ਪੰਜਾਬ ਦੇ ਤਿਉਹਾਰ
ਉਂਜ ਤਾਂ ਪੰਜਾਬ ਦੇ ਪਿੰਡਾਂ ਵਿਚ ਪੰਚਮੀਂ, ਸੱਤੋਂ, ਦਸਮੀ, ਇਕਾਦਸ਼ੀ, ਪੁੰਨਿਆ, ਮੱਸਿਆ ਹਰ ਮਹੀਨੇ ਹੀ ਕਈ ਕਈ ਤਿਉਹਾਰ ਆਉਂਦੇ ਤੇ ਲੰਘ ਜਾਂਦੇ ਹਨ ਪਰ ਕਈ ਵੱਡੇ ਤਿਉਹਾਰ ਅਜਿਹੇ ਹਨ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਸੁੱਕੇ ਨਹੀਂ ਲੰਘਾਇਆ ਜਾ ਸਕਦਾ। ਪਿੰਡਾਂ ਦੇ ਲੋਕਾਂ ਦਾ ਵਰ੍ਹਾ ਚੇਤ ਦੀ ਏਕਮ ਤੋਂ ਆਰੰਭ ਹੁੰਦਾ ਹੈ ਜਿਸ ਦਿਨ ਪਹਿਲਾ ਤਿਉਹਾਰ ‘ਨਵਾਂ ਸੰਮਤ’ ਮਨਾਇਆ ਜਾਂਦਾ ਹੈ। ਬਾਹਰੋਂ ਛੋਲਿਆਂ ਦੀਆਂ ਟਾਟਾਂ ਦਾ ਛੋਲੂਆ, ਕਣਕਾਂ ਦੀਆਂ ਬੱਲੀਆਂ ਤੇ ਹੋਲਾਂ ਭੁੰਨ ਕੇ ‘ਅੰਨ ਨਵਾਂ’ ਕੀਤਾ ਜਾਂਦਾ ਹੈ । ਇਸ ਦਿਨ ਭੁੰਨੀ ਹੋਈ ਕਣਕ ਦਾ ਮਿੱਠਾ ਦਲੀਆ ਕੱਚੇ ਦੁੱਧ ਵਿਚ ਪਾ ਕੇ ਖਾਂਦੇ ਹਨ। ਸਰਦੇ-ਪੁਜਦੇ ਘਰੀਂ ਖੀਰ ਕੜਾਹ ਵੀ ਕਰ ਲਿਆ ਜਾਂਦਾ ਹੈ।
ਵਿਸਾਖੀ ਦੇ ਕੌਮੀ ਤਿਉਹਾਰ ਨੂੰ ਜਿਹੜੇ ਮੇਲੀਂ-ਮੁਸਾਹਬੀਂ ਜਾਣ ਵਾਲੇ ਹੁੰਦੇ ਹਨ ਉਹ ਤਾਂ ਆਪਣੇ ਚਾਰ ਦਿਨ ਨੇੜੇ ਦੇ ਮੇਲਿਆਂ ਤੇ ਜਾਂ ਦਮਦਮੇ ਦੀ ਵਿਸਾਖੀ ਤੇ ਮੂੰਹ ਕੌੜਾ ਕਸੈਲਾ ਕਰ ਆਉਂਦੇ ਹਨ ਤੇ ਜਿਹੜੇ ਘਰੀਂ ਰਹਿ ਜਾਂਦੇ ਹਨ ਉਹ ਇਸ ਦਿਨ ਤਿਹਾਉਲੇ ਦਾ ਕੜਾਹ ਖਾਣ ਦੇ ਹੱਕਦਾਰ ਹੁੰਦੇ ਹਨ। ਇਸ ਦਿਨ ਹਰ ਘਰ ਕੁਝ ਨਾ ਕੁਝ ਨਵੀਂ ਖਾਣ ਵਾਲੀ ਚੀਜ਼ ਬਣਾਈ ਜਾਂਦੀ ਹੈ ।
ਮੁੰਡੇ ਰਾਤ ਨੂੰ ਪਿੰਡੋਂ ਬਾਹਰ ਜਾ ਕੇ ਭੰਗੜਾ ਤੇ ਗਿੱਧਾ ਪਾਉਂਦੇ ਹਨ। ਕੁੜੀਆਂ ਨਾਲ ਲਗਦੇ ਨਵੇਂ ਪਿੰਡ ਦੀ ਜੂਹ ਵਿਚ ਦੀ ਲੰਘਦੇ ਸੂਏ ਉੱਤੇ ਨ੍ਹਾਉਣ ਜਾਂਦੀਆਂ ਆਉਣ ਜਾਣ ਵੇਲੇ ਗੀਤਾਂ ਅਤੇ ਅੱਡੀ-ਟੱਪੇ ਰਾਹੀਂ ਆਪਣੇ ਗੱਚ ਕੱਢ ਆਉਂਦੀਆਂ ਹਨ। ਵਿਸਾਖੀ ਪਿੱਛੋਂ ਨਿਮਾਣੀ (ਨਿਰਜਲਾ ਇਕਾਦਸ਼ੀ) ਦਾ ਇਕ ਵੱਡਾ ਤਿਉਹਾਰ ਹੈ। ਇਸ ਦਿਨ ਰੱਜਵੇਂ ਖ਼ਰਬੂਜ਼ੇ ਖਾ ਕੇ ਉੱਤੋਂ ਦੀ ਪਾਣੀ ਦਾ ਸ਼ਰਬਤ (ਜੇ ਖੰਡ ਨਾ ਹੋਵੇ ਤਾਂ ਸ਼ੱਕਰ ਦਾ ਹੀ ਸਹੀ) ਪੀਣਾ ਤੇ ਪਿਆਉਣਾ ਖ਼ਾਸ ਮਹਾਤਮ ਸਮਝਿਆ ਜਾਂਦਾ ਹੈ ।
ਸਾਉਣ ਦੇ ਮਹੀਨੇ ਤੀਆਂ ਦੇ ਦਿਨ ਕੀ ਆਉਂਦੇ ਹਨ ਪਿੰਡ ਦੇ ਕੁੜੀਆਂ ਮੁੰਡਿਆਂ ਲਈ ਤਾਂ ਖੁਸ਼ੀਆਂ ਦੇ ਕੜ ਪਾਟ ਪੈਂਦੇ ਹਨ।
ਅੱਜ ਮਹਿੰਦੀ, ਕੱਲ੍ਹ ਤੀਆਂ, ਪਰਸੋਂ ਕੋਈ ਪ੍ਰਾਹੁਣਾ ਆ ਗਿਆ। ਗੱਲ ਕੀ ਤੀਆਂ ਦੀ ਵਿਦਾਈ ਤਕ ਦੂਜੇ ਤੀਜੇ ਦਿਨ ਘਰੇ ਕੜਾਹੀ ਚੜ੍ਹੀ ਹੀ ਰਹਿੰਦੀ ਹੈ, ਕਦੇ ਮਾਲ੍ਹ ਪੂੜੇ ਤੇ ਕਦੇ ਗੁਲਗੁਲੇ ਤੇ ਮੱਠੀਆਂ, ਸੇਂਵੀਆਂ, ਦਲੀਆ, ਕੜਾਹ ਵਾਰੋ ਵਾਰੀ ਖਾਣ ਪੀਣ ਦੇ ਸਾਰੇ ਢੰਗ ਪੂਰੇ ਕਰ ਲਏ ਜਾਂਦੇ ਹਨ।
ਤੀਆਂ ਨੂੰ ਨਾ ਆਉਣ ਵਾਲੀਆਂ ਕੁੜੀਆਂ ਨੂੰ ਇਨ੍ਹਾਂ ਵਿਚੋਂ ਕਈ ਨਿਆਮਤਾਂ ਜਾਂ ਪਕਵਾਨ ਸੰਧਾਰਿਆਂ ਦੇ ਰੂਪ ਵਿਚ ਸੌਹਰੀਂ ਭੇਜੇ ਜਾਂਦੇ ਹਨ।
