ਪੰਜਾਬ ਦੇ ਪ੍ਰਸਿੱਦ ਮੇਲੇ
ਪੰਜਾਬ ਦੇ ਮੇਲੇ ਪੰਜਾਬੀਆਂ ਦੇ ਵੱਡੇ ਮਨ-ਪਰਚਾਵੇ ਹਨ। ਇਹ ਮੇਲੇ ਜ਼ਮਾਨੇ ਦੀ ਨਵੀਂ ਹਵਾ ਦੇ ਰੋਸ਼ਨਦਾਨ, ਸ਼ਹਿਰਾਂ ਨੂੰ ਪਿੰਡਾਂ ਵਿਚ ਪਹੁੰਚਾਉਣ ਦੇ ਸਾਧਨ ਤੇ ਲੋਕ-ਸਾਹਿੱਤ ਦੇ ਪਰਗਟਾਵੇ ਦਾ ਰੰਗ-ਮੰਚ ਹੁੰਦੇ ਹਨ। ਸਾਡੇ ਪਿੰਡਾਂ ਦੇ ਲੋਕ ਚਾਵਾਂ ਮਲ੍ਹਾਰਾਂ ਨਾਲ ਪਹਿਨ ਪਚਰ, ਬਣ ਠਣ ਕੇ ਦਿਲ ਦੇ ਗੁਭਗੁਭਾਟ ਕੱਢਣ ਲਈ ਹੁੰਮ ਹੁਮਾ ਕੇ ਮੇਲਿਆਂ ਵਿਚ ਪਹੁੰਚਦੇ ਹਨ। ਇਹ ਮੇਲੇ ਤੀਜੇ, ਚੌਥੇ ਮਹੀਨੇ ਦਸਾਂ ਬਾਰਾਂ ਕੋਹਾਂ ਦੀ ਵਿੱਥ ਉੱਤੇ, ਖੂਹ ਦੀਆਂ ਟਿੰਡਾਂ ਵਾਂਗ, ਪੇਂਡੂ ਜੀਵਨ ਦੇ ਸ਼ੌਕਾਂ ਤੇ ਉਤਸ਼ਾਹਾਂ ਦੀ ਵਾੜੀ ਹਰੀ ਭਰੀ ਰੱਖਣ ਲਈ ਸਦਾ ਲੱਗੇ ਰਹਿੰਦੇ ਹਨ। ਜੇ ਇਹ ਮੇਲੇ ਨਾ ਹੁੰਦੇ ਤਾਂ ਪੰਜਾਬੀਆਂ ਦਾ ਸੁਭਾਅ ਯਕੀਨਨ ਹੁਣ ਵਾਂਗ ਖੁਲ੍ਹ-ਦਿਲਾ ਤੇ ਰੰਗੀਲਾ ਨਾ ਹੁੰਦਾ। ਸਾਡੇ ਲੋਕ ਦੇਸ਼ ਦੇ ਹੋਰ ਲੋਕਾਂ ਨਾਲੋਂ ਸਡੋਲ ਅਤੇ ਕਸਰਤੀ ਹਨ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਉਹ ਮੇਲਿਆਂ ਵਿਚ ਹੋਣ ਵਾਲੇ ਮੁਕਾਬਲਿਆਂ, ਕਬੱਡੀਆਂ, ਘੋਲਾਂ, ਦੌੜਾਂ, ਗੱਤਕੇਬਾਜ਼ੀ ਦੀਆਂ ਖੇਡਾਂ, ਗਿੱਧਿਆਂ, ਭੰਗੜਿਆਂ ਤੇ ਮਲ੍ਹਟੀ ਫੇਰਨ ਵਿਚ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ।
ਮੇਲੇ ਵਿਚ ਹਾਰ ਤੋਂ ਡਰਦੇ ਪੇਂਡੂ ਭਾਰੇ ਮੁਗਦਰਾਂ ਨਾਲ ਡੌਲੇ ਨਰੋਏ ਕਰਦੇ, ਦੋ ਦੋ ਮਣ ਦੀਆਂ ਅਹਿਰਣਾਂ ਤੇ ਗੋਲੇ ਸੁੱਟ ਕੇ ਸਰੀਰ ਸਾਧਦੇ ਤੇ ਤਿੰਨ ਤਿੰਨ ਮਣ ਪੱਕੇ ਦੀ ਬੋਰੀ ਪਿਠ ਉਤੋਂ ਦੀ ਉਲੱਦ ਉਲੱਦ ਕੇ ਕਸਰਤ ਕਰਦੇ ਰਹਿੰਦੇ ਹਨ। ਕਈ ਬੈਠਕਾਂ ਲਾ ਕੇ ਪਟਾਂ ਦੀਆਂ ਘੁੱਗੀਆਂ ਕੱਢਣ ਉੱਤੇ ਸਾਰਾ ਜ਼ੋਰ ਲਾ ਦਿੰਦੇ ਹਨ । ਕਿਤੇ ਅਖਾੜਿਆਂ ਵਿਚ ਤੇਲ ਨਾਲ ਨਾਗ ਵਾਂਗ ਲਿਸ਼ਕਦੇ ਤੇ ਮੇਲ੍ਹਦੇ ਸਰੀਰ ਨੂੰ ਗੁੰਨ੍ਹਿਆਂ ਜਾ ਰਿਹਾ ਹੁੰਦਾ ਹੈ।
