ਪੰਜਾਬ ਦਾ ਇਤਿਹਾਸ
ਸੰਨ 1947 ਵਿਚ ਹਿੰਦੁਸਤਾਨ ਦੀ ਵੰਡ ਨਾਲ ਪੰਜਾਬ ਦੇ ਵੀ ਦੋ ਟੁਕੜੇ ਹੋ ਗਏ : ਲਹਿੰਦਾ ਪੰਜਾਬ (ਪਾਕਿਸਤਾਨ) ਅਤੇ ਚੜ੍ਹਦਾ ਪੰਜਾਬ (ਹਿੰਦੁਸਤਾਨ) ਪਰ ਪ੍ਰਾਚੀਨ ਸਮਿਆਂ ਤੋਂ ਹੀ ਚੂੰਕਿ ਪੰਜਾਬ ਸਿੰਧ ਤੋਂ ਲੈ ਕੇ ਜਮਨਾ ਤੱਕ ਗਿਣਿਆ ਜਾਂਦਾ ਰਿਹਾ ਹੈ ਇਸ ਲਈ ਹੇਠਾਂ ਦਿੱਤਾ ਜਾ ਰਿਹਾ ਇਸ ਦੇਸ਼ ਦਾ ਇਤਿਹਾਸ ਸੰਨ 1947 ਤੱਕ ਸਮੁੱਚੇ ਪੰਜਾਬ ਦਾ ਹੈ।
ਆਰੀਆ ਲੋਕ –
ਪੰਜਾਬ ਦੇ ਜਿਸ ਇਤਿਹਾਸ ਦਾ ਹੁਣ ਤੱਕ ਪਤਾ ਲੱਗਾ ਹੈ ਉਹ ਆਰੀਆ ਲੋਕਾਂ ਦੇ ਸਮੇਂ ਤੋਂ ਅਰੰਭ ਹੁੰਦਾ ਹੈ। ਇਹ ਲੋਕ ਕਦੋਂ, ਕਿਵੇਂ ਤੇ ਕਿੱਥੋਂ ਆ ਕੇ ਇੱਥੇ ਵਸੇ, ਇਹ ਗੱਲ ਨਿਸਚੇ ਤੌਰ ਤੇ ਹਾਲੇ ਤੱਕ ਨਹੀਂ ਕਹੀ ਜਾ ਸਕਦੀ। ਆਮ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਰੂਸ ਦੇ ਦੱਖਣੋਂ ਮੱਧ-ਏਸ਼ੀਆ ਤੋਂ ਆ ਕੇ ਇੱਥੇ ਵਸੇ ਸਨ । ਕੁਝ ਹਿੰਦੁਸਤਾਨੀ ਵਿਚਾਰਵਾਨ ਕਹਿੰਦੇ ਹਨ ਕਿ ਇਹ ਅਰੰਭ ਤੋਂ ਹੀ ਉੱਤਰੀ ਹਿੰਦ (ਪੰਜਾਬ) ਦੇ ਵਾਸੀ ਸਨ ਅਤੇ ਇੱਥੋਂ ਲਹਿੰਦੇ ਵੱਲ ਗਏ ਸਨ। ਹਾਂ, ਇਕ ਗੱਲ ਨਿਸਚੇ ਹੈ ਕਿ ਆਰੀਆਂ ਦੀ ਸਭ ਤੋਂ ਪੁਰਾਣੀ ਪੁਸਤਕ, ਜੋ ਸੰਸਾਰ ਦੀ ਭੀ ਸਭ ਤੋਂ ਪੁਰਾਣੀ ਪੁਸਤਕ ਮੰਨੀ ਜਾਂਦੀ ਹੈ, ਰਿਗਵੇਦ ਪੰਜਾਬ ਵਿਚ ਰਚੀ ਗਈ ਸੀ। ਜਿਨ੍ਹਾਂ ਲੋਕਾਂ ਨਾਲ ਸ਼ੁਰੂ ਸ਼ੁਰੂ ਵਿਚ ਇਨ੍ਹਾਂ ਦੇ ਯੁਧ ਅਤੇ ਟਾਕਰੇ ਹੁੰਦੇ ਰਹੇ ਅਤੇ ਜਿਨ੍ਹਾਂ ਨੂੰ ਆਰੀਆਂ ਤੋਂ ਭੀ ਪਹਿਲਾਂ ਦੇ ਪੰਜਾਬੀ ਕਿਹਾ ਜਾ ਸਕਦਾ ਹੈ ਅਤੇ ਜਿਨ੍ਹਾਂ ਦਾ ਆਰੀਆ ਗ੍ਰੰਥਾਂ ਵਿਚ ਦਸਿਯੂ ਜਾਂ ਦਾਸ ਨਾਉਂ ਨਾਲ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਦੀ ਸੱਭਿਅਤਾ ਆਰੀਆਂ ਸੱਭਿਅਤਾ ਤੋਂ ਕੋਈ ਘੱਟ ਨਹੀਂ ਸੀ। ਆਰੀਆਂ ਵਲੋਂ ਉਨ੍ਹਾਂ ਦੇ ਤਬਾਹ ਕੀਤੇ ਗਏ ਪੁਰਾਂ ਅਤੇ ਨਗਰਾਂ ਦੇ ਵਰਣਨ ਤੋਂ ਇਹ ਗੱਲ ਸਪਸ਼ਟ ਸਿੱਧ ਹੁੰਦੀ ਹੈ । ਹੜੱਪੇ ਅਤੇ ਰੋਪੜ ਦੀ ਖੁਦਾਈ ਤੋਂ ਜੋ ਨਤੀਜੇ ਕੱਢੇ ਜਾ ਰਹੇ ਹਨ ਉਹ ਭੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ ।
ਪ੍ਰਾਚੀਨ ਆਰੀਆਂ ਦੇ ਦੋ ਵਿਸ਼ੇਸ਼ ਵੱਡੇ ਘਰਾਣੇ ਹੋਏ ਹਨ : ਸੂਰਜਬੰਸੀ ਅਤੇ ਚੰਦਰਬੰਸੀ । ਸੂਰਜਬੰਸੀਆਂ ਵਿਚੋਂ ਇਕਸ਼ਵਾਕੂ ਬੜਾ ਪ੍ਰਸਿੱਧ ਹੋਇਆ ਹੈ ਜਿਸ ਦੀ ਔਲਾਦ ਵਿੱਚੋਂ ਅਜੁੱਧਿਆ ਦੇ ਰਾਜਾ ਦਸਰਥ ਦੇ ਸਪੁੱਤਰ ਸ੍ਰੀ ਰਾਮ ਚੰਦਰ ਇਤਿਹਾਸ-ਪ੍ਰਸਿੱਧ ਮਹਾਪੁਰਖ ਹੋਏ ਹਨ। ਪਰ ਰਾਮਾਇਣ ਦੀ ਕਥਾ ਦਾ ਪੰਜਾਬ ਨਾਲ ਸਿੱਧਾ ਕੋਈ ਸਬੰਧ ਨਾ ਹੋਣ ਕਰਕੇ ਇਸ ਸਬੰਧੀ ਬਹੁਤਾ ਕੁਝ ਇੱਥੇ ਨਹੀਂ ਕਿਹਾ ਜਾ ਰਿਹਾ। ਸ੍ਰੀ ਰਾਮ ਚੰਦਰ ਦੇ ਬਨਵਾਸ ਕੱਟ ਕੇ ਅਜੁੱਧਿਆ ਮੁੜ ਆਉਣ ਪਿੱਛੋਂ ਛੋਟੇ ਭਾਈ ਭਰਤ ਨੂੰ ਉਸ ਦਾ ਨਾਨਕਾ ਕੈਂਕੋਇ ਦੇਸ ਦਾ ਰਾਜ ਪ੍ਰਾਪਤ ਹੋਇਆ ਜੋ ਜਿਹਲਮ ਅਤੇ ਝਨਾਂ ਨਦੀਆਂ ਦੇ ਵਿਚਕਾਰ ਸੀ । ਉੱਤਰੀ ਸਿੰਧ (ਡੇਰਾਜਾਤ) ਵੀ ਉਸ ਵਿਚ ਸ਼ਾਮਲ ਸੀ। ਭਰਤ ਦੇ ਦੋ ਪੁੱਤਰ ਸਨ : ਤਕਸ਼ ਅਤੇ ਪੁਸ਼ਕਰ । ਇਨ੍ਹਾਂ ਨੇ ਗੰਧਰਵਾਂ ਤੋਂ ਗਾਂਧਾਰ (ਸਿੰਧ ਸਾਗਰ ਦੁਆਬ – ਰਾਵਲਪਿੰਡੀ ਅਤੇ ਪਿਸ਼ਾਵਰ ਦੇ ਜ਼ਿਲ੍ਹੇ) ਜਿੱਤ ਤੇ ਤਕਸ਼ਿਲਾ (ਟੈਕਸਿਲਾ) ਤੇ ਪੁਸ਼ਕਰਾਵਤੀ (ਕਾਬੁਲ ਅਤੇ ਸਵਾਤ ਦਰਿਆਵਾਂ ਦੇ ਸੰਗਮ ਉੱਤੇ ਚਾਰ-ਸੱਦਾ) ਦੀ ਨੀਂਹ ਰੱਖੀ। ਤਕਸ਼ਿਲਾ ਪੂਰਬੀ ਗਾਂਧਾਰ ਵਿਚ ਸੀ ਅਤੇ ਪੁਸ਼ਕਰਾਵਤੀ ਪੱਛਮੀ ਗਾਂਧਾਰ ਵਿਚ ।
ਮਹਾਭਾਰਤ ਯੁੱਧ –
ਚੰਦਰਬੰਸੀਆਂ (ਪੌਰਵਾਂ) ਦਾ ਇਕ ਇਤਿਹਾਸ-ਪ੍ਰਸਿੱਧ ਵਡਿੱਕਾ ਦੁਸ਼ਿਅੰਤ ਹੋਇਆ ਹੈ ਜਿਸ ਦਾ ਰਿਖੀ ਵਿਸ਼ਵਾਮਿੱਤ੍ਰ ਦੀ ਪੁੱਤਰੀ ਸ਼ਕੁੰਤਲਾ ਨਾਲ ਵਿਆਹ ਹੋਇਆ ਸੀ। ਇਸ ਦੀ ਕੁੱਖੋਂ ਹਿੰਦੁਸਤਾਨ ਦੇ ਮਹਾਨ ਪਰਤਾਪੀ ਰਾਜਾ ਭਰਤ ਨੇ ਜਨਮ ਲਿਆ। ਭਰਤ ਦਾ ਰਾਜ (2350- 2300 ਈ. ਪੂ.) ਸਰਸ੍ਵਤੀ ਤੋਂ ਲੈ ਕੇ ਗੰਗਾ ਤੱਕ ਸੀ ਅਤੇ ਇਹ ਚਕਰਵਰਤੀ ਰਾਜਾ ਪ੍ਰਸਿੱਧ ਹੋਇਆ। ਭਰਤ ਦੇ ਨਾਉਂ ਉੱਤੇ ਹਿੰਦੁਸਤਾਨ ਦਾ ਨਾਉਂ ਭਾਰਤ ਪਿਆ ਦੱਸੀਦਾ ਹੈ। ਇਸ ਦੀ ਛੇਵੀਂ ਪੀੜ੍ਹੀ ਤੇ ਹਸਤੀ ਹੋਇਆ ਜਿਸ ਨੇ ਆਪਣੇ ਨਾਉਂ ਪਰ ਹਸਤਨਾਪੁਰ ਵਸਾ ਕੇ ਉਸ ਨੂੰ ਆਪਣੀ ਰਾਜਧਾਨੀ ਬਣਾਇਆ । ਇਸ ਘਰਾਣੇ ਵਿਚ ਇਕ ਰਾਜਾ ਸੰਵਰਣ ਹੋਇਆ ਜਿਸ ਨੂੰ ਉੱਤਰੀ ਪੰਚਾਲ ਦੇ ਰਾਜਾ ਸੁਦਾਸ ਨੇ ਹਸਤਨਾਪੁਰ ਤੋਂ ਕੱਢ ਦਿੱਤਾ ਅਤੇ ਪੰਜਾਬ ਉੱਤੇ ਚੜ੍ਹਾਈ ਕਰ ਕੇ ਰਾਵੀ (ਪਰੁਸ਼ਨੀ) ਦੇ ਕੰਢੇ ਦਸ ਰਾਜਿਆਂ ਨੂੰ ਹਾਰ ਦਿੱਤੀ। ਪਰ ਸੁਦਾਸ ਦੀ ਮੌਤ ਪਿੱਛੋਂ ਸੰਵਰਣ ਨੇ ਹਸਤਨਾਪੁਰ ਫੇਰ ਆ ਸੰਭਾਲਿਆ। ਇਸ ਦਾ ਪੁੱਤਰ ਕੁਰੂ ਹੋਇਆ ਜਿਸ ਦੀ ਔਲਾਦ ਕੌਰਵ ਕਹਾਈ ਅਤੇ ਜਿਸ ਦੇ ਨਾਉਂ ਸਰਸ੍ਵਤੀ ਦਾ ਇਲਾਕਾ ਕੁਰਖੇਤਰ (ਕੁਰੂ + ਖੇਤਰ) ਪ੍ਰਸਿੱਧ ਹੋਇਆ।
ਹਸਤਨਾਪੁਰ ਦੇ ਕੌਰਵ ਖ਼ਾਨਦਾਨ ਵਿਚ ਦੋ ਭਾਈ ਧ੍ਰਿਤਰਾਸ਼ਟਰ ਅਤੇ ਪਾਂਡੂ ਹੋਏ ਹਨ। ਧਿਰਤਰਾਸ਼ਟਰ ਦਾ ਪੁੱਤਰ ਦੁਰਯੋਧਨ ਰਾਜ ਕਰਦਾ ਸੀ। ਪਾਂਡੂ ਦੇ ਪੰਜ ਪੁੱਤਰ (ਪਾਂਡਵ) ਸਨ ਜਿਨ੍ਹਾਂ ਵਿੱਚੋਂ ਯੁਧਿਸ਼ਟਰ ਸਾਰਿਆਂ ਤੋਂ ਵੱਡਾ ਸੀ। ਇਨ੍ਹਾਂ ਨੇ ਪੰਚਾਲ ਦੇਸ ਦੇ ਰਾਜਾ ਦਰੁਪਦ ਦੀ ਸਪੁੱਤਰੀ ਦਰੋਪਦੀ ਨਾਲ ਸੁਅੰਬਰ ਰਾਹੀਂ ਵਿਆਹ ਕਰ ਲਿਆ ਅਤੇ ਕੌਰਵਾਂ ਪਾਸੋਂ ਖ਼ਾਨਦਾਨੀ ਰਾਜ ਵਿੱਚੋਂ ਹਿੱਸਾ ਮੰਗਿਆ ਪਰ ਦੁਰਯੋਧਨ ਨੇ ਇਕ ਸੂਈ ਦੇ ਨੱਕੇ ਜਿੰਨੀ ਥਾਂ ਭੀ ਦੇਣੋਂ ਨਾਂਹ ਕਰ ਦਿੱਤੀ। ਉਨ੍ਹੀਂ ਦਿਨੀਂ ਆਰੀਆ ਲੋਕਾਂ ਵਿਚ ਜੂਏ ਦੀ ਬੜੀ ਲੱਤ ਸੀ । ਦੁਰਯੋਧਨ ਨੇ ਚਲਾਕੀ ਨਾਲ ਯੁਧਿਸ਼ਟਰ ਨੂੰ ਜੂਏ ਤੇ ਸੱਦ ਕੇ ਉਸ ਦਾ ਰਾਜ-ਭਾਗ ਜਿੱਤ ਲਿਆ ਅਤੇ ਪਾਂਡਵਾਂ ਨੂੰ ਬਨਵਾਸ ਦੇ ਦਿੱਤਾ । ਤੇਰ੍ਹਾਂ ਵਰ੍ਹੇ ਬਨਵਾਸ ਕੱਟ ਕੇ ਮੁੜਨ ਪਰ ਭੀ ਦੁਰਯੋਧਨ ਨੇ ਉਨ੍ਹਾਂ ਨੂੰ ਕੁਝ ਦੇਣਾ ਪਰਵਾਨ ਨਾ ਕੀਤਾ। ਅੰਤ ਕੁਰਖੇਤਰ ਦੇ ਮੈਦਾਨ ਵਿਚ ਲੜਾਈ ਛਿੜ ਪਈ ਜਿਸ ਵਿਚ ਹਿੰਦੁਸਤਾਨ ਭਰ ਦੇ ਸਭ ਉੱਘੇ ਰਾਜੇ ਤੇ ਸੂਰਮੇਂ ਸ਼ਾਮਲ ਹੋਏ ਅਤੇ ਅਠਾਰਾਂ ਦਿਨਾਂ ਘਮਸਾਨ ਯੁੱਧ ਪਿੱਛੋਂ ਪਾਂਡਵਾਂ ਦੀ ਜਿੱਤ ਹੋਈ। ਇਤਿਹਾਸਕਾਰਾਂ ਨੇ ਇਸ ਮਹਾਨ ਯੁੱਧ ਦੀ ਤਾਰੀਖ਼ ਈਸਾ ਤੋਂ 1400 ਸਾਲ ਪਹਿਲਾਂ ਨਿਯਤ ਕੀਤੀ ਹੈ।
ਆਰੀਆ ਲੋਕਾਂ ਦਾ ਸਾਹਿਤ –
ਆਰੀਆ ਲੋਕ ਨਿਰੇ ਪੂਰੇ ਯੋਧੇ ਹੀ ਨਹੀਂ ਸਨ, ਉਨ੍ਹਾਂ ਵਿਚ ਕਈ ਉੱਚ ਪਾਏ ਦੇ ਵਿਦਵਾਨ ਵੀ ਸਨ ਜਿਨ੍ਹਾਂ ਨੇ ਆਪਣੇ ਵਿਚਾਰ ਬੜੀ ਸੁੰਦਰ ਬੋਲੀ ਵਿਚ ਪਰਗਟ ਕੀਤੇ ਹੋਏ ਹਨ। ਇਨ੍ਹਾਂ ਦਾ ਸਭ ਤੋਂ ਪਹਿਲਾ ਵਿਦਵਾਨ ਰਿਖੀ ਵਿਸ਼ਵਾਮਿਤ੍ਰ ਹੋਇਆ ਹੈ ਜੋ ਇਕਸ਼ਵਾਕੂ ਤੋਂ 29ਵੀਂ ਪੀੜ੍ਹੀ ਦੇ ਵੇਲੇ ਸੀ। ਇਸ ਤੋਂ ਚਾਲ੍ਹੀ ਪੀੜੀਆਂ ਬਾਅਦ ਤਕ ਰਿਖੀਆਂ ਦੀ ਪਰੰਪਰਾ ਚਲਦੀ ਰਹੀ ਮੰਨੀ ਜਾਂਦੀ ਹੈ। ਜੋ ਗਿਆਨ ਇਨ੍ਹਾਂ ਪ੍ਰਾਚੀਨ ਰਿਖੀਆਂ ਨੇ ਕਵਿਤਾ ਵਿਚ ਉਚਾਰਣ ਕੀਤਾ ਉਹ ਪਹਿਲੋਂ ਪਹਿਲ ਮੂੰਹ ਜ਼ਬਾਨੀ ਯਾਦ ਸੀ । ਪਰ ਜਦ ਮਹਾਭਾਰਤ ਯੁੱਧ ਤੋਂ ਕੋਈ ਦੋ ਕੁ ਸੌ ਸਾਲ ਪਹਿਲਾਂ ਲਿਖਣ ਦੀ ਪਰੰਪਰਾ ਸਥਾਪਤ ਹੋਈ ਤਾਂ ਇਹ ਗਿਆਨ ਲਿਖਤ ਵਿਚ ਆ ਗਿਆ ਅਤੇ ਵੇਦ ਦੇ ਨਾਉਂ ਨਾਲ ਪ੍ਰਸਿੱਧ ਹੋਇਆ ।
ਸਭ ਤੋਂ ਪਹਿਲੀ ਅਤੇ ਮੂਲ ਪੁਸਤਕ ਰਿਗਵੇਦ ਹੈ। ਇਸ ਵਿਚ 1017 ਸੂਕਤ ਯਾ ਕਵਿਤਾਵਾਂ ਹਨ ਜੋ ਬਹੁਤੀਆਂ ਦੇਵਤਿਆਂ ਦੀ ਉਸਤਤ ਵਿਚ ਜਾਂ ਉਨ੍ਹਾਂ ਦੀ ਸੇਵਾ ਵਿਚ ਪ੍ਰਾਰਥਨਾਂ ਵਜੋਂ ਹਨ। ਇਹ 10 ਮੰਡਲਾਂ ਵਿਚ ਵੰਡੀਆਂ ਹੋਈਆਂ ਹਨ। ਰਿਗਵੇਦ ਦੇ ਮੰਤਰ ਦੇਸ ਦੀ ਉਸ ਪੁਰਾਣੀ ਬੋਲੀ ਵਿਚ ਹਨ ਜੋ ਉਸ ਵੇਲੇ ਏਥੇ ਬੋਲੀ ਜਾਂਦੀ ਸੀ ਅਤੇ ਇਹ ਆਰੀਆ ਲੋਕਾਂ ਦੀ ਸੱਭਿਅਤਾ ਦੇ ਲਖਾਇਕ ਹਨ। ਦੂਸਰਾ ਸਾਮਵੇਦ ਹੈ ਜਿਸ ਵਿਚ ਗੀਤਾਂ ਦਾ ਸੰਗ੍ਰਹਿ ਹੈ। ਤੀਸਰੇ ਯਜੁਰਵੇਦ ਵਿਚ ਯੱਗਾਂ ਦੀ ਰੀਤ ਅਤੇ ਉਨ੍ਹਾਂ ਦੇ ਮੰਤਰ ਦਿੱਤੇ ਹੋਏ ਹਨ। ਦੂਸਰੇ ਅਤੇ ਤੀਸਰੇ ਵੇਦ ਵਿਚ ਚੋਖੇ ਮੰਤਰ ਐਸੇ ਹਨ ਜੋ ਰਿਗਵੇਦ ਵਿਚ ਆ ਚੁੱਕੇ ਹੋਏ ਹਨ। ਇਨ੍ਹਾਂ ਤਿੰਨਾਂ ਵੇਦਾਂ ਨੂੰ ‘ਤਰੈਂਈ’ ਕਿਹਾ ਜਾਂਦਾ ਹੈ । ਚੌਥਾ ਅਥਰਵਵੇਦ ਆਮ ਜਨਤਾ ਲਈ ਫੁਟਕਲ ਮੰਤਰਾਂ ਤੀ ਪ੍ਰਾਰਥਨਾ-ਪੁਸਤਕ ਹੈ।
