ਪੰਜਾਬ ਦੇ ਪ੍ਰਸਿੱਧ ਲੋਕ-ਗੀਤ

ਪੰਜਾਬ ਦੇ ਪ੍ਰਸਿੱਧ ਲੋਕ-ਗੀਤ

Contents hide
1 ਪੰਜਾਬ ਦੇ ਪ੍ਰਸਿੱਧ ਲੋਕ-ਗੀਤ

ਪ੍ਰਸਿੱਧ ਅਖਾਣ ਹੈ, ‘ਪੰਜਾਬ ਦਿਆਂ ਜੰਮਿਆਂ ਨੂੰ ਨਿੱਤ ਮੁਹਿੰਮਾਂ’ । ਇਹ ਵੀ ਆਖਦੇ ਹਨ, ‘ਰੱਬ ਨੇੜੇ ਕਿ ਘਸੁੰਨ’। ਗਾਉਂਦੀ ਨੱਚਦੀ ਜੂਝਦੀ ਸੰਸਕ੍ਰਿਤੀ ਦਾ ਪਿਛੋਕੜ ਸਮਝੇ ਬਿਨਾਂ ਅਸੀਂ ਮੌਤ ਨੂੰ ਵੀ ਮਖੌਲ ਕਰਨ ਵਾਲੇ ਪੰਜਾਬੀਆਂ ਦੇ ਹਸ-ਬੋਲਦੇ ਤੇ ਹਸ-ਖੇਡਦੇ ਸੁਭਾਅ ਦਾ ਵਿਗਿਆਨਿਕ ਵਿਸ਼ਲੇਸ਼ਣ ਨਹੀਂ ਕਰ ਸਕਦੇ ।

ਆਰੀਆ ਲੋਕ ਭਾਰਤ ਵਿਚ ਆ ਕੇ ਪਹਿਲਾਂ ਸਪਤ-ਸਿੰਧੂ (ਪੰਜਾਬ) ਵਿਚ ਹੀ ਆਬਾਦ ਹੋਏ, ਇੱਥੇ ਹੀ ਉਨ੍ਹਾਂ ਦਰਿਆਵਾਂ ਦੇ ਕੰਢਿਆਂ ਉੱਤੇ ਵੇਦ ਰਚੇ। ਆਰੀਆਂ ਦੇ ਆਗਮਨ ਤੋਂ ਪਹਿਲਾਂ ਵੀ ਇਸ ਧਰਤੀ ਤੇ ਵਸੋਂ ਰਹੀ ਹੋਵੇਗੀ। ਉਹ ਲੋਕ ਜੋ ਆਰੀਆਂ ਦੇ ਆਗਮਨ ਤੋਂ ਪਹਿਲਾਂ ਸਿੰਧ ਵਿਚ ਮੋਹਿੰਜੋਦੜੋ ਵਰਗੀ ਸਭਿਅਤਾ ਦੇ ਵਾਰਿਸ ਸਨ, ਪੰਜਾਬ ਵਿਚ ਵੀ ਅਵੱਸ਼ ਆਪਣਾ ਪ੍ਰਭਾਵ ਰੱਖਦੇ ਹੋਣਗੇ ਇਹ ਗੱਲ ਸਾਡੀ ਕਲਪਨਾ ਨੂੰ ਟੁੰਬ ਟੁੰਬ ਜਾਂਦੀ ਸੀ ਤੇ ਇਹ ਗੱਲ ਸੱਚ ਨਿਕਲੀ ਜਦ ਪਿਛਲੇ ਦਿਨੀਂ ਰੋਪੜ ਸ਼ਹਿਰ ਕੋਲ ਦੇ ਇਕ ਥੇਹ ਨੂੰ ਪੁੱਟਿਆ ਗਿਆ ਤੇ ਉੱਥੋਂ ਲੱਭੀਆਂ ਚੀਜ਼ਾਂ ਨੇ ਦੱਸ ਪਾਈ ਕਿ ਇਹ ਸ਼ਹਿਰ ਚਾਰ ਹਜ਼ਾਰ ਵਰ੍ਹਿਆਂ ਤੋਂ ਇੱਥੇ ਕਿਸੇ ਨਾ ਕਿਸੇ ਰੂਪ ਵਿਚ ਵਸਦਾ ਤੁਰਿਆ ਆ ਰਿਹਾ ਹੈ। ਇਸ ਤੋਂ ਪੰਜਾਬ ਦੀ ਸਭਿਅਤਾ ਦੇ ਢੇਰ ਪੁਰਾਤਨ ਹੋਣ ਦੀ ਸੂਚਨਾ ਮਿਲਦੀ ਹੈ। ਆਰੀਆਂ ਦੇ ਆਗਮਨ ਤੋਂ ਪਹਿਲਾਂ ਪੰਜਾਬ ਵਿਚ ਇੱਥੋਂ ਦੀ ਸਭ ਤੋਂ ਵੱਡੀ ਤੇ ਪਿਆਰੀ ਫਸਲ ਕਣਕ ਹੀ ਰਹੀ ਹੋਏਗੀ ਤੇ ਪੰਜਾਬੀ ਲੋਕ-ਗੀਤ ਦਾ ਇਹ ਹਰਮਨ-ਪਿਆਰਾ ਬੋਲ – ‘ਬੱਲੀਏ ਕਣਕ ਦੀਏ, ਤੈਨੂੰ ਖਾਣਗੇ ਨਸੀਬਾਂ ਵਾਲੇ  ਕਿਸੇ ਨਾ ਕਿਸੇ ਰੂਪ ਵਿਚ ਖ਼ਬਰੇ ਓਦੋਂ ਵੀ ਲੋਕ-ਪ੍ਰਤਿਭਾ ਨੂੰ ਟੁੰਬਦਾ ਹੋਵੇ । ਜਿਸ ਤਰ੍ਹਾਂ ਅੱਜ ਅਸੀਂ ਲੋਕ-ਗੀਤ ਵਿਚ ਇਹ ਅਨੁਭਵ ਬੋਲਦਾ ਸੁਣਦੇ ਹਾਂ ਕਿ ਬਾਜਰਾ ਗਰਮੀ ਕਰਦਾ ਹੈ ਤੇ ਜਵਾਰ ਬਾਦੀ, ਖ਼ਬਰੇ ਆਰੀਆਂ ਦੇ ਆਗਮਨ ਤੋਂ ਪਹਿਲਾਂ ਵੀ ਇਹ ਲੋਕ-ਅਨੁਭਵ ਕਿਸੇ ਨਾ ਕਿਸੇ ਭਾਸ਼ਾ ਰੂਪ ਵਿਚ ਤੁਰਦਾ ਰਿਹਾ ਹੋਵੇ । ਛੋਲੇ ਵੀ ਹੁੰਦੇ ਹੋਣਗੇ ਤੇ ਛੋਲਿਆਂ ਦਾ ਸਾਗ ਤਦ ਵੀ ਰਿੰਨ੍ਹਿਆਂ ਤੇ ਖਾਧਾ ਜਾਂਦਾ ਹੋਵੇਗਾ ਤੇ ਅੱਜ ਵਾਲਾ ਇਹ ਗੀਤ – ‘ਮੇਰੇ ਚੰਦਰੇ ਜੇਠ ਦੇ ਛੋਲੇ, ਕਦੇ ਨਾ ਕਿਹਾ ਸਾਗ ਤੋੜ ਲੈ’ – ਓਦੋਂ ਵੀ ਕਿਸੇ ਨਾ ਕਿਸੇ ਰੂਪ ਵਿਚ ਜ਼ਰੂਰ ਟਕੋਰ ਲਾਉਂਦਾ ਹੋਵੇਗਾ। ਮੱਕੀ ਤਦ ਵੀ ਉਗਦੀ ਹੋਵੇਗੀ ਤੇ ਮਕੱਈ ਦੀਆਂ ਛੱਲੀਆਂ ਭੁੰਨ ਭੁੰਨ ਕੇ ਚੱਬਣ ਦਾ ਰਿਵਾਜ ਤਦ ਵੀ ਰਿਹਾ ਹੋਵੇਗਾ ਤੇ ਇੰਜ ਅਸੀਂ ਅਨੁਮਾਨ ਲਗਾ ਸਕਦੇ ਹਾਂ ਕਿ ਸਾਡਾ ਇਹ ਅੱਜ ਦਾ ਗੀਤ – ‘ਮੇਰਾ ਯਾਰ ਮੱਕੀ ਦੀ ਰਾਖੀ, ਡੱਬ ਵਿਚ ਲਿਆਵੇ ਛੱਲੀਆਂ ਭਾਸ਼ਾ ਦੇ ਲਿਹਾਜ਼ ਨਾਲ ਨਹੀਂ ਤਾਂ ਵਿਚਾਰ ਵਜੋਂ ਤਾਂ ਜ਼ਰੂਰ ਮੁੱਢ-ਕਦੀਮੀ ਹੈ। ਤਰਖਾਣਾ ਕੰਮ ਤਦ ਵੀ ਹੁੰਦਾ ਹੋਵੇਗਾ ਤੇ ਅੱਜ ਦਾ ਇਹ ਗੀਤ – ‘ਮੇਰੀ ਚੰਦਰੀ ਦੀ ਜਾਤ ਤਖਾਣੀ, ਚੂੜਾ ਪਾ ਕੇ ਸੱਕ ਹੂੰਝਦੀ’ – ਆਪਣੇ ਪਿੱਛੇ ਲੰਮੇਰਾ ਇਤਿਹਾਸ ਲੈ ਕੇ ਤੁਰਿਆ ਆ ਰਿਹਾ ਹੈ। ਕਪਾਹ ਵੀ ਕੋਈ ਅੱਜ ਦੀ ਨਹੀਂ ਉਗਦੀ ਤੇ ਅਸੀਂ ਸੱਚ ਸਕਦੇ ਹਾਂ ਕਿ ਸਾਡਾ ਇਹ ਗੀਤ – ‘ਪਰ੍ਹੇ ਹੋ ਜਾ ਨੀ ਕਪਾਹ ਦੀਏ ਛਟੀਏ, ਪਤਲੋ ਨੂੰ ਲੰਘ ਜਾਣ ਦੇ – ਕੋਈ ਅੱਜ ਕੱਲ੍ਹ ਦਾ ਜੰਮ-ਪਲ ਨਹੀਂ । ਪਿੰਡ ਦੇ ਛੱਪੜ ਵਿਚ ਨਹਾਉਣ ਦਾ ਰਿਵਾਜ ਵੀ ਪੁਰਾਣਾ ਹੈ ਤੇ ਲੋਕ-ਗੀਤ ਦਾ ਇਹ ਸ਼ਬਦ-ਚਿੱਤਰ ਵੀ ਕੋਈ ਅੱਜ ਦਾ ਨਹੀਂ – ‘ਰੰਨ ਨਹਾ ਕੇ ਛੱਪੜ ਚੋਂ ਨਿਕਲੀ, ਸੁਲਫੇ ਦੀ ਲਾਟ ਵਰਗੀ’। ਗੀਤਾਂ ਦਾ ‘ਉੱਚੀਆਂ ਲੰਮੀਆਂ ਟਾਹਲੀਆਂ, ਕੋਈ ਵਿਚ ਗੁਜਰੀ ਦੀ ਪੀਂਘ, ਮਾਹੀਆ’ ਵਾਲਾ ਬੋਲ ਬਿਜਲੀ ਦੇ ਲਿਸ਼ਕਾਰੇ ਵਾਂਗ ਸਾਨੂੰ ਗੁੱਜਰਾਂ ਦੇ ਇਤਿਹਾਸ ਵੱਲ ਝਾਤ ਪਾਉਣ ਲਈ ਪ੍ਰੇਰਦਾ ਹੈ। ਗੁੱਜਰ ਜਾਂ ਗੁੱਜਰਾ ਕਬੀਲੇ ਦੇ ਲੋਕ ਬਾਹਰੋਂ ਆਏ ਤੇ ਇੱਥੇ ਪੰਜਾਬ ਵਿਚ ਹੀ ਪਹਿਲਾਂ ਇਨ੍ਹਾਂ ਨੇ ਗੁਜਰਾਤ ਸ਼ਹਿਰ ਵਸਾਇਆ ਤੇ ਇੱਥੋਂ ਅਗਾਂਹ ਜਾ ਕੇ ਉਹ ਸਾਡੇ ਦੇਸ਼ ਦੇ ਉਸ ਭਾਗ ਵਿਚ ਆਬਾਦ ਹੋਏ ਜੋ ਅੱਜ ਵੀ ਬੜੇ ਮਾਨ ਨਾਲ ਆਪਣਾ ਨਾਂ ਗੁਰਜਰ ਜਾਂ ਗੁਜਰਾਤ ਦੇਸ਼ ਦਸਦਾ ਹੈ ਤੇ ਇਸ ਦੇ ਨਾਲ ਇਹ ਵੀ ਸੱਚ ਹੈ ਕਿ ਓਸੇ ਗੁੱਜਰ ਕਬੀਲੇ ਦੇ ਕੁਝ ਲੋਕ, ਜੋ ਮੁਸਲਮਾਨਾਂ ਦੇ ਆਉਣ ਪਿੱਛੋਂ ਮੁਸਲਮਾਨ ਹੋ ਗਏ ਸਨ, ਅੱਜ ਕਸ਼ਮੀਰ ਦੇ ਪਹਾੜਾਂ ਵੱਲ ਨੀਮ- ਖ਼ਾਨਾਬਦੋਸ਼ ਰੂਪ ਵਿਚ ਮੱਝਾਂ ਪਾਲਦੇ ਤੇ ਦੁੱਧ ਵੇਚ-ਵੱਟ ਕੇ ਗੁਜ਼ਾਰਾ ਕਰਦੇ ਹਨ ।

‘ਹੱਥ ਪੂਣੀਆਂ ਢਾਕ ਤੇ ਚਰਖਾ’ ਵਾਲੇ ਗੀਤ ਦਾ ਬੋਲ ਤ੍ਰਿੰਜਣ ਵਿਚ ਕੱਤਣ ਜਾ ਰਹੀ ਕੁੜੀ ਦੀ ਝਾਕੀ ਪੇਸ਼ ਕਰਦਾ ਹੈ। ‘ਨਿੱਕਾ ਨਿੱਕਾ ਕੱਤਣਾ ਤੇ ਮਿੱਠਾ ਮਿੱਠਾ ਬੋਲਣਾ’ ਵਾਲਾ ਉਪਦੇਸ਼ ਉਨ੍ਹਾਂ ਵੇਲਿਆਂ ਦੀ ਯਾਦ ਤਾਜ਼ੀ ਕਰਾ ਜਾਂਦਾ ਹੈ ਜਦ ਪਤੀ ਬਾਰਾਂ ਵਰ੍ਹੇ ਲਈ ਘਰੋਂ ਬਾਹਰ ਜਾਣ ਲਗਦਾ ਸੀ। ਅੱਜ ਵੀ ਗੀਤ ਵਿਚ ਇਹ ਬੋਲ ਤੁਰਿਆ ਆਉਂਦਾ ਹੈ ‘ਬਾਰ੍ਹੀਂ ਬਰਸੀਂ ਖੱਟਣ ਗਿਉਂ ਤੇ ਖੱਟ ਕੇ ਲਿਆਂਦੀ ਡੋਈ, ਸਾਰੀ ਗੱਡੀ ਮੋੜ ਬਾਬਲਾ, ਮੇਰੇ ਹਾਣ ਦਾ ਮੁੰਡਾ ਨਾ ਕੋਈ।’ ਬਾਰਾਂ ਵਰ੍ਹੇ ਲਈ ਖੱਟੀ ਕਰਨ ਨੂੰ ਬਾਹਰ ਜਾਣ ਦੀ ਗੱਲ ਅੱਜ ਭਾਵੇਂ ਹਾਸੇ ਵਿਚ ਹੀ ਉਡਾ ਦਿੱਤੀ ਜਾਂਦੀ ਹੈ ਪਰ ਇਸ ਦੇ ਪਿੱਛੇ ਸਮਾਜਕ ਚੇਤਨਾ ਦਾ ਜੋ ਇਤਿਹਾਸ ਬੋਲਦਾ ਹੈ ਉਸ ਦੇ ਲਈ ਵੀ ਸਾਨੂੰ ਆਪਣੇ ਕੰਨ ਤੇ ਦਿਮਾਗ ਖੋਲ੍ਹ ਕੇ ਰੱਖਣੇ ਚਾਹੀਦੇ ਹਨ। ਅੱਜ ਵੀ ਇਹ ਗੀਤ ਤੁਰਿਆ ਆਉਂਦਾ ਹੈ ‘ਬਾਰ੍ਹੀਂ ਬਰਸੀਂ ਖੱਟਣ ਗਿਉਂ ਤੇ ਖੱਟ ਕੇ ਲਿਆਂਦੀ ਚਾਂਦੀ, ਧੀਏ ਨੀ ਪਸਿੰਦ ਕਰ ਲੈ ਗੱਡੀ ਭਰ ਮੁੰਡਿਆਂ ਦੀ ਆਂਦੀ’। ਇਨ੍ਹਾਂ ਗੀਤਾਂ ਵਿਚ ਸੋ ਸੌ ਪੀੜ੍ਹੀਆਂ ਦੇ ਸੰਸਕਾਰ ਬੋਲਦੇ ਹਨ।

‘ਗੋਰੇ ਰੰਗ ਤੇ ਦੁਪੱਟਾ ਕਾਲਾ ਸਜਦਾ’ ਵਾਲਾ ਸੁਹਜ-ਸੁਆਦ ਵੀ ਕੋਈ ਅੱਜ ਦਾ ਨਹੀਂ ਤੇ ਨਾ ‘ਦੇਵੀ ਮਾਤਾ ਗੌਣ ਬਖ਼ਸ਼ਦੀ’ ਵਾਲਾ ਗੀਤ ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਦਾ, ਕਿਉਂਕਿ ‘ਬਖਸ਼ਨਾ’ ਤੇ ‘ਬਖ਼ਸ਼ਿਸ਼’ ਜਿਹੇ ਸ਼ਬਦ ਮੁਸਲਮਾਨਾਂ ਨਾਲ ਹੀ ਆਏ ਤੇ ਫੇਰ ਸਾਡੀ ਭਾਸ਼ਾ ਵਿਚ ਰਚਮਿਚ ਗਏ । ‘ਗੁਰੂ ਧਿਆ ਕੇ ਮੈਂ ਪਾਵਾਂ ਬੋਲੀ, ਸਭ ਨੂੰ ਫ਼ਤਹਿ ਬੁਲਾਵਾਂ,’ ਵਾਲਾ ਗੀਤ ਵੀ ਆਪ ਆਪਣੀ ਗਵਾਹੀ ਦੇ ਰਿਹਾ ਹੈ ਕਿ ਇਹ ਮੁਸਲਮਾਨਾਂ ਦੇ ਆਉਣ ਤੋਂ ਪਿੱਛੋਂ ਦਾ ਹੈ। ਲੰਮੇ ਤੇ ਨਰੋਏ ਲਈ ‘ਬੰਬਲੇ’ ਸ਼ਬਦ ਦੀ ਵਰਤੋਂ ਕਰਦੇ ਹਨ ਤੇ ਜਦ ਕੋਈ ਗਾਉਂਦਾ ਹੈ – ‘ਹਿੰਮਤਪੁਰੇ ਦੇ ਮੁੰਡੇ ਬੰਬਲੇ, ਸੱਤਾਂ ਪੱਤਣਾ ਦੇ ਤਾਰੂ’- ਤਾਂ ਅਸੀਂ ਇਹ ਸੋਚੇ ਬਿਨਾਂ ਨਹੀਂ ਰਹਿ ਸਕਦੇ ਕਿ ਭਾਵੇਂ ਹਿੰਮਤਪੁਰੇ ਦਾ ਨਾਂ ਮੁਸਲਮਾਨਾਂ ਦੇ ਆਉਣ ਤੋਂ ਪਿੱਛੋਂ ਹੀ ਪਿਆ ਹੋਵੇਗਾ ਪਰ ਉਥੋਂ ਦੇ ਮੁੰਡਿਆਂ ਦਾ ਸੱਤਾਂ ਪੱਤਣਾਂ ਦੇ ਤਾਰੂ ਹੋਣ ਵਾਲਾ ਸੁਭਾਅ ਜੋ ਉਨ੍ਹਾਂ ਨੂੰ ਵਿਰਸੇ ਵਿਚ ਮਿਲਿਆ ਹੈ ਮੁਸਲਮਾਨਾਂ ਦੇ ਆਉਣ ਤੋਂ ਢੇਰ ਪਹਿਲਾਂ ਦਾ ਹੈ।

ਪੰਜਾਬੀ ਹਰ ਚੀਜ਼ ਨੂੰ ਘੋਖ ਕੇ ਵੇਖਦਾ ਹੈ ਤੇ ਕਿਸੇ ਗੱਲ ਨੂੰ ਗੀਤ ਵਿਚ ਥਾਂ ਦੇਣ ਤੋਂ ਪਹਿਲਾਂ ਇਸ ਨੂੰ ਚਾਰ ਕਸਵੱਟੀ ਉਤੇ ਖਰੇ ਸੋਨੇ ਵਾਂਗ ਪਰਖਦਾ ਹੈ। ਤਕੜੇ ਜੁੱਸੇ ਵਾਲੇ ਲੋਕ ਹੀ ਇਹ ਗੀਤ ਗਾ ਸਕਦੇ ਹਨ, ਦੋ ਦਿਨ ਘੱਟ ਜੀਊਣਾ, ਜੀਊਣਾ ਮਟਕ ਦੇ ਨਾਲ।’ ਕੱਚਾ ਦੁੱਧ ਪੀਣ ਦੇ ਸ਼ੁਕੀਨ ਹੀ ਇਹ ਬੋਲ ਮੂੰਹੋਂ ਕੱਢ ਕਹਿੰਦੇ ਹਨ, ‘ਮੰਡਾ ਜੰਮੂੰਗਾ ਦਹੀਂ ਦੇ ਫੁੱਟ ਵਰਗਾ, ਕੱਚਾ ਦੁਧ ਪੀਣ- ਵਾਲੀਏ!’ ਜੋ ਪ੍ਰਾਹੁਣਾਚਾਰੀ ਦਾ ਪੱਖ ਲੈ ਸਕੇ, ਉਸ ਦੇ ਮੂੰਹੋਂ ਇਹ ਬੋਲ ਫੁਰਦਾ ਹੈ, ‘ਤੇਰੀ ਚੁੱਕ ਨਾ ਮਸੀਤ ਲਿਜਾਣੀ, ਰਾਹੀਆਂ ਨੇ ਰੈਣ ਕੱਟਣੀ ।’ ਵਾਹੀ ਜੋਤੀ ਵਿਚ ਕਈ ਬੰਦਿਆਂ ਦੀ ਕਲਪਨਾ ਵਿਚ ਹੀ ਇਹ ਗੀਤ ਕਣਕ ਦੀ ਬੱਲੀ ਵਾਂਗ ਫਲਦਾ ਹੈ, ‘ਮੇਰਾ ਲੈ ਚਲ ਚਰਖਾ ਓਥੇ, ਜਿੱਥੇ ਤੇਰੇ ਹਲ ਵਗਦੇ,’ ਜਾਂ ‘ਤੇਰੇ ਲੌਂਗ ਦਾ ਪਿਆ ਚਮਕਾਰਾ, ਹਾਲੀਆਂ ਨੇ ਹਲ ਡੱਕ ਲਏ ।’

ਲਹੂ ਮਾਸ ਵਿਚ ਰਚਾਇਆ ਹੋਇਆ ਭਾਵ-ਚਿੱਤਰ ਹੀ ਲੋਕ-ਗੀਤ ਦਾ ਰੂਪ ਧਾਰਦਾ ਹੈ। ਗਹਿਣੇ ਕਰਾ ਕੇ ਵੀ ਕੋਈ ਆਪਣੀ ਪ੍ਰੇਰਨਾ ਦੀ ਮੂਰਤੀ ਨੂੰ ਖ਼ੁਸ਼ ਨਾ ਕਰ ਸਕੇ ਤਾਂ ਕਿਤੇ ਜਾ ਕੇ ਗੀਤ ਵਿਚ ਇਹ ਟਕੋਰ ਕਰਨ ਦਾ ਮੌਕਾ ਮਿਲਦਾ ਹੈ, ‘ਮੁੰਡੇ ਮਰ ਗਏ ਕਮਾਈਆਂ ਕਰਦੇ, ਲੱਛੀ ਤੇਰੇ ਬੰਦ ਨਾ ਬਣੇ ।’ ਜਵਾਨੀ ਵਿਚ ਹੀ ਖੱਲਦੀ ਜੁੱਤੀ ਦਾ ਰੰਗ ਬੱਝਦਾ ਹੈ, ‘ਜੁੱਤੀ ਖੱਲ ਦੀ ਮਰੋੜਾ ਨਾ ਝਲਦੀ, ਤੋਰ ਜਵਾਨੀ ਦੀ ।’

ਲੋਕ-ਗੀਤ ਵਿਚ ਅੱਜ ਵੀ ਹਾੜ ਮਹੀਨਾ ਤਪਦਾ ਹੈ ਤੇ ਗੋਰੀ ਦੇ ਮਨ ਵਿਚ ਗੁੱਝੀਆਂ ਅੱਗਾਂ ਮੱਚ ਮੱਚ ਉਠਦੀਆਂ ਹਨ, ਜਦ ਉਹ ਗਾਉਂਦੀ ਹੈ :-

ਚੜ੍ਹਿਆ ਮਹੀਨਾ ਜੇਠ ਕਿ ਜੇਠ ਪਲੇਠ ਕਿ ਲੂਆਂ ਡਾਢੀਆਂ

ਮਾਹੀ ਗਿਆ ਪਰਦੇਸ ਨਾ ਖ਼ਬਰਾਂ ਸਾਡੀਆਂ

ਚੜ੍ਹਿਆ ਮਹੀਨਾ ਹਾੜ ਕਿ ਤਪਣ ਪਹਾੜ ਕਿ ਬਲਣ ਅਗੀਠੀਆਂ

ਮਾਹੀ ਗਿਆ ਪਰਦੇਸ ਮੈਂ ਬਿਰਹੋਂ ਲੂਠੀਆਂ

ਅੱਜ ਵੀ ਕਿਸੇ ‘ਐਤਵਾਰੀ’ ਸੱਸ ਤੋਂ ਤੰਗ ਪਈ ਨੂੰਹ ਇੰਜ ਵਿਰੋਧ ਵਿਚ ਅੱਗ ਵਾਂਗ ਮੱਚ ਉਠਦੀ ਹੈ :-

ਸੁਣ ਨੀ ਸੱਸੇ ਐਤਵਾਰੀਏ, ਵਾਰ ਵਾਰ ਸਮਝਾਵਾਂ

ਜਿਹੜੀ ਤੇਰੀ ਸੇਰ ਪੰਜੀਰੀ, ਵਿਹੜੇ ਵਿੱਚ ਖਿੰਡਾਵਾਂ

ਜਿਹੜਾ ਤੇਰਾ ਲੀਰ ਪਰਾਂਦਾ, ਸਣੇ ਸੰਧੂਰ ਅੱਗ ਲਾਵਾਂ

ਗਾਲ੍ਹ ਭਰਾਵਾਂ ਦੀ, ਮੈਂ ਨਾ ਮੁੜ ਮੁੜ ਖਾਵਾਂ

ਰੋਟੀ ਲੈ ਕੇ ਗਈ ਖੇਤ ਨੂੰ, ਮੱਕੀ ਗੁੱਡਣ ਲਾਈ

ਮੱਕੀ ਗੁਡਦੀ ਦੇ ਪੈਗੇ ਛਾਲੇ, ਰੋਂਦੀ ਘਰਾਂ ਨੂੰ ਆਈ

ਆਉਂਦੀ ਨੂੰ ਸੱਸ ਲੜਦੀ, ਘਾਹ ਦਾ ਭਰਾ ਨਾ ਲਿਆਂਈ

ਕਿਧਰੇ ਮਰਨ ਤੇਰੇ ਢਾਂਡੇ ਸੱਸੇ, ਕੱਟਿਆਂ ਨੂੰ ਲੈਣ ਕਸਾਈ

ਪੰਜੇ ਤੇਰੇ ਪੁੱਤ ਮਰ ਜਾਣ, ਛੀਵਾਂ ਮਰੇ ਜਮਾਈ

ਸੱਤਵਾਂ ਉਹ ਮਰਜੇ, ਜੀਹਨੇ ਤੂੰ ਮੈਨੂੰ ਲੜ ਲਾਈ

ਗਾਲ੍ਹ ਭਰਾਵਾਂ ਦੀ, ਕੀਹਨੇ ਕੱਢਣ ਸਿਖਾਈ

ਸੱਸੀਏ ! ਬੜੇਵੇਂ ਅੱਖੀਏ ! ਮੈਨੂੰ ਗਾਲ੍ਹ ਨਾ ਵੀਰ ਦੀ ਦੇਈਂ

ਨੂੰਹ ਦੇ ਮਨ ਵਿਚ ਮਚਦੇ ਇਸ ਭਾਂਬੜ ਨੂੰ ਸਮਝਣ ਲਈ ਪੰਜਾਬ ਦੇ ਸਮਾਜਕ ਜੀਵਨ ਨੂੰ ਘੋਖਣ ਦੀ ਲੋੜ ਪਵੇਗੀ। ‘ਭੈਣਾਂ ਰੋਂਦੀਆਂ ਨੂੰ ਵੀਰ ਮਨਾਉਂਦੇ, ਸਿਰ ਪੁਰ ਹੱਥ ਰੱਖ ਕੇ ।” ਕਿਸੇ ਗੀਤ ਵਿਚ ਭਰਾ ਨੀਲਾ ਘੋੜਾ ਤੇ ਗਲ ਦਾ ਕੰਠਾ ਵੇਚ ਕੇ ਭੈਣ ਨੂੰ ਵੰਗਾਂ ਤੇ ਬੰਦ ਲੈ ਦੇਣ ਦਾ ਇਕਰਾਰ ਕਰਦਾ ਹੈ। ਵੀਰ ਘਰ ਪੁੱਤ ਜੰਮਦਾ ਹੈ ਤਾਂ ਭੈਣ ਨੂੰ ਕੋਈ ਮੱਝ ਗਊ ਮਿਲਣ ਦੀ ਆਸ ਬੱਝਦੀ ਹੈ। ਵੀਰ ਦੀ ਸਰਦਾਰੀ ਹੀ ਭੈਣ ਦਾ ਮਾਨ ਹੈ।

