ਮਹਾਰਾਜਾ ਰਣਜੀਤ ਸਿੰਘ ਦੀ ਮੌਤ

ਲਾਹੌਰ ਦਰਬਾਰ, ਡੋਗਰਿਆਂ ਤੇ ਅੰਗਰੇਜ਼ਾਂ ਦੀਆਂ ਸਾਜ਼ਸ਼ਾਂ ਦਾ ਅਖਾੜਾ ਤੇ ਖ਼ਾਨਾਜੰਗੀ ਦੀ ਸ਼ੁਰੂਆਤ 

ਸਿੱਖ ਰਾਜ ਉੱਨੀਵੀਂ ਸਦੀ ਦੇ ਸ਼ੁਰੂ ਤੋਂ ਹੀ ਹੋਂਦ ਵਿਚ ਆ ਗਿਆ ਸੀ ਅਤੇ ਇਹ ਸਦੀ ਦੇ ਅੱਧ ਤਕ ਇਕ ਵਿਸ਼ਾਲ ਕੌਮੀ ਰਾਜ ਵਿਚ ਬਦਲ ਚੁੱਕਾ ਸੀ। ਇਸ ਦੀਆਂ ਹੱਦਾਂ ਦੂਰ-ਦੁਰਾਡੇ ਤਕ ਫੈਲੀਆਂ ਹੋਈਆਂ ਸਨ, ਜਿਨ੍ਹਾਂ ਨਾਲ ਸਿੰਧ, ਬਲੋਚਿਸਤਾਨ, ਅਫ਼ਗ਼ਾਨਿਸਤਾਨ, ਚੀਨ, ਤਿੱਬਤ ਅਤੇ ਝੀਲ ਮਾਨਸਰੋਵਰ ਤੋਂ ਲੈ ਕੇ ਮਿਠਨਕੋਟ/ਰਾਹਜਾਨ ਤਕ ਦਰਿਆ ਸਤਲੁਜ ਦੇ ਨਾਲ-ਨਾਲ ਹਿੰਦੁਸਤਾਨ ਦੀਆਂ ਹੱਦਾਂ ਲੱਗਦੀਆਂ ਸਨ। ਇਸ ਰਾਜ ਵਿਚ ਸਿੰਧ ਅਤੇ ਬਲੋਚਿਸਤਾਨ ਤੋਂ ਬਿਨਾਂ ਹੁਣ ਦਾ ਸਾਰਾ ਪਾਕਿਸਤਾਨ, ਪੂਰਾ ਜੰਮੂ ਤੇ ਕਸ਼ਮੀਰ (ਪਾਕਿਸਤਾਨ ਦੇ ਕਬਜ਼ੇ ਹੇਠਲਾ ਵੀ), ਲੇਹ ਲੱਦਾਖ, ਸਤਲੁਜ ਤਕ ਦਾ ਹੁਣ ਵਾਲਾ ਪੰਜਾਬ ਅਤੇ ਦਰਿਆ ਸਤਲੁਜ ਦੇ ਉੱਤਰ ਪੱਛਮ ਵਾਲੇ ਪਾਸੇ ਦਾ ਝੀਲ ਮਾਨਸਰੋਵਰ ਤਕ ਦਾ ਹਿਮਾਚਲ ਪ੍ਰਦੇਸ਼ ਸ਼ਾਮਲ ਸੀ। ਇਸ ਰਾਜ ਦੀ ਸ਼ਾਨੋ-ਸ਼ੌਕਤ ਨੇ ਸਾਰੀ ਦੁਨੀਆਂ ਨੂੰ ਹੈਰਾਨ ਕਰ ਰੱਖਿਆ ਸੀ। ਕੀ ਯੂਰਪ ਅਤੇ ਕੀ ਏਸ਼ੀਆ, ਸਭ ਪਾਸੇ ਇਸ ਰਾਜ ਦੀ ਅਤੇ ਖ਼ਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਚਰਚਾ ਸੀ। ਇਸ ਦੇ ਸੈਨਿਕਾਂ, ਇਸ ਦੇ ਦਰਬਾਰੀਆਂ ਦੀ ਸ਼ਾਨੋ- ਸ਼ੌਕਤ, ਇਸ ਦੀਆਂ ਤੋਪਾਂ ਤੇ ਫ਼ੌਜੀ ਤਾਕਤ ਦਾ ਸ਼ਾਇਦ ਹੀ ਦੁਨੀਆਂ ਵਿਚ ਉਸ ਸਮੇਂ ਕੋਈ ਸਾਨੀ ਸੀ। ਇਸ ਰਾਜ ਦੀ ਆਰਥਿਕ ਖ਼ੁਸ਼ਹਾਲੀ, ਧਨ ਦੌਲਤ ਦੇ ਭੰਡਾਰ, ਅਮਨ ਸ਼ਾਂਤੀ ਅਤੇ ਅਲੱਗ-ਅਲੱਗ ਧਰਮਾਂ ਦੇ ਲੋਕਾਂ ਦੇ ਆਪਸੀ ਭਾਈਚਾਰੇ ਦੀ ਹਰ ਪਾਸੇ ਸਿਫ਼ਤ ਹੋ ਰਹੀ ਸੀ। ਇਹ ਇਹੋ ਜਿਹਾ ਰਾਜ ਸੀ ਜਿਸ ਦਾ ਮਹਾਰਾਜਾ ਆਪ ਖ਼ੁਦ ਸਾਦੀ ਪੁਸ਼ਾਕ ਵਿਚ ਰਹਿੰਦਾ ਸੀ, ਪਰ ਉਸ ਦੇ ਦਰਬਾਰੀ, ਫ਼ੌਜੀ ਅਫ਼ਸਰ ਤੇ ਘੋੜ-ਚੜ੍ਹੇ ਸਵਾਰ ਰੇਸ਼ਮੀ ਕੀਮਤੀ, ਸੋਨੇ ਚਾਂਦੀ ਦੀ ਕਢਾਈ ਵਾਲੀਆਂ ਹੀਰੇ ਜਵਾਹਰਾਤਾਂ ਨਾਲ ਮੜੀਆਂ ਹੋਈਆਂ ਸੁੰਦਰ ਪੁਸ਼ਾਕਾਂ ਪਹਿਨਦੇ ਸਨ। ਮਹਾਰਾਜਾ ਦਾ ਕੋਈ ਤਖ਼ਤ ਨਹੀਂ ਸੀ ਅਤੇ ਨਾ ਹੀ ਖ਼ੁਦ ਨੂੰ ਮਹਾਰਾਜਾ ਕਹਾਉਂਦਾ ਸੀ। ਰਾਜ ਦਾ ਸਿੱਕਾ ਵੀ ਉਸ ਦੇ ਨਾਂ ਉਪਰ ਨਹੀਂ ਸੀ ਚੱਲਦਾ, ਫਿਰ ਵੀ ਉਸ ਦੀ ਧਾਂਕ ਸਭ ਦੁਨੀਆਂ ਵਿਚ ਫੈਲੀ ਹੋਈ ਸੀ। ਉਹ ਪਹਿਲਾ ਹਿੰਦੁਸਤਾਨੀ ਸੀ ਜਿਸ ਨੇ ਦੱਰ੍ਹਾ ਮੈਂਬਰ ਰਾਹੀਂ ਆਉਣ ਵਾਲੇ ਹਮਲਾਵਰਾਂ ਨੂੰ ਅੱਠ ਸੋ ਸਾਲ ਬਾਅਦ ਠੱਲ੍ਹ ਹੀ ਨਹੀਂ ਸੀ ਪਾਈ, ਬਲਕਿ ਦੱਰ੍ਹਾ ਖ਼ੈਬਰ ਦੇ ਮੂੰਹ ਵਿਚ ਪੱਕੀ ਤਰ੍ਹਾਂ ਨੱਥ ਵੀ ਪਾ ਦਿੱਤੀ ਸੀ। ਉਸ ਨੇ ਦੁਨੀਆਂ ਦੇ ਇਤਿਹਾਸ ਵਿਚ ਪਹਿਲੀ ਵਾਰ ਸਿੰਧ ਦਰਿਆ ਪਾਰ, ਖ਼ੈਬਰ ਤਕ ਦੇ ਸੈਂਕੜੇ ਮੀਲਾਂ ਤਕ ਕਾਬਜ਼ ਅਫ਼ਗ਼ਾਨ ਕਬੀਲਿਆਂ ਨੂੰ ਆਪਣੇ ਕਾਬੂ ਵਿਚ ਹੀ ਨਹੀਂ ਸੀ ਕੀਤਾ, ਬਲਕਿ ਉਨ੍ਹਾਂ ਦੇ ਦਿਲਾਂ ਅੰਦਰ ਆਪਣੀ ਲਾਸਾਨੀ ਬਹਾਦਰੀ ਦੀ ਧਾਂਕ ਜਮਾ ਦਿੱਤੀ ਸੀ। ਉਸ ਮਹਾਰਾਜਾ ਦੇ ਰਾਜ ਵਿਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਦਾ ਆਪਸੀ ਭਾਈਚਾਰਾ ਅਜਿਹਾ ਹੋ ਗਿਆ ਸੀ ਕਿ ਸਭ ਆਪਣੇ ਆਪ ਨੂੰ ਪੰਜਾਬੀ ਭਰਾ ਕਹਾਉਂਦੇ ਸਨ, ਜਦ ਕਿ ਇਸ ਤੋਂ ਪਹਿਲਾਂ ਇਸੇ ਧਰਤੀ ਉਪਰ ਮੁਗ਼ਲਾਂ ਤੇ ਅਫ਼ਗ਼ਾਨਾਂ ਦੇ ਰਾਜ ਵਿਚ ਫ਼ਿਰਕਾਪ੍ਰਸਤੀ ਜ਼ੋਰਾਂ ਉਪਰ ਰਹੀ ਸੀ, ਜਿਥੇ ਸਿੱਖਾਂ ਦੇ ਸਿਰਾਂ ਦਾ ਮੁੱਲ ਪੈਂਦਾ ਸੀ, ਪਰ ਉਸ ਨੇ ਪਿਛਲੇ ਦੁੱਖ-ਦਰਦ ਸਭ ਕੁਝ ਭੁੱਲਦੇ ਹੋਏ ਮੁਸਲਮਾਨਾਂ ਨੂੰ ਸਨਮਾਨ ਦਿੱਤਾ ਸੀ। ਇਹ ਦੁਨੀਆਂ ਦਾ ਵਿਲੱਖਣ ਤੇ ਪਹਿਲਾ ਰਾਜ ਸੀ ਜਿਥੇ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਸੀ ਦਿੱਤੀ ਜਾਂਦੀ। ਉਹ ਹਰ ਕਿਸੇ ਦੀ ਪਹੁੰਚ ਵਿਚ ਸੀ ਅਤੇ ਲੋਕਾਂ ਦੇ ਦੁੱਖ ਦਰਦ ਵਿਚ ਸ਼ਾਮਲ ਹੁੰਦਾ ਸੀ। ਉਹ ਸਾਲ ਵਿਚ ਮਹੀਨਿਆਂ ਬੱਧੀ ਆਪਣੇ ਰਾਜ ਵਿਚ ਘੁੰਮਦਾ ਰਹਿੰਦਾ ਸੀ। 

ਅਜਿਹੇ ਇਨਸਾਫ਼-ਪਸੰਦ ਵਿਸ਼ਾਲ ਕੌਮੀ ਰਾਜ ਨੂੰ ਮੱਕਾਰੀ ਨਾਲ ਖ਼ਤਮ ਕਰਨਾ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖੇਡਣਾ ਸੀ। ਪਰ ਅੰਗਰੇਜ਼ਾਂ ਦੀ ਸੋਚ ਅਲੱਗ ਸੀ ਜੋ ਪੂਰੇ ਹਿੰਦੁਸਤਾਨ ਦੇ ਮਾਲਕ ਬਣੇ ਹੋਏ ਸਨ ਅਤੇ ਬਰਮਾ ਨੂੰ ਆਪਣੇ ਕਾਬੂ ਵਿਚ ਕਰਨ ਤੋਂ ਬਾਅਦ ਆਪਣੀਆਂ ਹੱਦਾਂ ਨੂੰ ਅਫ਼ਗ਼ਾਨਿਸਤਾਨ ਤਕ ਲਿਜਾਉਣਾ 

ਚਾਹੁੰਦੇ ਸਨ। ਉਹ ਹਸਰਤ ਭਰੀਆਂ ਨਜ਼ਰਾਂ ਨਾਲ ਇਸ ਮੁਲਕ ਦੇ ਵਿਸ਼ਾਲ ਧਨ ਦੌਲਤ ਦੇ ਭੰਡਾਰਾਂ ਨੂੰ ਵੇਖ ਰਹੇ ਸਨ, ਜਿਸ ਦੀ ਸਾਲਾਨਾ ਆਮਦਨ ਕਈ ਕਰੋੜਾਂ ਦੀ ਸੀ। ਐਨੇ ਸ਼ਕਤੀਸ਼ਾਲੀ ਰਾਜ ਨੂੰ ਤਾਕਤ ਨਾਲ ਕਾਬੂ ਕਰਨਾ ਉਨ੍ਹਾਂ ਦੇ ਵੱਸ ਵਿਚ ਨਹੀਂ ਸੀ ਅਤੇ ਲੰਮੀ ਲੜਾਈ ਨਾਲ ਉਨ੍ਹਾਂ ਦੇ ਆਪਣੇ ਆਰਥਿਕ ਸਾਧਨਾਂ ‘ਤੇ ਵੀ ਭਾਰੀ ਸੱਟ ਲੱਗਦੀ ਸੀ। ਇਸੇ ਲਈ ਉਨ੍ਹਾਂ ਨੇ ਇਸ ਰਾਜ ਨੂੰ ਖ਼ਤਮ ਕਰਨ ਲਈ ਮੱਕਾਰੀ ਅਤੇ ਧੋਖਾਧੜੀ ਦਾ ਰਸਤਾ ਅਖ਼ਤਿਆਰ ਕੀਤਾ। ਅੰਗਰੇਜ਼ਾਂ ਨੇ 

ਅੰਦਰਖਾਤੇ ਲਾਹੌਰ ਦਰਬਾਰ ਦੇ ਖ਼ਾਸ ਕਰਕੇ ਗ਼ੈਰ-ਪੰਜਾਬੀ ਦਰਬਾਰੀਆਂ ਨੂੰ ਮਿਲੀ-ਭੁਗਤ ਰਾਹੀਂ ਆਪਣੇ ਨਾਲ ਮਿਲਾ ਲਿਆ। ਜਿਨ੍ਹਾਂ ਨੇ ਸੰਨ 1839 (27 ਜੂਨ, 1839) ਵਿਚ ਮਹਾਰਾਜਾ ਦੀ ਮੌਤ ਤੋਂ ਬਾਅਦ ਖ਼ਾਨਾਜੰਗੀ ਰਾਹੀਂ ਰਾਜ ਸ਼ਕਤੀ ਦੇ ਮਾਲਕਾਂ ਨੂੰ ਇਕ-ਇਕ ਕਰਕੇ ਮਾਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਜਿਸ ਦੀ ਭੇਟ ਵਾਰੀ-ਵਾਰੀ ਮਹਾਰਾਜਾ ਖੜਕ ਸਿੰਘ, ਸ਼ਹਿਜ਼ਾਦਾ ਨੌਨਿਹਾਲ ਸਿੰਘ, ਮਹਾਰਾਣੀ ਚੰਦ ਕੌਰ, ਮਹਾਰਾਜਾ ਸ਼ੇਰ ਸਿੰਘ, ਟਿੱਕਾ ਪ੍ਰਤਾਪ ਸਿੰਘ, ਸ਼ਹਿਜ਼ਾਦਾ ਕਸ਼ਮੀਰਾ ਸਿੰਘ, ਸ਼ਹਿਜ਼ਾਦਾ ਪਿਸ਼ੌਰਾ ਸਿੰਘ, ਸਰਦਾਰ ਲਹਿਣਾ ਸਿੰਘ ਸੰਧਾਵਾਲੀਆ, ਅਤਰ ਸਿੰਘ ਸੰਧਾਵਾਲੀਆ, ਸਰਦਾਰ ਅਜੀਤ ਸਿੰਘ ਸੰਧਾਵਾਲੀਆ, ਵਜ਼ੀਰ ਚੇਤ 

ਸਿੰਘ ਬਾਜਵਾ ਅਤੇ ਵਜ਼ੀਰ ਜਵਾਹਰ ਸਿੰਘ ਅਤੇ ਹੋਰ ਬਹੁਤ ਸਾਰੇ ਇਸ ਖ਼ਾਨਾਜੰਗੀ ਦੀ ਭੇਟ ਚੜ੍ਹ ਗਏ। ਇਸੇ ਖ਼ਾਨਾਜੰਗੀ ਦੀ ਭੇਟ ਇਨ੍ਹਾਂ ਗ਼ਦਾਰੀ ਚਾਲਾਂ ਵਿਚ ਸ਼ਾਮਲ ਕਈ ਡੋਗਰੇ ਵੀ ਚੜ੍ਹ ਗਏ, ਜਿਨ੍ਹਾਂ ਵਿਚ ਰਾਜਾ ਧਿਆਨ ਸਿੰਘ ਤੇ ਉਸ ਦਾ ਲੜਕਾ ਊਧਮ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਦਾ ਚਹੇਤਾ ਹੀਰਾ ਸਿੰਘ ਵੀ ਸ਼ਾਮਲ ਸੀ, ਜਿਸ ਨੂੰ, ਇਹ ਡੋਗਰੇ ਭਰਾ (ਸਭ ਨੂੰ ਮਾਰ ਕੇ) ਇਸ ਰਾਜ ਦੀ ਗੱਦੀ ਉਪਰ ਬਿਠਾਉਣਾ ਚਾਹੁੰਦੇ ਸਨ। ਇਸ ਖ਼ਾਨਾਜੰਗੀ ਵਿਚ ਕਈ ਹੋਰ ਡੋਗਰੇ ਵੀ ਮਾਰੇ ਗਏ, ਜਿਨ੍ਹਾਂ ਵਿਚ ਰਾਜਾ ਸੁਚੇਤ ਸਿੰਘ, ਮੀਆਂ ਊਧਮ ਸਿੰਘ, ਪੰਡਿਤ ਜੱਲਾ, ਮੀਆਂ ਸੋਹਨ ਸਿੰਘ, ਮੀਆਂ ਲਾਭ ਸਿੰਘ ਅਤੇ ਕੇਸਰੀ ਸਿੰਘ ਸ਼ਾਮਲ ਸਨ। ਹੀਰਾ ਸਿੰਘ ਨੂੰ ਗੱਦੀ ਉਪਰ ਬਿਠਾਉਣ ਬਾਰੇ ਕਰਨਲ ਗਾਰਡਨਰ ਆਪਣੀ ਸ੍ਵੈ-ਜੀਵਨੀ ਵਿਚ ਦਰਸਾਉਂਦਾ ਹੈ ਕਿ ਡੋਗਰਿਆਂ ਦਾ ਇੱਕੋ ਇਕ ਨਿਸ਼ਾਨਾ ਰਾਜਾ ਹੀਰਾ ਸਿੰਘ ਨੂੰ ਗੱਦੀ ਉਪਰ ਬਿਠਾਉਣਾ ਸੀ ਅਤੇ ਇਸ ਵਿਚ ਅੜਿੱਕਾ ਪਾਉਣ ਵਾਲੇ ਹਰ ਕਿਸੇ ਨੂੰ ਚਾਹੇ ਉਹ ਸ਼ਾਹੀ ਪਰਿਵਾਰ ਵਿੱਚੋਂ ਹੋਵੇ ਜਾਂ ਕੋਈ ਵਜ਼ੀਰ ਜਾਂ ਦਰਬਾਰੀ, ਨੂੰ ਵੀ ਕਿਉਂ ਨਾ ਖ਼ਤਮ ਕਰਨਾ ਪਵੇ। 

ਡੋਗਰਾ ਭਰਾਵਾਂ ਦਾ ਇਹ ਸੁਪਨਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਚਹੇਤਾ ਅਤੇ ਉਨ੍ਹਾਂ ਦੇ ਆਪਣੇ ਖ਼ਾਨਦਾਨ ਦਾ ਵਾਰਸ ਹੀਰਾ ਸਿੰਘ, ਰਣਜੀਤ ਸਿੰਘ ਦੀ ਗੱਦੀ ਉਪਰ ਬੈਠਣ ‘ਚ ਕਾਮਯਾਬ ਹੋ ਜਾਵੇ। ਇਸ ਕੰਮ ਲਈ ਜਿਨ੍ਹਾਂ ਦਾ ਖ਼ਾਤਮਾ ਕਰਨਾ ਸੀ ਉਸ ਵਿਚ ਸ਼ਾਹੀ ਪਰਿਵਾਰ ਦੇ ਆਦਮੀ ਅਤੇ ਉਹ ਸਾਰੇ ਮੰਤਰੀ, ਸਲਾਹਕਾਰ ਤੇ ਸਰਦਾਰ ਸ਼ਾਮਲ ਸਨ, ਜੋ ਇਸ ਵਿਚ ਡੋਗਰਿਆਂ ਦਾ ਸਾਥ ਨਹੀਂ ਦੇਣਗੇ ਤੇ ਇਹ ਡੋਗਰੇ, ਰਣਜੀਤ ਸਿੰਘ ਨੇ ਹੀ ਪਾਲੇ ਸਨ।” 

ਇਨ੍ਹਾਂ ਸਾਜ਼ਸ਼ਾਂ ਵਿਚ ਸ਼ੁਰੂ ਵਿਚ ਗ਼ੈਰ-ਪੰਜਾਬੀ ਹੀ ਸ਼ਾਮਲ ਸਨ, ਜੋ ਮਹਾਰਾਜਾ ਦੇ ਮਰਨ ਤੋਂ ਬਾਅਦ ਅੰਗਰੇਜ਼ਾਂ ਦੀ ਸ਼ਹਿ ਉਪਰ ਇਕਦਮ ਸਰਗਰਮ ਹੋ ਗਏ ਅਤੇ ਫ਼ੌਜ ਤੇ ਸ਼ਾਹੀ ਪਰਿਵਾਰ ਦੇ ਅਹਿਮ ਸਰਦਾਰਾਂ ਨੂੰ ਆਪਸ ਵਿਚ ਉਲਝਾ ਕੇ ਖ਼ਾਨਾਜੰਗੀ ਦਾ ਅਜਿਹਾ ਦੌਰ ਸ਼ੁਰੂ ਕਰ ਦਿੱਤਾ, ਜਿਸ ਨੇ ਤਬਾਹੀ ਮਚਾ ਦਿੱਤੀ। ਜਦ ਇੰਨੀ ਸ਼ਕਤੀਸ਼ਾਲੀ ਸਿੱਖ ਫ਼ੌਜ ਦਾ ਕੋਈ ਅਹਿਮ ਪੰਜਾਬੀ ਜਾਂ ਸਿੱਖ ਸਰਦਾਰ ਨਾ ਰਿਹਾ, ਜੋ ਉਨ੍ਹਾਂ ਨੂੰ ਸੰਜਮ ਅਤੇ ਅਨੁਸ਼ਾਸਨ ਵਿਚ ਰੱਖ ਸਕੇ ਤਾਂ ਫ਼ੌਜ ਨੇ ਦੇਸ਼ ਨੂੰ ਬਚਾਉਣ ਲਈ ‘ਖ਼ਾਲਸਾ ਪੰਚਾਇਤ ਪ੍ਰਣਾਲੀ’ ਰਾਹੀਂ ਫ਼ੈਸਲੇ ਲੈਣੇ ਸ਼ੁਰੂ ਕਰ ਦਿੱਤੇ ਅਤੇ ਆਪਣੀ ਸੋਚ ਮੁਤਾਬਿਕ ਗ਼ਦਾਰਾਂ ਨੂੰ ਸੋਧਣਾ ਸ਼ੁਰੂ ਕਰ ਦਿੱਤਾ। ਗ਼ਦਾਰਾਂ ਨੇ ਫ਼ੌਜ ਦੀ ਤਾਕਤ ਘਟਾਉਣ ਲਈ ਇਸ ਨੂੰ ਅੰਗਰੇਜ਼ਾਂ ਖ਼ਿਲਾਫ਼ ਭੜਕਾਉਣਾ ਸ਼ੁਰੂ ਕਰ ਦਿੱਤਾ ਅਤੇ ਫ਼ੌਜ ਦੀ ਕਮਾਂਡ ਵੀ ਆਪ ਹੀ ਸਾਂਭ ਲਈ ਜੋ ਗ਼ੈਰ-ਪੰਜਾਬੀ ਮਿਸਰ ਤੇਜ ਸਿੰਹੁ ਅਤੇ ਮਿਸਰ ਲਾਲ ਸਿੰਹੁ ਸਨ। ਪਹਿਲੇ ਸਿੱਖਾਂ ਤੇ ਅੰਗਰੇਜ਼ਾਂ ਦੇ ਯੁੱਧ ਸਮੇਂ ਸਿੱਖ ਫ਼ੌਜਾਂ ਦੀ ਰਣਨੀਤੀ ਤੇ ਫ਼ੌਜ ਦੇ ਸੰਚਾਲਨ ਦੀ ਕਾਰਵਾਈ ਅੰਗਰੇਜ਼ਾਂ ਮੁਤਾਬਿਕ ਹੀ ਇਨ੍ਹਾਂ ਗ਼ਦਾਰਾਂ ਨੇ ਕੀਤੀ ਪਰ ਬਿਨਾਂ ਜਰਨੈਲਾਂ ਤੇ ਗ਼ਦਾਰ ਲੀਡਰਾਂ ਦੇ, ਜੋ ਲੜਾਈਆਂ ਸਮੇਂ ਦੌੜਦੇ ਰਹੇ ਸਨ, ਸਿੱਖ ਫ਼ੌਜਾਂ ਨੇ ਐਸੀ ਬਹਾਦਰੀ ਨਾਲ ਟਾਕਰਾ ਕੀਤਾ ਕਿ ਅੰਗਰੇਜ਼ ਵੀ ਇਕ ਸਮੇਂ ਹਥਿਆਰ ਸੁੱਟਣ ਲਈ ਤਿਆਰ ਹੋ ਗਏ ਸਨ ਪਰ ਗ਼ਦਾਰਾਂ ਕਰਕੇ ਜਿੱਤੀ ਹੋਈ ਜੰਗ ਹਾਰ ਵਿਚ ਬਦਲ ਗਈ। ਅਜਿਹਾ ਸ਼ਕਤੀਸ਼ਾਲੀ ਸਿੱਖ ਰਾਜ ਗ਼ਦਾਰਾਂ ਨੇ ਅੰਗਰੇਜ਼ਾਂ ਦੀ ਸ਼ਹਿ ਉਪਰ ਕਿਵੇਂ ਖ਼ਤਮ ਕੀਤਾ, ਚਸ਼ਮਦੀਦ ਗਵਾਹਾਂ ਅਤੇ ਲਿਖਤੀ ਇਤਿਹਾਸਕ ਹਵਾਲਿਆਂ ਰਾਹੀਂ ਬਿਆਨ ਕੀਤਾ ਜਾ ਰਿਹਾ ਹੈ।  

ਸਭ ਤੋਂ ਪਹਿਲਾਂ ਖ਼ੁਦ ਅੰਗਰੇਜ਼ਾਂ ਦੇ ਹੀ ਲਿਖਾਰੀਆਂ ਨੇ ਪੰਜਾਬ ਉਤੇ ਕਬਜ਼ਾ ਕਰਨ ਤੋਂ ਬਾਅਦ ਇਸ ਤੋਂ ਪਰਦਾ ਹਟਾਇਆ ਸੀ। ਪੰਜਾਬ ਉਤੇ ਕਬਜ਼ਾ ਕਰਨ ਉਪਰੰਤ ਥਾਪੇ ਗਏ ਪਹਿਲੇ ਚੀਫ਼ ਕਮਿਸ਼ਨਰ ਸਰ ਹੈਨਰੀ ਲਾਰੰਸ ਦਾ ਕਹਿਣਾ ਹੈ ਕਿ ਇਹ ਸਾਜਸ਼ਾਂ ਕਰਨ ਵਾਲੇ ਉਨ੍ਹਾਂ ਦੇ ਆਪਣੇ ਆਦਮੀ ਹੀ ਸਨ। 

ਸਿੱਖ ਬਹੁਤ ਦੁਖੀ ਹੋ ਕੇ ਯਾਦ ਕਰਦੇ ਸਨ ਕਿ ਉਨ੍ਹਾਂ ਨੇ ਆਪਣੇ ਹੀ ਪੂਰਬੀਏ ਤੇ ਗ਼ੈਰ-ਪੰਜਾਬੀ ਦਰਬਾਰੀਆਂ ਦੀਆਂ ਮੱਕਾਰੀ ਚਾਲਾਂ ਵਿਚ ਫਸ ਕੇ ਆਪਣੀ ਆਜ਼ਾਦੀ ਖ਼ਤਮ ਕਰਵਾ ਲਈ ਸੀ। 

ਇਹ ਸਹੀ ਵੀ ਸੀ ਕਿਉਂਕਿ ਅੰਗਰੇਜ਼ਾਂ ਵਿਰੁੱਧ ਸਿੱਖਾਂ ਨੂੰ ਭੜਕਾਉਣ ਵਾਲਿਆਂ ਦੇ ਮੁਕਾਬਲੇ ਵਿਚ, ਸਿੱਖ ਬਹੁਤ ਥੋੜ੍ਹੇ ਸਨ। ਇਹ ਦਰਬਾਰੀ ਜੋ ਸਿੱਖਾਂ ਨੂੰ ਭੜਕਾ ਰਹੇ ਸਨ, ਸਾਡੇ ਹੀ ਅਨਸਰ ਸਨ, ਆਮ ਸਿੱਖ ਸਰਦਾਰ ਸਾਡੇ ਖ਼ਿਲਾਫ਼ ਨਹੀਂ ਸਨ, ਪੂਰਬੀਏ (ਹਿੰਦੁਸਤਾਨੀ) ਜੋ ਦਰਬਾਰ ਤੇ ਫ਼ੌਜ ਵਿਚ ਸਨ, ਦੇ ਮੁਕਾਬਲੇ ਕਈ ਸਿੱਖ ਸਰਦਾਰ ਸਾਡੇ ਨਾਲ ਦੋਸਤੀ ਰੱਖਣਾ ਚਾਹੁੰਦੇ ਸਨP 

