ਚੱਪੜ-ਚਿੜੀ ਦੀ ਲੜਾਈ ਅਤੇ ਖਾਲਸਾ ਰਾਜ ਦੀ ਸਥਾਪਨਾ ਡਾ. ਸੁਖਦਿਆਲ ਸਿੰਘ

ਭੂਮਿਕਾ 

ਹਿੰਦੁਸਤਾਨ ਵਿਚ ਅਨੇਕਾਂ ਲੜਾਈਆਂ ਲੜੀਆਂ ਗਈਆਂ ਹਨ । ਵੈਸੇ ਤਾਂ ਆਰੀਆਂ ਲੋਕਾਂ ਦੇ ਆਉਣ ਤੋਂ ਹੀ ਹਿੰਦੁਸਤਾਨ ਦੀ ਧਰਤੀ ਲੜਾਈਆਂ ਦਾ ਮੈਦਾਨ ਬਣੀ ਹੋਈ ਸੀ ਪਰ ਯੂਨਾਨੀ ਹਮਲਾਵਰਾਂ ਦੇ ਸਮੇਂ ਤੋਂ ਤਾਂ ਇਹ ਖਾਸ ਕਰਕੇ ਜੰਗ-ਭੂਮੀ ਬਣ ਗਈ ਸੀ । ਇਸ ਤਰ੍ਹਾਂ ਦੀਆਂ ਲੜਾਈਆਂ ਜਿਹਲਮ ਤੋਂ ਲੈ ਕੇ ਪਾਣੀਪਤ ਤਕ ਅਨੇਕਾਂ ਥਾਵਾਂ ਤੇ ਲੜੀਆਂ ਗਈਆਂ ਸਨ । ਇਨ੍ਹਾਂ ਹਮਲਾਵਰਾਂ ਨੇ ਪੰਜਾਬ ਦੇ ਜੰਮਪਲਾਂ ਨੂੰ ਜੰਗੀ ਜੋਧੇ ਬਣਾ ਦਿੱਤਾ ਸੀ ਕਿਉਂਕਿ ਹਿੰਦੁਸਤਾਨ ਤੇ ਹਮਲਾ ਕਰਨ ਵਾਲੇ ਨੂੰ ਸਭ ਤੋਂ ਪਹਿਲਾਂ ਪੰਜਾਬੀਆਂ ਨਾਲ ਹੀ ਟੱਕਰ ਲੈਣੀ ਪੈਂਦੀ ਸੀ । ਸਿੰਧ ਦਰਿਆ ਸਾਡੇ ਦੇਸ ਦੀ ਪੱਛਮੀ ਹੱਦ ਸੀ । ਇਸ ਲਈ ਹਮਲਾਵਰ ਨੂੰ ਸਿੰਧ ਦਰਿਆ ਪਾਰ ਕਰਨਾ ਹੀ ਬੜਾ ਔਖਾ ਹੁੰਦਾ ਸੀ । ਸਿੰਧ ਦਰਿਆ ਤੋਂ ਉਰ੍ਹਾਂ ਟੱਪੇ ਹਮਲਾਵਰਾਂ ਨੂੰ ਪੰਜਾਬੀਆਂ ਨੇ ਆਪਣੇ ਹਰ ਇਕ ਦਰਿਆ ਤੇ ਰੋਕਿਆ ਸੀ । ਇਉਂ ਜਿਹਲਮ, ਚਨਾਬ, ਰਾਵੀ, ਬਿਆਸ ਅਤੇ ਸਤਲੁਜ ਆਪੋ-ਆਪਣੀ ਥਾਂ ਤੇ ਦੁਸ਼ਮਣ ਲਈ ਮਜ਼ਬੂਤ ਮੋਰਚੇ ਬਣੇ ਹੋਏ ਸਨ । 

ਬੇਸ਼ੱਕ ਹਮਲਾਵਰਾਂ ਨਾਲ ਹਰ ਸਮੇਂ ਟੱਕਰ ਲੈਣ ਕਰਕੇ ਪੰਜਾਬੀ ਜੰਗੀ ਜੋਧੇ ਬਣ ਗਏ ਸਨ ਅਤੇ ਇਨ੍ਹਾਂ ਨੇ ਹਰ ਹਮਲਾਵਰ ਨੂੰ ਲੋਹੇ ਦੇ ਚਣੇ ਵੀ ਚਬਾਏ ਸਨ ਪਰ ਹਿੰਦੁਸਤਾਨੀ ਸਮਾਜ ਦੀ ਬਰਾਹਮਣਵਾਦੀ (ਵਰਣਾਸ਼ਰਮ) ਵੰਡ ਨੇ ਦੇਸ਼ ਨੂੰ ਬਹੁਤ ਕਮਜ਼ੋਰ ਕਰ ਦਿੱਤਾ ਸੀ । ਸਮਾਜ ਦਾ ਸ਼ੂਦਰ ਵਰਗ ਬਿਲਕੁਲ ਛੁਟਿਆਇਆ ਹੋਇਆ ਸੀ । ਇਸੇ ਵਰਗ ਦੀ ਹੀ ਭਾਰਤੀ ਸਮਾਜ ਵਿਚ ਬਹੁਗਿਣਤੀ ਸੀ । ਇਸ ਤਰ੍ਹਾਂ ਭਾਰਤੀ ਸਮਾਜ ਦਾ ਬਹੁਤ ਵੱਡਾ ਵਰਗ ਬਾਹਰਲੇ ਦੁਸ਼ਮਣ ਨਾਲ ਸਾਂਝੀ ਟੱਕਰ ਲੈਣ ਵਿਚ ਭਾਈਵਾਲ ਨਹੀਂ ਸੀ ਬਣਦਾ । ਭਾਰਤੀ ਸਮਾਜ ਦੀ ਇਹ ਜਾਤ-ਪਾਤੀ ਵੰਡ ਪੰਜਾਬੀਆਂ ਦੀ ਬਹਾਦਰੀ ਨੂੰ ਲੈ ਬੈਠੀ ਸੀ । 

ਭਾਰਤੀ ਸਮਾਜ ਦੀ ਸਰਗਰਮ ਮੱਦਦ ਤੋਂ ਵਾਂਝਾ ਰਹਿਣ ਕਰਕੇ ਪੰਜਾਬ ਵੀ ਦੁਸ਼ਮਣ ਦੇ ਪੈਰਾਂ ਹੇਠ ਲਿਤਾੜਿਆ ਜਾਂਦਾ ਸੀ । ਇਨ੍ਹਾਂ ਲੜਾਈਆਂ ਨੇ ਪੰਜਾਬ ਨੂੰ ਹਿੰਦੁਸਤਾਨ ਦੀ ਖੜਗ ਭੁਜਾ ਜਾਂ ਹਿੰਦੁਸਤਾਨੀ ਸਰਹੱਦਾਂ ਦਾ ਪਹਿਰੇਦਾਰ ਤਾਂ ਬੇਸ਼ੱਕ ਬਣਾ ਦਿੱਤਾ ਸੀ ਪਰ ਭਾਰਤੀ ਸਮਾਜ ਦੀ ਆਪਣੀ ਅੰਦਰੂਨੀ ਕਮਜ਼ੋਰੀ ਨੇ ਇਸ ਦੀ ਬਹਾਦਰੀ ਨੂੰ ਵੀ ਰੋਲ ਸੁੱਟਿਆ ਸੀ । 

ਅੱਠਵੀਂ ਸਦੀ ਤੋਂ ਖਾਸ ਕਰਕੇ ਸਾਡੇ ਦੇਸ਼ ਦੀ ਆਜ਼ਾਦੀ ਨੂੰ ਖ਼ਤਰਾ ਪੈਦਾ ਹੋਇਆ । ਇਸ ਸਮੇਂ ਇਸਲਾਮ ਦੇ ਨਸ਼ੇ ਹੇਠ ਅਰਬ ਹਮਲਾਵਰਾਂ ਨੇ ਸਾਡੇ ਦੇਸ਼ ਤੇ ਹਮਲੇ ਕਰਨੇ ਸ਼ੁਰੂ ਕੀਤੇ । ਇਹ ਹਮਲੇ ਐਸੇ ਸ਼ੁਰੂ ਹੋਏ ਕਿ ਆਖਰ ਸਾਡਾ ਦੇਸ਼ ਇਸਲਾਮੀ ਹਕੂਮਤ ਦਾ – ਗੁਲਾਮ ਹੋ ਗਿਆ । ਫਲਸਰੂਪ ਗਿਆਰਵੀਂ ਸਦੀ ਤੋਂ ਲੈ ਕੇ ਅਠਾਰਵੀਂ ਸਦੀ ਦੇ ਸ਼ੁਰੂ ਤਕ ਹਿੰਦੁਸਤਾਨ ਦੀ ਇਸ ਉੱਤਰ-ਪੱਛਮੀ ਸਰਹੱਦ ਤੇ ਜਿੰਨੀਆਂ ਵੀ ਲੜਾਈਆਂ ਲੜੀਆਂ ਗਈਆਂ ਸਨ ਬਦ-ਕਿਸਮਤੀ ਨਾਲ ਸਾਡੀ ਇਨ੍ਹਾਂ ਸਾਰੀਆਂ ਵਿੱਚ ਹਾਰ ਹੋਈ ਸੀ । ਇਨ੍ਹਾਂ ਹਾਰਾਂ ਦੇ ਕਾਰਨ ਹੀ ਅਸੀਂ ਕਦੇ ਕਾਬਲ ਦੇ ਗੁਲਾਮਾਂ ਦੇ ਗੁਲਾਮ ਹੁੰਦੇ ਰਹੇ; ਕਦੇ ਸੁਲਤਾਨਾਂ ਦੇ ਅਧੀਨ ਅਸੀਂ ਗੁਲਾਮੀ ਦੇਖੀ ਅਤੇ ਕਦੇ ਅਫਗਾਨੀ ਪਠਾਣਾ ਦੀ । ਪਾਣੀਪਤ ਦਾ ਮੈਦਾਨ ਸਾਡੇ ਦੇਸ ਦੀ ਕਿਸਮਤ ਨੂੰ ਘੜਨ ਵਿਚ ਬੜਾ ਨਿਰਣਈ ਰੋਲ ਅਦਾ ਕਰਦਾ ਰਿਹਾ ਹੈ । ਇਥੇ ਪਹਿਲੀ ਲੜਾਈ 21 ਅਪਰੈਲ, 1526 ਨੂੰ ਬਦੇਸ਼ੀ ਹਮਲਾਵਰ ਬਾਬਰ ਅਤੇ ਹਿੰਦੁਸਤਾਨੀ ਲੋਧੀ ਸੁਲਤਾਨ ਇਬਰਾਹੀਮ ਲੋਧੀ ਵਿਚਕਾਰ ਲੜੀ ਗਈ ਸੀ । ਫਿਰ ਪਾਣੀਪਤ ਦੀ ਦੂਜੀ ਲੜਾਈ ਅਕਬਰ ਅਤੇ ਆਦਿਲ ਸ਼ਾਹ ਸੂਰੀ ਵਿਚਕਾਰ 5 ਨਵੰਬਰ, 1556 ਨੂੰ ਲੜੀ ਗਈ ਸੀ । ਪਾਣੀਪਤ ਦੀ ਤੀਜੀ ਲੜਾਈ ਅਹਿਮਦਸ਼ਾਹ ਅਬਦਾਲੀ ਅਤੇ ਮਰਾਠਿਆਂ ਵਿਚਕਾਰ 14 ਜਨਵਰੀ, 1761 ਵਿਚ ਲੜੀ ਗਈ ਸੀ । ਇਨ੍ਹਾਂ ਤਿੰਨਾਂ ਲੜਾਈਆਂ ਵਿਚ ਸਾਡੀ ਹਾਰ ਹੋਈ ਸੀ ਅਤੇ ਇਹ ਤਿੰਨੇ ਲੜਾਈਆਂ ਫੈਸਲਾਕੁੰਨ ਸਨ । ਫੈਸਲਾਕੁੰਨ ਇਸ ਕਰਕੇ ਸਨ ਕਿ ਇਨ੍ਹਾਂ ਤਿੰਨਾਂ ਲੜਾਈਆਂ ਦੇ ਸਿੱਟੇ ਵਜੋਂ ਪਹਿਲੇ ਰਾਜ ਖ਼ਤਮ ਹੋ ਗਏ ਸਨ ਅਤੇ ਨਵੇਂ ਰਾਜ ਸਥਾਪਤ ਹੋ ਗਏ ਸਨ । ਇਸ ਕਰਕੇ ਪਾਣੀਪਤ ਦਾ ਜੰਗੀ ਮੈਦਾਨ ਇਤਿਹਾਸਕ ਤੌਰ ਤੇ ਇਤਨੀ ਮਹੱਤਤਾ ਹਾਸਲ ਕਰ ਗਿਆ ਕਿ ਇਹ ਸਾਡੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਪੱਧਰ ਤੱਕ ਦੀ ਸਿੱਖਿਆ ਦੇ ਸਿਲੇਬਸ ਵਿਚ ਸ਼ਾਮਲ ਹੋ ਗਿਆ ਹੈ । ਇਹ ਜਾਣਦੇ ਹੋਏ ਵੀ ਕਿ ਇਥੇ ਹੋਈਆਂ ਲੜਾਈਆਂ ਸਾਡੀ ਗੁਲਾਮ ਦਾ ਕਾਰਨ ਬਣੀਆਂ ਸਨ ਫਿਰ ਵੀ ਅਸੀਂ ਆਪਣੇ ਵਿਦਿਆਰਥੀਆ ਦੇ ਮਨਾਂ ਵਿਚ ਇਨ੍ਹਾਂ ਦੀ ਯਾਦ ਤਾਜ਼ਾ ਰੱਖਣਾ ਚਾਹੁੰਦੇ ਹਾਂ । 

1469 ਵਿਚ ਗੁਰੂ ਨਾਨਕ ਦੇ ਆਗਮਨ ਨਾਲ ਸਾਡੇ ਦੇਸ਼ ਵਿਚ ਇਕ ਨਵੇਂ ਯੁੱਗ ਦਾ ਪਰਕਾਸ਼ ਹੋਣਾ ਸ਼ੁਰੂ ਹੋਇਆ । ਗੁਰੂ ਨਾਨਕ ਦਾ ਸੰਦੇਸ਼ ਸਮੁੱਚੀ ਮਨੁੱਖਤਾ ਲਈ ਸੀ । ਇਸ ਅਨੁਸਾਰ ਇਹ ਸਰਿਸ਼ਟੀ ਅਕਾਲ ਪੁਰਖ ਦੀ ਸਾਜੀ ਹੋਈ ਹੋਣ ਕਰਕੇ ਇਥੇ ਵਿਚਰਨ ਵਾਲੇ ਸਭ ਵਿਅਕਤੀ ਉਸ ਅਕਾਲ ਪੁਰਖ ਦੀ ਔਲਾਦ ਹਨ। ਇਸ ਲਈ ਇਨ੍ਹਾਂ ਵਿਚ ਕੋਈ ਊਚ-ਨੀਚ, ਅਮੀਰ-ਗਰੀਬ, ਅਤੇ ਕਾਲੇ-ਗੋਰੇ ਦਾ ਕੋਈ ਵਖਰੇਵਾਂ ਨਹੀਂ ਹੋਣਾ ਚਾਹੀਦਾ ਸੀ । ਸਭ ਲੋਕ ਆਪਸ ਵਿਚ ਭਾਈ-ਭਾਈ ਸਨ । ਇਸ ਨਾਲ ਜਾਤ-ਪਾਤ ਵਿਚ ਵੰਡੇ ਭਾਰਤੀ ਸਮਾਜ ਵਿਚ ਭਾਈਚਾਰਕ ਏਕਤਾ ਪੈਦਾ ਹੋਈ । ਸ਼ੂਦਰ ਲੋਕਾਂ ਨੂੰ ਜਦੋਂ ਆਪਸੀ ਭਾਈਚਾਰੇ ਦਾ ਅਹਿਸਾਸ ਹੋਇਆ ਤਾਂ ਉਹ ਇਕ-ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਗੁਰੂ ਸਾਹਿਬਾਨ ਦੀ ਅਗਵਾਈ ਹੇਠ ਆ ਖੜੇ ਹੋਏ । ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਛਕਾ ਕੇ ਜਦੋਂ ਇਨ੍ਹਾਂ ਹੀ ਸ਼ੂਦਰ ਲੋਕਾਂ ਨੂੰ ਹਥਿਆਰਬੰਦ ਕਰਕੇ ਘੋੜ ਸੁਆਰਾ ਬਣਾ ਦਿਤਾ ਤਾਂ ਪੰਜਾਬ ਦੀ ਧਰਤੀ ਤੇ ਇਕ ਇਨਕਲਾਬ ਆ ਗਿਆ ਸੀ । ਇਸ ਇਨਕਲਾਬ ਨੇ ਸਦੀਆਂ ਤੋਂ ਸਥਾਪਤ੍ਵ ਹੋਏ ਬਾਦਸ਼ਾਹਾਂ ਦੇ ਤਾਜਾਂ ਨੂੰ ਖੋਹ ਲਿਆ ਸੀ, ਜ਼ੱਦੀ-ਪੁਸ਼ਤੀ ਜਰਨੈਲਾਂ ਨੂੰ ਮਿੱਟੀ ਵਿਚ ਮਧੋਲ ਸੁੱਟਿਆ ਸੀ ਅਤੇ ਲੜਾਈ ਦੇ ਮੈਦਾਨਾਂ ਵਿਚ ਨਵੇਂ ਦਿਸ -ਹੱਦੇ ਕਾਇਮ ਕਰ ਦਿੱਤੇ ਸਨ । 

ਜਿਸ ਲੜਾਈ ਦੀ ਅਸੀਂ ਗੱਲ ਕਰਨਾ ਚਾਹੁੰਦੇ ਤਾਂ ਉਹ ਲੜਾਈ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਸਾਜੇ ਹੋਏ ਸੂਰਮੇ ਜੋਧਿਆਂ ਨੇ ਹੀ ਲੜੀ ਸੀ । ਇਹ ਚੱਪੜ-ਚਿੜੀ ਦੀ ਲੜਾਈ ਸੀ । ਸਦੀਆਂ ਦੀ ਗੁਲਾਮੀ ਬਾਅਦ ਇਹ ਪਹਿਲੀ ਲੜਾਈ ਸੀ ਜਿਹੜੀ ਖਾਲਸੇ ਨੇ ਬੰਦਾ ਸਿੰਘ ਬਹਾਦੁਰ ਦੀ ਅਗਵਾਈ ਹੇਠ ਬਦੇਸ਼ੀ ਹਕੂਮਤ ਦੀਆਂ ਸੈਨਾਵਾਂ ਨਾਲ ਲੜੀ ਸੀ । ਇਹ ਪਹਿਲੀ ਲੜਾਈ ਸੀ ਜਿਸ ਵਿਚ ਇਸਲਾਮੀ ਫੌਜਾਂ ਦੀ ਹਾਰ ਹੋਈ ਸੀ ਅਤੇ ਇਸ ਹਾਰ ਬਾਅਦ ਪੰਜਾਬ ਵਿਚ ਸਤਲੁਜ ਦਰਿਆ ਤੋਂ ਲੈ ਕੇ ਜਮੁਨਾ ਦਰਿਆ ਦੀ ਵਿਚਕਾਰਲੀ ਧਰਤੀ ਤੋਂ ਇਸਲਾਮੀ ਰਾਜ ਖ਼ਤਮ ਹੋ ਗਿਆ ਸੀ । ਇਹ ਖੇਤਰ ਸਰਹਿੰਦ ਦੇ ਪਰਾਂਤ ਦਾ ਸੀ । ਇਸ ਦਾ ਸੂਬੇਦਾਰ ਵਜ਼ੀਰ ਖਾਨ ਸੀ । ਵਜ਼ੀਰ ਖਾਨ ਬੜਾ ਤਜਰਬੇਕਾਰ ਅਤੇ ਨਿਪੁੰਨ ਪਰਬੰਧਕ ਅਤੇ ਜਰਨੈਲ ਸੀ । ਦਿੱਲੀ ਵਿਚਲੀ ਬਾਦਸ਼ਾਹੀ ਵੀ ਅਜੇ ਕਮਜ਼ੋਰ ਨਹੀਂ ਹੋਈ ਸੀ । ਪੰਜਾਬ ਵਿਚਲੇ ਅਧਿਕਾਰੀ ਤਾਂ ਆਪਣੇ-ਆਪ ਵਿਚ ਮੰਨੇ-ਪਰਮੰਨੇ ਅਧਿਕਾਰੀ ਸਨ । ਇਥੋਂ ਦੀ ਆਬਾਦੀ ਵੀ ਪੂਰੀ ਤਰ੍ਹਾਂ ਮੁਗਲ ਰਾਜ ਦੇ ਨਾਲ ਸੀ । ਦਿੱਲੀ ਦੇ ਐਨ ਪੈਰਾਂ ਵਿਚ ਹੋਣ ਕਰਕੇ ਸਰਹਿੰਦ ਦਾ ਪਰਾਂਤ ਪੂਰੀ ਤਾਕਤ ਵਾਲਾ ਪਰਾਂਤ ਸੀ । ਇਸ ਕਰਕੇ ਇਹ ਮੰਨ ਲੈਣਾ ਕਿ ਇਸ ਸਮੇਂ ਮੁਗਲ ਸਾਮਰਾਜ ਕਮਜ਼ੋਰ ਹੋ ਗਿਆ ਸੀ ਗਲਤ ਹੋਵੇਗਾ।  

ਗੁਰੂ ਗੋਬਿੰਦ ਸਿੰਘ ਜੀ ਗੁਰੂ ਸਨ । ਗੁਰੂ ਦੇ ਵਿਚਰਨ ਦਾ ਅਤੇ ਸੋਚਣ ਦਾ ਢੰਗ ਵੀ ਸਿੱਖਿਆ ਦੇਣ ਵਾਲਾ ਹੁੰਦਾ ਹੈ। ਗੁਰੂ ਕਿਸੇ ਦਾ ਦੁਸ਼ਮਣ ਨਹੀਂ ਹੁੰਦਾ। ਗੁਰੂ ਕਿਸੇ ਵਿਅਕਤੀ ਨੂੰ ਨਹੀਂ ਮਾਰਦਾ ਗੁਰੂ ਤਾਂ ਸਿਰਫ਼ ਬੁਰੀ ਮੱਤ ਨੂੰ ਮਾਰਦਾ ਹੈ । ਗੁਰੂ ਲੜਾਈ ਦੇ ਮੈਦਾਨ ਵਿਚ ਵੀ ਇਕ ਗੁਰੂ ਦੇ ਵਾਂਗ ਹੀ ਵਿਚਰਦਾ ਹੈ । ਇਸ ਲਈ ਗੁਰੂ ਗੋਬਿੰਦ ਸਿੰਘ ਨੇ ਗਰੀਬ ਜਾਤੀਆਂ ਅਤੇ ਕਿਰਤ ਕਰਨ ਵਾਲੇ ਲੋਕਾਂ ਨੂੰ ਜੰਗੀ ਜੋਧੇ ਤਾਂ ਬਣਾ ਦਿੱਤਾ ਸੀ ਪਰ ਉਹ ਹਰ ਸਮੇਂ ਸਿਰਫ ਬਚਾਉ ਦੀ ਲੜਾਈ ਹੀ ਲੜਦੇ ਰਹੇ ਸਨ । ਗੁਰੂ ਜੀ ਆਪਣਾ ਅਪਾਰ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੇ ਬਾਵਜੂਦ ਵੀ, ਉਨ੍ਹਾਂ ਲੋਕਾਂ ਦੇ ਦੁਸ਼ਮਣ ਨਹੀਂ ਬਣੇ ਜਿਨ੍ਹਾਂ ਨੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ ਸੀ । ਪਰ ਜਦੋਂ ਉਨ੍ਹਾਂ ਨੇ ਆਪਣੇ ਅੰਤਮ ਸਮੇਂ ਬੰਦਾ ਸਿੰਘ ਬਹਾਦੁਰ ਨੂੰ ਖਾਲਸੇ ਦਾ ਜੰਗੀ ਨੇਤਾ ਨਿਯੁੱਕਤ ਕੀਤਾ ਸੀ ਤਾਂ ਇਸ ਜੰਗੀ ਜਰਨੈਲ ਨੇ ਜਰਨੈਲਾਂ ਵਾਲਾ ਹੀ ਕੰਮ ਕਰਨਾ ਸੀ । ਗੁਰੂ ਗੋਬਿੰਦ ਸਿੰਘ ਅਤੇ ਬੰਦਾ ਸਿੰਘ ਵਿਚਕਾਰ ਇਹ ਹੀ ਅੰਤਰ ਸੀ । ਗੁਰੂ ਜੀ ਕੇਵਲ ਗੁਰੂ ਸਨ ਜਦੋਂ ਕਿ ਬੰਦਾ ਸਿੰਘ ਬਹਾਦਰ ਕੇਵਲ ਤੇ ਕੇਵਲ ਗੁਰੂ ਦਾ ਸਿੰਘ ਸੀ । ਗੁਰੂ ਅਤੇ ਗੁਰੂ ਦੇ ਸਿੰਘ ਵਿਚਕਾਰ ਫਰਕ ਤਾਂ ਹੁੰਦਾ ਹੀ ਹੈ । ਗੁਰੂ ਨੂੰ ਗੁਰੂ ਹੋਣ ਕਰ ਕੇ ਅਨੇਕਾਂ ਗੱਲਾਂ ਵਲ ਧਿਆਨ ਰੱਖਣਾ ਪੈਦਾ ਹੈ । ਜਦੋ ਕਿ ਗੁਰੂ ਦਾ ਸਿੰਘ ਇਸ ਤਰ੍ਹਾਂ ਦੀਆਂ ਜਿੰਮੇਵਾਰੀਆਂ ਤੋਂ ਮੁਕਤ ਹੁੰਦਾ ਹੈ । ਇਸੇ ਹੀ ਰੋਸ਼ਨੀ ਵਿਚ ਦੇਖਿਆਂ ਦੋਹਾਂ ਵਲੋਂ ਕੀਤੀਆਂ ਗਈਆਂ ਲੜਾਈਆਂ ਦੇ ਅੰਤਰ ਨੂੰ ਦੇਖਣਾ ਚਾਹੀਦਾ ਹੈ । ਗੁਰੂ ਜੀ ਹਰ ਸਮੇਂ ਸਿਰਫ ਬਚਾਓ ਦੀ ਹੀ ਲੜਾਈ ਲੜਦੇ ਸਨ ਅਤੇ ਰਾਜਨੀਤਕ ਪਰਾਪਤੀਆਂ ਤੋਂ ਪਰੇ ਸਨ । ਬੰਦਾ ਸਿੰਘ ਬਹਾਦਰ ਨੇ ਹਰ ਚਾਲ ਰਾਜਨੀਤੀ ਨੂੰ ਸਾਹਮਣੇ ਰੱਖ ਕੇ ਚੱਲਣੀ ਸੀ । ਉਸ ਦੀ ਹਰ ਜਿੱਤ ਨੇ ਇਕ ਨਵੀਂ ਰਾਜਨੀਤਕ ਪਰਾਪਤੀ ਕਰਨੀ ਸੀ ਅਤੇ ਉਸ ਦੀ ਹਰ ਇਕ ਹਾਰ ਨੇ ਰਾਜਨੀਤਕ ਤੌਰ ਤੇ ਸੱਟ ਮਾਰਨੀ ਸੀ । ਰਾਜਨੀਤੀ ਵਿਚ ਬਚਾਓ ਤਾਂ ਕਰਨਾ ਹੀ ਹੁੰਦਾ ਹੈ ਸਗੋਂ ਹਮਲਾਕਰੂ ਨੀਤੀ ਵੀ ਅਪਣਾਉਣੀ ਪੈਂਦੀ ਹੈ । ਅਸਲ ਵਿਚ ਰਾਜਨੀਤੀ ਵਿਚ ਹਮਲਾਕਰੂ ਨੀਤੀ ਹੀ ਅਪਣਾਉਣੀ ਜਰੂਰੀ ਹੁੰਦੀ ਹੈ ਅਤੇ ਬੰਦਾ ਸਿੰਘ ਬਹਾਦਰ ਨੇ ਇਕ ਦਮ ਅਤੇ ਪੂਰੀ ਤਰ੍ਹਾਂ ਸਪਸ਼ਟ ਰੂਪ ਵਿਚ ਹਮਲਾਕਰੂ ਨੀਤੀ ਅਪਣਾਈ ਸੀ । 

ਬੰਦਾ ਸਿੰਘ ਬਹਾਦਰ ਹੀ ਇਕ ਐਸਾ ਨੇਤਾ ਸੀ ਜਿਸ ਨੇ ਹਮਲਾਕਰੂ ਨੀਤੀ ਵੀ ਅਪਣਾਈ ਸੀ ਅਤੇ ਰਾਜ ਵੀ ਸਥਾਪਿਤ ਕੀਤਾ ਸੀ। ਰਾਜ ਸਥਾਪਤ ਕਰਨ ਸਮੇਂ ਵੀ ਉਸ ਨੇ ਆਪਣੇ ਗੁਰੂ ਦੇ ਆਸੇ ਅਤੇ ਉਦੇਸ਼ਾਂ ਅਨੁਸਾਰ ਹੀ ਆਪਣੇ ਰਾਜ ਦੀਆਂ ਨੀਤੀਆਂ ਚਲਾਈਆਂ ਸਨ । ਉਹ ਹਮਲਾ ਵੀ ਇਕ ਸ਼ੇਰ ਦੀ ਤਰ੍ਹਾਂ ਕਰਦਾ ਸੀ ਅਤੇ ਜੇ ਉਹ ਪਿੱਛੇ ਵੀ ਹਟਦਾ ਸੀ ਤਾਂ ਇਕ ਜ਼ਖ਼ਮੀ ਸ਼ੇਰ ਦੀ ਤਰ੍ਹਾਂ ਹੀ ਗੁੱਸੇ ਵਿਚ ਭਰਿਆ-ਪੀਤਾ ਪਿੱਛੇ ਹਟਦਾ ਸੀ । ਦੁਸ਼ਮਣ ਉਸ ਦੇ ਪਿੱਛੇ ਹਟਣ ਸਮੇਂ ਵੀ ਉਸ ਤੋਂ ਡਰਦਾ ਸੀ । ਬੰਦਾ ਸਿੰਘ ਬਹਾਦਰ ਐਸਾ ਸ਼ੇਰ ਮਰਦ ਸੀ ਜਿਸ ਨੇ ਆਪਣੇ ਸਮੇਂ ਦੇ ਬਾਦਸ਼ਾਹਾਂ ਅਤੇ ਜਰਨੈਲਾਂ ਨੂੰ ਆਪਣੀ ਬਹਾਦਰੀ ਦਾ ਲੋਹਾ ਵੀ ਮਨਵਾਇਆ ਸੀ । ਆਪਣੀਆ ਰਾਜਨੀਤਕ ਨੀਤੀਆਂ ਰਾਹੀਂ ਵੀ ਪਰਭਾਵਤ ਕੀਤਾ ਸੀ ਅਤੇ ਆਪਣੀ ਸ਼ਹਾਦਤ ਦੇ ਕੇ ਵੀ ਉਨ੍ਹਾਂ ਦੇ ਮੂਹਾਂ ਵਿਚ ਊਂਗਲੀਆਂ ਪਵਾਈਆਂ ਸਨ । ਉਹ ਐਸਾ ਜਰਨੈਲ ਨਹੀਂ ਸੀ ਜਿਸ ਨੇ ਸਿਰਫ ਹਮਲੇ ਕਰ ਕੇ ਹੀ ਆਪਣੇ ਦੁਸ਼ਮਣ ਨੂੰ ਮਾਰਿਆ ਸੀ ਸਗੋਂ ਉਹ ਐਸਾ ਜਰਨੈਲ ਸੀ ਜਿਸ ਨੇ ਆਪਣੀ ਸ਼ਹਾਦਤ ਦੇ ਕੇ ਵੀ ਆਪਣੇ ਦੇਖਣ ਵਾਲਿਆਂ ਨੂੰ ਹੈਰਾਨ ਕਰ ਦਿੱਤਾ ਸੀ । ਉਸ ਦੇ ਇਕ ਵੀ ਸਾਥੀ ਨੇ ਉਸ ਤੋਂ ਮੂੰਹ ਨਹੀਂ ਮੋੜਿਆ ਸੀ ਅਤੇ ਬੰਦਾ ਸਿੰਘ ਬਹਾਦੁਰ ਨੇ ਵੀ ਆਪਣੇ ਗੁਰੂ ਦੇ ਨਾਂ ਨੂੰ ਵੱਟਾ ਨਹੀਂ ਲੱਗਣ ਦਿੱਤਾ ਸੀ । ਉਸ ਦੇ ਪੁੱਤਰ ਨੂੰ ਉਸ ਦੀ ਗੋਦ ਵਿਚ ਬਿਠਾ ਕੇ ਜ਼ਿਬਾਹ ਕੀਤਾ ਗਿਆ ਸੀ ਪਰ ਉਸ ਗੁਰੂ ਦੇ ਸਿੰਘ ਨੇ ਇਕ ਪਲ ਲਈ ਵੀ ਆਪਣੇ ਗੁਰੂ ਤੋਂ ਬੇਮੁੱਖ ਹੋਣ ਲਈ ਨਹੀਂ ਸੋਚਿਆ ਸੀ । 

ਚੱਪੜ-ਚਿੜੀ ਦੀ ਲੜਾਈ ਇਸੇ ਮਹਾਨ ਜੋਧੇ ਦੀ ਕਮਾਂਡ ਹੇਠ ਲੜੀ ਗਈ ਸੀ । ਇਹ ਲੜਾਈ ਆਪਣੇ-ਆਪ ਵਿਚ ਇਕ ਵਿਸ਼ੇਸ਼ ਦਰਜਾ ਰੱਖਦੀ ਹੈ । ਸਦੀਆਂ ਦੀ ਗੁਲਾਮੀ ਬਾਅਦ ਉੱਤਰੀ ਭਾਰਤ ਵਿਚ ਇਹੀ ਇਕੋ-ਇਕ ਐਸੀ ਲੜਾਈ ਸੀ ਜਿਸ ਵਿਚ ਪਹਿਲੀ ਵਾਰ ਬਦੇਸ਼ੀ ਹਕੂਮਤ ਦੀਆਂ ਸੈਨਾਵਾਂ ਨੂੰ ਹਰਾਇਆ ਗਿਆ ਸੀ । ਐਸੇ ਵਿਸ਼ਾਲ ਪਰਾਂਤ ਵਿਚੋਂ ਮੁਗਲ ਹਕੂਮਤ ਨੂੰ ਖ਼ਤਮ ਕਰ ਦੇਣਾ ਆਪਣੇ ਆਪ ਵਿਚ ਹੀ ਇਕ ਕਰਿਸ਼ਮਾ ਸੀ । ਇਹ ਕਰਿਸ਼ਮਾ ਬੰਦਾ ਸਿੰਘ ਬਹਾਦਰ ਨੇ ਕਰ ਦਿਖਾਇਆ ਸੀ । 

ਚੱਪੜ-ਚਿੱੜੀ ਦੀ ਲੜਾਈ ਵਿਚ ਖਾਲਸਾ ਦਲਾਂ ਅਤੇ ਮੁਗਲ ਸੈਨਾਵਾਂ ਵਿਚਕਾਰ ਕੋਈ ਅਸਾਵਾਂਪਣ ਨਹੀਂ ਸੀ ਸਗੋਂ ਦੇਵੋਂ ਧਿਰਾਂ ਹੀ ਸਾਵਾਂਪਣ ਰੱਖਦੀਆਂ ਸਨ । ਬੰਦਾ ਸਿੰਘ ਬਹਾਦੁਰ ਦੀ ਅਗਵਾਈ ਹੇਠ ਪੂਰੀ ਦੀ ਪੂਰੀ ਸਿੱਖ ਕੌਮ ਉੱਠ ਖੜੀ ਸੀ । ਸਿੱਖਾਂ ਦਾ ਬੱਚਾ-ਬੱਚਾ ਸਰਹਿੰਦ ਉਪਰ ਹਮਲਾ ਕਰਨ ਨੂੰ ਤਿਆਰ ਸੀ ਅਤੇ ਲੜ-ਮਰਨ ਨੂੰ ਤਿਆਰ ਸੀ । ਸਿੱਖ ਸਿਰਫ ਗੁਰੂ ਦੇ ਹੁਕਮ ਨੂੰ ਉਡੀਕ ਰਹੇ ਸਨ । ਜੇਕਰ ਗੁਰੂ ਗੋਬਿੰਦ ਸਿੰਘ ਜੀ ਮੁਕਤਸਰ ਦੀ ਲੜਾਈ ਬਾਅਦ ਹੀ ਹਮਲਾਕਰੂ ਨੀਤੀ ਅਪਣਾਉਣਾ ਚਾਹੁੰਦੇ ਤਾਂ ਉਹ ਵੀ ਪੂਰੀ ਕੌਮ ਨੂੰ ਨਾਲ ਲੈ ਕੇ ਸਰਹਿੰਦ ਉਪਰ ਹਮਲਾ ਕਰ ਸਕਦੇ ਸਨ ਪਰ ਉਹ ਰਾਜਨੀਤਕ ਨੇਤਾ ਨਹੀਂ ਸਨ । ਜਿਉਂ ਹੀ ਬੰਦਾ ਸਿੰਘ ਬਹਾਦਰ ਪੰਜਾਬ ਵਿਚ ਪਹੁੰਚਿਆ ਅਤੇ ਸਿੱਖ ਜਗਤ ਵਿਚ ਉਸ ਦੇ ਪਹੁੰਚਣ ਦੀਆਂ ਖ਼ਬਰਾਂ ਫੈਲੀਆਂ ਤਾਂ ਸਿੱਖ ਜੱਥੇ ਵਹੀਰਾਂ ਘੱਤ ਕੇ ਉਸ ਦੇ ਨਾਲ ਜਾ ਰਲੇ । ਇਹੀ ਕਾਰਣ ਸੀ ਕਿ ਬੰਦਾ ਸਿੰਘ ਬਹਾਦਰ ਨੇ ਅਣਗਿਣਤ ਖਾਲਸਾ ਦਲਾਂ ਨਾਲ ਜਿਧਰ ਵੀ ਮੂੰਹ ਕੀਤਾ ਉਧਰ ਹੀ ਉਹ ਹੜ੍ਹ ਵਾਗ ਵਧਦਾ ਗਿਆ ਸੀ । ਉਸ ਦੇ ਸਾਹਮਣੇ ਕੈਂਥਲ, ਸਮਾਣਾ, ਸਢੌਰਾ ਆਦਿ ਮੁਗਲ ਪਰਗਨੇ ਕੱਖਾ-ਕਾਨਿਆਂ ਵਾਂਗ ਰੁੜ੍ਹ ਗਏ ਸਨ । ਮੁੱਠੀ ਭਰ ਸਿੰਘਾਂ ਨਾਲ ਇਸ ਤਰ੍ਹਾਂ ਦੀ ਜਿੱਤ ਨਹੀਂ ਹੁੰਦੀ ਜਿਸ ਤਰ੍ਹਾਂ ਦੀ ਤਬਾਹੀ ਬੰਦਾ ਸਿੰਘ ਬਹਾਦੁਰ ਨੇ ਸਮਾਣਾ, ਸਢੌਰਾ ਅਤੇ ਸਰਹਿੰਦ ਦੀ ਕੀਤੀ ਸੀ । ਮੁੱਠੀ ਭਰ ਸਿਘ ਦੁਸ਼ਮਣ ਨੂੰ ਗੁਰੀਲਾ ਢੰਗ ਨਾਲ ਤੰਗ ਪਰੇਸ਼ਾਨ ਤਾਂ ਕਰ ਸਕਦੇ ਸਨ ਪਰ ਉਹ ਗਹਿਗੱਚ ਲੜਾਈ ਵਿਚ ਜਿੱਤ ਪਰਾਪਤ ਨਹੀਂ ਸੀ ਕਰ ਕਰਦੇ । 

ਬੰਦਾ ਸਿੰਘ ਬਹਾਦੁਰ ਦੇ ਪਿੱਛੇ ਪੂਰੀ ਦੀ ਪੂਰੀ ਸਿੱਖ ਕੌਮ ਸੀ । ਚੱਪੜ-ਚਿੱੜੀ ਦੀ ਲੜਾਈ ਵਿਚ ਮੁਗਲ ਫੌਜਾਂ ਵੀ ਥੋੜ੍ਹੀਆਂ ਨਹੀਂ ਸਨ । ਮੁਗਲਾਂ ਨੇ ਵੀ ਮੁਸਲਮਾਨਾਂ ਨੂੰ ਜਿਹਾਦ ਦੇ ਨਾਂ ਤੇ ਭੜਕਾ ਕੇ ਇੱਕਠਾ ਕੀਤਾ ਹੋਇਆ ਸੀ । ਇਉਂ ਦੋਵੇ ਧਿਰਾਂ ਵਿਚਕਾਰ ਲੜਾਈ ਸ਼ੁਰੂ ਹੋਈ ਤਾਂ ਸ਼ਾਮ ਤੱਕ ਗਹਿਗੱਚ ਲੜਾਈ ਕਰਦੇ ਹੋਏ ਖਾਲਸਾ ਦਲ ਦੁਸ਼ਮਣ ਨੂੰ ਧੱਕ ਕੇ ਲੈ ਗਏ ਸਨ । ਇਸ ਤਰ੍ਹਾਂ ਇਹ ਲੜਾਈ ਪੂਰੀ ਸਿੱਖ ਕੌਮ ਨਾਲ ਸੀ । ਸਿੱਖਾਂ ਦੀ ਗਿਣਤੀ ਦੁਸ਼ਮਣ ਨਾਲੋਂ ਜ਼ਿਆਦਾ ਸੀ, ਸਿੱਖਾਂ ਦੇ ਹੌਂਸਲੇ ਵੀ ਦੁਸ਼ਮਣ ਨਾਲੋਂ ਜ਼ਿਆਦਾ ਉਚੇਰੇ ਸਨ ਅਤੇ ਸਿੱਖਾਂ ਵਿਚ ਗੁੱਸਾ ਵੀ ਉਨ੍ਹਾਂ ਨੂੰ ਲੜ ਮਰਨ ਲਈ ਪਰੇਰ ਰਿਹਾ ਸੀ। 

ਇਸ ਕਿਤਾਬ ਵਿਚ ਇਸੇ ਲੜਾਈ ਬਾਰੇ ਵਿਸਥਾਰ ਸਾਹਿਤ ਹਾਲ ਦਰਜ ਕੀਤੇ ਗਏ ਹਨ । ਇਹ ਵਿਸ਼ਾ ਹੁਣ ਤੱਕ ਸਾਡੇ ਇਤਿਹਾਸਕਾਰਾਂ ਦੇ ਗਹਿਰੇ ਅਧਿਐਨ ਤੋਂ ਵਾਂਝਾ ਰਿਹਾ ਹੈ । ਇਹ ਲੜਾਈ ਸਾਡੀ ਸਿੱਖਿਆ ਦੇ ਸਿਲੇਬਸਾਂ ਦਾ ਹਿੱਸਾ ਬਣਨਾ ਤਾਂ ਇਕ ਪਾਸੇ ਰਹੀ ਇਹ ਲੜਾਈ ਤਾਂ ਸਾਡੇ ਇਤਿਹਾਸ ਵਿਚ ਵੀ ਵਿਸ਼ੇਸ਼ ਥਾਂ ਨਹੀਂ ਮੱਲ ਸਕੀ । ਨਾ ਇਸ ਮੈਦਾਨ ਨੂੰ ਸੰਭਾਲਿਆ ਗਿਆ ਹੈ ਅਤੇ ਨਾ ਹੀ ਇਸ ਬਾਰੇ ਬਹੁਤਾ ਕੁਝ ਲਿਖਿਆ ਹੀ ਗਿਆ ਹੈ । ਜਿਸ ਥਾਂ ਤੇ ਇਤਨੀ ਮਹੱਤਤਾ ਵਾਲੀ ਲੜਾਈ ਲੜੀ ਗਈ ਹੋਵੇ, ਜਿਸ ਦੇ ਨਤੀਜੇ ਮੁਗਲ ਰਾਜ ਦੇ ਖਾਤਮੇ ਵਿਚ ਅਤੇ ਖਾਲਸਾ ਰਾਜ ਦੀ ਸਥਾਪਨਾ ਵਿਚ ਨਿਕਲੇ ਹੋਣ ਉਸ ਨੂੰ ਅਸੀਂ ਆਪਣੇ ਪਾਠਕਾਂ ਦੇ ਮਨਾਂ ਵਿਚ ਵੀ ਨਹੀਂ ਬਿਠਾ ਸਕੇ । ਚੱਪੜ-ਚਿੜੀ ਦੇ ਮੈਦਾਨ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਹੈ ਕਿ ਇਹ ਕਿਥੇ ਹੈ ਜਾਂ ਕਿਸ ਤਰ੍ਹਾਂ ਦਾ ਹੈ । 

ਅਸਲ ਵਿਚ ਬੰਦਾ ਸਿੰਘ ਬਹਾਦਰ ਬਾਰੇ ਜੋ ਕੁਝ ਵੀ ਹੁਣ ਤਕ ਲਿਖਿਆ ਗਿਆ ਹੈ ਉਹ ਬਹੁਤ ਹੀ ਪੱਖਪਾਤੀ ਅਤੇ ਸੰਪਰਦਾਈ ਸੋਚ ਤੋਂ ਲਿਖਿਆ ਗਿਆ ਹੈ । ਬੰਦਾ ਸਿੰਘ ਬਹਾਦਰ ਸਿੱਖ ਇਤਿਹਾਸ ਦਾ ਐਸਾ ਪਾਤਰ ਹੈ ਜਿਸ ਬਾਰੇ ਇਤਿਹਾਸਕਾਰਾਂ ਨੇ ਸਭ ਕੁਝ ਉਪਲਬਧ ਹੋਣ ਦੇ ਬਾਵਜੂਦ ਜਾਣ-ਬੁੱਝ ਕੇ ਗਲਤ ਲਿਖਿਆ ਹੈ । ਜਿਤਨੇ ਸਮਕਾਲੀ ਸਰੋਤ ਇਸ ਮਹਾਨ ਨੇਤਾ ਦੀਆਂ ਗਤੀਵਿਧੀਆਂ ਬਾਰੇ ਮਿਲਦੇ ਹਨ ਉਤਨੇ ਸਮਕਾਲੀ ਸਰੋਤ ਹੋਰ ਕਿਸੇ ਵੀ ਸਿੱਖ ਨਾਇਕ ਬਾਰੇ ਨਹੀਂ ਮਿਲਦੇ । ਸਭ ਤੋਂ ਵਿਸ਼ੇਸ਼ ਗੱਲ ਇਹ ਹੈ ਕਿ ਕਿਸੇ ਵੀ ਮੁੱਢਲੇ ਇਤਿਹਾਸਕਾਰ ਨੇ ਇਨ੍ਹਾਂ ਸਮਕਾਲੀ ਸਰੋਤਾਂ ਨੂੰ ਨਹੀਂ ਵਰਤਿਆ । ਅਖ਼ਬਾਰ-ਏ- ਦਰਬਾਰ-ਏ-ਮੁਅੱਲਾ, ਫਤੂਹਤਨਾਮਾ-ਏ-ਸਮਦੀ, ਅਸਰਾਰ-ਏ-ਸਮਦੀ ਅਤੇ ਖਾਫ਼ੀ ਖਾਨ ਦੀ ਮੁੰਤਖਾਬ-ਉਲ-ਲੁਬਾਬ ਫਾਰਸੀ ਦੀਆਂ ਸਮਕਾਲੀ ਲਿਖਤਾਂ ਹਨ । ਇਨ੍ਹਾਂ ਵਿਚੋਂ ਕਿਸੇ ਵੀ ਲਿਖਤ ਵਿਚ ਕੋਈ ਐਸਾ ਊਲ-ਜਲੂਲ ਨਹੀਂ ਲਿਖਿਆ ਜੋ ਕੁਝ ਬੰਦਾ ਸਿੰਘ ਬਹਾਦਰ ਬਾਰੇ ਪਿਛਲੇ ਇਤਿਹਾਸਕਾਰਾਂ ਦੀਆਂ ਲਿਖਤਾਂ ਵਿਚ ਮਿਲਦਾ ਹੈ । ਜਿਨ੍ਹਾਂ ਇਤਿਹਾਸਕਾਰਾਂ ਨੇ ਸਰਹਿੰਦ ਦੀ ਤਬਾਹੀ ਬਾਰੇ ਇਹ ਲਿਖਿਆ ਹੈ ਕਿ ਬੰਦਾ ਸਿੰਘ ਨੇ ਮੁਸਲਮਾਨਾਂ ਦੀਆਂ ਧਾਰਮਿਕ ਮਸਜਿਦਾਂ ਢਾਹ ਦਿੱਤੀਆਂ ਸਨ ਜਾਂ ਕਬਰਾਂ ਪੁੱਟ ਦਿੱਤੀਆਂ ਸਨ ਉਨ੍ਹਾਂ ਵਿਚੋਂ ਕਿਸੇ ਨੇ ਵੀ ਸਰਹਿੰਦ ਵਿਚ ਇਸ ਸਮੇਂ ਖੜੀਆਂ ਮਸਜਿਦਾਂ ਜਾਂ ਮਕਬਰਿਆਂ ਨੂੰ ਨਹੀਂ ਦੇਖਿਆ । ਸਿੱਖਾਂ ਦੇ ਸਭ ਤੋਂ ਵੱਡੇ ਦੁਸ਼ਮਣ ਸ਼ੇਖ ਅਹਿਮਦ ਸਰਹਿੰਦੀ ਦੀ ਮਜਾਰ (ਮਕਬਰਾ) ਅਤੇ ਉਸ ਦੀਆਂ ਕਬਰਾਂ ਅੱਜ ਵੀ ਉਸੇ ਤਰ੍ਹਾਂ ਕਾਇਮ ਹਨ । ਇਸ ਤੋਂ ਵੱਡਾ ਹੋਰ ਕੀ ਸਬੂਤ ਹੋਵੇਗਾ ? ਮੁਸਲਮਾਨਾਂ ਦੇ ਖੂਨ ਦਾ ਪਿਆਸਾ ਕਹਿਣ ਵਾਲੇ ਇਤਿਹਾਸਕਾਰਾਂ ਨੇ ਅਖ਼ਬਾਰ-ਏ-ਦਰਬਾਰ- ਏ-ਮੁਅੱਲਾ ਦੀਆਂ ਉਨ੍ਹਾਂ ਖਬਰਾਂ ਨੂੰ ਦੇਖਿਆ ਹੀ ਨਹੀਂ ਜਿਨ੍ਹਾਂ ਵਿਚ ਬਾਦਸ਼ਾਹ ਨੂੰ ਦੱਸਿਆ ਗਿਆ ਸੀ ਕਿ ਬੰਦਾ ਸਿੰਘ ਬਹਾਦਰ ਦੀ ਫੌਜ ਵਿਚ ਪੰਜ ਹਜ਼ਾਰ ਦੇ ਕਰੀਬ ਮੁਸਲਮਾਨ ਸਿਪਾਹੀ ਹਨ ਅਤੇ ਉਹ ਬੜੀ ਆਜ਼ਾਦੀ ਨਾਲ ਪੰਜੇ ਵਖ਼ਤ ਨਿਮਾਜ਼ਾਂ ਪੜ੍ਹਦੇ ਹਨ। 

ਇਸੇ ਤਰ੍ਹਾਂ ਸਿੱਖ ਲੇਖਕਾਂ ਨੇ ਜਾਣ ਬੁੱਝ ਕੇ ਬੰਦਾ ਸਿੰਘ ਬਹਾਦਰ ਦੇ ਖਿਲਾਫ਼ ਲਿਖਿਆ ਹੈ । ਉਸ ਨੂੰ ਇਨ੍ਹਾਂ ਨੇ ਇਕ ਸਾਧ ਤੋਂ ਵੱਧ ਕੁਝ ਸਮਝਿਆ ਹੀ ਨਹੀਂ । ਸਿੱਖ ਲੇਖਕਾਂ ਨੇ ਆਪਣੀਆਂ ਸੰਪਰਦਾਈ ਸੋਚਾਂ ਸਦਕਾ ਬੰਦਾ ਸਿੰਘ ਨੂੰ ਗੁਰੂ ਤੋਂ ਬੇਮੁੱਖ ਹੋਇਆ, ਮਾਤਾ ਸੁੰਦਰੀ ਜੀ ਨਾਲ ਝਗੜਨ ਵਾਲਾ, ਬੰਦਈ ਖਾਲਸੇ ਦੀ ਸਿਰਜਣਾ ਕਰਨ ਵਾਲਾ, ਅਤੇ ਅਖੀਰ ਬਿਨਾਂ ਸ਼ਹੀਦ ਹੋਏ ਚੁੱਪਚਾਪ ਦਿੱਲੀ ਤੋਂ ਖਿਸਕ ਕੇ ਜਮੂੰ ਪਹੁੰਚਿਆ ਦਿਖਾ ਦਿੱਤਾ ਹੈ । ਨਾ ਇਨ੍ਹਾਂ ਲੇਖਕਾਂ ਦੀ ਕੋਈ ਮਿਤੀ ਠੀਕ ਹੈ ਅਤੇ ਨਾ ਹੀ ਇਨ੍ਹਾਂ ਦੀ ਕੋਈ ਦਲੀਲ ਤਰਕਸ਼ੀਲ ਹੈ । ਨਾ ਇਨ੍ਹਾਂ ਸਿੱਖ ਲੇਖਕਾਂ ਨੇ ਬੰਦਾ ਸਿੰਘ ਬਹਾਦਰ ਵਲੋਂ ਜਾਰੀ ਕੀਤੇ ਗਏ ਸਿੱਕੇ ਅਤੇ ਮੋਹਰਾਂ ਦੇਖੀਆਂ ਸਨ ਅਤੇ ਨਾ ਹੀ ਇਨ੍ਹਾਂ ਨੂੰ ਇਸ ਮਹਾਨ ਨਾਇਕ ਦੀ ਸ਼ਹਾਦਤ ਹੀ ਦਿਸੀ ਸੀ । ਬੱਸ ਆਪੋ-ਆਪਣੀ ਸੌੜੀ ਸੋਚ ਕਾਰਨ ਆਪੋ-ਆਪਣੇ ਡੇਰਿਆ ਵਿਚ ਬੈਠੇ ਆਪਣੇ ਖਸਮਾਂ ਦੇ ਇਸ਼ਾਰਿਆਂ ਤੇ ਚਲਦਿਆਂ ਹੋਇਆਂ ਨੇ ਹਰ ਊਲ-ਜਲੂਲ ਲਿਖ ਦਿੱਤਾ ਹੈ । 