ਚਾਚੇ ਦਾ ਪੁੱਤ ਭਰਾ ਲਗਦਾ, ਕੋਲੋਂ ਦੀ ਲੰਘ ਗਿਆ

ਜੇ ਹੋਵੇ ਵੀਰ ਆਪਣਾ ਤਾਂ ਨਦੀਆਂ ਚੀਰ ਮਿਲੇ

ਇਹ ਇਕ ਸ਼ਬਦ-ਚਿੱਤਰ ਨਹੀਂ ਇਸ ਵਿਚ ਸੰਘਣਾ ਅਨੁਭਵ ਬੋਲਦਾ ਹੈ । ਇਹ ਕਿਸੇ ਆਵੇਸ਼ ਵਿਚ ਆ ਕੇ ਗੱਲ ਨਹੀਂ ਇਹ ਬੋਲ ਵੀਰ-ਪਿਆਰ ਦੀਆਂ ਸਹੁੰਆਂ ਚੁੱਕਦਾ ਹੈ। ਲੋਕ-ਗੀਤ ਵਿਚ ਗੂੜ੍ਹੇ ਤੇ ਸ਼ੋਖ਼ ਰੰਗ ਵਧੇਰੇ ਹਨ ਪਰ ਨਾਲ ਹੀ ਨਾਲ ਘਸਮੈਲੇ ਰੰਗਾਂ ਦੀ ਆਤਮ-ਕਥਾ ਵੀ ਹੈ – ‘ਹਰਾ ਮੂੰਗੀਆ ਬੰਨ੍ਹਦਾ ਏਂ ਸਾਫ਼ਾ, ਬਣਿਆ ਫਿਰਦਾ ਏਂ ਜਾਨੀ, ਭਾੜੇ ਦੀ ਹੱਟੀ ਵਿਚ ਰਹਿ ਕੇ, ਬੰਦਿਆਂ ਦੀ ਮੌਜ ਬਥੇਰੀ ਮਾਣੀ ।’ ਬਹੁਤ ਬੰਦੇ ਤੁਸਾਂ ਨੂੰ ਇਹ ਆਖਦੇ ਮਿਲਣਗੇ, ‘ਬਈ ਅਸੀਂ ਤਾਂ ਦੁਨੀਆ ‘ਚ ਜਾਨੀ ਆਏ ਹੋਏ ਆਂ’, ਪਰ ਦੁਨੀਆ ਨੂੰ ਭਾੜੇ ਦੀ ਹੱਟ ਆਖਣ ਵਾਲੇ ਵੀ ਮਿਲ ਜਾਣਗੇ। ਸੱਧਰਾਂ ਦੇ ਦਰਿਆਵਾਂ ਤੇ ਕਿਸੇ ਆਸ ਦੇ ਪੁਲ ਪਏ ਹੋਏ ਹਨ। ਕਿਸੇ ਨੂੰ ਬਚਪਨ ਯਾਦ ਆਉਂਦਾ ਹੈ ਤਾਂ ਮਨ ਦੀ ਬਾਰੀ ਖੁਲ੍ਹ ਜਾਂਦੀ ਹੈ :-

ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੀਂ, ਖਾਂਦੀ ਦੁੱਧ ਮਲਾਈਆਂ

ਤੁਰਦੀ ਦਾ ਲੱਕ ਝੂਟੇ ਖਾਂਦਾ, ਪੈਰੀਂ ਝਾਂਜਰਾਂ ਪਾਈਆਂ

ਤ੍ਰਿਜਣਾਂ ਨੱਚਦੀ ਫਿਰਾਂ, ਦੇਵੇ ਰੂਪ ਦੁਹਾਈਆਂ

ਕਿਤੇ ਕੋਈ ਯਤੀਮ ਜਿਹਾ ਮੁੰਡਾ ਆਪਣੀ ਕਹਾਣੀ ਦਸਦਾ ਹੈ :-

 ਬਾਰਾਂ ਸਾਲ ਮੈਂ ਭੇਡਾਂ ਚਾਰੀਆਂ, ਗਲ ਵਿਚ ਪਾ ਕੇ ਕੂੰਨਾ

ਤੱਤੀਆਂ ਲੋਆਂ ਨੇ ਪਿੰਡਾ ਸੁਕਾ ਤਾ, ਰਹਿ ਗਿਆ ਹੱਡ ਨਮੂਨਾ

ਘਰ ਦੇ ਟੱਬਰਾਂ ਬਿਨਾਂ, ਕਾਹਦੀਆਂ ਭਰਾਵੋ ! ਜੂਨਾਂ

ਕਿਤੇ ਕੋਈ ਦਿਉਰ ਆਪਣੀ ਭਾਬੀ ਅੱਗੇ ਬੇਨਤੀ ਕਰਦਾ ਹੈ :-

ਭਾਬੀ ਭਾਬੀ ਕਰਦਾ ਭਾਬੀਏ, ਪੜ੍ਹਦਾ ਤੇਰੀ ਬਾਣੀ

ਨਿੱਕੀ ਜਿੱਹੀ ਗੱਲ ਤੋਂ ਪਿਆ, ਪੁਆੜਾ, ਤੰਦ ਦੀ ਬਣਗੀ ਤਾਣੀ

ਲੈ ਭਾਬੀ ਘਰ ਬਾਰ ਸਾਂਭ ਲੈ, ਰੱਤੀ ਵਰਕ ਨਾ ਜਾਣੀ

ਮਰਦੇ ਦੇਵਰ ਦੇ, ਮੂੰਹ ਵਿਚ ਪਾ ਦੇ ਪਾਣੀ

ਭਾਬੀ ਵੀ ਅੱਗੋਂ ਘੱਟ ਨਹੀਂ। ਉਸ ਕੋਲ ਵੀ ਜਿਵੇਂ ਘੜਿਆ ਘੜਾਇਆ ਜਵਾਬ ਹੋਵੇ :-

ਹੁਣ ਤਾਂ ਤੂੰ ਪਿਆ ਮਿੰਨਤਾਂ ਕਰਦਾ, ਘਾਟੇ ਵਾਧੇ ਕਰ ਕੇ

ਛੜੇ ਲੋਕ ਤਾਂ ਰਾਜ਼ੀ ਰਹਿੰਦੇ, ਬੇਹੇ ਟੁਕੜੇ ਚਰ ਕੇ

ਹੁਣ ਤੋਂ ਮੁੰਡਿਆ ਪੀਹਣ ਬਹਿ ਜਾ, ਸਾਰੇ ਕੱਢੇਗਾ ਮਰ ਕੇ

ਗੋਲੀ ਨੈਣਾਂ ਦੀ, ਹੁਣ ਮਾਰੂੰਗੀ ਭਰ ਕੇ

ਦਿਉਰ ਜਾਣਦਾ ਹੈ ਜੁ ਮਿੱਠਤ ਹੀ ਠੰਢ ਵਰਤਾ ਸਕਦੀ ਹੈ । ਉਹ ਜਿਵੇਂ ਡੁਬਕੂੰ ਡੁਬਕੂੰ ਡੋਲਦਾ

ਆਪਣੇ ਚੰਗੇ ਆਚਰਣ ਦੀ ਸਹੁੰ ਖਾਂਦਾ ਹੈ :-

ਕਾਹਤੋਂ ਭਾਬੀ ਗੋਲੀ ਮਾਰੇਂ, ਕੀ ਚੁੱਕ ਲਿਆ ਤੇਰਾ ਛੰਨਾ

ਘਰ ਤੇ ਬਾਰ ਸਭ ਤੇਰਾ ਭਾਬੋ, ਰੱਤੀ ਵਰਕ ਨਾ ਮੰਨਾਂ

ਕੰਮ ਕਾਰ ਮੈਂ ਤੇਰਾ ਕਰਦੂੰ, ਚਰ ਕੇ ਟੁਕੜਾ ਖੰਨਾ

ਸੋਹਣੀ ਭਾਬੀ ਨੂੰ, ਰਾਮ ਬਰੋਬਰ ਮੰਨਾਂ

ਪੇਕੇ ਘਰ ਦਾ ਗੀਤ ਹੋਰ ਹੈ, ਸਹੁਰੇ ਘਰ ਦਾ ਹੋਰ । ਕੁਆਰੀ ਕੁੜੀ ਨੂੰ ਮਾਂ ਦਾ ਇਹ ਉਪਦੇਸ਼ ਹੈ – ‘ਧਾਰੀ ਬੰਨ੍ਹ ਸੁਰਮਾ ਨਾ ਪਾਈਏ, ਧੀਏ ਘਰ ਮਾਪਿਆਂ ਦੇ’ – ਤੇ ਸਹੁਰੇ ਘਰ ਜਾ ਕੇ ਉਹੋ ਕੁੜੀ ਖੁਲ੍ਹੀ ਵਾ ਦੀ ਛੋਹ ਮਹਿਸੂਸ ਕਰ ਕੇ ਗਾਉਂਦੀ ਹੈ, ‘ਬਣ ਤਣ ਨਿਕਲ ਸਰੀਰਾ, ਇਹ ਪਿੰਡ ਸਹੁਰਿਆਂ ਦਾ।’

ਤ੍ਰਿਜੰਣ

ਸਰੋਜਨੀ ਨਾਈਡੋ ਨੇ ਇਕ ਥਾਂ ਲਿਖਿਆ ਹੈ : ‘ਸਦੀਆਂ ਤੋਂ ਕਵੀ ਚਰਖੇ ਤੇ ਖੱਡੀ ਦੀ ਉਪਮਾ ਦੇਂਦੇ ਆ ਰਹੇ ਹਨ। ਹੋਣੀ ਆਪਣੇ ਚਰਖੇ ਤੇ ਤੰਦਾਂ ਕੱਢ ਕੱਢ ਮਨੁੱਖ ਦੀ ਕਿਸਮਤ ਉਣ ਰਹੀ ਹੈ ।’ ਰਿਗਵੇਦਂ ਦੇ ਕਵੀ ਨੇ ਆਪਣੇ ਦੇਵਤਿਆਂ ਪ੍ਰਤੀ ਪੁਰਾਤਨ ਤੰਦ ਕੱਢੇ ਜਾਣ ਦੀ ਪ੍ਰਾਰਥਨਾ ਕੀਤੀ ਤੇ ਥਾਂ ਥਾਂ ਅਮੁੱਕ ਨਿਕਲਦੀ ਤੰਦ ਦੇ ਇਸ ਤਰ੍ਹਾਂ ਸੋਹਿਲੇ ਗਾਏ, ‘ਪਿਤਾ ਵਾਂਗ ਉਹ ਆਪਣਾ ਵਿਰਸਾ ਧਰਤੀ ਉੱਤੇ ਛੱਡ ਗਏ ਹਨ ਜਿਵੇਂ ਚਰਖੇ ਚੋਂ ਲਗਾਤਾਰ ਤੰਦ ਨਿਕਲਦੀ ਆਉਂਦੀ ਹੈ।’ ਅਥਰਵਵੇਦ ਵਿਚ • ਉਹ ਯੁਵਕ ਵਰ ਦਾ ਚਿੱਤਰ ਕਿਤਨਾ ਭਾਵ-ਪੂਰਤ ਹੈ ਜਿਸ ਨੂੰ ਵਿਆਹ ਦੇ ਪਹਿਲੇ ਦਿਨ ਆਪਣੀ ਲਾੜੀ ਦੇ ਹੱਥਾਂ ਦਾ ਬਣਿਆਂ ਜਾਮਾ ਪਹਿਨਣ ਨੂੰ ਮਿਲਿਆ ।

ਪੰਜਾਬ ਲਈ ਇਹ ਸੁਭਾਵਕ ਗੱਲ ਸੀ ਕਿ ਉਸ ਦਾ ਸੂਫ਼ੀ ਕਵੀ ਸ਼ਾਹ ਹੁਸੈਨ (1568-83 ਈ.) ਆਪਣੀ ਰੂਹ ਲਈ ਉਸ ਕੁਆਰੀ ਕੁੜੀ ਦੀ ਉਪਮਾ ਦੇਂਦਾ ਹੈ, ਜਿਹੜੀ ਇਸ ਕਰਕੇ ਹੀ ਵਿਆਹ ਖੁਣੋਂ ਰਹਿ ਗਈ ਕਿ ਉਹਨੇ ਆਪਣੇ ਦਾਜ ਲਈ ਸੂਤ ਨਹੀਂ ਸੀ ਕੱਤਿਆ । ਪੰਜਾਬ ਦੀ ਇਹ ਪੁਰਾਣੀ ਪਰੰਪਰਾ ਸੀ ਕਿ ਕੁੜੀਆਂ ਆਪਣਾ ਦਾਜ ਆਪ ਕੱਤ ਕੱਢ ਕੇ ਤਿਆਰ ਕਰਦੀਆਂ ਸਨ। ਉਹੋ ਆਪਣੇ ਪਤੀ ਨੂੰ ਰਿਝਾ ਸਕਦੀ ਸੀ ਜਿਹੜੀ ਹੱਥੀਂ-ਕੱਤੇ ਸੂਤ ਦਾ ਕਪੜਾ ਉਣਾ ਕੇ ਤੇ ਹੱਥੀਂ ਕੱਢਿਆ ਦਾਜ ਤਿਆਰ ਕਰ ਕੇ ਸਹੁਰੇ ਘਰ ਲਿਆਉਂਦੀ ਸੀ। ਉਸ ਸੁਚੱਜੀ ਲਾੜੀ ਵਾਂਗ ਜਦ ਵੀ ਸੂਫ਼ੀ ਕਵੀ ਨੇ ਆਪਣੇ ਕਰਮਾਂ ਦਾ ਸੋਹਣਾ ਬਾਗ ਤਿਆਰ ਕਰ ਲਿਆ ਤਾਂ ਸਮਝੋ ਪਤੀ-ਪਰਮੇਸ਼ਰ ਨੂੰ ਭਾਅ ਗਿਆ।

ਤ੍ਰਿੰਜਣ ਦੀ ਝਾਕੀ ਇਕ ਸੁਹਾਵਣਾ ਚਿੱਤਰ ਹੈ। ਕੁਆਰੀਆਂ, ਲਾੜੀਆਂ, ਸਜ-ਵਿਆਹੀਆਂ, ਅਧਖੜਾਂ ਤੇ ਬੁਢੀਆਂ ਮਾਵਾਂ-ਦਾਦੀਆਂ ਆਪੋ ਆਪਣੇ ਚਰਖੇ ਲਿਆ ਕੇ ਜੁੜ ਬਹਿੰਦੀਆਂ ਹਨ। ਉਹ ਮਿਲ ਕੇ ਕੱਤਦੀਆਂ ਹਨ। ਇਕ ਦੂਜੀ ਨੂੰ ਮਾਤ ਪਾਣ ਦੀ ਤੋੜ ਲੱਗੀ ਰਹਿੰਦੀ ਹੈ । ਤ੍ਰਿੰਜਣ ਲੱਗਣ ਤੋਂ ਪਹਿਲਾਂ ਸਭ ਦੀਆਂ ਪੂਣੀਆਂ ਪੰਜ ਪੰਜ ਚਾਰ ਚਾਰ ਕਰ ਕੇ, ਜਿਵੇਂ ਵੀ ਹਿਸਾਬ ਰੱਖਣਾ ਹੋਵੇ, ਵਾਰੀ ਵਾਰੀ ਉੱਪਰ ਉੱਪਰ ਰੱਖੀਆਂ ਜਾਂਦੀਆਂ ਹਨ । ਤ੍ਰਿੰਜਣ ਦਾ ਕੋਈ ਸਿਆਣੀ ਇਹ ਕੰਮ ਸੰਭਾਲਦੀ ਹੈ ਕਿ ਵਾਰੀ ਵਾਰੀ ਹਰ ਇਕ ਦੀਆਂ ਪੂਣੀਆਂ ਦੇ ਜੋਟੇ ਸਮੇਂ ਸਿਰ ਵੰਡਦੀ ਰਹੇ ।

ਕੁਚਜੀ ਕੱਤਣ ਵਾਲੀ ਦਾ ਤ੍ਰਿਜਣ ਵਿਚ ਇਹ ਆਖ ਕੇ ਉਪਹਾਸ ਕੀਤਾ ਜਾਂਦਾ ਹੈ – ‘ਅੰਨੋਂ ਕਰਾਂ ਕੁਅੰਨ, ਕਪਾਹੋਂ ਬੱਤੀਆਂ।’ ਤੇ ਚੰਗਾ ਕੱਤਣ ਵਾਲੀ ਲਈ ਇਹ ਅਖਾਣ ਤੁਰਦਾ ਹੈ – ‘ਜੇ ਮੈਂ ਹੋਵਾਂ ਕਾਤੀ, ਤਾਂ ਲੱਕੜਾਂ ਨਾਲ ਵੀ ਕਾਤੀ ।’ ਤ੍ਰਿੰਜਣ ਦਾ ਇਕ ਪ੍ਰਸਿੱਧ ਗੀਤ ਹੈ :-

ਘੂੰ ਘੂੰ ਚਰਖੜਾ

ਮੈਂ ਲਾਲ ਪੂਣੀ ਕੱਤਾਂ ਕਿ ਨਾ ?

ਕੱਤ ਬੀਬੀ ਕੱਤ ਕੱਤ ਬੀਬੀ ਕੱਤ

ਲੰਮਾ ਮੇਰਾ ਦੁੱਖੜਾ

ਮੈਂ ਦੁੱਖੜਾ ਦੱਸਾਂ ਕਿ ਨਾ ?

ਦੱਸ ਬੀਬੀ ਦੱਸ

ਦੱਸ ਬੀਬੀ ਦੱਸ

ਦੂਰ ਮੇਰੇ ਸਹੁਰੇ

ਮੈਂ ਸਹੁਰੇ ਘਰ ਵੱਸਾਂ ਕਿ ਨਾ ?

ਵੱਸ ਬੀਬੀ ਵੱਸ

ਵੱਸ ਬੀਬੀ ਵੱਸ

ਕੰਤ ਮੇਰਾ ਨਿਆਣਾ

ਮੈਂ ਨਿਆਣੇ ਘਰ ਵੱਸਾਂ ਕਿ ਨਾ ?

ਵੱਸ ਬੀਬੀ ਵੱਸ

ਵੱਸ ਬੀਬੀ ਵੱਸ

ਇਕ ਗੀਤ ਵਿਚ ਤ੍ਰਿੰਜਣ ਦੀ ਸਹੇਲੀ ਚੰਨ ਸੂਰਜ ਨੂੰ ਆਪਣਾ ਦੁੱਖ ਸੁਣਾਉਂਦੀ ਹੈ :-

ਸੁਣ ਵੇ ਸੂਰਜਾ ! ਸੁਣ ਵੇ ਚੰਨਾ !! ਨੈਣੀਂ ਨੀਰ ਵਹਾਵਾਂ

 ਦੁਨੀਆਂ ਮੌਜ ਕਰਦੀ, ਮੈਂ ਤੰਦ ਦੁਖਾਂ ਦੇ ਪਾਵਾਂ

ਤ੍ਰਿੰਜਣ ਦਾ ਨਾਂ ਅਨੇਕ ਗੀਤਾਂ ਵਿਚ ਗੂੰਜਦਾ ਹੈ :-

ਯਾਰੀ ਵਾਲੀ ਤੋਂ ਕੱਤਿਆ ਨਾ ਜਾਵੇ, ਵੰਡ ਦਿਉ ਛੋਪ ਕੁੜੀਉ,

ਲੱਗੀਆਂ ਤ੍ਰਿੰਜਣਾਂ ਦੀਆਂ, ਮੈਨੂੰ ਯਾਦ ਗੱਡੀ ਵਿਚ ਆਈਆਂ

ਚਰਖੇ ਦੀ ਗੂੰਜ ਸੁਣ ਕੇ, ਜੋਗੀ ਉਤਰ ਪਹਾੜੋਂ ਆਇਆ

ਕਦੋਂ ਯਾਰ ਨੇ ਖਿੱਲਾਂ ਦੀ ਮੁੱਠ ਮਾਰੀ, ਤਿੰਜਣਾਂ ਕੱਤਦੀ ਨੂੰ

ਚਰਖਾ ਮੈਂ ਆਪਣਾ ਕੱਤਾਂ, ਤੰਦ ਤੇਰਿਆਂ ਗਮਾਂ ਦੇ ਪਾਵਾਂ

ਕਿੱਕਰ ਦਾ ਮੇਰਾ ਚਰਖਾ ਮਾਏ, ਟਾਹਲੀ ਦਾ ਕਰਵਾ ਦੇ

ਇਸ ਚਰਖੇ ਦਾ ਹਿੱਲੇ ਮਝੇਰੂ, ਮਾਲ੍ਹਾਂ ਬਹੁਤੀਆਂ ਖਾਵੇ

ਮੇਰੇ ਨਾਲ ਦੀਆਂ ਕੱਤ ਕੇ ਸੌਂ ਗੀਆਂ, ਮੈਥੋਂ ਕੱਤਿਆ ਨਾ ਜਾਵੇ

ਚਰਖਾ ਬੂ ! ਚੰਦਰਾ, ਮੇਰੀ ਨੀਂਦ ਗੁਮਾਵੇ

ਤ੍ਰਿੰਜਣ ਵਿਚ ਸੁੱਤੀਆਂ ਸੱਧਰਾਂ ਜਾਗ ਪੈਂਦੀਆਂ ਹਨ। ਸ਼ਗਨਾਂ ਦੀ ਮਹਿੰਦੀ ਦਾ ਗੀਤ ਗੂੰਜਦਾ ਹੈ, ‘ਮਹਿੰਦੀ ਸ਼ਗਨਾਂ ਦੀ, ਰਲਗੀ ਰੂਪ ਦੇ ਨਾਲੇ ।’ ਕਿਤੇ ਇਹ ਸ਼ਿਕਾਇਤ ਕੀਤੀ ਜਾਂਦੀ ਹੈ, ‘ਕਿਹੜੇ ਚਾਅ ਨੂੰ ਲੰਮਾ ਤੰਦ ਪਾਵਾਂ, ਵੀਰ ਤੇਰਾ ਨਿਆਣਾ ਨਣਦੇ’ ਕਿਤੇ ਜੋੜੀ ਮਿਲ ਜਾਣ ਦੀ ਖੁਸ਼ੀ ਵੰਡੀ ਜਾਂਦੀ ਹੈ, ‘ਸੁੱਚੇ ਮੋਤੀ ਜਿਨ੍ਹਾਂ ਨੇ ਪੁੰਨ ਕੀਤੇ, ਰੱਬ ਨੇ ਬਣਾਈਆਂ ਜੋੜੀਆਂ’ ਕੋਈ ਇਹ ਰੋਣਾ ਰੋਂਦੀ ਹੈ, ‘ਕੈਦਾਂ ਉਮਰ ਦੀਆਂ, ਕੰਤ ਜਿਨ੍ਹਾਂ ਦੇ ਨਿਆਣੇ।’ ਕੋਈ ਇੰਜ ਆਪਣਾ ਭੇਤ ਖੋਲ੍ਹਦੀ ਹੈ, ‘ਸੁੱਤੀ ਪਈ ਦੇ ਸਿਰ੍ਹਾਣੇ ਰਿਛ ਬੰਨ੍ਹਿਆ, ਪੰਜ ਸੌ ਗਿਣਾ ਲਿਆ ਮਾਪਿਆਂ ।’ ਕਿਸੇ ਨੂੰ ਇਹ ਸ਼ਿਕਾਇਤ ਹੈ ਕਿ ਕੰਤ ਬਹੁਤ ਕਾਲਾ ਹੈ :- ਥੰਮ੍ਹ ਕੇ ਕਲੇਜਾ ਰੋਵਾਂ ਲੇਖ ਨੂੰ, ਕੰਤ ਤਵੇ ਤੋਂ ਕਾਲਾ ਕੁੜੀਆਂ ਮੈਨੂੰ ਮਾਰਨ ਤਾਹਨੇਂ, ਔਹ ਤੇਰਾ ਘਰ ਵਾਲਾ ਮਿਹਣੇ ਸੁਣ ਮੈਂ ਇਉਂ ਹੋ ਜਾਂਦੀ, ਜਿਉਂ ਅਹਿਰਨ ਤੇ ਫਾਲਾ ਮਾਏ ਤੇਰੇ ਮੰਦਰਾਂ ਚੋਂ, ਮਿਲ ਗਿਆ ਦੇਸ ਨਿਕਾਲਾ ਕਿਤੇ ਇਹ ਸ਼ਿਕਾਇਤ ਕੀਤੀ ਜਾਂਦੀ ਹੈ,

ਮੁੰਡਾ ਰੋਹੀ ਦੀ ਕਿੱਕਰ ਦਾ ਜਾਤੂ, ਵਿਆਹ ਕੇ ਲੈ ਗਿਆ ਤੂਤ ਦੀ ਛਟੀ

ਵੰਗਾਂ ਦਾ ਗੀਤ ਨਿਆਣੇ ਕੰਤ ਵਾਲੀ ਦੀ ਹੱਡ-ਬੀਤੀ ਹੈ। ਇਸ ਦੀ ਲੈ ਚਰਖੇ ਦੀ ਘੂੰ ਘੂੰ ਨੇ ਹੱਥੀਂ ਸੁਆਰੀ ਹੈ :-

ਹੋਕਾ ਜਾਂ ਸੁਣਿਆ, ਵੰਗਾਂ ਚੜਾ ਲਉ,

ਚਾ ਵਿਚ ਲਈਆਂ ਚੜ੍ਹਾ, ਕਿ ਵੰਗਾਂ ਟੋਕਵੀਆਂ

ਕੰਤ ਨਿਆਣਾ ਬਾਹਰੋਂ ਖੇਡਦਾ ਆਇਆ,

ਸੱਸ ਨੇ ਦਿੱਤਾ ਸਿਖਾ, ਕਿ ਵੰਗਾਂ ਟੋਕਵੀਆਂ

ਅੰਦਰ ਵੜ ਉਸ ਡੰਡਾ ਮਾਰਿਆ,

ਟੁੱਟੀਆਂ ਵੰਗਾਂ ਠਾਹ, ਕਿ ਵੰਗਾਂ ਟੋਕਵੀਆਂ

ਚੁਗ ਚੁਗ ਵੰਗਾਂ ਬੋਝੇ ਪਾਈਆਂ,

ਪਈ ਪੇਕਿਆਂ ਦੇ ਰਾਹ, ਕਿ ਵੰਗਾਂ ਟੋਕਵੀਆਂ

ਤ੍ਰਿੰਜਣ ਵਿਚ ਚਰਖਿਆਂ ਦੀ ਘੂੰ ਘੂੰ ਉੱਤੇ ਹੀ ਕਦੀ ਕਦੀ ‘ਮੈਂ ਮਾਝੇ ਦੀ ਜੱਟੀ ਵਾਲਾ ਗੀਤ ਵੀ ਹਾਸੇ ਖੇਡੇ ਦਾ ਸਾਮਾਨ ਪੈਦਾ ਕਰ ਦਿੰਦਾ ਹੈ :-

