ਜਨਰਲ ਸਕੱਤਰ ਵੱਲੋਂ
ਨੇਰਾ ਰਿਚਰਡਜ਼ ਜਿਨ੍ਹਾਂ ਨੇ ਪੰਜਾਬੀ ਨਾਟਕ ਨੂੰ ਪਾਰਸੀ ਥੀਏਟਰ ਦੇ ਪ੍ਰਭਾਵ ਹੇਠੋਂ ਕੱਢ ਕੇ ਇਸ ਨੂੰ ਨਿਰੋਲ ਪੰਜਾਬੀ ਜਨ ਜੀਵਨ ਸਭਿਆਚਾਰ ਤੇ ਸਮੱਸਿਆਵਾਂ ਨਾਲ ਜੋੜਨ ਹਿੱਤ ਇਤਿਹਾਸਕ ਯੋਗਦਾਨ ਦਿੱਤਾ ਹੈ, ਉਸ ਦਾ ਗਾਹੇ-ਬਗਾਹੇ ਉਲੇਖ ਤਾਂ ਹੁੰਦਾ ਪੜਿਆ ਸੁਣਿਆ ਹੈ, ਪਰ ਉਨ੍ਹਾਂ ਦੀ ਜਿੰਦਗੀ, ਸ਼ਖਸੀਅਰ ਤੇ ਪੰਜਾਬੀ ਨਾਟਕ ਤੇ ਰੰਗਮੰਚ ਨੂੰ ਦਿੱਤੀ ਇਸ ਦੇਣ ਨੂੰ ਇਕ ਪੁਸਤਕ ਦੇ ਰੂਪ ‘ਚ ਸਾਕਾਰ ਕਰਨ ਦਾ ‘ਆਇਰਲੈਂਡੀ ਪੰਜਾਬਣ ਨੇਰਾ ਰਿਚਰਡਜ਼’ ਦਾ ਇਹ ਯਤਨ ਪਲੇਠਾ ਹੀ ਹੈ। ਨੇਰਾ ਜੀ ਦੀ ਜਿੰਦਗੀ ਸ਼ਖ਼ਸੀਅਤ ਅਤੇ ਉਨ੍ਹਾਂ ਦੀ ਆਧਾਰੀ ਦੇਣ ਦੇ ਕਦਰਦਾਨ ਲੇਖਕ ਤੇ ਜਾਣੇ-ਮਾਣੇ ਪੱਤਰਕਾਰ ਸ ਹਰਬੀਰ ਸਿੰਘ ਡੇਵਰ ਹੋਰਾਂ ਦਾ ਹਥਲਾ ਯਤਨ ਕੁਝ ਕੁ ਸੀਮਾਵਾਂ ਦੇ ਬਾਵਜੂਦ ਬੜਾ ਅਹਿਮ ਤੇ ਮਹੱਤਵਪੂਰਨ ਯਰਨ ਹੈ। ਭੰਵਰ ਜੀ ਨੇ ਇਸ ਪੁਸਤਕ ਦਾ ਵੱਡਾ ਹਿੱਸਾ ਆਪ ਲਿਖਿਆ ਅਤੇ ਕੁਝ ਉਨ੍ਹਾਂ ਨੇ ਨੋਰਾ ਰਿਚਰਡਜ਼ ਦੇ ਨਾਲ ਜੁੜੇ ਰਹੇ ਅਹਿਮ ਵਿਦਵਾਨਾਂ ਦੇ ਲੇਖ ਲੋਡ ਕੇ ਜਾਂ ਉਚੇਚੇ ਤੋਰ ‘ਤੇ ਲਿਖਵਾ ਕੇ ਇਸ ਨੂੰ ਇਕ ਲਾਭਕਾਰੀ ਤੇ ਮਿਆਰੀ ਪੁਸਤਕ ਦੇ ਰੂਪ ਵਿਚ ਸਾਕਾਤ ਕਰਨ ਦਾ ਪ੍ਰਸੰਸਾਯੋਗ ਉਪਰਾਲਾ ਕੀਤਾ ਹੈ। ਇਹ ਚਿਰਕਾਲ ਮਗਰੋਂ ਇਕ ਤਰ੍ਹਾਂ ਦੇ ਖ਼ਲਾਅ ਦੀ ਪੂਰਤੀ ਹੋਈ ਕਹੀ ਜਾ ਸਕਦੀ ਹੈ। ਡੰਵਰ ਜੀ ਇਸ ਕਾਰਜ ‘ਚ ਪੂਰੀ ਲਗਨ ਤੇ ਉਤਸ਼ਾਹ ਨਾਲ ਜੁੱਟੇ ਹੋਏ ਸਨ.
ਪਰ ਗੰਭੀਰ ਸਿਹਤ ਸਮੱਸਿਆਵਾਂ ਆ ਜਾਣ ਕਾਰਨ ਉਨ੍ਹਾਂ ਨੂੰ ਇਹ ਕਾਰਜ ਕੁਝ ਸਮੇਂ ਲਈ ਰੋਕਣਾ ਪਿਆ। ਪਰੰਤੂ ਸਿਹਤਯਾਬ ਹੁੰਦਿਆਂ ਸਾਰ ਹੀ ਉਨ੍ਹਾਂ ਨੇ ਇਸ ਕਾਰਜ ਨੂੰ ਪਰਮ ਅਗੇਤ ਦਿੰਦਿਆਂ ਪੂਰਾ ਕੀਤਾ। ਪੰਜਾਬੀ ਸਾਹਿਤ ਅਕਾਡਮੀ ਨੇ ਇਸ ਪੁਸਤਕ ਨੂੰ ਪ੍ਰਕਾਸ਼ਿਤ ਕਰਨ ਦੀ ਜਿਮੇਵਾਰੀ ਖੁਸ਼ੀ ਖੁਸ਼ੀ ਆਪਣੇ ਸਿਰ ਲਈ। ਪੰਜਾਬੀ ਸਾਹਿਤਕਾਰਾਂ ਤੇ ਪੰਜਾਬੀ ਨਾਲ ਪਿਆਰ ਕਰਨ ਵਾਲੇ ਸਖੀ ਸੱਜਣਾਂ ਦੀ ਇਸ ਸੰਸਥਾ ਦਾ ਤਾਂ ਮੂਲ ਉਦੇਸ਼ ਹੀ ਪੰਜਾਬੀ ਭਾਸ਼ਾ, ਸਾਹਿਤ, ਕਲਾ ਤੇ ਸਭਿਆਚਾਰ ਨੂੰ ਪ੍ਰਫੁਲਿਤ ਕਰਨਾ ਹੈ। ਹਥਲੀ ਪੁਸਤਕ ਨੂੰ ਪ੍ਰਕਾਸ਼ਿਤ ਕਰਕੇ ਅਸੀਂ ਇਕ ਜ਼ਿੰਮੇਵਾਰੀ ਨਿਭਾ ਰਹੇ ਹਾਂ। ਹਥਲੀ ਪੁਸਤਕ ਵਿਚ ਜਿਨ੍ਹਾਂ ਵੀ ਲੇਖਕਾਂ ਦੇ ਲੇਖ ਸ਼ਾਮਲ ਕੀਤੇ ਗਏ ਹਨ।
ਉਨ੍ਹਾਂ ਨੂੰ ਨੋਰਾ ਰਿਚਰਡਜ਼ ਨਾਲ ਭੇਂਟ ਵਾਰਤਾ ਕਰਨ ਦਾ ਮਾਣ ਪ੍ਰਾਪਤ ਹੋਇਆ ਸੀ ਅਤੇ ਅਜਿਹੀਆਂ ਕਈ ਭੇਟ ਵਾਰਤਾਵਾਂ ਦਾ ਯਥਾਰਥਕ, ਨਾਟਕੀ, ਰੌਚਿਕ ਤੇ ਰਸਮਈ ਬਿਤਾਂਤ ਇਸ ਪੁਸਤਕ ਨੂੰ ਇਕ ਸੁਆਦਲੀ ਵਾਰਤਕ ਪੁਸਤਕ ਬਣਾਉਂਦਾ ਹੈ ਕਿਉਂਕਿ ਹਰੇਕ ਲੇਖਕ ਨੂੰ ਨੋਰਾ ਰਿਚਰਡਜ਼ ਆਪਣੇ ਸੁਭਾਅ ਅਨੁਸਾਰ ਉਸ ਢੰਗ ਤਰੀਕੇ ਨਾਲ ਮਿਲੇ। ਇਸ ਕਰਕੇ ਹੋ ਸਕਦਾ ਹੈ ਕਿ ਸੁਚੇਤ ਪਾਠਕਾਂ ਨੂੰ ਇਸ ਪੁਸਤਕ ‘ਚ ਕੁਝ ਥਾਂਈਂ ਦੁਹਰਾਉ ਜਿਹਾ ਲੱਗੇ ਪਰੰਤੂ ਹਰੇਕ ਬ੍ਰਿਤਾਂਤ ‘ਚ ਕਾਫ਼ੀ ਅਲੱਗ ਗੱਲਾਂ ਹਨ ਤੇ ਲੇਖਕ ਵੱਲੋਂ ਨੋਰਾ ਜੀ ਬਾਰੇ ਧਾਰਨਾਵਾਂ ਤੇ ਸਿੱਟੇ ਵੀ ਮੌਜੂਦ ਹਨ। ਭੰਵਰ ਜੀ ਦੇ ਆਪਣੇ ਵਿਚ ਬੜੀ ਅਜੀਬ ਸਥਿਤੀ ਦਰਜ ਹੈ। ਉਨ੍ਹਾਂ ਦੀ ਨੋਰਾ ਜੀ ਨਾਲ ਮੁਲਾਕਾਤ ਕਰਨ ਦੀ ਇੱਛਾ ਕਿੰਨਾ ਹੀ ਸਮਾਂ ਕਿਸੇ ਨਾ ਕਿਸੇ ਕਾਰਨ ਕਰਕੇ ਅਧੂਰੀ ਰਹਿੰਦੀ ਰਹੀ। ਸ੍ਰੀ ਜਰਨੈਲ ਸਿੰਘ ਸੇਖਾ ਨਾਲ ਵੀ ਕੁਝ ਅਜਿਹਾ ਹੀ ਵਾਪਰਿਆ। ਸ੍ਰੀ ਬਲਵੰਤ ਗਾਰਗੀ, ਡਾ. ਮਹਿੰਦਰ ਸਿੰਘ ਰੰਧਾਵਾ, ਸ. ਸੋਭਾ ਸਿੰਘ, ਪ੍ਰੋ. ਪਿਆਰਾ ਸਿੰਘ ਭੋਗਲ, ਕਿਸ਼ੋਰੀ ਲਾਲ ਵੈਦਯ ਅਤੇ ਡਾ. ਹਿਰਦੇਪਾਲ ਸਿੰਘ ਜਿਹੀਆਂ ਨਾਮਵਰ ਸ਼ਖਸ਼ਸੀਅਤਾਂ ਤੇ ਸਾਹਿਤ ਤੇ ਕਲਾ ਦੇ ਖੇਤਰ ਦੀਆਂ ਜਾਣੀਆਂ-ਪਛਾਣੀਆਂ ਹਸਤੀਆਂ ਦੇ ਇਨ੍ਹਾਂ ਦਸਤਾਵੇਜ਼ੀ ਲੇਖਾਂ ਨਾਲ ਬਿਨਾਂ ਸ਼ੱਕ ਇਹ ਪੁਸਤਕ ਇਕ ਪੜ੍ਹਨਯੋਗ ਤੇ ਮਾਨਣਯੋਗ ਵਾਰਤਕ ਪੁਸਤਕ ਬਣ ਗਈ ਹੈ। ਇਸ ਪੁਸਤਕ ਦਾ ਮੁੱਖ ਬੰਦ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਨਾਟਕਕਾਰ ਡਾ. ਆਤਮਜੀਤ ਦੁਆਰਾ ਲਿਖਿਆ ਗਿਆ ਹੈ, (ਜੋ ਨਾਟਕ ਅਤੇ ਪੰਜਾਬੀ ਨਾਟਕ ਤੇ ਰੰਗਮੰਚ ਦਾ ਆਪਣੇ ਆਪ ਵਿਚ ਇਕ ਯਥਾਰਥ ਵਿਵੇਚਨ ਤੇ ਮੁਲਾਂਕਣ ਹੋ ਨਿੱਬੜਿਆ ਹੈ) ਇਸ ਪੁਸਤਕ ਦਾ ਹਾਸਲ ਕਿਹਾ ਜਾ ਸਕਦਾ ਹੈ। ਕਰੀਬ 22 ਪੰਨਿਆਂ ‘ਚ ਅੰਕਿਤ ਇਸ ਮੁੱਖ ਬੰਦ ਜਿਥੇ ਇਸ ‘ਚ ਦਰਜ ਲੇਖਾਂ ਤੇ ਉਨ੍ਹਾਂ ਦੇ ਕਰਤਿਆਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ ਉਥੇ ਸ੍ਰੀਮਤੀ ਨੋਰਾ ਰਿਚਰਡਜ਼ ਦੀ ਪੰਜਾਬੀ ਨਾਟਕ ਨੂੰ ਦੇਣ ਦੇ ਵਿਭਿੰਨ ਪਾਸਾਰ ਲੋੜੀਂਦੇ ਵਿਸਥਾਰਾਂ ਸਹਿਤ ਅੰਕਿਤ ਹਨ। ਆਈ.ਸੀ.ਨੰਦਾ ਤੋਂ ਪੂਰਵਲੇ ਪੰਜਾਬੀ ਨਾਟਕ ਦੀ ਨੁਹਾਰ ਉਸ ਕਾਲ ਦੀਆਂ ਨਾਟ ਕ੍ਰਿਤੀਆਂ ਤੇ ਰੰਗਮੰਚੀ ਪੇਸ਼ਕਾਰੀਆਂ ਦੇ ਹਵਾਲੇ ਨਾਲ ਗੱਲ ਕਰਦਿਆਂ ਡਾ. ਆਤਮਜੀਤ ਸਿੰਘ ਨੇ ਇਸ ਨੂੰ ਇਕ ਖੋਜ ਭਰਪੂਰ ਲੇਖ ਦਾ ਰੂਪ ਦੇ ਦਿੱਤਾ ਹੈ। ਜੈ ਦਿਆਲ ਅਤੇ ਪ੍ਰਿਥਵੀ ਰਾਜ ਕਪੂਰ ਸੰਬੰਧੀ ਜਾਣਕਾਰੀ ਦੁਰਲੱਭ ਹੈ।
ਸ੍ਰੀਮਤੀ ਨੋਰਾ ਦੀ ਆਪਣੀ ਨਿੱਜੀ ਡਾਇਰੀ ਅਤੇ ਤੱਤਕਾਲੀ ਸਮੇਂ ‘ਚ ਉਨ੍ਹਾਂ ਦੀਆਂ ਨਾਟ ਪੇਸ਼ਕਾਰੀਆਂ ਤੇ ਸਰਗਰਮੀਆਂ ਜਿਥੇ ਅਲੱਗ ਦਸਤਾਵੇਜ਼ੀ ਜਾਣਕਾਰੀ ਹਨ ਉਥੇ ਇਹ ਸੰਕੇਤਕ ਤੌਰ ‘ਤੇ ਉਨ੍ਹਾਂ ਦੇ ਪੰਜਾਬੀ ਨਾਟਕ ਪ੍ਰਤੀ ਸਮਰਪਣ ਭਰੇ ਜੀਵਨ ਕਾਰਜ ਦਾ ਮੂੰਹ ਬੋਲਦਾ ਪ੍ਰਮਾਣ ਹਨ। ਨੋਰਾ ਰਿਚਰਡਜ਼ ਨੇ ਖ਼ੁਦ ਵੀ ਪੰਜਾਬ ਦੀ ਧਰਤੀ ‘ਤੇ ਖੇਡੇ ਜਾਣ ਲਈ ਨਾਟਕਾਂ ਦੀ ਰਚਨਾ ਕੀਤੀ ਤੇ ਉਨ੍ਹਾਂ ਦੀਆਂ ਰੰਗਮੰਚ ਪੇਸ਼ਕਾਰੀਆਂ ਵੀ ਆਯੋਜਿਤ ਕਰਵਾਈਆਂ। ਨੋਰਾ ਜੀ ਦਾ ਰਚਿਆ ਇਕ ਲਘੂ ਨਾਟਕ ‘ਸਿਕੰਦਰ ਤੇ ਪੋਰਸ’ ਵੀ ਇਸ ਪੁਸਤਕ ਦਾ ਹਿੱਸਾ ਬਣਿਆ ਹੈ।
ਨੋਰਾ ਰਿਚਰਡਜ਼ ਚਾਹੁੰਦੀ ਤਾਂ ਉਹ ਆਰਾਮਦਾਇਕ ਤੇ ਸਹੂਲਤਾਂ-ਸੁਵਿਧਾਵਾਂ ਭਰਪੂਰ ਜੀਵਨ ਗੁਜ਼ਾਰ ਸਕਦੇ ਸਨ ਪਰ ਉਨ੍ਹਾਂ ਨੇ ਸਰਲ-ਸਾਦੀ ਜੀਵਨ ਸ਼ੈਲੀ ਅਪਣਾਈ। ਉਹ ਟਾਲਸਟਾਏ ਨੂੰ ਆਪਣਾ ਰੋਲ ਮਾਡਲ ਮੰਨਦੇ ਸਨ। ਪੰਜਾਬ ਦੇ ਪੇਂਡੂ ਸਭਿਆਚਾਰ ਨਾਲ ਉਨ੍ਹਾਂ ਦਾ ਸੱਚਾ-ਸੁੱਚਾ ਮੋਹ ਸੀ । ਪੰਜਾਬ ਦੀ ਮਿੱਟੀ ਨਾਲ ਉਨ੍ਹਾਂ ਨੂੰ ਅੰਤਾਂ ਦਾ ਲਗਾਉ ਸੀ । ਇਹੀ ਲਗਾਉ ਉਨ੍ਹਾਂ ਨੂੰ ਇਕ ਵਾਰ ਇਸ ਨੂੰ ਆਪਣੇ ਪਤੀ ਦੀ ਬੇਵਕਤ ਮੌਤ ਕਾਰਨ ਮੁੜ ਵਤਨ ਜਾ ਕੇ ਉਥੋਂ ਮੋੜ ਲਿਆਇਆ। ਪੰਜਾਬ ਹੀ ਉਨ੍ਹਾਂ ਦੀ ਕਾਰਜ ਭੂਮੀ ਬਣਿਆ। ਨੋਰਾ ਬਾਰੇ ਇਹ ਪੁਸਤਕ ਸਹਿਜ ਰੂਪ ‘ਚ ਸਾਨੂੰ ਪੰਜਾਬ ਦੇ ਪੇਂਡੂ ਸਭਿਆਚਾਰ ਤੇ ਇਸ ਦੇ ਪਛਾਣ ਚਿੰਨ੍ਹਾਂ ਨੂੰ ਜੋ ਬੜੀ ਤੇਜ਼ੀ ਨਾਲ ਗੁੰਮ-ਗਵਾਚ ਰਹੇ ਹਨ, ਪ੍ਰਤੀ ਸਾਡੀ ਸੁੱਤੀ ਹੋਈ ਸੰਵੇਦਨਾ ਨੂੰ ਜਗਾਉਣ ‘ਹ ਸਹਾਈ ਹੋ ਸਕਦੀ ਹੈ। ਇਹ ਪੁਸਤਕ ਸਾਨੂੰ ਆਪਣੇ ਸਭਿਆਚਾਰਕ ਵਿਰਸੇ ਨੂੰ ਸੰਭਾਲਣ ਦੀ ਦਿਸ਼ਾ ‘ਚ ਤੁਰਨ ਦਾ ਜਿਥੇ ਇਕ ਸਫਲ ਉਪਰਾਲਾ ਹੈ, ਉਥੇ ਪੰਜਾਬੀ ਨਾਟਕ ਦੀ ਨਕੜਦਾਦੀ ਪ੍ਰਤੀ ਸੁਹਿਰਦ ਸਤਿਕਾਰ ਦਾ ਪ੍ਰਗਟਾਵਾ ਵੀ ਹੈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਸ੍ਰੀ ਹਰਬੀਰ ਸਿੰਘ ਭੰਡਰ ਦੇ ਸਾਰਥਕ ਉਪਰਾਲੇ ਦੀ ਪ੍ਰਸੰਸਾ ਕਰਦੀ ਹੋਈ ਇਹ ਵਡਮੁੱਲੀ ਪੁਸਤਕ ਪੰਜਾਬੀ ਪਾਠਕਾਂ ਤੇ ਮਾਂ-ਬੋਲੀ ਦੇ ਪ੍ਰੇਮੀਆਂ ਨੂੰ ਭੇਟਾ ਕਰਕੇ ਥੋੜ੍ਹਾ ਰਿਣ- ਮੁਕਤ ਮਹਿਸੂਸ ਕਰਦੀ ਹੈ।
ਅਨੂਪ ਸਿੰਘ (ਡਾ.)