ਵੈਦਿਕ ਸੂਤਰਾਂ ਨੂੰ ਵਿਸਥਾਰ ਸਹਿਤ ਸਮਝਣ ਸਮਝਾਉਣ ਲਈ ਬ੍ਰਾਹਮਣ ਗ੍ਰੰਥ ਰਚੇ ਗਏ ਅਤੇ ਫੇਰ ਪਿੱਛੋਂ ਉਪਨਿਸ਼ਦ ਲਿਖੇ ਗਏ ਜੋ ਆਤਮਕ ਗਿਆਨ ਦੇ ਭੰਡਾਰ ਹਨ। ਆਰੀਆ ਲੋਕਾਂ ਦੀ ਉੱਨਤੀ ਧਾਰਮਕ ਸਾਹਿੱਤ ਤੱਕ ਹੀ ਸੀਮਤ ਨਹੀਂ ਸੀ ਬਲਕਿ ਹਰ ਲੋੜੀਂਦੇ ਇਲਮ ਵੱਲ ਧਿਆਨ ਦਿੱਤਾ ਜਾਂਦਾ ਸੀ । ਧਨੁਰਵੇਦ (ਜੰਗ ਦੀ ਵਿੱਦੀਆਂ) ਗਾਂਧਰਵਵੇਦ (ਰਾਗ ਵਿੱਦਿਆ), ਅਥਰਵਵੇਦ (ਵਪਾਰ ਅਤੇ ਕਾਰੀਗਰੀ), ਆਯੁਰਵੇਦ (ਦਵਾ ਦਾਰੂ), ਛੰਦ (ਕਵਿਤਾ) ਵਿਆਕਰਣ, ਨਿਰੁਕਤ, ਜੋਤਿਸ਼ ਆਦਿ ਸਬੰਧੀ ਗ੍ਰੰਥ ਵੀ ਰਚੇ ਗਏ । ਮੰਨੂ ਦਾ ਧਰਮ ਸ਼ਾਸਤਰ, ਜਿਸ ਵਿਚ ਸਮਾਜ ਦੀ ਬਣਤਰ ਦਾ ਵਰਣਨ ਹੈ ਅਤੇ ਪਾਣਿਨੀ ਦਾ ਵਿਆਕਰਣ ਇਸ ਸਮੇਂ ਦੇ ਸਾਹਿਤ ਦੇ ਨਮੂਨੇ ਹਨ।
ਮਹਾਜਨਪਦ –
ਮਹਾਭਾਰਤ ਦੇ ਯੁੱਧ ਤੋਂ ਬਾਅਦ ਹਿੰਦੁਸਤਾਨ ਵਿਚ ਚੋਖੀ ਰਾਜਸੀ ਅਦਲਾ-ਬਦਲੀ ਹੋ ਗਈ। ਪਹਿਲੇ ਜੋ ਬਹੁਤ ਸਾਰੇ ਰਾਜਿਆਂ ਦੇ ਰਾਜ ਸਨ ਹੁਣ ਲੋਕ-ਰਾਜ (ਜਨ ਪਦ) ਬਣ ਗਏ ਜੋ ਸਮਾਂ ਪਾ ਕੇ ਬਾਅਦ ਵਿਚ ਮਹਾਜਨ-ਪਦ ਹੋ ਗਏ। ਪੰਜਾਬ ਦੇ ਦੇ ਜਨ ਪਦ ਬੜੇ ਪ੍ਰਸਿੱਧ ਹੋਏ ਹਨ, ਇਕ ਕੁਰੂ ਜਨ ਪਦ (ਕੁਰਖੇਤਰ ਜਾਂ ਸਰਸਵਤੀ ਦਾ ਇਲਾਕਾ) ਜਿੱਥੇ ਕੁਰੂ ਲੋਕ ਵੱਸਦੇ ਸਨ ਅਤੇ ਦੂਸਰਾ ਮਦਰ ਜਨ ਪਦ (ਰਾਵੀ ਤੇ ਝਨਾਂ ਦਾ ਇਲਾਕਾ) ਜਿੱਥੇ ਮਦਰ ਲੋਕ ਵਸਦੇ ਸਨ । ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ (ਜ਼ਿਲ੍ਹਾ ਹੁਸ਼ਿਆਰਪੁਰ) ਨੂੰ ਭੀ ਮਦਰ ਦੇਸ ਵਿਚ ਹੀ ਦੱਸਿਆ ਹੈ । ਜਲੰਧਰ ਦੁਆਬ ਨੂੰ ਤ੍ਰਿ-ਗਰਤ ਆਖਦੇ ਸਨ । ਚੰਬਾ, ਸੁਕੇਤ ਅਤੇ ਮੰਡੀ ਦੇ ਇਲਾਕੇ ਭੀ ਇਸੇ ਵਿਚ ਸ਼ਾਮਲ ਸਨ । ਲਹਿੰਦੇ ਵਲੋਂ ਗਾਂਧਾਰ ਦੇਸ਼ ਸੀ ਜਿਸ ਦੀ ਰਾਜਧਾਨੀ ਤਕਸ਼ਿਲਾ ਉਨ੍ਹਾਂ ਸਮਿਆਂ ਵਿਚ ਉੱਚ ਵਿੱਦਿਆ ਦਾ ਇਕ ਜਗਤ-ਪ੍ਰਸਿੱਧ ਕੇਂਦਰ ਸੀ। ਕਸ਼ਮੀਰ ਵੀ ਗਾਂਧਾਰ ਦੇ ਅਧੀਨ ਹੀ ਹੁੰਦਾ ਸੀ।
ਸਿਕੰਦਰ ਦਾ ਹੱਲਾ –
ਈਸਾ ਤੋਂ ਪਹਿਲਾਂ 326 ਸੰਨ ਵਿਚ ਯੂਨਾਨੀ ਵਿਜਈ ਸਿਕੰਦਰ ਨੇ ਈਰਾਨ ਨੂੰ ਜਿੱਤ ਕੇ ਹਿੰਦੁਸਤਾਨ ਤੇ ਆ ਧਾਵਾ ਬੋਲਿਆ। ਉਨ੍ਹੀਂ ਦਿਨੀਂ ਸਿੰਧ ਦਰਿਆ ਈਰਾਨ ਦੀ ਚੜ੍ਹਦੀ ਹੱਦ ਸੀ। ਤਕਸ਼ਿਲਾ ਦੇ ਰਾਜਾ ਆਂਭੀ ਦੇ ਸਿਕੰਦਰ ਦੀ ਈਨ ਮੰਨ ਲੈਣ ਕਰਕੇ ਉਹ ਸੋਖੇ ਹੀ ਸਿੰਧੋਂ ਪਾਰ ਹੋ ਆਇਆ ਅਤੇ ਰਾਜਾ ਪੁਰੂ (ਪੋਰਸ) ਦੇ ਕੈਕੇਇ ਦੇਸ ਉੱਤੇ ਹੱਲਾ ਬੋਲ ਦਿੱਤਾ । ਪੁਰੂ ਸੂਰਮਿਆਂ ਵਾਂਙੂ ਡਟ ਕੇ ਲੜਿਆ ਪਰ ਸਿਕੰਦਰ ਦੇ ਘੋੜ-ਚੜ੍ਹਿਆਂ ਅੱਗੇ ਉਸ ਦੀ ਕੋਈ ਪੇਸ਼ ਨਾ ਗਈ ਅਤੇ ਹਾਰ ਖਾ ਗਿਆ। ਸਿਕੰਦਰ ਹੁਣ ਚੜ੍ਹਦੇ ਵੱਲ ਅੱਗੇ ਨੂੰ ਵਧਿਆ। ਪੈਰ ਪੈਰ ਤੇ ਪੰਜਾਬੀਆਂ ਨੇ ਉਸ ਦਾ ਟਾਕਰਾ ਕੀਤਾ ਅਤੇ ਰਾਵੀ ਲੰਘ ਕੇ ਕਠ ਲੋਕਾਂ ਨਾਲ ਜੋ ਯੁੱਧ ਮਚਿਆ ਉਸ ਨਾਲ ਯੂਨਾਨੀ ਘਬਰਾ ਉੱਠੇ ਅਤੇ ਸਿਕੰਦਰ ਪੁਰੂ ਦੀ ਸਹਾਇਤਾ ਨਾਲ ਹੀ ਜਿੱਤ ਪ੍ਰਾਪਤ ਕਰ ਸਕਿਆ। ਹੁਣ ਜਦ ਉਹ ਬਿਆਸ ਦੇ ਕੰਢੇ (ਜ਼ਿਲ੍ਹਾ ਹੁਸ਼ਿਆਰਪੁਰ ਦੀ ਹੱਦ) ਉੱਤੇ ਪੁੱਜਾ ਤਾਂ ਸਿਕੰਦਰ ਦੀ ਫ਼ੌਜ ਨੇ ਅੱਗੇ ਵਧਣੋਂ ਨਾਂਹ ਕਰ ਦਿੱਤੀ । ਨਿੱਤ ਦੇ ਟਾਕਰਿਆਂ ਨੇ ਯੂਨਾਨੀਆਂ ਦਾ ਦਮ ਤੇ ਹੌਸਲਾ ਤੋੜ ਦਿੱਤਾ । ਹਾਲੇ ਅੱਧਾ ਪੰਜਾਬ ਅੱਗੇ ਹੋ ਪਿਆ ਸੀ। ਸਿਕੰਦਰ ਨੇ ਯੂਨਾਨੀਆਂ ਨੂੰ ਬੜੇ ਹੌਂਸਲੇ ਅਤੇ ਦਿਲਾਸੇ ਦਿੱਤੇ ਪਰ ਉਨ੍ਹਾਂ ਇਕ ਨਾ ਮੰਨੀ । ਅੰਤ ਸਿਕੰਦਰ ਇੱਥੋਂ ਪਿੱਛੇ ਨੂੰ ਮੁੜ ਪੈਣ ਲਈ ਮਜਬੂਰ ਹੋ ਗਿਆ। ਰਾਵੀ ਅਤੇ ਝਨਾਂ ਦੇ ਸੰਗਮ ਦੇ ਲਾਗੇ ਓਦੋਂ ਮਲੋਈ ਲੋਕ ਵਸਦੇ ਸਨ। ਮੁਲਤਾਨ ਤੋਂ ਉੱਤਰ-ਚੜ੍ਹਦੇ ਨੂੰ 40 ਕੁ ਮੀਲ ਦੀ ਵਿਥ ਤੇ ਉਨ੍ਹਾਂ ਨਾਲ ਟਾਕਰੇ ਵਿਚ ਸਿਕੰਦਰ ਜ਼ਖ਼ਮੀ ਅਤੇ ਬੇਹੋਸ਼ ਹੋ ਗਿਆ। ਸਿੰਧ ਦਰਿਆਉਂ ਪਾਰ ਹੋ ਕੇ ਸਿੰਕਦਰ ਯੂਨਾਨ ਨੂੰ ਮੁੜ ਪਿਆ ਪਰ ਰਸਤੇ ਵਿਚ ਬਾਬੁਲ ਦੇ ਅਸਥਾਨ ਤੇ ਸੰਨ 323 ਈ. ਪੂ. ਵਿਚ ਉਸ ਦਾ ਦੇਹਾਂਤ ਹੋ ਗਿਆ ।
ਚੰਦਰ ਗੁਪਤ ਮੌਰੀਆ –
ਸਿਕੰਦਰ ਪੰਜਾਬ ਵਿਚ ਆਪਣਾ ਰਾਜ ਪੱਕਾ ਨਾ ਕਰ ਸਕਿਆ। ਉਸ ਦੇ ਮੂੰਹ ਮੋੜਦੇ ਸਾਰ ਹੀ ਹੱਲਾ-ਗੁੱਲਾ ਮਚ ਗਿਆ ਅਤੇ ਉਸ ਦੀ ਮੌਤ ਤੋਂ ਛੇਤੀ ਹੀ ਪਿੱਛੋਂ ਚੰਦਰ ਗੁਪਤ ਮੋਰੀਆ (324-300 ਈ. ਪੂ.) ਨੇ ਪੰਜਾਬ ਵਿੱਚੋਂ ਯੂਨਾਨੀਆਂ ਦੀ ਬਹੁਤ ਹੱਦ ਤੱਕ ਸਫ ਹੀ ਵਲ੍ਹੇਟ ਛੱਡੀ । ਈਸਾ ਤੋਂ ਪਹਿਲਾਂ ਸੰਨ 305 ਵਿਚ ਜਦ ਸੀਰੀਆ ਦੇ ਬਾਦਸ਼ਾਹ ਸਿਨੁਕਸ ਨਿਕਾਤੋਰ ਨੇ ਹਿੰਦ ਉੱਤੇ ਹੱਲਾ ਕੀਤਾ ਤਾਂ ਉਸ ਨੂੰ ਲੈਣੇ ਦੇ ਦੇਣੇ ਪੈ ਗਏ ਅਤੇ ਇਸ ਨੇ ਸਿੰਧ ਤੋਂ ਚੜ੍ਹਦੇ ਪਾਰ ਦਾ ਇਲਾਕਾ ਅਤੇ ਆਪਣੀ ਧੀ ਦਾ ਡੋਲਾ ਦੇ ਕੇ ਪਿੱਛਾ ਛੁਡਾਇਆ ।
ਬਾਖ਼ਤਰੀ ਯੂਨਾਨੀ – ਚੰਦਰ ਗੁਪਤ ਦੇ ਪੁੱਤਰ ਬਿੰਦੂਸਾਰ (300-273 ਈ. ਪੂ.) ਦੇ ਪੋਤੇ ਅਸ਼ੋਕ ਦੇ ਜ਼ਮਾਨੇ (273-236 ਈ. ਪੂ.) ਵਿਚ ਰਾਜ-ਧਰਮ ਬੁੱਧ ਧਰਮ ਬਣ ਗਿਆ। ਅਸ਼ੋਕ ਇਕ ਮਹਾਨ ਪ੍ਰਤਾਪੀ ਰਾਜਾ ਹੋਇਆ ਹੈ ਪਰ ਇਸ ਦੇ ਪਿਛਲਿਆਂ ਦੇ ਹੱਥੋਂ ਛੇਤੀ ਹੀ ਰਾਜ ਖੁੱਸ ਗਿਆ ਅਤੇ ਬਾਖ਼ਤਰੀਆ ਦੇ ਯੂਨਾਨੀਆਂ ਜ਼ੋਰ ਪੈ ਗਿਆ ਅਤੇ ਉਨ੍ਹਾਂ ਨੇ ਪੰਜਾਬ ਵਿਚ ਤਿੰਨ ਛੋਟੇ ਛੋਟੇ ਰਾਜ ਕਾਇਮ ਕਰ ਲਏ । ਇਕ ਪੁਸ਼ਕਰਾਵਤੀ (ਚਾਰਸੱਦਾ-ਪਿਸ਼ਾਵਰ ਤੋਂ ਉੱਤਰ-ਚੜ੍ਹਦੇ ਨੂੰ 17 ਮੀਲ, ਸਵਾਤ ਦੇ ਕੰਢੇ) ਦੂਸਰਾ ਤਕਸ਼ਿਲਾ ਅਤੇ ਤੀਸਰਾ ਸ਼ਾਕਲ । ਸ਼ਾਕਲ ਦਾ ਮਨਿੰਦਰ (155-130 ਈ. ਪੂ.) ਨਾਮੀ ਇਕ ਯੂਨਾਨੀ ਰਾਜਾ ਬੜਾ ਪ੍ਰਭਾਵਸ਼ਾਲੀ ਹੋਇਆ ਹੈ। ਇਸ ਨੇ ਬੁੱਧ ਧਰਮ ਧਾਰਨ ਕਰ ਲਿਆ ਸੀ ਤੇ ਇਸ ਦੇ ਪ੍ਰਚਾਰ ਲਈ ਬੜਾ ਯਤਨ ਕੀਤਾ।
ਗਣ–ਰਾਜ –
ਯੂਨਾਨੀ ਰਾਜਿਆਂ ਦੇ ਸਮੇਂ ਪੂਰਬੀ ਪੰਜਾਬ ਵਿਚ ਗਣ-ਰਾਜ ਸਥਾਪਿਤ ਹੋਏ । ਸਤਲੁਜ ਦੇ ਦੱਖਣ ਨੂੰ ਰੋਹਤਕ ਦੇ ਇਲਾਕੇ ਤੱਕ ਯੋਧੇਇ ਲੋਕਾਂ ਦਾ ਇਕ ਬੜਾ ਜ਼ੋਰ ਵਾਲਾ ਗਣ ਸੀ । ਇਸ ਬੰਸ ਦੇ ਲੋਕ ਹੁਣ ਭੀ ਹਰਿਆਣੇ ਅਤੇ ਭਟਿਆਣੇ ਵਿਚ ਵਸਦੇ ਹਨ ਅਤੇ ਜੋਹੀਏ ਕਰਕੇ ਪ੍ਰਸਿੱਧ ਹਨ। ਕੁਨਿੰਦ੍ਰ ਨਾਉਂ ਦਾ ਗਣ-ਰਾਜ ਬਿਆਸਾ ਤੋਂ ਜਮਨਾ ਤਕ ਸ਼ਿਵਾਲਕ ਦੀ ਕੰਢੀ ਵਿਚ ਸੀ। ਮਲੋਈ ਜਾਤਿ ਦੇ ਲੋਕਾਂ ਦਾ ਗਣ ਇਨ੍ਹੀਂ ਯੂਨਾਨੀਆਂ ਦੇ ਦਬਾਉ ਕਰਕੇ ਮੁਲਤਾਨ ਤੋਂ ਉਠ ਕੇ ਪੰਜਾਬ ਨੂੰ ਛੱਡ ਗਿਆ ਅਤੇ ਚੰਬਲ ਨਦੀ ਦੇ ਕੰਢੇ ਜਾ ਵਸਿਆ।
ਸ਼ਕ ਲੋਕਾਂ ਦਾ ਪੰਜਾਬ ਆਉਣਾ –
ਜਦ ਸ਼ਕ ਲੋਕਾਂ ਦੇ ਸੀਸਤਾਨ (ਸ਼ਕਸਥਾਨ) ਵਿਚ ਬਹੁਤੀ ਦੇਰ ਪੈਰ ਜੰਮੇ ਨਾ ਰਹਿ ਸਕੇ ਤਾਂ ਉਹ ਦੱਖਣ-ਚੜ੍ਹਦੇ ਵੱਲ ਨੂੰ ਨਿਕਲ ਤੁਰੇ ਅਤੇ ਸਿੰਧ ਵਿਚ ਆ ਬੈਠੇ । ਇਹ ਗੱਲ ਈਸਾ ਤੋਂ ਪਹਿਲਾਂ 120-125 ਸਾਲ ਦੀ ਹੈ। ਇਨ੍ਹਾਂ ਕਰਕੇ ਹੀ ਸਿੰਧ ਦਾ ਨਾਉਂ ਸ਼ਕ-ਦੀਪ ਪੈ ਗਿਆ। ਸ਼ਕਾਂ ਨੇ ਇੱਥੋਂ ਬਾਹਰ ਧਾਵੇ ਕਰਨੇ ਆਰੰਭ ਦਿੱਤੇ ਅਤੇ ਪਹਿਲਾ ਹੱਲਾ ਸੁਰਾਸ਼ਟਰ (ਕਾਠੀਆਵਾੜ) ਅਤੇ ਉਜੈਨ ਉੱਤੇ (ਸੰਨ 100 ਈ. ਪੂ.) ਕੀਤਾ । ਉਜੈਨ ਤੋਂ ਪੁਸ਼ਕਰ ਹੁੰਦੇ ਹੋਏ ਸ਼ਕ ਵਿਜਈ ਮਥੁਰਾ ਪੁੱਜ ਗਏ। ਇਸੇ ਸਮੇਂ ਇਨ੍ਹਾਂ ਦਾ ਇਕ ਦਲ ਸਿੰਧੋਂ ਗਾਂਧਾਰ (ਪਿਸ਼ਾਵਰ) ਵੱਲ ਚੜ੍ਹ ਆਇਆ ਅਤੇ ਸਵਾਤ ਦੀ ਦੂਨ ਤਕ (95 ਈ. ਪੂ. ਦੇ ਲਗਭਗ) ਪੁੱਜ ਗਿਆ। ਸ਼ਕਾਂ ਦੇ ਇਸ ਹੜ੍ਹ ਨਾਲ ਪੰਜਾਬ ਦੇ ਬਾਖ਼ਤਰੀ ਯੂਨਾਨੀਆਂ ਦੇ ਰਾਜਾਂ ਦੀ ਸਫਾਈ ਹੋ ਗਈ। ਪਰ ਸ਼ਕਾਂ ਦਾ ਰਾਜਸੀ ਜ਼ੋਰ ਵੀ ਦੇਸ ਵਿਚ ਬਹੁਤ ਦੇਰ ਨਾ ਟਿਕ ਸਕਿਆ। ਇਕ ਪਾਸੇ ਮਾਲਵ-ਗਣ ਅਤੇ ਗੌਤਮੀ ਪੁੱਤਰ ਸ਼ਾਤ-ਕਰਣਿ (ਸਾਤਵਾਹਨ) ਨੇ ਰਲ ਕੇ ਸ਼ਕਾਂ ਨੂੰ ਉਜੈਨ ਵਿਚ ਹਰਾ ਕੇ (ਸੰਨ 58 ਈ. ਪੂ.) ਉਜਾੜ ਦਿੱਤਾ ਤੇ ਆਪਣੀ ਜਿੱਤ ਦੀ ਖੁਸ਼ੀ ਵਿਚ ਸੰਮਤ ਚਲਾਇਆ ਜੋ ਪਿੱਛੋਂ ਜਾ ਕੇ ਬਿਕਰਮ ਸੰਮਤ ਦੇ ਨਾਉਂ ਨਾਲ ਪ੍ਰਸਿੱਧ ਹੋ ਗਿਆ। ਦੂਸਰੇ ਪਾਸੇ ਪਾਰਥ (ਪਾਰਥੀਅਨ, ਪਲ੍ਹਵ) ਲੋਕਾਂ ਨੇ ਸੀਸਤਾਨ ਤੋਂ ਹਿਰਾਤ ਅਤੇ ਕਾਬੁਲ ਹੁੰਦੇ ਹੋਏ ਗਾਂਧਾਰ (ਪਿਸ਼ਾਵਰ) ਅਤੇ ਸਿੰਧ ਵੀ ਸ਼ਕਾਂ ਕੋਲੋਂ ਖੋਹ ਲਿਆ (ਲਗਭਗ 45 ਈ. ਪੂ.), ਜਿਸ ਨਾਲ ਸ਼ਾਕਲ ਤੋਂ ਬਿਨਾਂ ਉਨ੍ਹਾਂ ਦਾ ਰਾਜ ਕਿਤੇ ਵੀ ਨਾ ਰਹਿ ਗਿਆ।
