕੋ ਚੰਨ ਦੀ ਸੀਤ ਚਾਨਣੀ ਨਾਲ ਨਾਲ ਹੈ ਤੁਰਦੀ ਜਾਂਦੀ ।
ਇੱਕ ਮੰਦਰ ਹੈ ਜਿਸਦੀ ਘੰਟੀ, ਮੁੜ ਮੁੜ ਰੂਹ ਵਿਚ ਕੇਸਰ ਘੋਲੇ
ਛਿਣ ਭਵਿਖ ਦੇ ਪਲ ਝਪਕਣ ਵਿਚ ਡੂੰਘੀ ਖੱਡ ਵਿਚ ਜਾ ਪੈਂਦੇ ਹਨ
ਬੰਨ੍ਹ ਲਵੋ ਜੇ ਬੰਨ੍ਹ ਸਕੋ ਤਾਂ, ਜਕੜ ਲਵੋ ਜੇ ਜਕੜ ਸਕੋ ਤਾਂ
ਵਰਤਮਾਨ ਦੇ ਦਿਉਤੇ ਕੋਲੋਂ ਜੋ ਵਰ ਮੰਗੋ ਮਿਲ ਸਕਦਾ ਹੈ।
ਨਵਤੇਜ ਭਾਰਤੀ, ਅਜੀਤ ਸਿੰਘ, ਅਮਰ ਚਿੱਤ੍ਰਕਾਰ ਅਸਲੋਂ ਨਵੇਂ ਕਵੀ ਹਨ ਪਰ ਇਨ੍ਹਾਂ ਦੀਆਂ
ਕਲਮਾਂ ਚੰਗੇ ਭਵਿੱਖ ਦਾ ਇਕਰਾਰ ਦਿੰਦੀਆਂ ਜਾਪਦੀਆਂ ਹਨ :-
ਗੀਤ ਛੇੜਦੀ ਸੜਕ ਨੀਲੜੀ
ਮੇਰੇ ਦਰ ਕੋਲੋਂ ਦੀ ਗੁਜ਼ਰੇ ਵਲ ਵਿੰਗ ਖਾ ਕੇ ।
ਫੁੱਲ ਸੂਰਜ ਦਾ ਤੋੜ ਸੱਜਰਾ, ਸਰਘੀ ਸੂਹੇ ਹੱਥ ਵਧਾ ਕੇ
ਧਰਤ ਦੀਆਂ ਜ਼ੁਲਫ਼ਾਂ ਵਿਚ ਟੁੰਗੇ ਨਿੱਤ ਮੁਸਕਾ ਕੇ।
ਇੰਜ ਗੋਰੀਆਂ ਕੁੜੀਆਂ ਟਹਿਲਣ, ਜਿਵੇਂ ਤੇਰੀਆਂ ਜ਼ੁਲਫ਼ਾਂ ਉਤੇ
ਵਿਚਰਨ ਪੋਲੀ ਜਹੀ ਖ਼ੁਸ਼ਬੋਆਂ ਕਦਮ ਬਚਾ ਕੇ ।
ਏਸ ਸੜਕ ਤੇ ਤੂੰ ਨਹੀਂ ਆਉਣਾ, ਫਿਰ ਵੀ ਮੇਰੀ ਹਸਰਤ ਟਹਿਲੇ
ਨਿੱਤ ਰਾਤ ਨੂੰ ਖ਼ਾਬਾਂ ਦੇ ਗਲ ਬਾਹਾਂ ਪਾ ਕੇ…..
ਕੇਹਾ ਮੈਂ ਤੈਨੂੰ ਯਾਦ ਕੀਤਾ ਘੋਲ ਪੀਤੀ ਨਿੱਮੜੀ
ਸੇਕ ਲੀਤੀ ਜਿੰਦੜੀ ਮੈਂ ਕਾਲਜੇ ਦੀ ਅੱਗ ਬਾਲ
ਫੇਰ ਪੀੜਾਂ ਨਾਗਣਾਂ ਮੈਂ ਛੇੜ ਬੈਠਾ ਸੁੱਤੀਆਂ
ਝੋਲ ਸ਼ੋਹਲੇ ਪਾ ਲਏ ਤੇ ਅੱਗ ਪੀਤੀ ਬੱਟ ਨਾਲ।
ਤਪਦੇ ਥਲ ਚੋਂ ਤਿਲਕਦੀ ਜਿਉਂ ਤ੍ਰਭਕਦੀ ਬੱਦਲੀ ਦੀ ਛਾਂ
ਇੰਜ ਭਖਦੀ ਦਿਲ ਰੋਹੀਂ ਚੋਂ ਲੰਘਿਆ ਤੇਰਾ ਖ਼ਿਆਲ ।
(ਨਵਤੇਜ ਭਾਰਤੀ)
ਝੀਲ ਦੀ ਹਿੱਕ ਤੇ ਕੰਵਲ ਫੁੱਲ ਊਂਘਦੇ
ਨੀਲ ਵਿਚ ਪਲਕਾਂ ਸਿਤਾਰੇ ਮੁੰਦ ਕੇ
ਕਾਸ਼ਨੀ ਰਾਹਾਂ ਤੇ ਚੁੱਪ ਖੜੇ ਸਾਏ
ਹਵਾ ਦੇ ਹੋਠਾਂ ਤੇ ਹਾਸੇ ਹੂੰਘਦੇ ।
ਉਮਰਾਂ ਤੋਂ ਲੰਮਾਂ ਕਿਸੇ ਦਾ ਇੰਤਜ਼ਾਰ
ਨੀਰ ਵਿਚ ਮਛਲੀ ਜਹੀ ਉਛਲੀ ਕੋਈ
ਉਠੀ ਇੰਜ ਘਬਰਾ ਕੇ ਲਹਿਰਾਂ ਦੀ ਡਾਰ
ਜਿਸ ਤਰ੍ਹਾਂ ਮੇਰੀ ਨਜ਼ਰ ਦੇ ਭਾਰ ਹੇਠ
ਤਿਲ ਮਿਲਾ ਉਠਦੇ ਤੇਰੀ ਹਿਕ ਦੇ ਉਭਾਰ।
(ਅਜੀਤ ਸਿੰਘ)
ਬੜੇ ਭਿਆਨਕ ਪਰਬਤ ਖਾਈਆਂ ਰਾਹ ਤੇਰੇ ਵਿਚ ਆਏ
ਮਾਨਯੋਗ ਤੇਰੀ ਜੁਰਅਤ ਜਿੰਦੇ ਜੋ ਸਭ ਨੂੰ ਲੰਘ ਆਈ
ਨਾ ਕਹੁ ਪੈਰ ਥੱਕੇ ਨੇ ਮੇਰੇ ਕੋਲ ਪੜਾਅ ਦੇ ਆ ਕੇ
