-
ਕਾਂਗੜੇ ਦੀ ਚਿੱਤਰਕਲਾ
ਮਹਾਨ ਕਲਾ ਨੂੰ ਮਾਣਨ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਉਸ ਨੂੰ ਇਕ ਜੀਉਂਦੀ ਵਸਤੂ ਮੰਨਿਆ ਜਾਵੇ-ਇਕ ਅਜੇਹੀ ਵਸਤੂ ਜਿਸ ਦੀ ਆਤਮਾ ਹੁੰਦੀ ਹੈ, ਜਿਸ ਦੀ ਆਪਣੀ ਪਰੰਪਰਾ ਹੁੰਦੀ ਹੈ। ਹਰ ਦੇਸ਼ ਦੀ ਕਲਾ ਉਸ ਦੇ ਸਭਿਆਚਾਰ ਦਾ ਸੰਕੇਤ ਹੋ ਨਿੱਬੜਿਆ ਕਰਦੀ ਹੈ ਤੇ ਇਸ ਦੀ ਰੂਪ-ਰੇਖਾ ਬਹੁਤ ਹੱਦ ਤੀਕ ਉਸ ਉਤੇ ਨਿਰਭਰ ਹੁੰਦੀ ਹੈ । ਹਰ ਸਭਿਆਚਾਰ ਦੀ ਕਲਾ ਦਾ ਆਪਣਾ ਨਿਵੇਕਲਾ ਰੰਗ ਹੁੰਦਾ ਹੈ ਤੇ ਇਸੇ ਲਈ ਕਿਸੇ ਕਲਾ ਦੀ ਪ੍ਰਗਤੀ ਨੂੰ ਜਾਣਨ ਲਈ ਉਸ ਦੇਸ਼ ਦੇ ਸਭਿਆਚਾਰ ਦੀ ਵਾਕਫ਼ੀ ਬੜੀ ਜ਼ਰੂਰੀ ਹੈ। ਇਹੀ ਗੱਲ ਕਾਂਗੜੇ ਦੀ ਕਲਾ ਬਾਰੇ ਵੀ ਕਹੀ ਜਾ ਸਕਦੀ ਹੈ।
ਅੱਠਵੀਂ ਸਦੀ ਈਸਵੀ ਤੀਕ ਬੁੱਧ ਮਤ ਭਾਰਤ ਵਿੱਚੋਂ ਅਲੋਪ ਹੋ ਗਿਆ ਸੀ ਤੇ ਇੱਥੋਂ ਦੇ ਕਲਾਕਾਰਾਂ ਲਈ ਇਹ ਸਿੱਖਰ ਉੱਤੇ ਪੁੱਜ ਚੁੱਕੀ ਸੀ ਤੇ ਨੌਵੀਂ ਸਦੀ ਈਸਵੀ ਤੋਂ ਪਿੱਛੋਂ ਤੇਜ਼ੀ ਨਾਲ ਖ਼ਤਮ ਹੋਣੀ ਸ਼ੁਰੂ ਹੋ ਗਈ। ਹਿੰਦੂ ਮਤ ਦਾ ਪੁਨਰ-ਪ੍ਰਸਾਰ ਉੱਚ-ਕੋਟੀ ਦੀ ਚਿੱਤਰਕਲਾ ਨਾ ਉਪਜਾ ਸਕਿਆ ਜਿਸ ਦਾ ਨਤੀਜਾ ਇਹ ਹੋਇਆ ਕਿ ਕੁਝ ਚਿਰ ਲਈ ਭਾਰਤੀ ਕਲਾ ਉੱਤੇ ਹਨ੍ਹੇਰਾ ਪੱਖ ਆਇਆ ਤੇ ਕੋਈ ਮਹਾਨ ਚਿੱਤਰਕਲਾ ਪਨਪ ਨਾ ਸਕੀ। ਇਸ ਸਾਰੇ ਦੌਰ ਵਿਚ ਲੋਕਾਂ ਦੀਆਂ ਕਲਾਮਈ ਰੁਚੀਆਂ ਕੇਵਲ ਧਾਰਮਕ ਜਲੂਸਾਂ, ਮੌਸਮੀ ਤਿਉਹਾਰਾਂ ਜਾਂ ਮੰਦਰਾ ਦੀਆਂ ਰੰਗੀਨ ਰਸਮਾਂ ਵਿਚ ਆਪਣੇ ਆਪ ਨੂੰ ਵਿਅਕਤ ਕਰਦੀਆਂ ਰਹੀਆਂ।
ਇਹ ਹਨ੍ਹੇਰਾ ਪੱਖ ਯਾਰਵੀਂ ਬਾਰ੍ਹਵੀਂ ਸਦੀ ਵਿਚ ਵੈਸ਼ਨਵਾਂ ਦੇ ਪੁਨਰ-ਉਥਾਨ ਤੱਕ ਵਿਆਪਕ ਰਿਹਾ। ਕਲਾ ਦੀ ਨਵੀਂ ਸਵੇਰ ਦੇ ਆਗਮਨ ਨਾਲ ਰਾਮਾਨੁਜ ਤੇ ਜੈਦੇਵ, ਦੋ ਨਾਂ ਬੜੇ ਮਸ਼ਹੂਰ ਹੋਏ। ਰਾਮਾਨੁਜ (1017-1137 ਈਸਵੀ) ਦਾ ਜਨਮ ਮਦਰਾਸ ਵਿਚ ਕਾਚੀਪੁਰਮ ਦੇ ਦੱਖਣ-ਪੂਰਬ ਵਿਚ ਸ੍ਰੀ ਪਰਮਬਦੁਰ ਨਾਂ ਦੇ ਪਿੰਡ ਵਿਚ ਹੋਇਆ। ਉਨ੍ਹਾਂ ਨੇ ਵੇਦ ਆਦਿ ਦਾ ਅਭਿਆਸ ਕੀਤਾ ਅਤੇ ਵੇਦਾਂਤ ਤੇ ਭਗਵਤ ਗੀਤਾ ਆਦਿ ਦੇ ਟੀਕੇ ਲਿਖੇ । ਯਾਤਰੂ ਦੀ ਹੈਸੀਅਤ ਵਿਚ ਉਹ ਭਾਰਤ ਭਰ ਦੇ ਤੀਰਥਾਂ ਵਿਚ ਫਿਰੇ ਜਿਨ੍ਹਾਂ ਵਿਚ ਜਗਨਨਾਥ, ਕਾਸ਼ੀ, ਬਦਰੀਨਾਥ ਆਦਿ ਸ਼ਾਮਲ ਸਨ । 1137 ਈ. ਵਿਚ ਸ੍ਰੀ ਰੰਗਨਾਥ ਨਾਂ ਦੇ ਸ਼ਹਿਰ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਸ੍ਰੀ ਰਾਮਾਨੁਜ ਵਿਸ਼ਨੂੰ ਉਪਾਸ਼ਕ ਸਨ । ਵੈਸ਼ਨਵਾਂ ਦੇ ਅਕੀਦੇ ਅਨੁਸਾਰ ਸਾਰੀ ਦੀ ਸਾਰੀ ਪ੍ਰਕਿਰਤੀ ਵਿਚ ਵਿਸ਼ਨੂੰ ਭਗਵਾਨ ਵਿਆਪਕ ਹਨ ਤੇ ਲਕਸ਼ਮੀ ਉਨ੍ਹਾਂ ਨੂੰ ਤ੍ਰਾਣ ਪ੍ਰਦਾਨ ਕਰਦੀ ਹੈ । ਜਦੋਂ ਸੰਸਾਰ ਵਿਚ ਪਾਪਾਂ ਦੀ ਅੱਤ ਹੋ ਜਾਦੀ ਹੈ ਓਦੋਂ ਵਿਸ਼ਨੂੰ ਭਗਵਾਨ ਅਵਤਾਰ ਲੈ ਕੇ ਦੁਨੀਆ ਦੀ ਬੰਦ-ਖੁਲਾਸੀ ਕਰਦੇ ਹਨ। ਰਾਮਾਨੁਜ ਦੇ ਅਨੁਆਈ ਸ਼ਾਲਗਰਾਮ ਤੇ ਤੁਲਸੀ ਨੂੰ ਪੂਜਦੇ ਹਨ-ਸ਼ਾਲਗਰਾਮ, ਵਿਸ਼ਨੂੰ ਦਾ ਤੇ ਤੁਲਸੀ ਲਕਸ਼ਮੀ ਦਾ ਚਿੰਨ੍ਹ ਮੰਨਿਆ ਜਾਂਦਾ ਹੈ ।
ਜੈਦੇਵ ਦਾ ਜਨਮ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿਚ ਕੇਦੂਲੀ ਨਾਂ ਦੇ ਪਿੰਡ ਵਿਚ ਹੋਇਆ। ਜੈਦੇਵ ਆਪਣੇ ਸਮੇਂ ਦੇ ਰਾਜਾ ਲਕਸ਼ਮਣ-ਸੈਨ ਦੇ ਪੰਜਾਂ ਰਤਨਾਂ ਵਿੱਚੋਂ ਇਕ ਸੀ । ਲਕਸ਼ਮਣ-ਸੈਨ ਦਾ ਰਾਜ ਬੰਗਾਲ ਵਿਚ 1170 ਈ. ਦੇ ਲੱਗਭੱਗ ਸੀ । ਜੈਦੇਵ ਮੁੱਢ ਵਿਚ ਰਮਤਾ ਸਾਧੂ ਸੀ । ਫਿਰਦਿਆਂ ਫਿਰਾਉਂਦਿਆ ਉਹ ਜਗਨਨਾਥ ਪੁਰੀ ਜਾ ਪਹੁੰਚਿਆ ਜਿੱਥੇ ਇਕ ਅਜੀਬ ਘਟਨਾ ਨੇ ਉਸ ਦੀ ਜ਼ਿੰਦਗੀ ਨੂੰ ਬਦਲ ਦਿੱਤਾ । ਇਕ ਬ੍ਰਾਹਮਣ ਆਪਣੀ ਅਤਿਅੰਤ ਸੁੰਦਰ ਲੜਕੀ ਪਦਮਾਵਤੀ ਨੂੰ ਮੰਦਰ ਦੀ ਭੇਟ ਕਰਨ ਆਇਆ ਸੀ ਪਰ ਮੂਰਤੀ ਦਾ ਫੁਰਮਾਨ ਇਹ ਹੋਇਆ ਕਿ ਜਗਨ ਨਾਥ ਜੀ ਦੇ ਭਗਤ ਕੰਨਿਆ ਜੈਦੇਵ ਨੂੰ ਦੇ ਦਿੱਤੀ ਜਾਏ। ਭਾਵੇਂ ਉਸ ਦੀ ਮਰਜ਼ੀ ਬਿਲਕੁਲ ਨਹੀਂ ਸੀ ਤਾਂ ਵੀ ਜੈਦੇਵ ਨੂੰ ਮੰਨਣਾ ਪਿਆ । ਪਦਮਾਵਤੀ ਆਪਣੇ ਪਤੀ ਨਾਲ ਇਕ ਪਰਛਾਵੇਂ ਦੀ ਤਰ੍ਹਾਂ ਰਹਿਣ ਲੱਗੀ। ਉਸ ਦੀ ਸੁੰਦਰਤਾ ਤੋਂ ਪ੍ਰਭਾਵਿਤ ਹੋ ਕੇ ਜੈਦੇਵ ਨੇ ‘ਗੀਤ-ਗੋਵਿੰਦ’ ਲਿਖਿਆ ਜਿਸ ਵਿਚ ਰਾਧਾ ਤੇ ਕ੍ਰਿਸ਼ਨ ਦਾ ਪ੍ਰੇਮ ਬਖਾਨਿਆ ਗਿਆ ਹੈ। ਇਸ ਕਾਵਿ ਦਾ ਬੜਾ ਚਰਚਾ ਹੋਇਆ ਬਲਕਿ ਹੁਣ ਤੀਕ ਬੰਗਾਲ, ਉੜੀਸਾ, ਕੇਰਲ ਤੇ ਕਰਨਾਟਕ ਵਿਚ ਇਸ ਦੇ ਰਸ ਨੂੰ ਮਾਣਿਆ ਜਾਂਦਾ ਹੈ ।
ਗੀਤ-ਗੋਵਿੰਦ ਇਕ ਪ੍ਰਤੀਕਾਤਮਕ ਪਿਆਰ-ਗੀਤ ਹੈ ਜਿਸ ਵਿਚ ਕਵੀ ਨੇ ਆਪਣੇ ਆਤਮਕ ਅਨੁਭਵਾਂ ਦਾ ਵਰਣਨ ਕੀਤਾ ਹੈ। ਅਨੁਭਵੀ ਆਤਮਾ ਕ੍ਰਿਸ਼ਨ ਹੈ ਤੇ ਰਾਧਾ ਪਰਮਾਤਮਾ ਦੀ ਅੰਸ਼ ਹੈ, ਸਖੀਆਂ ਪੰਜ ਇੰਦ੍ਰੀਆਂ ਹਨ ਜੋ ਕ੍ਰਿਸ਼ਨ ਨੂੰ ਰਾਧਾ ਤੋਂ ਨਿਖੇੜਦੀਆਂ ਹਨ । ਕ੍ਰਿਸ਼ਨ ਦਾ ਰਾਧਾ ਪ੍ਰਤੀ ਫੇਰ ਮੁੜ ਕੇ ਆਉਣਾ ਇਉਂ ਹੈ ਜਿਵੇਂ ਕੋਈ ਪਾਪੀ ਪਛਤਾ ਕੇ ਫੇਰ ਭਗਵਾਨ ਦੀ ਸ਼ਰਨ ਮੁੜ ਆਇਆ ਹੋਵੇ।
ਗੁਸਾਈਂ ਰਾਮਾਨੰਦ ਜਿਨ੍ਹਾਂ ਦਾ ਜਨਮ 1398 ਈ. ਵਿਚ ਮੈਲਕੋਟ ਵਿਖੇ ਹੋਇਆ, ਮਸ਼ਹੂਰ ਸੰਤ-ਕਵੀ ਹੋਏ ਹਨ। ਉਨ੍ਹਾਂ ਨੇ ਬਨਾਰਸ ਰਹਿਣਾ ਸ਼ੁਰੂ ਕੀਤਾ ਤੇ ਉੱਥੇ ਉਨ੍ਹਾਂ ਦੇ ਕਈ ਚੇਲੇ ਬਣ ਗਏ । ਰਾਮਾਨੰਦ ਜੀ ਨੇ ਸੀਤਾ ਰਾਮ ਦੀ ਉਪਾਸ਼ਨਾ ਦਾ ਪ੍ਰਚਾਰ ਕੀਤਾ। ਉਨ੍ਹਾ ਦਾ ਵਿਸ਼ਵਾਸ ਸੀ ਕਿ ਰਾਮ ਵਿਸ਼ਨੂੰ ਦਾ ਤੇ ਸੀਤਾ ਲਕਸ਼ਮੀ ਦਾ ਅਵਤਾਰ ਹੈ।
ਕਬੀਰ (1398-1516 ਈ.) ਰਾਮਾਨੰਦ ਦਾ ਚੇਲਾ ਸੀ। ਇਸ ਉ ਘੇ ਭਗਤ ਨੇ ਬ੍ਰਾਹਮਣ ਪੁਜਾਰੀਆਂ ਤੇ ਮੁਸਲਮਾਨ ਮੁਲਾਣਿਆਂ ਦੇ ਭੁਲੇਖਿਆਂ ਦਾ ਖੰਡਨ ਕੀਤਾ। ਇਸ ਦੇ ਉਪਾਸ਼ਕ ਹਿੰਦੂ ਵੀ ਸਨ ਤੇ ਮੁਸਲਮਾਨ ਵੀ। ਇਸ ਦੀ ਬਾਣੀ, ਜਿਸ ਨੂੰ ਹਿੰਦੀ ਕਵਿਤਾ ਵਿਚ ਪ੍ਰਮੁੱਖ ਸਥਾਨ ਪ੍ਰਾਪਤ ਹੈ, ਧਰਮਦਾਸ ਨਾਂ ਦੇ ਇਕ ਪ੍ਰੇਮੀ ਨੇ ਸੰਕਲਿਤ ਕੀਤੀ (ਕਾਂਗੜੇ ਦੇ ਚਿੱਤਰਾਂ ਵਿਚ ਅਕਸਰ ਧਰਮਦਾਸ ਤੇ ਉਸਦਾ ਪੁੱਤਰ ਕਮਾਲ, ਕਬੀਰ ਜੀ ਦੇ ਨਾਲ ਦਰਸਾਇਆ ਗਿਆ ਹੈ) ।
ਧਰਮ ਦੇ ਇਸ ਪੁਨਰ-ਉੱਥਾਨ ਕਰਕੇ ਸਾਹਿਤ ਦੀ ਉਤਪਤੀ ਵਿਚ ਵੀ ਵਾਧਾ ਹੋਇਆ। ਰਾਮ ਤੇ ਸੀਤਾ ਜਾਂ ਰਾਧਾ ਤੇ ਕ੍ਰਿਸ਼ਨ ਦੀਆਂ ਕਥਾਵਾਂ ਨੇ ਕਈ ਸੰਸਕ੍ਰਿਤ ਤੇ ਹਿੰਦੀ ਦੇ ਕਵੀਆਂ ਨੂੰ ਲਿਖਣ ਲਈ ਉਭਾਰਿਆ। ਮਲਕ ਮੁਹੰਮਦ ਜਾਇਸੀ ਨੇ ‘ਪਦਮਾਵਤ’ ਨਾਂ ਦਾ ਕਿੱਸਾ 1540 ਈ. ਵਿਚ ਸੰਪੂਰਨ ਕੀਤਾ। ਇਸੇ ਤਰ੍ਹਾਂ ਬੁੰਦੇਲਖੰਡ ਦੇ ਰਾਜੇ ਮਧੂਕਰਸ਼ਾਹ ਦੇ ਰਾਜ-ਕਵੀ ਕੇਸ਼ਵਦਾਸ ਨੇ ‘ਰਸਿਦ ਪ੍ਰਿਯਾ’ 1581 ਈ. ਵਿਚ ਰਚੀ।
ਕਵੀ ਸ਼੍ਰੋਮਣੀ ਤੁਲਸੀਦਾਸ ਦਾ ਜਨਮ 1552 ਈ. ਵਿਚ ਹੋਇਆ। ਅਵਧ ਦੇ ਪਿੰਡਾਂ ਵਿਚ ਆਪ ਦੀ ਰਾਮਾਇਣ ਬੜੀ ਲੋਕ-ਪ੍ਰਿਅ ਹੈ ਤੇ ਲੱਖਾਂ ਹੀ ਲੋਕਾਂ ਦੀ ਅਖ਼ਲਾਕੀ ਤੇ ਆਤਮਕ ਖੁਰਾਕ ਬਣੀ ਹੈ।
ਬ੍ਰਜ-ਭਾਸ਼ਾ ਦੇ ਇਲਾਕੇ ਵਿਚ ਮਥਰਾ ਦੇ ਵਸਨੀਕ ਬਿਹਾਰੀ ਲਾਲ ਨੇ ਕ੍ਰਿਸ਼ਨ ਜੀ ਦੀ ਕਥਾ ਨੂੰ 1662 ਈ. ਵਿਚ ਲਿਖਿਆ। ਇਸ ਵਿਚ ਸਤ ਸੌ ਬੰਦ ਹਨ। ਇਹ ਨਿੱਕੀਆਂ ਨਿੱਕੀਆਂ ਹਿੰਦੀ ਕਵਿਤਾਵਾਂ ਸੁੱਚੇ ਮੋਤੀਆਂ ਵਰਗੀਆਂ ਹਨ ਤੇ ਇਨ੍ਹਾਂ ਕਰਕੇ ਇਸ ਕਵੀ ਨੂੰ ਬੜੀ ਇੱਜ਼ਤ ਮਿਲੀ ਹੈ ।
ਇਸ ਤਰ੍ਹਾਂ ਸੋਲ੍ਹਵੀਂ ਤੇ ਸਤਾਰ੍ਹਵੀਂ ਸਦੀ ਵਿਚ ਇਕ ਨਵੀਂ ਤਰ੍ਹਾਂ ਦੀ ਕਲਾ ਲਈ ਰਸਤਾ ਸਾਫ ਕੀਤਾ ਜਾ ਰਿਹਾ ਸੀ ਜਿਸ ਨੂੰ ਵੈਸ਼ਨਵ ਪਰੰਪਰਾ ਤੋਂ ਬੜਾ ਉਤਸ਼ਾਹ ਪ੍ਰਾਪਤ ਹੋਇਆ। ਇਸ ਵਿਚ ਆਤਮਕ ਤਜਰਬਿਆਂ ਨੂੰ ਪ੍ਰੇਮੀ ਤੇ ਪ੍ਰੇਮਿਕਾ ਦੇ ਚਿੰਨ੍ਹਾਂ ਰਾਹੀਂ ਦਰਸਾਇਆ ਜਾਂਦਾ ਸੀ । ਇਸ ਕਲਾ ਵਿਚ ਆਤਮ-ਸਵੱਛਤਾ ਤੇ ਭੌਤਿਕ ਸੁਆਦ ਰਲੇ ਮਿਲੇ ਹੁੰਦੇ ਹਨ ; ਧਰਮ ਤੇ ਕਲਾ ਦੀ ਇਕ ਸਾਂਝ ਹੁੰਦੀ ਹੈ ਤੇ ਦੋਵੇਂ ਰਲ ਕੇ ਸਚਾਈ ਦੀ ਭਾਲ ਕਰਦੇ ਹਨ।
ਗੀਤ-ਗੋਵਿੰਦ ਤੇ ਤੁਲਸੀਦਾਸ ਦੀ ਰਾਮਾਇਣ-ਇਹ ਦੋਵੇਂ ਲਿਖਤਾਂ ਬਸੋਹਲੀ ਤੇ ਕਾਗੜੇ ਦੀ ਕਲਾ ਵਿਚ ਦਰਸਾਈਆਂ ਗਈਆਂ ਹਨ। ਜਾਇਸੀ ਦੀ ਲਿਖੀ ‘ਪਦਮਾਵਤ’ ਦੀ ਕਹਾਣੀ ਕਈ ਚਿੱਤਰਾਂ ਦਾ ਵਿਸ਼ਾ ਬਣੀ। ਅੱਠ-ਨਾਇਕਾ ਤੇ ਬਾਰਾਂ-ਮਾਸਾ, ਆਦਿ ਵਿਸ਼ੇ ਓਦੋਂ ਦੇ ਚਿੱਤਰਕਾਰਾਂ ਵਿਚ ਪ੍ਰਿਅ ਸਨ ਤੇ ਕਵੀਆਂ ਵਿਚ ਵੀ। ਕੇਸ਼ਵਦਾਸ, ਮਤੀਰਾਮ, ਬੰਸੀਧਰ, ਰਾਮਗੁਣੀ ਤੇ ਗੰਗ, ਸਭ ਨੇ ਇਨ੍ਹਾਂ ਮਜ਼ਮੂਨਾਂ ਉਤੇ ਕਾਫ਼ੀ ਲਿਖਿਆ ਹੈ ।
ਕਾਂਗੜੇ ਦੀ ਕਲਾ ਨੂੰ ਉਭਾਰਨ ਵਾਲੀ ਇਕ ਹੋਰ ਚੀਜ਼ ਪੰਜਾਬ ਦੀ ਤਹਿਜ਼ੀਬ ਹੈ। ਕਲਾ ਦੀ ਪਰਖ ਕਰਨ ਵਾਲਿਆਂ ਦੀ ਇਸ ਵਿਸ਼ੇਸ਼ ਨੁਕਤੇ ਵਲ ਬੇਧਿਆਨੀ ਪੰਜਾਬੀ ਰਹਿਣੀ ਬਹਿਣੀ ਬਾਰੇ ਉਨ੍ਹਾਂ ਦੇ ਅਗਿਆਨ ਦੀ ਸੂਚਕ ਹੈ। ਕਾਂਗੜੇ ਦੇ ਚਿੱਤਰਾਂ ਵਿਚ, ਖ਼ਾਸ ਕਰਕੇ ਨੂਰਪੁਰ ਤੇ ਗੁਲੇਰ ਦੀਆਂ ਤਸਵੀਰਾਂ ਵਿਚ, ਇਸਤਰੀਆਂ ਦੀ ਪੁਸ਼ਾਕ ਬਿਲਕੁਲ ਪੰਜਾਬੀ ਹੈ, ਅਕਸਰ ਉਹ ਸੁੱਥਣ, ਕਮੀਜ਼ ਤੇ ਦੁਪੱਟੇ ਵਿਚ ਵਿਖਾਈਆ ਗਈਆਂ ਹਨ। ਪੰਜਾਬ ਦੇ ਲੋਕ-ਪ੍ਰਿਅ ਕਿੱਸੇ ਹੀਰ-ਰਾਂਝਾ, ਮਿਰਜ਼ਾ-ਸਾਹਿਬਾਂ ਤੇ ਸੋਹਣੀ-ਮਹੀਂਵਾਲ ਵੀ ਇਨ੍ਹਾਂ ਚਿੱਤਰਾਂ ਵਿਚ ਅਕਸਰ ਦਰਸਾਏ ਗਏ ਹਨ।
ਏਥੇ ਪੰਜਾਬ ਵਿਚ ਸਿੱਖ ਮਤ ਦੇ ਪ੍ਰਚਾਰ ਦਾ ਜ਼ਿਕਰ ਸਾਇਦ ਕੁਥਾਂ ਨਾ ਹੋਵੇ । ਗੁਰੂ ਨਾਨਕ (1469- 1538 ਈ.) ਸਿੱਖਾਂ ਦੇ ਪਹਿਲੇ ਗੁਰੂ ਸਨ ਤੇ ਉਨ੍ਹਾਂ ਨੇ ਪੰਜਾਬੀਆਂ ਨੂੰ ਛੂਤ-ਛਾਤ, ਵਹਿਮਾਂ, ਭਰਮਾਂ ਦੇ ਬੰਧਨਾਂ ਤੋਂ ਛੁਡਾਇਆ। ਗੁਰੂ ਨਾਨਕ ਨੇ ਆਮ ਲੋਕਾਂ ਦੀ ਭਾਸ਼ਾ ਵਿਚ ਬਾਣੀ ਰਚੀ ਤੇ ਗੁਰੂ ਅੰਗਦ ਨੇ ਗੁਰਮੁਖੀ ਲਿਪੀ ਦਾ ਪ੍ਰਚਾਰ ਕੀਤਾ। ਗੁਰੂ ਅਰਜਨ (1563-1606 ਈ.) ਸਿੱਖਾਂ ਦੇ ਪੰਜਵੇਂ ਗੁਰੂ ਸਨ। ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਸੰਪਾਦਿਤ ਕੀਤਾ । ਇਸ ਵਿਚ ਗੁਰੂ ਨਾਨਕ ਤੇ ਹੋਰ ਗੁਰੂਆਂ ਤੋਂ ਲੈ ਕੇ ਜੈਦੇਵ, ਨਾਮਦੇਵ, ਕਬੀਰ ਤੇ ਪੀਪੇ ਆਦਿ ਦੀ ਬਾਣੀ ਨੂੰ ਵੀ ਸ਼ਾਮਲ ਕੀਤਾ ਗਿਆ।
ਗੁਰੂ ਗੋਬਿੰਦ ਸਿੰਘ (1666-1708 ਈ.) ਸਿੱਖਾਂ ਦੇ ਦਸਵੇਂ ਗੁਰੂ ਸਨ। ਉਨ੍ਹਾਂ ਨੇ ਸ਼ਿਵਾਲਕ ਦੀ ਗੋਦੀ ਵਿੱਚ ਅਨੰਦਪੁਰ ਨਾਂ ਦੇ ਇਕ ਪਿੰਡ ਨੂੰ ਆਪਣਾ ਨਿਵਾਸ-ਅਸਥਾਨ ਬਣਾਇਆ। ਉਹ ਹਮੇਸ਼ਾ ਗਰੀਬਾਂ ਤੇ ਅਨਾਥਾਂ ਲਈ ਲੜੇ ਤੇ ਮੁਗਲਾਂ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨਾਲ ਸਦਾ ਉਨ੍ਹਾਂ ਦਾ ਟਾਕਰਾ ਹੁੰਦਾ ਰਿਹਾ।
ਗੁਰੂ ਗੋਬਿੰਦ ਸਿੰਘ ਇੱਕ ਜਰਨੈਲ ਹੀ ਨਹੀਂ ਸਨ ਉਹ ਇਕ ਵਧੀਆ ਕਵੀ ਵੀ ਸਨ । ਵਾਰਸੀ, ਹਿੰਦੀ ਤੇ ਪੰਜਾਬੀ ਵਿਚ ਉਨ੍ਹਾਂ ਦੀ ਬਹੁਤ ਸਾਰੀ ਬਾਣੀ ਮਿਲਦੀ ਹੈ। ਉਨ੍ਹਾਂ ਨੇ ਬਹੁਤ ਸਾਰਾ ਅਨੁਵਾਦ ਦਾ ਕੰਮ ਵੀ ਕੀਤਾ ਤੇ ਕਰਵਾਇਆ। ਉਨ੍ਹਾ ਦੀ ਲਿਖੀ ‘ਚੰਡੀ ਦੀ ਵਾਰ’ ਦੁਰਗਾ ਦੇ ਕਾਰਨਾਮਿਆਂ ਦੀ ਇਕ ਬੜੀ ਜ਼ੋਰਦਾਰ ਕਵਿਤਾ ਹੈ। ਕਿਹਾ ਜਾਦਾ ਹੈ ਕਿ ਉਨ੍ਹਾਂ ਦੇ ਦਰਬਾਰ ਵਿਚ ਬਵੰਜਾ ਕਵੀ ਰਹਿੰਦੇ ਸਨ । ਉਨ੍ਹਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਮੁਗਲਾਂ ਤੇ ਪਹਾੜੀ ਰਾਜਿਆਂ ਨਾਲ ਹੋਈਆਂ ਜੰਗਾਂ ਵਿਚ ਜ਼ਾਇਆ ਹੋ ਗਈਆਂ ਜਾਪਦੀਆਂ ਹਨ ।
ਸਿੱਖਾਂ ਦੇ ਦਸਾਂ ਗੁਰੂਆਂ ਨੂੰ ਸੰਸਾਰਚੰਦ ਦੇ ਦਰਬਾਰੀ ਚਿੱਤਰਕਾਰਾਂ ਨੇ ਚਿੱਤਰਿਆ ਹੈ । ਨੂਰਪੁਰ ਦੇ ਇਕ ਚਿੱਤਰਕਾਰ ਦੀ ਬਣਾਈ ਗੁਰੂ ਨਾਨਕ ਦੀ ਇਕ ਅਤਿਅੰਤ ਉੱਤਮ ਤਸਵੀਰ ਮਿਲਦੀ ਹੈ।
ਕਾਂਗੜੇ ਦੀ ਵਾਦੀ 1810 ਈ. ਤੋਂ ਮਹਾਰਾਜਾ ਰਣਜੀਤ ਸਿੰਘ ਦੇ ਅਧਿਕਾਰ ਹੇਠ ਆਈ ਤੇ ਇਸੇ ਸਮੇਂ ਤੋਂ ਕਾਂਗੜੇ ਦੇ ਚਿੱਤਰਾਂ ਵਿਚ ਸਿੱਖ ਮਤ ਦਾ ਪ੍ਰਭਾਵ ਦਿਖਾਈ ਦੇਣਾ ਸ਼ੁਰੂ ਹੁੰਦਾ ਹੈ। 1830 ਈ. ਤੋਂ ਬਾਅਦ ਦੇ ਚਿੱਤਰਾਂ ਵਿਚ ਲੰਮੀਆਂ ਦਾੜ੍ਹੀਆਂ ਤੇ ਸੋਹਣੇ ਸਾਫ਼ੇ ਵੀ ਵੇਖਣ ਵਿਚ ਆਉਂਦੇ ਹਨ।
ਪਠਾਣ ਬਾਦਸ਼ਾਹ, ਜਿਨ੍ਹਾਂ ਨੇ ਹਿੰਦੁਸਤਾਨ ਉੱਤੇ ਬਾਰਵੀਂ ਸਦੀ ਤੋਂ ਪੰਦਰਵੀਂ ਸਦੀ ਤੱਕ ਰਾਜ ਕੀਤਾ, ਕੱਟੜ ਮੁਸਲਮਾਨ ਸਨ । ਉਨ੍ਹਾਂ ਨੇ ਚਿੱਤਰਕਲਾ ਦੀ ਕੋਈ ਸਰਪਰਸਤੀ ਨਾ ਕੀਤੀ । ਉਸ ਜ਼ਮਾਨੇ ਵਿਚ ਇਹ ਕਲਾ ਪਿੱਛੇ ਪੈ ਗਈ। ਕਿਤੇ ਕਿਤੇ ਬਚੇ-ਖੁਚੇ ਹਿੰਦੂ ਰਜਵਾੜੇ ਹੀ ਚਿੱਤਰਕਾਰਾਂ ਦਾ ਖਿਆਲ ਰੱਖਦੇ ਸਨ । ਪਰ ਜਿਉਂ ਜਿਉਂ ਸਮਾਂ ਗੁਜ਼ਰਦਾ ਗਿਆ, ਲੋਕਾਂ ਦਾ ਇਸ ਕਲਾ ਵਲ ਧਿਆਨ ਵਧੇਰੇ ਹੁੰਦਾ ਗਿਆ। ਕਾਂਗੜੇ ਦੀ ਕਲਾ, ਰਾਜਪੂਤ ਕਲਾ ਦੀ ਸ਼ਾਖ ਹੈ। ਇਸ ਕਲਾ ਨੂੰ ਜ਼ਿਆਦਾ ਸਰਪਰਸਤੀ ਰਾਜਪੂਤ ਰਾਜਿਆਂ ਪਾਸੋਂ ਹੀ ਮਿਲੀ, ਭਾਵੇਂ ਕਲਾਕਾਰ ਕੋਈ ਵੀ ਸਨ।
ਸੋਲ੍ਹਵੀਂ ਸਦੀ ਵਿਚ ਮੁਗ਼ਲਾਂ ਨੇ ਕਲਾ ਦਾ ਫੇਰ ਨਿਰਮਾਣ ਕੀਤਾ । ਬਾਬਰ, ਅਕਬਰ, ਜਹਾਂਗੀਰ, ਸ਼ਾਹਜਹਾਨ ਚਿੱਤਰਕਲਾ ਦੇ ਬੜੇ ਪ੍ਰੇਮੀ ਸਨ । ਸ਼ਾਹਜਹਾਨ ਦੀ ਰੁਚੀ ਭਵਨ-ਉਸਾਰੀ ਦੀ ਕਲਾ ਵੱਲ ਵਧੇਰੇ ਸੀ ਪਰ ਔਰੰਗਜ਼ੇਬ ਦੇ ਜ਼ਮਾਨੇ ਵਿਚ ਹਰ ਕਿਸਮ ਦੀ ਕਲਾ ਦੀ ਜੋਤ ਮੱਧਮ ਪੈ ਗਈ। ਉਹ ਬੜਾ ਕੱਟੜ ਸੀ ਤੇ ਉਸ ਨੇ ਆਪਣੇ ਦਰਬਾਰ ਵਿਚੋਂ ਸਭ ਕਲਾਕਾਰਾਂ ਨੂੰ ਜਵਾਬ ਦੇ ਦਿੱਤਾ ਭਾਵੇਂ ਕੋਈ ਚਿੱਤਰਕਾਰ ਸੀ, ਭਾਵੇਂ ਕੋਈ ਸੰਗੀਤਕਾਰ ਸੀ । ਹਿੰਦੂ ਦਰਬਾਰੀ ਕਲਾਕਾਰ ਰਾਜਪੂਤਾਨੇ ਤੇ ਪਹਾੜ ਦੇ ਰਾਜਿਆਂ ਵਲ ਚਲੇ ਗਏ ਜਿੱਥੇ ਉਨ੍ਹਾਂ ਨੇ ਆਪਣੇ ਅੱਡੇ ਜਮਾ ਲਏ।
ਕਾਂਗੜੇ ਦੀ ਕਲਾ ਇਕ ਬੜੇ ਭਾਰੀ ਆਤਮਕ ਉੱਥਾਨ ਦਾ ਸਿੱਟਾ ਹੈ। ਕਾਂਗੜੇ ਦੀ ਕਲਾ ਦਾ ਉਤਰੀ-ਭਾਰਤ ਦੇ ਜੀਵਨ ਨਾਲ ਬੜਾ ਗਹਿਰਾ ਸਬੰਧ ਹੈ । ਇਹ ਹਿੰਦੂ ਮਤ ਦੇ ਆਤਮਕ ਤੇ ਸਾਹਿਤਕ ਪੁਨਰ-ਜਨਮ ਦੀ ਪ੍ਰਤੀਕ ਹੈ। ਕਾਂਗੜੇ ਦੇ ਚਿੱਤਰ ਹਿੰਦੂ ਜੀਵਨ ਨੂੰ ਚਿੱਤਰਦੇ ਹਨ। ਇਸ ਕਲਮ ਵਿਚ ਸਫਾਈ, ਤੀਬਰਤਾ ਤੇ ਬਲ ਹੈ ਜਿਨ੍ਹਾਂ ਗੁਣਾਂ ਨੂੰ ਮਿਸਟਰ ਬਲੇਕ ਉੱਚੇ ਜੀਵਨ ਤੇ ਕਲਾ ਦੀਆਂ ਜ਼ਰੂਰੀ ਸ਼ਰਤਾਂ ਸਮਝਦਾ ਹੈ । ਇਸ ਕਲਮ ਵਰਗੀ ਸੂਝ, ਇਸ ਵਰਗਾ ਭਰੋਸਾ, ਸੰਸਾਰ ਭਰ ਦੀਆਂ – ਖਾਸ ਕਰਕੇ ਔਰਤ ਦੀਆਂ ਖੂਬਸੂਰਤੀਆਂ ਵਿਚ ਵਿਸਮਾਦ-ਲੀਨਤਾ ਦੇ ਬਾਵਜੂਦ ਇਕ ਪ੍ਰਕਾਰ ਦੀ ਕਰੜਾਈ ਇਕ ਦਿਲ ਵਿਚ ਪ੍ਰਾਪਤ ਨਹੀਂ ਹੋ ਸਕਦੀ, ਨਾ ਹੀ ਇਹ ਕਿਸੇ ਇੱਕੇ-ਦੁੱਕੇ ਕਲਾਕਾਰ ਦੀ ਮਿਹਨਤ ਦਾ ਫਲ ਹੋ ਸਕਦਾ ਹੈ । ਇਹ ਸਭ ਇਕ ਤਹਿਜ਼ੀਬ ਦੀ ਉਪਜ ਹੈ।
ਕਾਂਗੜੇ ਦੀ ਕਲਾ ਦਾ ਵਿਕਾਸ
ਰਾਜਪੂਤ ਚਿੱਤਰਕਲਾ ਪੰਜਾਬ ਦੇ ਪਹਾੜੀ ਇਲਾਕੇ, ਟੀਹਰੀ-ਗੜ੍ਹਵਾਲ ਤੇ ਜੰਮੂ ਵਿਚ ਪ੍ਰਫੁਲੱਤ ਹੋਈ। ਇਨ੍ਹਾਂ ਵਿਚ ਸਭ ਤੋਂ ਮਸ਼ਹੂਰ ਕੇਂਦਰ ਕਾਂਗੜੇ ਦੀ ਵਾਦੀ ਸੀ ਜਿਥੇ ਗੁਲੇਰ, ਟੀਰਾ-ਸੁਜਾਨਪੁਰ ਤੇ ਨੂਰਪੁਰ ਦੇ ਪਹਾੜੀ ਰਾਜਿਆਂ ਨੇ ਇਸ ਦੀ ਸਰਪਰਸਤੀ ਕੀਤੀ। ਏਥੋਂ ਫਿਰ ਇਹ ਮੰਡੀ ਸੁਕੇਤ, ਕੁੱਲੂ, ਟੀਹਰੀ-ਗੜ੍ਹਵਾਲ ਤੇ ਚੰਬੇ ਵਿਚ ਫੈਲ ਗਈ। ਸੋ ਇਨ੍ਹਾਂ ਕੇਂਦਰਾਂ ਵਿਚ ਪ੍ਰਚੱਲਿਤ ਕਲਾ ਨੂੰ ਕਾਂਗੜੇ ਦੀ ਕਲਾ ਦਾ ਵਿਸਤਾਰ ਹੀ ਮੰਨਣਾ ਚਾਹੀਦਾ ਹੈ।
ਪੁਰਾਤਨ ਬਸੋਹਲੀ-ਕਲਾ ਦੇ ਨਮੂਨੇ ਪੰਜਾਬ ਦੇ ਪਹਾੜੀ ਇਲਾਕੇ ਵਿਚ ਅਕਸਰ ਮਿਲਦੇ ਹਨ। ਇਨ੍ਹਾਂ ਵਿਚ ਸਾਦਗੀ ਹੈ, ਨਾਲੇ ਬਲ ਤੇ ਜਾਂਗਲੀ ਸੱਤਾ । ਚਿੱਤਰਾਂ ਦੀ ਬਣਤਰ ਸਿੱਧੀ ਸਾਦੀ ਪਰ ਪ੍ਰਭਾਵਸ਼ਾਲੀ ਹੁੰਦੀ ਹੈ । ਲਕੀਰਾਂ ਤੇ ਰੰਗ ਸ਼ੋਖ ਤੇ ਪੱਕੇ ਹਨ । ਪਹਾੜੀ ਕਲਾਕਾਰ ਓਹੀ ਵਿਸ਼ੇ ਚੁਣਦੇ ਸਨ ਜਿਨ੍ਹਾਂ ਨੂੰ ਉਹ ਆਪਣੀ ਮਰਦਾਂ ਵਾਲੀ ਖੁਲ੍ਹ ਨਾਲ ਬਿਆਨ ਕਰ ਸਕਦੇ ਸਨ । ਉਨ੍ਹਾਂ ਵਿਚ ਕੋਈ ਝਿਜਕ ਤੇ ਸੰਗ ਨਹੀਂ । ਇਨ੍ਹਾਂ ਲੋਕਾਂ ਦੀ ਕਲਾ ਵਿਚ ਇਕ ਖੁਲ੍ਹ ਹੈ ਜਿਹੜੀ ਬਾਅਦ ਦੀ ਕਲਾ ਵਿਚ ਨਹੀਂ ਮਿਲਦੀ। ਕਈ ਵਾਰ ਇਹ ਸਾਦਗੀ ਨਿਰੀ ਸਿੱਧੀ-ਪੱਧਰੀ ਚੀਜ਼ ਹੋ ਕੇ ਰਹਿ ਜਾਦੀ ਹੈ ਤੇ ਇਸ ਵਿੱਚੋਂ ਗੋਂਦ ਦਾ ਉਹ ਪ੍ਰਭਾਵ ਨਹੀਂ ਦਿਸਦਾ ਜਿਸ ਦਾ ਕਿਸੇ ਉਚੀ ਕਲਾ ਵਿਚ ਹੋਣਾ ਬੜਾ ਜ਼ਰੂਰੀ ਸਮਝਿਆ ਜਾਦਾ ਹੈ।
