ਚਾਬੀਆਂ ਦਾ ਮੋਰਚਾ

ਚਾਬੀਆਂ ਦਾ ਮੋਰਚਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰ ਤੋਂ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਨਾਲ ਸੰਬੰਧਤ ਤੋਸ਼ਾਖਾਨਾ ਆਦਿ ਦੀਆਂ ਚਾਬੀਆਂ ਲੈਣ ਲਈ ਕੀਤੇ ਗਏ ਸੰਘਰਸ਼ ਨੂੰ ਚਾਬੀਆਂ ਦਾ ਮੋਰਚਾ ਕਿਹਾ ਜਾਂਦਾ ਹੈ। ਉਸ ਸਮੇਂ ਦੀ ਸਰਕਾਰ ਦੀਆਂ ਖੁਫੀਆ ਰਿਪੋਰਟਾਂ ਤੋਂ ਇਸ ਮੋਰਚੇ ਦੇ ਪਿਛੋਕੜ ਦਾ ਪਤਾ ਭਲੀ ਭਾਂਤ ਲਗਾਇਆ ਜਾ ਸਕਦਾ ਹੈ। ਇਨ੍ਹਾਂ ਵਿੱਚੋਂ ਤੋਂ ਕੁਝ ‘ਤੇ ਇਥੇ ਨਜ਼ਰਸਾਨੀ ਕਰਦੇ ਹਾਂ। 

ਖੁਫੀਆ ਵਿਭਾਗ (ਸੀ.ਆਈ.ਡੀ.) ਦੇ ਕਰਮਚਾਰੀਆਂ ਵੱਲੋਂ ਦਿਲੀ ਦੀ ਸਰਕਾਰ ਨੂੰ ਭੇਜੀਆਂ ਜਾਂਦੀਆਂ ਰਿਪੋਰਟਾਂ ਇਸ ਤਰ੍ਹਾਂ ਦੀਆਂ ਸਨ, “ਆਸ ਕੀਤੀ ਜਾਂਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ । ਪ੍ਰਬੰਧਕ ਕਮੇਟੀ ਨਨਕਾਣਾ ਸਾਹਿਬ ਦੇ ਮੇਲੇ ‘ਤੇ ਇਕ ਮਤਾ ਪਾਸ ਕਰੇਗੀ ਕਿ ਸਿੱਖਾਂ ਲਈ ਫੌਜ ਅਤੇ ਪੁਲਿਸ ਵਿਚ ਨੌਕਰੀ ਕਰਨੀ ਪਾਪ वै।” 

ਇਕ ਹੋਰ ਰਿਪੋਰਟ ਵਿਚ ਕਿਹਾ ਗਿਆ ਕਿ “ਬਾਬਾ ਗੁਰਦਿੱਤ ਸਿੰਘ ਕਾਮਾ-ਗਾਟਾ-ਮਾਰੂ ਜੋ ਰੂਪੋਸ਼ ਹੈ ਨਨਕਾਣਾ ਸਾਹਿਬ ਵਿਖੇ ਸੰਗਤ ਦੇ ਸਾਹਮਣੇ ਪੇਸ਼ ਹੋਵੇਗਾ” ਉਹ ਹੋਏ ਵੀ ਪਰ ਨਾਲ ਹੀ ਇਕ ਅਫਵਾਹ ਵੀ ਉਡਾ ਦਿੱਤੀ ਗਈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਖੁਦ ਸੰਭਾਲਣਗੇ। 

ਇਕ ਹੋਰ ਰਿਪੋਰਟ ਵਿਚ ਕਿਹਾ ਗਿਆ ਕਿ “ਅਕਾਲੀ ਨਾਮਕਟੇ ਅਤੇ ਪੈਨਸ਼ਨ ਪ੍ਰਾਪਤ ਕਰ ਰਹੇ ਫੌਜੀਆਂ ਨੂੰ ਸ਼ਾਹਜ਼ਾਦਾ ਵੈਲਜ਼ ਦੇ ਜਸ਼ਨਾਂ ਵਿਚ ਜਾਣ ਤੋਂ ਰੋਕਣਗੇ। 

ਸਰਕਾਰ ਨੂੰ ਇਸ ਗੱਲ ‘ਤੇ ਵੀ ਗੁੱਸਾ ਸੀ ਕਿ ਮਾਸਟਰ ਮੋਤਾ ਸਿੰਘ ਇਕ ਮੇਲੇ ਵਿਚ ਬੜੀ ਹੀ ਜੋਸ਼ੀਲੀ ਅਤੇ ਗਰਮ ਤਕਰੀਰ ਕਰ ਕੇ ਰੂਪੋਸ਼ ਹੋ ਗਿਆ ਸੀ। ਇਨ੍ਹਾਂ ਸਰਕਾਰ-ਵਿਰੋਧੀ ਹਾਲਾਤਾਂ ਨੇ ਅਫਸਰਾਂ ਦੀ ਨੀਂਦ ਹਰਾਮ ਕਰ ਰੱਖੀ ਸੀ। 

ਖੁਫੀਆ ਵਿਭਾਗ ਦੇ ਇਕ ਅਫਸਰ ਆਈ. ਸਮੌਗਰ ਅਨੁਸਾਰ ਉਸ ਵੇਲੇ ਅਕਾਲੀਆਂ ਦੀ ਗਿਣਤੀ ਤੀਹ ਹਜ਼ਾਰ ਤੋਂ ਪੰਜਾਹ ਹਜ਼ਾਰ ਤਕ ਸੀ । ਉਹ ਜਥਿਆਂ ਦੇ ਦੱਸ ਹਜ਼ਾਰ ਮੈਂਬਰ ਇਕੱਠੇ ਕਰਨ ਦੇ ਯੋਗ ਸਨ। ਇਹ ਫੌਜੀ ਤਰਤੀਬ ਅਨੁਸਾਰ ਮਾਰਚ ਕਰਦੇ ਸਨ। ਧਾਰਮਿਕ ਖਾਸਾ ਹੋਣ ਕਰਕੇ ਇਸ ਲਹਿਰ ਦਾ ਖ਼ਤਰਾ ਬਹੁਤ ਵਧ ਗਿਆ ਹੈ। 

ਇਸ ਨੇ ਅਜੇ ਫੌਜ ਵਿਚ ਅਸਰ ਕਰਨਾ ਸ਼ੁਰੂ ਨਹੀਂ ਸੀ ਕੀਤਾ। ਇਸ ਨੂੰ ਜਾਰੀ ਰਹਿਣ ਦੇਣਾ ਬੇਵਕੂਫੀ ਸੀ। 

ਇਨ੍ਹਾਂ ਸਾਰੇ ਹਾਲਾਤਾਂ ਨੂੰ ਖੁਫੀਆ ਵਿਭਾਗ ਦੀਆਂ ਰਿਪੋਰਟਾਂ ਨੂੰ ਮੁੱਖ ਰੱਖ ਕੇ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਬਾਰ-ਬਾਰ ਪੁਛਦੀ ਸੀ ਕਿ ਉਹ ਇਨ੍ਹਾਂ ਹਾਲਾਤਾਂ ਵਿਚ ਕਿਹੜੀ ਕਾਰਵਾਈ ਕਰ ਰਹੀ ਹੈ। ਅਤੇ ਅਕਾਲੀਆਂ ਦੇ ਸਬੰਧ ਵਿਚ ਕਰੜੀ ਕਾਰਵਾਈ ਕਰਨ ਦੇ ਨਿਰਦੇਸ਼ ਦੇ ਰਹੀ ਸੀ। ਉਨ੍ਹਾਂ ਨੂੰ ਯਕੀਨ ਸੀ ਕਿ ਜੇਕਰ ਸਿੱਖਾਂ ਦੇ ਪੰਜ- ਛੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ‘ਤੇ ਮੁਕੱਦਮਾ ਚਲਾਇਆ ਜਾਵੇ ਤਾਂ ਇਨ੍ਹਾਂ ਦੀ ਲਹਿਰ ਨੂੰ ਜਬਰਦਸਤ ਸੱਟ ਲੱਗੇਗੀ ਅਤੇ ਅਸੀਂ ਅਰਾਮ ਨਾਲ ਰਾਜ ਕਰ ਸਕਾਂਗੇ। 

ਚਾਬੀਆਂ ਦਾ ਮੋਰਚਾ ੧੯ ਅਕਤੂਬਰ, ੧੯੨੧ ਈ. ਤੋਂ ਲੈ ਕੇ ੧੦ ਜਨਵਰੀ, ੧੯੨੨ ਈ. ਤਕ ਚੱਲਿਆ। ਭਾਵੇਂ ੨੦ ਅਪ੍ਰੈਲ, ੧੯੨੧ ਈ. ਨੂੰ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦਾ ਪ੍ਰਬੰਧ ਸਿੱਖਾਂ ਦੇ ਹਵਾਲੇ ਕਰ ਦਿੱਤਾ ਸੀ । ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦਾ ਪ੍ਰਬੰਧ ਨਵੀਂ ਚੁਣੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆ ਗਿਆ ਸੀ। ਨਾਲ ਹੀ ਲੋਕਲ ਕਮੇਟੀ ਵੀ ਬਣਾਈ ਗਈ ਸੀ । ਪਰੰਤੂ ਤੋਸ਼ਾਖਾਨੇ ਦੀਆਂ ਚਾਬੀਆਂ ਅਜੇ ਸਰਬਰਾਹ ਸ. ਸੁੰਦਰ ਸਿੰਘ ਪਾਸ ਹੀ ਸਨ। ਸ. ਸੁੰਦਰ ਸਿੰਘ ਸਰਕਾਰ ਵੱਲੋਂ ਤਾਂ ਗੁਰਦੁਆਰਾ ਸਾਹਿਬ ਦੇ ਸਰਬਰਾਹ ਸਨ ਅਤੇ ਕਮੇਟੀ ਵੱਲੋਂ ਥਾਪੇ ਗਏ ਮੈਨੇਜਰ ਵੀ ਸਨ। ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਸੀ ਕਿ ਚਾਬੀਆਂ ਦਾ ਰਾਖਾ ਪ੍ਰਧਾਨ ਹੈ ਜਾਂ ਸਰਕਾਰ। ਇਕ ਸਾਲ ਤਕ ਸ੍ਰੀ ਦਰਬਾਰ ਸਾਹਿਬ ਦੀਆਂ ਚਾਬੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਰਹੀਆਂ ਅਤੇ ਸਰਬਰਾਹ ਉਸ ਦੀ ਆਗਿਆ ਅਨੁਸਾਰ ਕੰਮ ਕਰਦਾ ਸੀ। ਸ. ਸੁੰਦਰ ਸਿੰਘ ਮਜੀਠਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਤੇ ਉਹ ਪੰਜਾਬ ਸਰਕਾਰ ਵਿਚ ਚਲੇ ਗਏ। ਇਸ ਲਈ ਉਨ੍ਹਾਂ ਦੀ ਥਾਂ ‘ਤੇ ਸ. ਖੜਕ ਸਿੰਘ ਸਿਆਲਕੋਟ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਉਸ ਸਮੇਂ ਸ. ਸੁੰਦਰ ਸਿੰਘ ਰਾਮਗੜ੍ਹੀਆ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ, ਲੋਕਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਸ੍ਰੀ ਅਕਾਲ ਤਖ਼ਤ ਸਾਹਿਬ, ਬਾਬਾ ਅਟੱਲ ਅਤੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਇੰਚਾਰਜ ਸਨ। ੨੮ ਅਗਸਤ ੧੯੨੧ ਨੂੰ ਸ. ਮਹਿਤਾਬ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸਕੱਤਰ ਚੁਣੇ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਮਤਾ ਪਾਸ ਕਰ ਕੇ ਫੈਸਲਾ ਕੀਤਾ ਕਿ ਅੱਗੇ ਤੋਂ ਸ੍ਰੀ ਦਰਬਾਰ ਸਾਹਿਬ ਦੀਆਂ ਚਾਬੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਖੜਕ ਸਿੰਘ ਜੀ ਪਾਸ ਰਹਿਣਗੀਆਂ। ਸ. ਸੁੰਦਰ ਸਿੰਘ ਰਾਮਗੜ੍ਹੀਆ ਵੀ ਇਸ ਕਮੇਟੀ ਵਿਚ ਸ਼ਾਮਲ ਸਨ । ਇਹ ਖ਼ਬਰ ਸਰਕਾਰ ਦੇ ਕਿਸੇ ਵਫਾਦਾਰ ਮੁਖਬਰ ਨੇ ਡਿਪਟੀ ਕਮਿਸ਼ਨਰ ਤਕ ਪਹੁੰਚਾ ਦਿੱਤੀ ਸੀ ਜਿਸ ਕਾਰਨ ਸ੍ਰੀ ਦਰਬਾਰ ਸਾਹਿਬ ਦੀਆਂ ਚਾਬੀਆਂ ਅੰਮ੍ਰਿਤਸਰ ਦੇ ਡੀ.ਸੀ. ਨੇ ਮਿਤੀ ੭ ਨਵੰਬਰ, ੧੯੨੧ ਨੂੰ ਲਾਲਾ ਅਮਰਨਾਥ ਈ.ਏ.ਸੀ. ਦੇ ਰਾਹੀਂ ਸਰਬਰਾਹ ਦੇ ਪਾਸੋਂ ਪੁਲਿਸ ਦੇ ਜ਼ੋਰ ਨਾਲ ਲੈ ਲਈਆਂ ਜੋ ਇਸ ਸਾਰੀ ਜੱਦੋ-ਜਹਿਦ ਦਾ ਕਾਰਨ ਬਣੀਆਂ। ਉਸ ਸਮੇਂ ਦੀ ਅੰਗਰੇਜ ਪੰਜਾਬ ਸਰਕਾਰ ਨੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਬਿਆਨ ਜਾਰੀ ਕੀਤਾ ਕਿ ” ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਪ੍ਰਤੀਨਿਧ ਨਹੀਂ ਹੈ। ਇਸ ਲਈ ਇਸ ਨੂੰ ਦਰਬਾਰ ਸਾਹਿਬ ਅਤੇ ਉਸ ਦੇ ਖਜ਼ਾਨੇ ਦਾ ਕੋਈ ਅਧਿਕਾਰ ਨਹੀਂ ਹੈ। ਸਰਕਾਰ ਦੀਵਾਨੀ ਮੁਕੱਦਮੇ ਰਾਹੀਂ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਸਿੱਖਾਂ ਦੇ ਹਵਾਲੇ ਕਰ ਰਹੀ ਸੀ ਪਰ ਗੁਰਦੁਆਰਾ ਕਮੇਟੀ ਨੇ ਚਾਬੀਆਂ ਲੈਣ ਵਿਚ ਕਾਹਲੀ ਕੀਤੀ ਹੈ ਇਸ ਲਈ ਸਰਕਾਰ ਚਾਬੀਆਂ ਲੈਣ ‘ਤੇ ਮਜ਼ਬੂਰ ਹੋ ਗਈ।” ਦੂਜੇ ਦਿਨ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਕੁਝ ਮੁਖੀ ਸਿੱਖਾਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਪ੍ਰਤੀਨਿਧ ਨਹੀਂ ਹੈ ਇਸ ਲਈ ਤੁਸੀਂ ਕੋਈ ਪ੍ਰਤੀਨਿਧ ਕਮੇਟੀ ਬਣਾਓ ਅਤੇ ਸਰਕਾਰ ਤੋਂ ਚਾਬੀਆਂ ਲੈ ਲਓ। ਅੰਮ੍ਰਿਤਸਰ ਅਤੇ ਕਈ ਹੋਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਸਰਕਾਰ ਦੀ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਅਤੇ ਸਰਕਾਰ ਨੇ ਕਪਤਾਨ ਬਹਾਦਰ ਸਿੰਘ ਘਵਿੰਡ ਨੂੰ ਸ੍ਰੀ ਦਰਬਾਰ ਸਾਹਿਬ ਦਾ ਸਰਬਰਾਹ ਨਿਯੁਕਤ ਕਰ ਦਿੱਤਾ। ਡਿਪਟੀ ਕਮਿਸ਼ਨਰ ਦੀ ਇਹ ਮੂਰਖਤਾ ਗੁਰਦੁਆਰਿਆਂ ਦੀ ਅਜ਼ਾਦੀ ਵਿਚ ਬੜੀ ਕਾਰ ਰ ਸਿੱਧ ਹੋਈ। ਉਸ ਦੀ ਇਸ ਕਾਰਵਾਈ ਨੇ ਸਿੱਖਾਂ ਅੰਦਰ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ। ੧੨ ਨਵੰਬਰ ੧੯੨੧ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਦੇ ਵਿਰੁੱਧ ਮਤਾ ਪਾਸ ਕਰ ਦਿੱਤਾ ਅਤੇ ੧੫ ਨਵੰਬਰ ੧੯੨੧ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਸੰਗਤਾਂ ਨੇ ਕਪਤਾਨ ਬਹਾਦਰ ਸਿੰਘ ਘਵਿੰਡ ਨੂੰ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਵਿਚ ਦਖ਼ਲ ਦੇਣ ਤੋਂ ਰੋਕ ਦਿੱਤਾ। ੨੬ ਨਵੰਬਰ ੧੯੨੧ ਨੂੰ ਡਿਪਟੀ ਕਮਿਸ਼ਨਰ ਵੱਲੋਂ ਅਜਨਾਲਾ ਵਿਖੇ ਇਕ ਦਰਬਾਰ ਰੱਖਿਆ ਗਿਆ ਜਿਸ ਦੇ ਵਿਰੋਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਦੀਵਾਨ 