ਮੇਲੇ ਜਾਣ ਲਈ ਨਵੇਂ ਲੀੜੇ ਤਿਆਰ ਕੀਤੇ ਜਾਂਦੇ ਹਨ। ਪੰਜਾਬੀ ਗੱਭਰੂ ਮੇਲੇ ਜਾਣ ਵੇਲੇ ਹਰੇ, ਮੂੰਗੀਏ, ਸੰਗਤਰੀ, ਸੰਦਲੀ ਤੇ ਉਨਾਬੀ ਸਾਫ਼ੇ, ਸਲੇਟੀ ਚਾਦਰਿਆਂ ਦੇ ਭੋਥੇ ਤੇ ਸਾਟਨ ਦੇ ਤਹਿਮਤ, ਕਾਲੀ ਸੂਫ ਦੀਆਂ ਢਾਠੀਆਂ, ਆਂਡਾ ਬੋਸਕੀ ਦੇ ਝੱਗੇ ਤੋਂ ਕਟਾਵਾਂ ਵਾਲੀਆਂ ਜਾਕਟਾਂ ਨੂੰ ਸਾਰਾ ਧਿਆਨ ਲਾ ਕੇ ਸਜਾਉਂਦੇ ਹਨ। ਜਿਨ੍ਹਾਂ ਘੋੜਿਆਂ ਨੂੰ ਉਨ੍ਹਾਂ ਮੇਲੇ ਲਿਜਾਣਾ ਹੁੰਦਾ ਹੈ ਉਨ੍ਹਾਂ ਦੇ ਨਸੀਬ ਖੁੱਲ੍ਹ ਜਾਂਦੇ ਹਨ। ਉਨ੍ਹਾਂ ਨੂੰ ਚਾਰਨ ਲਈ ਗੁੜ ਤੇ ਦਾਣੇ ਦੀਆਂ ਪੱਕੀਆਂ ਨਿਹਾਰੀਆਂ ਤੇ ਦੁੱਧ ਵਿਚ ਘੋਟੀ ਹੋਈ ਛੋਲਿਆਂ ਦੀ ਦਾਲ ਅਤੇ ਹੱਡ ਮੋਕਲੇ ਕਰਨ ਜੋਗੀ ਰੋਜ਼ਾਨਾ ਕਸਰਤ ਤੇ ਫੇਰ ਫਿਰਾਈ, ਗੱਲ ਕੀ, ਹਰ ਸ਼ੈਅ ਦਾ ਪੂਰਾ ਪੂਰਾ ਖ਼ਿਆਲ ਰੱਖਿਆ ਜਾਂਦਾ ਹੈ । ਉਨ੍ਹਾਂ ਦੇ ਨੱਕ ਰੁਮਾਲਾਂ ਨਾਲ ਸਾਫ ਕਰ ਕੇ, ਰੰਗੀਨ ਨਕੇਲਾਂ ਪਾਈਆਂ ਜਾਂਦੀਆਂ ਹਨ ਤੇ ਲੋਗੜੀ ਦੇ ਫੁੱਲਾਂ ਵਾਲੀਆਂ ਮੁਹਾਰਾ ਲਟਕਾਈਆਂ ਜਾਂਦੀਆਂ ਹਨ। ਪਲਾਣੇ ਦੀ ਥਾਂ ਮੜ੍ਹਾਈਆਂ ਹੋਈਆਂ ਕਾਠੀਆਂ ਤੇ ਹੇਠਾਂ ਤਿੱਤਰਾਂ ਮੋਰਨੀਆਂ ਵਾਲੇ ਰੰਗ-ਬਰੰਗੇ ਝੁੱਲ ਪਾਏ ਜਾਂਦੇ ਹਨ । ਜਦੋਂ ਬੋਤੇ ਨੇ ਮੇਲੇ ਵਿਚ ਦੀ ਦੋ ਫੇਰੇ ਪਾਏ ਤੇ ਚੰਗੀਆਂ ਮੜਕਦਾਰ ਮੁਟਿਆਰਾਂ ਰੋਟੀ ਖਾਣੀ ਛੱਡ ਕੇ ਗੱਭਰੂ ਦਾ ਬੋਤਾ ਸਲਾਹੁਣ ਲਈ ਖੜੀਆਂ ਨਾ ਹੋਈਆਂ ਤਾਂ ਬੋਤਾ ਕਾਹਨੂੰ ਰੱਖਣਾ ਹੋਇਆ। ਭਾਵੇਂ ਸਵਾਰ, ਪਾਣੀ ਦੀ ਥਾਲੀ ਲੈ ਕੇ ਬਹਿ ਜਾਵੇ, ਕੀ ਮਜਾਲ ਜੇ ਇਕ ਤਿੱਪ ਬਾਹਰ ਛਲਕ ਸਕੇ ।
‘ਜਿਹੜਾ ਡੰਡੀਆਂ ਹਿਲਣ ਨਾ ਦੇਵੇ ਬੋਤਾ ਲਈਂ ਉਹ, ਵੀਰਨਾ’ !
