ਆਧੁਨਿਕ ਪੰਜਾਬੀ ਵਾਰਤਕ

ਆਧੁਨਿਕ ਪੰਜਾਬੀ ਵਾਰਤਕ

ਵਾਰਤਕ ਹਮੇਸ਼ਾ ਹੀ ਕਵਿਤਾ ਨਾਲੋਂ ਪਿਛੋਂ ਹੋਂਦ ਵਿਚ ਆਉਂਦੀ ਹੈ। ਪੰਜਾਬੀ ਸਾਹਿਤ ਵਿਚ ਵੀ ਵਾਰਤਕ ਦਾ ਵਿਕਾਸ ਕਵਿਤਾ ਨਾਲੋਂ ਢੇਰ ਚਿਰ ਮਗਰੋਂ ਹੋਇਆ ਹੈ। ਭਾਵੇਂ ਪੰਜਾਬੀ ਵਾਰਤਕ ਦਾ ਆਭਾਸ ਸਤਾਰ੍ਹਵੀਂ-ਅਠਾਰਵੀਂ ਸਦੀ ਵਿਚ ਰੂਪਮਾਨ ਹੋਣ ਲੱਗਦਾ ਹੈ ਪਰ ਸਹੀ ਤੌਰ ਤੇ ਆਧੁਨਿਕ ਵਾਰਤਕ ਦਾ ਵਿਕਾਸ ਵੀਹਵੀਂ ਸਦੀ ਵਿਚ ਹੀ ਦ੍ਰਿਸ਼ਟੀਗੋਚਰ ਹੁੰਦਾ ਹੈ । ਆਧੁਨਿਕ ਵਾਰਤਕ ਦੇ ਉਦਭਵ ਵਿਚ ਅੰਗਰੇਜ਼ੀ ਸਾਹਿਤ ਦਾ ਪ੍ਰਭਾਵ ਪ੍ਰਤੱਖ ਹੈ । ਡਾ. ਗੁਰਚਰਨ ਸਿੰਘ ਦਾ ਇਹ ਕਥਨ ਬਹੁਤ ਮਹੱਤਵ-ਪੂਰਨ ਹੈ ਕਿ “ਵਾਰਤਕ ਦੇ ਵਧਣ-ਫੁੱਲਣ ਲਈ ਜਿਸ ਵਾਤਾਵਰਣ ਤੇ ਜਿਸ ਨਿਜ਼ਾਮ ਜਾਂ ਜੀਵਨ ਦੇ ਜਿਸ ਬੁਨਿਆਦੀ ਕੀਮਤ-ਪ੍ਰਬੰਧ, ਮਾਨਸਿਕ ਤੇ ਸੋਚ-ਵਿਧੀ ਤੇ ਦ੍ਰਿਸ਼ਟੀ ਦੀ ਆਵਸ਼ਕਤਾ ਹੁੰਦੀ ਹੈ ਉਹ ਪੰਜਾਬ ਵਿਚ ਅੰਗ੍ਰੇਜ਼ੀ ਰਾਜ ਦੇ ਪੂਰੀ ਤਰ੍ਹਾਂ ਸਥਾਪਿਤ ਹੋਣ ਤੋਂ ਬਾਅਦ ਹੀ ਆਉਣਾ ਸ਼ੁਰੂ ਹੋਇਆ- ਇਸੇ ਲਈ ਆਮ ਕਰਕੇ ਠੀਕ ਹੀ ਇਹ ਕਿਹਾ ਜਾਂਦਾ ਹੈ ਕਿ ਪੰਜਾਬੀ ਵਾਰਤਕ ਦਾ ਅਸਲ ਆਰੰਭ ਅੰਗਰੇਜ਼ੀ ਰਾਹੀਂ ਪੰਜਾਬੀ ਸਾਹਿਤ ਉਤੇ ਯੂਰਪੀ ਪ੍ਰਭਾਵ ਅਧੀਨ ਹੀ, ਉਸ ਸਭਿਆਚਾਰ ਨਾਲ ਸੰਪਰਕ ਵਿਚ ਆਉਣ ਤੇ ਕੁਝ ਹੱਦ ਤੱਕ ਨਾਲ ਉਸਨੂੰ ਗ੍ਰਹਿਣ ਕਰਨ ਨਾਲ ਹੀ ਹੋਇਆ