ਹੁਣ ਰੁਕਦਾ ਇਕ ਪੈਰ ਵੀ ਜਿੰਦੇ ਸਿਦਕ ਦੀ ਹੈ ਰੁਸਵਾਈ।
(ਅਮਰ ਚਿੱਤ੍ਰਕਾਰ)
ਕਿਸੇ ਲੋਕ-ਗੀਤ ਦੀ ਜ਼ਬਾਨੀ ਅੰਬਰ ਦਾ ਲਹਿੰਗਾ ਸਵਾ ਕੇ ਧਰਤੀ ਦੀ ਲੌਣ ਲਾਣ ਵਾਲੀ ਸਾਡੀ ਰਵਾਇਤ ਸਾਡੀਆਂ ਅੱਜ ਦੀਆਂ ਕਲਮਾਂ ਵਿਚ ਵੀ ਚਲੀ ਆਉਂਦੀ ਹੈ। ਸ਼ਾਇਦ ਇਸੇ ਰਵਾਇਤ ਦਾ ਸਦਕਾ ਅਸਲਵਾਦ ਦੇ ਨਵੇਂ ਖਹੁਰੇ ਤਜਰਬੇ ਪੰਜਾਬੀ ਕਵਿਤਾ ਵਿਚ ਹਮੇਸਾਂ ਰਾਂਗਲੇ ਤੇ ਸਫ਼ਲ ਰਹਿੰਦੇ ਹਨ। ਦੂਸਰੇ ਮੁਲਕਾਂ ਦੇ ਗੀਤਾਂ ਨੂੰ ਜਦੋਂ ਪੰਜਾਬੀ ਪੁਸ਼ਾਕ ਪੁਆ ਦੇਈਏ ਤਾਂ ਸ਼ਾਇਦ ਇਸੇ ਰਵਾਇਤ ਦਾ ਕਰਮ ਹੁੰਦਾ ਹੈ ਕਿ ਉਹਦੇ ਵਿਚ ਪੰਜਾਬੀ ਨੁਹਾਰ ਵੀ ਆ ਜਾਂਦੀ ਹੈ । ਜਿਵੇਂ ਵੀਅਤਨਾਮ ਦੇ ਇਕ ਲੋਕ-ਗੀਤ ਦਾ ਪੰਜਾਬੀ ਰੂਪ ਇਸ ਤਰ੍ਹਾਂ ਬਣਿਆ ਹੈ :-
ਆ ਨੀ ਜਿੰਦੇ ਧਾਗਾ ਵੱਟੀਏ ਧਾਗਾ ਸ਼ਗਨਾਂ ਵਾਲਾ ਲੀੜਾ ਸੱਜਣਾਂ ਦਾ।
ਖੱਡੀ ਦੇ ਵਿਚ ਪੱਟ ਉਣੀਂਦਾ ਸੂਹੀਆਂ ਤੰਦਾ ਵਾਲਾ ਲੀੜਾ ਸੱਜਣਾਂ ਦਾ।
ਸੋਹਣੀ ਸੂਈ ਪਲਾਂਘਾਂ ਭਰਦੀ ਰੱਤਾ ਲਾਲ ਦੁਸ਼ਾਲਾ ਲੀੜਾ ਸਜਣਾਂ ਦਾ
ਲੈ ਨੀ ਜਿੰਦੇ ਭੇਜ ਸੁਗਾਤਾਂ ਰੱਬ ਤੇਰਾ ਰਖਵਾਲਾ ਲੀੜਾ ਸਜਣਾਂ ਦਾ ।
ਅੱਜ ਦੀ ਪੰਜਾਬੀ ਕਵਿਤਾ ਬਾਰੇ ਇਹ ਆਖਿਆ ਜਾ ਸਕਦਾ ਹੈ ਕਿ ਸਾਡੀ ਕਵਿਤਾ ਵਿਚ ਉਸ ਦੁਮੇਲ ਨੂੰ ਛੋਹਣ ਦਾ ਇਕਰਾਰ ਹੈ ਜਿੱਥੇ ਸਮਾਜਕ ਚੇਤਨਤਾ ਦੀ ਧਰਤੀ ਅਤੇ ਕਾਵਿ-ਸੁੰਦਰਤਾ ਦਾ ਅਸਮਾਨ ਇਕ ਦੂਸਰੇ ਨੂੰ ਮਿਲਦੇ ਨਜ਼ਰ ਆਉਂਦੇ ਹਨ।
ਮੋਹਨ ਸਿੰਘ
ਯਾਦ
ਨੀਲਮ ਦੇ ਖਰਲ ਅਦਰ
ਰਤਨਾ ਦੀ ਮਹਿੰਦੀ ਪੀਹ ਕੇ
ਪੱਛਮ ਦੇ ਤਲਵਿਆਂ ਨੂੰ
ਸੂਰਜ ਨੇ ਹੈ ਲਗਾਈ
ਸੋਨੇ ਦੀਆਂ ਖੜਾਵਾਂ
ਪੈਰਾਂ ਦੇ ਵਿਚ ਪਾ ਕੇ
ਹੈ ਯਾਦ ਤੇਰੀ ਆਈ ।
ਗਗਨਾਂ ਦੇ ਪੀਹੜੇ ਉਤੇ
ਬਹਿ ਰਾਤ ਦੀ ਬਹੂ ਨੇ
ਜੜ ਤਾਰਿਆਂ ਦਾ ਚੰਬਾ
ਲਿਟ ਆਪਣੀ ਗੁੰਜਾਈ
ਚਾਂਦੀ ਦੀਆਂ ਖੜਾਵਾਂ
ਪੈਰਾਂ ਦੇ ਵਿਚ ਪਾ ਕੇ
ਹੈ ਯਾਦ ਤੇਰੀ ਆਈ ।
ਪੂਰਬ ਦੀ ਖੋਹਲ ਬਾਰੀ
ਗੰਢੇ ਦੀ ਛਿੱਲ ਨਾਲੋਂ
ਪਤਲੇਰੇ ਘੁੰਡ ਵਿੱਚੋਂ
ਪਰਭਾਤ ਮੁਸਕਰਾਈ
ਚਾਨਣ ਦੀਆਂ ਖੜਾਵਾਂ
ਪੈਰਾਂ ਦੇ ਵਿਚ ਪਾ ਕੇ
ਹੈ ਯਾਦ ਤੇਰੀ ਆਈ ।
ਅੰਮ੍ਰਿਤਾ ਪ੍ਰੀਤਮ
ਚੇਤਰ
ਚੇਤਰ ਦਾ ਵਣਜਾਰਾ ਆਇਆ
ਬੁਚਕੀ ਮੋਢੇ ਚਾਈ ਵੇ
ਅਸਾਂ ਵਿਹਾਜੀ ਪਿਆਰ-ਕਥੂਰੀ
ਵੇਂਹਦੀ ਰਹੀ ਲੁਕਾਈ ਵੇ !
