ਹੈਲੋ ! ਮੈਂ ਲਾਹੌਰ ਤੋਂ ਬੋਲਦਾਂ ਗੁਰਵਿੰਦਰ ਸਿੰਘ ‘ਗਿੱਲ ਰੌਂਤਾ’

ਰੂਹ ਤੋਂ ਰੂਹ ਤੀਕ ਦਾ ਸਫ਼ਰਨਾਮਾ

ਧਰਤੀ ‘ਤੇ ਸਾਰੇ ਪੁਲ਼ ਕੰਕਰੀਟ ਤੇ ਸਰੀਏ ਨਾਲ ਨਹੀਂ ਬਣਦੇ। ਨੰਗੀ ਅੱਖ ਨੂੰ ਸਿਰਫ਼ ਓਹੀ ਦਿਸਦੇ ਹਨ। ਸ਼ਬਦਾਂ ਰਾਹੀਂ ਭਾਵਨਾਵਾਂ ਦੇ ਪੁਲ਼ ਵਧੇਰੇ ਮਜ਼ਬੂਤ ਹੁੰਦੇ ਹਨ। ਕੰਕਰੀਟ ਦੇ ਵੇਖਣ ਨੂੰ ਪੱਕੇ ਪੁਲ਼ਾਂ ਦੀ ਕੋਈ ਨਿਸ਼ਚਤ ਉਮਰ ਹੁੰਦੀ ਹੈ ਪਰ ਮੁਹੱਬਤ ਦੇ ਨਿਰਮਲ ਨੀਰ ਤੇ ਸ਼ਬਦ ਸਨੇਹ ਨਾਲ ਉਸਾਰੇ ਪੁਲ਼ਾਂ ਦੀ ਉਮਰ ਅਨੰਤ ਹੁੰਦੀ ਹੈ। ਲੇਖਕ ਦਾ ਬੁਨਿਆਦੀ ਕਰਮ ਤੇ ਧਰਮ ਵੀ ਇਹੀ ਹੁੰਦਾ ਹੈ ਕਿ ਉਹ ਅਜਿਹੇ ਪੁਲ਼ ਉਸਾਰੇ ਜੋ ਬੰਬ ਬੰਦੂਕਾਂ ਜਾਂ ਹੱਥ ਹਥੌੜਿਆਂ ਤੋਂ ਵੀ ਨਾ ਟੁੱਟ ਸਕਣ। 

ਸਰਬ ਸਮਿਆਂ ਤੋਂ ਅਜਿਹੇ ਪੁਲਾਂ ਦੀ ਉਸਾਰੀ ਲਈ ਬਾਬਾ ਫ਼ਰੀਦ ਜੀ ਤੋਂ ਲੈ ਕੇ ਹੁਣ ਤੱਕ ਦੇ ਸਮਰੱਥ ਲੇਖਕ ਲੱਗੇ ਹੋਏ ਹਨ। ਇਸੇ ਕਾਰਜ ਵਿਚ ਲੱਗੇ ਸੱਜਣ ਮੈਨੂੰ ਹਮੇਸ਼ਾਂ ਚੰਗੇ ਲੱਗਦੇ ਹਨ, ਓਸ ਚਿੜੀ ਵਾਂਗ ਜੋ ਬਲ਼ਦੇ ਜੰਗਲ ਦੇ ਉੱਪਰੋਂ ਦੀ ਆਪਣੇ ਗਿੱਲੇ ਖੰਭਾਂ ਨੂੰ ਛੱਡ ਕੇ ਲੰਘਦੀ ਸੀ । ਇਸ ਭਾਵਨਾ ਨਾਲ ਕਿ ਜੰਗਲ ਦੀ ਅੱਗ ਬੁਝ ਜਾਵੇ । ਨੁਕਤਾਚੀਨ ਹਮੇਸ਼ਾਂ ਇਹੋ ਜਹੀਆਂ ਚਿੜੀਆਂ ਨੂੰ ਹੀ ਸੁਆਲ ਕਰਦੇ ਹਨ ਕਿ ‘ਕੀ ਭਲਾ ! ਤੇਰੇ ਕੁਝ ਜਲ-ਤੁਪਕਿਆਂ ਨਾਲ ਜੰਗਲ ਦੀ ਅੱਗ ਬੁਝ ਜਾਵੇਗੀ? ਚਿੜੀ ਦਾ ਉੱਤਰ ਅਜਿਹੇ ਨੁਕਤਾਚੀਨਾਂ ਨੂੰ ਨਿਰਉੱਤਰ ਕਰ ਦੇਂਦਾ ਹੈ।’ ਚਿੜੀ ਦੇ ਬੋਲ ਇਲਹਾਮ ਵਰਗੇ ਨੇ। ਚਿੜੀ ਨੇ ਕਿਹਾ ਕਿ ਜਦ ਕਦੇ ਇਤਿਹਾਸ ਵਿਚ ਇਸ ਜੰਗਲ ਦੇ ਵਿਚ ਅੱਗ ਲੱਗਣ ਉਪਰੰਤ ਤਬਾਹੀ ਦੀ ਗੱਲ ਤੁਰੇਗੀ ਤਾਂ ਮੇਰਾ ਨਾਮ ਤੁਹਾਡੇ ਵਾਂਗ ਹੱਥ ਤੇ ਹੱਥ ਰੱਖ ਕੇ ਬੈਠੇ ਤਮਾਸ਼ਬੀਨਾਂ ਵਿਚ ਨਹੀਂ ਹੋਵੇਗਾ ਮੇਰਾ ਸ਼ੁਮਾਰ ਉਦੋਂ ਅੱਗ ਬੁਝਾਉਣ ਵਾਲਿਆਂ ‘ਚ ਹੋਵੇਗਾ। ਗੁਰੂ ਅਰਜਨ ਦੇਵ ਜੀ ਦਾ ਫੁਰਮਾਨ ਹੈ- 

ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ ॥ 

ਅਗਨੀ ਨੇ ਸਾਰੇ ਜੰਗਲ ਵਿਚਲੇ ਹਰਿਆਵਲੇ ਬਿਰਖ਼ ਬੂਟੇ ਸਾੜ ਦਿੱਤੇ ਨੇ, ਪਰ ਫਿਰ ਵੀ ਕੁਝ ਹਰੀਆਂ ਬੂਟੀਆਂ ਹਾਲੇ ਜਿਉਂਦੀਆਂ ਨੇ। ਦੋਸਤੋ! ਇਹੀ ਹਰੀਆਂ ਬੂਟੀਆਂ ਹੀ ਆਸ ਦੀ ਤੰਦ ਬਣਦੀਆਂ ਹਨ। ਵਿਸ਼ਵ ਅਮਨ ਦੀ ਸਲਾਮਤੀ ਲਈ ਸਾਨੂੰ ਸਭ ਨੂੰ ਹੀ ਪ੍ਰੋ: ਮੋਹਨ ਸਿੰਘ ਦਾ ਕਥਨ ਚੇਤੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਦੇ ਲਿਖਿਆ ਸੀ।  

ਦਾਤੀਆਂ, ਕਲਮਾਂ ਅਤੇ ਹਥੌੜੇ, ’ਕੱਠੇ ਕਰ ਲਉ ਸੰਦ ਓ ਯਾਰ ! ਤਕੜੀ ਇੱਕ ਤ੍ਰੈਸ਼ੂਲ ਬਣਾਉ, ਯੁੱਧ ਕਰੋ ਪਰਚੰਡ ਓ ਯਾਰ ! 

ਇਹ ‘ਪਰਚੰਡ ਯੁੱਧ’ ਹੀ ਵਕਤ ਦੀ ਲੋੜ ਹੈ। ‘ਬਦਨੀਤ ਝਕਾਨੀਆਂ’ ਵਾਲੇ ਲੇਖਕਾਂ ਵਾਂਗ ਕਿਸੇ ਮਹਾਨ ਰਚਨਾ ਦੀ ਆਮਦ ਵਿਚ ਉਡੀਕਵਾਨ ਬਣ ਕੇ ਬਹਿਣ ਨਾਲੋਂ ਚੰਗਾ ਹੈ ਕਿ ਇਸ ਅੱਗ ਨੂੰ ਬੁਝਾਉਣ ਜਾਂ ਮੱਧਮ ਪਾਉਣ ਲਈ ਸ਼ਬਦਾਂ ਦੀ ਆਹੂਤੀ ਪਾ ਕੇ ਆਪਣਾ ਬਣਦਾ ਹਿੱਸਾ ਪਾਇਆ ਜਾਵੇ। 

ਕੈਨੇਡਾ ਵੱਸਦੇ ਨੌਜਵਾਨ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ “ਰੌਂਤੇ ਵਾਲੇ” ਨੇ ਗੀਤ ਜਗਤ ਤੋਂ ਵੱਖਰਾ ਉੱਦਮ ਕੀਤਾ ਹੈ । ਦੋ ਕੁ ਸਾਲ ਪਹਿਲਾਂ ਉਹ ਸਿਰਫ਼ ਇੱਕ ਹਫ਼ਤੇ ਲਈ ਪਾਕਿਸਤਾਨ ਵਿੱਚ ਸੀ । ਪਾਕਿਸਤਾਨ ਵਿੱਚ ਵੀ ਕਾਹਦਾ, ਸਿਰਫ਼ ਲਾਹੌਰ ਤੇ ਨਨਕਾਣਾ ਸਾਹਿਬ ਵਿੱਚ ਸੀ। ਇਨ੍ਹਾਂ ਸੱਤ ਦਿਨਾਂ ਦਾ ਸਫ਼ਰਨਾਮਾ “ਹੈਲੋ! ਮੈਂ ਲਾਹੌਰ ਤੋਂ ਬੋਲਦਾਂ ਲਿਖ ਕੇ ਉਸ ਨਿੱਕੀ ਜਿਹੀ ਚਿੜੀ ਵਾਲਾ ਕਾਰਜ ਹੀ ਕੀਤਾ ਹੈ ਜੋ ਬਲਦੇ ਜੰਗਲ ਤੋਂ ਖੰਭ ਛੱਡ ਕੇ ਉੱਡਦੀ ਸੀ। 

ਗੁਰਵਿੰਦਰ ਸਿੰਘ ‘ਗਿੱਲ ਰੌਂਤਾ’ ਉਮਰੋਂ ਹਾਲੇ ਬਹੁਤ ਨਿੱਕਾ ਹੈ। ‘ਰਨ-ਵੇਅ’ ਤੇ ਦੌੜਦੇ ਜਹਾਜ਼ ਵਾਂਗ ਅਜੇ ਲੰਮੀ ਉਡਾਰੀ ਦੀ ਮਸ਼ਕ ਕਰ ਰਿਹੈ। ਇਸ ਸਫ਼ਰਨਾਮੇ ਰਾਹੀਂ ਉਸ ਦੱਸ ਦਿੱਤਾ ਹੈ ਕਿ ਉਸ ਦਾ ਆਸ਼ਾ ਤੇ ਉਦੇਸ਼ ਕੀ ਹੈ? ਉਹ ਸ਼ਬਦ ਨੂੰ ਕੀ ਸਮਝਦਾ ਹੈ? ਉਸ ਦੇ ਬੋਲ ‘ਰੂਹ ਤੋਂ ਰੂਹ ਦਾ ਸਫ਼ਰਨਾਮਾ’ ਬਣਨ ਦੇ ਸਮਰੱਥ ਹਨ। 

ਅਮਰੀਕਾ ਵੱਸਦੇ ਆਪਣੇ ਚਾਚਿਓਂ ਬਾਬਿਓਂ ਵੱਡੇ ਵੀਰ ਜਗਰੂਪ ਦੀ ਪ੍ਰੇਰਨਾ ਤੇ ਹਿੰਮਤ ਸਦਕਾ ਉਹ ਪੰਜਾਬ ਬੈਠਾ ਪਾਕਿਸਤਾਨ ਦਾ ਵੀਜ਼ਾ ਹਾਸਲ ਕਰ ਲੈਂਦਾ ਹੈ। ਨਿਸ਼ਚਿਤ ਸਮੇਂ ਤੇ ਆਪਣੇ ਵੀਰ ਤੇ ਭਾਬੀ ਤੋਂ ਇਲਾਵਾ ਅਮਰੀਕਾ ਵਿੱਚ ‘ਸੌਗੀ ਦੇ ਬਾਦਸ਼ਾਹ’ ਵਜੋਂ ਜਾਣੇ ਜਾਂਦੇ ਅਗਾਂਹ ਵਧੂ ਕਿਸਾਨ ਸ: ਚਰਨਜੀਤ ਸਿੰਘ ਬਾਠ ਦੇ ਪਰਿਵਾਰ ਨਾਲ ਅਟਾਰੀਉਂ ਸਰਹੱਦ ਰਾਹੀਂ ਲਾਹੌਰ ਪੁੱਜਦਾ ਹੈ। ਵੰਨ ਸੁਵੰਨੇ ਭਰਮ ਤੋੜਦਾ ਆਪਣੇ ਮਿਸ਼ਨ ਵਿੱਚ ਸਫ਼ਲ ਹੁੰਦਾ ਹੈ। ਸਭ ਤੋਂ ਵੱਡਾ ਭਰਮ ਤਾਂ ਉਹ ਇਹ ਤੋੜਦਾ ਹੈ ਕਿ ਜੇ ਪਾਸਪੋਰਟ ਤੇ ਪਾਕਿਸਤਾਨ ਦੀ ਮੋਹਰ ਲੱਗ ਜਾਵੇ ਤਾਂ ਬਾਕੀ ਮੁਲਕਾਂ ਦਾ ਵੀਜ਼ਾ ਨਹੀਂ ਲੱਗਦਾ। ਉਹ ਵਾਘਾ ਸਰਹੱਦ ਤੇ ਇੰਮੀਗਰੇਸ਼ਨ ਵਾਲਿਆਂ ਨੂੰ ਆਪ ਕਹਿ ਕੇ ਪਾਕਿਸਤਾਨ ਦੀ ਮੋਹਰ ਲੁਆਉਂਦਾ ਹੈ ਤਾਂ ਕਿ ਸਨਦ ਰਹੇ। ਵਾਪਸੀ ਤੇ ਵੀ ਇੰਜ ਹੀ ਕਰਦਾ ਹੈ। ਇਹ ਦੱਸਣ ਲਈ ਕਿ ਡਰਨ ਦੀ ਕੋਈ ਲੋੜ ਨਹੀਂ। ਉਸ ਨੇ ਇਸ ਮੋਹਰ ਤੋਂ ਬਾਅਦ ਅਮਰੀਕਾ, ਆਸਟਰੇਲੀਆ ਤੇ ਯੂਰਪੀਨ ਦੇਸ਼ਾਂ ਦਾ ਵੀਜ਼ਾ ਹਾਸਲ ਕੀਤਾ ਹੈ। ਇਸ ਦਾ ਜ਼ਿਕਰ ਉਹ ਆਪਣੇ ਇਸ ਸਫ਼ਰਨਾਮੇ ਦੇ ਅੰਤ ਵਿਚ ਬੜੇ ਸਪਸ਼ਟ ਸ਼ਬਦਾਂ ਵਿੱਚ ਕਰਦਾ ਹੈ। 

10 ਦੋਸਤੋ ! ਮੈਂ ਖ਼ੁਦ ਦਸ ਵਾਰ ਪਾਕਿਸਤਾਨ ਜਾ ਚੁੱਕਾ ਹਾਂ, ਹਰ ਰੂਪ ਵਿਚ। ਪਹਿਲੀ ਵਾਰ 1997 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਜਥੇ ਵਿਚ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਮੌਕੇ ਆਪਣੀ ਜੀਵਨ ਸਾਥਣ ਜਸਵਿੰਦਰ ਕੌਰ ਨਾਲ ਗਿਆ ਸਾਂ । ਫਿਰ 2001 ਵਿੱਚ ਲਾਹੌਰ ਦੇ ਫਲੈਟੀਜ਼ ਹੋਟਲ ਵਿੱਚ ਫ਼ਖਰ ਜ਼ਮਾਂ ਸਾਹਿਬ ਅਗਵਾਈ ਹੇਠ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਡਾ. ਸਤਿੰਦਰ ਸਿੰਘ ਨੂਰ, ਇੰਦਰਜੀਤ ਹਸਨਪੁਰੀ, ਪ੍ਰਿੰਸੀਪਲ ਸਰਵਣ ਸਿੰਘ, ਸੰਤੋਖ ਸਿੰਘ ਮੰਡੇਰ ਅਜਮੇਰ ਸਿੰਘ ਔਲਖ, ਸੁਖਵਿੰਦਰ ‘ਅੰਮ੍ਰਿਤ’ ਡਾ. ਵਰਿਆਮ ਸਿੰਘ ਸੰਧੂ ਤੇ ਡਾ. ਸੁਖਦੇਵ ਸਿੰਘ ਸਿਰਸਾ ਸਮੇਤ ਸੰਗਤ ਨਾਲ ਗਿਆ ਸਾਂ। ਇਸ ਉਪਰੰਤ 2003 ਵਿਚ ਅਮਰੀਕਾ ਤੇ ਕੈਨੇਡਾ ਦਾ ਵੀਜ਼ਾ ਹਾਸਲ ਕੀਤਾ ਜਦਕਿ ਉਦੋਂ 9/11 ਕਾਰਨ ਬਹੁਤ ਹੀ ਕਰੜਾਈ ਸੀ ਪਰ ਕਿਸੇ ਨੇ ਮੈਨੂੰ ਸਫ਼ਰ ਦੌਰਾਨ ਵੀ ਕਿਸੇ ਨਾ ਪੁੱਛਿਆ ਕਿ ਤੂੰ ਪਾਕਿਸਤਾਨ ਕਿਉਂ ਗਿਆ ਸੀ? 

2006 ਵਿੱਚ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਗਈ ਪਹਿਲੀ ਬੱਸ ਦੇ 22 ਸਵਾਰਾਂ ਵਿੱਚ ਮੈਂ ਵੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਡਾ. ਦਲਜੀਤ ਸਿੰਘ, ਸਾਬਕਾ ਪ੍ਰਿੰਸੀਪਲ, ਖਾਲਸਾ ਕਾਲਿਜ, ਅੰਮ੍ਰਿਤਸਰ, ਰਾਧਾ ਸਵਾਮੀ ਮੱਤ ਮੁਖੀ ਗੁਰਿੰਦਰ ਸਿੰਘ ਢਿੱਲੋਂ ਜੀ ਦੇ ਮਾਪਿਆਂ ਤੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਫ਼ੋਟੋ ਆਰਟਿਸਟ ਰਣਜੋਧ ਸਿੰਘ ਸਮੇਤ ਸ਼ਾਮਿਲ ਸਾਂ। 2007 ਵਿਚ ਫਿਰ ਅਮਰੀਕਾ, ਕੈਨੇਡਾ ਤੇ ਯੂ.ਕੇ. ਦਾ ਵੀਜ਼ਾ ਪ੍ਰਾਪਤ ਕੀਤਾ। 2014 ਤੋਂ ਲੈ ਕੇ ਹੁਣ ਤੀਕ ਸੱਤ ਕਾਨਫਰੰਸਾਂ ਤੇ ਲਾਹੌਰ ਤੇ ਨਨਕਾਣਾ ਸਾਹਿਬ ਜਾ ਚੁੱਕਾ ਹਾਂ। ਮੇਰਾ ਨਿਜੀ ਤਜ਼ਰਬਾ ਹੈ ਕਿ ਕਿਸੇ ਵੀ ਮੁਲਕ ਵਿਚ ਤੁਸੀਂ ਕਾਨੂੰਨਨ ਯਾਤਰਾ ਕਰ ਸਕਦੇ ਹੋ। ਸ਼ਰਤ ਇਹੀ ਹੈ ਕਿ ਤੁਹਾਡਾ ਕੋਈ ਲੁਕਵਾਂ ਮਨੋਰਥ ਨਾ ਹੋਵੇ। ਨਿਰੋਲ ਮੁਹੱਬਤ ਨੂੰ ਕੌਣ ਵਰਜਦਾ ਹੈ? 

ਗੁਰਵਿੰਦਰ ਸਿੰਘ ‘ਗਿੱਲ ਰੌਂਤਾ’ ਦਾ ਇਹ ਸਫ਼ਰਨਾਮਾ ਮੇਰੇ ਕਥਨ ਦੀ ਗਵਾਹੀ ਭਰਦਾ ਹੈ। ਇਹ ਯਾਤਰਾ ਦਿਨਾਂ ਵਿਚ ਬਹੁਤ ਨਿੱਕੀ ਹੈ ਪਰ ਭਾਵਨਾ ਪੱਖੋਂ ਬਹੁਤ ਵੱਡੀ ਹੈਂ। ਵੱਡੇ ਵੀਰ ‘ਰੂਪ’ ਨੂੰ ਹਾਮੀ ਭਰਨ ਤੋਂ ਲੈ ਕੇ ਆਪਣੀ ਸਤਿਕਾਰਯੋਗ ਮਾਤਾ ਜੀ ਤੋਂ ਸਹਿਮਤੀ ਹਾਸਲ ਕਰਨ ਉਪਰੰਤ ਘਰੋਂ ਤੁਰਦਿਆਂ ਭਾਵਨਾਵਾਂ ਨਾਲ ਲਬਰੇਜ਼ ਮਿੱਤਰਾਂ ਦੇ ਅੰਗ ਸੰਗ ਅਟਾਰੀ ਪਹੁੰਚਦਿਆਂ, ਵਾਘੇ ਦੀ ਲਕੀਰ ਪਾਰ ਕਰਦਿਆਂ, ਪਾਕਿਸਤਾਨ ਵਾਲੇ ਪਾਸੇ ਅੱਪੜ ਕੇ ਸੁੱਚੇ ਗੁਲਾਬ ਦੇ ਫੁੱਲਾਂ ਵਾਲੇ ਨਾਸਿਰ ਢਿੱਲੋਂ ਦੇ ਸੁਆਗਤੀ ਬੋਲਾਂ ਤੀਕ ਮਹਿਕ ਦਾ ਸਫ਼ਰਨਾਮਾ ਹੈ। ਵਧੀਆ ਗੱਲ ਇਹ ਹੈ ਕਿ ਪਾਕਿਸਤਾਨ ਯਾਤਰਾ ਤੇ ਪਹਿਲਾਂ ਹੀ ਪੁੱਜੇ ਹੋਏ ਉਸ ਦੀ ਰੂਹ ਦੇ ਹਾਣੀ ਫ਼ਿਲਮ ਅਭਿਨੇਤਾ ਹਰਿੰਦਰ ਭੁੱਲਰ ਨੇ ਉਸਨੂੰ ਆਪਣੇ ਮਿੱਤਰ ਦਾਇਰੇ ਨਾਲ ਮਿਲਾਇਆ । ਹਰਿੰਦਰ ਭੁੱਲਰ ਵੀ ਸੁਚੇਤ ਲੇਖਕ, ਬਾਰੀਕ ਬੁੱਧ ‘ਫ਼ਿਲਮ ਅਦਾਕਾਰ ਤੇ ਚਿੰਤਨਸ਼ੀਲ ਅਧਿਆਪਕ ਹੈ। ਗੁਰਵਿੰਦਰ ਸਿੰਘ ‘ਗਿੱਲ ਰੌਂਤਾ’ ਦਾ ਇਹ ਸਫ਼ਰਨਾਮਾ ਸ਼ਾਇਦ ਰੂਪ ਸਰੂਪ ਅਖ਼ਤਿਆਰ ਨਾ ਕਰ ਸਕਦਾ ਜੇਕਰ ਉਸਨੂੰ ਪਾਕਿਸਤਾਨ ਠਹਿਰ ਦੌਰਾਨ ਜਾਂ ਪਰਤ ਕੇ ਉਸਨੂੰ ਪੈਰ ਪੈਰ ਤੇ ਹਰਿੰਦਰ ਭੁੱਲਰ ਦੀ ਅਗਵਾਈ ਨਾ ਮਿਲਦੀ। 

ਇਹ ਵੀ ਸਬੱਬ ਹੀ ਹੈ ਕਿ ਗੁਰਵਿੰਦਰ ਮੇਰੇ ਨਾਲ ਵੀ ਕੈਨੇਡਾ ਤੋਂ ਪਿਛਲੇ ਕੁਝ ਸਾਲਾਂ ਤੋਂ ਟੈਲੀਫੋਨ ਦੇ ਸੰਪਰਕ ਵਿਚ ਸੀ ਪਰ ਮੁਲਾਕਾਤ ਕੁਝ ਮਹੀਨੇ ਪਹਿਲਾਂ ਹੀ ਉਦੋਂ ਹੋਈ ਜਦ ਉਹ ਆਪਣੇ ਵਿਆਹ ਦਾ ਸੱਦਾ ਪੱਤਰ ਦੇਣ ਸਾਡੇ ਘਰ ਆਇਆ। ਸਫ਼ਰਨਾਮੇ ਵਿੱਚ ਉਹ ਦੋ ਤਿੰਨ ਥਾਈਂ ‘ਛੜੇ’ ਹੋਣ ਦੀ ਸਨਦ ਵਿਖਾਉਂਦਾ ਹੈ ਪਰ ਇਸ ਪੁਸਤਕ ਦੇ ਪ੍ਰਕਾਸ਼ਨ ਤੋਂ ਪਹਿਲਾਂ ਉਹ ਜੀਵਨ-ਸਾਥਣ ਦਾ ਮਹਿਕੰਦੜਾ ਗੁਰਵਿੰਦਰ ਹੈ। 

ਮੈਂ ਤਾਂ ਇਹ ਵੀ ਮਹਿਸੂਸ ਕਰਦਾ ਹਾਂ ਕਿ ਗੁਰਵਿੰਦਰ ਸਿੰਘ ‘ਗਿੱਲ ਰੌਂਤਾ’ ਜਿਸ ਸਿੱਕ ਨਾਲ ਪਾਕਿਸਤਾਨ ਗਿਆ ਸੀ, ਉਸ ਦੀ ਸੱਤ ਦਿਨਾਂ ਵਿਚ ਹੀ ਪੂਰਤੀ ਕਰ ਆਇਆ ਹੈ। ਮੁਹੱਬਤ ਦਾ ‘ਲਕੀਰੀ ਖ਼ਾਕਾ’ ਤਿਆਰ ਹੈ ਹੁਣ ਰੰਗ ਭਰਨ ਲਈ ਉਸ ਨਾਲ ਜਦ ਮਹਿੰਦੀ ਵਾਲੇ ਹੱਥ ਜਾਣਗੇ ਤਾਂ ਮੋਹ ਮੁਹੱਬਤ ਦਾ ਰੰਗ ਹੋਰ ਵੀ ਗੂੜ੍ਹਾ ਹੋ ਜਾਵੇਗਾ । 

ਸਬੱਬ ਹੀ ਕਿਹਾ ਜਾ ਸਕਦਾ ਹੈ ਕਿ ਜਿਸ ਵੀਰ ਦਾ ਉਹ ਪੂਰੇ ਸਫ਼ਰਨਾਮੇ ਵਿੱਚ ‘ਰੂਪ’ ਵੀਰ ਵਜੋਂ ਕਰਦਾ ਹੈ, ਉਹ ਅਮਰੀਕਾ ਦਾ ਸਭ ਤੋਂ ਵੱਡਾ ਪੰਜਾਬੀ ਕਾਰ- ਵਿਕਰੇਤਾ ਹੈ। ਅਮਰੀਕਾ ਦੇ ਕਈ ਸੂਬਿਆਂ ਵਿੱਚ ਉਸ ਦੀਆਂ ‘ਕਾਰ ਡੀਲਰ ਸ਼ਿਪਸ’ ਹਨ। ਉਥੇ ਉਹ ‘ਜੇ. ਗਿੱਲ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪੱਕਾ ਨਾਮ ਜਗਰੂਪ ਸਿੰਘ ਹੈ, ਪਰ ਪਰਿਵਾਰ ਦਾ ਰੂਪ, ਕਾਰੋਬਾਰੀਆਂ ਲਈ ਜਗਰੂਪ ਪਦੀ ਥਾਂ ‘ਜੇ. ਗਿੱਲ’ ਹੈ। ਮੋਗਾ ਜ਼ਿਲੇ ਦੇ ਪਿੰਡ ‘ਝੰਡੇਵਾਲਾ’ ਦਾ ਜੰਮ ਪਲ, ਜਿਥੋਂ ਦਾ ਮੇਰਾ ਸ਼ਾਇਰ ਮਿੱਤਰ ਅਜਮੇਰ ਗਿੱਲ ਸੀ, ‘ਮੇਰੇ ਸੂਰਜਮੁਖੀ’ ਗ਼ਜ਼ਲ ਸੰਗ੍ਰਹਿ ਵਾਲਾ । ਜੇ. ਗਿੱਲ ਨਾਲ ਮੇਰੀ ਮੁਲਾਕਾਤ ਭਾਵੇਂ ਹੁਣ ਤੀਕ ਕਦੇ ਨਹੀਂ ਹੋਈ ਪਰ ਸ਼ਬਦ ਸਾਂਝ ਮੇਰੇ ਪੁੱਤਰਾਂ ਜਿਹੇ ਵਿਦਿਆਰਥੀ ਬਾਲ ਮੁਕੰਦ ਸ਼ਰਮਾ ਚੇਅਰਮੈਨ ਫੂਡ ਕਮਿਸ਼ਨ ਪੰਜਾਬ ਨੇ ਪੁਆਈ। ‘ਜੇ ਗਿੱਲ’ ਬਾਰੇ ਬਣੀ ਦਸਤਾਵੇਜ਼ੀ ਫ਼ਿਲਮ ਦਾ ਸਕਰਿਪਟ ਮੈਂ ਹੀ ਲਿਖਿਆ ਸੀ । ਡਾ. ਲਖਵਿੰਦਰ ਸਿੰਘ ਜੌਹਲ ਨੇ ਇਸ ਦਸਤਾਵੇਜ਼ੀ ਫਿਲਮ ਦਾ ਨਿਰਦੇਸ਼ਨ ਕੀਤਾ ਹੈ, ਬਾਲ ਮੁਕੰਦ ਸ਼ਰਮਾ ਨਾਲ ਮਿਲ ਕੇ। 

4 ਵੱਡੀ ਗੱਲ ਇਹ ਹੈ ਕਿ ਪਰਸੋਂ ਤੀਕ ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਜਿਸ ‘ਰੂਪ’ ਵੀਰ ਦਾ ਜ਼ਿਕਰ ਸਫ਼ਰਨਾਮੇ ਵਿੱਚ ਥਾਂ ਪਰ ਥਾਂ ਹੈ, ਉਹ ਮੇਰੀ ਲਿਖਤ ਵਾਲਾ ‘ਜੇ. ਗਿੱਲ’ ਹੀ ਹੈ। ਗੁਰਵਿੰਦਰ ਲਈ ਵੀ ਇਹ ਬੁਝਾਰਤ ਹੀ ਸੀ ਕਿ ਮੈਂ ਉਸ ਨੂੰ ਕਦੇ ਨਹੀਂ ਮਿਲਿਆ। ‘ਇਸ ਫ਼ਿਲਮ ਲਈ ਗੁਰਵਿੰਦਰ ਸਿੰਘ “ਗਿੱਲ ਰੌਂਤਾ” ਨੇ ਹੀ ਮੁੱਖ ਗੀਤ ਲਿਖਿਆ ਸੀ।’ 

ਲਾਹੌਰ ਵਿਚ ਸਫ਼ਰ ਦੌਰਾਨ ਉਸਦੇ ਅੰਗ ਸੰਗ ਰਹਿਣ ਵਾਲੇ ਬਹੁਤੇ ਮੇਜ਼ਬਾਨ ਮੇਰੇ ਵੀ ਸਨੇਹ ਪਾਤਰ ਹਨ। ਬਾਬਾ ਨਜਮੀ ਹੋਵੇ ਜਾਂ ਨਾਸਿਰ ਢਿੱਲੋਂ, ਪੁਪਿੰਦਰ ਸਿੰਘ ਲਵਲੀ, ਵੱਕਾਸ ਹੈਦਰ ਤੇ ਅੰਜੁਮ ਗਿੱਲ। ਸਾਰੇ ਵੀਰ ਮੇਰੇ ਨਾਲ ਵੀ ਲਗਾਤਾਰ ਸਨੇਹ ਭਰਪੂਰ ਬੇਗਰਜ਼ ਰਿਸ਼ਤਾ ਨਿਭਾਅ ਰਹੇ ਹਨ। 

ਮੈਂ ਮਹਿਸੂਸ ਕਰਦਾ ਹਾਂ ਕਿ ਇਹ ਸਭ ਪਿਆਰ ਤੇ ਮੋਹ ਮੁਹੱਬਤ ਦੇ ਪਿਆਸੇ ਜੀਅ ਹਨ ਜੋ ਆਪੋ ਆਪਣੀ ਰੂਹ ਤ੍ਰਿਪਤਾਉਣ ਲਈ ਹਰ ਪਲ ਸਾਂਭ ਰਹੇ ਹਨ। ਕੋਈ ਆਪਣੇ ਜਗਦੇਵ ਕਲਾਂ (ਅੰਮ੍ਰਿਤਸਰ) ਨੂੰ ਤਰਸ ਰਿਹਾ ਬਾਬਾ ਨਜਮੀ ਹੈ ਤੇ ਕੋਈ ਪੰਜਵੜ (ਤਰਨ ਤਾਰਨ) ਨੂੰ ਸਾਡੇ ਵਿੱਚੋਂ ਲੱਭਦਾ ਨਾਸਿਰ ਢਿੱਲੋਂ! ਸਾਡੇ ਵੀ ਓਧਰ ਜਾਣ ਵਾਲੇ ਜੀਅ ਹਰਿੰਦਰ ਭੁੱਲਰ ਵਾਂਗ ਆਪੋ ਆਪਣੇ ਘਰਾਂ ਦੀਆਂ ਇੱਟਾਂ ਲੱਭ ਲੱਭ ਲਿਆ ਰਹੇ ਹਨ ਪੁਰਖਿਆਂ ਦੀ ਰੂਹ ਦੀ ਸ਼ਾਂਤੀ ਲਈ। ਮਾਵਾਂ ਨਨਕਾਣਾ ਸਾਹਿਬ ਦੀ ਮਿੱਟੀ ਮੰਗਵਾ ਰਹੀਆਂ ਨੇ। ਗੜਵੀਆਂ ਗਿਲਾਸ ਜਿੰਨ੍ਹਾਂ ਤੇ ਨਨਕਾਣਾ ਸਾਹਿਬ ਲਿਖਿਆ ਹੋਵੇ। ‘ਦਸਤਾਰ’ ਨੂੰ ਸਲਾਮ ਦਾ ਅਨੁਭਵ ਗੁਰਵਿੰਦਰ ਨੂੰ ਰੂਹ ਪੱਖੋਂ ਅਮੀਰ ਕਰਦਾ ਹੈ। ਕਿਲ੍ਹਾ ਵੇਖ ਕੇ ‘ਪਾਤਸ਼ਾਹੀ ਦਾਅਵੇ’ ਦੀ ਚੇਤਨਾ ਦੇ ਨਾਲ ਨਾਲ ਰਿਸ਼ਤਾ ਪੰਚਮ ਪਾਤਸ਼ਾਹ ਦੀ ਕੁਰਬਾਨੀ ਨਾਲ ਵੀ ਜੁੜਦਾ ਹੈ। ਆਪਣੇ ਪਿੰਡ “ਰੌਂਤੇ” (ਮੋਗਾ) ਤੋਂ ਉੱਜੜ ਕੇ 1947 ਵਿੱਚ ਗਏ ਦੋ ਮੁੰਡਿਆਂ ਦੇ ਪਿੰਡ ‘ਕਾਵਾਂ ਵਾਲੀ ਸਿੱਖਾਂ’ ਨੂੰ ਉਹ ਆਪਣਾ ਪਿੰਡ ਕਹਿ ਕੇ ਅਪਣਾਉਂਦਾ ਹੈ। ਵੱਕਾਰ ਭਿੰਡਰ ਦੇ ਭਤੀਜੇ ਵਿਚੋਂ ਆਪਣੇ ਭਤੀਜੇ ਅਜੈ ਪ੍ਰਤਾਪ ਦੇ ਦਰਸ਼ਨ ਕਰਨੇ ਵੀ ਕਮਾਲ ਹੈ। 4 ਤੋਂ 10 ਮਾਰਚ 2024 ਤੀਕ ਮੈਂ ਵੀ ਲਾਹੌਰ (ਪਾਕਿਸਤਾਨ) ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਦੇ ਹਵਾਲੇ ਨਾਲ ਆਪਣੇ ਜੀਵਨ ਸਾਥਣ ਜਸਵਿੰਦਰ ਕੌਰ ਸਮੇਤ ਗਿਆ ਹੋਇਆ ਸਾਂ। ਉਥੇ ਪਹਿਲੀ ਵਾਰ ਮਿਲੀ ਪੰਜਾਬੀ ਲੇਖਕ ਤੇ ਡਾਕਟਰ ਸਬਾ ਇਮਰਾਨ ਦੀ ਬਾਲੜੀ ਧੀ ਸੋਫ਼ੀਆ ਨੂੰ ਮਿਲਣ ਸਾਰ ਸਾਨੂੰ ਵੀ ਆਪਣੀ ਪੋਤਰੀ ਅਸੀਸ ਕੌਰ ਚੇਤੇ ਆ ਰਹੀ ਸੀ। ਸੋਫ਼ੀਆ ਦੀ ਹਾਨਣ ਹੈ ਉਹ, ਇਸ ਵੇਲੇ ਸਾਢੇ ਪੰਜ ਸਾਲ ਦੀ। ਚੁਲਬਲੀਆਂ ਵੀ ਇੱਕੋ ਜਿਹੀਆਂ। ਇਹ ਰਿਸ਼ਤੇ ਵੀ ਕੀ ਨੇ? ਹਰ ਪਲ ਮਹਿਕਦੇ, ਜਦ ਮਰਜ਼ੀ ਸੁੰਘ ਕੇ ਤਰੋ-ਤਾਜ਼ਾ ਹੋ ਜਾਉ। ਨਾਸਿਰ ਢਿੱਲੋਂ ਦੇ ਸੁੱਚੇ ਗੁਲਾਬਾਂ ਨੇ ਹੀ ਮੇਰਾ ਵੀ ਵਾਘੇ ਸੁਆਗਤ ਕੀਤਾ ਸੀ । ਮੇਰੀ ਜੀਵਨ ਸਾਥਣ ਜਸਵਿੰਦਰ ਨੂੰ ਮਾਂ ਜੀ, ਮਾਂ ਜੀ ਕਹਿੰਦਿਆਂ ਉਸ ਦਾ ਮੂੰਹ ਸੁੱਕਦਾ ਸੀ । ਵਾਪਸੀ ਤੇ ਵੱਕਾਸ ਹੈਦਰ ਸਾਨੂੰ ਵਾਘੇ ਅਲਵਿਦਾ ਕਹਿ ਕੇ ਗਿਆ। 

ਮੈਂ ਉਸ ਬੱਸ ਦੇ ਕੰਡਕਟਰ ਨੂੰ ਕਿਵੇਂ ਵਿਸਾਰਾਂ? ਜਿਸ ਨੇ ਬਰਛੇ ਵਰਗਾ ਸੁਆਲ ਮੇਰੇ ਅੱਗੇ ਖੜ੍ਹਾ ਕਰ ਦਿੱਤਾ ਸੀ । ਏਧਰੋਂ ਜਾਂਦਿਆਂ ਲਾਹੌਰ ਵੜਨ ਸਾਰ ਜਦ ਸਾਡੀ ਬੱਸ ਜਦ ਹਰਬੰਸਪੁਰੇ ਅੱਪੜੀ ਤਾਂ ਅਮਰੂਦਾਂ ਤੇ ਬੇਰਾਂ ਦੀਆਂ ਰੇੜ੍ਹੀਆਂ ਵੇਖਕੇ ਮੇਰਾ ਮਨ ਹਰ ਵਾਰ ਵਾਂਗ ਲਲਚਾਇਆ। ਮੈਂ ਬੱਸ ਰੋਕਣ ਲਈ ਉਸਨੂੰ ਬੇਨਤੀ ਕੀਤੀ ਤੇ ਕਿਹਾ ਕਿ ਦੋਵੇਂ ਫ਼ਲ ਕਿੱਲੋ ਕਿੱਲੋ ਤੁਲਵਾ ਦੇਵੇ ! ਉੱਤਰਨ ਲੱਗੇ ਨੂੰ ਮੈਂ ਪੈਸੇ ਦੇਣ ਲੱਗਿਆ ਤਾਂ ਉਹ ਬੋਲਿਆ, “ਸਰਦਾਰ ਜੇ ਮੈਨੂੰ ਪੈਸੇ ਦੇਣੇ ਜੇ ਤਾਂ ਮੈਂ ਬੱਸ ਨਹੀਂ ਰੋਕਣੀ, ਤੁਸੀਂ ਮੈਥੋਂ ਇਹ ਸੇਵਾ ਦਾ ਹੱਕ ਨਾ ਖੋਹਵੋ । ਮੈਂ ਅੱਜ ਵੀ ਉਸ ਵੀਰ ਨੂੰ ਯਾਦ ਕਰਕੇ ਸਵਾਦ ਸਵਾਦ ਹੋ ਰਿਹਾ ਹਾਂ । ਉਹ ਮੈਨੂੰ ਪਹਿਲਾਂ ਕਦੇ ਨਹੀਂ ਸੀ ਮਿਲਿਆ, ਨਾ ਹੀ ਸ਼ਾਇਦ ਕਦੇ ਫਿਰ ਮਿਲੇ, ਪਰ ਰੂਹ ਤੇ ਪੈੜਾਂ ਪਾ ਗਿਆ। 

ਗੁਰਵਿੰਦਰ ਸਿੰਘ ਗਿੱਲ ‘ਰੌਂਤਾ’ ਦਾ ਇਹ ਰੂਹ ਤੇ ਪਈਆਂ ਪੈੜਾਂ ਦਾ ਸਫ਼ਰਨਾਮਾ ਹੈ। ਦੇਸ਼ ਵੰਡ ਵੇਲੇ ਹੋਏ ਉਜਾੜੇ ਵਿਚ ਉਸ ਦਾ ਪਰਿਵਾਰ ਓਧਰੋਂ ਨਹੀਂ ਸੀ ਆਇਆ । ਪੱਕਾ ਪਕੇਰਾ ਵਾਸ ਏਧਰ ਰੌਂਤਾ ਵਿੱਚ ਹੀ ਸੀ, ਇਸ ਪਰਿਵਾਰ ਦਾ, ਪਰ ਸੰਵੇਦਨਾ ਦਾ ਰਿਸ਼ਤਾ ਸਾਨੂੰ ਸਭ ਨੂੰ ਜੋੜਦਾ ਹੈ। 

ਕੁਝ ਲੋਕ ਅਕਸਰ ਮੈਨੂੰ ਸੁਆਲ ਕਰਦੇ ਹਨ ਕਿ ਦੇਸ਼ ਵੰਡ ਦੇ ਉਜਾੜੇ ਵਾਲੀ ਪੀੜ੍ਹੀ ਜਦ ਮੁੱਕ ਗਈ ਤਾਂ ਹਿੰਦ ਪਾਕਿ ਮੁਹੱਬਤ ਦੀ ਜੋਤ ਮੱਧਮ ਪੈ ਜਾਵੇਗੀ? ਗੁਰਵਿੰਦਰ ਦਾ ਇਹ ਸਫ਼ਰਨਾਮਾ ਉਸੇ ਸਵਾਲ ਦਾ ਜੁਆਬ ਹੈ। ਸੰਵੇਦਨਸ਼ੀਲਤਾ ਜਦ ਤੱਕ ਰੂਹ ਦਾ ਰਾਗ ਗਾਉਣ ਦੇ ਸਮਰੱਥ ਰਹੇਗੀ, ਓਨਾ ਚਿਰ ਇਹ ਜੋਤ ਜਗਦੀ ਤੇ ਮਘਦੀ ਰਹੇਗੀ। ਇਸ ਜਾਗੋ ਵਿਚ ਤੇਲ ਪਾਉਣ ਵਾਲਿਆਂ ਦੀ ਨਸਲ ਤੇ ਫ਼ਸਲ ਨਾ ਸੁੱਕੇ ਮੁੱਕੇ, ਇਹੀ ਅਰਦਾਸ ਕਰੋ। ਗੁਰੂ ਨਾਨਕ ਪਾਤਸ਼ਾਹ ਦੀ ਸਿੱਖਿਆ ਚੇਤੇ ਰੱਖਣ ਵਾਲਿਆਂ ਨੂੰ ‘ਸਰਬੱਤ ਦਾ ਭਲਾ’ ਕਦੇ ਨਾ ਵਿੱਸਰੇ।  

ਇਸ ਲਿਖਤ ਨੂੰ ਬੰਦ ਕਰਨ ਤੋਂ ਪਹਿਲਾਂ ਮੈਂ ਆਪਣੀ ਇਹ ਗਜ਼ਲ ਗੁਰਵਿੰਦਰ ਸਿੰਘ ਗਿੱਲ ਦੇ ਸਿਰ ਉੱਪਰੋਂ ਦੀ “ਸਿਰਵਾਰਨੇ” ਵਾਂਗ ਅਰਪਿਤ ਕਰਦਾ ਹਾਂ। 

ਲਾਹ ਦੇ ਰੂਹ ਤੋਂ ਭਾਰ ਵੀਰਨਾ, ਏਦਾਂ ਤਾਂ ਨਾ ਮਾਰ ਵੀਰਨਾ। 

ਤੇਰੀ ਧੜਕਣ ਏਥੇ ਧੜਕੇ, ਤੂੰ ਰਾਵੀ ਤੋਂ ਪਾਰ ਵੀਰਨਾ। 

ਤੂੰ ਤੇ ਮੈਂ ਇਕ ਮਾਂ ਦੇ ਜਾਏ, ਤੀਜਾ ਕਰੇ ਖ਼ਵਾਰ ਵੀਰਨਾ। 

ਹੱਥਾਂ ਵਿਚ ਹਥਿਆਰ ਫੜਾਵੇ, ਇਹ ਕਿੱਦਾਂ ਦਾ ਯਾਰ ਵੀਰਨਾ। 

ਇਕ ਦੂਜੇ ਦੀ ਛਾਂ ਤੋਂ ਡਰਕੇ, ਡਿੱਗੇ ਮੂੰਹ ਦੇ ਭਾਰ ਵੀਰਨਾ। 

ਦਿਲ ਤੋਂ ਦਿਲ ਨੂੰ ਸੜਕ ਸਲੇਟੀ, ਰੋਕੇ ਕਿਉਂ ਸਰਕਾਰ ਵੀਰਨਾ। 

ਹਾਸ਼ਮ ਦੀ ਧਰਤੀ ਦਾ ਜਾਇਆਂ, ਹਾਫ਼ਿਜ਼ ਬਰਖ਼ੁਰਦਾਰ ਵੀਰਨਾ । 

ਬੁੱਲ੍ਹੇ ਸ਼ਾਹ ਦਾ ਵਾਰਿਸ ਹਾਂ ਮੈਂ, ਕਾਦਰ ਮੇਰਾ ਯਾਰ ਵੀਰਨਾ। 

ਪੀਲੂ ਦੀ ਸੱਦ ਬਣ ਚੱਲੀ ਏ, ਦੁੱਲੇ ਦੀ ਵੰਗਾਰ ਵੀਰਨਾ। 

ਮੇਰਾ ਤਾਂ ਸੁਲਤਾਨ ਹੈ ਬਾਹੂ, ਦਿਲ ਤੇ ਰਹੇ ਸਵਾਰ ਵੀਰਨਾ। 

ਮੈਂ ਦਾਮਨ ਦੀ ਕਵਿਤਾ ਵਿਚਲੀ, ਹਾਕਮ ਨੂੰ ਫਿਟਕਾਰ ਵੀਰਨਾ । 

ਆਖ ਦਮੋਦਰ ਅੱਖੀਂ ਡਿੱਠਾ, ਰੱਖ ਨਾਂ ਰੂਹ ‘ਤੇ ਭਾਰ ਵੀਰਨਾ। 

ਵਿਸ਼ਵ ਅਮਨ ਤਾਂਘਦੀ ਕਲਮ ਨਿਰੰਤਰ ਅੱਗੇ ਤੁਰੇ, 

ਇਸੇ ਅਰਦਾਸ ਤੇ ਆਸ ਨਾਲ! 