ਰੱਖ ਦਿੱਤਾ। ਉਸ ਦੀਵਾਨ ਦੇ ਇਸ਼ਤਿਹਾਰ ਵਿਚ ਲਿਖਿਆ ਗਿਆ ਸੀ – ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਛਤਰ ਛਾਇਆ ਹੇਠ ੨੪ ਨਵੰਬਰ ੧੯੭੨ ਸ਼ਨਿੱਚਰਵਾਰ ਮੁਤਾਬਿਕ ਮੱਘਰ ਸੰਮਤ ੧੯੪੮ ਬਿਕ੍ਰਮੀ ਦਿਨ ਦੇ ੧੧ ਵਜੇ ਅਜਨਾਲੇ ਤਸੀਲ ਦੇ ਨੇੜੇ ਖਾਲਸਾ ਜੀ ਦਾ ਇਕ ਆਲੀਸ਼ਾਨ ਦੀਵਾਨ ਲੱਗੇਗਾ। ਅਫਵਾਹ ਹੈ ਕਿ ਡਿਪਟੀ ਕਮਿਸ਼ਨਰ ਤੇ ਉਸ ਦੇ ਝੋਲੀਚੁਕਾਂ ਨੇ ਵੀ ਆਉਣਾ ਹੈ। ਇਸ ਦੀਵਾਨ ਵਿਚ ਸ੍ਰੀ ਦਰਬਾਰ ਸਾਹਿਬ ਦੀਆਂ ਚਾਬੀਆਂ ਦੇ ਸਬੰਧ ਤੇ ਨੋਕਰਸ਼ਾਹੀ ਦੀਆਂ ਚਾਲਾਂ ਨੂੰ ਖੋਲ੍ਹ ਕੇ ਦੱਸਿਆ ਜਾਵੇਗਾ। ਆਸ ਹੈ ਕਿ ਹੇਠ ਲਿਖੇ ਸੱਜਣ ਇਸ ਦੀਵਾਨ ਵਿਚ ਦਰਸ਼ਨ ਦੇਣਗੇ: – (੧) ਸ. ਖੜਕ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, (੨) ਸ. ਅਮਰ ਸਿੰਘ ਝੁਬਾਲ ਪ੍ਰਧਾਨ ਸਿੱਖ ਲੀਗ, (੩) ਸ. ਦਾਨ ਸਿੰਘ ਵਿਛੋਆ, (੪) ਸ. ਜਸਵੰਤ ਸਿੰਘ ਝਬਾਲ, (ਪ) ਡਾ. ਸਤਿਆਪਾਲ (੬) ਡਾ. ਦੀਨਾਨਾਥ ਐਡੀਟਰ ‘ਦਰਦ’ ਤੇ ਸਕੱਤਰ ਡਿਸਟ੍ਰਿਕਟ ਗੁਰਦੁਆਰਾ ਕਮੇਟੀ।” 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ੨੯ ਅਕਤੂਬਰ, ੧੯੨੧ ਈ. ਨੂੰ ਇਕ ਇਕੱਤਰਤਾ ਕਰ ਕੇ ਸਰਕਾਰ ਤੋਂ ਚਾਬੀਆਂ ਦੀ ਮੰਗ ਕੀਤੀ ਗਈ। ਇਸ ਇਕੱਤਰਤਾ ਵਿਚ ਸ. ਸੁੰਦਰ ਸਿੰਘ ਵੀ ਸ਼ਾਮਲ ਸੀ। ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਮੰਨਣ ਤੋਂ ਇਨਕਾਰ ਕਰਦੇ ਹੋਏ ਚਾਬੀਆਂ ਦੇਣ ਤੋਂ ਇਨਕਾਰ ਕਰ ਦਿੱਤਾ ਸੀ। 

੧੧ ਨਵੰਬਰ, ੧੯੨੧ ਈ. ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰ ਨਾਲ ਨਾ-ਮਿਲਵਰਤਨ ਦਾ ਮਤਾ ਪਾਸ ਕਰ ਦਿੱਤਾ ਅਤੇ ਫੈਸਲਾ ਕੀਤਾ ਕਿ ਪ੍ਰਿੰਸ ਆਫ ਵੇਲਜ਼ ਦਾ ਅੰਮ੍ਰਿਤਸਰ ਆਉਣ ‘ਤੇ ਬਾਈਕਾਟ ਕੀਤਾ ਜਾਵੇਗਾ। ਅੰਮ੍ਰਿਤਸਰ ਸ਼ਹਿਰ ਵਿਚ ਹੜਤਾਲ ਕੀਤੀ ਜਾਵੇ ਅਤੇ ਕਿਸੇ ਵੀ ਗੁਰਦੁਆਰਾ ਸਾਹਿਬ ਵਿਚ ਉਸ ਦਾ ਪ੍ਰਸ਼ਾਦ ਪ੍ਰਵਾਨ ਨਾ ਕੀਤਾ ਜਾਵੇ, ਨਾ ਹੀ ਉਸ ਨੂੰ ਸਿਰੋਪਾਓ ਦਿੱਤਾ ਜਾਵੇ ਅਤੇ ਨਾ ਹੀ ਉਸ ਦਾ ਕਿਸੇ ਗੁਰਦੁਆਰਾ ਸਾਹਿਬ ਵਿਚ ਅਰਦਾਸਾ ਕੀਤਾ ਜਾਵੇ। 

ਚਾਬੀਆਂ ਲੈਣ ਲਈ ਸਰਕਾਰ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਤਾਲ-ਮੇਲ ਨਾ ਕੀਤਾ ਜਾਵੇ ਅਤੇ ਵਾਪਸ ਕਰਨ ਆਉਣ ਦੀ ਸੂਰਤ ਵਿਚ ਕਿਸੇ ਵੀ ਸ਼ਰਤ ‘ਤੇ ਕਬੂਲ ਨਾ ਕੀਤੀਆਂ ਜਾਣ। 

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਸਮੇਂ ਜੋ ਨਵੰਬਰ ਵਿਚ ਆ ਰਿਹਾ ਸੀ ਰੋਸ ਵੱਜੋਂ ਜਲਾਓ ਅਤੇ ਵਿਖਾਵਾ ਨਾ ਕੀਤਾ ਜਾਵੇ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜ ਤਿਆਰ-ਬਰ- ਤਿਆਰ ਸਿੰਘ ਹਮੇਸ਼ਾਂ ਵਾਰੋ ਵਾਰੀ ਪਹਿਰੇ ‘ਤੇ ਰਹਿਣ। 

੨੬ ਨਵੰਬਰ, ੧੯੨੧ ਈ. ਨੂੰ ਸਰਕਾਰ ਅਤੇ ਅਕਾਲੀਆਂ ਵੱਲੋਂ ਆਪਣਾ-ਆਪਣਾ ਪੱਖ ਪੇਸ਼ ਕਰਨ ਲਈ ਅਜਨਾਲੇ ਵਿਚ ਜਲਸਾ ਰੱਖ ਦਿੱਤਾ ਗਿਆ। ੨੬ ਨਵੰਬਰ, ੧੯੨੧ ਈ. ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅਜਨਾਲੇ ਕਾਨਫਰੰਸ ਕਰਨ ਦਾ ਫੈਸਲਾ ਕੀਤਾ ਗਿਆ। ਇਸ ਤੋਂ ਦੋ ਦਿਨ ਪਹਿਲਾਂ ੨੪ ਨਵੰਬਰ ਨੂੰ ਪੰਜਾਬ ਸਰਕਾਰ ਨੇ ਲਾਹੌਰ, ਅੰਮ੍ਰਿਤਸਰ ਤੇ ਸ਼ੇਖੂਪੁਰਾ ਆਦਿ ਜਿਲਿਆਂ ਵਿਚ ‘ਸਡੀਸ਼ਨ ਮੀਟਿੰਗ ਐਕਟ’ ਲਾਉਣ ਦਾ ਐਲਾਨ ਕਰ ਦਿੱਤਾ। ਜਿਸ ਵਿਚ ਲਿਖਿਆ ਸੀ:- 

ਸਰਕਾਰੀ ਐਲਾਨ 

ਪਿਛਲੀ ਜੁਲਾਈ ਵਿਚ ਸਰਕਾਰ ਨੇ ਆਪਣੇ ਉਨ੍ਹਾਂ ਹੁਕਮਾਂ ਨੂੰ ਵਾਪਸ ਲੈ ਲਿਆ ਸੀ ਜਿਨ੍ਹਾਂ ਦੇ ਅਧੀਨ ਸੂਬੇ ਦੇ ਕੁਝ ਜ਼ਿਲ੍ਹਿਆਂ ਵਿੱਚੋਂ ਕਾਨੂੰਨ ਵਿਰੁੱਧ ਬਾਗ਼ੀਆਨਾ ਜਲਸੇ ਕਰਨ ਦੀ ਮਨਾਹੀ ਕੀਤੀ ਗਈ ਸੀ। ਉਸ ਸਮੇਂ ਐਲਾਨ ਕਰਦੇ ਹੋਏ ਸਰਕਾਰ ਨੂੰ ਭਰੋਸਾ ਸੀ ਕਿ ਮੁੜ ਉਹੋ ਜਿਹੇ ਹਾਲਾਤ ਪੈਦਾ ਨਹੀਂ ਹੋਣਗੇ, ਜਿਨ੍ਹਾਂ ਨੂੰ ਮੁੱਖ ਰੱਖ ਕੇ ਫੇਰ ਤੋਂ ਜਲਸੇ-ਰੋਕੂ ਕਾਨੂੰਨ ਨੂੰ ਲਾਗੂ ਕਰਨਾ ਪਵੇ। ਪਰ ਪਿਛਲੇ ਤਿੰਨ 

ਮਹੀਨਿਆਂ ਦਾ ਤਜਰਬਾ ਨਿਰਾਸ਼ਤਾ ਭਰਪੂਰ ਹੈ। ਇਸ ਸਮੇਂ ਵਿਚ ਜੋ ਬੇਸ਼ੁਮਾਰ ਜਲਸੇ ਹੋਏ ਹਨ। ਉਨ੍ਹਾਂ ਵਿਚ ਸਰਕਾਰ ਵਿਰੁੱਧ ਬਹੁਤ ਭੜਕਾਊ ਤਕਰੀਰਾਂ ਕੀਤੀਆਂ ਗਈਆਂ ਹਨ। ਇਸ ਦੇ ਨਾਲ ਕਾਨੂੰਨ ਨੂੰ ਮੰਨਣ ਵਾਲੇ ਸ਼ਹਿਰੀਆਂ ਨੂੰ ਧਮਕਾਇਆ ਗਿਆ ਹੈ। ਨਸਲੀ ਤੇ ਕੌਮੀ ਨਫ਼ਰਤ ਦਾ ਪ੍ਰਚਾਰ ਕੀਤਾ ਗਿਆ ਹੈ। ਵਰਤਮਾਨ ਕਾਲ ਦੇ ਕੁਝ ਜਲਸਿਆਂ ਵਿਚ ਬੋਲਣ ਵਾਲਿਆਂ ਨੇ ਅਮਲੀ ਤੌਰ ‘ਤੇ ਸ਼ਾਂਤਮਈ ਨੂੰ ਤਿਆਗ ਦਿੱਤਾ ਹੈ। ਬਾਅਦ ਵਿਚ ਪਿਛਲੇ ਸਾਲ ਦੇ ਤਜਰਬੇ ‘ਤੇ ਉਸ ਮਿਸਾਲ ਤੋਂ ਜੋ ਬੰਬਈ ਵਿਚ ਪਿਛਲੇ ਦਿਨੀਂ ਘਟਨਾਵਾਂ ਨਾਲ ਕਾਇਮ ਹੋਈ ਹੈ ਤੋਂ ਪ੍ਰਗਟ ਹੁੰਦਾ ਹੈ ਕਿ ਅਜਿਹੇ ਜਲਸਿਆਂ ਨੂੰ ਬਿਨਾਂ ਰੋਕ-ਟੋਕ ਦੇ ਜਾਰੀ ਰਹਿਣ ਦੇਣਾ ਲੋਕ-ਅਮਨ ਨੂੰ ਭਾਰੀ ਖ਼ਤਰਾ ਹੈ। ਇਸ ਲਈ ਸਰਕਾਰ ਨੇ ਫਿਰ ਜ਼ਿਲ੍ਹਾ ਲਾਹੌਰ-ਅੰਮ੍ਰਿਤਸਰ ਤੇ ਸ਼ੇਖੂਪੁਰਾ ਵਿਚ ਜਲਸੇ- ਰੋਕੂ ਕਾਨੂੰਨ ਨੂੰ ਲਾਗੂ ਕਰ ਦਿੱਤਾ ਹੈ। ਇਸ ਨੂੰ ਗਜ਼ਟ ਵਿਚ ਪ੍ਰਕਾਸ਼ਤ ਕਰਨਾ ਜ਼ਰੂਰੀ ਖਿਆਲ ਕੀਤਾ ਹੈ। 