ਸਾਡਾ ਵਣਜ ਮੁਬਾਰਕ ਸਾਨੂੰ
ਕੱਲ੍ਹ ਹੱਸਦੀ ਸੀ ਜਿਹੜੀ ਦੁਨੀਆ
ਉਹ ਦੁਨੀਆ ਅੱਜ ਸਾਡੇ ਕੋਲੋਂ
ਚੁਟਕੀ ਮੰਗਣ ਆਈ ਵੇ ।
ਬਿਰਹਾ ਦਾ ਇਕ ਖਰਲ ਬਲੌਰੀ
ਜਿੰਦੜੀ ਦਾ ਅਸਾਂ ਸੁਰਮਾ ਪੀਠਾ
ਰੋਜ਼ ਰਾਤ ਨੂੰ ਅੰਬਰ ਆ ਕੇ
ਮੰਗਦਾ ਇਕ ਸਲਾਈ ਵੇ ।
ਦੋ ਅੱਖੀਆਂ ਦੇ ਪਾਣੀ ਅੰਦਰ
ਕੱਲ੍ਹ ਅਸਾਂ ਕੁਝ ਸੁਪਨੇ ਘੋਲੇ
ਇਹ ਧਰਤੀ ਅੱਜ ਸਾਡੇ ਵੇਹੜੇ
ਚੁੰਨੀ ਰੰਗਣ ਆਈ ਵੇ ।
ਕੱਖ ਕਾਣ ਦੀ ਝੁੱਗੀ ਸਾਡੀ
ਜਿੰਦ ਦਾ ਮੂੜਾ ਕਿੱਥੇ ਡਾਹੀਏ
ਸਾਡੇ ਘਰ ਅੱਜ ਯਾਦ ਤੇਰੀ ਦੀ
ਚਿਣਗ ਪ੍ਰਾਹੁਣੀ ਆਈ ਵੇ ।
ਸਾਡੀ ਅੱਗ ਮੁਬਾਰਕ ਸਾਨੂੰ
ਸੂਰਜ ਸਾਡੇ ਬੂਹੇ ਆਇਆ
ਉਸ ਨੇ ਅੱਜ ਇਕ ਕੋਲਾ ਮੰਗ ਕੇ
ਆਪਣੀ ਅੱਗ ਸੁਲਗਾਈ ਵੇ ।
ਸੰਤੋਖ ਸਿੰਘ ਧੀਰ
ਨਿੱਕੀ ਸਲੇਟੀ ਸੜਕ ਦਾ ਟੋਟਾ
ਨਿਕੀ ਸਲੇਟੀ ਸੜਕ ਕਿਨਾਰੇ, ਪਿੰਡ ਵਸਦਾ ਜਿੱਥੇ ਵਸਣ ਪਿਆਰੇ ।
ਨਿੱਕੀ ਸਲੇਟੀ ਸੜਕ ਦਾ ਟੋਟਾ, ਉਂਜ ਪਿਆਰਾ ਕਿੰਨਾ ਛੋਟਾ
ਕੰਨੀਆਂ ਉਤੇ ਬਿਰਛ ਖਲੋਤੇ, ਲੰਮੇ, ਮਧਰੇ ਛਿਦਰੇ ਸੰਘਣੇ
ਸੀਹੋਂ, ਕਿੱਕਰ, ਬ੍ਰੇਕ ਫੁਲਾਹੀਆਂ, ਨਾਲ ਅੰਬਾਂ ਸਿਰ ਜੋੜ ਕੇ
ਕਿਤੇ ਕਿਤੇ ਹਿੱਲਣ ਮਧ-ਮੱਤੇ, ਸਾਗਵਾਨ ਦੇ ਚੌੜੇ ਪੱਤੇ ।
ਘਣੀਆਂ ਘਣੀਆਂ ਗੂੜ੍ਹੀਆਂ ਛਾਵਾਂ, ਵਿਛੀਆਂ ਨੇ ਚਿਤਕਬਰੀਆਂ ਜਹੀਆਂ
ਲਗਰਾਂ ਵਿਚ ਜਦ ਬੁੱਲੇ ਖਹਿੰਦੇ, ਬੂਰ ਵਣਾਂ ਦੇ ਝੜ ਝੜ ਪੈਂਦੇ
ਖੇੜੇ ਦੀ ਅਲਸਾਈ ਰੁੱਤੇ – ਨਿੱਕੀ ਸਲੇਟੀ ਸੜਕ ਦੇ ਉੱਤੇ
ਨਿੱਕੀ ਸਲੇਟੀ ਸੜਕ ਕਿਨਾਰੇ, ਪਿੰਡ ਵਸਦਾ, ਜਿੱਥੇ ਵੱਸਣ ਪਿਆਰੇ ।
ਪਹਿਲੀ ਵਾਰ ਚੇਤਰ ਦੀ ਰੁੱਤੇ, ਅਸੀਂ ਇਸ ਟੋਟੇ ਉਤੇ
ਠੁਮਕ ਠੁਮਕ ਤੁਰੀਆਂ ਤਰਕਾਲਾਂ, ਉੱਡਣ ਛੱਤੇ ਨਾਜ਼-ਵਿਗੁੱਤੇ
ਨੀਲੀ ਚੁੰਨੀ ਦੇ ਲੜ ਢਿਲਕੇ, ਬੁੱਕਲ ਵਿੱਚੋਂ ਝੜੇ-ਸਿਤਾਰੇ
ਸੱਜਣਾਂ ਦੇ ਝੁਰਮਟ ਵਿਚ ਕੀਲੇ, ਲੋਰ ਲੋਰ ਵਿਚ ਸੁੱਤ-ਉਨੀਂਦੇ
ਵਾਂਗ ਸ਼ਰਾਬੀ ਖਿੰਡ ਖਿੰਡ ਜਾਂਦੇ, ਹੱਥਾਂ ਦੇ ਨਾਲ ਹੱਥ ਛੁਹਾਂਦੇ
ਪਾ ਪਾ ਪੱਜ ਬਹਾਨੇ ਹੀਲੇ
ਨਿਕੀ ਸਲੇਟੀ ਸੜਕ ਦੇ ਉਤੇ, ਅਸੀਂ ਤੁਰੇ ਚੇਤਰ ਦੀ ਰੁੱਤੇ ।
ਨਿਕੀ ਸਲੇਟੀ ਸੜਕ ਦੇ ਉਤੇ – ਫੇਰ ਤੁਰੇ ਭਾਦੋਂ ਦੀ ਰੁੱਤੇ
ਪਹੁ-ਨਣਦੀ ਨੇ ਛੇੜ ਛੇੜ ਕੇ ਸੀ ਭਾਬੋ-ਪ੍ਰਭਾਤ ਜਗਾਈ
ਸਿਰ ਤੇ ਲੈ ਅੰਬਰਸੀਆ ਲੀੜਾ, ਉੱਠੀ ਸਰਘੀ ਲੈ ਅੰਗੜਾਈ
ਸਿਰ ਤੇ ਰੱਖ ਚਾਨਣ ਦਾ ਭੱਤਾ, ਬੰਨੇ ਬੰਨੇ ਤੁਰੀ ਸਲੇਟੀ
ਅਸੀਂ ਤੁਰੇ ਭਾਦੋਂ ਦੀ ਰੁੱਤੇ, ਨਿੱਕੀ ਸਲੇਟੀ ਸੜਕ ਦੇ ਉਤੇ
ਇਕ ਸੱਜਣ ਸਾਡੇ ਸੱਜੇ ਪਾਸੇ, ਇਕ ਸੱਜਣ ਸਾਡੇ ਖੱਬੇ ਪਾਸੇ
ਇਕ ਮੁੱਖੜਾ ਜਿਹੜਾ ਹੱਸ ਹੱਸ ਪੈਂਦਾ, ਇਕ ਮੁਖੜਾ ਜਿਹਦੇ ਨਾਲ ਪ੍ਰੀਤਾਂ
ਤਰਦੇ ਤੋਰ ਲਟੋਰਾਂ ਵਾਲੀ, ਝਲ ਵਲੱਲੀਆਂ ਗੱਲਾਂ ਕਰਦੇ
ਪੁੱਛੋਂ ਦੇ ਸਾਹ ਨਿੱਕੇ ਨਿੱਕੇ, ਬਣ ਜਾਂਦੇ ਲਟਬੌਰੇ ਬੁੱਲੇ
ਹੰਸਾਂ ਵਾਂਗੂੰ ਫੜਕਣ ਲੀੜੇ ਨਿੱਕੀ ਸਲੇਟੀ ਸੜਕ ਦੇ ਉਤੇ
ਨਿੱਕੀ ਸਲੇਟੀ ਸੜਕ ਦਾ ਟੋਟਾ, ਜਿਸਦੇ ਉਤੇ ਗੂੜ੍ਹੀਆਂ ਛਾਵਾਂ
ਜਿਸ ਦੇ ਉਤੋਂ ਲੰਘਦੇ ਪ੍ਰੇਮੀ ਜਿਸਦੇ ਦੁਆਲੇ ਗੁਟਕਣ ਪੰਛੀ