ਮੈਂ ਮਾਝੇ ਦੀ ਜੱਟੀ, ਗੁਲਾਬੂ ਨਿੱਕਾ ਜਿਹਾ

ਕੌਲ ਕਟੋਰੀ ਦੁੱਧ ਨਾ ਪੀਂਦਾ,

ਮੈਂ ਦੁੱਧ ਪੀਂਦੀ ਵੱਟੀ, ਗੁਲਾਬੂ ਨਿੱਕਾ ਜਿਹਾ

ਇਕ ਛਣਕਣਾ, ਦੋ ਛਣਕਣੇ,

ਫਿਰਦੀ ਹੱਟੀਉ ਹੱਟੀ, ਗੁਲਾਬੂ ਨਿੱਕਾ ਜਿਹਾ

ਕਾਨੀ ਘੜਾਂ, ਦਵਾਤ ਲਿਆਵਾਂ,

ਨਾਲੇ ਪੋਚਾਂ ਪੱਟੀ, ਗੁਲਾਬੂ ਨਿੱਕਾ ਜਿਹਾ

ਰੁੱਸ ਰੁੱਸ ਬਹਿੰਦਾ ਮੰਗੇ ਰਿਉੜੀਆਂ,

ਨਾਲ ਗੰਨੇ ਦੀ ਮੱਟੀ, ਗੁਲਾਬੂ ਨਿੱਕਾ ਜਿਹਾ

ਗੁੱਲੀ ਡੰਡਾ ਖੇਡਣ ਸਿਖਿਆ,

ਖਾਵਾਂ ਕਿਸ ਦੀ ਖੱਟੀ, ਗੁਲਾਬੂ ਨਿੱਕਾ ਜਿਹਾ

ਕਦੀ ਤ੍ਰਿੰਜਣ ਵਿਚ ‘ਵਗਦੀ ਏ ਰਾਵੀ’ ਦੀ ਲੈਅ ਗੂੰਜ ਉਠਦੀ ਹੈ :-

ਵਗਦੀ ਰਾਵੀ ਵਿਚ ਰੁੜ੍ਹਦੇ ਕਰੇਲੇ ਵੇ

ਮਿਲ ਚੰਨਾਂ ! ਐਵੇਂ ਘੜੀਆਂ ਦੇ ਮੇਲੇ ਵੇ

ਵਗਦੀ ਰਾਵੀ ਵਿਚ ਰੁੜ੍ਹਦੇ ਪਤਾਸੇ ਵੇ

 ਤੁਰ ਗਿਉਂ ਚੰਨਾਂ ! ਨਾਲੇ ਲੈ ਗਿਉਂ ਹਾਸੇ ਵੇ

ਵਗਦੀ ਰਾਵੀ ਵਿਚ ਰੁੜ੍ਹਦੇ ਨੇ ਜਾਲੇ ਵੇ

ਛੱਡ ਗਿਉਂ ਬੁੱਤ, ਰੂਹ ਲੈ ਗਿਉਂ ਨਾਲੇ ਵੇ

ਵਗਦੀ ਰਾਵੀ ਵਿਚ ਰੁੜ੍ਹਦੇ ਬਹੇੜੇ ਵੇ

ਅੱਜ ਕੀ ਲਾਈਆਂ, ਰੋਗ ਜਿੰਦ ਲਈ ਸਹੇੜੇ ਵੇ

ਵਗਦੇ ਪਾਣੀ ਠੰਢੜੇ ਨੇ ਸੀਤਾਂ ਦੇ

ਝਲਣੇ ਪੈਂਦੇ ਦੁੱਖ ਨੇ ਪ੍ਰੀਤਾਂ ਦੇ

ਵਗਦੀ ਰਾਵੀ ਵਿਚ ਰੁੜ੍ਹਨ ਸ਼ਤੀਰ ਵੇ

ਮਾਣ ਜਵਾਨੀ ਢੋਲਾ ਸਾਡਾ ਤਾਂ ਅਖੀਰ ਵੇ

ਪੰਜਾਬ ਨੂੰ ਅਸੀਂ ‘ਤ੍ਰਿੰਜਣਾਂ ਦੀ ਧਰਤੀ’ ਆਖ ਸਕਦੇ ਸਾਂ ਭਾਵੇਂ ਅੱਜ ਕੱਲ੍ਹ ਤ੍ਰਿੰਜਣ ਦਾ ਰਿਵਾਜ ਘਟਦਾ ਜਾਂਦਾ ਹੈ । ਹਜ਼ਾਰਾਂ ਵਰ੍ਹੇ ਹੋਏ ਚਰਖਾ ਤਿਆਰ ਹੋਇਆ। ‘ਸ਼ਤਾਨ ਦਾ ਚਰਖਾ’ ਵੱਡੀ ਗਾਲ੍ਹ ਹੈ। ਅੱਜ ਵੀ ਚਰਖਾ ਗੀਤ ਮੰਗਦਾ ਹੈ। ਅੱਜ ਵੀ ਚਰਖ਼ੇ ਦੀ ਵਾਜ ਸੁਣ ਕੇ ਜੋਗੀ ਪਹਾੜੋਂ ਉਤਰ ਆਉਂਦਾ ਹੈ, ਅੱਜ ਵੀ ਤ੍ਰਿੰਜਣ ਦੇ ਗੀਤਾਂ ਵਿਚ ਕੋਈ ‘ਧਨਕੁਰ’ ਵਰੀ ਦੀ ਕੁੜਤੀ ਸੀਉਂਦੀ ਹੈ ਤੇ ਕੋਈ ‘ਲੱਛੀ’ ਫੁਲਕਾਰੀ ਕੱਢਦੀ ਹੈ।

ਬਿਰਛਾ ! ਬਿਰਛਾਂ !’ ਤੋਤਾ ਬੋਲਿਆ

‘ਧਰਤੀ ਵਿਚ ਜਕੜੇ ਰੁੱਖ ਤੁਰਨ ਦੀ ਇੱਛਾ ਰੱਖਦੇ ਹਨ ਤੇ ਮਨੁੱਖ ਇਕ ਅਜਿਹੇ ਸਵਰਗ ਦੀ ਪ੍ਰਾਪਤੀ ਲਈ ਧੱਕੇ ਖਾ ਰਿਹਾ ਹੈ, ਜਿੱਥੋਂ ਮੁਕਟਧਾਰੀ ਦੇਵਤੇ ਵੀ ਛੁਟਕਾਰਾ ਪਾਉਣ ਲਈ ਵਿਆਕੁਲ ਹਨ’ – ਭਰਥਰੀ ਹਰੀ ਲਿਖ ਗਏ ਹਨ।

ਪੰਜਾਬੀ ਲੋਕ-ਗੀਤ ਦੇ ਪਿੜ ਵਿਚ ਕਿਹੜੇ ਰੁੱਖ ਸਾਡੇ ਨਾਲ ਸਾਂਝ ਪਾਉਂਦੇ ਹਨ ? ਉਹ ਹਨ ਪਿੱਪਲ ਤੇ ਬੋਹੜਾਂ, ਅੰਬ, ਬੇਰੀਆਂ ਤੇ ਕਿੱਕਰਾਂ, ਤੂਤ, ਟਾਹਲੀਆਂ, ਵਣ, ਕਰੀਰ ਤੇ ਜੰਡ, ਨਿੰਮ ਤੇ ਫੁਲਾਹੀ, ਇਮਲੀ ਤੇ ਨਿੰਬੂ । ਕਿਸੇ ਵੀ ਬੁੱਢੇ ਰੁੱਖ ਨੂੰ ਵੇਚ ਕੇ ਜਾਪਦਾ ਹੈ ਕਿ ਇਸ ਦਾ ਮੂੰਹ ਭਵਿੱਖਤ ਵੱਲ ਹੈ। ‘ਮਾਵਾਂ ਠੰਢੀਆਂ ਛਾਵਾਂ’ ਵਾਲੇ ਅਖਾਣ ਦੇ ਪਿਛੋਕੜ ਵਿਚ ਸੰਘਣੀ ਛਾਂ ਵਾਲੇ ਰੁੱਖ ਸਾਡੀ ਕਲਪਨਾ ਨੂੰ ਟੁੰਬ ਜਾਂਦੇ ਹਨ। ਹਿੰਦੂ ਧਰਮ ਗ੍ਰੰਥਾਂ ਦੇ ਆਸ਼ੇ ਮੂਜਬ ਪੁੱਤਰ-ਪ੍ਰਾਪਤੀ ਦੇ ਨਾਲ ਨਾਲ ਖੂਹ ਜਾਂ ਸਰੋਵਰ ਬਣਾਉਣ ਤੇ ਰੁੱਖ ਲਾਉਣ ਦਾ ਪੁੰਨ ਕਰਮ ਵੀ ਬੰਦੇ ਦੇ ਜ਼ਿੰਮੇ ਲਾਇਆ ਗਿਆ ਹੈ। ਕਸ਼ਮੀਰੀ ਕਵੀ ਛੇਮੇਂਦ੍ਰ ਦੇ ਕਥਨ ਅਨੁਸਾਰ ‘ਦੂਜਿਆਂ ਨੂੰ ਫਲ ਦੇਣ ਵਾਲੇ, ਧੁੱਪ ਨੂੰ ਦੂਰ ਕਰਨ ਵਾਲੇ ਰਾਹ ਵਿਚ ਖਲੋਤੇ ਰੁੱਖਾਂ ਦੇ ਸਮਾਨ ਪਰਉਪਕਾਰ ਕਰਨ ਵਾਲੇ ਮਹਾਂਪੁਰਖ ਨਾ ਹੋਣ ਤਾਂ ਇਹ ਜਗਤ ਪੁਰਾਣੇ ਬਣ ਦੇ ਸਮਾਨ ਵਸੋਂ ਦੇ ਅਯੋਗ ਬਣ ਜਾਵੇ ।’

ਇਕ ਭਾਵ-ਪੂਰਤ ਤੱਕਣੀ ਨਾਲ ਬੰਦਾ ਰੁੱਖ ਨੂੰ ਪ੍ਰਣਾਮ ਕਰਦਾ ਹੈ। ਗੀਤ ਦੇ ਸ਼ਬਦ ਵੀ ਤਾਂ ਰੁੱਖ ਦੇ ਪੱਤਿਆਂ ਵਾਂਗ ਸਰਸਰਾਂਉਂਦੇ ਹਨ :-

ਬਿਰਛਾ, ਬਿਰਛਾਤੋਤਾ ਬੋਲਿਆ,

ਇੱਕੇ ਤੇਰੀ ਜ਼ਿਮੀ ਭੈੜੀ,

ਇੱਕੇ ਤੇਰਾ ਮੁੱਢ ਪੁਰਾਣਾ

ਨਾ ਮੇਰੀ ਜ਼ਿਮੀ ਭੈੜੀ,

ਨਾ ਮੇਰਾ ਮੁੱਢ ਪੁਰਾਣਾ

ਇੱਕੇ ਖਾਧਾ ਨਵਾਬ ਦੀਆਂ ਡਾਚੀਆਂ,

ਇੱਕੇ ਸ਼ਤੀਰ ਕੱਪ ਖੜੇ ਤਰਖਾਣਾਂ

ਤਰਖਾਣਾਂ ਦੇ ਮਰਨ ਬੱਚੜੇ,

ਆਵਣ ਢੁੱਕ ਢੁੱਕ ਮੁਕਾਣਾਂ,

ਮਰਨ ਨਵਾਬ ਦੀਆਂ ਡਾਚੀਆਂ,

ਨਾਲੇ ਆਪੂੰ ਮਰੇ ਨਵਾਬ ਸਿਆਣਾ

ਬ੍ਰਿਛ ਦਾ ਇਹ ਦੁਖੜਾ ਤੇ ਉਸਦਾ ਇਹ ਸਰਾਪ ਸਾਨੂੰ ਪ੍ਰਭਾਵਿਤ ਕੀਤੇ ਬਿਨਾਂ ਨਹੀਂ ਰਹਿੰਦਾ।

ਇਹ ਸਾਡੀ ਰੂਹ ਵਿਚ ਖੁੱਭ ਜਾਂਦਾ ਹੈ, ਅਸੀਂ ਬ੍ਰਿਛ ਦੇ ਨਾਲ ਹਉਕੇ ਭਰਨ ਲਗ ਜਾਂਦੇ ਹਾਂ। ਬ੍ਰਿਛ ਦੀਆਂ ਗੱਲਾਂ ਦਾ ਵੇਦਨਾ ਵਰਗਾ ਪਰਛਾਵਾਂ ਸਾਨੂੰ ਕਿਸੇ ਨਿਭਾਗੀ ਤੱਕਣੀ ਨਾਲ ਤੱਕਦਾ ਹੈ – ਗੋਡੇ ਗੋਡੇ ਗ਼ਮ ਜਿਵੇਂ ਲੱਕ ਲੱਕ ਤਾਣੀ ਵੱਧ ਰਿਹਾ ਹੋਵੇ – ਤੇ ਅਸੀਂ ਸੋਚਣ ਲਗ ਜਾਂਦੇ ਹਾਂ ਕਿ ਬੰਦੇ ਉੱਤੇ ਕੋਈ ਅਤਿਆਚਾਰ ਕਰੇ ਤਾਂ ਉਹ ਸਰਕਾਰੇ ਦਰਬਾਰੇ ਚੜ੍ਹ ਸਕਦਾ ਹੈ ਪਰ ਜਿਸ ਦੀਆਂ ਟਾਹਣੀਆਂ ਉੱਤੇ ਨਵਾਬ ਦੀਆਂ ਡਾਚੀਆਂ ਬੁਰਕ ਚਲਾਉਣੋਂ ਰਤਾ ਨਾ ਝਕਣ ਤੇ ਜਿਸ ਨਾਲੋਂ ਤਰਖਾਣੁ ਸ਼ਤੀਰ ਵੱਢ ਲੈ ਜਾਣ, ਉਹ ਵਿਚਾਰਾ ਆਪਣਾ ਦੁਖੜਾ ਕਿਸ ਦੇ ਮੂਹਰੇ ਫੋਲੇ ?

ਇਸ ਗੀਤ ਨਾਲ ਸਾਹ ਮੇਲ ਕੇ ਤੁਰਦਾ ਹੈ, ਨਦੀ ਕਿਨਾਰੇ ਡਿਗਦੇ ਰੁੱਖ ਦਾ ਗੀਤ :-

ਨਦੀ ਕਿਨਾਰੇ ਰੁੱਖੜਾ, ਖੜਾ ਸੀ ਅਮਨ ਅਮਾਨ

ਡਿਗਦਾ ਹੋਇਆ ਬੋਲਿਆ, ‘ਜੀ ਦੇ ਨਾਲ ਜਹਾਨ

ਅਜਿਹੇ ਗੀਤ ਸੱਚ-ਮੁੱਚ ਬਹੁਤ ਥੋੜ੍ਹੇ ਹਨ ਜੋ ਸੱਖਣੀ ਥਾਂ ਦੀ ਸੁਚੱਜੇ ਢੰਗ ਨਾਲ ਪ੍ਰਤਿਨਿਧਤਾ ਕਰਦੇ ਹਨ। ‘ਜੀ ਦੇ ਨਾਲ ਜਹਾਨ’ ਵਾਲੀ ਵਿਚਾਰਧਾਰਾ ਦੇ ਟਕਸਾਲੀ ਹੋਣ ‘ਚ ਕਿਸੇ ਨੂੰ ਵੀ ਸੰਦੇਹ ਨਹੀਂ ਹੋ ਸਕਦਾ। ਸ਼ਬਦ-ਚੋਣ ਵੀ ਮਾੜੀ ਨਹੀਂ, ਸਾਰੀ ਗੱਲ ਸੁਚੱਜੀ ਤੇ ਸੁਥਰੀ ਸ਼ੈਲੀ ਵਿਚ ਆਖੀ ਗਈ ਹੈ।

ਕਿਤੇ ਹਰਿਆਲੇ ਤਤ ਨਾਲ ਗੱਲਾਂ ਕਰਨ ਦੀ ਪਰੰਪਰਾ ਤੁਰਦੀ ਹੈ :-

ਤੂਤਾ ਵੇ ਹਰਿਆਲਿਆ ਤੂਤਾ ! ਤੂਤ ਪਲ੍ਹਮਦੇ ਜ਼ਰਦੇ

ਇੰਨ੍ਹੀਂ ਰਾਹੀਂ ਤੂੰ ਜਾਂਦੇ ਡਿੱਠੇ, ਮੇਰੇ ਦੋ ਨੈਣਾਂ ਦੇ ਬਰਦੇ

ਤੂਤਾ ਵੇ ਹਰਿਆਲਿਆ ਤੁਤਾ ! ਤੂਤ ਪਲ੍ਹਮਦੇ ਸਾਵੇ

ਜਿਹੜੇ ਸੱਜਣ ਪਰਦੇਸ ਵਸੇਂਦੇ, ਮਰਾਂ ਤਿੰਨ੍ਹਾਂ ਦੇ ਹਾਵੇ

ਤੂਤਾ ਵੇ ਹਰਿਆਲਿਆ ਤੂਤਾ ! ਤੇਰੀਆਂ ਠੰਢੀਆਂ ਛਾਈਂ

ਤੈਂ ਕੋਲੋਂ ਮੈਂਡਾ ਮਾਹੀ ਲੰਘਿਆ, ਹੀਰ ਨਿਮਾਣੀ ਦਾ ਸਾਂਈਂ

ਰੁੱਖਾਂ ਦਾ ਵੀ ਸੰਗੀਤ ਹੈ :-

ਪਿੱਪਲ ਗਾਵੇ, ਬੋਹੜ ਗਾਵੇ, ਗਾਵੇ ਹਰਿਆਲਾ ਤੂਤ

ਖੜ ਕੇ ਸੁਣ ਰਹੀਆ ! ਤੇਰੀ ਰੂਹ ਹੋ ਜੂਗੀ ਸੂਤ

ਕਿਤੇ ਰੋਹੀ ਵਾਲਾ ਜੰਡ ਵੱਢਣ ਦਾ ਪ੍ਰਸੰਗ ਆਉਂਦਾ ਹੈ, ਕਿਤੇ ਵਿਹੜੇ ਤ੍ਰਿਬੈਣੀ ਲਾਉਣ ਦਾ, ਕਿਤੇ ‘ਧੰਨ ਭਾਗ ਮੇਰੇ ਆਖੇ ਪਿੱਪਲ’ ਵਾਲੀ ਗੱਲ ਸਾਡਾ ਧਿਆਨ ਖਿੱਚਦੀ ਹੈ :-

ਮੈਨੂੰ ਕੱਲੀ ਨੂੰ ਚੁਬਾਰਾ ਪਾ ਦੇ, ਰੋਹੀ ਵਾਲੀ ਜੰਡ ਵੱਢ ਕੇ

ਵਿਹੜੇ ਲਾ ਤ੍ਰਿਬੈਣੀ, ਛਾਵੇਂ ਬਹਿ ਕੇ ਕੱਤਿਆ ਕਰੂੰ

ਥੜ੍ਹਿਆਂ ਬਾਝ ਨਾ ਸੋਂਹਦੇ ਪਿੱਪਲ, ਫੁੱਲਾਂ ਬਾਝ ਫੁਲਾਹੀਆਂ

ਹੱਸਾਂ ਨਾਲ ਹਮੇਲਾਂ ਸੋਂਹਦੀਆਂ, ਬੰਦਾਂ ਨਾਲ ਗਜਰਾਈਆਂ

ਧੰਨ ਭਾਗ ਮੇਰੇ, ਆਖੇ ਪਿੱਪਲ, ਕੁੜੀਆਂ ਨੇ ਪੀਘਾਂ ਪਾਈਆਂ

ਸਾਉਣ ਵਿਚ ਕੁੜੀਆਂ ਨੇ, ਪੀਂਘਾਂ ਅਸਮਾਨ ਚੜ੍ਹਾਈਆਂ

ਕਿਤੇ ਪਿੱਪਲ ਵਾਲੀ ਢਾਬ ਲੋਕਗੀਤ ਨਾਲ ਸਾਹ ਵਟਾਉਂਦੀ ਹੈ ਤੇ ਪਿੱਪਲ ਨਾਲ ਕੀਤੀਆਂ ਗੱਲਾਂ ‘ਚ ਸਿਪਾਹੀ ਦੀ ਵਹੁਟੀ ਦਾ ਵਿਛੋੜਾ ਹੰਝੂ ਰੋਲਦਾ ਹੈ :-

ਪਿੱਪਲਾ ਵੇ ਮੇਰੇ ਪੇਕੇ ਪਿੰਡ ਦਿਆ, ਤੇਰੀਆਂ ਠੰਢੀਆਂ ਛਾਵਾਂ

ਢਾਬ ਤੇਰੀ ਦਾ ਗੰਧਲਾ ਪਾਣੀ, ਉੱਤੋਂ ਬੂਰ ਹਟਾਵਾਂ

ਸੱਭੇ ਸਹੇਲੀਆਂ ਸਹੁਰੇ ਗਈਆਂ, ਕਿਸਨੂੰ ਹਾਲ ਸੁਣਾਵਾਂ

ਚਿੱਠੀਆਂ ਬਿਰੰਗ ਭੇਜਦਾ, ਕਿਹੜੀ ਛਾਉਣੀ ਲਵਾ ਲਿਆ ਨਾਵਾਂ

ਕਿੱਕਰ ਨੂੰ ਮੋਤੀ ਲੱਗਣ ਦੀ ਕਲਪਨਾ ਜਾਂ ਸੱਸ ਦਾ ਸੰਦੂਕ ਬਣਾਉਣ ਦੀ ਗੱਲ ‘ਅੰਬ ਕੋਲ ਇਮਲੀ ਨੀ ਜੰਡ ਕੋਲੇ ਟਾਹਲੀ’, ਵਾਲੀ ਹੇਕ ਕਿਸੇ ਵਲਵਲੇ ਨੂੰ ਮੂਰਤੀਮਾਨ ਕਰਦੀ ਹੈ। ਕਿਤੇ ਨਿੰਮ ਨਾਲ ਝੂਟਦੀ ਕੁੜੀ ਦੀ ਝਾਕੀ ਸਥਾਨਕ ਰੰਗ ਦਾ ਪਿੜ ਬੰਨ੍ਹਦੀ ਹੈ। ਕਿਤੇ ਛੜਿਆਂ ਦੇ ਵਿਹੜੇ ਵਿਚਲੀ

ਨਿੰਮ ਗੀਤ ਦੀ ਭਾਸ਼ਾ ਬਣਦੀ ਹੈ :-

ਉਥੇ ਕਿੱਕਰਾਂ ਨੂੰ ਮੋਤੀ ਲਗਦੇ, ਜਿੱਥੋਂ ਮੇਰਾ ਵੀਰ ਲੰਘਦਾ

ਛੇਤੀ ਛੇਤੀ ਵੱਧ ਕਿੱਕਰੇ, ਅਸਾਂ ਸੱਸ ਦਾ ਸੰਦੂਕ ਬਣਾਣਾ

ਅੰਬ ਕੋਲੇ ਇੰਬਲੀ, ਨੀ ਜੰਡ ਕੋਲੇ ਟਾਹਲੀ

ਅਕਲ ਬਿਨਾਂ ਨੀ ਗੋਰਾ ਰੰਗ ਜਾਵੇ ਖ਼ਾਲੀ

ਤੇਰੀ ਸਿਖਰੋਂ ਪੀਂਘ ਟੁੱਟ ਜਾਵੇ, ਨਿੰਮ ਨਾਲ ਝੂਟਦੀਏ

ਕੌੜੀ ਨਿੰਮ ਨੂੰ ਪਤਾਸੇ ਲਗਦੇ, ਵਿਹੜੇ ਛੜਿਆਂ ਦੇ

ਤੋਤਾ ਪੀ ਗਿਆ ਗੁਲਾਬੀ ਰੰਗ ਤੇਰਾ, ਨਿੰਮ ਨਾਲ ਝੂਟਦੀਏ

ਜਿੱਥੇ ਸੌ ਸੌ ਰੁੱਖ ਲਾਉਣ ਦਾ ਸ਼ਬਦ-ਚਿੱਤਰ ਜੀਵਨ-ਪੰਧ ਉੱਤੇ ਪੱਬ ਰੱਖਦਾ ਹੈ :-

ਮੈਂ ਤਾਂ ਸੋ ਸੌ ਰੁੱਖ ਪਈ ਲਾਵਾਂ, ਰੁੱਖ ਤਾਂ ਹਰੇ ਭਰੇ

ਮਾਵਾਂ ਠੰਢੀਆਂ ਛਾਵਾਂ, ਛਾਵਾਂ ਕੌਣ ਕਰੇ ?

ਉੱਥੇ ਕੱਲਾ ਰੁੱਖ ਉਦਾਸ ਜਾਪਦਾ ਹੈ :-

ਕੱਲਾ ਰੁੱਖ ਜੰਗਲਾਂ ਵਿਚ ਡੋਲੇ, ਕੱਲਾ ਰੱਬਾ ਕੋਈ ਨਾ ਹੋਵੇ

ਕੱਲੀ ਹੋਵੇ ਨਾ ਬਣਾਂ ਵਿਚ ਟਾਹਲੀ, ਕੱਲਾ ਨਾ ਹੋਵੇ ਪੁੱਤ ਜੱਟ ਦਾ

ਕਿਤੇ ਅੱਕ ਢੱਕ ਤੇ ਕਰੀਰ ਜੰਡ ਬੇਰੀਆਂ ਇੱਕੇ ਸਾਹੇ ਗਿਣਵਾ ਦਿੱਤੀਆਂ ਜਾਂਦੀਆਂ ਹਨ :-

ਮਰ ਗਈ ਨੂੰ ਰੁੱਖ ਰੋ ਰਹੇ, ਅੱਕ ਢੱਕ ਤੇ ਕਰੀਰ ਜੰਡ ਬੇਰੀਆਂ

ਧਰਤੀਏ ਪਿਆਰ ਕਰੇਂਦੀਏ !