ਬੰਦਾ ਸਿੰਘ ਬਹਾਦਰ ਐਸਾ ਸਿੰਘ ਸੀ ਜਿਸ ਨੇ ਗੁਰੂ ਗੋਬਿੰਦ ਜੀ ਵਲੋਂ ਨਿਸ਼ਚਤ ਕੀਤੇ ਖਾਲਸਈ ਮਿਸ਼ਨ ਨੂੰ ਅਮਲੀ ਰੂਪ ਦਿੱਤਾ ਸੀ । ਗੁਰੂ ਗੋਬਿੰਦ ਸਿੰਘ ਇਕ ਸਪਿਰਟ ਸੀ । ਜਦੋਂ ਇਹ ਸਪਿਰਟ ਅੰਮ੍ਰਿਤ ਰਾਹੀਂ ਬੰਦਾ ਸਿੰਘ ਬਹਾਦਰ ਦੇ ਸਰੀਰ ਵਿਚ ਪਰਵੇਸ਼ ਕਰ ਗਈ ਸੀ ਤਾਂ ਉਸ ਨੇ ਪੰਜਾਬ ਦੀ ਧਰਤੀ ਤੇ ਐਸਾ ਇਨਕਲਾਬ ਲੈ ਆਂਦਾ ਸੀ, ਜਿਸ ਨੇ ਸਦੀਆਂ ਤੋਂ ਸਥਾਪਤ ਹੋਏ ਮੁਗਲ ਸਮਰਾਜ ਨੂੰ ਜੜੋਂ ਹਿਲਾ ਦਿਤਾ ਸੀ । ਬੰਦਾ ਸਿੰਘ ਬਹਾਦਰ ਐਸਾ ਸਿੰਘ ਸੀ ਜਿਸ ਨੂੰ ਨਾ ਦੁੱਖ ਮਹਿਸੂਸ ਹੁੰਦਾ ਸੀ ਅਤੇ ਨਾ ਹੀ ਉਸ ਨੂੰ ਰਾਜ- ਭਾਗ ਦੇ ਸੁਖ-ਅਰਾਮ ਵਰਗਲਾ ਸਕਦੇ ਸਨ । ਉਹ ਖੰਡੇ-ਬਾਟੇ ਦੇ ਅੰਮ੍ਰਿਤ ਦੀ ਪਦਾਇਸ਼ ਸੀ ਇਸ ਲਈ ਹੀ ਉਹ ਸਭ ਦੁੱਖਾਂ-ਸੁੱਖਾਂ ਤੋਂ ਉਪਰ ਸੀ, ਸਭ ਡਰਾਂ ਤੋਂ ਮੁਕਤ ਸੀ ਅਤੇ ਸਭ ਲਾਲਸਾਵਾਂ ਤੋਂ ਨਿਰਲੇਪ ਸੀ । ਇਤਿਹਾਸ ਹਮੇਸ਼ਾਂ ਉਨ੍ਹਾਂ ਹੀ ਸੂਰਮਿਆਂ ਨੂੰ ਜਿਉਂਦਾ ਰੱਖਦਾ ਹੈ ਜਿਨ੍ਹਾਂ ਨੇ ਆਪਣਾ ਖੂਨ ਡੋਲ੍ਹ ਕੇ ਨਵੀਆਂ ਪਰੰਪਰਾਵਾਂ ਕਾਇਮ ਕੀਤੀਆਂ ਹੁੰਦੀਆਂ ਹਨ । 

ਅੱਜ ਇਹ ਮਹਾਨ ਸੂਰਮਾ ਸਾਡੀ ਸੌੜੀ-ਸੋਚ ਵਾਲੇ ਬੌਨੇ ਲੇਖਕਾਂ ਦੀਆਂ ਗਲਤ ਬਿਆਨੀਆਂ ਨੂੰ ਖ਼ਤਮ ਕਰਕੇ ਇਕ ਸੂਰਜ ਵਾਂਗ ਸਾਹਮਣੇ ਆ ਰਿਹਾ ਹੈ । 

ਜਨਵਰੀ, 2008 ਵਿਚ ਸ. ਗੁਰਬਖ਼ਸ਼ ਸਿੰਘ ਸ਼ੇਰਗਿੱਲ ਵਲੋਂ ਚੱਪੜ-ਚਿੜੀ ਹੈਰੀਟੇਜ ਕੰਨਕਲੇਵ ਦੇ ਨਾਂ ਹੇਠ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਸ਼ਿਵਾਲਿਕ ਪਬਲਿਕ ਸਕੂਲ ਦੇ ਆਡੀਟੋਰੀਅਮ ਹਾਲ ਅੰਦਰ ਇਕ ਦਿਨ ਦਾ ਸੈਮੀਨਾਰ ਕਰਵਾਇਆ ਗਿਆ ਸੀ । ਇਸ ਸੈਮੀਨਾਰ ਦੀ ਪਰਧਾਨਗੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਜੀ ਨੇ ਕੀਤੀ ਸੀ । ਇਹ ਸੈਮੀਨਾਰ-ਚੱਪੜ-ਚਿੜੀ ਦੀ ਲੜਾਈ ਦੇ ਮੈਦਾਨ ਦੀ ਮਹੱਤਤਾ ਦਰਸਾਉਣ ਲਈ ਕਰਵਾਇਆ ਗਿਆ ਸੀ ਕਿਉਂਕਿ ਪੰਜਾਬ ਸਰਕਾਰ ਨੇ ‘ਗਰੇਟਰ ਮੁਹਾਲੀ’ ਦੇ ਨਾਂ ਹੇਠ ਇਕ ਮੈਗਾ ਪਰਾਜੈਕਟ ਤਿਆਰ ਕਰਵਾਇਆ ਹੈ । ਇਸ ਅਧੀਨ ਐਸ. ਏ. ਐਸ. ਨਗਰ (ਮੁਹਾਲੀ) ਨੂੰ ਹੋਰ ਵਧੇਰੇ ਆਧੁਨਿਕ ਢੰਗ ਨਾਲ ਵਿਕਸਤ ਕਰਨ ਲਈ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਨੂੰ ਐਕੁਆਇਰ ਕੀਤਾ ਗਿਆ ਹੈ । ਚੱਪੜ-ਚਿੜੀ ਦੀ ਲੜਾਈ ਦਾ ਮੈਦਾਨ ਵੀ ਇਸੇ ਸਕੀਮ ਤਹਿਤ ਆਉਣਾ ਸੀ । ਇਸ ਸਕੀਮ ਅਨੁਸਾਰ ਲੜਾਈ ਵਾਲੇ ਮੈਦਾਨ ਵਿਚ ਗੌਲਫ ਕਲੱਬ ਤਿਆਰ ਕਰਵਾਇਆ ਜਾਣਾ ਹੈ । ਗੌਲਫ ਕਲੱਬ ਉੱਚ ਸ਼ਰੇਣੀ ਦੇ ਅਫਸਰਾਂ ਦੀ ਜਾਂ ਅਮੀਰ ਲੋਕਾਂ ਦੇ ਮਨਬਹਿਲਾਵੇ ਵਾਲੀ ਖੇਡ ਹੁੰਦੀ ਹੈ । ਇਸ ਦਾ ਭਾਵ ਹੈ ਕਿ ਜਿਸ ਥਾਂ ਤੇ ਸਾਡੇ ਸ਼ਹੀਦਾਂ ਨੇ ਆਪਣੇ ਵਤਨ ਨੂੰ ਆਜ਼ਾਦ ਕਰਵਾਉਣ ਲਈ ਆਪਣਾ ਖੂਨ ਡੋਲਿਆ ਸੀ ਉਸ ਥਾਂ ਤੇ ਅਮੀਰ ਲੋਕ ਆਪਣੇ ਮਨਪਰਚਾਵੇ ਲਈ ਖੇਡਿਆ ਕਰਨਗੇ । 

ਇਹ ਜੰਗ ਦਾ ਮੈਦਾਨ ਗੌਲਫ ਕਲੱਬ ਦਾ ਰੂਪ ਧਾਰ ਕੇ ‘ਗਰੇਟਰ ਮੁਹਾਲੀ’ ਦੇ ਨਾਂ ਹੇਠ ਆਪਣਾ ਵਜੂਦ ਹੀ ਗੁਆ ਬੈਠੇ ਇਸ ਗੱਲ ਨੂੰ ਰੋਕਣ ਲਈ ਉਕਤ ਸੈਮੀਨਾਰ ਰਾਹੀਂ ਪੰਜਾਬ ਸਰਕਾਰ ਦੇ ਕੰਨਾਂ ਤੱਕ ਅਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ । ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਮੈਨੂੰ ਇਹ ਹੁਕਮ ਕੀਤਾ ਸੀ ਕਿ ਮੈਂ ਚੱਪੜ-ਚਿੱੜੀ ਦੀ ਲੜਾਈ ਅਤੇ ਮੈਦਾਨ ਬਾਰੇ ਹੋਰ ਵਧੇਰੇ ਵਿਸਥਾਰ ਸਾਹਿਤ ਖੋਜ ਕਰਾਂ । ਇਸ ਅਨੁਸਾਰ ਮੈਂ ਇਹ ਲਿਖਤ ਤਿਆਰ ਕਰ ਕੇ ਪਾਠਕਾਂ ਦੇ ਹਥਾਂ ਵਿਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ । ਜਿੰਨੇ ਵੀ ਸਰੋਤ ਮੈਨੂੰ ਇਸ ਲੜਾਈ ਬਾਰੇ ਮਿਲ ਸਕਦੇ ਸੀ ਮੈਂ ਉਹ ਸਾਰੇ ਲੱਭਣ ਦੀ ਕੋਸ਼ਿਸ਼ ਕੀਤੀ ਹੈ । ਲਿਖਤੀ ਸਰੋਤਾਂ ਤੋਂ ਇਲਾਵਾ ਮੈਂ ਇਥੋਂ ਦੇ ਮੁਹਿਤਬਰ ਲੋਕਾਂ ਕੋਲੋਂ ਵੀ ਸਥਾਨਕ ਖੇਤਰ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਹੈ । ਇਨ੍ਹਾਂ ਮੁਹਿਤਬਰ ਸੱਜਣਾਂ ਵਿਚ ਸ਼ਾਮਲ ਹਨ: ਸਰਦਾਰ ਗੁਰਦਿਆਲ ਸਿੰਘ ਜੀ ਸੰਤੇਮਾਜਰਾ, ਸਰਦਾਰ ਜੋਰਾ ਸਿੰਘ ਜੀ ਸਾਬਕਾ ਸਰਪੰਚ ਚੱਪੜ-ਚਿੜੀ ਖੁਰਦ ਅਤੇ ਸਰਦਾਰ ਬਲਵੰਤ ਸਿੰਘ ਜੀ ਸਾਬਕਾ ਸਰਪੰਚ ਚੱਪੜ-ਚਿੜੀ ਕਲਾਂ । ਮੋਟੇ ਮਾਜਰਾ, ਸਨੇਟਾ ਆਦਿ ਪਿੰਡਾਂ ਵਿਚ ਜਾ ਕੇ ਵੀ ਮੈਂ ਸਥਾਨਕ ਪੱਧਰ ਦੀ ਜਾਣਕਾਰੀ ਪਰਾਪਤ ਕੀਤੀ ਹੈ । ਮੇਰੇ ਨਾਲ ਮੇਰੇ ਵਿਭਾਗ ਦੇ ਸਾਬਕਾ ਲੈਕਚਰਾਰ ਸਰਦਾਰ ਅਜੀਤ ਸਿੰਘ ਬੂਰਾ ਅਤੇ ਸਾਬਕਾ ਰੀਡਰ ਡਾ. ਹਿੰਮਤ ਸਿੰਘ ਜੀ ਵੀ ਸਨ । ਲਿਖਤੀ ਸਰੋਤਾਂ ਤੋਂ ਅਤੇ ਸਥਾਨਕ ਸਰਵੇਖਣ ਤੋਂ ਜੋ ਲਿਖਤ ਤਿਆਰ ਕੀਤੀ ਗਈ ਹੈ ਉਹ ਆਪ ਜੀ ਦੇ ਸਾਹਮਣੇ ਹੈ। 

ਪੰਜਾਬ ਇਤਿਹਾਸ ਅਧਿਐਨ ਵਿਭਾਗ, 

ਪੰਜਾਬੀ ਯੂਨੀਵਰਸਿਟੀ, ਪਟਿਆਲਾ ।

ਸੁਖਦਿਆਲ ਸਿੰਘ ਪ੍ਰੋਫੈਸਰ  

ਸਰਹਿੰਦ 

(ਇਤਿਹਾਸਕ ਪਿਛੋਕੜ) 

ਸਰਹਿੰਦ ਦਾ ਵਰਤਮਾਨ ਸ਼ਹਿਰ ਭਾਵੇਂ 1764 ਈ. ਤੋਂ ਬਾਅਦ ਦਾ ਵਸਿਆ ਹੋਇਆ ਹੈ ਜਦੋਂ ਕਿ ਇਸ ਨੂੰ ਬਾਬਾ ਆਲਾ ਸਿੰਘ ਨੇ ਮੁੱਲ ਲੈ ਕੇ ਆਪਣੇ ਰਾਜ ਵਿਚ ਮਿਲਾਇਆ ਸੀ ਪਰ ਇਸ ਦਾ ਇਤਿਹਾਸ ਬੜਾ ਪੁਰਾਣਾ ਹੈ । ਇਸ ਦੀ ਪੁਰਾਤਨਤਾ ਸਿੰਧ ਘਾਟੀ ਦੀ ਸਭਿਅਤਾ, ਜਿਸ ਨੂੰ ਹੜੱਪਾ ਕਾਲ ਵੀ ਕਿਹਾ ਜਾਂਦਾ ਹੈ, ਨਾਲ ਜਾ ਮਿਲਦੀ ਹੈ । ਇਥੋਂ ਥੋੜ੍ਹੀ ਹੀ ਦੂਰ ਸਥਿਤ ਸੰਘੋਲ (ਉਚਾ ਪਿੰਡ) ਦਾ ਥੇਹ ਇਸ ਦੀ ਪਰਾਚੀਨਤਾ ਦਾ ਸਬੂਤ ਹੈ। ਸੰਘੋਲ ਦੀ ਪਰਾਚੀਨਤਾ ਸਿੰਧ ਘਾਟੀ ਦੀ ਸਭਿਅਤਾ, ਆਰੀਆ ਹਮਲਾਵਰਾਂ ਦੇ ਆਉਣ ਤੋਂ ਪਹਿਲਾਂ ਸਿੰਧ ਦੇ ਤੱਟੀ ਖੇਤਰ ਵਿਚ ਬਹੁਤ ਹੀ ਵਿਕਸਤ ਹੋਈ ਸਭਿਅਤਾ ਸੀ । ਇਸ ਯੁੱਗ ਦੋਰਾਨ ਇਸ ਖੇਤਰ ਵਿਚ ਸੈਰੰਦਾ ਨਾਂ ਦੇ ਕਬੀਲੇ ਦਾ ਇਥੇ ਵਾਸਾ ਸੀ । ਇਸ ਸੈਰੰਦਾ ਨਾਂ ਦੇ ਕਬੀਲੇ ਦੇ ਕੇਂਦਰੀ ਥਾਂ ਨੂੰ ਸੈਰੰਦੀਆਂ ਦੇ ਨਾਂ ਨਾਲ ਸੈਰੰਦੀਆ ਦੀ ਥਾਂ ਜਾਂ ਸੈਰੰਦ ਕਿਹਾ ਜਾਂਦਾ ਸੀ । ਸੈਰੰਦ ਤੋਂ ਸਰਹਿੰਦ ਦਾ ਬਣ ਜਾਣਾ ਵੱਖ-ਵੱਖ ਸਮੇਂ ਅਤੇ ਬੋਲੀਆਂ ਕਾਰਨ ਹੈ । 

ਵੈਸੇ ਸਰਹਿੰਦ ਨਾਂ ਦੇ ਹਿੰਦਸੇ ਅਤੇ ਉਚਾਰਨ ਹਰ ਲਿਖਤ ਵਿਚ ਵੱਖ-ਵੱਖ ਆਏ ਹਨ । ਜਿਵੇਂ ਕਿ ਕਈਆਂ ਨੇ ਇਸ ਨੂੰ ਸਹਿਰੰਦ ਲਿਖਿਆ ਹੈ ਜਿਸ ਦਾ ਸੰਧੀ-ਛੇਦ ਕਰਕੇ ਕੁਝ ਇਕ ਨੇ ਇਸ ਨੂੰ ਸੀਂਹ ਦਾ ਖੇਤਰ (ਸ਼ੇਰਾ ਦਾ ਵਾਸਾ) ਮੰਨ ਲਿਆ ਹੈ । ਕਈ ਨੇ ਇਸ ਨੂੰ ਸਿਰਹੰਦ ਲਿਖਿਆ ਹੈ ਜਿਸ ਦਾ ਸੰਧੀ-ਛੇਦ ਕਰਕੇ ਉਨ੍ਹਾਂ ਨੇ ਇਸ ਨੂੰ ਸਮੁੱਚੇ ਹਿੰਦੁਸਤਾਨ ਦਾ ਸਿਰ ਬਣਾ ਦਿੱਤਾ ਹੈ ਆਦਿ! ਆਦਿ!! ਇਹ ਸਭ ਜ਼ੁਬਾਨਾਂ ਅਤੇ ਬੋਲੀਆਂ ਦੇ ਵਖਰੇਵੇਂ ਕਾਰਨ ਹੋਇਆ ਹੈ । ਇਸ ਦੀ ਉਤਪਤੀ ਸੈਰੰਦੀਆ ਕਬੀਲੇ ਦੇ ਮੁੱਖ ਕੇਂਦਰ ਕਰਕੇ ਹੋਈ ਹੈ ਅਤੇ ਇਸ ਦਾ ਵਰਤਮਾਨ ਸਹੀ ਉਚਾਰਣ ਸਰਹਿੰਦ ਹੈ । ਵੈਸੇ ਤਾਂ ਸਰਹਿੰਦ ਕੇਵਲ ਸੈਰੰਦ ਤੋਂ ਵਿਗੜਿਆ ਹੋਇਆ ਜਾਂ ਵਿਕਸਤ ਹੋਇਆ ਨਾਂ ਹੈ ਪਰ ਮੁਗਲਾਂ ਦੇ ਜ਼ਮਾਨੇ ਵਿਚ ਸਰਹਿੰਦ ਦੀ ਰਾਜਨੀਤਕ ਅਤੇ ਸੈਨਿਕ ਮਹੱਤਤਾ ਕਰਕੇ ਇਸ ਨੂੰ ਹਿੰਦੁਸਤਾਨ ਦਾ ਸ਼ਿਰੋਮਣੀ 

ਸ਼ਹਿਰ ਮੰਨਿਆ ਜਾਣ ਲੱਗ ਪਿਆ ਸੀ । 

ਲਿਖਤੀ ਰੂਪ ਵਿਚ ਇਸ ਸ਼ਹਿਰ ਦਾ ਸਭ ਤੋਂ ਪਹਿਲਾ ਜ਼ਿਕਰ ਅਲ-ਬੈਰੂਨੀ ਦੀ ਲਿਖਤ ਤਾਰੀਖ-ਏ-ਹਿੰਦ ਵਿਚ ਆਉਂਦਾ ਹੈ । ਉਸ ਅਨੁਸਾਰ ਸਰਹਿੰਦ ਪਹਿਲਾਂ ਚੰਦਰਬੰਸੀ ਰਾਜਪੂਤਾਂ ਦੇ ਸ਼ਾਸਨ ਹੇਠ ਅਤੇ ਫਿਰ ਸੂਰਜਬੰਸੀ ਕਬੀਲਿਆਂ ਦੇ ਸ਼ਾਸਨ ਹੇਠ ਇਕ ਮਹੱਤਵਪੂਰਨ ਸ਼ਹਿਰ ਸੀ, ਇਸ ਸ਼ਹਿਰ ਨੂੰ ਸਸਾਨੀਆਂ ਦੇ ਹਮਲੇ ਸਮੇਂ ਜ਼ਬਰਦਸਤ ਖਤਰਾ ਪੈਦਾ ਹੋ ਗਿਆ ਸੀ । ਪਰ ਚੰਗੀ ਕਿਸਮਤ ਨਾਲ ਇਹ ਟੱਲ ਗਿਆ ਸੀ । ਫਰਿਸ਼ਤਾ ਦੇ ਅਨੁਸਾਰ 226-144 ਈ.ਪੂ. ਦੌਰਾਨ ਅਰਧਸੀਰ ਬਾਬਾਜਿਨ ਜਦੋਂ ਭਾਰਤ ਤੇ ਚੜ੍ਹ ਕੇ ਆਇਆ ਸੀ ਤਾਂ ਉਹ ਸਰਹਿੰਦ ਦੇ ਨੇੜੇ ਤਕ ਪਹੁੰਚ ਗਿਆ ਸੀ ਭਾਵੇਂ ਕਿ ਛੇਤੀ ਹੀ ਉਸ ਨੂੰ ਪਛਾੜ ਦਿੱਤਾ ਗਿਆ ਸੀ । 

ਹਿਊਨ ਸਾਂਗ ਦੀ ਲਿਖਤ ਵਿਚ ਵੀ ਸਰਹਿੰਦ ਦਾ ਜ਼ਿਕਰ ਹੈ । ਹਿਊਨ ਸਾਂਗ ਸੱਤਵੀਂ ਸਦੀ ਈਸਵੀ ਵਿਚ ਹਿੰਦੁਸਤਾਨ ਵਿਚ ਆਇਆ ਸੀ । ਇਸ ਅਨੁਸਾਰ ਸਰਹਿੰਦ, ਸਤਲੁਜ ਦੇ ਖੇਤਰ ਵਿਚ 333 ਮੀਲਾਂ ਦੇ ਘੇਰੇ ਵਾਲਾ ਸੀ । ਸਤਲੁਜ ਇਸ ਦੀ ਪੱਛਮੀ ਸੀਮਾ ਸੀ । ਕਨਿੰਘਮ ਅਨੁਸਾਰ ਸਰਹਿੰਦ, ਸਤਲੁਜ ਦਰਿਆ ਵਾਲੇ ਖੇਤਰ ਦੀ ਰਾਜਧਾਨੀ ਸੀ ਜਿਹੜਾ ਇਤਿਹਾਸ ਅਤੇ ਪਰੰਪਰਾ ਰਾਹੀਂ ਦੇਸ਼ ਦੇ ਖਿੱਤੇ ਦਾ ਸਭ ਤੋਂ ਵੱਧ ਪੁਰਾਣਾ ਸ਼ਹਿਰ ਸਾਬਤ ਹੁੰਦਾ ਹੈ । ਉਸ ਅਨੁਸਾਰ ਸਰਹਿੰਦ 900 ਈ. ਸਦੀ ਵਿਚ ਬਹੁਤ ਹੀ ਵਿਕਸਤ ਸ਼ਹਿਰ ਸੀ ਅਤੇ ਇਹ ਕਨਿਸ਼ਕ ਦੇ ਰਾਜ ਸਮੇਂ ਹੋਂਦ ਵਿਚ ਆ ਚੁੱਕਿਆ ਸੀ । 

ਉਕਤ ਵੇਰਵਿਆਂ ਤੋਂ ਇਹ ਭਲੀ ਭਾਂਤੀ ਸਾਬਤ ਹੁੰਦਾ ਹੈ ਕਿ ਸਰਹਿੰਦ ਪਰਾਚੀਨ ਸਮੇਂ ਤੋਂ ਆਪਣੀ ਹੋਂਦ ਵਿਚ ਆ ਚੁੱਕਿਆ ਸੀ ਅਤੇ ਇਹ ਸਤਲੁਜ ਅਤੇ ਜਮਨਾ ਦੇ ਵਿਚਕਾਰਲੇ ਖੇਤਰ ਦੀ ਰਾਜਧਾਨੀ ਰਿਹਾ ਸੀ । ਰਾਜਨੀਤਕ ਤੌਰ ਤੇ ਸਰਹਿੰਦ, ਪਹਿਲੀ ਵਾਰ ਹਿੰਦੂ-ਸ਼ਾਹੀ ਹਾਕਮਾਂ ਦੇ ਸਮੇਂ ਸਾਹਮਣੇ ਆਇਆ । ਕਿਉਂਕਿ ਤੁਰਕ, ਅਫਗਾਨੀ ਖੇਤਰ ਵਿਚ ਗਜ਼ਨੀ ਨੂੰ ਕੇਂਦਰ ਬਣਾ ਕੇ ਅਲਪਤਿਜਿਨ ਅਤੇ ਸੁਬਕਤਿਜਿਨ ਦੇ ਸਮੇਂ ਪੰਜਾਬ ਵਿਚ ਸਥਾਪਤ ਹੋਏ ਹਿੰਦੂ-ਸ਼ਾਹੀ ਹਾਕਮਾਂ ਨਾਲ ਟੱਕਰ ਵਿਚ ਆ ਗਏ ਸਨ । ਇਸ ਟੱਕਰ ਵਿਚ ਸਰਹਿੰਦ ਸ਼ਹਿਰ ਨੇ ਤਕੜਾ ਰੋਲ ਅਦਾ ਕੀਤਾ ਸੀ । ਸਰਹਿੰਦ ਹਿੰਦੂ-ਸ਼ਾਹੀਆਂ ਦੀ ਰਾਜਧਾਨੀ ਸੀ । ਹਿੰਦੂ-ਸ਼ਾਹੀਆ ਦੇ ਅਖੀਰਲੇ ਹਾਕਮ ਤਿਰਲੋਚਨ ਪਾਲ ਨੇ ਅੰਤਿਮ ਕੋਸ਼ਿਸ਼ ਦੇ ਤੌਰ ਤੇ ਤੁਰਕਾਂ ਦਾ ਮੁਕਾਬਲਾ ਕਰਨ ਲਈ ਸਰਹਿੰਦ ਨੂੰ ਸੈਨਿਕ ਪੱਖੋਂ ਬਹੁਤ ਮਜ਼ਬੂਤ ਕੀਤਾ । ਇਥੇ ਉਸ ਨੇ ਕਿਲ੍ਹੇ ਉਸਾਰੇ, ਪੁਰਾਣੇ ਕਿਲ੍ਹਿਆ ਨੂੰ ਹੋਰ ਮਜ਼ਬੂਤ ਕੀਤਾ ਅਤੇ ਇਨ੍ਹਾਂ ਦੀ ਸੁਰੱਖਿਅਤਾ ਲਈ ਇਕ ਮਜ਼ਬੂਤ ਸੈਨਾ ਖੜ੍ਹੀ ਕੀਤੀ । ਲੇਕਿਨ ਤਿਰਲੋਚਨ ਪਾਲ ਦੀਆਂ ਇਨ੍ਹਾਂ ਜੰਗੀ ਤਿਆਰੀਆਂ ਨੇ ਉਸ ਦੇ ਗੁਆਂਢੀ ਥਾਨੇਸਰ ਦੇ ਰਾਜੇ ਚਾਂਦ ਰਾਇ ਦੇ ਮਨ ਵਿਚ ਡਰ ਪੈਦਾ ਕਰ ਦਿੱਤਾ ਸੀ । ਉਹ ਸਮਝਦਾ ਸੀ ਕਿ ਸ਼ਾਇਦ ਤਿਰਲੋਚਨ ਪਾਲ ਉਸ ਉਪਰ ਹਮਲਾ ਕਰਨ ਲਈ ਤਿਆਰੀਆਂ ਕਰ ਰਿਹਾ ਹੈ । ਉਸ ਨੇ ਤਿਰਲੋਚਨ ਪਾਲ ਦੇ ਪੁੱਤਰ ਭੀਮਪਾਲ ਨੂੰ ਧੋਖੇ ਨਾਲ ਕੈਦ ਕਰ ਲਿਆ ਸੀ । ਇਸ ਨਾਲ ਤਿਰਲੋਚਨ ਪਾਲ ਦਾ ਹੌਂਸਲਾ ਟੁੱਟ ਗਿਆ ਸੀ । ਸਿੱਟੇ ਵਜੋਂ 1018 ਈ. ਵਿਚ ਜਦੋਂ ਮਹਿਮੂਦ ਗਜ਼ਨਵੀ ਹਿੰਦੁਸਤਾਨ ਉਪਰ ਹਮਲਾ ਕਰਕੇ ਆਇਆ ਤਾਂ ਤਿਰਲੋਚਨ ਪਾਲ ਨੇ ਹਮਲੇ ਦਾ ਟਾਕਰਾ ਕਰਨ ਦਾ ਮਨ ਬਣਾਇਆ । ਜਦੋਂ 1020-21 ਵਿਚ ਫਿਰ ਮਹਿਮੂਦ ਗਜ਼ਨਵੀ ਹਮਲਾ ਕਰਕੇ ਆਇਆ ਤਾਂ ਤਿਰਲੋਚਨ ਪਾਲ ਕਾਨੌਜ ਦੇ ਰਾਜੇ ਨਾਲ ਮਿਲਣ ਲਈ ਫਿਰ ਸਰਹਿੰਦ ਤੋਂ ਆਪਣੀਆਂ ਫੌਜਾਂ ਲੈ ਕੇ ਚਲ ਪਿਆ । ਇਸ ਗੱਲ ਦਾ ਪਤਾ ਮਹਿਮੂਦ ਨੂੰ ਵੀ ਲਗ ਗਿਆ ਸੀ । ਉਸ ਨੇ ਬੜੀ ਤੇਜ਼ੀ ਨਾਲ ਮਾਰਚ ਕਰਦੇ ਹੋਏ ਨੇ ਤਿਰਲੋਚਨ ਪਾਲ ਨੂੰ ਰਸਤੇ ਵਿਚ ਹੀ ਜਾ ਨੱਪਿਆ । ਪਰ ਤਿਰਲੋਚਨ ਪਾਲ ਆਪਣੇ ਹੀ ਸਿਪਾਹੀਆਂ ਹੱਥੋਂ ਰਸਤੇ ਵਿਚ ਮਾਰਿਆ ਗਿਆ ।’ ਇਸ ਨਾਲ ਹਿੰਦੂਸ਼ਾਹੀਆਂ ਦਾ ਤਾਂ ਖਾਤਮਾ ਹੋਇਆ ਹੀ ਸੀ, ਸਗੋਂ ਸਰਹਿੰਦ ਦੀ ਰਾਜਧਾਨੀ ਵਾਲੀ ਸ਼ਾਨ ਵੀ ਖ਼ਤਮ ਹੋ ਗਈ ਸੀ । ਇਸ ਤੋਂ ਬਾਅਦ ਕਦੇ ਵੀ ਸਰਹਿੰਦ ਦਾ ਅਮੀਰ ਪਿਛੋਕੜ ਵਾਲਾ ਸ਼ਹਿਰ ਰਾਸ਼ਟਰ ਪੱਧਰ ਦੀ ਰਾਜਧਾਨੀ ਨਹੀਂ ਬਣ ਸਕਿਆ। ਭਾਵੇਂ ਕਿ ਇਹ ਸੈਨਿਕ ਪੱਖੋਂ ਮਹੱਤਵਪੂਰਨ ਕੇਂਦਰ ਬਣਿਆ ਰਿਹਾ ਸੀ । 1191 ਵਿਚ ਜਦੋਂ ਮੁਹੰਮਦ ਗੋਰੀ ਨੇ ਹਮਲਾ ਕੀਤਾ ਸੀ ਤਾਂ ਉਸ ਨੇ ਸਰਹਿੰਦ ਵਿਖੇ ਹੀ ਆਪਣਾ ਸੈਨਿਕ ਡੇਰਾ ਸਥਾਪਤ ਕੀਤਾ ਸੀ। 

ਭਾਵੇਂ ਮੁਹੰਮਦ ਗੌਰੀ ਆਪਣੇ ਪਹਿਲੇ ਹਮਲੇ ਸਮੇਂ ਪਿਰਥਵੀ ਰਾਜ ਚੌਹਾਨ ਤੋਂ ਹਾਰ ਗਿਆ ਸੀ । ਇਸ ਨਾਲ ਚੌਹਾਨ ਰਾਜੇ ਨੇ ਇਕ ਦਮ ਸਰਹਿੰਦ ਨੂੰ ਸੈਨਿਕ ਪੱਖੋਂ ਇਕ ਮਜ਼ਬੂਤ ਕੇਂਦਰ ਬਣਾਉਣਾ ਸ਼ੁਰੂ ਕਰ ਦਿੱਤਾ ਸੀ । ਇਉਂ ਸਰਹਿੰਦ ਬਾਰਵੀਂ ਸਦੀ ਦੇ ਅੰਤਲੇ ਸਾਲਾਂ ਵਿਚ ਇਕ ਸਰਹੱਦੀ ਸ਼ਹਿਰ ਬਣ ਗਿਆ ਸੀ । 1192 ਵਿਚ ਮੁਹੰਮਦ ਗੌਰੀ ਦੀ ਚੌਹਾਨ ਰਾਜੇ ਉਪਰ ਹੋਈ ਜਿੱਤ ਨੇ ਸਰਹਿੰਦ ਨੂੰ ਇਕ ਵਾਰ ਫਿਰ ਸੱਟ ਮਾਰੀ । ਇਸ ਵਾਰ ਇਹ ਸ਼ਹਿਰ ਆਪਣੀ ਹਰ ਕਿਸਮ ਦੀ ਮਹੱਤਤਾ ਗੁਆ ਬੈਠਾ ਸੀ । 1210 ਵਿਚ ਸੁਲਤਾਨਾਂ ਸਮੇਂ ਮੁਲਤਾਨ ਅਤੇ ਸਿੰਧ ਦੇ ਗਵਰਨਰ ਨਾਸੀਰੂਦੀਨ ਕੁਬਾਚਾ ਨੇ ਹਮਲਾ ਕਰਕੇ ਸਰਹਿੰਦ, ਕੋਹਰਾਮ (ਘੁੜਾਮ) ਅਤੇ ਸਰਸਵਤੀ (ਥਾਨੇਸਰ) ਨੂੰ ਆਪਣੇ ਸੂਬੇ ਵਿਚ ਮਿਲਾ ਲਿਆ ਸੀ। 

1217-18 ਵਿਚ ਸੁਲਤਾਨ ਅਲਤਮਸ਼ ਨੇ ਨਾਸੀਰੂਦੀਨ ਕੁਬਾਚਾ ਕੋਲੋਂ ਸਰਹਿੰਦ ਨੂੰ ਖੋਹ ਲਿਆ ਸੀ ਅਤੇ ਤਾਜ਼ਦੀਨ ਸੰਚਾਰੀ ਦੇ ਪਰਬੰਧ ਹੇਠ ਦੇ ਦਿਤਾ ਸੀ । ਇਸ ਸਮੇਂ ਸਰਹਿੰਦ, ਸੁਲਤਾਨ ਅਲਤਮਸ਼ ਦੀ ਆਪਣੀ ਨਿਜੀ ਜਾਗੀਰ (ਖਾਲਸਾ ਜ਼ਮੀਨ) ਬਣ ਗਿਆ ਸੀ । ਸੁਲਤਾਨ ਬਲਬਨ ਦੇ ਸਮੇਂ ਭਾਵੇਂ ਸਰਹਿੰਦ, ਘੁੜਾਮ ਅਤੇ ਸਮਾਣੇ ਸਮੇਤ, ਉਸ ਦੇ ਆਪਣੇ ਪੁੱਤਰ ਬੁਗਰਾ ਖਾਨ ਦੇ ਅਧੀਨ ਦਿਤਾ ਗਿਆ ਸੀ । ਉਸ ਨੇ ਇਨ੍ਹਾਂ ਸ਼ਹਿਰਾਂ ਦਾ ਅੱਛਾ ਪਰਬੰਧ ਕੀਤਾ ਸੀ ਪਰ ਇਸ ਸਮੇਂ ਸਰਹਿੰਦ ਦੀ ਥਾਂ ਸਮਾਣਾ ਇਕ ਰਾਜਨੀਤਕ ਕੇਂਦਰ ਦੇ ਤੌਰ ਤੇ ਉਭਰ ਰਿਹਾ ਸੀ । ਸਰਹਿੰਦ ਨੂੰ ਸਪਸ਼ਟ ਤੌਰ ਤੇ ਸਮਾਣੇ ਦੇ ਗਵਰਨਰ ਦੇ ਅਧੀਨ ਕਰ ਦਿੱਤਾ ਗਿਆ ਸੀ । ਸਰਹਿੰਦ ਦਾ ਇਹ ਦਰਜਾ 1360 ਈ. ਤਕ ਰਿਹਾ ਜਦੋਂ ਕਿ ਤੁਗਲਕ ਵੰਸ਼ ਦੇ ਸੁਲਤਾਨ ਫਿਰੋਜ਼ ਸ਼ਾਹ ਤੁਗਲਕ ਨੇ ਪਹਿਲੀ ਵਾਰ ਸਰਹਿੰਦ ਨੂੰ ਸਮਾਣੇ ਤੋਂ ਅਲੱਗ ਕਰਕੇ ਇਕ ਸੁਤੰਤਰ ਦਰਜੇ ਵਾਲਾ ਸ਼ਹਿਰ ਬਣਾਇਆ ਸੀ । 

ਅਸਲ ਵਿਚ ਬਾਬਰ ਦੇ ਹਮਲਿਆਂ ਸਮੇਂ ਹੀ ਸਰਹਿੰਦ ਦੀ ਮਹੱਤਤਾ ਉਭਰਨ ਲੱਗੀ ਸੀ । ਇਸ ਦੀ ਸ਼ੁਰੂਆਤ ਜ਼ਰੂਰ ਸੁਲਤਾਨ ਫਿਰੋਜ਼ ਸ਼ਾਹ ਤੁਗਲਕ ਨੇ ਕਰ ਦਿੱਤੀ ਸੀ ਪਰ ਅਸਲ ਮਹੱਤਤਾ ਬਾਬਰ ਦੇ ਸਮੇਂ ਹੀ ਉਭਰੀ ਸੀ । ਬਾਬਰ ਨੇ ਸਰਹਿੰਦ ਨੂੰ ਆਪਣਾ ਬੁਨਿਆਦੀ ਆਧਾਰ ਬਣਾਇਆ ਸੀ । ਉਸ ਨੇ ਇਥੋਂ ਸਿੱਧਾ ਪਾਣੀਪਤ ਨੂੰ (ਅੰਬਾਲਾ-ਕਰਨਾਲ ਰਾਹੀਂ) ਕੂਚ ਕੀਤਾ ਸੀ । ਇਸ ਤਰ੍ਹਾਂ ਜਿਹੜਾ ਰਸਤਾ ਪਹਿਲਾ ਘੁੜਾਮ ਵਿਚੋਂ ਦੀ ਜਾਂ ਸਮਾਣੇ ਵਿਚੋਂ ਦੀ ਦਿੱਲੀ ਨੂੰ ਜਾਂਦਾ ਸੀ ਉਹ ਬੰਦ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਨਵਾਂ ਸਿੱਧਾ ਰਸਤਾ ਅੰਬਾਲਾ ਅਤੇ ਕਰਨਾਲ ਵਿਚੋਂ ਦੀ ਸ਼ੁਰੂ ਹੋ ਗਿਆ ਸੀ । ਇਸ ਤੱਥ ਨੇ ਵੀ ਕਾਫ਼ੀ ਜ਼ਿਆਦਾ ਯੋਗਦਾਨ ਸਰਹਿੰਦ ਨੂੰ ਉਭਾਰਨ ਵਿਚ ਪਾਇਆ ਸੀ ਕਿਉਂਕਿ ਪਿੱਛੋਂ ਇਸੇ ਰਸਤੇ ਨੂੰ ਹੀ ਸੁਲਤਾਨ ਸ਼ੇਰ ਸ਼ਾਹ ਸੂਰੀ ਨੇ ਮਹਾਂ ਮਾਰਗ (ਗਰੈਂਡ ਟਰੰਕ ਰੋਡ) ਦਾ ਰੂਪ ਦਿਤਾ ਸੀ । 

ਬਾਬਰ ਨੇ ਤੁਜ਼ਕੇ ਬਾਬਰੀ ਵਿਚ ਪੰਜਾਬ ਬਾਰੇ ਅਤੇ ਸਰਹਿੰਦ ਬਾਰੇ ਬੜੇ ਹੀ ਰੌਚਿਕ ਵੇਰਵੇ ਦਿੱਤੇ ਹਨ । ਇਸ ਅਨੁਸਾਰ ਬਾਬਰ ਨੇ ਦੱਸਿਆ ਹੈ ਕਿ (ਉਹ) 22 ਜਨਵਰੀ, 1524 ਨੂੰ ਦੀਪਾਲਪੁਰ ਤੋਂ ਸਰਹਿੰਦ ਨੂੰ ਚਲ ਪਿਆ ਸੀ ਪਰ ਸਰਹਿੰਦ ਪਹੁੰਚਣ ਤੋਂ ਪਹਿਲਾ ਹੀ ਰਸਤੇ ਵਿਚ ਸੁਨੇਹਾ ਮਿਲ ਗਿਆ ਕਿ ਉਹ ਵਾਪਸ ਲਾਹੌਰ ਨੂੰ ਮੁੜੇ । ਕਿਉਂਕਿ ਪਿੱਛੋਂ ਬਗਾਵਤ ਹੋ ਗਈ ਸੀ । ਬਾਬਰ ਨੂੰ ਪਿੱਛੇ ਮੁੜਨਾ ਪਿਆ । ਪਰ ਉਹ ਜ਼ਿਆਦਾ ਦੇਰ ਨਾ ਰਿਹਾ । ਲਾਹੌਰ ਦਾ ਪਰਬੰਧ ਕਰਕੇ ਉਹ ਫਿਰ ਸਰਹਿੰਦ ਨੂੰ ਚੱਲ ਪਿਆ । ” ਬਾਬਰ ਨੇ ਹੀ ਸਰਹਿੰਦ ਦੇ ਇਲਾਕੇ ਵਿਚ ਵਸੇ ਮੰਡੇਰ ਜੱਟਾਂ ਦੇ ਵਿਦਰੋਹ ਦੀ ਗੱਲ ਕੀਤੀ ਹੈ । ਅਸਲ ਵਿਚ ਜਰਗ ਮੰਡੇਰ ਜੱਟਾਂ ਦਾ ਕੇਂਦਰ ਸੀ । ਮੰਡੇਰਾਂ ਦੀ ਜਰਗ ਦੇ ਵਿਚ ਸਰਦਾਰੀ ਸੀ ਅਤੇ ਇਹ ਸਰਦਾਰੀ ਕੈਂਥਲ (ਹਰਿਆਣਾ) ਤੱਕ ਫੈਲੀ ਹੋਈ ਸੀ । ਜਰਗ ਸਰਹਿੰਦ ਦੇ ਨੇੜੇ ਹੀ ਹੈ। ਕੇਵਲ ਪੈਂਤੀ ਕੁ ਕਿਲੋਮੀਟਰ ਦਾ ਫਾਸਲਾ ਹੈ । ਮੰਡੇਰ ਜੱਟਾਂ ਨੇ ਬਾਬਰ ਦੀ ਫੌਜ, ਜਿਹੜੀ ਸਮਾਣੇ ਅਤੇ ਸਰਹਿੰਦ ਵਿਖੇ ਤਾਇਨਾਤ ਸੀ, ਉਪਰ ਹਮਲੇ ਕਰਕੇ ਉਸ ਦਾ ਨੱਕ ਵਿਚ ਦਮ ਕਰ ਰੱਖਿਆ ਸੀ । ਮੰਡੇਰ ਜੱਟਾਂ ਦੀ ਅਗਵਾਈ ਮੋਹਣ ਮੰਡੇਰ ਕਰ ਰਿਹਾ ਸੀ । 

ਬਾਬਰ ਦੀ ਲਿਖਤ ਅਨੁਸਾਰ ਮੰਡੇਰਾਂ ਨੇ ਸਰਹਿੰਦ ਵਿਖੇ ਉਥੋਂ ਦੇ ਕਾਜ਼ੀ ਦੀ ਜਾਇਦਾਦ ਸਾੜ ਦਿੱਤੀ ਸੀ । ਬਾਬਰ ਨੇ ਮੰਡੇਰਾਂ ਨੂੰ ਮਾਰਨ ਲਈ ਅਲੀ ਕੁਲੀ ਖਾਨ ਹਮਦਾਨ ਨੂੰ ਤਿੰਨ ਹਜ਼ਾਰ ਘੋੜ-ਸੁਆਰ ਦੇ ਕੇ ਤੋਰਿਆ । ਉਸ ਸਮੇਂ ਮੋਹਣ ਮੰਡੇਰ ਦੀ ਅਗਵਾਈ ਵਿਚ ਮੰਡੇਰ ਜੱਟਾਂ ਦਾ ਦਲ ਕੈਂਥਲ ਵਿਖੇ ਸੀ । ਉਥੇ ਦੋਹਾਂ ਧਿਰਾਂ ਵਿਚਕਾਰ ਗਹਿਗੱਚਵੀਂ ਲੜਾਈ ਹੋਈ । ਪਰ ਅਲੀ ਕੁਲੀ ਖਾਨ ਬਿਲਕੁਲ ਹਾਰ ਗਿਆ ਸੀ । ਇਸ ਖ਼ਬਰ ਨੂੰ ਬਾਬਰ ਦੀ ਫੌਜ ਵਿਚ ਵਿਚ ਪਹੁੰਚਣ ਤੋਂ ਪਹਿਲਾਂ ਹੀ ਬਾਬਰ ਨੇ ਇਕ ਹੋਰ ਜਰਨੈਲ ਤਰਸਾਮ ਬਹਾਦੁਰ ਨੂੰ ਛੇ ਹਜ਼ਾਰ ਘੋੜ-ਸੁਆਰ ਦੇ ਕੇ ਤੌਰ ਦਿੱਤਾ । ਇਹ ਸੈਨਾ ਵੀ ਲਗਭਗ ਭੱਜਣ ਹੀ ਵਾਲੀ ਸੀ ਕਿ ਇਕ ਧੋਖੇ-ਭਰੀ ਅਤੇ ਚਲਾਕ ਕਲਾਬਾਜ਼ੀ ਰਾਹੀਂ ਮੋਹਣ ਮੰਡੇਰ ਨੂੰ ਫੜ ਲਿਆ ਗਿਆ ਅਤੇ ਉਸ ਨੂੰ ਸਰਹਿੰਦ ਲਿਆ ਕੇ ਉਸ ਦਾ ਲੱਕ ਤੱਕ ਸਰੀਰ ਮਿੱਟੀ ਵਿਚ ਟੋਆ ਪੁੱਟ ਕੇ ਦੱਬਿਆ ਗਿਆ। ਉਪਰਲੇ ਅੱਧੇ ਹਿੱਸੇ ਵਿਚ, ਭਾਵ ਕਿ ਸਿਰ, ਮੂੰਹ ਛਾਤੀ ਅਤੇ ਪੇਟ ਵਿਚ ਤੀਰ ਮਾਰੇ ਗਏ । ਇਉਂ ਮੋਹਣ ਮੰਡੇਰ ਬਦੇਸ਼ੀ ਹਮਲਾਵਰ ਦੇ ਜ਼ੁਲਮ ਦਾ ਸ਼ਿਕਾਰ ਹੋ ਗਿਆ ਸੀ । 

ਤੁਜ਼ਕੇ-ਬਾਬਰੀ ਵਿਚ ਹੀ ਸਰਹਿੰਦ ਦੇ ਬਹੁਤ ਦਿਲਖਿੱਚਵਾਂ ਸ਼ਹਿਰ ਹੋਣ ਬਾਰੇ ਦੱਸਿਆ ਗਿਆ ਹੈ । ਬਾਬਰ ਅਨੁਸਾਰ ਜਦੋਂ ਸਰਹਿੰਦ ਵਿਖੇ ਉਸ ਦੀ ਮਦਦ ਲਈ ਭਾਰਤ ਦੇ ਵੱਖ-ਵੱਖ ਅਸਥਾਨਾਂ ਤੋਂ ਸੈਨਾਵਾਂ ਪਹੁੰਚੀਆਂ ਤਾਂ ਕਾਨੌਜ ਦਾ ਹੁਕਮਰਾਨ ਸੁਲਤਾਨ ਮੁਹੰਮਦ ਦੁਲਦਈ ਵੀ ਸਰਹਿੰਦ ਪਹੁੰਚ ਗਿਆ ਸੀ । ਸਾਰਾ ਕੰਮ ਪੂਰਾ ਹੋਣ ਬਾਅਦ ਜਦੋਂ ਸਰਹਿੰਦ ਤੋਂ ਸਭ ਨੂੰ ਵਿਦਾ ਕੀਤਾ ਗਿਆ ਤਾਂ ਇਹ ਹੁਕਮਰਾਨ ਵਾਪਸ ਜਾਣ ਤੋਂ ਇਨਕਾਰੀ ਹੋ ਗਿਆ ਸੀ । ਇਸ ਨੇ ਬੇਨਤੀ ਕੀਤੀ ਕਿ ਉਸ ਦੇ ਕਾਨੌਜ ਰਾਜ ਦੀ ਸਾਲਾਨਾ ਆਮਦਨ ਤੀਹ ਲੱਖ ਹੈ । ਜੇ ਉਸ ਨੂੰ ਸਰਹਿੰਦ ਵਿਖੇ ਪੰਦਰਾਂ ਲੱਖ ਰੁਪਏ ਦੀ ਆਮਦਨ ਵਾਲੀ ਜਾਗੀਰ ਮਿਲ ਜਾਵੇ ਤਾਂ ਉਹ ਕਾਨੌਜ ਨੂੰ ਛੱਡਣ ਨੂੰ ਤਿਆਰ ਹੈ । ਆਖਰ ਉਸ ਦੀ ਇਹ ਬੇਨਤੀ ਮੰਨ ਲਈ ਗਈ ਅਤੇ ਇਥੋਂ ਦੇ ਮਹੁੰਮਦ ਸੁਲਤਾਨ ਮਿਰਜ਼ਾ ਨੂੰ ਇਥੋਂ ਦੀ ਜਾਗੀਰ ਛੁਡਵਾ ਕੇ ਕਾਨੌਜ ਭੇਜ ਦਿਤਾ ਗਿਆ ਸੀ । 

ਤੁਜ਼ਕੇ-ਬਾਬਰੀ ਵਿਚ ਬੜੇ ਵਿਸਥਾਰ ਨਾਲ ਸਰਹਿੰਦ ਦੀ ਸਲਾਨਾ ਆਮਦਨ ਦਾ ਵੇਰਵਾ ਦਿੱਤਾ ਗਿਆ ਹੈ । ਉਸ ਅਨੁਸਾਰ 1528 ਈ. ਵਿਚ ਸਰਹਿੰਦ ਦਾ ਸਾਲਾਨਾ ਮਾਮਲਾ ਇਕ ਕਰੋੜ, ਉਨੱਤੀ ਲੱਖ, ਇਕੱਤੀ ਹਜ਼ਾਰ, ਨੌ ਸੌ ਪਚਾਸੀ (1,29,31,985) ਟੰਕਾ ਸੀ। 

ਜਦੋਂ ਕਿ ਭੇਰਾ, ਲਾਹੌਰ, ਸਿਆਲਕੋਟ ਅਤੇ ਦੀਪਾਲਪੁਰ ਦੇ ਚਾਰ ਪਰਾਂਤਾਂ ਦੀ ਕੁਲ ਆਮਦਨ ਤਿੰਨ ਕਰੋੜ ਤੇਤੀ ਲੱਖ, ਚੌਦਾਂ ਹਜ਼ਾਰ ਨੌ ਸੌ ਉਨਾਨਵੇਂ (3,33,14,989) ਟੰਕਾ ਸੀ । ਸਰਹਿੰਦ ਨਾਲੋਂ ਸਿਰਫ ਹਿਸਾਰ-ਫਿਰੋਜ਼ਾ ਦੇ ਪਰਾਂਤ ਦੀ ਹੀ ਆਮਦਨ ਜ਼ਿਆਦਾ ਸੀ ।“ ਬਾਬਰ 1530 ਵਿਚ ਮਰ ਗਿਆ ਸੀ । ਉਸ ਦਾ ਪੁੱਤਰ ਹਮਾਯੂੰ ਤਖ਼ਤ ਤੇ ਬੈਠਾ । 

ਇਹ ਬਾਬਰ ਵਲੋਂ ਮਿਲੀ ਵਿਰਾਸਤ ਨੂੰ ਸੰਭਾਲ ਨਹੀਂ ਸਕਿਆ । ਇਸੇ ਦੇ ਹੀ ਇਕ ਪਠਾਣ ਜਰਨੈਲ ਸ਼ੇਰ ਸ਼ਾਹ ਸੂਰੀ ਨੇ ਤਾਕਤ ਪਕੜਨੀ ਸ਼ੁਰੂ ਕਰ ਲਈ ਸੀ । ਸਿੱਟੇ ਵਜੋਂ ਹਮਾਯੂੰ ਇਕ ਹਾਰ ਪਿੱਛੋਂ ਦੂਜੀ ਹਾਰ ਦਾ ਮੂੰਹ ਦੇਖ ਰਿਹਾ ਸੀ । 1540 ਵਿਚ ਹਮਾਯੂੰ ਦਿਲੀ ਨੂੰ ਛੱਡ ਕੇ ਪੰਜਾਬ ਵਲ ਤੁਰ ਪਿਆ ਸੀ । ਉਸ ਦਾ ਖਿਆਲ ਸੀ ਕਿ ਉਹ ਸਰਹਿੰਦ ਪਹੁੰਚ ਕੇ ਸ਼ੇਰ ਸ਼ਾਹ ਸੂਰੀ ਦਾ ਮੁਕਾਬਲਾ ਸਫਲਤਾ ਨਾਲ ਕਰ ਸਕੇਗਾ । ਉਸ ਨੂੰ ਪਤਾ ਸੀ ਕਿ ਮਲਵਈ ਜੱਟਾਂ ਨੂੰ ਫੌਜ ਵਿਚ ਅਸਾਨੀ ਨਾਲ ਭਰਤੀ ਕੀਤਾ ਜਾ ਸਕੇਗਾ । ਜੂਨ, 1540 ਵਿਚ ਹਮਾਯੂੰ ਸਰਹਿੰਦ ਪਹੁੰਚ ਗਿਆ । ਪਹਿਲੋਂ ਹੀ ਸੋਚੇ ਪਰੋਗਰਾਮ ਤਹਿਤ ਉਸ ਨੇ ਸਰਹਿੰਦ ਦੀ ਕਿਲ੍ਹਾਬੰਦੀ ਕਰਨੀ ਸ਼ੁਰੂ ਕਰ ਦਿਤੀ । ਪਰ ਸ਼ੇਰ ਸ਼ਾਹ ਸੂਰੀ ਨੇ ਆਪਣੇ ਇਕ ਬਹੁਤ ਹੀ ਕਾਬਲ ਜਰਨੈਲ ਖਵਾਸ ਖਾਨ ਨੂੰ ਇਕ ਤਕੜੀ ਫੌਜ ਦੇ ਕੇ ਸਰਹਿੰਦ ਵਲ ਨੂੰ ਤੋਰ ਦਿਤਾ ਤਾਂ ਕਿ ਉਹ ਹਮਾਯੂੰ ਨੂੰ ਸਰਹਿੰਦ ਵਿਚੋਂ ਕੱਢ ਕੇ ਅਫਗਾਨਿਸਤਾਨ ਪਹੁੰਚਣ ਲਈ ਮਜ਼ਬੂਰ ਕਰ ਦੇਵੇ । ਖਵਾਸ ਖਾਨ ਦਾ ਸੈਨਿਕ ਕਮਾਂਡਰ ਦੇ ਤੌਰ ਤੇ ਐਸਾ ਰੋਅਬ ਪਿਆ ਹੋਇਆ ਸੀ ਕਿ ਹੰਮਾਯੂ ਇਹ ਸੁਣਦੇ ਸਾਰ ਹੀ ਸਰਹਿੰਦ ਨੂੰ ਛੱਡ ਕੇ ਦੋ ਹਫਤਿਆਂ ਵਿਚ ਹੀ ਲਾਹੌਰ ਜਾ ਪਹੁੰਚਿਆ । ਲਾਹੌਰ ਪਹੁੰਚ ਕੇ ਉਸ ਨੇ ਸ਼ੇਰ ਸ਼ਾਹ ਸੂਰੀ ਨਾਲ ਸਮਝੌਤਾ ਕਰਨਾ ਚਾਹਿਆ । ਆਪਣੀ ਪੇਸ਼ਕਸ਼ ਦੇ ਕੇ ਹਮਾਯੂੰ ਨੇ ਆਪਣੇ ਸਫੀਰ ਸ਼ੇਰ ਸ਼ਾਹ ਕੋਲ ਦਿੱਲੀ ਭੇਜੇ । ਹਮਾਯੂੰ ਦੀ ਪੇਸ਼ਕਸ਼ ਇਹ ਸੀ: “ਸ਼ੇਰ ਸਾਹ ਸਾਰਾ ਹਿੰਦੁਸਤਾਨ ਰੱਖ ਲਵੇ ਪਰ ਹਮਾਯੂੰ ਪਾਸ ਸਿਰਫ ਲਾਹੌਰ ਰਹਿਣ ਦੇਵੇ । ਦੋਵਾਂ ਬਾਦਸ਼ਾਹੀਆਂ ਦੀ ਸੀਮਾ ਸਰਹਿੰਦ ਦਾ ਦੁਆਬ ਹੋਵੇ” । 