ਸਾਉਣ ਦੀ ਪੂਰਨਮਾਸ਼ੀ ਨੂੰ ਰੱਖੜੀਆਂ ਬੰਨ੍ਹੀਆਂ ਜਾਂਦੀਆਂ ਹਨ। ਪਿੰਡ ਦੀਆਂ ਕੁੜੀਆਂ ਮੁੰਡੇ ਤਾਂ ਇਸ ਤਿਉਹਾਰ ਬਾਰੇ ਇੰਨਾ ਕੁ ਹੀ ਜਾਣਦੇ ਹਨ ਕਿ ਇਸ ਦਿਨ ਭੈਣਾਂ ਦਾ ਭਰਾਵਾਂ ਨੂੰ ਖੰਭਣੀ ਦੀ ਪਹੁੰਚੀ ਬੰਨ੍ਹਣਾ ਚੰਗੇ ਸ਼ਗਨਾਂ ਵਾਲਾ ਤਿਉਹਾਰ ਹੁੰਦਾ ਹੈ ਅਤੇ ਭਰਾਵਾਂ ਦਾ ਭੈਣਾਂ ਨੂੰ ਕੁਝ ਦੇਣਾ ਬਣਦਾ ਹੁੰਦਾ ਹੈ। ਪਰ ਸਿਆਣੇ ਲੋਕ ਆਖਦੇ ਹਨ ਕਿ ਜਦੋਂ ਲੜਾਈਆਂ ਹੁੰਦੀਆਂ ਸਨ, ਭੈਣਾਂ ਭਰਾਵਾਂ ਦੇ ਹੱਥਾਂ ਨੂੰ ਗਾਨੇ ਬੰਨ੍ਹ ਦਿੰਦੀਆਂ ਸਨ ਕਿ ਤੁਸੀਂ ਜਾ ਕੇ ਰਣ ਮੈਦਾਨ ਵਿਚ ਬੀਰਤਾ ਨਾਲ ਲੜੋ।ਇਸ ਦਿਨ ਬ੍ਰਾਹਮਣ ਦੇਵਤਾ ਆਪਣੇ ਜਜਮਾਨਾਂ ਤੋਂ ਲਾਗ ਉਗਰਾਹੁਣ ਲਈ ਆ ਹਾਜ਼ਰ ਹੁੰਦੇ ਹਨ। ਬ੍ਰਾਹਮਣਾਂ ਦੇ ਦੱਸਣ ਮੁਤਾਬਕ ਇਹ ਤਿਉਹਾਰ ਪੁਰਾਣੇ ਸਮੇਂ ਤੋਂ ਚਲਿਆ ਆਉਂਦਾ ਹੈ । ਆਖਦੇ ਹਨ, ਜਦੋਂ ਮਨੂੰ ਜੀ ਨੇ ਬ੍ਰਾਹਮਣ ਅਤੇ ਛੱਤਰੀ ਆਦਿ ਵੱਖੋ ਵੱਖ ਸ਼ਰੇਣੀਆਂ ਦੀ ਵੰਡ ਕੀਤੀ ਸੀ, ਬ੍ਰਾਹਮਣ ਲੋਕਾਂ ਦਾ ਕੰਮ ਯੱਗ ਤੇ ਪੂਜਾ ਪਾਠ ਕਰਨਾ ਹੁੰਦਾ ਸੀ ਤੇ ਛੱਤਰੀਆਂ ਦਾ ਉਨ੍ਹਾਂ ਦੀ ਰਾਖੀ ਲਈ ਲੜਨਾ । ਬ੍ਰਾਹਮਣਾਂ ਦੀ ਰੱਖਿਆ ਲਈ ਬੰਨ੍ਹੇ ਇਸ ਗਾਨੇ ਨੂੰ ਸ਼ਾਇਦ ਇਸੇ ਕਰਕੇ ਹੀ ‘ਰਖਸ਼ਾ ਬੰਧਨ’ ਕਿਹਾ ਜਾਂਦਾ ਹੈ। ਪੰਡਤ ਲੋਕ ਇਸ ਦਾ ਮੁੱਢ ਇੰਦਰ ਦੇਵਤੇ ਤੋਂ ਬੱਝਾ ਸੁਣਾ ਕੇ ਆਪਣੇ ਜਜਮਾਨਾਂ ਵਿਚ ਸੁੱਤੀ ਬੀਰਤਾ ਜਗਾਉਂਦੇ ਹਨ। ਕਿਹਾ ਜਾਂਦਾ ਹੈ ਕਿ ਇੰਦਰ ਦੇਵਤਾ ਰਾਖਸ਼ਾਂ ਨਾਲ ਲੜਦਾ ਹਾਰ ਗਿਆ । ਦੂਜੇ ਦਿਨ-ਜਿਹੜਾ ਇਹ ਰਕਸ਼ਾ ਬੰਧਨ ਦਾ ਦਿਨ ਸੀ- ਇੰਦਰ ਦੀ ਰਾਣੀ ਨੇ ਬ੍ਰਾਹਮਣਾਂ ਕੋਲੋਂ ਜਾਪ ਕਰਾ ਕੇ ਇੰਦਰ ਦੇ ‘ਰਖਸ਼ਾ ਬੰਧਨ’ ਕਰ ਕੇ ਲੜਨ ਲਈ ਭੇਜਿਆ ਤਾਂ ਇੰਦਰ ਨੇ ਪਾਸਾ ਬਦਲ ਦਿੱਤਾ । ਇਸ ਲਈ ਇਹ ਰੱਖੜੀ ਬੰਨ੍ਹਣਾ ਤੇ ਮੰਤਰ ਪਾਠ ਉਦੋਂ ਤੋਂ ਚਲਿਆ ਸਮਝਿਆ ਜਾਂਦਾ ਹੈ। ਪਰ ਅੱਜ-ਕੱਲ੍ਹ ਤਾਂ ਇਹ ਸਿਲਮੇ ਸਤਾਰੇ ਜੜੀਆਂ ਪਹੁੰਚੀਆਂ ਸ਼ਿੰਗਾਰ ਦਾ ਇਕ ਗਹਿਣਾ ਹੀ ਬਣ ਗਈਆਂ ਹਨ।
ਗੁੱਗਾ ਨੌਮੀਂ
ਗੁੱਗਾ ਨੌਮੀਂ ਗੁੱਗੇ ਪੀਰ ਦਾ ਤਿਉਹਾਰ ਹੈ। ਇਸ ਦਿਨ ਸੇਂਵੀਆਂ ਰਿੰਨ੍ਹੀਆਂ ਜਾਂਦੀਆਂ ਹਨ। ਇਹ ਸੇਂਵੀਆਂ ਕਈ ਘਰਾਂ ਵਿਚ ਤਾਂ ਮਸ਼ੀਨ ਨਾਲ ਵੱਟੀਆਂ ਜਾਂਦੀਆਂ ਹਨ। ਬਹੁਤੀਆਂ ਸਵਾਣੀਆਂ ਆਪਣੇ ਤੱਲੇ ਮੂਧੇ ਮਾਰ ਕੇ ਉਨ੍ਹਾਂ ਉੱਤੇ ਹੱਥਾਂ ਨਾਲ ਵਟਦੀਆਂ ਹਨ। ਕਰੀਰ ਦੀ ਢਿੱਗਰੀ ਉੱਤੇ ਗਿੱਲੀਆਂ ਸੇਂਵੀਆਂ ਸੁੱਟ ਸੁੱਟ ਕੇ ਸੁਕਾਈਆਂ ਜਾਂਦੀਆਂ ਹਨ। ਫਿਰ ਕੜਾਹੀ ਵਿਚ ਭੁੰਨ ਕੇ ਰਿੰਨ੍ਹੀਆਂ ਜਾਂਦੀਆਂ ਹਨ। ਸੇਂਵੀਆਂ ਤੋਂ ਸ਼ਾਇਦ ਗੁੱਗਾ ਪੀਰ ਇਸ ਕਰਕੇ ਖੁਸ਼ ਹੁੰਦਾ ਹੈ ਕਿ ਸੇਂਵੀਆਂ ਦੀ ਸ਼ਕਲ ਸੱਪ ਵਰਗੀ ਹੁੰਦੀ ਹੈ ।
ਗੁੱਗੇ ਦੀ ਅਰਾਧਨਾ ਤੇ ਸੇਂਵੀਆਂ ਰਿੰਨ੍ਹਣਾਂ ਅਤੇ ਸਹਿਆਂ ਦੀਆਂ ਖੁੱਡਾਂ ਉਤੇ ਕੱਚੀ ਲੱਸੀ ਪਾਉਣਾ (ਕਿ ਚਲੋ ਕਿਸੇ ਖੱਡ ਵਿਚ ਤਾਂ ਸੱਪ ਦੇਵਤਾ ਹੋਵੇਗਾ ਹੀ) ਸਭ ਸੱਪਾਂ ਦੇ ਪੀਰ ਗੁੱਗੇ ਨੂੰ ਖੁਸ਼ ਕਰਨ ਦੇ ਆਹਰ ਹਨ।
ਜਿਹੜੇ ਛਪਾਰ ਦੇ ਮੇਲੇ ਗੁੱਗੇ ਦੀ ਮਾੜੀ ਤੇ ਮਿੱਟੀ ਕੱਢਣ ਨਹੀਂ ਜਾ ਸਕਦੇ ਪਿੰਡ ਦੇ ਉਹ ਮਰਦ ਜਨਾਨੀਆਂ ਮੇਲੇ ਦੇ ਰਾਹ ਵਿਚਲੀ ਪੱਕੀ ਪੈੜ ਉੱਤੇ ਮੂੰਹ ਨ੍ਹੇਰੇ ਹੀ ਮਿੱਟੀ ਦੀਆਂ ਢੇਰੀਆਂ ਕਰ ਆਉਂਦੇ ਹਨ। ਇਸ ਨੂੰ ਗੁੱਗੇ ਦੀ ‘ਮਿੱਟੀ ਕੱਢੀ’ ਕਿਹਾ ਜਾਂਦਾ ਹੈ। ਜਨਾਨੀਆਂ ਮਿੱਟੀ ਕੱਢਣ ਜਾਂਦੀਆਂ ਤੇ ਆਉਂਦੀਆਂ ਗੁੱਗੇ ਦੀ ਉਸਤਤੀ ਦੇ ਗੀਤ ਗਾ ਰਹੀਆਂ ਹੁੰਦੀਆਂ ਹਨ :-
ਪੱਲੇ ਮੇਰੇ ਛੱਲੀਆਂ ਮੈਂ,
ਗੁੱਗਾ ਮਨਾਣ ਚੱਲੀਆਂ ਨੀ ਮੈਂ ਬਾਰੀ ਗੁੱਗਾ ਜੀ ?