ਕਾਂਗੜੇ ਦੀ ਕਲਾ ਦੇ ਤਿੰਨ ਵੱਡੇ ਕੇਂਦਰ ਹਨ, ਗੁਲੇਰ, ਨੂਰਪੁਰ ਤੇ ਟੀਰਾ-ਸੁਜਾਨਪੁਰ । ਗੁਲੇਰ ਤੇ ਨੂਰਪੁਰ ਮੈਦਾਨਾਂ ਦੇ ਨੇੜੇ ਹਨ, ਸੋ ਉਨ੍ਹਾਂ ਦੇ ਰਾਜੇ ਮੁਗਲਾਂ ਦੇ ਪ੍ਰਭਾਵ ਹੇਠ ਪਹਿਲਾਂ ਆਏ । ਪਹਾੜੀ ਰਿਆਸਤਾਂ ਵਿੱਚੋਂ, ਚਿੱਤਰਕਾਰੀ ਦੀ ਪਰੰਪਰਾ ਗੁਲੇਰ ਵਿਚ ਸਭ ਤੋਂ ਪੁਰਾਣੀ ਸੀ । ਇੱਥੇ ਅੱਜ ਕਲ ਸਾਨੂੰ ਰਾਜਾ ਰੂਪਚੰਦ, ਮਾਨ ਸਿੰਘ, ਬਿਕਰਮ ਸਿੰਘ, ਰਾਜ ਸਿੰਘ ਤੇ ਦਲੀਪ ਸਿੰਘ ਦੇ ਚਿੱਤਰ ਮਿਲਦੇ ਹਨ ਪਰ ਸਭ ਤੋਂ ਵੱਧ ਰਾਜਾ ਗੋਵਰਧਨਚੰਦ (1744-1773 ਈ.) ਦੇ ਸਮੇਂ ਦੇ ਹਨ। ਇਸੇ ਜ਼ਮਾਨੇ ਵਿਚ ਕਾਂਗੜੇ ਦੀ ਕਲਾ ਉਤਪੰਨ ਹੋਈ ਤੇ ਪ੍ਰਕਾਸ਼ਚੰਦ ਤੇ ਭੂਪ ਸਿੰਘ ਦੇ ਰਾਜ ਵਿਚ ਇਹ ਆਪਣੇ ਸਿਖਰ ਤੇ ਪੁੱਜ ਗਈ ਤੇ 1878 ਈ. ਤੱਕ ਇੰਞ ਹੀ ਪ੍ਰਫੁੱਲਿਤ ਰਹੀ।
ਕਾਂਗੜੇ ਦੀ ਕਲਾ ਦੇ ਇਕ ਮਹੱਤਵਪੂਰਨ ਕੇਂਦਰ ਨੂਰਪੁਰ ਬਾਬਤ ਬਹੁਤ ਘੱਟ ਲਿਖਿਆ ਗਿਆ। ਹੈ। ਰਾਜਾ ਵਾਸੁਦੇਵ (1580-1613 ਈ.) ਦੀ ਜੰਗ ਮੁਗਲ ਬਾਦਸ਼ਾਹ ਅਕਬਰ ਨਾਲ ਹੋਈ। ਜਗਤ ਸਿੰਘ (1619-1646 ਈ.) ਨੇ ਜਹਾਂਗੀਰ ਦੀ ਨੌਕਰੀ ਕਰ ਲਈ। ਇਸ ਤਰ੍ਹਾਂ ਉਸ ਨੂੰ ਮੁਗਲ-ਰਾਜ ਦੀ ਚਿੱਤਰਕਲਾ ਦਾ ਗਿਆਨ ਪ੍ਰਾਪਤ ਹੋਇਆ ਹੋਣਾ ਹੈ। ਰਾਜਾ ਰੂਪ ਸਿੰਘ (1646-1661 ਈ.) ਵੀ ਮੁਗਲਾਂ ਦੀ ਨੌਕਰੀ ਵਿਚ ਸੀ। ਕੁਝ ਚਿੱਤਰ ਪ੍ਰਿਥਵੀ ਸਿੰਘ (1735-1789 ਈ.) ਦੇ ਸਮੇਂ ਦੇ ਅਜੇ ਵੀ ਮਿਲਦੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਬੀਰ ਸਿੰਘ (1789-1846 ਈ.) ਦੇ ਜ਼ਮਾਨੇ ਦੇ ਹਨ। ਬੀਰ ਸਿੰਘ, ਪ੍ਰਕਾਸ਼ਚੰਦ ਤੇ ਸੰਸਾਰਚੰਦ ਦਾ ਸਮਕਾਲੀ ਸੀ ।
ਚਿੱਤਰਕਲਾ ਦਾ ਸਭ ਤੋਂ ਵਿਗਸਿਤ ਕੇਂਦਰ ਸੰਸਾਰਚੰਦ (1775-1823 ਈ.) ਦੀ ਸਰਪ੍ਰਸਤੀ ਹੇਠ ਟੀਰਾ-ਸੁਜਾਨਪੁਰ ਵਿਚ ਸੀ। ਕਾਂਗੜੇ ਦੀ ਕਲਾ ਦੇ ਅਰੰਭਕ ਜ਼ਮਾਨੇ ਦੇ ਸਭ ਚਿੱਤਰ ਏਥੇ ਤੇ ਆਲਮਪੁਰ ਵਿਖੇ ਬਣਾਏ ਗਏ ਇਸ ਤੋਂ ਬਾਅਦ ਦੇ ਨਦੌਣ ਵਿਚ ਬਣੇ। ਇਹ ਸਭ ਥਾਵਾਂ ਬਿਆਸ ਦੇ ਕੰਢੇ ਉੱਤੇ ਸਨ। ਅਨੀਰੁਧਚੰਦ (1821-1831 ਈ.) ਦੀਆਂ ਸਿੱਖਾਂ ਨਾਲ ਕਈ ਲੜਾਈਆਂ ਹੋਈਆਂ। ਉਸ ਦੇ ਜ਼ਮਾਨੇ ਵਿਚ ਵੀ ਚਿੱਤਰਕਲਾ ਵੱਲ ਖਾਸਾ ਧਿਆਨ ਦਿੱਤਾ ਗਿਆ। ਖਾਸ ਕਾਂਗੜੇ ਸ਼ਹਿਰ ਵਿਚ ਕਲਾ ਦਾ ਬਹੁਤ ਘੱਟ ਕੰਮ ਹੋਇਆ। ਇਹ ਸ਼ਹਿਰ 1786 ਈ. ਤੀਕ ਮੁਗ਼ਲਾਂ ਦੇ ਕਬਜ਼ੇ ਵਿਚ ਸੀ ਤੇ 1810 ਈ. ਤੋਂ 1846 ਈ. ਤੱਕ ਸਿੱਖਾਂ ਦੇ ਰਾਜ ਵਿਚ ਸੀ ।
“ਇਹਸਾਸ-ਭਰੀ, ਗੰਭੀਰ ਤੇ ਨਾਜੁਕ-ਇਹ ਕਲਾ ਭਾਰਤੀ ਜੀਵਨ ਦੇ ਜ਼ਬਤ ਤੇ ਸ਼ਾਂਤੀ, ਉਸ ਦੀ ਨਿਸ਼ਚਿਤ ਧਾਰਮਕਤਾ ਤੇ ਉੱਚ-ਸ਼੍ਰੇਣਿਕ ਪ੍ਰਬੰਧ ਦੀ ਪੂਰੀ ਪੂਰੀ ਲਖਾਇਕ ਹੈ। ਇਹ ਕਲਾ ਟਿਕੇ ਹੋਏ ਜਜ਼ਬਿਆਂ ਤੇ ਸੁੱਚੇ ਇਹਸਾਸ ਨੂੰ ਮੂਰਤੀਮਾਨ ਕਰਦੀ ਹੈ।” ਕੁਮਾਰ ਸਵਾਮੀ ਦੇ ਰਾਜਪੂਤ-ਕਲਾ ਬਾਰੇ ਕਹੇ ਇਹ ਸ਼ਬਦ ਕਾਂਗੜੇ ਦੀ ਕਲਮ ਬਾਰੇ ਇੰਨ-ਬਿੰਨ ਢੁਕਦੇ ਹਨ । ਰਾਮਾਇਣ, ਮਹਾਭਾਰਤ ਤੇ ਪੁਰਾਣਾਂ ਦੇ ਜੀਵਨ ਦੀਆਂ ਝਾਕੀਆਂ ਨੂੰ ਇਸ ਕਲਾ ਵਿਚ ਨਵੇਂ ਢੰਗ ਨਾਲ ਚਿੱਤਰਿਆ ਗਿਆ । ਕ੍ਰਿਸ਼ਨ ਲੀਲ੍ਹਾ ਨੂੰ ਇਸ ਦੇ ਸਮੂਹ ਸ਼ਿੰਗਾਰ-ਰਸੀ ਪ੍ਰਭਾਵਾਂ ਨਾਲ ਦਰਸਾਇਆ ਗਿਆ; ਸ਼ਿਵ-ਪਾਰਬਤੀ ਵਾਲ਼ੇ ਲੋਕ-ਸਾਹਿਤ ਨੂੰ ਇਕ ਨਵਾ ਰੰਗ ਦਿੱਤਾ ਗਿਆ ਤੇ ਕੇਸ਼ਵਦਾਸ ਦੀ ਕਵਿਤਾ ਨੂੰ ਤਾਂ ਜਿਵੇਂ ਮੁੜ ਜੀਵਿਤ ਕਰ ਦਿੱਤਾ ਗਿਆ।
ਸਭਿਆਚਾਰਕ ਦ੍ਰਿਸਟੀਕੋਣ ਤੋਂ ਕਾਂਗੜੇ ਦੀ ਕਲਾ ਵਿਸ਼ੇਸ਼ ਮਹੱਤਤਾ ਵਾਲੀ ਹੈ। ਇਸ ਦੇ ਸੰਕੇਤ ਅਸਲੀਅਤ ਨੂੰ ਦਰਸਾਉਂਦੇ ਹਨ ਤੇ ਜਿੱਥੇ ਕਿਤੇ ਕਿਸੇ ਵੀ ਕਲਾਕਾਰ ਨੇ ਆਪਣੇ ਕਿਆਸ ਤੋਂ ਕੰਮ ਲਿਆ ਹੈ, ਓਥੇ ਅਣਹੋਣੀ ਦਾ ਇਹਸਾਸ ਨਹੀਂ ਹੁੰਦਾ । ਇਸ ਕਲਮ ਦੀ ਸ਼ੈਲੀ ਆਜ਼ਾਦ ਹੈ ਤੇ ਇਸ ਵਿਚ ਇੱਥੋਂ ਦੀ ਧਰਤੀ ਦਾ ਰੰਗ ਹੈ। ਕਿਤੇ ਵੀ ਜ਼ੋਰ ਲਾ ਕੇ ਕੋਈ ਰੰਗ ਪੈਦਾ ਨਹੀਂ ਕੀਤਾ ਹੁੰਦਾ। ਸਭ ਚਿੱਤਰ ਇਉਂ ਰਵਾਂ ਹਨ ਜਿਵੇਂ ਸੰਗੀਤ ਦਾ ਪਰਵਾਹ ਹੁੰਦਾ ਹੈ। ਜੋ ਕੁਝ ਇਹ ਚਿੱਤਰਕਾਰ ਕਹਿਣਾ ਚਾਹੁੰਦੇ ਸਨ, ਉਹ ਅਤਿਅੰਤ ਸਚਾਈ ਨਾਲ ਕਹਿ ਸਕਦੇ ਹਨ। ਬੁਣਤ ਸੀਮਿਤ ਹੈ ਤੇ ਅੰਗਾਂ ਤੇ ਨਜ਼ਾਰਿਆਂ ਨੂੰ ਚਿੱਤਰਨ ਵਿਚ ਕਲਾਕਾਰ ਸਿੱਕੇਬੰਦ ਗੁਣਾਂ ਦੀ ਹੀ ਵਰਤੋਂ ਕਰਦੇ ਹਨ, ਤਾਂ ਵੀ ਸਮੂਹਕ ਪ੍ਰਭਾਵ ਬਹੁਤ ਸੁੰਦਰ ਹੁੰਦਾ ਹੈ ਕਿਉਂਕਿ ਪੂਰੇ ਹੋਏ ਚਿੱਤਰ ਬੰਦਿਸ਼ਾਂ ਤੋਂ ਉੱਤੇ ਉੱਠ ਕੇ ਅਤਿਅੰਤ ਆਕਰਸ਼ਕ ਹੋ ਜਾਂਦੇ ਹਨ। ਇਸੇ ਵਿਚ ਹੀ ਕਾਂਗੜੇ ਦੀ ਕਲਮ ਦੀ ਵਡਿਆਈ ਹੈ ।
ਕਾਂਗੜੇ ਦੀ ਕਲਾ ਦੀਆਂ ਧਾਰੀਆਂ ਕੁਝ ਇਹੋ ਜਿਹੀਆਂ ਹਨ ਜਿਵੇਂ ਕਵਿਤਾ ਦਾ ਬਹਿਰ ਜਾ ਗੀਤਾ ਦਾ ਸੰਗੀਤ ਹੋਵੇ । ਨਜ਼ਰ ਅਤਿ ਸਰਲਤਾ ਨਾਲ ਚਿੱਤਰਾਂ ਉੱਤੇ ਫਿਰਦੀ ਜਾਂਦੀ ਹੈ – ਇਕ ਰਵਾਨੀ ਨਾਲ, ਜਿਹੋ ਜਹੀ ਰਵਾਨੀ ਕਿਸੇ ਨਦੀ ਦੀ ਹੁੰਦੀ ਹੈ। ਧਾਰੀਆਂ ਦੇ ਮੋੜ ਤੋੜ ਅਤਿਅੰਤ ਸੁੰਦਰ ਤੇ ਦ੍ਰਿਸ਼ਟੀ ਨੂੰ ਸੁਖਾਵੇਂ ਪ੍ਰਤੀਤ ਹੁੰਦੇ ਹਨ।
ਸਰਪ੍ਰਸਤਾਂ ਦੇ ਸੁਆਦਾਂ ਵਿਚ ਪਰਿਵਰਤਨ ਤੇ ਸੂਫ਼ੀ ਮਤ ਦੇ ਪ੍ਰਚਾਰ ਨਾਲ ਕਾਂਗੜੇ ਦੀ ਕਲਾ ਵਿਚ ਵੀ ਤਬਦੀਲੀ ਆਈ। ਮੂਰਤਾਂ ਵਧੇਰੇ ਜਾਨਦਾਰ ਤੇ ਧਾਰੀਆਂ ਸੁਚੱਜੀਆਂ ਹੁੰਦੀਆਂ ਗਈਆਂ । ਮਰਦਾਂ, ਔਰਤਾਂ ਦੀ ਸਰੀਰਕ ਸੁੰਦਰਤਾ ਵੱਲ ਵਧੇਰੇ ਧਿਆਨ ਦਿੱਤਾ ਜਾਣ ਲੱਗਾ। ਇਸਤਰੀਆਂ ਬਾਂਕੀਆਂ ਤੇ ਉੱਚੀਆਂ ਲੰਮੀਆਂ ਹਨ, ਉਨ੍ਹਾ ਦੀਆਂ ਅੱਖਾਂ ਮੋਟੀਆਂ ਮੋਟੀਆਂ ਤੇ ਗੋਲ ਗੋਲ ਹਨ ਤੇ ਉਨ੍ਹਾਂ ਦੇ ਕੱਦ ਬੁੱਤ ਅਤਿਅੰਤ ਸੁਚੱਜਤਾ ਲਾਲ ਚਿੱਤਰੇ ਗਏ ਹਨ। ਕਾਂਗੜੇ ਦੀ ਕਲਾ ਵਿਚ ਇਕ ਸੂਖਮ ਹੁਸਨ ਆ ਗਿਆ ਤੇ ਚਿੱਤਰਾਂ ਵਿਚ ਉਹ ਨਾਜ਼ੁਕ ਭਾਹ ਦਰਸਾਈ ਗਈ ਜਿਸ’ਦਾ ਬਾਅਦ ਵਿਚ ਇਤਨਾ ਚਰਚਾ ਹੋਇਆ।
ਪਰ ਇਸ ਕਲਾ ਦੀ ਅੰਤਰੀਵ ਸੱਤਾ ਤੇ ਇਸ ਦੀ ਸੁਭਾਵਕ ਸੁੰਦਰਤਾ ਜ਼ਿਆਦਾ ਦੇਰ ਕਾਇਮ ਨਾ ਰਹਿ ਸਕੀ। ਛੇਤੀ ਹੀ ਸਜਾਵਟ ਵੱਲ ਵਧੇਰੇ ਧਿਆਨ ਦਿੱਤਾ ਜਾਣ ਲੱਗ ਪਿਆ, ਕਲਾਕਾਰ ਵਾਧੂ ਵਿਸਤਾਰ ਤੇ ਬੇਲੋੜੀਆਂ ਬਾਰੀਕੀਆਂ ਵਿਚ ਪੈ ਗਏ ਤੇ ਕਲਾ ਦੇ ਅਸਲੀ ਗੁਣ ਨੂੰ ਗਵਾ ਬੈਠੇ । ਅਕਸਰ ਪੁਰਾਣੇ ਚਿੱਤਰਾਂ ਤੋਂ ਪ੍ਰੇਰਨਾ ਲਈ ਜਾਂਦੀ ਤੇ ਅਸਲੀ ਮਘਦੇ ਜੀਵਨ ਵਲ ਧਿਆਨ ਨਾ ਕੀਤਾ ਜਾਂਦਾ । ਰਾਜ-ਦਰਬਾਰ ਦੀ ਸਰਪ੍ਰਸਤੀ ਵੀ ਜਾਂਦੀ ਰਹੀ ਤੇ ਇਸ ਜ਼ਮਾਨੇ ਦਾ ਕਲਾਕਾਰ ਭਾਵੇਂ ਕੰਮ ਕਰਦਾ ਸੀ ਪਰ ਉਸ ਦੀ ਕਲਮ ਵਿੱਚੋਂ ਉਹ ਤਾਕਤ ਜਾਂਦੀ ਰਹੀ। ਪੁਰਾਣੇ ਗੁਰਾਂ ਨੂੰ ਮੁੜ ਮੁੜ ਕੇ ਦੁਹਰਾਇਆ ਜਾਣ ਲਗ ਪਿਆ ਤੇ ਇਉਂ ਕਾਂਗੜੇ ਦੀ ਕਲਮ ਬਿਲਕੁਲ ਕਮਜ਼ੋਰ ਤੇ ਬੇਜਾਨ ਹੋ ਗਈ।
ਅਠਾਰ੍ਹਵੀਂ ਸਦੀ ਦੇ ਮੱਧ ਵਿਚ ਕਾਂਗੜੇ ਦੀ ਕਲਾ ਦਾ ਇਸ ਵਾਦੀ ਵਿਚ ਜਨਮ ਤੇ ਉਨ੍ਹੀਵੀਂ ਸਦੀ ਵਿਚ ਇਸ ਦਾ ਪ੍ਰਸਾਰ ਭਾਰਤੀ ਕਲਾ ਦੇ ਇਤਿਹਾਸ ਵਿਚ ਇਕ ਅਜੂਬਾ ਹੈ ਤੇ ਇਸ ਦਾ ਇਕਦਮ ਮਿਟ ਜਾਣਾ ਵੀ ਸਮਝ ਵਿਚ ਨਹੀਂ ਆਉਂਦਾ। ਵਾਦੀ ਉਹੀ ਹੈ, ਇਸ ਦੇ ਵਗਦੇ ਦਰਿਆ ਤੇ ਉਮਲਦੇ ਚਸ਼ਮੇ ਵੀ ਉਹੀ ਹਨ ਪਰ ਉਹ ਕਲਾਕਾਰ ਕਿਤੇ ਅਲੋਪ ਹੋ ਗਏ ਹਨ। ਹਰੀਪੁਰ, ਸੁਜਾਨਪੁਰ ਤੇ ਨਦੌਣ ਦੇ ਖੰਡਰਾਂ ਵਿਚ ਫਿਰਦਿਆਂ ਉਨ੍ਹਾਂ ਮਹਿਲਾਂ ਦੀ ਸ਼ਾਨ ਦਾ ਅੰਦਾਜ਼ਾ ਹੁੰਦਾ ਹੈ ਪਰ ਉਨ੍ਹਾਂ ਦੀ ਸੰਸਕ੍ਰਿਤੀ ਹੁਣ ਬਾਕੀ ਨਹੀਂ ਰਹੀ।
ਕਾਂਗੜੇ ਦੀ ਕਲਾ ਦੇ ਵਿਸ਼ੇਸ਼ ਗੁਣ ਇਹ ਹਨ : ਰੇਖਾਵਾਂ ਦੀ ਕੋਮਲਤਾ, ਰੰਗਾਂ ਦੀ ਸ਼ੋਖੀ ਤੇ ਸਜਾਵਟ ਦੇ ਵਿਸਤਾਰਾਂ ਦੀ ਬਰੀਕੀ। ਅਜੰਤਾ ਦੀ ਕਲਾ ਵਾਂਗਰ ਕਾਂਗੜੇ ਦੀ ਕਲਾ ਵੀ ਧਾਰੀਆਂ ਦੀ ਕਲਾ ਹੈ। ਜਿਵੇਂ ਕੁਮਾਰ-ਸਵਾਮੀ ਨੇ ਕਿਹਾ ਹੈ ਕਿ ਬਲਵਾਨ ਪ੍ਰਾਚੀਨ ਰੂਪ-ਰੇਖਾ ਇਸ ਦੀ ਬੋਲੀ ਦੀ ਬੁਨਿਆਦ ਹੈ। ਰੇਖਾਵਾਂ ਦੀ ਇਹ ਕੋਮਲਤਾ ਗਲਹਿਰੀ ਦੇ ਬੀਰਕ ਵਾਲਾਂ ਦੇ ਬਣਾਏ ਬੁਰਸ਼ਾਂ ਦੁਆਰਾ ਪ੍ਰਾਪਤ ਕੀਤੀ ਗਈ।
ਪਹਿਲਾਂ ਨਕਸ਼ਾ ਬਦਾਮੀ ਰੰਗ ਦੇ ਹੱਥ ਦੇ ਬਣਾਏ ਸਿਆਲਕੋਟੀ ਕਾਗਜ਼ ਤੇ ਵਾਹਿਆ ਜਾਂਦਾ ਸੀ। ਫਿਰ ਇਸ ਤੇ ਸਫੈਦੀ ਫੇਰ ਕੇ ਕਾਗਜ ਨੂੰ ਕੂਲਾ ਕਰ ਲਿਆ ਜਾਂਦਾ ਸੀ । ਫਿਰ ਇਸ ਉੱਤੇ ਗੇਰੂਏ ਰੰਗ ਨਾਲ ਰੂਪ-ਰੇਖਾ ਵਾਹੀ ਜਾਂਦੀ ਸੀ । ਫਿਰ ਇਸ ਵਿਚ ਰੰਗ ਭਰੇ ਜਾਂਦੇ ਸਨ, ਪਹਿਲਾਂ ਪਿਛਵਾੜੇ ਵਿਚ ਤੇ ਫੇਰ ਮੂਰਤਾਂ ਵਿਚ । ਇਸ ਤੋਂ ਪਿੱਛੋਂ ਰੂਪ-ਰੇਖਾ ਨੂੰ ਫਿਰ ਵਾਹਿਆ ਜਾਂਦਾ ਤੇ ਚਿੱਤਰ ਇਸ ਤਰ੍ਹਾਂ ਸੰਪੂਰਨ ਹੁੰਦਾ। ਅਕਸਰ ਰੰਗ ਭਰਨ ਦਾ ਕੰਮ ਸ਼ਾਗਿਰਦਾਂ ਤੇ ਛੱਡ ਦਿੱਤਾ ਜਾਂਦਾ ਸੀ। ਕਾਂਗੜੇ ਦੇ ਕਲਾਕਾਰ ਪੀਲਾ, ਲਾਲ, ਨੀਲਾ ਆਦਿ ਸੁੱਚੇ ਰੰਗ ਹੀ ਵਰਤਦੇ ਸਨ। ਇਸੇ ਕਰਕੇ ਇਨ੍ਹਾਂ ਦੇ ਚਿੱਤਰਾਂ ਦੀ ਸ਼ੋਖੀ ਅਜੇ ਤੀਕ ਕਾਇਮ ਹੈ ਭਾਵੇਂ ਦੋ ਸੌ ਸਾਲ ਗੁਜ਼ਰ ਚੁੱਕੇ ਹਨ । ਕਈ ਅਪੂਰਨ ਚਿੱਤਰ ਵੀ ਮਿਲੇ ਹਨ ਜਿਨ੍ਹਾਂ ਵਿਚ ਵਰਤੇ ਜਾਣ ਵਾਲੇ ਰੰਗ ਦੱਸੇ ਹੋਏ ਹਨ। ਇਨ੍ਹਾਂ ਖ਼ਾਕਿਆਂ ਨੂੰ ਲੋਕੀ ਸਾਂਭ ਸਾਂਭ ਰੱਖਦੇ ਸਨ ਤੇ ਉਨ੍ਹਾਂ ਨੂੰ ਥੋੜ੍ਹੀ ਬਹੁਤ ਤਬਦੀਲੀ ਨਾਲ ਨਵੇਂ ਚਿੱਤਰ ਬਣਾਉਣ ਲਈ ਵਰਤਦੇ ਰਹੇ ।
ਕਾਂਗੜੇ ਦੀ ਕਲਾ ਵਿਚ ਦ੍ਰਿਸ਼ਟੀਕੋਣ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ ਪਰ ਅਤਿਅੰਤ ਸ਼ੋਖ ਰੰਗ ਤੇ ਸੁੰਦਰ ਰੇਖਾਵਾਂ ਇਸ ਤਰੁਟੀ ਨੂੰ ਪੂਰਾ ਕਰ ਦਿੰਦੀਆਂ ਹਨ। ਮਰਦਾਂ ਔਰਤਾਂ ਦੇ ਚਿੱਤਰ-ਵਿਸ਼ੇਸ਼ ਕਰਕੇ ਔਰਤਾਂ ਦੇ-ਸਿਮ੍ਰਤੀ ਦੇ ਆਧਾਰ ਤੇ ਬਣਾਏ ਜਾਂਦੇ ਸਨ । ਇਹੀ ਕਾਰਨ ਹੈ ਕਿ ਇਸਤਰੀਆਂ ਦੇ ਚਿੱਤਰ ਇੱਕੋ ਜਿਹੇ ਜਾਪਦੇ ਹਨ-ਹਿਰਨਾਂ ਵਰਗੀਆਂ ਅੱਖਾਂ, ਤਿੱਖੇ ਨੱਕ ਤੇ ਗੋਲ ਗੁਦਲੀਆਂ ਠੋਡੀਆਂ । ਹਰ ਕਲਾਕਾਰ ਨੇ ਚਿਹਰਿਆਂ ਦੇ ਚਿੱਤਰਨ ਦਾ ਆਪਣਾ ਹੀ ਗੁਰ ਘੜਿਆ ਹੋਇਆ ਸੀ । ਭਾਵੇਂ ਕਾਂਗੜੇ ਦੀ ਕਲਾ ਜ਼ਿਆਦਾਤਰ ਬੇਨਾਮ ਹੈ ਪਰ ਕਿਤੇ ਕਿਤੇ ਇੱਕੋ ਹੀ ਕਲਾਕਾਰ ਦੇ ਚਿੱਤਰ ਚੁਣੇ ਜਾ ਸਕਦੇ ਹਨ। ਤਕਰੀਬਨ ਸਾਰੇ ਹੀ ਚਿਹਰੇ ਇੱਕੋ ਪਾਸਿਉਂ ਵਾਹੇ ਹੋਏ ਹੁੰਦੇ ਹਨ। ਸ਼ਾਇਦ ਇਉਂ ਕਰਨਾ ਸੌਖਾ ਹੁੰਦਾ ਹੋਵੇ । ਇਹ ਵੀ ਹੋ ਸਕਦਾ ਹੈ ਕਿ ਕਾਂਗੜੇ ਦੀਆਂ ਇਸਤਰੀਆਂ ਦੀ ਸੁੰਦਰਤਾ ਇਉਂ ਵਾਹੁਣ ਨਾਲ ਜਿਆਦਾ ਫਬਦੀ ਹੋਵੇ ।
ਕੋਈ ਕੋਈ ਚਿੱਤਰ ਛੱਡ ਕੇ ਕਾਂਗੜੇ ਦੇ ਚਿੱਤਰਕਾਰਾਂ ਦੇ ਨਾਵਾਂ ਦਾ ਕੁਝ ਪਤਾ ਨਹੀਂ । ਗੁਲੇਰ ਦੇ ਕੁਝ ਕੁ ਚਿੱਤਰ ਗੁਰਸਹਾਏ ਦੀ ਸਹੀ ਨਾਲ ਮਿਲਦੇ ਹਨ ਪਰ ਕਲਾਕਾਰ ਬਾਬਤ ਕੋਈ ਜਾਣਕਾਰੀ ਉਪਲਬਧ ਨਹੀਂ । ਸੰਸਾਰਚੰਦ ਦੇ ਦਰਬਾਰ ਵਿਚ ਕ੍ਰਿਸ਼ਨ ਲਾਲ, ਹਸਤੂ ਤੇ ਪੁਰਖੂ ਨਾਂ ਦੇ ਕਲਾਕਾਰਾਂ ਦਾ ਜ਼ਿਕਰ ਆਉਂਦਾ ਹੈ। ਪੁਰਖੂ ਕੋਮਲ ਅੰਗਾਂ ਤੇ ਧੀਮੇ ਰੰਗਾਂ ਦਾ ਮਾਹਿਰ ਸੀ। ਉਸ ਦੇ ਪੁੱਤਰ ਰਾਮਦਿਆਲ ਦਾ ਜਿਸ ਵਿਚ ਆਪਣੇ ਪਿਤਾ ਦੇ ਬਹੁਤ ਸਾਰੇ ਗੁਣ ਸਨ, ਵਰਣਨ ਵੀ ਮਿਲਦਾ ਹੈ। ਇਕ ਗੱਲੋਂ ਕਾਂਗੜੇ ਦੀ ਕਲਾ ਦਾ ਬੇਨਾਮ ਹੋਣਾ ਚੰਗਾ ਹੀ ਹੈ। ਅਸੀਂ ਕਲਾ ਵੱਲ ਜ਼ਿਆਦਾ
ਧਿਆਨ ਦਿੰਦੇ ਹਾਂ ਤੇ ਕਲਾਕਾਰਾਂ ਦੇ ਜੀਵਨ-ਵਿਸਤਾਰ ਵਿਚ ਉਲਝ ਕੇ ਨਹੀਂ ਰਹਿ ਜਾਂਦੇ ।
ਕਾਂਗੜੇ ਦੀ ਕਲਾ ਦਾ ਸ਼੍ਰੋਮਣੀ ਮਜ਼ਮੂਨ ਪ੍ਰੇਮ ਦੇ ਜਜ਼ਬੇ ਦਾ ਚਿੱਤਰਣ ਹੈ ਤੇ ਇਸ ਜਜ਼ਬੇ ਨੂੰ ਕਲਾਕਾਰ ਇਕ ਮਿਠਾਸ ਨਾਲ ਇਕ ਵਹਾਉ ਨਾਲ, ਇਕ ਸੁਚੱਜਤਾ ਨਾਲ ਪੇਸ਼ ਕਰਦੇ ਹਨ, ਜਿਵੇਂ ਕੁਮਾਰ ਸਵਾਮੀ ਨੇ ਕਿਹਾ ਹੈ, “ਜੋ ਕੁਝ ਚੀਨੀ ਕਲਾ ਨੇ ਪ੍ਰਕਿਰਤੀ-ਚਿੱਤਰਨ ਲਈ ਕੀਤਾ ਹੈ ਉਹੀ ਕੁਝ ਕਾਂਗੜੇ ਦੀ ਕਲਾ ਨੇ ਪ੍ਰੇਮ ਦੇ ਭਾਵਾਂ ਨੂੰ ਦਰਸਾਉਣ ਲਈ ਕੀਤਾ ਹੈ।” ਮੁੜ ਮੁੜ ਕਾਂਗੜੇ ਦੀ ਕਲਾ ਵਿਚ ਇਹੀ ਮਜ਼ਮੂਨ ਵੇਖਣ ਵਿਚ ਆਉਂਦਾ ਹੈ । ਭਾਵੇਂ ਰਾਗ ਰਾਗ੍ਰਣੀਆਂ ਨੂੰ ਦਰਸਾਇਆ ਜਾ ਰਿਹਾ ਹੋਵੇ, ਭਾਵੇਂ ਰਾਧਾ ਕ੍ਰਿਸ਼ਨ ਨੂੰ ਤੇ ਭਾਵੇਂ ਸ਼ਿਵ ਪਾਰਬਤੀ ਨੂੰ, ਹਰ ਰੂਪ ਵਿਚ ਪੁਰਸ਼ ਤੇ ਇਸਤਰੀ ਦੇ ਪ੍ਰੇਮ ਦਾ ਜ਼ਿਕਰ ਜ਼ਰੂਰ ਹੋਵੇਗਾ। ਕਾਂਗੜੇ ਦੇ ਕਲਾਕਾਰਾਂ ਲਈ ਔਰਤ ਦੇ ਅੰਗਾਂ ਦੀ ਸੁੰਦਰਤਾ ਦਾ ਚਿਤਰਨ ਸਭ ਤੋਂ ਜ਼ਿਆਦਾ ਮਹੱਤਵਪੂਰਨ ਸੀ । ਔਰਤ ਦੀ ਹੀ ਸੁੰਦਰਤਾ ਪ੍ਰਕਿਰਤੀ ਵਿਚ ਦਰਸਾਈ ਗਈ; ਲੰਮੇ ਲੰਮੇ ਬਾਂਸਾਂ ਦੇ ਸੰਘਣੇ ਝੁੰਡਾਂ ਤੇ ਬੱਦਲਾਂ ਦੇ ਪਰਛਾਵਿਆਂ ਵਿਚ ਉਹ ਔਰਤ ਦੀਆਂ ਕਾਲੀਆਂ ਜੁਲਫਾਂ ਨੂੰ ਨਿਹਾਰਦੇ ਰਹੇ।
ਮਿਸਟਰ ਡਬਲਯੂ. ਜੀ. ਆਰਚਰ ਨੇ ਕਾਂਗੜੇ ਦੀ ਕਲਾ ਵਿਚ ਲਿੰਗ-ਵਾਸ਼ਨਾ ਦੇ ਚਿੰਨ੍ਹਾਂ ਦਾ ਉਲੇਖ ਕਰ ਕੇ ਚਿੱਤਰਕਲਾ ਦੀ ਪੜਚੋਲ ਵਿਚ ਬੜਾ ਵਾਧਾ ਕੀਤਾ ਹੈ। ਇਸ ਗੱਲ ਦਾ ਨਿਰਣਾ ਕਠਿਨ ਹੈ ਕਿ ਇਹ ਚਿੰਨ੍ਹ ਜਾਣ ਬੁੱਝ ਕੇ ਵਰਤੇ ਗਏ ਸਨ ਜਾਂ ਕਲਾਕਾਰਾਂ ਦੇ ਅਚੇਤ ਮਨ ਵਿਚ ਪਏ ਸੰਸਕਾਰਾਂ ਦਾ ਸਿੱਟਾ ਸਨ । ਅਠਾਰ੍ਹਵੀਂ ਤੇ ਉਨ੍ਹੀਵੀਂ ਸਦੀ ਦੇ ਸ਼ੁਰੂ ਦਾ ਰਾਜਪੂਤ ਸਮਾਜ ਬੜਾ ਕੱਟੜ ਸੀ ਜਿਸ ਕਰਕੇ ਇਸ਼ਕਬਾਜ਼ੀ ਨੂੰ ਬਹੁਤ ਘ੍ਰਿਣਾ ਨਾਲ ਵੇਖਿਆ ਜਾਂਦਾ ਸੀ । ਆਮ ਲੋਕਾਂ ਦੇ ਜਜ਼ਬਿਆਂ ਨੂੰ ਧਰਮ ਦੇ ਨਾਂ ਹੇਠ ਦਬਾ ਕੇ ਰੱਖਿਆ ਜਾਂਦਾ ਸੀ ਤੇ ਹੋ ਸਕਦਾ ਹੈ ਅਮੀਰ ਲੋਕ ਆਪਣੀਆਂ ਕੁਦਰਤੀ ਰੁਚੀਆਂ ਨੂੰ ਇਸ ਤਰ੍ਹਾਂ ਦੇ ਚਿੱਤਰਾਂ ਦੁਆਰਾ ਪ੍ਰਗਟਾ ਲੈਂਦੇ ਹੋਣ।
ਪ੍ਰੇਮ ਦੇ ਇਹ ਚਿੱਤਰ ਜਜ਼ਬਿਆਂ ਨਾਲ ਭਰਪੂਰ ਹਨ ਤੇ ਅਤਿਅੰਤ ਸੁੰਦਰ ਮੰਨੇ ਜਾਂਦੇ ਹਨ । ਹਿਮਾਲਾ ਪਹਾੜ ਦੀ ਗੋਦੀ ਵਿਚ ਜੀਵਨ ਖ਼ਤਰਿਆਂ ਨਾਲ ਪਰੁੱਚਿਆ ਹੁੰਦਾ ਸੀ ਤੇ ਮੌਤ ਦਾ ਖਤਰਾ ਕੇਵਲ ਲੜਾਈ ਦੇ ਮੈਦਾਨ ਵਿਚ ਹੀ ਨਹੀਂ ਸੀ ਹੁੰਦਾ, ਇਹਦਾ ਡਰ ਸੰਘਣੇ ਜੰਗਲਾਂ ਵਿਚ ਵੀ ਜਿਨ੍ਹਾਂ ਨਾਲ ਇਹ ਪ੍ਰਦੇਸ਼ ਅੱਟਿਆ ਪਿਆ ਸੀ, ਉਤਨਾ ਹੀ ਹੁੰਦਾ ਸੀ। ਜਦੋਂ ਮਰਦ ਘਰ ਮੁੜਦੇ ਸਨ ਤਾਂ ਇਸਤਰੀਆਂ ਦੀ ਜਾਨ ਵਿਚ ਜਾਨ ਆਉਂਦੀ ਸੀ ਤੇ ਇਹ ਮਿਲਾਪ ਇਸ ਲਈ ਹੋਰ ਵੀ ਸੁਆਦਲਾ ਹੋ ਜਾਂਦਾ ਸੀ।
ਕਾਂਗੜੇ ਦੀ ਕਲਮ ਵਿਚ ਪ੍ਰਕਿਰਤੀ ਦਾ ਪਿਆਰ ਵੀ ਬਹੁਤ ਗਹਿਰਾ ਦਿਖਾਈ ਦਿੰਦਾ ਹੈ । ਇੱਥੋਂ ਦਾ ਲਾਂਭ ਚਾਂਭ ਬਿਆਸ ਦੀ ਹੇਠਲੀ ਵਾਦੀ ਵਰਗਾ ਹੈ; ਵਿੰਗੀਆਂ ਟੇਢੀਆਂ ਮਧਰੀਆਂ ਮਧਰੀਆਂ ਪਹਾੜੀਆਂ, ਛਤਰੀਆਂ ਵਾਂਗ ਪਿੱਪਲ, ਬੋਹੜ ਤੇ ਅੰਬਾਂ ਦੇ ਰੁੱਖਾਂ ਦੇ ਝੁੰਡਾਂ ਦੇ ਝੁੰਡ, ਬਾਂਸ ਦੇ ਝਾੜਾਂ ਵਿਚ ਲੁਕੀਆਂ ਕਿਸਾਨਾਂ ਦੀਆਂ ਝੁੱਗੀਆਂ, ਧੌਲਾ-ਧਾਰ ਦੇ ਬਰਵਾਨੀ ਪਾਣੀ ਨਾਲ ਉਮਲਦੇ ਚਸਮੇ ਜਿਨ੍ਹਾਂ
ਵਿਚ ਪ੍ਰੇਮ ਵਿਚ ਮਸਤ ਸਾਰਸਾਂ ਦੇ ਜੋੜੇ ਮੰਡਲਾਉਂਦੇ ਰਹਿੰਦੇ ਹਨ। ਇਹ ਸਭ ਕੁਝ ਇਸ ਇਲਾਕੇ ਵਿਚ ਹਮੇਸ਼ਾਂ ਹਮੇਸ਼ਾਂ ਤੋਂ ਹੈ। ਇਸ ਲਾਂਭੇ-ਚਾਂਭੇ ਵਿਚ ਪਿਆਰ ਦਾ ਜਜ਼ਬਾ ਉਲੀਕਿਆ ਹੋਵੇ ਤਾਂ ਕਲਾਕਾਰ ਇਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ। ਜਿਵੇਂ ਓਕਾਕੂਰਾ ਨੇ ਇਕ ਥਾਂ ਕਿਹਾ ਹੈ, “ਕੁਦਰਤ ਦੇ ਸੁਹਜ ਦੇ ਵਿਕੋਲਿੱਤਰੇ ਟੁਕੜੇ, ਕਾਲੇ ਕਾਲੇ, ਸੁੱਤੇ ਸੁੱਤੇ ਬੱਦਲ, ਚੀਲ੍ਹ ਦੇ ਦਰੱਖਤਾਂ
ਦੀ ਗੰਭੀਰ ਚੁੱਪ, ਬਰਫ਼ ਦੀ ਅਹਿਲ ਸ਼ਾਂਤੀ, ਗਹਿਰੇ ਪਾਣੀਆਂ ਦੇ ਉੱਤੇ ਕਮਲ ਦੀ ਸੱਛਤਾ, ਅਲੂਚੇ ਦੇ ਫੁੱਲਾਂ ਦੀ ਸੁਗੰਧੀ, ਕੁਆਰੀ ਜਵਾਨੀ ਦੇ ਪਹਿਰਾਵੇ ਉਤੇ ਸ਼ਹੀਦ ਦਾ ਲਹੂ, ਕਿਸੇ ਬੀਰ ਸਿਪਾਹੀ ਦੇ ਬੁਢਾਪੇ ਵਿਚ ਕਿਰੇ ਅੱਥਰੂ, ਲੜਾਈ ਦੀ ਹੈਬਤ ਤੇ ਕਿਸੇ ਸ਼ਾਨਦਾਰ ਜੀਵਨ ਦੀ ਸ਼ਾਨ, ਇਹ ਕੁਝ ਦ੍ਰਿਸ ਹਨ ਜਿਨ੍ਹਾਂ ਵਿਚ ਇਕ ਕਲਾਕਾਰ, ਆਪਣੀ ਕਲਾ ਨੂੰ ਜਨਮ ਦੇਣ ਤੋਂ ਪਹਿਲਾਂ ਗੜੂੰਦ ਕਰ ਲੈਂਦਾ ਹੈ। ਇਸ ਤਰ੍ਹਾਂ ਕਲਾ ਮਜ੍ਹਬ ਜਿੱਡੀ ਮਹੱਤਤਾ ਰੱਖਦੀ ਹੈ ਜਿਵੇਂ ਪਿਆਰ ਆਪ ਕਿਸੇ ਕਦੀਮੀ ਪਿਆਰ ਦੀ ਭਾਲ ਵਿਚ ਸਾਰੇ ਭੂਤ ਕਾਲ ਦੀ ਯਾਦ ਸਾਂਭ, ਸਾਰੇ ਭਵਿੱਖ ਤੇ ਇਕ ਦ੍ਰਿਸ਼ਟੀ ਰੱਖ ਕੇ ਯਾਤਰਾ ਲਈ ਤੁਰ ਪਵੇ ।