ਕੁਸ਼ਾਨ ਜਾਂ ਯੂਇ–ਚੀ –
ਇਸ ਵੇਲੇ ਜਦ ਕਿ ਪਲ੍ਹਵ (ਪਾਰਥੀਅਨ) ਲੋਕ ਕਾਬੁਲ ਉੱਤੇ ਅਧਿਕਾਰ ਜਮਾਉਣ ਦੇ ਆਹਰ ਵਿਚ ਲੱਗੇ ਹੋਏ ਸਨ, ਕੁਸ਼ਾਨ ਲੋਕ ਗਾਂਧਾਰ ਵੱਲ ਆ ਨਿਕਲੇ ਅਤੇ ਜਦ ਪਾਰਥੀ (ਪਲ੍ਹਵ) ਜ਼ਰਾ ਕੁ ਕਮਜ਼ੋਰ ਹੁੰਦੇ ਦਿਸੇ ਤਾਂ ਕੁਸ਼ਾਨਾਂ ਨੇ ਗਾਂਧਾਰ ਅਤੇ ਉਸ ਦੇ ਲਹਿੰਦੇ ਕਪਿਸ਼ ਅਤੇ ਅਫਗਾਨਿਸਤਾਨ ਉੱਤੇ ਕਬਜ਼ਾ ਕਰ ਲਿਆ। ਕੁਸ਼ਾਨ ਕਪਿਸ਼ ਦੇ ਪੁੱਤਰ ਵਿਮ-ਕਪਿਸ਼ (30-ਈ.) ਨੇ ਸਾਰੇ ਪੰਜਾਬ, ਸਿੰਧ ਅਤੇ ਮਥਰਾ ਦੇ ਇਲਾਕੇ ਤੱਕ ਆਪਣਾ ਰਾਜ ਵਧਾ ਲਿਆ। ਪੰਜਾਬ ਵਿਚ ਇਹ ਸਿਰੀ ਕਪਿਸ਼ ‘ਸਿਰਕੱਪ’ ਕਰਕੇ ਪ੍ਰਸਿੱਧ ਹੈ।
ਕੁਸਾਨਾਂ ਵਿਚੋਂ ਕਨਿਸ਼ਕ (120-150 ਈ.) ਬੜਾ ਵੱਡਾ ਸਮਰਾਟ ਹੋਇਆ ਹੈ। ਇਸ ਦੀ ਰਾਜਧਾਨੀ ਪਿਸ਼ਾਵਰ ਸੀ ਜਿਸ ਦੇ ਆਲੇ ਦੁਆਲੇ ਇਸ ਸਮੇਂ ਹੋਈ ਬੁੱਧਾਂ ਦੀ ਪ੍ਰਭੁਤਾ ਦੀਆਂ ਨਿਸ਼ਾਨੀਆਂ ਹੁਣ ਤਕ ਮਿਲਦੀਆਂ ਹਨ।
ਸੁਤੰਤਰ ਗਣ (ਲੋਕ) ਰਾਜ –
ਕੁਸ਼ਾਨ ਰਾਜ ਪਿਸ਼ਾਵਰ ਵਿਚ ਤਾਂ ਭਾਵੇਂ ਸੰਨ 465 ਈ. ਤੱਕ ਚਲਦਾ ਰਿਹਾ ਜਦ ਕਿ ਗੋਰੇ ਹੂਣਾਂ ਨੇ ਇਸ ਨੂੰ ਬਿਲਕੁਲ ਮਿਟਾ ਕੇ ਰੱਖ ਦਿੱਤਾ ਪਰ ਪੰਜਾਬ ਵਿਚ ਪਹਿਲੇ ਵਾਸੁਦੇਵ (ਸੰਨ 145-176 ਈ.) ਦੇ ਮਗਰੋਂ ਛੇਤੀ ਹੀ ਹਾਲਤ ਪਤਲੀ ਪੈਣੀ ਸ਼ੁਰੂ ਹੋ ਗਈ ਸੀ ਅਤੇ ਮਦਰ, ਕੁਇੰਦ, ਕੁਲੁਤ ਅਤੇ ਯੌਧੇਇ ਖ਼ਾਨਦਾਨਾਂ ਨੇ ਸਿਰ ਚੁੱਕ ਲਏ ਅਤੇ ਆਪਣੇ ਆਪਣੇ ਇਲਾਕਿਆਂ ਵਿਚ ਸੁਤੰਤਰ ਰਾਜ ਖੜੇ ਕਰ ਲਏ । ਮੰਦਰਾਂ ਦਾ ਇਲਾਕਾ ਸਿਆਲਕੋਟ ਦੇ ਆਲੇ ਦੁਆਲੇ ਸੀ, ਕੁਨਿੰਦਾਂ ਦਾ ਸ਼ਿਵਾਲਕ ਪਹਾੜ ਦੀ ਕੰਢੀ ਵਿਚ ਜਮਨਾ ਅਤੇ ਸਤਲੁਜ ਦੇ ਵਿਚਕਾਰ ਅਤੇ ਸਤਲੁਜ ਤੇ ਬਿਆਸਾ ਦੇ ਉੱਪਰਲੇ ਵਹਿਣਾਂ ਪਾਸ (ਕਾਂਗੜੇ ਵੱਲ), ਕੁਲੁਤਾਂ ਦਾ ਕੁਲੂ ਦੇ ਪਹਾੜਾਂ ਵਿਚ ਅਤੇ ਯੋਧਿਆਂ ਦਾ ਸਤਲੁਜ ਦੇ ਦੱਖਣ ਨੂੰ ਹਰਿਆਣੇ ਤੱਕ ਸੀ। ਇਸ ਸਮੇਂ ਦੇ ਯੋਧਿਆਂ ਨੇ ਆਪਣੇ ਜਾਰੀ .ਕੀਤੇ ਸਿੱਕਿਆਂ ਉੱਤੇ ਯੁੱਧ ਦੇ ਦੇਵਤਾ ਕਾਰਤਕੇਇ ਦੀ ਮੂਰਤੀ ਬਣਾਈ। ਇਨ੍ਹਾਂ ਦੀ ਨਵੀਂ ਰਾਜਧਾਨੀ ਸਤਲੁਜ ਦੇ ਕੰਢੇ ਸੁਨੇਤਰ ਵਿਚ ਸੀ ਜਿਸ ਦੀ ਉਜੜੀ ਬਸਤੀ ਦੇ ਖੰਡਰ ਸੁਨੇਤ ਨਾਉਂ ਨਾਲ ਸ਼ਹਿਰ ਲੁਧਿਆਣੇ ਦੇ ਲਾਗੇ ਹੁਣ ਤੱਕ ਵੇਖੇ ਜਾ ਸਕਦੇ ਹਨ। ਮਲੂਮ ਹੁੰਦਾ ਹੈ ਕਿ ਕੁਝ ਸਮਾਂ ਪਾ ਕੇ ਕੁਨਿੰਦ-ਗਣ (ਰਾਜ) ਯੌਧੇਆਂ ਨਾਲ ਰਲ ਗਿਆ ਸੀ ਕਿਉਂਕਿ ਯੋਧੇਆਂ ਦੇ ਲੇਖ ਹੁਸਿਆਰਪੁਰ ਤੋਂ ਲੈ ਕੇ ਬਹਾਵਲਪੁਰ ਅਤੇ ਸਹਾਰਨਪੁਰ ਤੋਂ ਭਰਤਪੁਰ ਤੱਕ ਲਭਦੇ ਰਹੇ ਹਨ । ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਕੁਸ਼ਾਨ ਰਾਜ ਨੂੰ ਪੰਜਾਬ ਵਿੱਚੋਂ ਖ਼ਤਮ ਕਰਨ ਦਾ ਸਿਹਰਾ ਯੋਧਿਆਂ ਦੇ ਸਿਰ ਹੈ ਪਰ ਇਹ ਗੱਲ ਕੇਵਲ ਅੱਧ-ਪਚੱਧੀ ਹੀ ਠੀਕ ਕਹੀ ਜਾ ਸਕਦੀ ਹੈ।
ਗੁਪਤ ਰਾਜੇ –
ਗੁਪਤ ਖ਼ਾਨਦਾਨ ਦਾ ਆਰੰਭ ਚੜ੍ਹਦੇ ਪੰਜਾਬ ਵਿਚ ਹੋਇਆ ਪ੍ਰਤੀਤ ਹੁੰਦਾ ਹੈ। ਪਹਿਲੇ ਮਹਾਰਾਜਾ ਸ਼੍ਰੀ ਗੁਪਤ ਦੇ ਰਾਜ ਵਿਚ ਬੰਗਾਲ ਦਾ ਕੁਝ ਹਿੱਸਾ ਸ਼ਾਮਲ ਸੀ । ਸ਼੍ਰੀ ਗੁਪਤ ਦੇ ਪੁੱਤਰ ਘਟੋਤਕਚ ਗੁਪਤ ਸਬੰਧੀ ਵੇਰਵੇ ਸਹਿਤ ਕੁਝ ਪਤਾ ਨਹੀਂ ਚਲਦਾ। ਇਸ ਦਾ ਪੁੱਤਰ ਚੰਦਰ ਗੁਪਤ ਪਹਿਲਾ ਸੀ ਜਿਸ ਦਾ ਪੁੱਤਰ ਸਮੁਦਰ ਗੁਪਤ ਪਹਿਲਾ ਸਮਰਾਟ ਹੋਇਆ ਹੈ। ਇਸ ਨੇ ਚੜ੍ਹਦੇ ਪਾਸਿਉਂ ਮੱਲਾਂ ਮਾਰਦੇ ਗੰਗਾ ਜਮਨਾ ਦੇ ਦੁਆਬੇ ਵਿਚ ਆਪਣਾ ਰਾਜ ਆ ਜਮਾਇਆ। ਇਸ ਦਾ ਰਾਜ ਸੰਨ 320 ਤੋਂ ਅਰੰਭ ਹੋ ਕੇ ਸੰਨ 375 ਤੱਕ ਰਿਹਾ।
ਕਿਦਾਰ ਕੁਸ਼ਾਨ –
ਇਸ ਵੇਲੇ ਛੋਟੇ ਰਿਖਿਆਂ (ਕੁਸ਼ਾਨਾਂ) ਦੇ ਇਕ ਆਗੂ ਕਿਦਾਰ ਨੇ ਸੰਨ 340 ਈ. ਵਿਚ ਪਿਸ਼ਾਵਰ (ਗਾਂਧਾਰ) ਵਿਚ ਆਪਣਾ ਰਾਜ ਖੜਾ ਕਰ ਲਿਆ ਅਤੇ ਕਸ਼ਮੀਰ ਅਤੇ ਅੱਧੇ ਲਹਿੰਦੇ ਪੰਜਾਬ ਤੇ ਵੀ ਕਬਜ਼ਾ ਜਮਾ ਲਿਆ। ਪਹਿਲੋਂ ਪਹਿਲ ਇਹ ਆਪਣੇ ਆਪ ਨੂੰ ਈਰਾਨੀ ਸ਼ਾਹਨਸ਼ਾਹ ਸ਼ਾਹਪੁਰ ਦੇ ਅਧੀਨ ਦਸਦਾ ਰਿਹਾ ਪਰ ਸੰਨ 377-78 ਵਿਚ ਫੇਰ ਆਜ਼ਾਦ ਹੋ ਗਿਆ ਅਤੇ ਜਦ ਸ਼ਾਹਪੁਰ ਫੌਜ ਲੈ ਕੇ ਆਇਆ ਤਾਂ ਉਸ ਨੂੰ ਭਜਾ ਦਿੱਤਾ ਅਤੇ ਆਪਣੀ ਆਜ਼ਾਦੀ ਪੱਕੀ ਕਰ ਲਈ। ਕਿਦਾਰ ਕੁਸ਼ਾਨ ਦੇ ਲੱਭੇ ਸਿੱਕਿਆਂ ਤੋਂ ਪ੍ਰਤੀਤ ਹੁੰਦਾ ਹੈ ਕਿ ਕਿਦਾਰ ਦੇ ਪਿਛੋਂ ਉਸ ਦੇ ਖ਼ਾਨਦਾਨ ਦੀਆਂ ਕੁਝ ਪੀੜ੍ਹੀਆਂ ਗਾਂਧਾਰ ਵਿਚ ਰਾਜ ਕਰਦੀਆਂ ਰਹੀਆਂ ਹਨ ਪਰ ਉਨ੍ਹਾਂ ਸਬੰਧੀ ਹਾਲੇ ਤੱਕ ਕੋਈ ਵੇਰਵਾ ਪਤਾ ਨਹੀਂ ਲੱਗਾ। ਕੇਵਲ ਇਤਨਾ ਹੀ ਪਤਾ ਹੈ ਕਿ ਪਿਸ਼ਾਵਰ (ਗਾਂਧਾਰ) ਵਿਚ ਇਨ੍ਹਾਂ ਕੁਸ਼ਾਨਾਂ ਦਾ ਰਾਜ ਸੰਨ 465 ਈ. ਤੱਕ ਚਲਦਾ ਰਿਹਾ ਹੈ ਜਦੋਂ ਕਿ ਗੋਰੇ ਹੁਣਾਂ ਨੇ ਇਨ੍ਹਾਂ ਦੀ ਥਾਂ श्रा भैली।
ਕੁਸਾਨਾਂ ਦੀ ਪੰਜਾਬ ਵਿਚ ਹਕੂਮਤ ਮੁੜ ਕਦੀ ਜਾਗੀ ਕਿ ਨਹੀਂ, ਇਸ ਗੱਲ ਤੇ ਨਿਰਭਰ ਹੈ ਕਿ ਤੋਰਮਾਨ ਅਤੇ ਮਿਹਿਰਕੁਲ ਆਦਿ ਰਾਜੇ ਕੁਸ਼ਾਨ ਸਨ ਕਿ ਹੁਣ। ਕੁਝ ਵਿਦਵਾਨਾਂ ਦਾ ਵਿਚਾਰ ਹੈ। ਕਿ ਹੂਣ ਅਤੇ ਕੁਸ਼ਾਨ ਚਿਹਰੇ-ਮੋਹਰੇ ਤੋਂ ਬਹੁਤ ਮਿਲਦੇ ਜੁਲਦੇ ਸਨ ਅਤੇ ਇਹ ਦੋਵੇਂ ਆਪਸ ਵਿਚ ਘੁਲ-ਮਿਲ ਕੇ ਇੱਕੋ ਕੌਮ ਬਣ ਗਏ ਅਤੇ ਹੁਣ ਨਾਉਂ ਨਾਲ ਪ੍ਰਸਿੱਧ ਹੋਏ। ਇਹ ਗੱਲ ਕੋਈ ਅਸੰਭਵ ਨਹੀਂ ਜਾਪਦੀ।
ਚੰਦਰ ਗੁਪਤ ਬਿਕਰਮਾਦਿਤ –
(376-415 ਈ.) ਸਮੁਦਰ ਗੁਪਤ ਦਾ ਰਾਜ ਬੰਗਾਲ ਤੋਂ ਲੈ ਕੇ ਪੰਜਾਬ ਤਕ ਫੈਲਿਆ ਹੋਇਆ ਸੀ ਅਤੇ ਯੌਧੇਇ ਅਤੇ ਮਦਰ ਦੇਸ ਵਾਸੀਆਂ ਦੇ ਗਣ-ਰਾਜ ਭੀ ਉਸ ਦੇ ਅਧੀਨ ਸਨ। ਇਹ ਧਾਰਮਕ ਰੁਚੀਆਂ ਵਾਲਾ ਬੰਦਾ ਸੀ ਅਤੇ ਬ੍ਰਾਹਮਣੀ ਮਤ ਦਾ ਅਨੁਯਾਈ ਸੀ । ਇਸ ਦਾ ਵੱਡਾ ਪੁੱਤਰ ਰਾਮ ਗੁਪਤ ਸੀ ਜੋ ਆਪਣੇ ਰਾਜ ਭਾਗ ਦੀ ਰੱਖਿਆ ਨਾ ਕਰ ਸਕਿਆ, ਇਸ ਲਈ ਰਾਜ ਛੋਟੇ ਪੁੱਤਰ (ਰਾਮ ਗੁਪਤ ਦੇ ਛੋਟੇ ਭਰਾ) ਚੰਦਰ ਗੁਪਤ ਨੂੰ ਸੰਭਾਲਣਾ ਪਿਆ । ਇਸ ਦਾ ਨਾਉਂ ਦੇਵ ਗੁਪਤ ਵੀ ਸੀ ਅਤੇ ਇਹ ਦੇਵ ਰਾਜਾ ਜਾਂ ਦੇਵ-ਸ਼੍ਰੀ ਕਰਕੇ ਵੀ ਪ੍ਰਸਿੱਧ ਹੈ।
ਚੰਦਰ ਗੁਪਤ ਨੇ ਆਪਣੇ ਰਾਜ ਦੀਆਂ ਹੱਦਾਂ ਬੰਗਾਲ ਤੋਂ ਲੈ ਕੇ ਲਹਿੰਦੇ ਵੱਲ ਬਲਖ਼ ਤੱਕ ਪਹੁੰਚਾ ਦਿੱਤੀਆਂ ਅਤੇ ਵਿਆਹਾਂ ਰਾਹੀਂ ਆਲੇ ਦੁਆਲੇ ਮਿੱਤਰਾਨੇ ਗੰਢ ਕੇ ਰਾਜ ਨੂੰ ਪੱਕੇ ਪੈਰਾਂ ਉੱਤੇ ਖੜਾ ਕਰਨ ਦੇ ਯਤਨ ਕੀਤੇ। ਇਹ ਬੜਾ ਦਾਨੀ ਅਤੇ ਵਿਦਿਆ-ਪ੍ਰੇਮੀ ਪ੍ਰਸਿੱਧ ਹੈ। ਕਵੀ ਕਾਲੀਦਾਸ ਇਸੇ ਦੇ ਸਮੇਂ ਹੋਇਆ ਹੈ।
ਚੀਨੀ ਯਾਤਰੀ ਵਾਹੀਅਨ, ਜਿਸ ਨੇ ਦਸ ਸਾਲ ਤੋਂ ਉੱਪਰ (400-411 ਈ.) ਹਿੰਦੁਸਤਾਨ ਦਾ ਭ੍ਰਮਨ ਕੀਤਾ, ਚੰਦਰ ਗੁਪਤ ਬਿਕਰਮਾਦਿੱਤ ਦੇ ਰਾਜ ਸਬੰਧੀ ਲਿਖਦਾ ਹੈ “ਲੋਕੀਂ ਬਹੁਤ ਪ੍ਰਸੰਨ ਹਨ। ਲੋਕਾਂ ਨੂੰ ਆਪਣੇ ਘਰ ਦਾ ਮਾਲ ਕਿਧਰੇ ਦਰਜ ਨਹੀਂ ਕਰਾਉਣਾ ਪੈਂਦਾ, ਨਾ ਹੀ ਕਚਹਿਰਿਆਂ ਵਿਚ ਜਾਣਾ ਪੈਂਦਾ ਹੈ। ਕੇਵਲ ਉਨ੍ਹਾਂ ਨੂੰ ਹੀ (ਮਾਮਲੇ ਵਜੋਂ) ਦਾਣੇ ਦੇਣੇ ਪੈਂਦੇ ਹਨ ਜੋ ਰਾਜੇ ਦੀਆਂ ਜ਼ਮੀਨਾਂ ਵਾਹੁੰਦੇ ਹਨ। ਵਾਹਕ ਆਪਣੀ ਮਰਜ਼ੀ ਨਾਲ ਜਾ ਸਕਦੇ ਹਨ ਅਤੇ ਰਹਿ ਸਕਦੇ ਹਨ। ਰਾਜਾ ਮੌਤ ਦੀ ਸਜ਼ਾ ਜਾਂ ਕੋਈ ਸਰੀਰਕ ਸਜ਼ਾ ਦਿੱਤੇ ਬਿਨਾਂ ਰਾਜ ਕਰਦਾ ਹੈ।”