ਗੁਰਭਜਨ ਸਿੰਘ ਗਿੱਲ (ਪ੍ਰੋ:)  ਚੇਅਰਮੈਨ,

ਪੰਜਾਬੀ ਲੋਕ ਵਿਰਾਸਤ ਅਕਾਡਮੀ, ਲੁਧਿਆਣਾ 

ਤੀਜੀ ਅੱਖ ਦਾ ਸਫ਼ਰ 

ਅੱਜ ਤੋਂ ਦੋ ਸਾਲ ਪਹਿਲਾਂ ਮੈਨੂੰ ਅਹਿਮਦ ਰਜ਼ਾ ਵੱਟੂ ਹੋਰਾਂ ਦਾ ਫ਼ੋਨ ਆਇਆ ਕਿ ਬਾਬਾ ਜੀ ਕਿੱਥੇ ਓ? ਕੁਝ ਪਿਆਰੇ ਕਲਾਕਾਰ ਸੱਜਣ ਚੜ੍ਹਦੇ ਪੰਜਾਬ ਤੋਂ ਲਾਹੌਰ ਹੋਏ ਆਏ ਨੇ ਤੇ ਉਹ ਪੀ ਸੀ ਹੋਟਲ ਵਿਚ ਠਹਿਰੇ ਹੋਏ ਨੇ। 

ਉਨ੍ਹਾਂ ਦੀ ਸੱਧਰ ਏ ਕਿ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਪਿਆਰ- ਮਿਲਣੀ ਹੋ ਜਾਵੇ। ਪਰ ਉਹ ਹਾਲੇ ਬਾਬਾ ਬੁੱਲ੍ਹੇ ਸ਼ਾਹ ਦੇ ਮਜ਼ਾਰ ਤੇ ਕਸੂਰ ਹਾਜ਼ਰੀ ਭਰਨ ਗਏ ਹੋਏ ਨੇ। ਮੈਂ ਤੁਹਾਡੇ ਵੱਲ ਆ ਰਿਹਾਂ ਤੇ ਸਾਡੇ ਹੋਟਲ ਅੱਪੜਨ ਤੀਕਰ ਉਹ ਪਰਤ ਆਉਣਗੇ। ਜਿਹੜੇ ਸੱਜਣ ਚੜ੍ਹਦੇ ਪੰਜਾਬ ਤੋਂ ਆਏ ਨੇਂ ਉਨ੍ਹਾਂ ਵਿਚ ਇਕ ਪੰਜਾਬੀ ਫ਼ਿਲਮਾਂ ਦੇ ਸੁਘੜ ਅਦਾਕਾਰ ਹਰਿੰਦਰ ਭੁੱਲਰ ਏ ਤੇ ਦੂਜੇ ਸੱਜਣ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੇਂ। ਜਿਹੜੇ ਚੜ੍ਹਦੇ ਪੰਜਾਬ ਦੀ ਫ਼ਿਲਮੀ ਤੇ ਸੰਗੀਤ ਦੁਨੀਆਂ ਦੇ ਵੱਡੇ ਨਗ਼ਮਾ ਨਿਗਾਰ ਨੇ। ਏਸ ਵੇਲੇ ਉਨ੍ਹਾਂ ਦਾ ਓਧਰ ਵੱਡਾ ਨਾਂ ਏ। 

ਅਸੀਂ ਪੀ ਸੀ ਹੋਟਲ ਅੱਪੜੇ ਤੇ ਓਥੇ ਸਾਡੇ ਪਿਆਰੇ ਫ਼ਨਕਾਰ ਅਕਰਮ ਉਦਾਸ ਵੀ ਮੌਜੂਦ ਸਨ। ਇਹ ਇਕ ਹੋਰ ਖ਼ੁਸ਼ੀ ਵਾਲੀ ਗੱਲ ਸੀ। ਕੁਝ ਈ ਚਿਰ ਬਾਅਦ ਉਹ ਸੱਜਣ ਵੀ ਹੋਟਲ ਅੱਪੜ ਗਏ । ਉਨ੍ਹਾਂ ਨਾਲ਼ ਅੰਜੁਮ ਗਿੱਲ ਤੇ ਨਾਸਿਰ ਢਿੱਲੋ ਵੀ ਸਨ। ਇਕ ਦੂਜੇ ਨੂੰ ਵੇਖਦਿਆਂ ਈ ਜੱਫੀਆਂ ਸ਼ੁਰੂ ਹੋ ਗਈਆਂ ਤੇ ਹਾਸੇ ਕਮਰੇ ਦੀ ਛੱਤ ਨਾਲ਼ ਵੱਜ ਕੇ ਗੂੰਜਣ ਲੱਗ ਪਏ। 

ਹਾਸੇ ਰੋਕਦਿਆਂ ਗਿੱਲ ਰੌਂਤਾ ਹੋਰਾਂ ਇਕ ਬੋਸਕੀ ਰੰਗੀ ਗਰਮ ਲੋਈ ਬਕਸੇ ਚੋਂ ਕੱਢ ਕੇ ਮੇਰੇ ਮੋਢਿਆਂ ਤੇ ਪਾ ਦਿੱਤੀ ਰੱਜ ਕੇ ਤਾੜੀਆਂ ਵੱਜੀਆਂ ਤੇ ਫ਼ੋਟੋ ਵੀ ਖਿੱਚੀਆਂ ਗਈਆਂ। ਫ਼ਿਰ ਗਿੱਲ ਰੌਂਤਾ ਨੇ ਫ਼ਿਲਮੀ ਅੰਗ ਦੇ ਗੀਤ ਸੁਣਾਉਣ ਦੀ ਇੱਛਾ ਦੱਸੀ। ਮੈਂ ਕਿਹਾ, ਜ਼ਰੂਰ ਸੁਣਾਓ ਜੀ, ਨੇਕੀ ਔਰ ਪੂਛ ਪੂਛ। 

ਉਸ ਦੇ ਗੀਤ ਚੰਗੇ ਸਨ। ਇਸ ਲੋਈ ਤੇ ਗੁਰਮੁਖੀ ਵਿਚ ਸਾਂਝਾ ਪੰਜਾਬ ਲਿਖਿਆ ਹੋਇਆ ਸੀ। ਇਸ ਤੋਂ ਪਹਿਲਾਂ ਅਸੀਂ ਕਦੇ ਵੀ ਇਕ ਦੂਜੇ ਨੂੰ ਨਹੀਂ ਮਿਲੇ ਸਾਂ ਪਰ ਫ਼ਿਰ ਵੀ ਅਸੀਂ ਘਿਓ ਸ਼ੱਕਰ ਹੋ ਚੁੱਕੇ ਸਾਂ। ਖੌਰੇ ਇਹ ਸਾਰਾ ਮਾਂ ਬੋਲੀ ਪੰਜਾਬੀ ਦਾ ਕਰਮ ਸੀ। 

ਕੁਝ ਚਿਰ ਮਹੀਨਿਆਂ ਮਗਰੋਂ ਸਾਡੇ ਕੋਲ ਇਕ ਖ਼ਬਰ ਅੱਪੜੀ ਕਿ “ਗਿੱਲ ਰੌਂਤਾ” ਹੋਰਾਂ ਲਹਿੰਦੇ ਪੰਜਾਬ ਦਾ ਸਫ਼ਰਨਾਮਾ ਲਿਖ ਦਿੱਤਾ ਏ ਤੇ ਨਾਲ਼ ਈ ਏਸ ਗੱਲ ਦਾ ਵੀ ਇਜ਼ਹਾਰ ਕੀਤਾ ਏ ਬਾਬਾ ਨਜਮੀ ਇਸ ਬਾਰੇ ਕੁਝ ਸਤਰਾਂ ਲਿਖ ਦੇਣ। 

ਮੇਰੇ ਲਈ ਇਹ ਨਵੀਂ ਗੱਲ ਸੀ । ਉਹ ਏਸ ਲਈ ਮੈਂ ਇਸ ਖੇਤਰ ਦਾ ਬੰਦਾ ਨਹੀਂ ਪਰ ਸੱਜਣ ਦੀ ਸੱਧਰ ਤੋਂ ਕਿੰਜ ਇਨਕਾਰ ਕੀਤਾ ਜਾ ਸਕਦਾ ਏ । ਸਫ਼ਰਨਾਮੇ ਦਾ ਨਾਂ ਸੁਣ ਕੇ ਮੇਰੇ ਸਾਹਮਣੇ ਕਈ ਨਾਂ ਆ ਗਏ। 

ਪਹਿਲਾ ਨਾਂ ਮਸਤਨਸਰ ਹੁਸੈਨ ਤਾਰੜ ਹੋਰਾਂ ਦਾ ਆਇਆ ਜਿੰਨ੍ਹਾਂ ਦੇ ਸਫ਼ਰਨਾਮੇ ਭਾਵੇਂ ਉਰਦੂ ਵਿਚ ਨੇ ਪਰ ਉਹ ਆਪਣੀ ਪਛਾਣ ਰੱਖਦੇ ਨੇ ਤੇ ਕੈਨੇਡਾ ਵੱਸਦੀ ਲੇਖਕ ਹਰਕੀਰਤ ਕੌਰ ਚਾਹਲ ਹੋਰਾਂ ਦਾ ਸਫ਼ਰਨਾਮਾ “ਲੱਠੇ ਲੋਕ ਲਾਹੌਰ ਦੇ” ਢੇਰ ਨਿਵੇਕਲਾ ਸਫ਼ਰਨਾਮਾ ਸੀ । ਸੁਖਿੰਦਰ ਸਿੰਘ ਹੋਰਾਂ ਦਾ ਸਫ਼ਰਨਾਮਾ “ਪਾਕਿਸਤਾਨ ਦੀਆਂ ਗੱਲਾਂ”, ਆਸ਼ਿਕ ਰਾਹੀਲ ਹੋਰਾਂ ਦਾ “ਲੰਦਨ ਤੇ ਲਾਹੌਰ”, ਆਮਿਰ ਭੱਟੀ ਦਾ ਸਫ਼ਰਨਾਮਾ “ਕਾਫ਼ੀ, ਚਾਕਲੇਟ ਤੇ ਪਰਫ਼ਿਊਮ” ਦੇ ਨਾਲ਼ ਨਾਲ਼ ਹੋਰ ਕਈ ਨਾਂ ਸਾਹਮਣੇ ਆਏ। 

ਸਫ਼ਰਨਾਮੇ ਦੀ ਪਹਿਲੀ ਸ਼ਰਤ ਇਹ ਵੇ ਕਿ ਇਹ ਘਰ ਬਹਿ ਕੇ ਨਹੀਂ ਲਿਖਿਆ ਜਾ ਸਕਦਾ । ਇੰਜ ਸਾਰੀ ਦੁਨੀਆਂ ਦੇ ਲੋਕ ਇਕ ਦੂਜੇ ਵਿਚ ਆ ਜਾਂਦੇ ਨੇ। ਪਰ ਹਰ ਬੰਦਾ ਸਫ਼ਰਨਾਮਾ ਨਹੀਂ ਲਿਖ ਸਕਦਾ। ਇਹ ਗੱਲ ਕਿਸੇ ਕਿਸੇ ਲਿਖਾਰੀ ਦੇ ਹਿੱਸੇ ਆਉਂਦੀ ਹੈ। ਸਫ਼ਰਨਾਮਾ ਲਿਖਣ ਵਾਲਾ ਅੱਜ ਵੀ ਟਾਵਾਂ ਟਾਵਾਂ ਨਜ਼ਰ ਆਉਂਦਾ ਏ। ਇਹ ਉਹਦੇ ਆਪਣੇ ਅੰਦਰ ਦਾ ਇਸ਼ਕ ਹੁੰਦਾ ਏ ਜਿਹੜਾ ਉਸ ਨਵੀਂ ਥਾਂ ਦੇ ਬਾਰੇ ਸਫ਼ਰਨਾਮਾ ਲਿਖਿਆ ਜਾਂਦਾ ਏ । 

ਸਫ਼ਰਨਾਮਾ ਲਿਖਣ ਲਈ ਇਕ ਹੋਰ ਗੱਲ ਦੀ ਲੋੜ ਹੁੰਦੀ ਏ ਉਹ ਹੈ ਤੀਜੀ ਅੱਖ। ਇਹ ਤੀਜੀ ਅੱਖ ਜੋ ਕੁਝ ਵੇਖਦੀ ਏ ਉਹ ਆਪਣੇ ਅੰਦਰ ਤਸਵੀਰਾਂ ਬਣਾਉਂਦੀ ਜਾਂਦੀ ਏ, ਫ਼ਿਰ ਉਹ ਸਭ ਕੁਝ ਸਫ਼ਰਨਾਮਾ ਲੇਖਕ ਦੇ ਸਾਹਮਣੇ ਰੱਖ ਦਿੰਦੀ ਏ। 

ਗਿੱਲ ਰੌਂਤਾ ਨੇ ਯਕੀਨਨ ਸੋਹਣਾ ਸਫ਼ਰਨਾਮਾ ਲਿਖਿਆ ਏ। ਉਨ੍ਹਾਂ ਆਪਣੀਆਂ ਅੱਖਾਂ ਨਾਲ਼ ਜੋ ਵੇਖਿਆ ਉਹ ਉਲੀਕ ਦਿੱਤਾ ਏ । 

ਉਨ੍ਹਾ ਜੋ ਜੋ ਲਹਿੰਦੇ ਪੰਜਾਬ ਵਿਚ ਵੇਖਿਆ, ਉਸ ਨੂੰ ਉਨ੍ਹਾਂ ਲੋਕਾਂ ਤੀਕ ਅਪੜਾ ਦਿੱਤਾ ਏ ਜਿਹਨਾਂ ਅਜੇ ਤੀਕ ਵੀ ਲਹਿੰਦਾ ਪੰਜਾਬ ਨਹੀਂ ਵੇਖਿਆ। ਉਨ੍ਹਾਂ ਲਈ ਲਹਿੰਦਾ ਪੰਜਾਬ ਵੇਖਣਾ ਆਸਾਨ ਕਰ ਦਿੱਤਾ ਏ। ਮੇਰੇ ਵੱਲੋਂ ਢੇਰ ਮੁਬਾਰਕਾਂ । 

ਤੁਹਾਡਾ ਆਪਣਾ  ਬਾਬਾ ਨਜ਼ਮੀ ਲਾਹੌਰ (ਪਾਕਿਸਤਾਨ) 

ਜੜ੍ਹਾਂ ਵੱਲ ਨੂੰ ਰੌਂਤਾ 

ਵਾਹ! ਕੁੱਲ ਆਲਮ ਦੇ ਸਭ ਤੋਂ ਜ਼ਰਖ਼ੇਜ਼ ਖਿੱਤੇ ਪੰਜਾਬ ਦੀ ਰੂਹ ਦੇ ਤਰਜਮਾਨ ਸ਼ਹਿਰ ਲਾਹੌਰ ਦੀ ਗੱਲ । ਲਾਹੌਰ ਦਾ ਜ਼ਿਕਰ ਕਿਧਰੇ ਵੀ ਪੜ੍ਹਨ ਸੁਣਨ ਨੂੰ ਮਿਲੇ ਤਾਂ ਮਨ ਵਿੱਚ ਜ਼ਿਆਰਤ ਦੇ ਭਾਵ ਉਪਜਦੇ ਨੇ, ਇਸ ਜ਼ਿਕਰ ਮਾਤਰ ਨਾਲ ਹੀ ਮਨ ਬਾਬੇ ਨਾਨਕ ਨੂੰ ਸਿਜਦਾ ਕਰਦਾ ਹੋਇਆ, ਸ਼ੇਰ-ਏ-ਪੰਜਾਬ ਨੂੰ ਮਿਲ ਕੇ ਦੱਰਾ ਖ਼ੈਬਰ ਤੱਕ ਦਾ ਸਫ਼ਰ ਆਪ ਮੁਹਾਰੇ ਹੀ ਕਰ ਆਉਂਦਾ ਹੈ। ਭਗਤ ਸਿੰਘ ਅੱਖਾਂ ਸਾਹਮਣੇ ਹੀ ਅੰਗਰੇਜ਼ ਖ਼ਿਲਾਫ਼ ਐਕਸ਼ਨ ਕਰਕੇ ਫ਼ਾਂਸੀ ‘ਤੇ ਝੂਲਦਾ ਨਜ਼ਰ ਆਉਂਦਾ ਹੈ ਪਰ ਤਵਾਰੀਖ਼ ਦੇ ਕਾਲ਼ੇ ਦੌਰ ਦੌਰਾਨ ਖਿੱਚੀ ਇੱਕ ਕੁਲਹਿਣੀ ਲਕੀਰ ਨੇ ਸਾਡੇ ਇਤਿਹਾਸਿਕ ਮਾਣ, ਸਾਡੀ ਤਹਿਜ਼ੀਬ, ਸਾਡੀ ਹੋਂਦ ਦੇ ਬਰਾਬਰ ਲਾਹੌਰ ਨੂੰ ਸਾਡੇ ਤੋਂ ਲੱਖਾਂ ਮੀਲ ਦੂਰ ਕਰ ਸਾਨੂੰ ਅਣਜੰਮਿਆ ਜਿਹਾ ਕਰ ਦਿੱਤਾ। 

ਮੈਂ ਹੁਣ ਤੱਕ ਇਸ ਲਕੀਰ ਦੇ ਨਾਲ ਲੱਗਦੇ ਤਿੰਨ ਜ਼ਿਲ੍ਹਿਆਂ ਵਿੱਚ ਸਰਵਿਸ ਕਰ ਚੁੱਕਿਆ ਹਾਂ । ਚੜ੍ਹਦੇ ਲਹਿੰਦੇ ਦੇ ਇਸ ਪੌਣੀ ਸਦੀ ਦੇ ਵਿਛੋੜੇ ‘ਚੋਂ ਉਪਜਿਆ ਕਰਕੇ ਮੈਨੂੰ ਰਣਜੀਤ ਸਾਗਰ ਡੈਮ ‘ਤੇ ਰੋਕਿਆ ਪਾਣੀ ਵੀ ਇਹੀ ਕਹਿੰਦਾ ਜਾਪਦਾ, ਮੈਨੂੰ ਕਿਉਂ ਡੱਕਿਆ, ਜਾਣ ਦਿਉ, ਮੈਂ ਲਾਹੌਰ ਜਾਣਾ, ਫਿਰ ਗਿੱਲ ਰੌਂਤਾ ਵਿਚਾਰਾ ਕੀ ਚੀਜ਼ ਆ। ਗਿੱਲ ਰੌਂਤਾ ਤਾਂ ਔਰਗੈਨਿਕ ਬੰਦਾ, ਸਿਰੇ ਦਾ ਸਾਫ਼ ਦਿਲ, ਵਧੀਆ ਲੇਖਕ, ਪੁੱਜ ਕੇ ਯਾਰਾਂ ਦਾ ਯਾਰ ਹੈ। ਲਾਹੌਰ ਦੇ ਨਾਮ ਤੇ ਆਮ 

ਪੰਜਾਬੀ ਵੀ ਸ਼ਾਇਦ ਏਦਾਂ ਹੀ ਮਹਿਸੂਸ ਕਰਦਾ ਹੈ। ਹੱਥਲੀ ਕਿਤਾਬ ਵਿੱਚੋਂ ਗੁਰਵਿੰਦਰ ਸਿੰਘ ‘ਗਿੱਲ ਰੌਂਤੇ’ ਦਾ ਲਾਹੌਰ ਜਾਣ ਬਾਰੇ ਚਾਅ ਪਰ ਨਾਲ ਦੀ ਨਾਲ ਪਾਕਿਸਤਾਨ ਦੀ ਮੋਹਰ ਬਾਰੇ ਖ਼ਦਸ਼ੇ ਦੋਨਾਂ ਪੰਜਾਬਾਂ ਦੇ ਲੋਕਾਂ ਦੀ ਦਿਲੀ ਮੋਹ-ਮੁਹੱਬਤ ਜਿਵੇਂ ਇਤਿਹਾਸਿਕ ਗ਼ਲ਼ਤੀ ਮੁਆਫ਼ੀਨਾਮਾ ਹੋਵੇ, ਸਾਰੀਆਂ ਹੀ ਗੱਲਾਂ ਦਾ ਪਾਠਕ ਆਨੰਦ ਉਠਾ ਸਕਦੇ ਹਨ। 

ਮੈਂ ਪੱਕੇ ਯਕੀਨ ਨਾਲ ਕਹਿ ਸਕਦਾ ਹਾਂ ਕਿ ਜਦੋਂ ਗਿੱਲ ਨੇ ਕਿਹਾ ਹੋਏਗਾ ਕਿ ‘ਹੈਲੋ ! ਮੈਂ ਲਾਹੌਰ ਤੋਂ ਬੋਲਦਾਂ” ਤਾਂ ਉਸ ਸਮੇਂ ਉਸਦੀਆਂ ਅੱਖਾਂ ‘ਚ ਅੱਥਰੂਆਂ ਦੇ ਨਾਲ-ਨਾਲ ਉਸਦੇ ਸੀਨੇ ਦੀ ਚੌੜਾਈ ਵੀ ਜ਼ਰੂਰ ਵਧ ਗਈ ਹੋਵੇਗੀ। 

ਇਸ ਕਿਤਾਬ ਦੇ ਮਕਸਦ ਦਾ ਸਿਖ਼ਰ ਗਿੱਲ ਦਾ ਉਹ ਸੁਪਨਾ ਹੋ ਨਿੱਬੜਦਾ ਹੈ ਜਦੋਂ ਉਹ ਪਿਸ਼ਾਵਰ ਤੋਂ ਪਿਆਜ਼ ਲੱਦਕੇ ਲੈ ਕੇ ਆਉਣ ਦੀ ਗੱਲ ਕਰਦਾ ਹੈ। ਇਹ ਗੱਲ ਕੁਥਾਵੀਂ ਨਹੀਂ ਹੈ ਕਿ ਉਹ ਸਮੇਂ ਵੀ ਆਉਣਗੇ ਜਦੋਂ ਇਨਸਾਨੀ ਗੁਣਾਂ ਤੇ ਆਪਸੀ ਮੋਹ-ਮੁੱਹਬਤ ਦਾ ਘੇਰਾ ਧਰਮਾਂ ਨਾਲੋ ਬਹੁਤ ਵਸੀਹ ਹੋਏਗਾ। ਸਮੁੱਚੇ ਪੰਜਾਬ, ਲਾਹੌਰ ਤੇ ਗਿੱਲ ਰੌਂਤੇ ਦੀ ਕਲਮ ਦੇ ਬੁਲੰਦ ਇਕਬਾਲ ਦੀ ਕਾਮਨਾ ਕਰਦਾ ਹੋਇਆ। 

ਕੁਲਵੰਤ ਸਿੰਘ ਧੂਰੀ 

ਆਈ.ਏ.ਐੱਸ. 

ਡਿਪਟੀ ਕਮਿਸ਼ਨਰ ਮੋਗਾ 

 

ਸਫ਼ਲ ਗੀਤਕਾਰ ਦਾ ਸਫ਼ਰਨਾਮਾ 

ਗੁਰਵਿੰਦਰ ਸਿੰਘ ‘ਗਿੱਲ ਰੌਂਤੇ’ ਵਾਲ਼ਾ ਪੰਜਾਬੀ ਗੀਤਕਾਰੀ ਦਾ ਜਾਣਿਆ ਪਛਾਣਿਆ ਨਾਂ ਹੈ। ਗੀਤਕਾਰ ਵਜੋਂ ਉਸਦਾ ਸਫ਼ਰ ਕੋਈ ਬਾਰਾਂ ਕੁ ਸਾਲ ਪੁਰਾਣਾ ਹੈ ਤੇ ਇਹਨਾਂ ਸਾਲਾਂ ਵਿੱਚ ਗਿੱਲ ਰੌਂਤੇ ਨੇ ਪੰਜਾਬੀ ਗੀਤਕਾਰੀ ਵਿੱਚ ਸਨਮਾਣਯੋਗ ਕੰਮ ਕੀਤਾ ਹੈ। ਦੁਨੀਆਂ ਵਿੱਚ ਵੱਸਦੇ ਪੰਜਾਬੀਆਂ ਨੇ ਉਸਦੇ ਗੀਤਾਂ ਨੂੰ ਰੱਜ ਕੇ ਮਾਣਿਆ ਹੈ ਤੇ ਉਹਨੂੰ ਬਹੁਤ ਪਿਆਰ ਦਿੱਤਾ ਹੈ। ਗਿੱਲ ਰੌਂਤੇ ਦੀ ਲੇਖਣੀ ਦਾ ਆਪਣਾ ਵੱਖਰਾ ਅੰਦਾਜ਼ ਹੈ, ਉਹਦੇ ਕੋਲ ਬਾਕਮਾਲ਼ ਸ਼ਬਦ ਭੰਡਾਰ ਹੈ। ਜਿਹੜੀ ਸਧਾਰਨ ਤੇ ਠੇਠ ਪੰਜਾਬੀ ਵਿੱਚ ਉਹ ਗੀਤ ਰਚਦਾ ਹੈ ਰੱਬ ਦਾ ਸ਼ੁਕਰ ਏ ਕਿ ਉਹਦੀ ਬੋਲੀ ਦਾ ਅਜੇ ਸ਼ਹਿਰੀਕਰਨ ਨਹੀਂ ਹੋਇਆ। ਮੈਨੂੰ ਉਮੀਦ ਹੈ ਕਿ ਉਸਦੇ ਕਈ ਗੀਤ ਦਹਾਕਿਆਂ ਬਾਅਦ ਵੀ ਆਪਣੀ ਖ਼ੁਸ਼ਬੂ ਬਰਕਰਾਰ ਰੱਖਣਗੇ। ਜਿਵੇਂ ਕਿ ਅਸੀਂ ਜਿੱਤਾਂਗੇਂ ਜ਼ਰੂਰ ਜਾਰੀ ਜੰਗ ਰੱਖਿਓ। 

ਉਹਨੇ ਭਾਵੇਂ ਹਰ ਵਿਸ਼ੇ ‘ਤੇ ਆਪਣੀ ਕਲਮ ਦਾ ਜ਼ੋਰ ਅਜ਼ਮਾਇਆ ਹੈ ਪਰ ਉਹਦੇ ਗੀਤ ਅਕਸਰ ਹੀ ਚੜ੍ਹਦੀ ਕਲਾ ਦਾ ਸੁਨੇਹਾ ਦੇ ਜਾਂਦੇ ਨੇ ਤੇ ਜਾਂਦੇ ਜਾਂਦੇ ਪੰਜਾਬ ਦੀਆਂ ਕਦਰਾਂ ਕੀਮਤਾਂ ਦੀ ਗੱਲ ਵੀ ਕਰ ਜਾਂਦੇ ਨੇ । ਉਹਨੂੰ ਭ੍ਰਿਸ਼ਟ ਸਰਕਾਰਾਂ ਤੇ ਗੰਦੇ ਸਿਸਟਮ ਦੇ ਚੂੰਢੀ ਵੱਢਣੀ ਆਉਂਦੀ ਹੈ ਪਰ ਅੱਜ “ਗਿੱਲ ਰੌਂਤਾ” ਜਿਸ ਕਾਰਜ ਕਰਕੇ ਚਰਚਾ ਵਿੱਚ ਹੈ ਉਹ ਹੈ ਉਸਦੀ ਹਥਲੀ ਕਿਤਾਬ ‘ਹੈਲੋ! ਮੈਂ ਲਾਹੌਰ ਤੋਂ ਬੋਲਦਾਂ’ 

ਇਹ ਕਿਤਾਬ ਉਸਦੀ ਪਹਿਲੀ ਪਾਕਿਸਤਾਨ ਫੇਰੀ, ਖ਼ਾਸ ਕਰਕੇ ਲਾਹੌਰ ਵੇਖਣ ਦੀ ਇੱਛਾ ਅਤੇ ਆਪਣੇ ਸਫ਼ਰ ਦੇ ਅਨੁਭਵ ਵਿੱਚੋਂ ਤਿਆਰ ਹੋਈ ਹੈ। ਇਹ ਕਿਤਾਬ ਗਿੱਲ ਰੌਂਤੇ ਦੇ ਆਪਣੇ ਜਜ਼ਬਾਤ ਦੇ ਵਹਾਅ ਵਿੱਚੋ ਨਿਕਲੀ ਮਹਿਸੂਸ ਹੁੰਦੀ ਹੈ। ਉਸਨੇ ਆਪਣੇ ਕੁਝ ਦਿਨਾਂ ਦੇ ਸਫ਼ਰ ਦੌਰਾਨ ਮਿਲੇ ਢੇਰ ਸਾਰੇ ਪਿਆਰ ਨੂੰ ਅਜ਼ੀਮ ਸ਼ਖਸੀਅਤਾਂ ਦੇ ਮੇਲ ਮਿਲਾਪ ਨੂੰ ਬੜੀ ਸ਼ਿੱਦਤ ਨਾਲ ਪੇਸ਼ ਕੀਤਾ ਹੈ। 

ਭਾਵੇਂ ਭਾਰਤ ਤੇ ਪਾਕਿਸਤਾਨ ਦੇ ਰਾਜਨੀਤਿਕ ਲੋਕਾਂ ਦੀ ਸੌੜੀ ਸੋਚ ਕਰਕੇ ਦੋਵਾਂ ਦੇਸ਼ਾਂ ਦਰਮਿਆਨ ਮਾਹੌਲ ਅਕਸਰ ਖਿੱਚੋਤਾਣ ਵਾਲਾ ਰਹਿੰਦਾ ਹੈ ਪਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਬੋਲੀ ਵੀ ਸਾਂਝੀ ਹੈ, ਮੁਹੱਬਤ ਵੀ ਸਾਂਝੀ ਹੈ, ਪੀੜ ਵੀ ਸਾਂਝੀ ਹੈ ਤੇ ਰੀਤੀ ਰਿਵਾਜ ਵੀ ਸਾਂਝੇ ਨੇ। ਇਹ ਪਿਆਰ ਦੀ ਖਿੱਚ ਨੂੰ ਦੋਵੇਂ ਹਕੂਮਤਾਂ ਰਲਕੇ ਵੀ ਮੱਠਾ ਨਹੀਂ ਪਾ ਸਕੀਆ ਸਗੋਂ ਦਿਨ-ਬ-ਦਿਨ ਦੋਹਾਂ ਪੰਜਾਬਾਂ ਦੇ ਪਿਆਰ ਦੀਆਂ ਗੰਢਾਂ ਹੋਰ ਵੀ ਪੀਡੀਆਂ ਹੁੰਦੀਆਂ ਗਈਆਂ । ਚੜ੍ਹਦੇ ਪੰਜਾਬ ਵਿੱਚ ਬੈਠਾ ਹਰ ਸਿੱਖ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨਾਂ ਲਈ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਹੈ। ਗਿੱਲ ਰੌਂਤੇ ਨੂੰ ਇਸ ਫੇਰੀ ਦੀ ਖਿੱਚ ਤੇ ਚਾਅ ਹੋਣਾ ਸੁਭਾਵਿਕ ਹੀ ਸੀ। ਏਸੇ ਕਰਕੇ ਗਿੱਲ ਰੌਂਤਾ ਲਹਿੰਦੇ ਪੰਜਾਬ ਦੀ ਮਿੱਟੀ ਨੂੰ ਨਤਮਸਤਕ ਹੋਣ ਲੱਗਿਆ ਸ਼ੇਰ-ਏ- ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਨਹੀਂ ਭੁੱਲਦਾ। “ਗਿੱਲ ਰੌਂਤਾ” ਲਾਹੌਰ ਦੇ ਖਾਣੇ ਦੇ ਸਵਾਦ ਦੀ ਗੱਲ ਵੀ ਕਰਦਾ । ਪੰਜਾਬੀ ਦੇ ਸਿਰਮੌਰ ਲੇਖਕ ਬਾਬਾ ਨਜਮੀ ਜੀ ਨਾਲ ਮੁਲਾਕਾਤ ਦਾ ਖ਼ਾਸ ਜ਼ਿਕਰ ਕਰਦਾ ਉਹ ਲਿਖਦਾ ਹੈ ਕਿ ਮੈਂ ਕਦੇ ਸੋਚਿਆ ਨਹੀਂ ਸੀ ਕਿ ਬਾਬਾ ਜੀ ਨਾਲ ਇਸ ਤਰ੍ਹਾਂ ਮੁਲਾਕਾਤ ਹੋਵੇਗੀ। ਲਹਿੰਦੇ ਪੰਜਾਬ ਵਿੱਚ ਵਿਚਰਦਿਆਂ ਮਿਲੇ ਪਿਆਰ ਦਾ ਥਾਂ- ਥਾਂ ਜ਼ਿਕਰ ਕਰਦਾ ਹੈ। ਗਿੱਲ ਰੌਂਤਾ ਉਜਾੜੇ ਵੇਲੇ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਜਾ ਕੇ ਵੱਸੇ ਕਈ ਬਜ਼ੁਰਗਾਂ ਨੂੰ ਮਿਲਦਾ ਤੇ ਉਹ ਪੀੜ ਮਹਿਸੂਸ ਕਰਦਾ ਜੋ ਦੋਵੇਂ ਪੰਜਾਬਾਂ ਨੇ ਆਪਣੇ ਨੰਗੇ ਪਿੰਡੇ ‘ਤੇ ਹੰਢਾਈ। ਅੱਜ ਵੀ ਉਹ ਲੋਕ ਉਸ ਵੇਲ਼ੇ ਨੂੰ ਯਾਦ ਕਰਕੇ ਇੱਧਰੋਂ ਆਪਣੇ ਪੁਰਾਣੇ ਪਿੰਡ ਵੇਖਣ ਗਏ ਗਲ਼ ਲੱਗ ਕੇ ਰੋਂਦੇ ਵੇਖੇ ਨੇ। “ਗਿੱਲ ਰੌਂਤਾ” ਲਾਹੌਰ ਦੇ ਬਾਜ਼ਾਰਾਂ ਦਾ ਜ਼ਿਕਰ ਕਰਦਾ, ਉਹਨੂੰ ਕੁਝ ਵੀ ਓਪਰਾ ਨਹੀਂ ਲੱਗਦਾ । ਉਹਨੂੰ ਲੱਗਦਾ ਇਹ ਸਭ ਨਾਲ ਉਹਦਾ ਕੋਈ ਪੁਰਾਣਾ ਰਿਸ਼ਤਾ ਹੈ। ਉਹ ਲਿਖਦਾ ਕਿ ਇਹ ਸੁਪਨਾ ਮੇਰੇ ਹੀ ਨਹੀਂ ਸਗੋਂ ਸਾਰੇ ਪੰਜਾਬੀਆਂ ਦਾ ਸੁਪਨਾ ਹੈ ਕਿ ਦੋਵਾਂ ਪੰਜਾਬਾਂ ਦਰਮਿਆਨ ਵਪਾਰ ਦੀ ਖੁੱਲ੍ਹ ਹੋਵੇ ਆਉਣ ਜਾਣ ਦੀ ਖੁੱਲ ਹੋਵੇ । ਬੇਰੋਕ ਟੋਕ ਅਸੀਂ ਇਧਰੋ ਉੱਧਰ ਆ ਜਾ ਸਕੀਏ ਤੇ ਆਪਣੇ ਭਰਾਵਾਂ ਨੂੰ ਆਪਣੇ ਮਿੱਤਰ ਪਿਆਰਿਆਂ ਨੂੰ ਜਦ ਜੀਅ ਚਾਹੀਏ ਮਿਲ ਸਕੀਏ। “ਗਿੱਲ ਰੌਂਤਾ” ਲਾਹੌਰ ਦੇ ਵਿੱਚ ਮਿਲੇ ਆਪਣੇ ਖਾਸ ਸੱਜਣਾਂ ਦ ਖ਼ਾਸ ਜ਼ਿਕਰ ਕਰਦਾ ਤੇ ਦਿਲੋਂ ਧੰਨਵਾਦ ਕਰਦਾ ਜਿੰਨ੍ਹਾਂ ਦੀ ਹਿੰਮਤ ਸਦਕਾ ਅਨੇਕਾਂ ਪਰਿਵਾਰਾਂ ਨੂੰ ਵਿੱਛੜੇ ਭੈਣ-ਭਰਾ ਮਿਲ਼ੇ, ਜਿੰਨ੍ਹਾਂ ਨੇ ਵਿੱਛੜਿਆਂ ਦੀ ਗਲਵੱਕੜੀ ਪਵਾਈ। 

ਮੈਂ ਅਰਦਾਸ ਕਰਦਾ ਹਾਂ ਕਿ “ਗਿੱਲ ਰੌਂਤੇ” ਦੇ ਗੀਤਾਂ ਵਾਂਗੂੰ ਇਹ ਕਿਤਾਬ ‘ਹੈਲੋ ! ਮੈਂ ਲਾਹੌਰ ਤੋਂ ਬੋਲਦਾਂ’ ਪਾਠਕਾਂ ਨੂੰ ਖੂਬ ਪਸੰਦ ਆਵੇ । 

ਰੱਬ ਕਰੇ ਗਿੱਲ ਦੀ ਕਲ਼ਮ ਨਿਰੰਤਰ ਚੱਲਦੀ ਰਹੇ ਤੇ ਆਪਣੇ ਪਾਠਕਾਂ ਤੇ ਸਰੋਤਿਆਂ ਦੇ ਮਨਾਂ ਦੀ ਤੇਹ ਬੁਝਾਉਦੀ ਰਹੇ । 

ਰਾਜਵਿੰਦਰ ਸਿੰਘ  ‘

ਰਾਜ ਕਾਕੜਾ’ 

ਏਨੀ ਕੁ ਹੈ ਮੇਰੀ ਬਾਤ 

ਮੈਂ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਰੌਂਤਾ ਵਿੱਚ ਵੱਸਦੇ ਖੇਤੀਬਾੜੀ ਵਾਲੇ ਉਸ ਪਰਿਵਾਰ ਵਿੱਚ ਜੰਮਿਆ, ਜਿਸਦਾ ਦੂਰ ਦੂਰ ਤੱਕ ਵੀ ਲਿਖਣ ਤੇ ਗਾਉਣ ਨਾਲ ਕੋਈ ਸਬੰਧ ਨਹੀਂ ਰਿਹਾ। 

ਉਪਰੋਂ ਮੇਰੇ ਬਾਪੂ ਜੀ ਸ. ਦਰਸ਼ਨ ਸਿੰਘ ਗਿੱਲ ਮੇਰੇ ਬਚਪਨ ਵਿੱਚ ਹੀ ਇਸ ਦੁਨੀਆਂ ਤੋਂ ਚਲੇ ਗਏ। ਮੇਰੀ ਮਾਂ ਸਰਦਾਰਨੀ ਰਛਪਾਲ ਕੌਰ, ਵੱਡੇ ਭਰਾ ਤੇ ਦੋਹਾਂ ਭੈਣਾਂ ਨੇ ਮੈਨੂੰ ਪਾਲ਼ਿਆ ਹੈ। ਆਪਣੇ ਸਾਰੇ ਪਰਿਵਾਰ ਵਾਂਗ ਹੀ ਮੈਨੂੰ ਵੀ ਲਿਖਣ ਗਾਉਣ ਦਾ ਕੋਈ ਸ਼ੌਕ ਨਹੀਂ ਸੀ। 

ਮੈਨੂੰ ਆਪ ਨੂੰ ਇਹ ਗੱਲ ਸਪਸ਼ਟ ਨਹੀਂ ਪਤਾ ਬਈ ਮੈਂ ਕਿਵੇਂ ਗੀਤ ਲਿਖਣ ਲੱਗ ਪਿਆ। ਗੁਰੂ ਦੀ ਕਿਰਪਾ ਨਾਲ ਬਚਪਨ ਵਿੱਚ ਕੁਝ ਗੀਤ ਚੰਗੇ ਸੁਣ ਲਏ ਤੇ ਮੈਂ ਬਿਨਾ ਕਿਸੇ ਪਹਿਲਾਂ ਯੋਜਨਾ ਤੋਂ ਫ਼ਿਲਮਾਂ ਲਿਖਣ ਦੀ ਕੋਸਸ਼ਿ ਕੀਤੀ। ਪਹਿਲੀਆਂ ਲਿਖੀਆਂ ਦੋਵੇਂ ਕਹਾਣੀਆਂ “ਕਾਕਾ ਜੀ” ਤੇ “ਐੱਸ ਆਈ ਐੱਮ ਸਟੂਡੈਂਟ” ਸੀ ਜਿਸ ਵਿੱਚ ਪੰਜਾਬੀਆਂ ਦੇ ਸਿਰਮੌਰ ਲਿਖਾਰੀ, ਗਾਇਕ ਤੇ ਸ਼ੇਰ ਦਲੇਰ ਪੁੱਤਰ ਸਿੱਧੂ ਮੂਸੇਵਾਲੇ ਨੇ ਕੰਮ ਕੀਤਾ। 