ਪੱਲੇ ਮੇਰੇ ਮੱਠੀਆਂ
ਮੈਂ ਗੁੱਗਾ ਮਨਾਵਣ ਚੱਲੀਆਂ
ਨੀ ਮੈਂ ਬਾਰੀ ਗੁੱਗਾ ਜੀ
ਰੋਹੀ ਵਾਲਿਆ ਗੁੱਗਿਆ ਵੇ !
ਭਰਿਆ ਕਟੋਰਾ ਦੁੱਧ ਦਾ
ਮੇਰਾ ਗੁੱਗਾ ਮਾੜੀ ਵਿਚ ਕੁਦਦਾ
ਜੀ ਮੈਂ ਬਾਰੀ ਗੁੱਗਾ ਜੀ
ਛੰਨਾ ਭਰਿਆ ਮਾਂਹ ਦਾ
ਗੁੱਗਾ ਮਹਿਰਮ ਸਭਨੀਂ ਥਾਂ ਦਾ
ਨੀ ਮੈਂ ਬਾਰੀ ਗੁੱਗਾ ਜੀ
ਛੰਨਾ ਭਰਿਆ ਤੇਲ ਦਾ
ਮੇਰਾ ਗੁੱਗਾ ਮਾੜੀ ਵਿਚ ਮੇਲ੍ਹਦਾ
ਜੀ ਮੈਂ ਬਾਰੀ ਗੁੱਗਾ ਜੀ ! ਜੀ ਹੋ।
ਸ਼ਰਾਧ
ਸ਼ਰਾਧ ਸ਼ਬਦ ਸ਼੍ਰਧਾ ਤੋਂ ਬਣਿਆ ਹੈ। ਇਸ ਦਾ ਸ਼ਬਦੀ ਅਰਥ ਹੈ ਸ਼੍ਰਧਾ ਨਾਲ ਕੀਤਾ ਕੰਮ। ਵੈਸੇ ਸ਼ਰਾਧ ਇਕ ਧਾਰਮਕ ਰਸਮ ਹੈ ਜੋ ਪਿਤਰਾਂ ਪ੍ਰਤੀ ਸ਼ਰਧਾ ਪ੍ਰਗਟ ਕਰਨ ਲਈ ਦੋ ਤਰ੍ਹਾਂ ਪੂਰੀ ਕੀਤੀ ਜਾਂਦੀ ਹੈ । ਇਕ ਤਾਂ ਕਿਸੇ ਪਿਤਰ ਦੇ ਮਰਨ ਦੇ ਪਹਿਲੇ ਸਾਲ ਵਿਚ ਹਰ ਮਹੀਨੇ ਦੀ ਮਰਨ ਤਿੱਥੀ ਨੂੰ ਅਤੇ ਬਾਅਦ ਵਿਚ ਹਰ ਸਾਲ ਇਸੇ ਤਿੱਥੀ ਨੂੰ ਸ਼ਰਾਧ ਕਰਕੇ ਪੂਰੀ ਕੀਤੀ ਜਾਂਦੀ ਹੈ । . ਦੂਜੇ ਅੱਸੂ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਪੰਦਰਾਂ ਤਿੱਥੀਆਂ ਨੂੰ ਸਮੂਹਕ ਤੌਰ ਤੇ ਪਿਤਰਾਂ ਲਈ ਸ਼ਰਾਧ ਕਰਕੇ ਸਿਰੇ ਚਾੜ੍ਹੀ ਜਾਂਦੀ ਹੈ । ਸ਼ਰਾਧ ਦੇ ਦਿਨ ਪਿਤਰ ਨਮਿੱਤ ਬ੍ਰਾਹਮਣਾਂ ਨੂੰ ਧਨ, ਭੋਜਨ ਅਤੇ ਵਸਤਰਾਂ ਦੀ ਭੇਟ ਦਿੱਤੀ ਜਾਂਦੀ ਹੈ । ਸ਼ਾਸਤਰ ਅਨੁਸਾਰ ‘ਸ਼ਰਾਧ’ ਪਿਤਰੀ ਰਿਣ ਚੁਕਾਉਣ ਦਾ ਇਕ ਧਾਰਮਕ ਪ੍ਰਯਤਨ ਹੈ । ਸ਼ਰਾਧ ਵਾਲੇ ਦਿਨ ਦੁਪਹਿਰ ਵੇਲੇ ਪਿਤਰੀ ਤਰਪਣ ਵੀ ਕੀਤਾ ਜਾਂਦਾ ਹੈ। ਦੁਸਹਿਰਾ ਤੇ ਸਾਂਝੀ
ਦੁਸਹਿਰਾ ਤੇ ਸਾਂਝੀ
‘ਨੌਂ ਨੁਰਾਤੇ’, ਇਕ ਲੰਮਾ ਤਿਉਹਾਰ ਹੈ । ਪਹਿਲੇ ਨੌਰਾਤੇ ਹੀ ਕੁੜੀਆਂ ਤੌੜਿਆਂ ਵਾਲੀ ਘੜੋਂਜੀ ਜਾਂ ਉੱਖਲੀ ਵਿਚ ਜਾਂ ਕੋਰੇ ਕੁਜੇ, ਠੂਠੀ ਤੇ ਬਠਲਾਂ ਵਿਚ ਰੇਤਾ ਪਾ ਕੇ ਜੌਂ ਬੀਜ ਦਿੰਦੀਆਂ ਹਨ। ਇਸ ਨੂੰ ਗੋਰਜਾਂ ਦਾ ਬਾਗ਼ ਕਿਹਾ ਜਾਂਦਾ ਹੈ ਤੇ ਹਰ ਰੋਜ਼ ਸਵੇਰੇ ਉਠ ਕੇ ਇਸ ਜੌਂਆਂ ਦੇ ਬਾਗ਼ ਨੂੰ ਪਾਣੀ ਪਾਇਆ ਜਾਂਦਾ ਹੈ। ਦੁਸਹਿਰੇ ਵਾਲੇ ਦਿਨ ਇਨ੍ਹਾਂ ਜੌਂਆਂ ਨੂੰ ਕੁੜੀਆਂ ਆਪਣੇ ਭਰਾਵਾਂ, ਚਾਚਿਆਂ, ਤਾਇਆਂ ਦੇ ਸਿਰਾਂ ਉੱਤੇ ਟੰਗ ਦਿੰਦੀਆਂ ਹਨ। ਜਿਨ੍ਹਾਂ ਦੇ ਸਿਰਾਂ ਉੱਤੇ ਇਹ ਹਰੇ ਜੌਂ ਟੰਗੇ ਜਾਣ ਉਨ੍ਹਾਂ ਲਈ ਟੰਗਣ ਵਾਲੀ ਕੁੜੀ ਨੂੰ ਇਕ ਇਕ ਰੁਪਿਆ ‘ਜੋਂ-ਟੰਗਾਈ’ ਦੇਣ ਦਾ ਬੰਧੇਜ ਹੈ । ਪਿੰਡ ਦੇ ਲੋਕਾਂ ਨੇ ਸੁਣਿਆ ਹੋਇਆ ਹੈ ਕਿ ਸ਼ਹਿਰਾਂ ਵਿਚ ਪਹਿਲੇ ਨੌਰਾਤੇ ਤੋਂ ਰਾਮ ਲੀਲ੍ਹਾ ਪੈਣੀ ਅਰੰਭ ਹੋ ਜਾਂਦੀ ਹੈ ਤੇ ਦੁਸਹਿਰੇ ਵਾਲੇ ਦਿਨ ਕਾਗ਼ਜ਼ਾਂ ਦਾ ਰਾਵਣ ਬਣਾ ਕੇ ਉਸ ਨੂੰ ਫੂਕਦੇ ਤੇ ਰਾਮ ਚੰਦਰ ਜੀ ਦੀ ਵਿਜੈ ਨੂੰ ਯਾਦ ਕਰਦੇ ਹਨ।
