ਹੈਦਰ ਸ਼ੇਖ ਦਾ ਮੇਲਾ
ਕੋਟਲਾ ਤੇ ਮਲੇਰ ਦੋ ਨਗਰਾਂ ਨੂੰ ਮਿਲਾ ਕੇ ਮਲੇਰ-ਕੋਟਲਾ ਬਣਦਾ ਹੈ। ਮਲੇਰ ਢਹਿ ਰਹੀ ਹੈ, ਕੋਟਲਾ ਪਹਿਲਾਂ ਰਿਆਸਤ ਦੀ ਰਾਜਧਾਨੀ ਸੀ । ਇਸ ਸ਼ਹਿਰ ਦੀ ਪੱਛਮ ਦੀ ਗੁੱਠ ਨੂੰ ਖਾਸੇ ਉੱਚੇ ਥਾਂ ਉੱਤੇ ਹੈਦਰ ਸ਼ੇਖ ਦਾ ਮਕਬਰਾ ਹੈ। ਇਸ ਮਕਬਰੇ ਉਤੇ ਉਂਞ ਤਾਂ ਹਰ ਇਕਾਦਸੀ ਨੂੰ ਹੀ ਧਰਤੀ ਉੱਤੇ ਸੌਂ ਸੌਂ ਚੌਂਕੀਆਂ ਭਰਨ ਵਾਲੇ ਕਾਫ਼ੀ ਲੋਕ ਪੁਜ ਜਾਂਦੇ ਹਨ ਪਰ ਨਿਮਾਣੀ ਇਕਾਦਸੀ ਵਾਲੇ ਤੇ ਇਕ ਦਿਨ ਅੱਗੋਂ ਤੇ ਪਿੱਛੋਂ ਤਿੰਨ ਰੋਜ਼ ਅਜਿਹਾ ਧੜੱਲੇਦਾਰ ਮੇਲਾ ਲਗਦਾ ਹੈ ਕਿ ਆਸ ਪਾਸ ਦਸ ਦਸ ਕੋਹ ਦਾ ਇਲਾਕਾ ਹਲੂਣਿਆ ਜਾਂਦਾ ਹੈ । ਚੌਂਕੀਆਂ ਭਰਨ ਵਾਲੇ ਕਾਲੇ ਜਾਂ ਕਾਲੇ ਕੁੱਕੜ ਦੀ ਸੁੱਖਣਾ ਹੀ ਸੁੱਖਦੇ ਹਨ। ਮਜੌਰਾਂ ਨੂੰ ਨੁਕਲ ਪਾਣੀ ਜੋਗੀਆਂ ਵੱਖਰੀਆਂ ਨਿਆਜ਼ਾਂ ਜਾਂਦੀਆਂ ਹਨ।
ਸ਼ਰਧਾ ਹੈ ਕਿ ਜੇ ਕਿਸੇ ਦੇ ਘਰ ਉਲਾਦ ਨਾ ਹੁੰਦੀ ਹੋਵੇ ਤਾਂ ਹੈਦਰ ਸ਼ੇਖ ਜੀ ਦੀ ਸੁੱਖ ਸੁੱਖਣ ਹੁੰਦੀ ਹੈ ਜੇ ਉਹ ਖੁਸ਼ ਹੋਣ ਤਾਂ ਉਹ ਬਖ਼ਸ਼ਸ਼ ਵੀ ਪੁੱਤਰਾਂ ਦੀ ਹੀ ਕਰਦੇ ਹਨ। ਜੇ ਕਿਸੇ ਜੀ ਨੂੰ ਭੂਤ ਪ੍ਰੇਤ ਦੀ ਛਾਇਆ ਹੋ ਗਈ ਹੋਵੇ ਜਾਂ ਕਿਸੇ ਤਰ੍ਹਾਂ ਹੋਰ ਰੁੱਧਿਆ ਹੋਵੇ ਹੈਦਰ ਸ਼ੇਖ ਦਾ ਰੋਟ ਪਕਾਉਣ ਨਾਲ ਉਸ ਦੇ ਸਿਰੋਂ ਸਾਰੇ ਭਾਰ ਲਹਿ ਜਾਂਦੇ ਹਨ ਤੇ ਉਹ ਪਗ ਵਰਗਾ ਹੌਲਾ ਹੋ ਜਾਂਦਾ ਹੈ। ਹੈਦਰ ਸ਼ੇਖ ਦੇ ਪਿੰਡਾਂ ਵਿਚ ਸੋਲ ਏਜੰਟ ਆਮ ਤੌਰ ਤੇ ਭਰਾਈ ਹੀ ਹਨ ਜਿਹੜੇ ਆਪਣੇ ਪਿੰਡ ਦੀਆਂ ਜਨਾਨੀਆਂ ਅਤੇ ਦੂਜੇ ਭਰਾਵਾਂ ਦੇ ਸੰਗ ਨੂੰ ਨਾਲ ਲੈ ਕੇ ਪੜਾਉ ਪੜਾਅ ਕੋਟਲੇ ਪੁੱਜਦੇ ਹਨ।
ਪੀਰ ਦੀਆਂ ਨਿਆਜ਼ਾਂ ਤੇ ਬੱਕਰਿਆਂ ਦੀਆਂ ਸੁੱਖਣਾਂ ਤੋਂ ਇਲਾਵਾ ਇਸ ਮੇਲੇ ਦੇ ਦੂਜੇ ਕਾਰ ਵਿਹਾਰ ਛਪਾਰ ਦੇ ਮੇਲੇ ਵਾਲੇ ਹੀ ਹੁੰਦੇ ਹਨ। ਵਾਧਾ ਇਹ ਹੁੰਦਾ ਹੈ ਕਿ ਇਸ ਮੇਲੇ ਉੱਤੇ ਸੁੱਖਣਾ ਲਾਹੁਣ ਲਈ ਜ਼ਨਾਨੀਆਂ ਵੀ ਪੁੱਜੀਆਂ ਹੋਈਆਂ ਹਨ। ਜ਼ਨਾਨੀਆਂ ਨੂੰ ਦੇਖ ਕੇ ਪਿੰਡਾਂ ਤੋਂ ਆਏ ਗੱਭਰੂ ਆਪਣੇ ਆਪ ਦੀ ਸੁੱਧ ਬੁੱਧ ਗਵਾ ਬੈਠਦੇ ਹਨ। ਇਨ੍ਹਾਂ ਇਲਾਕਿਆਂ ਦੇ ਲੋਕ ਕੁਝ ਖੁਲ੍ਹ-ਖੁਲਾਸੇ ਜਿਹੇ ਹੁੰਦੇ ਹਨ, ਇਹ ਆਪਣੀਆਂ ਬੋਲੀਆਂ ਵਿਚ ਗਾਲ੍ਹਾਂ ਦੇ ਅਲੰਕਾਰ ਵੀ ਬੀੜ ਧਰਦੇ ਹਨ, ਵਿਚ ਵਿਚ ਸਖੀ ਸੁਲਤਾਨ, ਹੈਦਰ ਸ਼ੇਖ ਤੋਂ ਵੇਲੇ ਸਿਰ ਸਹਾਇਤਾ ਦੀ ਵੀ ਮੰਗ ਰੱਖੀ ਹੁੰਦੀ ਹੈ।
ਇਹ ਤਾਂ ਹਨ ਸਾਡੇ ਕੁਝ ਕੁ ਮੇਲਿਆਂ ਦੇ ਸ਼ਬਦ-ਚਿੱਤਰ । ਜੇਕਰ ਮੇਲੇ ਦਾ ਪੂਰਾ ਸੁਆਦ ਲੈਣਾ ਹੋਵੇ ਤਾਂ ਇਹ ਮੇਲੇ ਜਾਕੇ ਹੀ ਹਾਸਲ ਕੀਤਾ ਜਾ ਸਕਦਾ ਹੈ ।