ਜਰਗ ਦਾ ਮੇਲਾ
ਪੈਲ ਤਹਿਸੀਲ ਵਿਚ ਜਰਗ ਤਕੜਾ ਵੱਡਾ ਪਿੰਡ ਹੈ। ਆਸ ਪਾਸ ਦੇ ਲੋਕ ਜਰਗ-ਪੈਲ ਦਾ ਸਮਾਜ ਬਣਦਾ ਸ਼ਹਿਰ ਪੈਲ ਤੇ ਪਿੰਡ ਜਰਗ ਨੂੰ ਇੱਕੋ ਜਿਹੀ ਪ੍ਰਸਿੱਧੀ ਦਾ ਮਾਲਕ ਜਤਾਉਂਦੇ ਹਨ। ਪੈਲ ਤਹਿਸੀਲ ਤੇ ਕਸਬਾ ਕਰਕੇ ਪ੍ਰਸਿੱਧ ਹੈ ਤੇ ਜਰਗ ਇਸ ਕਰਕੇ ਕਿ ਇੱਥੇ ਭਾਰੀ ਮੇਲਾ ਲਗਦਾ ਹੈ। ਇਹ ਮੇਲਾ ਚੇਤ ਦੇ ਮਹੀਨੇ ਬਾਸ ਦਾ ਮੇਲਾ ਵੀ ਕਹਾਉਂਦਾ ਹੈ। ਬਾਸੜੀਏ ਜਾਂ ਬਾਹਿੜੀਏ ਦਾ ਅਰਥ ਹੈ ‘ਬੇਹਾ-ਪਣ’ । ਚੇਤ ਦੇ ਮੰਗਲਵਾਰ ਦੀ ਸਵੇਰ ਤੋਂ ਇਕ ਦਿਨ ਪਹਿਲਾਂ ਗੁਲਗੁਲੇ ਪਕਾਏ ਜਾਂਦੇ ਹਨ, ਰਾਤ ਨੂੰ ਸੁੱਚੇ ਰੱਖ ਕੇ ਦੂਜੇ ਦਿਨ ਬੇਹੇ ਹੋ ਜਾਣ ਤਾਂ ਮਾਤਾ ਰਾਣੀ ਦੀ ਪੂਜਾ ਕਰ ਕੇ ਪਹਿਲਾਂ- ਗਧੇ ਨੂੰ ਖੁਆ ਕੇ ਖਾਧੇ ਜਾਂਦੇ ਹਨ। ਇਉਂ ਗੁਲਗੁਲੇ ਬੇਹੇ ਕਰ ਕੇ ਖਾਣਾ ਬਾਹਿੜੀਆਂ ਜਾਂ ਬਾਸੜੀਆਂ ਲਫਜ਼ ਬਣਿਆ ਮਾਲੂਮ ਹੁੰਦਾ ਹੈ। ਇਹ ਤਿਉਹਾਰ ਮਾਲਵੇ, ਖ਼ਾਸ ਕਰ ਕੇ ਪੁਆਧ ਦੇ ਹਰ ਪਿੰਡ ਵਿਚ ਮਨਾਇਆ ਜਾਂਦਾ ਹੈ । ਜਿਸ ਘਰ ਦੇ ਕਿਸੇ ਜੀਅ ਦੇ ਮਾਤਾ ਨਾ ਨਿਕਲੀ ਹੋਵੇ, ਉਸ ਵਲੋਂ ਇਸ ਦਿਨ ਮਾਤਾ ਰਾਣੀ ਦੀ ਸੁਖਣਾ ਚੜ੍ਹਾਉਣੀ ਪੱਕੀ ਪਿਰਤ ਹੈ ਹੀ ਜਿਸ ਘਰ ਮਾਤਾ ਨਾ ਨਿਕਲੀ ਹੋਵੇ ਉਹ ਮਾਤਾ ਰਾਣੀ ਨੂੰ ਖੁਸ਼ੀ ਕਰਨ ਲਈ ਕਿ ਸਾਡੇ ਕਿਸੇ ਜੀਅ ਦੇ ਨਾ ਨਿਕਲੇ, ਅੱਗੋਂ ਹੀ ਬਾਂਨਣੂ ਬੰਨ੍ਹ ਲੈਣਾ ਚੰਗਾ ਸਮਝਦੇ ਹਨ ।
