ਪੁਰਖ ਭਗਵੰਤ (ਜੀਵਨੀ ਗੁਰੂ ਗੋਬਿੰਦ ਸਿੰਘ ਜੀ) ਸਤਿਬੀਰ ਸਿੰਘ
1
ਵਹਿ ਪ੍ਰਗਟਿਓ ਪੁਰਖ ਭਗਵੰਤ
ਜੀਵਨ ਇਕ ਬਚਿੱਤ੍ਰ ਨਾਟਕ-ਗੁਰੂ ਗੋਬਿੰਦ ਸਿੰਘ ਜੀ ਪਹਿਲੇ ਪੁਰਸ਼ ਹਨ ਜਿਨ੍ਹਾਂ ਆਪਣੀ ਆਤਮ ਕਥਾ ਕਵਿਤਾ ਵਿਚ ਲਿਖੀ। ਉਹ ਪਹਿਲੇ ਗੁਰੂ ਹਨ ਜਿਨ੍ਹਾਂ ਆਪਣੀ ਜਨਮ-ਸਾਖੀ ਦੇ ਕੁਝ ਹਿੱਸੇ ਆਪਣੀ ਹੱਥੀਂ ਲਿਖੇ । ਫਿਰ ਉਹ ਪਹਿਲੇ ਪੈਗ਼ੰਬਰ ਹਨ ਜਿਨ੍ਹਾਂ ਜਨਮ ਤੋਂ ਪਹਿਲਾਂ ਦੇ ਹਾਲਾਤ ਤੋਂ ਆਪਣੀਂ ਜੀਵਨ ਗਾਥਾ ਆਰੰਭ ਕੀਤੀ। ਗੁਰੂ ਪਾਤਸ਼ਾਹ ਨੇ ਇਸ ਜੀਵਨ ਕਹਾਣੀ ਦਾ ਨਾਂ ਬਚਿੱਤ੍ਰ ਨਾਟਕ ਰੱਖਿਆ । ਸੱਚਮੁੱਚ ਉਹਨਾਂ ਦਾ ਜੀਵਨ ਬਚਿੱਤ੍ਰ ਹੈ। ਉਨ੍ਹਾਂ ਦੇ ਜੀਵਨ ਕਾਲ ਵਿਚ ਵਾਪਰੀ ਹਰ ਘਟਨਾ, ਸਾਖੀ ਅਤੇ ਵਾਰਤਾ ਅਸਚਰਜ ਹੈ ਅਤੇ ਪੜ੍ਹਨ ਸੁਣਨ ਵਾਲੇ ਨੂੰ ਵੀ ਵਿਸਮਾਦ ਵਿਚ ਲੈ ਜਾਂਦੀ ਹੈ। ਠੀਕ ਅਤੇ ਸੱਚੀ ਗੱਲ ਇਹ ਹੈ ਕਿ ਹੋਰ ਪੈਗ਼ੰਬਰ ਜਿਸ ਉਮਰੇ ਆਪਣਾ ਸੰਗ੍ਰਾਮ ਅਰੰਭ ਕਰਦੇ ਹਨ, ਗੁਰੂ ਗੋਬਿੰਦ ਸਿੰਘ ਜੀ ਉਸ ੩੩ ਸਾਲ ਦੀ ਉਮਰ ਵਿਚ, ਖਾਲਸਾ ਸਾਜ, ਪ੍ਰਭੂ ਦਰ ਇਹ ਬੇਨਤੀਆਂ ਵੀ ਕਰਨ ਲੱਗ ਪਏ ਸਨ ਕਿ ‘ਸ਼ਸਤ੍ਨ ਹੂ ਅਤਿ ਹੀ ਰਣ ਭੀਤਰ, ਜੂਝ ਮਰਉ, ਤਉ ਸਾਚ ਪਤੀਜੈ।’ ਦਸਮੇਸ਼ ਪਿਤਾ ਜੀਵਨ ਭਰ ਸੰਸਾਰ ਦੇ ਵੱਡੇ ਪਿੜ ਵਿਚ ਹੰਢੇ ਹੋਏ ਖਿਲਾੜੀਆਂ ਵਾਂਗ ਖੇਡਦੇ ਰਹੇ । ਗੁਰੂ ਨਾਨਕ ਜੀ ਨੇ ਜਗਤ ਨੂੰ ਤਿੰਨ ਐਕਟ ਦਾ ਡਰਾਮਾ ਕਿਹਾ ਹੈ, ਜਿਸ ਵਿਚ ਹਰਖ (ਕਾਮੇਡੀ), ਸੋਗ (ਟੈਜੇਡੀ) ਅਤੇ ਵੈਰਾਗ (ਸੈਪਾਰੇਸ਼ਨ) ਦੇ ਤਿੰਨ ਅੰਗ ਹਨ। ਇਸ ਖੇਡ ਨੂੰ ਕੋਈ ਵਿਰਲਾ ਹੀ ਜਾਣ ਸਕਦਾ ਹੈ ਅਤੇ ਜਾਣਦਾ ਉਹ ਹੀ ਹੈ ਜਿਸ ਨੂੰ ਪ੍ਰਭੂ ਆਪੂੰ ਸਮਝਾਵੇ। ‘ਹਰਖ, ਸੋਗ, ਵੈਰਾਗ, ਅਨੰਦੀ ਖੇਲ ਰੀ ਦਿਖਾਉ।’ ਗੁਰੂ ਗੋਬਿੰਦ ਸਿੰਘ ਜੀ ਦੇ ਉਚਾਰੇ ਸ਼ਬਦ ਇਸ ਵਾਕ ਦੀ ਵਿਆਖਿਆ ਹੀ ਹਨ :
‘ਮੈਂ ਹੂੰ ਪਰਮ ਪੁਰਖ ਕੋ ਦਾਸਾ।
ਦੇਖਣ ਆਇਓ ਜਗਤ ਤਮਾਸਾ।’
ਭਗਤ ਨਾਮਦੇਵ ਜੀ ਨੇ ਇਸ ਸੰਸਾਰ ਨੂੰ ਤ੍ਰਿਛੰਦੇ ਦਾ ਖੇਲ੍ਹ ਆਖਿਆ ਹੈ :
‘ਤੀਨਿ ਛੰਦੇ ਖੇਲੁ ਆਛੈ।’
ਇਸ ਜਗਤ ਤਮਾਸ਼ੇ ਵਿਚ ਪ੍ਰਭੂ ਨੇ ਆਪੂੰ ਬਰਕਤਾਂ ਦੇ ਕੇ ਦੁਸ਼ਟ ਦਮਨ ਨੂੰ ਭੇਜਿਆ।
ਜਿਵੇਂ ਗੁਰੂ ਨਾਨਕ ਪ੍ਰਤੀ ਅਕਾਲ ਪੁਰਖ ਦੇ ਬਚਨ‘ਆਦਿ ਅਤੇ ਪੁਰਾਤਨ ਜਨਮ-ਸਾਖੀਆਂ’ ਵਿਚ ਸਾਂਭੇ ਹੋਏ ਮਿਲ ਜਾਂਦੇ ਹਨ, ਤਿਵੇਂ ਬਚਿੱਤ੍ਰ ਨਾਟਕ ਵਿਚ ‘ਅਕਾਲ ਪੁਰਖ ਬਾਚ’ ਸੁਰੱਖਿਅਤ ਕਰ ਰੱਖਿਆ ਹੋਇਆ ਹੈ। ਪੁਰਾਤਨ ਜਨਮ ਸਾਖੀ ਵਿਚ ਲਿਖਿਆ ਹੈ :
‘ਪ੍ਰਮੇਸ਼ਰ ਦੇ ਸੇਵਕ ਗੁਰੂ ਨਾਨਕ ਜੀ ਨੂੰ ਪਰਮਾਤਮਾ ਪਾਸ ਲੈ ਗਏ ਤਾਂ ਅੰਮ੍ਰਿਤ ਦਾ ਕਟੋਰਾ ਭਰ-ਭਰ ਆਗਿਆ ਨਾਲ ਮਿਲਿਆ । ਹੁਕਮ ਹੋਆ : ਨਾਨਕ ! ਇਹ ਅੰਮ੍ਰਿਤ ਨਾਮ ਕਾ ਪਿਆਲਾ ਹੈ ਪੀਓ ਤੇ ਪਿਲਾਓ। ਤਬ ਗੁਰੂ ਨਾਨਕ ਤਸਲੀਮ ਕੀਤਾ ਪਿਆਲਾ ਪੀਤਾ, ਸਾਹਿਬ ਮੇਹਰਬਾਨ ਹੋਆ । ਬਚਨ ਕੀਤਾ: ‘ਨਾਨਕ ਮੈਂ ਤੇਰੇ ਕੋਲ ਹਾਂ, ਮੈਂ ਤੇਰੇ ਤਾਂਹੀ ਨਿਹਾਲ ਕੀਆ ਹੈ, ਤੂੰ ਜਾਇ ਕਰ ਨਾਮ ਜਪੁ ਤੇ ਲੋਕਾਂ ਥੀ ਭੀ ਜਪਾਇ । ਸਾਰੇ ਸੰਸਾਰ ਥੀ ਨਿਰਲੇਪ ਰਹੋ। ਨਾਮ, ਦਾਨ, ਇਸ਼ਨਾਨ, ਸੇਵਾ, ਸਿਮਰਣ ਵਿਚ ਰਹੋ।’ ਫਿਰ ਜਦ ਪ੍ਰਭੂ ਹਜ਼ੂਰੀ ਤੋਂ ਵਾਪਸ ਹੋਣ ਲੱਗੇ ਤਾਂ ਫਿਰ ਬਚਨ ਕੀਤਾ : ‘ਨਾਨਕ ! ਤੂੰ ਮੇਰਾ ਹੁਕਮ ਪਛਾਤਾ ਹੈ। ਮੈਂ ਪਾਰਬ੍ਰਹਮ ਪਰਮੇਸ਼ਰ, ਤੂੰ ਗੁਰ ਪਰਮੇਸ਼ਰ ।
ਆਦਿ ਸਾਖੀਆਂ, ਜਿਸ ਨੂੰ ਸ਼ੰਭੂ ਨਾਥ ਵਾਲੀ ਜਨਮ ਪੱਤਰੀ ਬਾਬੇ ਨਾਨਕ ਜੀ ਕੀ ਵੀ ਕਿਹਾ ਜਾਂਦਾ ਹੈ, ਵਿਚ ਪਹਿਲੀ ਸਾਖੀ ਹੀ ਪ੍ਰਭੂ ਨਾਲ ਵਾਰਤਾਲਾਪ ਹੈ । ਉਸ ਦੇ ਅਰੰਭ ਦੇ ਸ਼ਬਦ ਹਨ : ‘ਏਕ ਦਿਨ ਬਾਬੇ ਨਾਨਕ ਕਉ ਬਾਣੀ ਆਈ। ਜਿ ਨਾਨਕ ਮੇਰੇ ਪਾਸਿ ਆਉ ।’ ਤਾਂ ਬਾਬੇ ਨਾਨਕ ਕਹਿਆ, ‘ਏ ਸੱਚੇ ਪਾਤਸ਼ਾਹ ਮੈਂ ਜਿ ਆਵਾ ਤੇਰੇ ਪਾਸ ਇਤਨੀ ਕੁ ਮੈਨੂੰ ਪਹੁੰਚਿ ਨਾਹੀ ਜੇ ਤੇਰੇ ਦਰਗਾਹ ਆਵਾ। ਬਾਬਾ ਨਿਰੰਕਾਰ ਕੇ ਮਹਲ ਜਾਇ ਖੜਾ ਕੀਤਾ। ਫੇਰ ਨਿਰੰਕਾਰ ਕੀ ਆਗਿਆ ਆਈ ‘ਨਾਨਕ ਤੁਧੁ ਨੋ ਮੇਰਾ ਕਰਮ ਖ਼ੁਸ਼ੀ ਹੈ। ਮੈਂ ਤੁਧ ਉੱਪਰ ਮੇਹਰਬਾਨ ਹਾਂ । ਜੋ ਮੇਰਾ ਨਾਉ ਸੁ ਤੇਰਾ ਨਾਉ। ਮੇਰਾ ਨਾਉ ਸਤਿਗੁਰੂ ਪੁਰਖ ਹੈ, ਤੇਰਾ ਨਾਉ ਜਗਤ ਗੁਰੂ ਕੀਤਾ। ਜਾਹਿ ਨਾਨਕ, ਮੈਂ ਤੇਰਾ ਇਕ ਪੰਥ ਕੀਤਾ। ਉਨ੍ਹਾਂ ਕੋ ਭਗਤ ਕੋ ਦ੍ਰਿੜਾਵਣੀ। ਧਰਮ ਦ੍ਰਿੜਾਵਣਾ। ਗ੍ਰਹਿਸਤ ਵਿਚ ਬੈਰਾਗੀ ਕਰਣੇ। ਉਦਾਸੀ ਕਰਣੇ ਨਾਹੀ। ਮੇਰੇ ਮਾਰਗ ਕੀ ਇਹ ਹੀ ਨੀਸਾਣੀ ਹੈ। ਪਰਮੇਸ਼ਰ ਜਪਾਵਣਾ। ਪਰਮੇਸ਼ਰ ਕਾ ਸਿਮਰਨੁ, ਨਾਮ ਦਾਨ, ਇਸ਼ਨਾਨ ਦਇਆ ਧਰਮ ਰਹਿਣਾ। ਸੰਜਮ ਰੱਖਣੇ। ਘਾਲ ਕਮਾਇ ਖਾਣਾ। ਨਿਰਲੋਭ ਰਹਿਣਾ। ਸਤਿਵਾਦੀ ਹੋਵਣਾ। ਝੂਠ ਨਾਹੀ ਬੋਲਣਾ। ਝੂਠ ਕੀ ਭਗਤਿ ਥਾਇ ਨਾਹੀ ਪਉਦੀ। ਸਚ ਕੀ ਭਗਤ ਥਾਇ ਪਉਦੀ ਹੈ। ਬਿਖਿਆ ਨਾਹੀ ਸੰਚਾਵਣੀ। ਆਇਆ ਚਲਾਇਆ। ਏਕ ਟੇਕ ਮੇਰੇ ਨਾਉ ਕੀ ਕਰਣੀ। ਟੇਕ ਦੂਜੀ ਨਾਹੀ ਕਰਣੀ । ਤੁਧ ਉੱਪਰ ਮੇਰਾ ਕਰਮ ਹੈ । ਤੂੰ ਸੋ ਹਉ, ਹਉ ਸੋ ਤੂੰ। ਮੇਰੇ ਨਾਵੇ ਬਿਨੁ ਕਿਛੁ ਹੋਰ ਬੀਚਾਰ ਕਰਣਾ ਨਾਹੀ। । ਤਾਂ ਬਾਬੇ ਨਾਨਕ ਡੰਡਉਤ ਬੰਦਨਾ ਕਰਕੇ, ਚਰਨ ਬੰਦਨਾ ਕਰ ਕੈ ਵਿਦਾ ਹੂਆ।ਤਾਂ ਫੇਰਿ ਇਸ ਜੁਗ ਕੇ ਮਨੁਖਾ ਕਉ ਤਾਰਣ ਕੀ ਨਿਮਿਤ ਈਹਾ ਆਇਆ।
ਆਇ ਕੈ ਈਹਾ ਰਚਨਾ ਰਚੀ। ਵਾਹਗੁਰੂ, ਸਤਿਗੁਰੂ, ਸ਼ਬਦ, ਗੁਰੂ ਕਰਣ ਕਾਰਣ ਸਮਰਥ ਗੁਰੂ ਜਿਨਿ ਕੈ ਪ੍ਰਸਾਦਿ ਸਚ ਦਿੜਿਆ। ੧।
ਇਹ ਵਰ ਲੈ ਕੇ ਆਏ ਸਨ ਗੁਰੂ ਨਾਨਕ ਦੇਵ ਜੀ ਕਿ ਤੇਰੇ ਵਿਚ ਸਾਰਾ ਧਰਮ ਮੇਰਾ ਧਰਮ ਹੋਵੇਗਾ ਅਤੇ ਤੇਰੇ ਸਾਰੇ ਕਰਮ ਮੇਰੇ ਹੋਣਗੇ ਅਤੇ ਕੋਈ ਲੇਪ ਛੇਪ ਨਹੀਂ ਹੋਣ ਲੱਗਾ।
ਦਸਮੇਸ਼ ਪਿਤਾ ਦੀ ਜਨਮ ਸਾਖੀ ਉਥੋਂ ਅਰੰਭ ਹੈ ਜਿੱਥੇ ਹੇਮਕੁੰਟ ਪਰਬਤ ਹੈ ਤੇ ਸੱਤ ਚੋਟੀਆਂ ਹਨ। ਉਥੇ ਹੀ ਪੁਰਖ ਭਗਵੰਤ ਰੂਪ ਹੋਏ ਜਿਸ ਨੂੰ ‘ਦੈ’ ਤੇ ਏਕ ਰੂਪ ਲਿਖਿਆ ਹੈ। ਉਸ ਅਨੰਦ ਵਿਚ ਟਿਕਿਆਂ ਹੀ ਦਸਮੇਸ਼ ਪਿਤਾ ਨੂੰ ਅਕਾਲ ਪੁਰਖ ਨੇ ਸੰਬੋਧਨ ਕਰਦੇ ਹੋਏ ਕਿਹਾ : ‘ਸੰਸਾਰ ਤੇ ਜਾਓ।’ ਦਸਮੇਸ਼ ਪਿਤਾ ਜੀ ਉਸ ਅਨੰਦਮਈ, ਇਕ ਰਸ ਅਵਸਥਾ ਨੂੰ ਛੱਡਣ ਲਈ ਤਿਆਰ ਨਹੀਂ ਸਨ, ਪਰ ਜਦ ਅਕਾਲ ਪੁਰਖ ਨੇ ਜਗਤ ਦੀ ਮੂਲੋਂ ਵਿਗੜੀ ਦਸ਼ਾ ਸੁਣਾਈ ਤਾਂ ਉਹ ਹੁਕਮ ਮੰਨ ਸੰਸਾਰ ਤੇ ਆਏ। ਅਕਾਲ ਪੁਰਖ ਦੇ ਵਾਕਾਂ ਨੂੰ ਧਿਆਨ ਨਾਲ ਪੜ੍ਹਨ ਨਾਲ ਆਦਿ ਸਾਖੀ ਦੇ ਬਚਨਾਂ ਦੀ ਮਹੱਤਤਾ ਪ੍ਰਗਟ ਹੋ ਜਾਏਗੀ। ਪ੍ਰਭੂ ਨੇ ਕਿਹਾ :
ਸਭ ਤੋਂ ਪਹਿਲਾਂ ਮੈਂ ਦੈਂਤਾਂ ਨੂੰ ਭੇਜਿਆ। ਦੈਂਤ ਆਪਣੀ ਸਰੀਰਕ ਸ਼ਕਤੀ ਨੂੰ ਪਾ ਕੇ ਹੰਕਾਰ ਵਿਚ ਆਫ਼ਰ-ਆਫ਼ਰ ਫਿਰਨ ਲੱਗੇ। ਉਹ ਸਿਰਫ਼ ਸ਼ਕਤੀ ਦੇ ਹੀ ਪੁਜਾਰੀ ਹੋ ਗਏ।
ਸ਼ਕਤੀ ਦੇ ਸੋਮੇ ਨੂੰ ਉਹ ਭੁੱਲ ਬੈਠੇ। ਅਜਿਹੀ ਦੁਰਦਸ਼ਾ ਹੋ ਗਈ ਕਿ ਉਹਨਾਂ ਨੂੰ ਨਾਸ਼ ਕਰਨ ਤੋਂ ਬਗ਼ੈਰ ਕੋਈ ਰਾਹ ਨਾ ਰਿਹਾ । ਉਹਨਾਂ ਨੂੰ ਮਾਰ ਮੁਕਾਇਆ ਤੇ ਦੇਵਤੇ ਉਪਜਾਏ। ਛੇਤੀ ਹੀ ਦੇਵਤਿਆਂ ਵੀ ਸ਼ਕਤੀ ਦਾ ਸਹਾਰਾ ਲੈਣਾ ਅਰੰਭ ਕਰ ਦਿੱਤਾ। ਦੇਵਤੇ ਸਭ ਸ਼ਕਤੀ ਦਾ ਮਾਲਕ ਆਪਣੇ ਆਪ ਨੂੰ ਹੀ ਸਮਝਣ ਲੱਗ ਪਏ। ਇਥੋਂ ਤੱਕ ਕਿ ਉਨ੍ਹਾਂ ਆਪਣੀ ਪੂਜਾ ਹੀ ਕਰਾਉਣੀ ਅਰੰਭ ਕਰ ਦਿੱਤੀ। ਕਈ ਆਪਣੇ ਆਪ ਨੂੰ ਮਹਾਂਦੇਵ ਅਖਵਾਉਣ ਲੱਗ ਪਏ । ਉਨ੍ਹਾਂ ਨੂੰ ਪੂਜਾ ਕਰਾਉਂਦੇ ਦੇਖ ਮੈਂ ਇਸ ਸਿੱਟੇ ਤੇ ਹੀ ਪੁੱਜਾ ਕਿ ਹੁਣ ਐਸੇ ਜੀਵ ਭੇਜੇ ਜਾਣ ਜੋ ਮੇਰੀ ਸਾਖ ਭਰਣ ਅਤੇ ਆਪਾ ਨਾ ਜਨਾਉਣ। ਸੋ ਅੱਠ ‘ਸਾਖਸ਼ੀ ਭੇਜੇ, ਜਿਨ੍ਹਾਂ ਕੁਝ ਚਿਰ ਮੇਰੀ ਹੋਂਦ ਦੀ ਸਾਖੀ ਜ਼ਰੂਰ ਭਰੀ, ਪਰ ਛੇਤੀ ਹੀ ਉਹ ਭੁੱਲ ਵੀ ਗਏ ਤੇ ਆਪਣੀ- ਆਪਣੀ ਪੂਜਾ ਕਰਾਉਣ ਲੱਗ ਪਏ। ਉਨ੍ਹਾਂ ਦੀ ਦੇਖਾ ਦੇਖੀ ਹਰ ਉਸ ਵਸਤੂ ਦੀ ਪੂਜਾ ਹੋਣ ਲੱਗੀ ਜਿਸ ਵਿਚ ਰਤਾ ਭਰ ਸ਼ਕਤੀ ਸੀ। ਸੂਰਜ, ਚੰਦ, ਅੱਗ, ਪਾਣੀ, ਪੱਥਰ, ਵਾਉ ਤੇ ਵਰੁਣ ਦੀ ਪੂਜਾ ਘਰ-ਘਰ ਹੋਣ ਲੱਗੀ। ਇਹ ਦੁਰਦਸ਼ਾ ਦੇਖ ਹੀ ਮਨੁੱਖ ਨੂੰ ਪੈਦਾ ਕੀਤਾ ਪਰ ਮਨੁੱਖ ਵੀ ਛੇਤੀ ਹੀ ਸਵਾਰਥ ਵਿਚ ਪੈ ਕੇ ਰਚਨਹਾਰ ਹੀ ਭੁਲਾ ਬੈਠਾ। ਇਹ ਸੋਚ, ਸਿੱਧ ਤੇ ਫਿਰ ਸਾਧੂ ਥਾਪੇ ਪਰ ਉਹ ਵੀ ‘ਹਉ’ ਵਿਚ ਐਸੇ ਉਲਝੇ ਕਿ ਮੈਨੂੰ ਨਾਂਹ ਪਛਾਣਿਆ ਤੇ ‘ਮਹਾਂਪੁਰਖ’ ਦੀ ਕਿਸੇ ਸਾਰ ਹੀ ਨਾ ਲਈ। ਵੈਰ, ਵਿਰੋਧ ਤੇ ਹੰਕਾਰ ਜ਼ੋਰਾਂ ਤੇ ਹੋ ਗਿਆ। ਹਰ ਪਾਸੇ ਹਉਮੈ ਦੇ ਤੰਦੂਰ ਤਪਣ ਲੱਗੇ। ਇੰਝ ਹੋਆ ਜਿਵੇਂ ਜੰਗਲ ਵਿਚ ਬ੍ਰਿਛ ਆਪਸ ਵਿਚ ਲੜ-ਲੜ, ਖਹਿ-ਖਹਿ ਜੰਗਲ ਨੂੰ ਹੀ ਅੱਗ ਲਗਾ ਦਿੰਦੇ ਹਨ। ਕਈਆਂ ਆਪਣੇ ਰਾਜ ਬਣਾ ਲਏ ਤੇ ਕਈ ਰਿਸ਼ੀ ਬਣ ਬੈਠੇ। ਰਾਜਿਆਂ ਆਪਣੇ ਕਾਨੂੰਨ ਬਣਾ ਲਏ ਤੇ ਰਿਸ਼ੀਆਂ ਨੇ ਆਪਣੀਆਂ-ਆਪਣੀਆਂ ਅੱਡ-ਅੱਡ ਮਰਿਆਦਾਵਾਂ। ਉਨ੍ਹਾਂ ਵਿਚੋਂ ਹੀ ਇਕ ਦਤਾ-ਤਰੇ ਪੈਦਾ ਹੋਆ, ਉਸ ਨੇ ਆਪਣੀ ਮਤ-ਮਰਿਆਦਾ ਦਾ ਇਤਨਾ ਪ੍ਰਚਾਰ ਕੀਤਾ। ਕਿ ਪ੍ਰਭੂ ਦੀ ਬੰਦਗੀ ਤਾਂ ਸਾਰਿਆਂ ਨੂੰ ਭੁੱਲ ਹੀ ਗਈ। ਰੀਤਾਂ, ਰਿਵਾਜਾਂ ਤੇ ਰਸਮਾਂ ਦੀ ਹੀ ਜੈ ਹੋਣ ਲੱਗੀ। ਫਿਰ ਮੁਹੰਮਦ ਭੇਜਿਆ। ਉਸ ਵੱਖ ਸ਼ਰਹ ਸ਼ੁਰੂ ਕਰ ਦਿੱਤੀ। ਫਿਰ ਗੋਰਖ ਅਤੇ ਰਾਮਾਨੰਦ ਆਏ, ਉਨ੍ਹਾਂ ਵੀ ਪੁਰਾਣਾ ਰਾਹ ਨਾ ਛੱਡਿਆ। ਜਿਸ ਕਿਸੇ ਨੂੰ ਭੇਜਿਆ :
‘ਜੇ ਕੋਈ ਹੋਤ ਭਯੋ ਜਗਿ ਸਯਾਨਾ।
ਤਿਨ ਤਿਨ ਆਪਨੋ ਪੰਥੁ ਚਲਾਨਾ। ੧੪।
ਸਭ ਆਪਨੀ ਆਪਨੀ ਉਰਝਾਨਾ ।
ਪਾਰਬ੍ਰਹਮ ਕਾਹੂੰ ਨ ਪਛਾਨਾ । ੧੭ ।
ਪੇਡ ਪਾਤ ਆਪਨ ਤੇ ਜਲੈ।
ਪ੍ਰਭ ਕੈ ਪੰਥ ਨ ਕੋਊ ਚਲੈ।’
ਇਸ ਆਪ ਹੁਦਰੀ, ਪੰਥ ਤੋਂ ਖੁੰਝੀ ਦਰਦਨਾਕ ਦਸ਼ਾ ਦਾ ਹੋਣਾ ਦੱਸ ਕੇ ਅਕਾਲ ਪੁਰਖ ਨੇ ਦਸਮੇਸ਼ ਨੂੰ ਕਿਹਾ, ‘ਹੁਣ ਆਪਣੀ ਸ਼ਕਤੀ ਤੈਨੂੰ ਦਿੱਤੀ। ਸੰਸਾਰ ਨੂੰ ਠੀਕ ਰਾਹ, ਪੰਥ ਦ੍ਰਿੜ੍ਹ ਕਰਾਓ। ਜਿੱਥੇ ਵੀ ਜਾਓ ਧਰਮ ਨੂੰ ਫੈਲਾਓ ਅਤੇ ਨੀਵੀਆਂ ਮਾੜੀਆਂ ਰੁਚੀਆਂ ਤੋਂ ਲੋਕਾਂ ਨੂੰ ਵਰਜੋ।’
ਅਕਾਲ ਪੁਰਖ ਬਾਚ । ਚੌਪਈ । ‘ਮੈ ਅਪਨਾ ਸੁਤ ਤੋਹਿ ਨਿਵਾਜਾ। ਪੰਥੁ ਪ੍ਰਚੁਰ ਕਰਬੇ ਕਹ ਸਾਜਾ। ਜਾਹਿ ਤਹਾਂ ਤੈ ਧਰਮ ਚਲਾਇ । ਕਬੁਧਿ ਕਰਨ ਤੇ ਲੋਕ ਹਟਾਇ।’ ੨੯।
ਇਸੇ ਦੀ ਵਿਆਖਿਆ ਪਿਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸ਼ਬਦਾਂ ਵਿਚ ਕੀਤੀ। ਉਹ ਫ਼ਰਮਾਉਂਦੇ ਹਨ : ‘ਜੋ ਪ੍ਰਭੂ ਨੇ ਕਿਹਾ ਹੈ, ਉਹ ਹੀ ਕਰਾਂਗਾ। ਕਿਸੇ ਨਾਲ ਜ਼ਾਤੀ ਵੈਰ ਨਹੀਂ ਹੈ। ਜੋ ਮੈਨੂੰ ਪਰਮੇਸ਼ਰ ਆਖਣਗੇ, ਉਹ ਹੀ ਨਰਕਾਂ ਦੀ ਅੱਗ ਵਿਚ ਸੜਨਗੇ। ਮੈਂ ਤਾਂ ਉਸ ਦਾ ਇਕ ਨਿਮਾਣਾ ਜਿਹਾ ਸੇਵਕ ਹਾਂ। ਉਹ ਹੀ ਆਖਾਂਗਾ, ਜੋ ਉਸ ਨੇ ਕਹਿਣ ਲਈ ਭੇਜਿਆ ਹੈ। ਕਿਸੇ ਸੰਸਾਰੀ ਤੇ ਵਿਹਾਰੀ ਡਰ ਤੋਂ ਆਪਣੀ ਆਵਾਜ਼ ਬੰਦ ਜਾਂ ਬਦਲਾਵਾਂਗਾ ਨਹੀਂ। ਮੈਨੂੰ ਕਿਸੇ ਤੋਂ ਭੈ ਨਹੀਂ ਅਤੇ ਨਾ ਹੀ ਕੋਈ ਲਾਲਚ ਹੈ। ਸਿਰਫ਼ ਇਸ ਕਾਰਨ ਸੰਸਾਰ ਤੇ ਆਇਆ ਹਾਂ ਕਿ ਉਸ ਦੀ ਵਡਿਆਈ ਦ੍ਰਿੜ੍ਹ ਕਰਾ ਸਕਾਂ, ਧਰਮ ਦਾ ਪਸਾਰ ਤੇ ਜੈਕਾਰ ਕਰਾਂ । ਭਲੇ ਪੁਰਸ਼ਾਂ ਦੀ ਸਦੀਵੀ ਰੱਖਿਆ ਦਾ ਪ੍ਰਬੰਧ ਹੋ ਜਾਵੇ ਤੇ ਉਹ ਜੋ ਇਲਤਾਂ ਦੇ ਸਹਾਰੇ
ਟੁਰਦੇ ਫਿਰਦੇ ਰਹਿੰਦੇ ਹਨ, ਮੁੱਕ ਜਾਣ:
‘ਜਿਮ ਤਿਨ ਕਹੀ ਇਨੈ ਤਿਮ ਕਹਿ ਹੋਂ। ਅਉਰੁ ਕਿਸੁ ਤੇ ਬੈਰ ਨ ਗਹਿ ਹੋਂ। ੩੧। ਜੋ ਹਮ ਕੋ ਪਰਮੇਸੁਰ ਉਚਰ ਹੈ। ਤੇ ਸਭ ਨਰਕਿ ਕੁੰਡ ਮਹਿ ਪਰਿ ਹੈ। ਮੋ ਕੋ ਦਾਸੁ ਤਵਨ ਕਾ ਜਾਨੋ। ਯਾ ਮੈਂ ਭੇਦੁ ਨ ਰੰਚ ਪਛਾਨੋ । ੩੨। ਮੈਂ ਹੋ ਪਰਮ ਪੁਰਖ ਕੋ ਦਾਸਾ। ਦੇਖਨਿ ਆਯੋ ਜਗਤ ਤਮਾਸਾ। ਜੋ ਪ੍ਰਭ ਜਗਤਿ ਕਹਾ ਸੋ ਕਹਿ ਹੋ। ਮ੍ਰਿਤ ਲੋਗ ਤੇ ਮੋਨਿ ਨ ਰਹਿ ਹੋ।੩੩।
ਚੌਪਈ :
‘ਹਮ ਇਹ ਕਾਜ ਜਗਤ ਮੋ ਆਏ।
ਧਰਮ ਹੇਤ ਗੁਰਦੇਵ ਪਠਾਏ।
ਜਹਾਂ ਤਹਾਂ ਤੁਮ ਧਰਮ ਬਿਥਾਰੋ।
ਦੁਸ਼ਟ ਦੋਖਯਨਿ ਪਕਰਿ ਪਛਾਰੋ। ੪੨।
ਯਾਹੀ ਕਾਜ ਧਰਾ ਹਮ ਜਨਮੰ।
ਸਮਝਿ ਲੇਹੁ ਸਾਧੂ ਸਭ ਮਨਮੰ।
ਧਰਮ ਚਲਾਵਨ ਸੰਤ ਉਬਾਰਨ।
ਦੁਸ਼ਟ ਸਭਨ ਕੋ ਮੂਲ ਉਪਾਰਿਨ’। ੪੩।
ਕਲਗੀਧਰ ਦਾ ਕਥਨ ਸੀ :
‘ਫੋਕਟ ਧਰਮ ਬਿਸਾਰ ਸਭੈ ਕਰਤਾਰ ਹੀ ਕੋ ਜੀਆ ਜਾਨਯੋ ।’
ਗੁਰੂ ਨਾਨਕ ਦੀ ਆਵਾਜ਼ ਬੋਲ ਰਹੀ ਸੀ :
ਹਾਥ ਹਲਾਏ ਸੁਰਗਿ ਨ ਜਾਹੂ।
ਜੋ ਮਨ ਜੀਤ ਸਕਾ ਨਹਿ ਕਾਹੂ।
ਇਹ ਸਾਰੀ ਲਿਖਤ ਪ੍ਰਗਟ ਕਰਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨਿਰੋਲ ਵਾਹਿਗੁਰੂ ਦੇ ਨਾਮ ਦਾ ਢੰਡੋਰਾ ਦੇਣ ਲਈ ਆਏ ਸਨ । ਸੰਸਾਰ ਵਿਚ ਦੈਂਤ ਰੁਚੀ (ਖੋਹਾ ਖਾਹੀ), ਦੇਵ ਰੁਚੀ (ਆਪੇ ਵਿਚ ਮਸਤ), ਪੁਠੀ ਰੁਚੀ (ਸਾਖ਼ਸ਼ੀ), ਰੀਤ, ਰਸਮ ਅਤੇ ਸ਼ਰਹ (ਗੋਰਖ, ਮੁਹੰਮਦ) ਦਾ ਹੀ ਜ਼ੋਰ ਸੀ। ਧਰਮ ਨਾਂ ਦੀ ਚੀਜ਼ ਵਿਚੋਂ ਲੱਭਦੀ ਨਹੀਂ ਸੀ। ਜਿੱਥੇ ਹੈ ਵੀ ਸੀ, ਉਥੇ ਆਪਣੀ ਹੋਂਦ ਦੀ ਇਤਨੀ ਪਕੜ ਸੀ ਕਿ ਪ੍ਰਭੂ ਵਿਚੋਂ ਕੱਢ ਹੀ ਦਿੱਤਾ ਗਿਆ ਸੀ। ਰਸੂਲ ਵੱਲ ਬਹੁਤਾ ਧਿਆਨ ਸੀ, ਅਸੂਲ ਤੇ ਪੈਗ਼ਾਮ ਵੱਲ ਉੱਕਾ ਹੀ ਨਹੀਂ। ਜੀਵਨ ਭਰ ਗੁਰੂ ਨੇ ਇਸ ਪਾਸੇ ਦਾ ਸੰਘਰਸ਼ ਕੀਤਾ ਤੇ ਫਿਰ ਧਰ ਤੇਜ ਕਰਾਰਾ, ਵਾਹਿਗੁਰੂ ਜੀ ਕਾ ਖਾਲਸਾ ਸਾਜ ਕੇ ਆਪੂੰ ਚੇਲਾ ਬਣ, ਆਪਾ ਵੀ ਸੰਕੋਚ ਲਿਆ। ਭਾਈ ਗੁਰਦਾਸ ਜੀ ਨੇ ‘ਰਾਮਕਲੀ ਵਾਰ ਪਾਤਸ਼ਾਹੀ ਦਸਵੇਂ ਕੀ’ ਵਿਚ ਇਸੇ ਇਕ ਪੱਖ ਨੂੰ ਉਜਾਗਰ ਕੀਤਾ ਹੈ ਅਤੇ ਇਸੇ ਨੂੰ ਉਜਾਗਰ ਕਰਨ ਦੀ ਲੋੜ ਸੀ।
ਪਟਨਾ ਸ਼ਹਰ ਬਿਖੈ ਭਵ ਲਯੋ—ਗੁਰੂ ਹਰਿਗੋਬਿੰਦ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ (ਗੁਰੂ) ਤੇਗ਼ ਬਹਾਦਰ ਸਨ। ਜਦ ਕਰਤਾਰਪੁਰ ਦੀ ਜੰਗ ਹੋਈ ਤਾਂ ਗੁਰੂ ਹਰਿਗੋਬਿੰਦ ਜੀ ਨੇ ਆਪਣੇ ਛੋਟੇ ਬੇਟੇ ਨੂੰ ਤਲਵਾਰ ਦੇ ਜੌਹਰ ਦਿਖਾਉਂਦੇ ਦੇਖ ਫ਼ਰਮਾਇਆ ਸੀ, ‘ਤੂੰ ਤਿਆਗ ਮੱਲ ਤਾਂ ਨਹੀਂ, ਤੇਗ਼ ਬਹਾਦਰ ਹੈਂ।” ਆਪ ਜੀ ਦਾ ਨਾਂ ਤੇਗ਼ ਬਹਾਦਰ ਹੀ ਪੱਕ ਗਿਆ। ਜੰਗ ਉਪਰੰਤ ਆਪ ਜੀ ਦੀ ਰੁਚੀ ਐਸੀ ਬਦਲੀ ਕਿ ਉਪਰਾਮ ਹੀ ਹੋ ਗਏ । ਮਾਤਾ ਨਾਨਕੀ ਨਾਲ (ਬਾਬਾ) ਬਕਾਲਾ”, ਨਾਨਕੇ ਪੁੱਜ ਗਏ। (ਮਾਤਾ) ਗੁਜਰੀ ਜੀ ਵੀ ਉਨ੍ਹਾਂ ਨਾਲ ਹੀ ਆ ਟਿਕੇ। ਗੁਰੂ ਹਰਿਗੋਬਿੰਦ ਜੀ ਗੁਰਗੱਦੀ ਆਪਣੇ ਪੋਤਰੇ, ਬਾਬਾ ਗੁਰਦਿਤਾ ਜੀ ਦੇ ਸਪੁੱਤਰ ਨੂੰ ਦੇ ਕੇ ਮਾਰਚ ੩, ੧੬੪੪ ਈ: ਐਤਵਾਰ ਨੂੰ ਜੋਤੀ ਜੋਤ ਸਮਾ ਗਏ। ਮਾਤਾ ਨਾਨਕੀ ਜੀ ਨੇ ਜਦ ਗੁਰੂ ਤੇਗ਼ ਬਹਾਦਰ ਜੀ ਤੇ ਬਖਸ਼ਿਸ਼ ਕਰਨ ਲਈ ਕਿਹਾ ਤਾਂ ਆਪ ਜੀ ਨੇ ਇਕ ਰੁਮਾਲ, ਪੋਥੀ ਅਤੇ ਕਟਾਰ ਦਿੱਤੀ। (ਗੁਰੂ) ਤੇਗ਼ ਬਹਾਦਰ ਜੀ ਨੇ ਸਾਧਨਾ ਅਤੇ ਅਰਾਧਨਾ ਨਾਲ ਉਸੇ ਰੁਮਾਲ ਨੂੰ ਇਤਨਾ ਵਧਾਇਆ ਕਿ ਉਹ ਚਾਦਰ ਹੋ ਨਿਬੜੀ ਤੇ ਆਪ ਜੀ ‘ਹਿੰਦ ਦੀ ਚਾਦਰ’ ਕਰ ਕੇ ਸਤਿਕਾਰੇ ਜਾਣ ਲੱਗੇ। ਇਸ ਕਟਾਰ ਨੇ ਤੇਗ਼ ਬਣ ਇਸਲਾਮ ਦੇ ਭੱਥੇ ਵਿਚ ‘ਖੰਦਗੇ-ਆਖ਼ਰੀ’ ਨੂੰ ਖੁੰਢਾ ਕੀਤਾ।
ਗੁਰੂ ਹਰਿ ਰਾਇ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਨੂੰ ਸਤਾਰਾਂ ਸਾਲ ਤੱਕ ਨਿਭਾਇਆ। ੧੬੫੮ ਈ. ਨੂੰ ਔਰੰਗਜ਼ੇਬ ਨੇ ਦਾਰਾ, ਮੁਰਾਦ ਤੇ ਸ਼ੁਜਾਹ, ਆਪਣੇ ਭਰਾਵਾਂ ਨੂੰ ਮਾਰ ਕੇ ਤਖ਼ਤ ਸੰਭਾਲ ਲਿਆ ਅਤੇ ਨਾਲ ਹੀ ਨਵੀਂ ਕਰੜੀ ਧਾਰਮਕ ਨੀਤੀ ਦਾ ਐਲਾਨ ਕਰ ਦਿੱਤਾ। ਗੁਰੂ ਹਰਿਰਾਇ ਜੀ ਨੇ ਜਿਸ ਦ੍ਰਿੜ੍ਹਤਾ ਨਾਲ ਬਦਲੇ ਹੋਏ ਹਾਲਾਤ ਵਿਚ ਜਥੇਬੰਦੀ ਨੂੰ ਕਾਇਮ ਰੱਖਿਆ, ਉਹ ਨਿਰੋਲ ਉਨ੍ਹਾਂ ਦੇ ਹੀ ਹਿੱਸੇ ਆਇਆ ਹੈ। ਉਨ੍ਹਾਂ ਦੇ ਵੱਡੇ ਪੁੱਤਰ ਰਾਮਰਾਇ ਜੀ ਨੇ ਔਰੰਗਜ਼ੇਬ ਦੇ ਦਰਬਾਰ ਉਸ ਦੀ ਪੁੱਛ ਕਿ ਤੁਸੀਂ ‘ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ’ ਕਿਉਂ ਪੜ੍ਹਦੇ ਹੋ, ਦੇ ਉੱਤਰ ਵਿਚ ਕਮਜ਼ੋਰੀ ਅਤੇ ਖ਼ੁਸ਼ਾਮਦ ਦੇ ਬਚਨ ਆਖ ਦਿੱਤੇ ਕਿ ਅਸੀਂ ਇਹ ਤਾਂ ਨਹੀਂ ਪੜ੍ਹਦੇ, ਅਸੀਂ ਤਾਂ ‘ਮਿੱਟੀ ਬੇਈਮਾਨ’ ਪੜ੍ਹਦੇ ਹਾਂ ਤਾਂ ਗੁਰੂ ਹਰਿਰਾਇ ਜੀ ਨੇ ਉਸੇ ਸਮੇਂ ਕਿਹਾ ਕਿ ਛੋਟੀ ਮੱਤ ਵਾਲੇ ਨੂੰ ਇਹ ਨਹੀਂ ਪਤਾ ਕਿ ਗੁਰੂ ਨਾਨਕ ਸੱਚਾ ਪਾਤਸ਼ਾਹ ਹੈ ਤੇ ਪਾਤਸ਼ਾਹ ਦੇ ਫ਼ਰਮਾਨ ਨੂੰ ਬਦਲਾਉਣ ਦਾ ਹੱਕ ਕਿਸੇ ਨੂੰ ਨਹੀਂ। ‘ ਹੁਕਮ ਦੇ ਦਿੱਤਾ ਕਿ ਉਹ ਮੇਰੇ ਮੱਥੇ ਨਾ ਲੱਗੇ ਤੇ ਤੁਰਕਾਂ ਪਾਸ ਹੀ ਰਹੇ : 1
‘ਬਡ ਐਸ਼ਰਜ ਹੇਠ ਕਰਿ ਫੂਲਾ।
ਆਸ਼ੈ ਸਤਿਗੁਰ ਉਰ ਤੇ ਭੂਲਾ।
ਅਬ ਹਮਰੈ ਮੁਖ ਲਾਗਹਿ ਨਾਹੀ।
ਰਹਹੁ ਆਪ ਤੁਰਕੇਸ਼ਰ ਮਾਹੀ ।
ਦਰਸਹਿ ਨਹਿ ਦਰਸਾਵਹਿ ਦਰਸ਼ਨ।
ਕਰਹਿ ਤੁਰਕ ਲਛਮੀ ਜੁ ਸਪਰਸਨ ।’
—ਸੂਰਜ ਪ੍ਰਕਾਸ਼
ਗੁਰੂ ਹਰਿਰਾਇ ਜੀ ਨੇ ਗੁਰ-ਗੱਦੀ ਆਪਣੇ ਛੋਟੇ ਸਪੁੱਤਰ ਗੁਰੂ ਹਰਿਕ੍ਰਿਸ਼ਨ ਜੀ ਨੂੰ ਸੌਂਪ ? ਦਿੱਤੀ। ਇਕ ਪਾਸੇ ਉਨ੍ਹਾਂ ਗੁਰਗੱਦੀ ਦੀ ਪਵਿੱਤ੍ਰਤਾ ਬਚਾਈ, ਦੂਜੇ ਪਾਸੇ ਐਸੇ ਹੁਕਮ ਦਿੱਤੇ ਜਿਸ ਨਾਲ ਜਥੇਬੰਦੀ ਵਿਚ ਨਿਰਾਲਾ ਤੇ ਨਰੋਆਪਣ ਬਣਿਆ ਰਿਹਾ। ਉਸ ਦੀ ਇਕ ਉਦਾਹਰਣ ਭਾਈ ਹਕੀਕਤ ਰਾਇ ਦੇ ਦਾਦਾ ਭਾਈ ਨੰਦ ਲਾਲ ਪੁਰੀ ਨੂੰ ਗਲੋਟੀਆ ਖੁਰਚ ਦਿੱਤਾ ਉਪਦੇਸ਼ ਹੈ। ਜਦ ਭਾਈ ਜੀ ਨੇ ਉਪਦੇਸ਼ ਦੀ ਮੰਗ ਕੀਤੀ ਤਾਂ ਸੱਤਵੇਂ ਪਾਤਸ਼ਾਹ ਨੇ ਫ਼ਰਮਾਇਆ ਸੀ : ‘ਇਕ ਤੰਮਾਕੂ ਨ ਪੀਣਾ, ਦੂਜੇ ਕੇਸ ਕਤਲ ਨ ਕਰਾਉਣਾ ਅਤੇ ਤੀਜੇ ਟੋਪੀ ਨਾ ਪਹਿਣਨੀ।’ ਗਿਆਨੀ ਗਿਆਨ ਸਿੰਘ ਜੀ ਦੇ ਸ਼ਬਦਾਂ ਵਿਚ, ‘ਰਾਮਰਾਇ (ਜੀ) ਨੂੰ ਮਤਸਰ ਦੀ ਐਸੀ ਅੱਗ ਭੜਕੀ, ਜੋ ਦਿੱਲੀ ਵਿਚ ਔਰੰਗਜ਼ੇਬ ਨੂੰ ਜਾ ਕੇ ਗੱਦੀ ਲੈਣ ਵਾਸਤੇ ਫ਼ਰਿਆਦ ਕੀਤੀ। ਬਾਦਸ਼ਾਹ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਲਿਆਉਣ ਵਾਸਤੇ ਰਾਜਾ ਜੈ ਸਿੰਘ ਜੈ ਪੁਰੀ ਨੂੰ ਹੁਕਮ ਦਿੱਤਾ। ਰਾਜਾ ਜੈ ਸਿੰਘ ਨੇ ਆਪਣੇ ਦੀਵਾਨ ਪਰਸ ਰਾਮ ਨੂੰ ਅਸ਼ਰਫੀਆਂ ਤੇ ਨਜ਼ਰਾਂ ਭੇਟਾਂ ਗੁਰੂ ਵਾਸਤੇ ਦੇ ਕੇ ਆਖਿਆ ਕਿ ਕੀਰਤਪੁਰ ਵਿਚ ਜਾ ਕੇ ਗੁਰੂ ਸਾਹਿਬ ਨੂੰ ਬੜੇ ਅਦਬ ਨਾਲ ਲੈ ਆਓ। ਜਦ ਦੀਵਾਨ ਨੇ ਆ ਕੇ ਅਰਜ਼ ਕੀਤੀ ਤਾਂ ਗੁਰੂ ਸਾਹਿਬ ਨੇ ਬਚਨ ਕੀਤਾ : ‘ਅਸੀਂ ਰਾਜਾ ਦੇ ਪ੍ਰੇਮ ਕਰ ਕੇ ਚਲੇ ਹਾਂ ਪਰ ਬਾਦਸ਼ਾਹ ਨੂੰ ਦਰਸ਼ਨ ਨਹੀਂ ਦੇਵਾਂਗੇ।’ ਸੰਗਤਾਂ ਚਿੰਤਾਤੁਰ ਸਨ ਕਿ ਜਿਸ ਔਰੰਗਜ਼ੇਬ ਨੇ ਸਰਮਦ ਅਤੇ ਸ਼ਾਹ ਮੁਹੰਮਦ ਬਦਖਸ਼ਾਨੀ, ਜੋ ਮੀਆਂ ਮੀਰ ਦੇ ਚੇਲੇ ਸਨ, ਨੂੰ ਨਿਰਦੋਸ਼ ਹੀ ਕਤਲ ਕਰ ਦਿੱਤਾ ਹੈ, ਉਹ ਪਤਾ ਨਹੀਂ ਇਹਨਾਂ ਨਾਲ ਕੀ ਕਰੇਗਾ ਪਰ ਗੁਰੂ ਹਰਿਕ੍ਰਿਸ਼ਨ ਜੀ ਨੇ ਸਾਰਿਆਂ ਨੂੰ ਦਿਲਾਸਾ ਦਿੱਤਾ ਕਿ ਚਿੰਤਾ ਵਾਲੀ ਕੋਈ ਗੱਲ ਨਹੀਂ । ਦਿੱਲੀ ਵਿਖੇ ਔਰੰਗਜ਼ੇਬ ਦੀ ਜਦ ਕੋਈ ਨਾ ਚਲੀ ਤਾਂ ਉਸ ਨੇ ਰਾਮਰਾਇ ਜੀ ਨੂੰ ਸੱਤ ਪਿੰਡ ‘ਖੁਰਵੜਾ, ਧਮਵਾਲ, ਚਮਸਾਰੀ, ਧਰਤਵਾਲੀ, ਪੰਡਤਵਾੜੀ, ਮਿਆਂਵਾਲ ਤੇ ਰਾਜਪੁਰਾ’ ਦੇ ਕੇ ਦਿੱਲੀ ਤੋਂ ਹੀ ਟੋਰ ਦਿੱਤਾ। ਉੱਥੇ ਹੀ ਡੇਰਾਦੂਨ ਰਾਮਰਾਇ ਨੇ ਵਸਾਇਆ ਸੀ। ਧੀਰ ਮੱਲ ਨੇ ਵੀ ਕੋਸ਼ਿਸ਼ਾਂ ਕੀਤੀਆਂ, ਪਰ ਉਹ ਵੀ ਸਫ਼ਲ ਨਾ ਹੋ ਸਕਿਆ ਤੇ ਕਰਤਾਰਪੁਰ ਮੁੜ ਆਇਆ।
ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਵਿਖੇ ਹੀ ਲੋਕਾਂ ਦੇ ਦੁੱਖ ਹਰਦੇ ਅਤੇ ਸੱਭ ਦੇ ਦੁਖੜੇ ਆਪਣੇ ਸਿਰ ਲੈ ਜੋਤੀ ਜੋਤ ਸਮਾ ਗਏ । ਕਈ ਦਿਨ ਆਪ ਜੀ ਦੀ ਅੱਖ ਨਾ ਖੁੱਲ੍ਹੀ । ਸੰਗਤਾਂ ਦੇ ਵਾਰ- ਵਾਰ ਅਰਦਾਸਾਂ ਕਰਨ ਤੇ ਆਪ ਜੀ ਨੇ ਮੁਖੋਂ ‘ਬਾਬਾ ਬਕਾਲਾ’ ਕਿਹਾ ਤੇ ਸਿਰ ਝੁਕਾ ਦਿੱਤਾ । ਭਾਈ ਸੇਵਾ ਰਾਮ ਦੀਆਂ ਪਰਚੀਆਂ ਦੇ ਲਿਖਣ ਅਨੁਸਾਰ ਫਿਰ ਦੁਬਾਰਾ ਸੰਗਤਾਂ ਨੇ ਬਹੁਤ ਵਾਰੀ ਬੁਲਾਇਆ ਤਾਂ ਆਪ ਜੀ ਨੇ ਮੀਟੀ ਹੋਈ ਮੁੱਠੀ ਉੱਪਰ ਕੀਤੀ। ਭਾਵ ਇਹ ਸੀ ਕਿ ਇਕਮੁੱਠ ਰਹਿਣਾ।
ਭਾਈ ਸੇਵਾ ਸਿੰਘ ਦੇ ਸ਼ਹੀਦੀ ਬਿਲਾਸ ਅਨੁਸਾਰ :
‘ਜਬ ਸਤਿਗੁਰ ਭਾਣਾ ਵਰਤਾਇਆ।
ਗੁਰੂ ਬਕਾਲਾ ਮੱਧ ਅਲਾਯਾ।
ਭਾਈ ਕੇਸਰ ਸਿੰਘ ਛਿੱਬਰ ਨੇ ਵੀ ਬੰਸਾਵਲੀ ਨਾਮਾ ਵਿਚ ਇਹ ਹੀ ਗਵਾਹੀ ਭਰੀ 쿤 :
‘ਵਕਤ ਚਲਾਣੇ ਸਿਖਾਂ ਕੀਤੀ ਅਰਦਾਸ।
ਗਰੀਬ ਨਿਵਾਜ ਸੰਗਤ ਛੱਡੀ ਕਿਸ ਪਾਸ।
ਉਸ ਵਕਤ ਬਚਨ ਕੀਤਾ ‘ਬਾਬਾ ਬਕਾਲੇ ।’ ‘
ਗੁਰੂ ਹਰਿਕ੍ਰਿਸ਼ਨ ਜੀ ੩੦ ਮਾਰਚ, ਸੰਨ ੧੬੬੪ ਨੂੰ ਦਿੱਲੀ ਵਿਖੇ ਜੋਤੀ ਜੋਤ ਸਮਾ ਗਏ। ਦੰਭੀਆਂ ਨੇ ‘ਬਾਬਾ ਬਕਾਲਾ’ ਸ਼ਬਦਾਂ ਦਾ ਨਜਾਇਜ਼ ਲਾਭ ਉਠਾਉਂਦੇ ਹੋਏ, ‘ਬਕਾਲਾ’ ਵਿਖੇ ਆ ਮੰਜੀਆਂ ਡਾਹੀਆਂ। ਸਿੱਖ ਇਤਿਹਾਸ ਮੁਤਾਬਿਕ ੨੨ ਮੰਜੀਆਂ ਲੱਗ ਗਈਆਂ। ਧੀਰਮਲ ਜੀ, ਜੋ ਕਰਤਾਰਪੁਰ ਸਨ, ਰਿਸ਼ਤੇ ਵਿਚ ‘ਬਾਬਾ’ ਵੀ ਲੱਗਦੇ ਸਨ ਅਤੇ ਆਦਿ ਗ੍ਰੰਥ ਸਾਹਿਬ ਵੀ ਉਨ੍ਹਾਂ ਪਾਸ ਸੀ, ਬਕਾਲਾ ਆ ਪੁੱਜੇ । ਭਾਈ ਕੇਸਰ ਸਿੰਘ ਨੇ ਧੀਰਮਲ ਦੇ ਆਖੇ ਸ਼ਬਦ ਇਸ ਪ੍ਰਕਾਰ ਲਿਖੇ ਹਨ :
ਧੀਰਮਲ ਕਿਹਾ ਗੁਰਿਆਈ ਹੈ ਅਸਾਡੀ।
ਹਰਿਕ੍ਰਿਸ਼ਨ ਜੋ ਕਿਹਾ, ਬਾਬਾ ਬਕਾਲੇ ।
ਅਸੀਂ ਬਾਬੇ ਹਾਂ ਆਦੀ, ਬਾਬੇ ਗੁਰਦਿੱਤੇ ਦੀ ਔਲਾਦ ।
ਤੇਗ਼ ਬਹਾਦਰ ਪੰਜਵੀਂ ਜਗ੍ਹਾ, ਅਸੀਂ ਬਾਬੇ ਹਾਂ ਆਦੀ।’
ਫਿਰ ਛਿੱਬਰ ਜੀ ਨੇ ਟੂਕ ਦਿੰਦੇ ਹੋਏ ਕਿਹਾ ਹੈ ਕਿ ਧੀਰਮਲ ਨੂੰ :
‘ਇਤਨੀ ਸਮਝ ਨ ਮਨ ਮੇ ਆਈ।
ਬਾਬਾ ਬਕਾਲੇ ਜੋ ਉਨ ਕਿਹਾ।
ਸੋ ਜੀਵਦਾ ਕਿ ਮੋਆ ਬਹਿ ਰਿਹਾ।
ਸੰਗਤਾਂ ਵਿਚ ਕੁਝ ਚਿਰ ਦੁਬਿਧਾ ਬਣੀ ਰਹੀ, ਪਰ ਭਾਈ ਮੱਖਣ ਸ਼ਾਹ ਲੁਬਾਣਾ ਦੇ ਪੁੱਜਣ ਨਾਲ ਬੱਦਲ ਛਟ ਗਏ । ਮੱਖਣ ਸ਼ਾਹ ਦਾ ਤਜਾਰਤੀ ਜਹਾਜ਼ ਬਰੇਤੇ ਵਿਚ ਫਸ ਗਿਆ ਸੀ ਅਤੇ ਉਸ ਨੇ ਗੁਰੂ ਚਰਨਾਂ ਅੱਗੇ ਅਰਦਾਸ ਕੀਤੀ ਸੀ ਕਿ ਜਹਾਜ਼ ਸਹੀ ਸਲਾਮਤ ਕਿਨਾਰੇ ਲੱਗ ਜਾਏ ਤਾਂ ਉਹ ਆਪੂੰ ਆ ਕੇ ਗੁਰੂ ਚਰਨਾਂ ਤੇ ਦਸਵੰਧ ਦੀ ਰਕਮ ਰੱਖੇਗਾ। ਜਦ ਉਹ (ਬਾਬਾ) ਬਕਾਲੇ ਪੁੱਜੇ ਤਾਂ ਕਈ ‘ਗੁਰੂ’ ਦੇਖ ਉਨ੍ਹਾਂ ਇਹ ਸੋਚਿਆ :
‘ਆਤਮ ਦਰਸੀ ਗੁਰ ਜੋ ਹੋਇ।
ਮਾਂਗ ਲੇ ਗੋ ਮੁੱਖ ਤੇ ਸੋਇ।
ਬਾਕੀਆਂ ਅੱਗੇ ਵਿਉਂਤ ਅਨੁਸਾਰ ਜਦ ਦੋ-ਦੋ ਮੁਹਰਾਂ ਚੜ੍ਹਾ ਚੁੱਕੇ ਤਾਂ ਮੁੜਦੇ ਪਏ ਸਨ ਕਿ ਬਾਣੀ ਪੜ੍ਹਨ ਦੀ ਆਵਾਜ਼ ਕੰਨੀਂ ਪਈ। ਆਵਾਜ਼ ਗੁਰੂ ਤੇਗ਼ ਬਹਾਦਰ ਜੀ ਦੀ ਸੀ। ਜਦ ਮੱਖਣ ਸ਼ਾਹ ਨੇ ਉਨ੍ਹਾਂ ਅੱਗੇ ਵੀ ਦੋ ਮੁਹਰਾਂ ਰੱਖੀਆਂ ਤਾਂ ਨੌਵੇਂ ਪਾਤਸ਼ਾਹ ਨੇ ਫ਼ਰਮਾਇਆ : ‘ਕਿਉਂ ਨਹਿ ਦੇਤ ਸੁ ਕਿਆ ਮਨ ਹੇਰੀ । ਗੁਰੂ ਦੇ ਵਾਕ ਸੁਣ ਕੇ ਉਸ ਨੂੰ ਪ੍ਰਤੀਤ ਆਈ ਤੇ ਉੱਚੇ ਚੜ੍ਹ ਕੇ ਪੱਲੂ ਫੇਰ ਕੇ ਕਿਹਾ : ‘ਗੁਰੂ ਲਾਧੋ ਰੇ।’ ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿਚ :
‘ਚੜ੍ਹ ਉਚੇ ਮੰਦਰ ਟੇਰ ਸੁਣਾਯਾ।
ਆਯੋ ਗੁਰਸਿਖੋ ਮੈਂ ਸਤਿਗੁਰ ਲੱਧਾ।
ਤਾਕੀ ਮਹਿਮਾ ਅਗਮ ਅਗਾਧਾ।
ਗੁਰ ਹੈ ਸੋਇ ਜੋ ਉਰ ਕੀ ਜਾਣੈ।’
ਧੀਰਮਲ ਨੂੰ ਇਤਨਾ ਗੁੱਸਾ ਆਇਆ ਕਿ ਉਸ ਸ਼ੀਂਹੇ ਮਸੰਦ ਕੋਲੋਂ ਬੰਦੂਕ ਦੀ ਗੋਲੀ ਦਾ ਵਾਰ ਕਰਵਾਇਆ। ਗੁਰੂ ਜੀ ਤਾਂ ਬਚ ਗਏ, ਪਰ ਚੌਰ ਕਰਦਾ ਸਿੱਖ ਉਥੇ ਹੀ ਸ਼ਹੀਦ ਹੋ ਗਿਆ। ਸਿੱਖਾਂ ਨੂੰ ਜਦ ਇਸ ਨਿਰਦਈ ਵਾਰਦਾਤ ਦਾ ਪਤਾ ਲੱਗਾ ਤਾਂ ਉਨ੍ਹਾਂ ਧੀਰਮਲ ਦਾ ਸਾਰਾ ਮਾਲ ਮਤਾਅ ਖੋਹ ਲਿਆਂਦਾ ਅਤੇ ਆਦਿ (ਗੁਰੂ) ਗ੍ਰੰਥ ਦੀ ਬੀੜ ਵੀ ਆਪਣੇ ਕਬਜ਼ੇ ਵਿਚ ਕਰ ਲਈ। ਗੁਰੂ ਤੇਗ਼ ਬਹਾਦਰ ਜੀ ਨੂੰ ਇਸ ਵਾਰਤਾ ਦਾ ਪਤਾ ਲੱਗਾ ਤਾਂ ਆਪ ਜੀ ਨੇ ਸਾਰਾ ਸਾਮਾਨ ਵਾਪਸ ਕਰਵਾਇਆ ਤੇ ਬੀੜ ਮੋੜਨ ਲਈ ਹੁਕਮ ਦਿੱਤਾ। ਉਥੇ ਜਿੱਥੇ ਇਹ ਬਚਨ ਵੀ ਉਚਾਰੇ : ਕਿ ਖਿਮਾ ਕਰਤ ਨਰ ਕੀ ਕਲਯਾਨਉਥੇ :
‘ਦਰਬ ਕੇ ਕਾਜ ਕਛ ਗੁਰੂ ਮਹਾਰਾਜ ਨੇ,
ਨਹੀਂ ਇਹ ਬੈਠ ਦੁਕਾਨ ਪਾਈ,’
ਵੀ ਕਹੇ।
ਤਾਰੀਖ਼-ਏ-ਪੰਜਾਬ ਦੇ ਕਥਨ ਅਨੁਸਾਰ ਇਹ ਫ਼ਰਮਾਇਆ: ਸਾਨੂੰ ਇਸ ਸਾਮਾਨ ਦੀ ਲੋੜ ਨਹੀਂ, ਉਸੇ ਹਿਰਸੀ ਦੀ ਹਿਰਸ ਪੂਰੀ ਹੋਣ ਦਿਓ । ਅਸੀਂ ਕੋਈ ਧਨ ਦੌਲਤ ਇਕੱਠੀ ਕਰਨ ਲਈ ਇਹ ਹੱਟੀ ਨਹੀਂ ਪਾਈ ਹੋਈ।’
ਉਥੋਂ ਜਦ ਸ੍ਰੀ ਅੰਮ੍ਰਿਤਸਰ (੨੨ ਨਵੰਬਰ, ੧੬੬੪) ਪੁੱਜੇ ਤਾਂ ਹਰਿਮੰਦਰ ਦੇ ਪ੍ਰਬੰਧਕਾਂ ਹਰਿ ਜੀ ਤੇ ਹੋਰਨਾਂ ਨੂੰ ਤ੍ਰਿਸ਼ਨਾ ਦੀ ਅੱਗ ਵਿਚ ਸੜਦੇ ਦੇਖਿਆ। ਉਨ੍ਹਾਂ ਦਰਵਾਜ਼ੇ ਬੰਦ ਕਰ ਜੰਦਰੇ ਵੀ ਮਾਰ ਦਿੱਤੇ । ਆਪ ਜੀ ਦੂਰੋਂ ਹੀ (ਥੜ੍ਹਾ ਸਾਹਿਬ) ਨਮਸਕਾਰ ਕਰ ਅਤੇ ਇਸ਼ਨਾਨ ਕਰ ਵੱਲਾ ਪਿੰਡ ਚਲੇ ਗਏ । ਜਦ ਮੱਖਣ ਸ਼ਾਹ ਜੀ ਦੇ ਸਮਝਾਉਣ ਤੇ ਮਸੰਦ ਗੁਰ ਚਰਨੀਂ ਲੱਗੇ ਤਾਂ ਗੁਰੂ ਜੀ ਨੇ ਇਹ ਫ਼ਰਮਾਇਆ ਕਿ ਅੰਮ੍ਰਿਤ ਸਰੋਵਰ ਵਿਚ ਰਹਿਣ ਵਾਲਿਆਂ ਨੂੰ ਤ੍ਰਿਸ਼ਨਾ ਨਹੀਂ ਸ਼ੋਭਦੀ :
‘ਨਹਿ ਮਸੰਦ ਤੁਮ ਅੰਮ੍ਰਿਤਸਰੀਏ।
ਤ੍ਰਿਸ਼ਨਾਗਨ ਤੇ ਅੰਤਰ ਸੜ੍ਹੀਏ।’
ਤਰਨਤਾਰਨ, ਖਡੂਰ ਸਾਹਿਬ, ਗੋਇੰਦਵਾਲ, ਸੁਲਤਾਨਪੁਰ ਅਤੇ ਲਖੀ ਜੰਗਲ ਤੋਂ ਹੁੰਦੇ ਹੋਏ ਆਪ ਜੀ ਕੀਰਤਪੁਰ ਪੁੱਜੇ । ਕੀਰਤਪੁਰ ਵੀ ਆਪਣੇ ਵੱਡੇ ਭਰਾ ਸੂਰਜ ਮੱਲ ਦੀ ਤਪਸ਼ ਤੇ ਈਰਖਾ ਦੇਖ ਕੇ ਆਪ ਜੀ ਨੇ ਨਵਾਂ ਟਿਕਾਣਾ ਬਣਾਉਣ ਦਾ ਮਨ ਬਣਾ ਲਿਆ। ਉਧਰ ਔਰੰਗਜ਼ੇਬ ਦਾ ਤੁਅੱਸਬੀ ਸੂਰਜ ਸਿਖਰ ਤੇ ਪੁੱਜ ਰਿਹਾ ਸੀ। ਜਾਹਨ ਕਲਾਰਕ ਆਰਚਰ ‘ ਦਾ ਕਹਿਣਾ ਹੈ, ‘ਇਕ ਹੋਰ ਖ਼ਿਆਲ ਨੇ ਵੀ ਗੁਰੂ ਤੇਗ਼ ਬਹਾਦਰ ਨੂੰ ਨਵੀਂ ਤੇ ਨਵੇਕਲੀ ਥਾਂ ਵਸਾਉਣ ਲਈ ਮਜਬੂਰ ਕਰ ਦਿੱਤਾ। ਉਹ ਦੇਖ ਰਹੇ ਸਨ ਕਿ ਔਰੰਗਜ਼ੇਬ ਦਾ ਤੁਅਸਬੀ ਸੂਰਜ ਬੜੀ ਛੇਤੀ ਨਾਲ ਚੜ੍ਹ ਰਿਹਾ ਹੈ, ਸਿੱਖ ਧਰਮ ਨੂੰ ਉਸਦੀ ਤਪਸ਼ ਤੋਂ ਬਚਾਉਣਾ ਜ਼ਰੂਰੀ ਸੀ ।’ ਆਪ ਜੀ ਦੀ ਸੁਚੱਜੀ ਅੱਖ ਨੇ ਮਾਖੋਵਾਲ ਦੀਆਂ ਪਹਾੜੀਆਂ ਦੀ ਚੋਣ ਕੀਤੀ। ਇਹ ਪਹਾੜੀਆਂ ਤਿੰਨ ਦਰਿਆਵਾਂ ਸਤਲੁਜ, ਸਰਸਾ ਤੇ ਚਰਨ ਗੰਗਾ ਵਿਚਕਾਰ ਸਨ। ਉਨ੍ਹਾਂ ਦਿਨਾਂ ਵਿਚ ਹੀ (ਅਪ੍ਰੈਲ, ੧੬੬੫ ਈ:) ਵਿਚ ਰਾਜਾ ਦੀਪ ਚੰਦ ਕਹਿਲੂਰੀ ਵਾਲੇ ਦਾ ਪੁੱਤਰ ਤਾਰਾ ਚੰਦ ਚੜ੍ਹਾਈ ਕਰ ਗਿਆ । ਰਾਜਾ ਦੀਪ ਚੰਦ ਨੂੰ ਗੁਰੂ ਹਰਿਗੋਬਿੰਦ ਜੀ ਨੇ ਗਵਾਲੀਅਰ ਦੇ ਕਿਲ੍ਹੇ ਤੋਂ ਬੰਦ ਖਲਾਸ ਕਰਵਾਇਆ ਸੀ । ਉਹ ਉਨ੍ਹਾਂ ਬਵੰਜਾ ਰਾਜਿਆਂ ਵਿਚੋਂ ਇਕ ਸਨ, ਜੋ ਬੰਦੀ ਛੋੜ ਦਾਤੇ ਦੀ ਬਖ਼ਸ਼ਿਸ਼ ਨਾਲ ਰਿਹਾਅ ਹੋਏ ਸਨ। ਉਸ ਦੇ ਪੁੱਤਰ ਤਾਰਾ ਚੰਦ ਦੇ ਸੱਦੇ ਤੇ ਹੀ ਆਪ ਬਿਲਾਸਪੁਰ ਜਾ ਰਹੇ ਸਨ। ਕੀਰਤਪੁਰ ਹੀ ਸਨ ਕਿ ਤਾਰਾ ਚੰਦ ਦੀ ਮ੍ਰਿਤੂ ਦੀ ਖ਼ਬਰ ਪੁੱਜੀ। ਆਪ ਜੀ ਬਿਲਾਸਪੁਰ ਪੁੱਜੇ ਤੇ ਉਸ ਦੀ ਵਿਧਵਾ ਰਾਣੀ ਚੰਪਾ ਨੇ ਮੀਆਂਪੁਰ, ਲੋਧੀਪੁਰ, ਸਹੋਟੇ ਨਗਰ ਦੀ ਨਾਲ ਵਾਲੀ ਜ਼ਮੀਨ ਦੇ ਕੇ ਬੇਨਤੀ ਕੀਤੀ ਕਿ ਉਹ ਨਵਾਂ ਨਗਰ ਵਸਾਉਣ। ਭੀਮ ਚੰਦ ਦੀ ਉਮਰ ਉਸ ਵੇਲੇ ਕੇਵਲ ਦਸ ਸਾਲ ਸੀ। ਆਪ ਜੀ ਨੇ ਦੂਰ ਦ੍ਰਿਸ਼ਟੀ ਤੋਂ ਕੰਮ ਲੈਂਦੇ ਹੋਏ, ਥਾਂ ਮੁੱਲ ਲੈਣੀ ਹੀ ਠੀਕ ਜਾਣੀ । ਗੁਰਬਿਲਾਸ ਪਾਤਸ਼ਾਹੀ ਦਸਵੀਂ ਅਨੁਸਾਰ: ਮੁੱਲ ਤਾਰ ਕੇ, ਖ਼ੂਬਸੂਰਤ ਨਗਰ ਵਸਾਇਆ ਤੇ ਮਾਤਾ (ਨਾਨਕੀ) ਜੀ ਦੇ ਨਾਂ ਤੇ ਉਸ ਦਾ ਨਾਮ ਰੱਖਿਆ :
‘ਜ਼ਰ ਖਰੀਦ ਜਾਗਾ ਲੈ ਜਾਨਾ।
ਨਗਰ ਰਚਿਓ ਅਛੋ ਸੁਖਦਾਨਾ।
ਮਾਤਾ ਜੀ ਕੇ ਇਸਮ ਨਿਧਾਨਾ।’
ਅਤੇ ਸੰਭਾਲ ਕੀਤੀ ਕਿ ਪਟੇ ਲਿਖਾ ਕੇ ਪਾਸ ਰੱਖ ਲਏ :
‘ਜ਼ਰ ਖ਼ਰੀਦ ਕੇ ਪੱਟੇ ਲਿਖਇ।
ਲੈ ਸਤਿਗੁਰ ਨਿਜ ਨਿਕਟ ਰਖਾਇ।”
ਜੋ ਤਿੰਨ ਪਿੰਡ ਆਪ ਜੀ ਨੇ ੨੨੦੦ ਰੁਪਏ ਦੇ ਕੇ ਖ਼ਰੀਦੇ, ਉਨ੍ਹਾਂ ਦਾ ਨਾਂ ਮਾਖੋਵਾਲ, ਮਟੋਰ ਮੀਆਂਪੁਰ, ਸਹੋਤਾ ਤੇ ਲੋਧੀਪੁਰ ਸਨ। ਦੋ ਪਠਾਣਾਂ ਮਾਟੋ ਤੇ ਮਾਖੋ ਨੇ ਇਹ ਨਗਰ ਵਸਾਏ ਸਨ ਪਰ ਉਨ੍ਹਾਂ ਨੇੜੇ-ਤੇੜੇ ਦੇ ਲੋਕਾਂ ਤੇ ਇਤਨੇ ਅਤਿਆਚਾਰ ਕੀਤੇ ਕਿ ਲੋਕੀਂ ਉਨ੍ਹਾਂ ਨੂੰ ਦੈਂਤ ਹੀ ਆਖਣ ਲੱਗ ਪਏ। ਇਹ ਖ਼ਿਆਲ ਕੀਤਾ ਜਾਂਦਾ ਸੀ ਕਿ ਉਨ੍ਹਾਂ ਦੀਆਂ ਰੂਹਾਂ ਉਸ ਸਮੇਂ ਤੱਕ ਉਥੇ ਹੀ ਡੇਰਾ ਲਗਾਈ ਬੈਠੀਆਂ ਸਨ।
੧੯ ਜੂਨ, ੧੬੬੫ ਈ: (੨੧ ਹਾੜ, ੧੭੨੨ ਬਿ: ਸੋਮਵਾਰ) ਨੂੰ ਗੁਰੂ ਤੇਗ ਬਹਾਦਰ ਜੀ ਨੇ ਬਾਬਾ ਬੁੱਢਾ ਜੀ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਪਵਿੱਤਰ ਹੱਥਾਂ ਨਾਲ ਨਵੇਂ ਨਗਰ ਦੀ ਨੀਂਹ ਰਖਵਾਈ, ਕੜਾਹ ਪ੍ਰਸ਼ਾਦ ਵਰਤਾਇਆ ਅਤੇ ਨਾਂ ਚੱਕ ਨਾਨਕੀ ਰੱਖਿਆ। ਅਜੇ ਕੁਝ ਚਿਰ ਹੀ ਹੋਇਆ ਸੀ ਕਿ ਆਪ ਜੀ ਨੂੰ ਪੂਰਬ ਵਲੋਂ ਪੁਕਾਰਾਂ ਆਉਣ ਲੱਗ ਪਈਆਂ। ਦਾਤਾਰ ਗੁਰੂ ਤੇਗ਼ ਬਹਾਦਰ ਜੀ ਉਨ੍ਹਾਂ ਦਾ ਦਰਦ ਵੰਡਾਉਣ ਲਈ ਪੂਰਬ ਵੱਲ ਚੱਲ ਪਏ । ਔਰੰਗਜ਼ੇਬ ਦਾ ਬਹੁਤਾ ਹੱਲਾ ਪੂਰਬ ਦੇਸ਼ ਤੇ ਹੀ ਸੀ। ਆਗਰਾ, ਮੱਥਰਾ, ਪ੍ਰਯਾਗ, ਬਨਾਰਸ, ਅਯੁੱਧਿਆ ਤੇ ਔਰੰਗਜ਼ੇਬ ਜਬਰ ਢਾਹ ਰਹਿਆ ਸੀ। ਆਪ ਜੀ ਮਾਤਾ ਗੁਜਰੀ ਸਮੇਤ ਉਧਰ ਹੀ ਚੱਲ ਪਏ । ਉਹ ਜਾਣਦੇ ਸਨ ਕਿ ਪੂਰੀ ਤਰ੍ਹਾਂ ਨਾ ਵਸੇ ਅਨੰਦਪੁਰ ਵਿਚ ਮਾਤਾ ਜੀ ਨੂੰ ਛੱਡ ਜਾਣਾ ਠੀਕ ਨਹੀਂ।
ਗੁਰੂ ਕੀਆਂ ਸਾਖੀਆਂ ਅਤੇ ਮਹਿਮਾ ਪ੍ਰਕਾਸ਼ ਅਨੁਸਾਰ ਅਕਤੂਬਰ ੧੬੬੫ ਵਿਚ ਧਮਧਾਨ ਵਿਖੇ ਆਲਮ ਖਾਨ ਰੁਹੇਲੇ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਗ੍ਰਿਫ਼ਤਾਰ ਕਰ ਲਿਆ, ਪਰ ਮਿਰਜ਼ਾ ਰਾਜਾ ਜੈ ਸਿੰਘ ਦੇ ਪੁੱਤਰ ਰਾਮ ਸਿੰਘ ਦੇ ਕਹਿਣ ਤੇ ਬੰਦੀਖ਼ਾਨੇ ਵਿਚ ਨਾ ਪਾਇਆ ਗਿਆ । ਪਾਦਸ਼ਾਹ ਬੁਰੰਜੀ ਵਿਚ ਲਿਖਿਆ ਵੀ ਹੈ ਕਿ ਔਰੰਗਜ਼ੇਬ ਨੇ ਰਾਮ ਸਿੰਘ ਕੋਲੋਂ ਪੁੱਛਿਆ ਵੀ ਕਿ ਤੂੰ ਐਸਾ ਕਿਉਂ ਚਾਹੁੰਦਾ ਹੈਂ ਤਾਂ ਰਾਮ ਸਿੰਘ ਨੇ ਕਿਹਾ :
‘ਉਹ ਕੌਣ ਹਨ, ਤੁਹਾਨੂੰ ਕੀ ਪਤਾ ! ਰਾਜਾ ਜਾਂ ਨਵਾਬ ਹੋਵੇ ਤਾਂ ਤੇ ਤੇਰਾ ਅਤਾਬ ਗਿਰੇ, ਪਰ ਉਹ ਤਾਂ ਪੀਰਾਨ ਪੀਰ ਹਨ।’ ਗੁਰੂ ਜੀ ‘ਨਾ ਡਰੋ ਤੇ ਨਾ ਡਰਾਓ’ ਦਾ ਲੋਕਾਂ ਵਿਚ ਹਰ ਥਾਂ ਪ੍ਰਚਾਰ ਕਰਦੇ ਹੀ ਗਏ। ਗਹੁ ਨਾਲ ਦੇਖਿਆ ਜਾਏ ਤਾਂ ਉਨ੍ਹਾਂ ਦੀ ਸਾਰੀ ਬਾਣੀ ਤੇ ਸਲੋਕ ਹਿੰਦਵੀ ਭਾਸ਼ਾ ਵਿਚ ਸਨ । ਕੋਈ ਵਿਰਲਾ ਸ਼ਬਦ ਹੀ ਫ਼ਾਰਸੀ ਜਾਂ ਠੇਠ ਪੰਜਾਬੀ ਦਾ ਹੈ । ਉਹ ਲੋਕਾਂ ਨੂੰ ‘ਸੰਗਤਾਂ’ ਬਣਾਉਣ ਅਤੇ ਧਰਮ ਦ੍ਰਿੜ੍ਹ ਕਰਨ ਦੀ ਗੱਲ ਹੀ ਆਖ ਰਹੇ ਸਨ। ਉਹ ਸ਼ਬਦਾਂ ਰਾਹੀਂ ਸਮਝਾ ਰਹੇ ਸਨ ਕਿ ਜੇ ਇਕੋ ਪ੍ਰਭੂ ਦਾ ਸਹਾਰਾ ਲਿਆ ਜਾਏ ਤਾਂ ਜ਼ਾਲਮ ਦਾ ਜ਼ੁਲਮ ਬਹੁਤੀ ਦੇਰ ਨਹੀਂ ਟੁਰਦਾ । ਦਰੋਪਦੀ ਨੇ ਪੁਕਾਰਿਆ ਤਾਂ ਉਸਦੀ ਲਾਜ ਰਹੀ, ਹਾਥੀ ਨੇ ਸਿਮਰਿਆ ਤਾਂ ਉਹ ਤੰਦੂਏ ਦੀ ਪਕੜ ਤੋਂ ਆਜ਼ਾਦ ਹੋ ਗਿਆ, ਅਜਾਮਲ ਨੇ ਸਿਮਰਿਆ ਤਾਂ ਉਹ ਮੁਕਤ ਹੋ ਗਿਆ। ਸੋ ਲੋੜ ‘ਇਕੱਠੇ ਹੋਣ’ ਤੇ ‘ਵਿਸ਼ਵਾਸ ਰੱਖਣ’ ਦੀ ਹੈ। ਇਸ ਪ੍ਰਚਾਰ ਸਦਕਾ ਸੁਤੰਤਰਤਾ ਦੀ ਨਵੀਂ ਲਹਿਰ ਚੱਲ ਪਈ । ਮੱਥਰਾ ਵਿਚ ਗੋਕਲ ਨੇ ਹਥਿਆਰ ਚੁੱਕੇ ਅਤੇ ਉਸ ਦੀ ਅਗਵਾਈ ਵਿਚ ਹਜ਼ਾਰਾਂ ਨੌਜੁਆਨ ਹਥਿਆਰਬੰਦ ਹੋ ਖਲੋਤੇ। ਪੂਰਾ ਇਕ ਸਾਲ ਇਸ ਬਗ਼ਾਵਤ ਨੂੰ ਦਬਾਉਣ ਵਿਚ ਲੱਗ ਗਿਆ। ੧੬੭੦ ਵਿਚ ਨਾਰਨੌਲ ਦੇ ਸਤਿਨਾਮੀ ਉੱਠ ਬੈਠੇ। ਇਹ ਸਭ ‘ਨ ਭੈ ਮਾਨਤ ਆਨਿ’ ਦੇ ਪ੍ਰਚਾਰ ਦਾ ਹੀ ਸਦਕਾ ਸੀ। ਇਸ ਸਿਲਸਿਲੇ ਵਿਚ ਗ਼ੁਲਾਮ ਹੁਸੈਨ ਨੇ ਵੀ ਲਿਖਿਆ ਹੈ, (ਗੁਰੂ) ਤੇਗ਼ ਬਹਾਦਰ ਦੇ ਗਿਰਦ ਬੇਅੰਤ ਸੇਵਕ ਇਕੱਠੇ ਹੋ ਗਏ ਅਤੇ ਹਜ਼ਾਰਾਂ ਲੋਕ ਉਸ ਪਿੱਛੇ ਤੁਰਨ ਲੱਗੇ ।’
ਜਦ ਆਪ ਜੀ ਅਲਾਹਾਬਾਦ ਪੁੱਜੇ ਤਾਂ ਉਥੇ ਗੁਰੂ ਜੀਵਨ ਦੀ ਮਹਾਨ ਘਟਨਾ ਹੋਈ। ਗੁਰੂ ਜੀ ਦੀ ਸ਼ਾਦੀ ਹੋਇਆਂ ਤਕਰੀਬਨ ੨੭ ਸਾਲ ਹੋ ਗਏ ਸਨ। ਇਹ ਜੋੜਾ ਵਾਹਿਗੁਰੂ ਦੇ ਚਰਨਾਂ ਵਿਚ ਲੀਨ ਹੋ ਕੇ ਕਿਸੇ ਮਹਾਨ ਆਤਮਾ ਨੂੰ ਜਨਮ ਦੇਣ ਦੀ ਪ੍ਰਾਰਥਨਾ ਕਰ ਰਿਹਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤ੍ਰ ਨਾਟਕ ਵਿਚ ਲਿਖਿਆ ਹੈ ਕਿ ‘ਮਾਤਾ ਤੇ ਪਿਤਾ ਨੇ ਟਿਕ ਪ੍ਰਭੂ ਨੂੰ ਯਾਦ ਕੀਤਾ। ਉਨ੍ਹਾਂ ਦੀ ਅਰਾਧਨਾ ਤੋਂ ਵਾਹਿਗੁਰੂ ਨੇ ਪ੍ਰਸੰਨ ਹੋ ਕੇ ਮੈਨੂੰ ਹੁਕਮ ਕੀਤਾ ਕਿ ਉਨ੍ਹਾਂ ਦੇ ਗ੍ਰਹਿ ਵਿਖੇ ਜਨਮ ਲਵਾਂ ਅਤੇ ਪ੍ਰਕਾਸ਼ ਤ੍ਰਿਬੈਣੀ (ਅਲਾਹਾਬਾਦ) ਦੇ ਅਸਥਾਨ ਤੇ ਹੋਇਆ :
ਤਾਤ ਮਾਤ ਮੁਰ ਅਲਖ ਅਰਾਧਾ।
ਬਹੁ ਬਿਧਿ ਜੋਗ ਸਾਧਨਾ ਸਾਧਾ। ੩ ।
ਤਿਨ ਕੋ ਕਰੀ ਅਲਖ ਕੀ ਸੇਵਾ।
ਤਾ ਤੇ ਭਏ ਪ੍ਰਸੰਨਿ ਗੁਰ ਦੇਵਾ।
ਤਿਨ ਪ੍ਰਭ ਜਬ ਆਇਸ ਮੁਹਿ ਦੀਯਾ।
ਤਬ ਹਮ ਜਨਮ ਕਲੂ ਮਹਿ ਲੀਆ। ੪।
ਤਹੀ ਪ੍ਰਕਾਸ਼ ਹਮਾਰਾ ਭਯੋ ।
ਪਟਨਾ ਸਹਰ ਬਿਖੈ ਭਵ ਲਯੋ ।
-ਅਥ ਕਬਿ ਜਨਮ ਕਥਨ
ਅਲਾਹਾਬਾਦ ਤੋਂ ਬਨਾਰਸ, ਗਯਾ, ਕਰਮ ਨਾਸ਼ ਨਦੀ ਪਾਰ ਕਰ ਕੇ ਆਪ ਜੀ ਪਟਨਾ ਪੁੱਜੇ । ਪਟਨਾ ਪੁੱਜਦੇ ਹੀ ਬਾਰਸ਼ਾਂ ਅਰੰਭ ਹੋ ਗਈਆਂ ਸਨ ਤੇ ਚੁਮਾਸਾ ਲੱਗ ਗਿਆ ਸੀ। ਗੁਰੂ ਜੀ ਨੇ ਉਥੇ ਟਿਕ ਕੇ ਧਰਮ ਪ੍ਰਚਾਰ ਦੇ ਕੰਮ ਨੂੰ ਜਥੇਬੰਦ ਕੀਤਾ। ਉਥੇ ਹੀ ਆਪ ਜੀ ਨੂੰ (ਅਗਸਤ ੧੯, ੧੬੬੬) ਖ਼ਬਰ ਪੁੱਜੀ ਕਿ ਸ਼ਿਵਾ ਜੀ ਮਰਹੱਟਾ ਰਾਮ ਸਿੰਘ ਦੇ ਮਹੱਲਾਂ ਤੋਂ ਪੁੱਤਰ ਸਮੇਤ ਨੱਸ ਗਿਆ ਹੈ। ਔਰੰਗਜ਼ੇਬ ਨੇ ਰਾਮ ਸਿੰਘ ਨੂੰ ਦੋਸ਼ੀ ਠਹਿਰਾਇਆ। ਪਹਿਲਾਂ ਤਾਂ ਉਸ ਨੂੰ ਸਖ਼ਤ ਸਜ਼ਾ ਦੇਣ ਦੀ ਸੋਚੀ, ਪਰ ਫਿਰ ਆਸਾਮ ਦੀ ਮੁਹਿੰਮ ਤੇ ਭੇਜ ਦਿੱਤਾ। ਹਰ ਕੋਈ ਜਾਣਦਾ ਸੀ ਕਿ ਆਸਾਮ ਦੀ ਮੁਹਿੰਮ ਤੇ ਗਿਆ ਕੋਈ ਵਾਪਿਸ ਨਹੀਂ ਮੁੜਿਆ। ਸੋ ਇਹ ਵੀ ਇਕ ਕਿਸਮ ਦੀ ਸਜ਼ਾ ਹੀ ਸੀ। ਤਾਸ ਰਾਜਾ ਰਾਮ ਸਿੰਘ ਫਰਵਰੀ ੧੬੬੯ ਨੂੰ ਢਾਕਾ ਵਿਖੇ ਗੁਰੂ ਜੀ ਨੂੰ ਮਿਲਿਆ ਸੀ । ਅਖਬਾਰਾਤਿ ਦਰਬਾਰ ਮੁੱਅਲਾ ਨੇ ਰਾਮ ਸਿੰਘ ਰਾਜਾ ਦੇ ਨਾਲ ਜਾਣ ਦਾ ਜ਼ਿਕਰ ਕੀਤਾ ਹੈ। ਗੁਰੂ ਜੀ ਪਟਨੇ ਤੋਂ ਮੁੰਘੇਰ, ਭਾਗਲਪੁਰ, ਕੋਲਗਾਂਗ, ਸਾਹਿਬ ਗੰਜ ਤੇ ਕਾਂਤਨਗਰ ਪੁੱਜੇ। ਕਾਂਤਨਗਰ ਤੋਂ ਰਾਜਮਹਲ, ਮਾਲਦਾ, ਗੋਦਗਰੀ, ਗੋਪਾਲਪੁਰ ਤੋਂ ੧੬੬੬ ਅਕਤੂਬਰ ਨੂੰ ਢਾਕਾ ਪੁੱਜ ਗਏ ਸਨ । ਰਾਹ ਵਿਚੋਂ ਪਟਨਾ ਦੀ ਸੰਗਤ ਦੇ ਨਾਮ ਹੁਕਮਨਾਮੇ ਲਿਖੀ ਜਾ ਰਹੇ ਸਨ।
ਇਕ ਹੁਕਮਨਾਮਾ ਵਿਚ ਆਪ ਜੀ ਨੇ ਲਿਖਿਆ ਕਿ ‘ਅਸੀਂ ਪਰੇ ਰਾਜਾ ਜੀ ਕੇ ਸਾਥ ਗਏ ਹਾਂ। ਕਬੀਲਾ ਹਮੋ ਪਟਣੇ ਮੇਂ ਛੋਡਾ ਹੈ, ਸੰਗਤ ਕੀ ਸੇਵਾ ਕਾ ਵੇਲਾ ਹੈ। ਜੋ ਸਿੱਖ ਸੇਵਾ ਕਰੇਗਾ ਤਿਸ ਕੇ ਰੁਜ਼ਗਾਰ ਮੇ ਬਰਕਤਿ ਹੋਵੇਗੀ। ਕੋਈ ਅਬਲ ਹਵੇਲੀ ਹੋਵੇ; ਬਡੀ ਹੋਵੇ, ਤਿਸ ਮੋ ਕਬੀਲੇ ਹਮਾਰੇ ਰਾਖਣੇ।’ ਇਥੋਂ ਇਹ ਸਪੱਸ਼ਟ ਹੈ ਕਿ ਮਾਤਾ ਜੀ ਦੀ ਸਿਹਤ ਦਾ ਗੁਰੂ ਜੀ ਨੂੰ ਬਹੁਤ ਖ਼ਿਆਲ ਸੀ ਇਸੇ ਲਈ ਉਹ ਖੁੱਲ੍ਹੀ, ਵੱਡੀ, ਅੱਛੀ ਤੇ ਹਵਾਦਾਰ ਹਵੇਲੀ ਲਈ ਲਿਖ ਰਹੇ ਸਨ।
ਗੁਰੂ ਤੇਗ਼ ਬਹਾਦਰ ਜੀ ਢਾਕਾ ਵਿਖੇ ਹੀ ਸਨ ਕਿ ਉਨ੍ਹਾਂ ਨੂੰ ਭਾਈ ਮੇਹਰ ਚੰਦ ਤੇ ਭਾਈ ਕਲਿਯਾਨ ਚੰਦ ਹੱਥੀਂ ਖ਼ਬਰ ਭੇਜੀ ਕਿ ਪੋਹ ਸੁਦੀ ਸਪਤਮੀ ੧੭੨੩ ਬਿ: (੨੨ ਦਸੰਬਰ, ੧੬੬੬) ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਬਾਲਕ (ਗੁਰੂ) ਦਾ ਜਨਮ ਹੋਇਆ ਹੈ। ਖ਼ਬਰ ਸੁਣਦੇ ਸਾਰ ਹੀ ਗੁਰੂ ਤੇਗ਼ ਬਹਾਦਰ ਜੀ ਨੇ ‘ਗੋਬਿੰਦ ਦਾਸ’ ਨਾਂ ਧਰਿਆ ਤੇ ਪਟਨਾ ਦੀ ਸੰਗਤ ਦੇ ਨਾਮ ਹੁਕਮਨਾਮਾ ਭੇਜਿਆ ਕਿ ਸਰਬਤ ਸੰਗਤ ਪਟਨੇ ਕੀ ਜਿਨ ਵਾਹਿਗੁਰੂ ਕੀਆ ਹੈ ਤਿਸ ਕੇ ਮਨੋਰਥ ਪੂਰੇ ਹੋਵਹਿਗੇ। ਗੋਬਿੰਦ ਦਾਸ ਕੀ ਵਧਾਈ ਉੱਪਰ ਸੰਗਤ ਖ਼ਰਚ ਕੀਆ। ਗੁਰੂ ਕੀ ਦਰਗਾਹ ਥਾਇ ਪਇਆ। ਰੁਪਏ ਕੀ ਮੂਹਰ ਥਾਇ ਪੜੀ। ਪੀਛੇ ਸੇਵਾ ਕੀਤੀ ਸੋ ਥਾਇ ਪਈ। ਆਗੇ ਜੋ ਸੇਵਾ ਕਰੋਗੇ ਤਿਸ ਕਾ ਭਲਾ ਹੋਗਾ। ਸਭ ਕੇ ਰੁਜ਼ਗਾਰ ਮੋ ਬਰਕਤ ਹੋਗਾ । ਭਾਈ ਜੀ, ਸਿਰੋਪਾਓ ਭੇਜਿਆ ਹੈ । ਪਟਨਾ ਗੁਰੂ ਕਾ ਘਰ ਹੈ। ਫਿਰ ਪਿਛੋਂ ਇਕ ਹੋਰ ਹੁਕਮਨਾਮੇ ਵਿਚ ਲਿਖਿਆ ਕਿ ‘ਸੰਗਤ ਸੇਵਾ ਗੋਬਿੰਦ ਦਾਸ ਕੀ ਕਰਤੀ ਹੈ। ਤੁਮਾਰੀ ਸੇਵਾ ਸੰਗਤ ਕੀ ਗੁਰੂ ਕੀ ਦਰਗਾਹ ਥਾਇ ਪੜੇਗੀ। ਸੰਗਤ ਕਾ ਭਲਾ ਹੋਗਾ।’ ਇਸ ਤੋਂ ਇਹ ਗੱਲ ਪ੍ਰਤੀਤ ਹੁੰਦੀ ਹੈ ਕਿ ਗੁਰੂ ਤੇਗ਼ ਬਹਾਦਰ ਜੀ ਦਾ ਬੰਗਾਲ ਤੇ ਆਸਾਮ ਵਿਚ ਕਾਫੀ ਸਮਾਂ ਲੱਗ ਰਹਿਆ ਸੀ । ‘ਗੋਬਿੰਦ ਦਾਸ ਕੀ ਸੇਵਾ ਕਰਤੀ ਹੈ’ ਤੋਂ ਇਹ ਗੱਲ ਉੱਘੜ ਕੇ ਸਾਹਮਣੇ ਆਂਵਦੀ ਹੈ।
ਗੁਰੂ ਤੇਗ਼ ਬਹਾਦਰ ਜੀ ਦੀ ਪੰਜਾਬ ਵਾਪਸੀ-੧੬੭੦ ਨੂੰ ਗੁਰੂ ਜੀ ਨੇ ਆਸਾਮੀਆਂ ਤੇ ਮੁਗ਼ਲਾਂ ਦੀ ਫ਼ੌਜ ਵਿਚ ਸੁਲਾਹ ਕਰਵਾ ਦਿੱਤੀ। ਗੁਰੂ ਜੀ ਦੇ ਕਹਿਣ ਤੇ ਦੋਵੇਂ ਧਿਰਾਂ ਪੁਰਾਣੀਆਂ ਹੱਦਾਂ ਤੇ ਮੁੜ ਗਈਆਂ। ਕਈ ਜਾਨਾਂ ਦਾ ਨੁਕਸਾਨ ਹੋਣ ਤੋਂ ਬਚ ਗਿਆ।
ਆਪ ਜੀ ਉਥੋਂ ਹੱਜੋਂ ਪੁੱਜੇ ਜਿਸ ਨੇੜੇ ਤਰਾ ਪਰਬਤ ਦੀ ਪਹਾੜੀ ਹੈ। ਰੰਗਾਮਾਟੀ ਵਿਖੇ ੨ ਮਾਰਚ, ੧੬੭੦ ਨੂੰ ਜਾਣ ਦਾ ਜ਼ਿਕਰ ਸਿੱਖ ਇਤਿਹਾਸ ਨੇ ਕੀਤਾ ਹੈ। ਫਿਰ ਢਾਕਾ, ਕਲਕੱਤਾ, ਕੱਟਕ ਤੇ ਪੁਰੀ ਤੋਂ ਹੁੰਦੇ ਹੋਏ ਛੇਤੀ ਹੀ ਪੰਜਾਬ ਵੱਲ ਚੱਲ ਪਏ । ਛੇਤੀ ਮੁੜਨ ਦਾ ਕਾਰਨ ਇਹ ਹੀ ਲੱਗਦਾ ਹੈ ਕਿ ਔਰੰਗਜ਼ੇਬ ਨੇ ਹੁਣ ਪੰਜਾਬ ਨੂੰ ਕੇਂਦਰ ਬਣਾ ਲਿਆ ਸੀ। ਉਹ ਆਗਰੇ ਤੋਂ ਲਾਹੌਰ ਆ ਗਿਆ ਸੀ । ਗੁਰੂ ਜੀ ਦਾ ਪੰਜਾਬ ਪੁੱਜਣਾ ਜ਼ਰੂਰੀ ਸੀ ਤਾਂ ਕਿ ਲੋਕਾਂ ਨੂੰ ਧਰਵਾਸ ਮਿਲੇ । ਪਟਨਾ ਵਿਚ ਬਾਲਕ ਗੁਰੂ ਗੋਬਿੰਦ (ਸਿੰਘ) ਨੂੰ ਦੇਖ ਕੇ ਕੁਝ ਹੀ ਦਿਨ ਉਥੇ ਟਿਕੇ । ਆਪ ਜੀ ਨੇ ਪਰਵਾਰ ਨੂੰ ਉਥੇ ਹੀ ਰਹਿਣ ਦੇਣਾ ਠੀਕ ਸਮਝਿਆ ਤੇ ਆਪੂੰ ਅਨੰਦਪੁਰ ਦੀ ਉਸਾਰੀ ਅਰੰਭ ਕਰ ਦਿੱਤੀ।
2 ਪਟਨਾ ਸਾਹਿਬ ਵਿਖੇ ਛੇ ਸਾਲ
ਪਟਨਾ ਸਾਹਿਬ-ਪਟਨਾ ਉਸ ਸਮੇਂ ਬੰਗਾਲ ਦੇ ਸੂਬੇ ਅਧੀਨ ਸੀ। ਬਿਹਾਰ ਸਾਰਾ ਹੀ ਬੰਗਾਲ ਦਾ ਹਿੱਸਾ ਸੀ। ਪਟਨੇ ਦਾ ਹਾਕਮ ਸਿੱਖ ਇਤਿਹਾਸ ਦੇ ਕਥਨ ਅਨੁਸਾਰ ਨਵਾਬ ਰਹੀਮ ਬਖ਼ਸ਼ ਸੀ। ਪਟਨਾ ਅਸ਼ੋਕ ਦੇ ਸਮੇਂ ਤੋਂ ਹੀ ਪ੍ਰਸਿੱਧ ਹੋ ਗਿਆ ਸੀ । ਨਾਲੰਦਾ ਦੇ ਨੇੜੇ ਹੋਣ ਕਾਰਨ ਵਿੱਦਿਆ-ਸਾਹਿੱਤ ਦਾ ਕੇਂਦਰ ਵੀ ਸੀ । ਬੁੱਧ ਜੀ ਰਾਜਗ੍ਰੀਹ ਜਾਂਦਿਆਂ ਇਥੇ ਆਏ ਸਨ ਤਾਂ ਉਨ੍ਹਾਂ ਇਥੇ ਬਚਨ ਕੀਤਾ ਸੀ ਕਿ ‘ਅੱਗ, ਪਾਣੀ ਅਤੇ ਆਪਸੀ ਫੁੱਟ ਕਰ ਕੇ ਪਟਨਾ ਕਈ ਵਾਰ ਡਿੱਗੇ ਤੇ ਉਸਰੇਗਾ।’ ਕਈ ਵਾਰੀ ਪਟਨਾ ਢਹਿ ਢੇਰੀ ਹੋਆ, ਪਰ ਫਿਰ ਉੱਠ ਖਲੋਤਾ। ਇਸ ਲਈ ਇਸ ਦੇ ਕਈ ਨਾਂ ਵੀ ਹੋਏ। ਬਾਈ ਨਾਂ ਪਟਨਾ ਦੇ ਪਏ। ਯੂਨਾਨੀਆਂ ਇਸ ਦਾ ਨਾਂ ਪਾਲੀ-ਪੋਥਰਾ ਰੱਖਿਆ। ਪੁਸ਼ਪਪੁਰ, ਕੁਸ਼ਮਪੁਰ, ਕੁਸ਼ਾਮਵਤੀ, ਮੋਰੀਯਾ ਨਗਰ, ਪਟਲਾ ਤੇ ਪਾਟਲੀ ਪੁੱਤਰ ਕਰਕੇ ਵੀ ਜਾਣਿਆ ਜਾਂਦਾ ਰਿਹਾ। ਜਦ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ (੧੬੬੬) ਹੋਆ, ਇਸ ਨੂੰ ਪਟਨਾ। ‘ ਹੀ ਕਹਿੰਦੇ ਸਨ। ‘ਪਟਨਾ ਸਹਰ ਬਿਖੈ ਭਵ ਲਯੋ’ ਮਹਾਰਾਜ ਦਾ ਆਪਣਾ ਫ਼ਰਮਾਨ ਹੈ। ਮੁੱਗ਼ਲਾਂ ਦਾ ਜ਼ੋਰ ਪੈ ਜਾਣ ਨਾਲ ਕੁਝ ਚਿਰ ਅਜ਼ੀਮਾਬਾਦ ਵੀ ਕਹਿਲਾਇਆ, ਪਰ ਪ੍ਰਸਿੱਧ ਨਾਂ ਪਟਨਾ ਹੀ ਰਿਹਾ। ਸੋਲ੍ਹਵੀਂ ਸਦੀ ਦੇ ਅਖ਼ੀਰ (੧੫੯੬) ਵਿਚ ਇਕ ਯੂਰਪੀ ਸੈਲਾਨੀ ਰੌਲਫ਼ ਨੇ ਪਟਨਾ ਬਾਰੇ ਲਿਖਿਆ ਸੀ ਕਿ ‘ਸ਼ਾਮ ਨੂੰ ਜਦ ਆਕਾਸ਼ ਵਿਚ ਸਿਤਾਰੇ ਚਮਕਦੇ ਸਨ ਅਤੇ ਪਾਟਲੀ ਪੁੱਤਰ ਨਿਵਾਸੀਆਂ ਦੇ ਛੱਜਿਆਂ ਤੇ ਲੱਗੇ ਪਾਟਿਲ ਦੇ ਸਫ਼ੈਦ ਫੁੱਲ ਖਿੜ ਉੱਠਦੇ ਹਨ ਅਤੇ ਇਥੋਂ ਦੇ ਬਾਜ਼ਾਰਾਂ ਵਿਚ ਸੋਨਾ-ਚਾਂਦੀ ਅਤੇ ਬਰਤਨਾਂ ਨਾਲ ਸਜੀਆਂ ਦੁਕਾਨਾਂ ਚਮਕਣ ਲੱਗਦੀਆਂ ਹਨ ਤਾਂ ਇਹ ਕਹਿਣਾ ਕਠਿਨ ਹੋ ਜਾਂਦਾ ਹੈ ਕਿ ਇਹ ਸੁੰਦਰ ਲੋਕ ਹੈ ਜਾਂ ਸੁਹਾਣਾ ਸੁਰਲੋਕ। ਪੂਰੇ ਅੱਸੀ ਸਾਲ ਪਿਛੋਂ ਸੱਚਮੁੱਚ ਇਸ ਪਟਨੇ ਸੁਰਲੋਕ ਦਾ ਵਾਸੀ ਆਇਆ ਜਿਸ ਧਰਤੀ ਤੇ ਹੀ ਸਵਰਗ ਬਣਾਉਣ ਦਾ ਐਲਾਨ ਕੀਤਾ। ਭਾਈ ਗੁਰਦਾਸ ਜੀ(ਦੂਜੇ) ਦੇ ਸ਼ਬਦਾਂ ਵਿਚ :
‘ਤਿਹ ਨਿਰਭਉ ਰਾਜ ਕਮਾਇਅਨੁ ਸਚ ਅਦਲ ਚਲਾਏ।
ਇਉ ਕਲਿਜੁਗ ਮੈਂ ਅਵਤਾਰ ਧਾਰਿ ਸਤਿਜੁਗ ਵਰਤਾਏ’। ੧੭।
ਪੋਹ ਸੁਦੀ ਸਤਵੀਂ (੨੨ ਦਸੰਬਰ, ੧੬੬੬) ਨੂੰ ਅਵਤਾਰ ਲਿਆ ਤਾਂਕਿ ਹੁਣ ਜਗਤ ਨੂੰ ‘ਬਿਖਿਆ ਪੋਹਿ’ ਨ ਸਕੇ । ੬ ਸਾਲ ਪਟਨਾ ਸਵਰਗ ਹੀ ਬਣਿਆ ਰਹਿਆ। ਮਾਮਾ ਕ੍ਰਿਪਾਲ ਚੰਦ ਜੀ ਪੂਰੀ ਰਾਖੀ ਕਰ ਰਹੇ ਸਨ । ਭਾਈ ਦਇਆਲਾ ਜੀ ਸਾਰੇ ਪ੍ਰਬੰਧ ਨੂੰ ਦੇਖ ਰਹੇ ਸਨ। ਭਾਈ ਰਾਮ ਰਾਇ ਤੇ ਭਾਈ ਦਰਬਾਰੀ ਜੀ ਗੁਰੂ ਅਤੇ ਪਰਵਾਰ ਦੀ ਸੰਭਾਲ ਲਈ ਦਿਨ ਰਾਤ ਜੁਟੇ ਹੋਏ ਸਨ। ਗੁਰੂ ਤੇਗ਼ ਬਹਾਦਰ ਜੀ ਨੇ ਜਿੱਥੇ ਆਪਣੇ ਹੁਕਮਨਾਮੇ ਵਿਚ ਕਈ ਹੋਰ ਸਿਖਾਂ ਦੀ ਸੇਵਾ ਦਾ ਜ਼ਿਕਰ ਕੀਤਾ ਹੈ ਉਥੇ ਇਕ ਮਾਈ ਬੇਬੇ ਪੇੜੀ ਬਾਈ ਦਾ ਵੀ ਵਰਣਨ ਕੀਤਾ ਹੈ। ਇਹ ਪੇੜੀ ਬਾਈ ਗੁਰੂ ਜੀ ਦੀ ਖਿਡਾਵੀ ਦਾ ਕੰਮ ਕਰਦੀ ਸੀ । ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮਿਆਂ ਵਿਚ ਇਕ ਹੋਰ ਦਾਈ ਲਾਡੋ ਦਾ ਨਾਂ ਵੀ ਆਇਆ ਹੈ। ਅਨੰਦਪੁਰ ਪੁੱਜ ਕੇ ਪਿਛੋਂ ਗੁਰੂ ਜੀ ਨੇ ਲਿਖਿਆ ਸੀ ‘ਭਾਈ ਰਾਮ ਰਾਇ, ਦਾਈ ਲਾਡੋ ਗੁਰੂ ਰੱਖੇਗਾ, ਦਰਬਾਰੀ ਸੋਭਾ ਚੰਦ ਹਜ਼ੂਰ ਪਹੁੰਚੇ । ਮੇਰੀ ਖ਼ੁਸ਼ੀ ਹੈ ਨਿਹਾਲ ਹੋਏ ।’ ਬੰਸਾਵਲੀ-ਨਾਮੇ ਨੇ ਇਕ ਹੋਰ ਦਾਈ ਬੂਪੀ ਦਾ ਨਾਂ ਵੀ ਲਿਖਿਆ ਹੈ :
ਦਾਈ ਬੂਪੀ ਤੇਵਰ ਪਾਇਆ।
ਸਿਰ ਸਦਕਾ ਕਰਿ ਆਣਿ ਵੰਡੀ ਮਾਇਆ। ੩।
ਭੱਟ ਵਹੀ ਪੂਰਬੀ ਦੱਖਣੀ ਅਨੁਸਾਰ, ਦਿਹਾੜਾ ਬੁੱਧ ਦਾ ਸੀ । ਢਲੀ ਰੈਣ, ਪ੍ਰਕਾਸ਼ ਹੋਆ। ਮਾਤਾ ਨਾਨਕੀ ਜੀ ਨੇ ਗ਼ਰੀਬ ਗੁਰਬੇ ਕੋ ਦਾਨ ਦੀਆ। ਰੈਣ ਪਈ ਦੀਪ ਮਾਲਾ ਹੂਈ । ਬੜਾ ਕਤੂਹਲ ਹੂਆ। ਕਾਈ ਵਾਰਾ ਪਾਰ ਨਹੀਂ ਸੀ।
ਰਾਖੀ ਪੁਰੀ ਰੱਖੀ ਜਾ ਰਹੀ ਸੀ।
ਪਟਨਾ ਦੇ ਸਾਰੇ ਲੋਕ ਹੀ ਆਪ ਜੀ ਨਾਲ ਅਥਾਹ ਪਿਆਰ ਜਤਾ ਰਹੇ ਸਨ । ਮਾਮਾ ਕ੍ਰਿਪਾਲ ਚੰਦ ਜੀ ਤਾਂ ਕਈ ਵਾਰ ਭੈਣ (ਮਾਤਾ) ਗੁਜਰੀ ਨੂੰ ਕਹਿੰਦੇ ਸਨ ਕਿ ਉਹ ‘ਆਪ ਹੀ’ ਗੋਬਿੰਦ ਰੂਪ ਧਾਰ ਸਾਡੇ ਘਰ ਆਇਆ ਹੈ।
ਭੀਖਣ ਸ਼ਾਹ ‘ ਦਾ ਆਉਣਾ-ਪੰਜਾਬ ਦੇ ਨਗਰ ਸਿਆਣਾ ਦੇ ਰਹਿਣ ਵਾਲੇ ਇਕ ਪ੍ਰਸਿੱਧ ਫ਼ਕੀਰ ਭੀਖ ਸ਼ਾਹ ਨੂੰ ਜਿਸ ਨੂੰ ਅਸੀਂ ਭੀਖਣ ਸ਼ਾਹ ਕਹਿੰਦੇ ਹਾਂ, ਜਦ ਆਪਣੇ ਅਨੁਭਵ ਤੋਂ ਗੁਰੂ ਗੋਬਿੰਦ (ਸਿੰਘ) ਜੀ ਦਾ ਪ੍ਰਕਾਸ਼ ਹੋਇਆ ਜਾਣਿਆ ਤਾਂ ਉਨ੍ਹਾਂ ਨਮਾਜ਼ ਪੱਛਮ ਦੀ ਥਾਂ ਪੂਰਬ ਵੱਲ ਉਤਾਰੀ।
ਮਹਾਂਕੋਸ਼ ਦੇ ਲਿਖਣ ਅਨੁਸਾਰ ਭੀਖਣ ਸ਼ਾਹ ਦਾ ਜਨਮ ਸਯਦ ਕੁਲ ਵਿਚ ਪਿੰਡ ਸਿਆਣਾ, ਤਹਿਸੀਲ ਕੈਥਲ ਤੇ ਜ਼ਿਲ੍ਹਾ ਕਰਨਾਲ ਵਿਖੇ ਸੰਨ ੧੬੩੭ ਵਿਚ ਹੋਇਆ ਸੀ। ਇਨ੍ਹਾਂ ਦੇ ਬਜ਼ੁਰਗ ਘੁੜਾਮ ਰਹਿੰਦੇ ਸਨ ਜਿਸ ਕਾਰਨ ਇਨ੍ਹਾਂ ਨੂੰ ਵੀ ਘੁੜਾਮ ਵਾਸੀ ਹੀ ਲਿਖਿਆ ਜਾਣ ਲੱਗ ਪਿਆ। ਉਂਜ ਆਪ ਜੀ ਨੇ ਆਪਣਾ ਟਿਕਾਣਾ ‘ਠਸਕਾ’ ਰੱਖ ਲਿਆ ਸੀ । ਠਸਕਾ ਮੁਗ਼ਲ ਰਾਜ ਵਲੋਂ ਜਾਗੀਰ ਮਿਲੀ ਸੀ। ਆਪ ਜੀ ਕਿਉਂਕਿ ਸਯਦ, ਮੀਰ ਸਨ ਇਸ ਲਈ ਠਸਕਾ ਦਾ ਨਾਂ ‘ਠਸਕਾ ਮੀਰ ਜੀ’ ਕਰ ਕੇ ਪ੍ਰਸਿੱਧ ਹੈ। ਕਵੀ ਸੰਤੋਖ ਸਿੰਘ ਜੀ ਨੇ ਵੀ ਇਹ ਹੀ ਲਿਖਿਆ ਹੈ :
ਪੁਰ ਘੁੜਾਮ ਵਿਖੇ ਹੁਤੋ ਸ਼ਾਹ ਭੀਖ ਜਿਹ ਨਾਮ।
ਨਿਜ ਮੁਰਸ਼ਦ ਕੇ ਢਿਗ ਬਸਤ ਠਸਕੇ ਗ੍ਰਾਮ ਸੁਧਾਮ ।
ਆਪ ਜੀ ਦਾ ਸਤਿਕਾਰ ਇਲਾਕੇ ਵਿਚ ਬਹੁਤ ਸੀ । ਹਾਕਮ ਤੇ ਲੋਕ ਇਤਨਾ ਸਤਿਕਾਰ ਕਰਦੇ ਸਨ ਕਿ ਇਕ ਵਾਰੀ ਫਾਂਸੀ ਤੇ ਚੜ੍ਹਾਉਣ ਲਈ ਸਿਪਾਹੀ ਕੈਦੀ ਨੂੰ ਲੈ ਜਾ ਰਹੇ ਸਨ। ਕਿ ਆਪ ਜੀ ਦੀ ਨਜ਼ਰ ਕੈਦੀ ਤੇ ਪਈ ਤਾਂ ਉਸ ਨੂੰ ਰਿਹਾ ਕਰਨ ਦਾ ਹੁਕਮ ਨਵਾਬ ਸਰਹੰਦ ਨੇ ਦੇ ਦਿੱਤਾ ਸੀ।
ਇਹ ਵੀ ਯਾਦ ਰਹੇ ਕਿ ਖ਼ਵਾਜਾ ਅਬੂ ਅਬਦੁੱਲਾ ਚਿਸ਼ਤੀ ਤੋਂ ਸੂਫ਼ੀਆਂ ਦਾ ਸਿਲਸਿਲਾ ਅਰੰਭ ਹੋਇਆ ਸੀ ਤੇ ਖ਼ਵਾਜਾ ਮੁਈਅਨ-ਉੱਦ-ਦੀਨ ਚਿਸ਼ਤੀ ਦੇ ਵਸੀਲੇ ਨਾਲ ਹਿੰਦੁਸਤਾਨ ਆਇਆ ਸੀ । ਇਸ ਦੀਆਂ ਦੋ ਸ਼ਾਖ਼ਾਂ ਸਾਬਰੀ ਤੇ ਨਿਜ਼ਾਮੀ ਸਨ। ਨਿਜ਼ਾਮੀ ਦੇ ਨਿਰਮਾਤਾ ਨਿਜ਼ਾਮ-ਉਦ-ਔਲੀਆ ਤੇ ਸਾਬਰੀ ਦੇ ਹਜ਼ਰਤ ਅਲੀ ਅਹਿਮਦ ਸਾਬਰੀ ਸਨ, ਨਿਜ਼ਾਮੀ ਭਗਵੇ ਕਪੜੇ ਪਾਉਣ ਲੱਗ ਪਏ ਸਨ ਤੇ ਸਾਬਰੀ ਚਿੱਟੇ ਪਹਿਨਦੇ ਸਨ। ਇਨ੍ਹਾਂ ਵਿਚ ਵੈਰਾਗ, ਕੁਰਬਾਨੀ, ਇਸ਼ਕ ਬਰਾਬਰੀ ਤੇ ਨਿਮ੍ਰਤਾ ਬਹੁਤ ਹੀ ਸੀ। ਸਾਬਰੀ ਸਿਲਸਿਲਾ ਦੇ ਹੀ ਮੁਖੀ ਸਨ, ਸ਼ਾਹ ਮੀਰਾ ਭੀਖ । ਮਾਂ ਸਢੌਰਾ ਦੀ ਸੀ। ੨੪ ਪਿੰਡ ਇਨ੍ਹਾਂ ਨੂੰ ਰੌਸ਼ਨ-ਉੱਦ- ਦਉਲਾ ਨੇ ਦਿੱਤੇ ਸਨ।
ਘੁੜਾਮ ਵਿਖੇ ਸ਼ਾਹ ਜੀ ਦੀ ਦਰਗਾਹ ਕਿਲ੍ਹਾ ਨੁਮਾ ਹੈ। ਡਿਉੜੀ ਵਾਲਾ ਦਰਵਾਜ਼ਾ ਹੈ। ਇਹ ਡਿਉੜੀ ਤਿੰਨ ਮੰਜ਼ਲੀ ਹੈ। ਹਰ ਮੰਜ਼ਲ ਤੇ ਦਰਸ਼ਨੀ ਬਰਾਮਦੇ ਹਨ। ਮਕਬਰਾ ਸ਼ਾਹ ਭੀਖ ਜੀ ਦਾ ਦਰਵਾਜ਼ੇ ਸਾਹਮਣੇ ਹੈ।
ਭੀਖਣ ਸ਼ਾਹ ਉਸ ਜਲਵੇ ਦੇ ਦਰਸ਼ਨਾਂ ਨੂੰ ਪ੍ਰਾਪਤ ਕਰਨ ਲਈ ਪੰਜਾਬ ਤੋਂ ਪਟਨਾ ਵੱਲ ਚੱਲ ਪਏ। ਉਨ੍ਹਾਂ ਦਾ ਇਕ ਹੀ ਸੰਕਲਪ ਸੀ ਕਿ ਇਹ ਦੇਖਿਆ ਜਾਏ ਕਿ ਇਹ ‘ਰੱਬੀ ਨੂਰ’ ਹਿੰਦੂ-ਮੁਸਲਮਾਨ ਵਿਚੋਂ ਕਿਸ ਦਾ ਪੱਖ ਪੂਰਦਾ ਹੈ। ਇਸ ਮੰਤਵ ਲਈ ਉਨ੍ਹਾਂ ਦੋ ਮਠਿਆਈ ਦੀਆਂ ਕੁੱਜੀਆਂ ਤੇ ਦੋ ਕੁੱਜੇ ਇਕ ਵਿਚ ਦੁੱਧ ਤੇ ਦੂਜੇ ਵਿਚ ਪਾਣੀ ਲੈ ਲਿਆ। ਮਠਿਆਈ ਦੀਆਂ ਕੁੱਜੀਆਂ ਤੋਂ ਭਾਵ ਉਨ੍ਹਾਂ ਦਾ ਧਰਮ ਸੀ ਤੇ ਪਾਣੀ ਵਾਲੇ ਕੁੱਜੇ ਦਾ ਅਰਥ ਉਨ੍ਹਾਂ ਮੁਸਲਮਾਨ ਧਰਿਆ ਸੀ ਤੇ ਦੁੱਧ ਵਾਲੇ ਨੂੰ ਹਿੰਦੂ ਮਿਥਿਆ ਸੀ। ਮੁਸਲਮਾਨ ‘ਬੰਦਸ਼’ ਤੇ ‘ਸ਼ਰਹ’ ਨੂੰ ਹੀ ਧਰਮ ਸਮਝਦਾ ਹੈ ਅਤੇ ਪਾਣੀ ਬੰਦਸ਼ ਵਿਚ ਪੈ ਕੇ ਹੀ ਕੰਮ ਸਵਾਰਦਾ ਹੈ। ਹਿੰਦੂ ਚਿੱਟੇ ਕਰਮਾਂ ਤੇ ਜ਼ੋਰ ਦਿੰਦਾ ਹੈ ਅਤੇ ਚਿਟਿਆਈ ਦਾ ਚਿੰਨ੍ਹ ਦੁੱਧ ਹੀ ਹੈ। ਪਟਨਾ ਪੁੱਜ ਕੇ ਉਨ੍ਹਾਂ ਨੇ ਪਹਿਲਾਂ ਦੋਵੇਂ ਮਠਿਆਈ ਦੀਆਂ ਕੁੱਜੀਆਂ ਬਾਲਕ ਗੁਰੂ ਅੱਗੇ ਰੱਖੀਆਂ। ਪੁਰਖ ਭਗਵੰਤ ਨੇ ਆਪਣੇ ਦੋਵੇਂ ਕਰ ਕਮਲ ਦੋਵਾਂ ਕੁੱਜੀਆਂ ਤੇ ਰੱਖ ਦਿੱਤੇ । ਫਿਰ ਜਦ ਸ਼ਾਹ ਭੀਖ ਨੇ ਪਾਣੀ ਤੇ ਦੁੱਧ ਦੇ ਭਰੇ ਕੁੱਜੇ ਅੱਗੇ ਕੀਤੇ ਤਾਂ ਦਸਮੇਸ਼ ਪਿਤਾ ਨੇ ਪਾਵਨ ਚਰਨਾਂ ਨਾਲ ਦੋਵੇਂ ਹੀ ਡੋਲ੍ਹ ਦਿੱਤੇ। ਸਾਰੇ ਅਸਚਰਜ ਹੋ ਦੇਖਦੇ ਰਹੇ, ਪਰ ਸ਼ਾਹ ਭੀਖ ਨੇ ਅੱਗੇ ਵਧ ਚਰਨ ਚੁੰਮ ਲਏ । ਫਿਰ ਸ਼ਾਹ ਭੀਖ ਨੇ ਸਾਰੀ ਅੜੌਣੀ ਖੋਲ੍ਹਦੇ ਹੋਏ ਦੱਸਿਆ ਕਿ ਇਹ ਗੁਰੂ ਕਿਸੇ ਇਕ ਦਾ ਨਹੀਂ ਹੈ।
ਇਹ ਧਰਮ ਤਾਂ ਕੁੱਜਿਆਂ ਵਿਚੋਂ ਕੱਢਣ ਆਇਆ ਹੈ । ਧਰਮ ਦੀ ਬਦਕਿਸਮਤੀ ਹੀ ਇਹ ਹੈ ਕਿ ਉਸ ਨੂੰ ਕਿਸੇ ਨੇ ਮਸੀਤ ਤੇ ਮੰਦਰ ਤੋਂ ਬਾਹਰ ਨਹੀਂ ਕੱਢਿਆ। ਇਸ ਕਲਗੀ ਵਾਲੇ ਨੇ ਹਿੰਦੂ ਧਰਮ, ਮੁਸਲਮ ਧਰਮ ਨਾਲੋਂ ਸਿਰਫ਼ ਧਰਮ ਤੇ ਚੱਲਣ ਦੀ ਪ੍ਰੇਰਨਾ ਦਿੱਤੀ :
ਧਰਮ ਚਲਾਵਨ ਸੰਤ ਉਬਾਰਨ ।
ਦੁਸ਼ਟ ਦੋਖੀਅਨ ਕੋ ਮੂਲ ਉਪਾਰਨ ।’
ਸਾਰੀ ਜ਼ਿੰਦਗੀ ਹੀ ਉਨ੍ਹਾਂ ਦੀ ਮੁਹਾਰਣੀ ਇਹ ਹੀ ਰਹੀ। ਉਹ ਪਹਿਲੇ ਵਿਸ਼ਵ ਆਗੂ ਸਨ ਜਿਨ੍ਹਾਂ ਮੰਦਰ ਤੇ ਮਸੀਤ, ਪੂਜਾ ਤੇ ਨਿਵਾਜ ਨੂੰ ਇਕ ਕਰ ਜਾਣਨ ਦਾ ਉਪਦੇਸ਼ ਦਿੱਤਾ।
ਅਕਾਲ ਉਸਤਤਿ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਸਿੱਧ ਸਵੱਈਯਾ ਹੈ :
ਦੇਹਰਾ ਮਸੀਤ ਸੋਈ, ਪੂਜਾ ਔ ਨਿਵਾਜ ਓਈ,
ਮਾਨਸ ਸਬੈ ਏਕ, ਪੈ ਅਨੇਕ ਕੋ ਭ੍ਰਮਾਉ ਹੈ।
ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ,
ਨਿਆਰੇ ਨਿਆਰੇ ਦੇਸਨ ਕੇ ਭੇਸ ਕੇ ਪ੍ਰਭਾਉ ਹੈ।
ਏਕੈ ਨੈਨ ਏਕੈ ਕਾਨ, ਏਕੈ ਦੇਹ ਏਕੈ ਬਾਨ,
ਖਾਕ ਬਾਦ ਆਤਿਸ਼ ਔ ਆਬ ਕੋ ਰਲਾਉ ਹੈ।
ਅਲਹ ਅਭੇਖ ਸੋਈ ਪੁਰਾਨ ਔ ਕੁਰਾਨ ਓਈ,
ਏਕ ਹੀ ਸਰੂਪ ਸਬੇ ਏਕ ਹੀ ਬਨਾਉ ਹੈ। ੮੬।
ਚੋਜ-ਆਪ ਜੀ ਰੋਜ਼ ਐਸੇ ਚੋਜ ਕਰ ਰਹੇ ਸਨ ਕਿ ਦੇਖਣ ਵਾਲਿਆਂ ਦੇ ਮਨ ਤਾਂ ਮੋਹੇ ਹੀ ਜਾਂਦੇ ਸਨ ਪਰ ਉਨ੍ਹਾਂ ਵਿਚ ਭਵਿੱਖ ਦੀ ਤਸਵੀਰ ਉੱਘੜ ਕੇ ਸਾਹਮਣੇ ਆ ਰਹੀ ਸੀ। ਗੁਰੂ ਗੋਬਿੰਦ (ਸਿੰਘ) ਜੀ ਦੀ ਕੋਈ ਖੇਡ ਅਕਾਰਨ ਨਹੀਂ ਸੀ। ਉਦਾਹਰਣ ਵਜੋਂ ਜਦ ਉਹ ਗੰਗਾ ਕਿਨਾਰੇ ਜਾਂਦੇ ਤਾਂ ਆਪਣੇ ਚਰਨਾਂ ਨਾਲ ਯਾਤਰੂਆਂ ਤੇ ਇਸ਼ਨਾਨ ਕਰਦਿਆਂ ਦੇ ਗੜਵੇ ਡੋਲ੍ਹ ਦਿੰਦੇ। ਇਹ ਇਕ ਵਾਰੀ ਨਹੀਂ, ਤਕਰੀਬਨ ਰੋਜ਼ ਹੀ ਕਰਦੇ। ਉਹ ਸਮਝਾ ਰਹੇ ਸਨ ਕਿ ਇਸ ਗੰਗਾ ਜਲ ਵਿਚ ਕੁਝ ਨਹੀਂ, ਸਭ ਕੁਝ ਅੰਤਰ ਆਤਮੇ ਹੈ। ਇਨ੍ਹਾਂ ਭਰਮਾਂ ਨੇ ਹੀ ਧਰਮਾਂ ਦੀ ਥਾਂ ਨਹੀਂ ਰਹਿਣ ਦਿੱਤੀ। ਕਈ ਉੱਚੀਆਂ ਸੁਰਤਾਂ ਵਾਲੇ ਤਾਂ ਜਾਣ ਗਏ ਪਰ ਕਈਆਂ ਮਾਤਾ ਜੀ ਤੱਕ ਸ਼ਿਕਾਇਤਾਂ ਵੀ ਪੁਜਾਈਆਂ । ਇਕ ਪੁੱਜੀ ਹੋਈ ਆਤਮਾ ਸ਼ਿਵ ਦੱਤ ਨੇ ਗੰਗਾ ਕਿਨਾਰੇ ਉਨ੍ਹਾਂ ਵਿਚ ‘ਰਾਮ’ ਹੀ ਡਿੱਠਾ ਸੀ । ਉਹ ਸਾਰੇ ਪਟਨੇ ਨੂੰ ਆਖ ਰਿਹਾ ਸੀ ਕਿ ਇਹ ਰਾਮ ਅਵਤਾਰ ਹਨ ਤੇ ਇਨ੍ਹਾਂ ਅੱਜ ਦੇ ਰਾਵਣ ਨੂੰ ਮਾਰਨ ਲਈ ਹੀ ਜਨਮ ਲਿਆ ਹੈ । ਹੁਣ ਜਦ ਦਸਮੇਸ਼ ਪਾਣੀ ਦਾ ਭਰਿਆ ਹੋਇਆ ਗੜਵਾ ਡੋਲ੍ਹਦੇ ਤਾਂ ਉਹ ਗੰਗਾ ਵਿਚ ਖਲੋਤਾ ਗੁਰੂ ਗੋਬਿੰਦ ਸਿੰਘ ਵੱਲ ਮੂੰਹ ਕਰ ਕੇ ਸਿਰ ਝੁਕਾ ਦਿੰਦਾ।
ਇਸੇ ਤਰ੍ਹਾਂ ਉਹ ਕਦੀ ਬੱਚਿਆਂ ਨੂੰ ਨਾਲ ਲੈ ਜਾ ਕੇ ਦੋ ਢਾਣੀਆਂ ਬਣਾਉਂਦੇ ਤੇ ਜੰਗੀ ਖੇਡਾਂ ਖੇਡਦੇ। ਤੀਰ ਕਮਾਨ ਦੇ ਆਪੂੰ ਨਿਸ਼ਾਨੇ ਬੰਨ੍ਹਦੇ । ਕਈ ਵਾਰੀ ਦੋ ਦਲ ਬਣਾ ਕੇ ਇਕ ਦੀ ਅਗਵਾਈ ਆਪੂੰ ਕਰਦੇ ਤੇ ਦੂਜੇ ਦੀ ਕਿਸੇ ਦੂਜੇ ਹਾਣੀ ਨੂੰ ਦੇ ਕੇ ਟਾਕਰੇ ਕਰਾਉਂਦੇ। ਕਈ ਵਾਰੀ ਆਪੂੰ ਬੈਠ ਜਾਂਦੇ ਅਤੇ ਬੱਚਿਆਂ ਨੂੰ ਜੰਗਾਂ ਕਰਨ ਲਈ ਪ੍ਰੇਰਦੇ। ‘ਫਤਹਿ’ ਪਾਉਣ ਵਾਲਿਆਂ ਨੂੰ ਮਾਤਾ ਤੇ ਮਾਮਾ ਜੀ ਕੋਲੋਂ ਇਨਾਮ ਦਿਲਵਾਉਂਦੇ।ਉਚੇਚੇ ਤੌਰ ਤੇ ਨਿੱਕੇ-ਨਿੱਕੇ ਤੀਰ, ਤਲਵਾਰਾਂ ਤੇ ਢਾਲਾਂ ਬਣਵਾਈਆਂ ਗਈਆਂ।
ਫਿਰ ਪਟਨਾ ਹੀ ਪੱਕਿਆਂ ਹੋਇਆਂ ਸੁਭਾਵਾਂ ਨੂੰ ਵੀ ਤੋੜਨ ਦਾ ਜਤਨ ਕਰਦੇ ਰਹੇ। ਹੀਣਤਾ ਇਥੋਂ ਤੱਕ ਲੋਕਾਂ ਦੇ ਹੀਯੇ ਵਿਚ ਧੱਸ ਚੁੱਕੀ ਸੀ ਕਿ ਬਹੁਤੇ ਵਡੇਰੇ ਤੇ ਸਾਰੇ ਬੱਚੇ ਜਦ ਵੀ ਕਿਸੇ ਹਾਕਮ ਜਾਂ ਨਵਾਬ ਦੀ ਸਵਾਰੀ ਲੰਘਦੀ ਤਾਂ ਉਹ ਝੁਕ-ਝੁਕ ਸਲਾਮਾਂ ਕਰਦੇ।
ਕਲਗੀਧਰ, ਮਰਦ ਅਗੰਮੜੇ ਨੇ ਬੱਚਿਆਂ ਵਿਚ ਐਸੀ ਜੁਰਅਤਿ ਭਰ ਦਿੱਤੀ ਕਿ ਉਹ ਲੰਘਦੇ ਨਵਾਬਾਂ ਤੇ ਫ਼ੌਜਦਾਰਾਂ ਨੂੰ ਹੁਣ ਮੂੰਹ ਚਿੜਾਂਦੇ ਤੇ ਜਿਚ ਤੱਕ ਵੀ ਕਰ ਜਾਂਦੇ। ਕਈਆਂ ਪਿਆਦਿਆਂ ਨੇ ਬੱਚਿਆਂ ਨੂੰ ਡਰਾਇਆ ਵੀ ਪਰ ਨਿਰਭੈ ਦੇ ਪਾਸ ਰਹਿ ਕੇ ਉਨ੍ਹਾਂ ਵਿਚ ਭੈ ਕਿਵੇਂ ਆ ਸਕਦਾ ਸੀ।
ਲਿਖਿਆ ਹੈ ਕਿ ਪਟਨਾ ਦੇ ਕੁਝ ਮੁਖੀ ਗੁਰੂ ਬਾਲਕ ਦੇ ਚੋਜ ਦੇਖ ਚਿੰਤਾਤੁਰ ਹੋਏ ਤੇ ਅਨੰਦਪੁਰ ਸਾਹਿਬ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਲਿਖਿਆ ਕਿ ਬੇਟੇ ਨੂੰ ਸਮਝਾਉਣ। ‘ਭੈ ਕਾਹੂ ਕੋ ਦੇਤਿ ਨਹਿ, ਨਹਿ ਭੈ ਮਾਨਤ ਆਨਿ’ ਦਾ ਉਪਦੇਸ਼ ਦ੍ਰਿੜ੍ਹ ਕਰਨ ਵਾਲੇ ਦਾਤੇ ਨੇ ਮੋੜਵਾਂ ਹੁਕਮਨਾਮਾ ਪਟਨੇ ਦੀ ਸੰਗਤ ਦੇ ਨਾਂ ਲਿਖਿਆ, ਜਿਸ ਦੇ ਸ਼ਬਦ ਸਨ :
‘ਜੋ ਗੋਬਿੰਦ ਕੀਆ ਭਲਾ ਕੀਆ।
ਅਬਲ ਤੋਂ ਸਰਕਾਰੀ ਅਹਿਲਕਾਰ ਕੋ ਸਲਾਮ ਨਹੀਂ ਕਹਿਣਾ।
ਗੁਰ ਆਏ ਹੀ ਬੈਠੇ ਤਾਂ ਪਵਾਂਦੀ ਦੇਣੀ, ਸਿਰ੍ਹਾਂਦੀ ਨਹੀਂ ਦੇਣੀ।’
ਮਾਤਾ ਗੁਜਰੀ ਨੇ ਚਾਅ ਨਾਲ ਚੋਜੀ ਪ੍ਰੀਤਮ ਲਈ ਸੋਨੇ ਦੇ ਦੋ ਕੰਙਣ ਬਣਵਾਏ। ‘ਸਦਾ ਸਰਬ ਲੋਹ ਕੀ ਰਛਾ ਹਮ ਨੇ’ ਕਹਿਣ ਤੇ ਮੰਗਣ ਵਾਲੇ ਨੇ ਇਕ ਕੰਙਣ ਗੰਗਾ ਵਿਚ ਸੁੱਟ ਦਿੱਤਾ । ਮਾਤਾ ਜੀ ਨੇ ਜਦ ਪੁੱਛਿਆ ਕਿ ਕੰਙਣ ਕਿਥੇ ਹੈ ਤਾਂ ਮਾਤਾ ਜੀ ਦੀ ਬਾਂਹ ਪਕੜ ਕੇ ਗੰਗਾ ਕਿਨਾਰੇ ਲੈ ਗਏ ਤੇ ਦੂਜਾ ਵੀ ਬਾਂਹ ਤੋਂ ਉਤਾਰ ਕੇ ਦੂਰ ਸੁੱਟ ਕੇ ਕਹਿਣ ਲੱਗੇ ‘ਮਾਂ—ਓਥੇ।’ ਜਦ ਪਾਸ ਖਲੋਤੇ ਨੇ ‘ਓਹ’ ! ਕਹਿਆ ਤਾਂ ਆਪ ਜੀ ਨੇ ਫ਼ਰਮਾਇਆ, ‘ਇਨਹੁ ਕੜਿਉਂ ਤਉ ਜਾਵਣਾ ਹੀ ਥਾ ਕਲ੍ਹ ਨਾ ਗਏ ਅੱਜ ਹੀ ਗਏ। ਜਾਣ ਵਾਲੀ ਵਸਤੂ ਦਾ ਪਛਤਾਵਾ ਕਾਹਦਾ।’ ਸਭ ਕੁਝ ਲੁਟਾ ਕੇ ਸ਼ੁਕਰ ਕਰਨ ਵਾਲਾ ਸਾਡੇ ਲਈ ਪੂਰਨੇ ਪਾ ਰਹਿਆ ਸੀ।
ਫ਼ਤਹਿ ਚੰਦ, ਮੈਣੀ ਗੋਤਰ ਦਾ ਇਕ ਜਾਗੀਰਦਾਰ ਸੀ। ਰਾਜਾ ਕਰ ਕੇ ਉਹ ਸਤਿਕਾਰਿਆ ਜਾਂਦਾ ਸੀ। ਉਸ ਨੇ ਆਪਣਾ ਇਕ ਬਾਗ਼ ਲਗਵਾਇਆ ਹੋਇਆ ਸੀ। ਗੁਰੂ ਜੀ ਕਈ ਵਾਰੀ ਬਾਲਕਾਂ ਨੂੰ ਲੈ ਕੇ ਉਧਰ ਹੀ ਨਿਕਲ ਜਾਂਦੇ ਸਨ। ਉਸ ਦੀ ਰਾਣੀ ਰੋਜ਼ ਬਾਲਕਾਂ ਨੂੰ ਆਪਣੇ ਮਹੱਲਾਂ ਵਲੋਂ ਲੰਘਦਾ ਦੇਖਦੀ ਸੀ । ਉਹ ਵੀ ਉਨ੍ਹਾਂ ਦੀ ਮੋਹਣੀ ਸੂਰਤ ਵੱਲ ਖਿੱਚੀ ਹੀ ਗਈ। ਇਕ ਵਾਰੀ ਉਸ ਨੂੰ ਇਹ ਸੋਚ ਫੁਰੀ ਕਿ ਐਸਾ ਬਾਲਕ ਉਸ ਦੇ ਘਰ ਵੀ ਖੇਡੇ। ਅੰਤਰਜਾਮੀ ਸਾਰੇ ਬਾਲਕਾਂ ਨੂੰ ਲੈ ਕੇ ਉਸਦੇ ਮਹੱਲਾਂ ਵਿਚ ਜਾ ਵੜੇ ਤੇ ਰਾਣੀ ਦੀ ਝੋਲੀ ਵਿਚ ਬੈਠ ‘ਮਾਂ’ ਕਿਹਾ ਤੇ ਬੱਚਿਆਂ ਨੂੰ ਜੋ ਕੁਝ ਤਿਆਰ ਸੀ ਦੇਣ ਲਈ ਫ਼ਰਮਾਇਆ। ਕਹਿੰਦੇ ਹਨ ਕਿ ਉਸ ਸਮੇਂ ਉਬਲੇ ਹੋਏ ਛੋਲੇ ਤਿਆਰ ਸਨ। ਸਾਰਿਆਂ ਉਹ ਹੀ ਖਾਧੇ। ਫਿਰ ਤਾਂ ਇਹ ਨਿੱਤ ਦਾ ਹੀ ਕਰਮ ਬਣ ਗਿਆ ਅਤੇ ਛੋਲਿਆਂ ਨਾਲ ਦੋਧੀ ਪੂੜੀਆਂ ਵੀ ਬਾਲਕਾਂ ਨੂੰ ਮਿਲਦੀਆਂ ਰਹੀਆਂ। ਜਦ ਮਾਤਾ ਗੁਜਰੀ ਨੇ ਕਿਹਾ : ਇਕ ਪੁੱਤਰ ਤੇ ਦੋ ਮਾਵਾਂ ਕਿਵੇਂ। ਦੋ ਗੋਦਾਂ ਵਿਚ ਇਕ ਕਿਵੇਂ ਖੇਡੇਗਾ?’ ਤਾਂ ਸਰਬ ਪਾਲਕ ਨੇ ਕਿਹਾ : ‘ਜਿਵੇਂ ਦੋ ਅੱਖਾਂ ਵਿਚ ਇਕ ਨਜ਼ਰ, ਦੋ ਸਰੋਵਰਾਂ ਵਿਚ ਇਕ ਚੰਦ।’
ਕਈ ਵਾਰੀ ਖੇਡਦੇ-ਖੇਡਦੇ ਜਗਤ ਸੇਠ, ਰਲਾ ਸੇਠ, ਮਾਧੋ ਸੇਠ ਦੇ ਘਰਾਂ ਵਿਚ ਵੀ ਚਲੇ ਜਾਂਦੇ । ਇਕ ਕੋਹੜੀ ਰੋਜ਼ ਰਾਹ ਮੱਲ ਖਲੋਂਦਾ ਸੀ । ਆਪ ਜੀ ਹੱਥੀਂ ਸੇਵਾ ਕਰਦੇ ਤੇ ਰਹਿਮਤ ਕਰਕੇ ਨਵਾਂ ਨਰੋਆ ਕੀਤਾ।
ਜਿਸ ਹਵੇਲੀ ਵਿਚ ਆਪ ਜੀ ਰਹਿੰਦੇ ਸਨ ਉਥੇ ਇਕ ਖੂਹ ਸੀ । ਜਦ ਘੜੇ ਭਰਨ ਲਈ
ਔਰਤਾਂ ਪੁੱਜਦੀਆਂ ਤਾਂ ਆਪ ਜੀ ਗੁਲੇਲ ਨਾਲ ਘੜੇ ਫੋੜ ਦਿੰਦੇ। ਮਾਤਾ ਜੀ ਨੇ ਪਿੱਤਲ ਦੀਆਂ ਗਾਗਰਾਂ ਬਣਵਾ ਦਿੱਤੀਆਂ ਤਾਂ ਆਪ ਜੀ ਨੇ ਤੀਰ ਕਮਾਨਾਂ ਨਾਲ ਛੇਕ ਕਰ ਦਿੱਤੇ । ਮਾਤਾ ਜੀ ਨੇ ਨਿੱਤ ਦਾ ਝਗੜਾ ਦੇਖ ਖੂਹ ਹੀ ਖਾਰਾ ਹੋ ਜਾਣ ਦੀ ਅਰਦਾਸ ਕੀਤੀ। ਕਰਣਾ ਪਾਤਸ਼ਾਹ ਦਾ ਕਿ ਖੂਹ ਹੀ ਖਾਰਾ ਹੋ ਗਿਆ। ਗੁਲੇਲਾਂ ਤੇ ਤੀਰ ਕਮਾਨਾਂ ਤੋਂ ਡਰਨ ਵਾਲਿਆਂ ਲਈ ਸਭ ਜਲ ਖਾਰਾ ਹੀ ਹੈ। ਜਗਤ ਸੇਠ ਵੀ ਪਿਆਰ ਵਿਚ ਖੀਵਾ ਹੁੰਦਾ ਰਿਹਾ। ਨਵਾਬ ਰਹੀਮ ਬਖ਼ਸ਼ ਤਾਂ ਮੁਰੀਦ ਹੀ ਬਣ ਗਿਆ। ਗੱਲ ਕੀ ਹਿੰਦੂ, ਮੁਸਲਮਾਨ, ਰਾਜਾ, ਪਰਜਾ, ਨਵਾਬ ਤੇ ਪੀਰ ਸਭ ਉਨ੍ਹਾਂ ਵਿਚ ਪਰਮਾਤਮਾ ਤੇ ਅਲਾਹ ਦਾ ਨੂਰ ਹੀ ਦੇਖਦੇ ਸਨ।
ਇਸ ਤਰ੍ਹਾਂ ਛੇ ਸਾਲ ਗੁਜ਼ਰ ਗਏ ।ਉਧਰ ਗੁਰੂ ਤੇਗ਼ ਬਹਾਦਰ ਜੀ ਦੇ ਪੰਜਾਬ ਪੁੱਜਣ ਨਾਲ ਲੋਕਾਂ ਨੂੰ ਧਰਵਾਸ ਮਿਲੀ। ਔਰੰਗਜ਼ੇਬ ਆਪੂੰ ਤਬਲੀਗ਼ ਦੇ ਕੰਮ ਨੂੰ ਦੇਖ ਰਿਹਾ ਸੀ, ਪਰ ਗੁਰੂ ਜੀ ਦੇ ਪੰਜਾਬ ਵਿਚ ਹੋਣ ਕਾਰਨ ਉਸ ਨੂੰ ਇਸ ਪਾਸੇ ਬਹੁਤੀ ਕਾਮਯਾਬੀ ਨਾ ਮਿਲੀ। ਸਿਯਾਰ-ਉਲ-ਮੁਤਾਖਰੀਨ ਦਾ ਲਿਖਾਰੀ ਲਿਖਦਾ ਹੈ ਕਿ ਸਿੱਖਾਂ ਦੀ ਜਥੇਬੰਦੀ ਇਤਨੀ ਮਜ਼ਬੂਤ ਹੋ ਰਹੀ ਸੀ ਕਿ ਪੂਰਾ ਸ਼ੱਕ ਹੋ ਗਿਆ ਸੀ ਕਿ ਜਥੇਬੰਦੀ ਹਕੂਮਤ ਦੇ ਮਨਸੂਬਿਆਂ ਵਿਚ ਰੋਕ ਪਾਵੇਗੀ। ਗੁਰੂ ਜੀ ਪੰਜਾਬ ਦੇ ਸੂਫ਼ੀ ਸੰਤਾਂ ਅਤੇ ਖੁੱਲ੍ਹੇ ਸੁਭਾਵਾਂ ਵਾਲੇ ਮੁਸਲਮਾਨ ਨਾਲ ਵੀ ਸਾਂਝ ਬਣਾ ਰਹੇ ਸਨ। ਗੁਰੂ ਜੀ ਦੇ ਹੁਕਮਨਾਮਿਆਂ ਵਿਚੋਂ ਸੈਫ਼ ਦੀਨ ਪਟਿਆਲੇ ਵਾਲੇ ਦਾ ਨਾਂ ਕਈ ਵਾਰੀ ਆਇਆ ਹੈ। ਆਰਿਫ਼ ਦੀਨ, ਮੌਲੇ ਸ਼ਾਹ ਦਾ ਨਾਂ ਵੀ ਸਿੱਖ ਇਤਿਹਾਸ ਨੇ ਲਿਖਿਆ ਹੈ। ਸਰਕਾਰੀ ਕਰਮਚਾਰੀ ਗੁਰੂ ਜੀ ਦੇ ਦੌਰਿਆਂ ਨੂੰ ਰਾਜ ਸ਼ਾਸਨ ਵਿਰੁੱਧ ਦੱਸ ਕੇ ਔਰੰਗਜ਼ੇਬ ਨੂੰ ਭੜਕਾਊ ਰਿਪੋਰਟਾਂ ਭੇਜ ਰਹੇ ਸਨ।ਔਰੰਗਜ਼ੇਬ ਨੂੰ ਕੇਵਲ ਗੁਰੂ ਨਾਨਕ ਦੇਵ ਜੀ ਦੀ ਗੱਦੀ ਹੀ ਨਜ਼ਰ ਆ ਰਹੀ ਸੀ ਜਿਸ ਦਾ ਅਸਰ ਸਾਰੇ ਹਿੰਦੁਸਤਾਨ ਤੇ ਪੈ ਰਹਿਆ ਸੀ। ਗੁਰੂ ਤੇਗ਼ ਬਹਾਦਰ ਜੀ ਨੇ ਸਾਰੇ ਪੰਜਾਬ ਵਿਚ ਨਵਾਂ ਸਾਹਸ ਭਰ ਦਿੱਤਾ ਸੀ।
ਗੁਰੂ ਤੇਗ਼ ਬਹਾਦਰ ਜੀ ਨੇ ਜਦ ਪੰਜਾਬ ਦੀ ਹੋਰ ਵਿਗੜਦੀ ਦਸ਼ਾ ਦੇਖੀ ਤਾਂ ਬਾਲਕ ਗੁਰੂ ਨੂੰ ਪਾਸ ਬੁਲਾਉਣਾ ਹੀ ਠੀਕ ਸਮਝਿਆ। ਆਗਿਆ ਭੇਜੀ ਕਿ ਉਹ ਛੇਤੀ ਪੰਜਾਬ ਮੁੜਣ। ਦੂਜੇ ਭਾਂਤਿ-ਭਾਂਤਿ ਦੀ ਸਿੱਖਿਆ ਦੇਣ ਲਈ ਉਹ ਗੁਰੂ ਜੀ ਨੂੰ ਕੁਝ ਚਿਰ ਕੋਲ ਰੱਖਣਾ ਜ਼ਰੂਰੀ ਸਮਝਦੇ ਸਨ । ਬਚਿੱਤ੍ਰ ਨਾਟਕ ਦੇ ਹੀ ਸ਼ਬਦਾਂ ਵਿਚ :
ਮਦ੍ਰ ਦੇਸ ਹਮ ਕੋ ਲੇ ਆਏ।
ਭਾਂਤਿ ਭਾਂਤਿ ਦਾਈਅਨ ਦੁਰਲਾਏ। ੨।
ਕੀਨੀ ਅਨਿਕ ਭਾਂਤਿ ਤਨ-ਰਛਾ।
ਦੀਨੀ ਭਾਂਤਿ ਭਾਂਤਿ ਕੀ ਸਿਛਾ।
3 ਪਟਨਾ ਤੋਂ ਅਨੰਦਪੁਰ
ਵਿਦਾਇਗੀ-ਪਟਨਾ ਨਿਵਾਸੀਆਂ ਨੇ ਜਦ ਚੌਜੀ ਬਾਲਕ ਦਾ ਪੰਜਾਬ ਜਾਣਾ ਸੁਣਿਆ ਤਾਂ ਵਿਯੋਗ ਦੀ ਮੂਰਤ ਹੀ ਬਣ ਗਏ। ਇਵੇਂ ਜਿਵੇਂ ‘ਨੀਰ ਤਜੈ ਸਫਰੀ (ਮਛਲੀ)’ ਦੀ ਹਾਲਤ ਹੁੰਦੀ ਹੈ। ਕਹਿੰਦੇ ਹਨ ਕਿ ਜਗਤ ਸੇਠ ਤੇ ਰਹੀਮ ਬਖ਼ਸ਼ ਨੇ ਤਰਲੇ ਵੀ ਕੀਤੇ, ਪਰ ‘ਗੁਰੂ ਜੀ ਨੇ ਆਗਿਆ’ ਦੀ ਗੱਲ ਆਖ ਕੇ ਤਿਆਰੀਆਂ ਕਰ ਲਈਆਂ।
ਪਾਤਸ਼ਾਹ ਨੇ ਇਕ ਕਟਾਰ, ਤਲਵਾਰ ਅਤੇ ਪੋਸ਼ਾਕ ਦਿੱਤੀ ਤਾਂਕਿ ਉਸ ਦਾ ਧਿਆਨ ਜੁੜਿਆ ਰਹੇ। ਨਾਲ ਹੀ ਫ਼ਰਮਾਇਆ ਕਿ ਜਦ ਵੀ ਛੋਲੇ ਅਤੇ ਦੋਧੀ ਪੂੜੀਆਂ ਬੱਚਿਆਂ ਨੂੰ ਬਿਠਾਲ ਕੇ ਖਿਲਾਉਗੇ, ਉਹਨਾਂ ਵਿਚ ਬੈਠਾ ਖਾਂਦਾ ਮੈਨੂੰ ਹੀ ਪ੍ਰਤੀਤ ਕਰੋਗੇ। ਕ੍ਰਿਪਾਨ ਅਕਾਲ ਪੁਰਖ ਦਾ ਹੀ ਚਿੰਨ੍ਹ ਹੈ ਅਤੇ ਪ੍ਰਤੱਖ ਦਰਸ਼ਨ ਸੇਵਾ ਤੇ ਪਾਠ ਨਾਲ ਹੋ ਜਾਂਦੇ ਹਨ। ਰਹੀਮ ਬਖ਼ਸ਼ ਨੂੰ ਵਰ ਦਿੰਦੇ ਹੋਏ ਕਿਹਾ ਕਿ ਜਪੁ ਸਾਹਿਬ ਦੇ ਪਾਠ ਸਮੇਂ ਉਹ ਉਸ ਦੇ ਕੋਲ ਹੀ ਹੋਣਗੇ। ਸ਼ਿਵ ਦੱਤ ਨੂੰ ਰੋਜ਼ ਅੰਮ੍ਰਿਤ ਵੇਲੇ ਪ੍ਰਤੱਖ ਦਰਸ਼ਨ ਦੇਣ ਦੀ ਦਾਤ ਮਿਲ ਗਈ। ਜਗਤ ਸੇਠ ਨੂੰ ਮੁਕਤੀ ਤੇ ਭਗਤੀ ਦਾ ਵਰ ਦਿੱਤਾ। ਜਦ ਸਾਰੀ ਸੰਗਤ ਨੇ ਬੇਨਤੀ ਕੀਤੀ ਤਾਂ ਆਪ ਜੀ ਨੇ ਪਟਨਾ ਨਿਵਾਸੀਆਂ ਤੇ ਬਖ਼ਸ਼ਿਸ਼ ਕਰਦੇ ਹੋਏ ਫ਼ਰਮਾਇਆ :
‘ਜੋ ਅੰਮ੍ਰਿਤ ਵੇਲੇ ਦੀਵਾਨ ਵਿਚ ਹਾਜ਼ਰ ਹੋਵੇਗਾ, (ਆਸਾ ਦੀ) ਵਾਰ ਸੁਣੇਗਾ, ਉਸ ਨੂੰ ਮੰਦਰ ਵਿਚ ਹੀ ਦਰਸ਼ਨ ਹੋ ਜਾਣਗੇ।’
ਪਟਨਾ ਨਿਵਾਸੀਆਂ ਦੀ ਹਾਲਤ ਬਾਰੇ ਗੁਰ ਬਿਲਾਸ ਵਿਚ ਲਿਖਿਆ ਹੈ ਕਿ ਕਈ ਦਿਨ ਨਗਰ ਨਿਵਾਸੀਆਂ ਦਾ ਮਨ ਉਚਾਟ ਰਹਿਆ :
ਮਨ ਤੋ ਗਯਾ ਕ੍ਰਿਪਾ ਨਿਧ ਸੰਗਾ।
ਕੌਣ ਕਰੈ ਕਾਰਜ ਮਨ ਰੰਗਾ ।
ਪਟਨਾ ਤੇ ਨੇੜੇ ਦੀਆਂ ਸੰਗਤਾਂ ਨੇ ਗੁਰੂ ਜੀ ਲਈ ਜੋ ਸਨੇਹ ਦੱਸੀ ਰੱਖਿਆ ਉਸ ਦਾ ਪ੍ਰਗਟਾਵਾ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮਿਆਂ ਤੋਂ ਮਿਲਦਾ ਹੈ। ਸਨੇਹ ਨਾਲ ਸਾਹਸ ਵੀ ਉਹ ਦਿਖਾ ਰਹੇ ਸਨ। ਜਦ ਪਟਨਾ ਦਾ ਇਲਾਕਾ ਔਰੰਗਜ਼ੇਬ ਦੇ ਪੋਤਰੇ ਅਜ਼ੀਮ- ਉਲਸ਼ਾਨ ਦੇ ਹਵਾਲੇ ਹੋਇਆ ਤੇ ਉਸ ਦੇ ਲਸ਼ਕਰ ਵਿਚ ਪਟਨਾ ਦੇ ਲੋਕੀਂ ਸ਼ਾਮਲ ਵੀ ਹੋਏ ਤੇ ਕੁਝ ਰੁਜ਼ਗਾਰ ਲਈ ਪੁੱਜੇ ਤਾਂ ਉਨ੍ਹਾਂ ਹਰ ਪ੍ਰਕਾਰ ਦੀ ਸਹਾਇਤਾ ਨਿਰਭੈ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਜੀ। ਇਥੋਂ ਤੱਕ ਕਿ ਗੁਰੂ ਜੀ ਨੇ ਸ਼ਹਿਜ਼ਾਦੇ ਅਜ਼ੀਮ ਦੇ ਲਸ਼ਕਰ ਨੂੰ ਸੰਗਤ ਦੇ ਨਾਂ ਨਾਲ ਹੀ ਯਾਦ ਕੀਤਾ ਹੈ । ਹੁਕਮਨਾਮੇ ਦੇ ਸ਼ਬਦ ਹਨ :
ਭਾਈ ਹੁਕਮ ਸਿੰਘ ਜੀ, ਮਤੀ ਦਾਸ ਸਰਬੱਤ ਸੰਗਤ ਸ਼ਹਿਜ਼ਾਦਾ ਅਜ਼ੀਮ ਦੇ ਲਸ਼ਕਰ ਦੀ ਗੁਰੂ ਰੱਖੇਗਾ। (੧੦੦) ਸਉ ਤੋਲੇ ਸੋਨਾ ਫ਼ਰਮਾਇਸ਼ ਕਰ ਭੇਜਣਾ। ਗੁਰੂ ਸੰਗਤ ਕੇ ਰੁਜ਼ਗਾਰ ਅੰਦਰ ਬਰਕਤ ਕਰੇਗਾ।
ਸਾਵਣ ੨੪ ਸੰਮਤ ੧੭੫੧ ਬਿ: (੨੪ ਜੁਲਾਈ, ੧੬੯੮ ਈ:)
ਸਾਰੀ ਸੰਗਤ ਦਾਨਾਪੁਰ ਤੱਕ ਨਾਲ ਹੀ ਆਈ । ਦਾਨਾਪੁਰ ਦੀ ਇਕ ਪ੍ਰੇਮ ਕੁਠੀ ਮਾਈ ਨੇ ਸਾਰੀ ਜ਼ਿੰਦਗੀ ਦੀ ਕਮਾਈ ਸੰਗਤ ਦੀ ਸੇਵਾ ਤੇ ਲਾ ਦਿੱਤੀ। ਜਿਸ ਹਾਂਡੀ ਵਿਚ ਉਸ ਗੁਰੂ ਜੀ ਲਈ ਖਿਚੜੀ ਬਣਾਈ, ਉਹ ਮਾਈ ਨੇ ਸਾਂਭ ਕੇ ਰੱਖੀ ਤੇ ਉਸ ਦਾ ਘਰ ਧਰਮਸਾਲ ਬਣ ਗਿਆ ਤੇ ‘ਹਾਂਡੀ ਵਾਲੀ ਸੰਗਤ’ ਕਰਕੇ ਅਸਥਾਨ ਪ੍ਰਸਿੱਧ ਹੋਇਆ। ਦਾਨਾਪੁਰ ਹੀ ਗੁਰੂ ਹਰਿਰਾਇ ਜੀ ਦੇ ਸਮੇਂ ਤੋਂ ਇਕ ਭਗਤ ‘ਗਿਰਿ’ ਜੋ ਪਹਿਲਾਂ ਬੁੱਧ ਧਰਮ ਦਾ ਪ੍ਰਚਾਰ ਕਰਦਾ ਸੀ, ਗੁਰੂ ਜੀ ਦੀ ਸੰਗਤ ਨਾਲ ਸਿੱਖੀ ਪ੍ਰਚਾਰ ਕਰਨ ਲੱਗਾ ਸੀ, ਆ ਕੇ ਮਿਲਿਆ।
ਦਾਨਾਪੁਰ ਤੋਂ ਆਰ੍ਹਾ, ਡੁਮਰਾ ਜੰਕਸ਼ਨ, ਬਕਸਰ ਤੋਂ ਹੁੰਦੇ ਹੋਏ ਸੰਗਤਾਂ ਸਮੇਤ ਛੋਟਾ ਮਿਰਜ਼ਾਪੁਰ ਅੱਪੜੇ। ਚਾਰ ਦਿਨ ਛੋਟਾ ਮਿਰਜ਼ਾਪੁਰ ਟਿਕਾਣਾ ਰੱਖਿਆ ਤੇ ਉਥੋਂ ਕਾਸ਼ੀ ਆਏ।
ਬਨਾਰਸ ਗੁਰੂ ਜੀ ਦਾ ਆਉਣਾ ਸੁਣ ਕੇ ਸੰਗਤਾਂ ਦੂਰ ਨੇੜੇ ਤੋਂ ਦਰਸ਼ਨਾਂ ਲਈ ਆਈਆਂ। ਬਨਾਰਸ ਦੀ ਸੰਗਤ ਕਾਫ਼ੀ ਪ੍ਰਸਿੱਧ ਸੀ । ਭਾਈ ਜਵੇਹਰੀ ਮੱਲ ਉਨ੍ਹਾਂ ਵਿਚ ਸਿੱਖੀ ਰਹਿਤ ਮਰਯਾਦਾ ਦਾ ਪ੍ਰਚਾਰ ਕਰ ਰਹੇ ਸਨ। ਬਨਾਰਸ ਦੀ ਸੰਗਤ ਨੂੰ ਹੀ ਸੱਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ‘ਖਾਲਸਾ’ ਕਿਹਾ ਸੀ। ਉਥੇ ਹੀ ਜੌਨਪੁਰ ਦੀ ਸੰਗਤ ਵੀ ਆਈ। ਭਾਈ ਗੁਰਦਾਸ ਜੀ ਜਦ ਬਦੇਸ਼ਾਂ ਵਿਚ ਪ੍ਰਚਾਰ ਕਰਦੇ ਸਨ ਤਾਂ ਉਨ੍ਹਾਂ ਸੱਭ ਤੋਂ ਪਹਿਲਾਂ ਜੌਨਪੁਰ ਦੀ ਸੰਗਤ ਕਾਇਮ ਕੀਤੀ ਸੀ। ਪਿੱਛੋਂ ਜਦੋਂ ਗੁਰੂ ਤੇਗ਼ ਬਹਾਦਰ ਜੀ ਆਏ ਤਾਂ ਉਨ੍ਹਾਂ ਇਕ ਮ੍ਰਿਦੰਗ ਇਸ ਸੰਗਤ ਨੂੰ ਬਖ਼ਸ਼ੀ ਸੀ । ਜੌਨਪੁਰ ਦੀ ਸੰਗਤ ਦਾ ਨਾਂ ਹੀ ਮ੍ਰਿਦੰਗ ਵਾਲੀ ਸੰਗਤ ਪੈ ਗਿਆ ਸੀ। ਭਾਈ ਗੁਰਬਖ਼ਸ਼ ਸਿੰਘ ਜੀ ਸਿੱਖਾਂ ਸਮੇਤ ਬਨਾਰਸ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਨੂੰ ਆਏ । ਜਦ ਬਨਾਰਸ ਦੇ ਕੁਝ ਪੰਡਤਾਂ ਨੇ ਇਹ ਸ਼ੰਕਾ ਪ੍ਰਗਟ ਕੀਤਾ ਕਿ ਗੁਰੂ ਕਿਉਂ ਦਾਨ ਲੈਂਦੇ ਹਨ ਜਦ ਕਿ ਇਹ ਹੱਕ ਤਾਂ ਬ੍ਰਾਹਮਣ ਦਾ ਹੈ ਤਾਂ ਦਸਮੇਸ਼ ਜੀ ਨੇ ਕਿਹਾ ਕਿ ਇਹ ਕੋਈ ਨਿਰਭੈ ਜਾਂ ਲਾਲਚ ਵਿਚ ਦਿੱਤਾ ਦਾਨ ਨਹੀਂ। ਦੇਣ ਦੀ ਰੁਚੀ ਪੈਦਾ ਕਰਨ ਲਈ ਹੈ ਅਤੇ ਫਿਰ ਇਹ ਲੋਕਾਂ ਦਾ ਹੈ ਤੇ ਲੋਕਾਂ ਲਈ ਹੀ ਲੱਗਦਾ ਹੈ। ਜਲ ਵਾਂਗ ਹੈ। ਬੂਟਾ ਜਲ ਲੈਂਦਾ ਹੈ ਤੇ ਦੇਂਦਾ ਮਿੱਠਾ ਫਲ ਹੈ। ਬਨਾਰਸ ਤੋਂ ਆਪ ਜੀ ਪ੍ਰਯਾਗ ਤੇ ਫਿਰ ਅਯੁੱਧਿਆ ਪੁੱਜੇ। ਪ੍ਰਯਾਗ ਦਸ ਦਿਨ ਬਿਸਰਾਮ ਕੀਤਾ ਸੀ। ਅਯੁੱਧਿਆ ਲਾਗੇ ਹੀ ਭਾਈ ਬਿਧੀ ਚੰਦ ਜੀ ਤੇ ਸੁੰਦਰ ਸ਼ਾਹ ਦੀ ਇਕੱਠੀ ਸਮਾਧ ਤੇ ਕਬਰ ਸੀ । ਅਯੁੱਧਿਆ ਦਰਸ਼ਨਾਂ ਲਈ ਉਮਡ ਪਈ।
‘ਸ੍ਰੀ ਗੁਰ ਕੇ ਦਰਸਨ ਕੀ ਧਾਰੀ।
ਉਮਡ ਔਧ ਪੁਰੀ ਬਰਸਾਰੀ।’ ‘
ਜੀ ਨੇ ਭਗਤ ਭਗਵਾਨ ਨੂੰ ਇਕ ਤਲਵਾਰ ਬਖ਼ਸ਼ੀ। ਲਖਨਊ ਵਿਚ ਵੀ ਸੰਗਤ ਬਣ ਗਈ। ਲਖਨਊ ਤੋਂ ਆਪ ਜੀ ਕਾਨ੍ਹਪੁਰ ਤੇ ਬਠੂਰ ਗਏ । ਬਠੂਰ ਇਕ ਪੁਰਾਤਨ ਬੀੜ ਵੀ ਹੈ ਜਿਸ ਤੇ ਗੁਰੂ ਜੀ ਦੀ ਮੁਹਰ ਛਾਪ ਹੈ। ਬਠੂਰ ਤੋਂ ਕਨੌਜ ਪੁੱਜੇ। ਕਨੌਜ ਹੀ ਸੰਸਾਰ ਪ੍ਰਸਿੱਧ ਮਦਾਰ ਦੀ ਕਬਰ ਹੈ। ਉਥੋਂ ਹੀ ਪਿਛੋਂ ਮਦਾਰ ਗੁਰੂ ਗੋਬਿੰਦ ਸਿੰਘ ਜੀ ਪਾਸ ਅਨੰਦਪੁਰ ਆਇਆ ਸੀ। ਉਥੋਂ ਚੌਰਾਸੀ, ਟੁੰਡਲਾ ਤੇ ਆਗਰਾ ਪੁੱਜੇ। ਔਰੰਗਜ਼ੇਬ ਉਸ ਸਮੇਂ ਆਗਰਾ ਨਹੀਂ ਸੀ।
ਆਗਰੇ ਤੋਂ ਜਦ ਮਥਰਾ ਆਏ ਤਾਂ ਬ੍ਰਿਜ ਲਾਲ ਚੌਬੇ ਨੇ ਸਤਿਕਾਰ ਕੀਤਾ। ਬ੍ਰਿਦਾਬਨ ਤੋਂ ਅਲੀਗੜ੍ਹ ਹੁੰਦੇ ਹੋਏ ਹਰਿਦੁਆਰ, ਕਨਖਲ ਗਏ। ਗੁਰੂ ਅਮਰਦਾਸ ਜੀ ਦੇ ਅਸਥਾਨ ਤੇ ਵੀ ਕੁਝ ਚਿਰ ਟਿਕੇ। ਉਥੋਂ ਸਾਂਭਲਪੁਰ, ਭਗਵਾਨਪੁਰ, ਬੂੜੀਏ (ਜਗਾਧਰੀ) ਪੁੱਜੇ । ਔਰੰਗਜ਼ੇਬ ਨੇ ਉਚੇਚਾ ਹੁਕਮ ਬੁੜੀਆਂ ਦੇ ਗੁਰੂ ਅਸਥਾਨ ਨੂੰ ਢਾਹੁਣ ਦਾ ਦਿੱਤਾ ਸੀ । ? ਆਪ ਜੀ ਦੇ ਚਰਨ ਪੈਣ ਨਾਲ ਇਲਾਕੇ ਵਿਚ ਸਾਹਸ ਆਇਆ। ਉਥੇ ਪਿੰਡ ਦੀਪਲਾ ਦੇ ਨੇੜੇ ਕੁੰਡ ਪਾਸ ਡੇਰਾ ਰੱਖਿਆ। ਉਥੋਂ ਸਾਢੋਰਾ, ਰਾਇਪੁਰ ਰਾਣੀ, ਅੰਬਾਲਾ ਤੋਂ ਹੁੰਦੇ ਲਖਨੌਰ ਪੁੱਜੇ। ‘ਲਖਨੌਰ’ ਗੁਰੂ ਗੋਬਿੰਦ ਸਿੰਘ ਜੀ ਦਾ ਨਾਨਕਾ ਪਿੰਡ ਸੀ। ਭਾਈ ਲਾਲ ਚੰਦ ਇਥੋਂ ਹੀ ਕਰਤਾਰਪੁਰ ਜਾ ਵਸੇ ਸਨ । ਲਖਨੌਰ ਕੁਝ ਮਹੀਨੇ ਟਿਕਾਣਾ ਜ਼ਰੂਰ ਰਿਹਾ ਹੈ, ਪਰ ਇਹ ਠੀਕ ਨਹੀਂ ਕਿ ਆਪ ਜੀ ਇਥੇ ਦੋ ਸਾਲ ਰਹੇ ਤੇ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਬਾਰੇ ਇਥੇ ਹੀ ਸੁਣਿਆ ਸੀ। ਗੁਰੂ ਤੇਗ਼ ਬਹਾਦਰ ਜੀ ਨੇ ਤਾਂ ਨਿਰੋਲ ਇਸ ਲਈ ਪਾਸ ਬੁਲਾਇਆ ਸੀ ਕਿ ਉਨ੍ਹਾਂ ਨੂੰ ‘ਭਾਂਤ ਭਾਂਤਿ ਕੀ ਸਿਛਾ’ ਆਪੂੰ ਦੇ ਜਾਣ।
ਲਖਨੌਰ ਹੀ ਸ਼ਾਹ ਭੀਖਣ ਫਿਰ ਦਰਸ਼ਨਾਂ ਨੂੰ ਆਏ। ਜਦ ਉਸ ਨੇ ਨਿਮਰਤਾ ਵਿਚ ਕਿਹਾ ਕਿ ਅਸੀਸ ਦਿਓ ਕਿ ਮੇਰਾ ਟੁਕੜਾ ਟੁਰਦਾ ਰਹੇ ਤਾਂ ਆਪ ਜੀ ਨੇ ਬਖ਼ਸ਼ਸ਼ ਦੇ ਦਰ ਆ ਕੇ ਫ਼ਰਮਾਇਆ :
“ਚਿਰੰਕਾਲ ਰਹਿ ਦੇਗ ਤੁਮਾਰੀ ।
ਜੋ ਤੇਰੇ ਟੁਕਰੇ ਕੋ ਖੋਵਹਿ । ਖੋਯੇ ਜਾਹਿ ਸੁਨਹਿ ਥਿਰ ਹੋਵਹਿ ।”
ਸੂਰਜ ਪ੍ਰਕਾਸ਼ ਨੇ ਨਿੱਜੀ ਗਵਾਹੀ ਦਿੱਤੀ ਹੈ ਕਿ :
ਸ਼ਾਹ ਭੀਖ ਕੇ ਰਹੇ ਫ਼ਕੀਰ। ਦੇਤ ਦੇਗ ਜੋ ਆਵੈ ਤੀਰ ।
ਸਿੰਘ ਭੂਮ ਨਹਿ ਛੀਨਬੋ ਕਾਹੂੰ । ਰਹਯੋ ਤਿਨਹੁ ਢਿਗ ਸਭਹਿਨ ਮਾਹੂ।
ਫਿਰ ਆਪ ਜੀ ਸੰਗਤਾਂ ਸਮੇਤ ਭੀਖਣ ਸ਼ਾਹ ਦੇ ਪਿੰਡ ‘ਠਸਕਾ’ ਵੀ ਗਏ । ਆਪ ਜੀ ਦੇ ਸਾਹਸ ਦੀਆਂ ਸਾਖੀਆਂ ਸਾਰੇ ਪਾਸੇ ਫੈਲ ਗਈਆਂ ਸਨ। ਆਪ ਜੀ ਕਿਤਨੇ ਨਿਝੱਕ ਸਨ ਤੇ ਪਵਿੱਤ੍ਰਤਾ ਦੇ ਪੂਰਨੇ ਕਿਵੇਂ ਪਾ ਰਹੇ ਸਨ, ਉਸ ਦੀ ਇਕ ਸਾਖੀ ਇਸ ਤਰ੍ਹਾਂ ਆਉਂਦੀ ਹੈ ਕਿ ਨਨਹੇੜੀ ਪਿੰਡ ਦਾ ਮਸੰਦ ਘੋਗਾ ਆਪ ਜੀ ਨੂੰ ਬੇਨਤੀ ਕਰਕੇ ਆਪਣੇ ਘਰ ਲੈ ਗਿਆ । ਪਿੰਡ ਪੁੱਜੇ ਤਾਂ ਲੋਕਾਂ ਨੇ ਦੱਸਿਆ ਕਿ ਇਹ ਮਸੰਦ ਤਾਂ ਆਚਰਨਹੀਣ ਹੈ ਤੇ ਬਹੁਤ ਹੀ ਗਿਰੀਆਂ ਹੋਈਆਂ ਹਰਕਤਾਂ ਕਰਦਾ ਹੈ। ਕਾਮੁਲਲ ਇਖਲਾਕ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਦੇ ਘਰ ਦਾ ਪਾਣੀ ਵੀ ਨਾ ਪੀਤਾ ਅਤੇ ‘ਘੋਗਾ-ਕਪਟ ਦਾ ਮੋਘਾ’ ਆਖ ਕੇ ਵਾਪਸ ਲਖਨੌਰ ਆ ਗਏ।
ਲਖਨੌਰ ਹੀ ਪ੍ਰਸਿੱਧ ਸੂਫ਼ੀ ਫ਼ਕੀਰ ਆਰਿਫ਼ਦੀਨ ਜੋ ਪਾਲਕੀ ਵਿਚ ਸਵਾਰ ਸੀ, ਉਸ ਵੇਲੇ ਉਧਰੋਂ ਲੰਘਿਆ ਜਦ ਗੁਰੂ ਜੀ ਬਾਲਕਾਂ ਨਾਲ ਜੰਗੀ ਮਸ਼ਕਾਂ ਕਰ ਰਹੇ ਸਨ। ਗੁਰੂ ਜੀ ਨੂੰ ਦੇਖ ਕੇ ਪਾਲਕੀ ਤੋਂ ਉਤਰਿਆ ਤੇ ਕਨ੍ਹਈਆ ਲਾਲ ਦੇ ਕਥਨ ਅਨੁਸਾਰ ਗੁਰੂ ਜੀ ਦੇ ਚਰਨ ਛੂਹੇ ਤੇ ਉਥੇ ਹੀ ਉਸਨੇ ਆਪਣੇ ਮੁਰੀਦਾਂ ਨੂੰ ਕਿਹਾ: ‘ਅੱਜ ਰੱਬੀ ਇਲਮ ਦੇ ਖ਼ਜ਼ਾਨੇ ਦੀ ਕੁੰਜੀ ਇਸ ਬਾਲਕ ਦੇ ਹੱਥ ਵਿਚ ਹੈ।’ ਫਿਰ ਜਿੱਥੋਂ ਤੀਕ ਗੁਰੂ ਦਿੱਸਦੇ ਰਹੇ ਪੈਦਲ ਰਾਹ ਟੁਰਿਆ, ਚੜ੍ਹਿਆ ਨਹੀਂ ਪਾਲਕੀ ਉੱਤੇ। ਐਸਾ ਅਦਬ ਉਸ ਕਰਿਆ। ਗੁਰੂ ਜੀ ਮਿਹਰਾਂ ਕਰਦੇ ਬਖ਼ਸ਼ਸ਼ਾਂ ਵੰਡਦੇ ਭੁਸਥਲ, ਮਹਦੋ, ਭਾਣੋ-ਖੇੜੀ, ਸੂਲਰ ਪਿੰਡਾਂ ਤੱਕ ਵੀ ਹੋ ਆਉਂਦੇ।
ਲਖਨੌਰ ਵਿਚ ਮਾਤਾ ਗੁਜਰੀ ਦਾ ਖੂਹ ਹੈ ਜਿਸ ਦਾ ਜਲ ਮਿੱਠਾ ਹੈ ਅਤੇ ਬਾਕੀ ਸਭ ਖੂਹਾਂ ਦਾ ਹੁਣ ਤੱਕ ਖਾਰਾ ਹੈ ਤੇ ਦਾਲ ਨਹੀਂ ਗਲਦੀ ਜਦ ਤੱਕ ਮਾਤਾ ਜੀ ਦੇ ਖੂਹ ਵਿਚੋਂ ਜਲ ਨਾਂਹ ਪਾਇਆ ਜਾਏ। ਨੇੜੇ ਨਿਸੰਬਲੀ ਇਕ ਸ਼ਤੀਰ ਹੈ ਜਿਸ ਨੂੰ ਗੁਰੂ ਜੀ ਦੀ ਛੁਹ ਪ੍ਰਾਪਤ ਹੈ, ਜਿਸ ਦੀ ਹੁਣ ਤੱਕ ਸਹੀ ਪੈਮਾਇਸ਼ ਨਹੀਂ ਹੋ ਸਕੀ। ਗੁਰੂ ਦੀ ਗਤਿ ਕੌਣ ਜਾਣ ਸਕਦਾ ਹੈ।
ਲਖਨੌਰ ਤੋਂ ਰਾਣੋ ਮਾਜਰਾ ਤੇ ਨੰਦਪੁਰ ਕਲੌੜ ਹੁੰਦੇ ਹੋਏ ਰੋਪੜ ੧੬੭੩ ਦੇ ਅਰੰਭ ਵਿਚ ਪੁੱਜੇ । ਉਥੇ ਹੀ ਮੌਲਾ ਸ਼ਾਹ ਮਿਲਿਆ ਜਿਸ ਅਨੰਦਪੁਰ ਮਹਲ ਤੇ ਸਰਾਵਾਂ ਉਸਰਦੇ ਵੇਖ ਸ਼ੰਕਾ ਕੀਤਾ ਸੀ ਜਿਸ ਦੇ ਘਰ ‘ਜਿਨੀ ਚਲਣੁ ਜਾਣਿਆ ਸੋ ਕਿਉ ਕਰਹਿ ਵਿਥਾਰ’ ਦਾ ਨਿੱਤ ਉਪਦੇਸ਼ ਦਿੱਤਾ ਜਾਂਦਾ ਹੈ, ਉਥੇ ਇਹ ਪਸਾਰਾ ਕਿਉਂ ? ਤਾਂ ਗੁਰੂ ਤੇਗ਼ ਬਹਾਦਰ ਜੀ ਨੇ ਸਮਝਾਇਆ ਸੀ ਕਿ ਇਹ ਸਭ ਲੋਕ ਹਿੱਤ ਹੈ, ਪਰਉਪਕਾਰ ਲਈ ਹੈ, ਜਿਵੇਂ ਬਾਲਕ ਇੱਟਾਂ ਨਾਲ ਖੇਡਦੇ, ਘਰ ਬਣਾਉਂਦੇ ਤੇ ਸ਼ਾਮ ਹੋਈ ਤਾਂ ਘਰੀਂ ਚਲੇ ਗਏ, ਇਵੇਂ ਹੀ ਗੁਰੂ ਸਭ ਖੇਲ ਮਾਤਰ ਹੀ ਕਰ ਰਹੇ ਹਨ। ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਬੋਸੀ ਕੀਤੀ ਤੇ ਮੰਨਿਆ ਕਿ ਉਹ ਭਾਵੇਂ ਕਿਤਨੀ ਯਾਦ ਵਿਚ ਸੀ ਪਰ ਉਸ ਵਿਚ ਸੁਆਦ ਨਹੀਂ ਸੀ। ਹੁਣ ਉਸ ਦੀ ਯਾਦ ਵਿਚ ਨਿਰਾਲਾ ਹੀ ਰਸ ਆਉਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹ ਹੀ ਫ਼ਰਮਾਇਆ ਕਿ: ‘ਸੁਰਤ-ਸਾਈਂ ਵਿਚ ਸੀਤੀ ਜਾਏ ਤਾਂ ਭਰੀ, ਜੇ ਨਾ ਪੋਤੀ ਹੋਵੇ ਤਾਂ ਖ਼ਾਲੀ।’ ਰੋਪੜ ਤੋਂ ਕੀਰਤਪੁਰ ਪੁੱਜੇ। ਜਿਸ ਕਿਸੇ ਡਿੱਠਾ ਆਪ ਜੀ ਦੇ ਸਰੂਪ, ਸੱਚ, ਸਖ਼ਾਵਤ ਦੀ ਰੱਜ ਕੇ ਪ੍ਰਸੰਸਾ ਕੀਤੀ। ਬਾਬਾ ਸੂਰਜ ਮੱਲ ਨੇ ਵੀ ਆਦਰ ਕੀਤਾ। ਗੁਰੂ ਹਰਿਕ੍ਰਿਸ਼ਨ ਜੀ ਦੀ ਮਾਤਾ ਕ੍ਰਿਸ਼ਨ ਕੌਰ ਜੀ ਤਾਂ ਸਦਕੇ ਹੀ ਹੁੰਦੇ ਰਹੇ। ਮਾਖੋਵਾਲ ਤੋਂ ਕਈ ਮਸੰਦ ਤੇ ਮੁਖੀਏ ਗੁਰੂ ਜੀ ਨੂੰ ਅੱਗੋਂ ਲੈਣ ਆਏ। ਮਹਿਮਾ ਪ੍ਰਕਾਸ਼ ਦਾ ਲਿਖਾਰੀ ਲਿਖਦਾ ਹੈ ਕਿ ਜਦ ਆਪ ਜੀ ਨੇ ਆਪਣੇ ਪਾਵਨ ਚੱਕ ਚਰਨ ਚਕ ਨਾਨਕੀ (ਮਾਖੋਵਾਲ) ਪਾਏ ਤਾਂ ਸਰਸਾ ਕੰਢੇ ਖਲੋ ਕਿ ਅਨੰਦ ਸਾਹਿਬ ਦੀਆਂ ਪੰਜ ਪਉੜੀਆਂ ਪੜ੍ਹੀਆਂ ਤੇ ਫ਼ਰਮਾਇਆ ਕਿ ਇਸ ਨਗਰ ਦਾ ਨਾਮ ਅਨੰਦਪੁਰ ਹੋਇਆ। ਇਹ ਵਾਰਤਾ ਮਾਰਚ, ੧੬੭੩ ਦੀ ਹੈ। ਗੁਰੂ ਤੇਗ਼ ਬਹਾਦਰ ਜੀ ਨੇ ਪ੍ਰਸੰਨ ਹੋ ਕੇ ਨਗਰ ਦਾ ਨਾਂ ਅਨੰਦਪੁਰ ਹੀ ਕਰ ਦਿੱਤਾ।
ਸਭ ਪਾਸੇ ਕਲਗੀਧਰ ਦੀ ਸੁੰਦਰਤਾ, ਸਚਾਈ, ਸਖਾਵਤ, ਸੁਹਿਰਦਤਾ, ਸਵਰੂਪ ਸਥਿਤੀ (ਟਿਕਾਓ) ਅਤੇ ਸਰਬ ਗੁਣਾਂ ਦੀ ਸੋਅ ਫੈਲ ਗਈ।
4
ਮੁੱਢਲੀ ਵਿਦਿਆ ਤੇ ਨੌਵੇਂ ਪਾਤਸ਼ਾਹ ਦੀ ਸ਼ਹਾਦਤ
ਭਾਂਤਿ ਭਾਂਤ ਕੀ ਦੀਨੀ ਸਿੱਛਾ-ਪਿਛਲੇ ਛੇ ਸਾਲਾਂ ਵਿਚ ਅਨੰਦਪੁਰ ਚੰਗੀ ਪਾਠਸ਼ਾਲਾ ਤੇ ਮਦਰੱਸਾ ਬਣ ਗਿਆ ਸੀ। ਪ੍ਰਸਿੱਧ ਵਿਦਵਾਨ ਉਥੇ ਆ ਕੇ ਵਿਦਿਆ ਪ੍ਰਦਾਨ ਕਰ ਰਹੇ ਸਨ। ਔਰੰਗਜ਼ੇਬ ਦੇ ਅਤਾਬ ਤੋਂ ਬਚਣ ਲਈ ਕਈਆਂ ਨੇ ਗੁਰੂ ਤੇਗ਼ ਬਹਾਦਰ ਜੀ ਦੀ ਸ਼ਰਨ ਲੈ ਲਈ ਸੀ। ਸਿੱਖ ਇਤਿਹਾਸ ਦੇ ਕਥਨ ਅਨੁਸਾਰ ਮਦਰੱਸੇ ਦਾ ਮੁੱਖੀ ਮੁਨਸ਼ੀ ਪੀਰ ਮੁਹੰਮਦ ਕਾਜ਼ੀ ਸੀ ਅਤੇ ਪਾਠਸ਼ਾਲਾ ਦਾ ਪ੍ਰਬੰਧ ਮੁਨਸ਼ੀ ਸਾਹਿਬ ਚੰਦ ਚਲਾ ਰਹੇ ਸਨ। ਦੋਵਾਂ ਨੇ ਦਿਨਾਂ ਵਿਚ ਹੀ ਅਰਬੀ, ਫ਼ਾਰਸੀ ਤੇ ਸੰਸਕ੍ਰਿਤ ਦੀ ਅੱਖਰੀ ਵਿਦਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਦੇ ਦਿੱਤੀ। ਭਾਈ ਚੌਪਾ ਸਿੰਘ ਜੀ ਅਤੇ ਗੁਰੂ ਕੀਆਂ ਸਾਖੀਆਂ ਅਨੁਸਾਰ ਸੰਸਕ੍ਰਿਤ ਦੀ ਉੱਚ ਵਿਦਿਆ ਲਈ ਪੰਡਿਤ ਕ੍ਰਿਪਾ ਰਾਮ ਦੱਤ ਬ੍ਰਾਹਮਣ, ਮਟਨ-ਨਿਵਾਸੀ ਦੀ ਸੇਵਾ ਲਗਾਈ ਗਈ। ਇਹ ਯਾਦ ਰਹੇ ਕਿ ਜਦ ਪਿਛੋਂ ਕਸ਼ਮੀਰੀ ਪੰਡਤ ਗੁਰੂ ਤੇਗ਼ ਬਹਾਦਰ ਦੇ ਦਰਬਾਰ ਫਰਿਆਦੀ ਹੋਏ ਸਨ ਤਾਂ ਉਨ੍ਹਾਂ ਦੀ ਅਗਵਾਈ ਇਹ ਕ੍ਰਿਪਾ ਰਾਮ ਜੀ ਹੀ ਕਰ ਰਹੇ ਸਨ । ਇਨ੍ਹਾਂ ਨੂੰ ਹੀ ਅਮਰਨਾਥ ਆਵਾਜ਼ ਆਈ ਸੀ ਕਿ ਤੁਹਾਡੀ ਰਖਿਆ ਜੇ ਕੋਈ ਕਰ ਸਕਦਾ ਹੈ ਤਾਂ ਗੁਰੂ ਹਰਿਗੋਬਿੰਦ ਜੀ ਦਾ ਨੰਦਨ ਗੁਰੂ ਤੇਗ਼ ਬਹਾਦਰ ਜੀ ਹੈ। ਇਸ ਵਿਚ ਹੁਣ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿਉਂਕਿ ਪੰਡਤ ਕ੍ਰਿਪਾ ਰਾਮ ਜੀ ਆਪੂੰ ਅਨੰਦਪੁਰ ਗੁਰੂ ਤੇਗ਼ ਬਹਾਦਰ ਜੀ ਪਾਸ ਟਿਕ ਕੇ ਉਨ੍ਹਾਂ ਦੇ ਵਿਚਾਰਾਂ ਤੋਂ ਜਾਣੂੰ ਹੋ ਆਏ ਸਨ। ਗੁਰੂ ਤੇਗ਼ ਬਹਾਦਰ ਜੀ ਕਈ ਵਾਰੀ ਸੰਗਤ ਵਿਚ ਬੈਠਿਆਂ ਜਗਤ ਦੇ ਦੁੱਖ ਸੁਣਦਿਆਂ ਐਸੇ ਬਚਨ ਉਚਾਰਿਆ ਕਰਦੇ ਸਨ ਕਿ ‘ਮੇਰਾ ਪ੍ਰਯੋਜਨ ਸੀਸ ਸਾਥ ਕੁਛ ਨਹੀਂ। ਮਨ ਹਮਾਰਾ ਕਿਸੀ ਅਵਰ ਸੰਕਲਪ ਮੇਂ ਖੇਲਤਾ ਹੈ। ਉਹ ਸੰਕਲਪ ਸ਼ਹਾਦਤ ਹੀ ਸੀ।
ਗੁਰੂ ਗ੍ਰੰਥ ਸਾਹਿਬ ਦੇ ਅਧਿਐਨ ਤੇ ਪਾਠ ਵੱਲ ਗੁਰੂ ਤੇਗ਼ ਬਹਾਦਰ ਜੀ ਨੇ ਆਪੂੰ ਪੂਰਾ ਧਿਆਨ ਦਿੱਤਾ। ਭਾਈ ਕੇਸਰ ਸਿੰਘ ਨੇ ਬੰਸਾਵਲੀਨਾਮਾ ਵਿਚ ਲਿਖਿਆ ਹੈ ਕਿ ਭਾਈ ਹਰਜਸ ਰਾਇ ਨੇ ਗੁਰਮੁਖੀ ਅੱਖਰ ਲਿਖਣੇ ਸਿਖਾਏ। ਭਾਈ ਜੀ ਦਾ ਸਨਮਾਨ ਇਕ ਵਿਦਵਾਨ ਦੇ ਤੌਰ ਤੇ ਹੁੰਦਾ ਸੀ :
ਹਰਿਜਸ ਰਾਇ ਸਿੱਖ ਬ੍ਰਹਮਨ ।
ਗੁਰਮੁਖੀ ਫ਼ਾਰਸੀ ਸ਼ਾਸਤਰੀ ਪੜ੍ਹਿਆ ਜੈਮਣ ।’
ਉਸ ਪਾਸੋਂ ਸਾਹਿਬ (ਗੁਰੂ ਗੋਬਿੰਦ ਸਿੰਘ ਜੀ) ਗੁਰਮੁਖੀ ਅੱਖਰ ਸਿੱਖੇ।
ਸੋ ਪ੍ਰੀਤ ਨਾਲ ਦਸੇ ਸਿਖਣੇ ਤੇ ਲਿਖੇ।
ਇਕ ਸਾਲ ਵਿਚ ਸਾਰਾ ਫ਼ਾਰਸੀ ਇਲਮ ਤੇ ਛੇ ਮਹੀਨਿਆਂ ਵਿਚ ਗੁਰੂ ਗ੍ਰੰਥ ਸਾਹਿਬ ਜ਼ਬਾਨੀ ਯਾਦ ਕਰ ਲਿਆ ਅਤੇ ਗਹੁਝ ਭਾਵ ਵੀ ਸਮਝ ਲਏ। ‘
ਅੱਖਰੀ ਵਿਦਿਆ ਦੇ ਨਾਲ ਗੁਰੂ ਤੇਗ਼ ਬਹਾਦਰ ਜੀ ਨੇ ਸ਼ਸਤਰ ਵਿਦਿਆ ਦਾ ਖ਼ਾਸ ਪ੍ਰਬੰਧ ਕੀਤਾ। ਘੋੜ ਸਵਾਰੀ, ਤੀਰ-ਅੰਦਾਜ਼ੀ, ਨੇਜ਼ਾ-ਬਾਜ਼ੀ, ਤੈਰਾਕੀ ਵੱਲ ਤਾਂ ਉਚੇਰਾ ਧਿਆਨ ਦਿੱਤਾ ਗਿਆ । ਭੱਟ ਵਹੀ ਤਲਉਡਾ ਤੇ ਗੁਰੂ ਕੀਆਂ ਸਾਖੀਆਂ ਅਨੁਸਾਰ ਘੋੜੇ ਦੀ ਅਸਵਾਰੀ ਅਤੇ ਸ਼ਸਤਰ-ਵਿਦਿਆ ਸਿਖਾਉਣ ਦੀ ਸੇਵਾ ਭਾਈ ਬੱਜਰ ਸਿੰਘ ਸ਼ਾਹਦਰਾ, ਪਰਗਣਾ ਵਜ਼ੀਰਾਬਾਦ ਦੇ ਜ਼ਿੰਮੇਂ ਲਗਾਈ ਗਈ ਸੀ।
ਤਿੰਨ ਸਾਲਾਂ ਅੰਦਰ, ੯ ਸਾਲਾਂ ਦੀ ਉਮਰ ਤੱਕ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰੀ, ਵਿਹਾਰੀ ਤੇ ਜੰਗੀ ਵਿਦਿਆ ਪ੍ਰਾਪਤ ਕਰ ਲਈ । ਜੋ ੬੪ ਵਿਦਿਆ ਜਗਤ ਦੀਆਂ ਹਨ, ਉਹ ਸਭੇ ਗੁਰੂ ਜੀ ਨੇ ਸਿੱਖ ਲਈਆਂ।
“ਚੌਸਠ ਵਿਦਿਆ ਜੋ ਜਗਚਾਰੀ।
ਸੀਖੀ ਸ੍ਰੀ ਗੁਰੂ ਨਿਮਖ ਮੰਝਾਰੀ।”
ਆਪ ਜੀ ਦੀ ਨੁਹਾਰ ਬਹੁਤ ਤਿੱਖੀ ਤੇ ਕੱਦ-ਕਾਠ ਭਰਵਾਂ ਨਿਕਲ ਰਿਹਾ ਸੀ। ਸਮੇਂ ਨੂੰ ਜਿਵੇਂ ਗੁਜ਼ਾਰਦੇ ਸਨ ਉਸ ਬਾਰੇ ਬੰਸਾਵਲੀ ਨਾਮੇ ਵਿਚ ਲਿਖਿਆ ਹੈ :
ਇਕ ਜਾਮ ਭਜਨ
ਦੋ ਜਾਮ ਖੇਡ
ਇਕ ਜਾਮ ਕਥਾ
ਅਤੇ ਰਾਤ ਨੂੰ ਪ੍ਰਸ਼ਾਦਾ ਛਕਣ ਉਪਰੰਤ ‘ਰਾਜਨੀਤੀ’ ਦੀਆਂ ਗੱਲਾਂ ਹੁੰਦੀਆਂ।
ਦੇਵ ਲੋਕ ਤਬ ਪਿਤਾ ਸਿਧਾਏ-ਔਰੰਗਜ਼ੇਬ ਦੇ ਹੁਕਮਾਂ ਅਤੇ ਅਤਿਆਚਾਰਾਂ ਕਰ ਕੇ ਥਾਂ-ਥਾਂ ਤ੍ਰਾਹ-ਤ੍ਰਾਹ ਹੋ ਰਹੀ ਸੀ। ਇਕੱਠੇ ਹੋ ਕੇ ਨਾ ਟੁਰਨ ਵਾਲੀ ਰੁਚੀ ਨੇ ਕਿਧਰੇ ਵੀ ਸਿਰ ਨਾ ਉਠਾਉਣ ਦਿੱਤਾ। ਛੋਟੀਆਂ ਛੋਟੀਆਂ ਬਗ਼ਾਵਤਾਂ ਹੋਈਆਂ ਪਰ ਸਿੱਟਾ ਕੋਈ ਨਾ ਨਿਕਲਿਆ। ਔਰੰਗਜ਼ੇਬ ਨੇ ਵੀ ਜਾਣ ਲਿਆ ਕਿ ਇਸਲਾਮ ਦੇ ਪ੍ਰਚਾਰ ਲਈ ਇਕ ਸਿਰਿਓਂ ਸਿਲਸਿਲੇ ਨਾਲ ਹੱਥ ਪਾਉਣਾ ਜ਼ਰੂਰੀ ਹੈ। ਪਿਛੋਂ ਜਾ ਕੇ ਇਕਬਾਲ ਨੇ ਔਰੰਗਜ਼ੇਬ ਨੂੰ ਇਸਲਾਮ ਦੇ ਪ੍ਰਚਾਰ ਦੇ ਭੱਥੇ ਦਾ ਅਖ਼ੀਰਲਾ ਤੀਰ (ਖਦੰਗੇ ਆਖ਼ਰੀ) ਕਿਹਾ ਸੀ। ਉਸ ਔਰੰਗਜ਼ੇਬ ਨੇ ਇਸ ਮੰਤਵ ਲਈ ਕਸ਼ਮੀਰ ਦੀ ਚੋਣ ਕੀਤੀ। ਮੈਕਾਲਫ਼ ਦਾ ਕਹਿਣਾ ਹੈ ਕਿ ਕਸ਼ਮੀਰ ਚੁਣਨ ਦੇ ਚਾਰ ਕਾਰਨ ਸਨ।
ਪਹਿਲਾ, ਕਸ਼ਮੀਰੀ ਪੰਡਿਤ ਵਿਦਵਾਨ ਕਰਕੇ ਪ੍ਰਸਿੱਧ ਸਨ। ਔਰੰਗਜ਼ੇਬ ਨੇ ਸੋਚਿਆ ਕਿ ਜੇ ਪੰਡਿਤ ਇਸਲਾਮ ਕਬੂਲ ਕਰ ਗਏ ਤਾਂ ਬਾਕੀ ਅਨਪੜ੍ਹ ਤੇ ਮੂੜ੍ਹ ਜਨਤਾ ਨੂੰ ਇਸਲਾਮ ਵਿਚ ਲਿਆਉਣਾ ਆਸਾਨ ਹੋ ਜਾਏਗਾ ਤੇ ਉਹ ਇਸਲਾਮ ਦੇ ਪ੍ਰਚਾਰਕ ਬਣ ਕੇ ਬਾਕੀਆਂ ਨੂੰ ਵੀ ਦੀਨ ਦੇ ਦਾਇਰੇ ਵਿਚ ਲਿਆਉਣ ਦਾ ਜਤਨ ਕਰਨਗੇ। ਔਰੰਗਜ਼ੇਬ ਆਪੂੰ ੧੬੬੪ ਵਿਚ ਕਸ਼ਮੀਰ ਹੋ ਆਇਆ ਸੀ । ਭਾਈ ਮਨੀ ਸਿੰਘ ਜੀ ਲਿਖਦੇ ਹਨ ਕਿ ਏਕ ਦਿਨ ਏਸ (ਔਰੰਗਜ਼ੇਬ) ਵੀਚਾਰਿਆ, ‘ਇਹ ਬ੍ਰਹਮਣ ਜੋ ਹੈਨਿ ਹਿੰਦੂਆਂ ਨੂੰ ਵਿਦਿਆ ਦੇਂਦੇ ਹੈਨਿ, ਜੇ ਪਹਿਲਾਂ ਬ੍ਰਹਮਣਾਂ ਨੂੰ ਦੀਨ ਵਿਚ ਲਿਆਵਾਂ ਤਾਂ ਸਭ ਹਿੰਦੂ ਧਰਮ ਤੋਂ ਹੀਣ ਹੋਏ ਆਪ ਮੇਰੇ ਮਜ਼ਹਬ ਵਿਚ ਆਵਣਗੇ । ਬ੍ਰਾਹਮਣਾਂ ਨੂੰ ਬਹੁਤਿਆਂ ਨੂੰ ਪਕੜ ਕੇ ਮੁਸਲਮਾਨ ਲਗਾ ਕਰਨ।
ਦੂਜੇ, ਕਸ਼ਮੀਰ ਦੇ ਨੇੜੇ ਹੀ ਪੇਸ਼ਾਵਰ ਤੇ ਕਾਬਲ ਸਨ। ਜੇ ਕਸ਼ਮੀਰੀ ਬ੍ਰਾਹਮਣ ਕੁਝ ਵੀ ਹੀਲ ਜਾਂ ਹੁਜਤ ਕਰਨਗੇ ਤਾਂ ਜਹਾਦ ਦਾ ਝੰਡਾ ਉਠਾ ਕੇ ਉਨ੍ਹਾਂ ਕੋਲੋਂ ਈਨ ਮੰਨਵਾ ਲਈ ਜਾਵੇਗੀ।
ਤੀਜੇ, ਕਸ਼ਮੀਰ ਦੇ ਮੁਸਲਮਾਨ ਬਣਨ ਨਾਲ ਪ੍ਰਭਾਵ ਖੇਤਰ ਵਧ ਜਾਏਗਾ। ਕਸ਼ਮੀਰ ਦੀ ਰਣਨੀਤਕ ਮਹੱਤਤਾ ਉਸ ਤੇ ਕਬਜ਼ਾ ਕਰਨ ਦੀ ਮੰਗ ਕਰਦੀ ਸੀ।
ਚੌਥੇ, ਕਸ਼ਮੀਰੀ ਪੰਡਿਤ ਲਾਲਚਾਂ ਵਿਚ ਛੇਤੀ ਹੀ ਫਸ ਜਾਂਦੇ ਹਨ। ਸੋ ਉਸ ਨੇ ਇਫ਼ਤਖ਼ਾਰ ਖ਼ਾਨ ਨੂੰ ਸ਼ੇਰ ਅਫ਼ਗਾਨ ਦਾ ਖ਼ਿਤਾਬ ਦੇ ਕੇ ਕਸ਼ਮੀਰ ਭੇਜਿਆ ਅਤੇ ਲਾਹੌਰ ਦਾ ਗਵਰਨਰ ਵੀ ਹਮ-ਸ਼ੀਰ (ਸਾਂਝਾ ਦੁੱਧ ਪੀਂਦਾ ਭਰਾ) ਫ਼ਿਦਾਇ ਖ਼ਾਨ ਨੂੰ ਥਾਪਿਆ।
ਪੀ. ਐਨ. ਕੌਲ ਬਮਜ਼ਈ ? ਦੇ ਲਿਖਣ ਅਨੁਸਾਰ ‘ਇਫ਼ਤਖ਼ਾਰ ਖ਼ਾਨ ਨੇ ਪੰਡਤਾਂ ਤੇ ਜ਼ੁਲਮ ਢਾਹੁਣੇ ਅਰੰਭ ਕਰ ਦਿੱਤੇ । ਜਦ ਜ਼ੁਲਮਾਂ ਦੀ ਅਤਿ ਹੋ ਗਈ ਤਾਂ ਕੁਝ ਪੰਡਿਤਾਂ ਇਕੱਠ ਕੀਤਾ ਤੇ ਸ਼ਿਵ ਕੋਲੋਂ ਸਹਾਇਤਾ ਲੈਣ ਲਈ ਅਮਰਨਾਥ ਗਏ । ਉਥੇ ਹੀ ਪੰਡਿਤਾਂ ਵਿਚੋਂ ਇਕ ਨੂੰ ਰਾਤ ਵੇਲੇ ਸ਼ਿਵ ਨੇ ਸੁਪਨੇ ਵਿਚ ਕਿਹਾ ਕਿ ਤੁਹਾਡੀ ਇਸ ਬਿਪਤਾ ਵਿਚ ਕੋਈ ਰੱਖਿਆ ਕਰ ਸਕਦਾ ਹੈ ਤਾਂ ਸਿੱਖਾਂ ਦਾ ਨੌਵਾਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਹੈ। ਉਸ ਨੇ ਸਾਰੀ ਵਾਰਤਾ ਸਾਥੀਆਂ ਨੂੰ ਸੁਣਾਈ ਤੇ ਪੰਜ ਸੌ ਪੰਡਿਤ ਅਨੰਦਪੁਰ ਵੱਲ ਚੱਲ ਪਏ।’
ਦੁੱਖੀ ਬਿਪਰ ਜੋ ਚਲ ਕੇ ਆਇ ਪੁਰੀ ਅਨੰਦ ।
ਬਾਂਹ ਅਸਾਡੀ ਪਕਰੀਐ ਗੁਰ ਹਰਿਗੋਬਿੰਦ ਕੇ ਚੰਦ।‘
ਅਨੰਦਪੁਰ ੨੫ ਮਈ, ੧੬੭੫ ਪੁੱਜ ਕੇ ਉਨ੍ਹਾਂ ਬੇਨਤੀ ਕੀਤੀ ਕਿ-
“ਗਜ ਕੇ ਬੰਧਨ ਕਾਟਨਹਾਰੇ।
ਤੁਮ ਗੁਰੁ ਨਾਨਕ ਹੈ ਅਵਤਾਰੇ।
ਜਿਮ ਦਰੋਪਦੀ ਰਾਖੀ ਲਾਜ ।
ਦਿਉ ਸਵਾਰ ਸੁਦਾਮੇ ਕਾਜ।
ਭਾਈ ਗੁਰਦਾਸ ਜੀ ਲਿਖਦੇ ਹਨ-
ਗੁਰ ਨਾਨਕ ਸਭ ਕੇ ਸਿਰਤਾਜਾ। ਜਿਸ ਕਉ ਸਿਵਰਿ ਸਰੇ ਸਭ ਕਾਜਾ।
ਗਿਆਨੀ ਗਿਆਨ ਸਿੰਘ ਜੀ ਦੇ ਸ਼ਬਦਾਂ ਵਿਚ :
‘ਬ੍ਰਾਹਮਣ ਦੁਖੀ ਹੋ ਕਰ, ਡੱਕੋ ਡੋਲੇ ਖਾਂਦੇ ਅਨੰਦਪੁਰ ਗੁਰੂ ਤੇਗ਼ ਬਹਾਦਰ ਜੀ ਪਾਸ ਆਏ ਤੇ ਨਿੰਮ੍ਰਤਾ ਸਹਿਤ ਬੇਨਤੀ ਕੀਤੀ : ‘ਮਹਾਰਾਜ ! ਔਰੰਗਜ਼ੇਬ ਦੇ ਜ਼ੁਲਮਾਂ ਦਾ ਹੜ੍ਹ ਹਿੰਦੂ ਧਰਮ ਦੀ ਖੇਤੀ ਨੂੰ ਬਰਬਾਦ ਕਰ ਰਿਹਾ ਹੈ। ਜਿਹੜੇ ਜ਼ੁਲਮ ਤੇ ਪਾਪ ਕਦੇ ਸੁਣੇ ਵੀ ਨਹੀਂ ਸਨ ਉਹ ਅੱਖੀਂ ਦੇਖੇ ਹਨ।’ ਔਰੰਗਜ਼ੇਬ ਦੇ ਜ਼ੁਲਮ ਤੇ ਹਿੰਦੂਆਂ ਦੇ ਦੁੱਖਾਂ ਨੇ (ਗੁਰੂ) ਤੇਗ਼ ਬਹਾਦਰ ਦੇ ਦਿਲ ਨੂੰ ਪਾਣੀ-ਪਾਣੀ ਕਰ ਦਿੱਤਾ ਅਤੇ ਫ਼ਰਮਾਇਆ, ‘ਜਦ ਤੱਕ ਕੋਈ ਸਤਿਪੁਰਖ ਮਹਾਤਮਾ, ਹਿੰਦੂ ਧਰਮ ਵਾਸਤੇ ਆਪਣਾ ਸਿਰ ਬਲੀਦਾਨ ਨਹੀਂ ਕਰਦਾ ਤਦ ਤੱਕ ਏਸ ਧਰਮ ਦਾ ਠਹਿਰਾਉਣਾ ਔਖਾ ਹੈ।’
ਤਬ ਸਤਿਗੁਰ ਇਵ ਮਨ ਠਹਿਰਾਈ।
ਬਿਨ ਸਿਰ ਦੀਏ ਜਗਤ ਦੁਖ ਪਾਈ।”
‘ਇਹ ਬਚਨ ਸੁਣ ਕੇ’, ਗਿਆਨੀ ਗਿਆਨ ਸਿੰਘ ਜੀ ਆਖਦੇ ਹਨ ਕਿ ਹੋਰ ਤਾਂ ਕੋਈ ਕੁਝ ਨਾ ਬੋਲਿਆ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਹੱਥ ਜੋੜ ਕੇ ਅਰਜ਼ ਕੀਤੀ : ‘ਮਹਾਰਾਜ ! ਆਪ ਨਾਲੋਂ ਹਿੰਦੂ ਧਰਮ ਦਾ ਰਾਖਾ ਤੇ ਪਿਆਰਾ ਸਤਿਪੁਰਖ, ਮਹਾਤਮਾ ਹੋਰ ਕੌਣ ਹੈ ?
ਗੁਰ ਬਿਲਾਸ ਪਾਤਸ਼ਾਹੀ ਦਸਵੀਂ ਵਿਚ ਹੋਆ ਵਾਰਤਾਲਾਪ ਬੜੇ ਵਿਸਥਾਰ ਨਾਲ ਲਿਖਿਆ ਹੈ। ਦਸਮੇਸ਼ ਨੇ ਕਿਹਾ ਸੀ : ਤੁਹਾਡੇ ਜਹੀ ਹੋਰ ਉੱਚੀ ਕਿਹੜੀ ਸ਼ਖ਼ਸੀਅਤ ਹੈ ?