ਇੰਜ ਜਾਪਦਾ ਹੈ ਪੰਜਾਬ ਨੂੰ ਮੁੱਖ ਰੱਖ ਕੇ ਹੀ ਅਥਰਵਵੇਦ ਦੇ ਰਿਸ਼ੀ ਕਵੀ ਨੇ

ਇਹ ਬਾਣੀ ਅਲਾਪੀ ਸੀ :-

ਮਾਤਾ ਭੂਮਿ ਪੁਤ੍ਰੋਅਹੰ ਪ੍ਰਿਥਿਵਯਾਂ

ਨਮੋ ਮਾੜ੍ਹੇ, ਪ੍ਰਿਥਿਵਯੈ ਨਮੋ ਮਾਤ੍ਰੇ ਪ੍ਰਿਥਿਵਯੈ

ਇਹ ਭੂਮੀ ਮਾਤਾ ਹੈ ਤੇ ਮੈਂ ਹਾਂ ਪ੍ਰਿਥਵੀ-ਪੁੱਤਰ। ਪ੍ਰਿਥਵੀ-ਮਾਤਾ ਨੂੰ ਪਰਣਾਮ, ਪ੍ਰਿਥਵੀ-ਮਾਤਾ ਨੂੰ ਪਰਣਾਮ । ਅਥਰਵਵੇਦ ਵਿਚ ਉਸ ਯੁੱਗ ਦੇ ਪੰਜਾਬ ਦੀ ਸੰਸਕ੍ਰਿਤੀ ਦਾ ਸਜੀਵ ਚਿੱਤਰ ਉਲੀਕਿਆ ਗਿਆ ਹੈ। ‘ਜਿਸ ਭੂਮੀ ਤੇ ਮਸਤ ਲੋਕਾਈ ਗਾਉਂਦੀ ਤੇ ਨੱਚਦੀ ਹੈ, ਜਿੱਥੇ ਗੱਭਰੂ ਪੁਰਸ਼ ਜੂਝਦੇ ਘੁਲਦੇ ਹਨ, ਜਿੱਥੇ ਯੁੱਧ ਦਾ ਨਗਾਰਾ ਵੱਜਦਾ ਹੈ, ਉਹ ਭੂਮੀ ਮੈਨੂੰ ਵੈਰੀਆਂ ਤੋਂ ਰਹਿਤ ਕਰ ਦੇਵੋ ।’ ਧਰਤੀ ਦੇ ਇਸ ਭਾਗ ਉੱਤੇ ਇਤਿਹਾਸ ਦਾ ਰਥ ਤਿੱਖੀ ਤੋਰ ਤੁਰਦਾ ਰਿਹਾ ਤੇ ਇਸ ਦੇ ਨਾਲ ਨਾਲ ਸੰਸਕ੍ਰਿਤੀ ਦੀਆਂ ਲੀਹਾਂ ਪੈਂਦੀਆਂ ਗਈਆਂ ਹਨ। ਤਾਂਹੀਉਂ ਅਸੀਂ ਵੇਖਦੇ ਹਾਂ ਕਿ ਅਥਰਵਵੇਦ ਦੇ ‘ਪ੍ਰਿਥਵੀ ਸੂਕਤ’ ਵਾਲੀ ਭਾਵਨਾ ਪੰਜਾਬੀ ਲੋਕ-ਗੀਤਾਂ ਵਿਚ ਅੱਜ ਵੀ ਤੁਰ ਰਹੀ ਹੈ। ‘ਜਿਸ ਭੂਮੀ ਤੇ ਮਸਤ ਲੁਕਾਈ ਗਾਉਂਦੀ ਤੇ ਨੱਚਦੀ ਹੈ’, ਅੱਜ ਵੀ ਉੱਥੇ ਪ੍ਰਿਥਵੀ-ਮਾਤਾ ਨੂੰ ਪਰਣਾਮ ਕਰਨ ਦੀ ਪਰੰਪਰਾ ਤੁਰ ਰਹੀ ਹੈ । ‘ਧਰਤੀਏ ਪਿਆਰ ਕਰੇਂਦੀਏ’, ਵਾਲੀ ਹੇਕ ਅੱਜ ਵੀ ਉਸੇ ਪਰੰਪਰਾ ਨਾਲ ਸੁਰ ਮੇਲ ਕੇ ਤੁਰਦੀ ਹੈ :-

ਧਰਤੀਏ ਪਿਆਰ ਕਰੇਂਦੀਏ ! ਪਰ ਮਾਖਿਉਂ ਦੀ ਰੀਸ

ਕਣਕੋਂ ਕਣਕ ਵੰਡਾਈਏ, ਦੁੱਧੋਂ ਦੁੱਧ ਅਸੀਸ

ਜਾਂ, ਜਦ ਧਰਤੀ ਦੇ ਹਾਰ ਸ਼ਿੰਗਾਰ ਦੀ ਗੱਲ ਕੀਤੀ ਜਾਂਦੀ ਹੈ :-

ਧਰਤੀਏ ਪਿਆਰ ਕਰੇਂਦੀਏ ! ਤੇਰਾ ਮੱਥਾ ਨੂਰੋ ਨੂਰ

ਸਿਰਤੇ ਸੁਭਰ ਸੋਂਹਦਾ, ਘੱਗਰਾ ਹਰਾ ਕਚੂਰ

ਸੂਰਜ ਦੇ ਚਰਖੇ ‘ਤੇ ਰੁੱਤਾਂ ਦੇ ਤੰਦ ਕੱਢਣ ਦੀ ਸੂਚਨਾ ਵੀ ਸਾਡੀ ਲੋਕ-ਪਰੰਪਰਾ ਦੇ

ਅੰਗ ਸੰਗ ਰਹਿੰਦੀ ਆਈ ਹੈ :-

ਧਰਤੀਏ ਪਿਆਰ ਕਰੇਂਦੀਏ ! ਛੰਦਾਂ ਵਿੱਚੋਂ ਛੰਦ

ਡਾਹ ਸੂਰਜ ਦਾ ਚਰਖੜਾ, ਰੁੱਤਾਂ ਕੱਢਣ ਤੰਦ

ਇਸੇ ਹੇਕ ਵਿਚ ਆਦਿ ਜੁਗਾਦੀ ਸੱਚ ਦੀ ਜੈ ਮਨਾਈ ਜਾਂਦੀ ਹੈ :-

ਧਰਤੀਏ ਨੀ ਪਤਵੰਤੀਏ ! ਕੇਹੀ ਸੂਰਜ ਦੀ ਲੋਅ

ਆਦਿ ਜੁਗਾਦੀ ਸੱਚ ਦੀ, ਜਨਮ ਜਨਮ ਜੈ ਹੋ

ਧਰਤੀ ਦੀ ਜਾਗ੍ਰਤੀ ਆਪਣੇ ਆਪ ਵਿਚ ਪ੍ਰੇਰਨਾ-ਭਰਿਆ ਚਿੱਤਰ ਹੈ :-

ਧਰਤੀ ਬੁੱਕਲ ਮਾਰ ਉੱਠ ਕੇ ਬੈਠ ਗਈ

ਧਰਤੀ ਨੂੰ ਪਰਣਾਮ ਕਰਨ ਵਾਲੀ ਸੰਸਕ੍ਰਿਤੀ ਪ੍ਰਾਰਥਨਾ ਕਰਨੋਂ ਕਿਤੇ ਵੀ ਝਕਦੀ ਨਹੀਂ । ਗੱਲਾਂ ਗੱਲਾਂ ਵਿਚ ਤੁਸੀਂ ਲੋਕਾਂ ਦੇ ਮੂੰਹੋਂ ਅਜਿਹੇ ਬੋਲ ਸੁਣੋਗੇ : ‘ਕੁਝ ਅੰਨ ਤੇ ਕੁਝ ਧਨ ਦੇ, ਕੁਝ ਪਹਾੜਾਂ ਵਾਲੀ ਰੰਨ ਦੇ,’ ਜਾਂ ‘ਢੋਲ ਢਮੱਕਾ ਸਰਵਰ ਦਾ, ਕੁਝ ਹਿੜਵਸ ਬਾਬੇ ਨਾਨਕ ਦੀ ।’ ਜਿੱਥੇ ਵੱਗ ਖੜੋਂਦਾ ਹੈ ਉੱਥੇ ਪਸ਼ੂਆਂ ਦੇ ਚੱਟਣ ਲਈ ਪਿੰਡ ਦੇ ਲੋਕ ਵੱਡਾ ਸਾਰਾ ਲੂਣ ਦਾ ਡਲਾ ਰੱਖਣ ਵਿਚ ਪੁੰਨ ਸਮਝਦੇ ਹਨ। ਪਾਕਿਸਤਾਨ ਬਣਨ ਮਗਰੋਂ ਖੀਉੜੇ ਦੀ ਖਾਣ ਦਾ ਲੂਣ ਨਾ ਆਉਣ ਕਰਕੇ ਲੋਕਾਂ ਦੀ ਇਹ ਧਾਰਮਕ ਭਾਵਨਾ ਮੱਠੀ ਪੈ ਗਈ ਹੈ। ਗਊ ਮਾਤਾ ਦੀ ਸੰਤਾਨ ਹਲ ਵਾਹੁਣ ਵਿਚ ਸਹਾਇਕ ਹੁੰਦੀ ਆਈ ਹੈ। ਇਸੇ ਭਾਵਨਾ ਨਾਲ ਲੋਕੀ ਗਊ ਨੂੰ ਪਿੰਨੀਆਂ ਚਾਰਨ ਵਿਚ ਪੁੰਨ ਸਮਝਦੇ ਹਨ ।

ਨਿਰਮਾਣ ਰਹਿਣ ਦੀ ਸਿੱਖਿਆ ਵਿਚ ਵੀ ਧਰਤੀ ਦਾ ਨਾਂ ਆਉਣੋਂ ਨਹੀਂ ਰਹਿੰਦਾ

ਸਾਢੇ ਤਿੰਨ ਹੱਥ ਧਰਤੀ ਤੇਰੀ,

ਬਾਹਲੀਆਂ ਜਗੀਰਾਂ ਵਾਲਿਆ

ਨੀਵੇਂ ਰੁੱਖ ਵਾਲੀ ਉਪਮਾ ਵੀ ਇਸੇ ਧਰਤੀ ਤੇ ਉਗਦੀ ਹੈ :-

ਫਲ ਨੀਵਿਆਂ ਰੁੱਖਾਂ ਨੂੰ ਲਗਦੇ,

ਸਿੰਬਲਾ ! ਤੂੰ ਮਾਣ ਨਾ ਕਰੀਂ

ਇਸੇ ਧਰਤੀ ਤੇ ਲੋਕਾਂ ਦਾ ਇਹ ਅਨੁਭਵ ਪਤਾ ਨਹੀਂ ਕਦ ਤੋਂ ਤੁਰਿਆ ਆਉਂਦਾ ਹੈ; ਤਿੱਤਰ

ਖੰਭੀ ਬੱਦਲੀ, ਰੰਨ ਮਲਾਈ ਖਾਹ, ਉਹ ਵੱਸੇ, ਉਹ ਉੱਧਲੇ, ਕਦੇ ਨਾ ਆਹਲੀ ਜਾਹ।’

ਸਾਵਣ ਦੀਆਂ ਝੜੀਆਂ ਵੀ ਇਸੇ ਧਰਤੀ ਉੱਤੇ ਲਗਦੀਆਂ ਹਨ ਪਰ ਉਸ ਦਾ ਦੁੱਖ ਕੌਣ ਦੂਰ

ਕਰ ਸਕਦਾ ਹੈ ਜਿਸ ਦੇ ਘਰ ਬੀਜਣ ਨੂੰ ਦਾਣੇ ਵੀ ਮੁੱਕ ਚੁਕੇ ਹੋਣ ਤੇ ਨਾ ਬਲਦ ਹੀ ਹੋਣ :-

ਸਖੀਓ ! ਸਾਵਣ ਗਰਜਿਆ, ਮੇਰਾ ਥਰਥਰ ਕੰਬਿਆ ਜੀ

ਉਹਨੂੰ ਸਾਵਣ ਕੀ ਕਰੇ, ਜਿਸ ਘਰ ਬੋਹਲ ਨਾ ਬੀ

ਇਸੇ ਧਰਤੀ ਤੇ ਅਜਿਹੇ ਅਖਾਣ ਸਜੀਵ ਸੰਸਕ੍ਰਿਤੀ ਦੇ ਇਸ ਪੱਖ ਉੱਤੇ ਚਾਨਣ ਪਾਉਂਦੇ ਹਨ। ਕਿ ਲੋਕ ਅੱਖਾਂ ਖੋਲ੍ਹ ਕੇ ਤੇ ਡੂੰਘਾ ਸੋਚ ਕੇ ਗੱਲ ਕਰਦੇ ਹਨ :-

ਚਣਾ ਘਣਾ ਚੇਤ, ਕਣਕ ਘਣੀ ਵੈਸਾਖ

ਤੀਵੀਂ ਘਣੀ ਤਾਂ ਜਾਣੀਏ, ਜੇ ਮੁੰਡਾ ਹੋਏ ਢਾਕ

ਜਾਂ , ਜਦ ਅਰੋਗਤਾ ਦੀ ਸੋਝੀ ਲਈ ਇਹ ਅਖਾਣ ਬੋਲਦੇ ਹਨ :-

ਚੇਤ ਵੈਸਾਖ ਭਵੇਂ, ਜੇਠ ਹਾੜ ਸਵੇਂ

ਸਾਉਣ ਭਾਦੋਂ ਨ੍ਹਾਵੇ, ਅੱਸੂ ਕੱਤੇ ਕੌੜਾ ਖਾਵੇ

ਮੱਘਰ ਪੋਹ ਰੂੰ ਹੰਢਾਵੇ, ਮਾਘ ਫੱਗਣ ਤੇਲ ਮਲਾਵੇ

ਹਕੀਮ ਦਾ ਘਰ ਕਦੀ ਨਾ ਪੁੱਛਣ ਜਾਵੇ

ਢਾਈ ਮਹੀਨਿਆਂ ਦੀ ਸਾਵਧਾਨੀ ਵਾਲਾ ਅਖਾਣ ਵੀ ਇਸ ਧਰਤੀ ਤੇ ਰਹਿਣ ਵਾਲਿਆਂ ਲਈ

ਜ਼ਰੂਰੀ ਸਮਝਿਆ ਜਾਂਦਾ ਰਿਹਾ ਹੈ :-

ਸਾਰਾ ਸਾਵਣ ਭਾਦਰੋਂ, ਅੱਧਾ ਅੱਸੂ ਦਾ ਪੱਖ

ਨਰਾਂ, ਤੁਰੰਗਾਂ, ਨਾਰੀਆਂ, ਢਾਈ ਮਾਹ ਦੀ ਰੱਖ

ਬਾਜਰੇ ਦੀ ਰਾਖੀ ਵਾਲੇ ਗੀਤ ਵਿਚ ਸਾਨੂੰ ਆਪਣਾ ਪਿੰਡ ਜਿਵੇਂ ਸੌ ਕੋਹਾਂ ਤੋਂ ਵੀ ਦਿਸ ਪੈਂਦਾ ਹੈ :-

ਤੇਰੇ ਬਾਜਰੇ ਦੀ ਰਾਖੀ ਦਿਉਰਾ ਮੈਂ ਨਈਂ ਬਹਿੰਦੀ

ਮੈਂ ਤਾੜੀ ਮਾਰ ਉਡਾਵਾਂ, ਮੇਰੀ ਮਹਿੰਦੀ ਲਹਿੰਦੀ

ਮਾਹੀ ਮੇਰੇ ਦਾ ਪੱਕਿਆ ਬਾਜਰਾ, ਤੁਰ ਪਈ ਗੋਪੀਆ ਫੜ ਕੇ

ਖੇਤ ਜਾ ਕੇ ਹੂਕਰ ਮਾਰੀ, ਸਿਖਰ ਮਨ੍ਹੇ ਤੇ ਚੜ੍ਹ ਕੇ

ਉਤਰਦੀ ਨੂੰ ਆਈਆਂ ਝਰੀਟਾਂ, ਚੁੰਨੀ ਪਾਟ ਗਈ ਫਸ ਕੇ

ਟੁਰ ਪਰਦੇਸ ਗਿਉਂ, ਦਿਲ ਮੇਰੇ ਵਿਚ ਵਸ ਕੇ

ਬਾਜਰੇ ਤੇ ਜੁਆਰ ਦੀ ਗੱਲ ਵਿਚ ਘਰ ਦੀ ਤਸਵੀਰ ਨਿੱਖਰ ਆਉਂਦੀ ਹੈ ਤੇ ਅਸੀਂ ਸੋਚਣ ਲਗ ਪੈਂਦੇ ਹਾਂ ਕਿ ਨਿਵਾਣਾਂ ਦੇ ਪਾਣੀ ਨਿਵਾਣ ਹੀ ਜਾਂਦੇ ਹਨ :-

ਇਕ ਨਾ ਬੀਜੀ ਸਿੰਘਾ ਬਾਜਰਾ,

ਇਕ ਨਾ ਬੀਜੀ ਜੁਆਰ,

ਮਾਂ ਦਿਆ ਕਾਹਨ ਚੰਦਾ

ਗਰਮੀ ਤਾਂ ਕਰਦਾ ਤੇਰਾ ਬਾਜਰਾ ਵੇ,

ਬਾਦੀ ਕਰਦੀ ਜੁਆਰ,

ਮਾਂ ਦਿਆ ਕਾਹਨ ਚੰਦਾ

ਚਿੜੀਆਂ ਨੇ ਖਾਧਾ ਤੇਰਾ ਬਾਜਰਾ ਵੇ,

ਡਬਰਿਆਂ ਖਾਧੀ ਜੁਆਰ,

ਮਾਂ ਦਿਆ ਕਾਹਨ ਚੰਦਾ

ਇਕ ਨਾ ਮਾਰੀਂ ਸਿੰਘਾ ਸੋਟੜਾ ਵੇ,

ਇਕ ਨਾ ਕਢੀ ਮਾਂ ਦੀ ਗਾਲ੍ਹ,

ਮਾਂ ਦਿਆ ਕਾਹਨ ਚੰਦਾ

ਮੇਰੀਂ ਤਾਂ ਰੜਕੇ ਤੇਰਾ ਸੋਟੜਾ ਵੇ,

ਦਿਲ ਵਿਚ ਰੜਕੇ ਮਾਂ ਦੀ ਗਾਲ੍ਹ,

ਮਾਂ ਦਿਆ ਕਾਹਨ ਚੰਦਾ

ਇਕ ਨਾ ਦੇਈਂ ਸੱਸੋ ਪੀਸਣਾ ਨੀ,

ਇਕ ਨਾ ਭਰਾਵਾਂ ਦੀ ਗਾਲ੍ਹ,

ਖੂਨੀ ਨੈਣੀਂ ਜਲ ਭਰੇ

ਪੇਕਿਆਂ ਤੋਂ ਲਿਆਈਂ ਗੋਲੀਆਂ ਨੀ ਨੂੰਹੇਂ ਮੇਰੀਏ,

ਨਹੀਂ ਦੇਊਂ ਭਰਾਵਾਂ ਦੀ ਗਾਲ੍ਹ

ਕਾਹਨੂੰ ਨੈਣੀਂ ਜਲ ਭਰੇ

ਧੀਆਂ ਨੂੰ ਦੇਈਂ ਗੋਲੀਆਂ ਨੀ ਸੱਸੇ ਮੇਰੀਏ,

ਸਾਡੇ ਤਾਂ ਮਾਪੇ ਗਰੀਬ,

ਖੂਨੀ ਨੈਣੀਂ ਜਲ ਭਰੇ

ਕਿਤੇ ‘ਬਾਜਰਾ ਤਾਂ ਹੋ ਗਿਆ ਸਾਡਾ ਚਾਬੂ, ਮੂੰਗੀ ਆਉਂਦੀ ਫਲਦੀ’ ਦੀ ਗੱਲ ਤੁਰਦੀ ਹੈ, ਕਿਤੇ ‘ਐਤਕੀਂ ਤਾਂ ਬਾਜਰਾ ਮੈਂ ਮੱਲ ਦੇਵਾਂ, ਪਰ ਨੂੰ ਕੌਣ ਚਬਾਊ ?” ਵਾਲਾ ਪ੍ਰਸ਼ਨ ਕਰ ਕੇ ਪਿਆਰ ਦਾ ਰੰਗ ਗੂੜ੍ਹਾ ਕੀਤਾ ਜਾਂਦਾ ਹੈ। ਕਿਤੇ ਇਹ ਤਸਵੀਰ ਉਭਰਦੀ ਹੈ :-

ਚੂਪੇ ਗੰਨੇ ਚੱਬੇ ਸਿੱਟੇ, ਰਾਖੀ ਖੇਤ ਦੀ ਕਰਦੀ

ਹੀਰ ਸਿਆਲਾਂ ਦੀ, ਅਲ੍ਹਕ ਵਛੇਰੀ ਪਲਦੀ

ਖੇਤ ਦੀ ਰਾਖੀ ਅਤਿ ਜ਼ਰੂਰੀ ਹੈ। ਇਹ ਗੱਲ ਅਨੇਕ ਗੀਤਾਂ ਵਿਚ ਸਾਹ ਪਾਉਂਦੀ ਹੈ :-

ਖੇਤ ਤਾਂ ਆਪਣਾ ਡਬਰਿਆਂ ਖਾ ਲਿਆ, ਮੇਰਾ ਕਾਲਜਾ ਧੜਕੇ

ਸਾਰੇ ਜ਼ੋਰ ਦਾ ਮਾਰਾਂ ਗੋਪੀਆ, ਹੇਠ ਤੂਤ ਦੇ ਖੜ੍ਹ ਕੇ

ਸੋਹਣੀਏਂ ਹੀਰੇ ਨੀ ! ਦੇ ਦੇ ਬਾਜਰਾ ਮਲ ਕੇ

‘ਜਿਸ ਭੂਮੀ ਤੇ ਮਸਤ ਲੁਕਾਈ ਨੱਚਦੀ ਤੇ ਗਾਉਂਦੀ ਹੈ ।…..ਅਥਰਵਵੇਦ ਦੇ ਰਿਸ਼ੀ ਕਵੀ ਦਾ ਬਿਆਨ ਜਿਵੇਂ ਅੱਜ ਵੀ ਉਤਨਾ ਹੀ ਸਜੀਵ ਹੋਵੇ :-

ਰੁੱਤ ਗਿੱਧਾ ਪਾਉਣ ਦੀ ਆਈ,

ਲੱਕ ਲੱਕ ਹੋ ਗਏ ਬਾਜਰੇ

ਕਿਤੇ ‘ਉੱਚੀਆਂ ਚਰੀਆਂ ਸੰਘਣੇ ਬਾਜਰੇ, ਖੇਡਣ ਲੁਕ-ਮਚਾਈਆਂ’, ਵਾਲੀ ਤਸਵੀਰ ਸਾਡੀਆਂ ਅੱਖਾਂ ਮੂਹਰੇ ਘੁੰਮ ਜਾਂਦੀ ਹੈ, ਕਿਤੇ ‘ਵੀਰ ਨੂੰ ਵੀਰ ਮਿਲੇ, ਵੱਟ ਤੇ ਗੋਪੀਆਂ ਧਰ ਕੇ’, ਵਾਲਾ ਪ੍ਰਸੰਗ ਇਹ ਵਿਸ਼ਵਾਸ ਦਿਵਾਉਂਦਾ ਹੈ ਕਿ ਭਰਾਵਾਂ ਦਾ ਪਿਆਰ ਵੀ ਵਗਦੇ ਪਾਣੀ ਵਾਂਗ ਸਾਫ ਰਹਿੰਦਾ ਹੈ। ਕਿਤੇ ਕੋਈ ਗੋਰੀ ਆਪਣੇ ਕੰਤ ਨੂੰ ਸਲਾਹ ਦਿੰਦੀ ਹੈ : ‘ਛੋਲੇ ਵੱਢ ਕੇ ਬੀਜ ਦੇ ਨਰਮਾ, ਚੁਗਣ ਨੂੰ ਮੈਂ ਤਕੜੀ’ । ਕਿਤੇ ਸ਼ਿਕਾਇਤ ਕੀਤੀ ਜਾਂਦੀ ਹੈ, ‘ਕੱਤੇ ਦੀ ਕਪਾਹ ਵੇਚ ਕੇ, ਮੇਰਾ ਮਾਮਲਾ ਅਜੇ ਨਾ ਤੁਰਿਆ।’ ਕਿਤੇ ਕੋਈ ਵਿਛੋੜੇ-ਮਾਰੀ ਆਪਣੀ ਆਤਮ-ਕਥਾ ਦਾ ਪੰਨਾ ਫੋਲਦੀ ਹੈ, ‘ਉੱਠ ਗਿਆ ਮਿਰਕਣ ਨੂੰ, ਕਣਕ ਵੇਚ ਕੇ ਸਾਰੀ।’ ਕਪਾਹ ਦੀ ਛਟੀ ਵੀ ਜਿਵੇਂ ਕਪਾਹ ਚੁਗਣ ਵਾਲੀ ਦੀ ਭਾਸ਼ਾ ਸਮਝ ਸਕਦੀ ਹੋਵੇ, ‘ਲਿਫ ਜਾ ਕਪਾਹ ਦੀਏ ਛਟੀਏ, ਪਤਲੋ ਦੀ ਬਾਂਹ ਥੱਕ ਗਈ।’ ਜਾਂ ‘ਪਰੇ ਹੋ ਜਾ ਨੀ ਕਪਾਹ ਦੀਏ ਛਟੀਏ, ਪਤਲੋ ਨੂੰ ਲੰਘ ਜਾਣ ਦੇ।’ ਕਦੀ ਮਲਮਲ ਆਖ ਕੇ ਹੀ ਮਲਮਲ ਪਹਿਨਣ ਵਾਲੀ ਗੋਰੀ ਦੀ ਤੇ ਚਿਟਾ ਚਾਦਰਾ ਆਖ ਕੇ ਉਹਦੇ ਕੰਤ ਦੀ ਤਸਵੀਰ ਉਘਾੜ ਦਿੱਤੀ ਜਾਂਦੀ ਹੈ, ‘ਮਲਮਲ ਵਟ ਤੇ ਖੜੀ, ਚਿੱਟਾ ਚਾਦਰਾ ਕਪਾਹ ਨੂੰ ਗੋਡੀ ਦੇਵੇ ।’

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ

ਪਿੰਡਾਂ ਬਾਰੇ ਬਹੁਤ ਅਖਾਣ ਹਨ। ‘ਉੱਜੜੇ ਪਿੰਡ ਭੜੋਲਾ ਮਹਿਲ’ ‘ਇਕ ਨਿੰਬੂ, ਪਿੰਡ ਭੁੱਸਿਆਂ ਦਾ।” ‘ਜਿਸ ਪਿੰਡ ਨਹੀਂ ਜਾਣਾ, ਉਹਦਾ ਰਾਹ ਕੀ ਪੁੱਛਣਾ ।’ ‘ਧਾਈਆਂ ਵਾਲਾ ਪਿੰਡ ਪਰਾਲੀਉਂ ਦਿਸ ਪੈਂਦਾ ਹੈ।’ ‘ਪਿੰਡ ਨੂੰ ਅੱਗ ਲੱਗੀ ਤੇ ਕੁੱਤਾ ਰੂੜੀ ’ਤੇ।’ ‘ਪਿੰਡ ਵੜਨਾ ਮਿਲੇ ਨਾ ਤੇ ਜੁੱਤੀਆਂ ‘ਚ ਅੱਧ ।’ ‘ਪਿੰਡ ਬੱਝਾ ਨਾ, ਉਚੱਕੇ ਅੱਗੋਂ ਹੀ।’ ‘ਪਿੰਡ ਵੇ ਅਗਾਹਾਂ, ਪੁੱਤਾ ਵੇ ਪਿਛਾਂਹ।’ ਪਰ ਗੀਤਾਂ ਵਿਚ ਕਿਸੇ ਖ਼ਾਸ ਪਿੰਡ ਦਾ ਨਾਂ ਲੈ ਕੇ ਗੱਲ ਤੋਰਨ ਦੀ ਪਰੰਪਰਾ ਤੁਰ ਆਈ ਹੈ :-

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਲੱਲੀਆਂ

ਓਥੋਂ ਦੇ ਦੋ ਬਲਦ ਸੁਣੀਂਦੇ, ਗੱਲ ਉਨ੍ਹਾਂ ਦੇ ਟੱਲੀਆਂ

ਨੱਠ ਨੱਠ ਕੇ ਉਹ ਮੱਕੀ ਬੀਜਦੇ, ਹੱਥ ਹੱਥ ਲੱਗੀਆਂ ਛਲੀਆਂ

ਬੰਤੋ ਦੇ ਬੈਲਾਂ ਨੂੰ, ਪਾ ਦੇ ਗੁਆਰੇ ਦੀਆਂ ਫਲੀਆਂ

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਖਾਰੀ

ਖਾਰੀ ਦੀਆਂ ਦੋ ਕੁੜੀਆਂ ਸੁਣੀਂਦੀਆਂ, ਇਕ ਪਤਲੀ, ਇਕ ਭਾਰੀ

ਪਤਲੀ ਤੇ ਤਾਂ ਖੱਟਾ ਡੋਰੀਆ, ਭਾਰੀ ਤੇ ਫੁਲਕਾਰੀ

ਮੱਥਾ ਦੋਹਾਂ ਦਾ ਬਾਲੇ ਚੰਦ ਦਾ, ਅੱਖਾਂ ਦੀ ਜੋਤ ਨਿਆਰੀ

ਪਤਲੀ ਤਾਂ ਮੰਗ ਜੀਉਣ ਸਿੰਘ ਦੀ, ਭਾਰੀ ਅਜੇ ਕੁਆਰੀ

ਮੰਗ ਉਹਦੀ ਅੱਡ ਮੰਗ ਤੀ, ਜੀਉਣਾ ਦੱਸੀ ਦਾ ਸੂਰਮਾ ਭਾਰੀ

ਪਿੰਡਾਂ ਵੱਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਰੂੜਾ

ਰੂੜੇ ਦੀ ਇਕ ਕੁੜੀ ਸੁਣੀਂਦੀ, ਕਰਦੀ ਗੋਹਾ ਕੂੜਾ

ਹੱਥੀਂ ਉਹਦੇ ਛੱਲੇ ਛਾਪਾਂ, ਬਾਂਹੀ ਉਹਦੇ ਚੂੜਾ

ਰਾਤੀਂ ਰੋਂਦੀ ਦਾ, ਭਿੱਜ ਗਿਆ ਲਾਲ ਪੰਘੂੜਾ

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਮੋਗਾ !

ਉਰਲੇ ਪਾਸੇ ਢਾਬ ਸੁਣੀਂਦੀ, ਪਰਲੇ ਪਾਸੇ ਟੋਭਾ

ਟੋਭੇਤੇ ਇਕ ਸਾਧੂ ਰਹਿੰਦਾ, ਬਹੁਤ ਸੁਣੀਂਦੀ ਸੋਭਾ

ਔਂਦੀ ਜਾਂਦੀ ਨੂੰ ਘੜਾ ਚੁਕੌਦਾ, ਮਗਰੋਂ ਮਾਰਦਾ ਗੋਡਾ

ਲੱਕ ਮੇਰਾ ਪਤਲਾ ਜਿਹਾ, ਭਾਰ ਸਹਿਣ ਨੀ ਜੋਗਾ

ਅਠਾਰਾਂ ਚੱਕ ਦੇ ਚੋਬਰ ਸੁਣੀਂਦੇ, ਜਿਉਂ ਮਾਵਾਂ ਦੀ ਲੋਰੀ

ਦੁੱਧ ਮਲਾਈਆਂ ਖਾ ਕੇ ਪਲ ਗਏ, ਚੁੱਕਦੇ ਅਹਿਰਨ, ਬੋਰੀ

ਪੱਟੋਂ ਮੋਟੇ, ਪਿੰਜਣੀ ਪਤਲੀ, ਜਿਉਂ ਗੰਨੇ ਦੀ ਪੋਰੀ

ਕਾਲੀ ਨਾਲ ਵਿਆਹ ਨਾ ਕਰੌਂਦੇ, ਰੰਨ ਭਾਲਦੇ ਗੋਰੀ

ਰੋਂਦੀ ਚੁਪ ਨਾ ਕਰੇ, ਸਿਖਰ ਦੁਪਹਿਰੇ ਤੋਰੀ

ਹਿੰਮਤਪੁਰ ਦੇ ਮੁੰਡੇ ਬੰਬਲੇ, ਸੱਤਾਂ ਪਤਣਾਂ ਦੇ ਤਾਰੂ

ਸੂਇਆਂ ਕਸੀਆਂਤੇ ਕਣਕਾਂ ਬੀਜਦੇ, ਛੋਲੇ ਬੀਜਦੇ ਮਾਰੂ

ਇਕ ਮੁੰਡੇ ਦਾ ਨਾਂ ਫਤਿਹ ਮੁਹੰਮਦ, ਦੂਜੇ ਦਾ ਸਰਦਾਰੂ

ਗਾਮਾ, ਬਰਕਤ, ਸੌਣ, ਚੰਨਣ ਸਿੰਘ, ਸਭ ਤੋਂ ਉੱਤੋਂ ਦੀ ਬਾਰੂ

ਸਾਰੇ ਮਿਲ ਕੇ ਮੇਲੇ ਜਾਂਦੇ, ਨਾਲੇ ਜਾਂਦਾ ਨਾਹਰੂ

ਬਸੰਤੀ ਰੀਝਾਂ ਨੂੰ, ਗਿੱਧੇ ਦਾ ਚਾ ਉਭਾਰੂ

ਭਦੌੜ ਦੇ ਤਾਂ ਮੁੰਡੇ ਸੁਣੀਂਦੇ, ਜੇਬਾਂ ਰਖਦੇ ਭਰੀਆਂ

ਮੇਲੇ ਜਾ ਕੇ ਪੌਣ ਬੋਲੀਆਂ, ਡਾਂਗਾਂ ਰਖਦੇ ਖੜੀਆਂ

ਮਾੜੀ ਕੁੜੀ ਨਾਲ ਵਿਆਹ ਨਾ ਕਰੌਂਦੇ, ਵਿਆਹ ਕੇ ਲਿਆਂਦੇ ਪਰੀਆਂ

ਵੇਲਾਂ ਧਰਮ ਦੀਆਂ, ਵਿਚ ਦਰਗਾਹ ਦੇ ਹਰੀਆਂ

ਆਰੀ ਆਰੀ ਆਰੀ

ਮੇਲਾ ਅਲਕਾਂ ਦਾ, ਛਿੰਝ ਲਗਦੀ ਛਰਾਹੀਂ ਭਰੀ

ਦੂਨ ਦੁਆਬਾ ਸਭ ਜਗ ਆਂਹਦਾ, ਘੁੱਟ ਲੈਂਦੇ ਵਿਚ ਨਾਰੀ

ਕੋਲੋ ਕੋਲੀ ਪਿੰਡ ਸੁਣੀਂਦੇ, ਪੱਖੋਵਾਲ ਪਰਾਲੀ

ਉੱਥੋਂ ਦੀਆਂ ਦੋ ਕੁੜੀਆਂ ਸੁਣੀਂਦੀਆਂ, ਇੱਕ ਪਤਲੀ ਇੱਕ ਭਾਰੀ

ਪਤਲੀ ਦਾ ਨਾਂ ਊਧਮ ਕੌਰ, ਭਾਰੀ ਦਾ ਕਰਤਾਰੀ

ਸਬਜ਼ ਮੋਤੀਆ ਲੈਗੀ ਊਧਮੀ, ਨਰਮ ਰਹੀ ਕਰਤਾਰੀ

ਬੋਤਾ ਮੋਲਕ ਦਾ, ਜਿਹਨੂੰ ਖੁਲਕਤ ਜਾਣੇ ਸਾਰੀ

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਮੰਗਾ

ਮੰਗੇ ਦੀ ਮੁਟਿਆਰ ਸੁਣੀਂਦੀ, ਜਿਉਂ ਕਾਸ਼ੀ ਦੀ ਗੰਗਾ

ਪੀ ਲੈ ਰਲ ਕੇ ਅੱਜ ਸੋਹਣੀਏਂ, ਮਾਝਾ ਦੁੱਧ ਇਕ ਡੰਗਾ

ਤਿਲ ਤਾਂ ਤੇਰੀ ਠੋਡੀ ਉਤਲਾ, ਸਾਨੂੰ ਲਗਦਾ ਚੰਗਾ

ਕਾਲੇ ਰੋੜਾਂ ਕੋਲੋਂ ਲੰਘੇ, ਜਿਉਂ ਸੁਪਨਾ ਸਤਰੰਗਾ

ਅੰਨ੍ਹਿਆਂ ਦੀ ਮੰਡੀ ਦਾ, ਛੱਡ ਦੇ ਸਾਕ, ਕੁਸੰਗਾ

ਬੀਕਾਨੇਰਚੋਂ ਊਠ ਲਿਆਂਦਾ, ਦੇ ਕੇ ਰੋਕ ਪਚਾਸੀ

ਸ਼ਹਿਣੇ ਦੇ ਵਿਚ ਝਾਂਜਰ ਬਣਦੀ, ‘ਮੁਕਸਰਬਣਦੀ ਕਾਠੀ

ਭਾਈ ਬਖ਼ਤੌਰੇ ਬਣਦੇ ਟਕੂਏ, ਰੇਲੇ ਬਣੇ ਗੰਡਾਸੀ

ਰਉਂਤੇ ਦੇ ਵਿਚ ਬਣਦੇ ਕੂੰਡੇ, ਧੁਰ ਭਦੌੜ ਦੀ ਚਾਟੀ

ਹਿੰਮਤਪੁਰੇ ਦੀਆਂ ਬਣਦੀਆਂ ਕਹੀਆਂ, ਕਾਂਸ਼ੀਪੁਰ ਦੀ ਦਾਤੀ

ਚੜ੍ਹ ਜਾ ਬੋਤੇ ਤੇ, ਮੰਨ ਲੈ ਭੌਰ ਦੀ ਆਖੀ

ਅਲਕੜਿਆਂ ਤੇ ਮੁੰਡੇ ਵੇਖ ਲਉ, ਜਿਉਂ ਟਾਹਲੀ ਦੇ ਪਾਵੇ

ਕੰਨੀਦਾਰ ਮੁੰਡੇ ਬੰਨ੍ਹਦੇ ਚਾਦਰੇ, ਪਿੰਜਣੀ ਨਾਲ ਸੁਹਾਵੇ

ਦੁੱਧਾਕਾਸ਼ਨੀ ਬੰਨ੍ਹਦੇ ਸਾਵੇ, ਜਿਉਂ ਉਡਿਆ ਕਬੂਤਰ ਜਾਵੇ

ਮਲਮਲ ਦੇ ਤਾਂ ਕੁੜਤੇ ਸੋਂਹਦੇ, ਜਿਉਂ ਬਗਲਾ ਤਲਾ ਵਿਚ ਨ੍ਹਾਵੇ

ਗਿੱਧਾ ਪਾਉਂਦੇ ਮੁੰਡਿਆਂ ਦੀ, ਸਿਫਤ ਕਰੀ ਨਾ ਜਾਵੇ

ਮੌਤ ਮੌਤ ਨਾ ਕਰ ਨੀ ਜੈਕੁਰੇ, ਵੇਖ ਮੌਤ ਦੇ ਕਾਰੇ

ਮੌਤ ਦਾ ਰਾਹ ਰੋਕਣ ਲਈ ਪਰਸੋਂ, ਸੱਤ ਪਤਾਸੇ ਵਾਰੇ

ਪੱਖੋਂ ਚੀਮੇ, ਲੰਘ ਕੇ ਉਹਨੇ ਛੱਡ ਦਿੱਤੇ ਪਿੰਡ ਸਾਰੇ

ਮੌਤ ਦੀ ਪੇਸ਼ੀ ਲਗਦੀ ਅੱਜ ਤਾਂ, ਸਰਕਾਰੇ ਦਰਬਾਰੇ

ਪਹਿਲਾਂ ਮੌਤ ਨੇ ਦਿੱਲੀ ਢਾਹੀ, ਫੇਰ ਵੜੀ ਪਟਿਆਲੇ

ਪਟਿਆਲੇ ਵਾਲੇ ਦੇ ਗੱਭਰੂ ਮਰ ਗਏ, ਲਾਲ ਦਾੜ੍ਹੀਆਂ ਵਾਲੇ

ਨਾਭੇ ਵਾਲੇ ਦੀ ਕੰਜਰੀ ਮਰ ਗਈ, ਰੌਣਕ ਲੈ ਗਈ ਨਾਲੇ

ਲੱਡੂ ਜਲੇਬੀਆਂ ਗਲੀਆਂ ਰੁਲਦੇ, ਛੋਲੇ ਨਾ ਥਿਔਂਦੇ ਭਾਲੇ

ਹਾਰ ਸ਼ਿੰਗਾਰ ਅਜੇ ਨਾ ਮੁੱਕਿਆ, ਵੇਖ ਰੂਪ ਦੇ ਕਾਰੇ

ਜਲ ਤੇ ਫੁੱਲ ਤਰਦਾ, ਚੁੱਕ ਲੈ ਪਤਲੀਏ ਨਾਰੇ

ਹਾਰ ਸ਼ਿੰਗਾਰ

ਪੰਜਾਬ ਦੇ ਅਨੇਕ ਅਖਾਣਾਂ ਵਿਚ ਹਾਰ ਸ਼ਿੰਗਾਰ ਦੀ ਭਾਵਨਾ ਬੋਲਦੀ ਹੈ। ‘ਸੋਨਾ ਹੋਵੇ ਤਾਂ ਘੜਾਈਉਂ ਮਹਿੰਗਾ ਹੈ ?’ ‘ਹੰਸੋਂ ਕੜੀ ਤੇ ਕੜੀਉਂ ਛਾਪ, ਹੁਣ ਛਾਪੋਂ ਵੀ ਜਵਾਬ,’ ‘ਉਹ ਫਿਰੇ ਨੱਥ ਘੜਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ;’ ‘ਟੁੰਡੀ ਬਾਂਹ, ਚੂੜੀ ਦਾ ਚਾ;’ ‘ਡੂਮਣੀ ਦੀ ਨੱਥ, ਕਦੀ ਨੱਕ ਕਦੀ ਹੱਥ;’ ‘ਬੂਹੇ ਆਈ ਜੰਞ ਤੇ ਵਿਨ੍ਹੋਂ ਕੁੜੀ ਦੇ ਕੰਨ।”

ਪੇਕੇ ਘਰ ਕੁਆਰੀ ਕੁੜੀ ਨੂੰ ਹਾਰ ਸ਼ਿੰਗਾਰ ਦੀ ਬਹੁਤੀ ਖੁਲ੍ਹ ਨਹੀਂ ਹੁੰਦੀ । ਪਤਾ ਨਹੀਂ ਮਾਂ ਦਾ ਇਹ ਉਪਦੇਸ਼ ਕਦ ਤੋਂ ਗੀਤ ਦਾ ਬੋਲ ਬਣਦਾ ਆ ਰਿਹਾ ਹੈ, ‘ਧਾਰੀ ਬੰਨ੍ਹ ਸੁਰਮਾ ਨਾ ਪਾਈਏ, ਧੀਏ । ਘਰ ਮਾਪਿਆਂ ਦੇ ।’ ਸਹੁਰੇ ਘਰ ਦੀ ਹੋਰ ਗੱਲ ਹੈ ; ‘ਬਣ ਬਣ ਨਿਕਲ ਸਰੀਰਾ, ਇਹ ਪਿੰਡ ਸਹੁਰਿਆਂ ਦਾ ।” ਇਹੋ ਜਿਹੇ ਮਿਹਣੇ ਕੋਈ ਅੱਜ ਦੇ ਨਹੀਂ :-

ਇਹਨਾਂ ਜੋਗੀਆਂ ਨੇ, ਕਿਹੜੇ ਪੱਤਣ ਮੱਲੇ ?

ਚੌਂਕ ਘੜਾ ਕੇ ਦੇ ਗਿਆ ਨੀ, ਫੁੱਲ ਤਾਂ ਹੈ ਨਹੀਂ ਪੱਲੇ

ਕੰਘੀ ਤੋਂ ਗੱਲ ਤੁਰਦੀ ਹੈ ਤੇ ਮੁਟਿਆਰ ਤੇ ਜਾ ਕੇ ਮੁਕਦੀ ਹੈ :-

ਕੰਘੀਏ ਨੀ ਰੰਗ ਰੱਤੀਏ ! ਕਿਸ ਮੇਰੀ ਨਾਜੋ ਸ਼ਿੰਗਾਰੀ ?

ਮੈਂ ਕੀ ਜਾਣਾ ਬਾਉਰੀ, ਜਾ ਕੇ ਨੈਣ ਨੂੰ ਪੁੱਛੋ

ਨੈਣੇ ਨੀ ਰੰਗ ਰੱਤੀਏ ! ਕਿਸ ਮੇਰੀ ਨਾਜੋ ਸ਼ਿਗਾਰੀ ?

ਮੈਂ ਕੀ ਜਾਣਾਂ ਬਾਉਰੀ, ਜਾ ਕੇ ਮੌਲੀ ਨੂੰ ਪੁੱਛੋ

ਮੋਲੀਏ ਨੀ ਰੰਗ ਰੱਤੀਏ ! ਕਿਸ ਮੇਰੀ ਨਾਜੋ ਸ਼ਿੰਗਾਰੀ ?

ਮੈਂ ਕੀ ਜਾਣਾ ਬਾਉਰੀ, ਜਾ ਕੇ ਮਹਿੰਦੀ ਨੂੰ ਪੁੱਛੋ

ਮਹਿੰਦੀਏ ਨੀ ਰੰਗ ਰੱਤੀਏ ! ਕਿਸ ਮੇਰੀ ਨਾਜ਼ੋ ਸ਼ਿੰਗਾਰੀ ?

ਮੈਂ ਕੀ ਜਾਣਾ ਬਾਉਰੀ, ਜਾ ਕੇ ਪੰਸਾਰੀ ਨੂੰ ਪੁੱਛੋ

ਵੇਖ ਕੇ ਸਰਬ ਸੁਹਾਗਣੇ, ਕਿਸ ਮੇਰੀ ਨਾਜੋ ਸ਼ਿੰਗਾਰੀ ?

ਮੈਂ ਕੀ ਜਾਣਾ ਬਾਉਰੀ, ਜਾ ਕੇ ਸੁਨਿਆਰੇ ਨੂੰ ਪੁੱਛੋ

‘ਲੈ ਦੇ ਜੜਾਉ ਸਾਨੂੰ ਬੁੰਦੇ, ਵੇ ਅਸਾਂ ਤੇਰੇ ਤਦ ਵੱਸਣਾ’ ਵਾਲਾ ਅੰਤਰਾ ਲੋਕ-ਗੀਤ ਦੀ ਪੁਰਾਣੀ ਦਾਤ ਹੈ। ਕੰਨਾਂ ਤੋਂ ਬੁੱਚੀ ਵਾਲਿਆਂ ਤੇ ਝੁਮਕੇ ਨਹੀਂ ਪਾ ਸਕਦੀ :-

ਕਿਕਰੀ ਹੇਠ ਖਲੋਤੀਏ

ਕਿਉਂ ਹੋਈਏਂ ਦਿਲਗੀਰ, ਕੁੜੀਏ !

ਕੀਕਰ ਬੋਲਾਂ, ਵੇ ਮਾਹੀ ?

ਕੰਨਾਂ ਤੋਂ ਮੈਂ ਬੁੱਚੀ ਆਂ

ਵਾਲੇ ਘੜਾਵਾਂ, ਤੇਰੇ ਕੰਨੀ ਪਾਵਾਂ

ਸੇਜ ਵਿਛਾਵਾਂ, ਘੁੱਟ ਗਲ ਲਾਵਾਂ

ਹੁਣ ਕਿਉਂ ਜਾਨੀ ਏਂ ਨੱਸ, ਕੁੜੀਏ

ਕੋਠਾ ਕਿਉਂ ਜਾਨੀਏਂ ਟੱਪ, ਕੁੜੀਏ

ਨਜ਼ਰ ਮਾਹੀ ਵੱਲ ਰੱਖ, ਕੁੜੀਏ ?

 ਨੈਣ ਤੇਰੇ ਨੇ ਤੀਰ, ਕੁੜੀਏ ਕਿੱਕਰੀ ਹੇਠ ਖਲੋਤੜੀਏ

ਕਿਉਂ ਹੋਈਏਂ ਦਿਲਗੀਰ ਕੁੜੀਏ ?

ਗੋਰਾ ਰੰਗ ਤੇ ਸ਼ਰਬਤੀ ਅੱਖੀਆਂ ਲਈ ਘੁੰਡ ਵੀ ਹਾਰ ਸ਼ਿੰਗਾਰ ਬਣ ਜਾਂਦਾ ਹੈ : ‘ਗੋਰਾ ਰੰਗ ਤੇ ਸ਼ਰਬਤੀ ਅੱਖੀਆਂ, ਘੁੰਡ ਵਿਚ ਕੈਦ ਕੀਤੀਆਂ ।” ਕਿਤੇ ਕਿਸੇ ਪਿੱਪਲ-ਪੱਤੀਆਂ ਦੀ ਸ਼ੁਕੀਨਣ ਦਾ ਦਿਲ ਜਿੱਤਣ ਲਈ ਕੋਈ ਆਖਦਾ ਹੈ : ‘ਆਹ ਲੈ ਨੱਤੀਆਂ ਘੜਾ ਲੈ ਪਿੱਪਲ-ਪੱਤੀਆਂ, ਕਿਸੇ ਕੋਲੇ ਗੱਲ ਨਾ ਕਰੀਂ ।’ ਸੋਨੇ ਬਿਨਾਂ ਤਾਂ ਮਛਲੀ ਵੀ ਨਹੀਂ ਬਣ ਸਕਦੀ, ‘ਮੇਰਾ ਯਾਰ ਬਚਨਾਂ ਦਾ ਪੂਰਾ, ਮਛਲੀ ਨੂੰ ਦੇ ਗਿਆ ਨੱਤੀਆਂ।’ ਇਹ ਵੀ ਪੁੱਛਿਆ ਜਾਂਦਾ ਹੈ :-

ਤੇਰੀ ਨਾੜ ਮੱਥੇ ਦੀ ਤੜਵੇ, ਪੱਟੀਆਂ ਕਿੰਨ ਗੁੰਦੀਆਂ ?

ਜਾਂ ਪ੍ਰੇਮੀ ਦੇ ‘ਇਹ ਬੋਲ :-

ਤੇਰਾ ਰੂਪ ਝੱਲਿਆ ਨਾ ਜਾਵੇ, ਕੰਨੋਂ ਲਾਹ ਦੇ ਸੋਨਚਿੜੀਆਂ

ਕਦੇ ਹਾਕ ਨਾ ਚੰਦਰੀਏ ਮਾਰੀ, ਚੂੜੇ ਵਾਲੀ ਬਾਂਹ ਕੱਢ ਕੇ

ਸੁਰਮਾ ਕਹਿਰ ਦੀ ਗੋਲੀ, ਬਿੱਲੀਆਂ ਅੱਖੀਆਂ ਨੂੰ

ਸਾਡੇ ਅੱਥਰੂ ਛਲਕਦੇ ਵੇਖੀਂ, ਮੋਤੀਆਂ ਦੇ ਹਾਰ ਵਾਲੀਏ

ਲੋਂਗ ਵਾਲੀ ਨੇ ਭਨਾ ਲਏ ਗੋਡੇ, ਤੀਲੀ ਵਾਲੀ ਖਾਲ ਟੱਪ ਗਈ

ਇਹ ਵਿਅੰਗ ਵੀ ਕੋਈ ਅੱਜ ਦਾ ਨਹੀਂ :

ਲੌਂਗ ਝਾਂਬੜਾ ਮਾਰੇ, ਮਿੱਡੀਆਂ ਨਾਸਾਂਤੇ

ਹਾਲੀ ਹਲ ਡੱਕ ਕੇ ਹਾਰ ਸ਼ਿੰਗਾਰ ਦਾ ਲਿਸ਼ਕਾਰਾ ਤੱਕਦੇ ਹਨ, ‘ਤੇਰੇ ਲੌਂਗ ਦਾ ਪਿਆ ਲਿਸ਼ਕਾਰਾ, ਹਾਲੀਆਂ ਨੇ ਹਲ ਡੱਕ ਲਏ।’ ਪਤਲੀ ਨਾਰ ਨੂੰ ਵਖਰੇ ਗਹਿਣੇ ਫੱਬਦੇ ਹਨ, ‘ਪਤਲੀ ਨਾਰ ਦਾ ਗਹਿਣਾ, ਲੋਂਗ ਤਬੀਤੜੀਆਂ।’ ਪ੍ਰੇਮਿਕਾ ਪ੍ਰੇਮੀ ਨੂੰ ਗੁੱਟ ਮਿਣਨ ਲਈ ਆਖਦੀ ਹੈ, “ਮੇਰੇ ਹੱਥ ਨੂੰ ਕਰਾ ਦੇ ਪਹੁੰਚੀ, ਲੈ ਜਾ ਮੇਰਾ ਗੁੱਟ ਮਿਣ ਕੇ। ਜਾਂ ਫੇਰ ਅਜਿਹੇ ਭਾਵ-ਚਿੱਤਰ

ਪ੍ਰੇਮੀ ਜੀਉੜਿਆਂ ਦੇ ਅੰਗ ਸੰਗ ਤੁਰਦੇ ਹਨ :-

ਤੇਰੇ ਝਾਂਜਰਾਂ ਵੱਜਣ ਨੂੰ ਪਾਈਆਂ, ਲੰਘ ਗਈ ਪੈਰ ਦਬ ਕੇ

ਰੰਨ ਅੱਡੀਆਂ ਕੂਚਦੀ ਮਰ ਗਈ, ਬਾਂਕਾਂ ਨਾ ਜੁੜੀਆਂ

ਮੇਰੀ ਰੁੱਸ ਗਈ ਝਾਂਜਰਾਂ ਵਾਲੀ, ਮੇਰੇ ਭਾ ਦਾ ਰੱਬ ਰੁੱਸ ਗਿਆ

ਸੁੱਤੀ ਪਈ ਦੇ ਵੱਢਣ ਇਹ ਦੰਦੀਆਂ, ਵਾਲਿਆਂ ਤੇ ਦੰਦ ਲਿਖ ਤੇ

ਮੇਰੇ ਵੇਚਕੇ ਕੰਨਾਂ ਦੇ ਵਾਲੇ, ਗੰਗਾ ਫੁੱਲ ਪਾ ਦਈਂ ਮਿੱਤਰਾ

ਮੁੰਡੇ ਮਰ ਗਏ ਕਮਾਈਆਂ ਕਰਦੇ, ਲੱਛੀ ਤੇਰੇ ਬੰਦ ਨਾ ਬਣੇ

ਮੈਨੂੰ ਸੋਨੇ ਦਾ ਤਬੀਤ ਕਰਾ ਦੇ, ਚਾਂਦੀ ਦਾ ਕੀ ਭਾਰ ਚੁੱਕਣਾ

ਤੇਰੇ ਦਿਲ ਦੀ ਸਮਝ ਲਾਂ ਸਾਰੀ, ਗਲ ਦਾ ਤਬੀਤ ਬਣ ਕੇ

ਲੋਟਣ ਬਣ ਮਿੱਤਰਾ, ਤੈਨੂੰ ਗੋਰੀਆਂ ਗੱਲ੍ਹਾਂ ਤੇ ਪਾਵਾਂ

ਪਾਣੀ ਡੋਲ੍ਹ ਗੀ ਝਾਂਜਰਾਂ ਵਾਲੀ, ਕੰਠੇ ਵਾਲਾ ਤਿਲ੍ਹਕ ਪਿਆ

ਢਿੱਲੇ ਹੋ ਗਏ ਗਰਦਨ ਦੀ ਮੂੰਗੇ, ਲਿੱਸੀ ਹੋ ਗਈ ਰਤਨ ਕੁਰੇ

ਤੇ ਇਹ ਹੈ ਕਿਸੇ ਰਤਨ ਕੋਰ ਦੀ ਭੈਣ ਕੋਈ ਬਿਸ਼ਨ ਕੌਰ :-

ਬਿਸ਼ਨ ਕੋਰ ਨੇ ਕੀਤੀ ਤਿਆਰੀ, ਹਾਰ ਸ਼ਿੰਗਾਰ ਲਗਾਇਆ

ਮੋਮ ਢਾਲ ਕੇ ਗੁੰਦੀਆਂ ਪੱਟੀਆਂ, ਅੱਖੀਂ ਕਜਲਾ ਪਾਇਆ

ਚੱਬ ਦੰਦਾਸਾ ਵੇਖਿਆ ਸ਼ੀਸ਼ਾ, ਚੜ੍ਹਿਆ ਰੂਪ ਸਵਾਇਆ

ਸਿਪਾਹੀਆ ਵੇਖ ਲੈ ਵੇ, ਮੇਰੇ ਜੋਬਨ ਦਾ ਹੜ੍ਹ ਆਇਆ

ਜਾਂ ਕਿਸੇ ਗੋਰੀ ਦੀ ਇਹ ਮੰਗ :-

ਮੇਰੀ ਜੁੱਤੀ ਨੂੰ ਲੁਆ ਦੇ ਘੁੰਗਰੂ, ਜੇ ਤੂੰ ਮੇਰੀ ਚਾਲ ਵੇਖਣੀ

ਕਾਲੀਂ ਘੱਗਰੀ ਲਵਾ ਦੇ ਗੋਟਾ, ਜੇ ਤੂੰ ਮੇਰੀ ਚਾਲ ਵੇਖਣੀ

ਵੱਖ ਵੱਖ ਗਹਿਣਿਆਂ ਦਾ ਵੱਖ ਵੱਖ ਵਿਅਕਤਿਤਵ ਹੈ ਤੇ ਇਸ ਦੀ ਸੋਝੀ ਲੈਣ ਵਿਚ ਲੋਕ- ਪ੍ਰਤਿਭਾ ਨੇ ਕਮਾਲ ਦੇ ਗੁਲ-ਬੂਟੇ ਖਿੜਾਏ ਹਨ ; ‘ਤੀਲੀ ਲੌਂਗ ਦਾ ਮੁਕਦਮਾ ਭਾਰੀ, ਠਾਣੇਦਾਰਾ ਸੋਚ ਕੇ ਕਰੀਂ’ ਤੇ ਬਾਜੂਬੰਦ ਵਿਚ ਇੰਜ ਨੁਕਸ ਕੱਢਿਆ ਜਾਂਦਾ ਹੈ ; ‘ਬਾਜੂਬੰਦ ਬਿਸ਼ਰਮੀ ਗਹਿਣਾ,

ਜੱਫੀ ਪਾਇਆਂ ਛਣਕ ਪਵੇ ।”

ਗੋਰੀ ਦੇ ਮੂੰਹੋ ਇਹ ਨਾਜ਼ੁਕ ਖ਼ਿਆਲ ਤਾਂ ਤੁਸਾਂ ਬਹੁਤ ਵਾਰ ਸੁਣਿਆ ਹੋਵੇਗਾ: ‘ਮੇਰੀ ਗੁੱਤ ਦੇ ਵਿਚਾਲੇ ਠਾਣਾ, ਕੈਦ ਕਰਾ ਦੇਊਂਗੀ’ ਪਰ ਏਥੇ ਗੁੱਤ ਤੇ ਕਚਹਿਰੀ ਲੱਗਣ ਦੀ ਕਲਪਨਾ ਵਿੱਚ ਤਾਂ ਹੋਰ ਹੋਰ ਰੰਗ ਭਰੇ ਗਏ ਹਨ :-

ਤੇਰੀ ਗੁੱਤ ਤੇ ਕਚਹਿਰੀ ਲਗਦੀ, ਦੂਰੋਂ ਦੂਰੋਂ ਆਉਣ ਝਗੜੇ

ਸੱਗੀ ਫੁੱਲ ਨੀ ਸ਼ਿਸ਼ਨ ਜੱਜ ਤੇਰੇ, ਕੈਂਠਾਂ ਤੇਰਾ ਮੋਹਤਮ ਹੈ

ਵਾਲੇ ਡੰਡੀਆਂ ਕਮਿਸ਼ਨਰ ਡਿਪਟੀ, ਨੱਤੀਆਂ ਇਹ ਨੈਬ ਬਣੀਆਂ

ਜ਼ੈਲਦਾਰ ਨੀ ਮੁਰਕੀਆਂ ਤੇਰੀਆਂ, ਸਫੈਦਪੋਸ਼ ਬਣੇ ਗੋਖੜੂ

ਨੱਥ, ਮਛਲੀ, ਮੇਖ ਤੇ ਕੋਕਾ, ਇਹ ਨੇ ਸਾਰੇ ਛੋਟੇ ਮਹਿਕਮੇ

ਤੇਰਾ ਲੌਂਗ ਕਰੇ ਸਰਦਾਰੀ, ਠਾਣੇਦਾਰੀ ਨੁਕਰਾ ਕਰੇ

ਚੌਂਕੀਦਾਰਨੀ ਬਣੀ ਬਘਿਆੜੀ, ਤੀਲੀ ਬਣੀ ਟਹਿਲਦਾਰਨੀ

ਕੰਢੀ ਹੰਸ ਦਾ ਪੈ ਗਿਆ ਝਗੜਾ, ਤਵੀਤ ਉਗਾਹੀ ਜਾਣਗੇ

ਬੰਦੇ ਬਣ ਗਏ ਵਕੀਲ ਵਿਲੈਤੀ, ਚੌਂਕ ਚੰਦ ਨਿਆਂ ਕਰਦੇ

ਵਾਗ ਪਕੜ ਵੀਰਾ ਚੜ੍ਹ ਗਿਆ ਆਪਣੀ ਚਤੁਰਾਈ

ਮੋਹਰੇ ਘੋੜਾ ਵੀਰ ਦਾ ਮਗਰ ਭਾਬੀ ਦਾ ਡੋਲਾ

ਵਰ ਜਾਂ ਬਹੂ ਦੀ ਸਰੀਰਕ ਸਫਾਈ ਲਈ ਜਿਤਨਾ ਵਟਣਾ ਮਲਣਾ ਅਵੱਸ਼ਕ ਹੁੰਦਾ ਹੈ, ਉਸ ਵੇਲੇ ਵਟਣੇ ਦਾ ਗੀਤ ਵੀ ਉਤਨਾ ਹੀ ਆਵੱਸ਼ਕ ਹੁੰਦਾ ਹੈ :-

ਵਾਹ ਵਾਹ ਕਟੋਰਾ ਵਟਣੇ ਦਾ

ਜਿੰਦਲੀ ਕਟੋਰਾ ਵਟਣੇ ਦਾ

ਵਾਹ ਵਾਹ ਮਲੇਂਦੀਆਂ ਦੋ ਜਣੀਆਂ

ਵਾਹ ਵਾਹ ਕਿ ਆਮੋਸਾਹਮਣੀਆਂ

ਜਿੰਦਲੀ ਕਿ ਆਮੋਸਾਹਮਣੀਆਂ

ਵਾਹ ਵਾਹ ਕਿ ਦਿਉਰ ਜਿਠਾਣਨੀਆਂ

ਵਾਹ ਵਾਹ ਕਿ ਸਾਵਣ ਕਿਉਂ ਆਇਆ ?