੨੬ ਨਵੰਬਰ ਨੂੰ ਸਰਕਾਰ ਨੇ ਅਜਨਾਲੇ ਵਿਖੇ ਜਲਸਾ ਕੀਤਾ ਜਿਸ ਵਿਚ ਡਿਪਟੀ ਕਮਿਸ਼ਨ ਨੇ ਸਰਕਾਰ ਦਾ ਪੱਖ ਬਿਆਨ ਕੀਤਾ। ਇਸ ਜਲਸੇ ਵਿਚ ਸ. ਦਾਨ ਸਿੰਘ ਵਿਛੋਆ ਅਤੇ ਸ. ਜਸਵੰਤ ਸਿੰਘ ਝੁਬਾਲ ਨੇ ਬੋਲਣ ਦੀ ਆਗਿਆ ਮੰਗੀ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੁਜ਼ੀਸ਼ਨ ਬਿਆਨ ਕਰਨਾ ਚਾਹੁੰਦੇ ਸਨ ਪਰ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਬੋਲਣ ਦੀ ਆਗਿਆ ਨਹੀਂ ਦਿੱਤੀ ਜਿਸ ਦੇ ਵਿਰੋਧ ਵਿਚ ਉਨ੍ਹਾਂ ਨੇ ਕਾਲਿਆਂ ਦੇ ਖੂਹ ਦੇ ਨੇੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਕੇ ਦੀਵਾਨ ਸ਼ੁਰੂ ਕਰ ਦਿੱਤਾ। ਇਹ ਖ਼ਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਰ ਰਾਹੀਂ ਉਸ ਵਕਤ ਪੁੱਜੀ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮਾਗਮ ਹੋ ਰਿਹਾ ਸੀ । ਇਹ ਖ਼ਬਰ ਸੁਣਦਿਆਂ ਸਾਰ ਸ. ਖੜਕ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਬਹਾਦਰ ਮਹਿਤਾਬ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਅਜਨਾਲੇ ਵੱਲ ਨੂੰ ਤੁਰ ਪਏ ਅਤੇ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਇਕ ਚਿੱਠੀ ਵੀ ਲਿਖੀ ਜਿਸ ਵਿਚ ਦਰਜ ਸੀ ” ਅਸੀਂ ਅਜਨਾਲੇ ਜਾ ਕੇ ਤਕਰੀਰ ਕਰਾਂਗੇ। ਸਾਨੂੰ ਗ੍ਰਿਫ਼ਤਾਰ ਕਰ ਲਓ।” ਅਜਨਾਲੇ ਪੁੱਜ ਕੇ ਸ. ਖੜਕ ਸਿੰਘ ਅਤੇ ਸ. ਬਹਾਦਰ ਮਹਿਤਾਬ ਸਿੰਘ ਆਦਿ ਸਮੇਤ ੧੯ ਮੁਖੀ ਸਿੱਖਾਂ ਨੇ ਤਕਰੀਰਾਂ ਕੀਤੀਆਂ। 

ਡਿਪਟੀ ਕਮਿਸ਼ਨਰ ਨੂੰ ਪਤਾ ਲੱਗਣ ‘ਤੇ ਉਹ ਉਥੇ ਪਹੁੰਚਿਆ ਤੇ ਅਕਾਲੀਆਂ ਵੱਲੋਂ ਦੀਵਾਨ ਲਾਏ ਜਾਣ ਕਰਕੇ ੧੦ ਮੁਖੀ ਸਿੱਖਾਂ ਸ. ਦਾਨ ਸਿੰਘ, ਸ. ਤੇਜਾ ਸਿੰਘ, ਸ. ਜਸਵੰਤ ਸਿੰਘ, ਪੰਡਤ ਦੀਨਾ ਨਾਥ ਸੰਪਾਦਕ ‘ਦਰਦ’, ਬਾਬਾ ਖੜਕ ਸਿੰਘ, ਸ. ਮਹਿਤਾਬ ਸਿੰਘ, ਸ. ਸੁੰਦਰ ਸਿੰਘ ਲਾਇਲਪੁਰੀ, ਸ. ਤੇਜਾ ਸਿੰਘ ਸਮੁੰਦਰੀ, ਸ. ਅਮਰ ਸਿੰਘ ਝਬਾਲ, ਮਾਸਟਰ ਤਾਰਾ ਸਿੰਘ ਆਦਿ ਨੂੰ ਗ੍ਰਿਫ਼ਤਾਰ ਕਰ ਕੇ ਅੰਮ੍ਰਿਤਸਰ ਜੇਲ ਭੇਜ ਦਿੱਤਾ ਗਿਆ ਅਤੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਸਬੰਧੀ ਬਿਆਨ ਜਾਰੀ ਕੀਤਾ ਕਿ “ਸਰਕਾਰ ਪੰਜਾਬ ਦੇ ਹੁਕਮ ਅਨੁਸਾਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ੨੬ ਨਵੰਬਰ ਨੂੰ ਅਜਨਾਲੇ ਵਿਚ ਮੁਖੀ ਸਿੱਖਾਂ ਦਾ ਦਰਬਾਰ ਲਾਉਣ ਦਾ ਪ੍ਰਬੰਧ ਕੀਤਾ ਸੀ ਜਿਸ ਦੀ ਇਤਲਾਹ ਦਿੱਤੀ ਗਈ ਸੀ। ਪਰ ਇਸ ਕਮੇਟੀ ਨੇ ਇਸੇ ਤਰੀਕ ਉੱਪਰ ਇਕ ਵਿਰੋਧੀ ਜਲਸਾ ਅਜਨਾਲੇ ਵਿਚ ਕਰਨ ਦਾ ਇਰਾਦਾ ਪ੍ਰਗਟ ਕੀਤਾ। ਚੁਨਾਂਚਿ ਇਸ ਭਾਵ ਦਾ ਇਸ਼ਤਿਹਾਰ ਪ੍ਰਕਾਸ਼ਤ ਕੀਤਾ ਗਿਆ। ਚੂੰਕਿ ਜ਼ਿਲ੍ਹਾ ਅੰਮ੍ਰਿਤਸਰ ਵਿਚ ਜਲਸੇ-ਰੋਕੂ ਕਾਨੂੰਨ ਲਾਗੂ ਹੋ ਚੁਕਾ ਹੈ, ਇਸ ਲਈ ਡਿਪਟੀ ਕਮਿਸ਼ਨਰ ਨੇ ਸਡੀਸ਼ਨ ਮੀਟਿੰਗ ਐਕਟ ਦੀ ਧਾਰਾ ੫ ਅਨੁਸਾਰ ਹੁਕਮ ਜਾਰੀ ਕੀਤਾ ਕਿ ਸਿੱਖਾਂ ਦਾ ਜਲਸਾ ਅਜਨਾਲੇ ਵਿਚ ਨਾ ਹੋਵੇ। ਇਸ ਹੁਕਮ ਨੂੰ ਅੰਮ੍ਰਿਤਸਰ ਤੇ ਅਜਨਾਲੇ ਵਿਚ ਮੁਸ਼ਤਹਿਰ ਕੀਤਾ ਗਿਆ। ਇਸ ਦੀ ਇਤਲਾਹ ਕਮੇਟੀ, ਸ. ਦਾਨ ਸਿੰਘ ਤੇ ਸ. ਜਸਵੰਤ ਸਿੰਘ ਨੂੰ ਵੀ ਦਿੱਤੀ ਗਈ ਸੀ। ਇਸ ਹੁਕਮ  ਦੇ ਉਲਟ ਇਕ ਜਲਸਾ ਕੀਤਾ ਗਿਆ ਇਸ ਲਈ ਸ. ਜਸਵੰਤ ਸਿੰਘ, ਸ. ਦਾਨ ਸਿੰਘ, ਦੀਨਾ ਨਾਥ ਐਡੀਟਰ ਦਰਦ ਅਖ਼ਬਾਰ, ਸ. ਤੇਜਾ ਸਿੰਘ ਸਮੁੰਦਰੀ ਤੇ ਸ. ਹਰਨਾਮ ਸਿੰਘ ਜ਼ੈਲਦਾਰ ਨੂੰ ਗ੍ਰਿਫ਼ਤਾਰ ਕੀਤਾ। ਗਿਆ ਹੈ। ਪਿੱਛੋਂ ਇਤਲਾਹ ਮਿਲੀ ਕਿ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਕਈ ਆਦਮੀ ਇਸ ਕੰਮ ਲਈ ਅਜਨਾਲੇ ਜਾ ਰਹੇ ਹਨ ਉਥੇ ਜਾ ਕੇ ਜਲਸਾ ਕਰ ਕੇ ਤਕਰੀਰਾਂ ਕਰਨਗੇ। ਉਨਾਂਚਿ ਡਿਪਟੀ ਕਮਿਸ਼ਨਰ ਤੇ ਪੁਲਿਸ ਕਪਤਾਨ ਫਿਰ ਅਜਨਾਲੇ ਪੁੱਜੇ। ਉਨ੍ਹਾਂ ਵੇਖਿਆ ਕਿ ਰੋਕੂ ਹੁਕਮ ਦੇ ਬਾਵਜੂਦ ਜਲਸਾ ਹੋ ਰਿਹਾ ਸੀ। ਇਸ ‘ਪੁਰ ਕਪਤਾਨ ਪੁਲਿਸ ਨੇ ਡਿਪਟੀ ਕਮਿਸ਼ਨਰ ਦੀ ਹਦਾਇਤ ਅਨੁਸਾਰ ਜਲਸੇ ਵਿਚ ਜਾ ਕੇ ਸ. ਖੜਕ ਸਿੰਘ, ਸ. ਬਹਾਦਰ ਮਹਿਤਾਬ ਸਿੰਘ, ਸ. ਗੁਰਚਰਨ ਸਿੰਘ ਵਕੀਲ ਸਿਆਲਕੋਟ, ਸ. ਭਾਗ ਸਿੰਘ ਵਕੀਲ ਗੁਰਦਾਸਪੁਰ, ਸ. ਹਰੀ ਸਿੰਘ ਜਲੰਧਰੀ ਤੇ ਮਾਸਟਰ ਸੁੰਦਰ ਸਿੰਘ ਲਾਇਲਪੁਰ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਵਿੱਚੋਂ ਕਿਸੇ ਨੂੰ ਹੱਥਕੜੀ ਨਹੀਂ ਸੀ ਲਗਾਈ ਗਈ ਅਤੇ ਮੋਟਰ ਵਿਚ ਬਿਠਾ ਕੇ ਅੰਮ੍ਰਿਤਸਰ ਜੇਲ੍ਹ ਵਿਚ ਪਹੁੰਚਾ ਦਿੱਤਾ ਗਿਆ।” 

ਦੀਵਾਨ ਵਿਚ ਸੁਪ੍ਰਿੰਟੈਂਡੈਂਟ ਪੁਲਿਸ ਨੇ ਇਹ ਬਿਆਨ ਪੜ੍ਹ ਕੇ ਸੁਣਾਇਆ ਕਿ ਇਹ ਦੀਵਾਨ ਕਾਨੂੰਨ-ਵਿਰੋਧੀ ਹੈ। ਭਾਈ ਜੋਧ ਸਿੰਘ ਜੀ ਐਮ.ਏ. ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਦੀਵਾਨ ਧਾਰਮਿਕ ਹੈ। ਗ੍ਰਿਫ਼ਤਾਰੀਆਂ ਪਿੱਛੋਂ ਦੋ ਘੰਟਿਆਂ ਤਕ ਦੀਵਾਨ ਜਾਰੀ ਰਿਹਾ। ਸ਼ਾਮ ਨੂੰ ਰਹਰਾਸਿ ਦੇ ਪਾਠ ਉਪਰੰਤ ਸਮਾਪਤੀ ਹੋਈ ਅਤੇ ਮੁਖੀ ਸਿੱਖਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਫਿਰ ਇਕੱਤਰਤਾ ਹੋਈ ਜਿਸ ਵਿਚ ਸ. ਅਮਰ ਸਿੰਘ ਝੁਬਾਲ ਪ੍ਰਧਾਨ, ਕਪਤਾਨ ਰਾਮ ਸਿੰਘ ਮੀਤ ਪ੍ਰਧਾਨ, ਸ. ਤਾਰਾ ਸਿੰਘ ਨੂੰ ਸਕੱਤਰ ਚੁਣਿਆ ਗਿਆ। 

ਇਹ ਗ੍ਰਿਫ਼ਤਾਰੀਆਂ ਹੋਣ ਨਾਲ ਇਹ ਲਹਿਰ ਹੋਰ ਤੇਜ਼ ਹੋ ਗਈ। ਇਸ ਘਟਨਾ ਦੇ ਰੋਸ ਵਜੋਂ ੨੭ ਨਵੰਬਰ ਨੂੰ ਥਾਂ-ਥਾਂ ‘ਤੇ ਰੋਸ ਦਿਆ ਮਨਾਇਆ ਗਿਆ ਅਤੇ ਰੋਸ ਦੀਵਾਨ ਕੀਤੇ ਗਏ। ਗੁਰੂ ਕੇ ਬਾਗ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਰ ਰੋਜ਼ ਦੀਵਾਨ ਲੱਗਣ ਲੱਗ ਪਏ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਜਾਣ ਲੱਗਾ। ਅਜਨਾਲੇ ਕੈਦ ਕੀਤੇ ਸਿੱਖਾਂ ‘ਤੇ ਮੁਕੱਦਮਾ ਚਲਾਇਆ ਗਿਆ। 

੨੯ ਨਵੰਬਰ ਨੂੰ ਸਵਾ ਬਾਰ੍ਹਾਂ ਵਜੇ ਸ. ਦਾਨ ਸਿੰਘ, ਸ. ਜਸਵੰਤ ਸਿੰਘ, ਸ. ਹਰਨਾਮ ਸਿੰਘ, ਸ. ਤੇਜਾ ਸਿੰਘ ਤੇ ਪੰਡਿਤ ਦੀਨਾ ਨਾਥ ਮਿਸਟਰ ਕਾਰਨਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਲਸੇ- ਰੋਕੂ ਕਾਨੂੰਨ ਦੀ ਧਾਰਾ ੫ ਅਨੁਸਾਰ ਮੁਕੱਦਮੇ ਦੀ ਕਾਰਵਾਈ ਸ਼ੁਰੂ ਹੋਈ। ਇਨ੍ਹਾਂ ਸਾਰੇ ਸਿੱਖ ਮੁਖੀਆਂ ਨੂੰ ਕੁਰਸੀਆਂ ‘ਤੇ ਬਿਠਾਇਆ ਗਿਆ ਪਰ ਬਾਹਰ ਪੁਲਿਸ ਦਾ ਸਖ਼ਤ ਪਹਿਰਾ ਲਾ ਦਿੱਤਾ ਗਿਆ। ਇਲਾਕੇ ਦੇ ਬਹੁਤ ਸਾਰੇ ਲੋਕ ਬਾਹਰ ਇਕੱਠੇ ਹੋ ਗਏ ਸਨ। ਪੇਸ਼ ਕਥਿਤ ਦੋਸ਼ੀਆਂ ਵੱਲੋਂ ਪੁੱਛਿਆ ਗਿਆ ਕਿ ਉਸ ਨੋਟੀਫਿਕੇਸ਼ਨ ਜਿਸ ਰਾਹੀਂ ਜਲਸੇ-ਰੋਕੂ ਕਾਨੂੰਨ ਲਾਗੂ ਕੀਤਾ ਗਿਆ ਹੈ ਉਸ ਤੋਂ ਇਹ ਪ੍ਰਗਟ ਨਹੀਂ ਹੁੰਦਾ ਕਿ ਅਜਨਾਲੇ ਵਿਚ ਦੀਵਾਨ ਨਹੀਂ ਹੋ ਸਕਦਾ। ਪੰਡਿਤ ਦੀਨਾ ਨਾਥ ਨੇ ਕਿਹਾ ਕਿ ਲੋਕਾਂ ਲਈ ਕੋਈ ਜਲਸਾ ਕਰਨਾ ਮਨ੍ਹਾ ਹੈ ਤਾਂ ਡਿਪਟੀ ਕਮਿਸ਼ਨਰ ਨੇ ਆਪਉਥੇ ਕਿਉਂ ਦਰਬਾਰ ਲਾਇਆ? ਸ. ਨਰਾਇਣ ਸਿੰਘ ਬੈਰਿਸਟਰ ਸਕੱਤਰ ਨਨਕਾਣਾ ਸਾਹਿਬ ਨੇ ਕਿਹਾ ਕਿ ਕੱਲ੍ਹ ਸਵੇਰੇ ਗੁਰਦੁਆਰਾ ਕਮੇਟੀ ਨੇ ਡਿਪਟੀ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਪੁੱਛਿਆ ਹੈ ਕਿ ਉਨ੍ਹਾਂ ਨੂੰ ਕਿਸ ਜ਼ੁਰਮ ਵਿਚ ਗ੍ਰਿਫਤਾਰ ਕੀਤਾ ਗਿਆ। ਕੁਝ ਸਮੇਂ ਪਿੱਛੋਂ ਉਸ ਦਾ ਉੱਤਰ ਆਇਆ ਕਿ ਨੋਟੀਫਿਕੇਸ਼ਨ ਅਨੁਸਾਰ ਧਾਰਮਿਕ ਜਲਸਿਆਂ ’ਤੇ ਕੋਈ ਪਾਬੰਦੀ ਨਹੀਂ ਹੈ। ਮਿਸਟਰ ਕਾਰਨਰ ਨੇ ਕਿਹਾ “ਇਸ ਦੀ ਵਿਆਖਿਆ ਹੁਣ ਕੀਤੀ ਗਈ ਹੈ।” ਗ੍ਰਿਫ਼ਤਾਰ ਹੋਏ ਮੁਖੀਆਂ ‘ਚੋਂ ਇਕ ਨੇ ਕਿਹਾ, “ਜਦੋਂ ਅਸੀਂ ਗੁਰਬਾਣੀ ਦਾ ਕੀਰਤਨ ਕਰ ਰਹੇ ਸੀ। 