ਇਸੇ ਤਰ੍ਹਾਂ ਗਾਰਡਨਰ ਨੇ ਜ਼ਾਹਰ ਕੀਤਾ ਸੀ ਕਿ ਡੋਗਰੇ ਬਹੁਤ ਤਾਕਤਵਰ ਬਣ ਚੁੱਕੇ ਸਨ ਅਤੇ ਰਾਜਸੀ ਤੇ ਮੱਕਾਰੀ ਚਾਲਾਂ ਵਿਚ ਨਿਪੁੰਨ ਸਨ ਅਤੇ ਉਨ੍ਹਾਂ ਦਾ ਇੱਕੋ ਹੀ ਨਿਸ਼ਾਨਾ ਸੀ ਆਪਣੇ ਹੀ ਵਾਰਸ ਹੀਰਾ ਸਿੰਘ ਨੂੰ ਇਸ ਰਾਜ ਗੱਦੀ ਉਪਰ ਬਿਠਾਉਣਾ। ਮਹਾਰਾਜਾ ਖੜਕ ਸਿੰਘ ਆਪਣੇ ਪਿਤਾ ਦੀ ਤਰ੍ਹਾਂ ਇੰਨਾ ਹੁਸ਼ਿਆਰ, ਚੇਤੰਨ ਤੇ ਸਿਆਸਤ ਦਾ ਖਿਡਾਰੀ ਨਹੀਂ ਸੀ ਅਤੇ ਨਾ ਹੀ ਆਪਣੇ ਪਿਤਾ ਦੀ ਤਰ੍ਹਾਂ ਉੱਚ ਕੋਟੀ ਦਾ ਫ਼ੌਜੀ ਜਰਨੈਲ ਜਿਸ ਅੱਗੇ ਹਰ ਕੋਈ ਝੁਕਣ ਲਈ ਮਜਬੂਰ ਹੋ ਜਾਂਦਾ ਸੀ। ਉਹ ਐਨੇ ਵਿਸ਼ਾਲ ਰਾਜ ਨੂੰ ਸਾਂਭਣ ਅਤੇ ਆਪਣੇ ਦੁਸ਼ਮਣਾਂ ਤੇ ਦੋਸਤਾਂ ਨਾਲ ਨਜਿੱਠਣ ਲਈ ਸਫ਼ਾਰਤੀ ਚਾਲਾਂ ਦਾ ਵੀ ਮਾਹਿਰ ਨਹੀਂ ਸੀ, ਜੋ ਸਭ ਕੰਮ ਆਪਣੀ ਨਿਗਰਾਨੀ ਹੇਠ ਕਰਦਾ ਹੋਇਆ ਸ਼ੱਕ ਦੀ ਗੁੰਜਾਇਸ਼ ਨਾ ਰਹਿਣ ਦੇਵੇ। ਇਸ ਲਈ ਉਹ ਦੂਸਰਿਆਂ ਦੇ ਸਹਾਰੇ ਉਪਰ ਸੀ ਅਤੇ ਇਹ ਸਹਾਰਾ ਦੇਣ ਦਾ ਵਾਅਦਾ ਮਹਾਰਾਜਾ ਰਣਜੀਤ ਸਿੰਘ ਆਪਣੀ ਮੌਤ ਤੋਂ ਪਹਿਲਾਂ ਮੁੱਖ ਮੰਤਰੀ ਡੋਗਰਾ ਧਿਆਨ ਸਿੰਘ ਤੋਂ ਉਸ ਲਈ ਲੈ ਚੁੱਕਾ ਸੀ। ਪਰ ਇਨ੍ਹਾਂ ਡੋਗਰਿਆਂ ਦੇ ਆਪਣੇ ਹੀ ਏਜੰਡੇ ਸਨ ਅਤੇ ਉਹ ਮਹਾਰਾਜਾ ਨੂੰ ਉਸ ਦੇ ਪੁੱਤਰ ਦੀ ਸਲਾਮਤੀ ਲਈ ਦਿੱਤੀਆਂ ਹੋਈਆਂ ਵਫ਼ਾਦਾਰੀਆਂ ਦੀਆਂ ਕਸਮਾਂ ਤੋੜਦੇ ਹੋਏ, ਆਪਣਾ ਮਤਲਬ ਪੂਰਾ ਕਰਨ ਲਈ ਬਜ਼ਿੱਦ ਸਨ। ਆਸਟ੍ਰੀਅਨ ਸਫ਼ਰਨਾਮਾਕਾਰ ਹੂਗਲ ਬੈਰਨ ਨੇ ਵੀ ਐਨੇ ਵੱਡੇ ਵਿਸ਼ਾਲ ਰਾਜ ਨੂੰ ਲਗਾਤਾਰ ਸੰਭਾਲਣ ਤੇ ਸੰਚਾਲਨ ਕਰਨ ਲਈ ਮਹਾਰਾਜਾ ਦੇ ਉਤਰਾਧਿਕਾਰੀ ਸ਼ਹਿਜ਼ਾਦਾ ਖੜਕ ਸਿੰਘ ਨੂੰ ਸੰਨ 1836 ਵਿਚ ਲਾਹੌਰ ਵਿਖੇ ਮਿਲਣ ਤੋਂ ਬਾਅਦ, ਉਸ ਦੀ ਯੋਗਤਾ ਨੂੰ ਜਾਂਚਦੇ ਹੋਏ ਸ਼ੱਕ ਪ੍ਰਗਟ ਕੀਤਾ ਸੀ ਕਿ ਉਹ ਐਨੇ ਵੱਡੇ ਰਾਜ ਨੂੰ ਸੰਭਾਲ ਸਕੇਗਾ। ਉਸ ਨੇ ਲਿਖਿਆ ਸੀ: 

ਮਹਾਰਾਜਾ (ਰਣਜੀਤ ਸਿੰਘ) ਦੇ ਕਮਜ਼ੋਰ ਵਾਰਸਾਂ ਲਈ ਡੋਗਰਾ ਭਰਾਵਾਂ ਨੂੰ, ਜੋ ਧਨ-ਦੌਲਤ, ਕਿਲ੍ਹੇ, ਫ਼ੌਜਾਂ ਤੇ ਤੋਪਾਂ ਹਾਸਲ ਕਰਕੇ ਬਹੁਤ ਤਾਕਤਵਰ ਹੋ ਗਏ ਸਨ ਅਤੇ ਅਜਿਹੇ ਹੀ ਕਈ ਹੋਰਨਾਂ ਨੂੰ ਕਾਬੂ ਵਿਚ ਰੱਖਣਾ ਬਹੁਤ ਹੀ ਮੁਸ਼ਕਲ ਹੋ ਜਾਵੇਗਾ; ਜੋ ਇਸ ਵਿਸ਼ਾਲ ਰਾਜ ਦੇ, ਜਿਸ ਨੂੰ ਮਹਾਰਾਜਾ ਨੇ ਬਹੁਤ ਹੀ ਮੁਸੀਬਤਾਂ ਨਾਲ ਜੂਝਦੇ ਹੋਏ ਅਤੇ ਭਵਿੱਖ ਨੂੰ ਵੇਖਦੇ ਹੋਏ ਤਾਕਤ ਨਾਲ ਆਪਣੇ ਕੰਟਰੋਲ ਵਿਚ ਲਿਆਂਦਾ ਸੀ; ਲਗਾਤਾਰ ਕਾਇਮ ਰਹਿਣ ਵਾਸਤੇ ਇਕ ਬਹੁਤ ਵੱਡੀ ਰੁਕਾਵਟ ਰਹੇਗੀ। ਵਿਰਾਸਤ ਵਿਚ ਮਿਲੇ ਇਸ ਖ਼ਾਨਦਾਨੀ ਰਾਜ ਨੂੰ ਕੋਈ ਨਹੀਂ ਬਚਾਅ ਸਕੇਗਾ, ਜਦ ਤਕ ਆਪਣਾ ਸਵੈਮਾਨ ਛੱਡ ਕੇ ਕੰਪਨੀ ਨਾਲ ਸੰਬੰਧ ਕਾਇਮ ਨਹੀਂ ਰੱਖੇ ਜਾਂਦੇ ਜਾਂ ਕੰਪਨੀ (ਅੰਗਰੇਜ਼ਾਂ) ਦੀ ਪਾਲਿਸੀ ਇਸ ਰਾਜ ਨੂੰ ਖ਼ਤਮ ਹੋਣ ਤੋਂ ਬਚਾਅ ਕੇ ਰੱਖੇ।P 

ਪਰ ਫਿਰ ਵੀ ਸਾਨੂੰ ਇਹ ਸਭ ਗੱਲਾਂ ਭੁੱਲਦੇ ਹੋਏ, ਮਹਾਰਾਜਾ ਖੜਕ ਸਿੰਘ ਦੀ ਉਹ ਤਸਵੀਰ ਵੀ ਦਿਸੇਗੀ, ਜਦ ਉਸ ਨੇ ਸਿੱਖ ਫ਼ੌਜਾਂ ਦੀ ਕਮਾਂਡ ਸੰਭਾਲਦੇ ਹੋਏ ਕਈ ਮੁਹਿੰਮਾਂ ਸਰ ਕੀਤੀਆਂ ਸਨ, ਉਸ ਵਿਚ ਇਕ ਫ਼ੌਜੀ ਜਰਨੈਲ ਦੇ ਸਾਰੇ ਗੁਣ ਸਨ, ਉਹ ਸਾਲ ਵਿਚ ਕਾਫ਼ੀ ਸਮਾਂ ਲਾਹੌਰ ਤੋਂ ਬਾਹਰ ਫ਼ੌਜੀ ਮੁਹਿੰਮਾਂ ਉਪਰ ਰਹਿੰਦਾ ਸੀ, ਜਿਥੇ ਉਸ ਨੂੰ ਆਪਣੇ ਪਿਤਾ ਦੀ ਰਹਿਨੁਮਾਈ ਮਿਲਦੀ ਰਹਿੰਦੀ ਸੀ। ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਉਸ ਨੇ ਇਨ੍ਹਾਂ ਮੁਹਿੰਮਾਂ ਸਮੇਂ ਆਪਣਾ ਕੋਈ ਬਹੁਤਾ ਪ੍ਰਭਾਵ ਜਾਂ ਲਿਆਕਤ ਦਾ ਸਿੱਕਾ ਸਿੱਖ ਫ਼ੌਜਾਂ ਉਪਰ ਨਹੀਂ ਸੀ ਜਮਾਇਆ ਅਤੇ ਉਮਰ ਦੇ ਵਧਣ ਨਾਲ ਉਸ ਦੀ ਸ਼ਖ਼ਸੀਅਤ ਮੱਧਮ ਪੈਣੀ ਸ਼ੁਰੂ ਹੋ ਗਈ ਸੀ, ਜਦ ਕਿ ਸ਼ਹਿਜ਼ਾਦਾ ਸ਼ੇਰ ਸਿੰਘ ਨੇ ਬਹੁਤ ਬਾਅਦ ਵਿਚ ਫ਼ੌਜਾਂ ਵਿਚ ਸ਼ਾਮਲ ਹੋ ਕੇ ਇਕ ਅਲੱਗ ਹੀ ਆਪਣੀ ਪਹਿਚਾਣ ਬਣਾ ਲਈ ਸੀ । ਜੋ ਵੀ ਹੋਵੇ, ਮਹਾਰਾਜਾ ਖੜਕ ਸਿੰਘ ਏਨਾ ਵੀ ਕਮਜ਼ੋਰ ਨਹੀਂ ਸੀ, ਜਿੰਨਾ ਉਸ ਨੂੰ ਹਾਲਾਤ ਨੇ ਬਣਾ ਦਿੱਤਾ ਸੀ। ਉਹ ਨਰਮ ਦਿਲ ਤੇ ਨੇਕ ਦਿਲ ਇਨਸਾਨ ਸੀ ਅਤੇ ਐਨੇ ਸ਼ਕਤੀਸ਼ਾਲੀ ਰਾਜ ਨੂੰ ਚਲਾਉਣ ਲਈ ਆਪਣੇ ਪਿਤਾ ਵਾਂਗ ਨਿਪੁੰਨ ਨਹੀਂ ਸੀ ਜੋ ਮੱਕਾਰੀ ਤੇ ਸਾਜ਼ਸ਼ੀ ਚਾਲਾਂ ਦੀ ਪਹਿਚਾਣ ਕਰ ਸਕੇ। ਉਸ ਦੇ ਪਿਤਾ ਵੱਲੋਂ ਥਾਪੇ ਗਏ ਰਾਖੇ ਹੀ ਉਸ ਦੇ ਦੁਸ਼ਮਣ ਬਣ ਗਏ ਅਤੇ ਆਪਣਾ ਮਤਲਬ ਸਿੱਧ ਕਰਨ ਲਈ ਉਨ੍ਹਾਂ ਨੇ ਮਹਾਰਾਜਾ ਖੜਕ ਸਿੰਘ ਨੂੰ ਨਕਾਰਨਾ ਤੇ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ। ਜੇਕਰ ਉਸ ਨੇ ਆਪਣੇ ਬਚਾਅ ਲਈ ਚੇਤ ਸਿੰਘ ਬਾਜਵਾ ਨੂੰ ਆਪਣਾ ਸਲਾਹਕਾਰ ਤੇ ਵਜ਼ੀਰ ਲਿਆਂਦਾ ਵੀ ਤਾਂ ਉਹ ਵੀ ਆਪਣੀਆਂ ਹੀ ਕਮਜ਼ੋਰੀਆਂ ਕਰਕੇ, ਡੋਗਰਿਆਂ ਨੂੰ ਮਾਤ ਨਾ ਦੇ ਸਕਿਆ। ਡੋਗਰਿਆਂ ਨੇ ਹੋਰ ਗਹਿਰੀ ਚਾਲ ਚੱਲਦੇ ਹੋਏ ਮਹਾਰਾਜਾ ਨੂੰ ਆਪਣੇ ਪੁੱਤਰ ਨੌਨਿਹਾਲ ਸਿੰਘ ਤੋਂ ਵੀ ਦੂਰ ਕਰ ਦਿੱਤਾ ਜਿਸ ਕਾਰਨ ਉਹ ਗ਼ਦਾਰਾਂ ਵਿਚ ਘਿਰ ਗਿਆ ਅਤੇ ਸਮੇਂ ਨੇ ਉਸ ਦਾ ਸਾਥ ਨਾ ਦਿੱਤਾ। ਪਰ ਉਸ ਨੇ ਅੰਗਰੇਜ਼ਾਂ ਨਾਲ ਆਪਣੇ ਪਿਤਾ ਦੇ ਸਮੇਂ ਦੀ ਚੱਲ ਰਹੀ ਦੋਸਤੀ ਦੀ ਪਾਲਿਸੀ ਕਾਇਮ ਰੱਖੀ, ਜਿਸ ਨੂੰ ਇਨ੍ਹਾਂ ਗ਼ਦਾਰਾਂ ਨੇ ਮਹਾਰਾਜਾ ਖੜਕ ਸਿੰਘ ਨੂੰ ਅੰਗਰੇਜ਼ਾਂ ਦਾ ਹਿਤੈਸ਼ੀ ਦਰਸਾਉਂਦੇ ਹੋਏ ਬਦਨਾਮ ਕਰਨ ਲਈ ਵਰਤਿਆ, ਜਦ ਕਿ ਅੰਗਰੇਜ਼ਾਂ ਦੇ ਹਿਤੈਸ਼ੀ ਤਾਂ ਖ਼ੁਦ ਇਹ ਡੋਗਰੇ ਗ਼ਦਾਰ ਸਨ ਜੋ ਆਪਣਾ ਰਾਜ ਸਥਾਪਿਤ ਕਰਨ ਲਈ ਅੰਗਰੇਜ਼ਾਂ ਦੇ ਭਾਗੀਦਾਰ ਬਣਦੇ ਜਾ ਰਹੇ ਸਨ। ਡੋਗਰਿਆਂ ਦਾ ਸਭ ਤੋਂ ਪਹਿਲਾ ਨਿਸ਼ਾਨਾ ਮਹਾਰਾਜਾ ਦਾ ਭਰੋਸੇਯੋਗ ਵਜ਼ੀਰ ਚੇਤ ਸਿੰਘ ਸੀ। ਚੇਤ ਸਿੰਘ, ਡੋਗਰਾ ਧਿਆਨ ਸਿੰਘ ਮੁੱਖ ਵਜ਼ੀਰ ਨੂੰ, ਆਰਜ਼ੀ ਤੌਰ ‘ਤੇ ਮਾਤ ਦੇਣ ਵਿਚ ਕੁਝ ਸਮੇਂ ਲਈ ਕਾਮਯਾਬ ਤਾਂ ਜ਼ਰੂਰ ਹੋ ਗਿਆ, ਪਰ ਉਹ ਖ਼ੁਦ ਸਫ਼ਾਰਤੀ ਚਾਲਾਂ ਵਿਚ ਮਾਹਿਰ ਨਹੀਂ ਸੀ, ਜਿਸ ਕਾਰਨ ਉਸ ਨੇ ਸਿੱਧਾ ਹੀ ਧਿਆਨ ਸਿੰਘ ਨੂੰ ਤਾਹਨੇ-ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ, ਪਰ ਧਿਆਨ ਸਿੰਘ ਆਪਣੇ ਨਾਲ ਇਹੋ ਜਿਹਾ ਸਲੂਕ ਕਿਵੇਂ ਬਰਦਾਸ਼ਤ ਕਰ ਸਕਦਾ ਸੀ। ਉਸ ਨੇ ਸ਼ਹਿਜ਼ਾਦਾ ਨੌਨਿਹਾਲ ਸਿੰਘ ਨੂੰ, ਜੋ ਉਸ ਸਮੇਂ ਪੰਜਾਬ ਰਾਹੀਂ ਅੱਗੇ ਵਧਦੀ ਹੋਈ ਅੰਗਰੇਜ਼ਾਂ ਤੇ ਸ਼ਾਹ ਸ਼ੁਜਾ ਦੀ ਸਾਂਝੀ ਫ਼ੌਜੀ ਮੁਹਿੰਮ ਦੀ ਮਦਦ ਲਈ ਪਿਸ਼ਾਵਰ ਵਿਚ ਡੇਰੇ ਲਾਈ ਬੈਠਾ ਸੀ, ਇਹ ਕਹਿ ਕੇ ਲਾਹੌਰ ਵਾਪਸ ਬੁਲਾ ਲਿਆ ਕਿ ਸਿੱਖ ਰਾਜ ਨੂੰ ਖ਼ਤਰਾ ਹੈ, ਕਿਉਂਕਿ ਵਜ਼ੀਰ ਚੇਤ ਸਿੰਘ ਮਹਾਰਾਜਾ ਨਾਲ ਮਿਲ ਕੇ ਇਸ ਨੂੰ ਅੰਗਰੇਜ਼ਾਂ ਪਾਸ ਗਿਰਵੀ ਰੱਖਣਾ ਚਾਹੁੰਦੇ ਹਨ। ਨੌਨਿਹਾਲ ਸਿੰਘ ਖ਼ੁਦ ਅੰਗਰੇਜ਼ਾਂ ਦੇ ਨਾਲ-ਨਾਲ ਡੋਗਰਿਆਂ ਦੀ ਵਧਦੀ ਜਾ ਰਹੀ ਤਾਕਤ ਤੋਂ ਵੀ ਦੁਖੀ ਸੀ ਤੇ ਦੋਵਾਂ ਨੂੰ ਨਫ਼ਰਤ ਕਰਦਾ ਸੀ। ਪਰ ਉਹ ਕਿਵੇਂ ਬਰਦਾਸ਼ਤ ਕਰ ਸਕਦਾ ਸੀ ਕਿ ਚੇਤ ਸਿੰਘ ਅਜਿਹੀ ਕੋਈ ਕਾਰਵਾਈ ਕਰੇ । ਇਸ ਤਰ੍ਹਾਂ ਡੋਗਰਿਆਂ ਨੇ ਉਸ ਦੀਆਂ ਅੰਗਰੇਜ਼ਾਂ ਪ੍ਰਤੀ ਨਫ਼ਰਤ ਦੀਆਂ ਭਾਵਨਾਵਾਂ ਨਾਲ ਖੇਡਦੇ ਹੋਏ ਉਸ ਨੂੰ ਆਪਣੇ ਨਾਲ 

ਸ਼ਾਮਲ ਕਰ ਲਿਆ ਅਤੇ ਉਸ ਦੇ ਪਿਤਾ ਮਹਾਰਾਜਾ ਖੜਕ ਸਿੰਘ ਤੋਂ ਦੂਰ ਕਰ ਦਿੱਤਾ। ਡੋਗਰਾ ਪਾਰਟੀ ਨੇ ਚੇਤ ਸਿੰਘ ਦੇ ਕਤਲ ਦੀ ਸਾਜ਼ਸ਼ ਵਿਚ ਸ਼ਹਿਜ਼ਾਦੇ ਨੂੰ ਵੀ ਸ਼ਾਮਲ ਕਰ ਲਿਆ, ਜਿਸ ਦਾ ਚਸ਼ਮਦੀਦ ਗਵਾਹ ਕਰਨਲ ਅਲੈਗਜ਼ੈਂਡਰ ਸੀ। ਉਹ ਆਪਣੀ ਸ੍ਵੈ-ਜੀਵਨੀ ਵਿਚ ਇਸ ਘਟਨਾ ਨੂੰ ਇਸ ਤਰ੍ਹਾਂ ਦਰਸਾਉਂਦਾ ਹੈ: 

ਇਹ ਝੂਠ ਫੈਲਾਅ ਕੇ ਕਿ ਮਹਾਰਾਜਾ ਖੜਕ ਸਿੰਘ ਅਤੇ ਉਸ ਦਾ ਵਫ਼ਾਦਾਰ ਵਜ਼ੀਰ ਚੇਤ ਸਿੰਘ ਪੰਜਾਬ ਨੂੰ ਅੰਗਰੇਜ਼ਾਂ ਪਾਸ ਗਿਰਵੀ ਰੱਖ ਰਹੇ ਹਨ, ਧਿਆਨ ਸਿੰਘ ਨੇ ਕੰਵਰ ਨੌਨਿਹਾਲ ਸਿੰਘ, ਫ਼ੌਜ ਅਤੇ ਅਹਿਮ ਸਰਦਾਰਾਂ ਦਾ ਇਤਬਾਰ ਹਾਸਲ ਕਰ ਲਿਆ ਤਾਂ ਕਿ ਚੇਤ ਸਿੰਘ ਨੂੰ ਕਤਲ ਕਰ ਦਿੱਤਾ ਜਾਵੇ। ਕਤਲ ਵਾਲੀ ਰਾਤ ਇਨ੍ਹਾਂ ਨੇ ਮਹਾਰਾਜਾ ਦੇ ਨਿੱਜੀ ਸੈਨਿਕ ਜੋ ਪਹਿਰੇ ਉਪਰ ਸਨ, ਨੂੰ ਲਾਲਚ ਦੇ ਕੇ ਖ਼ਰੀਦ ਲਿਆ। ਕਤਲ ਕਰਨ ਲਈ ਪੰਦਰਾਂ ਆਦਮੀਆਂ ਦੀ ਟੋਲੀ ਵਿਚ ਸ਼ਾਮਲ ਸਨ ਤਿੰਨੇ ਡੋਗਰੇ ਭਰਾ-ਧਿਆਨ ਸਿੰਘ, ਗੁਲਾਬ ਸਿੰਘ ਤੇ ਸੁਚੇਤ ਸਿੰਘ, ਮੈਂ ਖ਼ੁਦ (ਗਾਰਡਨਰ), ਕੰਵਰ ਨੌਨਿਹਾਲ ਸਿੰਘ, ਸੰਧਾਵਾਲੀਏ, ਤੇਜ ਸਿੰਘ, ਜਮਾਂਦਾਰ ਖ਼ੁਸ਼ਹਾਲ ਸਿੰਘ ਤੇ ਕੇਸਰੀ ਸਿੰਘ। 

ਇਸ ਘਟਨਾ ਦਾ ਮਾਨਸਿਕ ਤੌਰ ‘ਤੇ ਖੜਕ ਸਿੰਘ ਉਪਰ ਬਹੁਤ ਮਾੜਾ ਅਸਰ ਹੋਇਆ ਕਿ ਉਸ ਦੇ ਬੇਦੋਸ਼ੇ ਮਿੱਤਰ ਅਤੇ ਖ਼ਾਲਸਾ ਰਾਜ ਦੇ ਸੱਚੇ ਹਿਤੈਸ਼ੀ ਦੀ ਹੱਤਿਆ ਉਸ ਦੇ ਸਾਹਮਣੇ ਹੀ ਕਰ ਦਿੱਤੀ ਗਈ ਸੀ ਤੇ ਜਿਸ ਪਾਰਟੀ ਵਿਚ ਉਸ ਦਾ ਆਪਣਾ ਹੀ ਪੁੱਤਰ ਸ਼ਾਮਲ ਸੀ। ਉਹ ਇਸੇ ਦੁੱਖ ਵਿਚ ਆਪਣੇ ਪੁੱਤਰ ਨੂੰ ਮਿਲਣ ਅਤੇ ਅਸਲੀਅਤ ਦੱਸਣ ਲਈ ਤੜਫ਼ਦਾ ਰਿਹਾ, ਪਰ ਡੋਗਰਿਆਂ ਨੇ ਕੰਵਰ ਨੂੰ ਉਸ ਤੋਂ ਦੂਰ ਹੀ ਰੱਖਿਆ ਅਤੇ ਆਪਣੇ ਇਤਬਾਰੀ ਆਦਮੀਆਂ ਰਾਹੀਂ ਮਹਾਰਾਜਾ ਨੂੰ ਜ਼ਹਿਰ ਦੇਣਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਉਹ ਥੋੜ੍ਹੇ ਸਮੇਂ ਵਿਚ ਹੀ ਪੁੱਤਰ ਦੇ ਵਿਯੋਗ ਵਿਚ ਤੜਫ਼ਦਾ ਹੋਇਆ 5 ਨਵੰਬਰ 1840 ਨੂੰ ਚਲਾਣਾ ਕਰ ਗਿਆ। 

ਚੇਤ ਸਿੰਘ ਦੇ ਕਤਲ ਤੋਂ ਬਾਅਦ ਮਹਾਰਾਜਾ ਖੜਕ ਸਿੰਘ ਨੂੰ ਇਕ ਤਰ੍ਹਾਂ ‘ਨਾਲ ਕੈਦ ਵਿਚ ਹੀ ਰੱਖਿਆ ਗਿਆ ਅਤੇ ਰਾਜ-ਪ੍ਰਬੰਧ ਉਸ ਦੇ ਪੁੱਤਰ ਨੌਨਿਹਾਲ ਸਿੰਘ ਦੇ ਹੱਥਾਂ ਵਿਚ ਆ ਗਿਆ। ਦਰਬਾਰ ਵਿਚ ਮਹਾਰਾਜਾ ਖੜਕ ਸਿੰਘ ਦੀ ਹਾਜ਼ਰੀ ਨਾਂ-ਮਾਤਰ ਇਕ ਦਿਖਾਵੇ ਦੇ ਤੌਰ ‘ਤੇ ਹੀ ਹੁੰਦੀ ਸੀ, ਜਿੱਥੇ ਉਸ ਨੂੰ ਚੁੱਪ-ਚਾਪ ਰੱਖਿਆ ਜਾਂਦਾ ਸੀ ਅਤੇ ਸਾਰੀ ਕਾਰਵਾਈ ਦਾ ਸੰਚਾਲਨ ਸ਼ਹਿਜ਼ਾਦਾ ਨੌਨਿਹਾਲ ਸਿੰਘ ਦੇ ਰਾਹੀਂ ਹੀ ਕੀਤਾ ਜਾਂਦਾ ਸੀ । ਕੰਵਰ ਨੌਨਿਹਾਲ ਸਿੰਘ ਜੋ ਕੋਈ ਵੀਹ ਵਰ੍ਹੇ ਦਾ ਨੌਜਵਾਨ, ਹੋਣਹਾਰ ਤੇ ਸਿਆਣਾ ਇਨਸਾਨ ਸੀ, ਨੇ ਜਾਣ ਲਿਆ ਸੀ ਕਿ ਅੰਗਰੇਜ਼ਾਂ ਨਾਲ ਬੇਸ਼ੱਕ ਉਸ ਦੀ ਜ਼ਾਤੀ ਦੁਸ਼ਮਣੀ ਹੋਵੇ, ਪਰ ਸਿੱਖ ਰਾਜ ਖ਼ਾਤਰ ਇਸ ਵਿਸ਼ਾਲ ਰਾਜ ਨੂੰ ਕਾਬੂ ਵਿਚ ਰੱਖਣ ਲਈ ਅੰਗਰੇਜ਼ਾਂ ਨਾਲ ਦੋਸਤੀ ਨਿਭਾਉਣੀ ਹੀ ਪਵੇਗੀ। ਉਸ ਨੇ ਆਪਣੇ ਦਰਬਾਰ ਵਿਚ ਛੇਤੀ ਨਾਲ ਅੰਗਰੇਜ਼ਾਂ ਖ਼ਿਲਾਫ਼ ਉੱਠ ਰਹੀਆਂ ਆਵਾਜ਼ਾਂ ਉਪਰ ਕਾਬੂ ਪਾ ਲਿਆ ਅਤੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਲਏ ਗਏ ਫ਼ੈਸਲਿਆਂ ਉਪਰ ਫੁੱਲ ਚੜਾਉਣਾ ਹੀ ਠੀਕ ਸਮਝਿਆ ਤਾਂ ਕਿ ਅੰਗਰੇਜ਼ਾਂ ਨਾਲ ਅਮਨ ਚੈਨ ਰਹੇ। ਇਕ ਵਾਰ ਤਾਂ ਅਜਿਹੀ ਸਥਿਤੀ ਵੀ ਆ ਗਈ ਸੀ, ਜਦ ਸ਼ਹਿਜ਼ਾਦੇ ਨੇ ਦਰਬਾਰ ਵਿਚ ਅੰਗਰੇਜ਼ਾਂ ਦੇ ਵਿਰੋਧ ਨੂੰ ਸ਼ਾਂਤ ਕਰਨ ਲਈ ਆਪਣੀ ਤਲਵਾਰ ਵੀ ਮਿਆਨ ‘ਚੋਂ ਕੱਢ ਲਈ ਅਤੇ ਕਿਹਾ ਕਿ “ਜੇਕਰ ਉਸ ਨੂੰ ਲੱਗਾ 

ਕਿ ਅੰਗਰੇਜ਼ ਭਾਰੂ ਹੋ ਰਹੇ ਹਨ ਤਾਂ ਉਸ ਦੀ ਹੀ ਤਲਵਾਰ ਸਭ ਤੋਂ ਪਹਿਲਾਂ ਚੱਲੇਗੀ”। ਪਰ ਡੋਗਰੇ ਇਹ ਕਿਵੇਂ ਸਹਿ ਸਕਦੇ ਸਨ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਉਸ ਦਾ ਕੋਈ ਵਾਰਸ ਦਰਬਾਰ ਨੂੰ ਕਾਬੂ ਵਿਚ ਰੱਖ ਸਕੇ। 