ਨੌਰਾਤਿਆਂ ਵਿਚ ਇਕ ‘ਸਾਂਝੀ’ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ । ਪਹਿਲੇ ਨੌਰਾਤੇ ਇਕ ਕੰਧ ਉੱਤੇ ਗੋਹਾ ਮਿੱਟੀ ਥੱਪ ਕੇ ਇਕ ਸਾਂਝੀ ਮਾਈ ਦੀ ਮੂਰਤੀ ਬਣਾਈ ਜਾਂਦੀ ਹੈ। ਕੁੜੀਆਂ, ਖ਼ਾਸ ਕਰਕੇ ਅਣਵਿਆਹੀਆਂ, ਇਸ ਸਾਂਝੀ ਮਾਈ ਦੀ ਮੂਰਤੀ ਦੀ ਪੂਜਾ ਲਈ ਹਰ ਰੋਜ਼ ਸ਼ਾਮ ਨੂੰ ਇਕੱਠੀਆਂ ਹੁੰਦੀਆਂ ਹਨ । ਕਿਸੇ ਮਾਈਏਂ ਪਏ ਕੁੜੀ ਮੁੰਡੇ ਵਾਂਗ ਇਹ ਪੂਜਾ ਖ਼ਾਸਾ ਸ਼ੁਗਲ ਮੇਲਾ ਬਣ ਜਾਂਦੀ ਹੈ। ਪੂਜਾ ਦਾ ਇਹ ਤਿਉਹਾਰ ਕੁੜੀਆਂ ਆਪਣੇ ਬਣਾਏ ਜਾਂ ਬੁੱਢੀਆਂ ਠੇਰੀਆਂ ਤੋਂ ਸਿਖੇ ਸਿਖਾਏ ਇਹੋ ਜਿਹੇ
ਗੀਤਾਂ ਤੇ ਚੰਗੇ ਧੂਮ-ਧਮਾਕੇ ਨਾਲ ਮਨਾਉਂਦੀਆਂ ਹਨ :-
ਉਠ ਮੇਰੀ ਸਾਂਝੀ ਖੋਲ੍ਹ ਪਟੜੇ, ਕੁੜੀਆਂ ਆਈਆਂ ਪੂਜਣ ਨੂੰ ।
ਇਸ ਪਹਿਲੀ ਮੰਗਲਾਚਰਨੀ ਤੋਂ ਬਾਅਦ ਹੱਲੇ ਦੀ ਧਾਰਨਾ ਵਾਂਗ ਲੰਮਾ ਗੀਤ ਸ਼ੁਰੂ ਹੋ ਜਾਂਦਾ
ਨੀ ਤੂੰ ਜਾਗ ਸਾਂਝੀ ਜਾਗ, ਮੱਥੇ ਤੇਰੇ ਭਾਗ
ਮੱਥਾ ਤੇਰਾ ਹਰਿਆ, ਤਿਲਚੌਲੀ ਸ਼ੱਕਰ ਭਰਿਆ
ਮੇਰੀ ਸਾਂਝੀ ਦੇ ਆਲੇ ਦੁਆਲੇ ਹਰੀ ਹੈ ਚਲਾਈ
ਮੈਂ ਤੈਨੂੰ ਪੁੱਛਾਂ ਸਾਂਝੀ ਕੈ ਕੁ ਤੇਰੇ ਭਾਈ ?
ਪੰਜਾਂ ਦਾ ਮੈਂ ਵਿਆਹ ਰਚਾਇਆ, ਸੋਲਾਂ ਮੇਰੇ ਭਾਈ
ਮੇਰੀ ਸਾਂਝੀ ਦੇ ਆਲੇ ਦੁਆਲੇ ਹਰੀ ਹਰੀ ਚਲਾਈ।
ਇਸ ਤੋਂ ਬਾਅਦ ਫਿਰ ਸਾਂਝੀ ਮਾਈ ਦੀ ਆਰਤੀ ਉਤਾਰੀ ਜਾਂਦੀ ਹੈ –
ਸਾਂਝੀ ਮਾਈ ਆਰਤੀ,
ਸਾਂਝੀ ਮਾਈ ਆਰਤੀ,
ਆਰਸੀ ਦਾ ਫੁੱਲ,
ਚੰਗਿਆਣ ਸੈ ਡੰਡੀ
ਸੁਣੋ ਨੀ ਬਹੂਉ !
ਕੰਤ ਤੁਮਾਰੇ ਹੈ :
ਵੀਰ ਹਮਾਰੇ
ਭੈਣਾਂ ਕੁਆਰੀਆਂ
ਪੱਕਣ ਪੋਲ੍ਹੀਆਂ
ਰੱਜੇ ਵਕੀਰ
ਅਚੜਿਓ ਬਚੜਿਓ !
ਚੁੱਪ ਕਰੋ ਭਾਈ
ਲੇਵ ਦੁਲਾਈ ‘ਚ
ਬੈਠੀ ਸਾਂਝੀ ਮਾਈ।
ਇਸ ਆਰਤੀ ਪਿੱਛੋਂ ਸ਼ੱਕਰ ਚਾਉਲ ਦਾ ਮਿਲਾ ਕੇ ਤਿਆਰ ਕੀਤਾ ਪ੍ਰਸ਼ਾਦ ਵੰਡਿਆ ਜਾਂਦਾ ਹੈ । ਇਸ ਤਰ੍ਹਾਂ ਇਕ ਇਕ ਕੁੜੀ ਵੱਲੋਂ ਇਹ ਪ੍ਰਸ਼ਾਦ ਭੇਟਾ ਕੀਤਾ ਜਾਂਦਾ ਹੈ ਤੇ ਘਿਉ ਦੀਆਂ ਜੋਤਾ ਜਗਾ ਕੇ ਸਾਂਝੀ ਮਾਈ ਦੀ ਅਰਾਧਨਾ ਕੀਤੀ ਜਾਂਦੀ ਹੈ । ਦੁਸਹਿਰੇ ਵਾਲੇ ਦਿਨ ਸਵੇਰੇ ਹੀ ਚੰਗੇ ਨਾਨਕੇ ਜਿੱਡਾ ਮੇਲ ਇਕੱਠਾ ਕਰ ਕੇ ਗੀਤ ਗਾਉਂਦੀਆਂ ਕੁੜੀਆਂ ਸਾਂਝੀ ਦੀ ਇਸ ਮੂਰਤ ਤੇ ਹਰੇ ਜੌਂਆਂ ਨੂੰ ਪਿੰਡ ਦੇ ਨਾਲ ਲਗਦੇ ਟੋਭੇ ਵਿਚ ਤਾਰ ਆਉਂਦੀਆਂ ਹਨ।
ਕਹਿੰਦੇ ਹਨ ਇਹ ਗੌਰਜਾਂ ਦਾ ਬਾਗ਼ ਜੌਂਆਂ ਦੇ ਚੰਗੇ ਭਰੇ ਟੋਭੇ ਵਿਚ ਤਾਰਿਆ ਜਾਵੇ ਤਾਂ ਮੀਂਹ ਦੀ ਕੋਈ ਟੋਟ ਨਹੀਂ ਰਹਿੰਦੀ। ਦੁਸਹਿਰੇ ਵਾਲੇ ਦਿਨ ਜੇ ਰਾਵਣ ਦੀ ਮੂਰਤ ਚੰਗੀ ਤਰ੍ਹਾਂ ਸੜ ਜਾਵੇ ਤਾਂ ਕਹਿੰਦੇ ਨੇ ਵਰ੍ਹਾ ਚੰਗਾ ਹੁੰਦਾ ਹੈ, ਪੁੰਨ ਧਰਮ ਫੈਲਦੇ ਹਨ। ਜੇ ਰਾਵਣ ਦਾ ਸਾਂਗ ਸੜਨ ਵਿਚ ਵਿਘਨ ਪੈ ਜਾਵੇ ਤਾਂ ਵਰ੍ਹਾ ਭਰ ਤੌਖਲੇ ਲੱਗੇ ਰਹਿੰਦੇ ਹਨ ।
ਦੀਵਾਲੀ