ਸਿਰਤਾਜ ਤੁਮੈ, ਸਮ ਕੋ ਬਪੁ ਧਾਰੀ।”
ਇਹ ਸੁਖ਼ਨ ਸੱਚੇ ਧਰਮ ਤੇ ਦੂਰ-ਅੰਦੇਸ਼, ਹੌਸਲੇ ਵਾਲੇ ਸੁਣ ਕੇ ਹੋਰ ਤਾਂ ਸਭ ਲੋਕ ਹੱਕੇ ਬੱਕੇ ਰਹੇ, ਪਰ ਗੁਰੂ ਤੇਗ਼ ਬਹਾਦਰ ਮਨ ਵਿਚ ਬਹੁਤ ਖ਼ੁਸ਼ ਹੋਏ ਅਤੇ ਗੁਰੂ ਗੋਬਿੰਦ ਸਿੰਘ ਨੂੰ ਬੜੇ ਪ੍ਰਤਾਪੀ ਤੇ ਸਮਰੱਥ ਸਮਝ ਕੇ ਛਾਤੀ ਨਾਲ ਲਗਾ ਲੀਤਾ ਅਤੇ ਉਸੇ ਵਕਤ ਸਭਨਾਂ ਹਿੰਦੂਆਂ ਨੂੰ ਕਹਿ ਦਿੱਤਾ : ਤੁਸੀਂ ਜਾਓ, ਬਾਦਸ਼ਾਹ ਨੂੰ ਕਹਿ ਦੇਵੋ ਕਿ ਅਸਾਡੇ ਗੁਰੂ ਤੇਗ਼ ਬਹਾਦਰ ਜੀ ਨੂੰ ਪਹਿਲੇ ਜੇਕਰ ਦੀਨ ਮੁਹੰਮਦੀ ਮਨਾਓ, ਅਸੀਂ ਸਭ ਆਪ ਹੀ ਮੁਸਲਮਾਨ ਬਣ ਜਾਵਾਂਗੇ।’
ਪੰਡਿਤ ਉਥੋਂ ਸਿੱਧੇ ਲਾਹੌਰ ਆਏ ਤੇ ਜ਼ਾਲਮ ਖਾਨ, ਗਵਰਨਰ ਨੂੰ ਅਰਜ਼ਦਾਸ਼ਤ ਦਿੱਤੀ ਕਿ ਉਨ੍ਹਾਂ ਦਾ ਨਿਰਣਾ ਔਰੰਗਜ਼ੇਬ ਤੱਕ ਪੁਚਾ ਦਿੱਤਾ ਜਾਏ। ਔਰੰਗਜ਼ੇਬ ਨੂੰ ਜਦ ਅਰਜ਼ਦਾਸ਼ਤ ਰਾਹੀਂ ਸਾਰੀ ਵਾਰਦਾਤ ਦਾ ਕਾਬਲ ਹੀ ਪਤਾ ਲੱਗਾ ਤਾਂ ਬਹੁਤ ਪ੍ਰਸੰਨ ਹੋਇਆ ਅਤੇ ਕਸ਼ਮੀਰ ਦੇ ਗਵਰਨਰ ਇਫ਼ਤਖ਼ਾਰ ਨੂੰ ਲਿਖ ਦਿੱਤਾ ਕਿ ਉਹ ਅੱਤਿਆਚਾਰਾਂ ਦਾ ਚੱਕਰ ਚਲਾਉਣਾ ਬੰਦ ਕਰ ਦੇਵੇ ਕਿਉਂਕਿ ਸਾਰੇ ਪੰਡਿਤਾਂ ਨੂੰ ਦੀਨ ਦੇ ਦਾਇਰੇ ਵਿਚ ਲਿਆਉਣ ਦਾ ਰਾਹ ਲੱਭ ਪਿਆ ਹੈ।
ਗੁਰੂ ਤੇਗ਼ ਬਹਾਦਰ ਜੀ ਆਪੂੰ ਦਿੱਲੀ ਵੱਲ ਚੱਲ ਪਏ । ਔਰੰਗਜ਼ੇਬ ਆਪੂੰ ਕਾਬਲ ਦੀ ਮੁਹਿੰਮ ਵਿਚ ਰੁੱਝਿਆ ਹੋਇਆ ਸੀ, ਸੋ ਗੁਰੂ ਤੇਗ਼ ਬਹਾਦਰ ਸਾਹਿਬ ਨੇ ਵੀ ਉਸ ਵਿਚਕਾਰਲੇ ਸਮੇਂ ਨੂੰ ਪ੍ਰਚਾਰ ਲਈ ਵਰਤਣਾ ਯੋਗ ਜਾਣਿਆ। ਔਰੰਗਜ਼ੇਬ ਨੂੰ ਕਾਬਲ ਵਿਚ ਕਦੇ ਅਫ਼ਰੀਦੀ, ਕਦੇ ਯੂਸਫਜ਼ਈ ਅਤੇ ਕਦੀ ਖੱਟਕ ਤੰਗ ਕਰ ਰਹੇ ਸਨ। ੨੬ ਜੂਨ, ੧੬੭੪ ਨੂੰ ਉਹ ਦਿੱਲੀ ਤੋਂ ਆ ਗਿਆ ਸੀ ਅਤੇ ਕਿਧਰੇ ੨੭ ਮਾਰਚ, ੧੬੭੬ ਨੂੰ ਵਾਪਸ ਦਿੱਲੀ ਪੁੱਜਾ । ਗੁਰੂ ਤੇਗ਼ ਬਹਾਦਰ ਜੀ ਨੂੰ ਦਿੱਲੀ ਪੁੱਜਣ ਦੇ ਹੁਕਮ ਦੇਣ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਔਰੰਗਜ਼ੇਬ ਦਿੱਲੀ ਛੇਤੀ ਮੁੜਨ ਵਾਲਾ ਸੀ ਪਰ ਮੁਹਿੰਮ ਲੰਮੀ ਹੋਣ ਕਰ ਕੇ ਨਿਕਲ ਨਾ ਸਕਿਆ।
ਅਨੰਦਪੁਰੋਂ ਟੁਰਨ ਤੋਂ ਪਹਿਲਾਂ ਆਪ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਗੋਬਿੰਦ ਸਿੰਘ ਦੇ ਹਵਾਲੇ ਕਰ ਦਿੱਤੀ। ਇਹ ਵੀ ਕਿਹਾ: ‘ਤੁਹਾਡੇ ਵਰਗਾ ਜਿਸ ਦਾ ਬੇਟਾ ਹੋਵੇ ਉਸ ਨੂੰ ਕਾਹਦਾ ਫ਼ਿਕਰ ।’ ‘ਸਹਿ ਟਿਕਾ ਦਿਤੋਸ ਜੀਵਦੈ’ ਗੁਰੂ ਘਰ ਦੀ ਪ੍ਰੰਪਰਾ ਹੀ ਸੀ।
ਗੁਰੂ ਤੇਗ਼ ਬਹਾਦਰ ਜੀ ਛੇ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਇਆਲਾ, ਭਾਈ ਜੈਤਾ, ਭਾਈ ਊਦਾ ਤੇ ਗੁਰਦਿੱਤਾ ਜੀ ਨਾਲ ਦਿੱਲੀ ਵੱਲ ੧੬੭੫ ਦੇ ਅੱਧ ਵਿਚ ਟੁਰ ਪਏ। ਰਾਹ ਵਿਚ ਪ੍ਰਚਾਰ ਕਰਦੇ ਜਾ ਰਹੇ ਹਨ।ਰੋਪੜ ਤੋਂ ਸੈਫ਼ਾਬਾਦ ਸੱਯਦ ਸੈਫ਼ ਉਲ ਖ਼ਾਨ ਪਾਸ ਦੋ ਕੁ ਮਹੀਨੇ ਟਿਕੇ। ਸੈਫ਼ ਖ਼ਾਨ ਨੇ ਦੁਖੀਆਂ ਦੇ ਦਰਦ ਵੰਡਾਣ ਵਾਲੇ ਕਰਮ ਦੀ ਰੱਜ ਕੇ ਸ਼ਲਾਘਾ ਕੀਤੀ।
ਸੈਫ਼ਾਬਾਦ ਤੋਂ ਸਮਾਣਾ ਤੇ ਕੈਥਲ ਹੁੰਦੇ ਹੋਏ ਲਖਣ ਮਾਜਰੇ ਪੁੱਜੇ । ਉਥੋਂ ਰੋਹਤਕ ਤੇ ਪਲਵਲ ਤੇ ਆਗਰੇ ਵੱਲ ਚਲੇ ਗਏ। ਇੰਜ ਲਗਦਾ ਹੈ ਕਿ ਗੁਰੂ ਤੇਗ਼ ਬਹਾਦਰ ਜੀ ਉਡੀਕ ਰਹੇ ਸਨ ਕਿ ਔਰੰਗਜ਼ੇਬ ਦਿੱਲੀ ਮੁੜੇ ਤਾਂ ਉਹ ਦਿੱਲੀ ਪੁੱਜਣ । ਪਿੰਡਾਂ ਵਿਚ ਗੁਰੂ ਜੀ ਲੋਕਾਂ ਨੂੰ ਧਰਮ ਤੇ ਡਟਣ ਦਾ ਉਪਦੇਸ਼ ਕਰ ਰਹੇ ਸਨ। ਖ਼ੁਫ਼ੀਏ ਔਰੰਗਜ਼ੇਬ ਨੂੰ ਕਾਬਲ ਹੀ ਰਿਪੋਰਟਾਂ ਭੇਜ ਰਹੇ ਸਨ। ਗ਼ੁਲਾਮ ਹੁਸੈਨ ਲਿਖਦਾ ਹੈ ਕਿ “ਔਰੰਗਜ਼ੇਬ ਨੇ ਲਾਹੌਰ ਦੇ ਹਾਕਮ ਨੂੰ ਲਿਖਿਆ ਕਿ ਗੁਰੂ ਤੇਗ਼ ਬਹਾਦਰ ਨੂੰ ਕੈਦ ਕਰ ਕੇ ਬੰਦੀ ਵਿਚ ਰਖਿਆ ਜਾਏ।’ ਜਦ ਫੌਜ ਫ਼ਤਾਰ ਕਰਨ ਲਈ ਪੁੱਜੀ ਤਾਂ ਆਪ ਜੀ ਆਗਰੇ ਵਿਚ ਵਿਚਰ ਰਹੇ ਸਨ। ਆਪ ਜੀ ਨੂੰ ਬੰਦੀ ਵਿਚ ਪਾ ਦਿੱਤਾ ਗਿਆ। ਭਾਈ ਮਨੀ ਸਿੰਘ ਜੀ ਦੇ ਸ਼ਬਦਾਂ ਵਿਚ ‘ਬਾਦਸ਼ਾਹ ਦਾ ਫ਼ਰਮਾਨ ਪਹੁੰਚਿਆ ਤਾਂ ਸਾਹਿਬ (ਗੁਰੂ ਤੇਗ਼ ਬਹਾਦਰ) ਦਿੱਲੀ ਪ੍ਰਾਪਤ ਹੋਏ।
ਤਾਰੀਖ਼-ਏ-ਪੰਜਾਬ ਦੇ ਲਿਖਣ ਅਨੁਸਾਰ ਆਪ ਜੀ ਨੂੰ ਦਿੱਲੀ ਵਿਖੇ ਪਹਿਲਾਂ ਇਕ ਨਵੇਕਲੀ ਤੇ ਚਿਰਾਂ ਤੋਂ ਖ਼ਾਲੀ ਹਵੇਲੀ, ਜਿਸ ਬਾਰੇ ਪ੍ਰਸਿੱਧ ਸੀ ਕਿ ਉਥੇ ਭੂਤਾਂ ਦਾ ਵਾਸਾ ਹੈ, ਰੱਖਿਆ ਗਿਆ। ਫਿਰ ਲੋਹੇ ਦੇ ਪਿੰਜਰੇ ਵਿਚ ਪਾਇਆ ਗਿਆ। ਗਵਾਹੀ ਹੈ :
ਸੋ ਪਿੰਜਰਾ ਲੋਹੇ ਦਾ ਕਰ ਲਿਆਏ।
ਸਾਹਿਬ ਤਿਸ ਵਿਚ ਲੀਤੇ ਪਾਇ।
ਗੁਰ ਬਿਲਾਸ ਪਾਤਸ਼ਾਹੀ ਦਸਵੀਂ ਵਿਚ ਇਹ ਵੀ ਲਿਖਿਆ ਹੈ ਕਿ ਤਸੀਹੇ ਦੇਣ ਦੀ ਹੱਦ ਲਾਹ ਦਿੱਤੀ ਗਈ । ਨਾ ਜਲ ਪੀਣ ਲਈ ਤੇ ਨਾ ਖਾਣ ਲਈ ਪਰ ਥੰਭ ਲੋਹ ਦੇ ਤਪਾ ਦਿੱਤੇ ਗਏ।
ਮਹਾਰਾਜ ਦੇ ਦਿੱਲੀ ਵਿਖੇ ਹੋਣ ਨਾਲ ਲੋਕਾਂ ਵਿਚ ਜੋਸ਼ ਵਧ ਰਿਹਾ ਸੀ ਸੋ ਕੋਤਵਾਲੀ ਭੇਜ ਦਿੱਤਾ ਗਿਆ। ਔਰੰਗਜ਼ੇਬ ਨੇ ਹੋਰ ਉਡੀਕਣਾ ਮੁਨਾਸਬ ਨਾ ਸਮਝਦੇ ਹੋਏ, ਸ਼ਹੀਦ ਕਰਨ ਦਾ ਹੁਕਮ ਵੀ ਦੇ ਦਿੱਤਾ। ਗ਼ੁਲਾਮ ਹੁਸੈਨ ਦੇ ਸ਼ਬਦ ਹਨ :
‘ਬਾਅਦ ਚੰਦ ਰੋਜ਼ ਹੁਕਮਿ ਦੀਗਰ ਦਰ ਬਾਰਾਏ ਤੇਗ਼ ਬਹਾਦਰ ਰਸੀਦ ਕਿ ਊ ਰਾ ਕੁਸ਼ਤਹ ਵ ਜਸ ਦਸ਼ ਰਾ ਚੰਦ ਹਿੱਸਾ ਨਮੂਦਹ ਅਤਰਾਫੇ ਸ਼ਹਿਰ ਬਿਆਵੇਜ਼ੰਦ।’
ਭਾਵ : ਕੁਝ ਹੀ ਦਿਨਾਂ ਬਾਅਦ ਔਰੰਗਜ਼ੇਬ ਨੇ ਦੂਜਾ ਹੁਕਮ ਭੇਜ ਦਿੱਤਾ ਕਿ (ਗੁਰੂ) ਤੇਗ਼ ਬਹਾਦਰ ਨੂੰ ਕਤਲ ਕਰ ਦਿੱਤਾ ਜਾਏ ਤੇ ਉਸ ਦੇ ਜਿਸਮ ਦੇ ਚਾਰ ਟੋਟੇ ਕਰ ਕੇ ਸ਼ਹਿਰ ਦੇ ਸਭਨੀਂ ਪਾਸੇ ਲਟਕਾ ਦਿੱਤੇ ਜਾਣ।’ ਕਨਿੰਘਮ ਨੇ ਵੀ ਇਸੇ ਭਾਵ ਦਾ ਲਿਖਿਆ ਹੈ, ਪਰ ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ (ਗੁਰੂ) ਤੇਗ਼ ਬਹਾਦਰ ਨੂੰ ਬਾਗ਼ੀ ਕਰਾਰ ਦੇ ਕੇ ੧੬੭੫ ਨੂੰ ਸ਼ਹੀਦ ਕਰ ਦਿੱਤਾ ਗਿਆ ਅਤੇ ਜਾਬਰ ਤੇ ਮੁਅਤਸਬੀ ਔਰੰਗਜ਼ੇਬ ਨੇ ਕਾਫ਼ਰ ਆਖ ਉਨ੍ਹਾਂ ਦੇ ਸਰੀਰ ਨੂੰ ਦਿੱਲੀ ਦੇ ਬਾਜ਼ਾਰਾਂ ਵਿਚ ਲਟਕਾਏ ਜਾਣ ਦਾ ਵੀ ਹੁਕਮ ਦਿੱਤਾ।
ਇਹ ਯਾਦ ਰਹੇ ਕਿ ਜਦ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ, ਔਰੰਗਜ਼ੇਬ ਉਸ ਦਿਨ (੧੧ ਨਵੰਬਰ, ੧੬੭੫ ਈ: ਹਸਨ ਅਬਦਾਲ (ਪੰਜਾ ਸਾਹਿਬ) ਸੀ)।
ਸੀਸ ਦੀਆ ਪਰ ਸਿਰਰ ਨਾ ਦੀਆ—ਕਾਜ਼ੀ ਅਬਦੁਲ ਵਹਾਬ ਨੇ ਗੁਰੂ ਤੇਗ਼ ਬਹਾਦਰ ਅੱਗੇ ਤਿੰਨ ਤਜਵੀਜ਼ਾਂ ਰੱਖੀਆਂ। ਪਹਿਲੀ, ਜਾਂ ਤਾਂ ਸ਼ਰਹ ਵਿਚ ਆਓ ਤੇ ਮਰਾਤਬੇ ਪਾਓ । ਦੂਜੇ, ਜੇ ਇਹ ਆਪ ਜੀ ਨੂੰ ਮਨਜ਼ੂਰ ਨਹੀਂ ਤਾਂ ਦੀਨ ਕਬੂਲ ਕਰੋ ਤੇ ਜੇ ਇਹ ਵੀ ਨਹੀਂ ਤਾਂ ਪ੍ਰਾਣਾਂ ਨੂੰ ਗਿਆ ਸਮਝੋ।
ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿਚ :
‘ਤੀਨ ਬਾਤ ਨਿਰਨੈ ਕਰ ਲੀਜੈ ।
ਲਖਹੁ ਭਲੀ ਸੋ ਧਾਰਨਿ ਕੀਜੈ।
ਸ਼ਰਾ ਚਲਹੁ, ਕਲਮੇ ਕਹੁ ਪਢਿ ਮੁਖ ।
ਦੇਹਿ ਸ਼ਾਹ ਭੋਗਹੁ ਸਭਿ ਬਿਧਿ ਸੁਖ ।
ਜੇ ਹਠ ਕਰਹੁ ਨ ਮਾਨਹੁ ਏਹੋ ।
ਕਰਾਮਾਤ ਕਾਮਲ ਹੁਇ ਦੇਹੋ ।
ਜਿਮ ਹਜ਼ਰਤ ਤੁਮ ਤੇ ਕਰਿਵਾਵੈ।
ਤਿਮ ਕਰ ਦੇਹੁ ਦੇਖ ਹਰਖਾਵੈ।
ਜੇ ਇਮ ਦੋਨਹੁ ਨਾਹਿ ਨ ਮਾਨਹੁ ।
ਆਪਨੇ ਪ੍ਰਾਨ ਪ੍ਰਾਨ ਕਰ ਹਾਨਹੁ ।’
ਗੁਰੂ ਤੇਗ਼ ਬਹਾਦਰ ਜੀ ਨੇ ਪਹਿਲੀ ਗੱਲ ਦਾ ਉੱਤਰ ਦਿੱਤਾ ਕਿ ‘ਧਰ ਪਈਏ ਧਰਮ ਨਾ ਛੋਡੀਏ।’ ਭਾਈ ਸੇਵਾ ਰਾਮ ਦੀਆਂ ਪਰਚੀਆਂ ਅਨੁਸਾਰ ਜਦ ਲਾਲਚ, ਮੁਰਾਤਬੇ ਤੇ ਸੂਬੇਦਾਰੀਆਂ ਦੀਆਂ ਪੇਸ਼ਕਸ਼ਾਂ ਬਾਰ-ਬਾਰ ਕੀਤੀਆਂ ਗਈਆਂ ਤਾਂ ਨੌਵੇਂ ਪਾਤਸ਼ਾਹ, ਹਿੰਦ ਦੀ ਚਾਦਰ ਨੇ ਝਾੜ ਪਾਉਂਦੇ ਕਿਹਾ, ‘ਝਖੁ ਨਾ ਮਾਰ ।’ ਕਰਾਮਾਤ ਦਿਖਲਾਉਣ ਬਾਰੇ ਗੁਰੂ ਜੀ ਨੇ ਫ਼ਰਮਾਇਆ ਕਿ ਕਰਾਮਾਤ ਕਹਿਰ ਦਾ ਨਾਂ ਹੈ :
ਨਾਟਕ ਚੇਟਕ ਕਰਤ ਕੁ ਕਾਜਾ ।
ਪ੍ਰਭ ਲੋਗਨ ਕੋ ਆਵਤ ਲਾਜਾ ।
ਭਾਈ ਕੇਸਰ ਸਿੰਘ ਜੀ ਦੇ ਸ਼ਬਦਾਂ ਵਿਚ : ਬਚਨ ਕੀਤਾ :
ਜੋ ਆਪਣੇ ਘਰਿ ਰਹੈ, ਸੋ ਦੀਨ ਕਹਾਵੈ।
ਦੂਜੇ ਘਰਿ ਜਾਇ ਸੋ ਬੇਦੀਨੁ ਕਹਾਵੈ
ਅਜ਼ਮਤ ਹੈ ਕਹਿਰ, ਫਕੀਰ ਨ ਦਸੈ।
ਸਾਂਈ ਖੜਾ ਸਿਰ ਉੱਪਰ ਹਸੈ । ੯੬।
ਇਹ ਵੀ ਫ਼ਰਮਾਯਾ : ਕਰਾਮਾਤਾਂ ਦਾ ਕੇਵਲ ਮਾਲਕ, ਵਾਹਿਗੁਰੂ ਹੈ, ਅਸੀਂ ਤਾਂ ਉਸ ਦੇ ਨਿਰੇ ਦਾਸ ਹਾਂ।
“ਕਰਾਮਾਤ ਸਹੀ ਪ੍ਰਭੂ ਕੇ ਢਿਗ ਹੈ
ਹਮ ਤੋ ਇਨ ਦਾਸਨ ਦਾਸ ਪ੍ਰਕਾਰੀ ।” ‘ 1
ਭਾਈ ਮਨੀ ਸਿੰਘ ਜੀ ਨੇ ਸਿੱਖਾਂ ਦੀ ਭਗਤ ਮਾਲਾ ਵਿਚ ਇਕ ਸਾਖੀ ਵੀ ਲਿਖੀ ਹੈ ਕਿ ‘ਸਾਹਿਬ ਦੇ ਪਾਸ ਇਕ ਸਿੱਖ ਆਇਆ ਤੇ ਕਹਿਆ, ‘ਤੇਰੀ ਸਮਰਥਾ ਕਰਕੇ ਇਹ ਪਾਰਸ ਹੱਥ ਲੱਗਾ ਹੈ। ਮੈਂ ਭੇਟ ਤੁਹਾਡੀ ਆਂਦਾ ਹੈ। ਇਹ ਪਾਰਸ ਦੇ ਕੇ ਤੁਸੀਂ ਆਪਣਾ ਸਰੀਰ ਬਚਾਵੋ ।’ ਤਾਂ ਬਚਨ ਹੋਆ, ‘ਭਾਈ ਸਿੱਖਾ ! ਜੋ ਝੂਠ ਹੈ, ਸੋ ਸੱਚ ਨਾਹੀਂ ਹੋ ਸਕਦਾ। ਪਾਰਸ ਲੈ ਕੇ ਸਾਹਿਬ ਨੇ ਜਮਨਾ ਵਿਚ ਸੁੱਟ ਦਿੱਤਾ। ਇਸੇ ਤਰ੍ਹਾਂ ਜਦ ਇਕ ਹੋਰ ਸਿੱਖ ਨੇ ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਵਜਾਉਣ ਦੀ ਗੱਲ ਆਖੀ ਤਾਂ ਵੀ ਆਪ ਜੀ ਨੇ ਇਹ ਹੀ ਫ਼ਰਮਾਇਆ ‘ਜੋ ਕਿਛੁ ਵਰਤਦਾ ਹੈ, ਸੋ ਵਾਹਿਗੁਰੂ ਕੀ ਆਗਿਆ ਵਿਚ ਵਰਤਦਾ ਹੈ।
ਤੀਜੀ ਬਾਤ ਬਾਰੇ ਕਿਹਾ ਕਿ ਦਿੱਲੀ ਸਰੀਰ ਦੇਣ ਲਈ ਆਏ ਹਾਂ । ‘ਕਾਰਾ ਗ੍ਰਹਿ ਆਪ ਹਮ ਲੇਹੁ ।’ ਅਸੀਂ ਕਿਸੇ ਦੇ ਕਹਿਣ ਜਾਂ ਬੁਲਾਏ ਨਹੀਂ ਆਏ, ਆਪੂੰ ਮਰਜ਼ੀ ਨਾਲ ਆਏ ਹਾਂ ਤਾਂ ਕਿ ਜ਼ਾਲਮ ਦੇ ਜ਼ੁਲਮ ਨੂੰ ਥੰਮ੍ਹ ਪਾਈ ਜਾ ਸਕੇ :
‘ਤ੍ਰਿਤੀਏ ਪ੍ਰਾਨ ਹਾਨ ਕੀ ਬਾਤ ।
ਸੋ ਹਮ ਸਹੈਂ ਆਪਣੇ ਗਾਤ।
ਇਹ ਬਚਨ ਵੀ ਕੀਤੇ :
ਸੀਸ ਹੈ ਸੁਫਨਾ, ਇਸ ਅੰਤ ਹੈ ਜਾਣਾ।
ਰਜਾਇ ਸਾਈਂ ਦੀ ਸੀਸ ਪਰ ਜੋ ਹੋਵੈ ਉਸ ਦਾ ਭਾਣਾ ।
ਪਰ ਇਹ ਯਾਦ ਰੱਖਣਾ ਕਿ ਸ਼ਹਾਦਤ ਪਿਛੋਂ ਫਿਰ ‘ਰੌਲਾ ਹੀ ਵਰਤੇਗਾ।’
ਇਹ ਵੀ ਕਿਹਾ : ਯਾਦ ਰੱਖੋ ! ਸਾਚੇ ਸਾਹਿਬ ਕੋ ਕਾਈ ਐਸਾ ਦੀਨ ਹਰਗਿਜ਼ ਮਨਜ਼ੂਰ ਨਹੀਂ ਹੋਤਾ ਜੋ ਤਲਵਾਰ ਕੇ ਜ਼ੋਰ ਫੈਲਾਇਆ ਜਾਏ। ਆਖ਼ਰ ਜੈ ਸੱਚ ਕੀ ਹੋਏਗੀ। ਕੁਫ਼ਰ ਕਾ ਭਾਂਡਾ ਚੁਰਾਹੇ ਮੇਂ ਫੂਟੇਗਾ।
ਗੁਰੂ ਤੇਗ਼ ਬਹਾਦਰ ਜੀ ਨੂੰ ਫਿਰ ਅਹਿਲਕਾਰਾਂ ਨੇ ਭੈ-ਭੀਤ ਕਰਨ ਲਈ ਉਨ੍ਹਾਂ ਦੇ ਸਿੱਖ ਸਾਥੀਆਂ ਨੂੰ ਤਸੀਹੇ ਦੇਣੇ ਅਰੰਭ ਕਰ ਦਿੱਤੇ। ਭਾਈ ਜੈਤਾ ਜੀ ਬੇਟਾ ਆਗਿਆ ਰਾਮ ਜੀ ਦਾ ਭਾਈ ਊਦਾ ਜੀ ਤੇ ਗੁਰਦਿੱਤਾ ਜੀ, ਗੁਰੂ ਜੀ ਦੀ ਆਗਿਆ ਨਾਲ ਹੀ ਬਾਹਰ ਵਿਚਰ ਰਹੇ ਸਨ ਤੇ ਸਾਰੇ ਹਾਲਾਤ ਅੱਖੀਂ ਵੇਖਦੇ ਪਏ ਸਨ । ਭਾਈ ਮਤੀ ਦਾਸ ਜੀ ਅਤੇ ਭਾਈ ਦਇਆਲਾ ਜੀ ਜੋ ਭਾਈ ਮਨੀ ਸਿੰਘ ਜੀ ਦੇ ਸਕੇ ਭਰਾ ਸਨ, ਗੁਰੂ ਜੀ ਨਾਲ ਸਨ। ਉਨ੍ਹਾਂ ਤਿੰਨਾਂ ਨੂੰ ਗੁਰੂ ਜੀ ਸਾਹਮਣੇ ਹੀ ਤਸੀਹੇ ਦਿੱਤੇ ਗਏ। ਭਾਈ ਦਇਆਲਾ ਜੀ ਨੂੰ ਦੇਗ਼ ਵਿਚ ਉਬਾਲਿਆ ਗਿਆ ਤੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ :
ਸਤੀ ਰਾਮ ਚਿਰਾਇਆ ਫਾੜਿਆ ।ਦਿਯਾਲਾ ਦੇਗ ਵਿਚ ਸਾੜਿਆ।
ਭਾਈ ਸਤੀ ਦਾਸ ਜੀ ਨੂੰ ਰੂੰਈ ਵਿਚ ਵਲ੍ਹੇਟ ਜ਼ਿੰਦਾ ਜਲਾਇ ਦੀਆ ।
ਪਰ ਉਨ੍ਹਾਂ ਸੀ ਨਾ ਕੀਤੀ ਤੇ ਗੁਰੂ ਦੇ ਸਨਮੁਖ ਸ਼ਹਾਦਤਾਂ ਦੇ ਗਏ । ਗੁਰੂ ਜੀ ਨੂੰ ਵੀ ਤਸੀਹੇ ਦਿੱਤੇ ਜਾ ਰਹੇ ਸਨ। ਆਖ਼ਿਰ ੧੧ ਨਵੰਬਰ, ੧੬੭੫ (ਸੰਮਤ ੧੭੩੨, ਮੱਘਰ ਸੁਦੀ ਪੰਜ), ਵੀਰਵਾਰ, ਪਹਿਰ ਦਿਨ ਚੜ੍ਹੇ, (ਭਾਵ ੧੦ ਕੁ ਵਜੇ ਸਵੇਰੇ) ਕਾਜ਼ੀ ਨੇ ਚਾਂਦਨੀ ਚੌਕ ਫਤਵਾ ਸੁਣਾਇਆ ਤੇ ਸਮਾਣੇ ਦੇ ਰਹਿਣ ਵਾਲੇ ਜਲਾਲ ਦੀਨ ਜਲਾਦ ਨੇ ਇਕ ਭਾਰੀ ਇਕੱਠ ਸਾਹਮਣੇ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ। ਸਿਆਰਉਲ ਮੁਤਾਖੀਰੀਨ ਦੇ ਹੀ ਕਥਨ ਅਨੁਸਾਰ ਇਤਨੀ ਹਨੇਰੀ, ਗੁਬਾਰ ਤੇ ਬੱਦਲ ਆਏ ਕਿ ਚਾਰੇ ਪਾਸੇ ਹਨੇਰਾ ਛਾ ਗਿਆ ਤੇ ਤਾਰੇ ਵੀ ਦਿੱਸੇ। ਭਾਈ ਕੇਸਰ ਸਿੰਘ ਜੀ ਦੇ ਸ਼ਬਦਾਂ ਵਿਚ ‘ਤਿਸ ਦਿਨ ਅੰਧੇਰੀ ਗਰਬ ਗੁਬਾਰੀ ਰਹੀ ।’ ਸ਼ਹਾਦਤ ਤੋਂ ਪਹਿਲਾਂ ਇਹ ਢੰਡੋਰਾ ਵੀ ਦੇ ਦਿੱਤਾ ਗਿਆ ਸੀ ਕਿ ਜੋ ਕੋਈ(ਗੁਰੂ) ਤੇਗ਼ ਬਹਾਦਰ (ਜੀ) ਦੇ ਮ੍ਰਿਤਕ ਸਰੀਰ ਨੂੰ ਹੱਥ ਲਗਾਏਗਾ ਤਾਂ ਉਸ ਦਾ ਵੀ ਹਸ਼ਰ ਉਨ੍ਹਾਂ ਵਰਗਾ ਹੋਵੇਗਾ, ਪਰ ਸੀਸ ਤਲੀ ਤੇ ਰੱਖ ਕੇ, ਭਾਈ ਜੈਤਾ ਜੀ, ਭਾਈ ਅੱਡਾ ਜੀ ਉਸ ਹਨੇਰੀ ਤੇ ਗੁਬਾਰ ਵਿਚ ਸੀਸ ਉਠਾ ਕੇ ਲੈ ਗਏ ਤੇ ਜਮਨਾ ਪਾਰ ਕਰ ਕੇ ਬਾਗ਼ ਪਟ ਦੇ ਰਾਹ ਦਰਿਆ ਦੇ ਕੰਢੇ- ਕੰਢੇ ਪੰਜਾਬ ਵੱਲ ਚੱਲ ਪਏ। ਉਨ੍ਹਾਂ ਨਾਲ ਉਸ ਸਮੇਂ ਭਾਈ ਨਾਨੂ ਰਾਮ ਸਪੁੱਤਰ ਭਾਈ ਖੇਮੇ ਦਾ ਵੀ ਸੀ। ਕੀਰਤਪੁਰ ਪੁੱਜਣ ਤੱਕ ਇਨ੍ਹਾਂ ਰਾਹ ਵਿਚ ਪੰਜ ਪੜਾਅ ਕੀਤੇ ਸਨ : ਪਹਿਲਾ ਬਾਗਪਤ,ਦੂਜਾ ਬਢ ਖਾਲਸਾ, ਤੀਜਾ ਤਰਾਵੜੀ, ਚੌਥਾ ਅੰਬਾਲਾ ਤੇ ਪੰਜਵਾਂ ਨਾਭਾ ਸਾਹਿਬ।
ਭਾਈ ਊਦਾ ਤੇ ਭਾਈ ਗੁਰਦਿੱਤਾ ਜੀ ਇਸ ਜਤਨ ਵਿਚ ਸਨ ਕਿ ਪਾਵਨ ਧੜ ਵੀ ਉਠਾਇਆ ਜਾਏ। ਉਹ ਮੁਸਲਮਾਨੀ ਭੇਸ ਵਿਚ ਸ਼ਹਿਰ ਵਿਚ ਵਿਚਰ ਰਹੇ ਸਨ। ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਲੱਖੀ ਸ਼ਾਹ ਵਣਜਾਰਾ ਲਾਲ ਕਿਲ੍ਹੇ ਵਿਚ ਚੂਨਾ, ਕਲੀ, ਬਾਰੂਦ ਤੇ ਹੋਰ ਸਾਮਾਨ ਸੁੱਟ ਕੇ ਵਾਪਸ ਆਪਣੇ ਪਿੰਡ ਰਕਾਬ ਗੰਜ (ਰਾਇ ਸੀਨਾ) ਜਾ ਰਿਹਾ ਹੈ ਤਾਂ ਦੋਨਾਂ ਨੇ ਸਾਰੀ ਵਿਥਿਆ ਸੁਣਾਈ ਤੇ ਗੁਰੂ ਦਾ ਪਾਵਨ ਧੜ ਉਠਾਉਣ ਲਈ ਆਖਿਆ। ਉਸ ਆਪਣੇ ਗੱਡੇ ਚਾਂਦਨੀ ਚੌਕ ਵੱਲ ਮੋੜ ਲਏ। ਛਾਲ ਮਾਰ ਕੇ ਹਨੇਰੇ ਤੇ ਹਨੇਰੀ ਦਾ ਲਾਭ ਉਠਾਉਂਦੇ ਉਹ ਆਪਣੇ ਪਿੰਡ ਲੈ ਗਏ ਤੇ ਧੜ ਨੂੰ ਘਰ ਵਿਚ ਰੱਖ ਕੇ ਅੱਗ ਲਗਾ ਦਿੱਤੀ ਅਤੇ ਸਨਮਾਨ ਬਚਾ ਲਿਆ। ਜਦ ਚਾਨਣਾ ਹੋਇਆ ਤਾਂ ਸਾਰੇ ਹੈਰਾਨ ਹੋਏ ਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਧੜ ਤੇ ਸੀਸ ਕਿਥੇ ਗਿਆ :
‘ਚਲਾ ਚਲਾਈ ਹੋ ਰਹੀ, ਗੜ੍ਹ ਉਖੜੇ ਮੇਖ ।
ਲਖੀ ਨਗਾਹੀਆ ਲੈ ਚਲੇ, ਤੂੰ ਖੜਾ ਤਮਾਸ਼ਾ ਦੇਖ ।
ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ ਕਿ ਲਖੀ ਸ਼ਾਹ ਜੋ ਬਾਦਸ਼ਾਹ ਦੇ ਕਿਲ੍ਹੇ ਵਿਚ ਚੂਨਾ ਸੁਟਿਆ ਕਰਦਾ ਸੀ, ਬੇਸ਼ੁਮਾਰ ਬੈਲ ਲੈ ਕੇ ਸੰਝ ਦੇ ਵਕਤ ਆਇਆ ਤੇ ਚਾਨਣੀ ਚੌਕ ਵਿਚੋਂ ਧੜ ਨੂੰ ਉਠਾ ਕੇ ਦਿੱਲੀ ਤੋਂ ਬਾਹਰ ਚਾਰ ਕੋਸ ਪਰ ਆਪਣੇ ਘਰ ਲੈ ਜਾ ਕਰ ਸਮੇਤ ਧੜ ਦਾਹ ਕਰ ਦਿੱਤਾ। ਸਿੱਖ ਇਤਿਹਾਸ ਕ੍ਰਿਤ ਠਾਕੁਰ ਦਾਸ ਅਨੁਸਾਰ ‘ਆਂਧੀ ਅਭੀ ਚਲ ਰਹੀ ਸੀ, ਔਰ ਭੀ ਜੋਰ ਕਾ ਝੌਕਾ ਆਇਆ, ਪਹਿਰੇਦਾਰ ਆਖੇਂ ਮੂੰਦ ਕੇ ਬੈਠ ਗਏ । ਬਣਜਾਰਾ ਬੜ੍ਹਾ, ਔਰ ਦੇਹ ਕੋ ਉਠਾ ਲੀਯਾ । ਘਰ ਪਹੁੰਚਾ ਔਰ ਸ਼ਾਹੀ ਆਦਮੀ ਕੇ ਸੰਦੇਹ ਸੇ ਬਚਨੇ ਕੇ ਲੀਏ ਆਪਣੇ ਘਰ ਮੇਂ ਉਸ ਨੇ ਸਰੀਰ ਰੱਖ ਕਰ ਸਮਸਤ (ਸਾਰੇ) ਘਰ ਕੋ ਆਗ ਲਗਾ ਦੀ।’
ਜਦ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਈ ਲਖੀ ਸ਼ਾਹ ਨੇ ਸਾਰੀ ਵਾਰਤਾ ਸੁਣਾਈ ਤਾਂ ਧੰਨ ਸਿੱਖੀ ਕਹਿ ਸਤਕਾਰਿਆ ਅਤੇ ਦਾਂਇ ਬਾਜ਼ੂ ਸੇ ਪਕੜ ਅਪਨੇ ਨਾਲ ਸਿੰਘਾਸਨ ਤੇ ਬਹਾਇ ਲੀਆ।
ਜੋ ਲੋਕਾਂ ਦੀ ਦਸ਼ਾ ਹੋਈ, ਉਸ ਦਾ ਵਰਨਣ ਕਰਨਾ ਅਤਿ ਕਠਿਨ ਹੈ । ਜਿਨ੍ਹਾਂ ਦਾ ਇਸ਼ਟ ਉਨ੍ਹਾਂ ਦੀਆਂ ਅੱਖੀਆਂ ਦੇ ਸਾਹਮਣੇ ਹੀ ਅਲੋਪ ਕਰ ਦਿੱਤਾ ਜਾਏ, ਉਨ੍ਹਾਂ ਤਾਂ ਮੂੰਹ ਵਿਚ ਉਂਗਲਾਂ ਪਾਉਣੀਆਂ ਸਨ, ਪਰ ਗੁਰੂ ਗੋਬਿੰਦ ਸਿੰਘ ਜੀ ਫ਼ਰਮਾਂਦੇ ਹਨ ਕਿ ਚਾਰੇ ਪਾਸੇ ਹਾਹਾਕਾਰ ਵੀ ਬੜੀ ਮੱਚੀ। ਕੁਦਰਤ ਵੀ ਰੋਈ ਤੇ ਲੋਕੀਂ ਵੀ ਤੜਫੇ । ਸੁਰ ਲੋਕ ਵਿਚ ਜ਼ਰੂਰ ਜੈ-ਜੈਕਾਰ ਹੋਈ ਕਿਉਂਕਿ ਮਾਤ ਲੋਕ ਵਿਚ ਪਹਿਲੀ ਵਾਰੀ ਕਿਸੇ ਸਰੀਰ ਨੂੰ ਠੀਕਰਾ ਜਾਣ, ਦੂਜੇ ਲਈ, ਪਰ ਲਈ, ਧਰਮ ਦੀ ਰੱਖਿਆ ਲਈ ਹੱਸ ਕੇ ਭੰਨ ਦਿਖਾ ਦਿੱਤਾ ਸੀ। ਆਪਣੇ ਆਦਰਸ਼ ਲਈ ਮਰਨ ਵਾਲੇ ਬਹੁਤੇਰੇ ਸਨ, ਪਰ ਦੂਜੇ ਦੀ ਆਜ਼ਾਦੀ ਲਈ ਆਪਾ ਵਾਰ ਦੇਣਾ ਗੁਰੂ ਤੇਗ਼ ਬਹਾਦਰ ਜੀ ਦੇ ਹਿੱਸੇ ਆਇਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਕੁਝ ਹੀ ਤੁਕਾਂ ਵਿਚ ਸਾਰੀ ਗੱਲ ਮੁਕਾਂਦੇ ਹੋਏ ਲਿਖਿਆ ਹੈ :
‘ਤਿਲਕ ਜੰਝੂ ਰਾਖਾ ਪ੍ਰਭ ਤਾਕਾ ।
ਸਾਧਨ ਹੇਤ ਇਤਿ ਜਿਨਿ ਕਰੀ।
ਕੀਨੋ ਬਡੋ ਕਲੂ ਮਹਿ ਸਾਕਾ।
ਸੀਸ ਦੀਆ ਪਰ ਸੀ ਨਾ ਉਚਰੀ । ੧੩ ।
ਪਰਮ ਹੇਤ ਸਾਕਾ ਜਿਨਿ ਕੀਆ।
ਸੀਸ ਦੀਆ ਪਰ ਸਿਰਰੁ ਨ ਦੀਆ । ੧੪ ।
ਦੋਹਿਰਾ :
ਠੀਕਿਰ ਫੋਰਿ ਦਿਲੀਸ ਸਿਰਿ, ਪ੍ਰਭ ਪੁਰ ਕੀਯਾ ਪਯਾਨ।
ਤੇਗ਼ ਬਹਾਦਰ ਸੀ ਕ੍ਰਿਆ, ਕਰੀ ਨ ਕਿਨਹੂੰ ਆਨ । ੧੫ ।
ਤੇਗ਼ ਬਹਾਦਰ ਕੇ ਚਲਤ, ਭਯੋ ਜਗਤ ਕੋ ਸੋਕ ।
ਹੈ ਹੈ ਹੈ ਸਭ ਜਗ ਭਯੋ, ਜੈ ਜੈ ਜੈ ਸੁਰ ਲੋਕ । ੧੬।
ਸੈਨਾਪਤੀ ਨੇ ਵੀ ਗੁਰ ਸੋਭਾ ਵਿਚ ਇਸੇ ਭਾਵ ਦਾ ਲਿਖਿਆ ਹੈ ਕਿ ਗੁਰੂ ਤੇਗ਼ ਬਹਾਦਰ ਨਿਰੀ ਹਿੰਦ ਦੀ ਨਹੀਂ, ਸਗਲ ਸ੍ਰਿਸ਼ਟ ਦੀ ਚਾਦਰ ਹਨ। ਉਸ ਦਾ ਲਿਖਣਾ ਹੈ :
ਪ੍ਰਗਟ ਭਏ ਗੁਰੂ ਤੇਗ਼ ਬਹਾਦਰ ।
ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ।
ਕਰਮ ਧਰਮ ਕੀ ਜਿਨ ਪਤਿ ਰਾਖੀ ।
ਪ੍ਰਗਟ ਕਰੀ ਕਲਿਜੁਗ ਮਹਿ ਸਾਖੀ।
ਕੀਨੋ ਬਡੋ ਕਲੂ ਮਹਿ ਸਾਕਾ—ਭਾਈ ਸੇਵਾ ਰਾਮ ਜੀ ਆਪਣੀਆਂ ਪਰਚੀਆਂ ਵਿਚ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸ਼ਹਾਦਤ ਬਾਰੇ ਬਚਨ ਕਰਦੇ ਹੋਏ ਫ਼ਰਮਾਯਾ, ‘ਤੁਰਕਾਂ ਕੋ ਕੂੜਾ (ਗੁਰੂ) ਤੇਗ਼ ਬਹਾਦਰ ਕੀਆ ਹੈ । ਇਹ ਫ਼ਰਮਾਨ ਮਹਾਰਾਜ ਦੀ ਸ਼ਹਾਦਤ ਤੇ ਨਵਾਂ ਚਾਨਣਾ ਪਾਉਂਦਾ ਹੈ । ਜੋ ਸ਼ਾਹ ਝੂਠ ਦਾ ਜਾਲ ਤਾਣ ਕੇ ਆਪਣੇ ਆਪ ਨੂੰ ਸੱਚ ਦਾ ਢੰਡੋਰਾ ਦੇਣ ਵਾਲੇ ਗਿਣਦੇ ਸਨ, ਉਨ੍ਹਾਂ ਦੀ ਜਾਗ ਨੌਵੇਂ ਪਾਤਸ਼ਾਹ ਨੇ ਸਰੀਰ ਰੂਪੀ ਠੀਕਰਾ ਫੋੜ ਕੇ ਹੀ ਖੋਲ੍ਹੀ। ਜਦ ਤੁਰਕ ਕੂੜਾ ਹੋ ਪ੍ਰਗਟ ਹੋਏ ਤਾਂ ਸੱਚ ਦੀਆਂ ਸ਼ਕਤੀਆਂ ਉੱਠ ਖਲੋਤੀਆਂ। ਫਿਰ ਐਸੀਆਂ ਸਾਵਧਾਨ ਹੋਈਆਂ ਕਿ ਜਦ ਤੱਕ ਮਲੇਛ ਦੀ ਸਫ਼ਾ ਉੱਠ ਨਾ ਗਈ, ਜੂਝਦੀਆਂ ਹੀ ਰਹੀਆਂ। ਫਿਰ ਮੈਕਾਲਫ਼ ਦਾ ਕਹਿਣਾ ਹੈ ਕਿ ਇਸ ਸ਼ਹਾਦਤ ਦੀ ਤੁਲਨਾ, ਦੁਨੀਆਂ ਦੀ ਕਿਸੇ ਵੀ ਘਟਨਾ ਨਾਲ ਨਹੀਂ ਕੀਤੀ ਜਾ ਸਕਦੀ । ਇਹ ਆਪਣੇ ਆਪ ਵਿਚ ਇਕ ਵੱਖਰੀ, ਅਨੋਖੀ ਤੇ ਅਲੌਕਿਕ (unique) ਘਟਨਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਲਈ ਇਸ ਸ਼ਹਾਦਤ ਨੂੰ ਬਚਿੱਤਰ ਨਾਟਕ ਵਿਚ ‘ਕਲਿਯੁਗ ਵਿਚ ਸਭ ਤੋਂ ਵੱਡਾ ਸਾਕਾ ਕਹਿਆ।’ ਕਲਿਯੁਗ ਵਿਚ ਸਾਰੇ ਨਿੱਜ ਹਿੱਤ ਲਈ ਸੋਚਦੇ ਤੇ ਕਾਜ ਕਰਦੇ ਹਨ ਪਰ ਇਹ ਸ਼ਹਾਦਤ ਨਿੱਜ ਜਾਂ ਆਪਣੇ ਲਈ ਨਾ ਹੋ ਕੇ ਪਰ ਲਈ ਸੀ । ਸ਼ਾਇਦ ਇਹ ਹੀ ਕਾਰਨ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਜੋ ਆਪਣੇ ਆਪ ਵਿਚ ਇਕ ਅਦੁਤੀ ਸ਼ਹਾਦਤ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਜਦ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਬਚਿੱਤਰ ਨਾਟਕ
ਵਿਚ ਅੰਕਤ ਕਰਨ ਲੱਗੇ ਤਾਂ ਸਿਰਫ਼ ਇਤਨਾ :
‘ਜਬ ਅਰਜਨ ਪ੍ਰਭ ਲੋਕ ਸਿਧਾਏ।
ਹਰਿਗੋਬਿੰਦ ਤਿਹ ਤਾਂ ਠਹਿਰਾਏ।’
ਲਿਖ ਕੇ ਅੱਗੇ ਚੱਲ ਪਏ, ਪਰ ਜਦ ਗੁਰੂ ਤੇਗ਼ ਬਹਾਦਰ ਜੀ ਦਾ ਵਰਨਣ ਕਰਨ ਲੱਗੇ ਤਾਂ ਆਪ ਜੀ ਨੇ ‘ਕੀਨੋ ਬਡੋ ਕਲੂ ਮਹਿ ਸਾਕਾ’ ਲਿਖਿਆ, ਪਰ ਦੇ ਜੰਝੂ ਲਈ ਜਿਸ ਨੂੰ ਉਹ ਮੰਨਦੇ ਵੀ ਨਹੀਂ ਅਤੇ ਜਿਸ ਨੂੰ ਨੌਂ ਸਾਲ ਦੀ ਉਮਰ ਵਿਚ ਗੁਰੂ ਨਾਨਕ ਜੀ ਨੇ ਭਰੀ ਬਰਾਦਰੀ ਵਿਚ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ, ਉਸੇ ‘ਤਾ ਕਾ’ ਦੀ ਰਾਖੀ ਲਈ ਜਾਨ ਵਾਰ ਦੇਣੀ ਬਚਿੱਤਰ ਨਾਟਕ ਹੀ ਹੈ, ਜੋ ਨਾ ਹੀ ਸਮੇਂ ਦੇ ਸ਼ਾਹ ਨੂੰ ਸਮਝ ਆਇਆ ਤੇ ਨਾ ਹੀ ਪਿਛੋਂ ਦੇ ਇਤਿਹਾਸਕਾਰਾਂ ਨੂੰ ।ਗੱਲ ਸਿਰਫ਼ ਇਤਨੀ ਹੈ ਕਿ ਗੁਰੂ ਨਾਨਕ ਜੀ ਬ੍ਰਾਹਮਣ ਦੇ ਜਬਰ ਵਿਰੁੱਧ ਅੜ ਖਲੋਤੇ ਤੇ ਗੁਰੂ ਤੇਗ਼ ਬਹਾਦਰ ਔਰੰਗਜ਼ੇਬ ਦੇ ਤੁਅੱਸਬ ਅੱਗੇ ਖਲੋ ਗਏ। ਉਹਨਾਂ ਬ੍ਰਾਹਮਣਾਂ ਨੂੰ ਕੂੜਾ ਕੀਤਾ । ਇਨ੍ਹਾਂ ਔਰੰਗਜ਼ੇਬ ਨੂੰ ਕੂੜਾ ਕਰ ਦਿੱਤਾ। ਇਸ ਅੜੌਣੀ ਨੂੰ ਕੁਝ ਕੁ ਖੋਲ੍ਹਣ ਦਾ ਜਤਨ ਲਾਲਾ ਦੌਲਤ ਰਾਇ ਨੇ ਆਪਣੀ ਪੁਸਤਕ ਮਹਾਂਬਲੀ ਵਿਚ ਕੀਤਾ। ਉਨ੍ਹਾਂ ਲਿਖਿਆ ਕਿ ਇਕ ਅਖਾਣ ‘ਉਲਟੀ ਗੰਗਾ ਵਹਾ ਦੇਣਾ’ ਚਿਰਾਂ ਤੋਂ ਪ੍ਰਚੱਲਤ ਹੈ, ਪਰ ਇਸ ਦੇ ਅਰਥ ਬਹੁਤਿਆਂ ਨੂੰ ਪਤਾ ਨਹੀਂ ਹਨ। ਗੁਰੂ ਤੇਗ਼ ਬਹਾਦਰ ਜੀ ਨੇ ਸ਼ਹਾਦਤ ਦੇ ਕੇ ਉਸ ਉਲਟੀ ਗੰਗਾ ਵਹਾਉਣ ਦੇ ਅਰਥ ਸਮਝਾ ਦਿੱਤੇ। ਮਹਾਂਬਲੀ ਦਾ ਕਰਤਾ ਲਿਖਦਾ ਹੈ : ‘ਆਜ ਤਕ ਯਿਹ ਤੋ ਹੂਆ ਹੈ ਕਿ ਕਾਤਲ’ ਮਕਤੂਲ ਕੇ ਪਾਸ ਜਾਏ, ਯਿਹ ਨਹੀਂ ਕਿ ਮਕਤੂਲ ਕਾਤਲ ਕੇ ਪਾਸ ਆਏ, ਐਸਾ ਕਰ ਕੇ ਗੁਰੂ ਤੇਗ਼ ਬਹਾਦਰ ਨੇ ਉਲਟੀ ਗੰਗਾ ਬਹਾ ਦੀ।’ ਅਸੰਭਵ ਨੂੰ ਸੰਭਵ ਕਰ ਦਿੱਤਾ। ਸੱਤਾ ਤੇ ਬਲਵੰਡ ਜੀ ਨੇ ਗੁਰੂ ਨਾਨਕ ਬਾਰੇ ਲਿਖਿਆ ਸੀ ‘ਹੋਰਿਓ ਗੰਗ ਵਹਾਈਐ, ਦੁਨਿਆਈ ਆਖੈ ਕਿਕਿਓਨ, ਹੁਣ ਫਿਰ ਉਲਟੀ ਗੰਗਾ ਵਗੀ ਤੇ ਦੁਨੀਆ ਅੱਜ ਤੱਕ ਹੈਰਾਨੀ ਨਾਲ ਵਹਿੰਦੀ ਦੇਖ ਰਹੀ ਹੈ।
ਇੰਦੂ ਭੂਸ਼ਨ ਬੈਨਰਜੀ ਇਸ ਸ਼ਹਾਦਤ ਨੂੰ ਸਵੈ-ਸਹੇੜੀ ਸ਼ਹਾਦਤ (Self Sought martyrdom) ਕਹਿੰਦਾ ਹੈ। ਧਰਮ ਹੇਤ, ਖ਼ੁਸ਼ੀ ਨਾਲ ਕੁਰਬਾਨੀ ਦਿੱਤੀ। ਔਰੰਗਜ਼ੇਬ ਦੇ ਕੱਢੇ ਫ਼ਰਮਾਨ ਕੋਈ ਸਿੱਧੇ ਸਿੱਖੀ ਬਾਰੇ ਨਹੀਂ ਸਨ, ਗੁਰੂ ਜੀ ਚੁੱਪ ਕਟੀ ਵੀ ਕਰ ਸਕਦੇ ਸਨ ਪਰ ‘ਪਰਉਪਕਾਰ ਉਮਾਹ’ ਨੇ ਹੀ ਉਨ੍ਹਾਂ ਵਿਚ ਉਛਾਲਾ ਮਾਰਿਆ ਤੇ ਉਹ ਦਿੱਲੀ ਵੱਲ ਸ਼ਹਾਦਤ ਦੇਣ ਤੁਰ ਪਏ । ਉਹ ਜਾਣਦੇ ਸਨ ਕਿ ਦੁਨਿਆਵੀ ਤੌਰ ਤੇ ਔਰੰਗਜ਼ੇਬ ਬਹੁਤ ਸ਼ਕਤੀਸ਼ਾਲੀ ਹੈ, ਪਰ ਉਹ ਨਿਤਾਣਿਆਂ ਲਈ ਡਟ ਗਏ। ਔਰੰਗਜ਼ੇਬ ਨੂੰ ਇਹ ਖ਼ਿਆਲ ਸੀ ਕਿ ਇਸ ਜੋਤ ਨੂੰ ਬੁਝਾਉਣ ਨਾਲ ਚਾਰੇ ਪਾਸੇ ਨਿਰਾਸਤਾ ਛਾ ਜਾਏਗੀ ਤੇ ਉਹ ਢੱਠਿਆਂ ਨੂੰ ਢਾਹ ਲਵੇਗਾ ਪਰ ਉਹ ਭੁੱਲ ਗਿਆ ਕਿ ਦੀਵੇ ਵਿਚ ਬੱਤੀ ਜਲ ਜ਼ਰੂਰ ਜਾਂਦੀ ਹੈ ਪਰ ਰੌਸ਼ਨੀ ਵੀ ਬੇਇੰਤਹਾਹ ਫ਼ੈਲਾ ਜਾਂਦੀ ਹੈ । ਕੋਇਰ ਸਿੰਘ ਦੇ ਸ਼ਬਦਾਂ ਵਿਚ :
‘ਜਿ ਦੀਪ ਜਰੈ
ਨਿਜ ਅਤ ਪ੍ਰਜਾਰੀ।’
ਇਹ ਸ਼ਹਾਦਤ ਇਕ ਮਿਥਿਹਾਸਕ ਪੰਛੀ ਫੀਨਿਕਸ (Phoenix) ਵਾਂਗੂੰ ਸੀ। ਉਸ ਪੰਛੀ ਬਾਰੇ ਇਹ ਪ੍ਰਸਿੱਧ ਹੈ ਕਿ ਸਾਰੀ ਉਮਰ ਉਹ ਪੰਛੀ ਆਕਾਸ਼ ਵਿਚ ਉਡਾਰੀਆਂ ਲਾਂਦਾ ਰਹਿੰਦਾ। ਹੈ ਜਦ ਉਸ ਦਾ ਅੰਤਿਮ ਸਮਾਂ ਨੇੜੇ ਆਉਂਦਾ ਹੈ ਤਾਂ ਜ਼ਮੀਨ ਤੇ ਆ ਜਾਂਦਾ ਹੈ ਅਤੇ ਤੀਲੇ ਤਿਣਕੇ ਇਕੱਠੇ ਕਰਕੇ ਗੀਤ ਗਾਉਂਦਾ ਹੈ ਤਾਂ ਉਨ੍ਹਾਂ ਲੱਕੜੀਆਂ ਵਿਚ ਅੱਗ ਬਲ ਪੈਂਦੀ ਹੈ ਤੇ ਉਸ ਵਿਚ ਛਾਲ ਮਾਰ ਕੇ ਸੜ ਮਰਦਾ ਹੈ। ਜਦ ਸੁਆਹ ਠੰਢੀ ਹੋ ਜਾਂਦੀ ਹੈ ਤਾਂ ਦੇਖਦੇ ਦੇਖਦੇ ਭੁੱਬਲ ਵਿਚੋਂ ਇਕ ਅੰਡਾ ਉੱਪਰ ਆ ਜਾਂਦਾ ਹੈ ਤੇ ਕੁਝ ਚਿਰ ਬਾਅਦ ਉਹੋ ਜਿਹਾ ਹੀ ਇਕ ਪੰਛੀ ਆਸਮਾਨ ਵਿਚ ਉੱਡ ਜਾਂਦਾ ਹੈ । ਗੁਰੂ ਤੇਗ਼ ਬਹਾਦਰ ਸਾਰੀ ਉਮਰ ਤਿਆਗ ਤੇ ਵੈਰਾਗ ਦੇ ਗੀਤ ਗਾਂਦੇ ਰਹੇ।‘ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮਹਿ ਪ੍ਰਾਨੀ’ ਦੀਆਂ ਧੁਨੀਆਂ ਅਲਾਪਦੇ ਰਹੇ। ਫਿਰ ਆਪ ਹੀ ਅੱਗ ਲਗਾਈ, ਆਪ ਹੀ ਜ਼ੁਲਮ ਦੀ ਭੱਖਦੀ ਭੱਠੀ ਵਿਚ ਸੜਨ ਲਈ ਪੁੱਜ ਗਏ । ਕਿਸੇ ਕੋਈ ਦੋਸ਼ ਨਹੀਂ ਸੀ ਧਰਿਆ। ਆਪਣੇ ਆਪ ਤਿਆਰ ਹੋਏ ਸਨ । ਜਦ ਦੁਨੀਆਂ ਇਹ ਸਮਝਿਆ ਕਿ ਸਭ ਕੁਝ ਸੁਆਹ ਹੋ ਗਿਆ ਤਾਂ ਦੇਖਦੇ ਦੇਖਦੇ ਇਕ ਹੋਰ ਪੰਛੀ (ਖਾਲਸਾ) ਆਸਮਾਨ ਵਿਚ ਉੱਡ ਗਿਆ ਜੋ ਹੁਣ ਤੱਕ ਉਡਾਰੀਆਂ ਮਾਰ ਰਿਹਾ ਹੈ ਤੇ ਇਸ ਗੱਲ ਦੀ ਜ਼ਾਮਨੀ ਹੈ ਕਿ ਜਿੱਥੇ ਵੀ ਪਾਪ ਹੋਵੇਗਾ, ਉਹ ਕੁਰਬਾਨੀ ਲਈ ਮੈਦਾਨ ਵਿਚ ਕੁੱਦ ਪਵੇਗਾ।
ਤਾਰੀਖ਼-ਇ-ਪੰਜਾਬ ਦੇ ਕਰਤਾ ਕਨ੍ਹਈਆ ਲਾਲ ਨੇ ਲਿਖਿਆ ਹੈ ਕਿ ਜਦ ਭਾਈ ਦਇਆ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਫ਼ਰਨਾਮਾ ਔਰੰਗਜ਼ੇਬ ਦੇ ਹੱਥੀਂ ਦੇ ਕੇ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਬੁਲਾਈ ਤਾਂ ਉਸ ਨੇ ਕਿਹਾ‘ਖਾਲਸੇ ਨੇ ਇਤਨੀ ਛੇਤੀ ਕਿਉਂ ਕੀਤੀ।’ ਆਪਣੇ ਸਾਹਮਣੇ ਹੀ ਗੁਰੂ ਤੇਗ਼ ਬਹਾਦਰ ਦਾ ਰੂਪ ਦੇਖ ਹੈਰਾਨ ਹੋਇਆ ਸੀ। ਇਕ ਗੱਲ ਹੋਰ ਜਦ ਗੁਰੂ ਤੇਗ਼ ਬਹਾਦਰ ਜੀ ਨੂੰ ੧੧ ਨਵੰਬਰ, ੧੬੭੫ ਨੂੰ ਸ਼ਹੀਦ ਕੀਤਾ ਗਿਆ ਤਾਂ ਕੋਈ ਗਰਦ ਗੁਬਾਰੀ ਦਾ ਲਾਭ ਉਠਾ ਹੀ ਇਸ਼ਟ ਦਾ ਸਿਰ ਜਾਂ ਧੜ ਚੁੱਕਣ ਲਈ ਆਇਆ ਪਰ ਐਸੀ ਦਲੇਰੀ ਭਰ ਦਿੱਤੀ ਸੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੇ ਕਿ ਅਗਲੇ ਸਾਲ ੩੦ ਅਗਸਤ, ੧੬੭੬ ਨੂੰ ਔਰੰਗਜ਼ੇਬ ਚਾਂਦਨੀ ਚੌਕ ਤੋਂ ਮੋਤੀ ਮਸਜਦ ਨੇੜਿਓਂ ਲੰਘਦਾ ਹੈ ਤਾਂ ਇਕ ਸਿੱਖ ਅੱਗੇ ਵੱਧ ‘ਡੰਡਾ’ ਮਾਰਦਾ ਹੈ। ਫਿਰ ਜਦ ਉਹ ਫ਼ਤਹਪੁਰੀ ਨੂੰ ਅਗਲੇ ਹਫ਼ਤੇ ਜਾਂਦਾ ਹੈ ਤਾਂ ਇਕ ਸਿੱਖ ਪੱਥਰ ਮਾਰਦਾ ਹੈ ਤੇ ਜਦ ਉਹ ੩੦ ਅਕਤੂਬਰ, ੧੬੭੬ ਨੂੰ ਜੁਮੇ ਦੀ ਨਮਾਜ਼, ਜਾਮਾ ਮਸਜਦ ਵਿਚੋਂ ਪੜ੍ਹ ਕੇ ਬੇੜੀ ਸਵਾਰ ਹੋ, ਜਮਨਾ ਪਾਰ ਕਰ, ਲਾਲ ਕਿਲ੍ਹਾ ਜਾਣ ਲੱਗਾ ਤਾਂ ਇਕ ਸਿੱਖ ਨੇ ਅੱਗੇ ਵਧ ਕੇ ਤਲਵਾਰ ਕੱਢ ਲਈ । ਜੇ ਉਸ ਨੂੰ ਪਕੜਿਆ ਨਾ ਜਾਂਦਾ ਤਾਂ ਔਰੰਗਜ਼ੇਬ ਥਾਂ ਹੀ ਖ਼ਤਮ ਹੋ ਜਾਂਦਾ । ਮਾਅਸਰੇ ਆਲਮਗੀਰੀ ਨੇ ਉਸ ਸਿੱਖ ਨੂੰ ਗੁਰੂ ਤੇਗ਼ ਸਿੰਘ (ਬਹਾਦਰ) ਦਾ ਇਕ ਸਿੱਖ ਲਿਖਿਆ ਹੈ। ਸਿੱਖ ਨੂੰ ਉਥੇ ਹੀ ਸ਼ਹੀਦ ਕਰ ਦਿੱਤਾ ਗਿਆ, ਪਰ ਸ਼ਾਹਾਂ ਨਾਲ ਟੱਕਰ ਲੈਣ ਦੀ ਸ਼ਕਤੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਬਖ਼ਸ਼ ਗਈ।
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦਾ ਵੱਡਾ ਫਲ ਹੀ ‘ਖਾਲਸਾ’ ਹੈ। ਗਾਰਡਨ ਇਸ ਸਬੰਧੀ ਲਿਖਦਾ ਹੈ ਕਿ ਜੋ ਤਿੱਖੀਆਂ ਸੂਲਾਂ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨਾਲ ਦਿੱਲੀ ਵਿਚ ਬੀਜੀਆਂ ਗਈਆਂ ਸਨ, ਉਨ੍ਹਾਂ ਨੇ ਛੇਤੀ ਹੀ ਖਾਲਸਾ ਰੂਪ ਵਿਚ ਫਲ ਬਖ਼ਸ਼ਿਆ।
ਇਹ ਸ਼ਹਾਦਤ ਇਸ ਕਾਰਨ ਵੀ ਅਨੋਖੀ ਤੇ ਵਚਿੱਤਰ ਹੈ ਕਿ ਸ਼ਹੀਦ ਦੇ ਸੀਸ ਦਾ ਸੱਸਕਾਰ ਅਨੰਦਪੁਰ ਹੋਇਆ ਤੇ ਧੜ ਦਾ ਹੋਰ ਕਿਧਰੇ (ਦਿੱਲੀ, ਰਕਾਬ ਗੰਜ) । ਉਂਜ ਇਹ ਵੀ ਵਚਿੱਤਰ ਵਰਨਣ ਹੈ ਕਿ ਬਾਬੇ ਕੇ ਤੇ ਬਾਬਰ ਕੇ ਖੂਬ ਟਕਰਾਏ। ਜੇ ਜਹਾਂਗੀਰ ਨੇ ਗੁਰੂ ਅਰਜਨ ਜੀ ਨੂੰ ਸ਼ਹੀਦ ਕੀਤਾ ਤਾਂ ਜਹਾਂਗੀਰ ਦੇ ਪੋਤਰੇ ਔਰੰਗਜ਼ੇਬ ਨੇ ਗੁਰੂ ਅਰਜਨ ਦੇ ਪੋਤਰੇ ਗੁਰੂ ਤੇਗ਼ ਬਹਾਦਰ ਜੀ ਨੂੰ ।
ਇਹ ਸ਼ਹਾਦਤ ਕੌਮ ਨੂੰ ਵੀ ਜਥੇਬੰਦ ਕਰ ਗਈ। ਗੁਰੂ ਗੋਬਿੰਦ ਸਿੰਘ ਜੀ ਨੇ ਅਨੁਭਵ ਕੀਤਾ ਕਿ ਕੋਈ ਐਸੀ ਬੁਨਿਆਦੀ ਘਾਟ ਹੈ ਜਿਸ ਨੂੰ ਦੂਰ ਕਰਨਾ ਜ਼ਰੂਰੀ ਸੀ। ਜੇ ਐਸਾ ਨਾ ਹੋਵੇ ਤਾਂ ਦਿੱਲੀ ਬੈਠੇ ਚੁੱਪ ਕਿਉਂ ਕਰ ਗਏ । ਉਨ੍ਹਾਂ ਜਦ ਹੁਕਮ ਦਿੱਤਾ ਕਿ ‘ਕੇਸ ਸਾਡੀ ਮੁਹਰ ਹੈ ਤੇ ਐਸੇ ਸਿੰਘ ਸਾਜਾਂਗਾ ਜੋ ‘ਸਭ ਤੇ ਪ੍ਰਥਕ ਪਛਾਣਿਉ ਪਰੇ’, ਤਾਂ ਜੁਰਅਤ ਤੇ ਦਲੇਰੀ ਦਾ ਹੜ੍ਹ ਹੀ ਵਹਿ ਤੁਰਿਆ। ਇਹ ਹੋਰ ਹੈਰਾਨੀ ਨਾਲ ਪੜ੍ਹਿਆ ਜਾਏਗਾ ਕਿ ਹਿੰਦੁਸਤਾਨ ਦੀ ਸਭ ਤੋਂ ਪਹਿਲੀ ਜਥੇਬੰਦਕ ਹੜਤਾਲ ਚਾਂਦਨੀ ਚੌਕ ਵਿਚ ਸਿੱਖਾਂ ਨੇ ਹੀ ਕੀਤੀ।
ਇਹ ਵੀ ਇਤਿਹਾਸਕ ਸਚਾਈ ਹੈ ਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਪਿਛੋਂ ਔਰੰਗਜ਼ੇਬ ਪੰਜਾਬ ਪੈਰ ਹੀ ਨਾ ਰੱਖ ਸਕਿਆ । ਦੱਖਣ ਵੱਲ ਐਸਾ ਗਿਆ ਕਿ ਉਥੇ ਹੀ ਦਫ਼ਨ ਹੋਇਆ। ਪ੍ਰਾਚੀਨ ਪੰਥ ਪ੍ਰਕਾਸ਼ ਦੀ ਲਿਖੀ ਹੋਈ ਇਹ ਟੂਕ ਇਸ ਮਹਾਨ ਸ਼ਹਾਦਤ ਦਾ ਪ੍ਰਭਾਵ ਪ੍ਰਤੱਖ ਦਰਸਾ ਰਹੀ ਹੈ । ਭਾਈ ਰਤਨ ਸਿੰਘ ਜੀ ਨੇ ਲਿਖਿਆ ‘ਕੌਣ ਕਹਿੰਦਾ ਹੈ ਕਿ ਇਸ ਸ਼ਹਾਦਤ ਦਾ ਪ੍ਰਭਾਵ ਨਹੀਂ ਪਿਆ। ਇਸ ਸ਼ਹਾਦਤ ਨੇ ਧਾਰਾ ਹੀ ਬਦਲਾ ਦਿੱਤੀ।
‘ਤਬ ਤੇ ਘਟੀ ਪਾਤਸ਼ਾਹੀ ਦਿੱਲੀ ।
ਤਬ ਤੇ ਤੁਰਕ ਕਲਾ ਪਈ ਢਿੱਲੀ ।
ਗੁਰੂ ਗੋਬਿੰਦ ਸਿੰਘ ਜੀ ਨੇ ਪਿਛੋਂ ਜਦ ਜ਼ਫ਼ਰਨਾਮਾ ਲਿਖਿਆ ਤਾਂ ਉਸ ਵਿਚ ਜਿੱਥੇ ਹੋਰ ਚੜ੍ਹਦੀ ਕਲਾ ਦੇ ਸ਼ਬਦ ਲਿਖੇ, ਇਕ ਇਹ ਵੀ ਲਿਖਿਆ ਕਿ ਤੂੰ ਬੇਸ਼ੱਕ ਪੱਥਰ ਨਾਲ ਸੋਨੇ ਦਾ ਕਾਸਾ (ਬਰਤਨ) ਤੋੜ ਦਿੱਤਾ ਹੈ, ਪਰ ਇਹ ਕਦੇ ਨਾ ਭੁੱਲੀਂ ਕਿ ਪੱਥਰ ਫਿਰ ਵੀ ਪੱਥਰ ਹੈ, ਅਤੇ ਸੋਨਾ ਚਿਕਨਾ ਚੂਰ ਹੋ ਕੇ ਵੀ ਸੋਨਾ।
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੇ ਸਿੱਖਾਂ ਵਿਚ ਵਿਸ਼ੇਸ਼ ਕਰ ਕੇ ਅਤੇ ਜਨਤਾ ਵਿਚ ਆਮ ਕਰ ਕੇ ਅੜ ਖਲੋਣ ਦਾ ਜਜ਼ਬਾ ਭਰ ਦਿੱਤਾ । ਕਈਆਂ ਨੂੰ ਸੋਝੀ ਆਈ ਕਿ ਇਹ ਸਰੀਰ, ਜਾਨ ਇਕ ਖੇਡਣ ਵਾਲੀ ਸ਼ੈ ਹੈ ਜੋ ਅਸੂਲ ਤੋਂ, ਧਰਮ ਤੋਂ, ਸੱਚ ਤੋਂ, ਕੁਰਬਾਨ ਕਰੀਦਾ ਹੈ।
ਜਿੰਨਾ ਪਾਵਨ ਸਰੀਰ, ਜਿਤਨਾ ਪਵਿੱਤਰ ਮਨ, ਉਤਨਾ ਹੀ ਵਧੀਕ ਅਸਰ ਪੈਂਦਾ ਹੈ। ਸ਼ਾਹੀ ਅਤਾਬ ਤੋਂ ਉਤਾਂਹ ਹੋ ਕੇ ਹੀ ਸਿੱਖਾਂ ਸੀਸ ਉਠਾਇਆ ਸੀ । ਧੜ ਚੁੱਕਿਆ ਸੀ। ਫਿਰ ਔਰੰਗਜ਼ੇਬ ਨੂੰ ਇੱਟਾਂ ਮਾਰੀਆਂ ਸਨ। ਤੇਗ਼ ਵਾਹੀ ਸੀ । ਡਾਂਗ ਚਲਾਈ ਸੀ। ਇਤਨੇ ਆਦਮੀਆਂ ਦਾ ਨਿਤਰਨਾ ਵੀ ਨਬਜ਼ ਸੀ ਉਸ ਸਮੇਂ ਦੇ ਦਿਲ ਧਾਪ ਦੀ ਜੋ ਖੜੋ ਚੁੱਕੇ ਦਿਲਾਂ ਵਿਚ ਗੁਰੂ ਜੀ ਨੇ ਰੁਮਕਾ ਦਿੱਤੀ ਸੀ। ਇਹ ਹੀਆ, ਦਲੇਰੀ, ਕੁਰਬਾਨੀ, ਜੁਰਅਤਿ ਇਸੇ ਸ਼ਹਾਦਤ ਦੀ ਦੇਣ ਸੀ।ਬੈਨਰਜੀ ਨੇ ਲਿਖਿਆ: ‘ਇਸ ਵਿਚ ਰਤਾ ਭਰ ਵੀ ਸ਼ੱਕ ਨਹੀਂ ਕਿ ਗੁਰੂ ਜੀ ਦੀ ਸ਼ਹਾਦਤ ਨੇ ਔਰੰਗਜ਼ੇਬ ਦੀ ਧਾਰਮਿਕ ਨੀਤੀ ਵਿਰੁੱਧ ਲੋਕਾਂ ਵਿਚ ਉੱਠ ਖਲੋਣ ਦਾ ਜਜ਼ਬਾ ਭਰ ਦਿੱਤਾ ।
ਇਹ ਮੰਨਣਾ ਪਵੇਗਾ ਕਿ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਉਪਰੰਤ ਔਰੰਗਜ਼ੇਬ ਉਸ ਤੇਜ਼ੀ ਤੇ ਜੋਸ਼ ਨਾਲ ਆਪਣੀ ਨੀਤੀ ਨੂੰ ਚਲਾ ਨਾ ਸਕਿਆ । ਇਹ ਸ਼ਹਾਦਤ ਕੌਮ ਨੂੰ ਪੂਰਨ ਤੌਰ ਤੇ ਜਥੇਬੰਦ ਹੀ ਨਹੀਂ ਸ਼ਸਤਰਬੱਧ ਵੀ ਕਰ ਗਈ। ਸਭ ਘਾਇਲ ਹੋਈਆਂ ਸ਼ਕਤੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਝੰਡੇ ਹੇਠਾਂ ਇਕੱਠੀਆਂ ਹੋ ਗਈਆਂ। ਇਸੇ ਪ੍ਰਸੰਗ ਵਿਚ ਗੋਕਲ ਚੰਦ ਨਾਰੰਗ ਦੇ ਸ਼ਬਦ ਧਿਆਨ ਨਾਲ ਪੜ੍ਹੇ ਜਾਣ ਵਾਲੇ ਹਨ। ਉਹ ਲਿਖਦਾ ਹੈ, ‘ਗੁਰੂ ਤੇਗ਼ ਬਹਾਦਰ (ਜੀ) ਨੇ ਸ਼ਹਾਦਤ ਦੇ ਕੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਮੁੱਲਾ ਕਾਰਨਾਮਾ ਕੀਤਾ। ਸ਼ਹਾਦਤ ਦਾ ਅਮਿੱਟ ਪ੍ਰਭਾਵ ਪਿਆ। ਉੱਤਰੀ ਹਿੰਦੁਸਤਾਨ ਵਿਚ ਗੁਰੂ ਉਤੇ ਹਰ ਕਿਸੇ ਦੀ ਸ਼ਰਧਾ ਸੀ। ਰਾਜਪੂਤ ਰਾਜੇ ਸਨਮਾਨ ਕਰਦੇ ਸਨ ਅਤੇ ਪੰਜਾਬ ਦੇ ਵਸਨੀਕ ਤਾਂ ਗੁਰੂ ਜੀ ਦੀ ਪੂਜਾ ਕਰਦੇ ਸਨ। ਗੁਰੂ ਜੀ ਦੀ ਸ਼ਹਾਦਤ ਨੂੰ ਹਿੰਦੂਆਂ ਨੇ ਉਨ੍ਹਾਂ ਦੇ ਧਰਮ ਲਈ ਹੋਇਆ ਗਿਣਿਆ, ਸਾਰੇ ਪੰਜਾਬ ਵਿਚ ਰੋਹ ਤੇ ਰੋਸ ਦੀ ਜਵਾਲਾ ਭੜਕ ਉਠੀ।’
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਪਿਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਮਝ ਲਿਆ ਕਿ ਸਮਾਂ ਆ ਗਿਆ ਹੈ ਕਿ ਕੋਈ ਆਗੂ ਮਨੁੱਖ ਵਿਚ ਗੁੱਝੀਆਂ ਤਾਕਤਾਂ ਨੂੰ ਉਜਾਗਰ ਕਰੇ। ਕਨਿੰਘਮ ਲਿਖਦਾ ਹੈ, ‘(ਗੁਰੂ) ਗੋਬਿੰਦ ਸਿੰਘ ਜੀ ਨੇ ਗੁਰ ਪਿਤਾ ਦੀ ਸ਼ਹਾਦਤ ਦੇ ਕਾਰਨਾਂ ਨੂੰ ਘੋਖਿਆ, ਔਰੰਗਜ਼ੇਬ ਦੀ ਤੁਅੱਸਬੀ ਧਾਰਮਕ ਨੀਤੀ ਨੂੰ ਦੇਖਿਆ ਅਤੇ ਅੰਦਰਲੀ ਸੂਝ, ਗਿਆਨ ਤੇ ਤਜਰਬੇ ਨੇ ਉਨ੍ਹਾਂ ਤੇ ਇਹ ਪ੍ਰਗਟ ਕਰ ਦਿੱਤਾ ਕਿ ਉਹ ਆਪਣੇ ਹਮਵਤਨਾਂ ਨੂੰ ਮੁੜ ਨਵੇਂ ਸਿਰੇ ਤੋਂ ਉਠਾਉਣ ਅਤੇ (ਗੁਰੂ) ਨਾਨਕ ਦੇ ਮੋਟੇ ਅਸੂਲਾਂ ਨੂੰ ਨਿਰਣਾ ਜਨਕ ਰੂਪ ਦੇਣ।’ ਫਿਰ ਐਸੀ ਜਵਾਲਾ ਭੜਕੀ ਜਿਸ ਨੇ ਸਾਰੇ ਮੁਗ਼ਲ ਸਾਮਰਾਜ ਨੂੰ ਹੀ ਆਪਣੀ ਲਪੇਟ ਵਿਚ ਲੈ ਲਿਆ। ਕੈਸਾ ਸੋਹਣਾ ਭਾਈ ਗੁਰਦਾਸ ਜੀ (ਦੂਜੇ) ਨੇ ਲਿਖਿਆ ਹੈ ਕਿ :
‘ਗੁਰੂ ਤੇਗ਼ ਬਹਾਦਰ ਜੀ ਨੇ ਖੇਲ ਰਚਾਇਆ ਤੇ ਆਪਣਾ ਸੀਸ ਦੇ ਕੇ ਜੱਗ ਜਾਂਦੇ ਨੂੰ ਰੱਖ ਲਿਆ। ਮੁਗ਼ਲ ਗੁਰੂ ਜੀ ਨੂੰ ਸ਼ਹੀਦ ਕਰ ਕੇ ਇਹ ਸਮਝਣ ਲੱਗੇ ਕਿ ਜਵਾਲਾ ਉਨ੍ਹਾਂ ਬੁਝਾ ਦਿੱਤੀ ਹੈ ਪਰ ਉਹ ਨ ਦੇਖ ਸਕੇ ਕਿ ਇਸ ਸ਼ਹਾਦਤ ਨਾਲ ਐਸੀ ਕਾਲਖ ਮੁਗ਼ਲਾਂ ਦੇ ਮੂੰਹ ਤੇ ਮਲੀ ਗਈ ਕਿ ਮੁਗ਼ਲ ਰੁਲ ਰੁਲ ਕੇ ਓੜਕ ਖੁਆਰ ਹੋ ਖ਼ਤਮ ਹੋ ਜਾਣਗੇ।
‘ਗੁਰੂ ਤੇਗ਼ ਬਹਾਦਰ ਸੁਆਂਗ ਰਚਾਇਅੰ । ਜਿਹ ਅਪਨ ਸੀਸ ਦੇ ਜਗ ਠਹਰਾਯੰ ।
ਇਸ ਬਿਧਿ ਮੁਗਲਨ ਕੋ ਭਰਮਾਇਓ । ਤਬ ਸਤਿਗੁਰ ਅਪਨਾ ਬਲ ਨ ਜਨਾਇਓ ।
ਪ੍ਰਭ ਹੁਕਮ ਬੁਝਿ ਪਹੁੰਚੇ ਦਰਬਾਰਾ। ਤਬ ਸਤਿਗੁਰ ਕੀਨੀ ਮਿਹਰ ਅਪਾਰਾ ।
ਇਹ ਮੁਗਲਨ ਕੋ ਦੋਖ ਲਗਾਨਾ । ਹੋਇ ਖਰਾਬ ਖਪਿ ਗਏ ਨਿਦਾਨਾ। ।੨੩। –
ਰਾਮਕਲੀ ਵਾਰ ਪਾਤਸ਼ਾਹੀ ਦਸਵੀਂ ਕੀ
ਅਤੇ
‘ਫਿਰ ਐਸਾ ਹੁਕਮ ਅਕਾਲ ਕਾ ਜਗ ਮੈਂ ਪ੍ਰਗਟਾਨਾ ।
ਤਬ ਸੁੰਨਤ ਕੋਇ ਨ ਕਰਿ ਸਕੈ ਕਾਂਪਿਉ ਤੁਰਕਾਨਾ।
ਇਉਂ ਉਮਤ ਸਭ ਮੁਹੰਮਦੀ ਖਪਿ ਗਈ ਨਿਦਾਨਾ।
ਤਬ ਫਤੇ ਡੰਕ ਜਗ ਮੈਂ ਘੁਰੇ ਦੁਖ ਦੁੰਦ ਮਿਟਾਨਾ। ੧੬।
5
ਬਹੁਮੁੱਲਾ ਵਿਰਸਾ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਆਯੂ ਅਜੇ ਪੂਰੇ ਨੌਂ ਸਾਲ ਦੀ ਵੀ ਨਹੀਂ ਸੀ ਹੋਈ। ਗੁਰੂ ਗੋਬਿੰਦ ਸਿੰਘ ਜੀ ਸਾਹਮਣੇ ਅਨੇਕਾਂ ਔਕੜਾਂ ਸਨ ਜਿਨ੍ਹਾਂ ਨੂੰ ਉਹ ਪ੍ਰਤੱਖ ਦੇਖ ਰਹੇ ਸਨ। ਦੂਜੇ ਪਾਸੇ ਪਿਉ ਦਾਦੇ ਦਾ ਵਡਮੁੱਲਾ ਖ਼ਜ਼ਾਨਾ ਸੀ ਜਿਸ ਨੂੰ ਸੰਭਾਲ ਕੇ ਵਰਤਣ ਦੀ ਲੋੜ ਸੀ। ਭਾਵੇਂ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੇ ਰੋਹ ਤੇ ਰੋਸ ਨੂੰ ਜਨਮ ਦਿੱਤਾ ਸੀ, ਪਰ ਅਜੇ ਕੋਈ ਨਿੱਤਰ ਕੇ ਸਾਹਮਣੇ ਆਉਣ ਨੂੰ ਤਿਆਰ ਨਹੀਂ ਸੀ। ਦਸਮੇਸ਼ ਪਿਤਾ ਜੀ ਨੇ ਜਿਵੇਂ ਨਿਰਾਸ਼ਾ ਵਿਚੋਂ ਆਸ਼ਾ ਨੂੰ ਜਨਮ ਦਿੱਤਾ, ਉਹ ਉਨ੍ਹਾਂ ਦੇ ਹਿੱਸੇ ਹੀ ਆਇਆ ਹੈ। ਇਸੇ ਲਈ ਇਹ ਯੋਗ ਰਹੇਗਾ ਜੇ ਸਹਾਈ ਤੇ ਵਿਰੋਧੀ ਪੱਖਾਂ ਨੂੰ ਇਕ ਵਾਰੀ ਅੱਖੋਂ ਕੱਢ ਲਿਆ ਜਾਏ।
ਸਹਾਈ :
੧. ਪਿਉ ਦਾਦੇ ਦਾ ਖ਼ਜ਼ਾਨਾ—ਗੁਰੂ ਗੋਬਿੰਦ ਸਿੰਘ ਜੀ ਪਾਸ ੨੦੬ ਸਾਲ ਦਾ ਪਿਉ ਦਾਦੇ ਦਾ ਵਡਮੁੱਲਾ ਖ਼ਜ਼ਾਨਾ ਸੀ। ਜਿਸ ਮਹੱਲ ਵਿਚ ਗੁਰੂ ਗੋਬਿੰਦ ਸਿੰਘ ਜੀ ਬੈਠੇ ਸਨ, ਉਸ ਦੀਆਂ ਨੀਹਾਂ, ਕੰਧਾਂ ਅਤੇ ਛੱਤ ਦੀ ਉਸਾਰੀ ਨੌਂ ਗੁਰੂ ਸਾਹਿਬਾਨ ਕਰ ਗਏ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਕਿਲ੍ਹਾ ਜ਼ਰੂਰ ਬਣਵਾਇਆ, ਪਰ ਨਿਰੋਲ ਜ਼ੁਲਮਾਂ ਤੋਂ ਬਚਣ ਤੇ ਬਚਾਉਣ ਲਈ। ਜਾਦੂ ਨਾਥ ਸਰਕਾਰ ਦਾ ਇਹ ਲਿਖਣਾ ਨਿਰਮੂਲ ਹੈ ਕਿ (ਗੁਰੂ) ਗੋਬਿੰਦ ਸਿੰਘ ਜੀ ਨੇ ਕੇਵਲ ਨੀਹਾਂ ਉਹ ਵਰਤੀਆਂ ਤੇ ਢਾਂਚਾ ਆਪਣੀ ਮਰਜ਼ੀ ਦਾ ਖੜ੍ਹਾ ਕਰ ਦਿੱਤਾ। ਗੁਰੂ ਕੋਈ ਵੱਖਰੀ ਸੰਪਰਦਾ ਜਾਂ ਜਥੇਬੰਦੀ ਨਹੀਂ ਸਨ ਬਣਾ ਰਹੇ, ਉਹ ਤਾਂ ਸੰਗਤ ਨੂੰ ਹੀ ਖਾਲਸਾ ਦਾ ਰੂਪ ਦੇ ਰਹੇ ਸਨ।
ਉਹ ਉਸ ਸੰਗਤ ਦੇ ਸਹਾਰੇ ਟੁਰ ਰਹੇ ਸਨ ਜਿਨ੍ਹਾਂ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ। ਜੋਤ ਉਹ ਹੀ ਕੰਮ ਕਰਦੀ ਪਈ ਸੀ, ਜੁਗਤ ਵਿਚ ਕੋਈ ਤਬਦੀਲੀ ਨਹੀਂ ਸੀ, ਸਿਰਫ਼ ਸਰੂਪ (ਕਾਇਆ) ਜ਼ਰੂਰ ਵੱਟਿਆ ਸੀ । ਓਪਰੀ ਸਮਝ ਰੱਖਣ ਵਾਲਾ ਭਿੰਨ- ਭਿੰਨ ਜ਼ਰੂਰ ਕਹਿੰਦਾ ਸੀ, ਪਰ ਜਿਸ ਨੂੰ ਜ਼ਰਾ ਕੁ ਸਿੱਖ ਇਤਿਹਾਸ ਦਾ ਗਿਆਨ ਹੈ ਉਹ ਇਹ ਆਖਦਾ ਹੈ :
‘ਹਮੂ ਗੁਰੂ ਗੋਬਿੰਦ ਸਿੰਘ, ਹਮੂ ਨਾਨਕ ਅਸਤ।
ਹਮੂ ਰਤਨ ਜੌਹਰ, ਹਮੂ ਮਾਣਕ ਅਸਤ।’
ਗੁਰੂ ਗੋਬਿੰਦ ਸਿੰਘ ਜੀ ਦਾ ਆਪਣਾ ਵੀ ਫ਼ਰਮਾਨ ਹੈ ਕਿ ਮੂੜ੍ਹ ਲੋਗ ਹੀ ਮੈਨੂੰ ਤੇ ਗੁਰੂ ਨਾਨਕ ਨੂੰ ਵੱਖ ਤੇ ਅੱਡ ਦੇਖਦੇ ਹਨ :
‘ਭਿੰਨ ਭਿੰਨ ਸਭਹੂ ਕਰ ਜਾਨਾ।
ਏਕ ਜੋਤ ਕਿਨਹੂ ਪਹਿਚਾਨਾ।
ਜਿਨ ਜਾਨਾ ਤਿਨ ਹੀ ਸਿੱਧ ਪਾਈ।
ਬਿਨ ਸਮਝੇ ਸਿਧਿ ਹਾਥ ਨ ਆਈ।’ ੧੦।
ਯਾਦ ਰਹੇ ਕਿ ਐਸੇ ਸ਼ੰਕੇ ਛੇਵੇਂ ਪਾਤਸ਼ਾਹ ਬਾਰੇ ਵੀ ਉਠਾਏ ਗਏ ਸਨ। ਭਾਈ ਗੁਰਦਾਸ ਜੀ ਨੇ ਉਨ੍ਹਾਂ ਸ਼ੰਕਿਆਂ ਨੂੰ ਨਵਿਰਤ ਕਰਨ ਦਾ ਕੰਮ ਆਪਣੇ ਜ਼ਿੰਮੇ ਲੈ ਲਿਆ ਸੀ। ਉਨ੍ਹਾਂ ਦੋ-ਟੁਕ ਗੱਲਾਂ ਲਿਖੀਆਂ। ਉਨ੍ਹਾਂ ਸਮਝਾਇਆ ਕਿ ਇਹ ਕੋਈ ਤਬਦੀਲੀ ਨਹੀਂ ਹੋਈ।ਵੱਖਰੀ ਗੱਲ ਨਹੀਂ ਹੋਈ, ਕਦਮ ਉਹ ਹੀ ਹੈ, ਰਾਹ ਉਹ ਹੀ ਹੈ, ਸਿਰਫ਼ ਚਾਲ ਬਦਲੀ ਹੈ ਅਤੇ ਤਿੱਖੀ ਹੋਈ ਹੈ। ਗੁਰੂ ਅਰਜਨ ਦੇਵ ਜੀ ਨੇ ਕਾਇਆ ਪਲਟੀ ਹੈ ਤੇ ਗੁਰੂ ਹਰਿਗੋਬਿੰਦ ਬਣਿਆ ਹੈ :
‘ਗੁਰੂ ਗੋਬਿੰਦ, ਗੋਬਿੰਦ ਗੁਰ, ਹਰਿਗੋਬਿੰਦ ਸਦਾ ਵਿਗਸੰਦਾ।
ਗੁਰਮੁਖਿ ਮਾਰਗ ਚਲਣਾ, ਖੰਡੇਧਾਰ ਕਾਰ ਨਿਬਹੰਦਾ।’
ਫਿਰ ਸੰਗਤਾਂ ਪ੍ਰਤੀ ਕਿਹਾ ਕਿ ਸਿੱਖ ਨੂੰ ਹੰਸ ਵਾਂਗ ਮੋਤੀ ਹੀ ਚੁਗਣੇ ਚਾਹੀਦੇ ਹਨ। ਗੁਰੂ ਹਰਿਗੋਬਿੰਦ, ਗੁਰੂ ਅਰਜਨ ਤੇ ਉਸ ਤੋਂ ਪਹਿਲੇ ਗੁਰੂ ਸਾਹਿਬਾਨ ਵਾਲੀ ਹੀ ਕਾਰ ਨਿਬਾਹ ਰਿਹਾ ਹੈ ਤੇ ਪਿਉ ਦਾਦੇ ਦੇ ਦਿਖਾਏ ਤੇ ਪਾਏ ਹੋਏ ਰਾਹ ਉੱਤੇ ਟੁਰ ਰਿਹਾ ਹੈ :
‘ਸਤਿਗੁਰ ਵੰਸੀ ਪਰਮਹੰਸ, ਗੁਰਸਿੱਖ ਹੰਸ ਵੰਸ ਨਿਬਹੰਦਾ।
ਪਿਉ ਦਾਦੇ ਦੇ ਰਾਹ ਚਲੰਦਾ।’
ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਭਾਈ ਨੰਦ ਲਾਲ ਜੀ ਨੇ ਵੀ ਇਸ ਧੁਨੀ ਤੇ ਹੀ ਗ਼ਜ਼ਲਾਂ ਤੇ ਸ਼ਿਅਰ ਲਿਖੇ।
‘ਸਭ ਏਕੋ-ਏਕੋ ਏਕਨਾ।
ਨ ਭੇਦ ਕਿਛੂ ਹੀ ਪੇਖਣਾ।’
ਭਾਈ ਨੰਦ ਲਾਲ ਜੀ ਦਾ ਕਹਿਣਾ ਹੈ । ਭਾਈ ਗੁਰਦਾਸ ਜੀ ਦੂਜੇ ਨੇ ‘ਰਾਮਕਲੀ ਵਾਰ ਪਾਤਸ਼ਾਹੀ ਦਸਵੇਂ ਕੀ’ ਦੀ ਪਉੜੀ ਇਕੀਵੀਂ, ਬਾਈਵੀਂ ਤੇ ਤੇਈਵੀਂ ਵਿਚ ਇਸੇ ਖ਼ਿਆਲ ਨੂੰ ਵਾਰ ਰੂਪ ਵਿਚ ਦੁਹਰਾਇਆ ਕਿ ਨੌਂ ਮਹੱਲਾਂ ਦੀ ਜੁਗਤ ਨੂੰ ਹੀ ਅੱਗੇ ਗੁਰੂ ਗੋਬਿੰਦ ਸਿੰਘ ਜੀ ਨੇ ਚਲਾਇਆ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਉਸੇ ਕਾਰਜ ਲਈ ਸਾਜਿਆ ਜਿਸ ਲਈ ਗੁਰੂ ਨਾਨਕ ਦੇਵ ਜੀ ਆਏ ਸਨ। ਗੁਰੂ ਅੰਗਦ ਦੇਵ ਜੀ ਨੇ ਉਸੇ ਤੇ ਲਿਖਿਆ ਤੇ ਗੁਰੂ ਅਮਰਦਾਸ ਜੀ ਨੇ ਹੁਕਮ ਮੰਨਣ ਅਤੇ ਸੇਵਾ ਨੂੰ ਉੱਚੀ ਥਾਂ ਦੇ ਕੇ ਆਪਣੇ ਕਰਤੱਵ ਨੂੰ ਨਿਭਾਇਆ :
‘ਤੀਸਰ ਮਹਲ ਅਮਰ ਪਰਧਾਨਾ।
ਜਿਨ ਘਟ ਮਹਿ ਨਿਰਖੇ ਹਰਿ ਭਗਵਾਨਾ।
ਜਲ ਭਰਿਓ ਸਤਿਗੁਰੂ ਕੇ ਦੁਆਰੇ।
ਤਬ ਇਹ ਧਾਰਿਓ ਮਹਲ ਅਪਾਰੇ ।’
ਫਿਰ ਚੌਥੇ ਨੇ ਕੇਂਦਰ ਦਿੱਤਾ ਤੇ ਪੰਜਵੇਂ ਨੇ ਸ਼ਬਦ ਨੂੰ ਇਕ ਥਾਂ ਕਰ ਗੁਰੂ ਗ੍ਰੰਥ ਸਾਹਿਬ।
‘ਗੁਰੂ ਅਰਜਨ ਪੰਚਮ ਠਹਿਰਾਇਓ।
ਜਿਸ ਸ਼ਬਦ, ਸੁਧਾਰ ਗਰੰਥ ਬਣਾਇਓ।’
ਫਿਰ ਗੁਰੂ ਹਰਿਗੋਬਿੰਦ ਜੀ ਨੇ ਇਸੇ ਬਾਗ਼ ਦੀ ਰੱਖਿਆ ਲਈ ਤੇਗ਼ ਪਕੜੀ ਤੇ ਸੰਤਾਂ (ਹਰਿ ਭਗਤਾਂ) ਨੂੰ ਸਿਪਾਹੀ ਬਣਾ ਦਿੱਤਾ। ਗੁਰੂ ਹਰਿਰਾਏ (ਸਪਤਮ ਮਹਲ) ਨੇ ਹਰ ਔਕੜ ਵਿਚ ਅਡੋਲ ਰਹਿਣ ਦਾ ਵੱਲ ਸਿੱਖਾਂ ਨੂੰ ਸਿਖਾਇਆ :
‘ਚੜ੍ਹ ਗਗਨ ਗੁਫਾ ਮਹਿ ਰਹਿਓ ਸਮਾਈ।
ਜਿਨ ਬੈਠ ਅਡੋਲ ਸਮਾਧਿ ਲਗਾਈ ।’
ਫਿਰ ਅਸ਼ਟਮ ਬਲਬੀਰਾ ਗੁਰੂ ਹਰਿਕ੍ਰਿਸ਼ਨ ਜੀ ਭਾਵੇਂ ਬਾਲ ਅਵਸਥਾ ਵਿਚ ਸਨ, ਪਰ ਐਸੀ ਦ੍ਰਿੜ੍ਹਤਾ ਦੱਸੀ ਕਿ ਮੁਗ਼ਲਾਂ ਦੀ ਖੇਹ ਉੱਡ ਗਈ। ਜਿਸ ਔਰੰਗਜ਼ੇਬ ਨੇ ਸਿੱਖ ਘਰ ਵਿਚ ਦੁਫੇੜ ਪਾਉਣੀ ਚਾਹੀ ਸੀ, ਉਸੇ ਦੀ ਕੁਲ ਹੀ ਸਗੋਂ ਨਾਸ ਹੋ ਗਈ :
‘ਹਰਿਕਿਸ਼ਨ ਭਯੋ ਅਸ਼ਟਮ ਬਲਬੀਰਾ।
ਜਿਨ ਪਹੁੰਚ ਦੇਹਲੀ ਤਜਿਓ ਸਰੀਰਾ।
ਇਉ ਮੁਗਲਨ ਸੀਸ ਪਰੀ ਬਹੁ ਛਾਰਾ।
ਵੇ ਖੁਦ ਪਤਿ ਸੋ ਪਹੁੰਚੇ ਦਰਬਾਰਾ ।
ਔਰੰਗੇ ਇਹ ਬਾਦ ਰਚਾਇਓ ।
ਤਿਨ ਅਪਨਾ ਕੁਲ ਸਭ ਨਾਸ ਕਰਾਇਓ।’
ਗੁਰੂ ਤੇਗ਼ ਬਹਾਦਰ ਜੀ ਨੇ ਸ਼ਹਾਦਤ ਦੇ ਕੇ ਧਰਮ ਦੀ ਰੱਖ ਲਈ ਤੇ ਦਸਵੇਂ ਪਾਤਸ਼ਾਹ ਨੇ ਉਸੇ ਲੀਹ ਤੇ ਚਲਦੇ ਹੋਏ ਸਾਰੀ ਪ੍ਰਿਥਵੀ ਨੂੰ ਗੁਲਜ਼ਾਰ ਬਣਾ ਦਿੱਤਾ :
‘ਤੁਰਕ ਦੁਸ਼ਟ ਸਮ ਮਾਰਿ ਬਿਦਾਰੇ।
ਸਭ ਪ੍ਰਥਵੀ ਕੀਨੀ ਗੁਲਜ਼ਾਰੇ ।’
ਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਪੱਕਾ ਪ੍ਰਬੰਧ ਕਰ ਦਿੱਤਾ ਕਿ ਕਿਧਰੇ ਵੀ ਦੁੱਖ ਦੀ ਆਵਾਜ਼ ਉੱਠੇ, ਸੰਤ-ਭਗਤ ਜਾਨਾਂ ਤਲੀ ਤੇ ਰੱਖ ਕੇ ਜੂਝ ਪੈਣ। ਭਾਈ ਗੁਰਦਾਸ ਜੀ ਚੌਵੀਵੀਂ ਪਉੜੀ ਦੇ ਅੰਤ ਵਿਚ ਲਿਖਦੇ ਹਨ ਕਿ ਇਸ ਤਰ੍ਹਾਂ ਜੋ ਪਹਿਲੇ ਮਹਲ ਵੇਲੇ ਗੱਲ ਸ਼ੁਰੂ ਹੋਈ, ਗੁਰੂ ਗੋਬਿੰਦ ਸਿੰਘ ਜੀ ਵੇਲੇ ਸੰਤ-ਭਗਤ ਦੇ ਮੇਲ ਤੇ ਆ ਕੇ ਮੁੱਕੀ। ਸੰਤ, ਕਰਮਸ਼ੀਲ ਦਾ ਰੂਪ ਹੈ ਤੇ ਭਗਤ ਸਿਮਰਨ ਦੀ ਮੂਰਤ :
‘ਯੌ ਪ੍ਰਗਟੇ ਸਿੰਘ ਮਹਾ ਬਲਬੀਰਾ ।
ਤਿਨ ਆਗੇ ਕੋਈ ਧਰੇ ਨ ਧੀਰਾ।
ਫਤੇ ਭਈ ਦੁਖ ਦੰਦ ਮਿਟਾਏ।
ਤਹ ਹਰਿ ਅਕਾਲ ਕਾ ਜਾਪ ਜਪਾਏ।
ਪ੍ਰਿਥਮ ਮਹਲ ਸਿਮਰਿਓ ਕਰਤਾਰਾ।
ਇਉਂ ਸੰਤ ਭਗਤ ਕਾ ਮੇਲ ਮਿਲਾਯੰ ।
ਜਿਹ ਨਿਸ ਬਾਸਰ ਹਰਿ ਕੇ ਗੁਨ ਗਾਯੰ। ੨੪।
ਬੰਸਾਵਲੀਨਾਮਾ ਵਾਲੇ ਨੇ ਵੀ ਖੂਬ ਲਿਖਿਆ ਹੈ ਕਿ ‘ਇਹ ਦਸ ਜਾਮੇ ਬਾਬਾ ਨਾਨਕ ਹੀ ਹੈਨਿ ਧਾਰੇ ।’ ਇਕ ਕਦੇ ਨਾ ਭੁੱਲਣਾ ਕਿ ੧੦ ਦਾ ਹਿੰਦਸਾ ਬੁਨਿਆਦੀ ਮੁਕੰਮਲ ਹਿੰਦਸਾ ਹੈ ਤੇ ਉਸ ਤੇ ਬਾਹਰ ਕੁਝ ਨਹੀਂ।
ਡਾਕਟਰ ਗੋਕਲ ਚੰਦ ਨਾਰੰਗ ਨੇ ਇਸ ਸਬੰਧੀ ਬਹੁਤ ਸੋਹਣਾ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਦਾ ਕੰਮ ਉਸ ਬੇਨਤੀ ਦਾ ਨਤੀਜਾ ਸੀ, ਜੋ ਮੁੱਢ ਤੋਂ ਹੁੰਦੀ ਆਈ ਸੀ। ਜਿਸ ਖੇਤੀ ਨੇ ਗੁਰੂ ਗੋਬਿੰਦ ਸਿੰਘ ਜੀ ਵੇਲੇ ਫਲ ਦਿੱਤਾ, ਉਸ ਦੀ ਬਿਜਾਈ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਅਤੇ ਬਾਕੀ ਅੱਠ ਗੁਰੂ ਸਾਹਿਬਾਨ ਨੇ ਉਸ ਨੂੰ ਸਿੰਜਿਆ ਸੀ। ਜਿਸ ਤੇਗ਼ ਨੇ ਖ਼ਾਲਸੇ ਦੀ ਸ਼ਾਨ ਫ਼ੈਲਾਈ ਸੀ, ਇਹ ਜ਼ਰੂਰ ਹੈ ਕਿ ਉਸ ਨੂੰ ਤਿਆਰ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਸੀ, ਪਰ ਫੌਲਾਦ ਗੁਰੂ ਨਾਨਕ ਦੇਵ ਜੀ ਕਮਾ ਕੇ ਦੇ ਗਏ ਸਨ। ਕਨਿੰਘਮ ਨੇ ਵੀ ਕੁਝ ਐਸਾ ਹੀ ਕਿਹਾ ਹੈ ਕਿ ‘ਇਹ ਮਹਾਨ ਕੰਮ ਗੁਰੂ ਨਾਨਕ ਦੇਵ ਜੀ ਦਾ ਹੀ ਸੀ ਜਿਨ੍ਹਾਂ ਸੁਧਾਰ ਦੇ ਸੱਚੇ, ਸੁੱਚੇ ਅਸੂਲ ਲੱਭੇ, ਵਰਤੇ ਅਤੇ ਉਹ ਚੌੜੀਆਂ ਬੁਨਿਆਦਾਂ ਰੱਖੀਆਂ, ਬਣਾਈਆਂ ਜਿਨ੍ਹਾਂ ਸਦਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹਮਵਤਨਾਂ ਦੇ ਦਿਲਾਂ ਵਿਚ ਇਕ ਨਵੀਂ ਕੌਮੀਅਤ ਦਾ ਭਾਂਬੜ ਮਚਾ ਦਿੱਤਾ ਅਤੇ ਅਮਲੀ ਤੌਰ ਤੇ ਇਸ ਮਜ਼ਹਬੀ ਸਿਧਾਂਤ ਨੂੰ ਸਮਾਜੀ ਤੇ ਰਾਜਨੀਤਕ ਸ਼ਕਲ ਦਿੱਤੀ ਕਿ ਨਸਲ ਤੇ ਧਰਮ, ਧਾਰਮਕ ਆਸ਼ਿਆਂ, ਰਾਜਨੀਤਕ ਅਤੇ ਸਮਾਜਕ ਹੱਕਾਂ ਦੇ ਸਬੰਧ ਵਿਚ, ਗ਼ਰੀਬ ਤੋਂ ਗ਼ਰੀਬ ਤੇ ਨੀਵੇਂ ਤੋਂ ਨੀਵਾਂ, ਅਮੀਰ ਤੋਂ ਅਮੀਰ ਤੇ ਉੱਚੇ ਤੋਂ ਉੱਚੇ ਦੇ ਬਰਾਬਰ ਹੈ ।’ ਜੋ ਧਰਮ ‘ਖੱਤਰੀਆਂ’ ਅਖੌਤੀ ਯੋਧਿਆਂ ਛੱਡਿਆ ਸੀ ਉਸੇ ਨੂੰ ਕਲਗੀ ਵਾਲੇ ਸੁਰਜੀਤ ਕੀਤਾ।
ਗੁਰੂ ਨਾਨਕ ਤੋਂ ਗੁਰੂ ਤੇਗ਼ ਬਹਾਦਰ ਜੀ ਇਕ ਐਸਾ ਹੀ ਵਾਤਾਵਰਨ ਬਣਾਉਣ ਵਿਚ ਜੁੱਟੇ ਰਹੇ ਅਤੇ ਉਹਨਾਂ ਲੋਕਾਂ ਦੀਆਂ ਢਾਹੂ ਰੁਚੀਆਂ ਤੇ ਢਹਿੰਦੀਆਂ ਕਲਾਂ ਨੂੰ ਉਸਾਰੂ ਕਰਮਾਂ ਤੇ ਚੜ੍ਹਦੀ ਕਲਾ ਵਾਲਾ ਬਣਾ ਕੇ ਇਕ ਮਹਾਨ ਕੰਮ ਕਰ ਦਿਖਾਇਆ। ਹੁਣ ਸਿਰਫ਼ ਇਕ ਕਲਾਕਾਰੀ ਹੱਥ ਦੀ ਲੋੜ ਸੀ ਜੋ ਉਨ੍ਹਾਂ ਨੂੰ ਬੱਝਵੀਂ ਧਾਰਾ ਵਿਚ ਚਲਾ ਸਕੇ। ਕਲਗੀ ਵਾਲੇ ਨੇ ਐਸਾ ਕਰਕੇ ਇਕ ਕਰਾਮਾਤ ਕਰ ਦਿਖਾਈ।
ਗੁਰੂ ਨਾਨਕ ਜੀ ਨੇ ਤਲਵੰਡੀ ਵਿਚ ਰਹਿ ਕੇ ਸਭ ਤੋਂ ਪਹਿਲਾਂ ਕੀਰਤ ਤੇ ਕਿਰਤ ਦੀ ਸਾਂਝ ਦਰਸਾਈ। ਆਪੂੰ ਹੱਟੀ, ਵਾਹੀ, ਨੌਕਰੀ ਅਤੇ ਵਪਾਰ ਕਰਕੇ ਸਿਫ਼ਤ ਸਾਲਾਹ ਵਿਚ ਜੁੜਨ ਦਾ ਢੰਗ ਦੱਸਿਆ। ਉਥੇ ਹੀ ਜਦ ਆਪ ਜੀ ਨੂੰ ਇਕ ਰਬਾਬ ਵਜਾਉਣ ਵਾਲਾ ਮਿਲਿਆ ਤਾਂ ਆਪ ਜੀ ਨੇ ਉਸ ਕੋਲੋਂ ਨਾਂ ਪੁੱਛਿਆ ਤਾਂ ਉਸ ‘ਦਾਨਾ’ ਕਿਹਾ। ਉਸ ਵੇਲੇ ਆਪ ਜੀ ਨੇ ਫ਼ਰਮਾਇਆ ‘ਸ਼ਬਦ ਪਾ ਕੇ ਰਾਗ ਨੂੰ ਗਾਂਇ ਤਾਂ ਮਰਦਾਨਾ ਕਹਿਲਾਏਂ। ਦਾਨੇ (ਸਿਆਣੇ, ਅਕਲਾਂ ਵਾਲੇ) ਤਾਂ ਬਹੁਤੇਰੇ ਮਿਲ ਜਾਂਦੇ ਸਨ ਪਰ ਮਰਦਾਨਾ (ਸੂਰਮਾ) ਕੋਈ ਨਹੀਂ ਸੀ ਮਿਲਦਾ । ਮਰਦਾਨਾ ਉਹ ਹੀ ਹੈ ਜਿਸ ਦੇ ਗਗਨ ਵਿਚ ਸਦਾ ਦਮਾਮੇ ਹੀ ਵੱਜਦੇ ਰਹਿਣ। ਗਿਆਨ ਦੀ ਕੋਈ ਸੀਮਾ ਹੈ ਪਰ ਸ਼ਬਦ ਅਸੀਮ ਹੈ । ਸ਼ਬਦ ਤੇ ਟੇਕ ਰੱਖਿਆਂ ਆਗਮ ਤੱਕ ਪਹੁੰਚ ਹੋ ਜਾਂਦੀ ਹੈ । ਗੁਰੂ ਨਾਨਕ ਦੇਵ ਜੀ ‘ਮਰਦਾਨਾ’ ਬਣਾਉਣ ਆਏ ਸਨ ਤੇ ਕਲਗੀਧਰ ‘ਬੰਦੇ ।’
ਫਿਰ ਸੁਲਤਾਨਪੁਰ ਵਿਚ ਜ਼ਿੰਦਗੀ ਵੰਡ ਕੇ ਪੂਰਨੇ ਪਾਏ । ਸਿਰ ਕਫ਼ਨ ਬੰਨ੍ਹ ਆਖਿਆ : ‘ਨ ਕੋ ਹਿੰਦੂ, ਨ ਮੁਸਲਮਾਨ ।’ ਫਿਰ ਜਦ ਦੌਲਤ ਖ਼ਾਨ ਨੇ ਭਰੇ ਦਰਬਾਰ ਵਿਚ ਪੁੱਛਿਆ ਕਿ ਉਹ ਦਰਬਾਰੀਆਂ ਵਾਂਗ ਸਿਰ ਕਿਉਂ ਨਹੀਂ ਝੁਕਾਂਦਾ ਤਾਂ ਵਰਿਯਾਮ ਇਕੇਲੇ ਗੁਰੂ ਨਾਨਕ ਨੇ ਫ਼ਰਮਾਇਆ, ‘ਆ ਤਮਾਂ ਬੂਦ ਸਲਾਮ ਮੀ ਕਰਦ, ਗਰਦਨ ਬੇ ਤਮਾ ਬੁਲੰਦ ਬਵਦ।’ (ਲਾਲਚ ਵਾਲਾ ਹੀ ਸਿਰ ਝੁਕਾਉਂਦਾ ਹੈ, ਨਿਰਲੋਭੀ ਦਾ ਸਿਰ ਉੱਚਾ ਹੀ ਰਹਿੰਦਾ ਹੈ) ਇਕ ਹੋਰ ਸਵਾਲ ‘ਹਿੰਦੂ ਹਸਤੀ ਕਿ ਮੁਸਲਮਾਨ’ ਦੇ ਉੱਤਰ ਵਿਚ ਕਿਹਾ: ‘ਹਰ ਦੋ ਨੇਸਤਮ। ਬੰਦੇ ਖ਼ੁਦਾ ਹਸਤੰਦ ਕਿ ਹਮਾ ਮਜ਼ਹਬ ਅਜ਼ ਮਨ ਹਸਤੰਦ।’ ਜਦ ਦੌਲਤ ਖ਼ਾਨ ਤੇ ‘ਤੇਰਾ ਤੇਰਾ’ ਦਾ ਭਾਵ ਪੁੱਛਿਆ ਤਾਂ ਬਾਬਾ ਬੋਲਿਆ : ‘ਖ਼ਾਨ, ਇਤਨਾ ਕੁ ਜਾਣੂ, ਹੋਰ ਨ ਜਾਣੂ ਕਿ ਜੋ ਇਥੇ ਤੇਰਾ ਤੇਰਾ ਕਰਨਗੇ, ਉਨ੍ਹਾਂ ਦਾ ਮੂੰਹ ਦਰਗਾਹ ਵਿਚ ਲਾਲ ਹੋਵੇਗਾ ਅਤੇ ਜੋ ਮੇਰਾ ਮੇਰਾ ਕਰਨਗੇ, ਉਨ੍ਹਾਂ ਦਾ ਮੂੰਹ ਪੀਲਾ ਭੂਕ।’
ਸਿੱਖੀ ਦੀ ਨੁਹਾਰ ਗੁਰੂ ਨਾਨਕ ਜੀ ਅਮਲੀ ਜ਼ਿੰਦਗੀ ਨਾਲ ਪਏ ਨਿਖਾਰਦੇ ਸਨ। ਉਸ ਸਮੇਂ ਜਦ ਵਾਸਕੋਡੇਗਾਮਾ ਤੇ ਕੋਲੰਬਸ ਵਰਗੇ ਦੌਲਤ ਤੇ ਦੁਨੀਆਂ ਦੀ ਹਵਸ ਵਿਚ ਭਟਕ ਰਹੇ ਸਨ ਤਾਂ ਇਹ ਜਗਤ ਬਾਬਾ ਦੌਲਤ (ਖ਼ਾਨ) ਨੂੰ ਲੱਤ ਮਾਰ, ਦੁਨੀ (ਚੰਦ) ਨੂੰ ਆਖ ਰਿਹਾ ਸੀ ‘ਤੁਧੁ ਬਾਝ ਕੂੜੋ ਕੂੜ।
ਭਾਈ ਲਾਲੋ ਨੇ ਜਦ ਵੱਖਰਾ ਚੌਂਕਾ ਬਣਾ ਕੇ ਗੁਰੂ ਜੀ ਨੂੰ ਪ੍ਰਸ਼ਾਦ ਛਕਣ ਲਈ ਬੇਨਤੀ ਕੀਤੀ ਤਾਂ ਭਰਮ ਗੜ੍ਹ ਤੋੜਨ ਵਾਲੇ ਪਾਤਸ਼ਾਹ ਨੇ ਉਥੇ ਹੀ ਕਹਿ ਦਿੱਤਾ : ‘ਲਾਲੋ, ਸਾਰੀ ਧਰਤੀ ਹੀ ਮੇਰਾ ਚੌਂਕਾ ਹੈ। ਗੁਰੂ ਨਾਨਕ ਜੀ ਤਾਂ ਨਿਕਲੇ ਹੀ‘ਗੁਰਮੁਖਾਂ ਨੂੰ ਇਕ ਥਾਂ ਇਕੱਠਾ ਕਰਨ ਲਈ ਸਨ। ਜੋ ਹਿੰਦੁਸਤਾਨ ਇਹ ਸੁਣ-ਸੁਣ ਕੇ ਤੰਗ ਆ ਗਿਆ ਸੀ।’ ‘ਸਾਧ ਨ ਚਲੇ ਜਮਾਤ’ ਉਸ ਨੇ ‘ਸਾਧ ਸੰਗਤ’ ਬਣੀ ਹੋਈ ਆਪਣੀਆਂ ਅੱਖੀਆਂ ਦੇ ਸਾਹਮਣੇ ਦੇਖੀ।
‘ਭੇਖੀ ਪ੍ਰਭੂ ਨ ਪਾਈਐ’ ਗੁਰੂ ਜੀ ਦੀ ਮੁਹਾਰਣੀ ਸੀ। ‘ਏਕੋ ਧਰਮ ਦ੍ਰਿੜੈ ਸਚਿ ਕੋਇ’ ਆਦਰਸ਼। ਕਰਤਾਰਪੁਰ ਇਕ ਕਰਤਾਰ ਨੂੰ ਮੰਨਣ ਵਾਲਿਆਂ ਦਾ ਕੇਂਦਰ ਬਣ ਗਿਆ। ਉਥੇ ਸਾਦਗੀ, ਮਰਦਾਨਗੀ, ਸਵੈਮਾਣਤਾ ਅਤੇ ਸਰਬ ਸਾਂਝੇ ਵੀਚਾਰ ਰੱਖਣ ਵਾਲੇ ਇਕੱਠੇ ਹੋਣੇ ਅਰੰਭ ਹੋ ਗਏ । ਲੋਕਾਂ ਵਿਚ ਜੁਅਰਤਿ ਦਾ ਵਿਖਾਵਾ ਹੋਆ, ਪਰ ਨਿੰਮ੍ਰਤਾ ਸਹਿਤ। ਮਰਯਾਦਾ ਸੀ, ਪਰ ਭੇਖ ਰਹਿਤ। ਨਿਰਮਲ ਕਰਮ ਸਨ ਪਰ ਵਰਣ ਆਸ਼ਰਮ ਕੋਈ ਨਾ । ਸੇਵਾ ਸੀ ਪਰ ਦਾਸ ਭਾਵ ਤੋਂ ਉਚੇਰੀ । ਪੂਜਾ ਸੀ ਪਰ ਸ਼ਬਦ ਦੀ। ਨਿਰਬਲਾਂ ਵਿਚ ਅਥਾਹ ਬਲ ਆਇਆ ਕਿਉਂਕਿ ਗੁਰੂ ਨਾਨਕ ਰੁਤਬੇ, ਰੁਹਬ ਤੇ ਰੁਪਏ (Rank power and wealth) ਨਾਲ ਗੱਲ ਨਹੀਂ ਸਨ ਕਰਦੇ, ਉਹ ਲੋਕ ਪਿਆਰ ਵਿਚ ਭਿੱਜੇ ਸ਼ਬਦ ਬੋਲਦੇ ਸਨ ਜੋ ਹਿਰਦੇ ਵਿੰਨ੍ਹੀ ਤੁਰੀ ਜਾਂਦੇ ਸਨ ਜਾਂ ਫਿਰ ਸੀ.ਐਚ. ਪੇਨ ਦੇ ਕਹਿਣ ਅਨੁਸਾਰ : ਗੁਰੂ ਨਾਨਕ ਨੇ ਉਹ ਗੱਲ ਸਮਝ ਲਈ ਸੀ, ਜੋ ਦੂਜੇ ਸੁਧਾਰਕਾਂ ਨੇ ਨਹੀਂ ਸਮਝੀ ਸੀ, ਧਰਮ ਉਹ ਹੀ ਜ਼ਿੰਦਾ ਰਹਿ ਸਕਦਾ ਹੈ ਜੋ ਵਰਤੋਂ ਸਿਖਾਲੇ। ਜੋ ਇਹ ਨਾ ਸਿਖਾਲੇ ਕਿ ਦੁਨੀਆਂ ਤੋਂ ਨੱਸਣਾ ਕਿਵੇਂ ਹੈ, ਸਗੋਂ ਇਹ ਸਿਖਾਲੇ ਕਿ ਦੁਨੀਆਂ ਵਿਚ ਚੰਗੀ ਤਰ੍ਹਾਂ ਰਹਿਣਾ ਕਿਵੇਂ ਹੈ। ਜਿਹੜਾ ਇਹ ਸਿਖਾਲੇ ਕਿ ਬਦੀਆਂ ਦਾ ਟਾਕਰਾ ਕਰ ਕਾਮਯਾਬ ਕਿਵੇਂ ਹੋਣਾ ਹੈ। ਸਿੱਖਾਂ ਲਈ ਇਹ ਬਣ ਗਿਆ ਕਿ ਉਹ ਧਰਮ, ਏਕਤਾ, ਸਚਾਈ ਨੂੰ (ਪਾਖੰਡ, ਦਿਖਾਵਾ, ਡਿੰਭ, ਵਹਿਮ, ਫੁਟ ਤੇ ਊਚ-ਨੀਚ ਦੇ ਫ਼ਰਕ ਅਤੇ ਝੂਠ, ਧਰੋਹ, ਮਕਰ, ਮਿਲਾਉਟੀ ਸੱਚ ਨੂੰ ਛੱਡ ਕੇ) ਸਦਾ ਮੁੱਖ ਰੱਖਣ ਅਤੇ ਇਨ੍ਹਾਂ ਨੂੰ ਮਹਿਜ਼ ਰਾਜਨੀਤਕ ਬਰਾਬਰੀ ਤੇ ਤਰਜੀਹ ਦੇਣ। ਗੁਰੂ ਨਾਨਕ ਦੇਵ ਜੀ ਨੇ ਇਹ ਵੀ ਦ੍ਰਿੜ੍ਹ ਕਰ ਦਿੱਤਾ ਕਿ ਸੁੱਚੀ ਇਬਾਦਤ ਹੀ ਸਾਡੀਆਂ ਸਾਰੀਆਂ ਅੰਦਰਲੀਆਂ ਤਾਕਤਾਂ ਨੂੰ ਜਗਾਉਂਦੀ ਹੈ ਅਤੇ ਸਾਨੂੰ ਉਹ ਕਲਾ ਬਖ਼ਸ਼ਦੀ ਹੈ ਜਿਸ ਨਾਲ ਅਸੀਂ ਸਮਾਜੀ ਸੁਤੰਤਰਤਾ ਤੇ ਕੌਮੀ ਉਚਿਆਈ ਨੂੰ ਪ੍ਰਾਪਤ ਕਰ ਸਕਦੇ ਹਾਂ । ਉਸ ਸੁੱਚੀ ਪੂਜਾ ਨੂੰ ਲੈ ਕੇ ਹੀ ਦਸਮ ਗੁਰੂ ਨੇ ਸਮਾਜੀ ਸੁਤੰਤਰਤਾ ਤੇ ਕੌਮੀ ਉਚਿਆਈ ਬਖ਼ਸ਼ੀ।
ਸਾਰੇ ਹਿੰਦੁਸਤਾਨ ਵਿਚ ਐਸੇ ਪੁਰਸ਼ਾਂ ਦੀਆਂ ਸੰਗਤਾਂ ਕਾਇਮ ਹੋ ਗਈਆਂ ਜੋ ਸ਼ਬਦ ਨੂੰ ਮੁੱਖ ਰੱਖਦੀਆਂ ਤੇ ਮਾਦਾ ਪ੍ਰਸਤੀ ਤੋਂ ਦੂਰ ਰਹਿੰਦੀਆਂ। ਗੁਰੂ ਨਾਨਕ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਭਾਈ ਲਹਿਣਾ ਜੀ ਨੂੰ ਦੇ ਕੇ ਇਕ ਸ਼ਾਨਦਾਰ ਇਨਕਲਾਬ ਕਰ ਦਿੱਤਾ। ‘ਪੁੱਤਰ ਦਾ ਹੱਕ’ ਫਿਰ ਵੱਡੇ ਦੇ ਹੱਕ, ਦੀ ਥਾਂ ‘ਯੋਗ ਨੂੰ ਵਰ ਤੇ ਸੇਵਾਦਾਰ ਨੂੰ ਪਦਵੀ’ ਨੇ ਲੈ ਲਈ। ਗੁਰੂ ਨੇ ਚੇਲੇ ਦੀ ਰਹਿਰਾਸ ਕਰ ਕੇ ਆਪੇ-ਗੁਰ-ਚੇਲੇ ਦੀ ਨੀਂਹ ਰੱਖੀ ਤੇ ਸਤਾ ਤੇ ਬਲਵੰਡ ਜੀ ਨੇ ਉਸੇ ਸਮੇਂ ਵਾਰ ਉਚਾਰ ਆਖਿਆ :
‘ਗੁਰੂ ਚੇਲੇ ਰਹਿਰਾਸ ਕੀਈ,
ਨਾਨਕ ਸਲਾਮਤਿ ਥੀਵਦੈ।
ਸਹਿ ਟਿਕਾ ਦਿਤੋਸ ਜੀਵਦੈ।’
ਫਿਰ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਿਆਂ ਸਾਹਮਣੇ ਪੂਰਨਤਾ ਬਖ਼ਸ਼ੀ ਤਾਂ ਭਾਈ ਗੁਰਦਾਸ ਜੀ ਨੇ ਪੂਰੀ ਵਾਰ ਹੀ ਇਸੇ ਵਿਸ਼ੇ ਤੇ ਆਖੀ ਅਤੇ ਸਾਰੇ ‘ਵਾਹ ਵਾਹ ਗੁਰੂ ਗੋਬਿੰਦ ਸਿੰਘ, ਆਪੇ ਗੁਰਿ ਚੇਲਾ’ ਬੋਲਣ ਲੱਗ ਪਏ।
ਗੱਲ ਕੀ, ਗੁਰੂ ਨਾਨਕ ਜੀ ਨੇ ਕਰਤਾਰਪੁਰ ਪੁੱਜ ਸਿੱਖ ਸੰਗਤ ਨੂੰ ਹਿੰਦੂ ਬੁਤ-ਪ੍ਰਸਤੀ ਤੇ ਮੁਸਲਮਾਨਾਂ ਦੇ ਭਰਮ ਤੁਅੱਸਬ ਤੋਂ ਛੁਡਾ ਲਿਆ ਤੇ ਉਸ ਨੂੰ ਆਜ਼ਾਦ ਕਰ ਕੇ ਰੂਹਾਨੀ ਤੇ ਸਦਾਚਾਰੀ ਸਿਧਾਂਤਾਂ ਨੂੰ ਚੌੜੇ ਉੱਚੇ ਥੜ੍ਹੇ ਤੇ ਖੜ੍ਹਾ ਕਰ ਦਿੱਤਾ।
ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਅੱਖਰਾਂ ਦਾ ਪ੍ਰਚਾਰ ਆਪ ਬਾਲ-ਬੋਧ ਲਿਖ ਕੇ ਕੀਤਾ। ਇਤਿਹਾਸ ਦੀ ਸੇਵਾ ਸੰਭਾਲ ਕੀਤੀ ਤੇ ਬਾਣੀ ਨੂੰ ਲਿਖਵਾਇਆ। ਸਰੀਰਾਂ ਨੂੰ ਰਿਸ਼ਟ ਪੁਸ਼ਟ ਰੱਖਣ ਤੇ ਵੀ ਜ਼ੋਰ ਦਿੱਤਾ ਤੇ ਧਰਮ ਦੇ ਨਾਲ ‘ਮੱਲ-ਅਖਾੜਾ’ ਵੀ ਰਚਿਆ । ਹਿਮਾਯੂੰ ਨੂੰ ਹਲੀਮੀ ਨਾਲ ਆਖ ਕੇ, ‘ਰਹਿਣ ਦੇ ਸੂ, ਹੁਣੇ ਥੱਕੀ ਆਈ ਹੈ ਅਤੇ ਦਰਵੇਸ਼ਾਂ ਉੱਤੇ ਹੱਥ ਉਠਾਉਣਾ ਧਰਮ ਨਹੀਂ,” ਜ਼ਫ਼ਰਨਾਮਾ ਦਾ ਪਹਿਲਾ ਕਾਂਡ ਲਿਖਿਆ। ਪਿਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਹੀ ਗੱਲ ਜ਼ਫ਼ਰਨਾਮਾ ਵਿਚ ਲਿਖੀ ਸੀ ਕਿ ‘ਇਹ ਤੇਰੀ ਕਿਹੜੀ ਮਰਦਾਨਗੀ ਹੈ ਕਿ ਚੰਗਿਆੜੀ ਬੁਝਾ ਦਿੱਤੀ ਅਤੇ ਜਵਾਲਾ ਭੜਕਾ ਦਿੱਤੀ।’
ਚਿਹ ਮਰਦੀ ਕਿ ਅਖ਼ਗਰ ਖਮੋਸ਼ਾ ਕੁਨੀ ।
ਕਿ ਆਤਸ਼ ਦਮਾਂ ਰਾ ਫਰੋਜ਼ਾਂ ਕੁਨੀਂ।
ਗੁਰੂ ਅਮਰਦਾਸ ਜੀ ਨੇ ਸੰਗਤ ਨਾਲ ਪੰਗਤ ਨੂੰ ਜ਼ਰੂਰੀ ਕਰ ਦਿੱਤਾ। ਇਹ ਭਿੱਟ, ਥੂ- ਥੂ, ਦੁਰੇ ਦੁਰੇ ਹੀ ਤਾਂ ਹਿੰਦੁਸਤਾਨ ਵਿਚ ਭਰਾਤਰੀ ਭਾਵ ਪੈਦਾ ਨਹੀਂ ਸੀ ਹੋਣ ਦਿੰਦੀ। ਉਨ੍ਹਾਂ ਇਕੱਠੇ ਬੈਠ ਕੇ ਖਾਣ ਦੀ ਪਰਪਾਟੀ ਪਾਈ। ਕਿਤੇ ਦਸ ਘਰ ਕੇ ਜੀਅ ਅਤੇ ੧੧ ਚੌਂਕੇ ਤੇ ਹੁਣ ਉਸ ਦੀ ਥਾਂ ਕਈ ਜਾਤੀਆਂ ਤੇ ਇਕ ਚੌਂਕਾ, ਇਕ ਪੰਗਤ। ਇਕ ਭਿੱਟ ਐਸੀ ਸੀ ਜੋ ਨਹੀਂ ਸੀ ਦਿੱਸਦੀ ਮੁੱਕਦੀ, ਉਹ ਸੀ ਪਾਣੀ ਦੀ । ਬਾਉਲੀ (ਪਉੜੀਆਂ ਵਾਲਾ ਛਤਿਆ ਹੋਇਆ ਖੂਹ) ਬਣਾ ਕੇ ਇਕ ਥਾਵੇਂ ਪਾਣੀ ਪਿਲਾ, ਇਕ ਥਾਵੇਂ ਇਸ਼ਨਾਨ ਕਰਾ ਕੇ ਇਕੋ ਹੀ ਰਾਹ ਤੇ ਟੋਹ ਤੇ ਇਕ ਪਉੜੀ ਤੇ ਪੈਰ ਰਖਾ, ਸੱਚਮੁੱਚ ਚੁਰਾਸੀ ਕੱਟ ਦਿੱਤੀ। ਚੁਰਾਸੀ ਉਤਨੀ ਦੇਰ ਤੱਕ ਹੀ ਹੈ, ਜਦ ਤੱਕ ਮਨੁੱਖ ਨੇ ਮਨੁੱਖ ਦੀ ਕਦਰ ਨਹੀਂ ਜਾਣੀ । ਜਦ ਉਸ ਨੇ ਹਰ ਮਨੁੱਖ ਵਿਚ ਵੱਸਦੇ ਪਰਮ ਤੱਤ ਨੂੰ ਪਛਾਣ ਲਿਆ ਤਾਂ ਉਹ ਪਰਮ ਮਨੁੱਖ ਹੋ ਗਿਆ। ਬਾਉਲੀ ਦਾ ਕੜ ਵਿਸਾਖੀ ਵਾਲੇ ਦਿਨ ਟੁੱਟਾ ਸੀ ਤੇ ਸਭ ਨੇ ਰੱਜ ਕੇ ਇਸ਼ਨਾਨ ਕੀਤੇ ਸਨ ਤੇ ਜਲ ਛਕਿਆ ਸੀ ਤੇ ਵਿਰੋਧੀਆਂ (ਦੁਸ਼ਟਾਂ) ਦੀਆਂ ਮਾਰਾਂ ਤੋਂ ਬਚੇ ਸਨ। ਇਹ ਵਿਸਾਖੀ ਹੀ ਸੀ ਜਦ ਸਭ ਨੂੰ ਇਕੋ ਹੀ ਬਾਟੇ ਵਿਚੋਂ ਅੰਮ੍ਰਿਤ ਛਕਾ, ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਦਾ ਆਪਣਾ ਹੀ ਖਾਲਸਾ ਬਣਾਇਆ ਸੀ, ਜਿਸ ‘ਤਿਹ ਸਭ ਦੁਸ਼ਟਨ ਕਉ ਛੇਦਿਕੈ ਅਕਾਲ ਜਪਾਨਾ।’ ਗੁਰੂ ਅਮਰਦਾਸ ਜੀ ਨੇ ਕੜ ਤੋੜਨ ਵਾਲੇ ਮਾਣਕ ਨੂੰ ਆਪਣਾ ਬੇਟਾ ਕਿਹਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਤਲੀ ਰੱਖਣ ਵਾਲਿਆਂ ਨੂੰ ‘ਪਿਆਰਾ’ ਤੇ ਫਿਰ ਮੁਕਤਾ ਦੀ ਪਦਵੀ ਦਿੱਤੀ। ਗੁਰੂ ਤੀਜੇ ਨੇ ਸਿੱਖ ਸਮਾਜ ਵਿਖੇ ਜਜ਼ੀਏ, ਯਾਤਰੂ ਟੈਕਸ, ਤੀਰਥ, ਭਰਮ, ਭੇਖ, ਖਿੱਚਾਂ, ਖੋਹਾ ਖਾਹੀ ਲਈ ਕੋਈ ਥਾਂ ਨਾ ਰਹਿਣ ਦਿੱਤੀ। ਗੁਰੂ ਅਮਰਦਾਸ ਜੀ ਨੇ ਸਿੱਖ ਨੂੰ ਸਹਿਜ ਤੇ ਅਨੰਦ ਦੀ ਐਸੀ ਪੱਟੀ ਪੜ੍ਹਾਈ ਕਿ ਉਨ੍ਹਾਂ ਬੰਦ-ਬੰਦ ਕਟਵਾ ਕੇ ਵੀ ਸੀ ਨਾ ਕੀਤੀ ਤੇ ਉਲਾਮ੍ਹੇ ਜਾਂ ਸ਼ਿਕਵੇ ਨਾ ਕੀਤੇ। ਭਾਣੇ ਨੂੰ ਮਿੱਠਾ ਮੰਨਣ ਲਈ ਗੁਰੂ ਜੀ ਨੇ ਉਪਦੇਸ਼ ਦਿੱਤਾ। ਉਨ੍ਹਾਂ ਦੀ ਪੁੱਤਰੀ ਭਾਨੀ ਨੇ ਐਸਾ ਕਰ ਵੀ ਦਿਖਾਇਆ। ਸਿੱਖ ਧਰਮ ਕੋਈ ਚੁਪੂਆਂ (Quietists) ਜਾਂ ਤਪੱਸਵੀਆਂ ਦਾ ਸੰਘ ਨਾ ਰਹਿਆ, ਸਗੋਂ ਜੀਉਂਦੇ ਜਾਗਦੇ ਮਨੁੱਖਾਂ ਦੀ ਇਕ ਸੰਸਥਾ ਬਣ ਗਈ । ਸੱਚਮੁੱਚ ‘ਅਨੰਦ’ ਹੋਇਆ ਤੇ ਪਿਛੋਂ ਦਸਮੇਸ਼ ਪਿਤਾ ਨੇ ‘ਅਨੰਦਪੁਰ’ ਦੇ ਵਾਸੀ ਬਣਾ ਦਿੱਤਾ।
ਗੁਰੂ ਰਾਮਦਾਸ ਜੀ ਨੇ ‘ਇਕਾ ਕੇਂਦਰ, ਇਕਾ ਗੁਰੂ, ਇਕਾ ਸ਼ਬਦ, (ਆਦਰਸ਼)’ ਤੇ ਜ਼ੋਰ ਦਿੱਤਾ।‘ਪੇਡ ਮੁੰਢਾਹੂ ਕਟੀਐ, ਤਿਸ ਡਾਲ ਸੁਕੰਦੇ’ ਨੂੰ ਦ੍ਰਿੜਾਇਆ। ਸਿੱਖੀ ਨੇ ਉਦੋਂ ਹੀ ਖਿੱਲਰ-ਪੁੱਲਰ ਜਾਣਾ ਸੀ, ਜੇ ਗੁਰੂ ਜੀ ਇਕ ਲੀਹ ਪਾ ਕੇ ਪਗਡੰਡੀਆਂ ਤੋਂ ਜਾਣ ਤੋਂ ਨਾ ਵਰਜਦੇ। ਬਾਬਾ ਸ੍ਰੀ ਚੰਦ ਦੀ ਮੁਲਾਕਾਤ ਵੇਲੇ, ਉਨ੍ਹਾਂ ਨਿਮਰਤਾ ਦੀ ਵੀ ਹੱਦ ਦੱਸੀ। ਬਾਬਾ ਸ੍ਰੀ ਚੰਦ ਜੀ ਨੂੰ ਸਿੱਖੀ ਵੱਲ ਖਿੱਚ ਲਿਆ ਤੇ ਉਨ੍ਹਾਂ ਵੀ ਸਿੱਖੀ ਦੀ ਮਹਿਮਾ ਗਾਉਣੀ ਅਰੰਭ ਕਰ ਦਿੱਤੀ। ਗੁਰੂ ਰਾਮਦਾਸ ਜੀ ਨੇ ਗ੍ਰਹਿਸਤ ਵਿਚ ਟਿਕਿਆਂ ਐਸੇ ਧਰਮ ਨਿਬਾਹੁਣ ਦੇ ਵੱਲ ਦੱਸੇ ਕਿ ਸਿੱਖ ‘ਵਿਚੈ ਗ੍ਰਹਿ ਉਦਾਸੀ’ ਦੀ ਮੂਰਤ ਬਣ ਗਏ।
ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੌਮ ਉਸਾਰੀ ਦੇ ਮਹੱਲ ਵਿਚ ਜ਼ਰੂਰੀ ਤੇ ਢੁਕਵੀਆਂ ਇੱਟਾਂ ਲਗਾਈਆਂ। ਹਰਿਮੰਦਰ ਦੀ ਸਾਜਨਾ ਅਤੇ ਤਰਨਤਾਰਨ ਦੇ ਉਸਰ ਜਾਣ ਨਾਲ ਰੀੜ੍ਹ ਦੀ ਹੱਡੀ ਮਜ਼ਬੂਤ ਹੋ ਗਈ। ਮਾਝਾ, ਦੁਆਬਾ ਤੇ ਮਾਲਵਾ ਤਿੰਨੇ ਹੀ ਖਿੱਚੇ ਆਏ। (ਗੁਰੂ) ਗ੍ਰੰਥ ਸਾਹਿਬ ਦੀ ਬੀੜ ਬੰਨ੍ਹਣ ਨਾਲ ਸਰਬ ਸਾਂਝੀ ਰੌ ਹਿਰਦੇ ਵਿਚ ਦੌੜਨ ਲੱਗ ਪਈ । ਸਿੱਖਾਂ ਪਾਸ ਸੱਤ ਸਦੀਆਂ ਤੇ ਭਗਤਾਂ ਦੇ ਢੁੱਡਾਊਆਂ ਦਾ ਤਜਰਬਾ ਹੋ ਗਿਆ। ਸਿੱਖ ‘ਅਹਿਲੇ ਕਿਤਾਬ’ ਹੋ ਗਏ। ਸਿੱਖਾਂ ਦਾ ਜੀਵਨ ਸੰਜਮ-ਮਈ ਹੋ ਗਿਆ ਤੇ ਉਹ ਇਕ ਸਿਵਲ ਨਿਜ਼ਾਮ ਦੇ ਧਾਰਨੀ ਵੀ ਹੋ ਗਏ। ਮਸੰਦਾਂ ਨੇ ਸਿੱਖੀ ਆਸ਼ੇ ਨੂੰ ਦੂਰ-ਦੂਰ ਤੱਕ ਪੁਚਾ ਦਿੱਤਾ। ‘ਪੰਜਾਬੈ ਗੁਰੂ ਦੀ ਵਡਿਆਈ’ ਤਾਂ ਹੋ ਹੀ ਰਹੀ ਸੀ, ਹੁਣ ਹਿੰਦੁਸਤਾਨ ਦੇ ਵੱਡੇ ਵੱਡੇ ਸ਼ਹਿਰਾਂ ਵਿਚ ਪ੍ਰਤੱਖ ਦਿੱਸਣ ਲੱਗੀ। ਜਹਾਂਗੀਰ ਇਸੇ ਪ੍ਰਤਿਭਾ ਤੇ ਵਡਿਆਈ ਨੂੰ ਦੇਖ ਘਬਰਾਇਆ ਸੀ । ‘ਅਕਵਾਮ ਮੁਖ਼ਤਲਿਫ਼’ ਦੇ ਲੋਕਾਂ ਨੂੰ ਇਕ ਥਾਵੇਂ ਇਕੱਠਾ ਹੁੰਦਾ ਦੇਖ ਸੜ ਬਲ ਗਿਆ ਸੀ। ਮੁਸਲਮਾਨਾਂ ਤੇ ਹਿੰਦੂਆਂ ਦਾ ਗੁਰੂ ਪਾਸ ਆਉਣਾ ਉਸ ਨੂੰ ਚੁੱਭਦਾ ਸੀ। ਬਹਾਨਾ ਲੱਭ ਉਸ ਨੇ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਸ਼ਹਾਦਤ ਨਾਲ ਹਿਰਦਾ ਦ੍ਰਵਿਆ ਤੇ ਕੌਮ ਨੇ ਕਮਰਕੱਸਾ ਕੀਤਾ ਤੇ ਹੱਥਾਂ ਵਿਚ ਤਲਵਾਰ ਆ ਗਈ। ਇਕ ਪੁੱਛ ਦੇ ਉੱਤਰ ਵਿਚ ਪੰਜਵੇਂ ਪਾਤਸ਼ਾਹ ਨੇ ਭਾਈ ਹਰਬੰਸ ਤਪੇ ਨੂੰ ਕਿਹਾ ਵੀ ਸੀ, ‘ਅਸਾਂ ਕ੍ਰਿਪਾਨ ਪਹਿਨਣੀ ਹੈ ਤੇ ਜ਼ਰੂਰ ਪਹਿਨਣੀ ਹੈ, ਪਰ ਪਹਿਨਣੀ ਹਰਿਗੋਬਿੰਦ ਦਾ ਰੂਪ ਧਾਰ ਕੇ ਹੈ। ਜਦ ਅਸਾਂ ਪਹਿਣ ਲਈ ਤਾਂ ਸ਼ਬਦ ਦੀ ਪ੍ਰੀਤ ਕਰ ਪੀਰ ਦੀ ਪੀਰੀ ਖਿੱਚ ਲੈਣੀ ਹੈ ਤੇ ਸ਼ਸਤ੍ਰਾਂ ਦੀ ਸ਼ਕਤੀ ਕਰ ਮੀਰ ਦੀ ਮੀਰੀ।’
ਸ਼ਹਾਦਤ ਦੇ ਕੇ ਗੁਰੂ ਜੀ ਨੇ ਸੰਗਤ, ਪੰਗਤ ਤੇ ਬਾਣੀ ਨੂੰ ਆਂਚ ਨਾ ਆਉਣ ਦਿੱਤੀ। ਤੱਤੀ ਤਵੀ, ਉਬਲਦੀ ਦੇਗ਼ ਤੇ ਭੁਜਦੀ ਰੇਤ ਵਿਚ ਸਿੱਖੀ ਸੜ ਕੇ ਨਹੀਂ, ਪੱਕ ਕੇ ਬਾਹਰ ਆਈ।
ਗੁਰੂ ਹਰਿਗੋਬਿੰਦ ਜੀ ਨੇ ਤਖ਼ਤ ਤੇ ਬੈਠਦਿਆਂ ਹੀ ਦੋ ਤਲਵਾਰਾਂ ਪਹਿਣੀਆਂ ਤੇ ਫ਼ਰਮਾਇਆ, ‘ਅੱਜ ਤੋਂ ਮੇਰੀ ਪਿਆਰੀ ਭੇਟਾ ਚੰਗਾ ਸ਼ਸਤ੍ਰ ਤੇ ਚੰਗੀ ਜੁਆਨੀ ਹੈ। ਮੇਰੀ ਖ਼ੁਸ਼ੀ ਲੈਣੀ ਜੇ ਤਾਂ ਕਸਰਤਾਂ ਕਰੋ, ਕਮਜ਼ੋਰੀ ਇਕ ਕੌਮੀ ਗੁਨਾਹ ਹੈ ਜੋ ਕਿਸੇ ਨੂੰ ਖ਼ਿਮਾ ਨਹੀਂ ਕੀਤਾ ਜਾ ਸਕਦਾ।’ ਲੋਕਾਂ ਜੁਆਨੀਆਂ ਭੇਟ ਕੀਤੀਆਂ। ਜਹਾਂਗੀਰ ਜਿਚ ਹੋਣ ਲੱਗਾ। ਮਰਜੀਵੜਿਆਂ ਦੀ ਇਕ ਫ਼ੌਜ ਬਣ ਗਈ। ਹਰ ਆਜ਼ਾਦੀ ਪਸੰਦ ਨੇ ਗੁਰੂ ਘਰ ਵਿਚ ਹੀ ਆਪਣੀ ਕਲਿਆਣ ਦਾ ਰਾਹ ਦੇਖਿਆ। ਝੰਡੇ, ਕਿਲ੍ਹੇ ਤੇ ਤਖ਼ਤ ਨੇ ਕੌਮ ਵਿਚ ਉਤਸ਼ਾਹ ਭਰ ਦਿੱਤਾ। ਅਕਾਲ ਤਖ਼ਤ ਰਚਣ ਵੇਲੇ ਗੁਰੂ ਹਰਿਗੋਬਿੰਦ ਜੀ ਨੇ ਇਤਨੀ ਸੰਭਾਲ ਹੋਰ ਰੱਖੀ ਕਿ ਕਿਸੇ ਮਿਸਤਰੀ ਦਾ ਹੱਥ ਨਾ ਲੱਗੇ । ਉਹ ਆਪ ਗਾਰਾ ਲਿਆਉਂਦੇ, ਇੱਟਾਂ ਭਾਈ ਗੁਰਦਾਸ ਜੀ ਫੜਾਂਦੇ ਤੇ ਬਾਬਾ ਬੁੱਢਾ ਜੀ ਉਸਾਰੀ ਕਰੀ ਟੁਰੀ ਜਾਂਦੇ । ਗੁਰਬਿਲਾਸ ਪਾਤਸ਼ਾਹੀ
ਛੇਵੀਂ ਦੀ ਗਵਾਹੀ ਹੈ :
‘ਕਿਸੀ ਰਾਜ ਨਹਿ ਹਾਥ ਲਗਾਇਓ।
ਬੁਢਾ ਔ ਗੁਰਦਾਸ ਬਣਾਇਓ ।’
ਫਿਰ ਖੰਡੇ ਖੜਕੇ, ਜੰਗਾਂ ਹੋਈਆਂ, ਪਰ ਸਭ ਅਣਖ ਲਈ। ਮੀਰੀ ਮੀਰੀ ਦੇ ਮਾਲਕ ਨੇ ਕੋਈ ਜੰਗ ਵੀ ਜ਼ਰ, ਜ਼ੋਰੂ ਜਾਂ ਜ਼ਮੀਨ ਲਈ ਨਾ ਲੜੀ। ਕਿਸੇ ਜੰਗ ਉਪਰੰਤ ਛੇਵੇਂ ਪਾਤਸ਼ਾਹ ਨੇ ਕੋਈ ਮੁੱਲ ਨਾ ਮਾਰੀ। ਲੋਕਾਂ ਵਿਚ ਅਣਖ ਲਈ ਡਟਣ ਤੇ ਮਰਨ ਦਾ ਉਤਸ਼ਾਹ ਉੱਠ ਖਲੋਤਾ। ਜਿੱਥੇ ਵੀ (ਅੰਮ੍ਰਿਤਸਰ, ਹਰਿਗੋਬਿੰਦਪੁਰ, ਕਰਤਾਰਪੁਰ, ਨਥਾਣਾ) ਜੰਗਾਂ ਲੜੀਆਂ ਗਈਆਂ, ਉਥੋਂ ਦੇ ਵਸਨੀਕਾਂ ਨੇ ਅੱਗੇ ਵਧ ਕੇ ਹਿੱਸਾ ਲਿਆ। ਅੰਮ੍ਰਿਤਸਰ ਤੋਂ ਲੈ ਕੇ ਕੁਰੂਕਸ਼ੇਤਰ ਤੱਕ ਧਰਮ ਯੁੱਧ ਦਾ ਚਾਅ ਚਾਰੇ ਪਾਸੇ ਦਿੱਸ ਰਿਹਾ ਸੀ । ਸਾਰਾ ਪੰਜਾਬ ਹੀ ਧਰਮ ਖੇਤਰ ਬਣ ਗਿਆ।
ਪ੍ਰਚਾਰ ਦੇ ਕੰਮ ਨੂੰ ਵੀ ਗੁਰੂ ਜੀ ਨੇ ਢਿੱਲਾ ਨਾ ਪੈਣ ਦਿੱਤਾ। ਆਪਣੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਉਚੇਚੇ ਤੌਰ ਤੇ ਇਸ ਪਾਸੇ ਪਾਇਆ। ਉਹਨਾਂ ਚਾਰ ਧੂਣੀਆਂ ਕਾਇਮ ਕੀਤੀਆਂ, ਜਿਸ ਸਦਕਾ ਸਿੱਖੀ ਪ੍ਰਚਾਰ ਕਸ਼ਮੀਰ ਤੋਂ ਕੇਰਲ ਅਤੇ ਦੁਆਰਕਾ ਤੋਂ ਆਸਾਮ ਤੱਕ ਹੋਇਆ । ਧੂਣੀ ਧੁਖਦੀ ਰਹੀ ਤੇ ਜੋਤ ਜਗਦੀ ਰਹੀ। ਪ੍ਰਚਾਰ ਦਾ ਇਤਨਾ ਪ੍ਰਭਾਵ ਸੀ ਕਿ ਸਮਕਾਲੀ ਵਿਦਵਾਨ-ਇਤਿਹਾਸਕਾਰ ਮੁਹਸਨ ਫ਼ਾਨੀ ਨੇ ਲਿਖਿਆ ਕਿ ਕੋਈ ਵੀ ਐਸਾ ਸ਼ਹਿਰ ਨਹੀਂ ਹੋਵੇਗਾ ਜਿੱਥੇ ਸਿੱਖ ਨਾ ਹੋਣ ਜਾਂ ਉਨ੍ਹਾਂ ਦੀ ਛਾਪ ਨਾ ਲੱਗੀ ਹੋਵੇ। ਢਾਕਾ ਜੇ ‘ਗੁਰੂ ਕਾ ਕੋਠਾ’ ਸੀ ਤਾਂ ਪਟਨਾ ‘ਗੁਰੂ ਕਾ ਘਰ ।’ ਕੌਮ ਦੀ ਅੱਡਰੀ ਨੁਹਾਰ ਨਿੱਖਰ ਆਈ ਸੀ। ਰਾਜਪੂਤਾਂ ਨੇ ਤਾਂ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੇ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ।
ਗੁਰੂ ਹਰਿ ਰਾਇ ਜੀ ਨੇ ਇਸ ਸਿੱਖੀ ਬੂਟੇ ਦੀ ਰੱਖਿਆ ਬੜੀ ਸੰਭਾਲ ਕੇ ਕੀਤੀ। ਔਰੰਗਜ਼ੇਬ ਦਾ ਹੜ੍ਹ ਜੋ ਚੜ੍ਹ ਰਿਹਾ ਸੀ, ਉਸ ਵਿਚ ਰੁੜ੍ਹਨ ਤੋਂ ਸਿੱਖੀ ਜਹਾਜ਼ ਆਪਣੀ ਦ੍ਰਿੜ੍ਹਤਾ ਨਾਲ ਬਚਾ ਲਿਆ। ਸਿੱਖੀ ਦੇ ਮੁਢਲੇ ਅਸੂਲਾਂ ਲਈ ਪੂਰਨੇ ਵੀ ਪਾਏ। ਭਾਈ ਹਕੀਕਤ ਰਾਇ ਦੇ ਦਾਦਾ ਭਾਈ ਨੰਦ ਲਾਲ ਪੁਰੀ ਨੂੰ ਦਿੱਤਾ ਉਪਦੇਸ਼, ਕੇਸ ਨਹੀਂ ਕਟਵਾਉਣੇ, ਟੋਪੀ ਨਹੀਂ ਪਹਿਨਣੀ ਅਤੇ ਤੰਬਾਕੂ ਨਹੀਂ ਪੀਣਾ ਆਉਣ ਵਾਲੇ ਕੱਲ੍ਹ ਦੀ ਤਿਆਰੀ ਹੀ ਸੀ। ਉਨ੍ਹਾਂ ਦੀ ਬਖ਼ਸ਼ਿਸ਼ ਨਾਲ ਮਾਲਵਾ ਵੀ ਬਖ਼ਸ਼ਿਸ਼ ਦੇ ਘਰ ਆਇਆ। ‘ਲਖੀ ਜੰਗਲ’ ਮਾਲਵੇ ਦਾ ਦੂਜਾ ਨਾਂ ਹੀ ਸੀ ਤੇ ਕਾਂਗੜ ਉਸ ਦਾ ਹਿੱਸਾ। ਗੁਰੂ ਗੋਬਿੰਦ ਸਿੰਘ ਜੀ ਨੂੰ ਲਖੀ ਜੰਗਲ ਦੇ ਖਾਲਸੇ ਤੇ ਮਾਣ ਸੀ ਤੇ ਕਾਂਗੜ ਦੇਸ਼ ਦੇ ਨਾਲ ਹੋਣ ਦਾ ਗੌਰਵ। ਇਹ ਗੁਰੂ ਹਰਿਰਾਇ ਜੀ ਦੀ ਹੀ ਦੇਣ ਸੀ। ਭਾਈ ਰਾਮਾ ਤੇ ਤਿਲੋਕਾ ਦੇ ਨਗਰਾਂ ਨੂੰ ਤਾਂ ‘ਗੁਰੂ ਜੀ ਨੇ ਆਪਣਾ ਘਰ’ ਕਿਹਾ। ਹੁਕਮਨਾਮਾ ਸੰਗਤ ਰੂਪੇ ਕੀ ਜੋਗ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀਂ ਲਿਖਿਆ ‘(ਤੇਰਾ) ਘਰ ਅਸਾਡਾ ਹੈ।’ ਫਿਰ ਗੁਰੂ ਹਰਿਕ੍ਰਿਸ਼ਨ ਜੀ ਨੂੰ ਗੱਦੀ ਬਖ਼ਸ਼ ਕੇ ਗੁਰੂ ਹਰਿ ਰਾਇ ਜੀ ਨੇ ਇਹ ਵੀ ਪ੍ਰਗਟਾ ਦਿੱਤਾ ਕਿ ਕਿਸੇ ਖ਼ੁਸ਼ਾਮਦੀ ਡਰਪੋਕ ਦੀ ਸਿੱਖ ਘਰ ਵਿਚ ਥਾਂ ਨਹੀਂ।
‘ਅਸ਼ਟਮ ਬਲਬੀਰਾ’ ਗੁਰੂ ਹਰਿਕ੍ਰਿਸ਼ਨ ਜੀ ਨੇ ਦ੍ਰਿੜ੍ਹਤਾ ਦੀ ਹੱਦ ਦੱਸੀ। ਔਰੰਗਜ਼ੇਬ ਸਾਹਮਣੇ ਦਿੱਲੀ ਵਿਖੇ ਦਰਬਾਰ ਲਗਾ ਕੇ ਸਿੱਖਾਂ ਨੂੰ ਵਿਸ਼ਵਾਸ ਕਰਾ ਦਿੱਤਾ ਕਿ ਜੋਤ ਦੀ ਸਾਰੀ ਸ਼ਕਤੀ ਹੈ, ਕਿਸੇ ਸਰੀਰ ਜਾਂ ਭੌਤਿਕ ਬਲ ਦੀ ਨਹੀਂ। ਉਹ ਹੀ ਜੋਤ ੯੩ ਸਾਲ ਦੇ ਬ੍ਰਿਧ ਗੁਰੂ ਵਿਚ ਪ੍ਰਵੇਸ਼ ਕਰਕੇ ‘ਝਖੜ ਵਾਉ ਨ ਡੋਲਈ ਪਰਬਤੁ ਮੇਰਾਣੁ’ ਬਣਾ ਦੇਂਦੀ ਹੈ ਤਾਂ ਉਹ ਹੀ ਜੋਤਿ ੬ ਸਾਲ ਦੇ ਗੁਰੂ ਵਿਚ ਆ ਕੇ ਅਹਿਲ, ਅਟਲ ਤੇ ਅਡੋਲ ਕਰ ਦੇਂਦੀ ਹੈ । ਅਸਲ ਗੱਲ ਜੋਤ ਦੇ ਪ੍ਰਕਾਸ਼ ਦੀ ਹੈ। ਗੁਰੂ ਹਰਿਕ੍ਰਿਸ਼ਨ ਜੀ ਨੇ ਸੁਤੰਤਰ ਅਗਵਾਈ ਕਰ ਕੇ ਗੁਰ-ਗੱਦੀ ਤੇਗ਼ ਬਹਾਦਰ ਜੀ ਨੂੰ ਦਿੱਤੀ।
ਗੁਰੂ ਤੇਗ਼ ਬਹਾਦਰ ਜੀ ਨੇ ਸ਼ਹਾਦਤ ਦੇ ਕੇ ‘ਹਲੇਮੀ ਰਾਜ’ ਹੀ ਕਾਇਮ ਕਰਨ ਦਾ ਉਪਰਾਲਾ ਕੀਤਾ। ‘ਪਹਿ ਕੋਇ ਨ ਕਿਸੇ ਰੁਝਾਣ ਦਾ, ਸਭ ਸੁਖਾਲੀ ਵੁਠਿਆ’ ਗੁਰੂ ਅਰਜਨ ਜੀ ਦਾ ਫ਼ਰਮਾਨ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਤੇ ਲਿਖਣਾ ਅਰੰਭ ਕਰ ਦਿੱਤਾ। ਗੁਸਾਂਈ ਦਾ ਪਹਲਵਾਣੜਾ ਹੀ ਵਾਹਿਗੁਰੂ ਜੀ ਕਾ ਖ਼ਾਲਸਾ ਬਣਿਆ।
ਗੱਲ ਕੀ, ਗੁਰੂ ਨਾਨਕ ਤੋਂ ਗੁਰੂ ਤੇਗ਼ ਬਹਾਦਰ ਜੀ ਤੱਕ, ਹਿੰਦੁਸਤਾਨ ਵਿਚ ਹਰ ਥਾਂ ਸੰਗਤਾਂ ਕਾਇਮ ਸਨ ਤੇ ਉਹ ਇਕ ਤਾਰ ਨਾਲ ਬੱਝੀਆਂ ਹੋਈਆਂ ਸਨ। ਹੁਕਮ ਤੇ ਟੁਰਨ ਦੀ ਮਹਿਮਾ ਜਾਣਦੀਆਂ ਸਨ । ਗੁਰੂ ਬਚਨਾਂ ਤੋਂ ਤਨ, ਮਨ, ਧਨ, ਸਹੀ ਅਰਥਾਂ ਵਿਚ ਵਾਰ ਕੇ ਖ਼ੁਸ਼ੀ ਮਹਿਸੂਸ ਕਰਦੀਆਂ ਸਨ। ਕੈਸੀ ਖੂਬਸੂਰਤ ਬਾਤ ਬੰਸਾਵਲੀ ਨਾਮੇ ਨੇ ਲਿਖੀ ਹੈ ਕਿ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਵੰਗਾਰ ਪਾਈ ਤਾਂ—
‘ਜਿਸ ਸਿੱਖ ਦਾ ਦਸ ਰੁਪਯਾ ਆਗ ਵਿਤ।
ਤਿਨ ਨਉ ਰੁਪੈ ਦਿੱਤੇ ਰਖਿਆ ਇਕ। ੧੫੨ ।
ਜਿਸ ਸਿੱਖ ਦੀ ਵਰਤਨ ਆਹੀ ਹਜ਼ਾਰ ਦੀ।
ਤਿਨ ਦਿੱਤਾ ਰੁਪੀਯਾ ਨਉ ਸੈ,
ਰਖਿਆ ਛਿਨਾਵੇ ਚਾਰ ਦੀ।’
ਦਸਵੰਧ ਸਭ ਕੋਈ ਕਾਢਈ।
ਇਸ ਬਹੁਮੁੱਲੇ ਵਿਰਸੇ ਦੇ ਪਾਸ ਹੁੰਦਿਆਂ ਗੁਰੂ ਗੋਬਿੰਦ ਸਿੰਘ ਜੀ ਦਾ ਵੱਡੇ ਤੋਂ ਵੱਡੇ ਸਾਮਰਾਜ ਨਾਲ ਟੱਕਰ ਲੈ ਲੈਣਾ ਕੋਈ ਅਚੰਭੇ ਵਾਲੀ ਗੱਲ ਨਹੀਂ ਸੀ।
੨. ਔਰੰਗਜ਼ੇਬ ਦਾ ਪੰਜਾਬ ਤੋਂ ਬਾਹਰ ਰਾਜਸਥਾਨ ਤੇ ਦੱਖਣ ਵਿਚ ਰੁਝੇ ਰਹਿਣਾ-ਔਰੰਗਜ਼ੇਬ ਨੂੰ ਤਖ਼ਤ ਤੇ ਬੈਠਿਆਂ ੧੭ ਸਾਲ ਹੋ ਗਏ ਸਨ। ਰਾਜ ਦੇ ਪਹਿਲੇ ਵਰ੍ਹਿਆਂ ਵਿਚ ਔਰੰਗਜ਼ੇਬ ਨੂੰ ਕਦੇ ਯੂਸਫ਼ਜ਼ਈ, ਕਦੀ ਖਟਕ ਅਤੇ ਕਦੇ ਅਫ਼ਰੀਦੀ ਕਾਬਲ ਵਿਚ ਤੰਗ ਕਰਦੇ ਰਹੇ। ਦੀਨੀ ਭਰਾਵਾਂ ਨਾਲ ਨਿੱਤ ਝਗੜਦਿਆਂ ਹੀ ਕਈ ਸਾਲ ਬੀਤ ਗਏ।
੨੬ ਜੂਨ, ੧੬੭੬ ਨੂੰ ਕਾਬਲ ਦੀਆਂ ਮੁਹਿੰਮਾਂ ਤੋਂ ਵਾਪਸ ਆ ਕੇ ਉਸ ਨੇ ਆਪਣਾ ਧਿਆਨ ਰਾਜਸਥਾਨ ਦੇ ਰਾਜਪੂਤਾਂ ਵੱਲ ਲਗਾ ਦਿੱਤਾ। ਸ਼ਿਵਾ ਜੀ ਦੀ ਮ੍ਰਿਤੂ ੫ ਅਲ, ੧੬੮੦ ਨੂੰ ਹੋ ਗਈ। ਸੋ ਐਸੇ ਮੌਕੇ ਤੋਂ ਲਾਭ ਉਠਾ ਕੇ ਉਹ ਮਰਹੱਟਿਆਂ ਨੂੰ ਢਾਹੁਣਾ ਵੀ ਜ਼ਰੂਰੀ ਸਮਝਦਾ ਸੀ। ਨਾਲ ਹੀ ਔਰੰਗਜ਼ੇਬ ਉਸ ਸਮੇਂ ਤੱਕ ਇਸਲਾਮੀ ਰਾਜ ਮੁਕੰਮਲ ਨਹੀਂ ਸੀ ਸਮਝਦਾ ਜਦ ਤੱਕ ਸ਼ੀਆ ਫਿਰਕੇ ਦੇ ਰਾਜ ਨਿਜ਼ਾਮ ਸ਼ਾਹੀ ਤੇ ਆਦਲ ਸ਼ਾਹੀ ਮਿਟਾਏ ਜਾਂ ਨਾਲ ਨਹੀਂ ਮਿਲਾਏ ਜਾਂਦੇ ਸਨ। ਨਿਜ਼ਾਮ ਸ਼ਾਹੀ ਦੀ ਰਾਜਧਾਨੀ ਅਹਿਮਦ ਨਗਰ ਤੇ ਆਦਲ ਸ਼ਾਹੀ ਦੀ ਬੀਜਾਪੁਰ ਸੀ । ਸੋ ਔਰੰਗਜ਼ੇਬ ੧੬੭੬ ਤੋਂ ਆਪਣੇ ਅੰਤ ੩ ਮਾਰਚ, ੧੭੦੭ ਤੱਕ, ਪੰਜਾਬ ਤੋਂ ਬਹੁਤ ਹੀ ਦੂਰ ਰਿਹਾ।
ਜੋਧਪੁਰ ਦੇ ਰਾਜਾ ਜਸਵੰਤ ਸਿੰਘ ਦੀ ਜਦ ੧੦ ਦਸੰਬਰ, ੧੬੭੮ ਨੂੰ ਮੌਤ ਹੋ ਗਈ ਤਾਂ ਔਰੰਗਜ਼ੇਬ ਨੇ ਉਸ ਸਮੇਂ ਹੀ ਮਾਰਵਾੜ ਤੇ ਕਬਜ਼ਾ ਕਰਨ ਦੀ ਸੋਚੀ । ੭ ਫ਼ਰਵਰੀ, ੧੬੭੯ ਨੂੰ ਉਸ ਨੇ ਜੋਧਪੁਰ ਤੇ ਅਧਿਕਾਰ ਕਰ ਲਿਆ। ਔਰੰਗਜ਼ੇਬ ਵਾਪਸ ਮੁੜਿਆ ਹੀ ਸੀ ਕਿ ਜੋਧਪੁਰ ਵਿਚ ਬਗ਼ਾਵਤ ਹੋ ਗਈ।ਰਾਜਾ ਜਸਵੰਤ ਸਿੰਘ ਦੀ ਮ੍ਰਿਤੂ ਪਿਛੋਂ ਜਨਮ ਲੈਣ ਵਾਲੇ ਬਾਲਕ ਅਜੀਤ ਸਿੰਘ ਨੂੰ ਔਰੰਗਜ਼ੇਬ ਨੇ ਰਾਣੀ ਮਾਂ ਸਮੇਤ ਦਿੱਲੀ ਕੈਦ ਰੱਖਿਆ ਹੋਇਆ ਸੀ। ਰਾਜਪੂਤ ਬੜੀ ਹੁਸ਼ਿਆਰੀ ਨਾਲ ਅਜੀਤ ਸਿੰਘ ਤੇ ਉਸ ਦੀ ਮਾਂ ਨੂੰ ਕੈਦ ਵਿਚੋਂ ਛੁਡਾ ਕੇ ਲੈ ਗਏ। ਔਰੰਗਜ਼ੇਬ ਨੇ ਹੱਲਾ ਬੋਲ ਦਿੱਤਾ ਤੇ ਮੁਹਿੰਮ ਦਾ ਨਿਗਰਾਨ ਸ਼ਹਿਜ਼ਾਦਾ ਅਕਬਰ ਨੂੰ ਬਣਾਇਆ । ਮਾਰਵਾੜ ਤੇ ਛੇਤੀ ਹੀ ਸ਼ਹਿਜ਼ਾਦੇ ਨੇ ਕਬਜ਼ਾ ਕਰ ਲਿਆ। ਮਾਰਵਾੜ ਪਿਛੋਂ ਹੁਣ ਮੇਵਾੜ ਉਸ ਦਾ ਨਿਸ਼ਾਨਾ ਸੀ। ਉਦੈਪੁਰ ਤੇ ਵੀ ਕਬਜ਼ਾ ਹੋ ਗਿਆ। ਔਰੰਗਜ਼ੇਬ ਆਪ ਤਾਂ ਅਜਮੇਰ ਚਲਾ ਗਿਆ, ਪਰ ਅਕਬਰ ਨੂੰ ਉਥੇ ਹੀ ਰਹਿਣ ਦਿੱਤਾ। ਅਕਬਰ ਨਿੱਤ ਦੇ ਬਖੇੜਿਆਂ ਤੋਂ ਇਤਨਾ ਤੰਗ ਆ ਗਿਆ ਕਿ ਉਸ ਨੇ ਰਾਜਪੂਤਾਂ ਨਾਲ ਇਕ ਪ੍ਰਕਾਰ ਦੀ ਸੰਧੀ ਹੀ ਕਰ ਲਈ।ਔਰੰਗਜ਼ੇਬ ਉਸ ਵੇਲੇ ਅਜਮੇਰ ਹੀ ਸੀ। ਉਸ ਨੂੰ ਇਹ ਹੁੰਦਾ ‘ਇਕੱਠ’ ਚੰਗਾ ਨਾ ਲੱਗਾ। ਉਸ ਨੇ ਇਕ ਚਿੱਠੀ ਲਿਖੀ ਕਿ :
‘ਤੂੰ (ਅਕਬਰ) ਬਹੁਤ ਚਤੁਰ ਪੁੱਤਰ ਹੈਂ, ਬੜੇ ਸੋਹਣੇ ਢੰਗ ਨਾਲ ਰਾਜਪੂਤਾਂ ਨੂੰ ਕਾਬੂ ਕੀਤਾ ਹੈ ਅਤੇ ਛੇਤੀ ਮੈਨੂੰ ਮਿਲ ।’ ਚਿੱਠੀ ਨੂੰ ਐਸੀ ਜੁਗਤ ਨਾਲ ਭੇਜਿਆ ਕਿ ਰਾਜਪੂਤਾਂ ਦੇ ਸਰਦਾਰ ਦੇ ਹੱਥ ਆ ਜਾਏ। ਰਾਜਪੂਤ ਔਰੰਗਜ਼ੇਬ ਦੀ ਚਾਲ ਨਾ ਸਮਝ ਸਕੇ। ਰਾਜਪੂਤਾਂ ਨੇ ਚਿੱਠੀ ਪੜ੍ਹੀ ਤਾਂ ਉਨ੍ਹਾਂ ਦਾ ਅਕਬਰ ਤੋਂ ਵਿਸ਼ਵਾਸ ਉੱਠ ਗਿਆ ਤੇ ਅਕਬਰ ਨੂੰ ਮੇਵਾੜ ਛੱਡ ਕੇ ਦੱਖਣ ਵੱਲ ਜਾਣਾ ਪਿਆ।
ਔਰੰਗਜ਼ੇਬ ਨੇ ਮੇਵਾੜ-ਸ਼ਾਂਤੀ ਖ਼ਰੀਦ ਕੇ ਸਾਰਾ ਧਿਆਨ ਦੱਖਣ ਵੱਲ ਲਗਾ ਦਿੱਤਾ। ਉਹ ੮ ਦਸੰਬਰ, ੧੬੮੧ ਨੂੰ ਆਪੂੰ ਦੱਖਣ ਵੱਲ ਤੁਰ ਪਿਆ। ਅਕਬਰ ਦੇ ਦੱਖਣ ਪੁੱਜਣ ਨਾਲ ਸ਼ੰਭੂ ਜੀ ਨੇ ਉਸ ਨਾਲ ‘ਏਕਾ’ ਕੀਤਾ। ਰਾਜਪੂਤਾਂ ਨੂੰ ਉਸ ਵਕਤ ਹੋਸ਼ ਆਈ ਜਦ ਸਭ ਕੁਝ ਗਵਾਚ ਚੁੱਕਾ ਸੀ, ਪਰ ਹੁਣ ਅਦਿਲਸ਼ਾਹੀ ਤੇ ਨਿਜ਼ਾਮਸ਼ਾਹੀ ਨੇ ਵੀ ਅਕਬਰ ਨਾਲ ਗੱਲਬਾਤ ਕਰ ਲਈ। ਔਰੰਗਜ਼ੇਬ ਪੰਜਾਂ ਪਾਸਿਆਂ ਤੋਂ ਘਿਰ ਗਿਆ।
ਔਰੰਗਜ਼ੇਬ ਨੇ ਪਹਿਲ ਕਰਨ ਵਿਚ ਹੀ ਸਿਆਣਪ ਜਾਣੀ । ੮ ਸਾਲ ਦੀ ਲਗਾਤਾਰ ਮਿਹਨਤ ਅਤੇ ਜਦੋਜਹਿਦ ਪਿਛੋਂ ਔਰੰਗਜ਼ੇਬ ਸਮੁੱਚੇ ਦੱਖਣ ਤੇ ਕਬਜ਼ਾ ਕਰਨ ਵਿਚ ਸਫ਼ਲ ਹੋ ਗਿਆ, ਪਰ ਉਸ ਨੂੰ ਪੂਰਾ ਡਰ ਸੀ ਕਿ ਉਸ ਦੇ ਦੱਖਣ ਤੋਂ ਹਟਦੇ ਸਾਰ ਹੀ ਫਿਰ ਬਗ਼ਾਵਤਾਂ ਸ਼ੁਰੂ ਹੋ ਜਾਣਗੀਆਂ। ਔਰੰਗਜ਼ੇਬ ਨੇ ਆਪਣਾ ਪੱਕਾ ਟਿਕਾਣਾ ਹੀ ਦੱਖਣ ਕਰ ਲਿਆ। ਪੰਜਾਬ ਵੱਲ ਉਹ ਰਤਾ ਵੀ ਧਿਆਨ ਨਾ ਦੇ ਸਕਿਆ।
੩. ਪੰਜਾਬ ਦੇ ਗਵਰਨਰਾਂ ਦੀਆਂ ਨਿੱਤ ਤਬਦੀਲੀਆਂ-੧੬੭੫ ਤੋਂ ੧੭੦੪ ਤੱਕ ਪੰਜਾਬ ਵਿਚ ਵੀਹ ਸਾਲਾਂ ਵਿਚ ਕੋਈ ਇਕ ਨਵਾਬ ਵੀ ਦੋ ਪੂਰੇ ਸਾਲ ਨਾ ਟਿਕ ਸਕਿਆ। ਔਰੰਗਜ਼ੇਬ ਇਤਨੀ ਛੇਤੀ ਗਵਰਨਰ ਤਬਦੀਲ ਕਰ ਦਿੰਦਾ ਸੀ ਕਿ ਕਿਸੇ ਦੀ ਪਕੜ ਵਿਚ ਪੰਜਾਬ ਨਾ ਆਇਆ, ਉਹ ਗੁਰੂ ਗੋਬਿੰਦ ਸਿੰਘ ਜੀ ਵੱਲ ਕੀ ਧਿਆਨ ਦੇ ਸਕਦੇ ਸਨ! ਔਰੰਗਜ਼ੇਬ ਨੇ ਸਤੰਬਰ ੧੬੭੫ ਨੂੰ ਸਯਦ ਅਹਿਮਦ ਨੂੰ ਅਮਾਨਤ ਖ਼ਾਨ ਦਾ ਖ਼ਿਤਾਬ ਦੇ ਕੇ ਪੰਜਾਬ ਭੇਜ ਦਿੱਤਾ । ਉਸ ਨੂੰ ਕਾਰਜ ਸੰਭਾਲਿਆਂ ਡੇਢ ਸਾਲ ਵੀ ਨਹੀਂ ਹੋਇਆ ਸੀ ਕਿ ਔਰੰਗਜ਼ੇਬ ਨੇ ਉਸ ਨੂੰ ਆਪਣੇ ਕੋਲ ਅਜਮੇਰ ਬੁਲਾ ਲਿਆ। ਉਸ ਦੀ ਥਾਂ ਇਕ ਨਾਂ ਮਾਤਰ ਅਸਲਮ ਅਮੀਰ ਨੂੰ ਪੰਜਾਬ ਦਾ ਗਵਰਨਰ ਨਿਯਤ ਕੀਤਾ। ਉਹ ਵੀ ਦੋ ਸਾਲ ਤੋਂ ਵੱਧ ਨਾ ਟਿਕ ਸਕਿਆ ਤਾਂ ਉਸ ਦੀ ਥਾਂ ੧੬੭੮ ਵਿਚ ਕੁਆਮ-ਉਦ-ਦੀਨ ਖ਼ਾਨ ਨੂੰ ਨਿਯੁਕਤ ਕੀਤਾ ਗਿਆ। ਪਰ ਉਸ ਦੀ ਨਿਯੁਕਤੀ ਨਾਲ ਲਾਹੌਰ ਦੇ ਹਾਕਮ ਦੋ ਹਿੱਸਿਆਂ ਵਿਚ ਵੰਡੇ ਗਏ। ਇਕ ਪਾਸੇ, ਸਯਦ ਅਲੀ ਅਕਬਰ, ਕਾਜ਼ੀ ਲਾਹੌਰ ਅਤੇ ਉਸ ਦੇ ਭਤੀਜੇ ਸਯਦ ਫ਼ਾਜ਼ਲ ਸਨ, ਅਤੇ ਦੂਜੇ ਪਾਸੇ ਕੁਆਮ-ਉਦ-ਦੀਨ ਤੇ ਨਿਜ਼ਾਮ-ਉਦ-ਦੀਨ ਕੋਤਵਾਲ ਸਨ। ਇਨ੍ਹਾਂ ਦੇ ਝਗੜੇ ਤੇ ਖਿਚਾ-ਖਿਚੀ ਇਤਨੀ ਵਧ ਗਈ ਕਿ ਲਾਹੌਰ ਹੁਲੜਬਾਜ਼ਾਂ ਦਾ ਅਖਾੜਾ ਬਣ ਗਿਆ। ਸਯਦ ਅਲੀ ਅਕਬਰ ਜੋ ਦਿਆਨਤਦਾਰ ਤੇ ਸੁਘੜ ਹੋਣ ਕਾਰਨ ਹਰਮਨ ਪਿਆਰਾ ਹੋ ਰਿਹਾ ਸੀ, ਨੂੰ ਵਿਰੋਧੀਆਂ ਨੇ ਕਤਲ ਕਰ ਦਿੱਤਾ। ਔਰੰਗਜ਼ੇਬ ਨੇ ਜਦ ਇਸ ਦੁਰਘਟਨਾ ਬਾਰੇ ਸੁਣਿਆ ਤਾਂ ਉਸ ਨੇ ਨਿਜ਼ਾਮਦੀਨ ਨੂੰ ਮੌਤ ਦੀ ਸਜ਼ਾ ਦਿੱਤੀ ਤੇ ਕੁਆਮ-ਉਦ-ਦੀਨ ਨੂੰ ਪੰਜਾਬ ਛੱਡਣ ਦਾ ਹੁਕਮ ਦਿੱਤਾ। ਵਿਗੜਦੀ ਹੋਈ ਹਾਲਤ ਨੂੰ ਸੁਧਾਰਨ ਲਈ ਔਰੰਗਜ਼ੇਬ ਨੇ ੧੬੮੦ ਨੂੰ ਆਪਣੇ ਪੁੱਤਰ ਸ਼ਹਿਜ਼ਾਦਾ ਮੁਹੰਮਦ ਆਜ਼ਮ ਨੂੰ ਭੇਜਿਆ । ਉਸ ਨੂੰ ਥੋੜ੍ਹੀ ਜਿਹੀ ਕਾਮਯਾਬੀ ਵੀ ਹੋਈ, ਪਰ ਵਰ੍ਹਿਆਂ ਦੇ ਵੈਰ, ਦਿਨਾਂ ਵਿਚ ਉਹ ਕਿਵੇਂ ਮਿਟਾ ਸਕਦਾ ਸੀ। ਔਰੰਗਜ਼ੇਬ ਨੇ ਸ਼ਹਿਜ਼ਾਦੇ ਨੂੰ ਵਾਪਸ ਬੁਲਾ ਲਿਆ ਅਤੇ ਮੁਹੰਮਦ ਖ਼ਾਨ ਨੂੰ ਨਵਾਬੀ ਦਿੱਤੀ। ਉਸ ਨੂੰ ਵੀ ਛੇਤੀ ਹੀ ਬਦਲ ਦਿੱਤਾ ਗਿਆ ਤੇ ਖ਼ਾਨ ਜਹਾਨ ਬਹਾਦਰ ਦੇ ਲੜਕੇ ਨੂੰ ਨਵੰਬਰ ੧੬੮੬ ਨੂੰ ਹਾਕਮ ਥਾਪ ਦਿੱਤਾ। ਇਹ ਇਤਨਾ ਕਮਜ਼ੋਰ ਸਾਬਤ ਹੋਇਆ ਕਿ ਸ਼ਹਿਜ਼ਾਦਾ ਆਜ਼ਮ ਨੂੰ ਫਿਰ ਭੇਜਿਆ ਗਿਆ।
ਅਪ੍ਰੈਲ ੧੬੯੧ ਤੋਂ ੧੬੯੩ ਦੀ ਅਪ੍ਰੈਲ ਤੱਕ ਖ਼ਾਨ ਜਹਾਨ ਬਹਾਦਰ ਨੇ ਗਵਰਨਰ ਦਾ ਕੰਮ ਸੰਭਾਲਿਆ। ਔਰੰਗਜ਼ੇਬ ਵੀ ਦੁਖੀ ਸੀ ਕਿ ਪੰਜਾਬ ਵਿਚ ਕੋਈ ਗਵਰਨਰ ਨਹੀਂ ਟਿਕਦਾ, ਸੋ ਪੰਜਾਬ ਨੂੰ ਉਸ ਕਿਸੇ ਮਜ਼ਬੂਤ ਹੱਥ ਦੇਣ ਦੀ ਸੋਚੀ। ਇਸ ਮੰਤਵ ਲਈ ਉਸ ਨੇ ਇਬਰਾਹੀਮ ਖ਼ਾਨ ਨੂੰ ਮਹਾਬਤ ਖ਼ਾਨ ਦਾ ਖ਼ਿਤਾਬ ਦੇ ਕੇ ਭੇਜਿਆ। ਉਹ ਇਕ ਜਾਬਰ ਜਰਨੈਲ ਸੀ। ਉਸ ਕਿਸੇ ਹੱਦ ਤੱਕ ਠਲ੍ਹ ਪਾਈ, ਪਰ ੧੬੯੬ ਨੂੰ ਉਸਦੀ ਮ੍ਰਿਤੂ ਹੋ ਗਈ।
੧੬੯੬ ਵਿਚ ਮੁਕੱਰਮ ਖ਼ਾਨ ਤੇ ਅਬੂ ਨਾਸਰ ਖ਼ਾਨ ਉਤੋੜਿਤੀ ਹਾਕਮ ਬਣੇ । ਔਰੰਗਜ਼ੇਬ ਨੇ ਉਸ ਸਾਲ ਹੀ ਆਪਣੇ ਪੁੱਤਰ ਬਹਾਦਰ ਸ਼ਾਹ ਨੂੰ ਰਿਹਾ ਕਰ ਕੇ ਪੰਜਾਬ ਭੇਜਿਆ। ਉਸ ਨੇ ਹਾਫ਼ਿਜ਼ ਉਲਾਅ ਖ਼ਾਨ, ਜਿਸ ਨੂੰ ਮੀਆਂ ਖ਼ਾਨ` ਵੀ ਕਿਹਾ ਜਾਂਦਾ ਹੈ, ਨੂੰ ਨਾਇਬ ਗਵਰਨਰ ਥਾਪਿਆ ਗਿਆ। ਸ਼ਹਿਜ਼ਾਦਾ ਮੁਅੱਜ਼ਮ (ਬਹਾਦਰ ਸ਼ਾਹ) ਪਹਾੜੀ ਰਾਜਿਆਂ ਵਲੋਂ ਵਿਹਲਾ ਹੋ ਕੇ ਕਾਬਲ ਚਲਾ ਗਿਆ ਅਤੇ ਲਾਹੌਰ ਦਾ ਪ੍ਰਬੰਧ ਜ਼ਬਰਦਸਤ ਖ਼ਾਨ ਨੂੰ ਦੇ ਗਿਆ। ਜ਼ਬਰਦਸਤ ਖ਼ਾਨ ਉਸ ਪਦਵੀ ਤੇ ਔਰੰਗਜ਼ੇਬ ਦੀ ਮੌਤ ਤੱਕ ਰਿਹਾ । ੩ ਮਾਰਚ, ੧੭੦੭ ਨੂੰ ਹੋਈ ਔਰੰਗਜ਼ੇਬ ਦੀ ਮੌਤ ਦੀ ਖ਼ਬਰ ਬਹਾਦਰ ਸ਼ਾਹ ਨੂੰ ੧੫ ਮਾਰਚ ਨੂੰ ਜਮਰੌਦ ਮਿਲੀ
ਇਸ ਵੇਰਵੇ ਤੋਂ ਇਹ ਪ੍ਰਗਟ ਹੈ ਕਿ ਵੀਹ ਸਾਲਾਂ ਵਿਚ ਵੀਹ ਹਾਕਮ ਬਦਲੇ। ਗੁਰੂ ਗੋਬਿੰਦ ਸਿੰਘ ਜੀ ਨੂੰ ਲਾਹੌਰ ਵਲੋਂ ਕਿਸੇ ਸਿੱਧੇ ਹਮਲੇ ਦੀ ਸੰਭਾਵਨਾ ਅਰੰਭ ਦੇ ਸਾਲਾਂ ਵਿਚ ਨਹੀਂ ਸੀ। ਔਰੰਗਜ਼ੇਬ ਦੂਰ ਬੈਠਾ ਹੋਇਆ ਸੀ । ਬਹਾਦਰ ਸ਼ਾਹ ਨੇ ਵੀ ਅਨੰਦਪੁਰ ਤੇ ਸਿੱਧਾ ਹਮਲਾ ਕਰਨਾ ਯੋਗ ਨਾ ਸਮਝਿਆ ਅਤੇ ਵਾਪਸ ਮੁੜ ਗਿਆ। ਜਦ ਔਰੰਗਜ਼ੇਬ ਨੇ ੧੭੦੪ ਵਿਚ ਸਖ਼ਤ ਹਦਾਇਤਾਂ ਭੇਜੀਆਂ ਤਾਂ ਕਿਧਰੇ ਜਾ ਕੇ ਜੰਮੂ, ਲਾਹੌਰ, ਸਰਹੰਦ ਇਕੱਠੇ ਹੋਏ ਤੇ ਉਨ੍ਹਾਂ ਅਨੰਦਪੁਰ ਤੇ ੧੭੦੪ ਨੂੰ ਮਾਰੂ ਹਮਲਾ ਬੋਲਿਆ। ਗੱਲ ਇਥੋਂ ਤੱਕ ਵਿਗੜ ਗਈ ਸੀ ਕਿ ਬਹੁਤੇ ਰਾਜੇ ਗੁਰੂ ਜੀ ਦੇ ਚਾਕਰ ਹੋ ਗਏ ਸਨ ਅਤੇ ਭਾਈ ਕੇਸਰ ਸਿੰਘ ਜੀ ਦੇ ਕਹਿਣ ਅਨੁਸਾਰ ਤਨਖ਼ਾਹਾਂ ਲੈਂਦੇ ਸਨ :
‘ਰਾਜੇ ਜਸਵਾਲ, ਕਹਿਲੂਰੀਏ,
ਹੰਡੂਰੀਏ ਸਭ ਆਇ ਚਾਕਰ ਲੱਗੇ ।
ਦੇਸ ਦੇਸ ਤੇ ਗੁਰੂ ਜੀ ਪਹਿ ਮਾਇਆ ਆਵੈ,
ਦਉਲਤ ਦਾ ਪ੍ਰਵਾਹ ਵਗੇ ॥੨੮੫॥
ਅਨੇਕ ਪਦਾਰਥਾਂ ਦੇ ਢੇਰ,
ਦੇਸ ਦੇਸ ਤੋਂ ਚਲੇ ਆਵਣ।
ਨਾਲੇ ਰਾਜੇ ਮਹੀਨੇ ਲੈ ਜਾਵਨ,
ਨਾਲੇ ਪਦਾਰਥ ਮੰਗ ਲੈ ਜਾਵਨ।
ਦਰਬਾਰ ਵਿਚ ਬੈਠੇ ਰਹਿਨਿ,
ਨਾਲੇ ਬਣੇ ਸਿਪਾਹੀ
ਇਥੇ ਇਸ ਗੱਲ ਦੀ ਪ੍ਰਵਾਹ ਨਾਹੀ॥ ੨੯੬॥
੪. ਲਿਤਾੜੇ ਤੇ ਇਨਸਾਫ਼ ਪਸੰਦ ਮੁਸਲਮਾਨ ਗੁਰੂ ਜੀ ਦੀ ਹਮਾਇਤ
ਤੇ-ਔਰੰਗਜ਼ੇਬ ਇਕ ਕੱਟੜ ਸੁੰਨੀ ਮੁਸਲਮਾਨ ਸੀ । ਸ਼ੀਆ, ਸੂਫ਼ੀ ਤੇ ਹੋਰ ਖੁੱਲ੍ਹ-ਖ਼ਿਆਲੀਏ ਮੁਸਲਮਾਨਾਂ ਨੂੰ ਵੀ ਉਹ ਉਸੇ ਹੀ ਮਾੜੀ ਨਜ਼ਰ ਨਾਲ ਦੇਖਦਾ ਸੀ ਜਿਸ ਨਾਲ ਹਿੰਦੂਆਂ ਨੂੰ । ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਸਰਮਦ ਦੀਆਂ ਰੁਬਾਈਆਂ ਦਾ ਤਰਜਮਾ ਕਰ ਕੇ ਮੁੱਖ ਬੰਦ ਵਿਚ ਠੀਕ ਲਿਖਿਆ ਹੈ ਕਿ ‘ਔਰੰਗਜ਼ੇਬ ਹਰ ਆਪਣੇ ਕੀਤੇ ਕਰਮ ਦਾ ਉੱਤਰ ਸਹਿਜ ਨਾਲ ਅਲਾਹ ਦੇ ਦਰਬਾਰ ਦੇ ਸਕੇਗਾ, ਪਰ ਉਸ ਨੇ ‘ਸਰਮਦ’ ਨੂੰ ਕਿਉਂ ਕਤਲ ਕੀਤਾ, ਇਸ ਦਾ ਉੱਤਰ ਉਸ ਪਾਸ ਨਹੀਂ ਹੋਣ ਲੱਗਾ।’ ਮੀਆਂ ਮੀਰ ਦੇ ਚੇਲੇ ਸ਼ਾਹ ਮੁਹੰਮਦ ਬਦਖਸ਼ਾਨੀ ਨੂੰ ਵੀ ਉਸ ਸ਼ਹੀਦ ਕੀਤਾ। ਮੀਆਂ ਮੀਰ ਦੀ ਕਬਰ ਲਈ ਲਿਆਂਦੇ ਲਾਲ ਪੱਥਰ ਵੀ ਉਸ ਉਠਵਾ ਲਏ। ਸਾਰੇ ਇਨਸਾਫ਼ ਪਸੰਦ ਮੁਸਲਮਾਨ ਗੁਰੂ ਜੀ ਵੱਲ ਖਿੱਚੇ ਆਏ ਤੇ ਉਸ ਦੇ ਕਰਮਾਂ ਨੂੰ ਮਾੜਾ ਕਹਿੰਦੇ। ਜੀ.ਟੀ. ਵਿਲਰ ਦਾ ਲਿਖਣਾ ਹੈ ਕਿ ‘ਮੱਕੇ ਦੇ ਵੱਡੇ ਮੁਫ਼ਤੀ ਨੇ ਔਰੰਗਜ਼ੇਬ ਦੇ ਭੇਜੇ ਕਾਸਦ ਨੂੰ ਮੂੰਹ ਲਗਾਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ । ਈਰਾਨ ਦਾ ਬਾਦਸ਼ਾਹ, ਸ਼ਾਹ ਅਬਾਸ, ਔਰੰਗਜ਼ੇਬ ਨੂੰ ਘਿਰਣਾ ਕਰਦਾ ਸੀ । ਕਈ ਖੁੱਲ੍ਹ-ਖ਼ਿਆਲੀਏ ਮੁਸਲਮਾਨ ਗੁਰੂ ਜੀ ਦੀ ਮੱਦਦ ਤੇ ਵੀ ਆਏ। ਜਦ ਪਠਾਣਾਂ ਨੂੰ ਔਰੰਗਜ਼ੇਬ ਨੇ ਆਪਣੀ ਫ਼ੌਜ ਵਿਚੋਂ ਕੱਢਿਆ ਤਾਂ ਕਈ ਜਰਨੈਲਾਂ ਗੁਰੂ ਜੀ ਦੀ ਸ਼ਰਨ ਲਈ। ਹਫ਼ੀਜ਼, ਸੈਦਖ਼ਾਨ, ਭੀਖਨ ਸ਼ਾਹ, ਪੀਰ ਬੁੱਧੂ ਸ਼ਾਹ, ਸੱਯਦ ਬੇਗ, ਕਾਲੇਖ਼ਾਨ, ਮੈਮੂਖ਼ਾਨ, ਪੀਰ ਬਹਾਉਦੀਨ, ਕਨੌਜ ਦਾ ਮਦਾਰ ਇਸ ਪਾਸੇ ਦੀਆਂ ਕੁਝ ਉਦਾਹਰਣਾਂ ਹਨ।
ਸਦੀਆਂ ਤੋਂ ਲਿਤਾੜੀ ਜਾ ਰਹੀ ਹਿੰਦੂ ਜਾਤੀ ਨੇ ਵੀ ਗੁਰੂ ਮਹਾਰਾਜ ਦੀ ਸ਼ਰਨ ਵਿਚ ਹੀ ਕਲਿਆਣ ਸਮਝੀ। ਰੰਘਰੇਟੇ, ਜਿਨ੍ਹਾਂ ਨੂੰ ਰਾਜੇ ‘ਰੰਕ’ ਕਹਿ ਕੇ ਦੁਰਕਾਰਦੇ ਸਨ ਤੇ ‘ਰੰਗ ਭੇਦ’ ਕਰ ਕੇ‘ਰੰਘਰੇਟਾ’ ਆਖਦੇ ਸਨ, ਗੁਰੂ ਜੀ ਪਾਸ ਆ ਕੇ ਨਾ ਸਿਰਫ਼ ਸਿੱਖ ਕਹਿਲਾਏ ਸਗੋਂ ‘ਗੁਰੂ ਕੇ ਬੇਟੇ’ ਬਣੇ। ਮਾਝੇ, ਮਾਲਵੇ ਤੇ ਦੁਆਬੇ ਦੇ ਜੱਟਾਂ ਨੇ ਆਪਣਾ ਇਕ-ਇਕ ਬੇਟਾ ਗੁਰੂ ਹੇਤ ਭੇਜ ਕੇ ਗੁਰੂ ਦੀ ਫ਼ੌਜ ਨੂੰ ਮਜ਼ਬੂਤ ਕੀਤਾ। ਭਾਈ ਰਤਨ ਸਿੰਘ ਜੀ ਨੇ ਸਾਰੀਆਂ ਉਹ ਜਾਤੀਆਂ ਗਿਣੀਆਂ ਹਨ ਜਿਨ੍ਹਾਂ ਗੁਰੂ ਸ਼ਰਨ ਲੈ ਸਰਦਾਰੀਆਂ ਪਾਈਆਂ :
‘ਗੁਜਰ, ਲੁਹਾਰ, ਅਹੀਰ, ਕਮਜਾਤ ।
ਕੰਬੋ ਸੂਨ ਕੋ ਪੂਛੇ ਨ ਬਾਤ।
ਝੀਵਰ ਨਾਈ ਔ ਰੋੜੇ ਘੁਮਿਆਰ ।
ਸਾਇਣੀ ਸੁਨਿਆਰੇ ਚੂੜ ਚਮਾਰ ।
ਭੱਟ ਔ ਬ੍ਰਾਹਮਣ ਹੁਤੇ ਮੰਗਵਾਰ।
ਬਹੁ ਰੂਪੀਏ ਲੁਬਾਣੇ ਔਰ ਘੁਮਿਆਰ ।
‘ਇਨ ਗ਼ਰੀਬ ਸਿਖਨ’ ਕੋ ਹੀ ਗੁਰੂ ਜੀ ਨੇ ਪਾਤਸ਼ਾਹੀ ਬਖ਼ਸ਼ੀ। ਇਹ ਹੀ ਗੁਰੂ ਜੀ ਦੀ ਆਵਾਜ਼ ਤੇ ਬੰਦੂਕਾਂ ਅੱਗੇ ਪੈਲਾਂ ਪਾਉਂਦੇ ਆਏ । ਸਾਖੀ ਆਉਂਦੀ ਹੈ ਕਿ ਜਦ ਭਾਈ ਡੱਲਾ ਨੇ ਆਵਾਜ਼ ਦਿੱਤੀ ਕਿ ਗੁਰੂ ਜੀ ਨੇ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਪਰਖਣਾ ਹੈ ਤਾਂ ਆਵਾਜ਼ ਸੁਣ ਕੇ ਹੀ ਦੋ ਸਿੱਖ ਦੌੜਦੇ ਆਏ। ਜਦ ਗੁਰੂ ਜੀ ਨੇ ਕਿਹਾ ਕਿ ਮੈਨੂੰ ਤਾਂ ਇਕ ਦੀ ਲੋੜ ਹੈ ਤਾਂ ਸਿੱਖਾਂ ਨੇ ਕਿਹਾ, ਕਿਸੇ ਨਾਂ ਲੈ ਕੇ ਨਹੀਂ ਸੀ ਪੁਕਾਰਿਆ। ਆਵਾਜ਼ ਪਈ ਸੀ ਕਿ ਕੋਈ ਸਿੱਖ ਹੈ ਤਾਂ ਆਵੇ, ਦੋਨਾਂ ਨੂੰ ਹੀ ਨਿਸ਼ਾਨਾ ਬਣਾ ਕੇ ਸਿੱਖ ਬਣਾਵੋ। ਸੂਰਜ ਪ੍ਰਕਾਸ਼ ਦੇ ਲਿਖਣ ਅਨੁਸਾਰ ਗੁਰੂ ਜੀ ਨੇ ਉਥੇ ਹੀ ਫ਼ਰਮਾਇਆ: ਦੇਖ ਡੱਲਾ : ਸਾਹਮਣੇ ਬੰਦੂਕ ਹੈ, ਪਰ ਇਹ ਦੋਨੋਂ ਨਿਸ਼ਾਨਾ ਬਣਨ ਲਈ ਤੜਫ਼ ਰਹੇ ਹਨ :
‘ਮੈਂ ਚਾਹੋ ਥਿਰ ਅਗਰ ਤੁਫੰਗਾ।
ਇਹ ਚਾਹਤ ਝਗਰਤ ਮੁਝ ਸੰਗਾ।’
ਐਸੇ ਸਿਰ ਤਲੀ ਰੱਖ ਸਿੱਖ ਗੁਰੂ ਜੀ ਦਾ ਸਾਥ ਦੇ ਰਹੇ ਹਨ।
ਵਿਰੋਧੀ :
ਪਹਾੜੀ ਰਾਜੇ ਟਾਕਰੇ ਤੇ—ਜਿੱਥੇ ਸਹਾਈ ਪੱਖ ਇਤਨੇ ਸਨ, ਉਥੇ ਵੈਰੀ ਤੇ ਵਿਰੋਧੀ ਵੀ ਕੁਝ ਘੱਟ ਨਹੀਂ ਸਨ। ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਜੀ ਦੀ ਹੋਂਦ ਨੂੰ ਆਪਣੇ ਲਈ ਖ਼ਤਰਾ ਸਮਝਦੇ ਸਨ। ਹਰ ਸਮੇਂ ਉਹ ਚੋਭਾਂ ਦੇਂਦੇ ਤੇ ਝਗੜੇ ਪਾਉਂਦੇ ਸਨ । ਇਹ ਬਾਈ ਧਾਰ ਦੇ ਰਾਜੇ, ਜਲੰਧਰ ਦੁਆਬ, ਸਤਲੁਜ ਹਿਠਾੜ ਤੇ ਡੂਗਰ ਨਾਂ ਦੇ ਤਿੰਨ ਹਿੱਸਿਆਂ ਵਿਚ ਵੰਡੇ ਹੋਏ ਸਨ।
ਜਲੰਧਰ ਦੁਆਬ ਵਿਚ ਚੰਬਾ, ਨੂਰਪੁਰ, ਗੁਲੇਰ, ਦਾਤਾਰਪੁਰ, ਸਿੰਬਾ ਜਸਵਾ, ਕਾਂਗੜਾ, ਕੁਟਲੇਹਰ, ਮੰਡੀ, ਸੁਕੇਤ ਤੇ ਕੁੱਲੂ ਦੀਆਂ ਗਿਆਰਾਂ ਰਿਆਸਤਾਂ ਸਨ।
ਡੂਗਰ ਦੇ ਇਲਾਕੇ ਵਿਚ ਦਸ ਰਿਆਸਤਾਂ, ਬਸੋਹਲੀ, ਭਾਦੂ, ਮਾਨ ਕੋਟ, ਬੰਦਰਾਲ, ਜਸਰੋਟਾ, ਸਾਂਬਾ, ਜੰਮੂ, ਚਨੈਹਨੀ, ਕਿਸ਼ਤਵਾੜ, ਭਵਾਹਾ ਸਨ।
ਸਤਲੁਜ ਹਿਠਾੜ ਵਿਚ ਇਕ ਰਿਆਸਤ ਬਿਲਾਸਪੁਰ (ਕਹਿਲੂਰ) ਦੀ ਸੀ ਜਿਸ ਦਾ ਰਾਜਾ ਭੀਮ ਚੰਦ ਬਹੁਤ ਖਰੂਦ ਪਾਉਂਦਾ ਸੀ ਤੇ ਉਹੀ ਆਗੂ ਬਣ ਕੇ ਬਾਕੀ ਰਾਜਿਆਂ ਨੂੰ ਵੀ ਗੁਰੂ ਜੀ ਵਿਰੁੱਧ ਚੁੱਕਦਾ ਰਹਿੰਦਾ ਸੀ। ਬਾਕੀ ਰਾਜੇ ਤਾਂ ਇਕ ਤਰ੍ਹਾਂ ਗੁਰੂ ਜੀ ਦੀ ਸ਼ਰਨ ਵਿਚ ਹੀ ਆ ਗਏ ਸਨ। ਭੀਮ ਚੰਦ ਪਿਛੋਂ ਉਸ ਦੇ ਲੜਕੇ ਅਜਮੇਰ ਚੰਦ ਨੇ ਇਸ ਵਿਰੋਧ ਨੂੰ ਮੱਠਾ ਨਾ ਪੈਣ ਦਿੱਤਾ। ਭੀਮ ਚੰਦ ਹੇਠਾਂ ਨੈਣਾਂ ਦੇਵੀ, ਕੋਟ, ਤਿਊਨੀ, ਬਾਂਦਲਾ, ਜਿਜਆਰ, ਰਤਨਪੁਰ ਤੇ ਬਹਾਦਰਪੁਰ ਦੀਆਂ ਸੱਤ ਧਾਰਾਂ ਸਨ। ਬਾਰਾਂ ਠਾਕੁਰ ਵੀ ਭੀਮ ਚੰਦ ਨਾਲ ਰਲੇ ਹੋਏ ਸਨ। ਭੀਮ ਚੰਦ ਦੇ ਲੜਕੇ ਅਜਮੇਰ ਚੰਦ ਦਾ ਰਿਸ਼ਤਾ ਫ਼ਤਹ ਸ਼ਾਹ ਟੀੜ੍ਹੀ ਗੜ੍ਹਵਾਲ ਦੀ ਪੁੱਤਰੀ ਨਾਲ ਹੋ ਗਿਆ ਤਾਂ ਉਸ ਨੇ ਗੁਰੂ ਜੀ ਨਾਲ ਪਹਿਲੀ ਸਿੱਧੀ ਟੱਕਰ ਭੰਗਾਣੀ ਦੇ ਮੈਦਾਨ ਵਿਚ ਲੈ ਲਈ । ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਜੀ ਨੂੰ ‘ਧਰਮ ਨਾਸ਼ਕ’ ਕਹਿਣ ਲੱਗ ਪਏ।
ਇੰਦੂ ਭੂਸ਼ਨ ਬੈਨਰਜੀ ਲਿਖਦਾ ਹੈ : ‘ਇਹ ਕੋਈ ਅਚੰਭੇ ਦੀ ਗੱਲ ਨਹੀਂ ਕਿ ਪਹਾੜੀ ਰਾਜੇ ਗੁਰੂ ਜੀ ਨਾਲ ਵੈਰ ਰੱਖਦੇ ਤੇ ਘਿਰਣਾ ਕਰਦੇ। ਗੁਰੂ ਉਸ ਧਰਮ ਦਾ ਪ੍ਰਤੀਨਿਧ ਕਰਦੇ ਹਨ ਜੋ ਜਨਤਾ ਵਿਚ ਭਰਾਤਰੀ, ਮੈਤਰੀ ਅਤੇ ਸਮਦ੍ਰਿਸ਼ਟੀ ਦੇ ਖ਼ਿਆਲ ਭਰ ਰਿਹਾ ਸੀ।
ਗੁਰੂ ਜੀ ਦੇ ਬਹੁਤ ਸੇਵਕ ਜੱਟ ਸਨ ਜਿਨ੍ਹਾਂ ਨੂੰ ਰਾਜਪੂਤ ਘਟੀਆ ਜਾਤ ਦੇ ਸਮਝਦੇ ਸਨ। ਪਹਾੜੀ ਰਾਜਿਆਂ ਦੀ ਰਾਜਨੀਤਕ ਵਿਸ਼ੇਸ਼ਤਾ, ਸਮਾਜਕ ਉੱਚਤਾ ਅਤੇ ਕੌਮੀ ਹੈਂਕੜ ਨੇ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਦੂਰ ਰੱਖਿਆ। ਪਹਾੜੀ ਰਾਜੇ ਦਿੱਲੀ ਦੇ ਹੁਕਮ ਵਿਚ ਟੁਰਨ ਲੱਗ ਪਏ ਅਤੇ ਹਰ ਹਮਲਾ ਕਰਨ ਲਈ ਤਿਆਰ ਹੋ ਗਏ । ਗੁਰੂ ਜੀ ਨੂੰ ਅਖ਼ੀਰ ਤੱਕ ਉਹ ‘ਕੁਝ ਸਿਰ ਫਿਰਿਆਂ ਦਾ ਆਗੂ’ ਕਹਿੰਦੇ ਰਹੇ । ‘ਸਾਖੀਆਂ ਦਸਵੇਂ ਮਹੱਲ ਦੀਆਂ’ ਵਿਚ ਭਾਈ ਸੇਵਾ ਦਾਸ ਜੀ ਨੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਵਿਚ ਲਿਖਿਆ, ‘ਮੈਂ ਇਕ ਪੱਥਰ (ਅਨੰਦਪੁਰ ਦੀ ਪਹਾੜੀ) ਉੱਪਰ ਬਸੇਰਾ ਕਰਦਾ ਸੀ ਅਤੇ ਨਿਰਦਾਵੇ ਕਰ ਬਸੇਰਾ ਕਰਦਾ ਸੀ । ਕਉ ਤੇਰਾ ਗਾਵ (ਇਲਾਕਾ) ਨ ਖਾਵਤਾ ਥਾ। ਰਾਜਿਆਂ ਸਾਥ ਰਲ ਕਰ ਤੂੰ) ਮੇਰੀ ਅਉਰ (ਵਲ) ਫ਼ੌਜਾਂ ਭੇਜੀਆਂ । ਜੈਸਾ ਤੂੰ ਬੇਇਨਸਾਫ਼ ਤੈਸੇ ਤੇਰੇ ਰਾਜੇ ਬੇਇਨਸਾਫ਼ । ਕਨ੍ਹੀਆ ਲਾਲ ਨੇ ਤਾਰੀਖ਼-ਏ-ਪੰਜਾਬ ਵਿਚ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੀ ਲਿਖਿਆ ਹੈ ਹਿੰਦੂਆਂ ਦਾ ਇਕ ਟੋਲਾ ਸਦਾ ਸਾਡੇ ਵਿਰੁੱਧ ਰਿਹਾ ਹੈ। ਗੁਰੂ ਜੀ ਨੇ ਆਪੂੰ ਇਨ੍ਹਾਂ ਪਹਾੜੀ ਰਾਜਿਆਂ ਨੂੰ ਹਰ ਵੇਲੇ ਝਗੜਾ ਪਾਉਣ ਵਾਲਾ ਲਿਖਿਆ ‘ਕੁਹਾਂ ਪੁਰਫ਼ਿਤਨ’ ਜ਼ਫ਼ਰਨਾਮਾ ਦੇ ਹੀ ਸ਼ਬਦ ਹਨ।
ਦੂਜੇ, ਪੰਜਾਬ ਵਿਚ ਜੇ ਖੁੱਲ੍ਹ ਖ਼ਿਆਲੀਏ ਮੁਸਲਮਾਨ ਗੁਰੂ ਜੀ ਦੀ ਸਹਾਇਤਾ ਕਰ ਰਹੇ ਸਨ ਅਤੇ ਨਾਲ ਹੋ ਜੂਝਦੇ ਸਨ ਤਾਂ ਕੱਟੜ ਖ਼ਿਆਲਿਆਂ ਨੇ ਵੀ ਗੁਰੂ ਜੀ ਦੇ ਵਿਰੋਧ ਦੀ ਸਹੁੰ ਖਾਧੀ ਹੋਈ ਸੀ। ਪੰਜਾਬ ਵਿਚ ਸੁੰਨੀਆਂ ਦਾ ਜ਼ੋਰ ਸੀ। ਰੰਘੜ ਤੇ ਗੁੱਜਰ ਸਿੰਘਾਂ ਦੇ ਘਰ ਘਾਟਾਂ ਨੂੰ ਹਕੂਮਤ ਦੀ ਸ਼ਹਿ ਤੇ ਲੁੱਟਦੇ ਅਤੇ ਅਨੰਦਪੁਰ ਵੱਲ ਆਉਂਦੇ ਸਿੱਖਾਂ ਨੂੰ ਰੋਕਦੇ ਕਈ ਵਾਰੀ ਲੁੱਟ ਵੀ ਲੈਂਦੇ ਸਨ। ਔਰੰਗਜ਼ੇਬ ਵਲੋਂ ਨਿਯਤ ਕੀਤੇ ਮੌਲਾਣੇ ਤੇ ਫ਼ੌਜਾਂ ਸਿੱਖਾਂ ਵਿਰੁੱਧ ਜਹਾਦ ਦਾ ਝੰਡਾ ਥਾਂ-ਥਾਂ ਖੜ੍ਹਾ ਕਰ ਰਹੇ ਸਨ। ਫ਼ੌਜਦਾਰ, ਚੌਧਰੀ, ਮੁਕੱਦਮ ਤੇ ਸਿਪਾਹੀ ਸਿੱਖਾਂ ਦਾ ਪਿੱਛਾ ਕਰਦੇ ਰਹਿੰਦੇ ਸਨ । ਅਨੰਦਪੁਰ ਦੀ ਚੌਥੀ ਜੰਗ ਵਿਚ ੧੦ ਲੱਖ ਮੁਲਖੱਈਏ ਦਾ ਇਕੱਠਾ ਹੋ ਜਾਣਾ ਇਸੇ ਨਫ਼ਰਤ ਨੂੰ ਪ੍ਰਗਟਾਉਂਦਾ ਹੈ।
ਇਸੇ ਤਰ੍ਹਾਂ ਇਕ ਹੋਰ ਟੋਲਾ ਨਖਸ਼ਬੰਦੀਆਂ ਦਾ ਗੁਰੂ ਘਰ ਵਿਰੁੱਧ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਉੱਠ ਖਲੋਤਾ ਸੀ । ਉਨ੍ਹਾਂ ਦਾ ਆਗੂ ਸ਼ੇਖ਼ ਅਹਿਮਦ ਸਰਹੰਦੀ, ਮੁਜੱਦਦ ਅਲਫ਼-ਸਾਨੀ (ਇਸਲਾਮ ਦਾ ਰੱਖਿਅਕ) ਬਣ ਬੈਠਾ ਸੀ। ਅਕਬਰ ਦੇ ਵੇਲੇ ਹੀ ਉਸ ਇਹ ਝੌਂਡੀ ਪਿੱਟ ਦਿੱਤੀ ਸੀ ਕਿ ਉਸ ਨੂੰ ਗਿਆਨ ਹੋਇਆ ਹੈ ਕਿ ਮੁਸਲਮਾਨ ਮਾਰੇ ਜਾ ਰਹੇ ਹਨ, ਸੋ ਉਨ੍ਹਾਂ ਦੀ ਰੱਖਿਆ ਲਈ ਉੱਦਮ ਕਰਨਾ ਜ਼ਰੂਰੀ ਹੈ । ਉਸ ਨੇ ਆਪਣਾ ਪ੍ਰਚਾਰ ਅਰੰਭਿਆ। ਕਈ ਚਿੱਠੀਆਂ ਫ਼ਰੀਦ ਬੁਖ਼ਾਰੀ (ਮੁਰਤਜ਼ਾ ਖ਼ਾਨ) ਨੂੰ ਲਿਖੀਆਂ। ਉਹ ਸਰਹੰਦੀ ਦਾ ਚੇਲਾ ਬਣ ਗਿਆ। ਖ਼ੁਸਰੋ ਦੀ ਬਗ਼ਾਵਤ ਇਸੇ ਨੇ ਹੀ ਦਬਾਈ ਸੀ ਤੇ ਜਹਾਂਗੀਰ ਨੇ ਇਸੇ ਨੂੰ ਗੁਰੂ ਅਰਜਨ ਦੇਵ ਜੀ ਦਾ ਘਰ ਘਾਟ ਜ਼ਬਤ ਕਰਨ ਲਈ ਕਿਹਾ ਸੀ। ਜਹਾਂਗੀਰ ਨੇ ਪੰਜਾਬ ਉਸ ਨੂੰ ਜਗੀਰ ਵਿਚ ਦੇ ਦਿੱਤਾ। ਪਿਛੋਂ ਉਸ ਨੇ ਲੱਲਾ ਬੇਗ਼ ਨੂੰ ਚੁੱਕਿਆ ਤੇ ਲਿਖਿਆ ਵੀ, ‘ਜੇ ਸ਼ਹਿਨਸ਼ਾਹ ਦੇ ਹੁਣ (੧੬੨੮) ਤਖ਼ਤ ਤੇ ਬੈਠਦਿਆਂ ਹੀ ਇਸਲਾਮ ਦੇ ਪੈਰ ਹਿੰਦ ਵਿਚ ਜੰਮ ਗਏ ਤਾਂ ਠੀਕ, ਜੇ ਢਿੱਲ ਮੱਠ ਹੋ ਗਈ ਤਾਂ ਪਿਛੋਂ ਬਹੁਤ ਔਖਿਆਈ ਹੋਵੇਗੀ।’ ਲੱਲਾ ਬੇਗ਼ ਨੇ ਹੀ ਫ਼ੌਜਾਂ ਲਿਆ ਕੇ ਨਥਾਣਾ ਦੇ ਅਸਥਾਨ ਤੇ ਗੁਰੂ ਹਰਿਗੋਬਿੰਦ ਜੀ ਉੱਤੇ ਹਮਲਾ ਕੀਤਾ ਸੀ।
ਔਰੰਗਜ਼ੇਬ ਵੇਲੇ, ਉਸ ਦਾ ਪੋਤਰਾ, ‘ਖ਼ਵਾਜ਼ਾ ਮਾਸੂਮ ਮੁਜੱਦਦ’ ਦਾ ਤੀਜਾ ਪੁੱਤਰ ਸ਼ੇਖ਼ ਸਰਹੰਦੀ ਦੀ ਗੱਦੀ ਤੇ ਸੀ। ਔਰੰਗਜ਼ੇਬ ਉਸ ਦਾ ਮੁਰੀਦ ਬਣ ਗਿਆ ਤੇ ਦੱਖਣ ਵਿਚ ਔਰੰਗਜ਼ੇਬ ਦਾ ਹਮਰਕਾਬ ਵੀ ਰਿਹਾ। ਗੁਰੂ ਗੋਬਿੰਦ ਸਿੰਘ ਜੀ ਤੇ ਜਿਸ ਨੇ ਮਾਰੂ ਹਮਲਾ ਕੀਤਾ ਸੀ, ਉਹ ਨੌਕਰ ਤਾਂ ਜ਼ਰੂਰ ਵਜ਼ੀਰ ਖ਼ਾਨ ਦਾ ਸੀ, ਪਰ ਮੁਰੀਦ ਇਸੇ ਸਰਹੰਦੀ ਦਾ ਸੀ ।
ਤੀਜੇ, ਗੁਰੂ ਘਰ ਤੋਂ ਛੇਕੇ ਗਏ ਸੰਬੰਧੀ ਵੀ ਸਖ਼ਤ ਮੁਖ਼ਾਲਫ਼ਤ ਕਰਦੇ ਸਨ। ਬਾਬਾ ਧੀਰ ਮਲ ਜੀ ਤੇ ਰਾਮ ਰਾਇ ਜੀ ਨੇ ਵਿਰੋਧ ਨੂੰ ਨਿੱਤ ਦਾ ਕਰਮ ਬਣਾਇਆ ਹੋਇਆ ਸੀ । ੧੬੭੬ ਈ: ਵਿਚ ਧੀਰ ਮਲ ਜੀ ਨੂੰ ਗ੍ਰਿਫ਼ਤਾਰ ਕਰ ਕੇ ਔਰੰਗਜ਼ੇਬ ਨੇ ਰਣਥੰਭੋਰ ਭੇਜ ਦਿੱਤਾ। ਇਕ ਸਾਲ, ਦੋ ਮਹੀਨੇ, ਪੰਜ ਦਿਨ ਨਜ਼ਰਬੰਦੀ ਵਿਚ ਰਹਿ ਕੇ ਉਹ ਉਥੇ ਹੀ ਗੁਜ਼ਰ ਗਏ । ਉਨ੍ਹਾਂ ਦੇ ਪੁੱਤਰ ਬਾਬਾ ਰਾਮ ਚੰਦ ਵੀ ੧੬੭੮ ਈ: ਨੂੰ ਨਜ਼ਰਬੰਦੀ ਵਿਚ ਹੀ ਚਲਾਣਾ ਕਰ ਗਏ। ਰਾਮ ਰਾਇ ਜੀ ਭਾਵੇਂ ਡੇਹਰਾਦੂਨ ਚਲੇ ਗਏ, ਪਰ ਪਹਾੜੀ ਰਾਜਿਆਂ ਵਿਚ ਗੁਰੂ ਜੀ ਵਿਰੁੱਧ ਪ੍ਰਚਾਰ ਕਰਦੇ ਸਨ। ਮਸੰਦ ਵੀ ਭੇਟਾ ਠੀਕ ਥਾਂ ਟਿਕਾਣੇ ਨਹੀਂ ਪੁਚਾਂਦੇ ਸਨ। ਮਸੰਦਾਂ ਦੇ ਪ੍ਰਚਾਰ ਦਾ ਮੂਲ ਅਧਾਰ ਸੀ ਕਿ ‘ਗੁਰੂ ਨਾਨਕ ਜੀ ਵਾਲਾ ਰਾਹ ਗੋਬਿੰਦ ਸਿੰਘ ਜੀ ਨੇ ਛੱਡ ਦਿੱਤਾ ਹੈ ।’ ਇਹ ਮਸੰਦ ਲੋਕ ਉਤਨੀ ਦੇਰ ਤੱਕ ਗੁਰੂ ਵਿਰੁੱਧ ਬੋਲਦੇ ਹੀ ਰਹੇ ਜਦ ਤੱਕ ਇਨ੍ਹਾਂ ਨੂੰ ਕਰੜੇ ਹੱਥਾਂ ਨਾਲ ਦਬਾਇਆ ਨਾ ਗਿਆ ਤੇ ਸੰਗਤਾਂ ਨੂੰ ‘ਖ਼ਾਲਸਾ’ ਨਾ ਬਣਾ ਲਿਆ ਗਿਆ।
ਪਰ ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਵਿਰੋਧੀ ਸ਼ਕਤੀਆਂ ਨੂੰ ਪਛਾੜ ਕੇ ਪੱਖ ਵਿਚ ਸਹਾਈ ਤਾਕਤਾਂ ਦਾ ਸਹਾਰਾ ਲੈ ਕੇ ਆਉਂਦੇ ਕੁਝ ਹੀ ਸਾਲਾਂ ਵਿਚ ਨਰੋਈ ਤੇ ਵੱਖਰੀ ਕੌਮ ਤਿਆਰ ਕਰ ਦਿੱਤੀ।
6
ਅਨੰਦਪੁਰ ਵਿਚ ਤਿਆਰੀਆਂ ਦੇ ਅੱਠ ਸਾਲ
(੧੬੭੫ ਈ: ਤੋਂ ੧੬੮੩ ਈ: ਤੱਕ)
ਤੱਖ਼ਤ ਤੇ ਬੈਠਦਿਆਂ ਚੜ੍ਹਦੀ ਕਲਾ ਦੇ ਬਚਨ-ਜਦ ਗੁਰੂ ਤੇਗ਼ ਬਹਾਦਰ ਜੀ ਸ਼ਹੀਦ ਹੋਏ, ਭਾਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਉਸ ਸਮੇਂ ਨੌਂ ਸਾਲ ਦੀ ਸੀ ਪਰ ਉਨ੍ਹਾਂ ਕੌਮ ਵਿਚ ਸਾਹਸ ਭਰਨ ਲਈ ਤੱਖ਼ਤ ਤੇ ਬੈਠਦਿਆਂ ਐਸੇ ਹੁਕਮ ਦੇਣੇ ਅਰੰਭ ਕਰ ਦਿੱਤੇ ਜਿਨ੍ਹਾਂ ਕਾਰਨ ਕੌਮ ਵਿਚ ਨਵੀਂ ਰੂਹ ਫੂਕੀ ਗਈ। ਜਦ ਨੌਵੇਂ ਪਾਤਸ਼ਾਹ ਦਾ ਸੀਸ ਭਾਈ ਜੈਤਾ ਜੀ ਲੈ ਕੇ ਅਨੰਦਪੁਰ ਪੁੱਜੇ ਤਾਂ ਆਪ ਜੀ ਨੇ ਹੱਥੀਂ ਸੱਸਕਾਰ ਕੀਤਾ ਤੇ ਸੰਗਤਾਂ ਨੂੰ ਕਿਹਾ, ‘ਹੁਣ ਸਭ ਸਗੋਂ ਤਿਆਰ ਹੋਵੋ। ਸ਼ੋਕ ਦੀ ਥਾਂ ਸ਼ੁਕਰ ਕਰੋ ਤੇ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਟੁਰਨ ਦਾ ਪ੍ਰਣ ਕਰੋ। ਕੇਸ ਰੱਖਣ ਦਾ ਹੁਕਮ ਵੀ ਆਪ ਜੀ ਨੇ ਦਿੱਤਾ।
ਜਦ ਆਪ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲੀ ਤਾਂ ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਦੀ ਵੰਸ਼ ਦੇ ਬਾਬਾ ਰਾਮ ਕੌਰ ਜੀ ਨੇ ਕਲਗੀ, ਜਿਗਾ ਹੀਰਿਆਂ ਪੰਨਿਆਂ ਦੀ ਜੜਤ ਵਾਲੀ ਦਸਤਾਰ ਪੇਸ਼ ਕੀਤੀ ਤੇ ਹੱਥੀਂ ਸਜਾ ਦਿੱਤੀ। ਨਾਲ ਹੀ ਦੁਸ਼ਾਲਾ, ਮੋਤੀਆਂ ਦੀ ਮਾਲਾ, ਕਮਾਨ, ਤਲਵਾਰ, ਚਾਂਦੀ ਦੇ ਸਾਜ਼ ਨਾਲ ਸਜਿਆ ਘੋੜਾ, ਬਾਜ਼ ਅਤੇ ਪੰਜ ਮੁਹਰਾਂ ਵੀ ਭੇਟ ਕੀਤੀਆਂ। ਫਿਰ ਦੂਰ-ਦੂਰ ਤੋਂ ਆਈ ਸੰਗਤ ਨੇ ਭੇਟਾ ਦਿੱਤੀਆਂ। ਮਾਤਾ ਗੁਜਰੀ ਜੀ ਨੇ ‘ਹੋਵਹੁ ਸੁਜਸੁ ਪ੍ਰਤਾਪ ਉਚੇਰਾ’ ਦੀ ਅਸੀਸ ਚੁੰਮ ਕੇ ਦਿੱਤੀ । ਸੰਗਤ ਇਤਨੀ ਸੀ ਕਿ ਲੰਗਰ
ਦੁਪਹਿਰ ਨੂੰ ਵਰਤਣਾ ਅਰੰਭ ਹੋਇਆ ਤੇ ਸਵਾ ਪਹਿਰ ਗਈ ਰਾਤ ਤੱਕ ਵਰਤੀਂਦਾ ਰਿਹਾ। ਔਰੰਗਜ਼ੇਬ ਚਾਹੁੰਦਾ ਸੀ ਕਿ ਚਾਰੇ ਪਾਸੇ ਭੈ ਫੈਲ ਜਾਏ, ਪਰ ਅਨੰਦਪੁਰ ਸੰਗਤਾਂ ਭੈ-ਰਹਿਤ, ਸੀਸ ਤਲੀ ਤੇ ਰੱਖ ਕੇ ਪੁੱਜ ਰਹੀਆਂ ਸਨ।
ਜਿਥੇ-ਜਿਥੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਪੁੱਜੇ, ਲੋਕੀਂ ਸ਼ਸਤਰ ਤੇ ਜੁਆਨੀਆਂ ਭੇਟ ਕਰਨ ਲਈ ਟੁਰੀ ਆ ਰਹੇ ਸਨ । ਅਨੰਦਪੁਰ ਵਿਚ ਆਪ ਜੀ ਨੇ ਮਸ਼ਕ ਲਈ ਜੰਗਾਂ ਕਰਾਉਣੀਆਂ ਅਰੰਭ ਕਰ ਦਿੱਤੀਆਂ। ਹੋਰ ਦਲੇਰੀ ਭਰਨ ਲਈ ਮੁਕਾਬਲੇ ਵੀ ਕਰਾਉਣ ਲੱਗ ਪਏ। ਆਤਮ-ਨਿਰਭਰਤਾ ਭਰਨ ਲਈ ਅਨੰਦਪੁਰ ਸ਼ਸਤਰ ਬਨਾਉਣ ਤੇ ਬੰਦੂਕਾਂ ਢਾਲਣ ਦੇ ਕਾਰਖ਼ਾਨੇ ਵੀ ਬਣਾ ਦਿੱਤੇ। ਕਿਲ੍ਹਿਆਂ ਦੀ ਉਸਾਰੀ ਅਰੰਭ ਹੋ ਗਈ। ਕਈ ਦਮਦਮੇ ਸਾਜੇ। ਚਮੜੇ ਦਾ ਕਾਰਖ਼ਾਨਾ ਵੀ ਲਗਾਇਆ ਗਿਆ। ਫੁਰਤੀਲੇ ਤੇ ਚੰਗੀ ਨਸਲ ਦੇ ਘੋੜੇ ਖ਼ਰੀਦਣ ਲਈ ਕਾਬਲ ਵੱਲ ਖ਼ਾਸ ਸਿੱਖ ਭੇਜੇ । ਇਕ ਹੁਕਮਨਾਮੇ ਵਿਚ ਮਸੰਦਾਂ ਨੂੰ ਸ਼ਸਤਰ ਤੇ ਅਸਤਰ ਭੇਟ ਲੈ ਕੇ ਪੁੱਜਣ ਦੀ ਵੀ ਆਗਿਆ ਕੀਤੀ।
ਮਸੰਦਾਂ ਵਲੋਂ ਰੁਕਾਵਟਾਂ ਤੇ ਰੋਸਾ-ਮਸੰਦਾਂ ਨੂੰ ਜਦ ਨਵੀਆਂ ਹਦਾਇਤਾਂ ਪੁੱਜੀਆਂ ਤਾਂ ਉਨ੍ਹਾਂ ਵਿਚੋਂ ਬਹੁਤਿਆਂ ਨੇ ਅਮਲ ਕਰਨ ਦੀ ਥਾਵੇਂ ਅਨੰਦਪੁਰ ਵੱਲ ਐਸੇ ਲੋਕ ਭੇਜਣੇ ਆਰੰਭ ਕਰ ਦਿੱਤੇ ਜੋ ਦਸਮੇਸ਼ ਗੁਰੂ ਨੂੰ ਇਸ ਪਾਸੇ ਤੋਂ ਵਰਜਣ। ਮਸੰਦਾਂ ਦੇ ਸਿੱਖੇ ਸਿਖਾਏ ਕਈ ਗੁਰੂ ਜੀ ਨੂੰ ਤਾਂ ਸਿੱਧਾ ਕੁਝ ਆਖ ਨਾ ਸਕੇ ਪਰ ਮਾਤਾ ਜੀ ਨੂੰ ਜ਼ਰੂਰ ਕਿਹਾ ਕਿ ਹੁਣ ਤੱਖ਼ਤ ਤੇ ਜਹਾਂਗੀਰ ਨਹੀਂ, ਔਰੰਗਜ਼ੇਬ ਹੈ। ਜਹਾਂਗੀਰ ਨੇ ਦਿਖਾਵੇ ਲਈ ਫਿਰ ਵੀ ਨਿਆਂ ਦਾ ਢੰਡੋਰਾ ਦਿੱਤਾ ਹੋਇਆ ਸੀ, ਪਰ ਇਹ ਔਰੰਗਜ਼ੇਬ ਕਿਸੇ ਦੀ ਪ੍ਰਵਾਹ ਨਹੀਂ ਕਰਦਾ। ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨਾਲ ਗੱਲ ਮੁੱਕੀ ਨਹੀਂ। ਉਸ ਨੇ ਧੀਰ ਮਲ ਤੱਕ ਨੂੰ ਪਕੜ ਦਿੱਲੀ ਮੰਗਵਾ ਲਿਆ ਹੈ। ਰਾਮ ਰਾਇ ਬਾਦਸ਼ਾਹ ਦੇ ਹੱਥਾਂ ਤੇ ਚੜ੍ਹਿਆ ਹੋਇਆ ਹੈ। ਭਲਾ ਇਸ ਵਿਚ ਹੈ ਕਿ ਚੁੱਪ ਕਟੀ ਕੀਤੀ ਜਾਏ ।’ ਜਦ ਮਾਤਾ ਜੀ ਨੇ ਇਹ ਸਭ ਗੱਲਾਂ ਗੁਰੂ ਜੀ ਤੱਕ ਪਹੁੰਚਾ ਦਿੱਤੀਆਂ ਤਾਂ ਉਨ੍ਹਾਂ ਫ਼ਰਮਾਇਆ: ‘ਮਾਂ, ਇਨ੍ਹਾਂ ਮਸੰਦਾਂ ਦੀ ਆਤਮਾ ਪੂਜਾ-ਧਾਨ ਖਾ ਕੇ ਮਲੀਨ ਹੋ ਗਈ ਹੈ। ਇਹ ਆਲਸੀ ਤੇ ਵਿਹਲੜ ਹੋ ਗਏ ਹਨ। ਔਰੰਗਜ਼ੇਬ ਚਾਹੁੰਦਾ ਹੈ, ਲੋਕ ਅਧੀਨਗੀ ਭਾਵ ਵਿਚ ਵਿਚਰਨ, ਸਿਰ ਨਿਵਾ ਕੇ ਟੁਰਨ। ਮੈਂ ਅਜਿਹੇ ਸਿੱਖ ਪੈਦਾ ਕਰਾਂਗਾ ਜੋ ਸਦਾ ਸਿਰ ਉੱਚਾ ਚੁੱਕ ਕੇ ਤੁਰਨਗੇ। ਉਹ ਘੋੜਿਆਂ ਤੇ ਚੜ੍ਹਨ ਦੀ ਮਨਾਹੀ ਕਰ ਰਿਹਾ ਹੈ, ਮੈਂ ਸ਼ਾਹ ਸਵਾਰ ਬਣਾਵਾਂਗਾ। ਉਹ ਮੰਦਰਾਂ ਤੱਕ ਸੰਖ ਵਜਾਉਣ ਤੋਂ ਰੋਕ ਰਿਹਾ ਹੈ, ਮੈਂ ਰਣਜੀਤ ਨਗਾਰੇ ਵਜਾਵਾਂਗਾ।’ ਮਸੰਦਾਂ ਦੀ ਨੀਚਤਾ ਪ੍ਰਗਟਾਉਣ ਲਈ ਗੁਰੂ ਜੀ ਨੇ ਬਾਹਰੋਂ ਆਏ ਇਕ ਮਸੰਦ ਦਾ ਭਰੀ ਸੰਗਤ ਵਿਚ ਪਾਜ ਖੋਲ੍ਹ ਦਿੱਤਾ ਤਾਂ ਕਿ ਲੋਕਾਂ ਨੂੰ ਉਨ੍ਹਾਂ ਦੀ ਅੰਦਰਲੀ ਕਮਜ਼ੋਰੀ ਦਾ ਪਤਾ ਲੱਗ ਜਾਏ । ਇਕ ਦੁਲਚਾ ਨਾਂ ਦੇ ਮਸੰਦ ਨੇ ਜਦ ਆਪਣੇ ਵਲੋਂ ਸਭ ਭੇਟਾਵਾਂ ਅੱਗੇ ਰੱਖ ਦਿੱਤੀਆਂ ਤਾਂ ਸਤਿਗੁਰੂ ਨੇ ਕਿਹਾ ਕਿ ਹੋਰ ਵੀ ਕੋਈ ਕਿਸੇ ਦੀ ਭੇਟਾ ਹੋਵੇ ਤਾਂ ਦੱਸ ਦਿਓ। ਜਦ ਉਸ ਨੇ ਇਨਕਾਰੀ ਵਿਚ ਸਿਰ ਝੁਕਾਇਆ ਤਾਂ ਅੰਤਰਜਾਮੀ ਪਾਤਸ਼ਾਹ ਨੇ ਇਸ਼ਾਰੇ ਨਾਲ ਪਗੜੀ ਦਾ ਇਕ ਲੜ ਲਾਹੁਣ ਲਈ ਕਿਹਾ ਤਾਂ ਸੰਗਤ ਸਾਹਮਣੇ ਹੀ ਕਲਗੀਆਂ ਵਾਲੇ ਦੇ ਮੇਚੇ ਦੇ ਜੜਾਊ ਕੜਿਆਂ ਦੀ ਜੋੜੀ ਜ਼ਮੀਨ ਤੇ ਡਿੱਗ ਪਈ। ਮਸੰਦ ਨੇ ਚਰਨ ਪਕੜ ਲਏ, ਪਰ ਲੋਕਾਂ ਨੂੰ ਇਨ੍ਹਾਂ ਦੀ ਹਕੀਕਤ ਦਾ ਪਤਾ ਲੱਗ ਗਿਆ।
ਮਸੰਦ ਕਿਤਨੇ ਚਲਾਕ ਸਨ ਕਿ ਉਨ੍ਹਾਂ ਇਹ ਵੀ ਪ੍ਰੇਰਣਾ ਦੇਣੀ ਚਾਹੀ ਕਿ ਜਿਸ ਜੰਝੂ ਦੀ ਰਖਿਆ ਲਈ ਗੁਰੂ ਸ਼ਹੀਦ ਹੋਏ ਹਨ, ਉਹ ਤੁਸੀਂ ਵੀ ਪਹਣੋ ਪਰ ਦਸਮ ਪਿਤਾ ਨੇ ਕਿਹਾ : ਇਹ ਤੁਸੀਂ ਪਏ ਕੀ ਕਹਿੰਦੇ ਹੋ। ਹੁਕਮ ਇਹ ਹੈ :
ਖੜਗ ਧਰੋ ਤਨ ਉਜਲ ਹੋਈ।
ਨਾਮ ਜਪੋ ਮੁੱਖ ਕੰਠ ਪਰੋਈ । ‘
ਹੋਰ ਕੌਤਕ-ਭਾਵੇਂ ਸਿੱਖ ਗੁਰੂ-ਲੋਅ ਤੇ ਪਰਵਾਨਿਆਂ ਵਾਂਗ ਟੁਰੇ ਆ ਰਹੇ ਸਨ, ਪਰ ਵਿਚੋਂ ਕੁਝ ਕਿੰਤੂ ਕਰਨ ਵਾਲੇ ਵੀ ਸਨ। ਸ਼ੰਕਾ ਇਹ ਹੀ ਸੀ ਕਿ ਇਨ੍ਹਾਂ ਵਿਚ ਉਹ ਹੀ ਸ਼ਕਤੀ ਹੈ ਜਾਂ ਨਹੀਂ। ਅਨੰਦਪੁਰ ਪੁੱਜ ਕੇ ਜਦ ਉਨ੍ਹਾਂ ਕੌਤਕ ਦੇਖੇ ਤਾਂ ਹੋਰ ਸ਼ਰਧਾ ਵਿਚ ਭਿੱਜ ਕੇ ਵਾਪਸ ਗਏ।
ਇਕ ਦਿਨ ਇਕ ਆਦਮੀ ਬਾਜ਼ਾਰ ਵਿਚ ਰੋਈ ਜਾਏ ਤੇ ਨਾਲ ਇਹ ਆਖੀ ਜਾਏ ਕਿ ਗੁਰੂ ਘਰ ਵੀ ਚੋਰ ਪੈਂਦੇ ਹਨ। ਉਸ ਦੀ ਥੈਲੀ ਚੁੱਕੀ ਗਈ ਸੀ। ਜਾਣੀ ਜਾਣ ਪਿਤਾ ਨੇ ਨਾ ਸਿਰਫ਼ ਚੋਰ ਦੇ ਘਰ ਸਿੱਖ ਦੁੜਾਇਆ ਸਗੋਂ ਥੈਲੀ ਵੀ ਵਾਪਸ ਲਿਆ ਕੇ ਪੁਜਾਈ।
ਇਸੇ ਤਰ੍ਹਾਂ ਇਕ ਬੈਰਾਗੀ ਨੇ ਜਦ ਪ੍ਰਭੂ ਮਿਲਾਪ ਦੀ ਜਾਚਨਾ ਕੀਤੀ ਤਾਂ ਆਪ ਜੀ ਨੇ ਉਸ ਵੱਲ ਸਿਰਫ਼ ਨੀਝ ਲਗਾ ਕੇ ਹੀ ਦੇਖਿਆ ਤੇ ਕਿਹਾ, ‘ਬੋਲ ਵਾਹਿਗੁਰੂ।’ ਉਸ ਦਾ ਤਨ, ਮਨ ਹਰਿਆ ਹੋ ਗਿਆ।
ਹਰ ਆਈ ਸੰਗਤ ਨੂੰ ਉਪਦੇਸ਼ ਇਹ ਹੀ ਦੇਂਦੇ :
ਮਾਯਾ ਦੇ ਛਲ ਵਿਚ ਨਾ ਆਓ,
ਆਪਣਾ ਆਪ ਮਾਇਆ ਤੋਂ ਬਚਾਓ।
ਗੁਰੂ ਪਿਤਾ ਫ਼ਰਮਾ ਗਏ ਹਨ :
“ਬਚਨ ਹੀ ਧਰਮ ਹੈ ਕਿਹਾ,
ਬਚਨ ਗਿਆ ਤਾਂ ਧਰਮ ਰਿਹਾ।”
ਇਕ ਵਾਰੀ ਆਪ ਜੀ ਤੇ ਬਾਬਾ ਸੂਰਜ ਮਲ ਜੀ ਦੇ ਸਪੁੱਤਰ ਗੁਲਾਬ ਰਾਇ ਦਰਿਆ ਵਿਚ ਇਕੱਠੇ ਤਾਰੀਆਂ ਲਾ ਖੇਡ ਰਹੇ ਸਨ ਕਿ ਪਾਤਸ਼ਾਹ ਨੇ ਉਸ ਨੂੰ ਐਸਾ ਭਜਾਇਆ ਕਿ ਉਹ ਘਾਬਰਿਆ ਹੋਇਆ ਬਾਹਰ ਆਇਆ ਤੇ ਕਿਨਾਰੇ ਤੋਂ ਦਸਮੇਸ਼ ਦੀ ਪਗੜੀ ਆਪਣੇ ਸਿਰ ਧਰ ਕੇ ਨੱਠ ਗਿਆ। ਜਦ ਸੇਵਾਦਾਰ ਨੇ ਪਗੜੀ ਉਤਾਰਨ ਲਈ ਕਿਹਾ ਤਾਂ ਮਹਾਰਾਜ ਨੇ ਬਚਨ ਕੀਤੇ, ‘ਰਹਿਣ ਦੇ, ਕਦੇ ਇਹ ਵੀ ਅਗਵਾਈ ਕਰੇਗਾ, ਪਰ ਇਸ ਪੱਗ ਵਾਲੇ ਸਿਰ ਵਿਚ ਅਹੰਕਾਰ ਨਾ ਆਉਣ ਦੇਈਂ, ਮਦ ਆਇਆ ਤਾਂ ਗਿਆ।”
ਦੂਰ-ਦੂਰ ਤੋਂ ਭੇਟਾਵਾਂ-ਭਾਵੇਂ ਗੁਰੂ ਜੀ ਨੇ ਅਜੇ ਮਸੰਦ ਪ੍ਰਥਾ ਤੋੜਨ ਦਾ ਕੋਈ ਹੁਕਮ ਨਹੀਂ ਸੀ ਦਿੱਤਾ, ਪਰ ਲੋਕਾਂ ਵਿਚ ਇਹ ਖ਼ਬਰਾਂ ਪੁੱਜ ਗਈਆਂ ਸਨ ਕਿ ਗੁਰੂ-ਆਸ਼ੇ ਵਿਚ ਮਸੰਦ ਰੁਕਾਵਟਾਂ ਪਾ ਰਹੇ ਹਨ। ਸੰਗਤਾਂ ਨੇ ਅਨੰਦਪੁਰ ਵਹੀਰਾਂ ਪਾਉਣੀਆਂ ਅਰੰਭ ਕੀਤੀਆਂ । ਇਕ ਸੰਗਤਾਂ ਗੁਰੂ-ਪਾਤਸ਼ਾਹ ਦੇ ਦਰਸ਼ਨ ਕਰਨਾ ਲੋਚਦੀਆਂ ਤਾਂ ਦੂਜੀਆਂ ਭੇਟਾਵਾਂ ਦੇਣੀਆਂ ਚਾਹੁੰਦੀਆਂ। ਕਾਬਲ, ਕੰਧਾਰ, ਬਲਖ਼, ਬੁਖ਼ਾਰਾ, ਗਜ਼ਨੀ, ਬੰਗਾਲ, ਆਸਾਮ, ਉੜੀਸਾ ਤੋਂ ਸਿੱਖ ਉਸ ਇਲਾਕੇ ਦੀਆਂ ਕੀਮਤੀ ਸੁਗਾਤਾਂ ਲੈ ਕੇ ਪੁੱਜ ਰਹੇ ਸਨ। ਜਦ ਕਾਬਲ ਦੀ ਸੰਗਤ ਨੇ ਸੁਣਿਆ ਕਿ ਕਾਬਲ ਤੋਂ ਦਿੱਲੀ ਦੇ ਬਾਦਸ਼ਾਹ ਲਈ ਦੋ ਲੱਖ ਦਾ ਕੀਮਤੀ ਸ਼ਾਮਿਆਨਾ ਗਿਆ ਹੈ ਤਾਂ ਉਨ੍ਹਾਂ ਆਪਣੇ ਦਿਲ ਦੇ ਪਾਤਸ਼ਾਹ ਨੂੰ ਉਸ ਤੋਂ ਵੀ ਵੱਧ ਕੀਮਤੀ ਸ਼ਾਮਿਆਨਾ ਭੇਟ ਕੀਤਾ। ਉਹ ਸ਼ਾਮਿਆਨਾ ਉੱਨ ਦਾ ਬਣਿਆ ਹੋਇਆ ਸੀ ਤੇ ਉਸ ਵਿਚ ਸੋਨੇ ਚਾਂਦੀ ਦਾ ਕੰਮ ਸੀ। ਕਾਬਲ ਤੇ ਕੰਧਾਰ ਦੇ ਸਾਰੇ ਨਜ਼ਾਰੇ ਉਸ ਵਿਚ ਮੀਨਾਕਾਰੀ ਕਰ ਕੇ ਕੱਢੇ ਹੋਏ ਸਨ।
ਸਿੱਖਾਂ ਨੂੰ ਹੁਕਮਨਾਮੇ ਪੁੱਜ ਗਏ ਸਨ ਕਿ ਗੁਰੂ ਜੀ ਉੱਤਮ ਭੇਟਾ ਸ਼ਸਤਰ ਤੇ ਘੋੜਿਆਂ ਦੀ ਗਿਣਦੇ ਹਨ। ਮਹਿਮਾ ਪ੍ਰਕਾਸ਼ (ਵਾਰਤਕ) ਵਾਲੇ ਲਿਖਿਆ ਹੈ ਕਿ ਜਿਸ ਕਿਸੇ ਨੇ ਸ਼ਸਤਰ ਭੇਟ ਕੀਤੇ, ਉਸ ਤੇ ਗੁਰੂ ਜੀ ਵੱਖ ਰਹਿਮਤ ਕਰਦੇ। ਚੰਗੀ ਨਸਲ ਦੇ ਘੋੜੇ ਢੂੰਡ ਕੇ ਕਾਬਲ ਦੀ ਸੰਗਤ ਨੇ ਭੇਟ ਕੀਤੇ। ਸਾਰਾ ਖ਼ਰਚ ਇਕੋ ਦੁਨੀ ਚੰਦ ਨਾਂ ਦੇ ਸਿੱਖ ਨੇ ਆਪਣੇ ਸਿਰ ਤੇ ਚੁੱਕ ਲਿਆ ਸੀ।
ਰਾਜਾ ਰਾਮ ਸਿੰਘ ਆਸਾਮ ਹੀ ਸੀ ਕਿ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਹੋ ਗਈ। ਜਦ ਉਹ ਦਿੱਲੀ ਪੁੱਜਾ ਤਾਂ ਉਸ ਬਹੁਤ ਹੀ ਅਫ਼ਸੋਸ ਕੀਤਾ । ਉਹ ਗੁਰੂ ਜੀ ਦੇ ਪਰਉਪਕਾਰਾਂ ਨੂੰ ਕਿਵੇਂ ਭੁੱਲ ਸਕਦਾ ਸੀ । ਔਰੰਗਜ਼ੇਬ ਦਿੱਲੀ ਤੋਂ ਅਜਮੇਰ ਵੱਲ ਚਲਾ ਗਿਆ ਸੀ । ਰਾਮ ਸਿੰਘ ਸਿੱਧਾ ਦਿੱਲੀ ਤੋਂ ਗੁਰੂ ਗੋਬਿੰਦ (ਸਿੰਘ) ਜੀ ਦੇ ਦਰਸ਼ਨਾਂ ਨੂੰ ਆਇਆ। ਉਸ ਨੇ ਪੰਜ ਘੋੜੇ ਭੇਟ ਕੀਤੇ ਤੇ ਗੁਰੂ ਜੀ ਦੇ ਸਾਹਸ ਤੇ ਭਰੋਸੇ ਦੀ ਰੱਜ ਕੇ ਉਪਮਾ ਕੀਤੀ।
ਗੁਰੂ ਤੇਗ਼ ਬਹਾਦਰ ਜੀ ਆਸਾਮ ਇਕ ਹੋਰ ਰਾਜੇ ਰਾਮ ਰਾਇ ਨੂੰ ਵੀ ਮਿਲੇ ਸਨ । ਉਹ ਗੋਰੀਪੁਰ ਦਾ ਜਗੀਰਦਾਰ ਸੀ ਅਤੇ ਰਾਜਾ ਕਰ ਕੇ ਹੀ ਜਾਣਿਆ ਜਾਂਦਾ ਸੀ। ਉਸ ਘਰ ਬੇਟੇ ਦੀ ਬਖ਼ਸ਼ਿਸ਼ ਨੌਵੇਂ ਗੁਰੂ ਦੀ ਰਹਿਮਤ ਕਰ ਕੇ ਹੋਈ। ਉਸ ਦਾ ਲੜਕਾ ਜਦ ਕੁਝ ਵੱਡਾ ਹੋਇਆ ਤਾਂ ਆਪਣੀ ਮਾਂ ਰਾਣੀ ਸਵਰਨਮਤੀ ਨਾਲ ਅਨੰਦਪੁਰ ਦਰਸ਼ਨਾਂ ਨੂੰ ਆਇਆ।
ਭੇਟਾ ਲਈ ਇਕ ਪ੍ਰਸ਼ਾਦੀ ਹਾਥੀ ਲਿਆਇਆ ਜਿਸ ਦਾ ਸਰੀਰ ਬਿਲਕੁਲ ਕਾਲਾ ਸੀ, ਪਰ ਮੱਥਾ ਚਿੱਟਾ ਦੁੱਧ ਤੇ ਉਥੋਂ ਚਿੱਟੀ ਧਾਰੀ ਚੱਲ ਕੇ ਪੂਛ ਤੱਕ ਤੇ ਚਾਰੇ ਲੱਤਾਂ ਵੱਲ ਜਾਂਦੀ ਸੀ।
ਹਾਥੀ ਇਤਨਾ ਸਿਧਾਇਆ ਹੋਇਆ ਸੀ ਕਿ ਬਲਦੀ ਮਿਸ਼ਾਲ ਚੁੱਕ ਚਾਨਣਾ ਕਰਦਾ ਸੀ ਅਤੇ ਸਵਾਰੀ ਵੇਲੇ ਚਉਰੀ ਫੜ ਕੇ ਸਿਰ ਤੇ ਚਵਰ ਕਰਦਾ ਜਾਂਦਾ ਸੀ। ਤੀਰ ਚਲਾਓ ਤਾਂ ਸੁੰਡ ਨਾਲ ਚੁੱਕ ਕੇ ਲੈ ਆਂਦਾ ਸੀ । ਸੁੰਡ ਵਿਚ ਚਉਰ ਲੈ ਕੇ ਗੁਰੂ ਜੀ ਤੇ ਫੇਰਦਾ ਰਹਿੰਦਾ। ਸੀ । ਗੰਗਾ ਸਾਗਰ ਸੁੰਡ ਵਿਚ ਲੈ ਕੇ ਪੈਰਾਂ ਤੇ ਹੌਲੇ-ਹੌਲੇ ਪਾਣੀ ਪਾਉਂਦਾ ਰਹਿੰਦਾ ਸੀ ਅਤੇ ਫਿਰ ਪਰਨੇ ਨਾਲ ਪੂੰਝ ਦਿੰਦਾ ਸੀ। ਜੋੜੇ ਝਾੜ ਕੇ ਅੱਗੇ ਰੱਖ ਦਿੰਦਾ ਸੀ।
ਰਾਜਾ ਰਤਨ ਰਾਇ ਨੇ ਇਕ ਪੰਜ-ਕਲਾ ਸ਼ਸਤਰ ਵੀ ਉਚੇਰਾ ਬਣਾ ਕੇ ਭੇਟ ਕੀਤਾ। ਦੇਖਣ ਨੂੰ ਗਾਤਰੇ ਵਿਚ ਲੱਗੀ ਛੋਟੀ ਕ੍ਰਿਪਾਨ ਲਗਦਾ ਸੀ । ਕਲ ਦਬਾਇਆਂ ਨਿੱਕੀ ਪਸਤੌਲ ਬਣ ਜਾਂਦਾ ਸੀ ਤੇ ਕਲਾ ਮਰੋੜਿਆਂ ਨੇਜ਼ਾ ਹੋ ਜਾਂਦਾ ਸੀ । ਆਖ਼ਰੀ ਕਲ ਦਬਾਇਆਂ ਮੁੜ ਗਾਤਰੇ ਕ੍ਰਿਪਾਨ ਬਣ ਜਾਂਦੀ ਸੀ । ਮਾਂ ਪੁੱਤ ਅਨੰਦਪੁਰ ਪੰਜ ਮਹੀਨੇ ਟਿਕੇ ਰਹੇ। ਕਈ ਵਾਰੀ ਤਿਆਰ ਹੁੰਦੇ ਪਰ ਪ੍ਰੇਮ ਵੱਸ ਰੁਕ ਜਾਂਦੇ। ਅਖ਼ੀਰ ਭਗਤੀ, ਗਿਆਨ ਤੇ ਗੁਰਸਿੱਖੀ ਦੀ ਬਖ਼ਸ਼ਿਸ਼ ਲੈ ਕੇ ਵਾਪਸ ਮੁੜੇ।
“ਭਗਤਿ ਗਯਾਨ ਗੁਰ ਸਿੱਖੀ ਸਾਥ।
ਬਖ਼ਸ਼ਸ਼ ਕਰੀ ਤਬਹਿ ਗੁਰ ਸਾਥ।”
ਉਸ ਦੀਆਂ ਭੇਟਾਵਾਂ ਵਿਚ ਇਕ ਚੋਪੜ ਤੇ ਇਕ ਪਿਆਲਾ ਵੀ ਸੀ। ਚੋਪੜ ਵਿਛਾਉਣ ਨਾਲ ਪੁਤਲੀਆਂ ਖੇਡਣ ਲੱਗ ਪੈਂਦੀਆਂ ਸਨ ਤੇ ਪਿਆਲੇ ਵਿਚੋਂ ਜਲ ਆਪੇ ਹੀ ਅਲੋਪ ਹੋ ਜਾਂਦਾ ਸੀ । ਰਾਜਾ ਭੀਮ ਚੰਦ ਨੇ ਜਦ ਇਹ ਕੀਮਤੀ ਵਸਤੂਆਂ ਦੇਖੀਆਂ ਤਾਂ ਉਸ ਦੀਆਂ ਅੱਖਾਂ ਤਾਂ ਚੁੰਧਿਆਈਆਂ ਹੀ, ਪਰ ਈਰਖਾ ਨਾਲ ਸੜਨ ਵੀ ਲੱਗ ਪਈਆਂ । ਵਾਪਸ ਮੁੜਦੇ ਦਿਲ ਦੀ ਭੜਾਸ ਕੱਢਦੇ ਆਖ ਵੀ ਗਿਆ ਕਿ ਇਹ ਕੀਮਤੀ ਵਸਤੂਆਂ ਤਾਂ ਰਾਜਿਆਂ ਪਾਸ ਹੀ ਸ਼ੋਭਦੀਆਂ ਹਨ।
ਰਣਜੀਤ ਨਗਾਰਾ—ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਗੜ੍ਹ ਦੀ ਅਸਥਾਪਨਾ ਕੀਤੀ ਅਤੇ ਫਿਰ ਵਿਸਾਖੀ (੧੭੭੬ ਈ:) ਵਾਲੇ ਦਿਨ ਨੌਂ ਨੇਜ਼ੇ ਭਰ ਉੱਚਾ ਸਿੰਘਾਸਨ ਤਿਆਰ ਕਰਵਾਇਆ ਅਤੇ ਨਗਾਰਾ ਬਣਵਾਇਆ ਜਿਸ ਦਾ ਨਾਮ ਬਿਜੈ ਪਾਣ ਵਾਲਾ ਰਣਜੀਤ ਨਗਾਰਾ ਰੱਖਿਆ । ਜਦ ਵੀ ਗੁਰੂ ਜੀ ਦਰਬਾਰ ਲਗਾਉਣ ਲਈ ਮਹੱਲਾਂ ਤੋਂ ਬਾਹਰ ਨਿਕਲਦੇ, ਨਗਾਰਾ ਵੱਜਦਾ ਤੇ ਜਦ ਉਹ ਦਰਬਾਰ ਤੋਂ ਵਾਪਸ ਹੁੰਦੇ ਤਾਂ ਵੀ ਵੱਜਦਾ ਰਹਿੰਦਾ। ਝੂਲਤੇ ਨਿਸ਼ਾਨ ਤੇ ਨਗਾਰਾ ਸੁਤੰਤਰ ਰਾਜ ਦੇ ਹੀ ਚਿੰਨ੍ਹ ਗਿਣੇ ਜਾਂਦੇ ਸਨ।