ਜਿੱਥੇ ਆਸ਼ਕ ਕੌਲ ਕਰੇਂਦੇ, ਜਿੱਥੇ ਪੁੱਗਣ ਅੱਖੀਆਂ ਲਾਈਆਂ
ਨਿੱਕੀ ਸਲੇਟੀ ਸੜਕ ਕਿਨਾਰੇ, ਪਿੰਡ ਵਸਦਾ ਜਿੱਥੇ ਵਸਣ ਪਿਆਰੇ ।
ਕਦੇ ਕਦੇ ਇਸ ਟੋਟੇ ਉਤੋਂ, ਲੰਘੇ ਕਾਂ ਕੋਈ ਕੁਰਲਾਂਦਾ
ਕਦੇ ਕਦੇ ਕੋਈ ਇੱਲ੍ਹ ਮੰਡਲਾਂਦੀ ਮਾਰ ਮਾਰ ਲੰਮੀ ਕਲਕਾਰੀ
ਕਦੇ ਕਦੇ ਚਮਗਾਦੜ ਫੜਕੇ, ਕਦੇ ਕਦੇ ਕੋਈ ਬਿਸੀਅਰ
ਲੰਘੇ ਕਦੇ ਕਦੇ ਕੋਈ ਬਿਜਲੀ ਕੜਕੇ, ਕਦੇ ਕਦੇ ਕੋਈ ਬੱਦਲ ਘੇਰੇ
ਇਸ ਟੋਟੇ ਨੂੰ ਕਿੱਥੇ ਸਾਂਭਾਂ, ਇਸ ਟੋਟੇ ਨੂੰ ਕਿਥੇ ਲੁਕਾਵਾਂ
ਇਸ ਟੋਟੇ ਨੂੰ ਹਿੱਕ ਵਿਚ ਸਾਂਭਾਂ, ਇਸ ਟੋਟੇ ਨੂੰ ਦਿਲ ਵਿਚ ਪਾ ਲਾਂ
ਕਰੋ ਮਿਆਨਾਂ ਵਿਚ ਤਲਵਾਰਾਂ, ਠਾਕ ਦਿਉ ਰਫ਼ਲਾਂ ਦੇ ਕੁੰਦੇ
ਇਸ ਦੁਨੀਆਂ ‘ਚੋਂ ਬੰਬ ਹਟਾਓ, ਇਸ ਦੁਨੀਆਂ ‘ਚੋਂ ਜ਼ਹਿਰਾਂ ਚੂਸੋ।
ਇਹ ਦੁਨੀਆ ਤਾਂ ਬੜੀ ਪਿਆਰੀ, ਇਹ ਦੁਨੀਆ ਫੁੱਲਾਂ ਦੀ ਖਾਰੀ
ਇਸ ਦੁਨੀਆ ਵਿਚ ਦੇਸ ਸੱਜਣ ਦਾ, ਦੇਸ ਕਿ ਜਿਸਦੀ ਧੂੜ ਗੁਲਾਬੀ
ਦੇਸ ਕਿ ਜਿੱਥੇ ਝੁੰਡ ਅੰਬੀਆਂ ਦੇ, ਨਿੱਕੀ ਸਲੇਟੀ ਸੜਕ ਦਾ ਟੋਟਾ ।
ਉਸ ਦੁਨੀਆ ਵਿਚ ਰੱਤ ਵਹੇਗੀ, ਜਿਸ ਦੁਨੀਆਂ ਵਿਚ ਦੇਸ ਸਜਣ ਦਾ
ਲਹੂਆਂ ਦੇ ਵਿਚ ਡੁੱਬ ਜਾਏਗਾ, ਨਿੱਕੀ ਸਲੇਟੀ ਸੜਕ ਦਾ ਟੋਟਾ |
ਜਦ ਤਕ ਸਾਡਾ ਸੀਸ ਤਲੀ ਤੇ, ਇਹ ਅਨਹੋਣੀ ਹੋ ਨਹੀਂ ਸਕਦੀ
ਜਦ ਤਕ ਦਿਲ ਆਸ਼ਕ ਦਾ ਧੜਕੇ ਪਿਆਰ ਦੀ ਸੁੱਚੀ ਧਰਤੀ ਉਤੇ
ਬੂੰਦ ਲਹੂ ਦੀ ਚੋ ਨਹੀਂ ਸਕਦੀ।
ਨਿੱਕੀ ਸਲੇਟੀ ਸੜਕ ਦਾ ਟੋਟਾ, ਓਨਾ ਪਿਆਰਾ ਜਿੰਨਾ ਛੋਟਾ
ਨਿੱਕੀ ਸਲੇਟੀ ਸੜਕ ਕਿਨਾਰੇ, ਪਿੰਡ ਵਸਦਾ ਜਿੱਥੇ ਵੱਸਣ ਪਿਆਰੇ
ਪ੍ਰੀਤਮ ਸਿੰਘ ਸਫ਼ੀਰ
ਹੀਰੋਸ਼ੀਮਾ ਨਾਗਾਸਾਕੀ
‘ਹਿਰੋਸ਼ੀਮਾ !’
‘ਕਿਸ ਲਈ ਜੀਵਾਂ ?’
‘ਅਮਨ-ਲਹਿਰ ਲਈ !’
ਬੋਲ ਰਹੀ ਆਵਾਜ਼
ਨਾਗਾਸਾਕੀ
ਲਥ-ਲਥ ਹੋਈ ਮਾਨੁੱਖਤਾ ਦੀ
ਇਕ ਭੈਦਾਇਕ ਝਾਕੀ
ਕ੍ਰੋੜਾਂ ਕ੍ਰੋੜਾਂ ਨਜ਼ਰਾਂ ਸਾਹਵੇਂ
ਕਰ ਰਹੀ ਅਜ ਪਰਵਾਜ਼ ।
‘ਨਾਗਾਸਾਕੀ’
‘ਹਿਰੋਸ਼ੀਮਾ’
ਹਰ ਇਕ ਦਿਲ ਵਿਚ ਅਪਣਾ ਨਗ਼ਮਾ
ਛੇੜ ਛੇੜ ਕੇ ਕਹਿਣ,
‘ਵਾਸ਼ਿੰਗਟਨ ਵਿਚ-ਹਰ ਥਾਵੇਂ ਹੀ
ਯਾਦ ਰਹੀਏ ਤਾਂ ਇਹ ਬੱਚੇ-ਆਜ਼ਮ
ਜੀਉਂਦੇ ਹਸਦੇ ਰਹਿਣ !
‘ਹਿਰੋਸ਼ੀਮਾ’
‘ਨਾਗਾਸਾਕੀ’
ਢਾਹ ਢਾਹ ਆਪਣੇ ਮਾੜੀ ਮੰਦਰ
ਪਾਉਂਦੇ ਹਾਲ ਪੁਕਾਰ
ਸੋ ਸੌ ਚੱਕਰ ਲਾਣ !
ਵਾਈਟ ਹਾਊਸ ਵਿਚ
ਸੁਪਨੇ ਬਣ ਬਣ
ਨੀਊਯਾਰਕ ਦੇ
ਵਾਸ਼ਿੰਗਟਨ ਦੇ
ਨਕਸ਼ੇ ਪਏ ਬਦਲਾਣ !
ਓਹ ਜਾਪਾਨੀ-ਹੁਸਨ ਗੁਆਚੇ
ਅਮਰੀਕਨ ਜ਼ੁਲਫ਼ਾਂ ਦੇ ਵਿੱਚੋਂ
ਬੋਲਣ ਲਿਸ਼ਕਾਂ-ਬੋਲ !
ਐਟਮ ਕਰਾਮਾਤ ਵਿਚ ਰੁੱਝੀਆਂ
ਜਦ ਕੋਈ ਪੱਥਰ ਨਜ਼ਰਾਂ ਜਾਗਣ
ਜੀਵਨ-ਸੁਪਨਿਆਂ ਕੋਲ !
ਸੂਰਜ ਚੰਦ ਸਿਤਾਰੇ ਸਾਰੇ
ਪਉਣ, ਪਾਣੀ, ਮਹਾਂਦੀਪ
ਸਭ ਕ੍ਰਿਸ਼ਮੇ ਇਕਸਾਰ।
ਰਾਜਨੀਤੀ ਦੇ ਮੰਡਲ ਅੰਦਰ
ਨਾਗਾਸਾਕੀ ਹਿਰੋਸ਼ੀਮਾ
ਇਨਕਲਾਬ ਦਾ ਨਾਹਰਾ ਲਾ ਕੇ
ਪਾਉਣ ਹਾਲ ਪੁਕਾਰ !
ਦ੍ਰਿਸ਼ਟਮਾਨ, ਅਦ੍ਰਿਸ਼ਟਮਾਨ ਦੇ
ਅੰਤਰ ਦਾ ਪ੍ਰਭਾਵ
ਹਸਰਤ ਤੋਂ ਅਜ ਚੂਰ
ਐਟਮ ਬੰਬ ਤੇ ਹਾਈਡਰੋਜਨੋਂ
ਵੱਡਾ ਇਕ ਹਥਿਆਰ
ਸੋਚਣ ਤੇ ਮਜਬੂਰ !