ਘੋੜੀਆਂ ਤੇ ਬਲਦਾਂ ਦੀ ਵੱਖ ਤਿਆਰੀ ਖਿੱਚੀ ਜਾਂਦੀ ਹੈ । ਲੋਹੀ ਘੋੜੀ ਨੂੰ ਨਿੱਤ ਖਰਖਰਾ ਕਰ ਕਰ ਕੇ, ਬੁਰਸ਼ ਮਾਰ ਮਾਰ ਕੇ ਧਿਆਨ ਨਾਲ ਦੇਖਿਆ ਜਾਂਦਾ ਹੈ ਕਿ ਇਸ ਦੇ ਪਿੰਡੇ ਵਿਚੋਂ ਕੁੰਜ ਵਿਚੋਂ ਨਿਕਲਦੇ ਕਿਸੇ ਨਾਗ ਵਰਗੀ ਲਿਸ਼ਕ ਵਜਦੀ ਹੈ ਜਾਂ ਨਹੀਂ । ਜਿਉਂ ਜਿਉਂ ਘੋੜੀ ਨੂੰ ਰੇਵੀਏ ਟੋਰਨ ਦੀ ਦੌੜ ਵਧਦੀ ਜਾਂਦੀ ਹੈ ਤਿਉਂ ਤਿਉਂ ਉਸਦੀ ਖੁਰਾਕ ਵਧਦੀ ਜਾਂਦੀ ਹੈ ਤੇ ਮੇਲੇ ਵਾਲੇ ਦਿਨ ਤਕ ਵਧਦੀ ਹੀ ਰਹਿੰਦੀ ਹੈ । ਸ਼ੁਕੀਨ ਲੋਕ ਏਸੇ ਤਰ੍ਹਾਂ ਗਾਵਾਂ, ਬੈਲਾਂ, ਕੁੱਤਿਆਂ, ਤਿੱਤਰਾਂ, ਬਟੇਰਿਆਂ ਤੇ ਕੁੱਕੜਾਂ ਨੂੰ ਵੀ ਨਿਖਾਰ ਸ਼ਿੰਗਾਰ ਕੇ ਮੇਲੇ ਵਿਚ ਲਿਆਉਂਦੇ ਹਨ।
ਪੰਜਾਬੀਆਂ ਲਈ ਦੇ ਮੌਕੇ ਹੁੰਦੇ ਹਨ ਜਦੋਂ ਉਹ ਦਿਲ ਦੀਆਂ ਹੱਬਾਂ ਪੂਰੀਆਂ ਕਰਨ ਲਈ ਜ਼ੋਰ ਲਾਉਂਦੇ ਹਨ: ਇਕ ਜੰਞ ਚੜ੍ਹਨਾ ਦੂਜੇ ਮੇਲੇ ਜਾਣਾ । ਪਰ ਫਰਕ ਇਹ ਹੈ ਕਿ ਜੰਞ ਵਿਚ ਲਾੜਾ ਇੱਕੋ ਤੇ ਮੇਲੇ ਵਿਚ ਸਭੇ ਹੀ ਲਾੜੇ ਹੁੰਦੇ ਹਨ।
ਪੇਂਡੂ ਤੇ ਸ਼ਹਿਰੀ ਜੀਵਨ ਵਿਚਕਾਰ ਮੇਲੇ ਉਸ ਮਝੇਰੂ ਦਾ ਕੰਮ ਦਿੰਦੇ ਹਨ ਜਿਹੜਾ ਚਰਖੇ ਦੇ ਦੋਹਾਂ ਫੱਟਾਂ ਨੂੰ ਬੀੜ ਕੇ ਰੱਖਦਾ ਹੈ। ਪੇਂਡੂ ਲੋਕਾਂ ਦੀਆਂ ਘਰੋਗੀ ਅਤੇ ਸ਼ਹਿਰੀ ਲੋਕਾਂ ਦੀਆਂ ਵਪਾਰਕ ਲੋੜਾਂ ਨਾਲ ਨੱਥੇ ਹੋਏ ਇਸ ਦੁਪਾਸੜ ਜੀਵਨ-ਚੱਕਰ ਉੱਤੇ ਸਾਂਝਾਂ ਦੀ ਮਾਲ੍ਹ ਘੂਕਦੀ ਹੈ ਤਾਂ ਵਾਕਵੀ ਦੀਆਂ ਤੰਦਾਂ ਦੇ ਗਲੋਟਿਆਂ ਦੇ ਗਲੋਟੇ ਭਰ ਜਾਂਦੇ ਹਨ।
ਸ਼ਹਿਰੀ ਲੋਕਾਂ ਨੇ ਖਾਣ ਪੀਣ ਦੇ ਕੀ ਕੀ ਨਵੇਂ ਸੁਆਦ ਲੱਭੇ ਹਨ ? ਅੱਜ ਕੱਲ੍ਹ ਪਹਿਰਾਵੇ ਕਿਹੜੇ ਪ੍ਰਚੱਲਿਤ ਹਨ ? ਰਾਜਨੀਤਕ ਪਾਰਟੀਆਂ ਦੇ ਲੀਡਰ ਕਿਨ੍ਹਾਂ ਕਿਨ੍ਹਾਂ ਗੱਲਾਂ ਕਰਕੇ ਇਕ ਦੂਜੀ ਪਾਰਟੀ ਨੂੰ ਨਿੰਦਦੇ ਹਨ ? ਕਿਹੜੇ ਕਿਹੜੇ ਨਵੇਂ ਗਾਉਣ ਬਣੇ ਹਨ ? ਕੰਮਾਂ ਧੰਦਿਆਂ ਵਿਚ ਕੰਮ ਆਉਣ ਵਾਲੇ ਕਿਹੜੇ ਕਿਹੜੇ ਨਵੇਂ ਸੰਦ ਤਿਆਰ ਹੋਏ ਹਨ ? ਖੇਤੀ-ਬਾੜੀ ਤੇ ਪਿੰਡਾਂ ਦੀ ਤਰੱਕੀ ਲਈ ਕੀ ਕੁਝ ਹੋ ਰਿਹਾ ਹੈ ? ਨਵੀਆਂ ਜਿਨਸਾਂ ਥੋੜ੍ਹੇ ਸਮੇਂ ਵਿਚ ਵੱਧ ਕਿਵੇਂ ਪੈਦਾ ਹੁੰਦੀਆਂ। ਹਨ ? ਇਹ ਸਭ ਤੇ ਹੋਰ ਬਹੁਤ ਕੁਝ ਦੂਰ-ਦੁਰਾਡੇ ਵਸਦੇ ਪੇਂਡੂਆਂ ਨੂੰ ਮੇਲਿਆਂ ਵਿਚੋਂ ਅਤੋਲ ਹੀ ਪਤਾ ਲਗਦਾ ਰਹਿੰਦਾ ਹੈ ਤੇ ਉਨ੍ਹਾਂ ਦੇ ਜੀਵਨ ਵਿਚ ਸ਼ਹਿਰ ਦੀ ਜਾਗ ਹੌਲੀ ਹੌਲੀ ਅਸਰ ਕਰਦੀ ਰਹਿੰਦੀ ਹੈ ।