ਜਗਦੇ ਦੀਵਿਆਂ ਦੀਆਂ ਜੋਤਾਂ ਦੀ ਇਹ ਰਾਤ, ਦੀਵਾਲੀ ਕੀ ਆਉਂਦੀ ਹੈ, ਲੋਕਾਂ ਦੇ ਦਿਲ ਦੀਆਂ ਹਨ੍ਹੇਰੀਆਂ ਗੁੱਠਾਂ ਵੀ ਰੁਸ਼ਨਾ ਜਾਂਦੀਆਂ ਹਨ। ਦੀਵਾਲੀ ਆਉਣ ਤੋਂ ਪਹਿਲਾਂ ਪਿੰਡਾਂ ਦਾ ਹਰ ਘਰ ਲਿੰਬਿਆ-ਪੋਚਿਆ ਜਾਂਦਾ ਹੈ। ਕਾਲੀ ਮਿੱਟੀ ਦਾ ਪਰੋਲਾ, ਪਾਂਡੂ ਵਾਲੀ ਮਿੱਟੀ ਦਾ ਪੋਚਾ, ਗੋਕੇ ਗੋਹੇ ਦੀ ਤਲੀ ਫੇਰ ਕੀ ਕੰਧਾਂ ਕੌਲੇ ਤੇ ਚੌਂਕੇ ਚੁੱਲ੍ਹੇ ਦੀ ਸਾਰੀ ਟੁੱਟ ਫੁੱਟ ਦੂਰ ਕਰ ਦਿੱਤੀ ਜਾਂਦੀ ਹੈ। ਕੁੜੀਆਂ ਇਸ ਦਿਨ ਆਪਣਾ ਨਿੱਕਾ ਜਿਹਾ ਘਰ ਬਣਾ ਕੇ (ਜਿਸ ਨੂੰ ਹਟੜੀ ਕਹਿੰਦੀਆਂ ਹਨ) ਉਸ
ਵਿਚ ਮਠਿਆਈਆਂ ਤੇ ਘਰੇ ਬਣੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਰਖ ਕੇ ਦੀਵੇ ਜਗਾਉਂਦੀਆਂ ਹਨ। ਧਾਰਮਿਕ ਲੋਕ ਆਖਦੇ ਹਨ ਦੀਵਾਲੀ ਤਾਂ ਬਣੀ ਹੈ ਕਿ ਇਸ ਦਿਨ ਰਾਮਚੰਦਰ ਜੀ ਸੀਤਾ ਨੂੰ ਵਾਪਸ ਲੈ ਕੇ ਅਜੁੱਧਿਆ ਗਏ ਸੀ। ਸਾਰੇ ਅਜੁੱਧਿਆ-ਵਾਸੀਆਂ ਨੇ ਉਸ ਦਿਨ ਦੀਵੇ ਜਗਾਏ ਸੀ। ਉਦੋਂ ਤੋਂ ਇਹ ਤਿਉਹਾਰ ਸ਼ੁਰੂ ਹੋਇਆ ਹੈ। ਪਿੰਡਾਂ ਦੇ ਸਿੱਖ ਬਜੁਰਗ ਕਹਿੰਦੇ ਹਨ ‘ਜਿਸ ਦਿਨ ਗੁਰੂ ਹਰਿਗੋਬਿੰਦ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ ਬਵੰਜਾ ਰਾਜਿਆਂ ਨੂੰ ਛੁਡਾ ਕੇ ਅੰਮ੍ਰਿਤਸਰ ਪੁੱਜੇ ਸੀ, ਉਸ ਦਿਨ ਤੋਂ ਹਰਿਮੰਦਰ ਸਾਹਿਬ ਵਿਚ ਦੀਵਾਲੀ ਮਨਾਉਣੀ ਸ਼ੁਰੂ ਹੋਈ।’ ਕੁਝ ਵੀ ਹੋਵੇ ਬਾਕੀ ਹਿੰਦ ਵਾਂਗ ਪੰਜਾਬ ਵਿਚ ਵੀ ਦੀਵਾਲੀ ਪੂਰੇ ਜ਼ੋਰ-ਸ਼ੋਰ ਨਾਲ ਦੀਵੇ ਜਗਾ ਕੇ, ਪਟਾਕੇ ਚਲਾ ਕੇ ਬੜੀਆਂ ਰੌਣਕਾਂ ਨਾਲ ਮਨਾਈ ਜਾਂਦੀ ਹੈ।
ਲੋਹੜੀ
ਲੋਹੜੀ ਮਾਘ ਦੀ ਸੰਗਰਾਂਦ ਤੋਂ ਪਹਿਲੀ ਰਾਤ ਨੂੰ ਮਨਾਈ ਜਾਂਦੀ ਹੈ। ਇਸ ਰਾਤ ਵੀ ਸ਼ਾਮ ਨੂੰ ਪਿੰਡ ਦੇ ਲੋਕ ਦਰਵਾਜ਼ੇ ਮੂਹਰੇ ਖ਼ਾਸ ਤੌਰ ਤੇ ਜੁੜਦੇ ਹਨ। ਜਿਸ ਘਰ ਇਸ ਵਰ੍ਹੇ ਮੁੰਡਾ ਜੰਮਿਆ ਹੋਵੇ, ਉਸ ਘਰੋਂ ਇੱਥੇ ਗੁੜ ਦੀਆਂ ਭੇਲੀਆਂ ਪੁੱਜਦੀਆਂ ਹਨ। ਜਦੋਂ ਸਾਰੇ ਘਰਾਂ ਤੋਂ ਇਉਂ ਗੁੜ ਦੀਆਂ ਭੇਲੀਆਂ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਪਿੰਡ ਦੇ ਇਕ ਦੋ ਵਰਤਾਵਿਆਂ ਦੀ ਡਿਊਟੀ ਲਾ ਦਿਤੀ ਜਾਂਦੀ ਹੈ। ਵਰਤਾਵੇ ਇਨ੍ਹਾਂ ਭੇਲੀਆਂ ਨੂੰ ਨਿੱਕੀਆਂ ਨਿੱਕੀਆਂ ਰੋੜੀਆਂ ਭੰਨ ਕੇ ਰਲਾ ਲੈਂਦੇ ਹਨ ਤੇ ਆਪਣੇ ਮੋਢੇ ਤੇ ਖੱਦਰ ਦੇ ਪਰਨਿਆਂ ਵਿਚ ਪਾ ਕੇ ਸੱਥ ਵਿਚ ਬੈਠੇ ਲੋਕਾਂ ਨੂੰ ਇਹ ਵਧਾਈਆਂ ਦਾ ਗੁੜ ਵੰਡ ਦਿੰਦੇ ਹਨ। ਦਰਵਾਜ਼ੇ ਮੂਹਰੇ ਅਤੇ ਹੋਰ ਆਸ ਪਾਸ ਦੇ ਗਲੀਆਂ ਦੇ ਮੋੜਾਂ ਉੱਤੇ ਇਸ ਦਿਨ ਪਾਥੀਆਂ ਇਕੱਠੀਆਂ ਕਰ ਕੇ ਧੂਣੀਆਂ ਲਾਈਆਂ ਜਾਂਦੀਆਂ ਹਨ ਜਿਨ੍ਹਾਂ ਉੱਤੇ ਅੱਧੀ ਰਾਤ ਤਕ ਕੁੜੀਆਂ ਮੁੰਡੇ ਧਮਾਲਾ ਪਾ ਪਾ ਨੱਚਦੇ ਟੱਪਦੇ ਤੇ ਗਾਉਂਦੇ ਰਹਿੰਦੇ ਹਨ । ਸ਼ਾਮ ਨੂੰ ਨਿੱਕੇ ਨਿੱਕੇ ਮੁੰਡੇ ਕੁੜੀਆਂ ਟੋਲੀਆਂ ਬਣਾ ਕੇ ਜਿਸ ਜਿਸ ਘਰ ਇਸ ਸਾਲ ਮੁੰਡਾ ਹੋਇਆ ਹੁੰਦਾ ਹੈ, ਗੁੜ ਮੰਗਣ ਜਾਂਦੇ ਹਨ ਤੇ ਆਪਣੇ ਟੱਪਿਆਂ ਦੀ ਚਤੁਰਾਈ ਨਾਲ ਕਈ ਕਈ ਤਾਂ ਖਾਸੇ ਡੰਗ ਗੁਜ਼ਾਰੇ-ਜੋਗੀ ਝੋਲੀ ਭਰ ਲਿਆਉਂਦੇ ਹਨ। ਇਸ ਦਿਨ ਧੂਣੀਆਂ ਉੱਤੇ ਤਿਲ ਸੁੱਟੇ ਜਾਂਦੇ ਹਨ ਤੇ ਨਾਲ ਨਾਲ ਗੀਤ ਗਾਏ ਜਾਂਦੇ ਹਨ :-