ਫ਼ਿਲਮਾਂ ਬਣ ਗਈਆ। ਸਿੱਧੂ ਵਾਲੀ ਫ਼ਿਲਮ ਵਿੱਚ ਕਨੇਡਾ ਦੀ ਸੂਟਿੰਗ ਸਮੇਂ ਇੱਕ ਐਕਟਰ ਦਾ ਮੌਕੇ ਤੇ ਵੀਜ਼ਾ ਰੱਦ ਹੋਣ ਕਰਕੇ ਮੈਨੂੰ ਐਕਟਰ ਵਜੋਂ ਵੀ ਕੰਮ ਕਰਨ ਦਾ ਮੌਕਾ ਆਪੇ ਹੀ ਦਾਤੇ ਨੇ ਦੇ ਦਿੱਤਾ। ਮੈਂ ਇਹ ਸਾਰੀਆਂ ਗੱਲਾਂ ਇਸ ਲਈ ਦੱਸੀਆਂ ਹਨ ਕਿ ਮੇਰਾ ਇਸ ਖੇਤਰ ਨਾਲ ਵਾਹ ਮਿੱਥ ਕੇ ਨਹੀਂ ਪਿਆ ਸਗੋਂ ਆਪ ਮੁਹਾਰੇ ਹੀ ਚੱਲ ਰਿਹਾ ਵਰਤਾਰਾ ਹੈ। ਇਹ ਕਿਤਾਬ “ਹੈਲੋ ਮੈਂ ਲਾਹੌਰ ਤੋਂ ਬੋਲਦਾਂ” ਵੀ ਏਸੇ ਵਰਤਾਰੇ ਚੋਂ ਨਿਕਲੀ ਹੈ। 

ਮੈਂ ਲਾਹੌਰ ਨਨਕਾਣਾ ਸਾਹਿਬ ਸਭ ਵਾਂਗ ਹੀ ਦਰਸ਼ਨ ਕਰਨ ਗਿਆ ਸੀ ਪਰ ਉੱਥੇ ਇੱਕ ਦਮ ਸੋਚ ਲਿਆ ਇਸ ਫੇਰੀ ਤੇ ਕਿਤਾਬ ਲਿਖਾਂਗੇ। ਬੱਸ ਫੇਰ ਉੱਥੇ ਹੀ ਨਾਂ ਤੇ ਥਾਂ ਨੋਟ ਕਰਨੇ ਸ਼ੁਰੂ ਕਰ ਦਿੱਤੇ । ਨੋਟ ਕੀ, ਰਾਤ ਨੂੰ ਸੌਣ ਵੇਲੇ ਲਗਪਗ ਸਾਰੇ ਦਿਨ ਦਾ ਮੋਟਾ ਮੋਟਾ ਹਾਲ ਕੰਪਿਊਟਰ ਤੇ ਟਾਈਪ ਕਰਕੇ ਹੀ ਸੌਂਦਾ ਸੀ। ਸੋਚਿਆ ਸੀ ਚੜ੍ਹਦੇ ਪੰਜਾਬ ਜਾਣ ਸਾਰ ਦੋ ਤਿੰਨ ਮਹੀਨੇ ਵਿੱਚ ਹੀ ਛਾਪ ਦੇਵਾਂਗੇ।  

ਪਰ ਮੈਂ ਅਪ੍ਰੈਲ ਚ ਵਾਪਸ ਆਇਆ ਤੇ 29 ਮਈ 2022 ਦੇ ਕਾਲੇ ਦਿਨ ਭਰਾਵਾਂ ਵਰਗਾ ਯਾਰ ਸਿੱਧੂ ਦੁਨੀਆਂ ਤੋਂ ਚਲਿਆ ਗਿਆ । ਫੇਰ ਕਿੱਥੇ ਕੁਝ ਸੁੱਝਣਾ ਸੀ ਸਾਰੇ ਪੰਜਾਬੀਆਂ ਵਾਂਗ ਮਨ ਬੁਝ ਗਿਆ ਤੇ ਹੁਣ ਹੌਲ਼ੀ ਹੌਲ਼ੀ ਦੋ ਸਾਲਾਂ ਬਾਅਦ ਇਸ ਕਿਤਾਬ ਦਾ ਅਧੂਰਾ ਕੰਮ ਪੂਰਾ ਹੋਇਆ। 

ਪੂਰਾ ਵੀ ਮੇਰੇ ਤੋਂ ਕਿੱਥੇ ਹੋਣਾ ਸੀ ਜੇ ਸੱਜਣਾਂ ਦਾ ਸਾਥ ਨਾ ਮਿਲਦਾ। ਕਿਉਂਕਿ ਕਿਤਾਬ ਲਿਖ ਦੇਣੀ ਇਹ ਕਹਿਣਾ ਸੌਖਾ ਪਰ ਅਸਲ ਵਿੱਚ ਇਹ ਕੰਮ ਕਾਫੀ ਸ਼ਿੱਦਤ, ਮੁੱਹਬਤ ਤੇ ਸਬਰ ਮੰਗਦਾ ਹੈ। ਇਹ ਕਿਤਾਬ ਤਾਂ ਮੇਰੇ ਬਾਈ ਹਰਿੰਦਰ ਭੁੱਲਰ ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਜੀ ਕਰਕੇ ਤੁਹਾਡੇ ਹੱਥਾਂ ਵਿੱਚ ਆਈ ਹੈ। 

ਹੋਇਆ ਇਹ ਕਿ ਮੈਂ ਸੋਚਿਆ ਬਈ ਇਸ ਵਾਰ ਇਹ ਕਿਤਾਬ ਸਿਰੇ ਲਾਈਏ। ਮੈਨੂੰ ਲੱਗਦਾ ਸੀ ਮੋਟਾ ਮੋਟਾ ਟਾਈਪ ਤਾਂ ਕੀਤਾ ਹੀ ਪਿਆ, ਬੱਸ ਥੋੜਾ ਸੈੱਟ ਕਰਕੇ ਹੀ ਲਿਖਦੈਂ, ਪਰ ਜਦੋ ਸ਼ੁਰੂ ਕੀਤਾ ਪਤਾ ਲੱਗਾ ਕਿ ਇਹ ਕੰਮ ਵੱਡਾ। ਉੱਥੇ ਟਾਈਪ ਕੀਤਾ ਤਾਂ ਸਿਰਫ਼ ਨੁਕਤੇ ਹੀ ਨੇ। 

ਚਲੋ! ਮੈਂ ਲਿਖਣਾ ਸ਼ੁਰੂ ਕੀਤਾ ਤਾਂ ਕਈ ਦਿਨ ਹਟ ਹਟ ਲੱਗਦਾ ਰਿਹਾ। ਇੰਨਾਂ ਦਿਨਾਂ ਵਿੱਚ ਹੀ ਵੱਡਾ ਬਾਈ ਹਰਿੰਦਰ ਭੁੱਲਰ ਮਿਲ ਪਿਆ। ਲਾਹੌਰ ਦੀ ਗੱਲ ਚੱਲੀ ਤੇ ਨਾਲੇ ਕਿਤਾਬ ਦੀ ਵੀ ਚੱਲ ਪਈ । ਬਾਈ ਮੈਨੂੰ ਪੰਜਾਬੀ ਬਾਰੇ ਦੱਸਣ ਲੱਗੇ ਕਿ ਲੱਲੇ ਦੇ ਪੈਰ ਵਿੱਚ ਬਿੰਦੀ ਕਦੋਂ ਪੈਂਦੀ ਹੈ ਤੇ ਕਦੋਂ ਨਹੀ। ਬਾਈ ਮੈਨੂੰ ਸ਼ੁੱਧ ਪੰਜਾਬੀ ਲਿਖਣ ਬਾਰੇ ਦੱਸ ਰਿਹਾ ਸੀ ਤੇ ਮੈਨੂੰ ਲੱਗਿਆ ਕਿ ਬਾਈ ਭੁੱਲਰ ਆਪਣਾ ਰਾਹ ਦਿਸੇਰਾ ਆ। ਹੁਣ ਨਹੀ ਗੁਆਚਦਾ ਮੈਂ । ਕਿਉਂਕਿ ਮੈਨੂੰ ਪਤਾ ਸੀ ਕਿ ਮੇਰੀ ਲਿਖਤ ਵਿੱਚ ਗਲਤੀਆਂ ਬਹੁਤ ਨੇ । ਕੋਈ ਸਹੀ ਕਰਨ ਵਾਲਾ ਚਾਹੀਦਾ ਤੇ ਹੁਣ ਬਾਈ ਭੁੱਲਰ ਤੋਂ ਬਿਹਤਰ ਕੌਣ ਹੋ ਸਕਦਾ ਸੀ? 

ਮੈਂ ਬਾਈ ਨੂੰ ਮਨਾ ਲਿਆ ਤੇ ਉਹ ਮੇਰੀ ਗੱਲ ਜਲਦੀ ਮੰਨ ਗਿਆ। ਬਾਈ ਨੂੰ ਲੱਗਦਾ ਸੀ ਸਾਰੀ ਟਾਈਪ ਤਾਂ ਕਰੀ ਫਿਰਦਾ, ਮਾੜੇ ਮੋਟੇ ਅੱਖਰ ਅਗਾਂਹ ਪਿਛਾਂਹ ਹੀ ਕਰਨੇ ਨੇ, ਉਹ ਸਹੀ ਕਰ ਦਿੰਨੇ ਆ । ਪਰ ਬਾਈ ਨੂੰ ਪਤਾ ਤਾਂ ਪੜ੍ਹੇ ਤੋਂ ਲੱਗਿਆ ਵੀ ਅੱਖਰ ਮਾੜੇ ਮੋਟੇ ਹੀ ਸਹੀ ਨੇ ਸਾਰੇ ਅਗਾਂਹ ਪਿਛਾਂਹ ਹੀ ਨੇ ਬੱਸ ਫੇਰ ਉੱਪਰੋਂ ਸਬਰ ਹੈ ਨਹੀਂ ਮੇਰੇ ਕੋਲ। ਦੇਹ ਫ਼ੋਨ ਤੇ ਫ਼ੋਨ! ਜੋ ਲਹੂ ਮੈਂ ਹਰਿੰਦਰ ਬਾਈ ਦਾ ਪੀਤਾ, ਕੋਈ ਹੋਰ ਹੁੰਦਾ ਤਾਂ ਪੱਲਾ ਛੁਡਾ ਜਾਂਦਾ, ਪਰ ਧੰਨ ਆ ਬਾਈ ਭੁੱਲਰ । 

ਬੱਸ ਇੱਕੋ ਗੱਲ ਕਹੀ ਗੁਰਵਿੰਦਰ ਤੂੰ ਤਾਂ ਮੈਨੂੰ ਐਨਕ ਲਵਾ ਤੀ ਉਏ। ਬਾਈ ਹਰਿੰਦਰ ਭੁੱਲਰ ਨੇ ਮੈਨੂੰ ਗੀਤਕਾਰੀ ਹੋਵੇ ਫ਼ਿਲਮ ਹੋਵੇ, ਕਿਤਾਬ ਹੋਵੇ ਹਰ ਗੱਲ ਵਿੱਚ ਉਂਗਲ ਫੜਕੇ ਤੋਰਿਆ।  

ਬਾਈ ਦਾ ਮੇਰੇ ਕੈਰੀਅਰ ਵਿੱਚ ਬਹੁਤ ਵੱਡਾ ਰੋਲ ਆ ਜੋ ਤੁਹਾਨੂੰ ਕਿਤਾਬ ਵਿੱਚੋਂ ਵੀ ਪਤਾ ਲੱਗ ਜਾਣਾ । ਚਲੋ ਖ਼ੈਰ! 

ਫੇਰ ਅਸੀਂ ਹੋਰ ਛਾਨਣੀ ਲੁਆਉਣ ਲਈ ਵੱਡੇ ਬਾਈ ਗੁਰਭਜਨ ਸਿੰਘ ਗਿੱਲ ਹੁਣਾਂ ਨੂੰ ਭੇਜੀ ਤਾਂ ਮੈਨੂੰ ਪਤਾ ਲੱਗਾ ਕਿ ਬੰਦੇ ਐਵੇਂ ਨਹੀਂ ਵੱਡੇ ਹੁੰਦੇ, ਉਨ੍ਹਾਂ ਚ ਸੱਚੀਂ ਵੱਡੇ ਗੁਣ ਹੁੰਦੇ ਨੇ। ਹੁਣ ਕਿਤਾਬ ਮੇਰੀ, ਫ਼ਿਕਰ ਬਾਈ ਜੀ ਨੂੰ । ਵਾਰ ਵਾਰ ਦੱਸਣਾ ਗੁਰਵਿੰਦਰ !ਇਹ ਕਰੋ, ਆਹ ਕਰੋ। 

ਹਰ ਗੱਲ ਦਾ ਫ਼ਿਕਰ ਕਿ ਕੁਝ ਗਲਤ ਨਾ ਹੋ ਜਾਵੇ । ਆਪ ਗਿੱਲ ਸਾਹਿਬ ਨੇ ਇਸ ਕਿਤਾਬ ਦੀ ਸੂਰਤ ਸੰਵਾਰੀ ਤੇ ਫ਼ਾਈਨਲ ਕੀਤੀ । ਮੇਰੇ ਲਈ ਇਹ ਚੰਗੇ ਭਾਗਾਂ ਵਾਲੀ ਗੱਲ ਹੈ ਕਿ ਇਹੋ ਜਹੇ ਸ਼ੁਭ ਚਿੰਤਕਾਂ ਨੇ ਮੇਰਾ ਸਾਥ ਦਿੱਤਾ। ਮੈਨੂੰ ਹੋਰ ਹੌਸਲਾ ਦਿੱਤਾ ਤੇ ਮੈਨੂੰ ਲਗਾਤਾਰ ਇਸ ਖੇਤਰ ਵਿੱਚ ਅੱਗੇ ਵਧਣਾ ਸਿਖਾ ਰਹੇ ਨੇ। 

ਹੁਣ ਕਿਤਾਬ “ਹੈਲੋ ਮੈਂ ਲਾਹੌਰ ਤੋਂ ਬੋਲਦਾਂ” ਤੁਹਾਡੇ ਹੱਥਾਂ ਵਿੱਚ ਹੈ। ਫ਼ੇਲ੍ਹ ਪਾਸ ਤੁਸਾਂ ਕਰਨੀ ਹੈ। ਪਰ ਮੇਰੇ ਬਾਕੀ ਸਾਰੇ ਕੰਮਾਂ ਵਾਂਗ ਕਿਤਾਬ ਲਿਖਣੀ ਨਾ ਮੇਰਾ ਸੁਪਨਾ ਸੀ ਨਾ ਕੋਈ ਯੋਜਨਾ । ਗੁਰੂ ਬਾਬਾ ਨਾਨਕ ਜੀ ਨੇ ਆਪੇ ਹੀ ਸਬੱਬ ਬਣਾ ਦਿੱਤਾ। ਇਸ ਵਿੱਚ ਮੇਰੀਆਂ ਲਿਖਣ ਪੱਖੋਂ ਤੁਹਾਨੂੰ ਬਹੁਤ ਊਣਤਾਈਆਂ ਲੱਭ ਸਕਦੀਆਂ ਨੇ ਪਰ ਮੈਂ ਸਾਰੀ ਗੱਲ ਬਾਤ ਉਹੀ ਲਿਖੀ ਹੈ ਜੋ ਮੈਂ ਦੇਖੀ, ਕੀਤੀ ਤੇ ਸੁਣੀ। ਉਸ ਵਿੱਚ ਕੋਈ ਰਲੇਵਾਂ ਨਹੀ ਕੀਤਾ। 

ਮੈਂ ਧੰਨਵਾਦੀ ਹਾਂ ਇਸ ਕਿਤਾਬ ਦੇ ਛਾਪਕ ਸ. ਗੁਰਿੰਦਰ ਸਿੰਘ ਪਰਿੰਟਵੈੱਲ ਅੰਮ੍ਰਿਤਸਰ ਦਾ, ਜਿੰਨ੍ਹਾਂ ਨੇ ਮੋਤੀਆਂ ਵਰਗੀ ਛਪਾਈ ਤੇ ਪੇਸ਼ਕਾਰੀ ਕਰਕੇ ਮੇਰਾ ਉਤਸ਼ਾਹ ਵਧਾਇਆ। ਇਹ ਕਿਤਾਬ ਪਾਕਿਸਤਾਨ ਵਿੱਚ ਵੀ ਨਾਲੋ ਨਾਲ ਸ਼ਾਹਮੁਖੀ ਅੱਖਰਾਂ ਵਿੱਚ ਛਪ ਰਹੀ ਹੈ ਜਿਸ ਲਈ ਮੈਂ ਸ਼ੇਖੂਪੁਰਾ ਵੱਸਦੇ ਲੇਖਕ ਦੋਸਤ ਮੁਹੰਮਦ ਆਸਿਫ਼ ਰਜ਼ਾ ਦਾ ਧੰਨਵਾਦੀ ਹਾਂ ਜਿਸ ਨੇ ਕੁਝ ਹੀ ਦਿਨਾਂ ਵਿੱਚ ਮੇਰੀ ਇਸ ਲਿਖਤ ਨੂੰ ਸ਼ਾਹਮੁਖੀ ਲਿਪੀ ਵਿੱਚ ਢਾਲ਼ਿਆ। ਮੈਨੂੰ ਇਸ ਪਲ ਕਿਤੇ ਪੜ੍ਹੇ ਸੁਣੇ ਪ੍ਰਸਿੱਧ ਪੰਜਾਬੀ ਕਵੀ ਭੂਸ਼ਨ ਧਿਆਨਪੁਰੀ ਜੀ ਦੇ ਬੋਲ ਯਾਦ ਆ ਰਹੇ ਨੇ। ਇਸ ਵਿੱਚ ਮੇਰਾ ਕੁਝ ਵੀ ਨਹੀਂ ਹੈ, ਇਹ ਤਾਂ ਹੈ ਮੌਸਮ ਸਿਰ ਸਿਹਰਾ ਜੇ ਮੇਰੇ ਗੁਲਦਸਤੇ ਵਿਚਲੇ ਤੈਨੂੰ ਫੁੱਲ ਪਿਆਰੇ ਲੱਗੇ। 

ਮੈਨੂੰ ਯਕੀਨ ਹੀ ਨਹੀਂ, ਪੱਕਾ ਵਿਸ਼ਵਾਸ ਹੈ ਕਿ ਤੁਸੀਂ ਇਹ ਕਿਤਾਬ ਨੂੰ ਪੜ੍ਹਦਿਆਂ ਆਪਣੇ ਆਪ ਨੂੰ ਲਾਹੌਰ ਹੀ ਫਿਰਦਿਆਂ ਮਹਿਸੂਸ ਕਰੋਗੇ। 

ਗੁਰਵਿੰਦਰ ਸਿੰਘ “ਗਿੱਲ ਰੌਂਤਾ” 

ਹੈਲੋ ! ਮੈਂ ਲਾਹੌਰ ਤੋਂ ਬੋਲਦਾਂ ਗੁਰਵਿੰਦਰ ਸਿੰਘ 'ਗਿੱਲ ਰੌਂਤਾ ਹੈਲੋ ! ਮੈਂ ਲਾਹੌਰ ਤੋਂ ਬੋਲਦਾਂ ਗੁਰਵਿੰਦਰ ਸਿੰਘ 'ਗਿੱਲ ਰੌਂਤਾ ਹੈਲੋ ! ਮੈਂ ਲਾਹੌਰ ਤੋਂ ਬੋਲਦਾਂ ਗੁਰਵਿੰਦਰ ਸਿੰਘ 'ਗਿੱਲ ਰੌਂਤਾ ਹੈਲੋ ! ਮੈਂ ਲਾਹੌਰ ਤੋਂ ਬੋਲਦਾਂ ਗੁਰਵਿੰਦਰ ਸਿੰਘ 'ਗਿੱਲ ਰੌਂਤਾ ਹੈਲੋ ! ਮੈਂ ਲਾਹੌਰ ਤੋਂ ਬੋਲਦਾਂ ਗੁਰਵਿੰਦਰ ਸਿੰਘ 'ਗਿੱਲ ਰੌਂਤਾ ਹੈਲੋ ! ਮੈਂ ਲਾਹੌਰ ਤੋਂ ਬੋਲਦਾਂ ਗੁਰਵਿੰਦਰ ਸਿੰਘ 'ਗਿੱਲ ਰੌਂਤਾ ਹੈਲੋ ! ਮੈਂ ਲਾਹੌਰ ਤੋਂ ਬੋਲਦਾਂ ਗੁਰਵਿੰਦਰ ਸਿੰਘ 'ਗਿੱਲ ਰੌਂਤਾ ਹੈਲੋ ! ਮੈਂ ਲਾਹੌਰ ਤੋਂ ਬੋਲਦਾਂ ਗੁਰਵਿੰਦਰ ਸਿੰਘ 'ਗਿੱਲ ਰੌਂਤਾ

ਪਾਕਿਸਤਾਨ ਜਾਣ ਦਾ ਸਬੱਬ 

ਮੇਰਾ ਪਾਕਿਸਤਾਨ ਜਾਣ ਦਾ ਵਿਚਾਰ ਤਾਂ ਮਨ ਅੰਦਰ ਬਹੁਤ ਚਿਰ ਦਾ ਬਣਿਆ ਹੋਇਆ ਸੀ ਪਰ ਕਦੋਂ ਤੇ ਕਿਵੇਂ ਜਾਣਾ ਨਾ ਕਦੇ ਸੋਚਿਆ ਸੀ ਤੇ ਨਾ ਹੀ ਕਿਸੇ ਨਾਲ ਕੋਈ ਗੱਲ ਕੀਤੀ ਸੀ। ਇੱਕ ਦਿਨ ਮੈਂ ਮੋਹਾਲੀ ਆਪਣੇ ਫ਼ਲੈਟ ਵਿੱਚ ਸੁੱਤਾ ਪਿਆ ਸੀ। ਮਾਰਚ ਦੇ ਅਖ਼ੀਰੀ ਦਿਨ ਹੋਣੇ ਆਂ, ਅਚਾਨਕ ਬਾਈ ਰੂਪ ਦਾ ਅਮਰੀਕਾ ਤੋਂ ਫ਼ੋਨ ਵੱਜਿਆ। ਬਾਈ ਰੂਪ ਮੇਰੇ ਪੜਦਾਦੇ ਸਰਦਾਰ ਜਗਤ ਸਿੰਘ ਗਿੱਲ ਦੇ ਭਰਾ ਦਾ ਪੜਪੋਤਾ ਅਤੇ ਤਾਏ ਮਲਕੀਤ ਸਿੰਘ ਗਿੱਲ, ਜੋ ਚਾਰ ਸਾਢੇ ਚਾਰ ਦਹਾਕੇ ਪਹਿਲਾਂ ਅਮਰੀਕਾ ਗਏ ਸਨ, ਉਹਨਾਂ ਦਾ ਪੁੱਤਰ ਆ। ਬਾਈ ਰੂਪ ਦਾ ਪੱਕਾ ਨਾਂ ਸਰਦਾਰ ਜਗਰੂਪ ਸਿੰਘ ਗਿੱਲ ਹੈ ਪਰ ਲਗਪਗ ਸਾਰਾ ਅਮਰੀਕਾ ਹੀ ਮੇਰੇ ਬਾਈ ਨੂੰ “ਜੇ ਗਿੱਲ “ਦੇ ਨਾਂ ਨਾਲ ਜਾਣਦੈ। ਭਾਵੇਂ ਮੇਰੇ ਤਾਇਆ ਜੀ ਸ. ਮਲਕੀਤ ਸਿੰਘ ਗਿੱਲ ਨੇ ਬਹੁਤ ਮਿਹਨਤ ਨਾਲ ਕੈਲੈਫੋਰਨੀਆ ਵਿੱਚ ਵੱਡੇ ਵੱਡੇ ਖੇਤੀ ਫਾਰਮ ਬਣਾਏ ਨੇ ਅਤੇ ਉਹ ਵੀ ਉੱਥੇ ਬਦਾਮਾਂ ਦੀ ਖੇਤੀ ਦੇ ਵੱਡੇ ਕਿਸਾਨਾਂ ਵਿੱਚ ਆਉਂਦੇ ਨੇ, ਪਰ ਸਾਡੇ ਬਾਈ ਰੂਪ ਨੇ ਇੰਜਨੀਰਿੰਗ ਦੀ ਉਚੇਰੀ ਪੜ੍ਹਾਈ ਕਰਕੇ ਜਿੱਥੇ ਤਾਇਆ ਜੀ ਨਾਲ ਖੇਤੀ ਸੰਭਾਲੀ ਉਥੇ ਆਪਣੇ ਆਪ ਕਾਰਾਂ ਦਾ ਵੱਡਾ ਬਿਜਨਸ ਖੜ੍ਹਾ ਕੀਤਾ। ਸੁੱਖ ਨਾਲ ਸਾਡੇ ਬਾਈ ਰੂਪ ਦੀਆਂ ਹੁਣ ਸਾਰੇ ਅਮਰੀਕਾ ਵਿੱਚ ਆਟੋ ਮੋਬਾਈਲ ਏਜੰਸੀਆਂ ਨੇ। ਗੱਲ ਮੁਕਾਉ, ਵਾਹਿਗੁਰੂ ਦੀ ਕਿਰਪਾ ਨਾਲ ਪੂਰੀ ਤੂਤੀ ਬੋਲਦੀ ਹੈ “ਜੇ ਗਿੱਲ” ਦੇ ਨਾਮ ਦੀ । ਸਾਡੀ ਭਾਬੀ ਤੇ ਬੱਚਿਆਂ ਦੇ ਸਹਿਯੋਗ ਨਾਲ ਬਾਈ ਅੱਗੇ ਤੋਂ ਅੱਗੇ ਜਾ ਰਿਹੈ। ਵਾਹਿਗੁਰੂ ਮਿਹਰ ਰੱਖਣ। 

ਪਿੰਡੋਂ ਤੁਰਨ ਤੋਂ ਲਾਹੌਰ ਤੀਕ  ਪਹਿਲਾ ਦਿਨ (12 ਅਪ੍ਰੈਲ, 2022) 

ਅੱਜ ਮਸਾਂ ਸਵੇਰ ਦੇ ਪੰਜ ਵਜੇ ਸੀ, ਮੈਂ ਉੱਠਿਆ ਤੇ ਭਾਬੀ ਨੇ ਚਾਹ ਬਣਾ ਦਿੱਤੀ। ਅੱਜ ਦਾ ਦਿਨ ਬੜੇ ਚੰਗੇ ਕਰਮਾਂ ਵਾਲਾ ਚੜ੍ਹਿਆ ਸੀ। ਮੈਥੋਂ ਚਾਅ ਚੁੱਕਿਆ ਨਹੀਂ ਸੀ ਜਾ ਰਿਹਾ ਤੇ ਇਸੇ ਚਾਅ ‘ਚ ਹੀ ਮੈਂ ਤਿਆਰੀ ਤਾਂ ਰਾਤ ਦੀ ਹੀ ਖਿੱਚੀ ਫਿਰਦਾ ਸੀ । ਸਭ ਕੱਪੜੇ-ਲੱਤੇ ਬੈਗ ‘ਚ ਪਾਏ ਹੋਏ ਸੀ । ਇਸ਼ਨਾਨ ਕਰਕੇ ਬੱਸ ਐਵੇਂ ਹੀ ਲੋਟ ਜਿਹਾ ਹੋਈ ਜਾਂਦਾ ਸੀ, ਇਹ ਚਾਅ ਵੱਖਰਾ ਹੀ ਸੀ, ਛੇ ਵਜੇ ਨੂੰ ਮੇਰੇ ਬੇਲੀ ਡਾ. ਰਾਜਵੀਰ ਤੇ ਲਵਲ਼ੀ ਘਰੇ ਆ ਗਏ, ਇਹਨਾਂ ਨੇ ਮੈਨੂੰ ਵਾਹਘੇ ਅਟਾਰੀ ਬਾਰਡਰ ‘ਤੇ ਛੱਡਣ ਜਾਣਾ ਸੀ। 

ਜਦੋਂ ਗੱਡੀ ‘ਚ ਸਮਾਨ ਰੱਖਣ ਲੱਗੇ ਤਾਂ ਬੀਬੀ ਕਹਿੰਦੀ, ਵੇ ਆਹ ਵੀ ਸਮਾਨ ਪਾ ਲੈ ਜਿਹੜਾ ਤੂੰ ਓਧਰ ਆਪਣੇ ਦੋਸਤਾਂ ਲਈ ਲੈ ਕੇ ਜਾਣਾ। ਮੈਂ ਦੋ ਦਿਨ ਪਹਿਲਾਂ ਸਟਾਲਿਨਵੀਰ ਨੂੰ ਕਹਿ ਕੇ ਰੀਝ ਦਿੱਲੀ ਵਾਲਿਆਂ ਤੋਂ ਲੋਈਆਂ ਲਈਆਂ ਸੀ, ਜਿੰਨ੍ਹਾਂ ‘ਤੇ ਪੁਰਾਣੇ ਪੰਜਾਬ ਦਾ ਨਕਸ਼ਾ ਕਢਾਈ ਕਰਕੇ ਬਣਾਇਆ ਹੋਇਆ ਸੀ ਤੇ ਵਿੱਚ ਗੁਰਮੁਖੀ ਤੇ ਪੰਜਾਬੀ ਲਿਖੀ ਸੀ ਨਾਲ ਸਟਾਲਿਨ ਵੀਰ ਦੇ ਇੱਕ ਦੋਸਤ ਵੀਰ ਆਰਟਿਸਟ ਖੁਸ਼ਵੰਤ ਸਿੰਘ ਤੋਂ ਸਾਂਝੇ ਪੰਜਾਬ ਦੇ ਕੁਝ ਨਕਸ਼ੇ ਕੱਪੜੇ ‘ਤੇ ਜੋ ਉਸਨੇ ਹੱਥੀਂ ਚਿਤਰੇ ਹੋਏ ਸਨ, ਮੈਂ ਉਹ ਦੋਸਤਾਂ ਨੂੰ ਬਤੌਰ ਤੋਹਫ਼ਾ ਦੇਣ ਲਈ ਮੰਗਵਾਏ ਸੀ ਪਰ ਸੱਚ ਦੱਸਾਂ ਮੈਨੂੰ ਅਜੇ ਇਹ ਪਤਾ ਨਹੀਂ ਸੀ ਕਿ ਮੈਂ ਇਹ ਕੀਹਨੂੰ ਦੇਣੇ ਨੇ ਤੇ ਓਥੇ ਮੇਰੇ ਕੌਣ ਦੋਸਤ ਹੋਣਗੇ? ਬਸ ਇੱਕ ਅੰਜੁਮ ਗਿੱਲ ਜੋ ਲਵਲ਼ੀ ਨਾਲ ਗੱਲ ਕਰਦਾ ਸੀ ਉਸਦਾ ਪਤਾ ਸੀ ਬਈ ਉਹ ਮਿਲੂਗਾ। ਚਾਰ ਮਹੀਨੇ ਪਹਿਲਾਂ ਮੈਂ ਜਦੋਂ ਅਮਰੀਕਾ ਤੋਂ ਆਸਟਰੇਲੀਆ ਨੂੰ ਚੱਲਿਆ ਸੀ ਤਾਂ ਓਦੋਂ ਏਅਰਪੋਰਟ ‘ਤੇ ਬਾਈ ਹਰਿੰਦਰ ਭੁੱਲਰ ਦੀ ਕਾਲ ਆਈ ਸੀ ਕਿ ਤੈਨੂੰ ਹੁਣੇ ਮੇਰੇ ਮਿੱਤਰ ਅੰਜੁਮ ਗਿੱਲ ਦਾ ਪਾਕਿਸਤਾਨ ਤੋਂ ਫ਼ੋਨ ਆਉਂਦਾ, ਉਹ ਤੇਰਾ ਪ੍ਰਸ਼ੰਸਕ ਆ, ਉਹਨੇ ਗੱਲ ਕਰਨੀ ਤੇਰੇ ਨਾਲ ਤੇ ਦੋ ਮਿੰਟਾਂ ਬਾਅਦ ਅੰਜੂਮ ਗਿੱਲ ਦਾ ਫ਼ੋਨ ਆ ਗਿਆ। ਓਦੋਂ ਵੀ ਬਸ ਰਸਮੀ ਗੱਲ-ਬਾਤ ਹੀ ਹੋਈ ਸੀ। 

ਮੇਰੇ ਭਤੀਜੇ ਅਜੈ ਪਰਤਾਪ ਸਿੰਘ ਨੇ ਸਾਰਾ ਸਮਾਨ ਗੱਡੀ ‘ਚ ਰੱਖ ‘ਤਾ, ਵੱਡੇ ਬਾਈ ਨੂੰ ਜੱਫ਼ੀ ਪਾਈ ਤੇ ਬੀਬੀ ਨੂੰ ਮੱਥਾ ਟੇਕਿਆ, ਬੀਬੀ ਕਹਿੰਦੀ, ਕਰਮਾਂ ਵਾਲ਼ੇ ਜਾਂਦੇ ਨੇ ਗੁਰੂ ਦੇ ਦਰ ‘ਤੇ, ਖ਼ੁਸ਼ੀ-ਖ਼ੁਸ਼ੀ ਜਾਹ ਪੁੱਤ ਤੇ ਓਥੋਂ ਬਾਬੇ ਨਾਨਕ ਦੇ ਘਰ ਦੀ ਮਿੱਟੀ ਲਾਜ਼ਮੀ ਲੈ ਕੇ ਆਈਂ ਤੇ ਨਾਲੇ ਹਾਂ ਸੱਚ !ਨਨਕਾਣਾ ਸਹਿਬ ਤੋ ਭਾਂਡੇ’ ਲਿਆਉਣਾ ਨਾ ਭੁੱਲੀਂ । ਬੀਬੀ ਦਾ ਥਾਪੜਾ ਲੈ ਕੇ ਸਵੇਰੇ ਸਾਢੇ ਕੁ ਛੇ ਵਜੇ ਅਸੀ ਗੱਡੀ ਨੂੰ ਸੈਲਫ਼ ਮਾਰੀ ਤੇ ਗੱਡੀ ਅੱਖ ਦੇ ਫ਼ੋਰ ‘ਚ ਹੀ ਪਿੰਡੋਂ ਬਾਹਰਲੀ ਸੜਕ ‘ਤੇ ਆਣ ਚੜ੍ਹੀ। 

ਅੱਜ ਪਹਿਲੀ ਵਾਰ ਕਿਸੇ ਹੋਰ ਮੁਲਕ ਨੂੰ ਜਾਣਾ ਬੇਗਾਨੇ ਮੁਲਕ ਨੂੰ ਜਾਣਾ ਨਹੀਂ ਲੱਗ ਰਿਹਾ ਸੀ। ਪਹਿਲਾਂ ਪੰਜਾਬ ਤੋਂ ਬਾਹਰ ਕੈਨੇਡਾ-ਅਮਰੀਕਾ ਜਾਣ ਵੇਲ਼ੇ ਮਨ ਮੱਲੋ-ਮੱਲੀ ਉਦਾਸੀ ਫੜ ਜਾਂਦਾ ਸੀ ਤੇ ਪੰਜਾਬ ਛੱਡਕੇ ਜਾਣ ਨੂੰ ਜੀਅ ਨਹੀਂ ਕਰਦਾ ਹੁੰਦਾ ਸੀ ਪਰ ਅੱਜ ਸਾਡੀ ਗੱਡੀ ਵਿਚਲੀਆਂ ਗੱਲਾਂ ਤੇ ਮੂੰਹ ‘ਤੇ ਰੌਣਕ ਵੀ ਹੋਰ ਹੀ ਸੀ। ਮੈਂ ਡਾਕਟਰ ਹੁਰਾਂ ਨੂੰ ਵਾਰ-ਵਾਰ ਕਹਿ ਰਿਹਾ ਸੀ ਬਈ ਅੱਜ ਥੋਡੇ ਭਰਾ ਨੇ ਸਵੇਰ ਦਾ ਪਰਸ਼ਾਦਾ ਦਰਬਾਰ ਸਾਹਿਬ ਅੰਮ੍ਰਿਤਸਰ ਲੰਗਰ ਤੋਂ ਛਕਣੈ ਤੇ ਦੁਪਹਿਰ ਦੀ ਰੋਟੀ ਲਾਹੌਰ ਜਾ ਕੇ ਖਾਣੀ ਆਂ। ਇਹ ਸਭ ਸੋਚ ਕੇ ਹੀ ਮਨ ਗਦ- ਗਦ ਹੋਇਆ ਪਿਆ ਸੀ। ਲਵਲ਼ੀ ਹੁਣੀਂ ਮੈਨੂੰ ਪੁੱਛਣ ਬਈ ਯਾਰ ਸਾਨੂੰ ਕਿੱਥੋਂ ਤੱਕ ਜਾਣ ਦੇਣਗੇ? ਬਾਰਡਰ ਤਾਂ ਦੇਖਣ ਈ ਦੇਣਗੇ? ਮੈਂ ਕਿਹਾ, ਹਾਂ! ਕਹਿੰਦੇ ਆ, ਬਈ ਬਸ ਇੱਕ ਗੇਟ ਈ ਆ ਓਧਰ ਪਾਕਿਸਤਾਨ ਵੱਲ ਤੇ ਤੁਸੀਂ ਗੇਟ ਤੱਕ ਤਾਂ ਨਾਲ ਈ ਜਾਉਗੇ। ਇਹ ਗੱਲਾਂ ਕਰਦਿਆਂ ਪਤਾ ਹੀ ਨਾ ਲੱਗਾ ਕਿ ਕਿਵੇਂ ਅਸੀਂ ਨੌਂ ਕੁ ਵਜੇ ਨੂੰ ਸ੍ਰੀ ਦਰਬਾਰ ਸਾਹਿਬ ਪਹੁੰਚ ਗਏ। 

ਦਰਬਾਰ ਸਹਿਬ ਅੰਮ੍ਰਿਤ ਗੁਰਬਾਣੀ ਦੀ ਅੰਮ੍ਰਿਤ ਵਰਖਾ ਚੱਲ ਰਹੀ ਸੀ, ਆਨੰਦ ਹੀ ਆਨੰਦ ਤੇ ਸਕੂਨ ਹੀ ਸਕੂਨ ਸੀ । ਅਲੌਕਿਕ ਸੁਰਾਂ ਨੇ ਛਹਿਬਰ ਲਾਈ ਹੋਈ ਸੀ, ਅੱਜ ਮੈਨੂੰ ਬਹੁਤ ਅਨੰਦ ਆ ਰਿਹਾ ਸੀ, ਓਥੇ ਸੰਗਤ ਆਮ ਵਾਂਗ ਹੀ ਸੀ ਤੇ ਅਸੀਂ ਇਸ਼ਨਾਨ ਕਰਕੇ ਮੱਥਾ ਟੇਕਿਆ ਤੇ ਦੁਨੀਆਂ ਦੇ ਸਰਵ ਉੱਤਮ ਤਖ਼ਤ, ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨਤਮਸਤਕ ਹੋਏ। ਸ਼ਹੀਦ ਸਿੰਘਾਂ ਅੱਗੇ ਸੀਸ ਝੁਕਾਇਆ ਤੇ ਲੰਗਰ ਹਾਲ ਪਹੁੰਚ ਕੇ ਲੰਗਰ ਛਕਣ ਲੱਗੇ। ਮੈਂ ਫੇਰ ਕਹਿ ਰਿਹਾ ਸੀ ਕਿ ਅੱਜ ਦੁਪਹਿਰ ਦੀ ਰੋਟੀ ਲਾਹੌਰ ਖਾਣੀ ਆਂ ਮੈਂ। 

ਸਾਢੇ ਕੁ ਦਸ ਵਜੇ ਅਸੀਂ ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਨਿਕਲੇ ਤੇ ਏਅਰਪੋਰਟ ਨੂੰ ਗੱਡੀ ਸਿੱਧੀ ਕਰ ‘ਤੀ। ਏਅਰਪੋਰਟ ‘ਤੇ ਬਾਈ ਰੂਪ ਤੇ ਭਾਬੀ ਫਲਾਈਟ ਲੈ ਕੇ ਦਿੱਲੀ ਤੋਂ ਅੰਮ੍ਰਿਤਸਰ ਆ ਰਹੇ ਸੀ ਤੇ ਅਸੀਂ ਉਹਨਾਂ ਨੂੰ ਲੈ ਕੇ ਵਾਹਘੇ ਬਾਰਡਰ ਜਾਣਾ ਸੀ। ਉਨ੍ਹਾਂ ਦੇ ਦੋਸਤਾਂ ਨੇ ਸਾਨੂੰ ਬਾਰਡਰ ‘ਤੇ ਹੀ ਮਿਲਣਾ ਸੀ । ਅਸੀਂ ਏਅਰਪੋਰਟ ਵੱਲ ਜਾਂਦਿਆਂ ਕਰੰਸੀ ਵਟਾਉਣ ਵਾਲ਼ੀਆਂ ਕਈ ਦੁਕਾਨਾਂ ਤੇ ਰੁਕੇ ਤੇ ਉਨ੍ਹਾਂ ਤੋਂ ਪਾਕਿਸਤਾਨੀ ਕਰੰਸੀ ਬਾਰੇ ਪੁੱਛਿਆ ਪਰ ਇਹ ਕਰੰਸੀ ਕਿਸੇ ਕੋਲ਼ ਵੀ ਨਹੀਂ ਸੀ। ਕੋਈ ਵਾਹ ਨਾ ਚੱਲਦੀ ਵੇਖ ਕੇ ਅਖ਼ੀਰ ਅਸੀਂ ਤੀਜੀ-ਚੌਥੀ ਦੁਕਾਨ ਤੋਂ ਅਮਰੀਕਾ ਦੇ ਡਾਲਰ ਲੈ ਲਏ ਤੇ ਸਵਾ ਕੁ ਗਿਆਰਾਂ ਵਜੇ ਗੱਡੀ ਰਾਜਾ ਸਾਂਸੀ ਏਅਰਪੋਰਟ ‘ਤੇ ਜਾ ਲਾਈ। ਓਥੇ ਖੜ੍ਹੇ ਨੇ ਮੈਂ ਦੇਖਿਆ ਬਈ ਜਹਾਜ਼ ਦਾ ਸਫ਼ਰ ਸਾਡੇ ਵਰਗੇ ਮੱਧਵਰਗੀ ਲੋਕਾਂ ਨੂੰ ਥਕਾ ਦਿੰਦਾ, ਛੋਟੀ ਜਿਹੀ ਸੀਟ ‘ਤੇ ਬੈਠ-ਬੈਠ ਕੇ ਬੰਦਾ ਹੰਭ ਜਾਂਦਾ ਤੇ ਉੱਤਰਨ ਵੇਲ਼ੇ ਲੋਕਾਂ ਦੇ ਮੋਢੇ ਥਕਾਵਟ ਨਾਲ ਝੁਕੇ ਹੋਏ ਹੁੰਦੇ ਆ । ਜਿਵੇਂ ਹੀ ਉਹ ਏਅਰਪੋਰਟ ‘ਤੇ ਆਪਣਿਆਂ ਨੂੰ ਦੇਖਦਾ ਹੈ ਤਾਂ ਉਹਨੂੰ ਐਨੀ ਖ਼ੁਸ਼ੀ ਹੁੰਦੀ ਆ ਕਿ ਉਹਦੀ ਥਕਾਵਟ ਤਾਂ ਜਿਵੇਂ ਕਿਤੇ ਖੰਭ ਲਾ ਕੇ ਉੱਡ ਜਾਂਦੀ ਆ। ਅਸੀਂ ਅਜੇ ਇਹ ਸਭ ਗੱਲਾਂ ਨੋਟ ਕਰ ਹੀ ਰਹੇ ਸੀ ਕਿ ਐਨੇ ਨੂੰ ਬਾਈ ਰੂਪ ਤੇ ਭਾਬੀ ਏਅਰਪੋਰਟ ਤੋਂ ਬਾਹਰ ਆਣ ਪਹੁੰਚੇ। ਬਾਈ ਰੂਪ ਪੰਜਾਹ ਕੁ ਸਾਲ ਦੇ ਨੇੜ ਹੋਊ ਪਰ ਉਹਦੀ ਫੁਰਤੀ, ਸਰੀਰਕ ਤੰਦਰੁਸਤੀ ਤੇ ਗੱਲਾਂ ਬਾਤਾਂ ਉਸ ਨੂੰ ਸਾਡੇ ਵਰਗਾ ਬਣਾਈ ਰੱਖਦੀਆਂ। ਮੈਂ ਬਾਈ ਰੂਪ ਨੂੰ ਰੋਟੀ ਪਾਣੀ ਪੁੱਛਿਆ ਤਾਂ ਉਨ੍ਹਾਂ ਨੇ ਵੀ ਅੱਗੋਂ ਮੇਰੇ ਆਲ਼ੀ ਗੱਲ ਈ ਦੁਹਰਾ ਦਿੱਤੀ ਕਿ ਰੋਟੀ ਤਾਂ ਹੁਣ ਲਾਹੌਰ ਜਾ ਕੇ ਹੀ ਖਾਵਾਂਗੇ। ਹੁਣ ਏਥੋਂ ਛੇਤੀ ਨਿਕਲੀਏ, ਬਾਠ ਸਾਹਿਬ ਤਾਂ ਬਾਰਡਰ ਲੰਘ ਵੀ ਚੱਲੇ ਆ। ਅਸੀਂ ਵੀ ਅੱਧੇ ਪੌਣੇ ਘੰਟੇ ‘ਚ ਇੱਕ ਦੂਜੇ ਦੇ ਪਰਿਵਾਰਾਂ ਦਾ ਹਾਲ-ਚਾਲ ਪੁੱਛਦੇ ਇੱਕ ਵਜੇ ਦੇ ਕਰੀਬ ਵਾਘਾ ਬਾਰਡਰ ਜਾ ਪਹੁੰਚੇ । ਬਾਈ ਰੂਪ ਕਹਿੰਦਾ ‘ਇਹ ਡਾਕਟਰ ਹੁਣੀਂ ਨਾਲ ਜਾਣਗੇ?’ ਮੈਂ ਕਿਹਾ ਨਹੀਂ ਬਾਈ ਵੀਜ਼ਾ ਹੈ ਨਹੀਂ ਇਹਨਾਂ ਕੋਲ, ਕਹਿੰਦਾ ‘ਫੇਰ ਕੀ ਇੱਥੋਂ ਈ ਵੀਜ਼ਾ ਨਹੀਂ ਮਿਲਦਾ ਮੌਕੇ ‘ਤੇ?’ 