ਜਨ-ਸ਼ਕਤੀ ਦੇ ਮਨ-ਅੰਤਰ ਵਿਚ
ਲੱਖ-ਬ੍ਰਹਿਮੰਡਾਂ ਦੀ ਦਿੱਬ-ਜਯੋਤੀ
ਇਕ ਰਸ ਪ੍ਰੀਵਰਤਨ ਅਸਥਿਤ ਹੋ
ਬਣ ਜਾਏ ਮਨ-ਮੰਤ !
‘ਏਸ ਸਿਤਾਰੇ ਦੇ ਮੰਦਰ ਵਿਚ
ਐਟਮ ਬਣੇ ਅਮਨ-ਸਿਪ-ਮੋਤੀ
‘ਨਾਗਾਸਾਕੀ’
‘ਹਿਰੋਸ਼ੀਮਾ’
ਵਾਂਗ ਨਾ ਹੋਵੇ ਅੰਤ ।
ਅਵਤਾਰ ਸਿੰਘ ਆਜ਼ਾਦ
ਵਿਸ਼ਵ-ਨਾਚ
ਡਮ ਡਮ ਡੋਰੂ ਡਮਕ ਰਿਹਾ ਹੈ
ਇਸ ਦੇ ਇਸ ਗੰਭੀਰ ਤਾਲ ਤੇ ਹੋਵੇ ਪਿਆ ਉਹ ਨਾਚ,
ਜਿਸ ਵਿਚ ਜਗ ਰਚਨਾ ਦੀ ਹਰ ਸ਼ੈ
ਆਪ-ਮੁਹਾਰੀ ਨੱਚ ਉੱਠੀ ਹੈ ਵਲਵਲੇ ਵਿਚ ਗਵਾਚ।
ਨੱਚਣ ਆਕਾਸ਼ ਨੱਚਣ ਚੰਦ ਤਾਰੇ, ਨੱਚਣ ਦੇਵਤਾ ਹੋਸ਼ ਵਿਸਾਰੇ
ਨੱਚਣ ਆਦਮੀ ਨੱਚਣ ਮੋਹਣੀਆਂ, ਨੱਚਣ ਪਏ ਪਿਸ਼ਾਚ ।
ਖੁਲ੍ਹੀ ਸਮਾਧੀ ਆ ਰਿਸ਼ੀਆਂ ਦੀ
ਨੱਚ ਪਈ ਮਹਾਂ-ਕਾਲ ਦੀ ਜੋਤੀ ਨੱਚੇ ਸ੍ਵਰਗ ਪਤਾਲ ।
ਏਸ ਨਾਚ ਨੇ ਕਵਿ-ਹਿਰਦੇ ਵਿਚ ਲੈ ਆਂਦਾ ਭੂਚਾਲ ।
ਇਹ ਉਹ ਨਾਚ ਜਿਹਦੀ ਸਰਗਮ ਚੋਂ ਪਰਲੈ ਦੇ ਪਰਛਾਂਵੇ,
ਕਾਲ ਜੀਭ ਦਾ ਰੂਪ ਵਟਾ ਕੇ
ਬ੍ਰਹਮੰਡਾਂ ਨੂੰ ਲੈ ਰਹੇ ਹੈ ਨੇ ਆਪਣੇ ਵਿਚ ਕਲਾਵੇ ।
ਮੋਹ ਨਿੰਦਰਾ ਖੁਲ੍ਹ ਗਈ ਹੈ ਆਪੇ
ਸਾਜ ਸਮਾਜ ਪੁਰਾਤਨਤਾ ਦਾ ਗੁੰਮਦਾ ਗੁੰਮਦਾ ਜਾਪੇ ।
ਮਹਾਂ-ਅਸਤਾਚਲ ਦੀ ਕੁੱਖ ਖੁਲ੍ਹੀ
ਨੱਚਦੇ ਪੁਰੀਆਂ ਭਵਨ ਓਸ ਵਿਚ’ ਹੈਨ ਸਮਾਈ ਜਾਂਦੇ ।
ਹੋ ਰਹੇ ਨਿਰ-ਆਕਾਰ ਆਕਾਰੀ ਮਹਾਂ ਸੁੰਨ ਦੇ ਦੇਸ ਵਿਚਾਲੇ,
ਫਿਰ ਇਕ ਨਵੀਂ ਅਜ਼ਲ ਦੀ ਸੱਜਣੀ ਹੋਵੇ ਪਈ ਤਿਆਰੀ
ਏਸ ਨਾਚ ਵਿਚ ਨਚਦੇ ਨਚਦੇ ਮਹਾਂ-ਜੋਤਿ ਵਿਚ ਰਚਦੇ ਰਚਦੇ ਆ ਛੇਤੀ ਗੁੰਮ ਜਾਈਏ।
ਤੇ ਉਸ ਨਵੀਂ ਅਜ਼ਲ ਦੀ ਕਾਨੀ ਪਿਛਲੇ ਬ੍ਰਹਮਾਂ ਪਾਸੋਂ ਖੋਹ ਕੇ, ਆਪਾਂ ਹੀ ਫੜ ਵਾਹੀਏ।
ਨਵਾਂ ਜਗਤ ਨਵਾਂ ਦਸਤੂਰ
ਨਵੇਂ ਅਸੀਂ ਉਠ ਨਵ-ਪ੍ਰਭਾਤ ਵਿਚ ਨਵਿਆਂ ਲਈ ਬਣਾਈਏ ।
ਪਿਆਰਾ ਸਿੰਘ ਸਹਿਰਾਈ
ਗੀਤ
ਸਾਡੇ ਵਿਹੜੇ ਉੱਗੇ ਫੁੱਲ ਤੂੰ ਨਾ ਘਰ
ਰਾਂਝਣਾ ਡੁੱਲ੍ਹ ਡੁੱਲ੍ਹ ਪਏ ਰੂਪ ਘੁੱਟ ਭਰ ਰਾਂਝਣਾ !
ਕਾਂਗਾਂ ਚੜ੍ਹੀਆਂ ਨੇ ਇੰਜ ਪਈਆਂ ਢਾਣ ਕੰਢਿਆਂ
ਮੇਰੇ ਨਾਲ ਇਹ ਝਨਾਵਾਂ ਅਜ ਤਰ ਰਾਂਝਣਾ !
ਮੇਰੇ ਦੁਆਲੇ ਅੱਜ ਖਿੰਡ ਮੁਸਕਾਨ ਖੇਡਦੀ
ਇਕ ਭਿੱਤ ਵੀ ਨਾ ਬੰਦ ਖੁੱਲ੍ਹੇ ਦਰ ਰਾਂਝਣਾ
ਤੇਰੇ ਰਾਹੀਂ ਵੇ ਮੈਂ ਇਕ ਵੀ ਨਾ ਹੰਝੂ ਕੇਰਿਆ
ਦਿੱਤਾ ਇਹਨਾਂ ਨੂੰ ਮੈਂ ਖ਼ਾਬਾਂ ਨਾਲ ਭਰ ਰਾਂਝਣਾ !
ਛੱਡ ਤਖ਼ਤ ਹਜ਼ਾਰਾ ਝੱਬ ਬਹੁੜ ਬੇਲੀਆ
ਮੇਰੇ ਬੇਲਿਆਂ ‘ਚ ਪੈਰ ਕੇਰਾਂ ਧਰ ਰਾਂਝਣਾ।
ਵੇ ਮੈਂ ਸਮਿਆਂ ਦੀ ਪੱਬਾਂ ਭਾਰ ਖੜੀ ਤੱਕਦੀ
ਤੇਰਾ ਰੂਪ ਦਏ ਨਜ਼ਰਾਂ ਇਹ ਭਰ ਰਾਂਝਣਾ !