ਚੰਦਰ ਗੁਪਤ ਬਿਕਰਮਾਦਿੱਤ ਤੋਂ ਬਾਅਦ ਉਸ ਦੇ ਪੁੱਤਰ ਕੁਮਾਰ ਗੁਪਤ (415-455 ਈ.) ਅਤੇ ਪੋਤਰੇ ਸਕੰਦ ਗੁਪਤ (455-467) ਨੇ ਰਾਜ ਕੀਤਾ। ਕੁਮਾਰ ਗੁਪਤ ਦੇ ਵੇਲੇ ਬਿਦੇਸ਼ੀ ਵੈਰੀਆਂ ਨੇ ਪੁਸ਼ਮਿਤ੍ਰ ਦੀ ਅਗਵਾਈ ਵਿਚ ਬੜੇ ਭਾਰੀ ਦਲ ਨਾਲ ਹੱਲਾ ਕੀਤਾ ਸੀ ਜਿਸ ਨੂੰ ਸਕੰਦ ਗੁਪਤ ਨੇ (ਜੋ ਉਦੋਂ ਹਾਲੇ ਯੁਵਰਾਜ ਹੀ ਸੀ) ਬੜੀ ਬੀਰਤਾ ਨਾਲ ਠਲ੍ਹ ਪਾ ਦਿੱਤੀ ਸੀ । ਜਦ ਇਹ ਆਪ ਰਾਜਾ ਬਣਿਆ ਤਾਂ ਹੁਣਾਂ ਨੇ ਆ ਧਾਵਾ ਬੋਲਿਆ ਅਤੇ ਗਾਂਧਾਰ ਉੱਤੇ ਕਬਜ਼ਾ ਕਰ ਲਿਆ, ਪਰ ਸਕੰਦ ਗੁਪਤ ਨੇ ਇਨ੍ਹਾਂ ਦੇ ਪੈਰ ਨਾ ਲੱਗਣ ਦਿੱਤੇ (460 ਈ.) ਅਤੇ ਇਹ ਬਲਾ ਕੁਝ ਸਮੇਂ ਲਈ ਟਲ ਗਈ ।
ਹੂਣ –
ਪੰਜਵੀਂ ਸਦੀ ਦੇ ਅੰਤ ਜਾਂ ਛੇਵੀਂ ਦੇ ਆਰੰਭ ਵਿਚ ਹੂਣਾਂ ਦਾ ਜ਼ੋਰ ਚੋਖਾ ਵੱਧ ਗਿਆ ਅਤੇ ਉਨ੍ਹਾਂ ਦੇ ਇਕ ਆਗੂ ਤੋਰਮਾਨ ਨੇ ਪੰਜਾਬ ਤੋਂ ਅੱਗੇ ਵਧ ਕੇ ਗੰਗਾ ਜਮਨਾ ਦੇ ਦੁਆਬੇ, ਭਟਿਆਣੇ ਤੋਂ ਲਹਿੰਦੇ ਦੇਸ਼ (ਰਾਜਪੂਤਾਨਾ) ਅਤੇ ਸਾਗਰ (ਮਧ ਪ੍ਰਦੇਸ਼) ਦੇ ਜ਼ਿਲ੍ਹੇ ਤੱਕ ਜਾ ਮੱਲਾਂ ਮਾਰੀਆਂ। ਕਸ਼ਮੀਰ ਉੱਤੇ ਵੀ ਉਸੇ ਦਾ ਰਾਜ ਸੀ । ਜੈਨੀਆਂ ਦੀ ਲਿਖਤ ਅਨੁਸਾਰ ਤੋਰਮਾਨ ਨੇ ਜੈਨ ਧਰਮ ਧਾਰਨ ਕਰ ਲਿਆ ਸੀ ਅਤੇ ਉਹ ਚੰਦਰਭਾਗਾ (ਝਨਾਂ) ਨਦੀ ਦੇ ਕੰਢੇ ਤੇ ਪਵੱਈਆ ਨਗਰ ਵਿਚ ਰਹਿੰਦਾ ਸੀ । ਸੰਨ 515 ਵਿਚ ਉਸ ਦੀ ਮੌਤ ਪਿੱਛੋਂ ਉਸ ਦਾ ਪੁੱਤਰ ਮਿਹਿਕੁਲ (ਜਿਸ ਨੂੰ ਮਿਹਿਰ-ਗੁਲ ਭੀ ਲਿਖਿਆ ਹੋਇਆ ਹੈ) ਗੱਦੀ ਉਤੇ ਬੈਠਾ। ਚੀਨੀ ਯਾਤਰੀ ਹੀਊਨਸਾਂਗ ਅਨੁਸਾਰ ਮਿਹਿਰਕੁਲ ਦੀ ਰਾਜਧਾਨੀ ਸ਼ਾਕਲ (ਸਿਆਲਕੋਟ) ਸੀ । ਕਸ਼ਮੀਰ ਅਤੇ ਗਾਂਧਾਰ ਵੀ ਉਸੇ ਦੇ ਰਾਜ ਵਿਚ ਸਨ ਅਤੇ ਉਸ ਨੇ ਦੱਖਣੀ ਭਾਰਤ ਅਤੇ ਲੰਕਾ ਤੱਕ ਆਪਣਾ ਰਾਜ ਪਸਾਰ ਲਿਆ ਸੀ। ਇਹ ਸ਼ਿਵਜੀ ਦਾ ਪੁਜਾਰੀ ਬੁੱਧਾਂ ਦਾ ਵੈਰੀ ਅਤੇ ਬੜਾ ਜ਼ਾਲਮ ਸੀ ਜਿਸ ਦੇ ਅੱਤਿਆਚਾਰਾਂ ਦੀਆਂ ਕਹਾਣੀਆਂ ਨਾਲ ਉਸ ਸਮੇਂ ਦਾ ਬੁੱਧ ਸਾਹਿਤ ਭਰਿਆ ਪਿਆ ਹੈ । ਯਸ਼ੋਧਰਮਨ ਅਤੇ ਨਰਸਿੰਘ ਗੁਪਤ ਨੇ ਉਸ ਨੂੰ ਐਸੀਆਂ ਸੱਟਾਂ ਮਾਰੀਆਂ ਕਿ ਮਿਹਿਰਕੁਲ ਮੁੜ ਪੂਰੀ ਤਰ੍ਹਾਂ ਆਪਣੀ ਤਾਕਤ ਨਾ ਬਣਾ ਸਕਿਆ। ਦੂਸਰੇ ਪਾਸੇ ਤੁਰਕਾਂ ਅਤੇ ਈਰਾਨੀਆਂ ਨੇ 563- 567 ਈ. ਦੇ ਦਰਮਿਆਨ ਆਮੂ ਦਰਿਆ ਉੱਤੇ ਹੂਣਾਂ ਦਾ ਜ਼ੋਰ ਤੋੜ ਦਿੱਤਾ ਜਿਸ ਨਾਲ ਚੜ੍ਹਦੇ ਵਿਚ ਵੀ ਉਨ੍ਹਾਂ ਦੀ ਤਾਕਤ ਸਦਾ ਲਈ ਖ਼ਤਮ ਹੋ ਗਈ।
ਥਾਨੇਸਰ ਰਾਜ –
ਥਾਨੇਸਰ ਦਾ ਰਾਜ ਪੁਸ਼ਪਭੂਤੀ ਨੇ ਛੇਵੀਂ ਸਦੀ ਈਸਵੀ ਦੇ ਅਰੰਭ ਵਿਚ ਅਸਥਾਪਨ ਕੀਤਾ ਸੀ । ਇਸ ਦਾ ਅਤੇ ਇਸ ਦੇ ਬਾਅਦ ਹੋਏ ਰਾਜਿਆਂ ਦਾ ਹਾਲ ਬਾਣ ਭੱਟ ਨੇ ਆਪਣੀ ਪੁਸਤਕ ਹਰਸ਼ ਚਰਿੱਤਰ ਵਿਚ ਦਿੱਤਾ ਹੈ। ਇਸ ਕੁਲ ਦਾ ਸਭ ਤੋਂ ਵੱਧ ਪਰਤਾਪੀ ਰਾਜਾ ਹਰਸ਼-ਵਰਧਨ (909-947 ਈ.) ਹੋਇਆ ਹੈ ਜਿਸ ਨੇ ਜਿਹਲਮ ਅਤੇ ਮੁਲਤਾਨ ਤੱਕ ਦੇ ਸਮੁੱਚੇ ਪੰਜਾਬ ਤੋਂ ਇਲਾਵਾ ਹੋਰ ਦੂਰ ਦੂਰ ਦੇ ਇਲਾਕੇ ਆਪਣੇ ਅਧੀਨ ਕਰ ਲਏ ਅਤੇ ਬ੍ਰਹਮਪੁੱਤਰ ਤੋਂ ਬਿਆਸਾ ਤੱਕ ਆਪਣਾ ਰਾਜ ਵਧਾ ਲਿਆ। ਸਿੰਧ ਤੇ ਕਸ਼ਮੀਰ ਵੀ ਉਸੇ ਦੇ ਰਾਜ ਵਿਚ ਸਨ । ਹਰਸ਼-ਵਰਧਨ ਨੇ ਬਾਅਦ ਵਿਚ ਆਪਣੀ ਰਾਜਧਾਨੀ ਕਨੌਜ ਜਾ ਕਾਇਮ ਕੀਤੀ ਅਤੇ ਭਾਰਤ ਵਿਚ ਉਹ ਕੀਰਤੀ ਪ੍ਰਾਪਤ ਕੀਤੀ ਜੋ ਘੱਟ ਹੀ ਲੋਕਾਂ ਦੇ ਹਿੱਸੇ ਆਈ ਹੈ ।
ਰਾਜਪੂਤ –
ਅੱਠਵੀਂ ਸਦੀ ਵਿਚ ਪ੍ਰਤੀਹਾਰ ਅਤੇ ਤੋਮਾਰ ਰਾਜਪੂਤਾਂ ਨੇ ਦੱਖਣ-ਚੜ੍ਹਦੇ ਪੰਜਾਬ ਵਿਚ ਆ ਪੈਰ ਜਮਾਏ । ਪ੍ਰਤੀਹਾਰ ਰਾਜਪੂਤ ਰਾਜਾ ਭੋਜ ਦਾ ਰਾਜ ਪੰਜਾਬ ਵਿਚ ਸਰਸਾ ਅਤੇ ਕਰਨਾਲ ਦੇ ਜ਼ਿਲ੍ਹਿਆਂ ਤੱਕ ਸੀ। ਇਕ ਪੁਰਾਤਨ ਕਥਾ ਅਨੁਸਾਰ ਤੋਮਾਰ ਰਾਜਪੂਤਾਂ ਨੇ ਸੰਨ 739 ਈ. ਵਿਚ ਅੱਜ ਕੱਲ੍ਹ ਦੀ ਦਿੱਲੀ ਆਬਾਦ ਕੀਤੀ । ਪ੍ਰਤੀਤ ਹੁੰਦਾ ਹੈ ਕਿ ਇਸ ਵੇਲੇ ਤੋਮਾਰ ਰਾਜਪੂਤ ਰਾਜਾ ਭੋਜ ਦੇ ਅਧੀਨ ਸਨ । ਹੌਲੀ ਹੌਲੀ ਇਨ੍ਹਾਂ ਦਾ ਜ਼ੋਰ ਵਧਦਾ ਗਿਆ ਅਤੇ ਪਿਛਲੇ ਪ੍ਰਤੀਹਾਰਾਂ ਵੇਲੇ ਇਹ ਸੁਤੰਤਰ ਹੋ ਗਏ। ਇਨ੍ਹਾਂ ਦਾ ਰਾਜ ਪੰਜਾਬ ਦੇ ਹਰਿਆਣਾ ਇਲਾਕੇ ਤੱਕ ਸੀ। ਜੋਲ ਦੇ ਬੰਸ ਦੇ ਜਜੁਕ ਦਾ ਪੁੱਤਰ ਅਤੇ ਵਜਰਾਟ ਦਾ ਪੋਤਰਾ ਗੁੱਗਾ ਬੜਾ ਪ੍ਰਸਿੱਧ ਹੋਇਆ ਹੈ ਜਿਸ ਦੀਆਂ ਵਾਰਾਂ ਅਤੇ ਭੇਟਾਂ ਹੁਣ ਤੱਕ ਜਲੰਧਰ ਦੁਆਬ ਅਤੇ ਸਤਲੁਜ ਦੇ ਦੱਖਣ ਵੱਲ ਮਾਲਵੇ ਅਤੇ ਹਰਿਆਣੇ ਵਿਚ ਗਾਈਆਂ ਜਾਂਦੀਆਂ ਹਨ। ਇਹ ਮਹਿੰਦਰਪਾਲ (ਪਹਿਲੇ) ਪ੍ਰਤੀਹਾਰ ਦਾ ਇਕ ਜਾਗੀਰਦਾਰ ਸੀ । ਇਸ ਦੇ ਸਮੇਂ ਗੁੱਗੇ ਅਤੇ ਉਸ ਦੇ ਦੋ ਮਤਰਏ ਭਰਾਵਾਂ ਨੇ ਸਰਸਵਤੀ ਦੇ ਕੰਢੇ ਪਹੋਏ ਵਿਚ ਵਿਸ਼ਨੂੰ ਦੇ ਤਿੰਨ ਮੰਦਰ ਬਣਵਾਏ ਸਨ। ਪੁਰਾਣੇ ਸਾਹਿਤ ਵਿਚ ਗੁੱਗੇ ਦਾ ਜ਼ਿਕਰ ਭੂਨਾਥ (ਧਰਤੀ ਦਾ ਦੇਵਤਾ) ਦੇ ਨਾਉਂ ਨਾਲ ਭੀ ਆਇਆ ਹੈ ਅਤੇ ਪੰਜਾਬ ਦੇ ਕੁਝ ਹਿੱਸਿਆਂ ਵਿਚ ਅੱਜ ਤੱਕ ਗੁੱਗਾ ਨੌਮੀ ਵਾਲੇ ਦਿਨ ਧਰਤੀ ਦੇ ਦੇਵਤਾ ਦੀ ਪੂਜਾ ਹੁੰਦੀ ਹੈ ਅਤੇ ਸੱਪਾਂ ਦੀਆਂ ਵਰਮੀਆਂ ਉੱਤੇ ਸ਼ੱਕਰ ਸੇਵੀਆਂ ਚੜ੍ਹਾਈਆਂ ਜਾਂਦੀਆਂ ਹਨ ।
ਮੁਸਲਮਾਨੀ ਹੱਲੇ–
ਇਸ ਵੇਲੇ ਅਰਬ ਦੇਸ ਵਿਚ ਇਸਲਾਮ ਦਾ ਜਨਮ ਹੋ ਚੁੱਕਾ ਸੀ ਅਤੇ ਮੁਸਲਮਾਨਾਂ ਨੇ ਬਾਹਰ ਬਦੇਸਾਂ ਉੱਤੇ ਹੱਲੇ ਕਰਨੇ ਆਰੰਭੇ ਹੋਏ ਸਨ । ਖ਼ਲੀਫ਼ਾ ਅਬੂਬਕਰ ਦੇ ਜ਼ਮਾਨੇ ਵਿਚ ਇਕ ਅਰਬੀ ਮੁਸਲਮਾਨ ਜਰਨੈਲ ਅਲ-ਮੁਹੱਲਬ ਸੰਨ 664 ਈ. ਵਿਚ ਮੁਲਤਾਨ ਤੱਕ ਪੁੱਜ ਗਿਆ ਸੀ ਪਰ ਇਸ ਦਾ ਕੋਈ ਪੱਕਾ ਅਸਰ ਨਹੀਂ ਸੀ ਹੋਇਆ। ਪਹਿਲਾ ਅਸਲੀ ਹੱਲਾ ਸੰਨ 712 ਵਿਚ ਹੋਇਆ ਜਦ ਦਿ ਖ਼ਲੀਫ਼ਾ ਬਗਦਾਦ ਦੇ ਇਕ ਜਰਨੈਲ ਮੁਹੰਮਦ ਬਿਨ-ਕਾਸਿਮ ਨੇ ਸਿੰਧ ਦੇ ਰਾਜਾ ਦਾਹ ਨੂੰ ਹਰਾ ਕੇ ਮੁਲਤਾਨ ਉੱਤੇ ਕਬਜ਼ਾ ਕਰ ਲਿਆ ਅਤੇ ਸ਼ੋਰਕੋਟ ਤੱਕ ਕਿਲ੍ਹਾਬੰਦੀ ਕਰ ਲਈ। ਸੰਨ 871 ਤੱਕ ਜਦ ਕਿ ਖ਼ਲੀਫੇ ਦੀ ਤਾਕਤ ਕਮਜ਼ੋਰ ਪੈ ਰਹੀਂ ਸੀ, ਮੁਲਤਾਨ ਵਿਚ ਆਜ਼ਾਦ ਅਰਬ ਹਕੂਮਤ ਕਾਇਮ ਹੋ ਗਈ। ਬਾਕੀ ਪੰਜਾਬ ਵਿਚ ਇਸ ਵੇਲੇ ਹਿੰਦੂ ਰਾਜੇ ਰਾਜ ਕਰਦੇ ਸਨ। ਜਲੰਧਰ ਵਿਚ ਉਨ੍ਹਾਂ ਦੀ ਇਕ ਉੱਘੀ ਰਾਜਧਾਨੀ ਸੀ । ਦਸਵੀਂ ਸਦੀ ਵਿਚ ਲਾਹੌਰ ਵਿਚ ਸ਼ਾਹੀ ਰਾਜੇ ਰਾਜ ਕਰਦੇ ਸਨ ਜਿਨ੍ਹਾਂ ਨਾਲ ਕਿ ਗਜ਼ਨੀ ਦੇ ਮੁਸਲਮਾਨਾਂ ਦਾ ਟਾਕਰਾ ਸ਼ੁਰੂ ਹੋ ਗਿਆ। ਸ਼ਾਹੀ ਰਾਜਾ ਜੈਪਾਲ ਬਠਿੰਡੇ ਰਿਹਾ ਕਰਦਾ ਸੀ ਜਿੱਥੇ ਕਿ ਉਸ ਦੀ ਰਾਜਧਾਨੀ ਸੀ ਅਤੇ ਉਸ ਦੇ ਰਾਜ ਦੀ ਲਹਿੰਦੀ ਹੱਦ ਲਮਗਾਨ (ਅਫ਼ਗ਼ਾਨਿਸਤਾਨ) ਤੱਕ ਸੀ।
ਲਹਿੰਦੀ ਹੱਦ ਉੱਤੇ ਵਧਦੀ ਜਾ ਰਹੀ ਮੁਸਲਮਾਨੀ ਤਾਕਤ ਦੇ ਕਾਰਨ ਆਪਣੇ ਰਾਜ ਦੀ ਰਾਖੀ ਲਈ ਰਾਜਾ ਜੈਪਾਲ ਨੇ ਸਬੁਕਤਗੀਨ ਦੇ ਵਿਰੁੱਧ ਗ਼ਜ਼ਨੀ ਵੱਲ ਚੜ੍ਹਾਈ ਕੀਤੀ ਅਤੇ ਲਮਗਾਨ ਦੇ ਮੁਕਾਮ ਤੇ ਸੁਲ੍ਹਾ ਕਰ ਕੇ ਮੁੜ ਆਇਆ ਪਰ ਸੰਨ 988 ਵਿਚ ਜੈਪਾਲ ਨੂੰ ਹਾਰ ਹੋ ਗਈ ਜਿਸ ਦਾ ਨਤੀਜਾ ਇਹ ਹੋਇਆ ਕਿ ਸਿੰਧੋਂ ਪਾਰਲੇ ਇਲਾਕੇ ਉੱਤੇ ਗਜ਼ਨਵੀਆਂ ਦਾ ਕਬਜ਼ਾ ਹੋ ਗਿਆ।
ਸਬੁਕਤਗੀਨ ਦੇ ਪੁੱਤਰ ਮਹਿਮੂਦ ਨੇ ਇਸਲਾਮ ਦੇ ਜੋਸ਼ ਅਤੇ ਹਿੰਦੁਸਤਾਨ ਦੀ ਦੌਲਤ ਦੇ ਲਾਲਚ ਨਾਲ ਚੜ੍ਹਦੇ ਵੱਲ ਧਾਵੇ ਕਰਨੇ ਸ਼ੁਰੂ ਕਰ ਦਿੱਤੇ । ਅਗਸਤ 1001 ਵਿਚ ਪੰਦਰਾਂ ਹਜ਼ਾਰ ਘੋੜ-ਚੜ੍ਹੇ ਲੈ ਕੇ ਪਿਸ਼ਾਵਰ ਉੱਤੇ ਚੜ੍ਹ ਆਇਆ । ਜੈਪਾਲ ਉਸ ਦੇ ਟਾਕਰੇ ਲਈ ਪੁੱਜਾ ਪਰ ਹਾਰ ਖਾ ਗਿਆ । ਭਾਵੇਂ ਮਹਿਮੂਦ ਨੇ ਜੈਪਾਲ ਪਾਸੋਂ ਕਰ ਲੈਣਾ ਪਰਵਾਨ ਕਰ ਲਿਆ ਸੀ ਪਰ ਹਾਰ ਦੀ ਸ਼ਰਮਿੰਦਗੀ ਦੇ ਕਾਰਨ ਉਸ ਨੇ ਆਪਣੇ ਆਪ ਨੂੰ ਚਿਤਾ ਵਿਚ ਭਸਮ ਕਰ ਦਿੱਤਾ ।
ਜੈਪਾਲ ਤੋਂ ਬਾਅਦ ਉਸ ਦੇ ਪੁੱਤਰ ਅਨੰਗਪਾਲ ਨੇ ਮਹਿਮੂਦ ਗਜ਼ਨਵੀ ਦੇ ਹੱਲੇ ਰੋਕਣ ਦਾ ਯਤਨ ਕੀਤਾ ਅਤੇ ਸੰਨ 1008 ਵਿਚ ਹਿੰਦੂ ਧਰਮ ਦੇ ਨਾਉਂ ਤੇ ਉਜੈਨ, ਕਨੌਜ, ਦਿੱਲੀ, ਗੋਪਾਚਲ (ਗੋਪਗਿਰਿ ਗਵਾਲੀਅਰ), ਅਜਮੇਰ ਅਤੇ ਜਲੰਧਰ ਆਦਿ ਰਾਜਾਂ ਦੀ ਸਹਾਇਤਾ ਨਾਲ ਪਿਸ਼ਾਵਰ ਪੁੱਜਾ । ਲੜਾਈ ਵਿਚ ਹਿੰਦੂ ਫ਼ੌਜਾਂ ਨੂੰ ਹਾਰ ਹੋ ਗਈ ਪਰ ਪੰਜਾਬ ਵਿਚ ਗ਼ਜ਼ਨਵੀਆਂ ਦੀ ਤਾਕਤ 1021 ਵਿਚ ਹੀ ਕੁਝ ਪੱਕੀ ਹੋ ਸਕੀ ਜਦ ਕਿ ਅੰਤਮ ਸ਼ਾਹੀ ਰਾਜੇ ਤਿਰਲੋਚਨਪਾਲ ਨੂੰ ਹਾਰ ਹੋ ਗਈ ਅਤੇ ਉਹ ਕੁਝ ਹਿੰਦੂਆਂ ਦੇ ਹੱਥੋਂ ਹੀ ਮਾਰਿਆ ਗਿਆ । ਤਿਰਲੋਚਨਪਾਲ ਦਾ ਪੁੱਤਰ ਭੀਮਪਾਲ ਪੰਜ ਵਰ੍ਹੇ ਪਿੱਛੋਂ ਜੀਊਂਦਾ ਰਿਹਾ ਪਰ ਖੁੱਸਾ ਹੋਇਆ ਰਾਜ ਮੁੜ ਪ੍ਰਾਪਤ ਨਾ ਕਰ ਸਕਿਆ। ਮਹਿਮੂਦ ਦੀ ਤਾਕਤ ਦਿਨੋ ਦਿਨ ਵਧਦੀ ਗਈ ਅਤੇ ਸੰਨ 1028 ਵਿਚ ਉਸ ਨੇ ਸੋਮਨਾਥ ਦੇ ਮੰਦਰ ਉੱਤੇ ਜਾ ਹੱਲਾ ਕੀਤਾ, ਮੂਰਤੀਆਂ ਤੋੜ ਦਿੱਤੀਆਂ ਅਤੇ ਅਣਗਿਣਤ ਦੌਲਤ ਲੈ ਕੇ ਗਜ਼ਨੀ ਮੁੜ ਗਿਆ।