ਜਨਰਲ ਸਕੱਤਰ
ਦੋ ਸ਼ਬਦ
ਇਹ ਤਾਂ ਇਤਫ਼ਾਕ ਦੀ ਗੱਲ ਹੈ ਕਿ ਮੈਂ ਜੁਲਾਈ 1960 ਦੇ ਪਹਿਲੇ ਹਫ਼ਤੇ ਦੋ ਮਹੀਨੇ ਲਈ ਨਾਮਵਰ ਚਿੱਤਰਕਾਰ ਸਰਦਾਰ ਸੋਭਾ ਸਿੰਘ ਤੋਂ ਚਿੱਤਰਕਾਰੀ ਸਿੱਖਣ ਲਈ ਉਨ੍ਹਾਂ ਪਾਸ ਅੰਦਰੇਟਾ ਜ਼ਿਲ੍ਹਾ ਕਾਂਗੜਾ (ਜੋ ਉਨ੍ਹਾਂ ਦਿਨਾਂ ਵਿਚ ਪੰਜਾਬ ਦਾ ਹੀ ਇਕ ਇਲਾਕਾ ਸੀ) ਗਿਆ ਤਾਂ ਉਥੇ ਜਾ ਕੇ ਪਤਾ ਲੱਗਾ ਕਿ ਉਸੇ ਪਿੰਡ ਵਿਚ ਇਕ ਮੇਮ ਰਹਿੰਦੀ ਹੈ, ਜੋ ਨਾਟਕ ਲਿਖਦੀ ਤੇ ਖਿਡਵਾਉਂਦੀ ਹੈ ਅਤੇ ਉਸ ਦਾ ਨਾਂ ਮਿਸਿਜ਼ ਨੋਰਾ ਰਿਚਰਡਜ਼ ਹੈ। ਕੁਦਰਤੀ ਮੈਂ ਇਹ ਦੋ ਮਹੀਨੇ ਚਿੱਤਰਕਾਰ ਦੇ ਦੋ ਹੋਰ ਸ਼ਾਗਿਰਦਾਂ ਨਾਲ ਰਿਹਾ, ਜਿਨ੍ਹਾਂ ਨੇ ਰਿਹਾਇਸ਼ ਮਿਸਿਜ਼ ਰਿਚਰਡਜ਼ ਦੇ ਬਿਲਕੁਲ ਗੁਆਂਢ ਵਿਚ ਰੱਖੀ ਹੋਈ ਸੀ। ਇਸ ਸਮੇਂ ਦੌਰਾਨ ਮੈਡਮ ਨਾਲ ਮੁਲਾਕਾਤ ਤਾਂ ਨਾ ਹੋਈ, ਪਰ ਉਸ ਦੇ ਬਗੀਚੇ-ਨੁਮਾ ਘਰ ਕੋਲੋਂ ਲੰਘਦਿਆਂ ਦਰਸ਼ਨ ਜ਼ਰੂਰ ਹੋਏ, ਤੇ ਅਸੀਂ ਸਲੂਟ ਕਰਕੇ ਅੱਗੇ ਲੰਘ ਜਾਂਦੇ। ਉਨ੍ਹਾਂ ਦਿਨਾਂ ਵਿਚ ਮੈਂ ਇਕ ਅਧਿਆਪਕ ਵਜੋਂ ਨੌਕਰੀ ਕਰ ਰਿਹਾ ਸੀ ਤੇ ਅਗਲੇ ਸਾਲ ਅੰਦਰੇਟੇ ਲਾਗੇ ਹੀ ਗੌਰਮਿੰਟ ਹਾਈ ਸਕੂਲ ਪਪਰੋਲਾ ਦੀ ਬਦਲੀ ਕਰਵਾ ਲਈ, ਰਿਹਾਇਸ਼ ਅੰਦਰੇਟੇ ਹੀ ਰੱਖੀ।
ਇਸ ਤੋਂ ਬਾਅਦ ਮਿਸਿਜ਼ ਰਿਚਰਡਜ਼ ਨਾਲ ਮੁਲਾਕਾਤ ਕਰਨ ਦੇ ਅਨੇਕ ਮੌਕੇ ਲੱਗੇ। ਉਸ ਨੂੰ ਮਿਲਣ ਤੋਂ ਪਹਿਲਾਂ ਸਮਾਂ ਲੈਣਾ ਪੈਂਦਾ ਸੀ। ਕਿਉਂ ਜੋ ਉਸ ਨੂੰ ਉੱਚਾ ਸੁਣਾਈ ਦਿੰਦਾ ਸੀ, ਇਸ ਲਈ ਗੱਲਬਾਤ ਲਾਗੇ ਪਈ ਕਾਪੀ ਪੈਨਸਲ ਨਾਲ ਲਿਖ ਕੇ ਕਰਨੀ ਪੈਂਦੀ ਸੀ। ਸਾਲ ਵਿਚ ਤਿੰਨ ਵਾਰੀ ਉਹ ਚੋਣਵੇਂ ਵਿਅਕਤੀਆਂ, ਜਿਨ੍ਹਾਂ ਨਾਲ ਉਸਦੇ ਸੰਬੰਧ ਚੰਗੇ ਸਨ, ਖੁਦ ਚਾਹ ਦੇ ਕੱਪ ਉਤੇ ਬੁਲਾਉਂਦੀ ਸੀ- 29 ਅਕਤੂਬਰ ਆਪਣੇ ਜਨਮ ਦਿਵਸ ਮੌਕੇ, 25 ਦਸੰਬਰ ਕ੍ਰਿਸਮਸ ਡੇਅ ਅਤੇ 29 ਮਾਰਚ ਜਦੋਂ ਉਸਦੀ ਕੋਠੀ ਦੁਆਲੇ ਵਿਸਟੀਰੀਆ ਦੇ ਫੁੱਲ ਪੂਰੀ ਬਹਾਰ ਵਿਚ ਹੁੰਦੇ, ਵੇਲੇ “ਵਿਸਟੀਰੀਆ ਡੇਅ” ਮਨਾਉਣ ਲਈ। ਇਹ ਸਿਲਸਿਲਾ ਚਲਦਾ ਰਹਿੰਦਾ।
ਮੈਡਮ ਨੇ ਹਿੰਦੁਸਤਾਨ ਵਿਚ ਆਪਣੀ ਜ਼ਿੰਦਗੀ ਦਾ ਲੱਗਭਗ ਇਕ ਦਹਾਕਾ ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਬਿਤਾਇਆ ਅਤੇ ਆਖਰੀ ਲੱਗਭਗ 35 ਵਰ੍ਹੇ ਜ਼ਿਲ੍ਹਾ ਕਾਂਗੜਾ ਦੇ ਅੰਦਰੇਟਾ ਪਿੰਡ ਵਿਚ। ਲਾਹੌਰ ਸਮੇਂ ਦੇ ਸਾਰੇ ਸਾਥੀ ਤੇ ਸਨੇਹੀ ਹੁਣ ਮੈਡਮ ਵਾਂਗ ਹੀ ਇਸ ਦੁਨੀਆ ਵਿਚੋਂ ਤੁਰ ਗਏ ਹਨ, ਅੰਦਰੇਟੇ ਵੇਲੇ ਦੇ ਵੀ ਬਹੁਤੇ ਸਨੇਹੀ ਸਦੀਵੀ ਵਿਛੋੜਾ ਦੇ ਗਏ ਹਨ, ਇਸ ਸਮੇਂ ਲੇਖਕਾਂ ਵਿਚ ਕੇਵਲ ਮੈਂ ਤੇ ਮੈਂ ਹੀ ਹਾਂ, ਜਿਸ ਨੇ ਮੈਡਮ ਨੂੰ ਨੇੜਿਓਂ ਦੇਖਿਆ ਹੈ ; ਮੈਂ ਵੀ ਆਪਣੀ ਜ਼ਿੰਦਗੀ ਦੀ ਸ਼ਾਮ ਵਿਚ ਹਾਂ, ਪਤਾ ਨਹੀਂ ਕਿਹੜੇ ਵੇਲੇ ਉੱਪਰੋਂ ‘ਸੱਦਾ’ ਆ ਜਾਏ। ਵੈਸੇ ਹਿੰਦੀ ਦੇ ਨਾਮਵਰ ਲੇਖਕ ਸ੍ਰੀ ਕਿਸ਼ੋਰੀ ਲਾਲ ਵੈਦਯ, ਜੋ ਹਿਮਾਚਲ ਸਰਕਾਰ ਦੇ ਲੋਕ ਸੰਪਰਕ ਵਿਭਾਗ ਵਿਚ ਇਕ ਉਚ ਅਫਸਰ ਅਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਦੇ ਅਹੁਦੇ ਉਤੇ ਸੁਸ਼ੋਭਿਤ ਰਹੇ ਹਨ, ਡੇਢ-ਦੋ ਸਾਲ ਬਾਅਦ ਮੈਡਮ ਨੂੰ ਮਿਲਣ ਲਈ ਆਇਆ ਕਰਦੇ ਸਨ, ਭਾਵੇਂ ਉਹ ਅਕਸਰ ਰਿਹਾਇਸ਼ ਚਿੱਤਰਕਾਰ ਸ. ਸੋਭਾ ਸਿੰਘ ਪਾਸ ਰੱਖਿਆ ਕਰਦੇ ਸਨ। ਉਨ੍ਹਾਂ ਨੇ ਹਿੰਦੀ ਵਿਚ ਮੈਡਮ ਬਾਰੇ ਕਈ ਬੜੇ ਖੂਬਸੂਰਤ ਲੇਖ ਲਿਖੇ ਹਨ। ਮੇਰੀ ਬੇਨਤੀ ‘ਤੇ ਉਨ੍ਹਾਂ ਅਪਣਾ ਇਕ ਲੇਖ ਭੇਜਿਆ ਹੈ, ਜਿਸ ਨੂੰ ਅਨੁਵਾਦ ਕਰਕੇ ਛਾਪਣ ਦੀ ਖੁਸ਼ੀ ਲੈ ਰਹੇ ਹਾਂ। ਡਾ. ਹਿਰਦੇਪਾਲ ਸਿੰਘ ਅੰਦਰੇਟਾ ਪਿੰਡ ਦਾ ਹੀ ਰਹਿਣ ਵਾਲਾ ਹੈ।ਉਸ ਦੀ ਪਾਲਣਾ-ਪੋਸਣਾ ਤੇ ਪੜ੍ਹਾਈ ਆਪਣੇ ਨਾਨਾ ਚਿੱਤਰਕਾਰ ਸ. ਸੋਭਾ ਸਿੰਘ ਦੀ ਦੇਖਭਾਲ ਵਿਚ ਹੋਈ। ਉਹ ਉਨ੍ਹਾਂ ਨਾਲ ਹੀ ਨੋਰਾ ਰਿਚਰਡਜ਼ ਦੇ ਘਰ ਜਾਂਦਾ ਰਿਹਾ ਹੈ। ਉਸ ਦਾ ਲੇਖ ਵੀ ਹਿੰਦੀ ਵਿਚ ਮਿਲਿਆ मी।
ਰੋਜ਼ਾਨਾ ਅਜੀਤ ਦੇ ਮੈਨੇਜਿੰਗ ਐਡੀਟਰ ਡਾ. ਬਰਜਿੰਦਰ ਸਿੰਘ ਹਮਦਰਦ 1970ਵਿਆਂ ਵਿਚ ਇਕ ਸਾਹਿਤਕ ਮਾਸਿਕ ਪੱਤਰ ‘ਦ੍ਰਿਸ਼ਟੀ’ ਪ੍ਰਕਾਸ਼ਿਤ ਕਰਿਆ ਕਰਦੇ ਸਨ। ਮਿਸਿਜ਼ ਰਿਚਰਡਜ਼ ਦੀ ਜਨਮ ਸ਼ਤਾਬਦੀ ਸਮੇਂ ਅਕਤੂਬਰ 1976 ਵਿਚ ਉਨ੍ਹਾਂ ਨੇ ਡਾ. ਮਹਿੰਦਰ ਸਿੰਘ ਰੰਧਾਵਾ, ਡਾ. ਹਰਚਰਨ ਸਿੰਘ ਤੇ ਮੈਥੋਂ ਵਿਸ਼ੇਸ਼ ਲੇਖ ਲਿਖਵਾਏ ਸਨ। ਮੇਰੀ ਬੇਨਤੀ ‘ਤੇ ਉਨ੍ਹਾਂ ਮੈਨੂੰ ਡਾ. ਰੰਧਾਵਾ ਤੇ ਡਾ. ਹਰਚਰਨ ਸਿੰਘ ਵਾਲੇ ਲੇਖ ਇਸ ਪੁਸਤਕ ਵਿਚ ਛਾਪਣ ਦੀ ਆਗਿਆ ਦੇ ਦਿੱਤੀ ਹੈ, ਜਿਸ ਲਈ ਮੈਂ ਉਨ੍ਹਾਂ ਦਾ ਬੜਾ ਹੀ ਧੰਨਵਾਦੀ ਹਾਂ। ਨਾਮਵਰ ਨਾਟਕਕਾਰ ਸ਼੍ਰੀ ਬਲਵੰਤ ਗਾਰਗੀ ਦਾ ਲੇਖ ‘ਨਾਟਕ ਦੀ ਨੱਕੜਦਾਦੀ’ ਨਵਯੁਗ ਪਬਲਿਸ਼ਰਜ਼, ਦਿੱਲੀ ਦੇ ਧੰਨਵਾਦ ਸਹਿਤ ਛਾਪ ਰਿਹਾ ਹਾਂ। ਪ੍ਰਸਿੱਧ ਚਿੱਤਰਕਾਰ ਸ. ਸੋਭਾ ਸਿੰਘ ਦਾ ਲੇਖ ਸ.
ਸੋਭਾ ਸਿੰਘ ਆਰਟ ਗੈਲਰੀ, ਅੰਦਰੇਟਾ ਦੇ ਧੰਨਵਾਦ ਸਹਿਤ ਛਾਪਿਆ ਹੈ। ਇੰਗਲੈਂਡ ਤੋਂ ਪੰਜਾਬੀ ਵੈਬਸਾਈਟ ‘ਪੰਜਾਬੀ ਡਾਟ ਕਾਮ’ ਦੇ ਮੁੱਖ ਸੰਪਾਦਕ ਬਲਦੇਵ ਕੰਦੋਹਲਾ ਜੀ ਨੇ ਮੈਨੂੰ ਆਇਰਲੈਂਡ ਬਾਰੇ ਬੜੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਮੈਨੂੰ ਕੋਰੀਅਰ ਰਾਹੀਂ ਆਇਰਲੈਂਡ ਬਾਰੇ ਇਕ ਪੁਸਤਕ ਵੀ ਭੇਜੀ ਸੀ। ਮੈਂ ਉਨ੍ਹਾਂ ਦਿਨਾਂ ਵਿਚ ਹਸਪਤਾਲ ਵਿਚ ਦਾਖ਼ਲ ਸੀ । ਮੈਂ ਉਨ੍ਹਾਂ ਦਾ ਵੀ ਬੜਾ ਧੰਨਵਾਦੀ ਹਾਂ।
ਅਕਤੂਬਰ 1976 ਵਿਚ ਮਿਸਿਜ਼ ਨੋਰਾ ਰਿਚਰਡਜ਼ ਦੀ ਜਨਮ ਸ਼ਤਾਬਦੀ ਸੀ। ਇਸ ਸਮੇਂ ਮੈਂ ਅੰਦਰੇਟਾ ਵਿਖੇ ਹੀ ਆਪਣੇ ਪਰਵਾਰ ਸਮੇਤ ਰਹਿ ਰਿਹਾ ਸੀ ਤੇ ਪੰਜਾਬੀ ਦੇ ਲੱਗਭਗ ਸਾਰੇ ਪ੍ਰਮੁੱਖ ਅਖ਼ਬਾਰਾਂ ਤੇ ਮਾਸਿਕ ਪਰਚਿਆਂ ਨੂੰ ਮੈਂ ਹੀ ਲੇਖ ਲਿਖ ਕੇ ਭੇਜੇ ਸਨ। ਉਨ੍ਹਾਂ ਦਿਨਾਂ ਵਿਚ ਜਲੰਧਰ ਦੂਰਦਰਸ਼ਨ ਦੇ ਸਾਰੇ ਪ੍ਰੋਗਰਾਮ ਦਿੱਲੀ ਦੂਰਦਰਸ਼ਨ ਦੇ ਸਟੂਡੀਓ ਵਿਚ ਤਿਆਰ ਕੀਤੇ ਜਾਂਦੇ ਸਨ, ਉਨ੍ਹਾਂ ਮੈਡਮ ਬਾਰੇ ਪ੍ਰੋਗਰਾਮ ਤਿਆਰ ਕਰਨ ਲਈ ਮੈਨੂੰ ਹੀ ਇੰਟਰਵਿਊ ਲਈ ਦਿੱਲੀ ਬੁਲਾਇਆ ਸੀ।
ਮੈਡਮ ਨੋਰਾ ਦੇ ਜੀਵਨ ਬਾਰੇ ਬਹੁਤ ਘੱਟ ਸਮੱਗਰੀ ਲਿਖਤੀ ਰੂਪ ਵਿਚ ਮਿਲਦੀ ਹੈ, ਖ਼ੁਦ ਉਨ੍ਹਾਂ ਵੱਲੋਂ ਲਿਖੇ ਕੁਝ ਕਿਤਾਬਚੇ ਹਨ, ਜੋ ਸਾਰੇ ਅੰਗਰੇਜ਼ੀ ਵਿਚ ਹਨ।
ਮੈਡਮ ਨੇ ਆਪਣੀ ਲਾਇਬਰੇਰੀ ਸਮੇਤ ਇਹ ਸਾਰੇ ਕਿਤਾਬਚੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਦੇ ਦਿੱਤੇ ਸਨ। ਇਨ੍ਹਾਂ ‘ਚੋਂ ਮੇਰੇ ਪਾਸ ਵੀ ਕਈ ਕਿਤਾਬਚੇ ਹਨ। ਮੈਂ ਇਸ ਪੁਸਤਕ ਲਈ ਸਮੱਗਰੀ ਤਿਆਰ ਕਰ ਰਿਹਾ ਸੀ ਕਿ ਮੈਨੂੰ ‘ਹਾਰਟ ਅਟੈਕ’ ਨੇ ਘੇਰ ਲਿਆ। ਲੱਗਭਗ ਇਕ ਮਹੀਨਾ ਹਸਪਤਾਲ ਵਿਚ ਰਿਹਾ, ‘ਸਟੈਂਟ’ ਪਾਉਣ ਤੋਂ ਬਾਅਦ ਘਰ ਵਾਪਸ ਆਇਆ ਤਾਂ ਥੋੜੇ ਦਿਨਾਂ ਬਾਅਦ ਫਿਰ ਬਲੱਡ ਪ੍ਰੈਸ਼ਰ ਘਟ ਹੋਣ ਦੀ ਪ੍ਰਾਬਲਮ ਹੋ ਗਈ। ਦੋਬਾਰਾ ਲੱਗਭਗ ਇਕ ਮਹੀਨੇ ਲਈ ਫਿਰ ਹਸਪਤਾਲ ‘ਪੇਸ ਮੇਕਰ’ ਪਵਾਉਣ ਲਈ ਰਹਿਣਾ ਪਿਆ। ਡਾਕਟਰਾਂ ਨੇ ਲਿਖਣ-ਪੜ੍ਹਨ ਦਾ ਕੰਮ ਬੰਦ ਕਰਨ ਅਤੇ ਪੂਰੀ ਤਰ੍ਹਾਂ ਆਰਾਮ ਕਰਨ ਦੀ ਸਲਾਹ ਦਿੱਤੀ। ਇਸ ਦੇ ਬਾਵਜੂਦ 5-6 ਮਹੀਨੇ ਪਿਛੋਂ ਯਤਨ ਕਰਕੇ ਇਹ ਛੋਟੀ ਜੇਹੀ ਪੁਸਤਕ ਤਿਆਰ ਕੀਤੀ ਹੈ। ਆਸ ਹੈ ਕਿ ਪੰਜਾਬੀ ਰੰਗਮੰਚ ਨਾਲ ਪਿਆਰ ਕਰਨ ਵਾਲਿਆਂ ਨੂੰ ਇਸ ਤੋਂ ਕਾਫੀ ਨਵੀਂ ਜਾਣਕਾਰੀ ਮਿਲ ਸਕੇਗੀ।
ਇਸ ਪੁਸਤਕ ਦੀ ਤਿਆਰੀ ਲਈ ਮੇਰੇ ਸਾਹਿਤਕਾਰ ਦੋਸਤ ਜਰਨੈਲ ਸਿੰਘ ਸੇਖਾ, ਜੋ ਪਿਛਲੇ ਦੋ ਦਹਾਕਿਆਂ ਤੋਂ ਕੈਨੇਡਾ ਰਹਿ ਰਹੇ ਹਨ, ਨੇ ਬੜਾ ਸਹਿਯੋਗ ਦਿੱਤਾ ਹੈ, ਜਿਸ ਲਈ ਮੈਂ ਉਸ ਦਾ ਬੜਾ ਹੀ ਧੰਨਵਾਦੀ ਹਾਂ। ਨਾਮਵਰ ਨਾਟਕਕਾਰ ਤੇ ਸਾਹਿਤ ਅਕਾਦਮੀ ਵੱਲੋਂ ਪੁਰਸਕਾਰ ਨਾਲ ਸਨਮਾਨਿਤ ਡਾ. ਆਤਮਜੀਤ ਜੀ ਨੇ ਆਪਣੇ ਅਨੇਕ ਰੁਝੇਵਿਆਂ ਦੇ ਬਾਵਜੂਦ ਇਸ ਪੁਸਤਕ ਦੀ ਭੂਮਿਕਾ ਬਹੁਤ ਖੋਜ ਕਰਕੇ ਲਿਖੀ ਹੈ, ਉਨ੍ਹਾਂ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ। ਪ੍ਰੋ. ਇੰਦਰਪਾਲ ਸਿੰਘ ਨੇ ‘ਸਿਕੰਦਰ ਤੇ ਪੋਰਸ’ ਨਾਟਕ ਦਾ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਕੀਤਾ ਹੈ, ਉਹ ਵੀ ਮੇਰੇ ਧੰਨਵਾਦ ਦੇ ਪਾਤਰ ਹਨ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਇਹ ਪੁਸਤਕ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ, ਇਸ ਲਈ ਮੈਂ ਇਸ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਹਾ ਤੇ ਜਨਰਲ ਸਕੱਤਰ ਡਾ. ਅਨੂਪ ਸਿੰਘ ਦਾ ਵੀ ਬੜਾ ਮਸ਼ਕੂਰ ਹਾਂ। ਪੁਸਤਕ ਦੀ ਵੈਟਿੰਗ, ਸੁਧਾਈ ਤੇ ਪਰੂਫ ਰੀਡਿੰਗ ਲਈ ਪ੍ਰੋ. ਰਵਿੰਦਰ ਭੱਠਲ ਦਾ ਵੀ ਬਹੁਤ ਰਿਣੀ ਹਾਂ। ਮੇਰੀ ਪਤਨੀ ਨੇ ਮੇਰੀ ਸਿਹਤ ਤੇ ਸੁੱਖ ਆਰਾਮ ਦਾ ਪੂਰਾ ਖ਼ਿਆਲ ਰੱਖ ਕੇ ਮੈਨੂੰ ਇਹ ਕਾਰਜ ਪੂਰਾ ਕਰਨ ਲਈ ਸਹਾਇਤਾ ਕੀਤੀ ਹੈ, ਉਸ ਦਾ ਵੀ ਸ਼ੁਕਰਗੁਜ਼ਾਰ ਹਾਂ।
ਹਰਬੀਰ ਸਿੰਘ ਭੰਵਰ