ਸ਼ੇਰਸ਼ਾਹ ਸੂਰੀ ਨੇ ਇਸ ਪੇਸ਼ਕਸ਼ ਦਾ ਇਹ ਜਵਾਬ ਦਿੱਤਾ: “ਉਹ ਪਹਿਲੋਂ ਹੀ ਹਮਾਯੂੰ ਲਈ ਕਾਬੁਲ ਛੱਡ ਚੁੱਕਿਆ ਹੈ ਇਸ ਲਈ ਹਮਾਯੂੰ ਨੂੰ ਤੁਰੰਤ ਹੀ ਉਥੇ ਚਲਿਆ ਜਾਣਾ ਚਾਹੀਦਾ ਹੈ।”  

ਖਵਾਸ ਖਾਨ, ਹਮਾਯੂੰ ਦੇ ਖਿਲਾਫ ਨਿਸ਼ਚਿਤ ਹੋ ਕੇ ਅਤੇ ਅਤੇ ਦਰਿੜ੍ਹ ਹੋ ਕੇ ਲੜਾਈ ਕਰ ਸਕੇ ਇਸ ਲਈ ਸ਼ੇਰ ਸ਼ਾਹ ਨੇ ਸਰਹਿੰਦ ਦਾ ਸਾਰਾ ਪਰਾਂਤ ਖਵਾਸ ਖਾਨ ਨੂੰ ਸੌਂਪ ਦਿਤਾ ਸੀ । ਖਵਾਸ ਖਾਨ ਨੇ ਲਾਹੌਰ ਵਲ ਰਵਾਨਾ ਹੋਣ ਤੋਂ ਪਹਿਲਾਂ ਸਰਹਿੰਦ ਦਾ ਪਰਬੰਧ ਮੁੜ ਤੋਂ ਸਥਾਪਤ ਕੀਤਾ। ਆਪਣੀ ਥਾਂ ਤੇ ਉਸ ਨੇ ਆਪਣੇ ਇਕ ਭਰੋਸੇਯੋਗ ਗੁਲਾਮ ਮਲਿਕ ਭਗਵੰਤ ਨੂੰ ਸਰਹਿੰਦ ਦਾ ਡਿਪਟੀ ਗਵਰਨਰ ਬਣਾ ਦਿਤਾ ਸੀ । 

ਜਦੋਂ ਤੱਕ ਸ਼ੇਰ ਸ਼ਾਹ ਸੂਰੀ ਜਿਉਂਦਾ ਰਿਹਾ ਸੀ ਖਵਾਸ ਖਾਨ ਦੀ ਨਿਗਰਾਨੀ ਹੇਠ ਸਰਹਿੰਦ ਦਾ ਸਭ ਤੋਂ ਵਧੀਆ ਪਰਬੰਧ ਸਥਾਪਤ ਰਿਹਾ ਪਰ ਸ਼ੇਰ ਸ਼ਾਹ ਦੇ ਮਰ ਜਾਣ ਨਾਲ ਉਸ ਦੇ ਆਯੋਗ ਵਾਰਸਾਂ ਵਿਚ ਜੰਗ ਛਿੜ ਪਈ ਸੀ । ਇਸ ਜੰਗ ਵਿਚ ਖਵਾਸ ਖਾਨ ਨੂੰ ਵੀ ਸ਼ਾਮਲ ਹੋਣਾ ਪਿਆ ਸੀ । ਇਸ ਜੰਗ ਨੇ ਸੂਰੀ ਸਾਮਰਾਜ ਨੂੰ ਤਾਂ ਖਤਮ ਕੀਤਾ ਹੀ ਸੀ ਸਗੋਂ ਖਵਾਸ ਖਾਨ ਨੂੰ ਵੀ ਖਤਮ ਕਰ ਦਿੱਤਾ ਸੀ । 

ਸੂਰ ਅਫਗਾਨਾਂ ਦੀ ਫੁੱਟ ਕਾਰਨ ਹਮਾਯੂੰ ਫਿਰ ਤੋਂ ਲਾਹੌਰ ਆ ਪਹੁੰਚਿਆ ਸੀ । 24 ਫਰਵਰੀ, 1556 ਨੂੰ ਹਮਾਯੂੰ ਲਾਹੌਰ ਵਿਚ ਸੀ । ਇਥੋਂ ਉਸ ਨੇ ਆਪਣਾ ਇਕ ਪੇਸ਼ਗੀ ਦਸਤਾ ਸਰਹਿੰਦ ਭੇਜਿਆ ਤਾਂ ਕਿ ਉਹ ਹਮਾਯੂੰ ਦੇ ਸਰਹਿੰਦ ਪਹੁੰਚਣ ਤੋਂ ਪਹਿਲਾ ਸਾਰੇ ਪਰਬੰਧ ਕਰ ਲਵੇ । ਜਦੋਂ ਇਸ ਗੱਲ ਦਾ ਪਤਾ ਦਿੱਲੀ ਵਿਖੇ ਸਿਕੰਦਰ ਸੂਰ ਨੂੰ ਲੱਗਿਆ ਤਾਂ ਉਸ ਨੇ ਤੀਹ ਹਜ਼ਾਰ ਘੋੜਸੁਆਰ, ਹਮਾਯੂੰ ਦੇ ਬੰਦਿਆਂ ਨੂੰ ਸਰਹਿੰਦ ਵਿਚੋਂ ਕੱਢਣ ਲਈ ਭੇਜ ਦਿਤੇ । ” ਪਰ ਇਨ੍ਹਾਂ ਦੇ ਸਰਹਿੰਦ ਪਹੁੰਚਣ ਤੋਂ ਪਹਿਲਾਂ ਹੀ ਬੈਰਮ ਖਾਨ ਨੇ ਸਰਹਿੰਦ ਨੂੰ ਪੂਰੀ ਤਰ੍ਹਾਂ ਆਪਣੇ ਕਬਜ਼ੇ ਵਿਚ ਕਰ ਲਿਆ ਸੀ ਅਤੇ ਸਿਕੰਦਰ ਦੀ ਭੇਜੀ ਹੋਈ ਤੀਹ ਹਜ਼ਾਰ ਦੀ ਸੈਨਾ ਨੂੰ ਵੀ ਭਜਾ ਦਿਤਾ ਸੀ । ਇਸ ਹਾਰ ਤੋਂ ਬਾਅਦ ਸਿਕੰਦਰ ਸੂਰ ਖੁਦ ਅੱਸੀ ਹਜ਼ਾਰ ਹੋਰ ਸੈਨਾ ਲੈ ਕੇ ਸਰਹਿੰਦ ਪਹੁੰਚ ਗਿਆ ਸੀ । ਇਹ ਦੇਖ ਕੇ ਹਮਾਯੂੰ ਵੀ ਖੁਦ ਸਰਹਿੰਦ ਪਹੁੰਚ ਗਿਆ । ਸਰਹਿੰਦ ਨੂੰ ਪੂਰੀ ਤਰ੍ਹਾਂ ਮੋਰਚਾਬੰਦ ਅਤੇ ਕਿਲ੍ਹਾਬੰਦ ਕੀਤਾ ਗਿਆ । ਸਰਹਿੰਦ ਦੇ ਆਲੇ-ਦੁਆਲੇ ਦੇ ਪੰਜਾਹ ਕਿਲੋਮੀਟਰ ਖੇਤਰ ਵਿਚ ਦੋਵਾਂ ਬਾਦਸ਼ਾਹਾਂ (ਹਮਾਯੂੰ ਅਤੇ ਸਿਕੰਦਰ ਸੂਰ) ਦੀਆਂ ਫੌਜਾਂ ਸਨ। ਦੋਵੇਂ ਬਾਦਸ਼ਾਹ ਜੰਗ ਦੇ ਮੈਦਾਨ ਵਿਚ ਸਨ। ਹਮਾਯੂੰ ਸ਼ਹਿਰ ਦੇ ਅੰਦਰ ਸੀ ਅਤੇ ਸਿਕੰਦਰ ਸੂਰ ਗਰੈਂਡ ਟਰੰਕ ਰੋਡ ਤੇ ਬਣੀਆ ਸਰਾਵਾਂ ਵਿਚ ਟਿਕਿਆ ਹੋਇਆ ਸੀ । 22 ਜੂਨ, 1555 ਨੂੰ ਸਰਹਿੰਦ ਦੀ ਇਹ ਮਹਾਂ-ਭਿਆਨਕ ਅਤੇ ਫੈਸਲਾਕੁੰਨ ਲੜਾਈ ਲੜੀ ਗਈ । ਇਕੋ ਦਿਨ ਦੀ ਇਸ ਗਹਿਗੱਚਵੀਂ ਲੜਾਈ ਵਿਚ ਬੈਰਮ ਖਾਨ ਦੀ ਨਿਪੁੰਨ ਲੜਾਕੀ ਯੋਗਤਾ ਨੇ ਸਿਕੰਦਰ ਸੂਰ ਨੂੰ ਲੱਕ-ਤੋੜਵੀਂ ਹਾਰ ਦਿਤੀ । ਸਿਕੰਦਰ ਸੂਰ ਪਹਾੜਾਂ ਵਿਚ ਭੱਜ ਗਿਆ ਸੀ । * ਇਸ਼ਵਰੀ ਪਰਸ਼ਾਦ ਦੇ ਸ਼ਬਦਾਂ ਵਿਚ ਭਾਰਤ ਦੀਆਂ ਹੋਰ ਫੈਸਲਾਕੁੰਨ ਲੜਾਈਆਂ ਵਾਂਗ, ਸਰਹਿੰਦ ਦੀ ਲੜਾਈ ਨੇ ਵੀ ਰਾਜਨੀਤਕ ਹਾਲਾਤ ਨੂੰ ਗੰਭੀਰਤਾ ਨਾਲ ਬਦਲ ਦਿਤਾ ਸੀ । ਅਫਗਾਨਾਂ ਨੂੰ ਬੁਰੀ ਤਰ੍ਹਾਂ ਹਰਾ ਦਿਤਾ ਗਿਆ ਸੀ ਅਤੇ ਪੰਜਾਬ ਵਿਚੋਂ ਲੱਗਭਗ ਕੱਢ ਹੀ ਦਿੱਤਾ ਗਿਆ ਸੀ । ਹੁਣ ਅਫਗਾਨ ਉਹ ਤਾਕਤ ਨਹੀਂ ਰਹੇ ਸਨ ਜੋ ਉਹ ਸ਼ੇਰ ਸ਼ਾਹ ਦੇ ਸਮੇਂ ਸਨ । ਉਹ ਆਪਣੀ ਤਾਕਤ ਨੂੰ ਆਪਸੀ ਲੜਾਈ ਵਿਚ ਹੀ ਜ਼ਾਇਆ ਕਰ ਚੁੱਕੇ ਸਨ । ਇਸ ਜਿੱਤ ਨੇ ਨਾ ਹੀ ਸਿਰਫ ਪੰਜਾਬ ਨੂੰ ਅਧਿਕਾਰ ਹੇਠ ਕੀਤਾ ਸਗੋਂ ਇਸ ਨੇ ਇਕ ਐਸੀ ਤਾਕਤ ਦਾ ਖਾਤਮਾ ਵੀ ਕਰ ਦਿਤਾ ਸੀ ਜਿਹੜੀ ਦਿੱਲੀ ਜਾਣ ਦੇ ਰਸਤੇ ਵਿਚ ਅੜਿੱਕਾ ਬਣ ਕੇ ਖੜ ਸਕਦੀ ਸੀ । 

ਹਮਾਯੂੰ ਲਈ ਇਸ ਜਿੱਤ ਨੂੰ ਲੰਮੇ ਸਮੇਂ ਲਈ ਮਾਨਣਾ ਨਸੀਬ ਨਹੀਂ ਹੋਇਆ । ਉਹ ਜਲਦੀ ਹੀ ਮਰ ਗਿਆ ਸੀ । ਉਸ ਦੇ ਪੁੱਤਰ ਅਤੇ ਉਤਰ-ਅਧਿਕਾਰੀ ਅਕਬਰ ਨੂੰ ਇਕ ਵਾਰ ਫਿਰ ਲੜਾਈ ਕਰਨ ਲਈ ਸਰਹਿੰਦ ਆਉਣਾ ਪਿਆ । ਮੁਗਲ ਫੌਜ ਦਿੱਲੀ ਵਿਚ ਹਾਰ ਚੁੱਕੀ ਸੀ ਅਤੇ ਵਾਪਸ ਸਰਹਿੰਦ ਵਲ ਆ ਰਹੀ ਸੀ । ਇਹ ਸੁਣ ਕੇ ਅਕਬਰ ਖੁਦ 13 ਅਕਤੂਬਰ, 1556 ਨੁੰ ਸਰਹਿੰਦ ਪਹੁੰਚ ਗਿਆ । ਇਥੇ ਸਾਰੀਆਂ ਮੁਗਲ ਫੌਜਾਂ ਇਕੱਠੀਆਂ ਹੋ ਗਈਆਂ । ਇਥੋਂ ਤਿਆਰੀ ਕਰਕੇ ਅਕਬਰ ਪਾਣੀਪਤ ਦੇ ਮੈਦਾਨ ਵਿਚ ਪਹੁੰਚਿਆ । ਇਥੇ ਸੂਰ ਕਮਾਂਡਰ ਹੇਮੂੰ ਅਤੇ ਅਕਬਰ ਦੀਆਂ ਫੌਜਾਂ ਵਿਚਕਾਰ ਪਾਣੀਪਤ ਦੀ ਦੂਜੀ ਲੜਾਈ ਲੜੀ ਗਈ । ਹੇਮੂੰ ਹਾਰ ਗਿਆ ਸੀ ਅਤੇ ਅਕਬਰ ਜਿੱਤ ਗਿਆ ਸੀ । ਅਕਬਰ ਨੇ ਸਰਹਿੰਦ ਦੇ ਪਰਬੰਧ ਲਈ ਹੀਰਾਤ ਦੇ ਹਾਫਿਜ਼ ਸੁਲਤਾਨ ਰੱਖਣਾ ਨੂੰ ਨਿਯੁੱਕਤ ਕੀਤਾ । ਸੁਲਤਾਨ ਰੱਖਣਾ ਨੇ ਬੜੀ ਯੋਗਤਾ ਨਾਲ ਸਰਹਿੰਦ ਦਾ ਪਰਬੰਧ ਕੀਤਾ । ਬਾਜ਼ਾਰਾਂ ਦੀ ਤਰਤੀਬ ਨੀਯਤ ਕੀਤੀ । ਹੋਰ ਸੁੰਦਰ ਇਮਾਰਤਾਂ ਦੀ ਤਾਮੀਰ ਕਰਵਾਈ । ਸ਼ਹਿਰ ਦੇ ਆਲੇ-ਦੁਆਲੇ ਬਾਗ ਲਗਵਾਏ । ਤਬਕਾਤ-ਏ-ਅਕਬਰੀ ਦੇ ਅਨੁਸਾਰ ਇਨ੍ਹਾਂ ਇਮਾਰਤਾਂ ਅਤੇ ਬਾਗਾਂ ਦੀ ਸੁੰਦਰਤਾਂ ਇਤਨੀ ਬੇਜੋੜ ਸੀ ਕਿ ਅਕਬਰ ਇਨ੍ਹਾਂ ਨੂੰ ਦੇਖ ਕੇ ਮੋਹਿਆ ਗਿਆ ਸੀ ।” ਹਾਫ਼ਿਜ਼ ਰੱਖਣਾ ਨੇ ਸ਼ਾਹੀ ਬਾਗ (ਆਮ-ਖਾਸ ਬਾਗ) ਨੂੰ ਪੂਰੀ ਦਿਲਚਸਪੀ ਨਾਲ ਵਿਕਸਤ ਕੀਤਾ ਸੀ । ਇਸ ਕਰਕੇ ਇਸ ਬਾਗ ਨੂੰ ਬਾਗ-ਏ-ਹਾਫ਼ਿਜ਼ੀ ਕਿਹਾ ਜਾਣ ਲਗ ਪਿਆ ਸੀ । ਇਸ ਤਰ੍ਹਾਂ ਦੀ ਵਿਵਸਥਾ ਕਰਨ ਵਾਸਤੇ ਅਕਬਰ ਨੇ ਹਾਫ਼ਿਜ਼ ਰੱਖਣਾ ਨੂੰ ਅਨੇਕਾਂ ਤੋਹਫੇ ਅਤੇ ਇਨਾਮ ਦਿਤੇ ਸਨ । ਹਾਫਿਜ਼ ਰੱਖਣਾ ਪੂਰੇ 90 ਸਾਲ ਦੀ ਉਮਰ ਭੋਗ ਕੇ ਮਰਿਆ ਸੀ । ਉਹ ਮਰਦੇ ਦਮ ਤਕ ਸਰਹਿੰਦ ਵਿਚ ਹੀ ਰਿਹਾ ਸੀ। 

ਇਸੇ ਹੀ ਸਮੇਂ ਸਰਹਿੰਦ ਵਿਚ ਇਕ ਨਾਸੀਰੀ ਨਾਂ ਦਾ ਲੇਖਕ ਹੋਇਆ ਸੀ ਜਿਸ ਨੂੰ ਨਾਸੀਰੀ ਸਰਹਿੰਦੀ ਕਿਹਾ ਜਾਂਦਾ ਸੀ । ਇਕ ਵਾਰ ਸਰਹਿੰਦ ਵਿਚ ਕੁਝ ਉਜ਼ਬੇਕ ਫੌਜ਼ੀਆਂ ਨੇ ਕਾਫੀ ਲੁੱਟਮਾਰ ਕੀਤੀ। ਅਕਬਰ ਕੋਲ ਇਸ ਗੱਲ ਦੀ ਸ਼ਿਕਾਇਤ ਪਹੁੰਚੀ । ਅਕਬਰ ਨੇ ਰਾਜਾ ਮਾਨ ਸਿੰਘ ਨੂੰ ਇਸ ਸ਼ਰਾਰਤ ਦਾ ਸਿਰ ਕੁਚਲਣ ਲਈ ਸਰਹਿੰਦ ਭੇਜਿਆ । ਰਾਜਾ ਮਾਨ ਸਿੰਘ ਨੇ ਸਰਹਿੰਦ ਪਹੁੰਚ ਕੇ ਜੋ ਕੁਝ ਕੀਤਾ, ਨਾਸੀਰੀ ਸਰਹਿੰਦੀ ਨੇ ਉਸ ਦਾ ਬੜੇ ਹੀ ਵਿਸਥਾਰ ਨਾਲ ਹਾਲ ਬਿਆਨ ਕੀਤਾ ਹੈ। ਇਹ ਬਿਆਨ ਉਸ ਨੇ ਆਪਣੀ ਲਿਖਤ ਤਾਰੀਖ-ਏ-ਨਾਸੀਰੀ ਵਿਚ ਦਰਜ ਕੀਤੇ ਹਨ । ਇਹ ਲਿਖਤ ਅੱਜ ਕੱਲ੍ਹ ਮਿਲਦੀ ਨਹੀਂ ਹੈ । ਇਸ ਦਾ ਉਰਦੂ ਤਰਜਮਾ ਸਲਾਮ ਰਾਏ ਨੇ ਮੁੱਕਮਲ ਤਾਰੀਖ਼-ਏ-ਸੂਦਾਂ” ਦੇ ਸਿਰਲੇਖ ਹੇਠ ਕੀਤਾ ਹੈ । ਇਸ ਅਨੁਸਾਰ ਰਾਜਾ ਮਾਨ ਸਿੰਘ ਜਦੋਂ ਸਰਹਿੰਦ ਪਹੁੰਚਿਆ ਤਾਂ ਉਸ ਨੇ ਸਰਹਿੰਦ ਸ਼ਹਿਰ ਵਿਚ ਕਾਫੀ ਗਿਣਤੀ ਵਾਲੇ ਸੂਦ ਲੋਕਾਂ ਨੂੰ ਇਕੱਠਾ ਕੀਤਾ । ਇਨ੍ਹਾਂ ਵਿਚੋਂ ਪੰਜ ਹਜ਼ਾਰ ਨੌਜੁਆਨ ਉਸ ਨੇ ਆਪਣੀ ਫੌਜ ਵਿਚ ਭਰਤੀ ਕਰ ਲਏ ਸਨ । ਤਾਰੀਖ-ਏ- ਨਾਸੀਰੀ ਅਨੁਸਾਰ ਸਰਹਿੰਦ ਸ਼ਹਿਰ ਹੰਸਲੀ ਨਦੀ ਉਪਰ ਪੂਰੇ ਤਿੰਨ ਕੋਹ (ਲਗਭੱਗ ਦਸ ਕਿਲੋਮੀਟਰ) ਦੇ ਖੇਤਰ ਵਿਚ ਵਸਿਆ ਹੋਇਆ ਸ਼ਹਿਰ ਸੀ । ਹੰਸਲੀ ਨਦੀ ਸ਼ਹਿਰ ਦੇ ਬਿਲਕੁਲ ਵਿਚਕਾਰਦੀ ਵਗਦੀ ਸੀ । ਸਰਹਿੰਦ ਦਾ ਕਿਲ੍ਹਾ ਇਸ ਨਦੀ ਦੇ ਕੰਢੇ ਉਪਰ ਸੀ । ਕਿਲ੍ਹੇ ਤੋਂ ਲੈ ਕੇ ਸ਼ਾਹੀ ਬਾਗ (ਹੁਣ ਆਮ-ਖਾਸ-ਬਾਗ) ਤਕ ਧਰਤੀ ਦੇ ਹੇਠਾਂ ਦੀ ਇਕ ਸੁਰੰਗ ਜਾਦੀ ਸੀ । ਜਦੋਂ ਵੀ ਕੋਈ ਬਾਦਸ਼ਾਹ ਇਥੇ ਆਉਂਦਾ ਸੀ ਤਾਂ ਉਹ ਇਸ ਸ਼ਾਹੀ ਬਾਗ ਵਿਚ ਹੀ ਰਹਿੰਦਾ ਸੀ । ਇਸ ਬਾਗ ਵਿਚ ਹਰ ਕਿਸਮ ਦਾ ਫਲਾਂ ਅਤੇ ਫੁੱਲਾਂ ਵਾਲਾ ਦਰਖੱਤ ਹੁੰਦਾ ਸੀ । ਅੰਬ ਤਾਂ ਇਥੋਂ ਦੇ ਇਨ੍ਹੇ ਮਸ਼ਹੂਰ ਸਨ ਕਿ ਉਹ ਦਿੱਲੀ ਵਿਖੇ ਬਾਦਸ਼ਾਹ ਲਈ ਪਹੁੰਚਾਏ ਜਾਂਦੇ ਸਨ । ਸ਼ਹਿਰ ਦੇ ਆਲੇ-ਦੁਆਲੇ ਅਨੇਕਾਂ ਬਾਗ ਸਨ ਜਿਹੜੇ ਕਈ ਮੀਲਾਂ ਦੇ ਖੇਤਰ ਵਿਚ ਫੈਲੇ ਹੋਏ ਸਨ । ਇਨ੍ਹਾਂ ਵਿਚੋਂ ਬਹੁਤੇ ਬਾਗ ਸੂਦ ਧਨਾਢ ਵਪਾਰੀਆਂ ਤੇ ਦੁਕਾਨਦਾਰਾਂ ਦੇ ਸਨ। 

16ਵੀਂ ਸਦੀ ਵਿਚ ਸਰਹਿੰਦ ਸਮੁੱਚੇ ਵਿਸ਼ਵ ਵਿਚ ਰੇਸ਼ਮ ਦਾ ਕੇਂਦਰ ਮੰਨਿਆ ਜਾਂਦਾ ਸੀ । ਇਥੋਂ ਦਾ ਤਿਆਰ ਕੀਤਾ ਹੋਇਆ ਰੇਸ਼ਮ ਯੂਰਪ ਦੇ ਦੇਸ਼ਾਂ ਵਿਚ ਭੇਜਿਆ ਜਾਂਦਾ ਸੀ । ਜੇਮਜ ਰੈਨਲ ਇਸ ਦੇ ਰੇਸ਼ਮ ਦੀ ਗੱਲ ਕਰਦਾ ਹੋਇਆ ਇਸ ਦੀ ਆਪਾਰ ਮਹੱਤਤਾ ਵਰਣਨ ਕਰਦਾ ਹੈ । ਇਸ ਅਨੁਸਾਰ ‘ਸਰਹਿੰਦ ਦਾ ਪੁਰਾਣਾ ਸ਼ਹਿਰ ਦਿੱਲੀ ਅਤੇ ਲਾਹੌਰ ਦੇ ਵਿਚਕਾਰ ਸਥਿਤ ਹੈ । ਟ੍ਰੈਵਰਨੀਅਰ ਇਸ ਦਾ ਦਿੱਲੀ ਤੋਂ ਫਾਸਲਾ 105 ਕੋਹ ਦਾ ਦਸਦਾ ਹੈ ਜਦੋਂ ਕਿ ਸਟੀਲ (Steel) 103 ਦਾ ਜਾਂ 147 ਗਰੈਂਡ ਮੀਲਾਂ ਦਾ ਦਸਦਾ ਹੈ । ਕਰਨਲ ਮਰੇ ਦਾ ਨਕਸਾ ਇਹ ਫਾਸਲਾ 108 ਕੋਹ ਦਾ ਦਸਦਾ ਹੈ। ਜੇਮਜ ਰੈਨਲ ਦੀ ਬੰਗਾਲ ਦੀ ਐਟਲਸ ਵਿਚ ਸਰਹਿੰਦ ਦਾ ਲੈਟੀਚਿਊਡ 29°55′ ਅਤੇ ਲੌਂਗੀਚਿਊਡ 75° 15′ । 

ਜੇਮਜ ਰੈਨਲ ਦੇ ਅਨੁਸਾਰ ਇਟਲੀ ਵਿਚ ਕੌਆਡਈਨ ਦੀਆ ਯਾਤਰਾਵਾਂ ਤੋਂ ਪਤਾ ਲੱਗਦਾ ਹੈ ਕਿ 16 ਵੀ ਸਦੀ ਵਿਚ ਕੰਨਸਟੈਂਟੀਨੋਪਲ ਵਿਚ ਰੇਸ਼ਮ ਨੂੰ ਬੁਣਨ ਦੀ ਕਲਾ ਉਨ੍ਹਾਂ ਮੌਂਕਸ (Monks) ਦੁਆਰਾ ਲਿਆਂਦੀ ਗਈ ਸੀ ਜਿਹੜੇ ਸਰਹਿੰਦ ਦੀ ਯਾਤਰਾ ਕਰਕੇ ਮੁੜੇ ਸਨ । ਇਸ ਤਰ੍ਹਾਂ ਪਤਾ ਲਗਦਾ ਹੈ ਕਿ ਰੇਸ਼ਮ ਨੂੰ ਬੁਣਨ ਦੀ ਕਲਾ ਰੋਮਨ ਬਾਦਸ਼ਾਹਾਂ ਦੇ ਅਧੀਨ ਪੱਛਮੀ ਯੂਰਪ ਵਿਚ ਮੌਲਿਕ ਰੂਪ ਵਿਚ ਸਰਹਿੰਦ ਤੋਂ ਹੀ ਲਿਆਂਦੀ ਗਈ ਸੀ ਪਰ ਜਦੋਂ ਪੱਛਮੀ ਸਾਮਰਾਜ ਨੂੰ ਉਲਟਾ ਦਿੱਤਾ ਗਿਆ ਸੀ ਤਾਂ ਇਸ ਰਾਮ-ਰੌਲੇ ਸਮੇਂ ਇਹ ਕਲਾ ਗੁਆਚ ਗਈ ਸੀ । ਜੇਮਜ ਰੈਨਲ ਇਸ ਤੱਥ ਵਲ ਧਿਆਨ ਦਿਵਾਉਂਦਾ ਹੋਇਆ ਦਸਦਾ ਹੈ ਕਿ ਪਰੋਕੋਪੀਅਸ ਲਿਖਦਾ ਹੈ ਕਿ 16ਵੀਂ ਸਦੀ ਵਿਚ ਜਸਟੀਨੀਅਨ ਦੇ ਸਮੇਂ, ਰੇਸ਼ਮ ਸਰਹਿੰਦ ਦੇਸ਼ ਤੋਂ ਹੀ ਲਿਆਂਦਾ ਜਾਂਦਾ ਸੀ । 22 

ਤਾਰੀਖ-ਏ-ਨਾਸੀਰੀ ਦੇ ਅਨੁਸਾਰ ਸਾਰੇ ਸ਼ਹਿਰ ਵਿਚਕਾਰ ਇਕ ਮੁੱਖ ਚੌਂਕ ਸੀ । ਬਜ਼ਾਰ ਦੀਆਂ ਸਾਰੀਆਂ ਗਲੀਆਂ ਇਸ ਚੌਂਕ ਨੂੰ ਆ ਕੇ ਮਿਲਦੀਆਂ ਸਨ । ਸ਼ਹਿਰ ਦੇ ਤਕਰੀਬਨ ਬੀਹ ਮੁਹੱਲੇ ਸਨ । ਮੁਸਲਮਾਨਾਂ ਅਤੇ ਹਿੰਦੂਆਂ ਦੇ ਵੱਖ-ਵੱਖ ਮੁਹੱਲੇ ਸਨ । ਹਿੰਦੂਆਂ ਵਿਚੋਂ ਸੂਦ ਕਬੀਲਾ ਵੱਡੀ ਗਿਣਤੀ ਵਿਚ ਸੀ । ਇਹ ਸ਼ਾਹੂਕਾਰ, ਵਪਾਰੀ ਅਤੇ ਦੁਕਾਨਦਾਰ ਸਨ । ਇਹ ਪੈਸੇ ਲੈਣ-ਦੇਣ ਦਾ ਕੰਮ ਕਰਦੇ ਸਨ । ਸ਼ਹਿਰ ਦੇ ਆਲੇ-ਦੁਆਲੇ ਇਕ ਪੱਕੀ ਅਤੇ ਮਜ਼ਬੂਤ ਕੰਧ ਕੱਢੀ ਹੋਈ ਸੀ । 

ਹੰਸਲੀ ਨਦੀ ਦਾ ਪਾਣੀ ਬੜਾ ਸਾਫ ਹੁੰਦਾ ਸੀ । ਉਹ ਸਾਰਾ ਸਾਲ ਹੀ ਵਗਦੀ ਰਹਿੰਦੀ ਸੀ । ਮੀਹਾਂ ਵੇਲੇ ਇਹ ਪੂਰੀ ਭਰ ਕੇ ਚਲਦੀ ਸੀ । ਪਰ ਇਸ ਦਾ ਪਾਣੀ ਕੇਵਲ ਸਮਾਣੇ ਪਹੁੰਚ ਕੇ ਹੀ ਜ਼ਮੀਨ ਸਿੰਜਦਾ ਸੀ । ਸ਼ਹਿਰ ਵਿਚ ਇਸ ਦੇ ਕੰਢਿਆਂ ਤੇ ਬੜੀਆਂ ਹੀ ਆਲੀਸ਼ਾਨ ਹਵੇਲੀਆਂ ਬਣੀਆਂ ਹੋਈਆਂ ਸਨ । ਇਨ੍ਹਾਂ ਹਵੇਲੀਆਂ ਦੀ ਦਿੱਲੀ ਅਤੇ ਕਾਬੁਲ ਤਕ ਵੀ ਚਰਚਾ ਹੁੰਦੀ ਸੀ । ਸਰਹਿੰਦ ਵਿਚ ਸ਼ਹਿਰੀ ਜ਼ਮੀਨ ਦਾ ਭਾਅ ਦਿੱਲੀ ਨਾਲੋਂ ਦੁੱਗਣਾ ਸੀ । 

ਇਸ ਤਰ੍ਹਾਂ ਅਕਬਰ ਦੇ ਸਮੇਂ ਸਰਹਿੰਦ ਨੇ ਬੜੀ ਹੀ ਖੁਸ਼ਹਾਲੀ ਅਤੇ ਬੁਲੰਦੀਆਂ ਨੂੰ ਛੁਹਣ ਵਾਲੀ ਸ਼ਾਨ ਦੇਖੀ ਸੀ । ਇਹ ਸ਼ਾਨ ਅਤੇ ਖੁਸ਼ਹਾਲੀ ਜਹਾਗੀਰ ਦੇ ਸਮੇਂ ਵੀ ਕਾਇਮ ਰਹੀ ਸੀ । ਜਹਾਂਗੀਰ ਆਪਣੇ ਪਿਤਾ ਅਕਬਰ ਦੀ ਮੌਤ (1604 ਈ.) ਤੋਂ ਬਾਅਦ ਬਾਦਸ਼ਾਹ ਬਣਿਆ । ਜਹਾਂਗੀਰ ਦੇ ਮੁੱਢਲੇ ਸਾਲ ਰਾਜਨੀਤਕ ਤੌਰ ਤੇ ਅਸਥਿਰਤਾ ਅਤੇ ਰੁਝੇਵਿਆਂ ਵਾਲੇ ਸਨ । ਇਸ ਲਈ ਉਹ ਆਪਣੀ ਪਹਿਲੀ ਫੇਰੀ ਸਮੇਂ ਜਦੋਂ ਕਿ ਉਹ ਆਪਣੇ ਹੀ ਪੁੱਤਰ ਖੁਸਰੋ ਦਾ ਪਿੱਛਾ ਕਰਦਾ ਪੰਜਾਬ ਵਿਚ ਆਇਆ ਸੀ, ਸਰਹਿੰਦ ਸ਼ਹਿਰ ਵੱਲ ਕੋਈ ਧਿਆਨ ਨਹੀਂ ਦੇ ਸਕਿਆ । ਪਰ ਜਦੋਂ ਉਹ 1619 ਈ. ਵਿਚ ਪੰਜਾਬ ਵਿਚ ਆਇਆ ਤਾਂ ਉਸ ਦਾ ਉਤਾਰਾ ਸਰਹਿੰਦ ਵਿਚ ਹੀ ਸੀ । ਉਹ ਸਰਹਿੰਦ ਦੇ ਬਾਗਾਂ ਨੂੰ ਦੇਖ ਕੇ ਇਤਨਾ ਪਰਭਾਵਤ ਹੋਇਆ ਸੀ ਕਿ ਉਸ ਨੇ ਬਾਗਬਾਨੀ ਵਿਚ ਇਕ ਮਾਹਿਰ ਅਧਿਕਾਰੀ ਖਵਾਜਾ ਵੈਸੀ ਨੂੰ ਇਨ੍ਹਾਂ ਬਾਗਾਂ ਦਾ ਇੰਚਾਰਜ ਬਣਾ ਦਿਤਾ ਸੀ । ਉਸ ਨੂੰ ਆਦੇਸ਼ ਦਿੱਤੇ ਗਏ ਸਨ ਕਿ ਉਹ ਬਾਗਾਂ ਵਿਚੋਂ ਪੁਰਾਣੇ ਹੋਏ ਦਰੱਖਤਾਂ ਨੂੰ ਕਢਵਾ ਦੇਵੇ ਅਤੇ ਵਧੀਆਂ ਤੋਂ ਵਧੀਆਂ ਫਲਾ ਵਾਲੇ ਦਰੱਖਤ ਲਿਆ ਕੇ ਲਗਵਾਵੇ । ਉਸ ਨੇ ਹੰਸਲਾ ਨਦੀ ਨੂੰ ਵੀ ਸਾਫ ਕਰਵਾਉਣ ਦੇ ਆਦੇਸ਼ ਦਿਤੇ । ਉਸ ਨੇ ਆਮ-ਖਾਸ ਬਾਗ (ਸ਼ਾਹੀ ਬਾਗ ਜਾਂ ਬਾਗ-ਏ-ਹਾਫ਼ਜ਼ੀ) ਵਿਚ ਨਵੀਂ ਤਕਨੀਕ ਵਾਲੇ ਗੁਸਲਖਾਨੇ ਬਣਾਵਏ ।” ਇਨ੍ਹਾਂ ਗੁਸ਼ਲਖਾਨਿਆਂ ਵਿਚ ਪਾਣੀ ਨੂੰ ਠੰਡਾ ਅਤੇ ਗਰਮ ਰੱਖਣ ਦੀ ਪੂਰੀ ਪਰਣਾਲੀ ਸੀ । ਗੁਸ਼ਲਖਾਨੇ ਦੇ ਸਾਰੇ ਕਮਰਿਆਂ ਵਿਚ ਅਤੇ ਇਸ ਦੇ ਬਸਤਰ ਬਦਲਣ ਵਾਲੇ ਕਮਰਿਆਂ ਵਿਚ ਦੋਵੇਂ ਪਾਣੀ ਜ਼ਮੀਨਦੋਜ਼ ਪਾਈਪਾਂ ਰਾਹੀਂ ਪਹੁੰਚਦੇ ਸੀ ।” ਇਸੇ ਤਰ੍ਹਾਂ ਉਸ ਨੇ ਇਸ ਤਰ੍ਹਾਂ ਦੇ ਭਵਨ ਉਸਾਰਨ ਦਾ ਵੀ ਆਦੇਸ਼ ਦਿਤਾ ਸੀ ਜਿਨ੍ਹਾਂ ਨੂੰ ਕੁਦਰਤੀ ਤਰੀਕੇ ਅਨੁਸਾਰ ਗਰਮੀਆਂ ਵਿਚ ਠੰਡਾ ਰੱਖਿਆ ਜਾ ਸਕਦਾ ਸੀ । ਅਜਿਹੇ ਭਵਨ ਨੂੰ ਸਰਦਖਾਨਾ ਕਿਹਾ ਜਾਦਾ ਸੀ ਉਪਰ ਬਿਆਨ ਕੀਤੇ ਗੁਸਲਖਾਨੇ ਅਤੇ ਸਰਦਖਾਨੇ ਦੇ ਹੁਣ ਵੀ ਖੰਡਰਾਤ ਖੜ੍ਹੇ ਹਨ । ਇਨ੍ਹਾ ਖੰਡਰਾਤਾਂ ਤੋਂ ਵੀ ਕਾਫ਼ੀ ਕੁਝ ਦੇਖਿਆ ਤੇ ਪਰਖਿਆ ਜਾ ਸਕਦਾ ਹੈ । 

1620 ਈ. ਵਿਚ ਜਹਾਂਗੀਰ ਸਰਹਿੰਦ ਪਹੁੰਚਿਆ ਸੀ । ਇਸ ਸਮੇਂ ਉਸ ਨੇ ਆਪਣੀ ਰਿਹਾਇਸ਼ ਸ਼ਾਹੀ ਬਾਗ (ਆਮ-ਖਾਸ ਬਾਗ) ਵਿਚ ਹੀ ਕੀਤੀ । ਉਹ ਕਈ ਦਿਨ ਲਗਾਤਾਰ ਬਾਗ ਦੇ ਦੁਆਲੇ ਹੀ ਘੁੰਮਦਾ ਰਿਹਾ ਸੀ । ਉਹ ਹਰ ਦਰੱਖਤ ਅਤੇ ਬੂਟੇ ਨੂੰ ਨੇੜਿਓਂ ਹੋ ਕੇ ਦੇਖਦਾ ਸੀ । ਇਸ ਵਾਰ ਉਸ ਨੇ ਬਾਗ ਦੇ ਵਿਚ ਇਕ ਤਲਾਅ ਖੁਦਵਾਇਆ । ਇਹ 120 ਗਜ਼ ਲੰਮਾ ਅਤੇ 110 ਗਜ਼ ਚੌੜਾ ਸੀ । ਇਸ ਨੂੰ ਭਰਨ ਲਈ ਹੰਸਲੀ ਨਦੀ ਦਾ ਪਾਣੀ ਇਸ ਵਿਚ ਪਾਇਆ ਗਿਆ ਸੀ । ਸ਼ਾਹੀ ਬਾਗ ਦੀ ਸਿੰਜਾਈ ਵਾਸਤੇ ਬਾਗ ਦੇ ਚਾਰੇ ਕੋਨਿਆਂ ਤੇ ਵੱਡੇ-ਵੱਡੇ ਖੂਹ ਲਗਵਾਏ ਗਏ ਸਨ । ਇਨ੍ਹਾਂ ਖੂਹਾਂ ਵਿਚੋਂ ਬੋਕਿਆਂ ਨਾਲ ਪਾਣੀ ਕੱਢਿਆ ਜਾਂਦਾ ਸੀ । ਸ਼ਾਹੀ ਬਾਗ ਦੇ ਦੁਆਲੇ ਪੱਕੀ ਦੀਵਾਰ ਕਢਵਾਈ ਗਈ ਸੀ । ਇਸ ਦੀਵਾਰ ਵਿਚ ਚਾਰ ਦਰਵਾਜ਼ੇ ਰੱਖੇ ਗਏ ਸਨ । ਇਸ ਸ਼ਾਹੀ ਬਾਗ ਵਿਚ ਤਲਾਅ ਤੇ ਮਹਿਲਾਂ ਤੋਂ ਇਲਾਵਾ ਸ਼ਾਹੀ ਤਬੇਲਾ ਅਤੇ ਹੋਰ ਨੌਕਰਾਂ ਦੇ ਕੁਆਰਟਰ ਵੀ ਬਣੇ ਹੋਏ ਸਨ । 

ਜਹਾਂਗੀਰ ਦੇ ਸਮੇਂ ਸਰਹਿੰਦ ਦੀ ਖੁਸ਼ਹਾਲੀ ਅਤੇ ਸ਼ਾਨ-ਸ਼ੌਕਤ ਦੇ ਨਾਲ ਨਾਲ ਸਰਹਿੰਦ ਵਿਚ ਹੀ ਇਕ ਹੋਰ ਐਸੀ ਸੰਸਥਾ ਵੀ ਉਭਰ ਰਹੀ ਸੀ ਜਿਸ ਨੇ ਆਪਣੀ ਕੱਟੜਤਾ ਅਤੇ ਗੈਰ ਮੁਸਲਮਾਨੀ ਫਿਰਕਿਆਂ ਪਰੱਤੀ ਫਿਰਕੂ ਨਫਰਤ ਫੈਲਾ ਕੇ ਸਰਹਿੰਦ ਦੀ ਸਰਬ-ਸਾਂਝੀਵਾਲਤਾ, ਖੁਸ਼ਹਾਲੀ ਅਤੇ ਸ਼ਾਹੀ ਸ਼ਾਨ-ਸ਼ੌਕਤ ਨੂੰ ਨਾ ਹੀ ਸਿਰਫ ਸੱਟ ਹੀ ਮਾਰੀ ਸੀ ਸਗੋਂ ਇਸ ਦੀ ਮੁਕੰਮਲ ਬਰਬਾਦੀ ਦੇ ਬੀਜ ਵੀ ਬੋ ਦਿਤੇ ਸਨ । ਮੁਸਲਮਾਨਾਂ ਦਾ ਇਹ ਨਕਸ਼ਬੰਦੀ ਸਿਲਸਿਲਾ ਸਥਾਪਤ ਤਾਂ ਭਾਵੇਂ ਖਵਾਜਾ ਬਾਕੀਬਿੱਲਾ ਦੀ ਅਗਵਾਈ ਹੇਠ ਦਿੱਲੀ ਵਿਚ ਹੋਇਆ ਸੀ ।” ਇਸ ਦਾ ਪੱਕਾ ਮੱਤ ਸੀ ਕਿ ਸ਼ਾਹੀ ਦਰਬਾਰ ਨਾਲ ਮੇਲ-ਮਿਲਾਪ ਰੱਖ ਕੇ ਹੀ ਇਸਲਾਮ ਨੂੰ ਹਿੰਦੁਸਤਾਨ ਵਿਚ ਫੈਲਾਇਆ ਜਾ ਸਕਦਾ ਹੈ । ‘ ਅਕਬਰ ਦਾ ਪਰਸਿੱਧ ਜਰਨੈਲ ਮੁਰਤਜ਼ਾ ਖਾਨ-ਸ਼ੇਖ ਫਰੀਦ ਇਸ ਮੱਤ ਦਾ ਪੱਕਾ ਪੈਰੋਕਾਰ ਸੀ । ਜਦੋਂ 1604 ਵਿਚ ਅਕਬਰ ਦੀ ਮੌਤ ਬਾਅਦ ਜਹਾਂਗੀਰ ਬਾਦਸ਼ਾਹ ਬਣਿਆ ਤਾਂ ਇਹ ਮੁਰਤਜਾ ਖਾਨ ਉਸ ਦਾ ਸਭ ਤੋਂ ਵੱਡਾ ਹਮਾਇਤੀ ਸੀ । ਜਹਾਂਗੀਰ ਦੇ ਰਾਜ ਦੀ ਸਾਰੀ ਸ਼ਕਤੀ ਇਸ ਦੇ ਹੱਥ ਵਿਚ ਸੀ । 

ਖ਼ਵਾਜਾ ਬਾਕੀਬਿੱਲਾ ਦੀ 1603 ਈ. ਵਿਚ ਹੋਈ ਮੌਤ ਤੋਂ ਬਾਅਦ ਸ਼ੇਖ ਅਹਿਮਦ ਸਰਹਿੰਦੀ ਇਸ ਸਿਲਸਿਲੇ ਦਾ ਨੇਤਾ ਬਣਿਆ । ਇਸ ਦਾ ਜਨਮ ਸਰਹਿੰਦ ਵਿਚ ਹੀ 26 ਜੂਨ 1564 ਨੂੰ ਹੋਇਆ ਸੀ । ਇਸ ਦਾ ਵਿਆਹ ਥਾਨੇਸਰ ਦੇ ਰਈਸ ਸ਼ੇਖ-ਸੁਲਤਾਨ ਦੀ ਸ਼ਹਿਜਾਦੀ ਨਾਲ ਹੋਇਆ ਸੀ । ਇਸ ਵਿਆਹ ਵਿਚ ਇਸ ਨੂੰ ਬਹੁਤ ਧਨ ਪਰਾਪਤ ਹੋਇਆ ਸੀ । ਇਸ ਨਾਲ ਇਹ ਸਰਹਿੰਦ ਵਿਚ ਹੀ ਆਪਣੀ ਪੱਕੀ ਹਵੇਲੀ ਪਾ ਕੇ ਉਥੇ ਹੀ ਕੇਂਦਰ ਬਣਾ ਕੇ ਬੈਠ ਗਿਆ ਸੀ । ਉਸ ਥਾਂ ਤੇ ਬਾਅਦ ਵਿਚ ਸਰਹਿੰਦ ਦੇ ਰੋਜ਼ਾ-ਸਰੀਫ ਦੀ ਉਸਾਰੀ ਕੀਤੀ ਸੀ ।” ਇਸ ਨੇ ਮੁਰਤਜ਼ਾ ਖ਼ਾਨ ਦੇ ਰਾਹੀਂ ਪੰਜਾਬ ਵਿਚ ਗੈਰ-ਮੁਸਲਮਾਨੀ ਫਿਰਕੇ ਦੇ ਖਿਲਾਫ ਇਕ ਬਹੁਤ ਤਕੜਾ ਜਹਾਦ ਸ਼ੁਰੂ ਕਰਵਾਇਆ ਸੀ । ਗੁਰੂ ਅਰਜਨ ਦੇਵ ਜੀ ਇਸ ਜਹਾਦ ਦਾ ਪਰਮੁੱਖ ਨਿਸ਼ਾਨਾ ਸਨ । ਉਨ੍ਹਾਂ ਨੂੰ ਸ਼ੇਖ ਅਹਿਮਦ ਸਰਹਿੰਦੀ ਦੀ ਚੁੱਕ ਨਾਲ ਅਤੇ ਮੁਰਤਜ਼ਾ ਖਾਨ ਦੀ ਮਦਦ ਨਾਲ ਜਹਾਂਗੀਰ ਵਲੋਂ ਅਤੀ ਦਰਦਨਾਕ ਤਸੀਹਿਆ ਦੁਆਰਾ ਸ਼ਹੀਦ ਕਰਵਾਇਆ ਗਿਆ ਸੀ । 

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਲਈ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਨਾਬਾਲਗ ਬੱਚਿਆਂ ਦੀ ਸ਼ਹਾਦਤ ਲਈ ਵੀ ਇਹੀ ਨਕਸ਼ਬੰਦੀ ਸਿਲਸਿਲਾ ਜਿੰਮੇਵਾਰ ਸੀ । ਇਨ੍ਹਾਂ ਹੀ ਜ਼ੁਲਮਾਂ ਨੇ ਸਰਹਿੰਦ ਦੇ ਹਾਕਮਾਂ ਪਰੱਤੀ ਸਿੱਖਾਂ ਦੇ ਮਨ ਵਿਚ ਨਫਰਤ ਭਰ ਦਿਤੀ ਸੀ । ਹਾਕਮਾ ਪਰੱਤੀ ਇਹ ਨਫਰਤ ਆਖਰ ਸਰਹਿੰਦ ਸ਼ਹਿਰ ਪਰੱਤੀ ਵੀ ਹੋ ਗਈ ਸੀ। ਨਤੀਜਾ ਇਸ ਦਾ ਇਹ ਹੋਇਆ ਕਿ ਸਿੱਖ ਸਰਹਿੰਦ ਨੂੰ ‘ਗੁਰੂ ਮਾਰੀ ਸਰਹਿੰਦ’ ਸਮਝਣ ਲਗ ਪਏ ਸਨ । ਅੱਗੇ ਜਾ ਕੇ ਪਤਾ ਲੱਗੇਗਾ ਕਿ ਸਰਹਿੰਦ ਪਰੱਤੀ ਸਿੱਖਾਂ ਦੀ ਇਹ ਨਫਰਤ ਸਰਹਿੰਦ ਦੀ ਬਰਬਾਦੀ ਦਾ ਇਕੋ-ਇਕ ਕਾਰਨ ਬਣ ਗਈ ਸੀ । ਪਰ ਇਸ ਤੋਂ ਪਹਿਲਾਂ ਅਜੇ ਸਰਹਿੰਦ ਦੇ ਹੋਰ ਹੋਏ ਵਿਕਾਸ ਦੀ ਗੱਲ ਕਰਦੇ ਹਾਂ । 

ਮੁਗਲ ਬਾਦਸ਼ਾਹ ਸ਼ਾਹਜ਼ਹਾਨ ਦੇ ਸਰਹਿੰਦ ਸ਼ਹਿਰ ਨਾਲ ਲਗਾਓ ਦੀ ਗੱਲ ਕੀਤੇ ਬਿਨਾਂ ਸਰਹਿੰਦ ਦਾ ਵਰਨਣ ਅਧੂਰਾ ਹੀ ਰਹਿੰਦਾ ਹੈ । ਇਸ ਬਾਦਸ਼ਾਹ ਦਾ ਵੈਸੇ ਤਾਂ ਸਾਰਾ ਹੀ ਸਮਾਂ ਸਮੁੱਚੇ ਹਿੰਦੁਸਤਾਨ ਲਈ ਖੁਸ਼ਹਾਲੀ ਅਤੇ ਵਿਕਾਸ ਦਾ ਸਮਾਂ ਸੀ । ਇਸ ਖੁਸ਼ਹਾਲੀ ਅਤੇ ਵਿਕਾਸ ਵਿਚੋਂ ਕੁਝ ਹਿੱਸਾ ਸਰਹਿੰਦ ਨੂੰ ਵੀ ਪਰਾਪਤ ਹੋਇਆ ਸੀ । ਅਬਦੁਲ ਹਮੀਦ ਲਾਹੌਰੀ ਦੀ ਲਿਖਤ ਪਾਦਸ਼ਾਹਨਾਮਾ’ ਵਿਚ ਸ਼ਾਹ ਜਹਾਨ ਦੇ ਰੋਜ਼ਾਨਾ ਦੇ ਬਿਰਤਾਂਤ ਦਰਜ ਹਨ । ਇਸ ਲਿਖਤ ਵਿਚ ਸਰਹਿੰਦ ਦੇ ਵੇਰਵੇ ਵੀ ਆਏ ਹਨ । ਇਨ੍ਹਾਂ ਅਨੁਸਾਰ ਬਾਦਸ਼ਾਹ ਸ਼ਾਹ ਜਹਾਨ ਨੇ ਸਰਹਿੰਦ ਦੀ ਕੁਲ ਪੰਜ ਵਾਰ ਯਾਤਰਾ ਕੀਤੀ। ਪਹਿਲੀ ਯਾਤਰਾ 1628ਈ. ਵਿਚ ਕੀਤੀ ਗਈ ਸੀ । ਇਸ ਸਮੇਂ ਸ਼ਾਹ ਜਹਾਨ ਇਥੇ ਛੇ ਦਿਨ ਰਿਹਾ ਸੀ । ਉਸ ਦਾ ਉਤਾਰਾ ਆਮ-ਖਾਸ ਬਾਗ ਵਿਚ ਸੀ ਜਿਸ ਨੂੰ ਉਸ ਸਮੇਂ ਸ਼ਾਹੀ ਬਾਗ ਦੇ ਨਾਲ ਨਾਲ ਬਾਗ-ਏ-ਹਾਫ਼ਜ਼ੀ ਵੀ ਕਿਹਾ ਜਾਂਦਾ ਸੀ । ਜਿਹੜਾ ਤਲਾਅ ਪਹਿਲਾਂ ਜਹਾਂਗੀਰ ਨੇ ਖੁਦਵਾਇਆ ਸੀ ਉਸ ਨੂੰ ਅਜੇ ਤਕ ਪੂਰੀ ਤਰ੍ਹਾਂ ਪਾਣੀ ਨਾਲ ਭਰਿਆ ਨਹੀਂ ਗਿਆ ਸੀ । ਸ਼ਾਹ ਜਹਾਨ ਨੇ ਹੰਸਲੀ ਨਦੀ ਦੇ ਪਿੱਛੋਂ ਤੋਂ ਨਹਿਰ ਕਢਵਾ ਕੇ ਇਸ ਵਿਚ ਪਾਣੀ ਪੁਆਇਆ ਅਤੇ ਤਲਾਅ ਨੂੰ ਪੂਰਾ ਭਰਵਾਇਆ। ਇਸ ਤੋਂ ਇਲਾਵਾ ਉਸ ਨੇ ਇਥੇ ਕੁਝ ਇਮਾਰਤਾਂ ਜਿਵੇਂ ਕਿ ਖੁਵਾਬਗ਼ਾਹ ਅਤੇ ਬਰਾਂਡਿਆਂ ਤੇ ਬਾਲਕੋਨੀਆਂ ਵਾਲਾ ਇਕ ਸ਼ਾਹੀ ਮਹਿਲ ਵੀ ਤਾਮੀਰ ਕਰਵਾਇਆ ਸੀ । ਇਨ੍ਹਾਂ ਇਮਾਰਤਾਂ ਨੂੰ ਛੇਤੀ ਪੂਰਾ ਕਰਨ ਲਈ ਸਰਹਿੰਦ ਦੇ ਹੀ ਕਰੋੜੀ ਮੀਰ ਅਲੀ ਅਕਬਰ ਦੀ ਡਿਊਟੀ ਲਗਾਈ ਗਈ ਸੀ । ਮਹਿਲ ਕਿਵੇਂ ਬਣਵਾਉਣੇ ਹਨ, ਇਨ੍ਹਾਂ ਵਿਚ ਤਾਕੀਆਂ ਅਤੇ ਦਰਵਾਜ਼ੇ ਕਿਵੇਂ ਰੱਖਣੇ ਹਨ ਅਤੇ ਬਾਲਕੋਨੀਆਂ ਤੇ ਬਨੇਰੇ ਕਿਵੇਂ ਬਣਵਾਉਣੇ ਹਨ, ਇਹ ਸਭ ਤਰ੍ਹਾਂ ਦੀਆਂ ਹਦਾਇਤਾਂ ਬਾਦਸ਼ਾਹ ਜਾਣ ਸਮੇਂ ਦੇ ਕੇ ਗਿਆ ਸੀ । ਉਸ ਨੇਂ ਬਾਗ ਵਿਚਲੇ ਦਰੱਖਤਾਂ ਦੀ ਵਿਸ਼ੇਸ਼ ਕਿਸਮ ਦੀ ਤਰਤੀਬ ਲਈ ਵੀ ਕਈ ਹਦਾਇਤਾਂ ਕੀਤੀਆਂ ਸਨ । 