ਇਨ੍ਹਾਂ ਬਦਲ ਰਹੀਆਂ ਘਟਨਾਵਾਂ ਕਾਰਨ ਧਿਆਨ ਸਿੰਘ ਸੰਤੁਸ਼ਟ ਨਹੀਂ ਸੀ। ਉਸ ਨੂੰ ਪਤਾ ਲੱਗ ਚੁੱਕਾ ਸੀ ਕਿ ਨੌਨਿਹਾਲ ਵਿਚ ਉਸ ਦੇ ਦਾਦਾ ਦੇ ਸਾਰੇ ਗੁਣ ਤੇ ਸ਼ਕਤੀ ਮੌਜੂਦ ਹੈ, ਬੇਸ਼ੱਕ ਉਹ ਦਾਦੇ ਵਰਗਾ ਚੇਤੰਨ ਤੇ ਪਾਰਖੂ ਅਜੇ ਨਹੀਂ ਸੀ ਅਤੇ ਫਿਰ ਉਸ ਦਾ (ਧਿਆਨ ਸਿੰਘ) ਦਬਦਬਾ ਵੀ ਘਟਦਾ ਜਾ ਰਿਹਾ ਸੀ। 

ਜਿਵੇਂ ਗਾਰਡਨਰ ਨੇ ਸਪੱਸ਼ਟ ਕੀਤਾ ਸੀ ਕਿ ਡੋਗਰੇ ਉਨ੍ਹਾਂ ਦੇ ਰਾਹ ਦੀ ਹਰ ਰੁਕਾਵਟ ਜੋ ਉਨ੍ਹਾਂ ਦੇ ਮਨਸੂਬਿਆਂ ਦੇ ਆੜੇ ਆਵੇ, ਖ਼ਤਮ ਕਰਨ ਉਪਰ ਤੁਲੇ ਹੋਏ ਸਨ ਅਤੇ ਉਨ੍ਹਾਂ ਦੀ ਰੁਕਾਵਟ ਸ਼ਹਿਜ਼ਾਦਾ ਸੀ। ਇਸੇ ਨੂੰ ਬਿਆਨ ਕਰਦਾ ਹੋਇਆ ਪੈਅਨ ਇਸ ਤਰ੍ਹਾਂ ਲਿਖਦਾ ਹੈ : 

ਨੌਨਿਹਾਲ ਸਿੰਘ ਜੋ ਉੱਚਾ ਲੰਮਾ ਤੇ ਸੋਹਣਾ ਗੱਭਰੂ ਸੀ, ਨੇ ਆਪਣੇ ਦਾਦੇ ਦੇ ਉਹ ਸਾਰੇ ਗੁਣ, ਹਿੰਮਤ, ਸਾਹਸ ਤੇ ਬਹਾਦਰੀ ਵਿਰਸੇ ਵਿਚ ਪਾਏ ਸਨ, ਜਿਨ੍ਹਾਂ ਕਰਕੇ ਉਹ ਹਰ ਵਰਗ ਦੇ ਲੋਕਾਂ ਅਤੇ ਖ਼ਾਸ ਕਰਕੇ ਫ਼ੌਜ ਵਿਚ ਹਰਮਨ ਪਿਆਰਾ ਸੀ। ਇਸ ਤੋਂ ਇਲਾਵਾ ਉਸ ਵਿਚ ਇਕ ਵਧੀਆ ਹੁਕਮਰਾਨ ਦੇ ਸਾਰੇ ਗੁਣ ਸਨ, ਜਿਨ੍ਹਾਂ ਸਦਕਾ ਉਸ ਨੇ ਆਪਣੇ ਪਿਤਾ ਦੀ ਵਿਗੜ ਰਹੀ ਸਿਹਤ ਦੇ ਸਮੇਂ ਲਾਹੌਰ ਦਰਬਾਰ ਦੀ ਬਹੁਤ ਹੀ ਵਧੀਆ ਤਰੀਕੇ ਨਾਲ ਉੱਚੇ ਹੌਂਸਲੇ ਵਿਚ ਰਹਿ ਕੇ ਰਹਿਨੁਮਾਈ ਕੀਤੀ ਸੀ। ਧਿਆਨ ਸਿੰਘ ਜੋ ਵਜ਼ੀਰ ਦੇ ਅਹੁਦੇ ਉਪਰ ਸੀ, ਸ਼ਹਿਜ਼ਾਦੇ ਦੇ ਅਜਿਹੇ ਕੰਮ ਕਾਰ ਚਲਾਉਣ ਦੇ ਸੁਲਝੇ ਅਤੇ ਸਿਆਣਪ ਭਰਪੂਰ ਤਰੀਕਿਆਂ ਤੋਂ ਖ਼ੁਸ਼ ਨਹੀਂ ਸੀ ਕਿਉਂਕਿ ਉਸ ਨੂੰ ਲੱਗ ਰਿਹਾ ਸੀ ਕਿ ਹੁਣ ਉਸ ਦੀ ਸਿਆਣਪ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਤਰ੍ਹਾਂ ਹੁਣ ਧਿਆਨ ਸਿੰਘ ਨੇ ਵੇਖਿਆ ਕਿ ਉਸ ਦਾ ਆਪਣਾ ਖੋਹਿਆ ਜਾ ਰਿਹਾ ਵੱਕਾਰ ਤੇ ਸ਼ਾਨ ਦੁਬਾਰਾ ਹਾਸਲ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਸ਼ਹਿਜ਼ਾਦੇ ਦਾ ਖ਼ਾਤਮਾ ਕਰ ਦਿੱਤਾ ਜਾਵੇ। 

ਕੰਵਰ ਨੌਨਿਹਾਲ ਸਿੰਘ ਦਾ ਕਤਲ ਸਿੱਖ-ਇਤਿਹਾਸ ਵਿਚ ਇਕ ਬਹੁਤ ਹੀ ਦੁਖਦਾਈ ਅਤੇ ਅਹਿਮ ਘਟਨਾ ਸੀ। ਉਹ ਸਰਦਾਰ ਹਰੀ ਸਿੰਘ ਨਲੂਆ ਦੀ ਰਹਿਨੁਮਾਈ ਹੇਠ ਪਲਿਆ ਅਤੇ ਵੱਡਾ ਹੋਇਆ ਜਾਂਬਾਜ਼ ਸਿਪਾਹੀ ਸੀ ਜੋ ਉਸ ਦੇ ਦਾਦਾ ਨੇ ਉਸ ਨੂੰ ਰਾਜਨੀਤੀ ਦੇ ਦਾਅ-ਪੇਚ ਸਮਝਣ ਲਈ ਹਰੀ ਸਿੰਘ ਨਲੂਆ ਦੇ ਹਵਾਲੇ ਕਰ ਦਿੱਤਾ ਸੀ। ਉਹ ਇਸ ਸਰਦਾਰ ਦੇ ਅੰਗ-ਸੰਗ ਵਿਚਰਦਾ ਹੋਇਆ ਪਿਸ਼ਾਵਰ ਅਤੇ ਸੂਬਾ ਸਰਹੱਦ ਦੇ ਖ਼ਤਰਨਾਕ ਮੁਸਲਮਾਨਾਂ ਨਾਲ ਕਠੋਰ ਸਥਿਤੀਆਂ ਵਿਚ ਜੂਝਦਾ ਹੋਇਆ ਵੱਡਾ ਹੋਇਆ ਸੀ। ਉਹ ਸਿੱਖ ਰਾਜ ਨੂੰ ਸਿੰਧ ਪਾਰ ਸਮੁੰਦਰ ਤਕ ਪਹੁੰਚਾਉਣਾ ਚਾਹੁੰਦਾ ਸੀ, ਜਿਸ ਦੀ ਉਸ ਨੇ ਤਿਆਰੀ ਸ਼ੁਰੂ ਕਰ ਦਿੱਤੀ ਸੀ। ਡੋਗਰੇ ਅਤੇ ਅੰਗਰੇਜ਼ ਇਹ ਸਭ ਜਾਣਦੇ ਸਨ ਕਿ ਹੋਣਹਾਰ ਸ਼ਹਿਜ਼ਾਦਾ ਉਨ੍ਹਾਂ ਦੇ ਰਾਹ ਦਾ ਰੋੜਾ ਸੀ। ਪਰ ਧਿਆਨ ਸਿੰਘ ਨੇ ਉਸ ਨੂੰ ਉਸੇ ਦਿਨ ਮਰਵਾ ਦਿੱਤਾ ਜਦ ਉਹ ਆਪਣੇ ਪਿਤਾ ਦੀ ਦੇਹ ਨੂੰ ਅਗਨ ਭੇਟ ਕਰਨ ਤੋਂ ਬਾਅਦ ਸਿੱਖ ਰਾਜ ਦੀ ਮਹਾਰਾਜਾ ਦੇ ਰੂਪ ਵਿਚ ਵਾਗਡੋਰ ਸੰਭਾਲਣ ਵਾਲਾ ਸੀ। ਕਾਸ਼! ਇਸ ਨਾਜ਼ੁਕ ਸਮੇਂ ਹਰੀ ਸਿੰਘ ਨਲੂਆ ਜਿਊਂਦਾ ਰਹਿੰਦਾ ਜੋ ਉਸ ਦੀ ਇਸ ਚੜ੍ਹਦੀ ਉਮਰੇ ਅਗਵਾਈ ਕਰਦਾ ਹੋਇਆ ਉਸ ਨੂੰ ਡੋਗਰਿਆਂ ਤੋਂ ਸੁਚੇਤ ਰੱਖਦਾ। ਸ: ਹਰੀ ਸਿੰਘ ਨਲੂਆ ਸਿੱਖ ਰਾਜ ਨੂੰ ਖ਼ਾਲਸੇ ਦੀ ਅਮਾਨਤ ਸਮਝਦੇ ਸਨ ਜਿਸ ਕਾਰਨ ਉਹ ਡੋਗਰਿਆਂ ਦੀਆਂ ਅੱਖਾਂ ਵਿਚ ਵੀ ਰੜਕਦਾ ਸੀ। ਕਈ ਇਤਿਹਾਸਕਾਰ ਉਸ ਦੀ ਮੌਤ ਦਾ ਕਾਰਨ । ਡੋਗਰਿਆਂ ਵੱਲੋਂ ਰਚੀ ਗਈ ਸਾਜ਼ਸ਼ ਨਾਲ ਜੋੜਦੇ ਹਨ। ਕਰਨਲ ਗਾਰਡਨਰ ਇਸ ‘ਸ਼ਹਿਜ਼ਾਦੇ ਦੇ ਕਤਲ ਦਾ ਮੌਕੇ ਦਾ ਗਵਾਹ ਸੀ, ਜੋ ਉਸ ਸਮੇਂ ਡੋਗਰਿਆਂ ਦੀ ਫ਼ੌਜ ਵਿਚ ਸੀ। ਉਹ ਮੌਕੇ ‘ਤੇ ਹਾਜ਼ਰ ਸੀ ਅਤੇ ਫ਼ੌਜ ਦੀ ਨੌਕਰੀ ਤੋਂ ਬਾਅਦ ਸੇਵਾ-ਮੁਕਤੀ ਸਮੇਂ ਉਸ ਨੇ ਆਪਣੀ ਸ੍ਵੈ-ਜੀਵਨੀ ਲਿਖਵਾਈ ਸੀ, ਜਿਸ ਨੂੰ ਬਿਆਨ ਕਰਦੇ ਸਮੇਂ ਉਸ ਨੇ ਨਿਰਭੈਅ ਹੋ ਕੇ ਡੋਗਰਿਆਂ ਦੇ ਡਰ ਦੇ ਪਰਛਾਵੇਂ ਵਿਚ ਉਹ ਘਟਨਾਵਾਂ ਬਿਆਨ ਕੀਤੀਆਂ ਸਨ, ਜਿਨ੍ਹਾਂ ਦਾ ਉਹ ਚਸ਼ਮਦੀਦ ਗਵਾਹ ਸੀ ਅਤੇ ਜਿਨ੍ਹਾਂ ਵਿਚ ਡੋਗਰੇ ਸ਼ਾਮਲ ਸਨ । ਉਸ ਨੂੰ ਇਹ ਵੀ ਖ਼ਤਰਾ ਸੀ ਕਿ ਕਿਤੇ ਸੱਚਾਈ ਬਿਆਨ ਕਰਨ ਨਾਲ ਡੋਗਰੇ ਉਸ ਦਾ ਹੀ ਖ਼ੂਨ ਨਾ ਕਰ ਦੇਣ, ਜਿਨ੍ਹਾਂ ਦੇ ਰਾਜ ਵਿਚ ਸ਼੍ਰੀਨਗਰ ਵਿਖੇ ਉਹ ਨਿਵਾਸ ਕਰ ਰਿਹਾ ਸੀ ਅਤੇ ਉਨ੍ਹਾਂ ਤੋਂ ਹੀ ਪੈਨਸ਼ਨ ਲੈ ਰਿਹਾ ਸੀ। ਬੇਸ਼ੱਕ ਉਸ ਨੇ ਡੋਗਰਿਆਂ ਦਾ ਨਮਕ ਖਾਧਾ ਸੀ, ਪਰ ਸੱਚਾਈ ਬਿਆਨ ਕਰਦੇ ਹੋਏ ਉਸ ਨੇ ਹੀ ਡੋਗਰਿਆਂ ਦੀਆਂ ਇਨ੍ਹਾਂ ਮੱਕਾਰੀ ਚਾਲਾਂ ਤੋਂ ਪਰਦਾ ਹਟਾਇਆ ਸੀ। ਉਸ ਦੀ ਇਹ ਸ੍ਵੈ-ਜੀਵਨੀ ਸੋਲਜ਼ਰ ਐਂਡ ਟ੍ਰੈਵਲਰ ਜਦ ਰਿਲੀਜ਼ ਹੋਈ ਸੀ ਤਾਂ ਉਸ ਸਮੇਂ ਤਕ ਗੁਲਾਬ ਸਿੰਘ ਪੂਰਾ ਹੋ ਚੁੱਕਾ ਸੀ ਅਤੇ ਉਸ ਦੀ ਇਹ ਸ੍ਵੈ-ਜੀਵਨੀ ਉਸ ਦੀ ਆਪਣੀ ਸ੍ਰੀਨਗਰ ਵਿਖੇ 1877 ਵਿਚ ਹੋਈ ਮੌਤ ਤੋਂ ਬਾਅਦ ਹੀ ਇੰਗਲੈਂਡ ਵਿਚ 1898 ਨੂੰ ਪਹਿਲੀ ਵਾਰ ਬਜ਼ਾਰ ਵਿਚ ਆਈ ਸੀ। ਗਾਰਡਨਰ ਆਪਣੀ ਸ੍ਵੈ-ਜੀਵਨੀ ਵਿਚ ਦੱਸਦਾ ਹੈ ਕਿ : 

ਉਸ ਅਭਾਗੇ ਦਿਨ ਮਹਾਰਾਜਾ ਖੜਕ ਸਿੰਘ ਦੇ ਦਾਹ ਸਸਕਾਰ ਸਮੇਂ ਜਦ ਚਿਤਾ ਨੂੰ ਅੱਗ ਦਿੱਤੀ ਜਾ ਰਹੀ ਸੀ ਤਾਂ ਮੈਂ ਰਾਜਾ ਧਿਆਨ ਸਿੰਘ ਦੇ ਪਾਸ ਹੀ ਖੜਾ ਸੀ। ਇਸ ਤੋਂ ਪਹਿਲਾਂ ਕਿ ਨਵਾਂ ਮਹਾਰਾਜਾ ਨੌਨਿਹਾਲ ਸਿੰਘ ਸਸਕਾਰ ਤੋਂ ਫ਼ਾਰਗ ਹੁੰਦਾ, ਮੈਨੂੰ ਧਿਆਨ ਸਿੰਘ ਨੇ ਤੋਪਖ਼ਾਨੇ ਦੇ ਚਾਲ੍ਹੀ ਆਦਮੀ ਵਰਦੀ ਤੋਂ ਬਿਨਾਂ ਸਾਦੇ ਕੱਪੜਿਆਂ ਵਿਚ ਜਲਦੀ ਲਿਆਉਣ ਲਈ ਕਿਹਾ, ਪਰ ਨਾ ਹੀ ਮੈਨੂੰ ਦੱਸਿਆ ਗਿਆ ਕਿ ਮੇਰੇ ਤੋਪਖ਼ਾਨੇ ਦੇ ਆਦਮੀ ਇਥੇ ਕਿਉਂ ਚਾਹੀਦੇ ਹਨ ਅਤੇ ਨਾ ਹੀ ਮੈਂ ਅਨੁਮਾਨ ਲਾ ਸਕਿਆ। ਜਦ ਮੈਂ ਵਾਪਸ ਆਦਮੀ ਲੈ ਕੇ ਪਹੁੰਚਿਆ ਤਾਂ ਦੁਖਦਾਈ ਘਟਨਾ ਵਾਪਰ ਚੁੱਕੀ ਸੀ। ਨਵੇਂ ਮਹਾਰਾਜਾ ਨੇ ਕਿਲ੍ਹੇ ਵਾਪਸ ਜਾਣ ਲਈ ਰੌਸ਼ਨੀ ਦਰਵਾਜ਼ੇ ਰਾਹੀਂ ਲੰਘਦੇ ਹੋਏ, ਐਨ ਉਸੇ ਵਕਤ ਆਪਣੇ ਸਾਥੀ ਊਧਮ ਸਿੰਘ (ਪੁੱਤਰ ਗੁਲਾਬ ਸਿੰਘ) ਦਾ ਹੱਥ ਫੜ ਲਿਆ ਅਤੇ ਜਦ ਇਹ ਦਰਵਾਜ਼ੇ ਹੇਠੋਂ ਗੁਜ਼ਰੇ, ਤਾਂ ਇਹ ਭਾਰੀ ਭਰਕਮ ਉਨ੍ਹਾਂ ਉਪਰ ਧੜੱਮ ਕਰਦਾ ਹੋਇਆ ਆ ਡਿੱਗਿਆ। ਊਧਮ ਸਿੰਘ ਤਾਂ ਮੌਕੇ ‘ਤੇ ਹੀ ਮਰ ਗਿਆ ਜਦ ਕਿ ਨੌਨਿਹਾਲ ਸਿੰਘ ਜ਼ਮੀਨ ‘ਤੇ ਡਿੱਗਦਾ ਹੋਇਆ ਉੱਠਣ ਦੀ ਕੋਸ਼ਿਸ਼ ਵਿਚ ਸੀ ਅਤੇ ਪਾਣੀ ਮੰਗਿਆ। ਉਸੇ ਸਮੇਂ ਧਿਆਨ ਸਿੰਘ ਨੇ ਆਪਣੇ ਭਤੀਜੇ ਨੂੰ ਪਰ੍ਹੇ ਧਕੇਲਦੇ ਹੋਏ ਨਵੇਂ ਮਹਾਰਾਜਾ ਨੂੰ ਸੰਭਾਲਣ ਦੀ ਫੁਰਤੀ ਵਿਖਾਈ, ਉਸ ਨੂੰ ਪਾਲਕੀ ਵਿਚ ਪਾ ਕੇ ਕਿਲ੍ਹੇ ਅੰਦਰ ਲਿਜਾ ਕੇ ਦਰਵਾਜ਼ੇ ਇਕਦਮ ਬੰਦ ਕਰ ਦਿੱਤੇ ਅਤੇ ਕਿਸੇ ਵੀ ਅਹਿਮ ਸਰਦਾਰ ਜਾਂ ਪਰਿਵਾਰਕ ਮੈਂਬਰ ਨੂੰ ਅੰਦਰ ਨਾ ਆਉਣ ਦਿੱਤਾ। ਮਹਾਰਾਜਾ ਨੂੰ ਪਾਲਕੀ ਵਿਚ ਲਿਜਾਉਣ ਵਾਲੇ ਸਾਦੇ ਕੱਪੜਿਆਂ ਵਾਲੇ ਪੰਜ ਸੈਨਿਕ ਮੇਰੇ ਹੀ ਉਨ੍ਹਾਂ ਚਾਲ੍ਹੀ ਆਦਮੀਆਂ ਵਿੱਚੋਂ ਸਨ, ਜਿਨ੍ਹਾਂ ਨੂੰ ਉਸੇ ਵਕਤ ਆਪੋ-ਆਪਣੇ ਘਰ ਵਾਪਸ ਜਾਣ ਲਈ ਕਿਹਾ ਗਿਆ; ਇਨ੍ਹਾਂ ਵਿੱਚੋਂ ਦੋ ਨੂੰ ਭੇਦ ਗੁਪਤ ਰੱਖਣ ਖ਼ਾਤਰ ਮਾਰ ਮੁਕਾਇਆ ਗਿਆ ਅਤੇ ਬਾਕੀ ਦੋ ਹਿੰਦੁਸਤਾਨ ਨੂੰ ਭੱਜ ਗਏ, ਪੰਜਵੇਂ ਦਾ ਕੋਈ ਪਤਾ ਨਹੀਂ ਸੀ ਲੱਗਾ। (ਸਫ਼ਾ 224 ਤੋਂ 225) 

ਇਸੇ ਘਟਨਾ ਨੂੰ ਅੱਗੇ ਬਿਆਨ ਕਰਦਾ ਹੋਇਆ ਗਾਰਡਨਰ ਇਸ ਤਰ੍ਹਾਂ ਦਰਸਾਉਂਦਾ ਹੈ: 

ਬਾਅਦ ਵਿਚ ਪਾਲਕੀ ਉਠਾਉਣ ਵਾਲਾ ਇਕ ਆਦਮੀ ਉਸ ਨੂੰ ਮਿਲਿਆ ਸੀ ਜਿਸ ਨੇ ਦੱਸਿਆ ਕਿ ਜਦ ਉਹ ਸ਼ਹਿਜ਼ਾਦੇ ਨੂੰ ਪਾਲਕੀ ਵਿਚ ਪਾ ਰਹੇ ਸਨ ਤਾਂ ਉਸ ਨੇ ਸੱਜੇ ਕੰਨ ਉਪਰ ਸਿਰ ਵਿਚ ਜੋ ਜ਼ਖ਼ਮ ਵੇਖਿਆ ਸੀ, ਉਸ ਰਾਹੀਂ ਪਾਲਕੀ ਵਿਚ ਰੱਖੇ ਹੋਏ ਸਿਰਹਾਣੇ ਉਪਰ ਰੁਪਏ ਜਿੰਨੀ ਜਗ੍ਹਾ ਵਿਚ ਹੀ ਖੂਨ ਰਸਿਆ ਸੀ, ਜੋ ਉਨ੍ਹਾਂ ਨੇ ਕਿਲ੍ਹੇ ਵਿਚ ਜਾ ਕੇ ਪਾਲਕੀ ਵਿੱਚੋਂ ਸ਼ਹਿਜ਼ਾਦੇ ਨੂੰ ਉਤਾਰਦੇ ਸਮੇਂ ਵੇਖਿਆ ਸੀ। (ਸਫ਼ਾ 225) 

ਗਾਰਡਨਰ ਦੱਸਦਾ ਹੈ ਕਿ ਕਿੰਨੀ ਹੈਰਾਨੀ ਦੀ ਗੱਲ ਸੀ ਕਿ ਜਦ ਸ਼ਹਿਜ਼ਾਦੇ ਨੂੰ ਮੁਰਦਾ ਘੋਸ਼ਿਤ ਕਰਦੇ ਹੋਏ ਕਿਲ੍ਹੇ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਬਹੁਤ ਹੀ ਖ਼ੂਨ ਵਗਿਆ ਹੋਇਆ ਤੇ ਅਣਜੰਮਿਆ ਹੋਇਆ ਬਿਸਤਰੇ ਉਪਰ ਨਜ਼ਰ ਆ ਰਿਹਾ ਸੀ। ਸਾਫ਼ ਸੀ ਕਿ ਕਿਲ੍ਹੇ ਅੰਦਰ ਹੋਣਹਾਰ ਮਹਾਰਾਜੇ ਨੂੰ ਧਿਆਨ ਸਿੰਘ ਨੇ ਖ਼ਤਮ ਕਰ ਦਿੱਤਾ ਸੀ। ਇਸੇ ਤਰ੍ਹਾਂ ਕਨਿੰਘਮ ਅਤੇ ਲੈਪਲ ਗ੍ਰਿਫ਼ਨ ਵੀ ਕੰਵਰ ਨੌਨਿਹਾਲ ਸਿੰਘ ਦੇ ਕਤਲ ਲਈ ਧਿਆਨ ਸਿੰਘ ਨੂੰ ਹੀ ਜ਼ਿੰਮੇਵਾਰ ਠਹਿਰਾਉਂਦੇ ਹਨ। ਇਤਿਹਾਸਕਾਰਾਂ ਦੀਆਂ ਰੌਸ਼ਨੀ ਦਰਵਾਜ਼ੇ ਦੇ ਆਪਣੇ ਆਪ ਡਿੱਗ ਪੈਣ ਜਾਂ ਜਾਣ ਬੁੱਝ ਕੇ ਡੇਗਣ ਬਾਰੇ ਰਾਵਾਂ ਜ਼ਰੂਰ ਅਲੱਗ-ਅਲੱਗ ਹੋ ਸਕਦੀਆਂ ਹਨ, ਪਰ ਸ਼ਹਿਜ਼ਾਦੇ ਦੇ ਡਿੱਗਣ ਤੋਂ ਬਾਅਦ ਧਿਆਨ ਸਿੰਘ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਹਰ ਇਕ ਇਤਿਹਾਸਕਾਰ ਨੂੰ ਇਹ ਮੰਨਣ ਲਈ ਮਜਬੂਰ ਕਰਦੀਆਂ ਹਨ ਕਿ ਉਸ ਨੇ ਹੀ ਜ਼ਖ਼ਮੀ ਹੋਣ ਤੋਂ ਬਾਅਦ ਕਿਲ੍ਹੇ ਵਿਚ ਲਿਜਾ ਕੇ ਸ਼ਹਿਜ਼ਾਦੇ ਨੂੰ ਮਰਵਾ ਦਿੱਤਾ ਸੀ। ਗਾਰਡਨਰ ਮੁਤਾਬਿਕ ਕੰਨ ਉਪਰ ਸਿਰ ‘ਤੇ ਮਾਮੂਲੀ ਜ਼ਖ਼ਮ ਸੀ, ਕਿਲ੍ਹੇ ਪਹੁੰਚਣ ਉਪਰੰਤ ਵੀ ਖੂਨ ਦੇ ਮਾਮੂਲੀ ਧੱਬੇ ਸਨ, ਸ਼ਹਿਜ਼ਾਦੇ ਦਾ ਸਿਰ ਸਹੀ ਸੀ, ਉਹ ਨੀਮ-ਬੇਹੋਸ਼ੀ ਵਿਚ ਸੀ ਅਤੇ ਪਾਣੀ ਮੰਗ ਰਿਹਾ ਸੀ, ਪਰ ਧਿਆਨ ਸਿੰਘ ਨੇ ਕਿਲ੍ਹੇ ਦਾ ਦਰਵਾਜ਼ਾ ਬੰਦ ਕਰਵਾ ਦਿੱਤਾ, ਕਿਸੇ ਹੋਰ ਸਿੱਖ ਸਰਦਾਰ, ਸ਼ਹਿਜ਼ਾਦੇ ਦੇ ਨਜ਼ਦੀਕੀ ਸੰਧਾਵਾਲੀਏ ਜਾਂ ਸਹੁਰਾ ਪਰਿਵਾਰ ਅਟਾਰੀ ਵਾਲੇ ਸਰਦਾਰਾਂ ਜਾਂ ਯੂਰਪੀਨ ਡਾਕਟਰ ਹੋਨਿੰਗਬਰਗ ਜਾਂ ਵੈਦ ਹਕੀਮ, ਜਾਂ ਉਸ ਦੀ ਪਤਨੀ ਜਾਂ ਮਾਂ ਕਿਸੇ ਨੂੰ ਅੰਦਰ ਨਾ ਆਉਣ ਦਿੱਤਾ ਅਤੇ ਜਦ ਕੋਈ ਦੋ ਘੰਟੇ ਬਾਅਦ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਸ਼ਹਿਜ਼ਾਦਾ ਮਰਿਆ ਦਰਸਾਇਆ ਗਿਆ, ਉਸ ਦੀ ਮ੍ਰਿਤਕ ਦੇਹ ਖ਼ੂਨ ਨਾਲ ਲੱਥਪੱਥ ਸੀ ਅਤੇ ਸਿਰ ਫਿੱਸਿਆ ਹੋਇਆ, ਜ਼ਾਹਰ ਸੀ ਕਿ ਕਤਲ ਕੀਤਾ ਗਿਆ ਸੀ। ਇਹ ਰੌਸ਼ਨੀ ਦਰਵਾਜ਼ਾ, ਬਾਦਸ਼ਾਹੀ ਮਸਜਿਦ ਅਤੇ ਕਿਲ੍ਹੇ ਦੇ ਮੁੱਖ ਨਿਵੇਸ਼ ਆਲਮਗੀਰੀ ਦਰਵਾਜ਼ੇ ਦੇ ਵਿਚਕਾਰ ਹਜ਼ੂਰੀ ਬਾਗ਼ ਦੀ ਚਾਰਦੀਵਾਰੀ ਵਿਚ ਇਸ ਦੀ ਉਤਰੀ ਬਾਹੀ ਉਪਰ ਸਥਿਤ ਗੁਰਦੁਆਰਾ ਡੇਹਰਾ ਸਾਹਿਬ ਦੇ ਪਿਛਵਾੜੇ ਸੀ ਅਤੇ ਰੌਸ਼ਨੀ ਲਈ ਵਰਤਿਆ ਜਾਂਦਾ ਸੀ। ਇਸ ਦੇ ਪਾਸ ਹੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਤੇ ਉਹ ਜਗ੍ਹਾ ਸੀ ਜਿਥੇ ਮਹਾਰਾਜਾ ਖੜਕ ਸਿੰਘ ਦਾ ਸਸਕਾਰ ਕੀਤਾ ਗਿਆ ਸੀ। ਹੁਣ ਇਹ ਦਰਵਾਜ਼ਾ ਕੰਡੇਦਾਰ ਤਾਰਾਂ ਨਾਲ ਬੰਦ ਕੀਤਾ ਹੋਇਆ ਹੈ ਅਤੇ ‘ਖੂਨੀ ਦਰਵਾਜ਼ਾ’ ਕਹਾਉਂਦਾ ਹੈ। 

ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਗੱਦੀ ਦੇ ਸਿੱਧੇ ਦੋ ਵਾਰਸ ਅਭਾਗੇ ਪਿਉ-ਪੁੱਤਰ ਇੱਕੋ ਦਿਨ ਹੀ ਡੋਗਰਿਆਂ ਦੀਆਂ ਸਾਜ਼ਸ਼ਾਂ ਦੀ ਭੇਟ ਚੜ੍ਹ ਗਏ। ਧਿਆਨ ਸਿੰਘ ਦੀ ਸਰਦਾਰੀ ਫਿਰ ਕਾਇਮ ਹੋ ਗਈ ਅਤੇ ਸਭ ਉਸ ਦਾ ਹੀ ਆਸਰਾ ਭਾਲਣ ਲੱਗ ਪਏ। ਉਨ੍ਹਾਂ ਦੀ ਮਰਜ਼ੀ ਜਿਸ ਨੂੰ ਚਾਹੁਣ ਗੱਦੀ ਉਪਰ ਬਿਠਾਉਣ, ਆਪਸ ਵਿਚ ਲੜਾਉਣ ਅਤੇ ਫਿਰ ਮਰਵਾਉਣ, ਡੋਗਰੇ ਆਪਣੇ ਅਸਲ ਨਿਸ਼ਾਨੇ, ਸਿੱਖ ਰਾਜ ਦੇ ਪਹਾੜੀ ਹਿੱਸੇ ਉਪਰ ਗੁਲਾਬ ਸਿੰਘ ਜਾਂ ਉਸ ਦੇ ਵਾਰਸਾਂ ਦਾ ਰਾਜ ਕਾਇਮ ਕਰਨਾ ਅਤੇ ਪੰਜਾਬ, ਪਿਸ਼ਾਵਰ ਤੇ ਮੁਲਤਾਨ ਉਪਰ ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਦਾ ਰਾਜ ਕਾਇਮ ਕਰਨ ਵੱਲ ਵਧਣ ਲੱਗ ਪਏ। ਇਸੇ ਰਾਹ ਵਿਚ ਆਉਣ ਵਾਲੇ ਹਰ ਕਿਸੇ ਨੂੰ ਉਹ ਖ਼ਤਮ ਕਰਨ ਵੱਲ ਚੱਲ ਪਏ। ਉਨਾਂ ਦਾ ਆਪਣਾ ਤੀਸਰਾ ਭਰਾ ਸੁਚੇਤ ਸਿੰਘ ਵੀ ਉਨ੍ਹਾਂ ਦੀਆਂ ਸਾਜ਼ਸ਼ਾਂ ਦਾ ਸ਼ਿਕਾਰ ਹੋ ਗਿਆ, ਜਦ ਹੀਰਾ ਸਿੰਘ ਨੇ ਉਸ ਨੂੰ ਮਰਵਾ ਦਿੱਤਾ ਕਿਉਂਕਿ ਉਹ ਹੀਰਾ ਸਿੰਘ ਨਾਲ ਈਰਖਾ ਰੱਖਦਾ ਸੀ। ਇਹ ਦੋਵੇਂ ਡੋਗਰੇ ਭਰਾ ਬਹੁਤ ਚਤੁਰ ਸਨ, ਜਦ ਇਕ ਭਰਾ ਕਿਸੇ ਪਾਰਟੀ ਜਾਂ ਧਿਰ 

ਦੀ ਮਦਦ ਕਰਦਾ ਤਾਂ ਦੂਸਰਾ ਭਰਾ ਵਿਰੋਧੀ ਧਿਰ ਦੀ ਮਦਦ ‘ਤੇ ਆ ਜਾਂਦਾ, ਉਧਰ ਰਾਜ ਭਾਗ ਦਾ ਲਾਲਚ ਹਰ ਇਕ ਨੂੰ ਸੀ। 

ਜੋ ਸਿੱਖ ਰਾਜ ਦੇ ਵਾਰਸ ਅਜੇ ਬਾਕੀ ਸਨ, ਉਹ ਗੱਦੀ ਹਾਸਲ ਕਰਨ ਲਈ ਕਦੇ ਡੋਗਰਿਆਂ ਅਤੇ ਕਦੇ ਅੰਗਰੇਜ਼ਾਂ ਦਾ ਸਾਥ ਭਾਲਣ ਲੱਗ ਪਏ। ਜਦ ਇਹ ਦੋਵੇਂ ਡੋਗਰੇ ਅਤੇ ਅੰਗਰੇਜ਼ ਆਪਸ ਵਿਚ ਮਿਲ ਗਏ ਤਾਂ ਇਹ ਮੌਤ ਦਾ ਤਾਂਡਵ ਹੋਰ ਤੇਜ਼ ਹੋ ਗਿਆ। ਮੱਕਾਰ ਦਰਬਾਰੀ ਸਭ ਇਸ ਰਾਜ ਨੂੰ ਹੜੱਪਣ ਅਤੇ ਖ਼ਤਮ ਕਰਨ ਵਿਚ ਲੱਗ ਗਏ। 

ਮਹਾਰਾਜਾ ਰਣਜੀਤ ਸਿੰਘ ਖ਼ਜ਼ਾਨੇ ਵਿਚ ਬੇਪਨਾਹ ਦੌਲਤ ਛੱਡ ਗਿਆ ਸੀ, ਜਿਸ ਨੂੰ ਖ਼ੁਦ ਲੁੱਟਦੇ ਹੋਏ ਅਤੇ ਫ਼ੌਜਾਂ ਵਿਚ ਵੰਡਦੇ ਹੋਏ ਡੋਗਰਿਆਂ ਨੇ ਸਿੱਖ ਫ਼ੌਜ ਦਾ ਅਨੁਸ਼ਾਸਨ ਭੰਗ ਕਰ ਦਿੱਤਾ, ਜਿਸ ਨਾਲ ਫ਼ੌਜ ਵੀ ਆਪ-ਮੁਹਾਰੀ ਹੋ ਗਈ। ਜੋ ਵੱਧ ਪੈਸੇ ਦੇਵੇ, ਉਸ ਦੇ ਨਾਲ ਫ਼ੌਜ। ਕੰਟਰੋਲ ਨਾ ਰਿਹਾ, ਵਿਦੇਸ਼ੀ ਜਰਨੈਲ ਜਾਂ ਅਹਿਮ ਇੱਜ਼ਤਦਾਰ ਸਰਦਾਰ ਇਸ ਰਾਜ ਨੂੰ ਆਪਣੇ ਹੀ ਰਹਿਮੋ-ਕਰਮ ਉਪਰ ਛੱਡ ਕੇ ਲਾਂਭੇ ਹੋ ਗਏ। ਆਖ਼ਰ ਜਦ ਸਭ ਕੁਝ ਗੁਆ ਲਿਆ ਤਾਂ ਫ਼ੌਜ ਨੂੰ ਹੋਸ਼ ਆਈ। ਖ਼ਾਲਸਾ ਪੰਚਾਇਤ ਨੇ ਕਮਾਂਡ ਸੰਭਾਲ ਲਈ ਅਤੇ ਗ਼ਦਾਰਾਂ ਨੂੰ ਸੋਧਿਆ ਗਿਆ । ਡੋਗਰੇ ਵੀ ਤੇ ਕਈ ਅਹਿਮ ਸਰਦਾਰ ਵੀ ਫ਼ੌਜ ਦੇ ਹੱਥੋਂ ਮਾਰੇ ਗਏ। ਫ਼ੌਜ ਫਿਰ ਤਾਕਤਵਰ ਹੋ ਗਈ ਤੇ ਅੰਗਰੇਜ਼ਾਂ ਦੇ ਵਿਰੁੱਧ ਨਫ਼ਰਤ ਵੀ ਤੇਜ਼ ਹੋ ਗਈ। ਦਰਬਾਰੀ ਤੇ ਰਾਜ ਦੇ ਵਾਰਸ ਵੀ ਫ਼ੌਜ ਤੋਂ ਡਰਦੇ ਹੋਏ ਇਸ ਨੂੰ ਅੰਗਰੇਜ਼ਾਂ ਨਾਲ ਲੜਾ ਕੇ ਕਮਜ਼ੋਰ ਕਰਨ ਵਿਚ ਹੀ ਭਲਾ ਸਮਝਣ ਲੱਗ ਪਏ ਅਤੇ ਇਸ ਤਰ੍ਹਾਂ ਆਪਣੇ ਹੀ ਪੈਰੀਂ ਕੁਹਾੜਾ ਮਾਰਦੇ ਹੋਏ, ਬਹੁਤ ਕੁਰਬਾਨੀਆਂ ਨਾਲ ਹਾਸਲ ਕੀਤੇ ਇਸ ਰਾਜ ਦਾ ਅੰਤ ਕਰਵਾ ਦਿੱਤਾ। 

ਡੋਗਰੇ ਅਤੇ ਪੂਰਬੀਏ ਤਾਂ ਗ਼ੈਰ-ਸਿੱਖ ਜਾਂ ਗ਼ੈਰ-ਪੰਜਾਬੀ ਸਨ, ਆਪਣਿਆਂ ਨੇ ਵੀ ਦਗ਼ਾ ਦਿੱਤਾ। ਮਹਾਰਾਜਾ ਖੜਕ ਸਿੰਘ ਦੀ ਪਤਨੀ ਅਤੇ ਨੌਨਿਹਾਲ ਸਿੰਘ ਦੀ ਮਾਤਾ ਚੰਦ ਕੌਰ ਡੋਗਰਿਆਂ ਦੀਆਂ ਚਾਲਾਂ ਵਿਚ ਆ ਗਈ। ਸੰਧਾਵਾਲੀਏ ਉਸ ਦੇ ਵਫ਼ਾਦਾਰ ਬਣ ਗਏ, ਉਨ੍ਹਾਂ ਨੇ ਆਪਣੇ ਹੀ ਭਰਾ ਅਤੇ ਰਾਜ ਗੱਦੀ ਦੇ ਯੋਗ ਵਾਰਸ ਸ਼ਹਿਜ਼ਾਦਾ ਸ਼ੇਰ ਸਿੰਘ ਨੂੰ ਪਿੱਛੇ ਕਰ ਦਿੱਤਾ। ਕੰਵਰ ਸ਼ੇਰ ਸਿੰਘ ਦੀ ਸਿੱਖ ਫ਼ੌਜ ਵਿਚ ਬਹੁਤ ਇੱਜ਼ਤ ਸੀ ਕਿਉਂਕਿ ਉਹ ਉੱਚ ਕੋਟੀ ਦਾ ਜਰਨੈਲ ਤੇ ਬਹਾਦਰ ਸਿਪਾਹੀ ਸੀ। ਫ਼ੌਜ ਉਸ ਦੀ ਮਦਦ ਲਈ ਆ ਗਈ। ਡੋਗਰਿਆਂ ਨੇ ਫਿਰ ਰਾਜਨੀਤੀ ਦੀ ਚਾਲ ਚੱਲੀ। ਗੁਲਾਬ ਸਿੰਘ ਤੇ ਹੀਰਾ ਸਿੰਘ, ਗੱਦੀ ਲਈ ਦਾਅਵੇਦਾਰ ਮਹਾਰਾਣੀ ਚੰਦ ਕੌਰ ਵੱਲ ਹੋ ਗਏ ਅਤੇ ਧਿਆਨ ਸਿੰਘ ਲੜਾਈ ਤੋਂ ਲਾਂਭੇ ਰਹਿ ਕੇ ਕੰਵਰ ਸ਼ੇਰ ਸਿੰਘ ਵੱਲ। ਦੋਵੇਂ ਵਿਰੋਧੀ ਲੜਾਈ ਵਿਚ ਉਲਝ ਗਏ। ਚੰਦ ਕੌਰ ਵੱਲ ਸੰਧਾਵਾਲੀਏ ਸਰਦਾਰ ਲਹਿਣਾ ਸਿੰਘ, ਅਤਰ ਸਿੰਘ ਤੇ ਇਨ੍ਹਾਂ ਦੋਵਾਂ ਭਰਾਵਾਂ ਦਾ ਭਤੀਜਾ ਅਜੀਤ ਸਿੰਘ, ਬੁੱਧ ਸਿੰਘ, ਫ਼ਤਹਿ ਸਿੰਘ ਮਾਨ ਤੇ ਡੋਗਰਾ ਗੁਲਾਬ ਸਿੰਘ ਸਨ। ਡੋਗਰਿਆਂ ਦੀ 3,000 ਹਜ਼ਾਰ ਫ਼ੌਜ ਦੀ ਕਮਾਂਡ ਕਰਨਲ ਗਾਰਡਨਰ ਪਾਸ ਸੀ। ਇਸ ਪਾਰਟੀ ਨੇ ਆਪਣੇ ਆਪ ਨੂੰ ਲਾਹੌਰ ਕਿਲ੍ਹੇ ਵਿਚ ਬੰਦ ਕਰ ਲਿਆ ਅਤੇ ਉਸ ਦੇ ਵਿਰੋਧ ਵਿਚ 60,000 ਸਿੱਖ ਫ਼ੌਜ ਨੇ ਸ਼ੇਰ ਸਿੰਘ ਦੀ ਅਗਵਾਈ ਵਿਚ ਇਸ ਕਿਲ੍ਹੇ ਨੂੰ ਘੇਰ ਲਿਆ ਪਰ ਕਿਲ੍ਹੇ ਉਪਰੋਂ ਸਿੱਖ ਫ਼ੌਜ ਦੀ ਭਾਰੀ ਤਬਾਹੀ ਹੋ ਰਹੀ ਸੀ, ਕਿਉਂਕਿ ਉਹ ਬਾਹਰ ਖੁੱਲ੍ਹੇ ਵਿਚ ਸਨ। ਆਖ਼ਿਰਕਾਰ 17 ਜਨਵਰੀ 1841 ਨੂੰ 14 ਤੋਪਾਂ ਹਜ਼ੂਰੀ ਬਾਗ਼ ਵਿਚ ਫਿੱਟ ਕਰਕੇ ਤੇ ਇੱਕੋ ਸਮੇਂ ਚਲਾ ਕੇ ਕਿਲ੍ਹੇ ਦਾ ਮੁੱਖ ਆਲਮਗੀਰੀ ਦਰਵਾਜ਼ਾ ਉਡਾ ਦਿੱਤਾ ਗਿਆ, ਪਰ ਕਿਲ੍ਹੇ ਅੰਦਰ ਦਰਵਾਜ਼ੇ ਦੇ ਪਿਛਵਾੜੇ ਗਾਰਡਨਰ ਵੀ 10 ਤੋਪਾਂ ਫਿੱਟ ਕਰੀ ਬੈਠਾ ਸੀ। ਜਦ ਇਹ ਦਰਵਾਜ਼ਾ ਉਡਾਇਆ ਗਿਆ, ਉਸ ਸਮੇਂ ਨਿਹੰਗ ਪਾਰਟੀ ਜਵਾਲਾ ਸਿੰਘ ਦੀ ਅਗਵਾਈ ਵਿਚ ਕਿਲ੍ਹੇ ਅੰਦਰ ਵੜ ਗਈ, ਐਨ ਉਸੇ ਵਕਤ ਅੰਦਰੋਂ ਗਾਰਡਨਰ ਨੇ ਇੱਕੋ ਸਮੇਂ ਸਾਰੀਆਂ ਤੋਪਾਂ ਚਲਾ ਕੇ ਕੋਈ ਤਿੰਨ ਸੌ ਦੇ ਕਰੀਬ ਨਿਹੰਗਾਂ ਦੀ ਇਸ ਪਾਰਟੀ ਨੂੰ ਉਡਾ ਦਿੱਤਾ। ਇਸ ਤਰ੍ਹਾਂ ਹਜ਼ਾਰਾਂ ਦਾ ਜਾਨੀ ਨੁਕਸਾਨ ਕਰਵਾ ਲਿਆ ਅਤੇ ਸੁਲ੍ਹਾ-ਸਫ਼ਾਈ ਲਈ ਫ਼ੈਸਲਾ ਫਿਰ ਡੋਗਰਾ ਧਿਆਨ ਸਿੰਘ ਦੇ ਹੱਥ ਆ ਗਿਆ। ਉਹ ਅਤੇ ਬਾਬਾ ਬਿਕਰਮ ਸਿੰਘ ਬੇਦੀ ਸਾਲਸ ਬਣ ਗਏ। ਸ਼ਰਤਾਂ ਮੁਤਾਬਿਕ ਗੁਲਾਬ ਸਿੰਘ ਡੋਗਰਾ ਲਾਹੌਰ ਕਿਲ੍ਹੇ ਦਾ ਕਬਜ਼ਾ ਖ਼ਤਮ ਕਰਦਾ ਹੋਇਆ ਅਤੇ ਸਿੱਖ ਫ਼ੌਜਾਂ ਦੇ ਘੇਰੇ ਵਿੱਚੋਂ ਸੁਰੱਖਿਅਤ ਲਾਂਘਾ ਲੈਂਦਾ ਹੋਇਆ ਤੋਸ਼ੇਖ਼ਾਨੇ ਦੀ ਕਰੋੜਾਂ ਦੀ ਦੌਲਤ ਵੀ ਸਮੇਟਦਾ ਹੋਇਆ ਜੰਮੂ ਪਹੁੰਚ ਗਿਆ। ਚੰਦ ਕੌਰ ਨੂੰ ਸਿਆਲਕੋਟ ਦੇ ਇਲਾਕੇ ਵਿਚ ਜਾਗੀਰ ਦੇ ਦਿੱਤੀ ਗਈ, ਜਿਸ ਦੀ ਦੇਖਭਾਲ ਅਤੇ ਮਹਾਰਾਣੀ ਦੇ ਨਿੱਜੀ ਖ਼ਜ਼ਾਨੇ ਦੀ ਜ਼ਿੰਮੇਵਾਰੀ ਵੀ ਡੋਗਰਿਆਂ (ਗੁਲਾਬ ਸਿੰਘ) ਪਾਸ ਆ ਗਈ। ਸ਼ੇਰ ਸਿੰਘ ਮਹਾਰਾਜਾ ਅਤੇ ਧਿਆਨ ਸਿੰਘ ਉਸ ਦਾ ਮੁੱਖ ਵਜ਼ੀਰ ਬਣ ਗਿਆ। ਸੰਧਾਵਾਲੀਏ ਬਚ ਕੇ ਨਿਕਲਦੇ ਹੋਏ ਅੰਗਰੇਜ਼ਾਂ ਦੀ ਸ਼ਰਨ ਵਿਚ ਪਹੁੰਚ ਗਏ। ਉਨ੍ਹਾਂ ਦੇ ਘਰ-ਬਾਰ ਤਬਾਹ ਕਰ ਦਿੱਤੇ ਗਏ ਅਤੇ ਜਗੀਰਾਂ ਜ਼ਬਤ ਕਰ ਲਈਆਂ ਗਈਆਂ। ਡੋਗਰਿਆਂ ਦਾ ਹੁਣ ਅਗਲਾ ਨਿਸ਼ਾਨਾ ਮਹਾਰਾਜਾ ਸ਼ੇਰ ਸਿੰਘ ਅਤੇ ਮਹਾਰਾਣੀ ਚੰਦ ਕੌਰ ਨੂੰ ਖ਼ਤਮ ਕਰਨਾ ਸੀ। ਇਸ ਲਈ ਉਹ ਹੋਰ ਪੱਤੇ ਸੁੱਟਦੇ ਹੋਏ ਮਹਾਰਾਣੀ ਜਿੰਦ ਕੌਰ ਤੇ ਉਸ ਦੇ ਬੇਟੇ ਦਲੀਪ ਸਿੰਘ ਨੂੰ ਸਿਆਲਕੋਟ ਤੋਂ ਲਾਹੌਰ ਲੈ ਆਏ ਅਤੇ ਮਹਾਰਾਜਾ ਸ਼ੇਰ ਸਿੰਘ ਦੇ ਹੱਕ ਨੂੰ ਚੁਣੌਤੀ ਦਿੰਦੇ ਹੋਏ ਅੰਗਰੇਜ਼ਾਂ ਨੂੰ ਸਰਕਾਰੀ ਤੌਰ ‘ਤੇ ਖ਼ਬਰ ਕਰ ਦਿੱਤੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਗੱਦੀ ਦਾ ਇਕ ਹੋਰ ਵਾਰਸ ਜਿਉਂਦਾ ਹੈ ਜੋ ਉਸ ਦੀ ਰਾਣੀ ਜਿੰਦ ਕੌਰ ਦੀ ਕੁੱਖੋਂ 6 ਸਤੰਬਰ 1838 ਨੂੰ ਜਨਮਿਆ ਸੀ। ਡੋਗਰਿਆਂ ਦਾ ਇਹ ਨਵਾਂ ਹਥਿਆਰ ਸੀ ਕਿ ਮਹਾਰਾਜਾ ਸ਼ੇਰ ਸਿੰਘ ਉਨ੍ਹਾਂ ਦੇ ਹੱਥਾਂ ਦੀ ਕਠਪੁਤਲੀ ਬਣਿਆ ਰਹੇ। ਪਰ ਹੋਣਹਾਰ, ਸਿਆਣਾ ਤੇ ਸੂਝਵਾਨ ਮਹਾਰਾਜਾ ਇਹ ਕਿਵੇਂ ਬਰਦਾਸ਼ਤ ਕਰ ਸਕਦਾ ਸੀ? ਫਿਰ ਉਨ੍ਹਾਂ ਨੇ ਸ਼ੇਰ ਸਿੰਘ ਨੂੰ ਇਤਬਾਰ ਵਿਚ ਲੈ ਕੇ ਕੁਝ ਇਤਿਹਾਸਕਾਰਾਂ ਮੁਤਾਬਕ ਮਹਾਰਾਣੀ ਚੰਦ ਕੌਰ ਨੂੰ ਮਰਵਾ ਦਿੱਤਾ ਜਿਸ ਦੀ ਜਾਗੀਰ ਤੇ ਦੌਲਤ ਗੁਲਾਬ ਸਿੰਘ ਨੇ ਸਾਂਭ ਲਈ ਜੋ ਕਰੋੜਾਂ ਰੁਪਏ ਦੀ ਸੀ। ਇਸ ਬਾਰੇ ਪ੍ਰਸਿੱਧ ਇਤਿਹਾਸਕਾਰ ਹਰਜਿੰਦਰ ਸਿੰਘ ਦਿਲਗੀਰ ਨੇ ਆਪਣੀ ਕਿਤਾਬ ਵਿਚ ਇਸ ਤਰ੍ਹਾਂ ਲਿਖਿਆ ਹੈ: 

18 ਜਨਵਰੀ 1841 ਦੇ ਦਿਨ ਸ਼ੇਰ ਸਿੰਘ ਮਹਾਰਾਜਾ ਬਣਿਆ ਅਤੇ 20 ਤਾਰੀਖ਼ ਨੂੰ ਲਾਹੌਰ ਦੇ ਤਖ਼ਤ ’ਤੇ ਬੈਠ ਗਿਆ। ਉਸਨੇ ਰਾਣੀ ਚੰਦ ਕੌਰ ਨੂੰ 9 ਲੱਖ ਰੁਪਏ ਸਾਲਾਨਾ ਦੇਣੇ ਮੰਨ ਲਏ। ਇਸ ਮਗਰੋਂ ਚੰਦ ਕੌਰ ਨੇ ਆਪਣੀ ਸਾਰੀ ਦੌਲਤ ਗੁਲਾਬ ਸਿੰਘ ਡੋਗਰੇ ਦੇ ਨਾਲ ਜੰਮੂ ਭੇਜ ਦਿੱਤੀ (ਰਾਣੀ ਦੇ ਕੱਪੜੇ, ਸੋਨਾ ਚਾਂਦੀ, ਸਿੱਕੇ, ਮੋਹਰਾਂ, ਪਸ਼ਮੀਨੇ ਵਗ਼ੈਰਾ, 16 ਗੱਡਿਆਂ ‘ਤੇ ਲੱਦ ਕੇ ਜੰਮੂ ਲਿਜਾਏ ਗਏ ਸਨ), ਇਹ ਸਾਰਾ ਕੁਝ ਉਸ ਵੇਲੇ 80 ਲੱਖ ਅਤੇ ਇਕ ਕਰੋੜ ਰੁਪਏ ਦੇ ਵਿਚਕਾਰ ਸੀ। 

ਮਹਾਰਾਜਾ ਸ਼ੇਰ ਸਿੰਘ ਨੂੰ ਖ਼ਤਮ ਕਰਨ ਲਈ ਉਨ੍ਹਾਂ ਨੇ ਅੰਗਰੇਜ਼ਾਂ ਦੀ ਮਦਦ ਲਈ ਗੰਢਤੁੱਪ ਸ਼ੁਰੂ ਕਰ ਦਿੱਤੀ ਅਤੇ ਸੰਧਾਵਾਲੀਆ ਸਰਦਾਰਾਂ ਨੂੰ ਵੀ ਸ਼ਾਮਲ ਹੋਣ ਲਈ ਉਕਸਾਇਆ ਅਤੇ ਆਪਣੇ ਨਾਲ ਸ਼ਾਮਲ ਕਰ ਲਿਆ। 

ਸ਼ੇਰ ਸਿੰਘ ਨੇ ਹੌਲੀ-ਹੌਲੀ ਸਿੱਖ ਰਾਜ ਉਪਰ ਆਪਣੀ ਪਕੜ ਮਜ਼ਬੂਤ ਕਰ ਲਈ ਅਤੇ ਫ਼ੌਜ ਨੂੰ ਅਨੁਸ਼ਾਸਨ ਵਿਚ ਕਰ ਲਿਆ। ਮਹਾਰਾਜਾ ਆਪਣੇ ਫ਼ੈਸਲੇ ਉਪਰ ਸਖ਼ਤ ਸੀ ਜਿਸ ਕਾਰਨ ਚੋਰੀ, ਡਾਕੇ ਸਭ ਬੰਦ ਹੋ ਗਏ। ਮਹਾਰਾਜਾ ਸ਼ੇਰ ਸਿੰਘ ਹੁਣ ਦਰਬਾਰ ਵਿਚ ਗ਼ੈਰ-ਪੰਜਾਬੀਆਂ ਦੀ ਦਖ਼ਲ-ਅੰਦਾਜ਼ੀ ਤੋਂ ਵੀ ਛੁਟਕਾਰਾ ਪਾਉਣਾ ਚਾਹੁੰਦਾ ਸੀ। ਭਾਈ (ਭਈਆ) ਰਾਮ ਸਿੰਘ ਤੇ ਗੋਬਿੰਦ ਰਾਮ ਦੀ ਕੋਈ ਪੁੱਛ-ਗਿੱਛ ਨਹੀਂ ਸੀ ਰਹੀ। ਮਹਾਰਾਜਾ ਨੇ ਬਹੁਤ ਹੀ ਦ੍ਰਿੜ੍ਹ ਇਰਾਦੇ ਨਾਲ, ਜਵਾਲਾ ਸਿੰਘ ਮਹਿਰੇ ਅਤੇ ਉਸ ਦੀ ਸ਼ਹਿ ਹੇਠ ਬਾਗ਼ੀ ਹੋਏ ‘ਚਾਰਯਾਰੀ ਰਸਾਲੇ’ ਨੂੰ ਕਾਬੂ ਕਰ ਲਿਆ। 

ਮਹਾਰਾਜਾ ਨੇ ਆਪਣੇ ਰੋਹਬ ਅਤੇ ਪਿਆਰ ਨਾਲ ਫ਼ੌਜ ਨੂੰ ਕਾਬੂ ਵਿਚ ਰੱਖਿਆ ਅਤੇ ਹਰ ਰੋਜ਼ ਸਵੇਰੇ ਪੰਜ ਵਜੇ ਫ਼ੌਜ ਦੀ ਹਾਜ਼ਰੀ ਕਰਵਾਉਣ ਲਈ ਹੁਕਮ ਜਾਰੀ ਕਰ ਦਿੱਤਾ, ਨਾਲ ਹੀ ਮਹਾਰਾਜਾ ਹਰ ਰੋਜ਼ ਸੌ ਸੌ ਸਵਾਰਾਂ ਨਾਲ ਰੋਟੀ ਖਾਂਦਾ ਸੀ। ਕਈ ਫ਼ੌਜੀ ਮੁਹਿੰਮਾਂ ਸਰ ਕੀਤੀਆਂ ਗਈਆਂ, ਜਿਨ੍ਹਾਂ ਵਿਚ ਤਿੱਬਤ ਦੇ ਦੂਰ-ਦੁਰਾਡੇ ਦੇ ਇਲਾਕੇ ਸ਼ਾਮਲ ਸਨ। ਮਹਾਰਾਜਾ ਸ਼ੇਰ ਸਿੰਘ ਦਰਬਾਰ ਵਿਚ ਵਜ਼ੀਰ ਧਿਆਨ ਸਿੰਘ ਦਾ ਦਬਦਬਾ ਵੀ ਘੱਟ ਕਰਨਾ ਚਾਹੁੰਦਾ ਸੀ, ਜਿਸ ਖ਼ਾਤਰ ਉਸ ਨੇ ਸੰਧਾਵਾਲੀਆਂ ਨੂੰ ਮੁਆਫ਼ ਕਰਦੇ ਹੋਏ ਉਨ੍ਹਾਂ ਦਾ ਸਨਮਾਨ ਬਹਾਲ ਕਰਨ ਦਾ ਫ਼ੈਸਲਾ ਕਰ ਲਿਆ। 

ਉਸ ਦਾ ਇਹ ਫ਼ੈਸਲਾ ਬੇਸ਼ਕ ਨਿੱਜੀ ਸੀ ਪਰ ਇਸ ਨੂੰ ਸਿਰੇ ਚੜਾਉਣ ਲਈ ਅੰਗਰੇਜ਼ਾਂ ਦੀਆਂ ਲੁਕਵੀਆਂ ਸ਼ਰਾਰਤੀ ਚਾਲਾਂ ਤੇ ਸਾਜ਼ਸ਼ਾਂ ਵੀ ਸ਼ਾਮਲ ਸਨ। ਸੰਧਾਵਾਲੀਆਂ ਨੂੰ ਮੁੜ ਪੰਜਾਬ ਵਿਚ ਲਿਆਉਣ ਬਾਰੇ ਅੰਗਰੇਜ਼ਾਂ ਦੀਆਂ ਲੁਕਵੀਆਂ ਸਾਜ਼ਸ਼ਾਂ ਤੋਂ ਪਰਦਾ ਹਟਾਉਂਦਾ ਹੋਇਆ ਮੇਜਰ ਬ੍ਰਾਡਫੁੱਟ ਇਸ ਤਰ੍ਹਾਂ ਬਿਆਨ ਕਰਦਾ ਹੈ: 