ਮੈਗਰੇਗਰ ਨੇ ਸਿਰਫ਼ ਨਗਾਰਾ ਵੱਜਣ ਦੀ ਗੱਲ ਸੁਣ ਕੇ ਹੀ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਰਾਜ ਬਣਾ ਲਿਆ ਸੀ। ਪਹਾੜੀ ਰਾਜੇ ਤਾਂ ਸੜਦੇ ਹੀ ਸਨ, ਹੁਣ ਔਰੰਗਜ਼ੇਬ ਵੀ ਦੁਖੀ ਹੋਇਆ । ਜੋ ਔਰੰਗਜ਼ੇਬ ਆਪਣੇ ਬੇਟੇ ਮੁਅੱਜ਼ਮ (ਪਿਛੋਂ ਬਹਾਦਰ ਸ਼ਾਹ) ਦੇ ਨਗਾਰੇ ਵਜਾਉਣ ਤੇ ਰੋਸ ਕਰ ਸਕਦਾ ਸੀ ਤਾਂ ਉਸ ਦਾ ਗੁਰੂ ਤੇ ਗਿਲਾ ਕੋਈ ਅਚੰਭੇ ਵਾਲੀ ਗੱਲ ਨਹੀਂ ਸੀ। ਜਦ ਸੂਹੀਏ ਨੇ ਕਾਬਲ ਤੋਂ ਔਰੰਗਜ਼ੇਬ ਨੂੰ ਲਿਖਿਆ ਸੀ ਕਿ ਮੁਅੱਜ਼ਮ ਨੇ ਕਾਬਲ ਦੀ ਨਵਾਬੀ ਸੰਭਾਲਣ ਵੇਲੇ ਚਾਰ ਨਗਾਰੇ ਵਜਾਏ ਤਾਂ ਔਰੰਗਜ਼ੇਬ ਨੇ ਮੋੜਵਾਂ ਪੱਤਰ ਮੁਅੱਜ਼ਮ ਨੂੰ ਲਿਖਿਆ ਸੀ ਕਿ ਤੈਨੂੰ ਦਰਬਾਰ ਵਿਚ ਦਾਖ਼ਲ ਹੁੰਦਿਆਂ ਸਿਰਫ਼ ਚਾਰ ਢੋਲ ਹੀ ਵਜਾਉਣੇ ਚਾਹੀਦੇ ਸਨ। ਜਿਸ ਵੇਲੇ ਅੱਲਾ ਤਾਅਲਾ (ਪ੍ਰਮਾਤਮਾ) ਤੈਨੂੰ ਤੱਖ਼ਤ ਨਸੀਬ ਕਰੇਗਾ, ਬੇਸ਼ੱਕ ਰੱਜ ਕੇ ਨਗਾਰੇ ਵਜਵਾ ਲਈਂ, ਅਜੇ ਤੈਨੂੰ ਢੋਲ ਵਜਾਉਣੇ ਹੀ ਜਚਦੇ ਹਨ ।’ ਔਰੰਗਜ਼ੇਬ ਲੋਕਾਂ ਨੂੰ ਅਧੀਨਗੀ ਦਾ ਭਾਵ ਭਰਨ ਲਈ ਐਸੇ ਕਈ ਫ਼ੁਰਮਾਨ ਜਾਰੀ ਕਰ ਰਿਹਾ ਸੀ। ਉਸ ਨੇ ਪਾਲਕੀ ਤੇ ਚੜ੍ਹਨ, ਇਰਾਕੀ ਜਾਂ ਅਰਬੀ ਘੋੜੇ ਦੀ ਸਵਾਰੀ, ਮੋਤੀਆਂ ਦੀ ਮਾਲਾ ਪਹਿਨਣੀ, ਨਗਾਰਾ ਜਾਂ ਧੌਂਸਾ ਵਜਾਉਣ ਤੇ ਆਪਣੇ ਨਾਮ ਨਾਲ ਪਾਤਸ਼ਾਹ ਲਗਾਉਣ ਦੀ ਹੁਕਮਨ ਮਨਾਹੀ ਕਰ ਦਿੱਤੀ ਸੀ। ਕਲਗੀ ਜਿਗ੍ਹਾ, ਸ਼ਾਹੀ ਲਿਬਾਸ ਉਤਸ਼ਾਹ ਤੇ ਚੜ੍ਹਦੀ ਕਲਾ ਦਾ ਹੀ ਚਿੰਨ੍ਹ ਹੈ।
ਜ਼ਰਾ ਕੁ ਝਾਤ ਔਰੰਗਜ਼ੇਬੀ ਹੁਕਮਾਂ, ੧੬੬੧ ਤੋਂ ੧੬੬੫ ਤੱਕ ਪਾਉਣ ਨਾਲ ਹੀ ਪਤਾ ਲੱਗ ਜਾਂਦਾ ਹੈ ਕਿ ਹਿੰਦੁਸਤਾਨ ਵਿਚ ਕੀ ਵਾਪਰ ਰਹੀ ਸੀ ਤੇ ਗੁਰੂ ਜੀ ਕਿਸ ਉਤਸ਼ਾਹ ਵਿਚ ਵਿਚਰ ਰਹੇ ਸਨ। ਦੁਗਣੀ ਕਸਟਮ ਹਿੰਦੂਆਂ ਤੇ ਹੋ ਗਈ ਸੀ। ਮੁਸਲਮਾਨਾਂ ਲਈ ਚੁੰਗੀ ਮੁਆਫ਼ ਸੀ। ੧੬੬੮ ਨੂੰ ਮੇਲਿਆਂ ਤੇ ਪਾਬੰਦੀ ਲੱਗ ਗਈ ਸੀ। ੧੬੬੯ ਨੂੰ ਸਭ ਮਦਰੱਸੇ ਬੰਦ ਕਰ ਦਿੱਤੇ ਗਏ ਸਨ। ਮੁਨਸ਼ੀ ਤੱਕ ਹਿੰਦੂ ਹਟਾ ਦਿੱਤੇ ਗਏ ਸਨ । ਜੋ ਵੀ ਨਵਾਂ ਮੁਸਲਮਾਨ ਬਣਦਾ ਸੀ ਉਸਦਾ ਜਲੂਸ ਹਾਥੀ ਤੇ ਕੱਢਿਆ ਜਾਂਦਾ ਸੀ । ਜਜ਼ੀਆ ਫਿਰ ਲਾਗੂ ਕਰ ਦਿੱਤਾ ਸੀ। ਘੋੜੇ ਚੜ੍ਹਨ ਦੀ ਮਨਾਹੀ ਤੱਕ ਕਰ ਦਿੱਤੀ ਸੀ।
ਇਧਰ ਗੁਰੂ ਜੀ ਨੇ ਵੈਸਾਖੀ, ਦੀਵਾਲੀ ਮੇਲੇ ਜ਼ਰੂਰੀ ਕਰਾਰ ਦੇ ਦਿੱਤੇ ਸਨ। ਘੋੜ- ਸਵਾਰੀ ਖੁੱਲ੍ਹੇ-ਆਮ ਹੁੰਦੀ ਸੀ। ਰਣਜੀਤ ਨਗਾਰਾ ਉੱਠਦੇ ਉਤਸ਼ਾਹ ਦਾ ਪ੍ਰਤੀਕ ਸੀ।
ਰਣਜੀਤ ਨਗਾਰੇ ਦੀ ਗੂੰਜ ਨਾਲ ਜਿਥੇ ਇਕ ਪਾਸੇ ਸਿੱਖਾਂ ਵਿਚ ਉਤਸ਼ਾਹ ਜਾਗਦਾ ਸੀ ਉਥੇ ਦੋਖੀਆਂ ਨੂੰ ਸੂਲਾਂ ਪੈਂਦੀਆਂ ਸਨ। ਦਰਬਾਰੀ ਕਵੀ ਮੰਗਲ ਨੇ ਸਾਰਾ ਚਿਤਰ ਇਕ ਸਵੱਈਏ ਵਿਚ ਖਿੱਚਿਆ ਹੈ। ਉਹ ਲਿਖਦੇ ਹਨ :
ਅਨੰਦ ਕਾ ਵਾਜਾ ਨਿਤ ਵੱਜਦਾ ਅਨੰਦਪੁਰ,
ਸੁਣ ਸੁਣ ਸੁੱਧ ਭੁੱਲਦੀ ਏ ਨਰ ਨਾਹੁ ਦੀ।
ਭੌ ਪਿਆ ਬਿਭੀਖਣੇ ਨੂੰ, ਲੰਕਾ ਗੜ੍ਹ ਵਸਣੇ ਦਾ,
ਫੇਰ ਅਸਵਾਰੀ ਆਂਵਦੀ ਏ ਮਹਾਂ ਬਾਹੂ ਦੀ।
ਬਲ ਛੱਡ ਬਲ ਜਾਇ ਛਪਿਆ ਪਾਤਾਲ ਵਿਚ,
ਫਤਹ ਦੀ ਨਿਸ਼ਾਨੀ ਲੈਂਦੇ ਦ੍ਵਾਰ ਦਰਗਾਹ ਦੀ।
ਸਵਣੇ ਨ ਦੇਂਦੀ ਦੁੱਖ ਦੁੱਜਨਾਂ ਨੂੰ ਰਾਤ ਦਿਣ,
ਨੌਬਤ ਗੋਬਿੰਦ ਸਿੰਘ ਗੁਰੂ ਪਾਤਸ਼ਾਹ ਦੀ।
ਗੁਰਬਿਲਾਸ ਪਾਤਸ਼ਾਹੀ ਦਸਵੀਂ ਨੇ ਰਣਜੀਤ ਨਗਾਰਾ ਬਣਨ ਤੇ ਜੋ ਪੀੜ ਪਹਾੜੀ ਰਾਜਿਆਂ ਨੂੰ ਹੋਈ ਅਤੇ ਜੋ ਭੈ ਮਸੰਦਾਂ ਵਿਚ ਛਾਇਆ, ਉਸ ਦਾ ਜ਼ਿਕਰ ਬੜੇ ਹੀ ਵਿਸਥਾਰ ਨਾਲ ਕੀਤਾ ਹੈ। ਉਸਦਾ ਕਹਿਣਾ ਹੈ ਕਿ ਕਹਿਲੂਰ ਦਾ ਰਾਜਾ ਅਨੰਦਪੁਰ ਨੇੜੇ ਇਕ ਰਾਤ ਬਿਸਰਾਮ ਕਰ ਰਹਿਆ ਸੀ। ਇਧਰ ਹੁਕਮ ਸੀ ਕਿ ਨਗਾਰਾ ਰੋਜ਼ ਸਵੇਰੇ ਵੱਜੇ । ਕਿਸੇ ਖ਼ਬਰ ਆ ਪਹੁੰਚਾਈ ਕਿ ਰਾਜਾ ਨੇੜੇ ਟਿਕਿਆ ਹੈ ਸੋ ਨਗਾਰਾ ਨਾ ਵਜਾਉਣਾ। ਕਿਸੇ ਦੀ ਇਹ ਜੁਅਰਤ ਤਾਂ ਨਾ ਹੋਈ ਕਿ ਗੁਰੂ ਗੋਬਿੰਦ ਸਿੰਘ ਜੀ ਪਾਸ ਆਉਣ ਪਰ ਮਾਤਾ ਨਾਨਕੀ ਪਾਸ ਗਏ ਤੇ ਕਿਹਾ ਘੱਟ ਤੋਂ ਘੱਟ ਰਾਜਾ ਦੇ ਹੁੰਦਿਆਂ ਨਗਾਰਾ ਨਾ ਵੱਜੇ ਤਾਂ ਚੰਗਾ ਹੈ। ਮਾਤਾ ਜੀ ਨੇ ‘ਚੰਗਾ’ ਆਖ ਦਿੱਤਾ ।
ਜਦ ਸਵੇਰੇ ਨੇਮ ਮੁਤਾਬਕ ਨਗਾਰੇ ਦੀ ਆਵਾਜ਼ ਨਾ ਗੂੰਜੀ ਤਾਂ ਦਸਮੇਸ਼ ਪਿਤਾ ਨੇ ਨਗਾਰਚੀ ਨੂੰ ਬੁਲਾ ਕੇ ਪੁੱਛਿਆ ਕਿ ਅੱਜ ਸਵੇਰੇ ਨਗਾਰਾ ਕਿਉਂ ਨਹੀਂ ਵਜਾਇਆ। ਉਸ ਨੇ ਇਹ ਦੱਸਿਆ ਕਿ ਰਾਜਾ ਕਹਿਲੂਰ ਨੇੜੇ ਆਇਆ ਜਾਣ ਕਿ ਉਹ ਨਾ ਤੜਪੇ, ਮਸੰਦਾਂ ਦੇ ਕਹਿਣ ਤੇ ਮਾਤਾ ਜੀ ਨੇ ਵਰਜ ਦਿੱਤਾ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ: ਮਾਤਾ ਜੀ ਨੂੰ ਕੁਝ ਨਾ ਕਹਿਣਾ ਕਿਉਂਕਿ ਹਰ ਦਾਦੀ ਦੇ ਸੁਭਾਅ ਵਿਚ ਪੋਤਰੇ ਲਈ ਕੁਦਰਤੀ ਚਿੰਤਾ ਹੁੰਦੀ ਹੈ।‘ਮਾਈ ਸੁਭਾਉ ਕੋ ਤ੍ਰਾਸ ਮੰਤਰ । ਪਰ ਇਤਨਾ ਜ਼ਰੂਰ ਮਾਤਾ ਜੀ ਨੂੰ ਪੁੱਛਣਾ ਕਿ ਕਿਤਨੀ ਦੇਰ ਚੁੱਪ ਕਰ ਕੇ ਕਰਦੇ ਹਾਂ । ਇਹ ਕਦੇ ਨਾ ਭੁੱਲਣਾ ਕਿ ਇਹ ਸਿੰਘਾਸਣ ਜਿਸ ਤੇ ਮੈਂ ਬੈਠਾ ਹੋਇਆਂ ਹਾਂ, ਗੁਰੂ ਨਾਨਕ ਦੇਵ ਜੀ ਦਾ ਹੈ, ਜੋ ਆਪ ਹੀ ਸੁਖਾਂ ਦੇ ਦਾਤੇ ਅਕਾਲ ਦਾ ਰੂਪ ਸਨ।
“ਸਿੰਘਾਸਨ ਹੈ ਗੁਰ ਨਾਨਕ ਕੋ
ਜਿਹ ਰੂਪ ਅਕਾਲ ਕੋ ਹੈ ਸੁਖਕਾਰੀ।’
ਸੋ ਨਿਰਭੈ ਹੋ ਕੇ ਨਗਾਰਾ ਵਜਾਓ।
ਅਨੰਦਪੁਰ ਵਿਚ ਲੰਗਰ-ਗੁਰੂ ਨਾਨਕ ਦੇਵ ਜੀ ਸੰਗਤ ਤੇ ਪੰਗਤ ਦੀ ਸੰਸਥਾ ਦੇ ਗਏ ਸਨ। ਗੁਰੂ ਅਮਰਦਾਸ ਜੀ ਨੇ ਹੁਕਮ ਜ਼ਰੂਰ ਦਿੱਤਾ ਸੀ ਕਿ ਲੰਗਰ ਵਿਚ ਪ੍ਰਸ਼ਾਦ ਛਕੇ ਬਗ਼ੈਰ ਉਨ੍ਹਾਂ ਦੇ ਦਰਸ਼ਨ ਨਹੀਂ ਹੋ ਸਕਣਗੇ, ਪਰ ਸਾਰੇ ਗੋਇੰਦਵਾਲ ਦਾ ਜਾਰੀ ਲੰਗਰ ਇਕ ਥਾਵੇਂ ਨਹੀਂ ਸੀ। ਅਨੰਦਪੁਰ ਵਿਚ ਪਹਿਲੀ ਵਾਰੀ ਸਰਬ-ਸਾਂਝਾ ਲੰਗਰ ਕੀਤਾ ਤੇ ਹੁਕਮ ਦਿੱਤਾ ਕਿ ਸਾਰੇ ਅਨੰਦਪੁਰ ਵਿਚ ਕਿਸੇ ਦਾ ਆਪਣਾ ਵੱਖਰਾ ਚੁਲ੍ਹਾ ਜਾਂ ਚੌਂਕਾ ਨਹੀਂ ਹੋਵੇਗਾ।
ਸੰਗਤਾਂ ਦੇ ਵੱਧ ਹੋ ਜਾਣ ਨਾਲ ਕਈ ਛੋਟੇ-ਛੋਟੇ ਵੱਖ-ਵੱਖ ਲੰਗਰ ਬਣਾ ਦਿੱਤੇ ਸਨ ਤੇ ਹਰ ਲੰਗਰ ਦਾ ਨਿਗਰਾਨ ਇਕ ਮੁਖੀ ਸਿੱਖ ਲਗਾ ਦਿੱਤਾ ਸੀ । ਪਹਿਲਾਂ ਉੱਚੀਆਂ ਜਾਤਾਂ ਵਾਲੇ ਗੁਰੂ ਕੀ ਨਗਰੀ ਵਸੇਬਾ ਤਾਂ ਕਰ ਲੈਂਦੇ ਸਨ ਪਰ ਚੁੱਲ੍ਹੇ ਚੌਂਕੇ ਦੀ ਭਿੱਟ ਕਰ ਜਾਂਦੇ ਸਨ। ਇਸ ਨਵੇਂ ਹੁਕਮ ਤੇ ਇਕੋ ਲੰਗਰ ਦੇ ਬਣਨ ਨਾਲ ਬ੍ਰਾਹਮਣਾਂ ਨੇ ਬਹੁਤ ਹੀ ਸ਼ੋਰ ਮਚਾਇਆ।
ਲੰਗਰ ਤੱਕ ਛਕਣ ਤੋਂ ਇਨਕਾਰ ਕਰ ਦਿੱਤਾ। ਗੁਰੂ ਜੀ ਨੇ ਜਦ ਇਹ ਕਿਹਾ ਲੰਗਰ ਪਿਛੋਂ ਹਰ ਇਕ ਨੂੰ ਇਕ ਇਕ ਟੱਨਕਾ (ਰੁਪਿਆ) ਵੀ ਮਿਲੇਗਾ ਤਾਂ ਸਭ ਨੇ ਪੰਗਤ ਵਿਚ ਬੈਠ ਕੇ ਪ੍ਰਸ਼ਾਦ ਛਕਿਆ। ਜੋ ਰੌਲਾ ਪਾਉਣ ਵਿਚ ਸਭ ਤੋਂ ਮੁਹਰੀ ਸਨ, ਉਹ ਹੀ ਲੰਗਰ ਦੀਆਂ ਤਾਰੀਫ਼ਾਂ ਕਰਨ ਲੱਗੇ। ਗੁਰੂ ਗੋਬਿੰਦ ਸਿੰਘ ਜੀ ਕਿਸੇ ਦੀ ਹੇਠੀ ਨਹੀਂ ਸਨ ਕਰ ਰਹੇ, ਉਹ ਤਾਂ ਸਿਰਫ਼ ਉਨ੍ਹਾਂ ਦੇ ਬੱਝੇ ਹੋਏ ਕੁਹਝੇ ਨਿਯਮ ਤੋੜ ਰਹੇ ਸਨ। ਇਥੋਂ ਹੀ ਝਗੜ ਕੇ ਇਕ ਪਰਮਾਨੰਦ ਨਾਂ ਦਾ ਬ੍ਰਾਹਮਣ ਭੀਮ ਚੰਦ ਪਾਸ ਚਲਾ ਗਿਆ ਸੀ । ਭੀਮ ਚੰਦ ਨੂੰ ਉਕਸਾਉਣ ਵਿਚ ਉਸ ਦਾ ਹੀ ਬਹੁਤਾ ਹੱਥ ਸੀ। ਉਸ ਇਹ ਕਹਿ ਕੇ ਚੁੱਕਦਾ ਸੀ ਕਿ ਤੁਹਾਡੇ ਰਾਜ ਵਿਚ ਹੀ ਧਰਮ ਦੀ ਹਾਨੀ ਹੋ ਰਹੀ ਹੈ। ਸਿੱਖ ਇਤਿਹਾਸ ਨੇ ਉਸ ਨੂੰ ‘ਪੱਮਾ’ ਕਰ ਕੇ ਲਿਖਿਆ ਹੈ। ਭੀਮ ਚੰਦ ਨਗਾਰੇ ਤੋਂ ਦੁਖੀ ਸੀ, ਹੁਣ ਸਾਂਝੇ ਲੰਗਰ ਨੇ ਉਸ ਨੂੰ ਹੋਰ ਤਪਾ ਦਿੱਤਾ। ਲੰਗਰ ਨੂੰ ਗੁਰੂ ਗੋਬਿੰਦ ਸਿੰਘ ਇਤਨੀ ਮਹੱਤਤਾ ਦਿੰਦੇ ਸਨ, ਉਸ ਦੀ ਗਵਾਹੀ ਉਹ ਹੁਕਮ ਹਨ ਜੋ ਉਨ੍ਹਾਂ ਨਿਰੋਲ ਲੰਗਰ ਦੀ ਮਰਿਆਦਾ ਤੇ ਪ੍ਰਸ਼ਾਦ ਛਕਣ ਸਮੇਂ ਲਈ ਦਿੱਤੇ। ਆਪ ਜੀ ਦਾ ਫ਼ੁਰਮਾਨ ਸੀ, ਭਾਵੇਂ ਲੰਗਰ ਦੀ ਸੰਭਾਲ ਕੋਈ ਕਰ ਰਹਿਆ ਹੈ, ਪਰ ਇਹ ਲੰਗਰ ਗੁਰੂ ਦਾ ਹੈ ਕਿਸੇ ਦੇ ਨਾਂ ਨਾਲ ਨਹੀਂ ਚਲਾਉਣਾ । ਸਾਰੇ ਅਨੰਦਪੁਰ ਵਾਸੀ ਤੇ ਸੰਗਤਾਂ ਲੰਗਰ ਵਿਚ ਬੈਠ ਹੀ ਛਕਣ। ਜੋ ਐਸਾ ਕਰਨ ਤੋਂ ਸੰਕੋਚ ਕਰੇ, ਇਨਕਾਰੀ ਹੋਵੇ ਉਸ ਨੂੰ ਅਨੰਦਪੁਰ ਰਹਿਣ ਦਾ ਕੋਈ ਅਧਿਕਾਰ ਨਹੀਂ । ਲੰਗਰ ਛਕਦੇ ਨਾਮ ਦਾ ਜਾਪ ਹੁੰਦਾ ਰਹੇ । ਕੋਈ ਆਲਤੂ ਫਾਲਤੂ ਗੱਲ ਨਾ ਕਰੇ। ਲੰਗਰ ਛਕਣ ਉਪਰੰਤ ਸੁਖਮਨੀ ਸਾਹਿਬ ਦੀ ਚੌਥੀ ਅਸ਼ਟਪਦੀ ਦੀ ਪਹਿਲੀ ਪਉੜੀ ਰਲ ਕੇ ਪੜ੍ਹੀ ਜਾਏ ਤਾਂ ਕਿ ਸਭ ਸ਼ੁਕਰ ਦੇ ਘਰ ਜਾਣ । ਕਿਸੇ ਨੂੰ ਲੰਗਰ ਘਰ ਜਾਂ ਨਾਲ ਲੈ ਕੇ ਜਾਣ ਦੀ ਆਗਿਆ ਨਹੀਂ ਹੈ। ਹਰ ਇਕ ਨੂੰ ਪ੍ਰਸ਼ਾਦ ਰੀਝ ਨਾਲ ਛਕਾਇਆ ਜਾਏ, ਊਚ-ਨੀਚ, ਅਮੀਰ-ਗ਼ਰੀਬ ਤੇ ਰਾਜੇ-ਰੰਕ ਦਾ ਖ਼ਿਆਲ ਛੱਡ ਕੇ। ‘
ਅਨੰਦਪੁਰ ਹੀ ਵਿੱਦਿਆ, ਸਾਹਿਤ ਤੇ ਸੰਗੀਤ ਦਾ ਕੇਂਦਰ-ਔਰੰਗਜ਼ੇਬ ਨੇ ਰਾਗ ਦੀ ਮਨਾਹੀ ਤਾਂ ੧੬੭੦ ਈ: ਨੂੰ ਹੀ ਕਰ ਦਿੱਤੀ ਸੀ। ਸਭ ਰਾਗੀ ਜਾਣਦੇ ਸਨ ਕਿ ਗੁਰੂ ਘਰ ਵਿਚ ਕੀਰਤਨ ਪ੍ਰਧਾਨ ਹੈ। ਗੁਰੂ ਨਾਨਕ ਜੀ ਨੇ ਜਦ ਬਲਵੰਡ ਜੀ ਦੀ ਸੌਂਪਣੀ ਗੁਰੂ ਅੰਗਦ ਦੇਵ ਜੀ ਨੂੰ ਕੀਤੀ ਸੀ ਤਾਂ ਫ਼ਰਮਾਇਆ ਸੀ ‘ਬਲਵੰਡ ਨੂੰ ਇਸ ਤਰ੍ਹਾਂ ਰੱਖਣਾ ਜਿਵੇਂ ਬੱਤੀ ਦੰਦਾਂ ਵਿਚ ਜੀਭ ਰਖੀਦੀ ਹੈ।’ ਬਾਬਕ ਜੀ, ਅਬਦੁੱਲਾ ਤੇ ਨੱਥ ਮਲ ਨੇ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਬਹੁਤ ਹੀ ਸਨਮਾਨ ਪਾਇਆ ਸੀ । ਸੋ ਜਦ ਰਾਜ ਕੇਂਦਰਾਂ ਵਿਚ ਰਾਗ ਸੁਣਨ ਤੇ ਗਾਉਣ ਦੀ ਮਨਾਹੀ ਹੋ ਗਈ ਤਾਂ ਸਾਰਿਆਂ ਨੇ ਅਨੰਦਪੁਰ ਵੱਲ ਮੂੰਹ ਕੀਤਾ। ਗੁਰੂ ਗੋਬਿੰਦ ਸਿੰਘ ਜੀ ਕੀਰਤਨ ਨੂੰ ਬਹੁਤ ਉੱਚੀ ਥਾਂ ਦਿੰਦੇ ਸਨ।
ਸਾਖੀ ਵੀ ਆਉਂਦੀ ਹੈ ਕਿ ਇਕ ਵਾਰੀ ਇਕ ਸਿੱਖ ਨੇ ਆ ਕੇ ਸ਼ਿਕਾਇਤ ਕੀਤੀ ਕਿ ਉਹ ਪਿਛਲੀਂ ਰਾਤ ਤੇਈਵੀਂ ਅਸ਼ਟਪਦੀ ਮੁਕਾ ਕੇ ਅਗਲੀ ਸ਼ੁਰੂ ਕਰਨ ਹੀ ਲੱਗਾ ਸੀ ਕਿ ਰਬਾਬੀਆਂ ਦੁਤਾਰਾ ਆਨਿ ਖੜਕਾਇਆ। ਮੈਂ ਬਹੁਤ ਕਿਹਾ ਕਿ ਭੋਗ ਪਾ ਲੈਣ ਦੇਹ, ਪਰ ਇਹ ਸ਼ਬਦ ਪੜ੍ਹਨ ਲੱਗ ਪਏ । ਮਹਾਰਾਜ ਨੇ ਕਿਹਾ ‘ਇਸ ਵਿਚ ਰਬਾਬੀਆਂ ਦਾ ਕੋਈ ਦੋਸ਼ ਨਹੀਂ ਬਣਦਾ। ਤੂੰ ਸੰਗਤ ਕਉ ਚਾਬ ਚਬਾਇਦਾ ਸਾਇ ਤੇ ਰਬਾਬੀ ਸੰਗਤ ਕਉ ਪ੍ਰਸ਼ਾਦੀਆਂ ਲੱਗੇ ਛਕਾਉਣ ਤੇ ਸੰਗਤ ਕਉ ਸ਼ਬਦ ਕਾ ਬੀਚਾਰਿ ਕਰ ਸੁਣਾਂਵਦਾ ਹੈ, ਤਬ ਉਹ ਪਰਮ ਪਦ ਕਉ ਪਾਂਵਦਾ ਹੈ।’ ਦਸਮੇਸ਼ ਪਿਤਾ ਆਪੂੰ ਮ੍ਰਿਦੰਗ, ਜੋੜੀ, ਸਿਰੰਦਾ ਬਹੁਤ ਸੋਹਣਾ ਵਜਾਉਂਦੇ ਸਨ। ਰਵਾਲਸਰ ਗੁਰੂ ਜੀ ਦਾ ਸਿਰੰਦਾ ਤੇ ਕਿਰਪਾਨ ਇਕੱਠੇ ਹੀ ਪਏ ਹੋਏ ਹਨ।
ਢਾਡੀ ਵੀ ਅਨੰਦਪੁਰ ਆ ਗਏ ਸਨ। ਮੀਰ ਛਬੀਲ, ਮੀਰ ਮੁਸ਼ਕੀ ਜੋ ਨੱਥ ਮੱਲ ਦੇ ਪੁਤਰ ਸਨ, ਵੀ ਉਥੇ ਹੀ ਵਸੇ ਸਨ। ਕੇਸ਼ੋ ਸਿੰਘ, ਦੇਸੂ ਸਿੰਘ ਤੇ ਨਰਬਦ ਸਿੰਘ ਦਾ ਜ਼ਿਕਰ ਸਿੱਖ ਇਤਿਹਾਸ ਨੇ ਕੀਤਾ ਹੈ।
ਜਦ ਫਿਰ ੧੬੮੦ ਨੂੰ ਸੰਸਕ੍ਰਿਤ ਪੜ੍ਹਨ-ਪੜ੍ਹਾਉਣ ਦੇ ਸਭ ਕੇਂਦਰਾਂ ਤੇ ਪਾਠਸ਼ਾਲਾਵਾਂ ਹੀ ਸ਼ਰਨ ਲਈ। ਉਨ੍ਹਾਂ ਦਾ ਪਾਲਣ, ਪੋਸਣ ਤੇ ਰੱਖਿਆ ਹੁਣ ਅਨੰਦਪੁਰ ਤੋਂ ਬਗ਼ੈਰ ਹੋਣੀ ਮੁਸ਼ਕਿਲ ਸੀ। ਇਹ ਸੁਣ ਤੱਕ ਮਹਾਰਾਜ ਨੇ ਅਜਿਹੇ ਹੁਕਮਨਾਮੇ ਵੀ ਭੇਜੇ ਕਿ ਜਿੱਥੇ ਵਿਦਵਾਨ, ਹੁਨਰਮੰਦ, ਚੰਗਾ ਕਾਰੀਗਰ ਦੇਖੋ ਨਾਲ ਲੈ ਕੇ ਆਓ ਜਾਂ ਰਾਹ ਦਾ ਖ਼ਰਚ ਦੇ ਕੇ ਭੇਜ ਦਿਓ। ਅਤੇ ਜਦ ਵਿਦਵਾਨ ਅਨੰਦਪੁਰ ਪੁੱਜੇ ਤਾਂ ਸਭ ਦਾ ਖ਼ਰਚ ਬੰਨ੍ਹ ਦਿੱਤਾ।
ਕਿਤਨਾ ਕੁ ਖ਼ਿਆਲ ਰੱਖਦੇ ਸਨ ਉਸ ਦੀਆਂ ਉਦਾਹਰਣਾਂ ਹਨ ਕਿ ਗੁਰੂ ਮਹਾਰਾਜ ਸੁੱਤਿਆਂ ਪਿਆਂ ਵਿਦਵਾਨਾਂ ਕਵੀਆਂ ਦੇ ਸਿਰ੍ਹਾਣਿਆਂ ਹੇਠ ਸੋਨੇ ਦੀਆਂ ਮੋਹਰਾਂ ਰੱਖ ਦਿੰਦੇ ਸਨ ਤੇ ਕੀਮਤੀ ਦੁਸ਼ਾਲੇ ਉਤੇ ਦੇ ਆਂਦੇ ਸਨ। ਗੁਰੂ ਜੀ ਨੇ ਸਭ ਵਿਦਵਾਨਾਂ ਨੂੰ ਆਦਰ ਦਿੱਤਾ। ਪੁਰਾਤਨ ਸਾਹਿਤ ਖੋਜਣ ਅਤੇ ਸੋਧਣ ਲਈ ਵਿਦਵਾਨ ਨੀਯਤ ਕੀਤੇ। ਹਿਰਦੇ ਰਾਮ ਦੇ ਲਿਖੇ ਹਨੂੰਮਾਨ ਨਾਟਕ ਨੂੰ ‘ਬੀਰ ਰਸ ਸੇ ਭਰੀ’ ਕਿਹਾ ਤੇ ਜੋ ਚਾਰ ਵਰਕੇ ਵਟੇ ਹੋਏ ਸਨ ਉਨ੍ਹਾਂ ਨੂੰ ਲਿਖਣ ਵਾਲੇ ਭਾਈ ਅੰਮ੍ਰਿਤ ਰਾਇ ਨੂੰ ਬੜਾ ਇਨਾਮ ਦਿੱਤਾ । ਲੋਕ ਭਾਸ਼ਾ ਵਿਚ ਪ੍ਰਾਚੀਨ ਗ੍ਰੰਥਾਂ ਨੂੰ ਉਲਥਾਉਣ ਲਈ ਵਿਦਵਾਨਾਂ ਨੂੰ ਪ੍ਰੇਰਿਤ ਕੀਤਾ । ਜਦ ਸ਼ੀਆ ਤੇ ਸੂਫ਼ੀ ਖ਼ਿਆਲਾਂ ਵਾਲੇ ਮੁਸਲਮਾਨਾਂ ਉਤੇ ਵੀ ਔਰੰਗਜ਼ੇਬੀ ਅਤਾਬ ਗਿਰਿਆ ਤਾਂ ਉਹ ਅਨੰਦਪੁਰ ਦੀ ਮਹਿਮਾ ਸੁਣ ਕੇ ਉਥੇ ਪੁੱਜੇ । ਅਨੰਦਪੁਰ ਵਿਦਿਆ ਦਾ ਕੇਂਦਰ ਬਣ ਗਿਆ। ਜਦ ਗੁਰੂ ਜੀ ਪਾਉਂਟੇ ਸਾਹਿਬ ਆਏ ਤਾਂ ਸਾਰੇ ਵਿਦਵਾਨ ਉਥੇ ਟਿਕ ਕੇ ਅਰੰਭ ਕੀਤੇ ਕੰਮਾਂ ਨੂੰ ਆਖ਼ਰੀ ਸ਼ਕਲ ਦੇਣ ਲੱਗੇ । ਪਾਉਂਟਾ ਸਾਹਿਬ ਵਿਚ ੫੨ (ਬਵੰਜਾ) ਪ੍ਰਸਿੱਧ ਵਿਦਵਾਨਾਂ ਦੇ ਨਾਮ ਇਹ ਆਏ ਹਨ :-
ਉਦੇ ਰਾਇ, ਅਣੀ ਰਾਇ, ਅੰਮ੍ਰਿਤ ਰਾਏ, ਅਲੂ, ਆਸਾ ਸਿੰਘ, ਆਲਿਮ, ਈਸ਼ਰਦਾਸ, ਸੁਖਦੇਵ, ਸੁਖਾ ਸਿੰਘ, ਸੁਖੀਆ, ਸੁਦਾਮਾ, ਸੈਨਾਪਤਿ, ਸ਼ਯਾਮ, ਹੀਰ, ਹੁਸੈਨ ਅਲੀ, ਹੰਸ ਰਾਮ, ਕਲੂ, ਕੁਵਰ, ਖਾਨ ਚੰਦ, ਗੁਣੀਆਂ, ਗੁਰਦਾਸ (ਦੂਜੇ), ਗੋਪਾਲ ਚੰਦ, ਚੰਦਨ ਜਮਾਲ, ਟਹਿਕਨ, ਧਰਮ ਸਿੰਘ, ਧਯਾਨ ਸਿੰਘ, ਨਾਨੂ, ਨਿਸ਼ਚਲ ਦਾਸ, ਨਿਹਾਲ ਚੰਦ, ਨੰਦ ਸਿੰਘ, ਨੰਦ ਲਾਲ, ਪਿੰਡੀਦਾਸ, ਬਲਭ, ਦਲੂ, ਬਿਧੀ ਚੰਦ, ਬੁਲੰਦ, ਬ੍ਰਿਖ, ਬ੍ਰਿਜ ਲਾਲ, ਮਥਰਾ, ਮਦਨ ਸਿੰਘ, ਮਲਨ ਗਿਰੀ, ਤਨ ਸੁਖ, ਬ੍ਰਹਮ ਭਾਟ, ਮਾਲਾ ਸਿੰਘ, ਮੰਗਲ, ਰਾਮ, ਰਾਵਲ, ਰੋਸ਼ਨ ਸਿੰਘ, ਲਖਾ ਅਤੇ ਕੰਕਣ ਕਵੀਆਂ ਤੋਂ ਇਲਾਵਾ ਹੋਰ ਵੀ ਵਿਦਵਾਨ ਸਨ ਜਿਨ੍ਹਾਂ ਬਾਰੇ ਬਾਬਾ ਸੁਮੇਰ ਸਿੰਘ ਜੀ ਨੇ ਜ਼ਿਕਰ ਕੀਤਾ ਹੈ। ਇਨ੍ਹਾਂ ਵਿਦਵਾਨਾਂ ਵਿਚ ਹਰ ਜਾਤੀ, ਧਰਮ, ਬੋਲੀ, ਇਲਾਕੇ ਦੇ ਵਿਦਵਾਨ ਸਨ।
ਇਨ੍ਹਾਂ ਵਿਦਵਾਨਾਂ ਤੇ ਗੁਰੂ ਮਹਾਰਾਜ ਦੇ ਉਪਰਾਲਿਆਂ ਨਾਲ ਅਨੰਦਪੁਰ ਸਾਹਿਬ ਵਿਚ ਇਕ ਵੀ ਅਨਪੜ੍ਹ ਨਾ ਰਿਹਾ।
‘ਬਾਲ ਬਿਰਦ ਸਭ ਸੋਧ ਪਾਠਾਵਾ।
ਕੋਊ ਅਨਪੜ੍ਹ ਰਹਿਣ ਨ ਪਾਵਾ।’
ਵਿਦਵਾਨਾਂ ਤੋਂ ਇਲਾਵਾ ੩੨ ਲਿਖਾਰੀ ਵੀ ਸਨ।
ਜੋ ਕੋਈ ਅਨੰਦਪੁਰ ਸਾਹਿਬ ਦਰਸ਼ਨਾਂ ਲਈ ਵੀ ਆਂਵਦਾ ਉਸ ਨੂੰ ਗੁਰਮੁਖੀ ਅੱਖਰ ਸਿਖਲਾ ਕੇ ਹੀ ਭੇਜਦੇ ਅਤੇ ਗੁਰਬਾਣੀ ਕੰਠ ਕਰਾਵਨ ਲਈ ਉਚੇਚੇ ਪ੍ਰਬੰਧ ਹੁੰਦੇ। ਮੇਲਿਆਂ ਤੇ ਗੁਟਕੇ ਵੰਡੇ ਜਾਂਦੇ। ਮਹਾਰਾਜ ਜੀ ਕਿਹਾ ਕਰਦੇ ਸਨ ਜੋ ਪੜ੍ਹ, ਲਿਖ ਨਹੀਂ ਸਕਦਾ ਉਹ ਗਰਧਬ ਨਿਆਈਂ ਹੈ। ‘ਅਛਰ ਕਛੁ ਨ ਪੜ੍ਹੇ ਤਿਨ ਗਰਧਬ।’ ਇਕ ਵਾਰੀ ਇਹ ਵੀ ਫ਼ਰਮਾਇਆ ਸੀ : ਪਢਾਨ ਵਿਖੈ ਗੁਨ ਅਹੈ ਅਨੇਕ ਸਦ ਗੁਣ, ਪ੍ਰਾਪਤ ਆਦਿ ਬਿਬੇਕ। ਅਤੇ ‘ਜਾ ਘਰ ਵਿਦਿਆ ਆਵਤ ਹੈ, ਤਿਣ ਸਭ ਕਿਛੁ ਲਹਿਆ।’
ਭਾਈ ਨੰਦ ਲਾਲ ਜੀ ਦਾ ਆਉਣਾ—ਮਹਾਨ ਕੋਸ਼ ਦੇ ਲਿਖਾਰੀ ਦਾ ਕਹਿਣਾ ਹੈ ਕਿ ੧੬੮੨ ਈ: ਭਾਈ ਨੰਦ ਲਾਲ ਜੀ ਮੁਲਤਾਨ ਤੋਂ ਤੁਰ ਕੇ ਅੰਮ੍ਰਿਤਸਰ ਜੀ ਦੇ ਦਰਸ਼ਨ ਕਰਦੇ ਹੋਏ ਕਲਗੀਧਰ ਦੀ ਸੇਵਾ ਵਿਚ ਅਨੰਦਪੁਰ ਪੁੱਜੇ। ਉਨ੍ਹਾਂ ਆਉਂਦਿਆਂ ਹੀ ਗੁਰੂ ਚਰਨਾਂ ਤੇ ‘ਬੰਦਗੀ ਨਾਮਾ’ ਪੁਸਤਕ ਭੇਟ ਕੀਤੀ ਅਤੇ ਦਸਮੇਸ਼ ਪਿਤਾ ਨੇ ਪੜ੍ਹ ਕੇ ਸੁਣਾਉਣ ਲਈ ਕਿਹਾ : ਭਾਈ ਜੀ ਨੇ ਖੜੇ ਹੋ ਕੇ ਸਾਰੀ ਪੁਸਤਕ ਪੜ੍ਹੀ । ਗੁਰੂ ਜੀ ਨੇ ਆਪਣੀ ਪਾਵਨ ਕਲਮ ਨਾਲ ਪੁਸਤਕ ਦੇ ਅੰਤ ਵਿਚ ਲਿਖਿਆ :
‘ਆਬੈ ਹੈਵਾਂ ਮੁਰਸ਼ਦਹ ਚੂੰ ਜਾਮੇ ਊ।
ਜ਼ਿੰਦਗੀ ਨਾਮਹ ਸ਼ੁਦਹ ਜਾਂ ਨਾਮੇ ਊ।’
ਭਾਵ ਅੰਮ੍ਰਿਤ ਨਾਲ ਜਿਸ ਦਾ ਜਾਮ ਭਰ ਗਿਆ, ਉਸ ਦਾ ਨਾਂ ਜ਼ਿੰਦਗੀ ਨਾਮਾ ਹੋ ਗਿਆ। ਗੁਰੂ ਕੀ ਸਾਖੀਆਂ ਅਨੁਸਾਰ :
ਸਤਿਗੁਰੂ ਬੰਦਗੀ ਨਾਮਾ ਵਾਚ ਨੰਦ ਲਾਲ ਤੇ ਬੜੇ ਬਿਗਸੇ।
ਬਚਨ ਹੋਆ : ਨੰਦ ਲਾਲ ਤੇਰੀ ਰਚਨਾ ਮਨ ਕੋ ਮੋਹਨੇ ਵਾਲੀ ਹੈ ਤੇ ਜ਼ਿੰਦਗੀ ਕੋ ਨਏ ਸਿਰੇ ਤਾਜ਼ਾ ਕਰਨੇ ਵਾਲੀ ਹੈ । ਇਸ ਕਾ ਨਾਉ ਬੰਦਗੀ ਨਾਮਾ ਸੇ ਜ਼ਿੰਦਗੀਨਾਮਾ ਰਖਤੇ ਹੈਂ।
ਇਹ ਵਰ ਵੀ ਦਿੱਤਾ ਕਿ ਜੋ ਵੀ ਇਹ ਰਚਨਾ ਪ੍ਰੇਮ ਤੇ ਵਿਚਾਰ ਨਾਲ ਪੜ੍ਹੇਗਾ, ਉਸ ਦਾ ਜਨਮ ਸਫ਼ਲ ਹੋਵੇਗਾ । ਗੱਲ ਠੀਕ ਹੈ ਕਿ ਬੰਦਗੀ ਵਿਚ ਹੀ ਜ਼ਿੰਦਗੀ ਹੈ । ਬੰਦਗੀ ਰਹਿਤ ਜੀਵਨ ਗੰਦਗੀ ਹੈ ਹੋਰ ਕੁਝ ਨਹੀਂ। ਇਕ ਵਾਰੀ ਫਿਰ ਜਦ ਹੋਲੀ ਦੇ ਸਮੇਂ ਭਾਈ ਜੀ ਨੇ ਕੁਝ ਸ਼ਿਅਰ ਪੜ੍ਹੇ ਸਨ ਤਾਂ ਗੁਰੂ ਜੀ ਨੇ ਕਿਹਾ ਸੀ : ਤੇਰੀ ਰਚਨਾ ਰੂਹ ਕੋ ਤਾਜ਼ਾ ਕਰਨੇ ਵਾਲੀ वै।
ਇੰਝ ਲਗਦਾ ਹੈ ਕਿ ਪਹਿਲੀ ਵਾਰ ਭਾਈ ਜੀ ਬਹੁਤੀ ਦੇਰ ਅਨੰਦਪੁਰ ਨਹੀਂ ਠਹਿਰੇ ਤੇ ਮੁਅੱਜ਼ਮ (ਬਹਾਦਰ ਸ਼ਾਹ) ਕੋਲ ਆਗਰੇ ਚਲੇ ਗਏ ਅਤੇ ਉਥੋਂ ਦੱਖਣ । ਆਪਣੀ ਵਿਦਵਤਾ ਸਦਕਾ ਮੁਅੱਜ਼ਮ ਦੇ ਮੀਰ ਮੁਨਸ਼ੀ ਬਣ ਗਏ। ਦੱਖਣ ਵਿਚ ਇਕ ਵਾਰੀ ਉਨ੍ਹਾਂ ਕੁਰਾਨ ਦੀ ਆਇਤ ਦੇ ਇਤਨੇ ਅਨੂਠੇ ਅਰਥ ਕੀਤੇ ਕਿ ਔਰੰਗਜ਼ੇਬ ਨੂੰ ਹੈਰਾਨੀ ਹੋਈ। ਉਸ ਨੇ ਦਿਲ ਦੀ ਗੱਲ ਆਖ ਹੀ ਦਿੱਤੀ ਕਿ ਐਸੇ ਵਿਦਵਾਨ ਨੂੰ ਤਾਂ ਇਸਲਾਮ ਦੇ ਦਾਇਰੇ ਵਿਚ ਹੋਣਾ ਚਾਹੀਦਾ ਹੈ। ਔਰੰਗਜ਼ੇਬ ਨੇ ਕਿਹਾ ਸੀ:
ਇਹ ਤੋ ਹਿੰਦੂ ਹੈ ਮਤਿਵੰਦਾ।
ਹੈ ਅਨੀਤ ਮੁਝ ਨਹੀਂ ਸੁਹੰਦਾ । ‘
ਆਪ ਜੀ ਉਥੋਂ ਚੱਲ ਕੇ ਫਿਰ ੧੬੮੮ ਈ: ਨੂੰ ਅਨੰਦਪੁਰ ਆ ਗਏ ਤੇ ਦਸਮੇਸ਼ ਪਿਤਾ ਦੇ ਅਨੰਦਪੁਰ ਛੱਡਣ ਤੱਕ ਅਨੰਦਪੁਰ ਹੀ ਰਹੇ। ੫ ਮਾਰਚ, ੧੬੮੮ ਨੂੰ ਔਰੰਗਜ਼ੇਬ ਨੇ ਬਹਾਦਰ ਸ਼ਾਹ ਨੂੰ ਉਸ ਦੇ ਚਾਰ ਪੁੱਤਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਸੀ। ਬਹਾਦਰ ਸ਼ਾਹ ਜਾਣਦਾ ਸੀ ਕਿ ਪਿਤਾ ਅੱਗੇ ਜ਼ਰਾ ਵੀ ਚੂੰ ਕੀਤੀ ਤਾਂ ਜਾਨ ਤੋਂ ਹੱਥ ਧੋਣੇ ਪੈਣਗੇ। ਚੁੱਪ ਕਟੀ ਕਰਨੀ ਹੀ ਠੀਕ ਨੀਤੀ ਸੀ। ਗੁਰ ਸੋਭਾ ਦੀ ਗਵਾਹੀ ਹੈ ਜਦ ਬਹਾਦਰ ਸ਼ਾਹ ਕੈਦ ਵਿਚ ਸੀ ਤਾਂ ਉਸ ਨੇ ਕਈ ਫ਼ਕੀਰ, ਪੀਰ ਅਤੇ ਔਲੀਏ ਮਨਾਏ । ਭਾਈ ਨੰਦ ਲਾਲ ਜੀ, ਜੋ ਅਨੰਦਪੁਰ ਪੁੱਜ ਗਏ ਸਨ, ਨੇ ਗੁਰੂ ਪਾਤਸ਼ਾਹ ਨੂੰ ਬਹਾਦਰ ਸ਼ਾਹ ਦੇ ਖੁੱਲ੍ਹੇ ਸੁਭਾਅ ਦੀ ਉਪਮਾ ਕੀਤੀ ਅਤੇ ਉਸ ਲਈ ਅਰਦਾਸ ਕਰਨ ਲਈ ਵੀ ਕਿਹਾ। ਮਹਾਰਾਜ ਨੇ ਨਾ ਸਿਰਫ਼ ਉਸ ਦੀ ਰਿਹਾਈ ਲਈ ਹੀ ਅਰਦਾਸ ਕੀਤੀ ਸਗੋਂ ਬਖ਼ਸ਼ਿਸ਼ ਦੇ ਦਰ ਆ ਕੇ ਫ਼ਰਮਾਇਆ ਕਿ ਬਾਪ ਦੀ ਗੱਦੀ ਤੇ ਬੈਠੇਗਾ।
ਮਾਰਚ, ੧੬੯੫ ਨੂੰ ਔਰੰਗਜ਼ੇਬ ਨੇ ਸੱਤ ਸਾਲਾਂ ਉਪਰੰਤ ਬਹਾਦਰ ਸ਼ਾਹ ਨੂੰ ਰਿਹਾਅ ਕਰ ਦਿੱਤਾ। ਉਸ ਨੇ ਰਿਹਾਅ ਹੁੰਦੇ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਈ ਕੀਮਤੀ ਭੇਟਾਵਾਂ ਭੇਜੀਆਂ। ਗੁਰ ਸੋਭਾ ਵਾਲੇ ਇਹ ਵੀ ਲਿਖਿਆ ਹੈ ਕਿ ਗੁਰੂ ਜੀ ਅਤੇ ਸ਼ਹਿਜ਼ਾਦੇ ਵਿਚਾਲੇ ਬਾਕਾਇਦਾ ਚਿੱਠੀ-ਪੱਤਰ ਵੀ ਅਰੰਭ ਹੋ ਗਿਆ।
੨੪ ਮਈ, ੧੬੯੫ ਨੂੰ ਔਰੰਗਜ਼ੇਬ ਨੇ ਬਹਾਦਰ ਸ਼ਾਹ ਨੂੰ ਆਗਰੇ ਦਾ ਗਵਰਨਰ ਬਣਾ ਕੇ ਉੱਤਰੀ ਹਿੰਦੁਸਤਾਨ ਭੇਜ ਦਿੱਤਾ। ਇਕ ਸਾਲ ਦੇ ਕਰੀਬ ਉਸ ਆਗਰੇ ਦੇ ਪ੍ਰਬੰਧ ਨੂੰ ਸੰਭਾਲਿਆ ਅਤੇ ੨੪ ਜੁਲਾਈ, ੧੬੯੫ ਨੂੰ, ਮੁਲਤਾਨ, ਉੱਚ, ਲਾਹੌਰ ਤੇ ਕਾਬਲ ਦਾ ਗਵਰਨਰ ਥਾਪ ਦਿੱਤਾ ਗਿਆ। ਤਿੰਨ ਸਾਲ ਉਸ ਨੇ ਪਹਾੜੀ ਰਾਜਿਆਂ ਨੂੰ ਈਨ ਮਨਾਉਣ ਲਈ ਤੇ ਕਰ ਵਸੂਲ ਕਰਨ ਵਿਚ ਲਗਾਏ। ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿਚ ਲਿਖਿਆ ਹੈ ਕਿ ਸ਼ਹਿਜ਼ਾਦਾ (ਮੁਅੱਜ਼ਮ) ਆਪਣੇ ਬਾਪ ਦੇ ਕਹਿਣ ਤੇ ਹੀ ਪੰਜਾਬ ਆਇਆ ਸੀ। ਪਹਾੜੀ ਰਾਜਿਆਂ ਜਦ ਕਰ ਨਾ ਪਹੁੰਚਾਣ ਦੀ ਜ਼ਿੰਮੇਵਾਰੀ ਗੁਰੂ ਗੋਬਿੰਦ ਸਿੰਘ ਤੇ ਪਾਉਣੀ ਚਾਹੀ ਤਾਂ ਉਸ ਨੇ ਸੁਣਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਭਾਈ ਨੰਦ ਲਾਲ ਜੀ ਨੇ ਆਪੂੰ ਬਹਾਦਰ ਸ਼ਾਹ ਨੂੰ ਮਿਲ ਕੇ ਪਾਏ ਹੋਏ ਭੁਲੇਖੇ ਦੂਰ ਕੀਤੇ।
ਔਰੰਗਜ਼ੇਬ ਦੀ ਮ੍ਰਿਤੂ ਵੇਲੇ ਜਦ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਤੱਖ਼ਤ ਪ੍ਰਾਪਤੀ ਲਈ ਇਮਦਾਦ ਮੰਗੀ ਤਾਂ ਵੀ ਉਸ ਨੇ ਭਾਈ ਨੰਦ ਲਾਲ ਜੀ ਨੂੰ ਉਚੇਚਾ ਮੁਲਤਾਨ ਤੋਂ ਬੁਲਵਾਇਆ।
ਤੱਖ਼ਤ ਸੰਭਾਲਦੇ ਸਾਰ ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਜੀ ਨੂੰ ਵਜ਼ੀਰ ਦੀ ਪਦਵੀ ਦੇ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਦਾ ਆਦਰ ਤੇ ਸਤਿਕਾਰ ਸੱਠ ਹਜ਼ਾਰ ਦੀ ਜੜਾਉ ਧੁਖਧੁਖੀ, ਕਲਗੀ, ਸਿਰੋਪਾਓ, ਨਗਾਰਾ ਤੇ ਸਰਾਇਪਰਦਾ ਦੇ ਕੇ ਕੀਤਾ। ਨਾਲ ਹੀ ਧਾਰਮਿਕ ਆਗੂ ਹੋਣ ਦੀ ਹੈਸੀਅਤ ਵਿਚ ਸਾਰੀਆਂ ਵਸਤੂਆਂ ਉਸ ਨੇ ਮਹਾਰਾਜ ਦੇ ਕੈਂਪ ਵਿਚ ਪਹੁੰਚਾ ਦਿੱਤੀਆਂ। ਉਂਝ ਰਾਜ ਦਰਬਾਰ ਦੀ ਮਿੱਥੀ ਮਰਯਾਦਾ ਅਨੁਸਾਰ ਸਿਰੋਪਾਓ ਬਾਦਸ਼ਾਹ ਦੇ ਸਾਹਮਣੇ ਪਹਿਨਣਾ ਪੈਂਦਾ ਸੀ । ਢਾਡੀ ਨੱਥ ਮਲ ਨੇ ਆਪਣੀ ਸਮਕਾਲੀ ਰਚਨਾ ‘ਅਮਰਨਾਮਾ’ ਵਿਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਨਾਂਦੇੜ ਵਿਖੇ ਭਾਈ ਨੰਦ ਲਾਲ ਜੀ ਬਹਾਦਰ ਸ਼ਾਹ ਦੇ ਨਾਲ ਹੀ ਸਨ :
‘ਜ਼ਿ ਵੁਜ਼ਰਾਇ ਸੁਲਤਾਨ ਬੂਦ ਨੰਦ ਲਾਲ
ਸ਼ੁਦਾ ਹਮਰਹਿ ਸ਼ਾਹਿ ਵਾਲਾ ਕਮਾਲ ।’
ਭਾਵ ਨੰਦ ਲਾਲ ਬਾਦਸ਼ਾਹ ਦੇ ਵਜ਼ੀਰਾਂ ਵਿਚੋਂ ਸੀ ਅਤੇ ਉਹ ਵੱਡੇ ਕਮਾਲ ਵਾਲੇ ਬਾਦਸ਼ਾਹ ਦੇ ਸਫ਼ਰ ਦਾ ਸੰਗੀ ਸੀ। ਜਦ ਬਹਾਦਰ ਸ਼ਾਹ ਪੰਜਾਬ ਆਇਆ ਤਾਂ ਉਹ ਨਾਲ ਹੀ ਸਨ ਤੇ ਉਸ ਦੀ ਲਾਹੌਰ ਮੌਤ ਹੋ ਜਾਣ ਨਾਲ ਆਪ ਜੀ ਮੁਲਤਾਨ ਚਲੇ ਗਏ ਅਤੇ ਉਥੇ ਹੀ ੧੭੧੩ ਈ: ਨੂੰ ਅਕਾਲ ਚਲਾਣਾ ਕਰ ਗਏ।
ਭਾਈ ਨੰਦ ਲਾਲ ਜੀ ਦਾ ਜਨਮ ੧੬੩੩ ਈ: ਨੂੰ ਮੁਨਸ਼ੀ ਛੱਜੂ ਰਾਮ ਜੀ ਦੇ ਘਰ ਗ਼ਜ਼ਨੀ ਵਿਖੇ ਹੋਇਆ। ਆਪ ਜੀ ਦੇ ਪਿਤਾ ਦਾਰਾ ਸ਼ਿਕੋਹ ਨਾਲ ਕਾਬਲ ਗਏ ਸਨ । ਮੁਨਸ਼ੀ ਛੱਜੂ ਰਾਮ ਜੀ ਦੀ ਕੋਈ ਔਲਾਦ ਬਚਪਨ ਤੋਂ ਅਗੇਰੇ ਨਹੀਂ ਟੱਪਦੀ ਸੀ, ਇਸ ਲਈ ਅਰੰਭ ਦੇ ਸਾਲ ਚਿੰਤਾ ਤੇ ਝੋਰਿਆਂ ਵਿਚ ਹੀ ਗੁਜ਼ਰੇ । ਪ੍ਰਮਾਤਮਾ ਦੀ ਮਿਹਰ ਸਦਕਾ ਉਹ ਸਾਲ ਲੰਘ ਗਿਆ ਜਿਸ ਨਾਲ ਆਮ ਤੌਰ ਤੇ ਮੁਨਸ਼ੀ ਜੀ ਦੇ ਬੱਚੇ ਗੁਜ਼ਰ ਜਾਂਦੇ ਸਨ। ਹੁਣ ਉਨ੍ਹਾਂ ਉਚੇਚ ਨਾਲ ਬਾਲ ਦੀ ਵਿੱਦਿਆ ਦਾ ਪ੍ਰਬੰਧ ਕੀਤਾ। ਗ਼ਜ਼ਨੀ ਸਮੇਂ ਦੀ ਪ੍ਰਸਿੱਧ ਦਰਗਾਹ ਵੀ ਸੀ, ਫਿਰ ਵੀ ਉਨ੍ਹਾਂ ਉਚੇਚੇ ਤੌਰ ਤੇ ਅਰਬੀ ਅਤੇ ਫ਼ਾਰਸੀ ਦੇ ਮਾਹਿਰ ਪੜ੍ਹਾਈ ਤੇ ਲਗਾ ਦਿੱਤੇ। ਸਾਲਾਂ ਵਿਚ ਹੀ ਉਨ੍ਹਾਂ ਵਿੱਦਿਆ ਵਿਚ ਕਮਾਲ ਹਾਸਲ ਕਰ ਲਿਆ।
ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਅਫ਼ਗਾਨਿਸਤਾਨ ਵਿਚ ਥਾਂ-ਥਾਂ ਸੰਗਤਾਂ ਬਣ ਗਈਆਂ ਸਨ। ਗ਼ਜ਼ਨੀ ਵਿਚ ਵੀ ਧਰਮਸ਼ਾਲਾਵਾਂ ਕਾਇਮ ਹੋ ਗਈਆਂ ਸਨ ਤੇ ਸਿੱਖ ਸੰਗਤਾਂ ਰੋਜ਼ ਇਕੱਠੀਆਂ ਹੋ ਕੇ ਸ਼ਬਦ ਕੀਰਤਨ ਕਰਦੀਆਂ ਸਨ। ਗੁਰਮਤਿ ਦੀਆਂ ਵਿਚਾਰਾਂ ਵੀ ਹੁੰਦੀਆਂ ਸਨ। ਮੁਹਸਨ ਫ਼ਾਨੀ ਨੇ ਕਈ ਇਕ ਸਿਰੜੀ ਸਿੱਖਾਂ ਦਾ ਜ਼ਿਕਰ ਕੀਤਾ ਹੈ। ਉਸ ਨੇ ਗੁਰੂ ਹਰਿਗੋਬਿੰਦ ਸਿੰਘ ਜੀ ਦੇ ਇਕ ਸਿੱਖ ਸਾਧ ਬਾਰੇ ਲਿਖਿਆ ਹੈ ਕਿ ਜਦ ਉਹ ਗੁਰੂ ਜੀ ਲਈ ਘੋੜੇ ਖ਼ਰੀਦਣ ਲਈ ਟੁਰ ਪਿਆ ਤਾਂ ਪਿਛੋਂ ਖ਼ਬਰ ਪੁੱਜੀ ਕਿ ਉਸ ਦਾ ਪੁੱਤਰ ਸਖ਼ਤ ਬੀਮਾਰ ਹੈ, ਇਸ ਲਈ ਵਾਪਸ ਮੁੜ ਜਾਏ ਤਾਂ ਉਸ ਨੇ ਉੱਤਰ ਦਿੱਤਾ ਕਿ ਹੁਣ ਮੈਂ ਗੁਰੂ ਦੀ ਆਗਿਆ ਮੰਨ ਟੁਰ ਪਿਆ ਹਾਂ, ਮੈਂ ਪਿੱਛੇ ਨਹੀਂ ਮੁੜ ਸਕਦਾ। ਘਰ ਲਕੜੀਆਂ ਬਹੁਤ ਹਨ, ਸੋ ਲੜਕੇ ਦੀ ਮੌਤ ਹੋਣ ਦੀ ਸੂਰਤ ਵਿਚ ਉਸ ਦਾ ਦਾਹ ਸੱਸਕਾਰ ਕਰ ਦੇਣਾ। ਸਿੱਖਾਂ ਵਿਚ ਦ੍ਰਿੜ੍ਹਤਾ ਸਿਖਰਾਂ ਦੀ ਆ ਗਈ ਸੀ ।ਨੰਦ ਲਾਲ ਜੀ ਤੇ ਵੀ ਸਿੱਖੀ ਪ੍ਰਭਾਵ ਪੈ ਰਿਹਾ ਸੀ।
ਦੀਵਾਨ ਛੱਜੂ ਮੱਲ ਆਪੂੰ ਰਾਮਾਨੰਦੀ ਵੈਸ਼ਨੋ ਬੈਰਾਗੀਆਂ ਦਾ ਚੇਲਾ ਸੀ। ਜਦ ਬੈਰਾਗੀਆਂ ਵਾਲੀ ਕੰਠੀ ਪਾਉਣ ਲਈ ‘ਗੁਰੂ’ ਆਏ ਤਾਂ ਭਾਈ ਜੀ ਨੇ ਕੰਠੀ ਪਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਸ ਨੂੰ ਅਜਿਹੀ ਮਾਲਾ ਪਹਿਨਾਈ ਜਾਵੇ ਜਿਹੜੀ ਕਦੇ ਨਾ ਟੁੱਟੇ ਅਤੇ ਜੀਵਨ ਦਾ ਸੁਖ ਲਿਆਉਣ ਲਈ ਸਹਾਈ ਹੋਵੇ । ਭਾਈ ਜੀ ਦਾ ਐਸਾ ਕਹਿਣਾ ਗੁਰੂ ਨਾਨਕ ਦੇਵ ਜੀ ਦੇ ਪੂਰਨੇ ਤੇ ਹੀ ਟੁਰਨਾ ਸੀ ਜਿਨ੍ਹਾਂ ਪੰਡਿਤ ਹਰਦਿਆਲ ਨੂੰ ਸਾਫ਼ ਆਖ ਦਿੱਤਾ ਸੀ ਕਿ ਉਸ ਦਾ ਜੰਞੁ ਜੀਅ ਦਾ ਨਹੀਂ ਹੈ।
ਦੀਵਾਨ ਛੱਜੂ ਮੱਲ ਜੀ ਦੀ ਮ੍ਰਿਤੂ ੧੬੫੩ ਈ: ਨੂੰ ਹੋ ਗਈ ਤੇ ਦੂਰ ਪ੍ਰਦੇਸ਼ਾਂ ਵਿਚ ਭਾਈ ਜੀ ਲਾਵਾਰਿਸ ਹੋ ਗਏ। ਆਪ ਜੀ ਦੇ ਦੋ ਛੋਟੇ ਭਰਾ ਵੀ ਸਨ, ਜਿਨ੍ਹਾਂ ਦੀ ਜ਼ਿੰਮੇਵਾਰੀ ਆਪ ਤੇ ਹੀ ਸੀ। ਸੋ ਆਪ ਜੀ ਨੇ ਗ਼ਜ਼ਨੀ ਰਹਿਣਾ ਉਚਿਤ ਨਾ ਸਮਝਿਆ ਤੇ ਹਿੰਦੁਸਤਾਨ ਮੁੜ ਆਏ ਤੇ ਟਿਕਾਣਾ ਮੁਲਤਾਨ ਕੀਤਾ।
ਮੁਲਤਾਨ ਚਿਰ ਤੋਂ ਭਾਰਤ ਦੇ ਪ੍ਰਸਿੱਧ ਸ਼ਹਿਰਾਂ ਵਿਚ ਗਿਣਿਆ ਜਾਂਦਾ ਸੀ । ਇਸ ਨੂੰ ਪ੍ਰਹਿਲਾਦਪੁਰੀ ਵੀ ਕਹਿਆ ਜਾਂਦਾ ਸੀ । ‘ਪੀਰ ਪੁਰ ਮੁਲਤਾਨ’ ਵੀ ਆਖਿਆ ਜਾਂਦਾ ਸੀ । ਇਸ ਦੀ ਪ੍ਰਸਿੱਧੀ ਨਿਰੀ ਧਾਰਮਕ ਤੇ ਰਾਜਨੀਤਕ ਪੱਖੋਂ ਨਹੀਂ ਸੀ ਸਗੋਂ ਤਿਜਾਰਤੀ ਸ਼ਹਿਰ ਕਰਕੇ ਵੀ ਸੀ। ਅਫ਼ਗਾਨਿਸਤਾਨ, ਈਰਾਨ, ਬਿਲੋਚਸਤਾਨ ਅਤੇ ਹਿੰਦੋਸਤਾਨ ਦਾ ਇਕ ਵੱਡਾ ਤਜਾਰਤੀ ਕੇਂਦਰ ਬਣ ਚੁੱਕਾ ਸੀ। ਵੱਡੇ-ਵੱਡੇ ਵਪਾਰੀਆਂ ਦਾ ਇਕ ਉੱਚ ਟਿਕਾਣਾ ਸੀ । ਸੋ ਆਪ ਜੀ ਨੇ ਉਥੇ ਹੀ ਟਿਕਣ ਦਾ ਮਨ ਬਣਾ ਲਿਆ। ਦਿੱਲੀ ਦਰਵਾਜ਼ੇ ਬਾਹਰ ਕੁਝ ਅਮੀਰ ਖੱਤਰੀਆਂ ਦੇ ਘਰ ਸਨ, ਆਪ ਜੀ ਨੇ ਵੀ ਉਥੇ ਹੀ ਮਕਾਨ ਲੈ ਲਿਆ। ਹੌਲੀ- ਹੌਲੀ ਇਕ ਵੱਡਾ ਮੁਹੱਲਾ ਬਣ ਗਿਆ। ਅਫ਼ਗ਼ਾਨ ਨੌਕਰ ਆਪ ਜੀ ਨੂੰ ਆਗ਼ਾ (ਆਕਾ, ਮਾਲਕ) ਕਹਿ ਕੇ ਸਤਿਕਾਰ ਦਿੰਦੇ ਸਨ, ਇਸ ਲਈ ਆਪ ਜੀ ਨੂੰ ਸਾਰੇ ਹੀ ‘ਆਗ਼ਾ’ ਕਹਿ ਕੇ ਬੁਲਾਉਣ ਲੱਗ ਪਏ। ਮੁਹੱਲੇ ਦਾ ਨਾਂ ਵੀ ‘ਆਗ਼ਾ ਪੁਰਾ’ ਪੈ ਗਿਆ।
ਜਦ ਆਪ ਜੀ ਦੀ ਲਿਆਕਤ ਤੇ ਈਮਾਨਦਾਰੀ ਦੀਆਂ ਸੋਆਂ ਫੈਲੀਆਂ ਤਾਂ ਮੁਲਤਾਨ ਦੇ ਹਾਕਮ ਨਵਾਬ ਵਸਾਫ਼ ਖ਼ਾਨ ਦੇ ਦਫ਼ਤਰ ਵਿਚ ਮੁਨਸ਼ੀ ਦੇ ਅਹੁਦੇ ਤੇ ਨਿਯੁਕਤ ਹੋਏ। ਆਪ ਜੀ ਛੇਤੀ ਹੀ ਮੀਰ ਮੁਨਸ਼ੀ ਬਣ ਗਏ। ਪਿਛੋਂ ਆਪ ਜੀ ਭੱਕਰ ਦੇ ਕਿਲ੍ਹੇਦਾਰ ਅਤੇ ਫ਼ੌਜਦਾਰ ਵੀ ਬਣਾ ਦਿੱਤੇ ਗਏ। ਇਤਨਾ ਸੁੰਦਰ ਇੰਤਜ਼ਾਮ ਕੀਤਾ ਕਿ ਆਪ ਜੀ ਨੂੰ ਦੀਨਾ, ਕਹਿਰੋੜ, ਫਤਹਪੁਰ ਅਤੇ ਪਰਗਨਾ ਮਹੀਉ-ਦੀਨ ਪੁਰ ਦਾ ਨਜ਼ਾਮ ਨਿਯਤ ਕਰ ਦਿੱਤਾ ਗਿਆ। ਆਪ ਜੀ ਨੂੰ ਫਿਰ ਮੁਲਤਾਨ ਦੀ ਨਾਇਬ ਸੂਬੇਦਾਰੀ ਵੀ ਦਿੱਤੀ ਗਈ । ‘ਦਸਤੂਰੁਲ- ਇਨਸ਼ਾ’ ਅਨੁਸਾਰ ਆਪ ਜੀ ਇਕ ਸੁਚੱਜੇ ਜਰਨੈਲ ਵੀ ਸਨ। ਦੱਰਾ ਸੁਲਤਾਨ ਸਰਵਰ ਦੇ ਆਲੇ-ਦੁਆਲੇ ਦੀਆਂ ਪਹਾੜੀਆਂ ਵਿਚ ਸ਼ਾਹੂ ਨਾਮੀ ਇਕ ਡਾਕੂ ਨੇ ਆਪਣੀ ਫ਼ੌਜ ਜਮ੍ਹਾਂ ਕਰ ਰੱਖੀ ਸੀ ਤੇ ਉਸ ਨੇ ਆਪਣਾ ਇਕ ਕਿਸਮ ਦਾ ਰਾਜ ਬਣਾਇਆ ਹੋਇਆ ਸੀ । ਭਾਈ ਨੰਦ ਲਾਲ ਜੀ ਫ਼ੌਜਾਂ ਦੀ ਅਗਵਾਈ ਕਰ ਕੇ ਉਸ ਦੇ ਟਾਕਰੇ ਲਈ ਪੁੱਜੇ । ਆਪ ਜੀ ਨੇ ਇਸ ਵਿਉਂਤ ਨਾਲ ਜੰਗ ਲੜੀ ਕਿ ਸ਼ਾਹੂ ਹਾਰ ਖਾ ਗਿਆ ਤੇ ਉਸ ਦੇ ਤਿੰਨ ਹਜ਼ਾਰ ਸਾਥੀ ਰਣ ਵਿਚ ਹੀ ਮਾਰੇ ਗਏ। ਆਪ ਜੀ ਨੇ ਸਾਰੇ ਇਲਾਕਾ ਵਾਸੀਆਂ ਕੋਲੋਂ ਲਿਖਤੀ ਈਨ ਮੰਨਵਾਈ। ਦੂਜੇ ਦੇਸ਼ਾਂ ਤੋਂ ਆਉਣ ਵਾਲੇ ਕਾਫ਼ਲਿਆਂ ਦੇ ਰਾਹਾਂ ਵਿਚ ਹੁਣ ਕੋਈ ਰੁਕਾਵਟ ਪਾਉਣ ਵਾਲਾ ਨਹੀਂ ਸੀ । ਇਸ ਤਰ੍ਹਾਂ ਦੂਜੇ ਮੁਲਕਾਂ ਨਾਲ ਚੰਗੇ ਤਜਾਰਤੀ ਸੰਬੰਧ ਕਾਇਮ ਹੋ ਗਏ। ਔਰੰਗਜ਼ੇਬ ਦੇ ਪੁੱਤਰ ਸ਼ਹਿਜ਼ਾਦਾ ਮੁਹੰਮਦ ਅਕਬਰ ਦਾ ਉਨ੍ਹਾਂ ਨੂੰ ਇਕ ਸਾਲ (੧੬੭੮-੭੯) ਪਾਸ ਰੱਖਣ ਦੀ ਵੀ ਗਵਾਹੀ ਹੈ। ਆਪ ਜੀ ਨੇ ਕੋਸ਼ਿਸ਼ ਕੀਤੀ ਕਿ ‘ਮੀਰ ਮੁਨਸ਼ੀ’ ਵਾਲੀ ਪਿਤਾ ਜੀ ਦੀ ਪਦਵੀ ਮਿਲ ਜਾਏ, ਪਰ ਕਾਮਯਾਬ ਨਾ ਹੋਏ। ਆਪ ਜੀ ਨੇ ਮੁਲਤਾਨ ਵਿਖੇ ਹੀ ਗੁਰਮਤਿ ਅਧਿਐਨ ਅਰੰਭ ਕਰ ਦਿੱਤਾ ਸੀ। ਭਾਈ ਕਾਹਨ ਸਿੰਘ ਜੀ ਦਾ ਕਥਨ ਹੈ ਕਿ ਮੁਲਤਾਨ ਹੀ ਸਿੱਖ ਘਰ ਦੀ ਪੁੱਤਰੀ ਨਾਲ ਭਾਈ ਜੀ ਦੀ ਸ਼ਾਦੀ ਹੋਈ। ਉਥੋਂ ਗੁਰੂ ਸਿੱਖੀ ਦੀ ਪ੍ਰੀਤ ਹੋਰ ਵਧੀ। ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਤੜਪ ਵਧੀ ਅਤੇ ਆਪ ਜੀ ਅੰਮ੍ਰਿਤਸਰ ਤੋਂ ਅਨੰਦਪੁਰ ਆਏ। ਜਦ ਆਪ ਜੀ ਫਿਰ (੧੬੮੮ ਈ:) ਅਨੰਦਪੁਰ ਆਏ ਤਾਂ ਆਪ ਜੀ ਨੇ ਲੰਗਰ ਦੀ ਸੇਵਾ ਸੰਭਾਲੀ। ਅਨੰਦਪੁਰ ਵਿਚ ਜਿਵੇਂ ਲੰਗਰ ਦਾ ਪ੍ਰਬੰਧ ਚਲਾਇਆ, ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇਕ ਵਾਰੀ ਗੁਰੂ ਦਰਬਾਰ ਵਿਚ ਜਦ ਹਰ ਕਿਸੇ ਨੇ ਆਪਣੇ-ਆਪਣੇ ਲੰਗਰ ਦੀ ਸਿਫ਼ਤ ਕੀਤੀ ਤਾਂ ਦਸਮੇਸ਼ ਪਿਤਾ ਜੀ ਨੇ ਆਪੂੰ ਭੇਸ ਬਦਲ ਕੇ ਪਰਖ ਕੀਤੀ ਤਾਂ ਸਿਰਫ਼ ਭਾਈ ਨੰਦ ਲਾਲ ਜੀ ਦਾ ਇਕ ਐਸਾ ਲੰਗਰ ਡਿੱਠਾ ਜਿੱਥੇ ਬਿਨਾਂ ਵਿਤਕਰੇ ਦੇ ਊਚ ਨੀਚ, ਰਾਜਾ-ਰੰਕ ਅਤੇ ਅਭਿਆਗਤ ਦੀ ਹਰ ਸਮੇਂ ਸੇਵਾ ਸੰਭਾਲ ਹੁੰਦੀ ਸੀ। ਬਖ਼ਸ਼ਿਸ਼ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਸਮਝਾਇਆ ਸੀ : ਲੋੜਵੰਦ ਨੂੰ ਨਾਂਹ ਨਹੀਂ ਕਰਨੀ। ਜੋ ਸਰੇ ਹਾਜ਼ਰ ਕਰ ਦਿੱਤਾ। ਲੋੜਵੰਦ ਦੀ ਲੋੜ ਨੂੰ ਲੋੜਵੰਦ ਵਾਂਙ ਨਾਂਹ ਸਹਿ ਸਕਣਾ ਆਤਮ ਵਤਾ ਦਾ ਚਿੰਨ੍ਹ ਹੈ। ਫਿਰ ਫ਼ਰਮਾਇਆ :
‘ਨੰਦ ਲਾਲ ਤੋ ਹਮਰੋ ਦਾਤਾ।
ਭਗਤਿ ਭਾਵ ਸੰਤਨ ਮਨ ਰਾਤਾ।
ਛੁਦਤਿ ਨ ਦੇਖ ਸਕੈ ਚਿਤ ਭਾਰੋ।
ਦੇਗ ਕਰਤ ਮਮ ਸੋਇ ਪਿਆਰੋ ।’
-ਗੁਰ ਪ੍ਰਤਾਪ ਸੂਰਜ
ਇਹ ਵੀ ਫ਼ਰਮਾਯਾ ਸੀ : “ਭਾਈ ਜੀ ਗੁਰਮੁਖ ਹਨ। ਇਨ੍ਹਾਂ ਦੀ ਰਚਨਾ ਤੇ ਕਲਮ ਭੈ ਸਾਗਰ ਤੋਂ ਪਾਰ ਕਰਨ ਲਈ ਚੱਪੂ ਨਿਆਈਂ ਹੈ ।” ਕਿਤਨੀ ਨਿੰਮ੍ਰਤਾ ਸੀ ਭਾਈ ਸਾਹਿਬ ਵਿਚ ਕਿ ਆਪਣੇ ਆਪ ਨੂੰ ਰੋਜ਼ਹ ਚੀਨੇ ਖਾਨ ਗਿਣਦੇ ਸਨ ਤੇ ਸਦਾ ਕਹਿੰਦੇ ਸਨ ‘ਵੱਸ ਲੱਗਦੇ ਦਾਸ ਬਣ ਸਾਹਿਬ ਨਾ ਬਣ’ (ਤਾਂ ਤਵਾਨਾ ਬੰਦਹ ਸ਼ੌ, ਸਾਹਿਬ ਮਬਾਸ) ਕਿਸ ਸਾਦਗੀ ਨਾਲ ਪ੍ਰਭੂ ਦੇ ਦੀਦਾਰ ਦਾ ਰਾਹ ਦਰਸਾਂਦੇ ਹਨ ਕਿ ਸਵੇਰ ਦੀ ਨੀਂਦ ਹਰਾਮ ਕਰ ਤਾਂ ਦੇਖੇਂਗਾ ਕਿ ਵਾਹਿਗੁਰੂ ਵੀ ਘੁੰਡ ਉਤਾਰ ਪ੍ਰਤੱਖ ਦਰਸ਼ਨ ਦੇਂਦਾ ਹੈ:
“ਬੇਦਾਰੀ ਅਸਤ ਜ਼ਿੰਦਗੀ ਏ ਸਾਹਿਬ ਏ ਸ਼ੌਕ ।
ਗੋਯਾ ਹਰਾਮ ਕਰਦਮ ਅਜ਼ ਆਇੰਦਹ ਖ਼ਾਬੇ ਸੁਬਹ ।”
ਗੁਰੂ ਗੋਬਿੰਦ ਸਿੰਘ ਜੀ ਨੰਦ ਲਾਲ ਜੀ ਨੂੰ ‘ਭਾਈ ਸਾਹਿਬ’ ਆਖ ਕੇ ਸੰਬੋਧਨ ਕਰਦੇ ਸਨ ਅਤੇ ਉਨ੍ਹਾਂ ਦੀਆਂ ਰਚਨਾਵਾਂ ਦੀ ਕਥਾ ਆਮ ਤੌਰ ਤੇ ਦਰਬਾਰ ਵਿਖੇ ਹੁੰਦੀ ਸੀ। ਜਿਵੇਂ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਭਾਈ ਗੁਰਦਾਸ ਜੀ ਦੇ ਜ਼ਿੰਮੇਂ ਸੀ ਕਿ ਸੰਗਤਾਂ ਦੇ ਸ਼ੰਕੇ ਤੇ ਭੁਲੇਖੇ ਦੂਰ ਕਰਨ, ਇਵੇਂ ਹੀ ਦਸਮੇਸ਼ ਦੇ ਦਰਬਾਰ ਵਿਚ ਸੰਗਤਾਂ ਦੇ ਸੰਸੇ ਦੂਰ ਕਰਨ ਲਈ ਆਪ ਜੀ ਨੂੰ ਹੀ ਕਿਹਾ ਜਾਂਦਾ ਸੀ।
ਆਪ ਜੀ ਦੀ ਬਹੁਤੀ ਰਚਨਾ ਫ਼ਾਰਸੀ ਵਿਚ ਹੈ। ਪ੍ਰਸਿੱਧ ਰਚਨਾਵਾਂ ‘ਜ਼ਿੰਦਗੀਨਾਮਾ’ ਗ਼ਜ਼ਲੀਆਤ-ਦੀਵਾਨਿ ਗੋਯਾ, ਤੌਸੀਫ਼-ਓ-ਸਨਾ ਅਤੇ ਖ਼ਾਤਿਮਾ, ਗੰਜਨਾਮਾ, ਜੋਤ ਬਿਗਾਸ ਫ਼ਾਰਸੀ ਤੇ ਪੰਜਾਬੀ, ਰਹਿਤਨਾਮਾ ਤੇ ਤਨਖ਼ਾਹਨਾਮਾ, ਦਸਤੂਰਲ ਇਨਸ਼ਾ (ਵਾਰਤਕ), ਅਰਜੁਲ-ਅਲਫਾਜ਼ ਹਨ।
ਅਨੰਦ ਕਾਰਜ-ਗੁਰੂ ਗੋਬਿੰਦ (ਸਿੰਘ) ਜੀ ਦੀ ਆਯੂ ਜਦ ਅਠਾਰਾਂ ਸਾਲਾਂ ਦੀ ਹੋਈ ਤਾਂ ਆਪ ਜੀ ਦੀ ਨੁਹਾਰ ਦੇਖਣ ਵਾਲੀ ਸੀ। ਆਪ ਜੀ ਦਰਮਿਆਨੇ ਕੱਦ ਦੇ ਪੀਢੇ ਤੇ ਪਤਲੇ ਸਨ । ਚੜ੍ਹਦੀ ਜੁਆਨੀ ਤੇ ਨਿੱਕੀ-ਨਿੱਕੀ ਕੁੰਡਿਆਲੀ ਦਾੜ੍ਹੀ ਨਿਕਲ ਆਈ ਸੀ। ਤੇਜ ਵੀ ਅਥਾਹ ਸੀ। ਸਾਰੀ ਸ਼ਖ਼ਸੀਅਤ ਹੀ ਰਸ-ਭਿੰਨੜੀ ਸੀ। ਮਾਤਾ ਗੁਜਰੀ ਜੀ ਨੇ ਦਸਮੇਸ਼ ਜੀ ਦੀ ਸ਼ਾਦੀ ਕਰਨ ਦੀ ਸੋਚੀ। ਵੈਸਾਖੀ ਵਾਲੇ ਦਿਨ ਸੰਨ ੧੬੮੪ ਨੂੰ ‘ਸੁੰਦਰ ਸਰੂਪ’ ਨਾਲ ਅਨੰਦ ਕਾਰਜ ਹੋਇਆ। ਲਾਹੌਰ, ਆਪ ਜੀ ਜਾ ਨਹੀਂ ਸਕਦੇ ਸਨ, ਇਸ ਲਈ ਸਾਰਾ ਪ੍ਰਬੰਧ ਅਨੰਦਪੁਰ ਲਾਗੇ ਹੀ ਗੁਰੂ ਕੇ ਲਾਹੌਰ ਕੀਤਾ ਗਿਆ।
ਮਹਾਨ ਕੋਸ਼ ਅਨੁਸਾਰ ਸੁੰਦਰੀ ਮਾਤਾ ਜੀ ਲਾਹੌਰ ਨਿਵਾਸੀ ਭਾਈ ਰਾਮ ਸਰਨ ਕੁਮਰਾਵ ਖਤ੍ਰੀ ਦੀ ਸਪੁੱਤਰੀ ਸਨ । ਬਹੁਤਿਆਂ ਦਾ ਖ਼ਿਆਲ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਦੂਜੀ ਸ਼ਾਦੀ ਸੀ, ਪਰ ਇੰਝ ਪ੍ਰਤੀਤ ਹੁੰਦਾ ਹੈ ਕਿ ਸੁੰਦਰੀ ਜੀ ਦਾ ਪੇਕਾ ਨਾਂ ਜੀਤੋ ਜੀ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ‘ਸੁੰਦਰ ਸਰੂਪ’ ਰਖਿਆ ਸੀ । ਇਸ ਲਈ ਦੋ ਨਾਂ ਹੋਣ ਕਰਕੇ ਸ਼ਾਦੀਆਂ ਵੀ ਦੋ ਹੀ ਮਿੱਥੀਆਂ ਜਾਣ ਲੱਗ ਪਈਆਂ।
ਪਹਾੜੀ ਰਿਆਸਤਾਂ ਵਿਚ ਪ੍ਰਚਾਰ-ਅਨੰਦਪੁਰ ਰਹਿ ਕੇ ਗੁਰੂ ਪਾਤਸ਼ਾਹ ਇਹ ਮਹਿਸੂਸ ਕਰ ਰਹੇ ਸਨ ਕਿ ਪਹਾੜੀ ਇਲਾਕੇ ਜੋ ਪਛੜੇ ਹੋਏ ਹਨ ਉਹਨਾਂ ਨੂੰ ਜੀਵਨ ਜਾਚ ਦੱਸਣ ਲਈ ਇਕ ਪ੍ਰਚਾਰ-ਦੌਰਾ ਉਨ੍ਹਾਂ ਰਿਆਸਤਾਂ ਵਿਚ ਕਰਨਾ ਜ਼ਰੂਰੀ ਹੈ । ਪਹਾੜੀ ਰਾਜੇ ਬੁੱਤ-ਪੂਜ ਵੀ ਸਨ ਤੇ ਈਰਖਾ ਦੀ ਅੱਗ ਵਿਚ ਸੜ ਰਹੇ ਸਨ। ਪਰਜਾ ਦੁਖੀ ਸੀ ਤੇ ਉਹ ਰਾਜਿਆਂ ਦੇ ਅੱਤਿਆਚਾਰਾਂ ਹੇਠ ਦੱਬੀ ਹੋਈ ਸੀ । ਉਨ੍ਹਾਂ ਦਾ ਮਨੁੱਖੀ ਸੁਭਾਅ ਤਕਰੀਬਨ ਮਰ ਚੁੱਕਾ ਸੀ। ਉਹ ਗ਼ੁਲਾਮਾਂ ਵਾਲਾ ਜੀਵਨ ਹੀ ਗੁਜ਼ਾਰ ਰਹੇ ਸਨ।
ਗੁਰੂ ਗੋਬਿੰਦ ਸਿੰਘ ਜੀ ਜੱਥੇ ਸਮੇਤ ਪਹਾੜੀ ਇਲਾਕਿਆਂ ਵਿਚ ਪ੍ਰਚਾਰ ਹਿਤ ਗਏ। ਪਹਿਲਾਂ ਤਾਂ ਰਾਜਿਆਂ ਨੂੰ ਸਮਝਾਇਆ ਕਿ ਹਰ ਸਮੇਂ ਅਹੰਕਾਰ ਸਹਾਰੇ ਟੁਰਨਾ ਮਨੁੱਖੀ ਕਰਮ ਨਹੀਂ। ਫਿਰ ਉਨ੍ਹਾਂ ਦੇ ਹਰ ਸਮੇਂ ਲੜਦੇ ਰਹਿਣ ਨਾਲ ਦੂਜਾ ਕੋਈ ਪੂਰਾ-ਪੂਰਾ ਲਾਭ ਉਠਾ ਰਹਿਆ ਹੈ। ਉਹਨਾਂ ਪਹਾੜੀ ਰਾਜਿਆਂ ਵਿਚੋਂ ਬਹੁਤੇ ਗੁਰੂ ਹਰਿਗੋਬਿੰਦ ਜੀ ਦੀ ਬਖ਼ਸ਼ਿਸ਼ ਨਾਲ ਹੀ ਕਿਲ੍ਹਾ ਗਵਾਲੀਅਰ ਤੋਂ ਰਿਹਾਅ ਹੋਏ ਸਨ । ਰਵਾਲਸਰ ਗੁਰੂ ਜੀ ਨੇ ਪਹਾੜੀ ਰਾਜਿਆਂ ਦਾ ਇਕੱਠ ਕਰ ਕੇ, ਉਨ੍ਹਾਂ ਨੂੰ ਇਕੱਠੇ ਹੋ ਟੁਰਨ ਦਾ ਉਪਦੇਸ਼ ਵੀ ਦਿੱਤਾ ਅਤੇ ਪਰਜਾ ਦਾ ਸਹਿਯੋਗ ਲੈਣ ਦੀ ਪ੍ਰੇਰਨਾ ਕੀਤੀ। ਭੀਮ ਚੰਦ ਇਹ ਸਭ ਆਦਰ ਸਤਿਕਾਰ ਹੁੰਦਾ ਦੇਖ ਹੋਰ ਗੁੱਸੇ ਵਿਚ ਆਇਆ।
ਰਾਜਾ ਮੇਦਨੀ ਪ੍ਰਕਾਸ਼ ਦਾ ਸੱਦਾ—ਰਿਆਸਤ ਸਿਰਮੌਰ ਦਾ ਰਾਜਾ ਮੇਦਨੀ ਪ੍ਰਕਾਸ਼ ਨਾਹਨ ਵਿਖੇ ਇਹ ਸੁਣ ਰਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਰਾਜਿਆਂ ਦੇ ਝਗੜੇ ਨਿਬੇੜ ਰਹੇ ਹਨ ਤੇ ਸਾਰਿਆਂ ਨੂੰ ਮਿਲਣ-ਬੈਠਣ ਦਾ ਉਪਦੇਸ਼ ਕਰ ਰਹੇ ਹਨ। ਉਹ ਆਪੂੰ ਰਾਜਾ ਫ਼ਤਹ ਸ਼ਾਹ ਗੜ੍ਹਵਾਲ (ਸ੍ਰੀਨਗਰ) ਦੇ ਹੱਥੋਂ ਤੰਗ ਸੀ। ਫ਼ਤਹ ਸ਼ਾਹ ਹਰ ਸਾਲ ਦਾਅ-ਪੇਚ ਜਾਂ ਲੜਾਈ ਕਰਕੇ ਉਸ ਦੇ ਇਲਾਕੇ ਤੇ ਕਬਜ਼ਾ ਕਰੀ ਜਾ ਰਿਹਾ ਸੀ ਅਤੇ ਡਰ ਡਰਾਵੇ ਦਿੰਦਾ ਰਹਿੰਦਾ ਸੀ। ਕਰੋਪੀਆਂ ਤੇ ਸਰਾਪ ਦੇਣ ਲਈ ਉਸ ਨੇ ਬਾਬਾ ਰਾਮ ਰਾਇ ਦੀ ਵੀ ਸ਼ਰਨ ਲੈ ਲਈ ਸੀ ਅਤੇ ਇਹ ਗੱਲ ਫੈਲਾ ਦਿੱਤੀ ਸੀ ਕਿ ਮੇਦਨੀ ਪ੍ਰਕਾਸ਼ ਦੇ ਦਿਨ ਹੁਣ ਥੋੜ੍ਹੇ ਹੀ ਰਹਿ ਗਏ ਹਨ। ਰਾਮ ਰਾਇ ਜੀ ਕਰਾਮਾਤੀ ਕਰ ਕੇ ਪ੍ਰਸਿੱਧ ਹੀ ਸਨ। ਫਿਰ ਫ਼ਤਹ ਸ਼ਾਹ ਦੀ ਲੜਕੀ ਦਾ ਰਿਸ਼ਤਾ ਭੀਮ ਚੰਦ ਦੇ ਲੜਕੇ ਅਜਮੇਰ ਚੰਦ ਨਾਲ ਵੀ ਤਹਿ ਹੋ ਗਿਆ ਸੀ, ਪਰ ਮੇਦਨੀ ਪ੍ਰਕਾਸ਼ ਇਹ ਜਾਣਦਾ ਸੀ ਕਿ ਫ਼ਤਹ ਸ਼ਾਹ ਦੇ ਵਡੇਰੇ ਗੁਰੂ ਘਰ ਦੇ ਸ਼ਰਧਾਲੂ ਸਨ। ਪਹਿਲੇ ਗੁਰੂ ਨਾਨਕ ਜੀ ਜਦ ਹਰਦੁਆਰ ਪਹਿਲੀ ਉਦਾਸੀ ਸਮੇਂ ਆਏ ਸਨ ਤਾਂ ਰਾਜਾ ਬ੍ਰਿਜ ਨਾਥ ਦੀ ਬੇਨਤੀ ਤੇ ਉਸ ਦੀ ਰਾਜਧਾਨੀ ਸ੍ਰੀਨਗਰ ਵੀ ਗਏ ਸਨ। ਉਥੇ ਹੀ ਗੁਰੂ ਨਾਨਕ ਦੀ ਪਾਵਨ ਯਾਦ ਵਿਚ ਗੁਰਦੁਆਰਾ ‘ਚਰਨ ਪਾਦੁਕਾ’ ਵੀ ਬਣ ਗਿਆ ਸੀ। ਪਿਛੋਂ ਜਦ ਗੁਰੂ ਹਰਿਗੋਬਿੰਦ ਜੀ ਅਲਮਸਤ ਦੇ ਸੱਦੇ ਤੇ ਨਾਨਕ ਮਤਾ ਪੁੱਜੇ ਤਾਂ ਮੁੜਦੀ ਵਾਰੀ ਸ੍ਰੀ ਨਗਰ ਆਏ ਸਨ। ਉਥੇ ਹੀ ਸਮਰਥ ਰਾਮਦਾਸ, ਜੋ ਮਰਹੱਟਾ ਆਗੂ ਸ਼ਿਵਾ ਜੀ ਦਾ ਧਰਮ ਗੁਰੂ ਸੀ, ਨੂੰ ਮਿਲੇ ਸਨ ਤੇ ਉਪਦੇਸ਼ ਦਿੱਤਾ ਸੀ: ‘ਬਾਤਨ ਫ਼ਕੀਰੀ, ਜ਼ਾਹਿਰ ਅਮੀਰੀ, ਸ਼ਸਤਰ ਗਰੀਬ ਕੀ ਰੱਖਿਆ। ਜਰਵਾਨੇ ਕੀ ਭੱਖਿਆ ਕੇ ਲੀਏ। ਬਾਬਾ ਨਾਨਕ ਸੰਸਾਰ ਨਹੀਂ ਤਿਆਗਿਆ ਥਾ ਮਾਯਾ ਤਿਆਗੀ ਥੀ ।’ ਰਾਮਦਾਸ ਜੀ ਉਸੇ ਸਮੇਂ ਹੀ ਬੋਲ ਉਠੇ ਸਨ ‘ਯਹਿ ਹਮਾਰੇ ਮਨ ਭਾਵਤੀ ਹੈ।’ ਸੋ ਮੇਦਨੀ ਪ੍ਰਕਾਸ਼ ਆਪਣਾ ਬਚਾਉ ਕੇਵਲ ਗੁਰੂ ਗੋਬਿੰਦ ਸਿੰਘ ਜੀ ਦਾ ਆਪਣੀ ਰਿਆਸਤ ਵਿਚ ਹੋਣਾ ਗਿਣਦਾ ਸੀ । ਉਸ ਨੇ ਅਰਜ਼ੋਈ ਭੇਜੀ । ਗੁਰੂ ਜੀ ਨੇ ਪੂਰਬ ਦੀਆਂ ਪਹਾੜੀਆਂ ਵੱਲ ਜਾਣ ਦਾ ਮਨ ਬਣਾ ਲਿਆ। ਉਹ ਦੇਖ ਰਹੇ ਸਨ ਕਿ ਇਸ ਪਾਸੇ ਵੀ ਖ਼ਾਸ ਪ੍ਰਚਾਰ ਦੀ ਲੋੜ ਸੀ। ਕਈ ਇਕ ਉਸ ਇਲਾਕੇ ਦੇ ਸਾਧੂ ਤਪੱਸਵੀ ਵੀ ਆਤਮਕ ਪੈਂਡਿਆਂ ਤੇ ਟੁਰਦੇ ਅੜਿਕ ਗਏ ਸਨ ਤੇ ਗੁਰੂ ਜੀ ਦੀ ਉਡੀਕ ਕਰ ਰਹੇ ਸਨ ਕਿ ਉਹ ਆ ਕੇ ਉਨ੍ਹਾਂ ਨੂੰ ਅੱਗੇ ਟੋਰਨ ਤੇ ਪ੍ਰਾਪਤੀ ਦੇ ਰਾਹ ਪਾਉਣ । ਇਨ੍ਹਾਂ ਵਿਚੋਂ ਪ੍ਰਸਿੱਧ ਕਾਲਸੀ’ ਦੇ ਵਡੇਰੀ ਉਮਰ ਦੇ ਰਿਖੀ, ਸਾਢੌਰੇ ਦੇ ਰਹਿਣ ਵਾਲੇ ਭਾਈ ਗੁਪਾਲ ਜੀ ਅਤੇ ਕਾ ਉਨ੍ਹਾਂ ਦੀ ਪਤਨੀ ਮਾਈ ਕਿਸ਼ਨਾ ਜੀ ਉਘੇ ਸਨ। ਇਸ ਜੋੜੇ ਨੇ ਆਪਣਾ ਟਿਕਾਣਾ ਜਮਨਾ ਦੇ ਉਸ ਕਿਨਾਰੇ ਬਣਾਇਆ ਹੋਇਆ ਸੀ ਜਿਥੇ ਪਿਛੋਂ ਦਸਮੇਸ਼ ਜੀ ਨੇ ਪਾਉਂਟਾ ਸਾਹਿਬ ਅਸਥਾਪਣ ਕੀਤਾ। ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਗੁਰੂ ਜੀ ਨੇ ਰਿਆਸਤ ਸਿਰਮੌਰ ਜਾਣ ਦਾ ਮਨ ਪੱਕਾ ਬਣਾ ਲਿਆ।
ਗੁਰਬਿਲਾਸ ਦਾ ਇਹ ਵੀ ਕਹਿਣਾ ਹੈ ਕਿ ਮਾਤਾ ਜੀ ਨੇ ਵੀ ਇਹ ਸਲਾਹ ਦਿੱਤੀ ਸੀ ਕਿ ਕੁਝ ਚਿਰ ਅਨੰਦਪੁਰ ਤੋਂ ਦੂਰ ਰਹਿਣਾ ਸਹੀ ਰਣਨੀਤੀ ਹੈ। ਜ਼ਰਾ ਕੁ ਹੋਰ ਤਗੜੇ ਹੋ ਜਾਓ, ਫਿਰ ਬੇਸ਼ਕ ਜੂਝਦੇ ਰਹਿਣਾ।
“ਜਬ ਹੋਇ ਬਡੇ ਬਲ ਪੌਰਖਾ ਮੈ,
ਤਬ ਹੀ ਕਰਨੀ ਦਿਨ ਰੈਨ ਲੜਾਈ।”
ਗੁਰੂ ਜੀ ਦੀ ਆਯੂ ੧੭ ਸਾਲ ਦੀ ਹੋ ਗਈ ਸੀ। ਅਨੰਦਪੁਰ ਟਿਕ ਕੇ ਉਹਨਾਂ ਨੇ ਕੌਮ ਨੂੰ ਨਵੇਂ ਸਿਰਿਉਂ, ਨ ਸਿਰਫ਼ ਸੰਗਠਨ ਹੀ ਕਰ ਦਿੱਤਾ ਸਗੋਂ ਨਵਾਂ ਜੋਸ਼ ਵੀ ਭਰ ਦਿੱਤਾ ਸੀ।
ਉਸ ਦੀ ਗਵਾਹੀ ਅਨੰਦਪੁਰ ਵਿਚ ਹੋਏ ਇਕੱਠਾਂ ਤੋਂ ਮਿਲ ਰਹੀ ਸੀ। ਸਾਡੇ ਇਤਿਹਾਸਕਾਰਾਂ ਅਨੰਦਪੁਰ ਦੇ ਮੁੱਢਲੇ ਸਾਲਾਂ ਨੂੰ ਸ਼ਾਇਦ ਇਸੇ ਲਈ ਉੱਚ ਥਾਂ ਨਹੀਂ ਦਿੱਤੀ ਕਿਉਂਕਿ ਉਹ ਉਨ੍ਹਾਂ ਕਰਮਾਂ ਦੀ ਮਹੱਤਤਾ ਨਹੀਂ ਜਾਣਦੇ ਸਨ। ਅੱਠ ਸਾਲਾਂ ਵਿਚ ਹੀ ਗੁਰੂ ਜੀ ਨੇ ਸਿੱਖੀ ਬੇੜੇ ਨੂੰ ਨਾ ਕੇਵਲ ਔਰੰਗਜ਼ੇਬ ਦੇ ਅਤਾਬਾਂ ਤੋਂ ਬਚਾ ਕੱਢਿਆ ਸਗੋਂ ਸਿੱਖਾਂ ਨੂੰ ਕਿਨਾਰਾ ਵੀ ਦਿੱਸਣ ਲੱਗ ਪਿਆ। ਆਮ ਜਨਤਾ ਦੀ ਪੂਰਨ ਹਮਾਇਤ, ਸਿੱਖਾਂ ਦੀ ਚੜ੍ਹਦੀ ਕਲਾ ਤੇ ਵਿਦਵਾਨਾਂ ਦੇ ਇਕੱਠ ਨੇ ਸਿੱਖੀ ਦੀ ਨਵੀਂ ਨੁਹਾਰ ਨਿਖ਼ਾਰ ਦਿੱਤੀ। ਕੁਝ ਸਾਲਾਂ ਬਾਅਦ ਭੰਗਾਣੀ ਦੇ ਯੁੱਧ ਦੀ ਜਿੱਤ ਕੋਈ ਅਚਾਨਚੱਕ ਮਿਲੀ ਫ਼ਤਹ ਨਹੀਂ ਸੀ ਸਗੋਂ ਉਸ ਪਿਛੇ ਅਨੰਦਪੁਰ ਵਿਚ ਹੋਈ ਘਾਲਣਾ ਸੀ । ਲੈਪਲ ਗ੍ਰਿਫ਼ਨ ਨੇ ਲਿਖਿਆ ਹੈ ਕਿ ਇਸ ਮਹਾਨ ਪੁਰਸ਼ ਨੇ ਖਿੰਡੇ ਪੁੰਡੇ ਲੋਕਾਂ ਨੂੰ ਇਕੱਠੇ ਕਰਨ ਤੋਂ ਪਹਿਲਾਂ ਆਪਣਾ ਸਾਰਾ ਸਮਾਂ ਸਿਖਲਾਈ ਤੇ ਤਿਆਰੀ ਤੇ ਲਗਾ ਦਿੱਤਾ। ਸ਼ਸਤਰ ਵਿਦਿਆ ਵਿਚ ਨਿਪੁੰਨਤਾ ਪ੍ਰਾਪਤ ਕੀਤੀ ਅਤੇ ਇਸ ਸਾਰੀ ਤਿਆਰੀ ਦਾ ਸਿੱਟਾ ਇਹ ਨਿਕਲਿਆ ਕਿ ਸਿੱਖਾਂ ਨੇ ਹਰ ਪਾਸਿਓਂ ਅਨੰਦਪੁਰ ਵਹੀਰਾਂ ਪਾਉਣੀਆਂ ਆਰੰਭ ਕਰ ਦਿੱਤੀਆਂ। ਭਾਵੇਂ ਉਨ੍ਹਾਂ ਦੇ ਪਾਉਂਟਾ ਸਾਹਿਬ ਵੱਲ ਟੁਰ ਜਾਣ ਨਾਲ ਰੌਣਕ ਬਹੁਤ ਘਟ ਗਈ, ਪਰ ਆਪ ਜੀ ਨੇ ਐਸਾ ਪ੍ਰਬੰਧ ਕੀਤਾ ਕਿ ਅਨੰਦਪੁਰ ਦੇ ਪ੍ਰੋਗਰਾਮ ਵਿਚ ਵਿਘਨ ਨਾ ਪਵੇ।
ਗੁਰੂ ਗੋਬਿੰਦ ਸਿੰਘ ਜੀ ੫੦੦ ਹਥਿਆਰਬੰਦ ਸਿੱਖਾਂ ਨਾਲ ਕੀਰਤਪੁਰ, ਰੋਪੜ, ਬਰਾੜਾ, ਸਢੌਰਾ ਹੁੰਦੇ ਹੋਏ ਨਾਹਨ ਪੁੱਜੇ । ਸਢੌਰਾ ਹੀ ਪੀਰ ਬੁੱਧੂ ਸ਼ਾਹ ਨੇ ਚਰਨ ਬੋਸੀ ਕੀਤੀ।
7
ਸ਼ਹਿਰ ਪਾਂਵਟਾ ਕੀ ਸੁਧਿ ਲਈ
ਨਾਹਨ ਵਿਖੇ—ਗੁਰੂ ਕੀ ਸਾਖੀਆਂ ਅਤੇ ਮਹਾਨ ਕੋਸ਼ ਦੇ ਲਿਖਣ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨਾਹਨ (ਸਰਮੌਰ) ਵਿਖੇ ੧੭ ਵੈਸਾਖ, ੧੭੪੧ ਬਿਕਰਮੀ (੧੫ ਅਪ੍ਰੈਲ, ੧੬੮੪) ਨੂੰ ਪਧਾਰੇ । ਰਾਜਾ ਮੇਦਨੀ ਪ੍ਰਕਾਸ਼ ਨੇ ਆਦਰ ਨਾਲ ਮਹੱਲਾਂ ਵਿਚ ਟਿਕਾਣਾ ਕਰਵਾਇਆ। ਜਿਥੇ ਆਪ ਜੀ ਦਾ ਪਹਿਲਾ ਉਤਾਰਾ ਹੋਇਆ ਉਥੇ ਹੁਣ ਗੁਰਦੁਆਰਾ ਹੈ। ਤਕਰੀਬਨ ਬਾਰਾਂ ਦਿਨ ਤੱਕ ਆਪ ਜੀ ਨਾਹਨ ਵਿਖੇ ਰਹੇ ਤੇ ਉਥੋਂ ਹੀ ਪਾਉਂਟਾ ਸਾਹਿਬ ਆਏ।9
ਨਾਹਨ ਦਾ ਪਹਿਲਾ ਨਾਂ ਸਰਮੌਰ ਸੀ ਜੋ ਹੁਣ ਥੇਹ ਬਣ ਗਿਆ ਹੈ । ਸੰਨ ੧੦੮੨ ਈਸਵੀ ਵਿਚ ਰਾਜਾ ਮਦਨ ਸਿੰਘ ਰਾਜ ਕਰਦਾ ਸੀ। ਗਿਰੀ ਦੇ ਹੜ੍ਹ ਨਾਲ ਸਰਮੌਰ ਅਤੇ ਉਸ ਦੇ ਸਾਰੇ ਹੀ ਵਸਨੀਕ ਰਾਜੇ ਤੇ ਪਰਵਾਰ ਸਮੇਤ ਤਬਾਹ ਹੋ ਗਏ। ਪਿਛੋਂ ੧੦੯੫ ਈਸਵੀ ਨੂੰ ਜੈਸਲਮੇਰ ਦੇ ਰਾਵਲ ਨੇ ਆਪਣੀ ਕੁਲ ਵਿਚੋਂ ਸ਼ੋਭਾ ਰਾਵਲ ਭੇਜਿਆ, ਜਿਸ ਨੇ ਸਾਰੇ ਇਲਾਕੇ ਨੂੰ ਜਿੱਤਿਆ ਅਤੇ ਰਾਜ ਬਨ ਵਿਚ ਹੀ ਰਾਜਧਾਨੀ ਬਣਾ ਕੇ ਸੁਭੰਸ਼ ਪ੍ਰਕਾਸ਼ ਦੇ ਨਾਮ ਨਾਲ ਪ੍ਰਸਿੱਧ ਹੋਇਆ। ਇਸੇ ਦੀ ਕੁਲ ਵਿਚੋਂ ਹੀ ਮੇਦਨੀ ਪ੍ਰਕਾਸ਼ ਸੀ । ਨਾਹਨ ਵੀ ਉਸੇ ਨੇ ਵਸਾਇਆ ਸੀ। ਹੁਣ ਤੱਕ ਰਾਜਾ ਨਾਹਨ ਦੁਸਹਿਰੇ ਤੇ ਗੁਰਦੁਆਰੇ ਆ ਕੇ ਨਿਸ਼ਾਨ ਸਾਹਿਬ ਨੂੰ ਰੁਮਾਲਾ ਚੜ੍ਹਾਂਦਾ ਹੈ ਅਤੇ ਮੰਜੀ ਸਾਹਿਬ ਨੂੰ ਵੀ ਪੁਸ਼ਾਕਾ ਪਹਿਨਾਉਂਦਾ ਹੈ। ਜਦ ਆਪ ਜੀ ਪਾਉਂਟਾ ਸਾਹਿਬ ਦਾ ਕਿਲ੍ਹਾ ਬਣਾ ਕੇ ਉਥੇ ਹੀ ਟਿਕ ਗਏ ਤਾਂ ਰਾਜਾ ਨੇ ਪਿਆਰੀ ਨਿਸ਼ਾਨੀ ਮੰਗੀ ਤਾਂ ਆਪ ਜੀ ਨੇ ਇਕ ਕ੍ਰਿਪਾਨ ਭੇਟ ਕੀਤੀ ਜੋ ਹੁਣ ਤੱਕ ਉਸ ਦੀ ਸੰਤਾਨ ਪਾਸ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਆਪੂੰ ਬਚਿਤ੍ਰ ਨਾਟਕ ਵਿਚ ਲਿਖਿਆ ਹੈ ਕਿ :
ਦੇਸ ਚਾਲ ਹਮ ਤੇ ਪੁੰਨਿ ਭਈ।
ਸਹਰ ਪਾਉਂਟਾ ਕੀ ਸੁਧਿ ਲਈ।
ਮਹਾਰਾਜ ਨੇ ਪਾਉਂਟਾ ਸਾਹਿਬ ਨੂੰ ਚੁਣਨ ਦਾ ਕਾਰਨ ਲਿਖਿਆ ਹੈ ਕਿ ਜਮਨਾ ਅਠਖੇਲੀਆਂ ਕਰਦੀ ਮਨ ਨੂੰ ਲੁਭਾਂਦੀ ਸੀ ।
ਕਾਲਿੰਦ੍ਰੀ ਤਟਿ ਕਰੇ ਬਿਲਾਸਾ।
ਅਨਿਕ ਭਾਂਤਿ ਕੇ ਪੇਖਿ ਤਮਾਸਾ। ੨।
ਸੂਰਜ ਪ੍ਰਕਾਸ਼ ਵਿਚ ਲਿਖਿਆ ਹੈ ਕਿ ਮਹਾਰਾਜ ਨੂੰ ਮੇਦਨੀ ਪ੍ਰਕਾਸ਼ ਨੇ ਕਿਹਾ ਸੀ ਕਿ ਪਾਉਂਟਾ ਸਾਹਿਬ ਇਕ ਅਜਿਹਾ ਅਸਥਾਨ ਹੈ ਜਿਥੇ :
ਇਕ ਤਾਂ ਜਮਨਾ ਦਾ ਪ੍ਰਵਾਹ ਸਦਾ ਚਲਦਾ ਰਹਿੰਦਾ ਹੈ।
ਦੂਜੇ, ਕਿਨਾਰੇ ਉੱਚੇ-ਉੱਚੇ ਹਨ। ਦਰਿਆ ਨਜ਼ਾਰਾ ਬਣਾਂਦਾ ਹੈ।
ਤੀਜੇ, ਪਹਾੜਾਂ ਦਾ ਸਿਲਸਲਾ ਜਿਧਰ ਨਜ਼ਰ ਮਾਰੋ ਮੁੱਕਣ ਤੇ ਨਹੀਂ ਆਉਂਦਾ।
ਚੌਥੇ, ਅੱਖਾਂ ਨੂੰ ਭਾਉਂਦੀ ਸੁੰਦਰ ਹਰਿਆਵਲੀ ਹੈ।
ਪੰਜਵੇਂ, ਬਗ਼ੈਰ ਚਿੱਕੜ ਤੋਂ ਪਹਾੜੀਆਂ ਹਨ।
ਛੇਵੇਂ, ਖੁਲ੍ਹੀ ਦੂਨ ਹੈ।
ਅਤੇ
ਸਤਵੇਂ, ਮੈਦਾਨੀ ਇਲਾਕਾ ਵੀ ਕਾਫ਼ੀ ਹੈ।
ਜਮਨਾ ਪ੍ਰਵਾਹ ਇਕ,
ਦੂਸਰੇ ਉਤੰਗ ਤਟ,
ਤੀਸਰੇ ਤੁਰਨਿ ਤਟ,
ਸੈਲਨ ਕੀ ਸੈਲ ਹੈ।
ਸਬਜ਼ ਸੁਹਾਇ
ਬਿਨ ਪੰਕ ਹੈ ਸੁਥਾਇ
ਸੁਭ ਦੂਣ ਬਿਸਥਾਰ
ਸੁ ਉਦਾਰ ਚਲੇ ਗੈਲ ਹੈ।
ਪਾਉਂਟਾ ਸਾਹਿਬ ਦੀ ਚੋਣ-ਜਮਨਾ ਦੇ ਉਰਲੇ ਕਿਨਾਰੇ ਰਮਣੀਕ ਤੇ ਰਣਨੀਤੀ ਦੀ ਦ੍ਰਿਸ਼ਟੀ ਤੋਂ ਸੁਚੱਜਾ ਅਸਥਾਨ ਦੇਖ ਕੇ ਪਹਿਲਾਂ ਆਪ ਜੀ ਨੇ ਕੁਝ ਮਕਾਨ ਵਸੇਬੇ ਲਈ ਬਣਾਏ ਤੇ ਪਿਛੋਂ ਉਨ੍ਹਾਂ ਨੂੰ ਕਿਲ੍ਹੇ ਦੀ ਸ਼ਕਲ ਦੇ ਦਿੱਤੀ। ਬਾਰਾਂ ਦਿਨਾਂ ਵਿਚ ਕਿਲ੍ਹਾ ਬਣ ਕੇ ਵੀ ਤਿਆਰ ਹੋ ਗਿਆ। ਪਾਉਂਟਾ ਨਾਂ ਰੱਖਣ ਬਾਰੇ ਕਈ ਵਿਚਾਰ ਹਨ। ਇਕ ਮਤ ਹੈ :
‘ਬੰਨੀਂ (ਜੰਗਲੀਂ) ਪਹਾੜੀ ਫ਼ਿਰਦਿਆਂ
ਜਿਥੇ ਆ ਕੇ ਟਿਕਾਏ ਪਾਉਂ ਸੋ ਪਾਉਂਟਾ ।
ਭਾਵ ਜਿਥੇ ਆਪ ਜੀ ਨੇ ਆਪਣੇ ਪਾਵਨ ਪਾਉਂ (ਚਰਨ) ਟਿਕਾਏ, ਉਸ ਦਾ ਨਾਉਂ ‘ਪਾਉਂ-ਟਿਕਾਇ’ ਤੇ ਪਿਛੋਂ ਜਾ ਕੇ ਪਾਉਂਟਾ ਪੈ ਗਿਆ । ਇਕ ਅਰਥ ਇਹ ਵੀ ਕਰਦੇ ਹਨ ਕਿ ਜਿਸ ਵਿਚ ਪੈਰ ਅਟਕਾਇਆ ਜਾਵੇ, ਭਾਵ ਰਕਾਬ । ਗੁਰੂ ਜੀ ਨੇ ਰਮਣੀਕ ਥਾਂ ਦੇਖ ਕੇ ਇਥੇ ਪੈਰ ਅਟਕਾ ਦਿੱਤੇ। ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਵਿਚ ਇਸ ਭਾਵ ਦੇ ਅਰਥ ਕੀਤੇ ਹਨ :
“ਪਾਵ ਟਿਕਯੇ ਸਤਗੁਰ ਕੋ ਆਨੰਦਪੁਰ ਤੇ ਆਇ।
ਨਾਮ ਧਰਯੋ ਇਸ ਪਾਵਟਾ ਸਭ ਦੇਸਨ ਪ੍ਰਗਟਾਇ।”
ਦੂਜਾ ਮੱਤ ਹੈ ਕਿ ਪਾਉਂਟਾ ਇਕ ਗਹਿਣਾ ਹੈ ਜੋ ਝੂੰਮਰ ਪਾਉਣ ਵੇਲੇ ਔਰਤਾਂ ਪਾਉਂ ਦੇ ਗਿੱਟੇ ਤੇ ਪਾਉਂਦੀਆਂ ਹਨ । ਪਾਉਂਟਾ ਦੇ ਇਰਦ-ਗਿਰਦ ਦੀਆਂ ਪਹਾੜੀਆਂ ਦੀ ਬਣਤਰ ਪੈਰ ਨਿਆਈਂ ਹੈ ਅਤੇ ਇਹ ਵਿਚਕਾਰ ਗਹਿਣੇ ਵਾਂਗ ਸ਼ੋਭਾ ਪਾਉਂਦਾ ਹੈ। ਫਿਰ ਜਦ ਨਾਚ ਅਰੰਭ ਹੁੰਦਾ ਹੈ ਤਾਂ ਬਾਕੀ ਘੁੰਗਰੂ ਛਣ ਛਣ ਕਰਦੇ ਹਨ, ਪਰ ਪਾਉਂਟਾ ਸ਼ਾਂਤ ਪੈਰਾਂ ਨਾਲ ਚਮੜਿਆ ਰਹਿੰਦਾ ਹੈ । ਕੁਝ ਇਸੇ ਤਰ੍ਹਾਂ ਪਾਉਂਟਾ ਸ਼ਹਿਰ ਹੁਣ ਵੀ ਹੋ ਰਿਹਾ ਹੈ। ਜਮਨਾ (ਕਲਿੰਦਰੀ) ਪਾਉਂਟਾ ਦੇ ਪਿਛੇ ਤੇ ਅੱਗੇ ਤਾਂ ਖੂਬ ਆਵਾਜ਼ਾਂ ਕੱਢਦੀ ਹੈ, ਪਰ ਇਥੇ ਆ ਕੇ ਸ਼ਾਂਤ ਹੋ ਜਾਂਦੀ ਹੈ।
ਇਕ ਗੱਲ ਹੋਰ ਗੁਰੂ ਮਹਾਰਾਜ ਨੇ ਬਚਿੱਤਰ ਨਾਟਕ ਵਿਚ ‘ਸ਼ਹਿਰ ਪਾਂਵਟਾ ਕੀ ਸੁਧ ਲਈ’ ਲਿਖਿਆ ਹੈ। ਇਸ ਤੋਂ ਸੁਭਾਵਕ ਹੀ ਇਹ ਖ਼ਿਆਲ ਉਤਪੰਨ ਹੁੰਦਾ ਹੈ ਕਿ ਇਹ ਸ਼ਹਿਰ ਪਹਿਲਾਂ ਸੀ ਤੇ ਸਮੇਂ ਦੇ ਥਪੇੜਾਂ ਨਾਲ ਨਸ਼ਟ ਜ਼ਰੂਰ ਹੋ ਗਿਆ, ਪਰ ਉਸ ਦਾ ਨਾਂ ਲੋਕਾਂ ਦੀ ਜ਼ਬਾਨ ਤੇ ਰਿਹਾ। ਫਿਰ ਸੁਧ ਤਾਂ ਉਸ ਦੀ ਲਈ ਜਾਂਦੀ ਹੈ ਜੋ ਪ੍ਰਤੱਖ ਹੋਵੇ। ਜਿਵੇਂ ਜੇ ਇਹ ਬਚਨ ਆਏ ‘ਪਟਨੇ ਸ਼ਹਰ ਬਿਖੈ ਭਵ ਲਯੋ” ਤਾਂ ਉਸ ਦਾ ਅਰਥ ਇਹ ਹੀ ਹੈ ਕਿ ਪਟਨਾ ਸ਼ਹਿਰ ਹੋਂਦ ਵਿਚ ਸੀ। ਇਥੇ ‘ਸੁਧ ਲਈ’ ਲਿਖਿਆ ਹੈ ਜਿਸ ਦਾ ਅਰਥ ਆਸਾਨੀ ਨਾਲ ਕੱਢਿਆ ਜਾ ਸਕਦਾ ਹੈ ਕਿ ਉਹ ਭੈੜੀ ਹਾਲਤ ਵਿਚ ਸੀ, ਪਾਤਸ਼ਾਹ ਨੇ ਆ ਕੇ ਸੁਧ ਲਈ । ਪਾਉਂਟਾ ਸਾਹਿਬ ਵਿਖੇ ਉਨ੍ਹਾਂ ਨਾ ਸਿਰਫ਼ ਸ਼ਹਿਰ ਦੀ ਸੁਧ ਲਈ ਸਗੋਂ ਹਿੰਦੁਸਤਾਨ ਦੇ ਸਾਹਿਤ ਦੀ ਵੀ ਸੁਧ ਲਈ। ਗੁਰੂ ਨਾਨਕ ਜੀ ਧਰਤੀ ਦੇ ਲੋਕਾਂ ਨੂੰ ਸੋਧਣ ਲਈ ਦੌਲਤ (ਖ਼ਾਨ) ਨੂੰ ਛੱਡ ਕੇ ਨਿਕਲੇ ਸਨ, ਗੁਰੂ ਗੋਬਿੰਦ ਸਿੰਘ ਜੀ ਅਨੰਦ (ਪੁਰ) ਨੂੰ ਕੁਝ ਚਿਰ ਲਈ ਤਿਆਗ ਕੇ ਹਿੰਦੁਸਤਾਨ ਦੇ ਪੁਰਾਤਨ ਸਾਹਿਤ ਦੀ ਸੁਧ ਲੈਣ ਲਈ ਇਥੇ ਪੁੱਜੇ । ਫਿਰ ੪ ਸਾਲਾਂ ਵਿਚ ਐਸੀ ਸੁਧ ਲਈ ਕਿ ਨਵੀਂ ਰਾਮਾਇਣ ਲੋਕਾਂ ਸਾਹਮਣੇ ਆਈ ਤੇ ਨਵੇਂ ਮਹਾਂਭਾਰਤ ਦਾ ਮੁੱਢ ਬੱਝਾ। ਨਰੋਏ ਮਨੁੱਖ ਨੇ ਜੋ ਕਰਾਮਾਤ ਕਰ ਵਿਖਾਈ, ਉਸ ਦੀ ਉਦਾਹਰਣ ਭੰਗਾਣੀ ਦਾ ਯੁੱਧ ਹੈ।
ਇਕ ਪਾਸੇ ਸਾਹਿਤ ਨੂੰ ਸੋਧਿਆ ਜਾ ਰਿਹਾ ਸੀ, ਦੂਜੇ ਪਾਸੇ ਜੰਗਲੀ ਜਾਨਵਰਾਂ ਦਾ ਚੁਣ ਚੁਣ ਕੇ ਸ਼ਿਕਾਰ ਹੋ ਰਿਹਾ ਸੀ। ਬਣਾਂ ਤੋਂ ਨਿਕਲ ਸ਼ੇਰ, ਚੀਤੇ, ਬਘਿਆੜ, ਰਿੱਛ, ਸੂਰ ਅਤੇ ਨੀਲ ਗਾਈਆਂ ਲੋਕਾਂ ਤੇ ਉਨ੍ਹਾਂ ਦੇ ਮਾਲ ਡੰਗਰ ਪਕੜ ਕੇ ਲੈ ਜਾਂਦੇ ਸਨ। ਉਨ੍ਹਾਂ ਮਾਸ- ਖੋਰੇ ਜਾਨਵਰਾਂ ਤੋਂ ਬਚਾਉਣ ਲਈ ਗੁਰੂ ਜੀ ਨਿੱਤ ਸ਼ਿਕਾਰ ਤੇ ਚੜ੍ਹਦੇ। ਯੋਧਿਆਂ ਹੱਥ ਬਰਛੇ ਦੇ ਕੇ ਮਸਤ ਹਾਥੀਆਂ ਨਾਲ ਯੁੱਧ ਕਰਵਾਂਵਦੇ। ਜਦ ਗੁਰੂ ਗੋਬਿੰਦ ਸਿੰਘ ਜੀ ਸ਼ਿਕਾਰ ਤੇ ਵੱਜਦੇ ਨਗਾਰਿਆਂ ਨਾਲ ਚੜ੍ਹਦੇ ਤਾਂ ਸਾਰੇ ਪਾਸੇ ਉਸ ਦੀਆਂ ਗੂੰਜਾਂ ਸੁਣਾਈ ਦਿੰਦੀਆਂ।
ਰਾਜੇ ਅੱਗੇ ਹੀ ਖਿਝੇ ਹੋਏ ਸਨ, ਇਹ ਨਗਾਰਿਆਂ ਦੀ ਆਵਾਜ਼ ਤਾਂ ਉਨ੍ਹਾਂ ਨੂੰ ਹੋਰ ਤਪਾਂਦੀ। ਈਰਖਾ ਦੀ ਅੱਗ ਹੋਰ ਭੜਕ ਉੱਠੀ । ਉਨ੍ਹਾਂ ਦਾ ਇਹ ਕਹਿਣਾ ਸੀ ਕਿ ਝੂਲਦੇ ਨਿਸ਼ਾਨ ਤੇ ਵੱਜਦੇ ਨਗਾਰਿਆਂ ਨਾਲ ਚੜ੍ਹਨਾ ਕੇਵਲ ਉਨ੍ਹਾਂ ਦਾ ਹੀ ਹੱਕ ਹੈ, ਪਰ ਉਹ ਭੁੱਲ ਗਏ ਕਿ ਗੁਰੂ ਗੋਬਿੰਦ ਸਿੰਘ ਜੀ ਤਾਂ ਇਹ ਅਖੌਤੀ ਊਚ-ਨੀਚ ਮੁਕਾਉਣ ਹੀ ਆਏ ਸਨ। ਉਹ ਕਿਸੇ ਨੂੰ ਕਿਸੇ ਦਾ ਵੀ ਦਬੇਲ ਨਹੀਂ ਸਨ ਰਹਿਣ ਦੇਣਾ ਚਾਹੁੰਦੇ । ਲੋਕਾਂ ਦੇ ਮਨਾਂ ਵਿਚ ਪਾਇਆ ਹੋਇਆ ਡਰ ਹੀ ਕੱਢ ਰਹੇ ਸਨ। ਇਹ ਸ਼ਿਕਾਰ, ਨਗਾਰੇ, ਨਿਸ਼ਾਨ, ਇਸ ਪਾਸੇ ਦੇ ਉਪਰਾਲੇ ਹੀ ਸਨ।
ਥੋੜ੍ਹੇ ਹੀ ਚਿਰ ਵਿਚ ਆਪ ਜੀ ਨੇ ਸਾਰੇ ਮਾਸ ਖੋਰੇ ਜਾਨਵਰ ਮੁਕਾ ਦਿੱਤੇ।
‘ਤਹ ਕੇ ਸਿੰਘ ਘਨੇ ਚੁਨਿ ਮਾਰੇ।
ਰੋਝ ਰੀਛ ਬਹੁ ਭਾਂਤ ਬਿਦਾਰੇ ।’
-ਬਚਿਤ੍ਰ ਨਾਟਕ
ਹੁਣ ਵਾਰੀ ਮਾਣਸ ਖਾਣਿਆਂ ਮਨੁੱਖਾਂ ਦੀ ਸੀ ਜੋ ਪਰਜਾ ਨੂੰ ਲਿਤਾੜਨਾ ਆਪਣਾ ਹੱਕ ਸਮਝਦੇ ਸਨ। ਸ਼ਾਇਦ ਇਸੇ ਲਈ ਬਚਿੱਤਰ ਨਾਟਕ ਦੀ ਅਗਲੀ ਤੁਕ ਹੀ ਇਹ ਹੈ :
ਫਤੇ ਸ਼ਾਹ ਕੋਪਾ ਤਬਿ ਰਾਜਾ।
ਲੋਹ ਪਰਾ ਹਮ ਸੋ ਬਿਨ ਕਾਜਾ।੬।
ਈਰਖਾ ਵਿਚ ਸੜਦੇ ਰਾਜਿਆਂ ਦੀ ਵਾਰੀ ਹੁਣ ਆਉਣ ਹੀ ਵਾਲੀ ਸੀ।
ਗੁਰੂ ਮਹਾਰਾਜ ਨੇ ਫ਼ਤਹ ਸ਼ਾਹ ਨੂੰ ਪਾਸ ਬੁਲਾ ਕੇ ਸਮਝਾਇਆ ਕਿ ਇਕ ਦੂਜੇ ਦੇ ਇਲਾਕਿਆਂ ਤੇ ਕਬਜ਼ਾ ਕਰਨਾ ਠੀਕ ਨਹੀਂ। ਪਹਿਲਾਂ ਤਾਂ ਫ਼ਤਹ ਸ਼ਾਹ ਨਾਹਨ ਰਾਜੇ ਦੇ ਕਬਜ਼ੇ ਕੀਤੇ ਇਲਾਕੇ ਵਾਪਿਸ ਕਰਨਾ ਮੰਨ ਗਿਆ, ਪਰ ਇੰਝ ਲਗਦਾ ਹੈ ਜਦ ਉਸ ਦਾ ਕੁੜਮ ਕਹਿਲੂਰ ਵਾਲਾ ਭੀਮ ਚੰਦ ਬਣ ਗਿਆ ਤਾਂ ਉਹ ਅੜ ਖਲੋਤਾ। ਭੀਮ ਚੰਦ ਨੇ ਵੀ ਲੜਕੀ ਦਾ ਡੋਲਾ ਇਸੇ ਸ਼ਰਤ ਤੇ ਲੈ ਜਾਣਾ ਸਵੀਕਾਰ ਕੀਤਾ ਕਿ ਉਹ ਗੁਰੂ ਜੀ ਤੇ ਹੱਲਾ ਬੋਲ ਦੇਵੇਗਾ, ਪਰ ਠੀਕ ਗੱਲ ਭਾਈ ਸੇਵਾ ਸਿੰਘ ਨੇ ਸ਼ਹੀਦ ਬਿਲਾਸ (ਭਾਈ ਮਨੀ ਸਿੰਘ) ਵਿਚ ਲਿਖੀ ਹੈ ਕਿ ਗੁਰੂ ਜੀ ਦਾ ਵਧਦਾ ਪ੍ਰਤਾਪ ਦੇਖ ਕੇ ਫ਼ਤਹ ਸ਼ਾਹ ਵੀ ਈਰਖਾ ਦੀ ਅੱਗ ਵਿਚ ਸੜਨ ਲੱਗ ਪਿਆ ਤੇ ਫ਼ੌਜ ਲੈ ਕੇ ਚੜ੍ਹਾਈ ਕਰ ਦਿੱਤੀ :
ਨਗਰ ਪਾਂਵਟੇ ਜੋ ਚਲ ਆਵੈ।
ਮਨੋ ਕਾਮਨਾ ਗੁਰ ਥੀਂ ਪਾਵੈ।
ਦਸਮ ਗੁਰੂ ਨਿਤ ਚੜ੍ਹੇ ਸ਼ਿਕਾਰ।
ਨਦੀ ਉਰੈ ਕਬ ਜਾਵੈਂ ਪਾਰ।
ਸੇਵਾ ਹਰੀ ਸ਼ਾਹ ਫਤੇ ਨਰੇਸ਼ ।
ਕੋਪਯੋ ਸੰਗ ਗੁਰੂ ਦਸ਼ਮੇਸ਼ । ੫੬।
ਦੋਹਿਰਾ
: ਸਾਰਮੋਰ ਕੇ ਦੇਸ ਮੈਂ ਸ੍ਰੀ ਗੁਰ ਕਾ ਪ੍ਰਤਾਪ।
ਬਢਯੋ ਦੇਖ ਗੜ੍ਹਵਾਲੀਆ’ ਸਹ ਨੇ ਸਕਯੋਸ ਆਪ। ੨੭।
ਕਵੀ ਸੈਨਾਪਤਿ ਨੇ ਗੁਰ ਸੋਭਾ ਵਿਚ ਸਿਰਫ਼ ਇਤਨਾ ਹੀ ਲਿਖਿਆ ਹੈ ਕਿ :
ਬਹੁਤ ਕੋਪ ਮਨ ਮਾਹਿ ਬਸਾਯੋ ।
ਫਉਜ ਬਨਾਇ ਜੁਧ ਕਉ ਆਯੋ।
ਯੁੱਧ ਦੇ ਹੋਰ ਕਾਰਨਾਂ ਤੇ ਵਿਚਾਰ ਤਾਂ ਭੰਗਾਣੀ ਦੇ ਸਿਰਲੇਖ ਹੇਠਾਂ ਹੀ ਕੀਤੀ ਜਾਏਗੀ, ਪਰ ਇਥੇ ਇਹ ਦਰਸਾਉਣਾ ਜ਼ਰੂਰੀ ਹੈ ਕਿ ਪਾਉਂਟਾ ਸਾਹਿਬ ਵਿਖੇ ਗੁਰੂ ਜੀ ਦੇ ਟਿਕਾਣੇ ਦੇ ਪ੍ਰਭਾਵ ਦੂਰ ਰਸ ਸਨ ।ਉਹ ਸਭ ਨੂੰ ਸੋਧ ਰਹੇ ਸਨ ਤੇ ਸਭ ਦਾ ਰਾਹ ਸੁਖਾਲਾ ਪਏ ਕਰਦੇ ਹਨ।
ਕਾਵਿ ਰਚਨਾ—ਕਵੀਆਂ ਤੇ ਸਾਹਿਤਕਾਰਾਂ ਨੂੰ ਗੁਰੂ ਜੀ ਨੇ ਪਾਉਂਟਾ ਸਾਹਿਬ ਹੀ ਬੁਲਾ
ਲਿਆ । ‘ਧਰਮ ਯੁਧ ਕੇ ਚਾਇ’ ਪੁਰਾਣਿਕ ਕਥਾਵਾਂ ਨੂੰ ਉਲਥਾਉਣਾ ਅਰੰਭ ਕਰ ਦਿੱਤਾ। ਮਹਿਮਾ ਪ੍ਰਕਾਸ਼ ਦੇ ਲਿਖਾਰੀ ਦੇ ਕਥਨ ਅਨੁਸਾਰ ਪ੍ਰਮੁੱਖ ਵਿਦਿਆ ਕੇਂਦਰਾਂ ਦੇ ਵਿਦਵਾਨ ਵੀ ਗੁਰੂ ਜੀ ਪਾਸ ਪੁੱਜ ਗਏ ਸਨ। ਕੁਝ ਨੂੰ ਉਚੇਚੇ ਤੌਰ ਤੇ ਗੁਰੂ ਜੀ ਨੇ ਬੁਲਵਾਇਆ :
‘ਆਗਿ ਕੀਨੀ ਸਤਿਗੁਰ ਦਿਆਲ ।
ਬਿਦਿਆਵਾਨ ਪੰਡਤ ਲੇਹ ਭਾਲ।
ਪੰਡਤ ਸਭ ਬਿਦਿਆ ਸਿਰ ਮੌਰ ।
ਬਾਨਾਰਸ ਆਦ ਜੋ ਬਿਦਿਆ ਠੌਰ ।
ਸਤਿਗੁਰ ਕੇ ਆਇ ਇਕਤ੍ਰ ਸਭ ਭਏ। ਬਹੁ ਆਦਰ ਸਤਿਗੁਰ ਜੋ ਦਏ।
ਉਨ੍ਹਾਂ ਵਿਦਵਾਨਾਂ ਨੂੰ ਆਗਿਆ ਕੀਤੀ ਕਿ ਆਸਾਨ ਬੋਲੀ ਵਿਚ ਕਥਾਵਾਂ ਨੂੰ ਗੁਰਮੁਖੀ ਅੱਖਰਾਂ ਵਿਚ ਲਿਖਾਰੀਆਂ ਤੋਂ ਲਿਖਵਾਉਣ । ਮਹਾਰਾਜ ਦਾ ਬਚਨ ਵੀ ਸੀ :
ਪੜ੍ਹਤੇ ਸੰਸਕ੍ਰਿਤ ਮਨ ਉਕਤਾਇ।
ਭਾਖਾ ਪੜਤ ਚਿਤ ਲਗਾਇ ॥ ੧੦॥
ਫਿਰ ਉਨ੍ਹਾਂ ਨੇ ਆਪ ਜਿਥੇ ਲੋੜ ਸਮਝੀ ਸਰੂਪ ਵੀ ਬਦਲਾ ਦਿੱਤਾ। ਜੋ ਨਾਇਕ ਮਿਥਿਹਾਸਕ ਲਗਦੇ ਸਨ, ਗੁਰੂ ਜੀ ਨੇ ਉਹਨਾਂ ਨੂੰ ਇਤਿਹਾਸਕ ਰੂਪ ਦਿੱਤਾ। ਜਿਨ੍ਹਾਂ ਕਹਾਣੀਆਂ ਨੂੰ ਲੋਕੀਂ ਦੈਵੀ ਕਹਿ ਕੇ ਛੱਡ ਜਾਂਦੇ ਸਨ ਉਨ੍ਹਾਂ ਨੂੰ ਉਸ ਸੂਰਤ ਵਿਚ ਪੇਸ਼ ਕੀਤਾ ਕਿ ਸਾਰੇ ਪਾਤਰ ਜਾਣੇ ਪਛਾਣੇ ਲੱਗਣ ਲੱਗ ਪਏ । ਉਦਾਹਰਣ ਵਜੋਂ ਕ੍ਰਿਸ਼ਨਾਵਤਾਰ ਦੀ ਸਭ ਤੋਂ ਵੱਡੀ ਮਹੱਤਤਾ ਉਸ ਦੇ ਵਿਚਲੇ ‘ਯੁਧ ਪ੍ਰਬੰਧ’ ਦੀ ਵਿਉਂਤ ਵਿਚ ਹੈ। ਪਰ ਦਸਮ ਸਕੰਧ ਦੇ ਪੰਜਵੇਂ ਅਧਿਆਇ ਵਿਚ ਜਰਾਸੰਧ ਦਾ ਸੰਖੇਪ ਜਿਹਾ ਯੁਧ ਵਰਨਣ ਹੈ। ਦੂਜੇ ਪਾਸੇ ‘ਯੁਧ ਪ੍ਰਬੰਧ’ ਵਿਚ ਜੋ ਵਿਆਖਿਆ ਕੀਤੀ ਗਈ ਹੈ ਉਸ ਦਾ ਸਕੰਧ ਪੁਰਾਣ ਵਿਚ ਕਿਤੇ ਸੰਕੇਤ ਵੀ ਨਹੀਂ ਹੈ। ਭਾਗਵਤ ਪੁਰਾਨ ਵਿਚ ਕ੍ਰਿਸ਼ਨ ਜੀ ਅਵਤਾਰੀ ਪੁਰਸ਼ ਹਨ ਪਰ‘ਕ੍ਰਿਸ਼ਨ ਅਵਤਾਰ’ ਵਿਚ ਸੰਸਾਰੀ। ਜਿਸ ਵੇਲੇ ਕ੍ਰਿਸ਼ਨ ਜੀ ਵਲੋਂ ਜਾਬਰ ਖ਼ਾਂ ਅਤੇ ਗ਼ੈਰਤ ਖ਼ਾਂ ਨਾਂ ਦੇ ਪਠਾਣਾਂ ਨੂੰ ਲੜਦੇ ਤੇ ਫਿਰ ਸ਼ਹੀਦ ਹੁੰਦੇ ਦਿਖਾਇਆ ਗਿਆ ਹੈ ਤਾਂ ਇਕੋ ਹੀ ਮੰਤਵ ਹੈ ਕਿ ਲੜਾਈ (ਧਰਮ ਯੁਧ) ਹੁਣ ਲੜੀ ਜਾ ਰਹੀ ਹੈ, ਇਹ ਜ਼ਾਤ ਲਈ ਨਹੀਂ ਸਗੋਂ ਜਮਾਤੀ ਸੁਤੰਤਰਤਾ ਲਈ ਹੈ। ਗੁਰੂ ਜੀ ਦੀ ਇਮਦਾਦ ਪਠਾਣ ਖੁੱਲ੍ਹੇ ਦਿਲ ਨਾਲ ਮੁਗ਼ਲ ਹਕੂਮਤ ਵਿਰੁੱਧ ਕਰ ਰਹੇ ਸਨ। ਪੀਰ ਬੁੱਧੂ ਸ਼ਾਹ ਵਰਗੇ ਮੁਸਲਮਾਨ, ਕਾਲੇ ਖ਼ਾਨ ਵਰਗੇ ਪਠਾਣ ਅਤੇ ਸੈਦ ਖ਼ਾਨ ਵਰਗੇ ਸੱਯਦ ਇਸ ਘੋਲ ਨੂੰ ਪੂਰਾ ਤ੍ਰਾਣ ਲਗਾ ਕੇ ਸਫ਼ਲ ਬਣਾਉਣ ਵਿਚ ਲੱਗੇ ਹੋਏ ਸਨ।
ਇਸੇ ਤਰ੍ਹਾਂ ਰਾਮਾਵਤਾਰ ਵਿਚ ਸਿਰਫ਼ ‘ਰਾਮ ਯੋਧੇ’ ਨੂੰ ਉਘਾੜਿਆ ਹੈ । ਦ੍ਰਿਸ਼ਟਾਂਤ ਵਜੋਂ ‘ਕਿਸ਼ਕਿੰਧਾ ਕਾਂਡ’ ਅਤੇ ‘ਸੁੰਦਰ ਕਾਂਡ’ ਦੇ ਵਿਸਥਾਰ ਨੂੰ ਸੰਕੋਚ ਕੇ ਦੋ ਛੰਦਾਂ ਵਿਚ ਦਰਸਾ ਦਿੱਤਾ ਹੈ ਅਤੇ ਗੁਰੂ ਪਾਤਸ਼ਾਹ ਯੁੱਧ ਦਾ ਵਰਨਣ ਹੀ ਕਰਦੇ ਚਲੇ ਗਏ ਹਨ। ਉਨ੍ਹਾਂ ਦਾ ਮੰਤਵ ਕੋਈ ਰਾਮਵਾਤਾਰ ਦੀ ਕਥਾ ਕਰਨਾ ਨਹੀਂ, ਸਗੋਂ ਰਾਮ ਦੀ ਵੀਰਤਾ ਤੇ ਰਾਵਨ ਦਾ ਨਾਸ਼ ਦਰਸਾਉਣਾ ਸੀ। ਫਿਰ ਜੰਗ ਦਾ ਵਰਨਣ ਵੀ ਕੋਈ ਰਾਮਾਇਣ ਦੇ ‘ਯੁੱਧ ਕਾਂਡ’ ਦੀ ਮਿਥੀ ਤਰਤੀਬ ਅਨੁਸਾਰ ਨਹੀਂ, ਸਗੋਂ ਨਵਾਂ ਵਾਤਾਵਰਨ ਉਸਾਰਿਆ ਹੈ।
ਲਵ ਕੁਸ਼ ਯੁੱਧ ਦਾ ਪ੍ਰਸੰਗ ਬਾਲਮੀਕੀ ਰਾਮਾਇਣ ਵਿਚ ਨਹੀਂ ਹੈ, ਪਰ ਗੁਰੂ ਜੀ ਨੇ ਇਥੇ ਵਿਸਥਾਰ ਨਾਲ ਦਿੱਤਾ ਹੈ। ਬਾਲਕਾਂ ਨੇ ਸਭ ਲਛਮਣ, ਸ਼ਤਰੂਘਣ, ਸੁਗ੍ਰੀਵ, ਬਿਭੀਖਣ, ਹਨੂੰਮਾਨ, ਅੰਗਦ ਤੇ ਇਥੋਂ ਤੱਕ ਰਾਮ ਵੀ ਮਾਰ ਦਿੱਤੇ, ਉਨ੍ਹਾਂ ਦਾ ਇਕ ਹੀ ਮੰਤਵ ਸੀ ਕਿ ਧਰਮ ਯੁੱਧ ਵਿਚ ਹਰ ਕੋਈ ਭਾਵੇਂ ਉਹ ਬਾਲਕ ਹੈ, ਹਿੱਸਾ ਪਾ ਸਕਦਾ ਹੈ। ਮਹਾਰਾਜ ਦੀ ਆਪਣੀ ਆਯੂ ਵੀ ਕੋਈ ਬਹੁਤੀ ਨਹੀਂ ਸੀ। ਲੋਕਾਂ ਵਿਚ ਵਿਸ਼ਵਾਸ ਭਰਿਆ ਜਾ ਰਿਹਾ ਸੀ।
ਗੁਰੂ ਪਾਤਸ਼ਾਹ ਇਹ ਜਾਣਦੇ ਸਨ ਕਿ ਜੰਗਾਂ ਵਿਚ ਆਚਰਨ ਵੀ ਨੀਵੀਂ ਪੱਧਰ ਨੂੰ ਛੁਹ ਜਾਂਦਾ ਹੈ, ਇਸ ਲਈ ਉਹ ਐਸੀਆਂ ਕਥਾਵਾਂ ਵੀ ਨਾਲ-ਨਾਲ ਰਚ ਰਹੇ ਸਨ ਜਿਸ ਨਾਲ ਆਚਰਨ ਉਸਾਰੀ ਹੁੰਦੀ ਰਹੇ । ‘ਪਾਰਸਨਾਥ’ ਦੀ ਕਥਾ ਵਿਚ ਇਹ ਹੀ ਕੀਤਾ ਗਿਆ। ਉਸ ਵਿਚ ਬਿਬੇਕੀ ਅਤੇ ਸਾਕਤ ਦੀ ਲੜਾਈ ਦਿਖਾਈ ਗਈ । ਵਿਕਾਰੀਆਂ, ਸਾਕਤਾਂ ਦੀ ਫ਼ੌਜ ਦੇ ਪ੍ਰਮੁੱਖ ਨਾਇਕ ਉਨ੍ਹਾਂ ਕਾਮ, ਕਲਹ, ਆਲਸ, ਦ੍ਰਿਦਰ, ਭਰਮ, ਤ੍ਰਿਸ਼ਨਾ, ਅਪਮਾਨ, ਗੁਮਾਨ, ਨਿੰਦਾ, ਅਨਰਥ, ਧਰੋਹ, ਝੂਠ, ਚਿੰਤਾ, ਹਿੰਸਾ, ਹੰਕਾਰ, ਈਰਖਾ, ਸ਼ੰਕਾ, ਅੰਸਤੋਸ਼, ਅਸ਼ੋਭਾ, ਅਪ੍ਰਾਧ, ਲੋਭ, ਮੋਹ, ਅਲੱਜਿਆ ਤੇ ਗਿਲਾਨੀ ਆਦਿ ਦਰਸਾਏ। ਭਾਵ ਗੁਰੂ ਜੀ ਨੇ ਇਨ੍ਹਾਂ ਤੋਂ ਬਚਣ ਲਈ ਪ੍ਰੇਰਨਾ ਕੀਤੀ। ਦੂਜੇ ਪਾਸੇ ਯੋਧਿਆਂ ਦੀ ਐਸੀ ਫ਼ੌਜ ਇਕੱਠੀ ਕਰਨ ਲਈ ਕਿਹਾ ਜਿਸ ਦੇ ਨਾਇਕ ਸੰਜਮ, ਪ੍ਰੇਮ, ਧੀਰਜ, ਸ਼ਾਂਤੀ, ਲਾਜ, ਸੁਲਜ, ਨਿਰ- ਹੰਕਾਰ, ਉਦਮ, ਉਪਕਾਰ, ਸ਼ੁਭ ਵਿਚਾਰ, ਸਤਿਸੰਗ, ਪ੍ਰੀਤੀ, ਪ੍ਰਬੋਧ, ਵਿਦਿਆ, ਨਾਮ, ਦਾਨ ਅਤੇ ਇਸ਼ਨਾਨ ਹੋਣ । ‘ਚਰਿਤਰੋ ਪਾਖਿਆਨ’ ਲਿਖਣ ਦਾ ਵੀ ਇਹ ਹੀ ਕਾਰਨ ਸੀ ਕਿ ਧਰਮ ਯੁੱਧ ਵਿਚ ਜੂਝਣ ਵਾਲੇ ਆਚਰਨ ਦੀ ਮੂਰਤ ਹੋਣੇ ਚਾਹੀਦੇ ਹਨ। ਯੋਧਿਆਂ ਨੂੰ ਉਨ੍ਹਾਂ ਸਭ ਵਿਸ਼ਿਆਂ ਤੋਂ ਜਾਣੂ ਕਰਾਇਆ ਗਿਆ, ਜੋ ਕਿਸੇ ਸਮੇਂ ਯੋਧੇ ਦਾ ਰਾਹ ਰੋਕ ਸਕਦੇ ਹਨ। ਕਈ ਚਰਿਤਰਾਂ ਵਿਚ ਔਰਤਾਂ ਦੀ ਬਹਾਦਰੀ ਵੀ ਦਰਸਾਈ ਗਈ। ਉਦਾਹਰਣ ਵਜੋਂ ਚਰਿੱਤਰ ੧੯੫ ਵਿਚ ਮਾਰਵਾੜ ਦੇ ਰਾਜਾ ਜਸਵੰਤ ਸਿੰਘ ਦੀ ਮੌਤ ਹੋ ਜਾਣ ਤੇ ਉਸ ਦੀਆਂ ਰਾਣੀਆਂ ਮਾਨਮਤੀ ਤੇ ਬਿਤਨ ਪ੍ਰਭਾ ਨੂੰ ਔਰੰਗਜ਼ੇਬ ਦੀ ਫ਼ੌਜ ਨਾਲ ਗਹਿਗਚ ਯੁੱਧ ਕਰਦੇ ਦਿਖਾਇਆ। ਇਸੇ ਤਰ੍ਹਾਂ ਚਰਿੱਤਰ ੨੦੪ ਵਿਚ ਰਾਜਾ ਬੀਰ ਸਿੰਘ ਦੀ ਪਤਨੀ ਕੈਲਾਸ਼ ਮਤੀ ਨੂੰ ਸ਼ਾਹ ਜਹਾਨ ਨਾਲ ਸਿੱਧੇ ਲੜਦੇ ਦਿਖਾਇਆ ਹੈ । ਫਿਰ ਰਾਜਾ ਬੀਰ ਦੱਤ ਕੂਚ-ਬਿਹਾਰ ਦੀ ਰਾਣੀ ਮੁਸ਼ਕਮਤੀ ਨੂੰ ਅਕਬਰ ਦੀ ਫ਼ੌਜ ਦੇ ਛੱਕੇ ਛੁੜਾਉਂਦੇ ਦਰਸਾਇਆ ਹੈ। ਔਰਤ ਨੂੰ ਨਾਇਕਾ ਬਣਾ ਕੇ ਕਦੇ ਔਰੰਗਜ਼ੇਬ, ਕਦੇ ਸ਼ਾਹ ਜਹਾਨ, ਕਦੇ ਅਕਬਰ ਨਾਲ ਟਕਰਾਉਣ ਦਾ ਵੀ ਇਹ ਹੀ ਮੰਤਵ ਸੀ ਕਿ ਸਿੱਖੀ ਲਹਿਰ ਵਿਚ ਔਰਤਾਂ ਦਾ ਵੀ ਉਤਨਾ ਹੀ ਹਿੱਸਾ ਹੈ ਜਿਤਨਾ ਮਰਦਾਂ ਜਾਂ ਹੋਰ ਕਿਸੇ ਦਾ।
ਗੁਰੂ ਗੋਬਿੰਦ ਸਿੰਘ ਜੀ ਨੇ ਪਾਉਂਟਾ ਸਾਹਿਬ ਵਿਚ ਸਭ ਤੋਂ ਪਹਿਲਾਂ ਚੰਡੀ ਚਰਿੱਤਰ ਦੇ ੨੨੭ ਛੰਦ ਲਿਖੇ। ਨਾਲ ਹੀ ਚੰਡੀ ਚਰਿੱਤਰ ਦਾ ਪੰਜਾਬੀ ਅਨੁਵਾਦ ਵੀ ਕੀਤਾ ਅਤੇ ੫੫ ਪਉੜੀਆਂ ਉਚਾਰੀਆਂ। ਨਾਂ ‘ਵਾਰ ਭਗਉਤੀ ਜੀ’ ਲਿਖਿਆ। ਇਸ ਵਾਰ ਨੂੰ ਪਾਉਂਟਾ ਸਾਹਿਬ ਢਾਡੀ ਰੋਜ਼ ਸ਼ਾਮ ਦੇ ਸੋਦਰੁ ਦੇ ਪਾਠ ਉਪਰੰਤ ਗਾਉਂਦੇ ਸਨ। ਉਥੇ ਹੀ ਭਾਗਵਤ ਪੁਰਾਨ ਦੇ ‘ਦਸਮ ਸਕੰਧ’ ਦੀ ਤਰਜ਼ ਦਾ ਕ੍ਰਿਸ਼ਨਾਵਤਾਰ ਲਿਖਿਆ। ਸ਼ਸਤਰ ਨਾਮਾ ਮਾਲਾ ਵੀ ਉਥੇ ਹੀ ਰਚੀ ਜਿਸ ਵਿਚ ਸ਼ਸਤਰਾਂ ਅਸਤਰਾਂ ਦਾ ਗੁਣ ਦਰਸਾ ਕੇ ਵਾਹਿਗੁਰੂ ਦੀ ਸ਼ਕਤੀ ਦ੍ਰਿੜ੍ਹਾਈ ਗਈ ਅਤੇ ਸ਼ਸਤਰਾਂ ਤੋਂ ਪ੍ਰੇਰਨਾ ਲੈ ਕੇ ਜੂਝਣ ਲਈ ਤਿਆਰ ਕੀਤਾ। ਮ ਦਰਬਾਰੀ ਕਵੀਆਂ ‘ਅੰਮ੍ਰਿਤ ਰਾਇ, ਹੰਸ ਰਾਮ, ਕੁਵਰੇਸ਼ ਤੋਂ ਮੰਗਲ’ ਕੋਲੋਂ ਮਹਾਂਭਾਰਤ ਗ੍ਰੰਥ ਦੇ ਅਠਾਰਾਂ ਪਰਬ ਸੌਖੀ ਬੋਲੀ ਵਿਚ ਲਿਖਵਾਏ। ਸੈਨਾਪਤੀ ਨੇ ਚਾਣਕ ਨੀਤੀ ਸਾਧਾਰਨ ਬੋਲੀ ਵਿਚ ਲਿਖੀ। ‘ਹਿਤ ਉਪਦੇਸ਼’ ਭਾਈ ਲਖਣ ਅਤੇ ਭੋਜ ਰਾਜ ਨੇ ਹਿੰਦੀ ਵਿਚ ਲਿਖਿਆ। ਪਿੰਗਲ ਸਾਰ ਨੂੰ ਗਿਰਧਾਰੀ ਨੇ ਨਵਾਂ ਰੂਪ ਦਿੱਤਾ। ਮਹਿਮਾ ਪ੍ਰਕਾਸ਼ ਦਾ ਕਹਿਣਾ ਹੈ ਕਿ ਜੋ ਗ੍ਰੰਥ ਵਿਦਵਾਨਾਂ ਨੇ ਤਿਆਰ ਕੀਤਾ ਉਸ ਦਾ ਨਾਂ ‘ਬਿਦਿਆ ਸਾਗਰ’
ਸੀ ਤੇ ਉਸ ਦੀ ਮਹੱਤਤਾ ਕੋਈ ਕਹਿ ਲਿਖ ਨਹੀਂ ਸਕਦਾ :
“ਬਿਦਿਆ ਸਾਗਰ ਭਏ ਤਿਆਰ ।
ਕਛ ਸੋਭਾ ਅੰਤ ਨਾ ਪਾਰਾਵਾਰ ।”
ਗੁਰੂ ਪਾਤਸ਼ਾਹ ਆਪੂੰ ਰੋਜ਼ ਕਵਿਤਾਵਾਂ ਸੁਣਦੇ ਤੇ ਖੁੱਲ੍ਹੇ ਦਿਲ ਇਨਾਮ ਵੰਡਦੇ। ਕਈ ਵਾਰੀ ਪ੍ਰਸੰਨ ਹੋ ਕੇ ਕਵੀ ਦੀ ਕਵਿਤਾ ਹੀ ਗਾਤਰੇ ਵਿਚ ਹਫ਼ਤਾ-ਹਫ਼ਤਾ ਲਟਕਾਈ ਰੱਖਦੇ । ਜਿਤਨਾ ਸਨਮਾਨ ਗੁਰੂ ਜੀ ਨੇ ਕਵੀਆਂ ਨੂੰ ਦਿੱਤਾ ਉਨ੍ਹਾਂ ਤੋਂ ਪਹਿਲਾਂ ਉਸ ਨੇ ਕਦੇ ਪਾਇਆ ਨਹੀਂ ਸੀ। ਪਾਉਂਟਾ ਸਾਹਿਬ ਵਿਖੇ ਜੋ ਕੌਮ ਤਿਆਰ ਕੀਤੀ ਜਾ ਰਹੀ ਸੀ ਉਸ ਵਿਚ ਕਵੀਆਂ ਦਾ ਪੂਰਾ-ਪੂਰਾ ਹਿੱਸਾ ਪੈ ਰਹਿਆ ਸੀ।
ਪੀਰ ਬੁੱਧੂ ਸ਼ਾਹ ਦਾ ੫੦੦ ਪਠਾਣਾਂ ਸਮੇਤ ਪੁੱਜਣਾ-ਪੀਰ ਬੁੱਧੂ ਸ਼ਾਹ ਸੰਢੌਰਾ ਦੇ ਵਸਨੀਕ ਸਨ। ਇਨ੍ਹਾਂ ਦਾ ਪੂਰਾ ਨਾਂ ‘ਸ਼ੇਖ਼ ਬਦਰ-ਉਦ-ਦੀਨ’ ਸੀ। ਸੰਢੌਰਾ ਦਾ ਪਹਿਲਾ ਨਾਂ ਸਾਧੂ ਵਾੜਾ (SADU WARA) ਸੀ। ਕਈ ਸਾਧੂ-ਰਾਹ ਵੀ ਕਹਿੰਦੇ ਸਨ। ਵਿਗੜ ਕੇ ਸੰਢੌਰਾ ਪੈ ਗਿਆ। ਬੁੱਧ ਸਮੇਂ ਤੋਂ ਹੀ ਇਥੇ ਕਈ ਪ੍ਰਸਿੱਧ ਮੱਠ ਸਨ ਤੇ ਇਹ ਸਾਧੂਆਂ ਦੀ ਇਕ ਪ੍ਰਕਾਰ ਦੀ ਪਨਾਹ ਹੀ ਸੀ । ਬੁੱਧੂ ਸ਼ਾਹ ਖੁੱਲ੍ਹੇ ਖ਼ਿਆਲਾਂ ਦੇ ਸੱਯਦ ਸਨ ਤੇ ਇਨ੍ਹਾਂ ਦਾ ਸਤਿਕਾਰ ਪਠਾਣ ਬਹੁਤ ਹੀ ਕਰਦੇ ਸਨ। ਹਿੰਦੂਆਂ ਤੇ ਮੁਸਲਮਾਨਾਂ ਲਈ ਹਰ ਸਮੇਂ ਲੰਗਰ ਚਲਦੇ ਰਹਿੰਦੇ ਸਨ। ਇਤਨੀ ਸੰਭਾਲ ਕਰਦੇ ਸਨ ਕਿ ਹਿੰਦੂਆਂ ਦੇ ਲੰਗਰ ਪਕਾਉਣ ਲਈ ਬ੍ਰਾਹਮਣ ਰੱਖੇ ਹੋਏ ਸਨ ਤੇ ਇਹ ਸਿਰਫ਼ ਲੋੜ ਲਈ ਰਸਦ ਪੁਚਾ ਦਿੰਦੇ ਸਨ। ਗੁਰੂ ਮਹਾਰਾਜ ਦਾ ਪਾਉਂਟਾ ਸਾਹਿਬ ਟਿਕਣਾ ਸੁਣ ਕੇ ਇਹ ਕਈ ਵਾਰੀ ਉਥੇ ਦਰਸ਼ਨਾਂ ਲਈ ਜਾਂਦੇ।ਗੁਰੂ- ਘਰ ਵਿਚ ਵਿਤਕਰੇ ਦੀ ਬੂ ਤੇ ਕਿਸੇ ਫ਼ਿਰਕੇ ਨਾਲ ਉਚੇਚ ਨਾ ਹੁੰਦਾ ਦੇਖ ਇਹ ਗੁਰੂ ਜੀ ਵੱਲ ਹੋਰ ਖਿੱਚੇ ਗਏ। ਜਦ ਬੁੱਧੂ ਸ਼ਾਹ ਜੀ ਨੇ ‘ਅੱਲਾ ਦਾ ਵਸਲ’ ਕਿਵੇਂ ਹੋਵੇ ਪੁੱਛਿਆ ਤਾਂ ‘ਹਕ ਹਕ ਅਗਾਹ’ ਗੁਰੂ ਗੋਬਿੰਦ ਸਿੰਘ ਜੀ ਨੇ ਕਹਿਆ: ‘ਜਿਵੇਂ ਰਾਤ ਨੂੰ ਦਿਨ ਦਾ ਵਸਲ (ਮੇਲ) । ਮਹਾਰਾਜ ਦਾ ਭਾਵ ਸੀ ਕਿ ਸੱਚ ਦੇ ਪ੍ਰਕਾਸ਼ ਨਾਲ ਮੈਂ ਮਰ ਜਾਂਦੀ ਹੈ, ਸੱਚ ਰਹਿੰਦਾ ਹੈ, ਮੈਂ ਨਹੀਂ ਰਹਿੰਦੀ।’
ਰਾਜਪੂਤਾਂ ਪਿਛੋਂ ਔਰੰਗਜ਼ੇਬ ਨੇ ਪਠਾਣਾਂ ਨੂੰ ਵੀ ਆਪਣੀ ਫ਼ੌਜ ਵਿਚੋਂ ਕੱਢਣ ਦਾ ਹੁਕਮ ਦੇ ਦਿੱਤਾ ਸੀ। ਪਠਾਣ ਸ਼ੀਆ ਖ਼ਿਆਲਾਂ ਦੇ ਸਨ ਤੇ ਔਰੰਗਜ਼ੇਬ ਕੱਟੜ ਸੁੰਨੀ ਸੀ। ਨਵੇਂ ਫ਼ੁਰਮਾਨ ਅਧੀਨ ਹੀ ਯਮਨਾ ਨਗਰ ਦੇ ਨੇੜੇ ਦਾਮਲੇ ਦੇ ਪੰਜ ਸੌ ਪਠਾਣ ਫ਼ੌਜ ਵਿਚੋਂ ਹਟਾ ਦਿੱਤੇ ਗਏ।ਉਹ ਦੁਖੀ ਤੇ ਆਤੁਰ ਹੋ ਪੀਰ ਬੁੱਧੂ ਸ਼ਾਹ ਕੋਲ ਪੁੱਜੇ । ਪੀਰ ਜੀ ਦਾ ਸਿੱਧਾ ਧਿਆਨ ਤੁਰੰਤ ਗੁਰੂ ਗੋਬਿੰਦ ਸਿੰਘ ਜੀ ਵੱਲ ਗਿਆ। ਉਸ ਦੇਖਿਆ ਕਿ ਦੀਨਾਂ ਦੇ ਰਖਯਕ ਗੁਰੂ ਜੀ ਨਾ ਸਿਰਫ਼ ਪਠਾਣਾਂ ਲਈ ਪਨਾਹ ਬਣ ਸਕਦੇ ਸਨ ਸਗੋਂ ਪਾਲਣ ਪੋਸ਼ਣ ਵੀ ਕਰ ਸਕਦੇ ਸਨ । ਉਹ ਪੰਜ ਸੌ ਪਠਾਣਾਂ ਨੂੰ ਨਾਲ ਲੈ ਕੇ ਪਾਉਂਟਾ ਸਾਹਿਬ ਪੁੱਜੇ ਤੇ ਗੁਰੂ ਜੀ ਨੇ ਤੀਹ ਰੁਪਏ ਪ੍ਰਤੀ ਸਵਾਰ ਤੇ ਇਕ ਸੌ ਰੁਪਿਆ ਪ੍ਰਤੀ ਸਰਦਾਰ ਸਭ ਨੂੰ ਨੌਕਰ ਰੱਖ ਲਿਆ। ਉਨ੍ਹਾਂ ਪੰਜ ਸਰਦਾਰਾਂ ਦੇ ਨਾਂ ਸਿੱਖ ਇਤਿਹਾਸ ਵਿਚ ਇਸ ਪ੍ਰਕਾਰ ਆਏ ਹਨ : ‘ਕਾਲੇ ਖ਼ਾਨ, ਭੀਖਨ ਖ਼ਾਨ, ਨਜਾਬਤ ਖ਼ਾਨ, ਹਯਾਤ ਖ਼ਾਨ ਅਤੇ ਉਮਰ ਖ਼ਾਨ ।’ ਮਹਾਂਕੋਸ਼ ਦੇ ਲਿਖਾਰੀ ਦਾ ਕਹਿਣਾ ਹੈ ਕਿ ਕੇਵਲ ‘ਕਾਲੇ ਖ਼ਾਨ ਨਮਕ ਹਰਾਮ ਨਹੀਂ ਹੋਇਆ ਬਾਕੀ ਸਰਦਾਰ ਸਵਾਰਾਂ ਸਮੇਤ ਸਤਿਗੁਰ ਨੂੰ ਭੰਗਾਣੀ ਦੇ ਜੰਗ ਸਮੇਂ ਛੱਡ ਗਏ।’
ਬਾਬਾ ਰਾਮ ਰਾਇ ਨਾਲ ਮਿਲਣੀ—ਬਾਬਾ ਰਾਮ ਰਾਇ ਨੇ ਔਰੰਗਜ਼ੇਬ ਵਲੋਂ ਦਿੱਤੀ ਜਾਗੀਰ ਤੇ ਹੀ ਡੇਰਾ ਪਾ ਲਿਆ। ਕੁਝ ਸਮੇਂ ਵਿਚ ਦੂਨ ਦੀ ਵਸੋਂ ਬਹੁਤ ਹੋ ਗਈ।ਗੁਰ- ਸੰਤਾਨ ਤੇ ਕਰਾਮਾਤੀ ਪ੍ਰਸਿੱਧ ਹੋਣ ਕਾਰਨ ਪਹਾੜੀ ਰਾਜਿਆਂ ਵਿਚ ਪੂਜਿਆ ਵੀ ਜਾਣ ਲੱਗ ਪਿਆ। ਔਰੰਗਜ਼ੇਬ ਨਾਲ ਚੰਗੀ ਮੁਲਾਕਾਤ ਤੇ ਰਸਾਈ ਹੋਣ ਕਾਰਨ ਕਈ ਰਾਜਿਆਂ ਨੂੰ ਖ਼ਿਰਾਜ਼ ਦੀਆਂ ਮੁਆਫ਼ੀਆਂ ਅਤੇ ਇਮਦਾਦ ਵੀ ਦਿਲਵਾਉਂਦਾ ਰਿਹਾ। ਇਸ ਕਾਰਨ ਉਨ੍ਹਾਂ ਰਾਜ ਦਰਬਾਰਾਂ ਵਿਚ ਜੋ ਗੁਰੂ ਕਰਕੇ ਭਾਵੇਂ ਨਹੀਂ ਵੀ ਪੂਜਦੇ ਸਨ, ਸ਼ਕਤੀਸ਼ਾਲੀ ਹੋਣ ਕਾਰਨ, ਸਤਿਕਾਰ ਪਾਉਣ ਲੱਗ ਪਿਆ । ਪਰ ਬਹੁਤੀ ਦੇਰ ਇਹ ਭੜ ਬਣਿਆ ਨਾ ਰਹਿ ਸਕਿਆ। ਇਕ ਤਾਂ ਔਰੰਗਜ਼ੇਬ ਦੇ ਦੱਖਣ ਚਲੇ ਜਾਣ ਕਾਰਨ ਬਹੁਤੇ ਪਹਾੜੀ ਰਾਜੇ ਸੁਤੰਤਰ ਹੀ ਹੋ ਗਏ ਤੇ ਦੂਜੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਹਨ ਪੁੱਜਣਾ ਸੁਣ ਕੇ ਪਹਾੜੀ ਰਾਜੇ ਰਾਮ ਰਾਇ ਕੋਲੋਂ ਹੁਣ ਸਗੋਂ ਪਿੱਛਾ ਛੁਡਾਉਣ ਦੀ ਕਰਨ ਲੱਗੇ। ਫਿਰ ਬਾਬਾ ਰਾਮ ਰਾਇ ਜੀ ਨੂੰ ਵੀ ਕੁਝ ਸੋਝੀ ਆਉਣੀ ਸ਼ੁਰੂ ਹੋਈ। ਉਹ ਸੁਣ ਚੁੱਕੇ ਸਨ ਕਿ ਬਾਬਾ ਧੀਰ ਮੱਲ ਨੂੰ ਤਸੀਹੇ ਦੇ ਕੇ ਰਣਥੰਬੋਰ ਦੇ ਕਿਲ੍ਹੇ ਵਿਚ ਮਾਰ ਦਿੱਤਾ ਗਿਆ ਹੈ। ਉਨ੍ਹਾਂ ਦੇ ਵੱਡੇ ਪੁੱਤਰ ਬਾਬਾ ਰਾਮ ਚੰਦ ਨੂੰ ਵੀ ਦਿੱਲੀ ਦੀ ਕੋਤਵਾਲੀ ਵਿਚ ਨਜ਼ਰਬੰਦੀ ਦੌਰਾਨ ਖ਼ਤਮ ਕਰ ਦਿੱਤਾ ਗਿਆ । ਹੈ। ਸੋ ਇਸ ਵਿਚਾਰ ਦਾ ਬਣ ਜਾਣਾ ਸੁਭਾਵਕ ਸੀ ਕਿ ਗੁਰੂ-ਘਰ ਨਾਲ ਵਿਗਾੜ ਕੇ ਟੁਰਨਾ ਸਮੇਂ ਦੀ ਨੀਤੀ ਨਹੀਂ।ਰਾਮ ਰਾਇ ਜੀ ਨੂੰ ਇਹ ਵੀ ਸੂਝ ਆਈ ਕਿ ਜਿਨ੍ਹਾਂ ਮਸੰਦਾਂ ਦੇ ਸਹਾਰੇ ਉਸ ਆਪਣੀ ਗੱਦੀ ਕਾਇਮ ਰੱਖੀ ਹੋਈ ਹੈ, ਉਹ ਹੀ ਉਸ ਦੇ ਜਾਨ ਦੇ ਵੈਰੀ ਬਣ ਗਏ ਹਨ । ਮਸੰਦ ਰਾਮ ਰਾਇ ਜੀ ਦੇ ਪੱਲੇ ਕੁਝ ਵੀ ਨਹੀਂ ਸਨ ਪੈਣ ਦਿੰਦੇ । ਗੁਰੂ ਗੋਬਿੰਦ ਸਿੰਘ ਜੀ ਨੇ ਬਖ਼ਸ਼ਿਸ਼ ਦੇ ਘਰ ਆ ਕੇ ਪਿਛਲੀਆਂ ਭੁੱਲਾਂ ਬਖ਼ਸ਼ ਦਿੱਤੀਆਂ। ਉਂਝ ਉਮਰ ਵਿਚ ਬੇਸ਼ੱਕ ਰਾਮ ਰਾਇ ਜੀ ਵੱਡੇ ਸਨ ਪਰ ਰਿਸ਼ਤੇ ਵਿਚ ਗੁਰੂ ਜੀ ਉਸ ਦੇ ਚਾਚਾ ਜੀ ਸਨ। ਉਸ ਨੂੰ ਪਛਤਾਵਾ ਕਰਦੇ ਦੇਖ ਮਹਾਰਾਜ ਨੇ ਪੰਡਿਤ ਦਯਾ ਰਾਮ ਨੂੰ ਡੇਰਾਦੂਨ (ਖੁਰਵੜ੍ਹਾ) ਭੇਜਿਆ। ਅਪ੍ਰੈਲ, ੧੬੮੬ ਈਸਵੀ ਨੂੰ ਜਮਨਾ ਵਿਚਕਾਰ ਮੁਲਾਕਾਤ ਤਹਿ ਹੋਈ। ਇਹ ਨਵੇਕਲੀ ਥਾਂ ਚੁਣਨ ਦਾ ਕਾਰਨ ਸੀ ਕਿ ਗੱਲ ਗੁਪਤ ਰਹੇ ਤੇ ਜਦ ਤਕ ਸਿਰੇ ਨਾ ਚੜ੍ਹੇ ਉਸ ਦੀ ਸੂਹ ਨਾ ਨਿਕਲੇ।
ਬਾਬਾ ਰਾਮ ਰਾਇ ਜੀ ਡੇਰਾਦੂਨ ਤੋਂ ਚਕ਼ਾਤਾ ਤੇ ਫਿਰ ਜਮਨਾ ਕਿਨਾਰੇ ਬੇੜੀ ਤੇ ਸਵਾਰ ਹੋ ਕੇ ਆਏ। ਗੁਰੂ ਜੀ ਵੀ ਬੇੜੀ ਤੇ ਸਵਾਰ ਹੋ ਕੇ ਅਗਾਂਹ ਵਧੇ। ਜਦ ਜਮਨਾ ਵਿਚਕਾਰ ਬੇੜੀਆਂ ਮਿਲੀਆਂ ਤਾਂ ਗੁਰੂ ਜੀ ਤੇ ਰਾਮ ਰਾਇ ਇਕੋ ਬੇੜੀ ਵਿਚ ਹੋ ਗਏ। ਰਾਮ ਰਾਇ ਜੀ ਨੇ ਸਿਰ ਝੁਕਾਇਆ ਤੇ ਮਸੰਦਾਂ ਦੇ ਅੱਤਿਆਚਾਰ ਦੱਸੇ ਅਤੇ ਬੇਨਤੀ ਕੀਤੀ ਕਿ ਉਸ ਦੀ ਮ੍ਰਿਤੂ ਹੋ ਜਾਣ ਵੇਲੇ ਘਰ ਪਰਿਵਾਰ ਦੀ ਰੱਖਿਆ ਕਰਨੀ।
ਸ਼ਹੀਦੀ ਬਿਲਾਸ ਦੇ ਸ਼ਬਦਾਂ ਵਿਚ :
“ਮਹਾਰਾਜ ਸੁਣ ਕੇ ਹੈਰਾਨ ਹੋਏ । ਅਗਲੇ ਸਾਲ (ਭਾਦੋਂ ਸੁਦੀ ਅੱਠਵੀਂ, ਐਤਵਾਰ ਸੰਨ ੧੬੮੭) ਜਦ ਰਾਮ ਰਾਇ ਜੀ ਨੂੰ ਮਸੰਦਾਂ ਨੇ ਹੀ ਰਜ਼ਾਈ ਵਿਚ ਘੁੱਟ ਕੇ ਮਾਰ ਦਿੱਤਾ ਤੇ ਫਿਰ ਅੱਗ ਲਗਾ ਦਿੱਤੀ ਤਾਂ ਰਾਮ ਰਾਇ ਜੀ ਦੀ ਪਤਨੀ ਮਾਤਾ ਪੰਜਾਬ ਕੌਰ ਦੇ ਸੱਦੇ ਤੇ ਗੁਰੂ ਜੀ ਨੂੰ ਆਪੂੰ ਭੋਗ (ਸਤਾਰ੍ਹਵੀਂ) ਤੇ ਡੇਰਾਦੂਨ ਪੁੱਜੇ ਤੇ ਮਸੰਦਾਂ ਨੂੰ ਕਰੜੀਆਂ ਸਜ਼ਾਵਾਂ ਦਿੱਤੀਆਂ।’ ਇਥੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਰਾਮ ਰਾਇ ਜੀ ਆਪਣਾ ਹਸ਼ਰ ਪ੍ਰਤੱਖ ਦੇਖ ਰਹੇ ਸਨ ਅਤੇ ਗੁਰੂ ਜੀ ਦੀ ਸਹਾਇਤਾ ਲੈਣ ਲਈ ਆਏ ਸਨ। ਫਿਰ ਜਦ ਰਾਮ ਰਾਇ ਦੇ ਚੇਲੇ ਬਾਵਾ ਗੁਰਬਖ਼ਸ਼ ਰਾਇ ਨੇ ਦਸਮੇਸ਼ ਪਿਤਾ ਜੀ ਦੀ ਸ਼ਾਨ ਵਿਚ ਗੁਰੂ ਗਰੰਥ ਜੀ ਦੀ ਤਾਬਿਆ ਬੈਠੇ ਹੋਏ ਹੀ ਕੁਝ ਕੁਹਝੇ ਸ਼ਬਦ ਬੋਲੇ ਤਾਂ ਭਾਈ ਮਨੀ ਸਿੰਘ ਜੀ, ਜੋ ਰਾਮ ਰਾਇ ਦੀ ਬਰਸੀ ਤੇ ੫੦ ਸਿੱਖਾਂ ਨਾਲ ਉਥੇ ਪੁੱਜੇ ਹੋਏ ਸਨ, ਨੇ ਆਪੂੰ ਅੱਗੇ ਵਧ ਕੇ ਉਸ ਨੂੰ ਤਖ਼ਤਪੋਸ਼ ਤੋਂ ਥੱਲੇ ਚੁੱਕ ਮਾਰਿਆ”। ਇਹ ਸਭ ਦਰਸਾਉਂਦਾ ਹੈ ਕਿ ਰਾਮ ਰਾਇ ਜੀ ਦਾ ਰੋਅਬ ਬਹੁਤ ਪਹਿਲਾਂ ਮੁੱਕ ਚੁੱਕਾ ਸੀ ਤੇ ਮਸੰਦਾਂ ਦੇ ਇਕ ਕਿਸਮ ਦੇ ਕੈਦੀ ਹੀ ਹੋ ਗਏ ਸਨ।
ਜਮਨਾ ਕਿਨਾਰੇ ਇਕ ਹੋਰ ਅਸਚਰਜ ਘਟਨਾ ਵੀ ਹੋਈ ਜੋ ਗੁਰੂ ਨਾਲ ਸਿੱਖੀ ਪਿਆਰ ਦੀ ਅਮਿਟ ਨਿਸ਼ਾਨੀ ਬਣ ਗਈ ਹੈ। ਗੁਰੂ ਹਰਿ ਰਾਇ ਜੀ ਦਾ ਹੁਕਮ ਸੀ ਕਿ ਕੋਈ ਸਿੱਖ ਰਾਮ ਰਾਇ ਦੇ ਮੱਥੇ ਨਾ ਲੱਗੇ । ਸਿੱਖਾਂ ਜਦ ਰਾਮ ਰਾਇ ਨੂੰ ਦੂਰੋਂ ਘੋੜੇ ਤੇ ਸਵਾਰ ਹੁੰਦੇ ਦੇਖਿਆ ਤਾਂ ਦਰਿਆ ਵੱਲ ਪਿੱਠ ਕਰਕੇ ਖੜ੍ਹੇ ਹੋ ਗਏ। ਇਸ ਤਰ੍ਹਾਂ ਕਰਨ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਖ਼ਸੀ ਸਰੂਪ ਵੱਲ ਬੇਸ਼ੱਕ ਪਿੱਠ ਹੋ ਗਈ ਪਰ ਹੁਕਮਾਂ ਨੂੰ ਉਨ੍ਹਾਂ ਪਾਲ ਕੇ ਦੱਸ ਦਿੱਤਾ। ਜਦ ਤੱਕ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਹੁਕਮਾਂ ਨੂੰ ਵਾਪਸ ਨਾ ਲਿਆ ਤਦ ਤੱਕ ਸਿੱਖ ਪਿੱਠ ਕਰਕੇ ਗੁਰੂ ਜੀ ਦੇ ਹੁਕਮਾਂ ਨੂੰ ਪਾਲਦੇ ਰਹੇ।
ਬ੍ਰਾਹਮਣਾਂ ਦੇ ਆਖ਼ਰੀ ਗੜ੍ਹ ਤੇ ਮਾਰੂ ਵਾਰ—ਗੁਰੂ ਗੋਬਿੰਦ ਸਿੰਘ ਜੀ ਨੇ ਪਾਉਂਟਾ ਸਾਹਿਬ ਪੁਰਾਤਨ ਗਰੰਥਾਂ ਤੇ ਤਰਜਮੇ ਕਰਾਉਣ ਸਮੇਂ ਅਨੁਭਵ ਕੀਤਾ ਕਿ ਸੰਸਕ੍ਰਿਤ ਤਾਂ ਕੁਝ ਬ੍ਰਾਹਮਣਾਂ ਦੀ ਹੀ ਅਜਾਰਾਦਾਰੀ ਬਣ ਗਈ ਹੈ ਅਤੇ ਜਦ ਤੱਕ ਉਨ੍ਹਾਂ ਦੇ ਹੱਥੋਂ ਇਸ ਵਿੱਦਿਆ ਨੂੰ ਆਜ਼ਾਦ ਨਹੀਂ ਕਰਵਾਇਆ ਜਾਂਦਾ, ਬ੍ਰਾਹਮਣ ਆਪਣੀ ਮਨਮਾਨੀ ਕਰੀ ਹੀ ਟੁਰੀ ਜਾਣਗੇ। ਬ੍ਰਾਹਮਣੀ ਜੂਲਾ ਹਿੰਦੁਸਤਾਨੀਆਂ ਤੇ ਖ਼ਾਸ ਕਰ ਸਿੱਖਾਂ ਤੋਂ ਲਾਹੁਣਾ ਜ਼ਰੂਰੀ ਹੈ। ਪਾਉਂਟਾ ਸਾਹਿਬ ਹੀ ਕਈਆਂ ਸੰਸਕ੍ਰਿਤ ਦੇ ਵਿਦਵਾਨਾਂ ਨੇ ਓਟ ਲਈ ਹੋਈ ਸੀ। ਉਨ੍ਹਾਂ ਵਿਚ ਇਕ ਉੱਘੇ ਪੰਡਿਤ ਰਘੂਨਾਥ ਦਾ ਨਾਂ ਸਿੱਖ ਇਤਿਹਾਸ ਨੇ ਦਿੱਤਾ ਹੈ। ਜਦ ਸਿੱਖਾਂ ‘ ਨੂੰ ਨੂੰ ਸੰਸਕ੍ਰਿਤ ਸੰ ਪੜ੍ਹਾਉਣ ਲਈ ਉਸ ਨੂੰ ਕਿਹਾ ਗਿਆ ਤਾਂ ਉਸ ਸਾਫ਼ ਇਨਕਾਰ ਕਰ ਦਿੱਤਾ । ਉਹ ਆਪਣੇ ਰਾਖਵੇਂ ਹੱਕ ਕਿਸੇ ਵੀ ਸ਼ਕਲ ਵਿਚ ਛੱਡਣ ਲਈ ਤਿਆਰ ਨਹੀਂ ਸੀ। ਗੁਰੂ ਜੀ ਨੂੰ ਵੀ ਵਿਉਂਤ ਸੁੱਝੀ। ਉਹ ਜਾਣਦੇ ਸਨ ਕਿ ਬਨਾਰਸ ਦੀਆਂ ਪਾਠਸ਼ਾਲਾਵਾਂ ਤਾਂ ਔਰੰਗਜ਼ੇਬੀ ਫ਼ੁਰਮਾਨ ਨਾਲ ਬੰਦ ਹੋ ਗਈਆਂ ਹਨ ਤੇ ਵਿਦਵਾਨ ਘਰਾਂ ਵਿਚ ਦੁਖੀ ਬੈਠੇ ਹਨ ਤੇ ਉਨ੍ਹਾਂ ਦੀ ਰੋਜ਼ੀ ਦਾ ਵੀ ਕੋਈ ਪ੍ਰਬੰਧ ਨਹੀਂ। ਗੁਰੂ ਜੀ ਨੇ ਕੁਝ ਚੋਣਵੇਂ ਸਿੱਖ ਵਿਦਵਾਨਾਂ ਨੂੰ ਬਨਾਰਸ ਭੇਜਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੂੰ ਗੇਰਵੇ ਬਸਤਰ ਪਾ ਕੇ ਬਨਾਰਸ ਭੇਜਿਆ। ਉਥੋਂ ਔਖਿਆਈ ਨਾਲ ਵਿੱਦਿਆ ਪ੍ਰਾਪਤ ਕਰਕੇ ਉਹ ਉਸ ਸਮੇਂ ਮੁੜੇ ਜਦ ਖ਼ਾਲਸਾ ਪੰਥ ਦੀ ਸਾਜਨਾ ਹੋ ਚੁੱਕੀ ਸੀ। ਉਨ੍ਹਾਂ ਅੰਮ੍ਰਿਤ ਛਕ ਕੇ, ਸੁਫ਼ੈਦ ਬਸਤਰ ਪਾ ਲਏ ਤੇ ਨਿਰਮਲੇ (ਚਿੱਟੇ) ਖ਼ਾਲਸੇ ਕਹਿਲਾਉਣ ਲੱਗ ਪਏ। ਉਨ੍ਹਾਂ ਪਹਿਲਾਂ ਪੰਜਾਂ ਜਿਨ੍ਹਾਂ ਨੇ ਬ੍ਰਾਹਮਣੀ ਜੂਲੇ ਨੂੰ ਉਤਾਰਨ ਦਾ ਸਾਹਸ ਕੀਤਾ, ਦੇ ਨਾਂ ਸਿੱਖ ਇਤਿਹਾਸ ਨੇ ਭਾਈ ਰਾਮ ਸਿੰਘ, ਭਾਈ ਵੀਰ ਸਿੰਘ, ਭਾਈ ਕਰਮ ਸਿੰਘ, ਭਾਈ ਗੰਡਾ ਸਿੰਘ ਤੇ ਭਾਈ ਸੋਭਾ ਸਿੰਘ ਲਿਖਿਆ ਹੈ। ਉਨ੍ਹਾਂ ਪੰਜਾਂ ਨੇ ਹੀ ਨਿਰਮਲ ਪ੍ਰਥਾ ਚਲਾਈ ਤੇ ਸਿੱਖੀ ਵਿਚ ਵਿੱਦਿਆ ਪ੍ਰਚਾਰ ਕੀਤਾ। ਗੁਰਮਤਿ ਸਬੰਧੀ ਗੁਹਜ ਗਿਆਨ ਦਿੱਤਾ ਤੇ ਪੁਸਤਕਾਂ ਰਚੀਆਂ। ਬੇਕਸਾਂ-ਰਾ ਯਾਰ ਗੁਰੂ ਗੋਬਿੰਦ ਸਿੰਘ ਜੀ ਨੇ ਰਾਜਿਆਂ, ਅਹੰਕਾਰੀਆਂ ਅਤੇ ਪੰਡਤਾਂ ਦਾ ਭੜ ਤੋੜਨ ਲਈ ਹੀ ਅਟੱਲ ਬਚਨ ਕੀਤੇ ਸਨ :
‘ਇਨਹੀ ਤੇ ਪੰਡਿਤ ਉਪਜਾਊਂ,
ਕਥਾ ਕਰਨ ਕੀ ਰੀਤ ਚਲਾਉਂ।
ਇਨਹੀ ਤੇ ਰਾਜੇ ਉਪਜਾਊਂ।
ਰਾਜ ਕਰਨ ਕੀ ਰੀਤ ਚਲਾਉਂ।
ਇਨਹੀ ਕੋ ਸਰਦਾਰ ਬਣਾਊਂ।
ਤਬੈ ਗੋਬਿੰਦ ਸਿੰਘ ਨਾਮ ਕਹਿਲਾਊਂ।’
8
ਜਬੈ ਬਾਨ ਲਾਗਯੋ, ਤਬੈ ਰੋਸ ਜਾਗਯੋ
ਭੰਗਾਣੀ ਦਾ ਪਹਿਲਾ ਯੁੱਧ-ਗੁਰੂ ਗੋਬਿੰਦ ਸਿੰਘ ਜੀ ਦੇ ਵਧਦੇ ਪ੍ਰਤਾਪ ਨੂੰ ਦੇਖ- ਦੇਖ ਭੀਮ ਚੰਦ ਦੁਖੀ ਹੋ ਰਿਹਾ ਸੀ । ਰਾਜੇ ਆਪਣੇ ਆਪ ਨੂੰ ਸਨਾਤਨ ਧਰਮ ਦੇ ਰਾਖੇ ਗਿਣਦੇ ਸਨ। ਉਨ੍ਹਾਂ ਨੂੰ ਗੁਰੂ ਪਾਤਸ਼ਾਹ ਦਾ ਜਾਤ-ਰਹਿਤ ਪ੍ਰਚਾਰ, ਲੰਗਰ, ਨਗਾਰਾ, ਕਿਲ੍ਹਾ, ਝੰਡਾ ਚੁੱਭਦਾ ਸੀ । ਰਾਜੇ ਇਸ ਭਾਲ ਵਿਚ ਸਨ ਕਿ ਗੁਰੂ ਜੀ ਦੀ ਹੇਠੀ ਕੀਤੀ ਜਾਏ ਅਤੇ ਈਨ ਮੰਨਵਾਈ ਜਾਏ। ਇਤਨੇ ਨੂੰ ਭੀਮ ਚੰਦ ਦੇ ਲੜਕੇ ਅਜਮੇਰ ਚੰਦ ਦੀ ਸ਼ਾਦੀ ਨੇੜੇ ਆ ਗਈ। ਬੇਟੇ ਦੀ ਜੰਞ ਸ੍ਰੀਨਗਰ, ਫਤਹ ਸ਼ਾਹ ਦੇ ਘਰ ਜਾਣੀ ਸੀ । ਭੀਮ ਚੰਦ ਦੇ ਮਨ ਆਇਆ ਕਿ ਗੁਰੂ ਪਾਸੋਂ ਉਹ ਕੀਮਤੀ ਵਸਤੂਆਂ, ਜੋ ਆਸਾਮ ਤੋਂ ਆਈਆਂ ਸਨ, ਦਿਖਲਾਉਣ ਦੇ ਬਹਾਨੇ ਮੰਗੀਆਂ ਜਾਣ ਅਤੇ ਪਿਛੋਂ ਅੜ ਖਲੋਤਾ ਜਾਏ ਅਤੇ ਜੰਗ ਦੀ ਸੂਰਤ ਵਿਚ ਅਨੰਦਪੁਰ ਤੇ ਪਾਉਂਟਾ ਸਾਹਿਬ ਤੇ ਹੱਲਾ ਬੋਲ ਦਿੱਤਾ ਜਾਏ । ਪਾਉਂਟਾ ਸਾਹਿਬ ਦੇ ਹੱਲੇ ਵੇਲੇ ਫ਼ਤਹ ਸ਼ਾਹ ਦੀ ਇਮਦਾਦ ਕਾਫ਼ੀ ਕੰਮ ਆਵੇਗੀ। ਗੁਰੂ ਗੋਬਿੰਦ ਸਿੰਘ ਜੀ ਉਸ ਦੀ ਨਿਯਤ ਤਾੜ ਗਏ ਤੇ ਵਸਤੂਆਂ ਦੇਣ ਤੋਂ ਇਨਕਾਰ ਕਰ ਦਿੱਤਾ। ਉਹ ਬੜਾ ਸਟਪਟਾਇਆ ਤੇ ਪਰ ਲੜਕੇ ਦੀ ਸ਼ਾਦੀ ਵਿਚ ਵਿਘਨ ਨਾ ਪਵੇ, ਚੁੱਪ ਕਰ ਗਿਆ। ਹੁਣ ਉਸ ਨੇ ਜੰਞ ਨੂੰ ਵੀ ਪਾਉਂਟਾ ਸਾਹਿਬ ਤੋਂ ਲੰਘਾਉਣ ਦੀ ਆਗਿਆ ਮੰਗੀ। ਉਸ ਦੀ ਚਿੱਤ-ਚਾਲ ਸੀ ਕਿ ਪਾਉਂਟਾ ਸਾਹਿਬ ਤੋਂ ਲੰਘਣ ਵੇਲੇ ਹੀ ਨਗਰ ਉਜਾੜ ਦਿੱਤਾ ਜਾਏਗਾ। ਗੁਰੂ ਜੀ ਨੇ ਜੰਞ ਨੂੰ ਵੀ ਉਥੋਂ ਗੁਜ਼ਰਨ ਦੀ ਮਨਾਹੀ ਕਰ ਦਿੱਤੀ। ਹਾਂ, ਲਾੜੇ ਨੂੰ ਕੁਝ ਸਾਥੀਆਂ ਨਾਲ ਜਮਨਾ ਆਪਣੀ ਨਿਗਰਾਨੀ ਹੇਠ ਪਾਰ ਕਰਵਾ ਦਿੱਤਾ। ਭੀਮ ਚੰਦ ਤੇ ਹੋਰ ਰਾਜੇ ਚੋਖਾ ਵਲ ਮਾਰ ਕੇ ਸ੍ਰੀਨਗਰ ਪੁੱਜੇ। ਗੁਰ ਬਿਲਾਸ ਪਾਤਸ਼ਾਹੀ ਛੇਵੀਂ ਅਨੁਸਾਰ ਉਹ ਇਕਲੌਤੇ ਪੁੱਤਰ ਦਾ ਵਿਆਹ ਵੀ ਅੱਖੀਂ ਨ ਦੇਖ ਸਕਿਆ।
ਰਾਜਾ ਫ਼ਤਹ ਸ਼ਾਹ ਨਾਲ ਗੁਰੂ ਘਰ ਦੇ ਸੰਬੰਧ ਚੰਗੇ ਸਨ। ਕਈ ਵਾਰੀ ਫ਼ਤਹ ਸ਼ਾਹ ਗੁਰੂ ਦਰਬਾਰ ਦੀ ਹਾਜ਼ਰੀ ਪਾਉਂਟਾ ਸਾਹਿਬ ਆ ਕੇ ਭਰ ਚੁੱਕਾ ਸੀ। ਉਸ ਦੀ ਲੜਕੀ ਨੂੰ ਆਪਣੀ ਜਾਣ ਗੁਰੂ ਜੀ ਨੇ ਕੀਮਤੀ ਤੰਬੋਲ ਭੇਜਿਆ। ਤੰਬੋਲ ਨਾਲ ਕੁਝ ਹਥਿਆਰਬੰਦ ਸਿੱਖ ਭਾਈ ਨੰਦ ਚੰਦ ਤੇ ਭਾਈ ਦਇਆ ਰਾਮ ਦੀ ਅਗਵਾਈ ਹੇਠਾਂ ਭੇਜੇ । ਜਦ ਰਾਜਿਆਂ ਨੇ ਕੀਮਤੀ ਸੁਗਾਤਾਂ ਦੇਖੀਆਂ ਤਾਂ ਉਹ ਸੜ ਬਲ ਗਏ। ਭੀਮ ਚੰਦ ਨੇ ਭਰੀ ਮਜਲਸ ਤੇ ਬਰਾਦਰੀ ਵਿਚ ਹੋਏ ਅਪਮਾਨ ਦੀ ਗੱਲ ਦੱਸੀ ਅਤੇ ਗੁਰੂ ਜੀ ਦਾ ਭੇਜਿਆ ਤੰਬੋਲ ਲੈਣ ਤੋਂ ਵਰਜਿਆ। ਫ਼ਤਹ ਸ਼ਾਹ ਨੂੰ ਲੜਕੀ ਦਾ ਬਾਪ ਹੋਣ ਕਾਰਨ ਵੀ ਹਾਮੀ ਭਰਨੀ ਪਈ।
ਸੁਗ਼ਾਤਾਂ ਇਤਨੀਆਂ ਕੀਮਤੀ ਸਨ ਕਿ ਰਾਜਿਆਂ ਦੀਆਂ ਰਾਲਾਂ ਟਪਕਦੀਆਂ ਭਾਈ ਨੰਦ ਲਾਲ ਜੀ ਨੇ ਦੇਖ ਲਈਆਂ । ਭਾਈ ਜੀ ਰਾਜਿਆਂ ਦੀ ਮੰਦ ਭਾਵਨਾ ਨੂੰ ਤਾੜ ਗਏ ਤੇ ਉਸੇ ਸਮੇਂ ਮੁੜਨ ਦਾ ਵੀਚਾਰ ਬਣਾ ਲਿਆ। ਭਾਈ ਦਇਆ ਰਾਮ ਜੀ ਤੇ ਭਾਈ ਨੰਦ ਜੀ ਬੇੜੀ ਚੜ੍ਹਨ ਹੀ ਲੱਗੇ ਸਨ ਕਿ ਭੀਮ ਚੰਦ ਦੇ ਆਦਮੀਆਂ ਨੇ ਹੱਲਾ ਬੋਲ ਦਿੱਤਾ, ਪਰ ਸਿੱਖਾਂ ਐਸੇ ਕਰਾਰੇ ਹੱਥ ਦਿਖਾਏ ਕਿ ਪਹਾੜੀਏ ਮਸਾਂ ਜਾਨ ਬਚਾ ਕੇ ਨੱਸੇ। ਜਦ ਗੁਰੂ ਜੀ ਨੇ ਸਾਰੀ ਵਾਰਤਾ ਸੁਣੀ ਤਾਂ ਉਨ੍ਹਾਂ ਪ੍ਰਤੱਖ ਦੇਖ ਲਿਆ ਕਿ ਭੀਮ ਚੰਦ ਮੁੜਦੇ ਸਾਰ, ਫ਼ਤਹ ਸ਼ਾਹ ਅਤੇ ਹੋਰ ਰਾਜਿਆਂ ਦਾ ਇਕੱਠ ਕਰਕੇ, ਔਰੰਗਜ਼ੇਬ ਕੋਲੋਂ ਮਦਦ ਲੈ ਕੇ ਪਾਉਂਟਾ ਸਾਹਿਬ ਜ਼ਰੂਰ ਹੱਲਾ ਬੋਲੇਗਾ। ਗੁਰੂ ਪਾਤਸ਼ਾਹ ਨੇ ਜੰਗ ਦਾ ਬਿਗ਼ਲ ਵਜਾ ਦਿੱਤਾ ਅਤੇ ਰਣਨੀਤੀ ਨੂੰ ਮੁੱਖ ਰੱਖਦੇ ਹੋਏ ਪਾਉਂਟਾ ਸਾਹਿਬ ਤੋਂ ਬਾਹਰ ਛੇ ਮੀਲ ਭੰਗਾਣੀ ਦਾ ਪਿੜ ਜਾ ਮੱਲਿਆ । ਭੰਗਾਣੀ ਜਮਨਾ ਦੇ ਉਰਾਰ ਹੈ ਤੇ ਪਾਰਲੇ ਪਾਸੇ ਚੂੜ੍ਹਪੁਰ ਪਿੰਡ ਹੈ। ਉਥੇ ਹੀ ਪੱਤਣ ਹੈ ਜਿਥੋਂ ਪਹਾੜੀ ਫ਼ੌਜਾਂ ਪਾਰ ਕਰ ਕੇ ਧਾਈ ਕਰ ਸਕਦੀਆਂ ਹਨ। ਜਮਨਾ ਕਿਨਾਰੇ ਖੁੱਲ੍ਹਾ ਮੈਦਾਨ ਹੈ। ਫਿਰ ਕੁਝ ਚੜ੍ਹਾਈ ਹੈ ਤੇ ਚੜ੍ਹਾਈ ਪਿਛੋਂ ਖੁਲ੍ਹਾ ਮੈਦਾਨ ਦਿੱਸ ਪੈਂਦਾ ਹੈ।ਜੇ ਪਹਾੜੀ ਫ਼ੌਜਾਂ ਨੂੰ ਇਸ ਚੜ੍ਹਾਈ ਚੜ੍ਹਨ ਤੋਂ ਰੋਕ ਦਿੱਤਾ ਜਾਏ ਤਾਂ ਉਹ ਪਾਉਂਟਾ ਸਾਹਿਬ ਵੱਲ ਪੈਰ ਨਹੀਂ ਪਾ ਸਕਦੀਆਂ ਸਨ । ਗੁਰੂ ਜੀ ਨੇ ਕੁਝ ਫ਼ੌਜੀ ਪਹਾੜੀ ਚੋਟੀਆਂ ਮੱਲਣ ਲਈ ਭੇਜ ਦਿੱਤੇ ਤੇ ਉਨ੍ਹਾਂ ਘਾਟਾਂ ਬਣਾ ਲਈਆਂ ਅਤੇ ਹਮਲੇ ਦੀ ਉਡੀਕ ਕਰਨ ਲੱਗੇ।
ਜੰਗ ਦੇ ਕਾਰਨਾਂ ਤੇ ਇਕ ਝਾਤ—ਇਹ ਠੀਕ ਰਹੇਗਾ ਕਿ ਜੰਗਾਂ ਦੇ ਕਾਰਨਾਂ ਤੇ ਇਕ ਨਜ਼ਰ ਮਾਰ ਲਈ ਜਾਏ । ਇਹ ਆਪਣੀ ਕਿਸਮ ਦਾ ਕਿਉਂਕਿ ਪਹਿਲਾ ਯੁੱਧ ਸੀ, ਇਸ ਲਈ ਹੋਰ ਗਹੁ ਕਰਨ ਦੀ ਲੋੜ ਹੈ।
ਸਭ ਤੋਂ ਵੱਡਾ ਕਾਰਨ ਔਰੰਗਜ਼ੇਬ ਦੀ ਚੁੱਕ ਹੀ ਸੀ । ਉਸ ਨੂੰ ਖ਼ਬਰਾਂ ਪੁੱਜ ਰਹੀਆਂ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਵੱਡੀ ਫ਼ੌਜ ਇਕੱਠੀ ਕਰ ਲਈ ਹੈ ਤੇ ਕੱਢੇ ਹੋਏ ਪਠਾਣ ਵੀ ਆਪਣੀ ਫ਼ੌਜ ਵਿਚ ਭਰਤੀ ਕਰ ਲਏ ਹਨ। ਪੀਰ ਬੁੱਧੂ ਸ਼ਾਹ ਨੂੰ ਉਹ ਆਪਣੀ ਧਾਰਮਕ ਨੀਤੀ ਵਿਚ ਰੁਕਾਵਟ ਸਮਝਦਾ ਸੀ । ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਰਥਾਤ ਜੰਗਨਾਮਾ ਭੰਗਾਣੀ ਵਿਚ ਸਪੱਸ਼ਟ ਲਿਖਿਆ ਹੈ ਕਿ ਔਰੰਗਜ਼ੇਬ ਗੁਰੂ ਜੀ ਨੂੰ ਮੂਲੋਂ ਮੁਕਾਉਣਾ ਚਾਹੁੰਦਾ ਸੀ। ਉਸਦੀ ਆਪਣੀ ਤਜਵੀਜ਼ ਰਾਜਿਆਂ ਨੂੰ ਲੜਾਉਣ ਦੀ ਸੀ ਤੇ ਇਸ ਲਈ ਰਾਜਿਆਂ ਨੂੰ ਲਿਖਦਾ ਰਹਿੰਦਾ ਸੀ।? ਅਤੇ ਗੁਰੂ ਜੀ ਨੂੰ ਵੀ ਈਨ ਮੰਨਣ ਲਈ ਵਾਰ-ਵਾਰ ਕਹਿੰਦਾ ਸੀ। ਜੰਗਨਾਮੇ ਦੇ ਕਹਿਣ ਅਨੁਸਾਰ ਔਰੰਗਜ਼ੇਬ ਨੇ ਲਿਖਿਆ :
‘ਤੂੰ ਗੁਰੂ ਗੋਬਿੰਦ ਸਦਾਇੰਦਾ, ਜੋਧਾ ਮਰਦਾਨਾ ।
ਹੁਕਮ ਮੇਰਾ ਕੰਧਾਰ ਵਿਚ, ਕਾਬਲ ਖੁਰਾਸਾਨਾ ।
ਸਭ ਰਾਜੇ ਦੱਖਣ ਪਹਾੜ ਦੇ, ਆਇ ਕਰਨ ਸਲਾਮਾਂ।
ਪਰਵਾਨਾ ਵੇਖ ਕੇ ਮਿਲ ਸ਼ਿਤਾਬ, ਨਹੀਂ ਕਰ ਜੁਧ ਸਮਾਨਾ।
ਮੈਂ ਪਕੜਾਂਗਾ ਨਾਲ ਜ਼ੋਰ ਦੇ, ਕਰ ਫ਼ਤੇ ਦਮਾਮਾ।’
ਜੰਗਨਾਮੇ ਦੇ ਲਿਖਾਰੀ ਦਾ ਇਹ ਵੀ ਕਹਿਣਾ ਹੈ ਕਿ ਔਰੰਗਜ਼ੇਬ ਦੀ ਲੜਕੀ ਜ਼ੇਬ-ਉ-ਨਿਸਾ ਨੇ ਔਰੰਗਜ਼ੇਬ ਨੂੰ ਰੋਕਣਾ ਵੀ ਚਾਹਿਆ ਤੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਖ਼ੁਦਾ ਦੇ ਪੈਗ਼ੰਬਰ ਹਨ, ਪਰ ਉਸ ਨੇ ਖ਼ਾਸ ਜਰਨੈਲ ਪੰਜਾਬ ਵੱਲ ਭੇਜ ਦਿੱਤੇ। ਔਰੰਗਜ਼ੇਬ ਦੇ 1
ਗੁਰੂ ਜੀ ਨਾਲ ਸੰਬੰਧ ਵਿਗੜੇ ਹੋਣ ਬਾਰੇ ਸੂਰਜ ਪ੍ਰਕਾਸ਼ ਨੇ ਵੀ ਗਵਾਹੀ ਦਿੱਤੀ ਹੈ :
‘ਉਤ ਹਜ਼ਰਤ ਬਿਗਰਯੋ ਇਨ ਸੰਗਾ।’
ਸਿਆਰੁੱਲ ਮੁਤਾਖ਼ਰੀਨ ਦੇ ਲਿਖਾਰੀ ਗ਼ੁਲਾਮ ਹੁਸੈਨ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਫ਼ੌਜੀ ਦਸਤੇ ਬਣਾ ਲਏ ਸਨ ਅਤੇ ਚੰਗੇ ਤਜਰਬੇਕਾਰ ਜਰਨੈਲ ਫ਼ੌਜਾਂ ਦੀ ਅਗਵਾਈ ਕਰ ਰਹੇ ਸਨ । ਪਹਾੜੀ ਰਾਜਿਆਂ ਨੇ ਔਰੰਗਜ਼ੇਬ ਨੂੰ ਸਖ਼ਤ ਕਾਰਵਾਈ ਕਰਨ ਲਈ ਕਿਹਾ। ਕਨਿੰਘਮ ਨੇ ਲਿਖਿਆ ਹੈ ਕਿ ਪਹਾੜੀ ਰਾਜਿਆਂ ਅਤੇ ਔਰੰਗਜ਼ੇਬ ਦਾ ਸ਼ੰਕਾ ਹੋਰ ਵੀ ਪੱਕਾ ਹੋ ਗਿਆ ਜਦ ੫੦੦ ਪਠਾਣਾਂ ਨੂੰ, ਜਿਨ੍ਹਾਂ ਨੂੰ (ਗ਼ੱਦਾਰੀ ਦੇ ਇਲਜ਼ਾਮ ਵਿਚ ਮੁਗ਼ਲ ਫ਼ੌਜ ਵਿਚੋਂ ਕੱਢਿਆ ਗਿਆ ਸੀ) ਆਪਣੀ ਫ਼ੌਜ ਵਿਚ ਭਰਤੀ ਕਰ ਲਿਆ। ਔਰੰਗਜ਼ੇਬ ਨੇ ਇਸ ਨੂੰ ਬਗ਼ਾਵਤ ਤੁਲ ਕਿਹਾ। ਆਪ ਔਰੰਗਜ਼ੇਬ ਦੂਰ ਹੋਣ ਕਰਕੇ ਹਿੱਸਾ ਨਹੀਂ ਸੀ ਲੈ ਸਕਦਾ। ਸੋ ਪਹਾੜੀ ਰਾਜਿਆਂ ਨੂੰ ਹਰ ਪ੍ਰਕਾਰ ਦੀ ਸਹਾਇਤਾ ਦੇਣ ਦਾ ਯਕੀਨ ਦਿਲਵਾਇਆ। ਗਾਰਡਨ ਲਿਖਦਾ ਹੈ ਕਿ ਗੁਰੂ ਜੀ ਦੀ ਫ਼ੌਜ ਵਿਚ ਗਿਣਤੀ ਵਧ ਰਹੀ ਸੀ। ਗੁਰੂ ਜੀ ਨੇ ਹੁਕਮਨਾਮਾ ਭੇਜਿਆ ਕਿ ਜਿਸ ਸਿੱਖ ਦੇ ਚਾਰ ਪੁੱਤਰ ਹਨ ਉਹ ਦੋ ਜ਼ਰੂਰ ਗੁਰੂ ਦੀ ਫ਼ੌਜ ਵਿਚ ਭੇਜੇ । ਇਕ ਕਥਨ ਅਨੁਸਾਰ ਅੱਠ ਹਜ਼ਾਰ ਤੋਂ ਵੱਧ ਫ਼ੌਜ ਪਾਉਂਟਾ ਸਾਹਿਬ ਖੜੀ ਹੋ ਗਈ ਸੀ।
ਦੂਜੇ, ਮੁਨਸ਼ੀ ਖ਼ੁਸ਼ਵਕਤ ਰਾਇ ਨੇ ਤਵਾਰੀਖ਼-ਇ-ਸਿੱਖਾਂ ਵਿਚ ਲਿਖਿਆ ਹੈ ਕਿ ਲੋਕੀਂ ਵੱਡੀ ਗਿਣਤੀ ਵਿਚ ਗੁਰੂ ਜੀ ਦੇ ਇਰਦ-ਗਿਰਦ ਇਕੱਠੇ ਹੋ ਗਏ। ਗੁਰੂ ਗੋਬਿੰਦ ਸਿੰਘ ਜੀ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਿਲਾਉਂਦੇ ਸਨ ਤੇ ਸਿੱਖ ਪਾਤਸ਼ਾਹ ਵਾਲਾ ਸਨਮਾਨ ਗੁਰੂ ਜੀ ਨੂੰ ਦਿੰਦੇ ਸਨ। ਇਹ ਖ਼ਤਰੇ ਤੋਂ ਖ਼ਾਲੀ ਨਾ ਸਮਝਿਆ ਗਿਆ। ਜਦ ਗੁਰੂ ਗੋਬਿੰਦ ਸਿੰਘ ਕੁਝ ਸਾਲ ਅਨੰਦਪੁਰ ਤੇ ਕੀਰਤਪੁਰ ਟਿਕ ਚੁੱਕੇ ਤਾਂ ਰਾਜਾ ਕਹਿਲੂਰ ਅਤੇ ਹੰਡੂਰ ਨੇ ਡਰ ਮਹਿਸੂਸ ਕੀਤਾ ਕਿ ਜੇ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਰੋਕ ਨਾ ਪਾਈ ਤਾਂ ਉਹ ਇਤਨੇ ਤਾਕਤਵਰ ਹੋ ਜਾਣਗੇ ਕਿ ਸੰਭਾਲਣਾ ਅਸੰਭਵ ਹੋ ਜਾਏਗਾ ਅਤੇ ਕੁਝ ਸਮੇਂ ਪਿਛੋਂ ਗੁਰੂ ਉਨ੍ਹਾਂ ਦੇ ਰਾਜਿਆਂ ਤੇ ਕਬਜ਼ਾ ਵੀ ਜਮਾ ਲੈਣਗੇ। ਇਸ ਡਰ ਨੂੰ ਮੁੱਖ ਰੱਖ ਕੇ ਪਹਾੜੀ ਰਾਜਿਆਂ ਨੇ ਗੁਰੂ ਜੀ ਵੱਲ ਭੇਟਾ ਲਿਆ ਰਹੇ ਸਿੱਖਾਂ ਨੂੰ ਰਾਹਾਂ ਵਿਚ ਤੰਗ ਕਰਨਾ ਅਰੰਭ ਕਰ ਦਿੱਤਾ ਅਤੇ ਈਰਖਾ ਜਾਗੀ। ਕਨਿੰਘਮ ਵੀ ਇਹ ਹੀ ਲਿਖਦਾ ਹੈ ਕਿ ‘ਗੁਰੂ ਜੀ ਦੇ ਕਰਤੱਵਾਂ ਤੋਂ ਪਹਾੜੀ ਰਾਜੇ ਤੰਗ ਤੇ ਦੁਖੀ ਹੋ ਗਏ ਤੇ ਉਹ ਇਕ ਪ੍ਰਕਾਰ ਦਾ ਡਰ ਮਹਿਸੂਸ ਕਰਦੇ ਸਨ । ਗੁਰੂ ਜੀ ਪਹਾੜੀ ਰਾਜਿਆਂ ਦੀ ਅੰਦਰਲੀ ਰਾਜਨੀਤੀ ਵਿਚ ਵਿਸ਼ੇਸ਼ ਦਿਲਚਸਪੀ ਲੈ ਰਹੇ ਸਨ । ਗੁਰੂ ਜੀ ਦਾ ਸਨਮਾਨ ਦਿਨੋ ਦਿਨ ਵਧ ਰਿਹਾ ਸੀ। ਗੁਰੂ ਜੀ ਵੀ ਇਹ ਅਨੁਭਵ ਕਰਦੇ ਸਨ ਕਿ ਸੁਰੱਖਿਅਤ ਪਹਾੜੀ ਇਲਾਕਾ ਲੋੜ ਵੇਲੇ ਚੰਗਾ ਫ਼ੌਜੀ ਟਿਕਾਣਾ ਬਣ ਸਕਦਾ ਹੈ।’ ਅਸਲ ਗੱਲ ਇਹ ਹੈ ਕਿ ਪਹਾੜੀ ਰਾਜਿਆਂ ਨੂੰ ਆਪਣਾ ਡਰ ਹੀ ਖਾਈ ਜਾ ਰਿਹਾ ਸੀ। ਮੈਲਕਮ ਲਿਖਦਾ ਹੈ ਕਿ ‘ਉਸ ਮਹਾਨ ਪੁਰਸ਼ ਦਾ ਨਿਸ਼ਾਨਾ ਸੀ ਕਿ ਕੌਮ ਨੂੰ ਨਿੱਘਰੀ ਹੋਈ ਅਵਸਥਾ ਵਿਚੋਂ ਕੱਢਿਆ ਜਾਏ ਅਤੇ ਐਸੇ ਢੰਗ ਅਪਣਾਏ ਜਾਣ ਜਿਨ੍ਹਾਂ ਦਾ ਪ੍ਰਭਾਵ ਪੂਰਾ ਤੇ ਦੂਰ-ਰਸੀ ਹੋਵੇ। ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਜੀ ਦੇ ਨੀਵਿਆਂ ਨਾਲ ਪਿਆਰ ਕਰਨ ਨੂੰ ਮਾੜਾ ਸਮਝਦੇ ਸਨ। ਗੁਰੂ ਜੀ ਦੇ ਸਿੱਖਾਂ ਨੂੰ ਉਹ ਪਹਾੜੀ ਰਾਜੇ ਅਭਿਮਾਨ ਵਿਚ ਤੁੱਛ ਕਹਿੰਦੇ ਸਨ । ਇੰਦੂ ਭੂਸ਼ਣ ਬੈਨਰਜੀ ਨੇ ਲਿਖਿਆ ਹੈ, ‘ਰਾਜਨੀਤਿਕ ਵਿਸ਼ੇਸ਼ਤਾ, ਸਮਾਜਕ ਉੱਚਤਾ ਅਤੇ ਕੌਮੀ ਹੈਂਕੜ ਪਹਾੜੀ ਰਾਜਿਆਂ ਨੂੰ ਮਜਬੂਰ ਕਰ ਰਹੀ ਸੀ ਕਿ ਉਹ ਗੁਰੂ ਜੀ ਨਾਲ ਲੋਹਾ ਲੈਣ ।’ ਸੀ.ਐਚ. ਪੇਨ ਨੇ ਲਿਖਿਆ ਹੈ ਕਿ ‘ਗੁਰੂ ਜੀ ਨੇ ਸਭ ਜਾਤਾਂ ਵਾਲਿਆਂ ਨੂੰ ਆਪਣੇ ਲਾਗੇ ਲਿਆ ਕੇ ਪਹਾੜੀ ਰਾਜਿਆਂ ਨੂੰ ਗੁੱਸੇ ਕਰ ਲਿਆ। ਗੁਰੂ ਗੋਬਿੰਦ ਸਿੰਘ ਜੀ ਸਗੋਂ ਗੁਰੂ ਨਾਨਕ ਜੀ ਨਾਲੋਂ ਵੀ ਅੱਗੇ ਗਏ। ਉਨ੍ਹਾਂ ਜਾਤ-ਪਾਤ ਦੇ ਦੈਂਤ ਨੂੰ ਸਿੰਝਾਂ ਤੋਂ ਪਕੜ ਕੇ ਕਾਬੂ ਕੀਤਾ। ਵਾਹਿਗੁਰੂ ਦੀ ਦ੍ਰਿਸ਼ਟੀ ਵਿਚ ਸਾਰੇ ਇਕੋ ਜਿਹੇ ਹਨ, ਉਨ੍ਹਾਂ ਇਸ ਵਿਚਾਰ ਤੇ ਮੁਹਰ ਲਗਾਈ। ਸਿੱਖਾਂ ਵਿਚ ਜਾਤਾਂ ਦੇ ਵਿਖੇਵੇਂ ਬਿਲਕੁਲ ਹੀ ਮੁਕਾ ਦਿੱਤੇ । ਇਸ ਕਦਮ ਨੇ ਉਹਨਾਂ ਲੋਕਾਂ ਨੂੰ ਦੁਖੀ ਕਰ ਦਿੱਤਾ ਜੋ ਜਾਤ ਅਭਿਮਾਨ ਵਿਚ ਰਹਿੰਦੇ ਸਨ।” ਲਤੀਫ਼ ਵੀ ਇਸੇ ਭਾਵ ਦੀ ਗੱਲ ਕਹਿੰਦਾ ਹੈ ਕਿ ਸਾਰੇ ਸਿੱਖ ਸੇਵਕਾਂ ਨੂੰ ਇਕੋ ਜਿਹਾ ਸਨਮਾਨ ਦੇਣ ਕਾਰਨ ਕਈ ਬ੍ਰਾਹਮਣ ਤੇ ਪਹਾੜੀ ਛੱਤਰੀ ਰਾਜੇ ਵਿਰੋਧੀ ਬਣ ਗਏ ਅਤੇ ਉਨ੍ਹਾਂ (ਗੁਰੂ ਜੀ ਦੀ) ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ। ਆਰਚਰ, ਬਿੰਗਲੇ ਅਤੇ ਗਾਰਡਨ ਨੇ ਵੀ ਲਿਖਿਆ ਹੈ ਕਿ ਗੁਰੂ ਜੀ ਦਾ ਸਭ ਜਾਤਾਂ ਨੂੰ ਇਕ ਕਰਨਾ ਮਹਾਨ ਕਰਮ ਸੀ। ਪਹਾੜੀ ਰਾਜਿਆਂ ਨੂੰ ਇਹ ਇਕ ਅੱਖ ਨਹੀਂ ਸੀ ਭਾਉਂਦਾ । ਸੋ ਇਹ ਪ੍ਰਤੱਖ ਹੈ ਕਿ ਪਹਾੜੀ ਰਾਜੇ ਨਿਰੋਲ ਇਸ ਕੋਸ਼ਿਸ਼ ਵਿਚ ਸਨ ਕਿ ਕਿਸੇ ਤਰ੍ਹਾਂ ਗੁਰੂ ਜੀ ਨੂੰ ਨੀਵਾਂ ਦਿਖਾਇਆ ਜਾਏ ਕਿਉਂਕਿ ਉਨ੍ਹਾਂ ਦੇ ਹੰਕਾਰ ਨੂੰ ਠੇਸ ਵੱਜ ਚੁੱਕੀ मी।
ਤੀਜਾ, ਭੰਗਾਣੀ ਦੇ ਯੁੱਧ ਦਾ ਕਾਰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜ਼ਫ਼ਰਨਾਮਾ ਵਿਚ ਆਪੂੰ ਹੀ ਲਿਖਿਆ ਕਿ ਉਹ ਮੁਸਲਮਾਨ ਦੇ ਖ਼ਿਲਾਫ਼ ਨਹੀਂ, ਉਹ ਤਾਂ ਜ਼ੁਲਮ ਦੇ ਖ਼ਿਲਾਫ਼ ਹਨ ਜਾਂ ਉਨ੍ਹਾਂ ਪਹਾੜੀ ਰਾਜਿਆਂ ਦੇ ਜੋ ਫ਼ਿਤਨੇ ਉਠਾ ਰਹੇ ਸਨ ਅਤੇ ਬੁੱਤ ਪ੍ਰਸਤ ਹਨ। ਗੁਰੂ ਜੀ ਦੇ ਸ਼ਬਦ ਸਨ, ‘ਉਹ (ਪਹਾੜੀ ਰਾਜੇ) ਬੁੱਤ ਪ੍ਰਸਤ ਹਨ ਤੇ ਮੈਂ ਬੁੱਤ ਸ਼ਿਕਨ, ਲੜਾਈ ਹੋਣੀ ਅਵੱਸ਼ ਸੀ।’ ਦੋ ਵੱਖੋ ਵੱਖ ਖ਼ਿਆਲਾਂ ਦੀ ਟੱਕਰ ਨੇ ਹੀ ਭੰਗਾਣੀ ਦਾ ਯੁੱਧ ਕਰਾਇਆ।
ਚੌਥੇ, ਕਨਿੰਘਮ ਨੇ ਇਕ ਹੋਰ ਕਾਰਨ ਦਿੱਤਾ ਹੈ ਕਿ ਗੁਰੂ ਗੋਬਿੰਦ (ਸਿੰਘ) ਨੇ ਜਮਨਾ ਤੇ ਸਤਲੁਜ ਦੇ ਕਿਨਾਰੇ ਕਿਲ੍ਹੇ ਬਣਾ ਲਏ ਸਨ। ਅਨੰਦਗੜ੍ਹ ਅਤੇ ਲੋਹਗੜ੍ਹ ਦੇ ਕਿਲ੍ਹੇ ਖ਼ਾਸ ਮਹਾਨਤਾ ਰੱਖਦੇ ਸਨ । ਉੱਪਰ ਪਹਾੜੀਆਂ ਵਿਚ ਵੀ ਅੱਡੇ ਗੁਰੂ ਜੀ ਨੇ ਬਣਾ ਲਏ ਸਨ।
ਕਿਲ੍ਹਿਆਂ ਦੀ ਅਸਥਾਪਣਾ ਤੋਂ ਪਹਾੜੀ ਰਾਜੇ ਬੜੇ ਚਿੜ੍ਹੇ ਸਨ। ਪਹਾੜੀ ਰਾਜਿਆਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦੇ ਰਾਜ ਲਈ ਖ਼ਤਰਾ ਪੈਦਾ ਹੋ ਗਿਆ ਹੈ। ਮੈਕਰੇਗਰ ਨੇ ਲਿਖਿਆ ਹੈ ਕਿ ਇਕ ਕਿਸਮ ਦੀ ਸਟੇਟ ਗੁਰੂ ਜੀ ਨੇ ਬਣਾ ਲਈ ਸੀ। ਲੋਕੀਂ ਨਗਾਰੇ ਦੀ ਆਵਾਜ਼ ਨਾਲ ਇਕੱਠੇ ਹੁੰਦੇ ਸਨ । ਨਗਾਰਾ ਕਿਸੇ ਰਾਜ ਦੀ ਪ੍ਰਮੁੱਖਤਾ ਅਤੇ ਸੁਤੰਤਰਤਾ ਦਾ ਚਿੰਨ੍ਹ ਹੁੰਦਾ ਹੈ। ਜੋ ਔਰੰਗਜ਼ੇਬ ਆਪਣੇ ਪੁੱਤਰ ਦੇ ਇਕ ਵਾਰ ਕਾਬਲ ਨਗਾਰੇ ਵਜਾਉਣ ਤੇ ਗੁੱਸਾ ਕਰ ਸਕਦਾ ਸੀ, ਉਸ ਨੂੰ ਨਿੱਤ ਦਾ ਵਜਦਾ ਰਣਜੀਤ ਨਗਾਰਾ ਕਿਥੋਂ ਚੰਗਾ ਲੱਗਣਾ ਸੀ।
ਰਣਜੀਤ ਨਗਾਰਾ ੧੬੭੮ ਈਸਵੀ ਵਿਚ ਅਨੰਦਪੁਰ ਅਸਥਾਪਨ ਕਰ ਦਿੱਤਾ ਗਿਆ ਸੀ। ਸਿੱਖ ਰਵਾਇਤ ਕਹਿੰਦੀ ਹੈ ਕਿ ਰਣਜੀਤ ਨਗਾਰੇ ਦੀ ਆਵਾਜ਼ ਦੋ ਕੋਹ ਤੱਕ ਜਾਇਆ ਕਰਦੀ ਸੀ।
ਯੁੱਧ ਵਿਰਤਾਂਤ-ਫ਼ਤਹ ਸ਼ਾਹ ਦੀ ਲੜਕੀ ਦੀ ਸ਼ਾਦੀ ਹੋ ਜਾਣ ਉਪਰੰਤ ਸਾਰੇ ਰਾਜੇ, ਜਿਨ੍ਹਾਂ ਵਿਚ ਵਿਸ਼ੇਸ਼ ਕਰ ਚੰਬਾ, ਸੁਕੇਤ, ਮੰਡੀ, ਗੁਲੇਰ, ਜਸਵਾਲ, ਹੰਡੂਰ, ਭੰਬੋਰ, ਕੁਟਲੋੜ, ਨੂਰਪੁਰ, ਕਿਸ਼ਤਵਾਰ, ਨਾਦੌਨ, ਕਹਿਲੂਰ, ਗੜ੍ਹਵਾਲ, ਢਡਵਾਲ, ਚੰਦੌਰ ਉੱਘੇ ਸਨ, ਇਕੱਠੇ ਹੋਏ ਤੇ ਮਤਾ ਪਕਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਜਿਆ ਕਿ ਉਹ ਈਨ ਮੰਨਣ।
ਉਹ ਇਹ ਵੀ ਜਾਣਦੇ ਸਨ ਕਿ ਔਰੰਗਜ਼ੇਬ ਵੀ ਉਨ੍ਹਾਂ ਦੀ ਇਸ ਕਾਰਵਾਈ ਦੀ ਹਾਮੀ ਹੀ ਨਹੀਂ ਭਰੇਗਾ ਸਗੋਂ ਖੁਸ਼ ਵੀ ਹੋਵੇਗਾ। ਸੋ ਉਨ੍ਹਾਂ ਇਸ ਭਾਵ ਦੀ ਇਕ ਚਿੱਠੀ ਗੁਰੂ ਗੋਬਿੰਦ
ਸਿੰਘ ਜੀ ਨੂੰ ਲਿਖੀ : ‘ਅਸਾਂ ਉਤਨਾ ਚਿਰ ਤੱਕ ਆਪ ਜੀ ਨੂੰ ਕੁਝ ਕਹਿਣਾ ਮੁਨਾਸਬ ਨਹੀਂ ਸਮਝਿਆ ਕਿਉਂ ਜੋ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਬਿਰਾਜਮਾਨ ਹੋ, ਪਰ ਤੁਸਾਂ ਸਭੇ ਤੌਰ ਤਰੀਕੇ ਬਦਲਾ ਦਿੱਤੇ ਹਨ ਤੇ ਸਾਡੇ ਲਈ ਹੋਰ ਸਹਾਰਨਾ ਮੁਸ਼ਕਿਲ ਹੋ ਗਿਆ ਹੈ। ਜੇ ਤੁਸੀਂ ਸੁਖ ਨਾਲ ਵੱਸਣਾ ਚਾਹੁੰਦੇ ਹੋ ਤਾਂ ਵਫ਼ਾਦਾਰ ਪਰਜਾ ਵਾਂਗ ਆਪ ਜੀ ਨੂੰ ਰਹਿਣਾ ਪਵੇਗਾ।
ਪਿਛਲੇ ਕੰਮਾਂ ਦੀ ਖ਼ਿਮਾ ਮੰਗੋ ਤੇ ਅੱਗੋਂ ਹੁਕਮ ਦੀ ਉਲੰਘਣਾ ਨਾ ਕਰਨ ਦਾ ਪ੍ਰਣ ਕਰੋ। ਜੇ ਐਸਾ ਨਹੀਂ ਕਰਨਾ ਤਾਂ ਅਨੰਦਪੁਰ ਛੱਡ ਦਿਉ। ਜੇ ਥਾਂ ਛੱਡਣ ਲਈ ਤਿਆਰ ਨਹੀਂ ਤਾਂ ਜੰਗ ਕਰ ਕੇ ਛੁਡਵਾ ਲਈ ਜਾਏਗੀ।’
ਗੁਰੂ ਜੀ ਨੇ ਉਸ ਪੱਤਰ ਦਾ ਉੱਤਰ ਵੀ ਮੋੜਵਾਂ ਕਾਟਵਾਂ ਭੇਜਿਆ, ‘ਮੈਂ ਕਿਸੇ ਦੀ ਥਾਂ ਵਿਚ ਨਹੀਂ ਰਹਿੰਦਾ। ਪਿਤਾ (ਗੁਰੂ ਤੇਗ਼ ਬਹਾਦਰ) ਨੇ ਮੁੱਲ ਦੇ ਕੇ ਖ਼ਰੀਦੀ ਹੈ। ਮੈਂ ਕਿਸੇ ਦੀ ਪਰਜਾ ਨਹੀਂ। ਜੰਗ ਦੀਆਂ ਧਮਕੀਆਂ ਫ਼ਜ਼ੂਲ ਹਨ । ਇਧਰ ਵੀ ਜੰਗ ਦੀ ਤਿਆਰੀ ਹੈ।’
ਇਨ੍ਹਾਂ ਪੱਤਰਾਂ ਦੇ ਆਉਣ ਜਾਣ ਦਾ ਸੁਭਾਵਕ ਸਿੱਟਾ ਜੰਗ ਸੀ। ਔਰੰਗਜ਼ੇਬ ਨੇ ਪਹਾੜੀਆਂ ਦੀ ਪਿੱਠ ਠੋਕੀ। ਉਸ ਦੀ ਧਾਰਮਕ ਨੀਤੀ ਦੀ ਸਫ਼ਲਤਾ ਵਿਚਕਾਰ ਗੁਰੂ ਗੋਬਿੰਦ ਸਿੰਘ ਜੀ ਇਕ ਰੋੜਾ ਸਨ ਤੇ ਉਸ ਰੁਕਾਵਟ ਨੂੰ ਹਟੇ ਦੇਖ ਉਸ ਨੂੰ ਸੁਭਾਵਕ ਖ਼ੁਸ਼ੀ ਹੋਣੀ ती।
ਗੁਰੂ ਜੀ ਨੇ ਇਹ ਵਿਉਂਤ ਬਣਾਈ ਕਿ ਜੰਗ ਪਾਉਂਟਾ ਸਾਹਿਬ ਤੋਂ ਦੂਰ ਭੰਗਾਣੀ ਦੇ ਮੈਦਾਨ ਵਿਚ ਹੀ ਕੀਤੀ ਜਾਏ। ਲੱਗ ਰਹਿਆ ਸੀ ਕਿ ਭੰਗਾਣੀ ਤੋਂ ਪਰਲੇ ਪਾਸੇ ਚੂੜ੍ਹਪੁਰ ਪਿੰਡ ਪੱਤਣ ਤੋਂ ਹੀ ਪਹਾੜੀਏ ਧਾਵਾ ਬੋਲਣਗੇ। ਆਉਂਦੀਆਂ ਫ਼ੌਜਾਂ ਨੂੰ ਉਥੇ ਹੀ ਰੋਕਣਾ ਠੀਕ ਸੀ । ਜਮਨਾ ਦੇ ਕਿਨਾਰੇ ਭੰਗਾਣੀ ਦਾ ਖੁੱਲ੍ਹਾ ਲੰਮਾ ਮੈਦਾਨ ਹੈ, ਫਿਰ ਚੜ੍ਹਾਈ ਹੈ ਤੇ ਜੇ ਪਹਾੜੀਆਂ ਨੂੰ ਚੜ੍ਹਾਈ ਚੜ੍ਹਨ ਤੋਂ ਰੋਕ ਦਿੱਤਾ ਜਾਏ ਤਾਂ ਉਹ ਹੇਠਲੇ ਮੈਦਾਨ ਵਿਚ ਹੀ ਰਹਿ ਜਾਣਗੇ। ਘਾਟਾਂ (ਢਲਾਣਾਂ) ਬਣਾ ਕੇ ਗੁਰੂ ਜੀ ਨੇ ਮੋਰਚੇ ਮੱਲਣ ਲਈ ਫ਼ੌਜਾਂ ਦਾ ਕੂਚ ਬੋਲ ਦਿੱਤਾ। ਜਦ ਯੁੱਧ ਦੇ ਨਗਾਰੇ ਵੱਜੇ ਤਾਂ ਪੰਜ ਸੌ ਪਠਾਣਾਂ ਵਿਚੋਂ ਚਾਰ ਸੌ ਆਪਣੇ ਆਗੂਆਂ ਭੀਖਨ ਖ਼ਾਨ, ਨਜਾਬਤ ਖ਼ਾਨ, ਹਯਾਤ ਖ਼ਾਨ ਅਤੇ ਜਵਾਹਰ ਖ਼ਾਨ ਸਮੇਤ ਸਾਥ ਛੱਡ ਗਏ। ਇਨ੍ਹਾਂ ਪਠਾਣਾਂ ਨੂੰ ਔਰੰਗਜ਼ੇਬ ਨੇ ਪਠਾਣ ਜਾਣ ਫ਼ੌਜ ਵਿਚੋਂ ਕੱਢ ਦਿੱਤਾ ਸੀ ਤੇ ਪੀਰ ਬੁੱਧੂ ਸ਼ਾਹ ਦੇ ਕਹਿਣ ਤੇ ਗੁਰੂ ਜੀ ਨੇ ਪਾਸ ਰੱਖ ਲਏ ਸਨ। ਗੁਰੂ ਜੀ ਨੇ ਇਨ੍ਹਾਂ ਨੂੰ ਰੋਕਣਾ ਚਾਹਿਆ। ਇਕ ਰੁਪਯਾ ਰੋਜ਼ ਦੀ ਥਾਂ ਇਕ ਮੋਹਰ ਵੀ ਦੇਣੀ ਕਹੀ ਪਰ ਉਹ ਤਾਂ ਕਿਸੇ ਵੱਡੇ ਲਾਲਚ ਵੱਸ ਪਹਾੜੀਆਂ ਦੇ ਢਹੇ ਚੜ੍ਹ ਚੁੱਕੇ ਸਨ । ਸਿਰਫ਼ ਇਕ ਕਾਲੇ ਖ਼ਾਨ ਹੀ ਆਪਣੇ ਜਥੇ ਸਮੇਤ ਧਰਮ ਨਿਭਾਉਣ ਲਈ ਰਹਿ ਗਿਆ ਪਰ ਗੁਰੂ ਜੀ ਨੇ ਉਸ ਨੂੰ ਸਤਿਕਾਰ ਨਾਲ ਵਿਦਾ ਕਰ ਦਿੱਤਾ। ਉਹ ਕਿਸੇ ਹੋਰ ਥਾਂ ਚਲਾ ਗਿਆ ਪਰ ਪਹਾੜੀਆਂ ਨਾਲ ਨਾ ਰਲਿਆ।
ਨਜਾਬਤ ਖ਼ਾਨ ਅਤੇ ਹਯਾਤ ਖ਼ਾਨ ਨੇ ਪਹਾੜੀ ਰਾਜਿਆਂ ਨੂੰ ਜਾ ਕੇ ਦੱਸਿਆ ਕਿ ਗੁਰੂ ਜੀ ਦੀ ਸਾਰੀ ਤਾਕਤ ਉਨ੍ਹਾਂ ਕਰਕੇ ਸੀ ਅਤੇ ਜੇ ਤੁਰੰਤ ਹਮਲਾ ਕਰ ਦਿੱਤਾ ਜਾਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਹਰਾਇਆ ਜਾ ਸਕਦਾ ਹੈ।
ਪਠਾਣਾਂ ਦਾ ਭੱਜਣਾ, ਨਗਾਰਿਆਂ ਦਾ ਵੱਜਣਾ ਤੇ ਫ਼ੌਜਾਂ ਦੇ ਕੂਚ ਦੇਖ ਕੇ ਉਦਾਸੀਆਂ ਦਾ ਅਖਾੜਾ ਵੀ, ਜਿਨ੍ਹਾਂ ਦੀ ਗਿਣਤੀ ਪੰਜ ਸੌ ਦੇ ਕਰੀਬ ਸੀ, ਰਾਤੋ ਰਾਤ ਭੱਜ ਉੱਠਿਆ। ਨਿਰੋਲ ਇਕ ਮਹੰਤ ਕਿਰਪਾਲ ਦਾਸ ਰਹਿ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਫ਼ਰਮਾਇਆ : ‘ਜੜ੍ਹ ਰਹਿ ਗਈ ਤਾਂ ਸਭ ਕੁਝ ਰਹਿ ਗਿਆ।
ਉਧਰ ਜਦ ਪੀਰ ਬੁੱਧੂ ਸ਼ਾਹ ਨੇ ਪਠਾਣਾਂ ਦੀ ਗ਼ੱਦਾਰੀ ਦਾ ਸੁਣਿਆ ਤਾਂ ਉਹ ਆਪਣੇ ਪੰਜ ਸੌ ਮੁਰੀਦਾਂ ਅਤੇ ਆਪਣੇ ਚਾਰੇ ਬੇਟਿਆਂ ਸਯਦ ਅਸ਼ਰਫ਼, ਸ਼ਾਹ ਸਯਦ, ਮੁਹੰਮਦ ਬਖ਼ਸ਼ ਤੇ ਸਯਦ ਸ਼ਾਹ ਆਲਮ ਅਤੇ ਪਿਤਾ ਸਯਦ ਗੁਲਾਮ ਸ਼ਾਹ ਸਮੇਤ ਪਾਉਂਟਾ ਸਾਹਿਬ ਪੁੱਜ ਗਿਆ। ਪਾਉਂਟਾ ਸਾਹਿਬ ਤੋਂ ਸੰਢੋਰਾ ਕੇਵਲ ੨੭ ਕੁ ਕਿਲੋਮੀਟਰ ਦੀ ਵਿੱਥ ਤੇ ਹੈ। ਜੰਗ ਅਰੰਭ ਹੁੰਦੇ ਹੀ ਬਨਾਰਸ ਤੋਂ ਇਕ ਸਿੱਖ ਭਾਈ ਰਾਮਾ ਜੀ ਨੇ ਲੱਕੜ ਦੀਆਂ ਤੋਪਾਂ ਆ ਭੇਟ ਕੀਤੀਆਂ। ਉਨ੍ਹਾਂ ਤੋਪਾਂ ਨੇ ਜੰਗ ਵਿਚ ਬੜੀ ਸਹਾਇਤਾ ਕੀਤੀ। ਗੁਰੂ ਜੀ ਦੀ ਭੂਆ ਜੀ ਬੀਬੀ ਵੀਰੋ ਜੀ ਦੇ ਪੰਜੇ ਪੁੱਤਰ ਭਾਈ ਸੰਗੇ ਸ਼ਾਹ, ਜੀਤ ਮਲ ਜੀ, ਮੋਹਰੀ ਚੰਦ ਜੀ, ਗੁਲਾਬ ਰਾਇ ਤੇ ਗੰਗਾ ਜੀ ਕਈ ਜਥਿਆਂ ਦੀ ਅਗਵਾਈ ਕਰ ਰਹੇ ਸਨ। ਰਾਜਾ ਮੇਦਨੀ ਪ੍ਰਕਾਸ਼ ਨੇ ਆਪਣੇ ਚੋਣਵੇਂ ਸਿਪਾਹੀ ਗੁਰੂ ਜੀ ਦੀ ਫ਼ੌਜ ਵਿਚ ਭੇਜ ਦਿੱਤੇ ਸਨ। ਇਸ ਤਰ੍ਹਾਂ ਫ਼ੌਜ ਦੀ ਗਿਣਤੀ ੨੦੦੦ ਤੋਂ ਉੱਪਰ ਹੋ ਗਈ ਸੀ।
ਉਧਰ ਭੀਮ ਚੰਦ ਸਮੇਤ ਕ੍ਰਿਪਾਲ ਚੰਦ ਕਟੋਚ, ਕੇਸਰੀ ਚੰਦ ਜੈਸਵਾਲ, ਸੁਖਦਇਆਲ ਜਸਰੇਟਾ, ਹਰੀ ਚੰਦ ਨਾਲਾਗੜ੍ਹ, ਪ੍ਰਿਥੀ ਚੰਦ ਢਢਵਾਰ, ਭੁਪਾਲ ਚੰਦ ਗੁਲੇਰ, ਮੀਆਂ ਰਾਮ ਸਿੰਘ ਜੰਮੂ ੧੦੦੦੦ ਫ਼ੌਜਾਂ ਲੈ ਕੇ ਗਿਰੀ-ਜਮਨਾ ਦੇ ਵਿਚਕਾਰ ਮੈਦਾਨ ਵਿਚ ਪੁੱਜ ਗਏ। ਗੁਰੂ ਪਾਤਸ਼ਾਹ ਨੇ ਫ਼ਤਹ ਸ਼ਾਹ ਦਾ ਵਰਨਣ ਖ਼ਾਸ ਕਰਕੇ ਕੀਤਾ ਹੈ ਕਿ ਉਸ ਦੀ ਸਾਡੇ ਨਾਲ ਕੋਈ ਲੜਾਈ ਨਹੀਂ ਸੀ, ਉਹ ਸਿਰਫ਼ ਸੰਬੰਧੀ ਦਾ ਸਾਥ ਨਿਭਾਉਣ ਲਈ ਹੀ ਉਨ੍ਹਾਂ ਨਾਲ ਜਾ ਰਲਿਆ। ਮਹਾਰਾਜ ਦੇ ਸ਼ਬਦ ਹਨ :
‘ਫਤੇ ਸ਼ਾਹ ਕੋਪਾ ਤਬ ਰਾਜਾ।
ਲੋਹ ਪੜਾ ਹਮ ਸੋ ਬਿਨ ਕਾਜਾ।’ ੩।
ਭੰਗਾਣੀ ਪੁੱਜਦੇ ਸਾਰ ਹੀ ਗੁਰੂ ਜੀ ਨੇ ਸਾਰੀ ਤਿਆਰੀ ਦੇਖੀ ਤੇ ਜਥੇ ਵੰਡ ਕੇ ਮੋਰਚਿਆਂ ਤੇ ਟਿਕਾ ਦਿੱਤੇ । ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਵਿਚਕਾਰ ਦੇਖ ਕੇ ਸੂਰਮਿਆਂ ਨੂੰ ਲਾਲੀ ਚੜ੍ਹ ਗਈ। ਸੈਨਾਪਤੀ ਦੇ ਸ਼ਬਦਾਂ ਵਿਚ :
ਭਏ ਅਸਵਾਰ ਸੰਗ੍ਰਾਮ ਕੋ ਆਪ ਹੀ ਸਿੰਘ ਗੋਬਿੰਦ ਤਿਹ ਠਉਰ ਆਏ।
ਡੰਕ ਕੀ ਘੋਰ ਜੈਸ ਭਈ ਠਉਰ ਤਹ ਬਜਤ ਨਿਸ਼ਾਨੇ ਮੁਹਰ ਸੁਹਾਏ ।
ਆਨ ਕੈ ਖੇਤ ਪੈ ਦੇਖ ਚਤਰੰਗ ਸਬ ਮੋਰਚੇ ਬਾਟਿ ਕੈ ਮਿਸਲ ਲਾਏ ।
ਬਜੀ ਹੈ ਭੇਰ ਕਰਨਾਇ ਸੁਰਨਾਇ ਸਭ ਸੁਨੇ ਤੇ ਸੂਰ ਹੋਇ ਲਾਏ ਆਏ॥ ੧੧॥੨੨॥
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਆਤਮ ਕਥਾ ਦੇ ਅੱਠਵੇਂ ਅਧਿਆਇ ਵਿਚ ਭੰਗਾਣੀ ਦੇ ਯੁੱਧ ਦਾ ਵਰਨਣ ਕੀਤਾ ਹੈ। ੩੮ ਛੰਦਾਂ ਵਿਚ ਆਪਣੇ ਅਛੂਤੇ ਤੇ ਰਾਖਵੇਂ ਢੰਗ ਨਾਲ ਸਾਰੀ ਜੰਗ ਦਾ ਹਾਲ ਲਿਖਿਆ। ਗੁਰੂ ਜੀ ਲਿਖਦੇ ਹਨ :
‘ਉਹ ਪਾਉਂਟਾ (ਸਾਹਿਬ) ਵਿਚ ਟਿਕ ਕੇ ਸਮਾਂ ਪਏ ਗੁਜ਼ਾਰਦੇ ਸਨ । ਰਮਣੀਕ ਥਾਂ ਦਾ ਅਨੰਦ ਪਏ ਮਾਣਦੇ ਸਨ ਕਿ ਜੰਗ ਕਰਨ ਲਈ ਮਜਬੂਰ ਕਰ ਦਿੱਤਾ। ਸਿੱਧਾ ਹਮਲਾ ਹੋਣ ਦੀ ਹੈਸੀਅਤ ਵਿਚ ਭੂਆ ਦੇ ਪੁੱਤਰ ਜੀਤ ਮੱਲ, ਗੁਲਾਬ ਚੰਦ, ਗੰਗਾ ਰਾਮ, ਮੋਹਰੀ ਚੰਦ ਆਪਣੇ ਭਰਾ ਸੰਗੋਸ਼ਾਹ ਦੀ ਅਗਵਾਈ ਹੇਠਾਂ ਇਸ ਅਨਿਆਈ ਅਤੇ ਅਣਚਾਹੇ ਹਮਲੇ ਵਿਰੁੱਧ ਡਟ ਗਏ। ਮੋਹਰੀ ਚੰਦ ਤੇ ਗੰਗਾ ਰਾਮ ਜੋ ਪਹਿਲੇ ਕਈ ਜੰਗਾਂ ਵਿਚ ਕਾਰਨਾਮੇ ਵਿਖਾ ਚੁੱਕੇ ਸਨ ਜੋਸ਼ ਵਿਚ ਆ ਕੇ ਉਹ ਵੀ ਡਟ ਗਏ। ਸੰਘੋਸ਼ਾਹ, ਸ਼ਾਹ-ਸੰਗ੍ਰਾਮ ਹੈ। ਜੀਤ ਮੱਲ ਹਠੀ ਹੈ। ਗੁਲਾਬ ਚੰਦ ਗਾਜ਼ੀ ਹੈ। ਗੰਗਾ ਰਾਮ ਵਰਗਾ ਕੋਈ ਨਿਸ਼ਾਨੇ ਬਾਜ਼ ਨਹੀਂ ਅਤੇ ਮੌਹਰੀ ਹੌਸਲੇ ਦੀ ਮੂਰਤ ਹੈ। ਪੰਡਤ ਦਇਆ ਰਾਮ ਤੇ ਮਹੰਤ ਕ੍ਰਿਪਾਲ ਚੰਦ ਜੋ ਸ਼ਾਂਤ ਚਿੱਤ ਭਗਤ ਸਨ ਦਮਾਮਾ ਵੱਜਦਾ ਦੇਖ ਡਾਂਗਾਂ ਅਤੇ ਸੋਟੀਆਂ ਅਤੇ ਜੋ ਵੀ ਉਨ੍ਹਾਂ ਦੇ ਹੱਥ ਆਇਆ, ਲੈ ਕੇ ਜੰਗ ਵਿਚ ਕੁੱਦ ਪਏ। ਮਹੰਤ ਕ੍ਰਿਪਾਲ ਚੰਦ ਨੇ ਆਪਣੇ ਕੁਤਕ (ਡੰਡੇ) ਨਾਲ ਹਯਾਤ ਖ਼ਾਨ (ਵਿਸ਼ਵਾਸ-ਘਾਤੀ ਪਠਾਣ) ਨੂੰ ਐਸੀ ਸੱਟ ਮਾਰੀ ਕਿ ਉਸ ਦੀ ਖੋਪਰੀ ਫਟ ਗਈ ਤੇ ਮਿੱਝ ਬਾਹਰ ਨਿਕਲ ਆਈ ਜਿਵੇਂ ਕ੍ਰਿਸ਼ਨ ਨੇ ਮੱਖਣ ਦੀ ਭਰੀ ਮਟਕੀ ਤੋੜੀ ਹੁੰਦੀ ਹੈ। ਇਸੇ ਤਰ੍ਹਾਂ ਮਸੰਦ ਦੀਵਾਨ ਚੰਦ ਨੇ ਨੇਜ਼ੇ ਤੇ ਤਲਵਾਰ ਨਾਲ ਜੰਗ ਵਿਚ ਐਸੇ ਕੌਤਕ ਦਿਖਾਏ ਕਿ ਸਭ ਵਾਹ-ਵਾਹ ਕਰ ਉੱਠੇ। ਮਾਮਾ ਕ੍ਰਿਪਾਲ ਚੰਦ (ਮਾਤਾ ਗੁਜਰੀ ਦੇ ਭਰਾ) ਪਿੱਛੇ ਨਾ ਰਹੇ ਅਤੇ ਅੱਗੇ ਵਧ ਕੇ ਦੁਸ਼ਮਣ ਦੇ ਹੱਲਿਆਂ ਨੂੰ ਰੋਕਿਆ । ਸਾਹਿਬ ਚੰਦ ਖੱਤਰੀ ਨੇ ਤਾਂ ਧੜਾਂ ਹੀ ਪੁੱਟ ਸੁੱਟੀਆਂ ਅਤੇ ਹੰਕਾਰੀ ਤੁਰਕਾਂ ਨੂੰ ਮਜ਼ੇ ਚਖਾਏ। ਤੁਰਕਾਂ ਦੇ ਹੌਸਲੇ ਟੁੱਟ ਗਏ ਅਤੇ ਉਹ ਜੰਗ ਦੇ ਮੈਦਾਨ ਵਿਚੋਂ ਨੱਸ ਗਏ। ਸੰਘੋਸ਼ਾਹ ਦੇ ਇਕੋ ਵਾਰ ਨਾਲ ਨਜਾਬਤ ਖ਼ਾਨ (ਵਿਸ਼ਵਾਸਘਾਤੀ) ਡਿੱਗ ਪਿਆ ਤੇ ਉਥੇ ਹੀ ਉਸ ਨੇ ਪ੍ਰਾਨ ਦੇ ਦਿੱਤੇ।’
ਇਥੇ ਗੁਰੂ ਮਹਾਰਾਜ ਦਾ ਦਿੱਤਾ ਵਰਨਣ ਛੱਡ ਕੇ ਇਕ ਘਟਨਾ ਦਾ ਜ਼ਿਕਰ ਕਰਨਾ ਹੈ। ਮਹਾਰਾਜ ਦੇ ਹਜ਼ੂਰੀ ਕਵੀ ਸੈਨਾਪਤੀ ਨੇ ਲਿਖਿਆ ਹੈ ਕਿ ਗੁਰੂ ਜੀ ਪਾਸ ਲਾਲ ਚੰਦ ਮਾਹੀ ਖੜਾ ਸੀ । ਉਹ ਜੁੱਸੇ ਦਾ ਤਗੜਾ ਸੀ । ਉਹ ਗੁਰੂ ਜੀ ਤੋਂ ਥਾਪੀ ਲੈ ਕੇ ਸੰਘੋਸ਼ਾਹ ਵਾਲੀ ਥਾਂ ਜਾ ਪੁੱਜਾ । ਇਸ ਨੇ ਬਹੁਤ ਹੀ ਵੈਰੀ ਉਡਾਏ । ਬਹੁਤ ਹੀ ‘ਵਾਹ ਵਾਹ’ ਖੱਟੀ। ਸੈਨਾਪਤੀ ਦੇ ਆਪਣੇ ਸ਼ਬਦਾਂ ਵਿਚ :
ਲਾਲ ਚੰਦ ਆਨਿ ਕੈ। ਕਮਾਨ ਬਾਨ ਤਾਨ ਕੈ।
ਕੀਓ ਸੁ ਜੁਧ ਜਾਨ ਕੈ । ਭਲੀ ਭਈ ਭਲੀ ਭਈ । ੬੧ ।
ਕੀਓ ਸੁ ਲੋਹ ਲੋਹਈ। ਨ ਜੀਵ ਰੱਖ ਧੋਹਈ ।
ਸੁ ਚਾਲ ਸੂਰ ਸੋਹਈ। ਬਿਮੋਹਈ ਬਿਮੋਹਈ। ੬੩।
ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ ਕਿ ਲਾਲ ਚੰਦ ਦਾ ਯੁੱਧ ਦੇਖ ਕੇ ਲਾਲ ਚੰਦ ਹਲਵਾਈ’ ਵੀ ਸ਼ਸਤਰ ਲੈ ਕੇ ਜੰਗ ਵਿਚ ਕੁੱਦ ਪਿਆ। ਸਭ ਲਈ ਇਹ ਹੈਰਾਨੀ ਸੀ ਕਿ ਇਕ ਮਾਹੀ ਤੇ ਦੂਜਾ ਹਲਵਾਈ ਕਿਵੇਂ ਲੜ ਰਹੇ ਸਨ। ਇਹ ਹੀ ਇਕ ਕਰਾਮਾਤ ਸੀ ਜੋ ਪਾਉਂਟੇ ਸਾਹਿਬ ਹੋਈ । ਪੀਰ ਬੁੱਧੂ ਸ਼ਾਹ, ਉਸ ਦੇ ਪੁੱਤਰ ਅਤੇ ਮੁਰੀਦ ਵੀ ਚੰਗਾ ਹੱਥ ਦਿਖਾ ਰਹੇ ਸਨ। ਉਨ੍ਹਾਂ ਨੇ ਇਕ ਪਾਸਾ ਰੋਕਿਆ ਹੋਇਆ ਸੀ।
ਗੁਰੂ ਜੀ ਆਪਣੇ ਬਾਰੇ ਲਿਖਦੇ ਹਨ ਕਿ ਜਦ ਉਹ ਆਪੂੰ ਮੈਦਾਨ ਵਿਚ ਉਤਰੇ ਤਾਂ ਚਾਰੇ ਪਾਸੇ ਭਾਜੜਾਂ ਪੈ ਗਈਆਂ । ਜਿਧਰੋਂ ਉਹ ਲੰਘੇ ਦੁਸ਼ਮਣਾਂ ਨੇ ਮੌਤ ਪਿਆਲੇ ਪੀਤੇ। ਜੰਗ ਵਿਚ ਕਈ ਵਾਰੀ ਪਾਸੇ ਪਲਟੇ । ਭੀਖਨ ਸ਼ਾਹ ਜੋ ਨਜਾਬਤ ਖ਼ਾਨ ਨਾਲ ਹੀ ਗੁਰੂ ਜੀ ਨੂੰ ਛੱਡ ਗਿਆ ਸੀ, ਨੇ ਚੰਗੇ ਹੱਥ ਦਿਖਾਏ। ਭੀਖਨ ਸ਼ਾਹ ਨੇ ਸੰਘੋਸ਼ਾਹ ਨੂੰ ਵਧਦਾ ਦੇਖ, ਮਾਰੂ ਹੱਲਾ ਬੋਲਿਆ। ਹਰੀ ਚੰਦ ਵੀ ਉਸੇ ਨਾਲ ਜਾ ਰਲਿਆ। ਗੁਪਾਲ, ਫਤੇਸ਼ਾਹ ਤੇ ਨਜਾਬਤ ਵੀ ਸੰਘੋਸ਼ਾਹ ਤੇ ਟੁੱਟ ਪਏ । ਉਹ ਜਾਣਦੇ ਸਨ ਕਿ ਸੰਘੋਸ਼ਾਹ ਦੇ ਮਾਰੇ ਜਾਣ ਨਾਲ ਗੁਰੂ-ਫ਼ੌਜਾਂ ਦੀ ਕਮਰ ਟੁੱਟ ਜਾਏਗੀ। ਸੰਘੋਸ਼ਾਹ ਦੇ ਭਰਾ ਜੀਤ ਮੱਲ ਜੀ ਨੇ ਜਦ ਭਰਾ ਨੂੰ ਘਿਰੇ ਹੋਏ ਦੇਖਿਆ ਤਾਂ ਆਪੂੰ ਹਰੀ ਚੰਦ ਨੂੰ ਲਲਕਾਰਿਆ। ਦੋਵਾਂ ਦਾ ਸਿੱਧਾ ਟਾਕਰਾ ਹੋ ਗਿਆ। ਦੋਵਾਂ ਦੇ ਤੀਰ ਦੋਵਾਂ ਦੇ ਘੋੜਿਆਂ ਨੂੰ ਲੱਗੇ, ਘੋੜੇ ਜ਼ਖ਼ਮੀ ਹੋਏ ਤੇ ਪੈਦਲ ਹੀ ਲੜਨ ਲੱਗੇ। ਤੀਰ ਜੀਤ ਮੱਲ ਜੀ ਨੂੰ ਐਸਾ ਲੱਗਾ ਕਿ ਉਹ ਥਾਂ ਤੇ ਸ਼ਹੀਦ ਹੋ ਗਏ, ਹਰੀ ਚੰਦ ਵੀ ਬੇਹੋਸ਼ ਹੋ ਗਿਆ। ਫ਼ਤਹ ਸ਼ਾਹ ਤੇ ਮਧੁਕਰ ਡਡਵਾਲੀਆ ਅਤੇ ਜਸਵਾਲੀਆ ਵੀ ਦਰਿਆ ਪਾਰ ਕਰਕੇ ਘੋੜਿਆਂ ਤੇ ਨੱਸ ਗਏ। ਮਹਾਰਾਜ ਦੇ ਆਪਣੇ ਸ਼ਬਦਾਂ ਵਿਚ :
ਭਜਯੋ ਸ਼ਾਹ ਪਾਹਾੜ, ਤਾਜੀ ਤ੍ਰਿਪਾਯੰ ।
‘ ਚਲਯੋ ਬੀਰੀਯਾ, ਤੀਰੀਯਾ ਨਾ ਚਲਾਯੰ
ਜਸੋ ਡਢਵਾਲੇ ਮਧੁਕਰ ਸੁ ਸ਼ਾਹੰ ।
ਭਜੇ ਸੰਗਿ ਲੈ ਕੇ, ਸੁ ਸਾਰੀ ਸਿਪਾਹੰ । ੨੦ ।
ਉਨ੍ਹਾਂ ਦੇ ਭੱਜ ਜਾਣ ਉਪਰੰਤ ਹਰੀ ਚੰਦ ਨੂੰ ਹੋਸ਼ ਆਈ। ਉਸ ਨੇ ਗਾਜ਼ੀ ਚੰਦ ਤੇ ਪਠਾਣਾਂ ਨੂੰ ਨਾਲ ਲੈ ਕੇ ਮਿਲਵਾਂ ਡਟਵਾਂ ਹਮਲਾ ਕੀਤਾ।ਗਾਜ਼ੀ ਚੰਦ ਸੰਘੋ ਸ਼ਾਹ ਤੇ ਆ ਪਿਆ, ਪਰ ਥਾਂ ਹੀ ਖ਼ਤਮ ਹੋ ਗਿਆ। ਨਜਾਬਤ ਖ਼ਾਨ ਨੇ ਸਿੱਧਾ ਸੰਗੋ ਸ਼ਾਹ ਤੇ ਹੱਲਾ ਬੋਲਿਆ। ਦੋਵੇਂ ਸੱਚੀ ਮੁੱਚੀ ਗੁੱਥਮ ਗੁੱਥਾ ਹੋ ਗਏ। ਨਜਾਬਤ ਖ਼ਾਨ ਨੇ ਐਸਾ ਵਾਰ ਕੀਤਾ ਕਿ ਸੰਘੋ ਸ਼ਾਹ ਡਿੱਗ ਪਏ ਪਰ ਸ਼ਹੀਦ ਹੁੰਦੇ-ਹੁੰਦੇ ਉਨ੍ਹਾਂ ਵੀ ਐਸਾ ਵਾਰ ਕੀਤਾ ਕਿ ਨਜਾਬਤ ਖ਼ਾਨ ਵੀ ਉਥੇ ਹੀ ਡਿੱਗ ਪਿਆ। ਕਲਗੀਧਰ ਦੇ ਆਪਣੇ ਸ਼ਬਦਾਂ ਵਿਚ :
ਤਹਾਂ ਖਾਨ ਨੈਜਾਬਤੋ, ਆਨ ਕੈ ਕੈ।
ਹਨਯੋ ਸ਼ਾਹ ਸੰਗ੍ਰਾਮ ਕੋ, ਸ਼ਸਤ੍ਰ ਲੈ ਕੇ।
ਕਿਤੇ ਖਾਨ ਬਾਨੀਨ ਹੂੰ, ਅਸਤ੍ਰ ਝਾਰੇ।
ਸਹੀ ਸ਼ਾਹ ਸੰਗ੍ਰਾਮ, ਸੁਰਰੀ ਸਿਧਾਰੇ। ੨੨ ।
ਦੋਹਰਾ-ਮਾਰਿ ਨਿਜਾਬਤ ਖਾਨ ਕੋ,
ਸੰਘੋ ਜੁਝੈ ਜੁਝਾਰ।
ਹਾ ਹਾ ਇਹ ਲੋਕੇ ਭਯੋ, ਸੁਰਗ ਲੋਕ ਜੈ ਕਾਰ ॥ ੨੩॥
ਫ਼ੌਜ ਦੀ ਕਮਾਨ ਮਹਾਰਾਜ ਨੇ ਆਪੂੰ ਸੰਭਾਲ ਲਈ। ਹਰੀ ਚੰਦ ਵੀ ਡਟ ਕੇ ਸਾਹਮਣੇ ਆ ਗਿਆ । ਮਹਾਰਾਜ ਲਿਖਦੇ ਹਨ ਕਿ ਹਰੀ ਚੰਦ ਹੰਡੂਰ ਵਾਲੇ ਦਾ ਨਿਸ਼ਾਨਾ ਦੇਖਣ ਵਾਲਾ ਸੀ। ਉਸ ਦਾ ਨਿਸ਼ਾਨਾ ਕਿਸੇ ਵੇਲੇ ਵੀ ਨਹੀਂ ਸੀ ਚੂਕਦਾ। ਉਸ ਦੇ ਤੀਰ ਤਬਾਹੀ ਮਚਾ ਰਹੇ ਸਨ। ਭਿਆਨਕ ਦ੍ਰਿਸ਼ ਸੀ। ਮੌਤ ਚਾਰੇ ਪਾਸੇ ਭਾਜੀ ਪਈ ਵੰਡਦੀ ਸੀ। ਸਿਰ ਧਰਤੀ ਤੇ ਪਏ ਰੁਲ ਰਹੇ ਸਨ ਤੇ ਖ਼ੂਨ ਦੀ ਨਦੀ ਜ਼ਮੀਨ ਤੇ ਪਈ ਵਗ ਰਹੀ ਸੀ । ਕੰਨਾਂ ਪਈ ਆਵਾਜ਼ ਸੁਣਾਈ ਨਹੀਂ ਸੀ ਦਿੰਦੀ। ਚੀਖ਼ ਚਿਖਾੜੇ ਨਾਲ ਅਸਮਾਨ ਫਟ ਰਿਹਾ ਸੀ ਤੇ ਗਿਰਝਾਂ ਮੁਰਦਿਆਂ ਦਾ ਮਾਸ ਨੋਚ-ਨੋਚ ਖਾ ਰਹੀਆਂ ਸਨ । ਇਸ ਰੌਲੇ ਵਿਚ ਹਰੀ ਚੰਦ ਨੇ ਇਕ ਤੀਰ ਗੁਰੂ ਜੀ ਦਾ ਨਿਸ਼ਾਨਾ ਬੰਨ੍ਹ ਕੇ ਮਾਰਿਆ। ਤੀਰ ਮਹਾਰਾਜ ਦੇ ਘੋੜੇ ਨੂੰ ਲੱਗਾ। ਦੂਜਾ ਵੀ ਉਸ ਨੇ ਕਾਹਲੀ ਨਾਲ ਸੁੱਟਿਆ। ਉਹ ਮਹਾਰਾਜ ਦੇ ਕੰਨ ਦੇ ਬਾਹਰਲੇ ਮਾਸ ਨੂੰ ਛੋਹ ਕੇ ਸ਼ਾਂ ਕਰਦਾ ਅੱਗੇ ਨਿਕਲ ਗਿਆ। ਫੁਰਤੀਲੇ ਹਰੀ ਚੰਦ ਨੇ ਤੀਜਾ ਤੀਰ ਮਾਰਿਆ। ਉਹ ਗੁਰੂ ਜੀ ਦੀ ਲੱਕ ਬੱਧੀ ਪੇਟੀ ਨੂੰ ਚੀਰ, ਤੀਰ ਦੀ ਚੁੰਝ ਧੁੰਨੀ ਨੂੰ ਜਾ ਲੱਗੀ ਪਰ ਕੋਈ ਜ਼ਖ਼ਮ ਨਾ ਆਇਆ। ਫਿਰ ਮਹਾਰਾਜ ਨੇ ਬਾਨ ਸੰਭਾਲਿਆ ਤੇ ਹਰੀ ਚੰਦ ਦਾ ਨਿਸ਼ਾਨਾ ਬੰਨ੍ਹਿਆ। ਉਹ ਥਾਂ ਤੇ ਹੀ ਡਿੱਗ ਪਿਆ ਤੇ ਉਸ ਦੇ ਸਵਾਸ ਨਿਕਲ ਗਏ। ਉਸ ਦਾ ਮਰਨਾ ਹੀ ਸੀ ਕਿ ਸਭ ਸਾਥੀ ਭੱਜ ਉੱਠੇ ਤੇ ਮੈਦਾਨ ਅਕਾਲ ਪੁਰਖ ਦੀ ਕ੍ਰਿਪਾ ਨਾਲ ਗੁਰੂ ਜੀ ਦੇ ਹੱਥ ਆਇਆ :
‘ਭਈ ਜੀਤ ਮੇਰੀ । ਕ੍ਰਿਪਾ ਕਾਲ ਕੇਰੀ ।’
ਇਹ ਜੰਗ ਤਕਰੀਬਨ ਦਿਨ ਚੜ੍ਹੇ ਤੋਂ ਤਿੰਨ ਪਹਿਰ (ਤਕਰੀਬਨ ਦੋ ਘੰਟੇ) ਹੋਈ। ਤਾਰੀਖ਼ ਅਪ੍ਰੈਲ ਦੀ ੧੬ ਸੀ ਤੇ ਸੰਨ ੧੬੮੬ ਬਣਦਾ ਹੈ।
ਇਸ ਜੰਗ ਵਿਚ ਪੀਰ ਬੁੱਧੂ ਸ਼ਾਹ ਦੇ ਤਿੰਨ ਬੇਟੇ ਸਯਦ ਅਸ਼ਰਫ਼, ਸਯਦ ਮੁਹੰਮਦ ਸ਼ਾਹ, ਸਯਦ ਮੁਹੰਮਦ ਬਖ਼ਸ਼ ਅਤੇ ਪਿਤਾ ਸਯਦ ਗ਼ੁਲਾਮ ਸ਼ਾਹ ਸ਼ਹੀਦ ਹੋਏ। ਸਿਰਫ਼ ਇਕੋ ਪੁੱਤਰ ਸਯਦ ਸ਼ਾਹ ਆਲਮ ਸਲਾਮਤ ਰਹਿਆ। ਦਸਮੇਸ਼ ਪਿਤਾ ਦੀ ਭੂਆ ਵੀਰੋ ਜੀ ਦੇ ਦੋ ਪੁੱਤਰ ਜੀਤ ਮੱਲ ਤੇ ਸੰਘੋ ਸ਼ਾਹ ਸ਼ਹੀਦ ਹੋਏ । ਭਾਈ ਊਦਾ ਤੇ ਹਠੀ ਚੰਦ ਵੀ ਰਣਭੂਮੀ ਵਿਚ ਕੰਮ ਆਏ। ਆਪ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਜੇਤੂਆਂ ਨੂੰ ਸਿਰੋਪੇ ਦਿੱਤੇ ਅਤੇ ਜਿਨ੍ਹਾਂ ਧਰਮ ਯੁੱਧ ਵਿਚ ਸਾਥ ਨਹੀਂ ਸੀ ਦਿੱਤਾ ਉਨ੍ਹਾਂ ਨੂੰ ਨਗਰੋਂ ਕੱਢ ਦਿੱਤਾ।?