ਇਸੇ ਹੀ ਯਾਤਰਾ ਦੌਰਾਨ ਸਰਹਿੰਦ ਦੇ ਪਰਬੰਧ ਵਿਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਸਨ । ਪਹਿਲਾਂ ਸਰਹਿੰਦ ਦੇ ਸੂਬੇਦਾਰ ਕੋਲ ਹੀ ਦੀਵਾਨ, ਅਮੀਨ ਅਤੇ ਫੌਜਦਾਰੀ ਦੀਆਂ ਸਾਰੀਆਂ ਸ਼ਕਤੀਆਂ ਹੁੰਦੀਆਂ ਸਨ । ਸ਼ਾਹ ਜਹਾਨ ਨੇ ਇਸ ਸਮੇਂ ਇਨ੍ਹਾਂ ਤਿੰਨਾਂ ਸ਼ਕਤੀਆਂ ਨੂੰ ਨਿਖੇੜ ਕੇ ਦੀਵਾਨ ਤੇ ਅਮੀਨ ਅਲੱਗ ਅਤੇ ਫੌਜਦਾਰ ਅਲੱਗ ਕਰ ਦਿਤੇ ਸਨ । ਨਵਾਂ ਪਰਬੰਧ ਕਰਨ ਤੋਂ ਪਹਿਲਾਂ ਮਾਜ਼-ਉਲ-ਮੁਲਕ ਸਰਹਿੰਦ ਦਾ ਸੂਬੇਦਾਰ ਸੀ । ਅਰਥਾਤ ਉਹ ਤਿੰਨੋ ਹੀ ਤਾਕਤਾਂ (ਦੀਵਾਨ, ਆਮੀਨ ਅਤੇ ਫੌਜਦਾਰ) ਦਾ ਮਾਲਕ ਸੀ । 

ਉਸ ਨੂੰ ਹਟਾ ਕੇ ਗੁਜਰਾਤ ਦੇ ਆਮੀਨ ਨਾਂ ਦੇ ਇਕ ਅਧਿਕਾਰੀ ਜਿਸ ਨੂੰ ਦਾਰੋਗਾ-ਏ- ਕਿਰਕਰਾਤ ਕਿਹਾ ਜਾਂਦਾ ਸੀ, ਸਰਹਿੰਦ ਦਾ ਦੀਵਾਨ ਅਤੇ ਆਮੀਨ ਨਿਯੁਕਤ ਕੀਤਾ ਸੀ । 

ਮੀਰ ਅਲੀ ਅਕਬਰ ਨੂੰ ਸਰਹਿੰਦ ਦਾ ਫੌਜਦਾਰ ਨਿਯੁਕਤ ਕੀਤਾ ਗਿਆ ਸੀ ।” 

ਸ਼ਾਹ ਜਹਾਨ ਨੇ ਇਥੇ ਬਹੁਤ ਅੱਛੇ-ਅੱਛੇ ਸ਼ਿਕਾਰੀ ਜਾਨਵਰਾਂ ਅਤੇ ਪੰਛੀਆਂ ਦਾ ਚਿੜੀਆ ਘਰ ਵੀ ਖੁਲ੍ਹਵਾਇਆ ਸੀ । ਸ਼ਿਕਾਰੀ ਜਾਨਵਰਾਂ ਅਤੇ ਪੰਛੀਆਂ ਦੀ ਇਥੇ ਪਾਲਣਾ ਪੋਸ਼ਣਾ ਵੀ ਕੀਤੀ ਜਾਂਦੀ ਸੀ ਅਤੇ ਇਨ੍ਹਾਂ ਨੂੰ ਸ਼ਿਕਾਰ ਮਾਰਨ ਦੀ ਸਿੱਖਿਆ ਵੀ ਦਿਤੀ ਜਾਂਦੀ ਸੀ । ਦਿੱਲੀ ਪਹੁੰਚ ਕੇ ਸ਼ਾਹ ਜਹਾਨ ਨੇ ਇਥੋਂ ਕੁਝ ਸ਼ਿਕਾਰੀ ਜਾਨਵਰ ਅਤੇ ਪੰਛੀ ਵੀ ਮੰਗਵਾਏ मठ । 

1630 ਵਿਚ ਸ਼ਾਹ ਜਹਾਨ ਦੂਜੀ ਵਾਰ ਫਿਰ ਇਥੇ ਆਇਆ । ਇਸ ਵਾਰ ਉਸ ਨੇ ਆ ਕੇ ਦੇਖਿਆ ਕਿ ਸੂਬੇਦਾਰ ਦੀਆਂ ਤਾਕਤਾਂ ਦੀ ਜਿਹੜੀ ਵੰਡ ਉਸ ਨੇ ਪਹਿਲੀ ਯਾਤਰਾ ਵੇਲੇ ਕੀਤੀ ਸੀ ਉਸ ਨੂੰ ਫਿਰ ਤੋਂ ਇਕੋ ਅਧਿਕਾਰੀ ਵਿਚ ਸੰਮਿਲਤ ਕਰ ਦਿਤਾ ਗਿਆ ਸੀ ਕਿਉਂਕਿ ਤਾਕਤਾਂ ਦੀ ਇਹ ਵੰਡ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਸਕਦੀ ਸੀ । ਤਿੰਨੋਂ ਤਾਕਤਾਂ ਸੰਮਿਲਤ ਕਰਕੇ ਪਹਿਲੀ ਵਾਰ ਇਕ ਸਥਾਨਕ ਹਿੰਦੂ ਧਨਾਢ ਅਧਿਕਾਰੀ ਸੇਠ ਟੋਡਰ ਮੱਲ ਨੂੰ ਸੂਬੇਦਾਰ ਬਣਾਇਆ ਗਿਆ । ਉਹ ਦੀਵਾਨ ਵੀ ਸੀ, ਆਮੀਨ ਵੀ ਸੀ ਅਤੇ ਫੌਜਦਾਰ ਵੀ ਸੀ । ਸੇਠ ਟੋਡਰ ਮਲ ਜਿੱਥੇ ਬੜਾ ਅਮੀਰ ਆਦਮੀ ਸੀ, ਉਥੇ ਉਹ ਵੱਡੇ ਵੱਡੇ ਦੀਵਾਨੀ ਆਹੁਦੀਆਂ ਉਪਰ ਵੀ ਰਹਿ ਚੁੱਕਿਆ ਸੀ ਅਤੇ ਆਪਣੀ ਇਮਾਨਦਾਰੀ ਅਤੇ ਪਰਬੀਨਤਾ ਦੀ ਧਾਂਕ ਬਿਠਾ ਚੁੱਕਿਆ ਸੀ। ਉਸ ਨੇ ਸਮੁੱਚੇ ਸਰਹਿੰਦ ਪਰਾਂਤ ਦਾ ਪਰਬੰਧ ਇਤਨੀ ਲਗਨ ਅਤੇ ਪਰਬੀਨਤਾ ਨਾਲ ਕੀਤਾ ਕਿ ਬਾਦਸ਼ਾਹ ਜਿੰਨੀ ਵਾਰ ਵੀ ਸਰਹਿੰਦ ਆਇਆ ਸੀ ਉਤਨੀ ਵਾਰ ਹੀ ਇਸ ਨੇ ਬਾਦਸ਼ਾਹ ਕੋਲੋਂ ਇਨਾਮ ਪਰਾਪਤ ਕੀਤੇ ਸਨ । 

1631-32 ਵਿਚ ਜਦੋਂ ਬਾਦਸ਼ਾਹ ਤੀਜੀ ਵਾਰ ਸਰਹਿੰਦ ਆਇਆ ਤਾਂ ਉਸ ਨੇ ਸੇਠ ਟੋਰਡ ਮੱਲ ਦੇ ਪਰਬੰਧ ਤੋਂ ਖੁਸ਼ ਹੋ ਕੇ ਲੱਖੀ ਜੰਗੀ ਦੀ ਫੌਜਦਾਰੀ ਵੀ ਉਸ ਨੂੰ ਸੌਂਪ ਦਿਤੀ ਸੀ । ਇਸੇ ਹੀ ਸਾਲ ਇਕ ਹੋਰ ਮੌਕੇ ਤੇ ਉਸ ਨੂੰ ਇਕ ਕੀਮਤੀ ਖਿੱਲਤ, ਇਕ ਸੁੰਦਰ ਘੋੜਾ ਅਤੇ ਇਕ ਹੀਰੇ-ਜਵਾਹਰਾਤ ਜੜਿਆ ਹਾਥੀ ਇਨਾਮ ਵਜੋਂ ਦਿਤੇ ਗਏ ਸਨ । ਇਸ ਨਿਪੁੰਨ ਅਤੇ ਧਰਮ-ਨਿਰਪੱਖ ਅਧਿਕਾਰੀ ਦੇ ਪਰਬੰਧ ਹੇਠ ਸਰਹਿੰਦ ਨੇ ਇਤਨਾ ਵਿਕਾਸ ਕੀਤਾ ਸੀ ਕਿ ਬਾਦਸ਼ਾਹ ਜਦੋਂ ਇਕ ਹੋਰ ਯਾਤਰਾ ਦੌਰਾਨ 1634 ਵਿਚ ਸਰਹਿੰਦ ਪਹੁੰਚਿਆ ਤਾਂ ਉਸ ਨੇ ਅਤੀ ਪਰਸੰਨ ਹੋ ਕੇ ਸੇਠ ਟੋਡਰ ਮਲ ਨੂੰ ਇਕ ਹਜ਼ਾਰ ਜ਼ਾਤ ਤੇ ਇਕ ਹਜ਼ਾਰ ਸਵਾਰ ਦੋ ਆਸਧਾ ਤੇ ਛੇ ਆਸਧਾ) ਦਾ ਸਨਸਬ ਬਖਸ਼ਿਆ ਸੀ । 1635 ਵਿਚ ਉਸ ਨੂੰ 2500 ਜ਼ਾਤ ਅਤੇ 2500 ਸਵਾਰ (ਦੋ ਆਸਪਾ ਅਤੇ ਛੇ ਆਸਪਾ) ਦਾ ਮਨਸਬ ਹੋਰ ਜੋੜ ਦਿਤਾ मी। 

ਸਰਹਿੰਦ ਸ਼ਹਿਰ ਦੇ ਸਮੁੱਚੇ ਇਤਿਹਾਸ ਵਿਚ ਸ਼ਾਹ ਜਹਾਨ ਦਾ ਸਮਾਂ ਸਭ ਤੋਂ ਵੱਧ ਅਮਨ-ਸ਼ਾਂਤੀ ਅਤੇ ਖੁਸ਼ਹਾਲੀ ਦਾ ਸਮਾਂ ਸੀ । ਇਸ ਸਮੁੱਚੇ ਸਮੇਂ ਵਿਚ ਇਕ ਵਾਰ ਵੀ ਸਰਹਿੰਦ ਲੜਾਈ ਦਾ ਮੈਦਾਨ ਨਹੀਂ ਬਣਿਆ ਸਗੋਂ ਇਥੇ ਆਲੀਸ਼ਾਨ ਤੋਂ ਆਲੀਸ਼ਾਨ ਇਮਾਰਤਾਂ ਉਸਰੀਆਂ ਅਤੇ ਵਧੀਆਂ ਤੋਂ ਵਧੀਆਂ ਦਰੱਖਤ ਲਿਆ ਕੇ ਲਗਾਏ ਗਏ ਸਨ । ਸਰਹਿੰਦ ਸ਼ਹਿਰ ਤੋਂ ਛੇ-ਛੇ ਮੀਲ ਦੂਰ ਤੱਕ ਬਾਗ ਹੀ ਬਾਗ ਸਨ । ਇਕ-ਇਕ ਬਾਗ ਇਕ-ਇਕ ਮੀਲ ਦੀ ਲੰਬਾਈ ਤੱਕ ਚਲਿਆ ਗਿਆ ਸੀ । ਵਧੀਆ ਤੋਂ ਵਧੀਆ ਨਸਲ ਦਾ ਸ਼ਿਕਾਰੀ ਜਾਨਵਰ ਅਤੇ ਪੰਛੀ ਇਥੇ ਪਾਲਿਆ ਜਾਂਦਾ ਸੀ । ਸਭ ਤੋਂ ਵੱਧ ਕੇ ਜੋ ਗੱਲ ਹੋਈ ਸੀ ਅਤੇ ਜਿਸ ਨੇ ਸਰਹਿੰਦ ਸ਼ਹਿਰ ਨਾਲ ਹਰ ਬੰਦੇ ਦੇ ਜ਼ਜ਼ਬਾਤਾਂ ਨੂੰ ਜੋੜ ਦਿਤਾ ਸੀ ਉਹ ਸੀ ਸੇਠ ਟੋਡਰ ਮੱਲ ਦਾ ਇਥੋਂ ਦਾ ਅਧਿਕਾਰੀ ਹੋਣਾ । ਉਹ ਹਿੰਦੂ ਸੇਠ ਸੀ । ਉਸ ਦੇ ਪਰਬੰਧ ਨਾਲ ਸਰਹਿੰਦ ਵਾਸੀਆਂ ਵਿਚ ਸਰਬ-ਸਾਂਝੀਵਾਲਤਾ ਦਾ ਅਹਿਸਾਸ ਭਰਿਆ ਗਿਆ ਸੀ । ਬਾਦਸ਼ਾਹ ਨੇ ਵੀ ਆਪਣੇ ਇਸ ਨੇਕ ਅਧਿਕਾਰੀ ਨੂੰ ਦਿਲ ਭਰ ਕੇ ਨਿਵਾਜ਼ਿਆ ਸੀ । ਇਨ੍ਹਾਂ ਹਾਲਾਤਾਂ ਵਿਚ ਸਰਹਿੰਦ ਉਤਰੀ ਭਾਰਤ ਦਾ ਇਕ ਸਭ ਤੋਂ ਵੱਧ ਸੁੰਦਰ, ਵਿਕਸਤ ਅਤੇ ਖੁਸ਼ਹਾਲ ਸ਼ਹਿਰ ਬਣ ਗਿਆ ਸੀ । ” ਜੇ ਕਿਤੇ ਸਮੇਂ ਦੀ ਚਾਲ ਲਗਾਤਾਰ ਇਸੇ ਤਰ੍ਹਾਂ ਹੀ ਚਲਦੀ ਰਹਿੰਦੀ ਤਾਂ ਸਰਹਿੰਦ ਸ਼ਹਿਰ ਨੇ ਲਾਹੌਰ ਅਤੇ ਦਿੱਲੀ ਤੋਂ ਵੀ ਕਿਤੇ ਜ਼ਿਆਦਾ ਮਹੱਤਤਾ ਵਾਲੀ ਥਾਂ ਹਾਸਲ ਕਰ ਲੈਣੀ ਸੀ । ਪਰ ਕੁਦਰਤ ਨੂੰ ਇਹ ਮੰਨਜੂਰ ਨਹੀਂ ਸੀ । 

ਸ਼ਾਹ ਜਹਾਨ ਨੂੰ ਕੈਦ ਕਰਕੇ ਉਸ ਦਾ ਛੋਟਾ ਪੁੱਤਰ ਔਰੰਗਜ਼ੇਬ ਬਾਦਸ਼ਾਹ ਬਣ ਗਿਆ ਸੀ । ਜਹਾਂਗੀਰ ਦੇ ਮੁੱਢਲੇ ਸਾਲਾਂ ਵਾਲੀ ਨੀਤੀ ਫਿਰ ਤੋਂ ਦੁਹਰਾਈ ਗਈ ਸੀ । ਔਰੰਗਜ਼ੇਬ ਇਸਲਾਮ ਦੀ ਕੱਟੜ ਧਾਰਾ ਨੂੰ ਅਪਣਾਉਣ ਵਾਲਾ ਹਾਕਮ ਸੀ । ਦਾਰਾ ਧਰਮ-ਨਿਰਪੱਖ ਤਾਕਤਾਂ ਦਾ ਨੇਤਾ ਸੀ । ਇਹ ਹਾਰ ਗਿਆ ਸੀ । ਇਸ ਕਰਕੇ ਸਾਰੀਆਂ ਫਿਰਕਾ-ਪਰੱਸਤ ਤਾਕਤਾਂ ਫਿਰ ਤੋਂ ਔਰੰਗਜ਼ੇਬ ਦੇ ਪਿੱਛੇ ਖੜੋ ਗਈਆਂ ਸਨ । ਸ਼ੇਖ ਅਹਿਮਦ ਸਰਹਿੰਦੀ ਦਾ ਸਥਾਪਤ ਕੀਤਾ ਨਕਸ਼ਬੰਦੀ ਫਿਰਕਾ ਫਿਰ ਤੋਂ ਆਪਣੀਆਂ ਨੀਤੀਆਂ ਲਾਗੂ ਕਰਵਾਉਣ ਲਈ ਪਰਸ਼ਾਸ਼ਨ ਉਪਰ ਭਾਰੂ ਹੋ ਗਿਆ ਸੀ । ਸੇਠ ਟੋਡਰ ਮੱਲ ਵਰਗੇ ਅਧਿਕਾਰੀ ਹਟਾਏ ਗਏ ਸਨ । ਕੁੰਜ ਪੁਰਾ (ਕਰਨਾਲ) ਦਾ ਜੰਮਪਲ ਕੱਟੜ ਮੁਸਲਮਾਨ ਵਜ਼ੀਰ ਖਾਨ ਨੂੰ ਸਰਹਿੰਦ ਦਾ ਸੂਬੇਦਾਰ (ਦੀਵਾਨ, ਆਮੀਨ ਅਤੇ ਫੌਜਦਾਰ) ਬਣਾਇਆ ਗਿਆ ਸੀ ।” ਇਸ ਨੇ ਸੇਠ ਟੋਡਰ ਮੱਲ ਅਤੇ ਬਾਦਸ਼ਾਹ ਸ਼ਾਹ ਜਹਾਨ ਦੀਆਂ ਨੀਤੀਆਂ ਨੂੰ ਬਦਲ ਸੁੱਟਿਆ ਸੀ । ਬਾਗਾਂ ਅਤੇ ਸੁੰਦਰ ਸਰਕਾਰੀ ਇਮਾਰਤਾਂ ਦੀ ਥਾਂ ਮਸਜਿਦਾਂ ਤੇ ਮਕਬਰੇ ਉਸਰਨੇ ਸ਼ੁਰੂ ਹੋ ਗਏ ਸਨ । ਗੈਰ-ਮੁਸਲਮਾਨ ਸ਼ਾਹੂਕਾਰਾਂ ਅਤੇ ਵਪਾਰੀਆਂ ਕੋਲੋਂ ਜਜ਼ੀਏ ਦੇ ਰੂਪ ਵਿਚ ਵਾਧੂ ਟੈਕਸ ਲੈਣਾ ਸ਼ੁਰੂ ਹੋ ਗਿਆ ਸੀ । ਸਰਕਾਰੀ ਫੈਸਲਿਆਂ ਅਤੇ ਨੀਤੀਆਂ ਉਪਰ ਇਸਲਾਮੀ ਸ਼ਰ੍ਹਾਂ ਦਾ ਪਰਭਾਵ ਜ਼ੋਰ ਪਕੜਨ ਲੱਗ ਗਿਆ ਸੀ ।” ਇਸ ਨਾਲ ਧਰਮ-ਨਿਰਪੱਖਤਾ ਨੂੰ ਤਾਂ ਸੱਟ ਵੱਜੀ ਹੀ ਸੀ ਸਗੋਂ ਇਸ ਨੇ ਲੋਕਾਂ ਦੇ ਸਾਸ਼ਨ ਵਿਚ ਵਿਸ਼ਵਾਸ ਨੂੰ ਵੀ ਘਟਾਇਆ ਸੀ । 

ਸਰਹਿੰਦ ਸ਼ਹਿਰ ਦੇ ਵਰਨਣ ਦੇ ਨਾਲ-ਨਾਲ ਕੁਝ ਸੰਖੇਪ ਬਿਰਤਾਂਤ ਸਰਹਿੰਦ ਦੇ ਪਰਾਂਤ ਦਾ ਵੀ ਹੋਣਾ ਚਾਹੀਦਾ ਹੈ । ਬਿਨਾ ਸ਼ੱਕ ਸਰਹਿੰਦ ਪਰਾਂਤ ਬੜਾ ਵਿਸ਼ਾਲ ਸੀ । ਸਤਲੁਜ ਤੋਂ ਲੈ ਕੇ ਜਮਨਾ ਤਕ ਕੁੰਜਪੁਰਾ (ਕਰਨਾਲ) ਅਤੇ ਪਾਣੀਪਤ ਦਾ ਵਿਸ਼ਾਲ ਖੇਤਰ ਇਸ ਵਿਚ ਸ਼ਾਮਲ ਸੀ । ਮਾਮਲੇ ਦੇ ਪੱਖੋਂ ਇਹ ਬੜਾ ਅਮੀਰ ਪਰਾਂਤ ਸੀ । ਸਭ ਤੋਂ ਮਹੱਤਵਪੂਰਨ ਗੱਲ ਇਹ ਸੀ ਕਿ ਇਸ ਪਰਾਂਤ ਦੀ ਆਬਾਦੀ ਵਿਚ ਬਹੁਗਿਣਤੀ ਗੈਰ-ਮੁਸਲਮਾਨਾਂ (ਹਿੰਦੂ-ਸਿੱਖ) ਦੀ ਸੀ । ਗੈਰ-ਮੁਸਲਮਾਨ ਆਬਾਦੀ ਵਿਚੋਂ ਸਿੱਖ ਬਹੁਗਿਣਤੀ ਵਿਚ ਸਨ । ਸਿੱਖਾਂ ਵਿਚ ਬਹੁਗਿਣਤੀ ਜੱਟ-ਸਿੱਖਾਂ ਦੀ ਸੀ । ਸਿੱਖ ਧਰਮ ਇਕ ਸਰਬ-ਸਾਂਝੀਵਾਲਤਾ ਅਤੇ ਧਰਮ-ਨਿਰਪੱਖਤਾ ਵਾਲੀ ਤਾਕਤ ਸੀ । ਇਸ ਨੂੰ ਸਿੱਖਾਂ ਦੇ ਨਾਲ ਨਾਲ ਹਿੰਦੂ ਅਤੇ ਕੁਝ ਹੱਦ ਤਕ ਮੁਸਲਮਾਨ ਵੀ ਆਪਣੀ ਜਜ਼ਬਾਤੀ ਮਦਦ ਦਿੰਦੇ ਸਨ । ਸਰਹਿੰਦ ਦੀ ਫੌਜ ਵਿਚ ਹਿੰਦੂਆਂ ਅਤੇ ਸਿੱਖਾਂ ਦੀ ਵੀ ਤਕੜੀ ਗਿਣਤੀ ਸੀ । ਮਾਲਵੇ ਵਿਚ ਤਾਂ ਜੱਟ ਸਿੱਖ ਚੌਧਰੀ ਹੀ ਸਰਹਿੰਦ ਦੀ ਸਰਕਾਰ ਦੇ ਮਾਲਗੁਜ਼ਾਰ ਸਨ । ਹੋਰ ਅਧਿਕਾਰੀ ਬਹੁਤੇ ਹਿੰਦੂ ਸਨ । ਇਸ ਕਰਕੇ ਸਰਹਿੰਦ ਇਕ ਐਸਾ ਪਰਾਂਤ ਸੀ ਜਿਥੋਂ ਦੀ ਬਹੁਗਿਣਤੀ ਤਾਂ ਗੈਰ-ਮੁਸਲਮਾਨ ਸੀ ਪਰ ਸਰਕਾਰ ਵਿਚ ਪਕੜ ਇਸਲਾਮ ਦੇ ਕੱਟੜਵਾਦੀ ਲੋਕਾਂ ਦੀ ਸੀ । ਇਹੀ ਕਾਰਨ ਸੀ ਕਿ ਜਦੋਂ 1699 ਈ. ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਖੇ ਖਾਲਸਾ ਸਾਜਿਆ ਸੀ ਤਾਂ ਇਸ ਦੀ ਸਭ ਤੋਂ ਵੱਧ ਪਰੱਤੀਕਿਰਿਆ ਬਿਲਾਸਪੁਰ ਦੇ ਰਾਜੇ ਤੋਂ ਪਿਛੋਂ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਵਲੋਂ ਹੋਈ ਸੀ । 

ਖਾਲਸੇ ਦੀ ਸਾਜਨਾ ਨਾਲ ਸਿੱਖ ਸਮਾਜ ਨੇ ਅੰਦਰੂਨੀ ਤੌਰ ਤੇ ਇਕ ਸਵੈ-ਸੁਤੰਤਰ ਫਿਰਕਾ *ਬਣਨਾ ਸੀ । ਇਸ ਨਾਲ ਵਜ਼ੀਰ ਖਾਨ ਨੇ ਸੋਚਿਆ ਸੀ ਕਿ ਉਸ ਦੀ ਤਾਕਤ ਨੂੰ ਸੱਟ ਵੱਜੇਗੀ । ਸਰਹਿੰਦ ਦਾ ਨਕਸ਼ਬੰਦੀ ਫਿਰਕਾ ਵੀ ਆਪਣੀ ਹੋਂਦ ਨੂੰ ਖ਼ਤਰਾ ਮਹਿਸੂਸ ਕਰ ਰਿਹਾ ਸੀ । ਇਸ ਕਰਕੇ ਵਜ਼ੀਰ ਖਾਨ ਨੇ ਸਰਹਿੰਦ ਪਰਾਂਤ ਵਿਚ ਸਿੱਖਾਂ ਨੂੰ ਕੁਚਲਣ ਲਈ ਪੂਰਾ ਜ਼ੋਰ ਲਾਇਆ ਸੀ । ਜ਼ਫਰਨਾਮੇ ਦੇ ਰੂਪ ਵਿਚ ਜੋ ਖ਼ਤ ਗੁਰੂ ਗੋਬਿੰਦ ਸਿੰਘ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਲਿਖਿਆ ਸੀ ਉਸ ਤੋਂ ਪਤਾ ਲਗਦਾ ਹੈ ਕਿ ਬਾਦਸ਼ਾਹ ਔਰੰਗਜ਼ੇਬ ਵਲੋਂ ਗੁਰੂ ਜੀ ਨਾਲ ਕੀਤੇ ਗਏ ਸੁਰੱਖਿਅਤਾ ਵਾਲੇ ਵਾਇਦਿਆਂ” ਦੇ ਬਾਵਜੂਦ ਵੀ ਵਜ਼ੀਰ ਖਾਨ ਆਪਹੁਦਰੇ ਤੌਰ ਤੇ ਗੁਰੂ ਜੀ ਪਰੱਤੀ ਦਮਨਕਾਰੀ ਕਾਰਵਾਈਆਂ ਕਰ ਰਿਹਾ ਸੀ। ਪਹਿਲਾਂ ਗੁਰੂ ਜੀ ਨੂੰ ਅਤੇ ਖਾਲਸੇ ਨੂੰ ਆਨੰਦਪੁਰ ਸਾਹਿਬ ਵਿਚੋਂ ਕੱਢਣ ਲਈ ਵਜ਼ੀਰ ਖਾਨ ਨੇ ਬਿਲਾਸਪੁਰ ਦੇ ਰਾਜੇ ਦੀ ਮਦਦ ਕੀਤੀ । ਫਿਰ ਗੁਰੂ ਜੀ ਦੇ ਮਾਲਵੇ ਵੱਲ ਆਉਣ ਕਰਕੇ ਪਹਿਲਾਂ ਗੁਰੂ ਜੀ ਨੂੰ ਚਮਕੌਰ ਸਾਹਿਬ ਘੇਰਾ ਪਾ ਕੇ ਉਨ੍ਹਾਂ ਦੇ ਦੋ ਵੱਡੇ ਸਾਹਿਬਜ਼ਾਦੇ ਅਤੇ ਅਨੇਕਾਂ ਸਾਥੀ ਸਿੰਘ ਸ਼ਹੀਦ ਕੀਤੇ ਗਏ ਸਨ ਫਿਰ ਮੁਕਤਸਰ ਪਹੁੰਚ ਕੇ ਗੁਰੂ ਜੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ । ਭਾਵੇਂ ਮਾਲਵੇ ਦੇ ਜੱਟ-ਸਿੱਖ ਕਬੀਲਿਆਂ ਦੀ ਗੁਰੂ ਜੀ ਨੂੰ ਸਰਗਰਮ ਮਦਦ ਹੋਣ ਕਰਕੇ ਵਜ਼ੀਰ ਖਾਨ ਗੁਰੂ ਜੀ ਨੂੰ ਨਾ ਹੀ ਪਕੜ ਸਕਿਆ ਸੀ ਅਤੇ ਨ ਹੀ ਮਰਵਾ ਸਕਿਆ ਸੀ ਪਰ ਉਸ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਸਨ । ਇਸੇ ਅਸਫਲਤਾ ਤੋਂ ਖਿਝ ਕੇ ਉਸ ਨੇ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਅਤੇ ਬਿਰਧ ਮਾਂ, ਮਾਤਾ ਗੁਜ਼ਰੀ ਜੀ ਨੂੰ ਬਿਨਾਂ ਕਿਸੇ ਕਾਰਨ ਸ਼ਹੀਦ ਕਰ ਦਿਤਾ ਸੀ । ਇਹ ਸਭ ਕੁਝ ਵਜ਼ੀਰ ਖਾਨ ਦੀ ਸਿੱਖਾ ਪਰੱਤੀ ਨਫਰਤ ਕਰਕੇ ਹੋਇਆ ਸੀ । ਇਸ ਤਰ੍ਹਾਂ ਜਿਥੇ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਲਈ ਸਰਹਿੰਦ ਦਾ ਨਕਸ਼ਬੰਦੀ ਸਿਲਸਿਲਾ ਜਿੰਮੇਵਾਰ ਸੀ ਉਥੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰੀ ਜੀ ਨੂੰ ਸ਼ਹੀਦ ਕਰਨ ਦਾ ਜਿੰਮੇਵਾਰ ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਨ ਸੀ । ਭਾਵੇਂ ਇਸ ਵਿਚ ਸੁੰਚਾ ਨੰਦ ਵਰਗੇ ਕੁਝ ਹਿੰਦੂ ਅਧਿਕਾਰੀਆਂ ਨੇ ਵੀ ਸਹਿਯੋਗ ਦਿਤਾ ਸੀ ਪਰ ਇਹ ਹਿੰਦੂ ਅਧਿਕਾਰੀ ਹਿੰਦੂ ਸਮਾਜ ਦੀ ਪਰੱਤੀਨਿਧਤਾ ਨਹੀਂ ਕਰਦੇ ਸਨ । ਵਜ਼ੀਰ ਖਾਨ ਇਕ ਇਸਲਾਮੀ ਸੰਸਥਾ ਦੀ ਨੁਮਾਇੰਦਗੀ ਕਰ ਰਿਹਾ ਸੀ । ਇਸ ਤਰ੍ਹਾਂ ਸਿੱਖਾਂ ਦੇ ਮਨ ਵਿਚ ਸਰਹਿੰਦ ਦੇ ਹਾਕਮ ਵਜ਼ੀਰ ਖਾਨ ਪਰੱਤੀ ਅਤੇ ਸਰਹਿੰਦ ਦੇ ਸ਼ਹਿਰ ਪਰੱਤੀ ਵੀ ਅਤਿਅੰਤ ਨਫਰਤ ਅਤੇ ਗੁੱਸਾ ਸੀ । 22 ਫਰਵਰੀ, 1707 ਈ. ਨੂੰ ਬਾਦਸ਼ਾਹ ਔਰੰਗਜ਼ੇਬ ਮਰ ਗਿਆ ਸੀ । ਇਸ ਦੀ ਥਾਂ ਤੇ ਉਸ ਦਾ ਵੱਡਾ ਪੁੱਤਰ ਬਹਾਦੁਰ ਸ਼ਾਹ (ਸਹਿਜ਼ਾਦਾ ਮੁਅੱਜ਼ਮ) ਗੱਦੀ ਤੇ ਬੈਠਾ । ਇਹ ਮੁੱਢ ਤੋਂ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਰਧਾਲੂ ਸੀ । ਜਦੋਂ ਬਹਾਦੁਰ ਸ਼ਾਹ ਨੇ ਜਮਰੌਦ ਵਿਖੇ ਔਰੰਗਜ਼ੇਬ ਦੇ ਮਰਨ ਦੀ ਗੱਲ ਸੁਣੀ ਤਾਂ ਉਹ ਤੁਰੰਤ ਹੀ ਲਾਹੌਰ ਵੱਲ ਨੂੰ ਰਵਾਨਾ ਹੋ ਗਿਆ ਸੀ । ਲਾਹੌਰ ਤੋਂ ਪੂਰੀਆਂ ਤਿਆਰੀਆਂ ਸਮੇਤ ਬਹਾਦੁਰ ਸ਼ਾਹ 5 ਮਈ, 1707 ਨੂੰ ਰਵਾਨਾ ਹੋਇਆ ਅਤੇ ਸਰਹਿੰਦ ਪਹੁੰਚ ਗਿਆ । ਸਰਹਿੰਦ ਵਿਖੇ ਇਥੋਂ ਦੇ ਸੂਬੇਦਾਰ ਨੇ ਅੱਠ ਲੱਖ ਰੁਪਿਆ ਨਜ਼ਰਾਨੇ ਵਜੋਂ ਦਿੱਤਾ । ‘ 

ਪਹਿਲੀ ਦਸੰਬਰ, 1707 ਦੀ ਖ਼ਬਰ ਵਿਚ ਦੱਸਿਆ ਗਿਆ ਸੀ ਕਿ ਸਰਹਿੰਦ ਦਾ ਸੂਬੇਦਾਰ ਅਤੇ ਆਮੀਨ ਵਜ਼ੀਰ ਖਾਨ 1500 ਜ਼ਾਤ ਅਤੇ 1700 ਸਵਾਰ ਦਾ ਮਨਸਬ ਰੱਖਦਾ ਹੈ । ਇਸ ਵਿਚ ਬਾਦਸ਼ਾਹ ਨੇ 1000 ਜ਼ਾਤ ਅਤੇ 300 ਸਵਾਰ ਦੇ ਮਨਸਬ ਦਾ ਹੋਰ ਵਾਧਾ ਕਰ ਦਿੱਤਾ ਹੈ । ਇਕ ਵਾਰ ਫਿਰ ਹੋਰ ਵਾਧਾ ਕਰਦੇ ਹੋਏ 2500 ਜ਼ਾਤ ਅਤੇ 2000 ਸਵਾਰ ਦੇ ਮਨਸਬ ਦਾ ਮਾਲਕ ਬਣਾ ਦਿਤਾ । ਉਸ ਦੇ ਪੂਰੇ ਮਨਸਬਦਾਰੀ ਅਹੁਦੇ 5000 ਜ਼ਾਤ ਅਤੇ 4000 ਸਵਾਰ ਵਿਚੋਂ ਉਸ ਨੂੰ 2500 ਜ਼ਾਤ ਅਤੇ 1300 ਸਵਾਰ ਮਹੁੱਈਆ ਕਰਨ ਤੋਂ ਛੋਟ ਦੇ ਦਿਤੀ ਗਈ। ਉਸ ਨੂੰ ਕੀਮਤੀ ਖਿੱਲਤ ਦੇ ਕੇ ਵੀ ਸਨਮਾਨਤ ਕੀਤਾ ਗਿਆ ਸੀ । 

ਬਾਦਸ਼ਾਹ ਨੇ ਇਕ ਹੋਰ ਹੁਕਮ ਜਾਰੀ ਕਰਦੇ ਹੋਏ ਹੁਕਮ ਦਿਤਾ ਸੀ ਕਿ ਵਜ਼ੀਰ ਖਾਨ ਨੂੰ ਜਾਣੂ ਕਰਵਾ ਦਿੱਤਾ ਜਾਵੇ ਕਿ ਉਸ ਦੇ ਚੱਕਲੇ (ਸੂਬੇ) ਦੀ ਸਾਰੀ ਆਬਾਦੀ ਅਤੇ ਇਥੋਂ ਦਾ ਕਿਲ੍ਹਾ ਉਸ ਦੇ ਹੁਕਮ ਅਧੀਨ ਹੈ । ਉਸ ਨੂੰ ਆਪਣੇ ਪਰਾਂਤ ਦਾ ਪੂਰੀ ਦਰਿੜ੍ਹਤਾ ਨਾਲ ਖਿਆਲ ਰੱਖਣਾ ਚਾਹੀਦਾ ਹੈ ।” ਇਸ ਤਰ੍ਹਾਂ ਵਜ਼ੀਰ ਖਾਨ ਨਵੇਂ ਬਣੇ ਬਾਦਸ਼ਾਹ ਦੀਆਂ ਨਿਗਾਹਾਂ ਵਿਚ ਵੀ ਪਰਵਾਣ ਹੋ ਚੁੱਕਿਆ ਸੀ । ਉਹ ਜਾਜਊ ਦੀ ਲੜਾਈ ਵਿਚ ਵੀ ਬਹਾਦੁਰ ਸ਼ਾਹ ਦੇ ਨਾਲ ਸੀ । ਜਾਜਊ ਦੀ ਲੜਾਈ ਦੀ ਜਿੱਤ ਤੋਂ ਵਿਹਲਾ ਹੋਣ ਬਾਅਦ ਜਦੋਂ ਬਾਦਸ਼ਾਹ ਰਾਜਪੂਤਾਨੇ ਵਲ ਨੂੰ ਰਵਾਨਾ ਹੋਇਆ ਸੀ ਤਾਂ ਉਸ ਨੇ ਰਾਜਸਤਾਨ ਦੇ ਭੂਸਾਵਰ ਦੇ ਅਸਥਾਨ ਤੋਂ ਵਜ਼ੀਰ ਖਾਨ ਨੂੰ ਛੁੱਟੀ ਦੇ ਕੇ ਵਾਪਸ ਸਰਹਿੰਦ ਨੂੰ ਮੋੜ ਦਿੱਤਾ ਸੀ । ਜਦੋਂ 1708 ਈ. ਵਿਚ ਨਾਂਦੇੜ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੂੰ ਵਜ਼ੀਰ ਖਾਨ ਦੇ ਭੇਜੇ ਹੋਏ ਭਾੜੇ ਦੇ ਪਠਾਣਾਂ ਨੇ ਗੰਭੀਰ ਰੂਪ ਵਿਚ ਜ਼ਖ਼ਮੀ ਕਰਕੇ ਜੋਤੀ-ਜੋਤ ਸਮਾਉਣ ਦਾ ਇਕ ਮੁੱਖ ਕਾਰਨ ਪੈਦਾ ਕਰ ਦਿੱਤਾ ਸੀ ਫਿਰ ਤਾਂ ਖਾਲਸੇ ਨੇ ਕਸਮਾਂ ਹੀ ਖਾ ਲਈਆਂ ਸਨ ਕਿ ਉਨ੍ਹਾਂ ਨੇ ਕਦੇ ਸਮਾਂ ਆਉਣ ਤੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣੀ ਹੈ ਅਤੇ ਇਸ ਦੇ ਥੇਹ ਤੇ ਗਧਿਆਂ ਨਾਲ ਹਲ ਵਾਹੁਣੇ ਹਨ । 

ਇਹ ਸੰਖੇਪ ਇਤਿਹਾਸਕ ਵਰਣਨ ਹੈ ਸਰਹਿੰਦ ਦਾ, ਜਿਹੜਾ ਬੰਦਾ ਸਿੰਘ ਬਹਾਦੁਰ ਵਲੋਂ ਸਰਹਿੰਦ ਉਪਰ ਹਮਲਾ ਕਰਨ ਵੇਲੇ ਦੀ ਸਰਹਿੰਦ ਦੀ ਸਥਿਤੀ ਨੂੰ ਦਰਸਾਉਂਦਾ ਹੈ । ਬੰਦਾ ਸਿੰਘ ਬਹਾਦੁਰ ਨਾਲ ਰਲਣ ਵਾਲੇ ਮਾਲਵੇ ਦੇ ਜੱਟ ਕਬੀਲਿਆਂ ਦੇ ਚੌਧਰੀ ਵੈਸੇ ਤਾਂ ਸਾਰੇ ਹੀ ਸਰਹਿੰਦ ਦੀ ਸਰਕਾਰ ਦੇ ਮਾਲਗੁਜ਼ਾਰ ਸਨ ਪਰ ਭਾਈ ਆਲੀ ਸਿੰਘ ਅਤੇ ਭਾਈ ਮਾਲੀ ਸਿੰਘ ਤਾ ਸਰਹਿੰਦ ਦੀ ਫੌਜ ਵਿਚ ਤਕੜੇ ਜਰਨੈਲ ਸਨ । ਜਦੋਂ ਇਨ੍ਹਾਂ ਨੇ ਸੁਣਿਆ ਕਿ ਗੁਰੂ ਗੋਬਿੰਦ ਸਿੰਘ ਜੀ ਵਲੋਂ ਥਾਪਿਆ ਗਿਆ ਇਕ ਬੰਦਾ ਸਿੰਘ ਬਹਾਦੁਰ ਸਰਹਿੰਦ ਦੇ ਪਰਾਂਤ ਵਿਚ ਪਹੁੰਚ ਗਿਆ ਹੈ ਤਾਂ ਜੋ ਵੀ ਗੁਰੂ ਨਾਨਕ ਨਾਮ ਲੇਵਾ ਆਦਮੀ ਸਨ ਉਹ ਆਪਣੀ ਆਪਣੀ ਸਮੱਰਥਾ ਮੁਤਾਬਕ ਬੰਦਾ ਸਿੰਘ ਬਹਾਦੁਰ ਨਾਲ ਰਲਣ ਲਈ ਆਪ-ਮੁਹਾਰੇ ਹੀ ਚੱਲ ਪਏ ਸਨ । * ਉਸ ਸਮੇਂ ਦੀਆਂ ਸਰਕਾਰੀ ਅਖ਼ਬਾਰਾਂ ਦੀਆਂ ਰਿਪੋਰਟਾਂ ਦਸਦੀਆਂ ਹਨ ਕਿ ਸੱਤਰ ਹਜ਼ਾਰ ਦੇ ਕਰੀਬ ਸਿੱਖ ਬੰਦਾ ਸਿੰਘ ਬਹਾਦੁਰ ਦੇ ਦੁਆਲੇ ਇਕੱਠਾ ਹੋ ਗਿਆ ਸੀ । ਇਸ ਸੱਤਰ ਹਜ਼ਰ ਸਿੰਘਾਂ ਦੇ ਇਕੱਠਾ ਹੋਣ ਵਾਲੀ ਥਾਂ ਸਢੌਰਾ ਅਤੇ ਕਪਾਲ ਮੋਚਨ ਸੀ । 

ਚੱਪੜ ਚਿੜੀ ਦੀ ਲੜਾਈ 

ਚੱਪੜ-ਚਿੜੀ ਦੀ ਲੜਾਈ 22 ਮਈ, 1710 ਨੂੰ ਲੜੀ ਗਈ ਸੀ । ਸਿੱਖ ਇਤਿਹਾਸ ਵਿਚ ਇਸ ਲੜਾਈ ਦਾ ਬੜਾ ਹੀ ਮਹੱਤਵ ਹੈ । ਇਸ ਵਿਚ ਚੱਪੜ-ਚਿੜੀ ਦੇ ਅਸਥਾਨ ਤੇ ਸਰਹਿੰਦ ਪਰਾਂਤ ਦੀਆਂ ਮੁਗਲ ਫੌਜਾਂ ਨੂੰ ਲੱਕ-ਤੋੜਵੀਂ ਹਾਰ ਦਿੱਤੀ ਗਈ ਸੀ ਅਤੇ ਖਾਲਸਾ ਦਲਾਂ ਦੀ ਸਪਸ਼ਟ ਰੂਪ ਵਿਚ ਜਿੱਤ ਹੋਈ ਸੀ । ਮਹਿਮੂਦ ਗਜ਼ਨਵੀਂ ਅਤੇ ਮੁਹੰਮਦ ਗੌਰੀ ਦੇ ਹਮਲਿਆਂ ਤੋਂ ਲੈ ਕੇ ਹਿੰਦੁਸਤਾਨ ਵਿਚ ਸਥਾਪਤ ਹੋਏ ਇਸਲਾਮੀ ਰਾਜ ਦੇ ਲੰਮੇ ਸਮੇਂ ਦੌਰਾਨ ਉੱਤਰੀ-ਭਾਰਤ ਵਿਚ ਇਹ ਲੜਾਈ ਪਹਿਲੀ ਲੜਾਈ ਸੀ ਜਿਸ ਵਿਚ ਇਸਲਾਮੀ ਫੌਜਾਂ ਨੂੰ ਸਪਸ਼ਟ ਰੂਪ ਵਿਚ ਹਰਾ ਦਿੱਤਾ ਗਿਆ ਸੀ । ਉੱਤਰੀ-ਭਾਰਤ ਵਿਚ ਅਨੇਕਾਂ ਹੀ ਲੜਾਈ ਦੇ ਮੈਦਾਨ ਹਨ ਜਿਵੇਂ ਕਿ ਜਿਹਲਮ, ਭੇਰਾ ਅਤੇ ਪਾਣੀਪਤ ਦੇ ਮੈਦਾਨ; ਲਾਹੌਰ, ਦੀਪਾਲਪੁਰ ਅਤੇ ਮੁਲਤਾਨ ਆਦਿ ਖੇਤਰਾਂ ਦੇ ਮੈਦਾਨ । ਪਰ ਇਨ੍ਹਾਂ ਮੈਦਾਨਾਂ ਵਿਚ ਲੜੀਆਂ ਗਈਆਂ ਸਭ ਲੜਾਈਆਂ ਵਿਚ ਹਿੰਦੁਸਤਾਨੀ ਤਾਕਤਾਂ ਨੂੰ ਹਾਰ ਹੋਈ ਸੀ ਅਤੇ ਬਾਹਰੋਂ, ਉੱਤਰ-ਪੱਛਮੀ ਸਰਹੱਦ ਨੂੰ ਪਾਰ ਕਰ ਕੇ ਆਉਣ ਵਾਲੀਆਂ ਇਸਲਾਮੀ ਤਾਕਤਾਂ ਨੂੰ ਜ਼ਬਰਦਸਤ ਜਿੱਤਾ ਪਰਾਪਤ ਹੋਈਆਂ ਸਨ । ਇਨ੍ਹਾਂ ਜਿੱਤਾਂ ਸਦਕਾ ਹੀ ਹਿੰਦੁਸਤਾਨ ਵਿਚ ਇਸਲਾਮੀ ਸਾਮਰਾਜ ਸਥਾਪਤ ਹੋਇਆ ਸੀ । 

ਇਸ ਤਰ੍ਹਾਂ ਗਿਆਰਵੀਂ ਸਦੀ ਤੋਂ ਹਿੰਦੁਸਤਾਨ ਵਿਚ ਸਥਾਪਤ ਹੋਇਆ ਇਸਲਾਮੀ ਸਾਮਰਾਜ 1710 ਵਿਚ ਚੱਪੜ-ਚਿੜੀ ਦੇ ਅਸਥਾਨ ਤੇ ਪਹਿਲੀ ਵਾਰ ਬੁਰੀ ਤਰ੍ਹਾਂ ਲਿਤਾੜ ਦਿੱਤਾ ਗਿਆ ਸੀ । ਇਹ ਲੜਾਈ ਖਾਲਸਾ ਦਲਾਂ ਅਤੇ ਮੁਗਲ ਫੌਜਾਂ ਵਿਚਕਾਰ ਲੜੀ ਗਈ ਸੀ । ਖਾਲਸਾ ਦਲਾਂ ਦਾ ਨੇਤਾ ਬੰਦਾ ਸਿੰਘ ਬਹਾਦੁਰ ਸੀ ਅਤੇ ਮੁਗਲ ਫੌਜਾਂ ਦਾ ਨੇਤਾ ਸਰਹਿੰਦ ਦਾ ਸੂਬੇਦਾਰ ਵਜੀਰ ਖਾਨ ਸੀ । ਕਿਉਂਕਿ ਇਸ ਲੜਾਈ ਵਿਚ ਇਤਨੀਆਂ ਸਦੀਆਂ ਬਾਅਦ ਪਹਿਲੀ ਵਾਰ ਜੇਤੂ ਇਸਲਾਮੀ ਸੈਨਾਵਾਂ ਨੂੰ ਹਾਰ ਦਿੱਤੀ ਗਈ ਸੀ ਇਸ ਲਈ ਇਸ ਲੜਾਈ ਦਾ ਹਿੰਦੁਸਤਾਨ ਦੇ ਇਤਿਹਾਸ ਵਿਚ ਤਾਂ ਮਹੱਤਵਪੂਰਨ ਅਸਥਾਨ ਹੋਣਾ ਹੀ ਹੋਣਾ ਹੈ ਇਸ ਦੇ ਨਾਲ-ਨਾਲ ਇਸ ਦਾ ਸਿੱਖ ਇਤਿਹਾਸ ਵਿਚ ਵੀ ਆਪਣਾ ਇਕ ਵਿਸ਼ੇਸ਼ ਅਸਥਾਨ ਹੈ। ਸਿੱਖ ਇਤਿਹਾਸ ਵਿਚ ਵੀ ਭਾਵੇਂ ਪੰਜਾਬ ਵਿਚ ਅਨੇਕਾਂ ਥਾਵਾਂ ਤੇ ਫੈਸਲਾਕੁਨ ਲੜਾਈਆਂ ਹੋਈਆਂ ਹਨ ਅਤੇ ਇਨ੍ਹਾਂ ਲੜਾਈਆਂ ਵਾਲੇ ਮੈਦਾਨ ਵੀ ਅਨੇਕਾਂ ਹਨ ਜਿਵੇਂ ਕਿ ਚਮਕੌਰ ਸਾਹਿਬ, ਖਿਦਰਾਣੇ ਦੀ ਢਾਬ (ਮੁਕਤਸਰ), ਗੁਰਦਾਸ ਨੰਗਲ, ਸਭਰਾਉਂ, ਮੁਦਕੀ ਅਤੇ ਬੱਦੋਵਾਲ ਆਦਿ । ਪਰ ਇਹ ਲੜਾਈਆਂ ਅਤੇ ਲੜਾਈਆਂ ਦੇ ਇਹ ਮੈਦਾਨ ਸਾਡੀ ਬਰਬਾਦੀ ਅਤੇ ਸਾਡੇ ਹਜ਼ਾਰਾਂ ਸੂਰਮਿਆਂ ਦੀ ਸ਼ਹਾਦਤ ਦੀ ਹੀ ਯਾਦ ਦਿਲਾਉਂਦੇ ਹਨ । ਕੇਵਲ ਤੇ ਕੇਵਲ ਇੱਕ ਚੱਪੜ-ਚਿੜੀ ਦੀ ਲੜਾਈ ਦਾ ਹੀ ਮੈਦਾਨ ਹੈ ਜਿਥੇ ਅਸੀਂ ਬੰਦਾ ਸਿੰਘ ਬਹਾਦਰ ਦੀ ਗਵਾਈ ਹੇਠ ਆਪਣੇ ਇਤਿਹਾਸ ਵਿਚ ਪਹਿਲੀ ਵਾਰ ਦੁਸ਼ਮਣ ਨਾਲ ਗਹਿਗੱਚ ਲੜਾਈ ਲੜੀ ਸੀ ਅਤੇ ਇਸ ਗਹਿਗੱਚ ਲੜਾਈ ਵਿਚ ਸਾਡੀ ਪੂਰਨ ਅਤੇ ਸਪਸ਼ਟ ਰੂਪ ਵਿਚ ਫਤਹਿ ਹੋਈ ਸੀ । ਇਸ ਲੜਾਈ ਦੇ ਬੜੇ ਹੀ ਮਹੱਤਵਪੂਰਨ ਸਿੱਟੇ ਸਨ । ਇਕ, ਇਸ ਲੜਾਈ ਵਿਚ ਹੋਈ ਜਿੱਤ ਨੇ ਸਤਲੁਜ ਅਤੇ ਜਮੁਨਾ ਦਰਿਆਵਾਂ ਵਿਚਕਾਰ ਫੈਲੇ ਵਿਸ਼ਾਲ ਪਰਾਂਤ ਸਰਹਿੰਦ ਵਿਚੋਂ ਮੁਗਲ ਹਕੂਮਤ ਦਾ ਖਾਤਮਾ ਕਰ ਦਿੱਤਾ ਸੀ ਅਤੇ ਇਸ ਦੀ ਥਾਂ ਖਾਲਸੇ ਦਾ ਰਾਜ ਸਥਾਪਤ ਕਰ ਦਿੱਤਾ ਸੀ । ਦੋ, ਸਿੱਖਾਂ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਸੀ ਕਿ ਜੇਕਰ ਉਨ੍ਹਾਂ ਦੀ ਯੋਗ ਲੀਡਰਸ਼ਿਪ ਹੋਵੇ ਤਾਂ ਉਹ ਤਕੜੀਆਂ ਤੋਂ ਤਕੜੀਆਂ ਫੌਜਾਂ ਨੂੰ ਵੀ ਹਰਾ ਸਕਦੇ ਹਨ । ਇਨ੍ਹਾਂ ਦੋ ਗੱਲਾਂ ਨੇ ਖਾਲਸੇ ਨੂੰ ਆਪਣੀ ਪ੍ਰਭੂਸੱਤਾ ਸਥਾਪਤ ਕਰਨ ਲਈ ਲਗਾਤਾਰ ਹਥਿਆਰਬੰਦ-ਸੰਘਰਸ਼ ਨੂੰ ਚਾਲੂ ਰੱਖਣ ਲਈ ਜ਼ਬਰਦਸਤ ਪਰੇਰਨਾ ਦਿੱਤੀ ਸੀ । ਇਸ ਤਰ੍ਹਾਂ ਚੱਪੜ-ਚਿੜੀ ਦੀ ਲੜਾਈ ਸਾਡੇ ਲਈ ਇਕ ਮਹਾਨ ਪਰੇਰਨਾ-ਸਰੋਤ ਇਤਿਹਾਸਕ ਘਟਨਾ ਹੈ। ਇਸ ਮਹਾਨ ਪਰੇਰਨਾ-ਸਰੋਤ ਇਤਿਹਾਸਕ ਘਟਨਾ ਹੋਣ ਕਰਕੇ ਲੜਾਈ ਦਾ ਇਹ ਮੈਦਾਨ ਵੀ ਸਾਡੇ ਲਈ ਮਹਾਨ ਇਤਿਹਾਸਕ ਯਾਦਗਾਰ ਹੈ । ਇਹ ਹੀ ਇਕੋ-ਇਕ ਲੜਾਈ ਦਾ ਮੈਦਾਨ ਹੈ ਜਿਸ ਬਾਰੇ ਪੂਰੇ ਮਾਣ ਨਾਲ ਅਸੀਂ ਆਪਣੇ ਬੱਚਿਆਂ ਨੂੰ ਜਾਣਕਾਰੀ ਦੇ ਸਕਦੇ ਹਾਂ । ਇਸ ਲੜਾਈ ਦਾ ਅਤੇ ਇਸ ਮੈਦਾਨ ਦਾ ਸਾਡੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਪੜ੍ਹਾਈ ਦੇ ਕਿਸੇ ਵੀ ਸਿਲੇਬਸ ਵਿਚ ਕੋਈ ਥਾਂ ਨਹੀਂ ਹ ਇਹ ਗੱਲ ਸਾਡੇ ਲਈ ਬਹੁਤ ਅਫਸੋਸਨਾਕ ਹੈ । 