ਉਹ ਦਿਨ ਬਹੁਤ ਹੀ ਅਭਾਗਾ ਸੀ ਜਦ ਮਹਾਰਾਜਾ ਸ਼ੇਰ ਸਿੰਘ ਨੇ ਅੰਗਰੇਜ਼ੀ ਹਕੂਮਤ ਦੀ ਦਖ਼ਲ-ਅੰਦਾਜ਼ੀ ਤੇ ਭਰੋਸੇ ਉਪਰ ਸੰਧਾਵਾਲੀਆਂ ਨੂੰ ਪੰਜਾਬ ਵਿਚ ਮੁੜ ਸ਼ਰਣ ਦੇਣ ਦਾ ਫ਼ੈਸਲਾ ਕਰ ਲਿਆ, ਜਿਨ੍ਹਾਂ ਨੇ ਉਸ ਦੇ ਇਸ ਅਹਿਸਾਨ ਤੇ ਮਿੱਤਰਤਾ ਦਾ ਇਹ ਸਬੂਤ ਦਿੱਤਾ ਕਿ ਉਸ ਨੂੰ ਅਤੇ ਉਸ ਦੇ ਹੋਣਹਾਰ ਸ਼ਹਿਜ਼ਾਦੇ ਪ੍ਰਤਾਪ ਸਿੰਘ ਨੂੰ ਕਤਲ ਕਰ ਦਿੱਤਾ। 

ਇਸੇ ਤਰ੍ਹਾਂ ਇਤਿਹਾਸਕਾਰ ਪੈਅਨ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ: 

ਅੰਗਰੇਜ਼ ਸਰਕਾਰ ਦੀ ਦਖ਼ਲ-ਅੰਦਾਜ਼ੀ ਸਦਕਾ, ਸੰਧਾਵਾਲੀਏ ਸਰਦਾਰ ਮਹਾਰਾਜਾ (ਸ਼ੇਰ ਸਿੰਘ) ਤੋਂ ਆਪਣੀ ਭੁੱਲ ਬਖ਼ਸ਼ਾਉਣ ਵਿਚ ਕਾਮਯਾਬ ਹੋ ਗਏ ਅਤੇ ਲਾਹੌਰ ਦਰਬਾਰ ਵਿਚ ਇਕ ਵਾਰ ਫਿਰ ਪਹੁੰਚਦੇ ਹੋਏ ਉਨ੍ਹਾਂ ਦੀ ਹਾਜ਼ਰੀ ਸਨਮਾਨ ਸਹਿਤ ਪ੍ਰਵਾਨ ਕੀਤੀ ਗਈ। (ਮਹਾਰਾਜਾ) ਸ਼ੇਰ ਸਿੰਘ ਨੇ ਜਾਣਦੇ ਹੋਏ ਇਹ ਇਕ ਖ਼ਤਰਨਾਕ ਫ਼ੈਸਲਾ ਇਸ ਕਾਰਨ ਵੀ ਲਿਆ ਕਿ ਉਹ ਸਮਝਦਾ ਸੀ ਕਿ ਸੰਧਾਵਾਲੀਏ ਭਰਾਵਾਂ ਦੇ ਆਉਣ ਨਾਲ ਉਸ ਨੂੰ ਧਿਆਨ ਸਿੰਘ ਦਾ ਅਸਰ-ਰਸੂਖ਼ ਘਟਾਉਣ ਦਾ ਇਕ ਅੱਛਾ ਮੌਕਾ ਮਿਲ ਜਾਵੇਗਾ। 

ਸਿੱਖ ਫ਼ੌਜਾਂ ਵੱਲੋਂ ਕਿਲ੍ਹੇ ਦੀ ਘੇਰਾਬੰਦੀ ਸਮੇਂ ਮਹਾਰਾਣੀ ਚੰਦ ਕੌਰ ਨੇ ਅਜੀਤ ਸਿੰਘ ਸੰਧਾਵਾਲੀਆਂ ਨੂੰ ਅੰਗਰੇਜ਼ਾਂ ਤੋਂ ਮਦਦ ਲਈ ਅੰਬਾਲੇ ਮਿਸਟਰ ਕਲਾਰਕ ਰੈਜੀਡੈਂਟ ਨੂੰ ਮਿਲਣ ਲਈ ਭੇਜ ਦਿੱਤਾ ਸੀ ਜੋ ਬਾਅਦ ਵਿਚ ਉਹ ਅਤੇ ਉਸ ਦਾ ਤਾਇਆ ਅਤਰ ਸਿੰਘ ਗਵਰਨਰ ਜਨਰਲ ਲਾਰਡ ਆਕਲੈਂਡ ਨੂੰ ਕਲਕੱਤੇ ਵੀ ਜਾ ਕੇ ਮਿਲੇ ਸਨ।13 

ਕਿਲ੍ਹੇ ਉਪਰ ਕਬਜ਼ੇ ਤੋਂ ਬਾਅਦ ਅਤਰ ਸਿੰਘ ਬਚ ਕੇ ਭੱਜ ਗਿਆ ਸੀ, ਜਦ ਕਿ ਉਸ ਦੇ ਪੁੱਤਰ ਕੇਹਰ ਸਿੰਘ ਅਤੇ ਛੋਟੇ ਭਰਾ ਲਹਿਣਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੇ ਰਾਜਾਸਾਂਸੀ (ਅੰਮ੍ਰਿਤਸਰ) ਵਿਖੇ ਘਰ ਤੇ ਹਵੇਲੀਆਂ ਢਾਹ ਦਿੱਤੀਆਂ ਗਈਆਂ ਅਤੇ ਜਾਗੀਰਾਂ ਜ਼ਬਤ ਕਰ ਲਈਆਂ ਗਈਆਂ, ਪਰ ਬਾਅਦ ਵਿਚ ਭਾਈ ਗੁਰਮੁਖ ਸਿੰਘ ਦੇ ਕਹੇ ‘ਤੇ ਸ਼ੇਰ ਸਿੰਘ ਨੇ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ। 

ਸੰਧਾਵਾਲੀਏ ਮਹਾਰਾਣੀ ਚੰਦ ਕੌਰ ਦੀ ਖ਼ਾਤਰ ਰਾਜਗੱਦੀ ਮੁੜ ਹਾਸਲ ਕਰਨ ਲਈ ਲਾਹੌਰ ਦਰਬਾਰ ਵਿਚ ਮੌਜੂਦ ਅਤੇ ਆਪਣੇ ਫ਼ੌਜੀ ਤੇ ਸਿਵਲ ਅਧਿਕਾਰੀਆਂ ਨਾਲ ਤਾਲਮੇਲ ਵਿਚ ਲੱਗੇ ਰਹੇ, ਜਿਸ ਦਾ ਜ਼ਿਕਰ ਕਰਦਾ ਹੋਇਆ ਪੈਅਨ ਲਿਖਦਾ ਹੈ ਕਿ ਜੇਕਰ ਮਹਾਰਾਣੀ ਚੰਦ ਕੌਰ ਆਪਣਾ ਰਸੂਖ਼ ਅਤੇ ਹੌਸਲਾ ਕਾਇਮ ਰੱਖਦੀ ਤਾਂ ਸੰਧਾਵਾਲੀਏ ਸਰਦਾਰ ਆਪਣੇ ਇਸ ਮਿਸ਼ਨ ਵਿਚ ਸਫਲ ਵੀ ਹੋ ਸਕਦੇ ਸਨ,14 ਪਰ ਜੂਨ 1842 ਨੂੰ ਰਾਣੀ ਦੇ ਕਤਲ ਨਾਲ ਉਨ੍ਹਾਂ ਦੇ ਮਨਸੂਬੇ ਫ਼ੇਲ੍ਹ ਹੋ ਗਏ। ਮੇਜਰ ਸਮਾਇਥ ਮੁਤਾਬਿਕ : 

ਅਤਰ ਸਿੰਘ ਤੇ ਅਜੀਤ ਸਿੰਘ 18 ਜਨਵਰੀ ਨੂੰ ਰਾਤੋ-ਰਾਤ ਲਾਹੌਰ ਤੋਂ ਭੱਜ ਕੇ ਅੰਗਰੇਜ਼ਾਂ ਦੀ ਸ਼ਰਣ ਵਿਚ ਕਲਕੱਤੇ ਪਹੁੰਚ ਗਏ, ਜਿਥੇ ਉਹ ਅੰਗਰੇਜ਼ਾਂ ਦੀਆਂ ਸਾਜ਼ਸ਼ਾਂ ਦੇ ਭਾਗੀਦਾਰ ਬਣ ਕੇ ਉਨ੍ਹਾਂ ਨਾਲ ਮਿਲ ਗਏ ਅਤੇ ਮਹਾਰਾਜਾ ਸ਼ੇਰ ਸਿੰਘ ਨੂੰ ਡੋਗਰਿਆਂ ਦੀ ਮਦਦ ਨਾਲ ਕਤਲ ਕਰਨ ਦਾ ਪਲੈਨ ਉਲੀਕਿਆ।15 

ਇਸੇ ਦਾ ਜ਼ਿਕਰ ਕਰਦਾ ਹੋਇਆ ਕਨਿੰਘਮ ਲਿਖਦਾ ਹੈ ਕਿ “ਅਤਰ ਸਿੰਘ ਦਾ ਕਲਕੱਤੇ ਤੋਂ ਆਪਣੇ ਪੁੱਤਰ ਕੇਹਰ ਸਿੰਘ ਤੇ ਭਰਾ ਲਹਿਣਾ ਸਿੰਘ ਨੂੰ ਜੋ ਉਸ ਸਮੇਂ ਕੈਦ ਵਿਚ ਸਨ, ਪੱਤਰ ਮਿਲਿਆ ਜਿਸ ਵਿਚ ਲਿਖਿਆ ਸੀ ਕਿ ਉਨ੍ਹਾਂ ਨੇ ਅੰਗਰੇਜ਼ਾਂ ਨਾਲ ਮਿੱਤਰਤਾ ਕਰ ਲਈ ਹੈ ਅਤੇ ਥੋੜ੍ਹੇ ਚਿਰ ਦੀ ਦੇਰ ਹੈ।” ਇਹੋ ਹੀ ਪ੍ਰਗਟਾਵਾ ਕਲਕੱਤੇ ਤੋਂ ਅੰਗਰੇਜ਼ੀ ਹਕੂਮਤ ਦੇ ਚੀਫ਼ ਸੈਕਟਰੀ ਸਰ ਵਿਲੀਅਮ ਮੈਕਨਾਗਟਨ ਨੇ ਆਪਣੇ ਇਕ ਪੱਤਰ ਰਾਹੀਂ ਕਰਦੇ ਹੋਏ ਗਵਰਨਰ ਜਨਰਲ ਨੂੰ ਲਿਖਿਆ ਸੀ : 

ਮਹਾਰਾਜਾ ਰਣਜੀਤ ਸਿੰਘ ਵਾਲੀ 1809 ਦੀ ਸੰਧੀ ਰੱਦ ਕਰ ਕੇ ਸਿੱਖ ਰਾਜ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਜਾਵੇ। ਇਕ ਹਿੱਸੇ (ਪੰਜਾਬ) ਉਪਰ ਸੰਧਾਵਾਲੀਏ ਕਬਜ਼ਾ ਕਰ ਲੈਣ, ਪਹਾੜੀ ਇਲਾਕਾ ਡੋਗਰਿਆਂ ਨੂੰ ਦੇ ਦਿੱਤਾ ਜਾਵੇ ਅਤੇ ਪਿਸ਼ਾਵਰ ਦਾ ਇਲਾਕਾ ਸਮੇਤ ਦਰਿਆ ਸਿੰਧ ਦੇ ਪਾਰ ਸ਼ਾਹ ਸ਼ੁਜਾ ਨੂੰ ਸੌਂਪ ਦਿੱਤਾ ਜਾਵੇ।16 

ਲਾਹੌਰ ਦਰਬਾਰ ਦੇ ਅਹਿਮ ਸਰਦਾਰ, ਜਿਨ੍ਹਾਂ ਵਿਚ ਫ਼ਤਿਹ ਸਿੰਘ ਮਾਨ, ਸ਼ਾਮ ਸਿੰਘ ਅਟਾਰੀਵਾਲਾ ਅਤੇ ਲਹਿਣਾ ਸਿੰਘ ਮਜੀਠੀਆ ਸ਼ਾਮਲ ਸਨ, ਮਹਾਰਾਜਾ ਨੂੰ ਧਿਆਨ ਸਿੰਘ ਦੇ ਵਧ ਰਹੇ ਅਸਰ ਤੋਂ ਖ਼ਬਰਦਾਰ ਕਰ ਰਹੇ ਸਨ, ਇਸੇ ਨੂੰ ਮੁੱਖ ਰੱਖਦਿਆਂ ਉਸ ਨੇ ਸੰਧਾਵਾਲੀਆਂ ਨੂੰ ਉਨ੍ਹਾਂ ਦਾ ਖੋਹਿਆ ਹੋਇਆ ਹੱਕ ਵਾਪਸ ਕਰ ਦਿੱਤਾ। ਪਰ ਡੋਗਰਿਆਂ ਵਾਂਗ ਸੰਧਾਵਾਲੀਏ ਵੀ ਸ਼ੇਰ ਸਿੰਘ ਨੂੰ ਖ਼ਤਮ ਕਰਨਾ ਚਾਹੁੰਦੇ ਸਨ। ਇਸ ਸੰਬੰਧ ਵਿਚ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਲਿਖਦੇ ਹਨ : 

ਅੰਗਰੇਜ਼ਾਂ ਦੀ ਜ਼ਾਮਨੀ ਅਤੇ ਮਿਸਟਰ ਕਲਾਰਕ ਦੇ ਬਾਰ-ਬਾਰ ਜ਼ੋਰ ਦੇਣ ਉਪਰ ਮਹਾਰਾਜਾ ਨੇ ਆਪਣੇ (ਬਰਾਦਰੀ) ਭਾਈ ਅਜੀਤ ਸਿੰਘ ਅਤੇ ਚਾਚਾ ਅਤਰ ਸਿੰਘ ਨੂੰ ਵਾਪਸ ਪੰਜਾਬ ਵਿਚ ਸ਼ਰਨ ਦੇ ਕੇ ਅਤੇ ਉਨ੍ਹਾਂ ਦੀਆਂ ਜਾਗੀਰਾਂ ਵਾਪਸ ਦੇ ਕੇ ਗਲੇ ਲਾ ਲਿਆ, ਸਤਿਕਾਰ ਦਿੱਤਾ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਸਭ ਅੰਗਰੇਜ਼ਾਂ ਦੀਆਂ ਸਾਜ਼ਸ਼ਾਂ ਹੇਠ ਹੋ ਰਿਹਾ ਹੈ, ਜੋ ਉਸਦਾ ਹੀ ਕਤਲ ਕਰ ਦੇਣਗੇ। ਇਹ ਕਿੰਨੀ ਅਜੀਬ ਤੇ ਦੁਖਦਾਈ ਘਟਨਾ ਸੀ ਕਿ ਸਿੱਖ ਰਾਜ ਦੇ ਉਸਰੱਈਏ ਤੇ ਥੰਮ੍ਹ ਰਹੇ ਸੰਧਾਵਾਲੀਏ ਅੰਗਰੇਜ਼ਾਂ ਦੀ ਸ਼ਹਿ ‘ਤੇ ਲਾਲਚ ਵਿਚ ਆ ਕੇ ਆਪਣੇ ਹੀ ਦੇਸ਼ ਤੇ ਘਰ ਨੂੰ ਤਬਾਹ ਕਰ ਰਹੇ ਹਨ। 

ਜਿਥੇ ਸੰਧਾਵਾਲੀਏ ਸਰਦਾਰ ਸ਼ੇਰ ਸਿੰਘ ਨੂੰ ਖ਼ਤਮ ਕਰਨਾ ਚਾਹੁੰਦੇ ਸਨ, ਉਥੇ ਨਾਲ ਹੀ ਉਹ ਡੋਗਰਿਆਂ ਦੇ ਵੀ ਖ਼ਿਲਾਫ਼ ਸਨ । ਇਸ ਲਈ ਉਨ੍ਹਾਂ ਨੇ ਮਹਾਰਾਜਾ ਦੀ ਡੋਗਰਿਆਂ ਪ੍ਰਤੀ ਨਫ਼ਰਤ ਦਾ ਫ਼ਾਇਦਾ ਲੈਂਦਿਆਂ ਹੋਇਆਂ ਧਿਆਨ ਸਿੰਘ ਅਤੇ ਸ਼ੇਰ ਸਿੰਘ ਦੋਵਾਂ ਨੂੰ ਇਤਬਾਰ ਵਿਚ ਲੈ ਕੇ ਇਕ ਦੂਜੇ ਦੇ ਖ਼ਿਲਾਫ਼ ਕਰ ਦਿੱਤਾ। ਇਸ ਪੱਖ ਨੂੰ ਉਜਾਗਰ ਕਰਦਿਆਂ ਹੋਇਆਂ ਕੈਪਟਨ ਮਰੇ ਦੀ ਲਿਖਤ ‘ਤੇ ਆਧਾਰਿਤ ਲਿਖਾਰੀ ਇਸ ਤਰ੍ਹਾਂ ਬਿਆਨ ਕਰਦਾ ਹੈ : 

ਮਹਾਰਾਜਾ ਸ਼ੇਰ ਸਿੰਘ ਨੂੰ ਖ਼ਤਮ ਕਰਨ ਲਈ ਸਾਜ਼ਸ਼ ਜੰਮੂ ਦੇ ਰਾਜਿਆਂ ਵੱਲੋਂ ਰਚੀ ਗਈ ਜਿਸ ਵਿਚ ਸੰਧਾਵਾਲੀਏ ਸਰਦਾਰ ਵੀ ਸ਼ਾਮਲ ਸਨ। ਇਸਨੂੰ ਅੰਜਾਮ ਦੇਣ ਲਈ ਉਨ੍ਹਾਂ ਦਲੀਪ ਸਿੰਘ ਨੂੰ ਪਹਿਲਾਂ ਜੰਮੂ ਤੇ ਫਿਰ ਜੰਮੂ ਤੋਂ ਲਾਹੌਰ ਉਸ ਦੀ ਮਾਤਾ ਮਹਾਰਾਣੀ ਜਿੰਦ ਕੌਰ ਸਮੇਤ ਲੈ ਆਏ। ਇਸ ਦੀ ਖ਼ਬਰ ਸ਼ੇਰ ਸਿੰਘ ਨੂੰ ਵੀ ਧਿਆਨ ਸਿੰਘ ਨੇ 31 ਅਗਸਤ 1843 ਨੂੰ ਭਰੇ ਦਰਬਾਰ ਵਿਚ ਦੇ ਦਿੱਤੀ ਅਤੇ ਤੋਪਾਂ ਰਾਹੀਂ ਸਲਾਮੀ ਦੇਣ ਦੀ ਸਲਾਹ ਦਿੱਤੀ। ਉਹ ਡੋਗਰਿਆਂ ਦੀ ਚਾਲ ਸਮਝ ਗਿਆ ਅਤੇ ਅਗਲੇ ਦਿਨ ਪਹਿਲੀ ਸਤੰਬਰ ਨੂੰ ਜੰਮੂ ਦੇ ਰਾਜਾ ਗੁਲਾਬ ਸਿੰਘ ਨੂੰ ਇਸ ਬਾਰੇ ਸਪੱਸ਼ਟੀਕਰਨ ਦੇਣ ਲਈ ਲਿਖਿਆ, ਜਿਸਦੇ ਜਵਾਬ ਵਿਚ ਉਸ ਨੇ ਖ਼ੁਦ ਲਾਹੌਰ ਆ ਕੇ ਅਤੇ ਪੇਸ਼ ਹੋ ਕੇ ਇਸਦਾ ਸਪੱਸ਼ਟੀਕਰਨ ਦੇਣ ਦੀ ਆਗਿਆ ਮੰਗੀ। ਉਸ ਦਿਨ 4 ਸਤੰਬਰ ਨੂੰ ਜਦ ਇਹ ਜਵਾਬ ਮਿਲਿਆ ਸੀ, ਸੂਹੀਆਂ ਨੇ ਮਹਾਰਾਜਾ ਨੂੰ ਖ਼ਬਰ ਦਿੱਤੀ ਕਿ ਸ਼ਹਿਜ਼ਾਦਾ ਦਲੀਪ ਸਿੰਘ ਦੀ ਮਾਤਾ ਦੇ ਘਰ, ਧਿਆਨ ਸਿੰਘ, ਸੁਚੇਤ ਸਿੰਘ, ਹੀਰਾ ਸਿੰਘ, ਲਹਿਣਾ ਸਿੰਘ ਤੇ ਅਜੀਤ ਸਿੰਘ ਨੇ ਰਲ ਕੇ ਕੋਈ ਤਿੰਨ ਘੰਟੇ ਗੁਪਤ ਮੀਟਿੰਗ ਕੀਤੀ ਹੈ। ਅਗਲੇ ਦਿਨ ਦਰਬਾਰ ਦੀ ਕਾਰਵਾਈ ਤੋਂ ਬਾਅਦ ਜਨਰਲ ਵੈਨਤੂਰਾ ਨੇ ਮਹਾਰਾਜਾ ਨਾਲ ਪ੍ਰਾਈਵੇਟ ਮਿਲਣੀ ਕੀਤੀ ਅਤੇ ਸਾਫ਼ ਸ਼ਬਦਾਂ ਵਿਚ ਦੱਸਿਆ ਕਿ ਪੰਜੇ ਰਲ ਕੇ ਮਹਾਰਾਜਾ ਖ਼ਿਲਾਫ਼ ਸਾਜ਼ਸ਼ ਕਰ ਰਹੇ ਹਨ ਅਤੇ ਉਨ੍ਹਾਂ ਨੇ ਹੀ ਦਲੀਪ ਸਿੰਘ ਨੂੰ ਜੰਮੂ ਤੋਂ ਇੱਥੇ ਲਿਆਂਦਾ ਹੈ ਅਤੇ ਹੁਣ ਬਹਾਨੇ ਨਾਲ ਗੁਲਾਬ ਸਿੰਘ ਵੀ ਇਨ੍ਹਾਂ ਪੰਜਾਂ ਦੀ ਮਦਦ ਲਈ ਇਥੇ ਪਹੁੰਚ ਰਿਹਾ ਹੈ। ਜਰਨਲ ਵੈਨਤੂਰਾ ਨੇ ਮਹਾਰਾਜਾ ਨੂੰ ਸਾਵਧਾਨ ਰਹਿਣ ਲਈ ਕਿਹਾ, ਪਰ ਮਹਾਰਾਜਾ ਨੇ ਕਿਹਾ ਕਿ ਉਸ ਨੂੰ ਧਿਆਨ ਸਿੰਘ ਤੋਂ ਅਜਿਹੀ ਉਮੀਦ ਨਹੀਂ ਹੈ ਕਿਉਂਕਿ ਉਹ ਉਸ (ਧਿਆਨ ਸਿੰਘ) ਦੀ ਹੀ ਬਦੌਲਤ ਸਿੰਘਾਸਨ ਉਪਰ ਬੈਠਾ ਹੈ। ਪਰ ਫਿਰ ਵੀ ਮਹਾਰਾਜਾ ਨੇ ਆਪਣਾ ਸ਼ੱਕ ਦੂਰ ਕਰਨ ਲਈ ਅਗਲੇ ਦਿਨ ਬਾਬਾ ਬਿਕਰਮ ਸਿੰਘ ਬੇਦੀ ਨੂੰ ਬੁਲਾ ਕੇ ਇਸ ਬਾਰੇ ਚਰਚਾ ਕੀਤੀ ਜਿਸ ਨੇ ਕਿਹਾ ਕਿ ਅਜੀਤ ਸਿੰਘ ਜਾਂ ਸੰਧਾਵਾਲੀਏ ਉਸ ਦੇ ਹੀ ਖ਼ਾਨਦਾਨ ‘ਚ ਭਾਈ ਹਨ, ਉਹ ਅਜਿਹਾ ਨਹੀਂ ਕਰ ਸਕਦੇ। ਸੰਧਾਵਾਲੀਆਂ ਨਾਲ ਸੁਲ੍ਹਾ ਕਰਵਾਉਣ ਵਿਚ ਬਿਕਰਮ ਸਿੰਘ ਬੇਦੀ ਨੇ ਵੀ ਅਹਿਮ ਭੂਮਿਕਾ ਨਿਭਾਈ ਸੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਵਫ਼ਾਦਾਰੀ ਦੀਆਂ ਕਸਮਾਂ ਖਾਧੀਆਂ ਸਨ। 8 ਸਤੰਬਰ ਨੂੰ ਜਦ ਗੁਲਾਬ ਸਿੰਘ ਲਾਹੌਰ ਪਹੁੰਚਿਆ ਤਾਂ ਮਹਾਰਾਜੇ ਨੇ ਉਸ ਤੋਂ ਸਹੁੰ ਲਈ ਕਿ ਉਹ ਅਤੇ ਉਸ ਦੇ ਭਰਾ ਵਫ਼ਾਦਾਰ ਰਹਿਣਗੇ। ਸ਼ੇਰ ਸਿੰਘ ਨੇ 10 ਤਾਰੀਖ਼ ਨੂੰ ਦਰਬਾਰ ਤੋਂ ਬਾਅਦ ਧਿਆਨ ਸਿੰਘ ਤੇ ਗੁਲਾਬ ਸਿੰਘ ਨਾਲ ਵੱਖਰੇ ਤੌਰ ‘ਤੇ ਗੱਲਬਾਤ ਕੀਤੀ ਕਿ ਉਹ ਉਸ ਦੇ ਖ਼ਿਲਾਫ਼ ਕੀ ਸਾਜ਼ਸ਼ ਕਰ ਰਹੇ ਹਨ, ਜਿਸ ‘ਤੇ ਦੋਹਾਂ ਨੇ ਉਸ ਦੇ ਸਿਰ ‘ਤੇ ਹੱਥ ਰੱਖ ਕੇ ਸਹੁੰ ਖਾਧੀ ਕਿ ਉਹ ਹਮੇਸ਼ਾ ਲਈ ਉਸ ਦੇ ਵਫ਼ਾਦਾਰ ਰਹਿਣਗੇ ਅਤੇ 14 ਤਾਰੀਖ਼ ਨੂੰ ਦਰਬਾਰ ਵਿਚ ਧਿਆਨ ਸਿੰਘ ਨੇ ਅਜੀਤ ਸਿੰਘ ਅਤੇ ਉਸ ਦੇ ਸੈਨਿਕਾਂ ਵੱਲੋਂ ਸਲਾਮੀ ਲੈਣ ਲਈ ਬੇਨਤੀ ਕੀਤੀ ਜੋ ਮਹਾਰਾਜਾ ਨੇ ਅਗਲੇ ਦਿਨ ਲਈ ਹਾਂ ਕਰ ਦਿੱਤੀ। ‘8 

