ਫੁਲਕਾਰੀ ਕਲਾ
ਪੰਜਾਬ, ਕਲਾ-ਖੇਤਰ ਵਿੱਚ ਬੜਾ ਪਿੱਛੇ ਹੈ। ਇਸ ਨੇ ਭਾਰਤੀ ਕਲਾ ਵਿਚ ਦੂਜੇ ਸੂਬਿਆਂ ਜਿੰਨਾਂ ਹਿੱਸਾ ਨਹੀਂ ਪਾਇਆ ਪਰ ਫੁਲਕਾਰੀ ਦੀ ਕਲਾ ਬਾਰੇ ਜਾਣ ਲੈਣ ਤੋਂ ਪਿੱਛੋਂ ਅਜਿਹੇ ਸਾਰੇ ਭੁਲੇਖਿਆਂ ਨੂੰ ਦੂਰ ਕੀਤਾ ਜਾ ਸਕੇਗਾ। ਅੱਗੇ ਇਸ ਕਲਾ ਬਾਰੇ ਕੋਈ ਬਕਾਇਦਾ ਕੰਮ ਹੋਇਆ ਨਹੀਂ ਮਿਲਦਾ ਪਰ ਥੋੜੀ ਜਿਹੀ ਜਾਣ ਪਛਾਣ ਦੇ ਉਪਰੰਤ ਹੀ ਇਹ ਦਾਅਵਾ ਕਰਨਾ ਔਖਾ ਨਹੀਂ ਕਿ ਫੁਲਕਾਰੀ ਸਾਡੀ ਲੋਕ-ਕਲਾ ਦਾ ਉਹ ਨਮੂਨਾ ਹੈ ਜਿਸਨੂੰ ਭਾਰਤੀ ਕਲਾਕਾਰੀ ਦੀ ਜਿੰਦ-ਜਾਨ ਆਖਿਆ ਜਾ ਸਕਦਾ ਹੈ।
ਸਾਡੇ ਖ਼ਿਆਲ ਵਿੱਚ ਫੁਲਕਾਰੀ ਦੇ ਟਾਕਰੇ ਦੀ ਸ਼ਿਲਪ-ਕਲਾ ਹੋਰ ਕਿਤੇ ਨਹੀਂ ਮਿਲੇਗੀ। ਫੁਲਕਾਰੀ ਦੇ ਹੁਨਰ ਦਾ ਅਸਲੀ ਕਮਾਲ ਇਹ ਹੈ ਕਿ ਇਸ ਦੀ ਕਢਾਈ ਕਪੜੇ ਦੇ ਪੁੱਠੇ ਪਾਸਿਉਂ ਕੀਤੀ ਜਾਂਦੀ ਹੈ। ਕਢਾਈ ਵਾਸਤੇ ਪੰਜਾਬੀ ਨੱਢੀਆਂ ਪਾਸ ਕੋਈ ਨਮੂਨਾ ਨਹੀਂ ਹੁੰਦਾ ਜਿਸ ਨੂੰ ਵੇਖ ਕੇ ਉਹ ਉਤਾਰਾ ਕਰ ਲੈਣ। ਉਹ ਤਾਂ ਸਿਰਫ਼ ਪਿੰਡ ਦੇ ਲੁਹਾਰ ਦੀ ਬਣਾਈ ਇਕ ਮੋਟੀ ਜਿਹੀ ਸਾਧਾਰਨ ਸੂਈ ਨਾਲ ਹੀ ਅੱਤ ਪਿਆਰੀ ਤੇ ਸੁਹਣੀ ਕਢਾਈ ਕਰ ਜਾਂਦੀਆਂ ਹਨ। ਕੀ ਦੁਨੀਆ ਵਿਚ ਹੋਰ ਕਿਧਰੇ ਇਸ ਦੀ ਮਿਸਾਲ ਮਿਲ ਸਕਦੀ ਹੈ ?
ਫੁਲਕਾਰੀ ਦਾ ਖ਼ਿਆਲ ਆਉਂਦੇ ਹੀ ਵੇਲ-ਬੂਟਿਆਂ ਨਾਲ ਸਜੀ-ਫਬੀ ਕੋਈ ਸ਼ੈਅ ਉੱਘੜ ਖੜੋਂਦੀ ਹੈ । ਪੰਜਾਬੀਆਂ ਦੇ ਦਿਲਾਂ ਵਿਚ ਇਸ ਦੀ ਯਾਦ ਨਾਲ ਅਨੋਖੀਆਂ ਖੁਸ਼ੀਆਂ ਤੇ ਹੁਸੀਨ ਸਿਮ੍ਰਤੀਆਂ ਜਾਗ ਪੈਂਦੀਆਂ ਹਨ ਅਤੇ ਪੰਜਾਬੀ ਜਿੰਦਗੀ ਦੀਆਂ ਜੀਉਦੀਆਂ ਝਾਕੀਆਂ ਅੱਖਾਂ ਸਾਹਮਣਿਉਂ ਘੁੰਮ ਜਾਂਦੀਆਂ ਹਨ । ਅਸੀਂ ਇਉਂ ਅਨੁਭਵ ਕਰਦੇ ਹਾਂ ਜਿਵੇਂ ਬੁੱਢੀ ਦਾਦੀ ਸਿਰ ਉੱਤੇ ਫੁਲਕਾਰੀ ਲਈ ਚੁੱਲ੍ਹੇ ਅੱਗੇ ਬੈਠੀ-ਛਾਹ ਵੇਲਾ ਤਿਆਰ ਕਰ ਰਹੀ ਹੈ ਜਾਂ ਕੋਈ ਨੱਢੀ ਸਿਰ ਉੱਤੇ ਲੱਸੀ ਦੀ ਚਾਟੀ ਚੁੱਕੀ, ਉੱਪਰ ਰੋਟੀਆਂ ਦਾ ਛਿੱਕੂ ਟਿਕਾਈ, ਖੇਤਾਂ ਵਿਚ ਕੰਮ ਕਰਦੇ ਜੱਟਾਂ ਲਈ ਭੱਤਾਂ ਲੈ ਜਾ ਰਹੀ ਹੈ ਤੇ ਉਸ ਦੇ ਕਾਲੇ ਪੱਲੇ ਵਾਲੇ ਪੀਲੇ ਘੱਗਰੇ ਤੇ ਸ਼ਾਹ ਕਾਲੇ ਕਮੀਜ਼ ਨਾਲੋਂ ਕਿਤੇ ਵੱਧ ਉਸ ਦੇ ਸਿਰ ਉੱਪਰਲੀ ਫੁਲਕਾਰੀ ਉਸ ਦੇ ਹੁਸਨ ਵਿਚ ਜਾਨ ਪਾ ਰਹੀ ਹੈ। ਸਾਨੂੰ ਇਉਂ ਵੀ ਲੱਗਦਾ ਹੈ ਕਿ ਮੁਟਿਆਰਾਂ ਦੀ ਇਕ ਟੋਲੀ ਸਿਖਰ ਦੁਪਹਿਰੇ ਵਿਹੜੇ ਵਿਚ ਅੰਬੀ ਦੇ ਬੂਟੇ ਥੱਲੇ ਕਸੀਦਾ ਕੱਢ ਰਹੀ ਹੈ ਤੇ ਰੰਗਲੇ ਚਰਬੇ ਦੀ ਘੂਕਰ ਉਨ੍ਹਾਂ ਦੀਆਂ ਸੁਬਕ ਉਂਗਲਾਂ ਨੂੰ ਇਕ ਤਾਲ ਦੇ ਰਹੀ ਹੈ।
ਫੁਲਕਾਰੀ ਦੇ ਅਰਥ ਹਨ ਫੁੱਲ ਕੱਢਣਾ ਤੇ ਇਹ ਸ਼ਬਦ ਕੱਢੇ ਗਏ ਕਪੜੇ ਲਈ ਅੰਮ੍ਰਿਤਸਰੋਂ ਦਿੱਲੀ ਤੱਕ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਦੇ ਇਕ ਕਪੜੇ ਨੂੰ ‘ਬਾਗ’ ਵੀ ਆਖਦੇ ਹਨ। ਫੁਲਕਾਰੀ ਉੱਤੇ ਕੱਢੇ ਵੇਲ ਬੂਟਿਆਂ ਤੇ ਫੁੱਲਾਂ ਦੇ ਚਿੱਤਰ ਸੱਚਮੁੱਚ ਬਾਗ਼ ਦਾ ਹੀ ਰੂਪ ਲੱਗਦੇ ਹਨ। ਉਹ ਇਤਨੇ ਸੁਰਾਂਗਲੇ ਹੁੰਦੇ ਹਨ ਕਿ ਉਨ੍ਹਾਂ ਦਾ ਨਾਂ ਹੀ ਬਾਗ਼ ਪੈ ਗਿਆ ਹੈ। ਬਾਗ਼ ਤੇ ਫੁਲਕਾਰੀ ਵੱਖ ਵੱਖ ਕੱਢਾਈ ਵਾਲੇ ਕਪੜਿਆਂ ਦੇ ਨਾਂ ਹਨ। ਕੁਝ ਸਮਾਂ ਪਹਿਲਾਂ ਇਸਤਰੀਆਂ ਸਿਆਲ ਵਿਚ ਫੁਲਕਾਰੀਆਂ ਆਮ
ਵਰਤਦੀਆਂ ਸਨ ਕਿਉਂਕਿ ਇਹ ਸ਼ਿੰਗਾਰਮਈ ਵੀ ਹਨ ਅਤੇ ਨਿੱਘੀਆਂ ਵੀ । ਅਕਸਰ ਇਹ ਲੰਬਾਈ ਵਿਚ ਢਾਈ ਗਜ਼ ਤੇ ਚੌੜਾਈ ਵਿੱਚ ਡੇਢ ਗਜ਼ ਹੁੰਦੀਆਂ ਹਨ। ਪਰ ਇਹ ਲੰਬਾਈ ਚੌੜਾਈ ਹਮੇਸ਼ਾਂ ਮਿੱਥੀ ਹੋਈ ਨਹੀਂ ਹੁੰਦੀ । ਫੁਲਕਾਰੀ ਦੇ ਪੱਲਿਆਂ ਉਤੇ ਕਈ ਪ੍ਰਕਾਰ ਦੀਆਂ ਮਨਮੋਹਣੀਆਂ ਬੂਟੀਆਂ ਕੱਢੀਆਂ ਹੁੰਦੀਆਂ ਹਨ। ਪੱਲਿਆਂ ਉੱਤੇ ਕੀਤੀ ਕੱਢਾਈ ਹੁਨਰ ਦੀਆਂ ਸਿਖਰਾਂ ਛੂੰਹਦੀ ਹੈ, ਇਹ ਕਪੜੇ ਦੀ ਮੁੱਖ ਕੱਢਾਈ ਨਾਲੋਂ ਵੀ ਵਧੇਰੇ ਸੁਹਣੀ ਹੁੰਦੀ ਹੈ । ਫੁਲਕਾਰੀ ਉੱਤੇ ਬਹੁਤ ਕਰਕੇ ਸਿਰਫ ਬੂਟੀਆਂ ਹੀ ਹੁੰਦੀਆਂ ਹਨ। ਕਈਆਂ ਉੱਤੇ ਚਿੱਤਰ ਵੀ ਕੱਢੇ ਜਾਂਦੇ ਹਨ ।
‘ਬਾਗ਼’ ਸ਼ਬਦ ਇਸ ਵੰਨਗੀ ਦੇ ਕਪੜਿਆਂ ਲਈ ਪੱਛਮੀ ਪੰਜਾਬ ਦੇ ਪਿਸ਼ਾਵਰ, ਸਿਆਲਕੋਟ, ਜਿਹਲਮ, ਰਾਵਲਪਿੰਡੀ ਤੇ ਹਜ਼ਾਰੇ ਦੇ ਜ਼ਿਲ੍ਹਿਆਂ ਵਿੱਚ ਵਰਤਿਆ ਜਾਂਦਾ ਹੈ ਬਾਗ਼ ਦੀ ਕਢਾਈ ਇਸ ਦੇ ਪੋਟੇ ਪੋਟੇ ਉੱਤੇ ਕੀਤੀ ਜਾਂਦੀ ਹੈ ਅਤੇ ਰੱਤੀ ਜਿੰਨੀ ਥਾਂ ਵੀ ਅਣ-ਕੱਢੀ ਨਹੀਂ ਰਹਿਣ ਦਿੱਤੀ ਜਾਂਦੀ । ਕਢਾਈ ਆਮ ਕਰਕੇ ਦੋ ਰੰਗਾਂ ਵਿੱਚ ਕੀਤੀ ਜਾਂਦੀ ਹੈ । ਰੰਗ-ਚੋਣ ਅਤੇ ਰੰਗ-ਮੇਲ ਵਿੱਚ ਬੜਾ ਸੁਚੱਜ ਤੇ ਸੁੰਦਰਤਾ ਵਿਖਾਈ ਦੇਂਦੀ ਹੈ । ਬਾਗਾਂ ਉੱਤੇ ਕਈ ਪ੍ਰਕਾਰ ਦੀਆਂ ਬੂਟੀਆਂ ਤੇ ਕੋਣਦਾਰ ਜਾਂ ਗੋਲਾਕਾਰੀ ਨਮੂਨੇ ਕੱਢੇ ਹੁੰਦੇ ਹਨ। ਇਨ੍ਹਾਂ ਨੂੰ ਵੇਖ ਕੇ ਇਉਂ ਲੱਗਦਾ ਹੈ ਜਿਵੇਂ ਸੁਨਹਿਰੀ ਤੇ ਗੂੜ੍ਹੀ ਲਾਲ ਭਾਹ ਮਾਰਦੀ ਮਖ਼ਮਲ ਹੋਵੇ । ਫੁਲਕਾਰੀਆਂ ਵਾਂਗ ਕਈ ਬਾਗਾਂ ਦੇ ਵੱਖਰੇ ਪੱਲੇ ਨਹੀਂ ਹੁੰਦੇ, ਸਗੋਂ ਬਾਗ ਦੀ ਮੁੱਖ-ਜ਼ਮੀਨ ਦੀਆਂ ਬੂਟੀਆਂ ਤੇ ਸ਼ਕਲਾਂ ਕੱਢੀਆਂ ਹੀ ਵੱਖਰੀ ਤਰਤੀਬ ਵਿਚ ਜਾਂਦੀਆਂ ਹਨ। ਕਈਆਂ ਦੇ ਪੱਲਿਆ ਉੱਤੇ ਬੜੀਆਂ ਖੂਬਸੂਰਤ ਤੇ ਸ਼ਾਨਦਾਰ ਜਾਮਿਤਕ ਸ਼ਕਲਾਂ ਦੀ ਕਢਾਈ ਕੀਤੀ ਜਾਂਦੀ ਹੈ। ਜਿਨ੍ਹਾਂ ਬਾਗਾਂ ਵਿਚ ਪੱਲਾ ਉੱਕਾ ਹੀ ਨਹੀਂ ਹੁੰਦਾ ਉਨ੍ਹਾਂ ਦੇ ਸਿਰਿਆਂ ਉੱਤੇ ਕਿਨਾਰੀ-ਨੁਮਾ ਬਰੀਕ ਤੋਪੇ ਭਰੇ ਜਾਂਦੇ ਹਨ। ਫੁਲਕਾਰੀ ਤੇ ਬਾਗ ਦੀ ਕਢਾਈ ਪੱਟ ਨਾਲ ਕੀਤੀ ਜਾਂਦੀ ਹੈ। ਅੱਗੇ ਇਹ ਅਫ਼ਗਾਨਿਸਤਾਨ ਅਤੇ ਕਸ਼ਮੀਰੋਂ ਮੰਗਵਾਇਆ ਅਤੇ ਅੰਮ੍ਰਿਤਸਰ ਤੇ ਜੰਮੂ ਵਿਚ ਰੰਗਿਆ ਜਾਂਦਾ ਸੀ । ਪੱਟ ਕੂਲਾ ਤੇ ਬੁਰਦਾਰ ਹੁੰਦਾ ਹੈ। ਇਹ ਪੋਟਿਆਂ ਨਾਲ ਚੰਬੜ ਜਾਂਦਾ ਹੈ, ਇਸ ਕਰਕੇ ਅੱਜ ਕੱਲ੍ਹ ਦੀਆਂ ਇਸਤਰੀਆਂ ਨੂੰ ਪੱਟ ਨਾਲ ਕਸੀਦਾ ਕੱਢਣਾ ਬੜਾ ਔਖਾ ਲੱਗਦਾ ਹੈਇਸ ਨਾਲ ਕੱਢਾਈ ਕਰਨ ਲਈ ਬੜੇ ਲੰਮੇ ਅਭਿਆਸ ਤੇ ਤਜਰਬੇ ਦੀ ਲੋੜ ਹੈ। ਕਸੀਦਾ, ਆਮ ਤੌਰ ਤੇ ਘਰ-ਕੱਤੇ, ਘਰ-ਬੁਣੇ ਅਤੇ ਘਰ-ਰੰਗੇ ਖੱਦਰ ਦੇ ਕੱਪੜੇ ਉੱਤੇ ਕੱਢਿਆ ਜਾਂਦਾ ਹੈ । ਸੁਹਣੇ ਸੁਥਰੇ ਕੰਮ ਲਈ ਹਲਵਾਨ, ਇਕ ਪ੍ਰਕਾਰ ਦਾ ਵਧੀਆ ਖੱਦਰ ਵਰਤਿਆ ਜਾਂਦਾ ਹੈ । ਫੁਲਕਾਰੀਆਂ ਅਤੇ ਬਾਗਾਂ ਦਾ ਇਕ ਗੁਣ ਇਹ ਵੀ ਹੈ ਕਿ ਇਨ੍ਹਾਂ ਨੂੰ ਕੀੜਾ ਨਹੀਂ ਲੱਗਦਾ ਪਰ ਘਰਾਂ ਵਿਚ ਆਮ ਲੋਕ ਇਸ ਨੂੰ ਕਣਕ ਦੇ ਨਾਲ ਹੀ ਰੱਖਦੇ ਸਨ ਇਸ ਲਈ ਕਦੇ ਕਦਾਈਂ ਚੂਹੇ ਜ਼ਰੂਰ ਇਨ੍ਹਾਂ ਨੂੰ ਕੁਤਰ ਜਾਂਦੇ ਸਨ । ਕਸੀਦੇ ਲਈ ਲਾਲ, ਨੀਲਾ ਅਤੇ ਚਿੱਟਾ ਖੱਦਰ ਅਤੇ ਪੱਟ ਦੀ ਕਢਾਈ ਲਈ ਗੂੜਾ ਲਾਲ, ਚਿੱਟਾ ‘ਸੁਨਹਿਰੀ’ ਪੀਲਾ ਹਰਾ ਅਤੇ ਸੰਤਰੀ ਪੱਟ ਵਰਤਿਆ ਜਾਂਦਾ ਸੀ।
ਫੁਲਕਾਰੀ ਕਦੋਂ ਤੇ ਕਿਵੇਂ ਹੋਂਦ ਵਿੱਚ ਆਈ, ਇਸ ਦਾ ਪੂਰਾ ਗਿਆਨ ਸਾਨੂੰ ਕੋਈ ਨਹੀਂ । ਕਈਆਂ ਦਾ ਖ਼ਿਆਲ ਹੈ ਕਿ ਕਸ਼ਮੀਰ ਵਿਚ ਆ ਕੇ ਵੱਸਣ ਵਾਲੇ ਈਰਾਨੀ ਮੁਸਲਮਾਨ ਇਸ ਹੁਨਰ ਨੂੰ ਆਪਣੇ ਨਾਲ ਭਾਰਤ ਵਿਚ ਲਿਆਏ। ਈਰਾਨ ਵਿਚ ਇਸ ਨੂੰ ‘ਗੁਲਕਾਰੀ’ ਕਹਿੰਦੇ ਸਨ । ‘ਗੁਲਕਾਰੀ’ – ਫਾਰਸੀ ਸ਼ਬਦ ਹੈ ਅਤੇ ਇਸ ਦੇ ਅਰਥ ਹਨ ਫੁੱਲ ਕੱਢਣਾ। ਕੁਝ ਚਿਰ ਹੋਇਆ ਮੈਂ ਈਰਾਨ ਵਿਚ ਇਕ ਮਿੱਤਰ ਨੂੰ ਲਿਖਿਆ ਸੀ ਕਿ ਉਹ ਜ਼ਾਹਿਦਾਨ ਦੇ ਸਭ ਤੋਂ ਵੱਡੇ ਬਜੁਰਗਾਂ ਤੋਂ ਗੁਲਕਾਰੀ ਬਾਰੇ ਪੁੱਛ ਪੜਤਾਲ ਕਰੇ । ਮੈਂ ਉਸ ਨੂੰ ਗੁਲਕਾਰੀ ਦਾ ਕੋਈ ਨਮੂਨਾ ਹਾਸਲ ਕਰਨ ਲਈ ਵੀ ਆਖਿਆ ਤਾਂ ਜੋ ਮੈਂ ਇਸ ਦੀ ਕੱਢਾਈ ਦਾ ਟਾਕਰਾ ਫੁਲਕਾਰੀ ਦੀ ਕੱਢਾਈ ਨਾਲ ਕਰ ਸਕਾਂ ਪਰ ਮੇਰਾ ਮਿੱਤਰ ਆਪਣੀਆਂ ਕੋਸ਼ਿਸ਼ਾਂ ਵਿਚ ਅਸਫਲ ਰਿਹਾ। ਅੱਜ ਕੱਲ੍ਹ ਦੀ ਕਸ਼ਮੀਰੀ ਕਸ਼ੀਦਾਕਾਰੀ ਦਾ ਨਾਤਾ ਚੀਨੀ ਤੇ ਈਰਾਨੀ ਕਸੀਦਾਕਾਰੀ ਨਾਲ ਜਾ ਜੁੜਦਾ ਹੈ ਪਰ ਬਾਗ ਤੇ ਫੁਲਕਾਰੀ ਦੀ ਕਢਾਈ ਆਪਣੀ ਸ਼ੈਲੀ ਤੇ ਤ੍ਰੋਪੇ ਵਿਚ ਚੀਨੀ ਤੇ ਈਰਾਨੀ ਕਸ਼ੀਦਾਕਾਰੀ ਤੋਂ ਬਿਲਕੁਲ ਵੱਖਰੀ ਹੈ। ਕਈਆਂ ਦਾ ਇਹ ਵੀ ਵਿਚਾਰ ਹੈ ਕਿ ਮੱਧ-ਏਸ਼ੀਆ ਤੋਂ ਭਾਰਤ ਵਿਚ ਪ੍ਰਵੇਸ਼ ਕਰਨ ਵਾਲੇ ਜੱਟ ਅਤੇ ਗੁੱਜਰ ਲੋਕ ਫੁਲਕਾਰੀ ਦੀ ਕਲਾ ਨੂੰ ਆਪਣੇ ਨਾਲ ਲਿਆਏ ਸਨ ।
ਇਹ ਮੰਨੀ ਪਰਮੰਨੀ ਗੱਲ ਹੈ ਕਿ ਈਰਾਨੀ ਅਤੇ ਮੱਧ-ਏਸ਼ੀਆਈ ਖ਼ਾਨਾ-ਬਦੋਸ਼, ਦੁਸ਼ਾਲੇ ਅਤੇ ਹੋਰ ਕਪੜੇ ਬੁਣਨ ਵਿਚ ਮਾਹਰ ਸਨ। ਉਨ੍ਹਾਂ ਦੀ ਰੰਗ ਦੀ ਸੂਝ ਅਸਚਰਜ-ਜਨਕ ਸੀ ਅਤੇ ਅਨੇਕ ਪ੍ਰਕਾਰ ਦੇ ਰਾਂਗਲੇ ਚਿੱਤਰ ਬੁਣਨ ਵਿਚ ਉਨ੍ਹਾਂ ਦਾ ਸਾਨੀ ਕੋਈ ਨਹੀਂ ਸੀ।
ਇਸ ਲਈ ਹੋ ਸਕਦਾ ਹੈ ਰੰਗ ਦੀ ਸੂਝ ਜੱਟਾਂ ਤੇ ਗੁੱਜਰਾਂ ਨਾਲ ਹੀ ਸਾਡੇ ਦੇਸ ਵਿਚ ਆਈ ਹੋਵੇ ਪਰ ਕੱਢਾਈ ਲਈ ਵਰਤੋਂ ਵਿੱਚ ਲਿਆਂਦਾ ਕਪੜਾ ਖੱਦਰ, ਆਪਣੀ ਪੂਰੀ ਰਚਨਾ ਵਿਚ ਭਾਰਤੀ ਹੈ। ਫੁਲਕਾਰੀ ਉੱਤੇ ਕੱਢੇ ਵੇਲ ਬੂਟੇ ਨਾ ਕੇਵਲ ਉੱਤਰੀ ਤੇ ਪੱਛਮੀ ਭਾਰਤ ਦੀ ਕਸੀਦਾਕਾਰੀ ਵਿਚ ਹੀ ਨਹੀਂ ਸਗੋਂ ਇਹ ਪੱਛਮ ਵਿਚ ਚੈਕੋਸਲੋਵਾਕੀਆ ਤੇ ਹੰਗਰੀ ਅਤੇ ਧੁਰ-ਪੂਰਬ ਵਿਚ ਹਿੰਦ-ਚੀਨੀ ਦੇ ਸਾਂ ਦੇ ਬੁਣੇ ਹੋਏ ਕਪੜੇ ਵਿਚ ਵੀ ਮਿਲਦੇ ਹਨ।
ਫੁਲਕਾਰੀ ਦਾ ਜਨਮ ਸਮਿਆਂ-ਪੁਰਾਣੀ ਗੱਲ ਹੈ। ਵੇਦ, ਮਹਾਭਾਰਤ, ਗੁਰੂ ਗ੍ਰੰਥ ਅਤੇ ਪੰਜਾਬ ਦੇ ਲੋਕ-ਗੀਤਾਂ ਵਿਚ ਫੁਲਕਾਰੀ ਦਾ ਜ਼ਿਕਰ ਆਉਂਦਾ ਹੈ। ਇਸ ਗੱਲ ਦੀ ਬਹੁਤ ਮਹਾਨਤਾ ਨਹੀਂ ਕਿ ਇਹ ਪੱਛਮ ਤੋਂ ਆਈ ਜਾਂ ਪੂਰਬ ਤੋਂ, ਮਹਾਨਤਾ ਇਸ ਗੱਲ ਦੀ ਹੈ ਕਿ ਪੰਜ ਦਰਿਆਵਾਂ ਦੀ ਧਰਤੀ ਵਿਚ ਪ੍ਰਵੇਸ਼ ਕਰਨ ਪਿੱਛੋਂ ਫੁਲਕਾਰੀ ਦੀ ਰੂਪ-ਰੇਖਾ ਪੂਰਨ ਰੂਪ ਵਿਚ ਬਦਲ ਗਈ ਅਤੇ ਫੁਲਕਾਰੀ ਆਪਣਾ ਵਖਰਾ ਵਿਅਕਤਿਤ੍ਵ ਲੈ ਕੇ ਇਕ ਪਿਆਰੇ ਤੇ ਸੁਰਾਂਗਲੇ ਰੂਪ ਵਿਚ ਪ੍ਰਗਟ ਹੋਈ।
- ਫੁਲਕਾਰੀ ਦੀਆਂ ਕਿਸਮਾਂ
ਫੁਲਕਾਰੀ ਵਿੱਚ ਵੰਨ ਸੁਵੰਨੀ ਪੇਂਡੂ ਜ਼ਿੰਦਗੀ ਦਾ ਚਿੱਤਰ
ਚਰਖਾਨੇ ਦਾ ਬਾਗ
ਵਿਆਹ ਸਮੇਂ ‘ਘੁੰਗਟ ਬਾਗ਼’ ਪਹਿਨੀ ਇਕ ਪੰਜਾਬਣ ਮੁਟਿਆਰ
ਚਰਖਾਨੇ ਦਾ ਬਾਗ਼
ਕਾਂਗੜੇ ਦਾ ਰੁਮਾਲ, ਜਿਸ ਵਿੱਚ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਦਾ ਦ੍ਰਿਸ਼ ਚਿੱਤਰਿਆ ਗਿਆ ਹੈ
ਮੋਗੇ ਦੇ ਇਲਾਕੇ ਦੀ ਕਢਾਈ ਦਾ ਨਮੂਨਾ