ਵਾਪਸ ਪਾਉਂਟਾ ਸਾਹਿਬ ਮੁੜ ਕੇ ਸਭ ਨੇ ਖ਼ੁਸ਼ੀਆਂ ਮਨਾਈਆਂ ਤੇ ਨਗਰ ਪੁੱਜਦੇ ਹੀ ਖ਼ਬਰ ਮਿਲੀ ਕਿ ਘਰ ਸਾਹਿਬਜ਼ਾਦੇ ਦਾ ਜਨਮ ਹੋਇਆ ਹੈ ਤਾਂ ਸਾਹਿਬਜ਼ਾਦੇ ਦਾ ਨਾਂ ‘ਅਜੀਤ’ ਰੱਖਿਆ ਗਿਆ।
ਪੀਰ ਬੁੱਧੂ ਸ਼ਾਹ—ਇਥੇ ਇਹ ਵੀ ਠੀਕ ਰਹੇਗਾ ਜੇ ਪੀਰ ਬੁੱਧੂ ਸ਼ਾਹ ਦੇ ਜੀਵਨ, ਕਰਤੱਵ ਅਤੇ ਗੁਰੂ ਪਿਆਰ ਬਾਰੇ ਕੁਝ ਕੁ ਦੇਖ ਲਿਆ ਜਾਏ। ਇਸ ਜੀਵਨੀ ਨੂੰ ਇਸ ਪੱਖੋਂ ਵੀ ਦੇਖਣਾ ਜ਼ਰੂਰੀ ਹੈ ਕਿਉਂਕਿ ਇਸ ਨੂੰ ਪੜ੍ਹਦਿਆਂ ਹੀ ਉਹ ਖ਼ਿਆਲ ਵੀ ਟੁੱਟ ਜਾਣਗੇ ਕਿ ਗੁਰੂ ਗੋਬਿੰਦ ਸਿੰਘ ਦਾ ਸੰਘਰਸ਼ ਮੁਸਲਮਾਨਾਂ ਵਿਰੁੱਧ ਸੀ । ਗੁਰੂ ਗੋਬਿੰਦ ਸਿੰਘ ਜੀ ਕੇਵਲ ਉਸ ਲਈ ਜੂਝ ਰਹੇ ਸਨ ਕਿ ‘ਸਾਧ ਸਮੂਹ ਪ੍ਰਸੰਨ ਫਿਰੈ ਜਗ’ ਅਤੇ ‘ਸਤ੍ਰ ਸਭੈ ਅਵਲੋਕ ਚਪੈ।’ ਫਿਰ ਇਕੋ ਪੀਰ ਬੁੱਧੂ ਸ਼ਾਹ ਹੀ ਹਨ ਜਿਨ੍ਹਾਂ ਆਪਾ, ਆਪਣਾ ਭਰਾ, ਤਿੰਨ ਪੁੱਤਰ ਤੇ ਇਕ ਭਤੀਜਾ ਗੁਰੂ ਆਦਰਸ਼ਾਂ ਤੋਂ ਵਾਰਿਆ।
ਪੀਰ ਬੁੱਧੂ ਸ਼ਾਹ ਦੇ ਵਡਿੱਕੇ ਸਮਾਨਾ ਰਹਿੰਦੇ ਸਨ ਅਤੇ ਸਾਢੋਰਾ ਆ ਗਏ, ਜੋ ਉਸ ਸਮੇਂ ‘ਸਾਧੂ-ਵਾੜਾ’ ਜਾਂ ‘ਸਾਧੂ ਰਾਹ’ ਕਰ ਕੇ ਪ੍ਰਸਿੱਧ ਸੀ । ਸਾਧੂ ਲੋਕ ਉਥੇ ਪਹਾੜਾਂ ਨੂੰ ਜਾਂਦੇ ਟਿਕਦੇ ਸਨ। ਸਾਢੋਰਾ ਵਿਚ ਹੀ ਸਧਨਾ ਜੀ ਦਾ ਨਿਵਾਸ ਸੀ । ਇਸੇ ਭਗਤ ਸਧਨਾ ਜੀ ਦੀ ਪਾਵਨ ਬਾਣੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿਚ ਦਰਜ ਹੈ। ਸਾਢੋਰਾ ਹੀ ਇਕ ਹੋਰ ਫ਼ਕੀਰ ਸ਼ਾਹ ਕਮੇਸ਼ ਵੀ ਰਹਿੰਦੇ ਸਨ। ਪੀਰ ਬੁੱਧੂ ਸ਼ਾਹ ਦੇ ਵਡਿੱਕੇ ਜਿਸ ਮੁਹੱਲੇ ਵਿਚ ਆ ਕੇ ਵੱਸੇ ਉਸ ਮੁਹੱਲੇ ਦਾ ਨਾਂ ਹੀ ਪਹਿਲਾਂ ਮਹੱਲਾ ਸਮਾਨੀਆਂ ਅਤੇ ਪਿਛੋਂ ਸਯਦਾਂ ਪੈ ਗਿਆ । ਪੀਰ ਬੁੱਧੂ ਸ਼ਾਹ ਦੀ ਸੱਤਵੀਂ ਪੁਸ਼ਤ ਪ੍ਰਸਿੱਧ ਸੂਫ਼ੀ ਫ਼ਕੀਰ ਸ਼ੇਖ਼ ਨਿਜ਼ਾਮ-ਉਦ-ਦੀਨ ਔਲੀਆ ਨਾਲ ਜਾ ਮਿਲਦੀ ਹੈ। ਜਿਨ੍ਹਾਂ ਦਾ ਟਿਕਾਣਾ ਦਿੱਲੀ ਵਿਖੇ ਹੈ ਅਤੇ ਕਹਿੰਦੇ ਹਨ ਕਿ ਉਨ੍ਹਾਂ ਦੀ ਉਪਮਾ ਚਾਰੇ ਪਾਸੇ ਉਨ੍ਹਾਂ ਦੇ ਜੀਵਨ ਵਿਚ ਹੀ ਫੈਲ ਗਈ । ਪੀਰ ਬੁੱਧੂ ਸ਼ਾਹ ਦੇ ਵਡੇਰਿਆਂ ਨੂੰ ਸਮਾਣਾ ਲਾਗੇ ਹੀ ਜਾਗੀਰ ਮੁਗ਼ਲ ਹਕੂਮਤ ਨੇ ਦਿੱਤੀ। ਮੁਗ਼ਲ ਬਾਦਸ਼ਾਹ ਪੂਰਾ ਸਤਿਕਾਰ ਦਿੰਦੇ ਸਨ । ਇਨ੍ਹਾਂ ਦੇ ਇਕ ਬਜ਼ੁਰਗ ਅਬਦੁਲ ਵਹਾਬ, ਕੁਤਬਉਲ ਕਿਤਾਬ ਦਾ ਮਕਬਰਾ ਔਰੰਗਜ਼ੇਬ ਨੇ ਆਪੂੰ ਬਣਵਾਇਆ ਸੀ । ਸ਼ੇਖ਼ ਅਬਦੁਲ ਵਹਾਬ ਹੀ ਸਨ ਜਿਨ੍ਹਾਂ ਪਹਿਲੀ ਵਾਰ ਜੁਅਰਤ ਨਾਲ ਇਹ ਵਿਚਾਰ ਪੇਸ਼ ਕੀਤੇ ਕਿ ਸਯਦ ਮੁਹੰਮਦ ਦੇ ਸੇਵਕਾਂ (ਮਹਾਦਵੀਆ) ਨੂੰ ਕਾਫ਼ਰ ਨਹੀਂ ਕਹਿਣਾ ਚਾਹੀਦਾ ਕਿਉਂਕਿ ਉਹ ਆਪਣੇ ਆਪ ਨੂੰ ਮੁਸਲਮਾਨ ਕਹਿੰਦੇ ਹਨ, ਕਲਮਾ ਪੜ੍ਹਦੇ ਹਨ, ਰੋਜ਼ੇ ਰੱਖਦੇ ਹਨ ਅਤੇ ਨਮਾਜ਼ ਅਦਾ ਕਰਦੇ ਹਨ। ਜੇ ਸਯਦ ਮੁਹੰਮਦ ਆਪਣੇ ਆਪ ਨੂੰ ਪੈਗ਼ੰਬਰ ਕਹਿੰਦਾ ਹੈ ਤਾਂ ਸਾਨੂੰ ਇਸ ਬਾਰੇ ਚੁੱਪ ਹੀ ਕਰ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਸ਼ੇਖ਼ ਸੈਫ਼ਦੀਨ ਨੇ ਕਿਹਾ ਕਿ ‘ਚਰਚਾ ਵਿਚ ਖਿਝਣਾ ਅਤੇ ਦੂਜੇ ਨੂੰ ਚੋਟਾਂ ਨਹੀਂ ਮਾਰਨੀਆਂ ਚਾਹੀਦੀਆਂ। ਜੇ ਸਮਝਦੇ ਹੋ ਕਿ ਅਗਲਾ ਪੁਰਸ਼ ਠੀਕ ਕਹਿ ਰਿਹਾ ਹੈ ਤਾਂ ਉਸ ਦੀ ਗੱਲ ਨੂੰ ਮੰਨ ਲਵੋ ਅਤੇ ਜੇ ਉਹ ਗ਼ਲਤ ਹੈ ਤਾਂ ਇਕ ਦੋ ਵਾਰੀ ਸਮਝਾਓ ਅਤੇ ਜੇ ਉਹ ਫਿਰ ਵੀ ਨਾ ਮੰਨੇ ਤਾਂ ਇਹ ਆਖੋ ਕਿ ਜੋ ਉਹ ਕਹਿ ਰਿਹਾ ਹੈ, ਸ਼ਾਇਦ ਠੀਕ ਹੋਵੇ ਪਰ ਸੋਚਣ ਦੀ ਗੁੰਜਾਇਸ਼ ਰੱਖੋ।’ ਐਸੇ ਖ਼ਿਆਲਾਂ ਵਾਲੇ ਸਨ ਸੂਫ਼ੀ ਲੋਗ।
ਸਯਦ ਗ਼ੁਲਾਮ ਸ਼ਾਹ ਦੇ ਘਰ ੧੬ ਜੂਨ, ੧੬੪੭ ਨੂੰ ਬਦਰ-ਉਦ-ਦੀਨ ਦਾ ਜਨਮ ਹੋਇਆ। ਇਹ ਹੀ ਪਿਛੋਂ ਪੀਰ ਬੁੱਧੂ ਸ਼ਾਹ ਦੇ ਨਾਂ ਨਾਲ ਪ੍ਰਸਿੱਧ ਹੋਏ। ਬਚਪਨ ਵਿਚ ਹੀ ਯਾਦਿ-ਇਲਾਹੀ ਨਾਲ ਜੁੜੇ ਰਹਿੰਦੇ ਸਨ ਤੇ ਦੁਨਿਆਵੀ ਗੱਲਾਂ ਤੋਂ ਬੇਪ੍ਰਵਾਹ ਸਨ। ਕੁਝ ਪਿਆਰ ਅਤੇ ਕੁਝ ਵਿਯੋਗ ਨਾਲ ਲੋਕੀਂ ‘ਬੁੱਧੂ’ ਕਹਿਣ ਲੱਗ ਪਏ। ਪਿਛੋਂ ਉਨ੍ਹਾਂ ਦੀ ਪਾਕੀਜ਼ਗੀ ਅਤੇ ਖ਼ੁਦਾ ਤੱਕ ਰਸਾਈ ਕਾਰਨ ਲੋਕੀਂ ਸਤਿਕਾਰ ਨਾਲ ਬੁੱਧੂ ਸ਼ਾਹ ਕਹਿਣ ਲੱਗ ਪਏ। ਲੋਕਾਂ ਦੀ ਸੇਵਾ ਕਰਕੇ ਉਹ ਅਨੰਦ ਲੈਂਦੇ ਅਤੇ ਮਜ਼ਹਬ, ਮਿਲਤ ਅਤੇ ਜ਼ਾਤ ਤੋਂ ਸਦਾ ਉਤਾਂਹ ਦੇਖਦੇ। ਮਨੁੱਖ ਕੀ, ਪਸ਼ੂਆਂ ਨਾਲ ਵੀ ਪ੍ਰੇਮ ਕਰਦੇ। ਉਨ੍ਹਾਂ ਦੀ ਪਸ਼ੂਆਂ ਪ੍ਰਤੀ ਹਮਦਰਦੀ ਤਾਂ ਇਕ ਕਹਾਵਤ ਬਣ ਗਈ।
ਪੀਰ ਬੁੱਧੂ ਸ਼ਾਹ ਜੀ ਨੇ ਆਪਣੀ ਜਾਗੀਰ ਵਿਚੋਂ ਕੁਝ ਜ਼ਮੀਨ ਬਟਾਈ ਤੇ ਇਕ ਰਿਸ਼ਤੇਦਾਰ ‘ਜਾਨਾਂ’ ਨੂੰ ਦਿੱਤੀ ਹੋਈ ਸੀ । ਜਾਨਾਂ ਇਤਨੇ ਕਰੜੇ ਸੁਭਾਅ ਦਾ ਸੀ ਕਿ ਕੋਈ ਪਸ਼ੂ ਵੀ ਉਸ ਦੀ ਪੈਲੀ ਮੂੰਹ ਮਾਰ ਜਾਏ ਤਾਂ ਪਸ਼ੂ ਨੂੰ ਮਾਰ-ਮਾਰ ਅਧਮੋਆ ਕਰ ਦਿੰਦਾ ਸੀ। ਇਕ ਵਾਰੀ ਕੁਝ ਪਸ਼ੂਆਂ ਨੂੰ ਉਸ ਇਤਨਾ ਮਾਰਿਆ ਕਿ ਉਹ ਬੇਹੋਸ਼ ਹੋ ਕੇ ਡਿੱਗ ਪਏ। ਨਾਲ ਹੀ ਮਾਲਕ ਨੂੰ ਖ਼ੂਬ ਜਲੀਆਂ ਕਟੀਆਂ ਸੁਣਾਈਆਂ। ਪੀਰ ਬੁੱਧੂ ਸ਼ਾਹ ਜੀ ਨੂੰ ਜਦ ਇਸ ਵਾਰਤਾ ਦਾ ਪਤਾ ਲੱਗਾ ਤਾਂ ਉਨ੍ਹਾਂ ‘ਜਾਨਾਂ’ ਨੂੰ ਕਿਹਾ ਕਿ ਉਹ ਆਪਣੇ ਹਿੱਸੇ ਦੀ ਬਟਾਈ ਛੱਡਣ ਲਈ ਤਿਆਰ ਹਨ ਜੇ ਉਹ ਪਸ਼ੂਆਂ ਨੂੰ ਕੁਝ ਨਾ ਕਿਹਾ ਕਰੇ । ਉਸ ਨੇ ਮੁਆਫ਼ੀ ਮੰਗੀ। ਉਧਰ ਕੁਦਰਤ ਦਾ ਕਰਨਾ ਜਿਨ੍ਹਾਂ ਪੈਲੀਆਂ ਵਿਚ ਪਸ਼ੂ ਮੂੰਹ ਮਾਰ ਜਾਂਦੇ ਸਨ ਉਨ੍ਹਾਂ ਵਿਚ ਉਪਜ ਸੋਹਣੀ ਅਤੇ ਸੰਘਣੀ ਹੋਣ ਲੱਗੀ।
ਬੁੱਧੂ ਸ਼ਾਹ ਜੀ ਸਤਾਰਾਂ ਸਾਲ ਦੇ ਹੋਏ ਤਾਂ ਸ਼ਾਦੀ ਇਕ ਖ਼ੁਦਾ ਪ੍ਰਸਤ ਔਰਤ ਨਸੀਰਾਂ ਨਾਲ ਹੋਈ। ਨਸੀਰਾਂ ਦਾ ਇਕ ਭਰਾ ਸੈਦ ਖ਼ਾਨ ਔਰੰਗਜ਼ੇਬ ਦੀਆਂ ਫ਼ੌਜਾਂ ਵਿਚ ਇਕ ਉੱਚੇ ਅਹੁਦੇ ਤੇ ਸੀ। ਪੀਰ ਬੁੱਧੂ ਸ਼ਾਹ ਘੁੜਾਮ ਦੇ ਪ੍ਰਸਿੱਧ ਫ਼ਕੀਰ ਭੀਖਣ ਖ਼ਾਨ ਨੂੰ ਕਈ ਵਾਰ ਮਿਲੇ ਸਨ । ਗੁਰੂ ਤੇਗ਼ ਬਹਾਦਰ ਜੀ ਦੇ ਦਰਸ਼ਨ ਵੀ ਉਨ੍ਹਾਂ (ਪਟਿਆਲਾ) ਸੈਫ਼ਾਬਾਦ ਜਾ ਕੇ ਕਈ ਵਾਰ ਕੀਤੇ ਸਨ। ਗੁਰੂ ਤੇਗ਼ ਬਹਾਦਰ ਸਾਹਿਬ ਵੀ ਉਥੇ ਆਉਂਦੇ ਰਹਿੰਦੇ ਸਨ।ਪੀਰ ਭੀਖਣ ਸ਼ਾਹ ਨੇ ਤਾਂ ਉਸ ਦਿਨ ਦੀ ਨਮਾਜ਼ ਹੀ ਪੂਰਬ ਵੱਲ ਅਦਾ ਕੀਤੀ ਸੀ ਜਦ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪਟਨੇ ਵਿਖੇ ਹੋਇਆ ਸੀ। ਉਥੇ ਜਾ ਕੇ ਉਨ੍ਹਾਂ ਆਪਣੇ ਮਨ ਦਾ ਭਰਮ ਵੀ ਗਵਾਇਆ ਸੀ ਅਤੇ ਧਰਮ ਦੇ ਅਰਥ ਉਥੇ ਹੀ ਸਮਝੇ ਸਨ ਜਦ ਬਾਲਕ ਗੁਰੂ ਗੋਬਿੰਦ ਸਿੰਘ ਜੀ ਨੇ ਦੋਵੇਂ ਦੁੱਧ ਅਤੇ ਪਾਣੀ ਦੀਆਂ ਕੁੱਜੀਆਂ ਆਪਣੇ ਪਾਵਨ ਚਰਨਾਂ ਨਾਲ ਡੋਹਲ ਦਿੱਤੀਆਂ ਸਨ। ਪੀਰ ਭੀਖਣ ਸ਼ਾਹ ਕੋਲੋਂ ਜਦ ਉਨ੍ਹਾਂ (ਗੁਰੂ) ਗੋਬਿੰਦ ਸਿੰਘ ਜੀ ਦੀ ਇਤਨੀ ਉਪਮਾ ਸੁਣੀ ਤਾਂ ਉਹ ਵੀ ਦਰਸ਼ਨਾਂ ਦੀ ਸਿੱਕ ਰੱਖਣ ਲੱਗ ਪਏ। ਪਟਨੇ ਤੋਂ ਅਨੰਦਪੁਰ ਜਾਂਦਿਆਂ ਜਦ ਗੁਰੂ ਗੋਬਿੰਦ (ਸਿੰਘ) ਜੀ ਲਖਨੌਰ ਰੁਕੇ ਸਨ ਤਾਂ ਵੀ ਪੀਰ ਬੁੱਧੂ ਸ਼ਾਹ ਅਤੇ ਭੀਖਣ ਸ਼ਾਹ ਨਾਲ ਹੀ ਦਰਸ਼ਨਾਂ ਨੂੰ ਆਏ।
ਗੁਰੂ ਗੋਬਿੰਦ (ਸਿੰਘ) ਜੀ ਦੀ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਵੇਲੇ ਪੀਰ ਬੁੱਧੂ ਸ਼ਾਹ ਦਿੱਲੀ ਟੁਰ ਗਏ ਸਨ ਅਤੇ ਉਥੋਂ ਚਿਰ ਲਈ ਗੋਸ਼ਾਨਸ਼ੀਂ (ਛੁੱਪ ਗਏ) ਹੋ ਗਏ। ਘੋਰ ਤਪੱਸਿਆ ਵੀ ਕੀਤੀ ਪਰ ਜਦ ਮਨ ਨਾ ਟਿਕਿਆ ਤਾਂ ਫਿਰ ਵਾਪਿਸ ਸਾਢੌਰਾ ਆਏ । ਉਥੇ ਹੀ ਉਨ੍ਹਾਂ ਜਦ ਗੁਰੂ ਗੋਬਿੰਦ (ਸਿੰਘ) ਜੀ ਦਾ ਪਾਉਂਟਾ ਸਾਹਿਬ ਆਉਣਾ ਸੁਣਿਆ ਤਾਂ ਦਰਸ਼ਨਾਂ ਨੂੰ ਪੁੱਜੇ ਅਤੇ ਦਰਸ਼ਨਾਂ ਨਾਲ ਐਸੀ ਤ੍ਰਿਪਤੀ ਹੋਈ ਕਿ ਪਾਉਂਟਾ ਸਾਹਿਬ ਨੂੰ ਆਪਣਾ ਦੂਜਾ ਘਰ ਹੀ ਬਣਾ ਲਿਆ। ਪੀਰ ਬੁੱਧੂ ਸ਼ਾਹ ਨੇ ਪਾਉਂਟਾ ਦਰਸ਼ਨ ਕਰਨ ਵੇਲੇ ਪਹਿਲਾ ਸਵਾਲ ਹੀ ਇਹ ਕੀਤਾ ‘ਮੇਰੀ ਪਿਆਸ ਬੁਝਾਓ’ ਤਾਂ ਮਹਾਰਾਜ ਦਾ ਉੱਤਰ ਸੀ ‘ਭਟਕਣ ਦੀ ਲੋੜ ਨਹੀਂ, ਟਿਕ ਜਾਓ’, ਪੀਰ ਬੁੱਧੂ ਸ਼ਾਹ ਜੀ ਨੇ ਪੁੱਛਿਆ ਕਿ ਖ਼ੁਦਾ ਕਿਵੇਂ ਪਾਈਏ ਤਾਂ ਗੁਰੂ ਜੀ ਨੇ ਕਿਹਾ : ‘ਖ਼ੁਦਾ ਦੇ ਦੀਦਾਰ ਵਿਚ ਅਗਿਆਨਤਾ ਅਤੇ ਤੰਗ-ਦਿਲੀ ਹੀ ਰੁਕਾਵਟਾਂ ਹਨ। ਅਗਿਆਨਤਾ ਕਰ ਕੇ ਪਦਾਰਥ, ਪੁੱਤਰ, ਮਾੜੀਆਂ ਆਪਣੀਆਂ ਲੱਗਦੀਆਂ ਹਨ। ਤੇ ਤੰਗ ਦਾਇਰੇ ਵਿਚ ਇਨਸਾਨ ਫਸ ਜਾਂਦਾ ਹੈ । ਇਨ੍ਹਾਂ ਨੂੰ ਤੋੜ ਜੋ ਬਾਹਰ ਨਿਕਲ ਗਿਆ, ਉਸ ਖ਼ੁਦਾ ਦਾ ਦੀਦਾਰ ਪਾ ਲਿਆ। ਖ਼ੁਦਾ ਨਾਲ ਮਿਲਣਾ ਐਸਾ ਹੈ ਜਿਵੇਂ ਦਿਨ ਰਾਤ ਨੂੰ ਮਿਲਦਾ ਹੈ। ਜਦ ਅਸਲੀਅਤ ਦਾ ਪਤਾ ਲੱਗਦਾ ਹੈ ਤਾਂ ਖ਼ੁਦੀ ਮਿਟ ਜਾਂਦੀ ਹੈ। ਰਾਤ ਪੂਰੇ ਤੌਰ ਤੇ ਮੁੱਕ ਹੀ ਜਾਂਦੀ ਹੈ ।’ ਫਿਰ ਜਦ ਪੀਰ ਜੀ ਨੇ ਪੁੱਛਿਆ ਕਿ ‘ਮਿਲਾਪ ਹੋਇਆ ਅਨੁਭਵ ਕਿਵੇਂ ਕਰੀਏ’ ਤਾਂ ਗੁਰੂ ਜੀ ਨੇ ਉੱਤਰ ਦਿੱਤਾ, ‘ਨੂਰਾਨੀ ਉਜਾਲਾ ਹੁੰਦਿਆਂ ਆਪੇ ਹੀ ਹੋਂਦ ਮੁੱਕ ਜਾਂਦੀ ਹੈ ਅਤੇ ਖ਼ਿਆਲ ਵੀ ਨਹੀਂ ਰਹਿੰਦਾ । ਹਕੀਕਤ ਹੱਕ ਵਿਚ ਚਲੀ ਜਾਂਦੀ ਹੈ। ਮੁਲੱਮਾ ਰਹਿ ਜਾਂਦਾ ਹੈ, ਝੂਠ ਤੇ ਪਾਖੰਡ ਖ਼ਤਮ ਹੋ ਜਾਂਦੇ ਹਨ। ਮਨ ਕਾਬੂ ਕਰਨ ਦੀ ਗੱਲ ਜਦ ਉਨ੍ਹਾਂ ਪੁੱਛੀ ਤਾਂ ਮਹਾਰਾਜ ਦਾ ਫ਼ੁਰਮਾਉਣਾ ਸੀ : ਜਿਸ ਘੋਰ ਤਪ ਨਾਲ ਮਨ ਕਾਬੂ ਕਰਨਾ ਚਾਹਿਆ, ਉਹ ਕਦੇ ਸਫ਼ਲ ਨਹੀਂ ਹੋਇਆ। ਤਪ ਤਾਂ ਖ਼ੁਦੀ ਦੀ ਖ਼ੁਰਾਕ ਬਣ ਜਾਂਦਾ ਹੈ । ਉਸ ਤੱਕ ਪੁੱਜਣ ਦਾ ਰਾਹ ਕੇਵਲ ਰਜ਼ਾ ਵਿਚ ਰਹਿਣਾ ਹੈ ਅਤੇ ਇਸ ਦੀ ਦੱਸ ਪਾਉਂਦਾ ਹੈ ‘ਕਾਮਿਲ ਮੁਰਸ਼ਦ।’ ਪੀਰ ਬੁੱਧੂ ਸ਼ਾਹ ਨੂੰ ਜ਼ਿੰਦਗੀ ਦਾ ਰਹੱਸ ਮਿਲ ਗਿਆ।
ਭਾਈ ਸੰਤੋਖ ਸਿੰਘ ਜੀ ਨੇ ਰਾਸ ਬਾਰ੍ਹਵੀਂ, ਰੁਤ ਪਹਿਲੀ ਅਤੇ ਅੰਸੂ ੪੯ਵੇਂ ਵਿਚ ਪੀਰ ਬੁੱਧੂ ਸ਼ਾਹ ਨਾਲ ਪਾਉਂਟਾ ਸਾਹਿਬ ਵਿਖੇ ਹੋਈ ਮਿਲਣੀ ਦਾ ਵੇਰਵਾ ਦਿੱਤਾ ਹੈ। ਉਹ ਲਿਖਦੇ ਹਨ ਕਿ ਜਦ ਗੁਰੂ ਜੀ ਨੇ ਪੁੱਛਿਆ : ‘ਕਿਸ ਕਾਰਜ ਤੇ ਆਵਣ ਇਹਾ।’ ਤਾਂ ਬੁੱਧੂ ਸ਼ਾਹ ਜੀ ਨੇ ਕਹਿਆ, ‘ਮਨ ਟਿਕਦਾ ਨਹੀਂ ਸੀ, ਦਰਸ਼ਨਾਂ ਨੂੰ ਆਇਆ ਸਾਂ, ਪਰ ਆਪ ਜੀ ਦੇ ਬਿਨਾਂ ਤੋਲੇ ਤੇ ਮੁੱਖੋਂ ਬੋਲੇ ਹੀ ਦਰਸ਼ਨ ਲੈ ਕੇ ਮਨ ਦਾ ਦੇਣਾ ਹੋ ਗਿਆ ਹੈ, ਸਭ ਭਟਕਣਾਂ ਮੁੱਕ ਗਈਆਂ ਹਨ ਅਤੇ ਮਨ ਹੁਣ ਉੱਡਦਾ ਨਹੀਂ :
‘ਐਸੀ ਮਿਲਣੀ ਅਬਿ ਮਿਲਿ ਗਯੋ।
ਲੇ ਦਰਸ਼ਨ ਔ, ਮਨ ਦੇ ਦਿਯੋ।
ਅਸ ਬਿਵਹਾਰ ਬਿਨਾਂ ਮੁਖ ਬੋਲੇ।
ਹੋਇ ਚੁਕਯੋ ਤੁਰਨ ਬਿਨ ਤੋਲੇ। ੧੭।
ਜਿਸ ਤੇ ਫੇਰ ਨ ਫਿਰਨਾ ਹੋਏ।
ਬਹੁਤ ਦਿਨ ਕੇ ਦਾਰਿਦ ਦੁਖ ਖੋਇ ।’
ਫਿਰ ਜਦ ਬਚਨ ਸੁਣੇ ਤਾਂ ਮੁਗਧ ਹੀ ਹੋ ਗਏ। ਗੁਰੂ ਜੀ ਨੇ ਬਹੁਤ ਆਦਰ ਦਿੱਤਾ ਅਤੇ ਖ਼ਾਸ ਹੁਕਮ ਕੀਤਾ ਕਿ ਇਨ੍ਹਾਂ ਨੂੰ ਸਨਮਾਨ ਨਾਲ ਟਿਕਾਇਆ ਜਾਏ :
‘ਸਯਦ ਕੀ ਸੁਧਿ ਕੀਜਹਿ ਜਾਈ।
ਆਛੈ ਥਾਨ ਕਰਾਇ ਨਿਵੇਸ਼ ।’
ਪੀਰ ਬੁੱਧੂ ਸ਼ਾਹ ਜੀ ਬਹੁਤ ਦੇਰ ਪਾਉਂਟਾ ਸਾਹਿਬ ਟਿਕੇ ਅਤੇ ਖ਼ੁਦਾ ਦੇ ਰਾਹ ਤੇ ਟੂਰਨ ਦਾ ਵੱਲ ਉਥੇ ਸਿੱਖਦੇ ਰਹੇ :
‘ਬੁਧੂ ਸ਼ਾਹ ਬਹੁਤ ਦਿਨ ਰਹਯੋ ।
ਮਗ ਖੁਦਾਇ ਕੋ ਗੁਰ ਤੇ ਲਹਯੋ ॥ ੩੮॥
ਬੜੇ ਸਤਿਕਾਰ ਨਾਲ ਗੁਰੂ ਜੀ ਨੇ ਪੀਰ ਜੀ ਨੂੰ ਵਿਦਾਇਗੀ ਦਿੱਤੀ ਅਤੇ ਸਿਰੋਪਾ ਵੀ ਬਖ਼ਸ਼ਿਆ। ਨਿਮਰਤਾ ਦੀ ਹੱਦ ਦੱਸਦੇ ਹੋਏ ਸਯਦ ਜੀ ਨੇ ਸਿਰੋਪਾ ਗੁਰੂ ਚਰਨਾਂ ਨਾਲ ਛੁਹਾ ਕੇ ਸਿਰ ਤੇ ਰੱਖ ਲਿਆ :
ਸਿਰੇ ਪਾਓ ਤਬਿ ਪ੍ਰਭੂ ਦਿਵਾਯੋ।
ਪਗ ਛੁਵਾਇ ਲੈ ਸੀਸ ਚਢਾਯੋ ।
ਇਸ ਉਪਰੰਤ ਕਈ ਵਾਰ ਆਪ ਜੀ ਪਾਉਂਟਾ ਸਾਹਿਬ ਆਉਂਦੇ ਰਹੇ । ਪੰਜ ਸੌ ਪਠਾਣਾਂ ਨੂੰ ਜਦ ਔਰੰਗਜ਼ੇਬ ਨੇ ਆਪਣੀ ਤੰਗ-ਦਿਲੀ ਦੀ ਨੀਤੀ ਕਾਰਨ ਫ਼ੌਜ ਤੋਂ ਜੁਆਬ ਦਿੱਤਾ’ ਤਾਂ ਆਪ ਜੀ ਉਚੇਚੇ ਤੌਰ ਤੇ ਉਨ੍ਹਾਂ ਨੂੰ ਨਾਲ ਲੈ ਕੇ ਖੜੀ ਕੀਤੀ ਜਾ ਰਹੀ ਫ਼ੌਜ ਵਿਚ ਭਰਤੀ ਕਰਾਉਣ ਹਿੱਤ ਲੈ ਆਏ। ਔਰੰਗਜ਼ੇਬ ਨੇ ਫ਼ੌਜ ਵਿਚੋਂ ਕੱਢਣ ਵੇਲੇ ਪਠਾਣਾਂ ਪ੍ਰਤੀ ਇਹ ਫ਼ਰਮਾਨ ਵੀ ਜਾਰੀ ਕੀਤਾ ਸੀ :
‘ਇਨ ਕੋ ਚਾਕਰ ਨਹਿ ਕੋ ਰਾਖੈ॥
ਖਤਾਵੰਦ ਪਾਤਿਸ਼ਾਹੀ ਅਹੈ॥ ਰਾਖਹਿ ਜੋ ਸਜਾਇ ਸੋ ਲਹੈ॥ ੬॥
ਕੱਢੇ ਹੋਏ ਪਠਾਣ ਆਪਣੇ ਫ਼ੌਜਦਾਰਾਂ ਸਮੇਤ ਪੀਰ ਬੁੱਧੂ ਸ਼ਾਹ ਕੋਲ ਆਏ ਅਤੇ ਸਾਰੀ ਵਾਰਤਾ ਦੱਸੀ। ਪੀਰ ਜੀ ਨੇ ਪਠਾਣਾਂ ਨੂੰ ਕਹਿਆ ਕਿ ਤੁਹਾਨੂੰ ਨੌਕਰ ਉਹ ਹੀ ਰੱਖ ਸਕਦਾ ਹੈ ਜਿਸ ਨੂੰ ਔਰੰਗਜ਼ੇਬ ਦਾ ਡਰ ਨਾ ਹੋਵੇ ਅਤੇ ਫਿਰ ਯਕਦਮ ਕਹਿਣ ਲੱਗੇ ਕਿ ਹਾਂ, ਕੇਵਲ ਇਕ ਗੁਰੂ ਨਾਨਕ ਜੀ ਦੀ ਗੁਰ-ਗੱਦੀ ਤੇ ਬੈਠੇ ਦਸਮੇਸ਼ ਹੀ ਐਸੇ ਹਨ ਜਿਨ੍ਹਾਂ ਨੂੰ ਕਿਸੇ ਦਾ ਡਰ ਨਹੀਂ :-
ਸ੍ਰੀ ਨਾਨਕ ਗਦੀ ਪਰ ਅਹੈ।
ਸੋ ਨਹਿ ਤ੍ਰਾਸ ਕਿਸੂ ਤੇ ਲਹੈ।
ਬੁੱਧੂ ਸ਼ਾਹ ਨੇ ਆਉਂਦਿਆਂ ਹੀ ਗੁਰੂ ਜੀ ਨੂੰ ਕਿਹਾ ਕਿ ਇਹ ਪੰਜ ਸੌ ਪਠਾਣ ਹਨ ਜਿਨ੍ਹਾਂ ਦਾ ਪੇਸ਼ਾ ਹੀ ਜੰਗ ਹੈ ਅਤੇ ਆਪੂੰ ਉਹ ਜ਼ਾਮਨ ਹਨ ਅਤੇ ਉਨ੍ਹਾਂ ਨੂੰ ਨੌਕਰ ਰੱਖਣ ਦੀ ਕ੍ਰਿਪਾ ਕਰੋ। ਗੁਰੂ ਜੀ ਨੇ ਪੀਰ ਦਾ ਆਦਰ ਕਰਦੇ ਹੋਏ ਸਭ ਨੂੰ ਨੌਕਰ ਰੱਖ ਲਿਆ।
ਜੰਗ ਦਾ ਬਿਗ਼ਲ ਵੱਜਦੇ ਹੀ ਚਾਰ ਸੌ ਪਠਾਣ ਦੁਸ਼ਮਣਾਂ ਨਾਲ ਜਾ ਰਲੇ ਅਤੇ ਕੇਵਲ ਇਕ ਕਾਲੇ ਖ਼ਾਨ ਹੀ ਸਾਬਤ ਕਦਮ ਰਿਹਾ। ਬੁੱਧੂ ਸ਼ਾਹ ਜੀ ਨੂੰ ਜਦ ਖ਼ਬਰ ਮਿਲੀ ਕਿ ਪਠਾਣ ਪਹਾੜੀਆਂ ਨਾਲ ਰਲ ਗਏ ਹਨ ਤਾਂ ਉਹ ਆਪਣੇ ਸੱਤ ਸੌ ਮੁਰੀਦਾਂ, ਚਾਰ ਪੁੱਤਰਾਂ ਦੋ ਭਰਾਵਾਂ ਨਾਲ ਸਿੱਧੇ ਹੀ ਭੰਗਾਣੀ ਦੇ ਯੁੱਧ ਵਿਚ ਪੁੱਜ ਗਏ। ਇਸ ਜੰਗ ਦਾ ਨਕਸ਼ਾ ਵੀ ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਰਾਸਿ ਬਾਰ੍ਹਵੀਂ, ਰੁਤ ਦੂਜੀ, ਅੰਸੂ ੨੬ਵੀਂ ਵਿਚ ਵਿਸਥਾਰ ਨਾਲ ਖਿੱਚਿਆ ਹੈ। ਉਹ ਲਿਖਦੇ ਹਨ ਜਦ ਘਮਸਾਨ ਦਾ ਜੰਗ ਹੋ ਰਹਿਆ ਸੀ ਤਾਂ ਬੁੱਧੂ ਸ਼ਾਹ ਆਪਣੇ ਜੱਥੇ ਦੇ ਯੋਧਿਆਂ ਨੂੰ ਨਾਲ ਲੈ ਕੇ ਰਾਜੇ ਫ਼ਤਹ ਸ਼ਾਹ ਦੀ ਜਿਹੜੀ ਪਿੰਡਾਂ ਦੀ ਛੇੜ ਇਕ ਪਾਸੇ ਮੱਲ ਕੇ ਖੜੋਤੀ ਸੀ, ਉਸ ਉੱਤੇ ਟੁੱਟ ਕੇ ਪੈ ਗਏ। ਪਹਾੜੀਏ ਆਪਣੇ ਵਲੋਂ ਤਗੜਾ ਤੇ ਭਿਆਨਕ ਹੱਲਾ ਕਰ ਕੇ ਪਏ ਸਨ, ਪਰ ਬੁੱਧੂ ਸ਼ਾਹ ਨੇ ਕਿਸੇ ਨੂੰ ਅੱਗੇ ਨਾ ਵਧਣ ਦਿੱਤਾ। ਬੁੱਧੂ ਸ਼ਾਹ ਦੇ ਮੁਰੀਦਾਂ ਨੇ ਵਾਰ-ਵਾਰ ਕਰਕੇ ਬਹੁਤ ਵੈਰੀਆਂ ਨੂੰ ਮਾਰ ਮੁਕਾਇਆ। ਆਪਣੇ ਚਾਰ ਪੁੱਤਰਾਂ ਨਾਲ ਫਿਰ ਬੁੱਧੂ ਸ਼ਾਹ ਦੂਜੇ ਪਾਸੇ ਝਪਟ ਪਿਆ ਅਤੇ ਬਹੁਤ ਸਾਰੇ ਪਹਾੜੀਏ ਮੌਤ ਦੇ ਘਾਟ ਉਤਾਰ ਦਿੱਤੇ । ਪੀਰ ਜੀ ਦਾ ਹੱਲਾ ਇਤਨਾ ਸਖ਼ਤ ਸੀ ਕਿ ਪਹਾੜੀਏ ਸਹਾਰ ਨਾ ਸਕੇ ਅਤੇ ਜਾਨਾਂ ਬਚਾਉਣ ਲਈ ਕੁਝ ਨੱਸ ਗਏ ਅਤੇ ਕੁਝ ਨੇ ਪਹਾੜਾਂ ਤੇ ਬ੍ਰਿਛਾਂ ਦੀ ਓਟ ਲਈ।
ਆਪਣੇ ਜਵਾਨਾਂ ਨੂੰ ਭੱਜਦਾ ਵੇਖ ਗੁਪਾਲ ਚੰਦ ਗੁਲੇਰੀਆ ਇਕ ਜਥਾ ਲੈ ਕੇ ਲੜਨ ਲੱਗਾ :
‘ਸੁਤ ਚਤੁਰ ਪੀਰ ਕੇ ਬਲਿ ਬਿਸਾਲ।
ਹੁਇ ਖਰੇ ਅਗ ਪਿਖ ਕੈ ਗੁਪਾਲ ॥੧੨॥ ਰੁਤ ਦੂਜੀ।
ਬੁੱਧੂ ਸ਼ਾਹ ਦੇ ਪੁੱਤਰਾਂ ਐਸੀ ਸ਼ਾਨਦਾਰ ਤਲਵਾਰ ਚਲਾਈ ਕਿ ਵੇਖਣ ਵਾਲੇ ਹੈਰਾਨ ਰਹਿ ਗਏ। ਕਵੀ ਜੀ ਲਿਖਦੇ ਹਨ ਕਿ ਉਹ ਸ਼ਮਸ਼ੇਰ ਹੱਥ ਲੈ ਕੇ ਸ਼ੇਰ ਵਾਂਗ ਝਪਟੇ ਅਤੇ ਜੰਗ ਦਾ ਮੈਦਾਨ ਉਨ੍ਹਾਂ ਦੇ ਹੱਥ ਸੀ :
‘ਸ਼ਮਸ਼ੇਰ ਕਾਢਿ ਸਮ ਸ਼ੇਰ ਹੋਇ।
ਸਨਿ ਮਾਰਿ ਰਨ ਮੇਂ ਖਰੋਇ’॥ ੧॥
ਆਪਣੇ ਸਾਥੀਆਂ ਨੂੰ ਮਰਦਾ ਦੇਖ ਗੋਪਾਲ ਚੰਦ ਨੇ ਹੋਰ ਗੁੱਸਾ ਖਾਧਾ ਅਤੇ ਪੁੱਤਰ (ਸਯਦ ਅਸ਼ਰਫ਼) ਨੂੰ ਘੇਰ ਲਿਆ। ਜਦ ਸਤਿਗੁਰੂ ਜੀ ਨੇ ਪੀਰ ਦੇ ਪੁੱਤਰ ਨੂੰ ਦੁਸ਼ਮਣ ਦੇ ਘੇਰੇ ਵਿਚ ਆਇਆ ਦੇਖਿਆ ਤਾਂ ਮਾਮਾ ਕ੍ਰਿਪਾਲ ਚੰਦ ਨੂੰ ਮਦਦ ਲਈ ਭੇਜਿਆ । ਮਾਮਾ ਜੀ ਦੇ ਪੁੱਜਣ ਨਾਲ ਘੇਰਾ ਤਾਂ ਟੁੱਟ ਗਿਆ ਪਰ ਗੋਪਾਲ ਚੰਦ ਨੇ ਨਿਸ਼ਾਨਾ ਸੋਧ ਕੇ ਇਕ ਐਸਾ ਤੀਰ ਚਲਾਇਆ ਕਿ ਸਯਦ ਅਸ਼ਰਫ਼ ਦੀ ਛਾਤੀ ਚੀਰ ਗਿਆ ਤੇ ਉਹ ਉਥੇ ਹੀ ਸ਼ਹੀਦ ਹੋ ਗਿਆ।` ਅਸ਼ਰਫ਼ ਦੇ ਮ੍ਰਿਤਕ ਸਰੀਰ ਨੂੰ ਚੁੱਕਣ ਲਈ ਦੋਵੇਂ ਧਿਰਾਂ ਅੱਗੇ ਵਧੀਆਂ ਪਰ ਬੁੱਧੂ ਸ਼ਾਹ ਦੇ ਮੁਰੀਦ ਲਾਸ਼ ਉਠਾਉਣ ਵਿਚ ਸਫ਼ਲ ਹੋ ਗਏ।
ਮਾਮਾ ਜੀ ਬਹੁਤ ਰੋਹ ਵਿਚ ਲੜ ਰਹੇ ਸਨ । ਉਨ੍ਹਾਂ ਨੂੰ ਵੀ ਗੋਪਾਲ ਚੰਦ ਨੇ ਇਕ ਤੀਰ ਮਾਰਿਆ ਜੋ ਘੋੜੇ ਦੀ ਕਾਠੀ ਵਿਚ ਖੁੱਭ ਗਿਆ । ਮਾਮਾ ਜੀ ਨੇ ਲਲਕਾਰਿਆ ਕਿ ਵਾਰ ਸੰਭਾਲ ਤੇ ਐਸਾ ਤੀਰ ਚਲਾਇਆ ਕਿ ਗੋਪਾਲ ਚੰਦ ਦੇ ਘੋੜੇ ਦੇ ਕੰਨ ਪਾਸ ਜਾ ਲੱਗਾ ਜਿਸ ਨਾਲ ਘੋੜਾ ਤੜਪ ਕੇ ਜ਼ਮੀਨ ਤੇ ਡਿੱਗ ਪਿਆ । ਘੋੜਾ ਛੱਡ ਕੇ ਗੋਪਾਲ ਭੱਜ ਗਿਆ । ਜਦ ਸਤਿਗੁਰੂ ਜੀ ਨੂੰ ਬੁੱਧੂ ਸ਼ਾਹ ਦੇ ਪੁੱਤਰ ਦੇ ਸ਼ਹੀਦ ਹੋਣ ਦੀ ਖ਼ਬਰ ਪੁੱਜੀ ਤਾਂ ਆਪ ਜੀ ਨੇ ਸਯਦ ਅਸ਼ਰਫ਼ ਦੀ ਬਹਾਦਰੀ ਦੀ ਬਹੁਤ ਉਪਮਾ ਕੀਤੀ ਅਤੇ ਬੁੱਧੂ ਸ਼ਾਹ ਜੀ ਨੂੰ ਕਿਹਾ ਕਿ ਉਸ ਅਣਖ ਰੱਖ ਵਿਖਾਈ।
‘ਸਾਧ ਸਾਧ ਬੁੱਧੂ ਸੁਭਟ ਜਿਨ ਰਾਖੀ ਨਿਜ ਆਨ।
ਇਕ ਪੁੱਤ ਦੇ ਸ਼ਹੀਦ ਹੋਣ ਨਾਲ ਵੀ ਪੀਰ ਜੀ ਪਿੱਛੇ ਨਾ ਹਟੇ ਸਗੋਂ ਆਪਣੇ ਪੁੱਤਰ ਦੇ ਭਰਾਵਾਂ ਨਾਲ ਉਸ ਪਾਸੇ ਵਧੇ ਜਿਸ ਪਾਸੇ ਹਰੀ ਚੰਦ ਤੇ ਭੀਖਣ ਖ਼ਾਨ ਸੰਘੋ ਸ਼ਾਹ ਨਾਲ ਯੁੱਧ ਕਰ ਰਹੇ ਸਨ। ਰਾਜਾ ਕ੍ਰਿਪਾਲ ਚੰਦ ਹਰੀ ਚੰਦ ਦੀ ਮਦਦ ਤੇ ਆ ਗਿਆ ਤੇ ਇਧਰੋਂ ਬੁੱਧੂ ਸ਼ਾਹ ਵੀ ਅੜ ਖੜੋਤੇ । ਪਹਾੜੀਆਂ ਦੀ ਮਦਦ ਲਈ ਚੰਦੋਲ ਦਾ ਰਾਜਾ ਮਧਕਰ ਸ਼ਾਹ ਅੱਗੇ ਹੋਇਆ ਤੇ ਤੀਰਾਂ ਦੀ ਬਾਰਸ਼ ਹੀ ਕਰਨ ਲੱਗਾ। ਇਸ ਦੇ ਇਕ ਤੀਰ ਨਾਲ ਪੀਰ ਜੀ ਦਾ ਦੂਜਾ ਪੁੱਤਰ ਸਯਦ ਸ਼ਾਹ ਵੀ ਸ਼ਹੀਦ ਹੋ ਗਿਆ। ਜਦ ਹਲਵਾਈ ਹੱਥੋਂ ਮੀਰ ਖ਼ਾਨ ਤੇ ਉਦਾਸੀ ਕ੍ਰਿਪਾਲ ਹੱਥੋਂ ਹਯਾਤ ਖ਼ਾਨ ਦੀ ਮੌਤ ਸੁਣੀ ਤਾਂ ਪਹਾੜੀਏ ਅੱਗੇ ਹੋਏ ਪਰ ਗੁਰੂ ਜੀ ਦੇ ਆਪੂੰ ਯੁੱਧ ਵਿਚ ਕੁੱਦਣ ਕਰਕੇ ਹਰੀ ਚੰਦ ਦੇ ਮਾਰੇ ਜਾਣ ਨਾਲ ਜੰਗ ਜਿੱਤ ਵਿਚ ਸਮਾਪਤ ਹੋਈ। ਗੁਰੂ ਜੀ ਪਾਉਂਟਾ ਸਾਹਿਬ ਆਏ ਅਤੇ ਸਾਰਿਆਂ ਨੇ ਆਪਣੀ-ਆਪਣੀ ਵਿਥਿਆ ਸੁਣਾਈ । ਪੀਰ ਬੁੱਧੂ ਸ਼ਾਹ ਨੂੰ ਦੂਰ ਬੈਠਿਆਂ ਦੇਖ ਕੇ ਉੱਚੀ ਆਵਾਜ਼ ਦੇ ਕੇ ਪਾਸ ਬੁਲਾਇਆ ਅਤੇ ਫ਼ਰਮਾਇਆ :
‘ਤੁਮ ਪੀਰ ਸਾਚ ਕੇ ਆਹਾ।
ਬੁੱਧੂ ਸ਼ਾਹ ਨੇ ਕਿਹਾ : ਮਰਨਾ ਸਭ ਨੇ ਹੈ। ਉਹ ਧੰਨ ਹੈ ਜਿਸ ਦੇ ਪੁੱਤਰ ਸ਼ੁੱਭ ਕਾਰਜ ਲਈ ਤੇ ਜੰਗ ਵਿਚ ਸ਼ਹੀਦ ਹੋਏ ਹਨ। ਇਸ ਲਈ ਉਸ ਨੂੰ ਰਤਾ ਵੀ ਅਫ਼ਸੋਸ ਨਹੀਂ ਹੈ :
‘ਮਮ ਪੁਤਰ ਮਰੇ ਸੁਭ ਥਾਨਾ । ਇਕ ਤੋ ਰਨ ਖੇਤ ਮਹਾਨਾ। ਪੁਨ ਕਾਰਜ ਤੁਮਰੇ ਆਏ। ਇਵ ਕਰਿ ਵੈ ਭਿਸਤ ਸਿਧਾਏ।
ਇਹ ਜਾਨਯੋ ਲਾਭ ਬਡੇਰਾ।
ਨਹਿ ਸ਼ੋਕ ਕਰੇ ਮਨ ਮੇਰਾ। ੨੮ ।
ਫਿਰ ਬੁੱਧੂ ਸ਼ਾਹ ਜੀ ਨੇ ਸਾਰੀ ਵਾਰਤਾ ਗੁਰੂ ਜੀ ਨੂੰ ਸੁਣਾਈ ਕਿ ਨਿਮਕ ਹਰਾਮਾਂ ਦੇ ਨੱਸ ਜਾਣ ਉਪਰੰਤ ਉਹ ਸੱਤ ਸੌ ਮੁਰੀਦਾਂ, ਚਾਰ ਪੁੱਤਰਾਂ ਅਤੇ ਭਰਾਵਾਂ ਨਾਲ ਪਾਉਂਟਾ ਸਾਹਿਬ ਪੁੱਜੇ ਤਾਂ ਤੁਸੀਂ ਜੰਗ ਤੇ ਜਾ ਚੁੱਕੇ ਸੀ । ਸੋ ਸਿੱਧਾ ਹੀ ਭੰਗਾਣੀ ਪੁੱਜ ਗਿਆ ਤੇ ਜੋ ਸੇਵਾ ਹੋ ਸਕੀ ਕੀਤੀ। ਗੁਰੂ ਜੀ ਨੇ, ਜੋ ਉਸ ਸਮੇਂ ਕੰਘਾ ਕਰ ਕੇ ਹਟੇ ਸਨ ਅਤੇ ਦਸਤਾਰ ਸਜਾ ਰਹੇ ਸਨ, ਬਖ਼ਸ਼ਿਸ਼ ਕਰਕੇ ਕੰਘਾ, ਵਿਚ ਅੜੇ ਕੇਸ ਅਤੇ ਦਸਤਾਰ ਸਿਰੋਪਾਓ ਵਜੋਂ ਦੇ ਦਿੱਤੀ। ਪੀਰ ਜੀ ਨੇ ਸੰਭਾਲ ਕੇ ਸੰਦੂਕੜੀ ਵਿਚ ਰੱਖ ਲਈ ਅਤੇ ਦਰਸ਼ਨ ਕਰਕੇ ਨਿਹਾਲ ਹੁੰਦਾ, ਪਰ ਜਦ ਉਨ੍ਹਾਂ ਤੇ ਹੱਲੇ ਹੋਣ ਲੱਗੇ ਤਾਂ ਉਨ੍ਹਾਂ ਨੇ ਸੰਦੂਕੜੀ ਨੂੰ ਮਕਾਨ ਦੀ ਦੀਵਾਰ ਵਿਚ ਚਿਣ ਦਿੱਤਾ ਅਤੇ ਪਿਛੋਂ ਜਦ ਖ਼ਾਲਸੇ ਦੇ ਰਾਜ ਵੇਲੇ ਇਹ ਪਾਵਨ ਵਸਤਾਂ ਮਿਲੀਆਂ ਤਾਂ ਕੌਮ ਨੇ ਅਤਿ ਸਤਿਕਾਰ ਦਿੱਤਾ।
ਮੁਰੀਦਾਂ ਲਈ ਪੰਜ ਹਜ਼ਾਰ ਰੁਪਿਆ ਅਤੇ ਸਭ ਨੂੰ ਗੁਰੂ ਜੀ ਨੇ ਸਿਰਪਾਓ ਬਖ਼ਸ਼ੇ। ਇਹ ਪਿਆਰ ਅਟੁੱਟ ਹੋ ਗਿਆ। ਪੀਰ ਜੀ ਵਾਪਸ ਸਾਢੋਰਾ ਆ ਗਏ ਅਤੇ ਗੁਰੂ ਜੀ ਥੋੜ੍ਹਾ ਚਿਰ ਪਾਉਂਟਾ ਟਿਕ ਕੇ ਅਨੰਦਪੁਰ ਵੱਲ ਚੱਲ ਪਏ। ਰਾਹ ਵਿਚ ਸਾਢੋਰਾ ਵੀ ਕੁਝ ਚਿਰ ਗੁਰੂ ਜੀ ਟਿਕੇ ।
ਅਨੰਦਪੁਰ ਕਈ ਵਾਰ ਪੀਰ ਜੀ ਦੇ ਦਰਸ਼ਨਾਂ ਨੂੰ ਆਉਂਦੇ ਰਹੇ ਅਤੇ ਗੁਰੂ ਜੀ ਵੀ ਜਦ ਮੈਦਾਨ ਵੱਲ ਆਉਂਦੇ ਸਾਢੋਰਾ ਹੋ ਕੇ ਜਾਂਦੇ । ਕੁਰੂਕਸ਼ੇਤਰ ਜਦ ਗੁਰੂ ਜੀ ਨੇ ਸਦੀਆਂ ਦਾ ਵਹਿਮ ਗੜ੍ਹ ਗੱਧੇ ਦੀ ਭੇਟ ਬ੍ਰਾਹਮਣ ਨੂੰ ਦੇ ਕੇ ਤੋੜਨਾ ਚਾਹਿਆ ਤਾਂ ਵੀ ਉਹ ਸਾਢੋਰਾ ਹੋ ਕੇ ਗਏ। ਇਕ ਵਾਰ ਪੀਰ ਜੀ ਕਾਬਲ ਵੀ ਗਏ ਜਿਥੋਂ ਘੋੜੇ ਖ਼ਰੀਦ ਕੇ ਆਂਦੇ। ਦਿੱਲੀ ਜਦ ਵੀ ਜਾਂਦੇ ਗੁਰੂ ਜੀ ਦੀ ਅਜ਼ਮਤ ਦੀਆਂ ਸਾਖੀਆਂ ਹੋਰਨਾਂ ਪੀਰਾਂ ਤੇ ਫ਼ਕੀਰਾਂ ਨੂੰ ਸੁਣਾਂਦੇ। ਰਾਜਿਆਂ ਨੇ ਔਰੰਗਜ਼ੇਬ ਪਾਸ ਸ਼ਿਕਾਇਤ ਕੀਤੀ ਕਿ ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਜ਼ੇਰ ਕਰ ਲੈਣਾ ਸੀ, ਪਰ ਪੀਰ ਬੁੱਧੂ ਸ਼ਾਹ ਦੀ ਮੌਕੇ ਸਿਰ ਦਿੱਤੀ ਮਦਦ ਨਾਲ ਹੀ ਉਨ੍ਹਾਂ ਫਤਹਿ ਪਾਈ। ਔਰੰਗਜ਼ੇਬ ਦੇ ਦਰਬਾਰ ਵਿਚ ਵੀ ‘ਸੈਦ ਖ਼ਾਨ’ ਜੋ ਬੁੱਧੂ ਸ਼ਾਹ ਦੀ ਪਤਨੀ ਨਸੀਰਾਂ ਦਾ ਭਰਾ ਸੀ, ਨੇ ਗੱਲ ਟਾਲ ਦਿੱਤੀ ਕਿ ਉਹ ਆਪੇ ਜਾ ਕੇ ਸਮਝਾ ਦੇਵੇਗਾ। ਉਹ ਪਿੰਡ ਆਇਆ ਵੀ ਪਰ ਗੁਰੂ ਸਾਹਿਬ ਸਬੰਧੀ ਪੀਰ ਜੀ ਅਤੇ ਆਪਣੀ ਭੈਣ, ਭਣਵੱਈਏ ਤੇ ਭਾਣਜਿਆਂ ਦੀ ਅਕੀਦਤ ਦੇਖ ਕੇ ਚੁੱਪ ਕਰ ਗਿਆ।
ਨਦੌਣ ਤੇ ਹੁਸੈਨੀ ਦੀਆਂ ਜੰਗਾਂ ਬਾਅਦ ਔਰੰਗਜ਼ੇਬ ਨੇ ਆਪਣੇ ਲੜਕੇ ਸ਼ਹਿਜ਼ਾਦਾ ਮੁਅੱਜ਼ਮ ਨੂੰ ਵੀ ਭੇਜਿਆ। ਉਸ ਹਾਲਾਤ ਦਾ ਜਾਇਜ਼ਾ ਲੈ ਕੇ ਅਨੰਦਪੁਰ ਨੂੰ ਨਾ ਛੇੜਨਾ ਹੀ ਮੁਨਾਸਬ ਸਮਝਿਆ।
ਜਦ ਪਹਾੜੀਆਂ ਨੂੰ ਸ਼ਿਕਾਇਤਾਂ ਵਧਦੀਆਂ ਹੀ ਗਈਆਂ ਤਾਂ ਔਰੰਗਜ਼ੇਬ ਨੇ ਸੈਦਖ਼ਾਨ ਨੂੰ ਹੀ ਭੇਜਿਆ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਧੇ ਰਾਹ ਪਾਏ। ਉਹ ਪਹਿਲਾਂ ਸਾਢੋਰਾ ਗਿਆ। ਉਸ ਦੀ ਭੈਣ ਤੇ ਭਣਵੱਈਏ (ਪੀਰ ਬੁੱਧੂ ਸ਼ਾਹ) ਨੇ ਗੁਰੂ ਜੀ ਦੀ ਅਜ਼ਮਤ ਦ੍ਰਿੜਾ ਕੇ ਕਿਹਾ ਕਿ ਉਸ ਨੂੰ ਇਸ ਖ਼ੁਦਾ ਦੇ ਰੂਪ ਨਾਲ ਟੱਕਰ ਨਹੀਂ ਲੈਣੀ ਚਾਹੀਦੀ। ਉਸ ਨੇ ਇਕ ਨਾ ਸੁਣੀ ਤੇ ਫ਼ੌਜਾਂ ਦੀ ਅਗਵਾਈ ਕਰਨ ਲਈ ਅਨੰਦਪੁਰ ਪੁੱਜ ਗਿਆ।
ਪਰ ਅਨੰਦਪੁਰ ਪੁੱਜਦੇ ਸਾਰ ਬੁੱਧੂ ਸ਼ਾਹ ਤੇ ਭੈਣ ਦੀਆਂ ਵਿਚਾਰਾਂ ਨੇ ਘੇਰ ਲਿਆ ਅਤੇ ਮਨ ਨੂੰ ਸਮਝਾਉਣ ਲੱਗਾ ਕਿ ਭੈਣ ਤੇ ਭਣਵੱਈਏ ਇਤਨੇ ਗ਼ਲਤ ਨਹੀਂ ਹੋ ਸਕਦੇ।ਆਪਣੇ ਦੋ ਪੁੱਤਰ ਹੱਸ ਕੇ ਕੁਰਬਾਨ ਕਰਨ ਵਾਲਿਆਂ ਨੇ ਕੁਝ ਦੇਖਿਆ ਹੀ ਹੋਵੇਗਾ। ਫਿਰ ਆਪੇ ਹੀ ਚੁਣੌਤੀ ਦੇ ਕੇ ਕਹਿਣ ਲੱਗਾ ਕਿ ਜੇ ਉਹ ਐਸੇ ਹਨ, ਦਿਲਾਂ ਦੀ ਜ਼ਬਾਨ ਜਾਣਦੇ ਹਨ ਤਾਂ ਸਾਹਮਣੇ ਆਉਣ । ਅੱਧੀ ਰਾਤ ਆਪਣੇ ਖੇਮੇ ਵਿਚ ਲੇਟਿਆ ਇਹ ਹੀ ਸੋਚੀ ਜਾਏ:
‘ਅੰਤਰਜਾਮੀ ਪੀਰਨ ਪੀਰ ।
ਉਰ ਕੀ ਲਖਹਿ ਪਰੇਮ ਕੀ ਧੀਰ।
ਤੋ ਅਬਿ ਤੇਜ ਤੁਰੰਗ ਕੁਦਾਵਹਿ।
ਕਲਗੀ ਝੂਲਤ ਰੂਪ ਦਿਖਾਵਹਿ।
ਅਬ ਉਤਕੰਠਾ ਲਖਿ ਚਿਤ ਮੇਰੀ।
ਏਕ ਬਾਰ ਇਤਿ ਪਾਵਹਿ ਫੇਰੀ ।’
ਮਹਾਰਾਜ ਨੇ ਵੀ ਉਸ ਦੀਆਂ ਦਿਲ-ਤਰੰਗਾਂ ਸੁਣੀਆਂ ਤੇ ਉਸ ਵੱਲ ਘੋੜੇ ਤੇ ਇਕੱਲੇ ਹੀ ਚੱਲ ਪਏ :
ਧਨਖ ਬਾਲ ਨਿਜ ਪਾਨ ਸੰਭਾਰਾ।
ਭਏ ਤੁਰੰਗਮ ਪਰ ਅਸਵਾਰਾ।
ਕਰਤਿ ਸ਼ੀਘਤਾ ਹਯ ਚਪਲਾਏ।
ਤਤ ਛਿਨ ਖਾਨ ਖਾਨ ਕੋ ਆਏ।
ਦਰਸ਼ਨ ਕਰਦਿਆਂ ਹੀ ਉਹ ਪੁਕਾਰ ਉੱਠਿਆ :
‘ਖ਼ੁਦਾ ਆਇਦ ਖ਼ੁਦਾ ਆਇਦ ।
ਮੈਂ ਆਇਦ ਖ਼ੁਦਾ ਬੰਦਾ। ਹਕੀਕਤ ਦਰ ਮਿਜ਼ਾਜ ਆਇਦ ।
ਕਿ ਮੁਰਦਹ ਰਾ ਕੱਨਦ ਜ਼ਿੰਦਾ।’
ਗੁਰੂ ਜੀ ਨੇ ਕਿਹਾ: ‘ਖ਼ਾਨ ਵਾਰ ਤਾਂ ਕਰ।’ ਉਹ ਘੋੜੇ ਤੋਂ ਥੱਲੇ ਉਤਰ ਆਇਆ ਅਤੇ ਆਪਣਾ ਸਿਰ ਰਕਾਬ ਵਿਚ ਟਿਕਾਏ ਗੁਰੂ ਚਰਨਾਂ ਤੇ ਰੱਖ ਦਿੱਤਾ ਅਤੇ ਕੁਝ ਨਾ ਬੋਲਿਆ।
ਗੁਰੂ ਜੀ ਨੇ :
‘ਕ੍ਰਿਪਾ ਦ੍ਰਿਸ਼ਟ ਕੋ ਧਰਿ ਸਿਰ ਹਾਥਾ।
ਤਤ ਛਿਨ ਸੇਵਕ ਕੀਨਿ ਸਨਾਥਾ।’
ਸੈਦਖ਼ਾਨ ਉਥੋਂ ਹੀ ਅਬਾਦਤ ਲਈ ਕਿਧਰੇ ਨਿਕਲ ਗਿਆ । ਇਹ ਸਭ ਵਾਰਤਾ ਮੁਗ਼ਲ ਫ਼ੌਜਾਂ ਸਾਹਮਣੇ ਹੋਈ ਸੀ।
ਔਰੰਗਜ਼ੇਬ ਨੂੰ ਜਦ ਸਾਰੀ ਖ਼ਬਰ ਪੁੱਜੀ ਤਾਂ ਉਸ ਨੇ ਸਪੱਸ਼ਟ ਲਿਖਿਆ ਕਿ ‘ਜਾਂ ਤਾਂ ਗੁਰੂ ਆਰਾਮ ਨਾਲ ਬੈਠੇ ਜਾਂ ਆਤਮ ਸਮਰਪਣ ਕਰ ਦੇਵੇ । ਆਪ ਜੀ ਨੂੰ ਅਨੰਦਪੁਰ ਛੱਡਣਾ ਪਿਆ। ਪੀਰ ਬੁੱਧੂ ਸ਼ਾਹ ਨੂੰ ਮਿਲਣ ਲਈ ਸਾਢੋਰਾ ਆਏ ਤਾਂ ਸਾਢੋਰਾ ਦੇ ਹਾਕਮ ਉਸਮਾਨ ਖ਼ਾਨ ਨੇ ਪੀਰ ਬੁੱਧੂ ਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਜੀ ਉਸ ਦੇ ਹਵਾਲੇ ਕਰਨ ਲਈ ਕਿਹਾ। ਉਸ ਨੇ ਸਾਫ਼ ਇਨਕਾਰ ਕੀਤਾ। ਉਸ ਪੀਰ ਜੀ ਨੇ ਇਤਨਾ ਮੰਨਵਾ ਲਿਆ ਕਿ ਜੇ ਗੁਰੂ ਜੀ ਦਾ ਖੂਨ ਤੈਨੂੰ ਦੇ ਦਿੱਤਾ ਜਾਏ ਤਾਂ ਉਹ ਔਰੰਗਜ਼ੇਬ ਦੇ ਦਰਬਾਰ ਦੀ ਤਸੱਲੀ ਕਰਾ ਸਕਦਾ ਹੈ। ਗੁਰੂ ਜੀ ਨੂੰ ਤਾਂ ਪੀਰ ਜੀ ਨੇ ਹਿਫ਼ਾਜ਼ਤ ਨਾਲ ਭੇਜ ਦਿੱਤਾ ਅਤੇ ਇਧਰ (ਸੱਯਦ ਮੁਹੰਮਦ ਬਖ਼ਸ਼) ਨੇ ਸਲਾਹ ਦਿੱਤੀ ਕਿ ਉਸ ਦਾ ਸਿਰ ਕੱਟ ਕੇ ਖ਼ੂਨ ਦੇ ਦਿੱਤਾ ਜਾਏ। ਐਸਾ ਹੀ ਕੀਤਾ ਗਿਆ ਅਤੇ ਲਾਸ਼ ਹਵੇਲੀ ਵਿਚ ਹੀ ਦਬਾ ਦਿੱਤੀ। ਖੂਨ ਲੈ ਕੇ ਜਦ ਉਸਮਾਨ ਖ਼ਾਨ ਦਿੱਲੀ ਪੁੱਜਾ ਤਾਂ ਢੱਕਣ ਉਤਾਰਦਿਆਂ ਹੀ ਸ਼ਾਹੀ ਹਕੀਮ ਨੇ ਕਹਿ ਦਿੱਤਾ ਕਿ ਇਹ ਗੁਰੂ ਦਾ ਖੂਨ ਨਹੀਂ । ਉਹ ਵਲੀ ਤੇ ਪਾਕ ਹਨ। ਉਸਮਾਨ ਖ਼ਾਨ ਨੇ ਗੁੱਸੇ ਵਿਚ ਭਰੇ ਉਥੇ ਹੀ ਪੀਰ ਜੀ ਦੇ ਖ਼ਾਨਦਾਨ ਨੂੰ ਤਬਾਹ ਕਰਨ ਦੀ ਗੱਲ ਆਖ ਦਿੱਤੀ। ਪੀਰ ਜੀ ਨੂੰ ਖ਼ਬਰਾਂ ਪੁੱਜ ਗਈਆਂ। ਉਨ੍ਹਾਂ ਨੇ ਆਪਣੀ ਪਤਨੀ ਅਤੇ ਇਕ ਬੇਟੇ ਤੇ ਪੋਤਰਿਆਂ ਨੂੰ ਨਾਹਨ ਦੇ ਮੇਦਨੀ ਪ੍ਰਕਾਸ਼ ਪਾਸ ਭੇਜ ਦਿੱਤਾ।
ਉਸਮਾਨ ਖ਼ਾਨ ਨੇ ਸਾਢੋਰਾ ਪੁੱਜਦੇ ਹੀ ਹਵੇਲੀ ਨੂੰ ਅੱਗ ਲਗਾ ਦਿੱਤੀ ਅਤੇ ਪੀਰ ਬੁੱਧੂ ਸ਼ਾਹ ਨੂੰ ਪਕੜ ਕੇ ਜੰਗਲਾਂ ਵਿਚ ਲੈ ਕੇ ਗਿਆ ਅਤੇ ਉਹਨਾਂ ਦੇ ਸਰੀਰ ਦੇ ਟੋਟੇ-ਟੋਟੇ ਕਰ ਦਿੱਤੇ । ਪੀਰ ਜੀ ਨੇ ਗੁਰੂ ਜੀ ਨਾਲ ਪਾਏ ਪਿਆਰ ਦੇ ਪੂਰਨਿਆਂ ਤੇ ਸਰਬੰਸ ਵਾਰ ਕੇ ਲਿਖਿਆ । ਇਹ ਅਕੀਦਤ ਦੀ ਇੰਤਹਾ ਸੀ। ਉਸਮਾਨ ਨੇ ਸਰਹੱਦੀ ਫ਼ੌਜਾਂ ਦੀ ਮਦਦ ਨਾਲ ਨਾਹਨ ਤੇ ਵੀ ਹਮਲਾ ਬੋਲਣਾ ਚਾਹਿਆ, ਪਰ ਉਸ ਨੂੰ ਖ਼ਬਰ ਪੁੱਜ ਗਈ ਕਿ ਬਾਲ ਬੱਚੇ ਉਥੇ ਨਹੀਂ ਹਨ। ਨਸੀਰਾਂ, ਇਕ ਲੜਕੇ ਅਤੇ ਪੋਤਰਿਆਂ ਨੂੰ ਲੈ ਕੇ ਸਮਾਣਾ ਪੁੱਜ ਗਈ, ਉਥੋਂ ਤੱਕ ਉਸਮਾਨ ਖ਼ਾਨ ਦੀ ਮਾਰ ਨਹੀਂ ਸੀ । ਹੁਣ ਉਨ੍ਹਾਂ ਦੀ ਔਲਾਦ ਦੇ ਕੁਝ ਆਦਮੀ ਝੰਗ ਵਿਚ ਹਨ। ਜਦ ੧੯੫੫ ਈ: ਨੂੰ ਮੈਂ ਪਾਕਿਸਤਾਨ ਗਿਆ ਤਾਂ ਉਨ੍ਹਾਂ ਵਿਚੋਂ ਇਕ ਨੇ ਮੇਰੇ ਤੇ ਗਿਲਾ ਵੀ ਕੀਤਾ ਕਿ ਬਾਕੀ ਤਾਂ ਬੇਸ਼ੱਕ ਤੁਸੀਂ ਸਭ ਕੁਝ ਭੁੱਲ ਜਾਂਦੇ ਪਰ ਪੀਰ ਬੁੱਧੂ ਸ਼ਾਹ ਦੀ ਔਲਾਦ ਨੂੰ ਨਹੀਂ ਸੀ ਭੁਲਾਉਣਾ ਚਾਹੀਦਾ।
9
ਪਾਉਂਟਾ ਤੋਂ ਅਨੰਦਪੁਰ
ਕਪਾਲ ਮੋਚਨ-ਪਾਉਂਟਾ ਸਾਹਿਬ ਛੇ ਮਹੀਨੇ ਹੋਰ ਟਿਕ ਕੇ ਆਪ ਜਨਵਰੀ, ੧੭੮੭ ਨੂੰ ਅਨੰਦਪੁਰ ਵੱਲ ਚੱਲ ਪਏ ਅਤੇ ਕੱਤਕ ਦੀ ਪੂਰਨਮਾਸ਼ੀ ਨੂੰ ਕਪਾਲ ਮੋਚਨ ਪੁੱਜੇ । ਰਾਹ ਵਿਚ ਅਗੰਮਪੁਰੇ ਜੋ ਜਗਾਧਰੀ ਤੋਂ ੭ ਕੁ ਮੀਲ ਹੈ, ਰੁਕੇ। ਛਛਰੋਲੀ ਤੋਂ ਡੇਢ ਮੀਲ ਤਾਰਪੁਰ ਵਾਲੀ ਸੜਕ ਤੇ ਸ਼ਾਹੀ ਰੱਖ ਵਿਚ ਸ਼ਿਕਾਰ ਵੀ ਖੇਡਦੇ ਰਹੇ, ਜਿੱਥੇ ਹੁਣ ਗੁਰਦੁਆਰਾ ਸੰਤੋਖਪੁਰਾ ਹੈ। ਫਿਰ ਬੂੜੀਆ ਤੇ ਜਗਾਧਰੀ ਹੋ ਕੇ ਕਪਾਲ ਮੋਚਨ ਪੁੱਜੇ ਸਨ। ਉਥੇ ਮੇਲੇ ਤੇ ਲੋਕਾਂ ਨੂੰ ਥਾਂ-ਥਾਂ ਗੰਦਗੀ ਫੈਲਾਂਦਿਆਂ ਦੇਖ ਆਪ ਜੀ ਨੇ ਉਨ੍ਹਾਂ ਸਾਰਿਆਂ ਦੇ ਸਿਰੋਂ ਦੰਡ ਵਜੋਂ ਪੱਗਾਂ ਉਤਰਵਾ ਲਈਆਂ ਜੋ ਥਾਂ ਕੁ ਥਾਂ ਦੇਖੇ ਬਗ਼ੈਰ ਹਾਜਤ ਪੂਰੀ ਕਰ ਰਹੇ ਸਨ।
ਕਪਾਲ ਮੋਚਨ ਬਾਰੇ ਕਈ ਕਥਾਵਾਂ ਪ੍ਰਚੱਲਤ ਹਨ। ਉਥੇ ਇਕ ਰਿਣ ਮੋਚਨ ਵੀ ਹੈ। ਕਿਹਾ ਜਾਂਦਾ ਹੈ ਕਿ ਉਸ ਤਲਾਬ ਵਿਚ ਮਹਾਂਭਾਰਤ ਦੀ ਜੰਗ ਜਿੱਤ ਪਾਂਡੂਆਂ ਨੇ ਸ਼ਸਤਰ ਧੋਤੇ ਸਨ ਤੇ ਦਰੋਪਦੀ ਦੀ ਲੱਥੀ ਪੱਤ ਦਾ ਕਰਜ਼ਾ (ਰਿਣ) ਉਤਾਰਿਆ ਸੀ । ਉਸੇ ਤਾਲਾਬ ਵਿਚ ਦੁਰਯੋਧਨ ਛੁਪ ਗਿਆ ਸੀ ਤੇ ਸਰੀਰ ਨੂੰ ਬੱਜਰ ਬਣਾ ਲਿਆ ਸੀ। ਭੀਮ ਨੇ ਉਸ ਦੇ ਪੱਟ ਤੇ ਗੁਰਜ ਮਾਰ ਕੇ ਉਸਨੂੰ ਜਾਨੋਂ ਮਾਰ ਦਿੱਤਾ ਸੀ। ਫਿਰ ਇਹ ਵੀ ਕਿਹਾ ਜਾਂਦਾ ਹੈ ਕਿ ਸ੍ਰੀ ਰਾਮ ਚੰਦਰ ਜੀ ਨੇ ਜਦ ਦੈਂਤ ਦਾ ਸਿਰ ਉਤਾਰਿਆ ਸੀ ਤਾਂ ਉੱਡ ਕੇ ਮਹਿੰਦਰ ਰਿਸ਼ੀ ਦੀ ਲੱਤ ਨਾਲ ਜਾ ਚਿਮਟਿਆ ਸੀ ਤੇ ਰਿਸ਼ੀ ਨੇ ਜਦੋਂ ਸਰਸਵਤੀ (ਜੋ ਪਹਿਲਾਂ ਉਥੇ ਵਗਦੀ ਸੀ) ਦੇ ਕਿਨਾਰੇ ਇਸ਼ਨਾਨ ਕੀਤਾ ਤਾਂ ਹੀ ਦੈਂਤ ਦਾ ਸਿਰ ਲੱਤੋਂ ਲੱਥਿਆ ਸੀ । ਉਥੇ ਗੁਰੂ ਜੀ ਨੇ ਲੋਕਾਂ ਨੂੰ ਜ਼ਾਲਮਾਂ ਵਲੋਂ ਸਿਰ ਤੇ ਚਾੜ੍ਹੇ ਜਾ ਰਹੇ ਕਰਜ਼ੇ ਉਤਾਰਨ ਲਈ ਪ੍ਰੇਰਿਆ। ਇਹ ਦੈਂਤ ਜਦ ਤੱਕ ਪਿੱਛਾ ਨਹੀਂ ਛੱਡਣਗੇ, ਤਦ ਤੱਕ ਤਲਵਾਰ ਹੱਥ ਨਾ ਲਈ ਜਾਏ। ਭੰਗਾਣੀ ਦੇ ਯੁੱਧ ਵਿਚ ਜਿੱਤ ਦੇ ਕਾਰਨ ਲੋਕਾਂ ਨੇ ਵਹੀਰਾਂ ਪਾਈਆਂ ਤੇ ਕਈ ਫ਼ੌਜ ਵਿਚ ਸ਼ਾਮਲ ਹੋਏ। ਗੁਪਾਲ ਮੋਚਨ ਟਿਕੇ ਹੀ, ਆਪ ਜੀ ਗੋਲਪੁਰਾ ਬਾਗ਼ ਜੋ ਬਿਲਾਸਪੁਰ ਨੇੜੇ ਹੈ, ਆ ਬਿਰਾਜਦੇ ਸਨ । ਖ਼ਾਨਪੁਰ (ਨਾਰਾਇਣਗੜ੍ਹ ਤਹਿਸੀਲ) ਤੇ ਮਾਣਕ ਟਾਬਰਾ ਵੀ ਚਰਨ ਪਾਏ। ਉਥੇ ਹੀ ਰਾਇਪੁਰ ਦੀ ਰਾਣੀ ਜੋ ਗੁਰੂ ਜੀ ਤੇ ਅਨਿੰਨ ਸ਼ਰਧਾ ਰੱਖਦੀ ਸੀ, ਆਪਣੇ ਰਾਜ ਰਾਇਪੁਰ ਲੈ ਜਾਣ ਲਈ ਆਈ। ਉਸ ਦਾ ਘਰ ਵਾਲਾ ਫ਼ਤਹ ਸਿੰਘ ਡਰ ਕੇ ਨਗਰ ਹੀ ਛੱਡ ਗਿਆ, ਪਰ ਸਿਦਕੀ ਰਾਣੀ ਨੇ ਮਹਿਲਾਂ ਵਿਚ ਗੁਰੂ ਜੀ ਨੂੰ ਬੁਲਾਇਆ ਅਤੇ ਹੱਥੀਂ ਪ੍ਰਸ਼ਾਦ ਛਕਾਇਆ। ਰਾਣੀ ਜਦ ਆਪਣੇ ਬੇਟੇ ਨੂੰ ਅਸੀਸ ਦਿਵਾਉਣ ਲਈ ਗੁਰੂ ਜੀ ਪਾਸ ਲਿਆਈ ਤਾਂ ਆਪ ਜੀ ਨੇ ‘ਕੇਸ ਰੱਖਣ’ ਦਾ ਹੁਕਮ ਦਿੱਤਾ। ਰਾਣੀ ਰਤਾ ਕੁ ਸੰਕੋਚ ਵਿਚ ਬੋਲੀ ਤਾਂ ਕਲਗੀਆਂ ਵਾਲੇ ਨੇ ਚੜ੍ਹਦੀ ਕਲਾ ਵਾਲੇ ਬਚਨ ਬੋਲਦਿਆਂ
ਕਿਹਾ ਕਿ ਇਹ ਜ਼ੁਲਮ ਰਾਜ ਬਹੁਤੇ ਦਿਨ ਨਹੀਂ ਰਹਿਣਾ :
“ਨਹਿ ਮਾਨਹੁ ਤ੍ਰਾਸਾ।
ਕੇਤਕ ਦਿਨ ਇਮ ਰਾਜ ਹੈ, ਫਿਰ ਹੋਇ ਬਿਨਾਸਾ।”
ਰਾਣੀ ਨੇ ਸਿਰ ਝੁਕਾਇਆ ਤੇ ਪਿੰਡ ਦਾ ਨਾਂ ਹੀ ਰਾਣੀ ਤੇ ਰਾਇਪੁਰ ਹੋਇਆ ਜੋ ਹੁਣ ਰਾਇਪੁਰ ਰਾਣੀ ਕਰ ਕੇ ਪ੍ਰਸਿੱਧ ਹੈ।ਰਾਹ ਵਿਚ ਪਿੰਡ ਲਾਹੜ ਬਾਰਾਂ ਦਿਨ ਟਿਕੇ ਸਨ।ਉਨ੍ਹਾਂ ਦੀ ਯਾਦ ਵਿਚ ਉਥੇ ਇਕ ਬੇਰੀ ਵੀ ਹੈ। ਇਥੇ ਨਜ਼ਦੀਕ ਹੀ ਸਕੰਦਰ ਲੋਧੀ ਦੀ ‘ਰੱਖ’ ਵੀ ਸੀ ਤੇ ਕਿਲ੍ਹਾ ਮਖਲਸਖ਼ਾਨ ਦਾ ਸੀ ਜਿਸ ਨੂੰ ਜਿੱਤ ਕੇ ਬਾਬਾ ਬੰਦਾ ਸਿੰਘ ਨੇ ਲੋਹਗੜ੍ਹ ਬਣਾਇਆ ਸੀ। ਸਾਢੋਰਾ ਵੀ ਆਪ ਜੀ ਦੋ ਦਿਨ ਟਿਕੇ ਸਨ। ਟੋਰਾ, ਟੋਡਾ, ਅੰਬਾਲਾ, ਨਾਡਾ ਤੋਂ ਹੁੰਦੇ ਢਕੋਲੀ ਪੁੱਜੇ।ਢਕੋਲੀ ਦੇ ਚੌਧਰੀ ਨੇ ਜਦ ਇਲਾਕੇ ਵਿਚ ਪਾਣੀ ਦੀ ਥੁੜ੍ਹ ਦੂਰ ਕਰਨ ਦੀ ਬੇਨਤੀ ਕੀਤੀ ਤਾਂ ਹੱਥ ਵਿਚ ਨੇਜ਼ਾ ਪਕੜ ਕੇ ਆਸਣ ਤੇ ਹੀ ਖੜੇ ਹੋ ਗਏ ਤੇ ਫ਼ਰਮਾਇਆ : ਗੁਰੂ ਨਾਨਕ ਦੇ ਦਰ ਤੋਂ ਤੁਮੇ ਪਾਣੀ ਦਿਲਾ ਰਹੇ ਹਾਂ। ਇਹ ਕਹਿ ਕੇ ਨੇਜ਼ਾ ਮਾਰਿਆ ਤਾਂ ਜਲ ਦੀ ਧਾਰਾ ਚੱਲ ਪਈ। ਈਸ਼ਰ ਦਾਸ ਨੇ ਬਾਉਲੀ ਬਣਾ ਦਿੱਤੀ। ਉਥੋਂ ਘਨੌਲੀ, ਰੋਪੜ ਤੇ ਕੀਰਤਪੁਰ ਹੁੰਦੇ ਅਨੰਦਪੁਰ ਪੁੱਜੇ । ਮਾਣਕਿ ਟਾਬਰੇ ਦੇ ਰਾਇ ਨੇ ਆਦਰ ਦੇਂਦੇ ਇਕ ਘੋੜਾ ਤੇ ਪੰਜ ਸੌ ਰੁਪਏ ਭੇਟਾ ਕੀਤੇ। ਰਾਹ ਵਿਚ ਇਕ ਸਾਧੂ ਨੂੰ ਸੂਰਜ ਵੱਲ ਮੂੰਹ ਕਰੀ ਬੈਠੇ ਦੇਖ ‘ਨਮੋ ਸੂਰਜ ਸੂਰਜੇ’ ਦਾ ਉਪਦੇਸ਼ ਦਿੱਤਾ।‘ਜਿਸ ਦੇ ਭੈ ਵਿਚ ਸੂਰਜ ਹੈ, ਤੁਸੀਂ ਉਸ ਦੇ ਭੈ ਵਿਚ ਰਹੋ,’ ਆਪ ਜੀ ਦਾ ਫ਼ੁਰਮਾਨ ਸੀ। ਇਕ ਹੋਰ ਤਪੱਸਵੀ ਨੂੰ ਨਿੰਮੋਝੂਣੇ ਦੇਖ ਕਮਾਣ ਦੀ ਨੋਕ ਨਾਲ ਪਿੱਠ ਠੋਕੀ ਤਾਂ ਉਸ ਨੂੰ ਟਿਕਾ ਮਿਲਿਆ।
ਅਨੰਦਪੁਰ ਵਿਚ ਕਿਲ੍ਹੇ ਪੱਕੇ ਕਰਨੇ ਤੇ ਉਸਾਰਨੇ-ਅਨੰਦਪੁਰ ਆਪ ਜੀ ਤਕਰੀਬਨ ਪੰਜ ਸਾਲਾਂ ਬਾਅਦ ਪਰਤੇ ਸਨ । ਵੱਸਿਆ ਅਨੰਦਪੁਰ ਉੱਜੜ ਗਿਆ ਸੀ । ਜਿਹੜੇ ਕੁਝ ਲੋਕੀਂ ਟਿਕੇ ਰਹੇ ਉਹ ਹਾਕਮਾਂ ਨਾਲ ਰਲ ਗਏ। ਕਈ ਡਰ ਕੇ ਨੱਸ ਗਏ ਸਨ । ਗੁਰੂ ਜੀ ਲਿਖਦੇ ਹਨ ਕਿ ਉਨ੍ਹਾਂ ਆਪੂੰ ਉਹਨਾਂ ਲੋਕਾਂ ਨੂੰ ਅਨੰਦਪੁਰ ਤੋਂ ਕੱਢ ਦਿੱਤਾ ਜੋ ਹਾਕਮਾਂ ਨਾਲ ਰਲੇ ਹੋਏ ਸਨ ਜਾਂ ਜੰਗ ਵੇਲੇ ਭੱਜ ਗਏ ਸਨ ਅਤੇ ਸ਼ਹਿਰ ਨੂੰ ਦੁਸ਼ਮਣਾਂ ਹਵਾਲੇ ਕਰ ਗਏ ਸਨ। ਨਿਹੱਥੇ ਸ਼ਹਿਰੀਆਂ ਦੀ ਰੱਖਿਆ ਦਾ ਵੀ ਕੋਈ ਪ੍ਰਬੰਧ ਕਿਸੇ ਨਹੀਂ ਸੀ ਕੀਤਾ। ਜੋ ਨਿਰੋਲ ਰੋਟੀਆਂ ਕਾਰਨ ਉਥੇ ਟਿਕੇ ਹੋਏ ਸਨ, ਉਨ੍ਹਾਂ ਨੂੰ ਵੀ ਅਨੰਦਪੁਰੋਂ ਟੁਰ ਜਾਣ ਲਈ ਹੁਕਮ ਦਿੱਤਾ। ਅਨੰਦਪੁਰ ਵਿਖੇ ਕਿਸੇ ਵਿਹਲੜ, ਢਿੱਲੜ, ਬੁਜ਼ਦਿਲ ਅਤੇ ਸਾਜ਼ਸ਼ੀ ਲਈ ਥਾਂ ਨਹੀਂ ਹੈ। ਇੰਝ ਲੱਗਦਾ ਹੈ ਕਿ ਭੰਗਾਣੀ ਦੇ ਯੁੱਧ ਵੇਲੇ ਅਨੰਦਪੁਰ ਤੇ ਪਹਾੜੀਆਂ ਨੇ ਹੱਲਾ ਬੋਲਿਆ ਸੀ।
ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਇਕ ਨਿਪੁੰਨ ਜਰਨੈਲ ਸਨ । ਭੰਗਾਣੀ ਮੈਦਾਨ ਦੀ ਚੋਣ ਤੇ ਫਿਰ ਜਿੱਤ ਉਨ੍ਹਾਂ ਦੀ ਨਿਰੋਲ ਰਣਨੀਤੀ ਕਾਰਨ ਹੀ ਸੀ । ਉਨ੍ਹਾਂ ਦੀ ਲੰਮੀ ਨਦਰ ਨੇ ਦੇਖ ਲਿਆ ਸੀ ਕਿ ਹੁਣ ਜੰਗ ਦਾ ਮੈਦਾਨ ਅਨੰਦਪੁਰ ਹੀ ਬਣੇਗਾ। ਜੰਗ ਨੂੰ ਅਨੰਦਪੁਰ ਤੋਂ ਦੂਰ ਰੱਖਣਾ ਰਣਨੀਤੀ ਦਾ ਪਹਿਲਾ ਗੁਰ ਸੀ। ਜੰਗ ਹੋਣ ਦੀ ਸੂਰਤ ਵਿਚ ਜੰਗ ਦੂਜੇ ਦੀ ਧਰਤੀ ‘ਤੇ ਹੀ ਲੜੀ ਜਾਏ। ਇਸ ਲਈ ਸਤਲੁਜ ਕਿਨਾਰੇ ਨਿਰਮੋਹਗੜ੍ਹ, ਹੋਲਗੜ੍ਹ ਅਤੇ ਲੋਹਗੜ੍ਹ ਬਣਾਏ। ਚਰਨ ਗੰਗਾ ਦੇ ਕਿਨਾਰੇ ਫ਼ਤਹਿਗੜ੍ਹ ਤੇ ਉਸ ਤੋਂ ਕੁਝ ਦੂਰ ਕੇਸਗੜ੍ਹ ਅਤੇ ਫਿਰ ਸਭ ਤੋਂ ਉੱਚੀ ਥਾਂ ਤੇ ਅਨੰਦਗੜ੍ਹ ਉਸਾਰਿਆ। ਅਨੰਦਪੁਰ ਹੀ ਤੋਪਾਂ ਤੇ ਬੰਦੂਕਾਂ ਬਣਾਉਣ ਦਾ ਕਾਰਖ਼ਾਨਾ ਲਗਾਇਆ। ਕਿਲ੍ਹਿਆਂ ਦੀਆਂ ਟੇਕਾਂ ਐਸੀਆਂ ਥਾਵਾਂ ਸਨ ਕਿ ਕੋਈ ਅਨੰਦਪੁਰ ਤੱਕ ਪੁੱਜ ਹੀ ਨਹੀਂ ਸੀ ਸਕਦਾ। ਇਕ ਤੋਂ ਬਾਅਦ ਦੂਜਾ ਕਿਲ੍ਹਾ ਉਸ ਨੂੰ ਰੋਕ ਪਾਉਣ ਲਈ ਖਲੋਤਾ ਸੀ । ਪਹਿਲਾਂ ਸਤਲੁਜ ਤੇ ਫਿਰ ਚਰਨ ਗੰਗਾ ਪਾਰ ਕਰਨਾ ਕਿਸੇ ਫ਼ੌਜ ਲਈ ਕਰਤੱਵ ਤੋਂ ਘੱਟ ਨਹੀਂ ਸੀ ਅਤੇ ਅਨੰਦਗੜ੍ਹ ਤੱਕ ਪੁੱਜਣਾ ਤਾਂ ਇਨਸਾਨੀ ਸ਼ਕਤੀ ਲਈ ਅਸੰਭਵ ਸੀ। ਇਤਿਹਾਸ ਗਵਾਹ ਹੈ ਕਿ ਅਨੰਦਗੜ੍ਹ ਤੱਕ ਕੋਈ ਫ਼ੌਜ ਭਾਵੇਂ ਉਹ ਮੁਗ਼ਲਾਂ ਦੀ ਸੀ ਜਾਂ ਪਹਾੜੀਆਂ ਦੀ, ਗੁਰੂ ਜੀ ਦੇ ਹੁੰਦਿਆਂ ਪੁੱਜ ਨਹੀਂ ਸੀ ਸਕੀ। ਘੋਰ-ਲੰਮੀ ਨਾਕਾਬੰਦੀ ਅਤੇ ਛਲ ਕਰ ਕੇ ਹੀ ਉਹ ਅਨੰਦਗੜ੍ਹ ਖ਼ਾਲ੍ਹੀ ਕਰਵਾ ਸਕੇ ਸਨ।
ਅਨੰਦਪੁਰ ਸਾਹਿਬ ਦੀ ਮਹਿਮਾ ਗਾਂਦੇ ਦਰਬਾਰੀ ਕਵੀ ਹੰਸ ਰਾਮ ਜੀ, ਜਿਨ੍ਹਾਂ ਦੇ ਪੜੋਤੇ ਹਿੰਦੀ ਦੇ ਪ੍ਰਸਿੱਧ ਕਵੀ ਚੰਦ੍ਰ ਸ਼ੇਖਰ ਬਾਜਪਾਈ ਹੋਏ, ਨੇ ਲਿਖਿਆ :
ਅਨੰਦਪੁਰ, ਅਨੰਦ ਦੀ ਜੜ੍ਹ, ਅਨੰਦ ਦਾ ਸ਼ਹਦ ਹੈ। ਨੇੜੇ ਦਰਿਆ ਵਿਚੋਂ ਉੱਠਦੀ ਮਿਰਗ ਜਲ ਦੀ ਲਹਿਰ ਤੇ ਅੱਖ ਨਹੀਂ ਟਿੱਕਦੀ । ਦਰਿਆ ਕਿਨਾਰੇ ਧਾਮ ਬਣਾ ਕੇ ਉੱਤੇ ਧਰਮ ਧੁਜਾਵਾਂ ਝੁਲਾ ਦਿੱਤੀਆਂ ਹਨ। ਬਾਗਾਂ ਦਾ ਨਗਰ ਹੈ, ਬਣ ਨਾਲ ਘਿਰਿਆ ਹੈ। ਖੂਹ ਤੇ ਸਰੋਵਰਾਂ ਦੀ ਇਤਨੀ ਭਰਮਾਰ ਹੈ ਕਿ ਸਾਗਰ ਦਾ ਝਾਉਲਾ ਪੈਂਦਾ ਹੈ। ਬਾਜ਼ਾਰ ਸੋਹਣੇ, ਦੁਕਾਨਾਂ ਉੱਚੀਆਂ ਤੇ ਉਨ੍ਹਾਂ ਵਿਚੋਂ ਹਰ ਸ਼ੈ ਮਿਲਦੀ ਹੈ। ਚਾਰ ਵਰਣ, ਚਾਰ ਆਸ਼ਰਮ ਹੀ ਅਨੰਦ ਪਾਉਂਦੇ ਹਨ। ਸਭ ਤੋਂ ਵੱਡੀ ਗੱਲ ਸੰਗਤ, ਸਿੱਖ ਤੇ ਮਸੰਦ ਤੱਕ ਜਿੱਥੇ ਦੁਖੀ ਨੂੰ ਦੇਖਦੇ ਹਨ, ਪੁੱਜ ਕੇ ਦੁੱਖ ਦੂਰ ਕਰਦੇ ਹਨ। ਉਸਾਰੀ ਦਾ ਕੰਮ ਹਰ ਵੇਲੇ ਹੁੰਦਾ ਰਹਿੰਦਾ ਹੈ। ਕਿਤਨੇ ਹੀ ਕਾਰੀਗਰ ਉਸਾਰੀ ਵਿਚ ਜੁਟੇ ਵੇਖੇ ਜਾ ਸਕਦੇ ਹਨ :
ਤਾ ਕੇ ਕਿਹਿ ਬਿਧਿ ਬਰਨਿਯੇ,
ਨਗਰ ਬਾਗ ਬਨ ਬਿੰਦ ।
ਕੂਪ ਤੜਾਗਨ ਕੇ ਲੇਖੇ,
ਜਲ ਨਿਧਿ ਲਾਗਤ ਮੰਦ ।
ਹਾਟ ਘਾਟ ਬਾਂਧੇ ਸਭੇ,
ਮਾਨਿਕ ਮੋਲ ਅਪਾਰ ।
ਤਾਂ ਮੈ ਜਟਿਲ ਭਲੋ ਕਿਯੇ,
ਮਣਿ ਗਣਿ ਹੀਰਾ ਲਾਲ ।
ਰਚਨਾ ਰਚੀ ਰਚੈ ਅਜੋਂ,
ਵਿਸੁ ਕਰਮਨ ਕੀ ਭੀਰ ।
ਧਾਮਨ ਧਰਮ ਧੁਜਾ ਬੰਧੀ,
ਸੁਤ ਰੁਦ੍ਰਾ ਕੇ ਤੀਰ।
ਚਾਰ ਬਰਣ ਚਾਰੋ ਜਗ,
ਆਸ੍ਰਮ ਕਰਤ ਅਨੰਦ ।
ਤਾ ਕੋ ਨਾਮ ਅਨੰਦਪੁਰ ਹੈ,
ਅਨੰਦ ਕੋ ਕੰਦ।
ਸੰਗਤ, ਸਿੰਘ, ਮਸੰਦ ਸਭ,
ਹੇਰ ਪਰੇ ਪਰ ਪੀਰ ।
ਤਹਾਂ ਬਸਤ ਗੁਰੂ ਗੋਬਿੰਦ ਸਿੰਘ,
ਧਰਮ ਧੁਰੰਧਰ ਧੀਰ ।
ਹੋਲੀ ਤੋਂ ਹੋਲਾ—ਬ੍ਰਾਹਮਣਾਂ ਨੇ ਜਿੱਥੇ ਵਰਣ ਭੇਦ ਪਾ ਕੇ ਮਨੁੱਖਾਂ ਵਿਚ ਵੰਡੀਆਂ ਪਾਈਆਂ, ਉਥੇ ਤਹਿਵਾਰਾਂ ਵਿਚ ਵੀ ਵਿਖੇਵੇਂ ਪਾਏ। ਹਰ ਵਰਣ ਲਈ ਤਹਿਵਾਰ ਵੀ ਅੱਡ- ਅੱਡ ਰੱਖਿਆ । ਵਿਸਾਖੀ ਬ੍ਰਾਹਮਣ ਨੇ ਆਪਣੇ ਲਈ, ਕੁਸ਼ੱਤਰੀਆਂ ਲਈ ਦੁਸਹਿਰਾ, ਵੈਸ਼ਾਂ ਲਈ ਦੀਵਾਲੀ ਅਤੇ ਵਿਚਾਰੇ ਸ਼ੂਦਰ ਲਈ ਹੋਲੀ ਨਿਯਤ ਕਰ ਦਿੱਤੀ। ਸ਼ੂਦਰ ਵਿਚਾਰਾ ਹੋਲੀ ਕਿਉਂ ਨਾ ਮਨਾਉਂਦਾ, ਕਿਉਂਕਿ ਉਸ ਲਈ ਹੋਲੀ ਖੁੱਲ੍ਹੀ ਰੁੱਤ ਆਉਣ ਦਾ ਪੈਗ਼ਾਮ ਸੀ। ਮਹਾਰਾਜ ਨੇ ਉਸ ਹੋਲੀ ਨੂੰ ਹੋਲਾ ਬਣਾ ਕੇ ਨਵੀਂ ਰੁੱਤ ਆਈ, ਦਾ ਪੈਗ਼ਾਮ ਲਿਤਾੜਿਆਂ ਨੂੰ ਦਿੱਤਾ। ਫਿਰ ਦੁਸਹਿਰੇ ਨੂੰ ਹਥਿਆਰ ਪ੍ਰਦਰਸ਼ਨੀ ਸਿਰਫ਼ ਖੱਤਰੀ ਹੀ ਕਰਦੇ ਸਨ ਤੇ ਇਹ ਵਿਚਾਰ ਲੋਕਾਂ ਵਿਚ ਘਰ ਕਰ ਗਿਆ ਸੀ ਕਿ ਹੋਰ ਕੋਈ ਖੱਤਰੀਆਂ ਤੋਂ ਬਗ਼ੈਰ ਹਥਿਆਰ ਪਹਿਣ ਜਾਂ ਚੁੱਕ ਨਹੀਂ ਸਕਦਾ। ਇਸ ਵਰਣ ਭੇਦ ਤੇ ਸੱਟ ਮਾਰਨ ਲਈ ਹੋਲੀ ਵਾਲੇ ਦਿਨ ਹਥਿਆਰਾਂ ਦਾ ਦਿਖਾਵਾ ਹੀ ਨਹੀਂ ਸਗੋਂ ਹਥਿਆਰ ਵਰਤਣ ਦਾ ਵੀ ਐਲਾਨ ਕੀਤਾ।
ਹੋਲੀ ਨਾਲ ਹਉਲਕਾ ਦਾ ਕਿੱਸਾ ਵੀ ਜੋੜਿਆ ਜਾਂਦਾ ਹੈ । ਪ੍ਰਹਿਲਾਦ ਨੂੰ ਪ੍ਰਮਾਤਮਾ ਨੇ ਆਪੂੰ ਹੱਥ ਦੇ ਕੇ ਬਚਾ ਲਿਆ ਸੀ ਅਤੇ ਉਸ ਨੂੰ ਅੱਗ ਵਿਚ ਸਾੜਨ ਵਾਲੀ ਉਸ ਦੀ ਭੂਆ ਹਉਲਕਾ ਸੜ ਮਰੀ ਸੀ । ਆਮ ਲਿਤਾੜਿਆਂ ਲਈ ਇਹ ਉਤਸ਼ਾਹ ਦਾ ਦਿਨ ਸੀ। ਜਾਗ੍ਰਿਤੀ ਦੇ ਜੀਵਨ ਦਾ ਪ੍ਰਤੀਕ ਸੀ । ਬ੍ਰਾਹਮਣਾਂ ਨੇ ਹਕੀਕਤ ਦੀ ਸੋਝੀ ਲਿਤਾੜਿਆਂ ਤੱਕ ਨਾ ਪੁੱਜਣ ਦੇਣ ਲਈ ਗੰਦ ਉਛਾਲਣ ਤੱਕ ਹੀ ਹੋਲੀ ਮਹਿਦੂਦ ਕਰਾ ਦਿੱਤੀ ਸੀ।
ਗੁਰੂ ਗੋਬਿੰਦ ਸਿੰਘ ਜੀ ਨੇ ਉਸ ਦਿਨ ਦੀ ਮਹੱਤਤਾ ਕਾਇਮ ਰੱਖਣ ਲਈ ਹੋਲਾ-ਮਹੱਲਾ ਚਾੜ੍ਹਨਾ ਸ਼ੁਰੂ ਕੀਤਾ। ਲੋਕਾਂ ਨੂੰ ਉਤਸ਼ਾਹ ਦੀ ਕਿਰਨ ਦਿਖਾਈ ਦਿੱਤੀ। ਲੋਕਾਂ ਨੂੰ ਯਕੀਨ ਦਿਵਾਇਆ ਕਿ ਅੱਜ ਵੀ ਪ੍ਰਮਾਤਮਾ ਉਸੇ ਤਰ੍ਹਾਂ ਰੱਖਿਆ ਕਰ ਸਕਦਾ ਹੈ, ਸਿਰਫ਼ ਉਸ ਨੂੰ ਪੁਕਾਰਨ ਦੀ ਲੋੜ ਹੈ। ਹਥਿਆਰਾਂ ਦੇ ਕਰਤੱਵ ਦਿਖਾਉਣ ਲਈ ਮਹਾਰਾਜ ਨੇ ਹੋਲਾ ਮਹੱਲਾ ਚਾੜ੍ਹਿਆ।
ਹੋਲਾ ਅਰਬੀ ਦਾ ਸ਼ਬਦ ਹੈ ਅਤੇ ਮਹੱਲਾ ਫ਼ਾਰਸੀ ਦਾ । ਹੋਲਾ ਦੇ ਅਰਥ ਹਨ ਹਮਲਾ ਤੇ ਮਹੱਲਾ ਦੇ ਜਾਇ ਹਮਲਾ। ਲੋਕਾਂ ਨੂੰ ਸਭ ਤੋਂ ਪਹਿਲਾਂ ਇਹ ਹੀ ਦਰਸਾਉਣ ਦੀ ਲੋੜ ਸੀ ਕਿ ਹਮਲਾ ਕਿਸ ਵੇਲੇ ਤੇ ਕਿਸ ਥਾਂ ਤੇ ਕਰਨਾ ਹੈ। ਜੇ ਇਸ ਦੀ ਸੂਝ ਹੋ ਜਾਏ ਤਾਂ ਅੱਧੀ ਜੰਗ ਜਿੱਤੀ ਗਈ । ਹੋਲਾ ਹੂਲ ਤੋਂ ਵੀ ਬਣਿਆ ਕਿਹਾ ਜਾਂਦਾ ਹੈ । ਹੂਲ ਦੇ ਅਰਥ ਨੋਕ ਹਨ। ਭਲੇ ਕੰਮ ਲਈ ਜੂਝਣਾ, ਸੂਲੀ ਉੱਪਰ ਖੇਲ੍ਹਣਾ ਹੀ ਹੈ, ਤਲਵਾਰ ਦੀ ਨੋਕ ਧਾਰ ਤੇ ਚੱਲਣਾ ਹੀ ਹੈ। ਸੰਤ ਜਾਂ ਸਿਪਾਹੀ ਦੋਵੇਂ ਹੀ ਤਲਵਾਰ ਦੀ ਧਾਰ ਤੇ ਚੱਲਦੇ ਹਨ। ਹੋਲਾ ਭੱਠੀ ਵਿਚ ਪੱਕ ਗਏ ਦਾਣਿਆਂ ਨੂੰ ਵੀ ਕਹਿੰਦੇ ਹਨ। ਹੋਲਾ, ਭੱਠੀ ਵਿਚ ਪਾ ਕੇ ਲੋਕਾਂ ਨੂੰ ਦ੍ਰਿੜ੍ਹ ਚਿੱਤ ਕਰ ਕੇ ਪਕਾਉਣਾ ਹੀ ਸੀ।
ਹੋਲੇ ਵਾਲੇ ਦਿਨ ਆਪ ਜੀ ਫ਼ੌਜਾਂ ਦੀਆਂ ਦੋ ਟੁਕੜੀਆਂ ਬਣਾ ਕੇ ‘ਸੱਚ ਮੁੱਚ’ ਦੀ ਜੰਗ ਕਰਾਉਂਦੇ ਤੇ ਤਲਵਾਰੀਆਂ ਤੇ ਜੰਗਬਾਜ਼ਾਂ ਦੇ ਕਰਤੱਵ ਫ਼ੌਜੀਆਂ ਨੂੰ ਦਿਖਾਉਂਦੇ । ਜੇਤੂ ਫ਼ੌਜ- ਟੁਕੜੀ ਦੇ ਪੁਰਸ਼ਾਂ ਨੂੰ ਸਿਰੋਪਾ ਦਿੰਦੇ। ਹੋਲਾ ਮਹੱਲਾ ਜਵਾਨੀਆਂ ਭੇਟ ਕਰਨ ਦਾ ਦਿਨ ਵੀ ਬਣ ਗਿਆ। ਲੋਕੀਂ ਦੂਰੋਂ-ਦੂਰੋਂ ਅਨੰਦਪੁਰ ਆ ਹੋਲਾ ਮਹੱਲਾ ਵਾਲੇ ਦਿਨ ਜਵਾਨੀਆਂ ਭੇਟ ਕਰਦੇ।
10
ਜੰਗਾਂ ਹੀ ਜੰਗਾਂ
ਔਰੰਗਜ਼ੇਬ ਵਲੋਂ ਪਹਾੜੀ ਰਾਜਿਆਂ ਤੇ ਕਰ-ਔਰੰਗਜ਼ੇਬ ਨੂੰ ਦੱਖਣ ਗਿਆਂ ਅੱਠ ਸਾਲ ਤੋਂ ਉੱਪਰ ਹੋ ਗਏ ਸਨ। ਇਸ ਦੌਰਾਨ ਉਸ ਬੀਜਾਪੁਰ (੧੨ ਸਤੰਬਰ, ੧੬੮੬) ਅਤੇ ਗੋਲਕੁੰਡਾ (੨੧ ਸਤੰਬਰ, ੧੬੮੭) ਜਿੱਤ ਲਏ ਸਨ । ਜਨਵਰੀ, ੧੬੮੯ ਨੂੰ ਔਰੰਗਜ਼ੇਬ ਨੇ ਸ਼ਿਵਾ ਜੀ ਦੇ ਪੁੱਤਰ ਸ਼ੰਭੂ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ । ਦੇਖਣ ਨੂੰ ਸਾਰਾ ਦੱਖਣ ਔਰੰਗਜ਼ੇਬ ਦੇ ਕਬਜ਼ੇ ਵਿਚ ਸੀ ਪਰ ਮਰਹੱਟੇ ਫਿਰ ਉੱਠ ਖਲੋਤੇ ਸਨ ਅਤੇ ਫ਼ੌਜੀ ਕੈਂਪਾਂ ਵਿਚ ਆ-ਆ ਕੇ ਅੰਨ-ਰਸਦ ਖੋਹ ਲੈ ਜਾਂਦੇ ਸਨ। ਅੰਨ ਦੀ ਅੱਗੇ ਹੀ ਦੱਖਣ ਵਿਚ ਤੋਟ ਸੀ। ਅੰਨ ਪੰਜਾਬ, ਬੰਗਾਲ, ਬਿਹਾਰ, ਅਵਧ (ਯੂ.ਪੀ.) ਤੋਂ ਹੀ ਆਉਂਦਾ ਸੀ। ਉਧਰ ਜਾਟਾਂ ਨੇ ਰਾਹ ਮੱਲੇ ਹੋਏ ਸਨ, ਇਧਰ ਮਰਹੱਟੇ ਅੰਨ ਖੋਹ ਰਹੇ ਸਨ। ਅੰਨ ਨਾ ਮਿਲਣ ਕਰਕੇ ਮੁਗ਼ਲ ਨਿਢਾਲ ਹੋ ਰਹੇ ਸਨ। ਉਸ ਸਮੇਂ ਤੋਂ ਲਾਭ ਉਠਾਉਂਦੇ ਹੋਏ ਸ਼ਹਿਜ਼ਾਦਾ ਮੁਅੱਜ਼ਮ ਨੇ ਸ਼ੀਆ ਰਿਆਸਤਾਂ ਨਾਲ ਸਾਜ਼ ਬਾਜ਼ ਅਰੰਭ ਕਰ ਦਿੱਤੀ ਤੇ ਇਹ ਨਜਿੱਠਿਆ ਗਿਆ ਕਿ ਔਰੰਗਜ਼ੇਬ ਨੂੰ ਗ੍ਰਿਫ਼ਤਾਰ ਕਰ ਲਿਆ ਜਾਏ ਤੇ ਤਖ਼ਤ ਮੁਅੱਜ਼ਮ (ਬਹਾਦਰ ਸ਼ਾਹ) ਸੰਭਾਲੇ, ਪਰ ਸਾਜ਼ਸ਼ ਦਾ ਤੁਰੰਤ ਪਤਾ ਲੱਗ ਜਾਣ ਨਾਲ ਔਰੰਗਜ਼ੇਬ ਨੇ ਮੁਅੱਜ਼ਮ ਨੂੰ ੨੧ ਫਰਵਰੀ, ੧੬੮੮ ਨੂੰ ਉਸ ਦੇ ਚਾਰਾਂ ਪੁੱਤਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਤੇ ਸ਼ਹਿਜ਼ਾਦਾ ਆਜ਼ਮ ਨੂੰ ਪੰਜਾਬ ਤੇ ਕਾਬਲ ਦਾ ਗਵਰਨਰ ਬਣਾ ਕੇ ਭੇਜ ਦਿੱਤਾ। ਜਾਟਾਂ ਨੂੰ ਜਰਨੈਲ ਇਬਰਾਹੀਮ ਨੇ ਦਬਾ ਦਿੱਤਾ ਤੇ ਆਵਾਜਾਈ ਖੁਲ੍ਹ ਗਈ। ਅੰਨ ਲਈ ਰਾਹ ਤਾਂ ਖੁਲ੍ਹ ਗਿਆ ਪਰ ਧਨ ਕਿੱਥੋਂ ਆਵੇ ? ਪੰਜਾਬ ਨੂੰ ਲਿਖਿਆ ਗਿਆ ਕਿ ਉਹ ਪਹਾੜੀ ਰਾਜਿਆਂ ਕੋਲੋਂ ਖ਼ਿਰਾਜ ਦਾ ਧਨ ਮਾਲ, ਜੋ ਕਈ ਸਾਲਾਂ ਤੋਂ ਖ਼ਜ਼ਾਨੇ ਦਾਖ਼ਲ ਨਹੀਂ ਸੀ ਹੋਇਆ, ਉਗਰਾਹ ਕੇ ਭੇਜਣ।
ਆਜ਼ਮ ਨੇ ਕਸ਼ਮੀਰ ਦੇ ਗਵਰਨਰ ਇਬਰਾਹੀਮ ਨੂੰ ਵੀ ਲਿਖਿਆ ਕਿ ਉਹ ਇਸ ਕਾਰਜ ਵਿਚ ਉਸ ਦੀ ਇਮਦਾਦ ਕਰੇ । ਪਹਾੜੀ ਰਾਜੇ ਬਿਪਤਾ ਵਿਚ ਫਸ ਗਏ। ਉਨ੍ਹਾਂ ਬਹੁਤੇਰਾ ਕਿਹਾ ਕਿ ਗੁਰੂ ਗੋਬਿੰਦ ਸਿੰਘ ਨਾਲ ਲੜਾਈ ਸਮੇਂ ਬਹੁਤ ਖ਼ਰਚਾ ਆ ਗਿਆ ਹੈ, ਇਸ ਲਈ ਖ਼ਿਰਾਜ਼ ਦੇਣਾ ਮੁਸ਼ਕਿਲ ਹੈ, ਪਰ ਦੋਹਾਂ ਸੂਬੇਦਾਰਾਂ ਨੇ ਇਕ ਨਾ ਸੁਣੀ। ਸਗਲੀ ਓਟ ਦੇਖ ਕੇ ਉਹ ਗੁਰੂ ਜੀ ਦੀ ਸ਼ਰਨ ਆਏ ਕਿ ਉਹਨਾਂ ਦੀ ਇਸ ਬਿਪਤਾ ਸਮੇਂ ਸਹਾਇਤਾ ਕੀਤੀ ਜਾਏ। ਮਹਾਰਾਜ ਨੇ ਇਹ ਵਿਚਾਰਿਆ ਕਿ ਉਨ੍ਹਾਂ ਦੀ ਮਦਦ ਨਾਲ ਜੇ ਪਹਾੜੀ ਰਾਜੇ ਔਰੰਗਜ਼ੇਬ ਦੇ ਚੁੰਗਲ ਵਿਚੋਂ ਨਿਕਲ ਆਉਣ ਤਾਂ ਇਹ ਇਕ ਚੰਗਾ ਅਰੰਭ ਹੋਵੇਗਾ।
ਨਦੌਣ ਦਾ ਯੁੱਧ—ਇਬ੍ਰਾਹੀਮ ਨੇ ਦਿਲਾਵਰ ਖ਼ਾਨ ਨੂੰ ਖ਼ਿਰਾਜ ਉਗਰਾਹੁਣ ਲਈ ਫ਼ੌਜਾਂ ਦੇ ਕੇ ਭੇਜਿਆ। ਉਸ ਨੇ ਸਭ ਤੋਂ ਪਹਿਲਾਂ ਕ੍ਰਿਪਾਲ ਚੰਦ ਕਟੋਚ ਨੂੰ ਕਰ ਤਾਰਨ ਲਈ ਕਿਹਾ। ਰਾਜਾ ਕਟੋਚ ਨੇ ਉੱਤਰ ਦਿੱਤਾ ਕਿ ਉਸ ਨੂੰ ਕਰ ਭਰਨ ਵਿਚ ਕੋਈ ਸੰਕੋਚ ਨਹੀਂ, ਪਹਿਲਾਂ ਉਨ੍ਹਾਂ ਦੇ ਆਗੂ ਭੀਮ ਚੰਦ ਕੋਲੋਂ ਲਿਆ ਜਾਵੇ। ਸੋ ਕ੍ਰਿਪਾਲ ਚੰਦ ਨੂੰ ਨਾਲ ਲੈ ਕੇ ਦਿਲਾਵਰ ਖ਼ਾਨ ਬਿਆਸ ਦੇ ਕਿਨਾਰੇ ਨਦੌਣ ਪੁੱਜ ਗਿਆ। ਆਪਣੇ ਬਚਾਉ ਲਈ ਉਨ੍ਹਾਂ ਕਾਠਗੜ੍ਹ ਬਣਾ ਲਿਆ ਸੀ। ਭੀਮ ਚੰਦ ਨੇ ਸਾਫ਼ ਇਨਕਾਰ ਕਰ ਦਿੱਤਾ ਤੇ ਗੁਰੂ ਜੀ ਨੂੰ ਸਹਾਇਤਾ ਦੇਣ ਲਈ ਬੇਨਤੀ ਕੀਤੀ। ਕਟੋਚੀਏ ਤੇ ਬਿਝੜੀਏ ਰਾਜਾਂ ਦਾ ਅਲਫ਼ਖ਼ਾਨ ਵਲੋਂ ਲੜਨਾ ਗੁਰੂ ਜੀ ਨੂੰ ਨਾਂਹ ਭਾਇਆ। ਉਨ੍ਹਾਂ ਬਾਕੀ ਦੇ ਰਾਜਿਆਂ ਨੂੰ ਕਿਹਾ: “ਏਕਾ ਤੋੜਿਆ ਨੇ, ਚੰਗਾ ਨਹੀਂ ਕੀਤਾ। ਜ਼ੁਲਮੀਆਂ ਨਾਲ ਜਾ ਰਲੇ ਹਨ। ਭਰਾਵਾਂ ਨੂੰ ਮਾਰਨ ਲਈ ਕੁਹਾੜੀ ਦਾ ਦਸਤਾ ਬਣੇ ਹਨ। ਸੋ ਹੁਣ ਉਪਦੇਸ਼ ਨਾਲ ਨਹੀਂ, ਦੰਡ ਨਾਲ ਹੀ ਸਿੱਧੇ ਹੋਣਗੇ, ਲੋੜ ਇਸ ਬਾਤ ਦੀ ਹੈ ਕਿ ਆਪਣਾ ਨਫ਼ਾ ਵਾਰ, ਏਕਾ ਕਰਨ ਦਾ ਵਲ ਆਵੇ।” ਮਹਾਰਾਜ ਨੂੰ ਨਿਰਾਲਾ ਹੀ ਉਤਸ਼ਾਹ ਚੜ੍ਹਿਆ ਹੋਇਆ ਸੀ। ਚਿਹਰਾ ਇਸ ਤਰ੍ਹਾਂ ਚਮਕ ਰਿਹਾ ਸੀ ਜਿਵੇਂ ਸਵੇਰ ਦੇ ਸੂਰਜ ਦੀ ਲਾਲੀ ਦਾ ਹੁੰਦਾ ਹੈ।
‘ਸ਼੍ਰੀ ਮੁਖ ਪੈ ਉਤਸ਼ਾਹਿ ਸੁਹਾਵਤਿ
ਜਯੋ ਅਰਣੋਦਯ ਕੋ ਰੰਗ ਲਾਲਾ।’
ਇਸੇ ਜੰਗ ਵਿਚ ਆਪ ਜੀ ਨੇ ਖੱਬੇ ਹੱਥ ਨਾਲ ਵੀ ਤੀਰ ਚਲਾਏ ਸਨ। ਗੁਰੂ ਮਹਾਰਾਜ ਵੀ ਫ਼ੌਜਾਂ ਲੈ ਕੇ ਪਿੰਡ ਬਲੂਰੀ, ਨਦੌਣ ਲਾਗੇ ਪੁੱਜ ਗਏ। ਪਹਾੜੀ ਰਾਜੇ ਵੀ ਫ਼ੌਜਾਂ ਲੈ ਕੇ ਆ ਪੁੱਜੇ । ਦਿਲਾਵਰ ਨੇ ਅਲਫ਼ ਖ਼ਾਨ ਨੂੰ ਔਰੰਗਜ਼ੇਬ ਦਾ ਹੁਕਮ ਸੁਣਾ ਭੇਜਿਆ ਤੇ ਉਸ ਨੇ ਜਦ ਗੁਰੂ ਗੋਬਿੰਦ ਸਿੰਘ ਜੀ ਤੇ ਪਹਾੜੀ ਰਾਜਿਆਂ ਦਾ ਇਕੱਠ ਦੇਖਿਆ ਤਾਂ ਉਹ ਘਬਰਾ ਗਿਆ। ਕ੍ਰਿਪਾਲ ਚੰਦ ਤਾਂ ਪਹਿਲਾਂ ਹੀ ਘਬਰਾਇਆ ਹੋਇਆ ਸੀ। ਜੰਗ ਅਰੰਭ ਹੋ ਗਈ ਤੇ ਪਹਿਲੇ ਹੱਲੇ ਵਿਚ ਹੀ ਕ੍ਰਿਪਾਲ ਚੰਦ ਕਟੋਚ ਜ਼ਖ਼ਮੀ ਹੋ ਗਿਆ। ਉਸ ਨੇ ਅਲਫ਼ ਖ਼ਾਨ ਨੂੰ ਗੁਰੂ ਜੀ ਦੀ ਅਜ਼ਮਤ ਤੇ ਸ਼ਕਤੀ ਦਰਸਾਈ। ਅਲਫ਼ ਖ਼ਾਨ ਡਰ ਗਿਆ ਤੇ ਦੋਨੋਂ ਹੀ ਰਾਤ ਦੇ ਹਨ੍ਹੇਰੇ ਵਿਚ ਨਦੌਣ ਛੱਡ ਕੇ ਭੱਜ ਗਏ। ਮੈਦਾਨ ਗੁਰੂ ਜੀ ਦੀਆਂ ਫ਼ੌਜਾਂ ਹੱਥ ਆਇਆ :
ਗੁਰੂ ਜੀ ਦੇ ਆਪਣੇ ਸ਼ਬਦਾਂ ਵਿਚ :
‘ਭਜਯੋ ਅਲਫ਼ ਖਾਨੰ ਨ ਖਾਨਾ ਸੰਭਾਰਿਯੋ ।
ਭਜੇ ਔਰ ਬੀਰੰ ਨ ਧੀਰਨੰ ਬਿਰਾਰਿਯੋ ।
ਨਦੀ ਪੈ ਦਿਨ ਅਸ਼ੱਟ ਕੀਨੇ ਮੁਕਾਮੰ ।
ਭਲੀ ਭਾਤ ਦੇਖੇ ਸਭੇ ਰਾਜ ਧਾਮੰ ।’
ਪਹਾੜੀ ਰਾਜਿਆਂ ਨੇ ਜਿੱਤ ਮਨਾਈ ਅਤੇ ਅੱਠ ਦਿਨ ਗੁਰੂ ਜੀ ਉਥੇ ਹੀ ਟਿਕੇ ਅਤੇ ਰਾਜਿਆਂ ਨੇ ਸਤਿਕਾਰ ਸਹਿਤ ਅਨੰਦਪੁਰ ਜਾਣ ਦੀ ਵਿਦਾਇਗੀ ਦਿੱਤੀ। ਆਪ ਜੀ ਆਲਸੂਣ, ਜਿੰਦਵੜੀ ਤੇ ਭੁਲਾਣ ਤੋਂ ਹੁੰਦੇ ਹੋਏ ਅਨੰਦਪੁਰ ਪੁੱਜੇ । ਆਲਸੂਣ ਦੇ ਵਸਨੀਕਾਂ ਨੂੰ ਸਜ਼ਾ ਦਿੱਤੀ ਕਿਉਂਕਿ ਉਹ ਬੇ-ਅਦਬੀ ਦੇ ਸ਼ਬਦ ਬੋਲਦੇ ਸਨ।
ਇਹ ਜੰਗ ਨਵੰਬਰ, ੧੬੮੮ ਈ: ਨੂੰ ਹੋਇਆ ਸੀ।
ਨਦੌਣ ਉਪਰੰਤ-ਨਦੌਣ ਦੀ ਜੰਗ ਉਪਰੰਤ, ਗੁਰੂ ਜੀ ਦੇ ਆਪਣੇ ਹੀ ਸ਼ਬਦਾਂ ਵਿਚ, ਕਈ ਸਾਲ ਕੋਈ ਝੜਪ ਕਿਸੇ ਨਾਲ ਨਾ ਹੋਈ । ਲਾਹੌਰ ਦੇ ਗਵਰਨਰ ਉਤੋੜੱਤੀ ਬਦਲਦੇ ਰਹੇ । ਹਰ ਇਕ ਨੂੰ ਆਪਣੀ ਪਈ ਰਹਿੰਦੀ ਸੀ, ਉਨ੍ਹਾਂ ਕਰ ਉਗਰਾਉਣ ਵੱਲ ਧਿਆਨ ਕੀ ਦੇਣਾ ਸੀ ? ਇਸ ਦੌਰਾਨ ਗੁਰੂ ਮਹਾਰਾਜ ਨੇ ਸਾਰੇ ਕਿਲ੍ਹੇ ਪੱਕੇ ਕਰ ਲਏ ਅਤੇ ਅਨੰਦਪੁਰ ਇਕ ਮਜ਼ਬੂਤ ਰੌਣੀ ਬਣ ਗਿਆ।
ਰਵਾਲਸਰ ਵੱਲ ਫੇਰੀ-ਵੈਸਾਖੀ ਦੇ ਸਮੇਂ ਸਾਰੇ ਰਾਜੇ ਰਵਾਲਸਰ ਇਕੱਠ ਕਰਦੇ ਸਨ।
ਮਹਾਰਾਜ ਨੇ ਮੌਕਾ ਚੰਗਾ ਜਾਣ ਰਵਾਲਸਰ ਹੀ ਵੈਸਾਖੀ ਮਨਾਉਣ ਦਾ ਫ਼ੈਸਲਾ ਕੀਤਾ। ੨੯ ਮਾਰਚ, ੧੬੯੧ ਨੂੰ ਆਪ ਜੀ ਉਥੇ ਪੁੱਜੇ । ਉਥੇ ਹੀ ਰਾਣੀ ਪਦਮਾ ਜੋ ਚੰਬੇ ਦੀ ਰਾਣੀ ਸੀ, ਦਰਸ਼ਨਾਂ ਨੂੰ ਆਈ। ਗੁਰੂ ਮਹਾਰਾਜ ਨੇ ਤੀਰ ਨਾਲ ਅਸ਼ੀਰਵਾਦ ਦਿੱਤੀ। ਮਹਾਰਾਜ ਦਾ ਸੁਭਾਅ ਸੀ, ਹਰ ਦਰਬਾਰ ਵਿਚ ਆਈ ਔਰਤ ਨੂੰ ਤੀਰ ਨਾਲ ਹੀ ਅਸ਼ੀਰਵਾਦ ਦਿੰਦੇ ਸਨ। ਜੇ ਬਹੁਤ ਪ੍ਰਸੰਨ ਹੋਣ ਤਾਂ ਤੀਰ ਹੀ ਉਸ ਨੂੰ ਦੇ ਦੇਂਦੇ ਸਨ । ਆਪਣੇ ਆਪ ਨੂੰ ਰਾਣੀ ਜਾਣ ਉਸ ਕਿਹਾ: ‘ਮਹਾਰਾਜ ! ਮੈਂ ਤਾਂ ਤੁਹਾਡੀ ਖ਼ਾਸ ਸੇਵਕਾ ਹਾਂ, ਮੈਨੂੰ ਆਪਣੇ ਹੱਥਾਂ ਨਾਲ ਅਸ਼ੀਰਵਾਦ ਦਿਓ।” ਮਹਾਰਾਜ ਨੇ ਫ਼ਰਮਾਇਆ: ‘ਪਦਮਾ ! ਅੱਜ ਤੱਕ ਇਨ੍ਹਾਂ ਹੱਥਾਂ ਨਾਲ ਆਪਣੀ ਧਰਮ ਪਤਨੀ ਨੂੰ ਹੀ ਛੋਹਿਆ ਹੈ, ਹੋਰ ਕਿਸੇ ਨੂੰ ਨਹੀਂ। ਉਸ ਗੁਰੂ ਦੀ ਸ਼ਖ਼ਸੀਅਤ ਅੱਗੇ ਸਿਰ ਝੁਕਾਇਆ ਅਤੇ ਰਾਜੇ ਸਮੇਤ ਸੇਵਕਾ ਬਣੀ।
ਗੁਰੂ ਜੀ ਨੇ ਉਥੇ ਹੀ ਰਾਜਿਆਂ ਨੂੰ ਜਨਤਾ ਨਾਲ ਲੈ ਕੇ ਧਰਮ ਯੁੱਧ ਕਰਨ ਦਾ ਸੁਝਾਅ ਦਿੱਤਾ । ਰਾਜਿਆਂ ਔਰੰਗਜ਼ੇਬ ਦੀ ਤਾਕਤ ਦਾ ਬਹੁਤ ਹੋਣਾ ਦੱਸ, ਝਿਜਕ ਦੱਸੀ। ਫਿਰ ਵੀ ਭੁਜੰਗ ਸਰਦਾਰ ਅਤੇ ਜਖਰਾਜ ਨੇ ਆਪਣੀਆਂ ਸੇਵਾਵਾਂ ਗੁਰੂ ਅੱਗੇ ਭੇਟ ਕੀਤੀਆਂ।
ਭੀਮ ਚੰਦ ਦੀ ਮ੍ਰਿਤੂ-ਰਵਾਲਸਰ ਤੋਂ ਮੁੜਦੇ ਗੁਰੂ ਜੀ ਪਹਾੜੀ ਇਲਾਕਿਆਂ ਵਿਚੋਂ ਹੁੰਦੇ ਵਾਪਸ ਅਨੰਦਪੁਰ ਪੁੱਜੇ। ਭੀਮ ਚੰਦ ਨਦੌਣ ਦੀ ਜੰਗ ਉਪਰੰਤ ਗੁਰੂ ਜੀ ਨਾਲ ਵੈਰ ਵਿਰੋਧ ਦੀ ਭਾਵਨਾ ਉੱਕਾ ਹੀ ਮੁਕਾ ਚੁੱਕਾ ਸੀ । ਉਹ ਗੁਰੂ ਜੀ ਦੀ ਤਨਜ਼ੀਮੀ ਸ਼ਕਤੀ ਤੇ ਰੂਹਾਨੀ ਚਮਤਕਾਰ ਅੱਖੀਂ ਦੇਖ ਚੁੱਕਾ ਸੀ। ਉਸ ਦੇ ਪਿੱਛੇ ਹੱਟ ਜਾਣ ਨਾਲ ਕਿਸੇ ਰਾਜੇ ਵਿਚ ਇਤਨੀ ਸ਼ਕਤੀ ਨਹੀਂ ਸੀ ਕਿ ਉਹ ਗੁਰੂ ਜੀ ਨਾਲ ਸਿੱਧੀ ਟੱਕਰ ਲੈ ਸਕੇ । ਸਤੰਬਰ, ੧੬੯੨ ਨੂੰ ਭੀਮ ਚੰਦ ਦੀ ਮ੍ਰਿਤੂ ਹੋ ਗਈ ਅਤੇ ਉਸ ਦਾ ਪੁੱਤਰ ਅਜਮੇਰ ਚੰਦ ਰਾਜਗੱਦੀ ਤੇ ਬੈਠਿਆ।
ਅਜਮੇਰ ਚੰਦ ਨੇ ਨਵਾਂ ਰਾਜ ਹੱਥ ਆਉਣ ਅਤੇ ਜਵਾਨੀ ਦੇ ਮਦ ਵਿਚ ਗੁਰੂ ਜੀ ਨਾਲ ਟੱਕਰ ਲੈਣ ਦਾ ਮਨ ਬਣਾ ਲਿਆ। ਪਹਾੜੀ ਰਾਜਿਆਂ ਨੂੰ ਉਸ ਇਕੱਠਾ ਕਰਨਾ ਅਰੰਭ ਕੀਤਾ ਤੇ ਔਰੰਗਜ਼ੇਬ ਦਾ ਡਰ ਦੇ ਕੇ ਕਰ ਦੇਣਾ ਵੀ ਰਾਜਿਆਂ ਕੋਲੋਂ ਮੰਨਵਾ ਲਿਆ। ਉਸ ਨੀਤੀ ਇਹ ਅਪਣਾਈ ਕਿ ਇਕੱਲਿਆਂ ਲੜਨ ਦੀ ਥਾਂ ਮੁਗ਼ਲ ਫ਼ੌਜਾਂ ਨੂੰ ਨਾਲ ਲਿਆ ਜਾਏ । ਸਾਂਝਾ ਹਮਲਾ ਅਨੰਦਪੁਰ ਤੇ ਕੀਤਾ ਜਾਏ । ਇਸ ਤਰ੍ਹਾਂ ਉਸ ਨੇ ਸਰਹੰਦ ਦੇ ਫ਼ੌਜਦਾਰ ਵਜ਼ੀਰ ਖ਼ਾਨ, ਕਾਂਗੜੇ ਦੇ ਫ਼ੌਜਦਾਰ ਹੁਸੈਨ ਖ਼ਾਨ, ਲਾਹੌਰ ਦੇ ਦਿਲਾਵਰ ਖ਼ਾਨ ਅਤੇ ਜੰਮੂ ਦੇ ਇਬ੍ਰਾਹੀਮ ਨੂੰ ਤਿਆਰ ਕਰ ਲਿਆ। ਉਨ੍ਹਾਂ ਚਾਰਾਂ ਨੇ ਔਰੰਗਜ਼ੇਬ ਨੂੰ ਗੁਰੂ ਗੋਬਿੰਦ ਸਿੰਘ ਬਾਰੇ ਵਧਾ ਚੜ੍ਹਾ ਕੇ ਲਿਖਿਆ ਤੇ ਦੱਸਿਆ ਕਿ ਅਜਮੇਰ ਚੰਦ ਦੀ ਅਗਵਾਈ ਹੇਠਾਂ ਪਹਾੜੀ ਰਾਜਿਆਂ ਈਨ ਮੰਨ ਲਈ ਹੈ, ਕਰ ਦੇ ਦਿੱਤਾ ਹੈ ਅਤੇ ਗੁਰੂ ਤੇ ਹਮਲਾ ਕਰਨ ਲਈ ਤਿਆਰ ਹਨ। ਉਹਨਾਂ ਇਹ ਵੀ ਲਿਖਿਆ ਕਿ ਗੁਰੂ ਹੀ ਪਹਾੜੀਆਂ ਨੂੰ ਕਰ ਦੇਣ ਤੋਂ ਵਰਜਦਾ ਸੀ। ਉਸ ਨੇ ਜਮੀਅਤ ਇਕੱਠੀ ਕਰ ਲਈ ਹੈ ਤੇ ਰੋਕ ਪਾਉਣੀ ਜ਼ਰੂਰੀ ਹੈ।
ਔਰੰਗਜ਼ੇਬ ਦੇ ਫੁਰਮਾਨ ਤੇ ਇਬ੍ਰਾਹੀਮ ਨੂੰ ਗਵਰਨਰ ਥਾਪਣਾ—ਦੱਖਣ ਵਿਚ ਰੁੱਝਿਆ ਹੋਣ ਕਾਰਨ ਔਰੰਗਜ਼ੇਬ ਨੂੰ ਰੁਪਏ ਦੀ ਸਖ਼ਤ ਲੋੜ ਸੀ । ਜਦ ਉਸ ਨੂੰ ਇਹ ਸੂਹ ਮਿਲੀ ਕਿ ਕਰ ਉਗਰਾਹਣ ਵਿਚ ਵੱਡੀ ਰੁਕਾਵਟ ਗੁਰੂ ਗੋਬਿੰਦ (ਸਿੰਘ) ਹੀ ਹੈ ਤਾਂ ਉਸ ਨੇ ਕਿਲਕਿਲਾ ਦੇ ਅਸਥਾਨ ਤੋਂ ੨੦ ਨਵੰਬਰ, ੧੬੯੩ ਨੂੰ ਇਸ ਭਾਵ ਦਾ ਫ਼ੁਰਮਾਨ ਜਾਰੀ ਕੀਤਾ ਕਿ ‘ਜੇ (ਗੁਰੂ) ਗੋਬਿੰਦ (ਸਿੰਘ) ਸਾਧੂ ਬਣ ਕੇ ਆਪਣੇ ਵੱਡੇ ਵਡੇਰਿਆਂ ਵਾਂਗ ਰਹੇ। ਸਿੱਖਾਂ ਪਾਸੋਂ ਸੱਚਾ ਪਾਤਸ਼ਾਹ ਨਾ ਅਖਵਾਏ, ਜਮੀਅਤ (ਫ਼ੌਜਾਂ) ਕਰਨ ਤੋਂ ਬਾਜ਼ ਆਏ, ਝਰੋਖੇ ਬਹਿ ਕੇ ਦਰਸ਼ਨ ਦੇਣ, ਸਿਜਦੇ ਕਰਾਉਣ ਆਦਿ ਬਾਦਸ਼ਾਹੀ ਤੌਰ ਤਰੀਕੇ ਛੱਡ ਦੇਵੇ, ਤਾਂ ਭਲਾ, ਨਹੀਂ ਤਾਂ ਉਸ ਦਾ ਘਰ ਘਾਟ ਬਰਬਾਦ ਕਰਕੇ ਉਸ ਨੂੰ ਵਤਨੋਂ ਕੱਢ ਦੇਣ ਦਾ ਉਪਰਾਲਾ ਕੀਤਾ ਜਾਵੇ। ਦਰਬਾਰ-ਇ-ਮੁਅੱਲਾ-ਅਖ਼ਬਾਰਾਤ ਵਿਚ ਵੀ ਇਸੇ ਤਾਰੀਖ਼ ਹੇਠਾਂ ਲਿਖਿਆ ਹੈ ਕਿ (ਗੁਰੂ) ਗੋਬਿੰਦ ਸਿੰਘ ਜੋ ਆਪਣੇ ਆਪ ਨੂੰ ਨਾਨਕ ਕਹਿੰਦਾ ਹੈ ਅਤੇ ਫ਼ੌਜਾਂ ਇਕੱਠੀਆਂ ਕਰ ਰਿਹਾ ਹੈ, ਫ਼ੌਜਦਾਰ ਨੇ ਉਸ ਨੂੰ ਐਸਾ ਕਰਨ ਤੋਂ ਰੋਕਿਆ ਹੈ।’ ਇਸ ਹੁਕਮ ਨੂੰ ਅਮਲੀ ਜਾਮਾ ਪਹਿਨਾਉਣ ਲਈ ਔਰੰਗਜ਼ੇਬ ਨੇ ਲਾਹੌਰ ਦੇ ਨਵਾਬ ਖ਼ਾਨ ਜਹਾਨ ਬਹਾਦਰ ਨੂੰ ਹਟਾ ਕੇ ਇਬ੍ਰਾਹੀਮ ਖ਼ਾਨ ਨੂੰ ਮਹਾਬਤ ਖ਼ਾਨ ਦਾ ਖ਼ਿਤਾਬ ਦੇ ਕੇ ਪੰਜਾਬ ਦਾ ਗਵਰਨਰ ਥਾਪ ਦਿੱਤਾ। ਇਬ੍ਰਾਹੀਮ ਜਿੱਥੇ ਜਾਬਰ ਕਰ ਕੇ ਪ੍ਰਸਿੱਧ ਸੀ, ਉਥੇ ਚੰਗਾ ਪ੍ਰਬੰਧਕ ਵੀ ਸੀ। ਉਸ ਨੇ ਅਨੰਦਪੁਰ ਤੇ ਅਚਾਨਕ ਹਮਲਾ ਕਰਨ ਦਾ ਮਨਸੂਬਾ ਬਣਾਇਆ।
ਗੁਰੂ ਜੀ ਦਾ ਉੱਤਰ ਤੇ ਹੁਕਮਨਾਮਾ—ਗੁਰੂ ਜੀ ਨੇ ਔਰੰਗਜ਼ੇਬ ਦੀ ਚਿੱਠੀ ਦਾ ਉੱਤਰ ਦਿੱਤਾ ਕਿ ਉਹ ‘ਨਾਨਕ ਹੀ ਹਨ ਤੇ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ ਤੇ ਲਿਖ ਰਹੇ ਹਨ ਅਤੇ ਦੱਸੇ ਹੋਏ ਮਾਰਗ ਤੇ ਟੁਰ ਰਹੇ ਹਨ।’ਗੁਰੂ ਜੀ ਇਹ ਵੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਇਨ੍ਹਾਂ ਉੱਤਰਾਂ ਨਾਲ ਉਸ ਦੀ ਕੋਈ ਤਸੱਲੀ ਨਹੀਂ ਹੋਣੀ, ਸਮਾਂ ਲੱਕ ਬੰਨ੍ਹ ਤਿਆਰੀਆਂ ਦਾ ਹੈ। ਅਵੇਸਲੇ ਉਹ ਕਦੇ ਵੀ ਨਹੀਂ ਸਨ। ਸਾਂਝੇ ਹਮਲੇ ਨੂੰ ਪਛਾੜਨ ਲਈ ਖ਼ਾਸ ਪ੍ਰਬੰਧ ਤੇ ਨੀਤੀ ਦੀ ਲੋੜ ਸੀ। ਆਪ ਜੀ ਨੇ ਚੌਕੀਆਂ ਨਿਯਤ ਕਰ ਦਿੱਤੀਆਂ ਅਤੇ ਦੂਰ ਦੁਰਾਡਿਆਂ ਸੋਆਂ ਲੈਣ ਲਈ ਸੂਹਿਏ ਛੱਡ ਦਿੱਤੇ। ਸੂਹ ਦਾ ਸਮੇਂ ਸਿਰ ਪੁੱਜਦੇ ਰਹਿਣਾ ਜੰਗ ਦੀ ਪਹਿਲੀ ਕਾਮਯਾਬੀ ਹੈ। ਨਾਲ ਹੀ ਆਪ ਜੀ ਨੇ ਹਰ ਥਾਂ ਹੁਕਮਨਾਮੇ ਭੇਜ ਦਿੱਤੇ ਕਿ ਹਰ ਥਾਂ ਬੈਠਾ ਸਿੱਖ ਤਿਆਰ-ਬਰ-ਤਿਆਰ ਰਹੇ ਤੇ ਸੱਦਾ ਮਿਲਣ ਤੇ ਅਨੰਦਪੁਰ ਵੱਲ ਚੱਲ ਪਏ। ਖ਼ਾਸ ਕਰ ਇਹ ਲਿਖਿਆ, ‘ਕੋਈ ਸਿੱਖ ਕਿਸੇ ਵੀ ਹਾਲਤ ਵਿਚ ਹਜਾਮਤ ਨ ਕਰਾਵੇ। ਸਾਰੇ ਹੀ ਸਾਬਤ ਸੂਰਤਿ ਰਹਿਣ ਅਤੇ ਸੰਤਾਨ ਦੇ ਕੇਸ ਜਮਾਂਦਰੂ ਕਾਇਮ ਰੱਖਣ, ਸਾਰੇ ਸਿੱਖ ਸ਼ਸਤਰਧਾਰੀ ਬਣਨ। ਅਗਲੀ ਵੈਸਾਖੀ (੧੬੯੪) ਜਦ ਅਨੰਦਪੁਰ ਆਉਣ ਤਾਂ ਸਕੇਸ਼ ਤੇ ਸ਼ਸਤਰ ਪਹਿਣੇ ਹੋਣ।’
ਇਸ ਤਰ੍ਹਾਂ ਔਰੰਗਜ਼ੇਬ ਵਾਲੇ ਫ਼ੁਰਮਾਨ ਵਿਚ ਦੂਜੇ ਹੁਕਮ ‘ਜਮੀਅਤ ਇਕੱਠੀ ਨਾ ਕਰੇ’ ਦਾ ਢੁਕਵਾਂ ਉੱਤਰ ਦਿੱਤਾ । ਔਰੰਗਜ਼ੇਬ ਦਾ ਮਕਸਦ ਸੀ ਕਿ ਸਿੱਖ ਇਕ ਥਾਵੇਂ ਇਕੱਠੇ ਨਾ ਹੋਣ ਪਰ ਹੁਣ ਸਗੋਂ ਦੂਰ-ਦੂਰ ਦੇਸ਼ਾਂ ਤੋਂ ਸਿੱਖ ਸਕੇਸ਼ ਅਨੰਦਪੁਰ ਵੱਲ ਚੱਲ ਪਏ। ਰਸਦਾਂ, ਰਕਮਾਂ ਵੀ ਬਹੁਤ ਆਉਣ ਲੱਗ ਪਈਆਂ।
ਔਰੰਗਜ਼ੇਬ ਦਾ ਹੋਰ ਫ਼ੁਰਮਾਨ-ਜਦ ਔਰੰਗਜ਼ੇਬ ਨੂੰ ਪਹਿਲੇ ਫ਼ੁਰਮਾਨ ਦਾ ਉੱਤਰ ਤੇ ਫਿਰ ਖੁਫ਼ੀਆ ਪਾਸੋਂ ਅਨੰਦਪੁਰ ਘੋੜੇ ਤੇ ਸ਼ਸਤਰਧਾਰੀ ਸਿੱਖਾਂ ਦੇ ਇਕੱਠਾ ਹੋਣ ਦੀ ਖ਼ਬਰ ਮਿਲੀ ਤਾਂ ਉਸ ਨੇ ੧੩ ਫ਼ਰਵਰੀ, ਮੰਗਲਵਾਰ, ੧੬੮੪ ਨੂੰ ਇਕ ਹੋਰ ਫ਼ੁਰਮਾਨ ਕਿਲਕਿਲਾ ਤੋਂ ਹੀ ਜਾਰੀ ਕੀਤਾ। ਉਸ ਵਿਚ ਕਿਹਾ ਗਿਆ ਕਿ ‘ਰਾਜਪੂਤਾਂ ਤੋਂ ਬਿਨਾਂ ਹੋਰ ਕਿਸੇ ਕੌਮ ਦਾ ਹਿੰਦੂ ਹਥਿਆਰ ਨਾ ਬੰਨ੍ਹੇ, ਹਾਥੀ, ਪਾਲਕੀ, ਅਰਬੀ ਤੇ ਇਰਾਕੀ ਘੋੜੇ ਤੇ ਸਵਾਰ ਨਾ ਹੋਵੇ।”
ਅਨੋਖਾ ਜਵਾਬ-ਗੁਰੂ ਜੀ ਨੇ ਇਸ ਫ਼ੁਰਮਾਨ ਦਾ ਜੁਆਬ ਵੀ ਅਨੋਖੇ ਢੰਗ ਨਾਲ ਦਿੱਤਾ। ਆਪ ਇਕੱਠੇ ਸਿੰਘਾਂ ਵਿਚੋਂ ਚੋਣਵੇਂ ਸੂਰਬੀਰਾਂ ਤੇ ਤੀਰ ਅੰਦਾਜ਼ਾ ਦਾ ਜੱਥਾ ਬਣਾ ਕੇ ਅਤੇ ਨਾਲ ਨਗਾਰੇ, ਨਿਸ਼ਾਨ, ਅਰਬੀ ਘੋੜੇ ਤੇ ਹਾਥੀ ਲੈ ਕੇ ਪ੍ਰਚਾਰਕਾਂ ਤੇ ਢਾਡੀਆਂ ਸਮੇਤ ਪ੍ਰਚਾਰ ਹਿੱਤ ਅਨੰਦਪੁਰ ਤੋਂ ਨਿਕਲ ਪਏ। ੨੮ ਫ਼ਰਵਰੀ, ੧੬੯੪ ਨੂੰ ਕੀਰਤਪੁਰ, ਰੋਪੜ ਤੋਂ ਹੁੰਦੇ ਹੋਏ ਹਰਿਦੁਆਰ ਪੁੱਜੇ । ਵੈਸਾਖੀ ਦਾ ਮੇਲਾ ਹਰਿਦੁਆਰ ਹੀ ਕੀਤਾ ਅਤੇ ਲੋਕਾਂ ਨੂੰ ਔਰੰਗਜ਼ੇਬ ਦੇ ਹੁਕਮਾਂ ਦਾ ਅਮਲੀ ਟਾਕਰਾ ਕਰਨ ਲਈ ਪ੍ਰੇਰਿਆ। ਔਰੰਗਜ਼ੇਬ ਵਾਰ ਵਾਰ ਸਖ਼ਤੀ ਕਰਨ ਲਈ ਲਿਖਦਾ ਸੀ ਪਰ ਸਿਆਣਾ ਮਹਾਬਤ ਖ਼ਾਨ (ਇਬ੍ਰਾਹੀਮ) ਕੱਚਾ ਹੱਥ ਨਹੀਂ ਸੀ ਪਾਉਣਾ ਚਾਹੁੰਦਾ। ਉਹ ਵੀ ਕੁਝ ਚੋਣਵੇਂ ਸਿਪਾਹੀਆਂ ਨੂੰ ਪਹਾੜੀਆਂ ਵਿਚ ਗੁਰੀਲਾ ਜੰਗ ਦੀਆਂ ਸਿੱਖਿਆਵਾਂ ਦੇ ਰਿਹਾ ਸੀ । ਉਸ ਨੇ ਦਿਲਾਵਰ ਖ਼ਾਨ ਅਤੇ ਉਸ ਦੇ ਪੁੱਤਰ ਦੀ ਉਚੇਚੀ ਨਿਯੁਕਤੀ ਇਸ ਕਾਰਜ ਲਈ ਕੀਤੀ ਹੋਈ ਸੀ।
ਅਚਾਨਕ ਹਮਲਾ ਸਤੰਬਰ, ੧੬੯੫-ਦਿਲਾਵਰ ਖ਼ਾਨ ਦੇ ਜ਼ਿੰਮੇ ਇਹ ਹੀ ਕਾਰਜ ਸੀ ਕਿ ਉਹ ਛੁਪ ਕੇ ਰਾਤ ਵੇਲੇ ਅਨੰਦਪੁਰ ਤੇ ਹੱਲਾ ਬੋਲ ਦੇਵੇ। ਦਿਹਾੜੀ ਹਮਲਾ ਤੇ ਫਿਰ ਜਿੱਤ ਅਸੰਭਵ ਜਿਹਾ ਕਾਰਜ ਸੀ । ਪਰ ਦਿਲਾਵਰ ਖ਼ਾਨ ਨੂੰ ਇਹ ਵੀ ਪਤਾ ਸੀ ਕਿ ਅਨੰਦਪੁਰ ਨੂੰ ਸਤਲੁਜ ਨੇ ਘੇਰਿਆ ਹੋਇਆ ਹੈ ਤੇ ਅਨੰਦਪੁਰ ਤੱਕ ਪੁੱਜਣ ਲਈ ਸਤਲੁਜ ਨੂੰ ਪਾਰ ਕਰਨਾ ਪੈਣਾ ਹੈ। ਫਿਰ ਸਤਲੁਜ ਦੇ ਕਿਨਾਰੇ ਹੁਣ ਪੱਕੇ ਕਿਲ੍ਹੇ ਵੀ ਗੁਰੂ ਜੀ ਨੇ ਬਣਾ ਦਿੱਤੇ ਸਨ। ਉਸ ਵਿਚਾਰਿਆ ਕਿ ਭਾਦੋਂ ਦੀ ਇਕ ਐਸੀ ਰਾਤ ਚੁਣੀ ਜਾਏ ਜਦ ਬਾਰਸ਼ ਰੁਕੀ ਹੋਵੇ ਤੇ ਨਾਲੇ ਵਿਚ ਪਾਣੀ ਘੱਟ ਹੋਵੇ ਅਤੇ ਸਿੱਖ ਸਿਪਾਹੀ ਮੋਰਚਿਆਂ ਵਿਚ ਆਰਾਮ ਕਰ ਰਹੇ ਹੋਣ।
ਇਕ ਪਹਿਰ ਰਾਤ ਗੁਜ਼ਰੀ ਸੀ ਕਿ ਦਿਲਾਵਰ ਖ਼ਾਨ ਦਾ ਬੇਟਾ ਰੁਸਤਮ ਖ਼ਾਨ ਫ਼ੌਜਾਂ ਸਮੇਤ ਅਨੰਦਪੁਰ ਨੇੜੇ ਨਾਲੇ ਕੰਢੇ ਪੁੱਜ ਗਿਆ। ਇਤਨੇ ਨੂੰ ਐਸੀ ਬਾਰਸ਼ ਪਈ ਕਿ ਪਾਣੀ ਭਰ ਗਿਆ। ਕਿਸੇ ਮੁਗ਼ਲ ਦਾ ਹੀਆ ਨਾ ਪਿਆ ਕਿ ਨਦੀ ਪਾਰ ਕਰੇ । ਇੱਧਰ ਚੌਕੀਂ ‘ਤੇ ਪਹਿਰਾ ਦਿੰਦਾ ਭਾਈ ਆਲਮ ਜਾਗਦਾ ਸੀ ਤੇ ਸਾਵਧਾਨ ਸੀ । ਉਸ ਜਦ ਘੌੜੀਆਂ ਦੀ ਆਵਾਜ਼ ਸੁਣੀ ਤਾਂ ਉਸ ਨੇ ਦੌੜ ਕੇ ਗੁਰੂ ਜੀ ਨੂੰ ਸੂਹ ਪਹੁੰਚਾਈ। ਉਸ ਸਮੇਂ ਨਗਾਰੇ ਤੇ ਦੂਹਰੀ ਚੋਟ ਵੱਜ ਗਈ ਤੇ ਸਭ ਸਿੱਖ ਫ਼ੌਜਾਂ ਸਾਵਧਾਨ ਹੋ ਗਈਆਂ । ਇਧਰ ਨਗਾਰੇ ਚੋਟਾਂ ਵੱਜ ਰਹੀਆਂ ਸਨ ਅਤੇ ਉਧਰ ਤੀਰ ਅਤੇ ਬੰਦੂਕਾਂ ਚੱਲਣੀਆਂ ਸ਼ੁਰੂ ਹੋ ਗਈਆਂ । ਜਦ ਤੋਪਾਂ ਦੇ ਗੋਲੇ ਤੇ ਤੀਰ ਸਤਲੁਜ ਵਿਚ ਅੜੇ ਖੜੋਤੇ ਮੁਗ਼ਲ ਸਿਪਾਹੀਆਂ ਤੇ ਪੈਂਦੇ ਤਾਂ ਉਹ ਪੁਕਾਰਦੇ ‘ਅਲਾਹ ਬਚਾਓ, ਅਲਾਹ ਬਚਾਓ ।’ ਰੁਸਤਮ ਖ਼ਾਨ ਵੀ ਮਦਦ ਲਈ ਨਾ ਵਧਿਆ। ਨਦੀ ਦਾ ਨਾਂ ਪਿਛੋਂ ਗੁਰੂ ਜੀ ਨੇ ‘ਹਿਮੈਤੀ’ ਨਾਲਾ ਰੱਖਿਆ। ਬਾਰਸ਼ ਇਤਨੀ ਸੀ ਕਿ ਮੁੱਗ਼ਲਾਂ ਲਈ ਬੰਦੂਕਾਂ ਉਠਾਣੀਆਂ ਵੀ ਅਸੰਭਵ ਹੋ ਗਈਆਂ ਅਤੇ ਨੱਸ ਜਾਣ ਦੀ ਸਲਾਹ ਸਾਥੀਆਂ ਦਿੱਤੀ :
“ਗੁਰੂ ਕੇ ਸੰਗ ਜੰਗ ਕੋ ਕਰਨੋ।
ਨਹਿ ਆਛੀ ਲਖਿ ਹੁਇ ਅਬ ਮਰਨੋ॥ ੪੩॥
ਸੁੰਨਿ ਭਏ ਤਨ ਪਾਰ ਪਰੇ।
ਸ਼ਸਤਰ ਨ ਉਠਹਿ ਉਚ ਕਰ ਕਰੇ।”
ਉਹ ਜੋ ਅਨੰਦਪੁਰ ਕਬਜ਼ਾ ਕਰਨ ਆਏ ਸਨ, ਤੀਰਾਂ ਦੀ ਤਾਬ ਹੀ ਨਾ ਲਿਆ ਸਕੇ ਅਤੇ ਆਪਣੇ ਹਥਿਆਰ ਛੱਡ ਘੋੜਿਆਂ ਨੂੰ ਅੱਡੀ ਲਗਾ ਕੇ ਨੱਸ ਗਏ। ਅਨੰਦਪੁਰ ਸਾਹਿਬ ਦਾ ਤਾਂ ਉਹ ਕੁਝ ਵਿਗਾੜ ਨਾ ਸਕੇ, ਪਰ ਪਿੰਡ ਬਰਵਾ ਤੇ ਭਲਾਨ ਜਾ ਗੁੱਸਾ ਕੱਢਿਆ। ਗੁਰੂ ਪਾਤਸ਼ਾਹ ਨੇ ਬਚਿਤ੍ਰ ਨਾਟਕ ਵਿਚ ਸਾਰਾ ਵਿਸਥਾਰ ਦੇਂਦੇ ਅਖ਼ੀਰ ਲਿਖਿਆ ਕਿ : ‘ਭੱਜੇ ਖ਼ਾਨ ਖੂਨੀ ਬਿਨਾ ਸ਼ਸਤ੍ ਝਾਰੈ।’ ਅਤੇ ‘ਸਾਡਾ ਤਾਂ ਕੁਝ ਵਿਗਾੜ ਨਾ ਸਕੇ ਪਰ ਮਾਸੂਮਾਂ ਬਰਵਾ ਤੇ ਭਲਾਨ ਤੇ ਜਾ ਪਏ। ਇਹ ਇਸ ਤਰ੍ਹਾਂ ਹੀ ਸੀ ਜਿਵੇਂ ਕਿਸੇ ਬਾਣੀਏ ਨੂੰ ਮਾਸ ਦਾ ਸਲੂਣਾ ਤਾਂ ਮਿਲ ਨਾ ਸਕੇ ਪਰ ਝੂਠਾ ਸਵਾਦ ਲੈਣ ਲਈ ਰੋੜਾਂ ਦਾ ਸਲਣਾ ਰਿੰਨ੍ਹ ਕੇ ਖਾਣਾ ਚਾਹੇ, ਤਿਵੇਂ ਇਨ੍ਹਾਂ ਮੂਰਖਾਂ ਨੇ ਕੀਤੀ :
“ਤਵ ਬਲ ਈਹਾ ਨਾ ਪਰ ਸਕੈ।”
ਬਰਵਾ ਹਨਾ ਰਿਸਾਇ।
ਸਾਲਿਨ ਰਸ ਜਿਮ ਬਾਨਿਯੋ,
ਰੋਰਨ ਖਾਤ ਬਨਾਇ॥੧੦॥
ਰੁਸਤਮ ਖ਼ਾਨ ਨੇ ਆਪਣੇ ਬਾਪ ਦਿਲਾਵਰ ਖ਼ਾਨ ਪਾਸ ਹਾਰ ਮੰਨੀ। ਵਾਹਿਗੁਰੂ ਦੀ ਰਹਿਮਤ ਸਦਕਾ ਅਨੰਦਪੁਰ ਦਾ ਕੁਝ ਵਿਗਾੜਿਆ ਨਾ ਜਾ ਸਕਿਆ।
ਹੁਸੈਨੀ ਦੀ ਜੰਗ-ਹਾਰਿਆ ਦਿਲਾਵਰ ਖ਼ਾਨ ਸੂਬੇ ਇਬ੍ਰਾਹੀਮ ਦੇ ਮੱਥੇ ਲੱਗਣ ਤੋਂ ਸੰਕੋਚ ਕਰ ਰਿਹਾ ਸੀ। ਦਿਲਾਵਰ ਖ਼ਾਨ ਇਸ ਭਾਲ ਵਿਚ ਸੀ ਕਿ ਛੇਤੀ ਹੀ ਗੁਰੂ ਜੀ ਨੂੰ ਪਛਾੜਿਆ ਜਾਏ । ਪੁੱਤਰ ਰੁਸਤਮ ਖ਼ਾਨ ਨੂੰ ਫ਼ਿਟਕਾਰਾਂ ਪਾ ਕੇ ਉਹ ਹੋਰ ਕਿਸੇ ਯੋਧੇ ਦੀ ਭਾਲ ਵਿਚ ਜੁੱਟ ਪਿਆ। ਉਸ ਦੀ ਨਜ਼ਰ ਕਾਂਗੜੇ ਦੇ ਕਿਲ੍ਹੇਦਾਰ ਹੁਸੈਨ ਖ਼ਾਨ ਤੇ ਪਈ। ਉਸ ਦੀਆਂ ਸੇਵਾਵਾਂ ਪ੍ਰਾਪਤ ਕਰਨ ਲਈ ਦਿਲਾਵਰ ਖ਼ਾਨ ਨੇ ਇਬ੍ਰਾਹੀਮ ਨੂੰ ਲਿਖਿਆ । ਇਬ੍ਰਾਹੀਮ ਨੇ ਹਾਂ ਵਿਚ ਹਾਂ ਮਿਲਾਈ ਅਤੇ ਹੁਸੈਨ ਖ਼ਾਨ ਨੇ ਚੜ੍ਹਾਈ ਕਰ ਦਿੱਤੀ।
ਹੁਸੈਨ ਖ਼ਾਨ ਨੇ ਪਹਾੜ ਵਿਚ ਜ਼ੁਲਮਾਂ ਦਾ ਚੱਕਰ ਹੀ ਚਲਾ ਦਿੱਤਾ। ਪਹਿਲਾਂ ਉਸ ਅਸਥਾਨ ਨੂੰ ਲੁੱਟਿਆ ਅਤੇ ਫਿਰ ਦਦਵਾਲ ਨੂੰ ਕਬਜ਼ੇ ਵਿਚ ਕੀਤਾ। ਕਈ ਰਾਜਪੂਤ ਰਾਜਿਆਂ ਨੂੰ ਉਸ ਬੰਦੀ ਬਣਾ ਲਿਆ ਤੇ ਉਨ੍ਹਾਂ ਨੂੰ ਤਸੀਹੇ ਦੇਣ ਲੱਗਾ । ਫਿਰ ਦੂਨ ਦੀ ਪ੍ਰਸਿੱਧ ਮੰਡੀ ਨੂੰ ਵੱਸ ਕੀਤਾ। ਦੂਨ ਤੋਂ ਚੋਖੀ ਰਸਦ ਉਸ ਦੇ ਹੱਥ ਆਈ। ਰਸਦ ਦਾ ਫ਼ਿਕਰ ਦੂਨ ਦੀ ਲੁੱਟ ਨੇ ਮੁਕਾ ਦਿੱਤਾ। ਪਹਾੜੀ ਰਾਜੇ ਘਬਰਾ ਗਏ। ਸਭ ਤੋਂ ਵੱਧ ਘਬਰਾਇਆ ਗੁਲੇਰ ਦਾ ਰਾਜਾ । ਉਸ ਨੇ ਗੁਰੂ ਜੀ ਤੋਂ ਮਦਦ ਮੰਗੀ। ਗੁਰੂ ਮਹਾਰਾਜ ਨੇ ਚੋਣਵੇਂ ਸਿੰਘਾਂ ਦਾ ਦਸਤਾ ਭਾਈ ਲਾਲ ਚੰਦ, ਭਾਈ ਗੰਗਾ ਰਾਮ, ਭਾਈ ਅਘੜ ਬੈਰਾੜ ਤੇ ਭਾਈ ਸੰਗਤੀਏ ਦੀ ਅਗਵਾਈ ਹੇਠਾਂ ਭੇਜਿਆ ਕਿ ਹੁਸੈਨ ਖ਼ਾਨ ਨੂੰ ਉਥੇ ਹੀ ਰੋਕ ਪਾਈ ਜਾਏ ਪਰ ਕ੍ਰਿਪਾਲ ਤੇ ਰਾਮ ਸਿੰਘ ਕਟੋਚ ਇਤਨੇ ਡਰ ਗਏ ਕਿ ਉਹ ਹੁਸੈਨ ਖ਼ਾਨ ਨਾਲ ਜਾ ਰਲੇ । ਗੁਲੇਰ ਦੀ ਨਾਕਾਬੰਦੀ ਕਰ ਲਈ ਗਈ। ਗੁਲੇਰ ਦੇ ਗੁਪਾਲ ਨੇ ੧੦,੦੦੦ ਰੁਪਿਆ ਦੇ ਕੇ ਘੇਰਾ ਉਠਾਉਣਾ ਚਾਹਿਆ ਤੇ ਉਹ ਆਪੂੰ ਰੁਪਏ ਲੈ ਕੇ ਹੁਸੈਨ ਖ਼ਾਨ ਪਾਸ ਗਿਆ। ਉਥੇ ਕ੍ਰਿਪਾਲ ਕਟੋਚ ਨੇ ਗੁਪਾਲ ਨੂੰ ਸਿੱਖਾਂ ਕੋਲੋਂ ਮਦਦ ਮੰਗਣ ਤੇ ਬੁਰਾ ਭਲਾ ਕਿਹਾ ਤੇ ਕਈ ਜਲੀਆਂ ਕਟੀਆਂ ਸੁਣਾਈਆਂ । ਗੋਪਾਲ ਨੇ ਕ੍ਰਿਪਾਲ ਨੂੰ ਦੇਸ਼-ਧ੍ਰੋਹੀ, ਬੁਜ਼ਦਿਲ ਕਿਹਾ ਜੋ ਹੁਸੈਨ ਖ਼ਾਨ ਦੀ ਮਦਦ ਕਰ ਰਿਹਾ ਸੀ । ਕ੍ਰਿਪਾਲ ਤੇ ਗੋਪਾਲ ਹੱਥੋ-ਪਾਈ ਹੋ ਪਏ ਤੇ ਜੰਗ ਅਰੰਭ ਹੋ ਗਈ। ਸਿੱਖ ਕਿਲ੍ਹੇ ਤੋਂ ਬਾਹਰ ਹੋ ਗਏ ਸਨ ਕਿ ਹੁਣ ਸੰਧੀ ਹੋ ਗਈ ਹੈ ਪਰ ਗੁਪਾਲ ਨੂੰ ਘਿਰਿਆ ਦੇਖ, ਸਿੱਖ ਫ਼ੌਜਾਂ ਨੇ ਹੁਸੈਨ ਖ਼ਾਨ ਦੀਆਂ ਫ਼ੌਜਾਂ ਤੇ ਹੱਲਾ ਬੋਲ ਦਿੱਤਾ । ਹਰੀ ਸਿੰਘ ਨੇ ਕਰਾਰੇ ਹੱਥ ਦਿਖਾਏ। ਹਿੰਮਤ ਤੇ ਹੁਸੈਨ ਦਾ ਟਾਕਰਾ ਭਾਈ ਕੀਮਤ ਨੇ ਕੀਤਾ। ਇਧਰ ਜਸਵਾਲ ਨੂੰ ਹੁਸੈਨ ਨੇ ਘੇਰ ਲਿਆ ਤੇ ਉਥੇ ਹੀ ਜਸਵਾਲ ਨੂੰ ਡੇਗ ਲਿਆ, ਪਰ ਉਸ ਵੀ ਡਿੱਗਦੇ- ਡਿੱਗਦੇ ਐਸਾ ਵਾਰ ਕੀਤਾ ਕਿ ਹੁਸੈਨ ਦੇ ਪ੍ਰਾਣ ਨਿਕਲ ਗਏ। ਮਹਾਰਾਜ ਦੇ ਸ਼ਬਦਾਂ ਵਿਚ :
ਭਲੀ ਭਾਂਤ ਸੋ ਅਸਤ੍ਰ ਔਊ ਸ਼ਸਤ੍ਰ ਝਾਰੇ ।
ਗਿਰੇ ਭਿਸਤ ਕੋ ਖ਼ਾਂ ਹੁਸੈਨੀ ਸਿਧਾਰੇ।
ਹੁਸੈਨ ਖ਼ਾਨ ਨੂੰ ਮਰਦੇ ਦੇਖ ਕ੍ਰਿਪਾਲ, ਹਿੰਮਤ ਅੱਗੇ ਵਧੇ ਪਰ ਭਾਈ ਕੀਮਤ ਨੇ ਅੱਗੇ ਹੋ ਕੇ ਦੋਹਾਂ ਨੂੰ ਰੋਕ ਲਿਆ। ਭਾਈ ਹਰੀ ਸਿੰਘ ਨੇ ਕਰਾਰੇ ਹੱਥ ਦਿਖਾਏ। ਚੰਦੇਲ ਦਾ ਰਾਜਾ ਵੀ ਦਿਲ ਖੋਲ੍ਹ ਕੇ ਲੜਿਆ ਤੇ ਕ੍ਰਿਪਾਲ ਤੇ ਹਿੰਮਤ ਨੂੰ ਰੋਕ ਪਾਉਣੀ ਚਾਹੀ, ਪਰ ਉਹ ਅੱਗੇ ਹੀ ਵਧਦੇ ਗਏ। ਜਦ ਐਸਾ ਭਾਈ ਸੰਗਤ ਰਾਇ ਨੇ ਡਿੱਠਾ ਤਾਂ ਉਹ ਆਪਣੇ ਸੱਤਾਂ ਘੋੜ- ਸਵਾਰਾਂ ਨਾਲ ਐਸਾ ਜੂਝਿਆ ਕਿ ਕਟੋਚੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਭਾਈ ਦਾਰੂ ਨੇ ਵੀ ਮਰਦਾਨਗੀ ਦੀ ਹੱਦ ਦੱਸੀ। ਇਸ ਹੱਲੇ ਵਿਚ ਹੀ ਹਿੰਮਤ ਜ਼ਖ਼ਮੀ ਹੋ ਕੇ ਡਿੱਗ ਪਿਆ।
ਕ੍ਰਿਪਾਲ ਵੀ ਮੂੰਹ ਭੰਨਾ ਬੈਠਾ ਅਤੇ ਉਸ ਦਾ ਸਾਥੀ ਕ੍ਰਿਪਾ ਰਾਮ ਉਥੇ ਹੀ ਢੇਰ ਹੋ ਗਿਆ। ਕ੍ਰਿਪਾਲ ਨੂੰ ਡਿੱਗਦਾ ਦੇਖ ਉਸ ਦੇ ਸਾਰੇ ਹੀ ਸਾਥੀ ਨੱਸ ਗਏ। ਭਾਈ ਰਾਮ ਸਿੰਘ ਨੇ ਗੁਪਾਲ ਨੂੰ ਕਿਹਾ ਕਿ ਸਾਰੀ ਸ਼ਰਾਰਤ ਦੀ ਜੜ੍ਹ ਹਿੰਮਤ ਸੀ ਜਿਸ ਨੇ ਕ੍ਰਿਪਾਲ ਨੂੰ ਚੁੱਕ ਦਿੱਤੀ ਸੀ, ਸੋ ਉਸ ਨੂੰ ਸੁੱਕਾ ਜਾਣ ਦੇਣਾ ਨੀਤੀ ਨਹੀਂ। ਇਹ ਸੁਣਦੇ ਸਾਰ ਹੀ ਗੋਪਾਲ ਨੇ ਹਿੰਮਤ ਨੂੰ ਮਾਰ ਮੁਕਾਇਆ ਅਤੇ ਵਾਹਿਗੁਰੂ ਦੀ ਬਖ਼ਸ਼ਿਸ਼ ਸਦਕਾ ਜਿੱਤ ਫਿਰ ਸਿੱਖਾਂ ਦੀ ਹੋਈ। ਇਸ ਜੰਗ ਨਾਲ ਵੀ ਸਿੱਖਾਂ ਦੇ ਹੌਸਲੇ ਵਧੇ, ਭਾਵੇਂ ਕਈ ਪ੍ਰਸਿੱਧ ਸਿੱਖ ਇਸ ਜੰਗ ਵਿਚ ਸ਼ਹੀਦ ਹੋ ਗਏ ਸਨ। ਸ਼ਹੀਦ ਹੋਣ ਵਾਲਿਆਂ ਵਿਚ ਭਾਈ ਸੰਗਤ (ਰਾਇ) ਜੀ ਸਨ। ਇਹ ਜੰਗ ਫ਼ਰਵਰੀ, ੧੬੯੬ ਨੂੰ ਹੋਇਆ। ਇਸ ਜੰਗ ਦਾ ਵਿਸਥਾਰ ਦੇਂਦੇ ਮਹਾਰਾਜ ਨੇ ਲਿਖਿਆ ਸੀ ਕਿ ਵਾਹਿਗੁਰੂ ਦੀ ਰਹਿਮਤ ਸਦਕਾ ਸਾਡਾ ਕੁਝ ਨਾ ਵਿਗੜ ਸਕਿਆ ਤੇ ਸ਼ਸਤ੍ਰਾਂ ਦੀ ਮਾਰ ਹੋਰ ਥਾਂ ਵਗੀ :
“ਰਾਖ ਲੀਯੋ ਹਮ ਕੋ ਜਗ ਰਾਈ॥
ਲੋਹ ਘਟਾ ਅਨ ਤੈ ਬਰਸਾਈ” ॥੬੯॥
ਸੰਗਤਾਂ ਨੂੰ ਸੰਬੋਧਨ ਕਰਦੇ ਬਚਨ ਕੀਤੇ ਸਨ ਕਿ ‘‘ਭਾਵੇਂ ਯੁੱਧ ਹੋਵੇ, ਭਾਵੇਂ ਸੁਲਹ ਦੀ ਘੜੀ, ਭਾਵੇਂ ਅਗਵਾਈ ਦੀ ਸੇਵਾ ਮਿਲੇ ਜਾਂ ਪਿੱਛੇ ਟੁਰਨ ਦੀ, ਸੱਚ ਦਾ ਪੱਲਾ ਨਹੀਂ ਛੱਡਣਾ। ਲਿਵ ਦੀ ਬਰਕਤ ਵਾਲੇ ਨੂੰ ਕਦੇ ਕਾਂਪ ਨਹੀਂ ਖਾਣੀ ਪੈਂਦੀ।”
ਵਿਸਾਖੀ ਸਮੇਂ ਹਮਲਾ-ਦਿਲਾਵਰ ਖ਼ਾਨ ਨੇ ਜਦ ਹੁਸੈਨ ਖ਼ਾਨ ਦੀ ਮ੍ਰਿਤੂ ਦੀ ਖ਼ਬਰ ਸੁਣੀ ਤਾਂ ਉਹ ਬਹੁਤ ਹੀ ਪ੍ਰੇਸ਼ਾਨ ਹੋਇਆ ਤੇ ਉਸ ਨੇ ਰਾਜ ਸਿੰਘ ‘ਪੰਮੇ’ ਤੇ ਜੁਝਾਰ ਸਿੰਘ ਹਾਂਡਾ ਨੂੰ ਵਿਸਾਖੀ ਤੇ ਇਕੱਠੇ ਸਿੱਖਾਂ ਤੇ ਅਨੰਦਪੁਰ ਹਮਲਾ ਕਰਨ ਲਈ ਹੁਕਮ ਦਿੱਤਾ, ਦਿਲਾਵਰ ਹੁਣ ਸਿੱਧਾ ਸਾਹਮਣੇ ਨਹੀਂ ਸੀ ਆਉਣਾ ਚਾਹੁੰਦਾ, ਪਰ ਇਧਰ ਗੁਰੂ ਜੀ ਨੂੰ ਸੂਹ ਪਹਿਲਾਂ ਹੀ ਮਿਲ ਗਈ ਸੀ । ਉਨ੍ਹਾਂ ਵੀ ਇਕ ਰਾਜਪੂਤ (ਸਿੱਖ) ਗੱਜ ਸਿੰਘ ਨੂੰ ਅੱਗੋਂ ਭੇਜਿਆ ਕਿ ਰਾਜ ਸਿੰਘ ਨੂੰ ਰਾਹ ਵਿਚ ਹੀ ਰੋਕ ਪਾਈ ਜਾਏ। ਰਾਜ ਸਿੰਘ ਨੇ ਰਸਤੇ ਦੇ ਮੁੱਖ ਪਿੰਡ ਭੁਲਾਣ ਤੇ ਕਬਜ਼ਾ ਕਰਕੇ ਮੋਰਚਾ ਲਗਾ ਲਿਆ। ਰਾਜ ਸਿੰਘ ਅਤੇ ਜੁਝਾਰ ਸਿੰਘ ਨੇ ਰਾਤ ਨੂੰ ਹੱਲਾ ਬੋਲਿਆ ਪਰ ਗੱਜ ਸਿੰਘ ਦੀਆਂ ਫ਼ੌਜਾਂ ਅੱਗੇ ਉਹ ਟਿਕ ਨਾ ਸਕਿਆ ਤੇ ਨੱਸ ਕੇ ਜਾਨ ਬਚਾਈ। ਇਸ ਹੱਲੇ ਵਿਚ ਜੁਝਾਰ ਸਿੰਘ ਮਾਰਿਆ ਗਿਆ ਅਤੇ ਜਿੱਤ ਸਿੱਖ ਫ਼ੌਜਾਂ ਦੀ ਹੋਈ ਅਤੇ ਵਿਸਾਖੀ ਦਾ ਇਕੱਠ ਉਸੇ ਸ਼ਾਨ ਨਾਲ ਹੋਇਆ।
ਮਹਾਬਤ ਖ਼ਾਨ (ਇਬ੍ਰਾਹੀਮ) ਦੀ ਮੌਤ ਤੇ ਮੁਅੱਜ਼ਮ ਨੂੰ ਪੰਜਾਬ ਭੇਜਣਾ-ਮਹਾਬਤ ਖ਼ਾਨ ਭਾਵੇਂ ਇਕ ਸੁਚੱਜਾ ਜਰਨੈਲ ਅਤੇ ਤਗੜਾ ਪ੍ਰਬੰਧਕ ਸੀ ਪਰ ਉਸ ਦੀ ਸਿਹਤ ਢਿੱਲੀ ਰਹਿੰਦੀ ਸੀ। ਮਾਰਚ ੧੬੯੬ ਵਿਚ ਉਸ ਦੀ ਮ੍ਰਿਤੂ ਹੋ ਗਈ। ਉਸ ਦੀ ਮੌਤ ਨਾਲ ਪੰਜਾਬ ਦਾ ਸਾਰਾ ਢਾਂਚਾ ਹੀ ਵਿਗੜ ਗਿਆ ਤੇ ਔਰੰਗਜ਼ੇਬ ਨੂੰ ਇਹ ਫ਼ਿਕਰ ਖਾਣ ਲੱਗਾ ਕਿ ਪਹਾੜੀ ਰਾਜਿਆਂ ਤੋਂ ਖਿਰਾਜ ਕੌਣ ਉਗਰਾਹ ਕੇ ਦੇਵੇਗਾ ਤੇ ਪੰਜਾਬ ਦਾ ਪ੍ਰਬੰਧ ਕੌਣ ਸੰਭਾਲੇਗਾ।
ਸੂਝ ਤੋਂ ਕੰਮ ਲੈਂਦੇ ਹੋਏ ਔਰੰਗਜ਼ੇਬ ਨੇ ਮੁਅੱਜ਼ਮ (ਬਹਾਦਰ ਸ਼ਾਹ) ਨੂੰ, ਜਿਸ ਨੂੰ ਪਿਛਲੇ ਸਾਲ ਮਈ ੧੬੯੫ ਈ: ਹੀ ਕੈਦ ਤੋਂ ਰਿਹਾ ਕੀਤਾ ਸੀ, ਪੰਜਾਬ ਦਾ ਗਵਰਨਰ ਥਾਪ ਅਤੇ ਮੁਲਤਾਨ ਅਤੇ ਕਾਬਲ ਦਾ ਪ੍ਰਬੰਧ ਵੀ ਠੀਕ ਕਰਨ ਦੀ ਹਦਾਇਤ ਕਰ ਕੇ ਪੰਜਾਬ ਭੇਜਿਆ । ਮੁਅੱਜ਼ਮ ਨੇ ਪਿਤਾ ਔਰੰਗਜ਼ੇਬ ਨੂੰ ਯਕੀਨ ਵੀ ਦਿਲਵਾਇਆ ਸੀ ਕਿ ਉਹ ਹਰ ਹੀਲੇ ਸ਼ਾਹੀ ਖ਼ਜ਼ਾਨੇ ਨੂੰ ਭਰੀ ਰੱਖੇਗਾ। ਉਹ ਸਮਝਦਾ ਸੀ ਕਿ ਜੇ ਮਾਲ ਧਨ ਕਿਧਰੋਂ ਮਿਲ ਸਕਦਾ ਹੈ ਤਾਂ ਪਹਾੜੀ ਰਾਜਿਆਂ ਕੋਲੋਂ । ਉਹ ਇਹ ਵੀ ਜਾਣਦਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਕੋਈ ਮੱਲਾਂ ਨਹੀਂ ਮਾਰ ਰਹੇ ਪਰ ਦੱਖਣ ਉਹ ਇਹ ਹੀ ਕਹਿ ਕੇ ਟੁਰਿਆ ਕਿ ਅਨੰਦਪੁਰ ਨੂੰ ਨਹੀਂ ਰਹਿਣ ਦਿੱਤਾ ਜਾਏਗਾ । ੧੩ ਜੁਲਾਈ, ੧੬੯੬ ਨੂੰ ਨਵਾਬੀ ਸੰਭਾਲਦੇ ਸਾਰ ਉਸ ਮਿਰਜ਼ਾ ਜ਼ਾਫਰ ਬੇਗ ਨੂੰ ਕਰ ਉਗਰਾਹੁਣ ਲਈ ਵੱਡੀ ਫ਼ੌਜ ਦੇ ਕੇ ਪਹਾੜਾਂ ਵੱਲ ਭੇਜ ਦਿੱਤਾ।
ਗੁਰੂ ਜੀ ਦੀ ਸੰਭਾਲ-ਗੁਰੂ ਜੀ ਨੂੰ ਵੀ ਸੂਹਾਂ ਮਿਲ ਗਈਆਂ ਸਨ ਕਿ ਮੁਅੱਜ਼ਮ ਅੱਠ ਸਾਲ ਦੀ ਕੈਦ ਬਾਅਦ ਪੰਜਾਬ ਆ ਰਿਹਾ ਹੈ ਅਤੇ ਉਸਦੇ ਜ਼ਿੰਮੇ ਧਨ ਮਾਲ ਇਕੱਠਾ ਕਰਨ ਦਾ ਕਾਰਜ ਲਗਾਇਆ ਗਿਆ ਹੈ । ਭਾਵੇਂ ਭਾਈ ਨੰਦ ਲਾਲ ਜੀ ਕੋਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਅਜ਼ਮਤ ਬਾਰੇ ਬਹਾਦਰ ਸ਼ਾਹ ਬਹੁਤ ਕੁਝ ਸੁਣ ਚੁੱਕਾ ਸੀ, ਪਰ ਗੁਰੂ ਜੀ ਮਹਿਸੂਸ ਕਰਦੇ ਸਨ ਕਿ ਪਿਉ (ਔਰੰਗਜ਼ੇਬ) ਦੀ ਨਾਰਾਜ਼ਗੀ ਦੂਰ ਕਰਨ ਲਈ ਉਹ ਅਨੰਦਪੁਰ ਤੇ ਜ਼ਰੂਰ ਹੱਲਾ ਬੋਲੇਗਾ। ਗੁਰੂ ਜੀ ਨੇ ਸੰਭਾਲ ਕਰਨੀ ਜ਼ਰੂਰੀ ਜਾਣੀ। ਫ਼ੌਜਾਂ ਨੂੰ ਨਵੇਂ ਸਿਰਿਓਂ ਇਕੱਠਾ ਕਰਨਾ ਵੀ ਜ਼ਰੂਰੀ ਸੀ। ਦੂਰ-ਦੁਰਾਡੇ ਹੁਕਮਨਾਮੇ ਭੇਜ ਕੇ ਹਥਿਆਰ ਮੰਗਾਉਣ ਤੇ ਕਾਫ਼ੀ ਸਮਾਂ ਲੱਗ ਜਾਣਾ ਸੀ, ਇਸ ਲਈ ਗੁਰੂ ਜੀ ਨੇ ਮਾਲਵੇ ਦੀਆਂ ਸੰਗਤਾਂ ਅਤੇ ਮੁਖੀਆਂ ਦੇ ਨਾਂ ਹੁਕਮਨਾਮੇ ਲਿਖੇ ਕਿ ਤੁਰੰਤ ਹਥਿਆਰ, ਘੋੜੇ ਅਤੇ ਸਿੱਖ ਭੇਜਣ। ਸਿੱਖ ਸਿਰ ਧੜ ਦੀ ਬਾਜ਼ੀ ਲਾ ਅਨੰਦਪੁਰ ਪੁੱਜਣੇ ਅਰੰਭ ਹੋ ਗਏ।
੨੬ ਜੂਨ, ੧੬੯੬ ਨੂੰ ਮੁਅੱਜ਼ਮ ਪੰਜਾਬ ਵੱਲ ਤੁਰਿਆ ਸੀ ਤੇ ਉਸ ਮਹੀਨੇ ਗੁਰੂ ਮਹਾਰਾਜ ਨੇ ਭਾਈ ਤਿਲੋਕਾ ਅਤੇ ਭਾਈ ਰਾਮਾ (ਫੂਲਕੀਆ ਮਿਸਲ ਦੇ ਵਡੇਰਿਆਂ) ਨੂੰ ਹੁਕਮਨਾਮਾ ਭੇਜਿਆ। ਇਸ ਹੁਕਮਨਾਮੇ ਦੇ ਸ਼ਬਦ ਪੜ੍ਹਨ ਨਾਲ ਸੰਬੰਧ ਰੱਖਦੇ ਹਨ :
‘ਸ੍ਰੀ ਗੁਰੂ ਜੀ ਕੀ ਆਗਿਆ ਹੈ, ਭਾਈ ਤਲੋਕਾ, ਭਾਈ ਰਾਮਾ। ਸਰਬੱਤ ਸੰਗਤ ਗੁਰੂ ਰੱਖੇਗਾ। ਤੁਧ ਜਮੀਅਤ ਲੈ ਕੇ ਸਾਡੇ ਹਜ਼ੂਰ ਆਵਣਾ।ਮੇਰੀ ਤੇਰੇ ਉੱਪਰ ਬਹੁਤ ਖ਼ੁਸ਼ੀ ਹੈ। ਤੇਰਾ ਘਰ ਮੇਰਾ ਹੈ। ਤੁਧੁ ਹੁਕਮੁ ਦੇਖਦਿਆਂ ਛੇਤੀ ਹੀ ਅਸਾਡੇ ਹਜ਼ੂਰ ਆਵਣਾ। ਤੇਰਾ ਘਰ ਮੇਰਾ ਅਸੈ। ਤੁਧੁ ਸ਼ਤਾਬੀ ਹੁਕਮੁ ਦੇਖਦਿਆਂ ਹੀ ਆਵਣਾ। ਤੁਸਾਂ ਅਸਵਾਰ ਲੈ ਕੇ ਆਵਣਾ। ਜ਼ਰੂਰ ਆਵਣਾ ਤੇਰੇ ਉਤੇ ਅਸਾਡੀ ਖਰੀ ਮਹਿਰਵਾਨਗੀ ਅਸੈ। ਤੈ ਆਵਨਾ । ਇਕ ੧ ਜੋੜਾ ਭੇਜਾ ਹੈ ਰਖਾਵਣਾ।’ ਭਾਦੋਂ ੨, ਸੰਮਤ ੧੭੫੩।
ਇਹ ਹੋਰ ਹੁਕਮਨਾਮੇ ਵਿਚ ਲਿਖਿਆ ਕਿ ਘੋੜੇ ਲੈ ਕੇ ਆਵਣਾ। ਉਸ ਹੁਕਮਨਾਮੇ ਦੇ ਸ਼ਬਦ ਇਸ ਪ੍ਰਕਾਰ ਹਨ :
‘ਭਾਈ ਰਾਮਾ, ਭਾਈ ਤਲੋਕਾ। ਸੰਗਤ ਗੁਰੂ ਰੱਖੇਗਾ। ਤੁਸਾਂ ਅਸਵਾਰ ਲੈ ਕੇ ਆਵਣਾ। ਜ਼ਰੂਰ ਆਵਣਾ ਤੇਰੇ ਤੇ ਅਸਾਡੀ ਭਾਰੀ ਮਿਹਰਵਾਨਗੀ ਹੈ । ਤੁਸਾਂ ਆਵਣਾ।’
ਇਸੇ ਤਰ੍ਹਾਂ ਭਾਈ ਸਾਧੂ, ਭਾਈ ਰੂਪਾ ਜੋ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਤੋਂ ਸਿੱਖੀ ਪ੍ਰਚਾਰ ਕਰ ਰਹੇ ਸਨ, ਦੇ ਸਪੁੱਤਰ ਭਾਈ ਸੁਖੀਆ ਜੀ ਨੂੰ ਅਸਵਾਰ, ਪਿਆਦਾ ਫ਼ੌਜ, ਬੰਦੂਕਾਂ ਤੇ ਜਮੀਹਤ ਲਿਆਉਣ ਲਈ ਲਿਖਿਆ :
ੴ ਸਤਿਗੁਰ ਜੀ
ਸ੍ਰੀ ਸਤਿਗੁਰ ਜੀਓ ਕੀ ਆਗਿਆ ਹੈ । ਭਾਈ ਸੁਖੀਆ, ਸਰਬਤ ਸੰਗਤਿ ਰੂਪੇ ਕੀ ਗੁਰੂ ਰੱਖੇਗਾ। ਸੰਗਤਿ ਗੁਰੂ ਗੁਰੂ ਜਪਣਾ ਜਨਮ ਸਓਰੈਗਾ। ਅਸਵਾਰ, ਪਿਆਦੇ, ਬੰਦੂਕਾਂ ਜਮੀਅਤ ਲੈ ਕੇ ਤੁਸਾਂ ਆਵਣਾ।
ਹੁਕਨਾਮਿਆਂ ਦੇ ਪੁੱਜਣ ਦੀ ਢਿੱਲ ਸੀ ਕਿ ਸੰਗਤਾਂ ਨੇ ਵਹੀਰਾਂ ਪਾ ਦਿੱਤੀਆਂ। ਅਨੰਦਪੁਰ ਹਰ ਟਾਕਰੇ ਲਈ ਤਿਆਰ ਹੋ ਗਿਆ, ਪਰ ਬੁਜ਼ਦਿਲਾਂ ਨੇ ਨੱਸਣਾ ਸ਼ੁਰੂ ਕਰ ਦਿੱਤਾ। ਗੁਰੂ ਜੀ ਨੇ ਸ਼ਹਿਰੀਆਂ ਨੂੰ ਰੋਕਣਾ ਚਾਹਿਆ, ਪਰ ਸ਼ਹਿਰੀ ਕੀਮਤੀ ਸਾਮਾਨ ਲੈ ਕੇ ਭੱਜ ਉੱਠੇ ।
ਉਧਰੋਂ ਜਾਫ਼ਰ ਬੇਗ ਨੇ ਅਨੰਦਪੁਰ ਤੇ ਧਾਵਾ ਬੋਲਣ ਦੀ ਵਿਉਂਤ ਬਣਾਈ ਪਰ ਜਦ ਗੁਰੂ ਜੀ ਦੇ ਸਰਬ ਸਾਂਝੇ ਉਪਦੇਸ਼ਾਂ ਦਾ ਉਸ ਨੂੰ ਪਤਾ ਲੱਗਾ ਤਾਂ ਉਸ ਨੇ ਅਨੰਦਪੁਰ ਹੱਲਾ ਕਰਨ ਦਾ ਖ਼ਿਆਲ ਛੱਡ ਦਿੱਤਾ ਤੇ ਮੂੰਹ ਪਹਾੜੀ ਰਾਜਿਆਂ ਵੱਲ ਕਰ ਲਿਆ। ਬਹਾਦਰ ਸ਼ਾਹ ਦਾ ਆਉਣਾ ਸੁਣ ਪਹਾੜੀ ਰਾਜੇ ਡਰ ਗਏ ਸਨ ਤੇ ਕੀਮਤੀ ਮਾਲ ਅਸਬਾਬ ਲੈ ਕੇ ਦੂਰ ਟਿਕਾਣਿਆਂ ਤੇ ਜਾ ਲੁੱਕੇ ਸਨ । ਮੁੱਗ਼ਲ ਫ਼ੌਜਾਂ ਨੂੰ ਸੋਆਂ ਮਿਲ ਗਈਆਂ ਤੇ ਉਨ੍ਹਾਂ ਭੱਜਦੇ ਰਾਜਿਆਂ ਦੇ ਮਾਲ ਖ਼ਜ਼ਾਨੇ ਨੂੰ ਲੁੱਟ ਗਿਆ। ਰਾਜਿਆਂ ਕਰ ਦੇਣ ਤੋਂ ਸਿਵਾ ਕੋਈ ਚਾਰਾ ਹੀ ਨਾ ਜਾਣਿਆ। ਉਧਰੋਂ ਔਰੰਗਜ਼ੇਬ ਵਾਰ-ਵਾਰ ਅਨੰਦਪੁਰ ਤੇ ਹਮਲਾ ਕਰਨ ਲਈ ਲਿਖ ਰਿਹਾ ਸੀ, ਪਰ ਬਹਾਦਰ ਸ਼ਾਹ ਨੇ ਤਸੱਲੀ ਕਰ ਲਈ ਸੀ ਕਿ ਫ਼ਿਤਨਾ ਪਹਾੜੀ ਰਾਜੇ ਹੀ ਸਨ, ਸੋ ਇਸੇ ਭਾਵ ਦੀ ਰਿਪੋਰਟ ਉਸ ਔਰੰਗਜ਼ੇਬ ਨੂੰ ਭੇਜ ਦਿੱਤੀ। ਬਹਾਦਰ ਸ਼ਾਹ ਨੇ ਪਹਾੜੀ ਰਾਜਿਆਂ ਤੇ ਚਾਰ ਮੁਹਿੰਮਾਂ ਚਾੜ੍ਹ ਕੇ ਰਹਿੰਦੇ ਕਰ ਵੀ ਵਸੂਲ ਕਰ ਲਏ। ਜੋ ਅਨੰਦਪੁਰ ਵਿਚ ਟਿਕੇ ਰਹੇ, ਸਿਰਫ਼ ਉਹ ਹੀ ਬਚੇ। ਜੋ ਅਨੰਦਪੁਰ ਛੱਡ ਪਹਾੜੀਆਂ ਤੇ ਚੜ੍ਹੇ ਅਤੇ ਓਹਲੇ ਲੱਭਦੇ ਫਿਰੇ, ਉਹ ਸਭ ਕੁਝ ਗੁਆ ਬੈਠੇ । ਗੁਰੂ ਗੋਬਿੰਦ ਸਿੰਘ ਜੀ ਨੇ ਵੀ ਲਿਖਿਆ ਹੈ ਕਿ ਉਹ ਸਭ ਲੁੱਟੇ ਮਾਰੇ ਗਏ ਜੋ ਗੁਰੂ ਜੀ ਦੀ ਸ਼ਰਨ ਛੱਡ ਨੱਸੇ ਸਨ। ਮਹਾਰਾਜ ਦੇ ਆਪਣੇ ਸ਼ਬਦਾਂ ਵਿਚ :
ਹਮ ਤੇ ਭਾਜਿ ਬੇ ਮੁਖ ਜੇ ਗਏ
ਤਿਨ ਕੇ ਧਾਮ ਗਿਰਾਵਤ ਭਏ।
ਮਿਰਜ਼ਾ ਬੇਗ ਹੁਤੋ ਤਿਹ ਨਾਮੰ ।
ਜਿਹ ਢਾਏ ਬੇਮੁਖਨ ਕੇ ਧਾਮੰ ।
ਸਭ ਸਨਮੁਖ ਗੁਰ ਆਪ ਬਚਾਏ।
ਤਿਨ ਕੇ ਬਾਰ ਨਾ ਬਾਂਕਨ ਪਾਏ।
ਸਰਬ ਕਾਲ ਸਭ ਸਾਧ ਉਬਾਰੇ ।
ਦੁਖ ਦੈ ਕੈ ਦੋਖੀ ਸਭ ਮਾਰੇ ।
ਅਦਭੁਤਿ ਗਤਿ ਭਗਤਨ ਦਿਖਰਾਈ।
ਸਭ ਸੰਕਟ ਤੇ ਲਏ ਬਚਾਈ । ੧।
ਸਭ ਸੰਕਟ ਤੇ ਸੰਤ ਬਚਾਏ।
ਸਭ ਕੰਟਕ ਕੰਟਕ ਜਿਮ ਘਾਏ।
ਦਾਸ ਜਾਨਿ ਮੁਰਿ ਕਰੀ ਸਹਾਇ।
ਆਪ ਹਾਥ ਦੇ ਲਯੋ ਬਚਾਇ । ੨ ।
(ਬਚਿੱਤ੍ਰ ਨਾਟਕ)
ਅਤੇ
ਗੁਰ ਦੋਖੀ ਸਗ ਕੀ ਮ੍ਰਿਤ ਪਾਵੈ।
ਨਰਕ ਕੁੰਡ ਡਾਰੇ ਪਛਤਾਵਹਿ।
ਅਸਲ ਗੱਲ ਇਹ ਵੀ ਸੀ ਕਿ ਬਹਾਦਰ ਸ਼ਾਹ ਗੁਰੂ ਜੀ ਨੂੰ ਦਰਵੇਸ਼ ਕਹਿੰਦਾ ਸੀ ਤੇ ਭਾਈ ਨੰਦ ਲਾਲ ਜੀ ਦੇ ਅਨੰਦਪੁਰ ਸਾਹਿਬ ਹੋਣ ਨਾਲ ਉਹ ਸਗੋਂ ਮਦਦ ਲੋੜਦਾ ਸੀ। ਉਹ ਜਾਣਦਾ ਸੀ ਕਿ ਤਖ਼ਤ-ਨਸ਼ੀਨੀ ਦੀ ਜੰਗ ਵੇਲੇ ਗੁਰੂ ਜੀ ਦੀ ਅਸੀਸ, ਸਹਾਇਤਾ ਬਹੁਤ ਕੰਮ ਸਵਾਰੇਗੀ। ਅਨੰਦਪੁਰ ਜੋ ਵਾਤਾਵਰਣ ਸੀ ਉਸ ਨੂੰ ‘ਇਲਾਹੀ’ ਕਹਿੰਦਾ ਸੀ। ਔਰੰਗਜ਼ੇਬ ਦੀ ਧਨ ਦੀ ਲੋੜ ਅਤੇ ਬਹਾਦਰ ਸ਼ਾਹ ਦੀ ਅਮਨ ਦੀ ਜ਼ਰੂਰਤ ਪੂਰੀ ਹੋ ਗਈ।
ਮਾਰਚ ੧੬੯੭, ਰੰਘੜਾਂ ਦੀਆਂ ਸ਼ਰਾਰਤਾਂ-ਲਾਹੌਰ ਅਤੇ ਪਹਾੜੀ ਰਾਜਿਆਂ ਨੇ ਸਿੱਧੇ ਹਮਲੇ ਤਾਂ ਅਨੰਦਪੁਰ ਤੇ ਕੁਝ ਚਿਰ ਲਈ ਬੰਦ ਕਰ ਦਿੱਤੇ, ਪਰ ਜੋ ਨਫ਼ਰਤ ਦਾ ਜਜ਼ਬਾ ਤੁਅੱਸਬੀਆਂ ਵਿਚ ਗੁਰੂ ਤੇ ਸਿੱਖਾਂ ਵਿਰੁੱਧ ਭਰਿਆ ਜਾ ਚੁੱਕਾ ਸੀ, ਉਹ ਨਿੱਤ ਨਵੇਂ ਬਿਖੇੜੇ ਪਾਂਦਾ ਹੀ ਰਹਿੰਦਾ ਸੀ। ਸਿੱਖ ਭਾਵੇਂ ਸ਼ਸਤਰਧਾਰੀ ਹੋ ਰਹੇ ਸਨ, ਪਰ ਫਿਰ ਵੀ ਬਹੁਤਿਆਂ ਨੇ ਹਥਿਆਰ ਧਾਰਨ ਨਹੀਂ ਸਨ ਕੀਤੇ। ਵਿਸਾਖੀ ਨੂੰ ਜਦ ਸਿੱਖ ਅਨੰਦਪੁਰ ਗੁਰੂ ਦਰਸ਼ਨਾਂ ਨੂੰ ਆਉਂਦੇ ਤਾਂ ਉਨ੍ਹਾਂ ਪਾਸ ਸਾਲ ਭਰ ਦੀ ਇਕੱਠੀ ਕੀਤੀ ਦਸਵੰਧ ਦੀ ਰਕਮ ਤੇ ਹੋਰ ਕੀਮਤੀ ਭੇਟਾਵਾਂ ਹੁੰਦੀਆਂ ਸਨ। ਹੁਸ਼ਿਆਰਪੁਰ ਰੰਘੜਾਂ ਦਾ ਇਲਾਕਾ ਸੀ। ਰੰਘੜਾਂ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਗੁਰੂ ਜੀ ਨੇ ਵੀ ਰਾਹਾਂ ਤੋਂ ਆਪਣੀਆਂ ਫ਼ੌਜਾਂ ਹਟਾ ਲਈਆਂ ਹਨ। ਉਹਨਾਂ ਮੌਕਾ ਚੰਗਾ ਜਾਣ ਹਮਲਾ ਬੋਲ ਦਿੱਤਾ। ਜਦ ਗੁਰੂ ਜੀ ਨੂੰ ਇਸ ਘਟਨਾ ਦੀ ਖ਼ਬਰ ਪੁੱਜੀ ਤਾਂ ਉਸ ਸਮੇਂ ਚੋਣਵੇਂ ਜਰਨੈਲ ਭੇਜੇ। ਜਿਨ੍ਹਾਂ ਰੰਘੜਾਂ ਨੇ ਅੱਤਿਆਚਾਰ ਕੀਤੇ ਸਨ, ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਅਤੇ ਸਾਰਾ ਮਾਲ ਅਸਬਾਬ ਵਾਪਸ ਲਿਆਂਦਾ।
ਆਚਰਨ ਦਾ ਸਿਖਰ-ਮਾਲ ਅਸਬਾਬ ਨਾਲ ਹੀ ਸਿੱਖ ਫ਼ੌਜ ਨੇ ਰੰਘੜਾਂ ਦੀ ਇਕ ਲੜਕੀ ਵੀ ਚੁੱਕ ਲਿਆਂਦੀ। ਗੁਰੂ ਜੀ ਨੇ ਜਦ ਉਸ ਲੜਕੀ ਨੂੰ ਬੰਦੀ ਵਿਚ ਦੇਖਿਆ ਤਾਂ ਬਹੁਤ ਹੀ ਗੁੱਸੇ ਹੋਏ ਤੇ ਐਸਾ ਕਰਨ ਤੋਂ ਵਰਜਿਆ ਤੇ ਸਨਮਾਨ ਨਾਲ ਲੜਕੀ ਉਸ ਦੇ ਘਰ ਪਹੁੰਚਾਣ ਲਈ ਹੁਕਮ ਦਿੱਤਾ । ਸਿੱਖ ਫ਼ੌਜਾਂ ਨੇ ਫਿਰ ਵੀ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਬਦਲਾ ਲੈਣ ਦੀ ਆਗਿਆ ਹੋਣੀ ਚਾਹੀਦੀ ਹੈ। ਬਦਲੇ ਤੋਂ ਬਗ਼ੈਰ ਤੁਰਕ ਸਿੱਧੇ ਨਹੀਂ ਹੋਣ ਲੱਗੇ। ਨਾਲ ਹੀ ਜੰਗ-ਨੀਤੀ ਵੀ ਹੈ। ਚਾਣਕ-ਨੀਤੀ ਵੀ ਇਹ ਹੀ ਹੈ :
ਸਗਲ ਸਿੱਖ ਪੁਛਣ ਗੁਣ ਖਾਣੀ।
ਸਗਲ ਤੁਰਕ ਭੁਗਵੇ ਹਿੰਦਵਾਨੀ,
ਸਿਖ ਬਦਲਾ ਲੈ ਭਲਾ ਜਣਾਵੈ ।
ਗੁਰੂ ਸ਼ਾਸਤ੍ਰ ਕਿਉ ਵਰਜ ਹਟਾਵੈ।
ਇਹ ਵਿਚਾਰਾਂ ਸੁਣ ਦਸਮੇਸ਼ ਪਿਤਾ ਨੇ ਕਿਹਾ ਕਿ ਮੈਂ ਤਾਂ ਐਸੇ ਸਿੱਖ ਬਣਾਉਣੇ ਹਨ। ਜੋ ਜੰਗ ਯੁੱਧਾਂ ਵਿਚ ਵੀ ਆਪਣਾ ਆਚਰਨ ਕਾਇਮ ਰੱਖਣ। ਹਰ ਵੇਲੇ ਉਹ ਆਚਰਨ ਦੀ ਮੂਰਤ ਦਿੱਸਣ । ਤੁਰਕਣੀ ਨਾਲ ਸੰਗ ਤਾਂ ਕਦੇ ਵੀ ਨਹੀਂ ਕਰਨਾ । ਬਦਲੇ ਨਹੀਂ ਲੈਣੇ।ਨੀਵੀਂ ਖੱਡ ਵਿਚ ਨਹੀਂ ਡਿੱਗਣਾ :
ਸੁਣ ਸਤਿਗੁਰ ਬੋਲੇ ਤਿਸ ਬੇਰੇ।
ਹਮ ਲੈ ਜਾਣਹੁ ਪੰਥ ਉਚੇਰੇ ।
ਨਾਹਿ ਅਧੋਗਤੀ ਬਿਖ-ਪੁਹਚਾਵੈ ।
ਤਾਂ ਤੇ ਰਲ ਮਲ ਕਰਨ ਹਟਾਵੈ।
ਜਦ ਖਾਲਸਾ ਸਾਜਿਆ ਗਿਆ ਤਾਂ ਇਹ ਹੁਕਮ ਕਰ ਦਿੱਤਾ ਕਿ ਕੋਈ ਪਰ-ਤਨ- ਗਾਮੀ ਨਾ ਹੋਵੇ ਤੇ ਤੁਰਕਣੀ ਨਾਲ ਸੰਗ ਨਾ ਕਰੇ। ਚਾਰ ਕੁਰਹਿਤਾਂ ਵਿਚ ਇਕ ਇਹ ਵੀ ਰੱਖੀ। ਇਕ ਵਾਰੀ ਇਕ ਮਨੁੱਖ ਨੇ ਹਜ਼ੂਰ ਹਾਜ਼ਰ ਹੋ ਕੇ ਅਰਜ਼ੋਈ ਕੀਤੀ ਕਿ ਮਹਾਰਾਜ ਉਸ ਨੂੰ ਤੁਰਕਾਂ ਨੇ ਤੁਰਕ ਕਰ ਛੱਡਿਆ ਹੈ। ਜ਼ਬਰਦਸਤੀ ਸੁੰਨਤ ਕੀਤੀ। ਮਹਾਰਾਜ ਨੇ ਕਿਹਾ : ‘ਇਸੇ ਤਰ੍ਹਾਂ ਤੁਰਕ ਨਹੀਂ ਹੁੰਦਾ।’ ਕੋਲੋਂ ਦੂਜੇ ਪੁੱਛਿਆ ਕਿ ਕਦੇ ਤੁਰਕ ਹੁੰਦਾ ਵੀ ਹੈ ? ਤਾਂ ਮਹਾਰਾਜ ਨੇ ਕਿਹਾ, ‘ਜਬ ਤੁਰਕਣੀ ਸਾਥਿ-ਸੰਗ ਕਰਤਾ ਹੈ ਤਬ ਹੀ ਤੁਰਕ ਹੋਂਵਦਾ ਹੈ ਹੋਰਤ ਕਿਵੈ ਨਾਹੀ ਹੋਂਵਦਾ।’
ਭਰਮਗੜ੍ਹ ਤੋੜਨਾ—ਭਾਈ ਗੁਰਦਾਸ ਜੀ ਨੇ ਜਦ ਗੁਰੂ ਨਾਨਕ ਜੀ ਦੇ ਆਗਮਨ ਤੋਂ ਪਹਿਲਾਂ ਦੇ ਹਾਲਾਤ ਬਾਰੇ ਵਾਰ ਦੀਆਂ ਪਉੜੀਆਂ ਲਿਖੀਆਂ ਤਾਂ ਉਸ ਵਿਚ ਇਹ ਹੈਰਾਨੀ ਭਰੀ ਬਾਤ ਲਿਖੀ ਕਿ ਉਹ ਹੀ ਮਨੁੱਖ ਜੋ ਅਸ਼ਰਫ਼-ਉਲ-ਮਖ਼ਲੂਕਾਤ ਹੈ, ਆਪਣੇ ਹੀ ਬੰਧਨਾਂ ਵਿਚ ਫਸ ਗਿਆ ਹੈ। ਉਸ ਨੇ ੯ ਗ੍ਰਹਿ, ੧੨ ਰਾਸ਼ੀਆਂ ਬਣਾ ਲਈਆਂ ਹਨ। ਮਾੜੇ ਤੇ ਚੰਗੇ ਸ਼ਗਨ ਮਿੱਥ ਲਏ ਹਨ। ਹਰ ਗੱਲ ਵਿਚ ਭਰਮ ਤੇ ਵਹਿਮ ਨੇ ਥਾਂ ਲੈ ਲਈ ਹੈ। ਧਰਤੀ ਦਾ ਸਰਦਾਰ ਮਨੁੱਖ ‘ਨਿੱਛ, ਕੁੱਤੇ, ਬਿੱਲੀ ਤੇ ਔਸੀ’ ਤੋਂ ਹੀ ਡਰਨ ਲੱਗ ਪਿਆ ਹੈ। ‘ਭੈ ਤੇ ਨਿਰਭਉ ਡਰਤਾ ਫਿਰੈ’ ਵਾਲੀ ਦਸ਼ਾ ਹੈ । ਧਰਮ ਹੀ ਭਰਮਾਂ ਦਾ ਬਣ ਗਿਆ ਹੈ :
ਸਉਨ ਸਗਨ ਬੀਚਾਰਨੇ, ਨਉ ਗ੍ਰਹਿ ਬਾਰਹ ਰਾਸ ਵੀਚਾਰਾ।
ਕਾਮਣ, ਟੂਣੇ, ਔਸੀਆਂ, ਕਨਸੋਈ ਪਸਾਰ ਪਸਾਰਾ।
ਗਧੋਂ, ਕੁੱਤੇ, ਬਿੱਲੀਆਂ, ਇਲ ਮਠਾਲੀ ਗਿਦੜ ਛਾਰਾ।
ਅਤੇ
‘ਕਿਸੇ ਪੁਜਾਈ ਸਿਲਾ ਸੁੰਨਿ, ਕੋਈ ਗੋਰੀ ਮੜ੍ਹੀ ਪੁਜਾਵੈ।
ਤੰਤ੍ਰ ਮੰਤ੍ਰ ਪਾਖੰਡ ਕਰਿ, ਕਲਹਿ ਕ੍ਰੋਧੁ ਬਹੁ ਵਾਦ ਵਧਾਵੈ।
ਆਪੋ ਧਾਪੀ ਹੋਇਕੈ ਨਿਆਰੇ ਨਿਆਰੇ ਧਰਮ ਚਲਾਵੈ ।
ਫੋਕਟ ਭਰਮੀ ਭਰਮਿ ਭੁਲਾਵੈ। ੧੮।੧।
ਗੁਰੂ ਨਾਨਕ ਜੀ ਨੇ ਜਤਨਾਂ ਨਾਲ ਇਸ ਭਰਮ ਜਾਲ ਵਿਚੋਂ ਮਨੁੱਖ ਨੂੰ ਕੱਢਿਆ। ਬਾਰਹਮਾਹ ਤੁਖਾਰੀ ਉਚਾਰ ਕੇ ਦ੍ਰਿੜ੍ਹ ਕਰਾਇਆ ਕਿ ‘ਸਭ ਕੁਝ ਹੀ ਭਲਾ ਹੈ ।’ ਕੋਈ ਮਾੜੀ ਚੰਗੀ ਥਿੱਤ ਵਾਰ ਨਹੀਂ। ਗੁਰੂ ਅਰਜਨ ਜੀ ਨੇ ਉਸ ਨੂੰ ‘ਮਾਹ ਦਿਵਸ ਮੂਰਤ ਭਲੇ, ਜਿਨ ਕਉ ਨਦਰ ਕਰੇ’ ਫ਼ਰਮਾ ਕੇ ‘ਭਰਮ ਕਾ ਆਂਡਾ’ ਤੋੜਿਆ ਅਤੇ ਭਰਮਾਂ ਵਿਚ ਭੰਬਲਭੂਸੇ ਖਾਂਦੇ ਬੰਦੇ ਨੂੰ ਸੁਤੰਤਰ ਕੀਤਾ। ਗਿਆਨ ਦੀ ਆਂਧੀ ਅੱਗੇ ‘ਭਰਮ ਕੀ ਟਾਟੀ’ ਉੱਡਦੇ ਦੇਰ ਨਾ ਲੱਗੀ, ਪਰ ਭਰਮਗੜ੍ਹ ਗੁਰੂ ਗੋਬਿੰਦ ਸਿੰਘ ਜੀ ਵੇਲੇ ਹੀ ਪਾਸ਼-ਪਾਸ਼ ਹੋਇਆ।
ਸ਼ਨਿਚਰਵਾਰ ਵਾਲੇ ਦਿਹਾੜੇ ਸਿੱਖ ਸ਼ਿਕਾਰ ਪਏ ਖੇਡਦੇ ਸਨ ਕਿ ਇਕ ਡੰਕੋਤ (ਬ੍ਰਾਹਮਣ) ਨੇ ਦਿਨ ਭਾਰਾ ਦੱਸ ਕੇ ਦੱਖਣਾ ਮੰਗੀ ਅਤੇ ਲੋਹੇ ਦੇ ਬਾਟੇ ਵਿਚ ਪਏ ਹੋਏ ਤੇਲ ਵਿਚ ਸਿੱਕਾ ਪਾਉਣ ਲਈ ਕਿਹਾ। ਸਿੱਖਾਂ ਕਿਹਾ ਵੀ ਕਿ ਉਨ੍ਹਾਂ ਦੇ ਸਭ ਭਾਰੇ ਹੌਲੇ ਦਿਨ ਮੁੱਕ ਗਏ ਹਨ। ਡੰਕੋਤ ਦੀ ਅੜੀ ਉਂਝ ਵੀ ਪ੍ਰਸਿੱਧ ਹੈ, ਪਰ ਉਹ ਤਾਂ ਪਿੱਛੇ ਹੀ ਪੈ ਗਿਆ। ਸਿੱਖਾਂ ਠਰੰਮੇ ਨਾਲ ਫਿਰ ਉਸ ਨੂੰ ਚਲੇ ਜਾਣ ਲਈ ਕਿਹਾ ਤੇ ਇਹ ਵੀ ਡਰ ਪਾਇਆ ਕਿ ਉਹ ਜੇ ਨਾ ਗਿਆ ਤਾਂ ਤੇਲ, ਪੈਸੇ, ਬਾਟਾ ਖੋਹ ਲਵਾਂਗੇ । ਜਦ ਉਹ ਨਾ ਹੀ ਹਟਿਆ ਤਾਂ ਸਿੰਘਾਂ ਬਾਟਾ ਖੋਹ ਲਿਆ, ਤੇਲ ਦੇ ਪਕੌੜੇ ਤਲੇ ਤੇ ਮਾਇਆ ਗੋਲਕ ਵਿਚ ਪਾ ਦਿੱਤੀ। ਬਾਟੇ ਦੀ ਕੀ ਵਰਤੋਂ ਕੀਤੀ ਜਾਏ, ਉਨ੍ਹਾਂ ਦੀ ਸਮਝ ਨਾ ਆਵੇ। ਬਾਟਾ ਲੈ ਕੇ ਉਹ ਗੁਰੂ ਜੀ ਪਾਸ ਆਏ ਤੇ ਸਾਰੀ ਵਾਰਤਾ ਸੁਣਾਈ। ਮਹਾਰਾਜ ਬਹੁਤ ਪ੍ਰਸੰਨ ਹੋਏ ਤੇ ਫ਼ਰਮਾਇਆ, ‘ਅੱਜ ਤੁਸਾਂ ਵਹਿਮਾਂ ਦੀ ਲੰਮੀ ਦੌੜ ਜਿੱਤ ਲਈ ਹੈ। ਭਰਮ ਗੜ੍ਹ ਤੋੜ ਦਿੱਤਾ ਹੈ। ਇਸ ਬਾਟੇ ਦੇ ਕੜੇ ਬਣਾ ਕੇ ਪਾਓ ਤੇ ਅੱਜ ਤੋਂ ਹਰ ਸਿੱਖ ਕੜੇ ਦਾ ਧਾਰਨੀ ਹੋਵੇ ਤੇ ‘ਦਾਏਂ ਹਾਥ ਮੇ ਸਰਬ ਲੋਹ ਕਾ ਕੜਾ ਪਹਿਨੇਂ” ਤਾਂ ਕਿ ਹਰ ਕਿਸੇ ਨੂੰ ਪਤਾ ਲੱਗੇ ਕਿ ਸਿੱਖ ਇਹ ਸਉਨ, ਸ਼ਗਨ ਨਹੀਂ ਮੰਨਦਾ। ਇਹ ਕੜਾ ਇਸ ਗੱਲ ਦੀ ਨਿਸ਼ਾਨੀ ਹੈ ਕਿ ਸਿੱਖ ਵਹਿਮੀ ਨਹੀਂ, ਸਿੱਖ ਨੇ ਸ਼ਨੀ, ਮੰਗਲ ਸਭ ਜਿੱਤ ਲਏ ਹਨ।’ ਇਸ ਕੜੇ ਨੂੰ ਵੀ ਗੁਰੂ ਪਾਤਸ਼ਾਹ ਨੇ ਖਾਲਸਾ ਸਾਜਣ ਵੇਲੇ ਰਹਿਤ ਦਾ ਅੰਗ ਬਣਾ ਦਿੱਤਾ।
ਮਸੰਦ ਪ੍ਰਣਾਲੀ ਦਾ ਖ਼ਾਤਮਾ—ਗੁਰੂ ਅਮਰਦਾਸ ਜੀ ਵੇਲੇ ਸਿੱਖੀ ਦਾ ਪ੍ਰਚਾਰ ਦੂਰ- ਦੁਰਾਡੇ ਹੋ ਗਿਆ ਸੀ। ਮੰਜੀ ਬਰਦਾਰ ਪ੍ਰਚਾਰ ਵਿਚ ਰੁੱਝੇ ਰਹਿੰਦੇ ਸਨ ਤੇ ਸਮੇਂ ਸਿਰ ਭੇਟਾ ਆਦਿ ਭੇਜ ਨਹੀਂ ਸਨ ਸਕਦੇ। ਫਿਰ ਉਨ੍ਹਾਂ ਪ੍ਰਚਾਰਕਾਂ ਨੂੰ ਇਹ ਵੀ ਪਤਾ ਨਹੀਂ ਸੀ ਲੱਗਦਾ ਕਿ ਕੇਂਦਰ ਵਿਚ ਕੀ ਵਾਪਰ ਰਿਹਾ ਹੈ। ਇਨ੍ਹਾਂ ਨੂੰ ਮੁੱਖ ਰੱਖਦੇ ਹੋਏ ਗੁਰੂ ਰਾਮਦਾਸ ਜੀ ਨੇ ਮਸੰਦ ਥਾਪੇ। ਇਨ੍ਹਾਂ ਮਸੰਦਾਂ ਨੇ ਪੰਥ-ਉਸਾਰੀ ਵਿਚ ਤਗੜਾ ਹਿੱਸਾ ਪਾਇਆ। ‘ਮਸੰਦ’ ਸ਼ਬਦ ਫ਼ਾਰਸੀ ਦੇ ਸ਼ਬਦ ‘ਮਸਨਦ’ ਦਾ ਹੀ ਵਿਗੜਿਆ ਰੂਪ ਹੈ । ਇਸ ਦੇ ਅਰਥ ਹਨ ‘ਉੱਚ ਥਾਂ ਵਾਲਾ’। ਇਹ ਮਸੰਦ ਉੱਚੇ ਆਚਰਨ ਵਾਲੇ, ਦਿਆਨਤਦਾਰ ਤੇ ਬੜੇ ਉਤਸ਼ਾਹੀ ਹੁੰਦੇ ਸਨ। ਗੁਰੂ ਅਰਜਨ ਦੇਵ ਜੀ ਵੇਲੇ ਭਾਈ ਅਜਬ ਅਜਾਇਬ ਕੋਲੋਂ ਕਿਸੇ ਪੁੱਛਿਆ ਸੀ ਕਿ ਉਹ ਗੁਰੂ ਕੀ ਭੇਟਾ ਨੂੰ ਕੈਸਾ ਸਮਝਦੇ ਹਨ? ਤਾਂ ਉਨ੍ਹਾਂ ਕਿਹਾ ਸੀ ਜੈਸੇ ‘ਬਿਖ’ ਹੁੰਦੀ ਹੈ, ਪਰ ਸਮਾਂ ਪਾ ਕੇ ਇਹ ਮਸੰਦ ਜ਼ਹਿਰ ਖਾਣ ਲੱਗ ਪਏ ਤੇ ਸੱਚਮੁੱਚ ਜ਼ਹਿਰੀਲੇ ਹੀ ਹੋ ਗਏ।
ਬਾਬਾ ਰਾਮ ਰਾਇ ਜੀ ਕੋਲੋਂ ਮਸੰਦਾਂ ਦੇ ਅੱਤਿਆਚਾਰਾਂ ਦੀ ਕਹਾਣੀ ਗੁਰੂ ਜੀ ਪਾਉਂਟਾ ਸਾਹਿਬ ਸੁਣ ਹੀ ਚੁੱਕੇ ਸਨ, ਪਰ ਉਨ੍ਹਾਂ ਨੂੰ ਇਹ ਵਿਸ਼ਵਾਸ ਨਹੀਂ ਸੀ ਕਿ ਗੁਰੂ ਘਰ ਦੇ ਮਸੰਦ ਇਤਨੇ ਨੀਵੇਂ ਚਲੇ ਜਾਣਗੇ । ਗੁਰੂ ਜੀ ਤਾਂ ਇਹ ਦੇਖ ਹੀ ਚੁੱਕੇ ਸਨ ਕਿ ਬੁਜ਼ਦਿਲ ਤਾਂ ਹੋ ਗਏ ਹਨ, ਪਰ ਕਾਰ-ਭੇਟਾ ਅਜੇ ਪੁਚਾਈ ਜਾ ਰਹੇ ਹਨ। ਉਨ੍ਹਾਂ ਵਿਚ ਗੁਰੂ ਦੇ ਆਦਰ ਵਾਲੀ ਭਾਵਨਾ ਵੀ ਟੁੱਟ ਗਈ ਸੀ । ੧੬੯੭ ਦੀ ਦੀਵਾਲੀ ਨੂੰ ਜਦ ਕਈ ਮਸੰਦਾਂ ਨੇ ਭੇਟਾਵਾਂ ਪੇਸ਼ ਕਰਨ ਦੀ ਥਾਂ ਭਰੇ ਦੀਵਾਨ ਵਿਚ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਹਾਡੀਆਂ ਨਿੱਤ ਦੀਆਂ ਜੰਗਾਂ ਤੋਂ ਸਿੱਖ ਸੰਗਤਾਂ ਦੁਖੀ ਹਨ ਤੇ ਭੇਟਾਵਾਂ ਨਹੀਂ ਦਿੰਦੀਆਂ ਤਾਂ ਮਹਾਰਾਜ ਲਈ ਹੈਰਾਨੀ ਦੀ ਗੱਲ ਸੀ। ਗੁਰੂ ਜੀ ਨੇ ਉਸੇ ਸਮੇਂ ਸਿੱਖ ਫ਼ੌਜੀ ਭੇਜ ਕੇ ਮਸੰਦਾਂ ਦੇ ਤੰਬੂਆਂ ਤੋਂ ਸਾਰੀਆਂ ਕੀਮਤੀ ਭੇਟਾਵਾਂ ਲਿਆ ਸਾਹਮਣੇ ਰੱਖੀਆਂ। ਉਸੇ ਰਾਤ ਜਦ ਨਕਲੀਆਂ ਨੇ ਮਸੰਦਾਂ ਦੀ ਨਕਲ ਉਤਾਰ ਕੇ ਮਸੰਦਾਂ ਦਾ ਸਿੱਖ ਸੰਗਤਾਂ ਪ੍ਰਤੀ ਅਤਿ ਮੰਦਾ ਵਤੀਰਾ ਦੱਸਿਆ ਤਾਂ ਮਹਾਰਾਜ ਨੇ ਉਸ ਸਮੇਂ ਹੁਕਮ ਦੇ ਕੇ ਸਭ ਮਸੰਦ ਮਨਸੂਖ਼ ਕਰ ਦਿੱਤੇ। ਹਰ ਮਸੰਦ ਨੂੰ ੧੬੯੮ ਈ: ਦੀ ਵੈਸਾਖੀ ਪੇਸ਼ ਹੋਣ ਦਾ ਹੁਕਮ ਦਿੱਤਾ ਤੇ ਸੰਗਤਾਂ ਪ੍ਰਤੀ ਜ਼ਫ਼ਰਨਾਮੇ ਭੇਜੇ ਕਿ ਮਸੰਦ ਪ੍ਰਥਾ ਖ਼ਤਮ ਕਰ ਦਿੱਤੀ ਗਈ ਹੈ । ਸਭ ਸੰਗਤਾਂ ਹੁਣ ਗੁਰੂ ਕਾ ਖ਼ਾਲਸਾ ਹੈ। ਗੁਰੂ ਜੀ ਨੇ ਇਹ ਵੀ ਦੇਖ ਲਿਆ ਕਿ ਮਜ਼ਬੂਤ ਜਥੇਬੰਦੀ ਬਣਾਉਣ ਵਿਚ ਇਹ ਮਸੰਦ ਹੀ ਰੁਕਾਵਟ ਹਨ। ਭਾਈ ਕੇਸਰ ਸਿੰਘ ਬੰਸਾਵਲੀ ਨਾਮਾ ਵਿਚ ਲਿਖਦੇ ਹਨ :
ਦੇਸੀ ਦੇਸੀ ਹੁਕਮਨਾਮੇ ਲਿਖ ਮੇਵੜੇ ਪਠਾਏ।
ਮਸੰਦ ਮਸੰਦੀਏ ਨੂੰ ਨਹੀਂ ਮੰਨਣਾ।
ਸਿੱਖ ਗੁਰੂ ਕਾ ਸਿੱਖੀ ਦੀ ਰਹਿਤ ਕਮਾਇ।
ਹੁਕਮਨਾਮਿਆਂ ਵਿਚ ‘ਸਿੱਧੀ ਪਹੁੰਚ’ ਦੀ ਗੱਲ ਲਿਖੀ । ਫ਼ਰਵਰੀ, ੧੬੯੮ ਈ: ਦੇ ਇਕ ਹੁਕਮਨਾਮੇ ਵਿਚ ਦਸਮ ਪਾਤਸ਼ਾਹ ਨੇ ਲਿਖਿਆ, ‘ਭਾਈ ਕਲਿਆਣ ਰਾਇ ਸਰਬਤ ਸੰਗਤਿ ਮਾਛੀਵਾੜੇ ਕੀ, ਗੁਰੂ ਰੱਖੇਗਾ। ਸੰਗਤਿ ਮੇਰਾ ਖ਼ਾਲਸਾ ਹੈ । ਜੋ ਗੁਰੂ ਕੇ ਨਬਿਤ ਕਾ ਹੋਵੈ ਗੋਲਕ, ਦਸਵੰਧ, ਮੰਨਤ ਸੋ ਹਜ਼ੂਰ ਲੈ ਆਵਣਾ। ਮਸੰਦਾਂ ਨੂੰ ਮੰਨਣਾ ਨਹੀਂ। ਸੰਮਤ ੧੭੫੫ ਚੇਤੋਂ ਚਉਦਾ। ਇਸੇ ਤਰ੍ਹਾਂ ਇਕ ਹੁਕਮਨਾਮੇ ਵਿਚ ਅਲਾਹਬਾਦ ਦੀ ਸੰਗਤ ਨੂੰ ਲਿਖਿਆ ਕਿ ‘ਸਰਬ ਸੰਗਤਿ’ ਪਿਰਾਗ਼ ਕੀ ਮੇਰਾ ਖ਼ਾਲਸਾ ਹੈ । ਸੰਗਤਿ ਮਸੰਦ ਮਸੰਦੀਏ ਨੋ ਨਾਹੀ ਮਿਲਣਾ, ਜੋ ਸਿਖ ਮਿਲੈ, ਸੋ ਮੇਲ ਲੈਵਣਾ। ਦਿਕਤ ਨਹੀਂ ਕਰਨੀ । ਸੰਗਤਿ ਹਥਿਆਰ ਬੰਨ੍ਹ ਕੇ ਦਰਸ਼ਨ ਆਵਣ।’ ਬਨਾਰਸ ਦੀ ਸੰਗਤਿ ਨੂੰ ਲਿਖਿਆ, ‘ਇਹ ਮੇਰਾ ਖ਼ਾਲਸਾ ਹੈ।’
ਮਸੰਦਾਂ ਨੂੰ ਅਨੰਦਪੁਰ ਬੁਲਾ ਕੇ ਕਰੜੀਆਂ ਸਜ਼ਾਵਾਂ ਦਿੱਤੀਆਂ ਤੇ ਜੋਸ਼ ਵਿਚ ਸਿੰਘਾਂ ਨੇ ਕਈਆਂ ਨੂੰ ਜ਼ਿੰਦਾ ਸਾੜਿਆ ਤਾਂਕਿ ਬਾਕੀਆਂ ਨੂੰ ਇਬਰਤ ਹੋਵੇ :
ਪਕੜ ਆਏ ਸੋ ਟੰਗੇ ਮਾਰੇ।
ਕੁਛ ਕੜਾਹਿਆਂ ਵਿਚ ਪਾਇ ਸਾੜੇ। ੩੪੯।
ਇਥੋਂ ਤੱਕ ਗੁਰੂ ਜੀ ਨੇ ਕਿਹਾ ਕਿ ਇਕ ਪਾਸੇ ਖ਼ੂਨੀ ਹਾਥੀ ਆਂਵਦਾ ਹੋਵੇ ਤੇ ਦੂਜੇ ਪਾਸੇ ਮਸੰਦ ਤਾਂ ਮਸੰਦ ਪਾਸੇ ਨਹੀਂ ਜਾਣਾ। ਖ਼ੂਨੀ ਹਾਥੀ ਵੱਲ ਚਲੇ ਜਾਣਾ । ਮਸੰਦ ਖ਼ੂਨੀ ਹਾਥੀ ਤੋਂ ਵੀ ਮਾੜਾ ਹੁੰਦਾ ਹੈ। ਮਸੰਦਾਂ ਨੂੰ ਕਿਤਨਾ ਮਾੜਾ ਸਮਝਦੇ ਸਨ ਗੁਰੂ ਪਾਤਸ਼ਾਹ, ਉਸ ਦੀ ਇਕ ਸਾਖੀ ਵੀ ਆਂਵਦੀ ਹੈ।
ਇਕ ਸਿੱਖ ਨਿੰਮੋਝੂਣਾ ਦਰਬਾਰ ਵਿਚ ਬੈਠਾ ਹੋਇਆ ਸੀ। ਮਹਾਰਾਜ ਨੇ ਪੁੱਛਿਆ, ‘ਤੈਨੂੰ ਕੀ ਹੋਆ ਹੈ।’ ਉਸ ਕਿਹਾ, ‘ਸੱਚੇ ਪਾਤਸ਼ਾਹ ਮੈਂ ਗਊ ਹਤਿਆਰਾ ਹਾਂ।’ ਮਹਾਰਾਜ ਨੇ ਫ਼ਰਮਾਇਆ: ‘ਅਸਾਂ ਜਾਤਾ ਕਿਸੀ ਮਸੰਦ ਮਸੰਦੀਏ ਕੇ ਮੁੱਖ ਲਾਗਾ ਹੈ ਜੋ ਐਸਾ ਬੈਠਾ ਹੈ ।
ਗਊ ਮੂਈ ਤਾਂ ਹੋਆ ਕਿਆ। ਜਾਹ ਘਰ ਬੈਠ ਰਹਿ’ :
‘ਮਾਰ ਜੀਵਾਲ ਸੋਈ ।
ਅਵਰ ਨ ਕੋਈ ਰਖੈ।
ਸਿੱਖੀ ਦ੍ਰਿੜ੍ਹ ਕਰਾਉਣ ਵਾਲੇ ਉਪਦੇਸ਼, ਝਾਕੀਆਂ ਤੇ ਸਾਖੀਆਂ-ਇਹ ਮਿਲਿਆ ਕੁਝ ਕੁ ਸੁਖਾਵਾਂ ਸਮਾਂ ਗੁਰੂ ਜੀ ਪੰਥ ਉਸਾਰੀ ਲਈ ਵਰਤ ਰਹੇ ਸਨ। ਉਹ ਕਰਮ ਉਪਦੇਸ਼ ਸਿੱਖਾਂ ਨੂੰ ਦ੍ਰਿੜ੍ਹ ਕਰਾ ਰਹੇ ਸਨ ਜਿਨ੍ਹਾਂ ਦੁਆਰਾ ਉਨ੍ਹਾਂ ਵਿਚ ਆਤਮ ਨਿਰਭਰਤਾ,ਸੁਤੰਤਰਤਾ ਤੇ ਆਚਰਨ ਪਰਪੱਕ ਹੋਵੇ। ਸਿੱਖੀ ਕਿਸੇ ਦੀ ਮੁਹਤਾਜ ਨਾ ਰਹੇ ਤੇ ਸਿੱਖ ਧਾਰਮਿਕ ਤੌਰ ਤੇ ਸੁਤੰਤਰ ਹੋਵੇ ਤੇ ਰਾਜਨੀਤਿਕ ਤੌਰ ਤੇ ਆਜ਼ਾਦ।
ਕਲਿਜੁਗ ਕੀਰਤਨ ਪ੍ਰਧਾਨਾ-ਇਕ ਵਾਰੀ ਇਕ ਸਿੱਖ ਨੇ ਆ ਕੇ ਸ਼ਿਕਾਇਤ ਕੀਤੀ ਕਿ ਉਹ ਸੁਖਮਨੀ ਦਾ ਪਾਠ ਕਰਿਆ ਕਰਦਾ ਸੀ ਅਤੇ ਚੌਬੀਸਵੀਂ ਅਸ਼ਟਪਦੀ ਰਹਿੰਦੀ ਸੀ ਕਿ ਰਬਾਬੀ ਨੇ ਆ ਕੇ ਦੁਤਾਰਾ ਖੜਕਾਇਆ, ਸੋ ਰਬਾਬੀਆਂ ਗੁਰਬਾਣੀ ਦੀ ਬੇ-ਅਦਬੀ ਕੀਤੀ ਹੈ। ਮਹਾਰਾਜ ਨੇ ਕਿਹਾ ਕਿ ਇਸ ਤਰ੍ਹਾਂ ਰਬਾਬੀਆਂ ਦਾ ਕੋਈ ਕਸੂਰ ਨਹੀਂ ਬਣਦਾ। ਤੂੰ ਸੰਗਤ ਨੂੰ ਚਾਬ ਚਬਾਇਦਾ ਸੈਂ ਤੇ ਰਬਾਬੀ ਸੰਗਤ ਕਉ ਪ੍ਰਸ਼ਾਦੀਆਂ ਲੱਗੇ ਛਕਵਾਉਣ। ਇਹ ਉਚਾਰ ਕੀਰਤਨ ਦੀ ਮਹੱਤਤਾ ਦ੍ਰਿੜ੍ਹਾ ਦਿੱਤੀ। ਆਸਾ ਦੀ ਵਾਰ ਨੂੰ ਪਾਤਸ਼ਾਹ ਝੂਠ, ਕਪਟ, ਫ਼ਰੇਬ, ਬਣਾਵਟ ਤੇ ਗਿਰਾਓ ਤੇ ਰੋਗਾਂ ਦਾ ਦਾਰੂ ਕਹਿੰਦੇ ਸਨ।
ਧਰਮਸਾਲ ਦੀ ਝਾਕ, ਵਿਹੁ ਖੰਡੂ ਪਾਜ-ਗੋਲਕ ਦੀ ਭੇਟਾ ਨੂੰ ਬਿਖ ਸਮਾਨ ਦਰਸਾਉਣ ਲਈ ਇਕ ਵਾਰੀ ਸਾਰਾ ਖਜ਼ਾਨਾ ਹੀ ਦਰਿਆ ਸਤਲੁਜ ਵਿਚ ਸੁਟਵਾ ਦਿੱਤਾ
ਅਤੇ ਕੀਮਤੀ ਬਸਤ੍ਰਾਂ ਨੂੰ ਅੱਗ ਲਗਵਾ ਦਿੱਤੀ। ਜਦ ਸਿੱਖਾਂ ਪੁੱਛਿਆ, ‘ਮਹਾਰਾਜ ਐਸਾ ਕਿਉਂ ਕੀਤਾ’ ਤਾਂ ਫ਼ਰਮਾਇਆ ਮਾਇਆ ਤਾਂ ਸਾਰੀ ਹੀ ਬਿਖ ਰੂਪ ਹੈ ਪਰ ਇਹ (ਗੋਲਕ ਦੀ) ਮਾਇਆ ਪਰਮ ਬਿਖ ਹੈ । ਗੁਰੂ ਕੀ ਕਉਡੀ ਸਿੱਖ ਕਉ ਬਿਖ ਹੈ ਪਰ ਸਿੱਖ ਨਹੀਂ ਜਾਣਤੇ। ਮੈਨੂੰ ਪਤਾ ਹੈ। ਜਿਵੇਂ ਕਿਸੇ ਦਾ ਦੁੱਧ ਕਾਲਾ ਸਰਪ ਜੂਠਾ ਕਰ ਜਾਏ ਅਤੇ ਬੱਚਾ ਉਸੇ ਦੁੱਧ ਲਈ ਰੋਵੇ, ਤੜਪੇ ਤਾਂ ਵੀ ਮਾਂ ਨਹੀਂ ਦਿੰਦੀ ਕਿਉਂਕਿ ਮਾਂ ਨੂੰ ਬੱਚਾ ਪਿਆਰਾ ਹੈ। ਇਸੇ ਤਰ੍ਹਾਂ ਸਿੱਖ ਮੈਨੂੰ ਬਹੁਤ ਪਿਆਰੇ ਹਨ। ਇਹ ਪੂਜਾ ਕੀ ਕਉਡੀ ਇਸੇ ਕਾਰਨ ਇਨ੍ਹਾਂ ਨੂੰ ਨਹੀਂ ਦੇਂਦਾ।
ਇਕ ਸਿੱਖ ਨੇ ਹੱਥ ਜੋੜ ਬੇਨਤੀ ਕੀਤੀ : ‘ਮਹਾਰਾਜ ਸਾਡੇ ਮਨ ਸ਼ੰਕਾ ਹੈ, ਤੁਸੀਂ ਇਹ ਭੇਟਾ ਫਿਰ ਲੈਂਦੇ ਕਿਉਂ ਹੋ । ਦਸਮ ਪਿਤਾ ਬਹੁਤ ਪ੍ਰਸੰਨ ਹੋਏ ਕਿ ਇਹ ਪ੍ਰਸ਼ਨ ਪੁੱਛਿਆ ਗਿਆ ਹੈ। ਆਪ ਨੇ ਫ਼ਰਮਾਇਆ: ‘ਏਕ ਦਾਨ ਲੇਵਨਾ ਹੈ, ਦੂਸਰਾ ਅਮਾਨਤ ਕਾ ਲੇਵਨਾ ਹੈ।
ਜੋ ਕਿਸੇ ਦੀ ਅਮਾਨਤ ਰੱਖਦਾ ਹੈ, ਉਹ ਵੀ ਲੈਂਦਾ ਹੀ ਦਿੱਸਦਾ ਹੈ। ਉਹ ਲੇਂਵਦਾ ਨਹੀਂ, ਸਗੋਂ ਅਮਾਨਤ ਰੱਖ ਕੇ ਪਰਉਪਕਾਰ ਕਰਦਾ ਹੈ। ਅਸੀਂ ਇਹ ਭੇਟਾ ਅਮਾਨਤ ਰੂਪ ਵਿਚ ਰੱਖਦੇ ਤੇ ਵਰਤਦੇ ਹਾਂ।’
ਪਰਮ ਪੁਰਖ ਦੀ ਚਰਨੀ ਲਾਗੋ-ਅਵਤਾਰ ਪੂਜਾ ਤੇ ਜ਼ੋਰ ਦੇਂਦੇ ਇਕ ਬ੍ਰਾਹਮਣ ਨੂੰ ਕਿਹਾ ਸੀ : ‘ਕ੍ਰਿਸ਼ਨ ਸ਼ਰਨੀ ਨਾਂਹ ਤਕੋ। ਪਰਮ ਪੁਰਖ ਕੀ ਚਰਨੀ ਲਾਗੋ।’ ਜਦ ਬ੍ਰਾਹਮਣ ਨੇ ਤਰਕ ਕਰਦੇ ਕਿਹਾ ਕਿ ਰੂਪ ਤੋਂ ਬਗ਼ੈਰ ਧਿਆਨ ਕਿਵੇਂ ਲਗੇ ਤਾਂ ਦੁਸ਼ਟ ਦਮਨ ਨੇ ਫ਼ਰਮਾਇਆ :
ਸੁਪਨੇ ਵਿਚ ਧਿਆਨ ਹੁੰਦਾ ਜ਼ਰੂਰ ਦਿੱਸਦੀਆਂ ਵਸਤਾਂ ਵਿਚ ਹੈ, ਪਰ ਜਾਗਦਿਆਂ ਹੀ ਉਹ ਵਸਤਾਂ ਕਿਥੇ ਚਲੀਆਂ ਜਾਂਦੀਆਂ ਹਨ। ਸੋ ਮੋਹ ਦੀ ਨੀਂਦ ਤੋਂ ਜਾਗੋ । ਇਹ ਨੀਂਦ ਖੁੱਲ੍ਹੇਗੀ ਸਤਿਸੰਗ ਵਿਚ ਗਇਆਂ, ਸੰਗਤ ਕੀਤਿਆਂ ਹੀ ਪਤਾ ਲੱਗੇਗਾ ਕਿ ਥਿਰ ਕੀ ਹੈ।
ਸਾਨੂੰ ਜੋ ਦੁੱਖ ਵਾਪਰਦਾ ਹੈ ਉਹ ਇਸ ਕਾਰਨ ਹੈ ਕਿ ਅਸਾਂ ਪਿਆਰ ‘ਮਰਨਹਾਰ ਤੇ ਵਿਛੜਨਹਾਰ’ ਨਾਲ ਪਾ ਲਿਆ ਹੈ । ਵਾਹਿਗੁਰੂ ਸਦਾ ਬਖ਼ਸ਼ੰਦ ਹੈ, ਮਿੱਠਾ ਹੈ ਤੇ ਪੀੜ ਰਹਿਤ ਹੈ। ਉਸ ਨਾਲ ਪਿਆਰ ਪਾਇਆਂ ਕਦੇ ਵਿਛੋੜੇ ਨਹੀਂ ਹੋਣ ਲੱਗੇ।
ਇਹ ਵਿਛੋੜਾ ਸਿਮਰਨ ਨਾਲ ਹੀ ਦੂਰ ਹੁੰਦਾ ਹੈ। ਬਿਨ ਸਿਮਰਨ ਜੀਵਨ ਬਾਲਣ ਵਾਂਗ ਹੈ । ਜਿਸ ਤਰ੍ਹਾਂ ਚੁੱਲ੍ਹੇ ਵਿਚ ਲਕੜਾਂ ਦਾ ਬਾਲਣ, ਇਸੇ ਤਰ੍ਹਾਂ ਇਸ ਸਰੀਰ ਵਿਚ ਅੰਨ, ਦਾਣੇ ਦਾ ਬਾਲਣ। ਜਦ ਸਿਮਰਨ ਦਾ ਨਿਵਾਸ ਹੋ ਜਾਏਗਾ ਤਾਂ ਜੀਵਨ ਰਸਦਾਇਕ ਤੇ ਸੁਆਦਲਾ ਲੱਗੇਗਾ।
ਮੰਗਣਾ ਇਹ ਚਾਹੀਏ :
ਨਾਮ ਦਿਹੁ, ਦਾਨ ਦਿਹੁ,
ਸਾਸ ਦਿਹੁ ਭਗਤ ਭਾਵਾ।
ਦਰਸ ਦਿਓ, ਪਰਸ ਦਿਹ ਪੈਰ ਕੋ
ਹਰਸ ਦਿਹੁ,
ਬਰ ਸੁ ਦਿਹੁ ਮੋਹ
ਜੋ ਕ੍ਰਿਪਾ ਛਾਵਾ।
ਦਾਨ ਦਿਹੁ, ਮਾਨ ਦਿਹੁ,
ਗਿਆਨ ਦਿਹੁ, ਭੈ ਹਰਹੁ,
ਸਿਦਕ ਦਿਹੁ, ਪ੍ਰੇਮ ਦਿਹੁ,
ਨੇਮ ਸਿਧੀ।
ਜੁਗਤ ਦਿਹੁ, ਭੁਗਤ ਦਿਹੁ, ਭਗਤਿ ਦਿਹੁ,
ਭਾਉ ਦਿਹੁ, ਭੈ ਦੀਜੈ, ਰਜਾ ਕੀ ਰੀਤ ਤਿਖੀ ।
ਸਿਦਕ, ਬੂਏ ਖ਼ੈਰ-ਇਕ ਸਰਵਰੀਏ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੇ ਭੇਟਾ ਰੱਖੀ ਤਾਂ ਮਹਾਰਾਜ ਨੇ ਕਹਿਆ ਕਿ ਉਸੇ ਨੂੰ ਦੇਹ ਜਿਸ ਨੂੰ ਤੂੰ ਮੰਨਦਾ ਹੈਂ । ਜਦ ਸਿਦਕ ਹੀ ਨਹੀਂ, ਭੇਟਾ ਲਿਆ ਰੱਖਣ ਦਾ ਕੀ ਲਾਭ ! ਉਸ ਨੇ ਖ਼ਿਮਾਂ ਮੰਗੀ ਤੇ ਗੁਰੂ ਦਾ ਸਿੱਖ ਬਣਿਆ। ਮਹਾਰਾਜ ਨੇ ਫ਼ਰਮਾਇਆ: ਸਿਦਕ ਇਕ ਐਸੀ ਸੁਗੰਧੀ ਹੈ ਜਿਸ ਨਾਲ ਦਿਮਾਗ਼ ਹਉਮੈ ਦੀ ਬੀਮਾਰੀ ਤੋਂ ਰਾਜ਼ੀ ਹੋ ਜਾਂਦਾ ਹੈ :
ਸਿਦਕ ਬੂਏ ਖ਼ੈਰ, ਮਗ਼ਜ਼ ਗੈਰ ਸ਼ੁਦਹ।
ਬੇ ਸਿਦਕੇ ਕੋਲੋਂ ਬਦਬੂ ਆਉਂਦੀ ਰਹਿੰਦੀ ਹੈ :
ਬੇ ਸਿਦਕੇ ਬੂਏ ਗੰਦ ਆਮਦ, ਮੰਦ ਆਮਦ ।
ਨਾਮੀ ਪੁਰਸ਼ ਦਾ ਕਰਤੱਵ-ਗੁਰੂ ਗੋਬਿੰਦ ਸਿੰਘ ਕੋਲੋਂ ਇਕ ਵਾਰੀ ਸਿੱਖਾਂ ਪੁੱਛਿਆ ਕਿ ਮਹਾਰਾਜ ਜਦ ਆਤਮਕ ਟਾਹਣੀ ਨੂੰ ਫੁੱਲ ਲੱਗੇ ਤਾਂ ਉਸ ਦਾ ਕਰਤੱਵ ਕੀ ਹੋਣਾ ਚਾਹੀਏ ਤਾਂ ਦਰਦੀ ਗੁਰੂ ਨੇ ਫ਼ਰਮਾਇਆ : ਜਿਸ ਨੂੰ ਨਾਮ ਦੀ ਰੰਗਤ ਚੜ੍ਹ ਜਾਏ ਉਹ ਚੱਪੂ ਜਾਂ ਨਿਵੇਕਲਾ ਹੋ ਨਾਂਹ ਬੈਠੇ; ਸਗੋਂ ਗਵਾਚਿਆਂ ਦੀ ਭਾਲ ਕਰੇ । ਆਪਣਿਆਂ ਨੂੰ ਇਕੱਠਾ ਕਰੇ ਅਤੇ ਨਵਿਆਂ ਨੂੰ ਲਗਾਏ।‘ਤਰੈ ਤਾਰੇ ਗੁਰੂ ਸਿੱਖ’ ਗੁਰੂ ਨਾਨਕ ਜੀ ਫ਼ਰਮਾ ਗਏ ਸਨ।
ਸਭ ਤੋਂ ਵੱਡੀ ਮਿਹਰ-ਸਿੱਖ ਘਰ ਗ੍ਰਹਿਸਤ ਕੋਈ ਆਸ਼ਰਮ ਨਹੀਂ ਸਗੋਂ ਧਰਮ ਹੈ। ਗ੍ਰਹਿਸਤੀ ਨੂੰ ਘਰ ਵਿਚ ਹੀ ਸਤਿਸੰਗ ਮਿਲ ਜਾਂਦਾ ਹੈ। ਗ੍ਰਹਿਸਤ ਵਿਚੋਂ ਬਿਖ ਗੁਰੂ ਪਾਤਸ਼ਾਹਾਂ ਹੀ ਕੱਢੀ ਸੀ। ਗ੍ਰਹਿਸਤ ਵਿਚ ਹੀ ਰੱਬ ਦਾ ਮਿਲਾਪ ਕਰਨ ਦਾ ਵੱਲ ਗੁਰੂ ਸਾਹਿਬਾਨ ਨੇ ਹੀ ਸਿਖਾਇਆ ਸੀ । ਇਸੇ ਪ੍ਰਥਾਇ ਇਕ ਵਾਰੀ ਕਲਗੀਧਰ ਨੇ ਹੁਕਮ ਕੀਤਾ ਸੀ :
ਇਸਤ੍ਰੀ ਪੁਰਖ, ਭਾਵੇਂ ਨਾਰ ਭਰਤਾ ਹਨ ਪਰ ਇਕ ਦੂਜੇ ਨੂੰ ਸਤਿਸੰਗ ਮਿਲ ਜਾਏ ਤਾਂ ਕ੍ਰਿਪਾ ਹੈ। ਗ੍ਰਹਿਸਤੀ ਨੂੰ ਕਦੇ ਵੀ ਨਿਮੋਝੂਣਾ ਨਹੀਂ ਹੋਣਾ ਚਾਹੀਦਾ । ਜਦ ਕਦੇ ਕੋਈ ਕਾਰਜ ਅੜਦਾ ਤੇ ਨਾਂਹ ਹੁੰਦਾ ਦਿਖਾਈ ਦੇਵੇ ਤਾਂ ਆਪ ਜੀ ਨੇ ਦੱਸਿਆ ਕਿ ਕੜਾਹ ਪ੍ਰਸ਼ਾਦ ਕਰ ਕੇ ਅਰਦਾਸ ਕਰਨੀ, ਸਾਰੇ ਮਨੋਰਥ ਪੂਰੇ ਹੋਣਗੇ। ਕੋਈ ਸੁਖਣਾ ਮੰਨਣ ਜਾਂ ਦੂਰ-ਦੂਰ ਭਟਕਣ ਦੀ ਲੋੜ ਨਹੀਂ :
‘ਕਰਹੁ ਤਿਹਾਵਲ ਅਰਹਿ ਜੋ ਕਾਜਾ,
ਕਰ ਅਰਦਾਸ ਧਰਹੁ ਮਮ ਧਿਆਨਾ,
ਹੋਹਿ ਮਨੋਰਥ ਪੂਰ ਮਹਾਨਾ ।
ਪੰਜ ਭੁੰਜਗੀਅਨ ਤੇ ਅਰਦਾਸ ਕਰਾਓ,
ਜੋ ਮਾਂਗੈ ਸੋਈ ਫਲ ਪਾਓ।
(ਪੰਥ ਪ੍ਰਕਾਸ਼)
ਮੰਗ ਧਰਮ ਧਾਰੋ-ਗੁਰੂ ਪਾਤਸ਼ਾਹ ਕੋਲੋਂ ਸੰਗਤਾਂ ਨੇ ਪ੍ਰਭੂ ਮਿਲਾਪ ਦਾ ਰਾਹ ਪੁੱਛਿਆ ਤਾਂ ਦੀਨ-ਬੰਧੂ ਨੇ ਕਿਹਾ ਮਿਲਾਪ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਸਾਨੂੰ ਮੰਗਣ ਦੀ ਜਾਚ ਨਹੀਂ। ਮੰਗ ਧਰਮ ਧਾਰੋ। ਮੰਗਣ ਵਾਲਾ ਕਾਹਲਾ ਨਾ ਪਵੇ। ਨਿਰਾਸ਼ ਨਾ ਹੋਵੇ। ਉਸ ਦੀ ਬਖ਼ਸ਼ਿਸ਼ ਦੇ ਦਰਵਾਜ਼ੇ ਸਦਾ ਖੁੱਲ੍ਹੇ ਹਨ। ਮਾਣ ਨਹੀਂ ਕਰਨਾ ਤੇ ਦਾਹਵਾ ਵੀ ਨਹੀਂ ਬੰਨ੍ਹਣਾ। ਉਸ ਨੇ ਤਰੁੱਠ ਕੇ ਦੇਣਾ ਹੈ। ਹਿਕਮਤ ਨਾ ਝਾੜੇ ਤੇ ਸਿਦਕ ਰੱਖੇ ਕਿ ਉਸਦਾ ਦਰ ਖੁੱਲ੍ਹਣ ਹੀ ਵਾਲਾ ਹੈ । ਲੇਖੇ ਤੇ ਪੜਚੋਲਾਂ ਵਾਲੀਆਂ ਸਮਝਾਂ ਅਨੰਤ ਖ਼ੁਸ਼ੀਆਂ ਨਹੀਂ ਮਾਣ ਸਕਦੀਆਂ। ਇਸੇ ਕਾਰਨ ਵੈਰਾਗੀ ਲੋਕਾਂ ਵਿਚ ਰਸ ਨਹੀਂ ਰਹਿੰਦਾ। ਗੁਸੈਲ ਹੋ ਜਾਂਦੇ ਹਨ ਅਤੇ ਪ੍ਰਮੇਸ਼ਰ ਨੂੰ ਭੁੱਲਣ ਵਾਲਿਆਂ ਵਿਚ ਖ਼ੁਦਗ਼ਰਜ਼ੀ ਘਰ ਬਣਾ ਲੈਂਦੀ ਹੈ। ਜਿਨ੍ਹਾਂ ਪ੍ਰਭੂ ਨੂੰ ਕਰਨਹਾਰ ਜਾਣਿਆ ਹੈ, ਉਨ੍ਹਾਂ ਦੇ ਪਰਉਪਕਾਰ ਵਿਚ ਹੰਕਾਰ ਦਾ ਅੰਸ ਨਹੀਂ ਹੁੰਦਾ । ਨਿਰਾ ਪਰਉਪਕਾਰ ਵੀ ਖਿੰਡਾਓ ਵਿਚ ਲੈ ਜਾਂਦਾ ਹੈ।
ਭਗਤ ਜੇਡ ਨਾਹ ਕੋਊ-ਸ਼ਕਤੀ ਨਾਲੋਂ ਭਗਤੀ ਦੀ ਮਹੱਤਤਾ ਦ੍ਰਿੜਾਉਣ ਲਈ ਇਕ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਭਰੇ ਦੀਵਾਨ ਵਿਚ ਪ੍ਰਸ਼ਨ ਕੀਤਾ ਕਿ ਹੈ ਕੋਈ ਜੋ ਇਹ ਦੱਸੇ ਕਿ ਕਬੀਰ ਜੀ ਵੇਲੇ ਹਿੰਦੁਸਤਾਨ ਦਾ ਕੌਣ ਬਾਦਸ਼ਾਹ ਸੀ । ਜਦ ਸਾਰੇ ਚੁੱਪ ਹੋ ਗਏ ਤਾਂ ਮਹਾਰਾਜ ਨੇ ਕਿਹਾ : ‘ਦੇਖੋ ਜਿਸ ਪਾਸ ਅਨੇਕਾਂ ਹਾਥੀ, ਘੋੜ ਸਵਾਰ ਸਨ ਅਤੇ ਜਿਸ ਦਾ ਸਿੱਕਾ ਨਰਬਦਾ ਤੋਂ ਲੈ ਕੇ ਕਾਬਲ ਤੱਕ ਚਲਦਾ ਸੀ, ਉਨ੍ਹਾਂ ਦੇ ਨਾਂ ਨੂੰ ਕੋਈ ਨਹੀਂ ਜਾਣਦਾ ਪਰ ਜਿਸ ਪਾਸ ਪੱਕੀ ਕੁੱਲੀ ਵੀ ਨਹੀਂ ਸੀ, ਉਸ ਨੂੰ ਸਿਰਫ਼ ਸਾਰੇ ਜਾਣਦੇ ਹੀ ਨਹੀਂ ਸਗੋਂ ਆਦਰ ਕਰਦੇ ਸਨ ਤੇ ਉਸ ਦੇ ਸ਼ਬਦਾਂ ਅੱਗੇ ਸਿਰ ਝੁਕਾਉਂਦੇ ਹਨ।
ਇਸੇ ਤਰ੍ਹਾਂ ਜਦ ਇਕ ਵਾਰੀ ਰਬਾਬੀਆਂ ਨੇ ਗੋਪੀ ਚੰਦ ਦੀ ਵਾਰਤਾ ਗਾਈ ਤਾਂ ਵਿਚੋਂ ਹੀ ਕਿਸੇ ਨੇ ਟੋਕ ਦਿੱਤਾ ਕਿ ਕੀ ਝਗੜਾ ਲੈ ਬੈਠੇ ਹੋ । ਮਹਾਰਾਜ ਸੁਣਦੇ ਪਏ ਸਨ ਅਤੇ ਉਨ੍ਹਾਂ ਉਸ ਟੋਕਣ ਵਾਲੇ ਸਿੱਖ ਨੂੰ ਕੋਲ ਬੁਲਾ ਕੇ ਕਿਹਾ: ‘ਤੁਹਾਨੂੰ ਅਜੇ ਇਥੇ ਆਇਆਂ ਕੁਝ ਹੀ ਦਿਨ ਹੋਏ ਹਨ ਅਤੇ ਘਰ ਦੀ ਯਾਦ ਸਤਾ ਰਹੀ ਹੈ, ਉਸ ਗੋਪੀ ਚੰਦ ਵੱਲ ਦੇਖੋ ਜੋ ਸਭ ਕੁਝ ਤਿਆਗ ਚਲਾ ਗਿਆ ਪਰ ਪਿੱਛੇ ਨਾ ਦੇਖਿਆ। ਫਿਰ ਫ਼ਰਮਾਇਆ : ‘ਸੱਚ ਸਭਨਾਂ ਕਾ ਖਸਮ ਹੈ। ਜਿਸ ਬਖ਼ਸ਼ੇ ਸੋ ਜਨ ਪਾਏ। ਸਚਿਆਰ ਪੁਰਖ ਸਭ ਹੀ ਪ੍ਰਮੇਸ਼ਰ ਰੂਪ ਹਨ। ਤਿਨ੍ਹਾਂ ਦੀ ਵਾਰਤਾ ਕਰਨ ਦਾ ਕੋਈ ਹਰਜ ਨਹੀਂ।’ ਕਿਤਨੇ ਉਦਾਰ ਚਿੱਤ ਸਨ ਕਲਗੀ ਵਾਲੇ।
ਆਚਰਨ ਉਸਾਰੀ—ਹਰ ਇਕ ਸਿੱਖ ਦੀ ਆਚਰਨ ਉਸਾਰੀ ਵੱਲ ਗੁਰੂ ਜੀ ਕਿਤਨਾ ਧਿਆਨ ਦੇਂਦੇ ਸਨ, ਉਸ ਦੀ ਵੀ ਇਕ ਵਾਰਤਾ ਹੈ। ਇਕ ਸਿੱਖ ਨੇ ਕਿਸੇ ਕੋਲੋਂ ਲੋੜ ਪੈਣ ਤੇ ਉਧਾਰ ਲਿਆ, ਪਰ ਜਦ ਉਸ ਕੋਲੋਂ ਮੰਗਿਆ ਗਿਆ ਤਾਂ ਉਸ ਨਾਂਹ ਨੁੱਕਰ ਕੀਤੀ। ਦੇਣ ਵਾਲੇ ਕਿਹਾ ‘ਇਥੇ ਨਹੀਂ ਦੇਵੇਂਗਾ ਤਾਂ ਦਰਗਾਹ ਲੈ ਲਵਾਂਗਾ।’ ਸਿੱਖ ਨੇ ਅੱਗੋਂ ਕਹਿ ਦਿੱਤਾ :
‘ਲੇਖਾ ਕੋਈ ਨ ਪੁਛਈ,
ਜਾ ਗੁਰੂ ਬਖਸੰਦਾ।’
ਗੁਰੂ ਜੀ ਇਹ ਸਭ ਸੁਣ ਰਹੇ ਸਨ ਤੇ ਉਸੇ ਵੇਲੇ ਉੱਚੀ ਆਵਾਜ਼ ਨਾਲ ਕਿਹਾ :
‘ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ।
ਗੁਰੁ ਪੀਰ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ।’
ਅਤੇ ਫਿਰ ਸਿੱਖ ਨੂੰ ਕੋਲ ਬੁਲਾ ਕੇ ਸਮਝਾਉਣ ਲੱਗੇ, ‘ਸਿੱਖ ਦਾ ਹੱਕ ਤਲੇ ਮਾਰਿਆ ਹਈ ਅਤੇ ਆਸਾ ਬਖ਼ਸ਼ੀਵਣ ਦੀ ਰਖਦਾ ਹੈਂ। ਬੀਜੈ ਬਿਖਿ ਮੰਗਹਿ ਅੰਮ੍ਰਿਤ, ਵੇਖਹੁ ਇਹੁ ਨਿਆਉ॥ ਇਹ ਤੇਰੇ ਘਰ ਹੋਵੇਗਾ, ਗੁਰੂ ਘਰ ਇਹ ਨਹੀਂ।
ਸੱਚ ਸਭਨਾ ਕਾ ਖਸਮ ਹੈ—ਇਕ ਦਿਨ ਫਿਰ ਭਰੀ ਸੰਗਤ ਕੋਲੋਂ ਗੁਰੂ ਪਾਤਸ਼ਾਹ ਨੇ ਪੁੱਛਿਆ ਕਿ ਧਰਤੀ ਨੂੰ ਕੌਣ ਉਠਾਈ ਤੇ ਚਲਾਈ ਜਾ ਰਿਹਾ ਹੈ ? ਸੰਗਤਾਂ ਬੇਨਤੀ ਕੀਤੀ ਕਿ ਤੁਸੀਂ ਹੀ ਕ੍ਰਿਪਾ ਕਰ ਕੇ ਦੱਸੋ ਤਾਂ ਆਪ ਜੀ ਨੇ ਫ਼ਰਮਾਇਆ : ‘ਬ੍ਰਹਮੰਡ ਸਭ ਸੱਚ ਦੇ ਆਸਰੇ ਖੜ੍ਹਾ ਹੈ । ਇਹ ਜੋ ਕੂੜ ਵੀ ਚੱਲ ਰਿਹਾ ਹੈ, ਇਹ ਵੀ ਸੱਚ ਦੇ ਆਸਰੇ ਹੀ ਹੈ। ਜਿਵੇਂ ਕਾਠ ਸੰਗ ਲੋਹਾ ਵੀ ਤਰ ਜਾਂਦਾ ਹੈ।’
ਅਵਰ ਉਪਦੇਸੈ ਆਪੁ ਨ ਕਰੈ—ਇਕ ਵਾਰੀ ਜਦ ਰਬਾਬੀਆਂ ਬਹੁਤ ਸੋਹਣਾ ਕੀਰਤਨ ਕੀਤਾ ਅਤੇ ਸੰਗਤਾਂ ਨੇ ਵਾਹ-ਵਾਹ ਕੀਤੀ ਪਰ ਗੁਰੂ ਜੀ ਕੁਝ ਨਾ ਬੋਲੇ। ਜਦ ਸੰਗਤਾਂ ਨੇ ਫਿਰ ਰਬਾਬੀਆਂ ਦੀ ਰੱਜ ਕੇ ਸਿਫ਼ਤ ਕੀਤੀ ਤਾਂ ਆਪ ਜੀ ਨੇ ਫ਼ਰਮਾਇਆ : ‘ਸ਼ਬਦ ਤਾਂ ਇਨ੍ਹਾਂ ਭਲਾ ਪੜ੍ਹਿਆ ਹੈ ਪਰ ਕਹੀ ਇਨ੍ਹਾਂ ਪਾਸ ਹੀ ਹੈ।’ ਸਿੱਖਾਂ ਇਸ ਦੇ ਅਰਥ ਪੁੱਛੇ ਤਾਂ ਕਹਿਣ ਲੱਗੇ ਕਿ ਇਕ ਵਾਰੀ ਪਿੰਡ ਵਿਚ ਕਿਸੇ ਦੀ ਕਹੀ ਗੁੰਮ ਹੋ ਗਈ। ਉਸ ਢੰਡੋਰੇ ਵਾਲੇ ਨੂੰ ਰੁਪਿਆ ਦਿੱਤਾ ਕਿ ਪਿੰਡ ਢੰਡੋਰਾ ਦੇ ਦੇਵੇ ਤਾਂ ਕਿ ਕਹੀ ਮਿਲ ਜਾਵੇ। ਕਹੀ ਫਿਰ ਵੀ ਨਾ ਮਿਲੀ। ਕਿਸੇ ਕਿਹਾ ਕਿ ਢੰਡੋਰਚੀ ਦਾ ਘਰ ਵੀ ਦੇਖਿਆ ਜਾਏ। ਜਾਂ ਦੇਖਿਆ ਤਾਂ ਕਹੀ ਉਥੋਂ ਹੀ ਮਿਲੀ। ਇਹ ਹੀ ਅਵਸਥਾ ਰਬਾਬੀਆਂ ਦੀ ਹੈ। ਆਪ ਮਾਇਆ ਦੀ ਨਿਖੇਧੀ, ਲੋਕਾਂ ਨੂੰ ਕਹਿ ਸੁਣਾਂਦੇ ਹਨ ਤੇ ਆਪੂੰ ਲੋਕਾਂ ਕੋਲੋਂ ਵਧੀਕ ਮਾਇਆ ਦੇ ਚਾਹਵਾਨ ਹਨ ਤਾਂ ਤੇ ਕਹੀ ਇਨ੍ਹਾਂ ਦੇ ਹੀ ਘਰ ਹੈ।
ਗੁਰਬਾਣੀ ਨੂੰ ਸ਼ੁੱਧ ਪੜ੍ਹਨ ਲਈ ਵੀ ਪ੍ਰੇਰਦੇ। ਲਗਾਂ ਮਾਤ੍ਰਾਂ ਘੱਟ ਵੱਧ ਕਰਨ ਵਾਲਿਆਂ ਨੂੰ ਸਖ਼ਤ ਚੇਤਾਵਨੀ ਤੇ ਕਈ ਵਾਰੀ ਤਾੜਨਾ ਵੀ ਕਰਦੇ। ਭਾਈ ਗੋਹਰ ਸਿੰਘ ਜੀ ਇਤਨਾ ਸ਼ੁੱਧ ਪਾਠ ਕਰਦੇ ਸਨ, ਸਭ ਕੀਲੇ ਹੀ ਜਾਂਦੇ ਸਨ।
ਸੇਵਾ ਦੀ ਮਹਾਨਤਾ—ਸੇਵਾ ਦੀ ਮਹੱਤਤਾ ਤੇ ਕਿਰਤ ਦੀ ਮਹਾਨਤਾ ਦ੍ਰਿੜਾਉਣ ਲਈ ਇਕ ਵਾਰੀ ਉਸ ਬੰਦੇ ਦਾ ਨਾਲ ਲਿਆਂਦਾ ਜਲ ਨਾ ਸਿਰਫ਼ ਪੀਣ ਤੋਂ ਇਨਕਾਰ ਕੀਤਾ ਸਗੋਂ ਡੋਲ੍ਹ ਕੇ ਫ਼ਰਮਾਇਆ: ਕੁਪੰਗ (ਕੋਹੜੀ) ਦੇ ਹੱਥਾਂ ਦਾ ਜਲ ਸਵੀਕਾਰ ਨਹੀਂ ਕਰਨਾ। ਹੱਥ ਉਹ ਹੀ ਪਵਿੱਤਰ ਹਨ ਜੋ ਦੂਜਿਆਂ ਦੀ ਸੇਵਾ ਲਈ ਜੁਟੇ ਹਨ। ਪੜ੍ਹੇ ਤੇ ਸਿੱਖ ਨਹੀਂ। ਸਿਦਕ ਟਹਲ ਹੈ। ਗੁਰਮਤਿ ਦਾ ਤੱਤ ਸਮਝਾਂਦੇ ਫ਼ਰਮਾਇਆ ਸੀ :
ਸੁਣ ਸਿੱਖਾ ਗੁਰਮਤਿ ਇਹੁ ਸਾਰ । ਸਤਿ ਸੰਗਤਿ ਕੀ ਸੇਵ ਉਦਾਰ। ਜਿਉਂ ਮੁਰਦੇ ਕੇ ਅੰਗ ਅਪਾਵਨ । ਸੁਕਚਿਓ ਸਭ ਨਹਿ ਕਰਹਿ ਛੁਹਾਵਨ।
ਲੰਗਰ ਦੀ ਮਹਿਮਾ—ਲੰਗਰ ਦੀ ਮਹਾਨਤਾ ਦ੍ਰਿੜਾਉਣ ਲਈ, ਆਪੂੰ ਇਕ ਦਿਨ ਗੁਰੂ ਜੀ ਅਭਿਆਗਤ ਬਣ ਕੇ ਕਈ ਲੰਗਰਾਂ ਤੇ ਗਏ। ਕਈਆਂ ਨੇ ਪ੍ਰਸ਼ਾਦ ਤੱਕ ਨਾ ਦਿੱਤਾ ਪਰ ਭਾਈ ਨੰਦ ਲਾਲ ਜੀ ਨੇ ਜੋ ਤਿਆਰ ਕੀਤਾ ਸੀ, ਆਦਰ ਨਾਲ ਭੇਟ ਕੀਤਾ। ਅਗਲੇ ਦਿਨ ਜਦ ਹਰ ਕੋਈ ਆਪਣੇ ਲੰਗਰ ਦੀ ਆਪੇ ਹੀ ਉਪਮਾ ਕਰਨ ਲੱਗਾ ਤਾਂ ਗੁਰੂ ਜੀ ਨੇ ਫ਼ਰਮਾਇਆ: ‘ਦਰ ਆਏ ਨੂੰ ਆਦਰ ਦੇਣਾ ਜ਼ਰੂਰੀ ਹੈ । ਇਸ ਕਸਵੱਟੀ ਤੇ ਭਾਈ ਨੰਦ ਲਾਲ ਹੀ ਪੂਰਾ ਉਤਰਿਆ ਹੈ।
‘ਸਭ ਦਾਨਨ ਤੇ ਉਤਮ ਦਾਨ। ਜਿਸ ਕੇ ਦੀਏ ਬਚਤਿ ਹੈ ਪ੍ਰਾਨ।’
ਕੇਸਾਂ ਦਾ ਸਤਿਕਾਰ ਅਤੇ ਸੰਭਾਲ ਦੇ ਹੁਕਮ ਵੀ ਕਰਦੇ ਰਹਿੰਦੇ ਸਨ। ਇਕ ਦਿਨ ਭਰੇ ਦਰਬਾਰ ਪੁੱਛਿਆ ਕਿ ‘ਕੋਈ ਐਸੀ ਔਰਤ ਵੀ ਹੈ ਜਿਸ ਨੇ ਆਪਣੇ ਪਤੀ ਦਾ ਕਦੇ ਮੂੰਹ ਨਾ ਫ਼ਿਟਕਾਰਿਆ ਹੋਵੇ ।’ ਸਭ ਪਾਸੇ ਹੀ ਚੁੱਪ ਛਾ ਗਈ ਪਰ ਆਗਰੇ ਤੋਂ ਆਈ ਮਾਈ ਨੇ ਕਿਹਾ: ‘ਮਹਾਰਾਜ ! ਆਪ ਦੀ ਕ੍ਰਿਪਾ ਨਾਲ ਮੇਰੇ ਤੇ ਇਹ ਨੇਮ ਨਿਭਿਆ ਹੈ ।’ ਮਾਈ ਭਾਗਣ ਨੇ ਇਹ ਦੱਸਿਆ ਕਿ ਉਸ ਨੂੰ ਇਹ ਸੋਝੀ ਕੇਸਾਂ ਦੇ ਸਤਿਕਾਰ ਤੋਂ ਹੀ ਆਈ ਹੈ। ਮਹਾਰਾਜ ਨੇ ਵੀ ਬਚਨ ਕੀਤਾ :
‘ਦਾਹੜੀ ਬੰਦਗੀ ਐਨ ਖ਼ੁਦਾਇ ਦੀਦਾਰ ਸ਼ੁਮਾਰੈ । ਬਗ਼ੈਰ ਦਾਹੜੀ ਸ਼ੈਤਾਨ, ਬਿਸਾਹਸ ਨ ਕਰਦ ਮਹਿ ।
ਇਸ ਤਰ੍ਹਾਂ, ਇਕ ਵਾਰੀ ਜਦ ਭਾਈ ਕਾਹਨ ਸਿੰਘ ਦੇ ਦੀਵਾਰ ਪੋਚਦੇ ਕੁਝ ਛਿੱਟੇ ਕੋਲੋਂ ਲੰਘਦੇ ਮਹਾਰਾਜ ਤੇ ਪਏ ਤਾਂ ਆਪ ਜੀ ਨੇ ਉਸ ਨੂੰ ਇਕ ਤਮਾਚਾ ਮਾਰਨ ਲਈ ਕਿਹਾ : ਸੁਣਦੇ ਸਾਰ ਕਈਆਂ ਨੇ ਚਪੇੜਾਂ ਮਾਰੀਆਂ ਤੇ ਕੁਝ ਨੇ ਤਾਂ ਕੇਸਾਂ ਦੀ ਬੇਅਦਬੀ ਵੀ ਕੀਤੀ। ਗੁਰੂ ਮਹਾਰਾਜ ਨੇ ਸਖ਼ਤ ਤਾੜਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਤਾਂ ਇਕ ਤਮਾਚਾ ਮਾਰਨ ਲਈ ਕਿਹਾ ਸੀ, ਤੁਸਾਂ ਹੱਥ ਹੀ ਚੁੱਕ ਲਏ ਤੇ ਕੇਸਾਂ ਦੀ ਬੇਅਦਬੀ ਵੀ ਕੀਤੀ। ਇਹ ਗੁਨਾਹ ਹੈ :
‘ਇਹ ਬਾਣਾ ਹੈ ਗੁਰੂ ਕੋ ਤਾੜਹਿ ਕਰ ਜੋਈ। ਸੋ ਗੁਰੁ ਕੋ ਬੈਰੀ ਅਹੈ, ਲਖੀਏ ਸਭ ਕੋਈ।
ਕੀਨ ਅਨਰਥ ਗਨਾਹ ਅਤਿ, ਕੇਸਨ ਪਰ ਮਾਰਾ।’
ਫਿਰ ਹੁਕਮ ਕੀਤਾ ਕਿ ਇਸ ਸਿੱਖ ਨੂੰ ਹੁਣ ਕੋਈ ਆਪਣੀ ਕੰਨਿਆ ਵੀ ਦੇਵੇ। ਚਪੇੜਾਂ ਮਾਰਨ ਵਾਲੇ ਪਿੱਛੇ ਹਟ ਗਏ ਪਰ ਕੰਧਾਰ ਦੇ ਇਕ ਸਿੱਖ ਭਾਈ ਅਜਬ ਸਿੰਘ ਨੇ ਆਪਣੀ ਲੜਕੀ ਖ਼ੁਸ਼ੀ ਨਾਲ ਭਾਈ ਜੀ ਦੇ ਲੜ ਲਗਾਈ।
ਪੱਥਰ ਤੇ ਪਤਾਸਾ—ਹਉਮੈ ਦੀ ਜੜ੍ਹ ਨੂੰ ਵੀ ਗੁਰੂ ਜੀ ਪ੍ਰਤੱਖ ਦਿਖਲਾ ਪੁੱਟ ਰਹੇ ਸਨ ਤੇ ਸੰਗਤ ਨੂੰ ਮਹਾਨ ਘਟਨਾ ਲਈ ਤਿਆਰ ਕਰ ਰਹੇ ਸਨ। ਇਕ ਦਿਨ ਜਦ ਕੁਝ ਸਿੱਖਾਂ ਪ੍ਰਸ਼ਨ ਕੀਤਾ, ‘ਮਹਾਰਾਜ ਕੁਝ ਸਿੱਖ ਆਪ ਜੀ ਦੇ ਨਿਕਟ ਵੀ ਰਹਿੰਦੇ ਹਨ ਪਰ ਫਿਰ ਵੀ ਉਨ੍ਹਾਂ ਤੇ ਕੋਈ ਪ੍ਰਭਾਵ ਨਹੀਂ ਦਿੱਸਦਾ, ਪਰ ਭਾਈ ਜੱਗਾ ਸਿੰਘ ਵਰਗੇ ਪ੍ਰੇਮ ਵਿਚ ਗੜੂੰਦ ਰਹਿੰਦੇ ਹਨ ਭਾਵੇਂ ਉਨ੍ਹਾਂ ਨੂੰ ਕੋਈ ਖ਼ਾਸ ਆਦਰ ਨਹੀਂ ਮਿਲਦਾ। ਆਪ ਜੀ ਨੇ ਇਕ ਪੱਥਰ ਤੇ ਇਕ ਪਤਾਸਾ ਸਵਾਲ ਕਰਨ ਵਾਲੇ ਸਿੱਖ ਨੂੰ ਦਿੱਤਾ ਕਿ ਪਾਣੀ ਦੇ ਭਰੇ ਹੋਏ ਮਟਕੇ ਵਿਚ ਰੱਖ ਆਵੇ। ਉਹ ਪੱਥਰ ਤੇ ਪਤਾਸਾ ਰੱਖ ਕੇ ਵਾਪਸ ਆਇਆ। ਥੋੜ੍ਹੀ ਦੇਰ ਬਾਅਦ ਗੁਰੂ ਜੀ ਨੇ ਪੱਥਰ ਨੂੰ ਪਾਣੀ ਵਿਚੋਂ ਕੱਢ ਲਿਆਵੋ। ਸਿੱਖਾਂ ਨੇ ਕੱਢ ਆਂਦਾ। ਫਿਰ ਫ਼ਰਮਾਇਆ ਉਹ ਪਤਾਸਾ ਵੀ ਲੈ ਆ। ਉਸ ਬੇਨਤੀ ਕੀਤੀ: ‘ਮਹਾਰਾਜ ਪਤਾਸਾ ਤਾਂ ਘੁਲ ਮਿਲ ਗਿਆ। ਉਸ ਦੀ ਹੋਂਦ ਮਿਟ ਗਈ ਹੈ । ਤਾਂ ਮਹਾਰਾਜ ਨੇ ਫ਼ਰਮਾਇਆ: ‘ਇਸੇ ਤਰ੍ਹਾਂ ਕਈ ਗੁਰੂ ਸਰੋਵਰ ਵਿਚ ਵੀ ਹਉਮੈ ਦੇ ਪੱਥਰ ਬਣੇ ਰਹਿੰਦੇ ਹਨ। ਹਉਮੈ, ਉਨ੍ਹਾਂ ਦਾ ਪਿੱਛਾ ਛੱਡਦੀ ਹੀ ਨਹੀਂ ਤੇ ਉਹ ਵੀ ਇਸ ਤੋਂ ਪਰ੍ਹੇ ਨਹੀਂ ਹੁੰਦੇ। ਦੂਜੇ ਪਤਾਸਾ ਰੂਪ ਸਿੱਖ ਗੁਰੂ ਬਚਨਾਂ ਤੇ ਸਭ ਕੁਝ ਵਾਰਨੇ ਕਰ ਦਿੰਦਾ ਹੈ ਅਤੇ ਨਿੱਕੀ ਹਸਤੀ ਮਿਟਾ ਕੇ ਵੱਡੀ ਹਸਤੀ ਦਾ ਹਿੱਸਾ ਬਣ ਜਾਂਦਾ ਹੈ।
ਹਾਜ਼ਰ ਗ਼ੈਰ-ਹਾਜ਼ਰ—ਹਾਜ਼ਰੀ ਨਾਲੋਂ ਹਜ਼ੂਰੀ ਦੀ ਮਹੱਤਤਾ ਦ੍ਰਿੜਾਉਣ ਲਈ ਉਸ ਸਿੱਖ ਨੂੰ ਚੰਗਾ ਕਿਹਾ ਜੋ ਤਮਾਸ਼ਾ ਪੁਤਲੀਆਂ ਦਾ ਦੇਖਦਾ ਸੀ ਪਰ ਧਿਆਨ ਗੁਰੂ ਵੱਲ ਸੀ। ਬਾਰ ਬਾਰ ਸੋਚਦਾ ਸੀ : ਮਤਾ ਜਾਗ ਹੀ ਨਾ ਪੈਣ ਪਰ ਦੂਜੇ ਪਾਸੇ ਜੋ ਗੁਰੂ ਜੀ ਦਾ ਪਹਿਰੇਦਾਰ ਸੀ, ਉਸ ਦਾ ਧਿਆਨ ਤਮਾਸ਼ੇ ਵੱਲ ਸੀ ਤੇ ਵਾਰ ਵਾਰ ਕਹਿੰਦਾ ਸੀ ਕਿ ਕਿਹੜਾ ਗੁਰੂ ਨੇ ਜਾਗ ਪੈਣਾ ਹੈ। ਆਪ ਜੀ ਨੇ ਕਿਹਾ : ਇਸ ਤਰ੍ਹਾਂ ਹਾਜ਼ਰ ਗ਼ੈਰ-ਹਾਜ਼ਰ ਤੇ ਗ਼ੈਰ-ਹਾਜ਼ਰ ਹਾਜ਼ਰ ਹੈ, ਲੋੜ ਹਾਜ਼ਰੀ ਨਾਲੋਂ ਹਜ਼ੂਰੀ ਦੀ ਹੈ। ਜੇ ਹਾਜ਼ਰੀ ਤੇ ਹਜ਼ੂਰੀ ਦੋਵੇਂ ਹੋਣ ਤਾਂ ਕਹਿਣਾ ਹੀ ਕੀ ਹੈ।
ਕਿਰਤ ਦੀ ਕਦਰ-ਸੰਗਤ ਉਸ ਦਿਨ ਬਹੁਤ ਹੀ ਹੈਰਾਨ ਹੋਈ ਜਦ ਗੁਰੂ ਜੀ ਆਪੂੰ ਇਕ ਸਿੱਖ ਦੇ ਅਕਾਲ ਚਲਾਣੇ ਤੇ ਉਸ ਦੇ ਘਰ ਪਹੁੰਚੇ ਤੇ ਅਸੀਸ ਦਿੱਤੀ। ਅਸੀਸ ਦੇ ਸ਼ਬਦ ਹਨ : ‘ਜਾਓ ਸਪੁੱਤ! ਅਕਾਲ ਪੁਰਖ ਦੇ ਚਰਨਾਂ ਵਿਚ ਵਾਸਾ ਪਾਓ। ਧੰਨ ਜਨਮ, ਸਫ਼ਲ ਆਉਣਾ।’ ਕਿਸੇ ਪਾਸ ਖੜ੍ਹੇ ਨੇ ਪੁੱਛਿਆ ਕਿ ਇਸ ਸਿੱਖ ਦੀ ਇਤਨੀ ਕਦਰ ਕਿਉਂ ਕੀਤੀ ਗਈ ਤਾਂ ਦੂਜੇ ਸਿੱਖ ਨੇ ਦੱਸਿਆ ਕਿ ਇਤਨੀ ਕਦਰ ਇਸ ਲਈ ਕੀਤੀ ਗਈ ਹੈ ਕਿ ਇਹ ਸਿੱਖ ਕਿਰਤ ਕਰਕੇ ਪ੍ਰਸ਼ਾਦਾ ਛਕਦਾ ਸੀ ਅਤੇ ਰਹਿੰਦਾ ਸਮਾਂ ਸੰਗਤਾਂ ਦੀ ਸੇਵਾ ਵਿਚ ਖ਼ਰਚ ਕਰਦਾ ਸੀ। ਪਰਦੇਸੀ ਸਿੱਖ ਦੀ ਕੋਈ ਲੋੜ ਹੋਵੇ ਇਸ ਨੇ ਹੀ ਪੂਰਿਆਂ ਕਰਨੀ। ਗ਼ਰੀਬਾਂ ਦੇ ਅੰਨ ਬਸਤ੍ਰ ਦਾ ਫ਼ਿਕਰ ਇਹ ਦੌੜ ਕੇ ਕਰਦਾ ਸੀ । ਬੀਮਾਰਾਂ ਨੂੰ ਦਵਾ ਦਾਰੂ ਪਹੁੰਚਾਉਂਦਾ ਸੀ। ਨੇਤ੍ਰ ਹੀਣਾਂ ਦੀ ਸੇਵਾ ਉਚੇਚ ਕਰ ਕੇ ਕਰਦਾ ਸੀ, ਫਿਰ ਕਿਸੇ ਨੂੰ ਰਾਗ ਵਿੱਦਿਆ, ਕਿਸੇ ਨੂੰ ਅਰਥ ਸਿਖਾਲ ਕੇ ਪੈਰਾਂ ਤੇ ਖੜ੍ਹਾ ਕਰ ਦੇਂਦਾ ਸੀ।
ਧੰਨ ਗੁਰੂ ਗੋਬਿੰਦ ਹੈ ਜਿਨ੍ਹਾਂ ਐਸੇ ਕਿਰਤੀ ਧਰਮੀ ਰੂਹ ਵਾਲੇ ਬੰਦੇ ਪੈਦਾ ਕੀਤੇ। ਉਤਸ਼ਾਹੀ, ਖੁੱਲ੍ਹੇ ਦਿਲਾਂ ਵਾਲੇ, ਖਿੜੇ ਮੱਥੇ, ਦਿਲੋਂ ਸਾਈਂ ਨਾਲ ਜੁੜੇ, ਨੈਣੋਂ ਕੁਦਰਤ ਨਾਲ ਮਿਲੇ, ਸੱਚੇ ਸੁੱਚੇ ਪੁਰਸ਼ ਰਚੇ।
ਅਨੰਦਪੁਰ ਵਿਚ ਰੌਣਕਾਂ ਲੱਗੀਆਂ ਹੋਈਆਂ ਸਨ ਤੇ ਗੁਰੂ ਪਾਤਸ਼ਾਹ ਪਾਸ ਹਰ ਜਾਤ, ਧਰਮ ਦੇ ਸਿਪਾਹੀ, ਜੋਧੇ ਪੁੱਜ ਗਏ ਸਨ। ਕੁਝ ਨੌਕਰੀ ਵੀ ਕਰਦੇ ਸਨ ਤੇ ਉਨ੍ਹਾਂ ਨੂੰ ਰੋਜ਼ੀਨਾ ਦਿੱਤਾ ਜਾਂਦਾ ਸੀ । ਇਸੇ ਤਰ੍ਹਾਂ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਫ਼ੌਜਾਂ ਹੋ ਗਈਆਂ ਸਨ :
ਸ਼ਸਤ੍ਰ ਗਹੈ ਅਭਿਆਸ ਕਮਾਵੈ । ਤੀਰ ਤੁਪੁਕ ਤਲਵਾਰ ਚਲਾਵੈ ।
ਸਭ ਜਾਤਿਨ ਕੇ ਬਨੇ ਸਿਪਾਹੀ। ਵਧਹਿ ਬੀਰ ਰਸ ਥਹੁ ਉਰ ਮਾਹੀ।
ਕੌਤਕ ਕਰਹਿ ਨੌਕਰੀ ਆਇ । ਲਹੈਂ ਰੁਜੀਨਾ ਧਨ ਜਨ ਪਾਇ।
ਭਈ ਫ਼ੌਜ ਗੁਰ ਸੰਗਿ ਹਜ਼ਾਰੈਂ । ਕਹਿ ਜੈਕਾਰਾ ਦਰਸ ਨਿਹਾਰੈ।
ਭਵ ਸਾਗਰ ਤਰਣ ਦਾ ਸੁਖਾਲਾ ਰਾਹ—ਇਕ ਦਫ਼ਾ ਇਕ ਸਿੱਖ ਨੇ ਪੁੱਛਿਆ ਕਿ ਤਰਨ ਦਾ ਉਪਾਇ ਸੁਖਾਲਾ ਕਹੀਐ, ਗੁਰੂ ਜੀ। ਸ਼ਾਸਤ੍ਰ ਪੰਡਿਤ ਬਿਖਮ ਮਾਰਗ ਦੱਸਦੇ ਹਨ।
ਗੁਰੂ ਜੀ ਨੇ ਬਚਨ ਕੀਤਾ :
ਤਰਣਾ ਬਹੁਤ ਸੁਖਾਲਾ ਹੈ।
ਪ੍ਰਿਥਮੇ : ਧੰਦਾ ਨਹੀਂ, ਕਿਰਤ ਕਰਨੀ। ਦੁਤੀਏ : ਮਨ ਸਦਾ ਸੀਤਲ ਰਖਣਾ ਛਾਤੀ ਸੀਤਲ ਮਨੁ ਸੁਖੀ, ਛੰਤ ਗੋਬਿੰਦ ਗੁਨ ਗਾਇ।
ਤ੍ਰਿਤੀਏ : ਵਿਚਕਾਰ ਜੋ ਹਉਮੈ ਦਾ ਪਰਦਾ ਹੈ, ਹਟਾਉਣਾ ਭਾਂਭੀਰੀ ਕੇ ਪਾਤ ਪਾਰਦੋ ਬਿਨ ਪੇਖੈ ਦੂਰਾਇਓ।
ਚਤੁਰਥ : ਰਾਮ ਕਹਹੁ ਚਿਤੁ ਲਾਇ ਅਤੇ ਪੰਜਵਾਂ : ਮਰਣਾ ਚੀਤ ਰੱਖਣਾ।
ਬ੍ਰਾਹਮਣਾਂ ਤੇ ਆਖ਼ਰੀ ਸੱਟ-ਪੰਥ ਸਾਜਨ ਲਈ ਸਾਰੀ ਸਮਿਗ੍ਰੀ ਤਿਆਰ ਸੀ। ਬੰਸਾਵਲੀਨਾਮਾ ਦਾ ਲਿਖਾਰੀ ਲਿਖਦਾ ਹੈ ਕਿ ਸੰਮਤ ਸਤਾਰਾਂ ਸੌ ਇਕਵੰਜਾ (ਸੰਨ ੧੬੯੪) ਅਰੰਭ ਹੁੰਦੇ ਹੀ ਗੁਰੂ ਜੀ ਪੰਥ ਜੁਦਾ ਕਰਨ ਦੀਆਂ ਵਿਉਂਤਾਂ ਬਣਾਉਣ ਲੱਗ ਪਏ ਸਨ। ਉਸੇ ਸਾਲ ਕੇਸ ਰੱਖਣ ਤੇ ਹਜਾਮਤ ਨਾ ਕਰਾਉਣ ਦੇ ਹੁਕਮਨਾਮੇ ਭੇਜ ਦਿੱਤੇ ਸਨ । ਕੜਾ ਪਹਿਨਣ ਦਾ ਹੁਕਮ ਤੇ ਤੁਰਕਨੀ ਨਾਲ ਸੰਗ ਨਾ ਕਰਨ ਦੀ ਚੇਤਾਵਨੀ ਦੇ ਚੁੱਕੇ ਸਨ। ਅਨੰਦਪੁਰ ਦੀ ਸ਼ਸਤ੍ਰ ਪਹਿਣ ਪੁੱਜਣ ਦੀ ਆਗਿਆ ਵੀ ਕਰ ਚੁੱਕੇ ਸਨ। ਹੁਣ ਸਿਰਫ਼ ਰਸਮੀ ਤੌਰ ਤੇ ਐਲਾਨ ਕਰਨ ਦੀ ਲੋੜ ਸੀ ਅਤੇ ਰਹਿਤ ਨੂੰ ਦ੍ਰਿੜ੍ਹ ਕਰਾਉਣਾ ਸੀ :
‘ਸੰਮਤ ਸਤਾਰਾਂ ਸੌ ਪਚਾਸ ਪੂਰਾ ਹੋਇਆ।
ਪੰਥ ਜੁਦਾ ਕਰਨ ਦਾ ਉਪਾਉ ਸਾਹਿਬ ਮਨ ਪਰੋਇਆ।
ਪਹਿਲੇ ਮੁਨਿਆਦ ਪੰਥ ਦੀ ਇਹ ਰਖੀ।
ਭਧਣ ਨਹੀਂ ਕਰਨਾ, ਏਹ ਠਹਰੀ ਜੇ ਪਕੀ ।’
ਇਕ ਆਖ਼ਰੀ ਚੋਟ ਬ੍ਰਾਹਮਣਵਾਦ ਤੇ ਮਾਰਨੀ ਵੀ ਜ਼ਰੂਰੀ ਸੀ। ਸੰਨ ੧੬੯੮ ਦੀ ਵੈਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬ੍ਰਹਮ ਭੋਜ ਕੀਤਾ। ਬ੍ਰਹਮ ਭੋਜ ਦਾ ਨਾਂ ਸੁਣਦੇ ਹੀ ਬ੍ਰਾਹਮਣ ਸ਼੍ਰੇਣੀ ਨੇ ਇਹ ਹੀ ਸਮਝਿਆ ਕਿ ਗੁਰੂ ਜੀ ਉਨ੍ਹਾਂ ਨੂੰ ਪਹਿਲ ਦੇਣਗੇ। ਉਨ੍ਹਾਂ ਦੇ ਕੋਸ਼ ਵਿਹ ਬ੍ਰਹਮ ਭੋਜ ਦੇ ਅਰਥ ਹੀ ਬ੍ਰਹਮਣ ਦੀ ਸੇਵਾ ਸਨ। ਭਾਵੇਂ ਗੁਰੂ ਅਰਜਨ ਦੇਵ ਜੀ ਨੇ ਵੀ ਇਨ੍ਹਾਂ ਤੇ ਕਾਰੀ ਚੋਟ ਉਸ ਵੇਲੇ ਮਾਰੀ ਸੀ ਜਿਸ ਵੇਲੇ ਦਰਬਾਰ ਸਾਹਿਬ ਦੀ ਉਸਾਰੀ ਸੰਪੂਰਨ ਹੋਈ ਸੀ। ਕੁਝ ਲੋਕਾਂ ਉਸ ਵੇਲੇ ਸੁਝਾਅ ਦਿੱਤਾ ਸੀ ਕਿ ਪਹਿਲਾ ਥਾਲ ਕਿਸੇ ਬ੍ਰਾਹਮਣ
ਨੂੰ ਭੇਜਿਆ ਜਾਏ ਪਰ ਗੁਰੂ ਅਰਜਨ ਜੀ ਨੇ-
‘ਹਮਰਾ ਪਰੋਹਿਤ ਭਾਈ ਬੰਨੋ, ਸਾਧ ਸੰਗਤਿ ਤੁਮ ਸਤਿ ਕਰ ਮੰਨੋ,’
ਆਖ ਕੇ ਸਭ ਨੂੰ ਅਵਾਕ ਕਰ ਦਿੱਤਾ ਸੀ ਅਤੇ ਰੁਤਬੇ ਦੀ ਚੇਤੰਨਤਾ ਤੇ ਕਾਰੀ ਸੱਟ ਮਾਰੀ ਸੀ । ਹੁਣ ਵੀ ਇਸ ਖ਼ਿਆਲ ਨਾਲ ਬ੍ਰਾਹਮਣ ਇਕੱਠੇ ਹੋਏ । ਲੰਗਰ ਦੇ ਸਮੇਂ ਗੁਰੂ ਜੀ ਨੇ ਉਨ੍ਹਾਂ ਨੂੰ ਨਾ ਬੁਲਾਇਆ ਅਤੇ ਲੰਗਰ ਛਕਾ ਦਿੱਤਾ। ਉਨ੍ਹਾਂ ਵਿਚੋਂ ਕੁਝ ਗੁੱਸੇ ਵਿਚ ਗੁਰੂ ਜੀ ਕੋਲ ਆਏ ਤੇ ਬੁਲਾਏ ਜਾਣ ਤੇ ਗੁੱਸਾ ਕੀਤਾ ਅਤੇ ਆਪਣਾ ਹੱਕ ਜਤਾਇਆ । ਮਹਾਰਾਜ ਸਿਰਫ਼ ਮੁਸਕਰਾਂਦੇ ਰਹੇ ਤੇ ਇਤਨਾ ਹੀ ਕਿਹਾ, ‘ਮਿਸਰ ਜੀ ਗੁੱਸੇ ਨਾ ਹੋਵੋ, ਤੁਹਾਡੀ ਯਾਦ ਹੀ ਭੁੱਲ ਗਈ।’ ਯਾਦ ਉਸੇ ਦੀ ਭੁੱਲਦੀ ਹੈ ਜਿਸ ਦੀ ਲੋੜ ਨਾ ਹੋਵੇ। ਸੋ ਬ੍ਰਾਹਮਣ ਦੀ ਹੁਣ ਇਸ ਸਿੱਖੀ ਦੇ ਦਰ ਲੋੜ ਨਹੀਂ ਹੈ। ਸਿੱਖ ਦੀ ਮਹੱਤਤਾ ਦ੍ਰਿੜ੍ਹਾਂਦੇ ਹੋਏ ਫ਼ੁਰਮਾਇਆ ਕਿ ਬ੍ਰਾਹਮਣ ਸਦੀਆਂ ਤੋਂ ਲੋਕਾਂ ਤੇ ਜੂਲਾ ਪਾ ਕੇ ਰਾਜ ਕਰੀ ਜਾਂਦਾ ਸੀ। ਇਸ ਨੇ ਆਪਣੀ ਮਨ-ਮਾਨੀ ਕਰ ਲਈ ਹੈ। ਹੁਣ ਲੇਖੇ ਗੁਰੂ ਨੇ ਮੁਕਾ ਦਿੱਤੇ ਹਨ । ਹੁਣ ਕੋਈ ਰਾਖਵਾਂ ਅਧਿਕਾਰ ਇਨ੍ਹਾਂ
ਬ੍ਰਾਹਮਣਾਂ ਦਾ ਸਿੱਖ ਧਰਮ ਵਿਚ ਨਹੀਂ ਹੈ :
‘ਜੋ ਕਿਛੁ ਲੇਖ ਲਿਖਿਯੋ ਬਿਧ ਨੇ,
ਸੋਈ ਪਾਵਤ ਮਿਸਰ ਜੂ ਸੋਕ ਨਿਵਾਰੋ।
ਮੇਰਾ ਕੁਛ ਅਪਰਾਧ ਨਹੀਂ,
ਗਯੋ ਯਾਦ ਤੇ ਭੂਲ, ਨ ਕੋਪ ਚਿਤਾਰੋ।
ਬਾਗੋ ਨਿਹਾਲੀ ਪਠੈ ਦੈਹੋ ਆਜ,
ਭਲੇ ਤੁਮਕੋ, ਨਿਹਚੈ ਜੀਆ ਧਾਰੋ।
ਛਤਰੀ ਸਭੈ ਕ੍ਰਿਤ ਬਿਪ੍ਰਨ ਕੋ
ਇਨਹੂ ਮੈ ਕਠਾਛ ਕ੍ਰਿਪਾ ਕੈ ਨਿਹਾਰੋ।’੧।
ਫਿਰ ਫ਼ਰਮਾਇਆ ਜੋ ਦੀਨ-ਦੁਖੀ ਦੀ ਸੇਵਾ ਲਈ ਆਪਣਾ ਤਨ ਮਨ ਵਾਰਦੇ ਹਨ ਉਹ ਹੀ ਸੇਵਾ ਕਰਵਾਉਣ ਦੇ ਅਧਿਕਾਰੀ ਹਨ। ਇਨ੍ਹਾਂ ਨੂੰ ਪਹਿਲ ਦਿੱਤੀ ਕਿਉਂਕਿ ਇਨ੍ਹਾਂ ਦੀ ਸਹਾਇਤਾ ਨਾਲ ਹੀ ਜੁੱਧ ਜਿੱਤੇ ਹਨ। ਬਖ਼ਸ਼ਿਸ਼ਾਂ ਦੇ ਦਾਤੇ ਨੇ ਨਿੰਮਰ ਭਾਵ ਵਿਚ ਆ ਕੇ ਫ਼ਰਮਾਇਆ :
‘ਜੁਧ ਜਿਤੇ ਇਨਹੀ ਕੇ ਪ੍ਰਸਾਦਿ,
ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ।
ਅਘ ਔਘ ਟਰੈ ਇਨਹੀ ਕੇ ਪ੍ਰਸਾਦਿ,
ਇਨਹੀ ਹੀ ਕ੍ਰਿਪਾ ਫੁਨ ਧਾਮ ਭਰੇ।
ਇਨਹੀ ਕੇ ਪ੍ਰਸਾਦਿ ਸੁ ਬਿਦਿਆ ਲਈ,
ਇਨਹੀ ਕੀ ਕ੍ਰਿਪਾ ਸਭ ਸ਼ਤਰੂ ਮਰੈ ।
ਇਨ ਹੀ ਕ੍ਰਿਪਾ ਕੇ ਸਜੇ ਹਮ ਹੈਂ,
ਨਹੀਂ ਮੋ ਸੌ ਗਰੀਬ ਕਰੋਰ ਪਰੇ ਹੈਂ। ੨।
ਫਿਰ ਫ਼ਰਮਾਇਆ ਕਿ ਸਭ ਕੁਝ ਹੀ ਇਨ੍ਹਾਂ ਦਾ ਹੈ ਤੇ ਜਿਨ੍ਹਾਂ ਗੁਰੂ ਦੀ ਖ਼ੁਸ਼ੀ ਲੈਣੀ ਹੈ ਇਨ੍ਹਾਂ ਦੀ ਹੀ ਸੇਵਾ ਸੰਭਾਲ ਕਰੇ। ਗੁਰੂ ਵੀ ਇਨ੍ਹਾਂ ਦਾ ਹੀ ਹੈ :
ਸੇਵ ਕਰੀ ਇਨਹੀ ਕੀ ਭਾਵਤ,
ਅਉਰ ਕੀ ਸੇਵ ਸੁਹਾਤ ਨਾ ਜੀ ਕੋ।
ਦਾਨ ਦਯੋ ਇਨ ਹੀ ਕੋ ਭਲੋ,
ਅਰੁ ਦਾਨ ਕੋ ਦਾਨ ਨ ਲਾਗਤ ਨੀਕੋ।
ਆਗੈ ਫਲੈ ਇਨਹੀ ਕੋ ਦਯੋ
ਜਗ ਮੈ ਜਸ ਅਉਰ ਕੀਯੋ ਸਭ ਫੀਕੋ।
ਮੋਹਿ ਗ੍ਰਹਿ ਮੈਂ, ਤਨ ਤੇ, ਮਨ ਤੇ,
ਸਿਰ ਲਉ ਧਨ ਹੈ ਸਭ ਹੀ ਇਨ ਕੋ।੩।
ਜਦ ਬ੍ਰਾਹਮਣਾਂ ਨੇ ਐਸੇ ਵਾਕ ਸੁਣੇ ਤਾਂ ਹੋਰ ਸਟਪਟਾਏ ਤੇ ਗੁੱਸੇ ਵਿਚ ਉਥੋਂ ਚਲੇ ਗਏ। ਉਹ ਇਹ ਜਾਣ ਗਏ ਕਿ ਹੁਣ ਉਨ੍ਹਾਂ ਦੇ ਹੱਥ ਕੁਝ ਨਹੀਂ ਰਿਹਾ :
ਦੋਹਰਾ : ਚਟਪਟਾਇ ਚਿਤ ਮੈ ਜਰਿਯੋ, ਤ੍ਰਿਣ ਜਿਯੋਂ ਕਰੁਧਤ ਹੋਇ।
ਖੋਜ ਰੋਜ ਕੇ ਹੇਤ ਲੱਗ, ਦਯੋ ਮਿਸਰ ਜੂ ਰੋਇ ।
ਕਛਹਿਰਾ—ਬ੍ਰਾਹਮਣਵਾਦ ਤੇ ਆਖ਼ਰੀ ਪੱਕੀ ਸੱਟ ਮਾਰਨ ਲਈ ੧੬੯੮ ਦੀ ਵੈਸਾਖੀ ਨੂੰ ਕਛਹਿਰਾ ਧਾਰਨ ਦਾ ਹੁਕਮ ਦਿੱਤਾ।ਕਛਹਿਰਾ ਇਸ ਗੱਲ ਦਾ ਚਿੰਨ੍ਹ ਹੈ ਕਿ ਸਿੱਖ ਸਭਨਾਂ ਤੋਂ ਨਿਆਰਾ ਹੈ। ਇਹ ਕਿਸੇ ਦੀ ਰੀਤ ਨਹੀਂ ਅਪਣਾਉਂਦਾ। ਇਸ ਦੀ ਆਪਣੀ ਮਰਯਾਦਾ ਹੈ । ਬਿਪਰਨ (ਬ੍ਰਾਹਮਣ) ਦੀ ਰੀਤ ਇਸ ਛੱਡ ਦਿੱਤੀ ਹੈ। ਹਵਨ ਕਰਦੇ, ਵੇਦ ਪਾਠ ਦੀਆਂ ਹੋਰ ਸ਼ਰਤਾਂ ਵਿਚ ਇਕ ਵੱਡੀ ਸ਼ਰਤ ਇਹ ਹੈ ਕਿ ਵੇਦੀ ਤੇ ਚੜ੍ਹਨ ਵੇਲੇ ਅਣਸੀਤਾ ਕੱਪੜਾ ਨਾ ਪਹਿਣਿਆ ਜਾਏ ਅਤੇ ਫਿਰ ਹਰ ਪ੍ਰਾਣੀ ਲਈ ਯੱਗ ਕਰਾਉਣਾ ਜ਼ਰੂਰੀ ਹੈ। ਜਿਥੇ ਵੇਦ ਪਾਠ ਨਹੀਂ ਹੋ ਸਕਦਾ ਜਦ ਤੱਕ ਅਣਸੀਤਾ ਕੱਪੜਾ ਨਾ ਪਾਇਆ ਜਾਏ ਅਤੇ ਕਛਹਿਰਾ ਬਣ ਨਹੀਂ ਸਕਦਾ ਜਦ ਤੱਕ ਸੀਤਾ ਨਾ ਜਾਏ। ਕਛਹਿਰਾ ਹਰ ਵੇਲੇ ਰੱਖਣਾ ਹੈ, ਤਾਕਿ ਸਿੱਖ ਕਦੇ ਬਿਪਰਨ ਦੀ ਰੀਤ ਨਾ ਅਪਣਾ ਲਏ। ਇਹ ਵੀ ਯਾਦ ਰਹੇ ਜਦ ਗੁਰੂ ਜੀ ਨੇ ਪਹਾੜੀ ਰਾਜਿਆਂ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਨਾ ਕੀਤੀ ਸੀ ਤਾਂ ਉਨ੍ਹਾਂ ਦੀ ਸ਼ਰਤ ਇਹ ਸੀ ਕਿ ਉਹ ਕਛਹਿਰੇ ਦੇ ਧਾਰਨੀ ਨਹੀਂ ਹੋਣਗੇ ਤੇ ਦੂਜੇ ਉਨ੍ਹਾਂ ਲਈ ਵੱਖਰਾ ਅੰਮ੍ਰਿਤ ਤਿਆਰ ਕੀਤਾ ਜਾਏ। ਇਹ ਕਹਿ ਕੇ ਆਪਣੇ ਵਲੋਂ ਉਸ ਵੇਦਕ ਮੰਤਰ ਤੇ ਪਹਿਰਾ ਦੇ ਰਹੇ ਸਨ ਕਿ ਹੋਰ ਲੋਕਾਂ ਨਾਲ ਇਕ ਪੰਗਤਿ ਵਿਚ ਬੈਠ ਕੇ ਖਾਣ ਨਾਲ ਭਿੱਟ ਜਾਈਦਾ ਹੈ।ਗੁਰੂ ਜੀ
ਨੇ ਤਾਂ ਇਥੋਂ ਤੱਕ ਹੁਕਮ ਕਰ ਦਿੱਤੇ ਸਨ :
ਚਾਰੇ ਬਰਨ ਏਕ ਭਾਈ ।
ਗੁਰੂ ਕਾ ਨਾਤਾ ਚਹੁੰ ਬਰਨਾ ਨੂੰ ਇਕੋ ਜਿਹਾ ਹੈ,
ਇਸ ਵਿਚ ਵਿਕਲਪ ਨਹੀਂ ਕੋਇ।
ਬ੍ਰਾਹਮਣਾਂ ਦੀ ਚੁੱਕ ਤੇ ਗੁਰੂ ਜੀ ਨੂੰ ਕਤਲ ਕਰਨ ਦੀ ਸਾਜ਼ਿਸ਼—ਬ੍ਰਾਹਮਣਾਂ ਨੂੰ ਇਸ ਗੱਲ ਦਾ ਇਤਨਾ ਗੁੱਸਾ ਸੀ ਕਿ ਉਨ੍ਹਾਂ ਅਜਮੇਰ ਚੰਦ ਤੇ ਕਟੋਚ ਦੇ ਰਾਜੇ ਨੂੰ ਜਾ ਚੁੱਕਿਆ ਕਿ ਗੁਰੂ ਤਾਂ ਉਨ੍ਹਾਂ ਦੇ ਧਰਮ ਵਿਚ ਵੀ ਸਿੱਧਾ ਦਖ਼ਲ ਦੇਣ ਲੱਗ ਪਏ ਹਨ। ਧਰਮ ਦੀ ਰਾਖੀ ਤਾਂ ਹੀ ਹੋ ਸਕਦੀ ਹੈ ਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਨੋਂ ਮਾਰਿਆ ਜਾਏ । ਪਹਾੜੀ ਰਾਜੇ ਚੰਗੀ ਤਰ੍ਹਾਂ ਜਾਣਦੇ ਸਨ ਕਿ ਸਿੱਧੀ ਜੰਗ ਦੇ ਟਾਕਰੇ ਵਿਚ ਗੁਰੂ ਜੀ ਨੂੰ ਪਕੜਨਾ, ਹਰਾਉਣਾ ਜਾਂ ਮਾਰਨਾ ਅਸੰਭਵ ਹੈ, ਸੋ ਛੁਪ ਕੇ ਵਾਰ ਕਰਨ ਦੀ ਸਾਜ਼ਿਸ਼ ਬਣਾ ਲਈ ਗਈ। ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਸ਼ਿਕਾਰਗਾਹਾਂ ਦਾ ਪਤਾ ਸੀ ਤੇ ਉਹ ਪਿੱਛਾ ਕਰਨ ਲੱਗ ਪਏ । ਇਕ ਵਾਰ ਜਦ ਸ਼ਿਕਾਰ ਕਰਦੇ ਪਿੱਛੇ ਗੁਰੂ ਜੀ ਕਟੋਚ ਦੀ ਹੱਦ ਵਿਚ ਚਲੇ ਗਏ ਤਾਂ ਰਾਜਾ ਆਲਮ ਚੰਦ ਤੇ ਬਲੀਆ ਚੰਦ ਦੀ ਸ਼ਿਕਾਰੀ ਜੁੰਡਲੀ ਨੇ ਸਤਿਗੁਰੂ ਜੀ ਨੂੰ ਘੇਰ ਲਿਆ ਅਤੇ ਸਿੱਧੇ ਵਾਰ ਕਰਨੇ ਅਰੰਭ ਕਰ ਦਿੱਤੇ। ਗੁਰੂ ਜੀ ਨੇ ਐਸੇ ਤੀਰ ਚਲਾਏ ਕਿ ਦੋਵੇਂ ਹੀ ਘਾਇਲ ਹੋ ਗਏ ਤੇ ਉਨ੍ਹਾਂ ਦੋਵਾਂ ਨੱਸ ਕੇ ਜਾਨ ਬਚਾਈ।
11
ਪੰਥ ਸਜਾਇਓ ਖ਼ਾਲਸਾ ਧਰ ਤੇਜ ਕਰਾਰਾ
ਦਸਮ ਪਿਤਾ ਇਹ ਦੇਖ ਰਹੇ ਸਨ ਕਿ ਸਿੱਖਾਂ ਵਿਚ ਰਹਿਤ ਮਰਿਆਦਾ ਠੀਕ ਪ੍ਰਚਲਤ ਹੋ ਗਈ ਹੈ ਅਤੇ ਸਿੱਖ ਰਹਿਤ ਦਾ ਪ੍ਰਚਾਰ ਕਰ ਰਹੇ ਹਨ, ਪਰ ਐਸਾ ਰੂਪ ਮਿਥਣ ਦੀ ਲੋੜ ਹੈ ਜਿਸ ਵਿਚ ਕੋਈ ਉਕਾਈ ਨਾ ਹੋਵੇ । ੨੩ ਸਾਲ ਤੋਂ ਦਸਮੇਸ਼ ਜੀ ਆਪ ਅਤੇ ਪਿਛਲੇ ੨੩੦ ਸਾਲਾਂ ਤੋਂ ਗੁਰੂ ਸਾਹਿਬਾਨ ਕੌਮ ਉਸਾਰੀ ਦੇ ਹੀ ਕੰਮਾਂ ਨੂੰ ਲੱਗੇ ਹੋਏ ਸਨ। ਸਾਰੀ ਕੌਮ ਸ਼ਸਤਰ-ਬੱਧ ਤੇ ਸਕੇਸ਼ ਹੋ ਗਈ ਸੀ। ਮਹਾਰਾਜ ਦੇ ਭੇਜੇ ਹੁਕਮਨਾਮੇ ਇਸ ਪਾਸੇ ਦਾ ਪ੍ਰਗਟਾਵਾ ਕਰਦੇ ਹਨ। ਗੁਰੂ ਜੀ ਦੀ ਕੋਸ਼ਿਸ਼ ਸੀ ਕਿ ਪਹਾੜੀ ਰਾਜੇ ਜ਼ਿੱਦ-ਹੱਠ ਛੱਡ ਕੇ ਸਾਂਝੀ ਜੱਥੇਬੰਦੀ ਵਿਚ ਪ੍ਰੋਏ ਜਾਣ । ਉਹ ਗੁਰੂ ਜੀ ਦੀ ਸ਼ਕਤੀ ਦਾ ਚਮਤਕਾਰ ਭੰਗਾਣੀ ਦੇ ਯੁੱਧ ਅਤੇ ਪਿਛੋਂ ਵੀ ਕਈ ਵਾਰ ਵੇਖ ਚੁੱਕੇ ਸਨ। ਉਨ੍ਹਾਂ ਵਿਚ ਕਈ ਚਾਹੁੰਦੇ ਵੀ ਸਨ ਕਿ ਗੁਰੂ ਜੀ ਦੀ ਜਥੇਬੰਦੀ ਦੇ ਅੰਗ ਬਣ ਜਾਣ, ਪਰ ਬ੍ਰਾਹਮਣਾਂ ਦੀ ਨਿੱਤ ਚੁੱਕ ਉਨ੍ਹਾਂ ਨੂੰ ਕੋਈ ਫ਼ੈਸਲਾ ਕਰਨ ਤੋਂ ਰੋਕਦੀ ਸੀ । ਰਵਾਲਸਰ ਗੁਰੂ ਜੀ ਆਪੂੰ ਜਾ ਕੇ ਇਸ ਲਈ ਉਪਰਾਲਾ ਕਰ ਆਏ ਸਨ, ਪਰ ਰਾਜਿਆਂ ਦੀ ਕੌਮੀ ਹੈਂਕੜ ਕੁਝ ਕਰਨ ਨਹੀਂ ਸੀ ਦਿੰਦੀ। ਛੁਪ ਕੇ ਹਮਲਾ ਹੋਣ ਉਪਰੰਤ ਗੁਰੂ ਜੀ ਨੇ ਨਿਰਣਾ ਲੈ ਲਿਆ ਕਿ ਇਨ੍ਹਾਂ ਪਹਾੜੀ ਰਾਜਿਆਂ ਬਗ਼ੈਰ ਹੀ ਪੰਥ ਦੀ ਸਾਜਨਾ ਕੀਤੀ ਜਾਏ। ਸ਼ਾਇਦ ਇਕੋ ਸਿੱਖ ਧਰਮ ਹੈ ਜਿਸ ਨੂੰ ਕਦੇ ਕਿਸੇ ਰਾਜ ਸ਼ਕਤੀ ਵਲੋਂ ਸਹਾਇਤਾ ਨਹੀਂ ਮਿਲੀ। ਇਨ੍ਹਾਂ ਵਿਚੋਂ ਹੀ ਸਗੋਂ ਸ਼ਾਹ, ਰਾਜੇ ਉਪਜਾਏ । ਗੁਰੂ ਜੀ ਨੂੰ ਅਕਾਲ ਪੁਰਖ ਵਲੋਂ ਸੌਂਪਿਆ ਕੰਮ ‘ਧਰਮ ਚਲਵਾਨ’ ਸੰਤ ਉਬਾਰਨ, ਦੁਸ਼ਟ ਦੋਖੀਅਨ ਕੋ ਮੂਲ ਉਪਾਰਨ’ ਨ ਸਿਰਫ਼ ਚੇਤੇ ਸੀ ਸਗੋਂ ਉਸ ਲਈ ਸਾਰੇ ਕਰਮ ਕੀਤੇ ਜਾ ਰਹੇ ਸਨ।ਉਨ੍ਹਾਂ ਚੰਗੀ ਤਰ੍ਹਾਂ ਜਾਣ ਲਿਆ ਕਿ ਸਿੱਖ ਧਰਮ ਨੂੰ ਆਖ਼ਰੀ ਸ਼ਕਲ ਦੇਣ ਦਾ ਹੁਣ ਮੌਕਾ ਆ ਗਿਆ ਹੈ।
ਗੁਰੂ ਜੀ ਨੇ ਇਹ ਧਾਰ ਲਿਆ ਕਿ ਐਸੀ ਜਥੇਬੰਦੀ ਬਣਾਈ ਜਾਏ ਜੋ ਸਭ ਵਿਚ ਇਕ ਮੰਤਵ ਲਈ ਜੂਝਣ ਦਾ ਚਾਅ ਪੈਦਾ ਕਰੇ । ਗੁਰੂ ਨਾਨਕ ਅਤੇ ਬਾਕੀ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਸੁੱਚੀ ਕਿਰਤ, ਰਹਿਤ, ਬਹਤ, ਨਿਰਭਉ ਨਿਰਵੈਰ ਤੇ ਸਾਦਗੀ ਨਮੂਨਾ ਤਾਂ ਬਣਾ ਹੀ ਦਿੱਤਾ ਸੀ। ਹੁਣ ਐਸੀ, ਹਰ ਵੇਲੇ ਤਤਪਰ (ਡਾਇਨੈਮਿਕ) ਸ਼ਖ਼ਸੀਅਤ ਦੀ ਲੋੜ ਸੀ ਜੋ ਇਨ੍ਹਾਂ ਤੋਂ ਉਚੇਰਾ ਉੱਠ ਕੇ ਧਰਮ ਲਈ ਜੂਝ ਸਕੇ, ਯੁੱਧ ਖੇਤਰ ਨੂੰ ਧਰਮ ਖੇਤਰ ਸਮਝ ਕੇ ਲੜ ਮਰੇ। ਪੁਰਜਾ ਪੁਰਜਾ ਕੱਟ ਮਰੇ ਪਰ ਖੇਤ ਨਾ ਛੱਡੇ। ਸੱਚੀ ਗੱਲ ਤਾਂ ਇਹ ਹੈ ਕਿ ਪੰਥ ਦੇ ਅਰਥ ਦਰਸਾਂਦੇ ਵਾਲਾ ਕੋਈ ਸ਼ਬਦ ਹਿੰਦੀ ਕੋਸ਼ ਵਿਚ ਹੈ ਹੀ ਨਹੀਂ। ‘ਰਾਹ’, ‘ਮੱਗ’, ‘ਮਾਰਗ’ ਅਰਥ ਕੀਤਿਆਂ ਠੀਕ ਭਾਵ ਪ੍ਰਗਟ ਨਹੀਂ ਹੁੰਦੇ । ਹਜ਼ਾਰਾਂ ਫ਼ਿਰਕਿਆਂ, ਜਾਤਾਂ ਵਿਚ ਵੰਡੇ ਜਾਣ ਵਾਲਾ ਹਿੰਦੂ ਸਮਾਜ ਇਸ ਦੇ ਅਰਥ ਨੂੰ ਜਾਣ ਹੀ ਨਹੀਂ ਸਕਦਾ। ਫਿਰ ਉਸ ਦੀ ਨਜ਼ਰ ਵੱਧ ਤੋਂ ਵੱਧ ਕਬੀਰ ਪੰਥੀ ਜਾਂ ਦਾਦੂ ਪੰਥੀ ਤੱਕ ਜਾਂਦੀ ਹੈ। ਪੰਥ ਦਾ ਸੰਬੰਧ ਜੇ ਥੋੜ੍ਹਾ ਬਹੁਤ ਜੋੜਿਆ ਜਾ ਸਕਦਾ ਹੈ ਤਾਂ ਉਹ ਇਸਲਾਮ ਦੀ ਮਿੱਲਤ ਨਾਲ ਹੈ, ਪਰ ਮਿੱਲਤ ਵਿਚ ਦੋਖ ਭਾਵ ਹੈ। ਜਬਰ ਦਾ ਅੰਸ਼ ਹੈ। ਪੰਥ ਵਿਚ ਸੇਵਾ ਭਾਵ ਹੈ। ਸਿੱਖ ਧਰਮ ਦੀ ਸਿਆਸੀ ਤੇ ਧਾਰਮਿਕ ਰੁਚੀ ਦੇ ਸੰਗਮ ਦਾ ਨਾਂ ਹੀ ਪੰਥ ਹੈ। ਕਨਿੰਘਮ ਲਿਖਦਾ ਹੈ: ‘ਗੁਰੂ ਤੇਗ਼ ਬਹਾਦਰ ਜ਼ੀ ਦੀ ਸ਼ਹਾਦਤ ਉਪਰੰਤ (ਗੁਰੂ) ਗੋਬਿੰਦ ਸਿੰਘ ਜੀ ਦੇ ਦਿਲ ਵਿਚ ਇਹ ਖ਼ਿਆਲ ਘਰ ਕਰ ਗਿਆ ਕਿ ਲਿਤਾੜੇ ਤੇ ਮੁਰਦਾ ਹੋਏ ਲੋਕਾਂ ਨੂੰ ਇਕ ਨਰੋਈ ਤੇ ਉਤਸ਼ਾਹੀ ਕੌਮ ਬਣਾਉਣ ਦੀ ਲੋੜ ਹੈ। ਪਹਾੜੀ ਰਾਜਿਆਂ ਨਾਲ ਜਿੱਤਾਂ, ਮੁਗ਼ਲਾਂ ਦੇ ਹਮਲੇ, ਉਨ੍ਹਾਂ ਦੀਆਂ ਹਾਰਾਂ ਅਤੇ ਸਿੱਖਾਂ ਦੀ ਚੜ੍ਹਦੀ ਕਲਾ ਵਾਲੇ ਜਜ਼ਬੇ ਨੇ ਗੁਰੂ ਜੀ ਦੇ ਇਰਾਦਿਆਂ ਨੂੰ ਹੋਰ ਮਜ਼ਬੂਤ ਕਰ ਦਿੱਤਾ। ਮਸੰਦਾਂ ਦੀ ਪ੍ਰਥਾ ਹਟ ਗਈ। ਸਮਿਗ੍ਰੀ ਤਿਆਰ ਸੀ । ਸਿਰਫ਼ ਕਲਾਕਾਰੀ ਹੱਥਾਂ ਦੀ ਜ਼ਰੂਰਤ ਸੀ, ਜੋ ਉਸ ਦੀ ਪ੍ਰਾਪਤ ਸਮਿਗ੍ਰੀ ਤੋਂ ਇਕ ਜਿਉਂਦੀ ਜਾਗਦੀ, ਹਿਲਦੀ ਜੁਲਦੀ ਕੌਮ ਦਾ ਨਿਰਮਾਣ ਕਰ ਸਕੇ । ਗੁਰੂ ਜੀ ਨੇ ਇਹ ਵੀ ਦੇਖ ਲਿਆ ਸੀ ਕਿ ਬਿਰਾਦਰੀ ਤੋਂ ਛੇਕੇ ਅਤੇ ਲਿਤਾੜੇ ਹੋਏ ਲੋਕਾਂ ਭਾਵ, ਨਾਈਆਂ, ਛੀਂਬਿਆਂ, ਜੱਟਾਂ, ਹਲਵਾਈਆਂ, ਚਮਾਰਾਂ ਆਦਿ ਜਾਤੀਆਂ ਵਿਚ ਜਜ਼ਬਾ ਭਰ, ਵੱਡੀ ਤੋਂ ਵੱਡੀ ਹਕੂਮਤ ਨਾਲ ਟਕਰਾਉਣਾ ਤੇ ਜਿੱਤਾਂ ਪ੍ਰਾਪਤ ਕਰਨੀਆਂ ਕੋਈ ਅਸੰਭਵ ਕੰਮ ਨਹੀਂ। ਗੁਰੂ ਜੀ ਨੇ ਇਹ ਪੱਕਾ ਮਨ ਬਣਾ ਲਿਆ ਕਿ ਲੋਕਾਂ ਦੇ ਦੁਖੜੇ ਦੂਰ ਕੀਤੇ ਜਾਣ ਤੇ ਇਸ ਮੰਤਵ ਲਈ ਕੌਮ ਵਿਚ ਨਵੀਂ ਰੂਹ ਫੂਕੀ ਜਾਏ ਅਤੇ ਗੁਰੂ ਜੀ ਦੇ ਦੱਸੇ ਹੋਏ ‘ ਮੋਟੇ ਮੋਟੇ ਅਸੂਲਾਂ ਨੂੰ ਪੱਕੀ ਸ਼ਕਲ ਦੇ ਕੇ ਦ੍ਰਿੜ੍ਹ ਕੀਤਾ। ਜਾਏ।’ ਇਸੇ ਸਬੰਧ ਵਿਚ ਕਨਿੰਘਮ ਫਿਰ ਕਹਿੰਦਾ ਹੈ ਕਿ ਇਹ ਮਹਾਨ ਕੰਮ ਗੁਰੂ ਨਾਨਕ ਦੇਵ ਜੀ ਦਾ ਹੀ ਸੀ ਜਿਨ੍ਹਾਂ ਨੇ ਸੁਧਾਰ ਦੇ ਸੱਚੇ, ਸੁੱਚੇ ਅਸੂਲ ਲੱਭੇ, ਵਰਤੇ ਅਤੇ ਚੌੜੀਆਂ ਬੁਨਿਆਦਾਂ ਰੱਖੀਆਂ ਜਿਨ੍ਹਾਂ ਸਦਕਾ (ਗੁਰੂ) ਗੋਬਿੰਦ (ਸਿੰਘ) ਜੀ ਨੇ ਹਮਵਤਨਾਂ ਦਿਆਂ ਦਿਲਾਂ ਵਿਚ ਇਕ ਨਵੀਂ ਕੌਮੀਅਤ ਦਾ ਭਾਂਬੜ ਮਚਾ ਦਿੱਤਾ ਅਤੇ ਅਮਲੀ ਤੌਰ ਤੇ ਇਸ ਧਾਰਮਿਕ ਜਥੇ ਨੂੰ ਸਮਾਜੀ ਅਤੇ ਰਾਜਨੀਤੀ ਸ਼ਕਲ ਦਿੱਤੀ ਕਿ ਨਸਲ ਤੇ ਧਰਮ ਧਾਰਮਿਕ ਆਸ਼ਾਵਾਂ ਅਤੇ ਸਿਆਸੀ, ਸਮਾਜਕ ਹੱਕਾਂ ਦੇ ਸੰਬੰਧ ਵਿਚ ਗ਼ਰੀਬ ਤੇ ਨੀਵੇਂ ਤੋਂ ਨੀਵਾਂ, ਅਮੀਰ ਤੋਂ ਅਮੀਰ ਤੇ ਉੱਚੇ ਤੋਂ ਉੱਚੇ ਦੇ ਬਰਾਬਰ ਹੈ। ਕਨਿੰਘਮ ਦੇ ਹੀ ਸ਼ਬਦਾਂ ਵਿਚ, ‘ਇਕ ਜ਼ਬਰਦਸਤ ਸ਼ਹਿਨਸ਼ਾਹੀ ਦੇ ਚੌਗਿਰਦੇ ਅੰਦਰ ਘਿਰੇ ਹੋਏ (ਗੁਰੂ) ਗੋਬਿੰਦ ਸਿੰਘ (ਜੀ) ਨੇ ਆਪਣਾ ਮਿਸ਼ਨ ਇਹ ਬਣਾਇਆ ਕਿ ਮੈਂ ਇਸ ਨੂੰ ਉਥਲ-ਪੁਥਲ ਕਰ ਕੇ ਰਹਾਂਗਾ। ਆਮ ਲੋਕਾਂ, ਮਰਦਾਂ ਔਰਤਾਂ ਦੀ ਸਮਾਜੀ, ਇਖ਼ਲਾਕੀ ਗਿਰਾਵਟ ਦੀ ਅਤੇ ਮਜ਼ਹਬੀ ਵੱਢੀ ਖ਼ੋਰੀ ਦੇ ਬਾਵਜੂਦ ਕੁਝ ਐਸੇ ਬੰਦੇ ਚੁਣ ਕੇ ਢਾਲ ਲਵਾਂਗਾ ਜਿਨ੍ਹਾਂ ਵਿਚ ਆਦਰਸ਼ ਹੋਵੇ, ਜਿਨ੍ਹਾਂ ਦੇ ਸਾਦੇ ਜੀਵਨ ਢੰਗ ਹੋਣ ਅਤੇ ਜਿਨ੍ਹਾਂ ਦੇ ਜੀਵਨ ਵਿਚ ਜੋਸ਼ ਲਹਿਰਾ ਰਹਿਆ ਹੋਵੇ।’ ਗੋਕਲ ਚੰਦ ਨਾਰੰਗ ਲਿਖਦਾ ਹੈ ਕਿ ‘ਗੁਰੂ ਜੀ ਨੇ ਜਾਣ ਲਿਆ ਸੀ ਕਿ ਹਿੰਦੂ ਇਕ ਨਿਰੀ ਧਾਰਮਿਕ ਸੰਸਥਾ ਹੈ ਤੇ ਸਮੇਂ ਦੀਆਂ ਥਪੇੜਾਂ ਨੇ ਉਸ ਨੂੰ ਕਮਜ਼ੋਰ ਕਰ ਦਿੱਤਾ ਹੈ, ਸੋ ਐਸੀ ਜਥੇਬੰਦੀ ਬਣਾਉਣ ਦੀ ਲੋੜ ਹੈ, ਜੋ ਧਰਮ ਨਾਲ ਮਰਨ ਦਾ ਜਜ਼ਬਾ ਵੀ ਭਰ ਸਕੇ।’ ਇੰਦੂ ਭੂਸ਼ਨ ਬੈਨਰਜੀ ਨੇ ਲਿਖਿਆ ਹੈ ਕਿ ਸ਼ਹਿਜ਼ਾਦਾ ਮੁਅੱਜ਼ਮ (ਬਹਾਦਰ ਸ਼ਾਹ) ਦੀ ਚੁੱਪ ਤੋਂ ਪਿਛੋਂ ਗੁਰੂ ਜੀ ਨੇ ਆਪਣੇ ਘਰ ਨੂੰ ਇਕ ਸਾਰ ਕਰਨ ਦਾ ਮਨ ਬਣਾਇਆ ਅਤੇ ਖ਼ਿਆਲਾਂ ਵਿਚ ਪੁਨਰ ਜਨਮ ਲਿਆਉਣ ਲਈ ਜੁੱਟ ਪਏ । ਸਾਖੀਕਾਰਾਂ ਨੇ ਖ਼ਾਲਸਾ ਸਾਜਣ ਦੇ ਕਾਰਨ ਲਿਖਦੇ ਹੋਏ ਲਿਖਿਆ ਹੈ ਕਿ ਗੁਰੂ ਜੀ ਨੇ ਸਮਝਿਆ ਹੈ ਕਿ ਕਲਜੁਗ ਨੇ ਭਿਆਨਕ ਸ਼ਕਲ ਇਖ਼ਤਿਆਰ ਕਰ ਲਈ ਹੈ ਤੇ ਇਸ ਦਾ ਪ੍ਰਭਾਵ ਉਸ ਸਮੇਂ ਹੀ ਹਟੇਗਾ ਜਦ ਇੱਟ ਦਾ ਜੁਆਬ ਪੱਥਰ ਨਾਲ ਦਿੱਤਾ ਜਾਏਗਾ ।’ ਇਕ ਸਾਖੀ ਵੀ ਆਉਂਦੀ ਹੈ ਕਿ ਗੁਰੂ ਜੀ ਨੇ ਬਚਨ ਕੀਤਾ ਕਿ ਜੋ ਵੀ ਸੰਗਤ ਆਉਂਦੀ ਹੈ, ਇਹ ਕਹਿੰਦੀ ਹੈ, ਮਹਾਰਾਜ ਅਮਕੇ ਹਾਕਮ ਨੇ ਲੁੱਟ ਲਿਆ। ਗਾਰਡਨ ਨੇ ਲਿਖਿਆ ਹੈ ਕਿ ਆਮ ਹਿੰਦੂ ਜਨਤਾ ਦੀ ਭੈੜੀ ਦਸ਼ਾ, ਧਰਮ ਪਿਛੇ ਫਜ਼ੂਲ ਝਗੜਿਆਂ, ਔਰੰਗਜ਼ੇਬ ਦੇ ਮਜ਼ਹਬੀ ਜ਼ੁਲਮਾਂ, ਠੱਗੀ, ਧੋਖਾ, ਵਹਿਮਪ੍ਰਸਤੀ ਅਤੇ ਅਵੇਸਲੇਪਨ ਨੇ ਗੁਰੂ ਜੀ ਨੂੰ ਯਕੀਨ ਦਿਵਾਇਆ ਕਿ ਸਮਾਂ ਆ ਗਿਆ ਹੈ ਕੋਈ ਪੈਗ਼ੰਬਰ ਉਸ ਅਧੋਗਤੀ ਨੂੰ ਰੋਕਣ ਦਾ ਬਾਨ੍ਹਣੂ ਬੰਨੇ। ਸਮੇਂ ਦੇ ਹਾਲਾਤ ਨੇ ਇਹ ਪ੍ਰਗਟ ਕਰ ਦਿੱਤਾ ਹੈ ਕਿ ਇਹ ਗੁਰੂ ਨਾਨਕ ਦਾ ਘਰ ਹੀ ਹੈ ਜੋ ਉਸ ਦੁਰਗਤੀ ਵਿਚੋਂ ਕੱਢ ਸਕਦਾ ਹੈ।
ਕੌਤਕਾਂ ਰਾਹੀਂ ਸਰਬੱਤ ਸੰਗਤਾਂ ਤੇ ਗੁਰੂ ਜੀ ਨੇ ਇਹ ਪ੍ਰਗਟਾ ਦਿੱਤਾ ਸੀ ਕਿ ਨਾਂਹ ਤਾਂ ਇਹ ਆਚਰਨ-ਆਚਰਨ ਦਾ ਢੰਡੋਰਾ ਪਿੱਟਣ ਵਾਲੇ ਵੈਸ਼ਨੋ, ਨਾਂਹ ਸ਼ਕਤੀ ਦੇ ਪੁਜਾਰੀ, ਨਾਂਹ ਤਿਆਗੀ ਕਹਿਲਾਂਦੇ ਸੰਨਿਆਸੀ, ਨਾਂਹ ਘਰ ਬਾਹਰ ਛੱਡੀ ਬੈਠੇ ਜੋਗੀ ਅਤੇ ਨਾਂਹ ਇਹ ਰਾਜੇ ਕੌਮੀ ਕਲਿਆਣ ਕਰ ਸਕਦੇ ਹਨ। ਹਕੀਕਤ ਬਿਨ ਵ ਅਰੂਜ਼ ਫ਼ਿਰਕਾ ਸਿੱਖਾਂ ਦੇ ਪੰਨਾ ੯ ਤੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸੋਚਿਆ ਕਿ ਚਿੜੀਆਂ ਤੋਂ ਬਾਜ਼ ਦਾ ਸ਼ਿਕਾਰ ਕਰਾਉਣਾ ਚਾਹੀਦਾ ਹੈ ਅਤੇ ਹੁਣ ਨੀਵੀਆਂ ਕਹਿਲਾਂਦੀਆਂ ਤੇ ਲਿਤਾੜੀਆਂ ਜਾ ਰਹੀਆਂ ਜਾਤੀਆਂ ਵਿਚੋਂ ਸਰਦਾਰ ਪੈਦਾ ਕੀਤੇ ਜਾਣ।
ਪਿਛਲੇ ਕੁਝ ਸਾਲਾਂ ਵਿਚ ਕੌਮੀ-ਜਾਗਰਤਾ ਪੈਦਾ ਹੋ ਗਈ ਸੀ । ਜਾਤ ਪਾਤ ਦੇ ਬੰਧਨ ਤਕਰੀਬਨ ਟੁੱਟ ਚੁਕੇ ਸਨ । ਜਿਹੜੇ ਥੋੜ੍ਹੇ ਬਹੁਤ ਸਨ, ਉਨ੍ਹਾਂ ਨੂੰ ਗੁਰੂ ਜੀ ਨੇ ਸਿੰਝਾਂ ਤੋਂ ਪਕੜ ਪਛਾੜ ਦਿੱਤਾ ਸੀ। ਪਹਿਲਾਂ ਮਸੰਦ ਕੱਢੇ, ਹੁਣ ‘ਗੁਰੂ’ ਵਿਚੋਲੇ ਨੂੰ ਵੀ ਪਾਸੇ ਕਰ ਦਿੱਤਾ ਅਤੇ ਸਿੱਧੀ ਪਹੁੰਚ ਪ੍ਰਮਾਤਮਾ ਨਾਲ ਕਰ ਕੇ ‘ਵਾਹਿਗੁਰੂ ਜੀ ਕਾ ਖ਼ਾਲਸਾ’ ਬਣਾ ਦਿੱਤਾ।
ਸੈਨਾਪਤੀ ਨੇ ਗੁਰੂ ਸੋਭਾ ਵਿਚ ਠੀਕ ਲਿਖਿਆ ਹੈ ਕਿ :
‘ਕਲ ਮੈਂ ਕਰਨਹਾਰ ਨਿਰੰਕਾਰ ਕਲਾ ਧਾਰ,
ਜਗਤ ਕੋ ਉਧਾਰਬੇ ਗੋਬਿੰਦ ਆਯੋ ਹੈ।
ਅਸੁਰ ਸਿੰਘਾਰਬੇ ਕੋ ਦੁਰਜਨ ਕੇ ਮਾਰਬੇ ਕੋ,
ਸੰਕਟ ਨਿਵਾਰਬੇ ਕੋ ਖ਼ਾਲਸਾ ਬਨਾਯੋ ਹੈ।
ਹੁਕਮਨਾਮੇ ਭੇਜਣੇ-ਗੁਰੂ ਗੋਬਿੰਦ ਸਿੰਘ ਜੀ ਨੇ ਚਾਰੇ ਪਾਸੇ ਹੁਕਮਨਾਮੇ ਭੇਜੇ ਕਿ ਪਹਿਲੀ ਵੈਸਾਖ ਸੰਮਤ ੧੬੫੬ ਨੂੰ ਸਮੁੱਚਾ ਜਗਤ ਅਨੰਦਪੁਰ ਸਾਹਿਬ ਪੁੱਜੇ । ਵੈਸਾਖੀ ਤੇ ਇਕੱਠ ਕਰਨ ਦਾ ਰਿਵਾਜ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਹੀ ਪੈ ਗਿਆ ਸੀ। ਵੈਸਾਖੀ ਵਾਲੇ ਦਿਨ ਹੀ ਗੁਰੂ ਨਾਨਕ ਦੇਵ ਜੀ ਧਰਤ ਸੋਧਨ ਚੜ੍ਹੇ ਸਨ ਅਤੇ ‘ਭੇਖੀ ਪ੍ਰਭੂ ਨ ਪਾਈਐ’ ਦਾ ਉਪਦੇਸ਼ ਲੁਕਾਈ ਨੂੰ ਦਿੱਤਾ ਸੀ । ਵੈਸਾਖੀ ਵਾਲੇ ਦਿਨ ਹੀ ਗੋਇੰਦਵਾਲ ਬਾਉਲੀ ਦਾ ਕੜ ਟੁੱਟਾ ਸੀ। ਸਭ ਤੋਂ ਵੱਡੀ ਭਿੱਟ ਪਾਣੀ ਦੀ ਮੰਨੀ ਜਾਂਦੀ ਸੀ । ਗੁਰੂ ਜੀ ਨੇ ਭਿੱਟ-ਸੂਚ ਦਾ ਭਰਮ ਬਾਉਲੀ ਬਣਾ ਕੇ ਮੁਕਾ ਦਿੱਤਾ ਅਤੇ ਸਭ ਨੂੰ ਇਕ ਥਾਵੇਂ ਇਸ਼ਨਾਨ ਕਰਾ ਕੇ ਸਹੀ ਅਰਥਾਂ ਵਿਚ ਚੁਰਾਸੀ ਕੱਟ ਦਿੱਤੀ ਸੀ । ਵੈਸਾਖੀ ਵਾਲੇ ਦਿਨ ਹੀ ਦੁੱਖ ਭੰਜਨੀ ਸ੍ਰੀ ਅੰਮ੍ਰਿਤਸਰ ਦਾ ਪਤਾ ਲੱਗਾ ਸੀ । ਵੈਸਾਖੀ ਵਾਲੇ ਦਿਨ ਹੀ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ‘ਬਾਬਾ ਬਕਾਲਾ’ ਦਾ ਹੁਕਮ ਦੇ ਕੇ ਸਿੱਖਾਂ ਨੂੰ ਗੁਰੂ ਤੇਗ਼ ਬਹਾਦਰ ਜੀ ਪਾਸ ਜਾਣ ਦੀ ਸੇਧ ਦਿੱਤੀ ਸੀ। ਫਿਰ ਵੈਸਾਖੀ ਵਾਲੇ ਦਿਨ ਸੂਰਜ ਆਪਣੀ ਪੂਰੀ ਉਚਾਈ ਤੇ ਹੁੰਦਾ ਹੈ ਅਤੇ ਪਹਿਲੀ ਬਰਫ਼ ਢਲ ਕੇ ਮੈਦਾਨਾਂ ਵੱਲ ਆਉਂਦੀ ਹੈ। ਿ ਵੈਸਾਖੀ ਜਾਗਰਤੀ ਦਾ ਪ੍ਰਤੀਕ ਹੈ। ਇਹ ਪਹਿਲਾ ਇਕੱਠ ਸੀ ਜੋ ਗੁਰੂ ਜੀ ਨੇ ਖ਼ਾਸ ਮੰਤਵ ਲਈ ਬੁਲਾਇਆ ਸੀ ਤੇ ਮੇਵੜੇ (ਸੱਦਾ ਲੈ ਜਾਣ ਵਾਲੇ) ਵੀ ਭੇਜੇ ਸਨ।
ਵੈਸਾਖੀ ਵਾਲੇ ਦਿਨ-੩੦ ਮਾਰਚ, ੧੬੯੯ ਈਸਵੀ ਨੂੰ ਕੇਸਗੜ੍ਹ ਇਕ ਭਾਰੀ ਦੀਵਾਨ ਸਜ ਗਿਆ। ਕੀਰਤਨ ਉਪਰੰਤ ਗੁਰੂ ਜੀ ਨੇ ਆਪਣੀ ਕ੍ਰਿਪਾਨ ਮਿਆਨ ਤੋਂ ਕੱਢ ਗਰਜ ਕੇ ਕਿਹਾ : ਕੋਈ ਹੈ ਜੋ ਗੁਰੂ ਸਾਹਿਬਾਨ ਦੇ ਆਸ਼ਿਆਂ ਨਿਸ਼ਾਨਿਆਂ ਲਈ ਜਾਨ ਵਾਰਨ ਲਈ ਤਿਆਰ ਹੋਵੇ।’ ਇਹ ਸੁਣ ਕੇ ਚਾਰੇ ਪਾਸੇ ਚੁੱਪ ਚਾਂ ਛਾ ਗਈ। ਤੀਜੀ ਵਾਰ ਫੇਰ ਪੁਕਾਰਨ ਤੇ ਲਾਹੌਰ ਦੇ ਦਇਆ ਰਾਮ ਨੇ ਸੀਸ ਭੇਟ ਕੀਤਾ। ਗੁਰੂ ਜੀ ਉਸ ਨੂੰ ਨਾਲ ਲੱਗੇ ਛੋਟੇ ਤੰਬੂ ਵਿਚ ਲੈ ਗਏ। ਦੀਵਾਨ ਵਿਚ ਬੈਠੇ ਲੋਕਾਂ ਨੇ ਕੋਈ ਚੀਜ਼ ਜ਼ਮੀਨ ਤੇ ਡਿੱਗਣ ਦੀ ਆਵਾਜ਼ ਸੁਣੀ। ਖੂਨ ਨਾਲ ਭਰੀ ਕ੍ਰਿਪਾਨ ਗੁਰੂ ਜੀ ਨੇ ਫਿਰ ਲਹਿਰਾਈ ਤੇ ਇਕ ਹੋਰ ਸੀਸ ਦੀ ਮੰਗ ਕੀਤੀ। ਦੂਜੀ ਵਾਰੀ ਦਿੱਲੀ ਦੇ ਰਹਿਣ ਵਾਲੇ ਧਰਮ ਦਾਸ ਜੀ ਆਏ । ਤੀਜੀ ਵਾਰ ਜਗਨਨਾਥ ਪੁਰੀ (ਉੜੀਸਾ) ਦੇ ਇਕ ਰਸੋਈਏ ਸਿੱਖ ਹਿੰਮਤ ਰਾਇ, ਚੌਥੀ ਵਾਰ ਦਵਾਰਕਾ (ਗੁਜਰਾਤ) ਦੇ ਇਕ ਛੀਂਬੇ ਮੁਹਕਮ ਚੰਦ ਜੀ ਅਤੇ ਪੰਜਵੀਂ ਵਾਰੀ ਬਿਦਰ (ਆਂਧਰਾ) ਦੇ ਇਕ ਨਾਈ ਸਾਹਿਬ ਚੰਦ ਨੇ ਸੀਸ ਪੇਸ਼ ਕੀਤੇ।
ਗੁਰੂ ਜੀ ਉਨ੍ਹਾਂ ਨੂੰ ਸੁੰਦਰ ਪੁਸ਼ਾਕੇ ਪਹਿਨਾ ਕੇ ਤੰਬੂ ਤੋਂ ਬਾਹਰ ਲਿਆਏ। ਸੰਗਤਾਂ ਸਾਹਮਣੇ ਲਿਆਂਦਾ।ਅੰਮ੍ਰਿਤ ਤਿਆਰ ਕੀਤਾ” ਅਤੇ ਪੰਜਾਂ ਪਿਆਰਿਆਂ ਨੂੰ ਛਕਾ ਕੇ‘ਸਿੰਘ’ ਦਾ ਲਕਬ, (ਉਪਨਾਮ) ਦਿੱਤਾ ਅਤੇ ਪੰਜਾਂ ਨੂੰ ਪਿਆਰਿਆਂ ਦੀ ਪਦਵੀ ਦਿੱਤੀ। ਫਿਰ ਆਪੂੰ ਉਨ੍ਹਾਂ ਕੋਲੋਂ ਅੰਮ੍ਰਿਤ ਛਕਿਆ ਤੇ ਸੰਸਾਰ ਦੇ ਧਾਰਮਿਕ ਇਤਿਹਾਸ ਵਿਚ ਇਕ ਇਨਕਲਾਬੀ ਕਦਮ ਚੁੱਕਿਆ । ਉਹ ਹੀ ਪ੍ਰਣ ਗੁਰੂ ਜੀ ਨੇ ਦੁਹਰਾਏ ਤੇ ਕੋਈ ਵੱਖ ਵਿਸ਼ੇਸ਼ ਅਧਿਕਾਰ ਨਾ ਰੱਖੇ, ਨਾ ਮੰਗੇ। ਗੁਰ ਬਿਲਾਸ ਪਾਤਸ਼ਾਹੀ ਦਸਵੀਂ ਵਿਚ ਲਿਖਿਆ ਹੈ ਕਿ ਰਹਿਤ ਤੇ ਉਪਦੇਸ਼ ਦ੍ਰਿੜਾ ਕੇ ਗੁਰੂ ਗੋਬਿੰਦ ਸਿੰਘ ਜੀ ਸਿੰਘਾਸਨ ਤੋਂ ਹੇਠਾਂ ਉਤਰ ਆਏ ਤੇ ਸਭਨਾਂ ਦੇ ਹੱਕ ਤੱਕਦੇ ਤੱਕਦੇ, ਦੋਵੇਂ ਹੱਥ ਜੋੜ ਬੇਨਤੀ ਕੀਤੀ ਕਿ ਅੰਮ੍ਰਿਤ ਦੀ ਦਾਤ ਮੈਨੂੰ ਵੀ ਬਖ਼ਸ਼ੋ। ਹੁਣ ਜੱਟ, ਗ਼ੈਰ-ਜੱਟ, ਉੱਚੇ-ਨੀਵੇਂ, ਗੁਰ ਚੇਲੇ ਦਾ ਕੋਈ ਅੰਤਰ ਨਹੀਂ ਰਿਹਾ। ਬਿਲਕੁਲ ਉਂਝ ਹੀ ਮੈਨੂੰ ਖ਼ਾਲਸਾ ਸਜਾਓ ਜਿਵੇਂ ਗੁਰੂ ਨੇ ਤੁਹਾਨੂੰ ਬਣਾਇਆ ਹੈ :
ਉਤਰ ਸਿੰਘਾਸਨ, ਜੁਗ ਕਰ ਜੋਰੀ।
ਅੰਮ੍ਰਿਤ ਲੇਤ ਆਪ ਸੁਖ ਗੋਰੀ।
ਬੈਸ ਸ਼ੂਦਰ ਏ ਜਾਟ ਅਪਾਰਾ।
ਤਾਕੋ ਪੰਥ ਮਾਹ ਮੈ ਧਾਰਾ ।
ਸਭ ਜਗ ਰਾਜ ਤੋਹਿ ਕੋ ਦੀਨਾ।
ਪੁਨਿ ਬਿਧਿ ਸੋ ਤੁਮ ਕੋ ਗੁਰ ਕੀਨਾ। ੫੬।
ਇਹ ਨਿੰਮ੍ਰਤਾ ਭਰੇ ਬਚਨ ਸੁਣ ਕੇ ਪੰਜ ਪਿਆਰੇ ਚੁੱਪ ਹੋ ਗਏ ਪਰ ਪੰਜਾਂ ਵਿਚੋਂ ਇਕ ਨੇ ਕਿਹਾ : ਪਾਤਸ਼ਾਹ, ਤੁਹਾਡੇ ਚਰਨਾਂ ਕਰ ਕੇ ਰਾਜ ਪਾਇਆ ਹੈ, ਇਹ ਅਸੀਂ ਕਿਵੇਂ ਕਰੀਏ।
ਗੁਰੂ ਚੇਲੇ ਦੀ ਵਿਥ ਮਿਟਾਉਣ ਵਾਲੇ ਪਾਤਸ਼ਾਹ ਨੇ ਕਿਹਾ :ਸਾਵਧਾਨ ਹੋ ਕੇ ਅੰਮਿ੍ਤ ਦੀ ਦਾਤ ਦਿਓ। ਸੰਸਾ ਨ ਕਰੋ। ਪੰਥ ਵਾਹਿਗੁਰੂ ਨੇ ਸਾਜਿਆ ਹੈ। ਮੈਂ ਵੀ ਉਸ ਦਾ ਇਕ ਨਿਮਾਣਾ ਜਿਹਾ ਸੇਵਕ ਹਾਂ। ਅੰਮ੍ਰਿਤ ਉਸੇ ਤਰ੍ਹਾਂ ਪਾਨ ਕਰਾਓ ਜਿਵੇਂ ਤੁਸਾਂ ‘ਗੁਰੂ’ ਕੋਲੋਂ ਲਿਆ ਹੈ। ਨਾਲ ਰਲਾ ਕੇ ਖ਼ਾਲਸਾ ਹੋਣ ਦੀ ਮੁਹਰ ਲਗਾਓ। ਜਿਵੇਂ ਗੁਰੂ ਤੇਗ਼ ਬਹਾਦਰ ਤੇ ਮੇਰੇ ਵਿਚ ਅੰਤਰ ਨਹੀਂ, ਤੁਹਾਡੇ ਤੇ ਮੇਰੇ ਵਿਚ ਵੀ ਕੋਈ ਫ਼ਰਕ ਨਹੀਂ वै।
ਜਾ ਵਿਧਿ ਅੰਮ੍ਰਿਤੁ ਤੁਮ ਗੁਰ ਪਾਯੋ ।
ਤੈਸੇ ਮੋਹਿ ਮਿਲਾਯੋ ਭਾਯੋ ।
ਓਤ ਪੋਤ ਗੁਰ ਸਿਖ ਜਗ ਜਾਨੋ।
ਜੈਸੇ ਨੋਮ ਗੁਰ ਸੰਗ ਸੋ ਮਾਨੋ । ੫੭।
ਇਹ ਨ ਭੁਲਣਾ :
ਸਿਖ ਹੋਣ ਕਠਨ ਪਛਾਣੀਐ, ਗੁਰ ਰੂਪ ਸਿਖ ਸੰਸਾ ਨਾਹੀ। ਤੁਮ ਤਜੋ ਸੰਸਾ ਆਦਿ ਹੀ ਇਹ ਬਾਤ ਕਰਨੀ ਹੈ ਸਦਾ। ਇਹ ਪੰਥ ਹੋ ਤੇ ਆਇ ਹੈ, ਯਾ ਭਾਂਤ ਹੀ ਧਾਰੋ ਮੁਦਾ। ੬੨।
(ਅਧਿਆਇ ਨੌਵਾਂ, ਖਾਲਸਾ ਪੰਥ ਦੀ ਰਚਨਾ)
ਅੰਮ੍ਰਿਤ ਛਕਾਉਣ, ਰਹਤ ਦੱਸਣ ਉਪਰੰਤ ਪੰਜਾਂ ਪਿਆਰਿਆਂ ਕਿਹਾ :
ਤੁਹਾਡੇ ਲਈ ਇਹ ਵੀ ਰਹਿਤ ਹੈ ਕਿ ਸਿੱਖਾਂ ਦੇ ਅੰਗ ਸੰਗ ਰਹਿਣਾ ਤੇ ਜਦ ਕਦੇ ਭੀੜ ਬਣੇ ਪੰਥ ਕੋ ਤਾਂ ਆਪ ਖੰਡਾ ਉਠਾ ਕੇ ਸਹਾਇਤਾ ਕਰਨੀ।
ਰਹਤ ਗੁਰੰ ਅਸ ਭਾਖਤ ਤੇ, ਸਿਖ ਸੰਗ ਰਹੋ ਅਸਪਾਨਸੁ ਧਾਰੀ । ਜੋ ਕਹੂੰ ਭੀੜ ਪੜੇ ਗੁਰ ਸਿਖ ਕੋ, ਤਹਿ ਹੋਹੁ ਸਹਾਇ ਜਿਨੈ ਮਨਸਾਰੀ। ੬੫।
ਇਸੇ ਕਰਮ ਨੂੰ ਦੇਖ ਕੇ ਭਾਈ ਗੁਰਦਾਸ ਜੀ (ਦੂਜੇ) ਨੇ ਵਾਰ ਲਿਖੀ ਸੀ ਜਿਸ ਦੀ ਮੁੱਖ पुठी मी :
‘ਵਾਹੁ ਵਾਹੁ (ਗੁਰੂ) ਗੋਬਿੰਦ ਸਿੰਘ, ਆਪੇ ਗੁਰ ਚੇਲਾ।
ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਨੇ ਰੁਤ ਤੀਜੀ ਦੀ ਅੰਸੂ ੧੯ਵੀਂ ਵਿਚ ਲਿਖਿਆ ਹੈ ਕਿ ਜਦ ਕਲਗੀਧਰ ਅੰਮ੍ਰਿਤ ਦੇ ਛੱਟੇ ਨੈਣਾਂ ਅਤੇ ਕੇਸਾਂ ਵਿਚ ਮਾਰ ਚੁੱਕੇ ਤਾਂ ਮਹਾਰਾਜ ਨੇ ਪਹਿਲਾਂ ਉਨ੍ਹਾਂ ਕੋਲੋਂ ਨਾਂ ਪੁੱਛੇ ਤਾਂ ਉਨ੍ਹਾਂ ਨੇ ਕਿਹਾ :
ਲਵਪੁਰ ਜਨਮ ਬਸਨ ਕੋ ਧਾਮੂ ।
ਦਯਾ (ਸਿੰਘ) ਗੁਰੂ ਬਖਸ਼ਯੋ ਨਾਮੂ। ੩੦।
ਦੂਸਰ ਕਹਯੋ ਹਸਤਨਾਪੁਰ ਕੋ।
ਨਾਮ ਧਰਮ (ਸਿੰਘ) ਮੈਂ ਸਿਖ ਗੁਰ ਕੋ।
ਤ੍ਰਿਤੀਯੇ ਭਨਤਿ ਭਯੋ ਪ੍ਰਭ ਪਾਸੀ।
ਪੁਰੀ ਦਵਾਰਕਾ ਹੈ ਮਮ ਵਾਸੀ । ੩੧।
ਮੁਹਕਮ (ਸਿੰਘ) ਨਾਮ ਹੈ ਮੋਰਾ।
ਚਤੁਰਥ ਸਿੱਖ ਬੋਲਯੋ ਕਰ ਜੋਰਾ।
ਬਿਦਰਪੁਰੀ ਵਾਸੀ ਪਹਿਚਾਨੋ।
ਸਾਹਿਬ (ਸਿੰਘ) ਨਾਮ ਮਮ ਜਾਨੋ। ੩੨ ।
ਪੰਚਮ ਕਹਿ ਵਾਸੀ ਜਗੰਨਾਥ ।
ਹਿੰਮਤ (ਸਿੰਘ) ਨਾਮ ਹੈ ਨਾਥ।
ਭੱਟ ਵਹੀ ਭਾਦਸੋ ਪਰਗਣਾ ਥਾਨੇਸਰ ਅਨੁਸਾਰ : ‘ਮੰਗਲਵਾਰ ਵੈਸਾਖੀ ਕੇ ਦਿਹੁੰ ਪਾਂਚ ਸਿਖੋਂ ਕੋ ਖਾਂਡੇ ਕੀ ਪਾਹੁਲ ਦੀ । ਸਿੰਘ ਨਾਮ ਰਾਖਾ।
ਪ੍ਰਿਥਮੈ ਦੈਆ ਰਾਮ ਸੋਪਤੀ ਖੱਤਰੀ, ਬਾਸੀ ਲਾਹੌਰ ਖਲਾ ਹੂਆ। ਪਾਛੇ ਮੋਹਕਮ ਚੰਦ ਛੀਪਾ ਬਾਸੀ ਦਵਾਰਕਾ । ਸਾਹਿਬ ਚੰਦ ਨਾਈ ਬਾਸੀ ਬਿਦਰ (ਜ਼ਫਰਾਬਾਦ), ਧਰਮ ਚੰਦ ਜਵੰਦਾ ਜਾਟ ਹਸਤਨਾਪੁਰ, ਹਿੰਮਤ ਚੰਦ ਝੀਵਰ, ਵਾਸੀ ਜਗਨਨਾਥ, ਬਾਰੋ ਬਾਰੀ ਖਲੇ ਹੂਏ। ਸਬ ਕੋ ਨੀਲ ਅੰਬਰ ਪਹਿਨਾਇਆ। ਵਹੀ ਵੇਸ ਆਪਨਾ ਕੀਆ।
ਹੁਕਾ, ਹਲਾਲ, ਹਜਾਮਤ, ਹਰਾਮ, ਟਿਕਾ ਜੰਜੂ ਧੋਤੀ ਕਾ ਤਿਆਗ ਕਰਾਇਆ।
ਮੀਣੇ, ਧੀਰ ਮੱਲੀਏ, ਰਾਮ ਰਾਈਏ, ਸਿਰ ਗੁੰਮੇ, ਮਸੰਦਾਂ ਕੀ ਵਰਤਨ ਬੰਦ ਕੀ।
ਕੰਘਾ, ਕਰਦ (ਕਿਰਪਾਨ), ਕੇਸਗੀ, ਕੜਾ, ਕਛਹਿਰਾ ਸਭ ਕੋ ਦੀਆ।
ਸਭ ਕੇਸਾਧਾਰੀ ਕੀਏ। ਸਭ ਕਾ ਜਨਮ ਪਟਨਾ, ਵਾਸੀ ਅਨੰਦਪੁਰ ਬਤਾਈ। ਆਗੇ ਗੁਰੂ ਕੀ ਸਤਿਗੁਰੂ ਜਾਣੇ ।
ਇਹ ਸੁਣ ਕੇ ਗੁਰੂ ਪਾਤਸ਼ਾਹ ਨੇ ਫ਼ਰਮਾਇਆ : ‘ਹੁਣ ਤੁਹਾਡੀ ਕੋਈ ਜਾਤ ਤੇ ਵਰਣ ਨਹੀਂ ਰਿਹਾ ਅਤੇ :
‘ਅਬ ਤੇ ਕਰਹੁ ਅਨੰਦਪੁਰ ਵਾਸੀ ।
ਪੰਚਹੁ ਨਾਮ ਧਰੇ ਗੁਨਰਾਸੀ।
ਅਹਿਮਦਸ਼ਾਹ ਬਟਾਲਵੀ ਜੋ ਔਰੰਗਜ਼ੇਬ ਦਾ ਖ਼ਬਰ-ਰਸਾਂ ਸੀ, ਦੇ ਸ਼ਬਦਾਂ ਵਿਚ ਮਹਾਰਾਜ ਨੇ ਫ਼ਰਮਾਇਆ : ‘ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇਕ ਰਾਹ ਤੇ ਚਲੋ ਅਤੇ ਇਕੋ ਧਰਮ ਅਪਣਾਓ। ਵੱਖ-ਵੱਖ ਜਾਤਾਂ ਦੇ ਵਿਖੇਵੇਂ ਮਿਟਾ ਦਿਉ। ਹਿੰਦੂਆਂ ਦੀਆਂ ਚਾਰ ਜਾਤਾਂ, ਜਿਨ੍ਹਾਂ ਦਾ ਵਰਨਣ ਸ਼ਾਸਤਰਾਂ ਵਿਚ ਆਇਆ ਹੈ, ਜੜ੍ਹੋਂ ਹੀ ਮੁਕਾ ਦਿਓ ਤੇ ਇਕ ਦੂਜੇ ਨਾਲ ਖੁਲ੍ਹ ਕੇ ਮਿਲੋ। ਕੋਈ ਇਕ ਦੂਜੇ ਨੂੰ ਆਪਣੇ ਆਪ ਤੋਂ ਉੱਚਾ ਵੱਡਾ ਨਾ ਸਮਝੇ ਅਤੇ ਯਾਤਰਾ ਕਰਨ ਦਾ ਕੋਈ ਲਾਭ ਨਹੀਂ। ਕਿਸੇ ਗਨੇਸ਼ ਆਦਿ ਵੱਲ ਧਿਆਨ ਨਾ ਦਿਉ। ਵੇਦ ਸ਼ਾਸਤਰਾਂ ਤੋਂ ਉਤਾਂਹ ਉਠੋ। ਰਾਮ, ਕ੍ਰਿਸ਼ਨ, ਬ੍ਰਹਮਾ ਅਤੇ ਦੁਰਗਾ ਆਦਿ ਨੂੰ ਪੂਜਣ ਦੀ ਕੋਈ ਲੋੜ ਨਹੀਂ। ਸਿਰਫ਼ ਗੁਰੂ ਨਾਨਕ ਅਤੇ ਬਾਕੀ ਗੁਰੂਆਂ: ‘ ਤੇ ਵਿਸ਼ਵਾਸ ਲਿਆਓ, ਸਾਰੇ ਇਕੋ ਬਾਟੇ ਵਿਚੋਂ ਅੰਮ੍ਰਿਤ ਛਕੋ ਅਤੇ ਇਕ ਦੂਜੇ ਲਈ ਪਿਆਰ ਕਰਕੇ ਨਫ਼ਰਤ ਨੂੰ ਦੂਰ ਕਰੋ । ਫਿਰ ਆਪ ਜੀ ਨੇ ‘ਰਹਿਤ ਮਰਿਆਦਾ’ ਦ੍ਰਿੜ੍ਹ ਕਰਾਈ। ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿਚ :
ਕਰ ਅਰਦਾਸ ਰਹਤ ਕੀ ਭਲੇ।
ਪੰਚਾਮ੍ਰਿਤ ਅਡਿ ਪਾਚਉ ਮਿਲੇ।
ਜਾਤ ਪਾਤ ਕੋ ਭੇਦ ਨ ਕੋਈ।
ਚਾਰ ਬਰਨ ਅਚਵਹਿ ਇਕ ਹੋਈ।
ਮਤਿ ਊਚੀ ਰਾਖਹੁ ਮਨ ਨੀਵਾਂ।
ਸਿਮਰਹੁ ਵਾਹਿਗੁਰੂ ਸੁਖ ਸੀਵਾਂ ।
ਗੋਰ ਮੜ੍ਹੀ ਅਰ ਪੰਥ ਅਨੇਕਾਂ।
ਆਨ ਨ ਮਾਨਹਿ ਰਾਖ ਵਿਵੇਕਾ।
ਗੁਰ ਸੋਭਾ ਦੇ ਲਿਖਾਰੀ ਨੇ ਅੱਖੀਂ ਡਿੱਠੇ ਹਾਲ ਲਿਖੇ ਹਨ। ਉਸ ਦਾ ਕਹਿਣਾ ਹੈ ਕਿ ਖਾਲਸੇ ਦੇ ਆਦਰਸ਼ ਦ੍ਰਿੜ੍ਹਾਂਦੇ ਗੁਰੂ ਜੀ ਨੇ ਨਾਮ ਸਿਮਰਨ ਤੇ ਭਜਨ ਮੁੱਖ ਅਸੂਲ ਦ੍ਰਿੜ੍ਹਾਇਆ।
‘ਜਿਨ ਜਿਨ ਉਪਜਤਿ ਨਾਮ ਧੁਨਿ, ਤਿਨ ਜਨ ਨਿਰਮਲ ਰੀਤ।
ਭਜਿ ਗੋਬਿੰਦ ਭਏ ਖ਼ਾਲਸਾ, ਜਿਨ ਅੰਤਰਿ ਪਰਤੀਤ।
ਖ਼ਾਲਸੇ ਦੀ ਕਮਾਈ ਦੱਸਦੇ :
ਬਚਨ ਕੀਓ ਕਰਨਹਾਰ,
ਸੰਤਨ ਕੀਓ ਬਿਚਾਰ,
ਸੁਪਨੋ ਸੰਸਾਰ ਜਾਨ, ਕਹਾ ਲਪਟਾਈਐ।
ਬਿਖਿਅਨ ਸੌ ਤਜ ਸਨੇਹ
ਸਤਿਗੁਰ ਕੀ ਸਿਖ ਲੇਹਿ,
ਬਿਨਸੈ ਛਿਨ ਮਹਿ ਦੇਹਿ, ਜਮਪੁਰ ਨ ਜਾਈਐ॥
ਸੀਸ ਨ ਮੁਡਾਵ ਮੀਤ,
ਹੁਕਾ ਤਜਿ, ਭਲੀ ਰੀਤ,
ਮਨ ਮੈ ਕਰਿ ਪ੍ਰੇਮ ਪ੍ਰੀਤਿ, ਸੰਗਤ ਮੇਂ ਜਾਈਐ।
ਜੀਵਨ ਦਿਨ ਚਾਰ ਸਮਝ ਦੇਖ,
ਬੂਝ, ਮਨ ਵੀਚਾਰ,
ਵਾਹਿਗੁਰੂ ਜੀ ਕਾ ਖਾਲਸਾ ਕਹਾਈਐ।
ਇਹ ਵੀ ਫ਼ਰਮਾਇਆ : “ਤੁਸੀਂ ਜੁੜੇ ਹੋ ਆਪੇ ਵਿਚ ਸਭ ਕੁਝ ਗੁਆ ਕੇ ਗੁਰੂ ਦੇ ਹੋ ਕੇ, ਤੁਸੀਂ ਕੋਈ ਜਥੇਬੰਦ ਨਹੀਂ ਹੋਏ ਸਗੋਂ ਭਰਾ ਹੋਏ ਹੋ, ਪਰਵਾਰ ਬਣੇ ਹੋ, ਤੁਹਾਡਾ ਇਸ਼ਟ ਇਕ ਹੋਇਆ, ਪਹਿਰਾਵਾ ਇਕ, ਆਸ਼ਾ ਇਕ, ਸਰੂਪ ਇਕ ਨਮੂਨੇ ਦਾ, ਨਾਮ ਵੀ ਇਕ ।”
ਗੁਰ ਬਿਲਾਸ ਕ੍ਰਿਤ ਭਾਈ ਕੁਇਰ ਸਿੰਘ ਅਨੁਸਾਰ ਪੂਰੀ ਰਹਤ ਦੱਸਣ ਉਪਰੰਤ ਕਿਹਾ : ਸਦਾ ਉੱਜਲ ਬਸਤ੍ਰ ਪਹਣਨੇ, ਅਲਪ ਅਹਾਰ, ਕੇਸ ਦੀ ਸੰਭਾਲ ਕਰਨੀ। ਲੋੜਵੰਦ ਦੀ ਲੋੜ ਪੂਰੀ ਕਰਨੀ । ਗੁਰਦੁਆਰੇ ਜਾ ਕੇ ਨਿੱਤ ਸ਼ਬਦ ਸੁਣਨਾ ਤੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਲੈਣੀ।
ਦਿਜੈ ਦਾਨ ਭੂਖੈ, ਲਹੋ ਜਾਇ ਪਧਾਰੇ ।
ਦਿਵਾਨੰ ਲਗਾਵੈ, ਸੁਨੇ ਸ਼ਬਦ ਸਾਰੇ।
ਗੁਰੂ ਗ੍ਰੰਥ ਜਾਨੋ ਸਦਾ ਅੰਗ ਸੰਗੰ । ੪੪।
ਜਹਾਂ ਧਰਮਸਾਲਾ ਤਹਾ ਨੀਤ ਜੈਯੇ ।
ਗੁਰਦਰਸ ਕੀਜੈ ਮਹਾਂ ਸੁਖ ਪੈਯੇ ।
ਜਪੋ ਵਾਹਿਗੁਰੂ ਜਾਪ ਚੀਤੰ ਸਦਾ ਹੀ।
ਸਦਾ ਨਾਮ ਲੀਜੈ, ਗੁਰੂ ਗੀਤ ਗਾਹੀ। ੪੫।
(ਅਧਿਆਇ ਨੌਵਾਂ)
ਫਿਰ ਇਹ ਬਚਨ ਕਹੇ :
ਦੇਗ ਤੇਗ ਨੂੰ ਵਿਸਾਰਨਾ ਨਹੀਂ ਅਤੇ ਜ਼ੁਲਮ ਤੇ ਜ਼ਾਲਮ ਦੇ ਵਿਰੁੱਧ ਡਟੇ ਰਹਿਣਾ। ਜਿੱਤ ਕਦਮ ਚੁੰਮੇਗੀ। ਕਿਸੇ ਦੀ ਅਧੀਨਗੀ ਸਹਿਣ ਨਹੀਂ ਕਰਨੀ। ਸੁਤੰਤਰ ਵਿਚਰਨਾ। ਰੱਜ ਕੇ ਰਾਜ ਕਮਾਓ। ਝੂਠ ਤੇ ਚੰਚਲਤਾ ਨਿਕਟ ਨਹੀਂ ਆਉਣ ਦੇਣੀ।
ਸਦਾ ਦੇਗ ਤੇਰੀ, ਤੁਮੈ ਜੀਤ ਹੋਈ।
ਸਫ਼ਾ ਮਾਰ ਯਾਮਨੀ, ਕਰੋ ਦੂਰ ਸੋਈ।
ਬਾਜ ਉਡਾਇ ਸਦਾ ਕਰ ਰਾਜ ।
ਸਵੈਯਾ :ਨਹੀਂ ਮਨ ਚੰਚਲ ਝੂਠ ਲਖਾਹੀ।
ਖੰਡੇ ਦਾ ਅੰਮ੍ਰਿਤ ਇਸ ਲਈ ਦਿੱਤਾ ਹੈ ਕਿ ਪਈਆਂ ਕਾਣਾਂ ਨਿਕਲ ਜਾਣ ਅਤੇ ਖੰਡੇ ਦੀ ਪਾਹੁਲ ਲੈ ਕੇ, ਖੰਡੇ ਤੋਂ ਨਾ ਡਰਣ !
ਕਾਣ ਕੂਟ ਵਾਂਗ ਲੋਹੇ ਕਰੈਂ।
ਖੰਡੇ ਪਾਹੁਲ ਪੀ, ਖੰਡਯੋਂ ਨ ਟਰੈਂ।
ਅਖ਼ੀਰ ਵਿਚ ਕਿਹਾ :
ਸਿੱਖਾਂ ਨੂੰ ਭਰਾ ਵਾਂਗ ਪਿਆਰ ਦੇਣਾ ਅਤੇ ਵੱਡਿਆਂ ਦਾ ਆਦਰ ਕਰਨਾ। ਥੁੜਿਆਂ ਦੀ ਥੁੜ੍ਹ ਪੂਰੀ ਕਰਨੀ, ਤੁਰਕਾਂ (ਰਾਜ) ਦਾ ਦਾਬਾ ਮਨ ਤੇ ਨਹੀਂ ਪੈਣ ਦੇਣਾ। ਇਹ ਹੀ ਵੱਡੀ ਰਹਿਤ ਹੈ।
ਸਿਖ ਸੋ ਭ੍ਰਾਤ ਸਮ ਲਖੀਏ ਮਨ,
ਆਪ ਤੇ ਬ੍ਰਿਧ ਕੀ ਪੂਜ ਕਰਾਹੀ।
ਆਪ ਸਮਾਂ ਕਰੀਏ ਹਿਤ ਕਾਰਣ,
ਨੀਵ ਲਖੋ ਕਾਰੁਨੰ ਮਯ ਆਹੀ।
ਤੁਰਕ ਮਲੇਛ ਕੁਸੰਗੀ ਉਪੇਖਯ ਸੁ,
ਯਾ ਬਿਧਿ ਬਾਤ ਕਹੀ ਗੁਰ ਚਾਹੀ। ੧੩।੪੭।
ਇਸ ਤਕਰੀਰ ਦਾ ਅਸਰ ਇਹ ਹੋਇਆ ਕਿ ਬਹੁਤੇ ਲੋਕਾਂ ਨੇ ਅੰਮ੍ਰਿਤ ਛਕਿਆ। ਗ਼ੁਲਾਮ ਮੁਹੀਨ-ਉਦ-ਦੀਨ ਜੋ ਸਮਕਾਲੀ ਲਿਖਾਰੀ ਹੈ, ਦਾ ਕਹਿਣਾ ਹੈ ਕਿ ਭਾਵੇਂ ਕਈਆਂ ਨੇ ਇਕ ਬਾਟੇ ‘ਚ ਅੰਮ੍ਰਿਤ ਛਕਣ ਤੋਂ ਇਨਕਾਰ ਕੀਤਾ ਪਰ ਫਿਰ ਵੀ ੨੦,੦੦੦ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਇਸ ਕਾਮਯਾਬੀ ਨੂੰ ਦੇਖ ਕੇ ਹੀ ਲੈਪਲ ਗ੍ਰਿਫਨ ਨੇ ਕਿਹਾ ਸੀ ਕਿ ਗੁਰੂ ਜੀ ਨੇ ਖ਼ਾਲਸਾ ਇਸ ਤਰ੍ਹਾਂ ਤਿਆਰ ਕੀਤਾ ਜਿਵੇਂ ਜੁਪੀਟਰ (ਦੇਵਤੇ) ਨੇ ਆਪਣੇ ਪੱਟਾਂ ਵਿਚੋਂ ਮਿਨਰਵਾ ਪੈਦਾ ਕੀਤੀ ਸੀ। ਜਿਵੇਂ ਦੁਰਗਾ ਨੇ ਆਪਣੇ ਮੱਥੇ ਵਿਚੋਂ ਚੰਡੀ ਜ਼ਾਲਮਾਂ ਦਾ ਖੂਨ ਪੀਣ ਲਈ ਕੱਢੀ ਸੀ। ਇਸ ਖ਼ਾਲਸੇ ਦੀ ਹੋਂਦ ਹੀ ਜ਼ਾਲਮ ਨੂੰ ਚੇਤਾਵਨੀ ਹੈ ਤੇ ਲਿਤਾੜੇ ਲਈ ਸਹਾਰਾ । ਦੋ ਸੌ ਤੀਹ ਸਾਲਾਂ ਦੀ ਘਾਲ ਦਾ ਸਿੱਟਾ ਇਹ ਸੀ ਕਿ ਉਨ੍ਹਾਂ ਥਾਵਾਂ ਤੋਂ ਉਹ ਉਹ ਬੁਕਿਆ ਜੋ ਉਥੇ ਕਦੇ ਹੋਇਆ ਨਹੀਂ ਸੀ ਅਤੇ ਨਾ ਕਦੇ ਹੋਣ ਦੀ ਸੰਭਾਵਨਾ ਸੀ । ਲਾਹੌਰ ਤੋਂ ਦਇਆ, ਦਿੱਲੀ ਤੋਂ ਧਰਮ, ਜਗਨਨਾਥ ਤੋਂ ਹਿੰਮਤ, ਦੁਆਰਕਾ ਤੋਂ ਮੁਹਕਮ ਤੇ ਬਿਦਰ ਤੋਂ ਸਾਹਿਬ ਉਠਾਉਣਾ ਇਕ ਕਰਾਮਾਤ ਹੀ ਸੀ।
ਲਾਹੌਰ ਤੋਂ ਦਇਆ-ਲਾਹੌਰ ਸ਼ਹਿਰ ਬਾਰੇ ਸਲੋਕ ਵਾਰਾਂ ਤੋਂ ਵਧੀਕ ਵਿਚ ਗੁਰੂ ਨਾਨਕ ਜੀ ਦੀ ਇਕ ਤੁਕ ਹੈ, ‘ਲਾਹੌਰ ਸ਼ਹਿਰ ਜਹਰੁ ਕਹਰੁ ਸਵਾ ਪਹਰੁ।’ ਗੁਰੂ ਨਾਨਕ ਜੀ ਲਾਹੌਰ ਬਾਰੇ ਆਪਣਾ ਅਨੁਭਵ ਦੱਸ ਰਹੇ ਸਨ ਕਿ ਸ਼ਹਿਰ ਜ਼ਹਿਰ ਬਣਿਆ ਹੋਇਆ ਹੈ ਕਿਉਂਕਿ ਉਥੇ ਨਿੱਤ ਸਵੇਰੇ ਰੱਬੀ ਸਿਫ਼ਤ ਸਲਾਹ ਦੀ ਥਾਂ (ਸਵਾ ਪਹਿਰ) ਦਿਨ ਚੜ੍ਹੇ ਤੱਕ ਜੀਵਾਂ ਤੇ ਕਹਿਰ ਹੁੰਦਾ ਰਹਿੰਦਾ ਹੈ । ਦਇਆ ਨਾਂ ਦੀ ਕੋਈ ਵਸਤੂ ਉਥੇ ਲਾਹੌਰ ਵਿਚ ਨਹੀਂ। ਦੁਨੀ ਨੇ ਇਤਨਾ ਪ੍ਰਭਾਵ ਪਾ ਲਿਆ ਹੈ ਕਿ ਚਾਰੇ ਪਾਸੇ ਮਾਇਆ ਦਾ ਹੀ ਪਸਾਰਾ ਹੈ। ਵਿਸ਼ੇ ਭੋਗਣ ਹੀ ਜੀਵਨ ਮਨੋਰਥ ਬਣ ਗਿਆ ਹੈ। ਪਰ ਗੁਰੂ ਅਮਰਦਾਸ ਜੀ ਅਗਲੇ ਸਲੋਕ ਵਿਚ ਕਹਿੰਦੇ ਹਨ ਕਿ ਉਸੇ ਲਾਹੌਰ ਦੀ ਸ਼ਕਲ ਹੁਣ ਬਦਲਣੀ ਅਰੰਭ ਹੋ ਗਈ ਹੈ । ਹੁਣ ਲਾਹੌਰ ਸ਼ਹਿਰ ਅੰਮ੍ਰਿਤ ਦਾ ਚਸ਼ਮਾ ਫੁੱਟ ਪਿਆ ਹੈ। ਪ੍ਰਮਾਤਮਾ ਦੀ ਸਿਫ਼ਤ ਸਲਾਹ ਹੋਣ ਲੱਗ ਪਈ ਹੈ ਕਿਉਂਕਿ ਗੁਰੂ ਰਾਮਦਾਸ ਜੀ ਦਾ ਜਨਮ ਲਾਹੌਰ ਵਿਖੇ ਹੋ ਗਿਆ ਹੈ। ਤੀਜੇ ਪਾਤਸ਼ਾਹ ਦਾ ਸਲੋਕ ਹੈ :
ਲਾਹੌਰ ਸਹਰ,
ਅੰਮ੍ਰਿਤਸਰ ਸਿਫਤੀ ਦਾ ਘਰੁ। ੨੮।
(ਸਲੋਕ ਵਾਰਾਂ ਤੇ ਵਧੀਕ)
ਉਸੇ ਲਾਹੌਰ ਵਿਚ ਗੁਰੂ ਅਰਜਨ ਜੀ ਨੇ ਬੁੱਧੂ ਦਾ ਆਵਾ ਕੱਚਾ ਕਹਿ ਕੇ ਦਇਆ ਦੇ ਅਰਥ ਬੁੱਧੂ ਨੂੰ ਸਮਝਾਏ, ਜਿਸ ਨੇ ਇਕ ਗ਼ਰੀਬ ਸਿੱਖ ਭਾਈ ਕਮਲੀਆ ਦੇ ਮੈਲੇ ਪਾਟੇ ਕਪੜੇ ਦੇਖ ਕੇ ਦਰਵਾਜ਼ੇ ਬੰਦ ਕਰ ਦਿੱਤੇ ਸਨ । ਦਸਵੇਂ ਪਾਤਸ਼ਾਹ ਵੇਲੇ ਉਥੋਂ ਹੀ ਲਾਹੌਰ ਤੋਂ ਦਇਆ ਉਠੀ ਤੇ ਖ਼ਾਲਸੇ ਦਾ ਇਕ ਅੰਗ ਬਣ ਕੇ ਵਿਸ਼ਵ ਕਲਿਆਣ ਲਈ ਜੂਝੇ।
ਦਿੱਲੀ ਤੋਂ ਧਰਮ-ਦਿੱਲੀ ਸਿਆਸਤ ਦੀ ਕਿੱਲੀ ਹੋਣ ਕਾਰਨ ਧਰਮ ਤੋਂ ਪਰ੍ਹਾਂ ਪਰ੍ਹਾਂ ਹੀ ਰਹੀ। ਦਿੱਲੀ ਅਰੰਭ ਤੋਂ ਹੀ ਸਿਆਸੀ ਚਾਲਾਂ ਦੀ ਹੀ ਗੜ੍ਹੀ ਰਹੀ। ਧਰਮ ਵਾਲੀ ਕੋਈ ਗੱਲ ਉਥੇ ਕਦੇ ਹੋਈ ਨਹੀਂ। ਇਥੋਂ ਤੱਕ ਕਿ ਇਕ ਅਖਾਣ ਹੀ ਪ੍ਰਸਿੱਧ ਹੋ ਗਿਆ ‘ਦਿੱਲੀ ਸਵਰੋ, ਈਸ਼ਵਰੋ।’ ਭਾਵ ਜੋ ਦਿੱਲੀ ਦਾ ਰਾਜਾ ਹੈ, ਉਹ ਹੀ ਈਸ਼ਵਰ ਹੈ। ਦਿੱਲੀ ਨੇ ਨਿਰੇ ਰਾਜ ਬਦਲਦੇ ਹੀ ਨਹੀਂ ਦੇਖੇ ਸਗੋਂ ਧਰਮ ਤੇ ਧਰਮੀ ਪੁਰਸ਼ਾਂ ਤੇ ਨਿੱਤ ਨਵੇਂ ਹਮਲੇ ਵੀ ਹੁੰਦੇ ਦੇਖੇ। ਸਕੰਦਰ ਲੋਧੀ ਨੇ ਇਕ ਪੰਡਤ ਬੋਧਨ ਦਾ ਸਿਰ ਧੜ ਨਾਲੋਂ ਸਿਰਫ਼ ਇਸ ਕਾਰਨ ਜੁਦਾ ਕਰ ਦਿੱਤਾ ਸੀ ਕਿਉਂਕਿ ਇਕ ਪੁੱਛ ਦੇ ਉੱਤਰ ਵਿਚ ਉਸ ਕਿਹਾ ਸੀ ਕਿ ਹਿੰਦੂ ਵੀ ਚੰਗਾ ਹੈ ਤੇ ਮੁਸਲਮਾਨ ਵੀ। ਇਬ੍ਰਾਹੀਮ ਨੇ ਮੀਆਂ ਬੂਆ ਵਰਗੇ ਵਿਦਵਾਨ ਨੂੰ ਨਿਰੋਲ ਇਸ ਕਰਕੇ ਕਤਲ ਕਰ ਦਿੱਤਾ ਸੀ ਕਿ ਉਸ ਨੇ ਮਹਾਵੈਦਿਕ ਗਰੰਥ ਨੂੰ ਫ਼ਾਰਸੀ ਅੱਖਰਾਂ ਵਿਚ ਕਰਕੇ ਤਿੱਬ-ਇ-ਸਕੰਦਰੀ ਕਿਉਂ ਬਣਾਇਆ ਸੀ । ਪੂਰੀ ਦਾਸਤਾਨ ਨਾਲੋਂ ਸਿਰਫ਼ ਔਰੰਗਜ਼ੇਬ ਦੀ ਹੀ ਵਾਰਤਾ ਕਾਫ਼ੀ ਹੈ ਜਿਸ ਨੇ ਤਖ਼ਤੇ-ਇ-ਤਾਊਸ ਤੇ ਬੈਠਣ ਵੇਲੇ ਪਹਿਲਾ ਪੈਰ ਆਪਣੇ ਪਿਤਾ (ਸ਼ਾਹ ਜਹਾਨ) ਦੀ ਛਾਤੀ ਤੇ ਅਤੇ ਦੂਜਾ ਪੈਰ ਆਪਣੇ ਵੱਡੇ ਸੱਕੇ ਭਰਾ (ਦਾਰਾ) ਦੇ ਖੋਪਰ ਤੇ ਰੱਖਿਆ। ਅਨੇਕਾਂ ਨਜ਼ਦੀਕੀ ਰਿਸ਼ਤੇਦਾਰਾਂ ਦੀਆਂ ਹੱਡੀਆਂ ਵਿਛਾ ਕੇ ਉਸ ਤੱਖ਼ਤ ਦਾ ਰਾਹ ਇਕਸਾਰ ਕੀਤਾ ਸੀ। ਇਥੋਂ ਤੱਕ ਕਿ ਸਰਮਦ ਵਰਗੇ ਧਰਮੀਆਂ ਨੂੰ ਕਤਲ ਕਰਨ ਤੋਂ ਵੀ ਸੰਕੋਚ ਨਾ ਕੀਤਾ। ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਠੀਕ ਲਿਖਿਆ ਹੈ ਕਿ ਔਰੰਗਜ਼ੇਬ ਦੇ ਹਰ ਕਰਮ ਦਾ ਖ਼ੁਦਾ ਦੇ ਦਰਬਾਰ ਜੁਆਬ ਦਿੱਤਾ ਜਾ ਸਕਦਾ ਹੈ ਪਰ ਇਸ ਦਾ ਉੱਤਰ ਕਿਸੇ ਪਾਸ ਨਹੀਂ ਹੋਣ ਲੱਗਾ ਕਿ ਉਸ ਨੇ ਸਰਮਦ ਨੂੰ ਕਤਲ ਕਿਉਂ ਕੀਤਾ ? ਸਰਮਦ ਦਾ ਨਿਰੋਲ ਕਸੂਰ ਇਹ ਸੀ ਕਿ ਜਦ ਇਮਾਮ ਨਮਾਜ਼ ਪੜ੍ਹ ਰਿਹਾ ਸੀ ਤਾਂ ਉਹ ਵਿਚੋਂ ਹੀ ਛੱਡ ਕੇ ਤੁਰ ਪਏ। ਜਦ ਪਕੜ ਕੇ ਪੇਸ਼ ਕੀਤੇ ਗਏ ਤਾਂ ਪੁਛਿਆ ਕਿ ਉਨ੍ਹਾਂ ਨਮਾਜ਼ ਕਿਉਂ ਨਹੀਂ ਪੜ੍ਹੀ ਤਾਂ ਉਨ੍ਹਾਂ ਬੇਬਾਕੀ ਨਾਲ ਕਿਹਾ ਸੀ : ‘ਇਮਾਮ ਸਾਹਿਬ ਤੁਹਾਡਾ ਖ਼ਿਆਲ ਸੀ ਕਿ ਜੁੰਮੇ ਦੀ ਨਮਾਜ਼ ਵੇਲੇ ਬਾਦਸ਼ਾਹ ਆਪੂੰ ਆਇਆ ਹੈ, ਉਹ ਇਨਾਮ ਦੇਵੇਗਾ। ਜਿਥੇ ਇਮਾਮ ਦਾ ਮਨ ਡੋਲ ਰਿਹਾ ਹੋਵੇ, ਉਥੇ ਨਮਾਜ਼ ਪੜ੍ਹਨ ਦਾ ਕੀ ਫ਼ਾਇਦਾ।’ ਇਮਾਮ ਨੇ ਅੱਗੋਂ ਹੁਜਤ ਕਰਦੇ ਹੋਏ ਕਿਹਾ ਕਿ ਤੂੰ ਕਲਮੇ ਦੇ ਲਾ-ਇਲ-ਇੱਲਲਾ ਤੋਂ ਅਗੋਂ ‘ਮੁਹੰਮਦ ਰਸੂਲ- ਅੱਲਾ’ ਕਿਉਂ ਨਹੀਂ ਪੜ੍ਹਦਾ ਤਾਂ ਸਰਮਦ ਨੇ ਉਸੇ ਬੇਬਾਕੀ ਨਾਲ ਕਿਹਾ ਸੀ : ‘ਕਮਬੱਖ਼ਤਾ, ਮੈਂ ਮੁਹੰਮਦ ਤੋਂ ਅੱਗੇ ਲੰਘ ਗਿਆ ਹਾਂ, ਤੂੰ ਮੈਨੂੰ ਉਥੇ ਹੀ ਅਟਕਾਉਣਾ ਚਾਹੁੰਦਾ ਹੈਂ। ਮੈਂ ਨਫ਼ੀ ਦੇ ਦਰਜੇ ਵਿਚ ਮਗਨ ਹਾਂ, ਮਸਬਤ ਤੇ ਅਜੇ ਨਹੀਂ ਪੁਜਿਆ।’ ਉਸ ਤੇ ਕਤਲ ਦਾ ਫ਼ਤਵਾ ਚਾੜ੍ਹ ਦਿੱਤਾ ਗਿਆ ਪਰ ਕਦੇ ਧਰਮੀ ਵੀ ਝੁਕੇ ਹਨ ਸ਼ਾਹਾਂ ਅੱਗੇ। ਗੁਰੂ ਤੇਗ਼ ਬਹਾਦਰ ਸਾਹਿਬ ਵੀ ਧਰਮ ਹੇਤ ਦਿੱਲੀ ਪਠਾਏ। ਧਰਮ ਹੇਤ ਹੀ ਸਾਕਾ ਕੀਤਾ ਅਤੇ ਸੀਸ ਦੀਆ ਪਰ ਸਿਰਰ ਨਾ ਦੀਆ। ਕਲਗੀ ਵਾਲੇ ਦੀ ਆਵਾਜ਼ ਤੇ ਉਸੇ ਦਿੱਲੀ ਤੋਂ ਹੁਣ ਧਰਮ ਉਠਿਆ ਜੋ ਖ਼ਾਲਸੇ ਦਾ ਅਟੁੱਟ ਅੰਗ ਬਣਿਆ ਅਤੇ ਗੁਰੂ ਦਾ ਪਿਆਰਾ।
ਜਗਨਨਾਥ ਤੋਂ ਹਿੰਮਤ-ਸਕੰਧ ਪੁਰਾਣ ਵਿਚ ਜਗਨਨਾਥ ਸਬੰਧੀ ਇਕ ਕਥਾ ਪ੍ਰਚਲਤ ਹੈ ਕਿ ਕ੍ਰਿਸ਼ਨ ਜੀ ਨੂੰ ਸ਼ਿਕਾਰੀ ‘ਜਰ’ ਨੇ ਮਾਰ ਦਿੱਤਾ ਅਤੇ ਉਨ੍ਹਾਂ ਦਾ ਮ੍ਰਿਤਕ ਸਰੀਰ ਹੇਠਾਂ ਪਿਆ ਪਿਆ ਹੀ ਸੜ ਗਿਆ। ਕੁਝ ਸਮੇਂ ਬਾਅਦ ਕਿਸੇ ਕ੍ਰਿਸ਼ਨ ਭਗਤ ਨੇ ਅਸਥੀਆਂ ਨੂੰ ਸੰਦੂਕ ਵਿਚ ਪਾ ਕੇ ਉਥੇ ਹੀ ਦਬਾ ਦਿੱਤਾ। ਉੜੀਸਾ ਦੇ ਰਾਜੇ ਇੰਦਰ ਦਮਨ ਨੂੰ ਸੁਪਨੇ ਵਿਚ ਵਿਸ਼ਨੂੰ ਵਲੋਂ ਆਗਿਆ ਹੋਈ ਕਿ ਕ੍ਰਿਸ਼ਨ ਦੀਆਂ ਸੰਦੂਕ ਵਿਚ ਬੰਦ ਅਸਥੀਆਂ ਨੂੰ ਜਗਨਨਾਥ ਦਾ ਬੁੱਤ ਬਣਾ ਕੇ ਉਸ ਵਿਚ ਟਿਕਾ ਕੇ ਅਸਥਾਪਣ ਕਰ ਦੇਵੋ।
ਇੰਦਰ ਦਮਨ ਦੀ ਪ੍ਰਾਰਥਨਾ ਮੰਨ ਕੇ ਵਿਸ਼ਵਕਰਮਾ ਨੇ ਜਗਨਨਾਥ ਦਾ ਬੁੱਤ ਘੜਨਾ ਸ਼ੁਰੂ ਕਰ ਦਿੱਤਾ ਪਰ ਇਹ ਸ਼ਰਤ ਕਰ ਲਈ ਕਿ ਜੇ ਕੋਈ ਜਗਨਨਾਥ ਦੀ ਮੂਰਤੀ ਨੂੰ ਮੁਕੰਮਲ ਹੋਣ ਤੋਂ ਪਹਿਲਾਂ ਦੇਖੇਗਾ ਤਾਂ ਉਹ ਕੰਮ ਉਥੇ ਹੀ ਬੰਦ ਕਰ ਚਲਾ ਜਾਏਗਾ। ਪੰਦਰਾਂ ਦਿਨ ਮਗਰੋਂ ਰਾਜਾ ਬੇਸਬਰਾ ਹੋ ਗਿਆ ਅਤੇ ਵਿਸ਼ਵਕਰਮਾ ਪਾਸ ਜਾ ਪੁੱਜਾ। ਵਿਸ਼ਵਕਰਮਾ ਨੇ ਗੁੱਸੇ ਵਿਚ ਕੰਮ ਛੱਡ ਦਿੱਤਾ ਤੇ ਜਗਨਨਾਥ ਦਾ ਬੁੱਤ ਬਿਨਾਂ ਹੱਥਾਂ ਪੈਰਾਂ ਦੇ ਰਹਿ ਗਿਆ।
ਉਹ ਬੁੱਤ ਹੁਣ ਉਸੇ ਤਰ੍ਹਾਂ ਅਸਥਾਪਨ ਹੈ । ਜਗਨਨਾਥ ਹੈ ਪਰ ਉਸ ਦੇ ਹੱਥ ਪੈਰ ਕੋਈ ਨਹੀਂ। ਜਦ ਹਿੰਮਤ ਨਹੀਂ ਹੈ, ਰੱਖਿਆ ਕੌਣ ਕਰੇਗਾ। ਜਗਤ ਦੀ ਰੱਖਿਆ ਲਈ ਵੱਡੀ ਲੋੜ ਹਿੰਮਤ ਦੀ ਹੈ ਜਿਸ ਦੀ ਘਾਟ ਨੇ ਹਿੰਦੁਸਤਾਨ ਨੂੰ ਸਦੀਆਂ ਤੱਕ ਗ਼ੁਲਾਮ ਬਣਾਈ ਰੱਖਿਆ। ਉਸੇ ਅਸਥਾਨ ਤੋਂ ਕਲਗੀਆਂ ਵਾਲੇ ਨੇ ਹਿੰਮਤ ਪੈਦਾ ਕੀਤੀ ਜਿਥੇ ਇਸ ਦਾ ਅਭਾਵ ਸੀ। ਉਹ ਹੀ ਹਿੰਮਤ ਖ਼ਾਲਸੇ ਦੀਆਂ ਰਗਾਂ ਵਿਚ ਸਮਾ ਦਿੱਤੀ। ਹਿੰਮਤ ਬਗ਼ੈਰ ਖ਼ਾਲਸਾ ਅਧੂਰਾ ਹੈ।
ਦਵਾਰਕਾ ਤੋਂ ਮੁਹਕਮ-ਦਵਾਰਕਾ, ਕਾਠੀਆਵਾੜ (ਗੁਜਰਾਤ) ਸਮੁੰਦਰ ਦੇ ਕਿਨਾਰੇ ਇਕ ਪੂਰੀ ਹੈ, ਜਿਸ ਦੀ ਗਿਣਤੀ ਹਿੰਦੂਆਂ ਦੀਆਂ ਸੱਤ ਪੁਰੀਆਂ ਵਿਚ ਹੈ। ਇਹ ਚਿਰ ਤੱਕ ਯਾਦਵਾਂ ਦੀ ਰਾਜਧਾਨੀ ਰਹੀ ਹੈ। ਇਥੇ ਇਕ ਮੰਦਰ ਹੈ, ਜਿਸ ਵਿਚ ‘ਰਣ-ਛੜ’ ਨਾਮ ਦੀ ਕ੍ਰਿਸ਼ਨ ਜੀ ਦੀ ਮੂਰਤੀ ਹੈ। ਜਿਸ ਕ੍ਰਿਸ਼ਨ ਜੀ ਨੇ ਗੀਤਾ ਉਪਦੇਸ਼ ਦੇ ਕੇ ਅਰਜਨ ਨੂੰ ਜੰਗ ਵਿਚ ਜੂਝਣ ਦਾ ਉਪਦੇਸ਼ ਦਿੱਤਾ, ਉਹ ਹੀ ਕ੍ਰਿਸ਼ਨ ਹੁਣ ਆਪੂੰ ਰਣ-ਤਿਆਗ ਸਮੁੰਦਰ ਕਿਨਾਰੇ ਜਾ ਬੈਠਾ । ਕਰਮਯੋਗੀ ਕ੍ਰਿਸ਼ਨ, ਰਣ-ਛੋੜ ਬਣ ਗਿਆ। ਇਸ ਦਾ ਸਿੱਟਾ ਕਈ ਰਾਜੇ ਯੋਧੇ, ਰਾਜਪੂਤ ਔਕੜ ਵੇਲੇ ਰਣ ਛੱਡ ਭੱਜ ਉਠਦੇ। ਉਸ ਨੱਸ ਜਾਣ ਨੂੰ ਕਮਜ਼ੋਰੀ ਨਹੀਂ, ਨੀਤੀ ਕਹਿੰਦੇ। ਹਿੰਦੁਸਤਾਨ ਦੀ ਪੱਤ ਸਾਹਮਣੇ ਲੁੜੀਂਦੀ ਦੇਖਦੇ, ਪਰ ਉਨ੍ਹਾਂ ਦੇ ਕੰਨਾਂ ਤੇ ਜੂੰ ਨਾ ਸਰਕਦੀ। ਕਲਗੀ ਵਾਲੇ ਨੇ ‘ਅਤਿ ਹੀ ਰਣ ਮੈ ਤਬ ਜੂਝ ਮਰਉ’ ਦਾ ਆਦਰਸ਼ ਮਿਥਿਆ ਤੇ ਉਸੇ ਰਣ-ਛੋੜ ਵਾਲੀ ਥਾਂ ਤੋਂ ‘ਮੁਹਕਮ ਪੈਦਾ ਕੀਤਾ। ਦ੍ਰਿੜ੍ਹਤਾ ਅਤੇ ਸਿਰਰ ਤੋਂ ਬਿਨਾਂ ਖਾਲਸਾ ਸੰਪੂਰਨ ਨਹੀਂ ਹੈ। ਮੁਹਕਮ ਦੀ ਦਾਤ ਬਖ਼ਸ਼ ਇਕ ਕਰਾਮਾਤ ਕਰ ਦਿਖਾਈ।
ਬਿਦਰ ਤੋਂ ਸਾਹਿਬ-ਬਿਦਰ ਬਾਰੇ ਇਹ ਲਿਖਿਆ ਹੈ ਕਿ ਰਾਜਾ ਵਚਿਤ੍ਰ ਵੀਰ ਦੀ ਦਾਸੀ ਸੁਦੇਸ਼ ਨਾਂ ਦੇ ਉਦਰ ਤੋਂ ਵਿਆਸ ਦਾ ਇਹ ਪੁੱਤਰ ਸੀ । ਦਾਸੀ-ਪੁੱਤਰ ਹੋਣ ਕਾਰਨ ਕੌਰਵ ਇਸ ਦੀ ਸ਼ੁਭ ਸਿੱਖਿਆ ਵੀ ਨਹੀਂ ਮੰਨਦੇ ਸਨ । ਕ੍ਰਿਸ਼ਨ ਜੀ ਨੇ ਇਸ ਸਦਾਚਾਰੀ ਸੁਭਾ, ਨਿੰਮ੍ਰਤਾ ਨੂੰ ਦੇਖ ਟਿਕਾਣਾ ਇਸ ਪਾਸ ਹੀ ਕੀਤਾ ਸੀ ਤੇ ਦੁਰਯੋਧਨ ਦੇ ਮਹਿਲਾਂ ਵਿਚ ਨਹੀਂ ਗਏ ਸਨ। ਇਹ ਇਕ ਬਹੁਤ ਭਾਰੀ ਕਰਮ ਸੀ। ਬਿਦਰ ਨੂੰ ਉਨ੍ਹਾਂ ਸਤਿਕਾਰ ਤਾਂ ਦਿੱਤਾ, ਪਰ ਰਾਜ ਨਾ ਦਿਲਵਾ ਸਕੇ। ਉਸ ਨੂੰ ਦੁਰੇ-ਦੁਰੇ ਹੀ ਸਭ ਕਹਿੰਦੇ ਰਹੇ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਹੀ ਹਿੱਸੇ ਆਇਆ ਹੈ ਕਿ :
ਜਿਨ ਕੀ ਜਾਤ ਬਰਨ ਕੁਲ ਮਾਹੀ
ਸਰਦਾਰੀ ਨ ਭਈ ਕਦਾਹੀ ।
ਉਨ੍ਹਾਂ ਨੂੰ ਹੀ ਸਰਦਾਰ ਬਣਾਇਆ ਤੇ ਸਾਹਿਬੀ ਬਖ਼ਸ਼ੀ। ਉਸ ਬਿਦਰ ਤੋਂ ਸਾਹਿਬ ਉਪਜਾ ਕੇ ਸਰਦਾਰੀ ਖਾਲਸੇ ਨੂੰ ਬਖ਼ਸ਼ੀ ।
ਇਕ ਰਵਾਇਤ ਹਦੀਸਾਂ ਵਿਚ ਆਉਂਦੀ ਹੈ ਕਿ ਆਦਮ ਨੂੰ ਬਣਾਂਦਿਆਂ ੨੩੦ ਸਾਲ ਲੱਗੇ ਅਤੇ ਜਦ ਆਦਮ ਤਿਆਰ ਹੋ ਗਿਆ ਤਾਂ ਖ਼ੁਦਾ ਨੇ ਸਾਰੇ ਦੇਵਤਿਆਂ ਨੂੰ ਇਸ ਆਦਮ ਅੱਗੇ ਸਿਰ ਝੁਕਾਉਣ ਲਈ ਕਿਹਾ। ਕਹਿੰਦੇ ਹਨ ਕਿ ਸਾਰੇ ਦੇਵਤਿਆਂ ਨੇ ਸਿਰ ਨਿਵਾ ਦਿੱਤਾ ਪਰ ਸ਼ੈਤਾਨ ਨੇ ਇਨਕਾਰ ਕਰ ਦਿੱਤਾ। ਸ਼ੈਤਾਨ ਤੇ ਆਦਮ ਦੀ ਜੰਗ ਹੁੰਦੀ ਰਹੀ। ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੀ ਮੇਹਰ ਹੋਈ। ਪੂਰੇ ੨੩੦ ਸਾਲਾਂ ਬਾਅਦ, (੧੪੬੯ ੧੬੯੯ ਈ:) ਇਕ ਐਸਾ ਖ਼ਾਲਸਾ ਤਿਆਰ ਕਰ ਦਿੱਤਾ ਜਿਸ ਅੱਗੇ ਹੁਣ ਸ਼ੈਤਾਨ ਵੀ ਕੁਸਕ ਨਹੀਂ ਸਕੇਗਾ। ਹਲੇਮੀ ਰਾਜ ਆਇਆ। ਕਲਿਯੁਗ ਵਿਚ ਸਤਿਯੁਗ ਵਰਤਿਆ। ਸ਼ਾਇਦ ਇਸੇ ਲਈ ਖਾਲਸੇ ਦੇ ਸਾਜਣ ਦੀ ਘਟਨਾ ਉਪਰੰਤ ਸੂਰਜ ਪ੍ਰਕਾਸ਼ ਦੇ ਲਿਖਾਰੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ :
‘ਵਾਹਿਗੁਰੂ ਜੀ ਕਾ ਭਯੋ ਖਾਲਸਾ ਨੀਕਾ ਅਤਿ,
ਵਾਹਿਗੁਰੂ ਜੀ ਕੀ ਮਿਲ ਫਤੇ ਸੁ ਬੁਲਾਈ ਹੈ।
ਪੀਰ ਪਾਤਸ਼ਾਹ ਕਰਾਮਾਤੀ ਜੇ ਅਮਰ ਪੰਥ,
ਹਿੰਦੂ ਕਿ ਤੁਰਕ ਹੂੰ ਕੀ ਕਾਨ ਕੋ ਮਿਟਾਈ ਹੈ।
ਧਰਮ ਸਥਾਪਬੇ ਕੋ, ਪਾਪਨ ਕੇ ਖਾਪਬੇ ਕੋ,
ਗੁਰੂ ਜਾਪਬੇ ਕੋ, ਨਈਂ ਰੀਤ ਯੂ ਚਲਾਈ ਹੈ।’
ਅਤੇ ਗੁਰ ਸੋਭਾ ਦੇ ਲਿਖਾਰੀ ਨੇ ਕਿਹਾ:
ਅਸੁਰ ਸਿੰਘਾਰਬੇ ਕੋ, ਦੁਰਜਨ ਕੇ ਮਾਰਬੇ ਕੋ, ਸੰਕਟ ਨਿਵਾਰਬੇ ਕੋ ਖਾਲਸਾ ਬਨਾਯੋ ਹੈ।
(ਸੈਨਾਪਤੀ)
ਗੁਰੂ ਜੀ ਨੇ ਇਹ ਵੀ ਫ਼ਰਮਾਇਆ ਕਿ ਖ਼ਾਲਸੇ ਨੂੰ ਅਮੀਰੀ, ਵਜ਼ੀਰੀ, ਫ਼ਕੀਰੀ, ਤਦਬੀਰੀ, ਜੌਹੀਰੀ, ਅਕਾਲਗੀਰੀ, ਦਾਨ ਕੀ ਦਹੀਰੀ ਤੇ ਬੰਦੂਕ ਤਰਕਸ਼ਗੀਰੀ ਵੀ ਦਿੱਤੀ वै।
ਕਿਤਨੀ ਕੁ ਤਬਦੀਲੀ ਆ ਗਈ, ਉਸ ਦਾ ਜ਼ਿਕਰ ਕਰਦੇ ਕਵੀ ਸੰਤੋਖ ਸਿੰਘ ਜੀ ਨੇ ਕਿਹਾ ਜੋ ਸੁਪਨੇ ਵਿਚ ਲੜਾਈ ਹੁੰਦੀ ਦੇਖ ਤ੍ਰਭਕ ਪੈਂਦੇ ਸਨ ਉਹ ਅੰਮ੍ਰਿਤ ਛਕ ਕੇ ਐਸੇ ਯੋਧੇ ਹੋਏ ਕਿ ਹਰ ਅਨੀਤੀ ਵਿਰੁੱਧ ਆਪ-ਮੁਹਾਰੇ ਡਟ ਜਾਂਦੇ ਸਨ :
“ਸੁਪਨਹਿ ਮਾਤ੍ਰ ਨ ਆਯੁਧ ਜਾਨਹਿ
ਸੁਨਤ ਲਰਾਈ ਜੋ ਡਰ ਮਾਨਹਿ ।
ਸੋ ਅੰਮ੍ਰਿਤ ਛਕ ਹੋਵਤ ਯੋਧੇ
ਪਿਖ ਅਨੀਤ ਸਨ ਪਰ ਕ੍ਰੋਧੇ ।”
ਗੁਰ ਸੰਗਤ ਕੀਨੀ ਖ਼ਾਲਸਾ-ਅਸੀਂ ਰੋਜ਼ ਅਰਦਾਸ ਕਰਨ ਉਪਰੰਤ ਗੁਰੂ ਗਰੰਥ ਸਾਹਿਬ ਦੇ ਹਜ਼ੂਰ ਉੱਚੀ ਆਵਾਜ਼ ਨਾਲ ਦੁਹਰਾਂਦੇ ਹਾਂ, “ਆਗਿਆ ਭਈ ਅਕਾਲ ਕੀ, ਤਬੈ ਚਲਾਯੋ ਪੰਥ।’ ਸਾਡਾ ਵਿਸ਼ਵਾਸ ਹੈ ਕਿ ਪੰਥ ਕੋਈ ਮਨੁੱਖੀ ਕ੍ਰਿਤ ਨਹੀਂ, ਸਗੋਂ ਪ੍ਰਭੂ ਦਾ ਇਕ ਮੂਰਤੀਮਾਨ ਕੀਤਾ ਫੁਰਨਾ ਹੈ। ਇਹ ਹੀ ਕਾਰਨ ਹੈ ਜਦ ਵੀ ਦੋ ਸਿੱਖ ਮਿਲਦੇ ਹਨ ਤਾਂ ਵਾਹਿਗੁਰੂ ਜੀ ਕੀ ਫ਼ਤਹ ਤੋਂ ਪਹਿਲਾਂ ‘ਵਾਹਿਗੁਰੂ ਜੀ ਕਾ ਖ਼ਾਲਸਾ’ ਬੁਲਾਂਦੇ ਹਨ। ਇਸੇ ਸਬੰਧ ਵਿਚ ਭਾਈ ਗੁਰਦਾਸ ਜੀ (ਦੂਜੇ) ਨੇ ‘ਰਾਮਕਲੀ ਵਾਰ ਪਾਤਸ਼ਾਹੀ ਦਸਵੇਂ ਕੀ’ ਦੀ ਪਉੜੀ ਸੋਲ੍ਹਵੀਂ ਵਿਚ ਲਿਖਿਆ ਹੈ ਕਿ ਅਕਾਲ ਪੁਰਖ ਦੇ ਹੁਕਮ ਨਾਲ ਆਤਮਕ ਗਿਆਨ ਪ੍ਰਗਟ ਹੋਇਆ ਅਤੇ ਸਹਿਜ ਅਵਸਥਾ ਵਿਚ ਹੀ ਖ਼ਾਲਸਾ ਰਚਿਆ ਗਿਆ, ਕਿਸੇ ਕਾਹਲ, ਬਦਲੇ, ਛੇਤੀ ਜਾਂ ਪ੍ਰਤੀਕਰਮ ਵਜੋਂ ਇਹ ਖਾਲਸਾ ਨਹੀਂ ਸਾਜਿਆ ਗਿਆ ਸਗੋਂ ਪੂਰੀ ਸੋਚ ਵਿਚਾਰ ਉਪਰੰਤ, ਆਗਿਆ ਪਾਲਣ ਲਈ ਇਹ ਬਖ਼ਸ਼ਿਸ਼ ਕੀਤੀ:
‘ਗੁਰ ਬਰ ਅਕਾਲ ਕੇ ਹੁਕਮ ਸਿਉ,
ਉਪਜਿਓ ਬਿਗਿਆਨਾ।
ਤਬ ਸਹਜ ਰਚਿਓ ਖ਼ਾਲਸਾ
ਸਾਬਤ ਮਰਦਾਨਾ।’
ਇਸ ਤੋਂ ਇਹ ਸਾਫ਼ ਪ੍ਰਗਟ ਹੁੰਦਾ ਹੈ ਕਿ ਖ਼ਾਲਸਾ ਸਾਜਦੇ ਕੁਝ ਸਾਲ ਨਹੀਂ, ਸਦੀਆਂ ਲੱਗੀਆਂ। ਭਾਈ ਨੰਦ ਲਾਲ ਜੀ ਨੇ ਜੋਤ ਬਿਗਾਸ ਵਿਚ ਦਸਾਂ ਗੁਰੂ ਸਾਹਿਬਾਨ ਨੂੰ ਇਕੋ ਰੂਪ ਦਰਸਾਉਂਦੇ ਹੋਏ ਇਹ ਚਿਤਾਵਨੀ ਵੀ ਦਿੱਤੀ ਹੈ ਕਿ :
ਸਭ ਏਕੋ ਏਕੋ ਏਕਨਾ,
ਨਾਹੀ ਭੇਦ ਨ ਕਾਹੂ ਪੇਖਨਾ ।
ਸੋ ਇਸ ਵਿਚ ਕੋਈ ਦੋ ਰਾਵਾਂ ਨਹੀਂ ਰਹਿਣੀਆਂ ਚਾਹੀਦੀਆਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਅੱਡ ਗੱਲ ਕਰ ਦਿੱਤੀ ਜਾਂ ‘ਆਤਮਕ ਠੰਡ ਦਾ ਸੋਮਾ ਮਾਰੂਥਲਾਂ ਵਿਚ ਆ ਕੇ ਸੁੱਕ ਗਿਆ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤਾਂ ਪੰਥ ਨੂੰ ਪੂਰਨ ਤੇ ਨਿਰਣੇਜਨਕ ਸਰੂਪ ਮਿਲਿਆ। ਜੋ ਗੱਲਾਂ ਬੀਜ ਰੂਪ ਵਿਚ ਸਨ, ਉਹ ਪ੍ਰਗਟ ਹੋ ਸਾਹਮਣੇ ਆਈਆਂ ।
ਗੁਰੂ ਨਾਨਕ ਪ੍ਰਤੀ ਅਕਾਲ ਪੁਰਖ ਦੇ ਬਚਨ ਆਦਿ ਤੇ ਪੁਰਾਤਨ ਜਨਮ ਸਾਖੀ ਵਿਚ ਸੰਭਾਲੇ ਹੋਏ ਮਿਲ ਜਾਂਦੇ ਹਨ। ਪੁਰਾਤਨ ਜਨਮ ਸਾਖੀ ਦੀ ਵਈਂ ਪ੍ਰਵੇਸ਼ ਵਾਲੀ ਸਾਖੀ ਵਿਚ ਲਿਖਿਆ ਹੈ ਕਿ ਪਰਮੇਸ਼ਵਰ ਦੇ ਸੇਵਕ ਗੁਰੂ ਜੀ ਨੂੰ ਪ੍ਰਮਾਤਮਾ ਪਾਸ ਲੈ ਗਏ ਤਾਂ ਅੰਮ੍ਰਿਤ ਦਾ ਕਟੋਰਾ ਭਰ-ਭਰ, ਆਗਿਆ ਨਾਲ ਮਿਲਿਆ। ਹੁਕਮ ਹੋਇਆ :
‘ਨਾਨਕ ਇਹ ਅੰਮ੍ਰਿਤ ਨਾਮ ਕਾ ਪਿਆਲਾ ਹੈ, ਪੀਉ ਤੇ ਪਿਲਾਓ ।’ ਤਬ ਗੁਰੂ ਨਾਨਕ ਤਸਲੀਮ ਕੀਤੀ, ਪਿਆਲਾ ਪੀਤਾ। ਸਾਹਿਬ ਮੇਹਰਬਾਨ ਹੋਆ । ਬਚਨ ਕੀਤਾ, ਨਾਨਕ ਮੈਂ ਤੇਰੇ ਕੋਲ ਹਾਂ, ਮੈਂ ਤੇਰੇ ਤਾਈਂ ਨਿਹਾਲ ਕੀਆ ਹੈ, ਤੂੰ ਜਾਇ ਕਰ ਨਾਮ ਜਪਿ । ਅਰ ਲੋਕਾਂ ਥੀ ਭੀ ਜਪਾਇ ਅਰ ਸੰਸਾਰ ਥੀਂ ਨਿਰਲੇਪ ਰਹੁ-1 ਨਾਮ, ਦਾਨ, ਇਸ਼ਨਾਨ, ਸੇਵਾ, ਸਿਮਰਨ ਵਿਚ ਰਹੁ।’
ਫਿਰ ਜਦ ਪ੍ਰਭੂ ਹਜ਼ੂਰੀ ਤੋਂ ਗੁਰੂ ਜੀ ਵਾਪਸ ਹੋਣ ਲੱਗੇ ਤਾਂ ਪ੍ਰਭੂ ਨੇ ਫਿਰ ਬਚਨ ਕੀਤਾ :
‘ਨਾਨਕ ਤੂੰ ਮੇਰਾ ਹੁਕਮ ਪਛਾਤਾ ਹੈ।
ਮੈਂ ਪਾਰਬ੍ਰਹਮ ਪ੍ਰਮੇਸੁਰ ਤੂੰ ਗੁਰ ਪ੍ਰਮੇਸੁਰ ।
ਇਸ ਸਾਖੀ ਤੋਂ ਇਹ ਸਪੱਸ਼ਟ ਹੈ ਕਿ ਅੰਮ੍ਰਿਤ ਦੀ ਦਾਤ ਲੈ, ਗੁਰੂ ਨਾਨਕ ਨੇ ਉਹ ਅੰਮ੍ਰਿਤ ਜੱਗ ਨੂੰ ਵਰਤਾਇਆ ਤੇ ਫਿਰ ਉਨ੍ਹਾਂ ਦੇ ਹੀ ਦਸਵੇਂ ਰੂਪ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਵਾਰੀ ਫਿਰ ਸਾਖੀ ਦੀ ਸਾਖ ਭਰਦੇ ਹੋਏ ਪੰਚ ਪ੍ਰਮੇਸ਼ਰ ਦੇ ਹੱਥੋਂ ਸਾਨੂੰ ਅੰਮ੍ਰਿਤ ਦੀ ਮਹੱਤਤਾ ਦ੍ਰਿੜ੍ਹ ਕਰਾਉਣ ਲਈ ਆਪੂੰ ਅੰਮ੍ਰਿਤ ਪੀਤਾ। ਬਚਿੱਤ੍ਰ ਨਾਟਕ ਵਿਚ ਉਨ੍ਹਾਂ ਅਕਾਲ ਪੁਰਖ ਬਾਚ ਲਿਖਿਆ ਹੈ :
ਮੈਂ ਆਪਨਾ ਸੁਤ ਤੋਹਿ ਨਿਵਾਜਾ।
ਪੰਥ ਪਰਚੁਰ ਕਰਬੇ ਕਹੁ ਸਾਜਾ।
ਜਾਹਿ ਤਹਾਂ ਤੈ ਧਰਮ ਚਲਾਇ।
ਕੁਬੁਧਿ ਕਰਨ ਤੇ ਲੋਕ ਹਟਾਇ। ‘
ਤਾਂ ਫਿਰ ਗੁਰੂ ਜੀ ਨੇ ਕਵੀ ਵੀ ਹੈਸੀਅਤ ਵਿਚ ਲਿਖਿਆ :
‘ਠਾਢ ਭਯੋ ਮੈ ਜੋਰਿ ਕਰਿ,
ਬਚਨ ਕਹਾ ਸਿਰ ਨਿਆਇ।
ਪੰਥ ਚਲੈ ਤਬ ਜਗਤ ਮਹਿ,
ਜਬ ਤੁਮ ਕਰਹੁ ਸਹਾਇ।’
ਕੁਝ ਇਸੇ ਤਰ੍ਹਾਂ ਹੀ ਆਦਿ ਸਾਖੀਆਂ ਵਿਚ ਲਿਖਿਆ ਹੈ ਕਿ ਬਾਬੇ ਨਾਨਕ ਨੂੰ ਬਾਣੀ ਆਈ, ਮੇਰੇ ਪਾਸ ਆਓ। ਬਾਬੇ ਨਾਨਕ ਨੇ ਕਿਹਾ ਸੱਚੇ ਪਾਤਸ਼ਾਹ, ਮੈਂ ਜਿ ਆਵਾਂ ਤੇਰੇ ਪਾਸ ਇਤਨੀ ਮੈਨੂੰ ਪਹੁੰਚ ਨਾਹੀਂ ਜੋ ਤੇਰੀ ਦਰਗਾਹ ਆਵਾਂ, ਸੋ ਕਿਉਂ ਕਰ ਆਵਾਂ। ਤਾਂ ਫਿਰ ਬਾਣੀ ਆਈ ਤੂੰ ਅੱਖੀਂ ਮੀਟ, ਤੇਰੇ ਤਾਈਂ ਮੈਂ ਆਪਣੇ ਪਾਸ ਲੈ ਜਾਈ । ਤਾਂ ਬਾਬੇ ਨਾਨਕ ਅੱਖਾਂ ਮੀਟੀਆਂ ਤਾਂ ਬਾਬਾ ਨਿਰੰਕਾਰ ਕੇ ਮਹਲ ਜਾਇ ਖੜ੍ਹਾ ਕੀਤਾ । ਜਾ ਬਾਬੇ ਦਰਸ਼ਨ ਪਾਇਆ, ਤਾਂ ਬਾਬਾ ਬੋਲਿਆ, ‘ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।’ ਤਾਂ ਪਾਰਬ੍ਰਹਮ ਆਗਿਆ ਕੀਤੀ। ‘ਜੋ ਮੇਰਾ ਨਾਉਂ ਸੋ ਤੇਰਾ। ਮੇਰਾ ਨਾਉ ਸਤਿਗੁਰ ਪੁਰਖ ਹੈ, ਤੇਰਾ ਨਾਉ ਜ਼ਗਤ ਗੁਰੂ ਕੀਤਾ। ਜਾਹਿ ਨਾਨਕ ਮੈਂ ਤੇਰਾ ਇਕ ਪੰਥ ਕੀਤਾ। ਗੁਰੂ ਨਾਨਕ ਨੇ ਕਿਹਾ: ‘ਮੈਨੂੰ ਸਿਰਫ਼ ਸੰਤਾਂ ਦੀ ਰੇਣ ਚਾਹੀਏ।’ ਤਾਂ ਫਿਰ ਬਚਨ ਹੋਇਆ, ‘ਤੇਰੀ ਘਾਲ ਥਾਇ ਪਈ ਅਤੇ ਮੈਂ ਤੇਰਾ ਇਕ ਪੰਥ ਨਿਰਾਲਾ ਕੀਤਾ।’ ਫਿਰ ਪੰਥ ਦਾ ਕਰਤੱਵ ਦਰਸਾਉਂਦੇ ਪ੍ਰਭੂ ਨੇ ਕਿਹਾ : ‘ਭਗਤ ਦ੍ਰਿੜਾਉਣਾ, ਧਰਮ ਦ੍ਰਿੜਾਉਣਾ, ਗ੍ਰਹਿਸਤ ਵਿਚ ਬੈਰਾਗੀ ਕਰਨੇ । ਉਦਾਸੀ ਕਰਣੇ ਨਾਹੀ। ਮੇਰੀ ਮਾਰਗ ਕੀ ਇਹ ਹੀ ਨਿਸ਼ਾਨੀ ਹੈ। ਪਰਮੇਸ਼ਵਰ ਜਪਾਵਨਾ । ਪਰਮੇਸ਼ਵਰ ਦਾ ਸਿਮਰਨ ਨਾਮ-ਨਾਮ, ਦਾਨ ਇਸ਼ਨਾਨ ਦਇਆ ਧਰਮ ਰੱਖਣਾ । ਸੰਜਮ ਰੱਖਣੇ। ਘਾਲ ਕਮਾਇ। ਮੇਰੇ ਅਰਥ ਕੁਝ ਬੀਜਣਾ। ਝੂਠ ਨਾਹੀ ਬੋਲਣਾ। ਝੂਠੀ ਭਗਤ ਥਾਂਇ ਨਹੀਂ ਪਾਉਂਦੀ। ਸੱਚ ਦੀ ਭਗਤ ਥਾਂਇ ਪਾਉਂਦੀ ਹੈ। ਬਿਖਿਆ ਨਹੀਂ ਸੰਚਾਵਨੀ। ਆਇਆ ਚਲਾਯਾ। ਏਕ ਟੇਕ ਮੇਰੇ ਨਾਉਂ ਕੀ ਕਰਨੀ, ਦੂਜੀ ਟੇਕ ਨਾਹੀਂ ਕਰਣੀ। ਤੁਧ ਉਪਰ ਮੇਰਾ ਕਰਮ ਹੈ । ਤੂੰ ਸੋ ਹਉ, ਹਉ ਸੋ ਤੂੰ। ਮੇਰੇ ਨਾਵੈ ਬਿਨਾਂ ਕੁਝ ਹੋਰ ਬੀਚਾਰ ਕਰਣਾ ਨਾਹੀ।’
ਗੁਰੂ ਨਾਨਕ ਜੀ ਤੇ ਬਾਕੀ ਨੌਂ ਗੁਰੂ ਸਾਹਿਬਾਨ ਇਹ ਹੀ ਦ੍ਰਿੜਾਉਂਦੇ ਰਹੇ । ਜੇ ਆਗਿਆ ਧਰਮ ਦ੍ਰਿੜ੍ਹ ਕਰਨ ਦੀ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਸਾਜ ਕੇ ਇਹ ਹੀ ਕੀਤਾ। ‘ਦੇਹੁਰਾ ਮਸੀਤ ਸੋਈ, ਪੂਜਾ ਓ ਨਿਵਾਜ ਓਹੀ’ ਦਸਮੇਸ਼ ਪਿਤਾ ਦਾ ਹੀ ਫ਼ਰਮਾਨ ਹੈ।
ਸਿੱਖ ਦੇ ਅਰਥ ਕਰਨ ਵੇਲੇ ਹਰ ਕਿਸੇ ਨੇ ‘ਸ਼ਿਸ਼’ ਦੀ ਜੜ੍ਹ ਨੂੰ ਹੀ ਪਕੜਿਆ ਹੈ, ਪਰ ਇਹ ਅਰਥ ਸਿੱਖੀ ਸੁਭਾਅ, ਕਰਮ ਤੇ ਰੁਚੀ ਨਾਲ ਮੇਲ ਨਹੀਂ ਖਾਂਦੇ। ਸਿੱਖ ਢੂੰਡਾਊ ਪੁਰਸ਼ ਹੈ, ਜੋ ਸੱਚ ਦੀ ਭਾਲ ਲਈ ਨਿਕਲਿਆ ਹੈ। ਗੁਰੂ ਨੇ ‘ਸੱਚ ਕੋਟ ਸਤਾਨੀ ਨੀਵ’ ਦੇ ਕੇ ਇਕ ਧਰਮਸਾਲ ਬੱਧੀ ਹੈ। ਗੁਰੂ ਦੇ ਸਿੱਖ ਨੇ ਉਸ ਨੂੰ ਪ੍ਰਾਪਤ ਕਰਨਾ ਹੈ। ਗੁਰੂ ਅਰਜਨ ਦੇਵ ਜੀ ਦੇ ਸ਼ਬਦਾਂ ਵਿਚ ‘ਮੈਂ ਦੁਨੀਆਂ ਵਾਲਾ ਸਾਰਾ ਲਾਲਚ ਛੱਡ ਦਿੱਤਾ ਹੈ, ਮੈਂ ਸਦਾ ਥਿਰ ਰਹਿਣ ਵਾਲੇ, ਸ੍ਰਿਸ਼ਟੀ ਦੇ ਮਾਲਕ ਪ੍ਰਭੂ ਨੂੰ ਸਿਮਰਦਾ ਹਾਂ । ਪ੍ਰਮਾਤਮਾ ਦਾ ਨਾਂ ਹੀ ਮੇਰੇ ਲਈ ਜਗਤ ਦੇ ਨੌਂ ਖ਼ਜ਼ਾਨੇ ਹਨ, ਉਸ ਨਾਮ ਨੂੰ ਘੁੱਟ ਕੇ ਪੱਲ੍ਹੇ ਬੰਨ੍ਹ ਲਿਆ ਹੈ।
‘ਮੈ ਛੋਡਿਆ ਸਭੋ ਧੰਧੜਾ॥
ਗੋਸਾਈ ਸੇਵੀ ਸਚੜਾ॥
ਨਉ ਨਿਧਿ ਨਾਮ ਨਿਧਾਨ ਹਰਿ
ਮੈਂ ਪਲੇ ਬਧਾ ਛਿਕਿ ਜੀਉ ।’
ਅਤੇ ਐਸਾ ਵਿਅਕਤੀ ਹੀ ਉਸ ਧਰਮਸਾਲ ਨੂੰ ਜਾ ਲੱਭਦਾ ਹੈ :
‘ਮੈ ਬਧੀ ਸਚੁ ਧਰਮ ਸਾਲ ਹੈ॥
ਗੁਰ ਸਿੱਖਾ ਲੈਂਦਾ ਭਾਲਿ ਕੈ।’
(ਸਿਰੀ ਰਾਗ ਮਹਲਾ ੫, ਪੰਨਾ ੭੩)
ਉਸ ਟਿਕਾਣੇ ਪੁੱਜ ਕੇ ਹੀ ਸਿੱਖ, ਸਿੰਘ ਦੀ ਪਦਵੀ ਪਾਉਂਦਾ ਹੈ ਅਤੇ ਖ਼ਾਲਸਾ ਕਹਿਲਾਂਦਾ ਹੈ। ਇਕ ਵਾਰਤਾਲਾਪ ਬੁੱਧ ਜੀ ਦਾ ਅਤੇ ਭਿਖਸ਼ੂ ਵਛਾਗਤ ਦਾ ਇਸ ਤਰ੍ਹਾਂ ਆਉਂਦਾ ਹੈ :
ਪ੍ਰਸ਼ਨ-ਉਹ ਕੌਣ ਹੈ ਜੋ ਦੁਖਦਾਇਕ ਤੇ ਕੰਡਿਆਲੇ ਮਾਰਗ ਨੂੰ ਸੁਖੈਣ ਬਣਾ ਕੇ ਸਫ਼ਲਤਾ ਪੂਰਵਕ ਪੈਂਡਾ ਤਹਿ ਕਰਦਾ ਹੈ।
ਉੱਤਰ—ਉਹ ਸਿੱਖ ਹੀ ਹੈ।
ਬੁੱਧੂ ਜੀ-ਸ਼ੇਰ ਆਪਣੇ ਘੁਰਨੇ ਤੋਂ ਨਿਕਲ ਕੇ ਸਭ ਤੋਂ ਪਹਿਲਾਂ ਕੀ ਕਰਦਾ ਹੈ ?
ਵਛਾਗਤ-ਅੰਗੜਾਈ ਲੈ ਕੇ ਆਪਣੇ ਸਰੀਰ ਨੂੰ ਛੰਡਦਾ ਹੈ।
ਬੁੱਧ ਜੀ—ਅਤੇ ਫਿਰ ਕੀ ਕਰਦਾ ਹੈ ?
ਵਛਾਗਤ—ਆਪਣੇ ਇਰਦ ਗਿਰਦ ਕੁਝ ਵੇਖਦਾ ਹੈ ਤੇ ਕੰਨ ਖੜ੍ਹੇ ਕਰ ਕੇ ਕੁਝ ਸੁਣਦਾ है।
ਬੁੱਧ ਜੀ—ਉਸ ਮਗਰੋਂ ਕੀ ਕਰਦਾ ਹੈ ?
ਵਛਾਗਤ-ਦਹਾੜਦਾ ਹੈ।
ਬੁੱਧ ਜੀ-ਫੇਰ?