ਪੰਜਾਬੀ ਨਾਟਕ ਦੀ ਡੂੰਘੀ ਨੀਂਹ : ਨੋਰਾ ਰਿਚਰਡਜ਼
1
ਨੋਰਾ ਰਿਚਰਡਜ਼ ਨੂੰ ਬਲਵੰਤ ਗਾਰਗੀ ਨੇ ‘ਪੰਜਾਬੀ ਨਾਟਕ ਦੀ ਨਕੜਦਾਦੀ’ ਕਿਹਾ ਸੀ ਤੇ ਅਸੀਂ ਸਾਰਿਆਂ ਨੇ ਇਸ ਨਾਤੇ ਨੂੰ ਖ਼ੁਸ਼ੀ ਨਾਲ ਕਬੂਲਿਆ ਹੋਇਆ ਹੈ ਕਿਉਂਕਿ ਉਸਦੀ ਦੇਣ ਲਾਸਾਨੀ ਹੈ। ਹਰਬੀਰ ਸਿੰਘ ਭੰਵਰ ਨੇ ਬੜਾ ਨੇਕ ਕੰਮ ਕੀਤਾ ਹੈ ਕਿ ਨੋਰਾ ਬਾਰੇ ਬਹੁਤ ਸਾਰੇ ਮਿਲਦੇ ਲੇਖਾਂ ਅਤੇ ਨਿੱਜੀ ਯਤਨਾਂ ਨਾਲ ਨਵੇਂ ਲਿਖਵਾਏ ਮਜ਼ਮੂਨਾਂ ਨੂੰ ਇੱਕ ਥਾਂ ‘ਤੇ ਇਕੱਠਾ ਕਰਕੇ ਇਸ ਆਇਰਲੈਂਡੀ ਬੀਬੀ ਦੀ ਪੰਜਾਬੀ ਰੰਗਮੰਚ ਨੂੰ ਦੇਣ ਦੇ ਮਹਾਨ ਕੰਮ ਨੂੰ ਇਕਾਗਰ ਢੰਗ ਨਾਲ ਲੋਅ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਭੰਵਰ ਨਾ ਕੇਵਲ ਪੰਜਾਬ ਦੇ ਨਾਮਵਰ ਪੱਤਰਕਾਰਾਂ ਵਿੱਚ ਸ਼ੁਮਾਰ ਹੁੰਦਾ ਹੈ ਅਤੇ ਨਾ ਸਿਰਫ਼ ਉਸਦੀ ਪੱਤਰਕਾਰੀ ਨੂੰ ਕੌਮੀ ਪੱਧਰ ‘ਤੇ ਸਲਾਹਿਆ ਗਿਆ ਹੈ, ਉਹ ਖ਼ੁਦ ਅੰਦਰੇਟੇ ਵਿੱਚ ਰਿਹਾ ਹੋਣ ਕਾਰਨ ਉਸਨੇ ਨੋਰਾ ਰਿਚਰਡਜ਼ ਨੂੰ ਨੇੜਿਉਂ ਦੇਖਿਆ ਹੈ। ਚਿਤਰਕਾਰ ਸੋਭਾ ਸਿੰਘ ਨਾਲ ਵਾਬਸਤਾ ਹੋਣ ਕਾਰਨ ਉਸਦੀ ਨੋਰਾ ਤਕ ਨੇੜਤਾ ਵਾਲੀ ਪਹੁੰਚ ਸੀ। ਇਸ ਲਈ ਉਸਦੇ ਆਪਣੇ ਅਤੇ ਉਸਦੇ ਬੇਟੇ ਹਿਰਦੇਪਾਲ ਸਿੰਘ ਦੇ ਲਿਖੇ ਮਜ਼ਮੂਨਾਂ ਦਾ ਵਿਸ਼ੇਸ਼ ਮਹੱਤਵ ਹੈ। ਪੁਸਤਕ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਭੰਵਰ ਨੇ ਨੋਰਾ ਦੀਆਂ ਨਾਟ-ਸਰਗਰਮੀਆਂ ਦੀ ਇਕ ਅਦਭੁਤ ਸੂਚੀ ਸ਼ਾਮਿਲ ਕੀਤੀ ਹੈ ਜਿਸ ਨਾਲ ਸਾਨੂੰ ਨੋਰਾ ਦੀ ਨਾਟਕ ਅਤੇ ਰੰਗਮੰਚ ਨੂੰ ਦੇਣ ਦੇ ਵਿਲੱਖਣ ਦੀਦਾਰ ਹੁੰਦੇ ਹਨ। ਉਸਨੇ ਇਸ ਪੁਸਤਕ ਵਿੱਚ ਜਾਣਕਾਰੀ ‘ਤੇ ਉਤੇਜਨਾ ਭਰੇ ਉਹ ਲੇਖ ਵੀ ਸ਼ਾਮਲ ਕੀਤੇ ਹਨ ਜਿਹੜੇ ਨੋਰਾ ਰਿਚਰਡਜ਼ ਬਾਰੇ ਡਾਕਟਰ ਹਰਚਰਨ ਸਿੰਘ ਅਤੇ ਬਲਵੰਤ ਗਾਰਗੀ ਜਿਹੇ ਨਾਟਕਕਾਰਾਂ ਨੇ ਲਿਖੇ ਹੋਏ ਹਨ ਤੇ ਉਹ ਵੀ ਜਿਹੜੇ ਕਿ ਅਸਲੋਂ ਹੀ ਨਵੇਂ ਹਨ। ਭੰਵਰ ਦੁਆਰਾ ਸੰਪਾਦਿਤ ਇਸ ਪੁਸਤਕ ਵਿੱਚ ਸਾਨੂੰ ਆਪਣੀ ਇਸ ਮੰਚੀ ਦਾਦੀ ਦੇ ਹੋਰ ਨੇੜਲੇ ਦੀਦਾਰ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ। ਵੱਖ-ਵੱਖ ਸਮਿਆਂ ਤੇ ਵੱਖ-ਵੱਖ ਵਿਅਕਤੀਆਂ ਵੱਲੋਂ ਅੱਡੋ-ਅੱਡ ਮਕਸਦਾਂ ਨਾਲ ਲਿਖੇ ਇਹ ਲੇਖ ਇਸ ਪੁਸਤਕ ਦੀ ਸੀਮਾ ਵੀ ਹਨ। ਇਸਦੇ ਬਾਵਜੂਦ ਇਹ ਨੋਰਾ ਰਿਚਰਡਜ਼ ਬਾਰੇ ਸਭ ਤੋਂ ਜ਼ਿਆਦਾ ਜਾਣਕਾਰੀ ਦੇਣ ਵਾਲੀ ਕਿਤਾਬ ਬਣ ਗਈ ਹੈ। ਮੈਂ ਭੰਵਰ ਦੀ ਇਸ ਪੁਸਤਕ ਨੂੰ ਜੀਅ-ਆਇਆਂ ਨੂੰ ਕਹਿੰਦਾ ਹਾਂ। ਪਰ ਇਸ ਅਵਸਰ ‘ਤੇ ਨੋਰਾ ਰਿਚਰਡਜ਼ ਬਾਰੇ ਅਕਾਦਮਿਕ ਅਤੇ ਕੁਝ ਹੋਰ ਕੋਣਾਂ ਤੋਂ ਖੁੱਲ੍ਹ ਕੇ ਗੱਲ ਕਰਨੀ ਵੀ ਦਿਲਚਸਪੀ ਵਾਲੀ ਹੋਵੇਗੀ। ਪੁਸਤਕ ਦੀ ਇਸ ਭੂਮਿਕਾ ਦਾ ਮਨੋਰਥ ਨੋਰਾ ਅਤੇ ਉਸਦੀ ਦੇਣ ਨੂੰ ਨਵੇਂ ਸਿਰਿਉਂ ਸਮਝਣ ਦਾ ਯਤਨ ਕਰਨਾ ਵੀ ਹੈ। ਇਸ ਨੂੰ ਵੀ ਭੰਵਰ ਦੀ ਪੁਸਤਕ ਦੇ ਇਕ ਲੇਖ ਵਜੋਂ ਸਵੀਕਾਰ ਕੀਤਾ ਜਾ ਸਕਦਾ ਹੈ।
2
ਨੋਰਾ ਰਿਚਰਡਜ਼ ਆਇਰਲੈਂਡ ਦੀ ਧਰਤੀ ਨਾਲ ਸੰਬੰਧ ਰੱਖਦੀ ਸੀ ਜਿਸ ਜ਼ਮੀਨ ਨੇ ਜੇ.ਐਮ.ਸਿੰਜ, ਲੇਡੀ ਗਰੈਗਰੀ ਅਤੇ ਯੇਟਸ ਵਰਗੇ ਸਾਹਿਤਕਾਰ ਪੈਦਾ ਕੀਤੇ। ਡਾਕਟਰ ਹਰਚਰਨ ਸਿੰਘ ਨੇ ਨੋਰਾ ਬਾਰੇ ਬਹੁਤ ਵਾਰੀ ਤੇ ਬਹੁਤ ਥਾਈਂ ਲਿਖਿਆ ਹੈ: ਪਰ ਉਸਦਾ ਇੱਕ ਕਥਨ ਵਿਸ਼ੇਸ਼ ਧਿਆਨ ਮੰਗਦਾ ਹੈ: “ਭਾਰਤ ਤੇ ਆਇਰਲੈਂਡ ਵਿਚ ਕਈ ਗੱਲਾਂ ਦੀ ਸਾਂਝ ਸੀ। ਦੋਵੇਂ ਉਨ੍ਹੀਂ ਦਿਨੀਂ ਅੰਗ੍ਰੇਜ਼ਾਂ ਦੀ ਗ਼ੁਲਾਮੀ ਦੇ ਜੂਲੇ ਵਿੱਚ ਜਕੜੇ ਹੋਏ ਸਨ। ਆਇਰਲੈਂਡ ਵਿੱਚ ਉਨ੍ਹੀਂ ਦਿਨੀਂ ਜ਼ੋਰਦਾਰ ਨਾਟ- ਲਹਿਰ ਚੱਲ ਰਹੀ ਸੀ ਜੋ ਲੋਕਾਂ ਵਿੱਚ ਰਾਜਸੀ ਚੇਤਨਾ ਅਤੇ ਦੇਸ਼ ਭਗਤੀ ਦੀ ਭਾਵਨਾ ਜਗਾ ਰਹੀ ਸੀ। ਨੋਰਾ ਰਿਚਰਡਜ਼ ਦੇਸ਼ਭਗਤ ਅਦਾਕਾਰ ਤੇ ਨਾਟਕਕਾਰ ਲੇਡੀ ਗਰੈਗਰੀ ਦਾ ਰੂਪ ਧਾਰ ਗਈ ਸੀ। ਜੇ ਉਹ ਅੰਗ੍ਰੇਜ਼ ਸਵਾਣੀ ਹੁੰਦੀ ਤਾਂ ਕਦੇ ਵੀ ਪੰਜਾਬੀਆਂ ਨੂੰ ਸਹੀ ਤੇ ਨਰੋਆ ਰਾਹ ਨਾ ਦਰਸਾਉਂਦੀ।” ਸ਼ਾਇਦ ਉਸਦਾ ਇਸ਼ਾਰਾ ਉਨ੍ਹਾਂ ਈਸਾਈ ਮਿਸ਼ਨਰੀਆਂ ਵੱਲ ਹੈ ਜਿਨ੍ਹਾਂ ਨੇ ਇਕ ਖ਼ਾਸ ਮਿਸ਼ਨ ਦੇ ਅਧੀਨ ਪੰਜਾਬੀ ਬੋਲੀ ਵਿੱਚ ਮੁੱਢਲਾ ਕਾਰਜ ਕੀਤਾ।
19ਵੀਂ ਸਦੀ ਦੇ ਸ਼ੁਰੂ ਵਿੱਚ ਭਾਰਤ ਦੇ ਦੱਖਣੀ ਅਤੇ ਪੂਰਬੀ ਭਾਗਾਂ ਵਿੱਚ ਅੰਗ੍ਰੇਜ਼ ਮਿਸ਼ਨਰੀ ਆਉਣ ਲੱਗ ਪਏ ਸਨ। ਵਿਲੀਅਮ ਕੇਰੀ ਅਜੇਹਾ ਪਹਿਲਾ ਇਨਸਾਨ ਸੀ ਜਿਸਨੂੰ ਇੰਗਲੈਂਡ ਦੇ ਧਾਰਮਿਕ ਲੋਕਾਂ ਨੇ 1800 ਵਿੱਚ ਭਾਰਤ ਭੇਜਿਆ ਸੀ। ਉਹ ਸਿਰਫ਼ ਸੰਪਰਦਾਈ ਇੱਛਾਵਾਂ ਨਾਲ ਬੰਗਲਾ ਦਾ ਪ੍ਰੋਫ਼ੈਸਰ ਬਣਾਇਆ ਗਿਆ ਸੀ। ਉਸਨੇ ਅੰਗ੍ਰੇਜ਼ੀ ਅਫ਼ਸਰਾਂ ਦੀ ਵਰਤੋਂ ਵਾਸਤੇ ਪੰਜਾਬੀ ਸਮੇਤ ਕਈ ਬੋਲੀਆਂ ਦੀਆਂ ਵਿਆਕਰਣਾਂ ਤਿਆਰ ਕਰਵਾਈਆਂ। ਪਰ ਬਦਕਿਸਮਤੀ ਨੂੰ 1812 ਵਿੱਚ ਉਸਦੀਆਂ ਬਹੁਤ ਸਾਰੀਆਂ ਵਿਆਕਰਣਾਂ ਕਲਕੱਤੇ ਦੇ ਇਕ ਅੱਗ-ਹਾਦਸੇ ਵਿੱਚ ਸੜ ਗਈਆਂ। ਫਿਰ ਵੀ ਕੈਰੀ ਨੇ 1826 ਤਕ 5 ਧਾਰਮਿਕ ਪੁਸਤਕਾਂ ਦਾ ਪ੍ਰਕਾਸ਼ਨ ਕਰ ਦਿੱਤਾ। ਸੀ। ਐੱਸ.ਸੀ.ਸਟਾਰਕੀ ਨੇ ਬਸਾਵਾ ਸਿੰਘ ਦੀ ਮਦਦ ਨਾਲ 1849 ਵਿੱਚ ਪੰਜਾਬੀ ਦੀ ਵਿਆਕਰਣ ਅਤੇ ਸ਼ਬਦ-ਕੋਸ਼ ਤਿਆਰ ਕੀਤਾ ਸੀ। ਫਿਰ ਤਾਂ ਡਿਕਸ਼ਨਰੀਆਂ ਅਤੇ ਵਿਆਕਰਣਾਂ ਛਾਪਣ ਦਾ ਲਗਾਤਾਰ ਸਿਲਸਿਲਾ ਚੱਲਦਾ ਰਿਹਾ। ਇਕ ਸਮਾਂ ਅਜਿਹਾ ਵੀ ਆਇਆ ਜਦੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਸਥਾਨਕ ਸ਼ਬਦਕੋਸ਼ ਤਿਆਰ ਕੀਤੇ ਗਏ। ਇਨ੍ਹਾਂ ਸਾਰਿਆਂ ਯਤਨਾਂ ਪਿੱਛੇ ਰਾਜ ਕਰ ਰਹੀ ਧਿਰ ਦੀਆਂ ਸਥਾਨਕ ਪ੍ਰਬੰਧਕੀ ਅਤੇ ਧਰਮ ਪ੍ਰਚਾਰ ਦੀਆਂ ਲੋੜਾਂ ਸਨ।
ਫਿਰ ਗੱਲ ਏਨੀ ਇਕਪਾਸੜ ਵੀ ਨਹੀਂ ਹੈ। ਭਾਵੇਂ ਇਕ ਪਾਸੇ 1912 ਤਕ ਪੰਜਾਬ ਦੇ ਹਰ ਛੋਟੇ ਤੋਂ ਛੋਟੇ ਭਾਸ਼ਾਈ ਖਿੱਤੇ ਨੂੰ ਸਮਝਣ ਵਾਸਤੇ ਅੰਗ੍ਰੇਜ਼ਾਂ ਵੱਲੋਂ ਆਪਣੀਆਂ ਲੋੜਾਂ ਦੀ ਪੂਰਤੀ ਹਿਤ ਕੋਸ਼ ਤਿਆਰ ਹੋ ਰਹੇ ਸਨ, ਦੂਜੇ ਪਾਸੇ ਕੁਝ ਵਿਦੇਸ਼ੀ ਵਿਦਵਾਨਾਂ ਨੇ ਸਾਡੇ ਇਤਿਹਾਸ, ਸਭਿਆਚਾਰ ਅਤੇ ਲੋਕ-ਧਾਰਾ ਵਿੱਚ ਸੁਹਿਰਦ ਰੁਚੀ ਲੈ ਕੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਨ੍ਹਾਂ ਵਿੱਚ ਅੰਗ੍ਰੇਜ਼ ਅਤੇ ਆਇਰਿਸ਼ ਦੋਵੇਂ ਤਰ੍ਹਾਂ ਦੇ ਲੋਕ ਸਨ। ਭਾਵੇਂ ਬਰਤਾਨੀਆਂ ਫ਼ੌਜ ਦੇ ਅਫਸਰ ਆਰ. ਸੀ.ਟੈਂਪਲ ਨੇ ਅੰਡੇਮਾਨ ਦੀ ਬੋਲੀ ਉੱਤੇ ਵੀ ਪੁਸਤਕ ਲਿਖੀ ਪਰ ਜਦੋਂ 1883 ਤੋਂ 1890 ਦੇ ਦੌਰਾਨ ਉਸਨੇ ਤਿੰਨ ਜਿਲਦਾਂ ਵਿੱਚ ਪੰਜਾਬ ਦੀਆਂ 59 ਕਹਾਣੀਆਂ ਇਕੱਠੀਆਂ ਕਰਕੇ ਛਾਪੀਆਂ ਤਾਂ ਸ਼ਾਇਦ ਉਸ ਪਿੱਛੇ ਕੋਈ ਸਵਾਰਥ ਨਹੀਂ ਸੀ। ਉਸ ਤੋਂ ਵੀ ਪਹਿਲਾਂ ਜੇ.ਡੀ.ਕਨਿੰਘਮ ਈਸਟ ਇੰਡੀਆ ਕੰਪਨੀ ਦੀ ਫ਼ੌਜ ਦਾ ਅਫਸਰ ਸੀ। ਉਸਨੇ ਸਿੱਖਾਂ ਦਾ ਇਤਿਹਾਸ ਲਿਖਦਿਆਂ ਅੰਗ੍ਰੇਜ਼ੀ ਸ਼ਾਸਕਾਂ ਦੀ ਆਲੋਚਨਾ ਕੀਤੀ ਅਤੇ ਉਸਦਾ ਖਮਿਆਜ਼ਾ ਵੀ ਭੁਗਤਿਆ। ਇਸੇ ਤਰ੍ਹਾਂ ਸਿੱਖ ਇਤਿਹਾਸ ਅਤੇ ਗੁਰਬਾਣੀ ‘ਤੇ ਕੰਮ ਕਰਨ ਵਾਲੇ ਆਇਰਿਸ਼ ਮੈਕਾਲਿਫ਼ ਦੀ ਸੁਹਿਰਦਤਾ ਦੀ ਵੀ ਉਦਾਹਰਣ ਹੈ।
ਭਾਵੇਂ ਉਸਦਾ ਆਇਰਲੈਂਡ ਨਾਲ ਸੰਬੰਧ ਸੀ ਪਰ ਨਿਸਚਿਤ ਤੌਰ ‘ਤੇ ਨੋਰਾ ਰਿਚਰਡਜ਼ ਵੀ ਟੈਂਪਲ, ਕਨਿੰਘਮ ਤੇ ਮੈਕਾਲਿਫ਼ ਦੀ ਸ਼੍ਰੇਣੀ ਵਿੱਚ ਸ਼ਾਮਿਲ ਕੀਤੀ ਜਾਵੇਗੀ ਜਿਸ ਨੇ ਬਾਹਰਲੀ ਧਰਤੀ ਦੀ ਜੰਮਪਲ ਹੋਣ ਦੇ ਬਾਵਜੂਦ ਸਾਡੀ ਧਰਤੀ ਨੂੰ ਅਪਣਾਇਆ ਅਤੇ ਸਾਡੇ ਸਭਿਆਚਾਰ ਵਾਸਤੇ ਪੁਖ਼ਤਾ ਕੰਮ ਕੀਤਾ। ਆਇਰਲੈਂਡ ਨਾਲ ਉਸਦੇ ਸੰਬੰਧਾਂ ਦਾ ਸਾਨੂੰ ਜ਼ਰੂਰ ਲਾਭ ਮਿਲਿਆ ਜਿਸਦਾ ਜ਼ਿਕਰ ਅੱਗੇ ਆਵੇਗਾ। ਪਰ ਬਦਕਿਸਮਤੀ ਨਾਲ ਨੋਰਾ ਰਿਚਰਡਜ਼ ਨੂੰ ਹੁਣ ਤਕ ਮੁੱਖ ਤੌਰ ‘ਤੇ ਆਈ.ਸੀ. ਨੰਦਾ ਦੇ ਸੰਦਰਭ ਵਿੱਚ ਹੀ ਦੇਖਿਆ ਤੇ ਵਿਚਾਰਿਆ ਜਾਂਦਾ ਹੈ। ਇਹ ਠੀਕ ਹੈ ਕਿ ਨੰਦਾ ਅਤੇ ਨੋਰਾ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਪ੍ਰਸੰਗ ਵਿੱਚ ਅਨਿੱਖੜ ਨਾਮ ਹਨ ਪਰ ਸਾਨੂੰ ਲੱਗਦਾ ਹੈ ਕਿ ਨੋਰਾ ਦੇ ਮਹੱਤਵ ਨੂੰ ਜਾਣਨ ਲਈ ਇਹ ਵੀ ਜ਼ਰੂਰੀ ਹੈ ਕਿ ਅਸੀਂ ਉਸਨੂੰ ਵਸੀਹ ਪਸਮੰਜ਼ਰ ਵਿੱਚ ਰੱਖ ਕੇ ਵੀ ਦੇਖੀਏ। ਅਜਿਹਾ ਕਰਨ ਨਾਲ ਅਸੀਂ ਨੋਰਾ ਦੀ ਪੰਜਾਬੀ ਨਾਟਕ ਨੂੰ ਦੇਣ ਨੂੰ ਵਧੇਰੇ ਸੁਚੱਜ ਨਾਲ ਸਮਝ ਸਕਾਂਗੇ।
3
1900 ਤੋਂ 1920 ਦਾ ਸਮਾਂ ਪੰਜਾਬੀ ਨਾਟਕ ਲਈ ਕਈ ਤਰ੍ਹਾਂ ਨਾਲ ਮਹੱਤਵਪੂਰਨ ਹੈ। ਇਸ ਸਮੇਂ ਦੌਰਾਨ ਹੇਠ ਲਿਖੀਆਂ ਗੱਲਾਂ ਵਾਪਰੀਆਂ:
1) ਵੀਹਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਪਿੰਡਾਂ ਵਿੱਚ ਨਕਲਾਂ ਤੇ ਰਾਸਧਾਰੀਆਂ ਦਾ ਜ਼ੋਰ ਸੀ ਪਰ ਸ਼ਹਿਰਾਂ ਵਿੱਚ ਪਾਰਸੀ ਥੀਏਟਰ ਦੀਆਂ ਮੰਡਲੀਆਂ ਦਾ ਵਧੇਰੇ ਚਲਣ ਰਿਹਾ।
2) 1909-10: ਲਾਹੌਰ ਵਿੱਚ ਆਗਾ ਹਸ਼ਰ ਅਤੇ ਮਾਸਟਰ ਰਹਿਮਤ ਦੀਆਂ ਦੇ ਵੱਖ-ਵੱਖ ਪੇਸ਼ਾਵਰ ਥੀਏਟਰ ਕੰਪਨੀਆਂ ਚੱਲ ਰਹੀਆਂ ਸਨ ਜਿਨ੍ਹਾਂ ਵਿੱਚ ਉਰਦੂ ਦਾ ਪਾਰਸੀ ਥੀਏਟਰ ਪੇਸ਼ ਹੁੰਦਾ ਸੀ ਅਤੇ ਪੰਜਾਬੀ ਦਰਸ਼ਕ ਹੁੰਦੇ ਸਨ।