ਤਾਂ ਡਿਪਟੀ ਕਮਿਸ਼ਨਰ ਮਿਸਟਰ ਡੰਨਟ ਨੂੰ ਕਿਵੇਂ ਮਾਲੂਮ ਹੋ ਗਿਆ ਕੇ ਅਸੀਂ ਜਲਸਾ ਕਰਾਂਗੇ ਇਸ ਲਈ ਪਹਿਲੋਂ ਹੀ ਗ੍ਰਿਫਤਾਰ ਕਰ ਲਿਆ ਜਾਵੇ।” ਸ. ਦਾਨ ਸਿੰਘ ਨੇ ਕਿਹਾ ਕਿ ਜੋ ਅਫ਼ਸਰ ਸਾਨੂੰ ਪਹਿਲੋਂ ਪੁੱਛਣ ਆਇਆ ਸੀ ਉਸ ਨੂੰ ਕਹਿ ਦਿੱਤਾ ਸੀ ਕਿ ਇਹ ਦੀਵਾਨ ਧਾਰਮਿਕ ਹੈ। ਡਿਪਟੀ ਕਮਿਸ਼ਨਰ ਨੇ ਅਦਾਲਤ ਵਿਚ ਆਪਣੀ ਰਿਪੋਰਟ ਪੜ੍ਹ ਕੇ ਸੁਣਾਈ। ਜਿਸ ਅਨੁਸਾਰ- ‘ਮੈਂ ਸ. ਜਸਵੰਤ ਸਿੰਘ ਨੂੰ ਪੁੱਛਿਆ ਕਿ ਇਹ ਕੀ ਹੋ ਰਿਹਾ ਹੈ?’ ਉਸ ਨੇ ਉੱਤਰ ਦਿੱਤਾ ਕਿ ‘ਧਾਰਮਿਕ ਦੀਵਾਨ ਹੋ ਰਿਹਾ ਹੈ। ‘ ਮੈਂ ਪੁੱਛਿਆ, ‘ਇਸ ਵਿਚ ਤਕਰੀਰਾਂ ਹੋਣਗੀਆਂ’? ਸ. ਜਸਵੰਤ ਸਿੰਘ ਨੇ ਕਿਹਾ, ‘ਸਵਰਾਜ ਤੇ ਸੁਦੇਸ਼ੀ ‘ਤੇ ਕੋਈ ਤਕਰੀਰ ਨਹੀਂ ਹੋਵੇਗੀ।’ ਫਿਰ ਮੈਂ ਪੁੱਛਿਆ, ‘ਦਰਬਾਰ ਸਾਹਿਬ ਦੀਆਂ ਚਾਬੀਆਂ ਬਾਰੇ ਤਕਰੀਰਾਂ ਹੋਣਗੀਆਂ?’ ਸ. ਜਸਵੰਤ ਸਿੰਘ ਨੇ ਉੱਤਰ ਦਿੱਤਾ, ‘ਤਕਰੀਰਾਂ ਜ਼ਰੂਰ ਹੋਣਗੀਆਂ। ’ 

ਇਕ ਸਵਾਲ ਦੇ ਜਵਾਬ ਵਿਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇ ਇਹ ਧਾਰਮਿਕ ਇਕੱਤਰਤਾ ਹੁੰਦੀ ਤਾਂ ਮੈਂ ਇਸ ਵਿਚ ਕੋਈ ਦਖ਼ਲ ਨਾ ਦਿੰਦਾ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਲੈ ਕੇ ਇਹ ਕੰਮ ਕੀਤਾ ਗਿਆ। ਮੇਰਾ ਖਿਆਲ ਹੈ ਕਿ ਸ. ਹਰਨਾਮ ਸਿੰਘ ਜਲਸੇ ਦਾ ਪ੍ਰਬੰਧਕ ਨਹੀਂ ਸੀ, ਕਾਨੂੰਨ ਵਿਰੁੱਧ ਇਕੱਠ ਵਿਚ ਸ਼ਾਮਲ ਜ਼ਰੂਰ ਸੀ। ਇਕ ਹੋਰ ਸਵਾਲ ਦੇ ਜਵਾਬ ਵਿਚ ਡੀ.ਸੀ. ਨੇ ਕਿਹਾ ਕਿ ੨੫ ਨਵੰਬਰ ਦਾ ਨੋਟੀਫਿਕੇਸ਼ਨ ਜਿਸ ਅਨੁਸਾਰ ਧਾਰਮਿਕ ਜਲਸਿਆਂ ‘ਤੇ ਕੋਈ ਪਾਬੰਦੀ ਨਹੀਂ ਲਗਾਈ ਗਈ ਅੱਜ ੨੮ ਨਵੰਬਰ ਨੂੰ ਮੇਰੇ ਨਜ਼ਰੀਂ ਪਿਆ। ਮੈਨੂੰ ਇਸ ਦੀ ਕੋਈ ਖ਼ਬਰ ਨਹੀਂ ਸੀ। ਪਰ ਜੋ ਖ਼ਬਰ ਹੁੰਦੀ ਤਦ ਵੀ ਮੈਂ ਗ੍ਰਿਫ਼ਤਾਰੀਆਂ ਕਰਦਾ। 

ਪੰਡਿਤ ਦੀਨਾ ਨਾਥ ਨੇ ਪੁੱਛਿਆ, “ਚਾਬੀਆਂ ਦਾ ਮਾਮਲਾ ਧਾਰਮਿਕ ਹੈ ਜਾਂ ਸਿਆਸੀ? ” 

ਇਸ ਦੇ ਜਵਾਬ ਵਿਚ ਡੀ.ਸੀ. ਨੇ ਕਿਹਾ, “ਗੁਰਦੁਆਰਾ ਕਮੇਟੀ ਦੇ ਕਈ ਮੈਂਬਰ ਅਜਿਹੇ ਹਨ ਜਿਨ੍ਹਾਂ ਦਾ ਸਰਕਾਰ ਨਾਲ ਝਗੜਾ ਹੈ। ਪੰਡਿਤ ਜੀ ਨੇ ਫਿਰ ਇਹੀ ਪ੍ਰਸ਼ਨ ਪੁੱਛਿਆ ਤਾਂ ਡੀ.ਸੀ. । ਪਹਿਲੇ ਵਾਲਾ ਹੀ ਜੁਆਬ ਦਿੱਤਾ। ਉਸ ਨੇ ਆਪਣੀ ਗਵਾਹੀ ਵਿਚ ਸ 

ਦਾਨ ਸਿੰਘ, ਸ. ਜਸਵੰਤ ਸਿੰਘ ਨੂੰ ਗਰਮ-ਖਿਆਲੀਏ ਤੇ ਸਿਆਸ ਜ਼ਾਹਿਰ ਕੀਤਾ। ਸ. ਤੇਜਾ ਸਿੰਘ ਸਮੁੰਦਰੀ ਬਾਰੇ ਮਿ. ਡੰਨਟ ਨੇ ਕਿਹਾ, “ਮੈਂ ਉਨ੍ਹਾਂ ਨੂੰ ਅਜਿਹੇ ਆਦਮੀਆਂ ਵਿੱਚੋਂ ਸਮਝਦਾ ਹਾਂ ਜਿਨ੍ਹਾਂ ਨੂੰ ਧਾਰਮਿਕ ਖਿਆਲ ਬਹੁਤ ਪਿਆਰੇ ਹਨ। ਅਜਿਹੇ ਮੁਖੀਆਂ ਦੀ ਸਹਾਇਤਾ ਕਰਨ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਪੂਰਾ ਕਰਨ ਲਈ ਅਸੀਂ ਯਤਨ ਕਰ ਰਹੇ ਸੀ। ਕਾਫੀ ਚਿਰ ਤੋਂ ਮੈਨੂੰ ਆਸ ਹੈ ਕਿ ਇਨ੍ਹਾਂ ਦੀ ਸਹਾਇਤਾ ਨਾਲ ਸਰਕਾਰ ਦਾ ਨਾ ਕੇਵਲ ਸ੍ਰੀ ਦਰਬਾਰ ਸਾਹਿਬ ਬਲਕਿ ਹੋਰ ਗੁਰਦੁਆਰਿਆਂ ਸੰਬੰਧੀ ਸਮਝੌਤਾ ਹੋ ਸਕਦਾ ਹੈ। ਅਜਿਹੇ ਮੁਖੀਆਂ ਦੇ ਧਾਰਮਿਕ ਖਿਆਲਾਂ ਨੂੰ ਸਰਕਾਰ ਪੂਰਾ ਕਰਨ ਲਈ ਹਰ ਸਮੇਂ ਤਿਆਰ ਸੀ ਪਰ ਅਫ਼ਸੋਸ ਹੈ ਕਿ ਕੁਝ ਸਮੇਂ ਤੋਂ ਸ. ਤੇਜਾ ਸਿੰਘ ਸੁਮੰਦਰੀ ਵੀ ਸਿਆਸੀ ਬਿਮਾਰੀ ਵਿਚ ਗ੍ਰਸੇ ਗਏ ਹਨ। ਇਸ ਤੋਂ ਪਿੱਛੇ ਉਸੇ ਦਿਨ ਸ਼ਾਮ ਨੂੰ ਤਿੰਨ ਵਜੇ ਸ. ਬਹਾਦਰ ਮਹਿਤਾਬ ਸਿੰਘ ਜੀ ਦਾ ਕੇਸ ਵੀ ਪੇਸ਼ ਕੀਤਾ ਗਿਆ। ਸ. ਸ਼ੇਰ ਸਿੰਘ ਸਬ ਇੰਸਪੈਕਟਰ ਅਜਨਾਲਾ ਨੇ ਦੀਵਾਨ ਦੀ ਰਿਪੋਰਟ ਪੜ੍ਹ ਕੇ ਸੁਣਾਈ ਜਿਸ ਵਿਚ ਕਿਹਾ ਗਿਆ ਸੀ ਕਿ ਸਰਦਾਰ ਬਹਾਦਰ ਮਹਿਤਾਬ ਸਿੰਘ ਨੇ ਇਕ ਤਕਰੀਰ ਕੀਤੀ ਹੈ ਕਿ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਤੇ ਹੋਰ ਗੁਰਦੁਆਰਿਆਂ ਦੀਆਂ ਚਾਬੀਆਂ ਸ. ਸੁੰਦਰ ਸਿੰਘ ਰਾਮਗੜ੍ਹੀਆ ਪਾਸੋਂ ਕੋਝੇ ਅਤੇ ਫਰੇਬੀ ਢੰਗ ਨਾਲ ਲਈਆਂ ਹਨ। ਸ. ਮਹਿਤਾਬ ਸਿੰਘ ਨੇ ਅਦਾਲਤ ਵਿਚ ਆਪਣਾ ਬਿਆਨ ਅੰਗਰੇਜ਼ੀ ਵਿਚ ਦਿੱਤਾ। ਇਸ ਅਨੁਸਾਰ “ਮੈਂ ਹਰ ਸੰਸਾਰੀ ਹਕੂਮਤ ਦੀ ਬਜਾਇ ਆਪਣੇ ਵਾਹਿਗੁਰੂ ਤੇ ਗੁਰੂ ਦਾ ਵਧੇਰੇ ਸਤਿਕਾਰ ਕਰਦਾ ਹਾਂ। ਮੈਂ ਵਾਹਿਗੁਰੂ ਤੇ ਗੁਰੂ ਲਈ ਹਾਕਮਾਂ ਦੀ ਨਾ- ਫ਼ਰਮਾਨੀ ਕਰਨ ਲਈ ਤਿਆਰ ਤੇ ਦ੍ਰਿੜ੍ਹ ਹਾਂ। ਡਿਸਟ੍ਰਿਕਟ ਗੁਰਦੁਆਰਾ ਕਮੇਟੀ ਨੇ ਜੋ ਜਲਸੇ ਕੀਤੇ ਹਨ ਮੈਂ ਉਨ੍ਹਾਂ ਦਾ ਪੂਰੀ ਤਰ੍ਹਾਂ ਨਾਲ ਜਵਾਰ ਹਾਂ। ਜਦੋਂ ਮੈਂ ਲਾਹੌਰ ਵਿਚ ਸੀ ਉਦੋਂ ਮੈਂ ਡਿਸਟ੍ਰਿਕਟ ਗੁਰਦੁਆਰਾ ਕਮੇਟੀ ਨੂੰ ਜ਼ਰੂਰੀ ਹੁਕਮ ਭੇਜੇ ਸਨ ਕਿ ਉਹ ਉਨ੍ਹਾਂ ਭਿੰਨ-ਭਿੰਨ ਥਾਵਾਂ ‘ਤੇ ਦੀਵਾਨ ਕਰਨ ਜਿੱਥੇ ਕਿ ਮਿ. ਡੈਨਟ ਜਾਂ ਹਕੂਮਤ ਦਾ ਕੋਈ ਆਦਮੀ ਦਰਬਾਰ ਲਗਾਵੇ ਅਤੇ ਉਸ ਗ਼ਲਤਫ਼ਹਿਮੀ ਦੀ ਤਰਦੀਦ ਕੀਤੀ ਜਾਵੇ ਜੋ ਹਕੂਮਤ ਜਾਂ ਮਿਸਟਰ ਡੰਨਟ ਵੱਲੋਂ ਗੁਰਦੁਆਰੇ ਦੀਆਂ ਚਾਬੀਆਂ ਦੇ ਮਾਮਲੇ ਨੂੰ ਗ਼ਲਤ ਢੰਗ ਨਾਲ ਬਿਆਨ ਕਰਨ ‘ਤੇ ਲੋਕਾਂ ਦੇ ਦਿਲਾਂ ਵਿਚ ਪੈਦਾ ਹੋਣ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਤੇ ਉਕਤ ਕਮੇਟੀ ਦਾ ਮੁਖੀ ਅੰਤ੍ਰਿੰਗ ਅਫ਼ਸਰ ਹੋਣ ਦੀ ਹੈਸੀਅਤ ਵਿਚ ਇਹ ਕੰਮ ਕੀਤਾ ਹੈ। ਕਮੇਟੀ ਐਸਾ ਕਰਨ ਲਈ ਤਿਆਰ ਸੀ । ਸ੍ਰੀ ਦਰਬਾਰ ਸਾਹਿਬ ਦੀਆਂ ਚਾਬੀਆਂ ਖੋਹੇ ਜਾਣ ਨਾਲ ਸਾਰੇ ਸਿੱਖਾਂ ਦੀ ਨਿਰਾਦਰੀ ਹੋਈ ਹੈ, ਉਨ੍ਹਾਂ ਦੇ ਮਨੋਭਾਵ ਭੜਕ ਉੱਠੇ ਹਨ। ਮੈਂ ਹਕੂਮਤ ਦੀ ਇਸ ਨੀਤੀ ਨੂੰ ਅਤਿਅੰਤ ਮੂਰਖਾਂ ਵਾਲੀ ਸਮਝਦਾ ਹਾਂ। ਮੈਨੂੰ ਮਿਸਟਰ ਡੰਨਟ ਤੋਂ ਇਹ ਆਸ ਨਹੀਂ ਸੀ, ਉਸ ਤੋਂ ਚੰਗੇ ਕੰਮਾਂ ਦੀ ਸੰਭਾਵਨਾ ਸੀ, ਜਿਸ ਨੂੰ ਮੈਂ ਬਹੁਤ ਸਮੇਂ ਤੋਂ ਜਾਣਦਾ ਹਾਂ। ਮੈਨੂੰ ਆਸ ਨਹੀਂ ਸੀ ਕਿ ਮਿਸਟਰ ਡੋਨਟ ਦਾ ਸਿਰ ਫਿਰ ਜਾਏਗਾ। ਮੇਰੇ ਪ੍ਰਬੰਧ ਵਿਚ ਹਕੂਮਤ ਸਿੱਖਾਂ ਨੂੰ ਸੁਲਾਹ ਕਰਨ ਦੀ ਪ੍ਰੇਰਨਾ ਕਰਨ ਵਿਚ ਅਸਫਲ ਰਹੀ ਹੈ ਜਿਸ ਤੋਂ ਉਸ ਦੀ ਸਿਆਣਪ ਦੇ ਘਾਟੇ ਦਾ ਪਤਾ ਲੱਗਦਾ ਹੈ। ਹਰ ਹਾਲਤ ਵਿਚ ਮੈਂ ਉਨ੍ਹਾਂ ਸਾਰੇ ਦੀਵਾਨਾਂ ਦਾ ਜ਼ਿੰਮੇਵਾਰ ਹਾਂ ਅਤੇ ਹਕੂਮਤ ਵੱਲੋਂ ਦਿੱਤੀ ਗਈ ਸਜ਼ਾ ਨੂੰ ਪ੍ਰਸੰਨਤਾ ਨਾਲ ਝੱਲਾਂਗਾ।” 