ਕੁਝ ਚਿਰ ਪਹਿਲਾਂ ਲੱਖਾਂ ਲੋਕ ਅਜਿਹੇ ਸਨ ਜਿਨ੍ਹਾਂ ਨੂੰ ਸ਼ਹਿਰੀ ਜ਼ਿੰਦਗੀ ਵੇਖਣ ਦਾ ਮੌਕਾ ਕਦੀ ਵੀ ਨਹੀਂ ਸੀ ਮਿਲਣਾ ਜੇ ਇਹ ਮੇਲੇ ਨਾ ਹੁੰਦੇ। ਪੇਂਡੂ ਲੋਕ ਜੇ ਸ਼ਹਿਰੀ ਜ਼ਿੰਦਗੀ ਨਾਲ ਥੋੜਾ ਬਹੁਤ ਕੋਈ ਤਾਲ ਮਿਲਾ ਰਹੇ ਹਨ ਤਾਂ ਉਹ ਸਭ ਇਨ੍ਹਾਂ ਮੇਲਿਆਂ ਦੇ ਸਿਰ ਸਦਕੇ ਹੈ । ਆਉਂਦੇ ਮੇਲੇ ਉੱਤੇ ਮਿਲਣ ਲਈ ਇਕਰਾਰਾਂ ਦੇ ਵਟਾਂਦਰੇ, ਭੁੱਲੇ ਚੁੱਕੇ ਰਿਸ਼ਤੇਦਾਰਾਂ ਦੀਆਂ ਮਿਲਣੀਆਂ ਨਾਲ ਸੱਜਰੇ ਹੋਏ ਰਿਸ਼ਤੇ, ਨਵੇਂ ਸਾਕਾਂ ਸਬੰਧੀਆਂ ਬਾਰੇ ਪੁਛਾਂ-ਗਿੱਛਾਂ, ਨਵੇਂ ਹਾਣੀਆਂ ਤੇ ਆਪਣੀ ਪਸੰਦ ਦੇ ਮਿਲਾਪੀਆਂ ਨੂੰ ਚੁਣ ਕੇ ਉਨ੍ਹਾਂ ਨਾਲ ਅੱਗੇ ਨੂੰ ਸਾਂਝਾਂ ਪੱਕੀਆਂ ਕਰਨ ਲਈ ਮੇਲੇ ਇਕ ਤਰ੍ਹਾਂ ਦੇ ਦਰਗਾਹੀ ਵਸੀਲੇ ਹਨ ਤੇ ਇਹ ਇਕ ਤਰ੍ਹਾਂ ਵਿਛੜਿਆਂ ਨੂੰ ਮੇਲਣ ਵਾਲੇ ਵਕੀਲ ਹਨ।
ਪੰਜਾਬ ਦੀ ਜ਼ਿੰਦਗੀ ਵਿਚ ਬਿਗਾਨਿਆਂ ਨੂੰ ਆਪਣਾ ਬਣਾਉਣ ਵਾਲੀਆਂ ਕਰੋੜਾਂ, ਸਾਂਝਾਂ, ਜਿੰਦਗੀ ਦੇ ਅਨੇਕ ਸੁੰਨੇ ਪੱਖਾਂ ਨੂੰ ‘ਲੋੜ ਵੇਲੇ ਕੰਮ ਆਵਾਂਗਾ’ ਦੇ ਇਕਰਾਰਾਂ ਦੀਆਂ ਤਸੱਲੀਆਂ ਦੇ ਹੁਲਾਸ, ਲੱਖਾਂ ਨਵੇਂ ਰਿਸ਼ਤੇ ਤੇ ਰਿਸ਼ਤਿਆਂ ਵਿਚੋਂ ਉੱਗਣ ਵਾਲੀਆਂ ਮੂੰਹੀਆਂ ਤੇ ਖ਼ਾਨਦਾਨਾਂ ਦੇ ਮੁੱਢ ਮੇਲੇ ਹਨ। ਇਹ ਪੰਜਾਬ ਦੇ ਲੋਕਾਂ ਦੀਆਂ ਅਨੇਕ ਭਾਂਤ-ਸੁਭਾਂਤੀਆਂ, ਸਰਬ-ਮਿਲੌਣੀਆਂ ਦੇ ਜਨਮ ਦਾਤਾ ਹਨ, ਜ਼ਿੰਦਗੀ ਦੇ ਮੇਲ ਜੇ ਹੋਏ। ਮਹਾਂਭਾਰਤ ਵਿਚ ਪੰਜਾਂ ਦਰਿਆਵਾਂ ਕੰਢੇ ਵੱਸਣ ਵਾਲੇ ਪੰਜਾਬੀਆਂ ਨੂੰ ਰੰਗੀਨ ਤਰ੍ਹਾ ਤੇ ਰੰਗਰਲੀਆਂ ਮਨਾਉਣ ਵਾਲੇ ਦੱਸ ਕੇ ਕਈ ਥਾਂ ਕਰੜੇ ਵਿਅੰਗ ਕੱਸੇ ਮਿਲਦੇ ਹਨ, ਪਰ ਕਈ ਥਾਂ ਪੰਜਾਬੀਆਂ ਦੀ ਇਸ ਰੰਗੀਲੀ ਤਬੀਅਤ ਨੂੰ ਵਡਿਆਇਆ ਵੀ ਗਿਆ ਹੈ ; ਵਡਿਆਇਆ ਵੀ ਇਸ ਅੰਦਾਜ਼ ਨਾਲ ਕਿ ਆਪਣੇ ਪੁਰਾਣੇ ਪੰਜਾਬ ਦੀ ਉਸ ਦੇਸ-ਪਿਆਰ ਤੇ ਸੁਹਜ-ਸੁਆਦ ਦੇ ਸਾਰੇ ਰੋਗਾਂ ਦੀ ਭਾਅ ਮਾਰਨ ਵਾਲੀ ਦਿਲਕਸ਼ ਤਸਵੀਰ ਦੇਖ ਕੇ ਦਿਲ ਗਦਗਦ ਹੁੰਦਾ ਹੈ। ਅਥਰਵਵੇਦ ਦੇ ਇਕ ਮੰਤਰ ਵਿਚ ਆਖਿਆ ਗਿਆ ਹੈ :-