ਰੁੱਤਾਂ
ਹਿੰਦੂਆਂ ਨੇ ਸਾਲ ਨੂੰ ਛੇ ਰੁੱਤਾਂ ਵਿਚ ਵੰਡਿਆ ਹੈ। ਹਰ ਰੁੱਤ ਦੇ ਦੋ ਮਹੀਨੇ ਹੁੰਦੇ ਹਨ। ਜੇਠ ਹਾੜ੍ਹ ਵਿਚ ਗਰਮੀ ਧਰਤ ਨੂੰ ਲੂਹ ਕੇ ਰੱਖ ਦਿੰਦੀ ਹੈ। ਫਿਰ ਸਾਵਣ ਭਾਦਰੋਂ ਵਿਚ ਬਾਰਸ਼ਾਂ ਹੁੰਦੀਆਂ ਹਨ। ਅੱਸੂ ਵਿਚ, ਜਦੋਂ ਆਕਾਸ਼ ਸਾਫ਼ ਹੁੰਦਾ ਹੈ ਤੇ ਪਤਝੜ ਸ਼ੁਰੂ ਹੋ ਜਾਂਦੀ ਹੈ, ਸੂਰਜ ਦੇ ਡੁੱਬਣ ਦੇ ਸੁਨਹਿਰੀ ਦ੍ਰਿਸ਼ ਦਿਲ ਨੂੰ ਖਿੱਚਦੇ ਹਨ । ਕੱਤਕ ਦੇ ਮਹੀਨੇ ਵਿਚ ਰਾਤਾਂ ਚੰਨ-ਚਾਨਣੀ ਨਾਲ ਚਮਕ ਉਠਦੀਆਂ ਹਨ। ਮੱਘਰ ਤੇ ਪੋਹ ਦੇ ਅੱਧ ਤੋਂ ਸਿਆਲਾ ਸ਼ੁਰੂ ਹੋ ਜਾਂਦਾ ਹੈ ਤੇ ਪੋਹ ਤੋਂ ਅਖੀਰ ਮਾਘ ਤੀਕ ਖੂਬ ਠੰਢ ਪੈਂਦੀ ਹੈ। ਬਾਹਰ ਕੱਕਰ ਜੰਮਦਾ ਤੇ ਪਹਾੜਾਂ ਤੇ ਬਰਫਾਂ ਪੈਂਦੀਆਂ ਹਨ।
ਸੀਤ ਭਈ ਰੁਤ ਕਾਤਕ ਕੀ ਮੁਨਦੇਵ ਚੜਯੋ ਜਲ ਹੈਗਯੋ ਥੋਰੋ ॥
ਕਾਨ੍ਹ ਕਨੀਰੇ ਕੇ ਫੂਲ ਧਰੇ ਅਰੁ ਗਾਵਤ ਬੇਨ ਬਜਾਵਤ ਭੋਰੋ ॥
ਗਰਮੀ ਸਰਦੀ ਦਾ ਲਿਹਾਜ਼ ਰੱਖਦੇ ਹੋਏ ਸਾਲ ਨੂੰ ਚਾਰ ਰੁੱਤਾਂ ਵਿਚ ਵੀ ਵੰਡਿਆ ਜਾ ਸਕਦਾ , ਗਰਮੀ, ਪਤਝੜ ਤੇ ਸਰਦੀ ਜਿਵੇਂ ਦਿਨ ਦੇ ਚਾਰ ਹਿੱਸੇ ਹੁੰਦੇ ਹਨ, ਸਵੇਰਾ, ਦੁਪਹਿਰ,
ਹੈ; ਬਹਾਰ ਆਥਣ ਤੇ ਰਾਤ ਜਾਂ ਜ਼ਿੰਦਗੀ ਦੇ ਚਾਰ ਹਿੱਸੇ, ਬਾਲ ਅਵਸਥਾ, ਜਵਾਨੀ, ਉਧੇੜ ਅਵਸਥਾ ਤੇ ਬੁਢਾਪਾ। ਸਾਲ ਦੇ ਬਾਰਾਂ ਮਹੀਨੇ ਕਵੀਆਂ ਲਈ ਕਈ ਵਾਰ ਕਵਿਤਾ ਦਾ ਵਿਸ਼ਾ ਬਣਦੇ ਰਹੇ ਹਨ। ਇਸ ਨੂੰ ਬਾਰਾਂਮਾਹਾ ਕਹਿੰਦੇ ਹਨ। ਕੇਸ਼ਵਦਾਸ ਨੇ ਆਪਣੇ ਬਾਰਾਂਮਾਹੇ ਵਿਚ ਰੁੱਤਾਂ ਦਾ ਵਾਰ ਵਾਰ ਵਰਣਨ ਕੀਤਾ ਹੈ ਤੇ ਹਰ ਮਹੀਨੇ ਵਿਚ ਲੋਕਾਂ ਦੇ ਜੀਵਨ ਤੇ ਰਹਿਣੀ ਬਹਿਣੀ ਬਾਰੇ ਸੁਆਦਲੀ ਰੋਸ਼ਨੀ ਪਾਈ ਹੈ। ਇਨ੍ਹਾਂ ਨੂੰ ਸੰਸਾਰ ਚੰਦ ਦੇ ਜ਼ਮਾਨੇ ਵਿਚ ਚਿੱਤਰਿਆ ਵੀ ਗਿਆ ਤੇ ਅੱਜ ਕਲ੍ਹ ਇਹ ਬਾਰਾਂ ਚਿੱਤਰ ਲੰਬਾਗਰਾਉਂ ਦੇ ਰਾਜਾ ਧਰੂਦੇਵਚੰਦ ਦੇ ਕਬਜ਼ੇ ਵਿਚ ਹਨ। ਹਰ ਚਿੱਤਰ ਵਿਚ ਸਾਹਮਣੇ ਰਾਧਾ ਕ੍ਰਿਸ਼ਨ ਵਿਖਾਏ ਹਨ, ਹਰ ਮਹੀਨੇ ਵਿਚ ਉਨ੍ਹਾਂ ਦੇ ਬਸਤਰ ਬਦਲੇ ਹੋਏ ਹੁੰਦੇ ਹਨ। ਪਿਛਵਾੜੇ ਵਿਚ ਰੁੱਤ ਨੂੰ ਪ੍ਰਕਿਰਤੀ ਰਾਹੀਂ ਤੇ ਮਨੁੱਖਾਂ ਤੇ ਜਾਨਵਰਾਂ ਦੇ ਕਰਮਾਂ ਦੁਆਰਾ ਉਭਾਰਿਆ ਹੁੰਦਾ ਹੈ।
ਬਸੰਤ ਨੂੰ ਕੂੰਦੀਆ ਘੁੱਗੀਆਂ ਤੇ ਪੀਲੇ ਫੁੱਲਾਂ ਨਾਲ ਦਰਸਾਇਆ ਜਾਂਦਾ ਹੈ। ਫਰਵਰੀ ਦੇ ਪਹਿਲੇ ਹਫਤੇ ਵਿਚ ਸਰ੍ਹੋਂ ਦੇ ਫੁੱਲ ਸੁਨਹਿਰੀ ਸਾਗਰ ਵਾਂਗ ਹੁੰਦੇ ਹਨ। ਟਾਹਲੀਆਂ ਰੇਸ਼ਮ-ਵੰਨੇ ਹਲਕੇ ਸਬਜ਼ ਪੱਤਰਾਂ ਨਾਲ ਲੱਦੀਆਂ ਹੁੰਦੀਆਂ ਹਨ। ਔਰਤਾਂ ਮਰਦ ਬਸੰਤੀ ਕਪੜੇ ਪਾਉਂਦੇ ਹਨ ਜਿਹੜੇ ਪ੍ਰਕਿਰਤੀ ਨਾਲ ਮੇਲ ਖਾਂਦੇ ਹਨ। ਸਾਰੀ ਦੀ ਸਾਰੀ ਧਰਤੀ ਅਸ਼ੋਕ ਤੇ ਢੱਕ ਆਦਿ ਦੇ ਫੁੱਲਾਂ ਨਾਲ ਭਰ ਜਾਂਦੀ ਹੈ। ਕਚਨਾਰ ਦੇ ਗੁਲਾਬੀ, ਸਫੈਦ ਤੇ ਲਾਲ ਰੰਗ, ਅੰਬਾਂ ਦਾ ਕੱਚਾ ਪੀਲਾ ਬੁਰ, ਕੈਂਥ ਦਾ ਦੁੱਧ ਚਿੱਟਾ ਰੰਗ ਤੇ ਹੋਰ ਅਨੇਕ ਫੁੱਲ ਇਨ੍ਹਾਂ ਦਿਨਾਂ ਵਿਚ ਧਰਤੀ ਨੂੰ ਢੱਕ ਲੈਂਦੇ ਹਨ। ਹਵਾ ਵਿਚ ਇਕ ਗਰਮੀ ਜਹੀ ਹੁੰਦੀ ਹੈ ਤੇ ਪ੍ਰੇਮੀ ਅਲਸਾਏ ਅਲਸਾਏ ਰਹਿੰਦੇ ਹਨ। ਫੱਗਣ ਵਿਚ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ । ਇਸ ਮਹੀਨੇ ਨੂੰ ‘ਪ੍ਰੇਮੀਆਂ ਦਾ ਮਹੀਨਾ ਕਿਹਾ ਜਾਂਦਾ ਹੈ, ਤੀਵੀਆਂ ਤੇ ਮਰਦ ਬਸੰਤ ਦੇ ਗੀਤ ਗਾਉਂਦੇ ਹਨ ਤੇ ਇਕ ਦੂਜੇ ਉੱਤੇ ਰੰਗ ਸੁੱਟਦੇ ਹਨ। ਚੋਂਹੀ ਪਾਸੀਂ ਗਹਿਮਾ-ਗਹਿਮੀ ਤੇ ਖੁਸ਼ੀ ਖਿਲਰੀ ਹੋਈ ਹੁੰਦੀ ਹੈ ਤੇ ਪ੍ਰੇਮੀ ਇਕ ਦੂਜੇ ਨੂੰ ਗੁਲਾਲ ਨਾਲ ਲੱਥ-ਪੱਥ ਕਰ ਦਿੰਦੇ ਹਨ।
ਬਹਾਰ ਦਾ ਸੁਨੇਹਾ ਲੈ ਕੇ ਆਈ ਹੋਲੀ ਇਕ ਬੜਾ ਖੁੱਲ੍ਹਾ-ਡੁੱਲ੍ਹਾ ਤਿਉਹਾਰ ਹੈ । ਇਸ ਵਿਚ ਭੌਤਿਕ ਤੇ ਆਤਮਿਕ ਦੋਵੇਂ ਰਸ ਰਲਗੱਡ ਹੁੰਦੇ ਹਨ। ਆਪਣੀ ਪ੍ਰੇਮਿਕਾ ਦੇ ਗਲ ਵਿਚ ਬਾਹਾਂ ਪਾਈ ਪ੍ਰੇਮੀ ਉਸ ਵੱਲ ਪਿਆਰ-ਭਰੀਆਂ ਨਜ਼ਰਾਂ ਨਾਲ ਵੇਖਦਾ ਹੈ । ਪ੍ਰੇਮਿਕਾ ਮਹੀਨ ਤੇ ਪਤਲੇ ਲੀੜਿਆਂ ਵਿਚ ਵਲ੍ਹੇਟੀ ਹੁੰਦੀ ਹੈ। ਉਸ ਦੇ ਹੱਥ ਮਹਿੰਦੀ ਨਾਲ ਰੰਗੇ ਹੋਏ ਹਨ, ਛੱਜੇ ਦੇ ਕੋਲ ਇਕ ਰੁੱਖ ਫੁੱਲਾਂ ਨਾਲ ਲੱਦਿਆ ਹੋਇਆ ਹੈ ਤੇ ਪਿਛਵਾੜੇ ਵਿਚ ਇਕ ਹਜੂਮ ਰੰਗ ਸੁੱਟ ਰਿਹਾ, ਹੋਲੀ ਖੇਡ ਰਿਹਾ ਹੈ। ਇਕ ਆਦਮੀ ਢੋਲ ਲਈ ਅੱਗੇ ਅੱਗੇ ਜਾ ਰਿਹਾ ਹੈ, ਮਰਦ ਇਕ ਦੂਜੇ ਤੇ ਗੁਲਾਲ ਸੁੱਟ ਰਹੇ ਹਨ ਤੇ ਔਰਤਾਂ ਉੱਤੋਂ ਝਰੋਖਿਆਂ ਵਿੱਚੋਂ ਰੰਗਾਂ ਦੀਆਂ ਪਿਚਕਾਰੀਆਂ ਛੱਡ ਰਹੀਆਂ ਹਨ । ਬਾਰਾਂਮਾਹੇ ਦੇ ਚਿੱਤਰਾਂ ਵਿਚ ਫੱਗਣ ਦਾ ਮਹੀਨਾ ਕੁਝ ਇਸ ਤਰ੍ਹਾਂ ਦਰਸਾਇਆ ਹੁੰਦਾ ਹੈ।
ਬਹਾਰ ਆਹਿਸਤਾ ਆਹਿਸਤਾ ਗਰਮੀ ਵਿਚ ਵਟ ਜਾਂਦੀ ਹੈ । ਬ੍ਰਿਛਾਂ ਵਿਚ ਨਵਾਂ ਪੁੰਗਾਰਾ ਪੈ ਜਾਂਦਾ ਹੈ ਤੇ ਗੁਲਮੋਹਰ ਕਿਰਮਚੀ ਬਾਣਾ ਪਹਿਨ ਲੈਂਦਾ ਹੈ । ਸੂਰਜ ਦੀਆਂ ਜਾਲਮ ਕਿਰਨਾਂ ਧਰਤੀ ਨੂੰ ਲੂਹ ਸੁੱਟਦੀਆਂ ਹਨ ਤੇ ਗਰਮ ਹਵਾਵਾਂ ਨਾਲ ਦਮ ਘੁਟੀਣ ਲੱਗ ਪੈਂਦਾ ਹੈ। ਜੀਵ ਜੰਤੂ ਰੁੱਖਾਂ ਦੀ ਛਾਂ ਟੋਲਦੇ ਹਨ। ਬਾਘ ਥੱਕ ਕੇ ਆਪਣੇ ਘੁਰਨਿਆਂ ਵਿਚ ਆਰਾਮ ਲਈ ਵੜ ਜਾਂਦੇ ਹਨ। ਚਾਰੇ ਪਾਸੇ ਦੁਪਹਿਰਾਂ ਕੜਕਦੀਆਂ ਹਨ। ਹਾਥੀ, ਗਰਮੀ ਦੇ ਸਤਾਏ ਜ਼ੋਰ ਜ਼ੋਰ ਨਾਲ ਗਰਜਦੇ ਹਨ, ਸੱਪ ਖੁੱਡਾਂ ਵਿੱਚੋਂ ਨਿਕਲ ਆਉਂਦੇ ਹਨ ਤੇ ਮੁਸਾਫਰ ਅੰਬਾਂ ਦੀਆਂ ਸੁਖਾਵੀਆਂ ਛਾਵਾਂ ਹੇਠ ਸਾਹ ਲੈਂਦੇ ਹਨ ਤੇ ਛਬੀਲਾਂ ਉਤੇ ਆਪਣੀ ਤੇਹ ਮਿਟਾਉਂਦੇ ਹਨ। ਇਕ ਸੁੰਦਰੀ ਨੀਲੇ ਬਸਤਰ ਪਾਈ ਛੱਜੇ ਤੇ ਖੜੀ ਹੈ, ਉਸ ਦੀਆਂ ਤਲੀਆਂ ਮਹਿੰਦੀ ਨਾਲ ਰੰਗੀਆਂ ਹੋਈਆ ਹਨ, ਉਹ ਆਪਣੇ ਪ੍ਰੇਮੀ ਨਾਲ ਜਿਸ ਨੇ ਮਲਮਲ ਦਾ ਕੁੜਤਾ ਪਾਇਆ ਹੋਇਆ ਹੈ, ਗੱਲਾਂ ਕਰ ਰਹੀ ਹੈ। ਅਮਲਤਾਸ ਦੇ ਸੁਨਹਿਰੀ ਪੀਲੇ ਰੰਗ ਇਸ ਸੁੰਦਰੀ ਦੇ ਨੀਲੇ ਪਹਿਰਾਵੇ ਨੂੰ ਖੂਬ ਉਭਾਰਦੇ ਹਨ।
ਜੇਠ-ਹਾੜ੍ਹ ਦੀ ਮਾਰੂ ਗਰਮੀ ਤੋਂ ਬਾਅਦ ਅਸਮਾਨ ਉਤੇ ਕਾਲੇ ਬੱਦਲ ਛਾ ਜਾਂਦੇ ਹਨ। ਹਰ ਕਿਸੇ ਨੂੰ ਮੀਂਹ ਦੀ ਉਡੀਕ ਹੁੰਦੀ ਹੈ। ਧਰਤੀ ਹਰੇ ਹਰੇ ਘਾਹ ਨਾਲ ਸਜ ਜਾਂਦੀ ਹੈ। ਪ੍ਰੇਮੀਆਂ ਦੇ ਮਨ ਖੁਸ਼ੀ ਵਿਚ ਸਮਾਉਂਦੇ ਨਹੀਂ ਦਿੱਸਦੇ। ਹਾਥੀ ਮੀਂਹ ਵਿਚ ਮੌਜਾਂ ਲੈਂਦੇ ਹਨ, ਬਾਘ ਆਪਣੇ ਘੁਰਨਿਆਂ ਵਿਚ ਜਾ ਲੁੱਕਦਾ ਹੈ। ਤੇਜ਼ ਹਵਾ ਵਗ ਵਗ ਕੇ ਝੱਲੀ ਹੋਈ ਫਿਰਦੀ ਤੇ ਬੱਦਲ ਵੱਸ ਵੱਸ ਕੇ ਫੇਰ ਵੱਸਦੇ ਹਨ। ਆਕਾਸ਼ ਤੇ ਮੁੜ ਮੁੜ ਬਿਜਲੀ ਲਿਸ਼ਕਦੀ ਹੈ। ਪ੍ਰੇਮੀਆਂ ਦਾ ਇਕ ਜੋੜਾ ਛੱਜੇ ਵਿਚ ਖਲੋਤਾ ਇਸ ਮੌਸਮ ਨੂੰ ਮਾਣ ਰਿਹਾ ਹੈ । ਸੁੰਦਰੀ ਇਕ ਹਿਰਨ ਵੱਲ ਇਸ਼ਾਰਾ ਕਰ ਰਹੀ ਹੈ ਜਿਸ ਦੇ ਪਿੱਛੇ ਇਕ ਚੀਤਾ ਪਿਆ ਹੋਇਆ ਹੈ। ਸਾਵਣ ਪ੍ਰੇਮੀਆਂ ਦਾ ਮਹੀਨਾ ਹੈ-ਜਜ਼ਬਿਆਂ ਤੇ ਇਹਸਾਸਾਂ-ਭਰਪੂਰ । ਠੰਢੇ ਮਿੱਠੇ ਵਾਤਾਵਰਣ ਵਿਚ ਵਿਛੜੇ ਸਾਵਣ ਦਿੱਲੀ ਵਿਚ ਯਾਦਾਂ ਪਲਸੇਟੇ ਲੈਣ ਲਗ ਪੈਂਦੀਆਂ ਹਨ। ਜਿਨ੍ਹਾਂ ਦੇ ਪ੍ਰੇਮੀ ਉਨ੍ਹਾਂ ਦੇ ਕੋਲ ਹੁੰਦੇ ਹਨ ਉਹ ਘਣੇ ਕਾਲੇ ਬੱਦਲਾਂ ਨੂੰ ਵੇਖਦੇ ਹਨ ਜਿਨ੍ਹਾਂ ਵਿਚ ਬਿਜਲੀ ਕੁੱਦ ਕੁੱਦ ਪੈਂਦੀ ਹੈ। ਕਾਲੇ ਬੱਦਲਾਂ ਵਿਚ ਉਡ ਰਹੇ ਚਿੱਟੇ ਸਾਰਸ ਪ੍ਰੇਮੀਆਂ ਨੂੰ ਬੜੇ ਪਿਆਰੇ ਲਗਦੇ ਹਨ ।
ਅਸ਼ਟ ਨਾਇਕਾ
ਸੋਲ੍ਹਵੀਂ ਤੇ ਸਤਾਰ੍ਹਵੀਂ ਸਦੀ ਦੇ ਹਿੰਦੂ ਕਵੀ ਮਨੁੱਖ ਦੀ ਤਬੀਅਤ ਦੇ ਖੂਬ ਵਾਕਿਫ ਸਨ। ਉਨ੍ਹਾਂ ਨੇ ਇਸਤਰੀ ਦੇ, ਉਸ ਦੀ ਆਯੂ, ਤਜਰਬੇ, ਸਰੀਰਕ ਤੇ ਮਾਨਸਿਕ ਵਿਸ਼ੇਸ਼ਤਾਈਆਂ, ਹਾਲਤਾਂ ਜਜ਼ਬਿਆਂ ਤੇ ਇਹਸਾਸਾਂ ਦੇ ਆਧਾਰ ਉੱਤੇ ਵੱਖ ਵੱਖ ਨਾਂ ਰੱਖੇ ਹੋਏ ਸਨ । ਇਨ੍ਹਾਂ ਕਵੀਆਂ ਵਿਚ ਸਭ ਤੋਂ ਉੱਘਾ ਬੁੰਦੇਲਖੰਡ ਵਿਚ ਓਰਛਾ ਦਾ ਇਕ ਬ੍ਰਾਹਮਣ ਕੇਸ਼ਵਦਾਸ ਸੀ । ਉਹ ਓਰਛਾ ਦੇ ਰਾਜੇ ਇੰਦਰਜੀਤ ਸ਼ਾਹ ਦਾ ਦਰਬਾਰੀ ਕਵੀ ਸੀ। ਉਸ ਨੇ ਆਪਣੀ ਮਸ਼ਹੂਰ ਕਵਿਤਾ ‘ਰਸਿਕ ਪ੍ਰਿਯਾ’ 1591 ਈ. ਵਿਚ ਲਿਖੀ। ਕਾਂਗੜੇ ਦੇ ਕੁਝ ਕੁ ਨਾਇਕਾ-ਚਿੱਤਰ, ‘ਰਸਿਕ ਪ੍ਰਿਯਾ’ ਦੀ ਕਵਿਤਾ ਦੇ ਟੁਕੜਿਆਂ ਦੇ ਆਧਾਰ ਤੇ ਬਣਾਏ ਗਏ ।
‘ਰਸਿਕ ਪ੍ਰਿਯਾ’ ਬਹੁਤ ਉੱਤਮ ਢੰਗ ਨਾਲ ਲਿਖੀ ਕਵਿਤਾ ਹੈ । ਇਸ ਦੀ ਬੋਲੀ ਸੰਗੀਤਮਈ ਤੇ ਖਿਆਲ ਖੁਲ੍ਹਾ ਡੁਲ੍ਹਾ ਹੈ, ਪਿਆਰ ਦਾ ਜਜ਼ਬਾ ਧਰਮ ਦੇ ਜਜ਼ਬੇ ਨੂੰ ਦਰਸਾਉਂਦਾ ਹੈ। ਇਸ ਵਿਚ ਰਾਧਾ ਦੀ ਕ੍ਰਿਸ਼ਨ ਲਈ ਬਿਹਬਲਤਾ, ਆਤਮਾ ਦੀ ਪਰਮਾਤਮਾ ਲਈ ਤੜਪ, ਦਰਸਾਈ ਗਈ ਹੈ ਤੇ ਜਜ਼ਬੇ ਨੂੰ ਇਸ ਵੇਗ ਨਾਲ ਬਿਆਨ ਕੀਤਾ ਹੈ ਜਿਵੇਂ ਕੋਈ ਪੂਰਬੀ ਕਲਾਕਾਰ ਹੀ ਕਰ ਸਕਦਾ ਹੈ। ਆਤਮਾ ਦੀ ਪਰਮਾਤਮਾ ਲਈ ਖੋਜ ਤੇ ਫਿਰ ਪਰਮਾਤਮਾ ਦਾ ਬਾਹਾਂ ਪਸਾਰੀ ਆਪਣੇ ਭਗਤ ਨੂੰ ਛਾਤੀ ਨਾਲ ਲਾਉਣ ਅਤੇ ਉਸ ਨੂੰ ਇਕ ਸਦੀਵੀ ਸ਼ਾਂਤ ਟਿਕਾਣੇ ਉੱਤੇ ਪਹੁੰਚਾ ਦੇਣ ਦਾ ਕਮਾਲ ਦਾ ਵਰਣਨ ਹੈ।
ਹਿੰਦੀ ਦੀ ਪ੍ਰੇਮ-ਕਵਿਤਾ ਵਿਚ ਬਿਆਨ ਦਾ ਸੰਜਮ ਹੁੰਦਾ ਹੈ ਤੇ ਰੰਗ ਦੀ ਸ਼ੋਖੀ ਹੁੰਦੀ ਹੈ । ਦੋਹਿਆਂ ਵਿਚ ਪਿਆਰ ਦੇ ਜਜ਼ਬਿਆਂ ਨੂੰ ਅਤਿ ਸੁੰਦਰ ਢੰਗ ਨਾਲ ਬਿਆਨ ਕੀਤਾ ਹੁੰਦਾ ਹੈ। ਇਹੋ ਜਿਹੇ ਦੋਹੇ, ਚਿੱਤਰਾਂ ਵਿਚ ਖਾਸ ਤੌਰ ਤੇ ਦਰਸਾਏ ਜਾ ਸਕਦੇ ਹਨ ਤੇ ਕਾਂਗੜੇ ਦੇ ਛੋਟੇ ਚਿੱਤਰ ਇੰਜ ਜਾਪਦੇ ਹਨ ਜਿਵੇਂ ਨਿੱਕੀਆਂ ਨਿੱਕੀਆਂ ਕਵਿਤਾਵਾਂ ਨੂੰ ਰੰਗਾਂ ਦਾ ਰੂਪ ਦੇ ਦਿੱਤਾ ਗਿਆ ਹੋਵੇ ।
ਨਾਇਕਾ ਤਿੰਨ ਤਰ੍ਹਾਂ ਦੀ ਹੁੰਦੀ ਹੈ। ਆਪਣੀ ਨਾਇਕਾ ਜਾਂ ਸ੍ਵੈਕੀਆ, ਦੂਜੇ ਦੀ ਨਾਇਕਾ ਜਾਂ ਪਰਕੀਆ ਤੇ ਹਰ ਕਿਸੇ ਦੀ ਨਾਇਕਾ ਜਾਂ ਸਾਮਾਨਿਆ
ਸੈਕੀਆ ਨਾਇਕਾ ਦੀਆਂ ਅੱਠ ਵੰਨਗੀਆਂ ਮੰਨੀਆਂ ਜਾਂਦੀਆਂ ਹਨ :-
ਸ੍ਵਾਧੀਨ ਪਤਿਕਾ, ਉਤਕੰਠਿਤਾ, ਵਾਸਕ ਸੱਜਾ, ਅਭਿਸੰਧਿਤਾ ਜਾਂ ਕਲਹਾਂਤਰਿਤਾ, ਖੰਡਿਤਾ, ਪਰੋਸ਼ਿਤ-ਪਤਿਕਾ ਜਾਂ ਪਰੋਸਿਤ-ਪ੍ਰੇਯਸੀ, ਵਿਪ੍ਰਲਭਧਾ, ਅਭਿਸਾਰਿਕਾ ।
ਸ੍ਵੈਧੀਨ ਪਤਿਕਾ ਉਹ ਨਾਇਕਾ ਹੁੰਦੀ ਹੈ ਜਿਸ ਦੀ ਸੀਰਤ ਤੇ ਉਸ ਦਾ ਪਤੀ ਮੁਗਧ ਹੋਵੇ ਤੇ ਜਿਸ ਦੇ ਪ੍ਰੇਮ ਵਿਚ ਉਹ ਹਮੇਸ਼ ਹਮੇਸ਼ ਲਈ ਬੱਝ ਗਿਆ ਹੋਵੇ।
ਕਾਂਗੜੇ ਦੀ ਕਲਾ ਵਿਚ ਇਹ ਨਾਇਕਾ ਰਾਧਾ ਦੇ ਰੂਪ ਵਿਚ ਦਰਸਾਈ ਗਈ ਹੈ । ਰਾਧਾ, ਕ੍ਰਿਸ਼ਨ ਵੱਲ, ਜੋ ਪੂਰੀ ਤਰ੍ਹਾਂ ਉਸ ਦੇ ਵੱਸ ਵਿਚ ਹੁੰਦਾ ਹੈ, ਸ੍ਵੈ-ਭਰੋਸੇ ਤੇ ਸ੍ਵੈ-ਮਾਣ ਨਾਲ ਵੇਖ ਰਹੀ ਹੁੰਦੀ ਹੈ।
ਸਾਹਿਤ ਵਿਚ ਇਸ ਨਾਇਕਾ ਦਾ ਵਰਣਨ ਇਉਂ ਆਉਂਦਾ ਹੈ, “ਓ ਰਾਧਾ ! ਕ੍ਰਿਸ਼ਨ ਬ੍ਰਿਜ ਦਾ ਪਾਲਕ ਹੈ ਤੇ ਬ੍ਰਹਮਾ ਦਾ ਦੁਲਾਰਾ ਹੈ। ਦੇਵੀਆਂ ਤੇ ਜੋਗਣੀਆਂ, ਲਕਸ਼ਮੀ ਤੇ ਸੂਰਯਾ ਉਹਦੇ ਗੁਣ ਗਾਉਂਦੀਆਂ ਨਹੀਂ ਥੱਕਦੀਆ ਤੇ ਤੂੰ, ਇਕ ਗਰੀਬ ਗਵਾਲਣ, ਉਸ ਕੋਲੋਂ ਆਪਣੇ ਪੈਰ ਧੁਆਉਂਦੀ ਏਂ ਤੇ ਉਹ ਸੰਸਾਰ ਦਾ ਮਾਲਕ ਤੇਰੇ ਪਿੱਛੇ ਪਿੱਛੇ ਇਕ ਪਰਛਾਵੇਂ ਵਾਂਗ ਫਿਰਦਾ ਹੈ ? ਤੇਰੀਆਂ ਨਿੱਕੀਆਂ ਚਾਹਬਤਾਂ ਉਹ ਪੂਰੀਆਂ ਕਰਦਾ ਹੈ ਤੇ ਹਰਦਮ ਤੇਰੇ ਅੰਗ ਸੰਗ ਰਹਿੰਦਾ ਹੈ । ਜਿਵੇਂ ਗੰਗਾ ਦਾ ਪਾਣੀ ਕਦੀ ਭਗੀਰਥ ਤੇ ਰਥ ਦੇ ਪਿੱਛੇ ਦੌੜਦਾ ਫਿਰਦਾ ਸੀ ਓਵੇਂ ਹੀ ਉਹ ਤੇਰੀਆਂ ਕਾਮਨਾਵਾਂ ਦੇ ਪਿੱਛੇ ਦੌੜਿਆ ਫਿਰਦਾ ਹੈ । ਤੇਰੇ ਸ਼ਬਦ ਉਸ ਲਈ ਅਕਾਸ਼-ਬਾਣੀ ਦਾ ਦਰਜਾ ਰੱਖਦੇ ਹਨ। ਭਾਵੇਂ ਲੋਕੀ
ਉਸ ਉੱਤੇ ਪਏ ਹੱਸਣ, ਉਸ ਨੂੰ ਇਸ ਸਭ ਕੁਝ ਤੋਂ ਹੋੜਨ ਦਾ ਕੀ ਲਾਭ ?” ਉਤਕੰਠਿਤਾ ਉਹ ਨਾਇਕਾ ਹੁੰਦੀ ਹੈ ਜਿਸ ਦਾ ਪ੍ਰੇਮੀ ਨਿਯਤ ਸਮੇਂ ਉੱਤੇ ਪੁੱਜਦਾ ਨਹੀਂ
। ਇਸ ਨੂੰ ਨਦੀ ਦੇ ਕੰਢੇ ਇਕ ਰੁੱਖ ਹੇਠ ਪੱਤਿਆਂ ਦੀ ਸੇਜ ਤੇ ਖੜੋਤੀ ਵਿਖਾਇਆ ਗਿਆ ਹੈ ਤੇ ਪੱਤਿਆਂ ਉਤੇ ਚੰਬੇਲੀ ਦੇ ਫੁੱਲ ਖਿਲਰੇ ਹੋਏ ਹਨ। ਰੁੱਖ ਦੇ ਮੁੱਢ ਨੂੰ ‘ਚੰਬੇਲੀ ਦੇ ਹਾਰਾਂ ਨਾਲ ਸਜਾਇਆ ਹੋਇਆ ਹੈ। ਰੁੱਖ ਉਤੇ ਚੁਹਲ ਕਰ ਰਹੇ ਪੰਛੀਆਂ ਦਾ ਜੋੜਾ ਹੈ। ਆਕਾਸ਼ ਉੱਤੇ ਕਾਲੇ ਬੱਦਲ, ਚਮਕ ਰਹੀ ਬਿਜਲੀ ਵਿਚ ਹੋਰ ਕਾਲੇ ਲੱਗਦੇ ਹਨ। ਨਾਇਕਾ, ਜੋ ਕਿਸੇ ਜੰਗਲ ਦੀ ਕੋਈ ਮੰਤਰ-ਮੁਗਧ ਪਰੀ ਜਾਪਦੀ ਹੈ, ਆਪਣੇ ਪ੍ਰੇਮੀ ਦੀ ਉਡੀਕ ਕਰ ਰਹੀ ਹੈ। ਕਿਤੇ ਕਿਤੇ ਇਸ ਥਾਂ ਹਿਰਨ ਵੀ ਵਿਖਾਏ ਦਿੰਦੇ ਹਨ-ਹਵਾ ਨੂੰ ਸੁੰਘ ਰਹੇ ਜਾਂ ਕਿਸੇ ਕਮਲਾ-ਭਰੀ ਝੀਲ ਤੋਂ ਪਾਣੀ ਪੀ ਰਹੇ । ਉਤਕੰਠਿਤਾ ਕੁਝ ਇਸ ਤਰ੍ਹਾਂ ਆਪਣੇ ਆਪ ਨਾਲ ਗੱਲਾਂ ਕਰਦੀ ਹੈ :
“ਉਹ ਨਹੀਂ ਆਇਆ, ਕਿਤੇ ਉਸ ਨੂੰ ਘਰ ਹੀ ਨਾ ਦੇਰ ਹੋ ਗਈ ਹੋਵੇ? ਕਿਤੇ ਕਿਸੇ ਦੇ ਸੰਗ ਵਿਚ ਨਾ ਉਲਝ ਗਿਆ ਹੋਵੇ ? ਕਿਤੇ ਅੱਜ ਉਸ ਦਾ ਵਰਤ ਨਾ ਹੋਵੇ ? ਕਿਤੇ ਉਹ ਗੁੱਸੇ ਨਾ ਹੋ ਗਿਆ ਹੋਵੇ ? ਕਿਤੇ ਉਸ ਨੂੰ ਰੱਬ ਦਾ ਡਰ ਤੇ ਨਹੀਂ ਮੈਥੋਂ ਦੂਰ ਰੱਖ ਰਿਹਾ? ਕਿਤੇ ਉਸ ਨੂੰ ਕੋਈ ਦੁੱਖ ਨਾ ਹੋਵੇ ? ਕਿਤੇ ਇਹ ਧੋਖਾ ਤਾਂ ਨਹੀਂ ? ਕਿਤੇ ਕੋਈ ਪਾਣੀ ਨਾ ਚੜ੍ਹ ਆਇਆ ਹੋਵੇ ? ਕਿਤੇ ਰਾਹ ਵਿਚ ਰਾਤ ਨਾ ਪੈ ਗਈ ਹੋਵੇ ? ਕਿਤੇ ਉਹ ਮੇਰੇ ਪ੍ਰੇਮ ਦਾ ਇਮਤਿਹਾਨ ਨਾ ਲੈ ਰਿਹਾ ਹੋਵੇ ? ਹਾਏ ਮੇਰੇ ਮਨਾ ! ਤੈਨੂੰ ਕਦੀ ਵੀ ਨਹੀਂ ਪਤਾ ਲੱਗੇਗਾ ਉਹ ਕਿਉਂ ਦੇਰ ਕਰ ਰਿਹਾ ਹੈ ?”
ਵਾਸਕ ਸੱਜਾ ਆਪਣੇ ਪਿਆਰੇ ਨਾਲ ਸੰਜੋਗ ਦੀ ਯਾਚਨਾ ਵਿਚ ਦਰਵਾਜ਼ੇ ਵਿਚ ਖੜੀ ਹੈ। ਉਸ ਦਾ ਗੋਰਾ ਸਰੀਰ ਦੀਵੇ ਦੀ ਲਾਟ ਵਾਂਗ ਚਮਕਦਾ ਹੈ ਤੇ ਉਸਦੇ ਨੀਲੇ ਬਸਤਰ ਉਸ ਦੇ ਅੰਗਾਂ ਉੱਤੇ ਉਲਰਦੇ ਫਿਰਦੇ ਹਨ। ਪੰਛੀ ਜਾਂ ਜਨੌਰ ਦੀ ਮਾਮੂਲੀ ਆਵਾਜ਼ ਉਤੇ ਉਸ ਦਾ ਤ੍ਰਾਹ ਨਿਕਲ ਜਾਂਦਾ ਹੈ। ਉਹ ਬਹੁਤ ਆਹਿਸਤਾ ਆਹਿਸਤਾ ਗੱਲਾਂ ਕਰਦੀ ਹੈ ਤੇ ਆਪਣੇ ਪ੍ਰੇਮੀ ਦਾ ਇੰਤਜ਼ਾਰ ਕਰਦੀ ਹੈ ।
ਇਹ ਨਾਇਕਾ ਕਾਂਗੜੇ ਦੇ ਚਿੱਤਰਾਂ ਵਿਚ ਆਪਣੇ ਸੌਣ ਦੇ ਕਮਰੇ ਦੇ ਦਰਵਾਜ਼ੇ ਵਿਚ ਖੜੀ ਆਪਣੇ ਪ੍ਰੀਤਮ ਦੀ ਉਡੀਕ ਵਿਚ ਜੁੜੀ ਵਿਖਾਈ ਹੁੰਦੀ ਹੈ । ਘਰ ਵਿਚ ਉਸ ਦੇ ਆਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਕੋਈ ਝਾੜੂ ਦੇ ਰਹੀ ਹੈ, ਕੋਈ ਸੁਰਾਹੀ ਦਾ ਪਾਣੀ ਬਦਲ ਰਹੀ ਹੈ ਤੇ ਸੌਣ ਦੇ ਕਮਰੇ ਨੂੰ ਸਵਾਰਿਆ-ਸ਼ਿੰਗਾਰਿਆ ਜਾ ਰਿਹਾ ਹੈ। ਪ੍ਰੇਮੀ ਨਦੀ ਦੇ ਦੂਜੇ ਕੰਢੇ ਬੇੜੀ ਵਿਚ ਬੈਠਾ ਹੈ, ਉਸ ਦੇ ਕੋਲ ਸਾਰਸਾਂ ਦਾ ਇਕ ਜੋੜਾ ਖੜਾ ਹੈ।
ਅਭਿਸੰਧਿਤਾ ਉਹ ਨਾਇਕਾ ਹੈ ਜੋ ਆਪਣੇ ਪ੍ਰੇਮੀ ਦੇ ਪਿਆਰ ਦੀ ਪਰਵਾਹ ਨਹੀਂ ਕਰਦੀ ਪਰ ਉਸ ਦੇ ਵਿਛੋੜੇ ਵਿਚ ਬੜੀ ਉਦਾਸ ਹੈ ਤੇ ਪਛਤਾਉਂਦੀ ਹੈ । ਇਸ ਤਰ੍ਹਾਂ ਦੇ ਇਕ ਚਿੱਤਰ ਵਿਚ ਪ੍ਰੇਮੀਆਂ ਨੂੰ ਇਉਂ ਦਰਸਾਇਆ ਹੈ ਜਿਵੇਂ ਉਹ ਲੜ ਚੁੱਕੇ ਹੋਣ। ਪੀਲੇ ਚੋਲੇ ਵਿਚ ਵਲ੍ਹੇਟਿਆ ਕ੍ਰਿਸ਼ਨ ਸਿਰ ਉੱਤੇ ਮੋਰ ਦੇ ਖੰਭ ਲਾਈ ਜਾ ਰਿਹਾ ਹੈ। ਰਾਧਾ ਦਾ ਚਿਹਰਾ ਉਦਾਸ ਤੇ ਸੋਗੀ ਹੈ। ਕ੍ਰਿਸ਼ਨ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਨਹੀਂ ਮੰਨਦੀ ਤੇ ਉਸ ਨੂੰ ਬੁਰਾ ਭਲਾ ਕਹਿੰਦੀ ਹੈ । ਪਰ ਜਿਉਂ ਹੀ ਕ੍ਰਿਸ਼ਨ ਉਸ ਵਲ ਕੰਡ ਕਰਦਾ ਹੈ ਉਸ ਨੂੰ ਆਪਣੇ ਕੌੜੇ ਬਚਨਾਂ ਉੱਤੇ ਅਫਸੋਸ ਹੋਣ ਲੱਗ ਪੈਂਦਾ ਹੈ ।
ਉਹ ਸੋਚਦੀ ਹੈ : “ਮੈਂ ਕਿਤਨੀ ਪਗਲੀ ਹਾਂ। ਮੈਨੂੰ ਉਹ ਮੁੜ ਮੁੜ ਮਨਾਉਂਦਾ ਰਿਹਾ ਤੇ ਮੈਂ ਮੰਨੀ ਨਾ । ਪਰ ਮੈਂ ਫੇਰ ਵੀ ਆਪਣੇ ਹਠ ਉੱਤੇ ਕਾਇਮ ਰਹੀ ਤੇ ਹੁਣ ਮੇਰਾ ਅੰਗ ਅੰਗ ਉਸ ਲਈ ਤੜਫ ਰਿਹਾ ਹੈ। ਫਿੱਟੇ ਮੂੰਹ ਮੇਰੇ ! ਹੁਣ ਕੀ ਹੋ ਸਕਦਾ ਹੈ ? ਮੇਰੀ ਕੋਈ ਸਹਾਇਤਾ ਨਹੀਂ ਕਰ ਸਕਦਾ। ਜਦੋਂ ਮੈਨੂੰ ਮੇਰਾ ਪ੍ਰੀਤਮ ਰੀਝਾਉਂਦਾ ਸੀ ਮੈਂ ਅੜੀ ਕਰਦੀ ਰਹੀ। ਹੁਣ ਪਛਤਾਉਣ ਨਾਲ ਕੀ ਬਣੇਗਾ ?”