ਲੋਕਾਂ ਦੇ ਖ਼ਿਆਲ ਵਿਚ ਛੋਟੇ ਛੋਟੇ ਬੱਚਿਆਂ ਦੇ ਖੂਨ ਦੀ ਖ਼ਰਾਬੀ ਜਾਂ ਲਾਗ ਕਾਰਨ ਪਾਣੀ ਝਾਰਾ ਪਿਲਕਰੇ ਤੇ ਪਿੰਡੇ ਉੱਤੇ ਜੋ ਵੱਡੇ ਵੱਡੇ ਛਾਲੇ ਜਿਹੇ (ਚੇਚਕ) ਨਿਕਲਦੇ ਹਨ, ਇਹ ਸੀਤਲਾ ਦੇਵੀ ਦੀ ਦਿਆਲਤਾ ਹੁੰਦੀ ਹੈ । ਕਹਿੰਦੇ ਹਨ ਇਕ ਵਾਰੀ ਤਾਂ ਇਹ ਹਰ ਜੀਅ ਉੱਤੇ ਜ਼ਰੂਰ ‘ਮਿਹਰ’ ਕਰਦੀ ਹੈ ।
ਪੁਰਾਣੀਆਂ ਸੁਆਣੀਆਂ ਦੇ ਖ਼ਿਆਲ ਵਿਚ ਸੀਤਲਾ ਮਾਤਾ ਇਕ ਦੇਵੀ ਹੈ ਜਿਹੜੀ ਖੋਤੇ ਦੀ ਸਵਾਰੀ ਕਰ ਕੇ ਖੁਸ਼ ਹੁੰਦੀ ਹੈ ਤੇ ਹਰ ਜੀਅ ਨੂੰ ਪਿੰਡੋ ਪਿੰਡ ਦੇਖਦੀ ਰਹਿੰਦੀ ਹੈ। ਇਸ ਨੂੰ ਖੁਸ਼ ਰੱਖਣ ਲਈ ਜਦੋਂ ਇਹ ਕਿਸੇ ਜੀਅ ਦੇ ਨਿਕਲੀ ਹੋਵੇ, ਖ਼ਾਸ ਰੱਖਾਂ ਅਤੇ ਉਪਾਵਾਂ ਤੋਂ ਇਲਾਵਾ ਗਧੇ ਦੀ ਪੂਜਾ ਕਰਨਾ ਖ਼ਾਸ ‘ਕਰਮ-ਧਰਮ’ ਸਮਝਿਆ ਜਾਂਦਾ ਹੈ। ਜਦੋਂ ਮਾਤਾ ਨਿਕਲਦੀ ਹੈ ਝੀਉਰ ਨੂੰ ਸੱਦ ਕੇ ਜੰਤਰ ਮੰਤਰ ਕਰਾਏ ਜਾਂਦੇ ਹਨ। ਬਹੁਤ ਸਾਰੇ ਲੋਕ ਤਾਂ ਬਾਹਿੜੀਏ ਨੂੰ ਇਸ ਤਰ੍ਹਾਂ ਦੀ ਪੂਜਾ ਆਪਣੇ ਪਿੰਡ ਹੀ ਕਰ ਲੈਂਦੇ ਹਨ ਪਰ ਸੀਤਲਾ ਮਾਈ ਦੇ ਅਨਿੰਨ ਭਗਤ ਦੂਰ ਦੂਰ ਤੋਂ ਜਰਗ ਪਹੁੰਚ ਕੇ ਇੱਥੇ ਇਕ ਟੋਭੇ ਵਿਚੋਂ ਮਿੱਟੀ ਕੱਢ ਕੱਢ ਕੇ ਖਾਸੀ ਉੱਚੀ ਮਟੀਲੀ ਰਚ ਦਿੰਦੇ ਹਨ ਤੇ ਆਖਦੇ ਹਨ, ਇਹ ਮਾਤਾ ਰਾਣੀ ਦੀ ਖ਼ਾਸ ਥਾਂ ਹੈ।
ਸਾਹਮਣੇ ਮਾਤਾ ਰਾਣੀ ਦੀ ਮਟੀਲੀ ਹੁੰਦੀ ਹੈ ਤੇ ਦੂਜੇ ਪਾਸੇ ਪੇਂਡੂ ਮੁਟਿਆਰਾਂ ਦੇ ‘ਸਿਰ ਗੁੰਦ ਦੇ ਕੁਪੱਤੀਏ ਨੈਣੇ, ਉੱਤੇ ਪਾ ਦੇ ਡਾਕ ਬੰਗਲਾ’, ਕਥਨ ਅਨੁਸਾਰ ਡੋਰੀਆਂ, ਸੱਗੀ ਫੁਲ ਤੇ ਬਘਿਆੜੀ ਵਗ਼ੈਰਾ ਨਾਲ ਸਜਾਏ ਸਿਰ ਗੁੰਦੇ ਦੇਖ ਕੇ ਮੁੰਡੇ ਗਾ ਉੱਠਦੇ ਹਨ :-