ਇਸ ਅਭਾਗੇ 15 ਸਤੰਬਰ 1843 ਦੇ ਦਿਨ ਇਹ ਸਾਰੇ ਗ਼ਦਾਰ ਜੋ ਕਸਮਾਂ ਦੇ ਕੇ ਮਹਾਰਾਜੇ ਦਾ ਵਿਸ਼ਵਾਸ ਹਾਸਲ ਕਰਦੇ ਹੋਏ ਭੁੱਲਾਂ ਬਖ਼ਸ਼ਾਉਂਦੇ ਰਹੇ ਸਨ, ਆਪਣੀ ਚਾਲ ਵਿਚ ਕਾਮਯਾਬ ਹੋ ਗਏ ਅਤੇ ਸਿੱਖ ਰਾਜ ਦੇ ਕਾਬਲ ਤੇ ਹੋਣਹਾਰ ਮਹਾਰਾਜਾ ਦਾ ਕਤਲ ਕਰ ਦਿੱਤਾ। ਇਸ ਭਿਆਨਕ ਕਤਲ ਨੂੰ ਅਲੱਗ-ਅਲੱਗ ਇਤਿਹਾਸਕਾਰਾਂ ਵੱਲੋਂ ਕਈ ਰੂਪਾਂ ਵਿਚ ਦਰਸਾਇਆ ਗਿਆ ਹੈ। ਮੇਜਰ ਹੈਨਰੀ ਲਾਰੰਸ ਮੁਤਾਬਕ (ਜੋ ਉਸ ਦੀ ਜਾਣਕਾਰੀ ਸਿੱਖ ਫ਼ੌਜਾਂ ਦੇ ਵਿਦੇਸ਼ੀ ਜਰਨੈਲ ਕੋਰਟ ਅਤੇ ਅਵਿਤੇਬਾਈਲ ਦੇ ਬਿਆਨ ਉਪਰ ਆਧਾਰਿਤ ਸੀ) ਇਸ ਅਭਾਗੇ ਦਿਨ ਮਹਾਰਾਜਾ ਵੀ ਚੇਤੰਨ ਸੀ। ਉਸ ਨੇ ਆਪਣੇ ਬਾਰ੍ਹਾਂ ਸਾਲਾਂ ਦੇ ਪੁੱਤਰ ਪ੍ਰਤਾਪ ਸਿੰਘ ਨੂੰ ਗੁਪਤ ਰੂਪ ਵਿਚ ਜਾਣਕਾਰੀ ਮਿਲਣ ਉਪਰੰਤ ਕਿ ਉਸ ਉਤੇ ਹਮਲਾ ਹੋ ਸਕਦਾ ਹੈ, ਹਿਫ਼ਾਜ਼ਤ ਵਜੋਂ ਜਨਰਲ ਕੋਰਟ ਪਾਸ ਤੋਪਾਂ ਦੀ ਢਲਾਈ ਵੇਖਣ ਦੇ ਬਹਾਨੇ ਭੇਜ ਦਿੱਤਾ। ਮਹਾਰਾਜਾ ਜਦ ਇਕ ਘੋੜ ਸਵਾਰ ਦਸਤੇ ਦੀ ਦੇਖ-ਰੇਖ ਕਰ ਰਹੇ ਸਨ ਤਾਂ ਅਚਾਨਕ ਅਜੀਤ ਸਿੰਘ ਸੰਧਾਵਾਲੀਆ ਆਪਣੀ ਬਟਾਲੀਅਨ ਸਮੇਤ ਆ ਧਮਕਿਆ ਤਾਂ ਕਿ ਉਹ ਮਹਾਰਾਜਾ ਨੂੰ ਸਲਾਮੀ ਦੇਣ ਦੇ ਬਹਾਨੇ ਆਪਣੀ ਵਿਸ਼ੇਸ਼ ਦੋਨਾਲੀ ਅੰਗਰੇਜ਼ੀ ਬੰਦੂਕ ਵਿਖਾ ਸਕੇ, ਜੋ ਮਹਾਰਾਜਾ ਲਈ ਅਜਿਹੀਆਂ ਖ਼ਾਸ ਬੰਦੂਕਾਂ ਖਿੱਚ ਦਾ ਕਾਰਨ ਸਨ। ਪਰ ਮਹਾਰਾਜਾ ਨੇ ਆਪਣੇ ਹੀ ਚਚੇਰੇ ਭਰਾ ਉਪਰ ਭਰੋਸਾ ਕਰਦੇ ਹੋਏ ਜੋ ਉਸ ਲਈ ਵਫ਼ਾਦਾਰ ਰਹਿਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕਸਮ ਖਾ ਚੁੱਕਾ ਸੀ, ਵਿਸ਼ਵਾਸ ਕਰ ਲਿਆ। ਪਰ ਇੰਨੇ ਵਿਚ ਹੀ ਅਜੀਤ ਸਿੰਘ ਨੇ ਬੰਦੂਕ ਚਲਾ ਦਿੱਤੀ, ਦੋ ਗੋਲੀਆਂ ਮਹਾਰਾਜਾ ਦੀ ਛਾਤੀ ਵਿਚ ਲੱਗੀਆਂ। ਇਸ ਉਲਝਣ ਵਿਚ ਮਹਾਰਾਜਾ ਦੇ, ਸਰਦਾਰ ਬੁੱਧ ਸਿੰਘ ਸਮੇਤ ਕਈ ਨਿੱਜੀ ਬਾਡੀਗਾਰਡ ਵੀ ਮੁਕਾਬਲਾ ਕਰਦੇ ਹੋਏ ਅਜੀਤ ਸਿੰਘ ਦੇ ਸੈਨਿਕਾਂ ਹੱਥੋਂ ਮਾਰੇ ਗਏ। ਇਸੇ ਤਰ੍ਹਾਂ ਜਦ ਸ਼ਹਿਜ਼ਾਦਾ ਪ੍ਰਤਾਪ ਸਿੰਘ ਵੀ ਤੋਪਾਂ ਦੇ ਕਾਰਖ਼ਾਨੇ ਤੋਂ ਬਾਹਰ ਨਿਕਲਿਆ ਤਾਂ ਰਾਹ ਵਿਚ ਹੀ ਉਸ ਦਾ ਕਤਲ ਕਰ ਦਿੱਤਾ ਗਿਆ। ਪਰ ਜੋ ਰਿਪੋਰਟ ਲਾਹੌਰ ਦੇ ਖ਼ਬਰ ਨਵੀਸਾਂ ਵੱਲੋਂ ਦਿੱਤੀ ਗਈ, ਉਸ ਮੁਤਾਬਿਕ “ਮਹਾਰਾਜਾ ਸ਼ੇਰ ਸਿੰਘ ਨਿਸਚਿਤ ਪ੍ਰੋਗਰਾਮ ਮੁਤਾਬਿਕ 15 ਤਾਰੀਖ਼ ਨੂੰ ਅਜੀਤ ਸਿੰਘ ਦੀਆਂ ਫ਼ੌਜਾਂ ਦਾ ਮੁਆਇਨਾ ਕਰਨ ਲਈ ਘੋੜੇ ‘ਤੇ ਸਵਾਰ ਹੋ ਕੇ ਚੱਲ ਪਿਆ। ਜਦ ਉਸ ਦੀ ਸਵਾਰੀ ਨਿਯਤ ਜਗ੍ਹਾ ਉਪਰ ਪਹੁੰਚੀ ਤਾਂ ਅਜੀਤ ਸਿੰਘ ਦੀ ਰਹਿਨੁਮਾਈ ਹੇਠ ਕੋਈ ਵੀਹ ਰੈਜਮੈਂਟਾਂ ਦੇ ਅਫ਼ਸਰਾਂ ਵੱਲੋਂ ਮਹਾਰਾਜਾ ਦੀ ਸ਼ਾਨ ਦੇ ਖ਼ਿਲਾਫ਼ ਬੋਲਿਆ ਗਿਆ। ਇੰਨੇ ਵਿਚ ਅਜੀਤ ਸਿੰਘ ਅੱਗੇ ਵਧਿਆ ਅਤੇ ਮਹਾਰਾਜਾ ਦੇ ਨਿਰਾਦਰ ਵਿਚ ਬੋਲ-ਕੁਬੋਲ ਬੋਲਣ ਲੱਗ ਪਿਆ। ਮਹਾਰਾਜਾ ਸ਼ੇਰ ਸਿੰਘ ਹੈਰਾਨ ਹੁੰਦਾ ਹੋਇਆ ਤੈਸ਼ ਵਿਚ ਆ ਗਿਆ ਤੇ ਪਿੱਛੇ ਧਿਆਨ ਸਿੰਘ ਤੇ ਗੁਲਾਬ ਸਿੰਘ ਵੱਲ ਨਜ਼ਰ ਮਾਰੀ, ਜੋ ਉਸ ਦੇ ਮਗਰ-ਮਗਰ ਹੀ ਨਾਲ-ਨਾਲ ਆ ਰਹੇ ਸਨ, ਪਰ ਉਨ੍ਹਾਂ ਵਿੱਚੋਂ ਕੋਈ ਵੀ ਉਥੇ ਨਹੀਂ ਸੀ। ਇਸ ‘ਤੇ ਮਹਾਰਾਜਾ ਨੇ ਅਜੀਤ ਸਿੰਘ ਉਪਰ ਤੀਰ ਚਲਾਇਆ, ਪਰ ਉਹ ਬਚ ਗਿਆ ਅਤੇ ਨਾਲ ਹੀ ਉਸ ਨੇ ਮਹਾਰਾਜਾ ਉਪਰ ਆਪਣੇ ਪਿਸਤੌਲ ਨਾਲ ਫ਼ਾਇਰ ਕਰ ਦਿੱਤਾ, ਜਿਸ ਦੀ ਗੋਲੀ ਮਹਾਰਾਜਾ ਦੇ ਸਿਰ ਵਿਚ ਲੱਗੀ ਅਤੇ ਉਹ ਘੋੜੇ ਤੋਂ ਹੇਠਾਂ ਡਿੱਗ ਪਏ। ਘਾਇਲ ਮਹਾਰਾਜਾ ਦਾ ਅਜੀਤ ਸਿੰਘ ਨੇ ਆਪਣੀ ਤਲਵਾਰ ਨਾਲ ਸਿਰ ਵੱਢ ਦਿੱਤਾ। ਜਦ ਇਸ ਦੀ ਖ਼ਬਰ ਜਨਰਲ ਵੈਨਤੂਰਾ ਨੂੰ ਮਿਲੀ ਤਾਂ ਉਹ ਆਪਣੇ ਡਿਵੀਜ਼ਨ ਸਮੇਤ ਪਹੁੰਚ ਗਿਆ, ਪਰ ਅਜੀਤ ਸਿੰਘ ਦੀ ਫ਼ੌਜਾਂ ਦੇ ਬਹੁਤ ਵੱਡੇ ਇਕੱਠ ਨੂੰ ਵੇਖਦਾ ਹੋਇਆ ਪਿੱਛੇ ਪਰਤ ਗਿਆ। ਜਨਰਲ ਨੇ ਇਹ ਖ਼ਬਰ ਸ਼ਹਿਜ਼ਾਦਾ ਪ੍ਰਤਾਪ ਸਿੰਘ ਨੂੰ ਵੀ ਦੇ ਦਿੱਤੀ ਜੋ ਆਪਣੇ ਪਿਤਾ ਵੱਲ ਆਪਣੀਆਂ ਦੋ ਰਜਮੈਂਟਾਂ ਸਮੇਤ ਚੱਲ ਪਿਆ। ਪਰ ਰਸਤੇ ਵਿਚ ਹੀ ਉਸ ਨੂੰ ਅਜੀਤ ਸਿੰਘ ਸ਼ਹਿਰ ਵੱਲ ਆਉਂਦਾ ਹੋਇਆ ਮਿਲ ਗਿਆ ਜੋ ਆਪਣੀਆਂ ਫ਼ੌਜਾਂ ਸਮੇਤ ਸੀ ਅਤੇ ਉਸ ਦੇ ਪਿਤਾ ਦਾ ਸਿਰ ਨੇਜ਼ੇ ਉਪਰ ਟੰਗਿਆ ਹੋਇਆ ਸੀ। ਅਜੀਤ ਸਿੰਘ ਸ਼ਹਿਜ਼ਾਦੇ ਉਪਰ ਵੀ ਆ ਪਿਆ ਅਤੇ ਉਸ ਦਾ ਸਿਰ ਵੀ ਧੜ ਤੋਂ ਅਲੱਗ ਕਰ ਦਿੱਤਾ।” 

ਇਹ ਸਿੱਖ ਰਾਜ ਸਮੇਂ ਜਦ ਇਸ ਦੀ ਸ਼ਾਨ ਸਿਖਰਾਂ ਉਪਰ ਸੀ, ਆਪਣੇ ਹੀ ਪਰਿਵਾਰ ਦੇ ਮੈਂਬਰਾਂ ਵੱਲੋਂ ਅੰਗਰੇਜ਼ਾਂ ਦੀ ਸ਼ਹਿ ਉਪਰ ਕੀਤਾ ਗਿਆ ਭਿਆਨਕ ਕਤਲ ਸੀ, ਜਿਸ ਕਾਰਨ ਰਾਜ ਉਪਰ ਤੀਸਰੀ ਵਾਰ ਗ੍ਰਹਿਣ ਆ ਲੱਗਾ। ਕਿੰਨੀ ਹੈਰਾਨੀ ਸੀ ਕਿ ਮਹਾਰਾਜਾ ਦੇ ਕਤਲ ਬਾਰੇ ਹਿੰਦ ਦੇ ਗਵਰਨਰ ਜਨਰਲ ਲਾਰਡ ਐਲਨਬਰੋ ਨੂੰ ਪਹਿਲਾਂ ਹੀ ਪਤਾ ਸੀ ਅਤੇ ਉਹ ਚਿੱਠੀਆਂ ਰਾਹੀਂ ਇਸ ਦੀ ਇਤਲਾਹ ਇੰਗਲੈਂਡ ਵਿਚ ਡਿਊਕ ਨੂੰ ਵੀ ਦੇ ਰਿਹਾ ਸੀ। ਇਸ ਨਵੇਂ ਗਵਰਨਰ ਜਨਰਲ ਨੂੰ ਰਾਜਾ ਗੁਲਾਬ ਸਿੰਘ ਵੀ ਕਲਕੱਤੇ ਮਿਲ ਕੇ ਆਇਆ ਸੀ। ਇਨ੍ਹਾਂ ਖ਼ਤਰਿਆਂ ਦਾ ਸ਼ੇਰ ਸਿੰਘ ਨੂੰ ਵੀ ਪਤਾ ਸੀ, ਪਰ ਉਹ ਕੀ ਕਰ ਸਕਦਾ ਸੀ ਜਦ ਇਨ੍ਹਾਂ ਕਪਟ ਅੰਗਰੇਜ਼ਾਂ ਨੇ ਹੀ ਵਿਚ ਪੈ ਕੇ ਉਸ ਦੀ ਸੰਧਾਵਾਲੀਆਂ ਨਾਲ ਸੁਲ੍ਹਾ ਕਰਵਾ ਦਿੱਤੀ ਅਤੇ ਫਿਰ ਜਦ ਸੰਧਾਵਾਲੀਆਂ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਸ਼ੇਰ ਸਿੰਘ ਨਾਲ ਹਮੇਸ਼ਾ ਵਫ਼ਾਦਾਰ ਰਹਿਣ ਦੀਆਂ ਕਸਮਾਂ ਲਈਆਂ ਹੋਈਆਂ ਸਨ। ਉਹ ਫਿਰ ਕਿਉਂ ਨਾ ਆਪਣੇ ਭਰਾਵਾਂ ਉਪਰ ਵਿਸ਼ਵਾਸ ਕਰਦਾ? ਇਹ ਪਾਰਟੀ ਜਦ ਕਿਲ੍ਹੇ ਵੱਲ ਆ ਰਹੀ ਸੀ ਤਾਂ ਪਹਿਲਾਂ ਹੀ ਤਹਿ ਹੋਈ ਯੋਜਨਾ ਮੁਤਾਬਿਕ ਰਸਤੇ ਵਿਚ ਧਿਆਨ ਸਿੰਘ ਵਜ਼ੀਰ ਉਨ੍ਹਾਂ ਨੂੰ ਮਿਲ ਗਿਆ ਅਤੇ ਸੰਧਾਵਾਲੀਏ ਕਿਲ੍ਹੇ ਅੰਦਰ ਪਨਾਹ ਲੈਣ ਲਈ, ਉਸ ਨੂੰ ਵੀ ਆਪਣੇ ਨਾਲ ਸਲਾਹ-ਮਸ਼ਵਰੇ ਲਈ ਲੈ ਆਏ ਕਿਉਂਕਿ ਕਿਲ੍ਹੇ ‘ਤੇ ਪਹਿਰੇ ਲਈ ਡੋਗਰਿਆਂ ਨੇ ਆਪਣੀ ਫ਼ੌਜ ਤਾਇਨਾਤ ਕੀਤੀ ਹੋਈ ਸੀ। ਕਿਲ੍ਹੇ ਅੰਦਰ ਪਹੁੰਚ ਕੇ ਸੰਧਾਵਾਲੀਆਂ ਨੇ ਸਭ ਜਗ੍ਹਾ ਆਪਣੀ ਫ਼ੌਜ ਤਾਇਨਾਤ ਕਰ ਦਿੱਤੀ ਅਤੇ ਹੁਕਮ ਸੁਣਾ ਦਿੱਤਾ ਕਿ ਕਿਸੇ ਨੂੰ ਵੀ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਅੰਦਰ ਨਾ ਆਉਣ ਦਿੱਤਾ ਜਾਵੇ। ਇਕ ਜਾਣਕਾਰੀ ਮੁਤਾਬਿਕ ਅਜੀਤ ਸਿੰਘ ਦੀ ਭੇਟ ਭਾਈ ਗੁਰਮੁਖ ਸਿੰਘ ਨਾਲ ਹੋ ਗਈ, ਜਿਥੇ ਉਨ੍ਹਾਂ ਦੱਸਿਆ ਕਿ ਸ਼ੇਰ ਸਿੰਘ ਦਾ ਖ਼ਾਤਮਾ ਕਰ ਦਿੱਤਾ ਗਿਆ ਹੈ। ਇਸ ‘ਤੇ ਭਾਈ ਜੀ ਨੇ ਕਿਹਾ ਕਿ ਜੇਕਰ ਧਿਆਨ ਸਿੰਘ ਨੂੰ ਖ਼ਤਮ ਨਾ ਕੀਤਾ ਗਿਆ ਤਾਂ ਤੁਸੀਂ ਸਭ ਇਕ ਘੰਟੇ ‘ਚ ਹੀ ਖ਼ਤਮ ਕਰ ਦਿੱਤੇ ਜਾਵੋਗੇ। ਡੋਗਰਿਆਂ ਦੇ ਬਾਕੀ ਮੈਂਬਰਾਂ ਜੋ ਕਿ ਹੀਰਾ ਸਿੰਘ, ਸੁਚੇਤ ਸਿੰਘ ਨੂੰ ਵੀ ਧਿਆਨ ਸਿੰਘ ਰਾਹੀਂ ਕਿਲ੍ਹੇ ਅੰਦਰ ਬੁਲਾ ਕੇ ਇੱਕੋ ਵਾਰ ਪਾਰ ਬੁਲਾਉਣ ਦੀ ਬਜਾਏ ਕਾਹਲੀ ਵਿਚ ਆ ਕੇ ਅਜੀਤ ਸਿੰਘ ਨੇ ਧਿਆਨ ਸਿੰਘ ਦੇ ਕੋਈ ਪੱਚੀ ਬਾਡੀਗਾਰਡਾਂ ਨੂੰ ਇਸ਼ਾਰੇ ਨਾਲ ਆਪਣੇ ਰਸਾਲੇ ਦੇ ਜਵਾਨਾਂ ਰਾਹੀਂ ਘੇਰ ਲਿਆ ਅਤੇ ਧਿਆਨ ਸਿੰਘ ਤੋਂ ਸਲਾਹ ਲਈ ਕਿ ਹੁਣ ਅਗਲਾ ਮਹਾਰਾਜਾ ਕੌਣ ਬਣੇਗਾ ਤਾਂ ਧਿਆਨ ਸਿੰਘ ਨੇ ਕਿਹਾ ਕਿ ਨਿਸਚਿਤ ਹੀ ਦਲੀਪ ਸਿੰਘ। ਅਜੀਤ ਸਿੰਘ ਨੇ ਫਿਰ ਸਹਿਜ ਨਾਲ ਪੁੱਛਿਆ ਕਿ ਵਜ਼ੀਰ ਕੌਣ ਤਾਂ ਧਿਆਨ ਸਿੰਘ ਨੇ ਕਿਹਾ ਕਿ ਉਹ ਖ਼ੁਦ ਆਪ। ਇਸ ‘ਤੇ ਅਜੀਤ ਸਿੰਘ ਨੇ ਤੈਸ਼ ਵਿਚ ਆ ਕੇ ਕਿਹਾ ਕਿ ਫਿਰ ਸਾਨੂੰ ਕੀ ਮਿਲਿਆ ਅਤੇ ਨਾਲ ਹੀ ਧਿਆਨ ਸਿੰਘ ‘ਤੇ ਇਹ ਕਹਿੰਦਿਆਂ ਗੋਲੀ ਚਲਾ ਦਿੱਤੀ ਕਿ “ਤੂੰ ਸਾਡੀ ਭਰਜਾਈ ਚੰਦ ਕੌਰ ਦਾ ਹਤਿਆਰਾ ਹੈ, ਫਿਰ ਵੀ ਸਾਡੀ ਮਦਦ ਨਾਲ ਵਜ਼ੀਰ ਬਣਨਾ ਚਾਹੁੰਦਾ ਹੈ।”  

ਦਰਅਸਲ ਸੰਧਾਵਾਲੀਏ ਅੰਗਰੇਜ਼ਾਂ ਦੇ ਬਹਿਕਾਵੇ ਵਿਚ ਆ ਕੇ ਆਪਣੇ ਆਪ ਨੂੰ ਪੰਜਾਬ ਦੇ ਮਾਲਕ ਸਮਝ ਰਹੇ ਸਨ । ਗੁਲਾਬ ਸਿੰਘ ਉਸੇ ਦਿਨ ਜੰਮੂ ਨੂੰ ਨਿਕਲ ਗਿਆ मी। 

ਬਾਅਦ ਵਿਚ ਤੱਥਾਂ ਦੇ ਆਧਾਰਿਤ ਇਤਿਹਾਸਕਾਰਾਂ ਵੱਲੋਂ ਜੋ ਸਹੀ ਜਾਣਕਾਰੀ ਪ੍ਰਾਪਤ ਕੀਤੀ ਗਈ, ਉਸ ਮੁਤਾਬਿਕ 15 ਸਤੰਬਰ ਨੂੰ ਅੱਸੂ ਦੀ ਸੰਗਰਾਂਦ ਵਾਲੇ ਦਿਨ ਮਹਾਰਾਜਾ ਸ਼ੇਰ ਸਿੰਘ ਘੋੜੇ ‘ਤੇ ਸਵਾਰ ਹੋ ਕੇ ਆਪਣੇ ਹਜ਼ੂਰੀ ਸਵਾਰਾਂ ਤੇ ਦੀਵਾਨ ਦੀਨਾ ਨਾਥ ਸਮੇਤ ਸ਼ਾਹ ਬਹਿਲੋਲ ਦੇ ਬਾਗ਼ ਵਿਚ ਪਹੁੰਚ ਗਿਆ ਜੋ ਲਾਹੌਰ ਅਤੇ ਬਾਗ਼ ਸ਼ਾਲੀਮਾਰ ਦੇ ਵਿਚਕਾਰ ਦਰਿਆ ਰਾਵੀ ਦੇ ਨਜ਼ਦੀਕ ਬਹੁਤ ਸੁੰਦਰ ਜਗ੍ਹਾ ਸੀ ਅਤੇ ਬਾਰਾਂਦਰੀ ਵੀ ਮੌਜੂਦ ਸੀ। ਇਥੇ ਉਹ ਬਾਰਾਂਦਾਰੀ ਦੇ ਝਰੋਖੇ ਵਿਚ ਕੁਰਸੀ ‘ਤੇ ਬੈਠ ਗਏ ਅਤੇ ਬਾਹਰ ਖੁੱਲ੍ਹੇ ਮੈਦਾਨ ਵਿਚ ਪਹਿਲਵਾਨਾਂ ਦੇ ਘੋਲ ਵੇਖਣ ਲੱਗ ਪਏ। ਬਾਅਦ ਵਿਚ ਜੇਤੂ ਪਹਿਲਵਾਨਾਂ ਨੂੰ ਉਹ ਇਨਾਮ ਦੇ ਕੇ ਹਟੇ ਹੀ ਸਨ ਕਿ ਦੀਵਾਨ ਕੁਝ ਮਿਸਲਾਂ ਲੈ ਕੇ ਹਾਜ਼ਰ ਹੋ ਗਿਆ ਅਤੇ ਕਾਗ਼ਜ਼ਾਤ ਪੜ੍ਹਨ ਹੀ ਲੱਗਾ ਸੀ ਕਿ ਸੰਧਾਵਾਲੀਆ ਅਜੀਤ ਸਿੰਘ ਝਰੋਖੇ ਹੇਠ ਮਹਾਰਾਜਾ ਦੇ ਸਾਹਮਣੇ ਆਪਣੀ ਨਵੀਂ ਭਰਤੀ 400 ਸਵਾਰਾਂ ਦੀ ਰੈਜਮੈਂਟ ਸਮੇਤ ਆ ਹਾਜ਼ਰ ਹੋਇਆ ਅਤੇ ਸਲਾਮੀ ਲੈਣ ਲਈ ਬੇਨਤੀ ਕੀਤੀ। ਇਸੇ ਸਮੇਂ ਉਸ ਨੇ ਆਪਣੀ ਦੋਨਾਲੀ ਬੰਦੂਕ ਮਹਾਰਾਜਾ ਨੂੰ ਭੇਟ ਕੀਤੀ ਜਿਸ ਨੂੰ ਫੜਨ ਲਈ ਮਹਾਰਾਜਾ ਨੇ ਆਪਣਾ ਸੱਜਾ ਹੱਥ ਵਧਾਇਆ ਹੀ ਸੀ ਕਿ ਅਜੀਤ ਸਿੰਘ ਨੇ ਬੰਦੂਕ ਫੜਾਉਣ ਦੇ ਬਹਾਨੇ ਗੋਲੀਆਂ ਦਾਗ਼ ਦਿੱਤੀਆਂ, ਦੋ ਗੋਲੀਆਂ ਛਾਤੀ ਵਿਚ ਲੱਗੀਆਂ ਜਿਨ੍ਹਾਂ ਵਿੱਚੋਂ ਇਕ ਗੋਲੀ ਸਰੀਰ ‘ਚੋਂ ਬਾਹਰ ਨਿਕਲਦੀ ਹੋਈ ਪਿਛਲੀ ਕੰਧ ਨੂੰ ਜਾ ਟਕਰਾਈ। (ਬਾਬਾ ਪ੍ਰੇਮ ਸਿੰਘ ਹੋਤੀ ਲਿਖਦੇ ਹਨ ਕਿ ਉਨ੍ਹਾਂ ਨੇ ਇਸ ਝਰੋਖੇ ਉਪਰ ਗੋਲੀ ਦਾ ਨਿਸ਼ਾਨ ਖ਼ੁਦ ਡਿੱਠਾ ਸੀ ਜੋ ਉਸ ਸਮੇਂ ਸੰਨ 1947 ਤਕ ਮੌਜੂਦ ਸੀ।) ਦੀਵਾਨ ਦੀਨਾ ਨਾਥ ਜੋ ਪਾਸ ਹੀ ਖੜਾ ਸੀ, ਨੇ ਮਹਾਰਾਜਾ ਦੇ ਮੂੰਹੋਂ ਨਿਕਲਦੇ ਇਹ ਸ਼ਬਦ ਸੁਣੇ, “ਇਹ ਕੀ ਦਗ਼ਾ ਕੀਤਾ” ਅਤੇ ਉਹ ਕੁਰਸੀ ਉਪਰ ਲੁੜ੍ਹਕ ਗਏ। ਅਜੇ ਸਵਾਸ ਬਾਕੀ ਸਨ ਕਿ ਅਜੀਤ ਸਿੰਘ ਉਪਰ ਆ ਗਿਆ ਅਤੇ ਮਹਾਰਾਜੇ ਦਾ ਸਿਰ ਤਲਵਾਰ ਨਾਲ ਧੜ ਤੋਂ ਵੱਖ ਕਰ ਦਿੱਤਾ। ਮਹਾਰਾਜਾ ਦੇ ਪਹਿਰੇਦਾਰਾਂ ਨੂੰ, ਜਿਨ੍ਹਾਂ ਵਿਚ ਬੁੱਧ ਸਿੰਘ ਮੁਕੇਰੀਆਂ, ਗੰਡਾ ਸਿੰਘ ਬਟਾਲੀਆ ਅਤੇ ਬਹੁਤ ਸਾਰੇ ਹੋਰ ਜੋ ਅਜੀਤ ਸਿੰਘ ਨੂੰ ਮਾਰਨ ਲਈ ਅੱਗੇ ਆਏ, ਪਰ ਉਸ ਦੀ ਫ਼ੌਜ ਨੇ ਘੇਰ ਕੇ ਮਾਰ ਮੁਕਾਏ। ਇਸ ਟਕਰਾਅ ਵਿਚ ਸੰਧਾਵਾਲੀਆਂ ਨੇ ਧੰਨਾ ਸਿੰਘ ਮਲਵਈ ਦੇ ਲੜਕੇ ਹੁਕਮਾ ਸਿੰਘ ਨੂੰ ਸਖ਼ਤ ਜ਼ਖ਼ਮੀ ਕਰ ਦਿੱਤਾ ਜੋ ਬਾਅਦ ਵਿਚ ਸਭਰਾਵਾਂ ਦੀ ਲੜਾਈ ਵਿਚ ਸ਼ਹੀਦ ਹੋਇਆ। ਦੂਸਰੇ ਪਾਸੇ ਸ: ਲਹਿਣਾ ਸਿੰਘ ਆਪਣੇ ਪਿਆਰੇ ਜਿਹੇ ਪੋਤੇ ਬਾਲਕ ਪ੍ਰਤਾਪ ਸਿੰਘ ਦਾ ਸਿਰ ਵੱਢਣ ਲਈ ਤੇਜ ਸਿੰਹੁ ਦੇ ਬਾਗ਼ ਪਹੁੰਚ ਗਿਆ ਜੋ ਉਥੇ ਸੰਗਰਾਂਦ ਕਰਕੇ ਲੋੜਵੰਦਾਂ ਨੂੰ ਜ਼ਰੂਰੀ ਚੀਜ਼ਾਂ ਦਾਨ ਕਰ ਰਿਹਾ ਸੀ। ਵਿਚਾਰਾ ਬਾਲਕ ਕੀ ਕਰ ਸਕਦਾ ਸੀ ? ਬਜ਼ੁਰਗ ਦੇ ਤੇਵਰ ਵੇਖ ਕੇ ਸਹਿਮ ਗਿਆ ਅਤੇ ਹੱਥ ਜੋੜਦਾ ਹੋਇਆ ਸਤਿਕਾਰ ਵਜੋਂ ਉੱਠ ਕੇ ਤਰਸ ਲਈ ਵਾਸਤਾ ਪਾਉਣ ਲੱਗਾ। ਪਰ ਇਸ ਅਤਿ ਸੋਹਣੇ ਸ਼ਹਿਜ਼ਾਦੇ ਵੱਲ ਬਾਬੇ ਦੀ ਉੱਠੀ ਹੋਈ ਤਲਵਾਰ ਆਪਣਾ ਕਾਰਾ ਕਰ ਗਈ ਅਤੇ ਉਸ ਦਾ ਸਿਰ ਧੜ ਤੋਂ ਅਲੱਗ ਹੋ ਗਿਆ। ਇਹ ਉਹੀ ਲਹਿਣਾ ਸਿੰਘ ਸੀ ਜਿਸ ਦੀ ਤਲਵਾਰ ਹਮੇਸ਼ਾ ਜ਼ਾਲਮਾਂ ਉਪਰ ਚੱਲਦੀ ਰਹੀ ਸੀ, ਜਿਸ ਨੇ ਆਪਣੀ ਲਾਸਾਨੀ ਬਹਾਦਰੀ ਦੀ ਅਫ਼ਗਾਨਾਂ ਉਪਰ ਧਾਂਕ ਜਮਾ ਰੱਖੀ ਸੀ। ਅੱਜ ਆਪਣੇ ਹੀ ਸਿੱਖ ਰਾਜ ਨੂੰ ਤਬਾਹ ਕਰਨ ਲਈ ਆਪਣਿਆਂ ਨੂੰ ਹੀ ਮੌਤ ਦੇ ਘਾਟ ਉਤਾਰ ਰਿਹਾ ਸੀ ਤਾਂ ਕਿ ਸਿੱਖ ਇਤਿਹਾਸ ਵਿਚ ਉਸ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇ। ਨਿਸਚਿਤ ਹੀ ਅੰਗਰੇਜ਼ਾਂ ਨੇ ਕਲਕੱਤੇ ਉਸ ਦੇ ਭਾਈ ਅਤੇ ਭਤੀਜੇ ਨੂੰ ਕੀ ਕੀ ਲਾਲਚ ਦਿੰਦੇ ਹੋਏ ਅਜਿਹੇ ਕੁਕਰਮਾਂ ਲਈ ਰਾਜ਼ੀ ਕੀਤਾ ਹੋਵੇਗਾ, ਕੀ ਅੰਗਰੇਜ਼ਾਂ ਦਾ ਇਖ਼ਲਾਕ ਏਨਾ ਡਿੱਗ ਚੁੱਕਾ ਸੀ ਕਿ ਤਾਕਤ ਨਾਲ ਸਿੱਖ ਰਾਜ ਨੂੰ ਪ੍ਰਾਪਤ ਕਰਨ ਦੀ ਹਿੰਮਤ ਨਾ ਰੱਖਦੇ ਹੋਏ ਅਜਿਹੀਆਂ ਘਿਨਾਉਣੀਆਂ ਚਾਲਾਂ ਉਪਰ ਆ ਗਏ ਸਨ ਅਤੇ ਉਸ ਮਹਾਰਾਜਾ ਨੂੰ ਮਰਵਾ ਰਹੇ ਸਨ ਜੋ ਆਪਣੇ ਪਿਤਾ ਵੱਲੋਂ ਉਨ੍ਹਾਂ ਨਾਲ ਕੀਤੀਆਂ ਹੋਈਆਂ ਸੰਧੀਆਂ ਸੱਚੇ ਮਨ ਨਾਲ ਨਿਭਾਅ ਰਿਹਾ ਸੀ। ਫਿਰ ਅਫ਼ਗ਼ਾਨਿਸਤਾਨ ਵਿਚ ਉਨ੍ਹਾਂ ਦੀ ਅਫ਼ਗ਼ਾਨਾਂ ਦੇ ਘੇਰੇ ਵਿਚ ਆ ਚੁੱਕੀ ਫ਼ੌਜ ਨੂੰ ਕਤਲੇਆਮ ਤੋਂ ਬਚਾਉਣ ਲਈ ਸੰਨ 1842 ਤੋਂ ਹੀ ਆਪਣੇ ਦਸ ਹਜ਼ਾਰ ਸਿੱਖ ਭੇਜ ਕੇ ਉਨ੍ਹਾਂ ਦਾ ਸੱਚਾ ਹਿਤੈਸ਼ੀ ਤੇ ਮਦਦਗਾਰ ਬਣਿਆ ਹੋਇਆ ਸੀ। ਕੀ ਇਹੀ ਅੰਗਰੇਜ਼ਾਂ ਦੇ ਧਰਮ ਮੁਤਾਬਿਕ ਕੀਤੀਆਂ ਗਈਆਂ ਨੇਕੀਆਂ ਦੀ ਕੀਮਤ ਸੀ? ਇਸੇ ਸੰਬੰਧ ਵਿਚ ਪੈਅਨ ਲਿਖਦਾ ਹੈ ਕਿ: 