ਸਾਡੇ ਵਿਹੜੇ ਉੱਗੇ ਫੁੱਲ ਤੂੰ ਨਾ ਘਰ ਰਾਂਝਣਾ
ਡੁੱਲ੍ਹ ਡੁੱਲ੍ਹ ਪਏ ਰੂਪ ਘੁੱਟ ਭਰ ਰਾਂਝਣਾ !
ਨ. ਸ. ਦਿਓਲ
ਅਨਹਦ-ਸੱਦ
ਭਰ ਨੀ ਕਲਾਵਾ ਜਿੰਦੇ ਸੱਜਣਾਂ ਦੀ ਯਾਦ ਦਾ
ਗੰਧ ਭਰਪੂਰ ਪੌਣਾਂ ਵੱਗ ਚੱਲੀਆਂ।
ਸੋਹਜ ਵਾਲੀ ਸੁੱਚ ਨਾਲ ਭਰੀਆਂ ਕਟੋਰੀਆਂ
ਬੁੱਲ੍ਹੀਆਂ ਦੇ ਕੋਲ ਕੋਲ ਲੱਗ ਚੱਲੀਆਂ।
ਵੰਝਲੀ ਤੇ ਰਾਗਨੀ ਸ਼ਹਿਨਾਈਆਂ ਤੇਰੇ ਪਿਆਰ ਦੀਆਂ
ਦੇਹੀ ਦੇ ਦਿਹਰੇ ਵਿੱਚੋਂ ਵੱਜ ਚਲੀਆਂ
ਸੱਜਣਾਂ ਦੀ ਗੱਲ ਜਿਵੇਂ ਰੱਬ ਨਾਲ ਗੱਲ ਹੋਵੇ
ਬੰਦਿਆਂ ਚੋਂ ਬੰਦਗੀਆਂ ਲੱਭ ਚੱਲੀਆਂ।
ਪੋਲੇ ਪੋਲੇ ਲੰਘਣਾ ਹੈ ਮਨ ਦੀ ਮਸੀਤ ਵਿਚੋਂ
ਮੁੱਲਾਂ ਨੂੰ ਸਲੇਟੜੀਆਂ ਠੱਗ ਚੱਲੀਆਂ।
ਜਿਹੜੇ ਜਿਹੜੇ ਥਾਉਂ ਮੈਨੂੰ ਸੱਜਣਾ ਨੇ ਛੋਹ ਲਿਆ
ਲੂਈਂ ਲੂਈ ਵਿਚ ਜੋਤਾਂ ਜਗ ਚੱਲੀਆਂ
ਤਿੱਪ ਤਿੱਪ ਲਹੂ ਵਿੱਚ ਘੁਲੀਆਂ ਨੇ ਮਿਸਰੀਆਂ
ਸ਼ਹਦ-ਫੁਹਾਰਾਂ ਰਗ ਰਗ ਚੱਲੀਆਂ।
ਮਿਤਰਾ ਪਿਆਰਿਆ ਵੇ ਆ ਤੇ ਹੰਢਾ ਲੈ ਜਿੰਦ
ਉਮਰਾਂ ਇਸ਼ਕ ਦੀਆਂ ਤੱਗ ਚੱਲੀਆਂ।
ਅਨਹਦ-ਸੱਦ ਤੈਨੂੰ ਸੱਦ ਸੱਦ ਥੱਕੀ ਨਾ
ਥੱਕਿਆ ਜਹਾਨ ਅੱਖਾਂ ਲੱਗ ਚੱਲੀਆਂ
ਸੁਖਬੀਰ
ਦੋ ਨੈਣਾਂ ਦੀ ਲੋਅ ਵਿਚ
ਦੀਵਾ ਬਲਦਾ ਪਿਆ ਹੈ ਅਜ ਚਿਰਾਕੀ ਰਾਤੇ
ਤੇਰੇ ਦੋ ਨੈਣਾਂ ਦੀਆਂ ਰੋਸ਼ਨੀਆਂ ਕੰਬ ਰਹੀਆਂ
ਪਰ ਮੈਂ ਕਿਉਂ ਇਸ ਕੂਲੀ ਲੋਅ ਵਿਚ ਦੇਖ ਰਿਹਾ ਹਾਂ
ਸੁੱਤੇ ਹੋਏ ਸ਼ਾਹ ਹਨੇਰੇ
ਲਹਿਰਾਉਂਦੀਆਂ ਪੱਕੀਆਂ ਫ਼ਸਲਾਂ ਦੀ ਹਾੜੀ ਸੌਣੀ ।
ਸੂਦ ਦੀਆਂ ਰਕਮਾਂ ਗਿਣਦੇ ਹੋਏ ਹੱਥ ਪਰਾਏ
ਆਖ਼ਰ ਹੂੰਝ ਕੇ ਲੈ ਜਾਂਦੇ ਹਨ ਬੋਹਲ ਉਚੇ ਮਿਹਨਤ ਰੋ ਰੋ ਹੰਝੂ ਕੇਰੇ
ਕਿਹੋ ਜਿਹਾ ਇਹ ਚਹੁੰ ਕੰਧਾਂ ਦਾ ਜੇਲ ਦਾ ਘੇਰਾ
ਅਖੋਂ ਅੰਨ੍ਹਾ ਕੰਨੋਂ ਬੋਲਾ ਜ਼ੁਲਮ ਦਾ ਚਿਹਰਾ
ਸੂਰਜ ਚੜ੍ਹਦਾ, ਸੂਰਜ ਲਹਿੰਦਾ, ਪਰ ਇਹ ਥਾਂ ਏਂ
ਜਿਥੋਂ ਰੋਸ਼ਨੀਆਂ ਮੂੰਹ ਫੇਰੇ ।
ਕਾਲਾਂ ਦੇ ਪਰਛਾਵੇਂ ਧਰਤੀ ਤੋਂ ਲੰਘਦੇ ਪਏ
ਸੁੱਕ ਗਏ ਮਾਵਾਂ ਦੇ ਦੁੱਧ ਬੱਚੇ ਮਾਸ ਨੂੰ ਚੂੰਡਣ
ਬਾਂਝ ਹੋਈ ਧਰਤੀ ਦੀ ਕੁੱਖ ਵਿਚ ਸੁਪਨੇ ਮੋਏ
ਭੁੱਖਾਂ ਦੇ ਅੱਜ ਮੂੰਹ ਲੰਮੇਰੇ ।
ਨ੍ਹੇਰੀਆਂ ਕੋਠੜੀਆਂ ਵਾਂਗ ਕਿੰਨੇ ਜੀਵਨ ਧੁਆਂਖੇ
ਕਿੰਨੇ ਨੈਣ ਕਿਤਾਬਾਂ ਦੇ ਚਾਨਣ ਤੋਂ ਵਾਂਜੇ
ਰੋਸ਼ਨੀਆਂ ਭਾਵੇਂ ਅਜ ਵਿਕਦੀਆਂ ਸਰੇ ਬਾਜ਼ਾਰੀਂ
ਪਰ ਕਿਉਂ ਧੁਆਂਖੇ ਹੋਏ ਸਵੇਰੇ ?