ਚੱਪੜ-ਚਿੜੀ ਦੀ ਲੜਾਈ ਨੂੰ ਸਿਰਫ ਇਕੋ ਲੜਾਈ ਤਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹ ਇਸ ਤੋਂ ਪਹਿਲਾਂ ਲੜੀਆਂ ਗਈਆਂ ਕਈ ਲੜਾਈਆਂ ਦਾ ਸਿਖਰ ਸੀ । ਇਸ ਤੋਂ ਪਹਿਲਾਂ ਬੰਦਾ ਸਿੰਘ ਬਹਾਦੁਰ ਨੇ ਕੈਂਥਲ, ਸਮਾਣਾ, ਸਢੌਰਾ, ਘੁੜਾਮ, ਕਪੂਰੀ ਅਤੇ ਬਨੂੜ ਆਦਿ ਸ਼ਹਿਰਾਂ ਨੂੰ ਬੁਰੀ ਤਰ੍ਹਾਂ ਲਿਤਾੜ ਸੁੱਟਿਆ ਸੀ । ਇਹ ਸ਼ਹਿਰ ਸਰਹਿੰਦ ਦੇ ਪਰਗਨਿਆਂ ਦੇ ਕੇਂਦਰ ਸਨ ਜਿਥੇ ਕਿ ਮੁਗਲ ਫੌਜਾਂ ਰੱਖੀਆਂ ਹੋਈਆਂ ਸਨ । ਇਨ੍ਹਾਂ ਸ਼ਹਿਰਾਂ ਨੂੰ ਜੇਕਰ ਸਰਹਿੰਦ ਦੇ ਪਰਾਂਤ ਦੀਆਂ ਸੈਨਿਕ ਛਾਉਣੀਆਂ ਵੀ ਕਹਿ ਦਿੱਤਾ ਜਾਵੇ ਤਾਂ ਵੀ ਕੋਈ ਅੱਤਕਥਨੀ ਨਹੀਂ ਹੋਵੇਗੀ । ਇਹ ਸੈਨਿਕ ਛਾਉਣੀਆਂ ਸਰਹਿੰਦ ਲਈ ਇਕ ਬੁੱਲਵਰਕ ਦਾ ਕੰਮ ਕਰਦੀਆਂ ਸਨ । ਇਸ ਕਰਕੇ ਜਦੋਂ ਇਹ ਛਾਉਣੀਆਂ ਜਾਂ ਪਰਗਨੇ ਇਕ-ਇਕ ਕਰਕੇ ਬਰਬਾਦ ਕੀਤੇ ਜਾ ਰਹੇ ਸਨ ਤਾਂ ਇਸ ਨਾਲ ਸਰਹਿੰਦ ਦੀ ਸੈਨਿਕ ਤਾਕਤ ਵੀ ਉਸੇ ਤਰ੍ਹਾਂ ਘਟਦੀ ਜਾ ਰਹੀ ਸੀ । ਸਰਹਿੰਦ ਦਾ ਗਵਰਨਰ ਵਜ਼ੀਰ ਖਾਨ ਇਸ ਸਭ ਕੁਝ ਨੂੰ ਬੜੇ ਗੌਹ ਨਾਲ ਦੇਖ ਰਿਹਾ ਸੀ ਪਰ ਉਹ ਕਰ ਕੁਝ ਨਹੀਂ ਸਕਿਆ ਸੀ । ਉਸ ਦੇ ਮਨ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਮਾਸੂਮ ਬੱਚਿਆਂ ਨੂੰ ਮਾਰਨ ਦਾ ਪਾਪ ਘਰ ਕਰੀਂ ਬੈਠਾ ਸੀ । ਇਹ ਪਾਪ ਉਸ ਨੂੰ ਇਸ ਗੱਲ ਦਾ ਸੰਦੇਸ਼ ਲਗਾਤਾਰ ਦੇ ਰਿਹਾ ਸੀ ਕਿ ਸਿੱਖਾਂ ਨੇ ਕਦੇ ਨਾ ਕਦੇ ਉਸ ਤੋਂ ਬਦਲਾ ਜਰੂਰ ਲੈਣਾ ਹੈ । ਆਪਣੀਆਂ ਛਾਉਣੀਆਂ ਨੂੰ ਖ਼ਤਮ ਹੁੰਦਾ ਦੇਖ ਕੇ ਉਹ ਸਰਹਿੰਦ ਵਿਚ ਹੀ ਬੰਦ ਹੋ ਕੇ ਰਹਿ ਗਿਆ ਸੀ । ਉਹ ਇਕ ਵਾਰ ਵੀ ਉਕਤ ਸ਼ਹਿਰਾਂ ਦੇ ਹਾਕਮਾਂ ਦੀ ਮਦਦ ਤੇ ਨਹੀਂ ਪਹੁੰਚ ਸਕਿਆ ਸੀ । 

ਬੰਦਾ ਸਿੰਘ ਬਹਾਦੁਰ ਦਾ ਸਭ ਤੋਂ ਵੱਡਾ ਨਿਸ਼ਾਨਾ ਸਰਹਿੰਦ ਉਪਰ ਹਮਲਾ ਕਰਕੇ ਵਜ਼ੀਰ ਖਾਨ ਨੂੰ ਸਜਾ ਦੇਣ ਦਾ ਸੀ ਇਸ ਲਈ ਉਹ ਸਭ ਤੋਂ ਪਹਿਲਾਂ ਇਹੋ ਕੰਮ ਹੀ ਕਰਨਾ ਚਾਹੁੰਦਾ ਸੀ । ਇਸ ਕੰਮ ਨੂੰ ਕਰਨ ਲਈ ਪਹਿਲਾਂ ਬੰਦਾ ਸਿੰਘ ਬਹਾਦੁਰ ਨੇ ਇਸ ਦੇ ਸੈਨਿਕ ਤਾਣੇ-ਬਾਣੇ ਨੂੰ ਤੋੜਨ ਦੀ ਗੱਲ ਸੋਚੀ ਸੀ । ਸਮਾਣਾ ਅਤੇ ਸਢੌਰਾ ਆਦਿ ਪਰਗਨਿਆਂ ਨੂੰ ਹਰਾ ਕੇ ਬੰਦਾ ਸਿੰਘ ਨੇ ਵਜ਼ੀਰ ਖਾਨ ਦੇ ਸੈਨਿਕ ਬੁੱਲਵਰਕ ਨੂੰ ਤੋੜਿਆ ਸੀ । ਇਸ ਨੂੰ ਤੋੜਨ ਬਾਅਦ ਹੀ ਸਰਹਿੰਦ ਉਪਰ ਚੜ੍ਹਾਈ ਕੀਤੀ ਸੀ । ਜਦੋਂ ਸਰਹਿੰਦ ਉਪਰ ਚੜਾਈ ਕੀਤੀ ਗਈ ਸੀ ਤਾਂ ਉਸ ਸਮੇਂ ਵਜ਼ੀਰ ਖਾਨ ਬਿਲਕਲ ਲੁੰਜਾ ਜਾਂ ਨਿਹੱਥਾ ਹੋ ਚੁੱਕਿਆ ਸੀ । ਜਨਵਰੀ, 1709 ਤੋਂ ਲੈ ਕੇ ਜਨਵਰੀ, 1710 ਤਕ ਦੇ ਵਿਚਕਾਰਲੇ ਇਕ ਸਾਲ ਦੇ ਸਮੇਂ ਵਿਚ ਬੰਦਾ ਸਿੰਘ ਬਹਾਦੁਰ ਵਲੋਂ ਸਰਹਿੰਦ ਦੇ ਪਰਗਨਿਆਂ ਦੀ ਜੋ ਦੁਰਦਸ਼ਾ ਕੀਤੀ ਗਈ ਸੀ ਉਸ ਦਾ ਖੁਲਾਸਾ ਉਸ ਖ਼ਬਰ ਵਿਚ ਦਿੱਤਾ ਗਿਆ ਹੈ ਜਿਹੜੀ ਸਰਹਿੰਦ ਦੇ ਨਾਮਾ-ਨਿਗਾਰਾਂ ਨੇ ਬਾਦਸ਼ਾਹ ਬਹਾਦੁਰ ਸ਼ਾਹ ਨੂੰ ਭੇਜੀ ਸੀ । ਇਸ ਵਿਚ ਦੱਸਿਆ ਗਿਆ ਸੀ ਕਿ “ਸਿੱਖ ਪੰਜਾਬ ਪਰਾਂਤ ਵਿਚ ਅਤੇ ਸਰਹਿੰਦ ਦੇ ਆਲੇ-ਦੁਆਲੇ ਦੇ ਖੇਤਰ ਵਿਚ ਗੜਬੜ ਪੈਦਾ ਕਰ ਰਹੇ ਹਨ । ਇਸ ਤਰ੍ਹਾਂ ਦੀ ਗੜਬੜ ਵਾਲੀਆਂ ਥਾਵਾਂ ਦਾ ਕਿੰਨਾ ਕੁ ਵਿਸਥਾਰ ਦਿੱਤਾ ਜਾ ਸਕਦਾ ਹੈ? ਉਨ੍ਹਾਂ ਨੇ ਖੁਸ਼ਹਾਲ ਪਰਗਨਿਆਂ ਨੂੰ ਉਜਾੜ ਦਿੱਤਾ ਹੈ । ਖ਼ਬਰਾਂ ਮਿਲ ਰਹੀਆਂ ਹਨ ਕਿ ਉਨ੍ਹਾਂ ਨੇ ਬੂੜੀਆ ਅਤੇ ਸਢੌਰੇ ਦੇ ਪਰਗਨਿਆਂ ਨੂੰ ਲੁੱਟ ਲਿਆ ਹੈ ਵਜ਼ੀਰ ਖਾਨ ਦੇ ਬੰਦੇ ਮਾਰੇ ਜਾ ਰਹੇ ਹਨ। ਵਾਮਲਾ (ਦਾਮਲਾ) ਪਠਾਣ ਜਿਹੜੇ ਕਿ ਮੁਸਲਮਾਨਾਂ ਵਿਚ ਬਹੁਤ ਸਤਿਕਾਰ ਵਾਲਾ ਦਰਜਾ ਰੱਖਦੇ ਹਨ ਮਿੱਟੀ ਵਿਚ ਮਿਲਾ ਦਿੱਤੇ ਗਏ ਹਨ । ਵਜ਼ੀਰ ਖਾਨ ਦੇ ਵਕੀਲ ਨੇ ਦੱਸਿਆ ਹੈ ਕਿ ਇਸ ਫਿਰਕੇ (ਸਿੱਖਾਂ) ਦੇ ਫਸਾਦਾਂ ਨੂੰ ਮਹੱਤਵਹੀਣ ਨਹੀਂ ਸਮਝਣਾ ਚਾਹੀਦਾ । ਉਹ ਸੱਤਰ ਹਜ਼ਾਰ ਦੇ ਕਰੀਬ ਦੀ ਗਿਣਤੀ ਵਿਚ ਸਢੌਰੇ ਵਿਖੇ ਇਕੱਠੇ ਹੋਏ ਖੜੇ ਹਨ । ਇਸ ਮੌਕੇ ਉਹ ਆਪਣੇ ਗੁਰੂ ਦਾ ਨਾਮ ਜਪਦੇ ਹਨ ਅਤੇ ਇਹ ਵੀ ਪਤਾ ਲਗਿਆ ਹੈ ਕਿ ਇਕ ਮੁਸਲਮਾਨ ਧਾਰਮਿਕ ਸੰਤ (ਸ਼ਾਇਦ ਪੀਰ ਬੁੱਧੂ ਸ਼ਾਹ ਦਾ ਕੋਈ ਉੱਤਰ-ਅਧਿਕਾਰੀ) ਵੀ ਉਨ੍ਹਾਂ ਨਾਲ ਮਿਲ ਗਿਆ ਹੈ । ਉਹ ਦੁਆਬੇ ਦੇ ਪਰਗਨਿਆਂ ਨੂੰ ਵੀ ਉਜਾੜ ਚੁੱਕੇ ਹਨ ਅਤੇ ਦਰਿਆ ਫਤਿਹਾਬਾਦ (ਘੱਗਰ-ਸਰਸਵਤੀ) ਤਕ ਵੀ ਫੈਲ ਚੁੱਕੇ ਹਨ । ਵਜ਼ੀਰ ਖਾਨ ਵਲੋਂ ਭੇਜੇ ਇਨ੍ਹਾਂ ਵੇਰਵਿਆਂ ਤੋਂ ਜਾਣੂੰ ਹੋਣ ਉਪਰੰਤ ਨਿਜ਼ਾਮ-ਉਲ-ਮੁਲਕ (ਮੁਲਕ ਦੇ ਪਰਧਾਨ ਵਜ਼ੀਰ) ਨੇ ਇਸ ਖੇਤਰ ਦੇ ਕਿਲ੍ਹੇਦਾਰਾਂ ਨੂੰ ਹਦਾਇਤਾਂ ਭੇਜੀਆਂ ਹਨ ਕਿ ਉਹ ਵਜ਼ੀਰ ਖਾਨ ਨਾਲ ਰਲ ਕੇ ਉਸ ਦੀ ਮਦਦ ਕਰਨ । ਇਹ ਲੋਕ ਵੀ ਸੱਤਾਹੀਣ ਹੋ ਗਏ ਹਨ । ਹੁਣ ਰੱਬ ਹੀ ਜਾਣਦਾ ਹੈ ਕਿ ਇਨ੍ਹਾ ਦੀ ਕਿਸਮਤ ਵਿਚ ਕੀ ਵਾਪਰਨਾ ਲਿਖਿਆ ਹੈ।” 

ਇਸ ਰਿਪੋਰਟ ਤੋਂ ਵਜ਼ੀਰ ਖਾਨ ਦੀ ਹਾਲਤ ਦਾ ਭਲੀ-ਭਾਂਤ ਪਤਾ ਲਗ ਜਾਂਦਾ ਹੈ । ਇਹ ਰਿਪੋਰਟ 25 ਫਰਵਰੀ, 1710 ਨੂੰ ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤੀ ਗਈ ਸੀ ਅਤੇ 28 ਅਪਰੈਲ ਨੂੰ ਬਾਦਸ਼ਾਹ ਵਲੋਂ ਇਸ ਰਿਪੋਰਟ ਦੇ ਜਵਾਬ ਵਿਚ ਹੁਕਮ ਜਾਰੀ ਕੀਤਾ ਗਿਆ ਸੀ ਕਿ ਨੇਜਾ ਬਰਦਾਰ, ਬਾਦਸ਼ਾਹ ਦੇ ਇਨ੍ਹਾਂ ਫੁਰਮਾਨਾਂ ਨੂੰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਪਾਸ ਪਹੁੰਚਾ ਦੇਣ । ਐਮਨਾਬਾਦ ਦੇ ਫੌਜਦਾਰ ਨੂੰ ਵੀ ਤਰੁੰਤ ਫੁਰਮਾਨ ਭੇਜਿਆ ਗਿਆ ਸੀ ਕਿ ਉਹ ਲਾਹੌਰ ਦੇ ਦੀਵਾਨ ਰੁਸਤਮ ਖਾਨ ਨਾਲ ਮਿਲ ਕੇ ਨਾਨਕ ਨਾਮ ਲੇਵਾ ਸਾਰੇ ਪੈਰੋਕਾਰਾਂ ਨੂੰ ਪਕੜ ਲੈਣ । 12 ਮਈ, 1710 ਨੂੰ ਜੋ ਰਿਪੋਰਟ ਬਾਦਸ਼ਾਹ ਨੂੰ ਪੇਸ਼ ਕੀਤੀ ਗਈ ਸੀ ਉਸ ਵਿਚ ਦੱਸਿਆ ਗਿਆ ਸੀ ਕਿ ‘ਸਰਹਿੰਦ ਅਤੇ ਲਾਹੌਰ ਦੇ ਨੇੜਲੇ ਖੇਤਰਾਂ ਵਿਚ; ਇਕ ਬੰਦੇ ਨੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਐਲਾਨ ਕਰ ਦਿੱਤਾ ਹੈ ਅਤੇ ਆਪਣੇ ਮਿਲਣ ਲਈ ਸਤਲੁਜ ਦਰਿਆ ਦੇ ਕੀਰਤਪੁਰ ਸਾਹਿਬ ਵਾਲੇ ਘਾਟ ਤੇ ਰਕਿਆ ਖੜ੍ਹਾ ਹੈ । 

ਰੁਕਣ ਦਾ ਕਾਰਨ ਇਹ ਸੀ ਕਿ ਇਸ ਦਲ ਦੇ ਰਵਾਨਾ ਹੋਣ ਦੀ ਖ਼ਬਰ ਵਜ਼ੀਰ ਖਾਨ ਨੂੰ ਵੀ ਮਿਲ ਗਈ ਸੀ । ਇਸ ਲਈ ਉਸ ਨੇ ਇਸ ਦਲ ਨੂੰ ਬੰਦਾ ਸਿੰਘ ਬਹਾਦੁਰ ਨਾਲ ਆ ਕੇ ਮਿਲਣ ਤੋਂ ਰੋਕਣ ਲਈ ਮਾਲੇਰਕੇਟਲੇ ਅਤੇ ਰੋਪੜ ਦੇ ਫੌਜਦਾਰਾਂ ਦੀ ਡਿਊਟੀ ਲਗਾਈ ਸੀ । ਮਾਲੇਰਕੋਟਲੇ ਦੀ ਫੌਜ ਸ਼ੇਰ ਮੁਹੰਮਦ ਖ਼ਾਨ, ਖਿਜ਼ਰ ਖਾਨ ਅਤੇ ਨਸ਼ਤਰ ਖਾਨ ਦੀ ਅਗਵਾਈ ਹੇਠ ਸਤਲੁਜ ਦਾ, ਰੋਪੜ ਦੇ ਨੇੜਿਓਂ ਉਰਲਾ ਕੰਢਾ ਰੋਕ ਕੇ ਖੜੋ ਗਈ ਸੀ । 

ਸਿੰਘ ਸਤਲੁਜ ਨੂੰ ਪਾਰ ਕਰਕੇ ਆਪਣੇ ਨੇਤਾ ਨਾਲ ਮਿਲਣ ਲਈ ਦਰਿੜ੍ਹ ਸਨ ਅਤੇ ਮਾਲੇਰਕੋਟਲੇ ਦੀ ਫੌਜ ਉਨ੍ਹਾਂ ਨੂੰ ਰੋਕਣ ਲਈ ਦਰਿੜ੍ਹ ਸੀ । ਇਸ ਲਈ ਰੋਪੜ ਨੇੜੇ ਸਤਲੁਜ ਦੇ ਪੱਤਣ ਤੇ ਦੋਵੇਂ ਧਿਰਾਂ ਵਿਚਕਾਰ ਗਹਿਗੱਚਵੀਂ ਲੜਾਈ ਹੋਈ । ਪਹਿਲੇ ਦਿਨ ਦੀ ਲੜਾਈ ਦੁਪਹਿਰ ਦੇ ਬਾਅਦ ਸ਼ੁਰੂ ਹੋਈ ਸੀ ਜਿਹੜੀ ਰਾਤ ਪੈਣ ਤਕ ਚਲਦੀ ਰਹੀ ਸੀ । ਰਾਤ ਦਾ ਹਨ੍ਹੇਰਾ ਪੈ ਜਾਣ ਕਰਕੇ ਜਦੋਂ ਇਕ ਦੂਜੇ ਨੂੰ ਦਿਖਾਈ ਦੇਣੋ ਬੰਦ ਹੋ ਗਿਆ ਸੀ ਤਾਂ ਲੜਾਈ ਬੰਦ ਹੋ ਗਈ ਸੀ । ਰਾਤੋਂ-ਰਾਤ ਦੋਵਾਂ ਧਿਰਾਂ ਨੇ ਆਪਣੇ-ਆਪ ਨੂੰ ਸੰਭਾਲਿਆ । ਪਿੱਛੋਂ ਹੋਰ ਵੀ ਸਿੰਘ ਜੱਥੇ ਜੈਕਾਰੇ ਗੂੰਜਾਉਂਦੇ ਹੋਏ ਆਪਣੇ ਸਾਥੀਆਂ ਨਾਲ ਆ ਕੇ ਮਿਲ ਰਹੇ ਸਨ । ਇਸ ਨਾਲ ਸਿੰਘਾਂ ਦੇ ਹੌਂਸਲੇ ਵੱਧ ਰਹੇ ਸਨ ਅਤੇ ਮੁਗਲ ਫੌਜ ਦੇ ਘਟ ਰਹੇ ਸਨ । ਜਿਉਂ ਹੀ ਦੂਸਰਾ ਦਿਨ ਚੜ੍ਹਿਆ ਤਾਂ ਦੋਵੇਂ ਧਿਰਾਂ ਫਿਰ ਗੁੱਥਮਗੁੱਥਾ ਹੋ ਗਈਆਂ । ਸਿੰਘ ਜੱਥਿਆਂ ਦੀ ਦਰਿੜ੍ਹਤਾ ਸਾਹਮਣੇ ਮੁਗਲ ਸੈਨਿਕ ਖੜੋ ਨਹੀਂ ਸਕੇ ਸਨ । ਇਸ ਸਮੇਂ ਖ਼ਬਰਾਂ ਪਹੁੰਚ ਗਈਆਂ ਸਨ ਕਿ ਬੰਦਾ ਸਿੰਘ ਬਹਾਦੁਰ ਨੇ ਬਨੂੜ ਨੂੰ ਵੀ ਤਬਾਹ ਕਰ ਦਿੱਤਾ ਹੈ ਅਤੇ ਉਹ ਸਰਹਿੰਦ ਦੇ ਨੇੜੇ ਪਹੁੰਚ ਗਿਆ ਹੈ । ਇਸ ਗੱਲ ਨੇ ਸਿੰਘਾਂ ਦੇ ਜੋਸ਼ ਅਤੇ ਜ਼ੋਰ ਨੂੰ ਤਿਗੁਣਾ-ਚੌਗੁਣਾ ਕਰ ਦਿਤਾ ਸੀ । ਖਿਜ਼ਰ ਖਾਨ, ਨਸ਼ਤਰ ਖਾਨ ਅਤੇ ਵਲੀ ਮੁਹੰਮਦ ਖਾਨ, ਤਿੰਨ ਮੁੱਖੀ ਜਰਨੈਲ ਮਾਰੇ ਗਏ ਸਨ । ਇਸ ਨਾਲ ਸ਼ੇਰ ਮੁਹੰਮਦ ਖਾਨ ਦਾ ਲੱਕ ਟੁੱਟ ਗਿਆ ਸੀ । ਬਨੂੜ ਦੀ ਬਰਬਾਦੀ ਨੇ ਵੀ ਉਸ ਨੂੰ ਹੌਂਸਲਾਹੀਣ ਕਰ ਦਿਤਾ ਸੀ । ਮਾਲੇਰਕੋਟਲੇ ਦੀ ਫੌਜ ਭੱਜ ਗਈ ਸੀ । ਸਿੰਘ ਦਲ ਰੋਪੜ ਵਿਚੋਂ ਦੀ ਹਥਿਆਰ ਅਤੇ ਘੋੜੇ ਇਕੱਠੇ ਕਰਦਾ ਹੋਇਆ ਬੰਦਾ ਸਿੰਘ ਬਹਾਦੁਰ ਵਲ ਨੂੰ ਵੱਧਦਾ ਆ ਰਿਹਾ ਸੀ । ਉਧਰੋਂ ਬੰਦਾ ਸਿੰਘ ਨੂੰ ਵੀ ਸਿੰਘਾਂ ਦੇ ਵਧਦੇ ਆਉਣ ਦੀ ਖ਼ਬਰ ਮਿਲ ਗਈ ਸੀ, ਉਹ ਵੀ ਬਨੂੜ ਤੋਂ ਚੱਲ ਕੇ ਸਿੰਘ ਜੱਥਿਆਂ ਦੇ ਸੁਆਗਤ ਲਈ ਅੱਗੇ ਵੱਧ ਆਇਆ ਸੀ । ਦੋਵੇਂ ਧਿਰਾਂ ਚੱਪੜ-ਚਿੜੀ ਦੇ ਮੈਦਾਨ ਵਿਚ ਆ ਇਕੱਠੀਆਂ ਹੋਈਆਂ ਸਨ ।  

ਚੱਪੜ-ਚਿੜੀ ਦੀ ਸਥਿਤੀ ਬਾਰੇ ਸਾਡੇ ਮੁੱਢਲੇ ਲੇਖਕ ਕੀ ਲਿਖਦੇ ਹਨ ਜ਼ਰਾ ਇਸ ਬਾਰੇ ਸੰਖੇਪ ਜਾਣਕਾਰੀ ਦਿੱਤੀ ਜਾ ਰਹੀ ਹੈ । ਕਰਮ ਸਿੰਘ ਹਿਸਟੋਰੀਅਨ ਨੂੰ ਤਾਂ ਇਸ ਦੀ ਸਥਿਤੀ ਦਾ ਹੀ ਪਤਾ ਨਹੀਂ ਸੀ । ਉਹ ਲਿਖਦਾ ਹੈ ਕਿ “ਇਹ ਨਾਮ (ਚੱਪੜ-ਚਿੜੀ) ਰਤਨ ਸਿੰਘ ਭੰਗੂ ਨੇ ਆਪਣੇ ਪੰਥ ਪ੍ਰਕਾਸ਼ ਵਿਚ ਦਿੱਤਾ ਹੈ ਪਰ ਇਸ ਨਾਮ ਦਾ ਪਿੰਡ ਸਰਹਿੰਦ ਦੇ ਆਸ ਪਾਸ ਕੋਈ ਨਹੀਂ, ਘਨੌਰ ਦੇ ਤਅੱਲਕੇ ਵਿਚ ਰਾਜ-ਪੁਰਿਓਂ ਦਸ ਕੁ ਮੀਲ ਚਪੜ ਪਿੰਡ ਹੈ ਅਤੇ ਸਰਹਿੰਦੋਂ ਬਾਰਾਂ ਕੋਹ ਚੜੀ ਪਿੰਡ ਹੈ । ਪਰ ਇਹ ਦੋਵੇਂ ਹੀ ਨਹੀਂ ਹੋ ਸਕਦੇ ।” ਡਾ. ਗੰਡਾ ਸਿੰਘ ਨੇ ਵੀ ਇਸ ਥਾਂ ਬਾਰੇ ਕਿਸੇ ਦੂਸਰੇ ਵਿਅਕਤੀ ਕੋਲੋਂ ਸੁਣ ਕੇ ਹੀ ਲਿਖਿਆ ਹੈ । ਖੁਦ ਉਨ੍ਹਾਂ ਨੇ ਵੀ ਇਸ ਮੈਦਾਨ ਨੂੰ ਨਹੀਂ ਦੇਖਿਆ । ਹੋਰ ਵੀ ਕਿਸੇ ਲੇਖਕ ਨੇ ਇਹ ਚੱਪੜ-ਚਿੜੀ ਦਾ ਮੈਦਾਨ ਨਹੀਂ ਦੇਖਿਆ । ਬਿਨ੍ਹਾਂ ਦੇਖੇ ਕਿਸੇ ਵੀ ਲੜਾਈ ਦੇ ਮੈਦਾਨ ਬਾਰੇ ਸਹੀ ਰੂਪ ਵਿਚ ਬਿਆਨ ਕਰਨਾ ਅਸੰਭਵ ਹੈ । ਲੜਾਈ ਦੀ ਸਹੀ ਵਿਆਖਿਆ ਉਸ ਮੈਦਾਨ ਦੀ ਸਥਿਤੀ ਦੇ ਸਹੀ ਗਿਆਨ ਨਾਲ ਹੀ ਹੋ ਸਕਦੀ ਹੈ ਇਸ ਕਰਕੇ ਲੜਾਈ ਨੂੰ ਬਿਆਨ ਕਰਨ ਤੋਂ ਪਹਿਲਾਂ ਲੜਾਈ ਦੇ ਮੈਦਾਨ ਦੀ ਸਥਿਤੀ ਦਾ ਗਿਆਨ ਰੱਖਣਾ ਜਰੂਰੀ ਹੈ । 

ਚੱਪੜ-ਚਿੜੀ ਦਾ ਮੈਦਾਨ ਸਰਹਿੰਦ ਤੋਂ ਲਿੰਕ ਸੜਕਾਂ ਰਾਹੀਂ 18-19 ਕਿਲੋਮੀਟਰ ਦੀ ਵਿੱਥ ਤੇ ਪੂਰਬ ਵਾਲੇ ਪਾਸੇ ਹੈ । ਇਸ ਸਮੇਂ ਇਹ ਬਨੂੜ-ਖਰੜ ਸੜਕ ਦੇ ਉਪਰ ਬਨੂੜ ਵਲੋਂ ਲਾਂਡਰਾ ਲੰਘ ਕੇ ਸਵਰਾਜ ਫੈਕਟਰੀ ਦੇ ਕੋਲ ਮੁੱਖ ਸੜਕ ਤੋਂ ਤਕਰੀਬਨ ਡੇਢ ਕੁ ਕਿਲੋਮੀਟਰ ਦੀ ਵਿੱਥ ਤੇ ਹੈ । ਚੱਪੜ-ਚਿੜੀ ਨਾਂ ਦੇ ਦੋ ਪਿੰਡ ਹਨ: ਇਕ ਚੱਪੜ-ਚਿੜੀ ਕਲਾਂ (ਵੱਡਾ) ਅਤੇ ਦੂਸਰਾ ਚੱਪੜ-ਚਿੜੀ ਖੁਰਦ (ਛੋਟਾ) । ਖੁਰਦ ਪਹਿਲਾਂ ਆਉਂਦਾ ਹੈ ਅਤੇ ਕਲਾਂ ਪਿੱਛੋਂ । ਦੋਹਾਂ ਵਿਚਕਾਰ ਵੀ ਡੇਢ ਦੋ ਕਿਲੋਮੀਟਰ ਦਾ ਫਾਸਲਾ ਹੈ । ਜੰਗ ਦਾ ਮੈਦਾਨ ਦੋਹਾਂ ਪਿੰਡਾਂ ਤੋਂ ਹੱਟ ਕੇ ਹੈ । ਭਾਵੇਂ ਅੱਜ ਇਹ ਮੈਦਾਨ ਨਿੱਜੀ ਜਾਇਦਾਦ ਹੈ ਅਤੇ ਕੁਝ ਕੁ ਰਕਬਾ ਵੱਡੇ ਪਿੰਡ ਦੀ ਪੰਚਾਇਤ ਦਾ ਹੈ । ਉਹ ਟਿੱਬਾ, ਜਿਥੇ ਕਿ ਬੰਦਾ ਸਿੰਘ ਬਹਾਦੁਰ ਬੈਠ ਕੇ ਸਮੁੱਚੇ ਮੈਦਾਨ ਵਿਚ ਨਿਗਾਹ ਰੱਖ ਰਿਹਾ ਸੀ, ਅਜੇ ਵੀ ਕੁਝ ਹਾਲਤ ਵਿਚ ਕਾਇਮ ਹੈ । ਇਥੋਂ ਦੇ ਵਿਅਕਤੀਆਂ ਦੇ ਦੱਸਣ ਅਨੁਸਾਰ ਇਹ ਟਿੱਬਾ ਅੱਜ ਤੋਂ ਕੋਈ ਚਾਲੀ-ਪੰਤਾਲੀ ਸਾਲ ਪਹਿਲਾਂ 35-40 ਫੁੱਟ ਉੱਚਾ ਸੀ । ਬਾਅਦ ਵਿਚ ਇਥੋਂ ਆਮ ਲੋਕ ਅਤੇ ਹੋਰ ਸੰਸਥਾਵਾਂ ਮਿੱਟੀ ਚੁੱਕਦੀਆਂ ਰਹੀਆਂ । ਇਸ ਕਰਕੇ ਅੱਜ ਇਹ ਇਕ ਉੱਚੇ-ਟਿੱਬੇ ਦਾ ਰੂਪ 

ਨਹੀਂ ਹੈ । ਸਗੋਂ ਬਾਕੀ ਮੈਦਾਨ ਨਾਲੋਂ ਥੋੜ੍ਹਾ ਜਿਹਾ ਹੀ ਉੱਚਾ ਹੈ । ਇਸ ਟਿੱਬੇ ਦੇ ਪਿਛਲੇ ਪਾਸੇ ‘ਪਟਿਆਲਾ ਕੀ ਰਾਓ’ ਨਾਂ ਦੀ ਨਦੀ ਵਗਦੀ ਸੀ । ਇਸ ਵਿਚ ਬੜਾ ਸਾਫ਼ ਪਾਣੀ ਵਹਿੰਦਾ ਸੀ । ਅੱਜ ਭਾਵੇਂ ਇਹ ਨਦੀ ਬੰਦ ਹੋ ਗਈ ਹੈ । ਇਸ ਮੈਦਾਨ ਵਿਚ ਅਨੇਕਾਂ ਹੀ ਛੱਪੜ (ਢਾਬਾਂ) ਸਨ । ਇਨ੍ਹਾਂ ਛੱਪੜਾਂ ਕਰਕੇ ਹੀ ਇਸ ਖੇਤਰ ਦਾ ਨਾਂ ਛੱਪੜਾਂ ਵਾਲਾ ਜੰਗਲ ਜਾਂ ਛੱਪੜਾਂ ਵਾਲੀ ਝਿੜੀ ਪਰਚੱਲਤ ਹੋਇਆ ਸੀ । ਚੱਪੜ-ਚਿੜੀ ਇਸੇ ਹੀ ਭਾਵ ਵਾਲਾ ਨਾਂ ਹੈ । ਇਹ ਪਹਾੜ ਦੀ ਤਰਾਈ ਵਾਲਾ ਖੇਤਰ ਹੈ । ਇਥੋਂ ਦੀ ਕਈ ਬਰਸਾਤੀ ਨਦੀਆਂ-ਨਾਲੇ ਨਿਕਲਣ ਕਾਰਨ ਹੀ ਇਹ ਸਾਰਾ ਖੇਤਰ ਉੱਚਾ-ਨੀਵਾਂ ਹੈ । ਧਰਤੀ ਹੇਠਲਾ ਪਾਣੀ ਥੋੜ੍ਹਾ ਹੈ ਅਤੇ ਡੂੰਘਾ ਹੈ। ਕੁਝ ਛੱਪੜ ਕੁਦਰਤੀ ਤੌਰ ‘ਤੇ ਬਣੇ ਹੋਏ ਹਨ ਅਤੇ ਕੁਝ ਲੋਕਾਂ ਰਾਹੀਂ ਆਪਣੀ ਲੋੜ ਮੁਤਾਬਕ ਪੁੱਟ ਕੇ ਬਣਾਏ ਗਏ ਹਨ । ਇਕ ਵੱਡਾ ਪੁਰਾਤਨ ਛੱਪੜ ਇਸ ਸਮੇਂ ਸ. ਬਲਵੰਤ ਸਿੰਘ, ਸਾਬਕਾ ਸਰਪੰਚ, ਚੱਪੜ-ਚਿੜੀ ਕਲਾਂ ਦੇ ਰਕਬੇ ਵਿਚ ਸੀ ਜਿਸ ਨੂੰ ਪੂਰ ਕੇ ਖੇਤ ਵਿਚ ਰਲਾ ਲਿਆ ਗਿਆ ਹੈ। ਇਕ ਹੋਰ ਪੁਰਾਤਨ ਛੱਪੜ ਵਰਤਮਾਨ ਗੁਰਦੁਆਰੇ ਵਾਲੇ ਖੇਤਰ ਵਿਚ ਸੀ । ਇਸ ਨੂੰ ਵੀ ਮਿੱਟੀ ਨਾਲ ਭਰ ਕੇ ਬਾਕੀ ਜ਼ਮੀਨ ਵਿਚ ਮਿਲਾ ਲਿਆ ਗਿਆ ਹੈ । ਇਕ ਹੋਰ ਬਹੁਤ ਵੱਡਾ ਪੁਰਾਤਨ ਛੱਪੜ (ਢਾਬ) ਬਨੂੜ-ਲਾਂਡਰਾਂ ਸੜਕ ਉਪਰ ਸਥਿੱਤ ਪਿੰਡ ਮੋਟੇ ਮਾਜਰਾ ਦੀ ਜੂਹ ਵਿਚ ਹੈ। ਇਹ ਬਹੁਤ ਵਿਸ਼ਾਲ ਢਾਬ ਸੀ । ਇਸੇ ਹੀ ਸੜਕ ਉਪਰ ਵਸੇ ਪੁਰਾਣੇ ਇਕ ਹੋਰ ਪਿੰਡ ਸਨੇਟਾ ਵਿਚ ਵੀ ਇਕ ਬਹੁਤ ਵਿਸ਼ਾਲ ਟੋਬਾ ਹੈ । ਇਹ ਟੋਬੇ ਜਾਂ ਛੱਪੜ ਹੀ ਇਸ ਇਲਾਕੇ ਦੀ ਪਛਾਣ ਸਨ । 

‘ਪਟਿਆਲਾ ਕੀ ਰਾਓ’ ਨਦੀ ਦਾ ਉਸ ਵੇਲੇ ਭਾਵੇਂ ਨਾਂ ਕੁਝ ਹੋਰ ਹੋਣਾ ਹੈ (ਸ਼ਾਇਦ ਹੰਸਾਲੀ ਜਾਂ ਹੰਸਲਾ ਨਦੀ) ਪਰ ਇਹ ਨਦੀ ਇਸ ਖੇਤਰ ਨੂੰ ਮੁਸਲਮਾਨ ਅਤੇ ਗੈਰ-ਮੁਸਲਮਾਨ ਖੇਤਰ ਵਿਚ ਵੰਡਦੀ ਸੀ । ਇਸ ਨਦੀ ਦੇ ਉਤਰ-ਪੂਰਬ ਵਾਲੇ ਪਾਸੇ, ਭਾਵ ਕਿ ਵਰਤਮਾਨ ਮੁਹਾਲੀ ਵਾਲੇ ਪਾਸੇ ਕੁਝ ਗੈਰ-ਮੁਸਲਮਾਨ ਆਬਾਦੀ (ਹਿੰਦੂ-ਸਿੱਖ) ਵਾਲੇ ਪਿੰਡ ਸਨ । ਇਹ ਸਨ: ਕੁੰਭੜਾ, ਸੁਹਾਣਾ, ਮਟੌੜ, ਮਨੌਲੀ ਜਾਂ ਮੌਲੀ ਅਤੇ ਮਾਣਕ ਮਾਜਰਾ ਆਦਿ । ਇਹ ਸਾਰੇ ਵੈਦਵਾਨ ਜੱਟਾਂ ਦੇ ਪਿੰਡ ਸਨ। ਨਦੀ ਦੇ ਪੱਛਮ ਵੱਲ, ਭਾਵ ਕਿ ਲਾਂਡਰਾਂ ਅਤੇ ਖਰੜ ਵਾਲੇ ਪਾਸੇ ਮੁਸਲਮਾਨ ਆਬਾਦੀ ਵਾਲੇ ਪਿੰਡ ਸਨ । ਖਾਸ ਚੱਪੜ-ਚਿੜੀ ਦੇ ਦੋਵੇਂ ਪਿੰਡ ਮੁਸਲਮਾਨ ਆਬਾਦੀ ਵਾਲੇ ਪਿੰਡ ਸਨ । ਇਨ੍ਹਾਂ ਦੋਵੇਂ ਪਿੰਡਾਂ ਵਿਚ ਮਸਜਿਦਾਂ ਸਨ ਜਿਹੜੀਆਂ ਹੁਣ ਉਸੇ ਹਾਲਤ ਵਿਚ ਸੰਭਾਲੀਆਂ ਹੋਈਆਂ ਹਨ। ਇਨ੍ਹਾਂ ਤੋਂ ਇਲਾਵਾ, ਕੈਲੋਂ, ਸੈਦਪੁਰ, ਮਾਣਕ ਪੁਰ ਆਦਿ ਪਿੰਡ ਸਨ । ਬੰਦਾ ਸਿੰਘ ਬਹਾਦੁਰ ਦੀ ਛਾਉਣੀ ‘ਪਟਿਆਲਾ ਕੀ ਰਾਓ’ ਨਦੀ ਉਪਰ ਅਤੇ ਉਕਤ ਦੱਸੇ ਗਏ ਸਿੱਖ-ਹਿੰਦੂ ਆਬਾਦੀ ਵਾਲੇ ਪਿੰਡਾਂ ਦੀ ਜੂਹ ਵਿਚ ਸੀ। ਬਨੂੜ ਤੋਂ ਲੈ ਕੇ ਚੱਪੜ-ਚਿੜੀ ਤੱਕ ਦਾ ਸਾਰਾ ਖੇਤਰ ਖਾਲਸਾ ਦਲਾਂ ਦੇ ਕਬਜ਼ੇ ਵਿਚ ਸੀ । ‘ਪਟਿਆਲਾ ਕੀ ਰਾਓ’ ਨਦੀ ਦੇ ਪਾਸ (ਚੱਪੜ-ਚਿੜੀ ਵਾਲੇ ਪਾਸੇ) ਉਹ ਉੱਚਾ ਟਿੱਬਾ ਸੀ ਜਿਸ ਉਪਰ ਬੰਦਾ ਸਿੰਘ ਬਹਾਦੁਰ ਬੈਠਾ ਸੀ । ਚੱਪੜ ਚਿੜੀ, ਲਾਂਡਰਾਂ ਅਤੇ ਕੈਲੋਂ ਤੋਂ ਲੈ ਕੇ ਵਿਚੋਂ ਦੀ ਜੋ ਲਾਇਨ ਮੁਸਲਮਾਨ ਆਬਾਦੀ ਵਾਲੇ ਪਿੰਡਾਂ ਦੀ, ਸਰਹਿੰਦ ਤੀਕ ਪਹੁੰਚਦੀ ਸੀ ਉਸ ਪਾਸੇ ਸਰਹਿੰਦ ਦੇ ਵਜ਼ੀਰ ਖਾਨ ਦੀਆਂ ਫੌਜਾਂ ਸਨ । 

ਸਵਾਲ ਇਥੇ ਇਹ ਪੈਦਾ ਹੁੰਦਾ ਹੈ ਕਿ ਸਰਹਿੰਦ ਨੂੰ ਜਿੱਤਣ ਲਈ ਅਤੇ ਲੜਾਈ ਕਰਨ ਲਈ, ਬੰਦਾ ਸਿੰਘ ਬਹਾਦੁਰ ਨੂੰ ਬਨੂੜ ਤੋਂ ਚੱਪੜ-ਚਿੜੀ ਵਾਲੇ ਮੈਦਾਨ ਵਿਚ ਆਉਣ ਦੀ ਕੀ ਲੋੜ ਸੀ ਜਦੋਂ ਕਿ ਸਰਹਿੰਦ ਉਪਰ ਹਮਲਾ ਤਾਂ ਬਨੂੜ ਤੋਂ ਵੀ ਹੋ ਸਕਦਾ ਸੀ । ਬਨੂੜ ਤੋਂ ਜਿੰਨੀ ਦੂਰ ਚੱਪੜ-ਚਿੜੀ ਸੀ ਉਤਨੀ ਹੀ ਦੂਰ ਸਰਹਿੰਦ ਸੀ । ਅੱਗੇ ਚੱਪੜ-ਚਿੜੀ ਤੋਂ ਵੀ ਸਰਹਿੰਦ 18-19 ਕਿਲੋਮੀਟਰ ਦੀ ਵਿੱਥ ‘ਤੇ ਸੀ । ਇਸ ਕਰਕੇ ਬੰਦਾ ਸਿੰਘ ਨੇ ਬਨੂੜ ਤੋਂ ਹੀ ਸਰਹਿੰਦ ਉਪਰ ਹਮਲਾ ਕਿਉਂ ਨਹੀਂ ਕੀਤਾ? ਕੀ ਕਾਰਨ ਸੀ ਕਿ ਉਸ ਨੂੰ ਚੱਪੜ-ਚਿੜੀ ਦੇ ਮੈਦਾਨ ਵਿਚ ਆਉਣਾ ਪਿਆ ਸੀ? ਇਸ ਦਾ ਇਕ ਸੰਭਵ ਕਾਰਨ ਇਹ ਹੀ ਹੋ ਸਕਦਾ ਹੈ ਕਿ ਜਿਹੜਾ ਇਕ ਤਕੜਾ ਖਾਲਸਾ ਦਲ ਮਾਝੇ ਅਤੇ ਦੁਆਬੇ ਤੋਂ ਇਕੱਠਾ ਹੋ ਕੇ ਬੰਦਾ ਸਿੰਘ ਨਾਲ ਰਲਣ ਲਈ ਕੀਰਤਪੁਰ ਸਾਹਿਬ-ਰੋਪੜ ਦੇ ਰਸਤੇ ਆ ਰਿਹਾ ਸੀ ਪਹਿਲਾਂ ਤਾਂ ਇਸ ਨੂੰ ਰੋਪੜ ਵਿਖੇ ਹੀ ਮਾਲੇਰਕੋਟਲੇ ਤੇ ਰੋਪੜ ਦੀਆਂ ਫੌਜਾਂ ਨੇ ਰੋਕ ਕੇ ਰੱਖਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਰੋਕ ਨਹੀਂ ਸਕੇ ਸਨ । ਇਹ ਖਾਲਸਾ ਦਲ ਰੋਪੜ ਲੰਘ ਕੇ ਬੰਦਾ ਸਿੰਘ ਵੱਲ ਆ ਰਿਹਾ ਸੀ । ਬੰਦਾ ਸਿੰਘ ਉਸ ਸਮੇਂ ਬਨੂੜ ਵਿਖੇ ਸੀ । ਜਿਉਂ ਹੀ ਵਜ਼ੀਰ ਖਾਨ ਨੂੰ ਇਸ ਗਲ ਦੀ ਖ਼ਬਰ ਮਿਲੀ ਕਿ ਰੋਪੜ ਤੋਂ ਖਾਲਸਾ ਦਲ ਮੁਗ਼ਲ ਫੌਜਾਂ ਨੂੰ ਹਰਾ ਕੇ ਬੰਦਾ ਸਿੰਘ ਵੱਲ ਆ ਰਿਹਾ ਹੈ ਅਤੇ ਬੰਦਾ ਸਿੰਘ ਵੱਲ (ਬਨੂੜ ਵੱਲ) ਆਉਣ ਦਾ ਰੋਪੜ ਦਾ ਰਸਤਾ ਕੁਰਾਲੀ ਅਤੇ ਖਰੜ ਵਿਚੋਂ ਦੀ ਹੀ ਸੀ । ਵਜ਼ੀਰ ਖਾਨ ਇਸ ਖਿਆਲ ਨਾਲ ਕਿ ਦੋਹਾਂ ਦਲਾਂ ਨੂੰ ਮਿਲਣ ਨਾ ਦਿੱਤਾ ਜਾਵੇ, ਇਕ ਦਮ ਬੰਦਾ ਸਿੰਘ ਅਤੇ ਮਾਝੇ-ਦੁਆਬੇ ਦੇ ਖਾਲਸਾ ਦਲਾਂ ਦਾ ਰਸਤਾ ਕੱਟਣ ਲਈ ਚੱਪੜ-ਚਿੜੀ ਵੱਲ ਰਵਾਨਾ ਹੋ ਗਿਆ ਸੀ । ਬੰਦਾ ਸਿੰਘ ਅਤੇ ਮਾਝੇ-ਦੁਆਬੇ ਵਲੋਂ ਆ ਰਹੇ ਖਾਲਸਾ ਦਲ ਦੀ ਰਵਾਨਗੀ ਤੇਜ਼ ਸੀ । ਇਸ ਲਈ ਬੰਦਾ ਸਿੰਘ ਤਰੁੰਤ ਪੂਰੀ ਤੇਜ਼ੀ ਨਾਲ ਖਾਲਸਾ ਦਲ ਨਾਲ ਮਿਲਣ ਲਈ ਲਾਂਡਰਾਂ ਤੇ ਖਰੜ ਵੱਲ ਨੂੰ ਚਲ ਪਿਆ ਸੀ । ਦੋਵਾਂ ਦਲਾਂ ਦਾ ਮੇਲ ਚੱਪੜ-ਚਿੜੀ ਵਾਲੇ ਅਸਥਾਨ ‘ਤੇ ਹੋ ਗਿਆ ਸੀ । ਦੋਵੇਂ ਦਲਾਂ ਦੀ ਸੁਮੇਲਤਾ ਨਾਲ ਬੰਦਾ ਸਿੰਘ ਦੀ ਹਮਲਾਕਰੂ ਤਾਕਤ ਬਹੁਤ ਵੱਧ ਗਈ ਸੀ ਅਤੇ ਉਹ ਚੱਪੜ-ਚਿੜੀ ਦਾ ਲੜਾਈ ਦੀ ਨੀਤੀ ਪੱਖੋਂ, ਸਭ ਤੋਂ ਵਧੀਆ ਹਿੱਸਾ ਰੋਕ ਕੇ ਬੈਠ ਗਿਆ ਸੀ । ਇਹ ਪਾਸਾ ਸਾਰਾ ਹੀ ਹਿੰਦੂ-ਸਿੱਖਾਂ ਦੇ ਪਿੰਡਾਂ ਵਾਲਾ ਸੀ ਅਤੇ ਪਾਣੀ ਦੀ ਬਹੁਤਾਤ ਵਾਲਾ ਸੀ । ਵਜ਼ੀਰ ਖਾਨ ਮੁਸਲਮਾਨ ਆਬਾਦੀ ਵਾਲੇ ਪਿੰਡਾਂ ਦੀ ਜੂਹ ਵਿਚ ਮੋਰਚੇ ਬਣਾ ਕੇ ਬੈਠ ਗਿਆ ਸੀ । ਲੜਾਈ ਸਮੇਂ ਫੌਜਾਂ ਨੂੰ ਪਾਣੀ ਦੀ ਅਤੇ ਬਣੇ-ਬਣਾਏ ਭੋਜਨ ਦੀ ਸੁਪਲਾਈ ਦੀ ਅਤਿਅੰਤ ਜ਼ਰੂਰਤ ਪੈਂਦੀ ਹੈ ਇਹ ਸਪਲਾਈ ਪਿੰਡਾਂ ਵਿਚੋਂ ਹੀ ਹੋ ਸਕਦੀ ਸੀ । ਹਰ ਧਿਰ ਆਪਣੀ ਮਦਦ ਵਾਲੇ ਪਿੰਡਾਂ ਵਿਚੋਂ ਹੀ ਅਜਿਹੀ ਟੇਕ ਰੱਖਦੀ ਹੁੰਦੀ ਹੈ । 

ਚੱਪੜ-ਚਿੜੀ ਦੇ ਮੈਦਾਨ ਦਾ ਨਾਂ ਪਹਿਲੀ ਵਾਰ ਵਿਲੀਅਮ ਇਰਵਿਨ (William Irvine) ਨੇ ਲਿਖਿਆ ਹੈ। ਇਰਵਿਨ ਨੇ ਲਿਖਿਆ ਹੈ ਕਿ ਉਸ ਦੇ ਪਾਸ ‘ਫਾਰੂਖ਼ਸ਼ੀਅਰਨਾਮਾ’ ਦਾ ਖਰੜਾ ਹੈ ਜਿਸ ਵਿਚ ਲਿਖਿਆ ਗਿਆ ਹੈ ਕਿ ਸਰਹਿੰਦ ਦੀ ਫਤਹਿ ਦੀ ਲੜਾਈ ਚੱਪੜ-ਚਿੜੀ ਦੇ ਮੈਦਾਨ ਵਿਚ ਲੜੀ ਗਈ ਸੀ । ਚੱਪੜ-ਚਿੜੀ ਦੀ ਸਥਿਤੀ ਇਉਂ ਦੱਸੀ ਗਈ ਹੈ: ‘ਚੱਪੜ-ਚਿੜੀ ਨਾਂ ਦੇ ਦੋ ਪਿੰਡ ਹਨ, ਚੱਪੜ-ਚਿੜੀ ਕਲਾਂ ਅਤੇ ਚੱਪੜ-ਚਿੜੀ ਖੁਰਦ । ਇਹ ਇੰਡੀਅਨ ਐਟਲਸ ਦੀ ਸ਼ੀਟ ਨੰ. 48 ਤੇ ਸਥਿਤ ਹਨ । ਇਹ ਸਰਹਿੰਦ ਤੋਂ 16 ਮੀਲ ਉੱਤਰ-ਪੂਰਬ ਵਲ ਪਟਿਆਲੀ ਰਾਓ ਉਪਰ ਅਤੇ ਬਨੂੜ ਤੋਂ 10 ਮੀਲ ਉੱਤਰ-ਪੱਛਮ ਵਲ ਹਨ ।” ਮੇਜਰ ਜੇਮਜ਼ ਬ੍ਰਾਊਨ ਨੇ ਇਸ ਥਾਂ ਨੂੰ ਸਰਹਿੰਦ ਤੋਂ 12 ਮੀਲ ਪੂਰਬ-ਦੱਖਣ ਵਲ ਅਲਵਾਂ ਸਰਾਏ ਦੇ ਨੇੜੇ ਦੱਸਿਆ ਹੈ । ਗੁਰਮੁਖੀ ਦੀਆਂ ਮੁੱਢਲੀਆਂ ਲਿਖਤਾਂ ਵਿਚ, ਬੰਦਾ ਸਿੰਘ ਬਹਾਦਰ ਦੇ ਸਬੰਧ ਵਿਚ ਲਿਖਣ ਵਾਲੇ ਕਿਸੇ ਵੀ ਲੇਖਕ ਨੇ ਚੱਪੜ-ਚਿੜੀ ਬਾਰੇ ਕੁਝ ਵੀ ਨਹੀਂ ਲਿਖਿਆ ।  

ਦੋਵਾਂ ਧਿਰਾਂ ਦੀ ਸੈਨਿਕ-ਸ਼ਕਤੀ ਵੀ ਇਤਿਹਾਸ ਦਾ ਅਹਿਮ ਤੱਥ ਹੁੰਦਾ ਹੈ । ਇਹ ਇਸ ਤਰ੍ਹਾਂ ਹੈ: ਵਜ਼ੀਰ ਖਾਨ ਪਾਸ ਖਾਫ਼ੀ ਖਾਨ ਦੇ ਅਨੁਸਾਰ ਪੰਜ-ਛੇ ਹਜ਼ਾਰ ਘੋੜ-ਸੁਆਰ, 