ਵੀਹਵੀ ਸਦੀ ਦੇ ਮੁੱਢ ਵਿਚ ਵਾਰਤਕ ਦੀ ਮੂਲ ਪ੍ਰੇਰਣਾ ਧਾਰਮਿਕ, ਨੈਤਿਕ ਅਤੇ ਸਦਾਚਾਰਕ ਕੀਮਤਾਂ ਦਾ ਪ੍ਰਚਾਰ ਸੀ । ਭਾਈ ਵੀਰ ਸਿੰਘ ਆਦਿ ਪਹਿਲੀ ਪੀੜੀ ਦੀ ਵਾਰਤਕਕਾਰ ਵਾਰਤਕ ਦਾ ਉਦੇਸ਼ ਸਿੱਖੀ ਪ੍ਰਚਾਰ ਹੀ ਸਮਝਦੇ ਸਨ ਅਤੇ ਪੱਛਮੀ ਸਭਿਆਚਾਰ ਦੇ ਟਾਕਰੇ ਤੇ ਆਪਣੇ ਸਭਿਆਚਾਰ ਦੇ ਗੌਰਵ ਨੂੰ ਉਜਾਗਰ ਕਰਨ ਲਈ ਵਾਰਤਕ ਰੂਪ ਵਿਧਾ ਨੂੰ ਮਾਧਿਅਮ ਬਣਾਉਂਦੇ ਸਨ। ਇਸ ਯਤਨ ਵਿਚ ਆਧੁਨਿਕ ਪੰਜਾਬੀ ਵਾਰਤਕ ਦਾ ਨਖਸਿਖ ਤੇ ਰੂਪ ਸਰੂਪ ਬੜਾ ਪ੍ਰਭਾਵਸ਼ਾਲੀ ਨਿਖਾਰ ਗ੍ਰਹਿਣ ਕਰਦਾ ਹੈ ।