ਸੰਨ 1030 ਵਿਚ ਮਹਿਮੂਦ ਦੀ ਮੌਤ ਤੋਂ ਪਿੱਛੋਂ ਤੀਹ ਵਰ੍ਹੇ ਤੱਕ ਰਾਜ-ਰੌਲਾ ਹੀ ਮਚਿਆ ਰਿਹਾ। 1059 ਵਿਚ ਮਾਸੂਦ ਦਾ ਪੁੱਤਰ ਇਬਰਾਹੀਮ ਬਾਦਸ਼ਾਹ ਬਣਿਆ, ਜਿਸ ਨੇ ਪਾਕਪਟਨ, ਜਲੰਧਰ, ਸਰਹੰਦ ਅਤੇ ਬੂੜੀਏ ਉੱਤੇ ਆ ਕਬਜ਼ੇ ਕੀਤੇ। ਸੰਨ 1075 ਵਿਚ ਇਬਰਾਹੀਮ ਨੇ ਆਪਣੇ ਪੁੱਤਰ ਮਹਿਮੂਦ ਨੂੰ ਪੰਜਾਬ ਦਾ ਹਾਕਮ ਨੀਯਤ ਕੀਤਾ ਜਿਸ ਨੇ ਅੱਗੇ ਵੱਧ ਕੇ ਆਗਰਾ ਜਿੱਤ ਲਿਆ। ਸੰਨ 1099 ਵਿਚ ਇਬਰਾਹੀਮ ਦੇ ਮਰਨ ਪਿੱਛੋਂ ਅਲਾ-ਉ-ਦੌਲਾ ਮਾਸੂਦ ਤੀਸਰਾ ਤਖ਼ਤ ਤੇ ਬੈਠਾ। ਇਸ ਦੇ ਵੇਲੇ ਇਜ਼-ਦੌਲਾ ਪੰਜਾਬ ਦਾ ਹਾਕਮ ਸੀ । ਮਾਸੂਦ ਤੀਸਰੇ ਨੇ 1099 ਵਿਚ ਗ਼ੌਰ ਦਾ ਰਾਜ ਮਲਿਕ ਇੱਜ਼-ਦੀਨ ਨੂੰ ਬਖ਼ਸ਼ਿਆ ਪਰ ਕੁਝ ਚਿਰ ਪਿੱਛੋਂ ਗੌਰੀਆਂ ਅਤੇ ਗ਼ਜ਼ਨਵੀਆਂ ਦੀ ਅਣਬਣ ਹੋ ਗਈ ਅਤੇ ਪੰਜਾਬ ਦੀ ਹਕੂਮਤ ਲਈ ਖਿੱਚਾ-ਖਿਚ ਅਰੰਭ ਹੋ ਗਈ। ਅੰਤ 1186 ਈ. ਵਿਚ ਮੁਇਜੁੱਦੀਨ ਮੁਹੰਮਦ ਗੌਰੀ ਨੇ ਅੰਤਮ ਗਜ਼ਨਵੀ ਮਲਿਕ ਖੁਸਰੋ ਨੂੰ ਤਖ਼ਤੋਂ ਲਾਹ ਦਿੱਤਾ ਅਤੇ ਪੰਜਾਬ ਉੱਤੇ ਕਬਜ਼ਾ ਕਰ ਕੇ ਆਪਣੀ ਤਾਕਤ ਮਜ਼ਬੂਤ ਕਰ ਲਈ।
ਗੌਰੀਆਂ ਤੋਂ ਤੁਗ਼ਲਕਾਂ ਤੱਕ –
ਹੁਣ ਮੁਇਜੁੱਦੀਨ ਮੁਹੰਮਦ ਗੌਰੀ ਨੇ ਹਿੰਦੁਸਤਾਨ ਉੱਤੇ ਹੱਲੇ ਸ਼ੁਰੂ ਕਰ ਦਿੱਤੇ ਅਤੇ ਸਰਹੰਦ ਤੱਕ ਆ ਪੁੱਜਾ। ਦਿੱਲੀ ਦੇ ਡਰ ਰਹੇ ਰਾਜਪੂਤਾਂ ਦੀ ਪੁਕਾਰ ਨੂੰ ਸੁਣ ਕੇ ਪ੍ਰਿਥਵੀ ਰਾਜ ਚੌਹਾਨ ਉਨ੍ਹਾਂ ਦੀ ਸਹਾਇਤਾ ਨੂੰ ਆਇਆ ਅਤੇ 1190-1191 ਨੂੰ ਥਾਨੇਸਰੋਂ 14 ਮੀਲ ਅਤੇ ਤਰਾਵੜੀ ਦੀ ਪਹਿਲੀ ਲੜਾਈ ਵਿਚ ਗੌਰੀ ਨੂੰ ਮੈਦਾਨੋਂ ਭਜਾ ਦਿੱਤਾ ਅਤੇ ਸਰਹੰਦ ਉੱਤੇ ਕਬਜ਼ਾ ਕਰ ਕੇ ਪੰਜਾਬ ਵਿਚ ਚੌਹਾਨਾ ਦਾ ਬੋਲ-ਬਾਲਾ ਕਰ ਦਿੱਤਾ ਪਰ ਗੌਰੀ ਨੇ ਅਗਲੇ ਸਾਲ ਹੀ (1192 ਈ.) ਆਪਣਾ ਬਦਲਾ ਲੈ ਲਿਆ ਅਤੇ ਤਰਾਵੜੀ ਦੀ ਦੂਸਰੀ ਲੜਾਈ ਵਿਚ ਪ੍ਰਿਥਵੀ ਰਾਜ ਨੂੰ ਹਰਾ ਕੇ ਕੈਦ ਕਰ ਲਿਆ ਅਤੇ ਅੰਤ ਉਹ ਕਤਲ ਹੋ ਗਿਆ, ਜਿਸ ਦੇ ਨਾਲ ਹੀ ਉੱਤਰੀ ਹਿੰਦ ਵਿੱਚੋਂ ਰਾਜ ਸਦਾ ਲਈ ਖ਼ਤਮ ਹੋ ਗਿਆ।
ਮੁਹੰਮਦ ਗੌਰੀ ਨੇ ਤਰਾਈਂ ਤੋਂ ਅੱਗੇ ਵਧ ਕੇ ਦਿੱਲੀ ਉੱਤੇ ਕਬਜ਼ਾ ਕਰ ਲਿਆ ਅਤੇ ਹਾਂਸੀ, ਘੜਾਮ, ਸਰਸ੍ਵਤੀ (ਥਾਨੇਸਰ) ਅਤੇ ਸਰਹੰਦ ਵਿਚ ਆਪਣੀਆਂ ਛਾਉਣੀਆਂ ਪਾ ਕੇ ਕੁਤਬੁੱਦੀਨ ਐਬਕ ਨੂੰ ਫੌਜ ਦੇ ਕੇ ਇੰਦਰਪ੍ਰਸਤ ਛੱਡ ਗਿਆ । ਪਰ ਐਬਕ ਨੂੰ ਛੇਤੀ ਹੀ ਦਿੱਲੀ ਪਰ ਪੱਕਾ ਕਬਜ਼ਾ ਕਰਨਾ ਪੈ ਗਿਆ । ਇਸ ਨਾਲ ਮੁਸਲਮਾਨੀ ਰਾਜ ਦਿੱਲੀ ਵਿਚ ਪੱਕਾ ਹੋ ਗਿਆ। ਸੰਨ 1210 ਵਿਚ ਐਬਕ ਦੀ ਮੌਤ ਤੋਂ ਬਾਅਦ ਉਸ ਦੇ ਗੁਲਾਮ ਇਲਤੁਤਮਸ਼ (ਅਲਤਮਸ਼) ਨੇ ਰਾਜ ਸੰਭਾਲ ਲਿਆ ਅਤੇ ਪੰਜਾਬ ਉਤੇ ਕਬਜ਼ਾ ਕਰ ਲਿਆ। ਇਸ ਦੇ ਜ਼ਮਾਨੇ ਵਿਚ ਜਲਾਲੁ-ਦੀਨ ਖੁਆਰਿਜ਼ਮੀ ਦੇ ਪਿੱਛੇ ਪਿੱਛੇ ਆ ਰਹੇ ਚੰਗੇਜ਼ਖ਼ਾਨੀ ਮੰਗੋਲ ਪੰਜਾਬ ਦੀ ਉੱਤਰ-ਲਹਿੰਦੀ ਹੱਦ ਪਰ ਆ ਪੁੱਜੇ ਪਰ ਬਚਾਅ ਹੋ ਗਿਆ। 1241 ਵਿਚ ਮੰਗੋਲਾਂ ਨੇ ਫੇਰ ਆ ਹੱਲਾ ਬੋਲਿਆ ਪਰ ਬਲਬਨ ਅਤੇ ਉਸ ਦੇ ਹਮਾਇਤੀ ਲਾਹੌਰ ਦੇ ਹਾਕਮ ਸ਼ੇਰ ਖ਼ਾਨ ਨੇ ਕੁਝ ਚਿਰ ਲਈ ਦੇਸ ਨੂੰ ਮੰਗੋਲਾਂ ਅਤੇ ਤੁਰਕਾਂ ਤੋਂ ਬਚਾਈ ਰੱਖਿਆ।
ਖਿਲਜੀਆਂ ਅਤੇ ਤੁਗਲਕਾਂ ਦੇ ਜ਼ਮਾਨੇ ਵਿਚ ਗੱਖੜਾਂ ਨੇ ਪੰਜਾਬ ਵਿਚ ਤਾਕਤ ਪੈਦਾ ਕਰਨ ਦੇ ਯਤਨ ਕੀਤੇ । ਉਨ੍ਹਾਂ ਨੇ ਲਾਹੌਰ ਉੱਤੇ ਕਬਜ਼ਾ ਭੀ ਕਰ ਲਿਆ ਪਰ ਉਹ ਬਹੁਤੀ ਦੇਰ ਤੱਕ ਟਿਕ ਨਾ ਸਕੇ । ਵੀਰੋਜ਼ਸ਼ਾਹ ਤੁਗਲਕ ਤੀਸਰੇ ਨੇ ਪੰਜਾਬ ਵਿਚ ਉੱਨਤੀ ਦੇ ਕਾਫ਼ੀ ਸਾਮਾਨ ਪੈਦਾ ਕੀਤੇ । ਖੇਤੀਬਾੜੀ ਲਈ ਨਹਿਰਾਂ ਕਢਾਈਆਂ ਅਤੇ ਖ਼ਾਸ ਕਰਕੇ ਸਰਹੰਦ ਦੀ ਨਹਿਰ। ਹਿਸਾਰ (ਫੀਰੋਜ਼ਾ) ਸ਼ਹਿਰ ਦੀ ਬੁਨਿਆਦ ਰੱਖੀ, ਸਰਹੰਦ ਦੇ ਇਲਾਕੇ ਨੂੰ ਚੰਗੀ ਤਰ੍ਹਾਂ ਵਸਾਇਆ ਅਤੇ ਆਬਾਦੀ ਦੀ ਉੱਨਤੀ ਕੀਤੀ ਪਰ ਸੰਨ 1390 ਵਿਚ ਫੀਰੋਜ਼ਸ਼ਾਹ ਦੀ ਮੌਤ ਪਿੱਛੋਂ ਹਾਲਤ ਫੇਰ ਖ਼ਰਾਬ ਹੋ ਗਈ।
ਤੈਮੂਰ ਦਾ ਹੱਲਾ –
1398 ਵਿਚ ਤੈਮੂਰ ਨੇ ਹਿੰਦੁਸਤਾਨ ਉੱਤੇ ਆ ਹਮਲਾ ਕੀਤਾ। ਦੇਸ ਨੂੰ ਲੁੱਟ-ਪੁੱਟ ਕੇ ਮੁੜਦੇ ਹੋਏ ਤੈਮੂਰ ਨੇ ਨਗਰਕੋਟ ਅਤੇ ਜੰਮੂ ਨੂੰ ਤਬਾਹ ਕਰ ਦਿੱਤਾ । ਕਈ ਲੱਖ ਤੋਂ ਉਪਰ ਹਿੰਦੁਸਤਾਨੀ ਕੈਦੀ ਤੈਮੂਰ ਦੀ ਕੈਦ ਵਿਚ ਸਨ। ਉਨ੍ਹਾਂ ਨੂੰ ਲੁੱਟ ਦੇ ਅਸਬਾਬ ਅਤੇ ਖ਼ਜ਼ਾਨੇ ਦੇ ਨਾਲ ਨਾਲ ਰੱਖਣਾ ਖ਼ਤਰਨਾਕ ਸਮਝਿਆ ਅਤੇ ਛੱਡ ਦੇਣਾ ਭੀ ਮੁਨਾਸਬ ਨਾ ਸਮਝਿਆ, ਇਸ ਲਈ ਇਨ੍ਹਾਂ ਨੂੰ ਕਤਲ ਕਰ ਦੇਣ ਦਾ ਹੁਕਮ ਦੇ ਦਿੱਤਾ ।
ਮੁਗ਼ਲ ਰਾਜ –
ਤੈਮੂਰ ਜਾਂਦੀ ਵਾਰੀ ਸੱਯਦ ਖ਼ਿਜ਼ਰ ਖ਼ਾਨ ਨੂੰ ਪੰਜਾਬ ਦੀ ਹਕੂਮਤ ਦੇ ਗਿਆ ਪਰ ਸੱਯਦਾਂ ਅਤੇ ਲੋਧੀਆਂ ਦੇ ਜ਼ਮਾਨੇ ਵਿਚ ਕੋਈ ਤਕੜੀ ਹਕੂਮਤ ਨਾ ਬਣ ਸਕੀ। ਅੰਤ ਮੁਗ਼ਲ ਰਾਜ ਦੇ ਮੋਢੀ ਬਾਬਰ ਬਾਦਸ਼ਾਹ ਨੇ ਹਿੰਦੁਸਤਾਨ ਦੀ ਬਾਦਸ਼ਾਹੀ ਆ ਸੰਭਾਲੀ । ਸਵਾ ਦੋ ਸੌ ਸਾਲ (1526- 1752) ਤਕ ਪੰਜਾਬ ਮੁਗ਼ਲ ਰਾਜ ਦਾ ਹਿੱਸਾ ਬਣਿਆ ਰਿਹਾ ਜਿੱਥੋਂ ਕਿ ਅਹਿਮਦ ਸ਼ਾਹ ਦੁੱਰਾਨੀ ਅਫ਼ਗ਼ਾਨ ਨੇ ਇਸ ਨੂੰ ਵੱਖਰਾ ਕਰ ਦਿੱਤਾ ਅਤੇ 1764 ਵਿਚ ਸਿੱਖਾਂ ਨੇ ਸਾਢੇ ਸਤ ਸੌ ਸਾਲ ਪਿੱਛੋਂ ਪੰਜਾਬ ਵਿਚ ਮੁੜ ਪੰਜਾਬੀਆਂ ਦੀ ਹਕੂਮਤ ਕਾਇਮ ਕੀਤੀ।
ਬਾਬਰ ਨੇ 1526 ਵਿਚ ਪਾਣੀਪਤ ਦੀ ਲੜਾਈ ਵਿਚ ਇਬਰਾਹੀਮ ਲੋਧੀ ਉੱਤੇ ਫ਼ਤਹਿ ਪਾ ਕੇ ਦਿੱਲੀ ਵਿਚ ਮੁਗ਼ਲ ਰਾਜ ਦੀ ਨੀਂਹ ਰੱਖੀ ਪਰ ਚੌਦਾਂ ਸਾਲ ਪਿੱਛੋਂ 1540 ਵਿਚ ਸ਼ੇਰ ਸ਼ਾਹ ਸੂਰੀ ਨੇ ‘ਬਾਬਰ ਦੇ ਪੁੱਤਰ ਹੁਮਾਯੂੰ ਹਿੰਦੁਸਤਾਨ ਤੋਂ ਭਜਾ ਕੇ ਈਰਾਨ ਵੱਲ ਧੱਕ ਦਿੱਤਾ । ਇਸ ਭਾਂਜ ਵੇਲੇ ਮੁਲਤਾਨ ਦੇ ਇਲਾਕੇ ਵਿਚ ਅਮਰਕੋਟ ਦੇ ਅਸਥਾਨ ਤੇ ਅਕਬਰ ਨੇ ਜਨਮ ਲਿਆ। ਪੰਦਰਾਂ ਸਾਲਾਂ ਪਿੱਛੋਂ ਜਦ ਹੁਮਾਯੂੰ ਮੁੜ ਹਿੰਦੁਸਤਾਨ ਵਿਚ ਆ ਬਾਦਸ਼ਾਹ ਬਣਿਆ ਅਤੇ 1556 ਵਿਚ ਮਰ ਗਿਆ ਤਾਂ ਅਕਬਰ ਦੀ ਤਾਜਪੋਸ਼ੀ ਪੰਜਾਬ ਵਿਚ ਹੀ ਕਲਾਨੌਰ ਦੇ ਮੁਕਾਮ ਤੇ ਹੋਈ । ਰਿਵਾੜੀ ਦੇ ਇਕ ਹਟਵਾਣੀਏ ਹੇਮੂੰ ਨੇ, ਜੋ ਸੂਰੀ ਬਾਦਸ਼ਾਹਾਂ ਦਾ ਵਜ਼ੀਰ ਰਹਿ ਚੁੱਕਾ ਸੀ, ਅਕਬਰ ਬਾਦਸ਼ਾਹ ਦੀ ਥਾਂ ਦਿੱਲੀ ਦੇ ਤਖ਼ਤ ਉੱਤੇ ਬੈਠਣਂ ਦਾ ਯਤਨ ਕੀਤਾ ਪਰ 1556 ਵਿਚ ਪਾਣੀਪਤ ਦੇ ਮੈਦਾਨ ਵਿਚ ਭਾਂਜ ਖਾ ਗਿਆ । ਅਕਬਰ ਦਾ ਜ਼ਮਾਨਾ ਇਕ ਅਮਨ ਦਾ ਜ਼ਮਾਨਾ ਸੀ । ਇਸ ਵੇਲੇ ਦੇਸ ਵੱਖ ਵੱਖ ਸੂਬਿਆਂ ਵਿਚ ਵੰਡਿਆ ਹੋਇਆ ਸੀ । ਪੰਜਾਬ
ਦਾ ਇਲਾਕਾ ਲਾਹੌਰ ਅਤੇ ਮੁਲਤਾਨ ਦੇ ਸੂਬਿਆਂ ਤੋ ਇਲਾਵਾ ਸਿੰਧੋਂ ਪਾਰ ਦਾ ਇਲਾਕਾ ਕਾਬੁਲ ਵਿਚ ਅਤੇ ਦੱਖਣ-ਚੜ੍ਹਦੇ ਦਾ ਦਿੱਲੀ ਸੂਬੇ ਵਿਚ ਸੀ।
ਅਕਬਰ ਤੋਂ ਬਾਅਦ ਸੰਨ 1605 ਵਿਚ ਉਸ ਦਾ ਪੁੱਤਰ ਜਹਾਂਗੀਰ ਤਖਤ ਉਤੇ ਬੈਠਾ । ਜਹਾਂਗੀਰ ਦਾ ਪੁੱਤਰ ਖੁਸਰੋ ਚਾਹੁੰਦਾ ਸੀ ਕਿ ਰਾਜ ਤਖ਼ਤ ਉੱਤੇ ਉਹ ਬੈਠੇ ਅਤੇ ਉਹ ਸਹਾਇਤਾ ਲਈ ਪੰਜਾਬ ਵੱਲ ਨੂੰ ਭੱਜਾ ਆਇਆ ਪਰ ਖੁਸਰੋ ਦਾ ਯਤਨ ਸਫਲ ਨਾ ਹੋਇਆ। ਜਦ 1628 ਵਿਚ ਜਹਾਂਗੀਰ ਭਿੰਬਰ ਦੇ ਮੁਕਾਮ ਤੇ ਮਰ ਗਿਆ ਤਾਂ ਲਾਹੌਰੋਂ ਦਰਿਆ ਰਾਵੀ ਦੇ ਦੂਸਰੇ ਪਾਸੇ ਸ਼ਾਹਦਰੇ ਦਫਨ ਕੀਤਾ ਗਿਆ ਜਿੱਥੇ ਕਿ ਉਸ ਦੀ ਮਲਿਕਾ ਨੂਰਜਹਾਨ ਨੇ ਇਕ ਬੜਾ ਆਲੀਸ਼ਾਨ ਮਕਬਰਾ ਬਣਵਾਇਆ ਅਤੇ ਆਪ ਭੀ ਅਠਾਰਾਂ ਵਰ੍ਹੇ ਪਿੱਛੋਂ ਇੱਥੇ ਹੀ ਪ੍ਰਾਣ ਤਿਆਗੇ । ਸ਼ਾਹਦਰੇ ਵਿਚ ਜਹਾਂਗੀਰ ਬਾਦਸ਼ਾਹ ਦੇ ਮਕਬਰੇ ਦੇ ਲਾਗੇ ਹੀ ਨੂਰਜਹਾਂ ਦਾ ਭੀ ਮਕਬਰਾ ਬਣਿਆ ਹੋਇਆ ਹੈ। ਜਹਾਂਗੀਰ ਦੀ ਹਕੂਮਤ ਦੇ ਅਰੰਭ ਵਿਚ ਉਸ ਦੇ ਹੁਕਮ ਨਾਲ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਨੂੰ ਲਾਹੌਰ ਵਿਚ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ ਅਤੇ ਪਿੱਛੋਂ ਸ਼ਾਹਜਹਾਨ ਦੇ ਹੁਕਮ ਨਾਲ ਮੁਗਲਈ ਫੌਜਾਂ ਨੇ ਛੇਵੇਂ ਗੁਰੂ ਹਰਿਗੋਬਿੰਦ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਪਰ ਸਿੱਖਾਂ ਨੇ ਇਨ੍ਹਾਂ ਨੂੰ ਚਾਰ ਲੜਾਈਆਂ ਵਿਚ ਹਾਰ ਦਿੱਤੀ ।