“ਮੈਂ ਜਲਸੇ-ਰੋਕੂ ਕਾਨੂੰਨ ਦੇ ਲਾਗੂ ਹੋਣ ਸਬੰਧੀ ਜਾਣੂ ਨਹੀਂ ਸਾਂ, ਪਰ ੨੬ ਤਰੀਕ ਦੀ ਸਵੇਰ ਨੂੰ ਸ. ਜਸਵੰਤ ਸਿੰਘ ਤੇ ਸ. ਤੇਜਾ ਸਿੰਘ ਨੇ ਮੈਨੂੰ ਇਤਲਾਹ ਦਿੱਤੀ ਕਿ ਅਜਨਾਲੇ ਵਿਚ ਇਕ ਜਲਸਾ ਕਰਨ ਦਾ ਫੈਸਲਾ ਹੋ ਗਿਆ ਹੈ। ਉਹ ਮੇਰੇ ਹੁਕਮ ਦੇ ਮੁਤਾਬਿਕ ਰਜ਼ਾਮੰਦ ਹੋ ਗਏ। ਮੈਂ ਉਨ੍ਹਾਂ ਨੂੰ ਸ. ਤੇਜਾ ਸਿੰਘ ਸਮੁੰਦਰੀ ਦੇ ਨਾਲ ਜਾ ਕੇ ਜਲਸਾ ਕਰਨ ਲਈ ਕਿਹਾ ਕਿਉਂਕਿ ਹਕੂਮਤ ਨੂੰ ਅਜਿਹੇ ਜਲਸਿਆਂ ਦੇ ਰੋਕਣ ਦਾ ਕੋਈ ਹੱਕ ਹਾਸਲ ਨਹੀਂ।” 

“ਜਦੋਂ ਮੈਂ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਸੁਣੀ ਤਾਂ ਮੈਂ ਤੇ ਹੋਰ ਗੁਰਦੁਆਰਾ ਕਮੇਟੀ ਦੇ ਕੰਮ ਕਰਨ ਵਾਲੇ ਜੋ ਉਨ੍ਹਾਂ ਦਿਨਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਮੌਜੂਦ ਸਨ ਇਸ ਧਾਰਮਿਕ ਜਲਸੇ ਵਿਚ ਅਜਨਾਲੇ ਗਏ ਸੀ ਜਿਨ੍ਹਾਂ ਵਿੱਚੋਂ ਤਿੰਨ ਸੱਜਣ ਗ੍ਰਿਫ਼ਤਾਰ ਕਰ ਲਏ ਗਏ। ਮੈਂ ਡਿਪਟੀ ਕਮਿਸ਼ਨਰ ਨੂੰ ਇਕ ਸੁਨੇਹਾ ਭੇਜਿਆ ਕਿ ਅਸੀਂ ਇਸ ਭੜਕਾਊ ਵਤੀਰੇ ਵਿਰੁੱਧ ਆਵਾਜ਼ ਉਠਾਉਣ ਲਈ ਜਲਸਾ ਕਰਨ ਜਾ ਰਹੇ ਹਾਂ। ਉਸ ਨੇ ਸਾਡੇ ਤਿੰਨ ਆਦਮੀਆਂ ਨੂੰ ਗ੍ਰਿਫ਼ਤਾਰ ਕਰ ਕੇ ਪਹਿਲ ਕੀਤੀ ਹੈ, ਜੋ ਕਾਨੂੰਨੀ ਤੌਰ ‘ਤੇ ਜਾਇਜ਼ ਜਲਸਾ ਕਰ ਰਹੇ मठ। 

ਮੈਂ ਖਿਆਲ ਕੀਤਾ ਕਿ ਮਿਸਟਰ ਡੰਨਟ ਨੂੰ ਜਲਸੇ-ਰੋਕੂ ਕਾਨੂੰਨ ਦੀ ਆੜ ਲੈਣ ‘ਤੇ ਆਪ ਚਾਬੀਆਂ ਦੇ ਸਬੰਧ ਵਿਚ ਜਲਸਾ ਕਰਨ ਦਾ ਕੋਈ ਹੱਕ ਨਹੀਂ, ਜਿਸ ਸੂਰਤ ਵਿਚ ਕਿ ਉਹ ਸਾਡੇ ਨਿਰੋਲ ਧਾਰਮਿਕ ਤੇ ਚਾਬੀਆਂ ਸਬੰਧੀ ਜਲਸੇ ਨੂੰ ਰੋਕ ਦੇਵੇ। ਮੈਂ ਤਹਿਸੀਲਦਾਰ ਤੇ ਸਬ ਇੰਸਪੈਕਟਰਾਂ ਨੂੰ ਕਿਹਾ ਕਿ ਉਹ ਡਿਪਟੀ ਕਮਿਸ਼ਨਰਾਂ ਨੂੰ ਇਕ ਤਾਰ ਭੇਜਣ ਕਿ ਅਸੀਂ ਇਕ ਜਲਸਾ ਕਰਨਾ ਹੈ ਅਤੇ ਉਸ ਵਕਤ ਤਕ ਬੋਲਦੇ ਰਹਾਂਗੇ ਜਦੋਂ ਤਕ ਡਿਪਟੀ ਕਮਿਸ਼ਨਰ ਲੋੜ ਸਮਝ ਕੇ ਸਾਨੂੰ ਗ੍ਰਿਫ਼ਤਾਰ ਨਾ ਕਰ ਲਵੇ। ਮੈਂ ਉਸ ਜਲਸੇ ਦਾ ਸਟੇਜ ਸਕੱਤਰ ਸਾਂ। ਇਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਸਭ ਤੋਂ ਪਹਿਲਾਂ ਮੈਂ ਇਸ ਜਲਸੇ ਵਿਚ ਤਕਰੀਰ ਕੀਤੀ ਅਤੇ ਬਾਅਦ ਵਿਚ ਹੋਰ ਕਈ ਸੱਜਣਾਂ ਨੇ ਤਕਰੀਰ ਕਰਨ ਦੀ ਆਗਿਆ ਮੰਗੀ। ਮੈਂ ਉਨ੍ਹਾਂ ਨੂੰ ਇਸ ਸ਼ਰਤ ‘ਤੇ ਆਗਿਆ ਦਿੱਤੀ ਕਿ ਉਹ ਆਪਣਾ ਨਾਮ ਤੇ ਪਤਾ ਪੁਲਿਸ ਨੂੰ ਦੇਣ। 

੧੯ ਆਦਮੀ ਤਕਰੀਰਾਂ ਕਰ ਚੁੱਕੇ ਸਨ। ਉਸ ਵਕਤ ਸੁਪ੍ਰਿੰਟੈਂਡੈਂਟ ਪੁਲਿਸ ਦੀ ਵਰਦੀ ਵਿਚ ਇਕ ਗੋਰੇ ਨੇ ਆਵਾਜ਼ ਦਿੱਤੀ ਕਿ ਸਰਦਾਰ ਮਹਿਤਾਬ ਸਿੰਘ! ਮੈਂ ਤੁਹਾਨੂੰ ਜਲਸੇ ਰੋਕੂ ਕਾਨੂੰਨ ਦੇ ਅਧੀਨ ਗ੍ਰਿਫ਼ਤਾਰ ਕਰਨਾ ਚਾਹੁੰਦਾ ਹਾਂ। ਮੈਂ ਖਲੋ ਗਿਆ। ਮੈਂ ਆਪਣਾ ਕੰਮ ਇਕ ਹੋਰ ਕਰਣ ਦੇ ਹਵਾਲੇ ਕਰ ਕੇ ਆਪਣੇ ਆਪ ਨੂੰ ਸੁਪ੍ਰਿੰਟੈਂਡੈਂਟ ਪੁਲਿਸ ਦੇ ਸਵਾਲੇ ਕਰ ਦਿੱਤਾ । ਉਸ ਨੇ ਪੰਜ ਹੋਰ ਆਦਮੀਆਂ ਦੇ ਨਾਂ ਲਏ। ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ। ਪੁਲਿਸ ਅਫ਼ਸਰ ਸਾਨੂੰ ਥਾਣੇ ਲੈ ਗਿਆ। ਉਥੇ ਅਸੀਂ ਪਹਿਲੀ ਵਾਰ ਮਿਸਟਰ ਡੰਨਟ ਨੂੰ ਵੇਖਿਆ। 

ਅੱਗੇ ਚੱਲ ਕੇ ਸਰਦਾਰ ਮਹਿਤਾਬ ਸਿੰਘ ਜੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਮੈਨੂੰ ਨਿਸਚਾ ਹੈ ਕਿ ਮਿਸਟਰ ਡੰਨਟ ਦਾ ਸਿਰ ਫਿਰ ਗਿਆ ਹੈ। ਮੇਰੇ ਖਿਆਲ ਵਿਚ ਹਕੂਮਤ ਦੇ ਮੰਤਰੀ ਠੀਕ ਨਹੀਂ। ਮੇਰੀ ਤਕਦੀਰ ਦਾ ਸਾਰੰਸ਼ ਇਹ ਹੈ ਕਿ ਹਕੂਮਤ ਨੇ ਗ਼ਲਤੀ ‘ਤੇ ਗ਼ਲਤੀ ਕੀਤੀ ਹੈ। ਚਾਬੀਆਂ ਨੂੰ ਲੈਣ ਤੇ ਆਪਣੇ ਕੋਲ ਰੱਖਣ ਦੀ ਇਕ ਗ਼ਲਤੀ ਦਾ ਸੁਧਾਰ ਕਰਨ ਦੀ ਥਾਂ ਹੋਰ ਕਈ ਗ਼ਲਤੀਆਂ ਕੀਤੀਆਂ ਹਨ। ਇਸ ਤੋਂ ਜ਼ਾਹਰ ਹੈ ਕਿ ਹਕੂਮਤ ਦਾ ਦਿਮਾਗ਼ ਹਿੱਲ ਗਿਆ ਹੈ। ਅਫ਼ਸੋਸ ਹੈ ਕਿ ੭੫ ਸਾਲ ਦੀ ਹਕੂਮਤ ਕਰਨ ਤੋਂ ਪਿੱਛੋਂ ਵੀ ਸਿੱਖਾਂ ਦੇ ਸੁਭਾਅ ਤੇ ਰੁਚੀਆਂ ਨੂੰ ਉਹ ਨਹੀਂ ਸਮਝ ਸਕੇ। ਮੈਂ ਬੜੇ ਦੁੱਖ ਨਾਲ ਪ੍ਰਗਟ ਕਰਦਾ ਹਾਂ ਕਿ ਮਿਸਟਰ ਡੰਨਟ ਜੈਸੇ ਆਦਮੀ ਨੇ ਅਜਿਹੇ ਬੁਰੇ ਢੰਗ ਨਾਲ ਇਹ ਪ੍ਰਬੰਧ ਕਰਕੇ ਸਿੱਖਾਂ ਨੂੰ ਹਕੂਮਤ ਦੇ ਵਿਰੁੱਧ ਸਦਾ ਲਈ ਭੜਕਾ ਦਿੱਤਾ ਹੈ। ਜਦ ਤੀਕ ਸਿੱਖਾਂ ਵਿਚ ਜਾਨ ਹੈ ਅਸੀਂ ਹਕੂਮਤ ਨੂੰ ਆਪਣੇ ਧਾਰਮਿਕ ਕੰਮਾਂ ਵਿਚ ਦਖਲ ਦੇਣ ਦੀ ਆਗਿਆ ਨਹੀਂ ਦੇਵਾਂਗੇ। 

ਅਦਾਲਤ ਵੱਲੋਂ ਪੁੱਛਿਆ ਗਿਆ ਕਿ ਕੀ ਆਪ ਨੂੰ ਜਲਸਾ-ਰੋਕੂ ਕਾਨੂੰਨ ਲਾਗੂ ਹੋਣ ਬਾਰੇ ਪਤਾ ਸੀ? ਇਸ ਦੇ ਜੁਆਬ ਵਿਚ ਉਨ੍ਹਾਂ ਕਿਹਾ ਕਿ ਮੈਨੂੰ ਇਸ ਦਾ ਪਤਾ ਲੱਗ ਗਿਆ ਸੀ। ਇਸ ਦੇ ਬਾਵਜੂਦ ਮੈਂ ਤਕਰੀਰ ਕੀਤੀ। ਇਸ ਵਿਚ ਕੋਈ ਸ਼ੱਕ ਨਹੀਂ। ਮੈਂ ਮੰਨਦਾ ਹਾਂ । ਮੈਂ ਦੋਸ਼ੀ ਹਾਂ। 