ਤੇਰੇ ਦੋ ਨੈਣਾਂ ਦੀਆਂ ਰੋਸ਼ਨੀਆਂ ਕੰਬ ਰਹੀਆਂ
ਦੀਵਾ ਬਲਦਾ ਪਿਆ ਹੈ ਅਜ ਚਿਰਾਕੀ ਰਾਤੇ
ਆਖਰ ਚਾਨਣੀਆਂ ਚੋਂ ਲੰਘਦਿਆਂ ਵੀ ਮੈਂ ਤੱਕੇ
ਨ੍ਹੇਰਿਆਂ ਦੇ ਕਲ-ਮੂੰਹੇ ਚਿਹਰੇ ।
ਹਰਿਭਜਨ ਸਿੰਘ
ਗੀਤ
ਜੋਬਨ ਦੀ ਰੁੱਤ ਕੋਈ ਨਾ ਮਾਹੀਆ
ਪਿਆਰਾਂ ਦਾ ਨਾ ਦਿਨ ਕੋਈ
ਜਿਸ ਪਲ ਸਾਡੀ ਦੇਹ ਝੁਣਿਆਏ
ਜੋਬਨ ਦਾ ਪਲ ਸੋਈ।
ਹੰਝੂਆਂ ਦੀ ਵੀ ਰੁੱਤ ਵੇ ਮਾਹੀਆ
ਹਉਕੇ ਦੀ ਵੀ ਰੁੱਤ ਵੇ
ਕੀ ਜਾਣਾਂ ਕਦ ਲੂੰ ਲੂੰ ਸਾਡੇ
ਜਾਗੇ ਚਿਣਗ ਨਰੋਈ।
ਪੌਣ ਪੁਰੇ ਦੀ ਹਉਕੇ ਭਰਦੀ
ਨਿੱਤ ਆਵੇ ਨਿੱਤ ਜਾਵੇ
ਉਹੋ ਪੂਰਾ ਜਿਹਦੇ ਵਿਚ ਜਾਗੇ
ਹਿਜਰਾਂ ਦੀ ਖ਼ੁਸ਼ਬੋਈ ।
ਲਖ ਪੁੰਨਿਆਂ ਦੇ ਚੰਨ ਤੋਂ ਸੋਹਣੀ
ਜਗਦਾ ਬੁਝਦਾ ਦੀਵਾ
ਜਿਸ ਦੀਵੇ ਇਕ ਤੰਦ ਰੂਪ ਦੀ
ਮੇਰੀ ਜਿੰਦ ਪਰੋਈ ।
ਅੰਬਰ ਤੋਂ ਲੱਖ ਡਾਰਾਂ ਲੰਘੀਆਂ
ਤੋਂ ਤੋਂ ਲੱਖ ਪਰਛਾਵੇਂ
ਔਹ ਜੋ ਖੰਭ ਚਿੜੀ ਦਾ ਡਿੱਗਾ
ਮੇਰਾ ਤਾਂ ਮਹਿਰਮ ਸੋਈ ।
ਸ਼ਾਮ ਹੋਈ ਪੱਛੋਂ ਦੇ ਬੁੱਲ੍ਹ ਤੇ
ਸੂਰਜ ਬੁੱਲ੍ਹ ਧਰ ਦਿਤੇ
ਉਮਰਾ ਦੀ ਦੰਦੀ ਤੇ ਵੀ
ਪਿਆਰਾਂ ਨੂੰ ਦੇਰ ਨਾ ਹੋਈ।
ਗੁਰਚਰਨ ਰਾਮਪੁਰੀ
ਚਾਨਣ ਦੇ ਖੂਹ
ਘੋਰ ਨ੍ਹੇਰੀ ਰਾਤ ਦੀ ਹਿਕੜੀ ‘ਚ
ਇਹ ਮੇਰੀ ਨਿਮਾਣੀ ਦੀਵੜੀ
ਲਟ ਲਟਾ ਕੇ ਮਚ ਪਈ
ਮੇਰੇ ਘਰ ਦੀਆਂ ਖੁੰਦਰਾਂ ਵਿਚ
ਨੂਰ ਹੈ ਇਸਦਾ ਸਵਾਇਆ ਕੱਲ੍ਹ ਤੋਂ ।
ਮੱਸਿਆ ਦੀ ਰਾਤ ਨੂੰ ਅਜ
ਆਈ ਸੋਅ ਪੈਗ਼ੰਬਰਾਂ ਦੀ ਧਰਤੀਉਂ
ਜਾਗ ਪਏ ਚਾਨਣ ਅਤੇ ਅਗਨੀ ਦੇ ਖੂਹ
ਜਾਗ ਪਏ ਥਲ ਸੱਸੀਆਂ ਨੂੰ ਭੁੰਨਣ
ਭਟਕਦੇ ਮਜਨੂੰ ਜਿਨ੍ਹਾਂ ਵਿਚ ਸੁੱਕ ਤੀਲਾ ਹੋ ਗਏ
ਚਲਦੀਆਂ ਜਿਥੇ ਹਵਾਵਾਂ ਅਜ਼ਲ ਤੋਂ ਹੀ ਹਨ ਬਗ਼ਾਵਤ ਵਾਕਰਾਂ
ਜਾਗ ਪਏ ਬਾਜ਼ਾਰ ਜਿਥੇ ਸੀ ਕਦੇ
ਰੂਪ ਦਾ ਚੰਨ ਵਿਕ ਗਿਆ ਅੱਟੀ ਦੇ ਭਾਅ।
ਜਾਗ ਪਏ ਜਿਨ੍ਹਾਂ ਨੇ ਦਿਤੀਆਂ ਸਭਿਅਤਾ ਨੂੰ ਲੋਰੀਆਂ
ਜਿਨ੍ਹਾਂ ਬਖ਼ਸ਼ੇ ਨੇ ਉਸਾਰੀ ਦੇ ਅਜੂਬੇ ਜੱਗ ਨੂੰ
ਹਸਦੀ ਜਿਨ੍ਹਾਂ ਦੇ ਖੇਤਾਂ ਦੀ ਕਪਾਹ ਕੁੜੀਆਂ ਦੇ ਵਾਂਗ
ਥਲ ‘ਚ ਭੁਜਦੇ ਵੀ ਖਜੂਰਾਂ ਵਾਂਗਰਾਂ ਮਿੱਠੇ ਨੇ ਜੋ
ਸਿਦਕ ਜਿਨ੍ਹਾਂ ਦਾ ਹਿਜਰ ਦੀ ਰਾਤ ਜਹੀਆਂ ਲੰਮੀਆਂ ਵਾਟਾਂ ਨੇ ਆਪੂੰ ਸਿਰਜਿਆ
ਪਾਣ ਦਿੱਤੀ ਹੈ ਜਿਨ੍ਹਾਂ ਨੇ ਹੌਸਲੇ ਦੀ ਧਾਰ
ਨੂੰ ਆਪਣੇ ਮੁੜ੍ਹਕੇ ਦੇ ਨਾਲ ।
ਜਿਨ੍ਹਾਂ ਦੀ ਧਰਤੀ ਨੇ ਆਪਣੀ ਹਿੱਕ ਤੇ
ਪਾਪ ਲਾਮਾਂ ਦਾ ਸਹਿਆ ਗ਼ੈਰਾਂ ਲਈ
ਪਹੁੰਚ ਕੇ ਜਿਥੇ ਕਈ ਵਾਰ ਫ਼ਰੰਗੀ ਦੇ ਲਈ
ਲੁਟ ਗਿਆ ਪੰਜਾਬ ਦੀ ਧੀ ਦਾ ਸਹਾਗ
ਓਸ ਬਸਰੇ ਨੇ ਨਵੀਂ ਕਰਵਟ ਲਈ
ਚੋਰ ਸਭ ਪਹਿਚਾਣ ਲਏ ਬਗ਼ਦਾਦ ਨੇ
ਸੱਪ ਬੁੱਕਲ ਦੇ ਮੁਕਾ ਦਿਤੇ ਸਭੇ ।
ਭੁੱਖ ਦੇ ਥਲ ਵਿਚ ਕੋਈ ਗੂੰਜੀ ਮਹਾਂ ਲਲਕਾਰ ਹੈ
‘ਅਣਖ ਧਰ ਕੇ ਦੇਸ ਦੀ ਗਹਿਣੇ
ਹੈ ਕਿਹੜਾ ਹੀਰਿਆਂ ਵਿਚ ਖੇਡਦਾ ?
‘ਕੰਨ ਸੁਣਦੇ ਹਨ ਕਿਹਦੇ ਛਣਕਾਰ ਪਾਇਲ ਦੀ ਸਿਰਫ਼ ?
ਭੁਖਿਆਂ ਦੀ ਚੀਕ ਨਾ ਕਿਸਨੂੰ ਸੱਦੇ ?