ਜਿਤਨੇ ਜਠਾਣੀ ਤਿਲ ਸੁਟੇਸੀ
ਉਤਨੇ ਦਰਾਣੀ ਪੁੱਤ ਜਣੇਸੀ ।
ਬਾਲਾਂ ਦੀਆਂ ਟੋਲੀਆਂ ਨੱਕੀਆਂ ਨਿੱਕੀਆਂ ਤੋਤਲੀਆਂ ਜ਼ਬਾਨਾਂ ਨਾਲ ਗੁੜ ਮੰਗਦੀਆਂ ਬੜੀਆਂ ਚੰਗੀਆਂ ਲਗਦੀਆਂ ਹਨ :-
ਕੋਠੀ ਹੇਠ ਚਾਕੂ
ਗੁੜ ਦੇਊ ਮੁੰਡੇ ਦਾ ਬਾਪੂ
ਕੋਠੀ ਉੱਤੇ ਕਾਂ
ਗੁੜ ਦੇਵੇ ਮੁੰਡੇ ਦੀ ਮਾਂ।
ਜਿਸ ਘਰ ਚਾਚਾ, ਤਾਇਆ, ਦਾਦਾ, ਦਾਦੀ ਹੁੰਦੇ ਹਨ (ਜੇ ਨਾ ਵੀ ਹੋਣ ਤਾਂ ਵੀ) ਇਨ੍ਹਾਂ ਨਾਵਾਂ ਨਾਲ ਏਸੇ ਤਰ੍ਹਾਂ ਟੱਪੇ ਜੋੜ ਕੇ ਗੁੜ ਦੀ ਉਗਰਾਹੀ ਕੀਤੀ ਜਾਂਦੀ ਹੈ । ਇਕ ਘਰੋਂ ਗੁੜ ਲੈ ਕੇ ਦੂਜੇ ਘਰ ਤਕ ਲੋਹੜੀ ਦੇ ਲੰਮੇ ਗੀਤ ਛੇੜੇ ਜਾਂਦੇ ਹਨ। ਇਕ ਟੋਲੀ ਮੂਹਰੇ, ਦੂਜੀ ਪਿੱਛੇ ਇਸ ਤਰ੍ਹਾਂ ਗਾਉਂਦੀ ਜਾਂਦੀ ਹੈ :-
ਸੁੰਦਰ ਮੁੰਦਰੀਏ ! ਹੋ
ਤੇਰਾ ਕੌਣ ਵਿਚਾਰਾ, ਹੋ
ਦੁੱਲਾ ਭੱਟੀ ਵਾਲਾ, ਹੋ
ਦੁੱਲੇ ਧੀ ਵਿਆਹੀ, ਹੋ
ਸੇਰ ਸ਼ੱਕਰ ਆਈ, ਹੋ
ਕੁੜੀ ਦੇ ਬੋਝੇ ਪਾਈ, ਹੋ
ਕੁੜੀ ਦਾ ਲਾਲ ਪਟਾਕਾ, ਹੋ
ਕੁੜੀ ਦਾ ਸਾਲੂ ਪਾਟਾ, ਹੋ
ਸਾਲੂ ਕੌਣ ਸਮੇਟੇ, ਹੋ
ਚਾਚਾ ਗਾਲੀ ਦੇਸੇ, ਹੋ
ਚਾਚੇ ਚੂਰੀ ਕੁਟੀ, ਹੋ
ਜ਼ਿਮੀਂਦਾਰਾਂ ਲੁੱਟੀ, ਹੋ
ਜ਼ਿਮੀਂਦਾਰ ਸਦਾਉ, ਹੋ
ਗਿਣ ਗਿਣ ਪੌਲੇ ਲਾਉ,
ਇਕ ਪੌਲਾ ਘੁਸ ਗਿਆ,
ਜ਼ਿਮੀਂਦਾਰ ਵਹੁਟੀ ਲੈ ਕੇ ਨੱਸ ਗਿਆ,
ਹੋ – ਹੋ – ਹੋ – ਹੋ – ਹੋ – ਹੋ – ਹੋ
ਬੁੱਢੇ ਬੁਢੀਆਂ ਇਸ ਗੀਤ ਦੇ ਅਰਥ ਕਰ ਕਰ ਕੇ ਦਸਦੀਆਂ ਹਨ ਕਿ ਦੁੱਲੇ ਭੱਟੀ ਡਾਕੂ ਨੇ ਇਕ ਕੁੜੀ ਨੂੰ ਜ਼ਾਲਮਾਂ ਦੇ ਹੱਥਾਂ ਤੋਂ ਛੁਡਾ ਕੇ ਉਸ ਦਾ ਆਪਣੇ ਹੱਥੀਂ ਵਿਆਹ ਕਰ ਕੇ ਧਰਮ ਨਿਭਾਇਆ ਸੀ।
ਗੁੜ ਦੇ ਨਾਲ ਨਾਲ ਧੂਣੀਆਂ ਲਈ ਲੱਕੜੀਆਂ ਤੇ ਪਾਥੀਆਂ ਵੀ ਤਾਂ ਇਨ੍ਹਾਂ ਰੋਣਿਆਂ ਭੌਣਿਆਂ ਇੱਕਠੀਆਂ ਕਰਨ ਦੀ ਜ਼ਿਮੇਵਾਰੀ ਚੁੱਕੀ ਹੁੰਦੀ ਹੈ। ਇਸ ਲਈ ਰਾਹੇ ਰਾਹੇ ਜਾਂਦਿਆਂ ਹਰ ਘਰ ਅੱਗੇ ਇਹ ਸੱਦ ਵੀ ਲਾਈ ਜਾਂਦੀ ਹੈ :-
ਕੁਪੀਏ ਨੀ ਕੁਪੀਏ
ਅਸਮਾਨ ਤੇ ਲੁਟੀਏ
ਅਸਮਾਨ ਪੁਰਾਣਾ
ਛਿੱਕ ਬੰਨ੍ਹ ਤਾਣਾ
ਲੰਗਰੀ ‘ਚ ਦਾਲ
ਮਾਰ ਮੱਥੇ ਨਾਲ
ਮਥਾ ਤੇਰਾ ਵੱਡਾ
ਲਿਆ ਲਕੜੀਆਂ ਦਾ ਗੱਡਾ।
ਟੱਪਿਆਂ ਅਤੇ ਗੀਤਾਂ ਦੀ ਇਹ ਛਣਕਾਰ, ਨਿੱਕੇ ਬੱਚਿਆਂ ਨੇ ਪੈਰੀਂ ਪਾਏ ਪਉਂਟਿਆਂ ਵਾਂਗ ਆਪਣੀ ਮਾਤ-ਬੋਲੀ ਦੀਆਂ ਮਟਕਾਂ ਵਿਚ ਟੁਣਕਦੀ ਰਹਿੰਦੀ ਹੈ :-
ਲੋਹੜੀ ਬਈ ਲੋਹੜੀ
ਦਿਉ ਗੁੜ ਦੀ ਰੋੜੀ, ਵਈ ਰੋੜੀ
ਕਲਮਦਾਨ ਵਿਚ ਘਿਉ
ਜੀਵੇ ਮੁੰਡੇ ਦਾ ਪਿਉ
ਕਲਮਦਾਨ ਵਿਚ ਕਾਂ
ਜੀਵੇ ਮੁੰਡੇ ਦੀ ਮਾਂ,
ਕਲਮਦਾਨ ਵਿਚ ਕਾਨਾ
ਜੀਵੇ ਮੁੰਡੇ ਦਾ ਨਾਨਾ
ਕਲਮਦਾਨ ਵਿਚ ਕਾਨੀ
ਜੀਵੇ ਮੁੰਡੇ ਦੀ ਨਾਨੀ ।
ਮੁੰਡੇ ਕੁੜੀਆਂ ਨੱਚਦੇ ਟੱਪਦੇ ਰਾਤ ਦੇ ਘੁਸਮੁਸੇ ਤਕ ਅੱਕ ਥੱਕ ਜਾਂਦੇ ਹਨ ਤਾਂ ਵਧਾਈਆਂ ਵਾਲੇ’ ਘਰ ਤੇ ਧੂਣੀਆਂ ਉੱਤੋਂ ਸਿਆਣੀਆਂ ਜ਼ਨਾਨੀਆਂ ਲੰਮੀਆਂ ਹੇਕਾਂ ਵਾਲੇ ਗੀਤ ਛੋਹ ਲੈਂਦੀਆਂ ਹਨ। ਇਉਂ ਗੀਤਾਂ ਦੀਆਂ ਧੁਨਾਂ ਗੂੜ੍ਹੇ ਹੋ ਰਹੇ ਰਾਤ ਦੇ ਹਨ੍ਹੇਰੇ ਵਿਚ ਮੱਧਮ ਹੁੰਦੀਆਂ ਜਾਂਦੀਆਂ ਹਨ ਤੇ ਲੋਹੜੀ ਦੀ ਰਾਤ ਦੀਆਂ ਘੂਕ ਨੀਂਦਾਂ ਸਾਰੇ ਜਗ ਨੂੰ ਆਪਣੀ ਕੁੱਛੜ ਵਿਚ ਸੁਲਾ ਲੈਂਦੀਆਂ ਹਨ।