3) ਆਰੰਭ ਵਿੱਚ ਪੰਜਾਬੀ ਸਾਹਿਤਕਾਰਾਂ ਨੇ ਦੂਜੀਆਂ ਜ਼ੁਬਾਨਾਂ ਦੇ ਕੁਝ ਕੁ ਨਾਟਕਾਂ ਦੇ ਉਲਥੇ ਕੀਤੇ ਅਤੇ ਪ੍ਰਕਾਸ਼ਿਤ ਕਰਵਾਏ।
4) 1909: ਬਾਵਾ ਬੁੱਧ ਸਿੰਘ ਦੇ ਮੌਲਿਕ ਨਾਟਕ ‘ਚੰਦ੍ਰ ਹਰਿ’ ਦਾ ਪ੍ਰਕਾਸ਼ਨ ਹੋਇਆ। ਇਹ ਪੰਜਾਬੀ ਦਾ ਪਹਿਲਾ ਪ੍ਰਕਾਸ਼ਿਤ ਮੌਲਿਕ ਨਾਟਕ ਹੈ।
5) 1910: ਭਾਈ ਵੀਰ ਸਿੰਘ ਦੇ ਨਾਟਕ ‘ਰਾਜਾ ਲੱਖਦਾਤਾ ਸਿੰਘ’ ਦਾ ਪ੍ਰਕਾਸ਼ਨ ਹੋਇਆ।
6) 1911: ਆਪਣੇ ਪਤੀ ਪ੍ਰੋਫੈਸਰ ਫ਼ਿਲਿਪਸ ਰਿਚਰਡਜ਼ ਨਾਲ ਨੋਰਾ ਰਿਚਰਡਜ਼ ਲਾਹੌਰ ਵਿੱਚ ਆ ਗਈ ਅਤੇ ਸ਼ੇਕਸਪੀਅਰ ਦਾ ਨਾਟਕ ‘ਏ ਮਿਡਸਮਰ ਨਾਈਟ ਡਰੀਮ’ ਖੇਡਿਆ ਗਿਆ।
7) 1911: ਅਰੂੜ ਸਿੰਘ ਤਾਇਬ ਦਾ ‘ਸੁੱਕਾ ਸਮੁੰਦਰ’ ਪ੍ਰਕਾਸ਼ਿਤ ਹੋਇਆ ਜੋ ਕਿ ਸ਼ੇਕਸਪੀਅਰ ਦੇ ਓਥੈਲੋ ਦਾ ਅਨੁਵਾਦ ਸੀ।
8) 1912: ਭਾਈ ਮੋਹਨ ਸਿੰਘ ਵੈਦ ਨੇ ‘ਮਰਚੈਂਟ ਆਫ ਵੈਨਿਸ’ ਦਾ ‘ਭੂਲ ਭਲੱਈਆਂ’ ਨਾਮ ‘ਤੇ ਅਨੁਵਾਦ ਦਾ ਪ੍ਰਕਾਸ਼ਨ ਕੀਤਾ।
9) 1912: ਲੇਡੀ ਗਰੈਗਰੀ ਦਾ ‘ਸਪਰੈਡਿੰਗ ਦ ਨਿਊਜ਼’ ਅਤੇ ਸ਼ੈਕਸਪੀਅਰ ਦਾ ‘ਐਜ਼ ਯੂ ਲਾਈਕ ਇਟ’ ਖੇਡਿਆ ਗਿਆ; ਦੋਹਾਂ ਵਿੱਚ ਨੰਦਾ ਨੇ ਅਭਿਨੈ ਕੀਤਾ।
10) 1912: ਅਮਰ ਸਿੰਘ ਨੇ ਓਥੈਲੋ ਦਾ ‘ਦੇਸ਼ ਦਮਨ’ ਦੇ ਨਾਂ ਹੇਠ ਅਨੁਵਾਦ ਕੀਤਾ ਅਤੇ ਪ੍ਰਕਾਸ਼ਿਤ ਕਰਵਾਇਆ।
11) ਪੰਜਾਬੀ ਵਿੱਚ ਨਾਟਕ ਲਿਖਣ ਦੀ ਪ੍ਰੇਰਨਾ ਦੇਣ ਲਈ ਨੋਰਾ ਵੱਲੋਂ ਪਹਿਲਾ ਨਾਟ-ਲੇਖਣ ਮੁਕਾਬਲਾ ਕਰਵਾਇਆ ਜਿਸ ਵਿੱਚ ਐੱਸ.ਐੱਸ.ਭਟਨਾਗਰ ਦਾ ਉਰਦੂ ਨਾਟਕ ‘ਕਰਾਮਾਤ’ ਅੱਵਲ ਰਿਹਾ।
12) 1913: ਦੂਸਰੇ ਸਾਲ ਦੀ ਪ੍ਰਤੀਯੋਗਤਾ ਵਿੱਚ ਆਈ.ਸੀ.ਨੰਦਾ ਦਾ ‘ਦੁਲਹਨ’ ਪ੍ਰਥਮ ਰਿਹਾ।
13) 1911-13: ਗੁਰਬਖ਼ਸ਼ ਸਿੰਘ ਬੈਰਿਸਟਰ ਦਾ ‘ਮਨਮੋਹਨ ਸਿੰਘ’ ਤੇ ਅਗਿਆਤ ਲੇਖਕ ਦਾ ‘ਰੂਪ ਕੌਰ’ ਪ੍ਰਕਾਸ਼ਿਤ ਹੋਇਆ।
14) 1910-14 ਤਕ ਅੰਗ੍ਰੇਜ਼ ਸਰਕਾਰ ਨੇ 1908 ਵਿੱਚ ਪਾਸ ਹੋਏ ਨਿਊਜ਼ਪੇਪਰ (ਇਨਸਾਈਟਮੈਂਟ ਟੂ ਓਫੈਂਸਸ) ਐਕਟ ਅਧੀਨ 272 ਸੁਦੇਸ਼ੀ ਰਚਨਾਵਾਂ ਜ਼ਬਤ ਕੀਤੀਆਂ।
15) 1914: ‘ਦੁਲਹਨ’ ਦਿਆਲ ਸਿੰਘ ਕਾਲਜ ਵਿੱਚ ਖੇਡਿਆ ਗਿਆ। ਨੰਦਾ ਦਾ ਨਾਟਕ ‘ਬੇਬੇ ਰਾਮ ਭਜਨੀ’ ਇਸ ਸਾਲ ਦੂਸਰੇ ਸਥਾਨ ‘ਤੇ ਰਿਹਾ।
16) 1920: ਨੰਦਾ ਨੇ ਨਾਟਕ ‘ਸੁਭੱਦਰਾ’ ਲਿਖਿਆ।
17) 1920: ਬ੍ਰਿਜ ਲਾਲ ਸ਼ਾਸਤਰੀ ਨੇ ਆਪਣਾ ਪਹਿਲਾ ਨਾਟਕ ‘ਪੂਰਨ’ ਪ੍ਰਕਾਸ਼ਿਤ ਕੀਤਾ।
ਉਪਰੋਕਤ ਤੱਥਾਂ ਅਤੇ ਪੰਜਾਬੀ ਨਾਟਕ ਦੇ 1920 ਤੋਂ ਬਾਅਦ ਦੇ ਇਤਿਹਾਸ ਨੂੰ ਚੰਗੀ ਤਰ੍ਹਾਂ ਦੇਖੀਏ ਤਾਂ ਤਿੰਨ ਗੱਲਾਂ ਭਲੀ ਭਾਂਤ ਸਪੱਸ਼ਟ ਹੋ ਜਾਂਦੀਆਂ ਹਨ: ਪਹਿਲੀ ਇਹ ਕਿ ਮੁੱਢਲੇ ਦੌਰ ਵਿੱਚ ਪੰਜਾਬੀ ਵਿੱਚ ਬਹੁਤ ਸਾਰੇ ਅੰਗਰੇਜ਼ੀ ਨਾਟਕਾਂ ਦੇ ਉਲਥੇ ਹੋਏ ; ਇਨ੍ਹਾਂ ਵਿੱਚ ਸ਼ੈਕਸਪੀਅਰ ਦੇ ਨਾਟਕਾਂ ਦੀ ਬਹੁਤਾਤ ਸੀ। ਦੂਸਰੀ ਗੱਲ ਇਹ ਕਿ ਬਹੁਤ ਸਾਰੇ ਲੇਖਕਾਂ ਨੇ ਸਿਰਫ਼ ਇਕ ਜਾਂ ਦੋ ਨਾਟਕ ਲਿਖੇ ਤੇ ਬਾਅਦ ਵਿੱਚ ਇਸ ਸਿਨਫ਼ ਵੱਲੋਂ ਮੂੰਹ ਮੋੜ ਲਿਆ। ਸਾਡੇ ਕੋਲ ਸਿਰਫ਼ ਚਾਰ ਅਜਿਹੇ ਮੁੱਢਲੇ ਲੇਖਕ ਹਨ ਜਿਨ੍ਹਾਂ ਨੇ ਲਗਾਤਾਰ ਨਾਟ-ਰਚਨਾ ਕੀਤੀ। ਇਨ੍ਹਾਂ ਵਿੱਚੋਂ ਤਿੰਨਾਂ ਦਾ ਜ਼ਿਕਰ ਉੱਪਰ ਆ ਚੁੱਕਾ ਹੈ : ਬਾਵਾ ਬੁੱਧ ਸਿੰਘ, ਆਈ.ਸੀ. ਨੰਦਾ ਅਤੇ ਬ੍ਰਿਜ ਲਾਲ ਸ਼ਾਸਤਰੀ । ਚੌਥਾ ਨਾਟਕਕਾਰ ਲਾਲਾ ਕਿਰਪਾ ਸਾਗਰ ਹੈ ਜਿਸਦਾ ਪਹਿਲਾ ਨਾਟਕ ‘ਪੂਰਨ’ ਸੰਨ 1923 ਵਿੱਚ ਛਪਿਆ। ਅਸੀਂ ਜਦੋਂ ਵੀ ਨੰਦਾ ਅਤੇ ਨੋਰਾ ਦੀ ਗੱਲ ਕਰਦੇ ਹਾਂ, ਇਸ ਚਰਚਾ ਵਿੱਚ ਉਪਰੋਕਤ ਨਾਟਕਕਾਰਾਂ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਨਹੀਂ ਹੁੰਦੀ। ਇਸ ਮੁਸ਼ਕਿਲ ਨੂੰ ਡਾਕਟਰ ਸਬਿੰਦਰਜੀਤ ਸਿੰਘ ਸਾਗਰ ਨੇ ‘ਪੰਜਾਬੀ ਨਾਟਕ ਦਾ ਇਤਿਹਾਸ’ ਲਿਖਣ ਸਮੇਂ ਅਨੁਭਵ ਜ਼ਰੂਰ ਕੀਤਾ ਹੈ ਪਰ ਉਸਦੇ ਆਪਣੇ ਵਿਸ਼ੇ ਦੇ ਦਬਾਓ ਕਰਕੇ ਉਹ ਇਸਦੀ ਗਹਿਰਾਈ ਵਿੱਚ ਨਹੀਂ ਉਤਰਦਾ। ਦੂਜੇ ਪਾਸੇ ਬਾਵਾ ਬੁੱਧ ਸਿੰਘ ਅਤੇ ਭਾਈ ਵੀਰ ਸਿੰਘ ਵਿੱਚ ਇਕ ਮੁਕਾਬਲਾ ਸਿਰਜ ਲਿਆ ਜਾਂਦਾ ਹੈ। ਬਾਵਾ ਬੁੱਧ ਸਿੰਘ ਦੇ ਨਾਟਕ ‘ਚੰਦ੍ਰ ਹਰਿ’ (1909) ਨੂੰ ਸੈਕੂਲਰ ਪਹੁੰਚ ਦਾ ਧਾਰਨੀ ਅਤੇ ਭਾਈ ਵੀਰ ਸਿੰਘ ਦੇ ‘ਰਾਜਾ ਲੱਖਦਾਤਾ ਸਿੰਘ’ (1910) ਨੂੰ ਸੰਪਰਦਾਈ ਕਿਹਾ ਜਾਂਦਾ ਹੈ। ਇਹ ਮੁਕਾਬਲਾ ਅਸਲੋਂ ਹੀ ਨਿਰਮੂਲ ਨਹੀਂ ਅਤੇ ਵੱਡੇ ਸਮਾਜੀ ਅਰਥਾਂ ਵਿੱਚ ਮਹੱਤਵਪੂਰਨ ਹੈ। ਨਿਸਚਿਤ ਤੌਰ ‘ਤੇ ਬਾਵਾ ਬੁੱਧ ਸਿੰਘ ਨੇ ਸਿੰਘ ਸਭਾ, ਮੁਸਲਿਮ ਲੀਗ ਅਤੇ ਹਿੰਦੂ ਸਭਾ ਦੇ ਉਭਾਰ ਦੇ ਸਮੇਂ ਅਜਿਹੇ ਨਾਟਕ ਦੀ ਰਚਨਾ ਕਰਕੇ ਅਤੇ ਉਸਨੂੰ ਵਾਰਿਸ ਸ਼ਾਹ ਨੂੰ ਸਮਰਪਿਤ ਕਰਕੇ ਸੰਕੇਤਾਤਮਕ ਰੂਪ ਧਾਰਮਿਕ ਸੰਕੀਰਣਤਾ ਤੋਂ ਉਤਾਂਹ ਉੱਠਣ ਦਾ ਸੁਨੇਹਾ ਸਿਰਜਿਆ ਹੈ। ਪਰ ਇਸ ਨਾਟਕ ਨੂੰ ਲਾਜ਼ਮੀ ਤੌਰ ‘ਤੇ ‘ਰਾਜਾ ਲੱਖਦਾਤਾ ਸਿੰਘ’ ਦੇ ਵਿਰੋਧ ਵਿੱਚ ਰੱਖ ਕੇ ਸਾਨੂੰ ਪੰਜਾਬੀ ਨਾਟਕ ਜਾਂ ਰੰਗਮੰਚ ਨੂੰ ਸਮਝਣ ਲਈ ਕਿਸੇ ਨਵੇਂ ਪਾਸਾਰ ਦੀ ਕੋਈ ਠੋਸ ਦਿਸ਼ਾ ਨਹੀਂ ਮਿਲਦੀ ਕਿਉਂਕਿ ਇਨ੍ਹਾਂ ਦੋਹਾਂ ਨਾਟਕਾਂ ਨੇ ਆਪਣੇ ਸਮੇਂ ਵਿੱਚ ਜਾਂ ਉਸ ਤੋਂ ਮਗਰੋਂ ਵੀ ਪੰਜਾਬੀ ਨਾਟਕ ਜਾਂ ਮੰਚ ਉੱਤੇ ਕੋਈ ਸਿੱਧਾ ਪ੍ਰਭਾਵ ਨਹੀਂ ਸਿਰਜਿਆ। ਇਸ ਲਈ ਅਸੀਂ ਪੰਜਾਬੀ ਦੇ ਮੁੱਢਲੇ ਨਾਟਕ ਦਾ ਸਰਵੇਖਣ ਕਰਕੇ ਇਸ ਸਵਾਲ ਦੇ ਸਾਹਮਣੇ ਖੜ੍ਹੇ ਹੋਣਾ ਚਾਹੁੰਦੇ ਹਾਂ ਕਿ ਕੀ ਸੱਚਮੁੱਚ ਇਨ੍ਹਾਂ ਮੁੱਢਲੇ ਨਾਟਕਕਾਰਾਂ, ਖ਼ਾਸ ਕਰਕੇ ਬਾਵਾ ਬੁੱਧ ਸਿੰਘ ਦਾ, ਨੋਰਾ ਰਿਚਰਡਜ਼ ਵਰਗੀ ਚੁੰਬਕੀ ਸ਼ਖ਼ਸੀਅਤ ਨਾਲ ਕੋਈ ਵਾਹ-ਵਾਸਤਾ ਨਹੀਂ ਸੀ ਹਾਲਾਂਕਿ ਨੋਰਾ ਵਾਂਗ ਲੱਗਪਗ ਸਾਰਿਆਂ ਨਾਟਕਕਾਰਾਂ ਦਾ ਸੰਬੰਧ ਲਾਹੌਰ ਸ਼ਹਿਰ ਨਾਲ ਸੀ। ਜੇ ਕਿਸੇ ਦਾ ਉਸ ਸ਼ਹਿਰ ਨਾਲ ਸਿੱਧਾ ਸੰਬੰਧ ਨਹੀਂ ਸੀ ਤਾਂ ਉਹ ਸਿਰਫ਼ ਨੰਦਾ ਹੀ ਸੀ। ਹੁਣ ਤਕ ਨਾ ਨੋਰਾ ਦੀਆਂ ਲਿਖਤਾਂ ਵਿੱਚ ਇਨ੍ਹਾਂ ਨਾਟਕਕਾਰਾਂ ਦੇ ਜ਼ਿਕਰ ਦੀ ਕੋਈ ਗੱਲ ਹੋਈ ਹੈ ਅਤੇ ਨਾ ਹੀ ਉਨ੍ਹਾਂ ਦੀਆਂ ਲਿਖਤਾਂ ਵਿੱਚ ਨੋਰਾ ਦੀ ਚਰਚਾ ਦੀ।
4
ਜਿਵੇਂ ਕਿ ਪਹਿਲਾਂ ਵੀ ਕਿਹਾ ਗਿਆ ਹੈ ਕਿ ਡਾ. ਹਰਚਰਨ ਸਿੰਘ ਨੇ ਨੋਰਾ ਦੀ ਲੇਡੀ ਗਰੈਗਰੀ ਨਾਲ ਤੁਲਨਾ ਕੀਤੀ ਹੈ। ਦੋਹਾਂ ਦੇ ਜੀਵਨ ਵਿੱਚ ਸਾਂਝ ਦੇ ਬਹੁਤ ਸਾਰੇ ਤੱਤ ਵੀ ਦੇਖੇ ਜਾ ਸਕਦੇ ਹਨ: ਉਹ ਦੋਨੋਂ ਆਇਰਲੈਂਡ ਦੀਆਂ ਹਨ।
ਨੋਰਾ ਨੇ ਲੇਡੀ ਗਰੈਗਰੀ ਨਾਲ ਥੀਏਟਰ ਦਾ ਕੰਮ ਵੀ ਕੀਤਾ, ਏਸੇ ਲਈ ਉਸਨੇ ਦਿਆਲ ਸਿੰਘ ਕਾਲਜ ਲਾਹੌਰ ਦੇ ਵਿਦਿਆਰਥੀਆਂ ਪਾਸੋਂ ਗਰੈਗਰੀ ਦੇ ਨਾਟਕ ‘ਸਪਰੈਡਿੰਗ ਦ ਨਿਊਜ਼’ ਦੀ ਪੇਸ਼ਕਾਰੀ ਕਰਵਾਈ। ਨੋਰਾ ਦੇ ਪਤੀ ਵਾਂਗ ਗਰੈਗਰੀ ਦਾ ਪਤੀ ਵੀ ਬਹੁਤ ਪੜ੍ਹਿਆ-ਲਿਖਿਆ ਅਤੇ ਸਾਹਿਤਕ ਰੁਚੀਆਂ ਵਾਲਾ ਆਦਮੀ ਸੀ। ਗਰੈਗਰੀ ਵਾਂਗ ਨੋਰਾ ਵੀ ਛੋਟੀ ਉਮਰ ਵਿੱਚ ਵਿਧਵਾ ਹੋ ਗਈ। ਜਦੋਂ ਜੂਨ 1920 ਵਿੱਚ ਫ਼ਿਲਿਪਸ ਅਰਨੇਸਟ ਰਿਚਰਡਜ਼ ਦਾ ਦੇਹਾਂਤ ਹੋਇਆ ਤਾਂ ਉਹ ਸਿਰਫ਼ 45 ਵਰ੍ਹੇ ਦਾ ਸੀ। ਗਰੈਗਰੀ ਦੀ ਤਰ੍ਹਾਂ ਹੀ ਨੋਰਾ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਸਾਹਿਤਕਾਰਾਂ ਤੇ ਕਲਾਕਾਰਾਂ ਨਾਲ ਨੇੜਤਾ ਵਾਲੇ ਸੰਬੰਧ ਬਣਾਈ ਰੱਖੇ ਅਤੇ ਉਨ੍ਹਾਂ ਦੇ ਸਾਥ ਵਿੱਚ ਸਾਹਿਤਿਕ-ਸਭਿਆਚਾਰਕ ਕੰਮ ਕੀਤੇ। ਗਰੈਗਰੀ ਕਲਾ ਪਾਰਖੂ ਸਾਥੀ ਨਾਟਕਕਾਰਾਂ ਯੇਟਸ, ਸਿੰਜ ਅਤੇ ਐਡਵਰਡ ਮਾਰਟਿਨ ਨਾਲ ਮਿਲ ਕੇ ਕੰਮ ਕਰਦੀ ਰਹੀ, ਨੋਰਾ ਨੇ ਬੀ.ਸੀ. ਸਾਨਿਆਲ ਅਤੇ ਪ੍ਰੋਫ਼ੈਸਰ ਜੈ ਦਿਆਲ ਵਰਗੇ ਕਲਾਕਾਰਾਂ ਨਾਲ ਮਿਲ ਕੇ ਕੰਮ ਕੀਤਾ। ਗਰੈਗਰੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਐਥੇ ਥੀਏਟਰ ਦੀ ਨੀਂਹ ਰੱਖੀ; ਨੋਰਾ ਨੇ ਪਹਿਲਾਂ ਲਾਹੌਰ ਅਤੇ ਫ਼ੇਰ ਅੰਧਰੇਟੇ ਵਿੱਚ ਗਰੁੱਪ ਬਣਾਏ ਅਤੇ ਅੰਤ ਅੰਧਰੇਟੇ ਵਿੱਚ ਓਪਨ ਏਅਰ ਥੀਏਟਰ ਬਣਾਇਆ। ਦੋਹਾਂ ਨੇ ਪੇਂਡੂ ਜੀਵਨ ਨਾਲ ਜੁੜ ਕੇ ਕੰਮ ਕੀਤਾ। ਆਪਣੇ ਪਤੀ ਦੀ ਮੌਤ ਬਾਅਦ ਗਰੈਗਰੀ ਨੇ ਨਾਟਕਕਾਰ ਯੇਟਸ ਨਾਲ ਮਾਨਸਿਕ ਸੰਬੰਧ ਸਥਾਪਿਤ ਕੀਤੇ ਅਤੇ ਯੇਟਸ ਉਸ ਨਾਲ ਅੰਤਿਮ ਦਮ ਤਕ ਨਿਭਿਆ। ਇਸੇ ਤਰ੍ਹਾਂ, ਭਾਵੇਂ ਇਹ ਘੱਟ ਜਾਣਿਆ ਜਾਂਦਾ ਤੱਥ ਹੈ, ਨੋਰਾ ਰਿਚਰਡਜ਼ ਦਾ ਨੇੜਲਾ ਸਾਥ ਪ੍ਰੋਫ਼ੈਸਰ ਜੈ ਦਿਆਲ ਨੇ ਨਿਭਾਇਆ। ਜੈ ਦਿਆਲ ਪ੍ਰਿਥਵੀ ਰਾਜ ਕਪੂਰ ਦਾ ਅਧਿਆਪਕ ਸੀ ਅਤੇ ਉਹ ਹੀ ਪ੍ਰਿਥਵੀ ਨੂੰ ਰੰਗਮੰਚ ‘ਤੇ ਲੈ ਕੇ ਆਇਆ ਸੀ। ਪਰ ਜੈ ਦਿਆਲ ਖ਼ੁਦ ਨੋਰਾ ਦੇ ਪਤੀ ਦਾ ਵਿਦਿਆਰਥੀ ਸੀ।