‘ ਆਪਣੇ ਪਿਤਾ ਸ਼ਾਹਜਹਾਨ ਨੂੰ ਕੈਦ ਕਰ ਕੇ ਜਦ ਔਰੰਗਜ਼ੇਬ ਆਪਣੇ ਭਰਾ ਦਾਰਾ ਸ਼ਿਕੋਹ ਦੇ ਮਗਰ ਪਿਆ ਪੰਜਾਬ ਵੱਲ ਨੂੰ ਆਇਆ ਤਾਂ ਗੁਰੂ ਹਰਿਰਾਇ ਨੇ ਬਿਆਸਾ ਦੇ ਕੰਢੇ ਉੱਤੇ ਫ਼ੌਜ ਲਿਆ ਖੜੀ ਕੀਤੀ ਅਤੇ ਔਰੰਗਜ਼ੇਬ ਦਾ ਰਾਹ ਕਾਫ਼ੀ ਦੇਰ ਤੱਕ ਇਸ ਖ਼ਿਆਲ ਨਾਲ ਰੋਕੀ ਰੱਖਿਆ ਕਿ ਦਾਰਾ ਸ਼ਿਕੋਹ ਦੂਰ ਅੱਗੇ ਨਿਕਲ ਜਾਏ ਅਤੇ ਔਰੰਗਜ਼ੇਬ ਦੇ ਪੰਜੇ ਤੋਂ ਬਚ ਸਕੇ । ਔਰੰਗਜ਼ੇਬ ਦੇ ਧਾਰਮਕ ਤਅੱਸਬ ਨੇ ਸਿੱਖ ਗੁਰੂਆਂ ਉੱਤੇ ਸਖ਼ਤੀ ਅਰੰਭ ਦਿੱਤੀ । ਗੁਰੂ ਹਰਿਰਾਇ ਦੇ ਪੁੱਤਰ ਗੁਰੂ ਹਰਿਕ੍ਰਿਸ਼ਨ ਨੂੰ ਦਿੱਲੀ ਬੁਲਾ ਭੇਜਿਆ ਜਿੱਥੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਗੁਰੂ ਤੇਗ਼ ਬਹਾਦਰ ਬਾਦਸ਼ਾਹ ਦੇ ਹੁਕਮ ਨਾਲ ਦਿੱਲੀ ਵਿਚ ਕਤਲ ਕਰ ਦਿੱਤੇ ਗਏ। ਗੁਰੂ ਗੋਬਿੰਦ ਸਿੰਘ ਦੇ ਵਿਰੁੱਧ ਸ਼ਾਹੀ ਹੁਕਮ ਨਾਲ ਮੁਗਲਈ ਫੌਜਾਂ ਨੇ ਚੜ੍ਹਾਈਆਂ ਕੀਤੀਆਂ ਜਿਸ ਕਰਕੇ ਉਨ੍ਹਾਂ ਨੂੰ ਘਰ-ਬਾਰ ਛੱਡਣ ਉੱਤੇ ਮਜਬੂਰ ਹੋਣਾ ਪਿਆ। ਉਨ੍ਹਾਂ ਦੇ ਦੋ ਪੁੱਤਰ ਜੰਗ ਵਿਚ ਮਾਰੇ ਗਏ ਅਤੇ ਦੋ (ਪੰਜ ਅਤੇ ਸੱਤ ਸਾਲ ਦੇ) ਮਾਸੂਮ ਬੱਚਿਆਂ ਨੂੰ ਸਰਹੰਦ ਦੇ ਨਵਾਬ ਵਜ਼ੀਰ ਖ਼ਾਨ ਨੇ ਨੀਂਹਾਂ ਵਿਚ ਚਿਣ ਕੇ ਤਸੀਹੇ ਦਿੱਤੇ ਅਤੇ ਫੇਰ ਜੱਲਾਦਾਂ ਕੋਲੋਂ ਛੁਰਿਆਂ ਨਾਲ ਕੁਹਾ ਕੇ ਕਤਲ ਕਰਾ ਦਿੱਤਾ।
ਅਕਬਰ, ਜਹਾਂਗੀਰ ਅਤੇ ਸ਼ਾਹਜਹਾਨ ਦਾ ਜ਼ਮਾਨਾ ਲਾਹੌਰ ਲਈ ਬੜਾ ਸੁਹਾਉਣਾ ਅਤੇ ਖੁਸ਼ੀਆਂ ਤੇ ਉੱਨਤੀ ਭਰਿਆ ਸੀ । ਇਕ ਪਾਸੇ ਇਹ ਦਿੱਲੀ ਅਤੇ ਕਸ਼ਮੀਰ ਦੇ ਵਿਚਕਾਰ ਸੀ, ਦੂਸਰੇ ਪਾਸੇ ਆਗਰੇ ਅਤੇ ਕਾਬੁਲ ਦੇ ਅੱਧ ਵਿਚ । ਬਾਦਸ਼ਾਹ ਬਹੁਤ ਵਾਰੀ ਇਥੇ ਹੀ ਟਿਕਦੇ ਸਨ ਅਤੇ ਅਕਬਰ ਬਾਦਸ਼ਾਹ ਨੇ ਪੂਰੇ ਚੌਦਾਂ ਵਰ੍ਹੇ (1584-1598) ਲਾਹੌਰ ਸ਼ਹਿਰ ਨੂੰ ਆਪਣਾ ਰਾਜ-ਅਸਥਾਨ ਬਣਾਈ ਰੱਖਿਆ। ਜਹਾਂਗੀਰ ਬਾਦਸ਼ਾਹ ਇੱਥੇ ਮਰਿਆ ਅਤੇ ਦਫ਼ਨਾਇਆ ਗਿਆ ਅਤੇ ਸ਼ਾਹਜਹਾਨ ਬਾਦਸ਼ਾਹ ਨੇ ਇੱਥੇ ਜਨਮ ਲਿਆ । ਸ਼ਾਹਜਹਾਨ ਬਾਦਸ਼ਾਹ ਨੇ ਇੱਥੇ ਸ਼ਾਲਾਮਾਰ ਨਾਉਂ ਦਾ ਇਕ ਬੜਾ ਸੁੰਦਰ ਬਾਗ਼ ਲੁਆਇਆ ਅਤੇ ਅਲੀ-ਮਰਦਾਨ ਖ਼ਾਨ ਦੀ ਨਹਿਰ ਕੁਝ ਹੱਦ ਤੱਕ ਇਸੇ ਬਾਗ਼ ਨੂੰ ਪਾਣੀ ਦੇਣ ਲਈ ਬਣਾਈ ਗਈ ਸੀ । ਬਾਦਸ਼ਾਹ ਔਰੰਗਜ਼ੇਬ ਦੇ ਸਮੇਂ ਵੀ, ਜਦ ਤੱਕ ਕਿ ਉਹ ਦੱਖਣ ਵਿਚ ਮਰਾਠਿਆਂ ਨਾਲ ਅਨੰਤ ਲੜਾਈਆਂ ਵਿਚ ਉਲਝ ਨਹੀਂ ਸੀ ਗਿਆ, ਲਾਹੌਰ ਦੀ ਸ਼ਾਨ ਸ਼ੌਕਤ ਬਣੀ ਰਹੀ। ਔਰੰਗਜ਼ੇਬ ਦਾ ਪੁੱਤਰ ਬਹਾਦੁਰਸ਼ਾਹ ਬਾਦਸ਼ਾਹ ਵੀ ਇਥੇ ਹੀ ਮਰਿਆ ਸੀ।
ਸਿੱਖ ਗੁਰੂ –
ਮੁਗ਼ਲ ਰਾਜ ਦੀ ਕਾਇਮੀ ਦੇ ਨਾਲ ਨਾਲ ਹੀ ਸਿੱਖ ਗੁਰੂਆਂ ਵੱਲੋਂ ਪੰਜਾਬ ਵਿਚ ਇਕ ਨਵੀਂ ਕੌਮ ਪੈਦਾ ਕਰਨ ਦੇ ਯਤਨ ਹੁੰਦੇ ਆ ਰਹੇ ਸਨ । ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਮੁਗਲ ਰਾਜ ਦੇ ਮੋਢੀ ਬਾਬਰ ਬਾਦਸ਼ਾਹ ਦੇ ਸਮਕਾਲੀ ਸਨ ਅਤੇ ਅੰਤਮ ਦਸਮ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਔਰੰਗਜ਼ੇਬ ਦੇ, ਜਿਸ ਤੋਂ ਬਾਅਦ ਮੁਗ਼ਲ ਰਾਜ ਹੌਲੀ ਹੌਲੀ ਢਹਿੰਦੀਆਂ ਕਲਾਂ ਵੱਲ ਜਾਣ ਲੱਗ ਪਿਆ।
ਪੰਦਰ੍ਹਵੀਂ ਸਦੀ ਈਸਵੀ ਦੇ ਅੰਤ ਵਿਚ ਹਿੰਦੁਸਤਾਨ ਦੀ ਧਾਰਮਕ, ਸਮਾਜਕ ਅਤੇ ਰਾਜਸੀ ਦਸ਼ਾ ਦਿਨੋ ਦਿਨ ਹੇਠਾਂ ਜਾ ਰਹੀ ਦੇਖ ਕੇ ਗੁਰੂ ਨਾਨਕ ਨੇ ਲੋਕਾਂ ਵਿਚ ਜਾਗ੍ਰਤੀ ਪੈਦਾ ਕਰਨ ਲਈ ਲੋਕਾਂ ਦੀ ਆਪਣੀ ਆਮ ਬੋਲੀ ਵਿਚ ਉਪਦੇਸ਼ ਦੇਣਾ ਆਰੰਭ ਕੀਤਾ ਅਤੇ ਥਾਂ ਥਾਂ ਦੇਸ ਪਰਦੇਸ ਫਿਰ ਕੇ ਪੁਰਾਣੇ ਵਹਿਮਾਂ, ਭਰਮਾਂ ਅਤੇ ਗੁਲਾਮੀ ਦੇ ਵਿਰੁੱਧ ਇਕ ਜ਼ੋਰਦਾਰ ਜਹਾਦ ਖੜਾ ਕਰ ਦਿੱਤਾ । ‘ਰੱਬ ਇਕ ਹੈ ਅਤੇ ਸਭ ਇਨਸਾਨ ਉਸ ਦੀ ਸੰਤਾਨ ਅਤੇ ਭਾਈ ਭਾਈ ਹਨ (ਏਕੁ ਪਿਤਾ ਏਕਸ ਕੇ ਹਮ ਬਾਰਿਕ), ਮਨੁੱਖ ਵਿਚ ਕੋਈ ਭਿੰਨ ਭੇਦ ਨਹੀਂ, ਨਾ ਕੋਈ ਛੋਟਾ ਹੈ, ਨਾ ਵੱਡਾ, ਜਾਤ ਪਾਤ ਅਤੇ ਹਿੰਦੂ ਮੁਸਲਮਾਨ ਦਾ ਵਿਤਕਰਾ ਭਰਮ ਹੈ, ਰਾਜੇ ਅਤੇ ਉਨ੍ਹਾਂ ਦੇ ਮੁਕੱਦਮ ਜ਼ੁਲਮ ਦੀ ਛੁਰੀ ਹੱਥ ਵਿਚ ਲਈ ਫਿਰਦੇ ਕਸਾਈ ਬਣੇ ਹੋਏ ਹਨ, ਇਨ੍ਹਾਂ ਦਾ ਅਸਲੀ ਕਰਮਧਰਮ ਪਰਜਾ ਦੀ ਰਾਖੀ ਅਤੇ ਉਨ੍ਹਾਂ ਨਾਲ ਇਨਸਾਫ ਕਰਨਾ ਹੈ।” ਇਸ ਕਿਸਮ ਦੇ ਇਨਕਲਾਬੀ ਵਿਚਾਰਾਂ ਨੇ ਲੋਕਾਂ ਵਿਚ ਇਕ ਲਹਿਰ ਚਲਾ ਦਿੱਤੀ ਅਤੇ ਉਹ ਸੰਗਤਾਂ ਅਤੇ ਪੰਗਤਾਂ ਵਿਚ ਜੁੜਨ ਲਗ ਪਏ। ਇਸ ਨਾਲ ਇਕ ਨਵਾਂ ਭਾਈਚਾਰਾ ਬਣਨਾ ਸ਼ੁਰੂ ਹੋ ਗਿਆ ।
ਗੁਰੂ ਨਾਨਕ (1469-1539 ਈ.) ਦੀ ਜਾਰੀ ਕੀਤੀ ਧਾਰਮਕ ਅਤੇ ਸਮਾਜੀ ਆਜ਼ਾਦੀ ਦੀ ਲਹਿਰ ਨੂੰ ਉਨ੍ਹਾਂ ਤੋਂ ਬਾਅਦ ਹੋਏ ਨੌਂ ਗੁਰੂਆਂ ਨੇ ਇਸ ਸਫਲਤਾ ਨਾਲ ਚਲਾਇਆ ਕਿ ਅਠਾਰਵੀਂ ਸਦੀ ਤੱਕ ਉਨ੍ਹਾਂ ਦੇ ਸਿੱਖ ਇਕ ਵੱਖਰੀ ਅਤੇ ਮਜ਼ਬੂਤ ਆਪਾ-ਵਾਰੂ ਕੌਮ ਬਣ ਗਏ । ਗੁਰੂ ਅੰਗਦ (1539-1552) ਅਤੇ ਗੁਰੂ ਅਮਰਦਾਸ (1552-1574) ਨੇ ਸਮਾਜਕ ਖ਼ਰਾਬੀਆਂ ਦੂਰ ਕਰਨ ਲਈ ਯਤਨ ਜਾਰੀ ਰੱਖੇ ਅਤੇ ਸਾਂਝੇ ਲੰਗਰਾਂ ਵਿਚ ਬਿਨਾਂ ਭਿੰਨ-ਭੇਦ ਦੇ ਇਕ ਥਾਂ ਬੈਠ ਕੇ ਖਾਣ ਪੀਣ ਦੀ ਪਰਪਾਟੀ ਚਲਾਈ ਅਤੇ ਵੱਖਰੋਂ ਵੱਖਰੇ ਖ਼ਿਆਲਾਂ ਦੇ ਲੋਕਾਂ ਨੂੰ ਇਕ ਦੂਸਰੇ ਦੇ ਨੇੜੇ ਲਿਆਉਣ ਅਤੇ ਲੋਕ-ਸੇਵਾ ਲਈ ਤਿਆਰ ਹੋਣ ਦੇ ਸਾਧਨ ਪੈਦਾ ਕਰ ਦਿੱਤੇ । ਗੁਰੂ ਰਾਮਦਾਸ (1574-1581) ਨੇ ਅੰਮ੍ਰਿਤਸਰ ਵਿਚ ਇਕ ਧਾਰਮਕ ਤੀਰਥ ਅਸਥਾਪਨ ਕਰ ਕੇ ਸਿਖਾਂ ਨੂੰ ਸੰਗਠਿਤ ਕਰਨ ਲਈ ਇਕ ਕੇਂਦਰ ਬਣਾ ਦਿੱਤਾ । ਗੁਰੂ ਅਰਜਨ (1581-1606) ਨੇ ਗੁਰੂ ਸਾਹਿਬਾਂ ਅਤੇ ਦੇਸ ਦੇ ਕੁਝ ਹੋਰ ਉੱਘੇ ਉੱਘੇ ਮਹਾਪੁਰਖਾਂ ਦੀ ਬਾਣੀ ਇਕ ਥਾਂ ਇਕੱਠੀ ਕਰ ਕੇ ਸਿਖਾਂ ਲਈ ਧਰਮ ਗ੍ਰੰਥ “ਸ੍ਰੀ ਗੁਰੂ ਗ੍ਰੰਥ ਸਾਹਿਬ” ਸੰਕਲਿਤ ਕੀਤਾ। ਇਸ ਨਾਲ ਉਨ੍ਹਾਂ ਦੀ ਧਾਰਮਕ ਸੁਤੰਤਰਤਾ ਬਹੁਤ ਹੱਦ ਤੱਕ ਹੋਰ ਪੱਕੀ ਹੋ ਗਈ। ਗੁਰੂ ਅਰਜਨ ਨੇ ਕੁਝ ਨਵੇਂ ਨਗਰਾਂ ਦੀ ਨੀਂਹ ਰੱਖੀ ਅਤੇ ਪਾਣੀ ਦੀ ਤਕਲੀਫ ਨੂੰ ਦੂਰ ਕਰਨ ਲਈ ਸਰੋਵਰ ਬਣਵਾਏ ਅਤੇ ਅਕਬਰ ਬਾਦਸ਼ਾਹ ਨੂੰ ਕਹਿ ਕੇ ਵਧੇ ਹੋਏ ਸਰਕਾਰੀ ਮਾਮਲੇ ਘੱਟ ਕਰਵਾਏ ਪਰ ਅਕਬਰ ਬਾਦਸ਼ਾਹ ਦਾ ਪੁੱਤਰ ਜਹਾਂਗੀਰ ਬਾਦਸ਼ਾਹ ਹਿੰਦੂ ਅਤੇ ਮੁਸਲਮਾਨਾਂ ਵਿਚ ਵਧਦੀ ਜਾ ਰਹੀ ਸਿੱਖ ਗੁਰੂਆਂ ਅਤੇ ਖ਼ਾਸ ਕਰ ਗੁਰੂ ਅਰਜਨ ਦੀ ਪ੍ਰਭਤਾ ਅਤੇ ਕੀਰਤੀ ਅਤੇ ਸਿੱਖ ਧਰਮ ਦੇ ਪ੍ਰਚਾਰ ਨੂੰ ਸਹਿ ਨਾ ਸਕਿਆ। ਉਸ ਨੂੰ ਇਸ ਵਿਚੋਂ ਰਾਜਸੀ ਅੰਦੋਲਨ ਦਾ ਖ਼ਤਰਾ ਦਿੱਸਣ ਲੱਗ ਪਿਆ। ਇਸ ਲਈ ਉਸ ਨੇ ਗੁਰੂ ਅਰਜਨ ਨੂੰ ਆਪਣੇ ਪੁੱਤਰ ਖੁਸਰੋਂ ਦੀ ਬਗ਼ਾਵਤ ਵਿਚ ਲਪੇਟ ਕੇ ਲਾਹੌਰ ਵਿਚ ਤਸੀਹੇ ਦੇ ਦੇ ਕੇ ਸ਼ਹੀਦ ਕਰਵਾ ਦਿੱਤਾ ।
ਇਸ ਦਾ ਇਕ ਨਤੀਜਾ ਇਹ ਹੋਇਆ ਕਿ ਛੇਵੇਂ ਗੁਰੂ ਹਰਿਗੋਬਿੰਦ (1606-1645) ਨੇ ਸਿੱਖਾਂ ਨੂੰ ਸਸਤਰ ਧਾਰਨ ਕਰਨ ਅਤੇ ਆਪਣੀ ਰੱਖਿਆ ਆਪ ਕਰ ਸਕਣ ਲਈ ਤਿਆਰ ਰਹਿਣ ਦੀ ਆਗਿਆ ਦਿੱਤੀ । ਹੁਣ ਸਿੱਖ ਭੀ ਤਕੜੇ ਹੋ ਗਏ ਅਤੇ ਜਦ ਸ਼ਾਹਜਹਾਨ ਦੇ ਹੁਕਮ ਨਾਲ ਮੁਗ਼ਲ ਫ਼ੌਜਾਂ ਉਨ੍ਹਾਂ . ਦੇ ਵਿਰੁੱਧ ਚੜ੍ਹ ਆਈਆਂ ਤਾਂ ਗੁਰੂ ਹਰਿਗੋਬਿੰਦ ਦੀ ਅਗਵਾਈ ਵਿਚ ਸਿੱਖਾਂ ਨੇ ਚਾਰ ਵਾਰੀ ਉਨ੍ਹਾਂ ਨੂੰ ਭਾਂਜ ਦਿੱਤੀ । ਜਦ ਔਰੰਗਜ਼ੇਬ ਦੇ ਜੁਲਮਾਂ ਦਾ ਸਤਾਇਆ ਹੋਇਆ ਉਸ ਦਾ ਆਪਣਾ ਭਾਈ ਦਾਰਾ ਸ਼ਿਕੋਹ ਆਪਣੀ ਜਾਨ ਲੈ ਕੇ ਪੰਜਾਬ ਵੱਲ ਭੱਜਾ ਤਾਂ ਉਸ ਦੇ ਪਿੱਛੇ ਚੜ੍ਹੇ ਆ ਰਹੇ ਔਰੰਗਜ਼ੇਬ ਦਾ ਬਿਆਸਾ ਉੱਤੇ ਕੁਝ ਚਿਰ ਰਾਹ ਰੋਕਣ ਲਈ ਗੁਰੂ ਹਰਿਰਾਇ (1645-1661) ਨੇ ਸਿੱਖ ਫੌਜ ਲਿਆ ਖੜੀ ਕੀਤੀ ਤਾਂ ਕਿ ਦਾਰਾ ਉਸ ਦੀ ਮਾਰ ਤੋਂ ਬਚ ਕੇ ਦੂਰ ਨਿਕਲ ਸਕੇ। ਨੌਵੇਂ ਗੁਰੂ ਤੇਗ ਬਹਾਦਰ (1664-1675) ਔਰੰਗਜ਼ੇਬ ਦੇ ਹੁਕਮ ਨਾਲ ਦਿੱਲੀ ਵਿਚ ਕਤਲ ਕਰ ਦਿੱਤੇ ਗਏ ।