ਰਾਧਾ ਦੀਆਂ ਉਂਗਲੀਆਂ ਅਤਿ ਨਾਜ਼ਕ ਦਰਸਾਈਆਂ ਹਨ ਤੇ ਉਸ ਦੇ ਕਾਲੇ ਕਾਲੇ ਕੇਸ ਮਹੀਨ ਦੁਪੱਟੇ ਵਿੱਚੋਂ ਨਜ਼ਰ ਆ ਰਹੇ ਹਨ। ਉਸਦੇ ਸਰੀਰ ਦਾ ਜੋੜ ਜੋੜ ਤੇ ਉਸ ਦਾ ਕ੍ਰੋਧ ਤੇ ਪਛਤਾਵੇ-ਭਰਿਆ ਚਿਹਰਾ ਬਹੁਤ ਸੁਚੱਜਤਾ ਨਾਲ ਦਰਸਾਇਆ ਗਿਆ ਹੈ।
ਖੰਡਿਤਾ ਉਹ ਨਾਇਕਾ ਹੈ ਜਿਸ ਦਾ ਨਾਇਕ ਰਾਤ ਨੂੰ ਘਰ ਨਹੀਂ ਆਉਂਦਾ । ਉਹ ਅਗਲੀ
ਸਵੇਰ ਅੱਪੜਦਾ ਹੈ, ਸਾਰੀ ਰਾਤ ਕਿਸੇ ਹੋਰ ਦੇ ਬਿਤਾ ਕੇ । ਨਾਇਕਾ ਆਪਣੇ ਨਾਇਕ ਪ੍ਰਤੀ ਗੁੱਸਾ
ਪ੍ਰਗਟ ਕਰਦੀ ਹੈ :
ਪ੍ਰੋਸਿਤ-ਪਤਿਕਾ ਉਹ ਨਾਇਕਾ ਹੈ ਜਿਸ ਦਾ ਪਤੀ ਕੁਝ ਚਿਰ ਲਈ ਕਿਸੇ ਕਾਰਨ ਉਸ ਤੋਂ ਦੂਰ ਹੁੰਦਾ ਹੈ।
ਗੁਲੇਰ ਦੇ ਇਕ ਚਿੱਤਰ ਵਿਚ ਇਸ ਤਰ੍ਹਾਂ ਦੀ ਨਾਇਕਾ ਬੱਦਲਾਂ ਦੀ ਆਵਾਜ਼ ਸੁਣ ਕੇ ਛੱਜੇ ਉੱਤੇ ਜਾਂਦੀ ਹੈ। ਉਸ ਦੇ ਸਿਰ ਉੱਤੇ ਬੂੰਦੀ ਵਾਲਾ ਦੁਪੱਟਾ ਹੈ। ਅਸਮਾਨ ਵਿਚ ਉਡ ਰਹੇ ਸਾਰਸਾਂ ਵੱਲ ਉਹ ਉਤਸੁਕਤਾ ਨਾਲ ਵੇਖਦੀ ਹੈ ਤੇ ਸਾਹਮਣੇ ਇਕ ਮੋਰ ਜੋ ਪਰਦੇਸ ਗਏ ਪ੍ਰੀਤਮ ਦਾ ਚਿੰਨ੍ਹ ਹੈ, ਆਪਣੇ ਸਿਰ ਨੂੰ ਚੁੱਕੀ ਖੜਾ ਹੈ । ਮੀਂਹ ਪੈਣ ਵਾਲਾ ਹੈ ਤੇ ਨਾਇਕਾ ਬੱਦਲਾਂ ਦੀਆਂ ਮਿੰਨਤਾਂ ਕਰ ਰਹੀ ਹੈ ਕਿ ਮੇਰੇ ਮਹਿਬੂਬ ਨੂੰ ਰਾਜ਼ੀ ਖੁਸ਼ੀ ਘਰ ਪਹੁੰਚਾ ਦੇਣਾ। ਇਸ ਚਿੱਤਰ ਵਿਚ ਇਕ ਕਵਿਤਾ ਦੇ ਇਹ ਭਾਵ ਅੰਕਿਤ ਹੋਏ ਹੋਏ ਹਨ :
“ਜਦੋਂ ਉਹ ਬਰਸਾਤ ਦੇ ਬੱਦਲਾਂ ਦੀ ਗਰਜ ਸੁਣਦੀ ਹੈ ਤਾਂ ਗੋਰੀ ਆਪਣੀਆਂ ਸਹੇਲੀਆਂ ਨੂੰ ਕਹਿੰਦੀ ਹੈ, ਛੱਤ ਉੱਤੇ ਕੋਈ ਨਾ ਜਾਏ। ਜਦੋਂ ਉਹ ਛੱਤ ਉੱਤੇ ਕਿਣ ਮਿਣ ਕਣੀਆਂ ਵੇਖਦੀ ਹੈ, ਉਸ ਨੂੰ ਮੋਰ ਨੱਚਦੇ ਤੇ ਪਪੀਹੇ ਗਾਉਂਦੇ ਸੁਣਾਈ ਦਿੰਦੇ ਹਨ। ਹਿਰਨ ਵਰਗੇ ਨੈਣਾਂ ਵਾਲੀ ਸੁੰਦਰੀ ਬੂੰਦੀ ਵਾਲੀ ਚੁੰਨੀ ਸਿਰ ਉੱਤੇ ਲਈ, ਆਪਣੇ ਕੇਸਾਂ ਵਿਚ ਫੁੱਲ ਗੁੰਦੀ, ਆਪਣਾ ਸਾਰਾ ਸੈਮਾਨ ਛੱਡ ਕੇ ਬਿਜਲੀ ਤੇ ਬੱਦਲਾਂ ਦੇ ਤਰਲੇ ਪਈ ਲੈਂਦੀ ਹੈ, ਮੇਰੇ ਸਲੋਨੇ ਦਾ ਕੋਈ ਸੁਨੇਹਾ ਲਿਆਵੇ ।”
ਵਿਪਲਭਧਾ ਇਕ ਨਿਰਾਸ ਹੋਈ ਨਾਇਕਾ ਹੈ ਜਿਹੜੀ ਅਕਾਰਥ ਆਪਣੇ ਪ੍ਰੇਮੀ ਦੀ ਉਡੀਕ ਵਿਚ ਸਾਰੀ ਰਾਤ ਲੰਘਾ ਦਿੰਦੀ ਹੈ। ਉਹ ਇਕ ਰੁੱਖ ਹੇਠ ਪੱਤਿਆਂ ਦੇ ਉੱਤੇ ਖਲੋਤੀ ਆਪਣੇ ਗਹਿਣਿਆਂ ਨੂੰ ਲਾਹ ਲਾਹ ਕੇ ਸੁੱਟ ਰਹੀ ਹੈ। ਲਾਂਭੇ ਦੀ ਖਾਲੀ ਥਾਂ ਉਸ ਦੇ ਦਿਲ ਦੀ ਵੀਰਾਨਗੀ ਦੀ ਪ੍ਰਤੀਕ ਹੈ। ਇਸ ਨਾਇਕਾ ਦੇ ਜਜ਼ਬਿਆਂ ਨੂੰ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ :
“ਫੁੱਲ ਤੀਰਾਂ ਵਾਂਗ ਨੇ, ਸੁਗੰਧੀਆਂ ਜ਼ਹਿਰ ਹਨ ਤੇ ਰੁੱਖਾਂ ਦੀਆਂ ਛਾਵਾਂ ਜਿਵੇਂ ਬਲਦੀਆਂ ਪਈਆਂ ਹੋਣ । ਬਗੀਚੇ ਜੰਗਲਾਂ ਵਾਂਗ ਹਨ, ਚੰਨ ਦੀਆਂ ਰਿਸ਼ਮਾਂ ਉਸ ਨੂੰ ਤਪ ਵਾਂਗ ਸਾੜ ਰਹੀਆਂ ਹਨ। ਪਿਆਰ ਨੇ ਉਸ ਦੇ ਦਿਲ ਨੂੰ ਇਕ ਚੀਤੇ ਵਾਂਗ ਫੜਿਆ ਹੋਇਆ ਹੈ, ਸਾਰੀ ਸਾਰੀ ਰਾਤ ਜਾਗ ਕੇ ਉਸ ਨੂੰ ਕੋਈ ਸ਼ਾਂਤੀ ਨਹੀਂ ਮਿਲਦੀ। ਗੀਤ, ਗਾਲੀਆਂ ਵਾਂਗ ਲਗਦੇ ਹਨ, ਪਾਨ ਦਾ ਸੁਆਦ ਵਿਸ਼ ਵਰਗਾ ਹੈ ਤੇ ਹਰ ਮੋਤੀ ਉਸ ਨੂੰ ਅੰਗਾਰਿਆਂ ਵਾਂਗ ਝੁਲਸ ਰਿਹਾ ਹੈ।”
ਅਭਿਸਾਰਿਕਾ ਉਹ ਨਾਇਕਾ ਹੈ ਜੋ ਆਪਣੇ ਪ੍ਰੇਮੀ ਨੂੰ ਮਿਲਣ ਘਰੋਂ ਨਿਕਲ ਪੈਂਦੀ ਹੈ। ਵੱਖ ਵੱਖ ਕਵੀਆਂ ਨੇ ਉਸ ਨੂੰ ਵੱਖ ਵੱਖ ਤਰ੍ਹਾਂ ਚਿੱਤਰਿਆ ਹੈ। ਕਾਂਗੜੇ ਦੇ ਕਲਾਕਾਰ ਨੂੰ ਅਭਿਸਾਰਿਕਾ ਦਾ ਚਿੱਤਰਨ ਬਹੁਤ ਪ੍ਰਿਅ ਸੀ । ਕ੍ਰਿਸ਼ਨਾ-ਅਭਿਸਾਰਿਕਾ ਉਹ ਹੈ ਜੋ ਹਨੇਰੀ ਰਾਤ ਵਿਚ ਆਪਣੇ ਪ੍ਰੀਤਮ ਨੂੰ ਮਿਲਣ ਜਾਂਦੀ ਹੈ ਤੇ ਸ਼ੁਕਲ-ਅਭਿਸਾਰਿਕਾ ਉਹ ਹੈ ਜੋ ਚਾਨਣੀ ਰਾਤ ਵਿਚ ਆਪਣੇ ਮਹਿਬੂਬ ਦੀ ਢੂੰਡ ਵਿਚ ਨਿਕਲ ਪੈਂਦੀ ਹੈ।
ਇਕ ਅਤਿ ਸੁੰਦਰ ਚਿੱਤਰ ਵਿਚ ਕ੍ਰਿਸ਼ਨ-ਅਭਿਸਾਰਿਕਾ ਨੀਲਾ ਦੁਪੱਟਾ ਲਈ ਆਪਣੇ ਮਾਹੀ ਦੀ ਭਾਲ ਵਿਚ ਜਾਂਦੀ ਹੈ। ਰਾਤ ਹਨੇਰੀ ਤੇ ਬੱਦਲ ਕਾਲੇ ਹਨ; ਵਿਚ ਵਿਚ ਬਿਜਲੀ ਲਿਸ਼ਕਦੀ ਹੈ । ਜੰਗਲ ਵਿਚ ਸੱਪ ਤੇ ਚੁੜੇਲਾਂ ਹਨ ਪਰ ਨਾਇਕਾ ਨੂੰ ਨਾ ਸੱਪ ਡਰਾਉਂਦੇ ਹਨ ਨਾ ਭੂਤ ਤੇ ਨਾ ਉਹ ਹਨੇਰੇ ਤੋਂ ਭੈ ਖਾਂਦੀ ਹੈ। ਉਹ ਆਪਣੇ ਪਿਆਰੇ ਦੀ ਤਲਾਸ਼ ਵਿਚ ਤੁਰੀ ਹੀ ਜਾਂਦੀ ਹੈ।
‘ਕਾਮਸੂਰਤ’ ਵਿਚ ਲਿਖਿਆ ਹੈ ਕਿ ਔਰਤ ਦੇ ਵਿਚ ਵਾਸ਼ਨਾ ਦਾ ਵਹਾਅ ਚੰਨ ਦੇ ਵਧਣ ਘਟਣ ਨਾਲ ਮਨ ਵਧਦਾ ਘਟਦਾ ਰਹਿੰਦਾ ਹੈ। ਜਦੋਂ ਚੰਨ ਪੂਰਾ ਹੁੰਦਾ ਹੈ ਔਰਤ ਦੇ ਜਜ਼ਬੇ ਜ਼ੋਰਾਂ ਉੱਤੇ ਹੁੰਦੇ ਹਨ। ਇਕ ਚਿੱਤਰ ਵਿਚ ਆਕਾਸ਼ ਉੱਤੇ ਪੁੰਨਿਆਂ ਦੇ ਚੰਨ ਨੇ ਆਪਣੀ ਚਾਂਦੀ ਖਿਲਾਰੀ ਹੋਈ ਹੈ। ਚੰਨ ਦੀ ਮੱਧਮ ਰੋਸ਼ਨੀ ਨੂੰ ਬੜੀ ਸੁਚੱਜਤਾ ਨਾਲ ਚਿੱਤਰਿਆ ਗਿਆ ਹੈ। ਨਾਇਕਾ ਦੇ ਵਸਤਰ ਤੇ ਉਸ ਦੇ ਨਾਜੁਕ ਅੰਗ ਚੰਨ ਦੀ ਚਾਨਣੀ ਵਿਚ ਅਤਿ ਪਿਆਰੇ ਲੱਗਦੇ ਹਨ।
ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਵਿਚ ਰਾਧਾ ਨੂੰ ਸ਼ੁਕਲਾ-ਅਭਿਸਾਰਿਕਾ ਦੇ ਰੂਪ ਵਿਚ ਇਉਂ ਦਰਸਾਇਆ ਹੈ : “ਰਾਧਿਕਾ ਚਿੱਟੇ ਚੰਨ ਦੀ ਚਾਨਣੀ ਵਿਚ ਚਿੱਟੀ ਚਾਦਰ ਲੈ ਕੇ ਆਪਣੇ ਪ੍ਰੀਤਮ ਨੂੰ ਮਿਲਣ ਗਈ। ਚਾਰੇ ਪਾਸੇ ਚਾਨਣੀ ਫੈਲੀ ਹੋਈ ਸੀ ਤੇ ਇਸ ਚਾਨਣੀ ਵਿਚ ਗੋਰੀ ਰਾਧਾ ਇਉਂ ਲੱਗਦੀ ਸੀ ਜਿਵੇਂ ਚਾਨਣ, ਮਹਾਂ-ਚਾਨਣ (ਈਸ਼ਵਰ) ਨੂੰ ਢੂੰਡ ਰਿਹਾ ਹੋਵੇ ।”
ਸੈਤ ਧਰੇ ਸਾਰੀ ਬ੍ਰਿਖਭਾਨ ਕੀ ਕੁਮਾਰੀ ਜਸ ਹੀ ਕੀ ਮਨੋ ਬਾਰੀ ਐਸੀ ਰਚੀ ਹੈ ਨ ਕੋ ਦਈ ॥
ਸੇਤੈ ਸਾਜ ਸਾਜ ਚਲੀ ਸਾਵਰੇ ਕੀ ਪ੍ਰੀਤ ਕਾਜ ਚਾਂਦਨੀ ਮੈ ਰਾਧਾ ਮਾਨੋ ਚਾਂਦਨੀ ਸੀ ਹੋ ਗਈ ॥
ਬਿਰਹੋ
ਪ੍ਰੇਮੀਆਂ ਦੀ ਦਸ਼ਾ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਮ ਦੋ ਤਰ੍ਹਾਂ ਦਾ ਹੁੰਦਾ ਹੈ; ਇਕ ਬਿਰਹੋਂ, ਦੂਜਾ ਸੰਜੋਗ । ਬਿਰਹੋਂ ਅੱਗੋਂ ਤਿੰਨ ਕਿਸਮਾਂ ਦਾ ਹੈ : ‘ਪੂਰਵ ਰਾਗ’ ਜਾਂ ਪ੍ਰੇਮ ਦਾ ਆਰੰਭ: ‘ਮਾਣ’, ਪ੍ਰੇਮੀਆਂ ਦਾ ਝੂਠੇ ਗਰੂਰ ਤੇ ਜ਼ਿਦ ਕਰ ਕੇ ਵਿਛੜ ਜਾਣਾ ਤੇ ‘ਪਰਵਾਸ ਜਾਂ ਪ੍ਰੇਮੀਆਂ ਦਾ, ਪ੍ਰੀਤਮ ਦੇ ਪਰਦੇਸ ਜਾਣ ਕਰਕੇ ਵਿਛੋੜਾ।
ਕਾਂਗੜੇ ਦੇ ਚਿੱਤਰਾਂ ਵਿਚ ਪ੍ਰੇਮ ਪਹਿਲੀ ਨਜ਼ਰ ਵਿਚ ਪੈਂਦਾ ਦਰਸਾਇਆ ਹੈ। ਮਿਰਜ਼ਾ ਸਾਹਿਬਾਂ ਵਾਲੇ ਚਿੱਤਰ ਵਿਚ ਪ੍ਰੇਮੀ ਪਹਿਲੀ ਦ੍ਰਿਸ਼ਟੀ ਵਿਚ ਇਕ ਦੂਜੇ ਦੇ ਪਿਆਰ-ਬੰਧਨ ਵਿਚ ਫਸ ਜਾਂਦੇ ਹਨ। ਪਿੰਡ ਦੇ ਖੂਹ ਤੇ ਪਿਆਰ ਪੈ ਜਾਣ ਦੇ ਮੌਕੇ ਹੁੰਦੇ ਹਨ। ਥੱਕਿਆ ਟੁੱਟਿਆ, ਤ੍ਰਿਹਾਇਆ ਰਾਜ ਕੁਮਾਰ ਪਿੰਡ ਦੇ ਖੂਹ ਉੱਤੇ ਆ ਕੇ ਸੁੰਦਰੀ ਤੋਂ ਪਾਣੀ ਦੇ ਇਕ ਘੁੱਟ ਲਈ ਸਵਾਲੀ ਹੁੰਦਾ ਹੈ। ਬੁੱਕ ਵਿਚ ਪਾਣੀ ਪੀ ਰਿਹਾ ਉਹ ਨਜ਼ਰਾਂ ਚੁੱਕ ਕੇ ਗੋਰੀ ਵੱਲ ਵੇਖਦਾ ਹੈ। ਅੱਖਾਂ ਮਿਲਦੀਆਂ ਹਨ ਤੇ ਪਿਆਰ ਪੈ ਜਾਂਦਾ ਹੈ।
ਇਸ ਨਾਲ ਮਿਲਦਾ-ਜੁਲਦਾ ਇਕ ਹੋਰ ਮਜ਼ਮੂਨ ਇਹ ਹੈ ਕਿ ਪ੍ਰੇਮੀ ਪ੍ਰੇਮਿਕਾ ਨੂੰ ਵੇਖਦਾ ਹੈ ਪਰ ਪ੍ਰੇਮਿਕਾ ਨੂੰ ਇਸ ਦਾ ਪਤਾ ਨਹੀਂ ਹੁੰਦਾ। ਇਸ ਤਰ੍ਹਾ ਕ੍ਰਿਸ਼ਨ ਰਾਧਾ ਨੂੰ ਚੋਰੀਂ ਵੇਖਦਾ ਵਿਖਾਇਆ ਗਿਆ ਹੈ। ਰਾਧਾ ਚੌਂਕੇ ਵਿਚ ਕੰਮ ਕਰ ਰਹੀ ਹੈ ਜਾਂ ਆਪਣੀ ਗੁੱਤ ਕਰਵਾ ਰਹੀ ਹੈ। ਗੁਲੇਰ ਦੇ ਇਕ ਸੁਆਦਲੇ ਚਿੱਤਰ ਵਿਚ ਰਾਧਾ ਨਹਾ ਰਹੀ ਹੈ ਕ੍ਰਿਸ਼ਨ ਉੱਪਰੋਂ ਝਰੋਖੇ ਵਿਚੋਂ ਉਸ ਨੂੰ ਝਾਕ ਰਿਹਾ ਹੈ । ਰਾਧਾ ਚੌਂਕੀ ਉੱਤੇ ਬੈਠੀ ਹੈ ਤੇ ਉਸ ਦੀ ਇਕ ਦਾਸੀ ਹਰੇ ਦੁਪੱਟੇ ਨਾਲ ਉਸ ਦੇ ਸਾਹਮਣੇ ਪਰਦਾ ਕਰ ਦਿੰਦੀ ਹੈ ਤੇ ਦੂਜੀ ਆਪਣੀ ਚਾਦਰ ਨੂੰ ਫੈਲਾ ਦਿੰਦੀ ਹੈ। ਰਾਧਾ ਦੇ ਸ਼ਾਹ ਕਾਲੇ ਵਾਲ ਉਹਦੇ ਸਰੀਰ ਦੇ ਗੋਰੇ ਰੰਗ ਨਾਲ ਵਾਹਵਾ ਫਬ ਰਹੇ ਹਨ। ਵਿਦਿਆਪਤੀ ਨੇ ਰਾਧਾ ਦੇ ਸੁਹੱਪਣ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ :
‘ਓ ਮਾਧੋ ! ਮੈਂ ਅਜ ਸੁੰਦਰੀ ਨੂੰ ਰੱਜ ਰੱਜ ਵੇਖਿਆ। ਜਦੋਂ ਉਹ ਨਹਾ ਰਹੀ ਸੀ। ਮੈਂ ਉਸ ਨੂੰ ਤੱਕ ਲਿਆ, ਉਸ ਦੇ ਕਾਲੇ ਕੇਸ ਉਸ ਦੀ ਛਾਤੀ ਉੱਤੇ ਪੈ ਰਹੇ ਸਨ।’
ਮਾਣ ਤੋਂ ਭਾਵ ਹੈ ਹੰਕਾਰ, ਜਿਸ ਤੋਂ ‘ਹਠ’ ਦਾ ਭਾਵ ਲਿਆ ਜਾਂਦਾ ਹੈ । ‘ਮਾਨਿਨੀ’ ਨਾਇਕਾ ਉਹ ਹੁੰਦੀ ਹੈ ਜੋ ਆਪਣੇ ਪ੍ਰੇਮੀ ਦੀ ਪਰਵਾਹ ਨਹੀਂ ਕਰਦੀ, ਭਾਵੇਂ ਉਹ ਲੱਖ ਤਰਲੇ ਪਿਆ ਲਵੇ, ਮਿੰਨਤਾ ਪਿਆ ਕਰੇ, ਸੁਨੇਹੇ ਪਿਆ ਭੇਜੇ ।
ਕਾਂਗੜੇ ਦੀ ਕਲਾ ਵਿਚ ਅਜੇਹੀ ਨਾਇਕਾ ਨੂੰ ਉਸ ਇਸਤਰੀ ਦੇ ਰੂਪ ਵਿਚ ਚਿੱਤਰਿਆ ਗਿਆ ਹੈ ਜੋ ਆਪਣੇ ਪ੍ਰੀਤਮ ਦੀਆਂ ਬਾਹਾਂ ਵਿੱਚੋਂ ਨਿਕਲ ਕੇ ਤੁਰ ਆਉਂਦੀ ਹੈ ਤੇ ਉਹ ਕੱਲਮਕੱਲਾ ਰਹਿ ਜਾਂਦਾ ਹੈ। ਨਿਰਾਸ ਹੋ ਕੇ ਉਹ ਉਸ ਨੂੰ ਇਕ ਛੱਜੇ ਵਿਚੋਂ ਵੇਖਦਾ ਹੈ। ਆਕਾਸ਼ ਵਿਚ ਕਾਲੇ ਬੱਦਲ ਛਾ ਰਹੇ ਹੁੰਦੇ ਹਨ। ਸਾਰਸਾਂ ਦਾ ਜੋੜਾ ਡੂੰਘੇ ਅਸਮਾਨਾਂ ਵਿੱਚ ਉੱਡਦਾ ਵਿਖਾਈ ਦਿੰਦਾ ਹੈ । ਫੇਰ ਪਤੀ ਇਕ ਵਿਚੋਲੀ ਨੂੰ ਭੇਜਦਾ ਹੈ। ਉਹ ਉਸ ਨੂੰ ਲੱਖ ਇਕਰਾਰਾਂ ਨਾਲ ਮਨਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਮਾਨਿਨੀ ਇਕ ਨਹੀਂ ਸੁਣਦੀ।
ਬਿਰਹਾ ਦੀ ਤੀਜੀ ਵੰਨਗੀ ਦੀਆਂ, ਜਿਸ ਨੂੰ ‘ਪਰਵਾਸ’ ਕਹਿੰਦੇ ਹਨ, ਕਈ ਕਿਸਮਾਂ ਹੁੰਦੀਆਂ ਹਨ। ਇਹ ਪ੍ਰੇਮਿਕਾ ਦੇ ਜਜ਼ਬੇ ਦੀ ਤੀਖਣਤਾ ਉੱਤੇ ਨਿਰਭਰ ਹੁੰਦੀਆਂ ਹਨ । ਅਭਿਲਾਸ਼ਾ, ਜਾਂ ਮਿਲਾਪ ਲਈ ਉਤਸੁਕਤਾ; ਚਿੰਤਾ, ਜੋ ਸਰੀਰ ਨੂੰ ਓਦੋਂ ਤੀਕ ਖਾਂਦੀ ਰਹਿੰਦੀ ਹੈ ਜਦੋਂ ਤੀਕ ਮੇਲ ਨਹੀਂ ਹੁੰਦਾ; ਵਿਆਧੀ, ਜਦੋਂ ਪ੍ਰੇਮ ਦਾ ਬੁਖਾਰ ਵਧਦਾ ਹੈ ਤੇ ਸਰੀਰ ਘਟਣਾ ਸ਼ੁਰੂ ਹੋ ਜਾਂਦਾ ਹੈ।
ਖਲੋਤੀਆਂ ਤੀਵੀਆਂ ਬੱਦਲਾਂ ਵੱਲ ਵੇਖ ਰਹੀਆਂ ਜਾਂ ਚਕੋਰਾਂ ਕਾਗਾਂ ਨੂੰ ਨਿਹਾਰ ਰਹੀਆਂ, ਆਪਣੇ ਆਪ ਨੂੰ ਪੱਖੀ ਝੱਲ ਰਹੀਆਂ ਇਹ ਅਕਸਰ ਆਪਣੇ ਪ੍ਰੀਤਮ ਤੋਂ ਵਿਛੜੀਆਂ ਹੋਈਆਂ ਨਾਇਕਾਵਾਂ ਦੇ ਚਿੱਤਰ ਹੁੰਦੇ ਹਨ ਇਹੋ ਜਿਹੇ ਚਿੱਤਰ ਪਰਦੇਸ ਵਿਚ ਗਏ ਮਰਦਾਂ ਨੂੰ ਵਿਸ਼ੇਸ਼ ਤੌਰ ਤੇ ਚੰਗੇ ਲੱਗਦੇ ਹਨ ਕਿਉਂਕਿ ਉਨ੍ਹਾਂ ਨੂੰ ਵੇਖ ਕੇ ਆਪਣੀਆਂ ਵਿਛੜੀਆਂ ਹੋਈਆਂ ਪ੍ਰੇਮਿਕਾਵਾਂ ਯਾਦ ਆ ਜਾਂਦੀਆਂ ਹਨ।
ਇਕ ਚਿੱਤਰ ਵਿਚ ਨਾਇਕਾ ਇਕ ਕਾਂ ਨੂੰ ਵੇਖ ਰਹੀ ਹੈ ਜੋ ਬਨੇਰੇ ਤੇ ਬੈਠਾ ਬੋਲ ਰਿਹਾ ਹੈ। ਉਹ ਉਸ ਨੂੰ ਉੱਡ ਕੇ ਜਾਣ ਲਈ ਕਹਿੰਦੀ ਹੈ ਤਾਂ ਜੋ ਉਹ ਉਸ ਦੇ ਪ੍ਰੇਮੀ ਦਾ ਸੁਨੇਹਾ ਲਿਆ ਸਕੇ । ਜੇ ਉਸ ਦਾ ਪਿਆਰਾ ਯਾਰ ਰਾਜ਼ੀ ਖੁਸ਼ੀ ਪਹੁੰਚ ਗਿਆ ਤਾਂ ਉਹ ਉਸ ਦੀ ਚੁੰਝ ਨੂੰ ਸੋਨੇ ਨਾਲ ਮੜ੍ਹਵਾ ਦੇਣ ਦਾ ਇਕਰਾਰ ਕਰਦੀ ਹੈ :
ਉੜ ਉੜ ਕਾਵਾਂ ਤੇਰੀ ਸੋਨੇ ਚੁੰਜ ਮੜ੍ਹਾਵਾਂ ।
‘ਜੇ ਮੇਰੀ ਮਨ ਦੀ ਕਾਮਨਾ, ਉਹ ਖ਼ਬਰ ਸੁਣ ਕੇ ਜਿਹੜੀ ਤੂੰ ਲਿਆਂਦੀ ਏ ਪੂਰੀ ਹੋਈ, ਤਾਂ ਮੈਂ ਤੇਰੀ ਚੁੰਝ ਨੂੰ ਚਾਂਦੀ ਮੜ੍ਹਾ ਦਿਆਂਗੀ । ਮੈਂ ਤੈਨੂੰ ਖੰਡ ਤੇ ਘਿਉ ਦੀ ਚੂਰੀ ਖੁਆਵਾਂਗੀ, ਮੈਨੂੰ ਜੀਉਂਦੇ ਜੀਅ ਇਕ ਨਜ਼ਰ ਤੁਲਾਰਾਮ ਨੂੰ ਵੇਖਣ ਦੇ, ਪਰ ਉਸ ਨੂੰ ਕੇਵਲ ਇਕ ਘੜੀ ਲਈ ਹੀ ਨਾ ਲਿਆਈਂ । ਜੇ ਤੂੰ ਮੇਰੇ ਮਾਲਕ ਨੂੰ ਘਰ ਮੁੜਦੇ ਵੇਖਿਆ ਹੈ ਤਾਂ ਬਨੇਰੇ ਤੇ ਆਏ ਕਾਂਵਾਂ ਤੂੰ ਉਡ ਜਾ।’
ਕਾਲਾ ਹਿਰਨ, ਮੋਰ, ਹੰਸ, ਚਕੋਰ ਤੇ ਸੱਪ ਪ੍ਰੇਮੀ ਦੇ ਚਿੰਨ੍ਹ, ਮੰਨੇ ਜਾਂਦੇ ਹਨ ਤੇ ਇਨ੍ਹਾਂ ਦੁਆਰਾ ਹੀ ਉਹ ਕਾਂਗੜੇ ਦੇ ਚਿੱਤਰਾਂ ਵਿਚ ਦਰਸਾਇਆ ਜਾਂਦਾ ਹੈ । ਬਿਰਹਣੀ ਨਾਇਕਾ ਦਾ ਇਕ ਅਤਿਅੰਤ ਸੁੰਦਰ ਚਿੱਤਰ ਹੈ, ਜਿਸ ਵਿਚ ਇਕ ਸਵਾਣੀ ਤੰਬੂਰਾ ਫੜੀ ਇਕ ਰੁੱਖ ਹੇਠ ਖੜੀ ਹੈ । ਉਸ ਦੇ ਸਾਹਮਣੇ ਇਕ ਕਾਲੀ ਹਿਰਨੀ ਹੈ । ਸਵਾਣੀ ਦੇ ਪਹਿਰਾਵੇਂ ਤੇ ਉਸ ਦੇ ਅੰਗਾਂ ਦੇ ਹਰ ਫੇਰ ਵਿੱਚੋਂ ਕਰੁਣਾ-ਭਰਿਆ ਸੰਗੀਤ ਜਿਵੇਂ ਫੁੱਟ ਰਿਹਾ ਹੋਵੇ । ਇਹ ਚਿੱਤਰ ਗੁਲੇਰ (ਕਾਂਗੜੇ) ਦੀ ਕਲਮ ਦਾ ਵਧੀਆ ਨਮੂਨਾ ਹੈ ਤੇ ਅਭਿਲਾਸ਼ਾ ਦੇ ਜਜ਼ਬੇ ਦੀ ਉੱਚੀ ਪੱਧਰ ਦਾ ਬਹੁਤ ਚੰਗਾ ਉਦਾਹਰਣ ਹੈ । ਡਮਟਾਲ ਦੇ ਆਸ਼ਰਮ ਦੀਆਂ ਦੀਵਾਰਾਂ ਤੇ ਵਾਹੇ ਚਿੱਤਰਾਂ ਵਿਚ ਵੀ ਇਸ ਤਰ੍ਹਾਂ ਦੇ ਮਜ਼ਮੂਨਾਂ ਨੂੰ ਨਿਭਾਇਆ ਗਿਆ ਹੈ । ਇਕ ਹੋਰ ਇਸ ਤਰ੍ਹਾਂ ਦਾ ਚਿੱਤਰ ਹੈ ਜੋ ਗੁਲੇਰ ਵਿਚ ਮਿਲਿਆ ਹੈ; ਉਸ ਦੇ ਪਿੱਛੇ ਇਹ ਲਿਖਿਆ ਹੈ ਕਿ ਗਲ ਵਿਚ ਹਾਰ ਪਾਈ ਸੁੰਦਰੀ, ਇਕਤਾਰਾ ਵਜਾ ਰਹੀ ਆਪਣੇ ਪ੍ਰੀਤਮ ਨੂੰ ਉਡੀਕਦੀ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਇਹ ਚਿੱਤਰ ਬਿਰਹਣੀ ਨਾਇਕਾ ਦਾ ਹੈ। ਚਿੱਤਰ ਦੇ ਪਿਛੇ ਲਿਖਿਆ ਹੈ :
“ਪ੍ਰਿਯਾ ਮਿਲਣ ਕੀ ਚਾਹ ਚਿਤ ਖੜੀ ਬਜਵਾਤ ਤਾਰ।”
ਗੁਲੇਰ ਦੇ ਇਕ ਹੋਰ ਚਿੱਤਰ ਵਿਚ ਨਾਇਕਾ ਦੇ ਚਿਹਰੇ ਉਤੇ ਚਿੰਤਾ ਦੇ ਭਾਵ ਦੱਸੇ ਹਨ। ਇਕ ਸੁੰਦਰੀ ਬਿਹਬਲ ਹੋਈ ਇਕ ਕਮਲਾਂ-ਭਰੀ ਝੀਲ ਦੇ ਕੰਢੇ ਤੁਰ ਫਿਰ ਰਹੀ ਹੈ। ਅੰਥਾਂ ਦੇ ਰੁੱਖ ਰਸਦਾਰ ਫਲਾਂ ਨਾਲ ਲੱਦੇ ਹੋਏ ਹਨ। ਗਰਮੀਆਂ ਦੇ ਦਿਨ ਹਨ ਤੇ ਉਹ ਆਪਣੇ ਆਪ ਨੂੰ ਪੱਖੀ ਝੱਲ ਰਹੀ ਹੈ। ਕਮਲ ਦੇ ਕਟੋਰਿਆਂ ਵਰਗੇ ਪੱਤਿਆਂ ਵਿਚ ਗੁਲਾਬੀ ਕਮਲ ਅਦੁੱਤੀ ਛਬੀ ਵਰ੍ਹਾ ਰਹੇ ਹਨ। ਨਾਇਕਾ ਦੇ ਹਿਰਦੇ ਦੀ ਘਬਰਾਹਟ ਕਮਲ ਦੇ ਪੱਤਿਆਂ ਦੀ ਬੇ-ਤਰਤੀਬੀ ਵਿਚ ਪ੍ਰਗਟ ਹੋ ਰਹੀ ਹੈ।
ਪ੍ਰੇਮ ਵਿਚ ਨਿਢਾਲ ਔਰਤਾਂ ਅਕਸਰ ਮਰਦਾਂ ਦੇ ਪਹਿਰਾਵੇ ਵਿਚ ਵਿਖਾਈਆਂ ਜਾਂਦੀਆਂ ਹਨ। ਇਉਂ ਕਰਨਾ ਉਨ੍ਹਾਂ ਨੂੰ ਆਪਣੇ ਪ੍ਰੀਤਮ ਨਾਲ ਕਿਆਸੀ ਤੌਰ ਤੇ ਅਭੇਦ ਹੋ ਜਾਣ ਵਿਚ ਮਦਦ ਕਰਦਾ ਹੈ। ਗੁਲੇਰ ਦੇ ਇਕ ਚਿੱਤਰ ਵਿਚ ਰਾਜਾ ਬਾਹਰ ਸਫ਼ਰ ਉਤੇ ਗਿਆ ਹੈ। ਰਾਣੀ ਪਿਛੇ ਆਪਣੇ ਪਤੀ ਦੇ ਬਸਤਰ ਪਹਿਨ ਕੇ ਆਪਣੇ ਮਨ ਨੂੰ ਪਰਚਾਉਂਦੀ ਹੈ। ਇਕ ਇਸਤਰੀ ਉਸ ਨੂੰ ਸ਼ੀਸਾ ਵਿਖਾ ਰਹੀ ਹੈ ਤੇ ਇਕ ਹੋਰ ਥਾਲੀ ਵਿਚ ਸੰਧੂਰ ਲਈ ਖਲੋਤੀ ਹੈ। ਰਾਣੀ ਟਿੱਕੇ ਦਾ ਨਿਸ਼ਾਨ ਵੇਖ ਰਹੀ ਹੈ ਜੋ ਉਸ ਦੀ ਸਖੀ ਨੇ ਉਸ ਦੇ ਮੱਥੇ ਉੱਤੇ ਲਾਇਆ ਹੈ। ਮਹਿਲ ਵਿਚ ਖਾਲੀ ਪਲੰਘ ਪਰਦੇਸੀ ਪ੍ਰੀਤਮ ਦੀ ਯਾਦ ਦਿਵਾਉਂਦਾ ਹੈ। ਗਰਮੀਆਂ ਦੀ ਰਾਤ ਹੈ ਤੇ ਚੰਨ ਚਾਨਣੀ ਬੜੀ ਸੁੰਦਰ ਲੱਗ ਰਹੀ ਹੈ। ਦੋ ਨੌਕਰਾਣੀਆਂ ਪੱਖੇ ਦੀ ਹਵਾ ਨੂੰ ਮਾਣ ਰਹੀਆਂ ਹਨ। ਮਹਿਲ, ਮੁਨਾਰੇ, ਸਰੂ ਦੇ ਥੰਮਾਂ ਵਰਗੇ ਦਰੱਖਤ ਜਾਂ ਅੰਬਾਂ ਦੇ ਗੋਲ ਗੋਲ ਝੁੰਡ, ਫੁਹਾਰੇ ਤੇ ਔਰਤਾਂ ਦੇ ਨੱਥਾਂ ਵਿਚ ਦੋ ਮੋਤੀਆਂ ਵਾਲੀਆਂ ਨੱਥਾਂ ਇਸ ਤਰ੍ਹਾਂ ਦੇ ਕੁਝ ਵਿਸ਼ੇਸ਼ ਗੁਣ ਗੁਲੇਰ ਦੇ ਇਕ ਕਲਾਕਾਰ ਗੁਰਸਹਾਏ ਦੇ ਚਿੱਤਰਾਂ ਦੇ ਹਨ।
ਪ੍ਰੇਮ ਵਿਚ ਕੁੱਠੀਆਂ ਔਰਤਾਂ ਆਪਣੇ ਦੁੱਖਾਂ ਨੂੰ ਖੇਡਾਂ ਖੇਡ ਕੇ ਵੀ ਭੁਲਾਉਂਦੀਆਂ ਹਨ। ਇਕ ਹੋਰ ਅਤਿਅੰਤ ਕੋਮਲ ਚਿੱਤਰ ਵਿਚ ਦੋ ਤੀਵੀਂਆਂ ਚੌਸਰ ਖੇਡਦੀਆਂ ਵਿਖਾਈਆਂ ਗਈਆਂ ਹਨ। ਖੇਡਣ ਵਾਲੀਆਂ ਦੇ ਚਿਹਰਿਆਂ ਉੱਤੇ ਡੂੰਘੇ ਗ਼ਮ ਦਾ ਪ੍ਰਭਾਵ ਹੈ । ਇਕ ਅੰਗ-ਰੱਖਿਅਕ ਤੇ ਕੁੱਝ ਦਾਸੀਆਂ ਤਮਾਸ਼ਾ ਵੇਖ ਰਹੀਆਂ ਹਨ ਤੇ ਪਿੱਛੇ ਹਰੇ ਰੁੱਖਾਂ ਦਾ ਇਕ ਝੁੰਡ ਹੈ। ਬਸਤਰਾਂ ਦੀ ਬਰੀਕੀ, ਰੰਗਾਂ ਦਾ ਹਲਕਾਪਨ ਤੇ ਰੇਖਾਵਾਂ ਦੀ ਸੁਚੱਜਤਾ ਤੇ ਸੁੰਦਰਤਾ ਦੇ ਕਾਰਨ ਇਹ ਚਿੱਤਰ ਇਕ ਸ਼ਾਹਕਾਰ ਬਣ ਗਿਆ ਹੈ।
ਰਾਜਪੂਤ ਰਾਜਿਆਂ ਦੇ ਮਹਿਲਾਂ ਵਿਚ ਦੋ ਤਰ੍ਹਾਂ ਦੇ ਬਗੀਚੇ ਹੁੰਦੇ ਸਨ। ਇਕ ਦਿਨ ਵਿਚ ਸੈਰ ਕਰਨ ਦੇ ਬਗੀਚੇ ਤੇ ਇਕ ਚੰਨ-ਚਾਨਣੀ ਵਿਚ ਸੈਰ ਕਰਨ ਦੀ ਬਗੀਚੇ। ਦਿਨ ਦੀ ਸੈਰ ਕਰਨ ਦੇ ਬਗੀਚੇ ਦੇ ਵਿਚਕਾਰ ਇਕ ਤਲਾਉ ਹੁੰਦਾ ਸੀ। ਤਲਾਉ ਦੇ ਵਿਚਕਾਰ ਛੁਹਾਰਾ ਹੁੰਦਾ ਸੀ ਜਿਸ ਦੇ ਚਾਰੇ ਪਾਸੇ ਸੰਗਮਰਮਰ ਲੱਗਿਆ ਹੁੰਦਾ ਸੀ। ਗਰਮੀਆਂ ਵਿਚ ਇਸ ਤਰ੍ਹਾਂ ਦੇ ਬਗੀਚਿਆਂ ਵਿਚ ਰਾਣੀਆਂ ਅਕਸਰ ਆਪਣੇ ਦਿਨ ਕਟਦੀਆਂ ਸਨ ਤੇ ਤਲਾਉ ਦੇ ਠੰਢੇ ਪਾਣੀ ਨਾਲ ਖੇਡ ਕੇ ਖੁਸ਼ ਰਹਿੰਦੀਆ ਸਨ । ਗੁਲੇਰ ਦੇ ਇਕ ਚਿੱਤਰ ਵਿਚ ਇਸ ਤਰ੍ਹਾਂ ਦੇ ਇਕ ਬਾਗ ਨੂੰ ਦਰਸਾਇਆ ਗਿਆ ਹੈ। ਸਵਾਣੀ ਤਲਾਉ ਦੇ ਕੰਢੇ ਬੈਠੀ ਹੈ ਤੇ ਗੋਲੀ ਉਸ ਦੇ ਇਕ ਪੈਰ ਨੂੰ ਧੋ ਰਹੀ ਹੈ। ਉਸ ਦੇ ਸ਼ਾਹ-ਕਾਲੇ ਕੇਸ ਉਸ ਦੇ ਮੋਢਿਆਂ ਉਤੇ ਪਏ ਹੋਏ ਹਨ ਤੇ ਉਨ੍ਹਾਂ ਦੇ ਘੇਰਿਆਂ ਨੂੰ ਹੋਰ ਸੁੰਦਰ ਬਣਾ ਰਹੇ ਹਨ। ਇਸ ਚਿੱਤਰ ਵਿਚ ਪਿਆਰ ਦੀ ਅਭਿਲਾਸ਼ਾ ਦਾ ਅਥਾਹ ਜਜ਼ਬਾ ਹੈ।
ਬਿਰਹਣੀ ਦਾ ਇਕ ਹੋਰ ਚਿੱਤਰ ਹੈ। ਸਾਵਣ ਦੇ ਮਹੀਨੇ ਵਿਚ ਵਿਆਹੀ ਹੋਈ ਔਰਤ ਆਪਣੇ ਪਤੀ ਦੇ ਮੁੜ ਘਰ ਆਉਣ ਦੀ ਉਡੀਕ ਕਰਦੀ ਹੈ। ਆਕਾਸ਼ ਉੱਤੇ ਕਾਲੇ ਬੱਦਲ ਹਨ ਜਿਨ੍ਹਾਂ ਵਿਚ ਬਿਜਲੀ ਲਿਸ਼ਕ ਰਹੀ ਹੈ । ਚਿੱਟੇ ਸਾਰਸਾਂ ਦੇ ਜੋੜੇ ਇਨ੍ਹਾਂ ਕਾਲੇ ਬੱਦਲਾਂ ਨੂੰ ਹੋਰ ਕਾਲਾ ਬਣਾ ਰਹੇ ਹਨ । ਬਾਰਾਂਦਰੀ ਵਿਚ ਬੈਠੀ ਨਾਇਕਾ ਇਨ੍ਹਾਂ ਪੰਛੀਆਂ ਨੂੰ ਵੇਖਦੀ ਹੈ। ਸਾਹਮਣੇ ਇਕ ਝੀਲ ਹੈ ਜਿਸ ਦੇ ਕੰਢਿਆਂ ਉੱਤੇ ਹਰਿਆਵਲ ਹੈ। ਉਸ ਵਿਚ ਸਾਰਸਾਂ ਦਾ ਇਕ ਜੋੜਾ ਬੈਠਾ ਹੈ, ਸਾਰਸ, ਜਿਨ੍ਹਾਂ ਦਾ ਦੰਪਤੀ-ਪ੍ਰੇਮ ਮਸ਼ਹੂਰ ਹੈ, ਘਾਹ ਦੇ ਉੱਪਰ ਡੰਗਰ ਖੁਸ਼ ਖੁਸ਼ ਚਰ ਰਹੇ ਹਨ। ਬਾਂਦੀਆਂ ਤਾਨਪੂਰਾ ਤੇ ਢੋਲਕ ਵਜਾ ਰਹੀਆਂ ਹਨ। ਬਾਰਸ਼ ਤੋਂ ਪਹਿਲੋਂ ਦੀ ਤੇਜ਼ ਗਰਮੀ ਦਾ ਅੰਦਾਜ਼ਾ ਵਾਰ ਵਾਰ ਕਰਵਾਇਆ ਗਿਆ ਹੈ। ਇਕ ਗੋਲੀ ਠੰਢਾ ਸ਼ਰਬਤ ਬਣਾ ਰਹੀ ਹੈ, ਦੂਜੀ ਸੰਦਲ ਦਾ ਲੇਪ ਤਿਆਰ ਕਰ ਰਹੀ ਹੈ । ਇਕ ਹੋਰ, ਨਾਇਕਾ ਨੂੰ ਪੱਖੀ ਝੱਲ ਰਹੀ ਹੈ ਪਰ ਉਸ ਦੇ ਸਰੀਰ ਨੂੰ, ਜੋ ਪ੍ਰੇਮ ਦੀ ਅੱਗ ਵਿਚ ਝੁਲਸ ਰਿਹਾ ਹੈ, ਕੋਈ ਠੰਢ ਨਹੀਂ ਪਹੁੰਚਦੀ। ਇਸ ਚਿੱਤਰ ਵਿਚ ਭਾਰਤੀ ਇਸਤਰੀ ਦੇ ਤ੍ਰੀਮਤੀ-ਪ੍ਰੇਮ ਨੂੰ ਖੂਬ ਦਰਸਾਇਆ ਗਿਆ ਹੈ।