ਬਾਈ ਅਮਰੀਕਾ ਕਨੇਡਾ ਦੇ ਬਾਰਡਰ ਵਾਂਗੂੰ ਸੋਚ ਕੇ ਬੋਲ ਰਿਹਾ ਸੀ । ਜੋ ਸਾਡੇ ਵਰਗੇ ਲੱਖਾਂ ਲੋਕਾਂ ਦੀ ਰੀਝ ਵੀ ਆ ਕਿ ਕਦੇ ਅੰਮ੍ਰਿਤਸਰ ਲਾਹੌਰ ਦਾ ਬਾਰਡਰ ਵੀ ਅਮਰੀਕਾ ਕੈਨੇਡਾ ਵਾਂਗੂੰ ਵਪਾਰ ਤੇ ਪਿਆਰ ਲਈ ਚੱਲੇ। ਮੈਂ ਕਿਹਾ ‘ਬਾਈ ਇੱਥੋਂ ਦੇ ਹਾਲਾਤ ਤੇ ਗੱਲਬਾਤ ਹੋਰ ਆ, ਸਰਕਾਰਾਂ ਦੀ ਬਣਦੀ ਨਹੀਂ, ਵੀਜ਼ਾ ਐਨੀ ਛੇਤੀ ਨਹੀਂ ਮਿਲਦਾ ਇੱਥੋਂ, ਇੰਨ੍ਹਾਂ ਨੂੰ ਅਗਲੀ ਵਾਰ ਲੈ ਕੇ ਚੱਲਾਂਗੇ । ਓਥੇ ਬਾਈ ਰੂਪ ਦੇ ਦੋਸਤ ਆਈ. ਜੀ. ਨਰਿੰਦਰਪਾਲ ਸਿੰਘ ਸਿੱਧੂ ਸਾਹਿਬ ਨੇ ਦੋ ਏ. ਐੱਸ. ਆਈ. ਰਣਧੀਰ ਸਿੰਘ ਤੇ ਸ਼ਮਸ਼ੇਰ ਸਿੰਘ ਸਾਡੀ ਮਦਦ ਲਈ ਪਹਿਲਾਂ ਹੀ ਭੇਜੇ ਹੋਏ ਸੀ । 

ਲਵਲੀ ਹੁਣਾਂ ਦੇ ਦਿਲ ਦਾ ਸੁਪਨਾ ਇੱਥੇ ਹੀ ਰਹਿ ਗਿਆ ਗੇਟ ਤੇ ਮੈਨੂੰ ਹੱਥ ਹਿਲਾ ਕੇ ਵੀਡੀਓ ਬਣਾਉਣ ਦਾ, ਕਿਉਂਕਿ ਉਨ੍ਹਾਂ ਨੇ ਸਾਨੂੰ ਬਾਰਡਰ ਤੋਂ ਬਹੁਤ ਦੂਰ ਹੀ ਜਿੱਥੋਂ ਕੋਈ ਗੇਟ ਦਿਸਦਾ ਵੀ ਨਹੀਂ ਸੀ, ਓਥੇ ਹੀ ਸਾਡਾ ਸਮਾਨ ਲਾਹ ਲਿਆ ਤੇ ਲਵਲੀ ਹੁਣਾਂ ਨੂੰ ਏਥੋਂ ਹੀ ਵਾਪਸ ਜਾਣਾ ਪੈਣਾ ਸੀ । ਅਸੀਂ ਜੱਫ਼ੀ ਪਾ ਕੇ ਅੱਗੇ ਨੂੰ ਹੋ ਤੁਰੇ, ਇੱਕ ਇਮਾਰਤ ਦੇ ਗੇਟਾਂ ‘ਤੇ ਮੁੱਢਲੀ ਪੁੱਛ-ਗਿੱਛ ਹੋਈ ਤੇ ਅਸੀਂ ਅੱਗੇ ਨੂੰ ਤੁਰ ਪਏ । ਬਾਈ ਰੂਪ ਤੇ ਮੈਂ ਵਾਰ-ਵਾਰ ਰਣਧੀਰ ਸਿੰਘ ਨੂੰ ਪੁੱਛ ਰਹੇ ਸੀ ਕਿ ਬਾਰਡਰ ਕਿੱਥੇ ਕੁ ਆ? ਉਹ ਅੱਗੋਂ ਕਹਿ ਛੱਡਦੇ ਬੱਸ ਨੇੜੇ ਹੀ ਆ, ਇਨ੍ਹਾਂ ਦਿਨਾਂ ਵਿੱਚ ਵਿਸਾਖੀ ਕਰਕੇ ਆਮ ਦਿਨਾਂ ਨਾਲੋਂ ਜ਼ਿਆਦਾ ਭੀੜ ਸੀ । ਸ਼ਰਧਾਲੂਆਂ ਦੇ ਜਥੇ ਵੱਡੀ ਗਿਣਤੀ ਵਿੱਚ ਪਾਕਿਸਤਾਨ ਜਾ ਰਹੇ ਸੀ। ਸਾਡੇ ਕੋਲ ਸਾਰੇ ਪਾਕਿਸਤਾਨ ਦਾ ਖੁੱਲ੍ਹਾ ਵੀਜ਼ਾ ਸੀ ਪਰ ਜਥੇ ਵਾਲਿਆਂ ਨੂੰ ਸਿਰਫ਼ ਗੁਰਦਵਾਰਿਆਂ ਦਾ ਤੇ ਕੁਝ ਗਿਣਤੀ ਦੇ ਜ਼ਿਲ੍ਹਿਆਂ ਦਾ ਵੀਜ਼ਾ ਮਿਲਦਾ ਹੈ, ਉਹ ਕਾਨੂੰਨ ਮੁਤਾਬਕ ਉਸ ਤੋਂ ਬਾਹਰ ਨਹੀਂ ਜਾ ਸਕਦੇ। ਖ਼ੈਰ! ਇੱਕ ਥਾਂ, ਦੋ ਥਾਂ ਹੁੰਦੀ-ਹੁੰਦੀ ਸਾਡੀ ਕਈ ਥਾਵਾਂ ‘ਤੇ ਤਲਾਸ਼ੀ ਹੋਈ ਤੇ ਹਰ ਜਗ੍ਹਾ ਸਾਡੇ ਪਾਸਪੋਰਟ ਤੇ ਵੀਜ਼ੇ ਵੇਖੇ ਗਏ । ਕਈ ਥਾਂਵਾਂ ਤੇ ਤਾਂ ਬੇਮਤਲਬੀ ਜਿਹੀ ਲੱਗਦੀ ਗੱਲਬਾਤ ਤੇ ਤਲਾਸ਼ੀ ਤੋਂ ਰੂਪ ਬਾਈ ਅੱਕ ਗਿਆ ਕਿਉਂਕਿ ਉਹ ਬਾਹਰਲੇ ਸਿਸਟਮ ਦੀ ਤਰ੍ਹਾਂ ਸੋਚਦਾ ਸੀ । ਅੱਕਿਆ ਤਾਂ ਮੈਂ ਵੀ ਮਹਿਸੂਸ ਕਰਦਾ ਸੀ ਪਰ ਇਹ ਵੀ ਪਤਾ ਸੀ ਕਿ ਇਹ ਕੁਝ ਹੋਣਾ ਹੀ ਆਂ। ਅਜੇ ਤਾਂ ਬਾਈ ਸ਼ਮਸ਼ੇਰ ਹੁਣਾਂ ਕਰਕੇ ਸਾਨੂੰ ਆਮ ਨਾਲੋਂ ਸੌਖਾ ਸੀ ਪਰ ਇੰਨੀ ਤਰ੍ਹਾਂ ਦੀ ਪੁੱਛ-ਗਿੱਛ ਨੇ ਮੇਰੇ ਅੰਦਰ ਦਾ ਚੋਰ ਫੇਰ ਉਠਾ ਦਿੱਤਾ ਬਈ ਕਿਤੇ ਯਾਰ ਪੰਗਾ ਹੀ ਤਾਂ ਨਹੀਂ ਲੈ ਲਿਆ। ਅਖ਼ੀਰ ‘ਤੇ ਸਾਡੇ ਕਰੋਨਾ ਟੈਸਟ ਦੇ ਕਾਗਜ਼ ਦੇਖੇ ਗਏ ਤੇ ਇੱਕ ਬਕਬਕੇ ਜਿਹੇ ਸਵਾਦ ਵਾਲ਼ੀ ਪੋਲੀਓ ਦੀ ਦਵਾਈ ਦੀਆਂ ਬੂੰਦਾਂ ਸਾਡੇ ਮੂੰਹ ਵਿੱਚ ਪਾਈਆਂ ਗਈਆਂ । ਇਹ ਪੁੱਛਣ ‘ਤੇ ਵੀ ਉਹਨਾਂ ਨੇ ਸਾਡੇ ਪੱਲੇ ਕੁਝ ਨਾ ਪਾਇਆ ਗਿਆ ਕਿ ਇਹ ਦਵਾਈ ਸਾਨੂੰ ਕਿਉਂ ਪਿਆਈ ਆ? ਇਸ ਗੱਲ ਨੇ ਬਾਈ ਭਾਬੀ ਨੂੰ ਮੇਰੇ ਨਾਲੋਂ ਵੱਧ ਦੁੱਖ ਦਿੱਤਾ। ਬਾਈ ਸ਼ਮਸ਼ੇਰ ਤੇ ਰਣਧੀਰ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਧੰਨਵਾਦ ਕਰਦੇ ਹੋਏ ਅਸੀਂ ਕਿਸੇ ਸੁਪਨੇ ਦੀ ਸੱਚਾਈ ਵਾਂਗ ਬਾਰਡਰ ਵਾਲ਼ਾ ਗੇਟ ਲੰਘੇ। 

ਗੇਟ ‘ਤੇ ਖੜ੍ਹੇ ਦੋਵਾਂ ਪਾਸਿਆਂ ਦੇ ਰਾਖੇ ਸਾਨੂੰ ਹੱਸਕੇ ਪੂਰੀ ਖ਼ੁਸ਼ੀ ਨਾਲ ਮਿਲੇ । ਮੈਂ ਉਸ ਧਰਤੀ ਨੂੰ, ਜੋ ਮੇਰੇ ਬਾਬੇ ਨਾਨਕ ਪਾਤਸ਼ਾਹ ਦੀ ਧਰਤੀ ਆ, ਜੋ ਸਾਡੇ ਸਿੱਖ ਰਾਜ ਦੀ ਮੇਰੇ ਮਹਾਰਾਜੇ ਰਣਜੀਤ ਸਿੰਘ ਦੀ ਧਰਤੀ ਆ, ਮੱਥਾ ਟੇਕ ਕੇ ਜਦ ਨਤਮਸਤਕ ਹੋਇਆ ਤਾਂ ਮੇਰੀ ਰੂਹ ਪੂਰੀ ਤਰ੍ਹਾਂ ਖਿੜ ਗਈ। 

ਫਾਰੂਖ਼ ਨਾਮ ਦੇ ਬੰਦੇ ਨੇ ਸਾਨੂੰ ਅੱਗੇ ਲੈਣ ਆਉਣਾ ਸੀ ਜਿਸ ਨਾਲ ਰੂਪ ਬਾਈ ਦੀ ਪੈਸਿਆਂ ਤੇ ਪਾਕਿਸਤਾਨ ਘੁੰਮਾਉਣ ਦੀ ਗੱਲ ਹੋਈ ਸੀ। ਕਹਿੰਦੇ ਫਾਰੂਖ਼ ਦਾ ਸਰਕਾਰੇ ਦਰਬਾਰੇ ਹੱਥ ਪੈਂਦਾ ਸੀ ਤੇ ਉਹ ਬਾਹਰਲਿਆਂ ਨੂੰ ਲੀਡਰਾਂ-ਅਫ਼ਸਰਾਂ ਨਾਲ ਵੀ ਮਿਲਾਉਣ ਤੇ ਘੁਮਾਉਣ ਦਾ ਕੰਮ ਕਰਦਾ ਸੀ । ਬਾਈ ਨੇ ਜਦੋਂ ਉਸ ਨੂੰ ਫ਼ੋਨ ਕੀਤਾ ਤਾਂ ਉਹ ਕਹਿੰਦਾ ਚਰਨਜੀਤ ਸਿੰਘ ਬਾਠ ਸਾਹਿਬ ਤੇ ਪਰਿਵਾਰ ਨੂੰ ਅਸੀ ਲੈ ਕੇ ਜਾ ਚੁੱਕੇ ਆਂ ਤੇ ਤੁਹਾਡੇ ਲਈ ਮੈਂ ਡਰਾਈਵਰ ਭੇਜ ਦਿੱਤਾ ਹੈ, ਉਹ ਤੁਹਾਨੂੰ ਵੀ ਲੈ ਜਾਵੇਗਾ। 

ਬਾਈ ਨੇ ਥੋੜ੍ਹੀ ਜਿਹੀ ਪਰੇਸ਼ਾਨੀ ਮਹਿਸੂਸ ਕੀਤੀ, ਕਿਉਂਕਿ ਗੱਲ ਇਹ ਹੋਈ ਸੀ ਕਿ ਉਹ ਆਪ ਬਾਰਡਰ ‘ਤੇ ਆ ਕੇ ਨਾਲ ਕਾਗ਼ਜ ਪੱਤਰ ਚੈੱਕ ਕਰਵਾ ਕੇ, ਸਕਿਓਰਟੀ ਨਾਲ ਸਾਨੂੰ ਲੈ ਕੇ ਜਾਵੇਗਾ। ਅਸੀਂ ਅਜੇ ਕਾਗ਼ਜ-ਪੱਤਰ ਚੈੱਕ ਹੋਣ ਵਾਲ਼ੀ ਇਮਾਰਤ ਵੱਲ ਵਧਣ ਹੀ ਲੱਗੇ ਸੀ ਓਦੋਂ ਨੂੰ ਉੱਘੇ ਪੰਜਾਬੀ ਸਿੱਖ ਪੱਤਰਕਾਰ ਪੁਪਿੰਦਰ ਸਿੰਘ ਲਵਲੀ, ਨਾਸਿਰ ਢਿੱਲੋਂ ਤੇ ਮੇਰੇ ਬਾਈ ਹਰਿੰਦਰ ਭੁੱਲਰ ਨੇ ਆਣ ਜੱਫ਼ੀ ਪਾਈ। 

ਮੇਰੇ ਲਈ ਬਾਈ ਹਰਿੰਦਰ ਭੁੱਲਰ ਦਾ ਓਥੇ ਮਿਲਣਾ ਹੈਰਾਨੀ ਦੇ ਨਾਲ-ਨਾਲ ਸੌਖੇ ਸਾਹਾਂ ਵਰਗਾ ਵੀ ਸੀ। ਉਹਨਾਂ ਨਾਲ ਇੱਕ ਹੋਰ ਨੌਜਵਾਨ ਮੁੰਡਾ ਸਾਮੀਂ ਜੱਟ ਵੀ ਸੀ ! 

ਬਾਈ ਭੁੱਲਰ ਨੇ ਦੱਸਿਆ ਕਿ ਉਹ ਬਹੁਤ ਸੋਹਣਾ ਗਾਉਂਦਾ ਹੈ। ਸਾਮੀਂ ਲਾਹੌਰ ਤੋਂ ਥੋੜ੍ਹਾ ਦੂਰ ਉਕਾੜਾ ਕਸਬੇ ਦਾ ਰਹਿਣ ਵਾਲ਼ਾ ਸੀ ਪਰ ਗਾਇਕੀ ਦਾ ਸ਼ੌਂਕ ਉਹਨੂੰ ਲਾਹੌਰ ਖਿੱਚ ਲਿਆਇਆ। ਅਸਲ ‘ਚ ਨਾਸਿਰ ਹੁਰੀਂ ਕਿਸੇ ਦੋਸਤ ਨੂੰ ਬਾਰਡਰ ‘ਤੇ ਛੱਡਣ ਆਏ ਸੀ ਤੇ ਲਵਲੀ ਦੀ ਅੰਜੁਮ ਗਿੱਲ ਨਾਲ ਗੱਲ ਹੁੰਦੀ ਹੋਣ ਕਰਕੇ ਅੰਜੁਮ ਨੂੰ ਮੇਰੇ ਆਉਣ ਦਾ ਪਤਾ ਸੀ। ਅੰਜੁਮ ਗਿੱਲ ਥੋੜ੍ਹਾ ਲੇਟ ਹੋਣ ਕਾਰਨ ਪਿੱਛੇ ਆ ਰਿਹਾ ਸੀ ਪਰ ਉਸ ਨੇ ਨਾਸਿਰ ਹੁਣਾਂ ਨੂੰ ਮੇਰੇ ਬਾਰੇ ਦੱਸ ਦਿੱਤਾ ਸੀ। ਉਹਨਾਂ ਨੇ ਸਾਡਾ ਗੁਲਾਬ ਦੇ ਫੁੱਲਾਂ ਦੇ ਹਾਰਾਂ ਤੇ ਗੁਲਦਸਤਿਆਂ ਨਾਲ ਭਰਵਾਂ ਸਵਾਗਤ ਕੀਤਾ। ਮੈਨੂੰ ਭੁੱਲਰ ਸਾਹਿਬ ਕਰਕੇ ਨਾਸਿਰ ਹੁਣਾਂ ਦੀ ਪਹਿਲੀ ਜੱਫੀ ਨੇ ਇਹ ਮਹਿਸੂਸ ਹੀ ਨਾ ਹੋਣ ਦਿੱਤਾ ਬਈ ਅਸੀਂ ਪਹਿਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਨਹੀਂ । 

ਇਹ ਦ੍ਰਿਸ਼ ਵੇਖ ਕੇ ਬਾਈ ਰੂਪ, ਭਾਬੀ ਤੇ ਮੇਰੀ ਘਬਰਾਹਟ ਉੱਡ ਚੁੱਕੀ ਸੀ। ਸਾਨੂੰ ਹੁਣ ਜਿਵੇਂ ਫਾਰੂਖ਼ ਦੇ ਡਰਾਈਵਰ ਨਾਲ ਉੱਕਾ ਹੀ ਮਤਲਬ ਮੁੱਕ ਗਿਆ ਹੋਵੇ, ਪੁਪਿੰਦਰ ਸਿੰਘ ਲਵਲੀ ਹੁਣੀਂ ਸਾਡੇ ਕਾਗ਼ਜ ਪੱਤਰ ਚੈੱਕ ਕਰਵਾਉਣ ਲਈ ਸਾਨੂੰ ਆਪ ਨਾਲ ਅੰਦਰ ਲੈ ਗਏ । ਲਵਲੀ ਨੇ ਅਫ਼ਸਰਾਂ ਨੂੰ ਪਤਾ ਨਹੀਂ ਕੀ ਕਿਹਾ ਤੇ ਉਹਨਾਂ ਨੇ ਸਾਨੂੰ ਲਾਈਨ ‘ਚ ਨਹੀਂ ਲਾਇਆ ਤੇ ਸਿੱਧਾ ਹੀ ਇੱਕ ਕਾਊਂਟਰ ਵੱਲ ਭੇਜ ਦਿੱਤਾ। ਓਥੇ ਇੱਕ ਅਫ਼ਸਰ ਨੇ ਹੱਸਦੇ-ਹੱਸਦੇ ਕਾਗਜ਼ ਪੱਤਰ ਚੈੱਕ ਕਰਕੇ ਕਿਹਾ, ‘ਜਾਓ ਸਰਦਾਰ ਜੀ’। ਮੈਂ ਪਹਿਲੀ ਵਾਰ ਬਿਨਾ ਪੱਗ ਤੋਂ ਸਰਦਾਰ ਜੀ ਅਖਵਾ ਕੇ ਆਪਣੇ ਆਪ ਵਿੱਚ ਸ਼ਰਮ ਮਹਿਸੂਸ ਕੀਤੀ। ਮੈਂ ਪਾਸਪੋਰਟ ਫੜ ਕੇ ਦੇਖਿਆ ਤੇ ਕਿਹਾ ‘ਸਰ! ਤੁਸੀਂ ਕੋਈ ਮੋਹਰ ਤਾਂ ਲਾਈ ਨਹੀਂ, ਉਹ ਹੱਸਿਆ ਤੇ ਕਹਿਣ ਲੱਗਾ ਮੋਹਰ ਦੀ ਲੋੜ ਨਹੀਂ ਕੰਪਿਊਟਰ ਵਿੱਚ ਫੀਡ ਕਰ ਲਿਆ ਹੈ, ਬਾਕੀ ਤੁਹਾਡੇ ਲੋਕ ਤਾਂ ਸਾਡੀ ਮੋਹਰ ਲੱਗਣ ਤੋਂ ਬੜਾ ਡਰਦੇ ਨੇ ਤੁਸੀਂ ਕੀ ਕਰਨਾ ਮੋਹਰ ਲਵਾ ਕੇ। 

ਪਤਾ ਨਹੀਂ ਉਸ ਵੇਲੇ ਮੇਰੇ ਮਨ ਦਾ ਚੋਰ ਕਿੱਥੇ ਮਰ ਗਿਆ ਸੀ, ਮੈਂ ਕਿਹਾ ‘ਨਹੀਂ ਜੀ, ਮੇਰੇ ਪਾਸਪੋਰਟ ‘ਤੇ ਮੋਹਰ ਜ਼ਰੂਰ ਲਾਓ, ਮੈਂ ਤਾਂ ਮੋਹਰ ਈ ਲਵਾਉਣ ਆਇਆਂ’। ਉਹਨੇ ਖੁਸ਼ੀ ‘ਚ ਖੀਵਾ ਹੋ ਕੇ 12 ਅਪ੍ਰੈਲ ਪਾਕਿਸਤਾਨ ਐਂਟਰੀ ਦੀ ਠੋਕ ਕੇ ਮੋਹਰ ਲਾ ‘ਤੀ ਤੇ ਮੈਂ ਸੱਚੀ ਅੱਜ ਵੀ ਉਸ ਮੋਹਰ ਨੂੰ ਬਹੁਤ ਮੁਹੱਬਤ ਨਾਲ ਦੇਖਦਾਂ ਤੇ ਸੋਚਦਾਂ ਕਿ ਇਸ ਮੋਹਰ ਨੇ ਮੇਰੇ ਅੰਦਰਲੇ ਚੋਰ ਸਦਾ ਲਈ ਮਾਰ ਦਿੱਤੇ ਸੀ । ਪਾਸਪੋਰਟ ‘ਤੇ ਯਾਦਗਾਰੀ ਮੋਹਰ ਲਵਾ ਕੇ ਅਸੀਂ ਮਿੰਟੋ-ਮਿੰਟੀ ਬਾਹਰ ਆ ਗਏ। ਸਮਾਂ ਦੋ ਵਜੇ ਦੁਪਹਿਰ ਦਾ ਹੋ ਚੁੱਕਿਆ ਸੀ ਤੇ ਚੜ੍ਹਦੇ ਪੰਜਾਬ ਢਾਈ ਵੱਜੇ ਹੋਣਗੇ ਸਾਡੇ ਮੋਬਾਇਲਾਂ ਨੇ ਪਾਕਿਸਤਾਨ ਦਾ ਟਾਇਮ ਆਪਣੇ ਆਪ ਚੁੱਕ ਲਿਆ ਸੀ ਜੋ ਭਾਰਤ ਨਾਲੋਂ ਅੱਧਾ ਘੰਟਾ ਪਿੱਛੇ ਹੈ । ਉਦੋਂ ਤੱਕ ਅੰਜੁਮ ਗਿੱਲ ਵੀ ਆ ਗਿਆ। ਓਸੇ ਤਰ੍ਹਾਂ ਫਿਰ ਜੱਫ਼ੀਆਂ ਪਈਆਂ ਤੇ ਕੁਝ ਵੀ ਓਪਰਾ ਨਾ ਲੱਗਿਆ ਸਗੋਂ ਇੱਕ ਵੱਖਰੀ ਮੁਹੱਬਤੀ ਜਿਹੀ ਮਹਿਕ ਆਈ ਜਾਵੇ । ਫਾਰੂਖ਼ ਸਾਹਿਬ ਦਾ ਡਰਾਇਵਰ ਵੀ ਆ ਗਿਆ ਤੇ ਨਾਲ ਪੁਲਿਸ ਦੀ ਗੱਡੀ ਵੀ, ਸਾਡੀ ਸਕਿਓਰਟੀ ਲਈ। 

ਪਰ ਬਾਈ ਰੂਪ ਨੂੰ ਵੀ ਨਾਸਿਰ ਹੁਣਾਂ ਦੀ ਕੁਝ ਮਿੰਟਾਂ ਦੀ ਗੱਲਬਾਤ ਨੇ ਬਿਲਕੁਲ ਨਿਰਭੈ ਕਰ ਦਿੱਤਾ ਸੀ। ਬਾਈ ਡਰਾਇਵਰ ਨੂੰ ਕਹਿੰਦਾ ‘ਤੁਸੀਂ ਚੱਲੋ, ਅਸੀਂ ਆਉਂਦੇ ਹਾਂ, ਸਕਿਓਰਟੀ ਦੀ ਅਜੇ ਲੋੜ ਨਹੀ, ਸਾਨੂੰ ਹੋਟਲ ਦੱਸ ਦਿਓ ।’ ਉਹਨਾਂ ਦੇ ਦੱਸਣ ਤੇ ਪਤਾ ਲੱਗਾ ਕਿ ਅਸੀਂ ਲਾਹੌਰ ਦੇ ਸਭ ਤੋਂ ਵਧੀਆ ਤੇ ਮਹਿੰਗੇ ਹੋਟਲ ਪਰਲ ਕੌਨਟੀਨੈਂਟਲ ਯਾਨੀ ਕਿ ਪੀ.ਸੀ. ਹੋਟਲ ਜਾਣਾ ਸੀ । ਬਾਰਡਰ ਤੋਂ ਅਸੀਂ ਦੋ ਗੱਡੀਆਂ ਵਿੱਚ ਤੁਰੇ । ਬਾਈ, ਭਾਬੀ ਤੇ ਮੈਂ ਨਾਸਿਰ ਨਾਲ ਫਾਰਚੂਨਰ ਵਿੱਚ ਤੇ ਭੁੱਲਰ ਸਾਹਿਬ, ਸਾਮੀ ਤੇ ਪੁਪਿੰਦਰ ਸਿੰਘ ਲਵਲੀ ਅੰਜੁਮ ਨਾਲ ਬੈਠ ਗਏ। 

ਹਾਏ ਰੱਬਾ! ਇਹ ਕਿੰਨਾ ਸੋਹਣਾ ਅਹਿਸਾਸ ਸੀ, ਸਾਨੂੰ ਬਾਰਡਰ ਤੋਂ ਲਾਹੌਰ ਪਹੁੰਚਣ ‘ਤੇ ਮਸਾਂ ਵੀਹ ਕੁ ਮਿੰਟ ਲੱਗਣੇ ਸੀ, ਅਸੀਂ ਨਹਿਰ ਦੇ ਕੰਢੇ ਜਾਂਦੀ ਸੜਕ ਤੋਂ ਲਾਹੌਰ ਵੱਲ ਵਧ ਰਹੇ ਆਂ, ਨਹਿਰ ਦੇ ਨਾਲ਼-ਨਾਲ਼ ਬਹੁਤ ਦਰਖ਼ਤ ਲੱਗੇ ਨੇ, ਹਰਿਆਲੀ ਨਾਲ ਭਰਪੂਰ ਕਿੰਨਾ ਸੋਹਣਾ ਸ਼ਹਿਰ ਆ ਲਾਹੌਰ। ਇਹ ਸ਼ਹਿਰ ਆਪਣੀ ਪਹਿਲੀ ਝਲਕ ਤੋਂ ਆਪਣੀ ਚੜ੍ਹਤ ਦਾ ਅਹਿਸਾਸ ਕਰਵਾ ਰਿਹਾ ਸੀ। ਅਸੀਂ ਢਾਈ ਵਜੇ ਨੂੰ ਹੋਟਲ ਜਾ ਪਹੁੰਚੇ, ਸੱਚੀਂ-ਮੁੱਚੀਂ ਹੀ ਇਹ ਬਹੁਤ ਵੱਡਾ ਤੇ ਬਹੁਤ ਸੋਹਣਾ ਹੋਟਲ ਸੀ । ਹੋਟਲ ਦੇ ਸਟਾਫ਼ ਨੇ ਸਾਡਾ ਬਹੁਤ ਵਧੀਆ ਸਵਾਗਤ ਕੀਤਾ। ਸਾਡੇ ਵਰਗੇ ਬੰਦੇ ਤੇ ਸਾਡੇ ਵਰਗੀ ਹੀ ਉਨ੍ਹਾਂ ਦੀ ਬੋਲੀ ! ਰਾਹ ‘ਚ ਵੇਖੇ ਸਾਡੇ ਹੀ ਵਰਗੇ ਸਕੂਟਰ, ਮੋਟਰਸਾਈਕਲ ਤੇ ਗੱਡੇ। ਤੁਸੀਂ ਕਹਿਣਾ ਬਈ ਇਹ ਕਿਹੜੀ ਵੱਡੀ ਤੇ ਨਵੀਂ ਗੱਲ ਹੋਈ। ਹੋਟਲ ਬਹੁਤ ਸੋਹਣਾ ਜਾਂ ਸਾਡੇ ਵਰਗਾ ਤੇ ਸਾਰਾ ਕੁਝ ਬੰਦੇ, ਬੋਲੀ ਵੀ ਸਾਡੇ ਵਰਗਾ, ਮੈਂ ਇਹ ਗੱਲ ਕਿਉਂ ਲਿਖ ਰਿਹਾਂ ਇਹ ਗੱਲ ਥੋਨੂੰ ਅੱਗੇ ਜਾ ਕੇ ਹੋਰ ਵੀ ਬਾਰੀਕੀ ਨਾਲ ਖੁੱਲ੍ਹ ਕੇ ਸਾਫ਼ ਹੋਜੂ। ਮੇਰੇ ਲਈ ਕਿਉਂ ਇਹ ਅਚੰਭੇ ਵਾਲੀ ਗੱਲ ਆ, ਇਹਦਾ ਮੋਟਾ ਜਿਹਾ ਅਰਥ ਇਹ ਆ ਬਈ ਜਿਹੜੇ ਮੁਲਕ ਜਾਣ ਲਈ ਵੀ ਢਿੱਡ ‘ਚ ਸ਼ੰਕਾ ਹੋਵੇ ਤੇ ਓਥੇ ਸਾਰਾ ਕੁਝ ਸੌਖਾ, ਸਿੱਧਾ ਤੇ ਸੋਹਣਾ ਚੱਲਦਾ ਵੇਖ ਕੇ ਹੈਰਾਨੀ ਤਾਂ ਹੋਣੀ ਹੀ ਆਂ। 

ਖਾਣਾ ਖਾਣ ਦਾ ਮਾਹੌਲ ਬਣਿਆ ਤਾਂ ਬਾਠ ਸਾਹਿਬ, ਉਹਨਾਂ ਦੀ ਧਰਮ ਪਤਨੀ ਤੇ ਉਨ੍ਹਾਂ ਦਾ ਸਾਰਾ ਪਰਿਵਾਰ ਬੇਟਾ ਕੰਵਰ ਉਹਨਾਂ ਦੀ ਪਤਨੀ ਰਾਣੀ, ਬਾਠ ਸਾਹਿਬ ਦੀ ਬੇਟੀ ਤੇ ਡਾਕਟਰ ਰਾਜਵੀਰ ਬੀਸਲਾ ਤੇ ਬਾਈ ਰੂਪ ਭਾਬੀ ਸਮੇਤ ਨੌਂ ਜਣੇ ਅਮਰੀਕਾ ਵਾਲੇ ਤੇ ਦਸਵਾਂ ਮੈ ਇੱਥੇ ‘ਕੱਠੇ ਹੋਏ। 

ਮੈਂ ਸਾਰਿਆਂ ਨੂੰ ਭੁੱਲਰ ਸਾਹਿਬ ਤੇ ਨਾਸਿਰ ਢਿੱਲੋਂ ਹੁਣਾਂ ਦੀ ਟੀਮ ਨਾਲ ਮਿਲਵਾਇਆ। ਮੈਂ ਦੱਸਿਆ ਕਿ ਇਹ ਸਾਰੇ ਮੇਰੇ ਦੋਸਤ ਨੇ । ਇੰਨੇ ਨੂੰ ਸਾਨੂੰ ਇੱਥੇ ਫਾਰੂਖ਼ ਵੀ ਆਣ ਮਿਲਿਆ, ਅਮਰੀਕਾ ਵਾਲੇ ਸਾਰੇ ਉਸ ਤੋਂ ਥੋੜ੍ਹੇ ਖਫ਼ਾ ਸਨ ਕਿਉਂਕਿ ਫਾਰੂਕ ਬਾਠ ਸਾਹਿਬ ਹੁਣਾਂ ਨੂੰ ਵੀ ਵਾਅਦੇ ਮੁਤਾਬਕ ਆਪ ਲੈਣ ਨਹੀਂ ਗਿਆ ਸੀ । ਮੈਂ ਇੱਕ ਗੱਲ ਮਹਿਸੂਸ ਕੀਤੀ ਕੀ ਨਾਸਿਰ ਢਿੱਲੋਂ ਹੁਣਾਂ ਨੇ ਵੀ ਉਹਨੂੰ ਬਹੁਤਾ ਮੂੰਹ ਨਹੀਂ ਲਾਇਆ। ਹੌਲੀ ਹੌਲੀ ਪਤਾ ਲੱਗਾ ਵੀ ਉਹਨਾਂ ਦੀ ਆਪਸ ਵਿੱਚ ਕੋਈ ਬਹੁਤੀ ਸੁਰ ਨਹੀਂ ਸੀ ਮਿਲਦੀ । ਇੱਥੇ ਫੇਰ ਮੈਨੂੰ ਲੱਗਾ ਬਈ ਸਾਰਾ ਕੁਝ ਸਾਡੇ ਅਰਗਾ ਈ ਆ। ਹੈਗੇ ਤਾਂ ਇਹ ਵੀ ਪਤੰਦਰ ਪੰਜਾਬੀ ਈ ਆ, ਵੈਸੇ ਵੀ ਕਹਿੰਦੇ ਅੱਜ ਗੌਰਮਿੰਟ ਬਦਲ ਗਈ ਸੀ ਉੱਥੇ ਤੇ ਫਾਰੂਖ਼ ਸਾਹਿਬ ਦੀ ਚੱਲਣੀ ਥੋੜ੍ਹੀ ਘੱਟ ਹੋ ਗਈ ਸੀ। ਉਸਨੇ ਜਿਹੜੀਆਂ ਵੱਧ ਸਕਿਓਰਟੀ ਤੇ ਆਪਣੀ ਤਾਕਤ ਦੀਆਂ ਗੱਲਾਂ ਕਰਕੇ ਬਾਈ ਹੁਣਾਂ ਨਾਲ ਗੱਲ ਮੁਕਾਈ ਸੀ ਉਹ ਤਾਕਤ ਹੁਣ ਓਨੀ ਰਹੀ ਨਹੀਂ ਸੀ । ਚਲੋ ਖਾਣਾ ਆਰਡਰ ਹੋਣ ਲੱਗਿਆ ਤਾਂ ਮੈਂ ਦੱਸਿਆ ਕਿ ਮੈਂ ਮੀਟ ਆਂਡਾ ਨਹੀਂ ਖਾਂਦਾ। ਮੇਰੇ ਲਈ ਦਾਲ ਸਬਜ਼ੀ ਲਈ ਵੱਖਰਾ ਆਰਡਰ ਹੋਇਆ। ਵੀਹ ਕੁ ਮਿੰਟ ਟੇਬਲ ਤੇ ਗੱਲਬਾਤ ਚੱਲਦੀ ਰਹੀ। ਇੱਕ ਵੱਡੀ ਗੱਲ ਇਹ ਹੋਈ ਕਿ ਜੋ ਲੋਕ ਨਹੀਂ ਵੀ ਜਾਣਦੇ ਸੀ ਉਹ ਵੀ ਸਾਰੇ ਆ ਕੇ ਹਰਿੰਦਰ ਭੁੱਲਰ ਤੇ ਬਾਠ ਸਾਹਿਬ ਨੂੰ ਬਹੁਤ ਵਧੀਆ ਬੁਲਾਉਂਦੇ, ਫਾਰੂਖ਼ ਨੇ ਵੀ ਮੇਰੇ ਨਾਲ ਇਸ ਤਰ੍ਹਾਂ ਹੀ ਕੀਤਾ ਸੀ, ਮੇਰੇ ਵੱਲ ਕੋਈ ਬਹੁਤ ਧਿਆਨ ਜਿਹਾ ਨਹੀਂ ਦਿੱਤਾ, ਜਾਂ ਏਦਾਂ ਕਹਿ ਲਉ ਕਿ ਮੇਰੀ ਪੁੱਛ-ਗਿੱਛ ਜਿਹੀ ਨਾ ਹੋਈ। ਮੈਨੂੰ ਸਿਰਫ਼ ਉਹੀ ਬੰਦਾ ਸਤਿਕਾਰ ਨਾਲ ਬੁਲਾ ਰਿਹਾ ਸੀ ਜੋ ਮੈਨੂੰ ਲਿਖਣ ਗਾਉਣ ਕਰਕੇ ਜਾਣਦਾ ਸੀ। ਬਹੁਤ ਸਵਾਦ ਖਾਣਾ ਖਾਧਾ, ਮੇਰੀ ਉਹ ਗੱਲ ਜੋ ਅੰਮ੍ਰਿਤਸਰ ਆਖੀ ਸੀ ਉਹ ਵੀ ਪੂਰੀ ਹੋਈ ਕਿ ਅੱਜ ਦੁਪਹਿਰ ਦਾ ਖਾਣਾ ਲਾਹੌਰ ਖਾਵਾਂਗੇ । ਮੀਟ ਖਾਣ ਵਾਲਿਆਂ ਨੇ ਦੱਸਿਆ ਕਿ ਜਿਵੇਂ ਸੁਣਿਆ ਸੀ ਲਾਹੌਰ ਦੇ ਮਟਨ ਬਾਰੇ, ਸੱਚੀਓਂ ਬੜਾ ਕਮਾਲ ਦਾ ਬਣਿਆਂ ਸੀ। ਖਾਣਾ ਖਾਂਦੇ ਮੈਨੂੰ ਸਮਝ ਲੱਗ ਗਈ ਕਿ ਮੇਰੇ ਪੱਗ ਨਹੀ ਬੰਨ੍ਹੀਂ ਉੱਤੋਂ ਮੈਂ ਕੁੜਤਾ ਪਜਾਮਾ ਪਠਾਣੀ ਪਾਇਆ ਹੋਇਆ ਸੀ, ਮੈਂ ਤਾਂ ਕਿਸੇ ਨੂੰ ਚੜ੍ਹਦੇ ਪੰਜਾਬੋਂ ਆਇਆ ਮਹਿਮਾਨ ਲੱਗ ਹੀ ਨਹੀਂ ਸੀ ਰਿਹਾ ਇਸੇ ਕਰਕੇ ਤਾਂ ਮੇਰੀ ਪੁੱਛ-ਗਿੱਛ ਘਟੀ ਪਈ ਸੀ। ਹੁਣ ਮੈਨੂੰ ਸਾਰੀ ਸਮਝ ਲੱਗ ਚੁੱਕੀ ਸੀ ਤੇ ਮੇਰਾ ਮਨ ਬੋਲਿਆ ਬਈ ਮਿੱਤਰਾ! ਕਰ ਕੋਈ ਪੱਗ ਦਾ ਹੀਲਾ। ਪਰ ਪੱਗ ਤਾਂ ਮੈਂ ਪਿੰਡੋਂ ਲੈ ਕੇ ਹੀ ਨਹੀਂ ਆਇਆ ਸੀ, ਮੇਰੀ ਨਿਗ੍ਹਾ ਬਾਈ ਹਰਿੰਦਰ ਭੁੱਲਰ ਦੀ ਪੱਗ ‘ਤੇ ਸੀ ਬਈ ਇਸ ਤੋਂ ਲੈਨੇ ਆਂ ਕੱਲ੍ਹ ਨੂੰ ਪੱਗ । ਹੁਣ ਫਾਰੂਖ਼ ਨੇ ਆਪਣੇ ਦੋ ਡਰਾਇਵਰ ਬਾਈ ਰੂਪ ਨੂੰ ਮਿਲਾ ਦਿੱਤੇ ਉਸਨੇ ਸਾਡੇ ਲਈ ਟੈਂਪੂ ਟਰੈਵਲਰ ਬੁੱਕ ਰੱਖੀ ਸੀ । ਅੱਜ ਬਾਈ, ਭਾਬੀ ਹੁਣਾਂ ਨੇ ਬਾਜ਼ਾਰ ਘੁੰਮਣ ਤੇ ਖ਼ਰੀਦਦਾਰੀ ਕਰਨ ਦੀ ਸਕੀਮ ਬਣਾਈ ਹੋਈ ਸੀ । ਨਾਸਿਰ ਤੇ ਹਰਿੰਦਰ ਭੁੱਲਰ ਦੀ ਕਸੂਰ ਜਾਣ ਦੀ ਤਿਆਰੀ ਸੀ, ਉਹ ਕਹਿੰਦੇ ਬਈ ਚੱਲ ਸਾਡੇ ਨਾਲ, ਕਸੂਰ ਨੂੰ ਬਾਬੇ ਬੁੱਲ੍ਹੇ ਸ਼ਾਹ ਦੀ ਮਜ਼ਾਰ ‘ਤੇ । ਉਹਨਾਂ ਦੀ ਕਸੂਰ ਜਾਣ ਵਾਲ਼ੀ ਗੱਲ ਸੁਣ ਕੇ ਮੈਂ ਪਹਿਲਾਂ ਹੀ ਢਿੱਡੋਂ ਪਾਲ਼ਾ ਬਦਲ ਚੁੱਕਿਆ ਸੀ, ਬਸ ਬਾਈ ਰੂਪ ਨੂੰ ਕਹਿਣ ਤੋਂ ਸੰਗਦਾ ਸੀ ਕਿ ਉਹ ਕੀ ਸੋਚਣਗੇ, ਆਇਆ ਤਾਂ ਸਾਡੇ ਨਾਲ ਸੀ ਤੇ ਤੁਰ ਪਿਆ ਵੱਖਰਾ। ਚਲੋ ਕਰੜਾ ਹੋ ਕੇ ਮੈਂ ਕਿਹਾ ‘ਬਾਈ ਆਪਾਂ ਦੋਵੇਂ ਨਾਸਿਰ ਹੁਣਾਂ ਨਾਲ ਕਸੂਰ ਚੱਲਦੇ ਆਂ ਤੇ ਇਹ ਸਾਰੇ ਬਾਜ਼ਾਰ ਜਾ ਆਉਣਗੇ ।’ ਬਾਈ ਕਹਿੰਦਾ ‘ਨਹੀਂ ਗੁਰਵਿੰਦਰ ! ਮੈਨੂੰ ਇਹਨਾਂ ਨਾਲ ਜਾਣਾ ਪੈਣਾ, ਤੂੰ ਜਾਹ ਆਪਾਂ ਸ਼ਾਮ ਨੂੰ ਡਿਨਰ ‘ਤੇ ਮਿਲਦੇ ਆਂ ।’ ਮੈਂ ਕਿਹਾ ਬਾਈ ਤੁਸੀਂ ਇਹ ਨਾ ਸੋਚਿਓ ਬਈ ਸਾਥੋਂ ਵੱਖਰਾ ਚਲਾ ਗਿਆ। 