ਇਨ੍ਹਾਂ ਦੋਹਾਂ ਦੇ ਸੰਬੰਧਾਂ ਵੱਲ ਡਾਕਟਰ ਐਮ.ਐੱਸ ਰੰਧਾਵਾ ਨੇ ਵੀ ਹਲਕਾ ਜਿਹਾ ਇਸ਼ਾਰਾ ਕੀਤਾ ਹੈ। ਉਸ ਲਿਖਿਆ ਹੈ, “ਉਸਦੀ ਕੁਰਸੀ ਕੋਲ ਬਾਰੀ ਵਿੱਚ ਪਏ ਇਕ ਨੀਲੇ ਫੁੱਲਦਾਨ ਦੇ ਗੂਹੜੇ ਪੀਲੇ ਰੰਗ ਦੇ ਸੂਰਜਮੁਖੀ ਕਮਰੇ ਦੀ ਸ਼ੋਭਾ ਵਧਾ ਰਹੇ ਹੁੰਦੇ ਸਨ। ਇਥੇ ਉਸਦਾ ਸਾਥੀ ਇਕ ਰੀਟਾਇਰਡ ਪ੍ਰੋਫ਼ੈਸਰ ਜੈ ਦਿਆਲ ਵੀ ਸੀ। ਉਹ ਜਦ ਵੀ ਇਕੱਲ ਅਤੇ ਆਰਾਮ ਤੋਂ ਤੰਗ ਪੈ ਜਾਂਦੀ ਤਾਂ ਜੈ ਦਿਆਲ ਨੂੰ ਮੈਗਾ ਫ਼ੋਨ ‘ਤੇ ਬੁਲਾ ਲੈਂਦੀ ਤੇ ਉਹ ਝਟਪਟ ਉਸ ਕੋਲ ਆ ਜਾਂਦਾ।” ਸੋਭਾ ਸਿੰਘ ਦੀ ਗੁਆਹੀ ਵਿੱਚ ਵੀ ਗੁੱਝੇ ਸੰਕੇਤ ਹਨ: “ਜੈ ਦਿਆਲ ਵੀ ਪ੍ਰੋਫ਼ੈਸਰ ਰਿਚਰਡਜ਼ ਦਾ ਵਿਦਿਆਰਥੀ ਸੀ ਅਤੇ ਪਹਿਲੋਂ ਹੀ ਏਥੇ ਕੋਠੀ ਪਾਈ ਹੋਈ ਸੀ, ਅਤੇ ਉਹ ਕਈ ਵਾਰ ਕਿਹਾ ਕਰਦੀ ਸੀ ਕਿ ਉਸਦਾ ਮੈਨੂੰ ਕੇਵਲ ‘ਮਿਸਿਜ਼’ ਕਹਿ ਕੇ ਬੁਲਾਉਣਾ ਗ਼ਲਤ ਹੈ ਪਰ ਇਸ ਬੇਵਕੂਫ਼ ਨੂੰ ਕੌਣ ਸਮਝਾਵੇ ?” ਯਾਦ ਰਹੇ ਨੋਰਾ ਗਾਰਗੀ ਅਤੇ ਸੋਭਾ ਸਿੰਘ ਵਰਗਿਆਂ ਨੂੰ ਝਿੜਕ ਦੇਂਦੀ ਸੀ, ਪਰ ਜੈ ਦਿਆਲ ਉਸਦੇ ਹਰੇਕ ਮਹੱਤਵਪੂਰਨ ਪ੍ਰਾਜੈਕਟ ਵਿੱਚ ਸ਼ਾਮਿਲ ਸੀ। 1929 ਦੇ ਇਕ ਰੇਗਮੰਚੀ ਟੂਰ ਨੂੰ ਨੋਰਾ ਨੇ ਆਪਣੀ ਸ਼ਮੂਲੀਅਤ ਅਤੇ ਸਰਪ੍ਰਸਤੀ ਦਿੱਤੀ। ਇਸ ਵਿੱਚ ਸਰਕਾਰੀ ਕਾਲਜ ਧਰਮਸਾਲਾ ਦੇ ਵਿਦਿਆਰਥੀਆਂ ਨੇ ਜੈ ਦਿਆਲ ਦੀ ਨਿਰਦੇਸ਼ਨਾ ਹੇਠ 6 ਪੇਸ਼ਕਾਰੀਆਂ ਕੀਤੀਆਂ ਜੋ ਕਿ ਜੋਗਿੰਦਰ ਨਗਰ, ਬਰੋਟ ਹੈੱਡਵਰਕਸ, ਅਦਿੱਤ ਜੰਕਸ਼ਨ, ਮੰਡੀ, ਸਕਰੋਟੀ ਅਤੇ ਬਨੂੜੀ ਵਿਖੇ ਹੋਈਆਂ। 1936 ਵਿੱਚ ਬਨੂੜੀ ਵਿਖੇ ਲਾਏ ਸਰਸਵਤੀ ਸਮਰ ਕੈਂਪ ਦੌਰਾਨ ਦਿਆਲ ਸਿੰਘ ਕਾਲਜ ਦੇ ਤਿੰਨ ਪੁਰਾਣੇ ਵਿਦਿਆਰਥੀਆਂ ਨੇ ਕੁਝ ਪ੍ਰੋਗਰਾਮ ਤਿਆਰ ਕਰਵਾਏ। ਇਨ੍ਹਾਂ ਵਿੱਚ ਵੀ ਜੈ ਦਿਆਲ ਸ਼ਾਮਿਲ ਸੀ। 1939 ਦੇ ਮਹੀਨੇ ਭਰ ਦੇ ਇਕ ਪੇਂਡੂ ਕੋਰਸ ਵਿੱਚ ਸਕਿੱਟਾਂ ਅਤੇ ਛੋਟੇ ਨਾਟਕ ਤਿਆਰ ਕਰਵਾਏ ਗਏ ; ਇਸ ਸਮੇਂ ਦੌਰਾਨ ਵੀ ਜੈ ਦਿਆਲ ਨੋਰਾ ਦੇ ਨਾਲ ਰਿਹਾ। ਇਹ ਪ੍ਰੋਗਰਾਮ ਪਾਲਮਪੁਰ ਕਲੱਬ ਵਿੱਚ ਹੋਇਆ ਸੀ। 1943 ਵਿੱਚ ਜਦੋਂ ਉਹ ਹਸਪਤਾਲ ਵਿੱਚ ਇਲਾਜ ਕਰਵਾ ਰਹੀ ਸੀ ਉਦੋਂ ਕੋਈ ਸਮਰ ਕੈਂਪ ਨਹੀਂ ਲਾਇਆ ਗਿਆ ਪਰ ਜੈ ਦਿਆਲ ਨੇ ਅੰਦਰੇਟੇ ਵਿੱਚ ਨੋਰਾ ਦੇ ਵੁੱਡਲੈਂਡ ਭਾਈਚਾਰੇ ਵਾਸਤੇ ਪੇਸ਼ ਕੀਤੇ ‘ਕਪਾਸ ਯਾ ਗੰਦਮ’ ਦੀਆਂ ਰੀਹਰਸਲਾਂ ਕਰਵਾਈਆਂ।
ਜੈ ਦਿਆਲ ਨੇ ਵੀ ਆਪਣੀ ਜ਼ਿੰਦਗੀ ਵਿੱਚ ਜਿਹੜੇ ਕੰਮ ਕੀਤੇ ਉਨ੍ਹਾਂ ਵਿੱਚ ਨੋਰਾ ਸ਼ਾਮਿਲ ਹੈ। ਮਿਸਾਲ ਦੇ ਤੌਰ ‘ਤੇ ਜਦੋਂ ਉਹ 1949 ਵਿੱਚ ਪ੍ਰਿਥਵੀ ਰਾਜ ਦੇ ਥੀਏਟਰ ਨਾਲ ਦੱਖਣ ਭਾਰਤ ਵਿੱਚ ਘੁੰਮਿਆ ਤਾਂ ਬਾਅਦ ਵਿੱਚ ਉਸਨੇ ਪੁਸਤਕ ਲਿਖੀ: ‘ਆਈ ਗੋ ਸਾਊਥ ਵਿਦ ਪ੍ਰਿਥਵੀ ਰਾਜ ਐਂਡ ਹਿਜ਼ ਪ੍ਰਿਥਵੀ ਥੀਏਟਰ ।’ ਇਸ ਪੁਸਤਕ ਨੂੰ ਪ੍ਰਿਥਵੀ ਥੀਏਟਰ ਪਬਲੀਕੇਸ਼ਨ, ਬੰਬਈ ਵੱਲੋਂ ਛਾਪਿਆ ਗਿਆ। ਆਪਣੇ ਅਧਿਆਪਕ ਦੀ ਬੀਵੀ ਨੂੰ ਜੈ ਦਿਆਲ ਨੇ 27 ਅਕਤੂਬਰ 1963 ਵਿੱਚ ਇਨ੍ਹਾਂ ਸ਼ਬਦਾਂ ਨਾਲ ਇਹ ਪੁਸਤਕ ਭੇਟ ਕੀਤੀ: ‘ਵਿਦ ਲਵ ਟੂ ਨੋਰਾ ਰਿਚਰਡਜ।’ ਜੇ ਅਸੀਂ ਨੋਰਾ ਰਿਚਰਡਜ਼ ਦੁਆਰਾ ਲਿਖੀ ਇਸੇ ਪੁਸਤਕ ਦੀ ਭੂਮਿਕਾ ਨੂੰ ਧਿਆਨ ਨਾਲ ਪੜ੍ਹੀਏ ਤਾਂ ਵੀ ਦੋਹਾਂ ਵਿਚਕਾਰ ਇਕ ਸਕਾਰਾਤਮਕ ਰਿਸ਼ਤਾ ਉਭਰਨ ਲੱਗ ਪੈਂਦਾ ਹੈ। ਜੈ ਦਿਆਲ ਨਾਲ ਨੋਰਾ ਰਿਚਰਡਜ਼ ਦੀ ਨੇੜਤਾ ਦਾ ਅੰਦਾਜ਼ਾ ਹੇਠਲਿਖੀ ਲਿਖਤ ਤੋਂ ਵੀ ਲਾਇਆ ਜਾ ਸਕਦਾ ਹੈ ਜਿਹੜੀ ਉਸਨੇ ਨੋਰਾ ਵਾਸਤੇ ਲਿਖੀ। ਅਮਰਜੀਤ ਚੰਦਨ ਨੇ ਇਸਦਾ ਅਨੁਵਾਦ ਕਰਨ ਵੇਲੇ ਇਸ ਨੂੰ ਨਜ਼ਮ ਤੇ ਨਸਰ ਤੋਂ ਉਤਾਂਹ ਰੱਖ ਕੇ ਸੁੱਚੀ ਲਿਖਤ ਦਾ ਰੁਤਬਾ ਦਿੱਤਾ ਹੈ : “ ਤੂੰ ਹਰ ਥਾਂ ਹਰ ਸ਼ੈਅ ‘ਚ ਜਾਨ ਪਾ ਦਿੰਦੀ ਏਂ। ਤੂੰ ਜੋ ਵੀ ਬੋਲਦੀ ਕਰਦੀ ਏਂ, ਉਹਦੇ ’ਚ ਨੋਰਾ ਹੁੰਦੀ ਏ। ਤੂੰ ਕਹਿੰਦੀ ਏਂ ਕਿ ਮੈਂ ਵੀ ਸੁੱਖ ‘ਚ ਰਹਵਾਂ ਤੇ ਹਰ ਕੋਈ ਰਹਵੇ। ਪਰ ਤੇਰੇ ਵਰਤਾਏ ਸੁਖ ਦਾ ਕੋਈ ਟਕਾ ਨਹੀਂ ਲੱਗਦਾ – ਇਹੀ ਤੇਰੀ ਸੋਚ ਏ ਤੇ ਇਹੀ ਤੇਰਾ ਸੁਚੱਜ। ਤੇਰੀ ਪੱਟੀ ‘ਤੇ ਇਹੀ ਤਿੰਨ ਰੰਗ ਹਨ : ਖੱਦਰ, ਬਾਂਸ ਤੇ ਮਿੱਟੀ। ਤੇਰੇ ਬਾਗ਼ ਦੇ ਫੁੱਲ ਤੇਰੀ ਸੰਗਤ ਕਰਦੇ ਨੇ; ਇਹ ਕਰੁੱਤੇ ਵੀ ਖਿੜ ਹੀ ਜਾਂਦੇ ਨੇ ਤੇ ਇੰਜ ਤੂੰ ਕਦੇ ਵੀ ਇਕੱਲੀ ਨਹੀਂ ਹੁੰਦੀ। ਤੂੰ ਅਪਣੀ ਆਤਮਾ ਨੂੰ ਸਾਕਾਰ ਕੀਤਾ ਏ : ਮਿੱਟੀ ਗਾਰੇ ਨਾਲ ਬਣਾਏ ਤੇਰੇ ਘਰ ਦੀਆਂ ਲਿੱਪੀਆਂ ਕੰਧਾਂ ਬੋਲਦੀਆਂ ਨੇ ਕਿ ਰੂਹ ਤੇ ਮਾਦਾ ਦੋਵੇਂ ਇੱਕ ਹੋ ਸਕਦੇ ਨੇ। ਤੂੰ ਜਿੱਥੇ ਕਿਤੇ ਵੀ ਹੋਵੇਂ, ਓਹੀ ਮੇਰਾ ਘਰ ਹੈ। ਤੂੰ ਆਪਣੇ ਹਿੱਸੇ ਆਉਂਦਾ ਬੜਾ ਦੁੱਖ ਦੇਖਿਆ ਹੈ। ਮੈਂ ਦੁਆ ਕਰਨਾ ਵਾਂ ਕਿ ਤੇਰੇ ਆਵਣ ਵਾਲੇ ਸਾਲ – ਬਹੂੰ ਸਾਰੇ ਸਾਲ ਸੁਖਚੈਨ ਵਾਲੇ ਹੋਵਣ।” ਚਾਰੂ ਸੋਨੀ ਨੇ ਆਪਣੇ ਅੰਗ੍ਰੇਜ਼ੀ ਲੇਖ ‘ਅੰਦਰੇਟਾ ਆਰਟਿਸਟਸ ਵਿਲੇਜ: ਦ ਆਇਰਿਸ਼ ਸਾਨਫੋਰੀਅਨ’ ਆਪਣੇ ਲੇਖ ਵਿੱਚ ਸ਼ਮੀ ਕਪੂਰ ਦਾ ਸਿੱਧਾ ਹਵਾਲਾ ਦਿੱਤਾ ਹੈ ਜਿਸ ਅਨੁਸਾਰ “ਜੈ ਦਿਆਲ ਨੋਰਾ ਨੂੰ ਪਿਆਰ ਕਰਦਾ ਸੀ ਤੇ ਨੋਰਾ ਸ਼ੇਕਸਪੀਅਰ ਨੂੰ।”
” ਪੁਫੈਸਰ ਚਾਰੂ ਸੋਨੀ ਨੇ ਆਪਣੇ ਇਸੇ ਉਪਰੋਕਤ ਲੇਖ ਵਿੱਚ ਲਿਖਿਆ ਹੈ: “ਪ੍ਰ ਜੈ ਦਿਆਲ ਨਾਲ ਉਸਦਾ ਨੌਜਵਾਨ ਸ਼ਾਗਿਰਦ ਪ੍ਰਿਥਵੀ ਰਾਜ ਕਪੂਰ ਵੀ ਸੀ। ਇਹ ਉਹ ਸਾਲ ਸਨ ਜਦੋਂ ਉਸਨੂੰ ਫ਼ਿਲਮਾਂ ਵਿੱਚ ਕੰਮ ਕਰਨ ਤੋਂ ਰੋਕਿਆ ਜਾ
ਰਿਹਾ ਸੀ। 1940ਵਿਆਂ ਵਿੱਚ ‘ਫ਼ਿਲਮ ਇੰਡੀਆ’ ਦੇ ਮਾਲਕ ਅਤੇ ਸੰਪਾਦਕ ਬਾਬੂਰਾਓ ਪਟੇਲ ਨੇ ਉਸਨੂੰ ਸਪਸ਼ਟ ਤੌਰ ‘ਤੇ ਕਿਹਾ ਸੀ ਕਿ ਏਹੋ ਜੇਹੇ ਉਜੱਡ ਹੱਟੇ-ਕੱਟੇ ਪਠਾਨ ਵਾਸਤੇ ਫ਼ਿਲਮਾਂ ਵਿੱਚ ਅਭਿਨੇਤਾ ਬਣਨ ਦੀ ਕੋਈ ਗੁੰਜਾਇਸ਼ ਨਹੀਂ ਹੈ। ਸਪਸ਼ਟ ਤੌਰ ‘ਤੇ ਪ੍ਰਿਥਵੀ ਰਾਜ ਆਪਣੇ ਭਵਿੱਖ ਨੂੰ ਪਟੇਲ ਦੇ ਅਨੁਮਾਨਾਂ ਤੋਂ ਵੱਖਰੇ ਤਰੀਕੇ ਨਾਲ ਚਿਤਵ ਰਿਹਾ ਸੀ। ਭਾਵੇਂ ਉਦੋਂ ਉਸਨੂੰ ਵੀ ਨਹੀਂ ਸੀ ਪਤਾ ਪਰ ਇਹ ਜਵਾਨ ਪਠਾਨ ਰਿਚਰਡਜ਼ ਅਤੇ ਜੈ ਦਿਆਲ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਜਿਸ ਕਰਕੇ ਉਸਨੇ ਮੁੰਬਈ ਵਿੱਚ ‘ਪ੍ਰਿਥਵੀ ਥੀਏਟਰ’ ਨਾਂ ਦੀ ਆਪਣੀ ਕੰਪਨੀ ਸ਼ੁਰੂ ਕਰ ਲਈ।” ਨੋਰਾ ਨੇ ਜਦੋਂ 1950 ਵਿੱਚ ਪਹਿਲੀ ਜਨਵਰੀ ਤੋਂ ਨਵਾਂ ਡਰਾਮਾ ਲਿਖਣ ਦੇ ਚਾਹਵਾਨਾਂ ਵਾਸਤੇ ਕੋਰਸ ਦੇ ਦਾਖਲੇ ਦਾ ਇਸ਼ਤਿਹਾਰ ਦਿੱਤਾ ਤਾਂ ਉਸਨੂੰ ਕੋਈ ਹੁੰਗਾਰਾ ਨਾ ਮਿਲਿਆ। ਉਸਨੇ ਇਸ ਸਮੇਂ ਨੂੰ ਜੈਦਿਆਲ ਨਾਲ ਰਲ ਕੇ ਪ੍ਰਿਥਵੀ ਰਾਜ ਕਪੂਰ ਦੇ ਨਾਟਕ ਪਠਾਨ ਦਾ ਅੰਗ੍ਰੇਜ਼ੀ ਅਨੁਵਾਦ ਕੀਤਾ। ਸਾਡੇ ਕੋਲ ਇਸ ਗੱਲ ਦੇ ਪ੍ਰਮਾਣ ਹਨ ਕਿ ਪ੍ਰਿਥਵੀ ਰਾਜ ਕਪੂਰ ਅੰਦਰੇਟੇ ਜਾਂਦਾ ਰਿਹਾ ਹੈ। ਉਸਦੇ ਜੈ ਦਿਆਲ ਨਾਲ ਰਿਸ਼ਤੇ ਨੂੰ ਅਸੀਂ ਜਾਣ ਚੁੱਕੇ ਹਾਂ; ਹਰਬੀਰ ਭੰਵਰ ਦੱਸਦਾ ਹੈ ਕਿ ਪ੍ਰਿਥਵੀ ਰਾਜ ਲੱਗਪਗ ਹਰ ਦੋ ਸਾਲਾਂ ਬਾਅਦ ਅੰਦਰੇਟੇ ਜਾਂਦਾ ਰਿਹਾ ਅਤੇ ਉਹ ਸੋਭਾ ਸਿੰਘ ਦੇ ਕੋਲ ਕਾਫ਼ੀ ਵਕਤ ਗੁਜ਼ਾਰਦਾ ਸੀ। ਏਸੇ ਲਈ ਸੋਭਾ ਸਿੰਘ ਨੇ ਉਸਦਾ ਇਕ ਛੋਟਾ ਜੇਹਾ ਬੁੱਤ ਬਣਾਇਆ ਸੀ। ਜਿਹੜਾ ਅੱਜ ਵੀ ਉਸਦੀ ਆਰਟ ਗੈਲਰੀ ਦੇ ਬਾਹਰਵਾਰ ਲੱਗਾ ਹੋਇਆ ਹੈ। ਏਥੇ ਇਹ ਲਿਖਣਾ ਵੀ ਜ਼ਰੂਰੀ ਹੈ ਕਿ ਜੈ ਦਿਆਲ ਵੱਲੋਂ 9 ਜਨਵਰੀ 1950 ਨੂੰ ਲਿਖੇ ਇਕ ਨੋਟ ਅਨੁਸਾਰ, “ਸ੍ਰੀਮਤੀ ਰਿਚਰਡਜ਼ ਨੇ ਪ੍ਰਿਥਵੀਰਾਜ ਨੂੰ ਕਦੇ ਨਹੀਂ ਦੇਖਿਆ, ਪਰ ਉਹ ਉਸਦੇ ਰੰਗਮੰਚ ਸੰਸਾਰ ਨਾਲ ਜੁੜੀ ਹੋਣ ਕਾਰਨ ਉਸਦੇ ਕੰਮ ਵਿੱਚ ਬਹੁਤ ਦਿਲਚਸਪੀ ਲੈਂਦੀ ਹੈ। ਮੈਂ ਓਸੇ ਖ਼ਾਤਿਰ ਹੀ ਆਪਣੇ ਟੂਰ ਦੌਰਾਨ ਇਕ ਡਾਇਰੀ ਰੱਖੀ। ਮੈਨੂੰ ਉਸਨੇ ਕਿਹਾ ਸੀ ਕਿ ਉਹ ਮੇਰੇ ਪ੍ਰਿਥਵੀ ਰਾਜ ਅਤੇ ਉਸਦੇ ਕੰਮਾਂ ਬਾਰੇ ਸਾਰੇ ਅਨੁਭਵਾਂ ਨੂੰ ਸਾਂਝਾ ਕਰਨਾ ਚਾਹੁੰਦੀ ਹੈ। ਇਕ ਦਿਨ ਪ੍ਰਿਥਵੀ ਰਾਜ ਨੇ ਮੈਨੂੰ ਡਾਇਰੀ ਲਿਖਦਿਆਂ ਦੇਖ ਲਿਆ। ਹੌਲੀ-ਹੌਲੀ ਇਸਨੂੰ ਛਾਪਣ ਦਾ ਫੈਸਲਾ ਹੋਇਆ ; ਇਸਦੇ ਕੁਝ ਹਿੱਸੇ ਨੋਰਾ ਨੇ ਸੋਧੇ ਹਨ ਅਤੇ ਕੁਝ ਦੋਬਾਰਾ ਲਿਖੇ ਹਨ।” (ਆਈ ਗੋ ਸਾਊਥ ਵਿਦ ਪ੍ਰਿਥਵੀਰਾਜ)। ਜੈ ਦਿਆਲ ਦੇ ਉਲਟ ਹਰਬੀਰ ਸਿੰਘ ਭੰਵਰ ਦਾ ਖ਼ਿਆਲ ਹੈ ਕਿ ਪ੍ਰਿਥਵੀ ਰਾਜ ਨੋਰਾ ਦੇ ਨਾਲ ਲਾਹੌਰ ਵਿੱਚ ਰੰਗਮੰਚ ਕਰਦਾ ਰਿਹਾ। (ਸਰਦਾਰ ਸੋਭਾ ਸਿੰਘ ਸਿਮਰਤੀ ਗ੍ਰੰਥ)
ਭਾਵੇਂ ਪ੍ਰਿਥਵੀ ਰਾਜ ਕਪੂਰ ਦੀ ਨੋਰਾ ਰਿਚਰਡਜ਼ ਨਾਲ ਸਿੱਧੀ ਕੋਈ ਮੁਲਾਕਾਤ ਨਾ ਵੀ ਹੋਈ ਹੋਵੇ ਤਾਂ ਵੀ ਸਾਡੇ ਮਨ ਵਿੱਚ ਇੱਕ ਪ੍ਰਸ਼ਨ ਜ਼ਰੂਰ ਬਣਿਆ ਹੋਇਆ ਹੈ।
ਯੋਗਰਾਜ ਦਵਾਰਾ ਲਿਖੀ ਹਿੰਦੀ ਪੁਸਤਕ ਜਿਸਦਾ ਡਾਕਟਰ ਸਤੀਸ਼ ਕੁਮਾਰ ਵਰਮਾ ਨੇ ‘ਰੰਗਮੰਚ ਦਾ ਕੋਹਿਨੂਰ : ਪ੍ਰਿਥਵੀ ਰਾਜ ਕਪੂਰ’ ਨਾਂ ਨਾਲ ਅਨੁਵਾਦ ਕੀਤਾ ਹੈ। ਵਿੱਚ ਲੇਖਕ ਦੱਸਦਾ ਹੈ ਕਿ ਪ੍ਰਿਥਵੀ ਰਾਜ ਕਪੂਰ ਨੇ ਆਪਣੇ ਕਾਲਜ ਦੇ ਦਿਨਾਂ ਸਮੇਂ ਜੇ ਐੱਮ ਸਿੰਜ ਦੇ ਨਾਟਕ ‘ਰਾਈਡਰਜ਼ ਟੂ ਦ ਸੀਅ’ ਵਿੱਚ ਮੁੱਖ ਔਰਤ (ਮਾਂ) ਦੀ ਭੂਮਿਕਾ ਨਿਭਾਈ। ਇਹ ਨਾਟਕ ਉਸੇ ਆਇਰਿਸ਼ ਨਾਟ-ਪਰੰਪਰਾ ਦਾ ਇੱਕ ਪ੍ਰਮੁੱਖ ਭਾਗ ਹੈ ਜਿਸਦਾ ਨੋਰਾ ਨੇ ਸਭ ਤੋਂ ਵੱਧ ਪ੍ਰਭਾਵ ਕਬੂਲ ਕੀਤਾ। ਇਸੇ ਨਾਟਕ ਨੂੰ ਸਾਹਮਣੇ ਰੱਖ ਕੇ ਬਲਵੰਤ ਗਾਰਗੀ ਨੇ ਆਪਣੇ ਇਕਾਂਗੀ ‘ਬੇਬੇ’ ਦੀ ਰਚਨਾ ਕੀਤੀ। ਸਾਡਾ ਪ੍ਰਸ਼ਨ ਇਹ ਹੈ ਕਿ ਪ੍ਰਿਥਵੀ ਰਾਜ ਕੋਲੋਂ ਇਸ ਨਾਟਕ ਵਿੱਚ ਕਿਸ ਨਿਰਦੇਸ਼ਕ ਨੇ ਕੰਮ ਕਰਵਾਇਆ? ਕੀ ਯੋਗਰਾਜ ਦੀ ਇਹ ਸੂਚਨਾ ਕਿ ਨੋਰਾ ਨੂੰ ਪ੍ਰਿਥਵੀ ਰਾਜ ਇਕ ਨਿਸਚਿਤ ਸਮੇਂ ਤੋਂ ਪਹਿਲਾਂ ਕਦੇ ਵੀ ਨਹੀਂ ਮਿਲਿਆ ਸੱਚਮੁੱਚ ਸਹੀ ਹੈ ? ਐਨ ਸੰਭਵ ਹੈ ਕਿ ਇਹ ਨਾਟਕ ਜੈ ਦਿਆਲ ਨੇ ਤਿਆਰ ਕਰਵਾਇਆ ਹੋਵੇ। ਇਸ ਲਈ ਇਹ ਕਹਿਣਾ ਉਚਿਤ ਹੈ ਕਿ ਪ੍ਰਿਥਵੀਰਾਜ ਉੱਤੇ ਜੇਕਰ ਨੋਰਾ ਦਾ ਸਿੱਧਾ ਪ੍ਰਭਾਵ ਨਹੀਂ ਵੀ ਸੀ ਤਾਂ ਵੀ ਉਹ ਅਸਿੱਧੇ ਤੌਰ ‘ਤੇ ਇਸ ਦਾਦੀ ਦੇ ਮਿਸ਼ਨ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਪਣੀ ਪਿਛਲੀ ਉਮਰ ਵਿੱਚ ਪ੍ਰਿਥਵੀ ਰਾਜ ਵਾਰ-ਵਾਰ ਅੰਦਰੇਟੇ ਵਿੱਚ ਆਉਂਦਾ ਰਿਹਾ। ਉਸਨੇ ਤਾਂ ਆਪਣਾ ਮਕਾਨ ਪਾਉਣ ਲਈ ਉੱਥੇ ਜ਼ਮੀਨ ਵੀ ਖ਼ਰੀਦ ਲਈ ਸੀ।