ਵਾਹ ਵਾਹ ਕਿ ਬੂੰਦਾਂ ਪਾਵਣ ਨੂੰ

ਵਾਹ ਵਾਹ ਕਿ ਦਿਲ ਪਰਚਾਵਣ ਨੂੰ

ਵਾਹ ਵਾਹ ਕਿ ਇਹ ਰੁੱਤ ਪਾਨਾਂ ਦੀ

ਜਿੰਦਲੀ ਕਿ ਧਮਕ ਜਵਾਨਾਂ ਦੀ

ਕੋਠੇ ਉੱਪਰ ਖੜੀਏ ਸਾਲੂ ਵਾਲੜੀਏ

ਜਿੰਦਲੀ ਕਿ ਸਾਲੂ ਵਾਲੜੀਏ

ਤੇਰਾ ਨੇਹ ਲੱਗਾ ਦਿਨ ਚਾਰ ਜੀਜੇ ਵਾਲੜੀਏ

ਕੋਠੇ ਉੱਪਰ ਖੜੀਏ ਪੈਰੀਂ ਨੇਵਰਾਂ

ਜਿਦਲੀ ਕਿ ਪੈਰੀਂ ਨੇਵਰਾਂ

ਤੇਰਾ ਨੇਹ ਲੱਗਾ ਦਿਨ ਚਾਰ ਕਿ ਭਾਬੀ ਦੇਵਰਾਂ

ਵਟਣਾ ਮਲ ਕੇ ਇਸ਼ਨਾਨ ਕਰਾਉਣ ਮਗਰੋਂ, ਮੁੰਡਾ ਹੋਵੇ ਭਾਵੇਂ ਕੁੜੀ, ਉਹਨੂੰ ਕੁਝ ਖੁਆਇਆ ਜਾਂਦਾ ਹੈ। ਉਸ ਵੇਲੇ ਤੀਵੀਆਂ ਗਾਉਂਦੀਆਂ ਹਨ :-

ਕੀ ਕੁਝ ਖਾਧਾ ਲਾੜਿਆਂ ਨਹਾਏ ਧੋਏ ?’

ਕੀ ਕੁਝ ਪੀਤਾ ਤਿਹਾਏ ਨੇ ?”

ਘਿਉ ਗੁੜ ਖਾਧਾ, ਮੇਰੀ ਅੰਬੜੀਏ

ਛੱਤੀ ਭੋਜਨ ਕੀਤੇ, ਰਾਮ

ਤਦ ਤੀਵੀਆਂ ਮੁੰਡੇ ਜਾਂ ਕੁੜੀ ਦੀ ਮਾਂ ਨੂੰ ਵਧਾਈਆਂ ਦੇਂਦੀਆਂ ਹਨ

ਵਧਾਈਆਂ ਫਲਾਣੀਏਂ ਤੈਨੂੰ, ਵਧਾਈਆਂ ਨੀ

ਵਧਾਈਆਂ ਫਲਾਣੀਏਂ ਤੈਨੂੰ, ਵਧਾਈਆਂ ਨੀ

ਵਧਾਈਆਂ ਤੇਰੇ ਓਤ ਨੂੰ, ਵਧਾਈਆਂ ਤੇਰੇ ਗੋਤ ਨੂੰ

ਜਣਦੇ ਨੂੰ, ਬਣਦੇ ਨੂੰ, ਜੰਮਣਗੁੜ੍ਹਤੀ ਦਿੰਦੇ ਨੂੰ

ਜਿਨ ਫਲਾਣੀਏ ਰੱਖਿਆ ਨਾਉਂ, ਵਧਾਈਆਂ ਨੀ

ਜਾਂ

ਵਧਾਈਆਂ ਫਲਾਣੀਏਂ ਵਧਾਈਆਂ

ਤੇਰੀਆਂ ਇੱਛੜੀਆਂ ਵਰ ਆਈਆਂ

ਵਧਾਈਆਂ ਨੂੰ ਲਗੜੇ ਏਟੇ

ਤੇਰੇ ਚਾਰੇ ਜੀਉਣ ਬੇਟੇ

ਕੁੜੀ ਨੂੰ ਵਟਣਾ ਮਲ ਕੇ ਖਾਰੇ ਤੋਂ ਉਤਾਰਨ ਵੇਲੇ ਗਾਉਂਦੀਆਂ ਹਨ :-

ਵਿਹੜੇ ਵਿਚ ਖਾਰਾ ਅੱਡਿਆ

ਖਾਰਿਉਂ ਉਤਾਰ ਮਾਮਾ ਵੱਡਿਆ

ਹਰ ਨ੍ਹਾਈ, ਹਰ ਧੋਈ, ਹਰ ਠੰਢੇ ਪਾਣੀਆਂ

ਦੇ ਮਾਮਾ ਵਹਿੜ ਵੱਛਾ, ਪੁੰਨ ਤੇਰਾ ਜਾਣਿਆ

ਪੁੰਨ ਤੇਰਾ ਦਾਨ ਤੇਰਾ, ਦਿੱਤੜਾ ਦਾਨ ਪਛਾਣੀਆਂ

ਮਾਮੇ ਦਿੱਤੜੀ ਵਹਿੜ ਵੱਛੀ ਦੇ ਵੇ ਵੀਰਾ ਵੱਡਿਆ ਵੱਛੜੀ

ਜਾਂ

ਤੇਰੀ ਮਾਂ ਨੀ ਸੁਹਾਗਣ ਸਰਬ, ਸੁਹਾਗਣ

ਜਿਨ ਤੈਨੂੰ ਤੇਲ ਚੜ੍ਹਾਇਆ

ਵਾਹ ਵਾਹ ਕਿ ਫੁੱਲ ਜੁਐਣ ਦਾ, ਵਾਹ ਵਾਹ

ਵਾਹ ਵਾਹ ਕਿ ਨਖ਼ਰਾ ਨੈਣ ਦਾ, ਵਾਹ ਵਾਹ

ਵਿਆਹ ਦਾ ਸ਼ੁਭ ਕਾਰਜ ਆਰੰਭ ਹੋਣ ਤੋਂ ਪਹਿਲਾਂ ਗੀਤ ਗਾਉਣ ਦੀ ਰੀਤ ਹੈ, ‘ਸੁਰਗਾਂ ਤੋਂ ਉਤਰੇ ਦੇਵਤੇ, ਸ਼ਾਂਤੀ ਆਣ ਬਹੋ।” ‘ਸਾਡਾ ਤਾਂ ਆਵਣ ਸਹਿਜ ਦਾ ਤੇਰਾ ਮਾਮਾ ਆਣ ਬਹੇ।” ਇਸ ਗੀਤ ਨੂੰ ਅਗਾਂਹ ਵਧਾਉਣ ਲਈ ਮਾਮੇ ਦੀ ਥਾਂ ਭਰਾ ਤੇ ਪਿਉ ਆਖਣ ਦੀ ਵੀ ਪਰੰਪਰਾ ਹੈ। ਇਕ ਹੋਰ ਸ਼ਾਂਤੀ-ਗੀਤ ਹੈ :-

ਸ਼ਾਂਤੀ ਦੇ ਵੇਲੇ ਬਾਹਮਣਾ ਮੰਗ ਮੰਗ ਵਰ੍ਹਿਉ ਜੀ

ਘਿਉ ਬਥੇਰਾ ਬਾਹਮਣਾ ਸਰਵਾ ਨਾ ਕਰਿਉ ਜੀ

ਜਾਂ

ਵੇ ਵਧਾਈਆ ਸੱਜਣਾ ! ਸੁਹਾਵਿਆਂ ਸੱਜਣਾ

ਇਹ ਘਰ ਕਿਨ੍ਹੀਂ ਗੁਣੀ ਬਣਦੇ ?

ਇਹ ਘਰ ਲਿੱਪਿਆਂ, ਪੋਚਿਆਂ, ਕੁੰਗੂਏਛਿੜਕਿਆਂ

ਇਹ ਘਰ ਏਹਨੀਂ ਗੁਣੀਂ ਬਣਦੇ

ਜੰਮਣ ਪੁੱਤ ਸੁਪੱਤੜੇ, ਆਵਣ ਨੂੰਹਾਂ ਸੁਹਾਗਣਾਂ,

ਇਹ ਘਰ ਏਹਨੀਂ ਗੁਣੀਂ ਬਣਦੇ

ਜੰਮਣ ਧੀਆਂ ਸੰਜੂਈਆਂ, ਆਵਣ ਛੈਲ ਜੁਆਈ

ਇਹ ਘਰ ਏਹਨੀਂ ਗੁਣੀਂ ਬਣਦੇ

ਲਗਨ ਸਮੇਂ ਤੀਵੀਆਂ ਗਾਉਂਦੀਆਂ ਹਨ :-

ਸੋਨੇ ਦੀਆਂ ਝਿਲਮਿਲ ਟੋਪੀਆਂ ਜੀ, ਤੁਸੀਂ ਕਾਹੇ ਨੂੰ ਆਏ ?’

ਬਾਬੇ ਬ੍ਰਾਹਮਣ ਭੇਜਿਆ, ਜੀ ਅਸੀਂ ਲਗਨਾਂ ਨੂੰ ਆਏ

ਜਾਂ

ਬੇਟੀ ਦਾ ਬਾਬਲ ਬਾਹਰ ਨੂੰ ਆਉ

ਬਾਹਰ ਤੇਰੇ ਭਰੇ ਤਲਾਉ

ਭਰੇ ਤੇ ਤਲਾਉ ਵਿਚ ਮਲ ਮਲ ਨਹਾ

ਰੇਸ਼ਮੀ ਧੋਤੀ ਤੂੰ ਅਗ ਲਗਾ,

ਸੋਨੇ ਜਨੇਊ ਤੂੰ ਗਲ ਵਿਚ ਪਾ

ਬੇਟੀ ਦੇ ਲਗਨ ਤੂੰ ਰਾਸ ਦਿਵਾ

ਲਾਵਾਂ ਵੇਲੇ ਇਸ ਗੀਤ ਰਾਹੀਂ ਵਰ ਤੇ ਕੰਨਿਆਂ ਨੂੰ ਅਸੀਸਾਂ ਦਿੱਤੀਆਂ ਜਾਂਦੀਆਂ ਹਨ :-

ਪਹਿਲੀ ਲਾਂਵ

ਹਰ ਕੀ ਰੇ ਰਾਮਾ ਪਹਿਲੜੀ ਲਾਂਵ ਕਿ ਲੀਜੇ ਹਰ ਹਰੇ

ਵਰ ਪਾਇਆ ਗੋਬਿੰਦ ਦੀਜੇ ਹਰ ਹਰੇ

ਵਰ ਪਾਇਆ ਗੋਬਿੰਦ ਸੁੰਦਰ, ਸ਼ਾਮ ਰਥ ਚੜ੍ਹ ਆਇਆ

ਸ੍ਰੀ ਗੌਰ ਪੂਜਣ ਚਲੀ ਹੇ ਰੁਕਮਣ, ਕਾਨ੍ਹ ਜਿਹਾ ਵਰ ਪਾਇਆ

ਅਨੰਦ ਹੋਇਆ ਮਨੇ ਅੰਦਰ, ਆਪ ਕ੍ਰਿਸ਼ਨ ਆਪ ਹਰੇ

ਮੁਰਾਰ ਜੀ ਮੁਰਾਰ ਖੇਲੇ, ਲਾਂਵ ਪਹਿਲੀ ਦਿਉ ਠਾਕੁਰ ਹਰ ਹਰੇ

ਦੂਜੀ ਲਾਂਵ

ਹਰ ਕੀ ਰਾਮਾ ਦੂਸਰੀ ਲਾਂਵ, ਕਿ ਹਰਿ ਸਿਰ ਸਿਹਰੇ

 ਲੱਗੇ ਕ੍ਰਿਸ਼ਨ ਤੇ ਮੁਰਾਰ, ਚੰਬਾ ਕੇਵੜੇ ਚੰਬਾ ਤੇ ਕੇਵੜਾ,

 ਕ੍ਰਿਸ਼ਨ ਲੱਗੇ, ਮੁਕਟ ਸ੍ਰੀ ਮੁਖ ਗਿਰਧਰ

 ਮੁਰਾਰ ਜੀ ਮੁਰਾਰ ਖੇਲੇ ਲਾਂਵ ਦੂਜੀ ਦਿਉ ਹਰਿ ਸਿਰ ਸਿਹਰੇ

ਤੀਜੀ ਲਾਂਵ

ਹਰਿ ਜੀ ਰਾਮਾ ਤੀਸਰੀ ਲਾਂਵ, ਵੇਦ ਬ੍ਰਹਮਾ ਨਿਤ ਪੜ੍ਹੇ

ਨਾਰਦ ਕ੍ਰਿਸ਼ਨ ਗੌਰ ਮਹੇਸ਼, ਚਾਰੇ ਆਣ ਖੜੇ

ਜਿਉਂ ਪੜ੍ਹੇ ਪੰਡਤ ਵੇਦ, ਬ੍ਰਹਮਾ ਪੜ੍ਹੇ ਪੱਤਰਿਆ

ਅਗਨ ਉੱਪਰ ਦਿਆ ਕੀਤੀ, ਚੌਂਕ ਮੋਤੀਆਂ ਪੂਰਿਆ

ਚੌਥੀ ਲਾਂਵ

ਹਰਿ ਕੇ ਰੇ ਰਾਮਾ ਚੌਥੜੀ ਲਾਂਵ, ਕਿ ਅੰਮ੍ਰਿਤ ਵਰ੍ਹਾਇਆ

ਕੁੰਗੂ ਕਟੋਰਾ ਕ੍ਰਿਸ਼ਨ ਜੀ, ਰੁਕਮਣ ਸਿਰ ਪਾਇਆ

ਜਾਂ ਨੰਦਨ ਸਨ ਲਈਆਂ, ਰੁਕਮਣ ਸੀਸ ਨਿਵਾਇਆ

ਸ੍ਰੀ ਰੁਕਮਣ ਤੇ ਕ੍ਰਿਸ਼ਨ ਦੋਵੇਂ, ਸ਼ਬਦ ਸੋਹਲਾ ਗਾਇਆ

ਲਾਵਾਂ ਹੋਣ ਪਿੱਛੋਂ ਮੁੰਡਾ ਕੁੜੀ ਵਾਲੇ ਖਾਰੇ ‘ਤੇ ਆ ਬੈਠਦਾ ਹੈ ਤੇ ਕੁੜੀ ਮੁੰਡੇ ਵਾਲੇ ਖਾਰੇ ਤੇ ਇਸ ਵੇਲੇ ਤੀਵੀਆਂ ਗਾਉਂਦੀਆਂ ਹਨ :-

ਖਾਰੇ ਬਦਲ ਗਏ ! ਬੀਬੀ ਹੋਈਏਂ ਪਰਾਈ

ਬਾਬਲ ਬੇਟੜੀਏ ! ਬੀਬੀ ਹੋਈਏਂ ਪਰਾਈ

ਚਾਚੇ ਭਤੀਜੜੀਏ ! ਬੀਬੀ ਹੋਈਏਂ ਪਰਾਈ

ਦਾਦੇ ਪੋਤਰੀਏ ! ਬੀਬੀ ਹੋਈਏਂ ਪਰਾਈ

ਮਾਮੇ ਭਾਣਜੀਏ ! ਬੀਬੀ ਹੋਈਏਂ ਪਰਾਈ

ਭਾਈ ਭੈਨੜੀਏ ! ਬੀਬੀ ਹੋਈਏਂ ਪਰਾਈ

ਲਾੜੇ ਦੀ ਵਿਵੇਕ-ਬੁੱਧ ਪਰਖਣ ਲਈ ਉਹਨੂੰ ਛੰਦ ਸੁਣਾਉਣ ਲਈ ਮਜਬੂਰ ਕਰਦੀਆਂ ਹਨ ਤੇ ਲਾੜਾ ਪਹਿਲਾਂ ਤੋਂ ਹੀ ਅਭਿਆਸ ਕਰ ਕੇ ਆਉਂਦਾ ਹੈ।

ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਪਹੀਆ

ਦੂਜਾ ਛੰਦ ਤਾਂ ਸੁਣਾਵਾਂ, ਜੇ ਸੱਸ ਦੇਵੇ ਰੁਪਈਆ

ਸੱਸ ਉਹਦੇ ਹੱਥ ਤੇ ਰੁਪਈਆ ਧਰ ਕੇ ਸਿਰ ਪਲੋਸਦੀ ਹੈ ਤੇ ਲਾੜੇ ਦੀਆਂ ਸਾਲੀਆਂ ਤੇ ਗਲੀ ਦੀਆਂ ਕੁੜੀਆਂ ਹੋਰ ਹੋਰ ਛੰਦ ਸੁਣਾਉਣ ਲਈ ਆਖਦੀਆਂ ਹਨ ਤੇ ਉਹ ਉਨ੍ਹਾਂ ਦੀ ਫਰਮਾਇਸ਼ ਪੂਰੀ ਕਰਦਿਆਂ ਆਪਣੀ ਕਾਵਿ-ਸ਼ਕਤੀ ਰਾਹੀਂ ਹਾਸੇ ਮਖੌਲ ਦੀ ਗੁੰਜਾਇਸ਼ ਵੀ ਕਢ ਲੈਂਦਾ ਹੈ :-

ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਬਾਲੀਆਂ

ਸੋਨੇ ਦਾ ਮੈਂ ਮਹਿਲ ਚਿਣਾਵਾਂ, ਵਿਚ ਬਿਠਾਵਾਂ ਸਾਲੀਆਂ

ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਪਰਨਾ

ਇਕ ਵਾਰੀ ਤੂੰ ਘੁੰਡ ਚੁਕ ਦੇ, ਦਰਸ਼ਨ ਅਸਾਂ ਨੇ ਕਰਨਾ

ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਰੂੰ

ਆਇਆ ਛੰਦ ਮਸਾਲਿਆ ਵਾਲਾ, ਕੋਈ ਨਾ ਕਰੀਉ ਚੂੰ

ਛੰਦ ਪਰਾਗੇ ਆਈਏ, ਜਾਈਏ ਛੰਦ ਪਰਾਗੇ ਲੋਟਾ

ਮੇਰਾ ਦਿਲ ਤਾਂ ਹੈਗਾ ਸ਼ੀਸ਼ਾ, ਤੇਰਾ ਦਿਲ ਹੈ ਖੋਟਾ

ਦੁਪਹਿਰ ਵੇਲੇ ਜੰਞ ਰੋਟੀ ਖਾਣ ਆਉਂਦੀ ਹੈ, ਤਾਂ ਕੋਈ ਚਤੁਰ ਜਨਾਨੀ ‘ਜੰਞ ਬੰਨ੍ਹਣ’ ਦੇ ਗੀਤ ਗਾਉਂਦੀ ਹੈ ।

ਚਰਖਾ ਮੇਰਾ ਅੱਠਫਾਗੜ, ਮਾਲ੍ਹ ਮੇਰੀ ਤਾਉ

ਪੂਣੀ ਤਾਂ ਵੱਟਾਂ ਲਸਲਸੀ, ਤੰਦ ਕੱਢਾਂ ਦਰਿਆਉ

ਚਕਲੇ ਉੱਪਰ ਚਕਲਾ, ਚਕਲੇ ਉੱਪਰ ਕੱਥ

ਜੋਰੋ ਤਾਂ ਦੇਵੇਂ ਕੁੜਮਾਂ ਆਪਣੀ, ਥਾਲੀ ਨੂੰ ਲਾਵੇਂ ਹੱਥ

ਬੰਨ੍ਹਾਂ ਸੱਜਣ ਤੁਸਾਡੀ ਛੱਪੜੀ, ਜਿੱਥੇ ਆਏ ਤੁਸੀਂ ਨਹਾ

ਬੰਨ੍ਹਾਂ ਸੱਜਣ ਤੁਸਾਡੇ ਜਠੇਰਿਆਂ, ਜਿੱਥੇ ਆਏ ਸੀਸ ਨਿਵਾ

ਬੰਨ੍ਹਾਂ ਸੱਜਣ ਤੁਸਾਡੀ ਵਾਟ ਨੂੰ, ਜਿਸ ਆਏ ਤੁਸੀਂ ਰਾਹ

ਜਾਂ

ਦਿੱਤੇ ਕੋਰੇ ਨੇ ਵਿਛਾ ਜਾਂਞੀ ਸੱਜਣਾਂ ਦੇ ਬੈਠਣੇ ਨੂੰ

ਆਉ ਮਹਾਰਾਜ ਰੋਟੀ ਹੋਈ ਤਿਆਰ ਜੀ

ਲਾਗੀ ਸੱਦ ਕੇ ਬੁਲਾਉ, ਕੋਰੇ ਝਾੜ ਕੇ ਵਿਛਾਉ ਜੀ

ਆਉ ਮਹਾਰਾਜ ਰੋਟੀ ਹੋਈ ਤਿਆਰ ਜੀ

ਪੰਜ ਸੱਤ ਕੁੜੀਆਂ, ਜੰਞ ਬੰਨ੍ਹਣੇ ਨੂੰ ਆਈਆਂ

ਬੈਠੀਆਂ ਚੁਫੇਰੇ ਲਾਏ ਹਾਰ ਤੇ ਸ਼ਿੰਗਾਰ ਜੀ

ਇੱਕ ਲੰਬੜਾਂ ਦੀ ਧੀ ਜਿਹਦਾ ਨਾਉਂ ਹੈਗਾ ਅਤਰੀ

ਕੋਰੇ ਬੈਠੀ ਜੰਞ ਜਿਹੜੀ ਬੰਨਦੀ ਸੀ ਅਸਲੀ 

ਇਕ ਬਾਹਮਣਾਂ ਦੀ ਧੀ ਜਿਹੜੀ ਅੰਗ ਦੀ ਸੀ ਪਤਲੀ

ਬੈਠੀ ਸੀ ਬਨੇਰੇ ਜੰਞ ਬੰਨ੍ਹਦੀ ਸੀ ਅਸਲੀ

ਬੰਨ੍ਹਾਂ ਡਿਉੜੀ ਤੇ ਸਥਾਤ ਤੇ ਤਿਹਾਸਮਾਂ ਚੁਬਾਰਾ

ਬੰਨ੍ਹਾਂ ਤੇਰੇ ਹੱਥ ਪੈਰ, ਜਿਸ ਨਾਲ ਤੁਰ ਆਏ ਜੀ

ਤੇ ਵਿਆਹ ਦੀ ਰੀਤ ਇਹੋ ਹੈ ਕਿ ਭਾਵੇਂ ਖਾਣਾ ਜੰਞ ਮੂਹਰੇ ਪਰੋਸਿਆ ਪਿਆ ਰਹੇ ਜਦ ਤੀਕ ਕੋਈ ਸਿਆਣਾ ਜਾਂਞੀ ਖਲੋ ਕੇ ਬੰਨ੍ਹੀਂ ਹੋਈ ਜੰਞ ਨੂੰ ਖੋਲ੍ਹਣ ਦਾ ਗੀਤ ਨਹੀਂ ਅਲਾਪਦਾ ਭੋਜਨ ਸ਼ੁਰੂ ਨਹੀਂ ਹੋ ਸਕਦਾ।

ਖੋਲ੍ਹਾਂ ਥਾਲੀ ਤੇ ਕਟੋਰੀ, ਖੋਲ੍ਹਾਂ ਜੰਞ ਸਾਰੀ ਜੀ

ਖੋਲ੍ਹਾਂ ਪੂਰੀ ਤੇ ਕਚੌਰੀ, ਖੋਲ੍ਹਾਂ ਗੱਲ ਨਿਆਰੀ ਜੀ

ਖੋਲ੍ਹਾਂ ਭਾਈ ਤੇ ਭਤੀਜੇ, ਖੋਲ੍ਹਾਂ ਚਾਰਯਾਰੀ ਜੀ

ਖੋਲ੍ਹਾਂ ਭੁੱਖ ਦੇ ਦੁਆਰ, ਭੁੱਖ ਕਦੋਂ ਕਾਰੀ ਜੀ

ਛੁੱਟੇ ਪਰਸ਼ਾਦ ਅਤੇ ਥਾਲ ਥਾਲੀਆਂ

ਬੰਨ੍ਹ ਦੇਵਾਂ ਨਾਰਾਂ ਗੋਰੀਆਂ ਤੇ ਕਾਲੀਆਂ

ਛੁੱਟ ਗਏ ਲੱਡੂ, ਮਠਿਆਈ ਕੁੱਲ ਨੀ

ਬੰਨ੍ਹਾਂ ਤੇਰਾ ਰੂਪ ਜੋ ਪਰੀ ਦੇ ਤੁੱਲ ਨੀ

ਸੁਣ ਲੈ ਤੂੰ ਗੋਰੀਏ ਲਗਾ ਕੇ ਕੰਨ ਨੀ

ਛੁੱਟ ਗਈ ਜੰਞ ਤੈਨੂੰ ਦੇਵਾਂ ਬੰਨ੍ਹ ਨੀ

ਆਲੂ ਤੇ ਕਚਾਲੂ ਛੁੱਟੀ ਕਲਾ ਕੰਦ ਨੀ

ਬੰਨ੍ਹ ਦਿੱਤੇ ਮੇਲਣਾਂ ਦੇ ਪਰੀਬੰਦ ਨੀ

ਤੇ ਛੇਤੀ ਹੀ ਕੁੜੀ ਵਾਲੇ ਪ੍ਰਾਰਥਨਾ ਕਰਦੇ ਹਨ, ‘ਜੰਞ ਛੁੱਟ ਗਈ ਜੀ, ਹੁਣ ਭੋਜਨ ਛਕੋ।’ ਮੁੰਡੇ ਵਾਲੇ ਇਕ ਪਿਟਾਰੀ ਵਿਚ ਚੰਦਨ, ਸੰਧੂਰ, ਲੌਂਗ ਤੇ ਲਾਚੀ ਤੇ ਮੌਲੀ-ਮਹਿੰਦੀ ਆਦਿਕ ਵਸਤਾਂ ਰੱਖ ਕੇ ਸੁਹਾਗ ਦੇ ਚਿੰਨ੍ਹ ਵਜੋਂ ਇਸ ਵਿਚ ਕੁਝ ਗਹਿਣੇ ਸਜਾ ਕੇ ਸੁਹਾਗ-ਪਿਟਾਰੀ ਦੇ ਰੂਪ ਵਿਚ ਲਾਵਾਂ ਵਾਲੀ ਰਾਤ ਤੋਂ ਪਹਿਲਾਂ ਹੀ ਕੁੜੀ ਵਾਲੇ ਘਰ ਪੁਚਾ ਚੁੱਕੇ ਹੁੰਦੇ ਹਨ। ਹੁਣ ਸਹੁਰਿਆਂ ਵਾਲੇ ਵਰੀ ਲੈ ਕੇ ਕੁੜੀ ਵਾਲੇ ਘਰ ਜਾਂਦੇ ਹਨ ਤਾਂ ਉੱਥੇ ਤੀਵੀਂਆਂ ਇਹ ਸਿੱਠਣੀਆਂ ਗਾਉਂਦੀਆਂ ਹਨ :-