ਸਤ-ਅੱਠ ਹਜ਼ਾਰ ਪੈਦਲ ਸਿਪਾਹੀ ਸਨ ਜਿਨ੍ਹਾਂ ਪਾਸ ਤੋੜੇਦਾਰ ਬਦੂੰਕਾਂ ਅਤੇ ਤੀਰ ਕਮਾਨ ਸਨ । ਕੁਝ ਤੋਪਾਂ ਅਤੇ ਹਾਥੀ ਵੀ ਸਨ ।” ਇਉਂ ਉਸ ਪਾਸ 12000 ਤੋਂ ਲੈ ਕੇ 15000 ਦੀ ਗਿਣਤੀ ਤਕ ਦੀ ਫੌਜ ਸੀ । ਇਹ ਤਾਂ ਸੀ ਉਹ ਫੌਜ ਜੋ ਉਸ ਕੋਲ ਸਰਕਾਰੀ ਰਿਕਾਰਡਾਂ ਮੁਤਾਬਕ ਉਪਲਭਦ ਜਾਂ ਉਸ ਨੂੰ ਰੱਖਣ ਦਾ ਅਧਿਕਾਰ ਸੀ । ਬਾਕੀ ਹਜ਼ਾਰਾਂ ਦੀ ਗਿਣਤੀ ਵਿਚ ਉਹ ਲੋਕ ਸਨ ਜਿਹੜੇ ਉਸ ਨੇ ਇਸਲਾਮ ਦੀ ਰਾਖੀ ਲਈ ਛੇੜੇ ਗਏ ਜਿਹਾਦ ਹੇਠ ਭੜਕਾ ਕੇ ਪਿੰਡਾਂ ਵਿਚੋਂ ਇਕੱਠੇ ਕੀਤੇ ਸਨ । ਇਨ੍ਹਾਂ ਵਿਚ ਅੱਠ ਹਜ਼ਾਰ ਗਾਜ਼ੀ ਸਨ । ਇਹ ਗਾਜ਼ੀ ਸਾਡੇ ਨਿਹੰਗ ਜਾਂ ਅਕਾਲੀ ਸਿੰਘਾਂ ਵਾਂਗ ਬਿਨਾ ਕਿਸੇ ਜ਼ਾਬਤੇ ਤੋਂ ਸਨ । ਇਹ ਆਪਣੀ ਹੀ ਮਰਜ਼ੀ ਅਨੁਸਾਰ ਅਤੇ ਆਪਣੀ ਹੀ ਯੁੱਧ-ਨੀਤੀ ਅਨੁਸਾਰ ਲੜਾਈ ਵਿਚ ਹਿੱਸਾ ਲੈਂਦੇ ਸਨ । ਇਹ ਸਿਰਫ ਮਰਨ ਲਈ ਜਾਂ ਜਿੱਤਣ ਲਈ ਹੀ ਲੜਦੇ ਸਨ । ਜੰਗ ਦੇ ਮੈਦਾਨ ਵਿਚੋਂ ਇਹ ਭੱਜ ਦੇ ਨਹੀਂ ਸਨ । ਇਸ ਤਰ੍ਹਾ ਵਜ਼ੀਰ ਖ਼ਾਨ ਪਾਸ 25-30 ਹਜ਼ਾਰ ਤੋਂ ਉਪਰ ਸੈਨਾ ਸੀ । ਜਿਥੋ ਤੱਕ ਬੰਦਾ ਸਿੰਘ ਬਹਾਦੁਰ ਪਾਸ ਖਾਲਸਾ ਦਲਾਂ ਦੀ ਗਿਣਤੀ ਦੀ ਗੱਲ ਹੈ ਇਹ ਵੀ ਅਣਗਿਣਤ ਸੀ । ਸਾਰਾ ਸਿੱਖ ਜਗਤ ਬੰਦਾ ਸਿੰਘ ਬਹਾਦੁਰ ਦੇ ਨਾਲ ਸੀ । ਜਿਵੇਂ ਕਿ ਪਿੱਛੇ ਵੀ ਲਿਖਿਆ ਜਾ ਚੁੱਕਿਆ ਹੈ ਕਿ ਸਾਰੇ ਪੰਜਾਬ ਵਿਚ ਬੰਦਾ ਸਿੰਘ ਦੇ ਆਉਣ ਨਾਲ ਇਕ ਕਿਸਮ ਦਾ ਇਨਕਲਾਬ ਹੀ ਆ ਗਿਆ ਸੀ । ਸਿੱਖਾਂ ਦਾ ਹਰ ਉਹ ਆਦਮੀ ਕੋਈ ਨਾ ਕੋਈ ਹਥਿਆਰ ਲੈ ਕੇ ਬੰਦਾ ਸਿੰਘ ਨਾਲ ਆ ਰਲਿਆ ਸੀ ਜਿਹੜਾ ਲੜਨ ਦੇ ਸਮੱਰਥ ਸੀ । ਇਸ ਲਈ ਸਮਝਿਆ ਜਾਣਾ ਚਾਹੀਦਾ ਹੈ ਕਿ ਬੰਦਾ ਸਿੰਘ ਦੀ ਕਮਾਂਡ ਹੇਠ ਪੂਰੀ ਦੀ ਪੂਰੀ ਸਿੱਖ ਕੌਮ ਆ ਖੜੀ ਹੋਈ ਸੀ । ਇਸ ਨੂੰ ਕਿਸੇ ਗਿਣਤੀ ਵਿਚ ਮਿਣ ਕੇ ਦੱਸਣਾ ਠੀਕ ਨਹੀਂ ਹੈ । ਭਾਵੇਂ ਕਿ ਖਾਫੀ ਖਾਨ ਨੇ ਬੰਦਾ ਸਿੰਘ ਬਹਾਦੁਰ ਪਾਸ ਚਾਲੀ ਹਜ਼ਾਰ ਸਿੰਘਾਂ ਦੀ ਗਿਣਤੀ ਦੱਸੀ ਹੈ । ਇਸ ਵਿਚ ਕੋਈ ਅੱਤ-ਕਥਨੀ ਵੀ ਨਹੀਂ ਸਮਝਣੀ ਚਾਹੀਦੀ । ਸਰਹਿੰਦ ਉਪਰ ਹਮਲਾ ਸਿੱਖਾਂ ਲਈ ਇਕ ਸਭ ਤੋਂ ਅਹਿਮ ਮਸਲਾ ਸੀ । ਸਰਹਿੰਦ ਦੀ ਜਿੱਤ ਲਈ ਉਹ ਹਰ ਕਿਸਮ ਦੀ ਕੁਰਬਾਨੀ ਕਰਨ ਨੂੰ ਤਿਆਰ ਸਨ । ਇਸ ਕਰਕੇ ਸਮਝਿਆ ਤਾਂ ਇਹ ਜਾਣਾ ਚਾਹੀਦਾ ਹੈ ਕਿ ਬੰਦਾ ਸਿੰਘ ਬਹਾਦੁਰ ਪਾਸ ਚਾਲੀ ਹਜ਼ਾਰ ਦੀ ਗਿਣਤੀ ਵੀ ਥੋੜ੍ਹੀ ਸੀ ਉਸ ਪਾਸ ਤਾਂ ਸਿੱਖਾਂ ਦੇ ਹਰ ਆਦਮੀ ਦੇ ਹੋਣ ਦੀ ਉਮੀਦ ਕੀਤੀ ਜਾ ਸਕਦੀ ਸੀ । ਇਸ ਰੌਸ਼ਨੀ ਵਿਚ ਦੇਖਿਆਂ ਕਿਹਾ ਜਾ ਸਕਦਾ ਹੈ ਕਿ ਸਿੱਖਾਂ ਦਾ ਬੱਚਾ-ਬੱਚਾ ਲੜਨ-ਮਰਨ ਲਈ ਤਿਆਰ ਸੀ । ਸਿੱਖਾਂ ਸਾਹਮਣੇ ਇਕੋ-ਇਕ ਨਿਸ਼ਾਨਾ ਸਰਹਿੰਦ ਨੂੰ ਤਬਾਹ ਕਰਨ ਦਾ ਸੀ । ਇਸ ਲਈ ਉਹ ਹਮਲਾ ਕਰਨ ਲਈ ਉਤਾਵਲੇ ਸਨ । ਉਨ੍ਹਾਂ ਸਾਹਮਣੇ ਨਾ ਹੀ ਰਾਜਨੀਤਕ ਸੋਚ-ਵਿਚਾਰਾਂ ਦੀ ਗੱਲ ਸੀ ਅਤੇ ਨਾ ਹੀ ਯੁੱਧ-ਨੀਤੀ ਦਾ ਕੋਈ ਪੈਂਤੜਾ ਅਖ਼ਤਿਆਰ ਕਰਨ ਦੀ । ਉਹ ਤਾਂ ਬੱਸ ਹਮਲਾ ਕਰਨ ਦਾ ਹੁਕਮ ਉਡੀਕ ਰਹੇ ਸਨ । ਇਹ ਹਮਲਾ ਭਾਵੇਂ ਰਾਤ ਨੂੰ ਹੋਵੇ ਤੇ ਭਾਵੇਂ ਦਿਨ ਨੂੰ । ਇਸ ਤਰ੍ਹਾਂ ਬੰਦਾ ਸਿੰਘ ਬਹਾਦੁਰ ਪਾਸ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਉਤੋਂ ਦੀ ਮਰ-ਮਿਟਣ ਵਾਲੇ ਸਿੰਘ ਸਨ ।* ਹਥਿਆਰਾਂ ਦੇ ਪੱਖੋਂ ਭਾਵੇਂ ਇਹ ਵਜ਼ੀਰ ਖਾਨ ਤੋਂ ਘੱਟ ਸਨ ਪਰ ਹੌਂਸਲੇ ਅਤੇ ਪਹਿਲ-ਕਦਮੀ ਵਜੋਂ ਸਿੰਘ ਮੁਗ਼ਲ ਸੈਨਾ ਤੋਂ ਅੱਗੇ ਸਨ ਕਿਉਂਕਿ ਸਿੰਘਾਂ ਸਾਹਮਣੇ ਰਾਜਨੀਤਕ ਨਫ਼ੇ-ਨੁਕਸਾਨ ਦੀ ਤਾਂ ਕੋਈ ਗੱਲ ਹੀ ਨਹੀਂ ਸੀ । ਇਸੇ ਹੀ ਇਕ ਗੱਲ ਨੇ ਸਿੰਘਾਂ ਨੂੰ ਨਿਧੜਕ ਯੋਧੇ ਬਣਾ ਦਿੱਤਾ ਸੀ । ਬੰਦਾ ਸਿੰਘ ਬਹਾਦੁਰ ਦੇ ਸੱਜੇ-ਖੱਬੇ ਭਾਈ ਬਾਜ ਸਿੰਘ, ਭਾਈ ਫਤਿਹ ਸਿੰਘ, ਆਲੀ ਸਿੰਘ, ਮਾਲੀ ਸਿੰਘ, ਭਾਈ ਕਰਮ ਸਿੰਘ, ਭਾਈ ਧਰਮ ਸਿੰਘ, ਬਾਵਾ ਬਿਨੋਦ ਸਿੰਘ, ਬਾਵਾ ਕਾਨ੍ਹ ਸਿੰਘ, ਭਾਈ ਰਾਮ ਸਿੰਘ ਅਤੇ ਸ਼ਾਮ ਸਿੰਘ ਆਦਿ ਸੂਰਮੇ ਸਿੰਘ ਘੋੜਿਆਂ ਤੇ ਅਸਵਾਰ ਹੋਏ ਖੜ੍ਹੇ ਸਨ । ਇਨ੍ਹਾਂ ਵਿਚ ਹੀ ਲਾਗਲੇ ਪਿੰਡ ਸਨੇਟੇ ਦਾ ਰਹਿਣ ਵਾਲਾ ਭਾਈ ਨਿਗਾਹੀਆਂ ਸਿੰਘ ਭੁੱਲਰ ਵੀ ਸੀ । 

ਵਜ਼ੀਰ ਖ਼ਾਂ ਦੀ ਸੈਨਾ ਦੇ ਸਭ ਤੋਂ ਅੱਗੇ ਹਾਥੀ ਸਨ । ਉਸ ਦੇ ਪਿੱਛੇ ਪੈਦਲ ਫ਼ੌਜ ਸੀ । ਇਹ ਪੈਦਲ ਫੌਜ ਹਾਥੀਆਂ ਦੇ ਸਹਾਰੇ ਨਾਲ ਅੱਗੇ ਵੱਧ ਰਹੀ ਸੀ। ਦੋਹਾਂ ਪਾਸਿਆਂ ਤੇ ਘੋੜ-ਸਵਾਰ ਸੈਨਾ ਸੀ ਜਿਹੜੀ ਆਪਣੀ ਆਪਣੀ ਸਮੁੱਚੀ ਫ਼ੌਜੀ ਸ਼ਕਤੀ ਨੂੰ ਇਕੱਠਾ ਕਰਕੇ ਰੱਖਣ ਦਾ ਕੰਮ ਕਰਦੀ ਸੀ । ਵਜ਼ੀਰ ਖਾਂ ਆਪਣੀ ਫ਼ੌਜ ਦੇ ਬਿਲਕੁਲ ਵਿਚਕਾਰ ਹਾਥੀ ਉਪਰ ਅਸਵਾਰ ਸੀ । ਪਰ ਵਜੀਰ ਖਾਨ ਦੀ ਮੁਗਲੀਆਂ ਫੌਜ ਵਿਚ ਪਹਿਲ-ਕਦਮੀ ਦੀ ਘਾਟ ਸੀ । ਸਮਾਣਾ, ਸਢੌਰਾ, ਅਤੇ ਬਨੂੜ ਨੂੰ ਲਿਤਾੜੇ ਜਾਣ ਨਾਲ ਵੈਸੇ ਹੀ ਵਜ਼ੀਰ ਖਾਨ ਦੇ ਪਰ ਕੱਟੇ ਜਾ ਚੁੱਕੇ ਸਨ ਅਤੇ ਬੁੱਲਵਰਕ ਤੋੜਿਆ ਜਾ ਚੁੱਕਿਆ ਸੀ । 

ਇਸ ਲੜਾਈ ਦੀ ਮਿਤੀ ਬਾਰੇ ਕੁਝ ਮੱਤ-ਭੇਦ ਹਨ । ਹੁਣ ਤਕ ਆਮ ਤੌਰ ਤੇ ਚੱਪੜ-ਚਿੜੀ ਦੀ ਲੜਾਈ 12 ਮਈ, 1710 ਨੂੰ ਹੋਈ ਮੰਨੀ ਜਾਂਦੀ ਆ ਰਹੀ ਹੈ । ਇਹ ਡਾ. ਗੰਡਾ ਸਿੰਘ ਦੇ ਅਨੁਸਾਰ ਹੈ । ” ਵਿਲੀਅਮ ਇਰਵਿਨ ਇਸ ਦੀ ਮਿਤੀ 22 ਮਈ, 1710 ਈ. ਦਸਦਾ ਹੈ।” ਇਹ ਦੋਵੇਂ ਲੇਖਕ ਹੀ ਭਾਵੇਂ ਮੁੱਖ ਲੇਖਕ ਹਨ ਜਿਨ੍ਹਾਂ ਦੀਆਂ ਮਿਤੀਆਂ ਨੂੰ ਵਿਚਾਰਿਆ ਜਾ ਸਕਦਾ ਹੈ । ਕਰਮ ਸਿੰਘ ਹਿਸਟੋਰੀਅਨ ਅਤੇ ਗਿਆਨੀ ਗਿਆਨ ਸਿੰਘ ਵਲੋਂ ਦਿੱਤੀਆਂ ਗਈਆਂ ਮਿਤੀਆਂ ਉੱਕਾ ਹੀ ਮੰਨਣਯੋਗ ਨਹੀਂ ਹਨ । ਕਰਮ ਸਿੰਘ ਹਿਸਟੋਰੀਅਨ ਲਿਖਦਾ ਹੈ, “ਮੈਂ ਜੋ ਤਰੀਕ ਮੰਨੀ ਹੈ, ਇਹ ਰਤਨ ਸਿੰਘ ਭਿੜੀ ਵਾਲੇ ਅਤੇ ਮੁਸਲਮਾਨ ਇਤਿਹਾਸਕਾਰਾਂ ਨੇ ਵੀ ਮੰਨੀ ਹੈ । ਇਹ ਤਰੀਕ ਹਾੜ੍ਹ ਦੀ ਸੰਗਰਾਂਦ ਸੰਮਤ 1767 ਬਿਕ੍ਰਮੀ, ਮੰਗਲਵਾਰ 30 ਮਈ, 1710 ਈ. ਤੇ 12 ਰੱਬੀ-ਉਲ-ਆਖਰ ਸੰਨ 1112 ਹਿਜਰੀ ਦੇ ਬਰਾਬਰ ਹੈ । ਇਥੇ ਮੈਂ ਇਹ ਦੱਸ ਦੇਣਾ ਵੀ ਜਰੂਰੀ ਸਮਝਦਾ ਹਾਂ ਕਿ ਰਤਨ ਸਿੰਘ ਦੇ ‘ਪੰਥ ਪ੍ਰਕਾਸ਼’ ਦੀਆਂ ਤਰੀਕਾਂ ਸਭ ਦੀਆਂ ਸਭ ਹੀ ਠੀਕ ਹਨ। ਗਿਆਨੀ ਸਿੰਘ ਅਨੁਸਾਰ “ਜੇਠ ਵਦੀ 14 ਸੰਮਤ 1765 ਬਿ. (ਮੁਤਾਬਕ ਮਈ, 1708 ਈ.) ਨੂੰ ਸਿੰਘ ਸਰਹਿੰਦ ਸ਼ਹਿਰ ਵਿਚ ਜਾ ਵੜੇ ।” ਸੋਹਣ ਸਿੰਘ ਨੇ ਵੀ ਆਪਣੀ ਪੁਸਤਕ” ਵਿਚ ਇਸ ਲੜਾਈ ਦੀ ਮਿਤੀ ਕਰਮ ਸਿੰਘ ਹਿਸਟੋਰੀਅਨ ਵਾਲੀ 30 ਮਈ, 1710 ਈ. ਹੀ ਦਿੱਤੀ ਹੈ । 

ਇਸ ਤਰ੍ਹਾਂ ਉਕਤ ਸਾਰੇ ਲੇਖਕਾਂ ਦੀਆਂ ਮਿਤੀਆਂ ਗਲਤ ਹਨ। ਅਖ਼ਬਾਰ-ਏ- ਦਰਬਾਰ-ਏ-ਮੁਅੱਲਾ, ਜਿਹੜਾ ਕਿ ਉਨ੍ਹਾਂ ਖਬਰਾਂ ਦਾ ਸੰਗਰਹਿ ਹੈ ਜਿਹੜੀਆਂ ਬੰਦਾ ਸਿੰਘ ਬਹਾਦਰ ਦੀਆਂ ਰੋਜ਼ਾਨਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇਣ ਲਈ ਖੁਫੀਆਂ ਖ਼ਬਰਾਂ ਦੇ ਰੂਪ ਵਿਚ ਬਾਦਸ਼ਾਹ ਨੂੰ ਭੇਜੀਆਂ ਜਾਂਦੀਆਂ ਸਨ, ਇਸ ਲੜਾਈ ਦੀ ਮਿਤੀ ਬਹੁਤ ਹੀ ਸਪਸ਼ਟ ਰੂਪ ਵਿਚ 22 ਮਈ, 1710 ਈ. ਦੀ ਦਿੰਦਾ ਹੈ । ਗੁਰਦੇਵ ਸਿੰਘ ਦਿਉਲ ਵੀ ਆਪਣੀ ਪੁਸਤਕ” ਵਿਚ ਇਸੇ ਮਿਤੀ ਦੀ ਪਰੋੜਤਾ ਕਰਦਾ ਹੈ । 

12 ਮਈ, 1710 ਨੂੰ ਤਾਂ ਬਾਦਸ਼ਾਹ ਪਾਸ ਸਰਹਿੰਦ ਦੇ ਇਲਾਕੇ ਵਿਚ ਬੰਦਾ ਸਿੰਘ ਦੇ ਪਰਗਟ ਹੋਣ ਦੀ ਖ਼ਬਰ ਪੇਸ਼ ਕੀਤੀ ਗਈ ਸੀ । ਜਿਵੇਂ ਕਿ ਪਿੱਛੇ ਇਸ ਬਾਰੇ ਦੱਸਿਆ ਜਾ ਚੁੱਕਿਆ ਹੈ । ” ਇਸੇ ਹੀ ਲਿਖਤ ਵਿਚ 27 ਮਈ ਦੀ ਖ਼ਬਰ ਤੋਂ ਇਹ ਪਤਾ ਲਗਦਾ ਹੈ ਕਿ ਵਜ਼ੀਰ ਖਾਨ ਮਾਰਿਆ ਗਿਆ ਹੈ ਅਤੇ ਸਰਹਿੰਦ ਜਿੱਤਿਆ ਜਾ ਚੁੱਕਿਆ ਹੈ । ਕਿਉਂਕਿ ਪੇਸ਼ ਕੀਤੀ ਗਈ ਖ਼ਬਰ ਵਿਚ ਦੱਸਿਆ ਗਿਆ ਹੈ ਕਿ ਕਿਸੇ ਸ਼ਫ਼-ਸਿਕਨ ਖਾਨ ਨੇ ਬਾਦਸ਼ਾਹ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਉਸ ਨੂੰ ਸਰਹਿੰਦ ਦਾ ਫੌਜਦਾਰ ਨਿਯੁਕਤ ਕਰ ਦਿੱਤਾ ਜਾਵੇ ਤਾਂ ਉਹ ਬੰਦਾ ਸਿੰਘ ਨੂੰ ਕਾਬੂ ਕਰ ਸਕਦਾ ਹੈ।” ਇਸ ਤਰ੍ਹਾਂ ਮੰਨਿਆ ਜਾ ਸਕਦਾ ਹੈ ਕਿ ਸਰਹਿੰਦ ਨੂੰ 12 ਮਈ ਤੋਂ ਲੈ ਕੇ 27 ਮਈ ਦੇ ਵਿਚਕਾਰ ਫਤਹਿ ਕੀਤਾ ਗਿਆ ਸੀ । ਇਸ ਪੱਖ ਤੋਂ ਇਰਵਿਨ ਦੀ ਮਿਤੀ 22 ਮਈ, 1710 ਜ਼ਿਆਦਾ ਠੀਕ ਮਾਲੂਮ ਹੁੰਦੀ ਹੈ । ਇਸ ਦੇ ਨਾਲ ਹੀ ਅਖ਼ਬਾਰ-ਏ-ਦਰਬਾਰ-ਏ-ਮੁਅੱਲਾ ਵਿਚ ਇਕ ਥਾਂ ਤੇ ਬਾਦਸ਼ਾਹ ਨੂੰ ਇਹ ਰਿਪੋਰਟ ਵੀ ਪੇਸ਼ ਕੀਤੀ ਜਾਣ ਬਾਰੇ ਲਿਖਿਆ ਗਿਆ ਹੈ ਜਿਸ ਵਿਚ ਬਾਦਸ਼ਾਹ ਨੂੰ ਸਿੱਖਾਂ ਵਲੋਂ ਸਰਹਿੰਦ ਨੂੰ ਜਿੱਤਣ ਦੀ ਪੂਰੀ ਵਿਸਥਾਰ ਸਹਿਤ ਜਾਣਕਾਰੀ ਪੇਸ਼ ਕੀਤੀ ਸੀ । ਇਸ ਜਾਣਕਾਰੀ ਅਨੁਸਾਰ “ਸ਼ਾਹੂਕਾਰਾਂ ਦੇ ਪੱਤਰਾਂ ਤੋਂ ਪਤਾ ਲਗਿਆ ਹੈ ਕਿ ਸਿੱਖਾਂ ਅਤੇ ਵਜ਼ੀਰ ਖਾਨ ਵਿਚਕਾਰ ਲੜਾਈ 22 ਮਈ ਨੂੰ ਹੋਈ ਸੀ । ਇਹ ਲੜਾਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੁੰਦੀ ਰਹੀ ਸੀ । ਵਜ਼ੀਰ ਖਾਨ ਤੀਰ ਨਾਲ ਅਤੇ ਬੰਦੂਕ ਦੀ ਗੋਲੀ ਨਾਲ ਮਾਰਿਆ ਗਿਆ ਸੀ । ਕੁਝ ਲੋਕ ਦਸਦੇ ਸਨ ਕਿ ਵਜ਼ੀਰ ਖਾਨ ਦੇ ਪੁੱਤਰ ਅਤੇ ਉਸ ਦਾ ਜੁਆਈ ਵੀ ਲੜਾਈ ਵਿਚ ਮਾਰੇ ਗਏ ਸਨ ਪਰ ਕੁਝ ਲੋਕਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਜਿਊਂਦਿਆਂ ਨੂੰ ਹੀ ਪਕੜ ਲਿਆ ਗਿਆ ਸੀ । ਵਜ਼ੀਰ ਖਾਨ ਦੇ ਬਹੁਤ ਸਾਰੇ ਸਾਥੀ ਅਤੇ ਦੋਸਤ-ਮਿੱਤਰ ਵੀ ਮਾਰੇ ਗਏ ਅਤੇ ਜ਼ਖਮੀ ਹੋ ਗਏ ਸਨ । ਸਿੱਖਾਂ ਨੇ ਪੂਰੀ ਤਰ੍ਹਾਂ ਸਰਹਿੰਦ ਉਪਰ ਕਬਜਾ ਕਰ ਲਿਆ ਸੀ । 

ਇਸ ਤਰ੍ਹਾਂ 22 ਮਈ ਦੀ ਚੜ੍ਹਦੀ ਸਵੇਰ ਨੂੰ ਬੰਦਾ ਸਿੰਘ ਬਹਾਦੁਰ ਨੇ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਬੁਲਾ ਕੇ ਸਿੰਘਾਂ ਨੂੰ ਹਮਲਾ ਕਰਨ ਦਾ ਹੁਕਮ ਦੇ ਦਿੱਤਾ । ਦੇਖਦਿਆਂ ਹੀ ਦੇਖਦਿਆਂ ਸਿੰਘਾਂ ਦੇ ਦਲ ਦੁਸ਼ਮਣ ਉਪਰ ਟੁੱਟ ਕੇ ਪੈ ਗਏ । ਇਸੇ ਘੜੀ ਨੂੰ ਤਾਂ ਸਿੰਘ ਉਡੀਕ ਰਹੇ ਸਨ । ਨਾ ਉਨ੍ਹਾਂ ਨੂੰ ਵਜ਼ੀਰ ਖਾਂ ਦੇ ਹਾਥੀ ਰੋਕ ਰਹੇ ਸਨ ਅਤੇ ਨਾ ਹੀ ਵਜ਼ੀਰ ਖਾਂ ਦੀਆਂ ਤੋਪਾਂ । ਸਿੰਘਾਂ ਲਈ ਬੰਦਾ ਸਿੰਘ ਬਹਾਦੁਰ ਦਾ ਉਨ੍ਹਾਂ ਦੇ ਵਿਚ ਹੋਣਾ ਹੀ ਕਾਫੀ ਸੀ । ਇਹ ਠੀਕ ਹੈ ਕਿ ਹਾਥੀਆਂ ਦੀ ਲਾਈਨ ਨੂੰ ਤੋੜਨਾਂ ਸਿੰਘਾਂ ਲਈ ਬਹੁਤ ਮੁਸ਼ਕਲ ਸੀ ਪਰ ਜਿਥੇ ਲੜ-ਮਰਨ ਦਾ ਜਜ਼ਬਾ ਹੋਵੇ ਉਥੇ ਕੋਈ ਵੀ ਚੀਜ਼ ਰਸਤੇ ਦਾ ਰੋੜਾ ਨਹੀਂ ਬਣ ਸਕਦੀ । ਇਹ ਹੱਥੋਂ-ਹੱਥ ਦੀ ਗਹਿਗੱਚਵੀਂ ਲੜਾਈ ਸੀ । ਸਿੰਘਾਂ ਲਈ ਭੱਜਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਕਿਉਂਕਿ ਉਹ ਹੀ ਤਾਂ ਪਹਿਲ ਕਰਕੇ ਆਏ ਸਨ ਅਤੇ ਆਪਣੇ ਗੁਰੂ ਦੇ ਦੋ ਛੋਟੇ ਨਾਬਾਲਗ ਬੱਚਿਆਂ ਦੀ ਦਰਦਭਰੀ ਮੌਤ ਦਾ ਬਦਲਾ ਲੈਣ ਆਏ ਸਨ । ਉਨ੍ਹਾਂ ਲਈ ਭੱਜਣ ਨਾਲੋਂ ਲੜ ਕੇ ਸ਼ਹੀਦ ਹੋ ਜਾਣਾ ਜ਼ਿਆਦਾ ਚੰਗਾ ਸੀ । ਇਸ ਲਈ ਸਿੰਘ ਸਿਰਫ ਜਿੱਤਣ ਲਈ ਜਾਂ ਸ਼ਹੀਦ ਹੋਣ ਲਈ ਹੀ ਲੜ ਰਹੇ ਸਨ । 

ਦੂਜੇ ਪਾਸੇ ਮੁਗ਼ਲ ਸੈਨਾ ਸੀ ਜਿਹੜੀ ਸਿਰਫ਼ ਬਚਾਓ ਦੀ ਲੜਾਈ ਲੜ ਰਹੀ ਸੀ । ਉਸ ਲਈ ਇਹ ਖ਼ਾਹਮੁਖ਼ਾਹ ਦੀ ਬਿਪਤਾ ਸੀ । ਦੋਵਾਂ ਧਿਰਾਂ ਵਿਚਕਾਰ ਲੜਾਈ ਪਰੱਤੀ ਜਦੋਂ ਇਤਨਾ ਫਰਕ ਹੋਵੇ ਤਾਂ ਲੜਾਈ ਦੇ ਨਤੀਜਿਆਂ ਦਾ ਪਤਾ ਹੀ ਹੁੰਦਾ ਹੈ । ਸਵੇਰ ਤੋਂ ਲੈ ਕੇ ਸ਼ਾਮ ਤੀਕ ਲੜਾਈ ਹੁੰਦੀ ਰਹੀ । ਬੰਦਾ ਸਿੰਘ ਇਕ ਭੁੱਖੇ ਸ਼ੇਰ ਵਾਂਗ ਦੁਸ਼ਮਣ ਉਪਰ ਝਪਟਾਂ ਲੈ ਲੈ ਕੇ ਪੈਂਦਾ ਸੀ । ਭਾਈ ਬਾਜ ਸਿੰਘ ਅਤੇ ਫਤਹਿ ਸਿੰਘ ਬੰਦਾ ਸਿੰਘ ਦੇ ਮੋਢੇ ਨਾਲ ਮੋਢਾ ਜੋੜ ਕੇ ਲੜ ਰਹੇ ਸਨ । ਬੰਦਾ ਸਿੰਘ ਵੀ ਆਪਣੇ ਸਹਾਇਕ ਕਮਾਂਡਰਾਂ ਨਾਲ ਘਿਰਿਆ ਖਾਲਸਾ ਦਲ ਦੇ ਅੱਗੇ ਸੀ ਅਤੇ ਵਜ਼ੀਰ ਖਾਂ ਵੀ ਅੱਗੇ ਹੋ ਕੇ ਆਪਣੀ ਫ਼ੌਜ ਨੂੰ ਲੜਾ ਰਿਹਾ ਸੀ । ਹੱਥੋ-ਹੱਥੀ ਦੀ ਇਸ ਲੜਾਈ ਵਿਚ ਬੰਦਾ ਸਿੰਘ ਵਜ਼ੀਰ ਖਾਂ ਦੇ ਸਾਹਮਣੇ ਆਇਆ । ਮੈਕਾਲਿਫ ਦੇ ਲਿਖਣ ਅਨੁਸਾਰ ਬੰਦਾ ਸਿੰਘ ਨੇ ਵਜ਼ੀਰ ਖਾਂ ਨੂੰ ਲਲਕਾਰ ਕੇ ਕਿਹਾ “ਪਾਪੀਆਂ; ਤੂੰ ਮੇਰੇ ਗੁਰੂ ਗੋਬਿੰਦ ਸਿੰਘ ਦਾ ਦੁਸ਼ਮਣ ਹੈਂ । ਤੂੰ ਉਨ੍ਹਾਂ ਨੂੰ ਯਥਾਯੋਗ ਸਨਮਾਨ ਨਹੀਂ ਦਿੱਤਾ, ਬਲਕਿ ਉਨ੍ਹਾਂ ਦੇ ਦੋ ਮਾਸੂਮ ਸਾਹਿਬਜ਼ਾਦਿਆਂ ਨੂੰ ਕਤਲ ਕਰਵਾ ਦਿੱਤਾ । ਇਹ ਕਾਰਾ ਕਰਕੇ ਤੂੰ ਇਕ ਬੱਜਰ ਅਤੇ ਮੁਆਫ਼ ਨਾ ਕੀਤਾ ਜਾ ਸਕਣ ਵਾਲਾ ਗੁਨਾਹ ਕੀਤਾ ਹੈ । ਮੈਂ ਹੁਣ ਤੈਨੂੰ ਇਸੇ ਗੁਨਾਹ ਦੀ ਸਜ਼ਾ ਦੇਣ ਲੱਗਿਆ ਹਾਂ । ਤੇਰੀ ਫ਼ੌਜ ਅਤੇ ਤੇਰਾ ਮੁਲਕ ਹੁਣ ਮੇਰੇ ਹੱਥੋਂ ਤਬਾਹ ਹੋ ਜਾਣਗੇ ।” ਬੰਦਾ ਸਿੰਘ ਨੇ ਤਲਵਾਰ ਦੇ ਇਕੋ ਭਰਵੇਂ ਵਾਰ ਨਾਲ ਉਸ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ । ਇਹ ਦੇਖ ਕੇ ਮੁਗ਼ਲ ਸੈਨਾ ਮੈਦਾਨ ਛੱਡ ਕੇ ਨੱਠ ਗਈ। ਸਿੰਘਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦੇ ਘੋੜੇ, ਹਥਿਆਰ, ਤੰਬੂ, ਤੋਪਾਂ ਅਤੇ ਦੂਜਾ ਜੰਗੀ ਸਮਾਨ ਆਪਣੇ ਕਬਜ਼ੇ ਵਿਚ ਕਰ ਲਿਆ । ਤਦ ਸਿੰਘ ਜੇਤੂ ਰੂਪ ਵਿਚ ਸਰਹਿੰਦ ਵੱਲ ਵੱਧੇ ।” 

ਭਾਵੇਂ ਲੇਖਕਾਂ ਵਿਚ ਇਸ ਤੱਥ ਬਾਰੇ ਵੱਖ-ਵੱਖ ਰਾਵਾਂ ਹਨ ਕਿ ਵਜ਼ੀਰ ਖ਼ਾਨ ਨੂੰ ਕਿਸ ਨੇ ਮਾਰਿਆ ਸੀ । ਇਹ ਰਾਵਾਂ ਇਸ ਤਰ੍ਹਾਂ ਹਨ: ਸਰੂਪ ਦਾਸ ਭੱਲਾ ਅਨੁਸਾਰ ਵਜ਼ੀਰ ਖਾਂ ਦੀ ਮੌਤ ਬੰਦਾ ਸਿੰਘ ਦੇ ਹੱਥੋਂ ਹੀ ਹੋਈ ਸੀ ।” ਖ਼ਾਫ਼ੀ ਖਾਂ ਦੇ ਅਨੁਸਾਰ ਵਜ਼ੀਰ ਖਾਂ ਇਕ ਸਿੰਘ ਦੀ ਗੋਲੀ ਨਾਲ ਮਾਰਿਆ ਗਿਆ ਸੀ । ਅਹਿਵਾਲਿਸਲਾਤੀਨ-ਏ-ਹਿੰਦ ਅਨੁਸਾਰ ‘ਸਿੰਘ ਤੇ ਮੁਸਲਿਮ ਫੌਜੀ ਇਕ ਦੂਜੇ ਦੇ ਸਾਹਮਣੇ ਹੋ ਕੇ ਹੱਥੋ-ਹੱਥ ਲੜਾਈ ਕਰ ਰਹੇ ਸਨ । ਮੁਸਲਿਮ ਫੌਜਾਂ ਦੇ ਕਮਾਂਡਰ ਇਤਨੀ ਦਲੇਰੀ ਨਾਲ ਲੜ ਰਹੇ ਸਨ ਕਿ ਕਾਫਰਾਂ ਦੀਆਂ ਲਾਸ਼ਾਂ ਦੇ ਢੇਰ ਲੱਗ ਗਏ ਸਨ । ਸਾਰੇ ਪਾਸੇ ਕਿਆਮਤ ਦੇ ਦਿਨਾਂ ਦੀ ਕੁਰਲਾਹਟ ਸੀ । ਅੰਤ ਵਿਚ ਸਾਰੀ ਮੁਸਲਿਮ ਸੈਨਾ ਤਬਾਹ ਕਰ ਦਿੱਤੀ ਗਈ । ਵਜ਼ੀਰ ਖਾਂ ਬਾਜ ਸਿੰਘ ਦੇ ਸਾਹਮਣੇ ਆਇਆ । ਉਸ ਨੇ ਬਾਜ ਸਿੰਘ ਨੂੰ ਲਲਕਾਰ ਕੇ ਕਿਹਾ ‘ਓ ਗੰਦੇ ਕੁੱਤੇ ! ਹੁਸ਼ਿਆਰ ਹੋ ਜਾ ।’ ਇਹ ਕਹਿੰਦਿਆਂ ਉਸ ਨੇ ਨੇਜੇ ਨਾਲ ਵਾਰ ਕੀਤਾ । ਬਾਜ ਸਿੰਘ ਨੇ ਨੇਜਾ ਆਪਣੇ ਹੱਥ ਵਿਚ ਪਕੜ ਲਿਆ । ਫਿਰ ਵਜ਼ੀਰ ਖਾਂ ਨੇ ਇਕ ਤੀਰ ਬਾਜ ਸਿੰਘ ਦੀ ਬਾਂਹ ਵਿਚ ਮਾਰਿਆ । ਫਿਰ ਉਹ ਆਪਣੀ ਤਲਵਾਰ ਨਾਲ ਬਾਜ ਸਿੰਘ ਉਤੇ ਝਪਟਿਆ । ਫਤਹਿ ਸਿੰਘ ਵਜ਼ੀਰ ਖਾਂ ਦੇ ਪਿੱਛੇ ਆ ਗਿਆ ਸੀ । ਉਸ ਨੇ ਪੂਰੇ ਜ਼ੋਰ ਨਾਲ ਤਲਵਾਰ ਵਜ਼ੀਰ ਖਾਂ ਦੇ ਮੋਢੇ ਵਿਚ ਮਾਰੀ ਅਤੇ ਤਲਵਾਰ ਉਸ ਦੇ ਮੋਢੇ ਨੂੰ ਚੀਰਦੀ ਹੋਈ ਕਮਰ ਤੱਕ ਚਲੀ ਗਈ । ਵਜ਼ੀਰ ਖਾਂ ਮਾਰਿਆ ਗਿਆ ਸੀ ।” ਵਿਲਿਅਮ ਇਰਵਿਨ ਲੜਾਈ ਦਾ ਹਾਲ ਦੱਸਦਿਆਂ ਲਿਖ ਰਿਹਾ ਹੈ ਕਿ ‘ਪਹਿਲਾਂ ਪਹਿਲਾਂ’ ਵਜ਼ੀਰ ਖਾਨ ਦੀ ਸੈਨਾ ਅੱਗੇ ਵਧਦੀ ਪਰਤੀਤ ਹੋ ਰਹੀ ਸੀ ਪਰ ਜਿਉਂ ਹੀ ਬੰਦੇ ਨੇ ਮੁਗਲ ਫੌਜ ਦੇ ਪਿਛਲੇ ਹਿੱਸੇ ਤੇ ਇਕ ਦਮ ਹਮਲਾ ਕੀਤਾ ਤਾਂ ਉਸ ਦੇ ਪੈਰ ਹਿੱਲ ਗਏ ਸਨ । ਸਿੱਖਾਂ ਨੇ ਤੋੜੇਦਾਰ ਬੰਦੂਕਾਂ ਨਾਲ ਹਾਥੀਆਂ ਦੇ ਦਸਤੇ ਉਪਰ ਹਮਲਾ ਕੀਤਾ ਅਤੇ ਮਾਲੇਰਕੋਟਲੇ ਦੇ ਨਵਾਬ ਹੋਰਨਾ ਜਰਨੈਲਾਂ ਸਮੇਤ ਮਾਰੇ ਗਏ ਸਨ । ਵਜ਼ੀਰ ਖਾਨ 80 ਸਾਲ ਦੀ ਉਮਰ ਦਾ ਸੀ । ਉਸ ਨੇ ਆਪਣੀ ਫੌਜ ਨੂੰ ਲੜਾਉਣ ਲਈ ਬੜੀ ਕੋਸ਼ਿਸ਼ ਕੀਤੀ ਪਰ ਅਖੀਰ ਨੂੰ ਉਹ ਵੀ ਇਕ ਸਿੰਘ ਦੀ ਗੋਲੀ ਨਾਲ ਮਾਰਿਆ गिभा । 22 

ਇਸ ਤਰ੍ਹਾਂ ਵਜ਼ੀਰ ਖਾਨ ਨੂੰ ਮਾਰੇ ਜਾਣ ਸਬੰਧੀ ਵੱਖ ਵੱਖ ਵਿਚਾਰ ਹਨ । ਵੈਸੇ ਮਹੱਤਤਾ ਇਸ ਗੱਲ ਦੀ ਨਹੀਂ ਹੈ ਕਿ ਵਜ਼ੀਰ ਖਾਂ ਨੂੰ ਕਿਸ ਨੇ ਮਾਰਿਆ ਸੀ ਜਾਂ ਕਿਸ ਨੇ ਨਹੀਂ ਮਾਰਿਆ ਸੀ । ਮਹੱਤਵਪੂਰਨ ਗੱਲ ਤਾਂ ਇਹ ਹੈ ਕਿ ਜਿੱਤ ਸਿੰਘਾਂ ਦੀ ਹੋਈ ਅਤੇ ਵਜ਼ੀਰ ਖਾਂ ਮਾਰਿਆ ਗਿਆ ਸੀ । ਸੰਭਵਤਾ ਇਹ ਹੀ ਹੈ ਕਿ ਇਕ ਨੇਤਾ ਨੇ ਦੂਜੇ ਨੇਤਾ ਨੂੰ ਮਾਰ ਦਿੱਤਾ ਸੀ । ਬੰਦਾ ਸਿੰਘ ਬਹਾਦੁਰ ਨਾ ਹੀ ਤਾਂ ਵਜ਼ੀਰ ਖਾਂ ਤੋਂ ਪਰ੍ਹੇ ਹੋ ਕੇ ਖੜ੍ਹ ਸਕਦਾ ਸੀ ਅਤੇ ਨਾ ਹੀ ਉਸ ਦੇ ਸਾਹਮਣੇ ਹੋ ਕੇ ਉਸ ਨੂੰ ਮਾਰੇ ਬਗੈਰ ਰਹਿ ਸਕਦਾ ਸੀ । ਖਾਫ਼ੀ ਖਾਂ ਲਿਖਦਾ ਹੈ ਕਿ ‘ਧਨ-ਮਾਲ, ਘੋੜੇ, ਹਾਥੀ ਬੇਦੀਨਿਆਂ ਦੇ ਹੱਥ ਆਏ ਅਤੇ ਇਸਲਾਮੀ ਸੈਨਾ ਦਾ ਇਕ ਵੀ ਬੰਦਾ ਜਾਨ ਤੇ ਤਨ ਦੇ ਕੱਪੜਿਆਂ ਤੋਂ ਬਿਨਾਂ ਕੁਝ ਵੀ ਬਚਾਅ ਨਾ ਸਕਿਆ। ਵੱਡੀ ਗਿਣਤੀ ਵਿਚ ਪਿਆਦੇ ਤੇ ਘੋੜ-ਚੜ੍ਹੇ, ਕਾਫਰਾਂ ਦੀਆਂ ਤਲਵਾਰਾਂ ਦਾ ਸ਼ਿਕਾਰ ਬਣੇ ਜਿਨ੍ਹਾਂ ਨੇ ਉਨ੍ਹਾਂ ਦਾ ਸਰਹਿੰਦ ਤੱਕ ਪਿੱਛਾ ਕੀਤਾ ।” ਵਜ਼ੀਰ ਖਾਂ ਦੀ ਫ਼ੌਜ ਬੁਰੀ ਤਰ੍ਹਾਂ ਹਾਰ ਗਈ ਸੀ । ਜੇਤੂ ਬੰਦਾ ਸਿੰਘ ਅਤੇ ਉਸ ਦੇ ਸਿੰਘ ਜੰਗ ਦੇ ਮੈਦਾਨ ਦੇ ਮਾਲਕ ਸਨ । ਉਨ੍ਹਾਂ ਨੇ ਜਿੱਤ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਅਤੇ ‘ਫਤਹਿ’ ‘ਫਤਹਿ’ ਦੇ ਆਵਾਜ਼ਿਆਂ ਨਾਲ ਅਕਾਸ਼ ਗੂੰਜਾ ਦਿੱਤਾ ਸੀ ।* 

ਇਥੇ ਚੱਪੜ-ਚਿੜੀ ਵਿਖੇ ਵਰਤਮਾਨ ਗੁਰੂ ਨਾਨਕ ਫਾਊਂਡੇਸ਼ਨ ਪਬਲਿਕ ਸਕੂਲ ਦੀ ਹੱਦ ਅੰਦਰ ਇਕ ਪੁਰਾਣਾ ਜੰਡ ਦਾ ਦਰਖੱਤ ਹੈ । ਦੱਸਿਆ ਜਾਂਦਾ ਹੈ ਕਿ ਇਹ ਜੰਡ ਉਸੇ ਜੰਡ ਦੀ ਜੜ੍ਹ ਵਿਚੋਂ ਉਗਿਆ ਹੋਇਆ ਹੈ ਜਿਸ ਨਾਲ ਬੰਦਾ ਸਿੰਘ ਨੇ ਵਜ਼ੀਰ ਖਾਨ ਦੀ ਲਾਸ਼ ਨੂੰ ਪੁੱਠਾ ਟੰਗ ਕੇ ਰੱਖਿਆ ਸੀ । ਫਿਰ ਜਦੋਂ ਖਾਲਸਾ ਦਲ ਸਰਹਿੰਦ ਵੱਲ ਰਵਾਨਾ ਹੋਇਆ ਸੀ ਤਾਂ ਵਜ਼ੀਰ ਖਾਂ ਦੀ ਮੁਰਦਾ ਲਾਸ਼ ਨੂੰ ਇਥੋਂ ਲਾਹ ਕੇ ਘੋੜੇ ਦੇ ਪਿੱਛੇ ਜਾਂ ਬਲਦਾਂ ਦੇ ਪਿੱਛੇ ਰੱਸਿਆਂ ਨਾਲ ਬੰਨ੍ਹ ਕੇ ਸਰਹਿੰਦ ਤੀਕ ਘੜੀਸ ਕੇ ਲਿਆਂਦਾ ਗਿਆ ਸੀ । ਚੱਪੜ-ਚਿੜੀ ਤੋਂ ਸਰਹਿੰਦ ਤਕਰੀਬਨ 18-19 ਕਿਲੋਮੀਟਰ ਹੋਵੇਗੀ । ਭਾਵੇਂ ਇਥੇ ਵੀ ਸ਼ਹਿਰ ਦੀ ਅਤੇ ਕਿਲ੍ਹੇ ਦੀ ਪੂਰੀ ਮੋਰਚਾਬੰਦੀ ਕੀਤੀ ਹੋਈ ਸੀ ਅਤੇ ਕਿਲ੍ਹੇ ਤੋਂ ਸਿੰਘਾਂ ਉਪਰ ਤੋਪਾਂ ਦੇ ਗੋਲੇ ਵੀ ਸੁੱਟੇ ਗਏ ਸਨ ਪਰ ਸਿੰਘ ਜਿਸ ਜੋਸ਼ ਨਾਲ ਲੜ ਰਹੇ ਸਨ ਉਸ ਨੂੰ ਕਿਲ੍ਹੇ ਦੀਆਂ ਤੋਪਾਂ ਵੀ ਕੁਝ ਨਹੀਂ ਕਰ ਸਕੀਆਂ ਸਨ । ਵਜ਼ੀਰ ਖਾਂ ਦੇ ਹਿੰਦੂ ਅਧਿਕਾਰੀ ਦੀਵਾਨ ਸੁੱਚਾ ਨੰਦ ਨੂੰ ਫੜ ਲਿਆ ਗਿਆ ਸੀ । ਇਸ ਦੇ ਨੱਕ ਵਿਚੋਂ ਗਲੀ ਕੱਢ ਕੇ ਲੋਹੇ ਦਾ ਕੁੰਡਾ ਪਾਇਆ ਗਿਆ ਸੀ । ਇਸ ਕੁੰਡੇ ਨੂੰ ਰੱਸੀ ਨਾਲ ਬੰਨ੍ਹ ਕੇ ਸਰਹਿੰਦ ਦੀਆਂ ਗਲੀਆਂ ਵਿਚ ਫਿਰਾਇਆ ਗਿਆ ਸੀ । ਹਰ ਘਰ ਅਤੇ ਦੁਕਾਨ ਤੋਂ ਭੀਖ ਮੰਗਵਾ ਕੇ ਅਖੀਰ ਸੁੱਚਾ ਨੰਦ ਨੂੰ ਛਿੱਤਰ ਮਾਰ ਮਾਰ ਕੇ ਮਾਰ ਦਿੱਤਾ ਗਿਆ ਸੀ । ਵਜ਼ੀਰ ਖਾਂ ਦਾ ਇਕ ਪੁੱਤਰ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਦਿੱਲੀ ਨੂੰ ਭੱਜ ਗਿਆ ਸੀ । 

ਲੜਾਈ ਵਿਚ ਸ਼ਹੀਦ ਹੋਏ ਸਿੰਘਾਂ ਅਤੇ ਮੁਗਲ ਸਿਪਾਹੀਆਂ ਦਾ ਉਨ੍ਹਾਂ ਦੀਆਂ ਰਸਮਾਂ ਅਨੁਸਾਰ ਸੰਸਕਾਰ ਕੀਤਾ ਗਿਆ । ਮੁਗਲ ਸਿਪਾਹੀਆਂ ਨੂੰ ਇਥੇ ਹੀ ਮੁਸਲਮਾਨੀ ਪਿੰਡਾਂ ਦੀਆਂ ਕਬਰਾਂ ਵਿਚ ਦਫ਼ਨਾਇਆ ਗਿਆ ਸੀ । ਜਿਥੋਂ ਤੱਕ ਸਰਹਿੰਦ ਦੇ ਸੂਬੇਦਾਰ, ਵਜ਼ੀਰ ਖਾਂ ਦੇ ਦਫ਼ਨਾਉਣ ਦਾ ਮਸਲਾ ਹੈ ਉਸ ਨੂੰ ਦਫਨਾਇਆ ਨਹੀਂ ਗਿਆ ਸੀ । ਇਸ ਦੀ ਅਤੇ ਇਸ ਦੇ ਦੀਵਾਨ ਸੁੱਚਾ ਨੰਦ ਦੀਆਂ ਲਾਸ਼ਾਂ ਨੂੰ ਕੱਟ-ਕੱਟ ਕੇ ਕੁੱਤਿਆਂ ਨੂੰ ਖੁਆਇਆ ਗਿਆ ਸੀ । ਸਰਹਿੰਦ ਵਿਚ ਕਿਧਰੇ ਵੀ ਵਜ਼ੀਰ ਖਾਨ ਦੀ ਕਬਰ ਨਹੀਂ ਹੈ । ਜਦੋਂ ਕਿ ਸ਼ਹੀਦ ਹੋਏ ਸਿੰਘਾਂ ਨੂੰ ਸੁਹਾਣਾ, ਚੰਡੀਗੜ੍ਹ ਦੇ ਸੈਕਟਰ 44 ਦੇ ਗੁਰਦੁਆਰਾ ਸ਼ਹੀਦਾਂ ਵਾਲੀ ਥਾਂ ਅਤੇ ਮਾਣਕ ਮਾਜਰਾ ਪਿੰਡਾਂ ਵਿਚ ਸੰਸਕਾਰਿਆ ਗਿਆ ਸੀ । ਇਨ੍ਹਾਂ ਤਿੰਨਾਂ ਥਾਵਾਂ ਤੇ ਹੀ ਅੱਜ ਕੱਲ੍ਹ ਗੁਰਦੁਆਰੇ ਹਨ । ਇਨ੍ਹਾਂ ਗੁਰਦੁਆਰਿਆਂ ਨੂੰ ਸ਼ਹੀਦਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ । 

ਸਰਹਿੰਦ ਦੀ ਤਬਾਹੀ ਅਤੇ ਉਜਾੜਾ 

ਸ਼ਹਿਰ ਸਰਹਿੰਦ ਸਦੀਆਂ ਤੋਂ ਇਕ ਪਰਾਂਤਿਕ ਰਾਜਧਾਨੀ ਦੇ ਤੌਰ ਤੇ ਵਿਕਸਤ ਹੁੰਦਾ ਚਲਿਆ ਆ ਰਿਹਾ ਸ਼ਹਿਰ ਸੀ । ਪਰਾਂਤਿਕ ਸੂਬੇਦਾਰਾਂ ਦੇ ਮਹਿਲਾਂ ਤੋਂ ਇਲਾਵਾ ਇਥੇ ਮੁਗਲ ਬਾਦਸ਼ਾਹਾਂ ਦੇ ਬਣਾਏ ਹੋਏ ਮਹਿਲ ਵੀ (ਆਮ-ਖਾਸ ਬਾਗ) ਸਨ । ਭਾਵ ਕਿ ਰਾਜਧਾਨੀ ਦੀ ਲੋੜ ਅਨੁਸਾਰ ਇਥੇ ਵਧੀਆ ਤੋਂ ਵਧੀਆ ਇਮਾਰਤਾਂ, ਹਵੇਲੀਆਂ ਅਤੇ ਮਹਿਲ ਸਨ । ਸਿੰਘਾਂ ਨੂੰ ਇਹ ਸਭ ਕੁਝ ਮਿਲ ਗਿਆ ਸੀ । ਪਰ ਸਿੰਘਾਂ ਦੇ ਮਨ ਵਿਚ ਕਿਉਂਕਿ ਰਾਜ ਸਥਾਪਤ ਕਰਨ ਦੀ ਇੱਛਾ ਨਾਲੋਂ ਬਦਲਾ ਲੈਣ ਦੀ ਇੱਛਾ ਜ਼ਿਆਦਾ ਸੀ ਇਸ ਕਰਕੇ ਇਨ੍ਹਾਂ ਕਿਲ੍ਹਿਆਂ, ਮਹਿਲਾਂ ਅਤੇ ਹਵੇਲੀਆਂ ਨੂੰ ਸੁਰੱਖਿਅਤ ਰੱਖਣ ਦੀ ਗੱਲ ਵੱਲ ਸਿੰਘਾਂ ਦਾ ਧਿਆਨ ਨਹੀਂ ਸੀ । ਇਸ ਦੀ ਥਾਂ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਦੀ ਭਾਵਨਾ ਜ਼ਿਆਦਾ ਭਾਰੂ ਸੀ । ਇਸ ਲਈ ਸਿੰਘਾਂ ਦਾ ਵਿਸ਼ਾਲ ਜੇਤੂ ਦਲ ਸਰਹਿੰਦ ਸ਼ਹਿਰ ਵਿਚ ਦਾਖਲ ਹੋਇਆਂ ਤਾਂ ਉਨ੍ਹਾਂ ਨੇ ਸਰਹਿੰਦ ਦੀਆਂ ਤੋਪਾਂ ਨਾਲ ਹੀ ਮਹਿਲ, ਹਵੇਲੀਆਂ, ਕਿਲ੍ਹੇ ਅਤੇ ਹੋਰ ਇਮਾਰਤਾਂ ਤਬਾਹ ਕਰ ਦਿੱਤੀਆਂ । ਤੋਪਾਂ ਦਾ ਜਿਤਨਾ ਵੀ ਗੋਲਾ ਬਾਰੂਦ ਸੀ ਉਹ ਉਸ ਸਮੇਂ ਤੱਕ ਵਰਤਿਆ ਜਾਂਦਾ ਰਿਹਾ ਸੀ ਜਦ ਤਕ ਸਰਹਿੰਦ ਦੇ ਵੱਡੇ ਵੱਡੇ ਘਰ ਮਲੀਆਮੇਟ ਨਹੀਂ ਕਰ ਦਿੱਤੇ ਗਏ ਸਨ । 22 ਮਈ ਤੋਂ ਲੈ ਕੇ 24 ਮਈ ਤੱਕ ਲਗਾਤਾਰ ਤਬਾਹੀ ਹੁੰਦੀ ਰਹੀ। ਇਸ ਤਬਾਹੀ ਵਿਚ ਧਨ-ਮਾਲ ਵੀ ਕਬਜ਼ੇ ਵਿਚ ਕੀਤਾ ਗਿਆ ਸੀ ਅਤੇ ਕਤਲੇਆਮ ਵੀ ਹੁੰਦੀ ਰਹੀ ਸੀ । ਇਕ ਅੰਦਾਜ਼ੇ ਅਨੁਸਾਰ ਦੋ ਕਰੋੜ ਰੁਪਏ ਦੀ ਕੀਮਤ ਦਾ ਮਾਲ ਬੰਦਾ ਸਿੰਘ ਬਹਾਦੁਰ ਦੇ ਹੱਥ ਲੱਗਿਆ ਸੀ । 