ਵਛਾਗਤ-ਸ਼ਿਕਾਰ ਲੱਭਣ ਲਈ ਚਲਾ ਜਾਂਦਾ ਹੈ।
ਬੁੱਧ ਜੀ—ਇਸ ਤਰ੍ਹਾਂ ਸਿੱਖ ਸੱਚ ਘਰ ਪੁੱਜ ਕੇ ਆਪਣੀ ਸਰੀਰ ਰੂਪੀ ਗੁਫ਼ਾ ਤੋਂ ਉਚੇਰਾ ਹੋ ਜਾਂਦਾ ਹੈ। ਫਿਰ ਸਰੀਰ ਛੱਡ ਕੇ ਤ੍ਰਿਸ਼ਨਾ ਨੂੰ ਪਛਾੜਦਾ ਹੈ ਅਤੇ ਕਰਮਾਂ ਦੀ ਨੀਂਦ ਨੂੰ ਤਿਆਗ, ਆਪਣੇ ਇਰਦ-ਗਿਰਦ ਦੇ ਦੁਖੀਆਂ ਦੀ ਆਵਾਜ਼ ਨੂੰ ਸੁਣਦਾ ਹੈ। ਫਿਰ ਗਰਜ ਕੇ ਆਪਣੀ ਹੋਂਦ ਦੀ ਖ਼ਬਰ ਦੇਂਦਾ ਹੈ ਅਤੇ ਦੂਜਿਆਂ ਨੂੰ ਸਤਿ ਮਾਰਗ ਦੱਸਣ ਅਤੇ ਪ੍ਰਚਾਰ ਲਈ ਦੇਸ਼ ਪ੍ਰਦੇਸ਼ ਨੂੰ ਟੁਰ ਪੈਂਦਾ ਹੈ। ਉਹ ਤਥਾਗਤ ਹੈ। ਉਹ ਬੁੱਧ ਹੈ। ਉਹ ਸਿੰਘ ਹੈ। ਇਕ ਸਿੱਖ-ਸਿੱਖ ਹੈ, ਉਹ ਖੋਜ, ਢੂੰਡ ਤੇ ਭਾਲ ਵਿਚ ਲੱਗਾ ਹੋਇਆ ਹੈ। ਉਹ ਇਕ ਹੋਰ ਸਿੱਖ ਨੂੰ ਭਾਲ ਕੇ ਲੱਭ ਲੈਂਦਾ ਹੈ ਤੇ ਫਿਰ ਦੋਵੇਂ ਸੰਗਤਿ ਬਣਾ ਕੇ ਟੁਰ ਪੈਂਦੇ ਹਨ। ਪ੍ਰਮਾਤਮਾ ਦੀ ਸਿਫ਼ਤ ਸਲਾਹ ਕਰਦੇ, ਹਉਮੈ ਦੀ ਉਹ ਮੈਲ ਕੱਟੀ ਜਾਂਦੇ ਹਨ ਅਤੇ ਆਤਮਾ ਨੂੰ ਪ੍ਰਮਾਤਮਾ ਵੱਲ ਲਈ ਜਾਂਦੇ ਹਨ ਤੇ ਫਿਰ ਪਰਮਾਤਮਾ ਦੇ ਹੀ ਹੋ ਜਾਂਦੇ ਹਨ ਤੇ ਪਰਮਾਤਮਾ ਉਨ੍ਹਾਂ ਦਾ । ਜੋ ਪ੍ਰਮਾਤਮਾ ਦਾ ਹੋ ਜਾਏ ਉਹ ਹੀ ਖ਼ਾਲਸਾ ਹੈ। ਸਿੱਖ ਅਤੇ ਵਾਹਿਗੁਰੂ ਵਿਚਕਾਰ ਕੋਈ ਵਿਚੋਲਾ ਨਹੀਂ ਹੈ। ਮਸੰਦ ਨਹੀਂ ਹੈ। ਪ੍ਰੋਹਿਤ ਨਹੀਂ ਹੈ, ਸਿੱਧੀ ਪਹੁੰਚ ਹੈ। ਇਥੋਂ ਤੱਕ ਕਿ ਹੁਣ ਵਿਚਕਾਰ ਗੁਰੂ ਵੀ ਨਹੀਂ।
ਖ਼ਾਲਸਾ ਅਰਬੀ ਦਾ ਸ਼ਬਦ ਹੈ ਜਿਸ ਦੇ ਅਰਥ ਹਨ ‘ਬਾਦਸ਼ਾਹ ਦਾ ਆਪਣਾ’ (ਕਿੰਗ’ਜ਼ ਓਨ)। ਅਕਬਰ ਵੇਲੇ ਟੋਡਰ ਮਲ ਨੇ ਜ਼ਮੀਨਾਂ ਦੀ ਵੰਡ ਵੇਲੇ ਜਿਥੇ ਪ੍ਰਾਉਤੀ, ਛੱਛਰ, ਪੋਲਜ ਤੇ ਬੰਜਰ ਦੀ ਵੰਡ ਕੀਤੀ, ਉਥੇ ਰਾਖਵੀਂ ਜ਼ਮੀਨ ਨੂੰ ‘ਖ਼ਾਲਸਾ’ ਜ਼ਮੀਨ ਕਿਹਾ। ਖ਼ਾਲਸਾ ਜ਼ਮੀਨ ਤੇ ਨਾ ਹੀ ਕੋਈ ਟੈਕਸ, ਨਾ ਕੋਈ ਮਸੂਲ ਸੀ। ਉਸ ਦੀ ਉਪਜ ਸਿੱਧੀ ਬਾਦਸ਼ਾਹ ਪਾਸ ਪੁੱਜਦੀ ਸੀ ਤੇ ਬਾਦਸ਼ਾਹ ਹੀ ਉਸ ਦਾ ਰਾਖਾ ਸੀ । ਗੁਰੂ ਜੀ ਨੇ ਐਸੀ ਸੰਗਤ ਨੂੰ ਹੀ ਖ਼ਾਲਸਾ ਕਿਹਾ ਕਿਉਂਕਿ ਉਹ ਸਿੱਧੀ ਵਾਹਿਗੁਰੂ ਦੀ ਹੋ ਗਈ ਸੀ ਤੇ ਉਸ ਨੂੰ ਹੁਣ ਕਿਸੇ ਜਮ ਜਾਗਾਤੀ ਦਾ ਡਰ ਨਹੀਂ ਸੀ । ਖ਼ਾਲਸਾ, ਕੁਲ, ਕਰਮ, ਕਿਰਤ ਤੇ ਧਰਮ ਤੋਂ ਵੀ ਉੱਚਾ ਹੋ ਜਾਂਦਾ ਹੈ। ਸਹੀ ਅਰਥਾਂ ਵਿਚ ਉਹ ਵਾਹਿਗੁਰੂ ਦਾ ਹੈ ਅਤੇ ਵਾਹਿਗੁਰੂ ਉਸ ਦਾ । ਖ਼ਾਲਸਾ ਕੋਈ ਵੀ ਕਰਮ ਆਪ ਹੁਦਰਾ ਨਹੀਂ ਕਰਦਾ । ਸਾਰੇ ਕਰਮ ਹੁਕਮੀ ਹੁੰਦੇ ਹਨ । ਮਨਮੁਖ ਵਾਲਾ ਸੁਭਾਅ ਖ਼ਤਮ ਹੋ ਜਾਂਦਾ ਹੈ। ਵਾਹਿਗੁਰੂ ਵੱਲ ਮੁੱਖ ਕਰ ਕੇ ਉਹ ਟੁਰੀ ਜਾਂਦਾ ਹੈ। ‘ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ’ ਦੀ ਉਹ ਮੂਰਤ ਹੁੰਦਾ ਹੈ। ਨਾਮ ਵਿਚ ਲਿਵ, ਹਿਰਦੇ ਦੀ ਪਵਿੱਤਰਤਾ, ਉੱਚਾ ਆਚਰਨ, ਨਿਰਭੈਤਾ, ਚੜ੍ਹਦੀਆਂ ਕਲਾਂ, ਸਦਕੇ ਹੋਣ ਦਾ ਚਾਅ, ਦੂਜੇ ਨੂੰ ਸੁਖ ਦੇਣ ਲਈ ਤਤਪਰ, ਇਹ ਹੈ ਖ਼ਾਲਸਾ। ਖ਼ਾਲਸੇ ਦਾ ਜਨਮ, ਰੂਹ ਦੇ ਮੰਡਲ ਤੋਂ ਤਲਵਾਰ ਦੇ ਘਾਟ ਹੋਇਆ ਹੈ। ‘ਰੂਹ ਤੇ ਖੰਡਾ’ ਅੰਮ੍ਰਿਤ ਵਿਚ ਰਲ ਕੇ ਦੋਹਾਂ ਵਿਚ ਪਤਾਸੇ ਘੁਲ ਮਿਲ ਇਕ ਹੋ ਕੇ ਨਵੇਂ ਇਨਸਾਨ ਬਣੇ ਹਨ। ਖਾਲਸਾ ਕੋਈ ਨਸਲ ਨਹੀਂ, ਕੁਲ ਨਹੀਂ, ਜਾਤ ਨਹੀਂ, ਆਦਰਸ਼ ਹੈ। ਦੌਲਤ-ਮਾਲ ਤੋਂ ਉਤਪਤ ਹੋਈ ਖੁਸ਼ੀ ਦਾ ਭੁੱਖਾ ਇਹ ਨਹੀਂ, ਮੱਲਾਂ ਮਾਰਨ ਲਈ ਨਹੀਂ ਸਗੋਂ ਅੰਦਰੋਂ ਅੰਦਰਲੇ ਦੇ ਸੁਖ ਦੇ ਅਨੁਭਵੀ ਲੋਕ ਜਥੇਬੰਦ ਹੋਏ ਹਨ। ਫ਼ਾਰਸੀ ਹਿੱਜਿਆਂ ‘ਖ਼ਾ, ਅਲਫ਼, ਲਾਮ ਅਤੇ ਸੁਆਦ’ ਦਾ ਭਾਵ ਵੀ ਇਹ ਹੈ ਕਿ ਵਾਹਿਗੁਰੂ ਦੇ ਹਰ ਹੁਕਮ ਤੇ ਉਸ ਦਾ ਬਣਾਇਆ ਇਹ ਖਾਲਸਾ ਸਦਾ ਤਤਪਰ ਹੈ। ਭਾਈ ਗੁਰਦਾਸ ਜੀ ਨੇ ਇਸੇ ਖ਼ਿਆਲ ਨੂੰ ਇਕ ਹੋਰ ਪਉੜੀ ਵਿਚ, ਇਸੇ ਤਰ੍ਹਾਂ ਲਿਖਿਆ ਹੈ ਕਿ ‘ਗੁਰੂ ਨਾਨਕ ਜੀ ਤੋਂ ਟੁਰੀ ਲਹਿਰ ਹੀ ਅੰਤ ਖ਼ਾਲਸਾ ਹੋ ਨਿਬੜੀ’ :
ਨਾਨਕ ਨਿਰਭਉ ਨਿਰੰਕਾਰ, ਵਿਚ ਸਿੱਧਾਂ ਖੇਲਾ।
ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ।
ਪੀਵਹੁ ਪਾਹੁਲ ਖੰਡੇ ਧਾਰ, ਹੋਇ ਜਨਮ ਸੁਹੇਲਾ।
ਗੁਰ ਸੰਗਤਿ ਕੀਨੀ ਖ਼ਾਲਸਾ, ਮਨਮੁਖੀ ਦੁਹੇਲਾ।
ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰ ਚੇਲਾ।
ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਲਿਖਿਆ ਹੈ :
‘ਖ਼ਾਲਸਾ ਹੋਵੈ ਖ਼ੁਦ ਖ਼ੁਦਾ ਜਿਮ ਖੂਬੀ ਖ਼ੂਬ ਖੁਦਾਇ ।
ਆਣਿ ਨ ਮਾਨੈ ਆਨ ਕੀ ਇਕ ਸਚੇ ਬਿਨ ਪਾਤਸ਼ਾਹ ।
ਰਹਿਤ—ਇਹ ਖ਼ਾਲਸਾ ਤਾਂ ਹੀ ਕਾਇਮ ਹੁੰਦਾ ਹੈ ਜੋ ਕੇਸ ਰੱਖੇ, ਕਛਹਿਰੇ ਦਾ ਧਾਰਨੀ ਹੋਵੇ, ਕੜਾ ਪਹਿਣੇ, ਕੰਘਾ ਰੱਖੇ ਅਤੇ ਕਿਰਪਾਨ ਨੂੰ ਅੰਗ-ਸੰਗ ਰੱਖੇ ਅਤੇ ਦੂਜੇ ਪਾਸੇ ਕੇਸਾਂ ਦੀ ਬੇਅਦਬੀ ਨਾ ਕਰੇ, ਅਭਾਖਿਆ ਦਾ ਕੁੱਠਾ ਨਾ ਖਾਏ, ਜਗਤ ਜੂਠ ਤੰਮਾਕੂ ਨਾ ਸੇਵੇ ਤੇ ਪਰ-ਤਨ ਗਾਮੀ ਨਾ ਹੋਵੇ । ਖ਼ਾਲਸਾ ਉਹ ਹੀ ਹੈ ਜੋ ਇਹ ਪੰਜ ਹੁਕਮ ਸਿਰ ਮੱਥੇ ਤੇ ਮੰਨਦਾ ਹੈ ਅਤੇ ਚਾਰਾਂ ਨੂੰ ਤਿਲਾਂਜਲੀ ਦਿੰਦਾ ਹੈ।
ਜਿੱਥੇ ਇਹ ਰਹਿਤ ਰੱਖ ਅਕਾਲ ਕੀ ਫ਼ੌਜ ਦਾ ਸਿਪਾਹੀ ਬਣਨਾ ਹੈ ਉਥੇ ਸੰਤਤਾਈ ਵੀ ਹੱਥੋਂ ਨਹੀਂ ਛੱਡਣੀ । ਪੰਜ ਬਾਣੀਆਂ ਦਾ ਰੋਜ਼ ਪਾਠ ਕਰਨਾ ਹੈ।
ਰਹਤ ਬਹੁਤ ਦੀ ਕਿਤਨੀ ਕੁ ਕਦਰ ਗੁਰੂ ਜੀ ਦੀ ਨਜ਼ਰ ਵਿਚ ਸੀ ਉਸ ਦੀ ਸਾਖੀ ‘ਗੁਰੂ ਕੀਆਂ ਸਾਖੀਆਂ’ ਵਿਚ ਇਸ ਤਰ੍ਹਾਂ ਆਉਂਦੀ ਹੈ ਕਿ ਜਦ ਭਾਈ ਪ੍ਰੇਮ ਦਾਸ ਉਦਾਸੀ ਨੂੰ ਅਨੰਦਪੁਰੋਂ ਆਪਣੇ ਪਿੰਡ ਲਉ ਜਾਣ ਦੀ ਆਗਿਆ ਹੋਈ ਤਾਂ ਉਸ ਕਿਹਾ : ਇਥੇ ਤਾਂ ਨਿਤ ਪ੍ਰਤੀ ਆਪ ਜੀ ਦੇ ਦਰਸ਼ਨ ਹੁੰਦੇ ਹਨ ਵਹਾਂ ਜਾਏ ਕੈਸੇ ਦਰਸ਼ਨ ਪਾਊਂਗਾ।
ਉਸ ਦੀ ਸ਼ਰਧਾ ਦੇਖ ਮਹਾਰਾਜ ਨੇ ਕਿਹਾ :
ਤੁਸਾਂ ਸਵੇਰੇ ਰੋਜ਼ਾਨਾ ਕਿਸੇ ਰਹਿਤ ਬਹਿਤ ਵਾਲੇ ਸਿੱਖ ਦਾ ਦਰਸ਼ਨ ਪਾਇ ਲਿਆ ਕਰਨਾ, ਮੇਰਾ ਦਰਸ਼ਨ ਹੋਏਗਾ।
ਅਗੋਂ ਭਾਈ ਪ੍ਰੇਮ ਦਾਸ ਬੋਲਾ : ਜੀ ਗਰੀਬ ਨਿਵਾਜ਼ ਜੇ ਕਿਸੇ ਸਿੱਖ ਕਾ ਦਰਸ਼ਨ ਨ ਹੋਇ ਤਾਂ ਉਹ ਦਿਵਸ ਮੇਰਾ ਅਸਫ਼ਲ ਗਿਆ।
ਸਤਿਗੁਰਾਂ ਪ੍ਰੇਮ ਦਾਸ ਕੀ ਤਰਫ਼ ਦੇਖਾ ਅਤੇ ਕਿਹਾ : ‘ਭਾਈ ਸਿੱਖਾ ! ਤੇਰਾ ਦਾਹੜਾ ਕੈਸਾ ਸੁੰਦਰ ਹੈ। ਜਦ ਤਿਆਰ-ਬਰ-ਤਿਆਰ ਹੋ, ਸੱਜੇ ਹੱਥ ਨਾਲ ਅੱਗੇ ਕਰ ਤੱਕੇਂਗਾ ਮੇਰਾ ਹੀ ਦੀਦਾਰ ਹੋਇਗਾ। ਸਿੱਖਾਂ ਨੂੰ ਸਰਗੁਨ ਸਰੂਪ ਮਹਾ ਕਾਲ ਕਾ ਬਾਣਾ ਲੈ ਕੇ ਦੀਆ ਹੈ।
ਇਸ ਤਰ੍ਹਾਂ ਜਦ ਇਕ ਗਧੇ ਨੂੰ ਸ਼ੇਰ ਦੀ ਖੱਲ ਪਾ ਛੱਡੀ ਸੀ ਤਾਂ ਪਹਿਲਾਂ ਸਾਰੇ ਡਰ ਗਏ ਪਰ ਗਧੇ ਦੇ ਹੀਂਙਨ ਤੇ ਸਾਰੇ ਗਧੇ ਨੂੰ ਮਾਰਨ ਹਿਤ ਵਧੇ ਤਾਂ ਉਦਾਹਰਣ ਦੇ ਫ਼ਰਮਾਯਾ ਸੀ : ‘ਨਾਉਂ ਤੇ ਬਾਣੇ ਦੀ ਲਾਜ ਪਾਲੋਗੇ, ਤੁਸਾਂ ਨੂੰ ਕੋਈ ਤਾਕਤ ਦਬਾਇ ਨਾ ਸਕੇਗੀ, ਜਦ ਤੁਸੀਂ ਫਿਰ ਪਿਛਲੀ ਜਾਤ ਪਾਤ ਮੇਂ ਜਾਇ ਰਲੋਗੇ ਤਾਂ ਤੁਸਾਂ ਦਾ ਵੀ ਇਸ ਗਧੇ ਵਾਲਾ ਹਾਲ ਹੋਵੇਗਾ।
ਮਹੱਤਤਾ—ਹਰ ਕਕਾਰ ਦੀ ਮਹੱਤਤਾ ਦ੍ਰਿੜਾਉਣ ਤੋਂ ਪਹਿਲਾਂ ਹਰ ਸਿੱਖ ਨੂੰ ਹਿਰਦੇ ਵਿਚ ਇਹ ਗੱਲ ਦ੍ਰਿੜ੍ਹ ਕਰਾਉਣ ਦੀ ਲੋੜ ਹੈ ਕਿ ‘ਹੁਕਮਿ ਮਨਹਿ ਹੋਵੇ ਪਰਵਾਣ, ਖਸਮਹਿ ਕਾ ਮਹਲ ਪਾਇਸੀ । ‘ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ’ ਆਦਿ ਜੁਗਾਦਿ ਤੋਂ ਤੁਰਿਆ ਆ ਰਿਹਾ ਹੈ। ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਨੂੰ ਅਪਣਾਇਆ ਹੈ। ਇਹ ਠੀਕ ਹੈ ਕਿ ‘ਹੁਕਮ ਨ ਬੂਝਿਆ ਜਾਇ’ ਪਰ ਹੁਕਮ ਨੂੰ ਜਾਣੇ ਬਗ਼ੈਰ ਸ਼ਾਂਤੀ ਵੀ ਨਹੀਂ । ਹੁਕਮ ਨੂੰ ਬੁੱਝਣ ਲਈ, ਸਭ ਤੋਂ ਪਹਿਲਾਂ ਮੰਨਣਾ ਹੀ ਅਵੱਸ਼ਕ ਹੈ। ਐਡਮੈਂਡ ਕੈਂਡਲਰ ਦਾ ਕਹਿਣਾ ਹੈ ਕਿ ਗੁਰੂ ਜੀ ਹਿੰਦੁਸਤਾਨ ਵਿਚ ਪਹਿਲੇ ਮਨੋਵਿਗਿਆਨੀ ਹਨ ਜਿਨ੍ਹਾਂ ਅੰਦਰ ਹੋ ਰਹੇ ਘੋਲ ਨੂੰ ਸਮਝ ਕੇ ਹੁਕਮ ਦਿੱਤੇ।
ਕਕਾਰ ਇਕੋ ਦਿਨ ਖ਼ਾਲਸੇ ਦਾ ਅੰਗ ਨਹੀਂ ਬਣ ਗਏ। ਇਸ ਪਿੱਛੇ ਦੋ ਸਦੀਆਂ ਦੀ ਪ੍ਰੇਰਨਾ, ਘਾਲਣਾ ਤੇ ਇਤਿਹਾਸ ਹੈ। ਕੇਸਾਂ ਦਾ ਸਤਿਕਾਰ ਗੁਰੂ ਨਾਨਕ ਜੀ ਨੇ ਹੀ ਪ੍ਰਗਟਾਇਆ ਸੀ ਅਤੇ ਮਰਦਾਨਾ ਨੂੰ ‘ਕੇਸ ਨਾਂਹ ਕਟਾਈਂ’ ਦਾ ਹੁਕਮ ਦਿੱਤਾ ਸੀ । ਗੁਰੂ ਰਾਮ ਦਾਸ ਜੀ ਨੇ :
‘ਕੇਸਾਂ ਕਾ ਕਰਿ ਚਵਰ ਢੁਲਾਵਾ।’
ਉਚਾਰ ਕੇ ਕੇਸਾਂ ਦੀ ਪ੍ਰਭੁਤਾ ਵਧਾ ਦਿੱਤੀ ਸੀ। ਗੁਰੂ ਹਰਿ ਰਾਇ ਜੀ ਪਾਸ ਧਰਮੀ ਹਕੀਕਤ ਰਾਇ ਦੇ ਦਾਦਾ ਭਾਈ ਨੰਦ ਲਾਲ ਜੀ ਪੁਰੀ, ਪਿੰਡ ਗਲੋਟੀਆਂ ਖੁਰਦ ਵਿਖੇ ਸਿਆਲਕੋਟ ਨੇੜੇ ਦਰਸ਼ਨ ਕਰਨ ਆਏ ਸਨ ਤੇ ਧਰਮ ਵਿਚ ਪਰਪੱਕ ਹੋਣ ਦਾ ਉਪਦੇਸ਼ ਉਨ੍ਹਾਂ ਮੰਗਿਆ ਸੀ ਤਾਂ ਸਤਵੇਂ ਪਾਤਸ਼ਾਹ ਨੇ ਫ਼ਰਮਾਇਆ ਸੀ, ‘ਇਕ ਕੇਸ ਨਾ ਕਟਾਉਣੇ, ਦੂਸਰੇ ਤੰਬਾਕੂ ਨਾ ਪੀਣਾ ਤੇ ਤੀਸਰੇ ਟੋਪੀ ਨਾ ਪਹਿਨਣੀ, ਤਾਂ ਧਰਮ ਤੁਹਾਡੇ ਘਰ ਵਿਚ ਰਹੇਗਾ। ਗੁਰੂ ਹਰਿ ਰਾਇ ਜੀ ਨੇ ਸਿੱਖੀ ਮਹਲ ਦੀ ਉਸਾਰੀ ਵਿਚ ਇਹ ਬਚਨ ਉਚਾਰ ਕੇ ਜ਼ਰੂਰੀ ਇੱਟ ਲਗਾ ਦਿੱਤੀ ਸੀ। ਜੋ ਇਕ ਨੰਦ ਲਾਲ ਜੀ ਨੂੰ ਉਪਦੇਸ਼ ਸੀ, ਉਹ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੱਤ ਖ਼ਾਲਸਾ ਲਈ ਹੁਕਮ ਬਣਾ ਦਿੱਤਾ।
ਕੇਸਾਂ ਦਾ ਸਿੱਧਾਂ ਸੰਬੰਧ ਜਥੇਬੰਦੀ ਨਾਲ ਹੈ। ਕੇਸ ਰੱਖਣ ਤੇ ਕਿਸੇ ਵੀ ਹਾਲਤ ਵਿਚ ਨਾ ਕਟਾਉਣ ਦੇ ਹੁਕਮ ਨੇ ਜਥੇਬੰਦੀ ਨੂੰ ਮਜ਼ਬੂਤ ਕਰ ਦਿੱਤਾ। ਜਥੇਦਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਥੇਬੰਦੀ ਵਿਚੋਂ ਕੌਣ ਨੱਸ ਰਿਹਾ ਹੈ, ਕੌਣ ਨੱਸਣ ਦੀ ਤਿਆਰੀ ਵਿਚ ਹੈ। ਸੱਚੀ ਗੱਲ ਤਾਂ ਇਹ ਹੈ ਕਿ ਜਿਤਨੀ ਕੇਸ ਦਾਹੜੀ ਛਿੱਲੀ, ਟੁੱਟੀ, ਹਿੱਲੀ ਹੋਈ ਹੋਵੇਗੀ, ਉਤਨੀ ਹੀ ਗੁਰ-ਭਗਤੀ ਵਿਚ ਕਮਜ਼ੋਰੀ ਹੋਵੇਗੀ। ਸਿੱਖ ਅਵੇਸਲਾ ਨਾ ਰਹੇ, ਸਦਾ ਤਤਪਰ ਰਵੇ ਇਸ ਲਈ ਗੁਰੂ ਜੀ ਨੇ ਕੇਸ ਰੱਖਣ ਦਾ ਹੁਕਮ ਦਿੱਤਾ।
ਕੇਸਾਂ ਨੂੰ ਖ਼ੂਬਸੂਰਤੀ ਦਾ ਅੰਤਮ ਸਰੂਪ (ਅਲਟੀਮੇਟ ਸੈਂਸ ਔਫ਼ ਬਿਊਟੀ) ਵੀ ਕਿਹਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ‘ਹੁਸਨਉਲ-ਚਰਾਗ਼’ (ਵਾਹਿਗੁਰੂ) ਦਾ ਰੂਪ ਬਣਾਉਣ ਲਈ ਹੀ ਇਹ ਕੇਸ ਬਖ਼ਸ਼ੇ। ਫਿਰ ‘ਕੇਸ ਰੱਖਣਾ’ ਦੇ ਹੁਕਮ ਪਿੱਛੇ ਇਕ ਧਾਰਮਿਕ ਤੇ ਮਨੋਵਿਗਿਆਨਕ ਰਹੱਸ ਹੈ। ਗੁਰੂ ਮਨੋਵਿਗਿਆਨੀ ਨੇ ਸਾਡੇ ਅੰਦਰ ਹੋ ਰਹੇ ਘੋਲ ਨੂੰ ਨਾ ਸਿਰਫ਼ ਸਮਝਿਆ ਹੈ ਸਗੋਂ ਇਲਾਜ ਵੀ ਕੀਤਾ ਹੈ। ਇਸ ਸਦੀ ਦੇ ਪ੍ਰਸਿੱਧ ਮਨੋਵਿਗਿਆਨੀ ਕਾਰਲ ਗੁਸਤਾਫ਼ ਜੁੰਗ ਨੇ ਮਨੁੱਖ ਦੇ ਅੰਦਰਲੇ ਨੂੰ ਵਾਚ, ਘੋਖ ਕੇ ਇਕ ਨਿਰਣਾ ਦਿੱਤਾ ਹੈ ਕਿ ਹਰ ਮਨੁੱਖ ਦੇ ਧੁਰ ਅੰਦਰਲੇ ਇਕ ਦੁੰਦਰ ਮਚਿਆ ਰਹਿੰਦਾ ਹੈ । ਉਸ ਦੁੰਦਰ ਕਾਰਨ ਮਨੁੱਖ ਉਹ ਕੁਝ ਬਣਨਾ ਲੋੜਦਾ ਹੈ, ਜੋ ਨਹੀਂ ਹੈ । ਸਾਈਕਾਲੋਜੀ ਦੀ ਭਾਸ਼ਾ ਵਿਚ ਮਰਦ ਵਿਚ ਐਨੀਮਾ (anima) ਵਾਲੀ ਦਸ਼ਾ ਬਣੀ ਰਹਿੰਦੀ ਹੈ ਅਤੇ ਔਰਤ ਵਿਚ ਐਨੀਮਸ (animus) ਵਾਲੀ । ਦੂਜੇ ਸ਼ਬਦਾਂ ਵਿਚ ਮਰਦ ਔਰਤ ਬਣਨਾ ਲੋਚਦਾ ਹੈ ਤੇ ਔਰਤ ਮਰਦ ਬਣਨ ਲਈ ਲਲਾਇਤ ਰਹਿੰਦੀ ਹੈ। ਧੁਰ, ਡੂੰਘੇ, ‘ਮਰਦ’ ਵਿਚ ਇਹ ਖ਼ਿਆਲ ਖੁੱਭ ਜਾਂਦਾ ਹੈ ਕਿ ਉਹ ਤੁੱਛ ਹੈ, ਹੀਣਾ ਹੈ, ਔਰਤ ਬਣਨ ਵਿਚ ਹੀ ਉਸ ਦੀ ਕਲਿਆਣ ਹੈ। ਉਹ ਧੁਰ ਅੰਦਰਲੇ ਦੀ ਆਵਾਜ਼ ਹੌਲੇ-ਹੌਲੇ ਪ੍ਰਗਟ ਹੋ ਜਾਂਦੀ ਹੈ ਅਤੇ ਮਰਦ ਨੂੰ ਇਹ ਯਕੀਨ ਹੋਣ ਲਗਦਾ ਹੈ ਕਿ ਉਸ ਦੇ ਔਰਤਪੁਣੇ ਵਿਚ ਕੋਈ ਰੁਕਾਵਟ ਹੈ ਤਾਂ ਇਹ ਦਾਹੜੀ।
ਆਪਣੇ ਮਰਦਊਪੁਣੇ ਤੇ ਚੋਟ ਮਾਰਦਾ ਹੈ ਤੇ ਪਹਿਲਾ ਹੱਲਾ ਦਾਹੜੀ ਤੇ ਕਰਦਾ ਹੈ। ਅਸਲੀਅਤ ਬਦਲਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਅਸਲੀਅਤ ਪਰਦੇ ਪਾੜ ਕੇ ਬਾਹਰ ਆ ਜਾਂਦੀ ਹੈ। ਮਹਾਰਾਜ ਨੇ ਮਰਦ ਦਾ ਮਰਦਊਪੁਣਾ ਕਾਇਮ ਰੱਖਣ ਲਈ, ‘ਮਨ ਸਾਚਾ ਮੁੱਖ ਸਾਚਾ’ ਲਈ ਕੇਸ ਨਾ ਕਟਾਉਣ ਦਾ ਹੁਕਮ ਦਿੱਤਾ। ਦੂਜੇ ਪਾਸੇ ਔਰਤ ਸਮਝਦੀ ਹੈ ਕਿ ‘ਥਣ’ ਉਸ ਦੇ ਮਰਦਊ ਹੋਣ ਵਿਚ ਰੁਕਾਵਟ ਹੈ । ਉਹ ਥਣਾਂ ਨੂੰ ਐਸ਼ ਲਈ ਵਰਤਣ ਲਈ ਆਪਣੇ ਹੀ ਬੱਚੇ ਨੂੰ ਦੁੱਧ ਨਹੀਂ ਦੇਂਦੀ, ਮਤੇ ਜੁਆਨੀ ਢਲ ਜਾਏ।
ਬੰਸਾਵਲੀਨਾਮੇ ਨੇ ਸਪੱਸ਼ਟ ਲਿਖਿਆ ਹੈ ਕਿ :
‘ਪੰਥ ਕੀਤਾ ਜੁਦਾ, ਨੀਸਾਨੀ ਕੇਸ ਲਾਏ।’
ਅਤੇ
ਪਹਲੀ ਮੁਣੀਆਦੁ ਪੰਥ ਦੀ ਏਹ ਰਖੀ
ਜੋ ਭਦਨ ਨਹੀਂ ਕਰਨਾ, ਸੋ ਇਹ ਠਹਰੀ ਪਕੀ॥ ੨੯੨॥
ਕਦੇ ਨਾਈ ਦਾ ਹੱਥ ਸੀਸ ਚਿਹਰੇ ਨਾ ਲਗਾਣਾ ਪਾਵੈ।
ਕੇਸਾਧਾਰੀ ਗੁਰੂ ਕਾ ਪੰਥ ਕਹਾਵੈ ॥ ੩੨੫॥
ਸੰਸਾਰ ਪ੍ਰਸਿੱਧ ਇਤਿਹਾਸਕਾਰ ਟਾਇਨਬੀ ਨੇ ਇਕ ਪੁੱਛ ਦੇ ਉੱਤਰ ਵਿਚ ਕਿਹਾ ਸੀ ਕਿ ਸੰਸਾਰ ਦਾ ਸਭ ਤੋਂ ਸੋਹਣਾ ਇਨਸਾਨ ਸਿੱਖ ਹੀ ਹੈ ਅਤੇ ਸਭ ਤੋਂ ਭੱਦਾ ਉਹ ਜੋ ਦਾਹੜੀ ਨੂੰ ਕੁਤਰਦਾ ਤੇ ਕਤਰਾਂਦਾ ਹੈ । ਸਿੰਬਲ ਔਫ ਡਿਕਸ਼ਨਰੀ ਵਿਚ ਕੇਸਾਂ ਨੂੰ ਜਿੱਤ ਨਾਲ ਜੁੜਿਆ ਸੰਕਲਪ ‘ਲਿੰਕਡ ਵਿਦ ਵਿੱਲ ਟੂ ਸਕਸੀਡ’ ਕਿਹਾ ਹੈ।
ਦੂਜੇ, ਕ੍ਰਿਪਾਨ ਕੋਈ ਮਾਰੂ ਜਾਂ ਰੱਖਿਆ ਦਾ ਹਥਿਆਰ ਨਹੀਂ। ਇਹ ਤਾਂ ਸਵੈਮਾਨ ਤੇ ਉਚੇਰੀ ਆਤਮਕ ਅਵਸਥਾ` ਦਾ ਚਿੰਨ੍ਹ ਹੈ। ਕ੍ਰਿਪਾਨ ਛੁਰਾ ਜਾਂ ਛੁਰੀ ਨਹੀਂ ਹੈ।ਇਹ ਛੁਪਾਈ ਨਹੀਂ ਜਾ ਸਕਦੀ। ਸਿੱਖ ਛੁੱਪ ਕੇ ਵਾਰ ਨਹੀਂ ਕਰਦਾ। ਲਲਕਾਰਦਾ ਹੈ। ਇਸ ਦੀ ਸਿਆਸਤ ਖੁਲ੍ਹੀ ਡੁੱਲ੍ਹੀ ਸਿਆਸਤ (ਓਪਨ ਡਿਪਲੋਮੇਸੀ) ਹੈ, ਜਿਸ ਨੂੰ ਹੁਣ ਦੁਨੀਆਂ ਦੇ ਵੱਡੇ ਮੁਲਕ ਅਪਣਾ ਰਹੇ ਹਨ। ਕ੍ਰਿਪਾਨਧਾਰੀ ਇੱਜ਼ਤਾਂ ਨਹੀਂ ਲੁੱਟਦਾ । ਪੱਤ ਦਾ ਰਾਖਾ ਹੈ । ਸਰ ਮੁਹੰਮਦ ਇਕਬਾਲ ਨੇ ਔਰੰਗਜ਼ੇਬ ਨੂੰ ਇਸਲਾਮ ਦੇ ਭੱਥੇ ਵਿਚ ਆਖ਼ਰੀ ਤੀਰ (ਤਰਕਸ਼-ਇ-ਮਾਰਾ ਖ਼ੁਦਗੇ ਆਖ਼ਰੀ) ਕਿਹਾ ਹੈ । ਉਸ ਆਖ਼ਰੀ ਤੀਰ ਦੀ ਅਣੀ ਗੁਰੂ ਗੋਬਿੰਦ ਸਿੰਘ ਜੀ ਦੀ ਬਖ਼ਸ਼ੀ ਕ੍ਰਿਪਾਨ ਨੇ ਹੀ ਮੋੜੀ ਸੀ। ਭਾਈ ਗੁਰਦਾਸ ਜੀ ਦੀ ੧੯ਵੀਂ ਪਉੜੀ ਦੀਆਂ ਉਹ ਤੁਕਾਂ ਤਾਂ ਖ਼ਾਸ ਗਹੁ ਨਾਲ ਪੜ੍ਹਨ ਵਾਲੀਆਂ ਹਨ ਜਿਨ੍ਹਾਂ ਵਿਚ ਖ਼ਾਲਸਾ ਸਾਜਣ ਅਤੇ ਕ੍ਰਿਪਾਨ ਬਖ਼ਸ਼ਣ ਦਾ ਮੰਤਵ ਦਰਸਾਇਆ ਗਿਆ ਹੈ :
‘ਤਹ ਸਿਮਰ ਸਿਮਰ ਅਕਾਲ ਕਉ ਹਰਿ ਹਰਿ ਗੁਨ ਗਾਏ।
ਵਾਹ ਗੁਰੂ ਗੋਬਿੰਦ ਗਾਜ਼ੀ ਸਬਲ, ਜਿਨਿ ਸਿੰਘ ਜਗਾਇ ।
ਤਬ ਭਇਓ ਜਗਤ ਸਭ ਖ਼ਾਲਸਾ ਮਨਮੁਖ ਭਰਮਾਏ।
ਇਉ ਉਠ ਭਬਕੇ ਬਲਬੀਰ ਸਿੰਘ ਸ਼ਸਤਰ ਚਮਕਾਏ।
ਤਬ ਸਭ ਤੁਰਕਨ ਕੋ ਛੇਦ ਕਰਿ ਅਕਾਲ ਜਪਾਏ।
ਸਭ ਛਪਤੀ ਚੁਨਿ ਚੁਨਿ ਹਤੇ, ਕਹੂੰ ਟਿਕਨ ਨ ਪਾਏ।
ਤਬ ਜਗ ਮੈ ਧਰਮ ਪ੍ਰਗਾਸਿਓ ਸਚੁ ਹੁਕਮ ਚਲਾਏ ।
ਯਹ ਬਾਰਹ ਸਦੀ ਨਬੇੜ ਕਰਿ ਗੁਰ ਫਤੇ ਬੁਲਾਏ ।’
ਸਦੀਆਂ ਤੋਂ ਜ਼ੁਲਮ ਕਰਦਾ ਰਾਜ ਖ਼ਾਲਸੇ ਦੀ ਤੇਗ਼ ਨੇ ਹੀ ਮੁਕਾਇਆ । ਫਿਰ ਕ੍ਰਿਪਾਨ ਦੂਜੇ ਦੇ ਹਵਾਲੇ ਕਰ ਦਿਉ ਤਾਂ ਦੂਜੇ ਦੇ ਅਧੀਨ ਹੋ ਗਏ। ਸਿੱਖ ਨੇ ਸਿਆਸਤ ਆਪਣੇ ਹੱਥ ਰੱਖਣੀ ਹੈ। ਕਿਸੇ ਦੇ ਅਧੀਨ ਨਹੀਂ ਹੋਣਾ। ਤਲਵਾਰ ਤੇ ਕ੍ਰਿਪਾਨ ਦਾ ਅੰਤਰ ਦੱਸਦੇ ਸਰਦਾਰ ਪਟੇਲ ਨੇ ਪਾਰਲੀਮੈਂਟ ਵਿਚ ਇਕ ਪੁੱਛ ਦੇ ਉੱਤਰ ਵਿਚ ਕਿਹਾ ਸੀ ਕਿ ਜਦ ਤਲਵਾਰ ਕਿਸੇ ਸਿੱਖ ਦੇ ਪਾਸ ਚਲੀ ਜਾਂਦੀ ਹੈ ਤਾਂ ਕ੍ਰਿਪਾਨ ਹੋ ਜਾਂਦੀ ਹੈ। ਹਿੰਦੁਸਤਾਨ ਦੇ ਮੁੱਢਲੇ ਹੱਕਾਂ ਅਧਿਕਾਰਾਂ ਵਿਚ ਇਹ ਲਿਖੇ ਜਾਣ ਤੇ ਕਿ ਇਕ ਸਿੱਖ ਜਿਥੇ ਚਾਹੇ, ਜਿਤਨੀ ਲੰਮੀ ਚਾਹੇ ਕ੍ਰਿਪਾਨ ਪਹਿਣ ਜਾ ਸਕਦਾ ਹੈ, ਦੇਖ ਇਕ ਨੇ ਸਵਾਲ ਕੀਤਾ ਸੀ ਤਾਂ ਪਟੇਲ ਨੇ ਇਹ ਉੱਤਰ ਦਿੱਤਾ ਸੀ। ‘ਕ੍ਰਿਪਾ’ ਅਤੇ ‘ਆਣ’ ਦਾ ਸੁਮੇਲ ਹੈ, ਇਹ ਕ੍ਰਿਪਾਨ।
ਤੀਜੇ, ਕਛਹਿਰਾ ਸਦਾਚਾਰ ਦਾ ਚਿੰਨ੍ਹ ਹੈ। ਇਸੇ ਲਈ ਭਾਈ ਗੁਰਦਾਸ ਜੀ ਨੇ ਕਛਹਿਰੇ ਨੂੰ ‘ਸੀਲ ਜਤ ਕੀ ਕਛ’ ਕਿਹਾ ਹੈ। ਕਛਹਿਰਾ ਬਖ਼ਸ਼ ਕੇ ਗੁਰੂ ਜੀ ਨੇ ਸਿੱਖ ਨੂੰ ਧਾਰਮਿਕ ਤੌਰ ਤੇ ਵੀ ਸੁਤੰਤਰ ਕਰ ਦਿੱਤਾ । ਕ੍ਰਿਪਾਨ ਦੇ ਕੇ ਰਾਜਸੀ ਤੌਰ ਤੇ ਸੁਤੰਤਰ ਕੀਤਾ ਸੀ। ਖ਼ਾਲਸਾ ਕਿਸੇ ਦੀ ਰੀਤ ਨਹੀਂ ਅਪਣਾਉਂਦਾ, ਖ਼ਾਸ ਕਰ ਬਿਪਰਨ (ਬ੍ਰਾਹਮਣ) ਦੀ ਤਾਂ ਕਦੇ ਵੀ ਨਹੀਂ। ਕਛਹਿਰਾ ਇਸ ਗੱਲ ਦਾ ਚਿੰਨ੍ਹ ਹੈ ਕਿ ਸਿੱਖ ਮੁਕਤੀ ਦਾ ਸਾਧਨ ਕਿਸੇ ਤਪ ਸਾਧਨ ਨੂੰ ਨਹੀਂ ਮੰਨਦਾ। ਦਿਗੰਬਰ (ਬਿਲਕੁਲ ਨੰਗੇ) ਰਹਿ ਕੇ ਕਲਿਆਣ ਢੂੰਡਣ ਵਾਲਿਆਂ ਨੂੰ ਮਾੜਾ ਗਿਣਦਾ ਹੈ । ਨਿਰੋਲ ਬਖ਼ਸ਼ਿਸ਼ਾਂ ਨੂੰ ਹੀ ਉਹ ਸਫ਼ਲਤਾ ਦਾ ਰਾਹ ਜਾਣਦਾ ਹੈ।
ਚੌਥੇ, ਕੜਾ ਸ਼ੰਕਿਆਂ ਨੂੰ ਤੋੜਨ ਦਾ ਪ੍ਰਤੀਕ ਹੈ। ਪ੍ਰੋਫ਼ੈਸਰ ਪੂਰਨ ਸਿੰਘ ਦੇ ਕਹਿਣ ਮੁਤਾਬਕ, ਮਹਾਨ ਗੁਰੂ ਵਲੋਂ ਦਿੱਤਾ ਮਹਾਨ ਤੋਹਫ਼ਾ ਹੈ। ਇਹ ਯਾਦ ਕਰਵਾਉਂਦਾ ਰਹਿੰਦਾ ਹੈ ਕਿ ਸਿੱਖ ਨੇ ਵਹਿਮਾਂ, ਭਰਮਾਂ ਵਿਚ ਨਹੀਂ ਫਸਣਾ । ਕੜਾ ਪਹਿਣ ਕੇ ਸਿੱਖ ਭਰਮਾਂ, ਵਹਿਮਾਂ, ਸਉਣਾਂ, ਸ਼ਗਨਾਂ, ਨੌਂ ਗ੍ਰਹਿਆਂ, ਬਾਰ੍ਹਾਂ ਰਾਸ਼ੀਆਂ, ਗੁੱਗਿਆਂ, ਪੀਰਾਂ, ਮੜ੍ਹੀਆਂ ਤੇ ਵਾਰਾਂ ਤੋਂ ਉੱਚਾ ਹੋ ਗਿਆ ਹੈ। ਕੜਾ ਗੋਲ ਹੋਣ ਕਾਰਨ ਇਹ ਸਦਾ ਚੇਤਾਵਨੀ ਦਿੰਦਾ ਰਹਿੰਦਾ ਹੈ ਕਿ ਸਿੱਖ ਵਿਸ਼ਵ-ਵਾਸੀ(ਯੂਨੀਵਰਸਲ ਸਿਟੀਜ਼ਨ) ਹੈ। ਕਿਸੇ ਨਾਲ ਦੇਸ਼, ਜਾਤ, ਧਰਮ, ਕਿੱਤੇ, ਪੇਸ਼ੇ, ਰੰਗ ਕਰ ਕੇ ਨਫ਼ਰਤ ਨਹੀਂ ਕਰਦਾ। ਕੜਾ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਸਿੱਖ ਆਦਰਸ਼ਾਂ ਨੂੰ ਵਿਆਹਿਆ ਹੈ? ਅਤੇ ਦ੍ਰਿੜ੍ਹ ਚਿੱਤ ਹੈ। (ਰੀਜ਼ਾਲਵ ਵਿਦ ਪਰਪਜ਼)।
ਪੰਜਵਾਂ, ਕੰਘਾ ਸੁੱਚਮ ਅਤੇ ਸੁਚੱਜ ਦਾ ਚਿੰਨ੍ਹ ਹੈ। ‘ਸੁਚ ਹੋਵੈ ਤ ਸਚਿ ਪਾਈਐ’ ਗੁਰੂ ਨਾਨਕ ਜੀ ਦਾ ਫ਼ਰਮਾਨ ਹੈ। ਸਿੱਖ ਨੇ ਸਦਾ ਸੁਥਰਾ ਤੇ ਚੁਸਤ ਰਹਿਣਾ ਹੈ। ਸਾਡੇ ਰਹਿਤਨਾਮਿਆਂ ਵਿਚ ਆਉਂਦਾ ਹੈ ਕਿ ਰਾਤ ਹਨ੍ਹੇਰੀ ਹੋਵੇ ਤੇ ਸਿੱਖ ਮੂੰਹ ਹਨ੍ਹੇਰੇ ਇਸ਼ਨਾਨ ਕਰਨ ਜਾਏ ਜੇ ਕਛਹਿਰਾ ਪੁੱਠਾ ਪਾ ਲਵੇ ਤਾਂ ਤਨਖ਼ਾਹੀਆ । ਸਿੱਖ ਸਿਪਾਹੀ ਹੈ। ਸਿਪਾਹੀ ਸਦਾ ਸੁਚੇਤ ਹੈ, ‘ਸਦਾ ਸਦ ਜਾਗਤ ਹੈ।’ ਸਿੱਖ ਵੀ ਸਦਾ ਸੁਚੇਤ ਹੈ। ਤਿਆਰ-ਬਰ-ਤਿਆਰ ਹੈ। ਫੇਰ ਕੰਘਾ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਸਿੱਖ ਨੇ ਸੰਸਾਰ ਨਹੀਂ ਤਿਆਗਣਾ, ਸਗੋਂ ਜਗਤ ਵਿਚ ਚੰਗੀ ਤਰ੍ਹਾਂ ਰਹਿਣਾ ਹੈ। ਯੋਗੀਆਂ ਦੇ ਯੋਗੇਸ਼ਵਰ, ਸ਼ਿਵ ਦੂਰ ਕਿਤੇ ਕੈਲਾਸ਼ ਪਰਬਤ ਤੇ ਸੰਸਾਰ ਤੋਂ ਲਾਂਭੇ, ਜਟਾਧਾਰੀ ਬੈਠਾ ਹੈ । ਗੰਗਾ ਉਸ ਦੀਆਂ ਜਟਾਵਾਂ ਤੋਂ ਨਿਕਲ ਰਹੀ ਹੈ। ਸਿੰਘ ਨੇ ਕੰਘਾ ਰੱਖਣਾ ਹੈ ਅਤੇ ਦੋਇ ਵੇਲੇ ਵਰਤਣਾ ਹੈ, ਮਤੇ ਉਹ ਜਟਾਧਾਰੀ ਹੀ ਨਾ ਹੋ ਜਾਏ । ਸੰਸਾਰੀ ਰਹੇ ।ਗੰਗਾ ਜਟਾਵਾਂ ਵਿਚ ਨਹੀਂ, ਗੰਗਾ ਉਸ ਦੀ ਕਰਣੀ ਅਤੇ ਰਹਿਤ ਵਿਚ ਹੈ।
ਚਾਰ ਕੁਰਹਿਤਾਂ ਦਾ ਰਹੱਸ ਵੀ ਸ਼ਖ਼ਸੀਅਤ ਨੂੰ ਸੰਪੂਰਨ ਅਤੇ ਉਕਾਈ ਰਹਿਤ ਬਣਾਉਣਾ ਹੈ। ਫਿਰ ਹੁਕਮ ਦਿੱਤਾ ਹੈ ਕਿ ਕੇਸਾਂ ਦੀ ਬੇਅਦਬੀ ਨਹੀਂ ਕਰਨੀ । ਉਧਰ ਹੁਕਮ ਹੈ ਕੇਸ ਰੱਖਣੇ ਹਨ, ਇਧਰ ਹੈ ਕਟਾਉਣੇ ਨਹੀਂ। ਇਸ ਦਾ ਇਕ ਕਾਰਨ ਤਾਂ ਇਹ ਹੈ ਕਿ ਮਨੁੱਖ ‘ਢੁੱਚਰਾਂ’ ਡਾਹੁਣ ਲੱਗ ਪੈਂਦਾ ਹੈ ਤੇ ਹੁਕਮ ਦਾ ਸਹਾਰਾ ਲੈ ਕੇ ਮਨ ਮਰਜ਼ੀ ਵੀ ਕਰੀ ਜਾਂਦਾ ਹੈ। ਜੇ ਸਿਰਫ਼ ਇਹ ਹੁਕਮ ਹੁੰਦਾ ਕਿ ਕੇਸ ਰੱਖਣੇ ਹਨ, ਤਾਂ ਇਸ ਨੇ ਥੋੜ੍ਹੇ ਬਹੁਤ ਰੱਖ ਕੇ ਹੁਕਮ ਮੰਨਣ ਦੀ ਗੱਲ ਕਹਿ ਦੇਣੀ ਸੀ। ਸੋ ਵਿਵਰਜਤ ਹੁਕਮ ਦਿੱਤਾ ਕਿ ਰੋਮਾਂ ਦੀ ਬੇਅਦਬੀ ਨਹੀਂ ਕਰਨੀ। ਫਿਰ ਦੁਹਰਾ ਹੁਕਮ ਇਹ ਵੀ ਪ੍ਰਗਟ ਕਰਦਾ ਹੈ ਕਿ ਕੇਸਾਂ ਨੂੰ ਮਹਾਰਾਜ ਜੀ ਕਿਤਨੀ ਮਹੱਤਤਾ ਦਿੰਦੇ ਸਨ ਅਤੇ ਇਸ ਨੂੰ ਮੁੱਖ ਰਹਿਤ ਸਮਝਦੇ ਹਨ।‘ਬਿਨਾ ਕੇਸ ਹੇਚ ਹਸਤ ਜੁਮਲਾ ਨਿਸ਼ਾਂ’ ਇਕ ਦਫ਼ਾ ਮਹਾਰਾਜ ਨੇ ਕਿਹਾ ਸੀ।
. ਦੂਜੇ, ਪਰਾਈ ਬੋਲੀ (ਆਇਤਾਂ ਕੁਰਾਨ ਮਜੀਦ) ਪੜ੍ਹ ਕੇ ਜਾਂ ਪੜ੍ਹਵਾ ਕੇ ਮਾਸ ਖਾਣ ਨਾਲ ਜੁਅਰਤਿ ਮਰਦੀ ਹੈ। ‘ਅਭਾਖਿਆ ਦਾ ਕੁਠਾ ਬੱਕਰਾ ਖਾਣਾ’ ਅਤੇ ਫਿਰ ਇਹ ਪ੍ਰਸਿੱਧ ਕਰਨਾ ਕਿ ਉਹ ਕਿਸੇ ਨੂੰ ਚੌਂਕੇ ਚੜ੍ਹਨ ਨਹੀਂ ਦਿੰਦਾ ਅਤੇ ਪਵਿੱਤਰ ਹੈ, ਨਾ ਸਿਰਫ਼ ਪਖੰਡ ਹੈ, ਸਗੋਂ ਗ਼ੁਲਾਮੀ ਦੀ ਨਿਸ਼ਾਨੀ ਹੈ। ਹਰ ਇਕ ਨੂੰ ਆਪਣਾ ਧਰਮ ਅਪਨਾਉਣ ਦੀ ਖੁਲ੍ਹ ਹੋਵੇ। ਕਿਸੇ ਨੂੰ ਦੂਜੇ ਦੇ ਧਰਮ ਵਿਚ ਦਖ਼ਲ ਦੇਣ ਦਾ ਕੋਈ ਹੱਕ ਨਹੀਂ। ਮੁਸਲਮਾਨੀ ਮੱਤ ਮੁਤਾਬਕ ਮਨੌਤ ਹੈ ਕਿ ਜੇ ਕੋਈ ਨਿਯਤ ਪਵਿੱਤਰ ਦਿਨ, ਕਿਸੇ ਜੀਵ ਦੀ ਸ਼ਾਹ ਰਗ ਕੱਟ ਕੇ ਕੁਰਬਾਨੀ ਦੇਵੇਗਾ ਤਾਂ ਵਹਿੰਦੇ ਖੂਨ ਵਿਚ ਉਸ ਦੇ ਪਾਪ ਧੋਤੇ ਜਾਣਗੇ ਅਤੇ ਰਸੂਲ ਅਮਲਾਂ ਦਾ ਨਬੇੜਾ ਹੋਣ ਵੇਲੇ ਰੋਜ਼-ਇ-ਹਸ਼ਰ ਵਾਲੇ ਦਿਨ ਮਸ਼ਹਰ ਦੇ ਮੈਦਾਨ ਵਿਚ ਉਸ ਪੁਰਸ਼ ਦੀ ਹਾਮਾ ਭਰੇਗਾ। ਮੁਹੰਮਦ ਤੋਂ ਸਿਵਾ ਹੋਰ ਕੋਈ ਹਾਮਾ ਭਰ ਹੀ ਨਹੀਂ ਸਕਦਾ। ਸੋ ਮੁਸਲਮਾਨਾਂ ਨੇ ਜੀਵ ਮਾਰਨ ਤੇ ਮਾਸ ਖਾਣ ਦਾ ਇਹ ਹੀ ਤਰੀਕਾ ਅਪਣਾ ਲਿਆ। ਨਾਲੇ ਪੁੰਨ ਤੇ ਨਾਲੇ ਫਲੀਆਂ । ਨਾਲ ਹੀ ਹਾਮਾ ਭਰਵਾਉ ਤੇ ਨਾਲ ਹੀ ਮਾਸ ਖਾਉ। ਇਸਲਾਮ ਦੇ ਸਕੂਲ ਵਿਚ ਦਾਖ਼ਲ ਕਰਨ ਲਈ ਇਹ ਪਹਿਲੀ ਪਉੜੀ ਸੀ । ਗੁਰੂ ਨਾਨਕ ਦੇਵ ਜੀ ਨੇ ਇਹ ਹੀ ਗਿਲਾ ਆਸਾ ਦੀ ਵਾਰ ਵਿਚ ਕੀਤਾ ਸੀ । ਇਸ ਵਹਮ ਤੇ ਸਹਮ ਨੂੰ ਹਟਾਉਣ ਲਈ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਦਿੱਤਾ ਸੀ : ‘ਅਭਾਖਿਆ ਕਾ ਕੁਠਾ ਨਹੀਂ ਖਾਣਾ ।’
ਤੀਜੇ, ਸਿੱਖ ਨੇ ਆਚਰਨ ਦੀ ਮੂਰਤੀ ਬਣਨਾ ਹੈ। ਪਰ-ਤਨ ਗਾਮੀ ਨਹੀਂ ਹੋਣਾ। ਇਹ ਹੁਕਮ-ਵਿਸ਼ੇਸ਼ ਦਾ ਕਾਰਨ ਇਹ ਹੀ ਭਾਸਦਾ ਹੈ ਕਿ ਸਿੱਖ ਨੇ ਹਰ ਸਮੇਂ, ਜੰਗ ਵਿਚ ਵੀ ਆਚਰਨ ਰੱਖਣਾ ਹੈ। ਕਿਸੇ ਔਰਤ ਵੱਲ ਮਾੜੀ ਨਜ਼ਰ ਨਾਲ ਨਹੀਂ ਦੇਖਣਾ।
ਹਮ ਲੈਹ ਜਾਣਹੁ ਪੰਥ ਉਚੇਰੇ’
ਉਨ੍ਹਾਂ ਦਾ ਹੀ ਹੁਕਮ ਸੀ । ਇਸ ਹੁਕਮ ਸਦਕਾ ਹੀ ਆਉਣ ਵਾਲੀ ਸਦੀ ਵਿਚ ਸਿੱਖਾਂ ਆਚਰਨ ਦੀ ਸਿਖਰ ਨੂੰ ਛੋਹਿਆ ਜਿਸ ਦੀ ਉਪਮਾ ਮੁਕਤ ਕੰਠ ਨਾਲ ਮੁਸਲਮਾਨ ਲਿਖਾਰੀਆਂ ਨੇ ਅਤੇ ਖ਼ਾਸ ਕਰਕੇ ਕਾਜ਼ੀ ਨੂਰ ਮੁਹੰਮਦ ਨੇ ਕੀਤੀ।
ਚੌਥੇ, ਇਹ ਤੰਮਾਕੂ ਹੀ ਸਭ ਰੋਗਾਂ ਤੇ ਕੈਂਸਰ ਦੀ ਜੜ੍ਹ ਹੈ। ਇਹ ਮਨੁੱਖ ਨੂੰ ਆਲਸੀ, ਵਿਹਲੜ, ਨਿਰਬਲ ਤੇ ਨਸ਼ੇ ਦਾ ਗ਼ੁਲਾਮ ਬਣਾ ਦਿੰਦਾ ਹੈ । ਹੁਣ ਦੇ ਤਜਰਬਿਆਂ ਤਾਂ ਸਾਬਤ ਕਰ ਦਿੱਤਾ ਹੈ ਕਿ ਰੋਗ ਦੀ ਜੜ੍ਹ ਇਹ ਤੰਮਾਕੂ ਹੈ । ਪੱਛਮੀ ਦੇਸ਼ਾਂ ਨੇ ਤਾਂ ਕਾਨੂੰਨ ਰਾਹੀਂ ਹੁਕਮ ਦੇ ਕੇ ਹਰ ਸਿਗਰਟ ਦੀ ਡੱਬੀ ਤੇ ਜ਼ਹਿਰ ਤੇ ਇਸ ਨੂੰ ਸੇਵਨ ਨਾਲ ਮੌਤ ਹੋ ਸਕਦੀ ਹੈ ‘ ਲਿਖਵਾ ਦਿੱਤਾ ਹੈ। ਪਰਉਪਕਾਰੀ ਗੁਰੂ ਜੀਅ ਦਾਨ ਦੇਣ ਆਏ ਸਨ ਇਸ ਲਈ ਤੰਮਾਕੂ ਨਾ ਸੇਵਨ ਦਾ ਕਰੜਾ ਹੁਕਮ ਦਿੱਤਾ । ਵਿਗਿਆਨਕ ਖੋਜੀਆਂ ਨੇ ਇਹ ਨਿਰਣਾ ਕਰ ਦਿੱਤਾ ਹੈ ਕਿ ਇਕ ਸਿਗਰਟ ਪੰਜ ਮਿੰਟ ਉਮਰ ਘਟਾਂਦਾ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ ਤਾਂ ਜਗਤ ਨੂੰ ਚੇਤਾਵਨੀ ਦਿੰਦੇ ਇਹ ਕਿਹਾ ਹੈ : ‘ਸਿਗਰਟ ਜਾਂ ਮੌਤ’ ਦੋਵਾਂ ਵਿਚੋਂ ਇਕ ਨੂੰ ਸੰਸਾਰ ਨੇ ਚੁਣਨਾ ਹੋਵੇਗਾ। ਧੰਨ ਹਨ ਗੁਰੂ ਗੋਬਿੰਦ ਸਿੰਘ ਜੀ ਜੋ ਖ਼ਾਲਸੇ ਨੂੰ ਮੌਤ ਦੇ ਧੂੰਏਂ ਤੋਂ ਬਚਾ ਗਏ। ਤੰਮਾਕੂ ਸੇਵੀ ਹੌਲੇ ਹੌਲੇ ਯਾਦ ਸ਼ਕਤੀ ਵੀ ਗਵਾ ਲੈਂਦਾ ਹੈ।
ਤਜਰਬਾ ਕਰ ਕੇ ਦੇਖ ਲਿਆ ਗਿਆ ਹੈ ਕਿ ਇਹ ਤੰਮਾਕੂ ਦਾ ਧੂੰਆਂ ਆਤਮਕ ਤੌਰ ਤੇ ਵੀ ਨਿਵਾਣ ਵੱਲ ਲੈ ਜਾਂਦਾ ਹੈ । ਸੰਸਾਰ ਪ੍ਰਸਿੱਧ ਵਿਦਵਾਨ ਐਲਡੂਯਸ ਹਕਸਲੇ ਨੇ ਇਸੇ ਪ੍ਰਕਾਰ ਦਾ ਤਜਰਬਾ ਆਪਣੀ ਪੁਸਤਕ ‘ਡੋਰਜ਼ ਔਫ ਪਰਸੈਪਸ਼ਨ’ ਵਿਚ ਕੀਤਾ ਸੀ। ਇਹ ਧੂੰਆਂ ਸੋ ਦਰ ਦਾ ਵੈਰੀ ਹੈ। ਸਿੱਖ ਨੂੰ ਤਾਂ ਛੋਟੇ ਤੋਂ ਛੋਟੇ ਨਸ਼ੇ ਤੋਂ ਬਚਣ ਲਈ ਵੀ ਹੁਕਮ ਦਿੱਤਾ ਹੈ। ਅਮਲ ਸਿਰਫ਼ ਪ੍ਰਸ਼ਾਦੇ ਦਾ ਰੱਖਣਾ ਹੈ । ਬਾਣੀ ਦਾ ਪਾਠ ਅਤੇ ਨਾਮ, ਸਦਾ ਆਤਮਾ ਬਲਵਾਨ ਰੱਖੇਗਾ।”
ਜਾਦੂਨਾਥ ਸਰਕਾਰ ਦੀਆਂ ਊਝਾਂ ਦਾ ਉੱਤਰ-ਸੰਸਾਰ ਦੇ ਧਰਮਾਂ ਦੇ ਇਤਿਹਾਸ ਵਿਚ ਖ਼ਾਲਸਾ ਸਾਜਣ ਦੇ ਤੁਲ ਕੋਈ ਘਟਨਾ ਨਾ ਹੋਣ ਕਾਰਨ ਸਰ ਜਾਦੂਨਾਥ ਸਰਕਾਰ ਵਰਗੇ ਇਤਿਹਾਸਕਾਰ ਨੇ ਮਹੱਤਤਾ ਜਾਣੇ ਬਗ਼ੈਰ ਹੀ ਕਈ ਗ਼ਲਤ ਗੱਲਾਂ ਲਿਖ ਦਿੱਤੀਆਂ। ਸੱਚੀ ਗੱਲ ਤਾਂ ਇਹ ਹੈ ਕਿ ਦੁਨੀਆਂ ਦੀ ਕਿਸੇ ਕੌਮ ਦਾ ਜਨਮ ਦਿਨ ਮਿਥਿਆ ਨਹੀਂ ਜਾ ਸਕਦਾ। ਸਮਾਂ ਪਾ ਕੇ ਹੀ ਉਨ੍ਹਾਂ ਦੀ ਰੂਪ ਰੇਖਾ ਬਣੀ। ਈਸਾਈ, ਇਸਲਾਮ ਜਾਂ ਹਿੰਦੂ ਬਣਾਉਣ ਵਾਲੇ ਰਸੂਲ, ਈਸਾ ਜਾਂ ਕ੍ਰਿਸ਼ਨ ਨਹੀਂ ਹਨ, ਪਿਛੋਂ ਜਾ ਕੇ ਉਨ੍ਹਾਂ ਕੌਮ ਜਾਂ ਜਾਤੀ ਦਾ ਰੂਪ ਧਾਰਿਆ। ਪਰ ਸਿੱਖ ਕੌਮ ਦਾ ਜਨਮ ਦਿਨ ਨਿਯਤ ਹੈ । ਉਸੇ ਦਿਨ ਕੌਮ ਨੂੰ ਆਖ਼ਰੀ ਸ਼ਕਲ ਆਪੂੰ ਗੁਰੂ ਜੀ ਨੇ ਦਿੱਤੀ। ਇਸੇ ਲਈ ਲੈਪਲ ਗ੍ਰਿਫ਼ਨ ਨੇ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਇਸੇ ਤਰ੍ਹਾਂ ਪੈਦਾ ਕੀਤਾ ਜਿਵੇਂ ਜੁਪੀਟਰ ਨੇ ਮਿਨਰਵਾ ਪੈਦਾ ਕੀਤੀ।
ਗਾਰਡਨ ਦਾ ਕਹਿਣਾ ਹੈ ਕਿ ‘ਗੁਰੂ ਜੀ ਨੇ ਇਕੋ ਨਾਂ ਅਤੇ ਇਕੋ ਨਾਅਰਾ ਵਾਹਿਗੁਰੂ ਜੀ ਕੀ ਫ਼ਤਿਹ ਦੇਹ ਕੇ ਕੌਮ ਉਸਾਰੀ ਕੀਤੀ।’ ਗੋਕਲ ਚੰਦ ਨਾਰੰਗ ਲਿਖਦਾ ਹੈ : ‘ਜਾਤ ਪਾਤ ਤੋੜ ਕੇ, ਸਾਰਿਆਂ ਨੂੰ ਇਕੋ ਜਿਹੇ ਹਕੂਕ ਦੇ ਕੇ, ਇਕੋ ਪੂਜਾ ਅਸਥਾਨ, ਇਕੋ ਯਾਤਰਾ ਅਸਥਾਨ, ਇਕੋ ਬਾਟੇ ਵਿਚੋਂ ਸਾਰੀਆਂ ਜਾਤਾਂ ਨੂੰ ਅੰਮ੍ਰਿਤ ਛਕਾ ਕੇ ਅਤੇ ਇਸ ਤੋਂ ਵੀ ਵੱਧ ਇਕੋ ਝੰਡੇ ਥੱਲੇ, ਇਕੋ ਲੀਡਰ ਹੇਠਾਂ ਸਾਂਝੇ ਆਦਰਸ਼ਾਂ ਲਈ ਇਕੱਠਾ ਕਰ ਕੇ ਗੁਰੂ ਜੀ ਨੇ ਸਿੱਖਾਂ ਵਿਚ ਨਾ ਭੰਗ ਹੋਣ ਵਾਲੀ ਏਕਤਾ ਪੈਦਾ ਕੀਤੀ ਅਤੇ ਇਕ ਲੜੀ ਵਿਚ ਪਰੋ ਦਿੱਤਾ। ਇਸ ਜਥੇਬੰਦੀ ਨੇ ਹੀ ਮੁਗ਼ਲ ਯਲਗਾਰਾਂ ਦਾ ਟਾਕਰਾ ਕੀਤਾ। ਗੁਰੂ ਜੀ ਨੇ ਖ਼ਾਲਸਾ ਸਾਜ ਕੇ ਸਿੱਖ ਨੂੰ ਜੀਵਨ ਬਤੀਤ ਕਰਨ ਦਾ ਵੱਲ ਸਿਖਾ ਦਿੱਤਾ। ਸਿੱਖ ਧਰਮ ਕੋਈ ਅਸੂਲਾਂ ਦਾ ਪਲੰਦਾ ਨਾ ਰਿਹਾ ਸਗੋਂ ਇਕ ਜੀਵਨ ਜਾਚ ਬਣ ਗਿਆ। ਗੁਰੂ ਨਾਨਕ ਨੇ ਸਿੱਖ ਕੌਮ ਦਾ ਮਹੱਲ ‘ਬਾਣੀ’ ਅਤੇ ‘ਸਿੱਖ ਸੰਗਤ’ ਤੇ ਖੜ੍ਹਾ ਕੀਤਾ ਸੀ, ਗੁਰੂ ਜੀ ਨੇ ਉਸੇ ਬਾਣੀ ਨੂੰ ਗੁਰੂ ਗ੍ਰੰਥ ਅਤੇ ਸੰਗਤ ਨੂੰ ਖ਼ਾਲਸਾ ਬਣਾ ਦਿੱਤਾ।
ਗੁਰੂ ਗੋਬਿੰਦ ਸਿੰਘ ਜੀ ਨੇ ‘ਕੇਸ ਰੱਖਣੇ’ ਦਾ ਹੁਕਮ ਦੇ ਕੇ ਸਿੱਖਾਂ ਦੀ ਵੱਖਰੀ ਹਸਤੀ ਕਾਇਮ ਕਰ ਦਿੱਤੀ। ਨਿਜਵਾਦ ਸਿੱਖਾਂ ਵਿਚੋਂ ਉੱਕਾ ਹੀ ਮੁਕਾ ਦਿੱਤਾ। ਨਿੱਜ ਦੀ ਜ਼ਿੰਦਗੀ ਵਿਚ ਸਾਂਝ ਲੈ ਆਂਦੀ। ਸਿੱਖ ਬਚਨ ਬੱਧ ਹੀ ਨਾ ਹੋਇਆ, ਜਥੇਬੰਦ ਵੀ ਹੋ ਗਿਆ। ਸਿੱਖ ਦੀ ਆਪਣੀ ਰਾਜਨੀਤੀ ਹੋ ਗਈ। ਸਿੱਖ ਆਖਿਆ ਵੀ ਕਰਦੇ ਸਨ :
‘ਸਿੰਘ ਹੋਇ ਰਾਖਹਿ ਕਿਮ ਕਾਨ।
ਐਰੇ ਗੈਰੇ ਕਾ ਮੰਗਹਿ ਫ਼ਰਮਾਨ ।
ਧੁਰ ਦਰਗਾਹੈਂ ਲਈ ਪਾਤਸ਼ਾਹੀ।
ਸ੍ਰੀ ਸਤਿਗੁਰ ਕੇ ਮੁਖ ਤੇ ਪਾਈ।’
ਅੱਜ ਦੀ ਦੁਨੀਆਂ ਦਾ ਸਮਾਜ-ਵਿਗਿਆਨੀ ਮੈਕੀਵਰ ਕਹਿੰਦਾ ਹੈ ਕਿ ‘ਆਰਥਕ, ਰਾਜਨੀਤੀ, ਭਾਈਚਾਰਕ ਅਤੇ ਸਮਾਜਕ ਮਨੁੱਖ ਦੀ ਜ਼ਿੰਦਗੀ ਦੇ ਵੱਖੋ ਵੱਖ ਅੰਗ ਤੇ ਪੱਖ ਹਨ । ਇਹ ਲੂਣਕੀ ਦੇ ਕੋਈ ਅੱਡ-ਅੱਡ ਖ਼ਾਨੇ ਨਹੀਂ ਹਨ। ਇਕ ਦਾ ਅਸਰ ਦੂਜੇ ਤੇ ਅਵੱਸ਼ ਪੈਂਦਾ ਹੈ।’ ਗੁਰੂ ਜੀ ਨੇ ਸਦੀਆਂ ਪਹਿਲੇ ਇਸ ਗੱਲ ਨੂੰ ਜਾਣਿਆ ਤੇ ਕੌਮ ਨੂੰ ਸੰਪੂਰਨ ਬਣਾਇਆ। ਕੌਮ ਕਿਸੇ ਦੀ ਮੁਹਤਾਜ ਨਾ ਰਹੀ। ਇਬਸਟਨ ਨੇ ਠੀਕ ਲਿਖਿਆ ਹੈ ਕਿ ਹਿੰਦੁਸਤਾਨ ਦੇ ਲੰਬੇ ਇਤਿਹਾਸ ਵਿਚ ਪਹਿਲੀ ਵਾਰ ਕੋਈ ਧਰਮ ਸਿਆਸੀ ਤਾਕਤ ਬਣਿਆ ਅਤੇ ਐਸੀ ਕੌਮ ਦਾ ਜਨਮ ਹੋਇਆ ਜੋ ਆਪਣੇ ਆਪ ਵਿਚ ਇਕ ਵੱਖਰੀ ਕਿਸਮ ਦੀ ਸੀ। ਹਿੰਦੁਸਤਾਨ ਨੇ ਐਸੀ ਕੌਮ ਕਦੇ ਨਹੀਂ ਵੇਖੀ ਸੀ। ਇਸ ਨੂੰ ਪੰਥ ਦੇ ਅਰਥ ਹੀ ਨਹੀਂ ਆ ਸਕਦੇ)। ਨੀਵੀਂ ਜਾਤ ਦੇ ਚੂਹੜੇ, ਚਮਿਆਰ, ਨਾਈ ਅਤੇ ਛੀਂਬਿਆਂ, ਜਿਨ੍ਹਾਂ ਕਦੇ ਸ਼ਸਤਰਾਂ ਨੂੰ ਹੱਥ ਤੱਕ ਨਹੀਂ ਸੀ ਲਗਾਇਆ ਅਤੇ ਜੋ ਉੱਚੀਆਂ ਜਾਤਾਂ ਦੇ ਪੈਰਾਂ ਥੱਲੇ ਲਿਤਾੜੇ ਜਾਂਦੇ ਰਹੇ ਸਨ, ਨੇ ਗੁਰੂ ਜੀ ਦੀ ਅਗਵਾਈ ਹੇਠਾਂ ਨਿਰੀ ਬਹਾਦਰੀ ਦੇ ਗੁਣ ਹੀ ਨਾ ਗ੍ਰਹਿਣ ਕੀਤੇ ਸਗੋਂ ਦੁਖੀ ਇਨਸਾਨ ਲਈ ਆਪਾ ਵਾਰਨ ਲਈ ਤਿਆਰ ਹੋਏ। ਗੁਰੂ ਜੀ ਨੇ ਸਿੱਖਾਂ ਵਿਚੋਂ ਨਿਜਵਾਦ ਖ਼ਤਮ ਕਰ ਕੇ ਦੂਜੇ ਲਈ ਮਰਨ ਦਾ ਚਾਅ ਪੈਦਾ ਕੀਤਾ। ਰੋਂਦੂ, ਨਿਰਾਸ਼ਾਵਾਦੀ ਪੁਰਸ਼ ਨੂੰ ਗੁਰੂ ਜੀ ਨੇ ਖ਼ੁਸ਼ ਰਹਿਣਾ, ਆਸ਼ਾਵਾਦੀ ਤੇ ਜੁਅਰਤਿ ਵਾਲਾ ਬਣਾ ਦਿੱਤਾ। ਸਿੱਖ ਵਿਚ ਐਸਾ ਗੁਣ ਪੈਦਾ ਕਰ ਦਿੱਤਾ ਜੋ ਟੁੱਟ ਤੇ ਸਕਦਾ ਸੀ ਪਰ ਲਿਫ਼ ਨਹੀਂ ਸੀ ਸਕਦਾ, ਜੋ ਜ਼ੁਲਮ ਦੀ ਵਧਦੀ ਲਹਿਰ ਅੱਗੇ ਚਟਾਨ ਬਣ ਕੇ ਖੜਾ ਹੋ ਜਾਏਗਾ, ਬੰਦ ਬੰਦ ਕਟਾ ਲਵੇਗਾ, ਖੋਪਰੇ ਲੁਹਾ ਲਵੇਗਾ ਪਰ ਆਦਰਸ਼ ਨੂੰ ਹੱਥੋਂ ਨਹੀਂ ਛੱਡੇਗਾ। ਕਨਿੰਘਮ ਦੇ ਸ਼ਬਦਾਂ ਵਿਚ ‘ਸਿੱਖਾਂ ਦੇ ਆਖ਼ਰੀ ਗੁਰੂ ਨੇ ਨਿਰਜਿੰਦ ਲੋਕਾਂ ਦੀਆਂ ਲੁਕੀਆਂ ਕਲਾਂ ਜਗਾ ਕੇ ਉਨ੍ਹਾਂ ਦੇ ਮਨਾਂ ਵਿਚ ਸਮਾਜਕ ਸੁਤੰਤਰਤਾ ਤੇ ਰਾਜਨੀਤਕ ਵਿਲੱਖਣਤਾ ਪੈਦਾ ਕਰਨ ਲਈ (ਗੁਰੂ) ਨਾਨਕ ਦੇ ਦੱਸੇ ਪਵਿੱਤਰ ਭਗਤੀ ਆਸ਼ੇ ਲਈ ਸਦੀਵੀ ਚਾਅ ਭਰਿਆ।’
ਸਰ ਜਾਦੂਨਾਥ ਸਰਕਾਰ ਨੇ ਸਿੱਖੀ ਦਾ ਪਿਛਵਾੜਾ ਨਾ ਜਾਣਦੇ ਹੋਏ ਹੀ ਉਕਾਈ ਖਾਧੀ ਹੈ ਤੇ ਪੁੱਠੇ ਨਿਰਣੇ ਲਏ ਹਨ । ਉਹ ਕਹਿੰਦਾ ਹੈ, ‘ਖ਼ਾਲਸਾ ਸਾਜ ਕੇ (ਗੁਰੂ) ਗੋਬਿੰਦ (ਸਿੰਘ) ਜੀ ਨੇ ਸਿੱਖਾਂ ਦੀਆਂ ਮਨੁੱਖੀ ਸ਼ਕਤੀਆਂ ਨੂੰ ਹੋਰ ਪਾਸਿਆਂ ਤੋਂ ਹਟਾ ਕੇ ਨਿਰੋਲ ਇਕ ਵਿਸ਼ੇਸ਼ ਲੀਹ ਤੇ ਪਾ ਦਿੱਤਾ। ਸਿੱਖ ਸਰਬ-ਗੁਣ ਸੰਪੂਰਨ ਨਾ ਰਹੇ। ਗੁਰੂ ਸਾਹਿਬ ਨੇ ਸਿੱਖਾਂ ਦੀ ਪ੍ਰਮਾਰਥਕ ਏਕਤਾ ਅਤੇ ਧਾਰਮਿਕ ਸੰਗਠਨ ਨੂੰ ਨਿੱਜੀ ਸਫ਼ਲਤਾ ਤੇ ਰਾਜਨੀਤਕ ਉੱਨਤੀ ਦਾ ਸਾਧਨ ਬਣਾ ਲਿਆ । ਇਸ ਦਾ ਸਿੱਟਾ ਨਿਕਲਿਆ ਕਿ ਸਿੱਖਾਂ ਦੀ ਸਦੀਆਂ ਤੋਂ ਹੋ ਰਹੀ ਸਦਾਚਾਰਕ ਅਤੇ ਆਤਮਕ ਉੱਨਤੀ ਇਕਦਮ ਰੁਕ ਗਈ ਤੇ ਉਹ ਕੇਵਲ ਸਿਪਾਹੀ ਹੀ ਬਣ ਕੇ ਰਹਿ ਗਏ।
ਸਰਕਾਰ ਦੀ ਇਸ ਲਿਖਤ ਤੋਂ ਇੰਝ ਪ੍ਰਗਟ ਹੁੰਦਾ ਹੈ ਕਿ ਖ਼ਾਲਸਾ ਕੋਈ ਗੁਰੂ ਨਾਨਕ ਜੀ ਦੇ ਆਸ਼ਿਆਂ ਦੇ ਉਲਟ ਸਾਜਿਆ ਗਿਆ ਸੀ। ਓਪਰੀ ਨਜ਼ਰ ਵਾਲਾ ਐਸਾ ਹੀ ਸਿੱਟਾ ਕੱਢੇਗਾ। ਗੋਕਲ ਚੰਦ ਨਾਰੰਗ ਨੇ ਇਸ ਦਾ ਉੱਤਰ ਬਹੁਤ ਢੁਕਵਾਂ ਇਹ ਕਹਿ ਕੇ ਦਿੱਤਾ ਹੈ ਕਿ ‘ਜਿਸ ਤੇਗ਼ ਨੇ ਖ਼ਾਲਸੇ ਦੀ ਸ਼ਾਨ ਫੈਲਾਈ, ਉਸ ਲਈ ਫ਼ੌਲਾਦ ਗੁਰੂ ਨਾਨਕ ਦੇਵ ਜੀ ਕਮਾ ਕੇ ਦੇ ਗਏ ਸਨ। ਜਿਸ ਬੂਟੇ ਨੇ ਗੁਰੂ ਗੋਬਿੰਦ ਸਿੰਘ ਜੀ ਵੇਲੇ ਫਲ ਦਿੱਤਾ ਉਸ ਦੀ ਬੀਜਾਈ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਤੇ ਸਿੰਚਿਆ ਬਾਕੀ ਅੱਠ ਗੁਰੂ ਸਾਹਿਬਾਨ ਨੇ ਸੀ।’ ਖਾਲਸੇ ਦੀ ਸਾਜਨਾ ਉਸੇ ਚਲਦੀ ਲਹਿਰ ਦੀ ਇਕ ਵਹਾ ਸੀ। ਗੁਰੂ ਨਾਨਕ ਦੇਵ ਜੀ ਤੇ ਬਾਕੀ ਗੁਰੂ ਸਾਹਿਬਾਨ ਨੇ ਬਾਣੀ ਵਿਚਾਰ, ਵਿਵੇਕ, ਸੁੱਚੀ ਕਿਰਤ, ਨਿਰਮਲ ਕਰਮ, ਸਿਮਰਨ ਤੇ ਨਾਮ ਦੇ ਨਾਲ ਮਨੁੱਖ ਦੀ ਉੱਤਮਤਾ, ਇਨਸਾਨੀ ਅਧਿਕਾਰਾਂ ਦੀ ਮਹੱਤਤਾ ਤੇ ਸਰਬ ਸਾਂਝੀਵਾਲਤਾ ਦੇ ਆਦਰਸ਼ਾਂ ਨੂੰ ਖ਼ੂਬ ਦ੍ਰਿੜ੍ਹ ਕਰ ਦਿੱਤਾ ਸੀ। ਜੀਵਨ ਆਸ਼ਾ ਕੁਝ ਹੋਰ ਉਚੇਰਾ ਕਰਨ ਲਈ ਹੀ ਪੰਥ ਦੀ ਸਾਜਨਾ ਕੀਤੀ। ਉੱਚੀ ਪੱਧਰ ਦੀ ਸਿਆਸਤ ਦਿੱਤੀ।
ਸ਼ਬਦ ਨਾਲ ਸ਼ਸਤਰ ਦਾ ਸਤਿਕਾਰ ਕਾਇਮ ਕਰਾਇਆ। ਉਸ ਦੀ ਸਿਆਸਤ ਜਬਰ ਤੇ ਗਿਰਾਵਟ ਵਿਰੁੱਧ ਯੁੱਧ ਦੀ ਸਿਆਸਤ ਬਣਾ ਦਿੱਤੀ।
ਇਹ ਕਹਿਣਾ ਤਾਂ ਬਿਲਕੁਲ ਹੀ ਨਿਰਮੂਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨੂੰ ਨਿੱਜੀ ਲਾਭ ਲਈ ਵਰਤਿਆ । ਖ਼ਾਲਸਾ ਸਾਜਣ ਤੋਂ ਪਹਿਲਾਂ ਗੁਰੂ ਜੀ ਸੱਤ ਜੰਗਾਂ ਲੜ ਚੁੱਕੇ ਸਨ। ਉਨ੍ਹਾਂ ਵਿਚੋਂ ਕੋਈ ਨਿੱਜੀ ਲਾਭ ਗੁਰੂ ਜੀ ਨੇ ਨਹੀਂ ਸੀ ਉਠਾਇਆ।ਤਖ਼ਤ ਤੇ ਬੈਠਣ ਵੇਲੇ ਉਨ੍ਹਾਂ ਪਾਸ ਕੇਵਲ ਮਾਖੋਵਾਲ ਦੀ, ਉਨ੍ਹਾਂ ਦੇ ਪਿਤਾ ਵਲੋਂ ਜ਼ਰ ਖ਼ਰੀਦ, ਧਰਤੀ ਸੀ ਤੇ ਜੋਤੀ ਜੋਤ ਸਮਾਉਣ ਵੇਲੇ ਉਹ ਮਾਖੋਵਾਲ ਵੀ ਨਹੀਂ ਸੀ। ਇਕ ਇੰਚ ਜ਼ਮੀਨ ਤੇ ਗੁਰੂ ਜੀ ਨੇ ਅਧਿਕਾਰ ਨਹੀਂ ਜਮਾਇਆ। ਇਹ ਕਹਿਣਾ ਕਿ ਧਾਰਮਿਕ ਭਾਵ ਘਟ ਗਏ ਹੋਰ ਫਜ਼ੂਲ ਬਾਤ ਹੈ। ਸੱਚੀ ਗੱਲ ਤਾਂ ਇਹ ਹੈ ਕਿ ਸਿੱਖਾਂ ਦਾ ਆਚਰਨ ਸਿੱਖਰਾਂ ਨੂੰ ਛੋਹਿਆ ਅਤੇ ਧਾਰਮਿਕ ਭਾਵ ਪਰਪੱਕ ਹੋਏ। ਜਿਥੇ ਗੁਰੂ ਜੀ ਨੇ ਕ੍ਰਿਪਾਨ ਪਹਿਨਣ ਦਾ ਹੁਕਮ ਦਿੱਤਾ, ਉਥੇ ਸੁਬਹ-ਸ਼ਾਮ-ਰਾਤ ਪੰਜਾਂ ਬਾਣੀਆਂ ਦਾ ਪਾਠ ਕਰਨ ਦਾ ਵੀ ਹੁਕਮ ਦਿੱਤਾ। ਦੇਖਣ ਨੂੰ ਦੋ ਵਿਰੋਧੀ ਭਾਵਾਂ ਨੂੰ ਜੋੜਨਾ ਇਕ ਕਰਾਮਾਤ ਸੀ, ਜੋ ਜਾਦੂ ਨਾਥ ਦੇ ਸਮਝ ਨਾ ਆਈ।
ਸਿੱਖਾਂ ਨੂੰ ਹਰ ਸਮੇਂ ਵਾਹਿਗੁਰੂ ਦਾ ਜਾਪ ਕਰਨ ਤੇ ਨਾਲ ਦੁਸ਼ਮਣਾਂ ਨਾਲ ਟਾਕਰਾ ਕਰਨ ਲਈ ਤਿਆਰ ਕੀਤਾ। ਯੁੱਧ ਕਰਦਿਆਂ ਧੀਰਜ ਹੱਥੋਂ ਛੱਡਣ ਲਈ ਨਾ ਕਹਿਣਾ ਕੀ ਧਾਰਮਿਕ ਭਾਵ ਦਾ ਅਭਾਵ ਹੈ ਜਾਂ ਪਰਪੱਕਤਾ ? ਕਾਇਰਤਾ ਨੂੰ ਅਧਾਰਮਿਕਤਾ ਜ਼ਰੂਰ ਕਿਹਾ ਤੇ ਗੱਲ ਹੈ ਵੀ ਠੀਕ ਜੇ ਅੰਤਰ ਪੂਜਾ ਕਰਨੀ ਹੈ ਤੇ ਬਾਹਰ ਕਤੇਬ ਪੜ੍ਹਨੇ ਹਨ ਤਾਂ ਇਸ ਨਾਲੋਂ ਅਧਾਰਮਿਕਤਾ ਚੰਗੀ। ਗੁਰੂ ਜੀ ਨੇ ਦੁਵੱਲੀ ਸ਼ਖ਼ਸੀਅਤ (ਡਬਲ ਪ੍ਰਸਨੈਲਟੀ) ਨੂੰ ਇਕਹਿਰੀ ਤੇ ਅਟੁੱਟ ਬਣਾਇਆ। ਜਿਸ ਕਰਮ ਦੀ ਸ਼ੋਭਾ ਹੋਣੀ ਚਾਹੀਦੀ ਹੈ, ਉਸ ਦੀ ਆਲੋਚਨਾ ਕਰਨੀ ਇਤਿਹਾਸ ਨਾਲ ਤੇ ਗੁਰੂ ਨਾਲ ਬੇਇਨਸਾਫ਼ੀ ਹੈ।
ਇਕ ਗਵਾਹੀ ਭਾਈ ਮੰਗਲ ਸਿੰਘ ਜੀ ਨੇ ਭਰੀ ਹੈ ਕਿ ਖ਼ਾਲਸਾ ਸਾਜ ਕੇ ਗੁਰੂ ਜੀ ਨੇ ਆਤਮਕ ਸ਼ਕਤੀ ਅਤੇ ਸੂਰਬੀਰਤਾ ਦੋਵੇਂ ਭਰੀਆਂ :
‘ਆਤਮ ਸ਼ਕਤੀ ਜਿਸ ਵਿਚ ਭਰੀ।
ਸੂਰਬੀਰਤਾ ਅਰ ਸੰਗ ਭਰੀ।
ਇਹ ਅੰਮ੍ਰਿਤ ਮੁਰਦੇ ਜੀਵਾਵੇ।
ਤਤ ਦ੍ਰਿਸ਼ਟ ਤੇ ਜਾਇ ਪੁਚਾਵੈਂ । ੫੧।
ਸਮਕਾਲੀ ਸਾਰੇ ਲਿਖਾਰੀ ਇਕ ਜ਼ਬਾਨ ਹਨ ਕਿ ਗੁਰੂ ਜੀ ਨੇ ਰਹਿਤ, ਆਚਰਨ ਤੇ ਅਮਲੀ ਜੀਵਨ ਤੇ ਬਹੁਤ ਜ਼ੋਰ ਦਿੱਤਾ । ਭਾਈ ਕੇਸਰ ਸਿੰਘ ਜੀ ਛਿਬਰ ਲਿਖਦੇ ਹਨ ਕਿ ਗੁਰੂ ਜੀ ਨੇ ਤਾਕੀਦ ਕੀਤੀ :
ਸ਼ਰਾਬ, ਤਮਾਕੂ, ਜੂਆ, ਚੋਰੀ, ਯਾਰੀ,
ਇਨ ਸੌ ਹੇਤ ਨ ਕਰੈ।
ਕੁਸੰਗਤਿ ਮੰਦੀ ਸਭ ਪਰਹਰੈ।
ਸ਼ਬਦ ਬਾਣੀ ਸੌ ਪ੍ਰੀਤ, ਸਤਿ ਸੰਗਤਿ ਵਿਚ ਜਾਵੈ।
ਨਿਜ ਨਾਰੀ ਸੌ ਪ੍ਰੀਤ ਲਗਾਵੈ।
ਨਾਮ, ਦਾਨ ਇਸ਼ਨਾਨ।
ਧਰਮ ਦੀ ਕ੍ਰਿਤ ਕਮਾਵੈ । ੩੨੮।
ਸਿਖ, ਸਿਖ ਸੌ ਪ੍ਰੀਤ, ਦੁਸ਼ਟ ਸੌ ਨੇਹੁ ਨ ਲਾਵੈ ।
ਕ੍ਰਿਪਨ ਹੋਇ ਨ ਦਬੈ, ਜਥਾ ਜਥਾ ਵੰਡ ਖਾਵੈ।
ਆਪਨਾ ਧਰਮ ਨ ਜੈ, ਨ ਬਿਗਾਨਾ ਲੇਵੈ।
ਪ੍ਰਤੀਤ ਰਖੇ ਗੁਰ ਆਪਨੇ ਉਪਰਿ,
ਸਿਖ ਸਾਧ ਸੰਤ ਨ ਸੇਵੇ । ੩੨੯।
ਇਸੇ ਤਰ੍ਹਾਂ ਭਾਈ ਲੱਖਾ ਸਿੰਘ ਜੀ ਨੇ ਗੁਰੂ ਜੀ ਦੇ ਬਚਨਾਂ ਨੂੰ ਆਪਣੇ ਸ਼ਬਦਾਂ ਵਿਚ ਅੰਕਤ ਕਰਦੇ ਹੋਏ ਲਿਖਿਆ ਹੈ :
ਰਾਜ ਜੋਗ ਤੁਮ ਕਹ ਮੈ ਦੀਨਾ।
ਪਰਮ ਜੋਤ ਸੰਗ ਪਰਚੈ ਕੀਨਾ।
ਸੰਤ ਸਮੂਹਨ ਕੋ ਸੁਖ ਦੀਜੈ।
ਅਚਲ ਰਾਜ ਧਰਨੀ ਮਹਿ ਕੀਜੈ। ੫੨।
ਸੇਵਾ, ਭਾਓ ਭਗਤਿ ਉਰਧਾਰੋ।
ਦੁਸ਼ਟ ਬਿਦਾਰ ਸੰਤ ਨਿਸਤਾਰੋ।
ਖੜ੍ਹਗਪਾਨ ਬਿਨ ਅਵਰ ਨ ਮਾਨਹੁ ।
ਸਤਿਨਾਮ ਮੰਤ੍ਰ ਮੁਖ ਠਾਨਹੁ।
ਬਿਖਿਆ ਕਿਰਿਆ ਭਵਨ ਤਯਾਗਹੁ ।
ਜਟਾ ਜੂਟ ਰਹਿਯੋ ਅਨੁਰਾਗਹੁ ।
ਸ਼ਬਦ ਬਿਨ ਅਨ ਜਾਨਹੀਂ ਮੇਲਾ।
ਨਿਸ ਦਿਨ ਸਾਧ ਸੰਗਤਿ ਸੌਂ ਕੇਲਾ। ੧੦੯।
ਇਹੋ ਜਿਹੇ ਉਪਦੇਸ਼ ਕੋਈ ਸਰਬ ਗੁਣ ਸੰਪੂਰਨ ਆਗੂ ਹੀ ਦੇ ਸਕਦਾ ਸੀ। ਮੈਕਾਲਫ਼ ਨੇ ਇਹ ਹੀ ਲਿਖਿਆ ਹੈ ਕਿ ਗੁਰੂ ਜੀ ਨੇ ਸਿੱਖਾਂ ਨੂੰ ਉਪਦੇਸ਼ ਹੀ ਇਹ ਦਿੱਤਾ ਕਿ ਉਹ ਘਰਾਂ ਵਿਚ ਹੀ ਉਦਾਸੀਆਂ ਵਾਲੀ ਅਵਸਥਾ ਧਾਰਨ ਕਰਨ, ਘਰਾਂ ਨੂੰ ਹੀ ਜੰਗਲ ਸਮਝ ਕੇ ਦਿਲੋਂ ਸਾਧੂ ਬਣਨ, ਘੱਟ ਨੀਂਦ ਲੈਣ, ਥੋੜ੍ਹਾ ਖਾਣ ਅਤੇ ਦਇਆ, ਨਿੰਮ੍ਰਤਾ, ਖਿਮਾ ਸੰਤੋਖ ਦੀ ਅਮਲੀ ਵਰਤੋਂ ਕਰਨ । ਮਹਾਰਾਜ ਦੇ ਆਪਣੇ ਸ਼ਬਦਾਂ ਵਿਚ :
ਰੇ ਮਨ ਐਸੋ ਕਰ ਸੰਨਿਆਸਾ।
ਬਨ ਸੇ ਸਦਨ ਸਬੈ ਕਰ ਸਮਝਹੁ, ਮਨ ਹੀ ਮਾਹਿ ਉਦਾਸਾ ।
ਅਲਪ ਆਹਾਰ, ਸੁਲਪ ਸੀ ਨਿੰਦ੍ਰਾ, ਦਇਆ, ਛਿਮਾ ਤਨ ਪ੍ਰੀਤ।
ਸੀਲ, ਸੰਤੋਖ ਸਦਾ ਨਿਰਬਾਹਿਬੋ,
ਸ੍ਵੈਬੋ ਤ੍ਰਿਗੁਣ ਅਤੀਤ।
ਮੈਕਾਲਫ਼ ਫਿਰ ਲਿਖਦਾ ਹੈ ਕਿ ਗੁਰੂ ਸਾਹਿਬ ਨੇ ਇਸ ਗੱਲ ਦੀ ਵੀ ਚੇਤਾਵਨੀ ਦਿੱਤੀ ਕਿ ਜੇ ਸਿੱਖ ਗਿਆਨ ਤੇ ਭਗਤੀ ਮਾਰਗ ਤੋਂ ਖੁੰਝ ਗਏ ਤਾਂ ਵੱਡੀ ਤੋਂ ਵੱਡੀ ਰਾਜਨੀਤਕ ਸ਼ਕਤੀ ਤੇ ਫ਼ੌਜੀ ਸ਼ਕਤੀ ਵੀ ਉਨ੍ਹਾਂ ਦੀ ਰੱਖਿਆ ਨਹੀਂ ਕਰ ਸਕੇਗੀ।
ਇਤਿਹਾਸ ਦੇ ਅਗਲੇ ਪੰਨਿਆਂ (੧੬੯੯ ਤੋਂ ੧੭੯੯) ਤੋਂ ਕੋਈ ਅਨਜਾਣ ਪੁਰਸ਼ ਹੀ ਇਹ ਆਖ ਸਕਦਾ ਹੈ ਕਿ ਸਿੱਖ ਕੌਮ ਦੀ ਉੱਨਤੀ ਬੰਦ ਹੋ ਗਈ। ਸਿੱਖੀ ਨੂੰ ਪੂਰਨਤਾ ਦੀ ਇੱਟ ਲਗਾਉਣੀ ਕੋਈ ਬੰਦ ਕਰਨਾ ਨਹੀਂ ਸਗੋਂ ਉੱਨਤੀ ਦੇ ਮਾਰਗ ਤੇ ਟੋਰਨਾ ਹੈ। ਜਿਸ ਤੇਜ਼ੀ ਨਾਲ ਖ਼ਾਲਸੇ ਨੇ ਆਉਣ ਵਾਲੇ ਸਮੇਂ ਵਿਚ ਤਰੱਕੀ ਕੀਤੀ, ਉਹ ਜਾਦੂਨਾਥ ਦੇ ਕੱਢੇ ਨਤੀਜਿਆਂ ਨੂੰ ਗ਼ਲਤ ਸਾਬਤ ਕਰਦਾ ਹੈ। ਜ਼ੁਲਮ ਤੇ ਜ਼ਾਲਮ ਨੂੰ ਮੁਕਾਉਣ ਲਈ ਖ਼ਾਲਸੇ ਨੇ ਜਿਸ ਜੁਰਅਤਿ ਦਾ ਪ੍ਰਗਟਾ ਕੀਤਾ ਉਹ ਖ਼ਾਲਸਾ ਸਾਜਣ ਦੇ ਕਰਮ ਨੂੰ ਠੀਕ ਸਾਬਤ ਕਰਨ ਲਈ ਕਾਫ਼ੀ ਹੈ। ਇੰਦੂ ਭੂਸ਼ਣ ਬੈਨਰਜੀ ਦੇ ਸ਼ਬਦਾਂ ਵਿਚ ਇਹ ਹੀ ਕਹਿਣਾ ਬਣਦਾ ਹੈ ਕਿ ‘ਜੇ ਕੋਈ ਇਹ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਧਾਰਮਿਕ ਲਹਿਰ ਨੂੰ ਛੁਟਿਆ ਕੇ ਰਾਜਨੀਤਕ ਉੱਨਤੀ ਦਾ ਸਾਧਨ ਬਣਾ ਲਿਆ, ਉਹ ਆਪਣੇ ਸਾਹਮਣੇ ਇਕ ਉਲਟ ਸਵਾਲ ਰੱਖਦਾ ਹੈ ਕਿ ਰਾਜਨੀਤਕ ਆਜ਼ਾਦੀ ਤੇ ਸਿਪਾਹੀਆਨਾ ਜ਼ਿੰਦਗੀ ਦਾ ਧਰਮ ਨਾਲ ਅਜੋੜ ਹੈ। ਧਰਮ ਦੇ ਮਾਰਗ ਤੇ ਟੁਰਦਿਆਂ ਵੀ ਰਾਜਨੀਤਕ ਘੋਲ ਘੁਲੇ ਜਾ ਸਕਦੇ ਹਨ।’ ਅਤੇ ਸਿੱਖਾਂ ਨੇ ਘੁਲੇ। ਫ਼ੈਡਰਿਕ ਪਿਨਕਾਟ ਨੇ ਠੀਕ ਲਿਖਿਆ ਸੀ ਕਿ ਖ਼ਾਲਸਾ ਵਾਹਿਗੁਰੂ ਦੇ ਭੈ ਵਿਚ ਟੁਰਦੇ ਲੋਕਾਂ ਦੀ ਉਹ ਜਥੇਬੰਦੀ ਹੈ ਜਿਨ੍ਹਾਂ ਲਈ ਗੁਰੂ ਨਾਨਕ ਜੀ ਨੇ ਬੱਝਵੀਆਂ ਰੀਤਾਂ ਰਸਮਾਂ ਦੀਆਂ ਬੇੜੀਆਂ ਤੋਂ ਆਜ਼ਾਦੀ, ਵਾਹਿਗੁਰੂ ਸਾਹਵੇਂ ਬਰਾਬਰੀ ਅਤੇ ਭ੍ਰਾਤਰੀ ਭਾਵ ਦਾ ਦਾਅਵਾ ਕੀਤਾ ਸੀ। ਇਸੇ ਲਈ ਖ਼ਾਲਸੇ ਨੂੰ ਧਾਰਮਿਕ ਖੇਤ੍ਰ ਵਿਚ ਦੈਵੀ ਸਮਾਜਵਾਦ (Spiritual Socialism) ਨਾਲ ਤੁਲਨਾ ਦਿੱਤੀ ਜਾਂਦੀ ਹੈ। ਪੰਥ ਸਾਜਣ ਦੀ ਮਹੱਤਤਾ ਬਾਰੇ ਆਪੂੰ ਗੁਰੂ ਜੀ ਨੇ ਫ਼ਰਮਾਇਆ ਸੀ :
ਸ਼੍ਰੀ ਮੁੱਖ ਤੇ ਕਹਿ ਪੁਨ ਸਮਝਾਯੋ ।ਹਮ ਨੇ ਉਤਮ ਪੰਥ ਚਲਾਯੋ ।
ਲੋਕ ਪ੍ਰਲੋਕ ਵਿਖੇ ਸੁਖਦਾਇਕ । ਰਾਜ ਤੇਜ ਜੁਤਿ ਹਵੈ ਰਿਧ ਘਾਇਕ।
ਤਿਸ ਜਹਾਜ ਪਰ ਚਢਹਿ ਜੁ ਆਇ । ਕੀਟੀ ਤੇ ਗਯੰਦ ਬਨਿ ਜਾਇ।
ਜੇ ਸਯਾਲ ਸਮ ਸਭ ਤੇ ਡਰੇ । ਬਨੈ ਸਿੰਘ, ਸਿੰਘ ਨਾਮ ਜੂ ਧਰੇ।
12
ਰਣਨੀਤੀ, ਅਨੰਦਪੁਰ ਦੀਆਂ ਚਾਰ ਜੰਗਾਂ, ਦੋ ਝੜਪਾਂ ਤੇ ਹੋਰ ਯੁੱਧ
ਰਣਨੀਤੀ—ਖ਼ਾਲਸਾ ਸਾਜਣ ਉਪਰੰਤ ੧੧ ਦੇ ਕਰੀਬ ਜੰਗਾਂ ਗੁਰੂ ਜੀ ਨੂੰ ਲੜਨੀਆਂ ਪਈਆਂ। ਛੇ’ ਦਾ ਮੈਦਾਨ ਤਾਂ ਅਨੰਦਪੁਰ ਹੀ ਰਿਹਾ। ਬਾਕੀ ਪੰਜਾਂ ਵਿਚ ਨਿਰਮੋਹਗੜ੍ਹ, ਬਸਾਲੀ, ਸਰਸਾ, ਚਮਕੌਰ ਅਤੇ ਖਿਦਰਾਣੇ ਦੀ ਢਾਬ (ਮੁਕਤਸਰ) ਮੈਦਾਨ ਬਣੇ । ਇਹ ਠੀਕ ਰਹੇਗਾ ਕਿ ਜੰਗਾਂ ਝੜਪਾਂ ਤੇ ਯੁੱਧਾਂ ਦਾ ਵਰਨਣ ਕਰਨ ਤੋਂ ਪਹਿਲਾਂ ਗੁਰੂ ਜੀ ਦੀ ਰਣਨੀਤੀ ਤੇ ਇਕ ਫਿਰਤੂ ਝਾਤ ਮਾਰ ਲਈ ਜਾਏ । ਗੁਰੂ ਗੋਬਿੰਦ ਸਿੰਘ ਜੀ ਢਾਈ ਫੱਟ, ਤੁਰਤ ਫੁਰਤ ਦੀ ਨੀਤੀ ਵਿਚ ਯਕੀਨ ਰੱਖਦੇ ਸਨ । ਭੰਗਾਣੀ ਦੀ ਇਤਨੀ ਵੱਡੀ ਜੰਗ ਦਾ ਫ਼ੈਸਲਾ ਕੇਵਲ ਸਾਢੇ ਚਾਰ ਘੰਟਿਆਂ (ਡੇਢ ਪਹਰ) ਵਿਚ ਹੋ ਗਿਆ ਸੀ, ਨਦੌਣ ਇਕ ਹੱਲੇ ਵਿਚ ਹੀ ਜਿੱਤਿਆ ਗਿਆ। ਗੁਰੂ ਜੀ ਫ਼ੈਸਲਾ ਤੇ ਉਸ ਤੇ ਅਮਲ ਤੁਰੰਤ ਕਰਦੇ ਸਨ। ਘੋੜੇ ਫੁਰਤੀਲੇ ਤੇ ਰਾਹਕਲੇ ਤੋਪਾਂ ਵੀ ਫੱਟ ਪਹੁੰਚਾ ਦਿੰਦੇ ਸਨ । ਫਿਰ ਹਰ ਜੰਗ ਵਿਚ ਉਨ੍ਹਾਂ ਵਿਰੋਧੀ ਧਿਰ ਨੂੰ ਮਜਬੂਰ ਕੀਤਾ ਸੀ ਕਿ ਉਹ ਉਸ ਥਾਂ ਤੇ ਲੜੇ, ਜਿਥੇ ਗੁਰੂ ਜੀ ਯੁੱਧ ਕਰਨਾ ਲੋੜਦੇ ਸਨ । ਉਸ ਦੀ ਰਣਨੀਤੀ ਦੇ ਮੁੱਢਲੇ ਸਿਧਾਂਤ: ਮਕਸਦ ਸਪੱਸ਼ਟ (ਆਬਜੈਕਟਿਵ), ਸਿੱਧਾ ਤਿੱਖਾ ਹੱਲਾ ਆਫੈਂਸਿਵ, ਸਰਲਤਾ ਕਮਾਨ ਇਕੋ ਹੱਥ, ਅਚਾਨਕ ਹਮਲਾ ਪਰ ਮਹਿਫ਼ੂਜ਼ ਘਾਟਾਂ (ਸਰਪਰਾਈਜ਼ ਤੇ ਸੈਕਿਓਰਟੀ), ਫ਼ੌਜਾਂ ਵਿਚ ਚੜ੍ਹਦੀ ਕਲਾ, ਤੱਤਫ਼ਟਤਾ ਤੇ ਲਚਕ ਸੀ।
ਗੁਰੂ ਜੀ ਵਿਰੋਧੀ ਧਿਰ ਨੂੰ ਇਤਨਾ ਖਪਾ ਤੇ ਥਕਾ ਦਿੰਦੇ ਸਨ ਕਿ ਹਮਲਾਵਰ ਆਪਣੀ ਮੁਹਿੰਮ ਵਿਚੇ ਛੱਡ ਦੌੜਨਾ ਲੋੜਦੇ ਸਨ । ਅਗਵਾਈ ਦੇ ਮੁੱਖ ਅਧਾਰਾਂ ਨੂੰ ਵੀ ਕਦੇ ਢਿੱਲਾ ਨਾ ਛੋੜਿਆ।
ਆਪ ਅੱਗੇ ਹੋ ਕੇ ਅਗਵਾਈ ਕਰਦੇ। ਕਿਸੇ ਜੰਗ ਵਿਚ ਵੀ ਪਿੱਛੇ ਨਹੀਂ ਰਹੇ। ਜ਼ਬਤ ਨੂੰ ਕਿਸੇ ਹੀਲੇ ਢਿੱਲਾ ਨਾ ਹੋਣ ਦਿੰਦੇ । ਜੇ ਬਾਬਾ ਅਜੀਤ ਸਿੰਘ ਮਿੱਥੀ ਹੱਦ ਤੋਂ ਅੱਗੇ ਫੌਜ ਲੈ ਗਏ ਤਾਂ ਉਸ ਨੂੰ ਵੀ ਤਾੜਨਾ ਕੀਤੀ। ‘ਰਹਿਤ ਪਿਆਰੀ ਮੋਹਿ ਕੋ’ ਦਾ ਆਦਰਸ਼ ਹਰ ਸਿੱਖ ਵਿਚ ਭਰ ਦਿੱਤਾ ਸੀ । ਹੌਸਲਾ ਕਦੇ ਨਾ ਢਹਿਣ ਦਿੱਤਾ। ਇਰਵਨ ਨੇ ਖੂਬ ਲਿਖਿਆ ਹੈ ਕਿ ਗੁਰੂ ਨਾਲ ਸਿੱਖਾਂ ਦੀ ਉਨਸ, ਲਗਾਓ ਤੇ ਸਿਦਕ ਅਸਚਰਜਤਾ ਦੀ ਹੱਦ ਤੀਕ ਪੁੱਜਾ ਹੋਇਆ ਸੀ । ਮੌਤ ਦਾ ਡਰ ਉਨ੍ਹਾਂ ਦੀਆਂ ਹੱਡੀਆਂ ਵਿਚ ਨਹੀਂ ਸੀ ਰਿਹਾ। ਹਰ ਕੋਈ ਆਪਣੇ ਆਪ ਨੂੰ ਸਵਾ ਲੱਖ ਬਰਾਬਰ ਗਿਣਦਾ ਸੀ। ਹਰ ਇਕ ਫ਼ੌਜੀ ਦਾ ਇਕ ਦੂਜੇ ਨਾਲ ਸਕੇ ਭਰਾਵਾਂ ਨਾਲੋਂ ਵੱਧ ਪਿਆਰ ਸੀ, “ਸਿੱਖ ਸਿੱਖ ਪੈ ਵਾਰਤ ਪ੍ਰਾਨ” ਦਾ ਨਮੂਨਾ ਹਰ ਕੋਈ ਦੇਖ ਸਕਦਾ ਸੀ। ਹਰ ਸਿੱਖ ਵਿਚ ਗੁਰੂ ਨੇ ਆਪਣਾ ਰੂਪ ਹੀ ਭਰ ਦਿੱਤਾ ਸੀ। ਜਰਨੈਲ ਉਨ੍ਹਾਂ ਜੈਸਾ ਕੋਈ ਹੈ ਨਹੀਂ ਸੀ ਤੇ ਸਿਪਾਹੀ ਵੀ ਕੋਈ ਹੋਰ ਉਨ੍ਹਾਂ ਜਿਹਾ ਨਹੀਂ ਸੀ। ਘੋੜ ਸਵਾਰ ਉਨ੍ਹਾਂ ਜੈਸਾ ਕੋਈ ਹੈ ਨਹੀਂ ਸੀ ਤੇ ਤੈਰਾਕੀ ਉਨ੍ਹਾਂ ਜਿਹੀ ਕੋਈ ਕਰ ਨਹੀਂ ਸੀ ਸਕਦਾ। ਨਿਸ਼ਾਨੇਬਾਜ਼ ਇਤਨੇ ਕਿ ਉੱਡਦੇ ਪੰਛੀ ਫ਼ੰਡ ਲੈਂਦੇ ਤੇ ਤੀਰ-ਅੰਦਾਜ਼ ਐਸੇ ਕਿ ਇਕੋ ਵਾਰੀ ਕਮਾਨ ਵਿਚੋਂ ਚਾਰ ਤੀਰ ਵੱਖ-ਵੱਖ ਨਿਸ਼ਾਨਿਆਂ ਤੇ ਮਾਰ ਲੈਂਦੇ। ਖੱਬੇ ਸੱਜੇ ਦੋਹਾਂ ਹੱਥਾਂ ਨਾਲ ਗੁਰੂ ਜੀ ਤੀਰ ਚਲਾ ਸਕਦੇ ਸਨ । ਤਿੰਨ ਮੀਲ ਤੱਕ ਉਨ੍ਹਾਂ ਦਾ ਛੱਡਿਆ ਤੀਰ ਮਾਰ ਕਰ ਸਕਦਾ ਸੀ । ੨੧੨ ਕਿਸਮ ਦੇ ਹਥਿਆਰ ਉਹ ਵਰਤਣਾ ਤੇ ਚਲਾਣਾ ਜਾਣਦੇ ਸਨ। ਦੁਸ਼ਮਣ ਯੋਧੇ ਦੀ ਵੀ ਬਹੁਤ ਹੀ ਕਦਰ ਕਰਦੇ । ਕਦੇ ਪਗੜੀ ਢੱਠੇ ਤੇ ਵਾਰ ਨਾ ਕਰਨ ਦੇਂਦੇ। ਇਹ ਹੁਕਮ ਵੀ ਦੇ ਰੱਖਿਆ ਸੀ—ਭਾਗੈ ਅਗਰ, ਮਗਰ ਨਹੀਂ ਕੀਜੈ। ਸ਼ਸਤ੍ਰਾਂ ਦਾ ਸਤਿਕਾਰ ਆਪ ਕਰਦੇ ਤੇ ਸਿੱਖਾਂ ਨੂੰ ਕਰਨ ਲਈ ਕਹਿੰਦੇ। ਇਕ ਵਾਰੀ ਸ਼ਸਤ੍ਰ ਉਤਾਰ ਕੇ ਰੱਖੇ ਹੋਏ ਸਨ ਤੇ ਉਤੇ ਸਿੱਖ ਚੌਰ ਵੀ ਕਰ ਰਿਹਾ ਸੀ ਕਿ ਮੱਖੀ ਤੱਕ ਨਾ ਬੈਠੇ । ਸੈਫ ਸਰੋਹੀ ਸੈਹਥੀ ਯਹੈ ਹਮਾਰੇ ਪੀਰ’ ਉਨ੍ਹਾਂ ਦਾ ਹੀ ਬਚਨ ਹੈ । ਕਿਸੇ ਦੀ ਮਾਂ ਬੇਟੀ ਨੂੰ ਹੱਥ ਤੱਕ ਨਾ ਲਗਾਉਣ ਦਾ ਹੁਕਮ ਸੀ। ਹਮ ਲੇ ਜਾਣਹੁ ਪੰਥ ਉਚੇਰੇ’ ਉਨ੍ਹਾਂ ਦਾ ਹੀ ਫ਼ਰਮਾਨ ਸੀ। ਜੰਗ, ਜੰਗ ਨੂੰ ਖ਼ਤਮ ਕਰਨ ਲਈ ਹੀ ਕਰਦੇ। ‘ਸਭ ਹੀਲੇ ਮੁੱਕ ਜਾਣ ਤਾਂ ਤਲਵਾਰ ਦੀ ਮੁੱਠ ਤੇ ਹੱਥ ਰੱਖਣਾ ਧਰਮ ਹੈ,’ ਇਹ ਹੀ ਔਰੰਗਜ਼ੇਬ ਨੂੰ ਲਿਖਿਆ ਸੀ।
ਅਨੰਦਪੁਰ ਦੀ ਪਹਿਲੀ ਜੰਗ-ਸ੍ਰੀ ਗੁਰ ਸੋਭਾ ਦੇ ਲਿਖਾਰੀ ਸੈਨਾਪਤੀ ਨੇ ਲਿਖਿਆ ਹੈ ਕਿ ਅੰਮ੍ਰਿਤ ਛਕ ਕੇ ਬਹੁਤ ਲੋਕੀਂ ਆਪਣੇ ਘਰਾਂ ਨੂੰ ਨਵਾਂ ਉਤਸ਼ਾਹ ਲੈ ਕੇ ਮੁੜੇ। ਜਿੱਥੇ ਵੀ ਉਹ ਪੁੱਜੇ ਉਸ ਇਲਾਕੇ ਨੇ ਆਪਣੇ ਆਪ ਨੂੰ ਸੁਰੱਖਿਅਤ ਪਾਇਆ । ਪਹਾੜੀ ਰਾਜਿਆਂ ਨੇ ਇਹ ਸਭ ਕੁਝ ਆਪਣੇ ਵਿਰੁੱਧ ਹੀ ਜਾਣਿਆ ਅਤੇ ਉਹ ਉਪਰਾਲੇ ਕਰਨ ਲੱਗੇ ਕਿ ਅੱਗੋਂ ਗੁਰੂ ਅੰਮ੍ਰਿਤ ਛਕਾਉਣਾ ਬੰਦ ਕਰ ਦੇਣ। ਉਨ੍ਹਾਂ ਔਰੰਗਜ਼ੇਬ ਨੂੰ ਦੱਖਣ ਲਿਖਿਆ ਕਿ ਇਸ ਉੱਠ ਰਹੀ ਤੇ ਵਧ ਰਹੀ ਤਾਕਤ ਨੂੰ ਰੋਕਿਆ ਜਾਏ। ਭਾਈ ਸੁੱਖਾ ਸਿੰਘ ਕਰਤਾ ਗੁਰ ਬਿਲਾਸ ਅਨੁਸਾਰ ਪਹਾੜੀ ਰਾਜਿਆਂ ਨੇ ਦਿੱਲੀ ਤੋਂ ਕੁਝ ਮੁਫ਼ਤੀਆਂ, ਕਾਜ਼ੀਆਂ ਤੇ ਨਖਸ਼ਬੰਦੀਆਂ ਦੇ ਦਸਤਖ਼ਤਾਂ ਹੇਠਾਂ ਇਕ ਅਰਜ਼ਦਾਸ਼ਤ ਖ਼ਾਸ ਕਾਸਦ ਹੱਥ ਬਾਦਸ਼ਾਹ ਪਾਸ ਭੇਜੀ। ਉਸ ਅਰਜ਼ਦਾਸ਼ਤ ਵਿਚ ਪਿਛਲਾ ਸਾਰਾ ਇਤਿਹਾਸ ਲਿਖਿਆ ਤੇ ਖ਼ਾਲਸਾ ਸਾਜਣ ਦੀ ਵਾਰਤਾ ਲਿਖੀ।
‘ਚਾਰ ਬਰਨ ਇਕ ਜਾ ਇਨ ਕੀਨੇ ।
ਅੰਮ੍ਰਿਤ ਨਿਜ ਉਪਦੇਸ਼ ਸੁ ਕੀਨੇ ।’
ਸਾਨੂੰ ਵੀ ਖ਼ਾਲਸਾ ਸਜਣ ਲਈ ਕਿਹਾ ਪਰ ਅਸਾਂ ਇਨਕਾਰ ਕਰ ਦਿੱਤਾ।ਉਹ (ਗੁਰੂ) ਗੋਬਿੰਦ ਸਿੰਘ ਇਹ ਵੀ ਆਖ ਰਹੇ ਹਨ ਕਿ ਐਸਾ ਖ਼ਾਲਸਾ ਸਾਜਿਆ ਹੈ ਜੋ ਹਿੰਦੂ-ਮੁਸਲਮਾਨਾਂ ਦੀਆਂ ਅੱਖਾਂ ਵਿਚ ਤੀਲੇ ਵਾਂਗੂੰ ਰੜਕੇਗਾ ਅਤੇ ਦੋਹਾਂ ਨੂੰ ਚੈਨ ਨਾਲ ਸੌਣ ਨਹੀਂ ਦੇਵੇਗਾ :
“ਐਸਾ ਪੰਥ ਚਲਾਉਂਗੇ ਜਾਣੈਗਾ ਸਭ ਕੋਇ।
ਹਿੰਦੂ ਮੁਸਲਮਾਨ ਕੇ ਚਪਲ ਮੇ ਤ੍ਰਿਣ ਹੋਇ।
ਰੜਕੇਗਾ ਵਹੁ ਦੋਹਨ ਕੇ ਸੋਇ ਨ ਸਕਹਿ ਰੈਨ।
ਹਿੰਦੂ ਮੁਸਲਮਾਨ ਕੋ ਆਵੈ ਨਾਹੀ ਚੈਨ।’
ਅਤੇ ਮਲੇਛ ਦੀ ਸਫ਼ਾ ਉਠਾ ਦਿੱਤੀ ਜਾਏਗੀ। ਗੁਰ ਇਕ ਇਨਕਲਾਬ ਜਿਹਾ ਵਰਪਾ ਕਰ ਰਹਿਆ ਹੈ। ਆਖ਼ਿਰ ਵਿਚ ਬੇਨਤੀ ਕੀਤੀ ਕਿ :
‘ਅਬ ਹਮਰੋ ਉਪਰਾਲਾ ਕੀਜੈ ।
ਅਨੰਦ ਗਢ ਹਮ ਕੋ ਲੈ ਦੀਜੈ ।’
ਇਧਰ ਰਾਜਾ ਕਹਿਲੂਰ ਨੇ ਹੰਡੂਰ ਨੂੰ ਲਿਖਿਆ ਕਿ ਅਨੰਦਪੁਰ ਦਾ ਘੇਰਾ ਘਤਿ ਕੇ ਯੁੱਧ ਕਰਨਾ ਚਾਹੀਦਾ ਹੈ। ਪਰ ਉਹ ਸਾਰੇ ਹੀ ਗੁਰੂ ਜੀ ਦੀ ਮਜ਼ਬੂਤ ਸ਼ਕਤੀ ਨੂੰ ਜਾਣਦੇ ਸਨ, ਇਸ ਲਈ ਔਰੰਗਜ਼ੇਬ ਦੇ ਹੁਕਮ ਦੀ ਉਡੀਕ ਵਿਚ ਸਨ । ਸਰਹੰਦ ਦੇ ਨਵਾਬ ਨੂੰ ਆਗਿਆ ਮਿਲੀ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਵਧਦੀ ਤਾਕਤ ਨੂੰ ਰੋਕੇ। ਦੀਨਾ ਬੇਗ਼ ਤੇ ਪੈਂਦੇ ਖ਼ਾਨ ਦੀ ਅਗਵਾਈ ਹੇਠਾਂ ਫ਼ੌਜ ਭੇਜੀ ਗਈ। ਅਨੰਦਪੁਰ ਦੇ ਖੁੱਲ੍ਹੇ ਮੈਦਾਨ ਵਿਚ ਜੰਗ ਅਰੰਭ ਹੋ ਗਈ। ਵੱਡੇ ਸਾਹਿਬਜ਼ਾਦੇ ਜੋ ਅਜੇ ਮਸਾਂ ੧੫ ਕੁ ਸਾਲ ਦੇ ਸਨ, ਨੇ ਖ਼ੂਬ ਹੱਥ ਦਿਖਾਏ।
ਸੈਨਾਪਤੀ ਦਾ ਲਿਖਣਾ ਕਿ ਬਾਬਾ ਅਜੀਤ ਸਿੰਘ ਨੇ ਤਕਰੀਬਨ ਸਾਰੀ ਫ਼ੌਜ ਨੂੰ ਹੀ ਭਾਂਜ ਦੇ ਦਿੱਤੀ ਅਤੇ ਰਾਜੇ ਘਬਰਾ ਗਏ :
ਰਾਜਨ ਕੀ ਸੁਧਿ ਬੁਧਿ ਗਈ ਭਯੋ ਜੁਧ ਜਬ ਜੋਰ ।
ਲਰਤ ਸਿੰਘ ਰਣਜੀਤ ਤਹ, ਫ਼ਉਜ ਦਈ ਸਬ ਮੋਰ ‘ । ੩੧। ੩੨੭।
ਫ਼ੌਜ ਨੂੰ ਪਿੱਛੇ ਮੁੜਦਾ ਦੇਖ ਪੈਂਦੇ ਖ਼ਾਨ ਅੱਗੇ ਵਧਿਆ ਅਤੇ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਲਲਕਾਰਿਆ ਕਿ ਉਹ ਸਿੱਧੇ ਮੁਕਾਬਲੇ ਲਈ ਸਾਹਮਣੇ ਆਉਣ। ਪੈਂਦੇ ਖ਼ਾਨ ਦਾ ਸਾਰਾ ਸਰੀਰ ਸੰਜੋਅ ਨਾਲ ਢਕਿਆ ਹੋਇਆ ਸੀ, ਕੇਵਲ ਕੰਨ ਹੀ ਢੱਕੇ ਬਗ਼ੈਰ ਸਨ। ਪੈਂਦੇ ਖ਼ਾਨ ਨੇ ਪਹਿਲਾਂ ਤੀਰ ਚਲਾਏ, ਪਰ ਗੁਰੂ ਜੀ ਤੱਕ ਪਹੁੰਚ ਹੀ ਨਾ ਸਕੇ। ਗੁਰੂ ਜੀ ਨੇ ਘੋੜੇ ਨੂੰ ਮੋੜ ਕੇ, ਪੈਂਦੇ ਖ਼ਾਨ ਦੇ ਕੰਨਾਂ ਦਾ ਨਿਸ਼ਾਨਾ ਬਣਾ ਕੇ ਐਸਾ ਤੀਰ ਮਾਰਿਆ ਕਿ ਉਹ ਉਥੇ ਹੀ ਚਿੱਤ ਹੋ ਗਿਆ। ਦੀਨਾ ਬੇਗ਼ ਵੀ ਸਖ਼ਤ ਫੱਟੜ ਹੋਇਆ ਤੇ ਫ਼ੌਜਾਂ ਸਮੇਤ ਉਹ ਭੱਜ ਉਠਿਆ। ਇਹ ਜੰਗ ਦਸੰਬਰ, ੧੬੯੯/ਜਨਵਰੀ, ੧੭੦੦ ਈ: ਨੂੰ ਹੋਈ। ਗੁਰੂ ਜੀ ਨੇ ਇਹ ਜਾਣ ਲਿਆ ਸੀ ਕਿ ਜੰਗਾਂ ਦਾ ਮੁੱਢ ਹੈ, ਸੋ ਉਨ੍ਹਾਂ ਕਿਲ੍ਹੇ ਹੋਰ ਮਜ਼ਬੂਤ ਕਰ ਲਏ।
ਅਨੰਦਪੁਰ ਦੀ ਦੂਜੀ ਜੰਗ—ਸ਼ਹਿਜ਼ਾਦਾ ਮੁਅੱਜ਼ਮ ਕੋਈ ਖ਼ਾਸ ਦਿਲਚਸਪੀ ਨਹੀਂ ਸੀ ਲੈ ਰਿਹਾ ਅਤੇ ਪੰਜਾਬ ਦਾ ਕੋਈ ਗਵਰਨਰ ਵੀ ਨਹੀਂ ਸੀ । ਔਰੰਗਜ਼ੇਬ ਨੇ ੧੪ ਅਕਤੂਬਰ, ੧੭੦੦ ਈ: ਨੂੰ ਜ਼ਬਰਦਸਤ ਖ਼ਾਨ ਨੂੰ ਪੰਜਾਬ ਦਾ ਗਵਰਨਰ ਥਾਪਿਆ ਪਰ ਉਹ ਪੁੱਜ ਨਾ ਸਕਿਆ। ਪਹਾੜੀ ਰਾਜਿਆਂ ਨੇ ਆਪੂੰ ਹੀ ਸਾਂਝੇ ਹਮਲੇ ਦਾ ਫ਼ੈਸਲਾ ਕੀਤਾ ਤੇ ਅਨੰਦਪੁਰ ਛੱਡਣ ਲਈ ਆਖ਼ਰੀ ਚੇਤਾਵਨੀ ਭੇਜੀ ਕਿ ਗੁਰੂ ਈਨ ਮੰਨਣ, ਅਨੰਦਪੁਰ ਵਾਲੀ ਜ਼ਮੀਨ ਦਾ ਕਿਰਾਇਆ ਦੇਣ ਅਤੇ ਅੱਗੇ ਤੋਂ ਹਰ ਸਾਲ ਕਰ ਦਿੰਦੇ ਰਹਿਣ। ਗੁਰੂ ਜੀ ਨੇ ਉੱਤਰ ਵਜੋਂ ਇਹ ਹੀ ਲਿਖਿਆ ਕਿ ਜ਼ਮੀਨ ਦਾ ਪੂਰਾ ਮੁੱਲ ਗੁਰ-ਪਿਤਾ ਤੇਗ਼ ਬਹਾਦਰ ਜੀ ਨੇ ਤਾਰ ਦਿੱਤਾ ਸੀ ਅਤੇ ਹੋਰ ਅਦਾਇਗੀ ਨੇਜ਼ੇ ਦੀ ਨੋਕ ਤੇ ਹੀ ਹੋ ਸਕਦੀ ਹੈ। ਅਭਿਮਾਨ ਵਿਚ ਕੋਈ ਗੱਲ ਰਾਜਿਆਂ ਨੂੰ ਨਹੀਂ ਕਰਨੀ ਚਾਹੀਦੀ।
ਪਹਾੜੀ ਰਾਜਿਆਂ ਨੇ ਜੰਗ ਦਾ ਐਲਾਨ ਕਰ ਦਿੱਤਾ ਅਤੇ ਮੁਕਾਮੀ ਰੰਘੜਾਂ ਤੇ ਗੁੱਜਰਾਂ ਨੂੰ ਵੀ ਆਪਣੀ ਫ਼ੌਜ ਵਿਚ ਸ਼ਾਮਲ ਕਰ ਕੇ ਅਨੰਦਪੁਰ ਤੇ ਹਮਲਾ ਬੋਲ ਦਿੱਤਾ। ਜਦ ਸਿੱਖਾਂ ‘ ਅਨੰਦਪੁਰ ਤੇ ਫਿਰ ਹਮਲੇ ਦੀ ਖ਼ਬਰ ਸੁਣੀ ਤਾਂ ਉਹ ਅਨੰਦਪੁਰ ਵੱਲ ਹਥਿਆਰਾਂ ਸਮੇਤ ਚੱਲ ਪਏ । ਘੇਰਾ ਪਾਈ ਫ਼ੌਜਾਂ ਦੇ ਪਿਛੋਂ ਮਾਝੇ ਤੇ ਮਾਲਵੇ ਤੋਂ ਆਏ ਸਿੰਘਾਂ ਨੇ ਐਸਾ ਹਮਲਾ ਕੀਤਾ ਕਿ ਪਹਾੜੀਆਂ ਤੇ ਰੰਘੜਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਭਾਈ ਦਇਆ ਸਿੰਘ, ਆਲਮ ਸਿੰਘ ਅਤੇ ਉਦੈ ਸਿੰਘ ਨੇ ਐਸੇ ਹੱਥ ਦਿਖਾਏ ਕਿ ਵਿਰੋਧੀ ਫ਼ੌਜਾਂ ਦਾ ਸੰਭਲਣਾ ਮੁਸ਼ਕਿਲ ਹੋ ਗਿਆ। ਅੰਦਰੋਂ, ਬਾਹਰੋਂ ਵਾਰ ਹੁੰਦੇ ਦੇਖ ਪਹਾੜੀ ਰਾਜੇ ਸ਼ਾਮ ਹੋਣ ਤੋਂ ਪਹਿਲਾਂ ਹੀ ਪਿੱਛੇ ਹਟ ਗਏ। ਦੂਜੇ ਦਿਨ ਫਿਰ ਉਨ੍ਹਾਂ ਹਮਲੇ ਕੀਤੇ ਪਰ ਸਿੱਧੇ ਟਾਕਰੇ ਸਫ਼ਲਤਾ ਪ੍ਰਾਪਤ ਨਾ ਕਰਦੇ ਦੇਖ ਅਨੰਦਪੁਰ ਦਾ ਪੱਕਾ ਘੇਰਾ ਘੱਤ ਲਿਆ । ਬਾਹਰੋਂ ਰਸਦਾਂ ਤੇ ਰੁਕਾਵਟ ਪਾ ਦਿੱਤੀ। ਦੋ ਮਹੀਨੇ ਉਨ੍ਹਾਂ ਘੇਰੀ ਰੱਖਿਆ ਪਰ ਅੰਦਰੋਂ ਢਹਿੰਦੀ ਕਲਾ ਦੇ ਜਦ ਕੋਈ ਸੰਕੇਤ ਨਾ ਮਿਲੇ ਤਾਂ ਮਸਤ ਹਾਥੀ ਤੋਂ ਅਨੰਦਗੜ੍ਹ ਕਿਲ੍ਹੇ ਦਾ ਦਰਵਾਜ਼ਾ ਤੁੜਵਾਉਣ ਦੀ ਵਿਉਂਤ ਉਨ੍ਹਾਂ ਬਣਾਈ। ਗੁਰੂ ਜੀ ਨੂੰ ਜਦ ਇਸ ਮਨਸੂਬੇ ਦਾ ਪਤਾ ਲੱਗਾ ਤਾਂ ਉਨ੍ਹਾਂ ਮੁਸਕਰਾ ਕੇ ਕਿਹਾ ਕਿ ਉਨ੍ਹਾਂ ਪਾਸ ਵੀ ਇਕ ਹਾਥੀ ਹੈ। ਉਨ੍ਹਾਂ ਦਾ ਇਸ਼ਾਰਾ ਦੁਨੀ ਚੰਦ ਵੱਲ ਸੀ। ਦੁਨੀ ਚੰਦ ਤਾਂ ਇਹ ਸੁਣ ਕੇ ਕਿਲ੍ਹੇ ਦੀ ਦੀਵਾਰ ਟੱਪ ਕੇ ਭੱਜ ਗਿਆ ਤੇ ਲੱਤ ਵੀ ਤੁੜਵਾ ਬੈਠਾ।
ਭਾਈ ਦੁਨੀ ਚੰਦ ਭਾਈ ਸਾਲੋ ਦੇ ਖ਼ਾਨਦਾਨ’ ਵਿਚੋਂ ਸਨ ਤੇ ਜਦ ਉਹ ਲੱਤ ਤੁੜਵਾ ਕੇ ਘਰ ਪੁੱਜੇ ਤਾਂ ਸਭ ਨੇ ਫਿਟਕਾਰ ਪਾਈ । ਸੱਪ ਲੜਨ ਨਾਲ ਦੁਨੀ ਚੰਦ ਦੀ ਮੌਤ ਹੋਈ। ਦੁਨੀ ਚੰਦ ਜੀ ਦੇ ਦੋਵੇਂ ਪੋਤਰੇ ਭਾਈ ਅਨੂਪ ਸਿੰਘ ਤੇ ਭਾਈ ਸਰੂਪ ਸਿੰਘ ਪਿਤਾ ਦਾ ਦਾਗ਼ ਧੋਣ ਲਈ ਅਨੰਦਪੁਰ ਵੱਲ ਚੱਲ ਪਏ ਸਨ
‘ਦੋਇ ਪੋਤਰੇ ਸੁਨਿ ਅਪਵਾਦਾ।
ਨਹੀਂ ਸਹਾਰਤ ਹੋਤਿ ਬਿਖਾਦਾ ।’
ਇਨ੍ਹਾਂ ਦੋਵਾਂ ਨੇ ਨਿਰਮੋਹ ਗੜ੍ਹ ਦੀ ਜੰਗ ਵਿਚ ਸ਼ਹਾਦਤ ਪਾਈ। ਦੁਨੀ ਚੰਦ ਦੇ ਭੱਜ ਜਾਣ ਤੇ ਮਹਾਰਾਜ ਨੇ ਫ਼ਰਮਾਇਆ ਸੀ ਕਿ ਕੈਸਾ ਮੂੜ੍ਹ ਹੈ ਦੁਨੀ ਚੰਦ ਜੋ ਹਾਥੀ ਦੇ ਟਾਕਰੇ ਵਿਚ ਮੌਤ ਤੋਂ ਡਰ ਭੱਜਿਆ ਹੈ ਅਤੇ ਉਹ ਨਹੀਂ ਜਾਣਦਾ ਕਿ ਮੌਤ ਤਾਂ ਹਰ ਪਲ, ਹਰ ਕਦਮ ਤੇ ਹਰ ਹਾਲ ਖੜ੍ਹੀ ਹੈ:
“ਆਗੇ ਹੂੰ ਕਾਲ ਧਰੇ ਅਸਿ
ਗਾਜਤ ਛਾਜਤ ਹੈ ਜਿਹ ਤੇ ਨਸਿ ਆਈਐ ॥
ਜਾ ਤੇ ਨ ਛੂਟੀਐ ਮੁੜ ਕਹੂ ਹਸਿ
ਤਾਕੀ ਨਾ ਕਿਉਂ ਸ਼ਰਣਾਗਤਿ ਪਈਐ।”
ਗੁਰ ਬਿਲਾਸ ਨੇ ਵੀ ਕਲਗੀਧਰ ਦੇ ਇਹ ਬਚਨ ਲਿਖੇ ਹਨ :
ਜੋ ਸਨਮੁਖ ਸੋ ਮੇਲ ਲਿਹੁ,
ਭਜੇ ਸੋ ਦੇਵਹੁ ਜਾਨ ।
ਗੁਰੂ ਜੀ ਨੇ ਦਿਨ ਚੜ੍ਹੇ ਭਾਈ ਮਨੀ ਸਿੰਘ ਜੀ ਦੇ ਸਪੁੱਤਰ ਭਾਈ ਬਚਿੱਤਰ ਸਿੰਘ ਜੀ ਨੂੰ ਨਾਗਣੀ ਤੇ ਥਾਪੀ ? ਦੇ ਕੇ ਕਿਲ੍ਹੇ ਦੀ ਦੀਵਾਰ ਤੇ ਭੇਜ ਦਿੱਤਾ। ਪਹਾੜੀਆਂ ਦਾ ਭੇਜਿਆ ਮਸਤ ਹਾਥੀ ਜਦ ਦਰਵਾਜ਼ੇ ਵੱਲ ਵਧਿਆ ਤਾਂ ਭਾਈ ਜੀ ਨੇ ਸਤਿ ਸ੍ਰੀ ਅਕਾਲ ਦਾ ਜੈਕਾਰਾ ਗਜਾ ਕੇ, ਅੱਖ ਦੇ ਫੋਰ ਵਿਚ, ਬਿਜਲੀ ਦੇ ਕੁੰਦਨ ਵਾਂਗ, ਘੋੜੇ ਨੂੰ ਭਜਾ, ਹਾਥੀ ਪਾਸ ਲੈ ਜਾ ਕੇ, ਦੋਨਾਂ ਪੈਰਾਂ ਦਾ ਭਾਰ ਘੋੜੇ ਦੀ ਰਕਾਬ ਵਿਚ ਪਾ ਐਸਾ ਜ਼ੋਰ ਦਾ ਹਾਥੀ ਦੇ ਮਸਤਕ ਬਰਛਾ ਮਾਰਿਆ ਕਿ ਨਾਗਣੀ ਉਸ ਦੇ ਮੱਥੇ ਨੂੰ ਚੀਰ ਗਈ ਤੇ ਹਾਥੀ ਚੀਕਦਾ ਚਹਾੜਦਾ ਪਹਾੜੀ ਫੌਜਾਂ ਨੂੰ ਹੀ ਲਿਤਾੜਨ ਲੱਗਾ।’
ਜਦ ਸਭ ਹੀਲੇ, ਉਪਰਾਲੇ ਨਿਸਫ਼ਲ ਹੋ ਗਏ ਤੇ ਯੁੱਧ ਵਿਚ ਖ਼ਾਲਸੇ ਦਾ ਹੱਥ ਹਰ ਥਾਂ ਉੱਤੇ-ਉੱਤੇ ਹੀ ਦੇਖਿਆ ਤਾਂ ਉਨ੍ਹਾਂ ਦੇ ਵਜ਼ੀਰ ‘ਪੰਮੇ’ (ਪਰਮਾਨੰਦ) ਨੇ ਦਾਅ ਖੇਡਣ ਲਈ ਕਿਹਾ ਕਿ ਗੁਰੂ ਜੀ ਨੂੰ ਬੇਨਤੀ ਕੀਤੀ ਜਾਏ ਕਿ ਕੁਝ ਚਿਰ ਲਈ ਉਹ ਅਨੰਦਪੁਰ ਛੱਡ ਦੇਣ, ਤਾਂ ਕਿ ਉਨ੍ਹਾਂ ਦੀਆਂ ਫ਼ੌਜਾਂ ਵਾਪਸ ਜਾ ਸਕਣ ਤੇ ਉਨ੍ਹਾਂ ਦਾ ਨੱਕ ਨਮੂਜ ਬਚ ਜਾਏ ।
ਇਹ ਬੇਨਤੀ ਉਨ੍ਹਾਂ ਗਊ ਦੇ ਗੋਬਰ ਨਾਲ, ਕਾਗ਼ਜ਼ ਤੇ ਲਿਖ ਕੇ ਅਨੰਦਗੜ੍ਹ ਦੇ ਵੱਡੇ ਦਰਵਾਜ਼ੇ ਤੇ ਚਿਪਕਾ ਦਿੱਤੀ ਤੇ ਨਾਲ ਹੀ ਆਪਣੀ ਸਚਿਆਈ ਦਾ ਯਕੀਨ ਦਿਲਵਾਉਣ ਲਈ ਇਕ ਗਊ ਵੀ ਦਰਵਾਜ਼ੇ ਤੇ ਬੰਨ੍ਹ ਗਏ।
ਗੁਰੂ ਮਹਾਰਾਜ ਨੇ ਵੀ ਵਿਚਾਰ ਕੀਤੀ ਕਿ ਜੇ ਇਤਨੀ ਗੱਲ ਨਾਲ ਉਹ ਘੇਰਾ ਤੋੜਨ ਤੇ ਵਾਪਸ ਜਾਣ ਨੂੰ ਤਿਆਰ ਹਨ ਤਾਂ ਕੋਈ ਹਰਜ ਨਹੀਂ। ਨਾਲ ਹੀ ਉਹ ਮਿਲੇ ਸਮੇਂ ਨੂੰ ਮਾਲਵਾ ਦੇ ਦੌਰੇ ਲਈ ਵਰਤਣਾ ਚਾਹੁੰਦੇ ਸਨ। ਸੋ ਪਰਉਪਕਾਰੀ ਗੁਰੂ ਨੇ ਆਪਣੀਆਂ ਫ਼ੌਜਾਂ ਸਮੇਤ ਅਨੰਦਪੁਰ ਛੱਡ ਦਿੱਤਾ ਤੇ ਤਿੰਨ ਮੀਲ ਦੂਰ ਪਿੰਡ ਨਿਰਮੋਹੀ ਜਾ ਟਿਕੇ। ਸੈਨਾਪਤੀ ਦੇ ਸ਼ਬਦਾਂ ਵਿਚ :
ਸਰਵਨ ਸੁਨਤ ਗੋਬਿੰਦ ਸਿੰਘ ਦਾਤੇ !
ਛਾਡੀ ਠਉਰ ਕਰੀ ਯਹ ਬਾਤੇ।
ਪੁਰ ਨਿਰਮੋਹ ਕੀਨੋ ਬਿਸਰਾਮਾ।
ਭੇਜੀ ਫ਼ੌਜ ਹਨਨ ਕੋ ਗਰਾਮਾ। ੪੦। ੩੩੭ |
ਨਿਰਮੋਹੀ ਦੀ ਜੰਗ-ਨਿਰਮੋਹੀ ਇਕ ਉੱਚੇ ਟਿੱਬੇ ਤੇ ਕੱਚੀ ਗੜ੍ਹੀ ਸੀ ਜੋ ਗੁਰੂ ਜੀ ਨੇ ਪਿੰਡ ਲਾਗੇ ਆਪੂੰ ਹੀ ਬਣਵਾਈ ਸੀ। ਇਹ ਪਨਾਹਗਾਹ ਵੀ ਸੀ ਤੇ ਬਾਹਰੋਂ ਆਏ ਹਮਲਾਵਰਾਂ ਨੂੰ ਅਨੰਦਪੁਰ ਤੋਂ ਬਾਹਰ ਹੀ ਰੋਕਣ ਦੀ ਚੰਗੀ ਥਾਂ ਵੀ ਸੀ। ਗੁਰੂ ਜੀ ਅਜੇ ਨਿਰਮੋਹੀ ਪੁੱਜੇ ਸਨ ਕਿ ਕਹਿਲੂਰ ਦੀਆਂ ਫ਼ੌਜਾਂ ਨੇ ਹੱਲਾ ਬੋਲ ਦਿੱਤਾ। ਸਿੱਖ ਫ਼ੌਜਾਂ ਅਜੇ ਪਿੱਛੇ ਆ ਰਹੀਆਂ ਸਨ । ਪਹਾੜੀਆਂ ਦਾ ਖ਼ਿਆਲ ਸੀ ਕਿ ਤੋਪਾਂ ਦੀ ਮਾਰ ਅੱਗੇ ਇਹ ਗੜ੍ਹੀ ਪਲ ਭਰ ਵੀ ਨਹੀਂ ਟਿਕਣ ਲੱਗੀ ਪਰ ਗੁਰੂ ਜੀ ਦੇ ਤੀਰਾਂ ਅੱਗੇ ਮੁਗ਼ਲਈ ਫ਼ੌਜ ਇਕ ਮੁੱਠ ਨਾ ਹੋ ਸਕੀ ਤੇ ਹਫੜਾ-ਦਫੜੀ ਹੀ ਪਈ ਰਹੀ। ਅਜਮੇਰ ਚੰਦ ਨੇ ਧਰੀਕ ਕੇ ਤੋਪ ਗੜ੍ਹੀ ਦੇ ਸਾਹਮਣੇ ਰਾਤ ਨੂੰ ਲੈ ਆਂਦੀ ਤੇ ਤੋਪਚੀ ਨੂੰ ਭਰਪੂਰ ਗੋਲੇ ਦਾਗਣ ਲਈ ਕਿਹਾ।ਤੋਪਚੀ ਦਾ ਇਕ ਗੋਲਾ ਨਿਸ਼ਾਨੇ ਤੇ ਬੈਠਿਆ ਤੇ ਗੁਰੂ ਜੀ ਤੇ ਚੌਰ ਕਰਦੇ ਸਿੰਘ ਨੂੰ ਲੱਗਾ ਤੇ ਉਹ ਉਥੇ ਹੀ ਸ਼ਹੀਦ ਹੋ ਗਿਆ। ਤੋਪਚੀ ਦੂਜਾ ਗੋਲਾ ਦਾਗ਼ਣ ਹੀ ਲੱਗਾ ਸੀ ਕਿ ਮਹਾਰਾਜ ਨੇ ਉਸ ਦਾ ਨਿਸ਼ਾਨਾ ਬੰਨ੍ਹ ਕੇ ਐਸਾ ਤੀਰ ਚਲਾਇਆ ਕਿ ਉਹ ਥਾਂ ਹੀ ਚਿੱਤ ਹੋ ਗਿਆ। ਇਤਨੇ ਨੂੰ ਸਿੱਖ ਫ਼ੌਜਾਂ ਨੇ ਧਾਵਾ ਬੋਲ ਦਿੱਤਾ ਤੇ ਪਹਾੜੀਆਂ ਨੇ ਲੁੱਕ ਕੇ ਜਾਨ ਬਚਾਈ।
ਹੋਰ ਕੋਈ ਰਾਹ ਨਾ ਦੇਖ ਕੇ ਅਜਮੇਰ ਚੰਦ ਨੇ ਔਰੰਗਜ਼ੇਬ ਨੂੰ ਛੇਤੀ ਮਦਦ ਭੇਜਣ ਲਈ ਲਿਖਿਆ। ਔਰੰਗਜ਼ੇਬ ਨੇ ਅੱਗੋਂ ਵਜ਼ੀਰ ਖ਼ਾਨ ਨੂੰ ਆਪੂੰ ਫ਼ੌਜਾਂ ਲੈ ਕੇ ਨਿਰਮੋਹੀ ਤੇ ਧਾਵਾ ਬੋਲਣ ਲਈ ਲਿਖਿਆ।
ਪਹਾੜੀਆਂ ਤੇ ਸਰਹੰਦੀ ਫ਼ੌਜਾਂ ਨੇ ਨਿਰਮੋਹੀ ਨੂੰ ਅਕਤੂਬਰ ੧੭੦੧ ਨੂੰ ਘੇਰ ਲਿਆ। ਇਧਰ ਸਿੱਖ ਫ਼ੌਜਾਂ ਵੀ ਪੁੱਜ ਗਈਆਂ ਸਨ। ਘਮਸਾਨ ਦਾ ਜੰਗ ਹੋਇਆ ਤੇ ਤਗੜੀ ਕਟਾ ਵੱਢੀ ਹੋਈ। ਜੰਗ ਦਾ ਨਕਸ਼ਾ ਸੈਨਾਪਤੀ ਨੇ ਇਸ ਤਰ੍ਹਾਂ ਖਿੱਚਿਆ ਹੈ :
ਤੋਪ ਛੁਟੇ ਗਰਜੈ ਘਨ ਮੈ,
ਲਰਜੈ ਹੀਅਰਾ ਸੁ ਮਰਜੈ ਭਇ ਮਾਹੀ।
ਐਸੋ ਮਨੋਜ ਚਲੈ ਭਵ ਚਾਲ,
ਹਲੈ ਬਸੁਧਾ ਸਮ ਤਾਸ ਕੀ ਆਹੀ।
ਦਾਮਨਿ ਜਿਯੋ ਚਮਕੈ ਤਿਹ ਠਹੁਰ ਸੁ,
ਲਾਗਤ ਜਾਮ ਗਹੀ ਸੁ ਤਹਾ ਹੀ।
ਸੰਤ ਮਨੋ ਬਰਖੈ ਘਨ ਤੇ ਤਹਾ,
ਗੋਲਾ ਚਲੈ ਸਮਤਾ ਸੁ ਅਸਾਹੀ।
ਤਕਰੀਬਨ ਤਿੰਨ ਘੰਟੇ? ਲੜਾਈ ਹੁੰਦੀ ਰਹੀ। ਮਹਾਰਾਜ ਨੇ ਫ਼ੈਸਲਾ ਕੀਤਾ ਕਿ ਸਾਂਝੀਆਂ ਫ਼ੌਜਾਂ ਨੂੰ ਤਗੜੀ ਹਾਰ ਦੇਣ ਦੀ ਲੋੜ ਹੈ, ਸੋ ਇਕੋ ਵਾਰ ਹੀ ਧਾਵਾ ਬੋਲ ਦਿੱਤਾ ਜਾਏ। ਸੋ ਇਕ ਤਗੜਾ ਹਮਲਾ ਕੀਤਾ ਜਿਸ ਨਾਲ ਪਹਾੜੀਏ ਤੇ ਸਰਹੰਦ ਤੋਂ ਹੁਣੇ-ਹੁਣੇ ਆਏ ਫ਼ੌਜੀ ਘਬਰਾ ਗਏ। ਸਰਹੰਦ ਦਾ ਨਵਾਬ ਵੀ ਜਾਣ ਗਿਆ ਕਿ ਗੁਰੂ ਜੀ ਤੇ ਕਾਬੂ ਪਾਉਣਾ ਇਤਨਾ ਸਹਿਲ ਨਹੀਂ ਹੈ ਜਿਤਨਾ ਪਹਾੜੀ ਰਾਜੇ ਦੱਸਦੇ ਰਹੇ ਹਨ। ਸੋ ਉਸ ਨੇ ਚੰਗੀ ਨੀਤੀ ਇਹ ਹੀ ਜਾਣੀ ਕਿ ਵੱਡੀ ਫ਼ੌਜ ਲਿਆ ਕੇ ਇਕ ਵਾਰ ਹੀ ਅਨੰਦਪੁਰ ਤੇ ਕਬਜ਼ਾ ਕੀਤਾ ਜਾਏ। ਉਹ ਵਾਪਸ ਚਲਾ ਗਿਆ ਤੇ ਪਹਾੜੀ ਰਾਜੇ ਵੀ ਪਿਛਾਂਹ ਹਟ ਗਏ। ਇਧਰ ਗੁਰੂ ਜੀ ਨੇ ਵੀ ਵਿਚਾਰਿਆ ਕਿ ਬਸਾਲੀ ਛਾਉਣੀ ਪਾਉਣੀ ਚਾਹੀਦੀ ਹੈ। ਇਕ ਤਾਂ ਪੈਂਡਾ ਬਿਖੜਾ ਹੈ, ਦੂਜੇ ਬਸਾਲੀ ਦਾ ਰਾਜਾ ਸ਼ਰਧਾਲੂ ਹੈ ਤੇ ਉਥੇ ਰਸਦ ਪਾਣੀ ਦੀ ਤੋਟ ਨਹੀਂ ਆਵੇਗੀ। ਸੋ ਗੁਰੂ ਜੀ ਬਸਾਲੀ ਅਗਲੇ ਦਿਨ ਪੁੱਜ ਗਏ ਤੇ ਬਸਾਲੀ ਦੇ ਰਾਜੇ ਨੇ ਖ਼ੁਸ਼ੀ ਪ੍ਰਗਟ ਕੀਤੀ ਕਿ ਗੁਰੂ ਜੀ ਨੇ ਉਸ ਦੇ ਰਾਜ ਵਿਚ ਚਰਨ ਪਾਏ ਹਨ ਅਤੇ ਹਰ ਪ੍ਰਕਾਰ ਦੀ ਸਹਾਇਤਾ ਪੇਸ਼ ਕੀਤੀ।
ਬਸਾਲੀ ਦੀ ਜੰਗ ਤੇ ਰਾਜਿਆਂ ਦੀ ਈਨ ਮੰਨਣੀ-ਬਸਾਲੀ ਦੇ ਰਾਜਾ ਨੇ ਜਿਸ ਉਮਾਹ ਚਾਅ ਨਾਲ ਮਹਾਰਾਜ ਦਾ ਸੁਆਗਤ ਕੀਤਾ, ਇਹ ਦੇਖ ਪਹਾੜੀ ਰਾਜਿਆਂ ਨੂੰ ਅੱਗ ਹੀ ਲੱਗ ਗਈ। ਬਾਕੀਆਂ ਨੇ ਤਾਂ ਚੁੱਪ ਵੱਟ ਲਈ ਪਰ ਕਹਿਲੂਰ ਦੇ ਅਜਮੇਰ ਚੰਦ ਨੇ ‘ਮੱਖੀ ਨੱਕ ਤੇ ਬੈਠ ਗਈ’ ਕਹਿ ਕੇ ਬਸਾਲੀ ਤੇ ਹੱਲਾ ਬੋਲ ਦਿੱਤਾ ਅਤੇ ਬਸਾਲੀ ਦੇ ਲਾਗੇ ਕਾਲਮੋਟ ਦੇ ਪਿੰਡ ਦੇ ਲੋਕਾਂ ਨੂੰ ਕਿਹਾ ਕਿ ਜੇ ਗੁਰੂ ਜੀ ਨੂੰ ਤੁਸਾਂ ਨਾ ਭਜਾਇਆ ਤਾਂ ਤੁਹਾਡਾ ਪਿੰਡ ਤੁਰਕ ਤਬਾਹ ਕਰ ਦੇਣਗੇ। ਕਾਲਮੇਟ ਦੇ ਲੋਕਾਂ ਨੇ ਰਾਹ ਵਿਚ ਹੀ ਸਿੰਘਾਂ ਨੂੰ ਘੇਰ ਲਿਆ। ਜਦ ਮਹਾਰਾਜ ਨੂੰ ਪਤਾ ਲੱਗਾ ਤਾਂ ਉਨ੍ਹਾਂ ਕਾਲਮੋਟ ਤੇ ਹੱਲਾ ਬੋਲ ਦਿੱਤਾ ਤੇ ਕਾਲਮੋਟ ਦਾ ਘੇਰਾ ਘਤਿ ਲਿਆ। ਐਸੇ ਵਾਰ ਕਲਗੀ ਵਾਲੇ ਨੇ ਕੀਤੇ ਕਿ ਕਾਲਮੋਟ ਵਾਲੇ ਤ੍ਰਾਹ-ਤ੍ਰਾਹ ਕਰ ਉੱਠੇ ਤੇ ਪਿੰਡ ਛੱਡ ਭੱਜ ਉੱਠੇ।
ਕਲਮੋਟੀਆਂ ਤੇ ਕਹਿਲੂਰ ਨੇ ਇਕੱਠੇ ਹੋ ਕੇ ਹੁਣ ਕਲਮੋਟ ਤੇ ਚੜ੍ਹਾਈ ਕੀਤੀ ਤੇ ਸਾਰੀ ਰਾਤ ਉਹ ਤੀਰਾਂ ਦੀ ਬਾਰਸ਼ ਕਰਦੇ ਰਹੇ। ਕਲਮੋਟ ਬਹੁਤ ਉੱਚਾ ਸੀ, ਸੋ ਇਕ ਤੀਰ ਵੀ ਨਿਸ਼ਾਨੇ ਤੇ ਨਾ ਲੱਗਾ। ਸਵੇਰ ਹੁੰਦੇ ਸਾਰ ਮਹਾਰਾਜ ਐਸਾ ਹੱਲਾ ਬੋਲਿਆ ਕਿ ਕਲਮੋਟੀਆਂ ਤੇ ਰਾਜਾ ਕਹਿਲੂਰ’ ਨੇ ਈਨ ਮੰਨ ਲਈ ਤੇ ਸਭ ਨੇ ਭਲਾ ਇਸ ਵਿਚ ਹੀ ਜਾਣਿਆ ਕਿ ਮਹਾਰਾਜ ਨਾਲ ਨਾ ਵਿਗਾੜੀ ਜਾਏ। ਗੁਰੂ ਗੋਬਿੰਦ ਸਿੰਘ ਜੀ ਵੀ ਅਨੰਦਪੁਰ ਮੁੜ ਆਏ।
ਕੁਰੂਕਸ਼ੇਤਰ ਤੇ ਲੱਖੀ ਜੰਗਲ-ਅਨੰਦਪੁਰ ਗੁਰੂ ਜੀ ਨਵੰਬਰ, ੧੭੦੨ ਦੇ ਅਖ਼ੀਰ ਪੁੱਜੇ ਸਨ। ਅਜੇ ਉਥੇ ਟਿਕਿਆਂ ਥੋੜ੍ਹਾ ਹੀ ਚਿਰ ਹੋਇਆ ਸੀ ਕਿ ਕੁਰੂਕਸ਼ੇਤਰ ਦਾ ਸੂਰਜ ਗ੍ਰਹਿਣ ਦਾ ਮੇਲਾ ਨੇੜੇ ਆਇਆ ਸੁਣ ਕੇ ਆਪ ਜੀ ਨੇ ਉਥੇ ਪੁੱਜਣ ਦਾ ਫ਼ੈਸਲਾ ਕੀਤਾ।
ਉਹ ਚਾਹੁੰਦੇ ਸਨ ਕਿ ਧਰਮ ਕੁਰੂਕਸ਼ੇਤਰ ਤੇ ਇਕੱਠੇ ਲੋਕਾਂ ਨੂੰ ਧਰਮ ਯੁੱਧ ਦਾ ਚਾਅ ਭਰਿਆ ਜਾਏ। ਗੁਰੂ ਨਾਨਕ ਜੀ ਨੇ ਉਥੇ ਪੁੱਜ ਕੇ ਹੰਕਾਰੀ ਪੰਡਤਾਂ ਦਾ ਹੰਕਾਰ ਭੰਨਿਆ ਸੀ। ਹੁਣ ਲੋੜ ਸੀ ਕਿ ਵਹਿਮਾਂ ਵਿਚ ਫਸੀ ਜਨਤਾ ਨੂੰ ਉਤਾਂਹ ਉਠਾਇਆ ਜਾਏ। ਜਦ ਪੰਡਿਤਾਂ ਨੇ ਕੁਝ ਦੱਖਣਾ ਦੇਣ ਲਈ ਕਿਹਾ ਤਾਂ ਪਹਿਲਾਂ ਆਪ ਨੇ ਇਨਕਾਰ ਕੀਤਾ ਪਰ ਜਦ ਪੰਡਤਾਂ ਨੇ ਜ਼ਿੱਦ ਹੀ ਪਕੜ ਲਈ ਤਾਂ ਆਪ ਜੀ ਨੇ ਦੱਖਣਾ ਵਿਚ ਗਧਾ ਦਿੱਤਾ ਅਤੇ ਚੰਦਨ ਦਾਸ ਦਾ ਭਰਮ ਜਾਲ ਤੋੜਿਆ । ਉਥੇ ਸਦਾ-ਬਰਤ ਲੰਗਰ ਲਗਾ ਕੇ ਲੰਗਰ ਦੀ ਮਹਿਮਾ ਦਰਸਾਈ।
ਕੁਰੂਕਸ਼ੇਤਰ ਤੋਂ ਆਪ ਜੀ ਲੱਖੀ ਜੰਗਲ ਵੀ ਗਏ ਅਤੇ ਸਿੱਖਾਂ ਨੂੰ ਅੰਮ੍ਰਿਤ ਛਕ ਕੇ ਤਿਆਰ-ਬਰ-ਤਿਆਰ ਰਹਿਣ ਦੀ ਪ੍ਰੇਰਨਾ ਦਿੱਤੀ। ਲੱਖੀ ਜੰਗਲ ਸਿੱਖ ਪੰਥ ਦੀ ਰੀੜ੍ਹ ਦੀ ਹੱਡੀ ਸੀ ਤੇ ਉਸ ਨੂੰ ਮਜ਼ਬੂਤ ਰੱਖਣਾ ਬਹੁਤ ਜ਼ਰੂਰੀ ਸੀ।
ਲਾਹੌਰ ਵਿਚ ਤਬਦੀਲੀਆਂ-ਲਾਹੌਰ ਦੇ ਹਾਲਾਤ ਕਾਬੂ ਤੋਂ ਬਾਹਰ ਸਨ। ਹਿਫਜ਼ਉੱਲਾ ਖ਼ਾਨ (ਮੀਆਂ ਖ਼ਾਨ) ਜਿਸ ਨੂੰ ਪੰਜਾਬ ਦਾ ਨਾਇਬ ਨਿਯੁਕਤ ਕੀਤਾ ਸੀ, ਸਿੰਧ ਤੋਂ ਆਉਂਦੇ ਹੀ ਮਰ ਗਿਆ ਤੇ ਨਵਾਂ ਨਾਇਬ ਭਾਲਦਿਆਂ ਕਾਫ਼ੀ ਦੇਰ ਲੱਗ ਗਈ। ਮੀਆਂ ਖ਼ਾਨ ਨੇ ਜਨਤਾ ਤੇ ਇਤਨੇ ਜ਼ੁਲਮ ਕੀਤੇ ਕਿ ਸਭ ਤ੍ਰਾਹ-ਤ੍ਰਾਹ ਕਰ ਉੱਠੇ ਸਨ । ਉਸ ਬਹੁਤ ਨਵੇਂ ਕਰ ਲਗਾਏ ਅਤੇ ਜਬਰੀ ਕਰ ਉਗਰਾਂਦਾ ਰਿਹਾ। ਕੋਈ ਘਰ ਹੋਵੇਗਾ ਜਿਸ ਦੀ ਉਸ ਤਲਾਸ਼ੀ ਨਾ ਲਈ ਹੋਵੇ। ਜ਼ਬਰਦਸਤ ਖ਼ਾਨ ਜਿਸ ਨੂੰ ਔਰੰਗਜ਼ੇਬ ਨੇ ਦੱਖਣ ਤੋਂ ਭੇਜਿਆ ਸੀ, ੫ ਨਵੰਬਰ ੧੭੦੨ ਨੂੰ ਲਾਹੌਰ ਪੁੱਜ ਗਿਆ ਤੇ ਉਸ ਨੇ ਲਾਹੌਰ ਦੀ ਸੂਬੇਦਾਰੀ ਨਾਲ ਲੱਖੀ ਜੰਗਲ ਦੀ ਫ਼ੌਜਦਾਰੀ ਆਪਣੇ ਹੱਥ ਰੱਖੀ। ਲੱਖੀ ਜੰਗਲ ਦੀ ਫ਼ੌਜਦਾਰੀ ਸੰਭਾਲਣ ਦਾ ਹੋਰ ਕੋਈ ਕਾਰਨ ਨਹੀਂ ਸੀ ਦਿੱਸਦਾ ਸਿਵਾਇ ਇਸ ਤੋਂ ਕਿ ਲੱਖੀ ਜੰਗਲ ਸਿੱਖੀ ਦਾ ਕੇਂਦਰ ਬਣ ਗਿਆ ਸੀ ਤੇ ਉਸ ਨੂੰ ਸੂਹਾਂ ਮਿਲ ਰਹੀਆਂ ਸਨ ਕਿ ਗੁਰੂ ਜੀ ਉਥੇ ਹੀ ਗਏ ਹਨ। ਉਸ ਲੱਖੀ ਜੰਗਲ ਵੱਲ ਧਾਵਾ ਬੋਲਿਆ ਤੇ ਨਵਾਬ ਸਰਹੰਦ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਨਾਕਾਬੰਦੀ ਕਰਨ ਲਈ ਵੀ ਕਿਹਾ। GH
ਸੈਦ ਬੇਗ ਤੇ ਅਲਫ਼ ਖ਼ਾਨ ਦਾ ਅਚਾਨਕ ਹੱਲਾ (੧੭੦੨)—ਗੁਰੂ ਜੀ ਨੂੰ ਵੀ ਲਾਹੌਰ ਦੇ ਬਦਲੇ ਹਾਲਾਤ ਦੀ ਖ਼ਬਰ ਮਿਲ ਗਈ ਸੀ, ਇਸ ਲਈ ਉਹ ਛੇਤੀ ਹੀ ਅਨੰਦਪੁਰ ਮੁੜਨਾ ਚਾਹੁੰਦੇ ਸਨ। ਸੋ ਉਹ ਪੈਂਡਾ ਮੁਕਾਂਦੇ ਚਮਕੌਰ ਦੀ ਗੜ੍ਹੀ ਪੁੱਜ ਗਏ। ਇਧਰੋਂ ਅਜਮੇਰ ਚੰਦ ਨੇ ਸਰਹੰਦ ਦੇ ਨਵਾਬ ਨੂੰ ਕਿਹਾ ਕਿ ਸ਼ਾਹੀ ਫ਼ੌਜ ਦੇ ਜਰਨੈਲ ਸੈਦ ਬੇਗ ਤੇ ਅਲਫ਼ ਖ਼ਾਨ ਆਪਣੇ ਦਸਤਿਆਂ ਸਮੇਤ ਲਾਹੌਰ ਜਾ ਰਹੇ ਹਨ, ਚੰਗਾ ਹੋਵੇ ਉਨ੍ਹਾਂ ਨੂੰ ਰੋਜ਼ੀਨਾ ਦੇ ਕੇ ਲੱਖੀ ਜੰਗਲ ਤੋਂ ਮੁੜਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਘੇਰ ਲਿਆ ਜਾਏ ਤੇ ਮਾਰ ਮੁਕਾਇਆ ਜਾਏ। ਰੋਜ਼ ਦੇ ਦੋ ਹਜ਼ਾਰ ਰੁਪਿਆ ਦੇਣਾ ਕਰ ਕੇ ਦੋਵਾਂ ਜਰਨੈਲਾਂ ਨੂੰ ਗੁਰੂ ਜੀ ਦੀ ਟੋਹ ਵਿਚ ਰੋਪੜ ਟਿਕਾ ਦਿੱਤਾ। ਗੁਰੂ ਜੀ ਦਾ ਚਮਕੌਰ ਆਉਣਾ ਸੁਣ ਕੇ ਇਨ੍ਹਾਂ ਹਮਲਾ ਕੀਤਾ। ਕੁਝ ਚਿਰ ਸਖ਼ਤ ਜੰਗ ਹੋਈ ਪਰ ਸੈਦ ਬੇਗ਼ ਸੋਚਣ ਲੱਗਾ ਕਿ ਕੁਝ ਪੈਸਿਆਂ ਪਿੱਛੇ ਖ਼ੁਦਾ-ਦੋਸਤ ਇਨਸਾਨ ਤੇ ਹੱਲਾ ਬੋਲਣਾ ਕਿਥੋਂ ਦਾ ਇਸਲਾਮ ਹੈ। ਉਸ ਹਥਿਆਰ ਸੁੱਟ ਦਿੱਤੇ ਤੇ ਗੁਰੂ ਦੀ ਸ਼ਰਨ ਆ ਗਿਆ। ਉਸ ਦੇ ਹਥਿਆਰ ਸੁੱਟਣ ਨਾਲ ਅਲਫ਼ ਖ਼ਾਨ ਵੀ ਭੱਜ ਗਿਆ।
ਸੈਦ ਬੇਗ ਗੁਰੂ ਗੋਬਿੰਦ ਸਿੰਘ ਜੀ ਨਾਲ ਹੀ ਅਨੰਦਪੁਰ ਆ ਗਿਆ ਤੇ ਗੁਰੂ ਜੀ ਦੇ ਅਨੰਦਪੁਰ ਛੱਡਣ ਬਾਅਦ ਵੀ ਉਥੇ ਹੀ ਰਿਹਾ। ਪਿਛੋਂ ਉਹ ਕਾਬਲ ਚਲਾ ਗਿਆ ਤੇ ਉੱਥੇ ਹੀ ਉਸ ਦੀ ਮ੍ਰਿਤੂ ਹੋਈ।
ਦਿਲੇ ਖ਼ਾਲੀ ਰੁਸਵਾ ਅਸਤ-ਗੁਰੂ ਜੀ ਸਹੀ ਸਲਾਮਤ ਅਨੰਦਪੁਰ ਮੁੜ ਆਏ। ‘ ਪਹਾੜੀ ਰਾਜਿਆਂ ਫਿਰ ਲਾਹੌਰ ਦੇ ਨਵਾਬ ਅਤੇ ਔਰੰਗਜ਼ੇਬ ਨੂੰ ਇਕ ਅਜ਼ਮਾਏ ਹੋਏ ਜਰਨੈਲ ਨੂੰ ਭੇਜਣ ਲਈ ਲਿਖਿਆ। ਇਧਰ ਅਨੰਦਪੁਰ ਵਿਚ ਸਿੱਖਾਂ ਦੇ ਹੌਸਲੇ ਬਹੁਤ ਹੀ ਉੱਚੇ ਸਨ। ਇਨ੍ਹਾਂ ਦਿਨਾਂ ਵਿਚ ਹੀ ਇਕ ਦਿਨ ਗੁਰੂ ਜੀ ਦਰਬਾਰ ਵਿਚ ਬੈਠੇ ਸਨ ਕਿ ਇਕ ਨਾਂਗੇ ਪੁਰਸ਼ ਨੇ ਦੀਵਾਨ ਵਿਚ ਹਾਜ਼ਰ ਹੋਣ ਦੀ ਆਗਿਆ ਮੰਗੀ। ਮਹਾਰਾਜ ਨੇ ਉਸ ਨੂੰ ਹਾਜ਼ਰ ਹੋਣ ਲਈ ਫ਼ਰਮਾਇਆ ਤਾਂ ਉਸ ਆਉਂਦਿਆਂ ਹੀ ਡੰਡਉਤ ਕੀਤੀ ਤੇ ਇਕ ਗੁਲਾਬ ਦਾ ਫੁੱਲ ਮਹਾਰਾਜ ਦੇ ਚਰਨਾਂ ਤੇ ਰੱਖ ਦਿੱਤਾ। ਮਹਾਰਾਜ ਨੇ ਜਦ ਪੁੱਛਿਆ ਕਿ ਤੂੰ ਕੌਣ ਹੈਂ, ਕਿੱਥੋਂ ਆਇਆ ਹੈਂ ? ਤਾਂ ਉਸ ਦੱਸਿਆ ਕਿ ਕਨੌਜ ਵਿਖੇ ਮਦਾਰੀਆਂ ਦੇ ਵੱਡੇ ਮਦਾਰ ਬਦਾਉਦੀਨ ਦੀ ਕਬਰ ਹੈ, ਉਥੋਂ ਦਾ ਉਹ ਮਜਾਵਰ ਹੈ। ਉਸ ਸੁਣਿਆ ਹੈ ਕਿ ਗੁਰੂ ਜੀ ਨੇ ਵੀ ਇਕ ਖੇਡ ਪਾਈ ਹੈ ਤੇ ਕਈ ਸਿਰ ਤਲੀ ਧਰ ਪੇਸ਼ ਹੋਏ ਹਨ, ਸਿਰਫ਼ ਦਰਸ਼ਨਾਂ ਨੂੰ ਆਇਆ ਹਾਂ। ਗੁਰੂ ਜੀ ਨੇ ਕਿਹਾ : ‘ਤੇਰਾ ਇਤਨੀ ਦੂਰ ਤੋਂ ਆਉਣਾ ਹੀ ਕਾਫ਼ੀ ਸੀ, ਇਹ ਗੁਲਾਬ ਦਾ ਫੁੱਲ ਕਿਉਂ ਲਿਆਇਆ ਹੈਂ ?’ ਮਦਾਰ ਨੇ ਉੱਤਰ ਦੇਂਦੇ ਹੋਏ ਕਿਹਾ, ‘ਓ ਜਲਾਲਿ ਹੂ, ਦਸਤੇ ਖ਼ਾਲੀ ਰੁਸਵਾ।’ ਉਹ ਅੱਲ੍ਹਾ ਦੇ ਨੂਰ, ਅੱਲ੍ਹਾ ਦੇ ਨੂਰ ਕੋਲ ਆਉਣਾ ਹੋਵੇ ਤਾਂ ਖ਼ਾਲੀ ਹੱਥ ਨਹੀਂ ਆਈਦਾ। ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਫ਼ਰਮਾਇਆ : ‘ਓ ਮਦਾਰ, ਦਿਸੇ ਖ਼ਾਲੀ ਰੁਸਵਾ ਅਸਤ।’ ਹੇ ਮਦਾਰ ! ਸ਼ਰਮਿੰਦਗੀ ਦਿਲ ਖ਼ਾਲੀ ਹੋਣ ਨਾਲ ਹੁੰਦੀ ਹੈ। ਇਥੇ ਹੱਥਾਂ ਦੀ ਕਹਾਣੀ ਨਹੀਂ ਪ੍ਰੇਮ ਦੀ ਖੇਡ ਹੈ।’
ਸਿੱਖ ਪ੍ਰੇਮ ਦੇ ਖਿੱਚੇ ਹੀ ਅਨੰਦਪੁਰ ਟੁਰੇ ਆ ਰਹੇ ਸਨ।
ਅਨੰਦਪੁਰ ਦੀ ਤੀਜੀ ਲੜਾਈ-ਔਰੰਗਜ਼ੇਬ ਨੇ ਪਹਾੜੀ ਰਾਜਿਆਂ ਦੀ ਦਰਖ਼ਾਸਤ ਤੇ ਸੈਦਖ਼ਾਨ ਜਰਨੈਲ ਨੂੰ ਭੇਜਿਆ। ਇਕ ਤਾਂ ਇਹ ਪੀਰ ਬੁੱਧੂ ਸ਼ਾਹ ਦਾ ਸਾਲਾ ਸੀ। ਦੂਜੇ ਕਈ ਵੱਡੀਆਂ ਮੁਹਿੰਮਾਂ ਦੱਖਣ ਵਿਚ ਇਸ ਸਰ ਕੀਤੀਆਂ ਸਨ। ਔਰੰਗਜ਼ੇਬ ਦਾ ਖ਼ਿਆਲ ਸੀ ਕਿ ਉਹ ਪੀਰ ਬੁੱਧੂ ਸ਼ਾਹ ਨੂੰ ਵੀ ਗੁਰੂ ਜੀ ਦੀ ਮਦਦ ਕਰਨ ਤੋਂ ਵਰਜ ਸਕਦਾ ਹੈ। ਆਉਂਦਿਆਂ ਹੀ ਉਹ ਪਹਿਲਾਂ ਪੀਰ ਬੁੱਧੂ ਸ਼ਾਹ ਨੂੰ ਗੁਰੂ ਜੀ ਦੀ ਇਮਦਾਦ ਕਰਨ ਤੋਂ ਰੋਕਣ ਲਈ ਸਾਢੌਰਾ ਗਿਆ ਪਰ ਜਿਸ ਸ਼ਰਧਾ ਨਾਲ ਪੀਰ ਜੀ ਤੇ ਉਸ ਦੀ ਆਪਣੀ ਭੈਣ ਨਸੀਰਾਂ ਤੇ ਭਣੇਵਿਆਂ ਨੇ ਗੱਲਾਂ ਕੀਤੀਆਂ, ਉਹ ਵੀ ਪ੍ਰਭਾਵਤ ਹੋਣ ਤੋਂ ਬਗ਼ੈਰ ਨਾ ਰਹਿ ਸਕਿਆ। ਪੀਰ ਬੁੱਧੂ ਸ਼ਾਹ ਜੀ ਨੇ ਸਗੋਂ ਉਸ ਨੂੰ ਅਨੰਦਪੁਰ ਮੁਹਿੰਮ ਚਾੜ੍ਹਨ ਤੋਂ ਰੋਕਣਾ ਚਾਹਿਆ ਪਰ ਉਹ ਤਾਂ ਫ਼ੌਜਾਂ ਨਾਲ ਅਨੰਦਪੁਰ ਛਾਵਣੀ ਪਾ ਆਇਆ ਸੀ। ਜੰਗ ਸ਼ੁਰੂ ਹੋ ਗਈ। ਦੋਵੇਂ ਧਿਰਾਂ ਜਮ ਕੇ ਲੜ ਰਹੀਆਂ ਹਨ। ਸੈਦਖ਼ਾਨ ਦਾ ਦਿਲ ਭੈਣ ਤੇ ਭਣਵੱਈਏ ਦੀਆਂ ਗੱਲ ਵੱਲ ਮੁੜ-ਮੁੜ ਚਲਾ ਜਾਂਦਾ । ਉਸ ਅੱਖੀਂ ਗੁਰੂ ਜੀ ਦੀ ਅਜ਼ਮਤ ਦੇਖ ਲਈ। ਅਗਲੇ ਦਿਨ ਜੰਗ ਸ਼ੁਰੂ ਹੋਣ ਵੇਲੇ ਹੀ ਧਾਰ ਬੈਠਾ ਕਿ ਉਹ ਅੰਤਰਜਾਮੀ ਹਨ, ਹਰ ਦਿਲ ਦੀ ਹਕੀਕਤ ਜਾਣਦੇ ਹਨ, ਜੇ ਐਸੇ ਪੀਰ ਹਨ ਤਾਂ ਉਸ ਨੂੰ ਬਗ਼ੈਰ ਹਥਿਆਰ ਦੇ ਦਰਸ਼ਨ ਦੇਣ। ਗੁਰੂ ਜੀ ਵੀ ਸਿੱਧਾ ਘੋੜਾ ਦੁੜਾ ਕੇ ਉਸ ਪਾਸ ਪੁੱਜੇ ਤੇ ਉਨ੍ਹਾਂ ਨੂੰ ਆਉਂਦਿਆਂ ਦੇਖ ਸਿਜਦੇ ਵਿਚ ਹੋ ਗਿਆ ਤੇ ਪੁਕਾਰ ਉੱਠਿਆ, ‘ਲੋਕੋ ਰੱਬ ਆਇਆ ਹੈ ਕਿ ਰੱਬ ਦਾ ਬੰਦਾ ਆਇਆ ਹੈ। ਰੱਬੀ ਨੂਰ ਸਰੀਰਕ ਜਾਮੇ ਵਿਚ ਆ ਗਿਆ ਹੈ, ਜਿਸ ਨੇ ਮੈਨੂੰ ਮਰਦੇ ਨੂੰ ਜੀਉਂਦਾ ਕਰ ਦਿੱਤਾ ਹੈ।” ਇਕ ਨਹੀਂ ਕਈ ਜਰਨੈਲ ਗੁਰੂ ਜੀ ਦੀ ਸ਼ਰਨ ਆਏ। ਪ੍ਰਸਿੱਧ ਜਰਨੈਲ ਮੈਮੂ ਖ਼ਾਨ ਨੇ ਵੀ ਅਗਲੇ ਸਾਲ ੧੭੦੩ ਨੂੰ ਗੁਰੂ ਸ਼ਰਨ ਲਈ। ਇਸੇ ਦੌਰਾਨ (੧੭੦੩) ਰਾਜਾ ਭੂਪ ਚੰਦ, ਰਾਜਾ ਵਜ਼ੀਰ ਸਿੰਘ, ਰਾਜਾ ਦੇਵ ਸਰਨ ਨੇ ਅਛੋਪਲੇ ਹਮਲਾ ਕਰਨਾ ਚਾਹਿਆ ਸੀ ਪਰ ਟਾਕਰੇ ਵਿਚ ਆਏ ਬਗ਼ੈਰ ਹੀ ਨੱਸ ਉਠੇ ਜਦ ਸਿੱਖ ਫ਼ੌਜਾਂ ਨੇ ਤੀਰ ਚਲਾਏ।
ਸੈਦ ਖ਼ਾਨ ਨੇ ਗੁਰੂ ਫ਼ੌਜ ਵਿਚ ਸ਼ਾਮਲ ਹੋ ਲੜਨਾ ਚਾਹਿਆ ਪਰ ਗੁਰੂ ਜੀ ਨੇ ਉਸ ਨੂੰ ਅਲਾਹ ਦੀ ਯਾਦ ਵਿਚ ਬਾਕੀ ਦਿਨ ਬਤੀਤ ਕਰਨ ਦਾ ਉਪਦੇਸ਼ ਦਿੱਤਾ। ਉਹ ਕਾਂਗੜੇ ਚਲਾ ਗਿਆ ਤੇ ਜਦ ਗੁਰੂ ਜੀ ਦਮਦਮਾ ਪੁੱਜੇ ਤਾਂ ਉਹ ਫਿਰ ਉਨ੍ਹਾਂ ਦੀ ਸ਼ਰਨ ਆ ਗਿਆ ਤੇ ਨਾਂਦੇੜ ਤੱਕ ਗੁਰੂ ਜੀ ਨਾਲ ਰਿਹਾ।
ਅਨੰਦਪੁਰ ਦੀ ਚੌਥੀ ਤੇ ਆਖ਼ਰੀ ਲੜਾਈ-ਜਦ ਔਰੰਗਜ਼ੇਬ ਨੇ ਆਪਣੇ ਖ਼ਾਸ ਭੇਜੇ ਜਰਨੈਲ ਸੈਦ ਖ਼ਾਨ ਤੇ ਹੋਰ ਕਈਆਂ ਨੂੰ ਗੁਰੂ ਜੀ ਦੀ ਸ਼ਰਨ ਲੈਂਦੇ ਸੁਣਿਆ ਤੇ ਪਹਾੜੀ ਰਾਜਿਆਂ ਦਾ ਸਿੱਧਾ ਲਿਖਿਆ ਆਇਆ ਕਿ ਗੁਰੂ ਗੋਬਿੰਦ ਸਿੰਘ ਬੜਾ ਇਨਕਲਾਬੀ ਹੈ। ਅਸੀਂ ਗੁਰੂ ਨਾਨਕ ਦਾ ਘਰ ਜਾਣ ਕੁਝ ਨਹੀਂ ਕਿਹਾ। ਹੁਣ ਉਨ੍ਹਾਂ ਦੀ ਤੇਜ ਤਾਕਤ ਬਹੁਤ ਵਧ ਗਈ ਹੈ ਸੋ ਮਾਰ ਮਿਟਾਉ :
ਫੈਲ ਗਯੋ ਅਬ ਹੀ ਲਖ ਪਾਯੋ।
ਯਾ ਤੇ ਮਾਰ ਸੁ ਦੂਰ ਉਠਾਯੋ ।
ਸੋ ਹੁਣ ਉਸ ਨੇ ਲਾਹੌਰ, ਸਰਹਿੰਦ, ਜੰਮੂ ਤੇ ਮੁਲਤਾਨ ਦੇ ਨਵਾਬਾਂ ਨੂੰ ਇਕਾ ਦੁੱਕਾ ਨਹੀਂ, ਇਕੱਠਾ ਹਮਲਾ ਕਰਨ ਲਈ ਕਿਹਾ । ਉਸ ਇਕ ਫ਼ਰਮਾਨ ਵੀ ਜਾਰੀ ਕੀਤਾ ਜਿਸ ਦਾ ਭਾਵ ਸੀ ਕਿ ਗੁਰੂ ਤੇਗ਼ ਬਹਾਦਰ ਦਾ ਬੇਟਾ (ਗੁਰੂ) ਗੋਬਿੰਦ (ਸਿੰਘ) ਬਦਲੇ ਦੀ ਭਾਵਨਾ (ਜਜ਼ਬਾ- ਇ-ਇੰਤਕਾਮ) ਨਾਲ ਬਗ਼ਾਵਤ ਕਰ ਰਿਹਾ ਹੈ ਤੇ ਹੋਰਨਾਂ ਨੂੰ ਵੀ ਕਰਨ ਲਈ ਪ੍ਰੇਰ ਰਿਹਾ ਹੈ। ਇਹ ਵੀ ਕਿਹਾ ਗਿਆ ਕਿ ਸਰਹੰਦ ਦਾ ਨਵਾਬ ਆਪੂੰ ਫ਼ੌਜ-ਕਸੀ ਕਰੇ। ਜੇ ਗੁਰੂ ਜ਼ਿੰਦਾ ਨਾ ਪਕੜਿਆ ਜਾਏ ਤਾਂ ਸਿਰ ਵੱਢ ਲਿਆਂਦਾ ਜਾਏ ਤੇ ਇਸ ਕਾਰਜ ਵਿਚ ਹੁਣ ਰੱਤਾ ਭਰ ਵੀ ਲਾਪ੍ਰਵਾਹੀ ਨਾ ਵਰਤੀ ਜਾਏ।
ਮੈਕਾਲਫ਼ ਦਾ ਕਹਿਣਾ ਹੈ ਕਿ ਔਰੰਗਜ਼ੇਬ ਨੇ ਇਕ ਏਲਚੀ ਹੱਥ ਲਿਖੀ ਚਿੱਠੀ ਵੀ ਭੇਜੀ ਸੀ ਜਿਸ ਦੇ ਸ਼ਬਦ ਸਨ :
ਇਸ ਧਰਤੀ ਦਾ ਸ਼ਾਹ ਇਕ ਹੈ। ਤੁਹਾਡਾ ਤੇ ਮੇਰਾ ਅਕੀਦਾ ਇਕ ਹੈ । ਤੁਸੀਂ ਵੀ ਤੁਹੀਦਪ੍ਰਸਤ ਤੇ ਮੈਂ ਵੀ। ਸ਼ਿਤਾਬ ਮਿਲੋ। ਤੁਸੀਂ ਜਦ ਆਉਗੇ ਤਾਂ ਪੀਰਾਂ ਵਾਲਾ ਆਦਰ ਦੇਵਾਂਗਾ। ਪਾਤਸ਼ਾਹੀ ਮੈਨੂੰ ਅਲਾਹ ਨੇ ਦਿੱਤੀ ਹੈ :
ਮਹਾਰਾਜ ਦਾ ਉੱਤਰ ਸੀ : ਭਾਈ, ਜਿਸ ਨੇ ਤੈਨੂੰ ਬਾਦਸ਼ਾਹੀ ਦਿੱਤੀ ਹੈ। ਉਸ ਨੇ ਮੈਨੂੰ ਭੇਜਿਆ ਹੈ ਕਿ ਜਗਤ ਨੂੰ ਰਾਹ ਦਾ ਇਨਸਾਫ਼ ਦੱਸਾਂ । ਬਾਦਸ਼ਾਹੀ ਦਿੱਤੀ ਸੀ ਕਿ ਇਨਸਾਫ਼ ਕਰੇਂ ਪਰ ਤੂੰ ਭੁੱਲ ਗਿਆ ਹੈਂ ਤੇ ਪਰਪੰਚ ਹੀ ਕਰੀ ਟੁਰੀ ਜਾਂਦਾ ਹੈਂ । ਤੂੰ ਤਾਂ ਲੋਕਾਂ ਨੂੰ ਅਲਾਹ ਦਾ ਜਾਇਆ ਹੀ ਨਹੀਂ ਗਿਣਦਾ। ਤੇਰਾ ਮੇਰਾ ਮੇਲ ਕੈਸਾ!
ਹੁਣ ਸਰਹੰਦ ਦਾ ਨਵਾਬ ਸਰਗਰਮ ਹੋ ਗਿਆ ਤੇ ਪਹਾੜੀ ਰਾਜਿਆਂ ਨੂੰ ਇਸ ਕਾਰਜ ਵਿਚ ਇਮਦਾਦ ਕਰਨ ਲਈ ਕਿਹਾ। ਰਾਜਾ ਅਮੀਰ ਚੰਦ (ਬਿਲਾਸਪੁਰ), ਘੁਮੰਡ ਚੰਦ (ਕਾਂਗੜਾ), ਬੀਰ ਸਿੰਘ (ਜਸਪਾਲ) ਤੇ ਕੁਲੂ, ਕੈਰਲ ਮੰਡੀ, ਜੰਮੂ, ਨੂਰਪੁਰ, ਚੰਬਾ, ਗੁਲੇਰ ਤੇ ਸ੍ਰੀਨਗਰ ਦੇ ਰਾਜਿਆਂ ਨੇ ਮੁਗ਼ਲਾਂ ਦੀ ਫ਼ੌਜ ਨਾਲ ਰਲ ਕੇ ਸਾਂਝਾ ਹਮਲਾ ਕਰਨ ਦਾ ਫ਼ੈਸਲਾ ਕੀਤਾ। ਰੰਘੜ ਅਤੇ ਗੁੱਜਰ ਵੀ ਸਾਂਝੇ ਮੁਹਾਜ਼ ਵਿਚ ਸ਼ਾਮਲ ਹੋ ਗਏ। ਲਾਹੌਰ ਦਾ ਜ਼ਬਰਦਸਤ ਖ਼ਾਨ ਤੇ ਸਰਹਿੰਦ ਦਾ ਵਜ਼ੀਰ ਖ਼ਾਨ ਹਜ਼ਾਰਾਂ ਦੀ ਫ਼ੌਜ ਲੈ ਕੇ ਅਨੰਦਪੁਰ ਪੁੱਜੇ ਤੇ ਜੰਮੂ ਵਾਲਾ ਵੀ ਨਾਲ ਮਿਲ ਆਇਆ। ਸੈਨਾਪਤੀ ਦੇ ਸ਼ਬਦਾਂ ਵਿਚ :
ਤੁਰਕ ਸਭੇ ਮਿਲਿ ਕੇ ਉਠਿ ਧਾਏ।
ਸਾਮਾ ਕਰੀ ਬੇਗ ਹੀ ਆਏ।
ਬਹੁਤ ਮੁਗਲ ਅਰ ਘਨੇ ਪਠਾਨ।
ਚੜ੍ਹੇ ਸਾਜ ਦਲ ਚਾਬੇਂ ਪਾਨ । ੨੦।੪੨੪।
ਗੁਜਰ ਰੰਘੜ ਬਹੁਤ ਅਪਾਰ ।
ਬਡੇ ਬਡੇ ਜੋਧਾ ਅਸਵਾਰ।
ਸੀਰੰਦ ਵਾਲੇ ਹੈ ਹਮਰਾਹੀ।
ਗੜ੍ਹ ਲਾਹੌਰ ਤੇ ਫ਼ੌਜ ਮੰਗਾਈ। ੨੧।੪੨੫।
ਬਹੁਤ ਫ਼ਉਜ ਕਰਿ ਏਕਠੀ ਜੰਮ ਸੰਗਿ ਮਿਲਾਇ ।
ਸਬ ਰਾਜਾ ਦਲ ਜੋਰਿ ਕੈ ਫੇਰ ਪਹੁੰਚੇ ਆਇ । ੨੨। ੪੨੬।
ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਮੋਰਚਾਬੰਦੀ ਕਰ ਲਈ ਤੇ ਥਾਂ-ਥਾਂ ਚੋਣਵੇਂ ਜਰਨੈਲ ਹਮਲੇ ਨੂੰ ਰੋਕਣ ਲਈ ਭੇਜ ਦਿੱਤੇ। ਦੋਵਾਂ ਪਾਸੇ ਗੋਲੀ ਤੇ ਤੀਰ ਲਗਾਤਾਰ ਚੱਲਣ ਲੱਗੇ । ਮੁਗ਼ਲਾਂ ਦੀ ਕਟਾ ਵੱਢੀ ਇਤਨੀ ਜ਼ਿਆਦਾ ਹੋ ਗਈ ਕਿ ਮੁਗ਼ਲ ਫ਼ੌਜਾਂ ਨੇ ਇਹ ਜਾਣਿਆ ਕਿ ਜੇ ਇਸੇ ਤਰ੍ਹਾਂ ਉਨ੍ਹਾਂ ਦੇ ਫ਼ੌਜੀ ਸਿਪਾਹੀ ਜੰਗ ਵਿਚ ਕੰਮ ਆਉਂਦੇ ਰਹੇ ਤਾਂ ਅਨੰਦਪੁਰ ਦੀ ਜਿੱਤ ਮੁਸ਼ਕਿਲ ਹੋ ਜਾਏਗੀ, ਇਹ ਜਾਣ ਕੇ ਮੁਗ਼ਲ ਫ਼ੌਜਾਂ ਨੇ ਅਨੰਦਪੁਰ ਦਾ ਘੇਰਾ ਪੱਕਾ ਕਰਨ ਦਾ ਇਰਾਦਾ ਕੀਤਾ ਅਤੇ ਘੇਰਾ ਇਤਨਾ ਪੱਕਾ ਕਰ ਲਿਆ ਕਿ ਸਿੰਘਾਂ ਦਾ ਬਾਹਰ ਨਿਕਲਣਾ ਕਠਿਨ ਹੋ ਗਿਆ। ਹੁਣ ਸਭ ਤੋਂ ਵੱਡੀ ਲੋੜ ਘੇਰਾ ਤੋੜਨ ਦੀ ਸੀ।
ਘੇਰਾ ਪੱਕਾ ਹੋਣ ਕਾਰਨ ਰਸਦ ਤੇ ਪਾਣੀ ਦੀ ਤਕਲੀਫ਼ ਛੇਤੀ ਭਾਸਣ ਲੱਗੀ। ਜਿਹੜੇ ਸੂਏ ਰਾਹੀਂ ਅਨੰਦਪੁਰ ਨੂੰ ਪਾਣੀ ਮਿਲਦਾ ਸੀ, ਉਸ ਦਾ ਮੂੰਹ ਵੀ ਮੁਗ਼ਲਾਂ ਨੇ ਮੋੜ ਦਿੱਤਾ। ਸਿੰਘ ਜਜ਼ਬੇ ਨਾਲ ਲੜ ਰਹੇ ਸਨ । ਇਸ ਤਰ੍ਹਾਂ ਕਈ ਦਿਨ ਬੀਤ ਗਏ। ਫਿਰ ਇਹ ਵਿਉਂਤ ਬਣਾਈ ਗਈ ਕਿ ਚਾਰ-ਚਾਰ ਦੇ ਜੱਥੇ ਬਣਾ ਕੇ ਜਲ ਰਸਦ ਲਿਆਉਣ ਲਈ ਬਾਹਰ ਨਿਕਲਣ।
ਜਲ ਪਹੁੰਚਾਉਣ ਦਾ ਕੰਮ ਮਾਈਆਂ ਨਿਬਹਾ ਰਹੀਆਂ ਸਨ। ਅੰਨ ਵੀ ਇਤਨਾ ਮਹਿੰਗਾ ਹੋ ਗਿਆ ਸੀ ਕਿ ਖ਼ਰੀਦਣਾ ਵੀ ਮੁਸ਼ਕਿਲ ਸੀ। ਸੈਨਾਪਤੀ ਦੇ ਕਹਿਣ ਅਨੁਸਾਰ ਚਾਰ ਸਿੰਘ ਪਾਣੀ ਨੂੰ ਜਾਂਦੇ ਸਨ ਤੇ ਦੋ ਰਾਹ ਵਿਚ ਸ਼ਹੀਦ ਹੋ ਜਾਂਦੇ ਸਨ :
ਚਾਰਿ ਸਿੰਘ ਪਾਣੀ ਕੋ ਜਾਵੈਂ।
ਦੋ ਜੂਝੇਂ ਦੋ ਪਾਣੀ ਲਿਆਵੈਂ !
ਇਤਨੀ ਮੁਸ਼ਕਿਲ ਬਣ ਗਈ ਕਿ ਜੋ ਅੰਦਰ ਸੀ ਉਸ ਤੇ ਹੀ ਗੁਜ਼ਾਰਾ ਕਰਦੇ ਰਹੇ।
ਹਾਲਤ ਇਥੋਂ ਤੱਕ ਪੁੱਜ ਗਈ ਕਿ ਇਕ ਮੁੱਠੀ ਛੋਲਿਆਂ ਨਾਲ ਸਿੰਘਾਂ ਨੂੰ ਪੇਟ ਦੀ ਅੱਗ ਬੁਝਾਉਣੀ ਪੈਂਦੀ ਅਤੇ ਉਹ ਵੀ ਕਈ ਵਾਰ ਨਾ ਮਿਲਦੇ। ਪ੍ਰਸ਼ਾਦੀ ਹਾਥੀ ਤੜਪ-ਤੜਪ ਕੇ ਮਰਨ ਲੱਗਾ ਤੇ ਗੁਰੂ ਜੀ ਦੇ ਅਤਿ ਪਿਆਰੇ ਘੋੜੇ ਦਲ ਬਿਡਾਰ ਨੂੰ ਚਾਰਾ ਦੇਣਾ ਮੁਸ਼ਕਿਲ ਹੋ ਗਿਆ। ਉਨ੍ਹਾਂ ਦੋਹਾਂ ਨੂੰ ਭੁਖੋਂ ਤੜਪਦਾ ਦੇਖ, ਦੋਵਾਂ ਨੂੰ ਹੀ ਮਾਰ ਦਿੱਤਾ ਗਿਆ। ਸਿੰਘਾਂ ਨੇ ਵਿਚਾਰ ਕੀਤੀ ਕਿ ਇਸ ਤਰ੍ਹਾਂ ਅਜਾਈਂ ਮੌਤ ਮਰਨਾ ਠੀਕ ਨਹੀਂ ਤੇ ਦਲ ਬਣਾ ਕੇ ਮੁਗ਼ਲਾਂ ਦੇ ਕੈਂਪਾਂ ਤੇ ਹਮਲਾ ਕਰਕੇ ਅੰਨ ਤੇ ਕਾਬੂ ਪਾਣਾ ਚਾਹੀਦਾ ਹੈ । ਸੋ ਇਕ ਰਾਤ ਨੂੰ ਇਕ ਬਹੁਤ ਵੱਡੇ ਦਲ ਨੇ ਹਮਲਾ ਕੀਤਾ ਤੇ ਬਹੁਤ ਅੰਨ ਕਾਬੂ ਵਿਚ ਕਰ ਲਿਆ। ਇਸ ਤਰ੍ਹਾਂ ਕਈ ਦਿਨ ਹੋਰ ਲੰਘ ਗਏ। ਉਧਰ ਮੁਗ਼ਲਾਂ ਨੇ ਰਾਤ ਨੂੰ ਵੀ ਮੋਰਚੇ ਪੱਕੇ ਕਰ ਲਏ ਅਤੇ ਰਾਤ ਦਿਨ ਅੰਨ ਤੇ ਹੀ ਪਹਿਰਾ ਦਿੰਦੇ ਰਹੇ। ਘੇਰਾ ਇਤਨਾ ਲੰਮੇਰਾ ਹੋ ਜਾਏਗਾ।
ਵਜ਼ੀਰ ਖ਼ਾਨ ਤੇ ਜ਼ਬਰਦਸਤ ਖ਼ਾਨ ਨੂੰ ਖ਼ਿਆਲ ਨਹੀਂ ਸੀ। ਹੁਣ ਉਨ੍ਹਾਂ ਨੀਤੀ ਅਪਨਾਉਣ ਦਾ ਰਾਹ ਪਕੜਿਆ ਤੇ ਕਾਸਦ ਨੂੰ ਗੁਰੂ ਜੀ ਵੱਲ ਭੇਜਿਆ ਕਿ ਉਹ ਈਨ ਮੰਨ ਲੈਣ। ਮੈਲਕਮ ਦੇ ਕਹਿਣ ਮੁਤਾਬਕ ਸਿੰਘਾਂ ਨੇ ਉਸ ਨੂੰ ਚੁੱਪ ਚਾਪ ਮੁੜ ਜਾਣ ਲਈ ਕਿਹਾ। ਉਹ ਗੁਰੂ ਜੀ ਨੂੰ ਮਿਲੇ ਬਗ਼ੈਰ ਹੀ ਵਾਪਸ ਆ ਗਿਆ।
ਮੁਗ਼ਲ ਫ਼ੌਜਾਂ ਨੇ ਇਕ ਭਰਪੂਰ ਵਾਰ ਵੀ ਕੀਤਾ ਪਰ ਸਿੰਘਾਂ ਨੇ ਉਨ੍ਹਾਂ ਨੂੰ ਕਿਲ੍ਹੇ ਦੀ ਦੀਵਾਰ ਤੱਕ ਨਾ ਆਉਣ ਦਿੱਤਾ । ਭੁੱਖੇ ਭਾਣੇ ਵੀ ਸਿੰਘ ਕਿਲਕਾਰੀਆਂ ਤੇ ਲਲਕਾਰੇ ਮਾਰ ਕੇ ਲੜ ਰਹੇ ਸਨ। ਇਸ ਉਤੇ ਵਾਧਾ ਇਹ ਕਿ ਭਾਈ ਕਨ੍ਹਈਆ ਵਰਗੇ ਅੱਗੇ ਵਧ ਬਿਨਾਂ ਵਿਤਕਰੇ ਦੇ ਹਰ ਇਕ ਨੂੰ ਜਲ ਛਕਾ ਤੇ ਫੱਟੜਾਂ ਤੇ ਮਲ੍ਹਮ ਲਗਾ ਰਹੇ ਸਨ। ਗੁਰਬਿਲਾਸ ਪਾਤਸ਼ਾਹੀ ੧੦ਵੀਂ ਦੇ ਸ਼ਬਦਾਂ ਵਿਚ ਜਦ ਸ਼ਿਕਾਇਤ ਹੋਈ ਤੇ ਗੁਰੂ ਜੀ ਨੇ ਪੁੱਛਿਆ ਕਿ ਇਹ ਤੂੰ ਕੀ ਕਰ ਰਹਿਆ ਹੈਂ ਤਾਂ ਉਸ ਕਿਹਾ: ਮੈਂ ਤਾਂ ਤੁਹਾਡੇ ਹੀ ਸਿੱਖਾਂ ਨੂੰ ਪਿਲਾ ਰਹਿਆ ਹਾਂ।
“ਬਾਟਤ ਹੈ ਹਮ ਸੇਵਕ ਬਾਰੀ ।
” ਮੈਨੂੰ ਕੋਈ ਦੂਜਾ ਲੱਗਦਾ ਹੀ ਨਹੀਂ। (ਅਧਿਆਇ ਪੰਦਰਵਾਂ)
ਇਸੇ ਹਾਲ ਵਿਚ ਕਈ ਮਹੀਨੇ ਬੀਤ ਗਏ। ਫ਼ੌਜਾਂ ਤਾਂ ਫਿਰ ਵੀ ਕਿਸੇ ਨਾ ਕਿਸੇ ਤਰ੍ਹਾਂ ਗੁਜ਼ਾਰਾ ਕਰ ਰਹੀਆਂ ਸਨ ਪਰ ਸ਼ਹਿਰ ਵਾਸੀਆਂ ਲਈ ਅੰਨ ਪਾਣੀ ਦਾ ਇੰਤਜ਼ਾਮ ਕਰਨਾ ਕਠਿਨ ਸੀ । ਮੁਗ਼ਲਾਂ ਨੂੰ ਸਿੰਘਾਂ ਦੀਆਂ ਤੇ ਅਨੰਦਪੁਰ ਦੇ ਵਾਸੀਆਂ ਦੀਆਂ ਤਕਲੀਫ਼ਾਂ ਦਾ ਹਾਲ ਪਤਾ ਲੱਗ ਰਿਹਾ ਸੀ। ਇਹ ਨਹੀਂ ਕਿ ਨਿਰੇ ਸਿੰਘ ਹੀ ਦੁਖੀ ਸਨ, ਮੁਗ਼ਲ ਫ਼ੌਜਾਂ ਤੇ ਉਨ੍ਹਾਂ ਦੇ ਸਾਥੀ ਰਾਜਿਆਂ ਨੂੰ ਕੋਈ ਘੱਟ ਤਕਲੀਫ਼ ਨਹੀਂ ਸੀ । ਪਹਿਲਾਂ ਉਨ੍ਹਾਂ ਨੂੰ ਗਰਮੀ, ਫਿਰ ਬਾਰਸ਼ ਅਤੇ ਹੜ੍ਹ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ ਸਰਦੀ ਸਿਰ ਤੇ ਆ ਪੁੱਜੀ ਸੀ। ਉਹ ਵੀ ਪਿੱਛਾ ਛੁਡਾਉਣਾ ਚਾਹੁੰਦੇ ਸਨ। ਹਜ਼ਾਰਾਂ ਮੁਗ਼ਲ ਫ਼ੌਜੀ ਮਾਰੇ ਜਾ ਚੁੱਕੇ ਸਨ। ਉਨ੍ਹਾਂ ਫਿਰ ਦੋ ਕਾਸਦ, ਇਕ ਬ੍ਰਾਹਮਣ ਤੇ ਇਕ ਸਯਦ ਭੇਜਿਆ। ਉਨ੍ਹਾਂ ਦੋਹਾਂ ਨੇ ਗੀਤਾ, ਗਊ ਤੇ ਕੁਰਾਨ ਦੀਆਂ ਕਸਮਾਂ ਉਠਾ ਕੇ ਕਿਹਾ ਕਿ ਕਿਲ੍ਹਾ ਛੱਡ ਜਾਣ ਦੀ ਸੂਰਤ ਵਿਚ ਉਨ੍ਹਾਂ ਨੂੰ ਕੁਝ ਨਹੀਂ ਕਿਹਾ ਜਾਵੇਗਾ। ਗੁਰੂ ਜੀ ਨੇ ਇਸ ਨੂੰ ਇਕ ਚਾਲ ਦੱਸਿਆ।
ਮਹਿਮਾ ਪ੍ਰਕਾਸ਼ ਵਾਰਤਕ ਦੇ ਸ਼ਬਦ ਬੜੇ ਭਾਵ ਪੂਰਤ ਹਨ। ਉਹ ਜਿਥੇ ਗੁਰੂ ਜੀ ਦੀ ਦੂਰ ਦ੍ਰਿਸ਼ਟੀ ਦਰਸਾਂਦੇ ਹਨ ਉਥੇ ਗਾਂ ਸਬੰਧੀ ਗੁਰੂ ਨਜ਼ਰੀਆ ਵੀ ਪ੍ਰਗਟਾਂਦੇ ਹਨ। ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿਚ :
ਰਾਜਿਆਂ ਪੈਗ਼ਾਮ ਕੀਆ । ਜੋ ਆਪ ਹਮਾਰੇ ਘਰ ਪਹਾੜ ਉਪਰ ਆਈਏ । ਅਨੰਦਪੁਰ ਛੋੜ ।
ਸਤਿਗੁਰ ਕਲਗੀਧਰ ਅੰਤਰਜਾਮੀ ਸਭ ਕੇ ਚਿਤ ਕੀ ਜਾਨਨਹਾਰ ਨੇ ਸਭ ਬਿਧਿ ਬੁਝੀ। ਜੋ ਇਹ ਮਲੇਛਾਂ ਸਾਥ ਮਿਲ ਕੇ ਦਗ਼ਾ ਕੀਆ ਚਾਹਤੇ ਹੈਂ।
ਤਾਂ ਰਾਜਿਆਂ ਮਾਤਾ ਨਾਨਕੀ ਜੀ ਪਾਸ ਜੋ ਗੁਰੂ ਜੀ ਦੀ ਦਾਦੀ ਜੀ ਸੀ, ਪੈਗ਼ਾਮ ਕੀਯਾ:
ਜੋ ਹਮ ਗਊ ਵ ਬ੍ਰਹਮਣ ਵ ਜਨੇਊ ਦਰਮਿਆਨ ਦੇਤੇ ਹੈਂ। ਆਪ ਸੇ ਦਗ਼ਾ ਨ ਕਰਹਿਗੇ।
ਤਬ ਮਾਤਾ ਜੀ ਨੇ ਗੁਰੂ ਜੀ ਪਾਸ ਕਹਾ:
ਇਹ ਰਾਜਿਆਂ ਕਾ ਪਰੋਹਤ ਪਮਾ ਨਾਮੇ ਆਇਆ ਹੈ । ਰਾਜੇ ਗਊ ਵ ਬ੍ਰਹਮਣ ਵ ਜਨੇਊ ਦਰਮਿਆਨ ਦੇਤੇ ਹੈਂ ਤੇ ਸ਼ਪਤ ਕਰਤੇ ਹੈਂ ਤਦ ਸਤਿਗੁਰ ਨੇ ਬਚਨ ਕੀਤਾ :
ਜੋ ਇਸ ਗਊ ਕੋ ਛੋਡ ਦੇਹੁ ; ਇਹ ਤੋ ਪਸ਼ੂ ਹੈ। ਇਹ ਨ ਕਿਛੁ ਬੋਲੇ ਨ ਕਹੇ। ਇਸ ਕੀ ਕਿਆ ਕਸਮ।
ਪਰ ਸਿੰਘਾਂ ਨੇ ਬੇਨਤੀ ਕੀਤੀ ਕਿ ਜਦ ਕਸਮਾਂ ਉਠਾਂਦੇ ਹਨ, ਖ਼ਿਮਾ ਮੰਗਦੇ ਹਨ, ਤਾਂ ਕਿਲ੍ਹਾ ਛੱਡ ਜਾਣ ਦਾ ਕੀ ਹਰਜ ਹੈ। ਮਹਾਰਾਜ ਚੁੱਪ ਰਹੇ। ਮੁਗ਼ਲਾਂ ਦੀ ਚਾਲ ਨੂੰ ਨੰਗਿਆਂ ਕਰਨ ਲਈ ਆਪ ਜੀ ਨੇ ਕੁਝ ਗੱਡੇ, ਪਾਟੇ, ਪੁਰਾਣੇ ਕੱਪੜੇ, ਹੱਡੀਆਂ ਤੇ ਜਾਨਵਰਾਂ ਦੇ ਪਿੰਜਰ ਭਰ ਕੇ ਉਨ੍ਹਾਂ ਉਤੇ ਰੇਸ਼ਮੀ ਤੇ ਕੀਮਤੀ ਮਖਮਲੀ ਕੱਪੜੇ ਪਾ ਕੇ ਕਿਲ੍ਹੇ ਤੋਂ ਬਾਹਰ ਭੇਜੇ । ਅਜੇ ਗੱਡੇ ਕੁਝ ਦੂਰ ਹੀ ਗਏ ਸਨ ਕਿ ਫ਼ੌਜਾਂ ਨੇ ਧਾਵਾ ਬੋਲ ਦਿੱਤਾ। ਮੁਗ਼ਲਾਂ ਨੂੰ ਬਹੁਤ ਸ਼ਰਮਿੰਦਗੀ ਉਠਾਉਣੀ ਪਈ ਪਰ ਚਾਲ ਨੰਗੀ ਹੋ ਗਈ । ਇਸ ਤਰ੍ਹਾਂ ਕੁਝ ਦਿਨ ਹੋਰ ਨਿਕਲ ਗਏ। ਉਧਰੋਂ ਮੁਗ਼ਲਾਂ ਨੇ ਆਪਣੇ ਕੀਤੇ ਦੀ ਮੁਆਫ਼ੀ ਮੰਗੀ ਤੇ ਔਰੰਗਜ਼ੇਬ ਦੀ ਚਿੱਠੀ ਅਤੇ ਉਸ ਦੇ ਦਸਤਖ਼ਤ ਕੀਤਾ ਕੁਰਾਨ ਭੇਜਿਆ ਕਿ ਉਨ੍ਹਾਂ ਦੇ ਅਨੰਦਪੁਰ ਛੱਡਣ ਤੇ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਗੁਰੂ ਜੀ ਨੇ ਇਸ ਨੂੰ ਵੀ ਇਕ ਚਾਲ ਕਿਹਾ ਪਰ ਜਦ ਸ਼ਹਿਰ ਵਾਸੀ ਤੇ ਹੋਰ ਲੋਕ ਅਨੰਦਪੁਰ ਦੇ ਕਿਲ੍ਹੇ ਅੱਗੇ ਆ ਇਕੱਠੇ ਹੋ ਗਏ ਅਤੇ ਪੁਕਾਰ ਕਿਹਾ: ਕਿਲ੍ਹਾ ਛੱਡਣ ਵਿਚ ਕੋਈ ਹਰਜ ਨਹੀਂ ਜਦ ਔਰੰਗਜ਼ੇਬ ਵੀ ਯਕੀਨ ਦਿਲਵਾਉਂਦਾ ਹੈ । ਉਨ੍ਹਾਂ ਦਾ ਭੁੱਖ ਨਾਲ ਬੁਰਾ ਹਾਲ ਹੈ । ਮਾਸ ਝੜ ਗਿਆ ਹੈ ਅਤੇ ਉਹ ਹੱਡੀਆਂ ਦਾ ਪਿੰਜਰ ਹੀ ਰਹਿ ਗਏ ਹਨ ਤੇ ਪਤਾ ਨਹੀਂ ਕਿ ਭਲਕ ਵੀ ਕੱਢਦੇ ਹਨ ਕਿ ਨਹੀਂ :
ਦਰ ਕੈ ਆਗੈ ਕਰੀ ਪੁਕਾਰਾ।
ਅੰਨਿ ਬਿਨ ਜੀਉ ਜਾਇ ਹਮਾਰਾ। ੫੭।੪੬੧।
ਦੇਖਹੁ ਯਹ ਹਵਾਲ ਅਬ ਭਯੋ ।
ਰਹੇ ਹਾਡ, ਚਾਮ ਉਡਿ ਗਇਯੋ ।
ਬਿਨਾ ਭੋਜਨ ਜੀਵਨ ਅਬ ਨਾਹੀ।
ਸੋ ਬੀ ਜੈ ਹੈ ਸਾਝ ਸੁਬਾ ਹੀ। ੫੮।
(ਗੁਰੂ ਸੋਭਾ)
ਗੁਰੂ ਜੀ ਵੀ ਜਾਣਦੇ ਸਨ ਕਿ ਮੁਗ਼ਲ ਫੌਜਾਂ ਦਾ ਬਹੁਤ ਦੇਰ ਹੁਣ ਘੇਰਾ ਪਾਈ ਰੱਖਣਾ ਅਸੰਭਵ ਹੈ। ਇਹ ਤਰਲੇ ਤੇ ਕਸਮਾਂ ਤਾਂ ਹੀ ਉਠਾਈਆਂ ਜਾ ਰਹੀਆਂ ਹਨ। ਗੁਰੂ ਜੀ ਨੇ ਕਿਹਾ ਜਿਥੇ ਇਤਨੇ ਦਿਨ ਤਕਲੀਫ਼ ਕੱਟੀ ਹੈ, ਕੁਝ ਚਿਰ ਹੋਰ ਝੱਲ ਲਵੋ, ਫਿਰ ਮਨ-ਮਰਜ਼ੀ ਦਾ ਭੋਜਨ ਵੀ ਲੈਣਾ ਤੇ ਆਜ਼ਾਦੀ ਵੀ।
ਕੇਤਕ ਦਿਨ ਤੁਮ ਔਰ ਬਿਤਾਵੋ।
ਫਿਰ ਮਨ ਇੱਛੇ ਭੋਜਨ ਖਾਵੋ । ੫੯।੪੬੩।
ਜੇ ਤੁਸਾਂ ਅਨੰਦਪੁਰ ਛੱਡਿਆ ਤਾਂ ਬਹੁਤ ਹੀ ਸ਼ਹੀਦੀਆਂ ਹੋਣਗੀਆਂ, ਪਰ ਸਾਰੇ ਇਹ ਹੀ ਰੱਟ ਲਗਾਂਦੇ ਰਹੇ ਕਿ ਜਦ ਬਾਦਸ਼ਾਹ ਤੇ ਕੁਰਾਨ ਜ਼ਾਮਨ ਹੈ ਤਾਂ ਕੁਝ ਵੀ ਨਹੀਂ ਹੁੰਦਾ।
ਗੁਰੂ ਜੀ ਮੁਗ਼ਲਾਂ ਤੇ ਪਹਾੜੀਆਂ ਦਾ ਸੁਭਾਅ ਚੰਗੀ ਤਰ੍ਹਾਂ ਜਾਣਦੇ ਸਨ, ਇਸ ਲਈ ਵਾਰ ਵਾਰ ਚੇਤਾਵਨੀ ਦੇ ਰਹੇ ਸਨ, ਪਰ ਹੁਣ ਲੋਕ ਰਾਇ ਮੰਨਣੀ ਹੀ ਬਣਦੀ ਸੀ। ਫਿਰ ਵੀ ਸਤਿਗੁਰੂ ਜੀ ਨੇ ਕਿਹਾ ਕਿ ਕਿਲ੍ਹਾ ਤਾਂ ਛੱਡ ਦਿੰਦੇ ਹਾਂ, ਪਰ ਭਲੇ ਬੁਰੇ ਦੇ ਤੁਸੀਂ ਹੀ ਜ਼ਿੰਮੇਵਾਰ ਹੈ। ਇਥੋਂ ਤੱਕ ਕਿ ਸਿੱਖਾਂ ਕੋਲੋਂ ਅਹਿਦਨਾਮਾ ਵੀ ਲਿਖਵਾਇਆ।
੧੩ ਦਸੰਬਰ, ੧੭੦੪ ਨੂੰ ਆਪ ਜੀ ਨੇ ਸ਼ਾਮ ਵੇਲੇ ਅਨੰਦਪੁਰ ਛੱਡ ਦਿੱਤਾ ਅਤੇ ਉਹ ਹੀ ਹੋਇਆ ਜੋ ਮਹਾਰਾਜ ਨੇ ਪਹਿਲਾਂ ਕਿਹਾ ਸੀ । ਚਾਰੇ ਸਹਿਬਜ਼ਾਦੇ, ਪੰਜ ਪਿਆਰੇ, ਚਾਲੀ ਮੁਕਤੇ ਤੇ ਅਨੇਕਾਂ ਹੋਰ ਸਿੰਘ ਸ਼ਹੀਦ ਹੋਏ। ਮਹਾਨ ਗ੍ਰੰਥ ਵਿਦਿਆ-ਸਰ ਜਿਸ ਦਾ ਆਕਾਰ ਤੇ ਵਜ਼ਨ ਹੀ ਕੇਵਲ ੯ ਮਣ ਸੀ, ਸਰਸਾ ਦੀ ਭੇਟਾ ਹੋ ਗਿਆ।
13
ਚਮਕੌਰ ਦੀ ਜੰਗ ਤੇ ਸਾਕਾ ਸਰਹਿੰਦ
ਸਰਸਾ ਦੀ ਭਿਆਨਕ ਜੰਗ—੧੯ ਦਸੰਬਰ, ੧੭੦੪ ਈ: ਸ਼ਾਮਾਂ ਵੇਲੇ ਗੁਰੂ ਜੀ ਨੇ ਅਨੰਦਪੁਰ ਦਾ ਕਿਲ੍ਹਾ ਛੱਡਿਆ। ਗੁਰੂ ਜੀ, ਚਾਰੇ ਸਾਹਿਬਜ਼ਾਦੇ, ਪੰਜ ਪਿਆਰੇ, ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਕੁਝ ਸਿੰਘਾਂ ਨਾਲ ਪਹਿਲਾਂ ਨਿਕਲੇ ਤੇ ਪਿੱਛੋਂ ਸਿੰਘਾਂ ਦੇ ਜਥੇ ਕੁਝ ਵਕਫ਼ੇ ਬਾਅਦ ਆਉਂਦੇ ਰਹੇ । ਜਦ ਮੁਗ਼ਲ ਫੌਜਾਂ ਨੂੰ ਗਈ ਰਾਤ ਗੁਰੂ ਜੀ ਦੇ ਪਰਵਾਰ ਸਮੇਤ ਕਿਲ੍ਹਾ ਛੱਡ ਜਾਣ ਦਾ ਪਤਾ ਲੱਗਾ ਤਾਂ ਕਈ ਦਸਤੇ ਸਰਸਾ ਵੱਲ ਵਜ਼ੀਰ ਖ਼ਾਨ ਨੇ ਭੇਜੇ। ਸਰਸਾ ਕਿਨਾਰੇ ਹੀ ਜੰਗ ਸ਼ੁਰੂ ਹੋ ਗਈ। ਸਰਸਾ ਵੀ ਬਾਰਸ਼ ਕਾਰਨ ਚੜ੍ਹੀ ਹੋਈ ਸੀ । ਭਾਈ ਉਦੈ ਸਿੰਘ ਜੀ ਜਿਨ੍ਹਾਂ ਰਾਜਾ ਕੇਸਰੀ ਚੰਦ ਦਾ ਜੰਗ ਵਿਚ ਸਿਰ ਉਤਾਰਿਆ ਸੀ, ਪਿੱਛੇ ਮੁੜ ਕੇ ਫ਼ੌਜੀ ਦਸਤਿਆਂ ਨੂੰ ਰੋਕ ਰਹੇ ਸਨ ਪਰ ਮੁਗ਼ਲਾਂ ਦੀ ਗਿਣਤੀ ਇਤਨੀ ਜ਼ਿਆਦਾ ਸੀ ਕਿ ਉਹ ਉਥੇ ਹੀ ਸ਼ਹੀਦ ਹੋ ਗਏ। ਉਨ੍ਹਾਂ ਦੀ ਥਾਂ ਭਾਈ ਜੀਵਨ ਸਿੰਘ, ਜਿਨ੍ਹਾਂ ਦਿੱਲੀ ਤੋਂ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਲਿਆਂਦਾ ਸੀ, ਨੇ ਮੱਲ ਲਈ ਤੇ ਫੌਜਾਂ ਨੂੰ ਠੱਲ੍ਹ ਪਾ ਦਿੱਤੀ, ਪਰ ਜਦ ਉਨ੍ਹਾਂ ਡਿੱਠਾ ਕਿ ਬਾਬਾ ਅਜੀਤ ਸਿੰਘ ਜੀ ਘੇਰੇ ਵਿਚ ਆ ਗਏ ਹਨ ਤਾਂ ਉਨ੍ਹਾਂ ਆਪਣਾ ਮੂੰਹ ਉਧਰ ਕੀਤਾ । ਬਾਬਾ ਅਜੀਤ ਸਿੰਘ ਜੀ ਤਾਂ ਸਰਸਾ ਪਾਰ ਕਰ ਗਏ, ਪਰ ਭਾਈ ਜੀਵਨ ਸਿੰਘ ਜੀ ਉਥੇ ਹੀ ਸ਼ਹੀਦ ਹੋ ਗਏ।
ਪਰਵਾਰ ਵਿਛੋੜਾ-ਸਰਸਾ ਕਿਨਾਰੇ ਹੀ ਗੁਰੂ ਜੀ ਨੇ ਪਰਵਾਰ ਨੂੰ ਤਿੰਨ ਹਿੱਸਿਆਂ ਵਿਚ ਵੰਡ ਦਿੱਤਾ । ਬਾਬਾ ਅਜੀਤ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਤੇ ਕੁਝ ਸਿੰਘ ਉਨ੍ਹਾਂ ਨਾਲ ਰਖੇ ਤੇ ਸਰਸਾ ਪਾਰ ਕਰ ਕੇ ਰੋਪੜ ਪੁੱਜ ਗਏ। ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ, ਭਾਈ ਮਨੀ ਸਿੰਘ ਜੀ ਨਾਲ ਹਰਦੁਆਰ ਚਲੇ ਗਏ ਤੇ ਉਥੋਂ ਦਿੱਲੀ ਗਏ। ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਕੁੱਮੇ ਮਾਸ਼ਕੀ ਨਾਲ ਉਸ ਦੀ ਝੁੱਗੀ ਵਿਚ ਸਰਸਾ ਕਿਨਾਰੇ ਹੀ ਰੁਕ ਗਏ। ਉਥੋਂ ਗੰਗੋ ਬ੍ਰਾਹਮਣ ਆਪਣੇ ਨਾਲ ਪਿੰਡ ਲੈ ਗਿਆ।
ਸਾਰਾ ਪਰਵਾਰ ਵਿਛੜ ਗਿਆ। ਜੋੜਾ ਕਿਸੇ ਪਾਸੇ, ਜੋੜਾ ਕਿਸੇ ਪਾਸੇ।
ਸੰਸਾਰ ਦਾ ਅਨੋਖਾ ਯੁੱਧ-੨੦ ਦਸੰਬਰ ਦੀ ਰਾਤ ਆਪ ਜੀ ਨੇ ਰੋਪੜ ਕੱਟੀ । ਮੁਗ਼ਲ ਫ਼ੌਜਾਂ ਸਾਰੀ ਰਾਤ ਪਿੱਛਾ ਕਰਦੀਆਂ ਰਹੀਆਂ । ੨੧ ਦਸੰਬਰ ਦਾ ਸਾਰਾ ਦਿਨ ਗੁਰੂ ਜੀ ਰੋਪੜ ਹੀ ਰਹੇ ਤੇ ਕੋਟਲਾ ਨਿਹੰਗ ਸਿੰਘ ਦੇ ਪਠਾਣ ਨੇ ਰਾਖੀ ਰੱਖੀ ਤੇ ਜਾਨ ਤੇ ਖੇਡ ਕੇ ਵੀ ਆਂਚ ਨਾ ਆਉਣ ਦਿੱਤੀ। ੨੧ ਦਸੰਬਰ ਦੀ ਰਾਤ ਨੂੰ ਹੀ ਆਪ ਜੀ ਨੇ ਚਮਕੌਰ ਜਾਣ ਦਾ ਫ਼ੈਸਲਾ ਕੀਤਾ। ਉਥੋਂ ਦੇ ਜ਼ਿਮੀਂਦਾਰ ਚੌਧਰੀ ਬੁਧੀ ਚੰਦ ਨੇ ਆਪੂੰ ਆ ਕੇ ਬੇਨਤੀ ਕੀਤੀ ਕਿ ਰੋਪੜ ਦੇ ਖੁੱਲ੍ਹੇ ਮੈਦਾਨ ਨਾਲੋਂ ਹਵੇਲੀ ਦੀ ਕੱਚੀ ਗੜ੍ਹੀ ਵਿਚ ਕੁਝ ਬਚਾ ਹੋ ਸਕਦਾ ਹੈ । ਗੁਰੂ ਗੋਬਿੰਦ ਸਿੰਘ ਜੀ ਪਹਿਲਾਂ ਵੀ ਉਸ ਗੜ੍ਹੀ ਵਿਚ ਕਈ ਦਿਨ ਕੁਰੂਕਸ਼ੇਤਰ ਤੋਂ ਮੁੜਦਿਆਂ ਰਹਿ ਚੁੱਕੇ ਸਨ । ਕੈਸੀ ਬਹਾਦਰੀ ਭਰੀ ਜਾ ਚੁੱਕੀ ਸੀ ਪੰਜਾਬ ਦੇ ਲੋਕਾਂ ਵਿਚ, ਉਸ ਦੀ ਝਾਕੀ ਚੌਧਰੀ ਬੁੱਧੀ ਚੰਦ ਦੇ ਆਖੇ ਸ਼ਬਦ ਹਨ । ਉਹ ਜਾਣਦਾ ਸੀ ਕਿ ਗੁਰੂ ਜੀ ਪਿੱਛੇ ਮੁਗ਼ਲ ਫੌਜਾਂ ਲੱਗੀਆਂ ਹੋਈਆਂ ਹਨ ਤੇ ਟਿਕਾਣਾ ਦੇਣਾ ਜਾਨ ਤੇ ਖੇਡਣਾ ਹੀ ਹੈ ਪਰ ਉਸ ਨੇ ਮੁੱਖ ਨਾ ਮੋੜਿਆ।
ਜ਼ਿਮੀਂਦਾਰ ਨੇ ਆ ਕੇ ਬੇਨਤੀ ਕੀਤੀ, ‘ਹੇ ਗੁਰੂ ਮਹਾਰਾਜ ! ਤੁਸੀਂ ਸਾਡੇ ਲਈ ਇਤਨੇ ਤਸੀਹੇ ਝੱਲ ਰਹੇ ਹੋ ਜਿਸ ਦਾ ਕੋਈ ਅੰਤ ਹੀ ਨਹੀਂ। ਆਪ ਜੀ ਦੀ ਕੋਈ ਸਹਾਇਤਾ ਅਸੀਂ ਨਹੀਂ ਕਰ ਸਕਦੇ। ਅਸੀਂ ਜਿਤਨੇ ਜੋਗੇ ਹਾਂ, ਹਾਜ਼ਰ ਹਾਂ । ਇਸ ਖੁਲ੍ਹੀ ਥਾਂ ਨਾਲੋਂ ਹਵੇਲੀ ਫਿਰ ਵੀ ਬਚਾਉ ਵਾਲੀ ਹੈ। ਸੈਨਾਪਤੀ ਦੇ ਸ਼ਬਦਾਂ ਵਿਚ :
ਖਬਰ ਸੁਨੀ ਜ਼ਿਮੀਂਦਾਰ ਨੇ, ਮੱਧ ਬਸੈ ਚਮਕੌਰ ।
ਸੁਨਤ ਬਚਨ ਤਤਕਾਲ ਹੀ, ਵਹ ਆਯੋ ਉਡਿ ਦੌਰ । ੯। ੪੭੩।
ਹਾਥ ਜੋਰ ਐਸੇ ਕਹਯੋ, ਬਿਨਤੀ ਸੁਨੋ ਕਰਤਾਰ ।’
ਬਸੋ ਮਧਿ ਚਮਕੌਰ ਕੈ, ਅਪਨੀ ਕ੍ਰਿਪਾ ਧਾਰ । ੬। ੪੭੪।
ਤਬੈ ਸ੍ਵਾਰ ਸਾਹਿਬ ਭਏ, ਛਾਡਿ ਬਾਗ ਕੀ ਠਉਰ ।
ਸਿੰਘ ਸਾਥ ਸਬ ਹੀ ਲਿਯੇ, ਆਇ ਬਸੈ ਚਮਕਉਰ । ੭। ੪੧੫। ‘
ਅਗਲੇ ਦਿਨ ਸਵੇਰੇ ੨੨ ਦਸੰਬਰ, ੧੭੦੪ ਨੂੰ ਸੰਸਾਰ ਦਾ ਅਨੋਖਾ ਯੁੱਧ ਸ਼ੁਰੂ ਹੋ ਗਿਆ। ਇਕ ਪਾਸੇ ਚਾਲ੍ਹੀ ਭੁੱਖੇ ਭਾਣੇ, ਤਿਹਾਏ, ਥੱਕੇ ਤੇ ਦੂਜੇ ਪਾਸੇ ਦਸ ਲੱਖ` ਗੁਰੂ ਜੀ ਨੇ ਆਪ ਜ਼ਫਰਨਾਮਾ ਵਿਚ ਗਵਾਹੀ ਦਿੱਤੀ ਹੈ ਕਿ ਇਕ ਪਾਸੇ ਲਾਚਾਰ ਭੁੱਖੇ ਚਾਲੀ ਸਨ, ਦੂਜੇ ਪਾਸੇ ਦਸ ਲੱਖ ਸਨ :
ਗੁਰ ਸਨਾਹ ਕਿ ਕਾਰੇ ਕੁਨੰਦ ਚਿਹਲਨਰ ।
ਕਿ ਦਹਿ ਲਕ ਬਰ ਆਇਦ ਬਰੋ ਬੇਖਬਰ । ੧੯।
ਅਤੇ ਗੁਰ ਸੋਭਾ ਦੇ ਸ਼ਬਦਾਂ ਵਿਚ :
ਕਹਾਂ ਬੀਰ ਚਾਲੀ ਛੁਧਾਵੰਤ ਭਾਰੇ ।
ਕਹਾਂ ਏਕ ਨੌਂ ਲਾਖ ਆਏ ਹਕਾਰੇ।
ਗੁਰ ਬਿਲਾਸ ਪਾਤਸ਼ਾਹੀ ਦਸਵੀਂ ਦੇ ਲਿਖੇ ਅਨੁਸਾਰ :
ਅਬ ਚਾਲੀਸ ਸਿੰਘ ਰਹੈ ਅਬ ਆਈ।
ਪੰਜ ਭਾਟੀਏ ਥੇ ਸੁਖਦਾਈ।
ਚਾਰ ਸੁ ਸਿੰਘ ਅਰੋੜੇ ਤਾਹੀ।
ਕਛ ਖਤ੍ਰੀ ਕਲਾਲ ਸੁਵਾਹੀ।
ਦੋ ਰੰਘਰੇਟੇ ਥੇ ਤਹਿ ਜਾਨਾ। ਦੋ ਦਿਜ ਸਿੰਘ ਮਹਾ ਪ੍ਰਧਾਨਾ।
(ਅਧਿਆਇ ਸੋਲ੍ਹਵਾਂ)
ਨਵਾਬ ਵਜ਼ੀਰ ਖ਼ਾਨ ਨੇ ਸਵੇਰੇ ਹੀ ਢੰਡੋਰਾ ਪਿਟਵਾਇਆ ਕਿ ਜੇ ਗੁਰੂ ਜੀ ਆਪਣੇ ਆਪ ਨੂੰ ਆਪਣੇ ਸਾਥੀਆਂ ਸਮੇਤ ਪੇਸ਼ ਕਰ ਦੇਣ ਤਾਂ ਉਨ੍ਹਾਂ ਦੀ ਜਾਨ ਬਖਸ਼ੀ ਕਰ ਦਿੱਤੀ ਜਾਵੇਗੀ। ਇਸ ਢੰਡੋਰੇ ਦਾ ਜਵਾਬ ਗੁਰੂ ਜੀ ਨੇ ਤੀਰਾਂ ਦੀ ਬੁਛਾੜ ਨਾਲ ਦਿੱਤਾ । ਮੁਗ਼ਲ ਫ਼ੌਜਾਂ ਨੇ ਵੀ ਤੀਰਾਂ ਦੀ ਬਾਰਸ਼ ਸ਼ੁਰੂ ਕਰ ਦਿੱਤੀ, ਪਰ ਕਿਲ੍ਹੇ ਦੀ ਦੀਵਾਰ ਨੇੜੇ ਕੋਈ ਆਉਣ ਦੀ ਹਿੰਮਤ ਨਹੀਂ ਸੀ ਕਰਦਾ। ਮੁਗ਼ਲਾਂ ਦੇ ਇਕ ਜਰਨੈਲ ਨਾਹਰ ਖ਼ਾਨ ਨੇ ਅਛੋਪਲੇ ਜਹੇ ਪਉੜੀ ਲਗਾ ਕੇ ਹਵੇਲੀ ਤੇ ਚੜ੍ਹਨਾ ਚਾਹਿਆ। ਜਦ ਉਸ ਨੇ ਦੀਵਾਰ ਤੋਂ ਜ਼ਰਾ ਕੁ ਸਿਰ ਉੱਚਾ ਕੀਤਾ ਤਾਂ ਮਹਾਰਾਜ ਨੇ ਤੀਰ ਨਾਲ ਉਸ ਨੂੰ ਉਥੇ ਹੀ ਚਿੱਤ ਕਰ ਦਿੱਤਾ । ਉਸ ਦੇ ਡਿੱਗਦਿਆਂ ਹੀ ਗ਼ਨੀ ਖ਼ਾਨ ਨੇ ਸਿਰ ਕੱਢਿਆ ਤਾਂ ਗੁਰੂ ਜੀ ਨੇ ਗੁਰਜ ਨਾਲ ਉਸ ਦਾ ਸਿਰ ਭੰਨਿਆ ਤੇ ਮਿੱਝ ਕੱਢ ਦਿੱਤੀ । ਤੀਜਾ ਖ਼ੁਆਜਾ ਮਹਿਮੂਦ ਅਲੀ (ਜਿਸ ਨੂੰ ਗੁਰੂ ਜੀ ਨੇ ਬੁਜ਼ਦਿਲ ਤੇ ਡਰਪੋਕ ਹੋਣ ਕਾਰਨ ਮਰਦੂਦ ਲਿਖਿਆ ਹੈ) ਨੇ ਸਾਥੀਆਂ ਨੂੰ ਮਰਦੇ ਦੇਖ ਕੰਧ ਦਾ ਓਹਲਾ ਲੈ ਲਿਆ ਤੇ ਨੱਸ ਗਿਆ।’ ਲਤੀਫ਼ ਨੇ ਇਹ ਵੀ ਲਿਖਿਆ ਹੈ ਕਿ ਖ਼ੁਆਜਾ ਮਹਿਮੂਦ ਅਲੀ ਨੇ ਇਕ ਏਲਚੀ ਵੀ ਚਮਕੌਰ ਦੀ ਗੜ੍ਹੀ ਅੰਦਰ ਭੇਜਿਆ, ਜਿਸ ਪੈਗ਼ਾਮ ਦੇਣ ਉਪ੍ਰੰਤ ਕੁਝ ਕੁਹਜੇ ਸ਼ਬਦ ਗੁਰੂ ਜੀ ਦੀ ਸ਼ਾਨ ਵਿਚ ਬੋਲੇ ਤਾਂ ਬਾਬਾ ਅਜੀਤ ਸਿੰਘ ਨੇ ਤਲਵਾਰ ਧੂਹ ਲਈ ਤੇ ਕਿਹਾ ਕਿ ਜੇ ਤੂੰ ਹੋਰ ਕੋਈ ਸ਼ਬਦ ਬੋਲੇ ਤਾਂ ਸਿਰ ਧੜ ਨਾਲੋਂ ਉਤਾਰ ਦੇਵਾਂਗਾ ਤੇ ਟੋਟੇ-ਟੋਟੇ ਕਰ ਦੇਵਾਂਗਾ। ਹੁਣ ਚੁੱਪ ਕਰ ਕੇ ਚਲਾ ਜਾ। ਗੱਲਾਂ ਮੈਦਾਨੇ- ਜੰਗ ਵਿਚ ਹੋਣਗੀਆਂ। ਕਿਤਨੀ ਚੜ੍ਹਦੀ ਕਲਾ ਵਿਚ ਸੀ ਗੁਰੂ-ਸਪੂਤ। ਇਕ ਪਾਸੇ ਸਿੰਘਾਂ ਦੀ ਬੀਰਤਾ, ਦੂਜੇ ਪਾਸੇ ਮੁਗ਼ਲ ਸਰਦਾਰਾਂ ਦੀ ਕਾਇਰਤਾ ਨੇ ਮੁਗ਼ਲ ਫੌਜਾਂ ਵਿਚ ਘਬਰਾਹਟ ਪੈਦਾ ਕਰ ਦਿੱਤੀ। ਨਵਾਬ ਸਰਹੰਦ ਨੇ ਮੌਕਾ ਸੰਭਾਲਦੇ ਹੋਏ ਫ਼ੌਜਾਂ ਨੂੰ ਇਕੋ ਵਾਰ ਹਮਲਾ ਕਰਨ ਦਾ ਐਲਾਨ ਕੀਤਾ । ਇਸ ਤੋਂ ਗੁਰੂ ਜੀ ਨੇ ਹੱਲੇ ਦੇ ਟਾਕਰੇ ਪੰਜ-ਪੰਜ ਸਿੰਘਾਂ ਦੇ ਜਥੇ ਕਿਲ੍ਹੇ ਦੀ ਦੀਵਾਰ ਤੋਂ ਬਾਹਰ ਭੇਜਣੇ ਅਰੰਭ ਕੀਤੇ। ਕਿਲ੍ਹੇ ਦੀਆਂ ਚਾਰੇ ਬਾਹੀਆਂ ਤੇ ਵੀ ਕੁਝ ਸਿੰਘ ਖੜ੍ਹੇ ਕਰ ਦਿੱਤੇ। ਗੁਰੂ ਜੀ ਆਪੂੰ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਗੜ੍ਹੀ ਦੀ ਮਮਟੀ ਤੇ ਚੜ੍ਹ ਗਏ । ਭਾਈ ਮਦਨ ਸਿੰਘ ਤੇ ਭਾਈ ਕੋਡਾ ਸਿੰਘ ਜੀ ਨੂੰ ਗੜ੍ਹੀ ਦੇ ਦਰਵਾਜ਼ੇ ਤੇ ਖੜ੍ਹਾ ਕਰ ਦਿੱਤਾ।
ਬਾਹਰ ਨਿਕਲਦੇ ਸਾਰ ਸਿੰਘ ਸੂਰਮਿਆਂ ਨੇ ਵਧੀ ਆ ਰਹੀ ਫ਼ੌਜ ਨੂੰ ਅੱਗੋਂ ਜਾ ਲਿਆ। ਉੱਪਰੋਂ ਗੁਰੂ ਜੀ ਤੇ ਸਿੰਘ ਗੋਲੀਆਂ, ਬੰਦੂਕਾਂ ਅਤੇ ਤੀਰਾਂ ਦੀ ਸੱਚਮੁੱਚ ਹੀ ਬਾਰਸ਼ ਕਰ ਰਹੇ ਸਨ। ਦੋ ਘੜੀਆਂ ਖ਼ੂਬ ਲੋਹੇ ਤੇ ਲੋਹਾ ਵੱਜਾ। ਸੈਂਕੜੇ ਮੈਦਾਨ ਵਿਚ ਹੀ ਡਿੱਗ ਪਏ, ਲਹੂ ਮਿੱਝ ਦਾ ਚਿੱਕੜ ਹੋ ਗਿਆ। ਹਾਹਾਕਾਰ ਦੇ ਰੌਲੇ ਨਾਲ ਆਸਮਾਨ ਗੂੰਜ ਉਠਿਆ। ਇਤਨਾ ਲਹੂ ਡੁੱਲ੍ਹਿਆ ਕਿ ਧੂੜ ਵੀ ਉੱਡਣੋਂ ਬੰਦ ਹੋ ਗਈ। ਪੰਜੇ ਸਿੰਘ ਸ਼ਹੀਦ ਹੋ ਗਏ। ਮਹਾਰਾਜ ਨੇ ਫਿਰ ਭਾਈ ਖ਼ਜ਼ਾਨ ਸਿੰਘ, ਭਾਈ ਧਿਆਨ ਸਿੰਘ, ਭਾਈ ਦਾਨ ਸਿੰਘ ਭੇਜੇ, ਪਰ ਉਹ ਵੀ ਕਰਤਬ ਦਿਖਾ ਗੁਰਪੁਰੀ ਸਿਧਾਰ ਗਏ।
ਸਾਹਿਬਜ਼ਾਦਾ ਅਜੀਤ ਸਿੰਘ ਦੀ ਸ਼ਹਾਦਤ—ਗੁਰੂ ਜੀ ਆਪ ਦੇਖ ਰਹੇ ਸਨ ਕਿ ਹੁਣ ਨਵਾਬ ਸਰਹਿੰਦ ਵਜ਼ੀਰ ਖ਼ਾਨ ਇਕੋ ਹੱਲੇ ਨਾਲ ਗੜ੍ਹੀ ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਇਸ ਮੰਤਵ ਲਈ ਨਵਾਬ ਨੇ ਆਪਣੇ ਜਰਨੈਲਾਂ, ਹਦੈਤ ਖ਼ਾਨ, ਇਸਮਾਈਲ ਖ਼ਾਨ,ਫੁਲਾਦ ਖ਼ਾਨ, ਸੁਲਤਾਨ ਖ਼ਾਨ, ਅਸਮਾਨ ਖ਼ਾਨ, ਜਹਾਨ ਖ਼ਾਨ, ਖ਼ਲੀਲ ਖ਼ਾਨ ਅਤੇ ਭੂਰੇ ਖ਼ਾਨ ਨੂੰ ਖ਼ਾਸ ਹਦਾਇਤਾਂ ਦਿੱਤੀਆਂ ਅਤੇ ਉਹ ਸਾਰੇ ਹੀ ਗੜ੍ਹੀ ਵੱਲ ਵਧੇ। ਹਰ ਕੋਈ ਜਾਣਦਾ ਸੀ ਕਿ ਇਤਨਾ ਵੱਡਾ ਹੱਲਾ ਰੋਕਣਾ ਕੋਈ ਆਸਾਨ ਕੰਮ ਨਹੀਂ। ਇਸ ਲਈ ਸਿੰਘਾਂ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਉਹ ਸਾਹਿਬਜ਼ਾਦਿਆਂ ਨੂੰ ਲਾਲ ਲੈ ਕੇ ਨਿਕਲ ਜਾਣ। ਗੁਰੂ ਜੀ ਨੇ ਸੁਣੀ ਅਣਸੁਣੀ ਕਰ ਦਿੱਤੀ ਤੇ ਹੁੰਦੀ ਜੰਗ ਵੱਲ ਇਸ਼ਾਰਾ ਕੀਤਾ ਤੇ ਗਿਰਜਾਂ ਤੇ ਝੀਲਾਂ ਦੇ ਝੁਰਮਟ ਦਾ ਉੱਡ-ਉੱਡ ਲੋਥਾਂ ਤੇ ਪੈਣ ਵੱਲ ਇਸ਼ਾਰਾ ਕੀਤਾ। ਵਾਹ, ਵਾਹ ਬੇਪ੍ਰਵਾਹ ਗੁਰੂ ਗੋਬਿੰਦ ਸਿੰਘ । ਸਿੰਘਾਂ ਫੇਰ ਬੇਨਤੀ ਕੀਤੀ, ‘ਮਹਾਰਾਜ ਜੀ, ਤੁਹਾਡਾ ਸਾਹਿਬਜ਼ਾਦਿਆਂ ਨਾਲ ਗੜ੍ਹੀ ਛੱਡ ਜਾਣਾ ਹੀ ਠੀਕ ਨੀਤੀ ਹੈ। ਇਹ ਗੱਲ ਸੁਣ ਕੇ ਮਹਾਰਾਜ ਨੇ ਕਿਹਾ ਕਿ ‘ਤੁਸੀਂ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ, ਤੁਸੀਂ ਸਾਰੇ ਹੀ ਮੇਰੇ ਸਾਹਿਬਜ਼ਾਦੇ ਹੋ।’ ਸਿੰਘ ਇਹ ਵਾਕ ਸੁਣ ਕੇ ਅਵਾਕ ਹੋ ਗਏ। ਬਾਬਾ ਅਜੀਤ ਸਿੰਘ ਜੀ ਨੂੰ ਜੰਗ ਵਿਚ ਜੂਝਣ ਦੀ ਆਗਿਆ ਦਿੱਤੀ। ਮਹਾਰਾਜ ਨੇ ਖੁਸ਼ੀ ਨਾਲ ਥਾਪੀ ਦਿੱਤੀ ਅਤੇ ਚਾਅ ਵੀ ਪ੍ਰਗਟ ਕੀਤਾ ਕਿ ਉਹ ਆਪਣੇ ਬੇਟੇ ਨੂੰ ਜੂਝਦਿਆਂ ਦੇਖ ਨਿਹਾਲ ਹੋਣਗੇ ।’ ਬਾਬਾ ਜੀ ਨੇ ਵੀ ਕਿਹਾ : ਦੇਖੀਐ, ਆਜ ਤਮਾਸ਼ਾ।
ਗੁਰੂ ਜੀ ਨੇ ਬਾਬਾ ਅਜੀਤ ਸਿੰਘ ਜੀ ਨਾਲ ਅੱਠ ਸਿੰਘ, ਭਾਈ ਮੋਹਕਮ ਸਿੰਘ (ਜੋ ਪੰਜਾਂ ਪਿਆਰਿਆਂ ਵਿਚੋਂ ਇਕ ਸਨ), ਭਾਈ ਈਸ਼ਰ ਸਿੰਘ, ਭਾਈ ਲਾਲ ਸਿੰਘ, ਭਾਈ ਨੰਦ ਸਿੰਘ, ਭਾਈ ਕੇਸਰ ਸਿੰਘ, ਭਾਈ ਦੇਵਾ ਸਿੰਘ, ਭਾਈ ਕੀਰਤੀ ਸਿੰਘ ਅਤੇ ਭਾਈ ਮੋਹਰ ਸਿੰਘ ਜੀ, ਜੰਗ ਦੇ ਮੈਦਾਨ ਵਿਚ ਭੇਜੇ। ਬਾਬਾ ਅਜੀਤ ਸਿੰਘ ਜੀ ਦੀ ਉਮਰ ਉਸ ਵੇਲੇ ਕੇਵਲ ੧੯ ਕੁ ਸਾਲਾਂ ਦੀ ਸੀ।
ਹਵੇਲੀ ਤੋਂ ਬਾਹਰ ਨਿਕਲਦਿਆਂ ਹੀ ਸਭ ਸਿੰਘਾਂ ਨੇ ਜੈਕਾਰਾ ਛੱਡਿਆ। ਸਿੰਘ ਵੱਖ ਮਾਣ ਮਹਿਸੂਸ ਕਰ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਜਥੇਦਾਰੀ ਹੇਠ ਜੂਝਣ ਤੇ ਟਕਰਾਉਣ ਦਾ ਅਵਸਰ ਮਿਲਿਆ ਸੀ।
ਬਾਬਾ ਅਜੀਤ ਸਿੰਘ ਜੀ ਨੂੰ ਅੱਗੇ ਵਧਦਾ ਦੇਖ ਕੇ ਪਲ ਕੁ ਵੈਰੀ ਠਠੰਬਰੇ ਕਿਉਂਕਿ ਉਨ੍ਹਾਂ ਦੀਆਂ ਕਿਤਾਬਾਂ ਵਿਚ ਕੋਈ ਬਾਪ ਐਸਾ ਨਹੀਂ ਜੋ ਪੁੱਤਰ ਨੂੰ ਹੱਸ ਕੇ ਸ਼ਹੀਦੀ ਪ੍ਰਾਪਤ ਕਰਨ ਲਈ ਭੇਜੇ। ਮੁਗ਼ਲ ਫ਼ੌਜਾਂ ਨੇ ਚਾਰੇ ਪਾਸਿਓਂ ਸਾਹਿਬਜ਼ਾਦੇ ਨੂੰ ਘੇਰ ਲਿਆ, ਪਰ ਸਾਹਿਬਜ਼ਾਦੇ ਦੇ ਦੋ ਤਿੱਖੇ ਤੀਰਾਂ ਨੇ ਕਈਆਂ ਦੀਆਂ ਛਾਤੀਆਂ ਵਿੰਨ੍ਹ ਸੁੱਟੀਆਂ। ਬਾਬਾ ਅਜੀਤ ਸਿੰਘ ਜੀ ਨੇ ਗਰਜ ਕੇ ਕਿਹਾ ਕਿ ਉਹ ਸਾਹਮਣੇ ਆਵੇ ਜਿਸ ਦੇ ਜੀਅ ਕੋਈ ਚਾਅ ਹੈ। ਸੈਨਾਪਤੀ ਲਿਖਦਾ ਹੈ :
ਕਰੀ ਆਵਾਜ, ਅਬ ਆਉ ਅਰਮਾਨ ਜਿਹ
ਸਕਲ ਦਲ ਦੇਖਿ ਦਉਰੇ ਅਪਾਰੋ।
ਘੇਰ ਚਹੂ ਦਿਸ ਲਿਯੋ ਆਨਿ ਤੁਰਕਾਨ ਨੇ,
ਕਰਤ ਸੰਗ੍ਰਾਮ ਰਣਜੀਤ ਭਾਰੋ । ੩੦ ੪੯੮।
ਕਈ ਭੱਜ ਕੇ ਸਾਹਮਣੇ ਆਏ ਪਰ ਬਾਬਾ ਜੀ ਨੇ ਐਸੀ ਕਰਾਰੀ ਮਾਰ ਦਿੱਤੀ ਕਿ ਸਭ ਅਲਾਹ-ਅਲਾਹ ਪੁਕਾਰਨ ਲੱਗੇ :
ਲੇਤ ਪਰੋਇ ਪਠਾਨ ਕੋ, ਸਭਹਨ ਸਾਂਗ ਦਿਖਲਾਏ।
ਦੇਖਤ ਹੀ ਸਭ ਕਰਤ ਹੈਂ, ਅਰੇ ਖੁਦਾਇ ਖੁਦਾਇ । ੩੮। ੫੦੬।
(ਸ੍ਰੀ ਗੁਰ ਸੋਭਾ)
ਪਰ ਟਾਕਰਾ ਕਿਤਨੀ ਕੁ ਦੇਰ ਹੁੰਦਾ! ਤੀਰਾਂ ਦੀ ਗਿਣਤੀ ਮੇਣਵੀਂ ਸੀ। ਤੀਰ ਤੁਰੰਤ ਮੁਕ ਗਏ। ਸਿੰਘਾਂ ਹੁਣ ਤਲਵਾਰਾਂ ਸੰਭਾਲ ਲਈਆਂ, ਪਰ ਬਾਬਾ ਅਜੀਤ ਸਿੰਘ ਜੀ ਨੇਜ਼ੇ ਨਾਲ ਵਾਰ ਕਰਦੇ ਰਹੇ। ਸੰਜੋਅ ਨਾਲ ਤਨ ਢੱਕੇ ਇਕ ਮੁਗ਼ਲ ਸਰਦਾਰ ਦੇ ਸੀਨੇ ਵਿਚ ਜਦ ਬਾਬਾ ਜੀ ਨੇ ਨੇਜ਼ੇ ਨਾਲ ਵਾਰ ਕੀਤਾ ਤਾਂ ਨੇਜ਼ਾ ਵਾਪਸ ਕੱਢਣ ਵੇਲੇ ਉਸ ਦੀ ਅਣੀ ਮੁੜ ਗਈ ਅਤੇ ਨੇਜ਼ਾ ਵਿਚੇ ਹੀ ਖੁੱਭਿਆ ਰਿਹਾ। ਆਪ ਜੀ ਨੇ ਵੀ ਤਲਵਾਰ ਸੰਭਾਲ ਲਈ ਅਤੇ ਘੋੜੇ ਉੱਤੇ ਸਵਾਰ ਦੁਸ਼ਮਣ ਦੀਆਂ ਫ਼ੌਜਾਂ ਵਿਚ ਘੁਸ ਗਏ । ਉਸ ਸਮੇਂ ਉਨ੍ਹਾਂ ਦੀ ਛਬਿ ਦੇਖਣ ਵਾਲੀ ਸੀ। ਪੰਥ ਪ੍ਰਕਾਸ਼ ਵਿਚ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ :
ਗੁਰ ਬਾਲਕ ਰੂਪ ਅਨੂਪਮ ਅੰਗਨ ਪੇਖ ਅਨੰਦ ਸੁ ਲਾਜੈ ।
ਅਤਿ ਛੈਲ ਛਬੀਲੇ ਛਟੋ ਛਪ ਛੁੰਗਨ ਛੋਭ ਛਕੈ ਛਿ ਛਤ੍ਰੀ ਛਿਤ ਛਾਜੈ।
ਰਖ ਤਾਲਕ ਖਾਲਕ ਮਾਲਕ ਸੋ, ਅਰ ਗਾਲਕ ਪਾਲਕ ਹਿੰਦਨ ਲਾਜੈ।
ਜਨ ਕੰਦਰ ਅੰਦਰ ਤੇ ਨਿਕਸੇ, ਮਰਗਿੰਦ ਨਿਹਾਰ ਗਜਿੰਦ ਸਮਾਜੈ। ‘
ਲੜਦੇ-ਲੜਦੇ ਨਾਲ ਦੇ ਅੱਠੇ ਸਿੰਘ ਸ਼ਹੀਦ ਹੋ ਚੁੱਕੇ ਸਨ। ਬਾਬਾ ਜੀ ਨੂੰ ਵੀ ਇਕ ਮੁਗ਼ਲ ਸਰਦਾਰ ਨੇ ਕੱਸ ਕੇ ਨੇਜ਼ਾ ਮਾਰਿਆ। ਆਪ ਜੀ ਵਾਰ ਬਚਾ ਗਏ, ਪਰ ਘੋੜਾ ਜ਼ਖ਼ਮੀ ਹੋ ਗਿਆ। ਆਪ ਜੀ ਉਸ ਵੇਲੇ ਪੈਦਲ ਹੋ ਗਏ ਅਤੇ ਤਲਵਾਰ ਦੇ ਜੌਹਰ ਦਿਖਾਉਣ ਲੱਗੇ। ਤਲਵਾਰ ਕਿਵੇਂ ਚੱਲ ਰਹੀ ਸੀ, ਉਸ ਬਾਰੇ ਸੈਨਾਪਤੀ ਨੇ ਲਿਖਿਆ ਹੈ :
‘ਟੂਟ ਕੈ ਸਾਂਗਿ ਦੁਇ ਟੂਕ ਹੁਇ ਭੁਈ ਪਰੀ,
ਗਹੀ ਤਲਵਾਰ ਦਲ ਦਲ ਬਹੁਤ ਮਾਰੇ।
ਏਕ ਕੇ ਸੀਸ ਧਰਿ ਦੁਇ ਟੁਕਰੇ ਕਰੇ,
ਦੁਇ ਕੇ ਸੀਸ ਧਰਤ ਕਰਤ ਚਾਰੇ।
ਭਾਂਤਿ ਇਹ ਪੂਰ ਪਰਵਾਹ ਦੀਨੇ ਕਈ,
ਰਕਤ ਦਰੀਆਉ ਮੇ ਪਰੇ ਸਾਰੇ ।
ਇਕੱਲਿਆਂ ਦੇਖ ਸਾਰੇ ਹੀ ਇਕੋ ਵਾਰ ਬਾਬਾ ਅਜੀਤ ਸਿੰਘ ਤੇ ਧਾ ਪਏ ਤੇ ਉਥੇ ਹੀ ਸ਼ਹੀਦ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਨੇ ਇਹ ਸਾਰਾ ਯੁੱਧ ਅੱਖੀਂ ਡਿੱਠਾ ਤੇ ਸਾਹਿਬਜ਼ਾਦੇ ਦੀ ਸ਼ਹਾਦਤ ਤੇ ਆਪੂੰ ਜੈਕਾਰਾ ਛੱਡਿਆ ਅਤੇ ਬਚਨ ਬੋਲੇ :
“ਪੀਯੋ ਪਯਾਲਾ ਪ੍ਰੇਮ ਕਾ,
ਭਯੋ ਸੁਮਨ ਅਵਤਾਰ ।
ਆਜ ਖਾਸ ਭਏ ਖ਼ਾਲਸਾ,
ਸਤਿਗੁਰ ਕੇ ਦਰਬਾਰ।”
ਬਾਬਾ ਜੁਝਾਰ ਸਿੰਘ ਜੀ ਦੀ ਸ਼ਹਾਦਤ-ਆਪਣੇ ਵੱਡੇ ਭਰਾ ਨੂੰ ਸ਼ਹਾਦਤ ਪਾਂਦਿਆਂ ਦੇਖ ਕੇ ਬਾਬਾ ਜੁਝਾਰ ਸਿੰਘ ਜੀ ਨੂੰ ਵੀ ਚਾਅ ਚੜ੍ਹਿਆ ਅਤੇ ਜ਼ੋਰ ਦੀ ਉੱਚੀ ਆਵਾਜ਼ ਨਾਲ ਕਿਹਾ : ਵੀਰਾ ਰਤਾ ਕੁ ਠਹਰ, ਮੈਂ ਵੀ ਆ ਰਹਿਆ ਹਾਂ :
ਮੈਂ ਤੁਮ ਭ੍ਰਾਤ ਸਦਾ ਸੰਗ ਜਾਨਾ।
ਮੈਂ ਪਾਛੈ ਤਜ ਕਰਾ ਪਯਾਨਾ ।
ਅਤੇ ਜੰਗ ਵਿਚ ਸ਼ਹਾਦਤ ਪ੍ਰਾਪਤ ਕਰਨ ਲਈ ਆਪਾ ਪੇਸ਼ ਕੀਤਾ। ਮਹਾਰਾਜ ਨੇ ਕਿਹਾ ਜ਼ਰਾ ਕੁ ਰੁਕ। ਗੁਰੂ ਗੋਬਿੰਦ ਸਿੰਘ ਜੀ ਨੇ ਅੱਗੇ ਵਧ ਮੱਥਾ ਚੁੰਮਿਆ, ਕੇਸਰ ਛਿੜਕਿਆ ਅਤੇ ਸ਼ਹੀਦੀ ਟਿੱਕਾ ਲਾ ਛਾਤੀ ਨਾਲ ਲਗਾਇਆ ਤੇ ਫ਼ਰਮਾਯਾ :
ਜਾਓ ਇਥੇ ਜਸ ਪਾਯੋ ਅਤੇ ਅਗੇ ਸੁਖ।
ਜੋਗੀ ਅਲਾਹ ਯਾਰ ਨੇ ਇਥੇ ਇਕ ਬਹੁਤ ਸੋਹਣੀ ਟੂਕ ਦਿੱਤੀ ਹੈ ਕਿ ਗੁਰੂ ਜੀ ਨੇ ਸਾਹਿਬਜ਼ਾਦੇ ਨੂੰ ਕਿਹਾ :
‘ਕਹਾ ਥਾ ਬਾਪ ਕੋ ਜਾਂ ਦੀਜੈ ਧਰਮ ਪਰ ।
ਅਬ ਕਹਤੇ ਹੈਂ ਬੇਟਾ ਆਪ ਕੋ, ਜਾਂ ਦੀਜੈ ਧਰਮ ਪਰ।’
ਪੰਜਾਂ ਪਿਆਰਿਆਂ ਵਿਚੋਂ ਦੋ ਭਾਈ ਹਿੰਮਤ ਸਿੰਘ ਤੇ ਭਾਈ ਸਾਹਿਬ ਸਿੰਘ ਤੇ ਤਿੰਨ ਹੋਰ ਸਿੰਘ ਬਾਬਾ ਜੁਝਾਰ ਸਿੰਘ ਨਾਲ ਭੇਜੇ। ਬਾਬਾ ਜੀ ਦੀ ਉਮਰ ਉਸ ਸਮੇਂ ਕੇਵਲ ੧੪ ਸਾਲ, ਅੱਠ ਮਹੀਨੇ ਤੇ ਸਤਾਰਾਂ ਦਿਨ ਸੀ। ਫਿਰ ਦੁਬਾਰਾ ਰਣ ਗਰਮ ਹੋ ਗਿਆ। ਲੋਥਾਂ ਤੇ ਲੋਥਾਂ ਡਿੱਗਣ ਲੱਗੀਆਂ। ਮੁਗ਼ਲ ਫ਼ੌਜਾਂ ਦੇ ਹੌਸਲੇ ਵਧੇ ਹੋਏ ਸਨ। ਉਨ੍ਹਾਂ ਬਾਬਾ ਜੁਝਾਰ ਸਿੰਘ ਜੀ ਅਤੇ ਉਨ੍ਹਾਂ ਦੇ ਪੰਜਾਂ ਸਾਥੀਆਂ ਨੂੰ ਘੇਰ ਲਿਆ । ਬਾਬਾ ਜੀ ਨੇ ਨੇਜ਼ਾ ਹੱਥੀਂ ਸੰਭਾਲ ਲਿਆ । ਜਿੱਥੇ ਵੀ ਉਨ੍ਹਾਂ ਦਾ ਨੇਜ਼ਾ ਵੱਜਦਾ, ਉਹ ਵੈਰੀ ਨੂੰ ਮਾਰ ਮੁਕਾਉਂਦਾ। ਬਾਬਾ ਜੁਝਾਰ ਸਿੰਘ ਖੰਡਾ ਇਵੇਂ ਚਲਾ ਰਹੇ ਸਨ ਜਿਵੇਂ ਕੋਈ ਕਿਸਾਨ ਖੇਤੀ ਵਿਚ ਦਾਤ੍ਰੀ ਚਲਾਉਂਦਾ ਹੈ : ਖੇਤ੍ਰ ਵਗਾਈ ਦਾਤਰੀ ਜਯੋਂ ਕਿਰਸਨੀਆ।ਦੁਸ਼ਮਣ ਨੇ ਘੇਰਾ ਹੋਰ ਸੌੜਾ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਜਦ ਡਿੱਠਾ ਕਿ ਮੁਗ਼ਲ ਸਾਹਿਬਜ਼ਾਦੇ ਨੂੰ ਘੇਰੀ ਟੁਰੀ ਜਾਂਦੇ ਹਨ ਤਾਂ ਉਨ੍ਹਾਂ ਗੜ੍ਹੀ ਤੋਂ ਤੀਰਾਂ ਦੀ ਬਾਰਸ਼ ਸ਼ੁਰੂ ਕਰ ਦਿੱਤੀ । ਘੇਰਾ ਟੁੱਟ ਗਿਆ ਤੇ ਤੀਰਾਂ ਦੀ ਛਾਂ ਹੇਠਾਂ ਹੀ ਬਾਬਾ ਜੀ ਨੇ ਤੀਰ ਤਲਵਾਰ ਚਲਾ ਕੇ ਕਈਆਂ ਦੇ ਆਹੂ ਲਾਏ ਪਰ ਫ਼ੌਜਾਂ ਦੇ ਯਲਗਾਰਾਂ ਅੱਗੇ ਪੰਜ ਜਾਂ ਛੇ ਕਿੰਨੀ ਕੁ ਦੇਰ ਟਿਕ ਸਕਦੇ ਸਨ। ਫਿਰ ਵੀ ਉਨ੍ਹਾਂ ਸੂਰਮਿਆਂ ਇਹ ਪ੍ਰਗਟਾ ਦਿੱਤਾ ਕਿ ਸਵਾ ਲੱਖ ਨਾਲ ਸੱਚਮੁੱਚ ਇਕ ਲੜ ਸਕਦਾ ਹੈ। ਮੁਗ਼ਲਾਂ ਦੇ ਇਕ ਹੋਰ ਦਸਤੇ ਨੇ ਐਸਾ ਘੇਰਾ ਪਾਇਆ ਕਿ ਬਾਬਾ ਜੁਝਾਰ ਸਿੰਘ ਉਸ ਨੂੰ ਤੋੜ ਨਾ ਸਕੇ । ਉਧਰ ਸੂਰਜ ਨੇ ਮੂੰਹ ਛੁਪਾਇਆ, ਇਧਰ ਗੁਰੂ ਗੋਬਿੰਦ ਸਿੰਘ ਜੀ ਦੇ ਚੰਨ ਬਾਬਾ ਜੁਝਾਰ ਸਿੰਘ . ਜੀ ਦੀ ਸ਼ਹਾਦਤ ਹੋਈ, ਨਵਾਂ ਚੰਨ ਚੜ੍ਹ ਪਿਆ। ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਵਿਚ ਲਿਖਿਆ ਹੈ ਕਿ ਜਦੋਂ ਸੂਰਜ ਅਲੋਪ ਹੋ ਗਿਆ ਅਤੇ ਰਾਤ ਦਾ ਰਾਜਾ (ਚੰਨ) ਸ਼ਾਨ ਨਾਲ ਨਿਕਲਿਆ, ਉਸ ਸਮੇਂ ਦਿਹਾੜੀ ਦੀ ਜੰਗ ਬੰਦ ਹੋਈ । ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਵੇਲੇ ਵੀ ਕੁਦਰਤ ਤੋਂ ਬਲਿਹਾਰ ਜਾਣਾ ਸਿਰਫ਼ ਗੁਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਆਇਆ ਹੈ।
ਗੁਰੂ ਗੋਬਿੰਦ ਸਿੰਘ ਜੀ ਦੇ ਚਮਕੌਰ ਵਿਖੇ ਬਚਨ-ਸੋਦਰ ਦੀ ਚੌਕੀ ਉਪ੍ਰੰਤ ਗੁਰੂ ਜੀ ਨੇ ਚਾਰ ਤੀਰ ਮੁਗ਼ਲ ਫ਼ੌਜਾਂ ਦੇ ਜਰਨੈਲਾਂ ਨੂੰ ਮਾਰੇ ਤੇ ਨਾਲ ਹਰ ਇਕ ਦੇ ਇਕ-ਇਕ ਚਿੱਠੀ ਵੀ ਭੇਜੀ। ਇਕ ਤੀਰ ਖ਼ੁਆਜਾ ਮਰਦੂਦ (ਮਹਮੂਦ ਅਲੀ) ਨੂੰ ਮਾਰਿਆ ਜੋ ਉਸ ਦੀ ਪੇਟੀ ਵਿਚ ਲੱਗਾ । ਉਸ ਨੂੰ ਲਿਖਿਆ, ‘ਕਸਮ ਉਠਾ ਕੇ ਫਿਰ ਜਾਣਾ, ਦੀਨ ਦੁਨੀ ਤੋਂ ਜਾਣਾ ਹੈ। ਅੱਜ ਤੂੰ ਦੋਵੇਂ ਹੀ ਗਵਾ ਲਏ ਹਨ। ਦੂਜਾ ਤੀਰ ਵਜੀਦ ਖ਼ਾਨ ਦੇ ਘੋੜੇ ਨੂੰ ਮਾਰਿਆ ਅਤੇ ਚਿੱਠੀ ਵਿਚ ਲਿਖਿਆ, ‘ਕਸਮ ਖਾ ਕੇ ਜੋ ਬੇਈਮਾਨ ਹੁੰਦਾ ਹੈ ਉਹ ਦੋਜ਼ਖ਼ ਦੀ ਅੱਗ ਵਿਚ ਸੜਦਾ ਹੈ ਤੇ ਜੋ ਯਕੀਨ ਰੱਖਦਾ ਹੈ, ਉਹ ਉੱਚਾ ਹੁੰਦਾ ਹੈ ।’ ਤੀਜਾ ਲਾਹੌਰ ਦੇ ਸੂਬੇ ਜ਼ਬਰਦਸਤ ਖ਼ਾਨ ਦੀ ਪੱਗ ਦਾ ਨਿਸ਼ਾਨਾ ਰੱਖ ਮਾਰਿਆ ਅਤੇ ਚਿੱਠੀ ਵਿਚ ਲਿਖਿਆ: ‘ਕੁਰਾਨ ਦੀ ਕਸਮ ਨੂੰ ਤੋੜਨ ਵਾਲਾ ਦੋਜ਼ਖ ਵਿਚ ਹੀ ਪਵੇਗਾ। ਉਹ ਸਮਾਂ ਆ ਰਿਹਾ ਹੈ ਜਦ ਸਾਰੇ ਸੂਬੇ ਵਿਚ ਸਿੰਘ ਹਲਚਲ ਮਚਾਉਣਗੇ।’ ਚੌਥਾ ਤੀਰ ਅਜਮੇਰ ਚੰਦ ਦੀ ਲੱਤ ਵਿਚ ਵੱਜਾ। ਉਸ ਨੂੰ ਲਿਖਿਆ : ‘ਤੈਨੂੰ ਆਰਾਮ ਕਦੇ ਨਹੀਂ ਮਿਲੇਗਾ ਪਰ ਸਾਡਾ ਰਾਖਾ ਅਕਾਲ ਪੁਰਖ ਹੈ।’ ਇਹ ਤੀਰ ਤੇ ਲਿਖਤਾਂ ਇਹ ਦਰਸਾਉਣ ਲਈ ਕਾਫ਼ੀ ਹਨ ਕਿ ਸਾਹਿਬ ਪਿਤਾ ਕਿਤਨੀਆਂ ਚੜ੍ਹਦੀਆਂ ਕਲਾਂ ਵਿਚ ਵਿਚਰ ਰਹੇ ਸਨ ਤੇ ਕਿਸ ਯਕੀਨ ਨਾਲ ਆਖ ਰਹੇ ਸਨ ਕਿ ਪੰਜਾਬ ਵਿਚ ਅਮਨ ਨਹੀਂ ਹੋਵੇਗਾ। ਇਥੇ ਹੀ ਬੱਸ ਨਹੀਂ, ਉਨ੍ਹਾਂ ਦਿਨ ਚੜ੍ਹਦੇ ਪਹਿਲਾ ਜਥਾ ਆਪੂੰ ਲੈ ਜਾਣ ਦੀ ਗੱਲ ਕਹੀ। ਅਹਿਮਦ ਸ਼ਾਹ ਬਟਾਲਵੀ ਲਿਖਦਾ ਹੈ ਕਿ ਗੁਰੂ ਮਹਾਰਾਜ ਨੇ ਚਮਕੌਰ ਦੀ ਗੜ੍ਹੀ ਵਿਚ ਰਹਿ ਗਏ ਸਿੰਘਾਂ ਨੂੰ ਸੰਬੋਧਨ ਕਰਦੇ ਹੋਏ ਫ਼ਰਮਾਇਆ : ‘ਸਾਡੇ ਸਾਹਮਣੇ ਹੁਣ ਸੂਰਮਿਆਂ ਵਾਂਗ ਜਾਨ ਵਾਰ ਦੇਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ। ਸਾਡੇ ਲਹੂ ਦੀ ਇਕ ਬੂੰਦ ਵੀ ਵਿਅਰਥ ਨਹੀਂ ਜਾਵੇਗੀ। ਜਦ ਤੱਕ ਸਾਡਾ ਨਾਂ-ਨਿਸ਼ਾਨ ਬਾਕੀ ਰਹੇਗਾ, ਵੈਰੀਆਂ ਤੋਂ ਇਸ ਖੂਨ ਦਾ ਬਦਲਾ ਖੂਨ ਲੈਂਦਾ ਰਹੇਗਾ। ਫਿਰ ਫ਼ਰਮਾਇਆ :
‘ਸਿੱਖ ਨੂੰ ਸਦਾ ਚਾਰ ਓਟਾਂ ਹਨ ਤੇ ਉਹ ਓਟਾਂ ਸਦਾ ਨਾਲ ਹਨ । ਪਹਿਲੀ ਓਟ ਅਕਾਲ ਪੁਰਖ ਦੀ ਹੈ। ਦੂਜੀ ਸਤਿਗੁਰੂ ਦੀ, ਤੀਜੀ ਸਾਧ ਸੰਗਤਿ ਦੀ ਤੇ ਚੌਥੀ ਆਪਣੀ।’ ਸੋ ਡਟੇ ਰਹਿਣਾ। ਸਿੰਘਾਂ ਨੇ ਬਥੇਰਾ ਜਤਨ ਕੀਤਾ ਕਿ ਗੁਰੂ ਜੀ ਦਿਨ ਚੜ੍ਹੇ ਜੂਝਣ ਦਾ ਵਿਚਾਰ ਨਾ ਬਣਾਉਣ ਪਰ ਮਹਾਰਾਜ ਜੀ ਫ਼ੈਸਲੇ ਤੇ ਅਟੱਲ ਸਨ। ਉਨ੍ਹਾਂ ਬੇਨਤੀਆਂ ਦਾ ਸਹਾਰਾ ਵੀ ਲਿਆ ਪਰ ਸਭ ਵਿਅਰਥ।
ਹੁਕਮ-ਐਸੀ ਦਸ਼ਾ ਵਿਚ ਸਿੰਘਾਂ ਬੈਠ ਮਤਾ ਪਕਾਇਆ ਕਿ ਜੇ ਗੁਰੂ ਗੋਬਿੰਦ ਸਿੰ ਜੀ ਦੀ ਪਾਵਨ ਹੋਂਦ ਰਹੀ ਤਾਂ ਉਹ ਉਸ ਬਿਖੜੇ ਸਮੇਂ ਅਗਵਾਈ ਦੇ ਕੇ ਪੰਥ ਨੂੰ ਫਿਰ ਸੁਰਜੀਤ ਕਰ ਲੈਣਗੇ। ਬੇਵਕਤ ਦਿੱਤੀ ਸ਼ਹਾਦਤ ਪੰਥ ਲਈ ਕਾਰੀ ਸੱਟ ਸਾਬਤ ਹੋਵੇਗੀ। ਗੜ੍ਹੀ ਵਿਚ ਬਾਕੀ ਰਹਿੰਦੇ ਦਸ ਸਿੰਘਾਂ ਨੇ ਪੰਜ ਪਿਆਰੇ ਚੁਣੇ ਤੇ ਭਾਈ ਦਇਆ ਸਿੰਘ ਨੇ ਅਗਵਾਈ ਕਰਦੇ ਹੁਕਮ ਦਿੱਤਾ ਕਿ ਗੁਰੂ ਜੀ ਉਸੇ ਰਾਤ ਹਵੇਲੀ ਛੱਡ ਜਾਣ। ‘ਆਪੇ ਚੇਲਾ’, ਬਣਨ ਵਾਲੇ ਗੁਰੂ ਨੇ ਹੁਕਮ ਅੱਗੇ ਸਿਰ ਝੁਕਾਇਆ ਅਤੇ ਹਵੇਲੀ ਛੱਡ ਜਾਣਾ ਪ੍ਰਵਾਨ ਕੀਤਾ, ਪਰ ਇਕ ਸ਼ਰਤ ਲਗਾਈ ਕਿ ਉਹ ਗੜ੍ਹੀ ਛੱਡਦਿਆਂ ਦੁਸ਼ਮਣਾਂ ਨੂੰ ਵੰਗਾਰ ਜ਼ਰੂਰ ਪਾਉਣਗੇ। ਦਸਮੇਸ਼ ਪਿਤਾ ਨੇ ਤਿੰਨ ਸਿੰਘ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਨੂੰ ਆਪਣੇ ਨਾਲ ਲੈ ਜਾਣ ਦੀ ਸਾਰੀ ਵਿਉਂਤ ਦੱਸੀ ਅਤੇ ਬਾਕੀ ਸੱਤਾਂ, ਵਿਚੋਂ ਆਪਣੇ ਮੂੰਹ ਮੁਹਾਂਦਰੇ ਵਾਲੇ ਇਕ ਭਾਈ ਸੰਗਤ ਸਿੰਘ ਨੂੰ ਕਲਗੀ ਦੇ ਕੇ, ਆਪਣਾ ਹੀ ਪੋਸ਼ਾਕਾ ਪਹਿਣਾ ਕੇ ਉੱਚੀ ਮਮਟੀ ਤੇ ਬੈਠਣ ਦੀ ਤਜਵੀਜ਼ ਵੀ ਦੱਸੀ ਤਾਂ ਕਿ ਕੁਝ ਚਿਰ ਇਹ ਭੁਲੇਖਾ ਬਣਿਆ ਰਹੇ।
ਅੱਧੀ ਰਾਤ ਤੋਂ ਕੁਝ ਸਮੇਂ ਪਿਛੋਂ ਗੁਰੂ ਜੀ ਨੇ ਬੁਰਜ ਉੱਪਰ ਖੜੋ ਕੇ ਆਪੂੰ ਨਰਸਿੰਙੀ ਵਜਾਇਆ ਤਾਂ ਕਿ ਇਹ ਪਤਾ ਲੱਗ ਜਾਏ ਕਿ ਗੜ੍ਹੀ ਤੋਂ ਹਮਲਾ ਹੋਣ ਵਾਲਾ ਹੈ। ਫਿਰ ਗੁਰੂ ਜੀ ਹਵੇਲੀ ਤੋਂ ਬਾਹਰ ਨਿਕਲੇ ਤੇ ਹਨੇਰੇ ਵਿਚ ਟੁਰਦੇ-ਟੁਰਦੇ ਹੀ ਇਕ ਉੱਚੀ ਟਿੱਬੀ ਤੇ ਜਾ ਚੜ੍ਹੇ ਤੇ ਤਿੰਨ ਵਾਰ ਉੱਚੀ-ਉੱਚੀ ਕਿਹਾ, ‘ਪੀਰੇ ਹਿੰਦ ਮੇ ਰਵਦ।’ ਮੁਗ਼ਲ ਫੌਜਾਂ ਵਿਚ ਖਲਬਲੀ ਮੱਚ ਗਈ । ਕਈ ਉਬੜਵਾਹੇ ਉੱਠੇ । ਕਈ ਉੱਚੀ ਟਿੱਬੀ ਵੱਲ ਵਧੇ। ਇਕ ਮਿਸ਼ਾਲਚੀ ਮੁਗ਼ਲਾਂ ਨੂੰ ਰਾਹ ਦਿਖਾ ਰਿਹਾ ਸੀ। ਮਹਾਰਾਜ ਨੇ ਮਿਸ਼ਾਲਚੀ ਦੇ ਗੁੱਟ ਦਾ ਐਸਾ ਨਿਸ਼ਾਨਾ ਬਣਾਇਆ ਕਿ ਮਿਸ਼ਾਲ ਹੇਠਾਂ ਡਿੱਗ ਪਈ ਤੇ ਬੁੱਝ ਗਈ। ਸੈਨਾਪਤੀ ਲਿਖਦਾ ਹੈ ਇਸ ਹਲਚਲ ਵਿਚ ਹੀ ਗੁਰੂ ਜੀ ਨੂੰ ਚੋਟ ਆਈ ਤੇ ਉਨ੍ਹਾਂ ਦੀ ਇਕ ਪਾਵਨ ਉਂਗਲੀ ਚੋਟ ਲੱਗਣ ਨਾਲ ਕੱਟੀ ਗਈ। ਪਰ ਇਹ ਠੀਕ ਨਹੀਂ ਕਿਉਂਕਿ ਗੁਰੂ ਜੀ ਨੇ ਆਪੂੰ ਜ਼ਫ਼ਰਨਾਮੇ ਵਿਚ ਲਿਖਿਆ ਹੈ ਕਿ ਦੇਖੋ ਵਾਹਿਗੁਰੂ ਦਾ ਕਮਾਲ ਕਿ ਉਨ੍ਹਾਂ ਨੂੰ ਦਸ ਲੱਖ ਮੁਲਖਈਏ ਨੇ ਘੇਰ ਲਿਆ ਪਰ ਨਾ ਉਨ੍ਹਾਂ ਦਾ ਵਾਲ ਵਿੰਗਾ ਹੋਇਆ ਤੇ ਨਾ ਰਤਾ ਕੁ ਝਰੀਟ ਆਈ :
‘ਨ ਪੇਚੀਦ ਮੂਏ,
ਨ ਰੰਜੀਦਾ ਤਨ।’
ਗੁਰ ਬਿਲਾਸ ਪਾਤਸ਼ਾਹੀ ਦਸਵੀਂ ਦੇ ਸ਼ਬਦਾਂ ਵਿਚ :
ਗੁਰ ਈਸ ਰਾਖੈ। ਨ ਰੋਮੰਕ ਭਾਖੈ।
ਨਹੀਂ ਕੇਸ ਐਂਚਾ। ਤਿਸੈ ਕਾਲ ਪੈਂਚਾ।
ਤਿੰਨੇ ਸਾਥੀ ਭਾਵੇਂ ਅੱਡ ਹੋ ਗਏ, ਪਰ ਗੁਰੂ ਜੀ ਦਿਨ ਚੜ੍ਹਦੇ ਤੱਕ ਬਹੁਤ ਦੂਰ ਨਿਕਲ ਗਏ।
ਸ਼ਹਾਦਤਾਂ—ਵੈਰੀ ਨੇ ਰਾਤ ਨੂੰ ਹਮਲਾ ਕਰਨਾ ਚਾਹਿਆ ਸੀ, ਪਰ ਵਜ਼ੀਰ ਖ਼ਾਨ ਨੇ ਇਹ ਸਲਾਹ ਦਿੱਤੀ ਸੀ ਕਿ ਰਾਤ ਨੂੰ ਹੱਲਾ ਕਰਨਾ ਲਾਹੇਵੰਦ ਨਹੀਂ ਹੋਵੇਗਾ। ਸੋ ਅਗਲੇ ਦਿਨ ਪਹੁ ਫੁਟਦੇ ਸਾਰ ਹੀ ਧਾਵਾ ਬੋਲ ਦਿੱਤਾ । ਸੱਤ ਦੇ ਸੱਤ ਸਿੰਘ ਬਾਹਰ ਨਿਕਲ ਆਏ ਤੇ ਲੜਦੇ ਹੀ ਮੈਦਾਨ ਵਿਚ ਸ਼ਹੀਦ ਹੋ ਗਏ। ਅਹਿਮਦ ਸ਼ਾਹ ਬਟਾਲਵੀ ਦਾ ਕਹਿਣਾ ਹੈ ਕਿ ਪਿੱਛੇ ਰਹੇ ਸਿੰਘਾਂ ਨੇ ਕਿਲ੍ਹੇ ਦੇ ਦਰਵਾਜ਼ੇ ਖੋਲ੍ਹ ਦਿੱਤੇ ਅਤੇ ਤਲਵਾਰਾਂ ਸੂਤ ਕੇ ਵੈਰੀਆਂ ਉਤੇ ਅਚਨਚੇਤ ਟੁੱਟ ਪਏ । ਬਹਾਦਰੀ ਦੇ ਉਨ੍ਹਾਂ ਅਜਿਹੇ ਕਾਰਨਾਮੇ ਦਿਖਾਏ ਕਿ ਰੁਸਤਮ ਦੀ ਯਾਦ ਦਿਲਾਂ ਵਿਚ ਤਾਜ਼ਾ ਹੋ ਗਈ। ਗੁਰੂ ਜੀ ਪਹਿਲਾਂ ਹੀ ਸਫ਼ਾਂ ਨੂੰ ਚੀਰਦੇ ਨਿਕਲ ਗਏ ਸਨ। ਗੁਰੂ ਜੀ ਦੀ ਪੋਸ਼ਾਕ ਅਤੇ ਸਿਰ ਤੇ ਕਲਗੀ ਦੇਖ ਕੇ ਦੁਸ਼ਮਣ ਭੁਲੇਖਾ ਖਾ ਗਿਆ । ਸਾਰੇ ਪਾਸੇ ਰੌਲਾ ਪੈ ਗਿਆ ਕਿ ਗੁਰੂ ਜੀ ਸ਼ਹੀਦ ਹੋ ਗਏ ਹਨ। ਕਈ ਦਿਨਾਂ ਤੱਕ ਇਹ ਭੁਲੇਖਾ ਬਣਿਆ ਰਿਹਾ। ਮੁਗ਼ਲ ਕੀ ਜਾਣਦੇ ਸਨ ਕਿ ਸ਼ੇਰ ਉਸੇ ਤਰ੍ਹਾਂ ਗੱਜ ਰਿਹਾ ਹੈ।
ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਹ ਸਿੰਘ ਜੀ ਦੀਆਂ ਸ਼ਹਾਦਤਾਂ-ਸਰਸਾ ਨਦੀ ਤੋਂ ਵਿਛੜ ਕੇ ਮਾਤਾ ਜੀ ਨੇ ਸਾਹਿਬਜ਼ਾਦਿਆਂ ਨਾਲ ਰਾਤ ਸਰਸਾ ਕਿਨਾਰੇ ਹੀ ਕੁੰਮੇ ਮਾਸ਼ਕੀ ਦੀ ਝੁੱਗੀ ਵਿਚ ਕੱਟੀ। ਉਥੇ ਦੋ ਦਿਨ ਠਹਿਰੇ ਅਤੇ ਲਕਸ਼ਮੀ ਨਾਂ ਦੀ ਇਕ ਬ੍ਰਾਹਮਣੀ ਰੋਟੀ ਪਾਣੀ ਪਹੁੰਚਾਉਂਦੀ ਰਹੀ। ਉਥੋਂ ਸਹੇੜੀ ਦਾ ਬ੍ਰਾਹਮਣ ਗੁੰਗੂ ਮਾਤਾ ਜੀ ਤੇ ਸਾਹਿਬਜ਼ਾਦਿਆਂ ਨਾਲ ਨੂੰ ਆਪਣੇ ਪਿੰਡ ਲੈ ਆਇਆ। ਗੰਗੂ ਗੁਰੂ ਘਰ ਦੇ ਲੰਗਰ ਵਿਚ ਇਕ ਸੇਵਾਦਾਰ ਸੀ । ਰੁਪਿਆਂ ਦੀ ਭਰੀ ਖੁਰਜੀ ਦੇਖ ਕੇ ਗੰਗੂ ਦੀ ਨੀਯਤ ਵੱਟ ਗਈ। ਮੋਹਰਾਂ ਉਸ ਛੁਪਾ ਦਿੱਤੀਆਂ ਤੇ ਬਾਹਰ ਸ਼ੋਰ ਪਾਉਣ ਲੱਗਾ ਕਿ ਚੋਰੀ ਹੋ ਗਈ । ਮਾਤਾ ਗੁਜਰੀ ਜੀ ਨੇ ਉਸ ਨੂੰ ਕੋਲ ਬੁਲਾ ਕੇ ਕਿਹਾ ਕਿ ਮੋਹਰਾਂ ਤੂੰ ਹੀ ਰੱਖੀਂ, ਪਰ ਰੌਲਾ ਨਾ ਪਾ। ਉਸਨੇ ਇਤਨੀ ਗੱਲ ਦਾ ਵੀ ਗੁੱਸਾ ਮਨਾਇਆ ਤੇ ਕੋਤਵਾਲ ਨੂੰ ਖ਼ਬਰ ਦੇ ਦਿੱਤੀ। ਮੁਰਿੰਡੇ ਦੇ ਥਾਣੇਦਾਰ ਨੇ ਗ੍ਰਿਫ਼ਤਾਰ ਕਰ ਕੇ ਸਾਰੀ ਰਾਤ ਥਾਣੇ ਵਿਚ ਰੱਖਿਆ। ਸਵੇਰੇ ਇਕ ਬੈਲ ਗੱਡੀ ਤੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਨੂੰ ਬਿਠਾਲ ਕੇ ਬੱਸੀ ਦੇ ਥਾਣੇ ਲੈ ਆਇਆ। ਉਥੋਂ ਮਾਤਾ ਤੇ ਸਾਹਿਬਜ਼ਾਦਿਆਂ ਨੂੰ ਹੱਥਕੜੀਆਂ ਲਗਾ ਤੇ ਪੈਰੀਂ ਜ਼ੰਜੀਰਾਂ ਪਾ ਕੇ ਬੱਸੀ ਤੋਂ ਉਹ ਹੀ ਥਾਣੇਦਾਰ ਸਰਹਿੰਦ ਲੈ ਗਿਆ। ਰਾਤ ਸਾਰਿਆਂ ਨੂੰ ਠੰਡੇ ਬੁਰਜ ਵਿਚ ਰੱਖਿਆ ਗਿਆ। ਆਪਣੀ ਜਾਨ ਤੇ ਖੇਡ ਕੇ ਮੋਤੀ ਮਹਿਰੇ ਨੇ ਕਮੰਦ ਲਗਾ ਕੇ ਦੁੱਧ ਪਹੁੰਚਾਇਆ। ਸਵੇਰ ਹੁੰਦੇ ਸਾਰ ੨੫ ਦਸੰਬਰ, ੧੭੦੪ ਨੂੰ ਮਾਤਾ ਗੁਜਰੀ ਨਾਲੋਂ ਅੱਡ ਕਰ ਕੇ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਉਸ ਸਮੇਂ ਗੋਰੇ-ਗੋਰੇ ਪਿੰਡਿਆਂ ਤੇ ਨੀਲੀਆਂ-ਨੀਲੀਆਂ ਝੱਗੀਆਂ ਨਾਲ ਸਾਹਿਬਜ਼ਾਦਿਆਂ ਦੀ ਦਿੱਖ ਹੀ ਨਿਰਾਲੀ ਸੀ। ਮਾਤਾ ਜੀ ਸਾਹਿਬਜ਼ਾਦਿਆਂ ਨੂੰ ਗੁਰੂ ਸਾਖੀਆਂ ਤੇ ਪਾਠ ਹੀ ਸੁਣਾਂਦੇ ਰਹਿੰਦੇ ਸਨ । ਗੁਰ ਬਿਲਾਸ ਵਿਚ ਤਾਂ ਇਥੋਂ ਤੱਕ ਲਿਖਿਆ ਹੈ ਕਿ ਤਿੰਨੇ ਦਿਨ ਖਾਣ ਨੂੰ ਕੁਝ ਨਾ ਦਿੱਤਾ ਗਿਆ। ਜਦ ਸਰਹੰਦ ਵਾਸੀਆਂ ਨੂੰ ਇਹ ਖ਼ਬਰ ਮਿਲੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਕਚਹਿਰੀ ਵਿਚ ਪੇਸ਼ ਕੀਤੇ ਜਾ ਰਹੇ ਹਨ ਤਾਂ ਬਹੁਤਿਆਂ ਨੂੰ ਚਿੰਤਾ ਲੱਗੀ। ਸ਼ਰਧਾਲੂ ਸਾਹਿਬਜ਼ਾਦਿਆਂ ਦੇ ਭਾਰ ਤੁਲ ਸੋਨਾ ਦੇਣ ਲਈ ਤਿਆਰ ਹੋ ਗਏ ਪਰ ਇਹ ਹੀ ਸੋਚ ਉਪਜੀ ਕਿ ਸੋਨਾ ਵੀ ਪਾਸ ਰੱਖ ਲੈਣਗੇ ਅਤੇ ਸਾਹਿਬਜ਼ਾਦਿਆਂ ਨੂੰ ਵੀ ਨਹੀਂ ਛੱਡਣ ਲੱਗੇ। ਸੋ ਇਹ ਹੀਲਾ ਸਿਰੇ ਨਾ ਚੜ੍ਹਿਆ।
ਸਾਹਿਬਜ਼ਾਦਿਆਂ ਨੂੰ ਭੈ-ਭੀਤ ਕਰਨ ਲਈ ਵਜ਼ੀਰ ਸੁੱਚਾ ਨੰਦ ਵੀ ਆਇਆ, ਪਰ ਸਾਹਿਬਜ਼ਾਦੇ ਦ੍ਰਿੜ੍ਹ ਰਹੇ। ਹੋਰ ਸਹਿਮ ਪਾਉਣ ਲਈ ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਤੇ ਸਾਹਿਬਜ਼ਾਦਿਆਂ ਨੂੰ ਛੋਟੀ ਖਿੜਕੀ ਰਾਹੀਂ ਕਚਹਿਰੀ ਅੰਦਰ ਜਾਣ ì ਦਾ ਹੁਕਮ ਦਿੱਤਾ। ਰਾਹ ਵਿਚ ਵਾਰ-ਵਾਰ ਚੇਤਾਵਨੀਆਂ ਵੀ ਦਿੱਤੀਆਂ ਜਾਂਦੀਆਂ ਰਹੀਆਂ ਕਿ ਕਚਹਿਰੀ ਵਿਚ ਜਾਂਦੇ ਸਾਰ ਨਵਾਬ ਅਗੇ ਸਿਰ ਝੁਕਾਉਣਾ । ਪਰ ਦਸਮੇਸ਼ ਦੇ ਸਪੁੱਤਰਾਂ ਨੂੰ ਕੌਣ ਭਰਮਾ ਸਕਦਾ ਸੀ ? ਸਾਹਿਬਜ਼ਾਦਿਆਂ ਨੂੰ ਪਿੱਛੇ ਆਉਣ ਦੀ ਆਗਿਆ ਦੇ ਕੇ ਇਕ ਸਿਪਾਹੀ ਛੋਟੀ ਖਿੜਕੀ ਰਾਹੀਂ ਸਿਰ ਨਿਵਾ ਕੇ ਅੰਦਰ ਗਿਆ । ਜਦ ਸਾਹਿਬਜ਼ਾਦੇ ਖਿੜਕੀ ਦੇ ਨੇੜੇ ਆਏ ਤਾਂ ਕੁਝ ਚਿਰ ਰੁਕ ਗਏ ਅਤੇ ਪਹਿਲਾਂ ਉਨ੍ਹਾਂ ਆਪਣੇ ਪੈਰ ਅੱਗੇ ਕੀਤੇ ਅਤੇ ਫਿਰ ਸਿਰ ਲੰਘਾਇਆ। ਦਰਬਾਰ ਵਿਚ ਹਾਜ਼ਰ ਹੁੰਦੇ ਹੀ ਉਨ੍ਹਾਂ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ।” ਬੁਲਾਈ । ਸਾਹਿਬਜ਼ਾਦਿਆਂ ਦੇ ਸਿਰ ਤਾਂ ਉਹ ਨਿਵਾ ਨਾ ਸਕੇ, ਹਾਂ ਸ਼ਰਮਿੰਦਗੀ ਨਾਲ ਉਨ੍ਹਾਂ ਦੇ ਸਿਰ ਜ਼ਰੂਰ ਨੀਵੇਂ ਹੋ ਗਏ।
ਨਵਾਬ ਸਰਹਿੰਦ, ਵਜ਼ੀਰ ਖ਼ਾਨ ਨੇ ਸਾਹਿਬਜ਼ਾਦਿਆਂ ਨੂੰ ਕਈ ਲਾਲਚ ਦਿੱਤੇ ਅਤੇ ਇਸਲਾਮ ਕਬੂਲ ਕਰਨ ਲਈ ਪ੍ਰੇਰਨਾ ਦਿੱਤੀ। ਸਾਹਿਬਜ਼ਾਦਿਆਂ ਨੇ ਕਾਜ਼ੀ ਨੂੰ ਫਤਵਾ ਦੇਣ ਲਈ ਕਿਹਾ, ਪਰ ਉਸ ਨੇ ਆਪਣੀ ਮਜਬੂਰੀ ਦੱਸੀ ਕਿ ਬੱਚਿਆਂ ਤੇ ਫਤਵਾ ਨਹੀਂ ਚਾੜ੍ਹਿਆ ਜਾ ਸਕਦਾ। ਬੱਚੇ ਛੱਡ ਦਿੱਤੇ ਗਏ। ਅਜੇ ਉਨ੍ਹਾਂ ਨੂੰ ਲਿਜਾਇਆ ਹੀ ਜਾ ਰਿਹਾ ਸੀ ਤਾਂ ਉਸ ਸਮੇਂ ਸੁੱਚਾ ਨੰਦ ਉੱਠਿਆ ਤੇ ਪੁੱਛਿਆ, ਬੱਚਿਓ ਤੁਹਾਨੂੰ ਛੱਡ ਦਿੱਤਾ ਗਿਆ ਹੈ, ਕਿੱਥੇ ਜਾਓਗੇ ?’ ਵੱਡਾ ਬੋਲਿਆ : ਭਾਵ ਬਾਬਾ ਜ਼ੋਰਾਵਰ ਸਿੰਘ ਜੀ ਬੋਲੇ, ‘ਜਾਣਾ ਕਿੱਥੇ ਹੈ ਜੰਗਲਾਂ ਵਿਚ ਜਾਵਾਂਗੇ, ਸਿੱਖ ਇਕੱਠੇ ਕਰਾਂਗੇ, ਘੋੜੇ ਲਿਆਵਾਂਗੇ, ਤੇਰੇ ਮੁਕਾਬਲੇ ਆ ਕੇ ਲੜਾਂਗੇ।’ ਸੁੱਚਾ ਨੰਦ ਨੇ ਕਿਹਾ : ਕੀ ਤੁਹਾਨੂੰ ਪਤਾ ਹੈ, ਤੁਹਾਡਾ ਪਿਤਾ ਮਾਰਿਆ ਗਿਆ ਹੈ। ਵਿਚੋਂ ਹੀ ਸਾਹਿਬਜ਼ਾਦੇ ਗੁੱਸੇ ਨਾਲ ਗੱਜ ਕੇ ਬੋਲੇ, ‘ਸਾਡੇ ਪਿਤਾ ਨੂੰ ਮਾਰਨ ਵਾਲਾ ਕੌਣ ਹੈ ? ਪਰ ਸੁੱਚਾ ਨੰਦ ਆਪਣੀ ਗੱਲ ਆਖੀ ਹੀ ਗਿਆ, ‘ਤੁਸੀਂ ਫਿਰ ਪਕੜੇ ਜਾਓਗੇ, ਫਿਰ ਕਿੱਥੇ ਜਾਓਗੇ?’ ਤਾਂ ਦੋਵੇਂ ਗੱਜ ਕੇ ਬੋਲੇ : “ਸੁਣ ਲੈ ਕੰਨ ਖੋਲ੍ਹ ਕੇ, ਜਦ ਤੱਕ ਅਸੀਂ ਜੁਆਨ ਨਹੀਂ ਹੋ ਜਾਂਦੇ, ਜਾਂ ਇਹ ਰਾਜ ਨਸ਼ਟ ਨਹੀਂ ਹੋ ਜਾਂਦਾ, ਅਸੀਂ ਲੜਦੇ ਹੀ ਰਹਾਂਗੇ :
ਭਾਰੀ ਜੁਆਬ ਜੁਝਾਰ ਦਏ। ਸੁਨ ਕੇ ਦੂਤਨ ਅੰਗ ਰਿਸਾਏ। ‘
ਸਯਦ ਮੁਹੰਮਦ ਲਤੀਫ਼ ਨੇ ਹਿਸਟਰੀ ਔਫ਼ ਪੰਜਾਬ (ਐਡੀਸ਼ਨ ਸੰਨ ੧੮੯੧) ਦੇ ਪੰਨਾ ੨੬੫ ਤੇ ਸਾਹਿਬਜ਼ਾਦਿਆਂ ਦੇ ਨਵਾਬ ਨਾਲ ਹੋਏ ਸਵਾਲਾਂ-ਜੁਆਬਾਂ ਨੂੰ ਕੁਝ ਹੋਰ ਵਿਸਥਾਰ ਨਾਲ ਲਿਖਿਆ ਹੈ। ਉਹ ਪੜ੍ਹ ਕੇ ਪ੍ਰਤੀਤ ਹੁੰਦਾ ਹੈ ਕਿ ਕੈਸੀਆਂ ਸਨ ਉਹ ਜੁਰਅਤਿ ਭਰੀਆਂ ਸ਼ਖ਼ਸੀਅਤਾਂ। ਲਤੀਫ਼ ਅਨੁਸਾਰ :
ਨਵਾਬ ਨੇ ਕਿਹਾ:
ਬੱਚਿਓ ! ਤੁਸੀਂ ਕੀ ਕਰੋਗੇ ਜੇ ਤੁਹਾਨੂੰ ਅਸੀਂ ਹੁਣੇ ਛੱਡ ਤੁਹਾਨੂੰ ਆਜ਼ਾਦ ਕਰ ਦਈਏ ?