ਕਾਂਗੜੇ ਦੇ ਰੁਮਾਲ ਦੀ ਕਢਾਈ
ਆਦਮੀ ਦੇ ਵੱਖ ਵੱਖ ਬਸਤਰਾਂ ਵਾਂਗ ਫੁਲਕਾਰੀਆਂ ਵੀ ਕਈ ਪ੍ਰਕਾਰ ਦੀਆਂ ਹਨ। ਇਨ੍ਹਾਂ ਉੱਤੇ ਕੱਢੇ ਗਏ ਫੁੱਲਾਂ ਬੂਟਿਆਂ ਦੇ ਚਿੱਤਰ ਵੀ ਵੱਖ ਵੱਖ ਜਿਲ੍ਹਿਆਂ ਵਿਚ ਵੱਖ ਵੱਖ ਕਿਸਮਾਂ ਦੇ ਹੁੰਦੇ ਹਨ। ਚਾਰ ਪੰਜ ਕਿਸਮ ਦੀਆਂ ਫੁਲਕਾਰੀਆਂ ਪ੍ਰਸਿੱਧ ਹਨ। ਖ਼ਾਸ ਵਿਆਹਾਂ ਸ਼ਾਦੀਆਂ ਲਈ ਕੱਢੀਆਂ ਜਾਣ ਵਾਲੀਆਂ ਫੁਲਕਾਰੀਆਂ ਉੱਤੇ ਬੜਾ ਸੁਹਣਾ ਕੰਮ ਕੀਤਾ ਹੁੰਦਾ ਹੈ। ਇਨ੍ਹਾਂ ਦੇ ਰੇਸ਼ਮ-ਕੱਢੇ ਤਲ ਨੂੰ ਮਲਮਲ ਨਾਲ ਢੱਕ ਦਿੱਤਾ ਜਾਂਦਾ ਹੈ ਤਾਂ ਜੋ ਉਹ ਖ਼ਰਾਬ ਨਾ ਹੋ ਜਾਣ। ਫੁਲਕਾਰੀ ਸਿਰਫ ਇਕ ਸ਼ੋਭਨੀਕ ਸ਼ਾਲ ਹੀ ਨਹੀਂ, ਸਗੋਂ ਬੜੀ ਸੁਖਦਾਈ, ਨਿੱਘੀ ਅਤੇ ਉਨੀ ਸ਼ਾਲ ਜਿੰਨੀ ਗਰਮ ਵੀ ਹੈ। ਪੰਜਾਬ ਵਿਚ ਠੰਢ ਬੜੀ ਪੈਂਦੀ ਹੈ ਤੇ ਫੁਲਕਾਰੀ ਪਾਲਾ ਰੋਕਣ ਲਈ ਉਪਰ ਲਈ ਜਾਂਦੀ ਹੈ। ਕਦੀ ਇਹ ਪੰਜਾਬ ਦੀਆਂ ਇਸਤਰੀਆਂ ਦਾ ਅੱਤ ਪਿਆਰਾ ਪਹਿਰਾਵਾ ਸੀ।
ਵੰਨ-ਸੁਵੰਨੀਆਂ ਬੂਟੀਆਂ ਨਾਲ ਕੱਢੀ ਅਤੇ ਪੂਰੇ ਪੱਲੇ ਵਾਲੀ ਖ਼ਾਸ ਫੁਲਕਾਰੀ ਤੇ ਸੁਰਾਂਗਲੇ ਬਾਗ ਨੂੰ ਵਿਆਹ ਸ਼ਾਦੀ ਵਰਗੇ ਖ਼ਾਸ ਮੌਕਿਆਂ ਉੱਤੇ ਜਾਂ ਸਾਕ-ਸਬੰਧੀਆਂ ਨੂੰ ਮਿਲਣ ਮਿਲਾਣ ਵੇਲੇ ਉਪਰ ਲਿਆ ਜਾਂਦਾ ਹੈ। ਸਭ ਤੋਂ ਵਧੀਆ ਫੁਲਕਾਰੀਆਂ ਪਹਿਲਾ ਪੱਛਮੀ ਪੰਜਾਬ ਦੇ ਪਿਸ਼ਾਵਰ, ਸਿਆਲਕੋਟ, ਜਿਹਲਮ, ਰਾਵਲਪਿੰਡੀ (ਰਾਵਲਪਿੰਡੀ ਦੇ ਨੇੜੇ ਚਕਵਾਲ ਆਪਣੇ ਸੁਹਣੇ ਬਾਗਾਂ ਲਈ ਖ਼ਾਸ ਕਰਕੇ ਪ੍ਰਸਿੱਧ ਸੀ) ਤੇ ਹਜ਼ਾਰੇ ਦੇ ਜਿਲ੍ਹਿਆਂ ਵਿਚ ਅਤੇ ਪਟਿਆਲੇ, ਕਪੂਰਥਲੇ, ਨਾਭੇ, ਫਰੀਦਕੋਟ ਅਤੇ ਜੀਂਦ ਦੀਆਂ. ਭੂਤ-ਪੂਰਵ ਸਿੱਖ ਰਿਆਸਤਾਂ ਵਿਚ ਕੱਢੀਆਂ ਜਾਂਦੀਆਂ ਸਨ ।
ਚੋਪ ਅਤੇ ਸੁੱਬਰ –
ਇਹ ਦੋ ਪ੍ਰਸਿੱਧ ਫੁਲਕਾਰੀਆਂ ਹਨ। ਇਹ ਲੜਕੀ ਦੇ ਵਿਆਹ ਉੱਤੇ ਉਸ ਦੇ ਨਾਨਕਿਆਂ ਵੱਲੋਂ ਛੱਕ ਵਿਚ ਦਿੱਤੀਆਂ ਜਾਂਦੀਆਂ ਹਨ। ਲਾਲ ਜਾਂ ਗੂੜ੍ਹੇ ਲਾਲ ਖੱਦਰ ਨੂੰ ਸਾਲੂ ਆਖਦੇ ਹਨ। ਇਹ ਰੋਜ਼ਾਨਾ ਪਹਿਰਾਵੇ ਦਾ ਘਰੋਗੀ ਕੱਪੜਾ ਹੈ।
ਤਿਲ–ਪੱਤਰਾ –
ਇਸ ਕਿਸਮ ਦੀਆਂ ਫੁਲਕਾਰੀਆਂ ਘਟੀਆ ਖੱਦਰ ਉੱਤੇ ਮਿਹਨਤਾਨਾ ਦੇ ਕੇ ਕਢਵਾਈਆਂ ਜਾਂਦੀਆਂ ਹਨ। ਇਨ੍ਹਾਂ ਦੀ ਜ਼ਮੀਨ ਅਤੇ ਪੱਲੇ ਉੱਤੇ ਏਧਰ ਓਧਰ ਕੁਝ ਤੋਪੇ ਭਰੇ ਹੁੰਦੇ ਹਨ। ਇਹ ਵਿਆਹ ਸ਼ਾਦੀ ਵੇਲੇ ਨੌਕਰਾਂ ਚਾਕਰਾਂ, ਜਿਵੇਂ ਝੀਊਰੀਆਂ, ਨਾਇਣਾਂ, ਸਫਾਈ ਸੇਵਕਾਵਾਂ ਆਦਿ ਨੂੰ ਨਕਦੀ ਦੇ ਨਾਲ ਸੁਗਾਤ ਵਜੋਂ ਦਿੱਤੀਆਂ ਜਾਂਦੀਆਂ ਸਨ । ਕੁੜੀਆਂ ਦੇ ਦਾਜ ਵਿਚ ਅਜਿਹੀਆਂ
ਬਹੁਤ ਸਾਰੀਆਂ ਫੁਲਕਾਰੀਆਂ ਦਿੱਤੀਆਂ ਜਾਂਦੀਆਂ ਸਨ, ਇਸ ਲਈ ਮਾਂ, ਤਾਈਆਂ, ਚਾਚੀਆਂ ਤੇ ਪਰਿਵਾਰ ਦੀਆਂ ਦੂਜੀਆਂ ਇਸਤਰੀਆਂ ਕਈ ਕਈ ਵਰ੍ਹੇ ਇਨ੍ਹਾਂ ਨੂੰ ਕੱਢਦੀਆਂ ਰਹਿੰਦੀਆਂ ਸਨ। ਇਸ ਔਖਿਆਈ ਤੋਂ ਬਚਣ ਲਈ ਇਨ੍ਹਾਂ ਨੂੰ ਪੈਸੇ ਦੇ ਕੇ ਕਢਵਾਉਣ ਦਾ ਰਿਵਾਜ ਪੈ ਗਿਆ ਹੈ। ਤਿਲ- ਪੱਤਰਾ ਦੇ ਅਰਥ ਹਨ ਤਿਲਾਂ ਦੇ ਬੀਜ ਖਿਲਾਰਨਾ ।
ਨੀਲਕ –
ਕਾਲੇ ਜਾਂ ਨੀਲੇ ਖੱਦਰ ਉੱਤੇ ਪੀਲੇ, ਗੂੜ੍ਹੇ ਲਾਲ ਰੇਸ਼ਮ ਨਾਲ ਕੱਢੀ ਨੀਲਕ ਫੁਲਕਾਰੀ ਕਿਸਾਨ ਇਸਤਰੀਆਂ ਵਿਚ ਬੜੀ ਹਰਮਨ-ਪਿਆਰੀ ਹੈ। ਨੀਲਕ ਬੜੀ ਸੁਹਣੀ ਅਤੇ ਮਨ-ਮੋਹਣੀ ਫੁਲਕਾਰੀ ਹੈ। ਗੂੜ੍ਹੇ ਨੀਲੇ ਰੰਗ ਨੂੰ ਸਿਆਹੀ-ਮਾਇਲ ਬਣਾਉਣ ਲਈ ਇਸ ਵਿਚ ਕੁਝ ਲੋਹਾ ਮਿਲਾ ਕੇ ਇਸ ਦਾ ਰੰਗ ਤਿਆਰ ਕੀਤਾ ਜਾਂਦਾ ਹੈ।
ਘੁੰਗਟਬਾਗ –
ਇਹ ਇਕ ਪ੍ਰਸਿੱਧ ਬਾਗ ਹੈ। ਇਹ ਰਾਵਲਪਿੰਡੀ ਦੇ ਇਲਾਕੇ ਦੀ ਚੀਜ਼ ਹੈ। ਇਸ ਦੇ ਸਿਰ ਉਤਲੇ ਹਿੱਸੇ ਉੱਤੇ ਤਿਕੋਨੀ ਸ਼ਕਲ ਵਿਚ ਕਢਾਈ ਕੀਤੀ ਹੁੰਦੀ ਹੈ । ਤਿਕੋਨ ਦਾ ਆਧਾਰ ਮੱਥੇ ਦੀ ਪੂਰੀ ਗੋਲਾਈ ਉੱਤੇ ਤੇ ਸਿਖਰ ਗਰਦਨ ਦੇ ਪਿਛਲੇ ਹਿੱਸੇ ਉੱਤੇ ਪੈਂਦਾ ਹੈ । ਘੁੰਗਟ-ਬਾਗਾਂ ਵਿਚ ਆਮ ਤੌਰ ਉੱਤੇ ਦੋ ਵੱਡੇ ਤਿਕੋਨੇ ਬੂਟੇ ਕੱਢੇ ਹਨ ਅਤੇ ਸਜਾਵਟ ਵਜੋਂ ਰਿਬਨ ਵਾਂਗ ਗੋਟਾ ਲਾਇਆ ਜਾਂਦਾ ਹੈ।
ਉੱਤਰ-ਪੱਛਮੀ ਭਾਰਤ ਵਿਚ ਇਸਲਾਮੀ ਅਸਰ ਹੇਠ ਪਰਦੇ ਦਾ ਸਖ਼ਤ ਰਿਵਾਜ ਸੀ । ਆਦਮੀਆਂ ਸਾਹਮਣੇ ਸ਼ਾਲ ਖਿੱਚ ਕੇ ਮੂੰਹ ਢਕ ਲਿਆ ਜਾਂਦਾ ਸੀ ਤੇ ਹਿੰਦੂਆਂ ਵਿਚ ਵਿਆਹੀਆਂ ਮੁਟਿਆਰਾਂ ਵਡੇਰੇ ਮਰਦ-ਸਬੰਧੀਆਂ ਦੇ ਸਾਹਮਣੇ ਘੁੰਡ ਕੱਢ ਲੈਂਦੀਆਂ ਸਨ।
ਛੱਮਾਸ –
ਪੰਜਾਬ ਦੇ ਦੱਖਣ-ਪੂਰਬੀ ਭਾਗ, ਖਾਸ ਕਰਕੇ ਰੋਹਤਕ, ਗੁੜਗਾਵਾਂ, ਹਿਸਾਰ ਅਤੇ ਦਿੱਲੀ ਦੇ ਪ੍ਰਦੇਸ਼ ਵਿਚ ਸ਼ੀਸ਼ੇ ਦੇ ਕੰਮ ਵਾਲੀ ਫੁਲਕਾਰੀ ਦਾ ਰਿਵਾਜ ਆਮ ਰਿਹਾ ਹੈ। ਸ਼ੀਸ਼ੇ ਦੇ ਨਿੱਕੇ ਨਿੱਕੇ ਟੁਕੜੇ ਪੀਲੇ ਜਾਂ ਸਲੇਟੀ-ਨੀਲੇ ਧਾਗੇ ਨਾਲ ਲਾਲ ਜਾਂ ਸਲੇਟੀ ਕਪੜੇ ਉੱਤੇ ਜੜ ਦਿੱਤੇ ਜਾਂਦੇ ਸਨ। ਇਹ ਭਾਰੀ ਅਤੇ ਸ਼ੋਭਾ ਵਾਲੀ ਫੁਲਕਾਰੀ ਆਪਣੀ ਕਿਸਮ ਦੀ ਅਨੋਖੀ ਚੀਜ਼ ਹੈ। ਸ਼ੀਸ਼ੇ ਦੇ ਗੋਲ ਚਮਕਦਾਰ ਟੁਕੜੇ ਕਸ਼ੀਦੇ ਦੇ ਰੰਗ ਸ਼ੋਭਾ ਪੂਰੀ ਤਰ੍ਹਾਂ ਪ੍ਰਗਟਾਉਂਦੇ ਹਨ।
ਇਹ ਫੁਲਕਾਰੀਆਂ ਬੀਤੇ ਸਮਿਆਂ ਦੀ ਧੁੰਦ ਵਿਚ ਗੁਆਚ ਗਈਆਂ ਹਨ ਹੁਣ ਮੁਸ਼ਕਲ ਨਾਲ ਹੀ ਕਿਤੇ ਕੋਈ ਲਭਦੀ ਹੈ । ਜਿਹੜੀਆਂ ਮਿਲਦੀਆਂ ਵੀ ਹਨ ਉਹ ਕਈ ਦਹਾਕੇ ਪੁਰਾਣੀਆਂ, ਘੱਟੇ ਮਿੱਟੀ ਨਾਲ ਭਰੀਆਂ ਤੇ ਚੂਹਿਆਂ ਦੀਆਂ ਟੁੱਕੀਆਂ ਹੁੰਦੀਆਂ ਹਨ। ਇਕ ਪ੍ਰਦਰਸ਼ਨੀ ਲਈ ਮੈਂ ਬੜੀ ਮੁਸ਼ਕਲ ਨਾਲ ਕੁਝ ਫੁਲਕਾਰੀਆਂ ਹਾਸਲ ਕੀਤੀਆਂ ਪਰ ਉਨ੍ਹਾਂ ਨੂੰ ਝਾੜ ਝੰਬ ਕੇ ਪੂਰੇ ਦੋ ਹਫਤੇ ਧੁੱਪੇ ਪਾਉਣਾ ਪਿਆ ਤਾਂ ਕਿਤੇ ਜਾ ਕੇ ਇਨ੍ਹਾਂ ਦੀ ਵਰ੍ਹਿਆਂ ਪੁਰਾਣੀ ਬਦਬੂ ਦੂਰ ਹੋਈ।
ਦੱਖਣੀ ਤੇ ਦੱਖਣ-ਪੱਛਮੀ ਪੰਜਾਬ ਦੀਆਂ ਫੁਲਕਾਰੀਆਂ ਵਿਚ ਬੂਟੀਆਂ ਦੀ ਬਨਾਵਟ ਅਤੇ ਤੋਪੇ ਦੇ ਲਿਹਾਜ਼ ਨਾਲ ਕੁਝ ਵਖਰਾਪਨ ਹੈ। ਇਨ੍ਹਾਂ ਦੇ ਪੱਲੇ ਚੌੜੇ ਹੁੰਦੇ ਹਨ ਜਿਨ੍ਹਾਂ ਉੱਤੇ ਬੜੇ ਪਿਆਰੇ ਨਮੂਨੇ ਕੱਢੇ ਹੁੰਦੇ ਹਨ। ਕਢਾਈ ਦਸੂਤੀ ਤੋਪੇ ਅਤੇ ਇਕ ਕਿਸਮ ਦੇ ਸਾਟਨ-ਤੋਪੇ ਨਾਲ ਕੀਤੀ ਹੁੰਦੀ ਹੈ। ਚੋਪ ਉੱਤੇ ਕੀਤੇ ਕੰਮ ਵਾਂਗ ਇਨ੍ਹਾਂ ਦੇ ਪੱਲੇ ਵੀ ਦੋਹੀਂ ਪਾਸੀਂ ਕੱਢੇ ਹੁੰਦੇ ਹਨ। ਇਨ੍ਹਾਂ ਉੱਤੇ ਪਸ਼ੂਆਂ ਪੰਛੀਆਂ ਦੀਆਂ ਮੂਰਤਾਂ ਆਮ ਕੱਢੀਆਂ ਜਾਂਦੀਆਂ ਹਨ। ਪੱਛਮੀ ਤੇ ਪੂਰਬੀ ਪੰਜਾਬ ਦੀਆਂ ਫੁਲਕਾਰੀਆਂ ਅਤੇ ਬਾਗਾਂ ਦੇ ਪੁੱਠੇ ਪਾਸੇ, ਮੱਧਮ ਜਿਹੀਆਂ ਨੁਕਤੇਦਾਰ ਲਕੀਰਾਂ ਦੇ ਛੁੱਟ ਹੋਰ ਕੁਝ ਵੀ ਨਹੀਂ ਹੁੰਦਾ । ਪਰ ਦੱਖਣ ਤੇ ਦੱਖਣ-ਪੱਛਮੀ ਪੰਜਾਬ ਵਿਚ ਰੇਸ਼ਮ ਦੀ ਥਾਂ ਜ਼ਿਆਦਾ ਤਰ ਘਰ-ਕੱਤਿਆ ਸੂਤੀ ਧਾਗਾ ਹੀ ਵਰਤਿਆ ਜਾਂਦਾ ਹੈ, ਜਿਸ ਕਰਕੇ ਇਨ੍ਹਾਂ ਇਲਾਕਿਆਂ ਦੀ ਕੱਢਾਈ ਘਟੀਆ ਕਿਸਮ ਦੀ ਹੈ, ਇਸ ਇਲਾਕੇ ਦੇ ਰੱਜੇ-ਪੁਜੇ ਘਰਾਂ ਦੀਆਂ ਕਿਸਾਨ-ਇਸਤਰੀਆਂ ਆਪਣੀਆਂ ਓਢਣੀਆਂ ਗੋਟੇ-ਕਿਨਾਰੀ ਨਾਲ ਵੀ ਸ਼ਿੰਗਾਰ ਲੈਂਦੀਆਂ ਹਨ। ਓਢਣੀ ਦੇ ਸਿਰ ਉੱਤੇ ਲੈਣ ਵਾਲੇ ਹਿੱਸੇ ਦੀਆਂ ਕੰਨੀਆਂ ਉੱਤੇ ਬਰੀਕ ਗੋਟਾ ਲਾਇਆ ਜਾਂਦਾ ਹੈ।
ਕਈ ਵਾਰ ਫੁਲਕਾਰੀ ਦੇ ਕੋਨੇ ਵਿਚ ਸਾਧਾਰਣ ਗਹਿਣੇ- ਪਹੁੰਚੀ, ਕੰਗਣ, ਮੁਰਕੀਆਂ, ਮੁੰਦਰੀਆਂ, ਹਾਰ ਤੇ ਬਾਜੂਬੰਦ-ਕੱਢੇ ਮਿਲਦੇ ਹਨ। ਇਹ ਕਦੇ ਵੀ ਫੁਲਕਾਰੀ ਦੀ ਬਨਾਵਟ ਦਾ ਹਿੱਸਾ ਨਹੀਂ ਸਨ, ਇਹ ਕਸ਼ੀਦੇ ਵਿਚ ਗਹਿਣੇ ਜੜਨ ਦੀ ਤ੍ਰੀਮਤੀ ਰੀਝ ਨੂੰ ਪ੍ਰਗਟਾਉਂਦੇ ਹਨ। ਇਸ ਕਿਸਮ ਦੀਆਂ ਫੁਲਕਾਰੀਆਂ ਫਿਰੋਜ਼ਪੁਰ ਦੇ ਇਲਾਕਿਆਂ ਵਿਚ ਆਮ ਮਿਲਦੀਆਂ ਹਨ ਤੇ ਇਨ੍ਹਾਂ ਨੂੰ ਸੈਂਚੀ ਆਖਿਆ ਜਾਂਦਾ ਹੈ। ਸੈਂਚੀ ਵਿਚ ਅਸੀਂ ਇਸਤਰੀਆਂ ਦੀ ਚਿੱਤਰੀ ਰੁਚੀ ਨੂੰ ਵੀ ਜਾਣ ਸਕਦੇ ਹਾਂ।
-
ਚੋਪ
ਚੋਪ ਵਿਆਹ ਦੀ ਫੁਲਕਾਰੀ ਹੈ। ਵਿਆਹ ਦੀਆਂ ਰੀਤਾਂ ਮੁੱਕਣ ਤੋਂ ਕੁਝ ਚਿਰ ਪਹਿਲਾਂ ਲੜਕੀ ਨੂੰ ਚੂੜਾ ਚੜ੍ਹਾਉਣ ਵੇਲੇ ਨਾਨੀ ਚੋਪ ਦਿਆ ਕਰਦੀ ਸੀ । ਪੁਰਾਤਨ ਵਿਚਾਰਾਂ ਦੇ ਲੋਕਾਂ ਵਿਚ ਇਹ ਰਸਮ ਅਜੇ ਤੱਕ ਤੁਰੀ ਆਉਂਦੀ ਹੈ । ਚੂੜਾ ਚੜ੍ਹਾਉਣ ਵੇਲੇ ਕੁੜੀ ਦੇ ਸਭ ਨੇੜੇ ਦੇ ਰਿਸ਼ਤੇਦਾਰ ਜੁੜ ਬਹਿੰਦੇ ਹਨ ਅਤੇ ਦੰਦ-ਖੰਡ ਦਾ ਲਾਲ ਚੂੜਾ ਚੜ੍ਹਦਾ ਵੇਖਦੇ ਹਨ । ਚੂੜੀਆਂ ਇਕ ਤਰਤੀਬ ਵਿਚ ਚੜ੍ਹਾਈਆਂ ਜਾਂਦੀਆਂ ਹਨ, ਪਹਿਲਾਂ ਵੱਡੀ ਫਿਰ ਉਸ ਤੋਂ ਰਤਾ ਛੋਟੀ । ਇਸ ਤਰ੍ਹਾਂ ਵੀਣੀ ਉੱਤੇ ਚੂੜਾ ਬੜਾ ਫੱਬਦਾ ਹੈ । ਚੂੜਾ ਚੜ੍ਹਾਉਣ ਲਈ ਕਾਫ਼ੀ ਸੁਚੱਜੇ ਅਤੇ ਤਜਰਬੇਕਾਰ ਹੱਥ ਦੀ ਲੋੜ ਹੈ ਇਸ ਲਈ ਬਹੁਤ ਥਾਈਂ ਪਾਂਧਾ ਚੂੜਾ ਚੜ੍ਹਾਉਂਦਾ ਹੈ ਪਰ ਮਾਮਿਆਂ ਤੋਂ ਚੂੜਾ ਚੜਾਉਣ ਦਾ ਰਿਵਾਜ ਵੀ ਆਮ ਹੈ। ਇਸ ਸ਼ੁਭ ਅਵਸਰ ਉੱਤੇ ਇਸਤਰੀਆਂ ਸੁਹਾਗ ਗਾਉਂਦੀਆਂ ਹਨ ਅਤੇ ਮਾਮੇ ਗਹਿਣੇ, ਕਪੜੇ ਆਦਿ ਭੇਟ ਕਰਦੇ ਹਨ। ਇਸ ਨੂੰ ਨਾਨਕਾ-ਛੱਕ ਆਖਦੇ ਹਨ।
ਨਾਨਕੇ-ਛੱਕ ਵਿਚ ਫੁਲਕਾਰੀਆਂ ਵੀ ਹੁੰਦੀਆਂ ਹਨ । ਚੋਪ ਸਾਧਾਰਨ ਫੁਲਕਾਰੀ ਤੋਂ ਵੱਡੀ ਹੁੰਦੀ ਹੈ ਅਤੇ ਇਸ ਦੀ ਕਢਾਈ ਵੀ ਇਕ ਖ਼ਾਸ ਗੁੰਝਲਦਾਰ ਤ੍ਰੋਪੇ ਦੁਆਰਾ ਕੀਤੀ ਗਈ ਹੁੰਦੀ ਹੈ। ਇਹ ਕੰਮ ਬੜਾ ਔਖਾ ਹੈ ਕਿਉਂ ਜੋ ਸਫਾਈ ਅਤੇ ਰੂਪ ਵਾਲੇ ਦੋਵੇਂ ਪੱਖ ਇੱਕੋ ਜਿਹੇ ਪੂਰੇ ਹੋਣੇ ਜ਼ਰੂਰੀ ਹਨ। ਚੋਪ ਬੜੇ ਹੀ ਵਧੀਆ ਲਾਲ ਸੂਹੇ ਖੱਦਰ ਉੱਤੇ ਸੁਨਹਿਰੀ ਪੀਲੇ ਧਾਗੇ ਨਾਲ ਕੱਢੀ ਜਾਂਦੀ ਹੈ। ਚੋਪ ਦੀ ਕਢਾਈ ਕੇਵਲ ਪੱਲਿਆਂ ਤੇ ਪਾਸਿਆਂ ਉੱਤੇ ਹੀ ਕੀਤੀ ਜਾਦੀ ਹੈ । ਸਾਲ ਦੀ ਵਿਚਲੀ ਜ਼ਮੀਨ ਸਾਫ ਅਤੇ ਬਿਨਾਂ ਕਿਸੇ ਕਢਾਈ ਤੋਂ ਹੁੰਦੀ ਹੈ । ਅੰਬਾਲਾ ਡਿਵੀਜਨ ਵਿਚ ਚੋਪ ਦਾ ਨਾਂ ਵਿਗੜ ਕੇ ਸੋਫ ਪੈ ਗਿਆ ਹੈ । ਚੋਪ ਦੀ ਕਢਾਈ ਦਾ ਤੋਪਾ ਬੜਾ ਹੀ ਨਿੱਕਾ ਹੁੰਦਾ ਹੈ ਤੇ ਕਢਾਈ ਦੇ ਤੋਪਿਆਂ ਨਾਲ ਕਪੜੇ ਉੱਪਰ ਚੌਰਸ ਜਾਂ ਗੋਲ ਫੇਰਾਂ ਵਿਚ ਬੂਟੇ ਪਾਏ ਜਾਂਦੇ ਹਨ।