‘ਧਰਤ ਦੀ ਕੁੱਖ ਪਏ ਚਾਨਣ ਦੇ ਮਹਾਂ-ਭੰਡਾਰ
ਨੂੰ ਕੌਣ ਲੁਟਦਾ ਹੈ ਪਿਆ ?’
ਲੈ ਮਸ਼ਾਲਾਂ ਨਿਕਲ ਆਏ ਸੂਰਮੇ
ਅੰਬਰਾਂ ਦੇ ਤਾਰਿਆਂ ਨੂੰ ਲੱਗਿਆ
ਧਰਤ ਤੇ ਜੀਕਰ ਸਿਤਾਰੇ ਜਗ ਪਏ
ਉਨ੍ਹਾਂ ਨੇ ਰਿਸ਼ਮਾਂ ਦੇ ਹੱਥ ਹੇਠਾਂ ਸਲਾਮਾਂ ਭੇਜੀਆਂ ।
ਸੁਏਜ਼ ਦੀ ਹਿੱਕ ਵਿਚ ਉਤਰ ਆਏ ਉਹੋ
ਮੇਰੇ ਦੀਵੇ ਦਾ ਵੀ ਚਾਨਣ ਵਧ ਗਿਆ
ਕੰਬ ਗਈ ਮੱਸਿਆ ਦੀ ਰਾਤ
ਜਗ ਪਏ ਜਦ ਨੀਲ, ਦਜਲਾ ਤੇ ਫ਼ਰਾਤ।
ਤਾਰਾ ਸਿੰਘ
ਯਾਦ
ਹੁਣੇ ਹੁਣੇ ਚੀਰ ਸੰਘਣੀਆਂ ਧੁੰਦਾਂ
ਤੁਹਾਡੀ ਯਾਦ ਜ਼ਮਾਨੇ ਤੋਂ ਅੱਖ ਚੁਰਾ ਕੇ ਮਿਲੀ
ਸੁਲਗਦੇ ਸਮਿਆਂ ਦੇ ਮਸਲੇ, ਬੰਧੇਜ-ਸੂਲਾਂ ਤੋਂ
ਲਰਜ਼ਦੇ ਸਾਹਸ ਦਾ ਲੜ ਬਚਾ ਬਚਾ ਕੇ ਮਿਲੀ।
ਜਿਨ੍ਹਾਂ ਬੇਦਰਦ ਜ਼ਮਾਨੇ ਤੋਂ ਦਿਲਬਰੀ ਨਾ ਸਰੀ।
ਮਿਲੇ ਨੇ ਰਾਹਾਂ ‘ਚ ਪਿਆਸੇ ਹਜ਼ਾਰ ਕਿਰਨਾਂ ਦੇ ਦਿਲ
ਜਿਨ੍ਹਾਂ ਦੇ ਅੰਗਾਂ ‘ਚ ਸੂਰਜ ਨੇ ਰੌਸ਼ਨੀ ਭਰੀ
ਉਹ ਲੀਰ ਲੀਰ ਮਿਲੇ ਨੇ ਹਜ਼ਾਰ ਪੌਣਾਂ ਦੇ ਵੇਸ
ਮਿਲੀ ਹੈ ਰਮਾਂ ‘ਚ ਬੱਚਿਆਂ ਦੀ ਪੈੜ ਦਰ ਦਰ ਤੇ
ਜਿਨ੍ਹਾਂ ਦੇ ਕਦਮਾਂ ਦੀ ਗਰਮੀ ਦੀ ਮਹਿਕ, ਜੀਅ ਨਾ ਭਰੇ
ਇਹੋ ਹੀ ਪੈੜਾਂ ਜੇ ਤੁਰ ਜਾਣ ਪਾਠਸ਼ਾਲਾ ਨੂੰ
ਤਾਂ ਮਹਿਕੇ ਧਰਤੀ ਦਾ ਕਣ ਕਣ ਤੇ ਦੋਸਤਾਨਾ ਕਰੇ ।
ਪਸਰਦੀ ਰਾਹਾਂ ‘ਚ ਦੁਰਗੰਧ ਜਹੀ ਬਦੂਦ-ਹਵਾੜ੍ਹ
ਜਿੱਦ੍ਹੀ ਕੁੜਿਤਣ ਤੋਂ ਯਾਦਾਂ ਦੇ ਨੈਣ ਪਾਣੀ ਹੈ
ਮਿਲੇ ਨੇ ਮਰਦ, ਹਾਂ ਇਸ ਦਾ ਯਕੀਨ ਆਉਂਦਾ ਨਹੀਂ
ਮਿਲੀ ਹੈ ਜਨਨੀ ਕਿ ਹਿਰਖਾਂ ਭਰੀ ਕਹਾਣੀ ਹੈ ।
ਮਿਲੇ ਨੇ ਸੱਜਰੇ ਜਹੇ ਜਿਸਮ, ਆਸ-ਮਈ ਚਿਹਰੇ
ਜਿਨ੍ਹਾਂ ਦੇ ਨਜ਼ਰਾਂ ਦੇ ਚੁੰਮਣ ਫਿਜ਼ਾ ਵੀ ਨਸ਼ਿਆਏ
ਜਿਨ੍ਹਾਂ ਦੇ ਅੰਗਾਂ ਦੀ ਅੰਗਸ ਕਿ ਰੂਹ ਥਰਕ ਜਾਏ।
ਜਿਨ੍ਹਾਂ ਦੇ ਸੀਨੇ ਦੀ ਧੜਕਣ ਕਿ ਦਿਲ ਮੁਰਕ ਜਾਏ।
ਮਿਲੇ ਨੇ ਸੁੰਝਾਂ ਭਰੇ ਨੈਣ, ਓਦਰੇ ਪੈਂਡੀਂ
ਜਿਨ੍ਹਾਂ ਨੇ ਸੁਪਨੇ ਉਗਾਏ ਤਾਂ ਸੀ, ਮਰੁੰਡੇ ਗਏ
ਮਿਲੇ ਨੇ ਸੀਤ ਜਹੇ ਬੁੱਲ੍ਹ, ਬਾਂਝ ਜੂਹਾਂ ਤੇ
ਜਿਨ੍ਹਾਂ ਨੇ ਗੀਤ ਉਗਾਏ ਤਾਂ ਸੀ, ਕਰੂੰਡੇ ਗਏ ।
ਮਿਲੇ ਨੇ ਰਾਹਾਂ ‘ਚ ਖ਼ੁਸ਼ਹਾਲ ਬਾਲ, ਸੁੱਚੇ-ਸੁਪਨ
ਉਹ ਤੜਕ ਸਾਰ ਹੀ ਜੰਮੇ ਕਣਕ ਦੇ ਤੂਇਆਂ ਜਹੇ
ਉਨ੍ਹਾਂ ਦੇ ਬੋਲਾਂ ਦਾ ਜੇ ਜਲ-ਤਰੰਗ ਥਰਕ ਉਠਿਆ
ਜ਼ਮੀਨ ਬਦਲੇਗੀ ਪਾਸਾ, ਤਾਂ ਫਿਰ ਸਮਾਂ ਨਾ ਕਹੇ !.
ਤੁਹਾਡੀ ਯਾਦ ਤਾਂ ਆਈ ਹੈ ਚੀਰ ਕੇ ਧੁੰਦਾਂ
ਇਹ ਇੰਜ ਤੜਫ਼ਦੀ ਹੈ, ਬੈਠੀ ਹੈ ਜਿਉਂ ਅੰਗਾਰੇ ਤੇ
‘ਇਹਦਾ ਟਿਕਾ ਉਨ੍ਹਾਂ ਰਾਹਾਂ ਨੇ ਖੋਹ ਲਿਆ ਹੋਵੇ
ਨਾ ਪੈ ਗਿਆ ਹੋਵੇ ਅਕਸ ਇਸਦਾ ਪਾਰੇ ਤੇ ।