ਸਰਹਿੰਦ ਸ਼ਹਿਰ ਦੀ ਲੁੱਟ ਅਤੇ ਤਬਾਹੀ ਦੇ ਬਾਰੇ ਵਿਚ ਸਾਰੇ ਇਤਿਹਾਸਕਾਰਾਂ ਦੀਆਂ ਰਾਵਾਂ ਇਕੋ ਜਿਹੀਆਂ ਨਹੀਂ ਹਨ । ਮੁਸਲਿਮ ਇਤਿਹਾਸਕਾਰ ਜਿਵੇਂ ਕਿ ਖਾਫ਼ੀ ਖਾਂ ਅਤੇ ਮੁਹੰਮਦ ਲਤੀਫ ਵਰਗੇ, ਇਸ ਹੱਦ ਤੱਕ ਲਿਖ ਗਏ ਹਨ ਕਿ ਬੰਦਾ ਸਿੰਘ ਨੇ ਮੁਸਲਮਾਨ ਪਰਿਵਾਰਾਂ ਨੂੰ ਬੱਚਿਆਂ ਅਤੇ ਬੁੱਢਿਆਂ ਸਮੇਤ ਮੌਤ ਦੇ ਘਾਟ ਉਤਾਰ ਦਿੱਤਾ ਸੀ, ਮੁਸਲਮਾਨਾਂ ਦੀਆਂ ਕਬਰਾਂ ਵੀ ਪੁੱਟ ਕੇ ਮੁਰਦਿਆਂ ਨੂੰ ਕੱਢ ਲਿਆ ਗਿਆ ਸੀ ਅਤੇ ਮਸਜਿਦਾਂ ਅਤੇ ਮਕਬਰੇ ਢਾਹ ਦਿੱਤੇ ਗਏ ਸਨ । ਇਸ ਤਰ੍ਹਾਂ ਦੇ ਲੇਖਕਾਂ ਨੇ ਬੰਦਾ ਸਿੰਘ ਨੂੰ ਮੁਸਲਮਾਨਾਂ ਦੇ ‘ਖੂਨ ਦਾ ਪਿਆਸਾ’ ਜ਼ਾਲਮ ਦਰਸਾਇਆ ਹੈ ।’ ਦੂਜੇ ਪਾਸੇ ਸਿੱਖ ਲੇਖਕ, ਵਿਸ਼ੇਸ਼ ਕਰਕੇ ਗੰਡਾ ਸਿੰਘ ਅਤੇ ਕਰਮ ਸਿੰਘ ਹਿਸਟੋਰੀਅਨ ਜੈਸੇ ਇਤਿਹਾਸਕਾਰ ਹਨ । ਇਹ ਇਸ ਗੱਲ ਨੂੰ ਤਾਂ ਮੰਨਦੇ ਹਨ ਕਿ ਕਤਲੇਆਮ ਤੇ ਤਬਾਹੀ ਤਾਂ ਹੋਈ ਸੀ ਪਰ ਇਹ ਸਿੰਘਾਂ ਨੇ ਨਹੀਂ ਕੀਤੀ ਸੀ ਸਗੋਂ ਸਿੰਘਾਂ ਨਾਲ ਰਲੇ ਉਨ੍ਹਾਂ ਡਾਕੂ-ਲੁਟੇਰਿਆਂ ਨੇ ਕੀਤੀ ਸੀ ਜਿਹੜੇ ਸਿਰਫ ਲੁੱਟਾਂ ਕਰਨ ਦੇ ਨਿਸ਼ਾਨੇ ਨਾਲ ਹੀ ਬੰਦਾ ਸਿੰਘ ਨਾਲ ਆ ਰਲੇ ਸਨ । ਡਾ. ਗੰਡਾ ਸਿੰਘ ਨੇ ਤਾਂ ਇਨ੍ਹਾਂ ਡਾਕੂ-ਲੁਟੇਰਿਆਂ ਦੀ ਥਿਊਰੀ ਇਤਨੀ ਖੁੱਲ੍ਹਦਿਲੀ ਨਾਲ ਅਪਣਾਈ ਹੈ ਕਿ ਉਹ ਹਰ ਥਾਂ ਤੇ ਡਾਕੂ-ਲੁਟੇਰਿਆਂ ਨੂੰ ਪਹਿਲਾਂ ਬੰਦਾ ਸਿੰਘ ਦੀ ਫੌਜ ਵਿਚ ਸ਼ਾਮਲ ਕਰਵਾ ਦਿੰਦਾ ਹੈ ਅਤੇ ਹਰ ਥਾਂ ਹੀ ਲੜਾਈ ਹੋਣ ਦੀ ਸੂਰਤ ਵਿਚ ਪਹਿਲੇ ਹਮਲੇ ਸਮੇਂ ਹੀ ਡਾਕੂ-ਲੁਟੇਰਿਆਂ ਨੂੰ ਨਸਾ ਦਿੰਦਾ ਹੈ । ਇਥੇ ਹੀ ਬਸ ਨਹੀਂ, ਜਦੋਂ ਬੰਦਾ ਸਿੰਘ ਦੀ ਜਿੱਤ ਹੁੰਦੀ ਹੈ ਤਾਂ ਤਰੁੰਤ ਹੀ ਉਹ ਭੱਜੇ ਹੋਏ ਡਾਕੂ-ਲੁਟੇਰੇ ਫਿਰ ਵਾਪਸ ਕੇ ਬੰਦਾ ਸਿੰਘ ਦੁਆਰਾ ਜਿੱਤੇ ਹੋਏ ਇਲਾਕੇ ਨੂੰ ਲੁੱਟ ਲੈਂਦੇ ਹਨ । ਇਹ ਸਾਰੀ ਖੇਡ ਇਸ ਤਰ੍ਹਾਂ ਕਰਵਾਈ ਜਾਂਦੀ ਹੈ ਜਿਵੇਂ ਕਿ ਬੰਦਾ ਸਿੰਘ ਦੀ ਕਿਸੇ ਵੀ ਕਾਰਵਾਈ ਵਿਚ ਕੋਈ ਗੰਭੀਰਤਾ ਹੀ ਨਹੀਂ ਹੁੰਦੀ ਸੀ ਅਤੇ ਇਹ ਸਿਰਫ ਬੱਚਿਆਂ ਦੀ ਖੇਡ ਬਣ ਕੇ ਰਹਿ ਜਾਂਦੀ ਹੈ । ਇਥੇ ਇਕ ਸਵਾਲ ਆਪਣੇ ਆਪ ਹੀ ਉਠਦਾ ਹੈ ਕਿ ਬੰਦਾ ਸਿੰਘ ਵਲੋਂ ਜਿੱਤੇ ਹੋਏ ਇਲਾਕੇ ਵਿਚ ਜੇਕਰ ਡਾਕੂ-ਲੁਟੇਰੇ ਆ ਕੇ ਲੁੱਟਦੇ ਸਨ ਤੇ ਤਬਾਹੀ ਕਰਦੇ ਸਨ ਤਾਂ ਕੀ ਇਹ ਬੰਦਾ ਸਿੰਘ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਕਿ ਉਹ ਆਪਣੇ ਇਲਾਕੇ ਨੂੰ ਬਚਾ ਕੇ ਰੱਖਦਾ? ਜੇ ਬੰਦਾ ਸਿੰਘ ਨੇ ਪਤਾ ਹੋਣ ਦੇ ਬਾਵਜੂਦ ਵੀ ਅਜਿਹੇ ਲੁਟੇਰਿਆਂ ਨੂੰ ਲੁੱਟਮਾਰ ਕਰਨ ਦੀ ਇਜ਼ਾਜਤ ਦੇ ਰੱਖੀ ਸੀ ਜਿਹੜੇ ਉਸ ਨਾਲ ਮਿਲਦੇ ਵੀ ਸਨ ਅਤੇ ਦੌੜ ਵੀ ਜਾਂਦੇ ਸਨ ਅਤੇ ਜਿੱਤ ਦੀ ਸੂਰਤ ਵਿਚ ਲੁੱਟਣ ਲਈ ਫਿਰ ਵਾਪਸ ਵੀ ਆ ਜਾਂਦੇ ਸਨ ਤਾਂ ਕੀ ਇਸ ਦਾ ਮਤਲਬ ਇਹ ਨਹੀਂ ਸੀ ਕਿ ਬੰਦਾ ਸਿੰਘ ਨੂੰ ਆਪਣੀ ਜ਼ਿੰਮੇਵਾਰੀ ਦਾ ਭੋਰਾ ਭਰ ਵੀ ਅਹਿਸਾਸ ਨਹੀਂ ਸੀ? ਇਸ ਦਾ ਜਵਾਬ ਤਾਂ ਡਾ. ਗੰਡਾ ਸਿੰਘ ਹੀ ਦੇ ਸਕਦੇ ਹਨ ਪਰ ਉਨ੍ਹਾਂ ਦੀ ਇਹ ਥਿਊਰੀ ਗਲਤ ਹੈ ਅਤੇ ਬੰਦਾ ਸਿੰਘ ਦੇ ਅਕਸ ਨੂੰ ਵੀ ਖਰਾਬ ਕਰਦੀ ਹੈ । ਇਸ ਗੱਲ ਬਾਰੇ ਜਰਾ ਵਿਸਥਾਰ ਨਾਲ ਵਿਚਾਰ ਕਰਦੇ ਹਾਂ । ਮੁਸਲਿਮ ਲੇਖਕਾਂ ਦੇ ਵਿਚਾਰ ਅਨੁਸਾਰ ਬੰਦਾ ਸਿੰਘ ਮੁਸਲਮਾਨਾਂ ਦੇ ਖੂਨ ਦਾ ਪਿਆਸਾ ਸੀ ਅਤੇ ਸਿੱਖ ਲੇਖਕਾਂ ਦਾ ਇਹ ਮੰਨਣਾ ਕਿ ਲੁੱਟਾ-ਖੋਹਾਂ ਤਾਂ ਡਾਕੂ ਲੁਟੇਰਿਆਂ ਨੇ ਕੀਤੀਆਂ ਸਨ, ਇਹ ਦੋਵੇਂ ਗੱਲਾਂ ਹੀ ਠੀਕ ਨਹੀਂ ਹਨ । ਸਿੰਘਾਂ ਦੀ ਜਿੱਤ ਦਾ ਸਭ ਤੋਂ ਵੱਡਾ ਕਾਰਨ ਹੀ ਇਹ ਸੀ ਕਿ ਉਨ੍ਹਾਂ ਦੇ ਦਿਲਾਂ ਵਿਚ ਮੁਗਲ ਹਾਕਮਾਂ ਹੱਥੋਂ ਆਪਣੇ ਗੁਰੂ ਨਾਲ ਹੋ ਚੁੱਕੇ ਅਨਿਆਏ ਦਾ ਗੁੱਸਾ ਸੀ । ਖਾਲਸੇ ਨੂੰ ਅਤੇ ਖਾਲਸੇ ਦੇ ਗੁਰੂ ਨੂੰ ਆਨੰਦਪੁਰ ਸਾਹਿਬ ਵਿਚੋਂ ਕੱਢ ਦਿੱਤਾ ਗਿਆ ਸੀ । ਆਨੰਦਪੁਰ ਸਾਹਿਬ ਨੂੰ ਢਾਹ ਕੇ ਥੇਹ ਕਰ ਦਿਤਾ ਗਿਆ ਸੀ । ਗੁਰੂ ਪਰਿਵਾਰ ਨੂੰ ਖ਼ਤਮ ਕਰ ਦਿੱਤਾ ਗਿਆ ਸੀ । ਰਾਜਨੀਤਕ ਤਾਕਤ ਵਿਚ ਅੰਨ੍ਹੇ ਹੋਏ ਮੁਗਲ ਹਾਕਮਾਂ ਨੇ ਨਾ ਹੀ ਭੁੱਖੇ ਭਾਣੇ ਸਿੰਘਾਂ ਨੂੰ ਚਮਕੌਰ ਸਾਹਿਬ ਵਿਖੇ ਘੇਰਾ ਪਾਉਣ ਤੋਂ ਸ਼ਰਮ ਕੀਤੀ ਸੀ ਅਤੇ ਨਾ ਹੀ ਦੋ ਮਾਸੂਮ ਛੋਟੇ ਸਾਹਿਬਜ਼ਾਦਿਆਂ ਅਤੇ ਉਨ੍ਹਾਂ ਦੀ ਬੁੱਢੀ ਦਾਦੀ ਨੂੰ ਮਾਰਨ ਦੀ ਸ਼ਰਮ ਕੀਤੀ ਸੀ । ਛੋਟੇ ਸਾਹਿਬਜ਼ਾਦਿਆਂ, ਜਿਨ੍ਹਾਂ ਦੀ ਉਮਰ ਮਸਾਂ 5 ਅਤੇ 7 ਸਾਲ ਦੀ ਸੀ ਅਤੇ ਬੁੱਢੀ ਦਾਦੀ ਦਾ ਕੀ ਕਸੂਰ ਸੀ? ਉਨ੍ਹਾਂ ਨੂੰ ਸਿਆਲ ਦੀਆਂ ਠੰਡੀਆਂ ਰਾਤਾਂ ਨੂੰ ਠੰਡੇ ਬੁਰਜ਼ ਵਿਚ ਰੱਖਿਆ ਗਿਆ ਸੀ ਅਤੇ ਜਿਹੜੇ ਮਾਸੂਮ ਬੱਚੇ ਕਿਸੇ ਪੰਛੀ ਨੂੰ ਵੀ ਮਾਰ ਨਹੀਂ ਸਕਦੇ ਸਨ ਉਨ੍ਹਾਂ ਨੂੰ ਨੀਹਾਂ ਵਿਚ ਚਿਣ ਕੇ ਅਤੇ ਗੋਡਿਆਂ ਥੱਲੇ ਦੇ ਕੇ ਕੋਹ ਕੋਹ ਕੇ ਮਾਰ ਦਿਤਾ ਗਿਆ ਸੀ । ਜਿਸ ਕੌਮ ਦੇ ਗੁਰੂ ਨਾਲ ਅਜਿਹੇ ਜ਼ੁਲਮ ਹੋਏ ਹੋਣ ਤਾਂ ਕੀ ਉਸ ਗੁਰੂ ਦੇ ਸ਼ਰਧਾਲੂ ਆਪਣੀ ਜਿੱਤ ਦੀ ਸੂਰਤ ਵਿਚ ਆਪਣੇ ਦੁਸ਼ਮਣਾਂ ਦੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਦੁੱਧ ਪਿਲਾ ਕੇ ਪਾਲਣਾ ਪੋਸ਼ਣਾ ਕਰਨਗੇ? ਜੇ ਬੰਦਾ ਸਿੰਘ ਨੇ ਮੁਗਲ ਹਕੂਮਤ ਨੂੰ ਹਰਾ ਕੇ ਸ਼ਹਿਰਾਂ ਨੂੰ ਥੇਹ ਬਣਾ ਦਿੱਤਾ ਸੀ ਅਤੇ ਥੇਹ ਹੋਏ ਸ਼ਹਿਰਾਂ ਦੇ ਮਲਬਿਆਂ ਹੇਠ ਦਬ ਕੇ ਲੋਕ ਮਾਰੇ ਗਏ ਸਨ ਜਾਂ ਜਾਣ ਬੁੱਝ ਕੇ ਤੋਪਾਂ ਨਾਲ ਉਡਾ ਦਿਤੇ ਗਏ ਸਨ ਤਾਂ ਕੀ ਇਹ ਮਾਸੂਮ ਬੱਚਿਆਂ ਨੂੰ ਕੋਹ ਕੋਹ ਕੇ ਮਾਰਨ ਨਾਲੋਂ ਜ਼ਿਆਦਾ ਵੱਡਾ ਪਾਪ ਸੀ? ਬੰਦਾ ਸਿੰਘ ਨੂੰ ਮੁਸਲਮਾਨਾਂ ਦੇ ਖੂਨ ਦਾ ਪਿਆਸਾ ਕਹਿਣ ਵਾਲਿਆਂ ਨੂੰ ਕੀ ਦੋ ਮਾਸੂਮ ਸਾਹਿਬਜ਼ਾਦਿਆਂ ਅਤੇ ਉਨ੍ਹਾਂ ਦੀ ਬੁੱਢੀ ਦਾਦੀ ਦੀ ਮੌਤ ਨਹੀਂ ਦਿਸਦੀ? 

ਦੂਜੇ ਪਾਸੇ ਡਾਕੂ ਲੁਟੇਰਿਆਂ ਹੱਥੋਂ ਲੁੱਟਾਂ ਹੋਈਆਂ ਕਹਿਣ ਵਾਲੇ ਲੇਖਕਾਂ ਨੂੰ ਪੁੱਛਿਆ ਜਾ ਸਕਦਾ ਹੈ ਕਿ ਲੁੱਟਾਂ ਖੋਹਾਂ ਕਰਨੀਆਂ ਕੀ ਦੋ ਮਾਸੂਮ ਬੱਚਿਆਂ ਦੇ ਕਤਲ ਕਰਨ ਤੋਂ ਵੱਡਾ ਪਾਪ ਸੀ? ਜਿਹੜੀ ਹਕੂਮਤ ਦੋ ਬੱਚਿਆਂ ਦਾ ਕਤਲ ਕਰ ਸਕਦੀ ਸੀ ਉਸ ਹਕੂਮਤ ਦਾ ਇੱਕ ਸਰਹਿੰਦ ਸ਼ਹਿਰ ਤਾਂ ਕੀ ਬਲਕਿ ਅਜਿਹੇ ਸੈਂਕੜੇ ਸ਼ਹਿਰ ਵੀ ਜੇਕਰ ਤਬਾਹ ਕਰ ਦਿਤੇ ਜਾਣ ਤਾਂ ਵੀ ਮਾਸੂਮ ਬੱਚਿਆਂ ਦੀ ਮੌਤ ਦਾ ਬਦਲਾ ਨਹੀਂ ਲਿਆ ਜਾ ਸਕਦਾ ।  

ਹਕੂਮਤ ਦੀਆਂ ਬਾਕਾਇਦਾ ਹਥਿਆਰਬੰਦ ਫੌਜਾਂ ਨੂੰ ਜੇਕਰ ਸਾਧਾਰਨ ਅਤੇ ਕਿਰਤੀ ਲੋਕਾਂ ਨੇ ਜਿਵੇਂ ਵਿਲਿਅਮ ਇਰਵਿਨ ਲਿਖਦਾ ਹੈ, ਆਪਣੀਆਂ ਗੰਡਾਸੀਆਂ, ਬਰਛੀਆਂ ਅਤੇ ਤਲਵਾਰਾਂ ਨਾਲ ਹਰਾ ਦਿਤਾ ਸੀ ਤਾਂ ਇਸ ਪਿੱਛੇ ਮੁੱਖ ਕਾਰਨ ਉਨ੍ਹਾਂ ਦੇ ਦਿਲਾਂ ਵਿਚ ਬਲ ਰਿਹਾ ਬਦਲੇ ਦਾ ਭਾਂਬੜ ਹੀ ਸੀ । ਇਸ ਬਦਲੇ ਦੇ ਭਾਂਬੜ ਨੇ ਨਾ ਦਿਨ ਦੇਖਿਆ ਸੀ ਨਾ ਰਾਤ, ਨਾ ਭੁਖ ਦੇਖੀ ਸੀ ਨਾ ਤਰੇਹ, ਨਾ ਘੋੜੇ ਦੀ ਉਡੀਕ ਕੀਤੀ ਸੀ ਨਾ ਬੰਦੂਕ ਦੀ, ਨਾ ਤਨਖਾਹ ਲੈਣ ਦੀ ਉਮੀਦ ਕੀਤੀ ਸੀ ਨਾ ਜਿਉਂਦੇ ਰਹਿਣ ਦੀ । ਇਨ੍ਹਾਂ ਸਾਹਮਣੇ ਤਾਂ ਇਕੋ ਹੀ ਨਿਸ਼ਾਨਾ ਸੀ ਕਿ ਉਹ ਕਦੋਂ ਸਰਹਿੰਦ ਦੇ ਉਪਰ ਝਪਟਦੇ ਹਨ ਅਤੇ ਕਦੋਂ ਵਜ਼ੀਰ ਖਾਂ ਨੂੰ ਜਾ ਦਬੋਚਦੇ ਹਨ । ਜਦੋਂ ਇਹ ਮੌਕਾ ਉਨ੍ਹਾਂ ਨੂੰ ਮਿਲ ਗਿਆ ਤਾਂ ਬਿਲਕੁਲ ਉਸੇ ਤਰ੍ਹਾਂ, ਉਨ੍ਹਾਂ ਸਾਹਮਣੇ ਨਾ ਕੋਈ ਰਾਜਨੀਤੀ ਸੀ ਅਤੇ ਨਾ ਸਰਕਾਰ ਬਣਾਉਣ ਦੀ ਗੱਲ, ਨਾ ਹਵੇਲੀਆਂ ਰੋਕਣ ਦੀ ਲਾਲਸਾ ਸੀ ਅਤੇ ਨਾ ਹੀ ਘੋੜੇ ਹਾਥੀ ਲੈਣ ਦੀ, ਨਾ ਹੀ ਇਹ ਸੋਚਣ ਦੀ ਵਿਹਲ ਸੀ ਕਿ ਉਨ੍ਹਾ ਦਾ ਆਪਣਾ ਧਰਮ ਬਦਲਾ ਲੈਣ ਦੀ ਇਜ਼ਾਜਤ ਦਿੰਦਾ ਹਾਂ ਜਾਂ ਨਹੀਂ । ਬੱਸ ਉਨ੍ਹਾਂ ਨੇ ਤਾਂ ਆਪਣੇ ਹੱਥ ਆਇਆ ਇਹ ਰੱਬੀ ਮਿਹਰ ਵਾਲਾ ਮੌਕਾ ਆਪਣੇ ਦਿਲ ਵਿਚ ਮਚਦੇ ਬਦਲੇ ਦੇ ਭਾਂਬੜਾਂ ਨੂੰ ਸ਼ਾਂਤ ਕਰਨ ਲਈ ਵਰਤਿਆ ਸੀ । ਕਿਲ੍ਹਿਆ ਦੇ ਕਿਲ੍ਹੇ ਥੇਹ ਬਣਾ ਦਿੱਤੇ ਗਏ ਸਨ, ਹਵੇਲੀਆਂ ਮਿੱਟੀ ਵਿਚ ਮਿਲਾ ਦਿਤੀਆਂ ਗਈਆਂ ਸਨ ਅਤੇ ਮੁਗਲ ਹਕੂਮਤ ਦਾ ਹਮਾਇਤੀ ਜੋ ਵੀ ਸਾਹਮਣੇ ਆਇਆ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ । ਇਹ ਕੰਮ ਸਿੰਘਾਂ ਨੇ ਹੀ ਕਰਨਾ ਸੀ ਅਤੇ ਬੰਦਾ ਸਿੰਘ ਬਹਾਦੁਰ ਦੀ ਅਗਵਾਈ ਵਿਚ ਇਹ ਸਭ ਕੁਝ ਖਾਲਸੇ ਵਲੋਂ ਹੀ ਕੀਤਾ ਗਿਆ ਸੀ । ਸਿੰਘਾਂ ਨੇ ਇਥੇ ਹੀ ਬਸ ਨਹੀਂ ਕੀਤੀ । ਉਨ੍ਹਾਂ ਨੇ ਸਹੁੰ ਖਾਧੀ ਹੋਈ ਸੀ ਕਿ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦੇਣੀ ਹੈ । ਇਹ ਸ਼ਬਦ ਬੰਦਾ ਸਿੰਘ ਨੇ ਵਜ਼ੀਰ ਖਾਂ ਦੇ ਸਾਹਮਣੇ ਆ ਕੇ ਵੀ ਕਹੇ ਸਨ । ਇਸੇ ਗੱਲ ਨੂੰ ਅਸਲੀ ਅਰਥਾਂ ਵਿਚ ਪੂਰਾ ਕਰਨ ਲਈ ਹਰ ਸਿੰਘ ਆਪਣਾ ਇਹ ਪਵਿੱਤਰ ਫਰਜ਼ ਸਮਝਦਾ ਸੀ ਕਿ ਉਸ ਨੇ ਸਰਹਿੰਦ ਤੋਂ ਹਰ ਹਾਲਤ ਵਿਚ ਦੋ ਇੱਟਾਂ ਖੜਕਾ ਕੇ ਚੁਕਣੀਆਂ ਹਨ ਅਤੇ ਉਨ੍ਹਾਂ ਨੂੰ ਦੂਰ ਸੁੱਟ ਕੇ ਆਉਣਾ ਹੈ । ਸਿੱਖਾਂ ਦੇ ਦਿਲ ਵਿਚ ਇਹ ਭਾਵਨਾ ਅੱਜ ਵੀ ਕੰਮ ਕਰ ਰਹੀ ਹੈ। ਅੱਜ ਵੀ, ਸਦੀਆਂ ਦੇ ਬੀਤ ਜਾਣ ਬਾਅਦ ਕੋਈ ਟਾਵਾਂ ਟਾਵਾਂ ਸਿੱਖ ਸਰਹਿੰਦ ਵਿਚ ਦੋ ਇੱਟਾਂ ਖੜਕਾ ਕੇ ਚੁੱਕਦਾ ਹੈ ਅਤੇ ਸਤਲੁਜ ਦਰਿਆ ਵਿਚ ਜਾ ਡੇਗਦਾ ਹੈ । ਹੋਰ ਤਾਂ ਹੋਰ ਜਦੋਂ 1765 ਈ. ਵਿਚ ਮੁਗਲ ਹਕੂਮਤ ਨੂੰ ਹਰਾ ਕੇ ਸਾਰੇ ਪੰਜਾਬ ਨੂੰ ਸਿੱਖ ਮਿਸਲਦਾਰਾਂ ਨੇ ਆਪਸ ਵਿਚ ਵੰਡਿਆ ਸੀ ਤਾਂ ਕਿਸੇ ਵੀ ਸਿੱਖ ਸਰਦਾਰ ਨੇ ਸਰਹਿੰਦ ਸ਼ਹਿਰ ਨੂੰ ਲੈਣ ਦੀ ਇੱਛਾ ਪਰਗਟ ਨਹੀਂ ਕੀਤੀ ਸੀ । ਕਿਉਂਕਿ ਸਮੁੱਚਾ ਸਿੱਖ ਜਗਤ ਸਰਹਿੰਦ ਨੂੰ ‘ਗੁਰੂ ਸਾਰੀ’, ਸਮਝਦਾ ਸੀ । ਜਦੋਂ ਸਿੱਖਾਂ ਦੇ ਮਨ ਵਿਚ ਸਰਹਿੰਦ ਸ਼ਹਿਰ ਬਾਰੇ ਇਤਨਾ ਗੁੱਸਾ ਅਤੇ ਨਫ਼ਰਤ ਹੋਵੇ ਤਾਂ ਸਰਹਿੰਦ ਨੂੰ ਜਿੱਤਣ ਵੇਲੇ ਇਸ ਦਾ ਤਬਾਹ ਹੋਣਾ ਅਤੇ ਇਥੋਂ ਦੇ ਲੋਕਾਂ ਦਾ ਕਤਲੇਆਮ ਹੋਣਾ ਕੋਈ ਗੈਰ ਕੁਦਰਤੀ ਗੱਲ ਨਹੀਂ ਸੀ । ਹਜ਼ਾਰਾਂ ਬੰਦਿਆਂ ਦਾ ਖੂਨ ਆਖਰ ਉਸੇ ਹੀ ਥਾਂ ਡੁਲ੍ਹਿਆ ਸੀ ਜਿੱਥੇ ਦੋ ਮਾਸੂਮ ਸਾਹਿਬਜ਼ਾਦੇ ਅਤੇ ਉਨ੍ਹਾਂ ਦੀ ਬੁੱਢੀ ਦਾਦੀ ਨੂੰ ਮਾਰਿਆ ਗਿਆ ਸੀ । ਅਜਿਹੀ ਮਾਸੂਮਤਾ ਦੇ ਕਤਲ ਬਦਲੇ ਤਾਂ ਸੈਂਕੜੇ ਸਰਹਿੰਦਾਂ ਤਬਾਹ ਕੀਤੀਆਂ ਜਾ ਸਕਦੀਆਂ ਸਨ । ਜੇਕਰ ਬੰਦਾ ਸਿੰਘ ਅਤੇ ਉਸ ਦੇ ਖਾਲਸਾ ਦਲ ਨੇ ਕਤਲੇਆਮ ਕੀਤਾ ਵੀ ਸੀ ਤਾਂ ਇਹ ਕੋਈ ਗੈਰ ਕੁਦਰਤੀ ਨਹੀਂ ਸੀ ਸਗੋਂ ਇਹ ਸੁਭਾਵਕ ਸੀ । ਜੇ ਅਜਿਹੀ ਤਬਾਹੀ ਨਾਲ ਕੋਈ ਆਉਣ ਵਾਲੀ ਹਕੂਮਤ ਸਬਕ ਸਿੱਖ ਲਵੇ ਤਾਂ ਵੀ ਅਜਿਹੀ ਤਬਾਹੀ ਕੋਈ ਮਾੜੀ ਨਹੀਂ ਸੀ । ਬੰਦਾ ਸਿੰਘ ਬਹਾਦੁਰ ਸਿੱਖਾਂ ਦਾ ਅਜਿਹਾ ਪਹਿਲਾ ਨੇਤਾ ਸੀ ਜਿਸ ਨੇ ਆਪਣੇ ਗੁਰੂ ਨਾਲ ਹੋਏ ਜ਼ੁਲਮਾਂ ਦਾ ਗਿਣ ਗਿਣ ਕੇ ਬਦਲਾ ਲਿਆ ਸੀ । 

ਸਿੱਖ ਇਤਿਹਾਸ ਇਸ ਗੱਲ ਲਈ ਉਸ ਦਾ ਰਿਣੀ ਹੈ । 

ਸਰਹਿੰਦ ਦੀ ਇਹ ਹੋਣੀ ਤੱਕ ਕੇ ਜੇ ਕੋਈ ਕੇਸਰ ਸਿੰਘ ਛਿੱਬਰ ਜੈਸਾ ਨਿਕਟ ਸਮਕਾਲੀ ਲੇਖਕ ਇਸ ਤਰ੍ਹਾਂ ਲਿਖਦਾ ਹੈ ਤਾਂ ਇਸ ਵਿਚ ਕੋਈ ਗੈਰ ਕੁਦਰਤੀ ਗੱਲ ਨਹੀਂ ਸਮਝਣੀ ਚਾਹੀਦੀ: 

ਤਹਾਂ ਤੇ ਚੜ੍ਹੇ ਸਰਹਿੰਦ ਮਾਰੀ ਅਰ ਸਾੜੀ । 

ਪਕੜੀਆਂ ਨੂੰਹਾਂ ਧੀਆਂ ਸੁਚੇ ਝੂਠੇ ਪੁਰੀ ਖਤ੍ਰੀ ਦੀਆਂ ਕਿਰਾੜੀ । 

ਪਾਇ ਚੂਹੇ ਸੁਥਣਾ ਵਿਚ ਟੰਗਾਈਆਂ । 

ਰੋਂਦੀਆਂ ਕੁਰਲਾਂਦੀਆਂ ਹਵਾਲੇ ਚੂਹੜਿਆਂ ਦੇ ਕਰਵਾਈਆਂ । 

ਕੀਤੀ ਉਸ ਦੀ ਪੇਸ਼ ਇਸ ਦੇ ਆਈ। 

ਪੁਤ੍ਰਾਂ ਦੇ ਕਰਮੁ ਮਾਪਿਆਂ ਨੂੰ ਤੇ ਮਾਪਿਆਂ ਦੇ ਪੁਤ੍ਰਾਂ ਨੂੰ ਲਗਦੇ ਜਾਈ । 

ਮੁਹੰਮਦ ਕਾਸਿਮ, ਇਬਰਤਨਾਮੇ ਵਿਚ ਦੀਵਾਨ ਸੁੱਚਾ ਨੰਦ ਦੇ ਕਾਰਨਾਮਿਆਂ ਬਾਰੇ ਅਤੇ ਉਸਦੀ ਹਵੇਲੀ ਦੀ ਤਬਾਹੀ ਬਾਰੇ ਲਿਖਦਾ ਹੈ ਕਿ “ਇਹ ਕਿਹਾ ਜਾ ਸਕਦਾ ਹੈ ਕਿ ਜਿਵੇਂ ਕਿ ਉਹ ਇਸੇ ਦਿਨ ਲਈ ਹੀ ਬਣਾਏ ਗਏ ਹੋਣ । ਮੈਂ ਆਂਢ-ਗੁਵਾਂਢੀਆਂ ਦੇ ਭਰੋਸੇਯੋਗ ਲੋਕਾਂ ਤੋਂ ਸੁਣਿਆ ਹੈ ਕਿ ਸਵਰਗਵਾਸੀ ਵਜ਼ੀਰ ਖਾਂ ਦੇ ਹੁੰਦੇ ਐਸਾ ਕੋਈ ਜ਼ੁਲਮ ਨਹੀਂ ਸੀ ਜਿਹੜਾ ਇਸ ਖੱਤਰੀ ਨੇ ਗਰੀਬ ਲੋਕਾਂ ਉਪਰ ਨਾ ਕੀਤਾ ਹੋਵੇ । ਉਸ ਨੇ ਜਿੰਨੇ ਵੀ ਪਾਪਾਂ ਦੇ ਬੀਜ ਬੀਜੇ ਉਨ੍ਹਾਂ ਸਭ ਦਾ ਉਸ ਨੂੰ ਹੁਣ ਫਲ ਮਿਲ ਗਿਆ ਸੀ ।’* 

ਇਹ ਤਾਂ ਸਿੰਘਾਂ ਦੀ ਫਰਾਖ਼ਦਿਲੀ ਸੀ ਕਿ ਉਨ੍ਹਾਂ ਨੇ ਮੁਸਲਮਾਨਾਂ ਦੇ ਧਾਰਮਿਕ ਸਥਾਨਾਂ ਨੂੰ ਕੁਝ ਨਹੀਂ ਕਿਹਾ ਸੀ ਨਹੀਂ ਤਾਂ ਅਜਿਹੇ ਸਮੇਂ ਦੁਸ਼ਮਣ ਦੇ ਧਾਰਮਿਕ ਅਸਥਾਨਾਂ ਦੀ ਬੇਹੁਰਮਤੀ ਵੀ ਹੋ ਸਕਦੀ ਸੀ । ਇਸ ਸਮੇਂ ਸਰਹਿੰਦ (ਫਤਿਹਗੜ੍ਹ ਸਾਹਿਬ) ਦੇ ਆਲੇ ਦੁਆਲੇ ਜਿੰਨੀਆਂ ਵੀ ਮਸਜਿਦਾਂ ਅਤੇ ਮਕਬਰੇ ਸੁਰੱਖਿਅਤ ਖੜ੍ਹੇ ਹਨ ਉਹ ਸਭ ਇਸ ਗੱਲ ਦੀ ਮੂੰਹ ਬੋਲਦੀ ਤਸਵੀਰ ਹਨ ਕਿ ਸਿੰਘਾਂ ਨੇ ਸਰਹਿੰਦ ਦੀ ਤਬਾਹੀ ਸਮੇਂ ਮੁਸਲਮਾਨਾਂ ਦੇ ਧਾਰਮਿਕ ਅਸਥਾਨਾ ਦੀ ਸੁਰੱਖਿਅਤਾ ਦਾ ਪੂਰਾ ਪੂਰਾ ਧਿਆਨ ਰੱਖਿਆ ਸੀ । ਜੇਕਰ ਮੁਹੰਮਦ ਲਤੀਫ ਜੈਸੇ ਮੁਸਲਮਾਨ ਇਤਿਹਾਸਕਾਰ ਇਹ ਲਿਖਦੇ ਹਨ ਕਿ ਸਿੰਘਾਂ ਨੇ ਮੁਸਲਮਾਨਾਂ ਦੀਆਂ ਕਬਰਾਂ ਵੀ ਪੁੱਟ ਲਈਆਂ ਸਨ ਤਾ ਪਹਿਲਾਂ ਉਨ੍ਹਾਂ ਨੂੰ ਸਰਹਿੰਦ ਦੇ ਖੇਤਾਂ ਵਿਚ ਖੜੇ ਮਕਬਰੇ, ਮਸਜਿਦਾਂ ਅਤੇ ਕਬਰਾਂ ਦੇਖ ਲੈਣੀਆਂ ਚਾਹੀਦੀਆਂ ਸਨ । 

ਇਨ੍ਹਾਂ ਮਸਜਦਾਂ, ਮਕਬਰਿਆਂ ਅਤੇ ਕਬਰਾਂ ਤੋਂ ਇਲਾਵਾ ਜਿਹੜੀਆਂ ਇਮਾਰਤਾਂ ਹੋਰ ਬਚੀਆਂ ਸਨ ਜਾਂ ਬਚਾਈਆਂ ਗਈਆਂ ਸਨ ਤਾਂ ਇਹ ਸਨ, ਜਾਂ ਤਾਂ ਹਿੰਦੂਆਂ ਦੀਆਂ ਵੱਡੀਆਂ ਵੱਡੀਆਂ ਹਵੇਲੀਆਂ, ਸੇਠ ਟੋਡਰ ਮੱਲ ਦੀ ਜਹਾਜ਼ੀ ਹਵੇਲੀ, ਆਮ-ਖਾਸ ਬਾਗ ਵਿਚ ਖੜੇ ਸ਼ਾਹੀ ਮਹਿਲ, ਸਰਦ ਖਾਨਾ ਅਤੇ ਸ਼ਾਹੀ ਗੁਸ਼ਲਖਾਨਾ ਆਦਿ । ਇਹ ਕਿਉਂਕਿ ਵਜ਼ੀਰ ਖਾਨ ਦੀ ਜਾਇਦਾਦ ਨਹੀਂ ਸਨ ਇਸ ਲਈ ਇਨ੍ਹਾਂ ਨੂੰ ਤਬਾਹ ਨਹੀਂ ਕੀਤਾ ਗਿਆ ਸੀ । ਤਬਾਹੀ ਸਿਰਫ ਉਸੇ ਇਮਾਰਤ ਦੀ ਕੀਤੀ ਗਈ ਸੀ ਜਿਹੜੀ ਵਜ਼ੀਰ ਖਾਨ ਨਾਲ ਸਬੰਧਤ ਸੀ । 

ਇਕ ਗਲ ਬੜੀ ਦਿਲਚਸਪ ਹੈ ਕਿ ਜਦੋਂ ਬਹਾਦੁਰ ਸ਼ਾਹ ਬਾਦਸ਼ਾਹ ਪੰਜਾਬ ਵਿਚ ਆਇਆ ਸੀ ਅਤੇ ਆਪਣੇ ਅੰਤਮ ਸਮੇਂ ਫਰਵਰੀ, 1712 ਤਕ ਰਿਹਾ ਸੀ ਤਾਂ ਉਸ ਨੇ, ਅਖ਼ਬਾਰ-ਏ-ਦਰਬਾਰ-ਏ ਮੁਅੱਲਾ ਦੀ ਇਕ ਖ਼ਬਰ ਅਨੁਸਾਰ ਸਿੱਖਾਂ ਦੀ ਤਵਾਰੀਖ ਲਿਖਵਾਈ ਸੀ । ਜਦੋਂ ਇਹ ਲਿਖੀ ਹੋਈ ਤਵਾਰੀਖ਼ ਬਾਦਸ਼ਾਹ ਅੱਗੇ ਪੇਸ਼ ਕੀਤੀ ਗਈ ਸੀ ਤਾ ਇਸ ਦਾ ਸਾਰ ਅੰਸ਼ ਇਉਂ ਦੱਸਿਆ ਗਿਆ ਸੀ: 

“ਇਹ ਉਸ ਤਵਾਰੀਖ਼ ਵਿਚ ਲਿਖਿਆ ਗਿਆ ਸੀ ਜਿਹੜੀ ਬਾਦਸ਼ਾਹ ਨੂੰ ਲਿਖ ਕੇ ਪੇਸ਼ ਕੀਤੀ ਗਈ ਸੀ । ਇਹ ਵਜ਼ੀਰ ਖਾਨ ਦੀ ਬਰਬਾਦੀ ਬਾਰੇ ਸੀ । ਇਸ ਅਨੁਸਾਰ, ਖਾਲਸਾ ਜਲੰਧਰ ਵਲ ਆਇਆ ਅਤੇ ਆਪਣੀਆਂ ਲੁੱਟਾਂ-ਖੋਹਾਂ ਕਰਨ ਵਾਲੀਆਂ ਕਾਰਵਾਈਆਂ ਵਿਚ ਲੱਗ ਗਿਆ । ਇਸ ਗੜਬੜ ਨੂੰ ਰੋਕਣ ਲਈ ਵਜ਼ੀਰ ਖਾਨ ਨੇ ਆਪਣੀਆਂ ਫੌਜਾਂ ਭੇਜੀਆਂ । 

ਇਸ ਅਨੁਸਾਰ ਖਾਲਸੇ ਦਾ ਮੁਕਾਬਲਾ ਕਰਦੇ ਹੋਏ ਕਈ ਜਰਨੈਲ ਮਾਰੇ ਗਏ । ਸਿੱਖਾਂ ਦੇ ਦਿਲਾਂ ਵਿਚ ਵਜ਼ੀਰ ਖਾਨ ਦੇ ਵਿਰੁੱਧ ਬਹੁਤ ਹੀ ਜ਼ਿਆਦਾ ਨਫਰਤ ਭਰੀ ਹੋਈ ਸੀ ਜਿਸ ਨੇ ਗੁਰੂ ਗੋਬਿੰਦ ਸਿਘ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਮਾਰ ਦਿੱਤਾ ਸੀ । ਇਸ ਕਰਕੇ ਵਜ਼ੀਰ ਖਾਨ ਦੇ ਸਾਰੇ ਤਅਲੁਕੇ (ਪਰਾਂਤ) ਵਿਚ ਗੜਬੜ ਫੈਲ ਗਈ ਸੀ । ਵਜ਼ੀਰ ਖਾਨ ਆਪਣੇ ਆਪ ਨੂੰ ਸਰਹਿੰਦ ਵਿਖੇ ਸਿਰਫ ਧਨ ਅਤੇ ਫੌਜ ਦੇ ਸਹਾਰੇ ਹੀ ਰੱਖ ਰਿਹਾ ਸੀ । ਫਸਾਦੀ ਜ਼ਿਮੀਂਦਾਰ (ਮਾਲਵੇ ਦੇ ਸਰਦਾਰ) ਬਗਾਵਤ ਕਰਨ ਦੇ ਅਤੇ ਲੁੱਟਾਂ-ਖੋਹਾਂ ਕਰਨ ਦੇ ਆਦੀ ਸਨ । ਉਹ ਪਰਗਾਨਿਆਂ ਨੂੰ ਲੁੱਟ ਰਹੇ ਸਨ ਅਤੇ ਇਸ ਸਭ ਕੁਝ ਨੂੰ ਉਹ ਖਾਲਸਾ ਸਿੱਖਾਂ ਦੇ ਸਿਰ ਉਪਰ ਥੱਪ ਰਹੇ ਸਨ । ਇਹ ਕਿਹਾ ਜਾਂਦਾ ਹੈ ਕਿ ਇਕ ਲੱਖ ਘੋੜ-ਸੁਆਰ ਅਤੇ ਪੈਦਲ ਆਦਮੀ ਉਨ੍ਹਾਂ ਨਾਲ ਇਕੱਠੇ ਹੋਏ ਖੜੇ ਹਨ । ਇਸ ਗੱਲ ਨੂੰ ਬੜਾਵਾ ਦੇਣ ਲਈ ਕਦੇ ਉਹ ਇਹ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਖੁਦ ਆ ਗਏ ਹਨ ਅਤੇ ਕਈ ਵਾਰ ਇਹ ਕਹਿੰਦੇ ਹਨ ਕਿ ਉਨ੍ਹਾਂ ਨਾਲ ਇਕ ਮੁਸਲਿਮ ਫਕੀਰ ਵੀ ਆ ਮਿਲਿਆ ਹੈ । ਇਹ ਆਪਣੇ ਲੋਕਾਂ ਨੂੰ ਲੜਾਈ ਦੀਆਂ ਕਾਰਵਾਈਆਂ ਵਿਚ ਨਿਪੁੰਨ ਬਣਾਉਣ ਲਈ ਸਿੱਖਿਆ ਦੇ ਰਹੇ ਹਨ । 

ਇਹ ਵਾਰਤਾ ਸੁਣਨ ਉਪਰੰਤ ਬਾਦਸ਼ਾਹ ਨੇ ਉੱਤਰ ਦੇ ਰੂਪ ਵਿਚ ਇਹ ਕਿਹਾ ਸੀ ਕਿ ‘ਜੇਕਰ ਵਜ਼ੀਰ ਖਾਨ ਬਾਗੀ ਗੁਰੂ (ਬੰਦਾ ਸਿੰਘ) ਨਾਲ ਲੜਨ ਦੀ ਸਥਿਤੀ ਵਿਚ ਨਹੀਂ ਸੀ ਤਾਂ ਉਸ ਨੂੰ ਉਸ ਨਾਲ ਲੜਨਾ ਨਹੀਂ ਸੀ ਚਾਹੀਦਾ । ਵਜ਼ੀਰ ਖਾਨ ਖਾਹ-ਮੁਖਾਹ ਹੀ ਮਾਰਿਆ ਗਿਆ ਹੈ । ਇਸ ਨਾਲ ਪਰਾਂਤ ਦਾ ਸਾਰਾ ਮੁਆਮਲਾ ਖਤਮ ਹੋ ਗਿਆ । “ 

ਸਰਹਿੰਦ ਦੀ ਲੜਾਈ ਬਾਅਦ ਸਰਹਿੰਦ ਸ਼ਹਿਰ ਤਾਂ ਉਜੜਿਆ ਹੀ ਉਜੜਿਆ ਸੀ । ਇਸ ਤੋਂ ਬਾਅਦ ਵਜ਼ੀਰ ਖਾਨ ਦੇ ਪਰਿਵਾਰ ਦਾ ਵੀ ਬੁਰਾ ਹਾਲ ਹੋ ਗਿਆ ਸੀ । ਇਸ ਤਰ੍ਹਾਂ ਦੀਆਂ ਕੁਝ ਖਬਰਾਂ ਅਖ਼ਬਾਰ-ਏ-ਦਰਬਾਰ-ਏ-ਮੁਅੱਲਾ ਵਿਚ ਹਨ । ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਵਜ਼ੀਰ ਖਾਨ ਦੀ ਪਤਨੀ ਅਤੇ ਇਕ ਪੁੱਤਰ ਅਤੇ ਭਤੀਜੇ ਦੀ ਹਾਲਤ ਮੰਗ ਕੇ ਖਾਣ ਵਾਲੀ ਹੋ ਗਈ ਸੀ । ਇਸ ਦੀ 15 ਅਪਰੈਲ, 1711 (ਦਿਨ ਐਤਵਾਰ) ਦੀ ਖ਼ਬਰ ਵਿਚ ਦੱਸਿਆ ਗਿਆ ਹੈ ਕਿ “ਮਰ ਚੁੱਕੇ ਵਜ਼ੀਰ ਖਾਨ ਦੀ ਵਿਧਵਾ ਪਤਨੀ ਖੈਰ-ਉਲ-ਨਿਸ਼ਾ ਬਾਦਸ਼ਾਹ ਦੇ ਹਜ਼ੂਰ ਪੇਸ਼ ਹੋਈ ਅਤੇ ਆਪਣੇ ਨਿਰਬਾਹ ਵਾਸਤੇ ਕੋਈ ਮਦਦ ਦੇਣ ਦੀ ਬੇਨਤੀ ਕੀਤੀ । ਬਾਦਸ਼ਾਹ ਨੇ ਹੁਕਮ ਦਿੱਤਾ ਕਿ ਇਸ ਨੂੰ ਪੰਜ ਰੁਪਏ ਰੋਜ਼ਾਨਾ ਦਾ ਭੱਤਾ ਦਿੱਤਾ ਜਾਵੇ ਅਤੇ ਇਹ ਖਰਚਾ ਬਟਾਲੇ ਦੇ ਖ਼ਜ਼ਾਨੇ ਵਿਚੋਂ ਦਿੱਤਾ ਜਾਵੇ । ਉਸ ਨੇ ਇਹ ਵੀ ਕਿਹਾ ਕਿ ਅੱਗੇ ਤੋਂ ਵਜ਼ੀਰ ਖਾਨ ਨੂੰ ਸ਼ਹੀਦ ਕਿਹਾ ਜਾਵੇ ।” 

ਵਜ਼ੀਰ ਖਾਨ ਦੇ ਪਰਿਵਾਰ ਦੀ ਹਾਲਤ ਸਰਹਿੰਦ ਦੀ ਹਾਰ ਤੋਂ ਬਾਅਦ ਕਿਹੋ ਜਿਹੀ ਹੋ ਗਈ ਸੀ ਇਸ ਬਾਰੇ ਵਜ਼ੀਰ ਖਾਨ ਦੇ ਭਤੀਜੇ ਬਾਰੇ ਜੂਨ 10, 1710 ਦੀ ਇਕ ਖ਼ਬਰ ਵਿਚ ਇਉਂ ਦੱਸਿਆ ਗਿਆ ਹੈ । “ਬਾਦਸ਼ਾਹ ਸਲਾਮਤ ਨੇ ਹੁਕਮ ਦਿੱਤਾ ਹੈ ਕਿ ਲਾਹੌਰ ਪਰਾਂਤ ਦੇ ਮੁਤਸੱਦੀਆਂ ਨੂੰ ਪੱਤਰ ਲਿਖ ਕੇ ਕਿਹਾ ਜਾਵੇ ਕਿ ਮੁਹੰਮਦ ਤਕੀ, ਸਵਰਗੀ ਵਜ਼ੀਰ ਖਾਨ ਦੇ ਭਤੀਜੇ ਨੂੰ ਤਿੰਨ ਹਜ਼ਾਰ ਰੁਪਏ ਦਿੱਤੇ ਜਾਣ ਤਾਂ ਕਿ ਉਹ ਆਪਣੇ ਰਸਤੇ ਵਿਚਲਾ ਖਰਚਾ ਕਰ ਸਕੇ ਅਤੇ ਉਸ ਨੂੰ ਇਹ ਵੀ ਹਦਾਇਤ ਕਰ ਦਿੱਤੀ ਜਾਵੇ ਕਿ ਉਹ ਆਪਣੇ ਆਪ ਨੂੰ ਬਾਦਸ਼ਾਹ ਅੱਗੇ ਪੇਸ਼ ਕਰੇ ।” 

ਜੋ ਖ਼ਜ਼ਾਨਾ ਸਰਹਿੰਦ ਨੂੰ ਜਿੱਤਣ ਬਾਅਦ ਸਰਹਿੰਦ ਵਿਚੋਂ ਸਿੰਘਾਂ ਦੇ ਹੱਥ ਲੱਗਿਆ ਸੀ ਉਸ ਬਾਰੇ ਅਖ਼ਬਾਰ-ਏ-ਦਰਬਾਰ-ਏ-ਮੁਅੱਲਾ ਦੀ ਇਕ ਖ਼ਬਰ ਵਿਚ ਇਉਂ ਦੱਸਿਆ ਗਿਆ ਹੈ: “ਅਤੇ ਸਰਹਿੰਦ ਦੇ ਖ਼ਜ਼ਾਨੇ ਦਾ ਕੀ ਬਣਿਆ? ਇਸ ਬਾਰੇ ਸ਼ਹਿਰ ਦੇ ਸ਼ਾਹੂਕਾਰਾਂ ਤੋਂ ਪਤਾ ਲਗਿਆ ਹੈ ਕਿ ਦੁਆਬੇ ਦੀ ਤਹਸੀਲ ਵਿਚੋਂ ਕੋਈ ਮੁਆਮਲਾ ਇਕੱਠਾ ਨਹੀਂ ਹੋਇਆ । ਸਿੱਖਾਂ ਨੇ ਸਾਰੀ ਜਿਣਸ ਦਾ ਸਰਕਾਰੀ ਹਿੱਸਾ ਵਸੂਲ ਕਰ ਲਿਆ ਹੈ ਅਤੇ ਇਸ ਨੂੰ ਸਿੱਖ ਦਾਬੜ (ਲੋਹਗੜ੍ਹ ਦੇ ਕਿਲ੍ਹੇ-ਮੁਖਲਿਸਪੁਰ) ਵਿਚ ਲੈ ਗਏ ਹਨ ਜਿੱਥੇ ਕਿ ਉਨ੍ਹਾਂ ਦੀ ਰਿਹਾਇਸ਼ ਹੈ । ਇਕ ਦਿਨ ਉਹ (ਸਿੱਖ) ਤਿੰਨ ਸੌ ਗੱਡੇ ਭਰ ਕੇ ਲੈ ਕੇ ਗਏ ਸਨ ਅਤੇ ਕਿਸੇ ਨੇ ਵੀ ਉਨ੍ਹਾਂ ਨੂੰ ਰਸਤੇ ਵਿਚ ਰੋਕਿਆ ਨਹੀਂ ।” 

ਖਾਲਸਾ ਰਾਜ ਦੀ ਸਥਾਪਨਾ ਦਾ ਐਲਾਨ 

ਖਾਲਸੇ ਦੀ ਹਕੂਮਤ ਤਾਂ ਭਾਵੇਂ ਬੰਦਾ ਸਿੰਘ ਬਹਾਦੁਰ ਨੇ ਨਵੰਬਰ, 1709 ਵਿਚ ਸਮਾਣੇ ਨੂੰ ਜਿੱਤਣ ਬਾਅਦ ਹੀ ਕਾਇਮ ਕਰ ਦਿੱਤੀ ਸੀ ਜਦੋਂ ਕਿ ਉਸ ਨੇ ਖਾਲਸਾ ਪੰਚਾਇਤ ਬਣਾ ਕੇ ਸਰਦਾਰ ਫਤਿਹ ਸਿੰਘ ਨੂੰ ਸਮਾਣੇ ਦਾ ਗਵਰਨਰ ਬਣਾ ਦਿੱਤਾ ਸੀ । ਪਹਿਲੀ ਹਕੂਮਤ ਨੂੰ ਉਲਟਾ ਕੇ; ਆਪਣੇ ਹੀ ਅਧਿਕਾਰੀਆਂ ਨਾਲ ਨਵੀਂ ਹਕੂਮਤ ਕਾਇਮ ਕਰਨ ਨੂੰ ਹੀ ਰਾਜ-ਭਾਗ ਦੀ ਸਥਾਪਨਾ ਕਿਹਾ ਜਾਂਦਾ ਹੈ । ਇਸ ਹਿਸਾਬ ਨਾਲ ਤਾਂ ਸਮਾਣੇ ਵਿਖੇ ਹੀ ਖਾਲਸਾ ਰਾਜ ਦੀ ਸਥਾਪਨਾ ਦੀ ਸ਼ੁਰੂਆਤ ਹੋ ਗਈ ਸੀ । ਪਰ ਕਿਉਂਕਿ ਸਮਾਣਾ ਉਸ ਸਮੇਂ ਪਰਾਂਤ ਦੀ ਰਾਜਧਾਨੀ ਨਹੀਂ ਸੀ ਸਗੋਂ ਇਕ ਪਰਗਨੇ ਦਾ ਹੀ ਕੇਂਦਰ ਸੀ ਇਸ ਲਈ ਸਮਾਣੇ ਵਿਚ ਹਕੂਮਤ ਦੇ ਪਲਟਣ ਨਾਲ ਸਿਰਫ ਸਥਾਨਕ ਕਿਸਮ ਦਾ ਹੀ ਬਦਲਾਅ ਆਇਆ ਸੀ । ਸਰਹਿੰਦ, ਪਰਾਂਤ ਦੀ ਰਾਜਧਾਨੀ ਸੀ । ਜਦੋਂ ਸਰਹਿੰਦ ਵਿਚੋਂ ਮੁਗਲ ਰਾਜ ਖ਼ਤਮ ਕੀਤਾ ਗਿਆ ਤਾਂ ਇਸ ਨਾਲ ਸਮੁੱਚੇ ਪਰਾਤ ਵਿਚੋਂ ਮੁਗਲ ਹਕੂਮਤ ਖ਼ਤਮ ਕਰ ਦਿੱਤੀ ਗਈ ਸੀ । ਜਿਨ੍ਹਾਂ ਪਰਗਨ੍ਹਿਆਂ ਦੇ ਮੁਖੀ ਚੱਪੜ-ਚਿੜੀ ਦੀ ਲੜਾਈ ਵਿਚ ਹਾਜ਼ਰ ਸਨ, ਉਨ੍ਹਾਂ ਦੀ ਕਿਸਮਤ ਦਾ ਫੈਸਲਾ ਤਾਂ 22 ਮਈ ਨੂੰ ਹੀ ਹੋ ਗਿਆ ਸੀ । ਜਿਨ੍ਹਾਂ ਪਰਗਨਿਆਂ ਦੇ ਮੁਖੀ ਇਸ ਲੜਾਈ ਵਿਚ ਸ਼ਾਮਲ ਨਹੀਂ ਸਨ ਉਨ੍ਹਾਂ ਵਿਚੋਂ ਕਈ ਤਾਂ ਲੜਾਈ ਦੇ ਬਾਅਦ ਬੰਦਾ ਸਿੰਘ ਬਹਾਦਰ ਸਾਹਮਣੇ ਸਮਰਪਣ ਕਰਨ ਲਈ ਆ ਗਏ ਸਨ ਅਤੇ ਕਈਆਂ ਨੂੰ ਬਾਅਦ ਵਿਚ ਸੋਧ ਦਿਤਾ ਗਿਆ ਸੀ । ਇਸ ਲਈ ਸਰਹਿੰਦ ਦੀ ਜਿੱਤ ਬਾਅਦ ਸਮੁੱਚੇ ਪਰਾਂਤ ਵਿਚ ਖਾਲਸਾ ਰਾਜ ਅਮਲੀ ਰੂਪ ਵਿਚ ਸਥਾਪਤ ਹੋ ਗਿਆ ਸੀ । 