ਟੀਰਾ-ਸੁਜਾਨਪੁਰ ਦੇ ਇਕ ਚਿੱਤਰ ਵਿਚ ਵਿਆਧੀ ਨੂੰ ਵਿਖਾਇਆ ਗਿਆ ਹੈ । ਵਿਛੋੜੇ ਦੇ ਦੁਖੜੇ ਨੂੰ ਬਰਦਾਸ਼ਤ ਨਾ ਕਰਦੀ ਹੋਈ ਸੁਆਣੀ ਗਸ਼ ਖਾ ਗਈ ਹੈ। ਇਕ ਨੌਕਰਾਣੀ ਉਸ ਦੀਆਂ ਛਾਤੀਆਂ ਉਤੇ ਚੰਦਨ ਦਾ ਲੇਪ ਕਰ ਰਹੀ ਹੈ ਤੇ ਇਕ ਹੋਰ ਉਸ ਨੂੰ ਪੱਖਾ ਝੱਲ ਰਹੀ ਹੈ। ਨਾਲ ਦੇ ਛੱਜਿਆਂ ਉੱਤੇ ਔਰਤਾਂ ਘਬਰਾਈਆਂ ਹੋਈਆਂ ਇਸ ਵੱਲ ਵੇਖ ਰਹੀਆ ਹਨ। ਪਿਛਵਾੜੇ ਵਿਚ ਇਕ ਦਿਹਾਤੀ ਦ੍ਰਿਸ਼ ਹੈ, ਪੇਂਡੂ ਲੱਕੜਾਂ ਬਾਲ ਕੇ ਸੇਕ ਰਹੇ ਹਨ ਤੇ ਸਰਦੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਬਾਹਰ ਦੀ ਸਰਦੀ ਅੰਦਰਲੇ ਪ੍ਰੇਮ ਦੇ ਬੁਖਾਰ ਨੂੰ ਹੋਰ ਤੀਖਣ ਕਰ ਰਹੀ ਹੈ।
ਸੰਜੋਗ
ਪ੍ਰੇਮ ਦੇ ਜਜ਼ਬੇ ਕਰਕੇ ਕਿਸੇ ਨਾਇਕ ਜਾਂ ਨਾਇਕਾ ਵਿਚ ਉਤਪੰਨ ਹੋਏ ਬਾਹਰਮੁਖੀ ਚਿੰਨ੍ਹਾਂ ਨੂੰ ‘ਹਾਵ’ ਕਿਹਾ ਜਾਂਦਾ ਹੈ। ਇਹ ਬਾਰਾਂ ਕਿਸਮ ਦੇ ਹਨ । ‘ਲੀਲ੍ਹਾ ਹਾਵ’ ਮੁਹੱਬਤ ਨੂੰ ਮਾਣਨਾ ਹੈ। ਵਿਲਾਸ ਹਾਵ’ ਵਿਚ ਨਾਇਕਾ ਦੇ ਨੈਣ ਖੁਸ਼ੀ ਵਿਚ ਚਮਕਦੇ ਹਨ। ਜਦੋਂ ਨਾਇਕ ਦੇ ਸੋਹਣੇ ਪਹਿਰਾਵੇ ਜਾਂ ਸਜਾਵਟ ਤੋਂ ਉਸ ਦਾ ਸੁਹੱਪਣ ਨਿੱਖਰਦਾ ਹੈ ਤਾਂ ਇਸ ਨੂੰ ‘ਲਲਿਤ-ਹਾਵ’ ਕਿਹਾ ਜਾਂਦਾ ਹੈ । ਜਦੋਂ ਕੋਈ ਇਸਤਰੀ ਆਪਣੀ ਸੁੰਦਰਤਾ ਦੇ ਮਾਣ ਵਿਚ ਬਹੁਤ ਘੱਟ ਗਹਿਣੇ ਪਾਉਂਦੀ ਹੈ ਤੇ ਸਾਦੇ ਬਸਤਰਾਂ ਵਿਚ ਰਹਿੰਦੀ ਹੈ ਤਾਂ ਇਸ ਨੂੰ ‘ਵਿਛਿਤੀ ਹਾਵ’ ਕਹਿੰਦੇ ਹਨ। ਮਾਹੀ ਦੇ ਆਉਣ ਤੇ ਘਬਰਾਈ ਹੋਈ ਔਰਤ ਜਦੋਂ ਆਪਣੇ ਗਹਿਣੇ ਗਲਤ ਥਾਂ ਪਾ ਲੈਂਦੀ ਹੈ ਤਾਂ ਇਹ ‘ਵਿਭਰਨ ਹਾਵ’ ਗਿਣਿਆ ਜਾਂਦਾ ਹੈ। ਕਈ ਵਾਰ ਰੁਸੇਵੇਂ, ਖੁਸ਼ੀ ਤੇ ਖਾਹਿਸ਼ ਦੇ ਜਜ਼ਬੇ ਇਕ ਅਜੀਬ ਤਰ੍ਹਾਂ ਰਲੇ ਮਿਲੇ ਹੁੰਦੇ ਹਨ; ਇਸ ਅਹਿਸਾਸ ਨੂੰ ‘ਕਿਲ ਕਿੰਚਿਤ ਹਾਵ’ ਕਿਹਾ ਜਾਂਦਾ ਹੈ । ਆਪਣੇ ਪ੍ਰੀਤਮ ਦੀ ਉਪਮਾ ਸੁਣ ਕੇ ਕਈ ਵਾਰ ਨਾਇਕਾ ਅੰਗੜਾਈ ਲੈਂਦੀ ਹੈ, ਮੁਹੱਬਤ ਦੇ ਇਸ ਸੁਭਾਵਕ ਬਿਆਨ ਨੂੰ ‘ਮੋਟਾਇਤ ਹਾਵ’ ਆਖਦੇ ਹਨ। ‘ਬਿਬੇਕ ਹਾਵ` ਓਦੋਂ ਹੁੰਦਾ ਹੈ ਜਦੋਂ ਕੋਈ ਸੁੰਦਰੀ ਆਪਣੇ ਪ੍ਰੇਮੀ ਦੇ ਆਉਣ ਉੱਤੇ ਉੱਪਰੋਂ ਉਪਰੋਂ ਨਰਾਜ਼ਗੀ ਦੱਸਦੀ ਹੈ, ਪਰ ਅੰਦਰੋਂ ਉਸ ਦਾ ਮਨ ਪ੍ਰੇਮ ਨਾਲ ਭਰਪੂਰ ਹੁੰਦਾ ਹੈ । ਜਦੋਂ ਮੁਹੱਬਤ ਦੇ ਆਵੇਸ਼ ਵਿਚ ਕੋਈ ਨਾਇਕਾ ਆਪਣੀ ਫਰਜ਼ੀ ਸ਼ਰਮ ਲਾਹ ਸੁੱਟਦੀ ਹੈ ਤਾਂ ਇਸ ਨੂੰ ‘ਹੇਲਾ ਹਾਵ ਕਿਹਾ ਜਾਂਦਾ ਹੈ। ਜਦੋਂ ਕੋਈ ਨਾਇਕ ਬਤਾਵਿਆਂ ਨਾਲ ਪ੍ਰੇਮ ਦਾ ਬਿਆਨ ਕਰਦਾ ਹੈ ਤਾਂ ਇਸ ਨੂੰ ‘ਬੋਧ ਹਾਵ’ ਦੱਸਦੇ ਹਨ। ਉਹ ਆਪਣੀ ਪ੍ਰੇਮਿਕਾ ਨੂੰ ਆਪਣੇ ਦਿਲ ਦੀ ਦਸ਼ਾ ਦਰਸਾਉਣ ਲਈ ਮੁਰਝਾਇਆ ਹੋਇਆ ਕਮਲ ਪੇਸ਼ ਕਰਦਾ ਹੈ।
ਕੋਈ ਗੱਲ ਜੋ ਚੰਚਲ ਭਾਵ ਉਤਪੰਨ ਕਰਦੀ ਹੈ ਉਸ ਨੂੰ ‘ਵਿਭਾਵ’ ਕਹਿੰਦੇ ਹਨ ਜੋ ਦੋ ਤਰ੍ਹਾਂ ਦਾ ਹੁੰਦਾ ਹੈ – ਆਲੰਬਨ ਤੇ ਉਦੀਪਨ। ਇਹ ਨਿਰੋਲ ਬਾਹਰਮੁਖੀ ਕਾਰਨਾਂ ਉੱਤੇ ਨਿਰਭਰ ਹੁੰਦਾ ਹੈ। ਇਸ ਲਈ ਉਨ੍ਹਾਂ ਦਾ ਹੋਣਾ ਅਤਿਅੰਤ ਜ਼ਰੂਰੀ ਹੈ, ਜਿਵੇਂ ਚੰਨ-ਚਾਨਣੀ, ਬੱਦਲ, ਲਾਲ ਤੇ ਪੀਲੇ ਫੁੱਲ, ਸੁਗੰਧੀ, ਸੰਗੀਤ, ਕੋਇਲ ਦੀ ਕੂ ਕੂ, ਮਧੂ-ਮੱਖੀਆਂ ਦੀ ਮਧੁਰ ਆਵਾਜ਼। ਅੰਗਾਂ ਦੁਆਰਾ ਰਸ ਨੂੰ ਉਭਾਰਨ ਦਾ ਨਾਂ ਹੈ ‘ਅਨੁਭਾਵ’ ਜਿਵੇਂ ਸਰੀਰ ਦਾ ਝੂਲਣਾ, ਪਲਕਾਂ ਦਾ ਥਰਕਣਾ ਜਾਂ ਅੱਖਾਂ ਦਾ ਝਮਕਣਾ ।
ਚੰਨ-ਚਾਨਣੀ ਵਿਚ ਜਜ਼ਬੇ ਜ਼ਰੂਰ ਉੱਭਰ ਆਉਂਦੇ ਹਨ। ਇਸ ਗੱਲ ਤੋਂ ਹਿੰਦੀ ਕਵੀ ਤੇ ਕਾਂਗੜੇ ਦੇ ਕਲਾਕਾਰ ਚੰਗੀ ਤਰ੍ਹਾਂ ਵਾਕਫ ਸਨ। ਜਾਪਾਨ ਵਾਂਗ ਚੰਨ-ਚਾਨਣੀ ਭਾਰਤੀਆਂ ਦੀ ਜ਼ਿੰਦਗੀ ਵਿਚ ਵਿਸ਼ੇਸ਼ ਸਥਾਨ ਰਖਦੀ ਹੈ।
ਇਨ੍ਹਾਂ ਦੋਹਾਂ ਦੇਸਾਂ ਵਿਚ ਚੰਨ-ਚਾਨਣੀ ਦੇ ਸੁਆਗਤ ਵਿਚ ਮੇਲੇ ਲੱਗਦੇ ਹਨ ਤੇ ਇਸ ਦੀ ਸੁੰਦਰਤਾ ਬਗੀਚੇ ਦੇ ਨਕਸ਼ੇ ਦਾ ਇਕ ਜ਼ਰੂਰੀ ਅੰਗ ਮੰਨੀ ਜਾਂਦੀ ਹੈ । ਕੋਬੇਰੀ ਐਨੀਊ. ਜਾਪਾਨ ਦੇ ਬਾਗਾਂ ਦੇ ਨਕਸ਼ੇ ਬਣਾਉਣ ਵਾਲਾ ਮਸ਼ਹੂਰ ਮਾਹਰ ਕਹਿੰਦਾ ਹੈ, “ਸਭ ਤੋਂ ਚੰਗਾ ਬਗੀਚਾ ਉਹ ਹੈ ਜਿਸ ਵਿਚ ਇਉਂ ਲੱਗੇ ਕਿ ਕੋਈ ਚੰਨ-ਚਾਨਣੀ ਵਿਚ ਇਕੱਲ ਮਾਣ ਰਿਹਾ ਹੈ ਤੇ ਰੁੱਖਾਂ ਦੀ ਹੋਂਦ ਉਸਨੂੰ ਕੁਝ ਕੁਝ ਉਦਾਸ ਕਰ ਰਹੀ ਹੈ।”
ਭਾਰਤ ਵਿਚ ਚੰਨ-ਚਾਨਣੀ ਵਾਲੇ ਬਾਗਾਂ ਵਿਚ ਸੁਗੰਧਤ ਪੌਦੇ ਹੁੰਦੇ ਹਨ ਜਿਨ੍ਹਾਂ ਵਿਚ ਸਫੈਦ ਫੁੱਲ ਖਿੜਦੇ ਹਨ। ਗਰਮੀਆਂ ਵਿਚ ਇਨ੍ਹਾਂ ਦੀ ਖੁਸ਼ਬੂ ਨਾਲ ਹਵਾ ਲੱਦੀ ਰਹਿੰਦੀ ਹੈ ਤੇ ਚਿੱਟੇ ਚਿੱਟੇ ਫੁੱਲਾਂ ਉੱਤੇ ਵਿਛ ਰਹੀ ਚਾਨਣੀ ਦੀ ਚਾਂਦੀ ਬਗੀਚੇ ਨੂੰ ਚਾਰ ਚੰਨ ਲਾ ਦਿੰਦੀ ਹੈ ; ਉਹਨੂੰ ਵੇਖ ਵੇਖ ਕੇ ਨਜ਼ਰ ਨਹੀਂ ਭਰਦੀ :
ਸੇਜ ਬਨੀ ਸੰਗ ਫੂਲਨ ਸੁੰਦਰ ਚਾਂਦਨੀ ਰਾਤ ਭਲੀ ਛਬਿ ਪਾਈ ॥
ਸੇਤ ਬਹੇ ਜਮੁਨਾ ਪਟ ਹੈ ਸਿਤ ਮੋਤਨਹਾਰ ਗਰੇ ਛਬਿ ਛਾਈ ॥
ਗੁਲੇਰ ਦੇ ਇਕ ਚਿੱਤਰ ਵਿਚ ਇਸੇ ਤਰ੍ਹਾਂ ਦਾ ਇਕ ਬਗੀਚਾ ਵਿਖਾਇਆ ਗਿਆ ਹੈ । ਕਚਨਾਰ ਦੇ ਚਿੱਟੇ ਤੇ ਲਾਲ ਫੁੱਲਾਂ ਦੇ ਦਰੱਖਤ ਅੱਧੇ ਚੰਨ ਦੀ ਚਾਨਣੀ ਵਿਚ ਚਮਕ ਰਹੇ ਹਨ। ਇਨ੍ਹਾਂ ਦੇ ਪਿੱਛੇ ਕੋਲਿਆਂ ਦੇ ਝਾੜ ਹਨ ਤੇ ਉਤੇ ਸਰੂ ਹਨ ਜਿਹੜੇ ਮਹਿਲ ਦੇ ਤਲਾਉ ਦੇ ਚੁਪਾਸੀਂ ਲੱਗੇ ਹੋਏ ਹਨ। ਬਗੀਚੇ ਦੀ ਕੰਧ ਉੱਤੇ ਬੈਠ ਕੇ ਰਾਜਾ ਰਾਣੀ ਨੂੰ ਉੱਪਰ ਖਿੱਚ ਰਿਹਾ ਹੈ। ਰਾਣੀ ਇਕ ਨੌਕਰਾਣੀ ਦੇ ਸਿਰ ਉੱਤੇ ਪੈਰ ਰੱਖ ਕੇ ਕੰਧ ਤੇ ਚੜ੍ਹਨ ਦਾ ਯਤਨ ਕਰ ਰਹੀ ਹੈ। ਝਰੋਖੇ ਵਿਚ ਇਕ ਹੋਰ ਅਧਨੰਗੀ ਜਿਹੀ ਰਾਣੀ ਪਲੰਘ ਉੱਤੇ ਪਈ ਹੈ ਤੇ ਉਤਲੀ ਮੰਜ਼ਲ ਉੱਤੇ ਬਾਂਦੀਆਂ ਸੇਜ ਤਿਆਰ ਕਰ ਰਹੀਆਂ ਹਨ।
ਉਨ੍ਹੀਵੀਂ ਸਦੀ ਦੇ ਸ਼ੁਰੂ ਵਿਚ ਗੁਰਸਹਾਏ ਦੇ ਬਣਾਏ ਇਕ ਚਿੱਤਰ ਵਿਚ ਪਿਆਰ ਦੇ ਸੰਜੋਗ ਦਾ ਇਕ ਅਤਿਅੰਤ ਸੁੰਦਰ ਦ੍ਰਿਸ਼ ਹੈ। ਇਕ ਬਾਗ਼ ਦੀ ਬਾਰਾਂਦਰੀ ਵਿਚ ਰਾਜਾ ਤੇ ਰਾਣੀ ਇਕ ਤਕੀਏ ਦੇ ਸਹਾਰੇ ਆਰਾਮ ਕਰ ਰਹੇ ਹਨ। ਇਕ ਦੂਜੇ ਵੱਲ ਉਹ ਪਿਆਰ ਭਰੀਆਂ ਨਜ਼ਰਾਂ ਨਾਲ ਵੇਖਦੇ ਹਨ। ਸਾਹਮਣੇ ਇਕ ਫੁਹਾਰਾ ਚੱਲ ਰਿਹਾ ਹੈ। ਕਈ ਬਾਂਦੀਆਂ ਸੇਵਾ ਵਿਚ ਹਾਜ਼ਰ ਹਨ। ਇਕ ਗੰਗਾ-ਸਾਗਰ ਵਿੱਚੋਂ ਪਾਣੀ ਪਿਲਾ ਰਹੀ ਹੈ, ਇਕ ਕੋਲ ਚੌਰ ਹੈ ਤੇ ਇਕ ਕੋਲ ਪੀਕਦਾਨ : ਇਕ ਕੁੜੀ ਸਿਤਾਰ ਵਜਾ ਰਹੀ ਹੈ। ਬਾਰਾਂਦਾਰੀ ਦੇ ਪਿੱਛੇ ਮਨ ਨੂੰ ਮੋਹ ਲੈਣ ਵਾਲਾ ਇਕ ਬਗੀਚਾ ਹੈ ਤੇ ਇਸ ਬਗੀਚੇ ਵਿਚ ਦੋ ਕੇਲਿਆਂ ਦੇ ਝਾੜ ਇਸ ਪਿਆਰ-ਦ੍ਰਿਸ਼ ਨੂੰ ਹੋਰ ਵੀ ਆਕਰਸ਼ਕ ਬਣਾ ਰਹੇ ਹਨ ।
ਨੂਰਪੁਰ ਦੇ ਕੁਝ ਬਹੁਤ ਵਧੀਆ ਚਿੱਤਰ, ਜਿਹੜੇ ਸ਼ਾਇਦ ਰਾਜਾ ਬੀਰ ਸਿੰਘ ਦੇ ਜ਼ਮਾਨੇ ਵਿਚ ਬਣਾਏ ਗਏ, ਸੰਜੋਗ ਦੇ ਦ੍ਰਿਸ਼ਾਂ ਨੂੰ ਦਰਸਾਉਂਦੇ ਹਨ। ਕਲਾਕਾਰ ਨੇ ਮੁੱਢਲੇ ਰੰਗਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਹੈ ਜਿਵੇਂ ਲਾਲ, ਪੀਲਾ ਤੇ ਨੀਲਾ। ਉਸ ਦੇ ਚਿੱਤਰਾਂ ਵਿਚ ਜੀਵਨ ਧੜਕਦਾ ਵਿਖਾਈ ਦਿੰਦਾ ਹੈ । ਇਨ੍ਹਾਂ ਚਿੱਤਰਾਂ ਦੇ ਮਰਦ ਬੜੇ ਜ਼ੋਰਦਾਰ ਤੇ ਤਕੜੇ ਹਨ ਤੇ ਔਰਤਾਂ ਨਿਰੀਆਂ ਵਾਸ਼ਨਾਂ ਦੀਆਂ ਦੀਵਾਨੀਆਂ ਜਾਪਦੀਆਂ ਹਨ। ਇਹ ਔਰਤਾਂ ਮਰਦਾਂ ਨਾਲ ਹੱਸ ਖੇਡ ਕੇ ਖੁਸ਼ ਹਨ। ਔਰਤਾਂ ਦੇ ਚਿਹਰੇ ਗੁਲਾਬੀ ਰੰਗ ਦੇ ਹਨ, ਸੁਨਹਿਰੀ ਰੰਗ ਦੇ ਹਨ ਤੇ ਉਨ੍ਹਾਂ ਦੇ ਚੰਬੇ ਵਰਗੇ ਗੋਰੇ ਅੰਗ ਲਾਲ ਤਕੀਆਂ ਦੇ ਮੁਕਾਬਲੇ ਵਿਚ ਅਤਿਅੰਤ ਪਿਆਰੇ ਹਨ ।
ਨੂਰਪੁਰ ਦੇ ਇਕ ਹੋਰ ਚਿੱਤਰ ਵਿਚ ਇਕ ਨੌਜਵਾਨ ਰਾਜਕੁਮਾਰ ਆਪਣੀ ਰਾਣੀ ਨਾਲ ਵਿਖਾਇਆ ਗਿਆ ਹੈ। ਸਭ ਔਰਤਾਂ ਮਲਮਲ ਦੇ ਮਹੀਨ ਪਤਲੇ ਬਸਤਰ ਪਹਿਨੀਂ ਅੱਧ-ਨੰਗੀਆਂ, ਅੱਧ-ਕੱਜੀਆਂ ਵਿਖਾਈ ਦਿੰਦੀਆਂ ਹਨ । ਰਾਜਕੁਮਾਰ ਆਪਣੀ ਮਹਿਬੂਬਾ ਨੂੰ ਇਕ ਸ਼ਰਾਬ ਦਾ ਪਿਆਲਾ ਦੇ ਰਿਹਾ ਹੈ। ਇਕ ਬਾਂਦੀ ਸੁਰਾਹੀ ਫੜੀ ਖੜੋਤੀ ਹੈ। ਇਕ ਕੋਨੇ ਵਿਚ ਹੁੱਕੇ ਦੀ ਵਲ ਖਾਂਦੀ ਨੜੀ ਰੱਖੀ ਹੈ। ਦੂਜੇ ਕੋਨੇ ਵਿਚ ਇਕ ਤਲਵਾਰ ਤੇ ਢਾਲ ਪਈ ਹੈ। ਗੂੜ੍ਹੇ ਲਾਲ ਤੇ ਪੀਲੇ ਪਹਿਰਾਵੇ, ਰਾਜਕੁਮਾਰੀ ਦਾ ਗੋਰਾ ਰੰਗ ਤੇ ਸੰਗਮਰਮਰ ਦਾ ਜਾਲੀਦਾਰ ਪਰਦਾ, ਇਹ ਸਭ ਰਲ ਕੇ ਪ੍ਰੇਮ ਦੇ ਹਾਵ-ਭਾਵ ਦਾ ਇਕ ਸੁੰਦਰ ਦ੍ਰਿਸ਼ ਪੇਸ਼ ਕਰਦੇ ਹਨ।
ਟੀਰਾ-ਸੁਜਾਨਪੁਰ ਦੇ ਕਈ ਚਿੱਤਰਾਂ ਵਿਚ ਪ੍ਰੇਮੀ ਕਮਲ ਦੀਆਂ ਝੀਲਾਂ ਵਿਚ ਸਾਰਸਾਂ ਦੇ ਜੋੜਿਆਂ ਵਲ ਲਾਲਸਾ-ਭਰੀਆਂ ਨਜ਼ਰਾਂ ਨਾਲ ਵੇਖਦੇ ਦਰਸਾਏ ਹਨ। ਇਕ ਚਿੱਤਰ ਵਿਚ ਸੀਤਾ ਤੇ ਰਾਮ ਸੋਨੇ ਦੇ ਤਖ਼ਤ ਉੱਤੇ ਬੈਠੇ ਦੁੱਧ ਚਿੱਟੇ ਸਾਰਸਾਂ ਨੂੰ ਕਾਲੇ ਬੱਦਲਾਂ ਨਾਲ ਭਰੇ ਆਕਾਸ਼ ਵਿਚ ਵੇਖ ਰਹੇ ਹਨ। ਵਿਚ ਵਿਚ ਬਿਜਲੀ ਚਮਕ ਰਹੀ ਹੈ। ਇਸ ਰੱਬੀ ਜੋੜੇ ਦੇ ਸਾਹਮਣੇ ਹਨੂਮਾਨ ਹੱਥ-ਜੋੜੀ ਖੜਾ ਹੈ ਤੇ ਉਸ ਦੇ ਸਾਥੀ ਲਾਲ ਤੇ ਕਾਲੇ ਮੂੰਹਾਂ ਵਾਲੇ ਜੰਬਾਵਤ, ਉਹਦੇ ਨਾਲ ਖੜੇ ਹਨ। ਰਾਮ ਦੇ ਭਰਾ ਲਛਮਨ, ਸ਼ਤਰੂਘਨ ਤੇ ਭਰਤ ਪਿੱਛੇ ਖੜੋਤੇ ਚੌਰ ਕਰ ਰਹੇ ਹਨ। ਰਾਮ ਖੁਸ਼ ਹੋ ਕੇ ਸਾਰਸਾਂ ਵਲ ਇਸ਼ਾਰਾ ਕਰਦਾ ਹੈ ਤੈ ਸੀਤਾ ਵੀ ਉਸ ਦੀ ਇਸ ਖੁਸ਼ੀ ਵਿਚ ਸ਼ਾਮਲ ਹੁੰਦੀ ਹੈ। ਘਰੇਲੂ ਖੁਸ਼ੀ ਤੇ ਪਿਆਰ ਦੀ ਇਹ ਇਕ ਮੁਕੰਮਲ ਤਸਵੀਰ ਹੈ। ਸਾਹਮਣੇ ਇਕ ਝੀਲ ਹੈ ਜਿਸ ਵਿਚ ਗੁਲਾਬੀ ਰੰਗ ਦੇ ਕੰਵਲ ਹਨ। ਇਕ ਨੁੱਕਰ ਵਿਚ ਸਾਰਸਾਂ ਦਾ ਇਕ ਜੋੜਾ ਚੁਹਲ ਕਰ ਰਿਹਾ ਵਿਖਾਈ ਦਿੰਦਾ ਹੈ।.
ਕਾਂਗੜੇ ਦੇ ਕਲਾਕਾਰਾਂ ਨੇ ਸੰਜੋਗ ਦੇ ਬੇਸ਼ੁਮਾਰ ਦ੍ਰਿਸ਼ ਕ੍ਰਿਸ਼ਨ-ਲੀਲ੍ਹਾ ਵਿਚੋਂ ਲੈ ਕੇ ਚਿੱਤਰੇ ਹਨ। ਗੁਲੇਰ ਦੇ ਇਕ ਸੁੰਦਰ ਚਿੱਤਰ ਵਿਚ ਕ੍ਰਿਸ਼ਨ ਇਕ ਕਮਲ ਦੇ ਫੁੱਲ ਤੇ ਖੜਾ ਬੰਸਰੀ ਵਜਾ ਰਿਹਾ ਵਿਖਾਇਆ ਹੈ। ਉਸ ਦੇ ਆਲੇ ਦੁਆਲੇ ਉਸ ਦੇ ਪਿਆਰ ਵਿਚ ਮਸਤ ਗੋਪੀਆਂ ਹਨ ਜੋ ਉਸ ਵੱਲ ਵੇਖੀ ਜਾ ਰਹੀਆਂ ਹਨ। ਉਨ੍ਹਾਂ ਵਿੱਚੋਂ ਇਕ ਉਸ ਨੂੰ ਪਾਨ ਦਾ ਪੱਤਾ ਪੇਸ਼ ਕਰ ਰਹੀ ਹੈ। ਇਕ ਹੋਰ ਚੌਰ ਕਰ ਰਹੀ ਹੈ। ਇਕ ਗੋਪੀ ਪੱਖੀ ਝੱਲ ਰਹੀ ਹੈ ਤੇ ਇਕ ਹੋਰ ਕ੍ਰਿਸ਼ਨ ਦੇ ਮੋਢਿਆਂ ਉੱਤੇ ਪਏ ਪੀਤਾਂਬਰ ਨੂੰ ਖਿੱਚ ਰਹੀ ਹੈ। ਦੋਹੀਂ ਪਾਸੀਂ ਆਜੜੀ ਇਸ ਲੀਲ੍ਹਾ ਨੂੰ ਲੁਕ ਲੁਕ ਕੇ ਵੇਖ ਰਹੇ ਹਨ :
ਜਲ ਮੈ ਸਫਰੀ ਜਿਮ ਕੇਲ ਕਰੈ ਤਿਮ ਗ੍ਰਾਰਨੀਯਾ ਹਰਿ ਕੇ ਸੰਗਿ ਡੋਲੈ ॥
ਜਿਓ ਜਨ ਫਾਗ ਕੋ ਖੇਲਤ ਹੈ ਤਿਹ ਭਾਂਤ ਹੀ ਕਾਨ੍ਹ ਕੇ ਸਾਥ ਕਲੋਲੈ ॥
ਕੋਕਿਲਕਾ ਜਿਮ ਬੋਲਤ ਹੈ ਤਿਮ ਗਾਵਤ ਤਾਕੀ ਬਰਾਬਰ ਬੋਲੈ ॥
ਸਯਾਮ ਕਹੈ ਸਭ ਗ੍ਰਾਰਨੀਯਾ ਇਹ ਭਾਂਤਨ ਸੋ ਰਸ ਕਾਨ੍ਹ ਨਿਚੋਲੈ ॥
ਕ੍ਰਿਸ਼ਨ ਦੀ ਮਧੁਰ ਮੁਰਲੀ ਦਾ ਜਾਦੂ ਸਾਰੀ ਪ੍ਰਕਿਰਤੀ ਉਤੇ ਪੈ ਰਿਹਾ ਹੈ ਤੇ ਸਾਰੇ ਗਵਾਲੇ ਤੇ ਆਜੜੀ ਮੰਤਰ-ਮੁਗਧ ਹੋਏ ਪਏ ਹਨ। ਜਮਨਾ ਦਰਿਆ ਦੀਆ ਮੱਛੀਆਂ ਵੀ ਨਸ਼ੇ ਵਿਚ ਉਛਲ ਰਹੀਆਂ ਹਨ। ਕਦੰਬ ਦੇ ਬਿਰਛ ਵਿਚ ਜਿਹੜਾ ਕ੍ਰਿਸ਼ਨ ਤੇ ਗੋਪੀਆਂ ਉੱਤੇ ਛਾਂ ਕਰ ਰਿਹਾ ਹੈ, ਪ੍ਰੇਮ-ਪੰਛੀਆਂ ਦੇ ਜੋੜੇ ਕਲੋਲ ਕਰ ਰਹੇ ਹਨ। ਬੱਦਲਾਂ ਵਿਚ ਗੰਧਰਵ ਤੇ ਅਪਸਰਾਂ ਗਾ ਰਹੀਆਂ ਹਨ। ਪ੍ਰੇਮ ਦੇ ਦ੍ਰਿਸ਼ ਦਾ ਇਹ ਇਕ ਹੋਰ ਸੁੰਦਰ ਚਿੱਤਰ ਹੈ।
ਪ੍ਰੇਮ ਦੇ ਜਜ਼ਬੇ ਦੀ ਤੀਖਣਤਾ ਟੀਰਾ-ਸੁਜਾਨਪੁਰ ਦੇ ਇਕ ਹੋਰ ਚਿੱਤਰ ਵਿਚ ਵੀ ਦਰਸਾਈ ਗਈ ਹੈ। ਗਵਾਲਿਆਂ ਦੇ ਘਰ ਵਿਚ ਅੱਗ ਲੱਗ ਪਈ ਹੈ। ਉਨ੍ਹਾਂ ਵਿੱਚੋਂ ਇਕ ਡੰਗਰਾਂ ਦੇ ਹਾਤੇ ਵਿਚ ਜਾ ਕੇ ਉਨ੍ਹਾਂ ਦੀਆਂ ਰੱਸੀਆਂ ਖੋਲ੍ਹ ਦਿੰਦਾ ਹੈ ਤੇ ਡੰਗਰ ਘਬਰਾਏ ਹੋਏ ਪੂਛਾਂ ਚੁੱਕੀ ਨੱਠ ਰਹੇ ਹਨ। ਗਵਾਲੇ ਆਪਣਾ ਆਪਣਾ ਸਮਾਨ ਚੁੱਕੀ ਭੱਜੇ ਜਾ ਰਹੇ ਹਨ। ਕਿਸੇ ਨੇ ਗੰਢ ਚੁੱਕੀ ਹੋਈ ਹੈ, ਕਿਸੇ ਨੇ ਮੰਜੀ । ਇਕ ਔਰਤ ਨੇ ਚਰਖਾ ਚੁਕਿਆ ਹੋਇਆ ਹੈ ਤੇ ਕੁਝ ਹੋਰਾਂ ਨੇ ਕੀਮਤੀ ਸਾਮਾਨ ਨਾਲ ਭਰੀਆਂ ਟੋਕਰੀਆਂ ਚੁੱਕੀਆ ਹੋਈਆਂ ਹਨ। ਕ੍ਰਿਸ਼ਨ ਦੀ ਨਜ਼ਰ ਅੱਗ ਦੇ ਲੰਬੂਆਂ ਵੱਲ ਪੈਂਦੀ ਹੈ । ਉਹ ਜਾਣ ਲਈ ਉਤਾਵਲਾ ਹੈ, ਪਰ ਰਾਧਾ, ਪ੍ਰੇਮ ਵਿਚ ਮੱਤੀ ਹੋਈ, ਉਸ ਨੂੰ ਜਾਣ ਨਹੀਂ ਦੇ ਰਹੀ।
ਮੀਂਹ-ਕਣੀ ਦੇ ਦਿਨ ਪ੍ਰੇਮੀਆਂ ਨੂੰ ਹਮੇਸ਼ਾਂ ਚੰਗੇ ਲੱਗਦੇ ਹਨ । ਬੱਦਲ ਆ ਗਏ ਹਨ, ਅੰਬ ਪੱਕ ਗਏ ਹਨ ਤੇ ਮੋਰ ਘਰ ਦੀ ਡਿਉਢੀ ਉੱਤੇ ਬੈਠਾ ਕੂਕ ਰਿਹਾ ਹੈ। ਪ੍ਰੇਮੀ ਇਕ ਛੱਜੇ ਵਿਚ ਖੜੋ ਕੇ ਕਾਲੇ ਕਾਲੇ ਬੱਦਲਾਂ ਨੂੰ ਵੇਖਦੇ ਹਨ। ਕ੍ਰਿਸ਼ਨ ਤੇ ਰਾਧਾ ਨੇ ਇਕ ਦੂਜੇ ਦੇ ਦੁਆਲੇ ਬਾਹਾਂ ਵਲ੍ਹੇਟੀਆਂ ਹੋਈਆਂ ਹਨ ਤੇ ਉਨ੍ਹਾਂ ਦੇ ਨੈਣ ਖੁਸ਼ੀ ਵਿਚ ਚਮਕ ਰਹੇ ਹਨ। ਰਾਧਾ ਬੱਦਲਾਂ ਵੱਲ ਇਸ਼ਾਰਾ ਕਰ ਰਹੀ ਹੈ। ਸ਼ਤਰੂਘਨ ਤੇ ਭਰਤ ਪਿੱਛੇ ਖੜੋਤੇ ਚੌਰ ਕਰ ਰਹੇ ਹਨ। ਰਾਮ ਖੁਸ਼ ਹੋ ਕੇ ਸਾਰਸਾਂ ਵਲ ਇਸ਼ਾਰਾ ਕਰਦਾ ਹੈ ਤੈ ਸੀਤਾ ਵੀ ਉਸ ਦੀ ਇਸ ਖੁਸ਼ੀ ਵਿਚ ਸ਼ਾਮਲ ਹੁੰਦੀ ਹੈ। ਘਰੇਲੂ ਖੁਸ਼ੀ ਤੇ ਪਿਆਰ ਦੀ ਇਹ ਇਕ ਮੁਕੰਮਲ ਤਸਵੀਰ ਹੈ। ਸਾਹਮਣੇ ਇਕ ਝੀਲ ਹੈ ਜਿਸ ਵਿਚ ਗੁਲਾਬੀ ਰੰਗ ਦੇ ਕੰਵਲ ਹਨ। ਇਕ ਨੁੱਕਰ ਵਿਚ ਸਾਰਸਾਂ ਦਾ ਇਕ ਜੋੜਾ ਚੁਹਲ ਕਰ ਰਿਹਾ ਵਿਖਾਈ ਦਿੰਦਾ ਹੈ।.
ਕਾਂਗੜੇ ਦੇ ਕਲਾਕਾਰਾਂ ਨੇ ਸੰਜੋਗ ਦੇ ਬੇਸ਼ੁਮਾਰ ਦ੍ਰਿਸ਼ ਕ੍ਰਿਸ਼ਨ-ਲੀਲ੍ਹਾ ਵਿਚੋਂ ਲੈ ਕੇ ਚਿੱਤਰੇ ਹਨ। ਗੁਲੇਰ ਦੇ ਇਕ ਸੁੰਦਰ ਚਿੱਤਰ ਵਿਚ ਕ੍ਰਿਸ਼ਨ ਇਕ ਕਮਲ ਦੇ ਫੁੱਲ ਤੇ ਖੜਾ ਬੰਸਰੀ ਵਜਾ ਰਿਹਾ ਵਿਖਾਇਆ ਹੈ। ਉਸ ਦੇ ਆਲੇ ਦੁਆਲੇ ਉਸ ਦੇ ਪਿਆਰ ਵਿਚ ਮਸਤ ਗੋਪੀਆਂ ਹਨ ਜੋ ਉਸ ਵੱਲ ਵੇਖੀ ਜਾ ਰਹੀਆਂ ਹਨ। ਉਨ੍ਹਾਂ ਵਿੱਚੋਂ ਇਕ ਉਸ ਨੂੰ ਪਾਨ ਦਾ ਪੱਤਾ ਪੇਸ਼ ਕਰ ਰਹੀ ਹੈ। ਇਕ ਹੋਰ ਚੌਰ ਕਰ ਰਹੀ ਹੈ। ਇਕ ਗੋਪੀ ਪੱਖੀ ਝੱਲ ਰਹੀ ਹੈ ਤੇ ਇਕ ਹੋਰ ਕ੍ਰਿਸ਼ਨ ਦੇ ਮੋਢਿਆਂ ਉੱਤੇ ਪਏ ਪੀਤਾਂਬਰ ਨੂੰ ਖਿੱਚ ਰਹੀ ਹੈ। ਦੋਹੀਂ ਪਾਸੀਂ ਆਜੜੀ ਇਸ ਲੀਲ੍ਹਾ ਨੂੰ ਲੁਕ ਲੁਕ ਕੇ ਵੇਖ ਰਹੇ ਹਨ :
ਜਲ ਮੈ ਸਫਰੀ ਜਿਮ ਕੇਲ ਕਰੈ ਤਿਮ ਗ੍ਰਾਰਨੀਯਾ ਹਰਿ ਕੇ ਸੰਗਿ ਡੋਲੈ ॥
ਜਿਓ ਜਨ ਫਾਗ ਕੋ ਖੇਲਤ ਹੈ ਤਿਹ ਭਾਂਤ ਹੀ ਕਾਨ੍ਹ ਕੇ ਸਾਥ ਕਲੋਲੈ ॥ ਕੋਕਿਲਕਾ ਜਿਮ ਬੋਲਤ ਹੈ ਤਿਮ ਗਾਵਤ ਤਾਕੀ ਬਰਾਬਰ ਬੋਲੈ ॥
ਸਯਾਮ ਕਹੈ ਸਭ ਗ੍ਰਾਰਨੀਯਾ ਇਹ ਭਾਂਤਨ ਸੋ ਰਸ ਕਾਨ੍ਹ ਨਿਚੋਲੈ ॥
ਕ੍ਰਿਸ਼ਨ ਦੀ ਮਧੁਰ ਮੁਰਲੀ ਦਾ ਜਾਦੂ ਸਾਰੀ ਪ੍ਰਕਿਰਤੀ ਉਤੇ ਪੈ ਰਿਹਾ ਹੈ ਤੇ ਸਾਰੇ ਗਵਾਲੇ ਤੇ ਆਜੜੀ ਮੰਤਰ-ਮੁਗਧ ਹੋਏ ਪਏ ਹਨ। ਜਮਨਾ ਦਰਿਆ ਦੀਆ ਮੱਛੀਆਂ ਵੀ ਨਸ਼ੇ ਵਿਚ ਉਛਲ ਰਹੀਆਂ ਹਨ। ਕਦੰਬ ਦੇ ਬਿਰਛ ਵਿਚ ਜਿਹੜਾ ਕ੍ਰਿਸ਼ਨ ਤੇ ਗੋਪੀਆਂ ਉੱਤੇ ਛਾਂ ਕਰ ਰਿਹਾ ਹੈ, ਪ੍ਰੇਮ-ਪੰਛੀਆਂ ਦੇ ਜੋੜੇ ਕਲੋਲ ਕਰ ਰਹੇ ਹਨ। ਬੱਦਲਾਂ ਵਿਚ ਗੰਧਰਵ ਤੇ ਅਪਸਰਾਂ ਗਾ ਰਹੀਆਂ ਹਨ। ਪ੍ਰੇਮ ਦੇ ਦ੍ਰਿਸ਼ ਦਾ ਇਹ ਇਕ ਹੋਰ ਸੁੰਦਰ ਚਿੱਤਰ ਹੈ।
ਪ੍ਰੇਮ ਦੇ ਜਜ਼ਬੇ ਦੀ ਤੀਖਣਤਾ ਟੀਰਾ-ਸੁਜਾਨਪੁਰ ਦੇ ਇਕ ਹੋਰ ਚਿੱਤਰ ਵਿਚ ਵੀ ਦਰਸਾਈ ਗਈ ਹੈ। ਗਵਾਲਿਆਂ ਦੇ ਘਰ ਵਿਚ ਅੱਗ ਲੱਗ ਪਈ ਹੈ। ਉਨ੍ਹਾਂ ਵਿੱਚੋਂ ਇਕ ਡੰਗਰਾਂ ਦੇ ਹਾਤੇ ਵਿਚ ਜਾ ਕੇ ਉਨ੍ਹਾਂ ਦੀਆਂ ਰੱਸੀਆਂ ਖੋਲ੍ਹ ਦਿੰਦਾ ਹੈ ਤੇ ਡੰਗਰ ਘਬਰਾਏ ਹੋਏ ਪੂਛਾਂ ਚੁੱਕੀ ਨੱਠ ਰਹੇ ਹਨ। ਗਵਾਲੇ ਆਪਣਾ ਆਪਣਾ ਸਮਾਨ ਚੁੱਕੀ ਭੱਜੇ ਜਾ ਰਹੇ ਹਨ। ਕਿਸੇ ਨੇ ਗੰਢ ਚੁੱਕੀ ਹੋਈ ਹੈ, ਕਿਸੇ ਨੇ ਮੰਜੀ । ਇਕ ਔਰਤ ਨੇ ਚਰਖਾ ਚੁਕਿਆ ਹੋਇਆ ਹੈ ਤੇ ਕੁਝ ਹੋਰਾਂ ਨੇ ਕੀਮਤੀ ਸਾਮਾਨ ਨਾਲ ਭਰੀਆਂ ਟੋਕਰੀਆਂ ਚੁੱਕੀਆ ਹੋਈਆਂ ਹਨ। ਕ੍ਰਿਸ਼ਨ ਦੀ ਨਜ਼ਰ ਅੱਗ ਦੇ ਲੰਬੂਆਂ ਵੱਲ ਪੈਂਦੀ ਹੈ । ਉਹ ਜਾਣ ਲਈ ਉਤਾਵਲਾ ਹੈ, ਪਰ ਰਾਧਾ, ਪ੍ਰੇਮ ਵਿਚ ਮੱਤੀ ਹੋਈ, ਉਸ ਨੂੰ ਜਾਣ ਨਹੀਂ ਦੇ ਰਹੀ।
ਮੀਂਹ-ਕਣੀ ਦੇ ਦਿਨ ਪ੍ਰੇਮੀਆਂ ਨੂੰ ਹਮੇਸ਼ਾਂ ਚੰਗੇ ਲੱਗਦੇ ਹਨ । ਬੱਦਲ ਆ ਗਏ ਹਨ, ਅੰਬ ਪੱਕ ਗਏ ਹਨ ਤੇ ਮੋਰ ਘਰ ਦੀ ਡਿਉਢੀ ਉੱਤੇ ਬੈਠਾ ਕੂਕ ਰਿਹਾ ਹੈ। ਪ੍ਰੇਮੀ ਇਕ ਛੱਜੇ ਵਿਚ ਖੜੋ ਕੇ ਕਾਲੇ ਕਾਲੇ ਬੱਦਲਾਂ ਨੂੰ ਵੇਖਦੇ ਹਨ। ਕ੍ਰਿਸ਼ਨ ਤੇ ਰਾਧਾ ਨੇ ਇਕ ਦੂਜੇ ਦੇ ਦੁਆਲੇ ਬਾਹਾਂ ਵਲ੍ਹੇਟੀਆਂ ਹੋਈਆਂ ਹਨ ਤੇ ਉਨ੍ਹਾਂ ਦੇ ਨੈਣ ਖੁਸ਼ੀ ਵਿਚ ਚਮਕ ਰਹੇ ਹਨ। ਰਾਧਾ ਬੱਦਲਾਂ ਵੱਲ ਇਸ਼ਾਰਾ ਕਰ ਰਹੀ ਹੈ।ਕਾਂਗੜੇ ਦੇ ਇਕ ਹੋਰ ਅਤਿਅੰਤ ਸੁੰਦਰ ਚਿੱਤਰ ਵਿਚ ਕ੍ਰਿਸ਼ਨ ਤੇ ਰਾਧਾ ਇਕ ਪਹਾੜ ਦੀ ਚੋਟੀ ਉੱਤੇ ਬੈਠੇ ਹਨ, ਮੀਂਹ ਪੈ ਰਿਹਾ ਹੈ ਪਰ ਉਨ੍ਹਾਂ ਉਤੇ ਇੱਕੋ ਹੀ ਛਤਰੀ ਹੈ। ਤੂਫਾਨ ਕਰਕੇ ਬਿਰਛਾਂ ਦੀਆਂ ਟਾਹਣੀਆਂ ਮੁੜ ਗਈਆ ਹਨ। ਕਾਲੇ ਬੱਦਲਾਂ ਵਿਚ ਬਿਜਲੀ ਚਮਕ ਰਹੀ ਹੈ, ਝੱਖੜ ਚੱਲ ਰਿਹਾ ਹੈ ਤੇ ਬਰਖਾ ਹੋ ਰਹੀ ਹੈ। ਮੋਰ ਖੁਸ਼ੀ ਵਿਚ ਅਲਾਪ ਰਿਹਾ ਹੈ ਤੇ ਗੱਜਦੇ ਬੱਦਲਾਂ ਤੋਂ ਡਰਦੀ ਰਾਧਾ ਕ੍ਰਿਸ਼ਨ ਦੇ ਨਾਲ ਜੁੜ ਜਾਂਦੀ ਹੈ।