‘ਜਿਹਾ ਦੇਖਿਆ ਜਰਗ ਦਾ ਮੇਲਾ, ਜਿਹੀ ਤੇਰੀ ਗੁੱਤ ਦੇਖ ਲੀ ।”
‘ਤੀਵੀਂ ਨੂੰ ਰਾਹ, ਬਲਦ ਨੂੰ ਗਾਹ’, ਦੇ ਅਖਾਣ ਮੁਤਾਬਕ ਭਾਵੇਂ ਮੇਲੇ ਹੀ ਜਾਣਾ ਹੁੰਦਾ ਹੈ। ਪਰ ਵਾਟ ਤੇ ਮੁੰਡਾ ਚੁੱਕਣ ਤੋਂ ਡਰਦੀਆਂ ਕਈ ਮੇਲੇ ਜਾਣ ਤੋਂ ਜਦੋਂ ਘਬਰਾ ਜਾਂਦੀਆਂ ਹਨ ਤਾਂ ਇਕ ਲੋਕ-ਬੋਲੀ ਸੀਤਲਾ-ਭਗਤ ਦੇਵੀਆਂ ਲਈ ਇਕ ਵੰਗਾਰ ਦਾ ਕੰਮ ਦਿੰਦੀ ਹੈ :-
‘ਚਲ ਚਲੀਏ ਜਰਗ ਦੇ ਮੇਲੇ, ਮੁੰਡਾ ਤੇਰਾ ਮੈਂ ਚੱਕ ਲੂੰ ।”
ਜਰਗ ਗੂੜ੍ਹੇ ਪੁਆਧ ਦੀ ਧੁੰਨੀ ਹੈ। ਪੁਆਧ ਵਿਚ ਛੋਟੀਆਂ ਜਾਤਾਂ ਦੇ ਲੋਕ ਰਸਮਾਂ-ਰਿਵਾਜਾਂ ਵਿਚ ਪੂਰੇ ਸੂਰੇ ਉਤਰਣ ਲਈ ਬੜੀਆਂ ਬਰੀਕੀਆਂ ਛਾਂਟਦੇ ਰਹਿੰਦੇ ਹਨ। ਇਕ ਬਿਰਾਦਰੀ ਦਾ ਬੰਦਾ ਕੋਈ ਰਵਾਇਤ ਭੰਨ ਦੇਵੇ, ਮੁੰਡਾ ਕੁੜੀ ਵਿਆਹੁਣ ਵੇਲੇ ਪੂਰੇ ਗੋਤ ਨਾ ਰੱਖੇ, ਕੋਈ ਧੀ ਦੇ ਪੈਸੇ ਲੈ ਲਵੇ, ਜੰਞ ਵੱਧ ਸੱਦ ਲਵੇ, ਕਿਸੇ ਦੂਜੀ ਜਾਤ ਦੀ ਜ਼ਨਾਨੀ ਨੂੰ ਘਰ ਪਾ ਲਵੇ, ਗੱਲ ਕੀ ਬਿਰਾਦਰੀ ਦਾ ਕੋਈ ਬੰਧੇਜ ਤੋੜ ਬੈਠੇ ਤਾਂ ਇਸ ਇਲਾਕੇ ਦੇ ਚੌਧਰੀ ਮੇਲੇ ਉੱਤੇ ਇਕੱਠ ਕਰ ਕੇ ਪਹਿਲੀ ਸੱਟੇ ਹੀ ਉਸ ਦਾ ‘ਹੁੱਕਾ ਪਾਣੀ’ ਛੇਕ ਦਿੰਦੇ ਹਨ ।
ਮੁੰਡਿਆਂ ਦੀ ਢਾਣੀ ਤੋਂ ਅੱਗੇ ਜਾਵੋ ਤਾਂ ਘੁਮਿਆਰ ਆਪਣੇ ਗਧਿਆਂ ਉੱਤੇ ਰੰਗ ਬਰੰਗੇ ਝੁੱਲ ਪਾ ਕੇ ਅਤੇ ਗਲ ਵਿਚ ਘੋਗਿਆਂ ਤੇ ਕੌਡੀਆਂ ਦੇ ਕੰਠੇ ਸਜਾ ਕੇ ਲਈ ਖੜੇ ਹੁੰਦੇ ਹਨ। ਮਾਤਾ ਰਾਣੀ ਦੇ ਥਾਨ ਤੋਂ ਗੁਲਗੁਲੇ ਚੜ੍ਹਾ ਚੜ੍ਹਾ ਤੀਵੀਆਂ ਤੇ ਆਦਮੀ ਇਨ੍ਹਾਂ ਗਧਿਆਂ ਨੂੰ ਭੋਗ ਲਵਾਉਣ ਲਈ ਜਿਸ ਸ਼ਰਧਾ ਤੇ ਸਿਦਕ ਨਾਲ ਪਹੁੰਚਦੇ ਹਨ ਉਹੋ ਜਿਹੀ ਯਾਤਰਾ ਕੁਝ ਮਹਾਨ ਧਰਮ-ਅਸਥਾਨਾਂ ਉੱਤੇ ਹੀ ਦੇਖੀ ਜਾ ਸਕਦੀ ਹੈ ।
