ਜਗਰਾਵਾਂ ਦੀ ਰੋਸ਼ਨੀ ਦਾ ਮੇਲਾ
ਜ਼ਿਲ੍ਹਾ ਲੁਧਿਆਣੇ ਦੇ ਜਗਰਾਉਂ ਸ਼ਹਿਰ ਵਿਚ 14,15,16 ਫੱਗਣ ਨੂੰ ਇਕ ਭਾਰੀ ਮੇਲਾ ਲਗਦਾ ਹੈ। ਇਸ ਮੇਲੇ ਦਾ ਮੁੱਢ ਪੋਨਿਆਂ ਵਾਲੇ ਫ਼ਕੀਰ ਦੀ ਕਬਰ ਉੱਤੇ ਮਨੋ-ਕਾਮਨਾ ਪੂਰੀਆਂ ਹੋਣ ਵਾਲਿਆਂ ਦੀਆਂ ਚੌਂਕੀਆਂ ਭਰਨ ਤੋਂ ਹੋਇਆ। ਫਕੀਰ ਦੀ ਕਬਰ ਉੱਤੇ ਕਿਉਂਕਿ ਚਰਾਗ ਮਚਾਏ ਜਾਂਦੇ ਸਨ, ਇਸ ਲਈ ਇਸ ਦਾ ਨਾਂ ਰੋਸ਼ਨੀ ਦਾ ਮੇਲਾ ਪੈ ਗਿਆ।
ਇਸ ਪੀਰ ਦੇ ਭਗਤਾਂ ਨੂੰ ਜਦੋਂ ਹਾਲ ਪੈਂਦਾ ਹੈ ਤਾਂ ਹਰ ਕਿਸਮ ਦੀਆਂ ਪੁੱਛਾਂ ਦਸਦੇ ਹਨ। ਅਤੇ ਪੀਰ ਦੀ ਕਬਰ ਉੱਤੇ ਸੁਖੀਆਂ ਸੁੱਖਾਂ ਹੁਣ ਤਕ ਬਰ ਆਉਂਦੀਆਂ ਦੱਸੀਆਂ ਜਾਂਦੀਆਂ ਹਨ। ਇਸ ਲਈ ਇਸ ਮੇਲੇ ਤੋਂ ਹਫ਼ਤਾਂ ਹਫਤਾ ਪਹਿਲਾਂ ਦੂਰ ਦੂਰ ਤੋਂ ਭਗਤਾਂ ਤੇ ਸੁੱਖਾਂ ਦੇਣ ਵਾਲਿਆਂ ਦੇ ਸੰਗ ਬਣ ਕੇ ਟੁਰਦੇ ਹਨ। ਬਿਨਾਂ ਕਿਸੇ ਦਾ ਕੁਝ ਖਾਧੇ ਪੀਤੇ ਰਾਤ ਨੂੰ ਭੁੰਜੇ ਪੈ ਪੈ ਕੇ ਇਹ ਲੋਕ ਜਗਰਾਵੀਂ ਚੌਂਕੀ ਭਰਨ ਪੁੱਜਦੇ ਹਨ। ਪਹਿਲੇ ਦਿਨ ਹੁੰਦੀਆਂ ਹਨ ਜਦੋਂ ਸਭ ਭਗਤ ਲੋਕ ਸ਼ਰਧਾ ਨਾਲ ਪੀਰ’ ਦੀ ਕਬਰ ਤੇ ਨਿਆਜ਼ਾਂ ਚੜਾਉਂਦੇ ਅਤੇ ਉਸ ਦੀ ਉਸਤਤੀ ਗਾ ਗਾ ਕੇ ਆਪਣੇ ਮਨ ਦੀ ਗੁਆਚੀ ਸ਼ਾਂਤੀ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਚੌਂਕੀਆਂ ਤੋਂ ਦੂਜੇ ਦਿਨ ਲੋਕਾਂ ਦਾ ਇਕੱਠ ਜੁੜਦਾ ਹੈ, ਉਦੋਂ ਖੁਲਕਤ ਦੇ ਇਨ੍ਹਾਂ ਮਹਾਂ ਪੀਰਾਂ ਦੀਆਂ ਨਿਆਜ਼ਾਂ ਤੇ ਭੇਟਾ ਚੜਾਉਣ ਦਾ ਰਵੱਈਏ ਵੀ ਪੁੱਜ ਜਾਂਦੇ ਹਨ । ਕਲੀਆਂ ਵਾਲਿਆਂ ਦੀ ਟੋਲੀ ਲੰਘਦੀ ਹੈ ਤਾਂ ਤੂੰਬੇ ਵਾਲੀ ਗਿੱਧਾ ਪਾਰਟੀ ਆ ਧਮਕਦੀ ਹੈ ਤੇ ਇਉਂ ਗਾਉਂਦੀ ਹੈ :-