‘ਜਿਸ ਭੂਮੀ ਤੇ ਮਸਤ ਲੋਕੀ ਗਾਂਦੇ ਤੇ ਨੱਚਦੇ ਹਨ, ਜਿਥੇ ਜਵਾਨ ਮਰਦ ਲੜਦੇ ਘੁਲਦੇ ਨੇ, ਜਿੱਥੇ ਯੁੱਧ ਦਾ ਨਗਾਰਾ ਵਜਦਾ ਏ, ਉਹ ਭੂਮੀ ਵੈਰੀਆਂ ਤੋਂ ਰਹਿਤ ਕਰ ਦੇਵੋ।’
ਹੁਣ ਜਦੋਂ ਆਜ਼ਾਦ ਭਾਰਤ ਵਿਚ ਅਸੀਂ ਆਪਣਾ ਵਿਰਸਾ ਸੰਭਾਲਣ ਵਿਚ ਫਖਰ ਸਮਝਦੇ ਹਾਂ, ਲੋਕ-ਹੁਨਰ ਤੇ ਲੋਕ-ਕਲਾ ਮੁੜ ਸੁਰਜੀਤ ਕੀਤੀ ਜਾ ਰਹੀ ਹੈ ਤਾਂ ਪੰਜਾਬੀਆਂ ਲਈ ਇਕ ਵੱਡੇ ਮਾਣ ਵਾਲੀ ਗੱਲ ਹੈ ਕਿ ਉਹ ਆਪਣੇ ਪੁਰਾਣੇ ਸੁਭਾਅ ਅਤੇ ਵਿਰਸੇ ਵਿਚ ਆਈ ਪ੍ਰਥਾ ਨੂੰ ਮੁੜ ਸੁਰਜੀਤ ਕਰ ਰਹੇ ਹਨ ।
ਪੰਜਾਬ ਦੇ ਪੁਰਾਣੇ ਲੋਕ ਜਦੋਂ ਕਬੀਲਿਆਂ ਦੇ ਰੂਪ ਵਿਚ ਸਨ, ਕੀ ਉਦੋਂ ਰੰਗਰਲੀਆਂ ਮਨਾਉਣ ਲਈ ਨੱਚਣ ਗਾਉਣ ਵੇਲੇ ਕੋਈ ਖ਼ਾਸ ਕੇਂਦਰ ਥਾਪ ਲੈਂਦੇ ਸਨ ਜਾਂ ਜਿੱਥੇ ਦਰਖ਼ਤਾਂ ਦੇ ਝੁੰਡ ਹੁੰਦੇ ਸਨ ਉੱਥੇ ਹੀ ਅਖਾੜਾ ਜੰਮ ਜਾਂਦਾ ਸੀ ? ਇਸ ਬਾਰੇ ਕੋਈ ਖਾਸ ਸੰਕੇਤ ਨਹੀਂ ਲੱਭਦਾ, ਪਰ ਇਹ ਗੱਲ ਯਕੀਨੀ ਹੈ ਕਿ ਜਿਥੇ ਉਹ ਕਬੀਲੇ ਰੰਗ ਰਾਗ ਦੀ ਮਹਿਫ਼ਲ ਸਜਾਉਂਦੇ ਸਨ ਉਹ ਥਾਂ ਵਧੇਰੇ ਮਕਬੂਲ ਹੋ ਜਾਂਦੀ ਹੋਵੇਗੀ ਤੇ ਉਸ ਤੋਂ ਅਗਲੀ ਵਾਰ ਲੋਕਾਂ ਦੇ ਜੁੜਨ ਲਈ ਜਾਣੀ-ਪਛਾਣੀ ਥਾਂ ਆਉਂਦੇ ਮੇਲ ਮਿਲਾਪ ਦਾ ਕੇਂਦਰ ਬਣ ਜਾਂਦੀ ਹੋਵੇਗੀ। ਇਹ ਹੀ ਸਾਡੇ ਪਹਿਲੇ ਜ਼ਮਾਨੇ ਦੇ ਮੇਲੇ ਸਨ।
ਕਿਸੇ ਅਦਿਖ ਥਾਂ ਤੇ ਬੈਠੇ ਦੇਵ ਦੇਵਤੇ ਦੀ ਕਰੋਪੀ ਅਤੇ ਮਿਹਰ ਦੇ ਅਹਿਸਾਸ ਤੋਂ ਅਜਿਹੀਆਂ ਸ਼ਕਤੀਆਂ ਨੂੰ ਰੀਝਾਉਣ ਤੇ ਪ੍ਰਸੰਨ ਕਰ ਕੇ ਮਨ-ਇੱਛਤ ਫਲ ਪਾਉਣ ਦੀ ਸਾਧਨਾ, ਕਲਾਧਾਰੀ ਵੱਡੇ ਵਡੇਰਿਆਂ ਦੀ ਮੰਨ ਮਨਾਈ, ਚੰਗੀ ਗੱਲ ਤੇ ਉਨ੍ਹਾਂ ਦੀ ਖੁਸ਼ੀ ਤੇ ਮੰਦੀ ਤੇ ਉਨ੍ਹਾਂ ਦੀ ਕਰੋਪੀ ਸਮਝਣੀ, ਤੇ ਕਰੋਪੀ ਦੂਰ ਕਰਨ ਲਈ ਚੜ੍ਹਾਵੇ ਤੇ ਸੁਖਣਾ ਲਾਹੁਣ ਲਈ ਇਕ ਕਬੀਲੇ ਜਾਂ ਇਕ ਮੂੰਹੀ ਦੇ ਪਿੰਡੇ ਮੁੰਡੇ ਲੋਕਾਂ ਦਾ ਇਕ ਮੁਕੱਰਰ ਦਿਨ ਖ਼ਾਸ ਥਾਂ ਉੱਤੇ ਸੁੱਖਣਾ ਲਾਹੁਣ ਲਈ ਜੁੜਨਾ ਅਤੇ ਨਾਲੇ ਨਾਲ ਚੰਗਾ ਖਾਣ ਪੀਣ ਲਈ ਪਿਕਨਿਕ ਕਰਨਾ, ਆਸ ਪਾਸ ਦੇ ਲੋਕਾਂ ਤੇ ਆਪਣੀ ਭਾਗਵਾਨੀ ਦਾ ਰੋਹਬ ਬਿਠਾਉਣ ਲਈ ਚੰਗੇ ਲੀੜੇ ਕਪੜੇ ਤੇ ਗਹਿਣੇ-ਗੱਟੇ ਪਹਿਨਣਾ, ਖ਼ਾਸ ਕਿਸਮ ਦਾ ਗਾਉਣਾ ਵਜਾਉਣਾ ਅਤੇ ਇਕੱਠੇ ਹੋਏ ਲੋਕਾਂ ਸਾਹਮਣੇ ਆਪਣੀ ਤਾਕਤ ਦਾ ਰੋਹਬ ਦਿਖਾਉਣ ਲਈ ਘੋਲ ਘੁਲਣਾ ਇਹ ਦੂਜੀ ਕਿਸਮ ਦੇ ਮੇਲੇ ਸਨ ਜਿਹੜੇ ਹਾਲਾਂ ਤਕ ਪਿੰਡਾਂ ਦੀਆਂ ਜੂਹਾਂ ਵਿਚ ਕਈਆਂ ਵੱਡਿਆਂ ਵਡੇਰਿਆਂ ਦੀਆਂ ਸਮਾਧਾਂ ਉੱਤੇ ਲਗਦੇ ਆ ਰਹੇ ਹਨ ।
ਇਉਂ ਪ੍ਰਤੀਤ ਹੁੰਦਾ ਹੈ ਕਿ ਲੋਕਾਂ ਵਿਚ ਜਿਉਂ ਜਿਉਂ ਜਾਗ੍ਰਤੀ ਆਉਂਦੀ ਗਈ, ਇਸ ਕਿਸਮ ਦੇ ਮੇਲਿਆਂ ਉੱਤੇ ਇਕੱਠ ਵਧਦੇ ਗਏ ਅਤੇ ਵਧਦੇ ਇਕੱਠ ਨੂੰ ਪ੍ਰਭਾਵਤ ਕਰਨ ਅਤੇ ਆਪਣੀ ਧੌਂਸ ਜਮਾਉਣ ਲਈ, ਖੇਲਾਂ ਆਦਿ ਦੇ ਅਖਾੜਿਆਂ ਦੇ ਮਨ-ਭਾਉਂਦੇ ਤਰੀਕੇ ਵਧਦੇ ਗਏ । ਨਾਲ ਹੀ ਵਿਹਲੇ ਵੇਲੇ ਵਿਚ ਖੁਸ਼ੀਆਂ ਮਨਾਉਣ ਲਈ ਆਪਣੀ ਤਰ੍ਹਾਂ ਦੇ ਨਵੇਂ ਨਵੇਂ ਸੁਹਜ-ਸੁਆਦਾਂ ਦੀ ਤ੍ਰਿਪਤੀ ਦੇ ਰਾਗ ਰੰਗ ਬਦਲਦੇ ਗਏ। ਇਉਂ ਮੇਲੇ ਲੋਕ-ਕਲਾ ਦੀ ਉਪਜ ਅਤੇ ਪ੍ਰਗਟਾਉ ਦਾ ਕਾਰਨ ਬਣਦੇ ਰਹੇ । ਬੀਰਾਂ ਬਹਾਦਰਾਂ ਦੇ ਗਾਉਣ, ਇਲਾਕੇ ਦੇ ਮਸ਼ਹੂਰ ਧਾੜਵੀਆਂ ਦੇ ਜਸ ਦੇ ਕਿੱਸੇ, ਯੋਧਿਆਂ ਦੀਆਂ ਪਉੜੀਆਂ, ਲੜੀਦਾਰ ਵਾਰਾਂ ਤੇ ਸਭ ਤੋਂ ਵਧ ਲੋਕਾਂ ਦੇ ਇਕੱਠੇ ਹੋਣ ਦੇ ਚਾਵਾਂ ਦੇ ਸੰਸਕਾਰਾਂ ਦਾ ਇਉਂ ਇਕ ਵਹਿਣ ਬਣਦਾ ਗਿਆ ਜਿਵੇਂ ਮੀਂਹ ਪੈਣ ਤੇ ਪਾਣੀ ਨੀਵੇਂ ਥਾਂ ਹਰ ਪਾਸੇ ਤੋਂ ਆ ਇਕੱਠਾ ਹੁੰਦਾ ਹੈ, ਇਉਂ ਲੋਕੀ ਮੇਲਿਆਂ ਤੇ ਆਪ-ਮੁਹਾਰੇ ਹੀ ਛੰਭਾਂ ਦੇ ਪਾਣੀ ਵਾਂਙ ਇਕੱਠੇ ਹੋਣ ਲਗ ਪਏ ।