ਚੁਪ ਕੀਤੜਿਆ, ਮੂੰਹ ਮੀਟੜਿਆ

ਤੈ ਵਰੀ ਪੁਰਾਣੀ ਆਂਦੀ ਵੇ ਚੁਪ ਕੀਤੜਿਆ

ਮੈਂ ਲਿਔਂਦਾ ਸਾਂ, ਮੈਂ ਕਰਦਾ ਸਾਂ,

ਮੇਰੀ ਜੋਰੋ ਬੜੀ ਚਕਚਾਲ, ਉਹਤੋਂ ਡਰਦਾ ਸਾਂ

ਚੁਪ ਕੀਤੜਿਆ, ਮੂੰਹ ਮੀਟੜਿਆ

ਇਹ ਗਹਿਣੇ ਮੰਗਵੇਂ ਆਂਦੇ ਵੇ ਚੁਪ ਕੀਤੜਿਆ

ਮੈਂ ਲਿਔਂਦਾ ਸਾਂ, ਮੈਂ ਕਰਦਾ ਸਾਂ,

ਮੇਰੀ ਜੋਰੋ ਬੜੀ ਚਕਚਾਲ ਉਹਤੋਂ ਡਰਦਾ ਸਾਂ

ਸਿੱਠਣੀ ਵਿਚ ਕੁੜਮ ਕੁੜਮਣੀ ਨੂੰ ਮਖ਼ੌਲ ਕੀਤਾ ਜਾਂਦਾ ਹੈ :-

ਰਾਮ ਲਾਲ ਕਹਿੰਦਾ ਮੈਨੂੰ ਰੋਟੀਆਂ ਪਕਾ ਦੇ

ਤਵਾ ਪਰਾਤ ਲੈ ਕੇ ਮਗਰ ਪਈ, ਖੜਦੁੰਬੀ ਜਹੀ

ਹੋ ਖੜਦੁੰਬੀ ਜਹੀ ਰੰਨ ਮੇਰੇ ਪੱਲੇ ਪਈ, ਖੜਦੁੰਬੀ ਜਹੀ

ਕਰਮ ਚੰਦ ਕਹਿੰਦਾ ਰੰਨੇ ਮੇਢੀਆਂ ਕਰਾ ਲੈ

ਝਾਟਾ ਖਿਲਾਰ ਕੇ ਮਗਰ ਪਈ ਖੜਦੁੰਬੀ ਜਹੀ

ਹੋ ਖੜਦੁੰਬੀ ਜਹੀ, ਰੰਨ ਮੇਰੇ ਪੱਲੇ ਪਈ, ਖੜਦੁੰਬੀ ਜਹੀ

ਜਾਂ

ਹੇ ਪਿੱਸੂ ਤੂੰ ਕਮਲਾ ਦੀਵਾਨਾ ਮਸਤਾਨਾ

ਕੁੜਮ ਦੀ ਗੋਗੜ ਤੇ ਲੜਿਆ, ਪਿੱਸੂ ਪਿਸੂ

ਓਥੇ ਬੜੀ ਰੇਲ ਚਲੀ, ਪਿਸੂ ਪਿੱਸੂ

ਓਥੇ ਬੜਾ ਬੰਬ ਚਲਿਆ, ਪਿੱਸੂ ਪਿਸੂ

ਓਥੇ ਬੜਾ ਸ਼ੋਰ ਪਿਆ, ਪਿੱਸੂ ਪਿੱਸੂ

ਓਥੇ ਬੜਾ ਲੋਕ ਗਿਆ, ਪਿੱਸੂ ਪਿੱਸੂ

ਹੇ ਪਿੱਸੂ ਤੂੰ ਕਮਲਾ ਦੀਵਾਨਾ ਮਸਤਾਨਾ

ਕੁੜਮਣੀ ਦੀ ਗੋਗੜ ਤੇ ਲੜਿਆ, ਪਿੱਸੂ ਪਿਸੂ

ਓਥੇ ਬੜੀ ਰੇਲ ਚਲੀ, ਪਿੱਸੂ ਪਿਸੂ

ਓਥੇ ਥੜਾ ਬੰਬ ਚਲਿਆ, ਪਿਸੂ ਪਿੱਸੂ

ਓਥੇ ਬੜਾ ਸ਼ੋਰ ਪਿਆ, ਪਿੱਸੂ ਪਿੱਸੂ

ਓਥੇ ਬੜਾ ਲੋਕ ਗਿਆ, ਪਿੱਸੂ ਪਿੱਸੂ

ਤੀਜੇ ਦਿਨ ਕੁੜੀ ਦੀ ਵਿਦਾਇਗੀ ਵੇਲੇ ਡੋਲੀ ਦਾ ‘ਸੱਠ ਸਹੇਲੀ ਦਰ ਖੜੀ’ ਵਾਲਾ ਗੀਤ

ਵੇਦਨਾ ਦਾ ਪਿੜ ਬੰਨ੍ਹਦਾ ਹੈ :-

ਸੱਠ ਸਹੇਲੀ ਦਰ ਖੜੀ,

ਮੈਨੂੰ ਨਹੀਂ ਮਿਲਣ ਦਾ ਚਾਉ ਸੁਣ ਬਾਪ ਮੇਰੇ

ਕਿ ਹਰ ਮਨ ਚਾਉ ਰੇ,

ਕਿ ਦਿਲ ਦਰਿਆ ਰੇ

ਜਾਂ

ਬਾਬੇ ਦੀ ਮੈਂ ਲਾਡਲੀ, ਮੈਨੂੰ ਦਾਦੀ ਦਿੱਤੜਾ ਦੂਰ ਵੇ

ਲਖਦਾਤੀ ਦਿੱਤਾ ਦੂਰ

ਬਾਬਾ ਧਰਮ ਕਰੇਂਦਿਆ, ਮੈਨੂੰ ਰੱਖ ਲੈ ਅੱਜ ਦੀ ਰੈਣ ਵੇ

ਮੈਨੂੰ ਰੱਖ ਲੈ ਅੱਜ ਦੀ ਰੈਣ ਵੇ

ਦੇਸਾਂ ਦੀ ਮੈਂ ਕੂੰਜੜੀ, ਪਰਦੇਸੀਂ ਮੇਰਾ ਵਾਸ ਵੇ, ਪਰਦੇਸੀਂ ਮੇਰਾ ਵਾਸ

ਡੋਲੀ ਦੇ ਗੀਤਾਂ ਵਿਚ ਵਿਦਾ ਹੁੰਦੀ ਕੁੜੀ ਦੀ ਆਵਾਜ਼ ਉਭਰਦੀ ਹੈ ਭਾਵੇਂ ਕੁੜੀ ਨੂੰ ਡੋਲੀ

ਚੜ੍ਹਦਿਆਂ ਡੁਸਕਣ ਤੇ ਚੀਕਾਂ ਮਾਰਨ ਤੋਂ ਛੁੱਟ ਕੋਈ ਗੱਲ ਨਹੀਂ ਸੁੱਝਦੀ ਤੇ ਇਸ ਵੇਲੇ ਹਰ ਕਿਸੇ

ਦੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਹਨ :-

ਬੋਲ ਨੀ ਮੇਰੀ ਬਨ ਤਨ ਕੋਇਲ ਮਾਪੇ ਛੋੜ ਕਹਾਂ ਚੱਲੀ ਏਂ?”

ਬਾਬਲ ਮੇਰੇ ਨੇ ਵਚਨ ਜੋ ਕੀਤੇ ਵਚਨਾਂ ਦੀ ਬੱਧੀ ਮੈਂ ਚੱਲੀਆਂ

ਮਾਂ ਸੁਘੜੀ ਨੇ ਦਾਜ ਰੰਗਾਇਆ, ਦਾਜ ਪੁਚਾਵਣ ਮੈਂ ਚੱਲੀਆਂ

ਸਹੁਰੇ ਘਰ ਪਹੁੰਚਣ ਤੇ ਨਵੀਂ ਵਹੁਟੀ ਦਾ ਸੁਆਗਤ ਹੁੰਦਾ ਹੈ :-

ਨੀ ਨਿਕਲ ਬੰਨੇ ਦੀਏ ਮਾਏ! ਬੰਨਾਂ ਬਾਹਰ ਖੜਾ

ਨੀ ਇਹ ਘੋੜਿਆਂ ਡੋਲਿਆਂ ਨਾਲੇ, ਬੰਨਾਂ ਬਾਹਰ ਖੜਾ

ਨੀ ਇਹ ਨਵੀਉਂ ਬੰਨੋ ਦੇ ਨਾਲੇ, ਬੰਨਾਂ ਬਾਹਰ ਖੜਾ

ਨੀ ਇਹ ਬਾਜਿਆਂ ਗਾਜਿਆਂ ਨਾਲੇ, ਬੰਨਾਂ ਬਾਹਰ ਖੜਾ

ਤੇ ਇਸ ਸੁਆਗਤ ਵਿਚ ਵੀ ਜਿਵੇਂ ਸਿੱਠਣੀ ਦਾ ਸੁਰ ਮਿਲ ਜਾਂਦਾ ਹੈ :-

ਕੋਠੀ ਹੇਠ ਪਸੇਰਾ, ਨਿੱਕਲ ਸੱਸੜੀਏ ਘਰ ਮੇਰਾ

ਖਾਏ ਲਿਆ ਬਥੇਰਾ, ਹੁਣ ਰਹਿਦਾਖੂੰਹਦਾ ਮੇਰਾ

ਕੋਠੀ ਹੇਠ ਛਲੀਆਂ, ਭਾਬੋ ਆਈ ਨਿਨਾਣਾਂ ਚੱਲੀਆਂ

ਵਹੁਟੀ ਦੀ ਕਛ ਵਿਚ ਪਿੰਨੀਆਂ, ਵਹੁਟੀਆਂ ਪੁੱਛੇ ਨਿਨਾਣਾਂ ਕਿੰਨੀਆਂ

ਵੀਰੇ ਦੇ ਹੱਥ ਵਿਚ ਅਨਾਰ, ਵੀਰਾ ਦੱਸੇ ਨਿਨਾਣਾਂ ਚਾਰ

ਸਜ-ਵਿਆਹੀ ਦੇ ਸੁਆਗਤ-ਗੀਤ ਵਿਚ ਕਹਾਰਾਂ ਨੂੰ ਵੀ ਭੁਲਾਇਆ ਨਹੀਂ ਜਾਂਦਾ :-

ਡੋਲੇ ਦਾ ਮੁਹ ਉੱਚਾ ਵੇ ਮਹਾਰਾਜ ਕਹਾਰੋ

ਵਿਚ ਹੈ ਮੋਤੀ ਸੁੱਚਾ ਵੇ ਮਹਾਰਾਜ ਕਹਾਰੋ

ਲੈ ਲਉ ਆਪਣਾ ਲਾਗ ਵੇ ਮਹਾਰਾਜ ਕਹਾਰੋ

ਦੇ ਦਿਉ ਸਾਡਾ ਮਾਲ ਵੇ ਮਹਾਰਾਜ ਕਹਾਰੋ

ਜਨਮਗੀਤ, ਲੋਰੀਆਂ, ਬਾਲਪਰਚਾਉਣੀਆਂ

ਵਿਆਹ ਦਾ ਲਾਜ਼ਮੀ ਸਿੱਟਾ ਹੈ ਸੰਤਾਨ ਤੇ ਸਾਡੀ ਸਮਾਜਕ ਬਣਤਰ ਦੇ ਅਨੁਸਾਰ ਪੁੱਤਰ-ਜਨਮ ਤੇ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ। ਆਖਦੇ ਹਨ ਪੁੱਤਰ ਦੀ ਉਤਪਤੀ ਨਾਲ ਮਾਪੇ ਪਿੱਤ੍ਰੀ-ਰਿਣ ਤੋਂ ਮੁਕਤ ਹੁੰਦੇ ਹਨ । ਜਨਮ-ਗੀਤਾਂ ਵਿਚ ਪੁੱਤਰ ਦਾ ਮੰਗਲ-ਸੁਆਗਤ ਕੀਤਾ ਜਾਂਦਾ ਹੈ। ਉੱਤਰ-ਪ੍ਰਦੇਸ਼ ਵਿਚ ਜਨਮ-ਗੀਤ ‘ਸੋਹਰ’ ਅਖਵਾਉਂਦੇ ਹਨ। ਪੰਜਾਬ ਵਿਚ ਕਿਤੇ ਕਿਤੇ ਇਨ੍ਹਾਂ ਨੂੰ ‘ਹੋਲਰ’ ਆਖਦੇ ਹਨ, ਜਿਵੇਂ ਕਿ ਇਕ ਜਨਮ ਗੀਤ ਦੇ ਮੁੱਢ ਵਿਚ ਹੋਲਰ ਸ਼ਬਦ ਦੀ ਵਰਤੋਂ ਦੱਸਦੀ :-

ਸੁਣ ਸੁਣ ਰੇ ਹੋਲਰ ਕੇ ਚਿਮਨੇ ਕੇ ਬਾਪ

ਸਰਬਸੁਹਾਗਣ ਜੱਚਾ ਰਾਣੀ ਕਿਆ ਮੰਗੇ ਰਾਮ

ਸੁੰਢ ਸਥਵਾ ਮੰਗ, ਮੂੰਗ ਮੰਗਾ ਜੱਚਾ ਹਰੇ ਹਰੇ

ਕੜਾਹੀ ਦੇ ਪੀਆ ਮੰਡੀਆ ਦੀ, ਸੁਕੇਤੇ ਦੀ ਮੰਗਾ

ਚਮਚਾ ਧੁਰ ਮੁਲਤਾਨ ਦਾ ਰਾਮ

ਘਿਉ ਜੋ ਰੇ ਸੁਰੀਆਂ ਦਾ ਗਊਆਂ ਦਾ ਮੰਗਾ

ਬਾਪ ਮੇਰਾ ਗੜ੍ਹ ਦਿੱਲੀ ਦਾ ਚਹੁੰ ਕੂੰਟਾਂ ਦਾ ਰਾਉ

ਹਮ ਸੇ ਰੇ ਮੇਵਾ ਚਾਹੀਏ ਰਾਮ

ਬਾਪ ਮੇਰਾ ਗੜ੍ਹ ਦਿੱਲੀ ਦਾ ਚਹੁੰ ਕੂੰਟਾਂ ਦਾ ਰਾਉ

ਵੀਰ ਮੇਰਾ ਬਾਲਾ ਭੇਖਨਾ ਰਾਮ

ਭੇਜਾਂਗਾ ਬੇਟੀ ਹਸਤੀ ਲਦਾ, ਲਾਡੋ ਗੱਡ ਲਦਾ

ਉੱਪਰ ਗਾਗਰ ਘਿਉ ਦੀ ਰਾਮ

ਕੂਲਾ ਪਲੰਘ ਡਹਾ ਜਿੱਥੇ ਮੇਰੀ ਜੱਚਾ ਰਾਣੀ ਸੁਖ ਸਵੇਂ ਰਾਮ

ਮਾੜੀ ਰੇ ਪੀਆ ਰੇ ਲਾਲਾ ਢੋਲ ਧਰਾ

ਬਾਲਕ ਜਨਮਿਆ ਸਭ ਜਗ ਸੁਣੇ ਰਾਮ

ਜਨਮ-ਗੀਤ ਲਈ ਪੰਜਾਬ ਵਿਚ ‘ਝੁੰਜਨੇ’ ਸ਼ਬਦ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਇਕ ਜਨਮ-ਗੀਤ ਵਿਚ ‘ਪੁੱਤ ਦੇ ਉੱਪਰ ਪੁੱਤ’ ਜੰਮਣ ਦੀ ਸੂਚਨਾ ਦਿੱਤੀ ਗਈ ਹੈ :-

ਲਾਲਾ ਰੇ ਕੋਠੇ ਦੇ ਉੱਪਰ ਕੋਟ ਕਿਨ ਉਸਾਰਿਆ?

ਕੋਠੇ ਦੇ ਉੱਪਰ ਕੋਟ ਕਿ ਰਾਮ ਉਸਾਰਿਆ

ਬਾਗੇ ਦੇ ਉੱਪਰ ਬਾਗ ਮਾਲੀ ਚੰਬਾ ਲਾਇਆ ਪੁੱਤ ਦੇ ਉੱਪਰ ਪੁੱਤ ਸੁਹਾਗਣ ਜਾਇਆ

ਤੇ ਜਿਉਂ ਜਿਉਂ ਘਰ ਵਿਚ ਆਇਆ ਇਹ ਨਵਾਂ ਜੀਅ ਵਧਦਾ ਹੈ, ਲੋਰੀ ਵਿਚ ਕੱਚੇ ਦੁੱਧ

ਨੂੰ ਜਾਗ ਲਗਦੀ ਹੈ :-

ਲੋਰੀ ਲੱਕੜੇ, ਉਂ…..ਊਂ

ਤੇਰੀ ਮਾਂ ਸਦੱਕੜੇ, ਉਂ…..ਊਂ

ਲੋਰਮਲੋਰੀ, ਦੁੱਧ ਕਟੋਰੀ

ਪੀ ਲੈ ਨਿੱਕਿਆ ਲੋਕਾਂ ਤੋਂ ਚੋਰੀ,

ਜਾਂ

ਚੁੰਮਾਂ ਤੇਰੀਆਂ ਅੱਖਾਂ, ਊਂ……, ਊਂ.

ਤੈਨੂੰ ਸਾਈਂ ਦੀਆਂ ਰੱਖਾਂ

ਤੇਰਾ ਹੋਰ ਕੀ ਚੁੰਮਾਂ?

ਚੁੰਮਾਂ ਤੇਰੀ ਬਾਂਹ, ਊਂ….ਊਂ..

ਤੇਰੇ ਸਦਕੇ ਲੈਂਦੀ ਮਾਂ,

ਤੇਰਾ ਹੋਰ ਕੀ ਚੁੰਮਾਂ?

ਚੁਮਾਂ ਤੇਰੀ ਧੁੰਨੀਂ, ਊਂ………ਊਂ.

ਮੇਰੀ ਆਸ ਮੁਰਾਦ ਪੁੰਨੀ

ਤੇਰਾ ਹੋਰ ਕੀ ਚੁੰਮਾਂ?

ਚੁੰਮਾਂ ਤੇਰੇ ਪੈਰ, ਊਂਊਂ.

ਤੇਰੇ ਸਿਰ ਦੀ ਮੰਗਾਂ ਖੈਰ

ਤੇਰਾ ਹੋਰ ਕੀ ਚੁੰਮਾਂ?

ਚੁੰਮਾਂ ਤੇਰੀ ਗਾਨੀ, ਉਂਉਂ..

ਤੇਰੇ ਸਦਕੇ ਲੈਂਦੀ ਨਾਨੀ

ਤੇਰਾ ਹੋਰ ਕੀ ਚੁੰਮਾਂ?

ਚੁੰਮਾਂ ਤੇਰੀ ਤੜਾਗੀ, ਊਂ..ਉਂ.

ਤੇਰੇ ਸਦਕੇ ਜਾਂਦੀ ਦਾਦੀ

ਤੇਰਾ ਹੋਰ ਕੀ ਚੁੰਮਾਂ?

ਜਾਂ

ਅੱਲੜ ਬੱਲੜ ਬਾਵੇ ਦਾ, ਬਾਵੇ ਦਾ

ਬਾਵਾ ਕਣਕ ਲਿਆਵੇਗਾ, ਲਿਆਵੇਗਾ

ਅੰਮਾਂ ਬਹਿ ਕੇ ਛੱਟੇਗੀ, ਛੱਟੇਗੀ

ਪੁੱਤਰ ਬਹਿ ਕੇ ਖਾਵੇਗਾ, ਖਾਵੇਗਾ

ਅੱਜ ਕੱਲ੍ਹ ਨਵੀਂ ਸਮਾਜ-ਚੇਤਨਾ ਮੰਗ ਕਰਦੀ ਹੈ ਕਿ ਸੰਤਾਨ ਗਿਣਤੀ ਮਿਣਤੀ ਦੀ ਹੀ ਹੋਣੀ ਚਾਹੀਦੀ ਹੈ ਪਰ ਪਰੰਪਰਾ ਵਿਚ ਅੱਜ ਵੀ ਉਹੋ ਚਿੱਤਰ ਉੱਘੜਦਾ ਹੈ ਕਿ ਦਿਰਾਣੀ ਦੇ ਵਿਆਹੀ ਆਉਣ ਤੇ ਜਿਠਾਣੀ ਨੇ ਤਿਲਾਂ ਦੀ ਮੁੱਠ ਸੁੱਟ ਕੇ ਉਹਦੇ ਲਈ ਅਣਗਿਣਤ ਪੁੱਤਰਾਂ ਦੀ ਕਾਮਨਾ ਕੀਤੀ ਹੈ :-

ਜਿਤਨੇ ਜਿਠਾਣੀ ਤਿਲ ਸਟੇਸੀ

ਉਤਨੇ ਦਿਰਾਣੀ ਪੁੱਤ ਜਣੇਸੀ

ਪੁਰਾਣੇ ਵੇਲਿਆਂ ਵਿਚ ਬਹੁਤੇ ਬੰਦਿਆਂ ਦੀ ਲੋੜ ਰਹਿੰਦੀ ਸੀ । ਬਾਲ-ਪਰਚਾਉਣੀਆਂ ਵਿਚ ਵੀ ਇਹੋ ਭਾਵਨਾ ਕੰਮ ਕਰਦੀ ਹੈ, ਜਿਵੇਂ ਖੇਹਨੂੰ ਨਾਲ ਖੇਡਦੀ ਤੇ ‘ਥਾਲ’ ਗਾਉਂਦੀ ਕੁੜੀ ਦੇ ਇਸ ਬੋਲ ਵਿਚ :-

ਨੌਂ ਨੌਂ ਨੌਂ

ਭੁਨਾ ਦੇ ਭਾਬੋ! ਜੌਂ

ਨੀ ਮੈਂ ਚੱਬਾਂ ਤੇ ਤੂੰ ਸੌਂ

ਨੀ ਭਤੀਜੇ ਹੋਏ ਨੌਂ

ਸੁੱਖੀਲੱਧੇ ਹੋਏ ਨੌਂ

ਕੁੜੀਏ! ਥਾਲ

‘ਥਾਲ’ ਵਿਚ ਪੁੱਤਰ-ਜਨਮ ਦੀ ਸੂਚਨਾ ਮੁੜ ਮੁੜ ਰੰਗ ਭਰਦੀ ਹੈ :-

ਦੋ ਦੜਿੱਕਾ, ਪਿਆ ਪੜਿੱਕਾ

ਮਾਂ ਰਾਣੀ ਘਰ ਹੋਇਆ ਨਿੱਕਾ

ਕਿਤੇ ਕਿਤੇਥਾਲਵਿਚ ਕੁੜੀ ਦੇ ਜਨਮ ਲਈ ਵੀ ਅਰਦਾਸ ਕੀਤੀ ਗਈ ਹੈ :-

ਜੀ ਵੀਰਾ ਜੀ

ਤੈਂਡੇ ਘਰ ਹੋਵੇ ਧੀ

ਮੈਂਡੀ ਲੱਗੇ ਸੱਕੀ ਭਤੀਜੀ

ਮੈਨੂੰ ਆਖੇ ਭੂਆ ਜੀ

ਕੁੜੀਏ ਥਾਲ

ਵਿਹੜਿਆਂ ਵਿਚ ਤੇ ਗਲੀਆਂ ਵਿਚ ਖੇਡ ਰਹੇ ਬਾਲ ਮਨਪਰਚਾਵੇ ਲਈ ਕਵਿਤਾ ਦਾ ਆਸਰਾ ਜ਼ਰੂਰ ਲੈਂਦੇ ਹਨ :-

ਚੀਚੋ ਚੀਚ ਕਚੌਲੀਆਂ, ਘੁਮਿਆਰਾਂ ਦਾ ਘਰ ਕਿੱਥੇ ਜੇ?

ਈਚਕਨਾ ਪਰ ਮੀਚਕਨਾ, ਮਮਲੋਲੀ ਘੋੜੀ ਚੜ੍ਹ ਮਾਰੋ

ਭੰਡਾ ਭੰਡਾਰੀਆ ਕਿਤਨਾ ਕੁ ਭਾਰ?

ਇਕ ਮੁੱਠੀ ਚੁੱਕ ਲੈ ਦੂਈ ਨੂੰ ਤਿਆਰ

ਲੁਕ ਛਿਪ ਜਾਣਾ,

ਮਕੱਈ ਦਾ ਦਾਣਾ

ਰਾਜੇ ਦੀ ਬੇਟੀ ਆਈ

ਜਾਂ

ਕੋਟਲਾ ਛਪਾਕੀ ਜੁਮਾਰਾਤ ਆਈ ਜੇ

ਲੋਹੜੀ ਮੰਗਦੇ ਬਾਲ ਵੀ ਕਿਵੇਂ ਕਵਿਤਾ ਵਿਚ ਕੋਈ ਚਿੱਤਰ ਉਲੀਕ ਰਹੇ ਹੋਣ :-

ਹੇਰਨੀ ਹੇਰਨੀ

ਹੇਰਨੀ ਛੱਡੀਆਂ ਲੰਮੀਆਂ

ਮੀਂਹ ਪਿਆ ਤੇ ਕਣਕਾਂ ਜੰਮੀਆਂ

ਕਣਕਾਂ ਵਿਚ ਬਟੇਰੇ

ਦੋ ਸਾਧੂ ਦੇ ਦੋ ਮੇਰੇ

ਜਾਂ

ਦੇ ਮਾਈ ਗੋਹਾ

ਤੇਰਾ ਪੁੱਤਰ ਲੋਹਾ

ਦੇ ਮਾਈ ਪਾਥੀ

ਤੇਰਾ ਪੁੱਤਰ ਹਾਥੀ

ਜਾਂ

ਪਾ ਨੀ ਮਾਈ ਪਾ

ਕਾਲੇ ਕੁੱਤੇ ਨੂੰ ਵੀ ਪਾ ਕਾਲਾ ਕੁੱਤਾ ਦੇਵੇ ਦੁਆਈਂ

ਤੇਰੀਆਂ ਜੀਵਨ ਮੱਥੀਂ ਗਾਈਂ

ਥਾਲ ਤਾਂ ਭਰਿਆ ਮੋਤੀਆਂ

ਭਾਬੀ ਨੇ ਨਣਦ ਨੂੰ ਬਚਨ ਦਿੱਤਾ ਸੀ ਕਿ ਉਹਦੀ ਕੁੱਖ ਹਰੀ ਹੋਣ ਤੇ ਪੁੱਤ ਜੰਮਿਆ ਤਾਂ ਉਹ ਨਣਦ ਨੂੰ ਉਹਦੀ ਮਨਮਰਜ਼ੀ ਦਾ ਢੋਆ ਦੇਵੇਗੀ :-

ਸੋ ਨਣਦੀ ਤੇ ਭਾਬੋ ਰਲ ਬੈਠੀਆਂ ਕਰਦੀਆਂ ਕੌਰ ਕਰਾਰ

ਜੇ ਤੇਰੇ ਘਰ ਗਿੱਗਾ ਨੀ ਜੰਮੇ, ਮੈਨੂੰ ਤੂੰ ਕੀ ਕੁਝ ਦਏਂ

ਜੇ ਮੇਰੇ ਘਰ ਗਿੱਗਾ ਨੀ ਜੰਮੇ, ਦੇਵਾਂਗੀ ਫੁੱਲਜੜੀਆਂ

ਅੱਧੀ ਅੱਧੀ ਰਾਤੀਂ ਤੇ ਪਿਛਲਾ ਪਹਿਰ, ਭਾਬੋ ਨੇ ਗਿੱਗਾ ਜੰਮਿਆ

ਲੈ ਦੇ ਨੀ ਭਾਬੋ ਮੈਨੂੰ ਫੁੱਲਜੜੀਆਂ, ਮੇਰਾ ਪੂਰਾ ਤੇ ਹੋ ਗਿਆ ਕਰਾਰ

ਨਾ ਤੇਰੇ ਬਾਪ ਘੜਾਈਆਂ ਨੀ ਬੀਬੀ, ਨਾ ਤੇਰੇ ਵੱਡੜੇ ਵੀਰੇ

ਫੁੱਲਜੜੀਆਂ ਬਾਦਸ਼ਾਹਾਂ ਦੇ ਵਿਹੜੇ,

ਸਾਡੇ ਨਾ ਫੁੱਲ ਜੜੀਆਂ

ਤੇਵਰਾਂ ਵਿਚੋਂ ਤੇਵਰ ਚੰਗਾ,

ਲੈ ਲੈ ਨੀ ਬੀਬੀਏ ਨਣਦੀਏ!