ਚੋਪ ਕੁੜੀ ਦੇ ਦਾਜ ਦੀ ਇਕ ਖ਼ਾਸ ਚੀਜ਼ ਹੈ। ਉੱਤਲੀ ਮੱਧ-ਸ਼੍ਰੇਣੀ ਦਿਆਂ ਖ਼ਾਨਦਾਨਾਂ ਵਿਚ ਪਹਿਲਾਂ ਇਹ ਆਮ ਰਿਵਾਜ ਸੀ ਕਿ ਲੜਕੀ ਨੂੰ ਦਾਜ ਵਿਚ ਪੰਜਾਹ ਬਾਗ ਤੇ ਫੁਲਕਾਰੀਆਂ ਦਿੱਤੀਆਂ ਜਾਂਦੀਆਂ ਸਨ, ਇਨ੍ਹਾਂ ਵਿਚੋਂ ਕਈ ਫੁਲਕਾਰੀਆਂ ਸੱਸ, ਨਿਨਾਣਾਂ ਆਦਿ ਸਹੁਰੇ ਘਰ ਦੀਆਂ ਇਸਤਰੀਆਂ ਲਈ ਹੁੰਦੀਆਂ ਸਨ। ਬਹੁਤੀਆਂ ਕੁੜੀਆਂ ਵੱਡੀਆਂ ਹੁੰਦਿਆਂ ਹੀ ਫੁਲਕਾਰੀਆਂ ਕੱਢਣੀਆਂ ਸ਼ੁਰੂ ਕਰ ਦੇਂਦੀਆਂ ਸਨ । ਇਕ ਫੁਲਕਾਰੀ ਕੱਢਣ ਉੱਤੇ ਚਾਰ ਮਹੀਨਿਆਂ ਤੋਂ ਲੈ ਕੇ ਵਰ੍ਹਾ ਤੱਕ ਲੱਗ ਜਾਂਦਾ ਸੀ । ਪਰਿਵਾਰ .ਦੀਆਂ ਦੂਜੀਆਂ ਇਸਤਰੀਆਂ ਵੀ ਇਸ ਕੰਮ ਵਿਚ ਉਸ ਦਾ ਹੱਥ ਵਟਾਉਂਦੀਆਂ ਸਨ । ਪੁਰਾਣੇ ਸਮਿਆਂ ਵਿਚ ਜਦੋਂ ਚੀਜ਼ਾਂ ਬੜੀਆਂ ਸਸਤੀਆਂ ਸਨ, ਇਕ ਫੁਲਕਾਰੀ ਉੱਤੇ ਲੱਗਭੱਗ ਚਾਲ੍ਹੀ ਰੁਪਏ ਦਾ ਰੇਸ਼ਮ ਲੱਗ ਜਾਂਦਾ ਸੀ । ਲੜਕੀ ਦੇ ਦਾਜ ਦੇ ਲੀੜੇ ਵਿਆਹ ਤੋਂ ਕਈ ਕਈ ਵਰ੍ਹੇ ਪਹਿਲਾਂ ਤਿਆਰ ਕੀਤੇ ਜਾਂਦੇ ਸਨ ਤੇ ਇਨ੍ਹਾਂ ਉੱਤੇ ਬੜੀ ਮਿਹਨਤ ਕੀਤੀ ਜਾਂਦੀ ਸੀ । ਇਹ ਬੜੇ ਧੀਰਜ ਅਤੇ ਸਹਿਜ ਦਾ ਕੰਮ ਸੀ। ਇਸ ਧੀਰਜ ਅਤੇ ਸਹਿਜ ਦਾ ਅਸਰ ਔਰਤਾਂ ਦੀ ਆਮ ਜ਼ਿੰਦਗੀ ਉੱਤੇ ਵੀ ਪੈਂਦਾ ਸੀ। ਅਤੇ ਉਹਨਾਂ ਦੀ ਤਬੀਅਤ ਵਿਚੋਂ ਕਾਹਲ ਦੂਰ ਹੋ ਜਾਂਦੀ ਸੀ ।
ਨਾਨੀ ਅਤੇ ਮਾਂ ਆਦਿ ਚੋਪ ਕੱਢਣ ਦੇ ਕੰਮ ਵਿਚ ਬੜਾ ਮਾਣ ਮਹਿਸੂਸ ਕਰਦੀਆਂ ਸਨ। ਉਹ ਇਸ ਕਾਰਜ ਦੇ ਆਰੰਭ ਲਈ ਕੋਈ ਸ਼ੁਭ ਦਿਨ ਚੁਣਦੀਆਂ ਅਤੇ ਆਪਣੇ ਆਂਢੀਆਂ ਗੁਆਂਢੀਆਂ ਅਤੇ ਕੁੜੀ ਦੀਆਂ ਸਹੇਲੀਆਂ ਨੂੰ ਇਸ ਸ਼ੁਭ ਮੌਕੇ ਉੱਤੇ ਸੱਦਾ ਦਿੰਦੀਆ। ਘਰ ਝਾੜਿਆ-ਝੰਬਿਆ ਜਾਂਦਾ, ਵਿਹੜਾ ਸਾਫ ਕੀਤਾ ਅਤੇ ਲਿੱਪਿਆ ਪੋਚਿਆ ਜਾਂਦਾ, ਰੰਗ ਬਿਰੰਗੀਆਂ ਦਰੀਆਂ ਵਿਛਾਈਆਂ ਜਾਂਦੀਆਂ, ਆਢਣਾਂ ਗੁਆਂਢਣਾਂ ਤੇ ਕੁੜੀਆਂ ਚਿੜੀਆਂ ਸਭ ਉਥੇ ਆ ਬਹਿੰਦੀਆਂ ਫੇਰ ਉਹ ਪ੍ਰਾਰਥਨਾ ਕਰਦੀਆਂ, ਗੁੜ ਤੇ ਖੋਪਾ ਵੰਡਦੀਆਂ ਅਤੇ ਪਵਿੱਤਰ ਮੱਲੀ ਸਭਨਾਂ ਦੇ ਪਵਿੱਤਰ ਹੱਥਾਂ ਉਤੇ ਬੰਨਦੀਆਂ । ਇਸ ਪਿਛੋਂ ਢੋਲਕੀ ਦੀ ਤਾਲ ਉੱਤੇ ਇਸਤਰੀਆਂ ਸੁਹਾਗ ਦਾ ਗੀਤ ਛੇੜਦੀਆਂ ਅਤੇ ਨਾਨੀ ਚੋਪ ਉੱਤੇ ਪਹਿਲਾਂ ਤੋਪਾ ਭਰਦੀ । ਤਦ ਸਭ ਜਣੇ ਨਾਨੀ ਤੇ ਦੋਹਤੀ ਨੂੰ ਸ਼ੁਭ ਇੱਛਾਵਾਂ ਭੇਟ ਕਰਦੇ । ਕਂਸ਼ੀਦੇ ਦੇ ਕੰਮ ਦੀਆਂ ਮਾਹਰ ਬਿਰਧ ਇਸਤਰੀਆਂ ਸਲਾਹਾਂ ਦੇਂਦੀਆਂ ਅਤੇ ਚੋਪ ਕੱਢਣ ਵਿਚ ਹੱਥ ਵਟਾਂਦੀਆਂ ।
ਜਿਸ ਤਰ੍ਹਾਂ ਕੁੜੀਆਂ ਤਿੰਞਣਾਂ ਵਿਚ ਆ ਮਿਲਦੀਆਂ ਹਨ, ਜਿਸ ਤਰ੍ਹਾਂ ਉਹ ਚਰਖੇ ਦੀ ਘੂਕਰ ਨਾਲ ਆਪਣੇ ਜੀਵਨ ਦੀਆਂ ਤੰਦਾਂ ਕੱਢਦੀਆਂ ਹਨ ਉਸੇ ਤਰ੍ਹਾਂ ਕਢਾਈ ਦਾ ਕੰਮ ਵੀ ਉਨ੍ਹਾਂ ਲਈ ਧਰਮ ਬਣ ਗਿਆ ਸੀ, ਉਹ ਸੂਈ ਧਾਗੇ ਨਾਲ ਨਿੱਕੇ ਨਿੱਕੇ ਤ੍ਰੋਪੇ ਪਾਉਂਦੀਆਂ ਹੋਈਆਂ ਆਪਣੇ ਜੀਵਨ ਦੇ ਤੋਪਿਆਂ ਵਿਚ ਮੁਗਧ ਹੋ ਜਾਂਦੀਆਂ। ਇਸ ਤਰ੍ਹਾਂ ਨਾਨੀ ਅਤੇ ਮਾਂ ਵੱਲੋਂ ਆਰੰਭ ਕੀਤਾ ਗਿਆ ਕੰਮ ਘਰਾਂ, ਵਿਹੜਿਆਂ ਦੀ ਰੌਣਕ ਦਾ ਮੁੱਖ ਸਾਧਨ ਬਣ ਕੇ, ਸਾਡੀ ਲੋਕ-ਜ਼ਿਦਗੀ ਦਾ ਜੀਵਨ-ਚਿੱਤਰ ਹੋ ਨਿੱਬੜਿਆ ਹੈ ।
ਇਸ ਤਰ੍ਹਾਂ ਪਿਆਰ, ਸ਼ੁਭ ਇਛਾਵਾਂ, ਮਿੱਤਰਤਾ ਤੇ ਬਜੁਰਗਾਂ ਦੀਆਂ ਅਸੀਸਾਂ ਦੇ ਪ੍ਰੇਰਨਾ-ਭਰਪੂਰ 6 ਵਾਯੂ-ਮੰਡਲ ਵਿਚ ਚੋਪ ਦੀ ਕਢਾਈ ਦਾ ਕੰਮ ਸ਼ੁਰੂ ਹੁੰਦਾ ਤੇ ਫੇਰ ਕਰੜੀ ਘਾਲ, ਧੀਰਜ ਤੇ ਸ਼ਰਧਾ ਨਾਲ ਸਿਰੇ ਚੜ੍ਹਦਾ। ਇਉਂ ਇਕ ਬੜੀ ਪਿਆਰੀ ਤੇ ਸ਼ਾਨਦਾਰ ਸ਼ਾਲ ਤਿਆਰ ਹੁੰਦੀ । ਇਕ ਮਾਂ, ਫੁਲਕਾਰੀ ਦੀ ਕਢਾਈ ਵਿਚ ਆਪਣੀ ਸਾਰੀ ਮਮਤਾ ਰਚਾ ਦੇਂਦੀ ਹੈ। ਆਪਣੀ ਲਾਡਲੀ ਦੇ ਸੁੱਖ- ਭਰੇ ਭਵਿੱਖ ਦੇ ਸਾਰੇ ਸੁਫਨੇ ਇਸ ਦੀਆਂ ਰਾਂਗਲੀਆਂ ਬੂਟੀਆਂ ਵਿਚ ਜੜ ਦੇਂਦੀ ਹੈ। ਇਸ ਲਈ ਇਕ ਬਾਗ ਜਾਂ ਫੁਲਕਾਰੀ ਸਾਡੀ ਅੱਤ ਸੁੰਦਰ ਕਲਾ-ਭਰਪੂਰ ਕਿਰਤ ਹੀ ਨਹੀਂ, ਮਾਂ ਦੀ ਮਮਤਾ ਅਤੇ ਸ਼ਰਧਾ ਦਾ ਇਕ ਪਿਆਰ ਭਰਿਆ ਚਿੰਨ੍ਹ ਵੀ ਹੈ। ਚੋਪ ਸਾਡੀ ਲੋਕ-ਜ਼ਿੰਦਗੀ ਦੀਆਂ ਸਾਂਝੀਆਂ ਪ੍ਰੀਤਾਂ ਦੇ ਕੁੰਭ ਦਾ ਫਲ ਹੈ।
ਮੇਰੇ ਇਕ ਮਿੱਤਰ ਦੀ ਦਾਦੀ ਦੀ ਕਹਾਣੀ ਬੜੀ ਪਿਆਰੀ ਹੈ। ਘਰ ਦਾ ਸਾਰਾ ਕੰਮ ਧੰਦਾ ਉਸਨੂੰ ਆਪ ਕਰਨਾ ਪੈਂਦਾ ਸੀ, ਜਿਸ ਕਰਕੇ ਆਪਣੀਆਂ ਪੋਤਰੀਆਂ ਲਈ ਬਾਗ ਕੱਢਣ ਦਾ ਵਿਹਲ ਉਸ ਕੋਲ ਨਹੀਂ ਸੀ। ਉਹ ਧਾਰਮਿਕ ਵਿਚਾਰਾਂ ਦੀ ਇਸਤਰੀ ਸੀ, ਕਢਾਈ ਦਾ ਸ਼ੋਕ ਵੀ ਉਹਨੂੰ ਬੜਾ ਸੀ। ਅਤੇ ਕਰੜੀ ਮਿਹਨਤ ਉਸ ਦਾ ਸੁਭਾਅ ਬਣ ਚੁੱਕਾ ਸੀ । ਉਹ ਪਹਿਰ ਰਾਤ ਰਹੇ ਉਠਦੀ, ਠੰਢੇ ਪਾਣੀ ਨਾਲ ਇਸ਼ਨਾਨ ਕਰਦੀ, ਦੀਵਾ ਜਗਾਉਂਦੀ, ਆਪਣਾ ਬਾਗ ਜਾਂ ਫੁਲਕਾਰੀ ਲੈਂਦੀ ਤੇ ਸੂਈ ਦੇ ਹਰ ਤੋਪੇ ਨਾਲ ਰੱਬ ਦਾ ਨਾਂ ਜਪਦੀ। ਘਰ ਦੇ ਕੰਮ-ਧੰਦੇ ਵਿਚ ਰੁੱਝਣ ਤੋਂ ਪਹਿਲਾਂ ਇਸ ਪ੍ਰਕਾਰ ਉਹ ਘੱਟੋ ਘੱਟ ਇਕ ਹਜ਼ਾਰ ਤੋਪੇ ਜ਼ਰੂਰ ਭਰ ਲੈਂਦੀ। ਇਸ ਤਰ੍ਹਾਂ ਉਹ ਇਕੋ ਵੇਲੇ ਰੱਬ ਦਾ ਨਾਂ ਵੀ ਜਪਦੀ ਅਤੇ ਕਢਾਈ ਵੀ ਕਰਦੀ । ਉਸ ਦੀ ਫੁਲਕਾਰੀ ਸ਼ਰਧਾ, ਭਗਤੀ ਤੇ ਪਵਿੱਤਰ ਵਿਚਾਰਾਂ ਦੀ ਇਕ ਸੁੰਦਰ ਰਚਨਾ ਹੁੰਦੀ। ਤਸਵੀਰ ਵਿਚ ਇਸੇ ਮਾਈ ਦੀ ਕੱਢੀ ਹੋਈ ਫੁਲਕਾਰੀ ਵੇਖੀ ਜਾ ਸਕਦੀ ਹੈ। ਇਸ ਕਿਸਮ ਦੀ ਪ੍ਰਾਰਥਨਾ ਨੂੰ ਜਾਪ ਆਖਦੇ ਹਨ। ਕਈ ਇਸਤਰੀਆਂ ਰੱਬ ਦਾ ਨਾਂ ਜਪਦੀਆਂ ਕਣਕ ਦਾ ਇਕ ਇਕ ਦਾਣਾ ਰੱਖੀ ਜਾਂਦੀਆਂ ਹਨ। ਛੇਤੀ ਹੀ ਇਹ ਇਕ ਢੇਰੀ ਬਣ ਜਾਂਦੀ ਹੈ । ਕੀ ਇਹ ਇਕ ਸੁਹਣਾ ਅਮਲਾਂ-ਭਰਿਆ ਧਰਮ ਨਹੀਂ ?
ਚੋਪ ਅੱਜਕੱਲ ਕਿਤੇ ਮੁਸ਼ਕਲ ਨਾਲ ਹੀ ਮਿਲਦੀ ਹੈ, ਕਿਉਂ ਜੁ ਇਸ ਦਾ ਰਿਵਾਜ ਨਹੀਂ ਰਿਹਾ । ਹੁਣ ਤਾਂ ਇਹ ਵਿਰਸੇ ਵਿਚ ਚਲੀ ਆਉਂਦੀ ਇਕ ਦੁਰਲੱਭ ਚੀਜ਼ ਰਹਿ ਗਈ ਹੈ। ਪੁਰਾਣੀਆਂ ਚੋਪ ਮਾਵਾਂ ਵੱਲੋਂ ਧੀਆਂ ਨੂੰ ਵਿਆਹ ਸਮੇਂ ਦਿੱਤੀਆਂ ਜਾਦੇ ਹਨ ਅਤੇ ਉਹ ਵੀ ਉਨ੍ਹਾਂ ਦੂਰ ਦੁਰਾਡੇ ਪਿੰਡਾਂ ਵਿਚ, ਜਿੱਥੇ ਅੱਜ ਕੱਲ੍ਹ ਦੇ ਸਸਤੇ ਮਸ਼ੀਨੀ ਕੱਪੜੇ, ਜਿਵੇਂ ਲਿਨਨ, ਜਾਲੀ, ਆਦਿ ਨੇ ਪਿੰਡਾਂ ਤੇ ਕਸਬਿਆਂ ਦੇ ਬਜ਼ਾਰਾਂ ਵਿਚ ਅਜੇ ਤੱਕ ਧਾਵਾ ਨਹੀਂ ਬੋਲਿਆ। ਜਿਵੇਂ ਯੂਰਪ ਵਿਚ ਸੈਂਕੜੇ ਸਾਲ ਪੁਰਾਣੀਆਂ ਵਿਆਹ-ਓਢਣੀਆਂ ਬੜੀ ਸੰਭਾਲ ਨਾਲ ਰੱਖੀਆਂ ਜਾਂਦੀਆ ਹਨ ਤੇ ਕੇਵਲ ਵਿਆਹ ਵੇਲੇ ਹੀ ਕੱਢੀਆਂ ਜਾਂਦੀਆਂ ਹਨ, ਉਵੇਂ ਹੀ ਚੋਪ ਵੀ ਸਾਡੀ ਵਿਰਾਸਤ ਦੀ ਇਕ ਵਡਮੁੱਲੀ ਚੀਜ਼ ਬਣ ਗਈ ਹੈ ਤੇ ਸੰਭਾਲ ਸੰਭਾਲ ਰੱਖੀ ਜਾਂਦੀ ਹੈ।
ਪੰਜਾਬ ਵਿਚ ਹਰ ਗੁਣੀ ਸ਼ੈਅ ਨੂੰ ਸਾਂਭ ਕੇ ਰੱਖਿਆ ਜਾਂਦਾ ਹੈ । ਅੱਜ ਵੀ ਸਾਡੀ ਸੱਭਿਅਤਾ ਸਾਡੇ ਵਿਚ ਮੌਜੂਦ ਹੈ, ਸੱਭਿਅਤਾ ਦੇ ਚਿੰਨ੍ਹ ਅਸੀਂ ਅੱਜ ਵੀ ਉਣਦੇ ਰਹਿੰਦੇ ਹਾਂ । ਪਿੱਛੇ ਜਿਹੇ ਸਾਨੂੰ ਕੁਝ ਕੁ ਫੁਲਕਾਰੀਆਂ ਇੱਕਠੀਆਂ ਕਰਨ ਦੀ ਲੋੜ ਪਈ, ਮੋਗੇ ਦੇ ਇਲਾਕੇ ਵਿਚੋ ਫੁਲਕਾਰੀਆਂ ਢੂੰਡੀਆਂ ਗਈਆਂ । ਇਕ ਘਰੋ ਬਿਲਕੁਲ ਨਵੀਆਂ ਫੁਲਕਾਰੀਆਂ ਮਿਲੀਆਂ ਪਰ ਬਹੁਤ ਤਰਲਿਆਂ ਤੋਂ ਪਿੱਛੋਂ। ਤਰਲੇ ਇਸ ਲਈ ਕਰਨੇ ਪਏ ਕਿ ਉਹ ਫੁਲਕਾਰੀਆਂ ਹੁਣੇ ਹੁਣੇ ਹੀ ਕੱਢੀਆਂ ਗਈਆਂ ਸਨ ਅਤੇ ਉਹ ਕੁੜੀ, ਜਿਸ ਦਾ ਵਿਆਹ ਕੁਝ ਦਿਨਾ ਵਿਚ ਹੋਣ ਵਾਲਾ ਸੀ ਅਤੇ ਜਿਸ ਨੇ ਆਪਣੀਆਂ ਸਾਰੀਆਂ ਰੀਝਾਂ ਉਨ੍ਹਾਂ ਫੁਲਕਾਰੀਆ ਦੀਆਂ ਤੰਦਾਂ ਵਿਚ ਲੁਕਾਈਆਂ ਹੋਈਆਂ ਸਨ, ਫੁਲਕਾਰੀਆਂ ਨਹੀਂ ਦੇਂਦੀ ਸੀ ਤਾਂ ਜੋ ਉਹ ਮੈਲੀਆਂ ਨਾ ਹੋ ਜਾਣ। ਇਹ ਪਤਾ ਲੱਗਣ ਉੱਤੇ ਹੈਰਾਨੀ ਜਿਹੀ ਹੋਈ ਸੀ ਕਿ ਪੰਜਾਬ ਦੀਆਂ ਕੁੜੀਆਂ ਅੱਜ ਵੀ ਫੁਲਕਾਰੀਆਂ ਕੱਢਦੀਆਂ ਹਨ। ਹੱਦ ਤੋਂ ਬਹੁਤੀ ਖੁਸ਼ੀ ਇਸ ਗੱਲ ਦੀ ਹੋਈ ਕਿ ਸਾਡੀਆਂ ਕੁੜੀਆਂ ਲੋਕ-ਹੁਨਰ ਨੂੰ ਅੱਜ ਵੀ ਜੀਵਤ ਰੱਖ ਰਹੀਆਂ ਹਨ।
ਸੁੱਭਰ–
ਇਹ ਇਕ ਹੋਰ ਲਾਲ ਰੰਗ ਦਾ ਸ਼ਗਨਾਂ ਭਰਿਆ ਲੀੜਾ ਹੈ । ਇਸ ਨੂੰ ਕੁੜੀ ਫੇਰਿਆਂ ਦੇ ਸ਼ੁਭ ਮੌਕੇ ਉੱਤੇ ਲੈਂਦੀ ਹੈ । ਸੁੱਭਰ ਦਾ ਕੱਪੜਾ ਗੂੜ੍ਹਾ ਲਾਲ ਖੱਦਰ ਹੁੰਦਾ ਹੈ। ਸਿਰਫ ਇਹਦੇ ਕੋਨਿਆਂ ਵਿਚ ਤੇ ਵਿਚਕਾਰ ਆਮ ਕਰਕੇ ਪੰਜ ਪੰਜ ਬੂਟੀਆਂ ਕੱਢੀਆਂ ਹੁੰਦੀਆਂ ਹਨ। ਸੁੱਭਰ ਦਾ ਬਾਕੀ ਹਿੱਸਾ ਬਿਲਕੁਲ ਸਾਫ ਹੁੰਦਾ ਹੈ।
5 ਸੱਭਿਅਤਾ ਅਤੇ ਫੁਲਕਾਰੀ
ਇਸ ਸਦੀ ਦੇ ਮੁੱਢਲੇ ਭਾਗ ਵਿਚ ਅੱਖਰ-ਵਿਦਿਆ ਨੂੰ ਨਾ ਤਾਂ ਇਸਤਰੀ ਦੇ ਯੋਗ ਸਮਝਿਆ ਜਾਂਦਾ ਸੀ ਅਤੇ ਨਾ ਹੀ ਜ਼ਰੂਰੀ । ਬੜੀਆਂ ਥੋੜ੍ਹੀਆਂ ਇਸਤਰੀਆਂ ਪੜ੍ਹ ਲਿਖ ਸਕਦੀਆਂ ਸਨ ਪਰ ਉਹ ਹਰ ਤਰ੍ਹਾਂ ਦੀ ਘਰੋਗੀ ਦਸਤਕਾਰੀ, ਕਤਾਈ, ਰੰਗਾਈ, ਸਿਲਾਈ, ਕਸ਼ੀਦਾ, ਕੱਢਾਈ, ਨਾਲੇ, ਦਰੀਆਂ ਅਤੇ ਨਿਵਾਰ ਬੁਣਨ ਅਤੇ ਰਸੋਈ ਦੇ ਕੰਮ ਵਿਚ ਨਿਪੁੰਨ ਹੁੰਦੀਆਂ ਸਨ। ਸਭ ਇਸਤਰੀਆਂ ਗਾ ਸਕਦੀਆਂ ਸਨ, ਨੱਚ ਸਕਦੀਆਂ ਸਨ, ਕਈ ਇਸਤਰੀਆਂ ਬੜੀਆਂ ਚੰਗੀਆਂ ਕਵਿੱਤਰੀਆਂ ਹੁੰਦੀਆਂ ਸਨ। ਉਨ੍ਹਾਂ ਦੀਆਂ ਰਚੀਆਂ ਕਵਿਤਾਵਾਂ ਤੇ ਗੀਤਾਂ ਦਾ ਲੋਕ-ਸਾਹਿਤ ਵਿਚ ਬੜਾ ਉੱਚਾ ਦਰਜਾ ਹੈ। ਤਿਉਹਾਰ ਆਉਂਦੇ ਹਨ ਤਾਂ ਉਹ ਘਰ ਦੀਆਂ ਕੰਧਾਂ ਉੱਤੇ ਆਮ ਰੰਗਾਂ ਨਾਲ ਧਾਰਮਕ ਚਿੰਨ੍ਹ ਅਤੇ ਹੋਰ ਦੂਜੀਆਂ ਕਿਸਮ ਦੀਆਂ ਮੂਰਤਾਂ ਵੀ ਚਿੱਤਰਦੀਆਂ ਹਨ ।
ਕੁੜੀ ਲਈ ਕਸੀਦਾ ਸਿੱਖਣਾ ਬੜਾ ਜ਼ਰੂਰੀ ਸੀ । ਇਸ ਬਿਨਾਂ ਉਸ ਦੀ ਸਿੱਖਿਆ ਅਪੂਰਨ ਸਮਝੀ ਜਾਂਦੀ ਸੀ। ਸਿੱਖ ਮਤ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ (1469-1539 ਈ.) ਇਕ ਸ਼ਬਦ ਵਿਚ ਕਹਿੰਦੇ ਹਨ “ਕਢ ਕਸੀਦਾ ਪਹਿਨੈ ਚੋਲੀ, ਤਾਂ ਤੂੰ ਜਾਣਹਿ ਨਾਰੀ”। ਅੱਠ ਨੌ ਵਰ੍ਹੇ ਦੀ ਉਮਰ ਵਿਚ ਹੀ ਲੜਕੀਆਂ ਨੂੰ ਕਸੀਦਾ ਕੱਢਣਾ ਸਿਖਾਇਆ ਜਾਂਦਾ ਸੀ। ਕਈ ਵਰ੍ਹੇ ਉਹ ਬੜੇ ਮੋਟੇ ਖੱਦਰ ਉੱਤੇ ਸਸਤੇ ਧਾਗੇ ਨਾਲ ਕੱਢਾਈ ਸਿੱਖਦੀਆ ਸਨ : ਵਰ੍ਹਿਆਂ ਦੇ ਅਭਿਆਸ ਨਾਲ ਉਹ ਫੁਲਕਾਰੀ-ਕਲਾ ਵਿਚ ਪੂਰਨਤਾ ਪ੍ਰਾਪਤ ਕਰਦੀਆਂ ਅਤੇ ਹੌਲੀ ਹੌਲੀ ਉਨ੍ਹਾਂ ਨੂੰ ਬਾਗਾਂ ਅਤੇ ਫੁਲਕਾਰੀ ਦੀਆਂ ਅਨੇਕ ਦੀਆਂ ਬੂਟੀਆਂ ਕੱਢਣ ਦੀ ਜਾਚ ਆ ਜਾਂਦੀ ਸੀ ।
ਪ੍ਰਕਾਰ ਕਢਾਈ ਕਲਾ ਦੀ ਸਿਖਲਾਈ ਅਲੂਣੀ ਸਿਲ ਨਹੀਂ ਸੀ। ਵਡੇਰੀਆਂ ਇਸਤਰੀਆਂ ਇੱਕਠੀਆਂ ਬਹਿ ਕੇ ਕਸੀਦਾ ਕੱਢਦੀਆਂ । ਇਸ ਭਾਵਾਂ-ਭਰਪੂਰ ਤੇ ਖੁਸ਼ ਵਾਤਾਵਰਣ ਵਿਚ ਕੁੜੀਆਂ ਨੂੰ ਬੜਾ ਉਤਸ਼ਾਹ ਮਿਲਦਾ, ਉਨ੍ਹਾਂ ਅੰਦਰ ਸਿਰਜਣ-ਸ਼ਕਤੀ ਜਾਗਦੀ ਅਤੇ ਉਨ੍ਹਾਂ ਦੀ ਮਾਨਸਕ ਉੱਨਤੀ ਦੇ ਰਾਹ ਖੁੱਲ੍ਹਦੇ ।ਏਥੇ ਉਹ ਕਸੀਦਾ ਹੀ ਨਹੀਂ ਸਨ ਸਿਖਦੀਆਂ ਸਗੋਂ ਸਭਿਆਚਾਰਕ ਤੇ ਸਮਾਜਕ ਜੀਵਨ ਦੀ ਜਾਗ ਵੀ ਉਨ੍ਹਾਂ ਨੂੰ ਲੱਗਦੀ – ਉਹ ਇਤਿਹਾਸਕ ਤੇ ਪੁਰਾਣਾਂ ਦੀਆਂ ਕਹਾਣੀਆਂ ਸੁਣਦੀਆਂ, ਰੁੱਤਾਂ. ਅਤੇ ਸਮਾਜਕ ਘਟਨਾਵਾਂ ਬਾਰੇ ਲੋਕ-ਗੀਤ ਗਾਉਂਦੀਆਂ ਅਤੇ ਗੀਤਾਂ ਨੂੰ ਤਾਲ ਦੇਣ ਲਈ ਢੋਲਕੀਆਂ ਵਜਾਉਂਦੀਆਂ ।