(Boys! What would you do, if we were to give you your liberty?)
ਸਾਹਿਬਜ਼ਾਦਿਆਂ ਉੱਤਰ ਦਿੱਤਾ :
ਖਿੰਡੇ ਪੁੰਡੇ ਸਿੱਖਾਂ ਨੂੰ ਜਥੇਬੰਦ ਕਰਾਂਗੇ। ਉਨ੍ਹਾਂ ਨੂੰ ਜੰਗੀ ਹਥਿਆਰ ਜੁਟਾਵਾਂਗੇ।ਤੁਹਾਡੇ
ਨਾਲ ਲੜਾਂਗੇ ਤੇ ਤੁਹਾਨੂੰ ਮੌਤ ਦੇ ਘਾਟ ਉਤਾਰਾਂਗੇ।
(We would collect our Sikhs, supply them with implements of war, fight with you and put you to death.)
ਨਵਾਬ ਨੇ ਕਿਹਾ:
ਜੇ ਤੁਸੀਂ ਜੰਗ ਵਿਚ ਹਾਰ ਗਏ ਤਾਂ ਫਿਰ ਕੀ ਕਰੋਗੇ ?
(If you were defeated in the fight, what would you do then?)
ਇਹ ਸੁਣ ਕੇ ਸਾਹਿਬਜ਼ਾਦਿਆਂ ਕਿਹਾ :
ਕਰਨਾ ਕੀ ਹੈ ? ਫਿਰ ਆਪਣੀਆਂ ਫ਼ੌਜਾਂ ਇਕੱਠੀਆਂ ਕਰਾਂਗੇ। ਤਦ ਤੱਕ ਲੜਦੇ ਹੀ ਰਵਾਂਗੇ ਜਦ ਤਕ ਤੁਸੀਂ ਮੁੱਕ ਨਹੀਂ ਜਾਂਦੇ ਜਾਂ ਅਸੀਂ ਸ਼ਹੀਦ ਨਹੀਂ ਹੋ ਜਾਂਦੇ।
(We would collect our armies again either kill you or be killed.)
ਉਸ ਸਮੇਂ ਸੁੱਚਾ ਨੰਦ ਨੇ ਵਜ਼ੀਰ ਖ਼ਾਨ ਵੱਲ ਮੂੰਹ ਕਰ ਕੇ ਕਿਹਾ: ਸੁਣੋ ਸੱਪ ਦੇ ਬੱਚੇ ਕੀ ਆਖ ਰਹੇ ਹਨ। ਫ਼ਰਦੌਸੀ ਦਾ ਇਕ ਸ਼ਿਅਰ ਹੈ ਕਿ ਸੱਪ ਨੂੰ ਮਾਰਨਾ ਤੇ ਉਸ ਦੇ ਬੱਚੇ ਨੂੰ ਪਾਲੀ ਪੋਸੀ ਜਾਣਾ ਸਿਆਣਪ ਨਹੀਂ, ਇਹ ਸੱਚ ਜਾਣੋ ਕਿ ਭੇੜੀਏ ਦਾ ਬੱਚਾ ਭੇੜੀਆ ਹੀ ਹੁੰਦਾ ਹੈ।` ‘ਕਥਾ ਗੁਰੂ ਜੀ ਕੇ ਸੁਤਨ ਕੀ’ ਕ੍ਰਿਤ ਭਾਈ ਦੁਨਾ ਸਿੰਘ ਹੰਡੂਰੀਆ ਲਿਖਦੇ
ਹਨ ਕਿ ਵਜ਼ੀਰ ਖ਼ਾਨ ਨੂੰ ਇਹ ਕਿਹਾ ਗਿਆ :
‘ਨੀਕੇ ਬਾਰਕ ਤੁਮ ਮਤ ਜਾਨਹੁ,
ਨਾਗਹੁ ਕੇ ਇਹ ਪੁਤ ਬਖਾਨਉ ।
ਤੁਮਰੇ ਹਾਥ ਆਜ ਯਹ ਆਏ,
ਕਰਹੁ ਅਬੈ ਆਪਨੇ ਮਨ ਭਾਏ।’
ਭਾਈ ਕੇਸਰ ਸਿੰਘ ਨੇ ਲਿਖਿਆ ਹੈ :
ਸੁਚੇ ਪੁਰੀ ਨੇ ਚੁਗਲੀ ਕਰ ਦੋਨੋ ਮਰਵਾਏ। ੫੮੦ ।
(ਬੰਸਾਵਲੀਨਾਮਾ)
ਸਰਹੰਦ ਵਿਖੇ ਜੋ ਸਾਹਿਬਜ਼ਾਦਿਆਂ ਨਾਲ ਬੀਤੀ, ਉਸ ਦਾ ਵਰਨਣ ਮਹਿਮਾ ਪ੍ਰਕਾਸ਼ ਵਾਰਤਿਕ ਨੇ ਇਸ ਤਰ੍ਹਾਂ ਕੀਤਾ ਹੈ :
ਸਾਹਿਬਜ਼ਾਦਿਆਂ ਨੂੰ ਦੇਖ ਨਵਾਬ ਬੋਲਿਆ ਤਾਂ ਨਾਂਹ
ਪਰ ਇਰਾਦਾ ਬੁਰਾ ਚਾਹਾ।
ਪਠਾਨ ਮਲੇਰ ਕੋਟਲੇ ਨੇ ਮਾੜੇ ਇਰਾਦੇ ਤੱਕ ਕਿਹਾ :
ਇਹ ਸ਼ੀਰ ਖ਼ੋਰ ਲੜਕੇ ਹੈਨਿ।
ਇਨ ਕੀ ਬਦੀ ਚਾਹਨਾ ਬੜਾ ਅਜ਼ਾਬ ਹੈ।
ਇਹ ਬਾਤ ਸੁਣ ਕੇ ਸੂਬੇਦਾਰ ਕੋ ਖ਼ੌਫ ਖ਼ੁਦਾ ਕਾ ਹੂਆ।
ਸੁੱਚਾ ਨੰਦ ਨੇ ਕਿਹਾ :
ਇਹ ਸ਼ੀਰ ਖ਼ੋਰ ਨਾਹੀ। ਸ਼ੇਰ ਕੇ ਬੱਚੇ ਹੈਂ।
ਜਦ ਸਿਆਣੇ ਹੋਇੰਗੇ ਤਦ ਇਹ ਭੀ ਤੂਫ਼ਾਨ ਉਠਾਏਂਗੇ।
ਅਰ ਇਨ ਕੋ ਸਲਾਮ ਕਰਨ ਨੂੰ ਕਹਿ, ਇਹ ਨਹੀਂ ਕਰਨਗੇ।
ਵਜ਼ੀਰ ਖ਼ਾਨ ਨੂੰ ਕਿਹਾ: ਇਨ ਕੋ ਕਹੋ ਸਲਾਮ ਕਰੇਂ।
ਸੁੱਚਾ ਨੰਦ ਨੇ ਕਿਹਾ : ਜੋ ਸੂਬੇ ਕੋ ਸਲਾਮ ਕਰੋ।
ਤਬ ਸਾਹਿਬਜ਼ਾਦਿਆਂ ਬਚਨ ਕੀਆ :
ਜੋ ਹਮ ਨੇ ਸੱਚੇ ਪਾਤਸ਼ਾਹ ਕੋ ਸਲਾਮ ਕੀਆ ਹੈ, ਅਉਰ ਕੋ ਸਲਾਮ ਨਹੀਂ ਕਰਤੇ।
ਸੁਚਾ ਨੰਦ ਨੇ ਮੌਕਾ ਸੰਭਾਲ ਕਿਹਾ :
ਜੋ ਮੈਂ ਅਰਜ਼ ਕੀਆ, ਸੋ ਆਪ ਨੇ ਦੇਖਾ, ਇਸ ਬਾਤ ਕੋ ਚਿਤ ਮੋ ਦੇਖ ਕੇ, ਝੂਠਾ ਨੰਦ ਕਾ ਕਹਿਣਾ ਦ੍ਰਿੜ੍ਹ ਭਇਆ। ਤਦ ਉਸ ਨੇ ਜਲਾਦ ਕਉ ਕਹਾ। ਇਸ ਤਰ੍ਹਾਂ ਇਹ ਕਾਰਾ ਹੋਆ।
ਗ੍ਰੰਥ ਬੀਰ ਮ੍ਰਿਗੇਸ਼ ਵਿਚ ਇਹ ਸਾਖੀ ਵੀ ਲਿਖੀ ਹੈ ਕਿ ਜਦ ਸਾਹਿਬਜ਼ਾਦਿਆਂ ਨੂੰ ਛੱਡਣ ਦਾ ਫ਼ੈਸਲਾ ਹੋ ਗਿਆ ਤਾਂ ਸੂਚਾ ਨੰਦ ਤੇ ਹਰਜਸ ਨੇ ਕਿਹਾ ਕਿ ਇਨ੍ਹਾਂ ਨੂੰ ਬਾਲ ਇਯਾਨੇ ਨਾਹ ਜਾਨੋ। ਇਸ ਦੀ ਪਰਖ ਹੁਣੇ ਹੀ ਕਰ ਲੈਂਦੇ ਹਾਂ ਕਿ ਇਹ ਬਾਲਕ ਹਨ ਜਾਂ ਬਾਗ਼ੀ। ਕਚਹਿਰੀ ਤੋਂ ਬਾਹਰ ਉਸ ਨੇ ਤਿੰਨ ਦੁਕਾਨਾਂ, ਇਕ ਖਿਡੌਣਿਆਂ ਦੀ, ਦੂਜੀ ਮਿਠਾਈਆਂ ਦੀ ਤੇ ਤੀਜੀ ਸ਼ਸਤ੍ਰਾਂ ਦੀ ਲਗਵਾ ਦਿੱਤੀ। ਉਸ ਦਾ ਕਹਿਣਾ ਸੀ ਕਿ ਜੇ ਬੱਚੇ ਹੋਏ ਤਾਂ ਮਠਿਆਈ, ਖਿਡੌਣੇ ਦੇਖ ਕੇ ਉਸ ਨਾਲ ਪਰਚ ਜਾਣਗੇ ਤੇ ਜੇ ਬਾਗ਼ੀ ਤਾਂ ਸ਼ਸਤ੍ਰ ਉਠਾ ਲੈਣਗੇ। ਕਲਗੀਧਰ ਦੇ ਸ਼ੇਰ ਬੱਚਿਆਂ ਨੇ ਸਚਮੁੱਚ ਕਚਹਿਰੀ ਤੋਂ ਬਾਹਰ ਆਉਂਦਿਆਂ ਹੀ ਨਾ ਖਿਡੌਣਿਆਂ ਵੱਲ ਤੱਕਿਆ, ਨਾ ਮਿਠਾਈਆਂ ਵੱਲ, ਸਿੱਧੇ ਸ਼ਸਤ੍ਰਾਂ ਵੱਲ ਧਾ ਕੇ ਪਏ। ਇਕ ਨੇ ਨੇਜ਼ਾ ਉਠਾ ਲਿਆ ਤੇ ਦੂਜੇ ਨੇ ਦੋਨਾਲੀ ਬੰਦੂਕ।
ਕਾਜ਼ੀ ਕੋਲੋਂ ਫਿਰ ਫਤਵਾ ਲਿਆ ਗਿਆ। ਉਸ ਨੇ ਬੱਚੇ ਕਸੂਰਵਾਰ ਕਹੇ ਜੋ ਬਗ਼ਾਵਤ ਲਈ ਤੁਲੇ ਹੋਏ ਹਨ ਅਤੇ ਨੀਂਹਾਂ ਵਿਚ ਚਿਣ ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ । ਇਹ ਵੀ ਰਾਏ ਦਿੱਤੀ ਕਿ ਇਨ੍ਹਾਂ ਸਾਹਿਬਜ਼ਾਦਿਆਂ ਨੂੰ ਨਵਾਬ ਮਲੇਰਕੋਟਲਾ ਦੇ ਸਪੁਰਦ ਕਰ ਦਿੱਤਾ ਜਾਏ ਤਾਂ ਕਿ ਉਹ ਆਪਣੇ ਭਰਾ ਦਾ ਬਦਲਾ ਇਨ੍ਹਾਂ ਕੋਲੋਂ ਲੈ ਲਵੇ। ਸ਼ੇਰ ਮੁਹੰਮਦ ਖ਼ਾਨ ਨੂੰ ਬੁਲਾਇਆ ਗਿਆ। ਉਸ ਦੇ ਨਾਲ ਹੀ ਖ਼ਿਜ਼ਰ ਖ਼ਾਨ ਵੀ ਆਇਆ। ਤਦ ਵਜ਼ੀਰ ਖ਼ਾਨ ਨੇ ਕਿਹਾ, ‘ਜਿਸ ਦੇ ਪਿਤਾ ਨੇ ਤੁਹਾਡੇ ਭਰਾ ਨੂੰ ਮਾਰਿਆ ਹੈ, ਉਨ੍ਹਾਂ ਨੂੰ ਹਵਾਲੇ ਕਰਦਾ ਹਾਂ, ਇਨ੍ਹਾਂ ਨੂੰ ਮਾਰ ਕੇ ਆਪਣਾ ਬਦਲਾ ਲੈ ਲਵੋ।’ ਸ਼ੇਰ ਮੁਹੰਮਦ ਨੇ ਨਾਂਹ ਵਿਚ ਆਪਣਾ ਸਿਰ ਹਿਲਾਇਆ ਤੇ ਕਿਹਾ ਕਿ ਸਾਡਾ ਭਰਾ ਤਾਂ ਲੜਾਈ ਵਿਚ ਲੜਦੇ ਮੋਇਆ ਹੈ। ਗੁਰੂ ਮਿਲ ਜਾਂਦਾ ਤਾਂ ਬਦਲਾ ਲੈ ਲੈਂਦੇ। ਇਨ੍ਹਾਂ ਸ਼ੀਰ ਖ਼ੋਰਾਂ ਨੂੰ ਮਾਰ ਕੇ ਸਾਡੀ ਕੀ ਵਡਿਆਈ ਹੋਵੇਗੀ।’ ਇਤਨਾ ਆਖ ਕੇ ਉਹ ਉੱਠ ਬਾਹਰ ਚਲੇ ਗਏ। ਇਹ ਸੀ ਆਹ ਦਾ ਨਾਅਰਾ ਜੋ ਉਨ੍ਹਾਂ ਦੋਹਾਂ ਭਰਾਵਾਂ ਨੇ ਭਰੀ ਕਚਹਿਰੀ ‘ਚ ਮਾਰਿਆ। ਉਸ ਹਮਦਰਦੀ ਭਰੇ ਸ਼ਬਦਾਂ ਨੂੰ ਸਿੱਖ ਕੌਮ ਅਜੇ ਤੱਕ ਨਹੀਂ ਭੁੱਲੀ। ਇਹ ਹੀ ਸੂਰਮੇ ਦਾ ਲੱਛਣ ਹੈ ਕਿ ਉਹ ਰਤਾ ਭਰ ਵੀ ਅਹਿਸਾਨ ਕਿਸੇ ਦਾ ਨਾ ਭੁਲਾਏ।”
ਇਹ ਅਜੀਬ ਖੇਡ ਬਣੀ ਕਿ ਨੀਹਾਂ ਵਿਚ ਚਿਣਨ ਵਾਲਾ ਕੋਈ ਨਾ ਮਿਲੇ । ਸੋ ਬੱਚਿਆਂ ਨੂੰ ਵਾਪਸ ਠੰਡੇ ਬੁਰਜ ਭੇਜ ਦਿੱਤਾ ਗਿਆ ਤੇ ਮਾਤਾ ਗੁਜਰੀ ਜੀ ਨਾਲੋਂ ਅੱਡ ਹੀ ਰੱਖਿਆ ਗਿਆ ।
ਅਗਲੇ ਦਿਨ ੨੬ ਦਸੰਬਰ, ੧੭੦੪ ਈਸਵੀ ਨੂੰ ਸਾਹਿਬਜ਼ਾਦਿਆਂ ਨੂੰ ਫਿਰ ਕਚਹਿਰੀ ਪੇਸ਼ ਕੀਤਾ ਗਿਆ। ਲਾਲਚ ਦੇਣ, ਡਰਾਉਣ ਤੇ ਧਮਕਾਉਣ ਦਾ ਨਾਟਕ ਫਿਰ ਦੁਹਰਾਇਆ ਗਿਆ ਪਰ ਸਾਹਿਬਜ਼ਾਦੇ ਦ੍ਰਿੜ੍ਹ ਚਿੱਤ ਰਹੇ । ਹਰ ਸੁਆਲ ਦਾ ਜੁਆਬ ਗੱਜ ਕੇ ਦੇਂਦੇ ਰਹੇ। ਸਾਰਾ ਸ਼ਹਿਰ ਇਕੱਠਾ ਹੋ ਗਿਆ ਤੇ ਸਭ ਤੇ ਚਿਹਰੇ ਮੁਰਝਾਏ ਹੋਏ ਸਨ, ਪਰ ਬੱਚੇ ਉਸੇ ਤਰ੍ਹਾਂ ਖਿੜੇ ਹੋਏ ਸਨ। ਕਈ ਵਾਰ ਇਹ ਕੋਸ਼ਿਸ਼ ਹੋਈ ਕਿ ਸਾਹਿਬਜ਼ਾਦੇ ਸਿਰ ਝੁਕਾਉਣ, ਪਰ ਸਗੋਂ ਉਹ ਅੱਗੋਂ ਭਰੇ ਦਰਬਾਰ ਵਿਚ ਹੀ ਕੁਰਸੀ ਵੱਲ ਪਿੱਠ ਕਰ ਦੇਣ। ਸਭ ਨੇ ਇਕ ਜ਼ਬਾਨ ਕਿਹਾ ਕਿ ਇਤਨੀ ਅਣਖ ਹੋਰ ਕਿਸੇ ਵਿਚ ਨਹੀਂ। ਕਿਤਨਾ ਮਾਣ ਹੈ ਉਨ੍ਹਾਂ ਨੂੰ ਆਪਣੇ ਧਰਮ ਤੇ। ਅਗਲੇ ਦਿਨ ਕੁਦਰਤੀ ਦਿੱਲੀ ਦੇ ਸ਼ਾਹੀ ਜਲਾਦਾਂ ਸ਼ਿਸ਼ਾਲ ਬੇਗ ਤੇ ਵਿਸ਼ਾਲ ਬੇਗ ਦਾ ਮੁਕੱਦਮਾ ਕਚਹਿਰੀ ਵਿਚ ਪੇਸ਼ ਸੀ। ਉਨ੍ਹਾਂ ਦੋਹਾਂ ਨੇ ਨੀਂਹਾਂ ਵਿਚ ਚਿਣਨ ਲਈ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ। ਬੱਚੇ ਉਨ੍ਹਾਂ ਦੇ ਹਵਾਲੇ ਕੀਤੇ ਗਏ। ਦੀਵਾਰ ਵਿਚ ਚਿਣਨਾ ਉਨ੍ਹਾਂ ਆਰੰਭ ਕਰ ਦਿੱਤਾ, ਪਰ ਧੰਨ ਹਨ ਦਸਮੇਸ਼ ਪਿਤਾ ਦੇ ਪੁੱਤਰਾਂ ਦੇ ਜਿਗਰੇ ਕਿ ਉਹ ਹਸੂੰ-ਹਸੂੰ ਧਰਮ ਤੋਂ ਵਾਰਨੇ ਜਾ ਰਹੇ ਸਨ। ਹਰ ਲੱਗਦੀ ਇੱਟ ਨਾਲ ਉਨ੍ਹਾਂ ਨੂੰ ਧਰਮ ਤਿਆਗਣ ਲਈ ਕਿਹਾ ਜਾਂਦਾ ਤਾਂ ਉਹ ਇਕ ਦੂਜੇ ਨੂੰ ਇਹ ਕਹਿੰਦੇ ਕਿ ਐਸਾ ਕਰਨ ਨਾਲ :
‘ਦਸ ਪਾਤਸ਼ਾਹੀ ਹੋਵੈ ਹਾਨ।’
ਸੀਸ ਜੁ ਦੇਨੇ ਹੈ ਸਹੀ, ਏਨ ਨਾ ਮਾਨੋ ਬਾਤ।
ਧਰਮ ਜਾਇ ਤਬ ਕਉਨ ਗਤਿ, ਇਹ ਪ੍ਰਗਟ ਬਿਖਿਆਤ।’
ਅਨੇਕਾਂ ਕਸ਼ਟ ਉਨ੍ਹਾਂ ਨਿੱਕੀਆਂ ਜਿੰਦੜੀਆਂ ਨੇ ਝੱਲੇ, ਕਈ ਲਾਲਚ ਵੀ ਦਿੱਤੇ ਪਰ ਅਡੋਲ ਰਹੇ। ਗਿਆਨੀ ਗਿਆਨ ਸਿੰਘ ਜੀ ਦੇ ਕਥਨ ਅਨੁਸਾਰ ਨੀਂਹਾਂ ਵਿਚ ਚਿਣੇ ਜਾ ਰਹੇ ਕਲਗੀਆਂ ਵਾਲੇ ਦੇ ਸਾਹਿਬਜ਼ਾਦੇ ਇਹ ਹੀ ਗੱਲਾਂ ਕਰ ਰਹੇ ਸਨ ਕਿ ਉਹ ਗੁਰੂ ਤੇਗ਼ ਬਹਾਦਰ ਜੀ ਦੇ ਪੋਤਰੇ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਨ, ਗੁਰੂ ਅਰਜਨ ਜੀ ਦੀ ਸੰਤਾਨ ਹਨ। ਦੀਵਾਰਾਂ ਜਦ ਛਾਤੀਆਂ ਤੱਕ ਪੁੱਜ ਗਈਆਂ ਤਾਂ ਦੋਵੇਂ ਸਾਹਿਬਜ਼ਾਦੇ ਬੇਹੋਸ਼ ਹੋ ਗਏ ਅਤੇ ਦੀਵਾਰ ਡਿੱਗ ਪਈ । ਮਾਸੂਮ ਬੱਚਿਆਂ ਨੂੰ ਫਿਰ ਠੰਡੇ ਬੁਰਜ ਭੇਜ ਦਿੱਤਾ ਗਿਆ। ਰਾਤ ਨੂੰ ਤ੍ਰਿਉੜ, ਮਮੀਰਾ ਤੇ ਕਸਤੂਰੀ ਗਰਮ ਵਸਤੂਆਂ ਖੁਆਈਆਂ ਗਈਆਂ। ਤਲੀਆਂ ਹੇਠਾਂ ਮਾਲਸ਼ ਵੀ ਕੀਤੀ ਗਈ। ਜਦ ਉਹ ਹੋਸ਼ ਵਿਚ ਆਏ ਤਾਂ ਫਿਰ ਲਾਲਚ ਤੇ ਡਰ ਦਿੱਤੇ ਗਏ, ਪਰ ਪਹਾੜਾਂ ਨੇ ਵੀ ਕਦੀ ਝੁਕਣਾ ਸਿੱਖਿਆ ਹੈ। ਅਗਲੇ ਦਿਨ ੨੭ ਦਸੰਬਰ, ੧੭੦੪ ਨੂੰ ਨੀਂਹਾਂ ਵਿਚ ਹੀ ਚਿਣ ਸ਼ਹੀਦ ਕਰ ਦਿੱਤਾ ਗਿਆ। ਗੁਰ ਬਿਲਾਸ ਪਾਤਸ਼ਾਹੀ ਦਸਵੀਂ ਵਿਚ ਪੂਰਾ ਵਿਸਥਾਰ ਭਾਈ ਕੋਇਰ ਸਿੰਘ ਨੇ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਪਹਿਲਾਂ ਤਸੀਹੇ ਬੜੇ ਦਿੱਤੇ ਗਏ ਪਰ ਉਨ੍ਹਾਂ ਨੇ ਮੁਖੋਂ ਸੀ ਤੱਕ ਨਾ ਉਚਾਰੀ। ਵਾਹਿਗੁਰੂ ਦਾ ਭਾਣਾ ਜਾਣ ਸਿਰ ਤੇ ਝਲਦੇ ਰਹੇ। ਨੀਂਹਾਂ ਵਿਚ ਹੀ ਸ਼ਹੀਦ ਕਰ ਦਿੱਤੇ ਗਏ।
“ਦੇ ਕਰ ਦੂਖ ਬਹੁਤ ਅਧਿਕਾਏ।
ਤਬ ਨੀਹੋਂ ਮੈ ਬਾਲ ਚਿਨਾਏ।
ਬਹੁਤ ਕਲੇਸ ਤੁਰਕ ਤਬ ਦੀਨਾ।
ਮੁਖ ਸੇ ਨਾਹ ਉਚਾਰਨ ਕੀਨਾ। ੨੬੫।
ਜੁਗ ਅਵਤਾਰ ਸਹੀ ਮਿਲ ਪੀੜਾ। ਪਰਾਲਬਧ ਵਸ ਜਾਨ ਸਰੀਰਾ।
ਜਬੈ ਚਿਨਾਇ ਭੀਤ ਮੇ ਦੀਨੇ। ਰਹੀ ਨ ਭੀਤ, ਦ੍ਰਿਸ਼ਟਿ ਨਹੀ ਚੀਨੇ । ੨੬੬।
ਦੀਵਾਰ ਗਿਰ ਗਈ ਅਤੇ ਬੱਚਿਆਂ ਦੀਆਂ ਪਾਵਨ ਲੋਥਾਂ ਉਥੇ ਪਈਆਂ ਰਹੀਆਂ। ਸਾਰੇ ਸ਼ਹਿਰ ਹਾਹਾਕਾਰ ਮੱਚ ਗਈ। ਲੋਕੀਂ ਘਰ ਛੱਡ ਬਾਹਰ ਆ ਗਏ।
ਧੰਨਿ ਧੰਨਿ ਗੁਰਦੇਵ ਸੁਤ, ਤਨ ਕੋ ਲੋਭ ਨ ਕੀਨ।
ਧਰਮ ਰਾਖ ਕਲ ਸੋ ਗਏ, ਦਾਦੇ ਸੋ ਜਸ ਲੀਨ। ੭੦। ੫੪੬।
(ਸ੍ਰੀ ਗੁਰੂ ਸੋਭਾ)
ਮਾਤਾ ਗੁਜਰੀ ਜੀ ਨੇ ਇਹ ਸਾਕਾ ਸੁਣ ਕੇ ਪ੍ਰਾਣ ਚੜਾ ਲਏ, ਅਟਲ ਸਮਾਧੀ ਵਿਚ ਚਲੇ ਗਏ । ਸਸਕਾਰ ਲਈ ਥਾਂ ਮੁਹਰਾਂ ਵਿਛਾ ਕੇ ਟੋਡਰ ਮੱਲ ਜੌਹਰੀ ਨੇ ਪ੍ਰਾਪਤ ਕੀਤੀ ਅਤੇ ੨੭ ਦਸੰਬਰ ਦੀ ਸ਼ਾਮ ਨੂੰ ਸਸਕਾਰ ਤਿੰਨਾਂ ਦਾ ਇਕੱਠਾ ਹੀ ਕੀਤਾ ਗਿਆ। ਅੱਜ ਵੀ ਜੋਤੀ ਸਰੂਪ ਦੇ ਪਾਵਨ ਸਥਾਨ (ਫ਼ਤਿਹਗੜ੍ਹ ਸਾਹਿਬ) ਇਕ ਨਿਰਾਲਾ ਕੌਤਕ ਦੇਖਣ ਨੂੰ ਮਿਲ ਰਿਹਾ ਹੈ। ਜਦ ਸਮਾਧੀਆਂ ਬਣਾਈਆਂ ਗਈਆਂ ਤਾਂ ਸਿਆਣੇ ਸੂਝ ਵਾਲੇ ਸਿੰਘਾਂ ਨੇ ਵੱਖ- ਵੱਖ ਬਣਾਈਆਂ। ਸਾਹਿਬਜ਼ਾਦਿਆਂ ਦੀਆਂ ਤਾਂ ਅੰਦਰ ਬਣਾਈਆਂ ਗਈਆਂ, ਪਰ ਮਾਤਾ ਜੀ ਦੀ ਬਾਹਰ ਦਲ੍ਹੀਜ਼ ਤੇ। ਇਹ ਦਰਸਾਉਣ ਲਈ ਕਿ ਅੱਜ ਵੀ ਮਾਤਾ ਗੁਜਰੀ ਬਾਹਰ ਦਲ੍ਹੀਜ਼ ਦੇ ਬੈਠ ਕੇ ਪੋਤਰਿਆਂ ਦੀ ਰੱਖਿਆ ਕਰ ਰਹੀ ਹੈ । ਬਾਬਾ ਜ਼ੋਰਾਵਰ ਸਿੰਘ ਜੀ ਦੀ ਸ਼ਹੀਦੀ ਸਮੇਂ ਉਮਰ ਸੱਤ ਸਾਲ ਗਿਆਰਾਂ ਮਹੀਨੇ ਅੱਠ ਦਿਨ ਸੀ ਅਤੇ ਬਾਬਾ ਫ਼ਤਹਿ ਸਿੰਘ ਜੀ ਦੀ ਕੇਵਲ ਪੰਜ ਸਾਲ ਦਸ ਮਹੀਨੇ ਤੇ ਦਸ ਦਿਨ ਸੀ।
ਇਨ੍ਹਾਂ ਸ਼ਹਾਦਤਾਂ ਦਾ ਪ੍ਰਭਾਵ ਇਹ ਪਿਆ ਕਿ ਚਾਰੇ ਪਾਸੇ ਹਾਹਾਕਾਰ ਮੱਚ ਗਈ।ਲੋਕਾਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਣਖਹੀਣ ਜੀਵਨ ਨਾਲੋਂ ਸਾਹਿਬਜ਼ਾਦਿਆਂ ਵਾਂਗ ਜੂਝ ਮਰ ਜਾਣਾ ਹੀ ਜ਼ਿੰਦਗੀ ਹੈ । ਜਿਸ ਸਾਕੇ ਨੇ ਬਾਬਾ ਬੰਦਾ ਸਿੰਘ ਜੀ ਨੂੰ ਪਿੱਛੋਂ ਬਹੁਤ ਟੁੰਬਿਆ, ਉਹ ਸਰਹੰਦ ਦਾ ਹੀ ਸਾਕਾ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਦੋ ਕਾਰਨਾਮਿਆਂ ਨੂੰ ਲੋਕੀਂ ਗੁਰੂ ਦੀ ਕਰਾਮਾਤ ਹੀ ਕਹਿ ਦਿੰਦੇ ਸਨ, ਪਰ ਜਦ ਇਨ੍ਹਾਂ ਦੀ ਸੋਅ ਪੰਜਾਬ, ਰਾਜਪੂਤਾਨੇ ਤੇ ਹੋਰ ਇਲਾਕਿਆਂ ਵਿਚ ਪੁੱਜੀ ਤਾਂ ਭਾਂਬੜ ਹੀ ਮੱਚ ਉੱਠਿਆ। ਐਸੀ ਜੁਆਲਾ ਭੜਕੀ ਕਿ ਜ਼ੁਲਮੀ ਰਾਜ ਹੀ ਖ਼ਤਮ ਹੋ ਗਿਆ । ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਜਦ ਜਲਾਦ ਇੱਟਾਂ ਲਗਾਂਦੇ ਸਨ ਤਾਂ ਬਾਲਕ ਸਗੋਂ ਇਹ ਕਹਿੰਦੇ ਸਨ ਕਿ ‘ਛੇਤੀ ਛੇਤੀ ਜ਼ੁਲਮੀ ਰਾਜ ਦੀ ਜੜ੍ਹ ਕੱਟ।’ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਇਹ ਸਾਰਾ ਸਾਕਾ ਸੁਣ ਕੇ ਤੀਰ ਦੀ ਨੋਕ ਨਾਲ ਕਾਹੀ ਦੇ ਬੂਟੇ ਨੂੰ ਪੁੱਟ ਕੇ ਫ਼ਰਮਾਇਆ ਸੀ, ‘ਹੁਣ ਮੁਗ਼ਲ ਰਾਜ ਦੀ ਜੜ੍ਹ ਪੁੱਟੀ ਗਈ।” ਮੈਥਲੀ ਸ਼ਰਨ ਗੁਪਤ ਨੇ ਆਪਣੇ ਮਹਾਂ ਕਾਵਿ,‘ਭਾਰਤ ਭਾਰਤੀ’ ਵਿਚ ਕੈਸਾ ਖ਼ੂਬਸੂਰਤ ਲਿਖਿਆ ਹੈ :
ਜਿਸ ਕੁਲ ਕੌਮ ਜਾਤ ਕੇ ਬੱਚੇ, ਦੇ ਸਕਤੇ ਯੂ ਬਲੀਦਾਨ।
ਉਸ ਕਾ ਵਰਤਮਾਨ ਕੁਛ ਭੀ ਹੋ, ਭਵਿਸ਼ ਹੈ ਮਹਾਂ ਮਹਾਨ।
14
ਚਮਕੌਰ ਤੋਂ ਮੁਕਤਸਰ
ਮਾਛੀਵਾੜੇ—ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਹਵੇਲੀ ਵਿਚੋਂ ਅੱਧੀ ਰਾਤ ਨਿਕਲ ਕੇ ਰਹਿੰਦੀ ਸਾਰੀ ਰਾਤ ਪੋਹ ਫੁੱਟਣ ਤਕ ਟੁਰਦੇ ਰਹੇ, ਪ੍ਰਭਾਤ ਵੇਲੇ ਕਿੜੀ ਪੁੱਜੇ । ਅਲਫੂ ਅਤੇ ਗਾਮੂ ਨਾਂ ਦੇ ਦੋ ਗੁਜਰਾਂ ਨੇ ਗੁਰੂ ਜੀ ਨੂੰ ਪਛਾਣ ਲਿਆ ਤੇ ਦੇਖਦੇ ਸਾਰ ਸ਼ੋਰ ਮਚਾਉਣ ਲੱਗੇ। ਗੁਰੂ ਜੀ ਨੇ ਇਸ਼ਾਰੇ ਨਾਲ ਚੁੱਪ ਰਹਿਣ ਲਈ ਕਿਹਾ ਤੇ ਦੋ ਮੋਹਰਾਂ ਵੀ ਦਿੱਤੀਆਂ ਪਰ ਉਹ ਰੌਲਾ ਪਾਈ ਗਏ। ਮਹਾਰਾਜ ਨੇ ਜਦ ਦੇਖਿਆ ਕਿ ਦੋਵੇਂ ਚੁੱਪ ਹੀ ਨਹੀਂ ਕਰਦੇ ਤਾਂ ਇਕ ਚਪੇੜ ਦੋਵਾਂ ਨੂੰ ਮਾਰੀ ਤੇ ਦੋਨਾਂ ਦੀ ਜ਼ਬਾਨ ਹੀ ਬੰਦ ਹੋ ਗਈ। ਪਿੰਡ ਬਹਿਲੋਲ ਤਕ ਚੰਗਾ ਦਿਨ ਚੜ੍ਹ ਗਿਆ ਸੀ । ਆਪ ਸਾਰਾ ਦਿਨ ਟੁਰੀ ਹੀ ਗਏ। ਜੁੱਤੀ ਆਪ ਜੀ ਨੇ ਪਵਾਤ ਪਿੰਡ ਉਤਾਰ ਦਿੱਤੀ ਸੀ ਕਿਉਂਕਿ ਜੁੱਤੀ ਸਮੇਤ ਟੁਰਨਾ ਕਠਨ ਹੋ ਗਿਆ ਸੀ। ਨੰਗੇ ਪੈਰ ਹੀ ਟੁਰੀ ਗਏ । ਪਾਵਨ ਚਰਨਾਂ ਵਿਚ ਛਾਲੇ ਪੈ ਗਏ। ਬਸਤਰ ਵੀ ਲੀਰੋ ਲੀਰ ਹੋ ਗਏ। ਸਹਜੇ ਮਾਜਰਾ ਤੋਂ ਹੋ ਕੇ ਮਾਛੀਵਾੜੇ ਦੇ ਜੰਗਲਾਂ ਤਕ ਪੁੱਜਦਿਆਂ ਫਿਰ ਡੂੰਘੀ ਰਾਤ ਪੈ ਗਈ। ਸਰਦੀਆਂ ਦੇ ਦਿਨ ਤੇ ਉੱਤੇ ਕਰਨ ਲਈ ਕੋਈ ਭਾਰਾ ਕੱਪੜਾ ਵੀ ਪਾਸ ਨਹੀਂ ਸੀ। ਕਈ ਦਿਨਾਂ ਪਿੱਛੋਂ ਗੁਰੂ ਜੀ ਨੇ ਅੱਕ ਦੇ ਡੋਡੇ ਦਾ ਰਸ ਪੀਤਾ। ਉਸੇ ਹੀ ਬਾਗ਼ ਪਾਸ ਆਪ ਜੀ ਸਿਰ੍ਹਾਣੇ ਸਖਣੀ ਟਿੰਡ ਰੱਖ ਕੇ ਬਿਰਾਜ ਗਏ। ਉਧਰ ਤਾਰਿਆਂ ਦੀ ਸੇਧ ਵਿਚ ਭਾਲਦਿਆਂ ਭਾਈ ਦਇਆ ਸਿੰਘ ਜੀ ਵੀ ਆ ਪੁੱਜੇ। ਪਿੱਛੋਂ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਵੀ ਆ ਗਏ। ਤਿੰਨ ਦਿਨਾਂ ਬਾਅਦ ਗੁਰੂ ਜੀ ਦਾ ਕਮਰ ਕੱਸਾ ਖੋਲ੍ਹਿਆ ਗਿਆ, ਜੋ ਅੱਧੀ ਉਂਗਲ ਅੰਦਰ ਸਰੀਰ ਦੇ ਧੱਸ ਗਿਆ ਸੀ। ਚਰਨ ਜ਼ਰੂਰ ਪੱਛੇ ਹੋਏ ਸਨ ਪਰ ਚਿਹਰੇ ਤੇ ਉਹ ਹੀ ਮੁਸਕਾਨ ਤੇ ਸ਼ੁਕਰ ਸੀ ਅਤੇ ਮੁਖਾਰਬਿੰਦ ਤੋਂ ‘ਮਿਤ੍ਰ ਪਿਆਰੇ’ ਨੂੰ ਹਾਲ ਸੁਣਾ ਰਹੇ ਸਨ।
ਨਬੀ ਖ਼ਾਨ, ਗ਼ਨੀ ਖ਼ਾਨ—ਉਥੋਂ ਹੀ ਗੁਲਾਬਾ ਜੋ ਪਹਿਲਾਂ ਮਸੰਦ ਸੀ, ਗੁਰੂ ਜੀ ਨੂੰ ਆਪਣੇ ਘਰ ਲੈ ਗਿਆ। ਪਰ ਰਾਤ ਹੋਣ ਤੇ ਡਰ ਗਿਆ। ਗੁਰੂ ਜੀ ਉਸ ਦੀ ਕਮਜ਼ੋਰੀ ਨੂੰ ਭਾਂਪ ਗਏ ਤੇ ਆਪੂੰ ਹੀ ਚਲੇ ਜਾਣ ਦੀ ਗੱਲ ਕਹਿ ਦਿੱਤੀ। ਨਬੀ ਖ਼ਾਨ ਤੇ ਗ਼ਨੀ ਖ਼ਾਨ ਗੁਰੂ ਮਹਾਰਾਜ ਪਾਸ ਦੂਰ ਇਲਾਕੇ ਤੋਂ ਘੋੜੇ ਲਿਆ ਕੇ ਵੇਚਿਆ ਕਰਦੇ ਸਨ, ਸੂਹ ਪਾ ਕੇ ਗੁਲਾਬੇ ਦੇ ਘਰ ਆ ਗਏ ਅਤੇ ਬੇਨਤੀ ਕਰ ਕੇ ਘਰ ਲੈ ਗਏ। ਉਥੇ ਹੀ ਨਿਹਾਲੇ ਖਤਰੀ ਦੀ ਮਾਂ ਨੇ ਖੱਦਰ ਦਾ ਥਾਨ ਪੇਸ਼ ਕੀਤਾ। ਖੱਦਰ ਦੇ ਚੋਲੇ ਬਣਾਏ ਅਤੇ ਨੀਲੇ ਕਰ ਲਏ ਤੇ ਸਾਰਿਆਂ ਨੇ ਪਹਿਣ ਲਏ। ਨਬੀ ਖ਼ਾਨ ਤੇ ਗ਼ਨੀ ਖ਼ਾਨ ਅਤੇ ਤਿੰਨ ਸਿੰਘ ਗੁਰੂ ਮਹਾਰਾਜ ਨੂੰ ‘ਉੱਚ ਦਾ ਪੀਰ’ ਬਣਾ ਕੇ ਅਗੇਰੇ ਵੱਲ ਚੱਲ ਪਏ। ਰਾਹ ਵਿਚ ਇਕ ਫ਼ੌਜੀ ਦਸਤੇ ਨੇ ਰੋਕਿਆ ਵੀ ਪਰ ਸਲੋਹ ਵਾਲੇ ਕਾਜ਼ੀ ਪੀਰ ਮੁਹੰਮਦ, ਜਿਸ ਪਾਸੋਂ ਸਤਿਗੁਰੂ ਨੇ ਫ਼ਾਰਸੀ ਅੱਖਰ ਪੜ੍ਹੇ ਸਨ, ਨੇ ਫ਼ੌਜੀ ਦਸਤੇ ਦੀ ਤਸੱਲੀ ਕਰਾ ਦਿੱਤੀ। ਰਾਤ ਆਪ ਜੀ ਨੇ ਉਥੇ ਹੀ ਕੱਟੀ। ਉਥੋਂ ਹੀ ਗੁਰੂ ਜੀ ਨੇ ਮਾਹੀ ਨਾਂ ਦਾ ਹਰਕਾਰਾ ਸਾਹਿਬਜ਼ਾਦਿਆਂ ਦੀ ਟੋਹ ਲੈਣ ਲਈ ਭੇਜਿਆ। ਮਾਹੀ ਚੌਥੇ ਦਿਨ ਖ਼ਬਰ ਲੈ ਕੇ ਆਇਆ ਕਿ ਛੋਟੇ ਸਾਹਿਬਜ਼ਾਦੇ ਨਵਾਬ ਸਰਹਿੰਦ ਨੇ ਨੀਂਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤੇ ਹਨ। ਗੁਰੂ ਜੀ ਨੇ ਕਾਹੀ ਦੇ ਬੂਟੇ ਨੂੰ ਤੀਰ ਦੀ ਨੋਕ ਨਾਲ ਉਖੇੜਦੇ ਫ਼ਰਮਾਇਆ : ‘ਇਹ ਰਾਜ ਹੁਣ ਜੜ੍ਹੋਂ ਪੁੱਟਿਆ ਗਿਆ।’
ਫ਼ਤਹਨਾਮਾ—ਗੁਰੂ ਗੋਬਿੰਦ ਸਿੰਘ ਜੀ ਨੇ ਕਨੇਚ ਤੋਂ ਹੀ ਔਰੰਗਜ਼ੇਬ ਵਲੋਂ ਆਈ ਚਿੱਠੀ ਦਾ ਜੁਆਬ ਲਿਖਿਆ। ਭਾਈ ਦਇਆ ਸਿੰਘ ਜੀ ਆਪੂੰ ਚਿੱਠੀ ਲੈ ਕੇ ਦੱਖਣ ਵੱਲ ਗਏ ਨਬੀ ਖ਼ਾਨ ਤੇ ਗਨੀ ਖ਼ਾਨ ਨੇ ਪੰਜਾਬ ਦੀ ਹੱਦ ਟਪਾਉਣ ਤਕ ਸਹਾਇਤਾ ਕੀਤੀ । ਉਸ ਲਿਖੀ ਚਿੱਠੀ ਦਾ ਅਸਲ ਤਾਂ ਨਹੀਂ ਮਿਲਿਆ ਪਰ ਉਸ ਦੇ ਕੁਝ ਸ਼ੇਅਰ ਬਾਬਾ ਸੁਮੇਰ ਸਿੰਘ ਨੇ ਆਪਣੀ ਯਾਦ ਵਿਚ ਸੁਣਾਏ ਸਨ । ਉਸ ਫ਼ਤਹਨਾਮਾ ਵਿਚ ਔਰੰਗਜ਼ੇਬ ਨੂੰ ਉਸ ਦੀਆਂ ਫ਼ਰੇਬ ਕਾਰੀਆਂ ਦਾ ਗਿਆਨ ਕਰਾਇਆ ਗਿਆ। ਗੁਰੂ ਜੀ ਨੇ ਲਿਖਿਆ :
ਔਰੰਗਜ਼ੇਬ ! ਤੈਨੂੰ ਇਹ ਔਰੰਗਜ਼ੇਬ ਵਾਲਾ ਨਾਂ ਨਹੀਂ ਫਬਦਾ। ਤੇਰੀ ਤਸਬੀ ਮਣਕਿਆਂ ਤੇ ਧਾਗੇ ਤੋਂ ਵੱਧ ਕੋਈ ਹੈਸੀਅਤ ਨਹੀਂ ਰੱਖਦੀ, ਕਿਉਂਕਿ ਤੂੰ ਮਣਕਿਆਂ ਨੂੰ ਦਾਣਾ ਅਤੇ ਧਾਗੇ ਨੂੰ ਜਾਲ ਬਣਾਇਆ ਹੋਇਆ ਹੈ । ਆਪਣੀ ਭੈੜੀ ਕਰਤੂਤ ਨਾਲ ਤੂੰ ਆਪਣੇ ਪਿਤਾ ਦੀ ਮਿੱਟੀ ਨੂੰ ਆਪਣੇ ਭਰਾਵਾਂ ਦੇ ਖੂਨ ਨਾਲ ਗੁੰਨ੍ਹਿਆ ਹੈ। ਤੈਨੂੰ ਮਾਣ ਆਪਣੇ ਰਾਜ ਤੇ ਹੈ ਤੇ ਮੈਨੂੰ ਆਪਣੇ ਕਰਤਾਰ ਤੇ ਹੈ। ਕੀ ਹੋਇਆ ਜੇ ਗਿੱਦੜ ਨੇ ਆਪਣੀ ਚਲਾਕੀ ਤੇ ਧੋਖੇ ਨਾਲ ਸ਼ੇਰ ਦੇ ਦੋ ਬੱਚਿਆਂ ਨੂੰ ਮਾਰ ਦਿੱਤਾ ਹੈ। ਪਰ ਬਿਫਰਿਆ ਹੋਇਆ ਸ਼ੇਰ ਜ਼ਿੰਦਾ ਹੈ, ਜੋ ਬਦਲਾ ਲੈ ਲਵੇਗਾ। ਮੈਨੂੰ ਤੇਰੀਆਂ ਕਸਮਾਂ ਤੇ ਰਤਾ ਵੀ ਇਤਬਾਰ ਨਹੀਂ, ਇਸ ਲਈ ਤਲਵਾਰ ਵਰਤਣ ਤੋਂ ਸਿਵਾ ਮੇਰੇ ਕੋਲ ਕੋਈ ਚਾਰਾ ਨਹੀਂ। ਜੇ ਤੂੰ ਤਜਰਬੇਕਾਰ ਬਘਿਆੜ ਹੈਂ ਤਾਂ ਮੈਂ ਵੀ ਇਧਰੋਂ ਸ਼ੇਰ ਛੱਡ ਸਕਦਾ ਹਾਂ । ਤੈਨੂੰ ਆਪਣੀਆਂ ਚਲਾਕੀਆਂ ਦਾ ਸਹਾਰਾ ਹੈ ਤੇ ਮੈਨੂੰ ਆਪਣੇ ਸਿਦਕ ਤੇ ਸਚਾਈ ਦਾ ਮਾਣ ਹੈ। ਉਸੇ ਚਿੱਠੀ ਵਿਚ ਇਹ ਵੰਗਾਰ ਪਾਈ ਕਿ ਅਜੇ ਤੇ ਮੇਰੀ ਲੜਨ ਦੀ ਇੱਛਾ ਹੈ ਤਾਂ ਮੈਦਾਨ ਵਿਚ ਆ, ਦੋਵਾਂ ਦਾ ਮੁਕਾਬਲਾ ਹੋ ਜਾਵੇਗਾ । ਤੂੰ ਨਾਜ਼ ਤੇ ਨਿਆਮਤਾਂ ਵਿਚ ਪਲਦਾ ਰਿਹਾ ਹੈਂ ਅਤੇ ਅਜੇ ਤਕ ਤੈਨੂੰ ਕੋਈ ਜੰਗੀ ਜੁਆਨ ਨਹੀਂ ਟਕਰਿਆ। ਇਹ ਗੱਲ ਯਾਦ ਰੱਖੀਂ ਕਿ ਪੱਥਰ ਬੇਸ਼ਕ ਸੋਨੇ ਦੇ ਕਾਸੇ (ਬਰਤਨ) ਨੂੰ ਤੋੜ ਦੇਵੇ ਪਰ ਪੱਥਰ, ਪੱਥਰ ਹੀ ਹੈ, ਸੋਨਾ ਸੋਨਾ, ਭਾਵੇਂ ਉਹ ਟੁੱਟ ਵੀ ਜਾਏ।
ਸ਼ਮੀਰਾ, ਲਖਮੀਰਾ ਤੇ ਤੱਖ਼ਤ ਮਲ ਦੀ ਜੁਰਅਤਿ—ਉੱਚ ਦੇ ਪੀਰ ਹੀ ਬਣੇ ਹੋਏ ਆਪ ਜੀ ਜਟਪੁਰਾ ਪੁੱਜ ਗਏ। ਰਾਇਕਲਾ ਉਨ੍ਹਾਂ ਨੂੰ ਆਪਣੇ ਪਾਸ ਲੈ ਗਿਆ। ਉਥੇ ਕੁਝ ਚਿਰ ਹੀ ਗੁਰੂ ਜੀ ਟਿਕੇ ਅਤੇ ਧਲਿਆਣੀ, ਚਕਰ, ਤਖਤੂਪੁਰਾ ਤੇ ਮਸੇਲ ਪਿੰਡਾਂ ਵਿਚੋਂ ਹੁੰਦੇ ਹੋਏ ਰਾਇ ਜੋਧ ਦੇ ਪੋਤਰੇ ਸ਼ਮੀਰ ਪਾਸ ਜਾ ਪੁੱਜੇ। ਦੀਨਾ ਪਿੰਡ ਆਪ ਜੀ ਨੇ ਟਿਕਾਣਾ ਭਾਈ ਦੇਸੂ ਤਰਖਾਣ ਦੇ ਚੁਬਾਰੇ ਕੀਤਾ। ਦੇਸੂ ਨੇ ਨਵਾਂ-ਨਵਾਂ ਚੁਬਾਰਾ ਪਾਇਆ ਸੀ। ਰਾਇ ਜੋਧ ਗੁਰੂ ਹਰਿਗੋਬਿੰਦ ਜੀ ਦਾ ਇਕ ਸ਼ਰਧਾਲੂ ਸਿੱਖ ਸੀ ਅਤੇ ਗੁਰੂਸਰ ਦੀ ਜੰਗ ਵਿਚ ਉਸ ਨੇ ਛੇਵੇਂ ਗੁਰੂ ਜੀ ਦੀ ਬੜੀ ਸੇਵਾ ਕੀਤੀ ਸੀ। ਰਾਇ ਜੋਧ ਦੀ ਔਲਾਦ ਨੇ ਕਾਂਗੜ ਪਿੰਡ ਵਿਚੋਂ ਉਠ ਕੇ ਇਕ ਨਵਾਂ ਪਿੰਡ ‘ਦੀਨਾ’ ਵਸਾਇਆ ਸੀ। ਤਿੰਨੇ ਭਰਾਵਾਂ ਲਖਮੀਰਾ, ਸ਼ਮੀਰਾ ਤੇ ਤੱਖ਼ਤ ਮਲ ਨੇ ਫ਼ਰਜ਼ ਪਛਾਣਦੇ ਹੋਏ ਗੁਰੂ ਜੀ ਦੀ ਪੂਰੀ ਰਾਖੀ ਤੇ ਰੱਜ ਕੇ ਸੇਵਾ ਵੀ ਕੀਤੀ। ਸਰਹਿੰਦ ਦੇ ਨਵਾਬ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਕਿ ਉਨ੍ਹਾਂ ਤਿੰਨ ਭਰਾਵਾਂ ਨੇ ਗੁਰੂ ਜੀ ਨੂੰ ਕੋਲ ਰੱਖਿਆ ਹੋਇਆ ਹੈ ਤਾਂ ਉਸ ਨੇ ਧਮਕੀ ਭਰਿਆ ਪੱਤਰ ਲਿਖਿਆ। ਪੱਤਰ ਇਸ ਪ੍ਰਕਾਰ ਸੀ : ਤੁਸਾਂ ਪਰਜਾ ਤੇ ਬਾਦਸ਼ਾਹ ਹਜ਼ਰਤ ਦੇ ਵੈਰੀ ਨੂੰ ਪਨਾਹ ਦਿੱਤੀ ਹੈ । ਉਸ (ਗੁਰੂ ਗੋਬਿੰਦ ਸਿੰਘ) ਨੂੰ ਬੰਨ੍ਹ ਕੇ ਸਰਹਿੰਦ ਪਹੁੰਚਾ ਦਿਓ ਨਹੀਂ ਤਾਂ ਤੁਹਾਡੇ ਤੇ ਵੀ ਫ਼ੌਜ ਚੜ੍ਹ ਕੇ ਆਏਗੀ ਅਤੇ ਗੁਰੂ ਸਮੇਤ ਤੁਹਾਡਾ ਖ਼ਾਤਮਾ ਕੀਤਾ ਜਾਏਗਾ ਪਰ ਤਿੰਨੇ ਭਰਾ ਡਟੇ ਰਹੇ ਤੇ ਸਰਹਿੰਦ ਦੇ ਨਵਾਬ ਨੂੰ ਮੋੜਵਾਂ ਉੱਤਰ ਲਿਖਿਆ ਕਿ ‘ਜਿਵੇਂ ਤੁਸੀਂ ਆਪਣੇ ਪੀਰਾਂ ਮੁਰੀਦਾਂ ਮੁਰਸ਼ਦਾਂ ਨੂੰ ਮੰਨਦੇ ਸੇਂਵਦੇ ਹੋ, ਤਿਵੇਂ ਅਸੀਂ ਭੀ ਸਤਿਗੁਰ ਦੀ ਪੂਜਾ ਸੇਵਾ ਇਸ਼ਟ ਜਾਣ ਹੀ ਕਰਦੇ ਹਾਂ। ਅਸੀਂ ਬਾਬਾ ਨਾਨਕ ਦੇ ਮੁਰੀਦ ੲ ਹਾਂ ਅਤੇ ਆਪਣੇ ਪੀਰ ਨੂੰ ਕਿਸ ਤਰ੍ਹਾਂ ਤੁਹਾਡੇ ਹਵਾਲੇ ਕਰ ਸਕਦੇ ਹਾਂ ? ਸਾਥੋਂ ਇਹ ਗੱਲ ਤਿੰਨ ਕਾਲ ਵੀ ਨਹੀਂ ਹੋ ਸਕਦੀ। ਗੁਰੂ ਜੀ ਨੇ ਉਨ੍ਹਾਂ ਦੀ ਸਰਾਹਣਾ ਕੀਤੀ ਪਰ ਨੀਤੀ ਵੱਸ ਹੋਰ ਅਗੇਰੇ ਜਾਣਾ ਹੀ ਠੀਕ ਸਮਝਿਆ ਪਰ ਫਿਰ ਵੀ ਕਈ ਦਿਨ ਉਨ੍ਹਾਂ ਭਰਾਵਾਂ ਟਿਕਾਈ ਰੱਖਿਆ । ਉਥੋਂ ਕਈ ਹੁਕਮਨਾਮੇ ਭੇਜੇ।
ਚੋਹਲੇ ਦੀ ਸੰਗਤਿ ਨੂੰ ਫਿਰ ਹਥਿਆਰ ਪਹਿਣ ਹਾਜ਼ਰ ਹੋਣ ਲਈ ਕਿਹਾ। ਇਕ ਤਕੜੀ ਫ਼ੌਜ ਫਿਰ ਬਣ ਗਈ। ਜਿਸ ਸਮੇਂ ਇਹ ਸੂਹ ਮਿਲੀ ਕਿ ਸਰਹਿੰਦ ਦੀਆਂ ਫ਼ੌਜਾਂ ਚੜ੍ਹ ਕੇ ਆ ਰਹੀਆਂ ਹਨ ਤਾਂ ਆਪ ਜੀ ਦੀਨਾ ਤੋਂ ਕਾਂਗੜ ਚਲੇ ਗਏ।
ਜ਼ਫਰਨਾਮਾ—ਗੁਰੂ ਗੋਬਿੰਦ ਸਿੰਘ ਜੀ ਦਾ ਇਹ ਵਿਚਾਰ ਵੀ ਬਣਿਆ ਲਗਦਾ ਹੈ ਕਿ ਬਹਾਦਰ ਸ਼ਾਹ ਦੇ ਨਾਇਬ ਮੁਨਈਮ ਖ਼ਾਨ ਨੂੰ ਹੀ ਸਾਰੀਆਂ ਇਤਲਾਹਾਂ ਦਿੱਤੀਆਂ ਜਾਣ ਤਾਂ ਕਿ ਉਹ ਔਰੰਗਜ਼ੇਬ ਨੂੰ ਸਾਰੇ ਹਾਲਾਤ ਤੋਂ ਜਾਣੂੰ ਕਰਾ ਸਕੇ । ਦੂਜੇ ਪਾਸੇ ਸਰਹਿੰਦ ਦਾ ਨਵਾਬ ਛੇਤੀ ਹੀ ਫਿਰ ਸਿੱਧਾ ਟਾਕਰਾ ਕਰਕੇ ਗੁਰੂ ਜੀ ਨੂੰ ਰਾਹ ਤੋਂ ਹਟਾਉਣਾ ਚਾਹੁੰਦਾ ਸੀ। ‘ਕਾਂਗੜ’ ਤੋਂ ਹੀ ਗੁਰੂ ਜੀ ਨੇ ਸੰਸਾਰ ਪ੍ਰਸਿੱਧ ਖਤ ਜ਼ਫਰਨਾਮਾ ਲਿਖਿਆ। ਇੰਝ ਪ੍ਰਤੀਤ ਹੁੰਦਾ ਹੈ ਕਿ ਜਦ ਪਹਿਲੀ ਚਿੱਠੀ ਪੁੱਜੀ ਤਾਂ ਔਰੰਗਜ਼ੇਬ ਨੇ ਫਿਰ ਇਕ ਚਿੱਠੀ ਗੁਰੂ ਜੀ ਨੂੰ ਲਿਖੀ ਕਿ ਉਹ ਆ ਕੇ ਮਿਲਣ ਅਤੇ ਪੰਜਾਬ, ਸਰਹਿੰਦ ਤੇ ਜੰਮੂ ਦੇ ਨਵਾਬਾਂ ਨੂੰ ਫ਼ਰਮਾਨ ਭੇਜੇ ਅਤੇ ਖ਼ਾਸ ਹਦਾਇਤਾਂ ਦਿੱਤੀਆਂ ਕਿ ਗੁਰੂ ਜੀ ਨੂੰ ਆਜ਼ਾਦੀ ਨਾਲ ਫਿਰਨ ਦਿੱਤਾ ਜਾਏ ਅਤੇ ਉਨ੍ਹਾਂ ਦੀ ਰੱਖਿਆ ਵੀ ਕੀਤੀ ਜਾਏ।
ਜ਼ਫ਼ਰਨਾਮਾ ਵਿਚ ਆਪ ਜੀ ਨੇ ਮਜਬੂਰ ਹੋ ਕੇ ਤਲਵਾਰ ਚਲਾਉਣ ਦਾ ਹੱਕ ਦੱਸਿਆ। ਜਦੋਂ ਸਭ ਹੀਲੇ ਬੇਕਾਰ ਹੋ ਜਾਣ ਤਾਂ ਤਲਵਾਰ ਚਲਾਉਣਾ ਨਾ ਸਿਰਫ਼ ਠੀਕ ਹੈ ਸਗੋਂ ਧਰਮ ਵੀ ਹੈ। ਇਹ ਨਾ ਸਮਝੀਂ ਕਿ ਚਾਰ ਚਿੰਗਾਰੀਆਂ ਬੁਝਾਉਣ ਨਾਲ ਅੱਗ ਬੁਝਾ ਦਿੱਤੀ ਗਈ ਹੈ, ਇਹ ਭਰਮ ਹੈ। ਫਿਰ ਯਾਦ ਕਰਾਇਆ ਕਿ ਕੌਡੀਆਂ ਵਾਲਾ ਪੇਚੀਦਾ ਮਾਰ (ਖ਼ਾਲਸਾ) ਜ਼ਿੰਦਾ ਹੈ। ਮਹਾਰਾਜ ਨੇ ਇਹ ਵੀ ਲਿਖਿਆ ਕਿ ਮੈਨੂੰ ਇਸ ਮੱਕਾਰ ਨੀਤੀ ਧਾਰਨ ਕਰੀ ਬੈਠੇ ਆਦਮੀ ਦਾ ਪਤਾ ਨਹੀਂ ਸੀ । ਮੈਂ ਇਹ ਸਭ ਕੁਝ (ਅਨੰਦਪੁਰ ਛੱਡਣਾ) ਕਿਉਂ ਕਰਦਾ ? ਚੇਤਾਵਨੀ ਦਿੰਦੇ ਹੋਏ ਕਿ ਕਿਸੇ ਦੇ ਖੂਨ ਦਾ ਪਿਆਸਾ ਹੋ ਕੇ ਬੇ-ਪ੍ਰਵਾਹੀ ਨਾਲ ਤਲਵਾਰ ਨਾ ਚਲਾ, ਖੁਦਾ ਤੇਰਾ ਲਹੂ ਵੀ ਐਸੇ ਹੀ ਤਲਵਾਰ ਨਾਲ ਡੋਲ੍ਹੇਗਾ। ਔਰੰਗਜ਼ੇਬ ਦੀਆਂ ਕੁਝ ਜ਼ਾਤੀ ਸਿਫ਼ਤਾਂ ਦਾ ਵਰਣਨ ਕਰਦੇ ਹੋਏ ਕਿਹਾ ਤੂੰ ਬੇਸ਼ੱਕ ਹੁਸ਼ਿਆਰ, ਫੁਰਤੀਲਾ ਤੇ ਚੰਗਾ ਘੋੜ-ਸਵਾਰ ਹੈਂ, ਚਤੁਰਾਈ ਵਿਚ ਨਿਪੁੰਨ, ਜੰਗੀ ਕਰਤਬਾਂ ਦਾ ਜਾਣੂ ਤੇ ਦੇਗ ਤੇਗ਼ ਦਾ ਧਨੀ ਹੈਂ, ਸਿਆਣਾ ਸੁੰਦਰ, ਖ਼ੈਰਾਤ ਦੇਣ ਵਾਲਾ ਹੈਂ, ਦਾਨੇ ਲੋਕਾਂ ਵਿਚ ਵੱਡਾ, ਜੁੱਧ ਵਿਚ ਪਹਾੜ ਵਾਂਗੂ ਅਹਿਲ ਹੈਂ, ਕਈ ਉੱਚੀਆਂ ਸਿਫਤਾਂ ਵੀ ਤੇਰੇ ਵਿਚ ਹਨ, ਤੂੰ ਦੇਸ ਦਾ ਬਾਦਸ਼ਾਹ ਜ਼ਰੂਰ ਹੈਂ, ਪਰ ਈਮਾਨ ਤੋਂ ਦੂਰ ਹੈਂ। ਤੈਨੂੰ ਚਾਹੀਦਾ ਸੀ ਕਿ ਰੋਜ਼ ਫਿਤਨਾ ਖੜ੍ਹਾ ਕਰਨ ਵਾਲੇ ਬੁੱਤ-ਪੂਜ ਪਹਾੜੀ ਰਾਜਿਆਂ ਵਿਰੁੱਧ ਮੇਰੀ ਇਮਦਾਦ ਕਰਦੋਂ ਪਰ ਤੂੰ ਸਗੋਂ ਉਨ੍ਹਾਂ ਨੂੰ ਸ਼ਹਿ ਦਿੱਤੀ। ਅਖ਼ੀਰ ਤੇ ਲਿਖਿਆ ਕਿ ਆਪਣੀ ਉਠਾਈ ਹੋਈ ਕਸਮ ਨੂੰ ਤੇਸਿਆਂ ਤੇ ਖੁਰਪਿਆਂ ਨਾਲ ਨਾ ਛਿਲ। ਮਹਾਰਾਜ ਨੇ ਉਧਰ ਦੱਖਣ ਜਾ ਕੇ ਮਿਲਣ ਦੀ ਮਜਬੂਰੀ ਵੀ ਦੱਸੀ ਅਤੇ ਫਿਰ ਕਿਹਾ ਉਹ ਹੀ ਕਾਂਗੜ ਦੇਸ਼ ਪੰਜਾਬ ਵਿਚ ਆਏ।
ਭਾਈ ਸੇਵਾ ਰਾਮ ਜੀ ਨੇ ਆਪਣੀਆਂ ਪਰਚੀਆਂ ਵਿਚ ਇਸ ਜ਼ਫ਼ਰਨਾਮੇ ਦਾ ਭਾਵ ਦਿੰਦੇ ਹੋਏ ਲਿਖਿਆ ਹੈ :-
‘ਜਦ ਦਾ ਤੂੰ ਬਾਦਸ਼ਾਹ ਹੋਇਆ ਹੈਂ, ਤਦ ਦਾ ਤੂੰ ਬੇਇਨਸਾਫ਼ੀ ਕਰਦਾ ਹੈਂ, ਇਨਸਾਫ਼ ਦਾ ਕੋਈ ਫ਼ੇਅਲ (ਕੰਮ) ਤੂੰ ਨਹੀਂ ਕੀਤਾ। ਮੈਂ ਇਕ ਪੱਥਰ (ਅਨੰਦਪੁਰ ਦੀ ਪਹਾੜੀ) ਉੱਪਰ ਬਸੇਰਾ ਰੱਖਦਾ ਸਾਂ ਅਤੇ ਨਿਰਦਾਅਵੇ ਕਰ ਬਸੇਰਾ ਸਕਦਾ ਸਾਂ। ਕੌਣ ਤੇਰਾ ਗਾਂਵ (ਇਲਾਕਾ) ਨ ਖਾਵਤਾ ਥਾ। ਰਾਜਿਆਂ ਸਾਥ ਰਲ ਕੇ ਤੂੰ ਮੇਰੀ ਅਉਰ (ਵਲ) ਫ਼ੌਜਾਂ ਭੇਜੀਆਂ। ਜੈਸਾ ਤੂੰ ਬੇ-ਇਨਸਾਫ਼ ਤੈਸੇ ਤੇਰੇ ਰਾਜੇ ਬੇ-ਇਨਸਾਫ਼। ਰਲ ਮਿਲ ਤੁਮਹੁ ਨੇ ਮੇਰੇ ਬੇਟੇ ਮਾਰੇ, ਔਰਤਾਂ ਮਾਰੀਆਂ, ਸਿੱਖ ਸੰਗਤਾਂ ਮਾਰੀਆਂ, ਘੋੜੇ ਲੁੱਟੇ, ਸੋ ਤੇਰੀ ਇਨਸਾਫ਼ੀ ਕਰ ਐਸਾ ਹੋਇਆ। ਹੈ। ਪਰ ਨਾ ਭੁੱਲ ਕਿ ਇਹ ਬੇਇਨਸਾਫ਼ੀ ਸਿਰਫ਼ ਤੇਰੇ ਘਰ ਹੀ ਹੈ, ਸਾਹਿਬ (ਵਾਹਿਗੁਰੂ) ਕੇ ਘਰ ਤਾਂ ਐਸਾ ਇਨਸਾਫ਼ ਹੈ, ਨਾਹ ਤਿਲ ਜਿਤਨੀ ਬੁਰਾਈ ਕਿਸੀ ਕੀ ਗਵਾਵਤਾ ਹੈ। ਜਦ ਪਰਵਰਦਗਾਰ ਅਦਾਲਤ ਪੁਰ ਬੈਸੇਗਾ ਅਰ ਤੁਮ ਸਿਉ ਪੁੱਛੇਗਾ ਜੋ ਰਾਮਦਾਸ (ਪਰਮ ਪੁਰਖ ਕਾ ਦਾਸਾ, ਗੁਰੂ ਗੋਬਿੰਦ ਸਿੰਘ ਜੀ ਆਪੂੰ) ਤੇਰਾ ਕੀ ਵਿਗਾੜਿਆ ਸੀ ਜੋ ਉਸ ਕੇ ਸਾਥ ਤੋਂ ਐਸੀ ਤਾਦੀ (ਜ਼ਿਆਦਤੀ) ਕੀਤੀ। ਤਬ ਤੂੰ ਕਿਆ ਜੁਆਬ ਕਰੇਂਗਾ। ਖਬਰਦਾਰ ਹੋਹੁ, ਉਹ ਵਕਤ ਆਇਆ ਕਿ ਆਇਆ। ਜਿਤਨੇ ਦੋਜ਼ਕ ਬਣਾਏ ਹਨ ਇਤਨੇ ਬੇਇਨਸਾਫ਼ੀ ਦੇ ਨਮਿਤ ਬਣਾਏ ਹਨ। ਉਥੇ ਬਾਦਸ਼ਾਹ ਅਰ ਕੀੜਾ ਬਰਾਬਰ ਹੈ, ਕੀੜੇ ਦੀ ਪੁਕਾਰ ਪਹਿਲੇ ਸੁਨਤਾ ਹੈ (ਭਾਵ ਨਿੰਮ੍ਰਤਾ ਵਾਲੇ ਦੀ) ।
‘ਤੈਨੂੰ ਜੋ ਇਹ ਗੁਮਾਨ ਹੈ ਕਿ ਤੂੰ ਮਿਹਨਤ ਕਰ ਕੇ ਖਾਵਤਾ ਹੈਂ ਤਾਂ ਸਭ ਘੋੜੇ, ਪਸ਼ੂ ਮਿਹਨਤ ਘਾਲ ਕਰ ਕੇ ਖਾਂਦੇ ਹਨ । ਜੇ ਤੈਨੂੰ ਇਹ ਗੁਮਾਨ ਹੈ ਕਿ ਕੁਰਾਨ ਪੜ੍ਹਨ ਕਰ ਕੇ ਬਖ਼ਸ਼ਿਆ ਜਾਏਂਗਾ, ਜ਼ਬਾਨ ਸਾਥ ਕੁਰਾਨ ਪੜ੍ਹਿਆ ਤਾਂ ਕਿਆ ਹੂਆ। ਅਮਲਾਂ ਬਿਨਾਂ ਨਿਬੇੜਾ ਨਹੀਂ। ਦਗਰਾ ਪੰਖੀ ਉੱਪਰ ਕੁਰਾਨ ਲਿਖਿਆ ਕਿਹਾ ਜਾਂਦਾ ਹੈ। ਕੌਣ ਉਹ ਔਲੀਆ ਹੋ ਗਿਆ। 1
‘ਜੇ ਤੈਨੂੰ ਇਹ ਗੁਮਾਨ ਹੈ ਕਿ ਬੰਦਗੀ ਕਰਦਾ ਰਿਹਾ ਹੈਂ। ਬੰਦਗੀ ਇਸ ਦਾ ਨਾਮ ਨਹੀਂ ਜੋ ਚਾਰ ਆਇਤਾਂ ਮੁੱਖ ਤੋਂ ਪੜ੍ਹ ਛੱਡੀਆਂ। ਖ਼ਾਸ ਬੰਦਗੀ ਨਫ਼ਸ ਦੀ ਮੁਖਾਲਫ਼ਤ ਹੈ। ਮਨ ਸਿਉ ਉਲਟਾ ਬਰਤਨਾ ਠੀਕ ਬੰਦਗੀ ਹੈ। ਮਨ ਕਾ ਕਹਿਆ ਨ ਕਰਨਾ । ਸੋ ਤੂੰ ਉਲਟਾ ਆਪਣੇ ਮਨ ਕਾ ਕਰਦਾ ਰਿਹਾ ਹੈਂ। ਮਨ ਕੀ ਖੁਸ਼ੀ ਦੇ ਨਮਿਤ ਆਪਣਾ ਬਾਪ ਮਾਰਿਆ। ਮਨ ਦੀ ਖ਼ੁਸ਼ੀ ਨਮਿਤ ਆਪਣੇ ਭਾਈ ਮਾਰੇ। ਦਾਰਾ, ਸ਼ੁਜਾਹ ਅਰ ਮੁਰਾਦ ਮੁਕਾਇਆ। ਸੋ ਤੈਂ ਬੰਦਗੀ ਕੌਣ ਸੀ ਕੀਤੀ ਹੈ। ਦੁਨੀਆ ਦੇ ਪਿਆਰ ਵਾਲੇ ਨੂੰ ਕੁਰਾਨ ਵਿਚ ਕੁੱਤਾ ਕਿਹਾ ਹੈ। ‘ਜੁ ਆਲ ਦੁਨੀਆ ਜ਼ੀਫਤਨਵ ਤਾਲਬਹਾ ਕਿ ਲਬਾਨ।’ ਇਹ ਦੁਨੀਆ ਮੁਰਦਾਰ ਹੈ, ਤਿਸ ਦਾ ਤਾਲਿਬ ਕੁੱਤਾ ਹੈ। ਤਾਂ ਤੇ ਕੁੱਤਿਆਂ ਦੀ ਸਿਫ਼ਤ (ਸਿਫਾਰਸ਼-ਹਾਮਾ) ਪੈਗ਼ੰਬਰ ਕਿਉਂ ਕਰ ਭਰਤਾ ਹੈ।
‘ਜੇ ਤੈਨੂੰ ਇਹ ਗੁਮਾਨ ਹੈ ਕਿ ਬੁਤ ਪ੍ਰਸਤੀ ਦੂਰ ਕੀਤੀ ਹੈ। ਇਹ ਗੁਮਾਨ ਵੀ ਝੂਠਾ ਹੈ। ਸੋ ਜਿਸ ਵਕਤ ਤੈਂ ਬੁਤ ਢਾਹੇ, ਮੰਦਰ ਗਿਰਾਏ, ਘਰ ਘਰ ਬੁਤ ਹੋਰ ਬਣ ਆਇ। ਕਿਨਹ ਆਟੇ ਕੇ ਬੁਤ ਬਣਾਏ। ਕਿਨਹੂ ਮੋਮ ਕੇ ਬੁਤ ਬਣਾਏ। ਕਿਨਹੂ ਮਾਟੀ ਕੇ ਬੁਤ ਬਣਾਏ। ਆਪਣਾ ਨੇਮ ਸਾਧ ਕਰ ਰੋਟੀ ਖਾਈ। ਸੋ ਜੇ ਤੂੰ ਇਕ ਬੁਤ ਨਾ ਤੋੜਦਾ ਤਾਂ ਲੱਖਾਂ ਬੁੱਤ ਆਰਾਸਤਾ (ਬਣਦੇ) ਨਾਹ ਹੁੰਦੇ । ਖ਼ਾਸ ਬੁੱਤਾਂ ਦੀ ਮਾਂ ਖ਼ੁਦੀ ਹੈ। ਸਭ ਬੁੱਤਾਂ ਦੀ ਖੁੱਦੀ ਨੂੰ ਜਿਨ੍ਹਾਂ ਨੇ ਮਾਰਿਆ ਹੈ, ਖ਼ਾਸ ਬੁੱਤ ਉਨ੍ਹਾਂ ਨੇ ਹੀ ਢਾਹਿਆ ਹੈ :
ਭੰਨ ਆਪਣੇ ਆਪ ਨੂੰ, ਜੋ ਬੁੱਤ ਦਾ ਭੰਨਣਾ ਇਹੋ ਹਈ।
ਤੇ ਉਪਰੰਤ ਹੋਵਹੁ ਇਸ ਹਉਮੈ ਥੀ, ਜੋ ਕੈਦ ਤੇ ਛੁਟਣਾ ਇਹੋ ਹਈ।
ਤੇ ਸਾਹਿਬ ਲੋਕਾਂ ਦੇ ਹਿਰਦੇ ਸਾਥ ਹਿਰਦਾ ਮਿਲਾਇ ।
ਜੋ ਗੋਸ਼ੇ ਬਹਣ ਵਿਚ ਅਸਾਡਾ ਪੰਥ ਇਹੋ ਹਈ।
(ਬਿ ਸ਼ਕੰਨ ਖ਼ੁਦਾ ਰਾ ਕਿ ਸ਼ਿਕਸਤਨ ਈਸ਼ਾ।
ਬ ਗ਼ਰਜ਼ਿ ਖ਼ੁਦੀ ਜ਼ਿ ਕੈਦ ਰਸਤਨ ਈਸ਼ਾ।
ਦਰਿ ਗੋਸ਼ੇ ਖਾਤਰੈ ਅਜ਼ੀਜਾਜ਼ ਕੰਨ।
ਦੂਰ ਮਜ਼ਹਬ ਗੋਸ਼ੇ ਖ਼ਾਤਰੇ ਨਿਸ਼ਸਤਨ ਈਸ਼ਾ ।)
‘ਜੇ ਤੈਨੂੰ ਗੁਮਾਨ ਹੈ ਕਿ ਤੂੰ ਸ਼ਰਹ ਉੱਪਰ ਕਾਇਮ ਹੈਂ ਜੋ ਸਭ ਹੀ ਪੰਥਹੁ ਕੇ ਸ਼ਰਹ ਇਕ ਸਮਾਨ ਹਨ। ਜਦ ਪੰਥਹੁ ਕੇ ਸ਼ਰਹ ਕਰ ਕੇ ਬਖ਼ਸ਼ੇ ਜਾਤੇ ਤਬ ਸਾਹਿਬ ਦਾ ਭਜਨ ਕੌਣ ਕਰਦਾ । ਜੋ ਸਾਹਿਬ ਦੇ ਭਜਨ ਬਿਨਾਂ, ਅਰ ਸਾਹਿਬ ਲੋਕਾਂ ਦੀ ਖੁਸ਼ੀ ਬਿਨਾਂ ਹੀ ਮੁਕਤਿ ਹੋਣਾ ਚਾਹੁੰਦਾ ਹੈ, ਤਿਸ ਦਾ ਦਾਅਵਾ ਝੂਠਾ ਹੈ।
‘ਜੇ ਤੈਨੂੰ ਇਹ ਗੁਮਾਨ ਹੈ ਕਿ ਲੋਕ ਤੇਰਾ ਜਸ ਕਰਦੇ ਹਨ। ਜਸ ਪ੍ਰਯੋਜਨ (ਖ਼ੁਦਗਰਜ਼ੀ) ਨਮਿਤ ਲੋਕ ਫਿਰਾਊਨ ਦਾ ਵੀ ਕਰਦਾ ਸੀ। ਸੋ ਤਿਸ ਫ਼ਿਰਾਊਨ ਨੂੰ ਪਰਵਰਦਗਾਰ ਦੋਜ਼ਕ ਵਿਚ ਜਲਾਇਆ ਹੈ ਤੇ ਖ਼ਾਸ ਜਸ ਇਹ ਹੈ, ਜਿਸ ਦਾ ਹਿਰਦਾ ਸਾਹਿਬ ਲੋਕਾਂ ਦੇ ਹਜ਼ੂਰ ਹੋਆ ਹੈ ਜਿਸ ਵਿਚ ਆਜਜ਼ੀ (ਨਿਮਰਤਾ) ਹੈ, ਲੋਕ ਭਲਾਈ ਹੈ।
‘ਜੇ ਤੈਨੂੰ ਇਹ ਖ਼ਿਆਲ ਹੈ ਕਿ ਅਲਾਹ ਸਤਾਰ ਹੈ। ਪੜਦਾ ਪਾਉਂਦਾ ਹੈ। ਪਰ ਇਹ ਵੀ ਯਾਦ ਰੱਖ ਸਤਾਰੀ ਉਨ੍ਹਾਂ ਨੂੰ ਹੀ ਮਿਲਦੀ ਹੈ ਜਿਨ੍ਹਾਂ ਸਤਾਰੀ ਦਿਖਾਈ ਹੈ। ਫਿਰ ਮਸਕੀਨਾਂ ਉੱਪਰ ਸਤਾਰੀ ਹੁੰਦੀ ਹੈ। ਜਿਸ ਦੇ ਹਿਰਦੇ ਵਿਚ ਖ਼ੁਦੀ ਦਾ ਸੁਭਾਉ ਨਹੀਂ ਪਾਇਆ ਜਾਂਦਾ, ਸਤਾਰੀ ਉਨ੍ਹਾਂ ਤੇ ਹੀ ਹੁੰਦੀ ਹੈ। ਖ਼ੁਦਾ ਦੇ ਹੱਥ ਵਿਚ ਸਤਾਰੀ ਤੇ ਕਹਾਰੀ ਦੀਆਂ ਕੜਛੀਆਂ ਹਨ। ਜਬ ਤੂੰ ਕਿਸੇ ਤੇ ਸਤਾਰੀ ਕੀਤੀ ਹੋਵੇਗੀ ਤਾਂ ਤੇਰੇ ਤੇ ਵੀ ਸਤਾਰੀ ਦੀ ਕੜਛੀ ਡਾਰੇਗਾ। ਪਰ ਜੇ ਤੂੰ ਕਿਸੇ ਉੱਪਰ ਕਹਾਰੀ ਕੀਤੀ ਹੋਵੇਗੀ ਤਾਂ ਤੇਰੇ ਉੱਪਰ ਵੀ ਕਹਾਰੀ ਦੀ ਕੜਛੀ ਡਾਰੇਗਾ।’
ਅੰਤ ਵਿਚ ਗੁਰੂ ਜੀ ਨੇ ਲਿਖਿਆ, ‘ਤੂੰ ਖ਼ਬਰਦਾਰ ਹੋ। ਖ਼ਾਲਸਾ ਪੈਦਾ ਹੋਇਆ ਹੈ, ਤੇਰੇ ਵਰਗੇ ਬੁੱਤਾਂ ਨੂੰ ਢਾਹੁਣ ਵਾਲਾ ਖਾਲਸਾ ਪੈਦਾ ਹੋਇਆ ਹੈ। ਤੈਨੂੰ ਛੱਡੇਗਾ ਨਹੀਂ।’
ਤਵਾਰੀਖ਼ ਪੰਜਾਬ ਵਾਲਾ ਕਹਿੰਦਾ ਹੈ ਕਿ ਇਹ ਖ਼ਤ ਜਿਸ ਨੂੰ ਜ਼ਫਰਨਾਮਾ ਕਹਿੰਦੇ ਹਨ, ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖਿਆ। ਉਸ ਖ਼ਤ ਵਿਚ ਬਾਦਸ਼ਾਹ ਲਈ ਕਰਾਰੇ ਤੇ ਕਰੜੇ ਸ਼ਬਦ ਵਰਤੇ । ਉਹ ਖ਼ੱਤ ਆਪਣੇ ਪਿਆਰੇ (ਭਾਈ) ਦਇਆ ਸਿੰਘ ਹੱਥ ਬਾਦਸ਼ਾਹ ਤਕ ਪਹੁੰਚਾਇਆ। ਜਦ (ਭਾਈ) ਦਇਆ ਸਿੰਘ ਖ਼ੱਤ ਲੈ ਕੇ ਔਰੰਗਜ਼ੇਬ ਕੋਲ ਔਰੰਗਾਬਾਦ ਪੁੱਜਾ ਤਾਂ ਉਸ ਨੇ ਰਾਜੇ ਨੂੰ ‘ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹ’ ਬੁਲਾਈ। ਬਾਦਸ਼ਾਹ ਬੋਲਿਆ ਕਿ ਖਾਲਸੇ ਨੇ ਇਤਨੀ ਜਲਦੀ ਕਿਉਂ ਕੀਤੀ ? ਉੱਤਰ ਮਿਲਿਆ, ‘ਤੇਰੀ ਜਲਦੀ ਕਰ ਕੇ।’ ਫਿਰ ਬਾਦਸ਼ਾਹ ਨੇ ਪੁੱਛਿਆ ਕਿ ‘ਕੀ ਗੁਰੂ ਜੀ ਕੋਈ ਕਰਾਮਾਤ ਵੀ ਰੱਖਦੇ ਹਨ?’ (ਭਾਈ) ਦਇਆ ਸਿੰਘ ਜੀ ਨੇ ਮੋੜਵਾਂ ਉੱਤਰ ਦਿੱਤਾ, ‘ਉਨ੍ਹਾਂ ਦੇ ਤਾਂ ਕੁੱਤਿਆਂ ਵਿਚ ਵੀ ਕਰਾਮਾਤਾਂ ਹਨ। ਗੁਰੂ ਜੀ ਦਾ ਪੱਤਰ ਪੜ੍ਹਨ ਉਪਰੰਤ ਔਰੰਗਜ਼ੇਬ ਨੇ ਪੰਜਾਬ ਦੇ ਹਾਕਮਾਂ ਪਾਸ ਹਦਾਇਤਾਂ ਭੇਜੀਆਂ ਕਿ ਉਹ ਗੁਰੂ ਜੀ ਨਾਲ ਸਿਦਕ ਸਫਾਈ ਨਾਲ ਪੇਸ਼ ਆਉਣ। ਅਹਿਮਦ ਸ਼ਾਹ ਬਟਾਲਵੀ ਲਿਖਦਾ ਹੈ ਕਿ ਜਦ ਪਹਿਲੀ ਚਿੱਠੀ ਦਾ ਉੱਤਰ ਗੁਰੂ ਜੀ ਕੋਲ ਪੁੱਜਾ ਤਾਂ ਉਨ੍ਹਾਂ ਦੂਜੀ ਚਿੱਠੀ ਲਿਖੀ ਜਿਸ ਦਾ ਭਾਵ ਸੀ ਕਿ ‘ਸਾਡੇ ਆਗੂ ਬਾਬਾ ਨਾਨਕ ਨੇ ਸਾਡੇ ਧਰਮ ਦੀ ਨੀਂਹ ਰੱਬ ਦੀ ਏਕਤਾ ਵਾਲੇ ਸਿਧਾਂਤ ਉੱਤੇ ਰੱਖੀ ਸੀ ਅਤੇ ਹੋਰ ਕਿਸੇ ਧਰਮ ਦੀ ਨਕਲ ਨਹੀਂ ਕੀਤੀ ਅਤੇ ਨਾਂਹ ਹੀ ਕਿਸੇ ਧਰਮ ਦੀ ਮਰਯਾਦਾ ਅਪਣਾਈ ਹੈ। ਹਿੰਦੂਆਂ ਦਾ ਇਕ ਟੋਲਾ ਸਦਾ ਸਾਡੇ ਨਾਲ ਵੈਰ ਕਰਦਾ ਰਿਹਾ ਹੈ।’
‘ਅਸੀਂ ਜੀਵਨ ਵਿਚ ਸਿਵਾਇ ਸੰਗਰਾਮ ਤੋਂ ਹੋਰ ਕੁਝ ਨਹੀਂ ਦੇਖਿਆ। ਅਕਾਲ ਪੁਰਖ ਤੋਂ ਬਗ਼ੈਰ ਕੋਈ ਆਸਰਾ ਨਹੀਂ । ਵਾਹਿਗੁਰੂ ਅਕਾਲ ਪੁਰਖ ਨੇ ਵੈਰੀਆਂ ਤੇ ਸਾਨੂੰ ਵਿਜੈ ਬਖ਼ਸ਼ੀ ਹੈ, ਪਰ ਕੀਨੇ ਦੀ ਅੱਗ ਹੋਰ ਭੜਕ ਉੱਠੀ । ਸਰਹਿੰਦ ਦੇ ਨਿਰਦਈ ਹਾਕਮ ਨੂੰ ਨਾ ਰੱਬ ਦਾ ਖ਼ੌਫ਼, ਨਾ ਕਿਸੇ ਦੀ ਲਜਿਆ ਤੇ ਨਾਹ ਹੀ ਬਾਦਸ਼ਾਹ ਦੀ ਪ੍ਰਵਾਹ ਸੀ। ਉਸ ਨੇ ਦੋਵੇਂ ਬੱਚਿਆਂ ਨੂੰ ਪੱਕੀਆਂ ਇੱਟਾਂ ਦੀ ਕੰਧ ਵਿਚ ਚਿਣਵਾ ਦਿੱਤਾ। ਦੋਵੇਂ ਬੱਚੇ ਵੀ ਆਪੂੰ ਭੇਜੇ।` ਅਸੀਂ ਇਕੱਲਿਆਂ ਰਹਿ ਗਏ। ਅਸੀਂ ਵੀ ਬਾਹਰ ਆਏ ਤੇ ਜਾਨ ਵਾਰਨ ਲਈ ਤੁਲ ਪਏ ਪਰ ਸਾਡਾ ਸਮਾਂ ਅਜੇ ਨਹੀਂ ਪੁੱਜਾ। ਇਸ ਲਈ ਕਿਸੇ ਦੀ ਕੀ ਮਜਾਲ ਸੀ ਕਿ ਸਾਡਾ ਵਾਲ ਵੀ ਵਿੰਝਾ ਕਰਦਾ। ਵੈਰੀ ਸਾਡੇ ਸਾਹਮਣਿਉਂ ਇਸ ਤਰ੍ਹਾਂ ਨੱਠੇ ਜਿਵੇਂ ਭੇਡਾਂ ਸ਼ੇਰ ਸਾਹਮਣਿਉਂ ਭੱਜਦੀਆਂ ਹਨ। ਸਰਹਿੰਦ ਦੀਆਂ ਫ਼ੌਜਾਂ ਨੇ ਪਿੱਛਾ ਕੀਤਾ ਪਰ ਸਾਡੇ ਇਕ ਹੱਲੇ ਅੱਗੇ ਵੀ ਨਾ ਟਿਕ ਸਕੀਆਂ। ਪੁੱਤਰ ਤੇ ਸਰਬੰਸ ਵਾਰਿਆ ਹੈ। ਬਿਨਾਂ ਅਕਾਲ ਪੁਰਖ ਦੇ ਸਾਨੂੰ ਕਿਸੇ ਦਾ ਡਰ ਨਹੀਂ ਪਰ ਸਾਨੂੰ ਵਿਸ਼ਵਾਸ ਹੈ ਕਿ ਸਾਡੇ ਡੁਲ੍ਹੇ ਲਹੂ ਦਾ ਇਕ-ਇਕ ਕਤਰਾ ਵੀ ਵਿਅਰਥ ਨਹੀਂ ਜਾਵੇਗਾ।
‘ਜੋ ਬੀਤੀ ਹੈ, ਅਨਿਆਇ ਹੈ । ਜਿਸ ਦਿਨ ਸੱਚੇ ਪਾਤਸ਼ਾਹ ਦੀ ਦਰਗਾਹ ਵਿਚ ਪੇਸ਼ੀ ਹੋਵੇਗੀ, ਤੁਹਾਨੂੰ ਇਸ ਦਾ ਜੁਆਬ ਦੇਣਾ ਪਵੇਗਾ। ਉਸ ਸਮੇਂ ਤੁਸੀਂ ਕੀ ਮੂੰਹ ਦਿਖਾਓਗੇ। ਸਾਨੂੰ ਤੁਹਾਡੇ ਪਾਸ ਆਉਣ ਵਿਚ ਕੋਈ ਇਨਕਾਰ ਨਹੀਂ ਪਰ ਚਿੱਠੀ ਦੀ ਉਡੀਕ ਜ਼ਰੂਰ ਕਰਾਂਗੇ। ਸ਼ਾਹੀ ਅਹਿਲਕਾਰਾਂ ਨੂੰ ਗੁਰੂ ਜੀ ਨੇ ਤੁਹਫੇ ਦਿੱਤੇ। ਔਰੰਗਜ਼ੇਬ ਨੇ ਵੀ ਸਿੰਘਾਂ ਨੂੰ ਤੁਹਫ਼ੇ ਦਿੱਤੇ। ਫਿਰ ਇਕ ਸੁਨੇਹ ਭਰਿਆ ਪੱਤਰ ਵੀ ਔਰੰਗਜ਼ੇਬ ਨੇ ਗੁਰੂ ਜੀ ਨੂੰ ਲਿਖਿਆ ਕਿ ਸਾਰੀਆਂ ਵਿਰੋਧੀ ਕਾਰਵਾਈਆਂ ਬੰਦ ਕਰ ਦਿੱਤੀਆਂ ਜਾਣ।
ਇਹ ਵੀ ਭਾਈ ਸੇਵਾ ਰਾਮ ਨੇ ਲਿਖਿਆ ਹੈ ਕਿ ਭਾਈ ਦਇਆ ਸਿੰਘ ਜੀ ਨੇ ਔਰੰਗਜ਼ੇਬ ਸਾਹਮਣੇ ਬੀਰਤਾ ਦੇ ਸ਼ਬਦ ਦੁਹਰਾਏ । ਜਦ ਉਸ ਪੁੱਛਿਆ ਕਿ ਸੱਚਮੁੱਚ ਖਾਲਸਾ ਪੈਦਾ ਹੋ ਗਿਆ ਹੈ ਤਾਂ ਭਾਈ ਦਇਆ ਸਿੰਘ ਜੀ ਨੇ ਕਿਹਾ ‘ਹਾਂ ਪੈਦਾ ਹੋ ਗਿਆ ਹੈ।’ ਇਹ ਸੁਣਦੇ ਸਾਰ ਔਰੰਗਜ਼ੇਬ ਦਾ ਰੰਗ ਪੀਲਾ ਪੈ ਗਿਆ। ਤੱਖ਼ਤਾਂ ਦੇ ਮਾਲਕਾਂ ਵਿਚ ਹਲਚਲ ਖਾਲਸੇ ਨੇ ਮਚਾ ਦਿੱਤੀ।
ਜ਼ਫ਼ਰਨਾਮਾ ਦਾ ਕਿਤਨਾ ਕੁ ਪ੍ਰਭਾਵ ਔਰੰਗਜ਼ੇਬ ਤੇ ਪਿਆ, ਉਸਦਾ ਪ੍ਰਮਾਣ ਉਸੇ ਦੇ ਲਿਖੇ ਸ਼ਿਕਸਤਨਾਮੇ ਤੋਂ ਪ੍ਰਗਟ ਹੁੰਦਾ ਹੈ ਜੋ ਉਸ ਨੇ ਆਪਣੇ ਬੇਟੇ ਆਜ਼ਮ ਨੂੰ ਲਿਖਿਆ। ਜਾਦੂ ਨਾਥ ਸਰਕਾਰ ਦੇ ਕਥਨ ਅਨੁਸਾਰ, ‘ਔਰੰਗਜ਼ੇਬ ਨੇ ਲਿਖਿਆ: ‘ਪਿਛਲੀ ਉਮਰੇ ਬੁਢੇਪੇ ਦੀ ਕਮਜ਼ੋਰੀ ਨੇ ਢਾਹ ਲਿਆ ਹੈ । ਮੇਰੇ ਅੰਗ ਤੇ ਨੈਣ ਸ਼ਕਤੀਹੀਨ ਹੋ ਗਏ ਹਨ। ਮੈਂ ਇਕੱਲਾ ਆਇਆ ਸੀ ਤੇ ਹੁਣ ਇਕੱਲਾ ਹੀ ਜਾ ਰਿਹਾ ਹਾਂ। ਮੈਨੂੰ ਇਤਨਾ ਵੀ ਗਿਆਨ ਨਹੀਂ ਕਿ ਮੈਂ ਕੌਣ ਹਾਂ, ਕੀ ਕਰਦਾ ਰਿਹਾ ਹਾਂ ਅਤੇ ਕਿੱਥੇ ਜਾਣਾ ਹੈ ? ਜੋ ਸਮਾਂ ਬੰਦਗੀ ਤੋਂ ਬਗ਼ੈਰ ਮੈਂ ਗੁਜ਼ਾਰ ਦਿੱਤਾ ਹੈ, ਉਸ ਦਾ ਮੈਨੂੰ ਪਛਤਾਵਾ ਹੈ। ਮੈਂ ਆਪਣੇ ਰਾਜ ਵਿਚ ਚੰਗੀ ਹਕੂਮਤ ਨਹੀਂ ਕਰ ਸਕਿਆ ਤੇ ਨਾ ਹੀ ਲੋਕਾਂ ਦਾ ਪਿਆਰ ਜਿੱਤ ਸਕਿਆ ਹਾਂ। ਮੈਂ ਦੁਨੀਆ ਵਿਚ ਖ਼ਾਲੀ ਹੱਥੀਂ ਆਇਆ ਸਾਂ ਪਰ ਜਾਂਦੀ ਵਾਰੀ ਪਾਪਾਂ ਦਾ ਭਾਰ ਨਾਲ ਲੈ ਕੇ ਜਾ ਰਿਹਾ ਹਾਂ। ਪਤਾ ਨਹੀਂ ਕਿ ਕੀਤੇ ਗੁਨਾਹਾਂ ਬਦਲੇ ਮੈਨੂੰ ਕਿਤਨੀ ਕੁ ਸਜ਼ਾ ਮਿਲੇਗੀ।’ ਸਭ ਕੁਝ ਕੋਲ ਹੁੰਦਿਆਂ ਔਰੰਗਜ਼ੇਬ ‘ਸ਼ਿਕਸਤਨਾਮਾ’ ਲਿਖ ਰਿਹਾ ਸੀ ਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਸਭ ਕੁਝ ਲੋਕਾਂ ਦੀ ਨਜ਼ਰ ਵਿਚ ਗਵਾ ਕੇ ਫ਼ਤਹਨਾਮਾ ਤੇ ਜ਼ਫਰਨਾਮਾ ਲਿਖ ਰਹੇ ਸਨ।
ਹਮੀਦ-ਉਦ-ਦੀਨ ਨੇ ਆਪਣੀ ਪੁਸਤਕ ਦੇ ਪੰਨਾ ੧੮੩ ਤੇ ਔਰੰਗਜ਼ੇਬ ਦੀ ਆਖ਼ਰੀ ਵਸੀਅਤ ਲਿਖੀ ਹੈ। ਉਸ ਦੇ ਸਿਰ੍ਹਾਣੇ ਹੇਠੋਂ ਕਾਗ਼ਜ਼ ਦੇ ਟੁਕੜੇ ਨਿਕਲੇ ਸਨ। ਉਸ ਟੁਕੜੇ
ਤੇ ਲਿਖੇ ਕੁਝ ਅੰਸ਼ ਇਸ ਪ੍ਰਕਾਰ ਹਨ-
“ਕੋਈ ਸ਼ੱਕ ਨਹੀਂ ਕਿ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਰਿਹਾ ਹਾਂ ਪਰ ਅਫ਼ਸੋਸ ਹੈ ਕਿ ਕੋਈ ਭਲਾ ਕਾਰਜ ਨਹੀਂ ਕੀਤਾ। ਮੇਰੀ ਅੰਦਰਲੀ ਆਤਮਾ ਫਿਟਕਾਰ ਕੇ ਮੈਨੂੰ ਕਹਿ ਰਹੀ ਹੈ : ਮੈਂ ਗੁਨਾਹਗਾਰ ਹਾਂ।
“ਮੇਰੇ ਖ਼ਾਦਮ ਆਇਆ ਬੇਗ ਪਾਸ ਮੇਰਾ ਇਕ ਬਟੂਆ ਹੈ । ਇਸ ਬਟੂਏ ਵਿਚ ਚਾਰ ਰੁਪੈ ਦੋ ਆਨੇ ਆਪਣੀ ਕਮਾਈ ਦੇ ਰੱਖੇ ਹਨ। ਮੇਰੀ ਮੁਰਦਾ ਲਾਸ਼ ਨੂੰ ਢੱਕਣ ਲਈ ਜੋ ਕਫ਼ਨ ਖਰੀਦਣਾ ਹੈ ਉਹ ਇਨ੍ਹਾਂ ਚਾਰ ਰੁਪਿਆਂ ਤੇ ਦੋ ਆਨਿਆਂ ਦੀ ਰਕਮ ਨਾਲ ਖਰੀਦਿਆ ਜਾਏ ।
ਮੇਰੇ ਪਾਪੀ ਜਿਸਮ ਨੂੰ ਢੱਕਣ ਲਈ ਹੋਰ ਕਿਧਰੋਂ ਕੋਈ ਖ਼ਰਚ ਨਾ ਕੀਤਾ ਜਾਏ।
“ਮੇਰੀ ਕਬਰ ਸੰਘਣੇ ਜੰਗਲ ਵਿਚ ਖੋਦਣੀ। ਜਦ ਮੈਨੂੰ ਦਫ਼ਨਾਇਆ ਜਾਏ ਤਾਂ ਮੇਰਾ ਮੂੰਹ ਨੰਗਾ ਰੱਖਣਾ। ਮੇਰੇ ਮੂੰਹ ਤੇ ਮਿੱਟੀ ਨਾ ਪਾਉਣੀ। ਮੈਂ ਸੁਣ ਰੱਖਿਆ ਹੈ ਕਿ ਨੰਗੇ ਮੂੰਹ ਜਾਣ ਵਾਲੇ ਦੇ ਵੱਡੀ ਅਦਾਲਤ ਵਿਚ ਗੁਨਾਹ ਮੁਆਫ਼ ਕਰ ਦਿੱਤੇ ਜਾਂਦੇ ਹਨ।
“ਪਿਛਲੇ ਮਹੀਨਿਆਂ ਤੋਂ ਸਿਪਾਹੀਆਂ, ਫ਼ੌਜੀਆਂ ਨੂੰ ਤਨਖ਼ਾਹਾਂ ਨਹੀਂ ਦੇ ਸਕਿਆ। ਖ਼ਜ਼ਾਨਾ ਬਿਲਕੁਲ ਖ਼ਾਲੀ ਹੈ। ਤਨਖ਼ਾਹ ਦਿਲਵਾਉਣ ਦਾ ਇੰਤਜ਼ਾਮ ਕੀਤਾ ਜਾਵੇ।
“ਨਿਆਮਤ ਅਲੀ ਨਾਂ ਦੇ ਖ਼ਾਦਮ ਨੇ ਬਹੁਤ ਸੇਵਾ ਕੀਤੀ ਹੈ। ਜਦ ਮੇਰਾ ਜਿਸਮ ਮਲਮੂਤ ਨਾਲ ਲਿਬੜ ਜਾਂਦਾ ਸੀ ਤਾਂ ਇਹ ਹੀ ਸਾਫ਼ ਕਰਦਾ ਸੀ। ਇਸ ਨੇ ਮੇਰੇ ਵਿਛੌਣੇ ਨੂੰ ਮੈਲਾ ਨਹੀਂ ਹੋਣ ਦਿੱਤਾ।
“ਕਬਰ ਦੇ ਨੇੜੇ ਤੇੜੇ ਕੋਈ ਦਰਖ਼ਤ ਨਾਂਹ ਲਗਾਉਣਾ। ਮੇਰੇ ਜੈਸੇ ਪਾਪੀ ਨੂੰ ਕੋਈ ਹੱਕ ਨਹੀਂ ਕਿ ਉਸਦੀ ਲਾਸ਼ ਵੀ ਠੰਢੀ ਛਾਂ ਦਰੱਖਤ ਦੀ ਮਾਣੇ।”
ਅੰਤ ਵਿਚ ਉਸ ਲਿਖਿਆ :
“ਰੱਬ ਕਿਸੇ ਨੂੰ ਬਾਦਸ਼ਾਹ ਨਾ ਬਣਾਏ, ਬਾਦਸ਼ਾਹ ਦੁਨੀਆ ਦਾ ਸਭ ਤੋਂ ਬਦਬੱਖ਼ਤ ਮਨੁੱਖ ਹੁੰਦਾ ਹੈ। ਮੇਰੇ ਪਾਪਾਂ ਦਾ ਜ਼ਿਕਰ ਰੱਬ ਵਾਸਤੇ ਨਾ ਕੀਤਾ ਜਾਏ। ਮੇਰੀ ਜ਼ਿੰਦਗੀ ਅਞਾਈਂ ਗਈ। ਮੇਰੀ ਜ਼ਿੰਦਗੀ ਦੀ ਕੋਈ ਕਹਾਣੀ ਨਾਂਹ ਦੱਸੀ ਜਾਏ।”
ਮੁਕਤਸਰ ਦੀ ਆਖ਼ਰੀ ਜੰਗ-ਗੁਰੂ ਗੋਬਿੰਦ ਸਿੰਘ ਜੀ ਨੇ ਦੀਨਾ ਪਿੰਡ ਬਹੁਤੀ ਦੇਰ ਟਿਕਣਾ ਖ਼ਤਰੇ ਤੋਂ ਖ਼ਾਲ੍ਹੀ ਨਾ ਜਾਣਿਆ ਅਤੇ ਉਥੋਂ ਆਪ ਜੀ ਕੋਟਕਪੂਰੇ ਵੱਲ ਚੱਲ ਪਏ।
ਕਪੂਰਾ ਅਜੀਬ ਜਹੀ ਸ਼ਖਸੀਅਤ ਸੀ। ਉਤੋਂ-ਉਤੋਂ ਤਾਂ ਉਹ ਗੁਰੂ ਜੀ ਦੇ ਵੱਲ ਦੀ ਹੀ ਗੱਲ ਕਰਦਾ ਸੀ ਤੇ ਭੇਟਾ ਆਦਿ ਵੀ ਅੱਗੇ ਰੱਖਦਾ ਸੀ। ਇਕ ਪਾਸੇ ਤਾਂ ਜਦ ਉਹ ਗੁਰੂ ਜੀ ਨੂੰ ਮਿਲਿਆ ਤਾਂ ਇਹ ਆਖਿਆ ਕਿ ਤੁਹਾਡੇ ਵਿਚ ਹੀ ਸ਼ਕਤੀ ਹੈ ਜੋ ਕਾਇਰਾਂ, ਕਮਜ਼ੋਰਾਂ ਨੂੰ ਸੂਰਬੀਰ ਬਣਾ ਦਿਓ ਪਰ ਦੂਜੇ ਦਿਨ ਜਦ ਦਰਸ਼ਨਾਂ ਨੂੰ ਆਇਆ ਤਾਂ ਧੂੜਾਂ ਉਡਾਂਦਾ। ਭਾਈ ਮੈਲਾਗਰ ਸਿੰਘ ਜੀ ਨੂੰ ਕਹਿਣਾ ਹੀ ਪਿਆ ਕਿ ਅਦਬ ਨਾਲ ਸੰਗਤਿ ਵਿਚ ਆਓ। ਕਪੂਰੇ ਨੇ ਜਦ ਸ਼ਸਤਰਾਂ ਤੇ ਚੌਰ ਹੁੰਦੀ ਦੇਖੀ ਤਾਂ ਪੁੱਛਿਆ ਕਿ ਸ਼ਸਤਰਾਂ ਤੇ ਚੌਰ ਕਿਉਂ ਕੀਤੀ ਜਾ ਰਹੀ ਹੈ ਤਾਂ ਮਹਾਰਾਜ ਨੇ ਫ਼ਰਮਾਇਆ : ‘ਸ਼ਸਤਰ ਬਿਨਾਂ ਨਰ ਭੇਡ ਸਮਾਨ ਹੀ ਹੈ। ਪ੍ਰਥਮ ਅਕਾਲ ਪੁਰਖ ਨੇ ਖੰਡਾ ਹੀ ਰਚਿਆ ਹੈ । ਇਸ ਦਾ ਸਤਿਕਾਰ ਜ਼ਰੂਰੀ ਹੈ। ਗੁਰੂ ਜੀ ਨੇ ਇਹ ਅਨੁਭਵ ਕਰ ਲਿਆ ਕਿ ਕਪੂਰਾ ਮੁਗ਼ਲਾਂ ਦੇ ਡਰ ਤੋਂ ਸਾਥ ਦੇਣ ਲਈ ਤਿਆਰ ਨਹੀਂ ਭਾਵੇਂ ਸਿੱਖ ਹੋਣ ਦਾ ਜ਼ਿਕਰ ਵਾਰ ਵਾਰ ਕਰਦਾ ਹੈ। ਗੁਰੂ ਜੀ ਨੇ ਉਸ ਕੋਲੋਂ ਸਿਰਫ਼ ਇਤਨੀ ਸਹਾਇਤਾ ਚਾਹੀ ਕਿ ਉਹ ਮਾਰਗ ਦੀ ਦੱਸ ਪਾ ਦੇਵੇ ਤੇ ਇਹ ਸੂਹ ਦੇਵੇ ਕਿ ਮੁਗ਼ਲ ਫ਼ੌਜਾਂ ਕਿਸ ਪਾਸਿਓਂ ਆ ਰਹੀਆਂ ਹਨ। ਉਸ ਨੇ ਮੂੰਹ ਰੱਖਣ ਲਈ ਆਪਣੇ ਭਤੀਜੇ ਖ਼ਾਨ ਬਰਾੜ ਨੂੰ ਗੁਰੂ ਜੀ ਨਾਲ ਹੀ ਕਰ ਦਿੱਤਾ। ਉਥੋਂ ਗੁਰੂ ਜੀ ਜੈਤੋ ਦੀ ਜੂਹ ਵਿਚ ਪੁੱਜੇ । ਉਥੇ ਹੀ ਭਾਈ ਬਹਿਲੋ ਦੀ ਸੰਤਾਨ ਦੇ ਪ੍ਰੇਮੀ ਬੱਚੇ ਦਰਸ਼ਨਾਂ ਨੂੰ ਆਏ। ਉਥੇ ਕੁਝ ਚਿਰ ਸਿੱਖਾਂ ਨੂੰ ਤੀਰ- ਅੰਦਾਜ਼ੀ ਦਾ ਅਭਿਆਸ ਕਰਾਉਂਦੇ ਰਹੇ ਤੇ ਫ਼ੌਜ ਨੂੰ ਨਵੇਂ ਸਿਰਿਓਂ ਤਰਤੀਬ ਦਿੱਤੀ। ਕੁਝ ਚਿਰ ਉਥੇ ਟਿਕਣ ਉਪਰੰਤ ਆਪ ਜੀ ਚੌਤੜਾ ਪਿੰਡ ਆਏ। ਉੱਥੇ ਚੌਤੜੇ ਦੇ ਤਾਲ ਨੂੰ ਵੱਡਾ ਤੀਰਥ ਕਿਹਾ ਤੇ ਸਿੰਘਾਂ ਨੂੰ ਵਰਜਿਆ ਕਿ ਗੰਗਾ ਜਾਣ ਦੀ ਲੋੜ ਨਹੀਂ, ਗੰਗਾ ਤੁਹਾਡੇ ਘਰ ਹੀ ਹੈ। ਅਗਲਾ ਪੜਾਅ ਗੁਰੂ ਜੀ ਨੇ ਸੁਨੀਅਰ ਪਿੰਡ ਦੀ ਜੂਹ ਵਿਚ ਕੀਤਾ। ਉਥੇ ਦੋ ਸਿੱਖਾਂ ਭਾਈ ਸਾਮੂੰ ਤੇ ਭਾਈ ਫੜ੍ਹੇ ਨੇ ਸਭ ਸੰਗਤਾਂ ਦੀ ਸੇਵਾ ਕੀਤੀ। ਉਥੇ ਹੀ ਬਚਨ ਕੀਤੇ ਕਿ ਸਿੱਖ ਪਾਸ ਜਦ ਕੋਈ ਆਵੇ, ਉਹ ਹੋਂਦ ਨਾ ਲੁਕਾਵੇ ਤੇ ਸਤਿਕਾਰ ਨਾਲ ਛਕਾਵੇ ।ਦੂਜੇ ਪਾਸੇ ਆਏ ਸਿੱਖ ਨੂੰ ਵੀ ਚਾਹੀਦਾ ਹੈ ਕਿ ਜੋ ਉਹ ਦੇਵੇ ਭਾਉ ਤੇ ਸੰਤੋਖ ਵਿਚ ਰਹਿ ਕੇ ਛਕੇ।
ਅਸ ਸਿਖ ਭੀ ਬਿਚ ਪੰਥ ਸੁਹਾਇ।
ਸਤੀ ਦੇਹ ਸੰਤੋਖੀ ਖਾਇ।
ਸਿਖ ਢਿਗ ਹੋਵਹਿ ਅਚਾਵਹਿ ਨਾਹੀ।
ਤੋ ਦੁਖਨ ਜਾਨੋ ਤਿਸ ਮਾਹੀ।
ਸੁਨੀਅਰ ਪਿੰਡ ਹੀ ਕਪੂਰਾ ਫਿਰ ਆ ਮਿਲਿਆ ਤੇ ਇਹ ਯਕੀਨ ਦਿਲਵਾਉਣਾ ਚਾਹਿਆ ਕਿ ਹਰ ਪ੍ਰਕਾਰ ਗੁਰੂ ਜੀ ਦੀ ਸੇਵਾ ਕਰੇਗਾ । ਗੁਰੂ ਜੀ ਉਸ ਦਾ ਕਾਇਰਪੁਣਾ ਜਾਣ ਗਏ ਸਨ, ਇਸ ਲਈ ਗੱਲ ਨਾ ਗੌਲੀ।
ਦੀਨਾ ਤੋਂ ਲਿਖੇ ਹੋਏ ਹੁਕਮਨਾਮਿਆਂ ਨੂੰ ਮਿਲਦੇ ਸਾਰ, ਸਿੰਘਾਂ ਨੇ ਕਾਂਗੜ ਦੇਸ਼ ਵੱਲ ਵਹੀਰਾਂ ਪਾ ਦਿੱਤੀਆਂ। ਤਵਾਰੀਖ਼ ਗੁਰੂ ਖਾਲਸਾ ਦੇ ਲਿਖਾਰੀ ਨੇ ਲਿਖਿਆ ਹੈ ਕਿ ਮਾਲਵਾ ਦੇਸ਼ ਦੇ ਕਈ ਸੂਰਬੀਰ ਗੁਰੂ ਜੀ ਦੀ ਟਹਿਲ ਵਿਚ ਹਾਜ਼ਰ ਹੋ ਗਏ। ਮਾਝੇ ਦੇ ਸਿੰਘ ਵੀ ਗੁਰੂ ਜੀ ਦੇ ਦਰਸ਼ਨਾਂ ਨੂੰ ਕਾਂਗੜ ਦੇਸ਼ ਚੱਲ ਪਏ। ਉਨ੍ਹਾਂ ਵਿਚ ਉਹ ਸਿੰਘ ਵੀ ਸਨ ਜੋ ਦੁਨੀ ਚੰਦ ਨਾਲ ਦੀਵਾਰ ਟੱਪ ਕੇ ਅਨੰਦਪੁਰ ਦੀ ਚੌਥੀ ਲੜਾਈ ਵੇਲੇ ਭੱਜੇ ਸਨ। ਮੈਕਾਲਫ਼ ਲਿਖਦਾ ਹੈ ਕਿ ਉਹ ਆਪਣੇ ਆਪ ਨੂੰ ਕੋਸਦੇ ਸਨ ਤੇ ਲਾਅਨਤਾਂ ਪਾਉਂਦੇ ਸਨ ਕਿ ਉਹ ਦੁਨੀ ਚੰਦ ਦੇ ਆਖੇ ਲੱਗ ਕੇ ਅਨੰਦਪੁਰ ਗੁਰੂ ਜੀ ਨੂੰ ਪਿੱਠ ਦੇ ਕੇ ਕਿਉਂ ਆਏ ਸਨ।
ਉਨ੍ਹਾਂ ਦਰਸ਼ਨ ਕਰਨ ਵਾਲਿਆਂ ਵਿਚ ਮਾਝੇ ਦੀ ਪੰਚਾਇਤ ਵੀ ਸੀ ਜੋ ਇਹ ਮਤਾ ਪਕਾ ਕੇ ਆਈ ਸੀ ਕਿ ਗੁਰੂ ਜੀ ਨੂੰ ਹੋਰ ਜੰਗਾਂ ਕਰਨ ਤੋਂ ਵਰਜਾਂਗੇ ਅਤੇ ਆਰਾਮ ਨਾਲ ਦਿਨ ਕਟੀ ਕਰਨ ਲਈ ਪ੍ਰੇਰਾਂਗੇ । ਗੁਰੂ ਜੀ ਨੂੰ ਸੁਨੀਅਰ ਪਿੰਡ ਹੀ ਖ਼ਬਰ ਪੁੱਜ ਗਈ ਸੀ ਕਿ ਕਸੂਰ ਦਾ ਨਵਾਬ ਹਸਨ ਖ਼ਾਨ ਸਾਹਮਣਿਉਂ ਹਮਲਾ ਕਰਨ ਦੀ ਵਿਉਂਤ ਬਣਾ ਕੇ ਚੜ੍ਹਾਈ ਕਰ ਰਿਹਾ ਹੈ ਅਤੇ ਪਿੱਛੋਂ ਵਜ਼ੀਰ ਖ਼ਾਨ ਵੀ ਪੁੱਜ ਰਿਹਾ ਹੈ । ਗੁਰੂ ਜੀ ਨੇ ਜਦ ਪਾਣੀ ਦੀ ਢਾਬ ਦਾ ਖਿਦਰਾਣੇ ਹੋਣਾ ਸੁਣਿਆ ਤਾਂ ਵਹੀਰਾਂ ਦਾ ਮੂੰਹ ਉਧਰ ਮੋੜ ਲਿਆ।
ਸੁਨੀਅਰ ਤੋਂ ਗੁਰੂ ਜੀ ਰੂਪਾਣੇ ਵੱਲ ਚੱਲ ਪਏ। ਰਾਹ ਵਿਚ ਜਦ ਮਹਾਰਾਜ ਦੇ ਅੰਗ ਪਾਲਕ ਭਾਈ ਦਾਨ ਸਿੰਘ ਜੀ ਨੇ ਘੋੜੇ ਜਾਨ ਭਾਈ ਨੂੰ ਤਿੱਖਾ ਦੌੜਨ ਲਈ ਚਾਬਕ ਮਾਰੀ ਤਾਂ ਆਪ ਜੀ ਨੇ ਸਮਝਾਂਦੇ ਹੋਏ ਫਰਮਾਇਆ :
‘ਕਿਮ ਭਰਾਤਾ ਕੋ ਛਮਕੀ ਮਾਰੀ ।’
ਭਾਈ ਜੀ ਨੇ ਕੀਤੀ ਅਵੱਗਿਆ ਦੀ ਖਿਮਾ ਮੰਗੀ। ਰਾਹ ਵਿਚ ਹੀ ਸਨ ਕਿ ਮਾਝੇ ਦੀ ਪੰਚਾਇਤ, ਸਿੱਖ ਸੂਰਬੀਰ ਤੇ ਸੰਗਤਿ ਆਣ ਮਿਲੀ। ਪੰਚਾਇਤ ਦੇ ਸਿਆਣਿਆਂ ਨੇ ਆਪਣਾ ਮੱਤ ਦਸਿਆ ਤੇ ਬੇਨਤੀ ਕੀਤੀ: ‘ਮਹਾਰਾਜ, ਤੁਸੀਂ ਆਦਿ ਗੁਰੂ ਨਾਨਕ ਵਾਲਾ ਸ਼ਾਂਤੀ ਦਾ ਹੀ ਰਾਹ ਅਪਣਾਈ ਰੱਖੋ। ਸਾਡੇ ਲਈ ਸਿੱਖੀ ਨਿਭਾਉਣੀ ਮੁਸ਼ਕਿਲ ਹੋ ਰਹੀ ਹੈ। ਜੇ ਇਸੇ ਤਰ੍ਹਾਂ ਤੁਰਕ ਹਾਕਮਾਂ ਨਾਲ ਰੋਜ਼-ਰੋਜ਼ ਹੀ ਯੁੱਧ ਤੇ ਝਗੜੇ ਤੁਸੀਂ ਕਰਦੇ ਰਹੇ ਤਾਂ ਸਾਥੋਂ ਸਿੱਖੀ ਨਹੀਂ ਨਿਭ ਸਕੇਗੀ। ਅਸੀਂ ਖਿੰਡੇ ਹੋਏ ਹਾਂ ਤੇ ਬਾਦਸ਼ਾਹ ਦੀ ਰੱਯਤ ਬਣ ਕੇ ਹੀ ਵੱਸ ਸਕਦੇ ਹਾਂ। ਜਿਸ ਬਾਦਸ਼ਾਹ ਦੀ ਕਮਾਨ ਵਿਚ ਲੱਖਾਂ ਦੀ ਫ਼ੌਜ ਤੇ ਸਾਜ਼ੋ ਸਾਮਾਨ ਹੈ, ਉਸ ਨਾਲ ਲੜ ਕੇ ਭਲਾ ਕੌਣ ਸਫਲ ਹੋ ਸਕਦਾ ਹੈ। ਸੋ ਜੇ ਤੁਸੀਂ ਹੁਕਮ ਕਰੋ ਤਾਂ ਹਾਕਮਾਂ ਨਾਲ ਵਿਚ ਪੈ ਕੇ ਸਾਰੀ ਗੱਲ ਨਿਬੇੜ ਦਈਏ। ਤੁਸੀਂ ਸਾਰੀ ਜ਼ਿੰਮੇਵਾਰੀ ਸਾਡੇ ਤੇ ਸੁੱਟੋ। ਫ਼ੈਸਲਾ ਅਸੀਂ ਕਰਵਾਵਾਂਗੇ । ਤੁਸੀਂ ਨਿਸ਼ਚਿੰਤ ਹੋ ਕੇ ਸੁਖੀ ਵੱਸੋ ਤੇ ਸਿੱਖਾਂ ਦੀ ਪ੍ਰੀਤ ਪਾਲੋ । ਅਸੀਂ ਸਿੱਖ ਰਹਾਂਗੇ ਤੇ ਤੁਸੀਂ ਸਾਡੇ ਗੁਰੂ ਬਣੇ ਰਹੋ। ਹਾਕਮਾਂ ਨਾਲ ਰਖ-ਰਸੂਖ਼ ਬਣਾਈ ਰੱਖਣਾ ਹੀ ਸਮੇਂ ਦੀ ਮੰਗ ਹੈ।
ਗੁਰੂ ਜੀ ਧੀਰਜ ਤੇ ਠਰੰਮੇ ਨਾਲ ਉਨ੍ਹਾਂ ਦੀਆਂ ਵਿਚਾਰਾਂ ਸੁਣਦੇ ਰਹੇ। ਫਿਰ ਉਨ੍ਹਾਂ ਨੂੰ ਸੰਬੋਧਨ ਕਰਦੇ ਹੋਏ ਫ਼ਰਮਾਇਆ : “ਸਿੱਖ ਤਾਂ ਹੁੰਦੇ ਹਨ, ਉਪਦੇਸ਼ ਲੈਣ ਲਈ ਗੁਰੂ ਕੋਲੋਂ, ਤੁਸੀਂ ਉਲਟ ਸਿੱਖ ਮੱਤ ਦੇਣ ਲੱਗ ਪਏ। ਅੱਜ ਸਾਡੇ ਝਗੜੇ ਨਿਬੇੜਨ ਆਏ ਹੋ। ਉਸ ਸਮੇਂ ਕਿੱਥੇ ਸਾਓ ਜਦੋਂ ਪੰਜਵੇਂ ਸਤਿਗੁਰੂ ਨਾਲ ਸਾਕਾ ਵਰਤਿਆ ਸੀ। ਉਦੋਂ ਜਾ ਕੇ ਕੁਝ ਨਾ ਬੋਲੇ ।
ਘਰਾਂ ਵਿਚ ਹੀ ਬੈਠੇ ਰਹੇ, ਤੁਸੀਂ ਤਾਂ ਇਤਨਾ ਵੀ ਨਾ ਕਿਹਾ ਕਿ ਅਸੀਂ ਗੁਰੂ ਦੇ ਸਿੱਖ ਹਾਂ। ਹੁਣ ਉਪਦੇਸ਼ ਕਰਦਿਆਂ ਲੱਜਿਆ ਆਉਣੀ ਚਾਹੀਦੀ ਹੈ। ਐਸੇ ਪੁਰਸ਼ਾਂ ਨੂੰ ਸਿੰਘ ਬਣਾ ਕੇ ਕੀ ਸੰਵਾਰਨਾ ਹੈ? ਕ੍ਰਿਪਾ ਕਰੋ ਤੇ ਘਰਾਂ ਨੂੰ ਮੁੜ ਜਾਓ।”
ਖਰੇ ਬਚਨ ਸੁਣ ਕੇ ਕਈਆਂ ਤਾਂ ਉਥੇ ਹੀ ਖ਼ਿਮਾ ਮੰਗੀ ਪਰ ਕਈਆਂ ਨੇ ਗੁਰੂ ਜੀ ਨੂੰ ਇਹ ਦਰਸਾਉਣ ਲਈ ਕਿ ਸਾਰੀ ਪੰਚਾਇਤ ਇਕ ਹੈ, ਲਿਖ ਦਿੱਤਾ ਕਿ ਅਸੀਂ ਗੁਰੂ ਦੇ ਸਿੱਖ ਨਹੀਂ। ਇੰਝ ਪ੍ਰਤੀਤ ਹੁੰਦਾ ਹੈ ਕਿ ਇਲਾਕੇ ਦੇ ਚੌਧਰੀ ਲਾਹੌਰ ਹਕੂਮਤ ਨੂੰ ਇਹ ਆਖ ਕੇ ਆਏ ਸਨ ਕਿ ਜਾਂ ਤਾਂ ਉਹ ਗੁਰੂ ਜੀ ਨੂੰ ਆਪਣਾ ਪਕਾਇਆ ਹੋਇਆ ਮਤਾ ਮੰਨਵਾ ਆਉਣਗੇ ਜਾਂ ਉਹ ਗੁਰੂ ਨਾਲੋਂ ਸਦੀਵੀ ਸੰਬੰਧ ਤੋੜ ਆਉਣਗੇ। ਸੂਰਜ ਪ੍ਰਕਾਸ਼ ਦਾ ਕਰਤਾ ਲਿਖਦਾ ਹੈ :
ਜੋ ਜੋ ਬੇਮੁਖ ਸਿਦਕ ਬਿਨ, ਸਿਮਰ ਪੰਚਾਇਤ ਬਾਤ ।
ਲਿਖਯੋ ਬਿਦਾਵਾ ਦੇਰ ਬਿਨ, ਗੁਰ ਸਿੱਖ ਨਹੀਂ ਕਦਾਤ।
(ਅੰਸੂ ੪, ਰੁਤ ੯)
ਅਤੇ ਗੁਰੂ ਜੀ ਉਨ੍ਹਾਂ ਦੀ ਲਿਖਤ ਜੇਬ ਵਿਚ ਪਾ ਕੇ ਉੱਠੇ ਹੀ ਸਨ ਕਿ ਸੂਹੀਏ ਨੇ ਸੂਹ ਦਿੱਤੀ ਕਿ ਦੁਸ਼ਮਣਾਂ ਦੀ ਸੈਨਾ ਨਜ਼ਦੀਕ ਆਣ ਪੁੱਜੀ ਹੈ। ਗੁਰੂ ਜੀ ਨੇ ਆਪਣਾ ਟਿਕਾਣਾ ਇਕ ਉੱਚੇ ਟਿੱਬੇ ਤੇ ਕਰ ਲਿਆ। ਉਥੋਂ ਦੂਰ ਤਕ ਸਭ ਕੁਝ ਦਿਖਾਈ ਦਿੰਦਾ ਸੀ। ਮੁਗ਼ਲ ਫ਼ੌਜਾਂ ਨੂੰ ਦੋਵੇਂ ਪਾਸਿਓਂ ਆਉਂਦਾ ਦੇਖ ਕੇ ਅਣਖੀਲੇ ਸਿੰਘ ਜਾਨਾਂ ਵਾਰਨ ਲਈ ਤਿਆਰ ਹੋ ਗਏ। ਕੁਝ ਉਥੇ ਹੀ ਬੈਠੇ ਰਹੇ । ਭਾਈ ਰਾਇ ਸਿੰਘ ਜੀ ਨੇ ਮੌਕਾ ਸੰਭਾਲਦੇ ਹੋਏ ਇਕ ਲਕੀਰ ਪਾਈ ਤੇ ਵੰਗਾਰਦੇ ਹੋਏ ਕਿਹਾ ਕਿ ਜੋ ਗੁਰੂ ਤੋਂ ਕੁਰਬਾਨ ਹੋਣ ਲਈ ਤਿਆਰ ਹਨ, ਉਹ ਲਕੀਰ ਟੱਪ ਆਉਣ। ਦੇਖਦੇ ਹੀ ਦੇਖਦੇ ੪੦ ਸਿੰਘ ਲਕੀਰ ਟੱਪ ਆਏ। ਭਾਈ ਰਾਇ ਸਿੰਘ ਜੀ ਭਾਈ ਮਨੀ ਸਿੰਘ ਦੇ ਭਰਾ ਸਨ । ਭਾਈ ਰਾਇ ਸਿੰਘ ਜੀ ਦੀ ਅਗਵਾਈ ਹੇਠ ਉਨ੍ਹਾਂ ਸੂਰਬੀਰਾਂ ਨੇ ਖਿਦਰਾਣੇ ਦੀ ਢਾਬ ਦੀ ਹੇਠਲੀ ਢਲਾਣ ਮੱਲ ਲਈ। ਬਾਕੀ ਸਿੰਘਾਂ ਨੇ ਆਪਣੇ ਭੂਰੇ (ਕੰਬਲ) ਤੇ ਕਛਹਿਰੇ ਤਾਣ ਛਾਉਣੀਆਂ ਵਾਲਾ ਵਾਤਾਵਰਣ ਬਣਾ ਦਿੱਤਾ।ਗੁਰੂ ਜੀ ਨੇ ਮੋਰਚਾ ਪੱਕਾ ਕਰ ਲਿਆ।
ਯੁੱਧ ਅੰਮ੍ਰਿਤ ਵੇਲੇ ਅਰੰਭ ਹੋ ਗਿਆ। ਮਹਾਰਾਜ ਪਾਠ ਪਏ ਕਰਦੇ ਸਨ। ਮੁਗ਼ਲ ਫ਼ੌਜਾਂ ਦਾ ਪਹਿਲਾ ਟਾਕਰਾ ਭਾਈ ਰਾਇ ਸਿੰਘ ਦੇ ਸਿੰਘਾਂ ਨਾਲ ਹੋਇਆ। ਉਨ੍ਹਾਂ ੪੦ ਸਿੰਘਾਂ ਨੇ ਐਸੀ ਰਣਨੀਤੀ ਅਪਣਾਈ ਕਿ ਇਕ-ਇਕ ਹੀ ਅਗਾਂਹ ਟਾਕਰੇ ਤੇ ਜਾਏ । ਉਸ ਪਿੱਛੇ ਪੰਜ ਹੋਰ ਉਸ ਦੀ ਸਹਾਇਤਾ ਲਈ ਨਿਕਲਣ। ਗੁਰੂ ਜੀ ਇਕ ਉੱਚੀ ਟਿੱਬੀ ਤੇ ਇਹ ਸਾਰਾ ਯੁੱਧ ਅੱਖੀਂ ਦੇਖ ਰਹੇ ਸਨ। ਸਿੰਘ ਜਾਨਾਂ ਹੂਲ ਰਹੇ ਸਨ। ਗੁਰੂ ਜੀ ਵੀ ਤਿੱਖੇ ਤੀਰਾਂ ਦੀ ਵਰਖਾ ਕਰਦੇ ਰਹੇ ਤਾਂ ਕਿ ਦੁਸ਼ਮਣਾਂ ਨੂੰ ਭਾਜੜ ਪਈ ਰਹੇ । ਦੁਸ਼ਮਣਾਂ ਨੂੰ ਸਿੱਖ ਇਕ-ਇਕ ਕਰ ਕੇ ਹਫਾ ਮਾਰਦੇ ਰਹੇ । ਸਿੰਘਾਂ ਦਾ ਪਾਣੀ ਤੇ ਕਬਜ਼ਾ ਹੋਣ ਕਾਰਨ ਦੁਸ਼ਮਣਾਂ ਦਾ ਬਹੁਤੇ ਚਿਰ ਲਈ ਇਸ ਟਾਕਰੇ ਟਿਕਣਾ ਅਸੰਭਵ ਸੀ । ਜਦ ਜੰਗ ਲੜਦੇ ਦੁਪਹਿਰ ਹੋ ਗਈ ਤਾਂ ਦੁਸ਼ਮਣਾਂ ਨੇ ਵੀ ਤਗੜਾ ਹੱਲਾ ਬੋਲਿਆ ਤੇ ਗੋਲੀਆਂ ਤੇ ਗੋਲੇ ਸੁੱਟੇ । ਸਿੱਖ ਵੱਡੀ ਗਿਣਤੀ ਵਿਚ ਸ਼ਹੀਦ ਹੋ ਗਏ ਸਨ। ਸ਼ਹੀਦ ਹੋਣ ਵਾਲਿਆਂ ਦੀ ਗਿਣਤੀ ੩੦੦ ਤਕ ਲਿਖੀ ਹੈ । ਭਾਈ ਰਾਇ ਸਿੰਘ ਵੀ ਜੂਝਦੇ-ਜੂਝਦੇ ਗੋਲੀ ਲੱਗਣ ਕਰ ਕੇ ਸ਼ਹੀਦ ਹੋ ਗਏ। ਉਨ੍ਹਾਂ ਦੀ ਥਾਂ ਭਾਈ ਮਹਾਂ ਸਿੰਘ ਨੇ ਲੈ ਲਈ। ਗੁਰੂ ਜੀ ਲਗਾਤਾਰ ਤੀਰ ਚਲਾ ਰਹੇ ਸਨ। ਮੁਗ਼ਲਾਂ ਇਹ ਹੀ ਜਾਣਿਆ ਕਿ ਸਿੱਖ ਅਜੇ ਵੱਡੀ ਗਿਣਤੀ ਵਿਚ ਹਨ। ਇਹ ਵਿਚਾਰ ਕੇ ਨਵਾਬ ਨੇ ਇਕ ਵੱਡਾ ਹੱਲਾ ਬੋਲਣ ਲਈ ਕਿਹਾ। ਇਸ ਹੱਲੇ ਨੂੰ ਰੋਕਣ ਲਈ ੧੧ ਸਿੰਘ ਨਿਤਰੇ ਜੋ ਸਭ ਲੜਦਿਆਂ ਸ਼ਹੀਦੀਆਂ ਪਾ ਗਏ । ਜਦ ਰਾਇ ਸਿੰਘ ਜੀ ਦੇ ਜਥੇ ਦੇ ਸਮੂਹ ਸਿੰਘ ਸ਼ਹੀਦ ਹੋ ਗਏ ਤਾਂ ਗੁਰੂ ਜੀ ਨੇ ਆਪਣੇ ਜਥੇ ਦੇ ਸਿੰਘ ਅੱਗੇ ਭੇਜੇ । ਪਾਣੀ ਦਾ ਕਿਨਾਰਾ ਸਿੰਘਾਂ ਮੱਲੀ ਰੱਖਿਆ। ਮੁਗ਼ਲ ਫ਼ੌਜ ਤੇਹ ਨਾਲ ਹੌਂਕਣ ਲੱਗੀ। ਗੁਰੂ ਜੀ ਵੀ ਟਿੱਬੀ ਤੋਂ ਹੇਠਾਂ ਪਾਣੀ ਵਾਲੀ ਥਾਂ ਤੇ ਆ ਗਏ ਸਨ।
ਨਵਾਬ ਨੇ ਜਦ ਟਿੱਪੀ ਖਾਲੀ ਦੇਖੀ ਤਾਂ ਇਹ ਕਹਿ ਕੇ ਮਨ ਪ੍ਰਸੰਨ ਕਰ ਲਿਆ ਕਿ ਗੁਰੂ ਜੀ ਸ਼ਹੀਦ ਹੋ ਗਏ ਹਨ ਤੇ ਫ਼ੌਜਾਂ ਨੂੰ ਪਿੱਛੇ ਮੁੜਨ ਦਾ ਹੁਕਮ ਦਿੱਤਾ। ਪਿੱਛੇ ਮੁੜਦੀਆਂ ਫ਼ੌਜਾਂ ਨੇ ਜਦ ‘ਕਪੂਰ’ ਕੋਲੋਂ ਪਾਣੀ ਦਾ ਪੁੱਛਿਆ ਤਾਂ ਉਸ ਕਿਹਾ ਘੱਟ ਤੋਂ ਘੱਟ ਤੀਹ ਕੋਹ ਦੂਰ ਪਾਣੀ ਮਿਲੇਗਾ। ‘ਕਪੂਰੇ’ ਨੇ ਇਹ ਵੀ ਢਾਰਸ ਦਿੱਤੀ ਕਿ ਗੁਰੂ ਤਾਂ ‘ਮਾਰਿਆ’ ਹੀ ਗਿਆ ਹੈ ਅਤੇ ਜੇ ਕਿਧਰੇ ਭੱਜ ਗਿਆ ਹੈ ਤਾਂ ਹੁਣ ਬਹੁਤ ਦੂਰ ਦੇਸ਼ ਨਿਕਲ ਗਿਆ ਹੈ। ਤੁਹਾਡਾ ਮਨੋਰਥ ਪੂਰਾ ਹੋ ਗਿਆ ਹੈ। ਫ਼ਕੀਰ ਦਾ ਪਿੱਛਾ ਕਰ ਕੇ ਉਸ ਕੋਲੋਂ ਕੀ ਲੈਣਾ ਜੇ, ਉਸ ਕੋਲ ਕਿਹੜਾ ਰਾਜ ਹੈ।’ ਇਸ ਤਰ੍ਹਾਂ ਮੁਗ਼ਲ ਮਜਬੂਰ ਹੋ ਗਏ ਤੇ ਪਾਣੀ ਦੀ ਤਲਾਸ਼ ਲਈ ਭੱਜ ਉਠੇ। ਟੁੱਟੀ ਗੰਢੀ—ਗੁਰੂ ਗੋਬਿੰਦ ਸਿੰਘ ਜੀ ‘ਜਾਨ ਭਾਈ’ ਤੇ ਸਵਾਰ ਹੋ ਕੇ ਨਿਕਟੀ ਸਿੰਘਾਂ
ਸਮੇਤ ਯੁੱਧ ਵਾਲੀ ਖ਼ਾਸ ਥਾਂ ਤੇ ਪੁੱਜੇ । ਪਵਿੱਤਰ ਹੱਥਾਂ ਨਾਲ ਲਾਸ਼ਾਂ ਚੁੱਕਦੇ, ਰੁਮਾਲ ਨਾਲ ਮੁੱਖੜੇ ਸਾਫ਼ ਕਰਦੇ ਤੇ ਸੀਸ ਗੋਦ ਵਿਚ ਰੱਖ ਕੇ ਹਰ ਇਕ ਦੇ ਕਾਰਨਾਮੇ ਸੁਣ-ਸੁਣ ਕੇ ਬਖ਼ਸ਼ਿਸ਼ਾਂ ਕਰਦੇ ਕਿ ਇਹ ਮੇਰਾ ਪੰਜ ਹਜ਼ਾਰੀ ਹੈ, ਇਹ ਦਸ ਹਜ਼ਾਰੀ ਹੈ। ਜਿਤਨੇ ਕਦਮ ਮੋਰਚੇ ਤੋਂ ਅਗਾਂਹ ਵਧ ਕੇ ਕਿਸੇ ਨੇ ਯੁੱਧ ਕੀਤਾ ਸੀ ਤੇ ਸ਼ਹੀਦੀ ਪਾਈ ਸੀ, ਉਤਨਾ ਹੀ ਮਨਸਬ ਉਸ ਨੂੰ ਬਖ਼ਸ਼ਦੇ। ਵੈਰੀਆਂ ਨੂੰ ਮਾਰ ਕੇ ਹੋਏ ਸ਼ਹੀਦ ਸਿੱਖਾਂ ਦੇ ਮ੍ਰਿਤਕ ਸਰੀਰਾਂ ਨੂੰ ਚਿਖਾ ਤੇ ਟਿਕਾਈ ਜਾਂਦੇ । ਗੁਰ ਬਿਲਾਸ ਪਾਤਸ਼ਾਹੀ ਦਸਵੀਂ ਦਾ ਕਹਿਣਾ ਹੈ ਕਿ ਹਰ ਇਕ ਨੂੰ ਛਾਤੀ ਨਾਲ ਲਗਾ ਕੇ ਪਿਆਰ ਕਰ ਰਹੇ ਸਨ। ਇਤਨਾ ਪਿਆਰ ਅੱਗੇ ਕਿਸੇ ਨਾਲ ਨਹੀਂ ਸਨ ਨੇ ਕੀਤਾ। ਜਦ ੩੯ ਸਿੰਘਾਂ ਨੂੰ ਰਹਿਮਤਾਂ ਨਾਲ ਨਿਵਾਜ ਚੁੱਕੇ ਤਾਂ ਸਭ ਤੋਂ ਅਖ਼ੀਰ ਭਾਈ ਰਾਇ ਸਿੰਘ ਜੀ ਦੇ ਸਪੁੱਤਰ ਭਾਈ ਮਹਾਂ ਸਿੰਘ ਜੀ ਪਏ ਹੋਏ ਡਿਠੇ । ਨਬਜ਼ ਤੇ ਹੱਥ ਰੱਖਿਆ ਅਤੇ ਉਹ ਟੁਰਦੀ ਦਿਖਾਈ ਦਿੱਤੀ। ਸਾਹ ਵੀ ਆ ਰਿਹਾ ਸੀ । ਗੁਰੂ ਗੋਬਿੰਦ ਸਿੰਘ ਜੀ ਨੇ ਬੀਰ ਆਸਣ ਲਗਾ ਕੇ ਭਾਈ ਮਹਾਂ ਸਿੰਘ ਦਾ ਸੀਸ ਪਾਵਣ ਪੱਟਾਂ ਤੇ ਟਿਕਾ ਕੇ ਭਾਈ ਜੀ ਦਾ ਮੂੰਹ ਜੋ ਲਹੂ ਨਾਲ ਭਰਿਆ ਹੋਇਆ ਸੀ, ਹੱਥੀਂ ਪੂੰਝਿਆ। ਜਲ ਪਾਇਆ। ਭਾਈ ਸਾਹਿਬ ਨੇ ਨੈਣ ਖੋਲ੍ਹੇ ‘ਵਾਹ ਗੁਰੂ’ ‘ਧੰਨ ਗੁਰੂ’ ਦੀ ਆਵਾਜ਼ ਕੱਢੀ। ਮਹਾਰਾਜ ਨੇ ਫ਼ਰਮਾਇਆ :
‘ਹੋਸ਼ ਸੰਭਾਲ, ਧਰਮੀ ਬੀਰਾ! ਤੂੰ ਅਸਾਡਾ ਮਹਾਨ ਸਿੰਘ ਹੈਂ।
ਤੂੰ ਸਿੰਘੋਤੀ ਦਿਖਾਲੀ ਹੈ ਤੇ ਸਾਰੇ ਮਝੈਲਾਂ ਦੀ ਰੱਖ ਵਿਖਾਲੀ ਹੈ।
ਗੁਰੂ ਤੁਠਾ ਹੈ, ਕੁਝ ਮੰਗ।
ਮੁਕਤਿ ਜੁਗਤਿ ਭੁਗਤਿ, ਸਭ ਕੁਝ ਤੇਰੇ ਲਈ ਹਾਜ਼ਰ ਹੈ।’
ਭਾਈ ਮਹਾਂ ਸਿੰਘ ਨੇ ਕਿਹਾ, ‘ਤੁਹਾਡੇ ਦੀਦਾਰ ਨਾਲ ਸਭ ਕੁਝ ਪ੍ਰਾਪਤ ਹੋ ਗਿਆ ਹੈ, ਕਿਸੇ ਵਸਤੂ ਦੀ ਲੋੜ ਨਹੀਂ। ਗੁਰੂ ਜੀ ਨੇ ਫ਼ਰਮਾਇਆ: ‘ਕੁਝ ਜ਼ਰੂਰ ਮੰਗ, ਇਹ ਸਾਡੀ ਖੁਸ਼ੀ ਹੈ।’ ਭਾਈ ਮਹਾਂ ਸਿੰਘ ਜੀ ਨੇ ਕਿਹਾ : ‘ਜੇ ਤੁੱਠੇ ਹੋ ਤਾਂ ਟੁੱਟੀ ਮਿਲੇ।” ਗੁਰੂ ਜੀ ਨੇ ਫਿਰ ਫ਼ਰਮਾਇਆ : ਮਹਾਂ ਸਿੰਘ ! ਕੁਝ ਹੋਰ ਮੰਗ, ਟੁੱਟੀ ਨਿਖੁੱਟੀ।’
ਜੋ ਟੁਟੈ ਜਾਵਨ ਤਿਹ ਦੀਜੈ।
ਤਿਨ ਬੇਮੁਖ ਕਾ ਨਾਮ ਨ ਲੀਜੈ ।
ਮਹਾਂ ਸਿੰਘ ਨੇ ਫਿਰ ਦੁਹਰਾ ਕੇ ਕਿਹਾ : ਪਾਤਸ਼ਾਹ, ਇਸ ਤੋਂ ਇਲਾਵਾ ਹੋਰ ਕੁਝ ਨਹੀਂ ਲੁੜੀਂਦਾ, ਬਸ ਟੁੱਟੀ ਮਿਲੇ।’ ਸਾਹਮਣੇ ਬੇਦਾਅਵਾ ਪਾੜੋ।
‘ਅਨੰਦਪੁਰ ਲਿਖ ਹਦ ਨਿਕਾਰੋ।
ਹਮਰੇ ਨੈਨਨ ਤੀਰ ਨਿਕਾਰੀ।
ਦੀਜੈ ਅਬ ਕਾਗਦ ਵਹੁ ਫਾਰੀ।’
ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ‘ਵਾਹ, ਵਾਹ, ਖਾਲਸਾ, ਧੰਨ ! ਖ਼ਾਲਸਾ ਧੰਨ । ਟੁੱਟੀ ਮੇਲੀ ਖਾਲਸੇ ਨੇ ।’ ਇਤਨਾ ਪਏ ਗੁਰੂ ਜੀ ਕਹਿੰਦੇ ਸਨ ਕਿ ਮਹਾਂ ਸਿੰਘ ਨੇ ਪ੍ਰਾਣ ਤਿਆਗ ਦਿੱਤੇ । ਮਹਾਰਾਜ ਨੇ ਉਹ ਕਾਗ਼ਜ਼ ‘ਖੀਸਿਓ ਨਿਕਾਰ’ ਟੋਟੇ-ਟੋਟੇ ਕਰ ਦਿੱਤਾ। ਥੋੜ੍ਹੇ ਜਿਹੇ ਦੂਰ ਮਾਈ ਭਾਗੋ ਜੀ ਜ਼ਖਮੀ ਪਏ ਹੋਏ ਸਨ। ਮਹਾਰਾਜ ਉਸ ਪਾਸ ਵੀ ਪੁੱਜੇ ਤੇ ਬਖਸ਼ਿਸ਼ਾਂ ਕੀਤੀਆਂ। ਪਿੱਛੋਂ ਮਾਈ ਭਾਗੋ ਬਹੁਤ ਚਿਰ ਤੱਕ ਗੁਰੂ ਮਹਾਰਾਜ ਨਾਲ ਹੀ ਰਹੀ ਤੇ ਸਿੱਖ ਜਗਤ ਦੇਵੀ ਜਾਣ ਸਤਿਕਾਰ ਕਰਦਾ ਰਿਹਾ।
ਸ਼ਾਮ ਤਕ ਚਿਖਾ ਤਿਆਰ ਹੋ ਗਈ। ਸਭ ਸ਼ਹੀਦ ਸਿੰਘਾਂ ਦੀਆਂ ਲੋਥਾਂ ਇਕ ਵੱਡੇ ਅੰਗੀਠੇ ਤੇ ਚਿਣਵਾ ਦਿੱਤੀਆਂ ਗਈਆਂ ਤੇ ਆਪਣੇ ਹੱਥੀਂ ਹੀ ਗੁਰੂ ਜੀ ਨੇ ਅੰਗੀਠੇ ਨੂੰ ਅੱਗ ਦਿੱਤੀ।’ ਜਦ ਤਕ ਅੰਗੀਠਾ ਬਲਦਾ ਰਿਹਾ, ਮਹਾਰਾਜ ਜੀ ਉਥੇ ਹੀ ਬਿਰਾਜੇ ਰਹੇ ਅਤੇ ਗੁਰਬਾਣੀ ਦਾ ਕੀਰਤਨ ਹੁੰਦਾ ਰਿਹਾ। ਗੁਰੂ ਗੋਬਿੰਦ ਸਿੰਘ ਜੀ ਨੇ ਉਥੇ ਹੀ ਬਚਨ ਕੀਤਾ, ‘ਇਹ ਚਾਲੀ ਹੀ ਮੁਕਤੇ ਹੋਏ, ਜਨਮ ਮਰਨ ਤੋਂ ਰਹਿਤ ਹੋਏ। ਉਨ੍ਹਾਂ ਉੱਚੀ ਪਦਵੀ ਪਾਈ। ਉਹ ਪਦਵੀ ਜੋ ਰਿਖੀਸਰਾਂ, ਤਪੀਸਰਾਂ, ਸਿੱਧ, ਮੁਨੀਸਰਾਂ ਨੂੰ ਪ੍ਰਾਪਤ ਨਹੀਂ, ਪਦਵੀ ਮੁਕਤਿਆਂ ਨੂੰ ਮਿਲੀ ।’ ਫਿਰ ਸੋਹਿਲਾ ਦੇ ਪਾਠ ਉਪਰੰਤ ਬਚਨ ਕੀਤਾ ‘ਇਹ ਸਾਡਾ ਦੀਵਾਨ ਕਾ ਅਸਥਾਨ ਤੇ ਮੁਕਤਿਆਂ ਦਾ ਸ਼ਹੀਦ ਗੰਜ ਏਕ ਸਮਾਨ ਹੈ’, ਤੀਰਥ ਰਾਜ ਸ਼੍ਰੋਮਣੀ ਸ੍ਰੀ ਅੰਮ੍ਰਿਤਸਰ ਜਿਤਨਾ ਹੀ ਇਸ਼ਨਾਨ ਦਾ ਫਲ ਹੈ। ਇਹ ਯੁੱਧ ਪੋਹ ਦੀ ਤ੍ਰੀਹ ਬਿਕ੍ਰਮੀ ੧੭੬੨ ਨੂੰ ਹੋਆ ਸੀ। ਦਿਨ ਐਤਵਾਰ ਸੀ।
ਗੁਰੂ ਜੀ ਨੇ ਜੋ ਸਨਮਾਨ, ਬਖ਼ਸ਼ਿਸ਼ਾਂ ਦੇ ਬਚਨ ਅਤੇ ਖ਼ਿਤਾਬ ਚਾਲੀ ਮੁਕਤਿਆਂ ਨੂੰ ਦਿੱਤੇ, ਉਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ :-
ਭਾਈ ਭਾਗ ਸਿੰਘ ਤੇ ਭਾਈ ਦਿਲਬਾਗ ਸਿੰਘ ਜੀ ਦਾ ਮ੍ਰਿਤਕ ਸਰੀਰ ਇਕ ਥਾਵੇਂ ਪਿਆ ਸੀ, ਉਨ੍ਹਾਂ ਦੋਵਾਂ ਨੂੰ ਸਭ ਤੋਂ ਪਹਿਲਾਂ ਪੰਜ ਹਜ਼ਾਰੀ ਦੀ ਪਦਵੀ ਦਿੱਤੀ। ਤੀਜੇ, ਭਾਈ ਮਾਨ ਸਿੰਘ ਜੀ ਨੂੰ ‘ਕਸ਼ਮੀਰ ਦਾ ਰਾਜਾ’ ਕਿਹਾ। ਚੌਥੇ, ਸਰਵਰ ਨਿਧਾਨ ਸਿੰਘ ਜੀ ਨੂੰ ਬੀਸ ਹਜ਼ਾਰੀ ਦੀ ਪਦਵੀ ਬਖ਼ਸ਼ੀ। ਅੱਗੇ ਕੁਝ ਵਾਟ ਤੇ ਪੰਜ ਹੋਰ ਸਿੰਘਾਂ, ਭਾਈ ਘਰਬਾਰਾ ਸਿੰਘ, ਭਾਈ ਦਰਬਾਰਾ ਸਿੰਘ, ਭਾਈ ਦਯਾਲ ਸਿੰਘ, ਭਾਈ ਨਿਹਾਲ ਸਿੰਘ ਅਤੇ ਭਾਈ ਖ਼ੁਸ਼ਹਾਲ ਸਿੰਘ ਦੀਆਂ ਮ੍ਰਿਤਕ ਦੇਹਾਂ ਪਈਆਂ ਹੋਈਆਂ ਸਨ, ਉਨ੍ਹਾਂ ਸਾਰਿਆਂ ਨੂੰ ਤੀਸ ਹਜ਼ਾਰੀ ਦੀ ਪਦਵੀ ਦਿੱਤੀ। ਭਾਈ ਘਰਬਾਰਾ ਸਿੰਘ ਤੇ ਭਾਈ ਦਰਬਾਰਾ ਸਿੰਘ, ਬਾਬਾ ਮੋਹਰੀ ਜੀ ਦੇ ਸਪੁੱਤਰ, ਗੁਰੂ ਅਮਰ ਦਾਸ ਜੀ ਦੀ ਸੰਤਾਨ ਵਿਚੋਂ ਸਨ । ਬਾਬਾ ਮੋਹਰੀ ਨੂੰ ਗੁਰੂ ਗਰੰਥ ਸਾਹਿਬ ਵਿਚ ‘ਮੋਹਰੀ ਪੁੱਤਰ ਸਨਮੁਖ ਹੋਇਆ’ ਕਹਿ ਕੇ ਸਤਿਕਾਰਿਆ ਗਿਆ ਹੈ।
ਕੁਝ ਹੋਰ ਅਗੇਰੇ ਚਾਰ ਸੂਰਬੀਰਾਂ, ਭਾਈ ਗੰਡਾ ਸਿੰਘ, ਭਾਈ ਸ਼ਮੇਰ ਸਿੰਘ, ਭਾਈ ਸਿੰਘਾਂ, ਸਿੰਘ ਭੱਲਾ ਅਤੇ ਭਾਈ ਸੁਹੇਲ ਸਿੰਘ ਦੀਆਂ ਪਾਵਨ ਲਾਸ਼ਾਂ ਪਈਆਂ ਸਨ। ਉਨ੍ਹਾਂ ਨੂੰ ਮਹਾਰਾਜ ਨੇ ‘ਚਾਲੀਸ ਹਜ਼ਾਰੀ’ ਦਾ ਮਨਸਬ ਬਖ਼ਸ਼ਿਆ।
ਉਸ ਤੋਂ ਕੁਝ ਦੂਰ ਭਾਈ ਚੰਬਾ ਸਿੰਘ (ਚੌਧਵੇਂ) ਨੂੰ ਲਾਹੌਰ ਦਾ ਸੂਬੇਦਾਰ ਤੇ (ਪੰਦ੍ਰਰਵੇਂ) ਭਾਈ ਗੰਗਾ ਸਿੰਘ ਜੀ ਨੂੰ ਸੂਰਤ ਬੰਦਰ ਦਾ ਬਾਦਸ਼ਾਹ ਹੋਣ ਦਾ ਵਰ ਦਿੱਤਾ। ਭਾਈ ਸੁਮੇਰ ਸਿੰਘ, ਭਾਈ ਸੁਲਤਾਨ ਸਿੰਘ (ਸੋਲ੍ਹਵੇਂ ਤੇ ਸਤਾਰ੍ਹਵੇਂ) ਦੋਵਾਂ ਨੂੰ ਫ਼ਰਖਾਬਾਦ ਦੀ ਸੂਬੇਦਾਰੀ ਦਾ ਮਾਣ ਬਖ਼ਸ਼ਿਆ। ਭਾਈ ਮਇਆ ਸਿੰਘ (ਅਠਾਰ੍ਹਵੇਂ) ਨੂੰ ਪੰਜਾਹ ਹਜ਼ਾਰੀ ਮਨਸਬ ਦਿੱਤਾ ਤੇ ਭਾਈ ਮੱਸਾ ਸਿੰਘ (ਉਨ੍ਹੀਵੇਂ) ਨੂੰ ਕੰਧਾਰ ਦਾ ਰਾਜ-ਸਾਜ ਸੌਂਪਿਆ ਅਤੇ ਉਸ ਤੋਂ ਅੱਗੇ ਭਾਈ ਸਰਜਾ ਸਿੰਘ ਜੀ (ਵੀਹ) ਦੀ ਮ੍ਰਿਤਕ ਮੜੋਲੀ ਪਈ ਸੀ, ਨੂੰ ਵੀ ਪੰਜਾਹ ਹਜ਼ਾਰੀ ਮਨਸਬ ਬਖ਼ਸ਼ਿਆ। ਭਾਈ ਸਾਧੂ ਸਿੰਘ (ਇੱਕੀ) ਨੂੰ ਮੁਲਤਾਨ ਸੂਬੇ ਦਾ ਰਾਜ ਤੇ ਭਾਈ ਗੁਲਾਬ ਸਿੰਘ ਤੇ ਭਾਈ ਹਰਸਾ ਸਿੰਘ (ਬਾਈ) ਅਤੇ (ਤੇਈ) ਨੂੰ ਸਵਾ ਲੱਖੀ ਪਦਵੀ ਬਖ਼ਸ਼ੀ। ਭਾਈ ਸੰਗਤ ਸਿੰਘ ਜੀ (ਚੌਵੀ) ਨੂੰ ‘ਦਿੱਲੀ ਦਾ ਪਾਤਸ਼ਾਹ’ ਕਿਹਾ। ਪੰਜੀਵੇਂ ਤੇ ਛੱਬੀਵੇਂ, ਭਾਈ ਹਰੀ ਸਿੰਘ ਤੇ ਭਾਈ ਧੰਨਾ ਸਿੰਘ ਨੂੰ ‘ਮੈਨ ਦੁਆਬ’ ਦੀ ਮਾਲਕੀ ਬਖ਼ਸ਼ੀ । ਭਾਈ ਕਰਮ ਸਿੰਘ (ਸਤਾਈ) ਨੂੰ ਸਰਹਿੰਦ ਦੀ ਸਰਦਾਰੀ ਤੇ ਭਾਈ ਕੀਰਤ ਸਿੰਘ (ਅਠਾਈ) ਨੂੰ ਬਿਬੇਕੀ ਦੀ ਪਦਵੀ ਦਿੱਤੀ। ਭਾਈ ਲਛਮਣ ਸਿੰਘ ਤੇ ਭਾਈ ਬੁੱਧਾ ਸਿੰਘ (ਉਨੱਤੀ ਤੇ ਤੀਹ) ਨੂੰ ਪਰਬਤਾਂ ਦਾ ਰਾਜਾ ਬਣਾਇਆ। ਭਾਈ ਕੇਸੋ ਸਿੰਘ ਤੇ ਭਾਈ ਜਾਦੋ ਸਿੰਘ (ਇਕੱਤੀ ਤੇ ਬੱਤੀ) ਦੋਵਾਂ ਨੂੰ ਪੇਸ਼ਾਵਰ ਦਾ ਹੁਕਮਰਾਨ ਕਿਹਾ। ਭਾਈ ਸੋਭਾ ਸਿੰਘ (ਤੇਤੀ) ਨੂੰ ਕਾਬਲ ਦਾ ਸ਼ਾਹ ਤੇ ਭਾਈ ਜੋਗਾ ਸਿੰਘ (ਚੌਂਤੀ) ਨੂੰ ਰੂਮ ਤੇ ਸ਼ਾਮ ਦਾ ਬਾਦਸ਼ਾਹ ਤੇ ਭਾਈ ਭੰਗਾ ਸਿੰਘ (ਪੈਂਤੀ) ਨੂੰ ਈਰਾਨ ਦਾ ਬਾਦਸ਼ਾਹ ਹੋਣਾ ਕਿਹਾ। ਭਾਈ ਜੰਗਾ ਸਿੰਘ (ਛੱਤੀ) ਨੂੰ ਕਾਸ਼ੀ ਪਤੀ, ਭਾਈ ਧਰਮ ਸਿੰਘ (ਸੈਂਤੀ) ਨੂੰ ਬਲਖ਼ ਬੁਖਾਰਾ, ਭਾਈ ਕਰਮ ਸਿੰਘ (ਅਠੱਤੀ) ਨੂੰ ਮੱਕੇ ਮਦੀਨੇ ਦਾ ਰਾਜ ਅਤੇ ਭਾਈ ਕਾਲਾ ਸਿੰਘ (ਉਨਤਾਲੀ) ਨੂੰ ‘ਤੁਰਕੀ ਦਾ ਤੱਖ਼ਤ’ ਪ੍ਰਦਾਨ ਕੀਤਾ।
ਚਾਲੀਵੇਂ ਭਾਈ ਮਹਾਂ ਸਿੰਘ ਜੀ ਸਨ ਜਿਨ੍ਹਾਂ ਨੂੰ ਉਹ ਮਾਣ ਪ੍ਰਾਪਤ ਹੋਇਆ ਜੋ ਸਾਹਿਬਜ਼ਾਦਿਆਂ ਨੂੰ ਵੀ ਨਹੀਂ ਸੀ। ਉਨ੍ਹਾਂ ਆਪਣੇ ਆਖ਼ਰੀ ਸਵਾਸ ਦਸਮੇਸ਼ ਪਿਤਾ ਦੀ ਪਾਵਨ ਝੋਲੀ ਵਿਚ ਲਏ।
15
ਮੁਕਤਸਰ ਤੋਂ ਆਗਰਾ—ਮੁਲਾਕਾਤਾਂ ਬਹਾਦਰ ਸ਼ਾਹ
ਵਜੀਦਪੁਰ ਵਿਚ ਕੌਤਕ-ਖਿਦਰਾਣੇ ਦੀ ਢਾਬ ਤੋਂ ਆਪ ਜੀ ਫ਼ਿਰੋਜ਼ਪੁਰ ਦੇ ਨੇੜੇ ਪਿੰਡ ਵਜੀਦਪੁਰ ਪੁੱਜੇ। ਉਥੇ ਜਦ ਕੁਝ ਲੋਕਾਂ ਨੇ ਕਿਹਾ ਕਿ ਕਸੂਰ ਨੇੜੇ ਹੈ ਜੋ ਪਠਾਨਾਂ ਦੀ ਵੱਡੀ ਛਾਉਣੀ ਹੈ, ਜਿਥੇ ੨੨ ਨੌਬਤਾਂ ਹਨ ਤੇ ਇਹ ਡਰ ਹੈ ਕਿ ਹਮਲਾ ਨਾ ਹੋ ਜਾਏ ਤਾਂ ਆਪ ਜੀ ਨੇ ਕਿਹਾ ਕਿ ਹੁਣ ਤੁਰਕਾਂ ਦਾ ਤੇਜ ਢਲ ਗਿਆ ਹੈ ਤੇ ਨਗਾਰੇ ਖ਼ਾਲਸੇ ਦੇ ਹੀ ਵੱਜਣੇ ਹਨ :
‘ਤੁਰਕਨ ਤੇਜ ਭਵਿਖਤ ਹਰਬੋ।
ਬਹੁਤ ਨੌਬਤਾਂ ਬਜੈ ਹਮਾਰੀ।
ਕੇਤਕ ਦਿਨ ਮਹਿ ਤਿਨਾਹ ਮਝਾਰੀ ।’
ਉਥੇ ਹੀ ਇਕ ਤਿੱਤਰ ਦਾ ਸ਼ਿਕਾਰ ਕੀਤਾ। ਤਿੱਤਰ ਨੂੰ ਪਕੜਨ ਲਈ ਬਾਜ਼ ਦੀ ਥਾਂ ਤੇ ਕੁੱਤੇ ਤੇ ਸਿੰਘ ਦੌੜਾਏ। ਜਦ ਭਾਈ ਦਾਨ ਸਿੰਘ ਨੇ ਪੁੱਛਿਆ ਕਿ ਤਿੱਤਰ ਦਾ ਸ਼ਿਕਾਰ ਕਰਨ ਲਈ ਬਾਜ਼ ਦੀ ਵਰਤੋਂ ਕਿਉਂ ਨਹੀਂ ਕੀਤੀ ਤਾਂ ਫ਼ਰਮਾਇਆ ਕਿ ਤਿੱਤਰ ਪਿਛਲੇ ਜਨਮ ਜੱਟ ਸੀ ਤੇ ਸਾਡਾ ਬਾਜ਼ ਇਹ ਬਾਣੀਆ । ਬਾਣੀਆ ਕੋਲੋਂ ਜੱਟ ਨੇ ਕਰਜ਼ਾ ਲਿਆ ਸੀ ਤੇ ਜ਼ਾਮਨ ‘ਗੁਰੂ’ ਰੱਖਿਆ ਸੀ । ਸੋ ਤਿੱਤਰ ਦੇਖ ਇਹ ਬਾਜ਼ ਫੜਫੜਾਇਆ ਹੈ ਕਿ ਜ਼ਾਮਨੀ ਪੂਰੀ ਕਰੋ । ਇਸ ਕਾਰਣ ਬਾਜ਼ ਨੂੰ ਖੇਚਲ ਨਹੀਂ ਦਿੱਤੀ।
ਥੇਹੜੀ ਵਿਖੇ—ਉਥੋਂ ਰੁਪਾਣੇ ਹੁੰਦੇ ਹੋਏ ਥੇਹੜੀ ਪੁੱਜੇ। ਇਕ ਹੰਕਾਰੀ ਸਾਧੂ ਉਥੇ ਰਹਿੰਦਾ ਸੀ ਜੋ ਆਪਣੀਆਂ ਗਾਵਾਂ ਨਾਲ ਵੱਛਿਆਂ ਦਾ ਵੱਗ ਵੀ ਛੱਡ ਦਿੰਦਾ ਸੀ ਤੇ ਵੱਛੇ ਦੁੱਧ ਨਹੀਂ ਸਨ ਚੁੰਘਦੇ। ਹੋਰ ਵੀ ਕਈ ਛੋਟੇ ਮੋਟੇ ਕਰਤਬ ਦਿਖਾ ਕੇ ਭੋਲੇ ਭਾਲੇ ਲੋਕਾਂ ਨੂੰ ਉਸ ਵੱਸ ਕੀਤਾ ਹੋਇਆ ਸੀ । ਮਹਾਰਾਜ ਨਾਲ ਵੀ ਉਹ ਖਹਿ ਪਿਆ ਪਰ ਗੁਰੂ ਜੀ ਨੇ ਤੀਰ ਧਰਤੀ ਨਾਲ ਛੁਹਾ ਕੇ ਉਸ ਦੇ ਮਸਤਕ ਤੇ ਰੱਖਿਆ ਤੇ ਸਿਰਫ਼ ਇਤਨਾ ਕਿਹਾ ਕਿ ‘ਹੁਕਮਨਾਥ ਜੀ ਕੀ ਹਾਲ ਹੈ ?’ ਉਸ ਦੀਆਂ ਸਾਰੀਆਂ ਕਰਾਮਾਤੀ ਸ਼ਕਤੀਆਂ ਉੱਡ ਪੁੱਡ ਗਈਆਂ। ਉਸ ਨੂੰ ਆਤਮਕ ਸ਼ਕਤੀ ਪੈਦਾ ਕਰਨ ਦਾ ਉਪਦੇਸ਼ ਦਿੱਤਾ।
ਥੇਹੜੀ ਵਿਖੇ ਹੀ ਕਾਸਮ ਭੱਟੀ ਨਾਂ ਦੇ ਪੀਰ ਦੀ ਇਕ ਕਬਰ ਸੀ। ਆਪ ਜੀ ਨੇ ਸੁਭਾਵਕ ਮਕਬਰੇ ਦੀ ਸੋਹਣੀ ਬਣਤਰ ਦੀ ਤਾਰੀਫ਼ ਕੀਤੀ ਤਾਂ ਸਿੰਘਾਂ ਨੇ ਤਨਖ਼ਾਹ ਭਰਨ ਲਈ ਕਿਹਾ : ਮਹਾਰਾਜ ਨੇ ਖਿੜੇ ਮੱਥੇ ਤਨਖ਼ਾਹ ਭਰੀ ਤੇ ਖ਼ਾਲਸੇ ਦੀ ਸੁਚੇਤਤਾ ਦੀ ਦਾਦ ਦਿੱਤੀ ।
ਦਮਦਮਾ ਸਾਹਿਬ-ਥੇਹੜੀ ਤੋਂ ਕਾਲ ਝਿਗਣੀ ਤੇ ਫਿਰ ਸਾਬੋ ਕੀ ਤਲਵੰਡੀ (ਦਮਦਮਾ) ਪੁੱਜੇ। ਅਜੇ ਤਲਵੰਡੀ ਪੁੱਜੇ ਹੀ ਸਨ ਕਿ ਬੈਰਾੜਾਂ ਨੇ ਖਰਚੇ ਦੀ ਮੰਗ ਪਾ ਦਿੱਤੀ। ਆਪ ਜੀ ਨੇ ਕੁਝ ਚਿਰ ਰੁਕਣ ਲਈ ਕਿਹਾ ਪਰ ਉਹ ਕਾਹਲੇ ਪੈ ਗਏ । ਸਿਰਫ਼ ਇਕ ਦਾਨ ਸਿੰਘ ਜੀ ਹੀ ਸਨ ਜੋ ਸਨਮੁਖ ਰਹੇ ਤੇ ਅਡੋਲ ਰਹੇ। ਇਤਨੇ ਨੂੰ ਇਕ ਸਿੱਖ ਆਪਣੀ ਤੇ ਹੋਰ ਇਲਾਕੇ ਦੀ ਦਸਵੰਧ ਦੀ ਰਕਮ ਭਰ ਕੇ ਲੈ ਆਇਆ । ਮਹਾਰਾਜ ਨੇ ਮੋਹਰਾਂ ਵੰਡੀਆਂ। ਬੈਰਾੜਾਂ ਨੂੰ ਵੀ ਸ਼ਰਮ ਆਈ।
ਡਲਾ ਵੀ ਦਰਸ਼ਨਾਂ ਨੂੰ ਆਇਆ ਤੇ ਗੁਰੂ ਜੀ ਨਾਲ ਬਹੁਤ ਫ਼ੌਜਾਂ ਨਾ ਦੇਖ ਕੇ ਕਿਹਾ:
ਡੱਲਾ ਨ ਮੱਲਾ।
ਗੁਰੂ ਗੋਬਿੰਦ ਇਕੱਲਾ ।
ਮਹਾਰਾਜ ਨੇ ਉਸੇ ਵੇਲੇ ਉੱਤਰ ਦਿੱਤਾ, ਕੀ ਹੋਇਆ ਜੇ ਡਲਾ ਜਾਂ ਮਲਾ ਪਾਸ ਨਹੀਂ, ਗੁਰੂ ਗੋਬਿੰਦ ਸਿੰਘ ਨਾਲ ਅੱਲਾਹ ਹੈ । ਉਸ ਨੇ ਆਪਣੇ ਸਾਥੀਆਂ ਦੀ ਬਹੁਤ ਹੀ ਤਾਰੀਫ਼ ਕੀਤੀ ਕਿ ਜੇ ਐਸੇ ਨੌਜੁਆਨ ਗੁਰੂ ਜੀ ਕੋਲ ਹੁੰਦੇ ਤਾਂ ਸਾਹਿਬਜ਼ਾਦੇ ਸ਼ਹੀਦ ਨਾ ਹੁੰਦੇ । ਮਹਾਰਾਜ ਨੇ ਉਸ ਦਾ ਹੰਕਾਰ ਤੋੜਨ ਲਈ, ਨਵੀਂ ਭੇਟ ਹੋਈ ਬੰਦੂਕ ਦਾ ਨਿਸ਼ਾਨਾ ਪਰਖਣ ਲਈ, ਉਸ ਨੂੰ ਆਪਣੇ ਇਕ ਜੁਆਨ ਨੂੰ ਬੰਦੂਕ ਦੀ ਨਾਲੀ ਅੱਗੇ ਖੜ੍ਹੇ ਹੋਣ ਲਈ ਕਿਹਾ। ਉਸ ਇਹ ਕਹਿ ਕੇ ਗੱਲ ਟਾਲਣੀ ਚਾਹੀ ਕਿ ਅਞਾਈਂ ਮਰਨਾ ਕਿਥੋਂ ਦੀ ਸਿਆਣਪ ਹੈ। ਜੰਗ ਵਿਚ ਜੂਝਣ ਲਈ ਉਹ ਤਿਆਰ ਹਨ। ਮਹਾਰਾਜ ਨੇ ਸਿੱਖਾਂ ਦੀ ਅਨਿਨ ਗੁਰ-ਭਗਤੀ ਦਰਸਾਉਣ ਲਈ ਡੱਲੇ ਨੂੰ ਕਿਹਾ ਉਹ ਜਾ ਕੇ ਕੈਂਪ ਵਿਚ ਆਵਾਜ਼ ਦੇਵੇ ਕਿ ਗੁਰੂ ਜੀ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ ਤੇ ਇਕ ਸਿੱਖ ਦੀ ਲੋੜ ਹੈ। ਜਦ ਆਵਾਜ਼ ਦਿੱਤੀ ਤਾਂ ਦੋ ਸਿੰਘ, ਇਕ ਜੋ ਦਸਤਾਰ ਸਜਾ ਰਿਹਾ ਸੀ ਤੇ ਦੂਜਾ ਘੋੜੇ ਨੂੰ ਖਰਖਰਾ ਕਰ ਰਿਹਾ ਸੀ, ਦੌੜਦੇ ਆਏ ਤੇ ਗੁਰੂ ਜੀ ਦੇ ਸਾਹਮਣੇ ਹੀ ਝਗੜਣ ਲੱਗ ਪਏ ਕਿ ਪਹਿਲਾਂ ਆਵਾਜ਼ ਮੈਂ ਸੁਣੀ ਹੈ। ਮਹਾਰਾਜ ਨੇ ਦੋਵਾਂ ਨੂੰ ਹੀ ਅੱਗੇ ਪਿੱਛੇ ਖੜ੍ਹੇ ਹੋਣ ਲਈ ਫ਼ਰਮਾਇਆ ਤੇ ਗੋਲੀ ਉੱਤੋਂ ਚਲਾ ਦਿੱਤੀ ਅਤੇ ਡੱਲੇ ਨੂੰ ਦੱਸਿਆ ਕਿ ਐਸੇ ਸਿੱਖ ਉਨ੍ਹਾਂ ਪਾਸ ਹਨ। ਡੱਲੇ ਨੇ ਵੀ ਬੇਨਤੀ ਕੀਤੀ ਕਿ ਉਸ ਨੂੰ ਪੀੜ੍ਹੀ ਜਿੰਨੀ ਥਾਂ ਚਰਨਾਂ ਵਿਚ ਬੈਠਣ ਲਈ ਦਿੱਤੀ ਜਾਏ। ਮਹਾਰਾਜ ਨੇ ਕਿਹਾ ਕਿ ਇਹ ਤਾਂ ਹੀ ਮਿਲ ਸਕਦੀ ਹੈ ਜੇ ਉਹ ਅੰਮ੍ਰਿਤ ਛਕੇ। ਅੰਮ੍ਰਿਤ ਛਕ ਉਹ ਗੁਰੂ ਜੀ ਕੋਲ ਬੈਠਣ ਜੋਗਾ ਹੋਆ।
ਇਥੇ ਹੀ ਔਰੰਗਜ਼ੇਬ ਵਲੋਂ ਇਕ ਹੋਰ ਚਿੱਠੀ ਮਿਲੀ ਜਿਸ ਵਿਚ ਉਸ ਸਖ਼ਤ ਪਛਤਾਵਾ ਕੀਤਾ ਸੀ ਤੇ ਗੁਰੂ ਜੀ ਨੂੰ ਸੱਚੇ ਦਿਲੋਂ ਮਿਲਣ ਦੀ ਚਾਹ ਪ੍ਰਗਟ ਕੀਤੀ ਸੀ ਅਤੇ ਬੁਢੇਪੇ ਤੇ ਬੀਮਾਰੀ ਕਾਰਨ ਮਜਬੂਰੀ ਦੱਸੀ ਸੀ । ਗੁਰੂ ਜੀ ਨੇ ਉਥੇ ਹੀ ਜੰਗੀ ਕਮਰਕੱਸਾ ਉਤਾਰਿਆ ਤੇ ਦਮ (ਸਾਹ) ਲਿਆ।
ਅਹਿਕਾਮਿ ਆਲਮਗੀਰੀ ਦੇ ਲਿਖਾਰੀ ਅਨਾਇਤ-ਉਲਾ ਦਾ ਕਹਿਣਾ ਹੈ ਕਿ ਔਰੰਗਜ਼ੇਬ ਨੇ ਸ਼ੇਖ ਮੁਹੰਮਦ ਯਾਰ ਮਨਸਬਦਾਰ ਤੇ ਮੁਹੰਮਦ ਬੇਗ ਗੁਰਜ ਬਰਦਾਰ ਨੂੰ ਭੇਜਿਆ ਕਿ ‘ਗੋਬਿੰਦ ਰਾਇ ਨਾਨਕ ਪ੍ਰਸਤਾਂ’ ਨੂੰ ਮਨਾ ਬੁਝਾ ਅਤੇ ਰਾਜ਼ੀ ਕਰ ਕੇ ਦੱਖਣ ਲਿਆਉਣ।
ਮੁਨੀਮ ਖ਼ਾਨ ਵਜ਼ੀਰ-ਇ-ਆਜ਼ਮ ਨੂੰ ਵੀ ਹਦਾਇਤਾਂ ਭੇਜੀਆਂ ਕਿ ਜਿਥੋਂ ਗੁਰੂ ਜੀ ਲੰਘਣ ਹਿਫ਼ਾਜ਼ਤੀ ਇੰਤਜ਼ਾਮ ਹੋਵੇ ਤੇ ਜੇ ਉਹ ਚਾਹੁਣ ਤਾਂ ਰਾਹ ਦਾ ਖ਼ਰਚ ਵੀ ਦਿੱਤਾ ਜਾਏ।
ਪੰਥ ਨੂੰ ਮੁੜ ਸੁਰਜੀਤ ਕਰਨ ਲਈ ਹੁਕਮਨਾਮੇ ਭੇਜੇ। ਸੰਗਤਾਂ ਨੇ ਵਹੀਰਾਂ ਹੀ ਪਾ ਦਿੱਤੀਆਂ । ਇਕ ਅੰਦਾਜ਼ੇ ਮੁਤਾਬਕ ੮੦,੦੦੦ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਜੋ ਅੰਮ੍ਰਿਤ ਬਚਿਆ ਆਪ ਜੀ ਨੇ ਝਾੜ ਝਾੜ ਉਸ ਦੇ ਛੱਟੇ ਮਾਰੇ ਤੇ ਫ਼ਰਮਾਇਆ ਕਿ ਇਸੇ ਅੰਮ੍ਰਿਤ ਦੀ ਸ਼ਕਤੀ ਦੁਆਰਾ ਝਾੜ ਝਾੜ ਬੀਰ ਪੈਦਾ ਹੋਣਗੇ। ਉਥੇ ਹੀ ਗੁਰੂ ਗ੍ਰੰਥ ਸਾਹਿਬ ਨੂੰ ਅੰਤਮ ਸਰੂਪ ਦਿੱਤਾ ਜਿਸ ਵਿਚ ‘ਸੋ ਪੁਰਖ’ ਦੇ ਚਾਰ ਸ਼ਬਦ ਅਤੇ ਗੁਰੂ ਤੇਗ਼ ਬਹਾਦਰ ਜੀ ਦੇ ਸ਼ਬਦ ਤੇ ਸਲੋਕ ਦਰਜ ਕੀਤੇ। ਜਦ ਸਿੰਘਾਂ ਪੁੱਛਿਆ ਕਿ ਤੁਸੀਂ ਆਪਣੀ ਬਾਣੀ ਕਿਉਂ ਦਰਜ ਨਹੀਂ ਕਰ ਰਹੇ ਤਾਂ ਫ਼ਰਮਾਇਆ :
ਅਸਲ ਗਰੰਥ ਹੈ ਉਹ ।
ਇਹ (ਦਸਮ ਗ੍ਰੰਥ) ਸਾਡੀ ਹੈ ਖੇਡ।
ਲਿਖਣਸਰ ਦੇ ਸਰੋਵਰ ਕਲਮਾਂ ਘੜ ਘੜ ਪਾਂਦੇ ਰਹੇ । ਪੁੱਛਣ ਤੇ ਫ਼ਰਮਾਯਾ :
ਇਹ ਹੈ ਪ੍ਰਗਟ ਹਮਾਰੀ ਕਾਸੀ।
ਪੜ੍ਹ ਹੈ ਯਹਾਂ ਢੇਰ ਮਤਿ ਨਾਸੀ।
ਤਿਨ ਕੇ ਕਾਰਨ ਕਲਮ ਘੜ,
ਦੇਤ ਪ੍ਰਗਟ ਹਮ ਡਾਰ ।
ਸਿਖ ਸਖਾ ਯਾ ਪੜਹਿਗੇ ,
ਹਮਰੇ ਕਈ ਹਜ਼ਾਰ । ੧੮ ।
(ਗੁਰਬਿਲਾਸ ਪਾ: ੧੦ਵੀਂ)
ਮਾਲਵਾ ਨੂੰ ‘ਹਰਾ ਭਰਾ’ ਹੋਣ ਦਾ ਵਰ ਦਿੱਤਾ।
ਦਮਦਮਾ ਸਾਹਿਬ ਹੀ ਮਾਤਾ ਸੁੰਦਰੀ ਜੀ ਭਾਈ ਮਨੀ ਸਿੰਘ ਜੀ ਨਾਲ ਆ ਗਏ ਸਨ। ਮਾਤਾ ਜੀ ਨੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗਾਥਾ ਜਦ ਸੁਣੀ ਤਾਂ ਨੈਣ ਭਰ ਆਏ। ਉਸ ਸਮੇਂ ਗੁਰੂ ਜੀ ਨੇ ਫ਼ਰਮਾਇਆ ਕਿ ਇਹ ਸਮਾਂ ਸਗੋਂ ਖ਼ੁਸ਼ੀ ਦਾ ਹੈ :
‘ਤੋਹਿ ਪੁਤਰ ਬੱਡ ਬੀਰ ਬਹਾਦਰ ।
ਗਯੋ ਸਵਰਗ ਦੇਵਨ ਤੇ ਸਾਦਰ।
ਜਗ ਮਹਿ ਜੱਸ ਅਖੰਡ ਕੋ ਪਾਵਾ।
ਜਨਮ ਲਾਭ ਕੋ ਕਰਮ ਕਮਾਵਾ।
ਅਸ ਬੀਰਨ ਕੀ ਜਨਨੀ ਜੋਇ।
ਸੋਕ ਕਰਨ ਕੇ ਉਚਿਤ ਨ ਸੋਇ।।’
ਦਮਦਮਾ ਹੀ ਫੂਲਕੀਆਂ ਮਿਸਲ ਦੇ ਵੱਡਿਆਂ ਤਰਲੋਕ ਸਿੰਘ ਤੇ ਰਾਮ ਸਿੰਘ ਨੇ ਦੱਸਿਆ ਕਿ ਉਹ ਹੀ ਵੱਡੇ ਸਾਹਿਬਜ਼ਾਦਿਆਂ ਦੀਆਂ ਪਾਵਨ ਲੋਥਾਂ ਚਮਕੌਰ ਦੇ ਮੈਦਾਨ ਵਿਚੋਂ ਲੱਭ ਕੇ ਸਸਕਾਰ ਬੜੀ ਮੁਸ਼ਕਿਲ ਤੇ ਵਿਉਂਤ ਨਾਲ ਕਰ ਕੇ ਆਏ ਸਨ । ਗੁਰੂ ਮਹਾਰਾਜ ਨੇ ਜਦ ਉਨ੍ਹਾਂ ਨੂੰ ਕੁਝ ਮੰਗਣ ਲਈ ਕਿਹਾ ਤਾਂ ਦੋਹਾਂ ਨੇ ਆਪਣੀਆਂ ਜ਼ਮੀਨਾਂ ਹੋਣ ਦਾ ਵਰ ਮੰਗਿਆ। ਪ੍ਰਸੰਨ ਚਿਤ ਗੁਰੂ ਜੀ ਨੇ ਫ਼ਰਮਾਇਆ ਕਿ ਤੁਸੀਂ ਜ਼ਮੀਨਾਂ ਨਿਰੀਆਂ ਵਾਹੋਗੇ ਹੀ ਨਹੀਂ, ਮਾਲਕ ਤੇ ਰਾਜੇ ਵੀ ਹੋਵੋਗੇ।
ਐਸਾ ਪਾਇ ਤੁਮਾਰੇ ਜਮੇਂ।
ਭੂਪਨ ਭੂਪ ਦੇਸ਼ ਗਨ ਨਮੇਂ।
ਭਾਈ ਰੂਪਾ ਜੀ ਨੂੰ ਉਸ ਦੀ ਅਨਿਨ ਸੇਵਾ ਲਈ ਕੁਝ ਮੰਗਣ ਲਈ ਕਿਹਾ ਤਾਂ ਉਸ ਨੇ ਭਰਾਵਾਂ ਕੋਲੋਂ ਪੁੱਛਿਆ ਕਿ ਕੀ ਮੰਗਾਂ ? ਉਨ੍ਹਾਂ ਕਿਹਾ : ਜ਼ਮੀਨ ! ਫਿਰ ਘਰ ਵਾਲੀ ਕੋਲੋਂ ਪੁੱਛਿਆ, ਕੀ ਯਾਚਨਾ ਕਰਾਂ । ਉਸ ਕਿਹਾ: ਗਹਿਣਾ ਗੱਟਾ, ਪਰ ਜਦ ਲੜਕੀ ਕੋਲੋਂ ਪੁੱਛਿਆ ਤਾਂ ਉਸ ਸ਼ਰਧਾ ਭਿੱਜੀ ਬੱਚੀ ਨੇ ਕਿਹਾ :
ਪਿਤਾ ! ਇਹ ਬਰ ਆਛੀ।
ਜੋ ਆਵੈ ਸੋ ਤ੍ਰਿਪਤ ਸੁ ਸਾਛੀ।
ਸਬ ਹੀ ਸੇਵਾ ਮੈ ਬਨ ਆਵੈ ।
ਹਮ ਤੇ ਦੁਖੀ ਨ ਕੋਈ ਜਾਵੈ ।
ਪਹਿਲਾ ਅਖੰਡ ਪਾਠ-ਦੱਖਣ ਜਾਣ ਤੋਂ ਤਿੰਨ ਦਿਨ ਪਹਿਲਾਂ ਭਾਈ ਮਨੀ ਸਿੰਘ ਜੀ ਨੂੰ ਆਗਿਆ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ।ਅਸਾਂ ਅਖੰਡ ਪਾਠ ਕਰਾਣਾ ਹੈ। ਪ੍ਰਕਾਸ਼ ਉੱਚੀ ਠੇਰੀ ਤੇ ਕੀਤਾ। ਇਸੇ ਅਸਥਾਨ ਦਾ ਨਾਮ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਰੱਖਿਆ। ਕੜਾਹ ਪ੍ਰਸ਼ਾਦ ਤਿਆਰ ਕਰ ਚੌਂਕੀ ਤੇ ਰਖਿਆ। ਸ਼ਬਦ ਕੀਰਤਨ ਹੋਆ। ਫਿਰ ਸ੍ਰੀ ਅਨੰਦ ਸਾਹਿਬ ਦੀਆਂ ਪਾਂਚ ਪਉੜੀਆਂ ਤੇ ਏਕ ਚਾਲੀਵੀਂ ਪਉੜੀ ਦਾ ਪਾਠ ਕਰ ਕੇ, ਪਿੱਛੋਂ ਅਰਦਾਸ ਕੀਤੀ ਗਈ। ਭਾਈ ਮਨੀ ਸਿੰਘ ਜੀ ਨੇ ਗੁਰੂ ਜੀ ਦੀ ਆਗਿਆ ਪਾਇ ਅਖੰਡ ਪਾਠ ਪ੍ਰਾਰੰਭ ਕੀਤਾ। ਆਰੰਭ ਦਾ ਵਾਕ ਸੀ :
ਟੋਡੀ ਮਹਲਾ ੫
ਸਤਿਗੁਰ ਆਇਓ ਸਰਣਿ ਤੁਹਾਰੀ।
ਮਿਲੈ ਸੂਖੁ ਨਾਮੁ ਹਰਿ ਸੋਭਾ, ਚਿੰਤਾ ਲਾਹਿ ਹਮਾਰੀ ।ਰਹਾਉ ।
ਅਵਰ ਨ ਸੁਝੈ ਦੂਜੀ ਠਾਹਰ, ਹਾਰਿ ਪਰਿਉ ਤਉ ਦੁਆਰੀ।
ਲੇਖਾ ਛੋਡਿ, ਅਲੇਖੈ ਛੂਟਹ, ਹਮ ਨਿਰਗੁਨ ਲੇਹੁ ਉਬਾਰੀ। ੧।
ਸਦ ਬਖਸਿੰਦ ਸਦਾ ਮਿਹਰਵਾਨਾ, ਸਭਨਾ ਦੇਇ ਅਧਾਰੀ।
ਨਾਨਕ ਦਾਸ ਸੰਤ ਪਾਛੈ ਪਰਿਓ ਰਾਖਿ ਲੇਹੁ ਇਹ ਬਾਰੀ। ੨॥੪॥੯॥
ਤੀਜੇ ਦਿਨ ਭੋਗ ਪਿਆ। ਸੰਗਤਾਂ ਬੜੀ ਖੁਸ਼ੀ ਮਨਾਈ।
ਔਰੰਗਜ਼ੇਬ ਦਾ ਦਿਹਾਂਤ—ਜਦ ਦੱਖਣ ਆਉਣ ਦੀ ਦੂਜੀ ਚਿੱਠੀ ਮਿਲੀ ਤਾਂ ਆਪ ਜੀ ਨੇ ਦੱਖਣ ਜਾਣ ਦਾ ਸੰਕਲਪ ਸਿੰਘਾਂ ਨੂੰ ਦੱਸਿਆ । ਸਿੰਘਾਂ ਨੇ ‘ਭੱਠ ਪਈ ਦੱਖਣ’ ਆਖ ਕੇ ਉਧਰ ਨਾ ਜਾਣ ਦੀ ਸਲਾਹ ਦਿੱਤੀ ਪਰ ਮਹਾਰਾਜ ਨੇ ਕਿਹਾ : ਐਸਾ ਨਾ ਆਖੋ, ਉਹ ਵੀ ਮੈਨੂੰ ਪਿਆਰਾ ਹੈ, ਉਥੇ ਕਈ ਕੰਮ ਸਵਰਣਗੇ।’ ਇਕ ਹੁਕਮਨਾਮੇ ਵਿਚ ਦੱਖਣ ਵੱਲ ਕੂਚ ਕਰਨ ਦਾ ਇਸ਼ਾਰਾ ਵੀ ਮਿਲਦਾ ਹੈ। ਹੁਕਮਨਾਮੇ ਦੇ ਸ਼ਬਦ ਹਨ-
ੴ ਸਿਰੀ ਸਤਿਗੁਰੂ ਜੀ।
ਸਿਰੀ ਗੁਰੂ ਕੀ ਆਗਿਆ ਹੈ, ਸਰਬਤ ਸੰਗਤਿ ਬੈਰਾੜ ਕੀ ਗੁਰੂ ਰਖੇਗਾ। ਬੈਲ ਚਾਰ ਹਛੇ ਬਹਿਲਾਂ ਨੂੰ ਭੇਜਣੇ। ਹੁਕਮ ਦੇਖਦਿਆਂ। ਮੇਰੀ ਤੁਸਾਂ ਉਪਰ ਖੁਸ਼ੀ ਹੈ। ਅਸਾਂ ਦੱਖਣ ਨੂੰ ਕੂਚ ਕੀਤਾ ਹੈ। ਜਿਨ ਜਿਨ ਸਿੱਖ ਸਾਡੇ ਨਾਲ ਚਲਣਾ ਹੋਇ ਤਿਨਿ ਹੁਕਮ ਦੇਖਦਿਆਂ ਹਜ਼ੂਰ ਆਵਣਾ। ਤੁਸਾਂ ਉਪਰ ਖੁਸ਼ੀ ਹੈ । ਗੁਰੂ ਜੀ ਤੁਹਾਡੀ ਰੱਖੇਗਾ। ਸੰਮਤ ੧੭੬੩ ਮਿਤੀ ਕਤਕ २०।
ਬੰਸਾਵਲੀਨਾਮਾ ਨੇ ਚਰਨ ਦਸਵੇਂ ਵਿਚ ਲਿਖਿਆ ਹੈ ਕਿ ਮਹਾਰਾਸ਼ਟਰ ਤੋਂ ਆਏ ਇਕ ਕਾਲਕਾ ਦਾਸ ਨੇ ਵੀ ਦੱਸਿਆ ਸੀ ਕਿ ਉਥੇ ਇਕ ਬੈਰਾਗੀ ਬੈਠਾ ਹੈ ਤਾਂ ‘ਸਾਹਿਬ ਕਿਹਾ: ਅਸਾਨੂੰ ਭੀ ਮਲੂਮ ਹੈ ਉਹ ਵੀ ਅਸਾਡਾ ਕੰਮ ਕਰਸੀ ਤੇ ਸਾਡੇ ਕਹੇ ਨਾਲ ਲੜਸੀ।’
ਅਜੇ ਮਾਲਵੇ ਵਿਚ ਹੀ ਸਨ ਕਿ ਇਹ ਖਬਰ ਵੀ ਮਿਲ ਗਈ ਕਿ ਔਰੰਗਜ਼ੇਬ ਦੀ ੧੭੦੭ ਨੂੰ ਮ੍ਰਿਤੂ ਹੋ ਗਈ। ਸਾਰਾ ਪ੍ਰੋਗਰਾਮ ਹੀ ਬਦਲਾਉਣਾ ਪਿਆ।
ਜਮਰੌਦ ਤੋਂ ਆਗਰੇ ਬਹਾਦਰ ਸ਼ਾਹ ਦਾ ਆਉਣਾ—ਬਹਾਦਰ ਸ਼ਾਹ ਨੇ ਭਾਵੇਂ ਜਮਰੌਦ ਤੋਂ ਕਿਤਨੀ ਛੇਤੀ ਕੀਤੀ ਪਰ ਫਿਰ ਵੀ ਬੜੀ ਮੁਸ਼ਕਿਲ ਨਾਲ ੩ ਮਈ, ੧੭੦੭ ਨੂੰ ਰਾਵੀ ਪਾਰ ਕੀਤਾ। ਦੋ ਦਿਨ ਲਾਹੌਰ ਰਹਿਣ ਉਪਰੰਤ ੫ ਮਈ ਨੂੰ ਉਥੋਂ ਟੁਰਿਆ। ਸਤਲੁਜ ਨੂੰ ਉਸ ੧੧ ਮਈ ਨੂੰ ਪਾਰ ਕੀਤਾ। ਗੁਰੂ ਗੋਬਿੰਦ ਸਿੰਘ ਜੀ ਦਾ ਇਲਾਕੇ ਵਿਚ ਹੋਣਾ ਸੁਣ ਕੇ ਉਸ ਮੁਲਾਕਾਤ ਦੀ ਇੱਛਾ ਪ੍ਰਗਟ ਕੀਤੀ। ਭਾਈ ਨੰਦ ਲਾਲ ਜੀ ਨੂੰ ਮੁਲਤਾਨ ਤੋਂ ਉਚੇਚਾ ਉਸ ਬੁਲਾਇਆ । ਗੁਰੂ ਜੀ ਦੀ ਪਹਿਲੀ ਮੁਲਾਕਾਤ ਸ਼ਤਲੁਜ ਦੇ ਕੰਢੇ ਹੀ ਹੋਈ। ਗ੍ਰਿਫਤਾਰੀ ਸਮੇਂ ਜਦ ਗੁਰੂ ਗੋਬਿੰਦ ਸਿੰਘ ਜੀ ਨੂੰ ਅਰਦਾਸ ਕਰਨ ਲਈ ਮੁਅੱਜ਼ਮ ਨੇ ਲਿਖਿਆ ਸੀ ਤਾਂ ਗੁਰੂ ਜੀ ਨੇ ਨਾ ਸਿਰਫ਼ ਉਸ ਦੇ ਰਿਹਾ ਹੋਣ ਦੀ ਹੀ ਭਵਿਸ਼ਬਾਣੀ ਕੀਤੀ ਸੀ ਸਗੋਂ ਉਸ ਦਾ ਬਾਦਸ਼ਾਹ ਹੋਣਾ ਵੀ ਦੱਸਿਆ ਸੀ। ਗੁਰੂ ਸੋਭਾ ਦੀ ਇਹ ਗਵਾਹੀ ਹੈ ਕਿ ਉਸ ਨੇ ਰਿਹਾ ਹੁੰਦੇ ਸਾਰ ਗੁਰੂ ਜੀ ਨੂੰ ਕਈ ਭੇਟਾਵਾਂ ਭੇਜੀਆਂ ਸਨ। ਜਦ ਪੰਜਾਬ ਤੇ ਉਸ ਹਮਲਾ ਕੀਤਾ ਤਾਂ ਵੀ ਬਹਾਦਰ ਸ਼ਾਹ ਨੇ ਅਨੰਦਪੁਰ ਵੱਲ ਨਿਗਾਹ ਨਾ ਕੀਤੀ। ਇਸ ਦੀ ਵੀ ਗਵਾਹੀ ਹੈ ਕਿ ਗੁਰੂ ਜੀ ਤੇ ਸ਼ਹਿਜ਼ਾਦਾ ਵਿਚਕਾਰ ਬਾਕਾਇਦਾ ਚਿੱਠੀ ਪੱਤਰ ਵੀ ਹੁੰਦਾ ਸੀ।
ਪਹਿਲੀ ਮੁਲਾਕਾਤ ਵੇਲੇ ਬਹਾਦਰ ਸ਼ਾਹ ਨੇ ਅਸ਼ੀਰਵਾਦ ਨਾਲ ਫ਼ੌਜੀ ਇਮਦਾਦ ਵੀ ਮੰਗੀ। ਗੁਰੂ ਜੀ ਦਾ ਲੱਖੀ ਜੰਗਲ ਵਿਚ ਬਹੁਤ ਸਤਿਕਾਰ ਸੀ। ਸੰਗਤਾਂ ਨੇ ਵਹੀਰਾਂ ਹੀ ਪਾ ਦਿੱਤੀਆਂ ਸਨ। ਸਿੱਖ ਆਪਣੇ ਗੁਰੂ ਜੀ ਦੀ ਸ਼ਰਨ ਇਸੇ ਤਰ੍ਹਾਂ ਆਏ ਜਿਵੇਂ ਮੱਝੀਆਂ ਆਪਣੇ ਮਾਹੀ ਮਾਲਕ ਦੀ ਆਵਾਜ਼ ਸੁਣ ਕੇ ਪਾਣੀ ਘਾਹ ਛੱਡ ਕੇ ਦੌੜੀਆਂ ਆਉਂਦੀਆਂ ਹਨ। ਦਰਸ਼ਨਾਂ ਲਈ ਇਕ ਦੂਜੇ ਨਾਲੋਂ ਅੱਗੇ ਲੰਘਣ ਦੀ ਹੋੜ ਹੀ ਲੱਗ ਪਈ। ਸਿੱਖ ਉਤਨੀ ਦੇਰ ਤਕ ਸ਼ਾਂਤ ਨਾ ਹੁੰਦੇ ਜਦ ਤਕ ਖੁਲ੍ਹੇ ਦਰਸ਼ਨ ਦੀਦਾਰ ਗੁਰੂ ਜੀ ਦੇ ਨਾ ਹੁੰਦੇ। ਮਹਾਰਾਜ ਦੇ ਆਪਣੇ ਸ਼ਬਦਾਂ ਵਿਚ :
‘ਲੱਖੀ ਜੰਗਲ ਖਾਲਸਾ, ਆਇ ਦੀਦਾਰ ਲਗੋ ਨੇ।
ਸੁਣ ਕੈ ਸਦ ਮਾਹੀ ਦਾ, ਮੇਹੀਂ ਪਾਣੀ ਘਾਣ ਮੁਤੋ ਨੇ।
ਕਿਸੇ ਨਾਲ ਨ ਰਲੀਆਂ ਕਾਈ, ਕੋਈ ਸ਼ਉਕ ਪਯੋ ਨੇ ।
ਗਇਆ ਫਿਰਾਕ ਮਿਲਿਆ ਮਿਤ ਮਾਹੀ, ਤਾਹੀ ਸ਼ੁਕਰ ਕੀਤੋ ਨੇ।
੮੦,੦੦੦ ਦੀ ਭਾਰੀ ਗਿਣਤੀ ਨੇ ਅੰਮ੍ਰਿਤ ਛਕਣਾ ਇਸ ਖ਼ਿਆਲ ਦੀ ਵਿਆਖਿਆ ਹੀ ਹੈ। ਬਹਾਦਰ ਸ਼ਾਹ ਦੀ ਮੰਗ ਤੇ ਗੁਰੂ ਜੀ ਨੇ ਭਾਈ ਧਰਮ ਸਿੰਘ ਜੀ (ਪਿਆਰਾ) ਨੂੰ ਕੁਝ ਚੋਣਵੇਂ ਸਰਦਾਰਾਂ ਦਾ ਜਥੇਦਾਰ ਬਣਾ ਕੇ ਨਾਲ ਭੇਜਿਆ। ਆਪਣੇ ਅੰਗ ਰਖਸ਼ਕ ਕੁਲਦੀਪਕ ਸਿੰਘ ਨੂੰ ਵੀ ਨਾਲ ਕੀਤਾ। ਕੁਲਦੀਪਕ ਸਿੰਘ ਹਰਕਾਰਿਆਂ ਰਾਹੀਂ ਜਿਥੇ ਵੀ ਗੁਰੂ ਜੀ ਹੁੰਦੇ ਸਨ ਖਬਰਾਂ ਪਹੁੰਚਾਂਦਾ ਰਹਿੰਦਾ ਸੀ।
ਜਦ ਇਸ ਮੁਲਾਕਾਤ ਦੀ ਨਵਾਬ ਸਰਹਿੰਦ ਨੂੰ ਖ਼ੱਬਰ ਪੁੱਜੀ ਤਾਂ ਉਹ ਅੱਗੋਂ ਬਹਾਦਰ ਨੂੰ ਮਿਲਣ ਆਇਆ। ਉਸ ਕਈ ਤੁਹਫ਼ੇ ਵੀ ਦਿੱਤੇ। ਸੋਨੀਪਤ ਦੇ ਫ਼ੌਜਦਾਰ ਮਿਰਜ਼ਾ ਸ਼ਾਹ ਨੂੰ ! ਅਸਦਉੱਲਾ ਨੇ ਹਥਿਆਰ ਤੇ ਰਸਦ ਵੀ ਭੇਟ ਕੀਤੀ। ਇਸ ਤਰ੍ਹਾਂ ਸ਼ਕਤੀ ਇਕੱਠਾ ਕਰਦਾ ਤੇ ਪੈਂਡਾ ਮਾਰਦਾ ਬਹਾਦਰ ਸ਼ਾਹ ਪਹਿਲੀ ਜੂਨ ੧੭੦੭ ਨੂੰ ਦਿੱਲੀ ਪੁੱਜਾ। ਦਿੱਲੀ ਉਹ ਨਾ ਠਹਿਰਿਆ ਤੇ ਆਗਰੇ ਵੱਲ ਚਲਾ ਗਿਆ। ੧੨ ਜੂਨ, ੧੭੦੭ ਨੂੰ ਉਹ ਆਗਰੇ ਪੁੱਜਾ ਤੇ ਆਪਣਾ ਕੈਂਪ ਬਾਗ਼ੇ-ਦਾਹਿਰਾ, ਸੁਲਤਾਨ ਗੰਜ ਰੱਖਿਆ । ਗੁਰੂ ਜੀ ਨੇ ਇਹ ਖ਼ਿਆਲ ਪ੍ਰਗਟ ਕੀਤਾ ਕਿ ਚਲੀਏ ਤੇ ਸ਼ਾਹ (ਔਰੰਗਜ਼ੇਬ) ਦੇ ਪੁੱਤਰਾਂ ਵਿਚਕਾਰ ਜੋ ਤੱਖ਼ਤਨਸ਼ੀਨੀ ਦੀ ਜੰਗ ਹੋਣੀ ਹੈ, ਦੇਖੀਏ। ਗੁਰੂ ਜੀ ਉਸ ਸਮੇਂ ਦਿੱਲੀ ਵਿਚ ਸਨ । ਕੁਲਦੀਪਕ ਸਿੰਘ ਖ਼ਬਰਾਂ ਭੇਜੀ ਜਾ ਰਿਹਾ ਸੀ। ਦਿੱਲੀ ਵਿਖੇ ਆਪ ਜੀ ਨੇ ਆਪਣਾ ਟਿਕਾਣਾ ਮੋਚੀ ਬਾਗ਼ ਕੀਤਾ ਸੀ ਜੋ ਹੁਣ ਗੁਰਦੁਆਰਾ ਮੋਤੀ ਬਾਗ਼ ਕਰ ਕੇ ਜਾਣਿਆ ਜਾਂਦਾ ਹੈ। ਇਥੇ ਹੀ ਇਕ ਜੋੜਾ ਰੋਜ਼ ਹੀ ਦਰਸ਼ਨਾਂ ਨੂੰ ਆਂਦਾ ਅਤੇ ਇਕ ਦਿਨ ਹੱਥ ਜੋੜ ਬੱਚੇ ਦੀ ਦਾਤ ਮੰਗੀ। ਆਪ ਜੀ ਨੇ ਰਾਹ ਵਿਚ ਕਿਸੇ ਮਾਂ ਵਲੋਂ ਛੱਡੇ ਗਏ ਇਕ ਨਵ-ਜਨਮੇ ਬੱਚੇ ਨੂੰ ਉਠਾ ਉਸ ਦੀ ਗੋਦ ਵਿਚ ਪਾਇਆ। ਮੋਤੀ ਬਾਗ਼ ਤੋਂ ਹੀ ਤੀਰ ਚਲਾਇਆ ਸੀ ਤੇ ਲਾਲ ਕਿਲ੍ਹੇ ਵਿਚ ਚੋਪੜ ਖੇਡਦੇ ਮੁਨੀਮ ਖ਼ਾਨ ਪਾਸ ਗਿਰਿਆ ਸੀ । ਉਸ ਨੇ ਜਦ ਉੱਚੀ ਆਵਾਜ਼ ਨਾਲ ਕਿਹਾ : ਕਰਾਮਾਤ ਤਾਂ ਦੂਜਾ ਤੀਰ ਸ਼ਾਂ-ਸ਼ਾਂ ਕਰਦਾ ਆਇਆ ਜਿਸ ਨਾਲ ਰੁੱਕਾ ਲੱਗਾ ਹੋਇਆ ਸੀ : ਕਰਾਮਾਤ ਨਹੀਂ, ਕਰਤਬ ! ਪਿਛੋਂ ਜਮੁਨਾ ਕਿਨਾਰੇ ਦਮਦਮਾ ਸਾਹਿਬ ਟਿਕਾਣਾ ਰੱਖੀ ਰੱਖਿਆ।
ਜੈਜੂ ਦੀ ਜੰਗ ਤੇ ਬਹਾਦਰ ਸ਼ਾਹ ਦੀ ਜਿੱਤ-ਜੈਜੂ ਵਿਖੇ ਮੁਹੰਮਦ ਆਜ਼ਮ ਕੋਲ ਬਹੁਤ ਵੱਡੀ ਫ਼ੌਜ ਸੀ। ਬਹਾਦਰ ਸ਼ਾਹ ਮੁਸ਼ਕਲ ਨਾਲ ਹੀ ਕੁਝ ਫ਼ੌਜ ਇਕੱਠੀ ਕਰ ਸਕਿਆ ਪਰ ਬਹਾਦਰ ਸ਼ਾਹ ਨੇ ਇਸ ਫੁਰਤੀ ਨਾਲ ਹਮਲਾ ਕੀਤਾ ਕਿ ਆਜ਼ਮ ਦੀਆਂ ਫ਼ੌਜਾਂ ਵਿਚ ਭਾਜੜ ਪੈ ਗਈ। ੩੦,੦੦੦ ਘੋੜਿਆਂ ਦੇ ਹੁੰਦਿਆਂ ਕੁਝ ਹੀ ਟਾਕਰੇ ਤੇ ਆਏ। ਸਾਰੀ ਛਾਉਣੀ ਨੂੰ ਹੀ ਅੱਗ ਲਗਾ ਦਿੱਤੀ ਗਈ। ਗਰਮੀ ਜ਼ੋਰਾਂ ਤੇ ਸੀ। ਮੈਦਾਨ ਰੇਤਲਾ ਸੀ ਤੇ ਮਿੱਟੀ ਘੱਟਾ ਇਤਨੀ ਤੇਜ਼ੀ ਨਾਲ ਉੱਡਦਾ ਸੀ ਕਿ ਕੁਝ ਦਿਖਾਈ ਨਹੀਂ ਸੀ ਦਿੰਦਾ। ਹਨ੍ਹੇਰੀ ਦਾ ਰੁੱਖ ਵੀ ਆਜ਼ਮ ਦੀਆਂ ਫ਼ੌਜਾਂ ਲਈ ਉਲਟਾ ਸੀ। ਜੋ ਤੀਰ ਆਜ਼ਮ ਦੀ ਫ਼ੌਜ ਦੇ ਸਿਪਾਹੀ ਛੱਡਦੇ, ਉਹ ਰਾਹ ਵਿਚ ਹੀ ਰਹਿ ਜਾਂਦੇ ਸਨ ਅਤੇ ਜੋ ਬਹਾਦਰ ਸ਼ਾਹ ਦੀ ਫ਼ੌਜ ਛੱਡਦੀ, ਉਹ ਹੋਰ ਤਿੱਖਾ ਹੋ ਕੇ ਲਗਦਾ ਸੀ । ਸਿੱਖ ਰਵਾਇਤ ਵੀ ਹੈ ਜਦ ਆਜ਼ਮ ਦੀ ਫ਼ੌਜ ਬਹਾਦਰ ਸ਼ਾਹ ਨੇ ਦੇਖੀ ਤਾਂ ਉਸ ਗੁਰੂ ਜੀ ਨੂੰ ਯਾਦ ਕੀਤਾ ਅਤੇ ਫਿਰ ਐਸਾ ਤੂਫ਼ਾਨ ਆਇਆ ਕਿ ਆਜ਼ਮ ਦੀ ਫ਼ੌਜ ਨੂੰ ਕੁਝ ਸੁੱਝੇ ਹੀ ਨਾਂਹ। ਆਜ਼ਮ ਦਾ ਪੁੱਤਰ ਬੇਦਾਰ ਬੱਖ਼ਤ ਵੀ ਮਾਰਿਆ ਗਿਆ ਤੇ ਇਸ ਰੌਲੇ ਰੱਪੇ ਵਿਚ ਹੀ ਲੱਖੀ ਜੰਗਲ ਦੇ ਇਕ ਸਿਪਾਹੀ ਈਸਾ ਖ਼ਾਨ ਨੇ ਨਿਸ਼ਾਨਾ ਸੇਧ ਐਸਾ ਤੀਰ ਮਾਰਿਆ ਕਿ ਆਜ਼ਮ ਦੇ ਮੱਥੇ ਵਿਚ ਲੱਗਾ ਤੇ ਉਹ ਥਾਂ ਤੇ ਹੀ ਢੇਰ ਹੋ ਗਿਆ। ਈਸਾ ਖ਼ਾਨ ਭਾਈ ਧਰਮ ਸਿੰਘ ਜੀ ਦੇ ਜਥੇ ਦਾ ਇਕ ਸਿਪਾਹੀ ਸੀ । ਜੰਗ ਦੀ ਕਾਮਯਾਬੀ ਦਾ ਸਿਹਰਾ ਸਿੱਖ ਜਥੇ ਤੇ ਹੀ ਸੀ। ਸਭ ਪਾਸੇ ਇਹ ਗੱਲ ਫੈਲੀ ਕਿ ਗੁਰੂ ਜੀ ਕੀ ਸਹਾਇਤਾ ਅਤੇ ਅਸੀਸ ਸਦਕੇ ਬਹਾਦਰ ਸ਼ਾਹ ਕੀ ਜੀਤ ਹੋਈ। ਜਿੱਤ ਦੇ ਡੰਕੇ ਵਜਾਉਂਦਾ ਬਹਾਦਰ ਸ਼ਾਹ ੧੯ ਜੂਨ, ੧੭੦੭ ਨੂੰ ਆਗਰੇ ਦਾਖ਼ਲ ਹੋਇਆ, ਇਹ ਜੰਗ ੨੮ ਜੂਨ, ੧੭੦੭ ਨੂੰ ਹੋਈ ਸੀ।
ਬਹਾਦਰ ਸ਼ਾਹ ਨਾਲ ਆਗਰੇ ਵਿਖੇ ਮੁਲਾਕਾਤ-ਗੁਰੂ ਗੋਬਿੰਦ ਸਿੰਘ ਜੀ ਨੂੰ ਬਹਾਦਰ ਸ਼ਾਹ ਦੀ ਜਿੱਤ ਦੀ ਖ਼ਬਰ ਦਿੱਲੀ ਵਿਖੇ ਹੀ ਮਿਲੀ । ਬਹਾਦਰ ਸ਼ਾਹ ਨੇ ਭਾਈ ਧਰਮ ਸਿੰਘ ਹੱਥ ਹੀ ਬੇਨਤੀ ਭੇਜੀ ਕਿ ਉਹ ਆਗਰੇ ਆ ਕੇ ਦਰਸ਼ਨ ਦੇਣ। ਉਸ ਨੂੰ ਪੂਰਾ ਅਹਿਸਾਸ ਸੀ ਕਿ ਗੁਰੂ ਜੀ ਦੀ ਮਦਦ ਤੋਂ ਬਿਨਾਂ ਇਹ ਜੰਗ ਜਿੱਤੀ ਨਹੀਂ ਸੀ ਜਾ ਸਕਦੀ।੩੧ ਜੁਲਾਈ, ੧੭੦੭ ਨੂੰ ਗੁਰੂ ਜੀ ਮਥਰਾ, ਬ੍ਰਿਦਾਬਨ ਤੋਂ ਹੁੰਦੇ ਆਗਰੇ ਪੁੱਜੇ ਅਤੇ ਉਨ੍ਹਾਂ ਕੈਂਪ ਸ਼ਹਿਰ ਤੋਂ ਪੰਜ ਮੀਲ ਦੂਰ ਹੀ ਰੱਖਿਆ। ਬਹਾਦਰ ਸ਼ਾਹ ਨੇ ਖ਼ਾਨਿ-ਖ਼ਾਨਾ ਮੁਨਈਮ ਖਾਨ ਨੂੰ ਅੱਗੋਂ ਸਵਾਗਤ ਲਈ ਭੇਜਿਆ ਅਤੇ ਮੁਲਾਕਾਤ ਦੀ ਤਾਰੀਖ ਦੋ ਅਗਸਤ ਮੁਕੱਰਰ ਹੋਈ।?