ਮਾਘ ਮਹੀਨੇ ਦਾ ਤੂਫਾਨ ਡਾਢਾ ਆਇਆ, ਜਿਸ ਨਾਲ ਰੁੱਖ ਟੁੱਟ ਗਏ, ਲਿਫ ਗਏ, ਮੁੜ ਗਏ। ਝੁੰਡਾਂ ਵਿਚ ਸ਼ਾਂਤੀ ਨਹੀਂ, ਠੰਢ ਵਸ ਗਈ ਤੇ ਇੱਕੋ ਇਕ ਕਪੜੇ ਵਿਚ ਉਹ ਸ਼ਿਆਮ ਦੇ ਗਲ ਲਗ ਗਈ ।
ਹਰੀ ਤੇ ਰਾਧਾ ਦੀ ਛਤਰੀ ਇਕ ਪਾਸੇ ਹੋ ਗਈ ਤੇ ਅੰਤਾਂ ਦੇ ਬੱਦਲ ਵਰ੍ਹਨ ਲੱਗ ਪਏ। ਜਦੋਂ ਦਿਨ ਮੁੜ ਨਿਕਲਿਆ ਇਉਂ ਜਾਪਿਆ ਜਿਵੇਂ ਇੱਕੋ ਚਿੱਤਰ ਵਿਚ ਤਿੰਨਾਂ ਲੋਕਾਂ ਦੀ ਸੁੰਦਰਤਾ ਭਰ ਦਿੱਤੀ ਗਈ ਹੋਵੇ ।
ਸ੍ਰੀ ਕ੍ਰਿਸ਼ਨ
ਸ੍ਰੀ ਕ੍ਰਿਸ਼ਨ ਵਿਸ਼ਨੂੰ ਦੇ ਅੱਠਵੇਂ ਅਵਤਾਰ ਸਨ । ਉਹ ਯਾਦਵਾਂ ਵਿੱਚੋਂ ਸਨ ਜੋ ਜਮਨਾ ਦੇ ਦੋਹੀਂ ਪਾਸੀਂ ਬਿੰਦਰਾਬਨ ਤੇ ਗੋਕਲ ਵਿਚ ਰਹਿੰਦੇ ਸਨ । ਉਨ੍ਹਾਂ ਦੇ ਮਾਤਾ-ਪਿਤਾ, ਦੇਵਕੀ ਤੇ ਵਾਸਦੇਵ ਨੂੰ, ਕੰਸ ਨੇ ਕੈਦ ਕਰ ਦਿੱਤਾ ਸੀ । ਕੰਸ ਮਥੁਰਾ ਦਾ ਰਾਜਾ ਸੀ। ਕਿਸੇ ਨੇ ਇਹ ਭਵਿੱਖ-ਬਾਣੀ ਕੀਤੀ ਹੋਈ ਸੀ ਕਿ ਵਾਸਦੇਵ ਦੇ ਪੁੱਤਰ ਦੇ ਹੱਥੋਂ ਕੰਸ ਦਾ ਅੰਤ ਹੋਵੇਗਾ। ਇਸ ਨਿਰਦਈ ਰਾਜੇ ਨੇ ਉਨ੍ਹਾਂ ਦੇ ਛੇ ਬੱਚੇ ਮਰਵਾ ਛੱਡੇ ਸਨ ਤੇ ਸੱਤਵਾਂ ਬੱਚਾ ਬਲਰਾਮ, ਭਗਵਾਨ ਦੀ ਲੀਲ੍ਹਾ ਨਾਲ ਵਾਸਦੇਵ ਦੀ ਦੂਜੀ ਪਤਨੀ ਰੋਹਿਣੀ ਦੇ ਗਰਭ ਵਿਚ ਚਲਾ ਗਿਆ । ਦੇਵਕੀ ਦਾ ਅੱਠਵਾਂ ਬਚਾ ਸ੍ਰੀ ਕ੍ਰਿਸ਼ਨ ਸੀ । ਇਸ ਨੂੰ ਵੀ ਉਸ ਦੇ ਪਿਤਾ ਨੇ ਨੰਦ ਦੀ ਪਤਨੀ ਯਸ਼ੋਧਾ ਦੇ ਬੱਚੇ ਨਾਲ ਵਟਾ ਕੇ ਬਚਾ ਲਿਆ । ਨੰਦ ਜਮਨਾ ਦੇ ਪਾਰ ਗੋਕਲ ਵਿਚ ਰਹਿੰਦਾ ਸੀ। ਰੋਹਿਣੀ ਤੇ ਬਲਰਾਮ ਅੱਗੇ ਹੀ ਨੰਦ ਕੋਲ ਰਹਿ ਰਹੇ ਸਨ।
ਸ੍ਰੀ ਕ੍ਰਿਸ਼ਨ ਦੇ ਜਨਮ ਨਾਲ ਬ੍ਰਜ ਵਿਚ ਲੋਕਾਂ ਦੇ ਭਾਗ ਜਾਗ ਪਏ ਪਰ ਕੰਸ ਦਾ ਮਨ ਸ਼ਾਂਤ ਨਹੀਂ ਸੀ । ਇਸ ਰੱਬੀ ਜੋਤ ਨੂੰ ਬੁਝਾਉਣ ਲਈ ਉਸ ਨੇ ਕਈ ਦੁਸ਼ਟ ਭੇਜੇ ਪਰ ਉਨ੍ਹਾਂ ਦੀ ਕੋਈ ਵਾਹ ਨਾ ਚੱਲੀ ।
ਸ੍ਰੀ ਕ੍ਰਿਸ਼ਨ ਬੜਾ ਨਟ ਖਟ ਬਾਲਕ ਸੀ ਤੇ ਉਹਦੀਆਂ ਸ਼ਰਾਰਤਾਂ ਤੋਂ ਉਹਦੀ ਮਾਂ ਖੁਸ਼ ਵੀ ਹੁੰਦੀ ਸੀ ਤੇ ਕਾਹਲੀ ਵੀ ਪੈ ਜਾਂਦੀ ਸੀ । ਕ੍ਰਿਸ਼ਨ ਮੱਖਣ ਚੁਰਾ ਕੇ ਖਾ ਜਾਂਦਾ ਸੀ, ਮਧਾਣੀਆਂ ਤੋੜ ਛੱਡਦਾ ਸੀ ਤੇ ਮਾਂ ਤੋਂ ਸੰਭਾਲਿਆ ਨਹੀਂ ਸੀ ਸੰਭਲਦਾ। ਇਕ ਦਿਨ ਬਾਕੀ ਬੱਚਿਆਂ ਵਾਂਗ ਕ੍ਰਿਸ਼ਨ ਨੇ ਵੀ ਮਿੱਟੀ ਖਾਧੀ। ਜਦੋਂ ਉਸ ਦੀ ਮਾਂ ਨੇ ਪੁਛਿਆ, ਉਹ ਮੁੱਕਰ ਗਿਆ। ਇਸ ਉੱਤੇ ਮਾਂ ਨੇ ਬੱਚੇ ਨੂੰ ਮੂੰਹ ਖੋਲ੍ਹਣ ਲਈ ਕਿਹਾ ਤੇ ਜਦੋਂ ਉਸ ਮੂੰਹ ਖੋਲ੍ਹਿਆ ਤਾਂ ਮਾਂ ਨੂੰ ਉਸ ਵਿਚ ਬੇਅੰਤ ਸੂਰਜ, ਚੰਨ, ਤਾਰੇ, ਸਾਗਰ, ਪਹਾੜ ਤੇ ਦਰਿਆ ਨਜ਼ਰ ਆਏ। ਇਸ ਕ੍ਰਿਸ਼ਮੇ ਨੂੰ ਵੇਖ ਕੇ ਯਸ਼ੋਧਾ ਨੇ ਕ੍ਰਿਸ਼ਨ ਦੇ ਚਰਨਾਂ ਤੇ ਸੀਸ ਨਿਵਾ ਦਿੱਤਾ। ਉਸ ਨੂੰ ਨਿਸਚਾ ਹੋ ਗਿਆ ਉਸ ਦਾ ਬੱਚਾ ਵਿਸ਼ਨੂੰ ਦਾ ਅਵਤਾਰ ਹੈ ਪਰ ਝਟ ਮਗਰੋਂ ਦੇਵਤਿਆਂ ਨੇ ਫੇਰ ਉਸ ਦੀਆਂ ਅੱਖਾਂ ਤੇ ਪਰਦਾ ਪਾ ਦਿੱਤਾ ਤੇ ਉਸ ਨੂੰ ਫੇਰ ਜਾਪਣ ਲੱਗਾ। ਜਿਵੇਂ ਉਹ ਬੱਚਾ ਉਸ ਦਾ ਬੇਟਾ ਹੀ ਹੁੰਦਾ ਹੈ।
ਕੰਸ ਦੇ ਅੱਤਿਆਚਾਰਾਂ ਤੋਂ ਦੁਖੀ ਹੋ ਕੇ ਨੰਦ ਤੇ ਉਸ ਦੇ ਨਾਲ ਦੇ ਗਵਾਲਿਆਂ ਨੇ ਫੈਸਲਾ ਕੀਤਾ ਕਿ ਉਹ ਗੋਕਲ ਛੱਡ ਕੇ ਬਿੰਦਰਾਬਨ ਚਲੇ ਜਾਣਗੇ । ਬਿੰਦਰਾਬਨ ਵਿਚ ਉਨ੍ਹਾਂ ਦੇ ਬੱਚੇ ਦਰਿਆ ਵਿਚ ਨਹਾਉਂਦੇ ਤੇ ਉਨ੍ਹਾਂ ਦੀਆਂ ਗਊਆਂ ਖੁਸ਼ੀ ਖੁਸ਼ੀ ਬੈਠੀਆਂ ਜੁਗਾਲੀ ਕਰਦੀਆਂ ਰਹਿੰਦੀਆਂ । ਸ੍ਰੀ ਕ੍ਰਿਸ਼ਨ, ਉਸ ਦਾ ਭਰਾ ਬਲਰਾਮ, ਹੋਰ ਗਵਾਲੇ ਤੇ ਗੋਪੀਆਂ ਬਿੰਦਰਾਬਨ ਦੇ ਜੰਗਲ ਵਿਚ ਘੁੰਮਦੇ ਫਿਰਦੇ । ਇਸ ਜੰਗਲ ਦੇ ਬਿਰਛ ਤੇ ਬਿਰਛਾਂ ਦੇ ਫੁੱਲ ਬੜੇ ਸੁੰਦਰ ਸਨ । ਇਸ ਜੰਗਲ ਵਿਚ ਕ੍ਰਿਸ਼ਨ ਤੇ ਉਸ ਦੇ ਸਾਥੀ ਲੁੱਕਣ-ਮੀਚੀ ਖੇਡਦੇ, ਗਾਉਂਦੇ ਤੇ ਨੱਚਦੇ ਰਹਿੰਦੇ।
ਸਵੇਰੇ-ਸਵੇਰੇ ਕ੍ਰਿਸ਼ਨ, ਬਲਰਾਮ ਤੇ ਉਨ੍ਹਾਂ ਦੇ ਸਾਥੀ ਡੰਗਰਾਂ ਦੀਆਂ ਰੱਸੀਆਂ ਖੋਲ੍ਹਦੇ ਹਨ । ਕ੍ਰਿਸ਼ਨ ਯਸ਼ੋਧਾ ਤੋਂ ਇਕ ਛੜੀ ਮੰਗਦਾ ਹੈ ਤੇ ਬਲਰਾਮ ਇਕ ਮੁਟਿਆਰ ਤੋਂ ਲੱਡੂ ਲੈ ਕੇ ਉਨ੍ਹਾਂ ਨੂੰ ਪਰਨੇ ਵਿਚ ਵਲ੍ਹੇਟ ਲੈਂਦਾ ਹੈ। ਕ੍ਰਿਸ਼ਨ ਨਾਲ ਗਊਆਂ ਦਾ ਅੰਤਾਂ ਦਾ ਪ੍ਰੇਮ ਹੈ; ਉਸ ਨੂੰ ਵੇਖ ਕੇ ਉਹ ਦੁੱਧ ਦੀਆ ਧਾਰਾਂ ਵਗਾਉਂਦੀਆਂ ਹਨ ਤੇ ਬਹੁਤ ਖੁਸ਼ ਹੁੰਦੀਆਂ ਹਨ।
ਸ਼ਾਮ ਨੂੰ ਕ੍ਰਿਸ਼ਨ ਤੇ ਉਸ ਦੇ ਸਾਥੀ ਗਊਆਂ ਨੂੰ ਘਰ ਲਿਆਉਂਦੇ ਹਨ ਤੇ ਜਿਹੜੀ ਧੂੜ ਉਨ੍ਹਾਂ ਦੇ ਖੁਰ ਉਡਾਉਂਦੇ ਹਨ ਉਹ ਸੋਨੇ ਦੀ ਤਰ੍ਹਾਂ ਚਮਕਦੀ ਹੈ । ਗਊ-ਧੂਲੀ ਦਾ ਇਹ ਵੇਲਾ ਕਾਂਗੜੇ ਦੇ ਕਲਾਕਾਰਾਂ ਨੂੰ ਬਹੁਤ ਪਿਆਰਾ ਲੱਗਦਾ ਸੀ । ਇਸ ਗਊ-ਧੂਲੀ ਵਿੱਚੋਂ ਲੰਘਣਾ ਗੰਗਾ-ਇਸ਼ਨਾਨ ਦੇ ਬਰਾਬਰ ਮੰਨਿਆ ਗਿਆ ਹੈ।
ਇਕ ਹੋਰ ਵਿਸ਼ਾ, ਜੋ ਕਾਂਗੜੇ ਦੇ ਚਿੱਤਰਕਾਰਾਂ ਨੂੰ ਬਹੁਤ ਪਸੰਦ ਸੀ, ਉਹ ਕ੍ਰਿਸ਼ਨ ਦੀ ਮੁਰਲੀ ਦਾ ਜਾਦੂ ਸੀ । ਗਊਆਂ ਦਾ ਰਖਵਾਲਾ ਕ੍ਰਿਸ਼ਨ ਮੋਢੇ ਉਤੇ ਕਾਲੀ ਕੰਬਲੀ ਲੈ ਕੇ ਜਮਨਾ ਦੇ ਕੰਢੇ ਬੰਸਰੀ ਵਜਾਉਂਦਾ ਹੈ । ਸਾਰਸਾਂ ਦਾ ਇਕ ਜੋੜਾ ਦਰਿਆ ਦੇ ਕੰਢੇ ਬੈਠਾ ਹੈ । ਜੰਗਲ ਦੇ ਬਿਰਛਾਂ ਨਾਲ ਵੇਲਾਂ ਲਿਪਟੀਆਂ ਹੋਈਆਂ ਹਨ, ਫੁੱਲਾਂ ਨਾਲ ਡਾਲੀਆਂ ਝੂ-ਜੂ-ਝੂ ਕਰਦੀਆਂ ਹਨ ਤੇ ਪੰਛੀ ਚਹਿਚਹਾ ਰਹੇ ਹਨ। ਪੰਛੀਆਂ ਦੇ ਖੰਭ ਸ਼ੋਖ਼ ਰੰਗਾਂ ਦੇ ਹਨ, ਬੰਸਰੀ ਦੀ ਆਵਾਜ਼ ਸੁਣ ਕੇ ਚਿੱਟੀਆਂ, ਭੂਰੀਆਂ, ਕਾਲੀਆਂ ਤੇ ਬਦਾਮੀ ਰੰਗੀਆਂ ਗਊਆਂ ਪੂਛਲਾਂ ਚੁੱਕ ਕੇ ਕ੍ਰਿਸ਼ਨ ਜੀ ਵੱਲ ਨੱਠ ਪੈਂਦੀਆਂ ਹਨ। ਗਊਆਂ ਦੇ ਗਲ ਘੁੰਗਰੂ ਪਏ ਹਨ ਤੇ ਕਵੀ ਨੂੰ ਉਹ ਇਉਂ ਜਾਪਦੀਆਂ ਹਨ ਜਿਵੇਂ ਕਈ ਰੰਗਾਂ ਦੇ ਬੱਦਲ ਇਕ ਥਾਂ ਇਕੱਠੇ ਹੋ ਗਏ ਹੋਣ । ਗਊਆਂ ਮੂੰਹ ਚੁੱਕੀ ਅੱਖੀਆਂ ਵਿਚ ਲੱਖ ਲੱਖ ਖੁਸ਼ੀਆਂ ਭਰੀ ਮੰਤਰ-ਮੁਗਧ ਹੋਈਆਂ, ਕ੍ਰਿਸ਼ਨ ਵੱਲ ਵੇਖਦੀਆਂ ਹਨ। ਕ੍ਰਿਸ਼ਨ ਦੀ ਬੰਸਰੀ ਦੀ ਆਵਾਜ਼ ਅਗੰਮ ਦੀ ਆਵਾਜ਼ ਸੀ ਜਿਸ ਨੂੰ ਸੁਣ ਕੇ ਖੁਸ਼ੀਆਂ ਦੀ ਬਰਖਾ ਹੋਣ ਲੱਗ ਪੈਂਦੀ । ਮਧੁਰ ਮੁਰਲੀ ਨੂੰ ਸੁਣ ਕੇ ਸਮਸਤ ਜੀਵ-ਜੰਤੂਆਂ ਉੱਤੇ ਇਕ ਜਾਦੂ ਦਾ ਅਸਰ ਹੋ ਜਾਂਦਾ ਤੇ ਉਹ ਮੂਰਤਾਂ ਬਣੀ ਖੜੇ ਰਹਿੰਦੇ । ਦਰਿਆ ਵੀ ਆਪਣਾ ਵਹਿਣ ਛੱਡ ਕੇ ਕ੍ਰਿਸ਼ਨ ਦੀ ਬੰਸਰੀ ਨੂੰ ਸੁਣਨ ਲਈ ਫੇਰ ਪਾ ਲੈਂਦਾ ਹੈ :
ਕਾਨ੍ਹ ਤਰੈ ਤਰੁ ਕੇ ਮੁਰਲੀ ਸੁ ਬਜਾਇ ਉਠਯੋ ਤਨ ਕੋ ਕਰ ਐਂਡਾ ॥
ਮੋਹ ਰਹੀ ਜਮਨਾ ਖਗ ਅਉ ਹਰਿ ਜੱਛ ਸਭੈ ਅਰਨਾ ਅਰੁ ਗੈਂਡਾ ॥
ਇਕ ਹੋਰ ਚਿੱਤਰ ਜੰਗਲ ਦੀ ਇਕ ਦਾਵਤ ਦਾ ਹੈ। ਕ੍ਰਿਸ਼ਨ ਤੇ ਉਸ ਦੇ ਸਾਥੀ ਇਕ ਬਹੁਤ ਵੱਡੇ ਬਿਰਛ ਦੇ ਹੇਠ ਲੱਡੂ, ਪੇੜੇ, ਬਰਫ਼ੀਆਂ ਖਾ ਰਹੇ ਹਨ।
ਕ੍ਰਿਸ਼ਨ ਦੇ ਜੀਵਨ ਦੇ ਹੋਰ ਕਈ ਦ੍ਰਿਸ਼ ਵੀ ਦਰਸਾਏ ਗਏ ਹਨ। ਗੋਵਰਧਨ ਪਹਾੜ ਨੂੰ ਚੁੱਕਣਾ, ਚੀਰ-ਹਰਨ ਲੀਲ੍ਹਾ, ਦਾਨ ਲੀਲ੍ਹਾ ਆਦਿ । ਕਈ ਫਣਾਂ ਵਾਲੇ ਕਾਲੇ ਨਾਗ ਨੇ ਜਮਨਾਂ ਦੇ ਕੰਢੇ ਇਕ ਤਲਾਅ ਵਿਚ ਵਿਹੁ ਘੋਲ ਦਿੱਤਾ ਸੀ। ਪਰ ਕ੍ਰਿਸ਼ਨ ਜੀ ਨੇ ਉਸ ਦਾ ਬਧ ਕੀਤਾ ਤੇ ਉਸ ਦੇ ਫਣਾਂ ਉੱਤੇ ਨਾਚ ਨੱਚਿਆ । ਇੰਦਰ ਨੂੰ ਇਕ ਵਾਰ ਆਪਣੇ ਘਟਦੇ ਹੋਏ ਅਸਰ ਉੱਤੇ ਕ੍ਰੋਧ ਆਇਆ ਤੇ ਅੰਤਾਂ ਦਾ ਮੀਂਹ ਵਰ੍ਹਾਇਆ, ਪਰ ਲੋਕਾਂ ਨੇ ਗੋਵਰਧਨ ਪਹਾੜ ਦੀ ਓਟ ਲਈ ਗੋਵਰਧਨ ਪਹਾੜ ਨੂੰ ਸ੍ਰੀ ਕ੍ਰਿਸ਼ਨ ਨੇ ਇਕ ਚੀਚੀ ਨਾਲ ਚੁੱਕਿਆ ਸੀ । ਬ੍ਰਜ ਦੀਆਂ ਮੁਟਿਆਰਾਂ ਜਮਨਾਂ ਵਿਚ ਜਦੋਂ ਨਹਾ ਰਹੀਆਂ ਹੁੰਦੀਆਂ ਕ੍ਰਿਸ਼ਨ ਉਨ੍ਹਾਂ ਦੇ ਕਪੜੇ ਲੁਕਾ ਦਿੰਦਾ ਤੇ ਲੱਖਾਂ ਮਿੰਨਤਾਂ ਕਰਵਾ ਕੇ ਮੋੜਦਾ। ਕਈ ਵਾਰ ਜਦੋਂ ਉਹ. ਬੇੜੀ ਵਿਚ ਦਰਿਆ ਪਾਰ ਕਰ ਕੇ ਆਉਂਦੀਆਂ ਤਾਂ ਉਹ ਉਨ੍ਹਾਂ ਨੂੰ ਠਹਿਰਾ ਕੇ ਉਨ੍ਹਾਂ ਦਾ ਮੱਖਣ ਤੇ ਦਹੀਂ ਖੋਹ ਲੈਂਦਾ ਤੇ ਕਹਿੰਦਾ “ਇਹ ਮੇਰਾ ਮਸੂਲ ਹੈ।”
ਜਮਨਾ ਦੇ ਕੰਢੇ ਇਕ ਸੁਗੰਧੀਆਂ-ਭਰੀ ਕੱਤਕ ਦੀ ਚਾਨਣੀ ਰਾਤ ਵਿਚ ਕ੍ਰਿਸ਼ਨ ਬੰਸਰੀ ਵਜਾਉਂਦਾ ਹੈ। ਉਸਦੀ ਆਵਾਜ਼ ਸੁਣ ਸਾਰੇ ਬ੍ਰਜ ਦੀਆਂ ਮੁਟਿਆਰਾਂ, ਆਪਣੀ ਲੱਜ ਸ਼ਰਮ ਲਾਹ, ਦਰਿਆ ਵੱਲ ਤੁਰ ਪੈਂਦੀਆਂ ਹਨ :
ਦੇਖਤ ਮੂਰਤ ਕਾਨ੍ਹ ਕੀ ਗੋਪਨ ਭੂਲਿ ਗਈ ਗ੍ਰਿਹ ਕੀ ਸੁਧ ਸਾਤੋ ॥
ਚੀਰ ਗਏ ਉਡ ਕੈ ਤਨ ਕੇ ਅਰੁ ਟੂਟ ਗਯੋ ਨੈਨ ਤੇ ਲਾਜ ਕੋ ਨਾਤੇ ॥
ਪਰ ਜਦੋਂ ਉਹ ਉਸਦੇ ਕੋਲ ਪੁੱਜਦੀਆਂ ਹਨ, ਕ੍ਰਿਸ਼ਨ ਉਨ੍ਹਾਂ ਨੂੰ ਆਪੋ ਆਪਣੇ ਘਰਾਂ ਨੂੰ ਮੁੜ ਜਾਣ ਲਈ ਕਹਿੰਦਾ ਹੈ। ‘ਮੇਰਾ ਪ੍ਰੇਮ ਗਾ ਕੇ, ਸੁਣ ਕੇ, ਸੋਚ ਕੇ, ਉਤਪੰਨ ਹੁੰਦਾ ਹੈ। ਮੇਰੇ ਪ੍ਰੇਮ ਲਈ ਸਰੀਰਾਂ ਦਾ ਮੇਲ ਜ਼ਰੂਰੀ ਨਹੀਂ।’ ਮੁਟਿਆਰਾਂ ਸ਼ਿਕਾਇਤ ਕਰਦੀਆਂ ਹਨ ਕਿ ਅਸੀਂ ਤੇਰੇ ਲਈ ਘਰ ਬਾਰ ਸਭ ਕੁਝ ਛੱਡ ਆਈਆਂ ਹਾਂ। ਕ੍ਰਿਸ਼ਨ ਇਹ ਸੁਣ ਕੇ ਮੁਸਕਰਾਉਂਦਾ ਹੈ ਤੇ ਪਿਆਰ ਵਿਚ ਉਨ੍ਹਾਂ ਨਾਲ ਨੱਚਣਾ ਸ਼ੁਰੂ ਕਰ ਦਿੰਦਾ ਹੈ। ਇਹ ਵੇਖ ਕੇ ਗੋਪੀਆਂ ਮਾਣ ਵਿਚ ਫੁੱਲੀਆਂ ਨਹੀਂ ਸਮਾਉਂਦੀਆਂ ਤੇ ਸੋਚਦੀਆਂ ਹਨ ਕਿ ਉਹ ਬਾਕੀ ਔਰਤਾਂ ਤੋਂ ਉੱਚੀਆਂ ਹਨ। ਉਨ੍ਹਾਂ ਦਾ ਹੰਕਾਰ ਭੰਨ ਕੇ ਕ੍ਰਿਸ਼ਨ ਅਚਾਨਕ ਅਲੋਪ ਹੋ ਜਾਂਦਾ ਹੈ।
ਰਾਧਾ ਦੇ ਨਾਲ ਕ੍ਰਿਸ਼ਨ ਜੰਗਲਾਂ ਵਿਚ ਘੁੰਮਦਾ ਫਿਰਦਾ ਹੈ । ਉਹ ਪੰਛੀਆਂ ਦੇ ਗੀਤ ਸੁਣਦੇ ਹਨ। ਮਖਿਆਰੀਆਂ ਦੀ ਮਧੁਰ ਆਵਾਜ਼ ਉਨ੍ਹਾਂ ਦੇ ਕੰਨੀਂ ਪੈਂਦੀ ਹੈ, ਬਣ ਵਿੱਚੋਂ ਵਗਦੀ ਹਵਾ ਦੀ ਮਧੁਰ ਸੁਰ ਉਨ੍ਹਾਂ ਨੂੰ ਖੁਸ਼ ਕਰਦੀ ਹੈ । ਜਦੋਂ ਥੱਕ ਜਾਂਦੇ ਹਨ ਤਾਂ ਇਕ ਬਿਰਛ ਦੀ ਸੰਘਣੀ ਛਾਂ ਹੇਠ ਆ ਬੈਠਦੇ ਹਨ, ਇਉਂ ਜਾਪਦਾ ਹੈ ਜਿਵੇਂ ਦੋ ਪੰਛੀਆਂ ਦਾ ਜੋੜਾ ਹੋਵੇ ।
ਰਾਧਾ ਬਹੁਤ ਖੁਸ਼ ਹੈ, ਇਹ ਸੋਚ ਕੇ ਕਿ ਕ੍ਰਿਸ਼ਨ ਹੁਣ ਪੂਰੀ ਤਰ੍ਹਾਂ ਉਸ ਦੇ ਕਬਜ਼ੇ ਵਿਚ ਹੈ, ਹੰਕਾਰ ਵਿਚ ਮੱਤੀ ਉਹ ਕ੍ਰਿਸ਼ਨ ਨੂੰ ਕਹਿੰਦੀ ਹੈ ਕਿ ਉਸ ਨੂੰ ਮੋਢੇ ਉੱਤੇ ਚੁੱਕ ਲਵੇ ਪਰ ਜਦੋਂ ਉਹ ਉਸ ਦੇ ਮੋਢੇ ਉੱਤੇ ਚੜ੍ਹਨ ਲੱਗਦੀ ਹੈ, ਕ੍ਰਿਸ਼ਨ ਅਲੋਪ ਹੋ ਜਾਂਦਾ ਹੈ । ਬਿੰਦਰਾਬਨ ਦੇ ਸੁੰਦਰ ਵਣ ਵਿਚ ਰਾਧਾ ਘੁੰਮਦੀ ਫਿਰਦੀ ਹੈ। ਰੋ ਰੋ ਕੇ ਉਹ ਬ੍ਰਿਛਾਂ ਤੋਂ ਉਸ ਦਾ ਪਤਾ ਪੁੱਛਦੀ ਫਿਰਦੀ ਹੈ ਪਰ ਕੋਈ ਉਸਦੀ ਸਹਾਇਤਾ ਨਹੀਂ ਕਰਦਾ।
‘ਗੀਤ ਗੋਵਿੰਦ’ ਵਿਚ ਜੈਦੇਵ ਨੇ ਰਾਧਾ-ਕ੍ਰਿਸ਼ਨ ਦੇ ਵਿਛੋੜੇ ਤੇ ਮਿਲਾਪ ਦੀ ਕਹਾਣੀ ਨੂੰ ਇਕ ਨਾਟਕ ਦੇ ਰੂਪ ਵਿਚ ਬਿਆਨ ਕੀਤਾ ਹੈ। ਨਾਟਕ ਦੇ ਪਾਤਰ ਕ੍ਰਿਸ਼ਨ, ਰਾਧਾ ਤੇ ਗੋਪੀਆਂ ਤੋਂ ਬਿਨਾਂ ਇਕ ਦੂਤਿਕਾ ਹੈ ਜੋ ਪ੍ਰੇਮੀਆਂ ਦੇ ਸੁਨੇਹੇ ਲਿਜਾਣ ਵਾਲੀ ਹੈ । ਦ੍ਰਿਸ਼ ਬਿੰਦਰਾਬਨ ਦੇ ਜੰਗਲ ਦਾ ਹੈ, ਰਾਧਾ ਇਕ ਬ੍ਰਿਛ ਦੇ ਹੇਠਾਂ ਬੈਠੀ ਹੈ ਤੇ ਕ੍ਰਿਸ਼ਨ, ਗੋਪੀਆਂ ਨਾਲ ਜਮਨਾ ਦੇ ਕੰਢੇ ਉਤੇ ਨੱਚ ਰਿਹਾ ਹੈ। ਚਾਰੇ ਪਾਸੇ ਸੁਗੰਧੀਆਂ ਹੀ ਸੁਗੰਧੀਆਂ ਹਨ। ਸੁੰਦਰ ਰਾਧਾ, ਜਿਸ ਦੇ ਅੰਗ ਮਾਧਵੀ ਵੇਲ ਵਾਂਗ ਨਾਜ਼ੁਕ ਹਨ, ਜੰਗਲਾਂ ਵਿਚ ਕ੍ਰਿਸ਼ਨ ਦੀ ਭਾਲ ਕਰਦੀ ਹੈ। ਇਕ ਕੁੜੀ ਕ੍ਰਿਸ਼ਨ ਦਾ ਸੁਨੇਹਾ ਲੈ ਕੇ ਆਉਂਦੀ ਹੈ। ਬਸੰਤ ਖਿੜੀ ਹੋਈ ਹੈ।
“ਓ ਰਾਧਾ ! ਅੱਜ ਕਲ ਬਸੰਤ ਦੀ ਰੁੱਤ ਹੈ; ਇਹ ਰੁੱਤ ਤੇ ਉਨ੍ਹਾਂ ਨੂੰ ਵੀ ਮਸਤਾ ਦਿੰਦੀ ਹੈ ਜਿਨ੍ਹਾਂ ਨੇ ਆਪਣੇ ਮਨ ਨੂੰ ਵਸ ਕੀਤਾ ਹੁੰਦਾ ਹੈ।”
“ਬਸੰਤ ਰੁੱਤ ਫੁੱਲਾਂ ਨਾਲ ਲੱਦੀ ਹੋਈ ਆਈ ਹੈ, ਚੁੱਪ ਚੁਪਾਤੀ ਹੀ ਆ ਗਈ ਹੈ, ਜਿਵੇਂ ਜਵਾਨੀ ਦੀ ਖੁਸ਼ੀ ਆਪਣੇ ਆਪ ਆਈ ਹੋਵੇ ।”
“ਓਧਰ ਵੇਖ, ਸੁੱਤੇ ਸੁੱਤੇ ਅੰਬਾਂ ਦੇ ਬੂਟੇ ਨੂੰ ਵੇਲਾਂ ਨੇ ਗਲਵੱਕੜੀ ਪਾ ਲਈ ਹੈ, ਪ੍ਰੇਮ ਵਿਚ ਉਹ ਜਾਗ ਪਿਆ ਹੈ ਤੇ ਖੁਸ਼ੀਆਂ ਵਿੱਚ ਝੂਮ ਰਿਹਾ ਹੈ ਤੇ ਉਹਦੀਆਂ ਨਾਜ਼ੁਕ ਕਰੂੰਬਲਾਂ ਨਿਕਲ ਆਈਆਂ ਹਨ ।”
“ਬਸੰਤ ਦੀ ਰੁੱਤ ਜੀਵਨ ਨੂੰ ਜਗਾ ਦਿੰਦੀ ਹੈ। ਓ ਰਾਧਾ ! ਓਧਰ ਜਮਨਾ ਦੇ ਕੰਢੇ ਬਾਂਸਾਂ ਦੇ ਝੁੰਡਾਂ ਹੇਠ ਕ੍ਰਿਸ਼ਨ ਬਿੰਦਰਾਬਨ ਦੀਆਂ ਗੋਪੀਆ ਨਾਲ ਨੱਚ ਰਿਹਾ ਹੈ।”
“ਔਹ ਵੇਖ ! ਉਹ ਹੈ ਅਸਮਾਨੀ ਰੰਗ, ਸੰਦਲ ਦੇ ਲੇਪ ਵਿਚ ਸੋਨੇ ਨਾਲ ਮੜ੍ਹਿਆ, ਜੰਗਲੀ ਫੁੱਲਾਂ ਤੇ ਪੱਤਿਆਂ ਦਾ ਹਾਰ ਪਾਈ ਤੇ ਵੇਖ ਉਹਦੇ ਵਾਲ ਕਿਵੇਂ ਉਹਦੀਆਂ ਕਨਪਟੀਆਂ ਉੱਤੇ ਪੈਂਦੇ ਹਨ, ਗੋਪੀਆ ਨਾਲ ਹੱਥ ਵਿਚ ਹੱਥ ਪਾਈ ਉਹ ਖੇਡ ਰਿਹਾ ਹੈ ।” ਗੋਪੀਆਂ ਦੁਨਿਆਵੀ ਖੁਸ਼ੀਆਂ ਦਾ ਚਿੰਨ੍ਹ ਹਨ ਤੇ ਕ੍ਰਿਸ਼ਨ ਰਾਧਾ ਨੂੰ ਭੁੱਲ ਕੇ ਉਨ੍ਹਾਂ ਨਾਲ ਖੇਡ ਰਿਹਾ ਹੈ। ਰਾਧਾ ਆਤਮਾ ਦਾ ਚਿੰਨ੍ਹ ਹੈ ਜਿਸ ਨੂੰ ਪਰਮਾਤਮਾ ਦੀ ਭਾਲ ਹੈ। ਅੰਤ ਵਿਚ ਉਸ ਦਾ ਪਿਆਰ ਤੇ ਉਹਦਾ ਸਿਦਕ ਕ੍ਰਿਸ਼ਨ ਨੂੰ ਮੋਹ ਲੈਂਦਾ ਹੈ ਤੇ ‘ਉਹ ਗੋਪੀਆਂ ਨੂੰ ਛੱਡ ਕੇ ਉਸ ਦੀ ਤਲਾਸ਼ ਵਿੱਚ ਤੁਰ ਪੈਂਦਾ ਹੈ । ਇਕ ਦੂਤਿਕਾ ਆ ਕੇ ਉਸ ਕੋਲ ਰਾਧਾ ਦੇ ਦੁੱਖਾਂ ਦਾ ਵਰਣਨ ਕਰਦੀ ਹੈ ਤੇ ਫੇਰ ਉਹ ਰਾਧਾ ਕੋਲ ਜਾ ਕੇ ਉਸ ਨੂੰ ਦਸਦੀ ਹੈ ਕਿ ਕ੍ਰਿਸ਼ਨ ਬ੍ਰਿਛਾਂ ਦੇ ਇਕ ਝੁੰਡ ਹੇਠ ਉਸ ਦੀ ਉਡੀਕ ਕਰ ਰਿਹਾ ਹੈ।
ਰਾਧਾ ਕ੍ਰਿਸ਼ਨ ਨੂੰ ਮਿਲਣ ਦੀ ਤਿਆਰੀ ਕਰਦੀ ਹੈ। ਮੋਤੀਆਂ ਦੇ ਹਾਰ ਪਹਿਨਦੀ ਹੈ, ਸੋਨੇ ਦੇ ਗੋਖੜੂ ਪਾਉਂਦੀ ਹੈ ਤੇ ਨੱਕ ਵਿਚ ਹੀਰੇ-ਜੜੀ ਨੱਥ ਪਾ ਕੇ ਕ੍ਰਿਸ਼ਨ ਨੂੰ ਰੁੱਖਾਂ ਦੇ ਇਕ ਝੁੰਡ ਹੇਠ ਜਾ ਮਿਲਦੀ ਹੈ ਜਿਸ ਨੂੰ ਚੌਹਾਂ ਪਾਸਿਆਂ ਤੋਂ ਵੇਲਾਂ ਨੇ ਘੇਰਿਆ ਹੋਇਆ ਹੈ। ਕ੍ਰਿਸ਼ਨ ਨੇ ਆਪਣੀ ਕਾਲੀ * ਕੰਬਲੀ ਹੇਠ ਵਿਛਾ ਦਿੱਤੀ ਹੈ ਤੇ ਦੋਵੇਂ ਇਸ ਉੱਤੇ ਆਰਾਮ ਕਰਦੇ ਹਨ। ਸਾਹਮਣੇ ਕਮਲਾਂ ਨਾਲ ਭਰੀ ਝੀਲ ਵਿਚ ਚਕੋਰਾਂ ਦਾ ਇਕ ਜੋੜਾ ਵਿਖਾਈ ਦਿੰਦਾ ਹੈ, ਦਰਖ਼ਤਾਂ ਉੱਤੇ ਮੋਰ ਤੇ ਪਪੀਹੇ ਬੈਠੇ ਹਨ ਤੇ ਅਸਮਾਨ ਉੱਤੇ ਕਾਲੇ ਬੱਦਲ ਛਾਏ ਹੋਏ ਹਨ। ਕ੍ਰਿਸ਼ਨ ਨੇ ਚਿੱਟੇ ਫੁੱਲਾਂ ਦਾ ਹਾਰ ਪਾਇਆ ਹੋਇਆ ਹੈ ਤੇ ਮੋਰ ਦੇ ਖੰਭਾਂ ਦਾ ਮੁਕਟ ਪਹਿਨਿਆ ਹੋਇਆ ਹੈ । ਕ੍ਰਿਸ਼ਨ ਰਾਧਾ ਦੀ ਗੁੱਤ ਕਰ ਰਿਹਾ ਦਰਸਾਇਆ ਹੈ ਤੇ ਉਹ ਉਸ ਵੱਲ ਇਉਂ ਵੇਖ ਰਹੀ ਹੈ ਜਿਵੇਂ ਕੋਈ ਤਿਹਾਇਆ ਪਪੀਹਾ ਬਰਖਾ ਵਾਲੇ ਬੱਦਲਾਂ ਨੂੰ ਵੇਖਦਾ ਹੈ।
-
ਸਿੱਖ ਰਾਜ ਸਮੇਂ ਦੀ ਚਿੱਤਰਕਾਰੀ
ਪਿਛਲੀਆਂ ਇਕ ਦੋ ਪੁਸ਼ਤਾਂ ਵਿਚ ਜੇ ਆਮ ਜਨਤਾ ਨੂੰ ਨਹੀਂ ਤਾਂ ਰੁਚੀ ਰੱਖਣ ਵਾਲੇ ਵਿਅਕਤੀਆਂ ਨੂੰ ਜ਼ਰੂਰ ਹੀ ਭਾਰਤੀ ਕਲਾ ਦੀ ਮੁੱਖ ਪਰੰਪਰਾ ਦੀ ਕਾਫੀ ਜਾਣਕਾਰੀ ਹੋਈ ਹੈ । ਪਰ ਜਾਪਦਾ ਹੈ ਕਿ ਜਿੱਥੇ ਪ੍ਰਾਚੀਨ ਕਲਾ ਦੇ ਰੂਪਕ ਪੱਖਾਂ ਉੱਤੇ, ਜਿਨ੍ਹਾਂ ਵੱਲ ਪੁਰਾਣੇ ਇਤਿਹਾਸਕਾਰਾਂ ਨੇ ਆਪਣੇ ਅਧਿਆਤਮਕ ਅਤੇ ਮੂਰਤੀ ਸਬੰਧੀ ਝੁਕਾਵਾਂ ਦੇ ਕਾਰਨ ਕੋਈ ਧਿਆਨ ਨਹੀਂ ਸੀ ਦਿੱਤਾ, ਜ਼ੋਰ ਦੇ ਕੇ ਆਪਣੇ ਵਿਰਸੇ ਨੂੰ ਨਵੇਂ ਸਿਰਿਓਂ ਲਿਖਣ ਤੇ ਉਸ ਦੀ ਪੁਨਰ-ਵਿਆਖਿਆ ਕਰਨ ਦੀ ਬੜੀ ਜ਼ਰੂਰਤ ਹੈ, ਉੱਥੇ ਆਪਣੀ ਕਲਾਤਮਕ ਪਰੰਪਰਾ ਦੇ ਅਣਗੌਲੇ ਪੱਖਾਂ ਨੂੰ ਮੌਲਣ ਤੇ ਚਿੱਤਰਕਾਰੀ, ਬੁੱਤਕਾਰੀ, ਇਮਾਰਤਸਾਜ਼ੀ ਅਤੇ ਦਸਤਕਾਰੀ ਉੱਤੇ ਭੁੱਲੀਆਂ-ਵਿਸਰੀਆਂ ਲਹਿਰਾਂ ਦੇ ਪ੍ਰਭਾਵ ਨੂੰ ਜਾਣਨ ਦੀ ਲੋੜ ਵੀ ਘੱਟ ਨਹੀਂ।
ਇਥੇ ਮੈਂ ਭਾਰਤੀ ਚਿੱਤਰਕਾਰੀ ਦੇ ਇਕ ਲਗਭਗ ਅਗਿਆਤ ਕਾਲ ਵੱਲ ਧਿਆਨ ਦਿਵਾਉਣਾ ਚਾਹੁੰਦਾ ਹਾਂ ਜਿਸ ਦੀ ਸਾਧਨਾ ਪੰਜਾਬ ਵਿਚ ਸਿੱਖਾਂ ਦੇ ਰਾਜ ਦੇ ਛੋਟੇ ਜਿਹੇ ਸਮੇਂ ਵਿਚ ਹੋਈ । ਇਸ ਛੋਟੇ ਜਿਹੇ ਸਮੇਂ ਵਿਚ ਕਿਸੇ ਮਹੱਤਵਪੂਰਨ ਸੁਹਜ-ਸੁਆਦ ਦੀ ਪ੍ਰਾਪਤੀ ਦੀ ਕੋਈ ਸੰਭਾਵਨਾ ਨਹੀਂ ਸੀ ਪਰ ਚਿੱਤਰਕਾਰੀ ਦੇ ਇਸ ਦੌਰ ਦੀ ਮਹੱਤਤਾ ਇਸ ਕਰਕੇ ਹੈ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਕਈ ਵਾਰੀ ਰਾਜਨੀਤਕ ਤੇ ਸਮਾਜਕ ਪਤਨ ਸਮੇਂ ਕਲਾ ਦੀ ਬਲਵਾਨ ਅਤੇ ਜੀਵਨਦਾਤੀ ਪਰੰਪਰਾ ਕਿਵੇਂ ਨਸ਼ਟ ਹੋ ਜਾਂਦੀ ਹੈ। ਸਿੱਖਾਂ ਦੇ ਸਮੇਂ ਦੀ ਚਿੱਤਰਕਾਰੀ ਦੀ ਮਹੱਤਤਾ ਦਾ ਇਕ ਕਾਰਨ ਇਹ ਵੀ ਹੈ ਕਿ ਇਸ ਤੋਂ ਬਦੇਸ਼ੀ ਪ੍ਰਭਾਵਾਂ ਹੇਠ ਆਉਣ ਵਾਲੀ ਪਰੰਪਰਾ ਦੇ ਸੰਕਟ ਦਾ ਸਪਸ਼ਟ ਪਤਾ ਲੱਗਦਾ ਹੈ। ਇਹ ਬਦੇਸ਼ੀ ਰੂਪਾਂ ਨੂੰ ਆਪਣੇ ਵਿਚ ਨਾ ਸਮੋ ਸਕੀ ਅਤੇ ਸਰਪਰਸਤਾਂ ਤੇ ਕਲਾਕਾਰਾਂ ਵਿਚਲੇ ਨਿਖੇੜ ਦੀ ਅਣਹੋਂਦ ਦੇ ਕਾਰਨ ਪਿੱਛੇ ਰਹਿ ਗਈ। ਸਿੱਖ ਚਿੱਤਰਕਾਰੀ ਦੀ ਬਜਾਏ “ਸਿੱਖਾਂ ਦੇ ਸਮੇਂ ਦੀ ਚਿੱਤਰਕਾਰੀ” ਦਾ ਨਾਂ ਮੈਂ ਜਾਣ ਬੁੱਝ ਕੇ ਇਸ ਲੇਖ ਨੂੰ ਦੇ ਰਿਹਾ ਹਾਂ । ਪੰਜਾਬ ਵਿਚ ਸਿੱਖਾਂ ਦੇ ਰਾਜ ਸਮੇਂ ਕੀਤੀ ਗਈ ਚਿੱਤਰਕਾਰੀ ਮੁੱਖ ਰੂਪ ਵਿਚ ਕਾਂਗੜੇ ਤੇ ਸਬੰਧਤ ਪਰਪਾਟੀਆਂ ਦੀ ਪਹਾੜੀ ਚਿੱਤਰਕਾਰੀ ਹੀ ਸੀ ਜਿਸ ਦੇ ਕਰਤਾ ਹਿੰਦੂ, ਮੁਸਲਮਾਨ ਤੇ ਸਿੱਖ ਕਲਾਕਾਰ ਸਨ। ਇਹ ਕਿਸੇ ਨਿੱਖੜਵੀਂ ਸਿੱਖ ਕਲਮ ਦੀ ਉਪਜ ਨਹੀਂ ਸੀ । ਇਕ ਚਿੱਤਰ ਦਾ ਦੂਜੇ ਚਿੱਤਰ ਨਾਲ ਟਾਕਰਾ ਭਾਵੇਂ ਉਸ ਦੇ ਸਮਾਜਕ ਪੱਖ ਦੀ ਥਾਂ ਉਸ ਦੇ ਰੂਪਕ ਪੱਖ ਅਨੁਸਾਰ ਹੀ ਕੀਤਾ ਜਾਣਾ ਹੁੰਦਾ ਹੈ ਤਾਂ ਵੀ ਇਸ ਲੇਖ ਵਿਚ ਇਕ ਦੌਰ ਨੂੰ ਉਲੀਕਿਆ ਜਾਣਾ ਹੈ ਤੇ ਇਸੇ ਲਈ ਇਸ ਵਿਚ ਸੁਹਜ-ਸੁਆਦ ਦੇ ਮੁੱਲ ਪਾਉਣ ਦੀ ਥਾਂ ਇਤਿਹਾਸਕ ਅਤੇ ਸਮਾਜਕ ਵਿਸ਼ਲੇਸ਼ਣ ਵੱਲ ਵਧੇਰੇ ਧਿਆਨ ਦਿੱਤਾ ਗਿਆ ਹੈ।