ਇਸ ਰੋੜ੍ਹ ਦਾ ਵਹਾਉ ਏਨਾ ਜ਼ੋਰਦਾਰ ਬਣ ਗਿਆ ਕਿ ਇਸ ਪਿੱਛੋਂ ਜਦੋਂ ਕਿਸੇ ਧਰਮ ਵਾਲਿਆਂ ਨੇ ਕਿਸੇ ਸਥਾਨ ਦਾ ਪੁੰਨ ਜਾਂ ਮਹਾਤਮ ਲੋਕਾਂ ਪ੍ਰਤੀ ਪ੍ਰਗਟ ਕੀਤਾ ਤਾਂ ਲੋਕਾਂ ਉਨ੍ਹਾਂ ਤੀਰਥਾਂ, ਦੇਵੀ ਦੇਵਤਿਆਂ ਦੀ ਅਰਾਧਨਾ ਦੇ ਸਥਾਨਾਂ ਨੂੰ ਵੀ ਮੇਲਿਆਂ ਵਿਚ ਬਦਲ ਲਿਆ। ਕੁਰਛੇਤਰ ਦਾ ਕੁੰਭ, ਨੈਣਾਂ ਦੇਵੀ ਦਾ ਚਾਲਾ, ਅੰਮ੍ਰਿਤਸਰ ਦੀ ਦੀਵਾਲੀ, ਤਰਨਤਾਰਨ ਦੀ ਮੱਸਿਆ, ਮੁਕਤਸਰ ਦੀ ਮਾਘੀ, ਅਨੰਦਪੁਰ ਦਾ ਹੋਲਾ, ਰਾਮ ਤੀਰਥ ਦਾ ਨ੍ਹਾਉਣ ਅਤੇ ਸਰਹੰਦ ਦੀ ਸਭਾ ਇਸੇ ਪ੍ਰਣਾਲੀ ਦੇ ਮੇਲੇ ਹਨ।
ਪੰਜਾਬ ਵਿਚ ਇਕ ਕਿਸਮ ਤਿਉਹਾਰਾਂ ਅਤੇ ਮੌਸਮੀ ਮੇਲਿਆਂ ਦੀ ਵੀ ਹੈ। ਸਿਆਲ ਦੀਆਂ ਹੱਡ-ਕੜਕਾਵੀਆਂ ਠੰਢਾਂ ਪਿੱਛੋਂ ਪਤਝੜ ਦੀ ਸਫ਼ਾ ਹੂੰਝਣ ਵਾਲੀ ‘ਬਸੰਤ’ ਦੇ ਨਾਲ ਹੀ ਪੱਤੇ ਪੱਤੇ, ਡਾਲੀ ਡਾਲੀ ਉੱਤੇ ਛਹਿਬਰ ਲਾਉਣ ਵਾਲੀ ਬਹਾਰ ਵਿਚ ਹੋਲੀਆਂ ਦੇ ਫਾਗ, ਫਸਲਾਂ ਦੀਆਂ ਭਰੀਆਂ ਨਿਸਰੀਆਂ ਬੱਲੀਆਂ ਤੇ ਘੁੰਗਰੂਆਂ ਵਾਂਗ ਛਣਕਦੀਆਂ ਛੋਲਿਆਂ ਦੀਆਂ ਟਾਟਾਂ ਦੇਖ ਕੇ ਵਿਸਾਖੀ ਨੂੰ ਚਾਂਭੜਾਂ ਪਾ ਪਾ ਕਿਰਸਾਣ ਦੀ ਖੁਸ਼ੀ ਨਾ ਉਛਲੇ ਤਾਂ ਹੋਰ ਕਦ ਉਛਲੇ ? ਕਿਰਸਾਣ ਦਾ ਮਨ ਧਰਤੀ ਦੇ ਖੇੜੇ ਨਾਲ ਟਹਿਕਦਾ ਤੇ ਉਦਾਸੀ ਨਾਲ ਚਿੰਤਾਤੁਰ ਹੁੰਦਾ ਹੈ। ਸਾਉਣੀ ਦੀ ਫਸਲ ਦੀ ਆਮਦ ਤੇ ਦੁਸਹਿਰੇ ਅਤੇ ਲੋਹੜੀ ਨੂੰ ਇਨ੍ਹਾਂ ਚਾਵਾਂ ਦੀਆਂ ਡਾਲੀਆਂ ਫਿਰ ਕਰੂੰਬਲਾਂ ਫੁੱਟ ਆਉਂਦੀਆਂ ਹਨ। ਜਿੰਨੇ ਪੰਜਾਬ ਦੇ ਲੋਕ ਰੰਗ-ਬਰੰਗੇ ਸੁਭਾ ਦੇ ਮਾਲਕ ਹਨ, ਉਨੇ ਹੀ ਰੰਗਾਂ ਦੇ ਉਨ੍ਹਾਂ ਦੇ ਮੇਲੇ ਹੁੰਦੇ उठ ।
ਕਈ ਵਾਰ ਤਾਂ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਕਿ ਕਿਰਸਾਣ ਧਰਤੀ ਉੱਤੇ ਟੁਰਦਾ ਫਿਰਦਾ ਇਕ ਬੂਟਾ ਹੈ ਜਿਸ ਦੀਆਂ ਸੱਧਰਾਂ ਦੀਆਂ ਟਹਿਣੀਆਂ ਨੂੰ ਫੁੱਲਾਂ ਵਾਲੀ ਰੁੱਤ ਫੁੱਲ ਤੇ ਫਲਾਂ ਵਾਲੀ ਰੁੱਤੇ ਫਲ ਲਗਦੇ ਹਨ। ਹਰ ਬਹਾਰ ਵਿਚ ਇਸ ਉੱਤੇ ਨਵਾਂ ਨਿਸਾਰ ਤੇ ਨਿਖਾਰ ਆਉਂਦਾ ਹੈ ਜਿਸ ਦੀ ਗੁਰਦਰਸਨੀ ਉਹ ਮੇਲਿਆਂ ਉੱਤੇ ਕਰਦਾ ਹੈ । ਜੇ ਹੋਰ ਨਹੀਂ ਤਾਂ ਚਲੋ ਦੋ ਦਿਨ ਯਾਰਾਂ ਬੇਲੀਆਂ ਨਾਲ ਰਲ ਮਿਲ ਕੇ ਬਹਿਣ ਦੇ ਚਾਉ ਪੂਰੇ ਕਰਨ ਲਈ ਹੀ ਸਹੀ। ਜਿਵੇਂ ਪੁਰਾਣੇ ਲੋਕ ਆਖਦੇ ਹਨ, ‘ਆਸਾ ਇਸਟ ਉਪਾਸਨਾ ਖਾਨ ਪਾਨ ਪਹਿਰਾਨ, ਇਹ ਖਟ ਜਾਂ ਨਰ ਕੇ ਮਿਲੈਂ ਤਾਂ ਕਉਂ ਮਿਲਿਆ ਜਾਨ ।” ਜਿੱਥੇ ਇਹ ਇਕ ਹੋਣ ਉੱਥੇ ਏਕਤਾ ਆ ਜਾਂਦੀ ਹੈ। ਮੇਲੇ ਇਸ ਏਕਤਾ ਦੀ ਜੰਮਣ-ਗੁੜ੍ਹਤੀ ਹਨ। ਇਕੋ ਵੇਲੇ ਦੇਵੀਆਂ ਦੇਵਤਿਆਂ, ਗੁਰੂਆਂ ਅਵਤਾਰਾਂ ਦੇ ਸ਼ਰਧਾਲੂ ਤੇ ਉਸੇ ਵੇਲੇ ਪੀਰਾਂ ਫਕੀਰਾਂ ਦੇ ਸੇਵਕ ਤੇ ਮੜ੍ਹੀਆਂ ਮਸਾਣਾਂ ਦੀਆਂ ਮੰਨ ਮਨਾਈਆਂ ਕਰਨ ਵਾਲੇ ਭਗਤ ਤੇ ਉਸੇ ਵੇਲੇ ਉਹ ਰੰਗ ਰਾਗ ਦੀਆਂ ਮਹਿਫਲਾਂ ਵਿਚ ਚਾਂਭੜਾਂ ਪਾਉਣ ਵਾਲੇ ਖਰੂਦੀ ਸਭ ਇਕੋ ਥਾਂ ਇਕੱਠੇ ਹੋਏ ਹੁੰਦੇ ਹਨ।
ਪੰਜਾਬੀਆਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਉਹ ਜਿਸ ਮੇਲੇ ਚਲੇ ਹਨ ਉਹ ਕਿਹੜੇ ਮਜ਼ਹਬ ਦਾ ਤੇ ਕਿਸ ਵਲੀ ਪੀਰ ਦੀ ਯਾਦ ਵਿਚ ਹੈ। ਵੱਡਿਆਂ ਵਡੇਰਿਆਂ ਦੀਆਂ ਸਮਾਧਾਂ, ਗੁੱਗੇ ਦੀ ਮਾੜੀ, ਮਾਤਾ ਰਾਣੀ ਦੇ ਥਾਨ, ਹੈਦਰ ਸ਼ੇਖ ਦੀ ਚੌਕੀ, ਰਾਮ ਨੌਮੀਂ, ਜਨਮ ਅਸ਼ਟਮੀਂ ਗੁਰੂਕਿਆਂ ਦੀ ਸੁਖਣਾ, ਕੱਤੇ ਦੀ ਪੁੱਨਿਆਂ, ਮਨਸਾ ਦੇਵੀ ਦਾ ਨ੍ਹਾਉਣ, ਕੁਝ ਵੀ ਹੋਵੇ ਉਨ੍ਹਾਂ ਲਈ ਇਹ ਮੇਲਿਆਂ ਤੋਂ ਵਧ ਕੁਝ ਨਹੀਂ ਤੇ ਮੇਲਿਆਂ ਲਈ ਇਹ ਸੱਭੋ ਕੁਝ ਹਨ। ਕੀ ਪੰਜਾਬ ਦੇ ਖੁਲ੍ਹੇ ਡੁੱਲ੍ਹੇ ਤੇ ਗ਼ੈਰ- ਫਿਰਕੂ ਸੁਭਾਅ ਦਾ ਇਸ ਤੋਂ ਵੱਧ ਹੋਰ ਪਰਮਾਣ ਮਿਲ ਸਕਦਾ ਹੈ ? ਕਦਾਚਿਤ ਨਹੀਂ ।
ਪੰਜਾਬ ਵਿਚ ਮੇਲੇ ਤਾਂ ਬੇਅੰਤ ਲਗਦੇ ਹਨ ਜਿਵੇਂ ਰਾਵਲਪਿੰਡੀ ਲਾਗੇ ਬਰੀ ਅਮਾਮ ਦਾ ਮੇਲਾ, ਚਰਾਗਾਂ ਦਾ ਮੇਲਾ, ਲਾਹੌਰ ਡੇਰਾ ਸਾਹਿਬ ਦਾ ਜੋੜਮੇਲ, ਨਨਕਾਣੇ ਕੱਤੇ ਦੀ ਪੁੰਨਿਆਂ ਦਾ, ਤਰਨਤਾਰਨ ਮੱਸਿਆ ਦਾ, ਛੇਹਰਟੇ ਪੰਚਮੀ ਦਾ, ਪੰਜੇ ਸਾਹਿਬ ਤੇ ਦਮਦਮੇ ਵਿਸਾਖੀ ਦਾ, ਅੰਮ੍ਰਿਤਸਰ ਦੀਵਾਲੀ ਦਾ, ਮੁਕਤਸਰ ਮਾਘੀ ਦਾ, ਪਟਿਆਲੇ ਬਸੰਤ ਪੰਚਮੀ ਦਾ ਆਦਿਕ ਕਾਫ਼ੀ ਮਸ਼ਹੂਰ ਮੇਲੇ ਹਨ। ਇਹ ਮੇਲੇ ਵਧੇਰੇ ਧਾਰਮਕ ਮਹਾਂਪੁਰਖਾਂ ਦੀ ਯਾਦ ਨਾਲ ਸਬੰਧਤ ਹਨ। ਪੰਜਾਬੀ ਮੇਲਿਆਂ ਦਾ ਅਸਲ ਕੈਰੈਕਟਰ ਜਾਣਨ ਲਈ ਅਸੀਂ ਤਿੰਨ ਚਾਰ ਅਜਿਹੇ ਮੇਲਿਆਂ ਦਾ ਜ਼ਰਾ ਵਿਸਥਾਰ ਨਾਲ ਜ਼ਿਕਰ ਕਰਨ ਦੀ ਖੁਲ੍ਹ ਲਵਾਂਗੇ ਜਿਸ ਤੋਂ ਪੰਜਾਬੀਅਤ ਦੀ ਖੁਲ੍ਹੀ ਝਲਕ ਮਿਲ ਸਕੇ ।