ਗਧਿਆਂ ਅੱਗੇ ਜੋਂ, ਮੋਠ ਤੇ ਬਾਜਰੇ ਦੀਆਂ ਬੱਕਲੀਆਂ, ਪਾਈਆਂ ਹੁੰਦੀਆਂ ਹਨ। ਜਦੋਂ ਗੁਲਗੁਲਿਆਂ ਨਾਲ ਰੱਜੇ-ਪੁੱਜੇ ਗਧੇ ਹਿਣਕਦੇ ਹਨ ਤਾਂ ਸਾਰੇ ਸ਼ਰਧਾਲੂ ਗਧੇ ਦੇ ਇਉਂ ਹਿਣਕਣ ਨੂੰ ਆਪਣੀ ‘ਘਾਲ ਥਾਇ ਪਈ’ ਸਮਝ ਕੇ ਲੱਖ ਲੱਖ ਸ਼ੁਕਰ ਮਨਾਉਂਦੇ ਹਨ। ਮਾਤਾ ਰਾਣੀ ਦਾ ਵਾਹਨ ਜੋ ਖੁਸ਼ ਹੋ ਗਿਆ।
ਕੋਲ ਬੈਠੇ ਘੁਮਿਆਰ ਆਪਣੇ ਅਲਗੋਜਿਆਂ ਤੇ ਵੰਝਲੀ ਨੂੰ ਹੋਰ ਲੰਮੀ ਫੂਕ ਨਾਲ ਵਜਾਉਣ ਲੱਗ ਜਾਂਦੇ ਹਨ ਕਿ ਚਲੋ ਗਧੇ ਚੰਗੇ ਰੱਜ ਗਏ ਨੇ ਹੁਣ ਚਾਰ ਦਿਨ ਭਾੜਾ ਤਾਂ ਦੱਬ ਕੇ ਵਾਹਾਂਗੇ । ਮਾਤਾ ਰਾਣੀ ਦੇ ਥਾਨ ਤੇ ਦੂਜੀਆਂ ਕਿਸਮਾਂ ਦੇ ਚੜ੍ਹਾਵਿਆਂ ਦੀ ਪ੍ਰਾਪਤੀ ਦੇ ਹੱਕਦਾਰ ਝੀਊਰ ਮੰਨੇ ਜਾਂਦੇ ਹਨ। ਇਹ ਆਪਣੀਆਂ ਭੇਟਾਂ ਦਾ ਕੀਰਤਨ ‘ਜੈ ਹੋਵੇ ਮਹਾਂ ਮਾਈ ਤੇਰੀ ਜੈ ਹੋਵੇ’ ਦੀ ਧੁਨੀ ਵਿਚ ਕਰਦੇ ਹਨ। ਕਦੇ ਕਦੇ ਜਦੋਂ ਨਵੀਂ ਟੋਲੀ ਕੋਲ ਦੀ ਲੰਘਦੀ ਹੈ ਤਾਂ ਉਹ ਆਪਣੀ ਅਤੇ ਮੇਲੇ ਉੱਤੇ ਆਏ ਸ਼ਰਧਾਲੂਆਂ ਦੀ ਸਾਰੀ ਭਾਵਨਾ ਇਕੋ ਵਾਰ ਇਸ ਤਰ੍ਹਾਂ ਬੰਨ੍ਹ ਕੇ ਵਿਖਾਉਂਦੇ ਹਨ ਕਿ ਸਰੋਤਾ ਜਨਾਂ ਲਈ ਉਸ ਤੋਂ ਅੱਗੇ ਕੁਝ ਸੁਣਨ ਤੇ ਸੁਣਾਉਣ ਦੀ ਭੁੱਖ ਹੀ ਨਹੀਂ ਰਹਿ ਜਾਂਦੀ :-
ਮਾਤਾ ਰਾਣੀਏ ! ਗੁਲਗੁਲੇ ਖਾਣੀਏ ! ਆਸ ਪੂਰੀ ਸਾਡੀ ਕਰਦੇ।