ਫੁਲਕਾਰੀ-ਕਲਾ ਉੱਚੇ ਘਰਾਣਿਆਂ ਅਤੇ ਕਿਰਤੀ ਸ਼੍ਰੇਣੀਆਂ ਦੀਆਂ ਇਸਤਰੀਆਂ, ਦੋਹਾਂ ਵਿਚ ਬੜੀ ਹਰਮਨ-ਪਿਆਰੀ ਰਹੀ ਹੈ। ਜੱਟੀਆਂ ਅਤੇ ਗੁੱਜਰੀਆਂ ਨੇ ਤਾਂ, ਖ਼ਾਸ ਕਰਕੇ ਇਸ ਵਿਚ ਕਮਾਲ ਹਾਸਲ ਕੀਤਾ ਹੈ। ਇਸ ਦਾ ਖ਼ਿਆਲ ਹੀ ਸਾਡੇ ਸਾਹਮਣੇ ਪ੍ਰਾਚੀਨ ਯੂਨਾਨ ਤੇ ਰੋਮ ਦੀਆਂ ਇਸਤਰੀਆਂ ਦੀ ਝਾਕੀ ਸਜੀਵ ਕਰ ਦੇਂਦਾ ਹੈ । ਮਹਾਨ ‘ਉਲੀਸਸ’ ਦੀ ਪਤਨੀ ‘ਪੈਨੀਲੋਪ’ ਆਪਣੀ ਖੱਡੀ ਉੱਤੇ ਕੱਪੜਾ ਬੁਣਦੀ ਸੀ, ਰੋਮਨ ਸ਼ਹਿਜ਼ਾਦਿਆਂ ਦੀਆਂ ਗੋਲੀਆਂ ਉਸ ਨਾਲ ਮਹਿਲਾਂ ਵਿਚ ਬੈਠੀਆਂ ਹੋਈਆਂ ਕਸੀਦਾ ਕੱਢਿਆ ਕਰਦੀਆਂ ਸਨ।
ਆਮ ਘਰਾਂ ਅਤੇ ਗਲੀਆਂ ਵਿਚ ਬੈਠੀਆਂ ਕਸੀਦਾ ਕੱਢਦੀਆਂ ਇਸਤਰੀਆਂ ਗੱਲਾਂ ਕਰਦੀਆਂ
ਰਹਿੰਦੀਆਂ ਹਨ – ਪਿੰਡਾਂ ਦੀਆਂ, ਆਂਢੀਆਂ-ਗੁਆਂਢੀਆਂ ਦੀਆਂ ਅਤੇ ਕਈ ਵਾਰ ਦੁਨੀਆ ਦੀਆਂ ਵੱਡੀਆਂ ਖ਼ਬਰਾਂ ਦੀਆਂ। ਸਹਿਜ ਸੁਭਾਅ ਕਿਸੇ ਦੇ ਪੁੱਤਰ ਜਾਂ ਪਤੀ ਬਾਰੇ ਗੱਲ ਛਿੜ ਪੈਂਦੀ ਹੈ ਜਿਹੜਾ ਸਿਪਾਹੀ ਭਰਤੀ ਹੋ ਕੇ ਚੀਨ, ਮਲਾਇਆ ਜਾਂ ਇਰਾਕ ਵਿਚ ਲਾਮ ਉੱਤੇ ਗਿਆ ਹੁੰਦਾ ਹੈ ਜਾਂ ਬਰਮਾ, ਈਰਾਨ ਜਾਂ ਆਸਟ੍ਰੇਲੀਆ ਵਿਚ ਰੋਜ਼ੀ ਕਮਾ ਰਿਹਾ ਹੁੰਦਾ ਹੈ। ਗੱਲ ਵਿਚੋਂ ਤੁਰਦੀ ਹੈ ਅਤੇ ਦੂਰ ਦੁਰਾਡੇ ਦੇਸ਼ਾ ਦੇ ਲੋਕਾਂ ਅਤੇ ਉਨ੍ਹਾਂ ਦੇ ਰਸਮਾਂ ਰਿਵਾਜ਼ਾਂ, ਸਮੁੰਦਰਾਂ, ਅਕਾਸ਼ਾਂ, ਜਹਾਜ਼ਾਂ ਅਤੇ ਜੰਗਾਂ ਯੁੱਧਾਂ ਦੀਆਂ ਕਹਾਣੀਆਂ ਸੁਣੀਆਂ ਸੁਣਾਈਆਂ ਜਾਂਦੀਆਂ ਹਨ। ਇਸ ਤਰ੍ਹਾਂ ਇਹ ਮਿਲ-ਬਹਿਣੀ ਉਨ੍ਹਾਂ ਦੀ ਪਾਠਸ਼ਾਲਾ ਵੀ ਹੁੰਦੀ ਹੈ।
ਬਾਗਾਂ ਉੱਤੇ ਕੱਢੀਆਂ ਬੂਟੀਆਂ ਅਤੇ ਚਿੱਤਰ ਸਾਡੀਆਂ ਇਸਤਰੀਆਂ ਦੀ ਕਮਾਲ ਦੀ ਰੰਗ-ਸੂਝ, ਰੰਗ-ਮੇਲ, ਕਲਪਨਾ-ਸ਼ਕਤੀ ਅਤੇ ਮੌਲਿਕਤਾ ਨੂੰ ਪ੍ਰਗਟਾਉਂਦੇ ਹਨ। ਉਨ੍ਹਾਂ ਦੇ ਸਾਹਮਣੇ ‘ਨਮੂਨਿਆਂ ਦੀਆਂ ਪੁਸਤਕਾਂ ਜਾਂ ਚਿੱਤਰ ਨਹੀਂ ਹੁੰਦੇ, ਸਗੋਂ ਵਰ੍ਹਿਆਂ ਦੇ ਅਭਿਆਸ ਪਿੱਛੋਂ ਉਨ੍ਹਾਂ ਦੇ ਹੱਥਾਂ ਨੂੰ ਸੂਈ ਉਤੇ ਪੂਰਾ ਪੂਰਾ ਕਾਬੂ ਹੋ ਜਾਂਦਾ ਹੈ। ਉਨ੍ਹਾਂ ਨੇ ਕਦੀ ਜੁਮੈਟਰੀ ਤੇ ਯੂਕਲਿਡ ਦਾ ਨਾਂ ਤੱਕ ਨਹੀਂ ਸੀ ਸੁਣਿਆ, ਪਰ ਉਨ੍ਹਾਂ ਦੇ ਕੱਢੇ ਬਾਗਾਂ ਦੇ ਬੂਟੇ ਏਨੇ ਇਕਸਾਰ ਤੇ ਸਾਂਵੇ ਹੁੰਦੇ ਹਨ ਕਿ ਵੇਖ ਕੇ ਹੈਰਾਨੀ ਹੁੰਦੀ ਹੈ ਅਤੇ ਇਹ ਸਾਰਾ ਕੰਮ ਉਹ ਸਿਰਫ ਇਕ ਸਾਧਾਰਣ ਜਿਹੀ ਮੋਟੀ ਸੂਈ ਨਾਲ ਕਰਦੀਆਂ ਸਨ । ਉਨ੍ਹਾਂ ਪਾਸ ਨਾ ਕੋਈ ਪੈਂਨਸਲ, ਨਾ ਚਾਕ ਤੇ ਨਾ ਕੋਈ ਸੈੱਟ ਸਕੇਅਰ ਹੁੰਦਾ ਹੈ।
ਕੁੜੀ ਲਈ ਫੁਲਕਾਰੀ ਉੱਤੇ ਕੱਢਣ ਵਾਸਤੇ ਕਿਸੇ ਬੂਟੀ ਦੀ ਭਾਲ ਉਕਾ ਹੀ ਔਖੀ ਨਹੀਂ ਸੀ। ਉਹ ਦੂਰੋਂ ਨੇੜਿਉਂ ਕੁਝ ਨਾ ਕੁਝ ਚੁਣ ਲੈਂਦੀ ਪਰ ਬਹੁਤਾ ਉਹ ਆਪਣੇ ਆਲੇ-ਦੁਆਲੇ ਵਿੱਚੋਂ ਹੀ ਚੁਣਦੀ । ਘਰ, ਖੇਤ, ਸੂਰਜ, ਚੰਦ, ਤਾਰੇ ਮਕੜੀ ਤੇ ਜਾਲਾ, ਗੁੱਟਾ ਤੇ ਗੇਂਦਾ, ਪਿੰਡਾਂ ਵਿਚ ਉੱਗੇ ਬਬੂਲ ਦੇ ਪੀਲੇ ਫੁੱਲ, ਕਪਾਹ ਦੀਆਂ ਚਾਂਦੀ-ਚਿੱਟੀਆਂ ਫੁੱਟੀਆਂ, ਕਣਕ ਤੇ ਜੌਂ ਦੇ ਸੁਨਹਿਰੀ ਸਿੱਟੇ, ਫਲ ਤੇ ਸਬਜ਼ੀਆਂ, ਇੱਥੋਂ ਤਕ ਕਿ ਪਰਾਉਂਠਾ, ਕੰਘੀ ਤੇ ਸ਼ੀਸ਼ਾ, ਦੁਧਾਰਾ ਖੰਡਾ (ਦੁਧਾਰਾ ਖੰਡਾ ਸ਼ਾਇਦ ਉਸ ਪਤਨੀ ਨੇ ਕੱਢਿਆ ਹੋਵੇਗਾ ਜਿਸ ਦਾ ਪਤੀ ਦੂਰ ਲਾਮ ਤੇ ਗਿਆ ਹੋਇਆ ਸੀ), ਵਿਦੇਸ਼ੀ ਨਾਰੀਅਲ, ਸਾਗਰ ਦੀਆਂ ਲਹਿਰਾਂ ਜਿਹੜੀਆਂ ਉਹ ਕਦੇ ਨਹੀਂ ਵੇਖੀਆਂ ਸਿਰਫ ਸੁਣੀਆਂ ਹੀ ਹਨ, ਤੇ ਅਜਿਹੇ ਹੋਰ ਅਨੇਕ ਚਿੱਤਰ ਆਪਣੀ ਕਢਾਈ ਲਈ ਚੁਣਦੀ ਹੈ।
-
ਕਲਾ, ਕਵਿਤਾ ਅਤੇ ਫੁਲਕਾਰੀ
ਪੰਜਾਬਣਾਂ ਤਕੜੀਆਂ ਹੁੰਦੀਆਂ ਹਨ ਅਤੇ ਦਿਲ-ਭਰਪੂਰ ਹਾਸਾ ਹੱਸਦੀਆਂ ਹਨ ; ਜਿਨ੍ਹਾਂ ਨੇ ਉਸ ਨੂੰ ਚੰਗੀ ਤਰ੍ਹਾਂ ਨਹੀਂ ਸਮਝਿਆ ਉਹ ਉਸ ਨੂੰ ਰਵਾਰ ਸਮਝਣ ਦੀ ਗਲਤੀ ਕਰਦੇ ਹਨ। ਖੁਲ੍ਹੀ ਰਹਿਣੀ ਬਹਿਣੀ ਦੇ ਬਾਵਜੂਦ ਪੰਜਾਬਣ ਦਾ ਦਿਲ ਬੜਾ ਨਿੱਘਾ ਅਤੇ ਉਸ ਦੀ ਕਲਪਨਾ ਕਾਵਿ-ਮਈ ਹੈ : ਉਹ ਖਰੀ ਵੀ ਹੈ ਅਤੇ ਸੁਭਾਵਕ ਵੀ।
ਪੰਜਾਬੀ ਇਸਤਰੀ ਨੇ ਆਪਣੀ ਸੁਹਣੀ ਆਤਮਾ ਨੂੰ ਫੁਲਕਾਰੀ ਵਿਚ ਤੇ ਆਪਣੀ ਕਵਿਤਾ ਨੂੰ ਲੋਕ ਗੀਤਾਂ ਵਿਚ ਪ੍ਰਗਟਾਇਆ ਹੈ। ਇਨ੍ਹਾਂ ਦੋਹਾਂ ਵਿਚ ਉਸ ਦੀ ਰੂਹ ਧੜਕਦੀ ਹੈ।
ਇਸ ਲਈ ਫੁਲਕਾਰੀ ਸੱਚੇ ਅਰਥਾਂ ਵਿਚ ਇਕ ਸੁਦੇਸ਼ੀ ਕਲਾ ਹੈ। ਪੰਜਾਬ ਦੇ ਲੋਕ-ਗੀਤਾਂ ਵਿਚ ਇਸ ਦੀ ਸੁੰਦਰਤਾ ਅਤੇ ਕਲਾ ਦੀ ਪ੍ਰਸੰਸਾ ਕੋਈ ਹੈਰਾਨੀ ਦੀ ਗੱਲ ਨਹੀਂ। ਅੱਜ ਵੀ, ਜਦੋਂ ਫੁਲਕਾਰੀ ਫੈਸ਼ਨ ਦੀ ਚੀਜ਼ ਨਹੀਂ ਰਹੀ, ਪ੍ਰਸਿੱਧ ਪੰਜਾਬੀ ਕਵਿੱਤ੍ਰੀ ਅੰਮ੍ਰਿਤਾ ਪ੍ਰੀਤਮ ਫੁਲਕਾਰੀ ਦੇ ਗੀਤ ਗਾਉਂਦੀ ਫੈਸ਼ਨ ਦੀ ਰੀਜਨਿਆਰਥੀ ਪ੍ਰਸਿੱਧ ਲੋਕ-ਗੀਤ ਸੰਗ੍ਰਹਿ-ਕਰਤਾ ਹੈ। ਉਸ ਨੇ ਸਾਰੇ ਭਾਰਤ, ਬਰਮਾ ਤੇ ਲੰਕਾ ਵਿਚ ਘੁੰਮ ਕੇ ਲੋਕ-ਗੀਤ ਇੱਕਠੇ ਕੀਤੇ ਹਨ। ਉਸ ਦੇ ਸੰਗ੍ਰਹਿ ਵਿਚ ਫੁਲਕਾਰੀ ਉੱਤੇ ਰਹੇ ਹੋਏ ਅਨੇਕ ਹੀ ਸੁੰਦਰ ਗੀਤ ਮਿਲਦੇ ਹਨ। ਅੰਮ੍ਰਿਤਾ ਪ੍ਰੀਤਮ ਤੇ ਸਤਿਆਰਥੀ ਦੋਵੇਂ ਪੰਜਾਬ ਦੀਆਂ ਪੇਂਡੂ ਮੁਟਿਆਰਾਂ ਅਤੇ ਗਭਰੂਆਂ ਦੇ ਜੀਵਨ ਅਤੇ ਉਨ੍ਹਾਂ ਦੇ ਪਿਆਰ ਬਾਰੇ ਲਿਖਦੇ ਹਨ : ਇਸੇ ਲਈ ਫੁਲਕਾਰੀ ਬੜੀ ਵਾਰ ਉਨ੍ਹਾਂ ਦੇ ਗੀਤਾਂ ਵਿਚ ਆਉਂਦੀ ਹੈ। ਅੱਗੇ ਚੱਲ ਕੇ ਅਸਾਂ ਫੁਲਕਾਰੀ ਬਾਰੇ ਕੁਝ ਗੀਤ ਦਿੱਤੇ ਹਨ ਜੋ ਆਪਣੇ ਹੁਨਰ ਦੀ ਮੂੰਹ ਬੋਲਦੀ ਤਸਵੀਰ ਹਨ।
ਅੰਮ੍ਰਿਤਾ ਸ਼ੇਰਗਿੱਲ ਜਗਤ-ਪ੍ਰਸਿੱਧ ਪੰਜਾਬੀ ਚਿੱਤਰਕਾਰ ਹੋਈ ਹੈ। ਉਸ ਦੇ ਕਲਾ-ਪ੍ਰੇਮੀ ਪਿਤਾ ਸਰਦਾਰ ਉਮਰਾਉ ਸਿੰਘ ਮਜੀਠੀਏ ਦੀ ਮੌਤ ਹੋਇਆ ਥੋੜ੍ਹਾ ਚਿਰ ਹੀ ਹੋਇਆ ਹੈ। ਅੰਮ੍ਰਿਤਾ ਸ਼ੇਰਗਿੱਲ ਨੇ ਆਪਣੇ ਚਿੱਤਰ ‘ਬਿਸਰਾਮ’ ਵਿਚ ਫੁਲਕਾਰੀ ਨੂੰ ਅਮਰ ਬਣਾ ਦਿੱਤਾ ਹੈ। ਇਸ ਵਿਚ ਕੁੱਝ ਕਿਸਾਨ ਕੁੜੀਆਂ ਵਿਖਾਈਆਂ ਗਈਆਂ ਹਨ। ਇਕ ਕੁੜੀ ਨੇ ਕਾਲੀ ਜ਼ਮੀਨ ਉਤੇ ਤਾਰੇ-ਹਾਰ ਚੰਬੇਲੀ ਫੁੱਲ ਨਾਲ ਸ਼ਿੰਗਾਰੀ ਇਕ ਸਾਦਾ ਫੁਲਕਾਰੀ ਉੱਪਰ ਲਈ ਹੋਈ ਹੈ।
ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਫੁਲਕਾਰੀ ਨੇ ਪੰਜਾਬੀਆਂ ਦੀ ਲੋਕ-ਕਵਿਤਾ ਵਿਚ ਆਪਣਾ ਸਥਾਨ ਪ੍ਰਾਪਤ ਕਰ ਲਿਆ ਹੈ । ਪਿੰਡ ਦੀਆਂ ਕੁੜੀਆਂ ਰਲ ਕੇ ਫੁਲਕਾਰੀ ਕੱਢਣ ਬਹਿੰਦੀਆਂ ਹਨ ਤਾਂ ਉਹ ਗੀਤ ਜੋੜਦੀਆਂ ਅਤੇ ਗਾਉਂਦੀਆਂ ਹਨ। ਜੇ ਫੁਲਕਾਰੀ ਵਿਆਹੀ ਜਾਣ ਵਾਲੀ ਕੁੜੀ ਲਈ ਰਾਖਵੀਂ ਹੈ ਤਾਂ ਉਹ ਸੁਹਾਗ ਦੇ ਗੀਤ ਗਾਉਂਦੀਆਂ ਹਨ ਜਿਨ੍ਹਾਂ ਵਿਚ ਨੱਢੀ ਦੇ ਭਵਿੱਖ, ਉਹਦੇ ਨਵੇਂ ਸਾਕ-ਸਬੰਧੀਆਂ ਦੀਆਂ ਝਾਕੀਆਂ ਹੁੰਦੀਆਂ ਅਤੇ ਉਹ ਆਪਣੀ ਸਹੇਲੀ ਨੂੰ ਸ਼ੁੱਭ-ਇਛਾਵਾਂ ਅਤੇ ਅਸੀਸਾਂ ਦੇਂਦੀਆ ਹਨ ਅਤੇ ਜੇ ਫੁਲਕਾਰੀ ਨੀਂਗਰ ਦੇ ਪਰਵਾਰ ਲਈ ਹੁੰਦੀ ਤਾਂ ਘੋੜੀਆਂ ਗਾਈਆਂ ਜਾਂਦੀਆਂ ।
ਇਸ ਤਰ੍ਹਾਂ ਫੁਲਕਾਰੀ ਦੇ ਰੋਮਾਂਟਿਕ ਰੂਪ ਦਾ ਸਾਡੀ ਲੋਕ-ਕਲਾ ਨਾਲ ਬੜਾ ਸੰਘਣਾ ਅਤੇ ਅਨਿੱਖੜਵਾਂ ਸਬੰਧ ਹੈ। ਫੁਲਕਾਰੀ ਕੱਢਣ ਦਾ ਆਰੰਭ ਹੀ ਇਕ ਕਾਵਿ-ਮਈ ਵਾਤਾਵਰਨ ਵਿਚ ਹੁੰਦਾ ਹੈ । ਸੁਹਣੇ ਪਿਆਰੇ ਗੀਤ ਗਾਏ ਜਾਂਦੇ ਹਨ, ਹਾਸਾ ਠੱਠਾ ਹੁੰਦਾ ਹੈ ਅਤੇ ਇਸ ਤਰ੍ਹਾਂ ਸਾਰਾ ਵਾਤਾਵਰਨ ਮੁਟਿਆਰਾਂ ਦੀ ਤਾਜ਼ਗੀ ਅਤੇ ਆਕਰਸ਼ਣ ਨਾਲ ਸੁਗੰਧਤ ਹੋ ਜਾਂਦਾ ਹੈ।
ਪੰਜਾਬ ਗੀਤਾਂ ਦੀ ਧਰਤੀ ਹੈ। ਗੀਤ ਪੰਜਾਬ ਦੀ ਨਸ ਨਸ ਵਿਚ ਵੱਸੇ ਹੋਏ ਹਨ। ਇਸ ਦੀ ਰੋਮਾਂਟਿਕ ਧਰਤੀ ਵਿਚ ਹਲ ਚਲਾਉਂਦਾ ਜੱਟ ਯੁਗਾਂ ਯੁਗਾਂ ਤੋਂ ਗੀਤ ਅਲਾਪਦਾ ਆਇਆ ਹੈ । ਜੀਵਨ ਦੀ ਸਾਰੀ ਪ੍ਰਫੁੱਲਤਾ ਗੀਤ ਦੀਆਂ ਸੁਰਾਂ ਵਿਚ ਹੀ ਹੁੰਦੀ ਹੈ। ਜੱਟ ਭੁੱਖਾ ਹੋਵੇ, ਸੁਆਣੀ ਦੇ ਘਰ ਵਿਚ ਦਾਣੇ ਨਾ ਹੋਣ, ਵਿਆਹ ਹੋਵੇ, ਗ਼ਮੀ ਹੋਵੇ, ਮੇਲਾ ਹੋਵੇ ਤੇ ਭਾਵੇਂ ਲੜਾਈ ਦਾ ਸਮਾਂ, ਪੰਜਾਬੀ ਹਿਰਦੇ ਵਿੱਚੋਂ ਗੀਤ ਜ਼ਰੂਰ ਜਾਗਦਾ ਹੈ।
ਇਸਤਰੀਆਂ ਸਾਡੇ ਲੋਕ ਗੀਤਾਂ ਨੂੰ ਉਭਾਰਣ, ਉਸਾਰਣ ਅਤੇ ਗਾਉਣ ਵਿਚ ਆਦਮੀਆਂ ਨਾਲੋਂ ਅੱਗੇ ਹਨ। ਅਜੇ ਤੜਕਾ ਹੀ ਹੁੰਦਾ ਹੈ ਕਿ ਚੱਕੀਆਂ ਚੱਲ ਪੈਂਦੀਆਂ ਹਨ। ਚੱਕੀਆਂ ਦੀ ਘਿਸਰ- ਘਿਸਰ ਦੀ ਆਵਾਜ਼ ਦੇ ਨਾਲ ਨਾਲ ਸੁਆਣੀਆਂ ਦੇ ਮਿੱਠੇ ਬੋਲ ਵੀ ਸਰਘੀ ਦੇ ਵੇਲੇ ਵਿਚ ਇਕ ਉਮੰਗਾਂ-ਭਰਿਆ ਜੀਵਨ ਭਰ ਦਿੰਦੇ ਹਨ। ਮਧਾਣੀਆਂ ਚਲਦੀਆਂ ਹਨ, ਛਾਹ ਵੇਲੇ ਪੱਕਦੇ ਹਨ, ਭੱਤੇ ਖੇਤਾਂ ਵੱਲ ਜਾਂਦੇ ਹਨ ਅਤੇ ਉਨ੍ਹਾਂ ਦੇ ਨਾਲ ਨਾਲ ਗੀਤਾਂ ਦੀ ਲੈਅ ਵੀ ਹਿੰਮਤ ਦਾ ਹੌਂਸਲਾ ਵਧਾਉਂਦੀ ਹੈ। ਹਾਲੀ ਦੀਆਂ ਹੇਕਾਂ ਸੁਣ ਕੇ ਜੱਟੀ ਦੀ ਹਿੱਕੜੀ ਵਿਚ ਜ਼ਿੰਦਗੀ ਗੁਦਗੁਦਾ ਉੱਠਦੀ ਹੈ । ਉਹ ਘਰ ਮੁੜਦੀ ਹੈ ਤਾਂ ਦੁਪਹਿਰਾ ਕਿੱਕਲੀਆਂ, ਗਿੱਧਿਆਂ ਨੂੰ ਅਵਾਜ਼ਾਂ ਦੇ ਰਿਹਾ ਹੁੰਦਾ ਹੈ। ਤ੍ਰਿੰਞਣਾਂ ਵਿਚ ਘੁੰਮਰ ਪੈ ਜਾਂਦੇ ਹਨ ਅਤੇ ਗੀਤਾਂ ਦੀ ਤੁਰਦੀ ਫਿਰਦੀ ਅਵਾਜ਼, ਟਿਕ ਕੇ, ਚਰਖੇ ਦੀ ਘੂੰ ਘੂੰ ਨਾਲ ਬਹਿਸ਼ਤਾਂ ਨੂੰ ਮਾਤ ਪਾਉਂਦੀ ਹੈ। ਬੁੱਢੀਆਂ, ਜਵਾਨਾਂ ਤੇ ਬਾਲੜੀਆਂ ਕਸੀਦੇ ਲੈ ਬਹਿੰਦੀਆਂ ਹਨ । ਦੁਪਹਿਰਾਂ ਦੇ ਤ੍ਰਿੰਞਣ ਹੋਣ, ਰਾਤਾਂ ਵਿਚ ਚਰਖੇ ਘੁੰਮਦੇ ਹੋਣ ਤਾਂ ਫੁਲਕਾਰੀ ਵਿਚ ਭਰੇ ਜਾ ਰਹੇ ਇਕ ਇਕ ਤੋਪੇ ਵਿਚ ਜ਼ਿੰਦਗੀ ਭਰੀ ਜਾਂਦੀ ਹੈ ਅਤੇ ਤੋਪਿਆਂ ਦੀ ਇਕਸੁਰਤਾ ਨਾਲ ਗੀਤ ਆਪ ਹੀ ਉਮਡ ਪੈਂਦੇ ਹਨ।
ਫੁਲਕਾਰੀ ਦੇ ਲੋਕ–ਗੀਤ
‘ਉੱਤੇ ਫੁਲਕਾਰੀ, ਮੈਂ ਰਹਿੰਦੀ ਕੁਆਰੀ
ਸੱਸੂ ਪੁੱਤ ਪਰਦੇਸ ਨੂੰ ਤੋਰਿਆ ਈ।
ਕੱਢਣਾ ਏ ਬਾਗ਼, ਸੱਸੂ ਸੁੱਤੀਏ ਜਾਗ
ਸੱਸੂ ਪੁੱਤ ਪਰਦੇਸ ਨੂੰ ਤੋਰਿਆ ਈ।
ਤੰਦ ਨਹੀਂ ਪਾਣੀ, ਮੇਰੀ ਅਹਿਲ ਜਵਾਨੀ,
ਸੱਸੂ ਪੁੱਤ ਪਰਦੇਸਾਂ ਨੂੰ ਤੋਰਿਆ ਈ।
ਚੰਬਾ ਰਵੇਲ, ਸੱਸੂ ਵਿਛੜੇ ਮੇਲ
ਸੱਸੂ ਪੁੱਤ ਪਰਦੇਸ ਨੂੰ ਤੋਰਿਆ ਈ।
ਖੂਹ ਵਿਚ ਪਾਣੀ, ਮਾਂ ਮੇਰੀ ਰਾਣੀ
ਕੱਢੇਗੀ ਕਸੀਦੜਾ, ਪਾਏਗੀ ਮਧਾਣੀ ।
ਮੈਂ ਕੱਢਣਾ ਦਿੱਲੀ ਦਰਵਾਜਾ
ਪੱਚੀਆਂ ਦੀ ਲਿਆ ਲੋਗੜੀ।
ਫੁਲਕਾਰੀ ਮੇਰੀ ਰੇਸ਼ਮੀ, ਰੰਗ ਨਾ ਆਇਆ ਠੀਕ,
ਛੇਤੀ ਦਰਸ਼ਨ ਦੇਵਣੇ, ਮੈਂ ਰਸਤਾ ਰਹੀ ਉਡੀਕ ।
ਮੈਂਡੇ ਸਿਰ ਫੁਲਕਾਰੀ ਆ,
ਤੁਸੀਂ ਪਰਦੇਸ ਗਏ, ਜੋਬਨ ਕਿਸ ਕਾਰੀ ਆ ?