(2)
ਸਭ ਤੋਂ ਪਹਿਲਾਂ ਇਹ ਵੇਖਣਾ ਲਾਹੇਵੰਦ ਹੋਵੇਗਾ ਕਿ ਪੰਜਾਬ ਵਿਚ ਸਿੱਖਾਂ ਨੇ ਜ਼ੋਰ ਕਿਵੇਂ ਫੜਿਆ। ਜਿਵੇਂ ਕਿ ਸਭ ਜਾਣਦੇ ਹਨ, ਹਿੰਦੂ ਧਰਮ ਤੇ ਇਸਲਾਮ, ਦੋ ਪਰਸਪਰ ਵਿਰੋਧੀ ਧਰਮਾਂ ਦੇ ਸਰਬੋਤਮ ਤੱਤਾਂ ਨੂੰ ਯੁਕਤੀ-ਪੂਰਬਕ ਬਣਾਉਣ ਤੇ ਇਕ ਦੂਸਰੇ ਦੇ ਅਨੁਕੂਲ ਬਣਾਉਣ ਦੇ ਮਨੋਰਥ ਨਾਲ, ਗੁਰੂ ਨਾਨਕ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ ਸੀ । ਗੁਰੂ ਨਾਨਕ ਛੋਟੇ ਹੁੰਦੇ ਹੀ ਇਨ੍ਹਾਂ ਧਰਮਾਂ ਦੇ ਵਾਦ-ਵਿਵਾਦ ਨੂੰ ਵੇਖਦੇ ਅਤੇ ਸੁਕਰਾਤ ਵਾਂਗ ਸਵਾਲ ਪੁੱਛਦੇ, ਦੇਸ਼ਾਟਨ ਵਿਚ ਲਗ ਪਏ, ਪਰ ਉਨ੍ਹਾਂ ਨੂੰ ਕੋਈ ਉੱਤਰ ਨਾ ਦੇ ਸਕਿਆ। ਇਨ੍ਹਾਂ ਦੋਹਾਂ ਪ੍ਰਚੱਲਿਤ ਲੋਕ-ਪ੍ਰਿਅ ਧਰਮਾਂ ਨੂੰ ਪ੍ਰੇਰਤ ਕਰਨ ਵਾਲੇ ਆਦਰਸ਼ਾਂ ਦੇ ਵਿਰੁੱਧ ਧਾਰਮਕ ਰਿਵਾਜਾਂ ਅਤੇ ਰੀਤਾਂ ਦੀਆਂ ਸ੍ਵੈ-ਵਿਰੋਧੀ ਗੱਲਾਂ ਤੋਂ ਗੁਰੂ ਨਾਨਕ ਦੇ ਮਨ ਨੂੰ ਚੋਟ ਲੱਗੀ। ਇਨ੍ਹਾ ਨੇ ਪਰਮਾਤਮਾ ਦੀ ਏਕਤਾ ਦਾ ਸਰੋਦੀ ਗੀਤ ਪੰਜਾਬੀ ਬੋਲੀ ਵਿਚ ਅਲਾਪਿਆ ਜਿਸ ਵਿਚ ਵੇਦਾਂਤ ਤੇ ਕੁਰਾਨ ਦੇ ਫਲਸਫ਼ਿਆਂ ਨੂੰ ਇਕ-ਮਿੱਕ ਕੀਤਾ ਹੋਇਆ ਸੀ। ਅਸ਼ਾਂਤੀ-ਭਰੀ ਪੰਦਰਵੀਂ ਸਦੀ ਵਿਚ ਗੁਰੂ ਨਾਨਕ ਦਾ ਸਚਾਈ ਤੇ ਸਮਾਜ-ਸੁਮੇਲ ਦਾ ਸੁਨੇਹਾ ਇਕ ਨਿਆਮਤ ਸਾਬਤ ਹੋਇਆ ਅਤੇ ਹਿੰਦੂਆਂ ਤੇ ਮੁਸਲਮਾਨਾਂ ਵਿੱਚੋਂ ਬਹੁਤ ਸਾਰੇ ਲੋਕ ਉਨ੍ਹਾਂ ਦੇ ਮੁਰੀਦ ਬਣ ਗਏ। ਗੁਰੂ ਨਾਨਕ ਜਾਤੀ-ਭੇਦ ਨੂੰ ਨਹੀਂ ਸਨ ਮੰਨਦੇ ਇਸ ਲਈ ਉਨ੍ਹਾਂ ਦੇ ਮੁਰੀਦ ਬਹੁਤ ਕਰਕੇ ਨੀਵੀਆਂ ਸ਼੍ਰੇਣੀਆਂ ਵਿੱਚੋਂ ਹੀ ਸਨ। ਉਸ ਤੋਂ ਬਾਅਦ ਕਈ ਮੰਨੇ ਪਰਮੰਨੇ ਵਿਅਕਤੀਆਂ ਨੇ ਉਨ੍ਹਾਂ ਦੀ ਗੁਰਿਆਈ ਦੀ ਗੱਦੀ ਵਾਰੋ ਵਾਰੀ ਸੰਭਾਲੀ । ਇਹ ਗੁਰੂ ਹਮੇਸ਼ਾਂ ਨਾਮਜ਼ਦ ਕੀਤੇ ਜਾਂਦੇ ਸਨ । ਗੁਰੂ ਨਾਨਕ ਤੋਂ ਲੈ ਕੇ ਗੁਰੂ ਅਰਜਨ ਦੇਵ ਤਕ ਸਿੱਖ ਮਤ ਇਕ ਚੁੱਪਵਰਤੀ (ਸ਼ਾਂਤਮਈ) ਮਤ ਰਿਹਾ ਜਿਸ ਦਾ ਆਧਾਰ ਸਚਾਈ ਤੇ ਸ਼ਾਂਤੀ ਦੀ ਢੂੰਡ ਦੇ ਨਾਲ ਪਰਮਾਤਮਾ ਦੀ ਰਹੱਸਮਈ ਪ੍ਰਾਪਤੀ ਅਤੇ ਹਿੰਦੂ ਧਰਮ ਤੇ ਇਸਲਾਮ ਦੀਆਂ ਸਮਾਜਕ ਕੁਰੀਤੀਆਂ ਨੂੰ ਦੂਰ ਕਰਨਾ ਸੀ । ਗੁਰੂ ਅਰਜਨ ਦੇਵ ਤੋਂ ਬਾਅਦ ਗੁਰਿਆਈ ਜੱਦੀ ਬਣ ਗਈ ਅਤੇ ਅਧਿਆਤਮਕ ਗੁਰੂ ਸਾਧੂਆਂ ਦੀ ਥਾਂ ਇਕ ਧਨਵਾਨ ਧਾਰਮਕ ਮੰਡਲੀ ਦੇ ਮੁਖੀਏ ਬਣ ਗਏ ਤੇ ਇਨ੍ਹਾਂ ਦੀ ਸਿੱਖੀ-ਸੇਵਕੀ ਬਹੁਤ ਫੈਲ ਗਈ। ਇਹ ਮੰਡਲੀ ਨਿੱਕੇ ਰਾਜ ਵਾਂਗ ਜਥੇਬੰਦ ਸੀ ਅਤੇ ਸ਼ਕਤੀ ਤੇ ਧਨ-ਦੌਲਤ ਨਾਲ ਸਬੰਧਤ ਸਾਰੀਆਂ ਉਚੇਚੀਆਂ ਰਵਾਇਤਾਂ ਇਸ ਵਿਚ ਆ ਪ੍ਰਚੱਲਿਤ ਹੋਈਆਂ। ਹਥਿਆਰਬੰਦ ਫੌਜ ਇਸ ਨਵੀਂ ਧਾਰਮਕ ਸੰਪਰਦਾਇ ਦਾ ਇਕ ਅਨਿੱਖੜਵਾਂ ਅੰਗ ਬਣ ਗਈ। ਇਸ ਚੁੱਪਵਰਤੀ (ਸ਼ਾਂਤਮਈ) ਜੱਥੇਬੰਦੀ ਦੇ ਫੌਜੀ ਕਿਸਮ ਦੀ ਜੱਥੇਬੰਦੀ ਬਣ ਜਾਣ ਦਾ ਕਾਰਨ ਮੁਗ਼ਲ ਬਾਦਸ਼ਾਹਾਂ ਦਾ ਗੈਰ-ਮੁਸਲਿਮ ਜਨਤਾ ਦੇ ਹੱਕਾਂ ਅਤੇ ਵਿਸ਼ੇਸ਼ ਅਧਿਕਾਰਾਂ ਉਤੇ ਵਧੀਕੀਆ ਕਰੀ ਜਾਣਾ ਸੀ । ਗੁਰੂ ਅਰਜਨ ਨੂੰ ਸਰਕਾਰ ਨੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ । ਇਸ ਸ਼ਹਾਦਤ ਨਾਲ ਸਿੱਖ ਧਰਮ ਨਵੇਂ ਦੌਰ ਵਿਚ ਦਾਖ਼ਲ ਹੋਇਆ। ਸਿੱਖਾਂ ਨੇ ਖੁੱਲ੍ਹਮਖੁੱਲ੍ਹਾ ਬਗ਼ਾਵਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੁਗ਼ਲਾਂ ਨੂੰ ਪਰੇਸ਼ਾਨ ਕਰਨ ਲੱਗ ਪਏ। ਗੁਰੂ ਹਰਗੋਬਿੰਦ, ਜੋ ਗੁਰੂ ਅਰਜਨ ਤੋਂ ਬਾਅਦ ਗੱਦੀ ਉੱਤੇ ਬੈਠੇ, ਮੁੱਖ ਰੂਪ ਵਿਚ ਇਕ ਫੌਜੀ ਆਗੂ ਸਨ। ਇਨ੍ਹਾਂ ਨੇ ਜੰਗ ਦਾ ਇਕ ਨਵਾਂ ਢੰਗ ਕੱਢਿਆ ਜਿਸ ਨੂੰ ਬਾਅਦ ਵਿਚ ਸ਼ਿਵਾ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਅਪਣਾਇਆ। ਸਿੱਖਾਂ ਨੂੰ ਆਪਣੀ ਬਗ਼ਾਵਤ ਕਾਰਨ ਕਾਫੀ ਔਖ ਝੱਲਣੀ ਪਈ, ਜਿਵੇਂ ਗੁਰੂ ਤੇਗ਼ ਬਹਾਦਰ, ਜੋ ਗੁਰੂ ਹਰਗੋਬਿੰਦ ਦੇ ਮਗਰੋਂ ਗੱਦੀ ਉੱਤੇ ਬੈਠੇ, ਸ਼ਹੀਦ ਕਰ ਦਿੱਤੇ ਗਏ। ਆਖ਼ਰੀ ਗੁਰੂ, ਗੋਬਿੰਦ ਸਿੰਘ ਅਧਿਆਤਮਿਕ ਗਿਆਨ ਤੇ ਫੌਜੀ ਸੂਝ, ਦੋਹਾਂ ਪੱਖਾਂ ਵਿਚ ਨਿਪੁੰਨ ਸਨ। ਇਨ੍ਹਾਂ ਵੇਲੇ ਸਿੱਖਾਂ ਨੇ ਇਕ ਜੰਗਜੂ ਜੱਥੇਬੰਦੀ ਦਾ ਰੂਪ ਧਾਰ ਲਿਆ । ਇਨ੍ਹਾਂ ਵਿਚ ਧਰਮ ਹੇਤ ਲੜਨ ਲਈ ਜੋਸ਼ ਸੀ ਜਿਸ ਨੇ ਬਾਅਦ ਵਿਚ ਉੱਤਰੀ ਭਾਰਤ ਦਾ ਰਾਜਨੀਤਕ ਨਕਸ਼ਾ ਹੀ ਬਦਲ ਦਿੱਤਾ । ਗੁਰੂ ਗੋਬਿੰਦ ਸਿੰਘ ਨੇ ਕਈਆਂ ਲੜਾਈਆਂ ਵਿਚ ਔਰੰਗਜ਼ੇਬ ਬਾਦਸ਼ਾਹ ਦੀਆਂ ਫੌਜਾਂ ਨੂੰ ਹਾਰ ਦਿੱਤੀ । ਉਨ੍ਹਾਂ ਨੇ ਸਿੱਖ ਧਰਮ ਦਾ ਦਬਦਬਾ ਦੂਰ ਦੂਰ ਤਕ ਬਿਠਾ ਦਿੱਤਾ ਤੇ ਮੁਗ਼ਲ ਰਾਜ ਵਿਰੁੱਧ ਹੋਈਆਂ ਬਗ਼ਾਵਤਾਂ ਤੋਂ ਉਤਪੰਨ ਗੜਬੜੀ ਤੇ ਬਦਅਮਨੀ ਤੋਂ ਫ਼ਾਇਦਾ ਉਠਾ ਕੇ ਸਿੱਖ ਪੰਥ ਨੂੰ ਦੇਸ ਦੀ ਇਕ ਮਹੱਤਵਪੂਰਨ ਧਾਰਮਕ ਅਕਲੀਅਤ ਬਣਾ ਦਿੱਤਾ । ਗੁਰੂ ਗੋਬਿੰਦ ਸਿੰਘ ਜੀ ਦੀ ਮ੍ਰਿਤੂ ਤੋਂ ਬਾਅਦ ਗੁਰਿਆਈ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਗਈ। ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਦੇਵ ਅਤੇ ਉਨ੍ਹਾਂ ਤੋਂ ਬਾਅਦ ਦੇ ਪੰਜਾਂ ਗੁਰੂਆਂ ਦੀ ਬਾਣੀ ਦਰਜ ਸੀ। ਖ਼ਾਲਸੇ ਦੀ ਅਗਵਾਈ ਲਈ ਪੰਜਾਂ ਪਿਆਰਿਆਂ ਦੀ ਥਾਪਨਾ ਕਰ ਦਿੱਤੀ ਗਈ। ਇਸ ਫ਼ੌਜੀ ਤਾਕਤ ਤੋਂ ਕਈ ਮਿਸਲਾਂ ਹੋਂਦ ਵਿਚ ਆ ਗਈਆਂ ਜਿਨ੍ਹਾਂ ਨੇ ਆਪਣੇ ਆਪਣੇ ਵਾਸਤੇ ਛੋਟੇ ਛੋਟੇ ਇਲਾਕੇ ਜਿੱਤ ਲਏ ਤੇ ਖੁਦਮੁਖ਼ਤਾਰ ਰਿਆਸਤਾਂ ਬਣ ਗਈਆਂ। ਇਹ ਮਿਸਲਾਂ ਮੁਗ਼ਲ ਰਾਜ ਨਾਲ ਝੜਪਾਂ ਲੈਂਦੀਆਂ ਰਹਿੰਦੀਆ ਸਨ । ਕੁਝ ਸਮਾਂ ਇਹ ਮਿਸਲਾਂ ਹੀ ਸਿੱਖ ਸੱਤਾ ਦਾ ਧੁਰਾ ਰਹੀਆਂ। ਇਹ ਇਕ ਦੂਸਰੇ ਨਾਲ ਹਸਦ ਕਰਦੀਆਂ ਸਨ ਪਰ ਆਪਣੇ ਸਾਂਝੇ ਧਰਮ ਕਾਰਨ ਅਪ੍ਰਤੱਖ ਰੂਪ ਵਿਚ ਇਕ-ਮੁੱਠ ਵੀ ਸਨ । ਫਿਰ ਰਣਜੀਤ ਸਿੰਘ ਮੈਦਾਨ ਵਿਚ ਆਇਆ। ਇਸ ਨੇ ਛੋਟੀਆਂ ਛੋਟੀਆਂ ਮਿਸਲਾਂ ਨੂੰ ਇਕੱਠਾ ਕਰ ਕੇ ਸਾਰਾ ਪੰਜਾਬ ਫਤਿਹ ਕੀਤਾ। ਇਸ ਨੇ ਆਪਣਾ ਰਾਜ ਉੱਤਰ ਵੱਲ ਅਫ਼ਗਾਨਿਸਤਾਨ ਤਕ ਅਤੇ ਦੱਖਣ ਵੱਲ ਸਤਲੁਜੋਂ ਪਾਰ ਤਕ ਕਾਇਮ ਕਰ ਲਿਆ ਅਤੇ ਇਕ ਅਜਿਹੇ ਰਾਜ-ਘਰਾਣੇ ਦੀ ਬੁਨਿਆਦ ਰੱਖੀ ਜਸ ਦਾ ਦੋ ਪੀੜ੍ਹੀਆਂ ਤਕ ਉੱਤਰੀ ਭਾਰਤ ਵਿਚ ਰਾਜਨੀਤਕ ਦਬਦਬਾ ਕਾਇਮ ਰਿਹਾ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਹਕੂਮਤ ਦੇ ਸ਼ੁਰੂ ਵਿਚ ਹਿਮਾਲੀਆ ਦੀ ਤਲਹੱਟੀ ਦੇ ਰਾਜਪੂਤ ਰਾਜਿਆਂ ਨੂੰ ਆਪਣੇ ਅਧੀਨ ਕਰ ਲਿਆ ਹੋਇਆ ਸੀ ਅਤੇ ਜਿਵੇਂ ਕਿ ਕਿਸੇ ਫੌਜੀ ਜੇਤੂ ਦੀ ਸੂਰਤ ਵਿਚ ਹੋਇਆ ਕਰਦਾ ਹੈ, ਉਸ ਉ ਤੇ ਅਤੇ ਉਸ ਦੇ ਅਮੀਰਾਂ ਵਜ਼ੀਰਾਂ ਉੱਤੇ ਰਾਜਪੂਤ ਦਰਬਾਰਾਂ ਦਾ ਬਹੁਤ ਪ੍ਰਭਾਵ ਪਿਆ। ਇਨ੍ਹਾਂ ਦਰਬਾਰਾਂ ਵਿਚ ਪ੍ਰਫੁੱਲਿਤ, ਵੈਸ਼ਣਵ ਮਤ ਉਤੇ ਆਧਾਰਿਤ ਹਿੰਦੂ ਸਭਿਆਚਾਰਕ ਪਰੰਪਰਾ ਨੇ, ਜਿਸ ਵਿਚ ਰਾਮ ਅਤੇ ਕ੍ਰਿਸ਼ਨ ਵਿਸ਼ੇਸ਼ ਰੂਪ ਵਿਚ ਸਰਵੋਤਮ ਹਨ, ਲਾਹੌਰ ਦੀ ਸਿੱਖ ਰਾਜਧਾਨੀ ਵਿਚ ਆ ਪਰਵੇਸ਼ ਕੀਤਾ। ਇਸ ਦੇ ਨਾਲ ਹੀ ਇਨ੍ਹਾਂ ਪਹਾੜੀ ਰਿਆਸਤਾਂ ਦੀ ਵੈਸ਼ਣਵ ਹਿੰਦੂ ਕਲਾ ਅਤੇ ਸਾਹਿੱਤ ਵੀ ਪੰਜਾਬ ਤੱਕ ਆ ਪਹੁੰਚੇ। ਇਸ ਤਰ੍ਹਾਂ ਚਿੱਤਰਕਾਰੀ ਦੀ ਕਲਾ ਨੂੰ ਸਿੱਖ ਦਰਬਾਰ ਵਿਚ ਵਧਣ ਫੁੱਲਣ ਦਾ ਕੁਝ ਮੌਕਾ ਮਿਲਿਆ।
(3)
ਹਿਮਾਲੀਆ ਦੀ ਤਲਹੱਟੀ ਦੇ ਇਲਾਕਿਆਂ ਵਿਚ ਲੱਗਭੱਗ ਇਕ ਸੌ ਜਾਂ ਇਸ ਤੋਂ ਵੀ ਵਧੀਕ ਸਾਲਾਂ ਤੋਂ ਸਭਿਆਚਾਰਕ ਪ੍ਰਗਟਾਉ ਦਾ ਸਭ ਤੋਂ ਵੱਧ ਮਹੱਤਤਾ ਵਾਲਾ ਪ੍ਰਚੱਲਿਤ ਢੰਗ ਤਿੰਨ ਤਿੰਨ ਵੈਸ਼ਣਵ ਮੰਦਰਾਂ ਵਿਚ ਗਿੱਲੇ ਪਲੱਸਤਰ ਦੀ ਚਿੱਤਰਕਾਰੀ (Frescoes) ਸੀ। ਇਹ ਗਿੱਲੇ ਪਲੱਸਤਰ ਦੀ ਅਤੇ ਕੰਧਾਂ ਦੀ ਚਿੱਤਰਕਾਰੀ ਦੇਸ ਦੇ ਇਸ ਹਿੱਸੇ ਵਿਚ ਵੱਡੇ ਛੋਟੇ ਮਕਾਨਾਂ ਦੇ ਸਜਾਉਣ ਲਈ ਵੀ ਵਰਤੀ ਜਾਂਦੀ ਸੀ। ਇਸੇ ਤਰ੍ਹਾਂ ਹੀ ਪੰਜਾਬ ਦੇ ਕਿਸਾਨਾਂ ਦੇ ਰਿਹਾਇਸ਼ੀ ਕਮਰੇ ਵੀ ਸਜਾਏ ਜਾਂਦੇ ਸਨ । ਗਿੱਲੇ ਪਲੱਸਤਰ ਦੇ ਇਨ੍ਹਾਂ ਚਿੱਤਰਾਂ ਦਾ ਵਿਸ਼ਾ ਆਮ ਤੌਰ ਤੇ ਰਾਮਾਇਣ ਅਤੇ ਮਹਾਭਾਰਤ ਦੀਆਂ ਕਥਾਵਾਂ ਅਤੇ ਰਾਧਾ ਅਤੇ ਕ੍ਰਿਸ਼ਨ ਦਾ ਪ੍ਰੇਮ ਹੁੰਦਾ ਸੀ । ਇਨ੍ਹਾਂ ਦੇ ਕੇਂਦਰੀ ਭਾਵ ਪ੍ਰਾਚੀਨ ਅਤੇ ਮੱਧ ਕਾਲੀ ਪਰੰਪਰਾ ਦੇ ਖਿੰਡ-ਪੁੰਡ ਜਾਣ ਤੋਂ ਬਾਅਦ, ਕਈ ਸੌ ਸਾਲ ਤੋਂ ਉੱਤਰੀ ਭਾਰਤ ਦੇ ਪਿੰਡਾਂ ਵਿਚ ਪ੍ਰਚੱਲਿਤ ਲੋਕ-ਰੂਪਾਂ ਤੋਂ ਲਏ ਗਏ ਸਨ। ਇਨ੍ਹਾਂ ਰੂਪਾਂ ਉੱਤੇ ਇਕ ਪਾਸੇ ਤਾਂ ਰਾਜਸਥਾਨ ਅਤੇ ਪੱਛਮੀ ਭਾਰਤ ਦਾ ਪ੍ਰਭਾਵ ਸੀ ਅਤੇ ਦੂਜੇ ਪਾਸੇ ਗੰਗਾ ਦੇ ਮੈਦਾਨ ਦਾ । ਪਹਾੜੀ ਰਿਆਸਤਾਂ ਦੇ ਰਾਜਿਆਂ ਦੀ ਸਰਪਰਸਤੀ ਹੇਠ ਮੰਦਰਾਂ ਤੇ ਘਰਾਂ ਦੀਆਂ ਦੀਵਾਰਾਂ ਦੀ ਚਿੱਤਰਕਾਰੀ ਵਿਚ ਅੜਕ ਮੜਕ ਆ ਗਈ ਅਤੇ ਸਾਰੇ ਦੇ ਸਾਰੇ ਰਾਜ-ਮੰਦਰ ਬੜੇ ਛਬੀਲੇ ਤੇ ਭੜਕਾਊ ਚਿੱਤਰਾਂ ਨਾਲ ਸਜਾਏ ਜਾਣ ਲੱਗ ਪਏ। ਧੁਰ ਦੱਖਣ-ਪੱਛਮ ਵਿਚ, ਕੋਚੀਨ ਟ੍ਰਾਵਨਕੋਰ ਅੰਦਰ, ਗਿੱਲੇ ਪਲੱਸਤਰ ਦੀ ਚਿੱਤਰਕਾਰੀ ਵਿਚ ਜੀਵਤ ਲੋਕ-ਅੰਸ਼ ਆ ਮਿਲੇ ਸਨ ਜਿਸ ਕਰ ਕੇ ਉਹ ਇਕ ਮਟਕੀਲੀ ਅਤੇ ਉਪਜਾਊ ਕਲਾ ਬਣ ਗਈ । ਰਾਜਪੂਤ ਰਾਜਿਆਂ ਦੇ ਦਰਬਾਰਾਂ ਵਿਚ ਵੀ ਛੋਟੇ ਛੋਟੇ ਚਿੱਤਰ, ਜੋ ਪਲੱਸਤਰੀ ਚਿੱਤਰਕਾਰੀ ਦਾ ਹੀ ਛੋਟਾ ਰੂਪ ਹੁੰਦੇ ਹਨ, ਕਿਤਾਬੀ ਚਿੱਤਰ ਅਤੇ ਕੱਪੜੇ ਉਤੇ ਸਜਾਵਟੀ ਚਿੱਤਰ ਵਾਹੁਣ ਦਾ ਰਿਵਾਜ ਪੈ ਗਿਆ। ਪੰਜਾਬ ਵਿਚ ਹਿਮਾਲੀਆ ਦੀ ਤਲਹੱਟੀ ਵਿਚ ਪ੍ਰਫੁੱਲਿਤ ਹੋਏ ਭਿੰਨ ਭਿੰਨ ਸਕੂਲਾਂ ਦੀ ਇਸ ਚਿੱਤਰਕਾਰੀ ਨੂੰ, ਰਾਜਪੂਤ ਚਿੱਤਰਕਾਰੀ ਆਖਦੇ ਹਨ। ਭਾਰਤੀ ਚਿੱਤਰਕਾਰੀ ਦੇ ਇਸ ਦੌਰ ਬਾਰੇ ਸਭ ਤੋਂ ਪਹਿਲਾਂ ਆਨੰਦ ਕੁਮਾਰ ਸਵਾਮੀ ਨੇ ਲਿਖਿਆ ਤੇ ਉਸ ਨੇ ਹੀ ਇਸ ਨੂੰ ਰਾਜਪੂਤ ਚਿੱਤਰਕਾਰੀ ਦਾ ਨਾਂ ਦਿੱਤਾ।
ਮੈਂ ਆਪਣੇ ਇਸ ਵਿਸ਼ਵਾਸ ਉੱਤੇ ਜ਼ੋਰ ਦਿੱਤਾ ਹੈ ਕਿ ਰਾਜਪੂਤ ਚਿੱਤਰਕਾਰੀ ਦਾ ਨਿਕਾਸ ਸਾਡੇ ਪ੍ਰਾਚੀਨ ਸਭਿਆਚਾਰ ਦੇ ਖੰਡਰਾਂ ਵਿਚ ਚਲੀ ਆ ਰਹੀ ਲੋਕ-ਪਰੰਪਰਾ ਤੋਂ ਗਿੱਲੇ ਪਲੱਸਤਰ ਦੀ ਚਿੱਤਰਕਾਰੀ ਵਿਚਲੇ ਲੋਕ-ਭਾਵਾਂ ਦੇ ਸੁਮੇਲ ਰਾਹੀਂ ਹੋਇਆ ਹੈ। ਕਿਉਂਕਿ ਮੇਰੇ ਵਿਚਾਰ ਅਨੁਸਾਰ ਕਾਗਜ਼ ਉੱਤੇ ਕੀਤੀ ਚਿੱਤਰਕਾਰੀ ਜਾਂ ਤਾਂ ਗਿੱਲੇ-ਪਲੱਸਤਰ ਦੀ ਚਿੱਤਰਕਾਰੀ ਦਾ ਹੀ ਛੋਟਾ ਰੂਪ ਸੀ ਜਾਂ ਦੀਵਾਰਾਂ ਦੀ ਚਿੱਤਰਕਾਰੀ ਦਾ ਨਮੂਨਾ ਸੀ ਤੇ ਮੁਗ਼ਲਾਂ ਦੇ ਸਮੇਂ ਦੀ ਚਿੱਤਰਕਾਰੀ ਵਰਗੀ ਚੇਤੰਨ ਹੋ ਕੇ ਕੀਤੀ ਸੂਖਮ-ਰੂਪ ਦੀ ਚਿੱਤਰਕਾਰੀ ਪਿੱਛੋਂ ਜਾ ਕੇ ਬਣੀ। ਇਸ ਦਾ ਇਹ ਭਾਵ ਨਹੀਂ ਕਿ ਜਿੱਥੇ ਰਾਜਪੂਤ ਚਿੱਤਰਕਾਰੀ ਭਾਰਤ ਦੀ ਆਪਣੀ ਸਰਜ਼ਮੀਨ ਉਤੇ ਉਪਜੀ, ਉਥੇ ਮੁਗ਼ਲ ਚਿੱਤਰਕਾਰੀ ਕੋਈ ਬਦੇਸ਼ੀ ਚੀਜ਼ ਸੀ ਜਿਵੇਂ ਕਿ ਹੁਣ ਆਮ ਮੰਨਿਆ ਜਾਂਦਾ ਹੈ, ਕਿਤਾਬੀ ਤਸਵੀਰਾਂ ਵਾਲੀ ਈਰਾਨੀ ਸੂਖਮ-ਰੂਪ ਚਿੱਤਰਕਾਰੀ ਅਤੇ ਭਾਰਤੀ ਚਿੱਤਰਕਾਰਾਂ ਦੀਆਂ ਸ਼ੈਲੀਆਂ ਦੇ ਮੇਲ ਤੋਂ ਪੈਦਾ ਹੋਣ ਵਾਲੀ ਮੁਗ਼ਲ ਚਿੱਤਰਕਾਰੀ ਨੇ ਈਰਾਨੀ ਤੇ ਭਾਰਤੀ ਪਰੰਪਰਾਵਾਂ ਨੂੰ ਆਪਸ ਵਿਚ ਲਿਆ ਮੇਲਿਆ । ਇਸਦੇ ਫਲ-ਸਰੂਪ ਇਕ ਨਵੀਂ ਭਾਰਤੀ ਪਰੰਪਰਾ ਨੇ ਆਪਣੇ ਪੈਰ ਜਮਾ ਲਏ ਅਤੇ ਵਧਣ ਫੁੱਲਣ ਲੱਗ ਪਈ। ਇਹ ਪਰੰਪਰਾ ਸਾਡੀ ਕੌਮੀ ਕਲਾ ਦੇ ਇਤਿਹਾਸ ਵਿਚ ਬਹੁਤ ਮਹੱਤਵਪੂਰਨ ਤੇ ਨਿੱਖੜਵੀਂ ਸੀ। ਪਰ ਮੈਂ ਇਹ ਜ਼ਰੂਰ ਹੀ ਕਹਿਣਾ ਚਾਹੁੰਦਾ ਹਾਂ ਕਿ ਭਾਵੇਂ ਰਾਜਪੂਤ ਚਿੱਤਰਕਾਰੀ ਵਿਗਸਿਤ ਮੁਗ਼ਲ ਸ਼ੈਲੀਆਂ ਤੋਂ ਬਹੁਤ ਹੀ ਪ੍ਰਭਾਵਿਤ ਤੇ ਉਤਸ਼ਾਹਿਤ ਹੋਈ ਤਾਂ ਵੀ ਇਹ ਅਜੇਹੇ ਜਜ਼ਬਿਆਂ, ਬਿਰਤੀਆਂ ਅਤੇ ਵਿਚਾਰਾਂ ਦਾ ਪ੍ਰਗਟਾਉ ਹੈ ਜਿਨ੍ਹਾਂ ਦੀ ਜੜ੍ਹ ਸਾਡੇ ਪਿੰਡਾਂ ਦੇ ਸਥਾਨਕ ਕੇਂਦਰਾਂ ਵਿਚ ਬਹੁਤ ਡੂੰਘੀ ਜੰਮ ਚੁੱਕੀ ਸੀ ਅਤੇ ਇਸ ਤਰ੍ਹਾਂ ਇਹ ਪਰੰਪਰਾ ਪੂਰਵ-ਮੁਗ਼ਲ ਕਾਲ ਤੋਂ ਚਲਦੀਆਂ ਆ ਰਹੀਆਂ ਪਰੰਪਰਾਵਾਂ ਦੀ ਹੀ ਟੁੱਟ ਟੁੱਟ ਕੇ ਮੁੜ ਚਾਲੂ ਹੋਈ ਇਕ ਲੜੀ ਸੀ । ਮੁਗ਼ਲ ਸ਼ੈਲੀ ਦੇ ਖ਼ਤਮ ਹੋਣ ਤੋਂ ਇਕ ਸੋ ਸਾਲ ਬਾਅਦ ਸਿੱਖ ਦਰਬਾਰ ਵਿਚ ਯੂਰਪੀ ਪ੍ਰਭਾਵ ਨਾਲ ਟੱਕਰ ਲੈਣ ਤਕ ਇਸ ਪਰੰਪਰਾ ਦੇ ਚਾਲੂ ਰਹਿਣ ਤੋਂ ਪਤਾ ਲੱਗਦਾ ਹੈ ਕਿ ਇਸ ਨੇ ਆਪਣੇ ਆਪ ਜ਼ੋਰ ਫੜ ਲਿਆ ਹੋਇਆ ਸੀ ਅਤੇ ਇਸ ਨੇ ਆਪਣੇ ਪ੍ਰਭਾਵ, ਸਪੱਸ਼ਟ ਆਕਾਰ ਅਤੇ ਰੰਗਾਂ ਦੇ ਗੂੜ੍ਹੇਪਣ ਦੀ ਸੁੰਦਰਤਾ ਦੀ ਧਾਕ, ਬਿਨਾਂ ਕਿਸੇ ਖ਼ਾਸ ਬਾਹਰਲੇ ਅਸਰ ਦੇ ਹੀ ਜਮਾ ਲਈ ਹੋਈ ਸੀ । ਬਦਕਿਸਮਤੀ ਨਾਲ ਇਸ ਪਰੰਪਰਾ ਦੇ ਲਾਹੌਰ ਵਿਚ ਪਹੁੰਚਾਣ ਤੋਂ ਛੇਤੀ ਹੀ ਬਾਅਦ ਇਸ ਵਿਚ ਮਿਲਾਵਟ ਆ ਗਈ ਅਤੇ ਇਹ ਮੱਧਮ ਪੈ ਗਈ। ਮਹਾਰਾਜਾ ਰਣਜੀਤ ਸਿੰਘ ਦੀ ਮ੍ਰਿਤੂ ਦੇ ਕੁਝ ਸਾਲਾਂ ਬਾਅਦ ਜਿਸ ਰਾਜਨੀਤਕ ਅਤੇ ਸਮਾਜਕ ਗੜਬੜ ਨੇ ਸਿੱਖ ਰਾਜ ਨੂੰ ਖ਼ਤਮ ਕੀਤਾ, ਉਸੇ ਦੀ ਚਿੰਗਾੜੀ ਨੇ ਹੌਲੀ ਹੌਲੀ ਇਸ ਪਰੰਪਰਾ ਨੂੰ ਵੀ ਸਮੇਟ ਲਿਆ।
ਪਹਾੜੀ ਸਕੂਲਾਂ ਦੀ ਰਾਜਪੂਤ ਚਿੱਤਰਕਾਰੀ ਦੇ ਸਿੱਖ-ਸਰਪਰਸਤੀ ਵਿਚ ਆਉਣ ਤੋਂ ਬਾਅਦ ਏਨੀ ਛੇਤੀ ਮੁੱਕ ਜਾਣ ਦਾ ਕਾਰਨ ਇਕ ਹੋਰ ਵੀ ਸੀ । ਮੁਗ਼ਲ ਖ਼ਾਨਦਾਨ ਨਾਲ ਆਪਣੀਆਂ ਲੜਾਈਆਂ ਦੇ ਭਿਆਨਕ ਸਾਲਾਂ ਵਿਚ ਸਿੱਖ ਗੁਰੂ ਕਲਾਤਮਕ ਕੰਮ ਨੂੰ ਜੋ ਵੀ ਥੋੜ੍ਹਾ ਬਹੁਤ ਉਤਸ਼ਾਹ ਦੇ ਸਕੇ ਉਹ ਮੂਰਤਕਾਰੀ ਹੀ ਸੀ। ਇਨ੍ਹਾਂ ਗੁਰੂਆਂ ਦੇ ਸਿੱਖਾਂ ਲਈ ਕੇਵਲ ਗੁਰੂ ਵਰਗੀ ਚੀਜ਼ ਦੀ ਹੀ ਕੋਈ ਮਹੱਤਤਾ ਸੀ । ਭਿੰਨ ਭਿੰਨ ਸੰਗ੍ਰਹਿਆਂ ਵਿਚ ਮੁਗ਼ਲ ਢੰਗ ਅਨੁਸਾਰ ਬਣਾਈਆਂ ਅਜਿਹੀਆਂ ਮੂਰਤਾਂ ਬਹੁਤ ਹੀ ਘਟ ਮਿਲਦੀਆਂ ਹਨ ਅਤੇ ਇਹ ਸ਼ਾਇਦ ਮੁਗ਼ਲ ਦਰਬਾਰ ਦੇ ਉਨ੍ਹਾਂ ਕਲਾਕਾਰਾਂ ਦੀਆਂ ਬਣਾਈਆਂ ਹੋਈਆਂ ਹਨ ਜਿਨ੍ਹਾਂ ਨੂੰ ਸਮੇਂ ਸਮੇਂ ਸਿਰ ਗੁਰੂਆਂ ਨੇ ਆਪਣੇ ਕੋਲ ਨੌਕਰ ਰੱਖਿਆ ਹੋਵੇਗਾ। ਇਨ੍ਹਾਂ ਮੂਰਤਾਂ ਦਾ ਤੇ ਕੇਂਦਰੀ ਸਰਕਾਰ ਦੇ ਦਰਬਾਰੀਆਂ ਦੀਆਂ ਪ੍ਰਮਾਣਿਤ ਮੂਰਤੀਆਂ ਦਾ ਪ੍ਰਭਾਵ ਜਦੋਂ ਰਾਜਪੂਤ ਮੂਰਤੀ ਕਲਾ ਉੱਤੇ ਪਿਆ ਤਾਂ ਇਸ ਦੇ ਨਾਲ ਹੀ ਇਸ ਦੀ ਤਬਾਹੀ ਸ਼ੁਰੂ ਹੋ ਗਈ। ਇਸ ਦਾ ਕਾਰਨ ਇਹ ਸੀ ਕਿ ਮੁਗ਼ਲ ਦਰਬਾਰ ਦੇ ਚਿੱਤਰਕਾਰਾਂ ਦੇ ਹੱਥਾਂ ਵਿਚ ਮੂਰਤਕਾਰੀ ਵਿਚ ਭਾਵੇਂ ਸੂਖਮ ਹਾਵ ਭਾਵ ਦੇ ਪ੍ਰਗਟਾਉਣ ਦੀ ਸ਼ਕਤੀ ਤਾਂ ਸੀ ਪਰ ਰਾਜਪੂਤ ਪਰਪਾਟੀ ਦੀ ਅਵਿਅਕਤ ਕਲਾ ਦੀ ਕਾਲਪਨਿਕ ਰਚਨਾ ਲਈ ਲੋੜੀਂਦੀ ਅਧਿਆਤਮਕ ਸ਼ਕਤੀ ਨਹੀਂ ਸੀ। ਸਿੱਖ ਦਰਬਾਰ ਦਾ ਪਰਤਾਧ ਵਧਣ ਨਾਲ ਸ਼ਖ਼ਸੀਅਤ ਉੱਤੇ ਲੋੜੋਂ ਵਧ ਜ਼ੋਰ ਦਿੱਤਾ ਜਾਣ ਲੱਗ ਪਿਆ ਅਤੇ ਕਾਂਗੜੇ ਦੀ ਕਲਾ ਵਿਚਲੇ ਵਿਆਪਕ ਡੂੰਘੇਰੇ ਸਰੋਦੀ ਜਜ਼ਬੇ ਅਲੋਪ ਹੋ ਗਏ।
ਮੁਗ਼ਲ ਮੂਰਤਕਾਰੀ ਦੇ ਪ੍ਰਭਾਵ ਤੋਂ ਬਿਨਾਂ, ਮਹਾਰਾਜਾ ਰਣਜੀਤ ਸਿੰਘ ਦੇ ਅੰਗਰੇਜ਼ ਤੇ ਫਰਾਂਸੀਸੀ ਮੁਲਾਜ਼ਮਾਂ ਰਾਹੀਂ ਯੂਰਪੀ ਸੂਖਮ-ਰੂਪ ਮੂਰਤਾਂ ਦਾ ਵੀ ਹੜ੍ਹ ਆ ਗਿਆ। ਇਹ ਬਦੇਸ਼ੀ ਮੂਰਤਾਂ, ਮੁਗ਼ਲ ਦਰਬਾਰ ਦੇ ਕਾਰੀਗਰਾਂ ਦੁਆਰਾ ਚਿੱਤਰੀਆਂ ਇਕ-ਪਾਸੀਆਂ ਮੂਰਤਾਂ ਨਾਲੋਂ ਵੀ ਘੱਟ ਲੈ-ਬਧ ਸਨ। ਜਦੋਂ ਮੁਗ਼ਲ ਮੂਰਤਕਾਰੀ ਅਤੇ ਸੂਖਮ-ਰੂਪ ਮੂਰਤ ਵਿਚ ਪੱਧਰ ਉੱਤੇ ਤੇ ਤਿੰਨ-ਪੱਖੀ ਕਲਾ ਦੀ ਚਿੱਤਰਕਾਰੀ ਦੇ ਤੱਤ ਆਪਸ ਵਿਚ ਰਲੇ ਮਿਲੇ ਤਾਂ ਇਸ ਨਾਲ ਮੁਗ਼ਲ ਮੂਰਤਕਾਰੀ ਦੀ ਅਦੁਤੀ ਪਵਿੱਤਰਤਾ ਖ਼ਤਮ ਹੋ ਗਈ ਤੇ ਇਸ ਵਿਚ ਬਾਜ਼ਾਰੀ ਸ਼ੈਲੀ ਆ ਗਈ ਜੋ ਲਾਹੌਰ ਤੇ ਅੰਮ੍ਰਿਤਸਰ ਵਿਚ ਪ੍ਰਚੱਲਿਤ ਹੋ ਗਈ।
(4)