ਜਦ ਕਾਬਲ ਵਿਚ ਅੰਗਰੇਜ਼ਾਂ ਦੇ ਕਤਲੇਆਮ ਦੀ ਖ਼ਬਰ ਪੰਜਾਬ ਪਹੁੰਚੀ ਅਤੇ ਸਿੱਖ ਫ਼ੌਜਾਂ ਵਿਚ ਬੇਚੈਨੀ ਵੱਧ ਗਈ ਤਾਂ ਬਾਅਦ ਵਿਚ ਅੰਗਰੇਜ਼ਾਂ ਦੀਆਂ ਅਫ਼ਗ਼ਾਨਿਸਤਾਨ ਵਿੱਚੋਂ ਰਹਿੰਦੀਆਂ ਫ਼ੌਜਾਂ ਕੱਢਣ ਲਈ ਮਹਾਰਾਜਾ ਦੀ ਅੰਗਰੇਜ਼ਾਂ ਤੇ ਸ਼ਾਹ ਸ਼ਜਾ ਨਾਲ ਹੋਈ ਸੰਧੀ ਮੁਤਾਬਿਕ ਸ਼ੇਰ ਸਿੰਘ ਨੇ ਅੰਗਰੇਜ਼ਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਸੀ PS 

ਇਸੇ ਸਮੇਂ ਅੰਗਰੇਜ਼, ਗੁਲਾਬ ਸਿੰਘ ਡੋਗਰੇ ਨਾਲ ਮੱਕਾਰੀ ਚਾਲਾਂ ਰਚਣ ਲੱਗ ਗਏ, ਜਦ ਮਹਾਰਾਜਾ ਸ਼ੇਰ ਸਿੰਘ ਵੱਲੋਂ ਡੋਗਰਾ ਗੁਲਾਬ ਸਿੰਘ ਦੀ ਜੋ ਉਸ ਸਮੇਂ ਹਜ਼ਾਰੇ ਦਾ ਗਵਰਨਰ ਸੀ, ਲੋੜੀਂਦੀ ਮਦਦ ਲਈ ਡਿਊਟੀ ਲਾਈ ਹੋਈ ਸੀ। ਕਰਨਲ ਗਾਰਡਨਰ ਮੁਤਾਬਿਕ (ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਪਖ਼ਾਨਾ ਵਿਚ ਭਰਤੀ ਹੋਇਆ ਸੀ, ਪਰ ਬਾਅਦ ਵਿਚ ਉਸ ਨੂੰ ਡੋਗਰਿਆਂ ਦੀ ਫ਼ੌਜ ਵਿਚ ਤਬਦੀਲ ਕਰ ਦਿੱਤਾ ਗਿਆ ਸੀ) ਦਸੰਬਰ 1841 ਵਿਚ ਕਾਬਲ ਵਿਖੇ ਅੰਗਰੇਜ਼ਾਂ ਦੇ ਕਤਲੇਆਮ ਤੋਂ ਬਾਅਦ ਮਹਾਰਾਜਾ ਸ਼ੇਰ ਸਿੰਘ ਨੇ 1842 ਵਿਚ 10,000 ਖ਼ਾਲਸਾ ਫ਼ੌਜ ਦੀ ਕਮਾਂਡ ਦੇ ਕੇ ਗੁਲਾਬ ਸਿੰਘ ਡੋਗਰਾ ਨੂੰ ਅੰਗਰੇਜ਼ਾਂ ਦੀ ਸਹਾਇਤਾ ਲਈ ਭੇਜਿਆ ਸੀ, ਪਰ ਉਹ ਅਟਕ ਦਰਿਆ ਉਪਰ ਹੀ ਡੇਰਾ ਲਾਈ ਬੈਠਾ ਰਿਹਾ ਅਤੇ ਫ਼ੌਜ ਨੂੰ 

ਕਈ ਦਿਨ ਰੋਕੀ ਰੱਖਿਆ ਤਾਂ ਕਿ ਉਹ ਅੰਗਰੇਜ਼ਾਂ ਤੋਂ ਆਪਣੀਆਂ ਸ਼ਰਤਾਂ ਮੰਨਵਾ ਸਕੇ। ਉਸ ਸਮੇਂ ਗਾਰਡਨਰ ਉਥੇ ਮੌਜੂਦ ਸੀ ਜਿਸ ਬਾਰੇ ਉਸ ਨੇ ਆਪਣੀ ਜੀਵਨ ਕਥਾ ਵਿਚ ਇਸ ਤਰ੍ਹਾਂ ਲਿਖਿਆ ਹੈ : 

ਮਹਾਰਾਜਾ ਸ਼ੇਰ ਸਿੰਘ ਨੇ ਗੁਲਾਬ ਸਿੰਘ ਨੂੰ 10,000 ਫ਼ੌਜ ਦੀ ਕਮਾਂਡ ਦੇ ਕੇ ਹੁਕਮ ਕੀਤਾ ਕਿ ਉਹ ਜਲਦੀ ਤੋਂ ਜਲਦੀ ਅੰਗਰੇਜ਼ਾਂ ਦੀ ਮਦਦ ਲਈ ਪਹੁੰਚੇ ਤਾਂ ਕਿ ਅੰਗਰੇਜ਼ਾਂ ਦੀਆਂ ਅਫ਼ਗ਼ਾਨਿਸਤਾਨ ਵਿਖੇ ਕੰਧਾਰ ਤੇ ਜਲਾਲਾਬਾਦ ਵਿਚ ਘਿਰੀਆਂ ਫ਼ੌਜਾਂ ਨੂੰ ਬਚਾਇਆ ਜਾ ਸਕੇ, ਜਦ ਕਿ ਕਾਬਲ ਵਿਚਲੀ ਅੰਗਰੇਜ਼ਾਂ ਦੀ ਫ਼ੌਜ ਨੂੰ ਅਫ਼ਗ਼ਾਨ ਮੌਤ ਦੇ ਘਾਟ ਉਤਾਰ ਚੁੱਕੇ ਸਨ। 

ਮੈਂ ਉਸ ਸਮੇਂ ਸਿੱਖ ਫ਼ੌਜ ਦੇ ਤੋਪਖ਼ਾਨੇ ਦੀ ਕਮਾਂਡ ਕਰ ਰਿਹਾ ਸੀ, ਜਦ ਕਿ ਅੰਗਰੇਜ਼ਾਂ ਦਾ ਕਮਾਂਡਰ ਵਾਈਲਡ ਆਪਣੀ ਫ਼ੌਜ ਨਾਲ ਮੰਜ਼ਲਾਂ ਤਹਿ ਕਰਦਾ ਹੋਇਆ ਪੰਜਾਬ ਦੇ ਰਸਤੇ ਪਿਸ਼ਵਾਰ ਵੱਲ ਵੱਧ ਰਿਹਾ ਸੀ, ਪਰ ਇਥੇ ਪਹੁੰਚ ਕੇ ਉਸ ਨੂੰ ਸਿੱਖਾਂ ਦੀ ਮਦਦ ਲਈ ਰੁਕਣਾ ਪੈ ਗਿਆ। ਗੁਲਾਬ ਸਿੰਘ ਦਰਿਆ ਸਿੰਧ ਦੇ ਪੂਰਬੀ ਕੰਢੇ ਉਪਰ ਕਈ ਦਿਨ ਰੁਕਿਆ ਰਿਹਾ ਅਤੇ ਪਿਸ਼ਾਵਰ ਨਾ ਪਹੁੰਚਿਆ ਅਤੇ ਨਾ ਹੀ ਉਸ ਨੇ ਅੰਗਰੇਜ਼ਾਂ ਦੀ ਫ਼ੌਜ ਨੂੰ ਦਰਿਆ ਸਿੰਧ ਪਾਰ ਕਰਨ ਲਈ ਕਿਸ਼ਤੀਆਂ ਦਿੱਤੀਆਂ। ਗੁਲਾਬ ਸਿੰਘ ਨੇ ਜਾਣ ਬੁੱਝ ਕੇ ਅਜਿਹਾ ਕੀਤਾ ਕਿਉਂਕਿ ਉਸ ਦੀ ਅਕਬਰ ਖ਼ਾਂ ਨਾਲ ਸਾਂਝ ਸੀ ਅਤੇ ਹਰ ਰੋਜ਼ ਉਸ ਨੂੰ ਕਾਬਲ ਤੋਂ ਚਿੱਠੀਆਂ ਮਿਲ ਰਹੀਆਂ ਸਨ। ਉਸ ਦੀ ਹੀ ਵਜਹ ਕਾਰਨ ਬ੍ਰਿਗੇਡੀਅਰ ਵਾਈਲਡ ਨੂੰ 14 ਦਿਨਾਂ ਲਈ ਰੁਕਣਾ ਪਿਆ ਜਦ ਕਿ ਉਹ ਦੋ ਦਿਨਾਂ ਵਿਚ ਹੀ ਪਿਸ਼ਾਵਰ ਪਹੁੰਚ ਸਕਦਾ ਸੀ ਅਤੇ ਇਨ੍ਹਾਂ ਦਿਨਾਂ ਵਿਚ ਹੀ ਉਸਦੇ ਦੇਰੀ ਨਾਲ ਪਹੁੰਚਣ ਕਾਰਨ ਕਾਬਲ ਅਫ਼ਗ਼ਾਨਿਸਤਾਨ ਵਿਚ ਅੰਗਰੇਜ਼ਾਂ ਦਾ ਸਫ਼ਾਇਆ ਕਰ ਦਿੱਤਾ ਗਿਆ ਸੀ P 

ਗਾਰਡਨਰ ਹੋਰ ਬਿਆਨ ਕਰਦਾ ਹੈ ਕਿ ਨੌਜਵਾਨ ਅੰਗਰੇਜ਼ ਪੋਲੀਟੀਕਲ ਅਫ਼ਸਰ ਸਰ ਹੈਨਰੀ ਲਾਰੰਸ ਜੋ ਉਸ ਸਮੇਂ ਪਿਸ਼ਾਵਰ ਵਿਚ ਸੀ, ਬਾਰ-ਬਾਰ ਗੁਲਾਬ ਸਿੰਘ ਨੂੰ ਮਦਦ ਲਈ ਚਿੱਠੀਆਂ ਲਿਖਦਾ ਰਿਹਾ, ਜਿਨ੍ਹਾਂ ਦਾ ਗੁਲਾਬ ਸਿੰਘ ਨੇ ਕੋਈ ਜਵਾਬ ਨਾ ਦਿੱਤਾ। ਆਖ਼ਰ ਆਪਣੀ ਜਾਨ ਦਾ ਖ਼ਤਰਾ ਉਠਾਉਂਦੇ ਹੋਏ ਲਾਰੰਸ ਖ਼ਤਰਨਾਕ ਯੂਸਫ਼ਜ਼ਈਆਂ ਦੇ ਇਲਾਕੇ ‘ਚੋਂ ਗੁਜ਼ਰਦਾ ਹੋਇਆ ਵਿਸ਼ਾਲ ਸਿੰਧ ਦਰਿਆ ਪਾਰ ਕਰ ਕੇ ਗੁਲਾਬ ਸਿੰਘ ਨੂੰ ਮਿਲਣ ਆ ਪਹੁੰਚਿਆ। ਗੁਲਾਬ ਸਿੰਘ ਨੇ ਉਸ ਦਾ ਭਰਵਾਂ ਸਵਾਗਤ ਕੀਤਾ ਪਰ ਝੂਠ ਬੋਲਦੇ ਹੋਏ ਕਿਹਾ ਕਿ ਉਹ ਲਾਰੰਸ ਨੂੰ ਹਰ ਰੋਜ਼ ਕਈ ਖ਼ਤ ਭੇਜਦਾ ਰਿਹਾ ਹੈ ਜੋ ਸ਼ਾਇਦ ਦੁਸ਼ਮਣਾਂ ਦੇ ਹੱਥ ਲੱਗਦੇ ਰਹੇ ਹੋਣਗੇ। ਗੁਲਾਬ ਸਿੰਘ ਇਸ ਸਮੇਂ ਲਾਰੰਸ ਨਾਲ ਮਦਦ ਦੇ ਬਦਲੇ ਗੰਢ-ਤੁੱਪ ਕਰਦਾ ਰਿਹਾ, ਜਿਸ ਵਿਚ ਉਹ ਕਾਮਯਾਬ ਹੋ ਗਿਆ ਸੀ ਅਤੇ ਇਸ ਤਰ੍ਹਾਂ ਸਿੱਖ ਰਾਜ ਖ਼ਤਮ ਕਰਨ ਲਈ ਅੰਗਰੇਜ਼ ਡੋਗਰਿਆਂ ਨਾਲ ਸ਼ਾਮਲ ਹੋ ਗਏ ਅਤੇ ਕੁਝ ਸ਼ਰਤਾਂ ਨਾਲ ਇਹ ਗੁਪਤ ਸਮਝੌਤਾ ਹੋ ਗਿਆ। ਇਸ ਗੁਪਤ ਸਮਝੌਤੇ ਤੋਂ ਪਾਠਕ ਭਲੀਭਾਂਤ ਜਾਣੂ ਹਨ ਜਿਸ ਦਾ ਜ਼ਿਕਰ ਵਿਸਥਾਰ ਨਾਲ ਅੱਗੇ ਆਵੇਗਾ। ਗੁਲਾਬ ਸਿੰਘ ਦੇ ਅਜਿਹੇ ਵਿਅਕਤੀਤਵ ਕਿਰਦਾਰ ਬਾਰੇ ਅੰਗਰੇਜ਼ ਲਿਖਾਰੀ ਹੈਨਰੀ ਹੈਵਲਾਕ ਨੇ ਸਹੀ ਤਸਵੀਰ ਪੇਸ਼ ਕੀਤੀ ਸੀ, ਉਹ ਸਿੱਖਾਂ ਦੇ ਨਾਲ-ਨਾਲ ਅੰਗਰੇਜ਼ਾਂ ਲਈ ਵੀ ਮੱਕਾਰੀ ਕਾਰਨ ਘਿਰਣਾ ਦਾ ਪਾਤਰ ਬਣ ਗਿਆ ਸੀ : “ਜੇ ਕਿਸੇ ਮਸੱਵਰ ਨੇ ਏਸ਼ੀਆਈ ਸਾਜ਼ਸ਼ਾਂ ਤੇ ਗੋਦਾਂ ਦੀ ਮੱਕਾਰ ਭਰੀ ਤਸਵੀਰ ਚਿਤਰਨੀ ਹੋਵੇ ਤਾਂ ਗੁਲਾਬ ਸਿੰਘ ਨੂੰ ਵੇਖ ਕੇ ਫਿਰ ਖ਼ਿਆਲੀ ਢਾਂਚੇ ਕਲਪਣ ਦੀ ਲੋੜ ਨਹੀਂ ਰਹਿ ਜਾਂਦੀ।” ਭਾਵੇਂ ਯਖਮੋਂ ਜੋ ਫ਼ਰਾਂਸੀਸੀ ਸਫ਼ਰਨਾਮਾਕਾਰ ਸੀ. ਮੁਤਾਬਿਕ ਗੁਲਾਬ ਸਿੰਘ ਦਿਲ-ਖਿੱਚਵੀਂ ਸ਼ਕਲ ਅਤੇ ਵੇਖਣ ਵਿਚ ਨਰਮ ਸੁਭਾਅ ਦਾ ਮਾਲਕ ਸੀ ਪਰ ਅਸਲ ਵਿਚ ਉਹ ਮੇਜਰ ਲਾਰੰਸ, ਸਫ਼ਰਨਾਮਾਕਾਰ ਵਾਈਨੇ 8 ਤੇ ਅਲੈਗਜ਼ੈਂਡਰ ਬਰਨਜ਼ ਮੁਤਾਬਿਕ ਬਹੁਤ ਹੀ ਜ਼ਾਲਮ ਅਤੇ ਨਿਰਦਈ ਇਨਸਾਨ ਸੀ ਜੋ ਆਦਮੀਆਂ ਦੀ ਖੱਲ ਉਤਾਰ ਕੇ ਅਤੇ ਘਾਹ ਫੂਸ ਨਾਲ ਭਰ ਕੇ ਦਰਖ਼ਤਾਂ ਉਤੇ ਲਟਕਾ ਦਿੰਦਾ ਸੀ। ਮੇਜਰ ਲਾਰੰਸ ਮੁਤਾਬਿਕ ਉਹ 12,000 ਤੋਂ ਵੱਧ ਮੌਤਾਂ ਲਈ ਕਸੂਰਵਾਰ ਸੀ ਅਤੇ ਇਸੇ ਨੂੰ ਮੁੱਖ ਰੱਖਦੇ ਹੋਏ ਉਸ ਨੇ ਉਸ ਦੇ ਵਿਰੁੱਧ ਸਾਫ਼ ਸ਼ਬਦਾਂ ਵਿਚ ਗਵਰਨਰ ਜਨਰਲ ਨੂੰ ਕਹਿ ਦਿੱਤਾ ਸੀ ਕਿ ਜੰਮੂ ਤੇ ਕਸ਼ਮੀਰ ਦਾ ਰਾਜ ਉਸ ਨੂੰ ਸੌਂਪਣਾ ਕਸ਼ਮੀਰੀਆਂ ਦੀਆਂ ਮੁਸੀਬਤਾਂ ਵਿਚ ਹੋਰ ਵਾਧਾ ਕਰਨਾ ਹੋਵੇਗਾ: 

ਅਤੇ ਫਿਰ ਸ਼ੱਕ ਦੇ ਘੇਰੇ ਵਿਚ ਆ ਚੁੱਕੀ ਸਾਡੀ ਪਾਲਿਸੀ ਤਹਿਤ, ਜੋ ਪਹਿਲਾਂ ਹੀ ਤਿਆਰ ਕਰਕੇ ਰੱਖੀ ਹੋਈ ਸੀ, ਡੋਗਰਾ ਗੁਲਾਬ ਸਿੰਘ ਨੂੰ ਕਸ਼ਮੀਰ ਦਾ ਰਾਜ ਦੇਣ ਨਾਲ ਕਸ਼ਮੀਰੀਆਂ ਦੀਆਂ ਮੁਸੀਬਤਾਂ ਵਿਚ ਹੋਰ ਵਾਧਾ ਕਰਨਾ ਸੀ; ਜੋ ਉਥੋਂ ਦਾ ਖ਼ੁਦਮੁਖਤਿਆਰ ਰਾਜਾ ਬਣਨ ਤੋਂ ਪਹਿਲਾਂ ਹੀ ਉਥੋਂ ਦੀ ਦੁਖੀ ਜਨਤਾ ਉਪਰ ਬਹੁਤ ਹੀ ਜ਼ੁਲਮ ਢਾਹ ਚੁੱਕਾ ਸੀ ਅਤੇ ਜਿਸ ਨੇ ਜੰਮੂ ਕਸ਼ਮੀਰ ਦਾ ਰਾਜਾ ਬਣਨ ਲਈ ਐਨੀ ਭਾਰੀ ਰਕਮ ਨਕਦ ਹੀ ਤਾਰ ਦਿੱਤੀ, ਜੋ ਉਸ ਨੇ ਲਾਹੌਰ ਤੋਂ ਹੀ ਲੁੱਟੀ ਸੀ। ਉਹ ਅਜਿਹਾ ਅਕ੍ਰਿਤਘਣ ਮੱਕਾਰ ਸੀ ਜੋ ਸਾਡੇ ਕਹੇ ਅਨੁਸਾਰ ਖ਼ਾਲਸਾ ਰਾਜ ਦੀ ਤਬਾਹੀ ਵਿਚ ਲੱਗਾ ਰਿਹਾ ਸੀ P 

ਇਸੇ ਗੁਲਾਬ ਸਿੰਘ ਬਾਰੇ ਉਸ ਸਮੇਂ ਦੇ ਅੰਗਰੇਜ਼ਾਂ ਦਾ ਮਹੀਨਾਵਾਰ ਅਖ਼ਬਾਰ ਕਲਕੱਤਾ ਰਿਵੀਊ ਦੇ ਲਿਖਾਰੀ ਨੇ ਲਿਖਿਆ ਸੀ ਕਿ ਜੇਕਰ ਉਹ ਦਸ ਸਾਲ ਹੋਰ ਜਿਊਂਦਾ ਰਹੇਗਾ ਤਾਂ ਉਹ ਇਕ ਬਹੁਤ ਵਿਸ਼ਾਲ ਪਹਾੜੀ ਖੇਤਰ, ਜਿਸ ਵਿਚ ਕਸ਼ਮੀਰ ਵੀ ਸ਼ਾਮਲ ਹੋ ਸਕਦਾ ਹੈ, ਦਾ ਮਹਾਰਾਜਾ ਬਣੇਗਾ। ਗੁਲਾਬ ਸਿੰਘ ਬਾਰੇ ਵਿਸਥਾਰ ਨਾਲ ਟਿੱਪਣੀ ਕਰਦੇ ਹੋਏ ਉਸ ਨੇ ਇਸ ਤਰ੍ਹਾਂ ਲਿਖਿਆ ਸੀ ਜੋ ਦਰਸਾਉਂਦਾ ਹੈ ਕਿ ਅੰਗਰੇਜ਼ ਉਸ ਦੀਆਂ ਸਾਜ਼ਸ਼ਾਂ ਦੇ ਭਾਗੀਦਾਰ ਸਨ : 

ਗੁਲਾਬ ਸਿੰਘ ਸਰੀਰ ਦਾ ਭਾਰੀ ਹੈ, ਉਸਦਾ ਮੂੰਹ-ਮੁਹਾਂਦਰਾ ਸੁੰਦਰ ਹੈ, ਕੋਈ ਵੀ ਉਸ ਜਿਹਾ ਦਿਆਵਾਨ ਜਾਂ ਦਾਨੀ ਨਹੀਂ ਹੋ ਸਕਦਾ, ਪਰ ਉਹ ਉਨ੍ਹਾਂ ਅਭਾਗਿਆਂ ਨੂੰ ਜੋ ਉਸ ਦੇ ਗ਼ੁੱਸੇ ਦਾ ਕਾਰਨ ਬਣਦੇ ਸਨ, ਉਹ ਦੁਸ਼ਮਣ ਸਮਝਦਾ ਸੀ। ਉਹ ਸਾਦੀ ਪੋਸ਼ਾਕ ਪਹਿਨਦਾ ਸੀ ਅਤੇ ਨਿੱਜੀ ਰਾਖਿਆਂ ਵਿਚ ਘਿਰਿਆ ਰਹਿੰਦਾ ਸੀ। ਉਹ ਧਿਆਨ ਸਿੰਘ ਨਾਲੋਂ ਜ਼ਿਆਦਾ ਚੈਤੰਨ ਰਹਿੰਦਾ ਸੀ ਤੇ ਹਮੇਸ਼ਾਂ ਆਪਣੇ ਲੱਕ ਦੁਆਲੇ ਬੈਲਟ ਵਿਚ ਦੋ ਪਿਸਤੌਲ ਰੱਖਦੇ ਹੋਏ ਹਰ ਆਉਣ ਵਾਲੇ ਅਗਿਆਤ ਆਦਮੀ ਉਪਰ ਘੋਖਵੀਂ ਨਜ਼ਰ ਰੱਖਦਾ ਸੀ। ਅਜਿਹਾ ਵਿਅਕਤੀਤਵ ਗੁਲਾਬ ਸਿੰਘ ਦਾ ਸੀ ਕਿ ਜੇਕਰ ਉਹ ਦਸ ਸਾਲ ਹੋਰ ਜਿਊਂਦਾ ਰਹੇਗਾ ਤਾਂ ਉਹ ਇਕ ਦਿਨ ਬਹੁਤ ਵਿਸ਼ਾਲ ਪਹਾੜੀ ਖੇਤਰ ਜਿਸ ਵਿਚ ਕਸ਼ਮੀਰ ਵੀ ਸ਼ਾਮਲ ਹੋ ਸਕਦਾ ਹੈ, ਖ਼ੁਦਮੁਖ਼ਤਿਆਰ ਮਹਾਰਾਜਾ ਬਣ ਬੈਠੇਗਾ। 

ਇਹ ਕਿਹੋ ਜਿਹੀ ਕੌਮ ਸੀ? ਇਸ ਦੀਆਂ ਚਾਲਾਂ ਅਤੇ ਨੀਤੀਆਂ ਸਿਰਫ਼ ਮਹਾਰਾਜਾ ਰਣਜੀਤ ਸਿੰਘ ਹੀ ਸਮਝ ਸਕਿਆ ਸੀ। ਇਤਿਹਾਸਕਾਰ ਪੈਅਨ ਮੁਤਾਬਿਕ ਸ਼ੇਰ ਸਿੰਘ ਦੇ ਕਾਤਲ ਸੰਧਾਵਾਲੀਆਂ ਨੂੰ ਮੁੜ ਪੰਜਾਬ ਵਿਚ ਲੈ ਆਉਣ ਲਈ ਅੰਗਰੇਜ਼ ਸਰਕਾਰ ਹੀ ਜ਼ਿੰਮੇਵਾਰ ਸੀ। ਇਹੋ ਹੀ ਕੈਪਟਨ ਮਰੇ ਦੀ ਲਿਖਤ ‘ਤੇ ਆਧਾਰਿਤ ਲਿਖਾਰੀ ਲਿਖਦਾ ਹੈ: ਅੰਗਰੇਜ਼ ਸਰਕਾਰ ਦੀ ਦਖ਼ਲ-ਅੰਦਾਜ਼ੀ ਕਾਰਨ, ਇਹ ਸਮਝੌਤਾ ਸਿਰੇ ਚੜ੍ਹਿਆ, ਜਿਸ ਸਦਕਾ ਸੰਧਾਵਾਲੀਏ ਵਾਪਸ ਬੁਲਾ ਲਏ ਅਤੇ ਮੁਆਫ਼ ਕਰ ਦਿੱਤੇ ਗਏ।” 

ਸ਼ੇਰ ਸਿੰਘ ਦੇ ਕਤਲ ਤੋਂ ਬਾਅਦ ਫ਼ੌਜ ਭੜਕ ਪਈ ਅਤੇ ਉਸ ਨੇ ਕਿਲ੍ਹੇ ਨੂੰ ਘੇਰ ਕੇ ਲਹਿਣਾ ਸਿੰਘ ਤੇ ਅਜੀਤ ਸਿੰਘ ਨੂੰ ਮਾਰ ਦਿੱਤਾ ਅਤੇ ਉਸ ਦੀ ਫ਼ੌਜ ਦਾ ਸਫ਼ਾਇਆ ਕਰ ਦਿੱਤਾ ਜੋ 900 ਦੇ ਕਰੀਬ ਸੀ, ਜਿਸ ਵਿੱਚੋਂ 600 ਤੋਂ ਵੱਧ ਮਾਰ ਦਿੱਤੇ ਗਏ ਸਨ। ਇਨ੍ਹਾਂ ਦੋਹਾਂ ਦੇ ਸਿਰ ਵੀ ਧੜ ਤੋਂ ਅਲੱਗ ਕਰ ਦਿੱਤੇ ਗਏ ਅਤੇ ਫ਼ੌਜੀ ਪੰਚਾਂ ਤੇ ਰਾਜਾ ਹੀਰਾ ਸਿੰਘ ਦੇ ਸਾਹਮਣੇ ਪੇਸ਼ ਕੀਤੇ ਗਏ। ਅਤਰ ਸਿੰਘ ਸੰਧਾਵਾਲੀਆ ਜੋ ਇਨ੍ਹਾਂ ਕਤਲਾਂ ਸਮੇਂ ਲਾਹੌਰ ਵਿਚ ਨਹੀਂ ਸੀ, ਬਚ ਕੇ ਦੁਬਾਰਾ ਅੰਗਰੇਜ਼ਾਂ ਦੀ ਸ਼ਰਨ ਵਿਚ ਆ ਗਿਆ ਜਿਥੇ ਉਹ 19 ਸਤੰਬਰ 1843 ਨੂੰ ਹੈਨਰੀ ਲਾਰੰਸ ਨੂੰ ਮਿਲਿਆ ਅਤੇ ਕਿਹਾ ਕਿ ਹੁਣ ਸਮਾਂ ਹੈ ਅੰਗਰੇਜ਼ ਉਸ ਦੀ ਸਹਾਇਤਾ ਨਾਲ ਲਾਹੌਰ ਉਪਰ ਕਬਜ਼ਾ ਕਰ ਸਕਦੇ ਹਨ।” ਇਨ੍ਹਾਂ ਜ਼ਾਲਮਾਂ ਨੇ ਰਲ ਕੇ ਹੋਣਹਾਰ ਸ਼ਹਿਜ਼ਾਦੇ ਪ੍ਰਤਾਪ ਸਿੰਘ ਦਾ ਉਸ ਦੇ ਪਿਤਾ ਦੇ ਨਾਲ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ, ਜਿਸ ਦੇ ਵਿਅਕਤੀਤਵ ਨੂੰ ਬਿਆਨਦੇ ਹੋਏ ਕੈਪਟਨ ਮਰੇ ਦੀ ਲਿਖਤ ‘ਤੇ ਆਧਾਰਿਤ ਲਿਖਾਰੀ ਨੇ ਇਸ ਤਰ੍ਹਾਂ ਲਿਖਿਆ ਸੀ : 