ਇਸ ਤੋਂ ਬਾਅਦ ੩੦ ਨਵੰਬਰ ੧੯੨੧ ਨੂੰ ਇਨ੍ਹਾਂ ਸਿੱਖ ਮੁਖੀਆ ਨੂੰ ਦੁਬਾਰਾ ਪੋਣੇ ਬਾਰ੍ਹਾਂ ਵਜੇ ਮਿਸਟਰ ਕਾਰਨਰ ਦੀ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਦੀ ਕਾਰਵਾਈ ਸ਼ੁਰੂ ਹੋਣ ‘ਤੇ ਸ. ਖੜਕ ਸਿੰਘ ਜੀ ਨੂੰ ਉਨ੍ਹਾਂ ਦਾ ਜ਼ੁਰਮ ਪੜ੍ਹ ਕੇ ਸੁਣਾਇਆ ਗਿਆ ਜਿਸ ਦੇ ਉੱਤਰ ਵਿਚ ਉਨ੍ਹਾਂ ਨੇ ਕਿਹਾ ਕਿ ਇਸ ਮੁਕੱਦਮੇ ਵਿਚ ਸਰਕਾਰ ਇਕ ਪਾਸੇ ਹੈ ਅਤੇ ਜੱਜ ਉਸ ਦਾ ਨੌਕਰ ਹੈ। ਇਸ ਲਈ ਮੈਂ ਕਿਸੇ ਕਿਸਮ ਦਾ ਬਿਆਨ ਦੇਣ ਤੋਂ ਇਨਕਾਰ ਕਰਦਾ ਹਾਂ ਕਿਉਂਕਿ ਮੇਰੀ ਹੈਸੀਅਤ ਸਿੱਖ ਪੰਥ ਦਾ ਪ੍ਰਧਾਨ ਹੋਣ ਦੇ ਨਾਤੇ ਅਮਰੀਕਾ, ਫਰਾਂਸ ਤੇ ਜਰਮਨੀ ਦੇ ਪ੍ਰੈਜ਼ੀਡੈਂਟ ਵਰਗੀ ਹੈ।” 

ਇਸ ਪਿੱਛੋਂ ਕਈ ਸਰਕਾਰੀ ਗਵਾਹੀਆਂ ਹੋਈਆਂ ਜਿਨਾਂ ਵਿਚ ਸ. ਹਰੀ ਸਿੰਘ ਜਲੰਧਰੀ ਨੇ ਕਿਹਾ ਕਿ ਇਹ ਅਦਾਲਤ ਅਜਿਹੀ ਸਰਕਾਰ ਦੀ ਨਿਯੁਕਤ ਕੀਤੀ ਹੋਈ ਹੈ ਜਿਸ ਤੋਂ ਸਾਨੂੰ ਇਨਸਾਫ਼ ਦੀ ਕੋਈ ਆਸ ਨਹੀਂ ਹੈ। ਸਰਕਾਰ ਦੇ ਪ੍ਰਤੀਨਿਧ ਧਾਰਮਿਕ ਤੇ ਸਿਆਸੀ ਇਕੱਠ ਵਿਚ ਫਰਕ ਸਮਝਣ ਵਿਚ ਅਸਫਲ ਹਨ। 

ਮਾਸਟਰ ਸੁੰਦਰ ਸਿੰਘ ਲਾਇਲਪੁਰੀ ਨੇ ਕਿਹਾ ਕਿ “ਕੋਈ ਹਕੂਮਤ ਨਹੀਂ, ਕੋਈ ਅਦਾਲਤ ਨਹੀਂ, ਕੋਈ ਬਿਆਨ ਨਹੀਂ। ਇਹ ਹਕੂਮਤ ਵਿਦੇਸ਼ੀ ਹੈ। ਲੋਕਾਂ ਦੀ ਜ਼ਿੰਮੇਵਾਰ ਨਹੀਂ। ਅਸੀਂ ਉਸ ਪਾਸੋਂ ਇਨ੍ਹਾਂ ਮੁਕੱਦਮਿਆਂ ਵਿਚ ਇਨਸਾਫ਼ ਦੀ ਕੋਈ ਆਸ ਨਹੀਂ ਰੱਖਦੇ ਜਿਨ੍ਹਾਂ ਵਿਚ ਹਕੂਮਤ ਦਾ ਆਪਣਾ ਫਾਇਦਾ ਹੋਵੇ।” 

ਸ. ਗੁਰਚਰਨ ਸਿੰਘ ਵਕੀਲ ਨੇ ਕਿਹਾ, “ਚੂੰਕਿ ਇਸ ਮੁਕੱਦਮੇ ਵਿਚ ਸਰਕਾਰ ਮੁਸਤਗੀਸ ਹੈ, ਮੈਜਿਸਟ੍ਰੇਟ ਉਸ ਦਾ ਮੁਲਾਜ਼ਮ ਹੈ ਅਤੇ ਉਹ ਅਦਾਲਤ ਦੀ ਕੁਰਸੀ ‘ਤੇ ਬੈਠਾ ਹੈ ਇਸ ਲਈ ਇਸ ਅਦਾਲਤ ਨੂੰ ਮੇਰਾ ਮੁਕੱਦਮਾ ਸੁਣਨ ਜਾਂ ਫੈਸਲਾ ਕਰਨ ਦਾ ਕੋਈ ਹੱਕ ਨਹੀਂ। 

ਕਿਉਂਕਿ ਇਸ ਸਰਕਾਰ ਨੇ ਆਪਣੇ ਬਣਾਏ ਹੋਏ ਕਾਨੂੰਨ ਨੂੰ ਆਪ ਹੀ ਤੱਤ ਦਿੱਤਾ ਹੈ। ਕਿਉਂਕਿ ਮੈਨੂੰ ਗ੍ਰਿਫ਼ਤਾਰੀ ਸਮੇਂ ਜ਼ਮਾਨਤ ਕੁੱਡਿਆ ਗਿਆ ਤੇ ਮੈਨੂੰ ਚਾਰ ਦਿਨ ਕਾਨੂੰਨ ਵਿਰੁੱਧ ਹਵਾਲਾਤ ਵਿਚ ਰੱਖਿਆ ਗਿਆ। ਇਸ ਲਈ ਮੈਂ ਅਜਿਹੀ ਸਰਕਾਰ ਦੇ ਮੁਲਾਜ਼ਮ ਨੂੰ ਗਈ ਆਪਣਾ ਜੱਜ ਬਣਾਉਣਾ ਨਹੀਂ ਚਾਹੁੰਦਾ।” 

ਸ. ਭਾਗ ਸਿੰਘ ਵਕੀਲ ਨੇ ਕਿਹਾ, “ਮੈਂ ਇਸ ਅਦਾਲਤ ਨੂੰ ਅਦਾਲਤ ਨਹੀਂ ਸਮਝਦਾ। ਨਾ ਹੀ ਇਸ ਅੰਗਰੇਜ਼ ਸਰਕਾਰ ਪਾਸੋਂ ਇਨਸਾਫ਼ ਦੀ ਆਸ ਰੱਖਦਾ ਹਾਂ। ਇਸ ਲਈ ਬਿਆਨ ਦੇਣਾ ਫ਼ਜੂਲ ਹੈ।” 

੨ ਦਸੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਨੂੰ ਫਿਰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਸ ਵਿਚ ਸ. ਜਸਵੰਤ ਸਿੰਘ ਝਬਾਲ ਨੇ ਆਪਣਾ ਬਿਆਨ ਦਿੰਦੇ ਹੋਇਆਂ ਕਿਹਾ, “ਮੈਂ ਅਜਨਾਲੇ ਦੇ ਵਾਕਿਆਤ ਤੇ ਮਿਸਟਰ ਡੈਨਟ ਦੇ ਲਫਜ਼ ‘ਗਰਮ- ਖਿਆਲੀਏ’ ਸਬੰਧੀ ਕੁਝ ਕਹਿਣਾ ਚਾਹੁੰਦਾ ਹਾਂ। ਮੈਂ ਇਹ ਗੱਲ ਦੱਸਣੀ ਜ਼ਰੂਰੀ ਸਮਝਦਾ ਹਾਂ ਕਿ ਉਹ ਕਿਹੜੀਆਂ ਗੱਲਾਂ ਹਨ ਜਿਨ੍ਹਾਂ ਨੇ ਮੈਨੂੰ ਗਰਮ-ਖਿਆਲੀਆ ਬਣਾਇਆ। ਹਕੂਮਤ ਵੱਲੋਂ ਇਹ ਐਲਾਨ ਕਰਨ ਦੇ ਬਾਵਜੂਦ ਕਿ ਉਹ ਕਿਸੇ ਕੌਮ ਦੇ ਧਾਰਮਿਕ ਕੰਮਾਂ ਵਿਚ ਦਖ਼ਲ ਨਹੀਂ ਦੇਵੇਗੀ, ਕਾਨ੍ਹਪੁਰ ਵਿਚ ਮਸੀਤ ਢਾਹੀ ਗਈ, ਦਿੱਲੀ ਵਿਚ ਗੁਰਦੁਅਰਾ ਰਕਾਬ ਗੰਜ ਦੀ ਕੰਧ ਢਾਹ ਕੇ ਕਈ ਸਾਲ ਤਕ ਬਣਾਉਣ ਦੀ ਆਗਿਆ ਨਹੀਂ ਦਿੱਤੀ ਗਈ, ਸ੍ਰੀ ਦਰਬਾਰ ਸਾਹਿਬ ‘ਤੇ ਕਬਜ਼ਾ ਰੱਖਿਆ ਗਿਆ ਅਤੇ ਪਿਛਲੇ ੬੦ ਸਾਲਾਂ ਦਾ ਅੱਜ ਤਕ ਕੋਈ ਹਿਸਾਬ ਨਹੀਂ ਦਿੱਤਾ ਗਿਆ। ਗੁਰਦੁਆਰਿਆਂ ਦੇ ਮਹੰਤਾਂ, ਪੁਜਾਰੀਆਂ ਤੇ ਮੈਨੇਜਰਾਂ ਦੀ ਇਕ ਚਿੱਠੀ ਰਾਹੀਂ ਹਿਮਾਇਤ ਕੀਤੀ ਗਈ ਜਿਸ ਦੇ ਨਤੀਜੇ ਵਜੋਂ ਸਿੱਖਾਂ ਨੂੰ ਬਹੁਤ ਸਾਰੇ ਕਸ਼ਟ ਝੱਲਣੇ ਪਏ। ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਦੀ ਪੜਤਾਲ ਕਰ ਕੇ ਉਸ ਦੇ ਦੋਸ਼ੀਆਂ ਨੂੰ ਚੰਗੀ ਤਰ੍ਹਾਂ ਸਜ਼ਾ ਤਾਂ ਕੀ ਦੇਣੀ ਸੀ, ਬਲਕਿ ਸਿੱਖਾਂ ਨੂੰ ਹੀ ਜੇਲ੍ਹਾਂ ਵਿਚ ਬੰਦ ਕਰ ਕੇ ਗੁਰਦੁਆਰਾ ਸੁਧਾਰ ਲਹਿਰ ਨੂੰ ਕੁਚਲਣ ਦੇ ਕੋਝੇ ਯਤਨ ਕੀਤੇ ਗਏ। ਹਿੰਦੁਸਤਾਨੀਆਂ ਨਾਲ ਉਨ੍ਹਾਂ ਦੇਸ਼ਾਂ ਵਿਚ ਜਿੱਥੇ ਹਕੂਮਤ ਬਰਤਾਨੀਆ ਦਾ ਰਾਜ ਹੈ, ਉਥੇ ਸਾਡਾ ਉਹੋ ਜਿਹਾ ਹੱਕ ਹੈ, ਜਿਹੋ ਜਿਹਾ ਆਪਣੇ ਦੇਸ਼ ਵਿਚ ਹੈ, ਸਾਡੇ ਨਾਲ ਜ਼ਾਲਮਾਨਾ ਸਲੂਕ ਹੋਇਆ। ਇਸ ਦੀ ਇਕ ਉਦਾਹਰਣ ਕੈਨੇਡਾ ਦੀ ਹੈ। ਹਕੂਮਤ ਨੇ ਕਈ ਵਾਰ ਐਲਾਨ ਕਰ ਕੇ ਇਹ ਗੱਲ ਪ੍ਰਗਟ ਕੀਤੀ ਹੈ ਕਿ ਉਸ ਨੂੰ ਕਿਸੇ ਰੰਗ ਜਾਂ ਨਸਲ ਨਾਲ ਵਿਤਕਰਾ ਨਹੀਂ, ਪਰ ਕਈ ਥਾਵਾਂ ‘ਤੇ ਜੋ ਫੈਸਲੇ ਕੀਤੇ ਹਨ ਉਹ ਇਸ ਐਲਾਨ ਦੇ ਉਲਟ ਹਨ। 

ਹਕੂਮਤ ਨੇ ਹਿੰਦੀਆਂ ਨੂੰ ਬੇਹਥਿਆਰੇ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਰਪਾਨ ਰੱਖਣ ਦੇ ਜ਼ੁਰਮ ਵਿਚ ਕਈ ਤਰ੍ਹਾਂ ਦੀਆਂ ਸਜ਼ਾਵਾਂ ਦਿੱਤੀਆਂ। 

ਅੱਗੇ ਚੱਲ ਕੇ ਕਿਹਾ ਕਿ ੭ ਨਵੰਬਰ ਨੂੰ ਮਿਸਟਰ ਡੰਨਟ ਨੇ ਸ੍ਰੀ ਦਰਬਾਰ ਸਾਹਿਬ ਦੀਆਂ ਚਾਬੀਆਂ ਲਈਆਂ। ਉਸ ਦੇ ਦੂਸਰੇ ਦਿਨ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਕਰੀਰ ਕੀਤੀ। ਉਸ ਤੋਂ ਪਿੱਛੋਂ ੧੪ ਤਰੀਕ ਨੂੰ ਜਦੋਂ ਮਿਸਟਰ ਡੰਨਟ ਨੇ ਆਪਣੀ ਹਕੂਮਤ ਦੇ ਮਾਰਫਤ ਕਪਤਾਨ ਬਹਾਦਰ ਸਿੰਘ ਨੂੰ ਸਰਬਰਾਹ ਨਿਯਤ ਕੀਤਾ ਤਾਂ ਉਸ ਦੇ ਦੂਸਰੇ ਦਿਨ ਮੈਂ ਇਕ ਹੋਰ ਤਕਰੀਰ ਕੀਤੀ। ਮੈਂ ਤੇ ਸ. ਦਾਨ ਸਿੰਘ ਨੇ ਪ੍ਰਬੰਧ ਕੀਤਾ ਕਿ ਇਸ ਸਬੰਧੀ ਕਈ ਥਾਈਂ ਜਲਸੇ ਕੀਤੇ ਜਾਣ। 