ਡਾ. ਜੀਤ ਸਿੰਘ ਸੀਤਲ

ਡਾ. ਜੀਤ ਸਿੰਘ ਸੀਤਲ (ਆਧੁਨਿਕ ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ ਪੰਨਾ ਨੰ 355) ਨੇ ਆਧੁਨਿਕ ਪੰਜਾਬੀ ਵਾਰਤਕ ਦੇ ਤਿੰਨ ਦੌਰ ਮੰਨੇ ਸਨ। ਪਹਿਲਾਂ ਕਾਲ-ਖੰਡ ਹੈ 1900-1933 ਤੱਕ ਦਾ, ਦੂਜਾ 1933-1947 ਤੱਕ ਦਾ ਅਤੇ ਤੀਜਾ 1947 ਤੋਂ 1977 ਤੱਕ ਦਾ । ਪਹਿਲੇ ਦੌਰ ਵਿਚਲੀ ਵਾਰਤਕ ਪਰੰਪਰਾਗਤ ਵਧੇਰੇ ਸੀ ਅਤੇ ਪੁਰਾਤਨ ਵਾਰਤਕ ਵਾਂਗ ਧਰਮ ਤੇ ਇਤਿਹਾਸ ਉਦਾਲੇ ਹੀ ਘੁੰਮਦੀ ਸੀ ਕੇਵਲ ਰੂਪ ਹੀ ਬਦਲਿਆ ਸੀ । ਦੂਜਾ ਕਾਲ ਵਾਰਤਕ ਦਾ ਵਿਕਾਸਸ਼ੀਲ ਕਾਲ ਹੈ ਜਦੋਂ ਵਾਰਤਕ ਵਿਚ ਨਵਾਂ ਰੰਗ ਤੇ ਨਵਾਂ ਰੂਪ ਨਿਖਰਿਆ ਹੈ ਅਤੇ ਵਾਰਤਕ ਧਰਮ ਦੀ ਵਲਗਣ ਤੋਂ ਮੁਕਤ ਹੋ ਕੇ ਨਿਰੋਲ ਸਾਹਿਤ ਦੇ ਖੇਤਰ ਵਿਚ ਪ੍ਰਵੇਸ਼ ਕਰਦੀ ਹੈ। ਅਗਲੇ ਕਾਲ ਵਿਚ ਵਾਰਤਕ ਉਚੱਤਮ ਸਿਖਰਾਂ ਨੂੰ ਛੁਹੰਦੀ ਹੈ। ਇਸ ਕਾਲ ਵਿਚ ਬੌਧਿਕ, ਅਕਾਦਮਿਕ, ਗੰਭੀਰ, ਚਿੰਤਨ ਮਨੁੱਖ ਤੇ ਵਿਚਾਰਤਮਕ ਵਾਰਤਕ ਦੀ ਰਚਨਾ ਹੋਈ ਹੈ। ਪੰਜਾਬੀ ਵਾਰਤਕ ਦੀ ਇਹ ਪ੍ਰਵਿਰਤੀ ਹੁਣ ਵੀ ਨਿਰੰਤਰ ਜਾਰੀ ਹੈ। ਹੁਣ ਵਾਰਤਕ ਸਾਹਿਤ ਦੇ ਕਈ ਹੋਰ ਰੂਪ ਵੀ ਵਿਕਸਿਤ ਹੋਏ ਹਨ ਜਿਨ੍ਹਾਂ ਵਿਚ ਲੇਖ, ਨਿਬੰਧ, ਰੇਖਾ- ਚਿੱਤਰ, ਜੀਵਨੀ ਸ੍ਵੈ-ਜੀਵਨੀ, ਸਫ਼ਰਨਾਮਾ, ਲਲਿਤ ਨਿਬੰਧ, ਸੰਸਮਰਣ ਉਲੇਖਯੋਗ ਹਨ। ਪੰਜਾਬੀ ਵਿਚ ਇਨ੍ਹਾਂ ਸਾਰੇ ਵਾਰਤਕ ਰੂਪਾਂ ਦੀਆਂ ਵਨੰਗੀਆਂ ਮਿਲ ਜਾਂਦੀਆਂ ਹਨ। ਆਧੁਨਿਕ ਪੰਜਾਬੀ ਵਾਰਤਕ ਦੇ ਇਸ ਇਤਿਹਾਸਿਕ ਵਿਕਾਸ ਵਿਚ ਜਿਨ੍ਹਾਂ ਪ੍ਰਮੁੱਖ ਵਾਰਤਕਕਾਰਾਂ ਨੇ ਉਭਰਵਾਂ ਹਿੱਸਾ ਪਾਇਆ ਹੈ। ਉਨ੍ਹਾਂ ਦਾ ਹੁਣ ਸਾਹਿਤਕ ਪਰਿਚੈ ਪ੍ਰਸਤੁਤ ਕੀਤਾ ਜਾਂਦਾ ਹੈ।

ਭਾਈ ਵੀਰ ਸਿੰਘ (1872-1957)