ਮਾਘੀ
ਲੋਹੜੀ ਤੋਂ ਦੂਜੇ ਦਿਨ ਮਾਘੀ ਵੀ ਇਕ ਤਿਉਹਾਰ ਹੁੰਦਾ ਹੈ। ਪਿੰਡਾਂ ਦੇ ਲੋਕ ਪੋਹ ਦੇ ਮਹੀਨੇ ਕੋਈ ਵਿਆਹ ਸ਼ਾਦੀ ਨਹੀਂ ਕਰਦੇ, ਅਖੇ ਇਹ ਠੰਢਾ ਮਹੀਨਾ ਹੈ, ਇਸ ਲਈ ਮਹੀਨੇ ਦਾ ਹੀ ਨਹੀਂ ਇਕ ਤਰ੍ਹਾਂ ਸਾਲ ਦਾ ਹੀ ਭਾਂਗਾ ਮਾਘ ਵਿਚ ਕੱਢਿਆ ਜਾਂਦਾ ਹੈ।
ਮਾਘ ਦੇ ਮਹੀਨੇ ਪੁੰਨ-ਦਾਨ ਕਰਨ ਨਾਲ ਕਹਿੰਦੇ ਨੇ ਬਹੁਤਾ ਫਲ ਮਿਲਦਾ ਹੈ ਤੇ ਕੰਨਿਆਦਾਨ ਨਾਲੋਂ ਹੋਰ ਦਾਨ ਵੀ ਕਿਹੜਾ ਵੱਡਾ ਹੁੰਦਾ ਹੈ ? ਇਸ ਲਈ ਬਹੁਤੇ ਵਿਆਹ, ਮੁਕਲਾਵੇ ਅਤੇ ਮੰਗਣੇ ਇਸੇ ਮਹੀਨੇ ਕੀਤੇ ਜਾਂਦੇ ਹਨ। ਇਨ੍ਹਾਂ ਦਾ ਆਰੰਭ ਮਾਘੀ ਵਾਲੇ ਦਿਨਾਂ ਤੋਂ ਹੀ ਹੋ ਜਾਂਦਾ ਹੈ। ਮਾਘੀ ਨੂੰ ਸਵੇਰੇ ਤੀਰਥ ਇਸਨਾਨ ਕਰਨਾ ਮਹਾਨ ਪੁੰਨ ਮੰਨਿਆ ਜਾਂਦਾ ਹੈ। ਪਿੰਡਾਂ ਦੇ ਨੇੜੇ ਕੋਈ ਤੀਰਥ ਨਹੀਂ ਹੁੰਦਾ ਇਸ ਲਈ ਬਹੁਤ ਸਾਰੇ ਪੁੰਨੀ ਧਰਮੀ ਪਹਿਰ ਦੇ ਤੜਕੇ ਪਿੰਡ ਦੇ ਟੋਭਿਆਂ ਵਿਚ ਹੀ ਟੁੱਭੀਆਂ ਲਾ ਆਉਂਦੇ ਹਨ। ਕਈ ਹਿੰਮਤੀ ਬੰਦੇ ਇਕ ਮੀਲ ਦੂਰ ਵਗਦੇ ਸੂਏ ਉੱਤੇ ਅਸ਼ਨਾਨ ਕਰ ਕੇ ‘ਜਲ ਮਿਲਿਆ ਪਰਮੇਸ਼ਰ ਮਿਲਿਆ ਤਨ ਕੀ ਗਈ ਬਲਾਇ’ ਦਾ ਜਾਪ ਕਰਦੇ, – डे से ਜਪੁਜੀ ਸਾਰਾ ਯਾਦ ਨਾ ਹੋਵੇ ਤਾਂ ਪਹਿਲੀ ਪਉੜੀ ਦਾ ਹੀ ਸਹੀ, – ‘ਸਤਿਨਾਮ ਵਾਹਿਗੁਰੂ’ ਜਾਂ ‘ਰਾਮ ਰਾਮ’ ਦੀਆਂ ਧੁਨਾਂ ਲਾਉਂਦੇ ਰਜਾਈਆਂ ਵਿਚ ਆ ਵੜਦੇ ਹਨ। ਮਾਘੀ ਵਾਲੇ ਦਿਨ ਮੁੰਡਿਆਂ ਕੁੜੀਆਂ ਨੂੰ ਨ੍ਹਾਉਣ ਦੀ ਪਿਰਤ ਪਾਉਣ ਲਈ ਕਈ ਕਿਸਮ ਦੇ ਲਾਲਚਾਂ ਦੇ ਚੌਗੇ ਖਿਲਾਰੇ ਜਾਂਦੇ ਹਨ ; ਅਖੇ ਜਿਹੜਾ ਕੁੜੀ ਮੁੰਡਾ ਪਹਿਰ ਦੇ ਤੜਕੇ ਨ੍ਹਾਵੇਗਾ ਉਸ ਦੇ ਵਾਲ ਸੋਨੇ ਦੇ ਹੋ ਜਾਣਗੇ, ਜਿਹੜਾ ਪਹੁ-ਫੁਟਦੀ ਨਾਲ ਨ੍ਹਾਵੇਗਾ ਉਸ ਦੇ ਚਾਂਦੀ ਦੇ ।
ਇਸ ਦਿਨ ਸਵੇਰ ਵੇਲੇ ਮੋਠ ਬਾਜਰੇ ਦੀ ਖਿਚੜੀ ਅਤੇ ਮੂਲੀ ਖਾਣੀ ਚੰਗਾ ਸਮਝਿਆ ਜਾਂਦਾ ਹੈ। ਗੰਨਿਆਂ ਦੇ ਰਸ ਵਿਚ ਖੀਰ ਰਿੰਨ੍ਹ ਕੇ ਖਾਧੀ ਜਾਂਦੀ ਹੈ। ਇਹ ਦਿਨ ਖੁਰਾਕਾਂ ਖਾਣ ਦੇ ਹੁੰਦੇ ਹਨ ਇਸ ਲਈ ਨਾਲ ਦੇ ਪਿੰਡੀਂ ਲਗਦੇ ਮੇਲਿਆਂ ਉੱਤੇ ਗੱਭਰੂ ਘੋਲ ਤੇ ਕੋਡੀ ਅਤੇ ਸੱਚੀ-ਪੱਕੀ ਦੀਆਂ ਖੇਡਾਂ ਖੇਡ ਕੇ ਤੇ ਦੌੜਾਂ ਲਾ ਲਾ ਕੇ ਆਪਣੇ ਪਿੰਡ ਦਾ ਨਾਉਂ ਉੱਘਾ ਕਰਨ ਲਈ ਕਸਰ ਨਹੀਂ ਛੱਡਦੀਆਂ
ਬਸੰਤ ਪੰਚਮੀ
ਬਸੰਤ ਪੰਚਮੀ ਨੂੰ ਪਿੰਡ ਦੇ ਮੁੰਡੇ ਕੁੜੀਆਂ ਬਸੰਤੀ ਝੱਗੇ ਚੁੰਨੀਆਂ ਰੰਗ ਕੇ, ਜਿਹੋ ਜਿਹੀ ਖੇਤਾਂ ਵਿਚ ਸਰ੍ਹੋਂ ਦੇ ਫੁੱਲਾਂ ਨੇ ਰੌਣਕ ਲਾਈ ਹੁੰਦੀ ਹੈ, ਉਹੋ ਜਿਹੀ ਪਿੰਡਾਂ ਵਿਚ ਛਹਿਬਰ ਲਾ ਦਿੰਦੇ ਹਨ। ਇਹ ਦਿਨ ਵੀ ਚੰਗਾ ਚੋਖਾ ਖਾਣ ਲਈ ਚੰਗੇ ਢੋ ਮੇਲ ਬਣਾ ਦਿੰਦਾ ਹੈ।