ਬਾਈ ਕਹਿੰਦਾ ‘ਨਹੀਂ-ਨਹੀਂ ਤੂੰ ਖੁੱਲ੍ਹ ਕੇ ਆਨੰਦ ਲੈ, ਕੋਈ ਗੱਲ ਨਹੀਂ ।’ ਬਾਈ ਦੀ ਇਸ ਗੱਲ ਨੇ ਮੇਰੇ ਮਨ ਤੋਂ ਜਿਵੇਂ ਇੱਕ ਬਹੁਤ ਵੱਡਾ ਭਾਰ ਲਾਹ ਕੇ ਮੈਨੂੰ ਆਜ਼ਾਦ ਕਰ ਦਿੱਤਾ ਹੋਵੇ। 

ਇੰਨੇ ਨੂੰ ਅੰਜੁਮ ਗਿੱਲ ਕਾਹਲ਼ੇ ਕਦਮੀਂ ਆਇਆ ਤੇ ਕਹਿਣ ਲੱਗਾ ਕਿ ਵੱਡੇ ਸ਼ਾਇਰ ਬਾਬਾ ਨਜ਼ਮੀ ਜੀ ਮਿਲਣ ਆਏ ਨੇ । 

ਗਿੱਲ ਸਾਹਿਬ ਤੁਸਾਂ ਮਿਲਣਾ ਤਾਂ ਮਿਲਾਵਾਂ ।’ ਮੈਂ ਕਹਿ ‘ਕਿਉਂ ਨਾ ਭਰਾਵਾ ਜ਼ਰੂਰ, ਬਾਬਾ ਜੀ ਤਾਂ ਬਹੁਤ ਵੱਡੀ ਹਸਤੀ ਨੇ ਚੰਗੇ ਭਾਗ ਆ ਜੇ ਮਿਲ ਲੈਣ ਤਾਂ ।” ਬਾਬਾ ਜੀ ਨੂੰ ਚੜ੍ਹਦੇ ਪੰਜਾਬ (ਜ਼ੀਰੇ) ਦਾ ਕਨੇਡਾ ਤੋਂ ਆਇਆ ਬਾਈ ਗੋਲਡੀ ਮੱਲ੍ਹੀ ਬੜੇ ਸਤਿਕਾਰ ਨਾਲ ਹੋਟਲ ਲੈ ਕੇ ਆਇਆ ਸੀ ਤੇ ਅੰਜੁਮ ਨੇ ਉਹਨਾਂ ਨੂੰ ਭੁੱਲਰ ਸਾਹਿਬ ਦੇ ਕਮਰੇ ‘ਚ ਬਿਠਾਇਆ ਹੋਇਆ ਸੀ । ਅਸੀਂ ਸਾਰੇ ਕਮਰਾ ਨੰਬਰ 559 ਵਿੱਚ ਬਾਬਾ ਜੀ ਨੂੰ ਜਾ ਕੇ ਮਿਲੇ, ਮੈਂ ਉਹਨਾਂ ਦੇ ਗੋਡੀਂ ਹੱਥ ਲਾਏ ਤੇ ਸਤਿਕਾਰ ਨਾਲ ਉਹਨਾਂ ਨੂੰ ਜੱਫ਼ੀ ਪਾ ਲਈ । ਮੈਂ ਤਾਂ ਬਸ ਉਹਨਾਂ ਦੇ ਚਿਹਰੇ ਦੀ ਚੜ੍ਹਦੀ ਕਲਾ ਤੇ ਸ਼ਾਂਤੀ ਨੂੰ ਮਾਣ ਰਿਹਾ ਸੀ, ਏਨੇ ਨੂੰ ਨਾਸਿਰ ਨੇ ਪੁੱਛਿਆ ‘ਬਾਬਾ ਜੀ ਤੁਸੀਂ ਕਿੰਨਾ ਸਮਾਂ ਰੁਕੋਗੇ ਇੱਥੇ ?” ਉਹਨਾਂ ਕਿਹਾ ‘ਦੋ ਘੰਟੇ ਤਾਂ ਹੈਗੇ ਆ’ ਤਾਂ ਨਾਸਿਰ ਕਹਿੰਦਾ ‘ਜੀ ਅਸੀਂ ਕਸੂਰ ਜਾ ਕੇ ਦੋ ਘੰਟਿਆਂ ਵਿੱਚ ਮੁੜ ਆਉਣੇਂ। ਆ ਕੇ ਮਿਲਦੇ ਹਾਂ ਤੁਸੀਂ ਜਾਇਓ ਨਾ ।” ਮੈਨੂੰ ਨਾਸਿਰ ਦਾ ਬਾਬਾ ਜੀ ਨੂੰ ਇਸ ਤਰ੍ਹਾਂ ਕਹਿਣਾ ਓਪਰਾ ਜਿਹਾ ਲੱਗਾ ਕਿਉਂਕਿ ਮੇਰਾ ਮਨ ਫੇਰ ਪਾਲ਼ਾ ਬਦਲ ਚੁੱਕਾ ਸੀ, ਮੈਂ ਕਸੂਰ ਜਾਣ ਦੀ ਥਾਂ ਬਾਬਾ ਜੀ ਕੋਲ ਬਹਿ ਕੇ ਉਹਨਾਂ ਦੀਆਂ ਗੱਲਾਂ ਸੁਣਨੀਆਂ ਚਾਹੁੰਦਾ ਸੀ ਪਰ ਨਾਸਿਰ ਹੁਣਾਂ ਦੱਸਿਆ ਤੇ ਮੈਨੂੰ ਵੀ ਮਹਿਸੂਸ ਹੋ ਗਿਆ ਕਿ ਉਹਨਾਂ ਦਾ ਬਾਬਾ ਜੀ ਨਾਲ ਬਹੁਤ ਪਿਆਰ-ਮੁਹੱਬਤ ਵਾਲ਼ਾ ਰਿਸ਼ਤਾ ਹੈ, ਜਿਵੇਂ ਕਹਿ ਲਉ ਬਈ ਘਰ ਦੀ ਹੀ ਗੱਲ ਸੀ। 

ਚਲੋ ਦਿਲ ‘ਤੇ ਪੱਥਰ ਰੱਖ ਕੇ ਅਸੀਂ ਕਮਰੇ ‘ਚੋਂ ਬਾਹਰ ਆ ਗਏ। ਬਾਹਰ ਆ ਕੇ ਮੈਂ ਕਸੂਰ ਨੂੰ ਤੁਰਨ ਵੇਲ਼ੇ ਭੁੱਲਰ ਸਾਹਿਬ ਤੋਂ ਪੱਗ ਮੰਗਣ ਵਾਲ਼ੀ ਆਪਣੀ ਦਿਲ ਦੀ ਗੱਲ ਕਹਿ ‘ਤੀ। ਮੈਂ ਕਿਹਾ ਜੀ ਮੈਨੂੰ ਆਵਦੀ ਕੋਈ ਪੱਗ ਦਿਓ, ਮੈਨੂੰ ਤਾਂ ਲੋਕ ਏਥੋਂ ਦਾ ਹੀ ਸਮਝੀ ਜਾਂਦੇ ਆ, ਸਵਾਦ ਜਿਹਾ ਨੀਂ ਆ ਰਿਹਾ ।’ ਮੇਰੀ ਇਹ ਗੱਲ ਸੁਣ ਕੇ ਸਾਰੇ ਹੱਸ ਪਏ, ਭੁੱਲਰ ਸਾਹਿਬ ਕਹਿੰਦੇ ‘ਕਿਉਂ ਹੁਣ ਪਤਾ ਲੱਗਾ ਪੱਗ ਦਾ ਏਥੇ ਕਿੰਨਾ ਸਤਿਕਾਰ ਆ?” ਏਨੇ ਨੂੰ ਗੋਲਡੀ ਮੱਲ੍ਹੀ ਵੀਰ ਨੇ ਕੋਕਾ ਕੋਲ਼ਾ ਰੰਗ ਦੀ ਪੱਗ ਆਪਣੇ ਸਿਰ ਤੋਂ ਲਾਹ ਕੇ ਮੈਨੂੰ ਦਿੰਦਿਆਂ ਕਿਹਾ ‘ਵੀਰ ਜੀ ਤੁਸੀਂ ਆਹ ਮੇਰੇ ਵਾਲ਼ੀ ਪੱਗ ਬੰਨ੍ਹ ਲਓ, ਸ਼ਾਮ ਹੋ ਗਈ ਆ ਮੈਂ ਤਾਂ ਹੁਣ ਕਿਤੇ ਜਾਣਾ ਨਹੀਂ, ਮੈਂ ਤਾਂ ਏਥੇ ਬਾਬਾ ਜੀ ਕੋਲ ਹੀ ਰਹਿਣਾ ਹੈ।’ ਗੋਲ਼ਡੀ ਦੇ ਵੀ ਮੇਰੇ ਵਾਂਗ ਵਾਲ ਕੱਟੇ ਹੋਏ ਸੀ ਪਰ ਉਹ ਮੇਰੇ ਤੋਂ ਕੁਝ ਦਿਨ ਪਹਿਲਾਂ ਪਾਕਿਸਤਾਨ ਆਉਣ ਕਰਕੇ ਪੱਗ ਦੀ ਓਥੇ ਅਹਿਮੀਅਤ ਸਮਝ ਚੁੱਕਾ ਸੀ। ਮੈਂ ਓਥੇ ਹੀ ਸਾਮੀਂ ਜੱਟ ਤੋਂ ਪੂਣੀ ਕਰਵਾ ਕੇ ਪੱਗ ਬੰਨ੍ਹ ਲਈ। ਹੁਣ ਮੈਨੂੰ ਆਪਣਾ ਆਪ ਦੂਣਾ -ਤੀਣਾ ਲੱਗ ਰਿਹਾ ਸੀ, ਪੱਗ ਬੰਨ੍ਹ ਕੇ ਸ਼ਾਮ ਦੇ ਕੋਈ ਪੰਜ ਕੁ ਵਜੇ ਮੈਂ ਨਾਸਿਰ, ਅੰਜੁਮ, ਸਾਮੀ ਜੱਟ ਤੇ ਭੁੱਲਰ ਬਾਈ ਕਸੂਰ ਨੂੰ ਹੋ ਤੁਰੇ। ਮੈਂ ਹੋਟਲ ਆ ਕੇ ਨੈੱਟ ਚਲਾਉਣ ਵੱਲ ਧਿਆਨ ਹੀ ਨਾ ਦਿੱਤਾ ਪਰ ਹੁਣ ਗੱਡੀ ‘ਚ ਆ ਕੇ ਮੈਂ ਨਾਸਿਰ ਬਾਈ ਤੋਂ ‘ਹੌਟ ਸਪੌਟ’ ਲੈ ਕੇ ਜਦ ਨੈੱਟ ਚਲਾਇਆ ਤਾਂ ਮੇਰਾ ਫ਼ੋਨ ਵਟਸਅਪ ਸੁਨੇਹਿਆਂ ਨਾਲ ਭਰਿਆ ਪਿਆ ਸੀ। ਘਰੋਂ, ਲਵਲੀ ਤੇ ਡਾਕਟਰ ਹੁਣਾਂ ਦੀਆਂ ਹੀ ਕਾਲਜ਼ ਸਨ, ਮੈਂ ਤਾਂ ਜਿਵੇਂ ਪਾਕਿਸਤਾਨ ਪਹੁੰਚ ਕੇ ਆਵਦੇ ਘਰਦਿਆਂ, ਡਾਕਟਰ ਤੇ ਲਵਲ਼ੀ ਨੂੰ ਭੁੱਲ ਹੀ ਗਿਆ ਸੀ। 

ਚਲੋ ! ਮੈਂ ਪਹਿਲੀ ਕਾਲ ਮੈਂ ਆਪਣੇ ਭਤੀਜੇ ਅਜੇ ਪ੍ਰਤਾਪ ਵਾਲ਼ੇ ਫ਼ੋਨ ‘ਤੇ ਬੀਬੀ ਨੂੰ ਕੀਤੀ ਤੇ ਕਿਹਾ ‘ਹੈਲੋ! ਮੈਂ ਲਾਹੌਰ ਤੋਂ ਬੋਲਦਾਂ ।’ ਮੇਰੀਆਂ ਅੱਖਾਂ ਪਤਾ ਨਹੀਂ ਕਿਉਂ ਸਿੱਲ੍ਹੀਆਂ ਸੀ ਤੇ ਮਨ ਖੁਸ਼ੀ ਨਾਲ ਆਨੰਦ ਭਰਪੂਰ ਹੋਇਆ ਪਿਆ ਸੀ। ਮੈਂ ਕਿਹਾ ਬੀਬੀ, ਭੋਰਾ ਫ਼ਿਕਰ ਨਾ ਕਰਿਓ ਮੈਂ ਸੁੱਖੀਂ-ਸਾਂਦੀਂ ਪਹੁੰਚ ਗਿਆ, ਬਾਈ ਭੁੱਲਰ ਵੀ ਨਾਲ ਆ ਮੇਰੇ, ਕੋਈ ਫ਼ਿਕਰ ਵਾਲ਼ੀ ਗੱਲ ਨਹੀਂ, ਸਾਰੇ ਬਹੁਤ ਪਿਆਰ ਕਰਦੇ ਆ। ਫੇਰ ਲਵਲੀ, ਡਾਕਟਰ ਹੋਰ ਕਈਆਂ ਨੂੰ ਕਾਲ ਕੀਤੀ ਤੇ ਸਭ ਤੋਂ ਪਹਿਲਾਂ ਮੈਂ ਘੋਟ-ਘੋਟ ਕੇ ਇਹੀ ਸ਼ਬਦ ਕਹਿ ਰਿਹਾ ਸੀ ‘ਹੈਲੋ, ਮੈਂ ਲਾਹੌਰ ਤੋਂ ਬੋਲਦਾਂ ।” ਮੈਨੂੰ ਇਉਂ ਕਹਿਣ ‘ਚ ਪਤਾ ਨੀਂ ਕਿਉਂ ਐਨਾ ਸਵਾਦ ਆ ਰਿਹਾ ਸੀ। ਫਿਰ ਮੈਂ ਉੱਚੀ-ਉੱਚੀ ਸਾਰਿਆਂ ਨੂੰ ਲਾਹੌਰ ਬਾਰੇ ਦੱਸ ਰਿਹਾ ਸੀ, ਵੀਡੀਓ ਕਾਲ ‘ਤੇ ਉਹਨਾਂ ਨੂੰ ਲਾਹੌਰ ਦਿਖਾ ਰਿਹਾ ਸੀ, ਫੇਸਬੁੱਕ, ਇੰਸਟਾਗਰਾਮ, ਵਟਸਅੱਪ, ਸਨੈਪਚੈਟ ‘ਤੇ ਲਾਹੌਰ ਸ਼ਹਿਰ ਦੀਆਂ ਸਟੋਰੀਆਂ ਪਾ ਰਿਹਾ ਸੀ ਹਰ ਜਗ੍ਹਾ ਇਹੀ ਲਿਖ-ਬੋਲ਼ ਰਿਹਾ ਸੀ ‘ਹੈਲੋ, ਮੈਂ ਲਾਹੌਰ ਤੋਂ ਬੋਲਦਾਂ।” ਮੇਰੇ ਯਾਰ ਸਿੱਧੂ ਮੂਸੇਵਾਲ਼ੇ ਦੀ ਸਨੈਪਚੈਟ ਤੇ ਵੀਡੀਓ ਕਾਲ ਆ ਗਈ ‘ਓਏ ਮੋਟੇ, ਤੂੰ ਲਾਹੌਰ ਕਿਵੇਂ ਗਿਆ ਓਇ ? ਦਿਖਾ ਮੈਨੂੰ ਵੀ ਲਾਹੌਰ, ਜੇ ਦੱਸ ਕੇ ਜਾਂਦਾ ਤਾਂ ਮੈਂ ਵੀ ਨਾਲ਼ ਜਾਣਾ ਸੀ ।’ ਫਿਰ ਉਹਨੇ ਨਾਸਿਰ ਹੁਣਾਂ ਨਾਲ ਗੱਲ ਕੀਤੀ ਤੇ ਕਿਹਾ ‘ਬਾਈ ਮੈਂ ਵੀ ਆਉਣਾ ਯਾਰ ਪਾਕਿਸਤਾਨ, ਮੈਂ ਬਹੁਤ ਦੇਖਦਾਂ ਥੋਡੀਆਂ ਵੀਡੀਓਜ਼ ।’ ਓਧਰ ਮੈਂ ਪਤਾ ਨੀਂ ਕਿੰਨਾ ਕੁ ਉੱਚੀ ਬੋਲੀ ਜਾ ਰਿਹਾ ਸੀ, ਸਿੱਧੂ ਦੀ ਕਾਲ ਮਗਰੋਂ ਮੈਂ ਆਪਣੇ ਹੋਰ ਯਾਰਾਂ ਜਿਵੇਂ ਸਟਾਲਿਨਵੀਰ, ਸੁਖਜਿੰਦਰ ਲੋਪੋਂ, ਲਾਡੀ ਕਾਂਗੜ, ਲੱਖਾ ਸਿਧਾਣਾ ਤੇ ਜਗਦੀਪ ਰੰਧਾਵਾ ਨੂੰ ਵਾਰੀ-ਵਾਰੀ ਕਾਲ ਲਾਈ ਤੇ ਸਭ ਨੂੰ ਇਹ ਹੀ ਕਿਹਾ ‘ਹੈਲੋ, ਮੈਂ ਲਾਹੌਰ ਤੋਂ ਬੋਲਦਾਂ।’ ਇਹ ਕਹਿ-ਕਹਿ ਕੇ ਮੈਂ ਆਵਦੇ ਜਾਣੀਂ ਸਾਰਿਆਂ ਨੂੰ ਮਚਾਅ ਰਿਹਾ ਸੀ। ਮੈਨੂੰ ਵੀ ਹੋਰ ਬਹੁਤ ਮਿੱਤਰ ਕਾਲਾਂ ਕਰ ਰਹੇ ਸੀ, ਭਾਨੇ ਸਿੱਧੂ ਨੇ ਕਾਲ ਕੀਤੀ ਤੇ ਕਿਹਾ ‘ਯਾਰ ਸਨੈਪਚੈਟ ਸਟੋਰੀਆਂ ਹੋਰ ਵੱਧ ਪਾ, ਅਸੀਂ ਵੀ ਪਾਕਿਸਤਾਨ ਵੇਖਣਾ।” ਇਸ ਐਕਸਾਈਟਮੈਂਟ ‘ਚ ਮੇਰਾ ਇਹ ਹਾਲ ਦੇਖ ਕੇ ਨਾਸਿਰ, ਅੰਜੁਮ, ਸਾਮੀਂ ਤੇ ਭੁੱਲਰ ਸਾਹਿਬ ਮੇਰੇ ‘ਤੇ ਹੱਸ ਰਹੇ ਸੀ । ਮੈਂ ਬਥੇਰਾ ਆਪਣੇ ਆਪ ‘ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਬਈ ਮਨਾਂ ਤੂੰ ਵੱਧ ਕਮਲ਼ ਕੁੱਟ ਰਿਹੈਂ, ਇਹ ਕੀ ਸੋਚਣਗੇ ? ਇਹ ਸਾਰੇ ਕਿੰਨੇ ਸਲੀਕੇ ਨਾਲ ਹੌਲ਼ੀ-ਹੌਲ਼ੀ ਮੁਹੱਬਤ ਨਾਲ ਬੋਲਦੇ ਆ, ਤੂੰ ਐਵੇਂ ਬੇ ਵਜ੍ਹਾ ਈ ਬੋਲੀ ਜਾ ਰਿਹੈਂ, ਪਰ ਕਿੱਥੇ, ਮੇਰੇ ਤੋਂ ਆਪਣਾ ਆਪ ਰੋਕਿਆ ਈ ਨਾ ਜਾਵੇ । ਅਖ਼ੀਰ ਨੂੰ ਮੈਂ ਅੱਕ ਕੇ ਕਹਿ ‘ਤਾ ‘ਬਾਈ ਮੈਂ ਜਾਣ ਕੇ ਨਹੀਂ ਭਕਾਈ ਮਾਰ ਰਿਹਾ, ਮੇਰੇ ਤੋਂ ਨੀਂ ਕਾਬੂ ਹੁੰਦਾ ਮੂੰਹ ‘ਤੇ, ਬਾਈ ਬਣਕੇ ਝੱਲ ਲਇਉ।’ ਮੇਰੀ ਇਹ ਗੱਲ ਸੁਣ ਕੇ ਸਾਰੇ ਹੱਸ ਪਏ ਤੇ ਕਹਿੰਦੇ ‘ਤੂੰ ਲੁੱਟ ਨਜ਼ਾਰੇ ਗਿੱਲਾ, ਕੋਈ ਚੱਕਰ ਈ ਨਹੀਂ।’ 

ਅਸੀਂ ਲਾਹੌਰ ਤੋਂ ਰਿੰਗ ਰੋਡ ਰਾਹੀਂ ਕਸੂਰ ਵੱਲ ਜਾ ਰਹੇ ਸੀ, ਨਾਸਿਰ ਤੇ ਅੰਜੁਮ ਲਾਈਵ ਸੀ ਫੇਸਬੁੱਕ ‘ਤੇ। ਨਾਸਿਰ ਗੱਡੀ ਚਲਾ ਰਿਹਾ ਸੀ ਤੇ ਭੁੱਲਰ ਸਾਹਿਬ ਅਗਲੀ ਸੀਟ ‘ਤੇ ਬੈਠੇ ਸੀ। ਮੈ, ਅੰਜੁਮ ਤੇ ਸਾਮੀਂ ਪਿੱਛੇ ਸੀ, ਮੇਰਾ ਜੀਅ ਕਰੇ ਬਈ ਮੈਂ ਮੂਹਰੇ ਬੈਠਾਂ, ਇਸ ਤਰ੍ਹਾਂ ਮੈਨੂੰ ਚਾਰ ਚੁਫ਼ੇਰਾ ਹੋਰ ਵੀ ਵੱਧ ਦਿਸੂ ਪਰ ਓਥੇ ਤਾਂ ਹਰਿੰਦਰ ਭੁੱਲਰ ਸਾਹਿਬ ਬੈਠੇ ਸੀ। 

ਬਾਈ ਹਰਿੰਦਰ ਭੁੱਲਰ ਜਿੱਥੇ ਕਲਾ ਪੱਖੋਂ ਮੇਰੇ ਤੋਂ ਵੱਡੇ ਤੇ ਸੀਨੀਅਰ ਨੇ ਓਥੇ ਉਹਨਾਂ ਦਾ ਮੇਰੀ ਜ਼ਿੰਦਗ਼ੀ ਦੇ ਇੱਕ ਹੋਰ ਪੱਖ ਤੋਂ ਵੀ ਰੁਤਬਾ ਬਹੁਤ ਵੱਡਾ । ਮੈਂ ਬਾਈ ਨੂੰ 2015 ਵਿੱਚ ਜਦੋਂ ਮੈਂ ਆਪਣੇ ਗੀਤਾਂ ਨੂੰ ਰਿਕਾਰਡ ਕਰਵਾਉਣ ਲਈ ਗਾਉਣ ਵਾਲ਼ੇ ਗਾਇਕ ਲੱਭ ਰਿਹਾ ਸੀ ਕਿ ਕੋਈ ਮੇਰੇ ਗੀਤ ਗਾ ਦੇਵੇ, ਓਦੋਂ ਇਸੇ ਲਈ ਮੈਂ ਬਾਈ ਭੁੱਲਰ ਨੂੰ ਫ਼ੋਨ ਕੀਤਾ ਸੀ ਆਪਣੇ ਗਾਣੇ ਸੁਣਾਉਣ ਲਈ। 

ਬਾਈ ਮੈਨੂੰ ਬਹੁਤ ਅਦਬ ਤੇ ਅਪਣੱਤ ਨਾਲ ਮਿਲਿਆ, ਹੱਲਾਸ਼ੇਰੀ ਦਿੱਤੀ ਤੇ ਮੇਰਾ ਗੀਤ ਵੀ ਗਾਇਆ ਸੂਰਮਾ । ਜੋ ਟੀ ਸੀਰੀਜ਼ ਨੇ ਪੇਸ਼ ਕੀਤਾ। ਬਾਈ ਨੇ ਨਾਲ ਇਹ ਵੀ ਆਖਿਆ ਕਿ ਤੂੰ ਬਹੁਤ ਕਮਾਲ ਲਿਖਦਾਂ, ਤੇਰੀ ਵਾਰੀ ਆਈ ਹੀ ਸਮਝ, ਹੋਰ ਤਕੜਾ ਹੋ ਕੇ ਲਿਖ ਤੇ ਸਭ ਤੋਂ ਵੱਡੀ ਗੱਲ ਵੱਡੇ ਬਾਈ ਮਨਮੋਹਨ ਵਾਰਿਸ ਤੇ ਕਮਲ ਹੀਰ, ਜਿੰਨ੍ਹਾਂ ਨੂੰ ਮਿਲਣ ਲਈ ਮੈਂ ਚਾਰ-ਪੰਜ ਸਾਲਾਂ ਤੋਂ ਕੋਸ਼ਿਸ਼ ਕਰ ਰਿਹਾ ਸੀ, ਉਹਨਾਂ ਨਾਲ ਬਾਈ ਹਰਿੰਦਰ ਭੁੱਲਰ ਨੇ ਆਪਣੇ ਘਰ ਫਿਰੋਜ਼ਪੁਰ ਵਿੱਚ ਇੱਕ ਯਾਦਗਾਰੀ ਮੁਲਾਕਾਤ ਕਰਵਾ ਕੇ ਮੇਰੇ ਗੀਤ ਬਾਈ ਵਾਰਿਸ ਨੂੰ ਸੁਣਵਾਏ ਤੇ ਅਗਲੇ ਹੀ ਸਾਲ ਮੇਰੀ ਜ਼ਿੰਦਗੀ ਦਾ ਬੇਹਤਰੀਨ ਗੀਤ-  

ਅਸੀ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ’ 

ਚੀਰ ਦਿੰਦੇ ਆ ਪਹਾੜ ਹੁੰਦਾ ਜਿੰਨ੍ਹਾਂ ਨੂੰ ਜਨੂੰਨ, 

ਰਹਿਕੇ ਮੰਜ਼ਿਲਾਂ ਤੋਂ ਦੂਰ ਕਿੱਥੇ ਮਿਲਦਾ ਸਕੂਨ, 

ਚੰਨਾ ਅਤੇ ਤਾਰਿਆਂ ਤੋਂ ਵੱਡੇ ਓ ਖ਼ਾਬ ਦੇਖਦੇ 

ਦਿਲਾਂ ਵਾਲੇ ਦਾਇਰੇ ਨਾ ਤੰਗ ਰੱਖਿਓ 

ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ 

ਦੇਖੇ ਲਿਖਦੇ ਮੈ ਲੋਕ ਹੱਥਾਂ ਬਾਹਾਂ ਤੋਂ ਬਗੈਰ। 

ਹੁੰਚ ਚੰਦ ਤੱਕ ਜਾਂਦੇ ਲੋਕ ਰਾਹਾਂ ਤੋਂ ਬਗੈਰ । 

ਬਦਲ ਕੇ ਹਟਾਂਗੇ ਹਵਾਵਾਂ ਦੇ ਵੀ ਰੁਖ਼ 

ਲਾਕੇ ਸੋਚਾਂ ਨੂੰ ਉਕਾਬਾਂ ਵਾਲੇ ਖੰਭ ਰੱਖਿਓ। 

ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ। 

ਉਹ ਰਾਂਝਾ ਨੀ ਕਾਇਮ ਜੀਹਦੀ ਖੇੜੇ ਲੈ ਗਏ ਹੀਰ । 

ਜੇ ਨਾ ਸੌਂਦਾ ਦਾਨਾ ਬਾਦ ਕਿਵੇਂ ਟੁੱਟ ਜਾਂਦੇ ਤੀਰ । 

ਆਪਣੇ ਹੱਥਾਂ ਦੇ ਨਾਲ ਲਿਖੋ ਤਕਦੀਰ ਲੱਗੇ

  ਲਿਖਣ ਦਲੇਰਾਂ ਵਾਲਾ ਢੰਗ ਰੱਖਿਓ 

ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ 

ਗਿੱਲ ਰੌਂਤਿਆ ਹਜ਼ਾਰਾਂ ਮੂਹਰੇ ਕੱਲ੍ਹੇ ਜਿਹੜੇ ਖੜ੍ਹੇ ਆ । 

ਇਤਿਹਾਸ ਵਿੱਚ ਕੋਕੇ ਉਂਨਾਂ ਬੰਦਿਆਂ ਨੇ ਜੜੇ ਆ।

  ਹਾਰਦੇ ਨੀ ਹੁੰਦੇ ਕਦੇ ਮਰਦ ਦਲੇਰ ਸਦਾ 

ਹੌਸਲੇ ਬਣਾਕੇ ਤੁਸੀਂ ਬੰਬ ਰੱਖਿਓ 

ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ। 

ਰਿਕਾਰਡ ਹੋ ਕੇ ਆਇਆ ।

ਇਸ ਕਰਕੇ ਹਰਿੰਦਰ ਭੁੱਲਰ ਬਾਈ ਮੇਰੀ ਜ਼ਿੰਦਗੀ ‘ਚ ਬਹੁਤ ਅਹਿਮੀਅਤ ਰੱਖਦਾ। ਤੁਸੀਂ ਹੁਣ ਆਪ ਹਿਸਾਬ ਲਾ ਲਉ ਬਈ ਮੈਂ ਬਾਈ ਨੂੰ ਕਿਵੇਂ ਕਹਿ ਸਕਦਾ ਸੀ ਕਿ ਬਾਈ ਤੁਸੀਂ ਪਿੱਛੇ ਬਹਿ ਜੋ ਮੈ ਮੂਹਰੇ ਬੈਠਣਾ।  

ਚਲੋ ਅਸੀਂ ਛੇ ਵਜੇ ਨੂੰ ਕਸੂਰ ਜਾ ਪਹੁੰਚੇ ਤੇ ਓਥੇ ਨਾਸਿਰ ਬਾਈ ਦੇ ਫ਼ੋਨ ਕਰਨ ਕਰਕੇ ਉਹਨਾਂ ਦੇ ਦੋ ਦੋਸਤ ਮੁਹੰਮਦ ਬਿਲਾਲ ਤੇ ਮੁਹੰਮਦ ਨੁਮਾਨ ਸਾਡੀ ਪਹਿਲਾਂ ਹੀ ਉਡੀਕ ਕਰ ਰਹੇ ਸੀ। ਗੱਡੀ ਤੋਂ ਉੱਤਰਨ ਸਾਰ ਪੱਗ ਦਾ ਅਸਰ ਮਹਿਸੂਸ ਹੋਣਾ ਸ਼ੁਰੂ ਹੋ ਗਿਆ। 

ਹੁਣ ਮੈਨੂੰ ਵੀ ਸਾਰੇ ਭੁੱਲਰ ਸਾਹਿਬ ਵਾਂਗ ਸਤਿਕਾਰ ਤੇ ਚਾਅ ਨਾਲ ‘ਸਰਦਾਰ ਸਾਹਿਬ’ ਕਹਿ ਕੇ ਮਿਲ ਰਹੇ ਸਨ। ਅਸੀਂ ਬਾਬੇ ਬੁੱਲ੍ਹੇ ਸ਼ਾਹ ਜੀ ਦੀ ਦਰਗਾਹ ‘ਤੇ ਮੱਥਾ ਟੇਕਿਆ। ਓਥੇ ਸਾਡਾ ਇੱਕ ਚਾਦਰ ਤੇ ਫੁੱਲਾਂ ਦੇ ਹਾਰ ਨਾਲ ਸਨਮਾਨ ਹੋਇਆ। ਦਰਗਾਹ ਤੇ ਕਮਾਲ ਦੇ ਗਵੱਈਏ ਬੈਠੇ ਕੱਵਾਲੀਆਂ ਗਾ ਰਹੇ ਸੀ, ਬਹੁਤ ਸੋਹਣਾ ਤਿਆਰ ਕੀਤਾ ਵੱਡਾ ਦਰਬਾਰ ਸੀ ਤੇ ਗਾਉਣ ਵਾਲੇ ਦੂਰ ਬੈਠੇ ਆਪਣੇ ਸਾਜ਼ਾਂ ‘ਤੇ ਆਪਣੇ ਹੀ ਅਨੰਦ ਲਈ ਗਾ ਰਹੇ ਸੀ, ਬੜਾ ਆਨੰਦ ਵਾਲਾ ਮਾਹੌਲ ਸੀ ਕਮਾਲ, ਕਮਾਲ ਤੇ ਬੱਸ ਕਮਾਲ । ਉਥੋਂ ਸਾਨੂੰ ਕਸੂਰ ਵਾਲੇ ਦੋਸਤ ਬਾਜ਼ਾਰ ਵੱਲ ਲੈ ਤੁਰੇ, ਬਾਜ਼ਾਰ ਵਾਲੇ ਦੁਕਾਨਦਾਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਸੀ ਤੇ ਕਹਿ ਰਹੇ ਸੀ ‘ਸਰਦਾਰ ਜੀ ਆਓ ਬੈਠੋ ਤੇ ਖਾਓ ।” ਹੁਣ ਵੈਸੇ ਵੀ ਇੱਥੇ ‘ਇਫ਼ਤਾਰੀ’ ਦਾ ਵੇਲਾ ਹੋ ਗਿਆ ਸੀ। 

ਮੈਂ ਦੱਸ ਦਿਆਂ ਕਿ ਈਦ ਦੇ ਦਿਨਾਂ ‘ਚ ਰੋਜ਼ੇ ਚੱਲਦੇ ਹੋਣ ਕਰਕੇ ਇਹ ਲੋਕ ਦਿਨ ਵੇਲੇ ਕੁਝ ਵੀ ਨਹੀਂ ਖਾਂਦੇ ਤੇ ਸ਼ਾਮ ਨੂੰ ਮਰਿਆਦਾ ਤਹਿਤ ਰੋਜ਼ਾ ਖੋਲ੍ਹਣ ਦੇ ਸਮੇਂ ਕੁਝ ਖਾਣ ਨੂੰ ‘ਇਫ਼ਤਾਰੀ’ ਕਰਨਾ ਕਹਿੰਦੇ ਨੇ । ਸਵੇਰੇ ਚਾਰ-ਪੰਜ ਵਜੇ ਰੋਜ਼ਾ ਰੱਖਣ ਵੇਲੇ ਜੋ ਖਾਂਦੇ ਹਨ ਉਸ ਨੂੰ ਇਹ ‘ਸਹਿਰੀ’ ਕਹਿੰਦੇ ਨੇ । ਬਾਜ਼ਾਰ ਵਿੱਚ ਅਸੀਂ ਇੱਕ ਦੁਕਾਨ ‘ਤੇ ਕੁਝ ਖਾਣ ਲਈ ਰੁਕੇ, ਓਥੇ ਉਹਨਾਂ ਨੇ ਜੋ ਸਾਨੂੰ ਫ਼ਲੂਦਾ, ਅੰਦਰਸੇ (ਸਥਾਨਕ ਮਠਿਆਈ) ਤੇ ਠੰਢਾ ਦੁੱਧ ਪੇਸ਼ ਕੀਤਾ। ਉਸ ਤਾਂ ਦੇ ਕਿਆ ਹੀ ਕਹਿਣੇ ਸੀ, ਸੱਚ ਪੁੱਛੋ ਤਾਂ ਅਜੇ ਤੱਕ ਵੀ ਜੀਭ ‘ਤੇ ਓਹਦਾ ਸਵਾਦ ਜਿਉਂ ਦਾ ਤਿਉਂ ਕਾਇਮ ਹੈ। ਸਵਾਦ ਤਾਂ ਸਵਾਦ ਉੱਤੋਂ ਉਹ ਪਤੰਦਰ ਮੁਹੱਬਤ ਹੀ ਐਨੀ ਕਰ ਰਹੇ ਸੀ ਕਿ ਲੱਗਦਾ ਸੀ ਬਈ ਇਹ ਖਵਾ-ਖਵਾ ਕੇ ਹੀ ਮਾਰ ਦੇਣਗੇ। ਹੁਣ ਤੱਕ ਗੋਲਡੀ ਮੱਲ੍ਹੀ ਹੁਣਾਂ ਦੇ ਫ਼ੋਨ ਵੱਜਣੇ ਸ਼ੁਰੂ ਹੋ ਗਏ ਸੀ। ਉਹ ਕਹਿ ਰਹੇ ਸੀ ਕਿ ਵਾਪਸ ਆ ਜਾਉ, ਬਾਬਾ ਨਜਮੀ ਜੀ ਨੇ ਘਰ ਵਾਪਸ ਜਾਣਾ । ਅਸੀਂ ਵੀ ਤੁਰਨ ਦੀ ਕਾਹਲ਼ ਕਰਨ ਲੱਗੇ ਪਰ ਕਸੂਰ ਵਾਲ਼ੇ ਦੋਸਤ ਗੁੱਸਾ ਕਰਨ ਤੇ ਕਹਿਣ ਬਈ ਤੁਸੀ ਕਿਉਂ ਜਾ ਰਹੇ ਓ ? ਉਹ ਤੋਹਫ਼ੇ ਦੇਣ ਲਈ ਪੱਬਾਂ ਭਾਰ ਹੋਏ ਬੈਠੇ ਸੀ, ਪਰ ਅਸੀਂ ਕਿਹਾ ਐਤਕੀਂ ਨਹੀਂ, ਫੇਰ ਇੱਕ- ਦੋ ਦਿਨਾਂ ਤੱਕ ਦੁਬਾਰਾ ਆਵਾਂਗੇ । ਸੋ ਦੁਬਾਰਾ ਆਉਣ ਦਾ ਝੂਠਾ ਵਾਅਦਾ ਕਰਕੇ ਅਸੀਂ ਸਵਾ ਕੁ ਸੱਤ ਤੱਕ ਲਾਹੌਰ ਵੱਲ ਨੂੰ ਨਿਕਲ ਪਏ । ਇਸ ਸਾਰੇ ਘਟਨਾਕ੍ਰਮ ਵਿੱਚ ਮੈਂ ਬਾਈ ਹਰਿੰਦਰ ਭੁੱਲਰ ਨੂੰ ਪਾਸੇ ਕਰਕੇ ਗੱਡੀ ਵਿੱਚ ਹੁਣ ਵਾਪਸੀ ਵੇਲ਼ੇ ਗੱਡੀ ਦੀ ਅਗਲੀ ਸੀਟ ‘ਤੇ ਬਹਿ ਕੇ ਲਾਹੌਰ ਦੇਖਣ ਦੀ ਬੇਨਤੀ ਕਰ ਚੁੱਕਾ ਸੀ। 

ਗੱਡੀ ‘ਚ ਬਹਿਣ ਵੇਲ਼ੇ ਬਾਈ ਭੁੱਲਰ ਨੇ ਮੇਰਾ ਪੂਰਾ ਮਾਣ ਰੱਖਿਆ ਤੇ ਆਪੇ ਹੀ ਕਹਿਤਾ ‘ਗਿੱਲਾ, ਹੁਣ ਤੂੰ ਬੈਠ ਮੂਹਰੇ ਯਾਰ’। ਕਸੂਰ ਤੋਂ ਲਾਹੌਰ ਲਈ ਚੱਲਣ ਵੇਲ਼ੇ ਭੁੱਲਰ ਬਾਈ ਨੂੰ ਰਾਹ ‘ਚ ਮਿਲਣ-ਗਿਲਣ ਵਾਲ਼ਿਆਂ ਦਾ ਫ਼ੋਨ ਆਇਆ ਹੋਇਆ ਸੀ। ਕਸੂਰ ਤੇ ਲਾਹੌਰ ਦੇ ਲਗਪਗ ਅੱਧ ਕੁ ‘ਚ ਪੈਂਦੇ ਕਸਬੇ ‘ਕਾਹਨੇ ਕਾਛੇ’ ਸਾਨੂੰ ਮਿਲਣ ਲਈ ਬਾਈ ਇਸ਼ਤਿਆਕ ਸੰਧੂ ਤੇ ਉਹਦੇ ਕੁਝ ਮਿੱਤਰ ਪਹਿਲਾਂ ਹੀ ਖੜ੍ਹੇ ਹੋਏ। ਉਹ ਸਵਿਫ਼ਟ ਕਾਰ ‘ਤੇ ਆਏ ਸੀ, ਉਹ ਕਹਿਣ ਗੱਡੀ ਸਾਡੇ ਮਗਰ ਲਾਓ ਅਸੀਂ ਤੁਹਾਡਾ ਰੋਟੀ-ਪਾਣੀ ਦਾ ਪ੍ਰਬੰਧ ਕੀਤਾ ਹੋਇਆ ਪਰ ਉਹਨਾਂ ਦੀ ਇਹ ਗੱਲ ਮੰਨਣੀ ਉਸ ਵੇਲ਼ੇ ਸਾਡੇ ਵੱਸੋਂ ਬਾਹਰ ਸੀ। ਇੱਕ ਤਾਂ ਉਨ੍ਹਾਂ ਨੇ ਇਹ ਪ੍ਰੋਗਰਾਮ ਮੌਕੇ ‘ਤੇ ਦੱਸਿਆ ਬਈ ਅਸੀ ਖਾਣ-ਪੀਣ ਕਰੀ ਬੈਠੇ ਆਂ ਤੇ ਦੂਜੀ ਵੱਡੀ ਗੱਲ ਬਾਬਾ ਨਜਮੀ ਜੀ ਲਾਹੌਰ ਬੈਠੇ ਸਾਨੂੰ ਉਡੀਕ ਰਹੇ ਸੀ । ਸਾਨੂੰ ਉਹਨਾਂ ਵੀਰਾਂ ਨੂੰ ਘੱਟ ਸਮਾਂ ਦੇਣ ਤੇ ਉਨ੍ਹਾਂ ਨਾਲ ਬਹਿ ਕੇ ਖਾ-ਪੀ ਨਾ ਸਕਣ ਦਾ ਅਫ਼ਸੋਸ ਵੀ ਬਹੁਤ ਹੋ ਰਿਹਾ ਸੀ, ਚਲੋ ਖ਼ੈਰ! ਬੁਝੇ ਮਨ ਨਾਲ ਅਸੀਂ ਦਸ ਮਿੰਟ ਸੜਕ ‘ਤੇ ਖੜ੍ਹ ਕੇ ਅੱਗੇ ਲਾਹੌਰ ਨੂੰ ਹੋ ਤੁਰੇ, ਨਾ ਉਹਨਾਂ ਮਿਲਣ ਆਏ ਵੀਰਾਂ ਦਾ ਮਨ ਖ਼ੁਸ਼ ਹੋਇਆ ਤੇ ਨਾ ਸਾਡਾ। ਲਾਹੌਰ ਦੇ ਨੇੜੇ ਜਾ ਕੇ ਗੱਡੀ ਫੇਰ ਜਦੋਂ ਰਿੰਗ ਰੋਡ ‘ਤੇ ਚੜ੍ਹੀ ਤਾਂ ਮੈਂ ਤੇ ਬਾਈ ਭੁੱਲਰ ਆਪੋ-ਆਪਣੇ ਫੇਸਬੁੱਕ ਪੇਜਾਂ ‘ਤੇ ‘ਲਾਈਵ’ ਹੋ ਗਏ। ਹਨ੍ਹੇਰੇ ਦੇ ਸ਼ੁਰੂਆਤ ਹੋ ਚੁੱਕੀ ਸੀ ਤੇ ਘੁਸਮੁਸਾ ਜਿਹਾ ਸੀ । ਰੌਸ਼ਨੀਆਂ ਵਿੱਚ ਲਾਹੌਰ ਰਿੰਗ ਰੋਡ ਜੰਨਤ ਵਰਗਾ ਲੱਗ ਰਿਹਾ ਸੀ । ਨਾਸਿਰ ਹੁਣੀਂ ਸਾਨੂੰ ‘ਪੰਜਾਬੀ ਲਹਿਰ’ ਚੈਨਲ ਦੇ ਦਫ਼ਤਰ ਲੈ ਗਏ, ਓਥੋਂ ਖਾਧਾ-ਪੀਤਾ। 