ਕੱਲ ਫੁੱਲ ਮੈਂ ਕੱਢ ਕੇ ਕਰਦੀ ਹਾਂ ਅਰਦਾਸ,
ਛੇਤੀ ਆ ਮਿਲ ਸੱਜਣਾ, ਭੁੱਲ–ਰੁੱਕ ਕਰਨੀ ਮਾਫ ।
ਫੁਲਕਾਰੀ ਸਾਡੀ ਰੇਸ਼ਮੀ, ਉੱਤੇ ਚਮਕਣ ਮੋਰ।
ਗੱਲਾਂ ਤੁਹਾਡੀਆਂ ਮਿੱਠੀਆਂ, ਅੰਦਰੋਂ ਦਿਲ ਨੇ ਹੋਰ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਵਾਰੀ।
ਡਾਰ ਕੂੰਜਾਂ ਦੀ ਸੁਹਣੀ ਕੱਢੀ, ਮੂੰਹ ਤੋਂ ਚੁੱਕ ਫੁਲਕਾਰੀ।
ਫੁੱਲ ਕੱਢਿਆ ਜੇ ਫੇਰਵਾਂ, ਫੁੱਲ ਕੱਢਿਆ ਜੇ ਤੋਰੀ ਦਾ,
ਤੋਰੀ ਦਾ ਕੀ ਰੰਗ ਸਲਾਹੀਏ, ਰੰਗ ਸਲਾਹੀਏ ਗੋਰੀ ਦਾ ।
ਹੁਸਨ ਗੋਰੀ ਦਾ ਚੋ ਚੋ ਪੈਂਦਾ, ਜਿਉਂ ਮਾਖਿਉਂ ਮਖਿਆਰੀ ਦਾ,
ਨੈਣ ਗੋਰੀ ਦੇ ਕੱਜਲਾ ਪਾਇਆ, ਡਾਢਾ ਰੰਗ ਫੁਲਕਾਰੀ ਦਾ ।
ਗੋਰੀਏ ਨੀ ਤੂੰ ਖਰੀ ਸਿਆਣੀ, ਤੇਰੀ ਕੋਈ ਰੀਸ ਨਹੀਂ,
ਜਿਸ ਸੂਈ ਰੇਸ਼ਮ ਫੁੱਲ ਕੱਢੜੇ, ਉਸ ਸੂਈ ਦੀ ਰੀਸ ਨਹੀਂ।
ਰੇਸ਼ਮ, ਰੇਸ਼ਮ ਹਰ ਕੋਈ ਕਹਿੰਦਾ, ਰੇਸ਼ਮ ਮੂੰਹੋਂ ਬੋਲਦਾ,
ਫੁਲਕਾਰੀ ਦਾ ਰੰਗ ਗੋਰੀਏ, ਇਸ਼ਕ ਹੁਸਨ ਸੰਗ ਤੋਲਦਾ ।
ਚਿੱਟੇ ਪੱਟ ਦਾ ਮੋਤੀਆ ਤੇ
ਸਾਵੀਆਂ ਡੰਡੀਆਂ ਪਾ,
ਕਿਸੇ ਨੇ ਸਿਰ ਤੇ ਪੱਲਾ ਕੀਤਾ
ਸੂਹੀ ਫੁਲਕਾਰੀ ਦਾ । ਸਿਰ ਫੁਲਕਾਰੀ,
ਹੱਥ ਛਣ–ਕੰਙਣ ਪੈਰ ਪੰਜੇਬਾਂ ਪਾ,
ਏਧਰ ਸਖੀਆਂ ਓਧਰ ਸਖੀਆਂ
ਬੈਠੀ ਪੀੜ੍ਹਾ ਡਾਹ।
ਧੀ ਹੋਵੇ ਤਾਂ ਧਨ ਹੋਵੇ,
ਕਿਆ ਜੀ ਨਿਰਧਨ ਧੀ ਨਾ ਹੋ,
ਦਿਆਂ ਲੱਖ ਫੁਲਕਾਰੀਆਂ ਜਿੱਥੇ ਧੀ ਦਾ ਆਦਰ ਹੋ।
-
ਫੁਲਕਾਰੀ ਦਾ ਪੇਂਡੂ ਪਿਛੋਕੜ
ਫੁਲਕਾਰੀ ਪੰਜਾਬ ਦੇ ਪਿੰਡਾਂ ਦੇ ਹਰ ਇਕ ਘਰ ਦੀ ਬੜੀ ਵਡਮੁੱਲੀ ਚੀਜ਼ ਹੈ। ਇਸ ਨੂੰ ਪੁਰਾਣੇ ਸੰਦੂਕਾਂ ਅਤੇ ਪੇਟੀਆਂ ਵਿਚ ਸੰਭਾਲ ਕੇ ਰੱਖਿਆ ਜਾਂਦਾ ਹੈ ਅਤੇ ਬਰਸਾਤ ਪਿੱਛੋਂ ਕਿਸੇ ਧੁਪੀਲੇ ਦਿਨ ਸਿੱਲ੍ਹ ਅਤੇ ਘੱਟੇ ਤੋਂ ਬਚਾਉਣ ਲਈ ਸੁੱਕਣੇ ਪਾਇਆ ਜਾਂਦਾ ਹੈ, ਘਰਾਂ ਦੀਆਂ ਛੱਤਾਂ ਅਤੇ ਚੌਂਤਰਿਆਂ ਉੱਤੇ ਪਈਆਂ ਰੰਗ ਬਰੰਗੀਆਂ ਅਤੇ ਚਮਕੀਲੀਆਂ ਫੁਲਕਾਰੀਆਂ ਬੜਾ ਸੁੰਦਰ ਦ੍ਰਿਸ਼ ਬਣਾਉਂਦੀਆਂ ਹਨ।
ਲੜਕੀ ਨੂੰ ਦਾਜ ਦੇਣ ਲਈ ਫੁਲਕਾਰੀਆਂ ਕਈ ਕਈ ਵਰ੍ਹੇ ਪਹਿਲਾਂ ਤਿਆਰ ਕਰ ਕੇ ਰੱਖੀਆਂ ਜਾਂਦੀਆਂ ਹਨ। ਅੱਜ ਕੱਲ੍ਹ ਫੁਲਕਾਰੀਆਂ ਦਾ ਰਿਵਾਜ ਨਹੀਂ ਰਿਹਾ ਪਰ ਕੁਝ ਕੁ ਘਰਾਂ ਵਿਚ ਅਜੇ ਵੀ ਚੋਪ ਤੇ ਫੁਲਕਾਰੀਆਂ ਪਈਆਂ ਹਨ, ਜਿਹੜੀਆਂ ਵਿਆਹ ਵੇਲੇ ਧੀਆਂ ਨੂੰ ਦਿੱਤੀਆਂ ਜਾਂਦੀਆਂ ਹਨ। ਇੰਜ ਇਹ ਇਕ ਮਹਿੰਗਾ ਵਿਰਸਾ ਬਣ ਗਈਆਂ ਹਨ ।
ਸਮੇਂ ਦੇ ਚੱਕਰ ਨੇ ਹਰ ਥਾਂ ਹੀ ਇਨਕਲਾਬੀ ਤਬਦੀਲੀਆਂ ਲਿਆਂਦੀਆ ਹਨ ਪਰ ਜਿੰਨੀ ਤਬਦੀਲੀ ਪੰਜਾਬ ਦੇ ਪਿੰਡਾਂ ਵਿਚ ਆਈ ਹੈ ਹੋਰ ਕਿਸੇ ਥਾਂ ਨਹੀਂ ਆਈ । ਪੰਜਾਹ ਵਰ੍ਹੇ ਪਹਿਲਾਂ ਪੰਜਾਬ ਦੇ ਪਿੰਡਾਂ ਦਾ ਜੀਵਨ ਬੜਾ ਗੰਭੀਰ ਤੇ ਸ਼ਾਤ ਸੀ, ਅੱਜ ਕੱਲ ਦੇ ਰੌਲੇ-ਰੱਪੇ ਅਤੇ ਸਮਾਜਕ ਉੱਥਲ ਪੁੱਥਲ ਦਾ ਉਦੋਂ ਨਾਂ-ਨਿਸ਼ਾਨ ਨਹੀਂ ਸੀ। ਮਨੁੱਖੀ ਆਤਮਾ ਨੂੰ ਮੋਹਿਤ ਕਰਨ ਵਾਲਾ ਇਹ ਜੀਵਨ ਰਵਾਇਤੀ ਲੀਹਾਂ ਤੇ ਤੁਰ ਗਿਆ ਸੀ । ਇਸਤਰੀ ਲਈ ਪਤੀ ਉਸਦਾ ਪੂਜ ਸੀ, ਘਰ ਉਸ ਦਾ ਮੰਦਰ ਅਤੇ ਫੁਲਕਾਰੀ ਉਸ ਦੀ ਮਾਲਾ ।
ਘਰ ਦੇ ਕੰਮ ਧੰਦੇ ਵਿਚੋਂ ਉਸ ਦਾ ਨਿਕਲਣ ਹੁੰਦਾ ਤਾਂ ਸਿਰਫ਼ ਕਿਸੇ ਮੇਲੇ ਜਾਂ ਤਿਉਹਾਰ ਤੇ, ਕਿਸੇ ਵਿਆਹ ਸ਼ਾਦੀ ਜਾਂ ਕਿਸੇ ਤੀਰਥ-ਯਾਤਰਾ ਤੇ। ਫੁਲਕਾਰੀ ਵਿਚ ਉਹ ਆਪਣੇ ਸੁਫਨੇ ਅਤੇ ਵਿਚਾਰ ਚਿੱਤਰਦੀ ਰਹਿੰਦੀ ਆਪਣੀ ਲਾਡਲੀ ਲਈ, ਜਿਸ ਨੂੰ ਅੰਤ ਇਹ ਫੁਲਕਾਰੀ ਮਿਲਣੀ ਹੁੰਦੀ ਤੇ ਆਪਣਾ ਸਾਰਾ ਪਿਆਰ ਤੇ ਸ਼ੁਭ-ਇਛਾਵਾਂ ਇਸ ਦੇ ਰੰਗਾਂ ਵਿਚ ਭਰ ਦੇਂਦੀ।
ਕਿੰਨਾ ਪਿਆਰਾ ਸੀ ਉਹ ਦ੍ਰਿਸ਼ ਜਦੋਂ ਸਾਡੇ ਪਿੰਡਾਂ ਦੀ ਇਸਤਰੀ ਗੂੜ੍ਹਾ ਨੀਲਾ ਜਾਂ ਪੀਲਾ ਘਗਰਾ ਪਹਿਨੀ, ਸਿਰ ਤੋਂ ਪੈਰਾਂ ਤੱਕ ਲਾਲ ਫੁਲਕਾਰੀ ਜਾਂ ਬਾਗ ਵਿਚ ਵਲ੍ਹੇਟੀ ਹੋਈ ਖੇਤਾਂ ਤੋਂ ਮੁੜ ਰਹੀ ਹੁੰਦੀ। ਉਸ ਦੀ ਚਾਲ ਸਹਿਜ-ਭਰੀ ਪਰ ਮਟਕੀਲੀ, ਬਾਹਾਂ ਵਿਚ ਚੂੜੀਆਂ ਤੇ ਪੈਂਰੀ ਝਾਂਜਰਾਂ, ਸਿਰ ਤੇ ਕੋਈ ਮਟਕਾ ਜਾਂ ਟੋਕਰੀ ਚੁੱਕੀ ਹੁੰਦੀ ਤੇ ਕਈ ਵਾਰ ਕੁੱਛੜ ਬਾਲ ਵੀ ਚੁੱਕਿਆ ਹੁੰਦਾ। ਭੂਰੀਆਂ, ਕੱਚੀਆਂ ਕੰਧਾਂ ਵਿੱਚੋਂ ਬਾਹਰ ਨਿਕਲਦੀ, ਜਾਂ ਕਣਕ ਅਤੇ ਜਵਾਂ ਦੇ ਰਸੀਲੇ ਖੇਤਾਂ ਵਿਚੋਂ ਲੰਘਦੀ, ਸੁਰਾਂਗਲਾ ਲਿਬਾਸ ਪਹਿਨੀ ਇਹ ਧਰਤੀ ਦੀ ਧੀ ਉਸ ਦੀ ਹਿੱਕੜੀ ਵਿਚੋਂ ਉੱਭਰਦੀ ਇਕ ਜੀਵਨ- ਅਪਸਰਾਂ ਜਾਪਦੀ।
ਆਉ ! ਹੁਣ ਅਸੀਂ ਇਕ ਦਰਮਿਆਨੇ ਪੰਜਾਬੀ ਘਰ ਦੀ ਇਸਤਰੀ ਦੇ ਰੋਜ਼ਾਨਾ ਜੀਵਨ ਉੱਤੇ ਇਕ ਝਾਤ ਮਾਰੀਏ। ਉਸ ਦਾ ਜੀਵਨ ਬੜੀ ਕਰੜੀ ਘਾਲਣਾ ਦਾ ਜੀਵਨ ਹੈ। ਉਹ ਪਹਿਰ ਰਾਤ ਰਹੇ ਉੱਠਦੀ ਅਤੇ ਡੂੰਘੀ ਰਾਤ ਪੈਣ ਤੱਕ ਕੰਮ ਵਿਚ ਜੁੱਟੀ ਰਹਿੰਦੀ ਹੈ । ਇਸ਼ਨਾਨ ਧਿਆਨ ਪਿੱਛੋਂ ਉਹ ਚੱਕੀ ਚਲਾਉਂਦੀ ਅਤੇ ਦਿਨ ਭਰ ਜੋਗਾ ਆਟਾ ਪੀਂਹਦੀ ਸੀ । ਦਿਨ ਚੜ੍ਹਦਾ ਹੈ, ਉਹ ਧਾਰ ਕੱਢ ਕੇ ਲਿਆਉਂਦੀ ਹੈ, ਦੁੱਧ ਰਿੜਕਦੀ ਅਤੇ ਮੱਖਣ ਕੱਢਦੀ ਹੈ । ਹੁਣ ਖਾਣਾ ਬਣਾਉਣ, ਲੀੜੇ ਧੋਣ ਅਤੇ ਰੰਗਣ ਦਾ ਕੰਮ ਸ਼ੁਰੂ ਹੁੰਦਾ ਹੈ । ਬੱਚੇ, ਜਦੋਂ ਘਰ ਹੋਣ, ਨਿੱਕੇ ਬਾਲ ਨੂੰ ਖਿਡਾਉਂਦੇ ਹਨ ਅਤੇ ਫੇਰ ਬਾਪੂ ਲਈ ਖੇਤਾਂ ਵਿਚ ਰੋਟੀ ਲੈ ਜਾਂਦੇ ਹਨ। ਰੋਟੀ-ਟੁੱਕ ਤੋਂ ਵਿਹਲੀ ਹੋ ਉਹ ਚਰਖਾ ਡਾਹੁੰਦੀ ਹੈ। ਚਰਖਾ ਚਲਾਉਂਦੀ ਉਹ ਗੋਦੀ ਪਏ ਬਾਲ ਨੂੰ ਬਾਪੜਦੀ ਹੈ ਤੇ ਲੋਰੀਆਂ ਸੁਣਾਉਂਦੀ ਹੈ ਅਤੇ ਬਾਲ ਛੇਤੀ ਹੀ ਸੌਂ ਜਾਂਦਾ ਹੈ ।
ਚਰਖਾ ਸਾਡੇ ਪੇਂਡੂ ਜੀਵਨ ਦਾ ਇਕ ਅਨਿੱਖੜਵਾਂ ਅੰਗ ਹੈ । ਪਹਿਨਣ ਦੇ ਹਰ ਪ੍ਰਕਾਰ ਦੇ ਕਪੜੇ ਲਈ ਇਸਤਰੀਆਂ ਹਰ ਰੋਜ਼ ਕੱਤਦੀਆਂ ਹਨ। ਇਹੋ ਵੇਲਾ ਸਖੀਆਂ ਸਹੇਲੀਆਂ ਦੇ ਮਿਲ-ਬਹਿਣ ਦਾ ਹੁੰਦਾ ਹੈ । ਤੀਜੇ ਪਹਿਰ ਗਲੀ ਵਿਚ ਜਾਂ ਕਿਸੇ ਦੇ ਘਰ ਦੇ ਵਿਹੜੇ ਵਿਚ ਜੁੜ ਬਹਿੰਦੀਆਂ ਹਨ। ਕਿਸੇ ਦਿਨ ਚਰਖਾ ਕਤਦੀਆਂ ਹਨ, ਕਿਸੇ ਦਿਨ ਫੁਲਕਾਰੀ ਕੱਢਦੀਆਂ ਹਨ। ਕੰਮ ਉਨ੍ਹਾਂ ਲਈ ਕੰਮ ਵੀ ਹੈ ਅਤੇ ਦਿਲਪਰਚਾਵਾ ਵੀ । ਪੰਜਾਬਣ ਸਿਰਫ਼ ਉਦੋਂ ਹੀ ਵਿਹਲੀ ਹੁੰਦੀ ਹੈ ਜਦੋਂ ਉਹ ਬਿਮਾਰ ਹੋਵੇ ਪਰ ਬੀਮਾਰ ਉਹ ਬਹੁਤ ਘੱਟ ਹੁੰਦੀ ਹੈ। ਇਹ ਰੋਜ਼ਾਨਾ ਮਿਲਬਹਿਣੀ ਹੀ ਉਨ੍ਹਾਂ ਦੀ ਕਲੱਬ ਹੈ, ਜਿਸ ਲਈ ਉਨ੍ਹਾਂ ਨੂੰ ਕੋਈ ਚੰਦਾ ਨਹੀਂ ਦੇਣਾ ਪੈਂਦਾ । ਚਰਖੇ ਦੀ ਘੂਕਰ ਨਾਲ ਉਨ੍ਹਾਂ ਦੇ ਹਾਸੇ ਛਣਕਦੇ ਹਨ, ਇਕ ਅਜੀਬ ਸਮਾਂ ਬੱਝਦਾ ਹੈ, ਮਿੱਠੇ ਰਸੀਲੇ ਗੀਤਾਂ ਵਿਚ ਉਹ ਆਪਣਾ ਦਿਲ ਗਾਉਂਦੀਆਂ ਹਨ। ਕਿਸੇ ਕਿਸੇ ਦਿਨ ਇੱਕਠੀਆਂ ਹੋ ਸਰ੍ਹੋਂ ਦੇ ਖੇਤਾਂ ਵਿਚ ਉਹ ਸਾਗ ਤੋੜਨ ਵੀ ਜਾਂਦੀਆ ਹਨ।
ਕਿਸੇ ਗਲੀ ਜਾਂ ਕਿਸੇ ਰੁੱਖ ਦੀ ਛਾਂ ਹੇਠ ਬੈਠੀਆਂ ਕਿਸਾਨ ਇਸਤਰੀਆਂ ਬੜਾ ਹੀ ਪਿਆਰਾ ਦ੍ਰਿਸ਼ ਬਣਾਉਂਦੀਆਂ ਹਨ। ਦੋ ਤਿੰਨ ਕੱਤ ਰਹੀਆਂ, ਇਕ ਦੋ ਫੁਲਕਾਰੀ ਕੱਢ ਰਹੀਆਂ, ਕੋਈ ਨਾਲਾ ਬੁਣ ਰਹੀ ਅਤੇ ਕੋਈ ਦਰੀ ਲਈ ਸੂਤਰ ਦੇ ਲੱਛੇ ਸੁਬਕਾ ਰਹੀ। ਕਈ ਵਾਰੀ ਇਸ ਮੰਡਲੀ ਦੇ ਇਸ ਪਾਸੇ ਕੋਈ ਬੁੱਢੀ ਮਾਂ ਕਿਸੇ ਮੁਟਿਆਰ ਦੀਆਂ ਮੀਢੀਆਂ ਗੁੰਦ ਰਹੀ ਹੁੰਦੀ ਸੀ। ਕੰਮ ਮੁਕਦਾ ਹੈ, ਕੋਈ ਪਿਆਰਾ ਗੀਤ ਛਿੜਦਾ ਹੈ ; ਰੁੱਤ ਅਨੁਸਾਰ ਭੁੱਜੇ ਹੋਏ ਮੱਕੀ ਜਾਂ ਛੋਲਿਆਂ ਦੇ ਦਾਣੇ, ਕਣਕ ਦੇ ਮਰੁੰਡੇ, ਗੁੜ, ਬੇਰ ਜਾਂ ਲੂਣ-ਲੱਗੀਆਂ ਜਾਮਣਾਂ ਉਹ ਵੰਡ ਖਾਂਦੀਆਂ, ਗੱਪ-ਸ਼ਪ ਮਾਰਦੀਆਂ, ਮਜ਼ਾਕ ਕਰਦੀਆਂ ਅਤੇ ਦਿਲ-ਭਰਪੂਰ ਹਾਸੇ ਡੋਲ੍ਹਦੀਆਂ ਹਨ। ਅੰਤ ਇਕ ਦੂਜੇ ਤੋਂ ਨਿਖੜ ਕੇ ਆਪੋ ਆਪਣੇ ਘਰੀਂ ਚਲੀਆਂ ਜਾਂਦੀਆ ਹਨ। ਇਹ ਹੈ ਉਹ ਵਾਤਾਵਰਣ ਜਿਸ ਵਿਚ ਫੁਲਕਾਰੀ ਦਾ ਜਨਮ ਹੋਇਆ ਤੇ ‘ਸੁਰਾਂਗਲੇ ਜਾਦੂ-ਜਾਲੇ’ ਦੇ ਰੂਪ ਵਿਚ ਪ੍ਰਵਾਨ ਚੜ੍ਹੀ।
-
ਚਰਖੇ ਅਤੇ ਫੁਲਕਾਰੀ ਦਾ ਨਾਤਾ
ਚਰਖਾ ਉਹ ਧੁਰਾ ਹੈ ਜਿਸ ਦੁਆਲੇ ਪੰਜਾਬੀ ਇਸਤਰੀ ਦੀ ਹਰ ਪ੍ਰਕਾਰ ਦੀ ਸ਼ਿਲਪ-ਕਲਾ ਨੇ ਉਨਤੀ ਕੀਤੀ ਹੈ। ਪੇਂਡੂ ਇਲਾਕਿਆਂ ਵਿਚ ਅਜੇ ਵੀ ਚਰਖੇ ਨੂੰ ਇਹ ਮਹੱਤਵ-ਪੂਰਨ ਸਥਾਨ ਪ੍ਰਾਪਤ ਹੈ। ਇਕ ਸਮਾਂ ਸੀ ਜਦੋਂ ਨਗਰਾਂ ਵਿਚ ਵੀ ਚਰਖੇ ਨੂੰ ਇਹ ਮਹਾਨਤਾ ਪ੍ਰਾਪਤ ਸੀ।
ਚਰਖਾ, ਪੰਜਾਬ ਵਿਚ ਹਰ ਇਕ ਪਿੰਡ ਦੇ ਹਰ ਇਕ ਘਰ ਦਾ ਇਕ ਅਨਿੱਖੜਵਾਂ ਅੰਗ ਹੈ। ਚਹੁੰ ਚਹੁੰ ਵਰ੍ਹਿਆਂ ਦੀਆਂ ਕੁੜੀਆਂ ਵੀ ਚਰਖਾ ਚਲਾਉਣਾ ਜਾਣਦੀਆਂ ਹਨ ਅਤੇ ਇਹ ਕੰਮ ਹੈ ਵੀ ਬੜਾ ਸੌਖਾ । ਘਰ ਦੀ ਵਰਤੋਂ ਲਈ ਲੋੜੀਂਦਾ ਕੱਪੜਾ ਤਿਆਰ ਕਰਨ ਲਈ ਚਰਖਾ ਬੜਾ ਹੀ ਲਾਭਦਾਇਕ ਹੈ।
ਨਿਵਾਰ, ਦਰੀਆਂ, ਖੇਸ, ਚਾਦਰਾਂ, ਚਤਹੀਆਂ, ਨਾਲੇ, ਕਢਾਈ ਅਤੇ ਪਹਿਨਣ ਲਈ ਮੋਟਾ ਅਤੇ ਵਧੀਆ, ਦੋਹਾਂ ਤਰ੍ਹਾਂ ਦਾ ਖੱਦਰ ਉਣਨਾ, ਇਸ ਤਰ੍ਹਾਂ ਦੀਆਂ ਸਭ ਦਸਤਕਾਰੀਆਂ ਨਾਲ ਚਰਖੇ ਦਾ ਸੰਘਣਾ ਨਾਤਾ ਹੈ। ਭੇਡਾਂ ਦੀ ਕੱਚੀ ਉੱਨ ਅਤੇ ਅੱਕ ਦੇ ਕੂਲੇ ਰੇਸ਼ਮੀ ਰੇਸ਼ੇ ਵੀ ਚਰਖੇ ਉੱਤੇ ਕੱਤੇ ਜਾਂਦੇ ਹਨ।
ਫੁਲਕਾਰੀ ਖੱਦਰ ਉੱਤੇ ਕੱਢੀ ਜਾਂਦੀ ਹੈ ਅਤੇ ਖੱਦਰ ਲਈ ਇਸਦਾ ਨਿਰਭਰ ਚਰਖੇ ਉੱਤੇ ਹੈ । ਖੱਦਰ ਬੁਣਤੀ ਵਿਚ ਛੇਕਦਾਰ ਹੁੰਦਾ ਹੈ, ਇਸ ਲਈ ਕਢਾਈ ਵੇਲੇ ਇਸ ਉੱਤੇ ਨਿਗਾਹ ਚੰਗੀ ਟਿਕਦੀ ਹੈ, ਅੱਖਾਂ ਉੱਤੇ ਭਾਰ ਨਹੀਂ ਪੈਂਦਾ, ਨਾਲੇ ਸੁੰਘੜਨ ਜਾਂ ਖਿੱਚ ਤੋਂ ਬਚਾਉਣ ਲਈ ਕਿਸੇ ਅੱਡੇ (ਫਰੇਮ) ਦੀ ਲੋੜ ਨਹੀਂ ਪੈਂਦੀ । ਬਾਗ ਅਤੇ ਫੁਲਕਾਰੀਆਂ ਲਈ ਖੱਦਰ ਇਕ ਆਦਰਸ਼ ਕੱਪੜਾ ਹੈ।
ਵਧੀਆ ਪ੍ਰਕਾਰ ਦਾ ਹੌਲਾ ਲਾਲ ਖੱਦਰ, ਹਲਵਾਨ ਪੂਰਬੀ ਪੰਜਾਬ ਵਿਚ ਲੁਧਿਆਣੇ ਅਤੇ ਪੱਛਮੀ ਪੰਜਾਬ ਵਿਚ ਬਹਾਵਲਪੁਰ ਵਿਚ ਤਿਆਰ ਹੁੰਦਾ ਸੀ। ਕਈ ਇਸਤਰੀਆਂ ਕਸੀਦੇ ਲਈ ਸਾਧਾਰਨ ਖੱਦਰ ਨਾਲੋਂ ਹਲਵਾਨ ਨੂੰ ਪਸੰਦ ਕਰਦੀਆਂ ਹਨ। ਨਫ਼ੀਸ ਹੋਣ ਕਰਕੇ ਕਢਾਈ ਤਾਂ ਇਸ ਉੱਤੇ ਵਧੇਰੇ ਸੁਹਣੀ ਤੇ ਸਾਫ ਹੁੰਦੀ ਸੀ ਪਰ ਅੱਖਾਂ ਉੱਤੇ ਬੋਝ ਵੀ ਬਹੁਤਾ ਪੈਂਦਾ ਸੀ । ਅੱਜ ਕੱਲ੍ਹ ਰੀਵੀਊਜੀ ਇਸਤਰੀਆਂ ਦੇ ਕੰਮ-ਕੇਂਦਰਾਂ ਵਿਚ ਆਮ ਤੌਰ ਤੇ ਲਿਨਨ, ਲੱਠਾ, ਪਾਪਲੀਨ ਆਦਿ ਮਸ਼ੀਨੀ ਕੱਪੜੇ ਹੀ ਵਰਤੇ ਜਾਂਦੇ ਹਨ ।
ਅੱਜ ਕੱਲ੍ਹ ਦਾ ਨਵੀਨ ਢੰਗ ਦਾ ਚਰਖਾ ਛੋਟਾ, ਹੌਲਾ ਅਤੇ ਚੁੱਕਣ ਨੂੰ ਸੌਖਾ ਹੈ ਅਤੇ ਇਹ ਇਕ ਨਿਕੀ ਜਿਹੀ ਸੰਦੂਕੜੀ ਵਿਚ ਬੰਦ ਹੋ ਜਾਂਦਾ ਹੈ।
ਪੁਰਾਣੇ ਢੰਗ ਦਾ ਚਰਖਾ ਅਜੇ ਵੀ ਪਿੰਡਾਂ ਵਿਚ ਵਰਤਿਆ ਜਾਂਦਾ ਹੈ, ਇਹ ਆਕਾਰ ਵਿਚ ਵੱਡਾ ਹੁੰਦਾ ਹੈ, ਬਹੁਤੀ ਥਾਂ ਘੇਰਦਾ ਹੈ ਅਤੇ ਆਪਣੇ ਵਧੇ ਹੋਏ ਤਕਲੇ ਕਰਕੇ ਨਿੱਕੇ ਬਾਲਾਂ ਲਈ ਇਕ ਖ਼ਤਰਾ ਬਣਿਆ ਰਹਿੰਦਾ ਹੈ । ਸ਼ਹਿਰਾਂ ਵਿਚ ਮਕਾਨਾਂ ਦੀ ਘਾਟ ਤੇ ਥਾਂ ਦੀ ਥੁੜ੍ਹ ਹੋਣ ਕਰਕੇ ਚਰਖਾ ਵੱਧ ਘੱਟ ਹੀ ਵਿਖਾਈ ਦਿੰਦਾ ਹੈ ਅਤੇ ਅਨੇਕ ਬਿਰਧ ਮਾਤਾਵਾਂ ਇਸ ਦੀ ਅਣਹੋਂਦ ਬੁਰੀ ਤਰ੍ਹਾਂ ਮਹਿਸੂਸ ਕਰਦੀਆਂ ਹਨ। ਚਰਖਾ ਚਲਾਉਣ ਵਿਚ ਵੀ ਇਕ ਅਜੀਬ ਖੁਸ਼ੀ ਸੀ ਜਿਹੜੀ ਅੱਜ ਉਨ੍ਹਾਂ ਨੂੰ ਹਾਸਲ ਨਹੀਂ। ਪੁਰਾਣੀ ਕਿਸਮ ਦਾ ਚਰਖਾ ਵੇਖਣ-ਯੋਗ ਵਸਤੂ ਹੈ। ਉਸਦਾ ਪਿੰਡਾ ਕਿਤੋਂ ਲਾਲ ਤੇ ਕਿਤੋਂ ਪੀਲਾ ਰੰਗਿਆ ਹੋਇਆ ਕੋਡੀਆਂ, ਮਣਕਿਆਂ ਤੇ ਖੰਭਾਂ ਨਾਲ ਸ਼ਿੰਗਾਰਿਆ ਹੋਇਆ ਹੁੰਦਾ ਹੈ । ਉਨ੍ਹਾਂ ਦਿਨਾਂ ਵਿਚ ਸਰਦੇ ਪੁੱਜਦੇ ਲੋਕ ਆਪਣੀਆਂ ਧੀਆਂ ਨੂੰ ਵਿਆਹ ਵਿਚ ਇਹ ਚਰਖਾ ਸੁਗਾਤ ਵਜੋਂ ਦੇਂਦੇ ਸਨ। ਅੱਜ ਕੱਲ੍ਹ ਸਿਲਾਈ ਦੀ ਮਸ਼ੀਨ ਹੀ ਦਿੱਤੀ ਜਾਂਦੀ ਹੈ।
ਚਰਖਾ ਕਿਸੇ ਵੇਲੇ ਪੂਰੇ ਦੇ ਪੂਰੇ ਪੰਜਾਬ, ਰਾਜਸਥਾਨ ਅਤੇ ਪੱਛਮੀ ਯੂ.ਪੀ. ਵਿਚ ਆਮ ਵਰਤਿਆ ਜਾਂਦਾ ਸੀ ਪਰ ਹੁਣ ਇਹ ਸਿਰਫ ਪੰਜਾਬ ਦੇ ਪਿੰਡਾਂ ਵਿਚ ਹੀ ਵਿਖਾਈ ਦੇਂਦਾ ਹੈ। ਅਸੀਂ ਜੇ ਫੁਲਕਾਰੀ ਨੂੰ ਮੁੜ ਜਿਵਾਉਣਾ ਚਾਹੁੰਦੇ ਹਾਂ ਤਾਂ ਚਰਖੇ ਨੂੰ ਵੀ ਸੁਰਜੀਤ ਕਰਨਾ ਪਏਗਾ। ਦੋਹਾਂ ਦੀ ਜੀਵਨ-ਤੰਦ ਸਾਂਝੀ ਹੈ।
ਸ਼ਹਿਰਾਂ ਵਿਚ ਅਤੇ ਹਿੰਦੁਸਤਾਨ ਭਰ ਵਿਚ ਚਰਖੇ ਦਾ ਨਵੇਂ ਰੂਪ ਵਿਚ ਪੁਨਰ-ਜੀਵਨ ਬਹੁਤਾ ਮਹਾਤਮਾ ਗਾਂਧੀ ਦੇ ਯਤਨਾਂ ਦਾ ਸਿੱਟਾ ਹੈ। ਉਨ੍ਹਾਂ ਨੇ ਇਸਨੂੰ ਇਕ ਜਿਊਂਦੀ ਸ਼ਕਤੀ ਤੇ ਭਾਰਤੀ ਪੁਨਰ- ਜੀਵਨ ਦਾ ਚਿਨ੍ਹ ਬਣਾ ਦਿੱਤਾ । ਇਸ ਨੂੰ ਪਿਆਰਿਆ ਤੇ ਸਤਕਾਰਿਆ ਜਾਂਦਾ ਹੈ । ਚਰਖਾ ਕੱਤਣਾ ਸਭ ਕਾਂਗਰਸੀ ਮਰਦਾਂ ਇਸਤਰੀਆਂ ਦਾ ਮੁੱਖ ਕਰਤੱਵ ਹੈ, ਉਨ੍ਹਾਂ ਦੇ ਧਰਮ ਦਾ ਮੁੱਖ ਅੰਗ ਹੈ । ਇਹ ਇਕ ਤਾਕਤਵਰ ਰਾਜਸੀ ਹਥਿਆਰ ਹੈ ਅਤੇ ਹਲੀਮੀ ਅਤੇ ਕਰੜੀ ਮਿਹਨਤ ਦੇ ਕੌਮੀ ਚਿੰਨ੍ਹ ਦੇ ਰੂਪ ਵਿਚ ਇਸਦੀ ਮਹਾਨਤਾ ਸਰਬ-ਵਿਆਪੀ ਹੈ।
ਪਿੰਡਾਂ ਵਿਚ ਅਜੇ ਵੀ ਤ੍ਰਿੰਞਣ ਜੁੜਦੇ ਹਨ ਅਤੇ ਮੁਟਿਆਰਾਂ ਸਿਆਲਾਂ ਦੀਆਂ ਰਾਤਾਂ ਨੂੰ ਸਰਘੀ ਵੇਲੇ ਤਕ ਕੱਤਦੀਆਂ ਹਨ। ਤ੍ਰਿੰਞਣ ਦੀ ਅਗਵਾਈ ਤੇ ਦੇਖ ਭਾਲ ਕੋਈ ਬਿਰਧ ਇਸਤਰੀ ਜਾਂ ਵਿਧਵਾ ਕਰਦੀ ਹੈ ।
ਲੇਖਕ ਨੇ ਬਰਮਾ ਵਿਚ ਟੋਂਗੂ ਪਿੰਡ ਦੇ ਇਕ ਕਰਨ ਗੁਆਂਢੀ ਦੇ ਘਰ, ਸਾਰੇ ਦਾ ਸਾਰਾ, ਬਾਂਸਾਂ ਦਾ ਬਣਿਆ ਇਕ ਭਾਰਤੀ ਢੰਗ ਦਾ ਚਰਖਾ ਦੇਖਿਆ ਸੀ। ਪਿਛਲੀ ਸਦੀ ਵਿਚ ਚਰਖੇ ਯੂਰਪੀ ਦੇਸ਼ਾਂ ਵਿਚ ਵੀ ਆਮ ਵਰਤੀਂਦੇ ਰਹੇ ਹਨ ; ਘਰ ਦੀ ਅੰਗੀਠੀ ਲਾਗੇ ਇਸ ਨੂੰ ਸਤਿਕਾਰ-ਭਰੀ ਥਾਂ ਮਿਲਦੀ ਰਹੀ ਹੈ। ਇਸ ਦੇ ਉੱਤੇ ਉੱਨ ਕੱਤੀ ਜਾਂਦੀ ਸੀ । “ਫਲਾਈਂਗ ਡੱਚਮੈਨ” ਗੀਤ-ਨਾਟ ਵਿਚ ਇਕ ਥਾਂ ਆਉਂਦਾ ਹੈ, “ਘੁੰਮ ਓ ਪਹੀਏ ਘੁੰਮ, ਉੱਨ ਲਿਪਟੀਂਦੀ ਏ, ਉੱਨ ਲਿਪਟੀਂਦੀ ਏ !”