ਬਸੰਤ ਪੰਚਮੀ ਨੂੰ ਨੇੜੇ ਦੂਰ ਦੇ ਮੇਲਿਆਂ ਉੱਤੇ ਤੀਵੀਆਂ ਤੇ ਆਦਮੀ ਦੋਵੇਂ ਹੀ ਜਾਂਦੇ ਹਨ। ਮੇਲਾ ਤਾਂ ਮੌਸਮੀ ਹੈ ਪਰ ਇਸ ਦਿਨ ਦੀ ਮਹੱਤਤਾ ਹਕੀਕਤ ਰਾਏ ਦੀ ਸ਼ਹੀਦੀ ਨੇ ਸਰ੍ਹੋਂ ਦੇ ਸੋਨੇ ਦੇ ਵਿਚ ਕੁਰਬਾਨੀ ਦੇ ਰੱਤੇ ਖੂਨ ਦੀ ਸੁਗੰਧੀ ਘੋਲ ਕੇ ਹੋਰ ਵਧਾ ਦਿੱਤੀ ਹੈ। ਵੈਸੇ ਬਸੰਤ ਪੰਚਮੀ ਛੇਹਰਟੇ ਤੇ ਪਟਿਆਲੇ ਬਹੁਤ ਮਨਾਈ ਜਾਂਦੀ ਹੈ।
ਹੋਲੀ
ਆਖਦੇ ਹਨ ਪ੍ਰਹਿਲਾਦ ਦੀ ਭੂਆ ਹੋਲਿਕਾ ਆਪਣੇ ਭਾਈ ਹਰਨਾਖੁਸ਼ ਦੀ ਪ੍ਰਹਿਲਾਦ ਨੂੰ ਮਾਰ ਮੁਕਾਉਣ ਦੀ ਵਿਉਂਤ ਵਿਚ ਸਹਾਈ ਹੋਣ ਲਈ ਇਕ ਜਾਦੂ ਦਾ ਕੜਾ ਪਾ ਤੇ ਪ੍ਰਹਿਲਾਦ ਨੂੰ ਗੋਦੀ ਵਿਚ ਲੈ ਕੇ ਅੱਗ ਵਿਚ ਬੈਠ ਗਈ। ਅੱਗ ਦੇ ਲਾਂਬੂਆਂ ਵਿਚੋਂ ਪ੍ਰਹਿਲਾਦ ਉਵੇਂ ਜਿਵੇਂ ਬਚ ਨਿਕਲਿਆ ਪਰ ਹੋਲਿਕਾ ਹੋਲਾਂ ਵਾਂਗ ਭੁੱਜ ਕੇ ਵਿਚੇ ਦਗਧ ਹੋ ਗਈ। ਇਸ ਕਰਕੇ ਇਸ ਤਿਉਹਾਰ ਨੂੰ ਹੋਲੀ ਆਖਦੇ ਹਨ । ਪਰ, ਪ੍ਰਤੀਤ ਹੁੰਦਾ ਹੈ ਕਿ ਇਹ ਦਿਨ ਹੋਲਾਂ ਭੁੰਨਣ ਦੇ ਹੁੰਦੇ ਹਨ ਇਸ ਲਈ ਇਸ ਦਿਨ ਤੋਂ ਹੋਲਾਂ ਕਰਨੀਆਂ ਆਰੰਭ ਹੋਣ ਕਰਕੇ ਇਸ ਦਾ ਨਾਂ ਹੋਲੀ ਪੈ ਗਿਆ ਹੈ।
ਪਿੰਡਾਂ ਵਿਚ ਤਾਂ ਇਹ ਦਿਉਰ ਭਰਜਾਈ ਦਾ ਤਿਉਹਾਰ ਹੈ। ਭਾਬੀਆਂ ਦਿਉਰਾਂ ਨੂੰ ਛੇੜਦੀਆਂ ਅਤੇ ਉਨ੍ਹਾਂ ਉੱਤੇ ਰੰਗ ਡੋਲ੍ਹਦੀਆਂ ਹਨ। 7
ਸ਼ਹਿਰਾਂ ਵਿਚ ਰੰਗ ਡੋਲ੍ਹ ਡੋਲ੍ਹ ਹੋਲੀ ਜ਼ਿਆਦਾ ਮਨਾਈ ਜਾਂਦੀ ਹੈ ਤੇ ਅੰਬੀਰ ਗੁਲਾਲ ਵੀ ਛਿੜਕੇ ਜਾਂਦੇ ਹਨ। ਅਨੰਦਪੁਰ ਸਾਹਿਬ ਹੋਲੇ-ਮਹੱਲੇ ਦਾ ਭਾਰੀ ਮੇਲਾ ਲਗਦਾ ਹੈ ਤੇ ਨਿਹੰਗ ਸਿੰਘ ਉੱਥੇ ਸ਼ਸਤਰਾਂ ਦੇ ਚਮਤਕਾਰ ਦਿਖਾਉਂਦੇ ਹਨ ।
ਗੁਰਪੁਰਬ
ਕੱਤੇ ਦੀ ਪੂਰਨਮਾਸ਼ੀ ਨੂੰ ਗੁਰਦੁਆਰੇ ਅਖੰਡ ਪਾਠ ਕਰ ਕੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾਂਦਾ ਹੈ। ਅਖੰਡ ਪਾਠ ਲਈ ਸਮੱਗਰੀ ਹਰ ਘਰ ਵਿਚੋਂ ਜਿੰਨੀ ਸਰਦੀ-ਪੁਜਦੀ ਹੋਵੇ ਪਹੁੰਚਾਈ ਜਾਂਦੀ ਹੈ। ਸਵਾ ਰੁਪਏ ਦੀ ਦੇਗ ਦਿੱਤੇ ਬਿਨਾਂ ਤਾਂ ਕੋਈ ਘਰ ਹੀ ਭਾਵੇਂ ਰਹਿ ਜਾਂਦਾ ਹੋਵੇ। ਭੋਗ ਵੇਲੇ ਕਿਸੇ ਘਰੋਂ ਦਾਣਿਆਂ ਦੀ ਪਰਾਤ, ਬਾਟੀ ਜਾਂ ਥਾਲੀ ਗੁਰਦੁਆਰੇ ਮੱਥਾ ਟੇਕਣਾ ਜ਼ਰੂਰੀ ਸਮਝਿਆ ਜਾਂਦਾ ਹੈ। ਪੂਰਨਮਾਸ਼ੀ ਦੀ ਰਾਤ ਨੂੰ ਗੁਰਦੁਆਰੇ ਦੇ ਬਨੇਰਿਆਂ ਅਤੇ ਸਿੱਖਾਂ ਦੇ ਘਰਾਂ ਉੱਤੇ ਦੀਵੇ ਜਗਾਏ ਜਾਂਦੇ ਹਨ। ਛੋਟੇ ਛੋਟੇ ਬੱਚੇ ਤੇ ਪੁਰਾਣੇ ਬੁੱਢੇ ਬੁੱਢੀਆਂ ਇਸ ਗੁਰਪੁਰਬ ਨੂੰ ‘ਸਿੱਖਾਂ ਦੀ ਦੀਵਾਲੀ’ ਦਾ ਨਾਂ ਵੀ ਦਿੰਦੇ ਹਨ।
ਪੋਹ ਸੁਦੀ ਸੱਤਮੀਂ ਦੇ ਦਿਹਾੜੇ ਇਸ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਮਨਾਇਆ ਜਾਂਦਾ ਹੈ । ਜੇਠ ਸੁਦੀ ਚੌਥ ਨੂੰ ਗੁਰੂ ਅਰਜਨ ਦੇਵ ਜੀ ਸ਼ਹੀਦੀ ਮਨਾਈ ਜਾਂਦੀ ਹੈ।
ਮੁਸਲਮਾਨ ਈਦ ਦੇ ਮੌਕੇ ਤੇ ਬਹੁਤ ਜਸ਼ਨ ਮਨਾਉਂਦੇ ਹਨ ਅਤੇ ਬਕਰੀਦ ਦੇ ਮੌਕੇ ਤੇ ਤਾਂ ਬੱਕਰਿਆਂ ਜਾਂ ਕਿਸੇ ਹੋਰ ਜਾਨਵਰ ਦੀਆਂ ਕੁਰਬਾਨੀਆਂ ਵੀ ਦਿੱਤੀਆਂ ਜਾਂਦੀਆਂ ਹਨ।