ਨੋਰਾ ਦੀ ਮਾਨਸਿਕਤਾ ਨੂੰ ਵਧੇਰੇ ਸਮਝਣ ਲਈ ਸਾਨੂੰ ਆਇਰਲੈਂਡ ਦੀਆਂ ਕੁਝ ਹਕੀਕਤਾਂ ਨੂੰ ਸਾਹਮਣੇ ਰੱਖਣਾ ਪਵੇਗਾ। ਇਹ ਧਰਤੀ ਉੱਥੋਂ ਦੇ ਸਾਹਿਤ ਅਤੇ ਨਾਟਕ ਵਿੱਚ ਲੰਮਾ ਸਮਾਂ ਇਕ ਲੈਂਗਿਕ ਰਿਸ਼ਤੇ ਵਜੋਂ ਦੇਖੀ ਜਾਂਦੀ ਰਹੀ ਹੈ । ਭਾਵ ਇੰਗਲੈਂਡ ਨੇ ਆਇਰਲੈਂਡ ਨੂੰ ਇਸ ਤਰ੍ਹਾਂ ਦਬਾ ਕੇ ਰੱਖਿਆ ਹੋਇਆ ਸੀ ਜਿਵੇਂ ਮਰਦ ਔਰਤ ਨੂੰ ਦਬਾਉਂਦਾ ਹੈ। ਉੱਥੋਂ ਦਾ ਸਾਹਿਤ ਆਪਣੇ ਰਾਸ਼ਟਰਵਾਦ ਨੂੰ ਆਮ ਕਰਕੇ ਏਸੇ ਤਰ੍ਹਾਂ ਪੇਸ਼ ਕਰਦਾ ਹੈ। ਇਸ ਹਾਲਤ ਵਿੱਚ ਆਇਰਲੈਂਡ ਦੀ ਔਰਤ ਦੁਹਰੇ ਦਬਾਅ ਨੂੰ ਝੱਲ ਰਹੀ ਸੀ : ਦੇਸ਼ ਦੀ ਰਾਜਨੀਤੀ ਵਿੱਚ ਹਕੂਮਤ ਦਾ ਦਬਾਅ ਅਤੇ ਘਰੇਲੂ ਸਿਆਸਤ ਵਿੱਚ ਮਰਦ ਦਾ ਦਬਾਅ। ਉਸਦਾ ਆਇਰਲੈਂਡੀ ਪਤੀ ਵੀ ਪੰਜਾਬੀ ਪਤੀ ਵਾਂਗ ਪਤਨੀ ਨੂੰ ਆਪਣੀ ਬਸਤੀ ਦੇ ਰੂਪ ਵਿੱਚ ਦੇਖਦਾ ਸੀ।
Representation of Women in Abbey Theatre तां रे लेध हिंस ਕ੍ਰਿਸਟੀਨਾ ਵਿਲਸਨ ਦੱਸਦੀ ਹੈ ਕਿ ਗਰੈਗਰੀ, ਯੇਟਸ ਅਤੇ ਸਿੰਜ ਦੇ “ਐਬੇ ਥੀਏਟਰ ਵਿੱਚ ਔਰਤ, ਮਾਂ, ਮਹਿਬੂਬਾ, ਪਤਨੀ, ਧੀ, ਦੇਵੀ, ਕਿਸਾਨ ਅਤੇ ਕਾਮੇ ਦੇ ਰੂਪ ਵਿੱਚ ਆਉਂਦੀ ਹੈ। ਇਨ੍ਹਾਂ ਵੱਖ-ਵੱਖ ਰੋਲਾਂ ਨੂੰ ਚਿਤਰਦਿਆਂ ਔਰਤ ਨੂੰ ਨਾਟਕਕਾਰ ਜਾਂ ਦਰਸ਼ਕ-ਮੰਡਲ ਹਮੇਸ਼ਾਂ ਆਇਰਲੈਂਡ ਦੀ ਆਬਰੂ ਨਾਲ ਜੋੜ ਕੇ ਦੇਖਦਾ ਸੀ।”
ਆਕਸਫੋਰਡ (ਇੰਗਲੈਂਡ), ਬੈਲਜੀਅਮ ਅਤੇ ਸਿਡਨੀ (ਆਸਟ੍ਰੇਲੀਆ) ਤੋਂ ਵਿੱਦਿਆ ਪ੍ਰਾਪਤ ਇਹ ਬੀਬੀ ਬੜੀ ਰੋਸ਼ਨ ਦਿਮਾਗ਼ ਅਤੇ ਮੋਕਲੇ ਮਨ ਦੀ ਮਾਲਕ ਸੀ। ਪਰ ਉਸਦੇ ਦਿਲ-ਦਿਮਾਗ਼ ਉੱਤੇ ਆਇਰਲੈਂਡ ਅਤੇ ਉੱਥੋਂ ਦਾ ਨਾਟਕ ਛਾਇਆ ਹੋਇਆ ਸੀ। ਉਸਨੇ ਹਿੰਦੁਸਤਾਨ ਵਿੱਚ ਆ ਕੇ ਪਹਿਲੇ ਸਾਲ ਸ਼ੇਕਸਪੀਅਰ ਦਾ ‘ਅ ਮਿਡਸਮਰ ਨਾਈਟ ਡਰੀਮ’ (1911), ਫਿਰ ਲੇਡੀ ਗਰੈਗਰੀ ਦਾ ‘ਸਪਰੈਡਿੰਗ ਦ ਨਿਊਜ਼’ (1912) ਅਤੇ ਉਸ ਤੋਂ ਪਿੱਛੋਂ ਸ਼ੈਕਸਪੀਅਰ ਦੇ ਹੀ ‘ਐਜ਼ ਯੂ ਲਾਈਕ ਇੱਟ’ ਦੇ ਪੰਜਾਬੀ ਵਿੱਚ ਅਨੁਵਾਦ ਕਰਵਾ ਕੇ ਪੇਸ਼ ਕੀਤੇ। ਇਹ ਤਿੰਨੇ ਹੀ ਨਾਟਕ ਹਲਕੇ-ਫੁਲਕੇ ਮਨੋਰੰਜਨ ਵਾਸਤੇ ਹਨ ਅਤੇ ਇਨ੍ਹਾਂ ਤਿੰਨਾਂ ਵਿੱਚ ਹੀ ਬਹੁਤ ਜ਼ਿਆਦਾ ਗੰਭੀਰਤਾ ਨੂੰ ਨਜਿੱਠਣ ਦੇ ਵੱਡੇ ਮੌਕੇ ਨਹੀਂ ਬਣਦੇ। ਉਸ ਨੇ ਇਸ ਗੱਲ ਦਾ ਪੱਕ ਕੀਤਾ ਕਿ ਲੋਕਾਂ ਵਿੱਚ ਇਹ ਨਾਟਕ ਕਾਮਯਾਬ ਹੋ ਜਾਣ। ਇਹ ਦਰਅਸਲ ਉਸਦੇ ਅਸਲ ਕੰਮ ਕਰਨ ਤੋਂ ਪਹਿਲਾਂ ਦੇ ਟੈੱਸਟ ਸਨ। ਨੋਰਾ ਨੂੰ ਨਿਸਚੈ ਹੀ ਪਤਾ ਹੋਵੇਗਾ ਕਿ ਉਦੋਂ ਤਕ ਸ਼ੈਕਸਪੀਅਰ ਦੇ ‘ਓਥੈਲੋ’ ਦੇ ਦੋ-ਤਿੰਨ ਅਨੁਵਾਦ ਪੰਜਾਬੀ ਵਿੱਚ ਛਪ ਚੁੱਕੇ ਸਨ। ਭਾਵੇਂ ‘ਓਥੈਲੋ’ ਸ਼ੈਕਸਪੀਅਰ ਦੇ ਮਹੱਤਵਪੂਰਨ ਨਾਟਕਾਂ ਵਿੱਚੋਂ ਇੱਕ ਹੈ ਅਤੇ ਉਸ ਵਿੱਚ ਵੀ ਡੈਸਡੀਮੋਨਾ ਨਾਲ ਜੋ ਵਾਪਰਦਾ ਹੈ ਉਹ ਔਰਤ ਹੀ ਨਹੀਂ ਉਸਦੀ ਮਾਸੂਮੀਅਤ ਦੇ ਕਤਲ ਵਜੋਂ ਵੀ ਦੇਖਿਆ ਜਾ ਸਕਦਾ ਹੈ। ਨੋਰਾ ਨੇ ਬਹੁਤ ਸਾਧਾਰਨ ਨਾਟਕਾਂ ਨਾਲ ਆਪਣਾ ਪਹਿਲਾ ਤਜਰਬਾ ਕੀਤਾ; ਨਿਸਚੇ ਹੀ ਉਸਦੀ ਆਇਰਿਸ਼ ਆਤਮਾ ਨੂੰ ਇਸ ਨਾਲ ਤਸੱਲੀ ਨਹੀਂ ਮਿਲੀ ਹੋਵੇਗੀ। ਸਾਡਾ ਵਿਸ਼ਵਾਸ ਹੈ ਕਿ ‘ਐਜ਼ ਯੂ ਲਾਈਕ ਇੱਟ’ ਵਿੱਚ ਨਾਇਕਾ ਰੋਜ਼ਾਲਿੰਡ ਦਾ ਰੋਲ ਕਰਨ ਵਾਲੇ ਨੰਦਾ ਨੂੰ ਨੋਰਾ ਨੇ ਆਇਰਲੈਂਡ ਦੇ ਨਾਟਕ ਜ਼ਰੂਰ ਪੜ੍ਹਾਏ ਹੋਣਗੇ ਅਤੇ ਉਸ ਨਾਲ ਆਪਣੇ ਮੁਲਕ ਦੇ ਨਾਟਕ ਬਾਰੇ ਭਰਪੂਰ ਗੱਲਬਾਤ ਕੀਤੀ ਹੋਵੇਗੀ। ਇਹੋ ਕਾਰਨ ਹੈ ਕਿ ਨੰਦਾ ਦੇ ਬਹੁਤ ਸਾਰੇ ਮੁੱਢਲੇ ਨਾਟਕਾਂ ਦਾ ਮੁੱਖ ਥੀਮ ਔਰਤ ਦਾ ਦਰਦ ਹੈ। ਉਸਦਾ ਪਹਿਲਾ ਇਕਾਂਗੀ ‘ਦੁਲਹਨ’, ਦੂਜਾ ਇਕਾਂਗੀ ‘ਬੇਬੇ ਰਾਮ ਭਜਨੀ’ ਅਤੇ ਪਹਿਲਾ ਪੂਰਾ ਨਾਟਕ ‘ਸੁਭੱਦਰਾ’ ਵਿਸ਼ੇਸ਼ ਕਰਕੇ ਔਰਤ ਦੇ ਥੀਮ ਨੂੰ ਉਜਾਗਰ ਕਰ ਰਹੇ ਹਨ। ਆਇਰਲੈਂਡ ਦੀਆਂ ਹਕੀਕਤਾਂ ਦੇ ਨਜ਼ਰੀਏ ਤੋਂ ਇਹ ਪੂਰੀ ਤਰ੍ਹਾਂ ਰਾਜਸੀ ਨਾਟਕ ਹਨ। ਨੰਦਾ ਦੇ ਇਨ੍ਹਾਂ ਅਤੇ ਦੂਜੇ ਨਾਟਕਾਂ ਵਿਚਲਾ ਹਾਸ ਰਸ ਵੀ ਲੇਡੀ ਗਰੈਗਰੀ ਦੇ ਨਾਟਕਾਂ ਵਿੱਚੋਂ ਆ ਰਿਹਾ ਹੈ। ਕਈ ਵਿਦਵਾਨਾਂ ਨੇ ਮੰਨਿਆ ਹੈ ਕਿ ਨੰਦਾ ਦੇ ਨਾਟਕ ਦਾ ਕੁੱਲ ਯਥਾਰਥ ਲੇਡੀ ਗਰੈਗਰੀ ਦੇ ਨਾਟਕਾਂ ਦਾ ਪ੍ਰਭਾਵ ਹੈ । ਸਾਡੀ ਰਾਏ ਵਿਚ ਥੀਮ ਦਾ ਯਥਾਰਥ ਸਿੰਜ ਅਤੇ ਪੇਟਸ ਤੋਂ ਅਤੇ ਨਾਟਕੀ ਬਣਤਰ ਦਾ ਯਥਾਰਥ ਇਬਸਨ ਤੋਂ ਆ ਰਿਹਾ ਹੈ ਜਿਹੜਾ ਕਿ ਨੋਰਾ ਨੂੰ ਬਹੁਤ ਖਿੱਚ ਪਾਉਂਦਾ ਸੀ। ਗਰੈਗਰੀ ਤੋਂ ਉਹ ਮਨੋਰੰਜਨ ਲੈ ਰਿਹਾ ਹੈ ਜੋ ਕਿ ਪਾਰਸੀ ਥੀਏਟਰ ਤੋਂ ਬਹੁਤ ਅੱਡਰੇ ਸੁਭਾਅ ਵਾਲਾ ਹੈ।
ਨੋਰਾ ਰਿਚਰਡਜ਼ ਨੇ ਆਪ ਵੀ ਬਹੁਤ ਸਾਰੇ ਨਾਟਕ ਲਿਖੇ। ਉਸਦੇ ਰਚੇ ਨਾਟਕਾਂ ਦਾ ਥੋੜ੍ਹਾ-ਬਹੁਤ ਚਰਚਾ ਕੀਤਾ ਜਾਂਦਾ ਹੈ ਪਰ ਅਜੇ ਤਕ ਕਿਸੇ ਨੇ ਇਨ੍ਹਾਂ ਉੱਤੇ ਨਿੱਠ ਕੇ ਕੰਮ ਨਹੀਂ ਕੀਤਾ। ਇਸਦੇ ਕਈ ਕਾਰਨ ਹਨ। ਵੱਡਾ ਕਾਰਨ ਇਹ ਹੈ ਕਿ ਉਸਨੇ ਆਪਣੇ ਸਾਰੇ ਨਾਟਕਾਂ ਦੀ ਰਚਨਾ ਅੰਗ੍ਰੇਜ਼ੀ ਭਾਸ਼ਾ ਵਿੱਚ ਕੀਤੀ ਜਦੋਂ ਕਿ ਲੱਗਪਗ ਸਾਰੀਆਂ ਰਚਨਾਵਾਂ ਦੇ ਵਿਸ਼ੇ, ਮਾਹੌਲ ਅਤੇ ਪਾਤਰ ਪੰਜਾਬੀ/ਹਿੰਦੁਸਤਾਨੀ ਹਨ। ਉਸਦੇ ਨਾਟਕਾਂ ਦੀ ਟੈਕਸਟ ਵੀ ਅਸਾਨੀ ਨਾਲ ਉਪਲਬਧ ਨਹੀਂ ਹੈ। ਪੰਜਾਬੀ ਯੂਨੀਵਰਸਟੀ ਪਟਿਆਲਾ ਕੋਲੋਂ ਤਵੱਕੋ ਕੀਤੀ ਜਾ ਸਕਦੀ ਸੀ ਕਿ ਉਹ ਇਸ ਪਾਸੇ ਵੱਲ ਧਿਆਨ ਦੇਂਦੀ ਕਿਉਂਕਿ ਨੋਰਾ ਨੇ ਆਪਣਾ ਸਾਰਾ ਪੁਸਤਕ ਸੰਗ੍ਰਹਿ ਇਸ ਯੂਨੀਵਰਸਟੀ ਦੀ ਲਾਇਬਰੇਰੀ ਨੂੰ ਦੇ ਦਿੱਤਾ ਸੀ। ਮੈਂ ਜ਼ਾਤੀ ਤੌਰ ‘ਤੇ ਉੱਥੇ ਜਾ ਕੇ ਦੇਖਿਆ ਹੈ ਕਿ ਉਸਦੀਆਂ ਆਪਣੀਆਂ ਰਚੀਆਂ ਕੁਝ ਪੁਸਤਕਾਂ ਵੀ ਖ਼ਰਾਬ ਹੋ ਚੁੱਕੀਆਂ ਹਨ। ਉਮੀਦ ਕਰ ਸਕਦੇ ਹਾਂ ਕਿ ਮੌਕੇ ਦੇ ਵਾਈਸ ਚਾਂਸਲਰ ਇਸ ਪ੍ਰਾਜੈਕਟ ਨੂੰ ਹੱਥ ਵਿੱਚ ਲੈਣਗੇ ਅਤੇ ਘੱਟੋ-ਘੱਟ ਨੋਰਾ ਰਿਚਰਡਜ਼ ਦੇ ਨਾਟਕਾਂ ਨੂੰ ਪੰਜਾਬੀ ਵਿੱਚ ਪ੍ਰਕਾਸ਼ਿਤ ਕਰਵਾਉਣ ਦਾ ਉਪਰਾਲਾ ਜ਼ਰੂਰ ਕਰਨਗੇ। ਨੋਰਾ ਦੀਆਂ ਪ੍ਰਕਾਸ਼ਿਤ ਪੁਸਤਕਾਂ ਅਤੇ ਸੋਵੀਨਰਾਂ ਦੇ ਆਧਾਰ ‘ਤੇ ਅਸੀਂ ਉਸਦੇ ਲਿਖੇ ਨਾਟਕਾਂ ਅਤੇ ਦੂਜੀਆਂ ਪੁਸਤਕਾਂ ਦੀ ਜੋ ਸੂਚੀ ਬਣਾਉਣ ਵਿੱਚ ਕਾਮਯਾਬ ਹੋਏ ਹਾਂ ਉਸਦਾ ਵੇਰਵਾ ਇਸ ਪ੍ਰਕਾਰ ਹੈ:
ਦ ਫ਼ਲਾਵਰ ਮੇਕਰ, 1910
ਕੋਲ , 1913
ਸਤੀ, (ਇਮਤਿਆਜ਼ ਅਲੀ ਦਵਾਰਾ ਉਰਦੂ ਵਿੱਚ ਤਰਜਮਾ ਕੀਤਾ ਗਿਆ)
1914
ਭਾਰਤਵਰਸ਼: 1918
ਵਾਲਮੀਕੀ, 1918,ਪ੍ਰ . 1920
ਮੈਜਿਕ ਬਰੂਮਜ਼: 1933
ਮਦਰ ਅਰਥ: 1936
ਡਰਾਮਾ ਇਨ ਐਜੂਕੇਸ਼ਨ 1945
ਅ ਡੇ ਇਨ ਦ ਲਾਈਫ਼ ਆਫ਼ ਅਕਬਰ, ਦ ਲਾਇਨ ਪ੍ਰੈੱਸ ਲਾਹੌਰ, 1946
ਦ ਫਲੈਗ , 1947
ਹੋਮਲੈੱਸ ਵੁਡਲੈਂਡ ਹਰਮੀਟੇਜ ਪਬਲੀਕੇਸ਼ਨ, 1949 (ਮਿਤੀਹੀਣ) ਅ ਬਾਇਓਗਰਾਫ਼ੀ ਆਫ਼ ਐੱਸ.ਐੱਸ.ਭਟਨਾਗਰ 1949, ਫ਼ਾਈਵ ਹਿਸਟਾਰੀਕਲ ਪਲੇਲੈੱਟਸ 1946, ਗੁਰ ਦਾਸ ਕਪੂਰ ਐਂਡ ਸਨਜ਼
ਦਿੱਲੀ ਜਲੰਧਰ, ਪ੍ 1955
(ਇਸ ਵਿਚ ਪੰਜ ਲਘੂ ਨਾਟਕ ਸ਼ਾਮਲ ਹਨ: ਗੌਤਮਾ, ਅਲੈਗਜ਼ਾਂਡਰ ਐਂਡ ਪੋਰਸ, ਪ੍ਰਿਥਵੀਰਾਜ ਐਂਡ ਸੰਯੋਕਤਾ, ਬਾਬਰ ਐਂਡ ਹਮਾਯੂੰ, ਜਹਾਂਗੀਰ ਦ ਜਸਟ)
ਦੇ ਸਨ ਕਮਜ਼ ਹੋਮ, ਵੁੱਡਲੈਂਡ ਪਬਲੀਕੇਸ਼ਨ ਅੰਦਰੇਟਾ, 1955 ਪਲੇ ਰਾਈਟਿੰਗ ਐਂਡ ਪਲੇ ਮੇਕਿੰਗ, ਮਿਨਿਸਟਰੀ ਆਫ਼ ਐਜੂਕੇਸ਼ਨ, ਭਾਰਤ ਸਰਕਾਰ, 1956
ਅਸੀਂ ਇਹ ਸਾਰੀਆਂ ਪੁਸਤਕਾਂ ਦੇਖ ਨਹੀਂ ਸਕੇ। ਭਵਿੱਖ ਦਾ ਕੋਈ ਖੋਜਾਰਥੀ ਇਸ ਦਿਸ਼ਾ ਵਿੱਚ ਕੰਮ ਕਰ ਸਕਦਾ ਹੈ।
5
ਹੁਣ ਅਸੀਂ ਇਸ ਵੱਡੇ ਸਵਾਲ ਵੱਲ ਆਉਂਦੇ ਹਾਂ ਕਿ ਨੋਰਾ ਦਾ ਆਪਣੇ ਸਮਕਾਲੀ ਵੱਡੇ ਨਾਟਕਕਾਰਾਂ ਅਤੇ ਖਾਸ ਕਰਕੇ ਬਾਵਾ ਬੁੱਧ ਸਿੰਘ ਦੇ ਨਾਟਕਾਂ ਨਾਲ ਕੀ ਰਿਸ਼ਤਾ ਹੈ। ਪੰਜਾਬੀ ਦੇ ਕੁਝ ਆਧੁਨਿਕ ਵਿਦਵਾਨਾਂ ਨੇ ਬਾਵਾ ਬੁੱਧ ਸਿੰਘ ਦੇ ਨਾਟਕ ‘ਚੰਦ੍ਰ ਹਰਿ’ ਦੀ ਭਾਈ ਵੀਰ ਸਿੰਘ ਦੇ ਨਾਟਕ ‘ਰਾਜਾ ਲੱਖਦਾਤਾ ਸਿੰਘ’ ਦੇ ਪ੍ਰਸੰਗ ਵਿੱਚ ਬਹੁਤ ਸਿਫ਼ਤ ਕੀਤੀ ਹੈ। ਡਾਕਟਰ ਸਬਿੰਦਰਜੀਤ ਸਿੰਘ ਸਾਗਰ ਅਨੁਸਾਰ ‘ਚੰਦ੍ਰ ਹਰਿ’ ਨਾਟਕ ਵਿੱਚ ਦੋ ਗੱਲਾਂ ਧਿਆਨ ਦੀ ਮੰਗ ਕਰਦੀਆਂ ਹਨ। ਪਹਿਲੀ, ਨਾਟਕ ਵਿੱਚ ਨੈਤਿਕਤਾ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਦੂਜੀ, ਇਸ ਵਿੱਚ ਮਨੋਰੰਜਨ ਦਾ ਤੱਤ ਬਹੁਤ ਹੈ। ਨੈਤਿਕਤਾ ਉੱਤੇ ਬਲ ਮੱਧ ਵਰਗ ਵੱਲੋਂ ਆਪਣੇ ਸਭਿਆਚਾਰਕ ਮੁਹਾਂਦਰੇ ਨੂੰ ਉਭਾਰਨ ਦਾ ਯਤਨ ਹੈ। ਇਸੇ ਲਈ ਨੈਤਿਕਤਾ ਧਾਰਮਿਕ ਦ੍ਰਿਸ਼ਟੀ ਤੋਂ ਨਹੀਂ ਸਗੋਂ ਜਮਾਤੀ ਦ੍ਰਿਸ਼ਟੀ ਤੋਂ ਹੈ।”