ਮੁਲਾਕਾਤ ਵਾਲੇ ਦਿਨ ਮਹਾਰਾਜ ਜੀ ਸ਼ਸਤ੍ਰ ਸਜਾ, ਕਲਗ਼ੀ ਲਗਾ, ਘੋੜੇ ਤੇ ਸਵਾਰ ਹੋ ਪਧਾਰੇ। ਬਹਾਦਰ ਸ਼ਾਹ ਅੱਗੋਂ ਕਿਲ੍ਹੇ ਦੇ ਦਰਵਾਜ਼ੇ ਤੇ ਲੈਣ ਆਇਆ। ਦਰਬਾਰ ਵਿਚ ਸਭ ਨੇ ਉਠ ਕੇ ਸਤਿਕਾਰ ਦਿੱਤਾ। ਸਤਿਕਾਰ ਵਜੋਂ ਉਸ ਧੁਖ ਧੁਖੀ, ਸਰਾਇ ਪਰਦਾ, ਖੈਮਾ ਤੇ ਨਗਾਰਾ ਭੇਟ ਕੀਤਾ। ਮਹਾਰਾਜ ਨੇ ਚਾਰੇ ਵਸਤੂਆਂ ਇਕ ਸਿੱਖ ਰਾਹੀਂ ਆਪਣੇ ਕੈਂਪ ਪਹੁੰਚਾ ਦਿੱਤੀਆਂ। ਸ਼ਾਹੀ ਰਿਵਾਜ ਮੁਤਾਬਕ ਖ਼ਿਲਅਤ ਦੇ ਬਸਤਰ ਬਾਦਸ਼ਾਹ ਸਾਹਮਣੇ ਪਹਿਨਣੇ ਪੈਂਦੇ ਸਨ ਤੇ ਉਨ੍ਹਾਂ ਦਾ ਨਾ ਪਹਿਨਣਾ ਇਸ ਗੱਲ ਦਾ ਪ੍ਰਗਟਾ ਸੀ ਕਿ ਉਹ ਗੁਰੂ ਜੀ ਨੂੰ ਦੀਨ ਦੁਨੀ ਦਾ ਆਗੂ ਗਿਣਦਾ ਸੀ ਤੇ ਉਹ ਸਨਮਾਨ ਦੇਣਾ ਉਚਿਤ ਸਮਝਦਾ ਸੀ ਜੋ ਇਕ ਬਾਦਸ਼ਾਹ ਦੂਜੇ ਸੁਤੰਤਰ ਬਾਦਸ਼ਾਹ ਨੂੰ ਦੇਂਦਾ ਹੈ। ਝੰਡਾ, ਨਗਾਰਾ ਤੇ ਸਰਾਇਪਰਦਾ ਸੁਤੰਤਰ ਰਾਜ ਦੀਆਂ ਨਿਸ਼ਾਨੀਆਂ ਹਨ । ਗੁਰੂ ਸੋਭਾ ਦੇ ਲਿਖਾਰੀ ਦੇ ਸ਼ਬਦ ਹਨ :
ਕਲਗੀ ਅਉਰ ਧੁਖ ਧੁਖੀ ਆਨੀ।
ਖ਼ਿਲਅਤ ਏਕ ਸਾਹ ਮਨ ਮਾਨੀ ।
ਸ਼ਾਹ ਪ੍ਰਭੂ ਕੋ ਭਏ ਚੜ੍ਹਾਈ।
ਖ਼ੁਸ਼ੀ ਕਰੋ ਤੁਮ ਸੋ ਬਨਿਆਈ। ੩੫। ੨੨੩।
ਤਹਿ ਸਮੇਂ ਪ੍ਰਭੂ ਨੇ ਫ਼ਰਮਾਯੋ।
ਅੰਦਰ ਸ਼ਾਹਿ ਪੈ ਸਿੰਘ ਬੁਲਾਯੋ ।
ਬਸਤ੍ਰ ਤਹਿ ਪਾਸ ਉਠਵਾਏ।
ਬਿਦਾ ਭਏ ਪ੍ਰਭੂ ਡੇਰੇ ਆਏ। ੩੬। ੨੩੪।
ਇਹ ਬਹਾਦਰ ਸ਼ਾਹ ਦੇ ਆਖੇ ਸ਼ਬਦ ਧਿਆਨ ਦੇਣ ਯੋਗ ਹਨ। ਉਸ ਨੇ ਤਖ਼ਤ ਪ੍ਰਾਪਤ ਕਰਨ ਦਾ ਗੁਰੂ ਜੀ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ : ਬੜੀ ਕ੍ਰਿਪਾ ਕੀਤੀ, ਦਰਸ਼ਨ ਦਿੱਤੇ।
ਦਯਾ ਧਾਰਿ ਹਮਰੋ ਘਰ ਆਏ।
ਤਖ਼ਤ ਬਖ਼ਤ ਤੁਮ ਕੇ ਪ੍ਰਭੂ ਪਾਏ। ੩੪। ੨੨੨।
ਅਹਿਮਦ ਸ਼ਾਹ ਬਟਾਲਵੀ ਨੇ ਵੀ ਲਿਖਿਆ ਹੈ ਕਿ ਜਦ ਗੁਰੂ ਜੀ ਦਰਬਾਰ ਵਿਚ ਪਧਾਰੇ ਤਾਂ ਬਾਦਸ਼ਾਹ ਨੇ ਕਿਹਾ: ‘ਹੱਕ ਦੇ ਜਾਣੂੰ ਤੇ ਉਸੇ ਦੀ ਪੂਜਾ ਕਰਨ ਵਾਲਿਆਂ ਦੇ ਆਗੂ ਖ਼ੁਦਾ ਨੂੰ ਪਹੁੰਚੇ ਹੋਏ ਆਰਫ਼ਾਂ ਦੇ ਮੋਢੀ ਰਾਮ ਦਾਸ ਜੀਉ, ਆਸ ਹੈ ਕਿ ਆਪ ਦਾ ਪਰਉਪਕਾਰੀ ਸਰੀਰ ਨਰੋਆ ਹੈ। ਆਪ ਜੀ ਦੇ ਦਰਸ਼ਨ ਦੇਣ ਨਾਲ ਸਾਰੇ ਗ਼ਮ ਦੂਰ ਹੋ ਗਏ ਹਨ। ਠੀਕ ਗੱਲ ਤਾਂ ਇਹ ਹੈ ਕਿ ਇਹ ਸਲਤਨਤ ਤੇ ਬਾਦਸ਼ਾਹਿਤ ਆਪ ਜੀ ਦੇ ਰਹਿਮ ਤੇ ਦਇਆ ਸਦਕਾ ਹੀ ਪ੍ਰਾਪਤ ਹੋਈ ਹੈ’, ਫਿਰ ਉਸ ਨੇ ਯਕੀਨ ਦਿਵਾਇਆ ਕਿ ਆਪ ਜੀ ਦੇ ਵਾਜਬ ਹੁਕਮ ਸਿਰ ਤੇ ਖਿੜੇ ਮੱਥੇ ਪੂਰੇ ਕਰਨ ਦਾ ਵੱਧ ਤੋਂ ਵੱਧ ਜਤਨ ਕਰਾਂਗਾ।
ਇਤਨਾ ਸਤਿਕਾਰ ਦੇਖ ਕੇ ਕੱਟੜ ਪੰਥੀਆਂ ਨੇ ਰੋਸ ਮਨਾਇਆ ਤੇ ਭਰੇ ਦਰਬਾਰ ਵਿਚ ਹੀ ਕਿਹਾ ਜੇ ਇਹ ਦੀਨੀ ਆਗੂ ਹੈ ਤਾਂ ਕਰਾਮਾਤ ਦਿਖਲਾਏ । ਜਦ ਬਹਾਦਰ ਸ਼ਾਹ ਨੇ ਕੱਟੜ ਪੰਥੀਆਂ ਦੀ ਤਰਕ ਦਾ ਜ਼ਿਕਰ ਕੀਤਾ ਤਾਂ ਉਨ੍ਹਾਂ ਫ਼ਰਮਾਇਆ ਕਿ ਕਰਾਮਾਤ ਦਾ ਮਾਲਕ ਕੇਵਲ ਅੱਲਾਹ ਹੈ। ਅੱਲਾਹ ਦੇ ਪਿਆਰਿਆਂ ਨੂੰ ਕਰਾਮਾਤ ਦਿਖਾਉਣੀ ਸੋਭਦੀ ਨਹੀਂ । ਇਕ ਵਾਰੀ ਅਨੰਦਪੁਰ ਤੇ ਫਿਰ ਦਿੱਲੀ ਵੀ ਐਸੀ ਘਟਨਾ ਹੋਈ ਸੀ । ਮਹਾਰਾਜ ਨੇ ਜਦ ਨਿਸ਼ਾਨੇ ਤੇ ਤੀਰ ਮਾਰਿਆ ਸੀ ਤਾਂ ਵਜੀਦ ਖ਼ਾਨ ਪੁਕਾਰ ਉੱਠਿਆ ਸੀ ‘ਕਰਾਮਾਤ’ ਤਾਂ ਮਹਾਰਾਜ ਨੇ ਦੂਜਾ ਤੀਰ ਭੇਜਦੇ ਲਿਖਿਆ ਸੀ: ‘ਕਰਾਮਾਤ ਨਹੀਂ, ਕਰਤਬ । ਪਰ ਹੁਣ ਜਦ ਸਾਰਿਆਂ ਨੇ ਜ਼ਿੱਦ ਹੀ ਪਕੜ ਲਈ ਤਾਂ ਮਹਾਰਾਜ ਨੇ ਆਪਣੀ ਪਾਵਨ ਉਂਗਲੀ ਦਾ ਇਸ਼ਾਰਾ ਬਹਾਦਰ ਸ਼ਾਹ ਵੱਲ ਕਰ ਕੇ ਕਿਹਾ : ‘ਤੂੰ ਹੀ ਕਰਾਮਾਤ ਹੈਂ।’ ਸਿਆਸਤ ਹੀ ਵੱਡੀ ਕਰਾਮਾਤ ਹੈ ਤੇ ਸਿਆਸੀ ਤਾਕਤ ਦਾ ਹੱਥ ਹੋਣਾ ਹੀ ਕਰਾਮਾਤਾਂ ਵਿਚੋਂ ਇਕ ਕਰਾਮਾਤ ਹੈ । ਹੁਕਮ ਦੇ ਕੇ ਸ਼ਾਹ, ਹਾਕਮ ਜਿਸ ਦਾ ਸਿਰ ਚਾਹੇ ਉਤਾਰ ਲਵੇ ਤੇ ਜਿਸ ਦੀ ਚਾਹੇ ਜਾਨ ਬਖ਼ਸ਼ੀ ਕਰ ਦੇਵੇ।’ ਪਰ ਇਸ ਬਚਨ ਨਾਲ ਉਨ੍ਹਾਂ ਲੋਕਾਂ ਦੀ ਤਸੱਲੀ ਨਾ ਹੋਈ। ਉਨ੍ਹਾਂ ਕਰਾਮਾਤ ਦਿਖਲਾਉਣ ਲਈ ਕਿਹਾ। ਗੁਰੂ ਜੀ ਨੇ ਇਕ ਮੋਹਰ ਜ਼ਮੀਨ ਤੇ ਸੁੱਟ ਕੇ ਆਖਿਆ, ‘ਫਿਰ ਜੇ ਉਹ (ਤਖ਼ਤ) ਕਰਾਮਾਤ ਨਹੀਂ ਤਾਂ ਇਹ ਮੁਹਰ ਕਰਾਮਾਤ ਹੈ। ਇਸ ਵਿਚ ਇਤਨੀ ਸ਼ਕਤੀ ਹੈ ਕਿ ਸਿਆਸਤ ਤਕ ਖਰੀਦ ਲੈਂਦੀ ਹੈ। ਕਿਤਨੇ ਹੀ ਇਸ ਪਿੱਛੇ ਭੱਜੇ ਫਿਰਦੇ ਹਨ।’ ਪਰ ਉਹ ਤਾਂ ਗੁਰੂ ਜੀ ਕੋਲੋਂ ਕਰਾਮਾਤ ਦੇਖਣਾ ਚਾਹੁੰਦੇ ਸਨ। ਗੁਰੂ ਪਾਤਸ਼ਾਹ ਨੇ ਆਪਣੀ ਕਿਰਪਾਨ ਮਿਆਨ ਵਿਚੋਂ ਕੱਢ ਕੇ ਗਰਜ ਕੇ ਕਿਹਾ: ‘ਜੋ ਨਾ ਸੁਣੇ, ਨਾ ਸਮਝੇ, ਉਸ ਲਈ ਇਹ ਹੀ ਕਰਾਮਾਤ ਹੈ।’ ਸਾਰੇ ਚੁੱਪ ਹੋ ਗਏ।
ਮੌਲਾਨਿਆਂ ਦਾ ਦੂਜਾ ਪ੍ਰਸ਼ਨ ਸੀ : ‘ਪੀਰ! ਮਜ਼ਹਬ ਹਮਾਰਾ ਖੂਬ ਕਿ ਤੁਮਾਰਾ ਖੂਬ।’ ਮਹਾਰਾਜ ਨੇ ਮੋੜਵਾਂ ਉੱਤਰ ਦੇਂਦੇ ਫ਼ਰਮਾਇਆ, ‘ਤੁਮ ਕੋ ਤੁਮਾਰਾ ਖੂਬ, ਹਮ ਕੋ ਹਮਾਰਾ ਖੂਬ।’ ਕੈਸੇ ਪੂਰਨੇ ਪਾਏ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਹਰ ਇਕ ਨੂੰ ਆਪਣੇ ਖ਼ਿਆਲਾਂ ਦੀ ਸੁਤੰਤਰਤਾ ਹੋਣੀ ਚਾਹੀਦੀ ਹੈ। ਧਰਮ ਇਕ ਦੂਜੇ ਤੇ ਠੋਸਣਾ ਠੀਕ ਨਹੀਂ।
ਫਿਰ ਮੁਲਾਕਾਤਾਂ ਦਾ ਸਿਲਸਿਲਾ ਤੁਰਦਾ ਰਿਹਾ। ਇਕ ਮੁਲਾਕਾਤ ਵਿਚ ਜਦ ਇਹ ਮਤ ਦਿੱਤਾ ਗਿਆ ਕਿ ਰੋਜ਼-ਇ-ਹਸ਼ਰ ਵਾਲੇ ਦਿਨ ਉਹ ਹੀ ਸੁਰਖ਼ਰੂ ਹੋਵੇਗਾ ਜਿਸ ਦੀ ਹਜ਼ਰਤ ਸਿਫ਼ਾਰਸ਼ ਕਰਨਗੇ ਤਾਂ ਗੁਰੂ ਜੀ ਨੇ ਇਕ ਸਿੱਕਾ ਉਸ ਦੇ ਇਕ ਕਰਮਚਾਰੀ ਨੂੰ ਦਿੱਤਾ ਕਿ ਬਾਜ਼ਾਰ ਤੋਂ ਇਸ ਦਾ ਮੁੱਲ ਪੁਆ ਲਿਆਵੇ। ਕੁਝ ਚਿਰ ਬਾਅਦ ਕਰਮਚਾਰੀ ਨੇ ਵਾਪਸ ਆ ਕੇ ਕਿਹਾ : ਕੋਈ ਸਿੱਕੇ ਨੂੰ ਪਰਵਾਨ ਨਹੀਂ ਕਰਦਾ। ਮਹਾਰਾਜ ਨੇ ਕਿਹਾ: ‘ਬਹਾਦਰ ਸ਼ਾਹ ! ਦੇਖੋ ਤੁਹਾਡੀ ਮੋਹਰ ਉੱਪਰ ਲੱਗੀ ਹੈ ਪਰ ਇਸ ਨੂੰ ਕੋਈ ਸਵੀਕਾਰ ਨਹੀਂ ਕਰਦਾ।’ ਬਹਾਦਰ ਸ਼ਾਹ ਲਈ ਬੜੀ ਹੈਰਾਨੀ ਸੀ। ਉਸ ਨੇ ਸਿੱਕਾ ਤਲਬ ਕੀਤਾ ਤੇ ਹੱਥ ਤੇ ਰੱਖਦੇ ਸਾਰ ਕਿਹਾ : ‘ਪੀਰ, ਮੋਹਰ ਕੀ ਕਰੇ। ਧਾਤ ਖੋਟੀ ਹੈ। ‘ ਉਸੇ ਵਕਤ ਮਹਾਰਾਜ ‘ ਨੇ ਕਿਹਾ: ‘ਗੱਲ ਇਹ ਹੀ ਹੈ। ਮੁੱਲ ਮੋਹਰ ਦਾ ਨਹੀਂ ਧਾਤ ਦਾ ਹੈ। ਜੇ ਧਾਤ ਖੋਟੀ ਹੈ ਤਾਂ ਮੋਹਰ ਬੇਸ਼ਕ ਕਿਸੇ ਦੀ ਹੋਵੇ, ਉਹ ਅਪ੍ਰਵਾਨ ਹੈ। ਜੇ ਕੋਈ ਇਹ ਸਮਝਦਾ ਹੈ ਕਿ ਸ਼ੁੱਭ ਅਮਲਾਂ ਬਗ਼ੈਰ ਹੀ ਦਰ ਪਰਵਾਨ ਹੋ ਜਾਏਗਾ ਤਾਂ ਉਸ ਦਾ ਭੁਲੇਖਾ ਨਿਕਲ ਜਾਣਾ ਚਾਹੀਦਾ ਹੈ ਉਥੇ ਸਿਫਾਰਸ਼ ਕਿਸੇ ਕੰਮ ਨਹੀਂ ਆਉਣੀ।’
ਕਈ ਦਿਨ ਹੋਰ ਵਿਚਾਰਾਂ ਹੁੰਦੀਆਂ ਰਹੀਆਂ। ਇੰਝ ਪ੍ਰਤੀਤ ਹੋਣ ਲੱਗਾ ਕਿ ਚਿਰਾਂ ਤੋਂ ਪਈ ਤਰੇੜ ਮਿਲ ਜਾਏਗੀ। ਇਨ੍ਹਾਂ ਮੁਲਾਕਾਤਾਂ ਦਾ ਸਿੱਟਾ ਇਕ ਅਹਿਦਨਾਮੇ ਵਿਚ ਨਿਕਲਿਆ ਜਿਸ ਦੀਆਂ ਚਾਰ ਮੋਟੀਆਂ ਧਾਰਾਵਾਂ ਸਨ :
੧. ਬਾਦਸ਼ਾਹ ਹਿੰਦੂ ਮੁਸਲਮਾਨ ਨੂੰ ਤੁਲ ਜਾਣੇਗਾ।
੨. ਇਨਸਾਫ਼ ਕਰੇਗਾ।
੩. ਦੂਜੇ ਦੇ ਧਰਮ ਵਿਚ ਦਖ਼ਲ ਨਹੀਂ ਦੇਵੇਗਾ।
੪. ਜਿਨ੍ਹਾਂ ਨੇ ਬੇਦੋਸ਼ਿਆਂ ਨੂੰ ਮਾਰਿਆ ਹੈ ਉਨ੍ਹਾਂ ਨੂੰ ਤੁਰੰਤ ਸਜ਼ਾਵਾਂ ਦੇਵੇਗਾ।
ਮਹਾਰਾਜ ਨੇ ਕਿਹਾ ਕਿ ਜੇ ਰਾਜ ਕਮਾਉਣਾ ਈ ਤਾਂ ਚੁਗ਼ਲ ਦੀ ਨਾ ਸੁਣੀ । ਰਾਹ ਦੇ ਕੰਡੇ ਹਟਾ।
“ਚੁਗਲ ਸੰਗ ਨ ਕਰੋ ਪਿਆਰਾ । ਰਬਤ ਫੂਲਨ ਮਾਲ ਸੰਭਾਰਾ ।
ਕੰਡਿਅਨ ਓਝਾ ਦੂਰ ਕਰੀਜੈ । ਖੇਤੀ ਫੁਲ ਮਾਲੀ ਸੁਖ ਦੀਜੈ।” ‘
ਗੱਲਬਾਤ ਦੀ ਕਾਮਯਾਬੀ ਦਾ ਵਰਣਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਹੁਕਮਨਾਮੇ ਵਿਚ ਜੋ ਉਨ੍ਹਾਂ ਧੌਲਪੁਰ ਦੀ ਸੰਗਤ ਦੇ ਨਾਂ ਲਿਖਿਆ, ਵੀ ਕੀਤਾ। ਉਨ੍ਹਾਂ ਇਹ ਵੀ ਲਿਖਿਆ ਕਿ ਗੱਲਬਾਤ ਸਿਰੇ ਚੜ੍ਹ ਜਾਣ ਤੇ, ਉਹ ਅਨੰਦਪੁਰ ਮੁੜ ਰਹੇ ਹਨ ਅਤੇ ਖ਼ਾਲਸਾ ਹਥਿਆਰਬੱਧ ਹੋ ਕੇ ਉਥੇ ਪੁੱਜੇ । ਉਥੋਂ ਹੀ ਅਗਲਾ ਪ੍ਰੋਗਰਾਮ ਦੱਸਿਆ ਜਾਏਗਾ।
ਹੁਕਮਨਾਮੇ ਦੇ ਸ਼ਬਦ ਹਨ :
ੴ ਸਤਿਗੁਰ ਜੀ
ਸਰਬ ਸੰਗਤਿ ਧਉਲ ਕੀ, ਤੁਸੀਂ ਮੇਰਾ ਖਾਲਸਾ ਹੋ। ਗੁਰੂ ਰੱਖੇਗਾ। ਗੁਰੂ ਗੁਰੂ ਜਪਣਾ ਜਨਮ ਸਵਰੈਗਾ। ਸਭ ਸੁਖ ਨਾਲ ਪਾਤਸ਼ਾਹ ਪਾਸਿ ਆਏ। ਸਿਰਪਾਓ ਅਰ ਸਤਿ ਹਜ਼ਾਰ ਕੀ ਧੁਖ ਧੁਖੀ ਜੜਾਓ ਇਨਾਮ। ਹੋਰ ਭੀ ਕੰਮ ਗੁਰੂ ਕਾ ਸਦਕਾ ਹੋਤੇ ਹੈਂ, ਅਸੀਂ ਭੀ ਥੋੜ੍ਹੇ ਦਿਨਾਂ ਨੂੰ ਆਵਤੇ ਹਾਂ । ਸਰਬਤ ਸੰਗਤ ਖਾਲਸਾ ਕੋ ਮੇਰਾ ਹੁਕਮ ਹੈ । ਆਪਸ ਮੇਂ ਮੇਲ ਕਰਨਾ। ਜਦ ਅਸੀਂ ਕਹਿਲੂਰ ਆਵਤੇ, ਤਦਿ ਸਰਬਤ ਖਾਲਸੇ ਹਥਿਆਰ ਬਨਿ ਕੇ ਹਜ਼ੂਰ ਆਵਨਾ। ਸੰਮਤ ੧੯੬੪, ੪ ਕਤਕ
ਇਸ ਹਿਸਾਬ ਨਾਲ ੩੧ ਅਕਤੂਬਰ, ੧੭੦੭ ਬਣਦੀ ਹੈ ਅਤੇ ਪਰਗਟ ਹੁੰਦਾ ਹੈ ਕਿ ਆਗਰੇ ਵਿਖੇ ਹੀ ਹਿੰਦੁਸਤਾਨ ਦਾ ਇਤਿਹਾਸ ਬਦਲ ਜਾਣਾ ਸੀ ਪਰ ਸਮਝੌਤੇ ਤੇ ਅਮਲ ਕਰਾਉਣ ਦੀਆਂ ਵਿਚਾਰਾਂ ਚਲ ਰਹੀਆਂ ਸਨ ਕਿ ਜੋਧਪੁਰ ਤੋਂ ਖਬਰ ਆਈ ਕਿ ਅਜੀਤ ਸਿੰਘ ਨੇ ਮੁਗ਼ਲ ਨੁਮਾਇੰਦੇ ਮੁਕੱਰਮ ਦੀਨ ਨੂੰ ਨਠਾ ਦਿੱਤਾ ਹੈ ਅਤੇ ਰਾਜਪੂਤਾਨੇ ਵਿਚ ਬਗ਼ਾਵਤ ਵੱਡੇ ਪੈਮਾਨੇ ਦੀ ਹੋਣ ਦੀ ਸੰਭਾਵਨਾ ਹੈ। ਸੋ ੧੦ ਨਵੰਬਰ, ੧੭੦੭ ਨੂੰ ਬਹਾਦਰ ਸ਼ਾਹ ਨੇ ਰਾਜਪੂਤਾਨੇ ਜਾਣ ਦਾ ਇਰਾਦਾ ਦੱਸਿਆ ਅਤੇ ਗੁਰੂ ਜੀ ਨੂੰ ਨਾਲ ਹੀ ਟੁਰਨ ਲਈ ਬੇਨਤੀ ਕੀਤੀ। ਮਹਾਰਾਜ ਜੀ ਇਕ ਤਾਂ ਗੱਲਬਾਤ ਨੂੰ ਵਿਚੇ ਹੀ ਛੱਡ ਕੇ ਮੁੜਨਾ ਨਹੀਂ ਸਨ ਚਾਹੁੰਦੇ । । ਦੂਜੇ ਰਾਜਪੂਤਾਂ ਨੂੰ • ਤਗੜਾ ਕਰਨਾ ਲੋੜਦੇ ਸਨ। ਗੁਰੂ ਜੀ ਰਾਜਪੂਤਾਨੇ ਵੱਲ ਚੱਲ ਪਏ ਪਰ ਅਜੇ ਰਾਜਪੂਤਾਨੇ ਤਾਨੇ ਦੀ ਹੱਦ ਤੇ ਪੁੱਜੇ ਹੀ ਸਨ ਕਿ ਉਨ੍ਹਾਂ ਨੂੰ ਖ਼ਬਰ ਮਿਲ ਗਈ ਕਿ ਬਹਾਦਰ ਸ਼ਾਹ ਉਥੋਂ ਅੱਗੇ ਦੱਖਣ ਵੱਲ ਕੂਚ ਕਰ ਗਿਆ ਹੈ ਕਿਉਂਕਿ ਤੀਜੇ ਭਰਾ ਕਾਮ ਬੱਖ਼ਸ਼ ਨੇ ਬਗ਼ਾਵਤ ਕਰ ਦਿੱਤੀ ਹੈ।
੧੫ ਨਵੰਬਰ, ੧੭੦੭ ਨੂੰ ਬਹਾਦਰ ਸ਼ਾਹ ਰਾਜਪੂਤਾਨੇ ਵੱਲ ਚਲਿਆ। ਔਰੰਗਜ਼ੇਬ ਦੀ ਮੌਤ ਬਾਅਦ ਅਜੀਤ ਸਿੰਘ ਨੇ ਮੁਕੱਰਮ ਦੀਨ ਨੂੰ ਜੋਧਪੁਰ ਤੋਂ ਭਜਾ ਦਿੱਤਾ। ਸੋ ਬਹਾਦਰ ਸ਼ਾਹ ਨੇ ਜੋਧਪੁਰ ਤੇ ਧਾਵਾ ਬੋਲਿਆ ਅਤੇ ਗੁਰੂ ਜੀ ਨੂੰ ਸੁਨੇਹਾ ਭੇਜਿਆ ਕਿ ਉਹ ਵੀ ਦਰਸ਼ਨ ਦੇਣ ਕਿਉਂਕਿ ਕਈ ਮਸਲੇ ਨਜਿੱਠਣੇ ਰਹਿ ਗਏ ਸਨ । ੧੦ ਦਸੰਬਰ, ੧੭੦੭ ਨੂੰ ਬਹਾਦਰ ਸ਼ਾਹ ਭੂਸਾਵਲ, ਜਿਥੇ ਵੱਡੀ ਝੀਲ ਹੈ, ਪੁੱਜਾ। ੨੮ ਦਸੰਬਰ, ੧੭੦੭ ਨੂੰ ਭੂਸਾਵਲ ਤੋਂ ਅੱਗੇ ਤੇ ੨੦ ਜਨਵਰੀ ਨੂੰ ਅੰਬਰ ਤੇ ਦੇਵਾਸ, ਖੈਰਾਵਲੀ, ਬੈਰਠ, ਸੰਗੇਨਰ ਤੋਂ ਹੁੰਦੇ ਹੋਏ ਕਿਸ਼ਨਗੜ੍ਹ ਪੁੱਜਾ। ਅਜੇ ਬਹਾਦਰ ਸ਼ਾਹ ਅਜਮੇਰ ਹੀ ਸੀ ਕਿ ਉਸ ਨੇ ਨਿਰਣਾ ਲਿਆ ਕਿ ਜੋਧਪੁਰ ਦੀ ਬਗਾਵਤ ਦਬਾ ਕੇ ਦੱਖਣ ਕਾਮ ਬਖਸ਼ ਦੀ ਬਗ਼ਾਵਤ ਦਬਾਉਣ ਲਈ ਜਾਏਗਾ। ੨੧ ਫਰਵਰੀ ੧੭੦੮ ਨੂੰ ਮੇਰਟਾ ਪੁੱਜਾ। ਅਜੀਤ ਸਿੰਘ (ਜੋਧਪੁਰ) ਨੇ ਈਨ ਮੰਨ ਲਈ ਅਤੇ ਬਹਾਦਰ ਸ਼ਾਹ ਫਿਰ ੨੪ ਮਾਰਚ, ੧੭੦੮ ਨੂੰ ਅਜਮੇਰ ਪੁੱਜਿਆ ਅਤੇ ਉਥੋਂ ਚਿਤੌੜ ਲਈ ਚੱਲ ਪਿਆ। ਚਿਤੌੜ ਤੋਂ ਉਜੈਨ ਗਿਆ ਤੇ ੧੨ ਅਪਰੈਲ, ੧੭੦੮ ਨੂੰ ਹੁਸੈਨੀਪੁਰ ਦੇ ਨੇੜੇ ਕੈਂਪ ਲਗਾਇਆ। ਮਾਲਵਾ ਦੇ ਪ੍ਰਸਿੱਧ ਨਗਰ ਮੁੰਡੇਸ਼ਵਰ ੩੦ ਅਪਰੈਲ, ੧੭੦੮ ਨੂੰ ਪੁੱਜਾ । ਨੌਧੱਹਾ ਦੱਰੇ ਨੂੰ ੧੮ ਮਈ ਨੂੰ ਲੰਘਿਆ ਤੇ ਦਰਿਆ ਨਰਬਦਾ ਨੂੰ ੧੯ ਮਈ ਪਾਰ ਕਰ ਕੇ ਔਰੰਗਾਬਾਦ, ਔਰੰਗਜ਼ੇਬ ਦੇ ਮਕਬਰੇ ਤੇ ਗਿਆ । ੨੫ ਜੂਨ, ੧੭੦੮ ਨੂੰ ਤਾਪਤੀ ਦਰਿਆ ਪਾਰ ਕਰਨਾ ਚਾਹਿਆ ਪਰ ਹੜ੍ਹ ਆਉਣ ਕਰਕੇ ਤਿੰਨ ਦਿਨ ਲੱਗ ਗਏ। ਫਿਰ ਬੁਰਹਾਨਪੁਰ ਪੁੱਜਾ ਤੇ ਉਥੋਂ ਮਲਕਪੁਰ ਹੋ ਕੇ ਨਾਦੇੜ ਆਇਆ। ਬੁਰਹਾਨਪੁਰ ਗੁਰੂ ਜੀ ਵੀ ਪੁੱਜ ਗਏ ਸਨ। ਬਹਾਦਰ ਸ਼ਾਹ ਧੁਰ ਦੱਖਣ ਤਕ ਚਲਾ ਗਿਆ ਸੀ ਤੇ ੫ ਸਤੰਬਰ, ੧੭੦੮ ਨੂੰ ਜ਼ਫ਼ਰਾਬਾਦ (ਬਿਦਰ) ਸੀ ਜੋ ਹੈਦਰਾਬਾਦ ਤੋਂ ੬੭ ਮੀਲ ਤੇ ਹੈ । ਗੁਰੂ ਜੀ ਨਾਦੇੜ ੩ ਸਤੰਬਰ, ੧੭੦੮ ਨੂੰ ਪੁੱਜੇ ਸਨ । ਇਹ ਸਾਰੇ ਪੈਂਡੇ ਦਾ ਵੇਰਵਾ ਇਸ ਲਈ ਦਿੱਤਾ ਹੈ ਤਾਂਕਿ ਇਹ ਪ੍ਰਗਟ ਹੋ ਜਾਏ ਕਿ ਬਹਾਦਰ ਸ਼ਾਹ ਕਿਵੇਂ ਦੁਲਾਂਘਾਂ ਭਰਦਾ ਦੱਖਣ ਵੱਲ ਜਾ ਰਿਹਾ ਸੀ ਤੇ ਟਿਕਵਾਂ ਸਮਾਂ ਨਾ ਮਿਲ ਸਕਿਆ, ਜਿਥੇ ਆਰੰਭ ਹੋਈ ਗੱਲਬਾਤ ਸਿਰੇ ਚੜ੍ਹ ਸਕੇ। ਗੁਰੂ ਜੀ ਵੀ ਅਜਮੇਰ, ਜੋਧਪੁਰ, ਉਦੈਪੁਰ, ਚਿਤੌੜ, ਨਰਬਦਾ, ਤਾਪਤੀ ਤੇ ਬਾਨਗੰਗਾ ਪਾਰ ਕਰ ਕੇ ਹੀ ਨਾਦੇੜ ਪੁੱਜੇ ਸਨ। ਭਾਵੇਂ ਗੁਰੂ ਜੀ ਨਾਲ ਸਮਝੌਤੇ ਦੀ ਗੱਲਬਾਤ ਦਾ ਸਭ ਨੂੰ ਪਤਾ ਸੀ ਤੇ ਗੁਰੂ ਜੀ ਦੇ ਆਦਰ ਦਿੱਤੇ ਜਾਣ ਦੀ ਖ਼ਬਰ ਸਭ ਪਾਸੇ ਜਾ ਚੁੱਕੀ ਸੀ ਪਰ ਕੀਨੇ ਦੀ ਅੱਗ ਮੁਗ਼ਲਾਂ ਵਿਚ ਭੜਕ ਰਹੀ ਸੀ। ਇਕ ਤਾਂ ਜਿਥੋਂ ਵੀ ਗੁਰੂ ਜੀ ਲੰਘਦੇ ਸਨ, ਲੋਕੀਂ ਵਹੀਰਾਂ ਘੱਤ ਦਰਸ਼ਨ ਕਰਨ ਆਉਂਦੇ ਸਨ । ਦੂਜੇ ਧਰਮਾਂ ਦੇ ਆਗੂ ਵੀ ਦਰਸ਼ਨਾਂ ਹਿਤ ਅਤੇ ਉਪਦੇਸ਼ ਲੈਣ ਲਈ ਆ ਰਹੇ ਸਨ। ਨਰਮਦਾ ਪਾਰ ਕਰਦੇ ਐਸੀ ਇਕ ਦੁਰਘਟਨਾ ਵੀ ਹੋ ਗਈ। ਭਾਈ ਮਾਨ ਸਿੰਘ ਜੀ ਤੇ ਮਾਰੂ ਵਾਰ ਕਰ ਮੁਗ਼ਲਾਂ ਨੇ ਸ਼ਹੀਦ ਕਰ ਦਿੱਤਾ। ਬਹਾਦਰ ਸ਼ਾਹ ਨੂੰ ਜਦ ਪਤਾ ਲੱਗਾ ਤਾਂ ਉਸ ਨੇ ਕਾਤਲ ਗੁਰੂ ਜੀ ਦੇ ਹਵਾਲੇ ਕਰਨ ਦਾ ਹੁਕਮ ਵੀ ਦਿੱਤਾ ਪਰ ਖਿਮਾਵਾਨ ਗੁਰੂ ਜੀ ਨੇ ਐਸਾ ਨਾ ਕਰਨ ਦੀ ਹਦਾਇਤ ਭੇਜੀ ਪਰ ਤਵਾਰੀਖ ਸਿੱਖਾਂ ਰਚਿਤ ਖੁਸ਼ਵਕਤ ਰਾਇ ਦੇ ਲਿਖੇ ਅਨੁਸਾਰ ਜਦ ਗੁਰੂ ਸਾਹਿਬ ਦੇ ਕੁਰਾਨ ਦੇ ਕਾਨੂੰਨ ਮੁਤਾਬਕ ਵਜ਼ੀਰ ਖ਼ਾਨ ਨੂੰ ਹਵਾਲੇ ਕਰਨ ਦੀ ਗੱਲ ਕਹੀ ਤਾਂ ਬਾਦਸ਼ਾਹ ਸੋਚੀਂ ਪੈ ਗਿਆ। ਇਨ੍ਹਾਂ ਸਾਰੀਆਂ ਥਾਵਾਂ ਤੇ ਗੁਰਦੁਆਰੇ ਹਨ। ਅਜਮੇਰ ਹੀ ਆਪ ਜੀ ਨੇ ਭਵਿਸ਼ ਵਾਕ ਸੌ ਸਾਖੀ ਦੇ ਰੂਪ ਵਿਚ ਉਚਾਰੇ ਸਨ।
16
ਆਗਰਾ ਤੋਂ ਅਬਚਲ ਨਗਰ (ਨਾਦੇੜ)
ਰਾਜਪੂਤਾਂ ਨੂੰ ਅੜ ਖਲੋਣ ਦਾ ਉਪਦੇਸ਼-ਰਾਜਪੂਤਾਨੇ ਵਿਚਰਦੇ ਗੁਰੂ ਜੀ ਨੇ ਅਨੁਮਾਨ ਲਗਾਇਆ ਕਿ ਕੇਵਲ ਰਾਜਪੂਤਾਨੇ ਵਿਚ ਹੀ ਤਿੰਨ ਲੱਖ ਘੋੜਾ ਤੇ ਘੋੜਸਵਾਰ ਹਨ। ਜੇ ਇਹ ਇਕੱਤਰ ਹੋ ਜਾਣ ਤਾਂ ਚਲਦੀ ਜ਼ੁਲਮ ਦੀ ਚੱਕੀ ਰੋਕੀ ਜਾ ਸਕਦੀ ਹੈ। ਗੁਰੂ ਜੀ ਨੇ ਉਨ੍ਹਾਂ ਸਾਰਿਆਂ ਨੂੰ ਇਕ ਝੰਡੇ ਹੇਠਾਂ ਇਕੱਤਰ ਹੋਣ ਦੀ ਪ੍ਰੇਰਨਾ ਦਿੱਤੀ। ਗੁਰੂ ਜੀ ਨੇ ਉਨ੍ਹਾਂ ਨੂੰ ਅੜ ਖਲੋਣ ਲਈ ਕਿਹਾ ਤੇ ਇਸ ਗੱਲ ਨੂੰ ਬਹੁਤ ਹੀ ਬੁਰਾ ਕਿਹਾ ਕਿ ਉਹ ਮੁਗ਼ਲਾਂ ਨੂੰ ਆਪਣੀਆਂ ਲੜਕੀਆਂ ਕਿਉਂ ਦੇਂਦੇ ਹਨ। ਉਨ੍ਹਾਂ ਅੱਗੇ ਤੋਂ ਆਪਣੀ ਅਣਖ ਕਿਸੇ ਕੀਮਤ ਤੇ ਨਾ ਵੇਚਣ ਤੇ ਛੱਡਣ ਦਾ ਪ੍ਰਣ ਕੀਤਾ ਅਤੇ ਗੁਰੂ ਜੀ ਨੂੰ ਯਕੀਨ ਦਿਵਾਇਆ ਕਿ ਲੋੜ ਵੇਲੇ ੩੦,੦੦੦ ਘੋੜਾ ਦਿੱਤਾ ਜਾ ਸਕਦਾ ਹੈ। ਇਥੋਂ ਗੁਰੂ ਜੀ ਨੇ ਦੱਖਣ ਵੱਲ ਜਾਣ ਦਾ ਮਨ ਵੀ ਪੱਕਾ ਬਣਾ ਲਿਆ । ਇਹ ਯਾਦ ਰਹੇ ਕਿ ਜਦ ਉਨ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਭੇਜਿਆ ਤਾਂ ਇਸ ਇਲਾਕੇ ਵਿਚ ਖ਼ਾਸ ਤੌਰ ਤੇ ਕੁਝ ਚਿਰ ਟਿਕ ਕੇ ਸ਼ਕਤੀ ਇਕੱਠੀ ਕਰਨ ਦੀ ਵੀ ਹਦਾਇਤ ਕੀਤੀ।
ਦਾਦੂ ਦਵਾਰਾ—ਦਾਦੂ ਮਹਾਤਮਾ ਦਾ ਜਨਮ ਮਹਾਨ ਕੋਸ਼ ਦੇ ਲਿਖਾਰੀ ਅਨੁਸਾਰ ਸੰਨ ੧੫੪੩ ਵਿਚ ਇਕ ਪੀਂਜੇ ਦੇ ਘਰ ਅਹਿਮਦਾਬਾਦ ਵਿਖੇ ਹੋਇਆ ਸੀ । ਕਬੀਰ ਪੰਥੀ ਤੇ ਕੁਝ ਵਿਵੇਕੀ ਸਾਧੂਆਂ ਦੀ ਸੰਗਤਿ ਨਾਲ ਪ੍ਰਭੂ ਦੀਦਾਰ ਹੋਆ। ਉਨ੍ਹਾਂ ਨੇ ਆਪਣਾ ਡੇਰਾ ਜੈਪੁਰ ਰਾਜਸਥਾਨ ਵਿਚ ਪਿੰਡ ਨਾਰਾਇਣਾ, ਫਲੇਰਾ ਰੇਲਵੇ ਸਟੇਸ਼ਨ ਤੋਂ ਤਿੰਨ ਮੀਲ ਦੂਰ ਜਾ ਕੇ ਬਣਾਇਆ। ਇਸ ਨੂੰ ਦਾਦੂ ਦਵਾਰਾ ਕਹਿੰਦੇ ਹਨ। ਦਾਦੂ ਜੀ ਦੀ ਮ੍ਰਿਤੂ ਉਥੇ ਹੀ ੧੬੦੬ ਈ: ਵਿਚ ਹੋਈ। ਉਸ ਨੇ ਕਈ ਸਲੋਕ ਤੇ ਧਾਰਮਕ ਕਵਿਤਾ ਰਚੀ। ਸਾਧੂ ਉਸ ਦੇ ਸਲੋਕ ਬਹੁਤ ਪ੍ਰੇਮ ਨਾਲ ਪੜ੍ਹਦੇ ਹਨ।
ਗੁਰੂ ਗੋਬਿੰਦ ਸਿੰਘ ਜੀ ਜੈਪੁਰ ਤੋਂ ਹੀ ਨਾਰਾਇਣੇ ਪਧਾਰੇ । ਜਦ ਕਲਗੀਧਰ ਨੇ ਦਾਦੂ ਦੀ ਕਬਰ ਨੂੰ ਤੀਰ ਮਾਰ ਆਦਰ ਕੀਤਾ ਤਾਂ ਭਾਈ ਦਯਾ ਸਿੰਘ ਜੀ ਨੇ ‘ਅਵਗਯਾ’ ਹੋਈ ਕਹਿ ਕੇ ਤਨਖ਼ਾਹ ਲਗਾਈ। ਗੁਰੂ ਜੀ ਪ੍ਰਸੰਨ ਹੋਏ ਕਿ ਖਾਲਸਾ ‘ਸਦਾ ਸਦ ਜਾਗਤ ਹੈ’ ਤੇ ਆਪੂੰ ਤਨਖ਼ਾਹ ਲਗਵਾਈ। ਇਨਕਾਰੀ ਨ ਹੋਏ। ਉਸ ਸਮੇਂ ਦਾਦੂ ਦੁਆਰੇ ਦਾ ਮਹੰਤ ਜੈਤ ਰਾਮ ਸੀ। ਕਲਗੀਧਰ ਨੇ ਫ਼ਰਮਾਇਆ ਕਿ ਉਹ ਦਾਦੂ ਜੀ ਦੇ ਬਚਨ ਸੁਣਾਏ। ਜੈਤ ਰਾਮ ਨੇ ਸਲੋਕ ਪੜ੍ਹਿਆ :
ਦਾਦੂ ਦਾਵਾ ਦੂਰ ਕਰਿ ਕਲਿਕਾ ਲੀਜੈ ਭਾਇ॥
ਜੋ ਕੋ ਮਾਰੈ ਈਂਟ ਢੈਮ ਲੀਜੈ ਸੀਸ ਚਢਾਇ॥
ਮਹਾਰਾਜ ਨੇ ਇਹ ਸਲੋਕ ਸੁਣ ਕੇ ਕਿਹਾ : ਮਹੰਤ ਜੀ ! ਹੁਣ ਸਮੇਂ ਹੋਰ ਆ ਗਏ ਹਨ।
ਹੁਣ ਤਾਂ ਇਹ ਹੀ ਕਹਿਣਾ ਫ਼ੱਬਦਾ ਹੈ :
ਦਾਦੂ ਦਾਵਾ ਰਖ ਕੇ ਕਲਿਕਾ ਲੀਜੈ ਭਾਇ॥
ਜੇ ਕੋ ਮਾਰੇ ਈਂਟ ਢੇਮ ਪਾਥਰ ਹਨੈ ਬਸਾਇ ॥
ਮਹੰਤ ਜੈ ਰਾਮ ਨੇ ਜਦ ਪ੍ਰਸ਼ਾਦ ਛਕਣ ਲਈ ਬੇਨਤੀ ਕੀਤੀ ਤਾਂ ਮਹਾਰਾਜ ਨੇ ਕਿਹਾ: ਜੈਤ ਰਾਮ ਜੀ ! ਅਸੀਂ ਤਾਂ ਛਕ ਲਵਾਂਗੇ ਪਰ ਇਹ ‘ਬਾਜ਼’ ਵਿਚਾਰਾ ਕੀ ਕਰੇਗਾ। ਜੈਤ ਰਾਮ ਨੇ ਕਿਹਾ : ਅੱਜ ਇਸ ਨੂੰ ਵੀ ਵੈਸ਼ਨੋ ਹੀ ਛਕਾਵੋ। ‘ਬਾਜ਼’ ਨੇ ‘ਲਹੇਰਾ’ ਛਕਿਆ।
ਚਿਤੌੜ—ਉਥੋਂ ਗੁਰੂ ਗੋਬਿੰਦ ਸਿੰਘ ਜੀ ਚਿਤੌੜ ਪੁੱਜੇ । ਇਥੇ ਕਿਲ੍ਹਾ ਦੇਖਣ ਉਪਰੰਤ ਵਾਪਸ ਹੋ ਰਹੇ ਸਨ ਕਿ ਮੁਗ਼ਲ ਟੁਕੜੀ ਨਾਲ ਝੜਪ ਹੋ ਗਈ ਤੇ ਅੰਗ ਪਾਲਕ ਜ਼ੋਰਾਵਰ ਸਿੰਘ ਸ਼ਹੀਦ ਹੋ ਗਏ। ਸੈਨਾਪਤੀ ਨੂੰ ਭੁਲੇਖਾ ਲੱਗਾ ਸੀ। ਉਹ ਇਸ ਜ਼ੋਰਾਵਰ ਸਿੰਘ ਨੂੰ ਹੀ ਸਾਹਿਬਜ਼ਾਦਾ ਸਮਝਦਾ ਰਹਿਆ। ਇਸ ਜ਼ੋਰਾਵਰ ਸਿੰਘ ਨੇ ਇਕ ਵਾਰੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਨੂੰ ਕੁਸ਼ਤੀ ਵਿਚ ਢਾਹ ਲਿਆ ਸੀ ਤਾਂ ਮਹਾਰਾਜ ਨੇ ਥਾਪੀ ਦਿੰਦੇ ਇਸ ਨੂੰ ਕਿਹਾ ਸੀ ਕਿ ਤੂੰ ਵੀ ਤਾਂ ਮੇਰਾ ਜ਼ੋਰਾਵਰ ਹੀ ਏਂ। ਲਜਿਆ ਨਾਂਹ। ਸੋ ਇਹ ਸਾਹਿਬਜ਼ਾਦਾ ਕਰਕੇ ਜਾਣਿਆ ਜਾਣ ਲੱਗਾ। ਉਂਝ ਇਹ ਜ਼ੋਰਾਵਰ ਸਿੰਘ ਬਸੀ ਪਠਾਣਾ ਦੇ ਭਾਈ ਨੱਥੂ ਤਰਖਾਣ ਦਾ ਪੁੱਤਰ ਸੀ । ਇਸ ਦੀ ਮਾਂ ਭਿਖੀ, ਮਾਤਾ ਜੀਤੋ ਜੀ ਦੀ ਸੇਵਾ ਵਿਚ ਅਨੰਦਪੁਰ ਰਹਿੰਦੀ ਸੀ । ਉਸ ਨੇ ਇਸ ਨੂੰ ਗੁਰ ਚਰਨਾਂ ਵਿਚ ਭੇਟ ਕੀਤਾ ਅਤੇ ਉਥੇ ਅਨੰਦਪੁਰ ਹੀ ਵੱਡਾ ਹੋਇਆ। ਅਨੰਦਪੁਰ ਛੱਡਣ ਵੇਲੇ ਉਹ ਵਹੀਰ ਦੇ ਨਾਲ ਹੀ ਸਰਸਾ ਨਦੀ ਕੰਢੇ ਪਿੰਡ ਮਲਕਪੁਰ ਦੀ ਜੂਹ ਵਿਚ ਜ਼ਖ਼ਮੀ ਹੋ ਗਿਆ ਸੀ ਅਤੇ ਰੋਪੜ ਚਲਾ ਗਿਆ।ਉਥੋਂ ਡਡਹੇੜੀ
ਮਾਈ ਪੂਪਾਂ ਦੇ ਗ੍ਰਹਿ ਰਹਿਆ। ਰਤਾ ਕੁ ਰਾਜ਼ੀ ਹੋ ਕੇ ਉਗਾਣੇ ਆ ਗਿਆ ਜਿਥੇ ਸਾਧੂ ਭਜਨ ਦਾਸ ਨੇ ਇਲਾਜ ਕੀਤਾ। ਦਮਦਮੇ ਦਰਸ਼ਨ ਕਰਕੇ ਵਾਪਸ ਪਿੰਡ ਚਲਾ ਗਿਆ ਤੇ ਫਿਰ ਇਸ ਨੇ ਇਮਤਾਦਪੁਰ (ਆਗਰੇ ਤੋਂ ਛੇ ਕੋਹ) ਆ ਗੁਰੂ ਜੀ ਦੇ ਦਰਸ਼ਨ ਕੀਤੇ। ਇਹ ਹੀ ਚਿਤੌੜ ਸ਼ਹੀਦ ਹੋਇਆ ਸੀ।
ਬੁਰਹਾਨਪੁਰ-ਬਹਾਦਰ ਸ਼ਾਹ ਦਾ ਦੱਖਣ ਜਾਣਾ ਸੁਣ ਕੇ ਗੁਰੂ ਜੀ ਨੇ ਵੀ ਦੱਖਣ ਵੱਲ ਕੂਚ ਕੀਤਾ। ਗੱਲਬਾਤ ਅਜੇ ਨਿਰਣੇਜਨਕ ਢੰਗ ਨਾਲ ਨਹੀਂ ਸੀ ਹੋਈ। ਇਲੀਅਟ ਨੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੱਖਣ ਵੱਲ ਨਿਰੋਲ ਘੁੰਮਣ ਲਈ ਹੀ ਆਏ ਸਨ।
ਉਹ ਦੁਨੀਆਂ ਨੂੰ ਆਪਣੇ ਸੁਭਾ ਅਨੁਸਾਰ ਧਾਰਮਕ ਸਿੱਖਿਆ ਵੀ ਦਿੰਦੇ ਜਾਂਦੇ ਸਨ । ਤਾਰੀਖ ਬਹਾਦਰ ਸ਼ਾਹ ਵਿਚ ਸਪੱਸ਼ਟ ਲਿਖਿਆ ਮਿਲਦਾ ਹੈ ਕਿ ਜਿਸ ਵੇਲੇ ਸ਼ਾਹੀ ਫੌਜ ਦੱਖਣ ਵਿਚ ਬੁਰਹਾਨਪੁਰ ਵੱਲ ਨੂੰ ਕੂਚ ਕਰ ਰਹੀ ਸੀ, (ਗੁਰੂ) ਨਾਨਕ ਦੇ ਪੋਤਰਿਆਂ (ਗੱਦੀ ਨਸ਼ੀਨਾਂ) ਵਿਚੋਂ ਗੁਰੂ ਗੋਬਿੰਦ (ਸਿੰਘ) ਇਨ੍ਹਾਂ ਇਲਾਕਿਆਂ ਵਿਚ ਸਫ਼ਰ ਕਰਨ ਲਈ ਆਏ ਹੋਏ ਸਨ। ਤੇ ਬਾਦਸ਼ਾਹੀ ਕੈਂਪ ਦੇ ਨਾਲ-ਨਾਲ ਜਾ ਰਹੇ ਸਨ। ਇਹ ਨਿਤਾਪ੍ਰਤੀ ਸੰਸਾਰੀ ਲੋਕਾਂ, ਧਾਰਮਕ ਹੱਠੀਆਂ ਅਤੇ ਹੋਰ ਹਰ ਪ੍ਰਕਾਰ ਦੇ ਲੋਕਾਂ ਦੇ ਇਕੱਠਾਂ ਵਿਚ ਵਿਖਿਆਨ ਕਰਿਆ ਕਰਦੇ ਸਨ। ਤਾਪਤੀ ਕਿਨਾਰੇ ਇਕ ਸਾਧੂ ਲੂਣੀਆਂ ਨੂੰ ਵੀ ਦਰਸ਼ਨ ਦਿੱਤੇ। ਕਿਤਨੀ ਨਿੰਮ੍ਰਤਾ ਸੀ ਦਸਮੇਸ਼ ਪਿਤਾ ਵਿਚ ਕਿ ਜਦ ਲੂਣੀਆਂ ਨੇ ਕਿਹਾ ਕਿ ਉਸ ਦੇ ਡੇਰੇ ਚਰਨ ਪਾਓ ਤਾਂ ਆਪ ਜੀ ਨੇ ਫਰਮਾਯਾ : ਜਿਥੇ ਆਪ ਜੈਸੇ ਮਹਾਂਪੁਰਸ਼ ਬਿਰਾਜਮਾਨ ਹਨ, ਉਹ ਅੱਗੇ ਹੀ ਪਵਿਤ੍ਰ ਹੈ । ਨਾਲ ਹੀ ਜਦ ਇਕ ਸਿੱਖ ਨੇ “ਭੱਠ ਪਈ ਦੱਖਣ” ਦੀ ਗੱਲ ਆਖੀ ਸੀ ਤਾਂ ਗੁਰੂ ਜੀ ਨੇ ਕਿਹਾ ਸੀ ਕਿ ਇਸ ਤਰ੍ਹਾਂ ਨਾ ਆਖੋ। ਦੱਖਣ ਵੀ ਮੈਨੂੰ ਪਿਆਰਾ ਹੈ ਅਤੇ ਉਥੇ ਕਈ ਜ਼ਰੂਰੀ ਕੰਮ ਹੋਣੇ ਹਨ। ਦੱਖਣ ਵਿਚ ਵੀ ਗੱਲਬਾਤ ਸਿਰੇ ਨਾ ਚੜ੍ਹੀ ਅਤੇ ਗੁਰੂ ਜੀ ਨੇ ਨਾਦੇੜ ਜਾਣ ਦਾ ਇਰਾਦਾ ਕੀਤਾ।
ਬੰਦਾ ਸਿੰਘ ਬਹਾਦਰ-ਪਹਿਲਾਂ ਦਮਦਮੇ, ਫਿਰ ਦਾਦੂ ਦੁਵਾਰੇ ਤੇ ਹੁਣ ਬੁਰਹਾਨਪੁਰ ਗੁਰੂ ਜੀ ਬੰਦਾ ਸਿੰਘ ਬਾਰੇ ਬਹੁਤ ਕੁਝ ਸੁਣ ਚੁੱਕੇ ਸਨ। ਕਈ ਤਾਂ ਵਰਜਦੇ ਸਨ ਕਿ ਮਾਧੋ ਦਾਸ ਦੇ ਮੱਥੇ ਨਾ ਲੱਗਿਆ ਜਾਏ।
ਮਾਧੋ ਦਾਸ ਨੇ ਆਪਣਾ ਟਿਕਾਣਾ ਨਾਦੇੜ ਵਿਖੇ ਹੀ ਕੀਤਾ ਹੋਇਆ ਸੀ ਅਤੇ ਰਿਧੀਆਂ ਸਿੱਧੀਆਂ ਦੇ ਚਮਤਕਾਰ ਦਿਖਾ ਕੇ ਉਹ ਕਈਆਂ ਤੇ ਪ੍ਰਭਾਵ ਪਾਉਂਦਾ ਸੀ । ਕਈ ਇਕ ਮਹਾਤਮਾਵਾਂ ਦੀ ਡੇਰੇ ਬੁਲਾ ਬੇਪਤੀ ਵੀ ਕੀਤੀ ਸੀ।ਮਾਧੋ ਵੈਸ਼ਨਵ ਸਾਧੂ ਸੀ।ਗੁਰੂ ਪਾਤਸ਼ਾਹ ਉਸ ਦੇ ਡੇਰੇ ੩ ਸਤੰਬਰ, ੧੭੦੮ ਨੂੰ ਜਾਣ ਬੁੱਝ ਕੇ ਸੂਰਜ ਗ੍ਰਹਿਣ ਵਾਲੇ ਦਿਨ ਪੁੱਜੇ ਅਤੇ ਬੱਕਰਾ ਝਟਕਾ ਕੇ ਮਾਸ ਰਿੱਝਣਾ ਰੱਖ ਦਿੱਤਾ। ਉਸ ਦੇ ਸਾਥੀਆਂ ਨੇ ਬਹੁਤ ਵਰਜਿਆ ਪਰ
ਗੁਰੂ ਜੀ ਤਾਂ ਵੈਰਾਗੀ ਨੂੰ ਬੰਦਾ ਬਣਾਉਣ ਆਏ ਸਨ। ਮਾਧੋ ਦਾਸ ਨੂੰ ਜਦ ਉਸ ਦੇ ਚੇਲਿਆਂ ਨੇ ਖ਼ਬਰ ਭੇਜੀ ਤਾਂ ਉਹ ਬਹੁਤ ਕਲਪਿਆ ਤੇ ਬਹੁਤ ਜਤਨ ਕੀਤੇ ਕਿ ਆਪਣੀ ਸਿਧੀ ਦੇ ਜ਼ੋਰ ਨਾਲ ਗੁਰੂ ਜੀ ਦੀ ਹੇਠੀ ਕਰ ਸਕੇ। ਪਰ ਦਸਮੇਸ਼ ਪਿਤਾ ਅੱਗੇ ਉਸ ਦੀ ਇਕ ਨਾ ਚੱਲੀ।
ਆਪਣੀ ਸਾਰੀ ਰਿਧੀ ਤੇ ਸਿਧੀ ਨੂੰ ਕਿਸੇ ਕੰਮ ਨਾ ਆਉਂਦਾ ਦੇਖ ਪੁਕਾਰ ਉੱਠਿਆ : ਤੁਸੀਂ ਕੌਣ ਹੋ ?
ਗੁਰੂ ਪਾਤਸ਼ਾਹ : ਉਹ ਹੀ ਜਿਸ ਨੂੰ ਤੂੰ ਜਾਣਦਾ ਹੈਂ।
ਮਾਧੋ ਦਾਸ : ਮੈਂ ਕੀ ਜਾਣਦਾ ਹਾਂ ?
ਗੁਰੂ ਜੀ : ਆਪਣੇ ਅੰਦਰ ਝਾਤੀ ਮਾਰ।
ਮਾਧੋ ਦਾਸ : ਸੋ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਹੋ ?
ਗੁਰੂ ਜੀ : ਹਾਂ। ਮਾਧੋ ਦਾਸ : ਤੁਹਾਡਾ ਇਧਰ ਆਉਣਾ ਕਿਸ ਤਰ੍ਹਾਂ ਹੋਇਆ?
ਗੁਰੂ ਜੀ : ਇਧਰ ਇਸ ਲਈ ਆਇਆ ਹਾਂ ਕਿ ਤੈਨੂੰ ਆਪਣਾ ਸਿੱਖ ਬਣਾਵਾਂ।
ਮਾਧੋ ਦਾਸ : ਮੈਨੂੰ ਪਰਵਾਨ ਹੈ ਮਹਾਰਾਜ। ਮੈਂ ਤੁਹਾਡਾ ਬੰਦਾ ਹਾਂ।
ਤਾਰੀਖ਼-ਇ-ਪੰਜਾਬ ਦਾ ਲਿਖਾਰੀ ਲਿਖਦਾ ਹੈ ਕਿ ਗੁਰੂ ਜੀ ਨੇ ਇਹ ਵੀ ਕਿਹਾ ਕਿ ਜੇ ਤੂੰ ਬੰਦਾ ਹੈਂ ਤਾਂ ਬੰਦਿਆਂ ਵਾਲੇ ਕੰਮ ਕਰ। ਕਹਿੰਦੇ ਹਨ ਕਿ ਅਰਜਨ ਨੂੰ ਹਥਿਆਰ ਸੁੱਟਦੇ ਦੇਖ ਸ੍ਰੀ ਕ੍ਰਿਸ਼ਨ ਜੀ ਨੇ ਗੀਤਾ ਰਾਹੀਂ ਉਪਦੇਸ਼ ਦਿੱਤਾ ਸੀ ਤੇ ਉਸ ਨੂੰ ਵਿਰਾਟ ਰੂਪ ਦਿਖਾਇਆ ਸੀ ਕਿ ਸਾਰੇ ਹੀ ਰਿਸ਼ਤੇਦਾਰ ਜੋ ਦਿਖਾਈ ਦੇ ਰਹੇ ਹਨ, ਝੂਠੇ ਹਨ ਅਤੇ ਜੋ ਦਿੱਸ ਰਿਹਾ ਹੈ, ਮਿੱਥਿਆ ਹੈ। ਗੁਰੂ ਜੀ ਨੇ ਅੰਦਰ ਝਾਤ ਮਰਵਾ ਕੇ ਦੱਸਿਆ ਸੀ ਕਿ ਉਹ ਆਪਣੇ ਆਸ਼੍ਰਮ ਵਿਚ ਤਾਂ ਸਿੱਧੀਆਂ ਦੇ ਬਲ ਨਾਲ ਸ਼ਾਇਦ ਪਵਿੱਤਰਤਾ ਕਾਇਮ ਰੱਖ ਲਵੇ ਪਰ ਸਾਰੇ ਹਿੰਦੁਸਤਾਨ ਵਿਚ ਖ਼ੂਨ ਦੀਆਂ ਨਦੀਆਂ ਵਗ ਰਹੀਆਂ ਹਨ ਅਤੇ ਉਸ ਹਾਲਤ ਵਿਚ ਉਸ ਦੇ ਆਸ਼ਰਮ ਦੀ ਪਵਿੱਤਰਤਾ ਦਾ ਕੀ ਅਰਥ ? ਮੈਂ ਤੇਰਾ ਧਿਆਨ ਦਿਲਾਨੇ ਕੇ ਲੀਏ ਇਧਰ ਆਇਆ ਹਾਂ । ਮਾਧੋ ਦਾਸ ਦੀ ਜਾਗ ਖੁਲ੍ਹੀ। ਉਹ ਵੈਰਾਗੀ ਤੋਂ ਬੰਦਾ ਬਣਿਆ ਅਤੇ ਅਮ੍ਰਿਤ ਛਕ ਕੇ ਬੰਦਾ ਸਿੰਘ।
ਭਟ ਵਹੀ ਮੁਲਤਾਨੀ ਸਿੰਧੀ ਅਨੁਸਾਰ : ਸਤਿਗੁਰਾਂ ਇਸੇ ਅਪਨੇ ਦਸਤਿ ਮੁਬਾਰਕ ਸੇ ਪਾਹੁਲ ਦੀ, ਬੰਦਾ ਸਿੰਘ ਨਾਉਂ ਰਾਖਾ। ਇਸੇ ਰਹਿਤ ਬਹਿਤ ਬਤਾਈ।
ਸਿੰਘ ਸਜ ਕੇ ਬੰਦਾ ਸਿੰਘ ਜੀ ਵਿਚ ਨਵਾਂ ਜੋਸ਼ ਜਾਗਿਆ। ਸਿੱਖ ਇਤਿਹਾਸ ਦੀਆਂ ਹਿਰਦੇਵੇਧਕ ਘਟਨਾਵਾਂ ਨੇ ਤਾਂ ਉਸ ਨੂੰ ਹੋਰ ਦਾ ਹੋਰ ਬਣਾ ਦਿੱਤਾ। ਗੁਰੂ ਨਾਨਕ ਜੀ ਦਾ ਰੋੜਾਂ ਦੀ ਵਿਛਾਈ ਕਰਨਾ, ਗੁਰੂ ਅੰਗਦ ਦੇਵ ਜੀ ਦੀਆਂ ਘਟਨਾਵਾਂ, ਗੁਰੂ ਅਮਰਦਾਸ ਜੀ ਦੀ ਅਟੁੱਟ ਸੇਵਾ, ਗੁਰੂ ਰਾਮ ਦਾਸ ਜੀ ਦੀ ਨਿਮਰਤਾ, ਗੁਰੂ ਅਰਜਨ ਦੇਵ ਦੀ ਸ਼ਹਾਦਤ, ਤੱਤੀਆਂ ਤਵੀਆਂ ਤੇ ਬੈਠਣਾ, ਦੇਗਾਂ ਵਿਚ ਉਬਲਣਾ, ਤੱਤੇ ਰੇਤੇ ਪਵਾਉਣੇ, ਫਿਰ ਦਰਿਆ ਵਿਚ ਰੋਹੜੇ ਜਾਣਾ, ਗੁਰੂ ਹਰਿਗੋਬਿੰਦ ਜੀ ਦਾ ਮੁਗ਼ਲਾਂ ਨਾਲ ਅਣਖ ਲਈ ਲੜਨਾ, ਗੁਰੂ ਹਰਿ ਰਾਇ ਜੀ ਦੀ ਦਾਰਾ ਨੂੰ ਇਮਦਾਦ, ਗੁਰੂ ਹਰਿ ਕ੍ਰਿਸ਼ਨ ਜੀ ਦਾ ਔਰੰਗਜ਼ੇਬ ਅੱਗੇ ਨਾ ਝੁਕਣਾ, ਗੁਰੂ ਤੇਗ਼ ਬਹਾਦਰ ਜੀ ਦਾ ਪਰਉਪਕਾਰ ਹਿਤ ਚਾਂਦਨੀ ਚੌਕ ਸ਼ਹੀਦ ਹੋਣਾ, ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ ਦੀ ਚਮਕੌਰ ਵਿਖੇ ਸ਼ਹਾਦਤ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੁਣ ਕੇ ਤਾਂ ਉਸ ਦਾ ਖੂਨ ਉਬਾਲੇ ਖਾਣ ਲੱਗ ਪਿਆ। ਉਸ ਪ੍ਰਣ ਕਰ ਲਿਆ ਕਿ ਇਹ ਜ਼ੁਲਮੀ ਰਾਜ ਜੜ੍ਹੋਂ ਉਖੇੜ ਕੇ ਹੀ ਸਾਹ ਲਵੇਗਾ।
ਨਾਦੇੜ ਵਿਖੇ ਹੋਰ ਕੌਤਕ-ਸੂਰਜ ਪ੍ਰਕਾਸ਼ ਦੇ ਲਿਖਾਰੀ ਦਾ ਕਥਨ ਹੈ ਕਿ ਬਹਾਦਰ ਸ਼ਾਹ ਉਥੇ ਆਪੂੰ ਮਿਲਣ ਆਇਆ ਤੇ ਮਜਬੂਰੀ ਜ਼ਾਹਿਰ ਕੀਤੀ ਕਿ ਮੇਰੇ ਤੇ ਸ਼ਰਾਅ ਦੀ ਫਾਂਸੀ ਪਈ ਹੋਈ ਹੈ ਅਜੇ ਸੂਬੇ ਵੀ ਵੱਸ ਨਹੀਂ, ਸੋ ਅਹਿਦਨਾਮੇ ਤੇ ਅਮਲ ਕਰਾਉਣਾ ਮੁਸ਼ਕਲ ਹੈ ਪਰ ਬਖਤ ਮੱਲ ਦੇ ਕਹਿਣ ਅਨੁਸਾਰ ਇਹ ਹੁਕਮ ਦਿੱਤਾ ਕਿ ਹਰ ਰੋਜ਼ ਸਰਹੰਦ ਦੇ ਖ਼ਜ਼ਾਨੇ ਵਿਚੋਂ ਤਿੰਨ ਸੌ ਰੁਪਿਆ ਗੁਰੂ ਜੀ ਨੂੰ ਦਿੱਤਾ ਜਾਵੇ। ਬਹਾਦਰ ਸ਼ਾਹ ਆਪੂੰ ਵੀ ਮਿਲਣ ਆਇਆ ਤੇ ਇਕ ਨਗੀਨਾ ਭੇਟ ਕੀਤਾ। ਮਹਾਰਾਜ ਨੇ ਉਸ ਨਗੀਨੇ ਦੀ ਉਪਮਾ ਕੀਤੀ ਪਰ ਗੋਦਾਵਰੀ ਵਿਚ ਸੁੱਟ ਦਿੱਤਾ। ਬਹਾਦਰ ਸ਼ਾਹ ਨੇ ਹੈਰਾਨੀ ਪ੍ਰਗਟ ਕੀਤੀ ਪਰ ਮਹਾਰਾਜ ਨੇ ਉਸ ਨੂੰ ਕਈ ਨਗੀਨੇ ਗੋਦਾਵਰੀ ਵਿਚ ਦਿਖਾ ਦਿੱਤੇ ਅਤੇ ਇਹ ਵੀ ਕਿਹਾ ਕਿ ਜੇ ਬਹੁਤ ਕੀਮਤੀ ਹੈ ਤਾਂ ਗੋਦਾਵਰੀ ਵਿਚੋਂ ਕੱਢ ਲੈ। ਮਹਾਰਾਜ ਨੇ ਇਹ ਪ੍ਰਗਟ ਕਰਨਾ ਸੀ ਕਿ ਉਨ੍ਹਾਂ ਨੂੰ ਕਿਸੇ ਮਾਇਕੀ ਪਦਾਰਥਾਂ ਦੀ ਲੋੜ ਨਹੀਂ ਹੈ।
ਨਾਂਦੇੜ ਵਿਖੇ ਹੀ ਬਾਲੂ ਹਸਨਾ’ ਤੇ ਗੋਵਿੰਦ ਸਾਹਿਬ ਉਦਾਸੀ ਮਿਲਣ ਆਏ। ਉਦਾਸੀਆਂ ਨੇ ਗੁਰੂ ਨਾਨਕ ਸਾਹਿਬ ਦੇ ਅਸਥਾਨ ਢੂੰਡਣ ਤੇ ਸੰਭਾਲਣ ਵਿਚ ਬਹੁਤ ਬਿਖੜਾ ਕਾਰਜ ਕੀਤਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਦੀ ਪ੍ਰਚਾਰ ਲਗਨ ਦੀ ਸ਼ਲਾਘਾ ਕੀਤੀ। ਮਾਤਾ ਸਾਹਿਬ ਦੇਵਾਂ ਅਤੇ ਭਾਈ ਰਾਮ ਕੁਇਰ ਜੀ (ਸਰਦਾਰ ਗੁਰਬਖਸ਼ ਸਿੰਘ ਜੀ) ਨੂੰ ਵੀ ਦਿੱਲੀ ਭੇਜ ਦਿੱਤਾ ਅਤੇ ਆਪੂੰ ਛੇਤੀ ਮੁੜਨ ਦਾ ਸੁਨੇਹਾ ਘੱਲਿਆ।
ਗੁਰੂ ਗੋਬਿੰਦ ਸਿੰਘ ਜੀ ਤੇ ਮਾਰੂ ਹਮਲਾ—ਵਜ਼ੀਰ ਖ਼ਾਨ ਨਵਾਬ ਸਰਹਿੰਦ ਨੂੰ ਆਗਰੇ ਵਿਖੇ ਹੋਈ ਗੁਰੂ ਗੋਬਿੰਦ ਸਿੰਘ ਜੀ ਤੇ ਬਹਾਦਰ ਸ਼ਾਹ ਦੀ ਮੁਲਾਕਾਤ ਦਾ ਪਤਾ ਲੱਗ ਗਿਆ ਸੀ। ਉਸ ਨੂੰ ਇਹ ਫ਼ਰਮਾਨ ਵੀ ਮਿਲ ਗਿਆ ਸੀ ਕਿ ੩੦੦ ਰੁਪਏ ਰੋਜ਼ ਸਰਹਿੰਦ ਦੇ ਖ਼ਜ਼ਾਨੇ ਵਿਚੋਂ ਗੁਰੂ ਜੀ ਨੂੰ ਭੇਜੇ । ਇਹ ਵੀ ਪ੍ਰਤੱਖ ਸੀ ਕਿ ਸਮਝੌਤੇ ਅਨੁਸਾਰ ਉਸ ਨੂੰ ਸਖ਼ਤ ਸਜ਼ਾ ਮਿਲਣੀ ਸੀ। ਗੁਰੂ ਜੀ ਦਾ ਦੱਖਣ ਵੱਲ ਕੂਚ ਕਰਨਾ ਸੁਣ ਕੇ ਉਸ ਨੂੰ ਕੁਝ ਚਿਰ ਸਾਹ ਤਾਂ ਜ਼ਰੂਰ ਆਇਆ, ਪਰ ਇਹ ਕੋਈ ਆਰਾਮ ਨਹੀਂ ਸੀ । ਉਸ ਨੂੰ ਪੱਕੀ ਖ਼ਬਰ ਸੀ ਕਿ ਗੁਰੂ ਜੀ ਪੱਕੀ ਸੰਧੀ ਕਰਕੇ ਹੀ ਮੁੜਨਗੇ ਤੇ ਪਹਿਲਾ ਸ਼ਿਕਾਰ ਉਹ ਹੀ ਹੋਵੇਗਾ। ਉਸ ਨੇ ਵੱਡੀ ਸਾਜ਼ਸ਼ ਰਚੀ। ਪਹਿਲਾਂ ਇਕ ਪਠਾਣ ਭੇਜਿਆ ਕਿ ਗੁਰੂ ਜੀ ਨੂੰ ਰਾਹ ਵਿਚ ਹੀ ਸ਼ਹੀਦ ਕਰ ਦਿੱਤਾ ਜਾਏ ਪਰ ਪਠਾਣ ਆਪਣੇ ਮਨਸੂਬੇ ਵਿਚ ਕਾਮਯਾਬ ਨਾ ਹੋਇਆ ਤੇ ਪਕੜਿਆ ਗਿਆ। ਹੁਣ ਵਜ਼ੀਰ ਖ਼ਾਨ ਨੇ ਜਮਸ਼ੈਦ ਖਾਨ ਨਾਂ ਦੇ ਇਕ ਪਠਾਣ ਸਰਕਾਰੀ ਅਹੁਦੇਦਾਰ ਨੂੰ ਤੇ ਗੁਲ ਖ਼ਾਨ ਨੂੰ ਭੇਜਿਆ। ਇਹ ਦੋਵੇਂ ਪਹਿਲਾਂ ਮਾਤਾ ਸੁੰਦਰੀ ਜੀ ਕੋਲ ਬੁਰਹਾਨਪੁਰ ਪੁੱਜੇ ਅਤੇ ਗੁਰੂ ਜੀ ਦਾ ਸਾਰਾ ਥਹੁ ਟਿਕਾਣਾ ਲੈ ਕੇ ਦੱਖਣ ਵੱਲ ਚੱਲ ਪਏ। ਇੰਝ ਪ੍ਰਤੀਤ ਹੁੰਦਾ ਹੈ ਕਿ ਉਨ੍ਹਾਂ ਦੀ ਪਹਿਲਾਂ ਵੀ ਗੁਰੂ ਜੀ ਨਾਲ ਜਾਣ ਪਛਾਣ ਸੀ, ਇਸ ਲਈ ਉਨ੍ਹਾਂ ਨੂੰ ਦਰਬਾਰ ਵਿਚ ਆਉਣ ਜਾਣ ਦੀ ਜੇ ਖੁਲ੍ਹ ਨਹੀਂ ਸੀ ਤਾਂ ਰੁਕਾਵਟ ਵੀ ਨਹੀਂ ਸੀ।
ਜਦ ਦੋਵੇਂ ਪਠਾਣ ਨਾਦੇੜ ਪੁੱਜੇ ਤਾਂ ਗੁਰੂ ਜੀ ਵਾਪਸ ਮੁੜਨ ਦੀਆਂ ਤਿਆਰੀਆਂ ਵਿਚ ਸਨ। ਸੋ ਉਨ੍ਹਾਂ ਸਮਝ ਲਿਆ ਕਿ ਜੇ ਗੁਰੂ ਜੀ ਪੰਜਾਬ ਵੱਲ ਚੱਲ ਪਏ ਤਾਂ ਸਰਹਿੰਦ ਦੇ ਨਵਾਬ ਲਈ ਜੀਊਣਾ ਮੁਸ਼ਕਲ ਹੋ ਜਾਏਗਾ। ਆਰਚਰ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਹੋ ਗਿਆ ਸੀ ਕਿ ਜ਼ਾਲਮਾਂ ਤੇ ਜ਼ੁਲਮਾਂ ਵਿਰੁੱਧ ਜੰਗ ਆਰੰਭ ਕਰ ਦਿੱਤੀ ਜਾਏ। ਇਕ ਸ਼ਾਮ ਨੂੰ ਮੌਕਾ ਤਾੜ ਕੇ ਇਹ ਮਹਾਰਾਜ ਦੇ ਸ਼ਾਮਿਆਨੇ ਵਿਚ ਆ ਗਏ ਤੇ ਬੈਠ ਗਏ । ਮਹਾਰਾਜ ਅਜੇ ਬਿਰਾਜੇ ਹੀ ਸਨ ਤੇ ਕੋਈ ਸਿੰਘ ਕੋਲ ਨਹੀਂ ਸੀ। ਜਮਸ਼ੈਦ ਖ਼ਾਨ ਨੇ ਕਟਾਰ’ ਨਾਲ ਪੇਟ ਵਿਚ ਸਖ਼ਤ ਵਾਰ ਕੀਤਾ। ਦੂਜਾ ਵੀ ਉਸ ਕਰਨਾ ਚਾਹਿਆ ਪਰ ਕਰ ਨਾ ਸਕਿਆ ਤੇ ਮਹਾਰਾਜ ਨੇ ਸਿੰਘਾਂ ਦੇ ਆਉਣ ਤੋਂ ਪਹਿਲਾਂ ਹੀ ਉਸ ਨੂੰ ਥਾਂ ਹੀ ਮਾਰ ਦਿੱਤਾ । ਦੂਜੇ ਗੁੱਲ ਖ਼ਾਨ ਭੱਜਦੇ ਨੂੰ ਸਿੰਘਾਂ ਪਕੜ ਲਿਆ ਤੇ ਉਸ ਨੇ ਸਾਰੀ ਸਾਜ਼ਸ਼ ਤੋਂ ਪਰਦਾ ਲਾਹ ਦਿੱਤਾ। ਸਾਰਿਆਂ ਨੇ ਜਦ ਮਹਾਰਾਜ ਨੂੰ ਖੂਨ ਨਾਲ ਲੱਥ ਪੱਥ ਦੇਖਿਆ ਤਾਂ ਘਬਰਾਏ ਪਰ ਮਹਾਰਾਜ ਜੀ ਨੇ ਕਿਹਾ ਕਿ ਅਕਾਲ ਨੇ ਹੱਥ ਦੇ ਬਚਾਇਆ’ ਹੈ ਪਰ ਜ਼ਖ਼ਮ ਸੀਣ ਦੀ ਲੋੜ ਹੈ। ਇਹ ਦੁਰਘਟਨਾ ੧੪ ਸਤੰਬਰ, ੧੭੦੮ ਦੀ ਹੈ। ਅਹਿਮਦ ਸ਼ਾਹ ਬਟਾਲਵੀ ਦਾ ਕਹਿਣਾ ਹੈ ਕਿ ਦਿਲ, ਜਿਗਰ ਤੇ ਅੰਤੜੀਆਂ ਤੱਕ ਚੀਰੀਆਂ ਗਈਆਂ ਸਨ।
ਅੰਮ੍ਰਿਤ ਗੁਟਕਾ ਦੇ ਲਿਖਾਰੀ ਨੇ ਸਾਰੀ ਘਟਨਾ ਸਵਿਸਥਾਰ ਦਿੱਤੀ ਹੈ। ਉਸ ਦੀ ਲਿਖਤ ਇਸ ਪ੍ਰਕਾਰ ਹੈ :
ਨਾਦੇੜ ਪੁੱਜ ਕੇ ਉਹ ਦੋਵੇਂ (ਜਮਸ਼ੈਦ ਤੇ ਗੁਲ ਖ਼ਾਨ) ਮੌਕੇ ਦੀ ਭਾਲ ਕਰਨ ਲੱਗੇ। ਇਕ ਦਿਨ ਪਠਾਣ ਇਸ ਤਰ੍ਹਾਂ ਮਨ ਵਿਚ ਗਿਣਦਾ ਹੋਇਆ ਜਿੱਥੇ ਸਤਿਗੁਰੂ ਜੀ ਬੈਠੇ ਸਨ ਤੇ ਰਹਿਰਾਸ ਵੇਲੇ ਦੀਵਾਨ ਲੱਗਾ ਸੀ, ਉਥੇ ਹੀ ਜਾਇ ਬੈਠਾ । ਗੁਰੂ ਜੀ ਨੇ ਆਦਰ ਕੀਤਾ। ਜਿਸ ਵੇਲੇ ਰਹਿਰਾਸ ਦਾ ਭੋਗ ਪਿਆ, ਸਰਬੱਤ ਖ਼ਾਲਸਾ ਹੁਕਮ ਮੰਨ ਕੇ ਆਪਣੇ-ਆਪਣੇ ਡੇਰੇ ਗਏ। ਤਬ ਸਰਬ ਸਤਿਗੁਰ ਜੀ ਸਤਿਕਾਲ ਦਾ ਸਿਮਰਨ ਕਰ ਕੇ ਤੰਬੂ ਉੱਪਰ ਮਸਨਦ ਪੁਰ ਜਾਇ ਬੈਠੇ। ਇਕ ਸਿੱਖ ਹਜ਼ੂਰ ਵਿਚ ਰੁਮਾਲ ਹਿਲਾਵਨ ਵਾਲਾ ਉਸ ਵਕਤ ਹਾਜ਼ਰ ਸੀ । ਉਹ ਪਠਾਣ ਜੋ ਪਿੱਛੇ ਬੈਠਾ ਰਿਹਾ, ਉਹ ਵੀ ਅੰਦਰ ਜਾਇ ਬੈਠਾ। ਜਿਸ ਵੇਲੇ ਘੜੀ ਉਸ ਨੂੰ ਬੈਠਿਆਂ ਹੋਈ, ਉਸ ਸਮੇਂ ਸ੍ਰੀ ਸਤਿਗੁਰ ਕਾਰਨ ਕਰਨ ਜੀ ਨੇ ਉਸ (ਰੁਮਾਲ ਫੇਰਦੇ) ਸਿੱਖ ਨੂੰ ਕਿਸੇ ਕਾਰਨ ਭੇਜ ਦਿੱਤਾ ਪਰ ਨੇਤਰ ਜਾਣ ਕੇ ਮੀਟਣ ਲੱਗੇ । ਤਬ ਉਸ ਮਲੇਛ ਨੇ ਜਾਤਾ ਸੋ ਵੇਲਾ ਹੁਣ ਅੱਛਾ ਹੈ।
‘ਤਬ ਉਸ ਦੁਸ਼ਟ ਨੇ ਉੱਠ ਕੇ ਸਾਹਿਬ ਦੇ ਉਦਰ ਵਿਚ ਕਟਾਰ ਮਾਰਿਆ। ਯਦਪ ਕਮਰ ਕੱਸੀ ਹੋਈ ਸੀ, ਤਦਪ ਕਟਾਰ ਦਾ ਘਾਉ ਬਹੁਤ ਹੂਆ । ਜਬ ਲਹੂ ਚਲਿਆ ਤਬ ਮਰਣ ਧੀਰ ਸ੍ਰੀ ਸਤਿਗੁਰ ਜੀ ਸਾਵਧਾਨ ਪਏ ਅਰ ਉਸ ਪਠਾਣ ਕਉ ਜਾਤਾ ਦੇਖਿਆ ਤਬ ਖੱਬੇ ਹੱਥ ਸਾਥ ਉਸ ਦਾ ਜਾਮਾ ਪਕੜ ਲਿਆ। ਮਾਰ ਹੁਜਕਾ ਮਾਰਿਆ ਤਬ ਉਹ ਦੁਸ਼ਟ ਗਿਰ ਪੜਾ। ਤਬ ਸ੍ਰੀ ਸਤਿਗੁਰ ਜੀ ਤਕੀਏ ਪਰ ਆਪਣਾ ਕਟਾਰ ਧਰਿਆ ਹੂਆ ਥਾ। ਸੋ ਦਾਹਨੇ ਹਾਥ ਸੇ ਪਕੜ ਲਿਆ । ਉਸ ਕੋ ਮਿਆਨ ਸੇ ਜੁਦਾ ਕਰਨ ਹਿਤ ਝਟਕਾਇਆ । ਤਬ ਉਸ ਦਾ ਮਿਆਨ ਨਾ ਗਿੜ੍ਹਾ। ਤਬ ਬੜੇ ਜ਼ੋਰ ਸੇ ਤੀਸਰੀ ਬੇਰ ਮਿਆਨ ਗੜ੍ਹਾਇ ਦਿਆ । ਇਸ ਬੇਰ ਕਰਨ ਮੇ ਅੰਤਰਜਾਮੀ ਕਾ ਪ੍ਰਯੋਜਨ ਇਹ ਥਾ ਕਿ ਇਤਨੇ ਸੁਆਸ ਉਸ ਨੇ ਲੈਣੇ ਥੇ। ਤਬ ਉਸ ਦਾ ਅੰਤਕਾਲ ਜਾਣ ਕਰ ਉਸ ਹਿਰਦੇ ਮੈਂ ਜਮਧਾਰ ਦਾ ਘਾਉ ਮਾਰਿਆ, ਉਸ ਨੇ ਕਹਿਆ : ‘ਹਾਇ ਅੰਮਾਂ ।’ ਪਤਤ ਉਧਾਰਨ ਸ੍ਰੀ ਸਤਿਗੁਰੂ ਜੀ ਬੋਲੇ, ‘ਅਰੇ ਅਲਾਹ ਕਹੁ ! ਅਲਾਹ । ਯਹਿ ਅੰਮਾਂ ਕੋ ਯਾਦ ਕਰਨ ਦਾ ਕੌਣ ਸਾ ਬਖਤ (ਸਮਾਂ) ਹੈ।’ ਇਸ ਜ਼ੋਰ ਕਾ ਸ਼ਸਤ੍ਰ ਮਾਰਾ ਥਾ । ਤਬ ਉਸ ਕੇ ਪੁਰਾਣ ਨਿਕਲ ਗਏ। ਤਬ ਪ੍ਰਯੰਤਰ ਸਿੱਖ ਵੀ ਆਏ ਪਹੁੰਚੇ । ਉਸ ਮ੍ਰਿਤਕ ਕੋ ਉਠਾਇ ਕਰ ਡਾਰ ਦੀਆ ਅਰ ਹੁਕਮ ਹੋਆ ਜੋ ਇਸ ਕੇ ਨਫ਼ਰ ਟਹਿਲੀਏ ਹੈਂ ਉਸ ਕੋ ਕੁਝ ਨਹੀਂ ਕਹਿਣਾ। ਤਬ ਬਹਾਦਰ ਸ਼ਾਹ ਕੋ ਇਹ ਖ਼ਬਰ ਭਈ ਉਸੇ ਬਖਤ ਫ਼ਿਰੰਗੀ ਜਿਰਾਹ ਹਕੀਮ ਭੇਜੇ। ਉਸ ਨੇ ਆਇ ਜ਼ਖ਼ਮ ਦੇਖਿਆ ਔਰ ਸੀਆ। ਉਨਹੁ ਨੇ ਕਹਾ ਹਮ ਥੋੜਿਹੁ ਦਿਨਹੁ ਮੇਂ ਇਸ਼ਨਾਨ ਕਰਵਾਇ ਦੇਵੇਗਾ। ਦਸ ਮੋਹਰਾਂ ਰੋਜ਼ ਉਨ ਕੋ ਦੇਤੇ ਰਹੇ । ਤਬ ਬਾਹਰਵੇਂ ਦਿਨ ਭਾਵ (੨੬ ਸਤੰਬਰ) ਇਸ਼ਨਾਨ ਭਇਆ।’ ਧੰਨ ਗੁਰੂ ਗੋਬਿੰਦ ਸਿੰਘ ਜੀ ਹਨ ਜਿਨ੍ਹਾਂ ਤੇ ਮਾਰੂ ਹਮਲਾ ਹੋਇਆ ਸੀ ਪਰ ਸਹਿਜ ਨੂੰ ਹੱਥੋਂ ਨਾ ਛੱਡਿਆ ਤੇ ਦੂਜੇ ਦੇ ਅੰਤਲੇ ਸਮੇਂ ਵੀ ਅਲਾਹ ਦੀ ਯਾਦ ਕਰਵਾਈ।
ਬਾਬਾ ਬੰਦਾ ਸਿੰਘ ਜੀ ਨੂੰ ਪੰਜਾਬ ਭੇਜਣਾ-ਭਾਵੇਂ ਛੇਤੀ ਹੀ ਜ਼ਖ਼ਮ ਭਰੇ ਜਾ ਰਹੇ ਸਨ ਪਰ ਉਨ੍ਹਾਂ ਇਹ ਉਚਿਤ ਸਮਝਿਆ ਕਿ ਬਾਬਾ ਬੰਦਾ ਸਿੰਘ ਜੀ ਨੂੰ ਛੇਤੀ ਪੰਜਾਬ ਭੇਜਿਆ ਜਾਏ ਤਾਂ ਕਿ ਉਨ੍ਹਾਂ ਮੁੜਨ ਤੋਂ ਪਹਿਲਾਂ ਖਿੰਡੀਆਂ ਪੁੰਡੀਆਂ ਤਾਕਤਾਂ ਇਕੱਠੀਆਂ ਕਰ ਲਵੇ । ਉਹ ਇਹ ਵੀ ਜਾਣ ਗਏ ਕਿ ਮੁਆਮਲਾ ਗੰਭੀਰ ਹੈ ਭਾਵੇਂ ਬਹਾਦਰ ਸ਼ਾਹ ਦਾ ਕੋਈ ਦੋਸ਼ ਨਹੀਂ ਪਰ ਢਿੱਲ ਮੱਠ ਕਰਨ ਨਾਲ ਸਾਜ਼ਸ਼ੀ ਤਗੜੇ ਹੋ ਰਹੇ ਹਨ। ਜੇ ਇਹ ਘਟਨਾ ਨਾ ਹੁੰਦੀ ਤਾਂ ਗੁਰੂ ਜੀ ਨੇ ਆਪੂੰ ਵਾਪਸ ਟੁਰ ਪੈਣਾ ਸੀ । ਆਪ ਜੀ ਨੇ ਬਾਬਾ ਜੀ ਨੂੰ ਕੌਮ ਦਾ ਜਥੇਦਾਰ ਬਣਾ ਕੇ ਭੇਜਿਆ। ਸੀ. ਐਚ. ਪੇਨ ਨੇ ਸਪੱਸ਼ਟ ਲਿਖਿਆ ਹੈ ਕਿ ਕੁਝ ਦਿਨਾਂ ਵਿਚ ਹੀ ਗੁਰੂ ਜੀ ਦੀ ਬੰਦਾ ਸਿੰਘ ਨਾਲ ਐਸੀ ਉਨਸ ਹੋ ਗਈ ਕਿ ਉਸ ਨੂੰ ਆਪਣੀ ਥਾਵੇਂ ਜਾਂ-ਨਸ਼ੀਨ ਨਿਯਤ ਕੀਤਾ, ਗੁਰੂ ਦੇ ਤੌਰ ਤੇ ਨਹੀਂ, ਸਗੋਂ ਫ਼ੌਜ ਦੇ ਕਮਾਂਡਰ ਦੇ ਤੌਰ ਤੇ।”
ਗੁਰੂ ਜੀ ਨੇ ਬੰਦਾ ਸਿੰਘ ਨੂੰ ਬਹਾਦਰ ਦਾ ਖ਼ਿਤਾਬ ਦਿੱਤਾ । ਆਪਣੇ ਭੱਥੇ ਵਿਚੋਂ ਤੀਰ ਦਿੱਤੇ । ਇਕ ਨਗਾਰਾ, ਇਕ ਨਿਸ਼ਾਨ ਦਿੱਤਾ । ਪੰਜ ਪਿਆਰੇ, ਭਾਈ ਬਿਨੋਧ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ ਸਿੰਘ, ਭਾਈ ਦਇਆ ਸਿੰਘ ਤੇ ਭਾਈ ਰਣ ਸਿੰਘ ਨਾਲ ਕੀਤੇ ਕਿ ਉਨ੍ਹਾਂ ਦੀ ਸਲਾਹ ਨਾਲ ਟੁਰਨਾ। ਫਿਰ ਇਹ ਵੀ ਹੁਕਮ ਦਿੱਤਾ ਕਿ ਜਿਨ੍ਹਾਂ ਨੇ ਵੀ ਸਾਡੇ ਕਾਰਨ ਸਾਡੇ ਪਿਆਰੇ ਸੇਵਕ ਬੁੱਧੂ ਸ਼ਾਹ ਫ਼ਕੀਰ ਨੂੰ ਕਤਲ ਕੀਤਾ ਸੀ, ਉਨ੍ਹਾਂ ਨੂੰ ਸਜ਼ਾਵਾਂ ਦੇਣੀਆਂ। ਬੰਦਾ ਸਿੰਘ ਨੂੰ ਆਚਰਣ ਕਾਇਮ ਰੱਖਣ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ, ਮੇਰੇ ਹਿਰਦੇ ਦੇ ਪ੍ਰੇਮ ਪਿਆਰੇ ਖਾਲਸਾ ਜੀ ਦੀ ਆਗਿਆ ਵਿਚ ਰਹਿਣਾ, ਵਾਹਿਗੁਰੂ ਦੇ ਹਜ਼ੂਰ ਪੰਜ ਸਿੰਘ ਇਕੱਤਰ ਕਰ ਕੇ ਕਾਰਜ ਕਰਨਾ, ਅਰਦਾਸ ਸੋਧ ਕਰ ਕਾਰਜ ਕਰਨਾ, ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਨਿੰਮ੍ਰਤਾ ਨਾਲ ਨਿਰਮਾਣ ਹੋ ਕੇ ਬੈਠਣਾ, ਗੱਦੀ ਆਸਣ ਲਗਾ ਕੇ ਨਾ ਬੈਠਣਾ। ਭਾਈ ਰਤਨ ਸਿੰਘ ਜੀ ਇਹ ਵੀ ਲਿਖਦੇ ਹਨ ਕਿ ਗੁਰੂ ਜੀ ਨੇ ਆਪਣਾ ਖੰਡਾ ਵੀ ਉਤਾਰ ਕੇ ਦਿੱਤਾ ਅਤੇ ਬਾਬਾ ਜੀ ਨੇ ਗਲ ਵੀ ਪਾ ਲਿਆ ਪਰ ਸਿੱਖਾਂ ਪੰਥ ਦੀ ਵਸਤੂ ਆਖ ਕੇ ਵਾਪਸ ਮੋੜ ਲਈ। ਇਹ ਵੀ ਗੁਰੂ ਜੀ ਨੇ ਕਿਹਾ ਕਿ ਅੱਗੇ ਖਾਲਸਾ ਰਾਜ ਰਹਿਤ ਸੀ ਹੁਣ ‘ਰਾਜ ਕਰੇਗਾ ਖਾਲਸਾ ।’ ਬਾਬਾ ਬੰਦਾ ਸਿੰਘ ਨੇ ਸਭ ਹੁਕਮ ਮੰਨਣ ਦਾ ਪ੍ਰਣ ਕੀਤਾ:
ਤਬ ਹੀ ਬੰਦੇ ਬੰਦ ਕਰ ਹਾਥ।
ਹਮ ਮਾਨੈਗੇ ਸਿੰਘਨ ਬਾਤ।
ਭੀੜ ਪੜੈ ਜਹਿ ਹਮ ਪਰ ਆਇ।
ਤਹ ਤੁਮ ਕਰਨੀ ਬਨਮ ਸਹਾਇ।
ਜੋਤੀ ਜੋਤ ਸਮਾਉਣਾ—ਕੁਝ ਦਿਨਾਂ ਵਿਚ ਹੀ ਫੱਟ ਭਰ ਗਏ ਤੇ ਅੰਗੂਰ ਵੀ ਪੈ ਗਿਆ ਪਰ ੬ ਅਕਤੂਬਰ, ੧੭੦੮ ਨੂੰ ਇਕ ਭਾਰੀ ਕਮਾਨ ਤੇ ਚਿੱਲਾ ਚੜ੍ਹਾਉਣ ਵੇਲੇ ਸੀਤੇ ਫ਼ੱਟਾਂ ਦੇ ਤੋਪੇ ਉੱਖੜ ਗਏ। ਕੋਸ਼ਿਸ਼ ਕਰਕੇ ਫੱਟ ਸੀਤੇ ਗਏ ਪਰ ਹੁਣ ਗੁਰੂ ਜੀ ਨੇ ਫ਼ਰਮਾਇਆ ਕਿ ਸਭ ਹੀਲੇ ਵਿਅਰਥ ਹਨ। ਅੱਜ ਪੰਚਮੀ ਹੈ ਅਤੇ ਅੱਜ ਦੇ ਦਿਨ ਹੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਦਾ ਪੁਲ ਬੱਧਾ ਸੀ । ਸੋ ਅਕਾਲ ਚਲਾਣੇ ਦਾ ਚਿੱਤ ਹੈ :
ਦਿਵਸ ਪੰਚਮੀ ਕੇ ਬਿਧੇ, ਸਤਿਗੁਰ ਧਰਮ ਸੁ ਕੇਤ।
ਨਾਵੀ ਪਾਤਸ਼ਾਹੀ ਭਲੇ, ਬਧੀ ਧਰਮ ਕੀ ਸੇਤ। ੫੭।
ਤਾ ਦਿਨ ਮੈ ਥਿਤ ਪੰਚਮੀ, ਸੋਊ ਭਏ ਹੈ ਆਜ ।
ਕਰੋ ਕਾਜ ਤੁਮ ਹੂੰ ਭਲੇ, ਹਮ ਅਸਵਾਰੇ ਆਜ।
(ਗੁਰਬਿਲਾਸ ਪਾਤਸ਼ਾਹੀ ਦਸਵੀਂ)
ਅੰਤਮ ਸਮਾਂ ਨੇੜੇ ਜਾਣ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਕੋਲ ਸੱਦਿਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਹੋਣ ਦਾ ਐਲਾਨ ਕੀਤਾ ਤੇ ਫ਼ਰਮਾਇਆ : ‘ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਪੰਥ, ਗੁਰੂ ਪੰਥ ਹੋਵੇਗਾ। ਸਰੀਰਕ ਗੁਰੂ ਦੀ ਪਰਪਾਟੀ ਖ਼ਤਮ ਕਰ ਦਿੱਤੀ ਹੈ।’ ਆਪੂੰ ਗੁਰੂ ਗਰੰਥ ਸਾਹਿਬ ਅੱਗੇ ਸਿਰ ਝੁਕਾਇਆ ਤੇ ਚੌਰ ਕੀਤਾ। ਜਿਵੇਂ ਖ਼ਾਲਸੇ ਨੂੰ ਸਰੀਰਕ ਜਾਮਾ ਬਖਸ਼ਣ ਵੇਲੇ ਬੀਰ ਆਸਨ ਲੱਗਾ ਪੰਜਾਂ ਕੋਲੋਂ ਅੰਮ੍ਰਿਤ ਛਕਿਆ ਸੀ । ਇਸ ਵਾਰੀ ਆਪੂੰ ਹੀ ਚੌਰ ਝੁਲਾਇਆ ਤੇ ਆਪੂੰ ਹੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਹੋਣ ਦਾ ਐਲਾਨ ਕੀਤਾ। ਇਹ ਇਹਤਿਆਤ ਇਸ ਲਈ ਵਰਤੀ ਕਿਉਂਕਿ ਗੁਰੂ ਜੀ ਦੇਖ ਰਹੇ ਸਨ ਕਿ ਜਦ ਬਾਬਾ ਬੁੱਢਾ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰ-ਗੱਦੀ ਤੇ ਬਿਠਾ ਕੇ ਗੁਰੂ ਹੋਣ ਦਾ ਐਲਾਨ ਕੀਤਾ ਤਾਂ ਬਾਬਾ ਸ੍ਰੀਚੰਦ ਗੁੱਸੇ ਹੋ ਗਏ, ਬਾਬਾ ਲਖਮੀ ਚੰਦ ਜੀ ਨਾਰਾਜ਼ ਹੋ ਗਏ। ਫਿਰ ਜਦ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰ ਦਾਸ ਜੀ ਨੂੰ ਗੁਰੂ ਥਾਪ ਕੇ ਬਾਬਾ ਬੁੱਢਾ ਜੀ ਦੇ ਹੱਥੋਂ ਤਿਲਕ ਲਵਾਇਆ ਤਾਂ ਦਾਤੂ ਜੀ ਨੇ ਲੱਤ ਮਾਰੀ ਤੇ ਦਾਸੂ ਜੀ ਨੇ ਬਹੁਤ ਰੋਸ ਮਨਾਇਆ। ਫਿਰ ਜਦ ਗੁਰੂ ਅਮਰਦਾਸ ਜੀ ਨੇ ਗੁਰ ਗੱਦੀ ਗੁਰੂ ਰਾਮ ਦਾਸ ਜੀ ਨੂੰ ਦਿੱਤੀ ਤੇ ਬਾਬਾ ਬੁੱਢਾ ਜੀ ਨੇ ਚੌਰ ਝੁਲਾਇਆ ਤਾਂ ਮੋਹਨ ਜੀ ਕਮਲੇ ਹੋ ਗਏ ਤੇ ਮੋਹਰੀ ਜੀ ਕੁਝ ਚਿਰ ਵਿਟਰੇ ਰਹੇ, ਪਿੱਛੋਂ ਕਿਧਰੇ ਜਾ ਕੇ ਹੀ ਉਨ੍ਹਾਂ ਸਿਰ ਝੁਕਾਇਆ। ਗੁਰੂ ਅਰਜਨ ਜੀ ਹੱਥ ਜਦ ਗੁਰਿਆਈ ਆਈ ਤੇ ਬਾਬਾ ਬੁੱਢਾ ਜੀ ਨੇ ਤਖ਼ਤ ਤੇ ਬਿਠਾਇਆ ਤਾਂ ਭਰੇ ਦੀਵਾਨ ਵਿਚ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਜੀ ਨੇ ਗੁਰੂ ਜੀ ਦਾ ਅਪਮਾਨ ਕੀਤਾ ਤੇ ਵਿਰੋਧੀ ਹੋ ਗਏ। ਫਿਰ ਗੁਰੂ ਹਰਿਗੋਬਿੰਦ ਜੀ ਨੂੰ ਬਾਬਾ ਬੁੱਢਾ ਜੀ ਨੇ ਦੋ ਕ੍ਰਿਪਾਨਾਂ ਪਹਿਣਾ ਕੇ ਗੁਰੂ ਹੋਣ ਦਾ ਐਲਾਨ ਕੀਤਾ ਤਾਂ ਕਈ ਉਰ੍ਹਾਂ ਪਰ੍ਹਾਂ ਝਾਕਣ ਲੱਗ ਪਏ। ਗੁਰੂ ਹਰਿ ਰਾਇ ਜੀ ਨੂੰ ਭਾਈ ਭਾਨਾ ਜੀ (ਬਾਬਾ ਬੁੱਢਾ ਜੀ ਦੇ ਸਪੁੱਤਰ) ਨੇ ਕੀਤਾ ਤਾਂ ਧੀਰ ਮਲ ਜੀ ਨੇ ਸਾਜ਼ਸ਼ਾਂ ਦਾ ਜਾਲ ਹੀ ਵਿਛਾ ਦਿੱਤਾ। ਗੁਰੂ ਹਰਿ ਕ੍ਰਿਸ਼ਨ ਜੀ ਨੂੰ ਗੁਰ ਗੱਦੀ ਤੇ ਭਾਨਾ ਜੀ ਨੇ ਬਿਠਾਇਆ ਤਾਂ ਬਾਬਾ ਰਾਮ ਰਾਇ ਔਰੰਗਜ਼ੇਬ ਨਾਲ ਹੀ ਜਾ ਮਿਲੇ। ਗੁਰੂ ਤੇਗ਼ ਬਹਾਦਰ ਵੇਲੇ ਜਦ ਭਾਈ ਗੁਰਦਿੱਤਾ ਜੀ (ਬੁੱਢਾ ਜੀ ਦੇ ਪੋਤਰੇ) ਨੇ ਗੁਰੂ ਹਰਿ ਕ੍ਰਿਸ਼ਨ ਜੀ ਦੀ ਅੰਤਮ ਮਰਜ਼ੀ ਦਾ ਪ੍ਰਗਟਾਵਾ ਕੀਤਾ ਤਾਂ ੨੨ ਗੁਰੂ ਬਣ ਬੈਠੇ। ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰ- ਗੱਦੀ ਤੇ ਜਦ ਬਾਬਾ ਰਾਮਕੁਇਰ (ਬੁੱਢਾ ਜੀ ਦੇ ਪੜਪੋਤਰੇ) ਨੇ ਹੱਥੀਂ ਬਿਠਾਇਆ ਤਾਂ ਕਈ ਦੰਭੀ ਉੱਗ ਪਏ। ਇਸ ਵਾਰੀ ਗੁਰੂ ਜੀ ਨੇ ਆਪੂੰ ਹੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਹੋਣ ਦਾ ਐਲਾਨ ਕੀਤਾ : ਆਪ ਹੀ ਚੌਰ ਝੁਲਾਇਆ, ਆਪ ਹੀ ਪ੍ਰਕਾਸ਼ ਕੀਤਾ ਤਾਂ ਕਿ ਕੋਈ ਤੇ ਕਿਸੇ ਕਿਸਮ ਦਾ ਭੁਲੇਖਾ ਪੰਥ ਵਿਚ ਨਾ ਰਹੇ।
ਕਵੀ ਸੈਨਾਪਤੀ ਨੇ ਖ਼ਾਲਸੇ ਨੂੰ ਜਾਮਾ ਬਖ਼ਸ਼ੇ ਜਾਣ ਦੀ ਸਾਖੀ ਦਾ ਵਿਸਥਾਰ ਦਿੰਦੇ ਹੋਏ ਲਿਖਿਆ ਹੈ ਕਿ ਮਹਾਰਾਜ ਨੇ ਫ਼ਰਮਾਇਆ ਕਿ ਹੁਣ ਖ਼ਾਲਸਾ ਹੀ ਗੁਰੂ ਹੈ । ਸਾਰੀਆਂ ਜ਼ਿੰਮੇਵਾਰੀਆਂ ਚੁੱਕਣ ਜੋਗ ਖ਼ਾਲਸੇ ਨੂੰ ਹੀ ਜਾਤਾ ਹੈ । ਉਸ ਦੇ ਸ਼ਬਦ ਹਨ :
ਏਕ ਦਿਵਸ ਕਾਰਨ ਤੇ ਆਗੇ।
ਮਿਲ ਕੇ ਸਿੰਘ ਪੂਛਨੇ ਲਾਗੇ।
ਕਵਨ ਰੂਪ ਆਪਨ ਪ੍ਰਭ ਕੀਨੋ।
ਤਿਨ ਕੋ ਜੁਆਬ ਭਾਂਤ ਇਹ ਦੀਨੋ। ੪੦। ੮੦੫।
ਤਾਂਹਿ ਸਮੇਂ ਗੁਰ ਬੇਨ ਸੁਨਾਇਓ।
ਖਾਲਸਾ ਆਪਨ ਰੂਪ ਬਤਾਇਓ।
ਖਾਲਸਾ ਹੀ ਸੋ ਹੈ ਮਮ ਕਾਮਾ। ਬਖ਼ਸ਼ ਦੀਉ ਖਾਲਸੇ ਕੋ ਜਾਮਾ। ੪੧। ੮੦੬।
ਦੋਹਿਰਾ : ਖਾਲਸਾ ਮੇਰੋ ਰੂਪ ਹੈ ਖਾਸ, ਹੋਂ ਖਾਲਸਾ ਕੇ ਪਾਸ।
ਆਦਿ ਅੰਤ ਹੀ ਹੋਤ ਹੈ, ਖਾਲਸਾ ਹੀ ਮੇ ਬਾਸ।
ਫਿਰ ਸਿੱਖਾਂ ਪੁੱਛ ਕੀਤੀ ਕਿ ਸਰੀਰਕ ਜਾਮਾ ਤਾਂ ਖ਼ਾਲਸਾ ਨੂੰ ਬਖ਼ਸ਼ਿਆ ਹੈ, ਆਤਮਾ ਕਿਥੇ ਹੈ ? ਅਜਰ ਸਰੂਪ ਕਿਹੜਾ ਹੈ? ਜੋਤ ਕਿਥੇ ਹੈ ? ਤਾਂ ਆਪ ਜੀ ਨੇ ਫ਼ਰਮਾਇਆ :
ਸਤਿਗੁਰੁ ਹਮਾਰਾ ਅਪਰ ਅਪਾਰਾ, ਸ਼ਬਦ ਬਿਚਾਰਾ ਅਜਰ ਜਰੰ ।
ਹਿਰਦੇ ਧਰ ਧਿਆਨੀ, ਉਚਾਰੀ ਬਾਨੀ ਪਦ ਨਿਰਬਾਨੀ ਅਪਰ ਪਰੰ।
ਗਤਿ ਮਿਤਿ ਅਪਾਰੰ, ਬਹੁਤ ਬਿਸਥਾਰੰ, ਵਰ ਨ ਪਾਰੰ ਕਿਆ ਕਥਨੰ ।
ਤਵ ਜੋਤਿ ਪ੍ਰਗਾਸੀ, ਸਰਬ ਨਿਵਾਸੀ, ਸਰਬ ਉਦਾਸੀ ਤਵ ਸਰਨੰ । ੪੩੮੦੮।
ਗੁਰਬਿਲਾਸ ਪਾਤਸ਼ਾਹੀ ਦਸਵੀਂ ਦੇ ਸ਼ਬਦਾਂ ਵਿਚ ਫ਼ਰਮਾਯਾ :
ਗੁਰਿਆਈ ਕਾ ਨਹਿ ਅਛ ਕਾਲ।
ਤਿਲਕ ਨ ਦੇਵਹਿਗੇ ਕਿਸ ਭਾਲ। ੯੬।
ਸਰਬ ਸੁਸੰਗਤਿ ਖਾਲਸਾ ਮਾਨ।
ਸ੍ਰੀ ਅਸਕੇਤ ਗੋਦ ਮੈ ਜਾਨ।
ਲੜ ਪਕੜਾਇ ਸਬਦ ਕਾ ਰੂਪ। ਜੋ ਮਾਨੈ ਸੋ ਸਿੰਘ ਅਨੂਪ ।
ਦਰਸ਼ਨ ਗੁਰ ਕਾ ਹੈ ਸਵਧਾਨ। ਸ੍ਰੀ ਗ੍ਰੰਥ ਜੀ ਸਾਹਿਬ ਮਾਨ।”
ਸੂਰਜ ਪ੍ਰਕਾਸ਼ ਦੇ ਲਿਖਾਰੀ ਭਾਈ ਸੰਤੋਖ ਸਿੰਘ ਜੀ ਨੇ ਵੀ ਬਹੁਤ ਸੁੰਦਰ ਟੂਕ ਦਿੱਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਉਸ ਤਰ੍ਹਾਂ ਗੁਰੂ ਬਣਾਇਆ ਜਿਵੇਂ ਗੁਰੂ ਨਾਨਕ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਬਣਾਇਆ ਸੀ । ‘ਖਾਲਸਾ ਗੁਰ ਹੈ, ਗੁਰੂ ਖਾਲਸਾ ਕਰੋਂ ਮੈਂ ਅਬ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨਯੋ।’ ਮਹਿਮਾ ਪ੍ਰਕਾਸ਼ ਵਾਰਤਕ ਨੇ ਵੀ ਇਸ ਪ੍ਰਥਾਇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ, ‘ਅਬ ਮੇਰਾ ਜ਼ਾਹਿਰਾ ਰੂਪ ਗੁਰੂ ਗ੍ਰੰਥ ਸਾਹਿਬ ਕੋ ਜਾਣਨਾ। ਜਿਸ ਨੇ ਮੇਰੇ ਸੇ ਬਾਤ ਕਰਨੀ ਹੋਇ ਤੋ ਆਦਿ ਗੁਰੂ ਗ੍ਰੰਥ ਸਾਹਿਬ ਕਾ ਪਾਠ ਕਰਨਾ, ਮੇਰੇ ਸੇ ਬਾਤਾਂ ਹੋਵੇਂਗੀ।’
ਭਾਈ ਨੰਦ ਲਾਲ ਜੀ ਨੇ ਵੀ ਗੁਰੂ ਰੂਪ ਦਾ ਨਿਰਣਾ ਬਹੁਤ ਸੁੰਦਰ ਸ਼ਬਦਾਂ ਵਿਚ ਕੀਤਾ ਹੈ । ਆਪ ਜੀ ਤੋਂ ਜਦ ਭਾਈ ਜੀ ਨੇ ਪੁੱਛਿਆ ਕਿ ਰੂਪਾਂ ਦਾ ਵਿਸਥਾਰ ਦੱਸੋ ਤਾਂ ਗੁਰੂ ਜੀ ਨੇ ਫ਼ਰਮਾਇਆ ਕਿ ਉਨ੍ਹਾਂ ਦੇ ਤਿੰਨ ਰੂਪ ਹਨ, ਇਕ ਨਿਰਗੁਣ, ਦੂਜਾ ਸਰਗੁਣ ਤੇ ਤੀਜਾ ਗੁਰ ਸ਼ਬਦ। ਇਕ ਰੂਪ ਹੈ ਪਰਮ ਆਤਮਾ ਦਾ ਪਰਮ ਜੋਤ ਦਾ, ਜੋ ਹਰ ਥਾਂ ਵਿਆਪਕ ਹੈ ਪਰ ਦ੍ਰਿਸ਼ਟਮਾਨ ਸਤਿਗੁਰੂ ਵਿਚ ਹੀ ਹੁੰਦਾ ਹੈ। ਫਿਰ ਫ਼ਰਮਾਇਆ ਕਿ ਦੂਜਾ ਰੂਪ ਹੈ ਗੁਰੂ ਗ੍ਰੰਥ। ਇਹ ਸ਼ਬਦ-ਰੂਪ ਗੁਰੂ ਦਾ ਆਤਮਕ ਰੂਪ ਹੈ, ਜੋ ਨਿੱਤ ਨਵਾਂ ਹੈ ਅਤੇ ਮੈਲਾ ਨਹੀਂ ਹੁੰਦਾ। ਤੀਜੇ ਰੂਪ ਬਾਰੇ ਦਸਮੇਸ਼ ਪਿਤਾ ਨੇ ਬਚਨ ਕੀਤਾ ਕਿ ਉਹ ਸਿੱਖ ਹਨ ਜੋ ਦਿਨ ਰਾਤ ਗੁਰਬਾਣੀ ਵਿਚ ਰੱਤੇ ਹੋਏ, ਬਾਣੀ ਅਨੁਸਾਰ ਜੀਵਨ ਬਤੀਤ ਕਰਦੇ ਹਨ। ਐਸੇ ਸਿੱਖ ਹੀ ਸਾਧ ਸੰਗਤਿ ਬਣਾਉਂਦੇ ਹਨ ਤੇ ਇਹ ਸੰਗਤਿ ਹੀ ਖਾਲਸਾ ਬਣੀ ਹੈ।
ਤਾਰੀਖ਼-ਇ-ਪੰਜਾਬ ਦਾ ਲਿਖਾਰੀ ਲਿਖਦਾ ਹੈ ਕਿ ਕਿਸੇ ਮੁਲਕ ਤੋਂ ਆਈ ਕਰੜੀ ਕਮਾਨ ਦੇ ਖਿੱਚਣ ਨਾਲ ਉਹ ਜ਼ਖ਼ਮ ਖੁੱਲ੍ਹ ਗਏ। ਗੁਰੂ ਜੀ ਨੇ ਆਪਣੇ ਚੜ੍ਹਾਈ ਕਰਨ ਬਾਰੇ ਅੱਠ ਦਿਨ ਪਹਿਲਾਂ ਸੂਚਿਤ ਕਰ ਦਿੱਤਾ ਸੀ। ਦੂਰੋਂ-ਦੂਰੋਂ ਸਿੱਖ ਸੇਵਕ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਹਜ਼ਾਰਾਂ ਲੋਕਾਂ ਨੂੰ ਲੰਗਰ ਛਕਾਇਆ ਗਿਆ। ਦਿਲ ਖੋਲ੍ਹ ਕੇ ਉਨ੍ਹਾਂ ਲੋੜਵੰਦਾਂ ਨੂੰ ਰੁਪਏ, ਪੈਸੇ ਤੇ ਕੱਪੜੇ-ਲੱਤੇ ਵੰਡੇ। ਅਖੀਰਲੇ ਦਿਨ (ਗੁਰੂ) ਗ੍ਰੰਥ ਸਾਹਿਬ ਦੇ ਹਜ਼ੂਰ ਗੁਰਿਆਈ ਦੇ ਪੰਜ ਪੈਸੇ ਤੇ ਸ੍ਰੀ ਫਲ ਰਖ ਕੇ ਇਹ ਸਲੋਕ ਪੜ੍ਹਿਆ :
ਅਕਾਲ ਪੁਰਖ ਕੇ ਬਚਨ ਸਿਓ, ਪ੍ਰਗਟ ਚਲਾਇਓ ਪੰਥ ।
ਸਭ ਸਿਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।
ਭਾਈ ਚੌਂਪਾ ਸਿੰਘ ਜੀ ਨੇ ਵੀ ਆਪਣੇ ਰਹਿਤਨਾਮੇ ਵਿਚ ਇਹ ਹੀ ਲਿਖਿਆ : ਆਗਿਆ ਗੁਰੂ ਗ੍ਰੰਥ ਸਾਹਿਬ ਦੀ ਮੰਨਣੀ।
ਖੁਸ਼ਵਕਤ ਰਾਇ ਦੇ ਕਹਿਣ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਨੀਲੇ ਬਸਤਰ ਪਹਿਣ ਲਏ। ਕਮਰਕੱਸਾ ਪੀਲਾ ਤੇ ਇਕ ਉੱਚੀ ਦਸਤਾਰ ਨੋਕਦਾਰ ਬੰਨ੍ਹ ਲਈ ਤੇ ਉਸ ਤੇ ਕਲਗੀ ਸਜਾ ਲਈ। ਸਾਰੇ ਸ਼ਸਤਰ ਪਹਿਣ ਲਏ। ਤੀਰ ਕਮਾਨ ਵੀ ਲਟਕਾ ਲਿਆ। ਸੱਜੇ ਹੱਥ ਨੇਜ਼ਾ ਤੇ ਨੀਲੇ ਘੋੜੇ ਉੱਪਰ ਸਵਾਰ ਹੋ ਕੇ ਅੰਤਮ ਸਫ਼ਰ ਤੇ ਚੱਲ ਪਏ। ਸਿੱਖਾਂ ਪੁੱਛਿਆ ਕਿ ਖਾਲਸੇ ਨੂੰ ਕਿੱਥੇ ਬੈਠਾ ਚੱਲੇ ਹੋ ਤਾਂ ਆਪ ਜੀ ਨੇ ਫ਼ਰਮਾਇਆ, ‘ਖਾਲਸੇ ਨੂੰ ਅਕਾਲ ਕੀ ਗੋਦ ਮੇਂ ਬਸਾਇਆ ਹੈ।’ ਸਿੱਖਾਂ ਦਾ ਅਗਲਾ ਸਵਾਲ ਸੀ ‘ਸਾਨੂੰ ਕਿਸ ਦੇ ਲੜ ਲਗਾ ਚੱਲੇ ਹੋ’ ਤਾਂ ਮਹਾਰਾਜ ਦਾ ਉੱਤਰ ਸੀ, ‘ਪੰਥ ਨੂੰ ਗੁਰੂ ਗ੍ਰੰਥ ਦੇ ਲੜ ਲਗਾ ਚੱਲਾ ਹਾਂ।’ ਸਿੱਖਾਂ ਦੀ ਅਗਲੀ ਪੁੱਛ ਸੀ, ‘ਮਹਾਰਾਜ ਤੁਹਾਡੀ ਆਤਮਾ ਕਿੱਥੇ ਹੈ ਤੇ ਸਰੀਰ ਕਿਸ ਥਾਂ,’ ਤਾਂ ਮਹਾਰਾਜ ਦਾ ਕਹਿਣਾ ਸੀ, ‘ਆਤਮਾ ਗ੍ਰੰਥ ਵਿਚ ਤੇ ਸਰੀਰ ਪੰਥ ਵਿਚ । ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ, ਓਟ ਅਕਾਲ ਕੀ।’
ਇਹ ਬਚਨ ਵੀ ਕਹੇ :
‘ਇਹ ਪੰਥ ਅਸਾਂ ਸ੍ਰੀ ਅਕਾਲ ਪੁਰਖ ਕੀ ਆਗਿਆ ਸੇ ਸਾਜਾ ਹੈ । ਉਹ ਇਸ ਕਾ ਹਰ ਮੁਸ਼ਕਲ ਮੇਂ ਸਹਾਈ ਹੋਏਗਾ। ਮੈਂ ਸਿੱਧਾ ਤੁਸਾਂ ਨੂੰ ਉਸ ਦੇ ਲੜ ਲਗਾਇਆ ਹੈ, ਉਹ ਆਪੇ ਲੜ ਲਗਿਆਂ ਦੀ ਲਾਜ ਪਾਲੇਗਾ।”3
ਗੁਰ ਬਿਲਾਸ ਪਾਤਸ਼ਾਹੀ ਛੇਵੀਂ ਜੋ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਤਕਰੀਬਨ ੮ ਸਾਲ ਬਾਅਦ ਹੀ ਲਿਖਿਆ ਗਿਆ, ਵਿਚ ਕਵੀ ਸੋਹਣ ਸਿੰਘ ਨੇ ਲਿਖਿਆ ਹੈ :
ਮਮ ਆਗਿਆ ਸਬ ਹੀ ਸੁਨੋ,
ਸਤਿ ਬਾਤ ਨਿਰਧਾਰਾ।
ਗੁਰੂ ਗ੍ਰੰਥ ਸਮ ਮਾਨੀਓ,
ਭੇਦ ਨ ਕੋਊ ਬਿਚਾਰਾ। ੪੦੯।
ਹਉ ਲਾ ਰੱਖੀ ਦੇ ਨਾਮਲ
ਗੁਰੂ ਗ੍ਰੰਥ ਕਲਜੁਗ ਭਯੋ,
ਸ੍ਰੀ ਗੁਰੂ ਰੂਪ ਸਮਾਨ ।
ਦਸ ਪਾਤਸ਼ਾਹੀਆਂ ਰੂਪ ਇਹ,
ਗੁਰੂ ਗ੍ਰੰਥ ਜੀ ਜਾਨ ।੪੧੨ ।
ਗੁਰੂ ਦਰਸ ਜਿਹ ਦੇਖਣਾ
ਸ੍ਰੀ ਗ੍ਰੰਥ ਦਰਸਾਇ।
ਬਾਤ ਕਰਨਿ ਗੁਰੂ ਸੋ ਚਾਹੇ,
ਪੜ੍ਹੇ ਗ੍ਰੰਥ ਮਨ ਲਾਇ। ੪੧੩।
ਕੋਇਰ ਸਿੰਘ ਜੀ ਨੇ ਗੁਰੂ ਬਿਲਾਸ ਪਾਤਸ਼ਾਹੀ ਦਸਵੀਂ ਵਿਚ ਇਹ ਹੀ ਲਿਖਿਆ :
ਗ੍ਰੰਥ ਗੁਰੂ ਮਹਿ ਨਿਹਚਾ ਧਾਰੈ।
ਤਾ ਬਿਨ ਚਾਹ ਨ ਧਰੋ ਪਿਆਰੇ ।
ਤਾ ਕੀ ਵਾਂਛਾ ਸਭ ਗੁਰ ਪੂਰੇ।
ਯਾ ਪਰ ਨਿਸਚਾ, ਭ੍ਰਮ ਸਭ ਦੂਰੇ। ੧੩੬।
ਬੰਸਾਵਲੀਨਾਮੇ ਦੇ ਲਿਖਾਰੀ ਭਾਈ ਕੇਸਰ ਸਿੰਘ ਜੀ ਨੇ ਤਾਂ ਚਰਨ ਦਸਵੇਂ ਵਿਚ ਸਪੱਸ਼ਟ ਲਿਖਿਆ :
ਤਬ ਸਾਹਿਬ ਬਚਨ ਕੀਤਾ,
ਗੁਰਿਆਈ ਕਾ ਤੋ ਪਹੁਤਾ ਅੰਤ।
ਦਸ ਜਾਮੇ ਕਹੇ ਥੇ,
ਗੁਰੁ ਨਾਨਕ ਭਗਵੰਤ ੨੪੪।
ਫਿਰ ਲਿਖਿਆ ਹੈ ਕਿ ਜਦੋਂ ਜੋਤੀ ਜੋਤ ਸਮਾਉਣ ਲੱਗੇ ਤਾਂ ਸਿੱਖਾਂ ਪੁੱਛਿਆ :
ਗ਼ਰੀਬ ਨਿਵਾਜ਼ ! ਸਿੱਖ ਸੰਗਤ ਤੇਰੀ,
ਇਸ ਦਾ ਕੀ ਹਵਾਲ ।
ਬਚਨ ਕੀਤਾ ਗ੍ਰੰਥ ਹੈ ਗੁਰੂ,
ਲੜ ਪਕੜੋ ਅਕਾਲ ।
ਬੜੇ ਸਪੱਸ਼ਟ ਸ਼ਬਦਾਂ ਵਿਚ ਭਾਈ ਕੇਸਰ ਸਿੰਘ ਜੀ ਨੇ ਮੱਤ ਪ੍ਰਗਟਾਇਆ ਹੈ। ਇਹ ਯਾਦ ਰਹੇ ਕਿ ਇਹ ਲਿਖਤ ਅਠਾਰ੍ਹਵੀਂ ਸਦੀ ਦੇ ਮੱਧ ਤੋਂ ਕੁਝ ਚਿਰ ਬਾਅਦ ਸੰਨ ੧੭੬੯ ਦੀ ਹੈ।
“ਦਸਵਾਂ ਪਾਤਸ਼ਾਹ ਗੱਦੀ ਗੁਰਿਆਈ ਦੀ ਗ੍ਰੰਥ ਸਾਹਿਬ ਨੂੰ ਦੇ ਗਿਆ। ਅੱਜ ਪ੍ਰਤੱਖ ਗੁਰੁ ਅਸਾਡਾ ਗ੍ਰੰਥ ਸਾਹਿਬ ਹੈ।
ਸੋਈ ਗਿਆ ਜੋ ਗ੍ਰੰਥੋਂ ਗਿਆ। ੨੬੪।
(ਚਰਨ ਦਸਵਾਂ)
ਮਹਿਮਾ ਪ੍ਰਕਾਸ਼ ਜੋ ਤਕਰੀਬਨ ਇਸੇ ਸਮੇਂ ਸੰਨ (੧੭੭੪) ਨੂੰ ਲਿਖਿਆ ਗਿਆ, ਵਿਚ ਸਾਫ਼ ਦਰਜ ਹੈ :
“ਤਬ ਸਿੱਖਾਂ ਨੇ ਪੂਛਾ ਜੋ ਅਬ ਦਰਸ਼ਨ ਕਹਾਂ ਕਰਹਿ। ਸਤਿਗੁਰ ਦੀਨ ਦਿਆਲ ਬਚਨ ਕੀਤਾ-ਜੋ ਦਸ ਸਰੂਪ ਹਮਾਰੇ ਪੂਰਨ ਹੋਏ। ਅਬ ਮੇਰੀ ਜਾਹਗਾ ਗੁਰੂ ਗ੍ਰੰਥ ਸਾਹਿਬ ਕੋ ਜਾਣਨਾ।
ਜਿਸ ਨੇ ਮੇਰੇ ਸੇ ਬਾਤ ਕਰਨੀ ਹੋਇ ਤੇ ਆਦਿ ਗ੍ਰੰਥ ਸਾਹਿਬ ਕਾ ਪਾਠ ਕਰਨਾ। ਮੇਰੇ ਸੋ ਬਾਤਾਂ ਹੋਵੇਗੀ।”
੧੮ਵੀਂ ਸਦੀ ਦੇ ਹੀ ਅੱਧ ਵਿਚ ਅਰੰਭ ਕੀਤੀ ਪੁਸਤਕ ਉਮਦਾਤ-ਤਵਾਰੀਖ਼ ਕ੍ਰਿਤ ਸੋਹਣ ਲਾਲ ਸੂਰੀ ਵਿਚ ਵੀ ਇਸ ਪ੍ਰਕਾਰ ਹੀ ਲਿਖਿਆ ਹੈ ਕਿ ਸਿੱਖਾਂ ਬੇਨਤੀ ਕੀਤੀ ਕਿ ਹਜ਼ੂਰ ਨੇ ਹੁਣ ਕਿਸ ਨੂੰ (ਕਦਾਮ ਕਸਾ ਰਾ) ਗੁਰੂ ਨਿਯਤ ਕੀਤਾ ਹੈ ਤਾਂ ਮਹਾਰਾਜ ਨੇ ਹੁਕਮ ਕੀਤਾ :
ਗੁਰੂ ਗ੍ਰੰਥ ਜੀ ਹਨ-ਗ੍ਰੰਥ ਤੇ ਵਾਹਿਗੁਰੂ ਵਿਚਕਾਰ ਕੋਈ ਫ਼ਰਕ ਨਹੀਂ। (ਗੁਰੂ) ਗ੍ਰੰਥ ਜੀ ਦੇ ਦਰਸ਼ਨ ਤੋਂ ਗੁਰੂ ਸਾਹਿਬ ਦੇ ਖ਼ੁਸ਼ੀਆਂ ਭਰਪੂਰ ਦਰਸ਼ਨ ਹੋਣਗੇ। ਤਵਾਰੀਖ਼ੇ ਮੁਜ਼ੱਫਰੀ ਦੇ ਪੰਨਾ ੨੦੪ ਤੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਇਸ ਸਿੱਖ ਜਮਾਤ ਦੇ ਯਕੀਨ ਅਨੁਸਾਰ ਗੁਰੂ ਨਿਯਤ ਕਰਨਾ ਅਤੇ ਮਨੁੱਖੀ ਜਾਮੇ ਖ਼ਤਮ ਹੋ ਗਏ ਹਨ ਤੇ ਗੁਰੂ ਗ੍ਰੰਥ ਜੀ ਗੁਰੂ ਦੀ ਥਾਂ ਨਿਯਤ ਹਨ। (ਗ੍ਰੰਥ ਮਜ਼ਕੂਰ ਬ ਜਾਇ ਗੁਰ ਮੁਕੱਰਰ ਸ਼ੁਦ) ਕਿਸੇ ਦਾ ਇਨ੍ਹਾਂ ਅਕਟ ਗਵਾਹੀਆਂ ਦੇ ਹੁੰਦਿਆਂ ਕੁਝ ਹੋਰ ਕਹਿਣਾ ਜਾਂ ਲਿਖਣਾ ਸੋਭਦਾ ਹੀ ਨਹੀਂ।
ਅਕਤੂਬਰ ੬-੭ ਦੀ ਅੱਧੀ ਰਾਤ ਤੋਂ ਕੁਝ ਸਮੇਂ ਉਪਰੰਤ ਆਪ ਜੀ ਨੇ ਸਰਬਤ ਸੰਗਤਿ ਨੂੰ ਆਵਾਜ਼ ਦੇ ਕੇ ਬੁਲਾਇਆ ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹ ਬੁਲਾ ਕੇ ਜੋਤੀ ਜੋਤ ਸਮਾ ਗਏ । ਸੰਦਲ ਦੀ ਚਿਤਾ ਬਣਾ ਕੇ ਪ੍ਰਭਾਤ ਸਮੇਂ ਹੀ ਸਸਕਾਰ ਕੀਤਾ ।
ਸੈਨਾਪਤੀ ਦੇ ਸ਼ਬਦਾਂ ਵਿਚ :
ਗਈ ਅਰਧ ਰਾਤੀਂ ਘਰੀ ਚਾਰ ਅਉਰੇ ।
ਭਏ ਸਬਦ ਰੂਪੀ ਭਰੀ ਬਾਤ ਅਉਰੇ। ੩੩। ੭੯੮।
ਦੋਹਿਰਾ :
ਟੇਰ (ਆਵਾਜ਼) ਕਰੀ ਤਾਹੀ ਸਮੈਂ, ਜਾਗੈ ਸਿੰਘ ਅਪਾਰ ।
ਵਾਹਿਗੁਰੂ ਜੀ ਕੀ ਫਤੇ, ਕਹੀ ਅੰਤ ਕੀ ਬਾਰ। ੩੪। ੭੯੯।
ਸਵੈਯਾ : ਬਿਸਮੇ ਸਭ ਹੋਇ ਰਹੇ ਮਨ ਮੈ ਕਛ ਕੀ ਕਛੂ ਹੋਇ ਗਈ ਅਬ ਹੀ।
ਮਿਲਕੈ ਸਬ ਸਿੰਘਨ ਤਾਹਿ ਸਮੈਂ, ਇਹ ਭਾਂਤ ਬਿਚਾਰ ਕਿਯੋ ਤਬ ਹੀ।
ਸਸਕਾਰ ਕਰੋ ਨਿਸ ਹੀ ਕੈ ਸਮੈਂ, ਨਿਕਸੈ ਨਾਹੀਂ ਭਾਨ,’ਕਹਯੋ ਸਭ ਹੀ।
ਇਮ ਕਾਰਨ ਕਾਰਜ ਕੋ ਕਰ ਹੀ, ਮਿਲਿ ਜੋਤ ਸੋ ਜੋਤਿ ਗਈ ਤਬ ਹੀ । ੩੬ । ੮੦੧।
ਚਿਖਾ ਠੰਢੀ ਹੋਣ ਤੇ ਜਦ ਚਿਖਾ ਵਿਚੋਂ ਫੁੱਲ ਚੁਗਣ ਗਏ ਤਾਂ ਨਿਰੋਲ ਇਕ ਛੋਟੀ ਕ੍ਰਿਪਾਨ ਹੀ ਲੱਭੀ। ਸਦਾ ਭਗਉਤੀ ਨਾਲ ਪ੍ਰੇਮ ਕਰਨ ਵਾਲੇ, ਖੜਗ ਦਾ ਨੇਮ ਰੱਖਣ ਵਾਲੇ, ਪੈਜ ਨਿਬਾਹੁਣ ਵਾਲੇ ਅਤੇ ਲੋਕਾਂ ਵਿਚ ਸੂਰਮਗਤੀ ਭਰਨ ਵਾਲੇ ਸੂਰਮੇ ਨੇ ਆਪਾ ਵੀ ਪੰਥ ਵਿਚ ਹੀ ਲੁਕੋ ਲਿਆ। ਐਸੀ ਅਮਿਟ ਛਾਪ ਪੰਥ ਤੇ ਪਾਈ ਕਿ ਪੰਥ ਉਸਦੇ ਸਹਾਰੇ ਰਹਿੰਦੀ ਦੁਨੀਆਂ ਤੱਕ ਟੁਰਦਾ ਰਹੇਗਾ । ਇਥੇ ਇਹ ਲਿਖਣਾ ਕੁਥਾਂ ਨਹੀਂ ਹੋਵੇਗਾ ਕਿ ਇਹ ਸਭ ਮਨ- ਘੜਤ ਸਾਖੀਆਂ ਹਨ ਕਿ ਗੁਰੂ ਜੀ ਉਥੋਂ ਚਿਖਾ ਵਿਚੋਂ ਕਿਧਰੇ ਬਾਹਰ ਚਲੇ ਗਏ ਜਾਂ ਕਿਸੇ ਉਦਾਸੀ ਨੂੰ ਦਰਸ਼ਨ ਹੋਏ। ‘ਇਬਰਤਨਾਮਾ’ ਕ੍ਰਿਤ ਮਿਰਜ਼ਾ ਮੁਹੰਮਦ ਹਰੀਸੀ ਜੋ ਸੰਨ ੧੭੧੮ ਵਿਚ ਲਿਖਿਆ ਗਿਆ ਤੇ ਰਾਇ ਚਤਰਮਨ ਜੋ ਦਿੱਲੀ ਦਾ ਰਹਿਣ ਵਾਲਾ ਸੀ ਤੇ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾਂ ਜੀ ਨੂੰ ਮਿਲਦਾ ਜੁਲਦਾ ਵੀ ਰਹਿੰਦਾ ਸੀ, ਨੇ ਆਪਣੀ ਪੁਸਤਕ ‘ਚਹਾਰ ਗੁਲਸ਼ਨ’ ਵਿਚ ਸਪੱਸ਼ਟ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਨਾਦੇੜ ਵਿਖੇ ਜੋਤੀ ਜੋਤ ਸਮਾ ਗਏ ਤੇ ਚੰਦਨ ਦੀ ਚਿਖਾ ਬਣਾ ਅਗਨੀ ਭੇਟ ਕੀਤਾ ਗਿਆ । ਸੌ ਮਣ ਚੰਦਨ ਦੀ ਲੱਕੜ ਪਾਉਣ ਦਾ ਵੀ ਜ਼ਿਕਰ ਇਤਿਹਾਸਕਾਰਾਂ ਕੀਤਾ ਹੈ।
ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਦੇ ਇਕ ਮਹੀਨਾ ਉਪਰੰਤ ਜਦ ਬਹਾਦਰ ਸ਼ਾਹ ਨੂੰ ਇਹ ਰਿਪੋਰਟ ਹੋਈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਹਰ ਪ੍ਰਕਾਰ ਦੀ ਜਾਇਦਾਦ ਕਾਫੀ ਮੁੱਲ ਦੀ ਹੈ ਅਤੇ ਸਰਕਾਰੀ ਕਾਨੂੰਨ ਮੁਤਾਬਕ ਜ਼ਬਤ ਕਰਕੇ ਸਰਕਾਰੀ ਖ਼ਜ਼ਾਨੇ ਦਾਖ਼ਲ ਕੀਤੀ ਜਾਣੀ ਚਾਹੀਦੀ ਹੈ ਤਾਂ ਬਹਾਦਰ ਸ਼ਾਹ ਨੇ ਕਿਹਾ ਕਿ ਦਰਵੇਸ਼ ਦੀ ਜਾਇਦਾਦ ਉਸ ਨੂੰ ਨਹੀਂ ਚਾਹੀਦੀ ਤੇ ਉਸ ਦੇ ਵਾਰਸਾਂ ਵਿਚ ਹੀ ਵੰਡ ਦਿੱਤੀ ਜਾਏ। ਅਖ਼ਬਾਰਾਤਿ-ਦਰਬਾਰ-ਮੁਅੱਲਾ ਵਿਚ ੧੧ ਨਵੰਬਰ, ੧੭੦੮ ਨੂੰ ਇਹ ਦਰਜ ਹੈ ਕਿ ਸਵਰਗਵਾਸੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਲ ਜ਼ਬਤੀ ਸਬੰਧੀ ਬਾਦਸ਼ਾਹ ਦੇ ਹਜ਼ੂਰ ਜਦ ਅਰਜ਼ ਹੋਈ ਤਾਂ ਹੁਕਮ ਹੋਇਆ ਕਿ ਅਜਿਹੇ ਮਾਲ ਨਾਲ ਸ਼ਾਹੀ ਖਜ਼ਾਨਾ ਨਹੀਂ ਭਰਿਆ ਜਾਣਾ। ਦਰਵੇਸ਼ਾਂ ਦਾ ਮਾਲ ਹੈ। ਰੋਕ ਨਾ ਪਾਈ ਜਾਏ।
ਪਰ ਕੈਸੀ ਦੁਹਰੀ ਚਾਲ ਬਹਾਦਰ ਸ਼ਾਹ ਚੱਲ ਰਿਹਾ ਸੀ ਕਿ ਜਮਸ਼ੇਦ ਖ਼ਾਨ ਦੇ ਬੇਟਿਆਂ ਨੂੰ ਵੀ ਮਾਤਮੀ ਖ਼ਿਲਤ ੨੮ ਅਕਤੂਬਰ, ੧੭੦੮ ਨੂੰ ਭੇਜੀ। ਇਹ ਯਾਦ ਰਹੇ ਕਿ ਜਮਸ਼ੈਦ ਖ਼ਾਨ ਦੀ ਮ੍ਰਿਤੂ ੧੪ ਸਤੰਬਰ ਨੂੰ ਹੋਈ ਸੀ । ਗੁਰੂ ਮਹਾਰਾਜ ਦੀ ਹਯਾਤੀ ਕੋਈ ਖ਼ਿਲਤ ਮਾਤਮੀ ਨਾ ਭੇਜੀ ਪਰ ਜੋਤੀ ਜੋਤ ਸਮਾਉਣ ਬਾਅਦ ਭੇਜ ਦਿੱਤੀ।
17
ਮਰਦ ਅਗੰਮੜਾ : ਸਮੁੱਚੇ ਜੀਵਨ, ਸ਼ਖਸੀਅਤ ਤੇ ਇਕ ਝਾਤ
੪੨ ਸਾਲ ਤੋਂ ਵੀ ਘੱਟ ਉਮਰ ਵਿਚ ਜੋ ਬਖਸ਼ਸ਼ਾਂ, ਕਰਤਬ ਅਤੇ ਕੌਤਕ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੇ, ਉਨ੍ਹਾਂ ਦਾ ਜਾਇਜ਼ਾ ਲੈਣਾ ਕਿਸੇ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ। ਇਤਨੀ ਛੋਟੀ ਆਯੂ ਵਿਚ ਇਤਨੇ ਮਹਾਨ ਕਾਰਜ ਕਰ ਜਾਣੇ, ਇਕ ਕਰਾਮਾਤ ਤੋਂ ਘੱਟ ਨਹੀਂ। ਫਿਰ ਇਕ ਹੀ ਸ਼ਖਸੀਅਤ ਵਿਚ ਇਤਨੇ ਗੁਣ ਇਕ ਥਾਂ ਮਿਲਣੇ ਅਸੰਭਵ ਜਹੀ ਬਾਤ ਲਗਦੀ ਹੈ।
ਭਾਈ ਨੰਦ ਲਾਲ ਜੀ ਗੰਜਨਾਮਾ ਵਿਚ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਸੱਚ ਨੂੰ ਰੌਸ਼ਨ ਕਰਨ ਵਾਲੀਆਂ ਨੌ ਮਿਸ਼ਾਲਾਂ ਦਾ ਨਜ਼ਾਰਾ ਦਰਸਾਉਣ ਵਾਲੀ ਅਤੇ ਝੂਠ ਤੇ ਕੁਸਤਿ ਦੀ ਰਾਤ ਦੇ ਹਨੇਰੇ ਨੂੰ ਨਾਸ਼ ਕਰਨ ਵਾਲੀ ਹੈ। ਉਨ੍ਹਾਂ ਦੇ ਨਾਮ ਦੇ ਫ਼ਾਰਸੀ ਹਿੱਸੇ ਲੈ ਕੇ ਭਾਈ ਜੀ ਲਿਖਦੇ ਹਨ ਕਿ ‘ਗਾਫ਼’ ਤੇ‘ਵਾਓ’ ਜਗਤ ਜਿੱਤ ਕੇ ਪ੍ਰਭੂ ਨਾਲ ਜੋੜਨ ਵਾਲੀ ਹੈ । ਨਾਮ ਵਿਚ ਆਈ ‘ਬੇ’ ਅਮਰ ਜ਼ਿੰਦਗੀ ਵਾਲੀ ਹੈ, ਸ਼ਰਨ ਆਇਆਂ ਨੂੰ ਬਖਸ਼ਣ ਵਾਲੀ ਹੈ। ‘ਨੂੰਨ’ ਦੀ ਸੁਗੰਧੀ ਭਗਤਾਂ ਨੂੰ ਨਿਵਾਜਣ ਵਾਲੀ ਹੈ । ‘ਦਾਲ’ ਮੌਤ ਦੇ ਜਾਲ ਨੂੰ ਤੋੜ ਦੇਣ ਵਾਲਾ ਹੈ ਅਤੇ ‘ਸੀਨ’ ਜੀਵਨ ਦੀ ਪੂੰਜੀ ਹੈ। ਉਸ ਦੀ ਸਿੱਖਿਆ ਤੇ ਆਗਿਆ ਦਾ ਨਜ਼ਾਰਾ ਨੌ ਜਹਾਨਾਂ ਵਿਚ ਵੱਜ ਰਿਹਾ ਹੈ। ਉਹ ਸਿੱਖਾਂ ਨਾਲ ਕਿਤਨਾ ਪਿਆਰ ਕਰਦੇ ਹਨ, ਇਸ ਦਾ ਅੰਦਾਜ਼ਾ ਕੋਈ ਨਹੀਂ ਲਗਾ ਸਕਦਾ । ਅਸੀਂ ਉਸ ਦੇ ਆਸ਼ਕ ਹਾਂ ਜੋ ਸਾਡਾ ਆਸ਼ਕ ਹੈ। ਉਸ ਦੇ ਬੋਲ ਮਿੱਠੇ ਹਨ ਪਰ ਐਸੇ ਜਾਦੂ ਭਰੇ ਕਿ ਮੁਰਦਿਆਂ ਵਿਚ ਵੀ ਜਾਨ ਪਾ ਦਿੰਦੇ ਹਨ । ਫਿਰ ਉਹ ਬੇਹੋਸ਼ੀ ਨਹੀਂ, ਹੋਸ਼ਾਂ ਵਾਲੀ ਮਸਤੀ ਦਿੰਦੇ ਹਨ। ਸਮਕਾਲੀ ਚੰਦ ਕਵੀ ਨੇ ਤਾਂ ਉਨ੍ਹਾਂ ਨੂੰ ‘ਇਕ ਮਰਦ’ ਹੀ ਕਿਹਾ ਹੈ। ਕੁਲ ਵਿਚ ਨਾਨਕ ਮਰਦ ਆਇਆ ਸੀ ਤੇ ਉਸ ਦੀ ਜੋਤ ਗੁਰੂ ਗੋਬਿੰਦ ਸਿੰਘ ਹੈ। ਗੁਰੂ ਮਹਾਰਾਜ ਦੇ ਆਪਣੇ ਹੀ ਮਸੰਦੀ ਭਾਈ ਆਸਾ ਸਿੰਘ ਜੀ ਨੇ ਉਨ੍ਹਾਂ ਦੀ ਸ਼ਖਸੀਅਤ ਨਿਰੀ ਪਰਉਪਕਾਰ, ਪਰ ਦਰਦ, ਉਦਾਰਤਾ ਤੇ ਅਕਲਾਂ ਦੇ ਕੋਟ ਵਾਲੀ ਕਹੀ ਹੈ, ਸ਼ਾਇਦ ਇਸੇ ਲਈ ਹੀ ਆਲਮ ਜੀ ਨੇ ਕਿਹਾ ਸੀ ‘ਭੋਜ ਕੀ ਸੀ ਮੌਜ ਤੇਰੇ ਰੋਜ਼ ਰੋਜ਼ ਪਾਈਏ।’ ਅਤੇ ਸ਼ਾਰਦਾ ਨੇ ਨਿੱਜੀ ਤਜਰਬੇ ਤੋਂ ਲਿਖਿਆ ਸੀ ਕਿ ਐਸੇ ਸੂਰਮੇ ਹਨ ਗੁਰੂ ਗੋਬਿੰਦ ਸਿੰਘ ਜੀ ਕਿ ਬਖਸ਼ਿਸ਼ਾਂ ਨਾਲ ਨਿਵਾਜ ਕੇ ਹੀ ਮਾਰ ਦਿੰਦੇ ਹਨ ਅਤੇ ਬਖ਼ਸ਼ਿਸ਼ਾਂ ਕਰਨ ਵੇਲੇ ਕਿਸੇ ਅਧਿਕਾਰ ਆਦਿ ਦਾ ਵਿਚਾਰ ਨਹੀਂ ਕਰਦੇ। ਫਿਰ ਨਿਰਾ ਕਰ (ਹੱਥਾਂ) ਦੇ ਦਾਨ ਨਾਲ ਤਾਰਦੇ ਹੀ ਨਹੀਂ, ਕਰਤਾਰ ਵੀ ਦਿੰਦੇ ਹਨ।ਭੂ ਯਾਦ ਵੀ ਦਿੰਦੇ ਹਨ। ਪ੍ਰਸਿੱਧ ਦਰਬਾਰੀ ਕਵੀ ਹੰਸ ਰਾਜ ਜੀ, ਜਿਨ੍ਹਾਂ ਨੂੰ ਗੁਰੂ ਜੀ ਨੇ ਇਕ ਵਾਰੀ ਉਸ ਦੇ ਇਕ ਹੀ ਕਬਿੱਤ ਤੇ ਖੁਸ਼ ਹੋ ਕੇ ੬੦ ਹਜ਼ਾਰ ਰੁਪਏ ਦਿੱਤੇ ਸਨ, ਨੇ ਵੀ ਉਨਾਂ ਨੂੰ ‘ਪਰਮ ਉਦਾਰ ਪਰ ਪੀਰ ਕੋ ਹਰਨਹਾਰ’ ਹੀ ਕਿਹਾ ਹੈ । ਹੰਸ ਰਾਮ ਦਾ ਕਹਿਣਾ ਹੈ ਕਿ ਜਿਨ੍ਹਾਂ ਰਾਜਿਆਂ ਦੇ ਦਰਬਾਰ ਵਿਚ ਜਾਣ ਲਈ ਮਹੀਨਿਆਂ ਲੋਕੀਂ ਤਰਸਦੇ ਹਨ, ਉਹ ਗੁਰੂ ਦੇ ਦਰਬਾਰ ਦਰਬਾਨ ਬਣੇ ਦੇਖੇ ਜਾ ਸਕਦੇ ਹਨ।
ਗੁਰੂ ਘਰ ਦੀ ਜੋ ਰੀਤੀ ‘ਸੰਤਹ ਮਾਨੋ ਦੂਤਾ ਡਾਨੋ’ ਸੀ, ਉਹ ਗੁਰੂ ਗੋਬਿੰਦ ਸਿੰਘ ਜੀ ਨੇ ਤੋੜ ਅਪਣਾਈ ਹੈ। ਜਿਨ੍ਹਾਂ ਤਲਵਾਰ ਖਿੱਚੀ, ਉਨ੍ਹਾਂ ਨੂੰ ਤੋੜੇਦਾਰ ਹੋ ਕੇ ਮਿਲਦੇ ਹਨ ਤੇ ਗੁਣੀ ਪੁਰਸ਼ਾਂ ਨਾਲ ਉਦਾਰ ਹਨ। ਗੁਰੂ ਜੀ ਨੇ ਜਿੰਨੀਆਂ ਜੰਗਾਂ ਕੀਤੀਆਂ ਹਨ, ਇਹ ਦੁੱਖਾਂ ਨੂੰ ਦਬਾਉਣ ਤੇ ਦੁਖੀਆਂ ਦੇ ਸੁਖ ਲਈ ਹੀ ਕੀਤੀਆਂ ਹਨ। ਉਹ ਨਿੱਜ ਲਈ ਨਹੀਂ ਸਨ ਲੜਦੇ। ਇਸੇ ਤਰ੍ਹਾਂ ਸਮਕਾਲੀ ਕਵੀ ਅੰਮ੍ਰਿਤ ਰਾਇ ਜੋ ਲਾਹੌਰ ਦਾ ਰਹਿਣ ਵਾਲਾ ਸੀ, ਨੇ ਇਹ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਨੌਂ-ਰਸੀ ਸੀ। ਸਾਰੇ ਦੇ ਸਾਰੇ ਨੌਂ . ਰਸ ਇਕੋ ਉਨ੍ਹਾਂ ਵਿਚ ਸਨ । ਉਹ ਲਿਖਦਾ ਹੈ ਕਿ ਪ੍ਰਭੂ ਪ੍ਰੇਮ ਵਿਚ ਜੋ ਸੁਰਤਿ ਚੁਭੋ ਰੱਖੀ ਹੈ, ਇਹ ਹੀ ਸ਼ਿੰਗਾਰ-ਰਸ ਹੈ, ਜਿਤਨੇ ਕੌਤਕ ਉਹ ਕਰਦੇ ਹਨ, ਉਹ ਸਾਨੂੰ ਹਸਾਉਂਦੇ ਹਨ ਪਰ ਸਿੱਖਿਆਦਾਇਕ ਹਨ। ਕਦੇ ਗਧੇ ਨੂੰ ਸ਼ੇਰ ਦੀ ਖੱਲ ਪਾ ਕੇ ਛੱਡ ਦੇਣਾ, ਕਦੇ ਇਹ ਬਚਨ ਬੋਲਣੇ ਕਿ ਸਿੱਖ ਤਾਂ ਕੇਵਲ ਸਿੱਖਣੀਆਂ ਦੇ ਹੀ ਹਨ । ਕਦੇ ਕੜਾਹ ਪ੍ਰਸ਼ਾਦ ਨੂੰ ਵਰਤਾਉਣ ਦੀ ਥਾਵੇਂ ਲੁੱਟ ਕੇ ਖਾਣ ਦਾ ਹੁਕਮ ਦੇਣਾ, ਕਦੇ ਪਿਲਾਉ ਦੀਆਂ ਦੇਗਾਂ ਨੂੰ ਚੁਰਾਹੇ ਵਿਚ ਰੱਖ ਕੁੱਤੇ ਛੱਡ ਦੇਣੇ ਤੇ ਹੋਰ ਅਨੇਕ, ਹਾਸ ਰਸ ਹੀ ਹਨ। ਗ਼ਰੀਬ ਦਾ ਦੁੱਖ ਉਨ੍ਹਾਂ ਪਾਸੋਂ ਸਹਾਰਿਆ ਨਹੀਂ ਸੀ ਜਾਂਦਾ । ਦੁਖੀ ਭਾਵੇਂ ਪਠਾਨ ਹੋਣ ਭਾਵੇਂ ਰਾਜੇ, ਉਹ ‘ਕਰੁਣਾ ਰਸ’ ਵਿਚ ਭਰ ਜਾਂਦੇ ਹਨ। ਵੱਡੇ-ਵੱਡੇ ਜੰਗਾਂ ਵਿਚ ਇਕੱਲੇ ਹੀ ਜੂਝਣਾ ਤੇ ਜਿੱਤ ਪ੍ਰਾਪਤ ਕਰਨੀ ਇਹ ‘ਰੌਦਰ ਰਸ’ ਹੈ। ਕਾਇਰਾਂ ਨੂੰ ਸ਼ੇਰ ਬਣਾ ਕੇ ਜੰਗ ਵਿਚ ਲੜਾ ਦੇਣਾ ਅਤੇ ਹਲਵਾਈ ਤੇ ਉਦਾਸੀ ਕੋਲੋਂ ਸਮੇਂ ਦੇ ਜਰਨੈਲ ਮਰਵਾ ਦੇਣੇ, ਇਹ ਬੀਰ ਰਸ ਦੀ ਹੋਂਦ ਦਾ ਹੀ ਪ੍ਰਗਟਾਵਾ ਹੈ। ਜਦ ਰਣਜੀਤ ਨਗਾਰਾ ਵਜਵਾਉਂਦੇ ਹਨ ਤਾਂ ਇਕ ਐਸੀ ਭਿਆਨਕ ਆਵਾਜ਼ ਪੈਦਾ ਹੁੰਦੀ ਹੈ ਕਿ ਪਹਾੜੀਏ ਘੁਰਨਿਆਂ ਵਿਚ ਹੀ ਵੜ ਜਾਂਦੇ ਹਨ, ਇਹ ਭਿਆਨਕ ਰਸ ਹੈ ਅਤੇ ਜਿਨ੍ਹਾਂ ਦੇ ਸਾਈਂ ਜੰਗਾਂ ਵਿਚ ਮਾਰੇ ਜਾ ਰਹੇ ਹਨ, ਉਹ ਕੁਰਲਾ ਰਹੀਆਂ ਹਨ ਤੇ ਹਾਕਮਾਂ ਦੇ ਵੈਣ ਕਰ ਰਹੀਆਂ ਹਨ, ਇਹ ਬੀਭਤਸ ਰਸ ਹੈ।
ਹੈਰਾਨਕੁੰਨ ਬਾਤ ਇਹ ਹੈ ਕਿ ਗੁਰੂ ਉਹ ਕੁਝ ਪੈਦਾ ਕਰ ਰਿਹਾ ਹੈ ਜੋ ਕਦੇ ਹੋ ਨਹੀਂ ਸਕਦਾ। ਲਾਹੌਰ ਤੋਂ ਦਇਆ, ਦਿੱਲੀ ਤੋਂ ਧਰਮ, ਪੁਰੀ ਤੋਂ ਹਿੰਮਤ, ਦਵਾਰਕਾ ਤੋਂ ਮੁਹਕਮ ਤੇ ਬਿਦਰ ਤੋਂ ਸਾਹਿਬ, ਇਹ ਅਦਭੁਤ ਰਸ ਹੈ। ਫਿਰ, ਜੋ ਅੰਦਰ ਬ੍ਰਹਮ ਦਾ ਗਿਆਨ ਹੈ, ਅਡੋਲਤਾ ਹੈ, ਸੀਤਲਤਾ ਹੈ, ਇਹ ਸ਼ਾਂਤ ਰਸ ਹੀ ਹੈ।
ਪ੍ਰਸਿੱਧ ਕਵੀ ਸੁੰਦਰ ਨੇ ਤਾਂ ਤੇਗ਼, ਦੇਗ ਸੱਚੀ ਕਹਿ ਕੇ ਸ਼ਖਸੀਅਤ ਦਾ ਇਕ ਹੋਰ ਪੱਖ ਸਾਹਮਣੇ ਲੈ ਆਂਦਾ ਹੈ। ੧੭੨੦ ਵਿਚ ਅਬਦੁਸਸਮਦ ਖ਼ਾਨ ਦੇ ਇਕ ਸਰਕਾਰੀ ਕਰਮਚਾਰੀ ਨੇ ਇਮਦਾਦੇ ਨਾਸਰੀ ਵਿਚ ਇਹ ਗੱਲ ਲਿਖੀ ਹੈ ਕਿ ਉਸ ਕੌਮ ਨੂੰ ਕੌਣ ਹਰਾ ਸਕਦਾ ਹੈ ਜਿਸ ਪਾਸ ਦੇਗ, ਤੇਗ਼ ਹੈ। ਦੇਗ ਦਾ ਭਾਵ ਹੀ ਖੁਲ੍ਹ-ਦਿਲੀ, ਉਦਾਰਤਾ ਹੈ। ਜਿਵੇਂ ਦੇਗ ਦਾ ਮੂੰਹ ਖੁੱਲ੍ਹਾ ਤੇ ਵੱਡਾ ਹੁੰਦਾ ਹੈ ਅਤੇ ਫਿਰ ਉਸ ਉਦਾਰਤਾ ਤੋਂ ਕੋਈ ਹੀਣ ਭਾਵ ਨਾ ਲੈ ਲਏ ‘ਤੇਗ਼’ ਦਿੱਤੀ ਹੈ । ਸੁੰਦਰ ਦਾ ਕਹਿਣਾ ਹੈ ਕਿ ਪਰਸ ਰਾਮ ਬਾਰੇ ਸੁਣੀਂਦਾ ਸੀ ਕਿ ਉਸ ਦੇ ਕੁਹਾੜੇ ਅੱਗੇ ਕੋਈ ਨਹੀਂ ਟਿਕਦਾ ਪਰ ਇਹ ਪਰਤੱਖ ਹੈ ਕਿ ਗੁਰੂ ਗੋਬਿੰਦ ਸਿੰਘ ਦੀ ਕ੍ਰਿਪਾਨ ਅੱਗੇ ਕੋਈ ਅੜ ਨਹੀਂ ਸਕਦਾ। ਫਿਰ ਧਰਮ ਦਾ ਮੁੱਢ ਜੋ ਸ਼ਰਮ ਹੈ, ਉਹ ਇਨ੍ਹਾਂ ਹੀ ਪਾਸ ਹੈ। ਅੰਮ੍ਰਿਤਮਈ ਸ਼ਖਸੀਅਤ ਹੈ, ਗੁਰੂ ਗੋਬਿੰਦ ਸਿੰਘ ਜੀ ਦੀ।
ਹੀਰ ਕਵੀ ਨੇ ਉਨ੍ਹਾਂ ਦੀ ਤੀਰ-ਅੰਦਾਜ਼ੀ ਦੀ ਸਿਫ਼ਤ ਕਰਦੇ ਹੋਏ ਕਿਹਾ ਹੈ ਕਿ ਜਦ ਉਨ੍ਹਾਂ ਦਾ ਤੀਰ ਚੱਲ ਜਾਂਦਾ ਹੈ, ਤਾਂ ਪਹਿਲਾਂ ਸੰਜੋਅ ਨੂੰ ਵਿੰਨ੍ਹ ਕੇ, ਫਿਰ ਸੰਜੋਅ ਪਹਿਨਣ ਵਾਲੇ ਨੂੰ, ਫਿਰ ਘੋੜੇ ਨੂੰ ਜਾ ਵੱਜਦਾ ਹੈ, ਜਿਵੇਂ ਕੜਾਹੀ ਵਿਚੋਂ ਵੜੇ ਤਲਣ ਵਾਲਾ ਸੀਖ ਨਾਲ ਇਕ ਵਾਰ ਕਿਤਨੇ ਹੀ ਵੜੇ ਬਾਹਰ ਕੱਢ ਲੈਂਦਾ ਹੈ। ਫਿਰ ਜਦ ਹਾਥੀ ਤੇ ਸਵਾਰ ਹੋ ਜਾਣ ਤਾਂ ਦੇਖਦੇ ਸਾਰ ਚਾਰੇ ਪਾਸੇ ਵੈਰੀ ਦੀ ਫ਼ੌਜ ਭੱਜ ਉੱਠਦੀ ਹੈ । ਇਹ ਹੀ ਕਹਿਣਾ ਬਣਦਾ ਹੈ ਕਿ ਸ਼ਾਂਤੀ ਦੇ ਸਾਗਰ ਹਨ ਗੁਰੂ ਗੋਬਿੰਦ ਸਿੰਘ ਬੀਰ ਰਸ ਵਿਚ ਗੁੱਝੇ, ਜੰਗ-ਜੇਤੂ ਅਤੇ ਬਖਸ਼ਿਸ਼ਾਂ ਕਰਨ ਵਿਚ ਉਨ੍ਹਾਂ ਦੇ ਟਾਕਰੇ ਦਾ ਹੋਰ ਕੋਈ ਨਹੀਂ।
ਵੀਹਵੀਂ ਸਦੀ ਦੇ ਇਤਿਹਾਸਕਾਰ ਇੰਦੂ ਭੂਸ਼ਨ ਬੈਨਰਜੀ ਨੇ ਇਸੇ ਲਈ ਆਪਣੀ ਪੁਸਤਕ ‘ਐਵੂਲੇਸ਼ਨ ਔਫ਼ ਦੀ ਖ਼ਾਲਸਾ’ ਦੂਜੀ ਜਿਲਦ ਵਿਚ ਕਿਹਾ ਹੈ ਕਿ ‘ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਗੁਰੂ ਗੋਬਿੰਦ ਸਿੰਘ ਜੀ ਹਿੰਦੁਸਤਾਨ ਦੀਆਂ ਕੁਝ ਗਿਣਵੀਆਂ ਮਹਾਨ ਸ਼ਖਸੀਅਤਾਂ ਵਿਚੋਂ ਹਨ। ਉਨ੍ਹਾਂ ਦੀ ਪ੍ਰਤਭਾ ਅਟੱਲ ਹੈ।
“ਗੁਰੂ ਗੋਬਿੰਦ ਸਿੰਘ ਜੀ ਵਿਚ ਪੈਗ਼ੰਬਰ, ਰੱਖਿਅਕ, ਸੰਤ, ਕਵੀ, ਭਗਤ, ਕਲਾਕਾਰ, ਸੁਧਾਰਕ, ਰੂਹਾਨੀ ਆਗੂ, ਵੰਡ ਛਕਣ ਵਾਲੇ, ਵਿਦਵਾਨ, ਸਕਾਲਰ, ਸਭ ਬੋਲੀਆਂ ਦੇ ਮਾਹਿਰ, ਜਥੇਦਾਰ, ਸਟੇਟਸਮੈਨ, ਨੀਤੀਵਾਨ, ਜਰਨੈਲ, ਸੰਤ-ਸਿਪਾਹੀ, ਪਰਉਪਕਾਰੀ, ਉਦਾਰ-ਚਿਤ, ਸਿੱਖ ਯੋਗੀ, ਤੀਰ-ਅੰਦਾਜ਼, ਤਲੱਵਰੀਏ, ਸਹਿਨਸ਼ੀਲਤਾ, ਨਿਰਮਾਨਤਾ, ਸਫ਼ਲ ਆਗੂ, ਘੋੜ-ਸਵਾਰ, ਸੰਸਾਰਕ ਪੀੜਾ ਹਰਨ ਵਾਲੇ, ਨਿਸ਼ਾਨਾਬਾਜ਼, ਜਗਤ-ਗੁਰੂ, ਮਾਇਆ ਵਿਚ ਉਦਾਸੀ, ਨਿਰਵੈਰ, ਨਿਡਰ, ਲਿਖਾਰੀ ਅਤੇ ਹੋਰ ਅਨੇਕਾਂ ਗੁਣ ਮਿਲ ਸਕਦੇ ਹਨ। ਗੁਰੂ ਜੀ ਨੇ ਜਿਸ ਕਾਰਜ ਨੂੰ ਹੱਥ ਪਾਇਆ ਉਹ ਪਵਿੱਤਰ ਤੇ ਲੋੜੀਂਦਾ ਸੀ। ਉਸ ਨੂੰ ਤੋੜ ਸਿਰੇ ਪਹੁੰਚਾਣਾ ਆਪ ਜੀ ਦਾ ਹੀ ਕੰਮ ਸੀ । ਜ਼ੁਲਮਾਂ ਦਾ ਟਾਕਰਾ ਕਰਨ ਲਈ ਜੋ ਵਿਉਂਤਾਂ ਗੁਰੂ ਜੀ ਨੇ ਬਣਾਈਆਂ ਉਹ ਉਨ੍ਹਾਂ ਦੀ ਅਲੌਕਿਕ ਸਮਝ ਦਾ ਸਬੂਤ ਸੀ। ਰਸਾਤਲ ਵਿਚੋਂ ਕੱਢ ਕੇ ਗੁਰੂ ਜੀ ਨੇ ਚੜ੍ਹਦੀ ਕਲਾ ਬਖ਼ਸ਼ੀ । ਮੁਰਝਾਏ ਚਿਹਰੇ ਤੇ ਲਾਲੀ ਦੌੜਾਈ। ਢਹਿੰਦੇ ਮਨਾਂ ਨੂੰ ਸਾਵਧਾਨ ਕੀਤਾ। ਮੌਤ ਤੋਂ ਡਰਨ ਵਾਲਿਆਂ ਵਿਚ ਹੱਸ ਜੂਝਣ ਦਾ ਚਾਅ ਭਰਿਆ। ਮੁਰਦਾ ਰੂਹਾਂ ਵਿਚ ਜਾਨ ਪਾਈ।”
ਲਤੀਫ਼ ਲਿਖਦਾ ਹੈ : “ਗੁਰੂ (ਗੋਬਿੰਦ ਸਿੰਘ ਜੀ) ਦਾ ਨਿਸ਼ਾਨਾ ਉੱਚਾ ਸੀ ਅਤੇ ਜਿਸ’ ਕਾਰਜ ਨੂੰ ਉਨ੍ਹਾਂ ਹੱਥ ਪਾਇਆ ਉਹ ਮਹਾਨ ਸੀ । ਸਾਧਾਰਣ ਸਮਝ ਰੱਖਣ ਵਾਲੇ ਨੂੰ ਉਹ ਕਾਮਯਾਬ ਹੋਏ ਨਹੀਂ ਦਿੱਸਦੇ ਪਰ ਇਹ ਸਭ ਉਨ੍ਹਾਂ ਦੀ ਬਰਕਤ ਹੈ ਕਿ ਮੁਰਦਾ ਤੇ ਲਿਤਾੜੇ ਹੋਏ ਲੋਕ ਜਥੇਬੰਦ ਹੋਏ ਤੇ ਰਾਜੇ ਬਣੇ। ਖ਼ਤਰੇ ਤੇ ਪਰਲੋ ਵਿਚ ਵੀ ਗੁਰੂ ਜੀ ਨੇ ਇਸਤਕਲਾਲ ਦਾ ਪੱਲਾ ਨਾ ਛੱਡਿਆ। ਜੰਗ ਦੇ ਮੈਦਾਨ ਵਿਚ ਉਨ੍ਹਾਂ ਦੀ ਜੁਰਅਤਿ ਤੇ ਬਹਾਦਰੀ ਦੇਖਣ ਵਾਲੀ ਹੁੰਦੀ ਸੀ। ਭਾਵੇਂ ਗੁਰੂ ਗੋਬਿੰਦ ਸਿੰਘ ਜੀ ਆਪਣੀ ਅੱਖੀਂ ਸਾਰਾ ਕੁਝ ਦੇਖ ਕੇ ਨਾ ਗਏ ਪਰ ਇਹ ਮੰਨੀ ਪ੍ਰਮੰਨੀ ਗੱਲ ਹੈ ਕਿ ਉਨ੍ਹਾਂ ਦੀ ਕ੍ਰਿਪਾ ਸਦਕਾ ਹੀ ਆਪ-ਮੁਹਾਰੇ, ਬੇਲਗਾਮ ਲੋਕ ਇਕ ਲੜੀ ਵਿਚ ਪਰੋਏ ਗਏ ਤੇ ਸਮੇਂ ਦੇ ਸਭ ਤੋਂ ਵੱਡੇ ਯੋਧਾ ਬਣੇ। ਗੁਰੂ ਜੀ ਧਰਮ ਗੱਦੀ ਤੇ ਬੈਠੇ ਰੂਹਾਨੀ ਰਹਿਬਰ, ਜੰਗ ਵਿਚ ਨਿਰਭੈ ਯੋਧੇ, ਤੱਖ਼ਤ ਤੇ ਬੈਠਿਆਂ ਸੱਚਾ ਪਾਤਸ਼ਾਹ ਤੇ ਸੰਗਤ ਵਿਚ ਬਿਰਾਜੇ ਇਕ ਦਰਵੇਸ਼ ਲੱਗਦੇ ਸਨ ।” ਕਨਿੰਘਮ ਨੇ ਇਸੇ ਲਈ ਲਿਖਿਆ ਹੈ ਕਿ ‘ਸਿਰਫ ਬਾਹਰਲੀ ਦਿਸਦੀ ਸਫਲਤਾ ਕਿਸੇ ਦੀ ਵਡਿਆਈ ਦੀ ਨਿਸ਼ਾਨੀ ਨਹੀਂ, ਵਡੱਤਣ ਤਾਂ ਸਦਾ ਆਦਰਸ਼ ਤੇ ਉੱਚ-ਨਿਸ਼ਾਨੇ ਦੀ ਹੁੰਦੀ ਹੈ। ਜਿਸ ਨਿਸ਼ਾਨੇ ਵੱਲ ਆਗੂ ਜਾਂ ਜਿਸ ਆਦਰਸ਼ ਨੂੰ ਲੈ ਕੇ ਸਰਬਰਾਹ ਟੁਰਿਆ ਹੋਵੇ, ਉਹ ਉਸ ਦੀ ਵਡਿਆਈ ਦਾ ਪੈਮਾਨਾ ਹੈ । ਜਦ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਦੁਸ਼ਟ-ਦੋਖੀਆਂ ਨੂੰ ਸ਼ਾਂਤ ਕਰਨ ਦਾ ਮਿਸ਼ਨ ਦੇਖਦੇ ਹਾਂ ਤਾਂ ਉਨ੍ਹਾਂ ਦੀ ਵਡੱਤਣ ਤੇ ਮਹਾਨ ਸ਼ਖਸੀਅਤ ਬਾਰੇ ਕੋਈ ਦੋ ਰਾਵਾਂ ਨਹੀਂ ਰਹਿ ਜਾਂਦੀਆਂ। ਉਨ੍ਹਾਂ ਦਾ ਅਸਥਾਨ ਮਹਾਂਪੁਰਸ਼ਾਂ ਦੀ ਕਤਾਰ ਵਿਚ ਬਹੁਤ ਉੱਚਾ ਹੈ।’ ਕਨਿੰਘਮ ਆਪਣੀ ਗੱਲ ਨੂੰ ਅੱਗੇ ਲੈ ਜਾਂਦਾ ਹੋਇਆ ਲਿਖਦਾ ਹੈ ਕਿ “ਸਿੱਖਾਂ ਵਿਚ ਅਥਾਹ ਜਜ਼ਬਾ (ਪਹਿਲੇ ਗੁਰੂ ਸਾਹਿਬਾਨ ਦੀ ਕ੍ਰਿਪਾ ਦਾ ਸਦਕਾ) ਭਰਿਆ ਜਾ ਚੁੱਕਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਐਸੀ ਰੂਹ ਫੂਕੀ ਕਿ ਨਾ ਸਿਰਫ ਸਿੱਖਾਂ ਦੇ ਮਨਾਂ ਨੂੰ ਹੀ ਬਦਲ ਕੇ ਰੱਖ ਦਿੱਤਾ ਸਗੋਂ ਹਰ ਪੱਖੋਂ ਬਲਵਾਨ ਤੇ ਤਗੜਾ ਕਰ ਦਿੱਤਾ। ਅਕਲ ਤੇ ਸ਼ਕਲ ਦੋਵੇਂ ਹੀ ਬਦਲਾ ਦਿੱਤੀਆਂ। ਸਿੱਖ ਦੀ ਨੁਹਾਰ ਸੰਸਾਰ ਭਰ ਤੋਂ ਵੱਖਰੀ ਹੋ ਗਈ ਤੇ ਉਸ ਨੇ ਉਹ ਕਾਰਨਾਮੇ ਕਰ ਵਿਖਾਲੇ ਜੋ ਕਿਸੇ ਵਿਅਕਤੀ ਕੋਲੋਂ ਨਾ ਹੋ ਸਕੇ।
ਗਾਰਡਨ ਗੁਰੂ ਜੀ ਦੀ ਵਡਿਆਈ ਇਨ੍ਹਾਂ ਸ਼ਬਦਾਂ ਵਿਚ ਕਰਦਾ ਹੈ : ਜਨਤਾ ਦੀਆਂ ਮੁਰਦਾ ਹੱਡੀਆਂ ਵਿਚ ਜ਼ਿੰਦਗੀ ਦੀ ਲਹਿਰ ਗੁਰੂ ਗੋਬਿੰਦ ਸਿੰਘ ਜੀ ਨੇ ਦੌੜਾਈ । ਗੁਰੂ ਗੋਬਿੰਦ ਸਿੰਘ ਵਿਚ ਧਾਰਮਿਕ ਆਗੂ, ਸ਼ਾਹ, ਯੋਧੇ ਅਤੇ ਨੀਤੀਵਾਨ ਵਾਲੇ ਸਾਰੇ ਗੁਣ ਮੌਜੂਦ ਸਨ: ਉਸ ਬਿਖੜੇ ਸਮੇਂ ਨਿਰੋਲ ਉਹ ਹੀ ਸਿੱਖਾਂ ਨੂੰ ਠੀਕ ਅਗਵਾਈ ਦੇ ਸਕਦੇ ਸਨ। ਉਨ੍ਹਾਂ ਸਿੱਖਾਂ ਵਿਚ ਆਤਮ-ਨਿਰਭਰ ਹੋਣ ਦਾ ਚਾਅ ਭਰਿਆ ਤੇ ਇਹ ਹੀ ਕਾਰਨ ਹੈ ਕਿ ਤਲਵਾਰ ਨੂੰ ਰਹਿਤ ਦਾ ਅੰਗ ਬਣਾਇਆ।’
ਮੈਕਾਲਫ਼ ਲਿਖਦਾ ਹੈ ਕਿ ਗੁਰੂ ਜੀ ਦੀ ਜਾਦੂਈ ਸ਼ਕਤੀ ਸੀ। ਉਨ੍ਹਾਂ ਉਪਦੇਸ਼ਾਂ ਦਾ ਜਾਦੂਈ ਪ੍ਰਭਾਵ ਜਨ-ਸਾਧਾਰਨ ਤੇ ਹੋਇਆ ਜਿਸ ਨੇ ਲਿਤਾੜੇ ਹੋਏ ਲੋਕਾਂ ਨੂੰ ਸੰਸਾਰ ਦੇ ਪ੍ਰਸਿੱਧ ਯੋਧੇ ਬਣਾ ਦਿੱਤਾ। ਮੈਕਾਲਫ਼ ਦੇ ਇਹ ਸ਼ਬਦ ਪੜ੍ਹਨ ਨਾਲ ਸੰਬੰਧ ਰੱਖਦੇ ਹਨ : ‘ਸਿੱਖ ਗੁਰੂ ਸਾਹਿਬਾਨ ਤੋਂ ਪਹਿਲਾਂ ਦੁਨੀਆਂ ਦੇ ਕਿਸੇ ਵੀ ਜਰਨੈਲ ਨੇ ਉਨ੍ਹਾਂ ਇਨਸਾਨਾਂ ਨੂੰ ਜਥੇਬੰਦ ਕਰਨ ਦਾ ਖਿਆਲ ਤੱਕ ਨਹੀਂ ਸੀ ਕੀਤਾ ਜਿਨ੍ਹਾਂ ਨੂੰ ਗਵਾਂਢੀ ਜਨਮਾਂ ਤੋਂ ਦੁੱਰ੍ਹੇ-ਦੁੱਰ੍ਹੇ ਕਰ ਦੁਰਕਾਰਦੇ ਰਹੇ ਸਨ, ਪਰ ਉਸ(ਗੁਰੂ ਗੋਬਿੰਦ ਸਿੰਘ) ਨੇ ਉਨ੍ਹਾਂ ਅਖੌਤੀ ਨੀਵਿਆਂ ਵਿਚ ਜਿਨ੍ਹਾਂ ਨੂੰ ਸੰਸਾਰ ਦੀ ਰਹਿੰਦ ਖੂੰਹਦ ਕਿਹਾ ਜਾਂਦਾ ਸੀ, ਐਸੀ ਸ਼ਕਤੀ ਭਰੀ ਕਿ ਉਹ ਯੋਧੇ ਹੋ ਨਿਬੜੇ ਤੇ ਫਿਰ ਯੋਧੇ ਵੀ ਐਸੇ ਜਿਨ੍ਹਾਂ ਦੀ ਦ੍ਰਿੜ੍ਹਤਾ, ਦਲੇਰੀ ਤੇ ਵਫ਼ਾਦਾਰੀ ਨੇ ਆਗੂ ਨੂੰ ਕਦੇ ਮਾਯੂਸ ਨਾ ਕੀਤਾ।’ ਗੋਕਲ ਚੰਦ ਨਾਰੰਗ ਨੇ ਉਨ੍ਹਾਂ ਹੀ ਸ਼ਬਦਾਂ ਨੂੰ ਦੁਹਰਾਇਆ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਚਿੜੀਆਂ ਨੂੰ ਸ਼ਾਹੀ ਬਾਜ਼ਾਂ ਦਾ ਸ਼ਿਕਾਰ ਕਰਨ ਦੀ ਜਾਚ ਸਿਖਾਈ ਹੈ।
ਲਾਲਾ ਦੌਲਤ ਰਾਇ ਨੇ ਵਿਸਥਾਰ ਸਹਿਤ ਇਸ ਕਰਣੀ ਦਾ ਜ਼ਿਕਰ ਕੀਤਾ ਹੈ, ਉਹ ਲਿਖਦੇ ਹਨ: ‘ਜਿਨ੍ਹਾਂ ਸ਼ੂਦਰਾਂ ਦੀ ਬਾਤ ਵੀ ਕੋਈ ਨਹੀਂ ਸੀ ਪੁੱਛਦਾ, ਜਿਨ੍ਹਾਂ ਨੂੰ ਦੁਰਕਾਰਿਆ ਤੇ ਫ਼ਿਟਕਾਰਿਆਂ ਵਾਰ ਵੀ ਨਹੀਂ ਸੀ ਆਉਂਦੀ, ਜੋ ਜ਼ਿੱਲਤ ਤੇ ਗ਼ੁਲਾਮੀ ਵਿਚ ਜੀਵਨ ਗੁਜ਼ਾਰ ਰਹੇ ਸਨ, ਉਨ੍ਹਾਂ ਨੂੰ ਸੰਸਾਰ ਦੇ ਯੋਧਿਆਂ ਦੇ ਟਾਕਰੇ ਤੇ ਖੜ੍ਹਾ ਕਰਨਾ, ਨਿਰੋਲ ਤੇ ਇਕ ਮਾਤ੍ਰ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਕੰਮ ਸੀ। ਜੋ ਰਾਮ ਚੰਦਰ ਨਾ ਕਰ ਸਕੇ, ਜਿਸ ਪਾਸੇ ਸੋਚਣ ਲਈ ਕ੍ਰਿਸ਼ਨ ਜੀ ਨੂੰ ਖ਼ਿਆਲ ਤੱਕ ਨਾ ਆਇਆ । ਜਿਹੜਾ ਸ਼ੰਕਰ ਦੀ ਨਜ਼ਰ ਵਿਚ ਤੁੱਛ ਸੀ। ਜਿਹੜਾ ਕੰਮ ਸੂਰਜ ਤੇ ਚੰਦਰ ਬੰਸੀ ਰਾਜਿਆਂ ਦੇ ਬਹਾਦਰਾਂ ਨੂੰ ਨਾ ਸੁੱਝਿਆ, ਉਸ ਨੂੰ ਕਰਨ ਲਈ, ਗੁਰੂ ਗੋਬਿੰਦ ਸਿੰਘ ਜੀ ਨੇ ਕਮਰ ਕੱਸ ਲਈ ਤੇ ਪੂਰਾ ਕਰ ਦਿਖਾਇਆ।
ਹਜ਼ਰਤ ਮੁਹੰਮਦ ਸਾਹਿਬ ਨੇ ਕੁਝ ਉਪਰਾਲੇ ਕੀਤੇ, ਪਰ ਉਹ ਵੀ ਮੁਸਲਮਾਨਾਂ ਵਿਚੋਂ ਗੁਲਾਮੀ ਦੀ ਬਦ-ਆਦਤ ਨਾ ਕੱਢ ਸਕੇ । ਇਕ ਮੁਸਲਮਾਨ, ਦੂਜੇ ਮੁਸਲਮਾਨ ਦਾ ਉਸ ਤਰ੍ਹਾਂ ਹੀ ਗ਼ੁਲਾਮ ਹੁੰਦਾ ਸੀ ਜਿਵੇਂ ਕਿਸੇ ਹੋਰ ਕੌਮ ਦਾ ਕਾਫ਼ਰ । ਪਰ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਨੂੰ ਪਹਿਲਾਂ ਭਾਈ ਤੇ ਫਿਰ ਸਰਦਾਰ ਬਣਾ ਕੇ ਆਖ਼ਰੀ ਇੱਟ ਰੱਖ ਦਿੱਤੀ।’
ਸਾਧੂ ਟੀ. ਐਲ. ਵਾਸਵਾਨੀ ਨੇ ਇਸੇ ਸਬੰਧ ਵਿਚ ਲਿਖਿਆ ਹੈ ਕਿ ‘ਜੋ ਕੰਮ ਹਜ਼ਾਰਾਂ ਰਲ ਕੇ ਵੀ ਨਾ ਕਰ ਸਕੇ, ਉਹ ਇਕੋ ਨੇ ਹੀ ਕਰ ਦਿਖਾਇਆ। ਜੋ ਪੀਸ ਕੇ ਮਿੱਟੀ ਵਿਚ ਰਲਾਏ ਜਾ ਰਹੇ ਸਨ ਤੇ ਹੀਣਿਆਂ ਵਾਂਗੂੰ ਰਹਿਣ ਤੇ ਮਜਬੂਰ ਕਰ ਦਿੱਤੇ ਜਾਂਦੇ ਸਨ ਉਨ੍ਹਾਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਕੀਤਾ, ਛਾਤੀ ਨਾਲ ਲਗਾਇਆ ਅਤੇ ਗੁਰੂ ਕਾ ਬੇਟਾ ਆਖਿਆ ਤੇ ਉਨ੍ਹਾਂ ਨੂੰ ਅੰਮ੍ਰਿਤ ਨਾਲ ਨਿਵਾਜਿਆ, ਸਰਦਾਰ ਬਣਾ ਦਿੱਤਾ। ਉਨ੍ਹਾਂ ਦੀ ਸ਼ਖਸੀਅਤ ਸਤਰੰਗੀ ਪੀਂਘ (ਰੇਨਬੋਅ) ਸਮਾਨ ਸੀ। ਪਹਿਲਾਂ ਦੇ ਹੋਏ ਸਭਨਾਂ ਪੈਗ਼ੰਬਰਾਂ ਦੇ ਗੁਣ ਉਨ੍ਹਾਂ ਵਿਚ ਉਜਾਗਰ ਹੋਏ ਦੇਖੇ ਜਾ ਸਕਦੇ ਹਨ । ਗੁਰੂ ਨਾਨਕ ਦੇਵ ਜੀ ਦੀ ਮਿੱਠਤ ਨੀਵੀਂ (ਹਨੀਡ ਹਯੂਮਿਲਟੀ), ਈਸਾ ਜੀ ਵਾਲੀ ਤਰਸ ਭਰੀ ਮਾਸੂਮੀਅਤ (ਲੈਂਬ ਲਾਈਕ ਵਰਚਯੂ), ਬੁੱਧ ਜੀ ਵਾਲਾ ਆਤਮ ਗਿਆਨ (ਵਿੱਜ਼ਡਮ), ਹਜ਼ਰਤ ਮੁਹੰਮਦ ਸਾਹਿਬ ਵਾਲਾ ਡੁਲ੍ਹ ਡੁਲ੍ਹ ਪੈਂਦਾ ਜੋਸ਼ (ਬਬਲਿੰਗ ਐਨਰਜੀ), ਕ੍ਰਿਸ਼ਨ ਜੀ ਵਾਲਾ ਸੂਰਜਵਤ ਭਖਦਾ ਜਲੌ (ਸਨ ਕਿਸਡ ਗਲੋਰੀ), ਰਾਮ ਜੀ ਜਿਹਾ ਮਰਯਾਦਾ ਪ੍ਰਸ਼ੋਤਮ ਅਤੇ ਸ਼ਾਹਾਂ ਵਾਲੀ ਸ਼ਾਨ ਇਕੱਲੇ ਗੁਰੂ ਗੋਬਿੰਦ ਸਿੰਘ ਜੀ ਵਿਚ ਸੀ। ਸਕਾਟ ਵੀ ਗੁਰੂ ਜੀ ਬਾਰੇ ਖ਼ਿਆਲ ਦਿੰਦੇ ਹੋਏ ਲਿਖਦਾ ਹੈ ਕਿ “ਗੁਰੂ ਦੀ ਜੋਤ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਜੋਤ ਨੂੰ ਉਸੇ ਤਰ੍ਹਾਂ ਰੌਸ਼ਨ ਕੀਤਾ ਜਿਵੇਂ ਇਕ ਸ਼ਮ੍ਹਾਂ ਦੂਜੀ ਸ਼ਮ੍ਹਾਂ ਨੂੰ ਕਰਦੀ ਹੈ।” ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੀ ਇਸੇ ਕਾਰਨ ਹੋਇਆ ਕਿ ਉਹ ‘ਧਰਮ ਚਲਾਵਨ, ਸੰਤ ਉਬਾਰਨ, ਦੁਸ਼ਟ ਦੋਖੀਅਨ ਨੂੰ ਮੂਲ ਉਪਾਰਨ।’
ਸਰ ਚਾਰਲਸ ਗਫ਼ ਗੁਰੂ ਜੀ ਨੂੰ ਸੰਸਾਰ ਦਾ ਇਕ ਅਤਿ ਸੂਝਵਾਨ, ਚੜ੍ਹਦੀ ਕਲਾ ਦੀ ਮੂਰਤ ਪਾਵਨ ਆਸ਼ਾਵਾਦੀ ਤੇ ਧਾਰਮਿਕ ਰੰਗਣ ਵਿਚ ਰੰਗਿਆ ਇਕ ਆਗੂ ਗਿਣਦਾ ਹੈ। ਉਹ ਇਹ ਵੀ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੇ ਛਿੱਟੇ ਮਾਰ ਕੇ ਨਵੇਂ ਸਿਰਿਓਂ ਕੌਮ ਦੀ ਉਸਾਰੀ ਕੀਤੀ।
ਐਲਫਿਨਸਟਨ ਅਤੇ ਬਰਨਜ਼ ਵੀ ਗੁਰੂ ਜੀ ਦੀ ਉਪਮਾ ਕਰਦੇ ਹੋਏ ਉਨ੍ਹਾਂ ਨੂੰ ਇਕ ਨਵੀਂ ਕੌਮ ਸਾਜਨ ਵਾਲਾ ਲਿਖਦੇ ਹਨ। ਸਾਰੇ ਇਤਿਹਾਸਕਾਰ ਗੁਰੂ ਜੀ ਦੀ ਉਪਮਾ ਕਰਨ ਵਿਚ ਇਕ ਜ਼ਬਾਨ ਹਨ। ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਮੈਦਾਨ ਦਾ ਸੂਰਮਾ, ਮਸਨਦ ਦਾ ਸ਼ਾਹ ਅਤੇ ਸਿੱਖ ਸੰਗਤ ਵਿਚ ਬੈਠਿਆਂ ਫ਼ਕੀਰ ਲਿਖਦੇ ਹਨ। ਮੈਕਰੇਗਰ ਨੇ ਗੁਰੂ ਜੀ ਦੀ ਸ਼ਖਸੀਅਤ ਬਾਰੇ ਲਿਖਿਆ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਕੰਮਾਂ ਨੂੰ ਵਾਚੀਏ ਅਤੇ ਉਸ ਦੇ ਧਾਰਮਕ ਸੁਧਾਰਾਂ ਨੂੰ ਅਤੇ ਕੌਮੀ ਕੰਮਾਂ ਨੂੰ ਦੇਖੀਏ ਅਤੇ ਨਾਲ ਹੀ ਉਨ੍ਹਾਂ ਦੀ ਨਿੱਜੀ ਬਹਾਦਰੀ ਅਤੇ ਮੁਸੀਬਤਾਂ ਵਿਚ ਦਿਖਾਏ ਇਸਤਕਲਾਲ ਦੀ ਕਹਾਣੀ ਪੜ੍ਹੀਏ, ਉਨ੍ਹਾਂ ਨੂੰ ਮੁਸ਼ਕਲਾਂ ਦਾ ਟਾਕਰਾ ਕਰਦੇ ਵੇਖੀਏ ਅਤੇ ਅੰਤ ਵਿਚ ਦੁਸ਼ਮਣਾਂ ਦੇ ਮੁਕਾਬਲੇ ਤੇ ਉਨ੍ਹਾਂ ਨੂੰ ਜਿੱਤ ਪ੍ਰਾਪਤ ਕਰਦੇ ਦੇਖੀਏ ਤਾਂ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚਾ ਗਿਣਨ ਤੇ ਮੰਨਣ ਵਿਚ ਕੋਈ ਹੈਰਾਨੀ ਨਹੀਂ ਹੋਵੇਗੀ। ਅਸੀਂ ਆਸਾਨੀ ਨਾਲ ਸਮਝ ਜਾਵਾਂਗੇ ਕਿ ਸਿੱਖ ਕਿਉਂ ਉਤਸ਼ਾਹ ਨਾਲ ਅੱਜ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਸਨਮਾਨ ਵਜੋਂ ਯਾਦਾਂ ਮਨਾਉਂਦੇ ਹਨ।
ਟਾਇਨਬੀ ਨੇ ਲਿਖਿਆ ਕਿ ਲੈਨਿਨ ਤੋਂ ਦੋ ਸਦੀਆਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖੀ ਭਾਈਚਾਰਾ ਰਚਿਆ। ਵਿਵੇਕਾਨੰਦ ਨੇ ਇਕ ਵਾਰ ਕਿਹਾ ਸੀ ਕਿ ਹੈਰਾਨੀ ਇਸ ਗੱਲ ਤੋਂ ਹੁੰਦੀ ਹੈ ਜਿਵੇਂ ਉਨ੍ਹਾਂ ਹਿੰਦੂ-ਮੁਸਲਮਾਨਾਂ ਦੀ ਸਾਂਝੀ ਅਗਵਾਈ ਕੀਤੀ। ਅਰਬਿੰਦੂ ਘੋਸ਼ ਨੇ ਲਿਖਿਆ ਕਿ ਜੋ ਨਿਰਾਲੀ ਸੇਧ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦਾ ਸਰੂਪ ਬਣਾ ਕੇ ਦਿੱਤੀ, ਉਸ ਲਈ ਗੁਰੂ ਜੀ ਪੂਜਣ-ਯੋਗ ਹਨ ਅਤੇ ਫਿਰ ਖਾਲਸੇ ਵਿਚ ਜੋ ਲੋਕਤੰਤ੍ ਭਾਵਨਾ ਭਰੀ, ਉਸਦਾ ਕੋਈ ਬਦਲ ਨਹੀਂ। ਸਿੱਖਾਂ ਦੀ ਸੋਚਣੀ ਵਿਚ ਚੜ੍ਹਦੀ ਕਲਾ ਭਰ ਦਿੱਤੀ ਤੇ ਪਿੱਛੇ ਵੱਲ ਝਾਕਣ ਦੀ ਰੁਚੀ ਮੁਕਾ ਦਿੱਤੀ। ਇਸੇ ਲਈ ਡਾਰਬੀ ਫ਼ੀਲਡ ਨੇ ਲਿਖਿਆ ਕਿ ਗੁਰੂ ਜੀ ਦੀ ਸ਼ਾਨ ਸੂਰਜ ਵਾਂਗੂੰ ਚਮਕੀ।
ਗੁਰੂ ਗੋਬਿੰਦ ਸਿੰਘ ਜੀ ਦੇ ਬਹੁ-ਪੱਖੀ ਸ਼ਖ਼ਸੀਅਤ ਤੇ ਫਿਰਤੂ ਝਾਤ ਵੀ ਮਾਰਨੀ ਉਚਿਤ ਨਹੀਂ ਹੋਵੇਗੀ। ਸਭ ਤੋਂ ਪਹਿਲਾਂ ਉਹ ਐਸੇ ਪੈਗ਼ੰਬਰ ਸਨ ਜਿਨ੍ਹਾਂ ਦੀ ਇਕ ਹੀ ਖ਼ਾਹਿਸ਼ ਸੀ ਕਿ ਐਸਾ ਹਲੇਮੀ ਰਾਜ ਹੋਵੇ ਜਿਥੇ ਸਾਧ ਸਮੂਹ ਪ੍ਰਸੰਨ ਫਿਰਨ ਤੇ ਸ਼ਤਰੂ ਸਬਹਨ ਨੂੰ ਢੋਈ ਨਾ ਮਿਲੇ । ਉਹ ਗੁਰੂ ਨਾਨਕ ਜੋਤ ਸਨ। ਭਾਈ ਨੰਦ ਲਾਲ ਜੀ ਨੇ ਇਸੇ ਲਈ ਕਿਹਾ ਹੈ :
ਹਮੂ ਗੁਰੂ ਨਾਨਕ, ਹਮੂ ਗੁਰੂ ਗੋਬਿੰਦ ਸਿੰਘ ਅਸਤ ।
ਹਮੂ ਰਤਨ ਜੌਹਰ, ਹਮੂ ਮਾਣਕ ਅਸਤ।
ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਮੀਰ ਮੁਸ਼ਕੀ ਤੇ ਛਬੀਲਾ ਦੋ ਢਾਡੀ ਸਨ। ਉਨ੍ਹਾਂ ਭੰਗਾਣੀ ਦਾ ਯੁੱਧ ਲਿਖਿਆ ਹੈ ਅਤੇ ਉਸ ਵਿਚ ਇਕ ਪਉੜੀ ਹੈ ਜਿਸ ਵਿਚ ਗੁਰੂ ਮਹਾਰਾਜ ਦਾ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ, ਸ਼ਸਤਰ ਸਜਾ ਕੇ ਭੰਗਾਣੀ ਵੱਲ ਚੜ੍ਹਾਈ ਕਰਨ ਦਾ ਦ੍ਰਿਸ਼ ਹੈ। ਜਦ ਪਾਤਸ਼ਾਹ ਇਸ਼ਨਾਨ ਕਰਦੇ ਹਨ ਤਾਂ ਸਤਿਗੁਰੂ ਨਾਨਕ ਦਾ ਹੀ ਨਾਮ ਧਿਆਂਦੇ ਹਨ। ਪਉੜੀ ਦੇ ਸ਼ਬਦ ਹਨ :
ਗੁਰ ਨਾਤਾ ਧੀਰਜ ਬੰਨ੍ਹ ਕੇ,
ਮਨਿ ਨਾਨਕ ਪੁਰਖ ਧਿਆਇਆ ।
ਸਤਿਗੁਰ ਸੱਚੇ ਪਾਤਸ਼ਾਹ ਮੈਂ ਤੇਰਾ ਸਾਇਆ। ੨।
ਉਨ੍ਹਾਂ ਦੀ ਉਚਾਰੀ ਬਾਣੀ ਵਿਚ ਜੋ ਵਿਸ਼ਵਾਸ ਟਪਕਦਾ ਹੈ ਉਹ ਕਿਸੇ ਰੂਹਾਨੀ ਪੈਗ਼ੰਬਰ ਦਾ ਹੀ ਹੋ ਸਕਦਾ ਹੈ। ਔਰੰਗਜ਼ੇਬ ਨੂੰ ਜ਼ਫ਼ਰਨਾਮਾ ਵਿਚ ਲਿਖਿਆ ਸੀ : ਤੈਨੂੰ ਅਹੰਕਾਰ ਹੈ ਆਪਣੀ ਚਲਾਕੀ ਤੇ, ਸ਼ਾਤਰ ਚਾਲਾਂ ਤੇ, ਮੈਨੂੰ ਮਾਣ ਹੈ, ਖਰੀ ਗੱਲ ਤੇ ਅਤੇ ਪ੍ਰਭੂ ਵਿਸ਼ਵਾਸ ਵਿਚ :
ਤੁਰਾ ਤੁਰਕ ਤਾਜ਼ੀ ਬਿ ਮਕਰੋ ਰਿਯਾ।
ਮਰਾ ਚਾਰਾ ਸਾਜ਼ੀ ਬ ਸਿਦਕੋ ਸਫ਼ਾ।
ਫਿਰ ਇਕ ਵਾਰੀ ਜਦ ਡਲਾ ਨੇ ਕਿਹਾ :
ਡਲਾ ਨ ਮਲਾ, ਗੁਰੂ ਗੋਬਿੰਦ ਇਕੱਲਾ ।
ਤਾਂ ਆਪ ਜੀ ਨੇ ਕਿਹਾ :
ਬੇਸ਼ਕ ਡਲਾ ਨ ਮਲਾ, (ਗੁਰੂ) ਗੋਬਿੰਦ ਨਾਲ ਅਲਾਹ ।
ਅਕਾਲ ਉਸਤਤਿ, ਜਾਪ ਸਾਹਿਬ ਉਤੇ ਥਾਂ-ਥਾਂ ਤ੍ਰਪ੍ਰਸਾਦਿ, ਤੇਰਾ ਜੋਰ, ਵਾਹਿਗੁਰੂ ਜੀ ਕੀ ਫ਼ਤਹ ਲਿਖ ਕੇ ਵਾਹਿਗੁਰੂ ਦਾ ਚਮਤਕਾਰ ਹੀ ਦਰਸਾਇਆ ਹੈ। ਸਿੱਖੀ ਦਾ ਵਿਕਾਸ ਇਸੇ ਗੱਲ ਤੋਂ ਸਮਝਿਆ ਜਾ ਸਕਦਾ ਹੈ ਕਿ ਹੁਣ ਗੁਰ ਪ੍ਰਸਾਦਿ ਦੀ ਥਾਂ ‘ਤ੍ਰਪ੍ਰਸਾਦਿ’ ਤੇ ‘ਤੇਰਾ ਜ਼ੋਰ’ ਨੇ ਲੈ ਲਈ।
ਜਿਥੇ ਗੁਰੂ ਪਾਤਸ਼ਾਹ ਵਿਚ ਸੰਤ ਵਾਲੇ ਗੁਣ ਸਨ ਉਥੇ ਸਿਪਾਹੀ ਵਾਲੀ ਦੱਖ ਸੀ। ਸਿਪਾਹੀ ਪਹਿਰੇਦਾਰ ਹੈ, ਹਰ ਹੁੰਦੇ ਜ਼ੁਲਮ ਨੂੰ ਪਕੜਨ ਤੇ ਜੜ੍ਹੋਂ ਉਖਾੜਨ ਦਾ। ਗੁਰੂ ਜੀ ਸੰਤ ਸਿਪਾਹੀ ਸਨ।ਉਨ੍ਹਾਂ ਤਲਵਾਰ ਜ਼ਰ,ਜ਼ੋਰੂ ਜਾਂ ਜ਼ਮੀਨ ਲਈ ਨਹੀਂ ਉਠਾਈ। ਜਦਗੁਰੂ ਗੋਬਿੰਦ ਸਿੰਘ ਜੀ ਨੇ ਸੈਦ ਖ਼ਾਨ ਨੂੰ ਮੈਦਾਨ ਵਿਚ ਗਿਰਾ ਲਿਆ ਤਾਂ ਉਸ ਦੇ ਡਿੱਗਦੇ ਸਾਰ ਢਾਲ ਦੀ ਛਾਂ ਵੀ ਕੀਤੀ। ਗੁਰੂ ਪਾਤਸ਼ਾਹ ਦੇ ਤੀਰਾਂ ਨਾਲ ਸੋਨਾ ਵੀ ਲੱਗਾ ਹੁੰਦਾ ਸੀ ਤਾਂ ਜੋ ਫੱਟੜ ਹੋਏ ਨੂੰ ਮਰ੍ਹਮ ਪੱਟੀ ਦਾ ਭਾੜਾ ਮਿਲ ਜਾਏ ਤੇ ਮਰਨ ਵਾਲੇ ਲਈ ਘੱਫਣ । ਇਹ ਕੋਈ ਨਿਰਾਲਾ ਸੰਤ ਸਿਪਾਹੀ ਹੀ ਕਰ ਸਕਦਾ ਹੈ । ਭਾਈ ਘਨ੍ਹਈਆ ਜੀ ਦਾ ਵਲ-ਵਿਤਕਰੇ ਤੋਂ ਉਤਾਂਹ ਹੋ ਕੇ ਹਰ ਇਕ ਨੂੰ ਜਲ ਛਕਾਈ ਜਾਣਾ, ਉਨ੍ਹਾਂ ਵਲੋਂ ਰੈੱਡ ਕਰਾਸ ਦੀ ਬੁਨਿਆਦ ਹੀ ਸੀ।
ਗੁਰੂ ਗੋਬਿੰਦ ਸਿੰਘ ਜੀ ਇਕ ਅਮਲੀ ਫ਼ਿਲਾਸਫ਼ਰ ਸਨ ।ਉਹ ਐਸੇ ਅਮਲੀ ਫ਼ਿਲਾਸਫ਼ਰ ਸਨ ਜਿਨ੍ਹਾਂ ਨੇ ਨਾ ਸਿਰਫ਼ ਨੁਹਾਰ ਬਦਲਾਈ ਸਗੋਂ ਖ਼ਿਆਲ ਵੀ । ਅਕਲ ਵੀ ਬਦਲੀ ਤੇ ਸ਼ਕਲ ਵੀ।ਐਡਮੰਡ ਕੈਂਡਲਰ ਨੇ ਠੀਕ ਲਿਖਿਆ ਹੈ ਕਿ ਉਹ ਇਕ ਐਸੇ ਅਮਲੀ ਫ਼ਿਲਾਸਫ਼ਰ ਸਨ ਜਿਨ੍ਹਾਂ ਫ਼ੌਲਾਦ ਦੀ ਠੀਕ ਵਰਤੋਂ ਕੀਤੀ। ਪੰਜ ਕਕਾਰਾਂ ਦੀ ਬਖਸ਼ਿਸ਼ ਇਸ ਪਾਸੇ ਦਾ ਹੀ ਇਕ ਯਤਨ ਸੀ। ਕੇਸ ਜਥੇਬੰਦੀ ਲਈ, ਕੜਾ ਵਹਿਮਾਂ ਤੋਂ ਉਤਾਂਹ ਲੈ ਜਾਣ ਲਈ ਅਤੇ ਵਿਸ਼ਵ ਦਾ ਸ਼ਹਿਰੀ ਬਣਾਉਣ ਲਈ, ਕਛਹਿਰਾ ਬ੍ਰਾਹਮਣਵਾਦ ਅਤੇ ਹੱਜ ਤੇ ਇਕ ਚੋਟ ਸੀ, ਸਭਯ ਬਣਾਉਣ ਲਈ ਇਕ ਉਪਰਾਲਾ ਸੀ। ਕੰਘਾ ਸੱਚ ਸਿਖਾਲਦਾ ਸੀ, ਕ੍ਰਿਪਾਨ ਸੁਤੰਤਰ ਸਿਆਸਤ ਲਈ ਸੀ ਅਤੇ ਚਾਰ ਕੁਰਹਿਤਾਂ ਸਿੱਖ ਨੂੰ ਪੂਰਨ ਇਨਸਾਨ ਬਣਾਉਣ ਲਈ ਸਨ। ‘ਪਰ ਤਨ ਗਾਮੀ ਨ ਹੋਣ’ ਦਾ ਹੁਕਮ ਸਿੱਖ ਨੂੰ ਯੁੱਧ ਤੇ ਸ਼ਾਂਤੀ ਦੋਵਾਂ ਵਿਚ ਹੀ ਆਚਰਣ ਦੀ ਮੂਰਤ ਬਣਾਨ ਲਈ ਸੀ। ‘ਅਭਾਖਿਆ ਕਾ ਕੁੱਠਾ ਨਹੀਂ ਖਾਣਾ’, ਗ਼ੁਲਾਮੀ ਨੂੰ ਜੜ੍ਹੋਂ ਵੱਢਣ ਲਈ ਹੀ ਸੀ।‘ਜਗਤ ਜੂਠ ਤੰਮਾਕੂ ਨ ਸੇਵ’ ਦਾ ਫ਼ਰਮਾਨ ਸਿੱਖਾਂ ਨੂੰ ਸਾਹਸੀ, ਦ੍ਰਿੜ੍ਹ ਇਰਾਦੇ ਵਾਲਾ ਤੇ ਵਾਹਿਗੁਰੂ ਪਾਸ ਬਿਠਾਉਣ ਲਈ ਇਕ ਜਾਚ ਹੀ ਸੀ।
ਇਹ ਗੱਲ ਨਿਰਣਾ ਕਰ ਲੈਣੀ ਚਾਹੀਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ‘ਪੁਰਖ ਭਗਵੰਤ’ ਸਨ ਤੇ ਉਹ ਕਿਸੇ ਜਾਤ, ਪ੍ਰਾਂਤ ਜਾਂ ਦੇਸ਼ ਦੇ ਹੀ ਆਗੂ ਨਹੀਂ ਸਨ, ਉਹ ਵਿਸ਼ਵ ਆਗੂ ਸਨ। ਉਨ੍ਹਾਂ ਦੀਆਂ ਮਹਾਨ ਲਿਖਤਾਂ ਵਿਚ ਨਾ ਜਾਤੀਵਾਦ ਹੈ ਨਾ ਰਾਸ਼ਟਰਵਾਦ । ਗੋਕਲ ਚੰਗ ਨਾਰੰਗ ਦਾ ਇਹ ਕਹਿ ਦੇਣਾ ਕਿ ਉਨ੍ਹਾਂ ਰਾਸ਼ਟਰਵਾਦ ਨੂੰ ਧਰਮ ਬਣਾ ਦਿੱਤਾ ਤੇ ਫਿਰ ਸਭ ਦਾ ਇਹ ਕਹੀ ਜਾਣਾ ‘ਪੁਰਖ ਭਗਵੰਤ’ ਦੀ ਸ਼ਖਸੀਅਤ ਨਾਲ ਇਨਸਾਫ਼ ਨਹੀਂ ਹੈ। ਗੁਰੂ ਜੀ ਦੀਆਂ ਸਭ ਲਿਖਤਾਂ ਦਾ ਧੁਰਾ ‘ਸਰਬਤ’ ਹੀ ਸੀ। ਜਾਪ ਸਾਹਿਬ ਇਸ ਦੀ ਸੁੰਦਰ ਉਦਾਹਰਣ ਹੈ। ਆਪ ਫ਼ਰਮਾਂਦੇ ਹਨ :
ਕਿ ਸਰਬਤ੍ਰ ਭਾਨੈ॥ ਕਿ ਸਰਬਤ੍ਰ ਮਾਨੈ।
ਕਿ ਸਰਬਤ੍ਰ ਇੰਦੈ। ਕਿ ਸਰਬਤ੍ਰ ਚੰਦੈ। ੧੧੯।
ਫਿਰ ਉਨ੍ਹਾਂ ਦੀ ਦ੍ਰਿਸ਼ਟੀ ਕਿਤਨੀ ਵਿਸ਼ਾਲ ਹੈ, ਉਹ ਅਕਾਲ ਉਸਤਤਿ ਤੇ ਖ਼ਾਸ ਕਰ ੨੫੪, ੨੫੫ ਤੇ ੨੬੬ ਤੇ ਸਵੱਈਆਂ ਤੋਂ ਦੇਖੀ ਜਾ ਸਕਦੀ ਹੈ। ਇਨ੍ਹਾਂ ਸਵੱਈਆਂ ਵਿਚ ਦਸਮੇਸ਼ ਪਿਤਾ ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ ਤੱਕ ਸਭ ਪ੍ਰਾਂਤਾਂ, ਦੇਸ਼ਾਂ, ਨਸਲਾਂ, ਕੌਮਾਂ ਦਾ ਜ਼ਿਕਰ ਕਰ ਕੇ ਸਾਰਿਆਂ ਤੇ ਵਾਹਿਗੁਰੂ ਦਾ ਸਾਇਆ ਹੁੰਦਾ ਅਨੁਭਵ ਕਰਦੇ ਹਨ। ਉਨ੍ਹਾਂ ਦੀ ਵਿਸ਼ਾਲ ਦ੍ਰਿਸ਼ਟੀ ਪੰਜਾਬ ਤੋਂ ਅੱਗੇ ਲੰਘ ਦਿੱਲੀ, ਰਾਜਪੂਤਾਨੇ, ਮਹਾਂਰਾਸ਼ਟਰ, ਦੱਖਣ, ਤਿਲੰਗਾਨਾ, ਉੜੀਸਾ, ਬੰਗਾਲ, ਆਸਾਮ, ਭੂਟਾਨ, ਸਿੱਕਮ, ਨੇਪਾਲ ਤੇ ਫਿਰ ਹਿਮਾਲਾ ਟੱਪਦੀ ਚੀਨ, ਮਨਚੂਰੀਆ, ਤਿੱਬਤ, ਈਰਾਨ, ਤੁਰਕੀ, ਫਰਾਂਸੀਸੀ, ਫਿਰੰਗੀ ਤੇ ਸਭ ਟਾਪੂਆਂ ਨੂੰ ਟੱਪ ਵਿਸ਼ਵ ਵਿਚ ‘ਇਕ ਦਾ ਹੀ ਰਾਜ’ ਦੇਖਦੀ ਹੈ। ਇਹ ਦੋ ਸਵੱਈਏ ਤਾਂ ਬੜੇ ਧਿਆਨ ਨਾਲ ਪੜ੍ਹਨ ਵਾਲੇ ਹਨ :
‘ਬੰਗ ਕੇ ਬੰਗਾਲੀ, ਫਿਰਹੰਗ ਕੇ ਫਿਰੰਗਾ ਵਾਲੀ,
ਦਿੱਲੀ ਕੇ ਦਿਲ ਵਾਲੀ, ਤੇਰੀ ਆਗਿਆ ਮੇਂ ਚਲਤ ਹੈਂ।
ਰੋਹ ਕੇ ਰੁਹੇਲੇ, ਮਾਘ ਦੇਸ ਕੇ ਮਘੇਲੇ
ਬੀਰ ਬੰਗਸ਼ੀ ਬੁੰਦੇਲੇ, ਪਾਪ ਪੁੰਜ ਕੋ ਮਲਤ ਹੈਂ।
ਗੋਖਾ ਗੁਨ ਗਾਵੈਂ, ਚੀਨ ਮਚੀਨ ਕੇ ਸੀਸ ਨਿਯਾਵੈ,
ਤਿਬਤੀ ਧਿਆਇ, ਦੋਖ ਦੇਹ ਕੇ ਦਲਤ ਹੈਂ।
ਜਿਨੈ ਤੋਹਿ ਧਿਆਇਓ, ਤਿਨੈ ਪੂਰਨ ਪ੍ਰਾਪਤ ਪਾਇਓ,
ਜਰਤ ਧਨ ਧਾਮ, ਫਲ ਫੂਲ ਸੇ ਫਲਤ ਹੈਂ। ੨੫੫।
ਅਤੇ ਇਕ ਹੋਰ ਸਵੱਈਏ ਵਿਚ ਫ਼ਰਮਾਂਦੇ ਹਨ :
ਫ਼ਾਰਸੀ ਫਿਰੰਗੀ, ਫਰਾਂਸੀਸੀ ਕੇ ਦੁਰੰਗੀ,
ਮਕਰਾਨ ਕੇ ਮ੍ਰਿਦੰਗੀ ਤੇਰੇ ਗੀਤ ਗਾਈਅਤ ਹੈਂ।
ਭਖਦੀ ਕੰਧਾਰੀ ਗ਼ੌਰ ਗੱਖਰੀ ਗਰਦੇਜਾ ਚਾਰੀ,
ਪੌਣ ਕੇ ਆਹਾਰੀ, ਤੇਰੇ ਨਾਮ ਧਿਆਈਅਤੁ ਹੈ’।
ਪੂਰਬ ਪਲਾਊਂ, ਕਾਮਰੂਪ ਔ ਕਮਾਊ,
ਸਰਬ ਠੌਰ ਮੈ ਬਿਰਾਜੈ, ਜਹਾਂ ਜਹਾਂ ਜਾਈਅਤ ਹੈਂ।
ਪੂਰਨ ਪ੍ਰਤਾਪੀ, ਜੰਤ੍ਰ ਮੰਤ੍ਰ ਤੋਂ ਅਤਾਪੀ ਨਾਥ,
ਕੀਰਤ ਤਿਹਾਰੀ ਕੋ ਨਾ ਪਾਰ ਪਾਈਅਤ ਹੈਂ। ੨੬੬।
ਜਿੱਥੇ ਗੁਰੂ ਗੋਬਿੰਦ ਸਿੰਘ ਜੀ ਇਕ ਚੰਗੇ ਸਿਪਾਹੀ ਸਨ, ਉਥੇ ਇਕ ਮਹਾਨ, ਜਰਨੈਲ, ਜਥੇਦਾਰ, ਜਥੇਬੰਦਕ ਤੇ ਆਗੂ ਵੀ ਸਨ। ਸ਼ਾਇਦ ਹੀ ਕੋਈ ਐਸਾ ਜਰਨੈਲ ਹੋਵੇ ਜਿਸ ਨੂੰ ਇਤਨੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਹੋਵੇ । ਨੌਂ ਸਾਲ ਦੇ ਹੋਣ ਤਾਂ ਪਿਤਾ ਸ਼ਹੀਦ ਹੋਣ, ਸੰਗੀ ਸਾਥੀ ਰਿਸ਼ਤੇਦਾਰ ਵਿਰੋਧੀ ਹੋ ਜਾਣ, ਮਸੰਦ ਤੱਕ ਔਕੜਾਂ ਪੈਦਾ ਕਰਨ, ਪਹਾੜੀ ਰਾਜੇ ਨਿੱਤ ਦੀ ਛੇੜਖਾਨੀ ਲਾਈ ਰੱਖਣ । ਵਕਤ ਦਾ ਬਾਦਸ਼ਾਹ ਔਰੰਗਜ਼ੇਬ ਵਰਗਾ ਜ਼ਾਲਿਮ ਹੋਵੇ ਅਤੇ ੧੮ ਦੇ ਕਰੀਬ ਜੰਗਾਂ ੨੫ ਸਾਲਾਂ ਦੇ ਅਰਸੇ ਵਿਚ ਲੜਨੀਆਂ ਪੈਣ, ਚਾਰੇ ਬੱਚੇ ਸ਼ਹੀਦ ਹੋਣ, ਮਾਂ ਤੱਕ ਅਕਾਲ ਚਲਾਣਾ ਕਰ ਜਾਏ, ਅਨੰਦਪੁਰ ਦਾ ਟਿਕਾਣਾ ਤੱਕ ਨਾ
ਰਹੇ ਪਰ ਫਿਰ ਵੀ ਇਹ ਕਹਿਣ :
ਸਰਬ-ਕਾਲ ਸਰਬ ਠਉਰ, ਏਕ ਹੀ ਲਗਤ ਹੋ।
ਲਿਤਾੜੇ ਤੇ ਕੁਚਲੇ ਹੋਏ ਲੋਕਾਂ ਨੂੰ ਜਥੇਬੰਦ ਕਰ ਕੇ ਫੌਜ ਬਣਾਉਣੀ ਤੇ ਉਨ੍ਹਾਂ ਨੂੰ ਸਮੇਂ ਦੀ ਸਭ ਤੋਂ ਵੱਡੀ ਹਕੂਮਤ ਨਾਲ ਟਕਰਾ ਕੇ ਜਿੱਤ ਪ੍ਰਾਪਤ ਕਰਨੀ ਇਕ ਚੰਗੇ ਜਰਨੈਲ ਦਾ ਹੀ ਕਾਰਜ ਹੈ । ਉਨ੍ਹਾਂ ਦੀ ਸੁਲਝੀ ਹੋਈ ਅਗਵਾਈ ਦਾ ਕੋਈ ਬਦਲ ਕਿਧਰੇ ਨਹੀਂ । ‘ ਕਿਲ੍ਹਿਆਂ ਦੀ ਉਸਾਰੀ’, ਕਨਿੰਘਮ ਲਿਖਦਾ ਹੈ, ‘ਜਿਸ ਸਿਆਣਪ ਨਾਲ ਉਨ੍ਹਾਂ ਕੀਤੀ, ਉਹ ਉਨ੍ਹਾਂ ਨੂੰ ਇਕ ਮਹਾਨ ਜਰਨੈਲ ਸਾਬਤ ਕਰਨ ਲਈ ਕਾਫੀ ਹੈ। ਰਣ ਵੇਖ ਕੇ ਆਪ ਜੀ ਨੂੰ ਇਕ ਚਾਅ ਚੜ੍ਹ ਜਾਂਦਾ ਸੀ। ਤਲਵਾਰ ਦੇ ਉਹ ਧਨੀ ਸਨ ਤੇ ਤੀਰ ਅੰਦਾਜ਼ ਕਮਾਲ ਦੇ ਸਨ। ਸੈਨਾਪਤੀ ਲਿਖਦਾ ਹੈ ਕਿ ਉਨ੍ਹਾਂ ਦਾ ਇਕ-ਇਕ ਤੀਰ ਦਲਾਂ ਦੇ ਆਹੂ ਲਾਹੁੰਦਾ ਸੀ। ਹਰ ਪ੍ਰਚੱਲਤ ਸ਼ਸਤਰ ਚਲਾਉਣ ਦਾ ਵੱਲ ਗੁਰੂ ਜੀ ਨੂੰ ਆਉਂਦਾ ਸੀ। ਸ਼ਸਤਰ ਨਾਮ ਮਾਲਾ ਵਿਚ ਸ਼ਸਤਰਾਂ ਦੀ ਕੀਤੀ ਵਿਆਖਿਆ ਇਸ ਗੱਲ ਦੀ ਗਵਾਹੀ ਭਰਦੀ ਹੈ। ਜੰਗ ਆਪ ਜੀ ਵਿਉਂਤ ਕੇ ਲੜਦੇ ਸਨ ਤੇ ਧੀਰਜ ਨਹੀਂ ਸਨ ਛੱਡਦੇ।
ਜਥੇਦਾਰ ਉਹ ਉੱਚ ਕੋਟੀ ਦੇ ਸਨ । ਲੈਪਲ ਗ੍ਰਿਫਨ ਨੇ ਲਿਖਿਆ ਹੈ ਕਿ ਜਿਸ ਤਰ੍ਹਾਂ ਜੁਪੀਟਰ ਨੇ ਆਪਣੇ ਪੱਟਾਂ ਵਿਚੋਂ ਮਿਨਰਵਾ ਨੂੰ ਪੈਦਾ ਕੀਤਾ, ਕੁਝ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ। ਗਾਰਡਨ ਨੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਆਪ ਹੁਦਰੇ ਲੋਕਾਂ ਨੂੰ ਸੰਜਮ ਵਿਚ ਬੱਧਾ, ਉਨ੍ਹਾਂ ਵਿਚ ਧਾਰਮਿਕ ਭਾਵ ਭਰੇ, ਯੋਧੇ ਬਣਾਏ। ਅੰਮ੍ਰਿਤ ਛਕਾ ਕੇ ਇਕ ਵੱਖਰੀ ਖਾਲਸਾ ਕੌਮ ਸਾਜੀ ਜੋ ਇਕ ਦੂਜੇ ਨਾਲ ਜੁੜ ਗਈ ਅਤੇ ਉਸ ਦਿਨ ਤੱਕ ਲੜਦੀ ਰਹੀ ਜਦ ਤੱਕ ਕਾਮਯਾਬ ਨਾ ਹੋਈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿਹੜਾ ਰਾਜ ਰਣਜੀਤ ਸਿੰਘ ਨੇ ਸੌ ਸਾਲ ਬਾਅਦ ਬਣਾਇਆ, ਉਸ ਦਾ ਨੀਂਹ ਪੱਥਰ ਗੁਰੂ ਨੇ ਹੀ ਰੱਖਿਆ ਸੀ ਤੇ ਖ਼ਾਲਸੇ ਉਸ ਤੇ ਹੀ ਰਾਜ ਦਾ ਮਹੱਲ ਸਿਰਜਿਆ ਸੀ। ਖ਼ਾਲਸੇ ਨੇ ਉਨ੍ਹਾਂ ਜ਼ਾਲਮਾਂ ਨੂੰ ਪੰਜਾਬ ਵਿਚੋਂ ਖਦੇੜ ਦਿੱਤਾ ਜਿੱਥੇ ਉਹ ਜ਼ੁਲਮ ਕਰਦੇ ਤੇ ਤਸੀਹੇ ਦੇਂਦੇ ਰਹੇ ਸਨ। ਖ਼ਾਫੀ ਖ਼ਾਨ ਵੀ ਲਿਖਦਾ ਹੈ ਜੋ ਰੂਹ ਖਾਲਸੇ ਵਿਚ ਭਰੀ ਗਈ ਉਸ ਨੇ ਐਸੇ ਚਮਤਕਾਰ ਕੀਤੇ ਜਿਨ੍ਹਾਂ ਦਾ ਲੱਭਣਾ ਕਠਨ ਹੈ। ਅਸਰਾਰਿ ਸਮਦੀ ਦਾ ਲਿਖਾਰੀ ਜੋ ਗੁਰੂ ਜੀ ਤੋਂ ਕੇਵਲ ੧੦ ਸਾਲ ਬਾਅਦ ਹੋਇਆ ਹੈ, ਲਿਖਦਾ ਹੈ ਕਿ ਸਿੱਖਾਂ ਨੂੰ ਕੋਈ ਹਰਾ ਨਹੀਂ ਸਕਦਾ ਕਿਉਂਕਿ ਇਨ੍ਹਾਂ ਪਾਸ ਦੋ ਵਸਤੂਆਂ ਦੇਗ ਤੇ ਤੇਗ਼ ਹਨ। ਦੇਗ ਖ਼ਿਮਾ ਤੇ ਖੁਲ੍ਹ ਦਾ ਚਿੰਨ੍ਹ ਹੈ ਤੇ ਤੇਗ਼ ਪ੍ਰਭੂ ਵਲੋਂ ਬਖ਼ਸ਼ੀ ਤਾਕਤ ਹੋਣ ਦੀ। ਇਹ ਦੇਗ, ਤੇਗ਼ ਫ਼ਤਹ, ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਹੈ।
ਮੈਕਾਲਫ਼ ਦੇ ਸ਼ਬਦ ਯਾਦ ਕਰਨ ਵਾਲੇ ਹਨ ਕਿ ਉਸ ਗੁਰੂ ਨੇ ਆਪਣੀ ਜਾਦੂਈ ਸ਼ਕਤੀ ਨਾਲ ਲਿਤਾੜੇ ਤੇ ਛੇਕੇ ਹੋਏ ਲੋਕਾਂ ਨੂੰ ਯੋਧੇ ਅਤੇ ਬਹਾਦਰ ਬਣਾਇਆ।
ਸਦੀਆਂ ਦਾ ਪੱਕਾ ਜ਼ੁਲਮੀ ਰਾਜ ਖ਼ਤਮ ਹੋਇਆ ਤੇ ਲੋਕਾਂ ਨੇ ਸੁਖ ਦਾ ਸਾਹ ਲਿਆ।
ਸਮਕਾਲੀ ਭਾਈ ਗੁਰਦਾਸ ਜੀ (ਦੂਜੇ) ਨੇ ਇਸੇ ਸਬੰਧ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਉਪਮਾ ਵਿਚ ਵਾਰ ਲਿਖਦੇ ਹੋਏ ਕਿਹਾ ਕਿ ਇਹ ਸਭ ਦਸਮੇਸ਼ ਪਿਤਾ ਦੀ ਹੀ ਬਰਕਤ ਹੈ ਕਿ ਹੁਣ ਧੱਕੇ ਨਾਲ ਕਿਸੇ ਨੂੰ ਧਰਮ ਤੋਂ ਗਿਰਾਇਆ ਨਹੀਂ ਜਾਂਦਾ ਤੇ ਸਭ ਖੁਸ਼ੀ-ਖੁਸ਼ੀ ਫਿਰ ਰਹੇ ਹਨ। ਰਾਜ ਦਾ ਮੁੱਢ ਬੱਝ ਗਿਆ। ਭਾਈ ਸਾਹਿਬ ਦੇ ਸ਼ਬਦ ਹਨ :
ਇਉਂ ਤੀਸਰ ਮਜ਼ਹਬ ਖਾਲਸਾ, ਉਪਜਿਓ ਪਰਧਾਨਾ।
ਜਿਨ ਗੁਰੂ ਗੋਬਿੰਦ (ਸਿੰਘ) ਹੁਕਮ ਸਿਉਂ, ਗਹਿ ਖੜਗ ਦਿਖਾਨਾ ।
ਤਿਹ ਸਭ ਦੁਸ਼ਟਨ ਛੇਦ ਕਰ, ਅਕਾਲ ਜਪਾਨਾ ।
ਫਿਰ ਐਸਾ ਹੁਕਮ ਅਕਾਲ ਕਾ, ਜਗ ਮੈ ਪਰਗਟਾਨਾ।
ਤਬ ਸੁੰਨਤ ਕੋਇ ਨ ਕਰ ਸਕੇ, ਕਾਂਪਤ ਤੁਰਕਾਨਾ ।
ਇਉਂ ਉਮਤ ਸਭ ਮੁਹੰਮਦੀ, ਖਪ ਗਈ ਨਿਦਾਨਾ।
ਤਬ ਫਤੇ ਡੰਕ ਜਗ ਮੋ ਘੁਰੇ, ਦੁਖ ਦੁੰਦ ਮਿਟਾਨਾ।
ਤੀਸਰ ਪੰਥ ਚਲਾਇਅਨ ਵਡ ਸੂਰ ਗਹੇਲਾ।
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ । ੧੬।
ਫਿਰ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਇਹ ਸਭ ਬਰਕਤਾਂ ਕਲਗੀਆਂ ਵਾਲੇ ਦੀਆਂ ਹਨ ਜਿਸ ਧਰਮ ਦਾ ਜੈਕਾਰ ਕਰਾਇਆ । ਉਨ੍ਹਾਂ ਨੂੰ ਪਾਤਸ਼ਾਹੀਆਂ ਬਖ਼ਸ਼ੀਆਂ ਜਿਨ੍ਹਾਂ ਕਦੀ ਜੀਵਨ ਰਸ ਵੀ ਨਹੀਂ ਸੀ ਮਾਣਿਆ । ਸਾਰੇ ਸੰਸਾਰ ਵਿਚ ਵਾਹਿਗੁਰੂ ਵਡਿਆਈ ਦਾ ਢੰਡੋਰਾ ਦਿੱਤਾ ਅਤੇ ਮਨੁੱਖ ਨੂੰ ਗ਼ੁਲਾਮੀ ਤੋਂ ਕੱਢਿਆ। ਖਾਲਸੇ ਨੂੰ ਰਾਜਿਆਂ ਸਾਹਮਣੇ ਹੋਣ ਤੇ ਟਕਰਾਉਣ ਯੋਗ ਕਰ ਦਿੱਤਾ। ਸਦੀਆਂ ਤੋਂ ਗ਼ੁਲਾਮ ਚਲੀ ਆ ਰਹੀ ਮਨੁੱਖਤਾ ਨੂੰ ਆਜ਼ਾਦ ਕਰਾਇਆ । ਗੁਰੂ ਦੇ ਆਉਣ ਨਾਲ ਸਭ ਨੂੰ ਆਸਰਾ ਤੇ ਦ੍ਰਿੜ੍ਹਤਾ ਮਿਲੀ । ਸਾਰਾ ਜਗਤ ਸੁਖੀ ਵੱਸਣ ਲੱਗਾ ਤੇ ਕਲੇਸ਼ ਦਾ ਨਾਸ ਹੋਇਆ। ਲੋਕਾਂ ਦੇ ਸਹਿਮ ਮੁੱਕੇ ਤੇ ਘਬਰਾਹਟ ਨੱਸ ਗਈ :
ਵਹਿ ਉਪਜਿਓ ਚੇਲਾ ਮਰਦ ਕਾ, ਮਰਦਾਨ ਸਦਾਏ।
ਜਿਨ ਸਭ ਪ੍ਰਿਥਵੀ ਕਉ ਜੀਤ ਕਰ, ਨੀਸਾਣ ਝੁਲਾਏ।
ਤਬ ਸਿੰਘਨ ਕਉ ਬਖਸ਼ ਕਰ, ਬਹੁ ਸੁਖ ਦਿਖਲਾਏ।
ਫਿਰ ਸਭ ਪ੍ਰਿਥਵੀ ਕੇ ਊਪਰੇ, ਹਾਕਮ ਠਹਿਰਾਏ।
ਤਿਨਹੁ ਜਗਤ ਸੰਭਾਲ ਕਰ, ਆਨੰਦ ਰਚਾਏ ।
ਵਾਹ ਵਾਹ ਗੋਬਿੰਦ ਗਾਜ਼ੀ ਸਬਲ, ਜਿਨ ਸਿੰਘ ਸਜਾਏ।
ਤਬ ਸਭ ਤੁਰਕਨ ਕਉ ਛੇਕ ਕਰ, ਅਕਾਲ ਜਪਾਏ ।
ਸਭ ਛਤ੍ਰਪਤੀ ਚੁਣ ਚੁਣ ਹਤੇ; ਕਹੂੰ ਟਿਕ ਨ ਪਾਏ।
ਤਬ ਜਗ ਮੇਂ ਧਰਮ ਪ੍ਰਗਾਸਿਓ, ਸੱਚ ਹੁਕਮ ਚਲਾਏ ।
ਯਹ ਬਾਰਾਂ ਸਦੀ ਨਿਬੇੜ ਕਰ, ਗੁਰ ਫਤੇ ਬੁਲਾਏ ।
ਤਬ ਸਬ ਦੁਸ਼ਟਾ ਸਹਜੇ ਖਪੇ, ਛਲ ਕਪਟ ਉਡਾਏ ।
ਇਉ ਹਰਿ ਅਕਾਲ ਕੇ ਹੁਕਮ ਸੋਂ, ਰਣ ਜੁਧ ਮਚਾਏ ।
ਬਹੁ ਦੀਯੋ ਦਿਲਾਸਾ ਜਗਤ ਕਉ, ਹਰਿ ਭਗਤ ਦ੍ਰਿੜਾਏ।
ਤਬ ਸਭ ਪ੍ਰਿਥਵੀ ਸੁਖੀਆ ਭਈ, ਦੁਖ ਦਰਦ ਗਵਾਏ।
ਫਿਰ ਸੁਖ ਨਿਹਚਲ ਬਖਸਿਓ, ਜਗਤ ਭੈ ਤ੍ਰਾਸ ਚੁਕਾਏ । ੧੯ ।
ਜਿੱਥੇ ਆਪ ਜੀ ਦੀ ਇਹ ਦੇਣ ਸਦਾ ਕਾਇਮ ਹੈ ਉਥੇ ਆਪ ਜੀ ਦੀ ਉਤਸ਼ਾਹ ਭਰਪੂਰ ਬਾਣੀ ਦੀ ਦੇਣ ਵੀ ਸਦੀਵੀ ਹੈ। ਆਪ ਇਕ ਐਸੇ ਕਵੀ ਹਨ, ਜਿਨ੍ਹਾਂ ਕਵਿਤਾ ਰਚ ਕੇ ਕਵਿਤਾ ਨੂੰ ਹੀ ਸ਼ਿੰਗਾਰ ਦਿੱਤਾ। ੩੨ ਕੁ ਸਾਲਾਂ ਦੇ ਥੋੜ੍ਹੇ ਜਿਹੇ ਸਮੇਂ ਵਿਚ ਤੇ ਉਹ ਵੀ ਜੰਗਾਂ ਜੁੱਧਾਂ ਵਿਚ ਰੁੱਝੇ ਹੋਏ ਇਤਨੀਆਂ ਮਹਾਨ ਰਚਨਾਵਾਂ ਕੀਤੀਆਂ ਜੋ ਇਕ ਕਰਾਮਾਤ ਹੀ ਲਗਦੀਆਂ ਹਨ। ਭਾਵੇਂ ਇਹ ਸੱਚ ਹੈ ਕਿ ਆਪ ਜੀ ਦੀ ਬਹੁਤ ਸਾਰੀ ਰਚਨਾ ਸਰਸਾ ਨਦੀ ਵਿਚ ਅਨੰਦਪੁਰ ਛੱਡਣ ਵੇਲੇ ਰੁੜ੍ਹ ਗਈ ਪਰ ਜੋ ਬਚ ਨਿਕਲਿਆ, ਉਸ ਨੂੰ ਪੜ੍ਹਨ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਪ ਇਕ ਮਹਾਨ ਕਵੀ ਸਨ।
‘ਅਕਾਲ ਉਸਤਤਿ’ ਉਨ੍ਹਾਂ ਦੀ ਇਕ ਅਮਰ ਵਸਤੂ ਹੈ ਜੋ ਅਕਾਲ ਨਾਲ ਜੋੜ ਦਿੰਦੀ ਹੈ। ਉਹ ਪਹਿਲੇ ਤੇ ਆਖ਼ਰੀ ਪੈਗੰਬਰ ਹਨ ਜਿਨ੍ਹਾਂ ਆਪਣੀ ਆਤਮ ਕਥਾ ਲਿਖੀ ਤੇ ਫਿਰ ਇਹ ਪਹਿਲ ਵੀ ਆਪ ਜੀ ਨੇ ਹੀ ਕੀਤੀ ਕਿ ਆਪਣੀ ਆਤਮ ਕਥਾ ਕਵਿਤਾ ਵਿਚ ਲਿਖੀ। ਸ੍ਰੀ ਨਾਮ ਮਾਲਾ ਵਿਚ ਸ਼ਸਤਰਾਂ ਦੇ ਨਾਮ ਇਸ ਤਰਤੀਬ ਨਾਲ ਦਿੱਤੇ ਹਨ ਕਿ ਪਾਠਕਾਂ ਵਿਚ ਬੀਰਤਾ ਹੁਲਾਰੇ ਖਾਣ ਲੱਗ ਪੈਂਦੀ ਹੈ। ‘ਵਾਰ ਸ੍ਰੀ ਭਗਉਤੀ ਜੀ’ ਕਾਵਿ-ਕਲਾ ਦੇ ਨੁਕਤੇ ਤੋਂ ਲਾਸਾਨੀ ਵਾਰ ਹੈ। ਸ਼ਬਦਾਂ ਦੀ ਚੋਣ ਮਾਹੌਲ ਬਣਨ ਵਿਚ ਸਹਾਇਕ ਹੁੰਦੀ ਹੈ, ਅਲੰਕਾਰ, ਤਸ਼ਬੀਹਾਂ ਐਸੀਆਂ ਹਨ ਕਿ ਪੜ੍ਹਨ ਸੁਣਨ ਵਾਲਾ ਜੰਗ ਅੱਖੀਂ ਹੁੰਦੀ ਦੇਖਦਾ ਹੈ। ਆਮ ਵਾਕਫ਼ੀ ਲਈ ਗਿਆਨ ਪ੍ਰਬੋਧ ਇਕ ਮਹਾਨ ਗ੍ਰੰਥ ਹੈ। ਚੰਡੀ ਚਰਿਤ੍ਰ’ ਇਕ ਐਸੀ ਪੁਸਤਕ ਹੈ ਜੋ ਨਾ ਹਿੰਦੀ ਵਿਚ, ਨਾ ਸੰਸਕ੍ਰਿਤ ਵਿਚ ਅਤੇ ਨਾ ਹੀ ਕਿਸੇ ਹੋਰ ਬੋਲੀ ਵਿਚ ਮਿਲ ਸਕਦੀ ਹੈ। ਕਬਿੱਤ, ਸਵੱਈਏ ਆਪਣੀ ਉਦਾਹਰਣ ਆਪ ਹੀ ਹਨ। ‘ਚਰਿਤ੍ ਪਾਖਾਯਾਨ’ ਖੁੱਲ੍ਹੀ ਬੋਲੀ ਵਿਚ ਲਿਖੇ ਹਨ ਤਾਂ ਕਿ ਮਨੁੱਖ ਦੁਰਾਚਾਰ ਤੋਂ ਬਚ ਕੇ ‘ਕੰਚਨ’ ਬਣ ਜਾਏ। ਜ਼ਫਰਨਾਮਾ ਫ਼ਾਰਸੀ ਦੀ ਇਕ ਉਹ ਅਮਰ ਕ੍ਰਿਤ ਹੈ ਜੋ ਇਤਿਹਾਸਕ ਵੀ ਹੈ ਤੇ ਕਲਾ ਦੇ ਪੱਖੋਂ ਵੀ ਸੰਪੂਰਣ ਹੈ। ਇਤਨੀ ਪ੍ਰਭਾਵਸ਼ਾਲੀ ਬੋਲੀ ਹੈ ਕਿ ਔਰੰਗਜ਼ੇਬ ਪੜ੍ਹਦੇ ਸਾਰ ਸ਼ਰਮਸਾਰ ਹੋਇਆ। ਗੁਰੂ ਜੀ ਦੀ ਬਾਣੀ ਵਿਚ ਸਾਰੇ ਗੁਣ, ਸਭ ਵਰਨ, ਸਭ ਪਦ, ਸਾਰੇ ਸੁਹਾਗ ਤੇ ਨਵੇਂ ਤੋਂ ਨਵੇਂ ਅਲੰਕਾਰ ਮਿਲਦੇ ਹਨ। ਜਮਾਲ ਨਾਲ ਜਲਾਲ ਗੁਰੂ ਜੀ ਦੀ ਬਾਣੀ ਵਿਚ ਜੁੜਿਆ ਮਿਲਦਾ ਹੈ। ਆਪ ਜੀ ਦੀ ਰਚਨਾ ਵਿਚ ਵਾਹਿਗੁਰੂ, ਮਨੁੱਖਤਾ ਅਤੇ ਪਿਆਰ ਪ੍ਰਧਾਨ ਵਿਸ਼ੇ ਹਨ। ਕਵਿਤਾ ਵਿਚ ਸੰਗੀਤ ਲਹਿਰਾਂ ਮਾਰਦਾ ਹੈ। ਚਿਤਨ ਵਿਚ ਉਨ੍ਹਾਂ ਦਾ ਕੋਈ ਸਾਨੀ ਨਹੀਂ । ਜਿਤਨੇ ਪ੍ਰਚੱਲਤ ਤੇ ਅਪ੍ਰਚੱਲਤ ਛੰਦ ਗੁਰੂ ਜੀ ਨੇ ਵਰਤੇ ਹਨ, ਸ਼ਾਇਦ ਹੀ ਅੱਜ ਤੱਕ ਕਿਸੇ ਕਵੀ ਜਾਂ ਲਿਖਾਰੀ ਨੇ ਵਰਤਣੇ ਤਾਂ ਇਕ ਪਾਸੇ ਉਨ੍ਹਾਂ ਦੀ ਸੂਝ ਵੀ ਹੋਵੇ। ਅਲੰਕਾਰ ਦੀ ਭਰਮਾਰ ਵਿਚ ਸਾਦਗੀ ਰੱਖਣੀ ਉਨ੍ਹਾਂ ਦੀ ਕਵਿਤਾ ਦਾ ਇਕ ਖ਼ਾਸ ਗੁਣ ਹੈ।
ਬੋਲੀ ਦੇ ਆਪ ਮਾਹਿਰ ਹਨ ਤੇ ਐਸੀ ਠੁਕਦਾਰ ਬੋਲੀ ਵਰਤਦੇ ਹਨ ਕਿ ਪੜ੍ਹਨ ਵਾਲਾ ਪਤੀਜ ਜਾਂਦਾ ਹੈ। ਅਰਬੀ ਦਾ ਗਿਆਨ, ਫ਼ਾਰਸੀ, ਸੰਸਕ੍ਰਿਤ ਦਾ ਅਧਿਐਨ, ਨੀਝ ਲਗਾ ਕੇ ਕੀਤਾ ਹੈ। ਬਿਹਾਰੀ, ਬ੍ਰਜੀ, ਮਾਝੀ ਤੇ ਪੰਜਾਬੀ ਤਾਂ ਉਨ੍ਹਾਂ ਦੇ ਨਹੁੰਆਂ ਤੇ ਸਨ। ਦੁਰਗਾ ਦਾ ਦੈਂਤ ਨੂੰ ਮਾਰ ਮੁਕਾਉਣ ਵਾਲੀ ਵਾਰਤਾ ਨੂੰ ਵੱਖ-ਵੱਖ ਤਿੰਨ ਬੋਲੀਆਂ ਵਿਚ ਕਾਮਯਾਬੀ ਨਾਲ ਲਿਖਣਾ ਤੇ ਨਿਭਾਉਣਾ ਉਨ੍ਹਾਂ ਦਾ ਹੀ ਕੰਮ ਸੀ । ਪੰਜਾਬੀ ਵਿਚ ਅਲੰਕਾਰ ਪੰਜਾਬੀ ਤੇ ਪੇਂਡੂ ਤੇ ਬ੍ਰਜੀ ਵਿਚ ਬ੍ਰਜ ਦੇਸ਼ ਦੇ । ਜਾਪ ਸਾਹਿਬ ਵਿਚ ਵਾਹਿਗੁਰੂ ਦੇ ੭੩੫ ਉਪਨਾਮ ਵਰਤੇ। ਉਨ੍ਹਾਂ ਵਿਚ ੮੫ ਦੇ ਕਰੀਬ ਇਸਲਾਮੀ ਹਨ ਪਰ ਮਜਾਲ ਕੀ ਜੇ ਕੁਰਾਨ ਮਜੀਦ ਦੀਆਂ ਉਪਮਾਵਾਂ ਨਾਲ ਮੇਲ ਖਾਂਦੇ ਹੋਣ । ਠੀਕ ਸਮੇਂ ਸਿਰ ਠੀਕ ਸ਼ਬਦ ਵਰਤਣਾ ਕਲਗੀਆਂ ਵਾਲੇ ਦੇ ਹੀ ਹਿੱਸੇ ਆਇਆ ਹੈ।
ਬਸ ਅੰਤ ਵਿਚ ਇਹ ਕਹਿਣਾ ਹੈ ਕਿ ਉਹ ਇਕ ਐਸੇ ‘ਪੁਰਖ ਭਗਵੰਤ’ ਸਨ ਜਿਨ੍ਹਾਂ ਦਾ ਕੋਈ ਸਾਨੀ ਨਹੀਂ ਹੈ। ਬੁੱਲ੍ਹੇ ਨੇ ਲੋਰ ਵਿਚ ਠੀਕ ਕਿਹਾ ਸੀ ਕਿ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤਾਂ ਸਭ ਦਾ ਧਰਮ ਨਾਸ਼ ਹੋ ਜਾਣਾ ਸੀ। ਧਰਮ ਚਲਾ ਕੇ ਉਹ ਪੰਥ ਵਿਚ ਹੀ ਅਲੋਪ ਹੋ ਗਏ।
ਪੁਸਤਕ ਦੀ ਸਮਾਪਤੀ ਮੈਂ ਡਾਕਟਰ ਜ਼ਾਕਿਰ ਹੁਸੈਨ ਦੇ ਉਨ੍ਹਾਂ ਸ਼ਬਦਾਂ ਨਾਲ ਕਰਨੀ ਹੈ ਜੋ ਉਨ੍ਹਾਂ ਵਜਦ ਵਿਚ ਆ ਕੇ ਲਿਖੇ ਸਨ। ਉਨ੍ਹਾਂ ਲਿਖਿਆ ਸੀ : “ਜਦ ਤਕ ਮਨੁੱਖਤਾ ਵਿਚ ਅੰਦਰੋਂ ਭੈ ਤੇ ਬਾਹਰੀ ਦਹਿਸ਼ਤ ਹੈ ; ਜਦ ਤੱਕ ਅੰਦਰਲਾ ਸੁੱਤਾ ਹੋਇਆ ਹੈ, ਜਦ ਤੱਕ ਮਨੁੱਖ ਨਿੰਮੋਝੂਣਾ ਹੋ ਵਿਚਰਦਾ ਹੈ ਅਤੇ ਸਮਾਜੀ ਵਿਖੇਵੇਂ, ਮਜ਼ਹਬੀ ਤੁਅੱਸਬ ਅਤੇ ਫੋਕੀਆਂ ਰਸਮਾਂ ਰੀਤਾਂ ਵਿਚ ਫਸਿਆ ਹੋਇਆ ਹੈ, ਸੰਸਾਰ ਗੁਰੂ ਨਾਨਕ ਤੇ ਉਨ੍ਹਾਂ ਦੀ ਮਹਾਨ ਜੋਤ ਗੁਰੂ ਗੋਬਿੰਦ ਸਿੰਘ ਜੀ ਵੱਲ ਟਿਕਟਿਕੀ ਲਗਾਏ ਦੇਖਦਾ ਹੀ ਰਹੇਗਾ।”
Credit – ਸਤਿਬੀਰ ਸਿੰਘ