ਬਾਈ ਪੁਪਿੰਦਰ ਸਿੰਘ ਲਵਲੀ ਨੂੰ ਨਾਲ ਲੈ ਕੇ ਰਾਤ ਦੇ ਕਰੀਬ ਸਵਾ ਕੁ ਅੱਠ ਵਜੇ ਅਸੀਂ ਪੀ.ਸੀ. ਹੋਟਲ ਨੂੰ ਚੱਲ ਪਏ। ਹੋਟਲ ਪਹੁੰਚ ਕੇ ਕਮਰਾ ਨੰਬਰ 559 ਦੇ ਅੱਗੇ ਜਾ ਪਹੁੰਚੇ । ਬਾਬਾ ਨਜਮੀ ਜੀ ਗੇਟ ਖੋਲ੍ਹ ਕੇ ਵਾਪਸ ਆਪਣੇ ਘਰ ਜਾਣ ਹੀ ਲੱਗੇ ਸੀ ਕਿ ਅਸੀਂ ਉਹਨਾਂ ਨੂੰ ਜਾ ਡੱਕਿਆ । ਜਿਸ ਬੰਦੇ ਨੂੰ ਸਾਰੀ ਦੁਨੀਆਂ ਉਡੀਕਦੀ ਹੈ ਅਸੀਂ ਉਸ ਬੰਦੇ ਤੋਂ ਆਪਣੀ ਉਡੀਕ ਕਰਵਾਈ, ਇਹ ਸਾਡੀ ਬੱਜਰ ਗ਼ਲਤੀ ਹੀ ਨਹੀਂ, ਬਲਕਿ ਗੁਨਾਹ ਸੀ । ਬਾਬਾ ਨਜਮੀ ਜੀ ਨੇ ਨਾਸਿਰ ਹੁਣਾਂ ਨੂੰ ਮਿੱਠਾ ਜਿਹਾ ਘੂਰਿਆ ਵੀ ਤੇ ਫਿਰ ਆਰਾਮ ਨਾਲ ਕਮਰੇ ਵਿੱਚ ਹੀ ਬੈਠ ਗਏ । ਚਿਰਾਂ ਬਾਅਦ ਅੱਜ ਪੱਗ ਬੰਨ੍ਹੀ ਹੋਣ ਕਰਕੇ ਮੇਰੇ ਮੱਥੇ ਨੂੰ ਕੱਸ ਜਿਹਾ ਪਾਉਣ ਲੱਗ ਗਈ ਸੀ । ਮੈਂ ਪੱਗ ਲਾਹ ਦਿੱਤੀ ਪਰ ਮੱਲ੍ਹੀ ਬਾਈ ਨੂੰ ਪੁੱਛਕੇ ਰੱਖ ਆਪਣੇ ਹੀ ਬੈਗ ਵਿੱਚ ਲਈ। ਉਹ ਪੱਗ ਹੁਣ ਵੀ ਮੇਰੇ ਕੋਲ਼ ਘਰੇ ਮੁਹੱਬਤ ਨਾਲ ਸਾਂਭ ਕੇ ਰੱਖੀ ਹੋਈ ਆ। ਓਦੋਂ ਹੋਰ ਵੀ ਕਮਾਲ ਹੋ ਗਈ ਜਦੋਂ ਪ੍ਰਸਿੱਧ ਅਦਾਕਾਰ ‘ਅਕਰਮ ਉਦਾਸ’ ਜੀ ਵੀ ਓਥੇ ਹੋਟਲ ਵਿੱਚ ਬਾਈ ਭੁੱਲਰ ਨੂੰ ਮਿਲਣ ਆਪਣੇ ਇੱਕ ਦੋਸਤ ਨਾਲ ਕਮਰੇ ਵਿੱਚ ਆ ਗਏ। ਇਹ ਉਹੀ ਅਦਾਕਾਰ ਨੇ ਜਿੰਨ੍ਹਾਂ ਨੇ ਅਮਰਿੰਦਰ ਗਿੱਲ ਹੁਰਾਂ ਦੀ ਫ਼ਿਲਮ ‘ਚੱਲ ਮੇਰਾ ਪੁੱਤ’ ਵਿੱਚ ‘ਬੂਟੇ’ ਦਾ ਕਿਰਦਾਰ ਨਿਭਾਇਆ ਸੀ । ਇਸੇ ਕਰਕੇ ਹੁਣ ਉਹਨਾਂ ਨੂੰ ਸਭ ‘ਬੂਟੇ’ ਦੇ ਨਾਂ ਨਾਲ ਜ਼ਿਆਦਾ ਜਾਣਦੇ ਹਨ। ਅਕਰਮ ਉਦਾਸ ਜੀ ਭੁੱਲਰ ਬਾਈ ਲਈ ਗ਼ੁਲਦਸਤਾ ਲੈ ਕੇ ਆਏ ਸੀ। ਐਡੇ ਵੱਡੇ ਬੰਦਿਆਂ ਦੀ ਸਾਡੇ ਹੋਟਲ ‘ਚ ਆਮਦ ਹੋ ਰਹੀ ਸੀ ਇਹ ਸਾਡੇ ਲਈ ਬਹੁਤ ਖ਼ੁਸ਼ੀ ਤੇ ਮਾਣ ਦੀ ਗੱਲ ਸੀ। ਆਮ ਸਧਾਰਨ ਗੱਲਬਾਤ ਤੋਂ ਸ਼ੁਰੂ ਹੋਇਆ ਦੌਰ ਕਦੋਂ ਸ਼ਾਇਰੀ ਦੀ ਮਹਿਫ਼ਲ ‘ਚ ਬਦਲ ਗਿਆ ਪਤਾ ਹੀ ਨਾ ਲੱਗਾ। ਬਾਬਾ ਜੀ ਨੇ ਕਮਾਲ ਦੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਆਪਣੀ ਇਹ ਗ਼ਜ਼ਲ ਸੁਣਾਈ 

ਅੱਖਰਾਂ ਵਿਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ । 

ਝੱਖੜਾਂ ਦੇ ਵਿਚ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ । 

ਲੋਕੀ ਮੰਗ ਮੰਗਾ ਕੇ ਆਪਣਾ, ਬੋਹਲ ਬਣਾ ਕੇ ਬਹਿ ਗਏ ਨੇ; 

ਅਸਾਂ ਤਾਂ ਮਿੱਟੀ ਕਰ ਦਿੱਤਾ ਏ, ਸੋਨਾ ਗਾਲ ਪੰਜਾਬੀ ਦਾ । 

ਜਿਹੜੇ ਆਖਣ ਵਿਚ ਪੰਜਾਬੀ, ਵੁਸਅਤ ਨਹੀਂ ਤਹਿਜ਼ੀਬ ਨਹੀਂ; 

ਪੜ੍ਹ ਕੇ ਵੇਖਣ ਵਾਰਸ, ਬੁੱਲ੍ਹਾ, ਬਾਹੂ, ਲਾਲ ਪੰਜਾਬੀ ਦਾ । 

ਮਨ ਦਾ ਮਾਸ ਖਵਾ ਦੇਂਦਾ ਏ, ਜਿਹੜਾ ਏਹਨੂੰ ਪਿਆਰ ਕਰੇ; 

ਕੋਈ ਵੀ ਜਬਰਨ ਕਰ ਨਹੀਂ ਸਕਦਾ, ਵਿੰਗਾ ਵਾਲ ਪੰਜਾਬੀ ਦਾ ।  

ਫਿਰ ਉਨ੍ਹਾਂ ਸੁਣਾਏ ਇਹ ਬੋਲ- 

ਸ਼ੀਸ਼ੇ ਉਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ। 

ਜਿਲਦਾਂ ਸਾਂਭ ਰਹੇ ਨੇ ਝੱਲੇ ਵਰਕੇ ਪਾੜੀ ਜਾਂਦੇ ਨੇ । 

ਉਹਨਾਂ ਦਾ ਵੀ ਤੂੰਹੀਉਂ ਰੱਬ ਏਂ ਇਹਦਾ ਅੱਜ ਜਵਾਬ ਤੇ ਦੇ, 

ਈਦਾਂ ਵਾਲੇ ਦਿਨ ਵੀ ਜਿਹੜੇ ਕਰਨ ਦਿਹਾੜੀ ਜਾਂਦੇ ਨੇ । 

ਜਿਹਨਾਂ ਦੇ ਗਲ ਲੀਰਾਂ ਪਈਆਂ ਉਹਨਾਂ ਵੱਲੇ ਤੱਕਦੇ ਨਈਂ, 

ਕਬਰਾਂ ਉਤੇ ਤਿੱਲੇ ਜੜੀਆਂ ਚੱਦਰਾਂ ਚਾੜ੍ਹੀ ਜਾਂਦੇ ਨੇ। 

ਰੱਸੀ ਕਿੱਥੋਂ ਤੀਕ ਕਰੇਂਗਾ ਢਿੱਲੀ ਉਹਨਾਂ ਲੋਕਾਂ ਦੀ, 

ਜਿਹੜੇ ਇੱਕ ਹਵੇਲੀ ਬਦਲੇ ਝੁੱਗੀਆਂ ਸਾੜੀ ਜਾਂਦੇ ਨੇ। 

ਸ਼ੀਸ਼ੇ ਉਤੇ ਮਲ੍ਹੇ ਸਿਆਹੀਆਂ ਹੱਕ ਏ ਮੇਰੇ ਦੁਸ਼ਮਣ ਦਾ, 

ਸੱਜਣਾਂ ਨੂੰ ਕੀ ਬਣੀਆਂ ਮੇਰੇ ਫੁੱਲ ਲਿਤਾੜੀ ਜਾਂਦੇ ਨੇ। 

ਚੱਲ ਉਏ ‘ਬਾਬਾ ਨਜਮੀ’ ਆਪਣੇ ਪਿੰਡਾਂ ਨੂੰ ਮੂੰਹ ਮੋੜ ਲਈਏ, 

ਸ਼ਹਿਰਾਂ ਦੇ ਵਸਨੀਕ ਤਾਂ ਆਪਣੇ ਸ਼ਹਿਰ ਉਜਾੜੀ ਜਾਂਦੇ ਨੇ । 

ਤੀਸਰੀ ਗ਼ਜ਼ਲ ਦੇ ਬੋਲ ਸਨ- 

ਕਿਹੜੀ ਸ਼ੈਅ ਦਾ ਮੁੱਲ ਘਟਾਇਆ, ਪੁੱਛੋ ਵੀ। 

ਕਿਹੜਾ ਵੱਖਰਾ ਤੀਰ ਚਲਾਇਆ, ਪੁੱਛੋ ਵੀ। 

ਜਿੰਨੇ ਵੀ ਨੇ ਬੈਠੇ ਵਿਚ ਅਸੰਬਲੀ ਦੇ, 

ਕੋਰਾ ਲੱਠਾ ਜਿਹਨੇ ਪਾਇਆ, ਪੁੱਛੋ ਵੀ। 

ਜਿਹਨੇ ਤੁਹਾਨੂੰ ਦਿੱਤੇ ਫੁੱਲ ਬਹਾਰਾਂ ਦੇ, 

ਸਾਡੇ ਵਿਹੜੇ ਕਿਉਂ ਨਹੀਂ ਆਇਆ, ਪੁੱਛੋ ਵੀ। 

ਸਾਡੇ ਨਾਂ ‘ਤੇ ਜਿਹੜਾ ਕਰਜ਼ਾ ਲੈਂਦੇ ਨੇ,

  ਕਿੱਥੇ ਜਾਂਦਾ ਉਹ ਸਰਮਾਇਆ, ਪੁੱਛੋ ਵੀ। 

ਅਪਣੇ ਸੂਟਾਂ ਵੱਲ ਈ ਵੇਖੀਂ ਜਾਂਦੇ ਓ, 

ਮੈਂ ਕਿਉਂ ਪਾਟਾ ਕੁੜਤਾ ਪਾਇਆ, ਪੁੱਛੋ ਵੀ। 

ਸਾਈਕਲ ਵਾਲੇ ਮਾਲਕ ਬਣੇ ਪਜਾਰੋ ਦੇ,

  ਐਨਾ ਪੈਸਾ ਕਿੱਥੋਂ ਆਇਆ, ਪੁੱਛੋ ਵੀ । 

ਅਸਾਂ ਤੇ ਚੁੱਕ ਬਿਠਾਇਆ ‘ਬਾਬਾ’ ਕੁਰਸੀ ‘ਤੇ,

  ਇਹਨਾਂ ਸਾਨੂੰ ਕਿਹਾ ਪਰਾਇਆ, ਪੁੱਛੋ ਵੀ। 

ਮੇਰੇ ਲਈ ਓਦੋਂ ਹੈਰਾਨਗੀ ਦੀ ਹੱਦ ਨਾ ਰਹੀ ਜਦੋਂ ਫ਼ਿਲਮ ਅਦਾਕਾਰ ਅਕਰਮ ਉਦਾਸ ਜੀ ਨੇ ਵੀ ਇਸ ਮਹਿਫ਼ਲ ‘ਚ ਆਪਣੀਆਂ ਰਚਨਾਵਾਂ ਸੁਣਾਈਆਂ। 

ਇਹ ਕੀ ਬਿਪਤਾ ਪੈਗੀ ਏ ਕੀ ਹੋ ਗਿਆ ਬੈਠੇ ਬੈਠੇ, 

ਆਈ ਤਰੇਲੀ ਹੋ ਗਿਆ ਦੁਹਰਾ ਪਾਣੀ ਮੰਗਦੇ ਮੰਗਦੇ। 

ਸੰਨਿਆਸੀ ਵੱਲ ਭੱਜੇ ਲੋਕੀਂ ਹੂ ਹੂ ਕਰਦੇ ਕਰਦੇ 

ਮੈਂ ਹੈਰਾਨ ਰਹਿ ਗਿਆ ਚਿਰ ਨਾ ਲੱਗਾ ਮਰਦੇ ਮਰਦੇ । 

ਚੀਕਾਂ ਕੰਧਾਂ ਟੱਪੀਆਂ ਸਭ ਤੋਂ ਪਹਿਲਾ ਹਮਸਾਇਆਂ ਸੁਣਕੇ ਨੱਸਦਿਆਂ ।

ਉਬਰਾਂ ਆਈ ਸੁਧਰਾਂ ਆਈ ਨਾਲ ਅਸ਼ਰਫ ਦਾ ਭਾਈ। 

ਨਬਜ਼ਾਂ ਉੱਤੇ ਉਂਗਲਾਂ ਰੱਖੀਆਂ ਕੰਨ ਛਾਤੀ ਨੂੰ ਲਾਇਆ 

ਇੰਨਾ ਲਿੱਲਾ ਪੜ੍ਹ ਕੇ ਪਿੱਛੇ ਹਟ ਗਿਆ ਹਰ ਹਮਸਾਇਆ। 

ਮੌਤ ਦਾ ਝੱਖੜ ਐਸਾ ਝੁੱਲਿਆ ਕਿ ਲੈ ਗਿਆ ਫ਼ਸਲਾਂ ਹਰੀਆਂ। 

ਜਿਸ ਵਿਹੜੇ ਦਾ ਮਾਣ ਸੀ ਮੈਨੂੰ ਉੱਥੇ ਈ ਵਿਛੀਆਂ ਦਰੀਆਂ। 

ਮੰਜੀ ਉੱਠਣ ਲੱਗੀ ਘਰ ਦੀ ਪਾਵੇ ਫੜਕੇ ਬਹਿ ਗਈ। 

ਧੀ ਪੁਆਂਦੀਂ ਟੱਕਰਾਂ ਮਾਰੇ ਅੱਬਾ ਕੱਲ੍ਹੀ ਰਹਿ ਗਈ। 

ਪੁੱਤਰ ਨੂੰ ਲੈ ਗਏ ਪਰ੍ਹਾਂ ਨੂੰ ਰੋਂਦਾ ਰੋਂਦਾ। 

ਗਲੀ ਚ ਆ ਗਿਆ ਮੇਰਾ ਜਨਾਜ਼ਾ ਸਿਰਾਂ ਤੋਂ ਹੁੰਦਾ ਹੁੰਦਾ। 

ਮੰਜੀ ਲੈਕੇ ਤੁਰ ਪਏ ਸੱਜਣ ਰੋਵਣ ਤੇ ਕੁਰਲਾਵਣ।

ਵਾਰੋ ਵਾਰੀ ਕੰਧਾ ਬਦਲਣ ਮੰਜੀ ਨੂੰ ਪਰਲਾਵਣ । 

ਸਭ ਸਵਾਰ ਸਵਾਰੀ ਧੀਮੀ ਕਰਕੇ ਲੰਘਦੇ ਜਾਵਣ। 

ਗਜ਼ਬ ਲੁਤਫ਼ ਦਾ ਹੱਥ ਫੜਾਕੇ ਪਾਸੇ ਹੁੰਦੇ ਜਾਵਣ। 

ਕਫ਼ਨ ਦੇ ਥੱਲੇ ਕਾਂਬੇ ਛੁੱਟੇ ਕੀਤੇ ਕਾਰ ਸਤਾਵਣ। 

ਇਮਾਮ ਸਾਬ ਨੇ ਸਫ਼ਾਂ ਬਣਾਕੇ ਮੰਜੀ ਅੱਗੇ ਪਾਈ। 

ਕੰਨ ‘ਚ ਜਿਹੜੀ ਬਾਂਗ ਸੀ ਆਖੀ ਉਹ ਜਮਾਤ ਕਰਾਈ। 

ਹੁਣ ਮੈਂ ਚਾਹਵਾਂ ਇਮਾਮ ਦੇ ਅੱਗੋਂ ਪਿੱਛੇ ਉੱਠ ਕੇ ਆਵਾਂ 

ਪਿੱਛੇ ਖਲੋ ਕੇ ਅੱਖੀਆਂ ਮੀਟਾਂ ਤੇ ਪਿੱਛੇ ਨੂੰ ਤੁਰ ਜਾਵਾਂ। 

ਹੁਣ ਮੈਂ ਮੰਨਿਆ ਹੁਕਮ ਖ਼ੁਦਾ ਦਾ ਹੁਣ ਮੈਂ ਲੱਗਾ ਆਖੇ। 

ਬੰਦ ਹੋਈਆਂ ਤੇ ਖੁੱਲ੍ਹੀਆਂ ਅੱਖਾਂ ਮਰ ਕੇ ਖੁੱਲ੍ਹੇ ਝਾਕੇ। 

ਮੈਨੂੰ ਇੱਥੇ ਆ ਕੇ ਹੀ ਅੱਜ ਇਹ ਇਲਮ ਹੋਇਆ ਬਈ ਅਕਰਮ ਉਦਾਸ ਜੀ ਸਿਰਫ਼ ਕਾਮੇਡੀ ਕਲਾਕਾਰ ਹੀ ਨਹੀਂ, ਸਗੋਂ ਉੱਚ ਕੋਟੀ ਦੇ ਸ਼ਾਇਰ ਵੀ ਨੇ। ਮੈਂ ਵੀ ਬਾਈ ਭੁੱਲਰ ਤੇ ਨਾਸਿਰ ਹੁਣਾਂ ਦੇ ਹੌਂਸਲੇ ਕੁਝ ਰਚਨਾਵਾਂ ਸਾਂਝੀਆਂ ਕੀਤੀਆਂ। 

ਵੈਲੀਆਂ ਦੀ ਧੀ ਨਾ’ ਨੀ ਯਾਰੀ ਲਾਈ ਦੀ। 

ਸੱਥ ਵਿੱਚ ਖੜ ਜ਼ਿਦ ਨੀ ਪੁਗਾਈਦੀ । 

ਤਕੜੇ ਦੇ ਚੋਜ਼ਾਂ ਦੀ ਨਾ ਰੀਸ ਕਰੀਏ। 

ਬੁਰਿਆਂ ਦੀ ਕਦੇ ਨਾ ਗਵਾਹੀ ਭਰੀਏ। 

ਸਕਿਆ ਖ਼ਿਲਾਫ਼ ਨੀ ਵਿਉਂਤ ਬੁਣੀਂਦੀ।

  ਕਾਵਾਂ ਵਾਲੀ ਕਦੇ ਨੀ ਪਚੈਤ ਚੁਣੀ ਦੀ।

ਵੇਚ ਕੇ ਜ਼ਮੀਰਾਂ ਨੀ ਪਚੈਤ ਚੁਣੀਂਦੀ। 

ਗੱਲ ਨੀ ਗਰੀਬ ਦੀ ਕਰੀਦੀ ਚੱਬ ਕੇ। 

ਸ਼ਾਹ ਨੀ ਬਣੀਂਦਾ ਸ਼ਾਮਲਾਟ ਦੱਬਕੇ। 

ਮੰਗਤੇ ਦਾ ਕਦੇ ਨੀ ਮਜ਼ਾਕ ਉਡਾਈਦਾ। 

ਲੱਗਦਾ ਨੀ ਪਤਾ ਆਪਣੇ ਤੇ ਆਈਦਾ। 

ਕਰੀਦੀ ਸਿਫ਼ਤ ਸਦਾ ਬੰਦੇ ਗੁਣੀ ਦੀ। 

ਕਾਵਾਂ ਵਾਲੀ ਕਦੇ ਨੀ ਪਚੈਤ ਚੁਣੀਂਦੀ 

ਸੁੰਨਿਆ ਰਾਹਾਂ ਤੇ ਕੱਲ੍ਹੇ ਕਹਿਰੇ ਜਾਈਏ ਨਾ। 

ਅਮਲੀ ਸਮੈਕੀਏ ਨੂੰ ਮੂੰਹ ਲਾਈਏ ਨਾ । 

ਕਰਦੇ ਡਰੈਵਰੀ ਨੀ ਫ਼ੂਨ ਕਰੀ ਦਾ। 

ਗੰਦ ਮੰਦ ਨਾਲ ਨਹੀਂ ਮੋਬਾਈਲ ਭਰੀਦਾ । 

ਪਰਦੇ ਦੀ ਚੀਜ਼ ਵਿਹੜੇ ਚ ਨੀ ਪੁਣੀ ਦੀ । 

ਕਾਵਾਂ ਵਾਲੀ ਕਦੇ ਨੀ ਪਚੈਤ ਚੁਣੀਂਦੀ। 

ਮਾੜਾ ਕਰੋ ਨਾ ਕੰਮੈਟ ਕਿਸੇ ਦੀ ਸਨੈਪ ਤੇ । 

ਰੱਖੋ ਨਾ ਗਰੁੱਪ ਮਾੜਾ ਵੱਟਸਐਪ ਤੇ। 

ਵਿਦਵਾਨ ਨੀ ਬਣੀਂਦਾ ਐਵੇਂ ਫੇਸਬੁੱਕ ਤੇ।

  ਪੈਰ ਨੀ ਛੱਡੀਦੇ ਲੰਡੂਆਂ ਦੀ ਚੁੱਕ ਤੇ। 

ਰੌਂਤੇ ਦਿਆ ਗਿੱਲਾ ਚੁਗਲੀ ਨੀ ਸੁਣੀਂਦੀ 

ਕਾਵਾਂ ਵਾਲੀ ਕਦੇ ਨੀ ਪਚੈਤ ਚੁਣੀਦੀ । 

ਵੇਚਕੇ ਜ਼ਮੀਰਾਂ ਨੀ ਪਚੈਤ ਚੁਣੀ ਦੀ। 

ਉਡੀਕ ਵੀ ਉਹ ਤਾਂ ਦੋਜ਼ਖ਼ ਵਰਗੀ ਹੁੰਦੀ ਆ, 

ਮਿਲਦਾ ਹਾਣੀ ਨੀ ਜਦੋਂ ਵੀ ਹਾਣੀ ਨੂੰ । 

ਖੁੰਝੇ ਮੌਕੇ ਕਦੋਂ ਦੁਬਾਰਾ ਹੱਥ ਆਏ ਨੇ 

ਕਿੰਨ੍ਹੇ ਡੱਕਿਆਂ ਹੜ੍ਹ ਦੇ ਵਹਿੰਦੇ ਪਾਣੀ ਨੂੰ ।

  ਹੁੰਦਾ ਧਰਮ ਮਨੁੱਖਤਾ ਦੇ ਅੰਦਰਲੀ ਗੱਲ, 

ਸਮਝੋ ਕਦੇ ਕੁਰਾਨ ਗੀਤਾ ਤੇ ਬਾਣੀ ਨੂੰ । 

ਮਹਾਰਾਜੇ ਪਿੱਛੋ ਹਾਲ ਮਹਿਲ ਦਾ ਕੀ ਹੋਇਆ, 

ਪੁੱਛ ਲਇਓ ਕਦੇ ਸਦਾ ਕੌਰ ਰਾਣੀ ਨੂੰ। 

ਸੰਤਾਲੀ ਦਿਆਂ ਜ਼ਖ਼ਮਾਂ ਚੋਂ ਲਹੂ ਸਿੰਮਦਾ ਰਹੂ, 

ਯਾਦ ਕਰੋ ਨਾ ਵੰਡ ਇਹ ਬੰਦੇ ਖਾਣੀ ਨੂੰ । 

ਗਿੱਲਾ ਹੁੰਦੀ ਕਾਮੇ ਦੀ ਜ਼ਿੰਦਗੀ ਪੁਸਤਕ ਵਾਂਗ, 

ਪੜ੍ਹ ਕੇ ਵੇਖਿਓ ਸਾਰੀ ਦਰਦ ਕਹਾਣੀ ਨੂੰ । 

ਕਦੇ ਸੂਰਮੇ ਮੁਸੀਬਤਾਂ ਤੋਂ ਨਹੀਂ ਦੱਬਦੇ । 

ਭੱਜ ਜਾਣ ਲਈ ਮੈਦਾਨਾਂ ‘ਚੋ ਨੀ ਰਾਹ ਲੱਭਦੇ । 

ਦੁੱਲੇ ਭੱਟੀਆਂ ਦੇ ਯਾਰ ਕਿੱਥੇ ਹੀਰਾਂ ਲਿਖਦੇ। 

ਤੇ ਬੰਦੇ ਆਪ ਈ ਲੜਾਕੂ ਤਕਦੀਰਾਂ ਲਿਖਦੇ । 

ਕਦੇ ਪੈਂਦੇ ਨੀ ਰਜ਼ਾਈਆਂ ਵਿੱਚ ਲੋਡ ਮੰਨਕੇ ।

ਜਿਉਣ ਜਾਣ ਗਏ ਜੋ ਜ਼ਿੰਦਗੀ ਦੀ ਅੜੀ ਭੰਨਕੇ । 

ਜੱਜ ਬਾਗ਼ੀਆਂ ਦੇ ਪੈਰਾਂ ਨੂੰ ਜ਼ੰਜੀਰਾਂ ਲਿਖਦੇ । 

ਤੇ ਬੰਦੇ ਆਪ ਈ ਲੜਾਕੂ ਤਕਦੀਰਾਂ ਲਿਖਦੇ । 

ਸਿਰੜ ਨਾ’ ਤੱਗਿਆਂ ਵੀ ਢਹਿ ਜਾਂਦੀਆਂ। 

ਇੱਥੇ ਕੁੱਲੀਆਂ ਵੀ ਮਹਿਲਾਂ ਨਾਲ ਖਹਿ ਜਾਂਦੀਆਂ । 

ਜੇਤੂ ਜੁਰਤਾਂ ਨਾ’ ਕੌਮੀ ਤਹਿਰੀਰਾਂ ਲਿਖਦੇ । 

ਤੇ ਬੰਦੇ ਆਪ ਈ ਲੜਾਕੂ ਤਕਦੀਰਾਂ ਲਿਖਦੇ । 

ਹੀਰੋ ਨੀ ਬਣੀਂਦਾ ਇੱਜ਼ਤਾਂ ਨੂੰ ਰੋਲ ਕੇ। 

ਬੋਲ ਸਦਾ ਬੋਲੀਦੇ ਆ ਤੋਲ ਤੋਲ ਕੇ। 

ਗਿੱਲ ਰੌਂਤੇ ਹੁਣੀਂ ਝੂਠ ਨਾ ਲਕੀਰਾਂ ਲਿਖਦੇ। 

ਤੇ ਬੰਦੇ ਆਪ ਈ ਲੜਾਕੂ ਤਕਦੀਰਾਂ ਲਿਖਦੇ। 

ਸਾਂਭਿਆ ਜਿੰਨਾਂ ਵਾਰੋ ਵਾਰੀ ਟੁੱਟਿਆ ਹੋਇਆ ਦਿਲ ਮੇਰਾ। 

ਤੇ ਕਈਆਂ ਨੇ ਤਾਂ ਦਿੱਤਾ ਹੋਇਆ ਚਾਹ ਕੌਫੀ ਦਾ ਬਿੱਲ ਮੇਰਾ। 

ਗੀਤਾਂ ਕਰਕੇ ਕਈਆਂ ਮੈਨੂੰ ਛੱਡਕੇ ਗਈਆਂ ਦੂਰ ਕਿਤੇ। 

ਗੀਤਾਂ ਕਰਕੇ ਕਈਆਂ ਆਖਿਆ ਮਿਲ ਲਉ ਖਾਂ ਹਜ਼ੂਰ ਕਿਤੇ। 

ਇੱਕ ਦੋ ਸ਼ੇਅਰ ਜੀ ਕਰਦਾ ਮੈਂ ਉਨ੍ਹਾਂ ਕੁੜੀਆਂ ਨਾਮ ਲਿਖਾਂ। 

ਬਾਹਲੀ ਅੜਬ ਹੁੰਦੀ ਸੀ ਇੱਕ ਤਾਂ ਸਾਡੀ ਨਿੱਤ ਲੜਾਈ ਹੁੰਦੀ ਸੀ ।

ਪਰ ਸਾਰਦੀ ਨਹੀਂ ਸੀ ਮੇਰੇ ਬਿਨ ਤੇ ਮੇਰੀ ਫੁੱਲ ਚੜ੍ਹਾਈ ਹੁੰਦੀ ਸੀ । 

ਕਹਿੰਦੀ ਲਿਖਣਾ ਲੁਖਣਾ ਛੱਡਦੇ, ਮਰ ਲੈ ਚੱਜ ਦਾ ਕੰਮ ਕਰ ਲੈ। 

ਮੈਂ ਕਿਹਾ ਗੀਤ ਮੇਰੇ ਨੇ ਰੋਟੀ ਮੇਰੀ ਤੂੰ ਚੁੱਲ੍ਹਾ ਈ ਅੱਡ ਕਰ ਲੈ। 

ਇੱਕ ਦੋ ਸ਼ੇਅਰ ਜੀ ਕਰਦਾ ਮੈਂ ਉਂਨਾਂ ਕੁੜੀਆਂ ਨਾਮ ਲਿਖਾਂ 

ਇੱਕ ਸ਼ਾਇਰੀ ਮੇਰੀ ਸੁਣਦੀ ਸੀ ਤੇ ਤੰਦ ਪਿਆਰ ਦੇ ਬੁਣਦੀ ਸੀ। 

ਲੱਖ ਸ਼ਾਇਰਾਂ ਨੂੰ ਛੱਡਕੇ ਵੀ ਉਹ ਬੱਸ ਕੱਲ੍ਹਾ ਮੈਨੂੰ ਚੁਣਦੀ ਸੀ । 

ਕਹਿੰਦੀ ਇਸ਼ਕ ਮੁਹੱਬਤ ਲਿਖ ਸੱਜਣਾ ਰੋਟੀ ਬਿਨ ਤਾਂ ਸਰ ਜਾਂਦਾ ।

  ਮੇਰੇ ਵਰਗੀ ਵਿਹਲੀ ਸੀ ਫੇਰ ਮੈਂ ਤਾਂ ਭੁੱਖਾ ਮਰ ਜਾਂਦਾ। 

ਇੱਕ ਦੋ ਸ਼ੇਅਰ ਜੀ ਕਰਦਾ ਮੈਂ ਉਂਨਾਂ ਕੁੜੀਆਂ ਨਾਮ ਲਿਖਾਂ । 

ਇੱਕ ਚੰਦਰੀ ਬਹੁਤ ਪੜ੍ਹਾਕੂ ਸੀ ਤੇ ਪੀ ਐੱਚ ਡੀ ਹੁਣ ਕਰਦੀ ਸੀ। 

ਪਰ ਦੇਖਕੇ ਟੌਅਰ ਲਿਖਾਰੀ ਦੀ ਬੱਸ ਏਸੇ ਗੱਲੋਂ ਈ ਮਰਦੀ ਸੀ। 

ਉਹਨੇ ਸ਼ੈਕਸਪੀਅਰ ਦੀ ਕਵਿਤਾ ਭੇਜ ਕੀਤਾ ਇਜ਼ਹਾਰ ਮੈਨੂੰ । 

ਮੈਂ ਸੈਕਸ ਸੈਕਸ ਵਿੱਚ ਉਲਝ ਗਿਆ ਸਮਝ ਨਾ ਆਇਆ ਪਿਆਰ ਮੈਨੂੰ । 

ਇੱਕ ਦੋ ਸ਼ੇਅਰ ਜੀਅ ਕਰਦਾ ਮੈਂ ਉਨ੍ਹਾਂ ਕੁੜੀਆਂ ਨਾਮ ਲਿਖਾਂ। 

ਜੋ ਜੋ ਮੇਰੇ ਤੇ ਮਰੀਆਂ ਸੀ ਉਹ ਸੱਚ ਜਾਣਿਓਂ ਪਰੀਆਂ ਸੀ। 

ਮੈਂ ਲਫ਼ਜ਼ਾਂ ਦੇ ਨਾਲ ਘੁਲ਼ਦਾ ਤੇ ਰੂਪ ਇਸ਼ਕ ਨਾਲ ਭਰੀਆਂ ਸੀ। 

ਨਿਭ ਜਾਣੀ ਸੀ ਮੇਰੀ ਵੀ ਜੇ ਮੈਨੂੰ ਵੀ ਕਿਤੇ ਵਿਕਣਾ ਆਉਂਦਾ। 

ਭਲਾ ਲਿਖਣ ਦੇ ਪੈਸੇ ਕੌਣ ਦਿੰਦਾ ਮੈਨੂੰ ਤਾਂ ਬੱਸ ਲਿਖਣਾ ਆਉਂਦਾ । 

ਇੱਕ ਦੋ ਸ਼ੇਅਰ ਜੀ ਕਰਦਾ ਮੈਂ ਉਨ੍ਹਾਂ ਕੁੜੀਆਂ ਨਾਮ ਲਿਖਾਂ। 

ਮੁੱਕੀ ਨਾ ਮੇਰੀ ਪਿਆਰ ਕਹਾਣੀ ਕਿੱਸਾ ਅਜੇ ਵੀ ਚੱਲੀ ਜਾਂਦਾ ਏ । 

ਗਿੱਲ ਛੱਡਕੇ ਗਈਆਂ ਸਾਰੀਆਂ ਦੇ ਦੁੱਖ ਕੱਲ੍ਹਾ ਝੱਲੀ ਜਾਂਦਾ ਏ। 

ਮੈ ਹਾਲੇ ਤੱਕ ਕੰਵਾਰਾ ਫਿਰਦਾ ਮੈਨੂੰ ਟੱਕਰੂਗੀ ਅਜੇ ਹੀਰ ਕੋਈ। 

ਜਿਹੜੀ ਡੰਡਾ ਖਿੱਚੂ ਮੇਰੇ ਤੇ ਮੈਨੂੰ ਕਰੂਗੀ ਸਿੱਧਾ ਤੀਰ ਕੋਈ। 

ਇੱਕ ਦੋ ਸ਼ੇਅਰ ਜੀ ਕਰਦਾ ਮੈਂ ਉਂਨਾਂ ਕੁੜੀਆਂ ਨਾਮ ਲਿਖਾਂ । 

ਜਿੰਨ੍ਹਾ ਇਸ਼ਕ ਨਿਭਾਏ ਮੇਰੇ ਨਾਂ ਤੇ ਆਪਣੇ ਧੋਖੇ ਨੂੰ ਸ਼ਰੇਆਮ ਲਿਖਾਂ । 

ਬਾਈ ਹਰਿੰਦਰ ਭੁੱਲਰ ਨੇ ਕਿਹਾ ਅੱਜ ਨਨਕਾਣਾ ਸਾਹਿਬ ਦਰਸ਼ਨ ਕਰਕੇ ਰੂਹ ਤ੍ਰਿਪਤ ਹੋ ਗਈ। ਉਨਾਂ ਮਹਾਨ ਲਿਖਾਰੀ ਭਾਜੀ ਗੁਰਭਜਨ ਸਿੰਘ ਗਿੱਲ ਨੂੰ ਯਾਦ ਕਰਦਿਆਂ ਕਿਹਾ ਅਸੀਂ ਤਾਂ ਕਰਮਾਂ ਵਾਲੇ ਹਾਂ ਜੋ ਪਹਿਲੀ ਵਾਰ ਚੜ੍ਹਦੇ ਪਾਸੇ ਤੋਂ ਆ ਕੇ ਨਨਕਾਣਾ ਸਾਹਿਬ ਜਾ ਆਏ, ਗਿੱਲ ਸਾਹਿਬ ਹੁਣਾਂ ਨੂੰ ਇੱਕ ਵਾਰ 2014 ਵਿੱਚ ਲਾਹੌਰ ਤੋਂ ਨਨਕਾਣਾ ਸਾਹਿਬ ਦੇ ਦਰਸ਼ਨਾਂ ਬਗੈਰ ਮੁੜਨਾ ਪਿਆ ਸੀ ਤੇ ਗਿੱਲ ਸਾਹਿਬ ਨੇ ਉਸ ਸਮੇਂ ਜੋ ਗ਼ਜ਼ਲ ਲਿਖੀ ਸੀ ਭੁੱਲਰ ਸਾਹਿਬ ਨੇ ਉਹ ਗ਼ਜ਼ਲ ਪੜੀ-ਇਸੇ ਗ਼ਜ਼ਬ ਨੂੰ ਨਾਸਿਰ ਢਿੱਲੋਂ ਹੁਰਾਂ ਨੇ ‘ਪੰਜਾਬੀ ਲਹਿਰ’ ਵੱਲੋਂ ਰੀਕਾਰਡ ਕੀਤਾ ਹੋਇਐ, ਸ਼ੀਰਾ ਜਸਬੀਰ ਦੀ ਮਿੱਠੀ ਆਵਾਜ਼ ਵਿੱਚ। ਬਹੁਤੀਆਂ ਮੁਲਾਕਾਤਾਂ ਵਿੱਚ ਉਹ ਅਕਸਰ ਸੁਣਾਉਂਦੇ ਨੇ। 

ਆਪਣੇ ਘਰ ਪਰਦੇਸੀਆਂ ਵਾਂਗੂੰ, ਪਰਤਣ ਦਾ ਅਹਿਸਾਸ ਕਿਉਂ ਹੈ? 

ਮੈਂ ਸੰਤਾਲੀ ਮਗਰੋਂ ਜੰਮਿਆਂ, ਮੇਰੇ ਪਿੰਡੇ ਲਾਸ ਕਿਉਂ ਹੈ? 

ਸ਼ਹਿਰ ਲਾਹੌਰ ‘ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ, 

ਧਾਹ ਗਲਵੱਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਹੈ? 

ਇੱਕੋ ਫਾਂਸੀ, ਇੱਕੋ ਗੋਲੀ, ਰਹਿਮਤ ਅਲੀ, ਸਰਾਭਾ, ਬਿਸਮਿਲ, 

ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ ਹੈ? 

ਦਿੱਲੀ ਵਰਗੇ ਚੌਂਕ ਚੁਰਸਤੇ, ਕਾਰ ਵਿਹਾਰ, ਬਾਜ਼ਾਰ ਵੀ ਓਹੀ, 

ਮਿਕਨਾਤੀਸੀ ਖਿੱਚ ਦੀ ਸ਼ਕਤੀ, ਸ਼ਹਿਰ ਲਾਹੌਰ ‘ਚ ਖ਼ਾਸ ਕਿਉਂ ਹੈ? 

ਬੁੱਲ੍ਹੇਸ਼ਾਹ ਦਾ ਪ੍ਰੇਮ ਪਿਆਲਾ, ਬਿਨਾਂ ਕਸੂਰੋਂ ਪੀ ਨਹੀਂ ਸਕਦਾ, 

ਹਰ ਵਾਰੀ ਹੋਠਾਂ ਤੇ ਆਉਂਦੀ, ਅਜਬ ਤਰ੍ਹਾਂ ਦੀ ਪਿਆਸ ਕਿਉਂ ਹੈ? 

ਵਾਰਸ ਦੇ ਜੰਡਿਆਲੇ ਬੈਠੇ, ਮਸਤ ਔਲੀਆ ਹੀਰ ਸੁਣਾਉਂਦੇ, 

ਰਾਂਝਣ ਯਾਰ ਫ਼ਕੀਰਾਂ ਨੂੰ ਇਹ, ਪਿਰ ਮਿਲਣੇ ਦੀ ਆਸ ਕਿਉਂ ਹੈ? 

ਸਾਡੇ ਪੰਜ ਦਰਿਆਈ ਘੋੜੇ, ਜਦ ਵੀ ਵੇਖਾਂ ਟਾਂਗੇ ਖਿੱਚਦੇ, 

ਘੋੜ ਸਵਾਰ ਗੁਆਚਣ ਵਰਗਾ, ਡੰਗ ਰਿਹਾ ਅਹਿਸਾਸ ਕਿਉਂ ਹੈ? 