ਵਿਲਿਅਮ ਇਰਵਿਨ ਦੇ ਅਨੁਸਾਰ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਨੂੰ ਹੀ ਕੇਂਦਰ ਮੰਨ ਕੇ ਆਲੇ-ਦੁਆਲੇ ਦੇ ਖੇਤਰਾਂ ਵਿਚ ਸੈਨਿਕ ਮੁਹਿੰਮਾ ਭੇਜੀਆਂ ਗਈਆਂ ਸਨ । ‘ ਸਰਹਿੰਦ ਸ਼ਹਿਰ ਵਿਚ ਅਮਨ-ਅਮਾਨ ਕਾਇਮ ਕਰਕੇ ਬੰਦਾ ਸਿੰਘ ਬਹਾਦਰ ਨੇ ਬਾਗ-ਏ-ਹਾਫਜੀ ਵਿਚ ਪਹਿਲਾ ਖਾਲਸਾ ਦਰਬਾਰ ਲਗਾਇਆ । ਬਾਗ-ਏ-ਹਾਫ਼ਜੀ ਦਾ ਮੌਜੂਦਾ ਰੂਪ ਆਮ-ਖਾਸ ਬਾਗ ਹੈ । ਆਮ-ਖਾਸ ਬਾਗ ਨਾਂ ਪਟਿਆਲਾ ਰਿਆਸਤ ਦੇ ਮਹਾਰਾਜਿਆਂ ਸਮੇਂ ਪਰਚੱਲਤ ਹੋਇਆ ਸੀ । ਮੁਗਲਾਂ ਸਮੇਂ ਇਸ ਦਾ ਨਾਂ ਬਾਗ-ਏ-ਹਾਫ਼ਜ਼ੀ ਸੀ । ਕਿਉਂਕਿ ਇਸ ਬਾਗ ਦੀ ਤਾਮੀਰ ਹਿਰਾਤ ਦੇ ਹਾਫ਼ਿਜ਼ ਰੱਖਣਾ ਨੇ ਕਰਵਾਈ ਸੀ । ਉਸੇ ਦੇ ਨਾਂ ਤੇ ਹੀ ਇਸ ਬਾਗ ਦਾ ਨਾਂ ਬਾਗ-ਏ-ਹਾਫਿਜ਼ ਰੱਖਿਆ ਗਿਆ ਸੀ । 

ਇਸ ਦਰਬਾਰ ਵਿਚ ਪਹਿਲਾਂ ਐਲਾਨ ਹੀ ਇਹ ਕੀਤਾ ਗਿਆ ਸੀ ਕਿ ਸਰਹਿੰਦ ਦੇ ਪਰਾਂਤ ਵਿਚੋਂ ਮੁਗਲ ਸਾਮਰਾਜ ਨੂੰ ਉਲਟਾ ਦਿੱਤਾ ਗਿਆ ਹੈ ਅਤੇ ਇਥੇ ਖਾਲਸਾ ਰਾਜ ਸਥਾਪਤ ਕਰ ਦਿੱਤਾ ਗਿਆ ਹੈ । ਫਤੂਹਤਨਾਮਾ-ਏ-ਸਮਦੀ ਵਿਚ ਦੱਸਿਆ ਗਿਆ ਹੈ ਕਿ ਥਾਨੇਸਰ ਤੋਂ ਪਰੇ ਦਿੱਲੀ ਨੂੰ ਜਾਣ ਵਾਲੇ ਸ਼ਾਹ-ਰਾਹ (ਜੀ.ਟੀ. ਰੋਡ) ਉਪਰ ਇਕ ਥੰਮ ਉਪਰ ਇਹ ਲਿਖ ਕੇ ਲਗਾ ਦਿਤਾ ਗਿਆ ਸੀ ਕਿ ਇਸ ਖੇਤਰ ਵਿਚ ਖਾਲਸੇ ਦਾ ਰਾਜ ਸਥਾਪਤ ਹੋ ਗਿਆ ਹੈ । ਬਾਦਸ਼ਾਹ ਇਧਰ ਆਉਣ ਦੀ ਹਿਮਾਕਤ ਨਾ ਕਰੇ ।” ਇਸ ਥੰਮ ਦੀ ਅਤੇ ਇਬਾਰਤ ਦੀ ਚਰਚਾ ਮੁਗਲ ਦਰਬਾਰ ਵਿਚ ਬਹੁਤ ਹੋਈ ਸੀ । 

ਦੂਸਰਾ ਐਲਾਨ ਇਹ ਕੀਤਾ ਗਿਆ ਸੀ ਕਿ ਜ਼ਮੀਨ ਸਿਰਫ ਹਲਵਾਹਕ ਕਿਸਾਨ ਦੀ ਹੈ । ਇਸ ਦਾ ਦੂਜਾ ਭਾਵ ਇਹ ਸੀ ਕਿ ਜਿਹੜਾ ਜਮੀਨ ਨੂੰ ਵਾਹੁੰਦਾ ਅਤੇ ਬੀਜਦਾ ਹੈ ਉਹ ਹੀ ਉਸ ਜ਼ਮੀਨ ਦਾ ਮਾਲਕ ਹੈ । ਜਾਗੀਰਦਾਰ ਜ਼ਮੀਨ ਦਾ ਮਾਲਕ ਨਹੀਂ ਹੈ । ਉਸ ਜਮੀਨ ਵਿਚ ਖੇਤੀ ਕਰਨ ਵਾਲੇ ਮੁਜਾਰੇ ਹੀ ਉਸ ਜ਼ਮੀਨ ਦੇ ਅਸਲ ਮਾਲਕ ਹੋਣਗੇ । ਜਿੰਨੀ ਵੀ ਖਾਲਸਾ ਜ਼ਮੀਨ ਸੀ ਉਹ ਸਾਰੀ ਦੀ ਸਾਰੀ ਹਲਵਾਹਕ ਮੁਜਾਰਿਆਂ ਵਿਚ ਵੰਡ ਦਿੱਤੀ ਗਈ ਸੀ । ਖਾਲਸਾ ਜ਼ਮੀਨ ਉਸ ਜਮੀਨ ਨੂੰ ਕਿਹਾ ਜਾਂਦਾ ਸੀ ਜਿਹੜੀ ਸਿੱਧੀ ਬਾਦਸ਼ਾਹ ਦੀ ਆਪਣੀ ਮਲਕੀਅਤ ਹੁੰਦੀ ਸੀ । ਸਢੌਰੇ ਦੇ ਆਲੇ-ਦੁਆਲੇ ਮੁਖਲਿਸਪੁਰ ਦੇ ਵਿਸ਼ਾਲ ਜੰਗਲ ਬਾਦਸ਼ਾਹਾਂ ਲਈ ਸ਼ਿਕਾਰ ਖੇਡਣ ਵਾਸਤੇ ਰੀਜਰਵ ਰੱਖੇ ਹੋਏ ਸਨ । ਇਹ ਸਾਰਾ ਜੰਗਲ ਕਾਮੇ ਲੋਕਾਂ ਲਈ ਲੱਕੜਾਂ ਕੱਟਣ ਲਈ ਅਤੇ ਰਹਿਣ ਲਈ ਖੋਲ੍ਹ ਦਿੱਤਾ ਗਿਆ ਸੀ । ਇਉਂ ਜਿੰਨੀਆਂ ਵੀ ਜਾਗੀਰਾਂ ਵਾਲੀਆਂ ਜ਼ਮੀਨਾਂ ਸਨ ਜਾਂ ਖਾਲਸਾ ਜ਼ਮੀਨਾਂ ਸਨ ਜਾਂ ਸਰਕਾਰੀ ਰੱਖਾਂ ਸਨ ਉਹ ਸਭ ਹਲਵਾਹਕ ਕਿਸਾਨਾਂ, ਕਾਮਿਆਂ ਅਤੇ ਮਜ਼ਦੂਰਾਂ ਲਈ ਖੁੱਲ੍ਹੀਆਂ ਰੱਖ ਦਿੱਤੀਆਂ ਗਈਆਂ ਸਨ । ਪਿੰਡਾਂ ਵਿਚੋਂ ਗਰੀਬ ਕੰਮੀ ਲੋਕ ਧੜਾ-ਧੜਾ ਬੰਦਾ ਸਿੰਘ ਬਹਾਦਰ ਪਾਸ ਪਹੁੰਚਣ ਲਗ ਪਏ ਸਨ ਅਤੇ ਉਹ ਬੰਦਾ ਸਿੰਘ ਕੋਲੋ ਕਿਸੇ ਨਾ ਕਿਸੇ ਤਰ੍ਹਾਂ ਦਾ ਹੁਕਮ ਜਾ ਪਟਾ ਹਾਸਲ ਕਰ ਕੇ ਮੁੜਦੇ ਸਨ । ਵਿਲਿਅਮ ਇਰਵਿਨ ਇਸ ਗੱਲ ਬਾਰੇ ਲਿਖਦਾ ਹੋਇਆ ਬੜੇ ਸਪਸ਼ਟ ਸ਼ਬਦਾਂ ਵਿਚ ਦਸਦਾ ਹੈ ਕਿ ‘ਸਿੱਖਾਂ ਰਾਹੀਂ ਕਬਜ਼ਾ ਕੀਤੇ ਗਏ ਸਾਰੇ ਪਰਗਨਿਆਂ ਵਿਚ ਪਹਿਲੀ ਸਰਕਾਰ ਦੇ ਨਿਯਮਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ ਸੀ । ਭਾਰਤੀ ਸਮਾਜ ਵਿਚ ਜੋ ਵੀ ਨੀਚ ਤੋਂ ਨੀਚ ਜਾਤੀ ਦਾ ਚਮਿਆਰ ਜਾਂ ਭੰਗੀ ਵੀ ਹੁੰਦਾ ਸੀ, ਆਪਣੇ ਘਰੋਂ ਚੱਲ ਕੇ ਜਦੋਂ ਬਾਗੀ ਗੁਰੂ (ਬੰਦਾ ਸਿੰਘ) ਪਾਸ ਪਹੁੰਚਦਾ ਸੀ ਤਾਂ ਉਹ ਥੋੜ੍ਹੇ ਹੀ ਸਮੇਂ ਵਿਚ ਆਪਣੇ ਪਿੰਡ ਦਾ ਹਾਕਮ ਬਣਨ ਦੇ ਹੁਕਮ ਆਪਣੇ ਹੱਥ ਵਿਚ ਲੈ ਕੇ ਹੀ ਆਪਣੇ ਪਿੰਡ ਪਹੁੰਚਦਾ ਸੀ । ਇਸ ਤਰ੍ਹਾਂ ਦੇ ਹੁਕਮਾਂ ਲਾਲ ਲੈਸ ਹੋਇਆ ਉਹ ਨੀਚ ਭੰਗੀ ਵੀ ਜਦ ਆਪਣੇ ਪਿੰਡ ਵਿਚ ਪਹੁੰਚਦਾ ਸੀ ਤਾਂ ਉਸੇ ਪਿੰਡ ਦੇ ਜੱਦੀ ਉੱਚੀ ਕੁਲ ਵਾਲੇ ਚੌਧਰੀ ਉਸ ਪਿੰਡ ਦੀਆਂ ਹੱਦਾਂ ਤੋਂ ਬਾਹਰ ਤੱਕ ਉਸ ਦਾ ਸੁਆਗਤ ਕਰਨ ਲਈ ਪਹੁੰਚੇ ਹੁੰਦੇ ਸਨ ਅਤੇ ਉਹ ਉੱਚੀ-ਕੁਲ ਦੇ ਲੋਕ ਉਸ ਨੀਚ ਆਦਮੀ ਨੂੰ ਜਲੂਸ ਦੀ ਸ਼ਕਲ ਵਿਚ ਲੈ ਕੇ ਆਉਂਦੇ ਸਨ । ਪਿੰਡ ਪਹੁੰਚ ਕੇ ਉਹ ਉਸ ਨਵੇਂ ਬਣੇ ਹਾਕਮ ਦੇ ਸਾਹਮਣੇ ਹੱਥ ਬੰਨ ਕੇ ਉਸ ਦੇ ਨਵੇਂ ਹੁਕਮਾਂ ਨੂੰ ਉਡੀਕਦੇ ਰਹਿੰਦੇ ਸਨ ।’ 

ਇਉਂ ਬੰਦਾ ਸਿੰਘ ਬਹਾਦੁਰ ਦੇ ਪਹਿਲੇ ਹੁਕਮਾਂ ਅਨੁਸਾਰ ਹੀ ਸਾਰੇ ਪੰਜਾਬ ਵਿਚ ਇਨਕਲਾਬ ਆ ਗਿਆ ਸੀ । ਬੰਦਾ ਸਿੰਘ ਕੋਲੋਂ ਉਹ ਲੋਕ ਸੰਭਾਲੇ ਨਹੀਂ ਸੀ ਜਾਂਦੇ । ਬੇਅੰਤ ਮੁਲਖਈਆ ਬੰਦਾ ਸਿੰਘ ਦੀ ਅਗਵਾਈ ਹੇਠ ਲੜਨ ਲਈ ਇਕੱਠਾ ਹੋ ਰਿਹਾ ਸੀ । 

ਖਾਲਸਾ ਰਾਜ ਦੀ ਸਥਾਪਤੀ ਨੂੰ ਪਕੇਰੇ ਰੂਪ ਵਿਚ ਸਥਿਰ ਰੱਖਣ ਲਈ ਬੰਦਾ ਸਿੰਘ ਬਹਾਦਰ ਨੇ ਉਹ ਮੋਹਰਾਂ ਅਤੇ ਸਿੱਕੇ ਜਾਰੀ ਕਰਵਾਏ ਜਿਹੜੇ ਖਾਲਸੇ ਦੀ ਹਕੂਮਤ ਦੇ ਹੁਕਮਾਂ ਉਪਰ ਲਗਾਈਆਂ ਜਾਣੀਆਂ ਸਨ । ਸਿੱਕੇ ਤਾਂ ਬਾਹਰ ਬਜ਼ਾਰਾਂ ਵਿਚ ਮੁਗਲ ਹਕੂਮਤ ਦੇ ਵੀ ਚਲਦੇ ਸਨ ਪਰ ਇਨ੍ਹਾਂ ਦੇ ਨਾਲ ਨਾਲ ਖਾਲਸਾ ਰਾਜ ਦੇ ਸਿੱਕੇ ਵੀ ਪਰਚੱਲਤ ਕੀਤੇ ਗਏ ਸਨ । ਵਿਦਵਾਨਾਂ ਅਤੇ ਕਾਰੀਗਰਾਂ ਨੂੰ ਇਸ ਗੱਲ ਲਈ ਬੁਲਾਇਆ ਗਿਆ ਕਿ ਉਹ ਐਸੀਆਂ ਇਬਾਰਤਾਂ ਤਿਆਰ ਕਰਨ ਜਿਨਾਂ ਰਾਹੀਂ ਦਸ ਗੁਰੂ ਸਾਹਿਬਾਨ ਅਤੇ ਖਾਲਸਾ ਸੰਸਥਾਵਾਂ ਦਾ ਜ਼ਿਕਰ ਸਾਹਮਣੇ ਆ ਸਕੇ । ਕਾਰੀਗਰਾਂ ਨੂੰ ਆਦੇਸ਼ ਸਨ ਕਿ ਉਹ ਇਨ੍ਹਾਂ ਇਬਾਰਤਾਂ ਨੂੰ ਅਰਬੀ ਵਿਚ ਸਿੱਕਿਆਂ ਅਤੇ ਮੋਹਰਾਂ ਉਪਰ ਪੂਰੀ ਨਿਪੁੰਨਤਾ ਨਾਲ ਠੱਪਣ । ਇਸ ਤਰ੍ਹਾਂ ਖਾਲਸੇ ਦੀ ਰਾਇ ਲੈਣ ਬਾਅਦ ਜੋ ਪਹਿਲੀ ਇਬਾਰਤ ਤਿਆਰ ਕੀਤੀ ਗਈ ਸੀ ਉਹ ਉਸ ਤਰ੍ਹਾਂ ਸੀ : 

ਜ਼ਰਬ ਬ ਅਮਾਨ ਦਹਿਰ ਮੁਸੱਵਰਤ ਸ਼ਹਿਰ ॥  ਜ਼ੀਨਤ-ਅਲ-ਤਖ਼ਤ-ਖਾਲਸਾ ਮੁਬਾਰਖ਼ ਵਖ਼ਤ ॥ 

ਇਸ ਦੇ ਅਰਥ ਹਨ: “ਸ਼ਾਂਤੀ ਦੇ ਅਸਥਾਨ ਤੋਂ ਅਤੇ ਖੁਬਸੂਰਤ ਸ਼ਹਿਰ ਚੋਂ, ਖਾਲਸੇ ਦੀ ਬਹੁਤ ਹੀ ਉੱਚੀ ਸ਼ਾਨ ਵਾਲੇ ਤਖ਼ਤ ਤੋਂ ਭਾਗਾਂ ਭਰੇ ਸਮੇਂ ਜਾਰੀ ਕੀਤਾ ਗਿਆ ।” 

ਇਹ ਮੋਹਰ ਦੀ ਇਬਾਰਤ ਸੀ । ਇਸ ਮੋਹਰ ਨੂੰ ਉਕਤ ਸ਼ਬਦਾਂ ਮੁਤਾਬਕ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਨੂੰ ਸਮਰਪਤ ਕੀਤਾ ਗਿਆ ਸੀ । ਭਾਵੇਂ ਇਸ ਤਰ੍ਹਾਂ ਦੇ ਅਰਥ-ਭਾਵ ਅਜੇ ਤਕ ਡਾ. ਗੰਡਾ ਸਿੰਘ ਜੈਸੇ ਇਤਿਹਾਸਕਾਰਾਂ ਵਲੋਂ ਨਹੀਂ ਦਿੱਤੇ ਗਏ । ਹਾਲਾਂਕਿ ਉਨ੍ਹਾਂ ਨੇ ਬੰਦਾ ਸਿੰਘ ਦੇ ਸਿੱਕਿਆਂ ਦੀਆਂ ਇਬਾਰਤਾਂ ਬਾਰੇ ਸਭ ਤੋਂ ਪਹਿਲਾਂ ਲਿਖਿਆ ਹੈ । ਸਿਰਫ ਸੁਰਿੰਦਰ ਸਿੰਘ ਨੇ ਹੀ ਪਹਿਲੀ ਵਾਰ ਆਪਣੀ ਪੁਸਤਕ’ ਵਿਚ ਹੀ ਇਸ ਤਰ੍ਹਾਂ ਦੀ ਇਬਾਰਤ ਬਾਰੇ ਦੱਸਿਆ ਹੈ। ਇਨ੍ਹਾਂ ਸਤਰਾਂ ਦੇ ਲਿਖਾਰੀ ਨੇ ਵੀ ਖੁਦ ਨਿਸ਼ਚਤ ਕਰਨ ਲਈ ਕਈ ਅਰਬੀ-ਫਾਰਸੀ ਜਾਣਨ ਵਾਲੇ ਵਿਦਵਾਨਾਂ ਕੋਲੋਂ ਉਕਤ ਕਿਤਾਬ ਵਿਚ ਦਿੱਤੇ ਗਏ ਸਿੱਕਿਆਂ ਦੀ ਤਸਵੀਰ ਉਪਰ ਉਕਰੀ ਹੋਈ ਇਬਾਰਤ ਪੜ੍ਹਾਈ ਹੈ । ਇਸ ਤਰ੍ਹਾਂ ਉਕਤ ਦਿੱਤੀ ਗਈ ਇਬਾਰਤ ਹੀ ਸਹੀ ਸਾਬਤ ਹੋਈ ਹੈ । ਇਸੇ ਤਰ੍ਹਾਂ 

ਇਕ ਮੋਹਰ ਦੀ ਇਬਾਰਤ ਇਸ ਤਰ੍ਹਾਂ ਰੱਖੀ ਗਈ ਸੀ : 

ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗਿ ਨਾਨਕ ਵਾਹਿਬ ਅਸਤ ॥  ਫਤਹਿ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫਜ਼ਲਿ ਸੱਚਾ ਸਾਹਿਬ ਅਸਤ ॥ 

ਇਸ ਦੇ ਅਰਥ ਹਨ : “ਗੁਰੂ ਨਾਨਕ ਅਤੇ ਸ਼ਾਹਾਂ ਦੇ ਸ਼ਹਿਨਸ਼ਾਹ, ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਖ਼ਸ਼ੀ ਹੋਈ ਤੇਗ ਦੀ ਤਾਕਤ ਨਾਲ ਦੋਵੇਂ ਜਹਾਨਾਂ ਵਿਚ ਇਹ ਸਿੱਕਾ ਜਾਰੀ ਕੀਤਾ ਗਿਆ ।” 

ਇਸ ਇਬਾਰਤ ਦੀ ਜਾਣਕਾਰੀ ਸਾਨੂੰ ਮੀਰ ਮੁਹੰਮਦ ਐਹਸਨ ਈਜਾਦ ਦੀ ਲਿਖਤ ਵਿਚੋਂ ਮਿਲਦੀ ਹੈ ਜਿਸ ਨੂੰ ਵਿਲਿਅਮ ਇਰਵਿਨ ਨੇ ਵੀ ਹਵਾਲੇ ਵਜੋਂ ਦਿੱਤਾ ਹੈ। ਅਖ਼ਬਾਰ-ਏ-ਦਰਬਾਰ-ਏ-ਮੁਅੱਲਾ ਵਿਚ ਇਸ ਇਬਾਰਤ ਬਾਰੇ ਜਾਣਕਾਰੀ ਦਿੱਤੀ ਗਈ ਹੈ। 

ਉਹ ਇਸ ਤਰ੍ਹਾਂ ਹੈ: 

ਅਜ਼ਮਤਿ ਨਾਨਕ ਗੁਰੂ ਹਮ ਜ਼ਾਹਿਰੋ ਹਮ ਬਾਤਨ ਅਸਤ ॥ ਪਾਦਸ਼ਾਹਿ ਦੀਨ-ਓ-ਦੁਨੀਆਂ ਅਪ ਸੱਚਾ ਸਾਹਿਬ ਅਸਤ ॥ 

ਇਸ ਦਾ ਭਾਵ ਹੈ: 

“ਗੁਰੂ ਨਾਨਕ ਦੀ ਅਜ਼ਮਤ (ਵਡਿਆਈ) ਉਸ ਦੇ ਸ਼ਬਦ ਰਾਹੀਂ ਜੱਗ-ਜ਼ਾਹਰ ਹੈ । ਉਹ ਹੀ ਸੱਚਾ ਸਾਹਿਬ ਅਤੇ ਦੀਨ ਦੁਨੀਆਂ ਦਾ ਪਾਤਸ਼ਾਹ ਹੈ ।” 

ਮੀਰ ਮੁਹੰਮਦ ਅਹਿਸਨ ਈਜਾਦ ਦੀ ਲਿਖਤ ਵਿਚ ਹੀ ਇਕ ਹੋਰ ਸਿੱਕੇ ਦੀ ਇਬਾਰਤ ਇਸ ਪਰਕਾਰ ਦਿਤੀ ਗਈ ਹੈ: 

ਦੇਗੋ ਤੇਗੋ ਫਤਹਿ ਓ ਨੁਸਰਤ ਬੇਦਰੰਗ ॥  ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ॥ 

ਇਸ ਦੇ ਅਰਥ ਹਨ: ” ਦੇਗ ਦੇ ਅਮੁੱਕ ਲੰਗਰ ਅਤੇ ਤੇਗ ਨਾਲ ਦੁਸ਼ਮਣਾਂ ਉਪਰ ਫਤਹਿ 66 ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੀ ਮਿਹਰ ਨਾਲ ਹੀ ਪਰਾਪਤ ਹੋਈ ਹੈ।” 

ਇਹ ਉਹ ਇਬਾਰਤਾਂ ਹਨ ਜੋ ਹੁਣ ਤਕ ਪਰਾਪਤ ਹੋਈਆਂ ਹਨ । ਇਨ੍ਹਾਂ ਇਬਾਰਤਾਂ ਤੋਂ ਬੰਦਾ ਸਿੰਘ ਬਹਾਦਰ ਦੀ ਖਾਲਸਾ ਸੋਚ ਨੂੰ ਬੜੀ ਸਪਸ਼ਟਤਾ ਨਾਲ ਜਾਣਿਆ ਜਾ ਸਕਦਾ ਹੈ । ਹੋਰ ਇਬਾਰਤਾਂ ਜਾਂ ਮੋਹਰਾਂ ਤੇ ਸਿੱਕੇ ਪਤਾ ਨਹੀਂ ਕਿਨੇ ਕੁ ਹੋਣਗੇ ਜਿਹੜੇ ਕੇ ਸਾਨੂੰ ਲੱਭੇ ਨਹੀਂ । ਅਖ਼ਬਾਰ-ਏ-ਦਰਬਾਰ-ਏ-ਮੁਅੱਲਾ ਵਿਚ ਇਸ ਗੱਲ ਵਲ ਇਸ਼ਾਰਾ ਕੀਤਾ ਗਿਆ ਹੈ ਕਿ ਬੰਦਾ ਸਿੰਘ ਬਹਾਦਰ ਕਸ਼ਮੀਰ ਉਪਰ ਵੀ ਚੜ੍ਹਾਈ ਕਰਨੀ ਚਾਹੁੰਦਾ ਸੀ । ਕਿਉਂਕਿ ਉਥੋਂ ਦੇ ਹਾਕਮਾਂ ਦੇ ਜ਼ੁਲਮ-ਜਬਰ ਕਰ ਕੇ ਗੁਰੂ ਤੇਗ ਬਹਾਦੁਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ । ਪਰ ਬਾਦਸ਼ਾਹ ਬਹਾਦਰ ਸ਼ਾਹ ਵਲੋਂ ਛੇਤੀ ਹੀ ਪੂਰੀ ਸ਼ਾਹੀ ਸੈਨਾ ਨਾਲ ਪੰਜਾਬ ਵਿਚ ਆ ਜਾਣ ਕਰ ਕੇ ਬੰਦਾ ਸਿੰਘ ਬਹਾਦਰ ਨੂੰ ਇਥੇ ਹੀ ਲੜਾਈਆਂ ਵਿਚ ਉਲਝਾ ਲਿਆ ਗਿਆ ਸੀ ।  

ਸਮਕਾਲੀ ਲੇਖਕ ਦਸਦੇ ਹਨ ਕਿ ਬੰਦਾ ਸਿੰਘ ਬਹਾਦੁਰ ਜਦੋਂ ਵੀ ਦਰਬਾਰ ਵਿਚ 

ਬੈਠਾ ਹੁੰਦਾ ਸੀ ਤਾਂ ਉਹ ਦਰਬਾਰ ਵਿਚ ਹਾਜ਼ਰ ਹੋਣ ਵਾਲੇ ਹਰ ਬੰਦੇ ਨੂੰ ‘ਸਿੰਘ ਸਾਹਿਬ’ ਕਹਿ ਕੇ ਬੁਲਾਉਂਦਾ ਸੀ । ਇਸ ਤਰ੍ਹਾਂ ਭਾਵੇਂ ਕੋਈ ਹਿੰਦੂ ਜਾਂ ਮੁਸਲਮਾਨ ਅਮੀਰ ਪੇਸ਼ ਹੁੰਦਾ ਸੀ ਬੰਦਾ ਸਿੰਘ ਉਸ ਨੂੰ ‘ਸਿੰਘ ਸਾਹਿਬ’ ਕਹਿ ਕੇ ਹੀ ਬੁਲਾਉਂਦਾ ਸੀ । ਸਿੰਘਾਂ ਨੂੰ ਵੀ ਬੰਦਾ ਸਿੰਘ ਦਾ ਆਦੇਸ਼ ਸੀ ਕਿ ਉਹ ਵੀ ਉਸ ਨੂੰ ‘ਸਿੰਘ ਸਾਹਿਬ’ ਕਹਿ ਕੇ ਹੀ ਬੁਲਾਇਆ ਕਰਨ । ਕੁਝ ਲੇਖਕਾਂ ਨੇ ਇਸ ਸਮੇਂ ਕੁਝ ਮੁਸਲਮਾਨਾਂ ਵਲੋਂ ਧਰਮ ਬਦਲੀ ਦੀ ਗੱਲ ਵੀ ਕੀਤੀ ਹੈ । ਜਿਵੇਂ ਕਿ ਇਕ ਦੀਨਦਾਰ ਖਾਨ ਨਾਂ ਦਾ ਸਥਾਨਕ ਅਫ਼ਸਰ ਦੀਨਦਾਰ ਸਿੰਘ ਬਣ ਗਿਆ ਸੀ ਅਤੇ ਮੀਰ ਨਾਸੀਰੂਦੀਨ ਖਾਂ ਦੇ ਨਾਂ ਦਾ ਇਕ ਪੱਤਰ-ਪਰੇਰਕ ਮੀਰ ਨਾਸੀਰੂਦੀਨ ਸਿੰਘ ਬਣ ਗਿਆ ਸੀ । ਵੈਸੇ ਇਹ ਗੱਲਾਂ ਇਤਨੀਆਂ ਮਹੱਤਵਪੂਰਨ ਨਹੀਂ ਹਨ । ਜੇ ਧਰਮ ਬਦਲੀ ਦੀ ਹੀ ਗੱਲ ਕਰਨੀ ਹੁੰਦੀ ਤਾਂ ਸਮੁੱਚੀ ਹਾਰੀ ਹੋਈ ਕੌਮ ਤਲਵਾਰ ਦੇ ਡਰ ਅਗੇ ਧਰਮ ਬਦਲ ਸਕਦੀ ਸੀ । ਪਰ ਬੰਦਾ ਸਿੰਘ ਦਾ ਇਹ ਨਿਸ਼ਾਨਾ ਨਹੀਂ ਸੀ । ਜੇਕਰ ਕੋਈ ਮੁਸਲਮਾਨ ਧਰਮ ਬਦਲ ਕੇ ਸਿੰਘ ਬਣ ਗਿਆ ਸੀ ਤਾਂ ਇਹ ਉਸ ਦੀ ਆਪਣੀ ਮੌਕਾ-ਪਰਸਤੀ ਸੀ । ਬੰਦਾ ਸਿੰਘ ਬਹਾਦੁਰ ਦਾ ਕੋਈ ਹੁਕਮ ਨਹੀਂ ਸੀ ਕਿ ਮੁਸਲਮਾਨ ਆਪਣਾ ਧਰਮ ਬਦਲ ਕੇ ਸਿੰਘ ਬਣ ਜਾਣ । 

ਕੇਸਰ ਸਿੰਘ ਛਿੱਬਰ ਅਨੁਸਾਰ ਬੰਦਾ ਸਿੰਘ ਦਾ ਤਾਂ ਸਿੰਘਾਂ ਨੂੰ ਇਹੋ ਫੁਰਮਾਨ ਸੀ ਕਿ ਕੋਈ ਵੀ ਗੱਭਰੂ ਖਾਲਸਾ ਫੌਜ ਤੋਂ ਬਾਹਰ ਨਾ ਰਹੇ । ਸਭ ਨੂੰ ਪਾਪਾਂ ਦੀ ਕਮਾਈ ਛੱਡ ਕੇ ‘ ਧਰਮ ਦੀ ਕਮਾਈ ਕਰਨੀ ਚਾਹੀਦੀ ਹੈ ਅਤੇ ਗਰੀਬ ਆਦਮੀ ਦੀ ਰੱਖਿਆ ਕਰਨੀ ਚਾਹੀਂਦੀ ਹੈ । 

ਸਿੰਘਾ ਨੂੰ ਬੰਦਾ ਇਹ ਕਹੇ

ਗਰੀਬ ਦੀ ਰੱਖਿਆ ਕਰੋ ਗੱਭਰੂ ਨਾ ਕੋਈ ਰਹੇ । 

ਚੱਪੜ-ਚਿੱੜੀ ਪਿੰਡਾਂ ਦੀ ਮੌਜੂਦਾ ਸਥਿਤੀ 

ਚੱਪੜ-ਚਿੜੀ ਦੇ ਦੋ ਪਿੰਡ ਹਨ: ਇਕ ਚੱਪੜ-ਚਿੜੀ ਕਲਾਂ (ਵੱਡਾ) ਅਤੇ ਦੂਜਾ ਚੱਪੜ-ਚਿੜੀ ਖੁਰਦ (ਛੋਟਾ) । ਦੋਵਾਂ ਵਿਚਕਾਰ ਦੋ-ਤਿੰਨ ਕਿਲੋਮੀਟਰ ਦਾ ਫਾਸਲਾ ਹੈ। ਲਾਂਡਰਾਂ-ਖਰੜ ਸੜਕ ਵਲੋਂ ਸਵਰਾਜ ਫੈਕਟਰੀ ਵਲ ਦੀ ਜਾਂਦਿਆਂ ਲਿੰਕ ਰੋਡ ਉਪਰ ਚੱਪੜ-ਚਿੜੀ ਖੁਰਦ ਪਹਿਲਾਂ ਆਉਂਦਾ ਹੈ ਅਤੇ ਚਪੜ-ਚਿੜੀ ਕਲਾਂ ਪਿੱਛੋਂ ਆਉਂਦਾ ਹੈ । ਇਹ ਸਾਰਾ ਖੇਤਰ ਪੁਆਧ ਦਾ ਖੇਤਰ ਹੈ ਇਸ ਕਰਕੇ ਇਥੋਂ ਦੀ ਪੰਜਾਬੀ ਬੋਲੀ ਨੂੰ ਪੁਆਧੀ ਪਰਭਾਵ ਵਾਲੀ ਮੰਨਿਆ ਜਾਂਦਾ ਹੈ । ਅੱਜ ਕੱਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਜ਼ਿਲ੍ਹਾ ਬਣ ਜਾਣ ਕਰਕੇ ਇਹ ਪਿੰਡ ਇਸ ਜ਼ਿਲੇ ਵਿਚ ਪੈਂਦੇ ਹਨ । ਪਹਿਲਾਂ ਇਹ ਰੋਪੜ ਜ਼ਿਲ੍ਹੇ ਵਿਚ ਸਨ । ਉਸ ਤੋਂ ਵੀ ਪਹਿਲਾਂ, ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਇਹ ਜ਼ਿਲਾ ਅੰਬਾਲਾ ਵਿਚ ਸਨ । ਮੁੱਢਲੇ ਰੂਪ ਵਿਚ ਇਹ ਦੋਵੇਂ ਪਿੰਡ ਮੁਸਲਮਾਨ ਆਬਾਦੀ ਵਾਲੇ ਪਿੰਡ ਸਨ । 1947 ਦੀ ਵੰਡ ਸਮੇਂ ਇਥੋਂ ਦੇ ਮੁਸਲਮਾਨ ਪਾਕਸਤਾਨ ਚਲੇ ਗਏ ਸਨ ਅਤੇ ਉਧਰੋਂ ਸਿੱਖ-ਹਿੰਦੂ ਆਬਾਦੀ ਇੱਧਰ ਆ ਕੇ ਇਥੇ ਵਸ ਗਈ ਸੀ । ਇਸ ਕਰਕੇ ਇਹ ਦੋਵੇਂ ਪਿੰਡ ਅੱਜ ਪੂਰੀ ਦੀ ਪੂਰੀ ਸਿੱਖ ਆਬਾਦੀ ਵਾਲੇ ਪਿੰਡ ਹਨ ਪਰ ਇਨ੍ਹਾਂ ਵਿਚ ਪੁਰਾਣੀਆਂ ਮਸਜਿਦਾਂ ਉਸੇ ਤਰ੍ਹਾਂ ਖੜੀਆਂ ਹਨ। 

ਚੱਪੜ-ਚਿੜੀ ਕਲਾਂ ਵਿਚ ਕੁਝ ਹੋਰ ਲੋਕ ਚੰਡੀਗੜ੍ਹ ਵਸਾਉਣ ਵੇਲੇ ਇਥੋਂ ਦੇ ਪਿੰਡਾਂ ਵਿਚੋਂ ਉੱਠ ਕੇ ਆ ਵਸੇ ਸਨ । ਮੌਜੂਦਾ ਚੰਡੀਗੜ੍ਹ ਦੇ ਸੱਤ ਸੈਕਟਰ ਵਾਲੀ ਥਾਂ ਇਕ ਕਾਲੀਬੜ ਨਾਂ ਦਾ ਪਿੰਡ ਹੁੰਦਾ ਸੀ । ਇਸ ਪਿੰਡ ਦੇ ਲੋਕ ਚੱਪੜ-ਚਿੜੀ ਕਲਾਂ ਵਿਚ ਆ ਕੇ ਵਸੇ ਹਨ । ਕਾਲੀਬੜ ਤੋਂ ਆਉਣ ਵਾਲੇ ਮੁਖੀ ਲੋਕਾਂ ਦੇ ਨਾਂ ਇਸ ਪਰਕਾਰ ਹਨ: ਗੁਰਬਖਸ਼ ਸਿੰਘ ਬੈਦਵਾਨ, ਕਿਸ਼ਨ ਸਿੰਘ ਬੈਦਵਾਨ, ਬਿਸਨ ਸਿੰਘ ਬੈਦਵਾਨ, ਸਿਆਮ ਸਿੰਘ ਹੁੰਦਲ, ਰਿਪਦੁਮਣ ਸਿੰਘ ਨੰਬਰਦਾਰ, ਅੱਛਰ ਸਿੰਘ ਬੈਦਵਾਨ, ਹਰਦਿਆਲ ਸਿੰਘ ਟਿਵਾਣਾ, ਅਰਜਨ ਸਿੰਘ ਟਿਵਾਣਾ, ਸੂਬੇਦਾਰ ਸਾਧੂ ਸਿੰਘ ਟਿਵਾਣਾ, ਸਾਉਣ ਸਿਘ ਟਿਵਾਣਾ ਆਦਿ ।ਅੱਜ ਇਨ੍ਹਾਂ ਦੀ ਸੰਤਾਨ ਚੱਪੜ-ਚਿੜੀ ਕਲਾਂ ਵਿਚ ਵਸ ਰਹੀ ਹੈ।  

ਇਸ ਤਰ੍ਹਾਂ ਇਨ੍ਹਾਂ ਪਿੰਡਾਂ ਵਿਚ ਸਿੱਖ ਆਬਾਦੀ ਹੋਣ ਕਰਕੇ ਕੁਝ ਪੜ੍ਹੇ-ਲਿਖੇ ਜਾਂ ਸਿਆਣੇ ਸੱਜਣਾਂ ਨੇ ਇਥੋਂ ਦੇ ਇਥਿਹਾਸਕ ਮੈਦਾਨ ਬਾਰੇ ਵੀ ਸਮਝਣਾ ਜਾਂ ਸਮਝਾਉਣਾ ਸ਼ੁਰੂ ਕਰ ਦਿੱਤਾ ਸੀ । ਸਥਾਨਕ ਰਵਾਇਤਾਂ ਵਿਚ ਤਾਂ ਕਿਸੇ ਇਤਿਹਾਸਕ ਅਸਥਾਨ ਦੀਆਂ ਯਾਦਾਂ ਮਿਟਦੀਆਂ ਨਹੀਂਹੁੰਦੀਆਂ। ਫਰਕ ਸਿਰਫ ਇਤਨਾ ਸੀ ਕਿ ਪਹਿਲਾਂ ਮੁਸਲਮਾਨ ਆਬਾਦੀ ਹੋਣ ਕਰ ਕੇ ਇਥੋਂ ਦੇ ਜੰਗੀ ਮੈਦਾਨ ਦੀ ਮਹੱਤਤਾ ਨਹੀਂ ਪਛਾਣੀ ਗਈ ਸੀ ਕਿਉਂਕਿ ਇਸ ਜੰਗ ਦੇ ਮੈਦਾਨ ਵਿਚ ਇਸਲਾਮੀ ਸਾਮਰਾਜ ਨੂੰ ਹਾਰ ਹੋਈ ਸੀ ਅਤੇ ਖਾਲਸਾ ਭਾਈਚਾਰੇ ਦੀ ਫਤਿਹ ਹੋਈ ਸੀ । ਸਿੱਖਾਂ ਨੇ ਆਪਣੇ ਇਤਿਹਾਸ ਦੀ ਮਹੱਤਤਾ ਨੂੰ ਪਛਾਣਿਆ ਅਤੇ ਉਸ ਜੰਗ ਦੇ ਮੈਦਾਨ ਦੀ ਪਛਾਣ ਕੀਤੀ ਅਤੇ ਆਪਣੀ ਸਮਰੱਥਾ ਅਨੁਸਾਰ ਉਸ ਦੀ ਯਾਦਗਾਰ ਕਾਇਮ ਕੀਤੀ । ਯਾਦਗਾਰ ਸੀ ਇਥੇ ਗੁਰਦੁਆਰੇ ਦੀ ਉਸਾਰੀ ਕਰਨੀ । ਬਸਤਾ ਸਿੰਘ ਖੂਨੀ ਮਾਜਰਾ, ਜਥੇਦਾਰ ਆਤਮਾ ਸਿੰਘ ਸੰਤੇਮਾਜਰਾ, ਤਕੀਇੰਦਰ ਸਿੰਘ ਸੁਹਾਣਾ ਆਦਿ ਸੱਜਣਾਂ ਵੱਲੋਂ ਗੁਰਦਆਰਾ ਸਾਹਿਬ ਦੀ ਉਸਾਰੀ ਕਰਵਾਈ ਗਈ । ਗੁਰਦੁਆਰੇ ਦਾ ਨਾਂ ਬਾਬਾ ਬੰਦਾ ਸਿੰਘ ਬਹਾਦੁਰ ਗੁਰਦੁਆਰਾ ਹੈ । ਇਹ ਦੋਵੇਂ ਪਿੰਡਾਂ ਦਾ ਸਾਂਝਾ ਗੁਰਦੁਆਰਾ ਹੈ । ਇਸ ਪਾਸ ਪੰਦਰਾਂ ਏਕੜ ਜ਼ਮੀਨ ਹੈ ਅਤੇ ਅੱਜ ਕੱਲ ਇਸ ਦੀ ਕਾਰ ਸੇਵਾ ਸੰਤ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਕਰਵਾ ਰਹੇ ਹਨ । 

ਪਿੰਡ ਦੀ ਆਪਣੀ ਪੰਚਾਇਤ ਹੈ । ਸ. ਬਲਵੰਤ ਸਿੰਘ ਸਿੰਘ ਬੈਦਵਾਨ ਲਗਾਤਾਰ ਪੰਦਰਾਂ ਸਾਲਾਂ ਤਕ ਪਿੰਡ ਦੇ ਸਰਪੰਚ ਰਹੇ ਹਨ । ਅੱਜ ਕੱਲ ਸ. ਸ਼ਿਆਮ ਸਿੰਘ ਹੁੰਦਲ ਦੇ ਲੜਕੇ ਸੂਬੇਦਾਰ ਭਜਨ ਸਿੰਘ ਸਰਪੰਚ ਹਨ । ਪਿੰਡ ਦੀ ਖੇਤੀਬਾੜੀ ਕਾਫੀ ਵਿਕਸਤ ਹੈ ਭਾਵੇਂ ਕਿ ਧਰਤੀ ਹੇਠਲਾ ਪਾਣੀ ਬਹੁਤ ਘੱਟ ਹੈ ਫਿਰ ਵੀ ਇਥੋਂ ਦੇ ਕਿਸਾਨ ਆਪਣੀ ਮਿਹਨਤ ਨਾਲ ਚੰਗੀ ਖੇਤੀਬਾੜੀ ਕਰ ਰਹੇ ਹਨ । 

ਪਿੰਡ ਚੱਪੜ-ਚਿੜੀ ਖੁਰਦ ਦੇਖਣ-ਪਰਖਣ ਵਜੋਂ ਕਾਫੀ ਵਿਕਸਤ ਅਤੇ ਅਗਾਂਹਵਧੂ ਲਗਦਾ ਹੈ । ਭਾਵੇਂ ਪਿੰਡ ਛੋਟਾ ਹੈ ਅਤੇ ਆਬਾਦੀ ਵੀ ਘੱਟ ਹੈ ਪਰ ਇਸ ਨੇ ਆਪਣੀ ਦਿੱਖ ਕਾਫੀ ਆਧੁਨਿਕ ਬਣਾਈ ਹੋਈ ਹੈ । ਇਥੋਂ ਦੇ ਸਿੱਖ ਵੀ ਬਾਹਰੋਂ ਆ ਕੇ ਵਸੇ ਹੋਏ ਹਨ ਅਤੇ 1947 ਤੋਂ ਪਹਿਲਾਂ ਇਹ ਮੁਸਲਿਮ ਪਿੰਡ ਸੀ । ਇਥੋਂ ਦੇ ਵਸਨੀਕਾਂ ਵਿਚ ਕਾਫੀ ਵਸਨੀਕ ਦੂਜੀ ਸੰਸਾਰ ਜੰਗ ਦੇ ਗੈਲੈਂਟਰੀ ਅਵਾਰਡੀ ਹਨ । ਇਨ੍ਹਾਂ ਗੈਲੈਂਟਰੀ ਅਵਾਰਡੀਆਂ ਵਿਚ ਸੂਬੇਦਾਰ ਅਰਜਨ ਸਿੰਘ, ਸੂਬੇਦਾਰ ਮਾਨ ਸਿੰਘ, ਸੂਬੇਦਾਰ ਮੁਨਸ਼ਾ ਸਿੰਘ, ਹੌਲਦਾਰ ਗੁਰਬਖਸ਼ ਸਿੰਘ, ਹੌਲਦਾਰ ਪਿਆਰਾ ਸਿੰਘ, ਡਾ. ਨੌਰੰਗ ਸਿੰਘ ਅਤੇ ਹੌਲਦਾਰ ਗੁਰਦਿੱਤ ਸਿੰਘ ਆਦਿ ਹਨ । ਇਨ੍ਹਾਂ ਅਵਾਰਡੀਆਂ ਨੂੰ ਇਥੇ ਜ਼ਮੀਨਾਂ ਵੀ ਅਲਾਟ ਹੋਈਆਂ ਸਨ । ਇਹ ਜ਼ਮੀਨਾਂ ਅਲਾਟ ਹੋਣ ਕਰ ਕੇ ਸਿਰਫ ਇਹ ਹੀ ਇਕ ਪਿੰਡ ਹੈ ਜਿਥੇ ਮੁਰੱਬਾਬੰਦੀ ਨਹੀਂ ਹੋਈ । ਅੱਜ ਕੱਲ ਵੀ ਇਸ ਪਿੰਡ ਦੇ ਕਈ ਵਿਅਕਤੀ ਫੌਜ ਵਿਚ ਸੇਵਾ ਕਰ ਰਹੇ ਹ ਸ. ਜੋਰਾ ਸਿੰਘ, ਜਿਹੜੇ ਕਿ ਪਟਿਆਲੇ ਦੇ ਪਰਸਿੱਧ ਯਾਦਵਿੰਦਰਾ ਪਬਲਿਕ ਸਕੂਲ (ਵਾਈ. ਪੀ. ਐਸ) ਵਿਚੋਂ ਮੁੱਢਲੀ ਸਿੱਖਿਆ ਪਰਾਪਤ ਸੱਜਣ ਹਨ, ਇਸ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ ਅਤੇ ਇਸ ਲੇਖਕ ਨੇ ਇਨ੍ਹਾਂ ਪਾਸੋਂ ਹੀ ਇਥੋਂ ਦੇ ਖੇਤਰ ਬਾਰੇ ਜਾਣਕਾਰੀ ਹਾਸਲ ਕੀਤੀ ਹੈ । ਇਸ ਸਮੇਂ ਸ. ਦਰਸ਼ਨ ਸਿੰਘ ਪਿੰਡ ਦੇ ਸਰਪੰਚ ਹਨ। ਇਹ ਸ. ਮੁਨਸ਼ਾ ਸਿੰਘ ਸੂਬੇਦਾਰ ਦੇ ਪੁੱਤਰ ਹਨ । 

1980-84 ਦੇ ਸਾਲਾਂ ਵਿਚ ਸਵਰਾਜ ਫੈਕਟਰੀ ਲਗਣ ਨਾਲ ਇਥੋਂ ਦੇ ਪਿੰਡਾਂ ਦੇ ਲੋਕਾਂ ਲਈ ਰੁਜ਼ਗਾਰ ਦੇ ਸਾਧਨ ਤਾਂ ਮੁਹੱਈਆਂ ਹੋਏ ਹੀ ਸਨ ਇਸ ਨਾਲ ਜ਼ਮੀਨ ਦਾ ਭਾਅ ਵੀ ਵਧਿਆ ਸੀ । ਇਸ ਨਾਲ ਇਨ੍ਹਾਂ ਪਿੰਡਾਂ ਦੇ ਨਾਂ ਵੀ ਵਿਸ਼ਵ ਦੇ ਨਕਸ਼ੇ ਤੇ ਆ ਗਏ । ਇਸ ਫੈਕਟਰੀ ਵਿਚ ਕੰਬਾਈਨਜ਼ ਅਤੇ ਟਰੈਕਟਰ ਤਿਆਰ ਕੀਤੇ ਜਾਂਦੇ ਹਨ । ਗੁਰੂ ਨਾਨਕ ਫਾਊਂਡੇਸ਼ਨ ਨਵੀਂ ਦਿੱਲੀ ਵੱਲੋਂ ਇਸੇ ਹੀ ਨਾਂ ਉਪਰ ਇਥੇ ਇਕ ਬੜਾ ਆਲੀਸ਼ਾਨ ਪਬਲਿਕ ਸਕੂਲ ਖੋਹਲਿਆ ਗਿਆ। ਭਾਵੇਂ ਕਿ ਪੰਜਾਬ ਸਰਕਾਰ ਵਲੋਂ ਵੀ ਇਕ ਐਲੀਮੈਂਟਰੀ ਸਕੂਲ ਖੋਹਲਿਆ ਹੋਇਆ ਹੈ । ਅੱਜ ਕੱਲ ਪੰਜਾਬ ਸਰਕਾਰ ਵਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਨੂੰ ਨਵਾਂ ਜ਼ਿਲ੍ਹਾ ਬਣਾ ਕੇ ਇਸ ਦੇ ਮਹਾਂ-ਵਿਕਾਸ ਲਈ ਗਰੇਟਰ ਮੁਹਾਲੀ ਦੇ ਨਾਂ ਹੇਠ ਇਕ ਨਵਾਂ ਮਾਸਟਰ ਪਲਾਨ ਤਿਆਰ ਕੀਤਾ ਗਿਆ ਹੈ । ਇਸ ਨੂੰ ਸ਼ਾਰਟ ਫਾਰਮ ਵਿਚ ਗਮਾਡਾ (GMADA) ਕਿਹਾ ਜਾਂਦਾ ਹੈ । ਇਸ ਦੀ ਫੁੱਲ ਫਾਰਮ Greater Mohali Area Develompment Authority वै । टिम भपीठ भ्रगली ਦੇ ਆਲੇ-ਦੁਆਲੇ ਦੇ ਲਗਪਗ ਸਾਰੇ ਪਿੰਡ ਹੀ ਆ ਗਏ ਹਨ । ਚੱਪੜ-ਚਿੜੀ ਨਾਂ ਦੇ ਦੋਵੇਂ ਪਿੰਡ ਵੀ ਇਸੇ ਪਲਾਨ ਵਿਚ ਆ ਗਏ ਹਨ । ਇਸ ਨਾਲ ਇਲਾਕੇ ਦਾ ਵਿਕਾਸ ਤਾ ਹੋਵੇਗਾ ਅਤੇ ਅਰਬਪਤੀ ਵਪਾਰੀ ਲੋਕਾਂ ਦੀਆਂ ਜ਼ੇਬਾਂ ਵੀ ਹੋਰ ਭਾਰੀ ਹੋ ਜਾਣਗੀਆਂ ਪਰ ਇਸ ਵਿਕਾਸ ਨੇ ਇਥੋਂ ਦੇ ਜੰਗੀ ਮੈਦਾਨ ਦੀ ਸਮੁੱਚੀ ਇਤਿਹਾਸਕ ਮਹੱਤਤਾ ਖ਼ਤਮ ਕਰ ਦੇਣੀ ਹੈ । ਇਥੋਂ ਦੇ ਜੰਗੀ ਮੈਦਾਨ ਨੂੰ ਗੌਲਫ ਕਲੱਬਾਂ ਜਾਂ ਉੱਚ ਕੁਆਲਿਟੀ ਦੇ ਹੋਟਲਾਂ ਵਿਚ ਬਦਲ ਦਿੱਤਾ ਜਾਣਾ ਹੈ । ਜਿਸ ਥਾਂ ਤੇ ਸ਼ਹੀਦਾਂ ਦਾ ਖੂਨ ਡੁਲਿਆ ਸੀ ਉਸ ਥਾਂ ਤੇ ਅਮੀਰ ਘਰਾਣਿਆਂ ਨੇ ਅਤੇ ਸਰਕਾਰ ਦੀ ਬਿਊਰੋਕਰੇਸੀ ਨੇ ਆਪਣੀ ਅਯਾਸ਼ੀ ਦੇ ਅੱਡੇ ਬਣਾ ਲੈਣੇ ਹਨ । ਇਹ ਸਕੀਮ ਰੁਕ ਤਾਂ ਸਕਦੀ ਨਹੀਂ ਕਿਉਂਕਿ ਸਰਕਾਰ ਅਤੇ ਇਸ ਦੀ ਬਿਊਰੋਕਰੇਸੀ ਇਕ ਮਨ ਅਤੇ ਇਕ ਚਿੱਤ ਹੋ ਕੇ ਇਸ ਦੇ ਮਗਰ ਪਈ ਹੋਈ ਹੈ ਪਰ ਇਸ ਸਕੀਮ ਵਿਚ ਜੇਕਰ ਜਨਤਾ ਇਕੱਠੀ ਹੋ ਕੇ ਆਪਣੇ ਇਤਿਹਾਸਕ ਜੰਗੀ ਮੈਦਾਨ ਨੂੰ ਬਚਾ ਸਕਦੀ ਹੋਵੇ ਤਾਂ ਜਰੂਰ ਬਚਾ ਲੈਣਾ ਚਾਹੀਦਾ ਹੈ । 

ਗਮਾਡਾ ਦੀ ਸਕੀਮ ਤਹਿਤ ਇਕ ਤਾਂ ਇਥੇ ਡੀਫੈਂਸ ਯੂਨੀਵਰਸਿਟੀ ਬਣਾਈ ਜਾਣੀ ਹੈ ਜਿਸ ਲਈ ਦੋ ਸੌ ਏਕੜ ਜ਼ਮੀਨ ਰੱਖੀ ਜਾ ਚੁੱਕੀ ਹੈ । ਦੂਜਾ ਇਥੇ ਗੌਲਫ ਕਲੱਬ ਬਣਨਾ ਹੈ । ਗੌਲਫ ਕਲੱਬ ਬਿਲਕੁਲ ਉਸ ਥਾਂ ਤੇ ਬਣਾਇਆ ਜਾਣਾ ਹੈ ਜਿਥੇ ਲੜਾਈ ਵਾਲਾ ਇਤਿਹਾਸਕ ਟਿੱਬਾ ਸੀ । ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਬਣਨ ਵਾਲੀ ਡੀਫੈਂਸ ਯੂਨੀਵਰਸਿਟੀ ਦਾ ਨਾਂ ਬੰਦਾ ਸਿੰਘ ਬਹਾਦਰ ਡੀਫੈਂਸ ਯੂਨੀਵਰਸਿਟੀ ਰੱਖਿਆ ਜਾਵੇ ਅਤੇ ਗੌਲਫ ਕਲੱਬ ਦੀ ਟਿੱਬੇ ਵਾਲੀ ਥਾਂ ਨੂੰ ਰੀਜਰਵ ਰੱਖ ਕੇ ਉਥੇ ਫਤਹਿ ਮੀਨਾਰ (Victory Tower) ਬਣਾਇਆ ਜਾਵੇ । ਇਸ ਫਤਹਿ ਮੀਨਾਰ ਨੂੰ ਲੜਾਈ ਦੇ ਮੈਦਾਨ ਨੂੰ ਦਰਸਾਉਣ ਵਾਲੇ ਪੈਟਰਨ ਤੇ ਉਸਾਰਿਆ ਜਾਵੇ । ਇਕ ਬੰਦਾ ਸਿੰਘ ਬਹਾਦਰ ਦਾ ਸ਼ਾਨਦਾਰ ਬੁੱਤ ਇਥੇ ਲਗਾਇਆ ਜਾਵੇ । 

 

 

Credit – ਡਾ. ਸੁਖਦਿਆਲ ਸਿੰਘ   

 

Leave a comment

error: Content is protected !!