ਬਹੁਤ ਸਾਰੇ ਲੋਕ ਚਰਖੇ ਨੂੰ ਨਵੀਨ ਜੀਵਨ ਦੇ ਅਨੁਕੂਲ ਨਹੀਂ ਸਮਝਦੇ ਤੇ ਚਰਖਾ ਕੱਤਣ ਨੂੰ ਸਮਾਂ ਗਵਾਉਣ ਤੇ ਤੁਲ ਸਮਝਦੇ ਹਨ। ਪਰ ਮੇਰਾ ਖ਼ਿਆਲ ਇਹ ਹੈ ਕਿ ਇਸਦੀ ਘੁੰਮਕਾਰ ਦਾ ਮਧੁਰ ਸੰਗੀਤ ਮਨ ਨੂੰ ਸਹਿਜ ਅਵਸਥਾ ਵਿਚ ਲਿਜਾਂਦਾ ਅਤੇ ਸੁੱਖ ਦੇਂਦਾ ਹੈ, ਕੁਝ ਘੜੀਆਂ ਲਈ ਚਰਖਾ ਕੱਤਣਾ ਇਕ ਚੰਗਾ ਦਿਲ-ਪਰਚਾਵਾ ਹੈ ।
-
ਫੁਲਕਾਰੀ ਦਾ ਕੱਪੜਾ, ਤੋਪਾ ਤੇ ਰੰਗ
ਖੱਦਰ ਦਾ ਕੱਪੜਾ ਫੁਲਕਾਰੀਆਂ ਅਤੇ ਬਾਗ਼ ਕੱਢਣ ਲਈ ਹਮੇਸ਼ਾ ਵਰਤਿਆ ਜਾਂਦਾ ਰਿਹਾ ਹੈ। ਇਹ ਘਰ-ਕੱਤੇ ਸੂਤ ਤੋਂ ਤਿਆਰ ਹੁੰਦਾ ਹੈ ਅਤੇ ਇਸ ਦੀਆਂ ਕਈ ਬਨਾਵਟਾਂ ਤੇ ਕਿਸਮਾਂ ਹਨ। ਮੋਟਾ ਖੱਦਰ ਫੁਲਕਾਰੀਆਂ ਲਈ ਆਮ ਵਰਤਿਆ ਜਾਂਦਾ ਹੈ ਪਰ ਕਈ ਇਸਤਰੀਆਂ ਵਧੀਆ ਖੱਦਰ, ਖ਼ਾਸ ਕਰਕੇ ਫਲਵਾਨ ਉਤੇ ਕਸੀਦਾਂ ਕੱਢਦੀਆਂ ਹਨ। ਹਲਵਾਨ ਬੜੇ ਸਾਵ, ਨਰਮ ਲਾਲ ਖੱਦਰ ਦਾ ਨਾਂ ਹੈ। ਕਸੀਦੇ ਲਈ ਕਈ ਪ੍ਰਕਾਰ ਦੇ ਲਾਲ, ਚਿੱਟੇ, ਗੂੜ੍ਹੇ ਨੀਲੇ ਰੰਗਾਂ ਦੇ ਖੱਦਰ ਵਰਤੋਂ ਵਿਚ ਆਉਂਦੇ ਹਨ।
ਸੂਤ ਕੱਤਣ ਦਾ ਕੰਮ ਆਮ ਤੌਰ ਉੱਤੇ ਇਸਤਰੀਆਂ ਕਰਦੀਆਂ ਹਨ ਪਰ ਕੱਪੜਾ ਬੁਣਨ ਦਾ ਕੰਮ ਜੁਲਾਹੇ ਨੂੰ ਸੌਂਪਿਆ ਜਾਂਦਾ ਸੀ । ਪੰਜਾਬ ਦੇ ਹਰ ਇਕ ਪਿੰਡ ਦੇ ਬਾਹਰਵਾਰ ਜੁਲਾਹਿਆਂ ਦੇ ਘਰ ਹੁੰਦੇ ਹਨ। ਇਹ ਬੜੇ ਮਿਹਨਤੀ ਹੁੰਦੇ ਹਨ ਤੇ ਮਰਦ, ਇਸਤਰੀਆਂ ਅਤੇ ਬੱਚੇ ਸੂਤਰ ਸੁਲਝਾਉਂਦੇ ਅਤੇ ਤਾਣੀ ਤਣਦੇ ਹਨ ਅਤੇ ਬੁੱਢੇ ਆਦਮੀ ਨੇੜੇ ਹੀ ਖੱਡੀ ਉੱਤੇ ਕਪੜਾ ਬੁਣਦੇ ਦਿੱਸਦੇ ਹਨ। ਅੱਜ ਕੱਲ੍ਹ ਤਾਂ ਕਈ ਜੁਲਾਹੇ ਰੇਸ਼ਮ ਦਾ ਕਪੜਾ ਵੀ ਬੁਣਨ ਲੱਗ ਪਏ ਹਨ, ਇਹਦਾ ਮੁੱਲ ਬਹੁਤ ਪੈਂਦਾ ਹੈ।
ਖੱਦਰ ਦਾ ਮੁੱਲ ਰੂੰ ਦੀ ਕਿਸਮ ਅਤੇ ਇਸਦੀ ਬੁਣਾਈ ਉੱਤੇ ਨਿਰਭਰ ਹੈ। ਪਹਿਲਾਂ ਤਾਂ ਇਸਦਾ ਬਰ ਅਠਾਰਾਂ ਇੰਚ ਤੋਂ ਸਤਾਈ ਇੰਚ ਤਕ ਹੁੰਦਾ ਸੀ ਪਰ ਹੁਣ ਗਜ਼ ਪਨੇ ਦਾ ਖੱਦਰ ਵੀ ਬੁਣਿਆ ਜਾਣ ਲੱਗ ਪਿਆ ਹੈ। ਖੱਡੀ ਉੱਤੇ ਬੁਣੇ ਜਾਣ ਦੇ ਕਾਰਨ ਖੱਦਰ ਅਤੇ ਦੂਜੇ ਕੁਝ ਕੱਪੜਿਆਂ ਨੂੰ ਖੱਡੀ ਦਾ ਕੱਪੜਾ ਆਖਦੇ ਹਨ।
ਅੱਜ ਕੱਲ੍ਹ ਖੱਡੀ ਦੇ ਕੱਪੜੇ ਦੀ ਬੜੀ ਮੰਗ ਹੈ। ਕੁਝ ਚਿਰ ਹੋਇਆ ਸਰਕਾਰ ਨੇ ਵੱਡੇ ਤੋਂ ਵੱਡੇ ਅਫਸਰ ਤੋਂ ਲੈ ਕੇ ਦਫਤਰ ਦੇ ਚਪੜਾਸੀ ਤੱਕ ਸਭ ਸਰਕਾਰੀ ਕਰਮਚਾਰੀਆਂ ਨੂੰ ਹੁਕਮਨਾਮਾ ਘੱਲਿਆ ਸੀ ਕਿ ਉਹ ਖੱਦਰ ਪਹਿਨਣ । ਕਈ ਮਹੱਤਵਪੂਰਣ ਮਿਲਣੀਆਂ ਜਾਂ ਉਤਸਵਾਂ ਉੱਤੇ ਅਨੇਕ ਅਧਿਕਾਰੀ ਲੰਮੇ ਚਿੱਟੇ ਕੋਟ ਜਾਂ ਜਾਕਟਾਂ ਪਹਿਨੀਂ ਆਉਂਦੇ ਹਨ। ਜੇ ਫੁਲਕਾਰੀ ਦਾ ਮੁੜ-ਜਨਮ ਹੋ ਜਾਵੇ ਤਾਂ ਇਸਦੇ ਚੰਗੇ ਭਾਗਾਂ ਨੂੰ ਇਸ ਦਾ ਸਭ ਤੋਂ ਅਹਿਮ ਹਿੱਸਾ ਖੱਦਰ, ਹਰ ਥਾਂ ਮਿਲ ਸਕਦਾ ਹੈ। ਪਹਿਲਾਂ ਖੱਦਰ ਦਾ ਬਰ ਛੋਟਾ ਹੋਣ ਕਰਕੇ ਫੁਲਕਾਰੀ ਤੇ ਬਾਗ਼ ਕੱਢਣ ਲਈ ਇਸ ਦੇ ਦੋ ਤਿੰਨ ਟੁਕੜਿਆਂ ਨੂੰ ਆਪੋਂ ਵਿਚ ਜੋੜਨਾ ਪੈਂਦਾ ਸੀ ਤੇ ਇਹ ਪੁੱਠੇ ਪਾਸਿਉਂ ਬਰੀਕ ਤੋਪੇ ਨਾਲ ਸੀਉਂ ਦਿੱਤੇ ਜਾਂਦੇ ਸਨ ਪਰ ਸੁਚੱਜੀ ਕਢਾਈ ਸਦਕਾ ਸਿੱਧੇ ਪਾਸੇ ਇਹ ਸਿਊਣ ਨਜ਼ਰ ਨਹੀਂ ਸੀ ਆਉਂਦੀ।
ਫੁਲਕਾਰੀ ਦੀ ਤੋਪਾ-ਕਾਰੀ ਬੜੀ ਸਾਧਾਰਣ ਹੈ। ਇਸ ਨੂੰ ਕਸ਼ਮੀਰੀ ਕਢਾਈ ਆਖਦੇ ਹਨ – ਇਸ ਦੇ ਤੋਪੇ ਲੰਮੇ ਤੇ ਛੋਟੇ ਹੁੰਦੇ ਹਨ। ਇਸ ਦਾ ਕਮਾਲ ਇਸ ਗੱਲ ਵਿਚ ਹੈ ਕਿ ਕੱਢਾਈ ਕੱਪੜੇ ਦੇ ਪੁੱਠੇ ਪਾਸਿਉਂ ਕੀਤੀ ਜਾਂਦੀ ਹੈ ਅਤੇ ਕਿਸੇ ਕਿਸਮ ਦੇ ਨਮੂਨੇ ਜਾਂ ਖਾਕੇ ਤੋਂ ਮਦਦ ਨਹੀਂ ਲਈ ਜਾਂਦੀ। ਕੱਢਾਈ ਲਈ ਧਾਗਾ ਹਮੇਸ਼ਾ ਪੱਟ ਦਾ ਪਰ ਕੱਪੜਾ ਹਮੇਸ਼ਾ ਖੱਦਰ ਦਾ ਵਰਤਿਆ ਜਾਂਦਾ ਹੈ। ਹੋਰਨਾਂ ਕੱਢਾਈਆਂ ਵਾਂਗ ਇਸ ਕੱਢਾਈ ਨੂੰ ਵੀ ਲੰਮੇ ਅਭਿਆਸ ਤੇ ਤੇਜ਼ ਨਜ਼ਰ ਦੀ ਲੋੜ ਹੈ। ਵੇਖਣ ਨੂੰ ਤਾਂ ਇਹ ਕੰਮ ਸੌਖਾ ਹੀ ਜਾਪਦਾ ਹੈ ਪਰ ਇਸ ਵਿਚ ਮੁਹਾਰਤ ਕਈ ਕਈ ਵਰ੍ਹੇ ਦੀ ਸਿਖਲਾਈ ਨਾਲ ਹਾਸਲ ਹੁੰਦੀ ਹੈ। ਇਸਦਾ ਢੰਗ ਪੇਚੀਦਾ ਹੈ ; ਇਹ ਇਕ ਕਠਿਨ ਕਲਾ ਹੈ। ਇਕ ਤੋਪਾ ਰਹਿ ਜਾਏ ਜਾਂ ਗਲਤ ਭਰਿਆ ਜਾਏ ਤਾਂ ਸਾਰੇ ਨਮੂਨੇ ਦੀ ਬਨਾਵਟ ਅਤੇ ਇਕਸਾਰਤਾ ਵਿਚ ਫਰਕ ਪੈ ਜਾਂਦਾ ਹੈ। ਫੁਲਕਾਰੀ ਦੀ ਕੱਢਾਈ ਵਿਚ ਦਸੂਤੀ ਤੋਪਾ, ਹੈਰਿੰਗ-ਬੋਨ ਤੇ ਸਾਟਨ-ਤੋਪਾ ਸਭ ਦੀ ਵਰਤੋਂ ਹੁੰਦੀ ਹੈ ; ਕੰਨੀਆਂ ਕਿਨਾਰਿਆਂ ਨੂੰ ਪੱਕਾ ਕਰਨ ਲਈ ਫੁਲਕਾਰੀ ਦੇ ਮੁੱਢ ਭਾਗ ਨਾਲ ਪੱਲੇ ਜੋੜਨ ਲੱਗਿਆ ਅਤੇ ਵਿਚਕਾਰਲੇ ਚੌੜੇ ਹਿੱਸੇ ਦੀ ਕਢਾਈ ਵੇਲੇ ਖ਼ਾਸ ਕਰਕੇ ਇਨ੍ਹਾਂ ਤੋਂ ਕੰਮ ਲਿਆ ਜਾਂਦਾ ਹੈ।
ਫੁਲਕਾਰੀਆਂ ਤੇ ਬਾਗਾਂ ਲਈ ਹਮੇਸ਼ਾ ਚਿੱਟਾ, ਕਈ ਪ੍ਰਕਾਰ ਦਾ ਲਾਲ ਅਤੇ ਗੂੜ੍ਹਾ ਨੀਲਾ ਕੱਪੜਾ ਅਤੇ ਸਾਵਾ, ਗੂੜਾ ਲਾਲ, ਸੁਨਹਿਰੀ ਪੀਲਾ ਅਤੇ ਚਿੱਟਾ ਪੱਟ ਵਰਤਿਆ ਜਾਂਦਾ ਰਿਹਾ ਹੈ। ਕਈ * ਫੁਲਕਾਰੀਆਂ ਸਾਨੂੰ ਅਜਿਹੀਆਂ ਵੀ ਮਿਲਦੀਆਂ ਹਨ ਜਿਨ੍ਹਾਂ ਦਾ ਵਿਚਲਾ ਭਾਗ ਬਾਕੀ ਜ਼ਮੀਨ ਵਿਚ ਵਰਤੇ ਪੱਟ ਨਾਲੋਂ ਕਿਸੇ ਹੋਰ ਰੰਗ ਵਿਚ ਕੱਢਿਆ ਹੁੰਦਾ ਹੈ । ਵਧੀਆਂ ਬਾਗ ਮੁੱਖ ਰੂਪ ਵਿਚ ਇੱਕੋ ਰੰਗ ਵਿਚ ਕੱਢੇ ਜਾਂਦੇ ਹਨ। ਹਾਂ ਕਿਤੇ ਕਿਤੇ ਦੂਜੇ ਰੰਗ ਵਿਚ ਤ੍ਰੋਪੇ ਭਰੇ ਹੋਏ ਵੀ ਦਿੱਸਦੇ ਹਨ ਪਰ ਇਹ ਢੰਗ ਕਿਸੇ ਰੰਗ-ਭੇਦ ਲਈ ਨਹੀਂ ਸਗੋਂ ਬੂਟੀਆਂ ਦੇ ਇਕ ਦੂਜੇ ਨਾਲ ਮੇਲ ਲਈ ਵਰਤਿਆ ਜਾਂਦਾ ਹੈ । ਵੱਧ ਤੋਂ ਵੱਧ, ਦੋ ਜਾਂ ਤਿੰਨ ਰੰਗ ਪ੍ਰਧਾਨਤਾ ਰੱਖਦੇ ਹਨ। ਪੱਛਮੀ ਪੰਜਾਬ ਦੇ ਬਾਗ਼ਾਂ ਵਿਚ ਇੱਕੋ ਇਕੋ ਰੰਗ ਦੇ ਇਕ ਜਾਂ ਦੋ ਰੂਪ ਵਿਚ ਮਿਲਦੇ ਹਨ ਪਰ ਆਮ ਤੌਰ ਉੱਤੇ ਚਿੱਟੇ ਅਤੇ ਸੁਨਹਿਰੀ, ਸੰਤਰੀ ਤੇ ਪੀਲੇ, ਸਾਵੇ ਅਤੇ ਗੂੜ੍ਹੇ ਲਾਲ ਰੰਗ ਵਿਚ ਕੱਢੇ ਬਾਗ਼ ਬੜੇ ਹੀ ਸੁੰਦਰ ਅਤੇ ਪਿਆਰੇ ਹੁੰਦੇ ..
ਹਨ। ਰੰਗਾਂ ਦੇ ਇਹ ਮੇਲ ਆਦਰਸ਼ ਸਮਝੇ ਜਾਂਦੇ ਰਹੇ ਹਨ।
ਕਈ ਵਾਰ ਜਾਨਵਰਾਂ ਦੀਆਂ ਤਸਵੀਰਾਂ ਕੱਢਣ ਵੇਲੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਨ੍ਹਾਂ ਦੇ ਕੁਦਰਤੀ ਰੰਗ ਦਾ ਖ਼ਿਆਲ ਰਖਿਆ ਜਾਏ। ਤੋਤੇ ਦੇ ਪਰ ਹਮੇਸ਼ ਹਰੇ ਪੱਟ ਨਾਲ ਕੱਢੇ ਜਾਂਦੇ ਹਨ।
ਪੁਰਾਣੇ ਸਮਿਆਂ ਵਿਚ ਲੋਕਾਂ ਪਾਸ ਬਹੁਤੇ ਪੈਸੇ ਨਹੀਂ ਸਨ ਹੁੰਦੇ । ਇਸ ਲਈ ਜਦੋਂ ਪੱਟ ਵੇਚਣ ਵਾਲੇ ਵਣਜਾਰੇ ਆਉਂਦੇ ਸਨ ਤਾਂ ਸੁਆਣੀਆਂ ਇਕੋ ਵੇਲੇ ਕੁਝ ਕੁ ਆਨਿਆਂ ਦਾ ਪੱਟ ਹੀ ਖ਼ਰੀਦ ਸਕਦੀਆਂ ਸਨ। ਜਦੋਂ ਮਹੀਨੇ ਦੋ ਮਹੀਨੇ ਪਿੱਛੋਂ ਵਣਜਾਰਾ ਮੁੜ ਫੇਰਾ ਪਾਉਂਦਾ ਤਾਂ ਉਸ ਕੋਲ ਬਿਲਕੁਲ
ਉਹੋ ਪੱਟ ਨਾ ਹੁੰਦਾ ਤੇ ਸੁਆਣੀ ਨੂੰ ਪਹਿਲੇ ਰੰਗ ਨਾਲ ਮਿਲਦਾ ਜੁਲਦਾ ਕੋਈ ਦੂਜਾ ਰੰਗ ਲੈਣਾ
ਪੈਂਦਾ । ਇਹੋ ਕਾਰਨ ਹੈ ਕਿ ਸਾਨੂੰ ਇੱਕੋ ਬਾਗ਼ ਵਿਚ ਇਕ ਰੰਗ ਦੇ ਕਈ ਭੇਦ ਵਿਖਾਈ ਦੇਂਦੇ ਹਨ।
ਬਾਗ਼ ਵਿਚ ਇਕ ਹੋਰ ਗੱਲ ਸਾਡਾ ਧਿਆਨ ਖਿੱਚਦੀ ਹੈ। ਕਈ ਬਾਗ਼ਾਂ ਵਿਚ ਕਈ ਬੂਟੀਆਂ ਬਿਲਕੁਲ ਹੀ ਵੱਖਰੇ ਰੰਗਾਂ ਦੀਆਂ ਕੱਢੀਆਂ ਮਿਲਦੀਆਂ ਹਨ। ਇਸ ਦਾ ਇਹ ਕਾਰਨ ਹੈ ਕਿ ਸਹੇਲੀਆਂ ਬਾਗ਼ ਦੀ ਕੱਢਾਈ ਵਿਚ ਹੱਥ ਵਟਾਉਂਦੀਆਂ ਸਨ। ਉਹ ਬਾਗ਼ ਦੇ ਉਸ ਉਸ ਭਾਗ ਨੂੰ ਆਪਣੇ ਮਨ-ਪਸੰਦ ਰੰਗ ਵਿਚ ਕੱਢਦੀਆਂ ਹਨ। ਮੈਂ ਇਸ ਕਿਸਮ ਦੇ ਕਈ ਬਾਗ਼ ਦੇਖੇ ਹਨ। ਹੋ ਸਕਦਾ ਹੈ, ਸਹੇਲੀਆਂ ਜਾਣ ਬੁੱਝ ਕੇ ਵੱਖਰੇ ਰੰਗਾਂ ਵਿਚ ਕਸੀਦਾ ਕੱਢਦੀਆਂ ਹੋਣ ਤਾਂ ਜੋ ਬਾਗ਼ ਦੀ ਮਾਲਕ ਸਹੇਲੀ ਨੂੰ ਉਨ੍ਹਾਂ ਦੀ ਯਾਦ ਸੱਜਰੀ ਹੁੰਦੀ ਰਹੇ।
ਇਕ ਹੋਰ ਗੱਲ, ਬਾਗ਼ ਦਾ ਥੋੜ੍ਹਾ ਜਿਹਾ ਹਿੱਸਾ ਹਮੇਸ਼ਾਂ ਅਣ-ਕੱਢਿਆ ਰਹਿਣ ਦਿੱਤਾ ਜਾਂਦਾ ਸੀ। ਜਾਂ ਇਕ ਦੋ ਬੂਟੀਆਂ ਕਾਲੇ ਰੇਸ਼ਮ ਵਿਚ ਕੱਢੀਆਂ ਜਾਂਦੀਆਂ ਸਨ ਤਾਂ ਜੋ ਬਾਗ਼ ਨੂੰ ਕਿਸੇ ਚੰਦਰੀ ਆਤਮਾ ਦੀ ਨਜ਼ਰ ਨਾ ਲੱਗ ਜਾਵੇ। ਨਜ਼ਰ ਲੱਗ ਜਾਣ ਅਤੇ ਉਸ ਨਜ਼ਰ ਨਾਲ ਕੰਮ ਵਿਚ ਵਿਘਨ ਪੈ ਜਾਣ ਨੂੰ ਅਸੀਂ ਭੈੜਾ ਮੰਨਦੇ ਹਾਂ ਅਤੇ ਸਾਡੀ ਕੋਸ਼ਿਸ਼ ਸਦਾ ਹੀ ਇਹ ਹੁੰਦੀ ਹੈ ਕਿ ਕੋਈ ਭੈੜਾ ਆਦਮੀ ਸਾਡੀ ਚੰਗੀ ਸ਼ੈਅ ਨਾ ਤੱਕ ਲਵੇ।
19ਵੀਂ ਸਦੀ ਵਿਚ ਪ੍ਰਸਿੱਧ ਅੰਗਰੇਜ਼ ਲੇਖਕਾਂ ਕਿਪਲਿੰਗ ਤੇ ਫਲੌਰਾ ਐਨ.ਸਟੀਲ ਨੇ ਫੁਲਕਾਰੀ ਦੀ ਬੜੀ ਹੀ ਸਲਾਘਾ ਕੀਤੀ ਸੀ । ਸਟੀਲ ਨੇ 1888 ਵਿਚ ਇਕ ਪੱਤਰ ਵਿਚ ਲਿਖਿਆ ਸੀ “ਖ਼ਰੀਦਾਰਾਂ ਨੂੰ ਇਹ ਗੱਲ ਚੇਤੇ ਰਹੇ ਕਿ ਫੁਲਕਾਰੀ ਦੀ ਕੱਢਾਈ ਇਕ ਸੱਚੀ ਕਲਾ ਹੈ, ਇਹ ਵਿਹਲ ਤੇ ਪਿਆਰ ਦੀ ਰਚਨਾ ਹੈ, ਕਾਹਲੀ ਅਤੇ ਲਾਲਚ ਦੀ ਨਹੀਂ, ਇਸ ਲਈ ਫੁਲਕਾਰੀ ਦਾ ਮੁੱਲ ਤਾਰਨ ਲਈ ਉਨ੍ਹਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ। ਜੇ ਨਹੀਂ, ਤਾਂ ਖੱਡੀ ਦੀਆਂ ਬਣੀਆਂ ਚੀਜ਼ਾਂ ਉਹ ਲੈ ਸਕਦੇ ਹਨ ।”
ਚੰਗੀ ਫੁਲਕਾਰੀ ਦੀ ਪਰਖ ਲਈ ਇਹਦੇ ਪੁੱਠੇ ਪਾਸੇ ਇਸ ਦੀ ਸਫ਼ਾਈ ਅਤੇ ਤ੍ਰੋਪਿਆਂ ਦੀ ਇਕਸਾਰਤਾ ਨੂੰ ਵੇਖੋ। ਸ਼ੁਰੂ ਸ਼ੁਰੂ ਵਿਚ ਫੁਲਕਾਰੀਆਂ ਉੱਤੇ ਜਾਮਿਤੀ ਆਕਾਰ, ਖ਼ਾਸ ਕਰਕੇ ਕਾਮਦਾਨੀ ਢੰਗ ਦੇ ਬੂਟੇ ਕੱਢੇ ਜਾਂਦੇ ਸਨ। ਫੁਲਕਾਰੀ ਦੀ ਬਣਾਵਟ ਅਤੇ ਨਮੂਨੇ ਦੀ ਇਕਸਾਰਤਾ ਲਈ ਧਾਗਿਆਂ ਦੀ ਗਿਣਤੀ ਕੀਤੀ ਜਾਦੀ ਸੀ। ਜੇ ਇਕ ਵੀ ਤੋਪਾ ਖੁੰਝ ਗਿਆ ਜਾਂ ਟਾਂਕਾ ਲੰਮਾ ਛੋਟਾ ਹੋ ਗਿਆ ਤਾਂ ਸਾਰੀ ਦੀ ਸਾਰੀ ਬਨਾਵਟ ਵਿਗੜ ਜਾਂਦੀ ਸੀ । ਪੱਟ ਬਹੁਤਾ ਅਫ਼ਗਾਨਿਸਤਾਨ, ਰੂਸੀ ਤੁਰਕਿਸਤਾਨ, ਚੀਨ ਕਸ਼ਮੀਰ ਤੇ ਬੰਗਾਲ ਤੋਂ ਆਉਂਦਾ ਸੀ। ਧਾਗੇ ਦੀ ਰੰਗਾਈ, ਰੇਸ਼ਮ ਅਤੇ ਉੱਨ ਦੇ ਉਦਯੋਗ- ਕੇਂਦਰ ਅੰਮ੍ਰਿਤਸਰ ਅਤੇ ਜੰਮੂ ਵਿਚ ਕੀਤੀ ਜਾਂਦੀ ਸੀ।
ਫੁਲਕਾਰੀ ਦੀ ਸੁੰਦਰਤਾ ਬੜੀ ਹੱਦ ਤੱਕ ਕਪੜੇ ਦੀ ਰੰਗਾਈ ਉੱਤੇ ਨਿਰਭਰ ਹੁੰਦੀ ਸੀ। ਇਸ ਲਈ, ਇਸਤਰੀਆਂ ਅਤੇ ਲਲਾਰੀ ਕੁਝ ਖਾਸ ਬਿਰਛ ਬੂਟਿਆਂ ਦੇ ਪੱਤਿਆਂ, ਫੁੱਲਾਂ, ਜੜਾਂ ਅਤੇ ਛਿੱਲਕੇ ਤੋਂ ਦੇਸੀ ਰੰਗ ਤਿਆਰ ਕਰਦੇ ਸਨ। ਇਹ ਰੰਗ ਸਸਤੇ ਵੀ ਸਨ ਅਤੇ ਤੇਜ਼ ਵੀ। ਇਹ ਘਰ ਵਿਚ ਹੀ ਤਿਆਰ ਕੀਤੇ ਜਾਂਦੇ ਸਨ । ਕੋਈ ਵਿਰਲਾ ਹੀ ਇਨ੍ਹਾਂ ਨੂੰ ਖ਼ਰੀਦਦਾ ਸੀ । ਸਾਧਾਰਣ ਰੰਗ ਪਲਾਸ਼ ਦੇ ਫੁੱਲਾਂ, ਕਿੱਕਰ ਦੇ ਛਿੱਲਕੇ ਅਤੇ ਮਜੀਠ ਦੀਆਂ ਜੜਾਂ ਤੋਂ ਤਿਆਰ ਕੀਤੇ ਜਾਂਦੇ ਸਨ । ਫੁਲਕਾਰੀ ਦਾ ਕਪੜਾ ਰੰਗਣ ਲਈ ਮਜੀਠੀ ਰੰਗ ਦੀ ਆਮ ਵਰਤੋਂ ਹੁੰਦੀ ਸੀ । ਲਾਲ ਅਤੇ ਗੂੜ੍ਹੇ ਲਾਲ ਮਲਾਗੀਰੀ ਜਾਂ ਪੀਲੇ ਰੰਗ ਦੇ ਸਭ ਭੇਦ ਇਸ ਤੋਂ ਪ੍ਰਾਪਤ ਹੋ ਜਾਂਦੇ ਸਨ ।