ਪੰਜਾਬੀ ਵਾਰਤਕ ਦੀ ਆਧੁਨਿਕੀਕਰਣ ਦੀ ਪ੍ਰਕਿਰਿਆ ਵਿਚ ਭਾਈ ਵੀਰ ਸਿੰਘ ਦਾ ਮਹੱਤਵਪੂਰਣ ਯੋਗਦਾਨ ਹੈ। ਵੀਰ ਸਿੰਘ ਪਹਿਲੇ ਵਾਰਤਕਕਾਰ ਹਨ। ਜਿਨ੍ਹਾਂ ਦੀ ਵਾਰਤਕ ਵਿਚ ਆਧੁਨਿਕ ਵਾਰਤਕ ਦੇ ਚਿੰਨ੍ਹ ਰੂਪਮਾਨ ਹੁੰਦੇ ਹਨ। ਇਨ੍ਹਾਂ ਨੇ ਭਾਵੇਂ ਪੱਤਰਕਾਰੀ ਦੁਆਰਾ ਵਾਰਤਕ ਸਾਹਿਤ ਵਿਚ ਪ੍ਰਵੇਸ਼ ਕੀਤਾ ਪਰ ਭਾਈ ਵੀਰ ਸਿੰਘ ਪੱਤਰਕਾਰ ਨਾਲੋਂ ਵਾਰਤਕਕਾਰ ਦੇ ਤੌਰ ਤੇ ਵਧੇਰੇ ਲੋਕਪ੍ਰਿਅ ਤੇ ਪ੍ਰਸਿੱਧ ਹੋਏ ਹਨ। ਭਾਈ ਵੀਰ ਸਿੰਘ ਦੀਆਂ ਪ੍ਰਸਿੱਧ ਰਚਨਾਵਾਂ ਇਹ ਹਨ :- ਗੁਰੂ ਨਾਨਕ ਚਮਤਕਾਰ (2 ਭਾਗ), ਕਲਗੀਧਰ ਚਮਤਕਾਰ,ਅਸ਼ਟਗੁਰੂ ਚਮਤਕਾਰ (2 ਭਾਗ), ਸੰਤ ਗਾਥਾ, ਗੁਰਬਿਲਾਸ ਸਾਖੀਆਂ ਪਾਤਿਸ਼ਾਹੀ ਪਹਿਲੀ ਤੇ ਪਾਤਸ਼ਾਹੀ ਦਸਵੀਂ । ਇਸੇ ਪੀੜ੍ਹੀ ਵਿਚ ਭਾਈ ਮੋਹਨ ਸਿੰਘ ਵੈਦ (1881-1938) ਐਸ ਐਸ ਚਰਨ ਸਿੰਘ ਸ਼ਹੀਦ (1881-1935) ਬਾਵਾ ਪ੍ਰੇਮ ਸਿੰਘ ਹੋਤੀ (1883-1954) ਵੀ ਉਲੇਖਯੋਗ ਵਾਰਤਕਕਾਰ ਹਨ।

ਪ੍ਰੋ . ਪੂਰਨ ਸਿੰਘ (1881-1931)

ਪ੍ਰੋ. ਪੂਰਨ ਸਿੰਘ ਇਕ ਅਦਭੁਤ ਪ੍ਰਤਿਭਾ ਤੇ ਵਿਲੱਖਣ ਸ਼ਖਸ਼ੀਅਤ ਦੇ ਸਵਾਮੀ ਸਨ। ਉਹ ਇਕ ਪਾਸੇ ਭਾਵੁਕ ਕਵੀ ਸਨ ਅਤੇ ਦੂਜੇ ਪਾਸੇ ਸ਼ਬਦ ਸਾਧਕ ਵਾਰਤਕਕਾਰ ਸਨ। ਉਨ੍ਹਾਂ ਦੀ ਵਾਰਤਕ ਦਾ ਆਦਰਸ਼ ਨਮੂਨਾ “ਖੁਲ੍ਹੇ ਲੇਖ” ਪੁਸਤਕ ਵਿਚ ਮਿਲ ਜਾਂਦਾ ਹੈ। ਖੁਲ੍ਹੇ ਲੇਖ ਪੰਜਾਬੀ ਲੇਖ ਸਿਰਜਨਾ ਦਾ ਆਰੰਭ ਬਿੰਦੂ ਹੈ ਜਿਸ ਵਿਚ ਅੰਗਰੇਜ਼ੀ ਲੇਖਾਂ ਦੀ ਟੱਕਰ ਦੇ ਉਤੱਮ ਲੇਖ ਮਿਲ ਜਾਂਦੇ ਹਨ। ਪੂਰਨ ਸਿੰਘ ਦੀ ਵਾਰਤਕ ਵਧੇਰੇ ਕਰਕੇ ਕਾਵਿਮਈ ਹੈ ਜਿਸ ਵਿਚ ਵੇਗ, ਜ਼ਜ਼ਬਾ, ਸੁਹਜ ਸੁਆਦ ਤੇ ਰਸਾਤਮਕਤਾ ਦੇ ਗੁਣ ਮੌਜੂਦ ਰਹਿੰਦੇ ਹਨ। ਇਸੇ ਲਈ ਆਮ ਕਰਕੇ ਕਿਹਾ ਜਾਂਦਾ ਹੈ ਕਿ ਪੂਰਨ ਸਿੰਘ ਦੀ ਵਾਰਤਕ ਕਾਵਿਮਈ ਹੈ ਅਤੇ ਕਵਿਤਾ ਵਾਰਤਕਮਈ । ਪੂਰਨ ਸਿੰਘ ਦੀ ਇਹੋ ਵਿਸ਼ੇਸ਼ਤਾ ਹੈ।