ਦਸਵੇਂ ਗੁਰੂ ਗੋਬਿੰਦ ਸਿੰਘ (ਸੰਨ 1675-1708 ਈ.) ਨੇ ਸਿੱਖਾਂ ਨੂੰ ਇਕ ਨਵੇਂ ਸੰਚੇ ਵਿਚ ਢਾਲ ਦਿੱਤਾ ਅਤੇ ਖੰਡੇ ਦੀ ਪਾਹੁਲ (ਅੰਮ੍ਰਿਤ) ਨਾਲ ਸਿੰਘ ਸਜਾ ਕੇ ਉਨ੍ਹਾਂ ਨੂੰ ਖ਼ਾਲਸੇ ਬਣਾ ਦਿੱਤਾ । ਉਨ੍ਹਾਂ ਵਿਚ ਹਰ ਪ੍ਰਕਾਰ ਦੀ ਵਿੱਦਿਆ ਅਤੇ ਸਾਹਿਤ ਦੀ ਪਰਪਾਟੀ ਚਲਾਈ ਅਤੇ ਉਨ੍ਹਾਂ ਨੂੰ ਦੇਸ ਅਤੇ ਧਰਮ ਦੀ ਰੱਖਿਆ ਲਈ ਸੰਤ-ਸਿਪਾਹੀਆਂ ਦੀ ਇਕ ਜਮਾਤ ਬਣਾ ਦਿੱਤਾ। ਗੁਰੂ ਦੇ ਨਿਵਾਸ ਅਸਥਾਨ ਅਨੰਦਪੁਰ (ਜ਼ਿਲ੍ਹਾ ਹੁਸ਼ਿਅਰਪੁਰ) ਦੇ ਇਰਦ-ਗਿਰਦ ਦੇ ਪਹਾੜੀ ਰਾਜੇ ਅਤੇ ਮੁਗ਼ਲ ਸਰਦਾਰ ਸਿੰਘਾਂ ਦੀ ਵੱਧ ਰਹੀ ਤਾਕਤ ਨੂੰ ਸੁਖਾਲੀ ਅੱਖੀਂ ਨਾ ਦੇਖ ਸਕੇ ਅਤੇ ਗੁਰੂ ਨੂੰ ਤੰਗ ਕਰਨ ਲੱਗ ਪਏ। ਆਪ ਦੇ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੇ ਯੁੱਧ ਵਿਚ ਸ਼ਹੀਦ ਹੋ ਗਏ ਅਤੇ ਦੋ ਛੋਟੇ ਸਰਹੰਦ ਦੇ ਨਵਾਬ ਵਜ਼ੀਰ ਖ਼ਾਨ ਦੇ ਹੁਕਮ ਨਾਲ ਨੀਂਹ ਵਿਚ ਚਿਣਨ ਦੇ ਤਸੀਹੇ ਦੇ ਕੇ ਜ਼ਿਬਾਹ ਕਰ ਦਿੱਤੇ ਗਏ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਅਤੇ ਬਹਾਦੁਸ਼ਾਹ ਬਾਦਸ਼ਾਹ ਦੇ ਸਬੰਧ ਮਿਤਰਾਨਾ ਹੋਣ ਦੀ ਆਸ ਹੋ ਰਹੀ ਸੀ ਪਰ ਪੂਰੀ ਨਾ ਹੋ ਸਕੀ ਅਤੇ ਨਾਂਦੇੜ (ਹੈਦਰਾਬਾਦ ਦੱਖਣ) ਦੇ ਅਸਥਾਨ ਤੇ ਨਵਾਬ ਸਰਹੰਦ ਵਲੋਂ ਭੇਜੇ ਗਏ ਆਦਮੀਆਂ ਦੇ ਹੱਥੋਂ ਜ਼ਖ਼ਮੀ ਹੋ ਕੇ ਚੜ੍ਹਾਈ ਕਰ ਗਏ।
ਗੁਰੂ ਗੋਬਿੰਦ ਸਿੰਘ ਬੜੇ ਨਿਮਰ ਭਾਵ ਨਾਲ ਧਰਮਾਂ, ਦੇਸਾਂ ਅਤੇ ਕੌਮਾਂ ਦੇ ਖਿਆਲਾਂ ਤੋਂ ਉਚੇ ਹੋ ਕੇ ਮਨੁੱਖ-ਮਾਤਰ ਨੂੰ ਸਰਬ-ਸੰਸਾਰਕ ਦ੍ਰਿਸ਼ਟੀ ਨਾਲ ਦੇਖਣ ਵਾਲੇ ਮਹਾਪੁਰਸ਼ ਸਨ ਜਿਨ੍ਹਾਂ ਦੀ ਨਜ਼ਰ ਵਿਚ ‘ਅੱਲਾ ਅਭੇਖ ਸੋਈ, ਪੁਰਾਣ ਅਉ ਕੁਰਾਨ ਓਈ, ਏਕ ਹੀ ਸਰੂਪ ਸਭੈ, ਏਕ ਹੀ ਬਨਾਉ ਹੈ, ਹਿੰਦੂ ਤੁਰਕ ਕੋਊ ਰਾਫਜ਼ੀ ਇਨਾਮ ਸਾਫੀ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’ ਅਤੇ ‘ਦੇਹੁਰਾ ਮਸੀਤ ਸੋਈ, ਪੂਜਾ ਅਉ ਨਿਮਾਜ਼ ਓਹੀ, ਮਾਨਸ ਸਭੇ ਏਕ ਪੈ ਅਨੇਕ ਕੋ ਪ੍ਰਭਾਉ ਹੈ ਸੀ’ (ਅਕਾਲ ਉਸਤਤ) । ਜਦ ਕੁਝ ਲੋਕ ਪੁਰਾਤਨ ਵਿਚਾਰਾਂ ਅਨੁਸਾਰ ਆਪ ਨੂੰ ਰੱਬੀ ਦਰਜਾ ਦਿੰਦੇ ਨਜ਼ਰ ਆਏ ਤਾਂ ਆਪ ਨੇ ਬੜੀ ਨਿਮਰਤਾ ਪਰ ਜ਼ੋਰ ਅਤੇ ਦ੍ਰਿੜਤਾ ਨਾਲ ਆਖਿਆ ‘ਜੋ ਹਮ ਕੋ ਪਰਮੇਸਰ ਉਚਰਿ ਹੈਂ ॥ ਤੇ ਸਭ ਨਰਕ ਕੁੰਡ ਮਹਿ ਪਰਿ ਹੈ। “ਮੈਂ ਹੋ ਪਰਮ ਪੁਰਖ ਕੋ ਦਾਸਾ ॥ ਦੇਖਨ ਆਯੋ ਜਗਤ ਤਮਾਸਾ ॥” (ਬਚਿਤਰ ਨਾਟਕ)। ਇਕ ਥਾਂ ਆਪਣੇ ਸਿੰਘਾਂ ਵੱਲ ਇਸ਼ਾਰਾ ਕਰ ਕੇ ਆਪ ਨੇ ਕਿਹਾ, ‘ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ, ਨਹੀ ਮੋ ਸੇ ਗਰੀਬ ਕਰੋਰ ਪਰੇ ॥
ਬੰਦਾ ਸਿੰਘ ਬਹਾਦਰ –
ਨਾਂਦੇੜ (ਦੱਖਣ) ਤੋਂ ਗੁਰੂ ਗੋਬਿੰਦ ਸਿੰਘ ਦਾ ਇਕ ਸਿੰਘ ਬੰਦਾ ਸਿੰਘ ਨਾਮੀ ਪੰਜਾਬ ਵਿਚ ਆਇਆ ਅਤੇ ਸੰਨ 1710 ਵਿਚ ਸਿੰਘਾਂ ਦੀ ਸਹਾਇਤਾ ਨਾਲ ਸਰਹੰਦ ਅਤੇ ਉਸ ਦਾ ਚੁਗਿਰਦਾ ਫਤਹਿ ਕਰ ਕੇ ਉਸ ਨੇ ਸਿੱਖ ਰਾਜ ਕਾਇਮ ਕਰ ਲਿਆ ਅਤੇ ਸਢੌਰੇ (ਜ਼ਿਲ੍ਹਾ ਅੰਬਾਲਾ) ਦੇ ਲਾਗੇ ਮੁਖਲਸਗੜ੍ਹ ਵਿਚ ਆਪਣਾ ਰਾਜਸੀ ਕੇਂਦਰ ਬਣਾ ਕੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਨਾਉਂ ਤੇ ਸਿੱਕਾ ਜਾਰੀ ਕੀਤਾ।
ਸਦੀਆਂ ਤੋਂ ਬਾਅਦ ਪੰਜਾਬ ਵਿਚ ਇਹ ਪਹਿਲਾ ਪੰਜਾਬੀ ਰਾਜ ਸੀ ਜਿਸ ਦੀਆਂ ਹੱਦਾਂ ਲੱਗਭੱਗ ਅੱਜ ਕੱਲ੍ਹ ਦੇ ਪੰਜਾਬ ਵਾਲੀਆਂ ਹੀ ਸਨ ਅਤੇ ਹਿਮਾਚਲ ਪ੍ਰਦੇਸ਼ ਵਿਚ ਸ਼ਾਮਲ ਸ਼ਿਵਾਲਕ ਪਹਾੜੀਆਂ ਦਾ ਕੁਝ ਇਲਾਕਾ ਭੀ ਇਸ ਵਿਚ ਸ਼ਾਮਲ ਸੀ । ਸਭ ਤੋਂ ਵੱਡਾ ਕੰਮ ਜੋ ਇਸ ਨੇ ਕੀਤਾ ਉਹ ਪੰਜਾਬੀਆਂ ਲਈ ਆਪਣਾ ਰਾਜ ਕਾਇਮ ਕਰਨ ਲਈ ਲੀਹ ਤੋਰਨਾ ਸੀ । ਬੰਦਾ ਸਿੰਘ ਨੇ ਬਿਨਾਂ ਵੱਡੇ ਛੋਟੇ ਦੇ ਵਿਤਕਰੇ ਦੇ ਸਿੱਖ ਹਾਕਮ ਨੀਯਤ ਕੀਤੇ ਅਤੇ ਦੇਰ ਤੋਂ ਤੁਰਿਆ ਆ ਰਿਹਾ ਜਾਗੀਰਦਾਰੀ ਪ੍ਰਬੰਧ ਖ਼ਤਮ ਕਰ ਦਿੱਤਾ । ਪਰ ਮੁਗਲ ਸਾਮਰਾਜ ਦੀ ਭਾਰੀ ਤਾਕਤ ਦੇ ਸਾਹਮਣੇ ਬੰਦਾ ਸਿੰਘ ਦਾ ਰਾਜ ਬਹੁਤ ਦੇਰ ਟਿਕ ਨਾ ਸਕਿਆ । ਬਾਦਸ਼ਾਹ ਫਰੁਖਸੀਅਰ ਦੇ ਹੁਕਮ ਨਾਲ ਮਾਰਚ ਸੰਨ 1716 ਵਿਚ 780 ਸਿੱਖ ਅਤੇ ਜੂਨ ਵਿਚ ਬੰਦਾ ਸਿੰਘ ਅਤੇ ਉਸਦੇ ਕੁਝ ਚੁਣਵੇਂ ਸਾਥੀ ਸਰਦਾਰ ਬੜੀ ਬੇਰਹਿਮੀ ਨਾਲ ਦਿੱਲੀ ਵਿਚ ਕਤਲ ਕੀਤੇ ਗਏ ਪਰ ਜਿਸ ਸਿਦਕ ਤੇ ਦਲੇਰੀ ਨਾਲ ਉਨ੍ਹਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਉਸਦੀ ਮਿਸਾਲ ਕਿਸੇ ਹੋਰ ਤਵਾਰੀਖ਼ ਵਿਚ ਮਿਲਣੀ ਮੁਸ਼ਕਲ ਹੈ।
ਸਿਖ ਮਿਸਲਾਂ –
‘ਅਖ਼ਬਾਰਿ ਦਰਬਾਰਿ ਮੁਅੱਲਾ’ ਅਨੁਸਾਰ 10 ਦਸੰਬਰ, ਸੰਨ 1710 ਈਸਵੀ ਨੂੰ ਬਹਾਦਰਸ਼ਾਹ ਬਾਦਸ਼ਾਹ ਨੇ ਸਿੰਘਾਂ ਦੀ ਕਤਲਾਮ ਦਾ ਹੁਕਮ ਜਾਰੀ ਕੀਤਾ ਸੀ ਕਿ ਗੁਰੂ ਨਾਨਕ ਦੇ ਸਿੱਖ ਜਿੱਥੇ ਕਿਧਰੇ ਵੀ ਮਿਲ ਜਾਣ ਕਤਲ ਕਰ ਦਿੱਤੇ ਜਾਣ-(ਨਾਨਕ-ਪ੍ਰਸਤਾਂਰਾ ਹਰ ਜਾ ਕਿ ਬ-ਯਾਬੰਦ ਬ-ਕਤਲ ਰਸਾਨੰਦ) – ਅਤੇ ਇਸ ਹੁਕਮ ਨੂੰ ਬਾਦਸ਼ਾਹ ਫਰੁਖ਼ਸੀਅਰ ਨੇ ਮੁੜ 1716 ਵਿਚ ਦੁਹਰਾ ਦਿੱਤਾ । ਹੁਣ ਸਿੱਖਾਂ ਉੱਤੇ ਸਖ਼ਤੀ ਦੇ ਝੱਖੜ ਝੂਲ ਪਏ ਅਤੇ ਫ਼ੌਜੀ ਦਸਤੇ ਉਨ੍ਹਾਂ ਦੀ ਭਾਲ ਵਿਚ ਨਿਕਲ ਤੁਰੇ । ਹਜ਼ਾਰਾਂ ਦੀ ਗਿਣਤੀ ਵਿਚ ਸ਼ਹਿਰਾਂ ਅਤੇ ਪਿੰਡਾਂ ਵਿੱਚੋਂ ਫੜ ਕੇ ਸਿੱਖ ਲਾਹੌਰ ਲਿਆਂਦੇ ਗਏ ਅਤੇ ਦਿੱਲੀ ਦਰਵਾਜ਼ੇ ਦੇ ਬਾਹਰ ਸ਼ਹੀਦ-ਗੰਜ ਦੇ ਅਸਥਾਨ ਉੱਤੇ ਤਸੀਹੇ ਦੇ ਦੇ ਕੇ ਕਤਲ ਕੀਤੇ ਗਏ ਪਰ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਵਿਚੋਂ ਕਿਸੇ ਇਕ ਨੇ ਵੀ ਆਪਣੀ ਜਾਨ ਬਚਾਉਣ ਲਈ ਆਪਣਾ ਧਰਮ ਤਿਆਗਣਾ ਪਰਵਾਨ ਨਾ ਕੀਤਾ। ਬਹੁਤ ਸਾਰੇ ਸਿੱਖ ਵੇਲਾ ਟਪਾਉਣ ਲਈ ਆਪਣੇ ਪਿੰਡ ਛੱਡ ਕੇ ਜੰਗਲਾਂ ਅਤੇ ਪਹਾੜਾਂ ਵੱਲ ਨੂੰ ਨਿਕਲ ਗਏ। ਇਸ ਮੁਸੀਬਤ ਅਤੇ ਭਾਜੜਾਂ ਦੇ ਵੇਲੇ ਸਿੱਖ ਕੌਮ ਹਠੀਲੀ ਅਤੇ ਦੁਖਾਂ ਤਕਲੀਫਾਂ ਤੋਂ ਬੇਪਰਵਾਹ ਹੋ ਗਈ। ਜਰਵਾਣਿਆਂ ਹੱਥੋਂ ਦੇਸ ਦੀ ਆਜ਼ਾਦੀ ਇਨ੍ਹਾਂ ਦਾ ਇਕ ਨਿਸ਼ਾਨਾ ਬਣ ਗਿਆ ਅਤੇ ਛੋਟੇ ਛੋਟੇ ਜੱਥੇ ਬਣਾ ਕੇ ਇਨ੍ਹਾਂ ਨੇ ਆਲੇ ਦੁਆਲੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ । ਉਧਰ ਨਾਦਰਸ਼ਾਹ ਈਰਾਨੀ ਅਤੇ ਅਹਿਮਦਸ਼ਾਹ ਦੁੱਰਾਨੀ ਦੇ ਹਿੰਦ ਪਰ ਹੱਲਿਆਂ ਨੇ ਮੁਗ਼ਲਾਂ ਦੀ ਤਾਕਤ ਬਹੁਤ ਕਮਜ਼ੋਰ ਕਰ ਦਿੱਤੀ ਜਿਸ ਕਰਕੇ ਸਿੱਖਾਂ ਨੂੰ ਹੱਥ ਪੈਰ ਮਾਰਨ ਦਾ ਸੋਹਣਾ ਮੌਕਾ ਬਣ ਗਿਆ। ਇਨ੍ਹਾਂ ਨੇ ਪਹਿਲਾਂ ਦੋ ਦਲ ਬਣਾਏ, ਬੁੱਢਾ ਦਲ ਅਤੇ ਤਰਣਾ ਦਲ, ਅਤੇ ਫੇਰ ਪੰਜ ਜੱਥੇ, ਜਿਨ੍ਹਾਂ ਦੇ ਪਿੱਛੋਂ ਜਾ ਕੇ ਉੱਘੇ ਉਘੇ ਬਾਰਾਂ ਜੱਥੇ ਬਣ ਗਏ ਜੋ ਮੱਲਾਂ ਮਾਰਨ ਵੇਲੇ ਮਿਸਲਾਂ ਦੇ ਨਾਉਂ ਨਾਲ ਪ੍ਰਸਿੱਧ ਹੋਏ। ਬਾਰਾਂ ਮਿਸਲਾਂ ਇਹ ਸਨ :
ਆਹਲੂਵਾਲੀਏ, ਭੰਗੀ, ਡੱਲੇਵਾਲੀਏ, ਫੈਂਜੁਲਾਪੁਰੀਏ, ਕਨ੍ਹਈਏ, ਨਕੱਈ, ਰਾਮਗੜ੍ਹੀਏ, ਸ਼ੁੱਕਰਚੱਕੀਏ, ਕਰੋੜਸਿੰਘੀਏ, ਨਿਸ਼ਾਨਾਂ ਵਾਲੇ, ਫੂਲਕੇ ਅਤੇ ਸ਼ਹੀਦ ।
ਪਹਿਲੀਆਂ ਅੱਠ ਮਿਸਲਾਂ ਦਾ ਬਹੁਤਾ ਇਲਾਕਾ ਸਤਲੁਜੋਂ ਉੱਤਰ ਵੱਲ ਸੀ ਅਤੇ ਪਿਛਲੀਆਂ ਦਾ ਦੱਖਣ ਵੱਲ ।
ਸਿੱਖ ਮਿਸਲਦਾਰ ਸਰਦਾਰਾਂ ਨੇ ਪਹਿਲੋਂ ਪਹਿਲ ਅਪਰੈਲ ਸੰਨ 1758 ਨੂੰ ਸਿੰਘਾਂ ਨੇ ਸਰਹੰਦ ਮਾਰ ਲਈ ਜਿਸ ਨਾਲ ਸਤਲੁਜ ਦੇ ਦੱਖਣ ਨੂੰ ਉਨ੍ਹਾਂ ਦਾ ਰਾਜ ਹੋ ਗਿਆ। ਅਗਲੇ ਸਾਲ 16 ਅਪਰੈਲ 1765 ਨੂੰ ਉਨ੍ਹਾਂ ਨੇ ਲਾਹੌਰ ਉੱਤੇ ਪੱਕਾ ਕਬਜ਼ਾ ਕਰ ਲਿਆ।