ਮਜੀਠ ਦਾ ਬੂਟਾ ਉੱਤਰ-ਪੱਛਮੀ ਪਹਾੜੀ ਪ੍ਰਦੇਸ਼ ਤੋਂ ਉੱਤਰ-ਪੂਰਬੀ ਸੀਮਾ ਤੀਕ ਤੇ ਲੰਕਾ ਅਤੇ ਇੰਡੋਨੇਸ਼ੀਆ ਵਿਚ ਮਿਲਦਾ ਹੈ। ਇਹ ਹਿੰਦੁਸਤਾਨ ਦਾ ਪ੍ਰਸਿੱਧ ਰੰਗ-ਪਦਾਰਥ ਰਿਹਾ ਹੈ ਅਤੇ ਦੇਸ਼ ਭਰ ਦੇ ਕਪੜਾ ਛਾਪਣ ਤੇ ਰੰਗਣ ਵਾਲਿਆਂ ਵਿਚ ਇਹਦੀ ਬੜੀ ਮੰਗ ਰਹੀ ਹੈ।
ਮਜੀਠ ਦੀਆਂ ਜੜਾਂ ਲੈ ਕੇ ਬਰੀਕ ਪੀਹ ਲਈਆਂ ਜਾਂਦੀਆਂ ਹਨ, ਫਿਰ ਦੋ ਤਿੰਨ ਘੰਟੇ ਲਈ ਪਾਣੀ ਵਿਚ ਉਬਾਲ ਕੇ ਇਹਦਾ ਸਤ ਹਾਸਲ ਕੀਤਾ ਜਾਂਦਾ ਹੈ । ਵੱਖ ਵੱਖ ਸੂਬਿਆਂ ਵਿਚ ਕਪੜਾ ਰੰਗਣ ਦੇ ਵੱਖ ਵੱਖ ਢੰਗ ਹਨ ਪਰ ਪੰਜਾਬ ਵਿਚ ਆਮ ਢੰਗ ਇਹ ਵਰਤਿਆ ਜਾਂਦਾ ਰਿਹਾ ਹੈ ਕਿ ਰੰਗਿਆ ਜਾਣ ਵਾਲਾ ਕਪੜਾ ਪਹਿਲਾਂ ਝਾਉ ਦੇ ਕਾੜ੍ਹੇ ਵਿਚ ਡੁਬੋਇਆ ਜਾਂਦਾ ਹੈ। ਇਹ ਸਹਿਜੇ ਹੀ ਪੱਕੀ ਤਰ੍ਹਾਂ ਰੰਗ ਫੜਨ ਦੇ ਯੋਗ ਹੋ ਜਾਂਦਾ ਹੈ । ਇਸ ਪਿੱਛੋਂ ਇਸ ਨੂੰ ਮਜੀਠ ਦੇ ਗਰਮ ਘੋਲ ਵਿਚ ਡੁਬੋਂਦੇ ਹਨ ਅਤੇ ਨਾਲ ਹੀ ਥੋੜ੍ਹੀ ਜਿਹੀ ਫਟਕੜੀ ਵੀ ਪਾਉਂਦੇ ਹਨ । ਜਦੋਂ ਕਪੜਾ ਰੰਗ ਦੇ ਘੋਲ ਵਿਚ ਉਬਲ ਰਿਹਾ ਹੁੰਦਾ ਹੈ ਤਾਂ ਕਈ ਇਸਤਰੀਆਂ ਮੁੱਠੀ ਭਰ ਕਣਕ ਉਸ ਵਿਚ ਸੁੱਟ ਦਿੰਦੀਆਂ ਹਨ। ਦਾਣੇ ਗਲਣ ਉੱਤੇ ਕਪੜਾ ਬਾਹਰ ਕੱਢ ਕੇ ਕੁਝ ਘੰਟਿਆਂ ਲਈ ਸੁੱਕਣੇ ਪਾ ਦਿੱਤਾ ਜਾਂਦਾ ਹੈ । ਪੁਰਾਣੇ ਸਮਿਆਂ ਵਿਚ ਠੀਕ ਰੰਗ-ਪਕੜ ਲਈ ਅਲਮੋਨੀਅਮ, ਕਰੋਮੀਅਮ, ਤਾਂਬੇ ਆਦਿ ਦੀ ਥਾਂ ਰੰਗਾਈ ਵਿਚ ਭੇਡਾਂ ਦੀਆਂ ਮੈਂਗਣਾਂ ਤੇ ਗਊ ਦਾ ਗੋਹਾ ਵਰਤਿਆ ਜਾਂਦਾ ਸੀ । ਤਾਂਬੇ ਤੇ ਮਿੱਟੀ ਦੇ ਭਾਂਡਿਆਂ ਵਿਚ ਪਾਣੀ ਉਬਾਲ ਕੇ ਰੰਗ ਤਿਆਰ ਕੀਤਾ ਜਾਂਦਾ ਸੀ।
-
ਪੰਜਾਬੀ ਕੱਢਾਈ ਦੇ ਹੋਰ ਰੂਪ
ਪੰਜਾਬੀ ਕੱਢਾਈ ਸਿਰਫ ਫੁਲਕਾਰੀ ਤੱਕ ਹੀ ਸੀਮਿਤ ਨਹੀਂ ਹੈ। ਪੰਜਾਬ ਸਰਕਾਰ ਦੇ ਸੰਗ੍ਰਹਿਆਲਿਆਂ ਵਿਚ ਹੋਰ ਬੜੀਆਂ ਚੰਗੀਆ, ਬੜੀਆਂ ਸੋਹਣੀਆਂ ਅਤੇ ਕਲਾ-ਪੂਰਤ ਕੱਢਾਈਆਂ ਵੇਖੀਆਂ ਜਾ ਸਕਦੀਆਂ ਹਨ, ਜਿਹੜੀਆਂ ਪਹਿਲੇ ਸਮਿਆਂ ਵਿਚ ਫੁਲਕਾਰੀਆਂ ਵਾਂਗ ਬੜੀਆਂ ਪ੍ਰਚੱਲਿਤ मठ ।
ਕਾਂਗੜਾ ਰੁਮਾਲ – ਰੇਸ਼ਮ ਜਾਂ ਟਸਰ ਦੇ ਕਪੜੇ ਉੱਤੇ ਰੇਸ਼ਮੀ ਧਾਗੇ ਨਾਲ ਮਿਥਿਹਾਸ ਦੀਆਂ
ਕਥਾਂਵਾਂ ਦੇ, ਖਾਸ ਕਰਕੇ ਰਾਮਾਇਣ ਅਤੇ ਮਹਾਭਾਰਤ ਦੇ ਪ੍ਰਸਿੱਧ ਦ੍ਰਿਸ਼ ਕੱਢੇ ਹੁੰਦੇ ਹਨ । ਕਲਾ-ਪੱਖ ਤੋਂ ਇਹ ਕੱਢਾਈ ਬੜੀ ਪਿਆਰੀ ਅਤੇ ਉੱਚੇ ਦਰਜੇ ਦੀ ਹੈ । ਰੁਮਾਲਾਂ ਦਾ ਕਪੜਾ ਚਿੱਟਾ ਜਾਂ ਮਲਾਈ- ਰੰਗਾ ਹੁੰਦਾ ਹੈ ਪਰ ਕਢਾਈ ਦੇ ਧਾਗਿਆਂ ਦੇ ਰੰਗ ਏਨੇ ਜੀਉਂਦੇ ਅਤੇ ਭੜਕੀਲੇ ਹੁੰਦੇ ਹਨ ਕਿ ਉਹ ਆਪਣੀ ਆਯੂ ਤੋਂ ਬੜੇ ਛੋਟੇ ਜਾਪਦੇ ਹਨ। ਦੋਵੇਂ ਪਾਸੇ ਬਿਲਕੁਲ ਇੱਕੋ ਜਿਹੇ, ਸਾਫ ਅਤੇ ਸੁੰਦਰ ਹੁੰਦੇ ਹਨ ।
ਕਾਂਗੜੇ ਦੇ ਰੁਮਾਲ ਦਾ, ਕਾਂਗੜੇ ਦੇ ਲੋਕਾਂ ਦਾ ਇਕ ਪੁਰਾਣੇ ਸਮਾਜਕ ਰਿਵਾਜ਼ ਨਾਲ ਬੜਾ ਗੁੜ੍ਹਾ ਸਬੰਧ ਹੈ। ਵਿਆਹ ਸ਼ਾਦੀ ਦੇ ਮੌਕੇ ਉੱਤੇ ਅਜਿਹੇ ਇਕ ਜਾਂ ਬਹੁਤੇ ਰੁਮਾਲ ਸੁਗਾਤ ਵਜੋਂ ਦੇਣੇ ਬੜੇ ਹੀ ਜਰੂਰੀ ਹੁੰਦੇ ਸਨ। ਇਨ੍ਹਾਂ ਨੂੰ ਕੇਵਲ ਪਰਿਵਾਰ ਦੀਆਂ ਇਸਤਰੀਆਂ ਹੀ ਕੱਢਦੀਆਂ ਹਨ ਅਤੇ ਵਿਆਹ ਦੀ ਰਸਮ ਵੇਲੇ ਕੁੜੀ ਦੇ ਰਿਸ਼ਤੇਦਾਰ ਮੁੰਡੇ ਨੂੰ ਅਤੇ ਮੁੰਡੇ ਦੇ ਰਿਸ਼ਤੇਦਾਰ ਕੁੜੀ ਨੂੰ, ਇਹ ਰੁਮਾਲ ਭੇਂਟ ਕਰਦੇ ਹਨ। ਇਸ ਨਿੱਕੀ ਜਿਹੀ ਰਸਮ ਨੇ ਇਸ ਸੁੰਦਰ ਕਲਾ ਨੂੰ ਜੀਵਿਤ ਰੱਖਿਆ। ਇਸ ਪ੍ਰਕਾਰ ਇਨ੍ਹਾਂ ਰੁਮਾਲਾਂ ਦੀ ਕੱਢਾਈ ਦਾ ਪਿਆਰ ਅਤੇ ਰੁਮਾਂਸ ਨਾਲ ਸੰਘਣਾ ਨਾਤਾ ਰਿਹਾ ਹੈ ਜਿਸ ਕਰਕੇ ਇਹ ਚੋਪ ਨਾਲ ਮਿਲਦਾ ਹੈ। ਫੁਲਕਾਰੀ ਵਾਂਗ ਰੁਮਾਲ ਦੀ ਕੱਢਾਈ ਵੀ ਹਰ ਇਕ ਸਰਦੇ ਪੁੱਜਦੇ ਪਰਿਵਾਰ ਦਾ ਵਰ੍ਹਿਆਂ-ਬੱਧੀ ਇਕ ਮੁੱਖ ਧੰਦਾ ਹੁੰਦਾ ਸੀ । ਸਿਰਫ ਗਰੀਬ ਲੋਕ ਹੀ ਵਿਹਲ ਨਾ ਹੋਣ ਕਰਕੇ, ਇਸ ਦੇ ਵਿਕਾਸ ਵਿਚ ਆਪਣਾ ਹਿੱਸਾ ਨਹੀਂ ਪਾ ਸਕੇ।
ਕਈ ਵਾਰ ਪਰਿਵਾਰ ਦੇ ਦੇਵਤੇ ਜਾਂ ਦੇਵੀ ਨੂੰ ਆਸਣ ਤੇ ਬਿਠਾਉਣ ਵੇਲੇ ਇਸ ਰੁਮਾਲ ਤੋਂ ਇਕ ਛੋਟੇ ਪਰਦੇ ਦਾ ਕੰਮ ਵੀ ਲਿਆ ਜਾਂਦਾ ਸੀ । ਪਿੰਡ ਵਿਚ ਕਿਸੇ ਮੰਤਰੀ ਜਾਂ ਰਾਜ ਦੇ ਕਿਸੇ ਮੁੱਖ ਅਧਿਕਾਰੀ ਦੇ ਪਧਾਰਨ ਵੇਲੇ ਰੁਪਿਆਂ ਦੇ ਨਾਲ ਇਹ ਰੁਮਾਲ ਵੀ ਨਜ਼ਰਾਨੇ ਵਜੋਂ ਭੇਟ ਕੀਤੇ ਜਾਂਦੇ ਹਨ। ਪਰ ਇਹ ਸਦਾ ਤੋਂ ਹੀ ਲੜਕੀ ਦੇ ਦਾਜ ਦਾ ਵਡ-ਮੁੱਲਾ ਅੰਗ ਰਹੇ ਹਨ ਅਤੇ ਅੱਜ ਵੀ ਹਨ। ਮਰਦ ਤੇ ਇਸਤਰੀਆਂ ਦੋਵੇਂ ਹੀ ਖ਼ਾਸ ਉਤਸਵਾਂ ਤੇ ਤਿਉਹਾਰਾਂ ਉੱਤੇ ਇਹ ਰੁਮਾਲ ਵਰਤਦੇ ਹਨ ਅਤੇ ਇਸਨੂੰ ਮੋਢਿਆਂ ਉੱਤੇ ਸੁੱਟ ਲੈਂਦੇ ਹਨ। ਅੱਜਕੱਲ ਸੂਤੀ ਕੱਪੜੇ ਦੇ ਛਪੇ ਹੋਏ ਤੇ ਦੂਜੇ ਸਸਤੇ ਰੁਮਾਲ ਬੜੀ ਤੇਜ਼ੀ ਨਾਲ ਇਨ੍ਹਾਂ ਖੁਬਸੂਰਤ ਰੁਮਾਲਾਂ ਦੀ ਥਾਂ ਲੈ ਰਹੇ ਹਨ।
ਕਾਂਗੜਾ, ਉੱਤਰ-ਪੂਰਬੀ ਪੰਜਾਬ ਦੇ ਹਿਮਾਲਾ ਪਰਬਤ ਵਿਚ ਸੀਮਤ ਸੁੰਦਰ ਵਾਦੀ ਹੈ । ਬਾਹਰਲੀ ਦੁਨੀਆ ਨਾਲ ਇਹ ਸਿਰਫ ਇਕੋ ਇਕ ਪਹਾੜੀ ਸੜਕ ਨਾਲ ਜੁੜੀ ਹੋਈ ਹੈ। ਕਾਂਗੜੇ ਨੇ ਰੇਸ਼ਮੀ ਕੱਢਾਈ ਵਾਲੀ ਇਸ ਕਲਾ ਨੂੰ ਜਨਮ ਹੀ ਨਹੀਂ ਦਿੱਤਾ ਸਗੋਂ ਇੱਥੇ ਇਕ ਸੂਖਮ ਚਿੱਤਰ-ਕਲਾ ਦਾ ਵਿਕਾਸ ਵੀ ਹੋਇਆ ਹੈ। ਕਾਂਗੜੇ ਨੇ ਸਾਡੀ ਕੌਮੀ ਕਲਾ-ਭੰਡਾਰ ਨੂੰ ਸੁਸ਼ੋਭਿਤ ਕੀਤਾ ਹੈ।
ਲੁਧਿਆਣੇ ਅਤੇ ਅੰਮ੍ਰਿਤਸਰ ਦੀ ਕੱਢਾਈ
ਰਾਜ-ਦਰਬਾਰਾਂ ਅਤੇ ਸਰਕਾਰੀ ਉਤਸਵਾਂ ਉਤੇ ਪਹਿਨੇ ਜਾਣ ਵਾਲੇ ਖੂਬਸੂਰਤ ਚੋਗੇ ਅਤੇ ਉਚੇ ਕਾਲਰ ਵਾਲੀਆਂ ਬਾਜੂ ਰਹਿਤ ਵਾਸਕਟਾਂ, ਜੋ ਸ਼ਾਇਦ ਨਵੀਨ ਨਹਿਰੂ ਜਾਕਟ ਦਾ ਅੱਗਰਵਰਤੀ ਰੂਪ ਸਨ, ਹੱਥਾਂ ਨਾਲ ਕੱਢੀਆਂ ਜਾਂਦੀਆਂ ਸਨ। ਮਰਦ, ਇਸਤਰੀਆਂ ਦੋਵੇਂ ਇਸ ਕਲਾ ਵਿਚ ਨਿਪੁੰਨ ਸਨ । ਚਾਂਦੀ-ਚਿੱਟਾ ਅਤੇ ਸੁਨਹਿਰੀ ਸਿਲਮਾਂ ਏਨੀ ਖੂਬੀ ਅਤੇ ਕਮਾਲ ਨਾਲ ਕੱਢਿਆ ਜਾਂਦਾ ਸੀ ਕਿ ਯਕੀਨ ਨਹੀਂ ਆਉਂਦਾ ਕਿ ਅਜਿਹਾ ਸ਼ਾਨਦਾਰ ਅਤੇ ਦਿਲਚਸਪ ਹੁਨਰ ਅਣ-ਗਾਇਆ ਤੇ ਬੇ-ਸਤਿਕਾਰਿਆ ਹੀ ਮਰ ਜਾਣ ਦਿੱਤਾ ਗਿਆ ਹੈ। ਮੁਗ਼ਲ-ਕਾਲ ਅਤੇ ਸਿੱਖ-ਰਾਜ ਦੇ ਸਮੇਂ ਵਿਚ ਵੀ ਪੰਜਾਬ ਵਿਚ ਇਹਨਾਂ ਚੋਗਿਆ ਅਤੇ ਵਾਸਕਟਾਂ ਦਾ ਰਿਵਾਜ ਸੀ। ਉਸ ਸਮੇਂ ਇਨ੍ਹਾਂ ਨੂੰ ਹਸਮੀ ਦਰਬਾਰੀ ਲਿਬਾਸ ਦਾ ਦਰਜਾ ਪ੍ਰਾਪਤ ਸੀ । ਰਾਜਿਆਂ ਅਤੇ ਰਾਣਿਆਂ ਦੇ ਦਰਬਾਰ ਹਰ ਪ੍ਰਕਾਰ ਦੇ ਕਲਾਕਾਰਾਂ ਲਈ ਸਦਾ ਖੁੱਲ੍ਹੇ ਰਹਿੰਦੇ ਸਨ । ਭਾਵੇਂ ਉਹਨਾਂ ਵਿਚੋਂ ਕਈਆਂ ਹਾਕਮਾਂ ਦਾ ਨਿੱਜੀ ਜੀਵਨ ਕਿੰਨਾ ਹੀ ਗਿਆ-ਗੁਜਰਿਆ ਸੀ ਫਿਰ ਵੀ ਉਨ੍ਹਾਂ ਦੇ ਹੱਕ ਵਿਚ ਇਹ ਗੱਲ ਜ਼ਰੂਰ ਆਖੀ ਜਾ ਸਕਦੀ ਹੈ ਕਿ ਉਹ ਬੜੇ ਕਲਾ-ਪ੍ਰੇਮੀ ਸਨ ਅਤੇ ਅਨੇਕ ਕਲਾਕਾਰਾਂ ਨੂੰ ਸਹਾਰਾ ਅਤੇ ਕੰਮ ਦੇਂਦੇ ਸਨ।
ਕੋਇਟੇ ਅਤੇ ਲਾਸ-ਬੇਲਾ ਦੇ ਵਿਚਕਾਰਲੇ ਪਹਾੜੀ ਪ੍ਰਦੇਸ਼ ਵਿਚ ਬਰਾਹੂਈ ਨਾਂ ਦੇ ਖਾਨਾਬਦੋਸ਼ ਲੋਕ ਰਹਿੰਦੇ ਹਨ। ਇਹ ਉਨ੍ਹਾਂ ਆਰੀਆ ਲੋਕਾਂ ਦੇ ਵਾਰਿਸ ਦੱਸੇ ਜਾਂਦੇ ਹਨ ਜਿਹੜੇ ਭਾਰਤ ਉੱਤੇ ਆਰੀਅਨ ਹੱਲੇ ਵੇਲੇ ਏਥੇ ਬਲੋਚਿਸਤਾਨ ਵਿਚ ਪਿੱਛੇ ਰਹਿ ਗਏ। ਕਈਆਂ ਦੇ ਖਿਆਲ ਵਿਚ ਇਹ ਲੋਕ ਤੁਰਕੀ- ਈਰਾਨੀ ਨਸਲ ‘ਚੋਂ ਹਨ।
ਬਰਾਹੂਈ ਇਸਤਰੀਆਂ ਨੇ ਇਕ ਵਿਸ਼ੇਸ ਢੰਗ ਦੀ ਕਢਾਈ ਨੂੰ ਉੱਨਤ ਕੀਤਾ ਹੈ। ਇਹ ਫੁਲਕਾਰੀ ਦੀ ਕਢਾਈ ਨਾਲੋਂ ਸੁਹਣੀ ਅਤੇ ਸੰਘਣੀ ਹੈ ਅਤੇ ਇਸਦੇ ਰੰਗ-ਮੇਲ ਫੁਲਕਾਰੀ ਵਾਂਗ ਹੀ ਸਜੀਵ ਅਤੇ ਭੜਕੀਲੇ ਹਨ ਤੇ ਇਨ੍ਹਾਂ ਚਿੱਤਰਾਂ ਵਿਚ ਵੀ ਸਮਾਨਤਾ ਹੈ- ਦੋਹਾਂ ਵਿਚ ਜਾਮਿਤੀ-ਆਕਾਰ ਤੇ ਕਾਮਦਾਨੀ ਰੂਪ ਕੱਢੇ ਹੁੰਦੇ ਹਨ ।
ਇਸਤਰੀਆਂ ਆਪਣੀਆਂ ਵਿਹਲੀਆਂ ਘੜੀਆਂ ਵਿਚ ਕਢਾਈ ਦਾ ਕੰਮ ਕਰਦੀਆਂ ਹਨ। ਉਹ ਬਹੁਤਾ ਮਰਦਾਂ ਦੇ ਕੱਪੜਿਆਂ, ਕਵਾਂ, ਕੁੜਤਿਆਂ ਦੇ ਸਾਹਮਣੇ ਪਾਸਿਆਂ ਅਤੇ ਬਾਹਾਂ ਉੱਤੇ ਇਕ ਐਪਰਨ-ਸਮਾਨ ਕੱਪੜੇ ਉੱਤੇ ਕੱਢਾਈ ਕਰਦੀਆਂ ਹਨ। ਸਭ ਤੋਂ ਵਧੀਆ ਕੱਢਾਈ ਨੂੰ ‘ਮੌਸਮ’ ਕਹਿੰਦੇ ਹਨ । ਦੂਜੀਆਂ ‘ਪਰਵਾਜ਼’ ਅਤੇ *ਪਰੀਵਾਰ’ ਹਨ ਪਰ ਉਹ ਓਨੀਆਂ ਸੁਹਣੀਆਂ ਨਹੀਂ ਹਨ । ਬਰਾਹੂਈ ਕੱਢਾਈ ਬੜੀ ਹੀ ਕਲਾ-ਪੂਰਤ ਹੈ ਅਤੇ ਕਈ ਪ੍ਰਕਾਰ ਦੀ ਹੈ।
ਸਿੰਧ ਦੀ ਕਢਾਈ ਵੀ ਸੁਹਣੀ ਅਤੇ ਕਲਾ-ਮਈ ਹੈ। ਇਸ ਦੇ ਚਿੱਤਰ ਪੰਜਾਬੀ ਅਤੇ ਬਰਾਹੂਈ ਕੱਢਾਈ ਨਾਲ ਮਿਲਦੇ ਜੁਲਦੇ ਹਨ । ਸਿੰਧੀ ਕੱਢਾਈ ਦੀ ਇਕ ਖ਼ਾਸ ਖੂਬੀ ਇਹ ਹੈ ਕਿ ਇਸ ਵਿਚ ਨਿੱਕੇ ਨਿੱਕੇ ਸ਼ੀਸ਼ੇ ਜੜੇ ਜਾਂਦੇ ਹਨ, ਜਿਨ੍ਹਾਂ ਸਦਕਾ ਇਹ ਬੜੀ ਪਿਆਰੀ ਅਤੇ ਦਿਲ-ਖਿੱਚਵੀਂ ਬਣ ਜਾਂਦੀ ਹੈ।
ਸਿੰਧ ਵਿਚ ਕੱਢੇ ਗਏ ਕੱਪੜਿਆਂ ਨੂੰ ਉਥੋਂ ਦੇ ਮਨੁੱਖ ਬੜੀ ਖੁਸ਼ੀ ਨਾਲ ਪਾਉਂਦੇ ਹਨ । ਉਨ੍ਹਾਂ ਦੇ ਸਿਰ ਦਾ ਪਟਕਾ ਅਤੇ ਤੇੜ ਦੀ ਚਾਦਰ ਪ੍ਰਾਚੀਨ ਕਲਾਕਾਰੀ ਨਾਲ ਸੁਸ਼ੋਭਿਤ ਹੈ। ਪਟਕਿਆਂ ਅਤੇ ਧੋਤੀਆਂ ਦੀ ਕੱਢਾਈ, ਫੁਲਕਾਰੀ ਦੀ ਕੱਢਾਈ ਨਾਲ ਇੰਨ-ਬਿਨ ਮਿਲਦੀ ਹੈ । ਜਿਵੇਂ ਸਿੰਧ ਦੀ ਸੱਭਿਅਤਾ ਪੰਜਾਬ ਦੀ ਸੱਭਿਅਤਾ ਨਾਲ ਮਿਲ ਜਾਂਦੀ ਹੈ ਤਿਵੇਂ ਹੀ ਉਥੇ ਦੀ ਇਹ ਲੋਕ-ਕਲਾ ਅਤੇ ਦਸਤਕਾਰੀ ਪੰਜਾਬੀ ਕਲਾ ਦੇ ਰੂਪ ਨਾਲ ਢੁੱਕਦੀ ਹੈ।
-
ਫੁਲਕਾਰੀ ਦਾ ਅੰਤ
ਉੱਨੀਵੀਂ ਸਦੀ ਦੇ ਅੰਤਿਮ ਮੱਧ ਨੂੰ ਬੜੀਆਂ ਤੇਜ਼ ਤਬਦੀਲੀਆਂ ਦਾ ਮੂੰਹ ਦੇਖਣਾ ਪਿਆ । ਦੇਸ਼ ਦੇ ਕਿਸੇ ਵੀ ਹੋਰ ਹਿੱਸੇ ਉੱਤੇ ਇਨ੍ਹਾਂ ਦਾ ਏਨਾ ਅਸਰ ਨਹੀਂ ਪਿਆ, ਜਿੰਨਾ ਪੰਜਾਬ ਉੱਤੇ ਪਿਆ ਹੈ । ਪੰਜਾਬ ਦੀ ਤਾਂ ਰੂਪ- ਰੇਖਾ ਹੀ ਬਦਲ ਗਈ ਹੈ । ਇਸ ਦੇ ਉਦਯੋਗ ਅਤੇ ਸਾਮਾਜਿਕ ਜੀਵਨ ਵਿਚ ਇਕ ਭਾਰੀ ਇਨਕਲਾਬ ਆ ਗਿਆ ਹੈ । ਸਮੇਂ ਦੇ ਪੁਰਾਣੇ ਰਸਮਾਂ ਰਿਵਾਜਾਂ ਅਤੇ ਰਵਾਇਤਾਂ ਨੂੰ ਜਿਵੇਂ ਹੂੰਝ ਸੁਟਿਆ ਹੋਵੇ ।
ਅੱਜ ਤੋਂ ਪੰਜਾਹ ਵਰ੍ਹੇ ਪਹਿਲਾਂ ਪੰਜਾਬ ਦੇ ਸ਼ਹਿਰਾਂ ਵਿਚ ਫੁਲਕਾਰੀ ਦਾ ਅਤੇ ਇਹਦੇ ਨਾਲ ਹੀ ਪਰਦੇ ਦੇ ਰਿਵਾਜ਼ ਦਾ ਅੰਤ ਹੋਣਾ ਸ਼ੁਰੂ ਹੋ ਗਿਆ। ਪਿੰਡਾਂ ਵਿਚ ਪੁਰਾਤਨ ਜੀਵਨ ਦਾ ਇਹ ਦੀਵਾ ਹੋਰ ਪੰਝੀ ਕੁ ਵਰ੍ਹੇ ਬਲਦਾ ਰਿਹਾ। ਹੁਣ ਇਹ ਪਿੰਡਾਂ ਵਿਚ ਵੀ ਬੁਝ ਰਿਹਾ ਹੈ । ਫੁਲਕਾਰੀ ਦਾ ਅੰਤ ਹੋ ਚੁੱਕਾ ਹੈ । ਹਾਂ, ਨਵੀਨ ਸ਼ਹਿਰੀ ਜੀਵਨ ਤੋਂ ਦੂਰ ਕਿਸੇ ਦੂਰ ਦੁਰਾਡੇ ਪਿੰਡ ਵਿਚ ਜਿੱਥੇ ਅਜੇ ਵੀ ਪ੍ਰਾਚੀਨ ਪੱਟ ਦੇ ਲੱਛੇ ਮਿਲਦੇ ਹਨ ਅਤੇ ਪਰੰਪਰਾ ਦੀਆਂ ਜੜਾਂ ਡੂੰਘੀਆਂ ਹਨ ਉਥੇ ਕੋਈ ਵਿਰਲੀ ਇਸਤਰੀ ਆਪਣੀ ਧੀ ਲਈ ਫੁਲਕਾਰੀ ਕੱਢਦੀ ਦਿੱਸ ਪਏਗੀ। ਸਿਆਲ ਵਿਚ ਕੁਝ ਬਿਰਧ ਇਸਤਰੀਆਂ ਅਜੇ ਵੀ ਫੁਲਕਾਰੀ ਪਹਿਨਦੀਆਂ ਹਨ। ਕਈ ਪਰਵਾਰਾਂ ਦੇ ਪੁਰਾਣੇ ਸੰਦੂਕਾਂ ਅਤੇ ਪੇਟੀਆਂ ਵਿਚ ਬੜੀਆਂ ਵਧੀਆ ਚੋਣਵੀਆਂ ਫੁਲਕਾਰੀਆਂ ਅਤੇ ਬਾਗ ਸੰਭਾਲੇ ਪਏ ਹਨ । ਇਹ ਕੇਵਲ ਵਰ੍ਹੇ ਦੇ ਵਰ੍ਹੇ ਧੁੱਪ ਲੁਆਉਣ ਲਈ ਜਾਂ ਵਿਆਹ ਸ਼ਾਦੀ ਵੇਲੇ ਦੋਹਤੀ ਜਾਂ ਪੋਤੀ ਨੂੰ ਭੇਟ ਕਰਨ ਲਈ ਕੱਢੇ ਜਾਂਦੇ ਹਨ।