ਲਾਲ ਸਿੰਘ ਕਮਲਾ ਅਕਾਲੀ (1889-1979)

ਲਾਲ ਸਿੰਘ ਕਮਲਾ ਅਕਾਲੀ ਦੀ ਵਾਰਤਕ ਨਾਲ ਪੰਜਾਬੀ ਵਾਰਤਕ ਸਾਹਿਤ ਵਿਚ ਇਕ ਨਵਾਂ ਦੌਰ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਪਹਿਲਾਂ ਪੰਜਾਬੀ ਵਾਰਤਕ ਦੇ ਵਿਸ਼ੇ ਧਰਮ ਪ੍ਰਚਾਰ, ਨੈਤਿਕਤਾ, ਸੁਹਜ ਤੇ ਰਸਰੰਗ ਹੀ ਅਕਸਰ ਹੁੰਦੇ ਸਨ ਪਰ ਕਮਲਾ ਅਕਾਲੀ ਨੇ ਪੰਜਾਬੀ ਵਾਰਤਕ ਵਿਚ ਪੰਜਾਬੀ ਜਨਜੀਵਨ, ਪੱਛਮੀ ਸਭਿਆਚਾਰ ਤੇ ਸਿਸ਼ਟਾਚਾਰ ਨੂੰ ਬੜੀ ਹੀ ਵਿਅੰਗਮਈ ਤੇ ਸੁਹਜਾਤਮਕ ਸ਼ੈਲੀ ਦੁਆਰਾ ਅਭਿਵਿਅਕਤ ਕੀਤਾ ਹੈ। ਪੰਜਾਬੀ ਵਿਚ ਸਫਰਨਾਮਾ (ਯਾਤਰਾ ਸਾਹਿਤ) ਸਾਹਿਤ-ਵਿਧਾ ਦਾ ਆਰੰਭ ਵੀ ਇਨ੍ਹਾਂ ਦੇ “ਮੇਰਾ ਵਲੈਤੀ ਸਫਰਨਾਮਾ” ਪੁਸਤਕ ਨਾਲ ਹੀ ਹੁੰਦਾ ਹੈ। ਕਮਲਾ ਅਕਾਲੀ ਜੀ ਨੇ ਮੌਤ ਵਰਗੇ ਗੰਭੀਰ ਵਿਸ਼ਿਆ ਨੂੰ ਵੀ ਆਪਣੀ ਵਾਰਤਕ ਵਿਚ ਵਰਣਨ ਕਰਕੇ ਨਵੀਂ ਤਰਕਪੂਰਨ ਬੌਧਿਕ ਸ਼ੈਲੀ ਦਾ ਵਿਕਾਸ ਕੀਤਾ ਹੈ। ਲਾਲ ਸਿੰਘ ਕਮਲਾ ਅਕਾਲੀ ਦਾ ਵਾਰਤਕ ਸਾਹਿਤ ਇਸ ਪ੍ਰਕਾਰ ਹੈ :-

ਮੇਰਾ ਵਲੈਤੀ ਸਫਰਨਾਮਾ, ਸੈਲਾਨੀ ਦੇਸ਼ ਭਗਤ, ਅਮਰੀਕਾ ਦੀ ਯਾਤਰਾ, ਜੀਵਨ ਨੀਤੀ, ਮਨ ਦੀ ਮੌਜ, ਕਮਾਲਾਂ ਦੇ ਕੋਟ, ਮੌਤ ਰਾਣੀ ਦਾ ਘੁੰਡ ।

ਪ੍ਰਿੰ . ਤੇਜਾ ਸਿੰਘ  (1893-1958)