ਸਾਡੇ ਪਿੰਡ ਦੀ ਸੰਤੀ ਵਰਗਾ, ਮੈਲਾ ਸੂਟ ਅਨਾਇਤਾਂ ਪਾਇਆ

  ਪੌਣੀ ਸਦੀ ਗੁਆਚਣ ਮਗਰੋਂ, ਰਾਵੀ ਪਾਰ ਲਿਬਾਸ ਕਿਉਂ ਹੈ। 

ਹੋਟਲ ਦੇ ਉਸ ਕਮਰੇ ‘ਚ ਬੈਠਿਆਂ ਹੀ ਬਾਈ ਹਰਿੰਦਰ ਭੁੱਲਰ ਨੇ ਬਾਈ ਮਨਮੋਹਨ ਵਾਰਿਸ ਨੂੰ ਵੀਡੀਓ ਕਾਲ ਕੀਤੀ ਤੇ ਬਾਬਾ ਜੀ ਦੀ ਉਹਨਾਂ ਨਾਲ ਗੱਲ ਕਰਵਾਈ। ਬਾਈ ਵਾਰਿਸ ਦੇ ਕਹਿਣ ‘ਤੇ ਬਾਬਾ ਜੀ ਨੇ ‘ਮੈਂ ਰੱਬ ਨਾਲ ਪੰਜਾਬੀ ਬੋਲ ਕੇ ਦੇਖਾਂਗਾ’ ਸਾਂਝੀ ਕੀਤੀ। 

ਅੰਬਰ ਦਾ ਮੈਂ ਬੂਹਾ ਖੋਲ ਕੇ ਵੇਖਾਂਗਾ  ਰੱਬ ਦੇ ਨਾਲ਼ ਪੰਜਾਬੀ ਬੋਲ ਕੇ ਵੇਖਾਂਗਾ 

ਵਿਚ ਪੰਜਾਬੀ ਲਿਖਿਆ ਨਾਨਕ ਬੁੱਲ੍ਹੇ ਨੇ  ਇਸੇ ਲਈ ਤੇ ਮੋਤੀ ਇਹ ਅਣਮੁੱਲੇ ਨੇ  ਵਿਚ ਦਿਲਾਂ ਦੇ ਮਿਸ਼ਰੀ ਘੋਲ਼ ਕੇ ਦੇਖਾਂਗਾ 

ਕਿਹੜੀ ਬੋਲੀ ਭਾਰੀ ਮੇਰੀ ਬੋਲੀ ਤੋਂ  ਵੱਡੀ ਰਾਜਕੁਮਾਰੀ ਮੇਰੀ ਬੋਲੀ ਤੋਂ  ਉਹਦੇ ਤੱਕੜ ਉਤੇ ਤੋਲ ਕੇ ਦੇਖਾਂਗਾ। 

ਹੁਣ ਤੱਕ ਰਾਤ ਦੇ ਗਿਆਰਾਂ ਵੱਜ ਚੁੱਕੇ ਸੀ ਤੇ ਬਾਬਾ ਜੀ ਨੇ ਘਰ ਵੀ ਜਾਣਾ ਸੀ, ਸੋ ਮੇਰੀ ਚੜ੍ਹਦੇ ਪੰਜਾਬ ਤੋਂ ਲਿਆਂਦੀ ਸਾਂਝੇ ਪੰਜਾਬ ਦੇ ਨਕਸ਼ੇ ਵਾਲੀ ਲੋਈ ਨਾਲ ਸਾਡੇ ਸਾਰਿਆਂ ਵੱਲੋਂ ਬਾਬਾ ਜੀ ਦਾ ਸਨਮਾਨ ਕੀਤਾ ਗਿਆ। ਫਿਰ ਅਸੀਂ ਬਾਬਾ ਜੀ ਛੱਡਣ ਲਈ ਥੱਲੇ ਹੋਟਲ ਦੀ ਲਾਬੀ ‘ਚ ਆ ਗਏ। ਥੱਲੇ ਸਾਨੂੰ ਬਾਈ ਰੂਪ ਮਿਲ ਪਿਆ। ਓਥੇ ਹੀ ਕਮਰਾ ਨੰਬਰ 675 ਵਿੱਚ ਰੁਕਿਆ ਨਾਸਿਰ ਤੇ ਪੁਪਿੰਦਰ ਸਿੰਘ ਲਵਲੀ ਹੁਣਾਂ ਦਾ ਦੋਸਤ ਅਮਰੀਕਾ ਨਿਵਾਸੀ ਜੱਸ ਨਿੱਝਰ ਵੀ ਮਿਲ ਪਿਆ। ਚੜ੍ਹਦੇ ਪੰਜਾਬ ਦੇ ਪਿੰਡ ਆਸਾ ਬੁੱਟਰ ਤੋਂ ਗਿਆ ਅਮਰਿੰਦਰ ਸਿੰਘ ਬੁੱਟਰ ਜੋ ਰਹਿੰਦਾ ਤਾਂ ਕਨੇਡਾ ਹੈ, ਉਹ ਲਾਬੀ ‘ਚ ਹੀ ਸੋਫ਼ੇ ‘ਤੇ ਬੈਠਾ ਹੋਇਆ ਸੀ। ਬੁੱਟਰ, ਨਾਸਿਰ ਹੁਣਾਂ ਦਾ ਚੰਗਾ ਜਾਣਕਾਰ ਸੀ ਤੇ ਉਹਦੀ ਇਹ ਪਾਕਿਸਤਾਨ ਦੀ ਦੂਜੀ ਫੇਰੀ ਸੀ। ਬੁੱਟਰ ਅੱਜ ਕਿਸੇ ਕਸ਼ਮੀਰੀ ਪਹਿਲਵਾਨ ਦੇ ਘਰ ਲਾਹੌਰ ਵਿੱਚ ਪਾਲਤੂ ਸ਼ੇਰ ਦੇਖ ਕੇ ਆਇਆ ਸੀ ਤੇ ਉਹ ਉਸ ਸ਼ੇਰ ਦੀਆਂ ਬਹੁਤ ਗੱਲਾਂ ਸੁਣਾ ਰਿਹਾ ਸੀ। 

ਅਕਰਮ ਉਦਾਸ ਜੀ ਤੇ ਉਹਨਾਂ ਦਾ ਦੋਸਤ ਅਜੇ ਸਾਡੇ ਕਹਿਣ ‘ਤੇ ਰੁਕੇ ਹੋਏ ਸਨ। ਬਾਬਾ ਜੀ ਨੇ ਘਰ ਜਾ ਕੇ ਰੋਟੀ ਖਾਣੀ ਸੀ ਇਸ ਲਈ ਉਨ੍ਹਾਂ ਨੂੰ ਤੋਰ ਕੇ ਅਸੀਂ ਸਾਰਿਆਂ ਨੇ ਇਕੱਠਿਆਂ ਖਾਣਾ ਖਾਧਾ ਤੇ ਫਿਰ ਕਰੀਬ ਸਾਢੇ ਕੁ ਬਾਰਾਂ ਵਜੇ ਅਕਰਮ ਉਦਾਸ ਤੇ ਲਵਲੀ ਹੁਣੀਂ ਵੀ ਚਲੇ ਗਏ। ਬਾਈ ਰੂਪ ਤੇ ਬਾਕੀਆਂ ਦਾ ਭਲਕੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਦਾ ਪ੍ਰੋਗ੍ਰਾਮ ਸੀ । ਮੈਂ ਬਾਈ ਨੂੰ ਕਿਹਾ ਬਈ ਮੈਂ ਲਾਹੌਰ ਹੀ ਰਹਿਣਾ ਭੁੱਲਰ ਸਾਹਿਬ ਨਾਲ ਕਿਉਂਕਿ ਕਰਤਾਰਪੁਰ ਸਾਹਿਬ ਜਾਣ ਤੇ ਲਾਹੌਰ ਤੋਂ ਤਿੰਨ ਘੰਟੇ ਲੱਗਦੇ ਆ । ਏਨੇ ਹੀ ਵਾਪਸ ਲਾਹੌਰ ਆਉਣ ਨੂੰ ਸੋ ਸਾਰਾ ਦਿਨ ਰਾਹ ‘ਚ ਹੀ ਲੰਘ ਜਾਣਾ ਸੀ, ਇਸ ਲਈ ਮੈਂ ਸੋਚਿਆ ਕਿ ਕਰਤਾਰਪੁਰ ਸਾਹਿਬ ਤਾਂ ਚੜ੍ਹਦੇ ਵਾਲੇ ਪਾਸਿਓਂ ਫੇਰ ਵੀ ਬਿਨਾਂ ਵੀਜ਼ੇ ਆ ਜਾ ਸਕਦੇ ਆਂ ਪਰ ਲਾਹੌਰ ਪਤਾ ਦੁਬਾਰਾ ਕਦੋਂ ਆਇਆ ਜਾਵੇ, ਇਸ ਲਈ ਵੱਧ ਤੋਂ ਵੱਧ ਟਾਇਮ ਲਾਹੌਰ ਦੇ ਨੇੜੇ-ਤੇੜੇ ਹੀ ਰਿਹਾ ਜਾਵੇ ਤੇ ਬਾਕੀ ਮੇਰਾ ਭੁੱਲਰ ਬਾਈ ਹੁਣਾਂ ਨਾਲ ਅੱਜ ਦਾ ਦਿਨ ਬਹੁਤ ਵਧੀਆ ਰਿਹਾ ਸੀ ਤੇ ਦੂਜਾ ਸਾਡੀ ਲਾਈਨ ਤੇ ਮੱਤ ਦੇ ਬੰਦੇ ‘ਕੱਠੇ ਹੋ ਰਹੇ ਸੀ ਇਸ ਲਈ ਅਸੀਂ ਰੂਪ ਬਾਈ ਤੋਂ ਇਜਾਜ਼ਤ ਲੈ ਕੇ ਬਾਈ ਹਰਿੰਦਰ ਭੁੱਲਰ ਦੇ ਕਮਰੇ ਵੱਲ ਨੂੰ ਹੋ ਤੁਰੇ ਕਿਉਂਕਿ ਦਿਨ ਵੇਲੇ ਜਦੋਂ ਅਸੀਂ ਕਸੂਰ ਗਏ ਸੀ ਤਾਂ ਮੇਰਾ ਸਮਾਨ ਓਥੇ ਰੱਖ ਗਏ ਸੀ । ਓਥੋਂ ਸਮਾਨ ਚੁੱਕ ਕੇ ਬੁੱਟਰ ਤੇ ਨਾਸਿਰ ਮੈਨੂੰ ਮੇਰੇ ਕਮਰੇ ਤੱਕ ਛੱਡਣ ਨਾਲ ਤੁਰ ਪਏ। 

ਜੱਸ ਨਿੱਝਰ ਤੇ ਸਾਮੀ ਆਪਣੇ ਕਮਰੇ ਵਿੱਚ ਚਲੇ ਗਏ। ਅੰਜੁਮ ਗਿੱਲ, ਭੁੱਲਰ ਬਾਈ ਨਾਲ ਰਹਿ ਪਿਆ ਤੇ ਅਸੀਂ ਮੇਰੇ ਕਮਰਾ ਨੰਬਰ 539 ਵੱਲ ਨੂੰ ਹੋ ਤੁਰੇ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਹ ਹੋਟਲ ਬਹੁਤ ਵੱਡਾ ਸੀ ਪਰ ਮੇਰਾ ਕਮਰਾ ਲਿਫ਼ਟ ਦੇ ਨੇੜੇ ਹੀ ਸੀ, ਬੁੱਟਰ ਤੇ ਨਾਸਿਰ ਭਾਵੇਂ ਮੇਰੇ ਨਾਲ ਕਮਰੇ ਤੱਕ ਸਮਾਨ ਛੱਡਣ ਹੀ ਆਏ ਸੀ ਪਰ ਫਿਰ ਕਮਰੇ ‘ਚ ਗੱਲਾਂ ਕਰਦੇ-ਕਰਦੇ ਅਸੀਂ ਫੇਰ ਰਾਤ ਦਾ ਡੇਢ ਵਜਾ ਦਿੱਤਾ । ਜਦੋਂ ਬੁੱਟਰ ਹੁਰੀਂ ਆਪਣੇ ਕਮਰੇ ਵੱਲ ਜਾਣ ਲੱਗੇ ਤਾਂ ਮੈਂ ਕਿਹਾ ਯਾਰ ! ਏਥੇ ਹੀ ਪੈ ਜੋ, ਮੇਰੇ ਕੋਲ਼, ਉਹਨਾਂ ਵੀ ਕੋਈ ਬਹੁਤੀ ਹੀਲ ਹੁੱਜਤ ਨਾ ਕੀਤੀ ਤੇ ਮੇਰੇ ਕੋਲ ਹੀ ਟਿਕ ਗਏ । ਪਰ ਕਮਰੇ ‘ਚ ਇੱਕ ਹੀ ਡਬਲ ਬੈੱਡ ਹੋਣ ਕਰਕੇ ਅਸੀਂ ਕਾਲ ਕਰਕੇ ਇੱਕ ‘ਵਾਧੂ ਬੈੱਡ’ ਮੰਗਵਾ ਲਿਆ। ਬੁੱਟਰ ਮੇਰੇ ਨਾਲ ਬੈੱਡ ‘ਤੇ ਪੈ ਗਿਆ ਤੇ ਨਾਸਿਰ ਨੇ ਆਪਣਾ ਗੱਦਾ ਥੱਲੇ ਲਾ ਲਿਆ । ਗੱਲਾਂ ਕਰਦੇ-ਕਰਦੇ ਉਹ ਦੋਵੇਂ ਦੋ ਕੁ ਵਜੇ ਦੇ ਕਰੀਬ ਸੌਂ ਗਏ । ਅੱਜ ਦਿਨੇ ਗੱਲਾਂ-ਬਾਤਾਂ ਦੌਰਾਨ ਪਤਾ ਲੱਗਾ ਕਿ ਨਾਸਿਰ ਢਿੱਲੋਂ ‘ਪੰਜਾਬੀ ਲਹਿਰ’ ਨਾਂ ਦਾ ‘ਯੂ-ਟਿਊਬ’ ਚੈਨਲ ਚਲਾਉਣ ਤੋਂ ਪਹਿਲਾਂ ਪੰਜਾਬ ਪੁਲਿਸ ਵਿੱਚ ਥਾਣੇਦਾਰ ਸੀ । ਉਸਦਾ ਘਰ-ਪਰਿਵਾਰ ਤਾਂ ਲਾਹੌਰ ਤੋਂ ਦੋ-ਢਾਈ ਘੰਟੇ ਦੀ ਦੂਰੀ ‘ਤੇ ਸਥਿਤ ਫੈਸਲਾਬਾਦ ਸ਼ਹਿਰ ‘ਚ ਹੈ ਪਰ ਇਹਦਾ ਲਾਹੌਰ ਆਉਣ-ਜਾਣ ਅਕਸਰ ਹੀ ਲੱਗਾ ਰਹਿੰਦਾ ਹੈ। ਹੁਣ ਮੈਨੂੰ ਵੀ ਨੀਂਦ ਪੂਰਾ ਜ਼ੋਰ ਪਾ ਚੁੱਕੀ ਸੀ, ਅੱਜ ਦੇ ਦਿਨ ਦੇ ਸਫ਼ਰ ਵਿੱਚ ਮੈਂ ਤੇ ਤੁਸੀਂ ਕਈ ਬੰਦਿਆਂ ਦੇ ਨਾਂ ਨਹੀ ਜਾਣ ਸਕੇ ਹੋਵਾਂਗੇ, ਇਸ ਲਈ ਮੈਂ ਸਿਰਫ ਉਹਨਾਂ ਨੂੰ ਸਿਰਫ਼ ‘ਦੋਸਤ’ ਕਹਿ ਕੇ ਥੋਡੇ ਨਾਲ ਮਿਲਵਾਇਆ। ਉਨ੍ਹਾਂ ਦੇ ਨਾਂ ਅੱਜ ਮੈਂ ਵੀ ਨਹੀਂ ਜਾਣ ਸਕਿਆ ਕਿਉਂਕਿ ਪਹਿਲਾ ਦਿਨ ਸੀ ਸੋ ਜਿੰਨੇ ਕੁ ਬੰਦਿਆਂ ਦੇ ਹੋ ਸਕੇ ਮੈ ਨਾਂ ਪੁੱਛ ਲਏ ਪਰ ਹਰ ਬੰਦੇ ਨੂੰ ਨਾਂ ਪੁੱਛਣ ਤੋਂ ਝਿਜਕਦਾ ਜਿਹਾ ਰਿਹਾ। ਕੱਲ੍ਹ ਤੋਂ ਮੈ ਕੋਸ਼ਿਸ ਕਰਾਂਗਾ ਕਿ ਸੰਗ ਜਿਹੀ ਲਾਹ ਕੇ ਹਰ ਮਿਲਣ ਵਾਲੇ ਦੀ ਨਾਵਾਂ ਸਮੇਤ ਥੋਡੇ ਨਾਲ ਮੁਲਾਕਾਤ ਕਰਾਵਾਂ। ਬਾਕੀ ਨਾ ਤਾਂ ਅੱਜ ਦੇ ਦਿਨ ਦੀ ਕੋਈ ਸਕੀਮ ਸੀ ਕਿ ਕਿੱਥੇ ਜਾਣਾ ਤੇ ਕੀਹਨੂੰ ਮਿਲਣਾ? ਸਭ ਆਪਣੇ ਆਪ ਹੁੰਦਾ ਗਿਆ, ਹੁਣ ਕੱਲ੍ਹ ਕੀਹਨੂੰ ਮਿਲਣਾ, ਕਿੱਥੇ ਜਾਣਾ ਤੇ ਕੀ-ਕੀ ਕਰਨਾ ਇਹ ਹੁਣ ਕੱਲ੍ਹ ਦਾ ਚੜ੍ਹਦਾ ਸੂਰਜ ਹੀ ਦੱਸੇਗਾ। ਅੱਜ ਲਾਹੌਰ ਵਿੱਚ ਪਹਿਲਾਂ ਦਿਨ ਆਸ ਤੋਂ ਵਧਕੇ ਚੰਗਾ ਰਿਹਾ ਤੇ ਹੁਣ ਮੈਂ ਲਾਹੌਰ ‘ਚ ਆਪਣੀ ਪਹਿਲੀ ਰਾਤ ਦੀ ਨੀਂਦ ਲੈਣ ਲੱਗਾ ਹਾਂ। ਬਾਬਾ ਸੁੱਖ ਰੱਖੇ, ਕੱਲ੍ਹ ਮਿਲਦੇ ਆਂ।  

ਲਾਹੌਰ ਵਿੱਚ ਆਖ਼ਰੀ ਸਵੇਰ ਦਿਨ ਛੇਵਾਂ – (17-03-2022) 

ਲਾਹੌਰ ਸ਼ਹਿਰ ਵਿੱਚ ਮੇਰੀ ਇਹ ਅਖ਼ੀਰਲੀ ਸਵੇਰ ਆ। ਸਭ ਸੁੱਤੇ ਹੋਏ ਸੀ ਕੋਈ ਸਾਢੇ ਕੁ ਅੱਠ ਵਜੇ ਰੂਪ ਬਾਈ ਨੇ ਸਾਡੇ ਕਮਰੇ ਦੀ ਘੰਟੀ ਬੜੇ ਜ਼ੋਰ ਨਾਲ ਵਜਾ ਦਿੱਤੀ। ਨਾਸਿਰ ਨੇ ਉੱਠ ਦਰਵਾਜ਼ਾ ਖੋਲ੍ਹਿਆ ਤਾਂ ਬਾਈ ਰੂਪ ਕਹਿੰਦਾ ਕਿ ਉੱਠੋ ਬਈ ਮੁੰਡਿਓ ! ਅਜੇ ਤੱਕ ਸੁੱਤੇ ਈ ਪਏ ਓਂ । ਫਿਰ ਸਾਰੇ ਕਮਰੇ ‘ਚ ਨਜ਼ਰ ਦੌੜਾ ਕੇ ਬਾਈ ਬੋਲਿਆ “ਸਾਡੇ ਆਲ਼ਾ ਕਿੱਥੇ ਆ?” ਮੈਂ ਮੂੰਹ ਤੋਂ ਚਾਦਰ ਲਾਹ ਕੇ ਕਿਹਾ “ਬਾਈ ਉੱਠਦਾ ਜੀ”, ਬਾਈ ਕਹਿੰਦਾ ਗੁਰਵਿੰਦਰ ਲੇਟ ਆਂ ਤੁਸੀਂ, ਆਪਾਂ ਦਸ ਵਜੇ ਨੂੰ ਹੋਟਲ ‘ਚੋਂ ਨਿਕਲਣਾ । ਬਾਈ ਮੈਨੂੰ ਲਗਪਗ ਤਿਆਰ ਹੀ ਲੱਗਦਾ ਸੀ । ਬਾਈ ਦਾ ਦਸ ਵਜੇ ਦਾ ਅਲਟੀਮੇਟਮ ਸੁਣ ਕੇ ਸਾਨੂੰ ਹੱਥਾਂ-ਪੈਰਾਂ ਦੀ ਪੈ ਗਈ। ਮੈਂ ਕੋਈ ਪੈਕਿੰਗ ਨਹੀਂ ਕੀਤੀ ਸੀ, ਜਿਸ ਕਰਕੇ ਸਾਡੇ ਕਮਰੇ ਵਿੱਚ ਸਮਾਨ ਵਿਆਹ ਵਾਲ਼ੇ ਘਰ ਵਾਂਗੂੰ ਖਿੱਲਰਿਆ ਪਿਆ ਸੀ। ਜਿਵੇਂ ਵਿਆਹ ਤੋਂ ਪਹਿਲਾਂ ਕੱਪੜਾ ਲੀੜਾ ਬਾਜ਼ਾਰੋਂ ਲਿਆ ਲਿਆ ਰੱਖੀ ਜਾਂਦੇ ਹੁੰਦੇ ਆ ਉਵੇਂ ਮੈਂ ਵੀ ਸ਼ੌਪਿੰਗ ਕਰ- ਕਰ ਕੇ ਸਮਾਨ ਕਮਰੇ ਦੀ ਹਰੇਕ ਨੁੱਕਰ ‘ਚ ਸੁੱਟ ਛੱਡਿਆ ਸੀ । ਸਮਾਨ ਦੇ ਢੇਰ ਵੇਖ ਕੇ ਮੈਨੂੰ ਕੋਈ ਸਮਝ ਨਾ ਲੱਗੇ ਬਈ ਪਹਿਲਾਂ ਕੀ ਚੁੱਕਾਂ ਤੇ ਬਾਅਦ ‘ਚ ਕੀ । ਸਮਾਨ ਬੰਨ੍ਹਣ ਤੋਂ ਪਹਿਲਾਂ ਅਸੀਂ ਥੱਲੇ ਬਰੇਕਫ਼ਾਸਟ ਕਰਨ ਨੂੰ ਭੱਜੇ । ਅੱਗੇ ਜਾਂਦਿਆਂ ਨੂੰ ਬਾਠ ਸਾਹਿਬ ਵੀ ਪੂਰੀ ਤਰ੍ਹਾਂ ਟਿੱਪ-ਟਾਪ ਹੋ ਕੇ ਬਰੇਕਫ਼ਾਸਟ ਵਾਲ਼ੀ ਪਲੇਟ ਅੱਗੇ ਰੱਖੀ ਬੈਠੇ ਸੀ । ਇੱਕ ਅਸੀਂ ਸੀ ਜਿੰਨ੍ਹਾਂ ਦੀ ਨੀਂਦ ਅਜੇ ਵੀ ਅੱਖਾਂ ‘ਚ ਰੜਕਦੀ ਤੁਰੀ ਫਿਰਦੀ ਸੀ । ਕਾਹਲ਼ੀ-ਕਾਹਲ਼ੀ ‘ਚ ਥੋੜ੍ਹਾ ਬਹੁਤ ਖਾ ਕੇ ਸਵਾ ਨੌਂ ਵਜੇ ਨੂੰ ਅਸੀਂ ਕਮਰੇ ‘ਚ ਆ ਗਏ ਤੇ ਆ ਕੇ ਮੈਂ ਤੇ ਅੰਜੁਮ ਗਿੱਲ ਉਦਾਸ ਜਿਹੇ ਮਨ ਨਾਲ ਪੈਕਿੰਗ ਕਰਨ ਲੱਗ ਗਏ ਤੇ ਨਾਸਿਰ ਨਹਾਉਣ ਚਲਾ ਗਿਆ। 

ਹਾਲਾਂਕਿ ਇਸ ਤੋਂ ਪਹਿਲਾਂ ਵੀ ਕਿੰਨੀ ਵਾਰ ਕੈਨੇਡਾ, ਅਮਰੀਕਾ, ਇੰਗਲੈਂਡ ਵਰਗੇ ਮੁਲਕਾਂ ਤੋਂ ਮੁੜਿਆ ਪਰ ਓਥੋਂ ਮੁੜਣ ਵੇਲ਼ੇ ਕਦੇ ਮਨ ਉਦਾਸ ਨਹੀਂ ਸੀ ਹੋਇਆ ਪਰ ਅੱਜ ਪਤਾ ਨਹੀਂ ਕਿਉਂ ਚਿੱਤ ਡਾਂਵਾ ਡੋਲ ਸੀ ਪਿੱਪਲੀ ਦੇ ਪੱਤੇ ਵਾਂਗ । ਵਾਰ ਵਾਰ ਮੈਂ ਅੰਜੁਮ ਨੂੰ ਆਖੀ ਜਾਂਦਾ ਸੀ ਕਿ ਮੈਂ ਹੁਣ ਛੇਤੀ ਆ ਜਾਇਆ ਕਰਨਾ ਥੋਡੇ ਕੋਲ। ਸਾਡੇ ਪਿੰਡਾਂ ਦੇ ਮੁੰਡਿਆਂ ਤੋਂ ਜਿਹੋ ਜਿਹੀ ਕੱਚੀ-ਪੱਕੀ ਜਿਹੀ ਪੈਕਿੰਗ ਹੋ ਸਕਦੀ ਆ ਉਹ ਕਰਦਿਆਂ ਤੱਕ ਨਾਸਿਰ ਨਹਾ ਕੇ ਬਾਹਰ ਆ ਗਿਆ। ਜਿਹੜਾ ਸਮਾਨ ਜਿਵੇਂ ਸਾਨੂੰ ਸਮਝ ਲੱਗੀ ਅਸੀਂ ਤੁੰਨ-ਤੁੰਨ ਕੇ ਭਰ ਛੱਡਿਆ ਤੇ ਬੱਸ ਕੇਰਾਂ ਬੈਗਾਂ ਦੀਆਂ ਜਿੱਪਾਂ ਬੰਦ ਕਰ ‘ਤੀਆਂ । ਨਹਾ ਕੇ ਸਵਾ ਦਸ ਵਜੇ ਨੂੰ ਅਸੀਂ ਤਿਆਰ ਹੋ ਗਏ, ਇਮਾਨ ਸਿੰਘ ਖਾਰਾ ਸਾਨੂੰ ਕਮਰੇ ਵਿੱਚ ਮਿਲਣ ਆਇਆ, ਉਹਨੇ ਅਜੇ ਕੁਝ ਦਿਨ ਹੋਰ ਰੁਕਣਾ ਸੀ। ਨਕਵੀ ਸਾਹਿਬ ਦਾ ਨਾਸਿਰ ਨੂੰ ਫ਼ੋਨ ਆ ਗਿਆ, ਉਹ ਕਹਿੰਦੇ ਕਿ ਮੈਂ ਆ ਰਿਹਾਂ ਯਾਰ ਫੇਰ ਮਿਲਣਾ ਤੇ ਬਾਕੀ ਮੈਂ ਬਾਰਡਰ ‘ਤੇ ਫ਼ੋਨ ਕਰ ਦਿੱਤਾ ਕੋਈ ਪਰੇਸ਼ਾਨੀ ਨਹੀਂ ਆਵੇਗੀ, ਓਥੇ ਆਪਣਾ ਇੱਕ ਮਿੱਤਰ ਲੱਗਿਆ ਹੋਇਆ। ਅੱਗੋਂ ਨਾਸਿਰ ਕਹਿੰਦਾ ਹੁਣ ਤਾਂ ਅਸੀ ਨਿਕਲਣ ਲੱਗੇ ਆਂ, ਤੁਸੀਂ ਏਦਾਂ ਕਰੋ ਕਿ ਰਸਤੇ ‘ਚ ਆ ਜਾਓ। ਉਹ ਕਹਿੰਦੇ ਠੀਕ ਆ ਮੈਂ ਧਰਮਪੁਰੇ ਆ ਕੇ ਮਿਲਦਾਂ । ਬਾਈ ਰੂਪ ਦਾ ਫ਼ੋਨ ਵੀ ਆ ਗਿਆ ਕਿ ਆਜੋ ਥੱਲੇ । ਸਾਰੇ ਲੌਬੀ ਵਿੱਚ ਤਿਆਰ ਸਨ, ਸਾਰਾ ਹੋਟਲ ਸਟਾਫ਼ ਪਿਆਰ ਨਾਲ ਸਾਨੂੰ ਇਕੱਲੇ-ਇਕੱਲੇ ਨੂੰ ਮਿਲ ਰਿਹਾ ਸੀ । ਗਿਆਰਾਂ ਵਜੇ ਅਸੀਂ ਹੋਟਲ ਵਿੱਚੋਂ ਨਿੱਕਲੇ, ਬਾਈ ਰੂਪ ਹੁਣੀਂ ਦਸ ਜਣੇ ਵੱਖਰੇ ਇੱਕ ਵੈਨ ਵਿੱਚ ਸੀ ਤੇ ਮੈਂ, ਨਾਸਿਰ, ਡਾਕਟਰ ਤੇ ਅੰਜੁਮ ਇੱਕ ਕਾਰ ਵਿੱਚ ਸਾਂ। ਸਵਾ ਗਿਆਰਾਂ ਨੂੰ ਅਸੀਂ ਹਰਬੰਸਪੁਰੇ ਆ ਗਏ, ਉੱਥੋਂ ਵੱਕਾਸ ਹੈਦਰ ਨੂੰ ਲੈਣਾ ਸੀ। 

ਹਰਬੰਸਪੁਰਾ ਪਿੰਡ ਲਾਹੌਰ ਤੋ ਵਾਘਾ ਬਾਰਡਰ ਵੱਲ ਆਉਂਦਿਆਂ ਰਸਤੇ ਵਿੱਚ ਨਹਿਰ ਦੇ ਨਾਲ ਹੀ ਵੱਸਿਆ ਹੋਇਆ ਹੈ। ਓਥੇ ਖੜ੍ਹੇ-ਖੜ੍ਹੇ ਹੀ ਨਕਵੀ ਸਾਹਿਬ ਵੀ ਆਪਣੇ ਡਰਾਇਵਰ ਇਮਰਾਨ ਤੇ ਦੋ ਗੰਨਮੈਨਾਂ ਨਾਲ ਆ ਗਏ। ਉਹ ਮੇਰੇ ਲਈ ਫੁੱਲ ਲੈ ਕੇ ਆਏ ਸਨ ਤੇ ਨਾਲ ਗੁਰੂ ਨਾਨਕ ਪਾਤਸ਼ਾਹ ਵਾਲ਼ੇ ਦੋ ਹੋਰ ਸਿੱਕੇ ਵੀ ਉਹਨਾਂ ਮੈਨੂੰ ਦਿੱਤੇ । ਬਹੁਤੇ ਨਿੱਘੇ ਬੰਦੇ ਨੇ ਨਕਵੀ ਸਾਹਿਬ, ਉਹਨਾਂ ਨੇ ਪੁਲਿਸ ਵਾਲ਼ੀ ਗੱਡੀ ਸਾਡੇ ਅੱਗੇ ਲਾ ਲਈ ਤੇ ਅਸੀਂ ਸਿੱਧੇ ਬਾਰਡਰ ਵੱਲ ਨੂੰ ਹੋ ਤੁਰੇ । ਨਾਸਿਰ ਹੁਣੀਂ ਕਹਿੰਦੇ ਬੰਦੇ ਏਥੋਂ ਰੋਂਦੇ ਜਾਂਦੇ ਨੇ ਤੇ ਤੂੰ ਅਜੇ ਤੱਕ ਵੀ ਹੱਸੀ ਜਾ ਰਿਹੈਂ। ਮੈਂ ਕਿਹਾ “ਮੈਂ ਨੀਂ ਰੋਂਦਾ”, ਮੈਂ ਆਪਣੇ ਜਾਣੇ ਬਹਾਦਰ ਬਣਦਾ ਸੀ। ਪਰ ਮੈਂ ਇਹ ਜ਼ਰੂਰ ਕਿਹਾ ਕਿ ਯਾਰ ਹੌਲ਼ੀ ਚੱਲੋ! ਕਿਉਂ ਤੁਸੀ ਮੈਨੂੰ ਜਲਦੀ ਕੱਢਣ ਨੂੰ ਫਿਰਦੇ ਓਂ। ਸੱਚ ਪੁੱਛੋ ਤਾਂ ਮੇਰਾ ਅੰਦਰੋ ਚਿੱਤ ਘਿਰ ਰਿਹਾ ਸੀ, ਮੈਂ ਅੱਜ ਨੈੱਟ ‘ਤੇ ਸਟੋਰੀਆਂ ਨਹੀਂ ਪਾ ਰਿਹਾ ਸੀ । ਉਹਨਾਂ ਨੇ ਬਾਰਡਰ ਦੇ ਨੇੜੇ ਜਾ ਕੇ ਕਾਰ ਹੌਲ਼ੀ ਕਰ ਲਈ, ਨਾਸਿਰ ਤੇ ਵੱਕਾਸ ਨੇ ਕਮਲ ਖ਼ਾਨ ਦਾ ਗਾਣਾ ਲਾ ਦਿੱਤਾ- 8 “ਯਾਰ ਵਿੱਛੜੇ ਯਾਰਾਂ ਤੋਂ ਜਿੰਦੇ ਮੇਰੀਏ, ਪਤਾ ਨੀਂ ਕਦੋਂ ਮੇਲ਼ ਹੋਣਗੇ”.  

ਜ਼ਿੰਦਗੀ ਭਰ ਦੇ ਸਾਥ ਨਿਭਣਗੇ ਰਹਿ ਗਈ ਗੱਲ ਅਧੂਰੀ। ਯਾਰਾਂ ਨਾਲੋ ਯਾਰ ਵਿੱਛੜ ਗਏ ਵਿੱਚ ਦਿਲਾਂ ਦੇ ਪੈ ਗੀ ਦੂਰੀ। ਯਾਰ ਵਿੱਛੜੇ ਯਾਰਾਂ ਤੋਂ ਜਿੰਦੇ ਮੇਰੀਏ ਪਤਾ ਨੀ ਕਦੋਂ ਮੇਲ ਹੋਣਗੇ। ਰੋ ਨੈਣ ਕਮਲ਼ੇ ਹੋਏਗਾ ਰੋ ਰੋ ਕੇ ਪਤਾ ਨੀ ਕਿੰਨੀ ਦੇਰ ਰੋਣਗੇ। ਯਾਰ ਵਿੱਛੜੇ ਯਾਰਾਂ ਤੋਂ ਜਿੰਦੇ ਮੇਰੀਏ ਪਤਾ ਨੀ ਕਦੋਂ ਮੇਲ ਹੋਣਗੇ 

ਹੁਣ ਵੱਖੋ ਵੱਖ ਮੰਜ਼ਲਾਂ ਤੇ ਵੱਖੋ ਵੱਖ ਰਾਹ ਨੇ । ਕੱਠੇ ਲੁੱਟਦੇ ਸੀ ਮੌਜਾਂ ਹੁਣ ਦੱਬੇ ਦੱਬੇ ਚਾਅ ਨੇ । 

ਰੰਗ ਰੱਬ ਦੇ ਨਿਆਰੇ ਉਹੀਓ ਜਾਣਦਾ ਪਤਾ ਨੀ ਕੀ ਕੀ ਖੇਲ ਹੋਣਗੇ ।  ਯਾਰ ਵਿੱਛੜੇ ਯਾਰਾਂ ਤੋਂ ਜਿੰਦੇ ਮੇਰੀਏ ਪਤਾ ਨੀ ਕਦੋਂ ਮੇਲ ਹੋਣਗੇ 

ਯਾਰੀਆਂ ਦੀ ਨਹੀਓ ਖਾਈਦੀ ਕਸਮ ਸੋਹਣਿਆਂ ।  ਜਾਨੋਂ ਪਿਆਰਿਆਂ ਦੀ ਨਹੀਓ ਖਾਈਦੀ ਕਸਮ  ਸੋਹਣਿਆਂ । ਯਾਰੀਆਂ ਦੀ ਨਹੀਓਂ ਖਾਈਦੀ ਕਸਮ ਸੋਹਣਿਆਂ । 

ਗੀਤ ਐਸਾ ਸੀ ਕਿ ਜੀਹਨੂੰ ਸੁਣ ਕੇ ਪਾਕਿਸਤਾਨ ‘ਚ ਗੁਜ਼ਰਿਆ ਮੇਰਾ ਇੱਕ- ਇੱਕ ਪਲ ਮੇਰੀਆਂ ਅੱਖਾਂ ਮੂਹਰਿਉਂ ਮਿੰਟਾਂ-ਸਕਿੰਟਾਂ ‘ਚ ਫ਼ਿਲਮ ਦੀ ਰੀਲ੍ਹ ਵਾਂਗੂੰ ਲੰਘ ਗਿਆ ਤੇ ਮੇਰਾ ਗੱਚ ਭਰ ਆਇਆ । ਆਪਣੇ ਆਪ ਨੂੰ ਕੰਟਰੋਲ ਕਰਨ ਲਈ ਅਸੀਂ ਗੱਲਾਂ ਕਰਨ ਲੱਗੇ ਕਿ ਯਾਰ! ਆਪਾਂ ਇੱਕ ਦੂਜੇ ਨੂੰ ਪਹਿਲਾਂ ਬਿਲਕੁਲ ਵੀ ਜਾਣਦੇ ਨਹੀਂ ਸੀ, ਹੁਣ ਪੰਜ ਕੁ ਦਿਨ ਪਹਿਲਾਂ ਮਿਲੇ ਆਂ ਤੇ ਅੱਜ ਸਾਰਿਆਂ ਨੂੰ ਵੱਖ ਹੋਣ ਵੇਲ਼ੇ ਇਉਂ ਲੱਗਦਾ ਜਿਵੇਂ ਜਨਮਾਂ ਜਨਮਾਂ ਦੀ ਸਾਂਝ ਹੋਵੇ । ਸਾਨੂੰ ਇਹ ਵੀ ਪਤਾ ਕਿ ਆਪਾਂ ਦੁਬਾਰਾ ਵੀ ਮਿਲ ਸਕਦੇ ਆਂ ਪਰ ਯਾਰ ! ਹੱਲੇ ਵੇਲ਼ੇ ਜਦੋਂ ਰੌਲਾ ਪਿਆ ਹੋਣਾ ਉਦੋਂ ਕਿਸੇ ਨੂੰ ਕੁਝ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਤੇ ਫਿਰ ਕਦੋਂ ਆਵਦੇ ਪਿੰਡ ਨੂੰ ਮੁੜ ਸਕਾਂਗੇ । ਇੱਕ ਦਮ ਪਤਾ ਲੱਗਿਆ ਹੋਣਾਂ ਕਿ ਦੋ ਦੇਸ਼ ਬਣ ਗਏ ਹਨ ਤੇ ਹੁਣ ਮੁੜ ਕੇ ਦੁਬਾਰਾ ਆਪਣੇ ਪਿੰਡ ਨਹੀਂ ਜਾ ਸਕਣਾ । ਕੀ ਬੀਤੀ ਹੋਣੀ ਉਹਨਾਂ ਲੋਕਾਂ ‘ਤੇ, ਕਿਵੇ ਉਹਨਾਂ ਨੇ ਭਰੇ ਭਰਾਏ ਘਰ, ਮਾਲ ਡੰਗਰ, ਖੇਤ ਤੇ ਫ਼ਸਲਾਂ ਛੱਡੀਆਂ ਹੋਣਗੀਆਂ । ਕਿਉਂਕਿ ਜਦੋਂ ਸ਼ਹਿਰ ਜਾਂ ਖੇਤ ਵੀ ਗੇੜਾ ਮਾਰਨ ਘਰੋਂ ਨਿਕਲੀਦਾ ਤਾਂ ਵਿਹੜੇ ‘ਚ ਪਈ ਚੀਜ਼ ਚੁੱਕ ਕੇ ਛਾਵੇਂ ਰੱਖ ਦੇਈਦੀ ਆ ਕਿ ਮੇਰੇ ਮਗਰੋਂ ਕਿਤੇ ਧੁੱਪੇ ਖ਼ਰਾਬ ਹੀ ਨਾ ਹੋ ਜੇ। ਜ਼ਿੰਦਗ਼ੀ ‘ਚ ਆਏ ਇਸ ਉਜਾੜੇ ਦੇ ਪਹਾੜ ਨਾਲ ਕਿਵੇਂ ਮੱਥਾ ਲਾਇਆ ਹੋਣਾ ਸਿੱਧ ਪੱਧਰੇ ਪੰਜਾਬੀਆਂ ਨੇ। ਇਹ ਸਾਰਾ ਕੁਝ ਸੋਚ ਕੇ ਅੱਜ ਵੀ ਜਾਨ ਨਿਕਲਦੀ ਤੇ ਘਬਰਾਅ ਪੈਂਦਾ । ਤੁਸੀਂ ਸਾਰੇ ਵੀ ਕਦੇ ਇਹ ਮਹਿਸੂਸ ਕਰਕੇ ਦੇਖਿਓ ਕਿ ਉਹ ਕਿੰਨੀ ਵੱਡੀ ਪੀੜ ਆ ਸਾਡੇ ਲੋਕਾਂ ਦੀ। ਮੈਨੂੰ ਬਾਈ ਜੀ ਗੁਰਭਜਨ ਗਿੱਲ ਦੀ ਵੰਡ ਬਾਰੇ ਗ਼ਜ਼ਲ ਯਾਦ ਆ ਰਹੀ ਸੀ। 

ਜ਼ਿੰਦਗੀ ਕਿਸ ਦੋਸ਼ ਬਦਲੇ ਦੇ ਗਈ ਕਰੜੀ ਸਜ਼ਾ। ਪਹਿਲਾਂ ‘ਵਾ ਨੇ ਟਾਹਣ ਤੋੜੇ, ਫਿਰ ਜੜ੍ਹਾਂ ਤੋਂ ਪੁੱਟਿਆ। 

ਲਾਹੌਰ ਤੋਂ ਬਾਰਡਰ ਤੱਕ ਦਾ ਮਸਾਂ ਵੀਹ ਕੁ ਮਿੰਟ ਦਾ ਰਸਤਾ ਸੀ ਪਰ ਅਸੀ ਮਾੜੇ ਵਕਤ ਦੀਆਂ ਗੱਲਾਂ ਕਰਦੇ ਚਾਲ਼ੀ ਮਿੰਟਾਂ ‘ਚ ਉੱਥੇ ਪਹੁੰਚੇ । ਉੱਥੇ ਪਹੁੰਚ ਕੇ ਅਸੀਂ ਬਾਈ ਰੂਪ ਹੁਣਾਂ ਨੂੰ ਉਡੀਕਣ ਲੱਗੇ, ਉਹਨਾਂ ਨੇ ਲਾਹੌਰੋਂ ਰਾਹ ‘ਚ ਦਰਜ਼ੀ ਤੋਂ ਕੱਪੜੇ ਫੜਨੇ ਸਨ, ਉਨ੍ਹਾਂ ਨੇ ਬੋਸਕੀ ਦੇ ਕੁੜਤੇ ਪਜਾਮੇ ਇੱਥੋਂ ਹੀ ਸਵਾ ਲਏ ਸੀ। ਸਾਡੇ ਉਡੀਕਦਿਆਂ ਬਾਈ ਰੂਪ ਦਾ ਫ਼ੋਨ ਆ ਗਿਆ, ਕਹਿੰਦੇ ਯਾਰ ਸਾਡੀ ਗੱਡੀ ਅੱਗੇ ਨਹੀਂ ਆਉਣ ਦਿੰਦੇ, ਕਹਿੰਦੇ ਇੱਥੋਂ ਤੁਰ ਕੇ ਜਾਓ, ਸਾਡੇ ਕੋਲ ਸਮਾਨ ਬਹੁਤ ਆ ਯਾਰ। ਅਸਲ ਵਿੱਚ ਸਾਡੀ ਗੱਡੀ ਤਾਂ ਨਕਵੀ ਸਾਹਿਬ ਦੀ ਗੱਡੀ ਅੱਗੇ ਲੱਗੀ ਹੋਣ ਕਰਕੇ ਅੱਗੇ ਤੱਕ ਆ ਗਈ ਸੀ ਪਰ ਬਾਈ ਹੁਣਾਂ ਨੂੰ ਕਿਲੋਮੀਟਰ ਪਿੱਛੇ ਹੀ ਰੋਕ ਲਿਆ ਸੀ। ਉੱਥੇ ਤਇਨਾਤ ਅਫਸਰ ਫ਼ਾਰੂਖ਼ ਦੀ ਗੱਲ ਨਹੀਂ ਸਨ ਸੁਣ ਰਹੇ, ਹੁਣ ਨਾਸਿਰ ਉੱਥੋਂ ਬਾਰਡਰ ਵਾਲ਼ਿਆਂ ਦੀ ਹੀ ਬੱਘੀ ਜਿਸ ਵਿੱਚ ਅੱਠ ਦਸ ਬੰਦੇ ਬਹਿ ਜਾਂਦੇ ਨੇ ਲੈ ਕੇ ਉਹਨਾਂ ਨੂੰ ਲੈਣ ਚਲਾ ਗਿਆ। ਉਹਨੇ ਬਾਈ ਰੂਪ ਨੂੰ ਬੱਘੀ ‘ਤੇ ਨਾਲ ਬਿਠਾ ਲਿਆ ਤੇ ਗੱਡੀ ਨੂੰ ਅੱਗੇ ਲੰਘਾ ਲਿਆ, ਉਹ ਬੱਘੀ ਦੇ ਮਗਰ-ਮਗਰ ਆ ਰਹੀ ਸੀ । ਬਾਈ ਰੂਪ ਵੀ ਇਸ ਗੱਲ ‘ਚ ਆਵਦੀ ਚੜ੍ਹਾਈ ਮਹਿਸੂਸ ਕਰ ਰਿਹਾ ਸੀ ਬਈ ਸਾਡੇ ਮੁੰਡੇ ਗੁਰਵਿੰਦਰ ਦੇ ਦੋਸਤਾਂ ਦੀ ਚੱਲਦੀ ਆ। ਮੈਂ ਨਕਵੀ ਸਾਹਿਬ ਦੇ ਦਿੱਤਾ ਗੁਲਦਸਤਾ ਨਾਸਿਰ ਨੂੰ ਫੜਾ ਕੇ ਕਿਹਾ ਕਿ ਤੁਸੀਂ ਇਹ ਆਪਣੇ ਵੱਲੋਂ ਬਾਠ ਸਾਹਿਬ ਤੇ ਬਾਈ ਰੂਪ ਹੁਰਾਂ ਨੂੰ ਦੇ ਦਿਉ। ਨਾਸਿਰ ਨੇ ਇਉਂ ਹੀ ਕੀਤਾ ਤੇ ਅਸੀਂ ਉਨ੍ਹਾਂ ਪਲਾਂ ਨੂੰ ਫੋਟੋਆਂ ਦੇ ਰੂਪ ‘ਚ ਆਪਣੇ ਮੋਬਾਇਲ ‘ਚ ਕੈਦ ਕਰ ਲਿਆ । ਗੱਡੀ ਤੇ ਬੱਘੀ ਆਈ ਵੇਖ ਕੇ ਸਮਾਨ ਚੁੱਕਣ ਵਾਲ਼ੇ ਮਜ਼ਦੂਰ ਵੀ ਆ ਗਏ, ਉਨ੍ਹਾਂ ਚੋਂ ਇੱਕ ਵੀਰ ਬਾਠ ਸਾਹਿਬ ਨੂੰ ਕਹਿੰਦਾ ਕਿ ਤੁਹਾਨੂੰ ਓਧਰ ਭਾਰਤ ਵਾਲ਼ੇ ਪਾਸੇ ਅਮਰੀਕਾ ਵਾਲ਼ੇ ਇੱਕ ਸੌ ਡਾਲਰ ਦਾ ਸਤੱਤਰ ਸੌ ਮਿਲਣਾ ਤੇ ਤੁਸੀਂ ਸਾਡੇ ਤੋ ਭਾਰਤੀ ਕਰੰਸੀ ‘ਚ ਅੱਠ ਹਜ਼ਾਰ ਲੈ ਲਓ ਤੇ ਸਾਨੂੰ ਉਹਦੇ ਬਦਲੇ ਅਮਰੀਕਨ ਡਾਲਰ ਦੇ ਦਿਓ। ਚੜ੍ਹਦੇ ਪੰਜਾਬ ਤੋਂ ਗਏ ਲੋਕ ਉਹਨਾਂ ਨੂੰ ਭਾਰਤੀ ਰੁਪਏ ਦੇ ਆਉਂਦੇ ਨੇ ਤੇ ਉਹ ਉਹਨਾਂ ਦੇ ਮੁਲਕ ‘ਚ ਕਿਸੇ ਕੰਮ ਦੇ ਨਹੀਂ ਹੁੰਦੇ ਇਸ ਕਰਕੇ ਉਹ ਸਾਡੇ ਨਾਲ ਇਹ ‘ਡੀਲ’ ਕਰ ਰਿਹਾ ਸੀ। 