ਆਰੀ ਆਰੀ ਆਰੀ,
ਵਿਚ ਜਗਰਾਵਾਂ ਦੇ ਲਗਦੀ ਰੋਸ਼ਨੀ ਭਾਰੀ
ਮੁਨਸ਼ੀ ਡਾਂਗੋਂ ਦਾ, ਡਾਂਗ ਰੱਖਦਾ ਰਡਾਸੀ ਵਾਲੀ
ਕੇਹਰਾ ਰਕਬੇ ਦਾ, ਉਹ ਕਰਦਾ ਲੜਾਈ ਭਾਰੀ
ਅਰਜਨ ਚੀਮਿਆਂ ਦਾ, ਉਹ ਡਾਕੇ ਮਾਰਦਾ ਭਾਰੀ
ਮੋਦਨ ਭੌਂਕਿਆਂ ਦਾ ਜੀਹਨੇ ਕੁੱਟ ਤੀ ਪੰਡੋਰੀ ਸਾਰੀ
ਧੰਨ ਕੌਰ ਦੌਧਰ ਦੀ, ਜਿਹੜੀ ਬੈਲਣ ਹੋ ਗਈ ਕਾਰੀ
ਮੋਲਕ ਸੂਰਮੇ ਨੇ, ਹੱਥ ਜੋੜ ਕੇ ਗੰਡਾਸੀ ਮਾਰੀ
ਓ ਪਰਲੋ ਆ ਜਾਂਦੀ, ਨਾ ਹੁੰਦੀ ਜੇ ਪੁਲਸ ਸਰਕਾਰੀ ।
ਚੰਗੇ ਪਹਿਲਵਾਨਾਂ ਦੇ ਮੇਲਿਆਂ ਉੱਤੇ ਘੋਲ ਟਿਕਟਾਂ ਉੱਤੇ ਕਰਾਏ ਜਾਂਦੇ ਹਨ ਜਿਨ੍ਹਾਂ ਦੀ ਆਮਦਨੀ ਪਹਿਲਵਾਨਾਂ ਵਿਚ ਵੰਡ ਦਿੱਤੀ ਜਾਂਦੀ ਹੈ। ਕਈ ਵਾਰ ਘੋਲਾਂ ਦੇ ਚੁਕਤੀ ਠੇਕੇ ਵੀ ਕਰ ਲਏ ਜਾਂਦੇ ਹਨ। ਘੋਲਾਂ ਦੇ ਅਖਾੜੇ ਜੰਗਲ ਦਾ ਇਲਾਕਾ ਨਾਲ ਲਗਦਾ ਹੋਣ ਕਰਕੇ ਰੋਸ਼ਨੀ ਦੇ ਮੇਲੇ ਤੇ ਵਧੇਰੇ ਲਗਦੇ ਹਨ। ਇਨ੍ਹਾਂ ਘੋਲਾਂ ਦੀ ਯਾਦ ਵਿਚ ਹੁਣ ਵੀ ਬੋਲੀ ਪਾਈ ਜਾਂਦੀ ਹੈ :
ਆਰਾ ਆਰਾ ਆਰਾ
ਕੁੱਕੜਾਂ ਦੇ ਮੇਲੇ ਤੇ, ਮਰ ਗਿਆ ਮੋਰ ਬਿਚਾਰਾ
ਟਿਕਟਾਂ ਦੇ ਘੋਲ ਬੱਝ ਗਏ, ਦੁਨੀਆਂ ਬੰਨ੍ਹਦੀ ਖਾੜਾ
ਵਟਨ ਮੂਹਰੇ ਅਰਜ਼ ਕਰੇ, ਚੰਦ ਮੈਥੋਂ ਜ਼ੋਰ ਦਾ ਭਾਰਾ
ਮੁਧਕਰ ਨਾ ਚੁਕਦੇ, ਚੰਦਾ ਢੈ ਗਿਆ ਢਵਾਈ ਵਾਲਾ
ਰਾਤੀਂ ਕੀ ਗੁਜ਼ਰੀ, ਦੱਸ ਬਿਸ਼ਨੀ ਦਿਆ ਯਾਰਾ।