ਸਿੱਖ ਰਾਜ –
ਸਿੱਖ ਰਾਜ ਦੇ ਸਰਹੰਦ ਅਤੇ ਉੱਤਰੀ ਪੰਜਾਬ ਵਿਚ ਕਾਇਮ ਹੋਣ ਵੇਲੇ ਸ਼ੁੱਕਰਚੱਕੀਆ ਮਿਸਲ ਦੇ ਮੋਹਰੀ ਸਰਦਾਰ ਚੜ੍ਹਤ ਸਿੰਘ ਸਨ । ਇਨ੍ਹਾਂ ਦੇ ਪੋਤਰੇ ਸਰਦਾਰ ਰਣਜੀਤ ਸਿੰਘ ਨੇ ਹੌਲੀ ਹੌਲੀ ਤਾਕਤ ਪੈਦਾ ਕਰ ਕੇ ਛੋਟੀ ਉਮਰ ਵਿਚ ਹੀ ਆਪਣਾ ਸਿੱਕਾ ਬਿਠਾ ਲਿਆ। ਗੁਜਰਾਂਵਾਲਾ ਇਸ ਮਿਸਲ ਦਾ ਕੇਂਦਰ ਸੀ । ਰਣਜੀਤ ਸਿੰਘ 19 ਸਾਲ ਦੀ ਉਮਰ ਵਿਚ ਹੀ ਸੀ ਕਿ ਲਾਹੌਰ ਦੇ ਸ਼ਹਿਰੀਆਂ ਦੇ ਕੁਝ ਚੌਧਰੀ ਉਸ ਪਾਸ ਗਏ। ਉਨ੍ਹਾਂ ਦੀ ਬੇਨਤੀ ਪਰਵਾਨ ਕਰ ਕੇ ਸੰਨ 1799 ਵਿਚ ਰਣਜੀਤ ਸਿੰਘ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ। ਪਿੱਛੋਂ ਛੇਤੀ ਹੀ ਉਸ ਨੇ ਚੜ੍ਹਦੇ ਅਤੇ ਮੱਧ ਪੰਜਾਬ ਵਿਚ ਪੈਰ ਜਮਾ ਕੇ ਮੁਲਤਾਨ, ਕਸ਼ਮੀਰ ਅਤੇ ਖ਼ੈਬਰ ਤਕ ਆਪਣਾ ਰਾਜ ਬਣਾ ਲਿਆ। ਮਿਸਲਦਾਰ ਸਰਦਾਰਾਂ ਵਾਂਙੂ ਹੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭੀ ਸਚਮੁਚ ਪੰਜਾਬੀਆਂ ਦਾ ਰਾਜ ਸੀ ਜਿਸ ਵਿਚ ਹਿੰਦੂ, ਸਿੱਖ ਅਤੇ ਮੁਸਲਮਾਨ ਦਾ ਕੋਈ ਵਿਤਕਰਾ ਨਹੀਂ ਸੀ । ਮਹਾਰਾਜੇ ਦੇ ਵੇਲੇ ਮੁੱਦਤਾਂ ਤੋਂ ਬਾਅਦ ਪੰਜਾਬੀਆਂ ਨੇ ਅਮਨ ਦਾ ਮੂੰਹ ਡਿੱਠਾ । ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਨੌ ਸਾਲਾਂ ਵਿਚ ਹੀ ਇਹ ਰਾਜ ਢਹਿ ਢੇਰੀ ਹੋ ਗਿਆ ਅਤੇ ਸੰਨ 1849 ਵਿਚ ਪੰਜਾਬ ਵੀ ਬਾਕੀ ਹਿੰਦੁਸਤਾਨ ਦੀ ਤਰ੍ਹਾਂ ਅੰਗਰੇਜ਼ਾਂ ਦੇ ਕਬਜ਼ੇ ਵਿਚ ਆ ਗਿਆ।
ਪੰਜਾਬ ਦਾ ਰਾਜ ਨਸ਼ਟ ਹੋਣ ਵਿਚ ਪੂਰਬੀਆਂ ਅਤੇ ਡੋਗਰਿਆਂ ਦਾ ਬਹੁਤ ਜ਼ਿਆਦਾ ਹੱਥ ਸੀ। ਇਹ ਲੋਕ ਅੰਦਰੋਂ ਅੰਦਰੀਂ ਅੰਗਰੇਜ਼ਾਂ ਨਾਲ ਰਲ ਗਏ ਸਨ ਜਿਸ ਕਰਕੇ ਪੰਜਾਬ ਦੀਆਂ ਫੌਜਾਂ ਅੰਗਰੇਜ਼ਾਂ ਨਾਲ ਪਹਿਲੀ ਲੜਾਈ ਵਿਚ ਧੋਖੇ ਵਿਚ ਆ ਕੇ ਹਾਰ ਖਾ ਗਈਆਂ। ਦੂਸਰੀ ਲੜਾਈ ਵੇਲੇ ਲਾਹੌਰ ਦਰਬਾਰ ਤਾਂ ਇਸ ਖ਼ਿਆਲ ਵਿਚ ਸੀ ਕਿ ਅੰਗਰੇਜ਼ ਮੁਲਤਾਨ ਦਾ ਬਲਵਾ ਮਿਟਾਉਣ ਲਈ ਆਪਣੀਆਂ ਫੌਜਾਂ ਲਿਆਏ ਹਨ ਅਤੇ ਜਦ ਉਨ੍ਹਾਂ ਨੂੰ ਅਸਲੀਅਤ ਦਾ ਗਿਆਨ ਹੋਇਆ ਤਾਂ ਮੌਕਾ ਹੱਥੋਂ ਖੁੰਝ ਚੁੱਕਾ ਸੀ।
1857 ਦਾ ਗਦਰ –
1857 ਦੇ ਪੂਰਬੀਆਂ ਦੇ ਗ਼ਦਰ ਵੇਲੇ ਬੰਗਾਲੀਆਂ, ਮਦਰਾਸੀਆਂ, ਗੁਜਰਾਤੀਆਂ, ਮਰਾਠਿਆਂ, ਰਾਜਪੂਤਾਂ ਅਤੇ ਗੋਰਖਿਆਂ ਆਦਿ ਦੀ ਤਰ੍ਹਾਂ ਪੰਜਾਬੀਆਂ ਨੇ ਵੀ ਉਨ੍ਹਾਂ ਦਾ ਸਾਥ ਦੇਣੋਂ ਨਾਂਹ ਕਰ ਦਿੱਤੀ । ਉਨ੍ਹਾਂ ਨੂੰ ਪਤਾ ਸੀ ਕਿ ਪੂਰਬੀਆਂ ਨੇ ਸਾਰੇ ਹਿੰਦੁਸਤਾਨ ਵਿਚ ਅੰਗਰੇਜ਼ੀ ਰਾਜ ਕਾਇਮ ਕਰਨ ਵਿਚ ਅੰਗਰੇਜ਼ਾਂ ਦੀ ਸਹਾਇਤਾ ਕੀਤੀ ਸੀ ਅਤੇ ਅਫਗਾਨਾਂ ਦੀ ਆਜ਼ਾਦੀ ਖੋਹਣ ਲਈ ਅੰਗਰੇਜ਼ਾਂ ਦੇ ਨਾਲ ਅਫਗਾਨਿਸਤਾਨ ਤੱਕ ਗਏ ਸਨ ਅਤੇ ਹੁਣ ਵੀ ਸੁਆਰਥ ਤੋਂ ਬਿਨਾਂ ਕੋਈ ਹੋਰ ਜਜ਼ਬਾ ਉਨ੍ਹਾਂ ਵਿਚ ਕੰਮ ਨਹੀਂ ਸੀ ਕਰ ਰਿਹਾ। ਇਸ ਤੋਂ ਇਲਾਵਾ ਪੰਜਾਬੀ ਹਿੰਦੁਸਤਾਨ ਵਿਚ ਮੁੜ ਉਸੇ ਮੁਗ਼ਲ ਰਾਜ ਨੂੰ ਕਾਇਮ ਕਰਨ ਲਈ ਕਿਸੇ ਨਾਲ ਵੀ ਸ਼ਾਮਲ ਹੋਣ ਲਈ ਤਿਆਰ ਨਹੀਂ ਸਨ ਹੋ ਸਕਦੇ ਜਿਸ ਦੇ ਜੁਲਮਾਂ ਵਿਰੁੱਧ ਉਹ ਡੇਢ ਸੌ ਸਾਲ ਤੋਂ ਉਪਰ ਲੜਦੇ ਮਰਦੇ ਰਹੇ ਸਨ।
ਬਾਬਾ ਰਾਮ ਸਿੰਘ –
ਬਾਬਾ ਰਾਮ ਸਿੰਘ ਗ਼ਦਰ ਤੋਂ ਚਾਰ ਪੰਜ ਸਾਲ ਹੀ ਬਾਅਦ ਪਿੰਡ ਭੈਣੀ ਜ਼ਿਲ੍ਹਾ ਲੁਧਿਆਣਾ ਦੇ ਵਸਨੀਕ ਬਾਬਾ ਰਾਮ ਸਿੰਘ ਨੇ ਪੰਜਾਬ ਵਿਚ ਸਿੱਖਾਂ ਦੀ ਧਾਰਮਕ ਅਤੇ ਸਮਾਜਕ ਹਾਲਤ ਨੂੰ ਸੁਧਾਰਨ ਦੇ ਯਤਨ ਅਰੰਭੇ ਪਰ ਉਨ੍ਹਾਂ ਦੇ ਕੁਝ ਕੁ ਜ਼ਿਆਦਾ ਜੋਸ਼ੀਲੇ ਸੰਗੀਆਂ ਦੇ ਮੁਸਲਮਾਨ ਬੁੱਚੜਾਂ ਵਿਰੁੱਧ ਅੰਦੋਲਨ ਨੇ ਇਸ ਲਹਿਰ ਦਾ ਮੂੰਹ ਹੋਰ ਪਾਸੇ ਮੋੜ ਦਿੱਤਾ। ਉਨ੍ਹਾਂ ਵਿੱਚੋਂ ਕੁਝ ਕੁ ਨੇ ਜੋਸ਼ ਵਿਚ ਆ ਕੇ ਬਿਨਾਂ ਬਾਬਾ ਰਾਮ ਸਿੰਘ ਦੀ ਆਗਿਆ ਦੇ ਹੀ ਹਥਿਆਰ ਪ੍ਰਾਪਤ ਕਰਨ ਲਈ ਮਲੌਦ ਅਤੇ ਮਲੇਰਕੋਟਲੇ ਉੱਤੇ ਧਾਵੇ ਬੋਲ ਦਿੱਤੇ । ਗ਼ਦਰ ਹੁਣੇ ਹੀ ਹੋ ਕੇ ਹਟਿਆ ਸੀ ਇਸ ਲਈ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਮਿਸਟਰ ਐਲ. ਕੋਵਨ ਅਤੇ ਅੰਬਾਲੇ ਦੇ ਕਮਿਸ਼ਨਰ ਡਗਲਸ ਫੋਰਸਾਈਥ ਨੇ ਇਸ ਨਿਗੂਣੇ ਜਿਹੇ ਬਲਵੇ ਨੂੰ ਐਵੇਂ ਹੀ ਵਧਾ ਦਿੱਤਾ ਅਤੇ 65 ਕੂਕੇ ਅੰਨ੍ਹੇ ਵਾਹ ਤੋਪਾਂ ਨਾਲ ਉਡਾ ਦਿੱਤੇ ।
ਰਾਜਸੀ ਜਾਗ੍ਰਤੀ ਅਤੇ ਅੰਦੋਲਨ –
ਉਨ੍ਹੀਵੀਂ ਸਦੀ ਦੇ ਦੂਸਰੇ ਅੱਧ ਵਿਚ ਆਰੀਆ ਸਮਾਜ, ਕਾਦਿਆਨੀ ਜਮਾਤ ਅਤੇ ਸਿੰਘ ਸਭਾਵਾਂ ਕਾਇਮ ਹੋਈਆਂ ਜਿਨ੍ਹਾਂ ਨੇ ਪੰਜਾਬ ਵਿਚ ਬਹੁਤ ਕੁਝ ਧਾਰਮਕ ਤੇ ਸਮਾਜਕ ਅੰਦੋਲਨ ਲਿਆਂਦਾ ਅਤੇ ਵਿਦਿਆ ਦਾ ਪ੍ਰਚਾਰ ਕੀਤਾ। ਪਰ 1907 ਦੇ ਕਾਲੋਨੀ ਬਿਲ ਸਬੰਧੀ ਹੋਈ ਐਜੀਟੇਸ਼ਨ ਨੇ ਲੋਕਾਂ ਨੂੰ ਇਕ ਰਾਜਸੀ ਹਲੂਣਾ ਦੇ ਦਿੱਤਾ । 1913 ਵਿਚ ਅਮਰੀਕਾ ਗਏ ਹੋਏ ਪੰਜਾਬੀਆਂ ਨੇ ਸਾਨ-ਫਰਾਂਸਿਸਕੋ ਵਿਚ ਗ਼ਦਰ ਪਾਰਟੀ ਦੀ ਨੀਂਹ ਰੱਖੀ ਅਤੇ ਹਿੰਦੁਸਤਾਨ ਦੀ ਆਜ਼ਾਦੀ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ । ਸਤੰਬਰ 1914 ਵਿਚ ਕੋਮਾਗਾਟਾਮਾਰੂ ਦੇ ਪੰਜਾਬੀ ਮੁਸਾਫਰਾਂ ਉੱਤੇ ਬਜ-ਬਜ ਦੇ ਘਾਟ ਤੇ ਗੋਲੀ ਚੱਲਣ ਨੇ ਲੋਕਾਂ ਦੇ ਦਿਲ ਹਿਲਾ ਦਿੱਤੇ। ਪੰਜਾਬ ਸਰਕਾਰ ਨੇ ਇਨ੍ਹਾਂ ਮੁਸਾਫਰਾਂ ਅਤੇ ਅਗਲੇ ਮਹੀਨੇ ਆਏ ਤੋਸਾਮਾਰੂ ਜਹਾਜ਼ ਦੇ ਮੁਸਾਫਰਾਂ ਨੂੰ ਗ਼ਦਰ ਫੈਲਾਉਣ ਦੇ ਦੋਸ਼ ਵਿਚ ਜੇਲ੍ਹਾਂ ਵਿਚ ਡੱਕ ਦਿੱਤਾ । 1915 ਦੀ ਫਰਵਰੀ ਵਿਚ ਮਿਥਿਆ ਹੋਇਆ ਗਦਰ ਸਿਰੇ ਨਾ ਚੜ੍ਹ ਸਕਿਆ। ਇਸ ਗ਼ਦਰ ਦੇ ਇਰਾਦੇ ਦੇ ਦੋਸ਼ ਵਿਚ ਕਈ ਆਦਮੀ ਫਾਂਸੀ ਲੱਗੇ ਤੇ ਕਈਆਂ ਨੂੰ ਉਮਰ ਕੈਂਦਾਂ ਹੋਈਆਂ।
1919 ਵਿਚ ਅੰਮ੍ਰਿਤਸਰ ਜਲ੍ਹਿਆਂਵਾਲੇ ਬਾਗ਼ ਦਾ ਖੂਨੀ ਵਾਕਿਆ ਹੋਇਆ। ਜਿਸ ਵਿਚ ਇਕ ਅੰਗਰੇਜ਼ ਜਰਨੈਲ ਡਾਇਰ ਨੇ ਬਹੁਤ ਸਾਰੇ ਨਿਰਦੋਸ਼ ਅਤੇ ਨਿਹੱਥੇ ਪੰਜਾਬੀਆਂ ਨੂੰ ਮਸ਼ੀਨਗਨਾਂ ਨਾਲ ਦਾਣਿਆਂ ਵਾਂਗੂ ਭੁੰਨ ਸੁੱਟਿਆ। ਇਸ ਗੱਲ ਨੇ ਸਾਰੇ ਹਿੰਦੁਸਤਾਨ ਵਿਚ ਰਾਜਸੀ ਅੱਗ ਬਾਲ ਦਿੱਤੀ ਜੋ ਮੁੜ ਬੁਝਾਈ ਨਾ ਜਾ ਸਕੀ। 1920 ਵਿਚ ਸਿੱਖਾਂ ਦੀ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋ ਗਈ, ਜਿਸ ਦੇ ਨਨਕਾਣਾ ਸਾਹਿਬ, ਗੁਰੂ ਕਾ ਬਾਗ਼ ਅਤੇ ਜੈਤੋਂ ਦੇ ਮੋਰਚਿਆਂ ਨੇ ਸਰਕਾਰ ਅੰਗਰੇਜ਼ੀ ਦਾ ਰੋਹਬ ਲੋਕਾਂ ਦੇ ਮਨਾਂ ਵਿਚੋਂ ਹਿਲਾ ਦਿੱਤਾ ।
ਪਹਿਲੋਂ ਪਹਿਲ ਪੰਜਾਬ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਦਾ ਬਹੁਤ ਜ਼ੋਰ ਨਹੀਂ ਸੀ, ਇਹ 1919 ਤੋਂ ਬਾਅਦ ਜਿਆਦਾ ਵਧਣਾ ਆਰੰਭ ਹੋਇਆ ਅਤੇ ਹਿੰਦੁਸਤਾਨ ਦੀ ਮੁਕੰਮਲ ਸੁਤੰਤਰਤਾ ਦਾ ਮਤਾ 31 ਦਸੰਬਰ, 1929 ਨੂੰ ਲਾਹੌਰ ਕਾਂਗਰਸ ਦੇ 45ਵੇਂ ਸਾਲਾਨਾ ਇਜਲਾਸ ਵਿਚ ਪਾਸ ਹੋਇਆ। ਇਸ ਸਮੇਂ ਲਾਲਾ ਲਾਜਪਤ ਰਾਇ ਅਤੇ ਡਾਕਟਰ ਸੈਫੁ-ਦੀਨ ਕਿਚਲੂ ਆਦਿ ਨੇ ਦੇਸ ਦੀ ਬੜੀ ਪ੍ਰਸੰਸਾ-ਯੋਗ ਸੇਵਾ ਕੀਤੀ । ਨਾ-ਮਿਲਵਰਤਨ ਅਤੇ “ਹਿੰਦੁਸਤਾਨ ਛੱਡ ਜਾਓ” (1942) ਦੀਆਂ ਲਹਿਰਾਂ ਵਿਚ ਪੰਜਾਬੀ ਪੂਰੀ ਤਰ੍ਹਾਂ ਸ਼ਾਮਲ ਹੋਏ। ਪਹਿਲੀ ਆਜ਼ਾਦ ਹਿੰਦ ਫੌਜ ਦੇ ਮੋਹਰੀ ਵੀ ਪੰਜਾਬੀ ਹੀ ਸਨ ਅਤੇ ਦੂਸਰੀ ਵਿਚ ਵੀ ਉਨ੍ਹਾਂ ਦਾ ਬੜਾ ਅਹਿਮ ਹਿੱਸਾ ਸੀ।
ਦੇਸ਼ ਦੀ ਆਜ਼ਾਦੀ ਅਤੇ ਵੰਡ –
ਜਦ ਮੁਸਲਿਮ ਲੀਗ ਦੀ ਮੰਗ ਨੂੰ ਪਰਵਾਨ ਕਰ ਕੇ ਅੰਗਰੇਜ਼ਾਂ ਨੇ 1947 ਵਿਚ ਹਿੰਦੁਸਤਾਨ ਨੂੰ ਵੰਡਣ ਅਤੇ ਪਾਕਿਸਤਾਨ ਬਣਾ ਦੇਣ ਦਾ ਫੈਸਲਾ ਕਰ ਲਿਆ ਤਾਂ ਇਹ ਪੰਜਾਬੀਆਂ ਦੀ ਹਿੰਮਤ ਦਾ ਨਤੀਜਾ ਸੀ ਕਿ ਚੜ੍ਹਦਾ ਪੰਜਾਬ ਪਾਕਿਸਤਾਨ ਵਿਚ ਚਲਾ ਜਾਣੋਂ ਬਚ ਗਿਆ ਭਾਵੇਂ ਇਸ ਦੇ ਬਦਲੇ ਉਨ੍ਹਾਂ ਨੂੰ ਬੇਅੰਤ ਜਾਨੀ ਅਤੇ ਮਾਲੀ ਨੁਕਸਾਨ ਉਠਾਉਣਾ ਪਿਆ।