ਸਾਡਾ ਇਨ੍ਹਾਂ ਦੋਹਾਂ ਗੱਲਾਂ ਨਾਲ ਮੱਤਭੇਦ ਹੈ। ਇਹ ਠੀਕ ਹੈ ਕਿ ਅਸੀਂ ਸਾਰੇ ਬਾਵਾ ਬੁੱਧ ਸਿੰਘ ਦੀ ਸਾਹਿਤ ਅਤੇ ਜੀਵਨ ਪ੍ਰਤੀ ਸੈਕੂਲਰ ਪਹੁੰਚ ਦੇ ਬਹੁਤ ਜ਼ਿਆਦਾ ਪ੍ਰਸ਼ੰਸਕ ਹਾਂ। ਪਰ ‘ਚੰਦ੍ਰ ਹਰਿ’ ਬਾਰੇ ਆਪਣੀ ਰਾਏ ਨੂੰ ਨਾਟਕ ਦੀ ਟੈਕਸਟ ਤਕ ਮਹਿਦੂਦ ਰੱਖਦਿਆਂ ਅਸੀਂ ਕਹਿ ਸਕਦੇ ਹਾਂ ਕਿ ਬਾਵਾ ਬੁੱਧ ਸਿੰਘ ਦਾ ਇਹ ਪਹਿਲਾ ਨਾਟਕ ਬੇਸ਼ੱਕ ਪੰਜਾਬੀ ਭਾਸ਼ਾ ਦਾ ਵੀ ਪਹਿਲਾ ਮੌਲਿਕ ਨਾਟਕ ਹੈ।
ਅਤੇ ਭਾਵੇਂ ਇਹ ਧਾਰਮਿਕ ਜਾਂ ਸੰਪਰਦਾਇਕ ਰੰਗਣ ਤੋਂ ਕੋਹਾਂ ਦੂਰ ਹੈ ਪਰ ਇਹ ਸਮਾਜਿਕ ਜਾਂ ਨੈਤਿਕ ਜ਼ਿੰਮੇਵਾਰੀ ਨਾਲ ਲਿਖੀ ਗਈ ਰਚਨਾ ਪ੍ਰਤੀਤ ਨਹੀਂ ਹੁੰਦੀ।
ਇਸ ਨਾਟਕ ਦਾ ਧਾਰਮਿਕ ਸੰਕੀਰਣਤਾ ਤੋਂ ਉੱਚਾ ਹੋਣ ਨੂੰ ਹੀ ਕੁੱਲ ਪ੍ਰਾਪਤੀ ਮੰਨ ਕੇ ਇਸ ਨੂੰ ਬਹੁਤਾ ਮਹੱਤਵਪੂਰਨ ਨਹੀਂ ਕਿਹਾ ਜਾ ਸਕਦਾ। ਇਹ ਉਸ ਸਮੇਂ ਦੇ ਪ੍ਰਸੰਗ ਵਿੱਚ ਸਾਹਿਤ ਦਾ ਇੱਕ ਇੱਛਿਤ ਗੁਣ ਤਾਂ ਮੰਨਿਆ ਜਾ ਸਕਦਾ ਹੈ ਪਰ ਇਸ ਗੁਣ ਨਾਲ ਹੀ ਰਚਨਾ ਆਪਣੇ ਰੂਪਾਕਾਰ ਅਤੇ ਮੰਤਵ ਵਿੱਚ ਕੋਈ ਮਹਾਨਤਾ ਗ੍ਰਹਿਣ ਨਹੀਂ ਕਰ ਜਾਂਦੀ। ਭਾਵੇਂ ਸਾਗਰ ਬਾਵਾ ਬੁੱਧ ਸਿੰਘ ਦੇ ਸਮੁੱਚੇ ਸਾਹਿਤਿਕ ਰੋਲ ਤੋਂ ਪ੍ਰਭਾਵਿਤ ਹੋ ਕੇ ਉਸਦੀ ਭਰਪੂਰ ਪ੍ਰਸੰਸਾ ਕਰਦਾ ਹੈ ਪਰ ਕਿਸੇ ਲੁਕਵੇਂ ਢੰਗ ਨਾਲ ਸਾਡੀ ਗੱਲ ਨੂੰ ਸਵੀਕਾਰ ਵੀ ਕਰਦਾ ਦਿੱਸਦਾ ਹੈ : “ਭਾਵੇਂ ਇਹ ਨਾਟਕ ਮੰਚਣ ਦੇ ਬਹੁਤਾ ਅਨੁਕੂਲ ਨਹੀਂ, ਪਰ ਇਸ ਵਿੱਚ ਰੰਗਮੰਚ ਪ੍ਰਤੀ ਖਿੱਚ ਸਪੱਸ਼ਟ ਨਜ਼ਰ ਆਉਂਦੀ ਹੈ।” (ਪੰਜਾਬੀ ਨਾਟਕ ਦਾ ਇਤਿਹਾਸ ਪੰਨਾ 38) ਇੱਥੇ ਇਹ ਕਹਿਣਾ ਵੀ ਉਚਿਤ ਹੈ ਕਿ ਇਹ ਨਾਟਕ ਸੰਪਰਦਾਇਕ ਪੱਖਪਾਤ ਤੋਂ ਵੀ ਪੂਰੀ ਤਰ੍ਹਾਂ ਮੁਕਤ ਨਹੀਂ ਹੈ। ਦੂਜੇ ਨਾਟ ਦੀ ਛੇਵੀਂ ਝਾਕੀ ਦੇ ਆਰੰਭ ਵਿੱਚ ਚਮਨ ਲਾਲ ਅਤੇ ਦਾਸ ਰਾਮ ਦੇ ਸੰਵਾਦ ਦੇਖੋ।
ਪਰ ਵੱਡੀ ਸਾਰਥਕ ਗੱਲ ਇਹ ਹੈ ਕਿ ਬਾਵਾ ਬੁੱਧ ਸਿੰਘ ਪਹਿਲਾ ਐਸਾ ਨਾਟਕਕਾਰ ਹੈ ਜਿਸ ਦੇ ਮਨ ਵਿੱਚ ਨਾਟਕ ਹੀ ਨਹੀਂ, ਰੰਗਮੰਚ ਵੀ ਹੈ। ਬਦਕਿਸਮਤੀ ਨਾਲ ਉਸਦੇ ਸਾਹਮਣੇ ਰੰਗਮੰਚ ਦਾ ਮਾਡਲ ਪਾਰਸੀ ਥੀਏਟਰ ਵਾਲਾ ਹੈ ਜੋ ਉਸ ਸਮੇਂ ਪ੍ਰਚਲਿਤ ਸੀ। ਇਹ ਉਹ ਸਮਾਂ ਹੈ ਜਦੋਂ ਨੋਰਾ ਰਿਚਰਡਜ਼ ਅਜੇ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਦ੍ਰਿਸ਼ ਵਿੱਚ ਸ਼ਾਮਲ ਨਹੀਂ ਸੀ ਹੋਈ। ਬਾਵਾ ਬੁੱਧ ਸਿੰਘ ਆਪਣੇ ਸਿਧਾਂਤ ਨੂੰ ਉਲੀਕਣ ਸਮੇਂ ਨਾਟਕ ਵਿੱਚ ਜੋ ਸਥਾਨ ਮਨੋਰੰਜਨ ਨੂੰ ਦੇ ਰਿਹਾ ਹੈ ਉਸ ਨਾਲ ਅਸੀਂ ਪੂਰੀ ਤਰ੍ਹਾਂ ਸਹਿਮਤ ਹਾਂ ਪਰ ਇਹ ਮਨੋਰੰਜਨ ਉਸਦੀ ਟੈਕਸਟ ਵਿਚ ਪਹੁੰਚ ਕੇ ਬਹੁਤ ਭੜਕੀਲਾ ਅਤੇ ਅਸ਼ਿਸ਼ਟ ਰੂਪ ਧਾਰ ਲੈਂਦਾ ਹੈ।
ਨਾਟਕ ‘ਚੰਦ੍ਰ ਹਰਿ’ ਵਿੱਚ ਪਾਰਸੀ ਰੰਗਮੰਚ ਵਾਂਗ ਬਹੁਤ ਜ਼ਿਆਦਾ ਗਾਣਿਆਂ ਦੀ ਭਰਮਾਰ ਹੈ ਜਿਨ੍ਹਾਂ ਦਾ ਮਕਸਦ ਫੂਹੜ ਕਿਸਮ ਦਾ ਦਿਲ ਪਰਚਾਵਾ ਹੀ ਹੈ, ਵਿਸ਼ੇ ਦੀ ਕੋਈ ਗੰਭੀਰਤਾ ਨਜ਼ਰ ਨਹੀਂ ਆਉਂਦੀ ਅਤੇ ਕਾਮ-ਉਕਸਾਊ ਦ੍ਰਿਸ਼ਾਂ ਅਤੇ ਬੋਲੀ ਦੀ ਠੁੱਲ੍ਹੀ ਵਰਤੋਂ ਹੈ। ਇਸਦਾ ਕਦਾਚਿਤ ਇਹ ਅਰਥ ਨਹੀਂ ਕਿ ਸਾਰਾ ਪਾਰਸੀ ਥੀਏਟਰ ਫਜ਼ੂਲ ਹੈ। ਸੱਚ ਇਹ ਹੈ ਕਿ ਪਾਰਸੀ ਥੀਏਟਰ ਨੇ ਸਾਨੂੰ ਰੰਗਮੰਚ ਦੀ ਬੇਜੋੜ ਸਮਝ ਸਿਖਾਈ ਹੈ। ਸਾਨੂੰ ਯੂਰਪੀਨ ਰੰਗਮੰਚ ਦੇ ਸਾਰੇ ਭੌਤਿਕ ਸਭਿਆਚਾਰ ਨਾਲ ਪਾਰਸੀ ਥੀਏਟਰ ਨੇ ਪਰਿਚਿਤ ਕਰਵਾਇਆ : ਸੀਨੀਅਮ ਸਟੇਜ, ਬੈਕਡਰਾਪ, ਬਾਕੀ ਪਰਦੇ, ਪੱਛਮੀ ਫਰਨੀਚਰ, ਮਕਾਨਕੀ ਜੁਗਤਾਂ ਤੇ ਰੰਗਮੰਚ ਦੇ ਵਿਸ਼ੇਸ਼ ਪ੍ਰਭਾਵ। ਇਹ ਵੀ ਸੱਚ ਹੈ ਕਿ ਪਾਰਸੀ ਥੀਏਟਰ ਵਿੱਚ ਕੰਮ ਕਰਨ ਵਾਲੇ ਕੁਝ ਨਾਟਕਕਾਰਾਂ ਨੇ ਬੇਹਤਰੀਨ ਨਾਟਕ ਵੀ ਲਿਖੇ। ਬਲਵੰਤ ਗਾਰਗੀ ਆਗਾ ਹਸ਼ਰ ਦੇ ਹੀ ਆਖ਼ਰੀ ਉਮਰ ਦੇ ਨਾਟਕਾਂ ਦੀ ਗੱਲ ਕਰਦਿਆਂ ਲਿਖਦਾ ਹੈ “ਉਸਦੀ ਕਲਾ ਪਕੇਰੀ ਹੋ ਗਈ, ਗੀਤਾਂ ਦੀ ਸ਼ੈਲੀ ਨਿੱਖਰ ਆਈ ਅਤੇ ਉਸਦੀ ਬਹੁਤ ਖੜਕਵੀਂ ਵਰਤਾਲਾਪ, ਤੁਕਬੰਦੀ, ਹਸਾਉਣੀਆਂ (ਕੌਮਿਕ ਸੀਨ) ਤੇ ਫਾਲਤੂ ਗੀਤ ਝੜ ਗਏ। ‘ਆਂਖ ਕਾ ਨਸ਼ਾ’ ਇੱਕ ਰੰਡੀ ਦੇ ਧੋਖੇ ਤੇ ਫਰੇਬ ਦੀ ਕਹਾਣੀ ਹੈ। ਇਸ ਵਿੱਚ ਰੰਡੀ ਦੇ ਕੋਠੇ ਦੇ ਦ੍ਰਿਸ਼ ਬੜੇ ਯਥਾਰਥਕ ਹਨ। ਪਾਤਰ ਬਹੁਪੱਖੇ ਅਤੇ ਚੰਗੀ ਤਰ੍ਹਾਂ ਘੜੇ ਹੋਏ ਹਨ। ਵਾਰਤਾਲਾਪ ਵਿੱਚ ਲੋਹੜੇ ਦੀ ਖਿੱਚ ਹੈ। ਉਸਦਾ ਆਖਰੀ ਨਾਟਕ ‘ਰੁਸਤਮ ਓ ਸੁਹਰਾਬ’ ਮਨੁੱਖੀ ਵੇਗਾਂ ਦਾ ਬੜਾ ਭਰਵਾਂ ਨਾਟਕ ਹੈ। ਇਸ ਵਿੱਚ ਪਿਤਾ-ਪੁੱਤਰ ਦੇ ਸਹਾਈ ਤੇ ਵਿਰੋਧੀ ਰਿਸ਼ਤੇ ਨੂੰ ਦਰਸਾਇਆ ਗਿਆ ਹੈ। ਇਹ ਅਚੇਤ ਮਨ ਦੀਆਂ ਭਾਵਨਾਵਾਂ ਅਤੇ ਆਪਣੀ ਔਲਾਦ ਨੂੰ ਪ੍ਰਫੁੱਲਤ ਦੇਖਣ ਅਤੇ ਉਸਨੂੰ ਨਾਸ਼ ਕਰਨ ਦੀ ਗੁੱਝੀ ਇੱਛਾ ਦਾ ਬੜਾ ਡੂੰਘਾ ਦੁਖਾਂਤ ਹੈ। ਇਸ ਦੀ ਸ਼ੈਲੀ ਜ਼ੋਰਦਾਰ, ਵਾਰਤਾਲਾਪ ਸੁਥਰੀ, ਕਾਰਜ ਤਿੱਖਾ ਅਤੇ ਦ੍ਰਿਸ਼ ਬੜੀ ਸੁਚੱਜਤਾ ਨਾਲ ਤਰਾਸ਼ੇ ਹੋਏ ਹਨ।” ਪਰ ਹੌਲੀ-ਹੌਲੀ ਇਹ ਥੀਏਟਰ ਅਜਿਹੀ ਸਥਿਤੀ ਵਿੱਚ ਚਲਾ ਗਿਆ ਸੀ ਕਿ ਹਿੰਦੀ ਵਿੱਚ ਭਾਰਤੇਂਦੁ ਹਰੀਸ਼ਚੰਦਰ ਨੂੰ ਇਹ ਗੱਲ ਕਹਿਣੀ ਪਈ ਕਿ ਜੇ ਹਿੰਦੀ ਵਿੱਚ ਆਧੁਨਿਕ ਨਾਟ ਅਤੇ ਰੰਗਮੰਚ ਨੂੰ ਉਸਾਰਨਾ ਹੈ ਤਾਂ ਹਰ ਹੀਲੇ ਪਾਰਸੀ ਨਾਟਕ ਦੇ ਪ੍ਰਭਾਵ ਵਿੱਚੋਂ ਬਾਹਰ ਨਿਕਲਣਾ ਪਵੇਗਾ। ਇਸੇ ਲਈ ਉਸਨੇ ਇੰਦਰ ਸਭਾ ਦਾ ਨਾਟਕ ‘ਬਾਂਦਰ ਸਭਾ’ ਲਿਖਿਆ। ਗਾਰਗੀ ਪਾਰਸੀ ਰੰਗਮੰਚ ਬਾਰੇ ਇਸ ਨਤੀਜੇ ‘ਤੇ ਪਹੁੰਚਦਾ ਹੈ ਕਿ, “ਪਾਰਸੀ ਰੰਗਮੰਚ ਵਿੱਚ ਨਰੋਈ ਭੜਕ ਤੇ ਤਗੜੀ ਨਾਟਕੀ ਸੂਝ ਸੀ : ਸਾਰੇ ਭਾਰਤ ਵਿੱਚ ਕੋਈ ਅਜਿਹਾ ਇਲਾਕਾ ਨਹੀਂ ਸੀ ਜਿਸਦੇ ਨਾਟਕਾਂ ਉੱਤੇ ਇਸਦਾ ਪ੍ਰਭਾਵ ਨਾ ਪਿਆ ਹੋਵੇ।”
ਬਾਵਾ ਬੁੱਧ ਸਿੰਘ ਉੱਤੇ ਪਾਰਸੀ ਥੀਏਟਰ ਦਾ ਪ੍ਰਭਾਵ ਤਾਂ ਜ਼ਰੂਰ ਪਿਆ ਪਰ ਉਸਦੇ ਨਾਟਕ ‘ਚੰਦ੍ਰ ਹਰਿ’ ਵਿੱਚ ਸਿਰਫ਼ ਭੜਕ ਹੈ; ਨਰੋਆਪਨ ਨਹੀਂ ਹੈ। ਜਿਵੇਂ ਡਾਕਟਰ ਹਰਿਭਜਨ ਸਿੰਘ ਭਾਟੀਆ ਦੇ ਵਿਚਾਰ ਅਨੁਸਾਰ “ਉਸਦੀ ਆਲੋਚਨਾ ਗਲਪ ਰਸ ਨਾਲ ਭਰਪੂਰ ਹੈ।” ਇਵੇਂ ਹੀ ਸਾਡੀ ਰਾਏ ਵਿੱਚ ਉਸਦਾ ਪ੍ਰਥਮ ਨਾਟਕ ਅਤਿਨਾਟਕੀਅਤਾ ਦਾ ਸ਼ਿਕਾਰ ਹੈ। ਨਾਟਕੀ ਸੂਝ ਤੇ ਉਸਦੀ ਤਗੜਾਈ ਦੀ ਤਾਂ ਕਿਸੇ ਜ਼ੁਬਾਨ ਦੇ ਪਹਿਲੇ ਨਾਟਕ ਤੋਂ ਤਵੱਕੋ ਹੋਣੀ ਹੀ ਨਹੀਂ ਚਾਹੀਦੀ। ਬਾਵਾ ਆਪਣੀ ਭੂਮਿਕਾ ਵਿੱਚ ਲਿਖਦਾ ਹੈ: “ਕੋਈ ਭੋਜਨ ਬਿਨਾਂ ਲੂਣ, ਮਿਰਚ, ਮਸਾਲੇ ਦੇ ਚੰਗਾ ਨਹੀਂ ਹੁੰਦਾ, ਕਾਮ ਦੇਓ ਦਾ ਝਲਕਾਰ ਤੇ ਪਿਆਰ ਦਾ ਲਿਸ਼ਕਾਰ ਇਕ ਗ੍ਰੰਥ ਨੂੰ ਸਵਾਦਲਾ ਬਣਾਉਣ ਲਈ ਲੋੜੀਂਦਾ ਏ। ਇਕ ਬੁਰਾਈ ਨੂੰ ਰੋਕਣ ਦੇ ਦੋ ਰਾਹ ਨੇ, ਇਕ ਏਹ, ਬੁਰਾਈ ਦੇ ਵਿਰੁੱਧ ਉਪਦੇਸ਼, ਪਰ ਏਹਦਾ ਅਸਰ ਘੱਟ ਏ। ਦੂਜਾ, ਬੁਰਾਈ ਦਾ ਫ਼ੋਟੋ ਖਿੱਚ ਕੇ ਸਾਮਨੇ ਰੱਖ ਦੇਨਾ : ਪਰਤੱਖ ਦਖਾਨਾ ਕਿ ਬੁਰਾਈ ਦਾ ਅੰਤ ਕੀ ਏ, ਏਸ ਦਾ ਅਸਰ ਝੱਟ ਹੁੰਦਾ ਏ।” ਜੇਕਰ ਅਸੀਂ ਇਸ ਵਿਚਾਰ ਨੂੰ ਉਸਦੇ ਹੀ ਨਾਟਕ ‘ਤੇ ਲਾਗੂ ਕਰੀਏ ਤਾਂ ਵੀ ਸਾਡੇ ਹੱਥ-ਪੱਲੇ ਕੁਝ ਵੀ ਨਹੀਂ ਆਉਂਦਾ। ਸਾਡੇ ਲਈ ਇਸ ਨਾਟਕ ਨੂੰ ਸਵਸਥ ਸਾਹਿਤ ਦੇ ਘੇਰੇ ਵਿੱਚ ਲਿਆਉਣਾ ਵੀ ਸੰਭਵ ਪ੍ਰਤੀਤ ਨਹੀਂ ਹੁੰਦਾ। ਜੇ ਸਾਡੇ ਸਮਾਜ ਵਿੱਚ ਏਨੇ ਸਾਰੇ ਲੋਕਾਂ ਦੀ ਮਾਨਸਿਕਤਾ ਏਸ ਹੱਦ ਤਕ ਨਿੱਘਰ ਚੁੱਕੀ ਹੈ ਜਿਸ ਹੱਦ ਤਕ ਉਹ ਨਾਟਕ ‘ਚੰਦ ਹਰਿ’ ਵਿੱਚ ਦਿਖਾਈ ਗਈ ਹੈ ਤਾਂ ਹੋਰ ਵੀ ਜ਼ਰੂਰੀ ਹੈ ਕਿ ਸਾਹਿਤਕਾਰ ਇਸ ਨੂੰ ਯਥਾਰਥ ਦੇ ਨਾਂ ‘ਤੇ ਪਰੋਸਣ ਦੀ ਬਜਾਇ ਕਲਾਤਮਕ ਵਿਧੀਆ ਦੀ ਵਰਤੋਂ ਕਰੇ ਅਤੇ ਇਸਦਾ ਟੈਕਸਟ ਦੇ ਅੰਦਰ ਵਿਰੋਧ ਸਿਰਜੇ ਨਾ ਕਿ ਬਾਹਰ।
ਇਸੇ ਤਰ੍ਹਾਂ ਡਾਕਟਰ ਹਰਿਭਜਨ ਸਿੰਘ ਭਾਟੀਆ ‘ਪੰਜਾਬੀ ਸਾਹਿਤ ਆਲੋਚਨਾ ਦਾ ਇਤਿਹਾਸ’ ਵਿੱਚ ਲਿਖਦਾ ਹੈ: “ ਬਾਵਾ ਜੀ ਦੀ ਕਵਿਤਾ ਵਿੱਚ ਮੁਲਕ ਨੂੰ ਗ਼ੁਲਾਮੀ ਦੀ ਕੈਦ ਵਿੱਚੋਂ ਮੁਕਤ ਕਰਨ ਦੀ ਤਾਂਘ ਸਤਹ ਉੱਪਰ ਦਿਖਾਈ ਦੇਂਦੀ ਹੈ। ਉਸ ਆਪਣੀ ਸ਼ਾਇਰੀ ਵਿੱਚ ਮੁਲਕ ਦੀ ਆਜ਼ਾਦੀ ਲਈ ਵਿੱਦਿਆ ਦੇ ਪ੍ਰਚਾਰ ਤੇ ਪ੍ਰਸਾਰ ਅਤੇ ਆਰਥਿਕ ਪ੍ਰਗਤੀ ਉੱਤੇ ਬਲ ਤਾਂ ਦਿੱਤਾ ਹੀ, ਨਾਲ ਹੀ ਕੱਟੜਤਾ ਅਤੇ ਸੰਪਰਦਾਇਕਤਾ ਦਾ ਤਕੜਾ ਵਿਰੋਧ ਵੀ ਕੀਤਾ। ਉਸਦੀ ਨਾਟ-ਰਚਨਾ (ਚੰਦ੍ਰ ਹਰਿ’, ‘ਮੁੰਦਰੀ ਛਲ’, ‘ਨਾਰ ਨਵੇਲੀ’ ਅਤੇ ‘ਦਾਮਨੀ’) ਪਿੱਛੇ ਵੀ ਉਸਦਾ ਮੂਲ ਪ੍ਰਯੋਜਨ “ਪੰਜਾਬੀ ਬੋਲੀ ਦੀ ਪ੍ਰਫੁੱਲਤਾ” ਜਾਂ “ਪੰਜਾਬੀ ਬੋਲੀ ਦੇ ਵਾਧੇ” ਦਾ ਸੀ। ਨਾਲ ਹੀ ਨਾਲ ਉਹ ਸਮੇਂ ਦਾ ਹਾਲ ਦੱਸ, ਸੋਸਾਇਟੀ ਦੀ ਫੋਟੋ ਖਿੱਚ, ਇਕ ਇਤਿਹਾਸ ਦਾ ਕੰਮ ਕਰਨਾ ਸਾਹਿਤ ਦਾ ਉਦੇਸ਼ ਮਿੱਥਦਾ ਸੀ। ਪੰਜਾਬੀ ਬੋਲੀ ਦਾ ਵਿਕਾਸ ਜਾਂ ਉਸਨੂੰ ਸੰਪਰਦਾਇਕ ਲੀਹਾਂ ਉੱਪਰ ਪ੍ਰਫੁਲੱਤ ਕਰਨਾ ਉਸਦੀ ਮਨਸ਼ਾ ਵਿੱਚ ਸ਼ਾਮਲ ਨਹੀਂ ਸੀ। ‘ਚੰਦ੍ਰ ਹਰਿ’ ਨਾਟਕ ਦੀ ਭੂਮਿਕਾ ਵਿੱਚ ਉਸ ਆਪਣਾ ਪੈਂਤੜਾ ਸਪੱਸ਼ਟ ਕਰਦੇ ਹੋਏ ਹੀ ਇਹ ਲਿਖਿਆ ਕਿ “ਜੋ ਲੋਕ ਹੀਰ ਵਾਰਿਸ ਸ਼ਾਹ ਆਦਿ ਪੰਜਾਬੀ ਕਿੱਸਿਆ ਨੂੰ ਮੰਦਾ ਕਹਾਂਦੇ ਤੇ ਬਾਹਰਮੁਖੀ ਧਾਰਮਿਕ ਤੇ ਰੀਫ਼ਾਰਮਰ ਬਣ ਮੂੰਹ ਚੜ੍ਹਾਂਦੇ ਹਨ, ਸ਼ੋਕ ਹੈ ਉਹ ਆਪਣੀ ਬੋਲੀ ਦੇ ਗੁਨਾਂ ਦੇ, ਘਾਟਿਆਂ ਦੇ ਜਾਨੂੰ ਨਹੀਂ, ਅਜੇਹੇ ਗ੍ਰੰਥ ਈ ਬੋਲੀ ਵਧਾਂਦੇ ਨੇ।” ਉਸ ਇਹ ਵੀ ਲਿਖਿਆ ਕਿ “ਪੰਜਾਬੀ ਬੋਲੀ ਦਾ ਸਜਾਨਾ ਕੋਈ ਧਾਰਮਿਕ ਵਿਸ਼ਾ ਨਹੀਂ, ਏਸ ਕੰਮ ਨੂੰ ਧਮ ਨਾਲੋਂ ਅੱਡ ਰੱਖਣਾ ਈ ਚੰਗਾ ਏ।