ਅਜਨਾਲੇ ਵਾਲਾ ਦੀਵਾਨ ਡਿਸਟ੍ਰਿਕਟ ਗੁਰਦੁਆਰਾ ਕਮੇਟੀ ਵੱਲੋਂ 

ਸੀ। ਇਹ ਮਿਸਟਰ ਡੰਨਟ ਮੰਨ ਚੁੱਕੇ ਹਨ। ਮੈਂ ਇਸ ਹਕੂਮਤ ਤੋਂ ਕਿਸੇ 

ਤਰ੍ਹਾਂ ਦਾ ਇਨਸਾਫ਼ ਨਹੀਂ ਮੰਗਦਾ ਕਿਉਂਕਿ ਮੈਨੂੰ ਇਸ ਤੋਂ ਪਹਿਲੇ 

ਕਈ ਵਾਰੀ ਇਹ ਨਿਸਚਾ ਹੋ ਚੁੱਕਾ ਹੈ ਕਿ ਜਿਸ ਹਕੂਮਤ ਨੇ ਚੌਕੀਦਾਰ 

ਬਣਾਉਣ ਦਾ ਅਧਿਕਾਰ ਵੀ ਆਪਣੇ ਹੱਥ ਵਿਚ ਰੱਖਿਆ ਹੋਇਆ ਹੈ 

ਉਸ ਪਾਸੋਂ ਕਿਸੇ ਤਰ੍ਹਾਂ ਦੇ ਇਨਸਾਫ਼ ਦੀ ਆਸ ਰੱਖਣੀ ਗ਼ਲਤੀ ਹੈ। 

ਪੰਡਿਤ ਦੀਨਾ ਨਾਥ ਨੇ ਕਿਹਾ ਕਿ ਹਕੂਮਤ ਨੇ ਬਿਨਾਂ ਕਾਰਨ ਇਸ ਮੁਕੱਦਮੇ ਵਿਚ ਆਪਣੇ ਆਪ ਨੂੰ ਪਾਉਣ ਦੀ ਭੁੱਲ ਕੀਤੀ ਹੈ। ਧਾਰਮਿਕ ਕੰਮਾਂ ਵਿਚ ਦਖਲ ਦੇਣਾ ਹਕੂਮਤ ਦੀ ਸ਼ਾਨ ਦੇ ਮੁਤਾਬਕ ਨਹੀਂ। ਮੈਂ ਦੱਸਣਾ ਚਾਹੁੰਦਾ ਹਾਂ ਕਿ ਹਕੂਮਤ ਗ਼ਲਤੀ ਕਰ ਰਹੀ ਹੈ। ਇਸ ਨੂੰ ਇਸ ਦਾ ਫਲ ਭੁਗਤਣਾ ਪਵੇਗਾ। ਮਿਸਟਰ ਡੰਨਟ ਨੇ ਮੇਰੇ ‘ਤੇ ਇਹ ਦੂਸ਼ਣ ਲਾਇਆ ਹੈ ਕਿ ਮੈਂ ਬਾਗ਼ੀਆਨਾ ਤਕਰੀਰਾਂ ਕਰਦਾ ਹਾਂ। ਜੇ ਦੇਸ਼ ਦੀ ਸੇਵਾ ਕਰਨਾ ਬਗ਼ਾਵਤ ਹੈ ਤਾਂ ਮੈਂ ਵਾਕਿਆ ਹੀ ਬਾਗ਼ੀ ਹਾਂ। 

ਸ. ਦਾਨ ਸਿੰਘ ਵਿਛੋਆ ਨੇ ਕਿਹਾ, “ਮੈਂ ਨਾ-ਮਿਲਵਰਤਨੀਆ ਨਹੀਂ ਸਾਂ। ਮੇਰੇ ਦਾਦਾ ਸ. ਹੀਰਾ ਸਿੰਘ ਗ਼ਦਰ ਵਿਚ ਕਮਿਸ਼ਨਡ ਅਫ਼ਸਰ ਸਨ। ਮੇਰੇ ਪਿਤਾ ਰਾਏ ਬਹਾਦੁਰ ਡਾ. ਗੰਗਾ ਸਿੰਘ ਸਿਵਲ ਸਰਜਨ ਸਨ। ਮੈਨੂੰ ਮਿਸਟਰ ਕਿੰਗ ਨੇ ਦਰਬਾਰੀ ਬਣਾਇਆ। ਮੈਂ ਜ਼ਿਲ੍ਹਾ ਅੰਮ੍ਰਿਤਸਰ ਤੋਂ ਬਾਹਰ ਲੱਗਭਗ ੨੦੦੦ ਮਾਮਲਾ ਜ਼ਮੀਨ ਦਿੰਦਾ ਹਾਂ। ਮਾਰਸ਼ਲ ਲਾਅ ਦੇ ਦਿਨਾਂ ਵਿਚ ਹਕੂਮਤ ਨੇ ਜੋ ਵਰਤਾਉ ਲੋਕਾਂ ਨਾਲ ਕੀਤਾ, ਉਸ ਨੂੰ ਵੇਖ ਕੇ ਮੈਂ ਸਰਕਾਰ ਨਾਲੋਂ ਅੱਡ ਹੋ ਗਿਆ। ਪਹਿਲੀ ਵੇਰ ਮੇਰੀ ਅੱਖ ਉਦੋਂ ਖੁੱਲ੍ਹੀ ਜਦੋਂ ਸਰਕਾਰ ਦਾ ਮੁਸਲਮਾਨਾਂ ਦੇ ਧਾਰਮਿਕ ਅਸਥਾਨਾਂ ਨਾਲ ਵਰਤਾਉ ਵੇਖਿਆ। ਦੂਜੀ ਵਾਰ ਮੇਰੀ ਅੱਖ ਉਦੋਂ ਖੁੱਲ੍ਹੀ ਜਦੋਂ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਸਬੰਧੀ ਸਰਕਾਰ ਨੇ ਆਪਣਾ ਪੱਖ ਸਾਫ ਨਹੀਂ ਕੀਤਾ। ਉਦੋਂ ਤੋਂ ਮੈਂ ਸਰਕਾਰ ਨੂੰ ਉਸ ਦੇ ਅਸਲੀ ਰੂਪ ਵਿਚ ਦੇਖਣਾ ਸ਼ੁਰੂ ਕੀਤਾ। ਇਹ ਅਨੁਭਵ ਕੀਤਾ ਕਿ ਹਰ ਹਿੰਦੁਸਤਾਨੀ ਦਾ ਫਰਜ਼ ਹੈ ਕਿ ਉਹ ਮਾਤ੍ਰ- ਭੂਮੀ ਦੀ ਇੱਜ਼ਤ ਲਈ ਸ਼ਾਂਤਮਈ ਰਹਿੰਦੇ ਹੋਏ ਹਰ ਤਰ੍ਹਾਂ ਦੀ ਕੁਰਬਾਨੀ ਕਰੇ। ਜੇ ਸਿੱਖ ਕੌਮ ਇਹ ਫੈਸਲਾ ਕਰਦੀ ਹੈ ਇਹ ਬਦਮਾਸ਼ ਮਹੰਤਾਂ ਨੂੰ ਗੁਰਦੁਆਰਿਆਂ ਵਿੱਚੋਂ ਕੱਢ ਦਿੱਤਾ ਜਾਏ ਜੋ ਦੇਸ਼ ਅਤੇ ਕੌਮ ਦੇ ਵਿਰੁੱਧ ਚੱਲਦੇ ਹਨ ਤਾਂ ਸਰਕਾਰ ਇਸ ਵਿਚ ਦਖ਼ਲ ਕਿਉਂ ਦਿੰਦੀ ਹੈ?  

ਦਾ ਹਰਨਾਮ ਸਿੰਘ ਜ਼ੈਲਦਾਰ ਦੀ ਗ੍ਰਿਫ਼ਤਾਰੀ ਬਾਰੇ ਮਿ. ਡੰਨਟ ਕਹਿੰਦਾ ਹੈ ਕਿ ਉਹ ਦਰਬਾਰ ਵਿਚ ਬੈਠਾ ਸੀ। ਮਿਸਟਰ ਡੰਨਟ ਨੂੰ ਖੱਦਰ ਇਸ ਕਦਰ ਉੱਦ ਕੇ ਬੈਠਾ ਸੀ। ਕੀ ਸਿੰਘ ਦੀ ੪੦ ਸਾਲ ਦੀ ਸੇਵਾ ‘ਤੇ ਪਾਣੀ ਫਿਰ ਗਿਆ। 

ਸਰਕਾਰ ਨੇ ਕਪਤਾਨ ਬਹਾਦਰ ਸਿੰਘ ਘਵਿੰਡ ਜਿਸ ਨੇ ੧੯੧੫ ਵਿਚ ਪ੍ਰਸਿੱਧ ਦੇਸ਼ ਭਗਤ ਸ. ਗੰਗਾ ਸਿੰਘ ਖੁਰਦਪੁਰ ਨੂੰ ਹੋਤੀ ਮਰਦਾਨ ਤੋਂ ਫੜਾਇਆ ਸੀ ਨੂੰ ਕਠਪੁਤਲੀ ਬਣਾ ਕੇ ਵਰਤਣ ਦਾ ਯਤਨ ਕੀਤਾ। ਜਿਸ ਤਰ੍ਹਾਂ ਇਕਦਮ ਫੈਸਲਾ ਕਰ ਕੇ ਸ੍ਰੀ ਦਰਬਾਰ ਸਾਹਿਬ ਦੀਆਂ ਚਾਬੀਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਜ਼ਿਲ੍ਹੇ ਵਿਚ ਗ਼ਲਤਫ਼ਹਿਮੀਆਂ ਫੈਲਾ ਰਹੇ ਹਨ ਉਸ ਦਾ ਪਰਦਾ ਚਾਕ ਹੋ ਚੁੱਕਾ ਹੈ ਜਦਕਿ ਕਪਤਾਨ ਬਹਾਦਰ ਸਿੰਘ ਨੇ ਆਪਣਾ ਅਸਤੀਫਾ ਪੇਸ਼ ਕਰ ਦਿੱਤਾ ਹੈ। ਅੱਗੇ ਚੱਲ ਕੇ ਸ. ਦਾਨ ਸਿੰਘ ਨੇ ਕਿਹਾ ਕਿ ਮੇਰੇ ਦਿਲ ਵਿਚ ਮੌਜੂਦਾ ਸਰਕਾਰ ਲਈ ਕੋਈ ਇੱਜ਼ਤ ਨਹੀਂ ਹੈ, ਨਾ ਮੈਂ ਅਦਾਲਤ ਨੂੰ ਨਿਆਂ ਭਰਪੂਰ ਸਮਝਦਾ ਹਾਂ। ਇਨ੍ਹਾਂ ਦਾ ਸਬੰਧ ਇਕ ਅਜਿਹੀ ਸਰਕਾਰ ਨਾਲ ਹੈ ਜੋ ਸਾਮਰਾਜੀ ਨਸ਼ੇ ਵਿਚ ਚੂਰ ਹੈ। ਮੈਂ ਇਸ ਨੂੰ ਇਕ ਨਾਟਕ ਸਮਝਦਾ ਹਾਂ। ਮੇਰੀ ਧਰਮ ਅਤੇ ਦੇਸ਼ ਪ੍ਰਤੀ ਸੇਵਾ ਤੋਂ ਹਾਕਮ ਖੁਸ਼ ਨਹੀਂ ਹਨ। ਇਹੋ ਹੀ ਮੇਰੀ ਗ੍ਰਿਫ਼ਤਾਰੀ ਦਾ ਕਾਰਨ ਹੈ। ਮੈਂ ਆਪਣਾ ਸਰੀਰ ਸਰਕਾਰ ਦੇ ਸਪੁਰਦ ਕਰਦਾ ਹਾਂ। ਇਸ ਨਾਸ਼ਵਾਨ ਸਰੀਰ ਨਾਲ ਜੋ ਚਾਹੇ ਵਰਤਾਉ ਕਰਨ, ਮੇਰੇ ਲਹੂ ਦਾ ਆਖ਼ਰੀ ਕਤਰਾ ਤੇ ਮੇਰੀਆਂ ਹੱਡੀਆਂ ਦਾ ਆਖਰੀ ਕਿਣਕਾ ਮੌਜੂਦਾ ਸਰਕਾਰ ਨੂੰ ਤਬਾਹ ਕਰਨ ਵਿਚ ਆਪਣੇ ਦੇਸ਼ ਵਾਸੀਆਂ ਦੇ ਨਾਲ ਰਹੇਗਾ। ਮੇਰੀ ਆਤਮਾ ਜੇਲ੍ਹਖਾਨੇ ਵਿਚ ਰਹਿ ਕੇ ਵੀ ਦੇਸ਼ ਦੀ ਆਜ਼ਾਦੀ ਦਾ ਸੰਦੇਸ਼ ਸੰਸਾਰ ਨੂੰ ਦਿੰਦੀ ਰਹੇਗੀ। ਮੈਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਸਮਝਦਾ ਹੋਇਆ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਅੰਗਰੇਜ਼ ਹੁਣ ਹਿੰਦੁਸਤਾਨ ਵਿਚ ਰੱਬ ਤੇ ਪਿਤਾ ਦੀ ਪਦਵੀ ਨਹੀਂ ਰੱਖਦੇ, ਜੇ ਉਨ੍ਹਾਂ ਨੇ ਇਥੇ ਰਹਿਣਾ ਤਾਂ ਨੌਕਰ ਜਾਂ ਛੋਟੇ ਭਰਾ ਦੀ ਹੈਸੀਅਤ ਵਿਚ ਰਹਿ ਸਕਦੇ ਹਨ। ਅਜਨਾਲੇ ਦੇ ਵਾਕਿਆਤ ਇਕ ਡਰਾਮਾ ਹਨ। ਅੰਗਰੇਜ਼ਾਂ ਨੂੰ ਅਕਰਨ ਸਮੇਂ ਉਨ੍ਹਾਂ ਐਲਾਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਉਹ ਕਿਸੇ ਮਜ਼੍ਹਬੀ ਕੰਮਾਂ ਵਿਚ ਦਖ਼ਲ ਨਹੀਂ ਦੇਣਗੇ। ਸਾਨੂੰ ਇਕ ਅਜਿਹੇ ਦੀਵਾਨ ਵਿੱਚੋਂ ਗ੍ਰਿਫ਼ਤਾਰ ਕਰਨਾ ਕਿੱਥੋਂ ਤਕ ਯੋਗ ਹੈ ਜਿੱਥੇ ਅਸੀਂ ਕੀਰਤਨ, ਪਰਮਾਤਮਾ ਦੀ ਸਿਫ਼ਤ-ਸਲਾਹ ਕਰ ਰਹੇ ਸਾਂ? ਇਹ ਦੀਵਾਨ ਅਸੀਂ ਸਿੱਖ-ਪੰਥ ਦੀ ਸਤਿਕਾਰਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਕਮ ਅਨੁਸਾਰ ਕਰ ਰਹੇ ਸਾਂ ਤਾਂ ਕਿ ਉਨ੍ਹਾਂ ਗ਼ਲਤਫ਼ਹਿਮੀਆਂ ਨੂੰ ਦੂਰ ਕੀਤਾ ਜਾ ਸਕੇ ਜੋ ਮਿਸਟਰ ਡੰਨਟ ਵੱਲੋਂ ਇਲਾਕੇ ਵਿਚ ਫੈਲਾਈਆਂ ਜਾ ਰਹੀਆਂ ਸਨ। ਕੀ ਇਹ ਇਨਸਾਫ਼ ਹੈ ਕਿ ਇਕ ਧੜਾ ਸਾਡੇ ਧਾਰਮਿਕ ਕੰਮਾਂ ਸਬੰਧੀ ਗ਼ਲਤ ਬਿਆਨ ਕਰੀ ਜਾਵੇ ਅਤੇ ਸਾਨੂੰ ਉਸ ਸਬੰਧ ਵਿਚ ਕੁਝ ਕਹਿਣ ਵੀ ਨਾ ਦਿੱਤਾ ਜਾਵੇ? 

ਮੈਜਿਸਟ੍ਰੇਟ ਸਾਹਿਬ! ਜੇ ਤੁਸੀਂ ਸੱਚੇ ਈਸਾਈ ਹੋ ਤਾਂ ਦੱਸੋ ਕੈਂਟਰਬਰੀ ਦੇ ਗਿਰਜੇ ਦੀਆਂ ਚਾਬੀਆਂ ਸਿੱਖਾਂ ਦੇ ਹੱਥ ਵਿਚ ਹੋਣ ਤਾਂ ਤੁਹਾਡੇ ਕੀ ਜਜ਼ਬਾਤ ਹੋਣਗੇ ਜਦਕਿ ਸਿੱਖ ਤੁਹਾਨੂੰ ਬੋਲਣ ਨਾ ਦੇਣ? 