Partap Singh who was only twelve years of age when involed in the late massacre was a very promising youth, full of spirit and energy, Sher Singh was extravagantly found of him. Captain Osborne says, he was one of the most intelligent boys, he ever met with. His person was good looking, with singularly large and expressive eyes. His manners were easy, polished and in the highest degree graceful and engaging.33 

ਇਸ ਘਟਨਾ ਤੋਂ ਬਾਅਦ ਹਕੂਮਤ ਦੀ ਸਾਰੀ ਤਾਕਤ ਤੇ ਕਮਾਂਡ ਫ਼ੌਜ ਦੇ ਹੱਥਾਂ ਵਿਚ ਸੀ, ਅਹਿਮ ਕੰਮਾਂ ਦਾ ਨਿਪਟਾਰਾ ‘ਖ਼ਾਲਸਾ ਪੰਚਾਇਤ’ ਰਾਹੀਂ ਕੀਤਾ ਜਾਣ ਲੱਗਾ। 

ਪੰਚਾਇਤ ਨੇ ‘ਪੰਥ ਖ਼ਾਲਸਾ’ ਤੇ ‘ਅਕਾਲ ਸਹਾਇ’ ਦੇ ਨਾਂ ਉਪਰ ਨਵੀਂ ਸਰਕਾਰੀ ਮੋਹਰ (ਸੀਲ) ਜਾਰੀ ਕਰ ਦਿੱਤੀ ਅਤੇ ਮਹਾਰਾਣੀ ਤੇ ਮਹਾਰਾਜਾ ਦੇ ਨਾਂ ਵਾਲੀ ਸੀਲ ਖ਼ਤਮ ਕਰ ਦਿੱਤੀ। ਪਰ ਪੰਚਾਇਤ ਨੇ ਰੋਜ਼ਮਰਾ ਦੇ ਕੰਮ-ਕਾਜ ਰਾਣੀ ਪਾਸ ਹੀ ਰਹਿਣ ਦਿੱਤੇ ਤੇ ਇਸ ਦੀ ਮਦਦ ਲਈ ਇਕ ਕੌਂਸਲ ਬਣਾਈ ਗਈ, ਜਿਸ ਦੇ ਮੈਂਬਰ ਦੀਵਾਨ ਦੀਨਾ ਨਾਥ, ਫ਼ਕੀਰ ਨੂਰ-ਉ-ਦੀਨ ਤੇ ਬਖ਼ਸ਼ੀ ਭਗਤ ਰਾਮ ਸਨ, ਪਰ ਨਾਜ਼ੁਕ ਮਸਲਿਆਂ ਦਾ ਆਖ਼ਰੀ ਨਿਪਟਾਰਾ ਪੰਚਾਇਤ ਪਾਸ ਰੱਖਿਆ ਗਿਆ ਸੀ। “ ਪਰ ਫਿਰ ਵੀ ਗ਼ਦਾਰ ਲੀਡਰਾਂ ਦੀ ਪੈਸੇ ਕਾਰਨ ਪਹੁੰਚ ਸੀ, ਜਿਥੇ ਗੁਲਾਬ ਸਿੰਘ, ਹੀਰਾ ਸਿੰਘ ਜਿਹੇ ਅਜੇ ਵੀ ਡਟੇ ਹੋਏ ਸਨ। ਉਹ ਖ਼ੁਸ਼ਕਿਸਮਤ ਵੀ ਸਨ ਜੋ ਉਹ ਪਿਛਲੇ 16 ਮਹੀਨਿਆਂ ਤੋਂ ਜਦ ਦਾ ਬਾਲਕ ਮਹਾਰਾਜਾ ਦਲੀਪ ਸਿੰਘ ਤਖ਼ਤ ‘ਤੇ ਬੈਠਾ ਸੀ, ਫ਼ੌਜ ਤੋਂ ਬਚੇ ਹੋਏ, ਕਈ ਜ਼ੁਲਮ ਕਰ ਕੇ ਅਜੇ ਵੀ ਲਾਹੌਰ ਦੀ ਦੌਲਤ ਸਾਂਭ ਰਹੇ ਸਨ। ਮੁੱਖ ਵਜ਼ੀਰ ਹੀਰਾ ਸਿੰਘ ਨੇ ਫ਼ੌਜ ਨੂੰ ਲਾਲਚ ਦੇ ਕੇ ਹੁਣ ਤਕ 12 ਹਸਤੀਆਂ ਨੂੰ ਮਰਵਾ ਦਿੱਤਾ ਸੀ, ਜਿਨ੍ਹਾਂ ਵਿਚ ਅਤਰ ਸਿੰਘ ਸੰਧਾਵਾਲੀਆ, ਕੰਵਰ ਕਸ਼ਮੀਰਾ ਸਿੰਘ, ਬਾਬਾ ਬੀਰ ਸਿੰਘ ਨੌਰੰਗਾਬਾਦ (ਤਰਨ ਤਾਰਨ), ਭਾਈ ਗੁਰਮੁਖ ਸਿੰਘ, ਮਿਸਰ ਬੇਲੀ ਰਾਮ, ਰਾਜਾ ਸੁਚੇਤ ਸਿੰਘ ਡੋਗਰਾ, ਕੇਸਰੀ ਸਿੰਘ ਤੇ ਕਈ ਹੋਰ ਸ਼ਾਮਲ ਸਨ । ਹੀਰਾ ਸਿੰਘ ਦੇ ਮਹਾਰਾਣੀ ਨਾਲ ਵੀ ਪਰਸਪਰ ਸੰਬੰਧ ਵਿਗੜ ਗਏ। ਇਸੇ ਸਮੇਂ ਫ਼ੌਜ ਅਤੇ ਹੀਰਾ ਸਿੰਘ ਦੀ ਵੱਧ ਰਹੀ ਤਾਕਤ ਅਤੇ ਫਿਰ ਆਪਸੀ ਖਿੱਚੋਤਾਣ ਕਾਰਨ ਕਈ ਅਹਿਮ ਸਿੱਖ ਤੇ ਵਿਦੇਸ਼ੀ ਜਰਨੈਲ ਲਾਹੌਰ ਤੋਂ ਲਾਂਭੇ ਹੋ ਗਏ। ਮਹਾਰਾਣੀ ਜਿੰਦ ਕੌਰ ਦੇ ਭਰਾ ਜਵਾਹਰ ਸਿੰਘ ਦੀ ਦਖ਼ਲ-ਅੰਦਾਜ਼ੀ ਕਾਰਨ ਵੀ ਉਸ ਦੇ ਹੀਰਾ ਸਿੰਘ ਨਾਲ ਸੰਬੰਧ ਵਿਗੜਨੇ ਸ਼ੁਰੂ ਹੋ ਗਏ ਜਿਸ ਤੋਂ ਮਹਾਰਾਣੀ ਵੀ ਦੁਖੀ ਸੀ ਅਤੇ ਉਹ ਹੀਰਾ ਸਿੰਘ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਸੀ। ਗ਼ਲਤੀ ਜਾਂ ਤੈਸ਼ ਵਿਚ ਆ ਕੇ ਜਾਂ ਕਈਆਂ ਮੁਤਾਬਿਕ ਪੰਡਿਤ ਜੱਲ੍ਹਾ ਦੀ ਸਲਾਹ ਨਾਲ, ਹੀਰਾ ਸਿੰਘ ਨੇ ਜਵਾਹਰ ਸਿੰਘ ਨੂੰ ਘਰ ਵਿਚ ਹੀ ਨਜ਼ਰਬੰਦ ਕਰ ਦਿੱਤਾ ਤੇ ਗੱਲ ਪੰਚਾਂ ਪਾਸ ਪਹੁੰਚ ਗਈ। ਪੰਚਾਇਤ ਵਾਲੇ ਅਜੇ ਆਪਣਾ ਫ਼ੈਸਲਾ ਲੈਣ ਲਈ ਮੀਟਿੰਗ ਕਰ ਰਹੇ ਸਨ ਕਿ ਉਨ੍ਹਾਂ ਨੂੰ ਹੀਰਾ ਸਿੰਘ ਡੋਗਰਾ ਪਾਰਟੀ ਦੇ ਜੰਮੂ ਰਵਾਨਾ ਹੋਣ ਦੀ ਖ਼ਬਰ ਦਿੱਤੀ ਗਈ ਜੋ ਬਾਕੀ ਬਚੀ ਦੌਲਤ ਸਮੇਤ ਦਿਨ ਚੜ੍ਹਨ ਤੋਂ ਪਹਿਲਾਂ ਹੀ ਹਰਨ ਹੋ ਗਏ ਸਨ। ਇਸ ‘ਤੇ ਉਨ੍ਹਾਂ ਨੂੰ ਘੇਰਣ ਲਈ ਫ਼ੌਜ ਚਾੜ੍ਹ ਦਿੱਤੀ ਗਈ ਜਿਸ ਦੀ ਅਗਵਾਈ ਸ਼ਾਮ ਸਿੰਘ ਅਟਾਰੀਵਾਲਾ ਤੇ ਜਵਾਹਰ ਸਿੰਘ ਕਰ ਰਹੇ ਸਨ। ਇਸ ਮੁਸ਼ਕਲ ਘੜੀ ਵਿਚ ਡੋਗਰਿਆਂ ਦੀ 6,000 ਸਵਾਰਾਂ ਦੀ ਫ਼ੌਜ ਵੀ ਹੀਰਾ ਸਿੰਘ ਪਾਰਟੀ ਦਾ ਸਾਥ ਛੱਡ ਗਈ। ਆਖ਼ਰ 22 ਦਸੰਬਰ 1844 ਨੂੰ ਲਾਹੌਰ ਤੋਂ 13 ਮੀਲ ਦੂਰ ਜਮਾਂਦਾਰ ਖ਼ੁਸ਼ਹਾਲ ਸਿੰਘ ਦੀ ਬਾਉਲੀ ਪਾਸ ਫ਼ੌਜ ਦੇ ਘੇਰੇ ਵਿਚ ਆਉਣ ਤੋਂ ਬਾਅਦ ਸਾਰੇ ਤਲਵਾਰ ਦੀ ਭੇਟ ਚੜ੍ਹ ਗਏ ਜਿਨ੍ਹਾਂ ਵਿਚ ਹੀਰਾ ਸਿੰਘ ਤੋਂ ਇਲਾਵਾ ਗੁਲਾਬ ਸਿੰਘ ਦਾ ਪੁੱਤਰ ਮੀਆਂ ਸੋਹਨ। ਸਿੰਘ, ਮੀਆਂ ਲਾਭ ਸਿੰਘ, ਪੰਡਿਤ ਜੱਲ੍ਹਾ ਅਤੇ ਦੀਵਾਨ ਚੰਦ ਸ਼ਾਮਲ ਸਨ। ਇਕ ਵੱਖਰੀ ਰਿਪੋਰਟ ਮੁਤਾਬਿਕ ਮੀਆਂ ਜਵਾਹਰ ਸਿੰਘ ਨੇ, ਜੋ ਹੀਰਾ ਸਿੰਘ ਦਾ ਭਰਾ ਸੀ, ਜਲਦੀ ਨਾਲ ਜਸਰੋਟਾ ਪਹੁੰਚ ਕੇ, ਉਥੇ ਛੁਪਾ ਕੇ ਰੱਖੇ ਹੋਏ ਖ਼ਜ਼ਾਨੇ ਦਾ ਇਕ ਵੱਡਾ ਹਿੱਸਾ ਹਿਫ਼ਾਜ਼ਤ ਹੇਠ ਜੰਮੂ ਪਹੁੰਚਾ ਦਿੱਤਾ ਸੀ ।P’ ਖ਼ਾਲਸਾ ਫ਼ੌਜ ਦੇ ਜਸਰੋਟਾ ਪਹੁੰਚਣ ਉਪਰ ਉਹ ਜੰਮੂ ਨੂੰ ਭੱਜ ਗਿਆ। ਇਕ ਹੋਰ ਹਵਾਲੇ ਮੁਤਾਬਿਕ ਫ਼ੌਜ ਵੱਲੋਂ ਲਹਿਣਾ ਸਿੰਘ ਮਜੀਠੀਆ ਨੂੰ ਮੁੱਖ ਵਜ਼ੀਰ ਦਾ ਅਹੁਦਾ ਅਤੇ ਕੰਵਰ ਪਿਸ਼ੌਰਾ ਸਿੰਘ ਨੂੰ ਸੈਨਾਪਤੀ ਦਾ ਅਹੁਦਾ ਸੰਭਾਲਣ ਲਈ ਕਿਹਾ, ਜਿਸ ਨੂੰ ਲਹਿਣਾ ਸਿੰਘ ਨੇ ਜੋ ਉਸ ਸਮੇਂ ਬਨਾਰਸ ਵਿਚ ਸੀ, ਠੁਕਰਾ ਦਿੱਤਾ, ਪਰ ਕੰਵਰ ਪਿਸ਼ੌਰਾ ਸਿੰਘ ਆ ਹਾਜ਼ਰ ਹੋਇਆ ਅਤੇ ਦਰਬਾਰ ਵਿਚ ਪਹੁੰਚ ਕੇ ਉਸ ਨੇ ਤਲਵਾਰ ਮਹਾਰਾਜਾ ਦਲੀਪ ਸਿੰਘ ਦੇ ਪੈਰਾਂ ਵਿਚ ਪਹਿਲੀ ਜਨਵਰੀ 1845 ਨੂੰ ਰੱਖ ਦਿੱਤੀ ।” ਫ਼ੌਜ ਨੇ ਵੀ ਉਸ ਦਾ ਭਰਵਾਂ ਸੁਆਗਤ ਕੀਤਾ, ਪਰ ਮਹਾਰਾਣੀਤੇ ਉਸ ਦੇ ਭਾਈ ਜਵਾਹਰ ਸਿੰਘ ਨੇ ਉਸ ਨੂੰ ਲਾਹੌਰ ਤੋਂ ਲਾਂਭੇ ਰੱਖਣ ਦੀ ਖ਼ਾਤਰ, ਆਪਣੇ ਅਸਰ ਰਸੂਖ਼ ਨਾਲ ਫ਼ੌਜ ਨੂੰ ਮਨਾ ਲਿਆ ਤੇ ਸ਼ਹਿਜ਼ਾਦੇ ਨੂੰ ਦਿਖਾਵੇ ਦੇ ਤੌਰ ‘ਤੇ ਇੱਜ਼ਤ ਬਖ਼ਸ਼ਦੇ ਹੋਏ ਸਿਆਲਕੋਟ ਵਿਚ 40,000 ਰੁਪਏ ਦੀ ਜਗੀਰ ਦੇ ਦਿੱਤੀ। ਪੰਚਾਇਤ ਮਹਾਰਾਣੀ ਦੇ ਇਸ ਫ਼ੈਸਲੇ ਤੋਂ ਖ਼ੁਸ਼ ਨਹੀਂ ਸੀ, ਪਰ ਸ਼ਹਿਜ਼ਾਦੇ ਨੇ ਉਨ੍ਹਾਂ ਨੂੰ ਮੁਨਾਸਬ ਵਕਤ ਦੇ ਇੰਤਜ਼ਾਰ ਵਿਚ ਹੌਂਸਲਾ ਰੱਖਣ ਲਈ ਕਿਹਾ। ਪੰਚਾਇਤ ਨਹੀਂ ਸੀ ਚਾਹੁੰਦੀ ਕਿ ਜਵਾਹਰ ਸਿੰਘ ਨੂੰ ਮੁੱਖ ਵਜ਼ੀਰ ਥਾਪਿਆ ਜਾਵੇ, ਪਰ ਫਿਰ ਵੀ ਉਸ ਨੇ ਮਹਾਰਾਣੀ ਦੇ ਫ਼ੈਸਲੇ ਉਤੇ ਸਿਰ ਝੁਕਾ ਦਿੱਤਾ। ਗੁਲਾਬ ਸਿੰਘ ਡੋਗਰੇ ਨੂੰ ਵੀ ਮਾਲੀਏ ਦਾ ਬਕਾਇਆ ਅਦਾ ਕਰਦੇ ਹੋਏ ਖ਼ੁਦ ਪੇਸ਼ ਹੋਣ ਲਈ ਕਿਹਾ ਗਿਆ, ਪਰ ਉਹ ਨਾ ਆਇਆ। ਉਸ ਨੂੰ ਕਾਬੂ ਕਰਨ ਲਈ ਇਕ ਫ਼ੌਜ ਦੀ ਟੁਕੜੀ ਜੰਮੂ ਭੇਜੀ ਗਈ ਜਿਸ ਦੇ ਫ਼ਤਹਿ ਸਿੰਘ ਮਾਨ ਸਮੇਤ ਕਈ ਅਹਿਮ ਸਰਦਾਰਾਂ ਦਾ ਉਸ ਨੇ ਧੋਖੇ ਤੇ ਸਾਜ਼ਸ਼ ਹੇਠ ਕਤਲ ਕਰਵਾ ਦਿੱਤਾ। ਇਸ ‘ਤੇ ਫਿਰ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਕਮਾਂਡ ਹੇਠ ਇਕ ਵੱਡੀ ਫ਼ੌਜ ਦੀ ਟੁਕੜੀ ਭੇਜੀ ਗਈ, ਜਿਸ ਦੇ ਅਸਰ ਹੇਠ ਉਸ ਨੇ ਲਾਹੌਰ ਪਹੁੰਚ ਕੇ 30 ਲੱਖ ਰੁਪਏ ਦੀ ਦੂਸਰੀ ਖੇਪ ਦੀ ਰਕਮ ਤਾਰਦੇ ਹੋਏ ਮਹਾਰਾਜਾ ਤੇ ਮਹਾਰਾਣੀ ਜਿੰਦ ਕੌਰ ਅੱਗੇ ਆਪਣਾ ਸੀਸ ਝੁਕਾ ਦਿੱਤਾ। 7 ਪਰ ਉਹ ਬੇਤਹਾਸ਼ਾ ਦੌਲਤ ਜੋ ਡੋਗਰਾ ਪਾਰਟੀ ਨੇ ਲਾਹੌਰ ਤੋਂ ਲੁੱਟੀ ਸੀ, ਆਪਣੇ ਪਾਸ ਰੱਖਦਾ ਹੋਇਆ ਇਕ ਵੱਡੀ ਫ਼ੌਜੀ ਤਾਕਤ ਦੇ ਰੂਪ ਵਿਚ ਉਭਰਿਆ। ਉਹ ਰਾਜਨੀਤੀ ਤੇ ਮੱਕਾਰੀ ਚਾਲਾਂ ਵਿਚ ਮਾਹਿਰ ਸੀ, ਜਿਸ ਕਾਰਨ ਉਸ ਦੀ ਮਦਦ ਲੈਣ ਲਈ ਮਹਾਰਾਣੀ ਜਿੰਦ ਕੌਰ ਤੇ ਅੰਗਰੇਜ਼ ਦੋਵੇਂ ਹੀ ਉਤਾਵਲੇ ਸਨ। ਮਹਾਰਾਣੀ, ਸਿੱਖ ਫ਼ੌਜ ਦੀ ਤਾਕਤ ਤੇ ਮਨਮਾਨੀ ਤੋਂ ਦੁਖੀ ਸੀ ਅਤੇ ਅੰਗਰੇਜ਼ ਇਸੇ ਖ਼ਾਲਸਾ ਫ਼ੌਜ ਦੀ ਸ਼ਕਤੀ ਦੇ ਖ਼ਾਤਮੇ ਲਈ ਗੁਲਾਬ ਸਿੰਘ ਡੋਗਰੇ ਦੀਆਂ ਸ਼ਰਤਾਂ ਦਿਲੋਂ ਨਾ ਚਾਹੁੰਦੇ ਵੀ ਮੰਨਣ ਲਈ ਤਿਆਰ ਸਨ। 

ਉਧਰ ਵਜ਼ੀਰ ਜਵਾਹਰ ਸਿੰਘ ਨੇ ਸ਼ਹਿਜ਼ਾਦਾ ਪਿਸ਼ੌਰਾ ਸਿੰਘ ਦਾ ਧੋਖੇ ਨਾਲ ਕਤਲ ਕਰਵਾ ਦਿੱਤਾ ਤੇ ਫ਼ੌਜ ਨੇ ਉਸ ਨੂੰ ਮਹਾਰਾਣੀ ਦੀ ਹਾਜ਼ਰੀ ਵਿਚ ਹੀ ਮਾਰ ਮੁਕਾਇਆ, ਜਿਸ ਦੇ ਵਿਰੋਧ ਵਿਚ ਮਹਾਰਾਣੀ, ਗੁਲਾਬ ਸਿੰਘ ਵੱਲ ਝੁਕ ਗਈ ਅਤੇ ਆਪਣੇ ਚਹੇਤਿਆਂ ਰਾਹੀਂ ਕਈ ਇਤਿਹਾਸਕਾਰਾਂ ਮੁਤਾਬਿਕ ਖ਼ਾਲਸਾ ਫ਼ੌਜ ਦੀ ਸ਼ਕਤੀ ਖ਼ਤਮ ਕਰਨ ਲਈ ਅਜਿਹੀਆਂ ਹਾਲਤਾਂ ਨੂੰ ਜਨਮ ਦਿੱਤਾ, ਜਿਸ ਰਾਹੀਂ ਪਹਿਲੇ 

ਐਂਗਲੋ ਸਿੱਖ ਯੁੱਧ ਦਾ ਬਿਗਲ ਵੱਜ ਗਿਆ ਜੋ ਦੁਨੀਆਂ ਦੇ ਅਹਿਮ ਯੁੱਧਾਂ ਦੇ ਇਤਿਹਾਸ ਵਿਚ ਲਾਸਾਨੀ ਬਹਾਦਰੀ ਅਤੇ ਧੋਖੇ ਫ਼ਰੇਬ ਦੀ ਅਜਬ ਦਾਸਤਾਨ ਹੈ। 

ਪਰ ਇਸ ਮੁਸ਼ਕਲ ਸਮੇਂ ਪੰਚਾਇਤ ਨੇ ਅਜਿਹੀ ਸਿਆਣਪ ਅਤੇ ਸੂਝ-ਬੂਝ ਨਾਲ ਹਕੂਮਤ ਦਾ ਕੰਮ-ਕਾਰ ਸੰਭਾਲਿਆ ਸੀ ਜਿਸ ਦੀ ਤਾਰੀਫ਼ ਬਹੁਤ ਸਾਰੇ ਇਤਿਹਾਸਕਾਰਾਂ ਨੇ ਕੀਤੀ ਹੈ। ਇਸ ਸੰਬੰਧ ਵਿਚ ਜਾਰਜ ਕੈਂਪਬੈਲ ਨੇ ਇਸ ਤਰ੍ਹਾਂ ਲਿਖਿਆ ਹੈ :  

ਖ਼ੁਦ ਸੰਭਾਲ ਲਈ ਸੀ ਤਾਂ ਉਨ੍ਹਾਂ ਨੇ ਇਕਦਮ ਚਾਰਜ ਸੰਭਾਲਦੇ ਹੋਏ ਆਪਣੇ ਪੰਚਾਂ ਰਾਹੀਂ ਲਾਹੌਰ ਵਿਖੇ ਸਥਿਤੀ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸੰਭਾਲ ਲਿਆ ਤੇ ਮੁਲਖ ਵਿਚ ਫਿਰ ਉੱਚ ਦਰਜੇ ਦਾ ਅਨੁਸ਼ਾਸਨ ਕਾਇਮ ਕਰ ਦਿੱਤਾ । 

ਕੁਝ ਜਾਣਕਾਰੀਆਂ ਮੁਤਾਬਿਕ ਮਿਸਰ ਲਾਲ ਸਿੰਹੁ ਮਹਾਰਾਣੀ ਜਿੰਦਾਂ ਦਾ ਬਹੁਤ ਹੀ ਭਰੋਸੇਯੋਗ ਸਾਥੀ ਸੀ ਅਤੇ ਉਸ ਦਾ ਆਉਣਾ-ਜਾਣਾ ਅਕਸਰ ਮਹਿਲਾਂ ਵਿਚ ਰਹਿੰਦਾ ਸੀ, ਜਿਸ ਕਾਰਨ ਜਵਾਹਰ ਸਿੰਘ ਵਜ਼ੀਰ ਉਸ ਦੇ ਅਸਰ ਨੂੰ ਘੱਟ ਕਰਨਾ ਚਾਹੁੰਦਾ ਸੀ। ਇਹ ਦੋਵੇਂ ਇਕ ਦੂਜੇ ਨੂੰ ਆਪਣਾ ਦੁਸ਼ਮਣ ਸਮਝਣ ਲੱਗ ਪਏ ਅਤੇ ਕਈ ਵਾਰ ਮਹਾਰਾਣੀ ਨੇ ਇਨ੍ਹਾਂ ਦੀ ਸੁਲਹ ਵੀ ਕਰਵਾਈ, ਪਰ ਦੁਸ਼ਮਣੀ ਨਾ ਮਿਟੀ। 

ਮਿਸਰ ਲਾਲ ਸਿੰਹੁ ਕਿਸੇ ਦਾ ਮਿੱਤ ਨਹੀਂ ਸੀ ਅਤੇ ਇਸ ਤੋਂ ਪਹਿਲਾਂ ਵਜ਼ੀਰ ਹੀਰਾ ਸਿੰਘ ਨੂੰ ਮਰਵਾਉਣ ਵਿਚ ਉਸ ਨੇ ਹੀ ਅਹਿਮ ਭੂਮਿਕਾ ਨਿਭਾਈ ਸੀ ਅਤੇ ਇਨ੍ਹਾਂ ਡੋਗਰਿਆਂ ਦੀ ਬਦੌਲਤ ਹੀ ਉਹ ਦਰਬਾਰ ਵਿਚ ਰਾਜੇ ਦੇ ਖ਼ਿਤਾਬ ਤਕ ਪਹੁੰਚਿਆ ਸੀ। ਲਾਲ ਸਿੰਹੁ ਪੰਡਤ ਜੱਲ੍ਹਾ ਦਾ ਪੱਗ-ਵਟ ਭਰਾ ਵੀ ਬਣਿਆ ਹੋਇਆ ਸੀ। ਜਦੋਂ ਜਵਾਹਰ ਸਿੰਘ ਦੀ ਸਲਾਹ ਨਾਲ ਪਿਸ਼ੌਰਾ ਸਿੰਘ ਦਾ ਕਤਲ ਹੋਇਆ ਤਾਂ ਉਸ ਨੇ ਜੰਮੂ ਦੇ ਪ੍ਰਿਥੀ ਸਿੰਘ ਰਾਹੀਂ ਖ਼ਾਲਸਾ ਫ਼ੌਜ ਨੂੰ ਪ੍ਰੇਰਣਾ ਦੇਣੀ ਸ਼ੁਰੂ ਕਰ ਦਿੱਤੀ ਸੀ।P 

ਅੱਗੋਂ ਮੀਆਂ ਪ੍ਰਿਥੀ ਸਿੰਘ ਰਾਜਾ ਗੁਲਾਬ ਸਿੰਘ ਡੋਗਰਾ ਦਾ ਖ਼ਾਸ ਆਦਮੀ ਸੀ ਅਤੇ ਇਸ ਤਰ੍ਹਾਂ ਕਈ ਇਤਿਹਾਸਕਾਰ ਪਿਸ਼ੌਰਾ ਸਿੰਘ ਤੇ ਜਵਾਹਰ ਸਿੰਘ ਵਜ਼ੀਰ ਦੋਵਾਂ ਦੇ ਕਤਲ ਲਈ ਉਸ ਨੂੰ ਹੀ ਮੁੱਖ ਕਸੂਰਵਾਰ ਮੰਨਦੇ ਹਨ। ਪਰ ਕਮਜ਼ੋਰ ਹਾਕਮਾਂ ਕਰਕੇ ਫ਼ੌਜ ਵੀ ਮੂੰਹ-ਜ਼ੋਰ ਹੋ ਚੁੱਕੀ ਸੀ। ਫ਼ੌਜ ਨੇ ਬਾਲਕ ਮਹਾਰਾਜਾ ਦਲੀਪ ਸਿੰਘ ਅਤੇ ਉਸ ਦੀ ਮਾਤਾ ਮਹਾਰਾਣੀ ਜਿੰਦ ਕੌਰ ਦੇ ਸਾਹਮਣੇ ਹੀ ਜਵਾਹਰ ਸਿੰਘ, ਜੋ ਮਹਾਰਾਣੀ ਦਾ ਸਕਾ ਭਾਈ ਅਤੇ ਮਹਾਰਾਜਾ ਦਾ ਮਾਮਾ ਸੀ, ਮਾਰ ਮੁਕਾਇਆ। ਫ਼ੌਜ ਨੇ ਰਿਸ਼ਤਿਆਂ ਅਤੇ ਰਾਜ ਦਰਬਾਰ ਦੀ ਮਰਯਾਦਾ ਦਾ ਵੀ ਸਤਿਕਾਰ ਨਾ ਕੀਤਾ। ਉਸ ਰਾਤ ਜਦ ਮਹਾਰਾਣੀ ਆਪਣੇ ਭਾਈ ਦੇ ਵਿਯੋਗ ਵਿਚ ਤੜਫ਼ ਰਹੀ ਸੀ ਤਾਂ ਸ਼ਾਹ ਮੁਹੰਮਦ ਦੇ ਜੰਗਨਾਮੇ ਅਤੇ ਬਿਰਧ ਬਾਬਿਆਂ (ਬਾਬਾ ਨਰੈਣ ਸਿੰਘ ਤੇ ਬਾਬਾ ਅਮੀਰ ਸਿੰਘ) ਦੇ ਬਿਆਨਾਂ ਅਨੁਸਾਰ ਜੋ ਮੌਕੇ ‘ਤੇ ਹਾਜ਼ਰ ਸਨ, ਫ਼ੌਜ ਨੇ ਮਹਾਰਾਣੀ ਨੂੰ ਚੁੱਪ ਕਰਾਉਂਦੇ ਤੇ ਡਰਾਉਂਦੇ ਹੋਏ ਮਾਣ ਮਰਯਾਦਾ ਦਾ ਵੀ ਆਦਰ ਨਹੀਂ ਸੀ ਕੀਤਾ, ਜੋ ਬਹੁਤ ਹੀ ਨਿੰਦਣਯੋਗ ਕਾਰਵਾਈ ਸੀ । 

 

 

 

 

 

Credit – ਹਰਭਜਨ ਸਿੰਘ ਚੀਮਾ

 

Leave a comment