ਪਰ ਸਿੱਖਾਂ ਦੇ ਸਮੇਂ ਕਿਹੋ ਜਿਹੇ ਚਿੱਤਰ ਚਿਤਰੇ ਗਏ ? ਇਨ੍ਹਾਂ ਵਿਚ ਕੀ ਕੀ ਕੁਝ ਹੈ ਇਸ ਬਾਰੇ ਚਰਚਾ ਕਰਨੀ ਜ਼ਰੂਰੀ ਹੈ। ਸਭ ਤੋਂ ਪਹਿਲਾਂ ਤਾਂ ਇਨ੍ਹਾਂ ਵਿਚ ਅਸਲ ਕਾਂਗੜਾ ਕਲਾ ਤੇ ਬਸੌਲੀ, ਚੰਬਾ, ਨੂਰਪੁਰ ਤੇ ਕੁੱਲੂ ਵਾਦੀ ਦੀਆਂ ਪਹਾੜੀ ਪਰਪਾਟੀਆਂ ਦੀ ਚਿੱਤਰਕਲਾ ਦੇ ਬਚੇ-ਖੁਚੇ ਅੰਸ਼ ਹਨ। ਇਨ੍ਹਾਂ ਸਭ ਕੇਂਦਰਾਂ ਦੀਆਂ ਸ਼ੈਲੀਆਂ ਭਿੰਨ ਭਿੰਨ ਸਨ ਤੇ ਸਭ ਨੂੰ ਮਿਲਾ ਕੇ ਇਸ ਨੂੰ ਹਿਮਾਲੀਆ ਦੀ ਕਲਾ ਆਖਿਆ ਜਾਂਦਾ ਸੀ। ਇਸ ਹਿਮਾਲੀਆ ਦੀ ਕਲਾ ਦੀ ਆਮ ਵਿਸ਼ੇਸ਼ਤਾ ਇਕ ਚੇਤੰਨ ਸੰਗੀਤਕਤਾ ਹੈ। ਇਉਂ ਜਾਪਦਾ ਹੈ ਕਿ ਮੰਦਰਾਂ ਦੇ ਮਹਾਂ ਕਾਵਿ ਪਲੱਸਤਰ-ਚਿੱਤਰਕਾਰੀ ਦੇ ਕਾਗਜ਼ ਉੱਤੇ ਆਉਣ ਤੱਕ, ਦਰਬਾਰੀ ਚਿੱਤਰਕਾਰੀ ਵਾਲੇ ਉਘੜ੍ਹਵੀਂ ਲੈ-ਬੱਧ ਰੇਖਾ ਦੇ ਚਿੱਤਰਕਾਰਾਂ ਨੇ ਦਰਬਾਰੀ ਵਾਤਾਵਰਣ ਦੀ ਕੋਮਲਤਾ ਤੇ ਸੁੱਘੜਤਾ ਨੂੰ ਆਪਣੀ ਕਲਾ ਵਿਚ ਰਚਾ ਕੇ ਇਕ ਨਵਾਂ ਮਿਸ਼ਰਨ ਜਿਹਾ ਬਣਾ ਲਿਆ ਹੋਇਆ ਸੀ । ਦੀਵਾਰਾਂ ਉਤੇ ਕੀਤੀ ਜਾਣ ਵਾਲੀ ਚਿੱਤਰਕਾਰੀ ਦੇ ਗੂੜ੍ਹੇ ਰੰਗ ਕਾਗਜ਼ ਉੱਤੇ ਆ ਕੇ ਹਲਕੇ ਹੋ ਗਏ। ਲੋਕ-ਕਲਾ ਦੇ ਮਾੜਕੂਏ ਜਹੇ ਬੀਰ-ਰਸੀ ਆਕਾਰਾਂ ਵਿਚ ਜਾਨ ਤੇ ਸ਼ਾਨ ਆ ਗਈ। ਸਭ ਤੋਂ ਵੱਡੀ ਚੀਜ਼ ਇਹ ਕਿ ਆਰਾਮ-ਪਰਸਤੀ ਦਾ ਇਕ ਅਜਿਹਾ ਵਾਤਾਵਰਣ ਛਾ ਗਿਆ ਜਿਸ ਵਿਚ ਪ੍ਰੇਮੀ ਚੰਨ ਦੀ ਚਾਨਣੀ ਵਿਚ ਚਬੂਤਰਿਆਂ ਉੱਤੇ ਗਲੇ ਮਿਲਦੇ ਹਨ ਜਾਂ ਇਕ ਦੂਜੇ ਵਾਸਤੇ ਜਾਮ ਪੀਂਦੇ ਹਨ ਤੇ ਨਾਟਕ ਨੂੰ ਸੰਗਦਿਆਂ ਸੰਗਦਿਆਂ ਵਾਚਣ ਵਾਲੀਆਂ ਮੁਟਿਆਰਾਂ ਆਲੇ ਦੁਆਲੇ ਖਲੋਤੀਆਂ ਹਨ ਜਿਸ ਦਾ ਕਾਰਨ ਕਿਸੇ ਵੀ ਵਿਜੋਗ ਜਾਂ ਸੰਜੋਗ ਦੇ ਸਮੇਂ ਇਕੱਠਾ ਹੋਣਾ ਹੁੰਦਾ ਹੈ; ਜਾਂ ਰਾਜਾ ਆਪਣੇ ਦਰਬਾਰ ਵਿੱਚ ਬੈਠਾ ਹੁੱਕਾ ਪੀ ਰਿਹਾ ਹੈ ਤੇ ਗਵੱਈਆਂ ਦਾ ਗਾਣਾ ਸੁਣ ਰਿਹਾ ਹੈ ਜਾਂ ਇਨਸਾਫ ਕਰ ਰਿਹਾ ਹੈ ਜਾ ਕੋਈ ਤਿੱਖੇ ਨੱਕ ਅਤੇ ਬਦਾਮੀ ਅੱਖਾਂ ਵਾਲੀ ਇਸਤਰੀ, ਬਹੁਤ ਸੁੰਦਰ ਬਸਤਰ ਪਹਿਨੀ, ਬੈਂਤ ਦੇ ਰੁੱਖ ਹੇਠ ਪੰਖੇਰੂਆਂ ਜਾਂ ਜਨੌਰਾਂ ਨਾਲ ਚੋਜ ਕਰ ਰਹੀ ਹੁੰਦੀ ਹੈ। ਰੇਖਾ, ਰੰਗ ਤੇ ਰੂਪ ਦਾ ਸਬੰਧ ਮੇਚਵਾਂ ਨਹੀਂ ਪਰ ਸ਼ੈਲੀ ਸਿੱਧੇ ਸਾਦੇ ਲੋਕ-ਰੂਪ ਤੋਂ ਵਿਗਸਿਤ ਹੋ ਕੇ ਬਹੁਤ ਸੁਹਜ-ਭਰਪੂਰ ਬਣ ਚੁੱਕੀ ਹੈ। ਵਿਕਾਸ ਦੇ ਸਿਖਰ ਉੱਤੇ ਰੇਖਾ ਵਿਚ ਇਕ ਅਧਿਆਤਮਕ ਵਿਸ਼ੇਸ਼ਤਾ ਆ ਜਾਂਦੀ ਹੈ ਜਿਸ ਦੀ ਉਤਪੱਤੀ ਸਭ ਤੋਂ ਤੀਬਰ ਪ੍ਰਭਾਉ ਤੇ ਪਾਤਰ ਦੀ ਲੈ-ਬਧ ਲਿਵ ਤੋਂ ਹੁੰਦੀ ਹ। ਰੂਪ ਆਪੌਣ ਆਪ ਵਿਚ ਤਾਂ ਆਮ ਤੌਰ ਤੇ ਰਵਾਇਤੀ ਹੀ ਸੀ ਪਰ ਮੌਲਿਕ ਜਜ਼ਬਿਆਂ ਨਾਲ ਭਰਪੂਰ ਸੀ ਅਤੇ ਇਹ ਜਜ਼ਬੇ ਚਿੱਤਰਕਾਰਾਂ ਦੀ ਵਿਅਕਤੀਗਤ ਪ੍ਰਤਿਭਾ ਦੀਆਂ ਉਪਜਾਂ ਸਨ । ਅਸਲ ਕਾਂਗੜੇ ਦੀ ਕਲਾ ਦੇ ਹਲਕੇ ਕੋਮਲ-ਭਾਵੀ ਰੰਗਾਂ ਤੋਂ ਲੈ ਕੇ ਬਸੌਲੀ ਦੇ ਗੁੜ੍ਹੇ ਅਤੇ ਭੜਕੀਲੇ ਰੰਗਾਂ ਤੱਕ ਦੀ ਵਰਤੋਂ ਕੀਤੀ ਜਾਂਦੀ ਸੀ । ਜੋ ਪਹਾੜੀ ਚਿੱਤਰ ਨਵੇਂ ਸਰਪਰਸਤ ਢੂੰਡਣ ਵਾਲੇ ਕਲਾਕਾਰਾਂ ਨੇ ਸਮੇਂ ਸਮੇਂ ਸਿਰ ਆਪਣੇ ਨਾਲ ਸਿੱਖ ਦਰਬਾਰ ਵਿਚ ਲਿਆਂਦੇ ਜਾਂ ਪਰਾਜਿਤ ਸਰਦਾਰਾਂ ਨੇ ਸ਼ੇਰਿ-ਪੰਜਾਬ ਨੂੰ ਸੁਗਾਤ ਦੇ ਰੂਪ ਵਿਚ ਦਿੱਤੇ ਜਾਂ ਲੁੱਟ ਵਿਚ ਮਿਲੇ, ਉਨ੍ਹਾਂ ਸਭਨਾਂ ਵਿਚ ਪਹਾੜੀ ਕਲਾ ਦੀ ਮਸ਼ਹੂਰੀ ਦੇ ਸਭ ਗੁਣ ਅਜੇ ਮੌਜੂਦ ਸਨ । ਜਿਹੜੇ ਚਿੱਤਰ ਸਭ ਤੋਂ ਪਹਿਲਾਂ ਡਾਕਟਰ ਕੁਮਾਰਸਵਾਮੀ ਨੇ ਲੱਭੇ ਅਤੇ ਜਿਨ੍ਹਾਂ ਨੂੰ ਉਸ ਨੇ ਰਾਜਪੂਤ ਚਿੱਤਰਕਾਰੀ ਦੇ ਨਮੂਨੇ ਮੰਨਿਆ, ਦਰ ਅਸਲ ਉਨ੍ਹਾਂ ਵਿੱਚੋਂ ਬਹੁਤ ਚਿੱਤਰ ਮੈਦਾਨੀ ਇਲਾਕੇ ਵਿਚ ਮਿਲਦੇ ਬਚੇ-ਖੁਚੇ ਚਿੱਤਰਾਂ ਵਿਚੋਂ ਸਨ।
ਪੰਜਾਬ ਦੀ ਰਾਜਧਾਨੀ ਵਿਚ ਵੱਸਣ ਆਏ ਕਲਾਕਾਰ ਆਪਣੀਆਂ ਅਦੁਤੀ ਸ਼ੈਲੀਆਂ ਵਰਤਦੇ ਰਹੇ ਤੇ ਉੱਘੇ ਉੱਘੇ ਚਿੱਤਰ ਬਣਾਉਂਦੇ ਰਹੇ। ਭਾਰਤ ਦੇ ਦਰਬਾਰੀ ਕਲਾਕਾਰਾਂ ਵਿਚ ਆਪਣਾ ਨਾਂ-ਪਤਾ ਦੇਣ ਦਾ ਰਿਵਾਜ ਨਹੀਂ ਸੀ ਇਸ ਲਈ ਇਨ੍ਹਾਂ ਚਿੱਤਰਾਂ ਦੇ ਬਣਾਉਣ ਵਾਲੇ ਵਿਸ਼ੇਸ਼ ਚਿੱਤਰਕਾਰਾਂ ਦੇ ਨਾਂ ਜਾਣਨਾ ਸੰਭਵ ਨਹੀਂ । ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਪਹਾੜੀ ਕਲਾ ਦੇ ਸਰਵੋਤਮ ਮਹੱਤਤਾ ਵਾਲੇ ਸ਼ਾਹਕਾਰਾਂ ਵਿੱਚੋਂ ਕੁਝ ਕੁ ਸਿੱਖ ਦਰਬਾਰ ਦੀ ਸਰਪਰਸਤੀ ਦੇ ਅਧੀਨ ਲਾਹੌਰ ਵਿਚ ਹੀ ਚਿੱਤਰੇ ਗਏ ਸਨ ।
ਅਜਿਹੇ ਚਿੱਤਰ ਵੀ ਸਨ ਜਿਨ੍ਹਾਂ ਨੂੰ ਮਾਹਰ ਪਹਾੜੀ ਕਲਾਕਾਰਾਂ ਦੇ ਸ਼ਾਗਿਰਦਾਂ ਨੇ ਚਿੱਤਰਿਆ । ਇਹ ਆਮ ਤੌਰ ਉੱਤੇ ਹਿੰਦੂ ਜਾ ਮੁਸਲਮਾਨ ਹੁੰਦੇ ਸਨ ਪਰ ਕਈ ਸਿੱਖ ਵੀ ਸਨ ਤੇ ਲਾਹੌਰ ਦਾ ਕਿਸ਼ਨ ਸਿੰਘ ਇਨ੍ਹਾਂ ਵਿੱਚੋਂ ਬਹੁਤ ਮਸ਼ਹੂਰ ਹੈ। ਇਨ੍ਹਾਂ ਚਿੱਤਰਕਾਰਾਂ ਦੇ ਚਿੱਤਰਾਂ ਵਿਚ ਪਹਾੜੀ ਚਿੱਤਰਕਾਰੀ ਦੇ ਮੌਲਿਕ ਅੰਤਰ-ਵੇਗ ਵਿਚ ਅਚਾਨਕ ਹੀ ਇਕ ਤਬਦੀਲੀ ਆ ਗਈ। ਸਿੱਖਾਂ ਦੇ ਰਾਜ ਦੇ ਵਿਚਕਾਰਲੇ ਸਮੇਂ ਦੀਆਂ ਮੂਰਤਾਂ ਵਿੱਚੋਂ ਬਹੁਤ ਹੀ ਘੱਟ ਅਜਿਹੀਆਂ ਹਨ, ਜਿਨ੍ਹਾਂ ਵਿਚ ਅਸਲ ਕਾਂਗੜੇ ਦੀ ਕਲਮ ਦੀ ਜਾਂ ਲਾਹੌਰ ਦੀਆਂ ਸ਼ੁਰੂ ਦੀਆਂ ਮੂਰਤਾਂ ਦੀ ਤੀਬਰਤਾ ਹੋਵੇ। ਮਾਹਰ ਕਲਾਕਾਰਾਂ ਦੇ ਹੱਥਾਂ ਤੋਂ ਉਨ੍ਹਾਂ ਦੇ ਸ਼ਾਗਿਦਰਾਂ ਦੇ ਹੱਥਾਂ ਵਿਚ ਆਉਣ ਸਮੇਂ ਭਿੰਨ-ਭਿੰਨ ਸ਼ੈਲੀਆਂ ਵਿਚ ਕਿਵੇਂ ਤਬਦੀਲੀ ਆਈ, ਇਸ ਦਾ ਠੀਕ ਠੀਕ ਇਲਮ ਨਹੀਂ । ਮਹਿਲਾਂ ਤੇ ਪਹਾੜੀ ਮਕਾਨਾਂ ਦੀ ਗਿੱਲੇ ਪਲੱਸਤਰ ਦੀ ਚਿੱਤਰਕਾਰੀ ਅਤੇ ਉਸ ਦੀਵਾਰੀ ਚਿੱਤਰਕਾਰੀ ਵਿਚ ਆਈ ਭਿੰਨਤਾ ਸਬੰਧੀ ਹੀ ਕੁਝ ਕਿਹਾ ਜਾ ਸਕਦਾ ਹੈ ਜੋ ਲਾਹੌਰ ਦੇ ਕਿਲ੍ਹੇ ਵਿਚ ਅਤੇ ਰਾਜਧਾਨੀ ਦੇ ਵੱਡੇ ਵੱਡੇ ਘਰਾਂ ਵਿਚ ਸਜਾਵਟ ਲਈ ਕੀਤੀ ਜਾਂਦੀ ਸੀ ਅਤੇ ਜੋ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੀਆਂ ਦੀਵਾਰਾਂ ਉੱਤੇ ਆਪਣੇ ਕਮਾਲ ਤੇ ਪੁੱਜੀ ਸੀ। ਗੂੜ੍ਹੇ ਰੰਗਾਂ ਵਾਲੇ ਅਤੇ ਕਾਂਗੜੇ ਤੇ ਇਸ ਦੇ ਆਲੇ ਦੁਆਲੇ ਦੀਆਂ ਪਹਾੜੀਆਂ ਦੇ ਮੰਦਰਾਂ ਅਤੇ ਮਕਾਨਾਂ ਦੀਆਂ ਦੀਵਾਰਾਂ ਤੇ ਮਹਾਂਕਾਵਾਂ, ਮਿਥਿਹਾਸਕ ਕਹਾਣੀਆਂ ਤੇ ਪੌਰਾਣਿਕ ਕਥਾਵਾਂ ਦੇ ਦਰਸਾਉਣ ਵਿਚ ਇਕ ਦੂਜੇ ਨਾਲ ਗੂੜ੍ਹੇ ਰੂਪ ਵਿਚ ਸਬੰਧਤ, ਲੋਕ ਰੂਪਾਂ ਦੀ ਸ਼ਾਨ ਦੀ ਥਾਂ ਇਕ ਅਜਿਹੇ ਰਿਵਾਜੀ ਢੰਗ ਨੇ ਲੈ ਲਈ, ਜਿਸ ਵਿਚ ਆਕਾਰਾਂ, ਰੁੱਖਾਂ ਅਤੇ ਵਾਤਾਵਰਣ ਦਾ, ਵਿਉਂਤ ਅਨੁਸਾਰ ਚਿੱਤਰਨਾ ਅਤੇ ਰਵਾਇਤੀ ਢੰਗ ਅਨੁਸਾਰ ਰੰਗ ਭਰਨਾ ਤਾਂ ਜਾਰੀ ਰਹੇ ਪਰ ਇਨ੍ਹਾਂ ਵਿਚ ਅੰਦਰੂਨੀ ਚਮਕ ਨਾ ਆ ਸਕੀ ਤੇ ਇਹ ਚਮਕ ਹੀ ਪਹਾੜੀ ਕਲਾਕਾਰਾਂ ਦੇ ਡੂੰਘੇ ਵਿਚਾਰਾਂ ਦਾ ਸਾਰ ਸੀ । ਲਾਹੌਰ ਦੀ ਕਲਮ ਆਪਣੇ ਅਸਲੀ ਪਹਾੜੀ ਘਰ ਤੋਂ ਸਥਾਨਕ ਰੂਪ ਵਿਚ ਹੀ ਦੂਰ ਨਹੀਂ ਸੀ ਸਗੋਂ ਅਧਿਆਤਮਕ ਰੂਪ ਵਿਚ ਵੀ ਹਿੰਦੂ ਦਰਬਾਰ ਦੇ ਵਾਤਵਾਰਣ ਦੀ ਥਾਂ ਸਿੱਖ ਦਰਬਾਰ ਦੀ ਖੁਲ੍ਹੀ ਤੇ ਤਿਆਰ-ਬਰ-ਤਿਆਰ ਜ਼ਿੰਦਗੀ ਨੇ ਮੱਲ ਲਈ ਸੀ । ਸਿੱਖ ਦਰਬਾਰ ਰਣਜੀਤ ਸਿੰਘ ਦੇ ਆਪਣੇ ਦਬਦਬੇ ਤੋਂ ਉਤਪੰਨ ਹੋ ਚੁੱਕੀ ਮਹਾਨ ਸੱਤਾ ਦੇ ਬਾਵਜੂਦ ਵੀ ਆਪਣੇ ਪੈਰ ਜਮਾਉਣ ਵਿਚ ਰੁੱਝਿਆ ਹੋਇਆ ਸੀ ਤੇ ਅਸ਼ਾਂਤ ਸੀ। ਕਾਂਗੜੇ ਦੀ ਕਲਾ ਦੀ ਨਜ਼ਾਕਤ ਤਾਂ ਬਾਕੀ ਸੀ ਪਰ ਅੰਦਰੂਨੀ ਸਬੰਧ ਚਿੱਤਰਾਂ ਵਿੱਚੋਂ ਅਲੋਪ ਹੁੰਦਾ ਜਾ ਰਿਹਾ ਸੀ ।
ਸਿੱਖਾਂ ਦੇ ਰਾਜ ਦੇ ਛੋਟੇ ਜਿਹੇ ਸਮੇਂ ਵਿਚ ਬਣਾਏ ਚਿੱਤਰਾਂ ਵਿਚ ਵੰਨ-ਸੁਵੰਨਤਾ ਜ਼ਰੂਰ ਸੀ । ਇਸ ਦਾ ਕਾਰਨ ਇਹ ਸੀ ਕਿ ਸਰਪਰਸਤੀ ਕੇਵਲ ਕੇਂਦਰੀ ਦਰਬਾਰ ਤੱਕ ਹੀ ਸੀਮਤ ਨਹੀਂ ਸੀ ਸਗੋਂ ਵੱਖੋ ਵੱਖ ਸੂਬੇਦਾਰਾਂ ਨੇ ਵੀ ਕਾਂਗੜੇ ਤੇ ਲਾਹੌਰ ਦੇ ਕੁਝ ਕੁ ਕਲਾਕਾਰਾਂ ਨੂੰ ਆਪਣੇ ਕੋਲ ਰੱਖਿਆ ਹੋਇਆ ਸੀ ਜਿਵੇਂ ਕਿ ਨਵੇਂ ਰਾਜ ਦੇ ਸਥਾਪਨ ਹੋਣ ਨਾਲ ਸੁਭਾਵਕ ਹੀ ਹੁੰਦਾ ਹੈ। ਲਾਹੌਰ ਤੇ ਇਸ ਦੇ ਜਾਗੀਰਦਾਰੀ ਸੂਬਿਆਂ ਵਿਚ ਮੂਰਤਾਂ ਦੀ ਮੰਗ ਬਹੁਤ ਵੱਧ ਗਈ। ਥੋੜੀ ਬਹੁਤ ਮਹਾਨਤਾ ਵਾਲੇ ਸਰਦਾਰਾਂ ਨੇ ਵੀ ਚਿੱਤਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ । ਉਹ ਆਪਣੇ ਅਤੇ ਆਪਣੇ ਖ਼ਾਨਦਾਨ ਨਾਲ ਸਬੰਧਤ ਚਿੱਤਰ ਵੀ ਇਕੱਠੇ ਕਰਦੇ ਪਰ ਇਹ ਚਿੱਤਰ ਮੁਗਲੀਆ ਦਰਬਾਰ ਦੇ ਚਿੱਤਰਾਂ ਵਰਗੇ ਕੋਮਲ ਨਹੀਂ ਸਨ । ਮੁਗਲਈ ਕਿਸਮ ਦੇ ਚਿੱਤਰ ਬਣਾਉਣ ਦੀ ਪ੍ਰੇਰਨਾ ਨੇ ਤਾਂ ਪਹਾੜਾਂ ਵਿਚ ਵੀ ਪੈਰ ਨਹੀਂ ਸਨ ਜਮਾਏ ਜਿੱਥੇ ਕਿ ਪਹਾੜੀ ਚਿੱਤਰਕਾਰੀ ਨੇ ਜਨਮ ਲਿਆ ਸੀ ਇਸ ਲਈ ਜਦੋਂ ਕਾਂਗੜੇ ਦੇ ਪ੍ਰਭਾਵ ਅਧੀਨ ਲਾਹੌਰ ਵਿਚ ਅਜੇਹੇ ਚਿੱਤਰ ਬਣਾਏ ਜਾਣ ਲੱਗੇ ਤਾਂ ਮੁਗ਼ਲ ਕਲਾ ਦਾ ਪ੍ਰਭਾਵ ਹੋਰ ਵੀ ਦੁਰੇਡੇ ਦਾ ਹੋ ਗਿਆ। ਕੁਝ ਸਿਰ-ਕੱਢ ਚਿੱਤਰ ਵੀ ਹਨ, ਜਿਵੇਂ ਕਿ ਸ੍ਰੀਮਤੀ ਰੋਬਨਸਟਾਈਨ ਦੇ ਸੰਗ੍ਰਹਿ ਵਿਚ ਖੜਕ ਸਿੰਘ ਦਾ ਚਿੱਤਰ । ਇਸ ਦਾ ਰੇਖਾ ਉਲੀਕਣ ਬਹੁਤ ਉੱਚੀ ਪੱਧਰ ਦਾ ਹੈ ਅਤੇ ਦਿੱਲੀ, ਆਗਰੇ, ਦੱਖਣੀ ਰਾਜਸਥਾਨ ਅਤੇ ਹਿਮਾਲੀਆ ਦੀ ਤਲਹਟੀ ਵਿਚ ਅਠਾਰਵੀਂ ਸਦੀ ਦੇ ਅਖ਼ੀਰ ਵਿਚ ਬਣਾਏ ਇਸ ਕਿਸਮ ਦੇ ਚੰਗੇ ਚਿੱਤਰਾਂ ਦਾ ਮੁਕਾਬਲਾ ਕਰ ਸਕਦਾ ਹੈ। ਸਿੱਖ ਸਰਦਾਰਾਂ ਦੇ ਹੋਰ ਚਿੱਤਰਾਂ ਵਿੱਚੋਂ ਕੁਝ ਕੁ, ਜਿਵੇਂ ਕਿ ਧਿਆਨ ਸਿੰਘ ਅਤੇ ਉਸ ਦੇ ਲੜਕਿਆਂ ਦਾ ਚਿੱਤਰ ਤਕਨੀਕ ਦੇ ਦ੍ਰਿਸ਼ਟੀਕੋਣ ਤੋਂ ਨਿਪੁੰਨ ਹਨ। ਪਰ ਸਿੱਖ ਦਰਬਾਰ ਵਿਚ ਬਣਾਏ ਚਿੱਤਰਾਂ ਵਿੱਚੋਂ ਬਹੁਤਿਆਂ ਵਿਚ ਨਿਪੁੰਨਤਾ ਹੌਲੀ ਹੌਲੀ ਘਟਦੀ ਹੀ ਨਜ਼ਰ ਆਉਂਦੀ ਹੈ। ਕਾਗ਼ਜ਼ ਅਤੇ ਹਾਥੀ ਦੰਦ ਉੱਤੇ ਬਣਾਈਆਂ ਯੂਰਪੀ ਸੂਖਮ-ਰੂਪ ਮੂਰਤਾਂ ਆ ਪਹੁੰਚੀਆਂ ਅਤੇ ਲਾਹੌਰ ਦੇ ਸੂਖਮ-ਰੂਪ ਮੂਰਤੀ ਦੇ ਚਾਹਵਾਨਾਂ ਨੂੰ ਸਸਤੀਆਂ ਮਿਲਣ ਲਗ ਪਈਆਂ। ਇਹ ਸ਼ੈਲੀ ਇਕ ਬਾਜ਼ਾਰੀ ਸ਼ੈਲੀ ਦਾ ਰੂਪ ਧਾਰ ਗਈ। ਇਹ ਮੂਰਤਾਂ ਇਉਂ ਜਾਪਦੀਆਂ ਸਨ ਜਿਵੇਂ ਪੈਰਾਂ ਨਾਲ ਉਲੀਕੀਆਂ ਹੋਣ। ਇਨ੍ਹਾਂ ਦੇ ਰੰਗ ਭੱਦੇ ਹੁੰਦੇ ਸਨ ਅਤੇ ਇਹ ਖ਼ਾਲਸਾ
ਸਿਪਾਹੀਆਂ ਕੋਲ ਮੁਫਤ ਦੇ ਭਾਅ ਵੇਚੀਆਂ ਜਾਂਦੀਆਂ ਸਨ । ਜਿੱਥੋਂ ਤੱਕ ਸਿੱਖ ਗੁਰੂਆਂ ਦੀਆਂ ਮੂਰਤਾਂ ਦਾ ਸਬੰਧ ਹੈ ਇਨ੍ਹਾਂ ਵਿਚ ਇਹ ਵਿਗਾੜ ਬਹੁਤ ਤੇਜ਼ੀ ਨਾਲ ਫੈਲਿਆ। ਜਨਤਾ ਵਿਚ ਇਨ੍ਹਾਂ ਦੀ ਬਹੁਤ ਜ਼ਿਆਦਾ ਮੰਗ ਸੀ ਤੇ ਬਾਜ਼ਾਰੀ ਕਲਾਕਾਰਾਂ ਨੇ, ਵਿਸ਼ੇਸ਼ ਕਰਕੇ ਅੰਮ੍ਰਿਤਸਰ ਵਿਚ, ਮੁਗ਼ਲ ਸਮੇਂ ਵਿਚ ਬਣਾਈਆਂ ਗੁਰੂਆਂ ਦੀਆਂ ਉੱਤਮ ਮੂਰਤਾਂ ਦੀਆਂ ਨਕਲਾਂ ਉਤਾਰ ਉਤਾਰ ਕੇ ਅਤੇ ਯੂਰਪੀ ਕਿਸਮ ਦੀਆਂ ਸੈਂਕੜੇ ਸੂਖਮ-ਰੂਪ ਮੂਰਤਾਂ ਬਣਾ ਬਣਾ ਕੇ ਬਹੁਤ ਧਨ ਕਮਾਇਆ ।
ਦਰਬਾਰੀ ਨਜ਼ਾਰਿਆਂ, ਘਰੋਗੀ ਜ਼ਿੰਦਗੀ ਅਤੇ ਪੌਰਾਣਿਕ ਵਿਸ਼ਿਆਂ ਦੀਆਂ ਮੂਰਤਾਂ ਵਿਚ ਕੁਝ ਜਾਨ ਬਾਕੀ ਸੀ ਜਿਵੇਂ ਕਿ ਪਹਿਲੀ ਸਿੱਖ ਲੜਾਈ ਦੇ ਖਤਮ ਹੋਣ ਤੇ, 9 ਮਾਰਚ, 1846 ਨੂੰ ਲਾਹੌਰ ਵਿਚ ਹੋਈ ਸੰਧੀ ਤੇ ਹਸਤਾਖਰ ਹੋਣ ਸਮੇਂ ਦੇ ਚਿੱਤਰ ਵਿਚ ਅਨੋਖੀ ਕਾਰੀਗਰੀ ਦਾ ਅੰਦਾਜ਼ ਹੈ ਅਤੇ ਮੁੱਖ ਨਜ਼ਾਰੇ ਦੇ ਇਰਦ-ਗਿਰਦ ਦੇ ਕਾਮਯਾਬ ਚਿੱਤਰਨ ਤੋਂ ਬਿਨਾਂ ਚਾਰ ਅੰਗਰੇਜ਼ਾਂ ਦੇ ਚਿੱਤਰ ਵੀ ਕਾਫ਼ੀ ਕਾਮਯਾਬੀ ਨਾਲ ਚਿੱਤਰੇ ਹਨ ਪਰ ਇਸ ਸਮੇਂ ਭਾਰਤੀ ਚਿੱਤਰਕਾਰ ਆਪਣੇ ਵਡੇਰਿਆਂ ਦੀ ਡੂੰਘਾਈ ਅਤੇ ਤੀਬਰਤਾ ਨੂੰ ਛੱਡ ਕੇ ਬੇਲੋੜੀ ਕਾਰੀਗਰੀ ਦੀ ਸਫਾਈ ਨਾਲ ਪੁਰਾਣੀਆਂ ਚੀਜ਼ਾਂ ਨੂੰ ਦੁਹਰਾਉਂਦਾ ਹੀ ਨਜ਼ਰ ਆਉਂਦਾ ਹੈ ਅਤੇ ਇਸ ਮਤਲਬ ਲਈ ਉਪਰੋਕਤ ਚਿੱਤਰ ਨੂੰ ਮੁਗਲ ਦਰਬਾਰ ਦੇ ਸੋਲ੍ਹਵੀਂ ਸਦੀ ਦੇ ਆਭਾ-ਭਰਪੂਰ ਸੰਗ੍ਰਹਿਆਂ ਨਾਲ ਤਾਂ ਕੀ, ਕਾਂਗੜੇ ਦੇ ਸੰਸਾਰ ਚੰਦ ਦੇ ਸਮੇਂ ਚਿੱਤਰੇ ਦਰਬਾਰੀ ਨਜ਼ਾਰਿਆਂ ਨਾਲ ਮਿਲਾ ਲੈਣਾ ਹੀ ਕਾਫ਼ੀ ਹੋਵੇਗਾ।
ਇਹੋ ਚੀਜ਼ ਕਿਲ੍ਹਿਆਂ, ਮੰਦਰਾਂ ਤੇ ਸਿੱਖ ਹਾਕਮਾਂ ਤੇ ਸਰਦਾਰਾਂ ਦੀਆਂ ਸਮਾਧੀਆਂ ਦੀਆਂ ਕੰਧਾਂ ਉਤੇ ਬਣਾਏ ਗਿੱਲੇ ਪਲੱਸਤਰ ਉਤਲੇ ਚਿੱਤਰਾਂ ਤੇ ਵੀ ਲਾਗੂ ਹੁੰਦੀ ਹੈ। ਇਹ ਚਿੱਤਰਕਾਰੀ ਪਹਾੜਾਂ ਦੀ ਦੀਵਾਰੀ ਚਿੱਤਰਕਾਰੀ ਦੇ ਆਧਾਰ ਤੇ ਕੀਤੀ ਗਈ ਸੀ । ਆਪਣੇ ਮੌਲਿਕ ਵਾਤਾਵਰਨ ਵਿਚ ਇਸ ਪ੍ਰਣਾਲੀ ਵਿਚ ਉਹ ਜਾਤੀ-ਭਾਵਨਾ ਵਿਆਪਕ ਦਿੱਸਦੀ ਹੈ ਜੋ ਹਿੰਦੂ ਪਹਾੜੀ ਸਮਾਜ ਨੂੰ, ਵੈਸ਼ਨਵ ਮਤ ਦਾ ਸ਼ਰਧਾਲੂ ਹੋਣ ਕਾਰਨ, ਆਪਸ ਵਿਚ ਇਕੱਠਿਆਂ ਰੱਖਦੀ ਹੈ। ਜਦੋ ਇਸ ਤਕਨੀਕ ਨੂੰ ਉੱਥੋਂ ਲਿਆ ਕੇ ਪੰਜਾਬ ਦੇ ਮੈਦਾਨਾਂ ਵਿਚ ਇਕ ਹੋਰ ਧਰਮ ਲਈ ਵਰਤਿਆ ਗਿਆ ਤਾਂ ਕਾਂਗੜੇ ਦੇ ਹਿੰਦੂ ਕਲਾਕਾਰ ਉਹ ਜਜ਼ਬਾ ਪੈਦਾ ਨਾ ਕਰ ਸਕੇ ਜਿਸ ਦੀ ਉਨ੍ਹਾਂ ਨੂੰ ਘਰ ਵਿਚ ਪ੍ਰੇਰਨਾ ਮਿਲੀ ਸੀ ਅਤੇ ਨਾ ਹੀ ਏਨਾਂ ਸਮਾਂ ਸੀ ਕਿ ਸਿੱਖ ਧਰਮ ਦੇ ਅਨੁਕੂਲ ਸਭਿਆਚਾਰਕ ਵੰਨਗੀਆ ਵਾਸਤੇ ਸਿੱਖ ਕਲਾਕਾਰਾਂ ਨੂੰ ਸਿਖਲਾਈ ਦਿੱਤੀ ਜਾ ਸਕਦੀ ।
(5)
ਇਸ ਗੱਲ ਤੋਂ ਪਰੰਪਰਾ ਸਬੰਧੀ ਰਵੱਈਏ ਬਾਰੇ ਯਥਾਰਥਕ ਸਿੱਖਿਆ ਮਿਲਦੀ ਹੈ ਜਿਸ ਨੂੰ ਨਵੇਂ ਯੁੱਗ ਵਿਚ ਪੁਰਾਣੇ ਮਨੋਵੇਗਾਂ ਦੇ ਅਪਣਾਉਣ ਲਈ ਵਰਤਣਾ ਜ਼ਰੂਰੀ ਹੈ । ਮਾਂਗਵੀ ਤਕਨੀਕ ਜਾਂ ਪੁਰਾਣੇ ਧਾਰਮਕ, ਸਮਾਜਕ ਤੇ ਸਭਿਆਚਾਰਕ ਵਿਚਾਰਾ ਨੂੰ ਮਸ਼ੀਨ ਵਾਂਗ ਨਕਲ ਕਰ ਲੈਣਾ ਕਦੀ ਵੀ ਕਾਫ਼ੀ ਨਹੀਂ ਹੁੰਦਾ। ਪਰੰਪਰਾ ਦੀ ਚਾਲ ਤਦੇ ਹੀ ਕਾਇਮ ਰਹਿ ਸਕਦੀ ਹੈ ਜੇ ਲੋੜੀਂਦੇ ਨਵੇਂ ਵਿਚਾਰਾਂ ਦੀ
ਉਪਜ ਦੇ ਨਾਲ ਨਾਲ, ਵਰਤਮਾਨ ਵਿਚ ਕੰਮ ਆ ਸਕਣ ਵਾਲੇ ਪੁਰਾਣੇ ਤੱਤ ਵੀ ਅਪਣਾ ਲਏ ਜਾਣ। ਉ ਤਰੀ ਭਾਰਤ ਦੇ ਪੁਰਾਣੇ ਸਭਿਆਚਾਰ ਸਬੰਧੀ ਸਿੱਖ ਦਰਬਾਰ ਦਾ ਰਵੱਈਆ ਬੇਪਰਵਾਹੀ ਵਾਲਾ ਸੀ। ਇਹ ਸੱਚ ਹੈ ਕਿ ਸਿੱਖ ਕਈ ਪੀੜ੍ਹੀਆਂ ਤਕ ਲੜਨ ਭਿੜਨ ਵਿਚ ਹੀ ਲੱਗੇ ਰਹੇ; ਅਮਨ ਚੈਨ ਦੇ ਸਮੇਂ ਵਿਚ ਪੈਦਾ ਹੋਣ ਵਾਲੇ ਹੁਨਰਾਂ ਲਈ ਲੋੜੀਂਦਾ ਮਾਹੌਲ ਉਨ੍ਹਾਂ ਦੇ ਭਾਗਾਂ ਵਿਚ ਨਹੀਂ ਸੀ; ਅਤੇ ਇਸ ਤੋਂ ਪਹਿਲਾਂ ਕਿ ਉਹ ਕੁਝ ਕਰ ਸਕਦੇ, ਮਹਾਨ ਰਾਜਨੀਤਕ ਸ਼ਕਤੀਆਂ ਭਾਰਤ ਦੀ ਕਿਸਮਤ ਬਦਲਣ ਲੱਗ ਪਈਆਂ ਪਰ ਅਸਲ ਗੱਲ ਇਹ ਹੈ ਕਿ ਸਿੱਖ ਮਤ ਇਕ ਧਰਮ ਦੇ ਰੂਪ ਵਿਚ ਵੀ ਹਿੰਦੂ ਮਤ ਤੇ ਇਸਲਾਮ ਦੇ ਸਰਵੋਤਮ ਤੱਤਾ ਦੇ ਮੇਲ ਤੋਂ ਹੀ ਬਣਿਆ ਸੀ ਤੇ ਅਜੇ ਤੱਕ ਇਸ ਨੇ ਇਕ ਗੁੰਦਵੀਂ ਅਧਿਆਤਮਕ ਪ੍ਰਣਾਲੀ ਦਾ ਰੂਪ ਨਹੀਂ ਸੀ ਧਾਰਿਆ। ਸਿੱਖ ਮਤ ਦੇ ਫਲਸਫੇ ਦਾ ਆਧਾਰ ਮੁੱਖ ਰੂਪ ਵਿਚ ਭਾਰੀਆਂ ਔਕੜਾਂ ਦੇ ਹੁੰਦਿਆਂ ਬਚ ਨਿਕਲਣ ਦੀ ਪ੍ਰੇਰਨਾ ਸੀ । ਇਤਿਹਾਸ ਨੇ ਉਨ੍ਹਾਂ ਨੂੰ ਆਪਣੀਆਂ ਜਿੱਤਾਂ ਦੇ ਫਲ ਚੱਖਣ ਤੇ ਪੰਜਾਬ ਵਿਚ ਆਪਣੇ ਰਾਜ ਨੂੰ ਪੱਕਿਆਂ ਕਰਨ ਦਾ ਮੌਕਾ ਹੀ ਨਾ ਦਿੱਤਾ । ਮਹਾਰਾਜਾ ਰਣਜੀਤ ਸਿੰਘ ਦੀ ਮ੍ਰਿਤੂ ਦੇ ਬਾਅਦ ਸਰਦਾਰਾਂ, ਜਰਨੈਲਾਂ ਤੇ ਦਰਬਾਰੀਆਂ ਵਿਚ ਫੁੱਟ ਪੈ ਗਈ ਤੇ ਬਾਹਰੋਂ ਹੋਏ ਹਮਲੇ ਇਸ ਫੁੱਟ ਨੂੰ ਵਧਾਉਣ ਵਿਚ ਹੋਰ ਵੀ ਸਹਾਈ ਹੋਏ। ਵਾਤਾਵਰਣ ਕੋਮਲ ਕਲਾਵਾਂ ਦੇ ਪ੍ਰਫੁੱਲਿਤ ਹੋਣ ਦੇ ਅਨੁਕੂਲ ਨਹੀ ਸੀ । ਸਿੱਖਾਂ ਨੂੰ ਤਾਂ ਆਪਣੀ ਜਾਨ ਦੀ ਪਈ ਹੋਈ ਸੀ। ਜਿਸ ਸੰਸਾਰਕ ਸ਼ਕਤੀ ਦੇ ਆਧਾਰ ਤੇ ਸਿੱਖਾਂ ਨੇ ਆਪਣੇ ਸਭਿਆਚਾਰ ਨੂੰ ਇਸ ਉੱਚ ਸੀਮਾ ਤੱਕ ਵਿਗਸਿਤ ਕੀਤਾ ਸੀ, ਲੜਾਈਆਂ ਕਾਰਨ ਉਸ ਦੇ ਨਾਸ ਹੋ ਚੁੱਕਣ ਦੇ ਬਾਵਜੂਦ ਵੀ ਸਿੱਖ ਇਕ ਫ਼ਿਰਕੇ ਦੇ ਰੂਪ ਵਿਚ ਕਾਇਮ ਸਨ ਤੇ ਇਸ ਤੋਂ ਵੱਧ ਕੁਝ ਕਰ ਲੈਣਾ ਕਿਸੇ ਕੌਮ ਲਈ ਵੀ ਸੰਭਵ ਨਹੀਂ ਸੀ।
ਕੁਝ ਸਮਾਲੋਚਕਾਂ ਅਨੁਸਾਰ ਕਲਾ ਹਮੇਸ਼ਾ ਹੀ ਉੱਨਤੀ ਕਰਦੀ ਰਹਿੰਦੀ ਹੈ। ਮੇਰਾ ਵਿਚਾਰ ਹੈ ਕਿ ਇਹ ਵਿਚਾਰ ਉਨ੍ਹਾਂ ਅਮਲਾਂ ਨੂੰ ਸਰਲ ਬਣਾਉਣ ਦਾ ਯਤਨ ਹੈ ਜਿਨ੍ਹਾਂ ਉਤੇ ਉਸਾਰੂ ਵਿਕਾਸ ਦਾ ਦਾਰੋਮਦਾਰ ਹੁੰਦਾ ਹੈ । ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਅਮਲਾਂ ਵਿਚ ਬਹੁਤ ਕੁਝ ਅਜਿਹਾ ਵੀ ਸ਼ਾਮਲ ਹੁੰਦਾ ਹੈ ਜੋ ਮਨੁੱਖੀ ਜੀਵਨ ਦੀ ਸੱਤ੍ਹਾ ਉੱਤੇ ਤਾਂ ਨਜ਼ਰ ਨਹੀਂ ਆਉਂਦਾ, ਪਰ ਉਨ੍ਹਾਂ ਮਨੋਵੇਗਾਂ ਤੇ ਕਦਰਾਂ ਤੋਂ ਉਤਪੰਨ ਹੁੰਦਾ ਹੈ ਜੋ ਇਤਿਹਾਸ ਦੇ ਭਿੰਨ ਭਿੰਨ ਪੜਾਵਾਂ ਉੱਤੇ ਮਨੁਖੀ ਕਲਪਨਾ ਵਿਚ ਪੈਦਾ ਹੁੰਦੀਆ ਰਹਿੰਦੀਆ ਹਨ । ਸਮਾਜਕ ਢਾਂਚੇ ਵਿਚ ਜ਼ਿੰਦਗੀ ਦੀ ਸਰਬ-ਪੱਖੀ ਵਿਚਾਰਧਾਰਾ ਜਾਂ ਸਰਬੰਗੀ ਫਲਸਫ਼ੇ ਵਾਲੇ ਕਿਸੇ ਵੀ ਫ਼ਿਰਕੇ ਦੀ ਉਤਪੱਤੀ ਤੋਂ ਬਾਅਦ ਹਮੇਸ਼ਾਂ ਹੀ ਕਲਾ ਦੀ ਵੀ ਇਕ ਨਵੀਂ ਤੇ ਇਨਕਲਾਬੀ ਲਹਿਰ ਚਲ ਪੈਂਦੀ ਹੈ। ਪਰ ਕਲਾ ਦੀ ਲਹਿਰ ਨੂੰ ਉਤਪੰਨ ਕਰਨ ਵਾਲੀ ਸੂਝ ਤੇ ਸੋਝੀ ਦੀਆਂ ਕੁਝ ਪਿੱਛੇ ਤੋਂ ਆ ਰਹੀਆਂ ਅੰਦਰੂਨੀ ਮਜਬੂਰੀਆਂ ਹੁੰਦੀਆ ਹਨ ਤੇ ਸਮਾਜਕ ਪ੍ਰਣਾਲੀ ਵਿਚ ਇਨਕਲਾਬ ਆ ਜਾਣ ਨਾਲ ਉਪਜ ਦੀ ਤਕਨੀਕ ਵਿਚ ਇਨਕਲਾਬ ਆਉਣਾ ਕੋਈ ਅਵੱਸ਼ਕ ਨਹੀਂ ਹੁੰਦਾ। ਹਾਂ, ਮਨੁੱਖੀ ਜੀਵਨ ਨੂੰ ਕਾਇਮ ਰੱਖਣ ਵਿਚ ਤੇ ਇਸ ਨੂੰ ਡੂੰਘੇਰਾ ਕਰਨ ਵਿਚ .ਸਹਾਇਤਾ ਦੇਣ ਵਾਲੇ ਹੁਨਰਾਂ ਦੀ ਅਵੱਸ਼ ਹੀ ਉੱਨਤੀ ਹੁੰਦੀ ਹੈ।
ਸਿੱਖਾਂ ਦੇ ਸਮੇਂ ਦੀ ਚਿੱਤਰਕਾਰੀ ਦੇ ਅਧਿਐਨ ਦਾ ਇਹ ਲਾਭ ਹੈ ਕਿ ਕੁਝ ਬੁਨਿਆਦੀ ਸਵਾਲ ਸਾਡੇ ਸਾਹਮਣੇ ਆ ਜਾਂਦੇ ਹਨ। ਇਸ ਦਾ ਕਾਰਨ ਇਹ ਹੈ ਕਿ ਪੁਰਾਣੇ ਵਿਚਾਰਾਂ ਉਤੇ ਬਦੇਸੀ ਰੂਪਾਂ ਦੇ ਪ੍ਰਭਾਵ ਪੈਣ ਨਾਲ ਅਠਾਰਵੀਂ ਸਦੀ ਦੇ ਅਖੀਰ ਤੇ ਉਨ੍ਹੀਵੀਂ ਸਦੀ ਦੇ ਸ਼ੁਰੂ ਦੀ ਮਹਾਨ ਰਾਜਪੂਤ-ਕਲਾ ਨੂੰ ਨਾਸ ਕਰਨ ਵਾਲੀ ਤਬਾਹੀ ਅਜੇ ਵੀ ਕੰਮ ਕਰ ਰਹੀ ਹੈ। ਕੀ ਕਾਂਗੜੇ ਦੇ ਕਲਾਕਾਰਾਂ ਜਿੰਨਾਂ ਉਮਾਹ ਤੇ ਉਨ੍ਹਾਂ ਵਾਲੀ ਪਰਬੀਨਤਾ ਮੁੜ ਕੇ ਸਾਡੇ ਵਿਚ ਆ ਸਕਦੀ ਹੈ ? ਇਸ ਸਵਾਲ ਦਾ ਜਵਾਬ ਇਕ ਹੋਰ ਸਵਾਲ ਦੇ ਰੂਪ ਵਿਚ ਹੀ ਦਿੱਤਾ ਜਾ ਸਕਦਾ ਹੈ। ਆਰਾਮ-ਪ੍ਰਸਤੀ ਦੇ ਜਿਸ ਜਾਗੀਰਦਾਰੀ ਨਿਜ਼ਾਮ ਵਿਚ ਸਾਡੇ ਪੁਰਾਣੇ ਜਾਦੂ-ਭਰੇ ਚਿੱਤਰ ਤੇ ਬੁੱਤ ਬਣਾਏ ਗਏ ਕੀ ਉਸ ਤੋਂ ਵਧੇਰੇ ਸ਼ਕਤੀਵਰ ਤੇ ਗਤੀਸ਼ੀਲ ਨਿਜ਼ਾਮ ਉਤਪੰਨ ਕਰਨਾ ਸੰਭਵ ਹੈ ? ਜ਼ਿੰਦਗੀ ਬਾਰੇ ਨਵੇਂ ਵਿਚਾਰ ਹੀ ਸਾਡੀ ਜਨਤਾ ਦੀ ਅਪ੍ਰਗਟ ਪ੍ਰਤਿਭਾ ਦੇ ਚਸ਼ਮਿਆਂ ਦਾ ਕੜ ਤੋੜ ਸਕਦੇ ਹਨ।