ਮਿ. ਡੰਨਟ ਨੇ ਮੇਰੇ ਤੇ ਸ. ਜਸਵੰਤ ਸਿੰਘ ‘ਤੇ ਖਾਸ ਮਿਹਰਬਾਨੀ ਕੀਤੀ ਹੈ। ਉਸ ਨੇ ਆਪਣੇ ਬਿਆਨ ਵਿਚ ਇਹ ਸਾਬਤ ਕੀਤਾ ਹੈ ਕਿ ਅਸੀਂ ਦੋਨੋਂ ਸਿਆਸੀ ਆਦਮੀ ਹਾਂ ਤੇ ਗੁਰਦੁਆਰਾ ਲਹਿਰ ਵਿਚ ਆਪਣਾ ਕੰਮ ਚਲਾਉਣ ਲਈ ਦਾਖਲ ਹੋਏ ਹਾਂ। ਇਹ ਠੀਕ ਹੈ ਕਿ ਸ. ਜਸਵੰਤ ਸਿੰਘ ਡਿਸਟ੍ਰਿਕਟ ਕਮੇਟੀ ਦੇ ਸਕੱਤਰ ਹਨ ਪਰ ਉਹ ਮਿ. ਡੰਨਟ ਨੂੰ ਸਿੱਧੇ ਰਾਹ ਪਾਉਣ ਦੇ ਚਾਹਵਾਨ ਸਨ। ਮਿ. ਡੰਨਟ ਨੂੰ ਉਸ ਦਿਨ ਸਖ਼ਤ ਹਿਦਾਇਤ ਹੋਈ ਜਿਸ ਦਿਨ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਚ ਸਾਨੂੰ ਇਕ ਤੋਂ ਵਧੀਕ ਚੀਫ਼ ਖਾਲਸਾ ਦੀਵਾਨ ਵਾਲਿਆਂ ਨੂੰ ਐਗਜ਼ੈਕਟਿਵ ਕਮੇਟੀ ਵਿਚ ਸ਼ਾਮਲ ਕਰਨ ਲਈ ਕਿਹਾ ਅਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਵਿਚ ਸ਼ਾਮਲ ਕਰਨ ਲਈ ਕਿਹਾ। ਮੈਂ ਤੇ 3 ਉਨ੍ਹਾਂ ਨੂੰ ਸ. ਜਸਵੰਤ ਸਿੰਘ ਨੇ ਸਪੱਸਨ ਲਫ਼ਜ਼ਾਂ ਵਿਚ ਦੱਸ ਦਿੱਤਾ ਸੀ ਕਿ ਅਸੀਂ ਇਨ੍ਹਾਂ ਮਾਮਲਿਆਂ ਵਿਚ ਸਰਕਾਰ ਦਾ ਕੋਈ ਹੁਕਮ ਨਹੀਂ ਮੰਨਾਂਗੇ । ੧੭ ਨਵੰਬਰ ਨੂੰ ਜੋ ਹੜਤਾਲ ਹੋਈ ਉਸ ਤੋਂ ਹੀ ਮਿ. ਡੰਨਟ ਨਾਰਾਜ਼ ਸੀ। ੨੩ ਨਵੰਬਰ ੧੯੨੧ ਨੂੰ ਗੱਗੋਮਾਹਲ ਦੇ ਜਲਸੇ ਵਿਚ ਐਲਾਨ ਕੀਤਾ ਗਿਆ ਸੀ ਕਿ ਮੇਰੇ ਪਿੰਡ ਵਿਛੋਏ ਵੀ ਦੀਵਾਨ ਹੋਵੇਗਾ। ਇਸ ਨੂੰ ਹਾਕਮ ਰੋਕਣਾ ਚਾਹੁੰਦੇ ਸਨ। ਅਖੀਰ ਵਿਚ ਉਨ੍ਹਾਂ ਨੇ ਕਿਹਾ ਕਿ ਮੈਜਿਸਟ੍ਰੇਟ ਸਾਹਿਬ, ਸਾਈਨ ਸੇਵਾਵਾਂ ਦਾ ਜੋ ਹੁਕਮ ਆਪ ਅੱਜ ਤੋਂ ਪਹਿਲਾਂ ਹੀ ਤਜ਼ਵੀਜ਼ ਕਰ ਚੁਕੇ ਹੋ ਸਾਨੂੰ ਸੁਣਾ ਦਿਓ। 

ਦਸੰਬਰ ੧੯੨੧ ਨੂੰ ਮਿ. ਕਾਰਨਰ ਨੇ ਗ੍ਰਿਫ਼ਤਾਰ ਹੋਏ ਲੀਡਰਾਂ ਦੇ ਮੁਕੱਦਮੇ ਦਾ ਫੈਸਲਾ ਸੁਣਾ ਦਿੱਤਾ। ਸ. ਦਾਨ ਸਿੰਘ, ਸ. ਜਸਵੰਤ ਸਿੰਘ, ਸ. ਤੇਜਾ ਸਿੰਘ ਸਮੁੰਦਰੀ ਤੇ ਪੰਡਿਤ ਦੀਨਾ ਨਾਥ ਨੂੰ ਇਕ- ਇਕ ਹਜ਼ਾਰ ਰੁਪਏ ਜੁਰਮਾਨਾ ਤੇ ਪੰਜ-ਪੰਜ ਮਹੀਨੇ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ। ਸ. ਹਰਨਾਮ ਸਿੰਘ ਜ਼ੈਲਦਾਰ ਨੂੰ ਇਕ ਹਜ਼ਾਰ ਰੁਪਏ ਜ਼ੁਰਮਾਨਾ ਤੇ ਚਾਰ ਮਹੀਨੇ ਦੀ ਕੈਦ, ਸ. ਖੜਕ ਸਿੰਘ, ਸ. ਬਹਾਦਰ ਮਹਿਤਾਬ ਸਿੰਘ ਅਤੇ ਸ. ਭਾਗ ਸਿੰਘ ਵਰਲ, ਸ. ਹਰੀ ਸਿੰਘ ਜਲੰਧਰੀ, ਸ. ਗੁਰਚਰਨ ਸਿੰਘ ਵਕੀਲ ਤੇ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਨੂੰ ਛੇ-ਛੇ ਮਹੀਨੇ ਦੀ ਕੈਦ ਸੁਣਾਈ ਗਈ। 

ਇਸ ਦੇ ਵਿਰੋਧ ਵਿਚ ਕਈ ਦੇਸ਼ ਭਗਤਾਂ ਅਤੇ ਸਿੱਖਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਆਪਣੇ ਆਪ ਨੂੰ ਗ੍ਰਿਫ਼ਤਾਰੀਆਂ ਲਈ ਪੇਸ਼ ਕੀਤਾ। 

੬ ਦਸੰਬਰ, ੧੯੨੧ ਈ. ਨੂੰ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰੋਫੈਸਰਾਂ ਨੇ ਵੀ ਦੋ ਮਤੇ ਪਾਸ ਕੀਤੇ:- 

੧. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਜਥੇਬੰਦੀ ਹੈ, 

ਇਸ ਲਈ ਚਾਬੀਆਂ ਇਸੇ ਨੂੰ ਦਿੱਤੀਆਂ ਜਾਣ। 

*2. ਚਾਬੀਆਂ ਸਬੰਧੀ ਦੀਵਾਨ ਧਾਰਮਿਕ ਦੀਵਾਨ ਹਨ। 

ਇਸ ਨਾਲ ਸਰਕਾਰ ਨੂੰ ਬਹੁਤ ਘਾਟਾ ਪਿਆ ਕਿਉਂਕਿ ਇਹ ਤਿਆਨ ਅਖ਼ਬਾਰਾਂ ਵਿਚ ਵੀ ਛਪ ਗਿਆ ਸੀ। 

੧ ਜਨਵਰੀ, ੧੯੨੨ ਈ. ਬਾਵਾ ਪ੍ਰਦੁਮਣ ਸਿੰਘ ਦੀ ਪ੍ਰਧਾਨਗੀ ਹੇਠ ਸੋਢੀਆਂ, ਬੇਦੀਆਂ ਅਤੇ ਭੱਲਿਆਂ ਦੀ ਅੰਮ੍ਰਿਤਸਰ ਵਿਚ ਇਕ ਕਾਨਫਰੰਸ ਹੋਈ ਜਿਸ ਵਿਚ ਉਨ੍ਹਾਂ ਨੇ ਸਰਕਾਰ ਵਿਰੁੱਧ ਮਤਾ ਪਾਸ ਕਰ ਦਿੱਤਾ। 

੫ ਜਨਵਰੀ, ੧੯੨੨ ਈ. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ‘ਤੇ ਸਰਕਾਰ ਨੇ ਚਾਬੀਆਂ ਦੇਣੀਆਂ ਚਾਹੀਆਂ ਪਰ ਅਕਾਲੀਆਂ ਨੇ ਚਾਬੀਆਂ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਪਹਿਲਾਂ ਕੈਦੀਆਂ ਨੂੰ ਰਿਹਾਅ ਕਰਨ ਦੀ ਸ਼ਰਤ ਰੱਖੀ। ੧੧ ਜਨਵਰੀ, ੧੯੨੨ ਈ. ਨੂੰ ਸਰਕਾਰ ਨੇ ਸਰ ਜਾਨ ਐਨਾਰਡ ਰਾਹੀਂ ਪੰਜਾਬ ਕੌਂਸਲ ਵਿਚ ਗ੍ਰਿਫ਼ਤਾਰ ਕੀਤੇ ਗਏ ਸਾਰੇ ਸਿੱਖਾਂ ਨੂੰ ਰਿਹਾਅ ਕਰਨ ਦਾ ਐਲਾਨ ਕਰ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਮਾਣਿਤ ਜਮਾਤ ਮੰਨ ਲਿਆ ਗਿਆ। ੧੭ ਜਨਵਰੀ, ੧੯੨੨ ਈ. ਨੂੰ ੧੯੩ ਵਿੱਚੋਂ ੧੫੦ ਸਿੱਖਾਂ ਨੂੰ ਰਿਹਾਅ ਕਰ ਦਿੱਤਾ । ੧੯ ਜਨਵਰੀ, ੧੯੨੨ ਈ: ਨੂੰ ਰਿਹਾਅ ਹੋਏ ਸਿੱਖ ਅੰਮ੍ਰਿਤਸਰ ਪੁੱਜੇ, ਸੰਗਤਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਸ ਦਿਨ ਸ਼ਾਮ ਦੇ ੬ ਵਜੇ ਸ. ਖੜਕ ਸਿੰਘ ਜੀ ਅਤੇ ਹੋਰ ਸਿੱਖ ਮੁਖੀ ਅਕਾਲ ਤਖ਼ਤ ਸਾਹਿਬ ‘ਤੇ ਪਹੁੰਚੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਭਾਰੀ ਦੀਵਾਨ ਸਜਿਆ। ਤਖ਼ਤ ਸਾਹਿਬ ਵੱਲੋਂ ਰਿਹਾਅ ਹੋ ਕੇ ਆਏ ਮੁਖੀਆਂ ਨੂੰ ਸਿਰੋਪੇ ਦਿੱਤੇ ਗਏ। ਉਸ ਸਮੇਂ ਦੀਵਾਨ ਵਿਚ ਐਲਾਨ ਕੀਤਾ ਗਿਆ ਕਿ ਡਿਸਟ੍ਰਿਕਟ ਜੱਜ ਦਾ ਕਲਰਕ ਸ੍ਰੀ ਦਰਬਾਰ ਸਾਹਿਬ ਦੀਆਂ ਚਾਬੀਆਂ ਸਪੁਰਦ ਕਰਨ ਲਈ ਲੈ ਕੇ ਆਇਆ ਹੈ। ਉਸ ਨੇ ਤੋਸ਼ੇਖਾਨੇ ਦੀਆਂ ਚਾਬੀਆਂ ਬਾਬਾ ਖੜਕ ਸਿੰਘ ਜੀ ਨੂੰ ਸੌਂਪਣੀਆਂ ਚਾਹੀਆਂ। ਸਰਕਾਰ ਨੇ ਪੰਡਿਤ ਦੀਨਾ ਨਾਥ ਨੂੰ ਰਿਹਾਅ ਨਹੀਂ ਸੀ ਕੀਤਾ, ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੋਸ-ਮੁਜ਼ਾਹਰਾ ਕੀਤਾ। ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇ ਪੰਡਿਤ ਦੀਨਾ ਨਾਥ ਰਿਹਾਈ ਲਈ ਮੰਗ ਕਰੇ ਤਾਂ ਸਰਕਾਰ ਉਸ ਦੀ ਦਰਖ਼ਾਸਤ ‘ਤੇ ਗੌਰ ਕਰ ਸਕਦੀ ਹੈ। ਕਮੇਟੀ ਦੀ ਇਹ ਸ਼ਰਤ ਸੀ ਕਿ ਜਦ ਤੀਕ ਪੰਡਿਤ ਜੀ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਅਸੀਂ ਚਾਬੀਆਂ ਨਹੀਂ ਲਵਾਂਗੇ । ਅਖੀਰ ਸਰਕਾਰ ਨੇ ਚਾਬੀਆਂ ਦੇ ਮੋਰਚੇ ਵਿਚ ਪੰਡਿਤ ਦੀਨਾ ਨਾਥ ਸਮੇਤ ਕੈਦ ਹੋਏ ਸਾਰੇ ਸਿੱਖਾਂ ਨੂੰ ਰਿਹਾਅ ਕਰ ਦਿੱਤਾ। ਬਾਬਾ ਖੜਕ ਸਿੰਘ ਜੀ ਨੇ ਚਾਬੀਆਂ ਲੈਣ ਤੋਂ ਪਹਿਲਾਂ ਉੱਚੀ ਆਵਾਜ਼ ਵਿਚ ਸੰਗਤ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਚਾਬੀਆਂ ਲੈਣ ਦੀ ਇਜਾਜ਼ਤ ਹੈ ਤਾਂ ਸੰਗਤ ਦੇ ਜੈਕਾਰਿਆਂ ਨਾਲ ਅਸਮਾਨ ਗੂੰਜ ਉੱਠਿਆ। 

ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਲਈ ਇਕ ਕਮੇਟੀ ਬਣਾ ਦਿੱਤੀ ਗਈ ਜਿਸ ਵਿਚ ਭਾਈ ਜੋਧ ਸਿੰਘ, ਸ. ਚਰਨ ਸਿੰਘ, ਬਾਬਾ ਤੇਜਾ ਸਿੰਘ ਤੇ ਪ੍ਰੋਫੈਸਰ ਰਵੇਲ ਸਿੰਘ ਨੇ ਪ੍ਰਬੰਧ ਸਬੰਧੀ ਇਕ ਖਰੜਾ ਪੇਸ਼ ਕੀਤਾ ਜਿਸ ਵਿਚ ਸਾਰਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਚਲਾਉਣ ਦੀ ਸਿਫਾਰਿਸ਼ ਕੀਤੀ ਗਈ ਸੀ। 

ਇਸ ਲੜਾਈ ਦੀ ਜਿੱਤ ਨੂੰ ਆਜ਼ਾਦੀ ਦੀ ਲੜਾਈ ਦੀ ਪਹਿਲੀ ਜਿੱਤ ਕਿਹਾ ਜਾਂਦਾ ਹੈ।  

 

Credit – ਸਿਮਰਜੀਤ ਸਿੰਘ ਕੰਗ  

Leave a comment

error: Content is protected !!