ਤੇਵਰ ਤਾਂ ਰੱਖੀਂ ਘਰ ਆਪਣੇ,

ਮੈਂ ਤਾਂ ਲੈਣੀਆਂ ਫੁੱਲਜੜੀਆਂ

ਗਹਿਣਿਆਂ ਵਿਚ ਗਹਿਣਾ ਆਰਸੀ,

ਲੈ ਲੈ ਨੀ ਬੀਬੀਏ ਨਣਦੀਏ!

ਆਰਸੀ ਤਾਂ ਰੱਖੀਂ ਘਰ ਆਪਣੇ,

ਮੈਂ ਤਾਂ ਲੈਣੀਆਂ ਫੁੱਲਜੜੀਆਂ

ਔਹ ਗਈ ਨਣਦੀ, ਔਹ ਗਈ,

ਉਹ ਤਾਂ ਲੰਘ ਗਈ ਦਰਿਆ

ਨੱਸੀ ਤਾਂ ਨੱਸੀ ਪਿੱਛੇ ਭਾਬੋ ਜਾਂਦੀ,

ਆਂਦੀ ਨਣਦ ਮਨਾ

ਥਾਲ ਤਾਂ ਭਰਿਆ ਮੋਤੀਆਂ,

ਉੱਤੇ ਫੁੱਲਜੜੀਆਂ ਦਾ ਲਾਗ

ਭਾਬੋ ਵੀ ਜੀਵੇ ਭਤੀਜਾ ਵੀ ਜੀਵੇ,

ਭਾਬੋ ਦਾ ਅਟੱਲ ਸੁਹਾਗ

ਬਾਬੇ ਦੀ ਸਹੁੰ, ਬਾਬਲ ਦੀ ਸਹੁੰ

ਇਕ ਗੀਤ ਵਿਚ ਕੋਈ ਕੁੜੀ ਵਟਣਾ ਮਲਣ ਤੋਂ ਨਾਂਹ ਕਰ ਦਿੰਦੀ ਹੈ। ਢੋਲਕੀ ਤੇ ਗਾਉਂਦੀਆਂ ਕੁੜੀਆਂ ਤੇ ਸੱਸਾਂ ਨੂੰਹਾਂ ਉਹਦੇ ਮਨ ਵਿਚ ਉਤਰਨ ਦਾ ਯਤਨ ਕਰਦੀਆਂ ਹਨ। ਅਜੇਹੇ ਗੀਤ ਦਸਦੇ ਹਨ ਕਿ ਭਾਵੇਂ ਕੋਈ ਕੁੜੀ ਮਾਂ ਪਿਉ ਦੀ ਗੱਲ ਰੱਖਣ ਲਈ ਵਟਣਾ ਮਲਵਾ ਕੇ ਹੱਥ ਪੀਲੇ ਕਰਾ ਹੀ ਲਵੇ ਪਰ ਮਨਮਰਜ਼ੀ ਦੇ ਮੁੰਡੇ ਨੂੰ ਆਪਣਾ ਕੰਤ ਨਾ ਬਣਾ ਸਕਣ ਦੀ ਗੱਲ ਉਹਨੂੰ ਉਮਰ ਭਰ ਕੰਡੇ ਵਾਂਗ ਚੁਭਦੀ ਰਹਿੰਦੀ ਹੈ :-

ਵਟਣਾ ਮੈਂ ਨਾ ਮਲਦੀ, ਸ਼ਾਬਾ

ਕਿਉਂ ਕੁੜੀਏ ਤੂੰ ਕਿਉਂ ਨਾ ਮਲਦੀ, ਸ਼ਾਬਾ

ਬਾਬੇ ਦੀ ਸਹੁੰ, ਬਾਬਲ ਦੀ ਸੌਂਹ, ਤੇਰੀ ਸਹੁੰ ਨਾ ਕਰਦੀ

ਲੋਕਾਂ ਦੀ ਬਦਨਾਮੀ ਕੋਲੋਂ ਅੰਦਰੋਂ ਅੰਦਰ ਡਰਦੀ

ਵਟਣਾ ਮੈਂ ਨਾ ਮਲਦੀ ਸ਼ਾਬਾ

ਇਕ ਵਟਣਾ ਦੂਜਾ ਜਵਾਂ ਦਾ ਆਟਾ, ਪੀਠਾ ਚੱਕੀ ਭਲੇਰੀ

ਜਾਂ ਵਟਣੇ ਦਾ ਵੇਲਾ ਹੋਇਆ, ਝੁੱਲ ਪਈ ਹਨੇਰੀ

ਵਟਣਾ ਮੈਂ ਨਾ ਮਲਦੀ, ਸ਼ਾਬਾ

ਕਮੀਜ਼ਾਂ ਛੀਂਟ ਦੀਆਂ

ਮਾਵਾਂ ਦੀਆਂ ਪੁਆਈਆਂ ਕਮੀਜ਼ਾਂ ਸੱਸਾਂ ਲੁਹਾ ਲੈਣ ਤਾਂ ਗੀਤ ਵਿਚ ਖ਼ਬਰ ਕਿਉਂ ਨਾ ਸੁਣਾਈ ਜਾਵੇ । ਅਜੇਹੇ ਗੀਤ ਪੇਕੇ ਘਰ ਤੇ ਸਹੁਰੇ ਘਰ ਦਾ ਅੰਤਰ ਦਸਦੇ ਹਨ :-

ਕਮੀਜ਼ਾਂ ਛੀਂਟ ਦੀਆਂ ਮੁਲਤਾਨੋਂ ਆਈਆਂ ਨੀ

ਮਾਵਾਂ ਆਪਣੀਆਂ ਜਿਨ੍ਹਾਂ ਸੱਧਰਾਂ ਲਾਹੀਆਂ ਨੀ

ਕਮੀਜ਼ਾਂ ਛੀਂਟ ਦੀਆਂ ਮੁਲਤਾਨੋਂ ਆਈਆਂ ਨੀ

ਸੱਸਾਂ ਪਰਾਈਆਂ ਨੀ ਜਿਨ੍ਹਾਂ ਗਲੋਂ ਲੁਹਾਈਆਂ ਨੀ

ਇਤਿਹਾਸਕ ਗੀਤ

ਮੁਗਲਾਂ ਦੇ ਵੇਲੇ ਦੇ ਗੀਤ ਵਿਚ ਕਿਸੇ ‘ਸੁੰਦਰੀ’ ਦੀ ਹੱਡ-ਬੀਤੀ ਇਤਿਹਾਸ ਦੇ ਕਿਸੇ ਮੁਖ-ਪਾਤਰ ਵਾਂਗ ਸ਼ੁਰੂ ਕੀਤੀ ਗਈ ਹੈ :-

ਮੁਗਲਾਂ ਨੇ ਘੋੜਾ ਪੀੜਿਆ,

ਸੁੰਦਰੀ ਪਾਣੀ ਨੂੰ ਜਾ

ਜਾਂਦਿਆ ਕਾਲਿਆ ਕਾਗੜਿਆ,

ਮੇਰਾ ਲੈ ਸੁਨੇਹੜਾ ਜਾ

ਪੰਜ ਸੱਤ ਦੇਵਾਂ ਘੋੜੀਆਂ,

ਧੀ ਨੂੰ ਲਵਾਂ ਮੈ ਛੁਡਾ

ਜਾਂਦਿਆ ਕਾਲਿਆ ਕਾਗੜਿਆ,

ਮੇਰਾ ਲੈ ਸੁਨੇਹੁੜਾ ਤੂੰ ਜਾ

ਆਖੀ ਮੇਰੇ ਵੀਰ ਨੂੰ,

ਭੈਣ ਬੱਧੜੀ ਜਾ

ਹੱਥ ਬੰਨ੍ਹ ਕਰੂੰਗਾ ਬੇਨਤੀ,

ਭੈਣਾਂ ਲਊਂਗਾਂ ਛੁਡਾ

ਬਾਬਲ ਉਤਰਿਆ ਘੋੜਿਉਂ, ਵੀਰਨ ਇਮਲੀ ਦੀ ਛਾਂ

ਬਾਬਲ ਬਹਿ ਕੇ ਰੋ ਪਿਆ, ਵੀਰਨ ਮਾਰੀ ਸੀ ਧਾਹ

ਕਿਥੇ ਤਾਂ ਬੈਠੇਗਾ ਬਾਬਲ, ਕਿੱਥੇ ਬੈਠੇਗਾ ਵੀਰ

ਕਿੱਥੇ ਬੈਠੇਗਾ ਸਿਰ ਦਾ ਸਾਈਂ, ਜਿਹੜਾ ਕਰੇਗਾ ਨਿਆਂ

ਬਾਗੀਂ ਤਾਂ ਬੈਠੇਗਾ ਬਾਬਲ, ਕੋਠੇ ਬੈਠੇਗਾ ਵੀਰ

ਮਹਿਲੀਂ ਬੈਠੇਗਾ ਸਿਰ ਦਾ ਸਾਈਂ, ਜਿਹੜਾ ਕਰੇਗਾ ਨਿਆਂ

ਲੈ ਮੁਗ਼ਲਾਂ ਦੇ ਛੋਕਰੇ, ਰੁਪਈਆ ਢਾਈ ਹਜ਼ਾਰ

ਹੱਥ ਬੰਨ੍ਹ ਕਰਾਂ ਬੇਨਤੀ, ਧੀ ਨੂੰ ਲਵਾਂਗਾ ਛੁਡਾ

*ਅੱਗ ਲੱਗੇ ਤੇਰੀ ਚਾਂਦੀ ਨੂੰ, ਮੋਹਰਾਂ ਨਦੀਏ ਰੁੜ੍ਹਾ

ਭੱਠ ਪਵੇ ਤੇਰੀ ਬੇਨਤੀ, ਸੁੰਦਰੀ ਛੋੜੀ ਨਾ ਜਾ

ਲੈ ਮੁਗਲਾਂ ਦੇ ਛੋਕਰੇ, ਰੁਪਈਆ ਚਾਲ੍ਹੀ ਹਜ਼ਾਰ

*ਹੱਥ ਬੰਨ੍ਹ ਕਰਾਂ ਬੇਨਤੀ, ਭੈਣ ਲਵਾਂਗਾ ਛੁਡਾ

ਭੱਠ ਪਵੇ ਤੇਰੀ ਬੇਨਤੀ ਸੁੰਦਰੀ ਛੋੜ ਨਾ ਜਾ

ਅੱਗ ਲੱਗੇ ਤੇਰੀ ਚਾਂਦੀ ਨੂੰ, ਸੋਨਾ ਨਦੀਏ ਰੜ੍ਹਾ

ਲੈ ਮੁਗ਼ਲਾਂ ਦੇ ਛੋਕਰੇ, ਰੁਪਈਆ ਪੰਜਾਹ ਹਜ਼ਾਰ

ਹੱਥ ਬੰਨ੍ਹ ਕਰਾਂ ਬੇਨਤੀ, ਨਾਰ ਲਵਾਂਗਾ ਛੁਡਾ

ਅੱਗ ਲੱਗੇ ਤੇਰੀ ਚਾਂਦੀ ਨੂੰ, ਮੋਤੀ ਨਦੀਏ ਰੁੜ੍ਹਾ

ਭੱਠ ਪਵੇ ਤੇਰੀ ਬੇਨਤੀ, ਸੁੰਦਰੀ ਛੋੜੀ ਨਾ ਜਾ

ਜਾ, ਬਾਬਲ ਘਰ ਆਪਣੇ ਰੱਖਾਂ ਦਾੜ੍ਹੀ ਦੀ ਲਾਜ

ਮੁਗਲਾਂ ਦਾ ਪਾਣੀ ਨਾ ਪੀਆਂ, ਮੈਂ ਪਿਆਸੀ ਮਰ ਜਾਂ

ਜਾ ਵੀਰਾ ਘਰ ਆਪਣੇ, ਰੱਖਾਂ ਚੀਰੇ ਦੀ ਲਾਜੇ

ਮੁਗ਼ਲਾਂ ਦਾ ਅੰਨ ਨਾ ਖਾਵਾਂ, ਭਾਵੇਂ ਭੁਖੀ ਮਰ ਜਾਂ

ਜਾ ਰਾਜਾ ਘਰ ਆਪਣੇ ਰੱਖਾਂ ਲਾਵਾਂ ਦੀ ਲਾਜ

ਮੁਗ਼ਲਾਂ ਦੀ ਸੇਜੇ ਨਾ ਚੜ੍ਹਾਂ, ਮੈਂ ਜੀਉਂਦੀ ਮਰ ਜਾਂ

ਜਾ ਮੁਗ਼ਲਾਂ ਦੇ ਛੋਕਰੇ, ਠੰਢਾ ਪਾਣੀ ਲਿਆ

ਪਿਆਸ ਲੱਗੀ ਇਸ ਜੀ ਨੂੰ, ਸੁੰਦਰੀ ਛੋੜੀ ਨਾ ਜਾ

ਜਾ ਨੌਕਰ ਦੇ ਛੋਕਰੇ, ਠੰਢਾ ਪਾਣੀ ਪਿਆ

ਪਿਆਸ ਲੱਗੀ ਇਸ ਜੀ ਨੂੰ, ਸੁੰਦਰੀ ਛੋੜੀ ਨਾ ਜਾ

ਨੌਕਰ ਦਾ ਭਰਿਆ ਨਾ ਪੀਆਂ, ਪੀਆਂ ਜਮਨਾ ਦਾ ਨੀਰ

ਪਿਆਸ ਲੱਗੀ ਚੰਦਰੇ ਜੀ ਨੂੰ, ਮੈਥੋਂ ਸਹੀਉ ਨਾ ਜਾ

ਮੁਗ਼ਲ ਗਿਆ ਪਾਣੀਏ ਨੂੰ, ਕੀਤਾ ਦੀਵੇ ਦਾ ਕਾਜ

ਦੀਵੇ ਦੀ ਵੱਟੀ ਲਾ ਕੇ ਸੜ ਮੋਈ, ਰੱਖੀ ਰਾਜੇ ਦੀ ਲਾਜ

ਇਸ ਘਟਨਾ ਨਾਲ ਮਿਲਦੇ ਜੁਲਦੇ ਬਲੀਦਾਨ ਦੇ ਗੀਤ ਉੱਤਰ-ਪ੍ਰਦੇਸ਼ ਤੇ ਬਿਹਾਰ ਵਿਚ ਵੀ ਮਿਲਦੇ ਹਨ। ਸਿੱਖਾਂ ਦੇ ਵੇਲੇ ਦੀ ਇਤਿਹਾਸਕ ਛਾਪ ਵਾਲੇ ਵੀ ਬਹੁਤ ਗੀਤ ਪ੍ਰਚਲਿਤ ਹਨ। ਉਸ ਯੁਗ ਦੀ ਆਤਮਾ ਨੂੰ ਸਮਝਣ ਲਈ ਸਾਂਦਲ ਬਾਰ ਦੇ ਢੋਲੇ ਸਾਡੀ ਬਹੁਤ ਮਦਦ ਕਰ ਸਕਦੇ ਹਨ। ਮੁਲਤਾਨ ਦੀ ਲੜਾਈ ਬਾਰੇ ਉਸ ਪਾਸੇ ਦੇ ਲੋਕ ਇੰਜ ਸੋਚਦੇ ਸਨ –

ਕਾਲ ਬੁਲੰਦੀ ਨਾਰਦ, ਉਠਿਆ ਨੱਚ

ਲਾਹੌਰੂੰ ਚੜੀਆਂ ਜੁ ਵੱਜਾਂ, ਸ਼ਾਹਰ ਗਿਆ ਮੁਲਤਾਨ ਦਾ ਮੱਚ

ਘੋੜੇ ਤੜਪਣ ਤੇ ਤੁਪਕਾਂ ਛੁੱਟਣ, ਰਾਠਾਂ ਦੀਆਂ ਰੁਲੀਵਣ ਲਾਸ਼ਾਂ,

ਜਿਵੇਂ ਸੱਥਰ ਕਰਦੇ ਨੂ ਚਰੀਆਂ ਜੱਟੂ

ਐਲੀ ਐਲੀ ਪਏ ਖ਼ਾਨ ਕਰਦੇ ਨੂ, ਜਿਨ੍ਹਾਂ ਮਰਦਾਨਿਆਂ ਲੜ ਕੇ ਮਰਨ ਦਾ ਬੱਧਾ ਲੋਕ

ਉਭਿਉਂ ਚੜ੍ਹੇ ਨੂ ਕਟਕ ਸਿਖਊ ਦੇ, ਰੱਬੂ ਪਈ ਬਚਦੀ ਦਾਨਸਮੰਦਾਂ ਦੀ ਪੱਤ

ਕਿਲੇ ਦੇ ਵਿੱਚੋਂ ਕੱਢ ਕੇ ਨਵਾਬ ਤੇ ਬੇਗਮਾਂ, ਸਿੱਖਾਂ ਭੈੜਿਆਂ ਡਾਢਾ ਕੀਤਾ ਕੱਚ

ਭਰ ਮੀਆਂ ਕਲਮਾ ਸੋਹਣੇ ਦੇ ਦੀਨ ਦਾ, ਤਕੜਿਆਂ ਰਖਣਾ ਮੁਲਖ ਪੰਜਾਬ ,

ਕਦੀ ਸਿੱਖਾਂ ਦੇ ਸਿਰ ਵੀ ਪਉਸੀ, ਕਾਈ ਕਾਹਰਾਂ ਦੀ ਸੱਟ

ਪਰ ਇਹ ਮੰਨਣਾ ਹੀ ਪਵੇਗਾ ਕਿ ਸਿੱਖ ਰਾਜ ਅੰਗਰੇਜ਼ਾਂ ਦੇ ਹੱਥੋਂ ਹਾਰਨ ਤੋਂ ਪਹਿਲਾਂ ਪੰਜਾਬੀਆਂ ਦਾ ਰਾਜ ਬਣ ਚੁੱਕਾ ਸੀ । ਇਸ ਦਾ ਪ੍ਰਮਾਣ ਹੈ ਇਸੇ ਸਾਂਦਲ ਬਾਰ ਦਾ ਇਹ ਢੋਲਾ –

ਕਾਲ ਬੁਲੇਂਦੀ, ਜਿੰਦੋ ਰਾਣੀ ਕੂਕੇ ਵਿਚ ਬਜ਼ਾਰ ਦੇ

ਉਪੱਠੀਆਂ ਗੋਟੀਆਂ ਪਈਆਂ ਨੂ, ਲੁੱਟਿਆ ਸਿਰ ਦਾ ਸਾਈਂ, ਖੋਟੇ ਵੀ ਲੇਖ ਹੋਏ ਨੇ ਬੰਦੀ ਨਾਰ ਦੇ

ਲਿਓ ਨੇ ਬੰਨ੍ਹ ਫਰਜ਼ੰਦ ਨੂੰ, ਜੇਤੂਆਂ ਡਿੱਠੇ ਨੁੰ ਮੂੰਹ ਚਿਤੂਆਂ ਦੀ ਹਾਰ ਦੇ

ਕਿਲਿਉਂ ਕੱਢ ਸਿਪਾਹੀ ਵੀ ਫੱਧ ਖਲਾਰਦੇ

ਪੱਟੇ ਮੇਢੀਆਂ ਤਰੋੜ ਕੇ, ਸੁੱਟੇ ਮੋਤੀ ਵੀ ਹਾਰ ਦੇ

ਵਰੰਗੀ ਪਿਆ ਆਂਹਦਾ ਰੰਗ ਨੂੰ, ਤਰਕੜੀ ਹੋਵਣਾ ਮਾਈ ਜਿੰਦੂ,

ਅਸੀਂ ਨੇਕ ਔਲਾਦ ਮਸੀਹ ਦੀ, ਵਾਹਿਮੇ ਸੁੱਟ ਘੱਤ ਪੰਜਾਬ ਦੀ ਬਾਰ ਦੇ

ਕੰਬਿਆ ਸ਼ਾਹਰ ਲਹੌਰ ਦਾ, ਕਿਰਾੜ ਕਾਂਦੂ, ਜੱਟ ਵੀ ਮੁਝੇ ਮੱਝੀਂ, ਕਰੇਂਦੇ ਵਿਚ ਬਾਰ ਦੇ

ਰੱਬ ਨੂੰ ਬੜੀ ਰਾਣੀ, ਉਸ ਵੈਣ ਵੀ ਕੀਤੇ ਨੁ ਕਾਹਰ ਦੇ

ਉਹ ਮੁੜ ਮੁੜ ਸੱਦ ਮਰੇਦੀਂ, ਹਾਲ ਸ਼ਾਹ ਪੰਜਾਬ ਦਿਆ, ਜਿਵੇਂ

ਸੱਸੀ ਵੀ ਕੂਕੇ ਵਗ ਗਏ ਪਿੱਛੇ ਪੁੰਨਣ ਯਾਰ ਦੇ

ਮੋਮਨਾਂ ਨੂੰ ਨਸੀਬ ਹੋਵੀ ਕਲਮਾ ਸੋਲਣੇ ਦੇ ਦੀਨ ਦਾ,

ਹਿੰਦੂ ਵੀ ਰਾਮ ਰਾਮ ਕਹਿੰਦੇ ਨੇ ਨਿੱਤ ਚਿਤਾਰਦੇ

ਮੁੜ ਅੰਗਰੇਜ਼ੀ ਰਾਜ ਵਿਚ ਕਾਂਗਰਸ ਅੰਦੋਲਨ ਦੀ ਵੀ ਸਾਂਦਲ ਬਾਰ ਦੇ ਢੋਲੇ ਤੇ ਇੰਜ ਛਾਪ ਲੱਗੀ :-

ਗੋਰੀ ਦੇ ਕੰਨੀ ਬੁੰਦੇ, ਵਿਚ ਬਾਲਾ ਬੋਰ ਦਾ

ਅੰਗਰੇਜ਼ਾਂ ਬੱਧਾ ਸ਼ਾਹਰ ਮਾਨਕੁਮਰੀ, ਕਾਈ ਨਕਸ਼ਾ ਦਿੱਤਾ ਨੇ ਢਾਲ ਲਾਹੌਰ ਦਾ

ਅੰਗਰੇਜ਼ਾਂ ਦੇ ਸਿਰ ਤੇ ਸੋਂਹਦੀ ਟੋਪੀ, ਜਿਵੇਂ ਸਿਰ ਤੇ ਕਲਗਾ ਸੋਹਦਾ ਸੁ ਮੋਰ ਦਾ

ਕਾਂਗਰਸ ਪਈ ਆਂਹਦੀ ਅੰਗਰੇਜ਼ ਨੂੰ, ਵਗ ਵੰਞ ਵਿਚੋਂ ਪੰਜਾਬ ਦੇ

ਅੰਗਰੇਜ਼ ਪਿਆ ਆਂਹਦਾ , ਮੈਂ ਝਬਦੇ ਨਾ ਵੰਞੁ

ਪੰਜਾਬ ਮੈਨੂੰ ਖਾਨਾ ਕਾਬਾ , ਜਿਵੇਂ ਸੱਸੀ ਨੂੰ ਸ਼ਾਹਰ ਭੰਬੋਰ ਦਾ

ਹਾੜੀ ਸੌਣੀ ਝੇਮਾ ਢਾਲ ਢਾਲ ਕੇ, ਹਿੱਕੇ ਚਿਟੀਆਂ ਪਰੋਸਨੈ, ਥਾਣੇਦਾਰ ਫਲੌਰ ਦਾ

ਨੇਕ ਸੁਆਣੀ ਹਾਈ ਮਾਂ ਅੰਗਰੇਜ਼ ਦੀ, ਰੁਖ਼ ਹੋਰਵੇ ਹੋਇਆ ਇਸ ਲਟੋਰ ਦਾ

ਤਰਕੜਿਆਂ ਰਾਹਣਾਂ ਮਾਹੀ ਮੁਲਖ ਪੰਜਾਬ ਦਾ,

ਅੰਗਰੇਜ਼ ਵੀ ਉਸ ਦਿਹਾੜੇ ਲੱਗਾ ਵੈਸੀ,

ਜਦੋਂ ਧੱਕਾ ਵੀ ਵੱਜ ਗਿਉ ਨੇ ਕਹੀਂ ਦੇ ਜ਼ੋਰ ਦਾ

ਲੋਕ-ਕਵੀ ਦੀ ਗੱਲ ਸੱਚ ਨਿਕਲੀ। ਅੰਗਰੇਜ਼ ਨੂੰ ਜਾਣਾ ਹੀ ਪਿਆ ਤੇ ਅੱਜ ਸਾਡਾ

ਲੋਕ-ਗੀਤ ਆਜ਼ਾਦੀ ਦੇ ਵਾਤਾਵਰਣ ਵਿਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਜਸ ਗਾਉਣ ਵਿਚ ਰਸ ਮਾਣਦਾ ਹੈ ।

ਚਿੱਟਾ ਰੁਪਈਆਂ ਚਾਂਦੀ ਦਾ

ਰਾਜ ਮਹਾਤਮਾ ਗਾਂਧੀ ਦਾ

ਲੋਕਗੀਤ ਨਾ ਪੁਰਾਣਾ ਹੈ ਨਾ ਨਵਾਂ

ਲੋਕ-ਗੀਤ ਬਾਰੇ ਰਾਲਫ਼ ਫਾਕਸ ਦੇ ਇਹ ਸ਼ਬਦ ਸਾਨੂੰ ਸਦਾ ਚੇਤੇ ਰਖਣੇ ਚਾਹੀਦੇ ਹਨ, ‘ਲੋਕ-ਗੀਤ ਨਾ ਪੁਰਾਣਾ ਹੁੰਦਾ ਹੈ ਨਾ ਨਵਾਂ। ਉਹ ਤਾਂ ਜੰਗਲ ਦੇ ਇਕ ਰੁੱਖ ਵਰਗਾ ਹੈ ਜਿਸ ਦੀਆਂ ਜੜ੍ਹਾਂ ਤਾਂ ਦੂਰ ਧਰਤੀ (ਭੂਤਕਾਲ) ਵਿਚ ਧੱਸੀਆਂ ਹੋਈਆਂ ਹਨ ਪਰ ਜਿਸ ਵਿਚ ਲਗਾਤਾਰ ਨਵੀਆਂ ਡਾਲੀਆਂ, ਕਰੂੰਬਲਾਂ ਤੇ ਫਲ ਫੁੱਲ ਫੁੱਟਦੇ ਰਹਿੰਦੇ ਹਨ।’ ਇਸ ਭਾਵ ਨੂੰ ਲੋਕ-ਗੀਤ ਵਿਚ ਇੰਜ ਅੰਕਿਤ ਕੀਤਾ ਗਿਆ ਹੈ :-

ਪਿੱਪਲ ਦਿਆ ਪੱਤਿਆ ਵੇ, ਕਹੀ ਖੜ ਖੜ ਲਾਈ

ਝੜ ਪਉ ਪੁਰਾਣਿਆ ਵੇ, ਰੁੱਤ ਨਵਿਆਂ ਦੀ ਆਈ

ਇਹ ਲੋਕ ਗੀਤ ਸਾਡੇ ਪੰਜਾਬੀ ਸਭਿਆਚਾਰ ਦਾ ਮੁੱਖ ਅੰਗ ਹਨ,ਇਹ ਲੋਕ ਗੀਤ ਸਾਡੇ ਪੰਜਾਬੀਆਂ ਦੇ ਰਹਿਣ ਸਹਿਣ ਚੋਂ ਹੀ ਜੰਮੇ ਹਨ

Leave a comment

error: Content is protected !!