ਸਭ ਤੋਂ ਵਧੀਆ ਫੁਲਕਾਰੀਆਂ ਅਤੇ ਬਾਗ ਤਾਂ ਬੀਤੇ ਸਮੇਂ ਵਿਚ ਪਰਦੇਸੀਆ ਨੂੰ ਵੇਚ ਦਿੱਤੇ ਗਏ ਜਾਂ ਸੁਗਾਤ ਵਜੋਂ ਦੇ ਦਿੱਤੇ ਗਏ ਹਨ। ਉਹ ਅੱਜ ਬਰਤਾਨਵੀ ਅਤੇ ਅਮਰੀਕਨ ਘਰਾਂ ਵਿਚ ਪਲੰਘ-ਪੋਸ਼ ਤੇ ਪਿਆਨੋ-ਪੋਸ਼ ਦੇ ਰੂਪ ਵਿਚ ਜਾਂ ਕੰਧਾਂ ਦੀ ਸਜਾਵਟ ਲਈ ਵਰਤੇ ਜਾਂਦੇ ਹਨ । ਮੈਂ 1930 ਵਿਚ ਅਨਾਰਕਲੀ ਦੀ ਇਕ ਦੁਕਾਨ ਉਤੇ ਗਈ ਜਿੱਥੇ ਸਿਰਫ ਫੁਲਕਾਰੀਆਂ ਹੀ ਵਿਕਦੀਆਂ ਸਨ। ਦੁਕਾਨ ਦਾ ਮਾਲਕ ਬੜਾ ਹੁਸ਼ਿਆਰ ਆਦਮੀ ਸੀ। ਉਹ ਗਰੀਬ ਪੇਂਡੂ ਲੋਕਾਂ ਤੋਂ ਸਸਤੇ ਭਾਅ ਫੁਲਕਾਰੀਆਂ ਖਰੀਦ ਕੇ ਬੜੇ ਮਹਿੰਗੇ ਮੁੱਲ ਵੇਚਦਾ ਹੁੰਦਾ ਸੀ।
ਜੈਨੀ ਭਾਈਚਾਰੇ ਦੀ ਭਾਬੜਾ ਜਾਤ ਦੀਆਂ ਇਸਤਰੀਆਂ ਫੁਲਕਾਰੀ-ਕਲਾ ਵਿਚ ਨਿਪੁੰਨ ਸਨ। ਉਹ ਪਹਿਲਾਂ ਉਜਰਤ ਉਤੇ ਕੱਢਾਈ ਕਰ ਦੇਂਦੀਆ ਸਨ ਪਰ ਉਹ ਉਜਰਤ ਵਜੋਂ ਨਕਦੀ ਨਹੀਂ ਸਨ ਲੈਂਦੀਆ ਸਗੋਂ ਫੁਲਕਾਰੀ ਉਤੇ ਲੱਗੇ ਰੇਸ਼ਮ ਜਿੰਨਾ ਰੇਸ਼ਮ ਲੈਂਦੀਆ ਸਨ । ਇਹ ਬੜੀ ਹੈਰਾਨੀ ਦੀ ਗੱਲ ਹੈ, ਕਿਉਂ ਜੋ ਭਾਬੜੇ ਬੜੇ ਹੁਸ਼ਿਆਰ ਵਪਾਰੀ, ਪੇਸ਼ਾਵਰ ਸ਼ਾਹੂਕਾਰ ਅਤੇ ਵਣਜਾਰੇ ਹਨ। ਫਿਰ ਵੀ, ਉਹਨਾਂ ਦਾ ਕੰਮ ਸੁੰਦਰਤਾ ਅਤੇ ਦਿੱਖ ਵਿਚ ਇਕ ਮਾਂ ਦੀ ਕਢਾਈ ਨਾਲ ਟਾਕਰਾ ਨਹੀਂ ਸੀ ਖਾਂਦਾ । ਮਾਂ ਦੀਆਂ ਉਂਗਲਾਂ ਰੰਗਾਂ ਵਿਚ ਜਿਹੜੇ ਸੁਪਨੇ ਅਤੇ ਅਸੀਸਾਂ ਭਰ ਦੇਂਦੀਆ ਹਨ ਉਹ ਭਲਾ ਹੋਰ ਕੌਣ ਭਰ ਸਕਦਾ ਹੈ? ਭਾੜੇ ਅਤੇ ਕਾਹਲ ਵਿਚ ਕੱਢੀ ਫੁਲਕਾਰੀ ਸਹਿਜ ਅਤੇ ਪਿਆਰ ਦੀ ਉਪਜ ਦਾ ਟਾਕਰਾ ਕਿਵੇਂ ਕਰ ਸਕਦੀ ਹੈ? ਭਾੜੇ ਦੀ ਕਢਾਈ ਨੇ ਇਕ ਨੁਕਸ ਲੈ ਆਂਦਾ ਹੈ । ਪਰਦੇਸੀ ਪ੍ਰਭਾਵ ਹੇਠ ਕਸੀਦਾਕਾਰੀ ਵਿਚ ਮੋਰੀਆਂ ਅਤੇ ਡੰਡੀ-ਤ੍ਰੋਪੇ (ਸਟੈਂਮ-ਸਵਿਚ) ਦਾ ਰਿਵਾਜ ਪੈ ਗਿਆ ਹੈ।
ਸਸਤੇ ਸੂਤੀ, ਊਨੀ ਅਤੇ ਰੇਸ਼ਮੀ ਮਸ਼ੀਨੀ ਕੱਪੜੇ ਨੇ ਅਤੇ ਪਹਿਰਾਵੇ ਵਿਚ ਹੋਈਆਂ ਤੇਜ਼ ਤਬਦੀਲੀਆਂ ਨੇ ਫੁਲਕਾਰੀ ਨੂੰ ਜਿੰਦਗੀ ਵਿਚੋਂ ਅਲੋਪ ਕਰ ਦਿੱਤਾ ਹੈ। ਅੱਜ ਦੀ ਯੁਵਤੀ ਫੁਲਕਾਰੀ ਦੀ ਸੁਗਾਤ ਉਤੇ ਨੱਕ ਚਾੜ੍ਹਦੀ ਹੈ। ਉੱਨ, ਲਿਨਨ, ਚਿਕਨ, ਜਾਰਜਟ ਅਤੇ ਸੂਤੀ ਅਤੇ ਰੇਸ਼ਮੀ ਜਾਲੀ ਵਰਗੇ ਸਸਤੇ ਕੱਪੜੇ ਜਿਹੜੇ ਭਾਰ ਵਿਚ ਵੀ ਹੌਲੇ ਹਨ, ਪਹਿਨਣਾ ਵਧੇਰੇ ਪਸੰਦ ਕਰਦੀ ਹੈ। ਕੁੱਲੂ ਅਤੇ ਕਸ਼ਮੀਰ ਦੀਆਂ ਸ਼ਾਲਾ ਲਈ ਅੱਜ ਕੱਲ੍ਹ ਬੜੀ ਲਾਲਸਾ ਹੈ। ਇਹ ਦਸ ਰੁਪਏ ਤੋਂ ਲੈ ਕੇ ਸੱਤਰ ਜਾਂ ਏਦੂੰ ਬਹੁਤੇ ਮੁੱਲੋਂ ਮਿਲਦੀਆਂ ਹਨ ਜਦ ਕਿ ਇਕ ਚੰਗੀ ਫੁਲਕਾਰੀ ਦਾ ਪੰਜਾਹ ਤੋਂ ਲੈ ਕੇ ਢਾਈ ਸੋ ਤੱਕ ਅਤੇ ਕਈਆਂ ਦਾ ਏਦੂੰ ਵੀ ਵੱਧ ਮੁੱਲ ਪੈਂਦਾ ਹੈ।
ਵਿਆਹ ਵਿਚ ਮਿਲੀਆਂ ਫੁਲਕਾਰੀਆਂ ਦੀ ਅੱਜਕੱਲ੍ਹ ਇਹ ਕਦਰ ਪੈਂਦੀ ਹੈ ਕਿ ਇਨ੍ਹਾਂ ਵਿਚੋਂ ਸਾਧਾਰਣ ਫੁਲਕਾਰੀਆਂ ਤਾਂ ਨੌਕਰਾਣੀਆਂ ਅਤੇ ਗਰੀਬ ਇਸਤਰੀਆਂ ਨੂੰ ਦੇ ਦਿੱਤੀਆਂ ਜਾਂਦੀਆਂ ਹਨ, ਵਧੀਆ ਫੁਲਕਾਰੀਆਂ ਅਤੇ ਬਾਗਾਂ ਦੇ ਪਲੰਘ-ਪੋਸ਼ ਤੇ ਪਰਦੇ ਅਤੇ ਕਈਆਂ ਦੇ ਰਜਾਈਆਂ ਦੇ ਉਛਾੜ ਬਣਾ ਲਏ ਜਾਂਦੇ ਹਨ ਜਿਹੜੇ ਵਰ੍ਹੇ ਵਿਚ ਹੀ ਸਿਰ ਦਾ ਤੇਲ ਲਗ ਲਗ ਮੈਲੇ ਹੋ ਜਾਂਦੇ ਅਤੇ ਵਰਤੋਂ ਦੇ ਯੋਗ ਨਾ ਰਹਿਣ ਕਰਕੇ ਸੁੱਟ ਦਿੱਤੇ ਜਾਂਦੇ ਹਨ ।
ਇਹ ਬੜੀ ਦੁਖਦਾਈ ਤੇ ਸ਼ਰਮਨਾਕ ਗੱਲ ਹੈ, ਪਰ ਇਹ ਹਕੀਕਤ ਹੈ ਕਿ ਸਾਡੇ ਲੋਕਾਂ ਦੇ ਸੁਆਦ ਵਿਗੜ ਚੁੱਕੇ ਹਨ । ਉਨ੍ਹਾਂ ਅੰਦਰ ਕੋਮਲ ਕਲਾ ਲਈ ਨਾ ਕਦਰ ਰਹੀ ਹੈ ਨਾ ਇਸਨੂੰ ਮਾਣਨ ਦੀ ਸੂਝ । ਸਾਡੇ ਵਿਚਕਾਰ ਵਿਚਰਦੇ ਪਰਦੇਸੀ ਹੀ ਹਨ ਜਿਹੜੇ ਸਾਡੇ ਇਸ ਹੁਨਰੀ ਕਮਾਲ ਨੂੰ ਵੇਖ ਵੇਖ ਕੇ ਖੁਸ਼ ਅਤੇ ਹੈਰਾਨ ਹੁੰਦੇ ਅਤੇ ਇਸ ਦਾ ਮੁੱਲ ਪਾਉਂਦੇ ਹਨ। ਹੁਣੇ ਹੁਣੇ ਜਰਮਨ ਨੇ ਇਕ ਬਾਗ਼ ਹਜ਼ਾਰ ਰੁਪਏ ਵਿਚ ਖਰੀਦਿਆ ਹੈ ਅਤੇ ਬਹੁਤਾ ਚਿਰ ਨਹੀਂ ਹੋਇਆ ਇਕ ਅਮਰੀਕਨ ਨੇ ਇਕ ਵਰੀ ਦੇ ਬਾਗ਼ ਲਈ ਪੰਜ ਹਜ਼ਾਰ ਰੁਪਏ ਪੇਸ਼ ਕੀਤੇ ਹਨ।
ਸਾਡੀਆਂ ਬਹੁਤੀਆਂ ਇਸਤਰੀਆਂ ਧਾਰਮਕ ਵਿਚਾਰਾਂ ਦੀਆਂ ਹਨ। ਜਦੋਂ ਕਦੇ ਕੋਈ ਪ੍ਰਸਿੱਧ ਧਾਰਮਕ ਆਗੂ, ਸੰਤ ਜਾਂ ਪ੍ਰਚਾਰਕ ਪਿੰਡ ਜਾਂ ਨਗਰ ਵਿਚ ਆਉਂਦਾ ਹੈ ਤਾਂ ਸਾਰਾ ਪਿੰਡ ਹੁੰਮ-ਹੁਮਾ ਕੇ ਉਸ ਦੇ ਦਰਸ਼ਨਾ ਨੂੰ ਜਾਂਦਾ ਹੈ । ਇਸਤਰੀਆਂ ਆਪਣੀਆਂ ਫੁਲਕਾਰੀਆਂ ਅਤੇ ਬਾਗ ਲਿਆ ਕੇ ਧਰਮ-ਪ੍ਰਚਾਰ ਦੇ ਸਥਾਨ ਦੀਆਂ ਕੱਚੀਆਂ, ਮੈਲੀਆਂ ਕੰਧਾਂ ਨੂੰ ਪੂਰੀ ਤਰ੍ਹਾਂ ਢਕ ਕੇ ਸ਼ਿੰਗਾਰ ਦੇਂਦੀਆਂ ਹਨ। ਰੱਬ ਦੇ ਪਿਆਰੇ ਨੂੰ ਸੁਣਨ ਦੇ ਸੁਭਾਗ ਲਈ ਉਹ ਆਪਣੀਆਂ ਪੁਸ਼ਤੀ-ਸੰਭਾਲੀਆਂ ਵਡਮੁੱਲੀਆਂ ਫੁਲਕਾਰੀਆਂ ਖੁਸ਼ੀ ਖੁਸ਼ੀ ਦੇ ਦੇਂਦੀਆਂ ਹਨ। ਕਈ ਵਾਰ ਇਹ ਵਿਆਹ ਦੀ ਵੇਦੀ ਦੁਆਲੇ ਪਰਦੇ ਵਜੋਂ ਵੀ ਲਟਕਾਈਆਂ ਜਾਂਦੀਆਂ ਹਨ। ਪਰ ਇਹ ਸਜਾਵਟ ਦਾ ਨਵੀਨ ਢੰਗ ਹੈ ਅਤੇ ਫੁਲਕਾਰੀਆਂ ਮੈਖਾਂ ਅਤੇ ਬੇਪਰਵਾਹ ਵਰਤੋਂ ਨਾਲ ਅਕਸਰ ਪਾਟ ਜਾਂਦੀਆਂ ਹਨ।
ਬਹੁਤੇ ਗਰੀਬ ਕਿਸਾਨ, ਚਾਰੇ ਜਾਂ ਦਾਣਿਆਂ ਦੀ ਪੰਡ ਬੰਨ੍ਹਣ ਲਈ ਕੱਪੜਾ ਨਾ ਹੋਣ ਕਰਕੇ ਅਕਸਰ ਪੁਰਾਣੇ ਸਾਲੂ ਜਾਂ ਪਾਟੀ ਪੁਰਾਣੀ ਫੁਲਕਾਰੀ ਨਾਲ ਕੰਮ ਸਾਰ ਲੈਂਦੇ ਹਨ। ਕਈ ਭਾਰੀਆਂ ਫੁਲਕਾਰੀਆਂ ਖੱਦਰ ਜਾਂ ਸਣ ਦੀ ਕੌਰ ਲਾ ਕੇ ਬਲਦਾਂ ਦੇ ਝੁੱਲ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ। ਸਿਆਲਾਂ ਵਿਚ ਖ਼ਾਸ ਦਿਨੀਂ, ਮਾਲ ਮੰਡੀ ਜਾਂ ਕਦੀ ਕਦਾਈਂ ਕਿਸੇ ਮੇਲੇ ਤੇ ਲਿਜਾਣ ਵੇਲੇ ਬਲਦਾਂ ਨੂੰ ਇਨ੍ਹਾਂ ਝੁੱਲਾਂ ਨਾਲ ਸ਼ਿੰਗਾਰਿਆ ਜਾਂਦਾ ਹੈ।
ਹਿੰਦੁਸਤਾਨ ਦੀਆਂ ਮੰਡੀਆਂ ਵਿਚ ਮਾਨਚੈਸਟਰ ਅਤੇ ਜਪਾਨ ਦੇ ਕੱਪੜੇ ਦੀ ਭਰਮਾਰ ਨੇ ਘਰ-ਕੱਤੇ ਅਤੇ ਘਰ-ਛਾਪੇ ਖੱਡੀ ਦੇ ਕੱਪੜੇ ਅਤੇ ਕਢਾਈ ਕਲਾ ਦਾ ਅੰਤ ਕਰ ਦਿੱਤਾ ਹੈ । ਜਦੋਂ ਮਸ਼ੀਨੀ ਕੱਪੜਾ ਸਿਰਫ ਸਸਤਾ ਹੀ ਨਹੀਂ ਸਗੋਂ ਹਲਕਾ ਅਤੇ ਸੁਰੰਗਾ ਵੀ ਹੈ ਤਾਂ ਫੁਲਕਾਰੀ ਅਤੇ ਹੱਥ-ਕੱਤਿਆ ਖੱਦਰ ਕਿਵੇਂ ਜਿਊਂਦੇ ਰਹਿ ਸਕਦੇ ਹਨ ? ਏਨਾ ਸਮਾਂ ਅਤੇ ਮਿਹਨਤ ਮੰਗਦੀ ਫੁਲਕਾਰੀ ਸਸਤੇ ਮਸ਼ੀਨੀ ਕੱਪੜੇ ਦਾ ਮੁਕਾਬਲਾ ਕਿਵੇਂ ਕਰ ਸਕਦੀ ਹੈ ?
ਦੇਸ–ਵੰਡ ਦਾ ਫੁਲਕਾਰੀ ਉੱਤੇ ਅਸਰ
ਦੇਸ ਦੀ ਵੰਡ ਨੇ ਬੜੀਆਂ ਵੱਡੀਆਂ ਤਬਦੀਲੀਆਂ ਲਿਆਂਦੀਆ ਹਨ ਪਰ ਇਸ ਗੱਲ ਦਾ ਕਦੇ ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਸਮਿਆਂ ਦੀ ਧੁੰਦ ਵਿਚ ਗੁਆਚੀ ਫੁਲਕਾਰੀ-ਕਲਾ ਨਵੇਂ ਰੂਪ ਵਿਚ ਮੁੜ ਸੁਰਜੀਤ ਹੋਵੇਗੀ ਅਤੇ ਦੇਸ਼-ਵੰਡ ਦੇ ਸੱਤ ਵਰ੍ਹੇ ਪਿੱਛੋਂ ਕੁੱਲ-ਹਿੰਦ ਸ਼ਿਲਪ ਬੋਰਡ ਦੀ ਕਮੇਟੀ ਭਾਰਤ ਦੀ ਰਾਜਧਾਨੀ, ਦਿੱਲੀ ਵਿਚ ਫੁਲਕਾਰੀ-ਪ੍ਰਦਰਸ਼ਨੀ ਦਾ ਪ੍ਰਬੰਧ ਕਰੇਗੀ ।
ਹਜ਼ਾਰਾਂ ਹੀ ਵਿਦਵਾਨ ਅਤੇ ਬਿਰਧ ਵਿਧਵਾਵਾਂ ਅਤੇ ਅਨਾਥ ਇਸਤਰੀਆਂ ਦੀ ਮੁੜ-ਬਹਾਲੀ ਦਾ ਸਵਾਲ ਹੈ। ਉਨ੍ਹਾਂ ਦੇ ਦਿਲਾਂ ਉੱਤੇ ਲੱਗੇ ਪਿਤਾ, ਭਰਾ ਜਾਂ ਪਤੀ ਦੇ ਸਦੀਵੀ ਵਿਛੋੜੇ ਅਤੇ ਘਰੋਗੀ ਜੀਵਨ ਦੀ ਖੁਸ਼ੀ ਖੁੱਸ ਜਾਣ ਦੇ ਡੂੰਘੇ ਜ਼ਖ਼ਮਾਂ ਨੂੰ ਛੇਤੀ ਭਰਨ ਦਾ ਸਵਾਲ ਸੀ । ਇਸ ਦਾ ਇਕੋ ਇਕ ਹੱਲ ਇਹ ਸੀ ਕਿ ਉਨ੍ਹਾਂ ਨੂੰ ਰੁਝੇਵਾਂ ਦਿੱਤਾ ਜਾਵੇ, ਉਨ੍ਹਾਂ ਨੂੰ ਕੰਮਾਂ ਤੇ ਦਸਤਕਾਰੀਆਂ ਵਿਚ ਲਾਇਆ ਜਾਵੇ ਜਿਨ੍ਹਾਂ ਤੋਂ ਉਹ ਵਾਕਫ ਹੋਣ ਅਤੇ ਗੁਜ਼ਾਰੇ ਦੇ ਨਾਲ ਨਾਲ ਉਨ੍ਹਾਂ ਦੇ ਅੰਦਰ ਕੰਮ ਲਈ ਦਿਲਚਸਪੀ ਵੀ ਜਗਾਈ- ਜਾਵੇ ।
ਸੁਭਾਂਗ ਨਾਲ ਕੁੱਝ ਉੱਚੇ ਸਰਕਾਰੀ ਅਫਸਰਾਂ ਦੀਆਂ ਪਤਨੀਆਂ ਅਤੇ ਦੂਜੀਆਂ ਲੋਕ-ਸੇਵਕ ਇਸਤਰੀਆਂ ਨੇ ਇਨ੍ਹਾਂ ਅਨਾਥ ਰਿਵੀਊਜੀ ਇਸਤਰੀਆਂ ਦੀ ਭਲਾਈ ਦਾ ਕੰਮ ਆਪਣੇ ਹੱਥ ਲਿਆ ਅਤੇ ਕਈ ਸਥਾਨਾਂ ਉੱਤੇ ਕੈਂਪ ਅਤੇ ਕੰਮ-ਕੇਂਦਰ ਖੋਲ੍ਹੇ ਤੇ ਬੜੀ ਯੋਗਤਾ ਅਤੇ ਸੁਚੱਜਤਾ ਨਾਲ ਚਲਾਏ । ਇਨ੍ਹਾਂ ਕੈਂਪਾਂ ਅਤੇ ਕੇਂਦਰਾਂ ਵਿਚ ਪਹਿਲੀ ਵਾਰ ਨਵੀਨ ਘਰਾਂ ਦੇ ਸ਼ਿੰਗਾਰ ਲਈ ਫੁਲਕਾਰੀਆਂ ਕੱਢੀਆਂ ਜਾਣ ਲੱਗੀਆਂ। ਲੇਡੀ ਐਡਵਿਨਾ ਮਾਊਂਟਬੇਟਨ, ਉਸ ਵੇਲੇ ਦੇ ਵਾਇਸਰਾਏ ਦੀ ਪਤਨੀ, ਨੇ ਇਸ ਕੰਮ ਵਿਚ ਖ਼ਾਸ ਦਿਲਚਸਪੀ ਵਿਖਾਈ ਅਤੇ ਸੈਂਟਰਾਂ ਨੂੰ ਚਲਾਉਣ ਵਾਲੀਆਂ ਪ੍ਰਬੰਧਕ ਇਸਤਰੀਆਂ ਦੀ ਅਗਵਾਈ ਕੀਤੀ ।
ਇਨ੍ਹਾਂ ਸੈਂਟਰਾਂ ਨੂੰ ਕੰਮ ਦੇਣ ਅਤੇ ਇੱਥੇ ਬਣੇ ਹੋਏ ਮਾਲ ਲਈ ਮੰਗ ਪੈਦਾ ਕਰਨ ਦਾ ਸਵਾਲ ਕੋਈ ਬਾਲ-ਖੇਡ ਨਹੀਂ ਸੀ। ਇਸ ਕੰਮ ਲਈ ਡੂੰਘੇ ਵਿਚਾਰ, ਮੌਲਿਕ ਸੂਝ ਅਤੇ ਦੂਰ-ਅੰਦੇਸ਼ੀ ਦੀ ਲੋੜ ਸੀ। ਸੋ ਰਿਫਿਊਜੀ ਦਸਤੌਂਕਾਰੀਆਂ ਦਾ ਵਿਕਰੀ-ਘਰ ਖੋਲ੍ਹਿਆ ਗਿਆ ਜਿੱਥੇ ਵਾਲੰਟੀਅਰ ਇਸਤਰੀਆਂ ਸੇਵਾ ਕਰਦੀਆਂ ਸਨ । ਹੁਣ ਇਹ ਸੈਂਟਰਲ ਕਾਟੇਜ ਇੰਡਸਟਰੀਜ਼ ਐਮਪੋਰੀਅਮ ਦੇ ਅਧੀਨ ਦੇਸੀ ਅਤੇ ਖ਼ਾਸ ਕਰਕੇ ਪਰਦੇਸੀ ਲੋਕਾਂ ਅਤੇ ਯਾਤਰੀਆਂ ਲਈ ਪ੍ਰਸਿੱਧ ਵਿਕਰੀ-ਕੇਂਦਰ ਦੇ ਰੂਪ ਵਿਚ ਚਲ ਰਿਹਾ ਹੈ। ਸੈਂਟਰਲ ਕਾਟੇਜ ਇੰਡਸਟਰੀਜ਼ ਐਮਪੋਰੀਅਮ ਨੂੰ ਦੇਸ਼ ਭਰ ਵਿਚੋਂ ਹੀ ਨਹੀਂ ਸਗੋਂ ਪਰਦੇਸਾਂ ਵਿਚੋਂ ਵੀ ਕੱਢਾਈ ਦੀਆਂ ਸੁੰਦਰ ਅਤੇ ਕਲਾ ਪੂਰਿਤ ਚੀਜ਼ਾਂ ਅਤੇ ਦੂਜੀਆਂ ਹੱਥ-ਬਣੀਆਂ ਚੀਜ਼ਾਂ ਦੀ ਮੰਗ ਆਉਂਦੀ ਹੈ । ਇਸ ਤਰ੍ਹਾਂ ਇਹ ਡਾਲਰ- ਖੱਟੀ ਦਾ ਵੀ ਇਕ ਵਸੀਲਾ ਬਣ ਗਿਆ ਹੈ।
ਬੱਚਿਆਂ ਦੇ ਵੇਲ-ਬੂਟਿਆਂ ਦੀ ਕਢਾਈ ਵਾਲੇ ਕੱਪੜਿਆਂ ਦੀ ਮੰਗ ਵੀ ਵੱਧ ਰਹੀ ਹੈ । ਇਹ ਗੱਲ ਸਾਨੂੰ ਮੱਧ-ਯੂਰਪੀ ਦੇਸ਼ਾ ਦੇ ਲਿਬਾਸ ਦਾ ਚੇਤਾ ਕਰਾਉਂਦੀ ਹੈ । ਮਿਸ਼ਿਜ ਕਿੱਟੀ ਸ਼ਿਵਾ ਰਾਉ ਦੀ ਪ੍ਰਤਿੱਭਾ ਸਦਕਾ ਹੁਣਫੁਲਕਾਰੀ ਦਾ ਕੱਢਾਈ-ਢੰਗ ਅਨੇਕ ਸ਼ਕਲਾਂ ਅਤੇ ਰੰਗਾਂ ਵਿਚ ਵਰਤਿਆ ਜਾਣ ਲੱਗ ਪਿਆ ਹੈ ।
ਕੱਢਾਈ ਦਾ ਇਹ ਕੰਮ ਅੱਜਕੱਲ੍ਹ ਕੋ-ਔਪ੍ਰੇਟਿਵ ਆਧਾਰ ਉੱਤੇ ਹੋ ਰਿਹਾ ਹੈ ਅਤੇ ਅਨੇਕ ਇਸਤਰੀਆਂ ਇਸ ਰਾਹੀਂ ਆਪਣੀ ਰੋਜ਼ੀ ਕਮਾ ਰਹੀਆਂ ਹਨ ।