ਜਦੋਂ ਅਸੀਂ ਪਾਕਿਸਤਾਨ ਇਮੀਗਰੇਸ਼ਨ ਦੇ ਦਫ਼ਤਰ ਅੰਦਰ ਗਏ ਤਾਂ ਅੰਦਰ ਸਾਨੂੰ ਦੋ ਭਾਰਤੀ ਮੁਸਲਮਾਨ ਭਰਾ ਮਿਲੇ ਜਿੰਨ੍ਹਾਂ ਦੇ ਸਿਰ ਤੇ ਟੋਪੀਆਂ ਲਈਆਂ ਹੋਈਆਂ ਸੀ । ਇੱਕ ਹਿੰਦੂ ਔਰਤ ਵੀ ਦੇਖੀ, ਉਹਦਾ ਪਾਸਪੋਰਟ ਪਾਕਿਸਤਾਨ ਦਾ ਸੀ ਤੇ ਉਹਦੀ ਬੱਚੀ ਦਾ ਭਾਰਤ ਦਾ । ਮੈਂ ਜਿਸ ਬੂਥ ‘ਤੇ ਗਿਆ ਓਥੇ ਵੱਕਾਸ ਨਿਆਜ਼ੀ ਪਾਕਿਸਤਾਨੀ ਇਮੀਗਰੇਸ਼ਨ ਅਫ਼ਸਰ ਸੀ, ਮੈਂ ਕਿਹਾ ਸਰ ! ਫ਼ੋਟੋ ਵਧੀਆ ਖਿੱਚਿਓ, ਉਹ ਅੱਗੋਂ ਕਹਿੰਦਾ “ਕਿਉਂ ਕੁੜੀ ਵਾਲਿਆਂ ਨੂੰ ਭੇਜਣੀ ਆਂ”, ਮੈ ਕਿਹਾ ਜੀ ਜਿੱਥੇ ਮਰਜ਼ੀ ਭੇਜ ਦਿਉ। ਉਹ ਕਹਿੰਦਾ ਤੇਰਾ ਵਿਆਹ ਪਹਿਲਾ, ਦੂਜਾ ਕਿ ਤੀਜਾ ? ਮੈਂ ਕਿਹਾ ਕਿ ਸਾਡੇ ਤਾਂ ਇੱਕ ਹੀ ਹੁੰਦਾ ਮੁਸ਼ਕਿਲ ਨਾਲ ਤੇ ਮੇਰਾ ਉਹ ਵੀ ਅਜੇ ਹੋਇਆ ਨਹੀਂ। ਉਹ ਕਹਿੰਦਾ ਚਿੰਤਾ ਨਾ ਕਰ, ਹੋ ਜਾਵੇਗਾ, ਕਿ ਮੇਰਾ ਵੀ ਨਹੀਂ ਹੋਇਆ। 

ਮੈਂ ਕਿਹਾ ਕਿ ਚਿੱਟੇ ਵਾਲ਼ ਆ ਗਏ ਆ ਇਸ ਲਈ ਜਲਦੀ ਕਰਵਾ ਲਓ। ਉਹ ਅੱਗਿਉਂ ਕਹਿੰਦਾ ਕਿ ਮੈਨੂੰ ਕੋਈ ਕੁੜੀ ਈ ਨਹੀਂ ਦਿੰਦਾ ਯਾਰ। ਮੈਂ ਕਿਹਾ ਕਿ ਹਾਲਤ ਤਾਂ ਮੇਰੀ ਵੀ ਇਹੀ ਆ, ਉਹਨੇ ਹੱਸ ਕੇ ਹੱਥ ਮਿਲਾਇਆ ਤੇ ਪਾਸਪੋਰਟ ਫੜਾ ਦਿੱਤਾ । ਮੈਂ ਕਿਹਾ ਇੱਕ ਕਿਰਪਾ ਹੋਰ ਕਰੋ, ਇਹਦੇ ‘ਤੇ ਮੋਹਰ ਲਾ ਦਿਓ ਠੋਕ ਕੇ। ਉਹਨੇ ਹੱਸ ਕੇ ਮੋਹਰ ਲਾ ਦਿੱਤੀ, ਹੁਣ ਮੈਂ ਜਦੋ ਵੀ ਬਾਹਰਲੇ ਮੁਲਕਾਂ ਨੂੰ ਆਉਂਦਾ ਜਾਨਾਂ ਤਾਂ ਮੈਂ ਉਹ ਦੋਵੇਂ ਮੋਹਰਾਂ ਜ਼ਰੂਰ ਕੱਢ ਕੇ ਦੇਖਦਾਂ। ਬਸ ਪਤਾ ਨਹੀਂ ਕਿਉਂ ਮੋਹ ਜਿਹਾ ਆ ਜਾਂਦਾ ਉਹਨਾਂ ਮੋਹਰਾਂ ਨੂੰ ਵੇਖ ਕੇ। ਡੇਢ ਵੱਜਦੇ ਨੂੰ ਪਾਕਿਸਤਾਨ ਵਾਲ਼ੇ ਪਾਸੇ ਕਾਗ਼ਜ਼ੀ ਕਾਰਵਾਈ ਨਿੱਬੜ ਗਈ ਤੇ ਅਸੀਂ ਬਾਹਰ ਬਾਰਡਰ ਦੀ ਲੀਕ ਕੋਲ਼ ਫਿਰ ਇੱਕ ਦੂਜੇ ਨੂੰ ਜੱਫੀਆਂ ਪਾ ਕੇ ਮਿਲਣ ਲੱਗ ਪਏ। ਉਹ ਸਮਾਂ ਐਸਾ ਸੀ ਕਿ ਨਾ ਹੱਸਿਆ ਜਾ ਰਿਹਾ ਸੀ ਤੇ ਨਾ ਰੋਇਆ। ਦੁਬਾਰਾ ਜਲਦੀ ਮਿਲਣ ਦੇ ਵਾਅਦੇ ਨਾਲ ਮੈਂ ਨਾਸਰ ਢਿੱਲੋਂ ਤੇ ਅੰਜੁਮ ਗਿੱਲ ਨੂੰ ਹੱਥ ਹਿਲਾਉਂਦਾ ਬਾਰਡਰ ਟੱਪ ਆਇਆ ਤੇ ਜਿੰਨ੍ਹਾਂ ਚਿਰ ਉਹ ਮੈਨੂੰ ਤੇ ਮੈਂ ਉਨ੍ਹਾਂ ਨੂੰ ਦਿਸਦਾ ਰਿਹਾ ਸਾਡੇ ਹੱਥ ਚੜ੍ਹਦੀ ਕਲਾ ਵਿੱਚ ਹਿੱਲਦੇ ਰਹੇ। 

ਪਾਸਪੋਰਟ ਗੇਟ ‘ਤੇ ਚੈੱਕ ਕਰਵਾ ਕੇ ਅਸੀਂ ਭਾਰਤ ਵਿੱਚ ਦਾਖ਼ਲ ਹੋ ਗਏ ਤੇ ਬੱਸ ਨੂੰ ਉਡੀਕਣ ਲੱਗੇ। ਅਸੀਂ ਬੀ.ਐੱਸ.ਐੱਫ਼ ਵਾਲਿਆਂ ਨੂੰ ਕਿਹਾ ਕਿ ਸਾਨੂੰ ਤੁਰ ਕੇ ਜਾ ਲੈਣ ਦਿਓ ਪਰ ਉਹ ਕਹਿੰਦੇ ਕਿ ਨਹੀਂ ! ਅਸੀਂ ਤੁਹਾਨੂੰ ਤੁਰ ਕੇ ਜਾਣ ਨਹੀਂ ਦੇ ਸਕਦੇ। ਇਨ੍ਹਾਂ ਦਾ ਅਫ਼ਸਰ ਐੱਸ.ਐੱਸ. ਸੋਲੰਕੀ ਹੱਸਮੁੱਖ ਬੰਦਾ ਸੀ, ਅਸੀਂ ਉਹਦੇ ਨਾਲ ਗੱਲਾਂ ਬਾਤਾਂ ਕਰਦੇ ਰਹੇ। ਉਹ ਕਹਿੰਦਾ ਕਿ ਪਾਣੀ ਪੀ ਲੋ ਮਟਕੇ ਮੈਂ ਰੱਖਾ ਹੈ, ਐਸਾ ਵੈਸਾ ਨਹੀਂ ਹੈ, ਆਰ.ਓ. ਵਾਲ਼ਾ ਹੈ।  

ਮੈਂ ਆਪਣੇ ਆਲ਼ੇ ਲਵਲੀ ਨੂੰ ਫ਼ੋਨ ਕੀਤਾ ਤੇ ਉਹ ਅੱਗੋਂ ਕਹਿੰਦਾ ਕਿ ਆ ਰਹੇ ਆਂ, ਬਸ ਬਾਰਡਰ ਤੋਂ ਵੀਹ ਕੁ ਮਿੰਟ ਪਿੱਛੇ ਆਂ। ਲੋਕ ਦਸ-ਦਸ ਬੋਰੀਆਂ ਤੇ ਬੈਗ ਲੈ ਕੇ ਆ ਰਹੇ ਸੀ, ਕਹਿੰਦੇ ਰਾਜਿਸਥਾਨ ਦੇ ਲੋਕ ਪਾਕਿਸਤਾਨ ਤੋਂ ਕੱਪੜੇ ਲੈ ਕੇ ਆਉਂਦੇ ਨੇ ਤੇ ਭਾਰਤ ‘ਚ ਘੱਗਰੇ ਬਣਾ ਕੇ ਵੇਚਦੇ ਨੇ । ਮੈਂ ਕਿਹਾ ਕਿ ਉਹਨਾਂ ਨੂੰ ਕੱਪੜਾ ਸਸਤਾ ਪੈਂਦਾ ਹੋਣਾ ਲਾਹੌਰ ਤੋਂ । ਉਹ ਕਹਿੰਦੇ ਕਿ ਸਰਦਾਰ ਜੀ ਮਹਿੰਗਾ ਸਸਤਾ ਕੁਝ ਨਹੀਂ, ਬਸ ਦੋਹਾਂ ਮੁਲਕਾਂ ਦੇ ਲੋਕਾਂ ਨੂੰ ਇੱਕ ਭੁਲੇਖਾ ਜਿਹਾ ਈ ਆ। ਦੋ ਵਜੇ ਬੱਸ ਆ ਗਈ ਤੇ ਸਾਡੇ ‘ਚੋਂ ਪੰਜ ਜਣਿਆ ਨੂੰ ਇੱਕ ਬੱਸ ‘ਚ ਥਾਂ ਮਿਲ ਗਈ। ਐਨੇ ਨੂੰ ਇੱਕ ਹੋਰ ਬੱਸ ਆਈ ਤੇ ਦੂਜਿਆਂ ਦਾ ਪਾਸਪੋਰਟ ਚੈੱਕ ਕਰ ਕੇ ਉਹਨਾਂ ਨੂੰ ਵੀ ਉਸ ਵਿੱਚ ਬਿਠਾ ਦਿੱਤਾ। ਦੋ ਵੱਜ ਕੇ ਦਸ ਮਿੰਟ ‘ਤੇ ਬੱਸ ਨੇ ਥੋੜ੍ਹਾ ਦੂਰ ਆ ਕੇ ਭਾਰਤੀ ਇਮੀਗਰੇਸ਼ਨ ਦਫ਼ਤਰ ਕੋਲ਼ ਸਾਨੂੰ ਸਮਾਨ ਸਮੇਤ ਉਤਾਰ ਦਿੱਤਾ। ਓਥੇ ਫ਼ਾਰਮ ਭਰੇ, ਕੋਵਿਡ ਦਾ ਰੈਪਿਡ ਟੈਸਟ ਹੋਇਆ, ਕੋਈ ਔਖਾ ਜਾਂ ਕਹਿ ਲਉ, ਕੋਈ ਗ਼ਲਤ ਸਵਾਲ ਨਹੀਂ ਪੁੱਛਿਆ। ਇਮੀਗਰੇਸ਼ਨ ਕਾਊਂਟਰ ‘ਤੇ ਇਕ ਸਿੰਘ ਸਾਹਿਬ ਵੀ ਮਿਲੇ ਜੋ ਭੁੱਲਰ ਸਾਹਿਬ ਦੇ ਦੋਸਤ ਸਨ ਤੇ ਉਨ੍ਹਾਂ ਨੇ ਉਹਨਾਂ ਨੂੰ ਮੇਰੇ ਆਉਣ ਬਾਰੇ ਦੱਸਿਆ ਹੋਇਆ ਸੀ। ਇਸ ਕਰਕੇ ਉਹਨਾਂ ਨੇ ਬਹੁਤ ਇੱਜ਼ਤ ਕੀਤੀ ਤੇ ਓਥੇ ਹੀ ਮੇਰਾ ਇੱਕ ਪ੍ਰਸ਼ੰਸਕ ਰਸ਼ਪਾਲ ਪਾਲੀ ਪਿੰਡ ਅਟਾਰੀ ਰੋਡਾਂ ਵਾਲ਼ਾ ਵੀ ਮਿਲਿਆ ਜਿਹੜਾ ਮੈਨੂੰ ਪਾਕਿਸਤਾਨ ਲੰਘਣ ਵਾਲ਼ੇ ਦਿਨ ਵੀ ਮਿਲਿਆ ਸੀ। ਉਹ ਵੀ ਓਥੇ ਹੀ ਕੰਮ ਕਰਦਾ ਸੀ। ਸਾਡੀਆਂ ਫੋਟੋਜ਼ ਹੋਈਆਂ ਤੇ ਪੌਣੇ ਤਿੰਨ ਵਜੇ ਸਮਾਨ ਤੇ ਪੇਪਰ ਚੈੱਕ ਕਰਵਾ ਕੇ ਅਸੀਂ ਬਾਹਰ ਆ ਗਏ। ਬਾਹਰ ਡਾਕਟਰ ਹੁਣੀਂ ਗੱਡੀ ਅੰਦਰ ਹੀ ਲੈ ਆਏ ਸੀ। 2.50 ਵਜੇ ‘ਤੇ ਮੈਂ, ਲਵਲੀ ਤੇ ਡਾਕਟਰ ਹੁਣਾਂ ਕੋਲ ਵਾਪਸ ਚੜ੍ਹਦੇ ਪੰਜਾਬ ਗੁਰੂ ਰਾਮਦਾਸ ਜੀ ਦੀ ਧਰਤੀ ‘ਤੇ ਸੀ। ਸਾਡੇ ਨਾਲ ਦੇ ਦੂਜੇ ਸਾਰੇ ਵੀ ਬਾਹਰ ਆ ਗਏ ਸਨ, ਭਾਬੀ ਨੇ ਰਾਜਵੀਰ ਬਾਈ ਹੁਰਾਂ ਨਾਲ ਏਅਰਪੋਰਟ ਜਾਣਾ ਸੀ ਤੇ ਬਾਈ ਰੂਪ ਨੇ ਮੇਰੇ ਨਾਲ ਪਿੰਡ ਆਉਣਾ ਸੀ । ਬਾਠ ਸਾਹਿਬ ਨੇ ਆਪਣੇ ਪਿੰਡ ਨੂਰਪੁਰੇ (ਰਾਏਕੋਟ) ਜਾਣਾ ਸੀ । ਸਭ ਨੇ ਜੁਦਾ ਹੋਣ ਵੇਲ਼ੇ ਇੱਕ-ਦੂਜੇ ਨੂੰ ਜੱਫ਼ੀਆਂ ਪਾਈਆਂ ਤੇ ਫ਼ਤਹਿ ਬੁਲਾ ਕੇ ਆਪੋ ਆਪਣੇ ਟਿਕਾਣਿਆਂ ਨੂੰ ਹੋ ਤੁਰੇ। ਇਸ ਵੇਲ਼ੇ ਲਹਿੰਦੇ ਪੰਜਾਬ ‘ਚ ਦੁਪਹਿਰ ਦੇ 2.30 ਤੇ ਚੜ੍ਹਦੇ ਪੰਜਾਬ ‘ਚ 3.00 ਵੱਜ ਚੁੱਕੇ ਸੀ। ਦੋਨਾਂ ਮੁਲਕਾਂ ਦੇ ਲੋਕਾਂ ਦੇ ਰਹਿਣ-ਸਹਿਣ ‘ਚ ਤਾਂ ਕੋਈ ਫ਼ਰਕ ਨਹੀਂ ਸੀ ਪਰ ਆਹ ਟਾਈਮ ਵਿੱਚ ਪਤਾ ਨਹੀਂ ਕਿਉਂ ਅੱਧੇ ਘੰਟੇ ਦਾ ਫ਼ਰਕ ਸੀ । ਲਾਹੌਰ ਸ਼ਹਿਰ ਤੇ ਲਾਹੌਰੀਆਂ ਦੀਆਂ ਅਭੁੱਲ ਯਾਦਾਂ ਲੈ ਕੇ ਮੈਂ ਤੇ ਰੂਪ ਬਾਈ, ਲਵਲੀ ਹੁਣਾਂ ਨਾਲ ਖਾਓਪੀਏ ਵੇਲ਼ੇ ਨੂੰ ਆਪਣੇ ਪਿੰਡ ਰੌਂਤੇ ਪਹੁੰਚ ਗਏ। 

ਪਾਕਿਸਤਾਨ ਯਾਤਰਾ ਦੌਰਾਨ ਮੇਰਾ ਅਨੁਭਵ ਤੇ ਸੁਪਨੇ 

ਕਹਿੰਦੇ ਨੇ ਜੀਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆਂ ਈ ਨਹੀਂ ਤੇ ਮੈਂ ਤਾਂ ਹੁਣ ਲਾਹੌਰ ਦੇਖ ਕੇ ਜੰਮ ਆਇਆ ਸੀ । ਇਹ ਗੱਲ ਤਾਂ ਸੁਭਾਵਿਕ ਸੀ ਮੈਂ ਉਥੋਂ ਆ ਕੇ ਕਈ ਦਿਨ ਉਸ ਮਾਹੌਲ ‘ਚੋਂ ਨਿਕਲ ਨਾ ਸਕਿਆ। ਮੈਂ ਮਨ ਵਿੱਚ ਕਈ ਚੋਰ ਲੈ ਕੇ ਗਿਆ ਭਾਵੇਂ ‘ਕੱਲਾ ਹੀ ਸੀ ਪਰ ਹੁਣ ਅਫ਼ਸੋਸ ਹੋ ਰਿਹਾ ਸੀ ਸੀ ਕਿ ਬੀਬੀ ਨੂੰ ਵੀ ਨਾਲ ਹੀ ਲੈ ਜਾਂਦਾ ਤਾਂ ਕੀ ਫ਼ਰਕ ਪੈਣਾ ਸੀ। 

ਗਿਆ ਸੀ ‘ਕੱਲਾ ਪਰ ਮੁੜਿਆ ਬਹੁਤ ਯਾਦਾਂ, ਮੁਹੱਬਤਾਂ ਤੇ ਭਰਾਵਾਂ ਵਰਗੇ ਯਾਰਾਂ ਦੀ ਮਹਿਕ ਲੈ ਕੇ। ਮੈਂ ਜਿਵੇਂ ਪਹਿਲਾਂ ਗੱਲ ਕੀਤੀ ਆ ਕਿ ਓਧਰ ਵੀ ਸਾਡੇ ਵਰਗੇ ਹੀ ਬੰਦੇ, ਬੋਲੀ, ਸੜਕਾਂ, ਰਿਸ਼ਵਤਖੋਰੀ, ਮਹਿੰਗਾਈ, ਗ਼ਰੀਬੀ, ਮੁਹੱਬਤਾਂ, ਖੇਤੀ, ਚੜ੍ਹਦੀਕਲਾ, ਰੌਣਕ, ਲੀੜਾ-ਲੱਤਾ, ਤੋਰਾ-ਫੇਰਾ ਤੇ ਸਭ ਧਰਮਾਂ ਦੀ ਇੱਜ਼ਤ ਕਰਨ ਵਾਲ਼ੇ ਲੋਕ ਰਹਿੰਦੇ ਆ। ਕਹਿਣ ਦਾ ਭਾਵ ਕਿ ਓਥੇ ਸਾਰਾ ਕੁਝ ਹੀ ਸਾਡੇ ਵਰਗਾ ਪਰ ਸਾਨੂੰ ਫ਼ਿਲਮਾਂ ਵਿੱਚ ਹਮੇਸ਼ਾਂ ਸਾਰੇ ਅੱਤਵਾਦੀ ਹੀ ਵਿਖਾਏ ਜਾਂਦੇ ਆ ਜੋ ਮੱਥਿਆਂ ‘ਤੇ ਚੰਦ ਤਾਰੇ ਵਾਹੇ ਸਾਨੂੰ ਮਾਰਨ ਦੀਆਂ ਸਾਜ਼ਿਸ਼ਾਂ ਹੀ ਕਰੀ ਜਾਂਦੇ ਨੇ। 

ਫ਼ਿਲਮਾਂ ‘ਚ ਸਾਰਿਆਂ ਦੇ ਸਿਰਾਂ ‘ਤੇ ਹਰ ਵੇਲ਼ੇ ਟੋਪੀ ਰਹਿੰਦੀ ਆ ਤੇ ਮੋਢਿਆਂ ‘ਤੇ ਪਰਨਾ । ਉਹ ਸਾਰੇ ਹਰ ਵੇਲ਼ੇ ਏਸੇ ਪੁਸ਼ਾਕ ‘ਚ ਨਹੀਂ ਰਹਿੰਦੇ, ਇਹ ਪਵਿੱਤਰ ਨਮਾਜ਼ ਅਦਾ ਕਰਨ ਵੇਲ਼ੇ ਦੀ ਮੌਲਵੀ ਲੋਕਾਂ ਦੀ ਪੁਸ਼ਾਕ ਆ, ਬਾਕੀ ਕੋਈ ਕਿਸੇ ਪੁਸ਼ਾਕ ਕਰਕੇ ਕਿਵੇਂ ਅੱਤਵਾਦੀ ਹੋ ਸਕਦਾ । ਸਾਨੂੰ ਫ਼ਿਲਮਾਂ ਨੇ ਇਹ ਲੱਗਣ ਲਾ ਦਿੱਤੈ ਕਿ ਓਥੇ ਤਾਂ ਬੰਬ ਹੀ ਚੱਲੀ ਜਾਂਦੇ ਨੇ, ਮਾਰੋ ਮਾਰ ਆ । ਬਾਹਰਲਿਆਂ ਦੀ ਭਾਸ਼ਾ ਵਿੱਚ ਕਿ ਓਥੇ ‘ਸੇਫ਼ਟੀ’ ਨਹੀਂ ਹੈ। ਪਰ ਯਾਰ ! ਸੋਚੋ ਕਿ ਕੀ ਇਸ ਤਰ੍ਹਾਂ ਦਾ ਹੋਰ ਕੁਝ ਮਾੜਾ ਦੁਨੀਆਂ ਦੇ ਹੋਰ ਮੁਲਕਾਂ ‘ਚ ਨਹੀਂ ਵਾਪਰਦਾ ? ਦੁਨੀਆਂ ਦੀਆਂ ਵੱਡੀਆਂ ਤਾਕਤਾਂ ਵਾਲੇ ਦੇਸ਼ਾਂ ਵਿੱਚ ਕਦੇ ਇਸ ਤਰ੍ਹਾਂ ਦਾ ਸਭ ਚੰਗਾ-ਮਾੜਾ ਕੁਝ ਨਹੀਂ ਹੁੰਦਾ ? ਇਹ ਸਭ ਸਾਰੀ ਦੁਨੀਆਂ ਵਿੱਚ ਵਾਪਰਦਾ ਪਰ ਕਿਸੇ ਖ਼ਾਸ ਧਰਮ ਜਾਂ ਦੇਸ਼ ਦੇ ਲੋਕਾਂ ਨੂੰ ਮਾੜੇ ਪੇਸ਼ ਕਰਕੇ ਬਿਨਾਂ ਉਹਨਾਂ ਨੂੰ ਬਿਨ ਜਾਣੇ ਮਿਲ਼ੇ, ਖੂੰਜੇ ਵੱਲ ਧੱਕ ਦੇਣਾ ਕੋਈ ਚੰਗੀ ਗੱਲ ਹੈ? ਨਹੀਂ ! ਇਸ ਬਿਰਤੀ ਤੋਂ ਮੁਕਤੀ ਦੀ ਲੋੜ ਹੈ, ਦੋਹੀਂ ਪਾਸੀਂ।  

ਮੇਰੀ ਮਾਂ ਦੇ ਕਹਿਣ ਵਾਂਗੂੰ ਕਿ ਚੰਗੇ ਮਾੜੇ ਲੋਕ ਹਰ ਥਾਂ ਹੁੰਦੇ ਨੇ ਪਰ ਸਾਰੀ ਦੁਨੀਆਂ ਵਿੱਚ ਹੀ ਮੁਹੱਬਤਾਂ ਵੀ ਹੁੰਦੀਆਂ ਨੇ। ਮੇਰੇ ਛੇ ਦਿਨਾਂ ਦੀ ਠਹਿਰ ਵਿੱਚ ਮੈਂ ਇਹ ਮਹਿਸੂਸ ਕੀਤਾ ਕਿ ਭਾਵੇਂ ਓਥੇ ਵੀ ਸਾਰਾ ਕੁਝ ਸਹੀ ਨਹੀਂ ਹੈ, ਪਰ ਉਹ ਲੋਕ ਵੀ ਸਾਡੇ ਵਾਂਗੂੰ ਬੜੀਆਂ ਸਮੱਸਿਆਵਾਂ ਨਾਲ ਜੂਝ ਰਹੇ ਨੇ। ਆਮ ਜ਼ਿੰਦਗੀਆਂ ਓਥੇ ਵੀ ਘੋਲ਼ ਕਰ ਰਹੀਆਂ ਨੇ ਪਰ ਯਾਰ ! ਆਮ ਲੋਕ ਤਾਂ ਦੁਨੀਆਂ ‘ਤੇ ਕਿਤੇ ਵੀ ਦੋਸ਼ੀ ਨਹੀਂ ਹੁੰਦੇ, ਬਸ ਮਾੜੀ ਸਿਆਸਤ ਦੁਨੀਆਂ ਪੱਧਰ ‘ਤੇ ਉਨ੍ਹਾਂ ਦੇ ਜਿਵੇਂ ਚਾਹਵੇ ਚਿਹਰੇ ਖ਼ਰਾਬ ਕਰ ਦਿੰਦੀ ਆ। ਸਾਨੂੰ ਦੋਹਾਂ ਮੁਲਕਾਂ ਦੇ ਲੋਕਾਂ ਨੂੰ ਵਿਕਾਊ ਜ਼ਮੀਰ ਨਾਲ ਪਾਈਆਂ ਵੋਟਾਂ ਤੇ ਭ੍ਰਿਸ਼ਟ ਸਿਆਸਤ ਨੇ ਮਾਰ ਰੱਖਿਆ। ਜਿਵੇ ਮੈਂ ਅਕਸਰ ਕਹਿੰਦਾ ਹੁੰਦਾਂ ਕਿ ਜਿਵੇਂ ਬੰਦੇ ਦੀ ਜ਼ਿੰਦਗ਼ੀ ‘ਚ ਸਮੇਂ ਦਾ ਫੇਰ ਹੁੰਦਾ, ਉਸੇ ਤਰ੍ਹਾਂ ਕਈ ਵਾਰ ਧਰਤੀ ਵੀ ਸਮੇਂ ਦੇ ਫੇਰ ਦਾ ਸ਼ਿਕਾਰ ਹੁੰਦੀ ਆ। ਓਥੇ ਵੀ ਹੁਣ ਧਰਤੀ ਤੇ ਸਮੇਂ ਦਾ ਫੇਰ ਤਾਂ ਹੋ ਸਕਦਾ ਪਰ ਉਹ ਮਾੜੀ ਕਿਵੇਂ ਹੋ ਸਕਦੀ ਆ? ਜਿੱਥੇ ਸਾਡੇ ਧਰਮ ਨੇ, ਕਰਮ ਨੇ, ਮੁੱਢ ਨੇ, ਸਾਡੇ ਬਾਬਾ ਫ਼ਰੀਦ, ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਹੋਵੇ ਉਸ ਧਰਤੀ ਦੀ ਪਵਿੱਤਰਤਾ ਨੇ ਸ਼ੱਕ ਨਹੀਂ ਕੀਤਾ ਜਾ ਸਕਦਾ। ਸਾਰਾ ਕੁਝ ਸਦਾ ਇੱਕੋ ਜਿਹਾ ਨਹੀਂ ਰਹਿੰਦਾ, ਕੰਡਿਆਲੀਆਂ ਤਾਰਾਂ ਜਾਂ ਕਹਿ ਲਓ ਬਾਰਡਰ ਬਣਨ ਤੋਂ ਬਹੁਤ ਸਾਲ ਪਹਿਲਾਂ ਕਿਤੇ ਇਹ ਨਹੀਂ ਲਿਖਿਆ ਗਿਆ ਸੀ ਕਿ ਇਸ ਧਰਤੀ ਦੇ ਦੋ ਟੋਟੇ ਹੋ ਜਾਣਗੇ ਤੇ ਕੰਡੇਦਾਰ ਤਾਰਾਂ ਲੱਗ ਜਾਣਗੀਆਂ। ਫਿਰ ਹੁਣ ਇਹ ਵੀ ਕਿਤੇ ਨਹੀਂ ਲਿਖਿਆ ਕਿ ਇਹ ਸਰਹੱਦਾਂ ਮੁਹੱਬਤਾਂ ਨੂੰ ਰੋਕ ਸਕਦੀਆਂ? ਜੇ ਸੌ ਸਾਲ ਪਹਿਲਾਂ ਦੁਨੀਆਂ ਦਾ ਨਕਸ਼ਾ ਇਹ ਨਹੀਂ ਸੀ ਤਾਂ ਅਗਲੇ ਸੌ ਸਾਲ਼ ਬਾਅਦ ਵੀ ਦੁਨੀਆਂ ਦਾ ਨਕਸ਼ਾ ਇਹੀ ਹੋਵੇਗਾ, ਇਸ ਗੱਲ ਦੀ ਕੀ ਗਰੰਟੀ ਹੈ? ਸੋ ਚੜ੍ਹਦੀ ਕਲ਼ਾ ‘ਚ ਰਹਿ ਕੇ ਸੋਚਿਆ ਕਰੋ ਕਿ ਉਧਰ ਵੀ ਬਹੁਤ ਮੁਹੱਬਤ ਕਰਨ ਵਾਲ਼ੇ ਸਾਡੇ ਵਰਗੇ ਹੀ ਲੋਕ ਨੇ । ਸਾਡੇ ਵਰਗੀ ਬਾਰਾਂ ਮਹੀਨੇ ਅੰਨ ਪੈਦਾ ਕਰਨ ਵਾਲ਼ੀ ਧਰਤੀ ਆ। ਜਿਹੋ ਜਿਹਾ ਮੋਗਾ, ਓਹੋ ਜਿਹਾ ਕਸੂਰ ! 

ਮੇਰੀ ਗੱਲ ਯਾਦ ਰੱਖਿਓ ਜਿਹੜੀ ਧਰਤੀ ਅੰਨ ਪੈਦਾ ਕਰਦੀ ਹੋਵੇ ਉਹ ਧਰਤੀ ਕਦੇ ਮਾੜੇ ਮਨੁੱਖ ਨਹੀਂ ਪੈਦਾ ਕਰ ਸਕਦੀ । ਖੇਤੀ ਵਿੱਚੋਂ ‘ਕੱਲ੍ਹੇ ਦਾਣੇ ਨਹੀਂ ਪੈਦਾ ਹੁੰਦੇ, ਚੰਗੇ ਲੋਕ ਵੀ ਪੈਦਾ ਹੁੰਦੇ ਨੇ ਜੋ ਕੁਦਰਤ ਦੀ ਰਜ਼ਾ ਵਿੱਚ ਰਹਿਣਾ ਆਪਣੇ ਆਪ ਸਿੱਖ ਜਾਂਦੇ ਨੇ । ਅੱਜ ਇੱਕ ਗੱਲ ਹੋਰ ਸਪਸ਼ਟ ਕਰ ਦੇਵਾਂ ਕਿ ਮੈਨੂੰ ਹੁਣ ਓਥੋਂ ਆਏ ਨੂੰ ਦੋ ਸਾਲ ਹੋ ਚੁੱਕੇ ਨੇ ਤੇ ਮੈਂ ਹੁਣ ਤੱਕ ਸਾਰੇ ਪਾਕਿਸਤਾਨੀ ਦੋਸਤਾਂ ਨਾਲ ਰਾਬਤੇ ਵਿੱਚ ਹਾਂ, ਇੱਕ ਗੱਲ ਹੋਰ ! ਇਹ ਜਿਹੜਾ ਭਰਮ ਫ਼ੈਲਾਇਆ ਗਿਆ ਕਿ ਜੀਹਦਾ ਪਾਕਿਸਤਾਨ ਦਾ ਵੀਜ਼ਾ ਲੱਗ ਜਾਵੇ ਉਹਦਾ ਫੇਰ ਹੋਰ ਕਿਤੋਂ ਦਾ ਵੀਜ਼ਾ ਨਹੀ ਲੱਗਦਾ, ਇਹ ਬਿਲਕੁਲ ਗ਼ਲ਼ਤ ਗੱਲ ਹੈ, ਮੈਂ ਲਾਹੌਰ ਤੋਂ ਆਉਣ ਮਗਰੋਂ ਆਸਟਰੇਲੀਆ, ਨਿਊਜ਼ੀਲੈਂਡ, ਇੰਗਲੈਂਡ ਤੇ ਯੂਰਪ ਦੇ ਵੀਜ਼ੇ ਲਗਵਾਏ ਤੇ ਹਰ ਵਾਰ ਸਾਰੇ ਕਾਗਜ਼ਾਂ ਵਿੱਚ ਆਪਣੀ ‘ਟਰੈਵਲ ਹਿਸਟਰੀ’ ਭਰਨ ਵੇਲ਼ੇ ਪਾਕਿਸਤਾਨ ਜਾਣ ਦਾ ਵੀ ਜ਼ਿਕਰ ਕੀਤਾ ਪਰ ਮੈਨੂੰ ਅੱਜ ਤੱਕ ਕਦੇ ਕਿਸੇ ਮੁਲਕ ਵੀ ਨੇ ਵੀਜ਼ਾ ਦੇਣ ਤੋਂ ਨਾਂਹ ਨਹੀਂ ਕੀਤੀ। ਮੈਂ ਬਾਹਰ ਵੱਸਦੇ ਪੰਜਾਬੀ ਭੈਣ ਭਰਾਵਾਂ ਨੂੰ ਖ਼ਾਸ ਤੌਰ ‘ਤੇ ਅਪੀਲ ਕਰਦਾ ਹਾਂ ਕਿ ਯਾਰ ਬਾਹਰਲਿਆਂ ਨੂੰ ਤਾਂ ਪੂਰੇ ਪਾਕਿਸਤਾਨ ਦਾ ਵੀਜ਼ਾ ਬਹੁਤ ਸੌਖਾ ਮਿਲ ਜਾਂਦਾ ਤੇ ਤੁਸੀਂ ਵੀਜ਼ਾ ਲੈ ਕੇ ਇੱਕ ਵਾਰ ਜ਼ਰੂਰ ਗੁਰੂ ਨਾਨਕ ਪਾਤਸ਼ਾਹ ਦੀ ਜੰਮਣ ਭੋਇੰ ਦੇ ਦਰਸ਼ਨ ਕਰੋ। 

ਜਦੋਂ ਚੜ੍ਹਦੇ ਪੰਜਾਬ ਗੇੜਾ ਮਾਰਦੇ ਹੋ ਤਾਂ ਉਦੋਂ ਹੀ ਕੁਝ ਦਿਨ ਲਹਿੰਦੇ ਵੱਲ ਵੀ ਲਾ ਕੇ ਆਓ, ਗੁਰੂ ਪਾਤਸ਼ਾਹ ਦੀ ਧਰਤੀ ‘ਤੇ ਨਤਮਸਤਕ ਹੋਵੋ ਤੇ ਸਾਡੇ ਪਹਿਲੇ ਮਹਾਰਾਜੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਹਾਜ਼ਰੀ ਭਰੋ। ਤੁਹਾਨੂੰ ਮਾਣ ਮਹਿਸੂਸ ਹੋਵੇਗਾ ਕਿ ਅਸੀਂ ਰਾਜਿਆਂ ਦੇ ਪੁੱਤ ਹਾਂ ਤੇ ਦੂਜੇ ਪਾਸੇ ਤੁਹਾਡੇ ਆਉਣ-ਜਾਣ ਨਾਲ ਜਦੋਂ ਤੁਸੀਂ ਓਥੇ ਪੈਸਾ ਖ਼ਰਚ ਕਰੋਗੇ ਤਾਂ ਉਥੇ ਵੀ ਵਪਾਰ ਵਿੱਚ ਹਿਲਜੁਲ ਹੋਵੇਗੀ। ਦੋਵੇਂ ਮੁਲਕਾਂ ਦੀਆਂ ਸਰਕਾਰਾਂ ਵੀ ਸੋਚਣਗੀਆਂ ਕਿ ਨਫ਼ਰਤ ਬਹੁਤ ਹੋ ਗਈ, ਹੁਣ ਵਪਾਰ ਕਰੀਏ ਪਿਆਰ ਕਰੀਏ ! ਕਾਸ਼! ਜੇ ਸਾਡੇ ਇਹ ਬਾਰਡਰ ਵਪਾਰ ਲਈ ਖੁੱਲ੍ਹ ਜਾਣ । ਇਹ ਸੰਭਾਵਨਾਵਾਂ ਹੁਣ ਬਣ ਵੀ ਰਹੀਆਂ ਨੇ। ਇੰਜ ਹੋਣ ਨਾਲ ਦੋਹੀਂ ਪਾਸੀਂ ਲਹਿਰਾਂ-ਬਹਿਰਾਂ ਹੋ ਜਾਣਗੀਆਂ। ਬਸ ਦੋਹਾਂ ਪਾਸਿਆਂ ਦੇ ਲੋਕਾਂ ਨੂੰ ਹੰਭਲਾ ਮਾਰ ਕੇ ਆਪੋ ਆਪਣੀਆਂ ਸਰਕਾਰਾਂ ‘ਤੇ ਦਬਾਅ ਬਣਾਉਣ ਦੀ ਲੋੜ ਆ। ਇਸ ਨਾਲ ‘ਕੱਲੇ ਪੰਜਾਬੀ ਨਹੀਂ ਸਗੋਂ ਸਾਰੇ ਏਸ਼ੀਆ ਦੇ ਲੋਕ ਸੌਖੇ ਤੇ ਆਰਥਿਕ ਪੱਖੋਂ ਸੌਖੇ ਹੋ ਜਾਣਗੇ। 

ਜੇ ਅਮਰੀਕਾ-ਕੈਨੇਡਾ ਵਰਗੇ ਦੇਸ਼ ਆਪਸ ‘ਚ ਹਰ ਪੱਖੋਂ ਮੋਢੇ ਨਾਲ ਮੋਢਾ ਜੋੜ ਕੇ ਚੱਲ ਸਕਦੇ ਆ ਤਾਂ ਸਾਨੂੰ ਕੀ ਹੋਇਆ ਹੋਇਐ। ਹਜ਼ਾਰਾਂ ਟਰੱਕ ਰੋਜ਼ ਇਹਨਾਂ ਮੁਲਕਾਂ ਦੇ ਬਾਰਡਰਾਂ ਦੇ ਆਰ-ਪਾਰ ਜਾਂਦੇ ਨੇ, ਫਿਰ ਇਹ ਇੱਥੇ ਕਿਉਂ ਨਹੀਂ ਹੋ ਸਕਦਾ? 

ਮੇਰਾ ਇੱਕ ਸੁਪਨਾ ਹੈ, ਜੋ ਮੈਂ ਸਾਲ 2015 ਵਿੱਚ ਦੇਖਿਆ ਸੀ, ਜਦੋਂ ਮੈਂ ਪਹਿਲੀ ਵਾਰ ਕੈਨੇਡਾ ਤੋਂ ਅਮਰੀਕਾ ਨੂੰ ਟਰੱਕ ਲੈ ਕੇ ਬਾਰਡਰ ਲੰਘਿਆ ਸੀ ਤਾਂ ਬਾਰਡਰ ਤੇ ਅਫ਼ਸਰ ਨੇ ਮੇਰਾ ਪਾਸਪੋਰਟ ਦੇਖ ਕੇ ਪੁੱਛਿਆ ਸੀ ਕਿ ਮਿਸਟਰ ਗਿੱਲ – ਵੇਅਰ ਆਰ ਯੂ ਗੋਇੰਗ ? 

ਮੈਂ ਕਿਹਾ ਸੀ, ਸਰ ! ਲੌਸ ਐਂਜਲਸ ਐਲ.ਏ.  

ਤਾਂ ਉਹ ਕਹਿੰਦਾ 

ਵੱਟ ਯੂ ਹੈਵ ਇੰਨ ਯੂਅਰ ਟਰੇਲ਼ਰ ?ਕਾ 

ਮੈਂ ਕਿਹਾ 

ਸਰ ਸੈਲਮਿਨ ਫਿੱਸ਼ ਤਾਂ ਉਹ ਕਹਿੰਦਾ ਓਕੇ, ਗੋ ਸੇਫ਼ ਡਰਾਈਵ। ਹੋਵੇ ਤੇ ਅਫ਼ਸਰ ਮੈਨੂੰ ਪੁੱਛੇ ਕਿ ਗੁਰਵਿੰਦਰ ਸਿੰਘ ਕਿੱਥੇ ਜਾਣਾ? ਤੇ ਮੈਂ ਆਖਾਂ ਜੀ, ਕਰਾਚੀ ਨੂੰ । ਉਹ ਆਖੇ ਕੀ ਆ ਤੇਰੇ ਕੋਲ? ਤਾਂ ਮੈਂ ਆਖਾਂ ਗੁੜ ਲੱਦਿਆ ਜੀ। 

ਮੈਂ ਉਦੋਂ ਤੋਂ ਹੀ ਇਹ ਸੋਚਦਾਂ ਕਿ ਜੇ ਇਹ ਅੰਮ੍ਰਿਤਸਰ ਤੇ ਲਾਹੌਰ ਦਾ ਬਾਰਡਰ 

ਇਹ ਕਹਿ ਕੇ ਪਾਰ ਲੰਘ ਜਾਂ ਤੇ ਰਾਤ ਨੂੰ ਪਿਸ਼ਾਵਰ ਕਿਸੇ ਢਾਬੇ ‘ਤੇ ਟਰੱਕ ਰੋਕ ਕੇ ਰੋਟੀ ਖਾਂਦਿਆਂ ਕਿਸੇ ਯਾਰ ਨੂੰ ਫ਼ੋਨ ‘ਤੇ ਆਖਾਂ ! ਯਾਰ ਗੰਢੇ ਲੱਦਣੇ ਸੀ ਪਿਸ਼ਾਵਰ ਤੋਂ ਪਰ ਰਾਵਲਪਿੰਡੀ ਟਰੈਫਿਕ ਵਿੱਚ ਫ਼ਸ ਕੇ ਲੇਟ ਹੋ ਗਿਆਂ, ਹੁਣ ਸਵੇਰੇ ਲੱਦ ਕੇ ਤੁਰਦਾਂ। 

ਮੇਰਾ ਇਹ ਸੁਪਨਾ ਦੁਨੀਆਂ ‘ਤੇ ਵੱਸਦੇ ਲੱਖਾਂ ਪੰਜਾਬੀਆਂ ਦਾ ਸੁਪਨਾ ਹੈ! ਮੈਨੂੰ ਆਪਣੇ ਗੁਰੂ ਪਾਤਸ਼ਾਹ ‘ਤੇ ਪੂਰਨ ਭਰੋਸਾ ਹੈ ਕਿ ਉਹ ਸਾਰਿਆਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਦੇ ਮੌਕੇ ਬਖਸ਼ਣਗੇ ਤੇ ਵਿੱਛੜਿਆਂ ਦੇ ਮੇਲ਼ ਕਰਵਾਉਣਗੇ। 

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ । 

 

Credit – ਗੁਰਵਿੰਦਰ ਸਿੰਘ ‘ਗਿੱਲ ਰੌਂਤਾ’ 

Leave a comment