ਪ੍ਰਿੰ ਤੇਜਾ ਸਿੰਘ ਇਕ ਵਿਦਵਾਨ ਨਿਬੰਧਕਾਰ ਸਨ ਜਿਨ੍ਹਾਂ ਦੀਆਂ ਲਿਖਤਾਂ ਵਿਚ ਥਾਂ ਥਾਂ ਤੇ ਵਿਦਵਤਾ ਦੀ ਝਲਕ ਉਜਾਗਰ ਹੁੰਦੀ ਮਿਲਦੀ ਹੈ। ਆਪ ਨੇ ਭਾਵੇਂ ਪੰਜਾਬ ਦੇ ਧਾਰਮਿਕ, ਸਭਿਆਚਾਰਕ, ਰਾਜਨੀਤਿਕ, ਵਿਦਿਅਕ ਤੇ ਸਾਹਿਤਿਕ ਵਿਸ਼ਿਆਂ ਨੂੰ ਆਪਣੀ ਬਹੁਭਾਂਤੀ ਵਾਰਤਕ ਵਿਚ ਛੁਹਿਆ ਹੈ ਪਰ ਇਨ੍ਹਾਂ ਦੀ ਸਾਹਿਤਿਕ ਵਾਰਤਕ ਦੀਆਂ ਵੰਨਗੀਆਂ ਇਨ੍ਹਾਂ ਦੀਆਂ ਵਾਰਤਕ- ਪੁਸਤਕਾਂ (ਨਵੀਆਂ ਸੋਚਾਂ, ਸਭਿਆਚਾਰਾਂ ਦਾ ਮੇਲ, ਘਰ ਦਾ ਪਿਆਰ, ਆਰਸੀ ਆਦਿ) ਵਿਚ ਹੀ ਮਿਲਦੀਆਂ ਹਨ। ਡਾ. ਜੀਤ ਸਿੰਘ ਸੀਤਲ (ਪੰਨਾ 368) ਨੇ ਠੀਕ ਕਿਹਾ ਹੈ ਕਿ ਤੇਜਾ ਸਿੰਘ ਇਕ ਨਿਪੁੰਨ ਲੇਖਕ, ਚੇਤੰਨ ਕਲਾਕਾਰ ਤੇ ਗੰਭੀਰ ਨਿਬੰਧਕਾਰ ਹੈ। ਲੇਖਾਂ ਵਿਚ ਖਿਆਲ ਦੀ ਉਸਾਰੀ ਵਿਗਿਆਨਿਕ ਹੁੰਦੀ ਹੈ । ਆਪ ਦਾ ਪਹਿਲਾ ਵਾਕ ਹੀ ਮਜ਼ਮੂਨ ਦੀ ਨੁਹਾਰ ਤੇ ਪਕੜ ਦਾ ਲਖਾਇਕ ਹੁੰਦਾ ਹੈ । ਨਿਸ਼ਚੇ ਹੀ ਪ੍ਰਿੰ. ਤੇਜਾ ਸਿੰਘ ਦੇ ਸਾਹਿਤਿਕ ਲੇਖ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਅਮਰ ਨਿਧੀ ਹਨ।

ਗੁਬਖ਼ਸ਼ ਸਿੰਘ ਪ੍ਰੀਤਲੜੀ (1895-1977)

ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੂੰ ਆਧੁਨਿਕ ਪੰਜਾਬੀ ਵਾਰਤਕ ਦਾ ਪਿਤਾਮਾ ਕਹਿਣਾ ਹਰ ਤਰ੍ਹਾਂ ਤਰਕ-ਸੰਗਤ ਹੈ। ਇਨ੍ਹਾਂ ਦੇ ਸਾਹਿਤ ਨਾਲ ਪੰਜਾਬੀ ਵਾਰਤਕ ਦਾ ਪਿੜ ਮੋਕਲਾ ਤੇ ਵਿਸ਼ਾਲ ਹੋਇਆ ਹੈ ਅਤੇ ਇਸ ਵਿਚ ਸੰਕੀਰਣ ਦ੍ਰਿਸ਼ਟੀ ਦੀ ਥਾਂ ਸੈਕੂਲਰ ਦ੍ਰਿਸ਼ਟੀ ਦਾ ਉਦੈ ਹੋਇਆ ਹੈ। ਗੁਰਬਖਸ਼ ਸਿੰਘ ਪੱਛਮੀ ਸਭਿਆਚਾਰ ਤੇ ਪਿਆਰ ਦੀ ਖੁਲ੍ਹ ਤੋਂ ਪ੍ਰਭਾਵਿਤ ਸੀ ਇਸ ਲਈ ਉਨ੍ਹਾਂ ਦੀਆਂ ਲਿਖਤਾਂ ਪਿਆਰ ਦੀ ਚੂਲ ਦੁਆਲੇ ਹੀ ਕੇਂਦ੍ਰਿਤ ਹੋਈਆਂ ਹਨ। ਇਨ੍ਹਾਂ ਅਰਥਾਂ ਵਿਚ ਗੁਰਬਖਸ਼ ਸਿੰਘ ਪਿਆਰ ਸਿਧਾਂਤ ਦਾ ਪ੍ਰਬਲ ਪ੍ਰਚਾਰਕ ਸਿੱਧ ਹੁੰਦਾ ਹੈ। ਗੁਰਬਖਸ਼ ਸਿੰਘ ਦੀ ਸ਼ੈਲੀ ਵੀ ਨਿੱਜੀ ਤੇ ਵਿਸ਼ਿਸ਼ਿਟ ਰੂਪ ਵਿਚ ਉਜਾਗਰ ਹੋਈ ਹੈ। ਉਸਨੇ ਪੰਜਾਬੀ ਭਾਸ਼ਾ ਨੂੰ ਸੁਹਜਮਈ, ਅਲੰਕ੍ਰਿਤ, ਰਸਾਤਮਕ ਤੇ ਰੰਗੀਨ ਬਣਾ ਕੇ ਆਪਣੇ ਪਾਠਕਾਂ ਨੂੰ ਮੰਤ੍ਰ-ਮੁਗਧ ਕਰਨ ਦਾ ਮਾਣ ਪ੍ਰਾਪਤ ਕੀਤਾ ਹੈ। ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਵਾਰਤਕ ਸਾਹਿਤ ਬਹੁਤ ਵਿਸ਼ਾਲ ਹੈ। ਪ੍ਰਮੁੱਖ ਪੁਸਤਕਾਂ ਇਹ ਹਨ :-

ਪ੍ਰੀਤ ਮਾਰਗ, ਸਾਵੀਂ ਪੱਧਰੀ ਜ਼ਿੰਦਗੀ, ਸੁਖਾਵੀਂ ਸੁਧਰੀ ਜ਼ਿੰਦਗੀ, ਪਰਮ ਮਨੁੱਖ, ਪ੍ਰਸੰਨ ਲੰਮੀ ਉਮਰ, ਮੇਰੀਆਂ ਅਭੁੱਲ ਯਾਦਾਂ, ਇਕ ਦੁਨੀਆਂ ਦੇ ਤੇਰੇ ਸੁਪਨੇ, ਸ੍ਵੈ-ਪੂਰਨਤਾ ਦੀ ਲਗਨ, ਨਵਾਂ ਸ਼ਿਵਾਲਾ, ਜ਼ਿੰਦਗੀ ਦੀ ਰਾਸ਼, ਜ਼ਿੰਦਗੀ ਦੀ ਕਵਿਤਾ।

ਇਨ੍ਹਾਂ ਤੋਂ ਇਲਾਵਾ ਵਾਰਤਕ ਸਾਹਿਤ ਵਿਚ ਕਈ ਹੋਰ ਗੱਦਕਾਰ ਉਲੇਖਯੋਗ ਹਨ ਜਿਵੇਂ ਡਾ ਬਲਬੀਰ ਸਿੰਘ (1896-1974) ਕਪੂਰ ਸਿੰਘ (1909- ) ਹਰਿੰਦਰ ਸਿੰਘ ਰੂਪ (1907-1954) ਗਿਆਨੀ ਗੁਰਦਿਤ ਸਿੰਘ (1924- ) ਗੁਰਬਚਨ ਸਿੰਘ ਤਾਲਿਬ (1911- ) ਐਸ ਐਸ ਅਮੋਲ (1908- ) ਈਸ਼ਵਰ ਚਿਤ੍ਰਕਾਰ (1912-1969) ਭਾਈ ਜੋਧ ਸਿੰਘ (1882-1981) ਅਤੇ ਪ੍ਰੋ . ਸਾਹਿਬ ਸਿੰਘ

Leave a comment

error: Content is protected !!