ਜਦ ਧਰਮ ਨਾਲ ਏਸ ਦਾ ਰਤੀ ਵੀ ਸਨਬੰਧ ਹੋਯਾ ਤਾਂ ਬੱਸ ਪੰਜਾਬੀ ਦਾ ਕਾਲ ਆਯਾ” (ਪੰਨਾ 34-35) ਅਸੀਂ ਸਿਧਾਂਤਕ ਤੌਰ ‘ਤੇ ਡਾਕਟਰ ਭਾਟੀਆ ਅਤੇ ਬਾਵਾ ਬੁੱਧ ਸਿੰਘ ਦੋਹਾਂ ਦੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਸਾਡੀ ਅਸਹਿਮਤੀ ਦਾ ਬਿੰਦੂ ਸਿਰਫ਼ ਇਹ ਹੈ ਕਿ ਇਹ ਉਹ ਗੱਲਾਂ ਹਨ ਜਿਹੜੀਆਂ ਬਾਵਾ ਬੁੱਧ ਸਿੰਘ ਨੇ ਆਪਣੀ ਭੂਮਿਕਾ ਵਿੱਚ ਲਿਖੀਆਂ ਹਨ ਅਤੇ ਜਿਹੜੀਆਂ ਉਸਦੇ ਸਮੁੱਚੇ ਸਾਹਿਤ ਮਾਡਲ ਉੱਤੇ ਵੀ ਢੁੱਕਦੀਆਂ ਹਨ। ਪਰੰਤੂ ਉਸਦਾ ਨਾਟਕ ‘ਚੰਦ੍ਰ ਹਰਿ’ ਇਕ ਵੱਖਰੇ ਸੁਭਾਅ ਵਾਲੀ ਨਾਟ-ਰਚਨਾ ਹੈ। ਅਸੀਂ ਬਾਵਾ ਬੁੱਧ ਸਿੰਘ ਦੀ ਪੰਜਾਬੀ ਸਾਹਿਤ ਅਤੇ ਸਮਾਲੋਚਨਾ ਨੂੰ ਦਿੱਤੀ ਦੇਣ ਤੋਂ ਵਾਕਿਫ਼ ਹਾਂ ਅਤੇ ਉਸਦੀ ਗੈਰ ਫ਼ਿਰਕੂ ਵਿਚਾਰਧਾਰਾ ਦੀ ਕਦਰ ਕਰਦਿਆਂ ਵੀ ਕਹਿਣਾ ਚਾਹੁੰਦੇ ਹਾਂ ਕਿ ‘ਚੰਦ੍ਰ ਹਰਿ’ ਕਾਮ ਉਕਸਾਊ ਮਨੋਰੰਜਨ ਦਾ ਲਖਾਇਕ ਹੈ। ਇਸ ਨਾਟਕ ਦੀ ਭੂਮਿਕਾ ਦੇ ਉਲਟ ਨਾਟਕ ਦੇ ਪਾਠ ਵਿੱਚ ਕਿਧਰੇ ਵੀ ਕੋਈ ਸਮਾਜਿਕ ਜਾਂ ਨੈਤਿਕ ਸੰਦੇਸ਼ ਨਹੀਂ ਲੱਭਦਾ। ਇਹ ਨਾਟਕ ਕਿਸੇ ਵੀ ਮਨੁੱਖ ਦੇ ਧੁਰ ਅੰਦਰ ਲੁਕੇ ਕਾਮ ਦੇ ਭਾਵ ਨੂੰ ਨਿਮਨਤਮ ਪੱਧਰ ‘ਤੇ ਜਾ ਕੇ ਬਿਆਨਣ ਦੀ ਇੱਛਾ ਹੈ। ਜੇਕਰ ਅਜਿਹਾ ਨਾ ਹੁੰਦਾ ਤਾਂ ਨੋਰਾ ਰਿਚਰਡਜ਼ ਨਿਸਚਿਤ ਤੌਰ ‘ਤੇ ਉਨ੍ਹਾਂ ਦਿਨਾਂ ਵਿੱਚ ਇਸ ਨਾਟਕ ਨੂੰ ਖੇਡਣ ਜਾਂ ਨਾਟਕਕਾਰ ਨਾਲ ਕੋਈ ਨਵੇਂ ਨਾਟਕ ਲਿਖਣ ਦਾ ਰਾਬਤਾ ਪੈਦਾ ਕਰਨ ਦੀ ਕੋਸ਼ਿਸ਼ ਕਰਦੀ। ਇਸਦੇ ਉਲਟ ਨੋਰਾ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਸੈਕੂਲਰ ਹੋਣ ਲਈ ਸਪਰੂ ਹੋਣਾ ਜ਼ਰੂਰੀ ਨਹੀਂ ਹੁੰਦਾ। ਉਹ ਸੰਪਰਦਾਇਕਤਾ ਦੀ ਝੋਲੀ ਵਿੱਚੋਂ ਨਿਕਲਣ ਲਈ ਸਪਰੂ ਦੇ ਕੰਧਾੜੇ ਨਹੀਂ ਚੜ੍ਹਦੀ। ਬਾਵਾ ਬੁੱਧ ਸਿੰਘ ਦੀਆਂ ਨਾਟਕੀ ਟੈਕਸਟ ਤੋਂ ਬਾਹਰ ਲਿਖੀਆਂ ਗੱਲਾਂ ਨੰਦਾ ਦੇ ਮੁੱਢਲੇ ਨਾਟਕਾਂ ਉੱਤੇ ਜ਼ਿਆਦਾ ਢੁੱਕਦੀਆਂ ਹਨ। ਉਸਨੇ ਸਥਾਨਕ ਸਮੱਸਿਆਵਾਂ ਨੂੰ ਢੁੱਕਵੀਂ ਬੋਲੀ ਅਤੇ ਮੁਹਾਵਰੇ ਦੀ ਵਰਤੋਂ ਕਰਦਿਆਂ, ਸਟੀਕ ਪਾਤਰਾਂ ਨੂੰ ਸਿਰਜਦਿਆਂ, ਅਤੇ ਦਰਸ਼ਕਾਂ ਦੀ ਰੁਚੀ ਨੂੰ ਟੁੰਬਦਿਆਂ ਤੇ ਸਮੱਸਿਆ ਦੇ ਆਧਾਰ ਨਾਲ ਵੀ ਜੋੜੀ ਰੱਖਦਿਆਂ ਸਾਰੀ ਸਮੱਗਰੀ ਨੂੰ ਇਕ ਯਥਾਰਥਵਾਦੀ ਸੰਰਚਨਾ ਵਿੱਚ ਢਾਲਣ ਦੀ ਸਿੱਖਿਆ ਦਿੱਤੀ। ਨੋਰਾ ਨੇ ਸੰਸਕ੍ਰਿਤ ਅਤੇ ਪਾਰਸੀ ਥੀਏਟਰ ਦੇ ਇਨ੍ਹਾਂ ਪ੍ਰਾਪਤ ਮਾਡਲਾਂ ਨੂੰ ਤਿਆਗਦਿਆਂ ਇਕ ਨਵਾਂ ਮਾਡਲ ਸਿਰਜਿਆ ਜਿਸ ਵਿੱਚ ਸੰਸਕ੍ਰਿਤ ਨਾਟਕ ਦਾ ਠਹਿਰਾਵ, ਲੇਡੀ ਗਰੈਗਰੀ ਦੇ ਨਾਲ-ਨਾਲ ਪਾਰਸੀ ਰੰਗਮੰਚ ਦਾ ਸ਼ਲੀਲ ਮਨੋਰੰਜਨ, ਆਇਰਿਸ਼ ਰੰਗਮੰਚ ਦਾ ਸਮਾਜੀ ਸਰੋਕਾਰ ਅਤੇ ਇਬਸਨ ਦੇ ਰੰਗਮੰਚ ਦੀ ਬਣਤਰ ਦਾ ਸਹਿਜ ਸਮਾਵੇਸ਼ ਸੀ। ਨੋਰਾ ਨੇ ਸਾਡੇ ਰੰਗਮੰਚ ਨੂੰ ਜਿਨ੍ਹਾਂ ਸਥਿਤੀਆਂ ਵਿਚੋਂ ਬਾਹਰ ਕੱਢਿਆ ਉਸਦਾ ਉਸਨੇ ਆਪਣੀ ਪੁਸਤਕ ‘ਪਲੇ ਰਾਈਟਿੰਗ ਐਂਡ ਪਲੇ ਮੇਕਿੰਗ’ ਵਿੱਚ ਜ਼ਿਕਰ ਕੀਤਾ ਹੈ। ਉਸ ਸਥਿਤੀ ਦਾ ਬਲਰਾਜ ਸਾਹਨੀ ਦੀ ਇਸ ਟਿੱਪਣੀ ਤੋਂ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ: “ਉਸ ਜ਼ਮਾਨੇ ਦੇ ਨਾਟਕ ਦਾ ਹਾਲ ਵੀ ਬੁਰਾ ਹੀ ਸੀ। ਪੇਸ਼ੇਵਰ ਕੰਪਨੀਆਂ ਦੇ ਕੀਤੇ ਨਾਟਕਾਂ ਦਾ ਸਭਿਆਚਾਰਕ ਸਤਰ ਓਨਾ ਹੀ ਗਿਰਿਆ ਹੋਇਆ ਸੀ ਜਿੰਨਾ ਕਿ ਬਦਕਿਸਮਤੀ ਨਾਲ ਕੁਝ ਸਾਲਾਂ ਤੋਂ ਸਾਡੀਆਂ ਫਿਲਮਾਂ ਦਾ ਗਿਰ ਰਿਹਾ ਹੈ। ਉਨ੍ਹਾਂ ਦਾ ਮੰਤਵ ਕਲਾਤਮਕ ਨਹੀਂ ਸੀ, ਸਿਰਫ਼ ਪੈਸਾ ਕਮਾਉਣਾ ਸੀ। ਉਨ੍ਹਾਂ ਦਾ ਭਾਵ ਤੇ ਢੰਗ ਦੋਨੋਂ ਘਟੀਆ ਸਨ। ਇਨ੍ਹਾਂ ਨੂੰ ਲਿਖਣ ਵਾਲਿਆਂ ਨੂੰ ਪੈਸੇ ਦੀਆਂ ਮਜਬੂਰੀਆਂ ਨੇ ਸਾਹਿਤਿਕ ਵੇਸਵਾ ਬਣਾ ਦਿੱਤਾ ਸੀ। ਸ਼ਿੰਗਾਰ ਰਸ ਨੂੰ ਛੱਡ ਕੇ ਉਹਨਾਂ ਨੂੰ ਆਪਣੇ ਬਜ਼ੁਰਗਾਂ ਦੁਆਰਾ ਦੱਸੇ ਸਾਰੇ ਰਸ ਭੁੱਲ ਚੁੱਕੇ ਸਨ।” ਅਸੀਂ ਪੂਰੀ ਸੁਹਿਰਦਤਾ ਨਾਲ ਇਹ ਕਹਿਣਾ ਚਾਹੁੰਦੇ ਹਾਂ ਕਿ ਨੋਰਾ ਨੇ ਪੰਜਾਬੀ ਨਾਟਕ ਨੂੰ ਸਾਹਿਤਕ ਵੇਸਵਾਗਮਨੀ ਤੋਂ ਬਚਾਇਆ ਹੈ।
ਸਾਡਾ ਇਹ ਵੀ ਵਿਸ਼ਵਾਸ ਹੈ ਕਿ ਪੰਜਾਬੀ ਨਾਟਕ ਦੇ ਵਿਕਾਸ ਦਾ ਮਸਲਾ ਸੰਸਕ੍ਰਿਤ ਨਾਟਕ ਦੇ ਮਾਡਲ ਨਾਲ ਹੱਲ ਹੋਣ ਵਾਲਾ ਨਹੀਂ ਸੀ। ਭਾਈ ਵੀਰ ਸਿੰਘ ਅਤੇ ਬ੍ਰਿਜ ਲਾਲ ਸ਼ਾਸਤਰੀ ਨੇ ਉਸ ਮਾਡਲ ਵਿੱਚ ਆਪਣੇ ਨਾਟਕ ਲਿਖੇ ਪਰ ਉਹ ਸਟੇਜ ਨਹੀਂ ਹੋ ਸਕੇ। ਕਿਰਪਾ ਸਾਗਰ ਦੀ ਗੱਲ ਅਸੀਂ ਕਦੇ ਫੇਰ ਕਰਾਂਗੇ ਕਿਉਂਕਿ ਉਸਦੇ ਨਾਟਕ ਇਤਿਹਾਸ ਆਧਾਰਿਤ ਹਨ। ਸੰਸਕ੍ਰਿਤ ਨਾਟਕ ਨੂੰ ਪੰਜਾਬ ਦੀ ਮਾਨਸਿਕਤਾ ਦੀ ਤੁਲਨਾ ਵਿੱਚ ਰੱਖਿਆ ਜਾਵੇ ਤਾਂ ਕੁਝ ਗੱਲਾਂ ਸਹਿਜ ਸੁਭਾਅ ਹੀ ਸਪੱਸ਼ਟ ਹੋ ਜਾਣਗੀਆਂ। ਪਹਿਲੀ ਇਹ ਕਿ ਸੰਸਕ੍ਰਿਤ ਦਾ ਨਾਟਕ ਹਰ ਹਾਲਤ ਵਿੱਚ ਸੁਖਾਂਤ ਹੈ, ਉਸਦਾ ਅੰਤ ਸੁਖਦਾਈ ਹੋਣਾ ਲਾਜ਼ਮੀ ਹੈ। ਦੂਜੀ ਗੱਲ ਇਹ ਕਿ ਉਸ ਵਿਚਲਾ ਨਾਇਕ ਬਹੁਤ ਪ੍ਰਬਲ ਹੈ। ਉਸਦਾ ਵਿਰੋਧ ਕਰਨ ਵਾਲਾ ਕੋਈ ਵਿਅਕਤੀ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਜਾਂ ਤਾਂ ਉਹ ਮਹਾਂ ਭਾਰਤ ਜਾਂ ਰਮਾਇਣ ਦਾ ਕੋਈ ਵਿਸ਼ਿਸ਼ਟ ਪਾਤਰ ਹੈ ਤੇ ਜਾਂ ਫੇਰ ਕੋਈ ਰਾਜਾ ਜਾਂ ਮਹਾਰਾਜਾ। ਉਸਦਾ ਸਪੱਸ਼ਟ ਪ੍ਰਤੀਨਾਇਕ ਨਹੀਂ ਹੁੰਦਾ ; ਇਹ ਤੱਤ ਕਿਸੇ ਦੇ ਭੁੱਲਣ, ਕੁਝ ਗਵਾਚਣ ਜਾਂ ਭੁਲੇਖਾ ਲੱਗਣ, ਮੂਰਛਿਤ ਹੋਣ ਆਦਿ ਨਾਲ ਹੀ ਸੰਬੰਧਿਤ ਹੋ ਸਕਦਾ ਹੈ। ਇਸ ਪਿੱਛੇ ਇਹ ਫ਼ਲਸਫ਼ਾ ਕੰਮ ਕਰ ਰਿਹਾ ਹੈ ਕਿ ਨਾਇਕ ਉੱਤੇ ਰੱਬੀ ਬਖ਼ਸ਼ਿਸ਼ ਹੈ ਇਸ ਲਈ ਉਸਦਾ ਵਿਰੋਧ ਕੋਈ ਵਿਅਕਤੀ ਕਰ ਹੀ ਨਹੀਂ ਸਕਦਾ। ਪੰਜਾਬ ਦੀ ਮਾਨਸਿਕਤਾ ਵਿੱਚ ਵੀ ਰੱਬ ਦਾ ਬਹੁਤ ਵੱਡਾ ਸਥਾਨ ਹੈ ਪਰ ਇਸਦੇ ਇਤਿਹਾਸ ਵਿੱਚ ਪ੍ਰਤੀਨਾਇਕ ਦਾ ਸਥਾਨ ਵੀ ਘੱਟ ਨਹੀਂ ਹੈ ਜਿਸਨੂੰ ਪੰਜਾਬ ਨੇ ਹਮੇਸ਼ਾਂ ਆਪਣੇ ਪਿੰਡੇ ‘ਤੇ ਹੰਢਾਇਆ ਹੈ। ਹਿੰਦੁਸਤਾਨ ਉੱਤੇ ਹੋਇਆ ਲੱਗਪਗ ਹਰ ਹਮਲਾ ਪੰਜਾਬ ਦੇ ਰਾਹੀਂ ਹੋਇਆ ਅਤੇ ਪੰਜਾਬ ਨੇ ਇਨ੍ਹਾਂ ਹਮਲਾਵਰਾਂ ਦੇ ਪ੍ਰਤੀਨਾਇਕੀ ਚਿਹਰੇ ਨੂੰ ਚੰਗੀ ਤਰ੍ਹਾਂ ਦੇਖਿਆ ਹੋਇਆ ਹੈ ਅਤੇ ਉਹ ਇਨ੍ਹਾਂ ਨਾਲ ਨਿਰੰਤਰ ਯੁੱਧ ਵਿੱਚ ਰਿਹਾ ਹੈ। ਪੰਜਾਬ ਦੇ ਨਾਇਕ ਆਮ ਤੌਰ ‘ਤੇ ਮਹਾਂ ਭਾਰਤ ਅਤੇ ਰਮਾਇਣ ਵਿੱਚੋਂ ਨਹੀਂ ਨਿਕਲਦੇ। ਇਸ ਸਥਿਤੀ ਵਿੱਚ ਸੰਸਕ੍ਰਿਤ ਨਾਟਕ ਆਪਣੇ ਸਮੁੱਚ ਵਿੱਚ ਪੰਜਾਬ ਦੇ ਨਾਟਕ ਦੀ ਅਗਵਾਈ ਨਹੀਂ ਕਰ ਸਕਦਾ। ਪਰ ਇਹ ਗੱਲ ਪਾਰਸੀ ਥੀਏਟਰ ਦੇ ਸੰਦਰਭ ਵਿੱਚ ਵੀ ਓਨੀ ਹੀ ਸੱਚੀ ਹੈ। ਜੇ ਸੰਸਕ੍ਰਿਤ ਨਾਟਕ ਨਾਟਕੀ ਸੁਭਾਅ ਪੱਖੋਂ ਇੱਕ ਸਿਰਾ ਹੈ ਤਾਂ ਪਾਰਸੀ ਨਾਟਕ ਦੂਸਰਾ। ਫਿਰ ਵੀ ਇਹ ਸੱਚ ਹੈ ਕਿ ਪੰਜਾਬੀ ਨਾਟਕ ਹਮੇਸ਼ਾਂ ਪਾਰਸੀ ਥੀਏਟਰ ਨਾਲੋਂ ਸੰਸਕ੍ਰਿਤ ਥੀਏਟਰ ਦੇ ਵਧੇਰੇ ਨਜ਼ਦੀਕ ਰਿਹਾ ਹੈ। ਸਪਰੂ ਥੀਏਟਰ ਅਨੇਕਾਂ ਸਾਲਾਂ ਬਾਅਦ ਪੈਦਾ ਹੋਇਆ ਅਪਵਾਦ ਜ਼ਰੂਰ ਹੈ, ਪਰ ਉਹ ਥੀਏਟਰ ਦਿੱਲੀ ਦੇ ਵਪਾਰੀ-ਵਰਗ ਦੀਆਂ ਦਿਲ ਪਰਚਾਵੇ ਦੀਆਂ ਲੋੜਾਂ ਹੀ ਪੂਰ ਰਿਹਾ ਸੀ। ਇਹ ਸ਼੍ਰੇਣੀ ਸਮੁੱਚੇ ਪੰਜਾਬ ਦੀ ਪ੍ਰਤੀਨਿਧਤਾ ਨਹੀਂ ਕਰਦੀ। ਇਸੇ ਲਈ ਸਪਰੂ ਥੀਏਟਰ ਆਪਣੀ ਮੌਤੇ ਮਰ ਗਿਆ। ਫਿਰ ਵੀ ਜੇਕਰ ਕੋਈ ਉਸ ਦੇ ਮਹੱਤਵ ਨੂੰ ਸਵੀਕਾਰ ਕਰਨ ਦੀ ਜ਼ਿੱਦ ਕਰਨਾ ਚਾਹੇ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਸਪਰੂ ਲਹਿਰ ਦਾ ਇਕ ਵੀ ਨਾਟਕ ਪੰਜਾਬੀ ਨਾਟਕ-ਸਾਹਿਤ ਦੇ ਇਤਿਹਾਸ ਦਾ ਅੰਗ ਨਹੀਂ ਬਣ ਸਕਿਆ।
6
ਬ੍ਰਿਜ ਲਾਲ ਸ਼ਾਸਤਰੀ, ਕਿਰਪਾ ਰਾਮ ਸਾਗਰ ਅਤੇ ਹੋਰ ਨਾਟਕਕਾਰਾਂ ਦੇ ਯਤਨ ਵੀ ਨਿਸਚਿਤ ਤੌਰ ‘ਤੇ ਸ਼ਲਾਘਾਯੋਗ ਹਨ ਖਾਸ ਤੌਰ ‘ਤੇ ਉਸ ਦੌਰ ਵਿੱਚ ਜਦੋਂ ਉਨ੍ਹਾਂ ਨੇ ਇਹ ਨਾਟਕ ਲਿਖੇ। ਪਰ ਜਿਸ ਤਰ੍ਹਾਂ ਨੋਰਾ ਪੰਜਾਬੀ ਨਾਟਕ ਨੂੰ ਰੰਗਮੰਚ ਨਾਲ ਵੀ ਜੋੜ ਗਈ ਉਸਨੇ ਸਾਡੇ ਰਾਹ ਨੂੰ ਬਹੁਤ ਸੁਖਾਲਾ ਬਣਾ ਦਿੱਤਾ। ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਬਾਵਾ ਬੁੱਧ ਸਿੰਘ ਦੀ ਅਸਲ ਪ੍ਰਾਪਤੀ ਇਹ ਹੈ ਕਿ ਉਸਨੇ ਆਪਣੀ ਬਾਅਦ ਦੀ ਨਾਟ-ਯਾਤਰਾ ਵਿੱਚ ਨੋਰਾ ਦੇ ਮਾਡਲ ਤੋਂ ਹੀ ਪ੍ਰੇਰਨਾ ਲਈ ਅਤੇ ‘ਦਾਮਨੀ’ (1930) ਤਕ ਪੁੱਜਦਿਆਂ ਇਸ ਨੂੰ ਪੂਰੀ ਤਰ੍ਹਾਂ ਅਪਣਾ ਲਿਆ। ਇਸ ਬਾਰੇ ਥੋੜ੍ਹੇ ਜੇਹੇ ਵਿਸਤਾਰ ਵਿੱਚ ਗੱਲ ਕਰਨੀ ਬਣਦੀ ਹੈ। ‘ਚੰਦ੍ਰ ਹਰਿ’ 1909 ਵਿੱਚ ਛਪਿਆ ਸੀ ਜਦੋਂ ਕਿ ਬਾਵਾ ਬੁੱਧ ਸਿੰਘ ਦਾ ਦੂਸਰਾ ਨਾਟਕ ‘ਮੁੰਦਰੀ ਛਲ’ 1927 ਵਿੱਚ ਪ੍ਰਕਾਸ਼ਿਤ ਹੋਇਆ। ਇਸ ਦੌਰਾਨ ਭਾਵੇਂ ਬ੍ਰਿਜ ਲਾਲ ਸ਼ਾਸਤਰੀ (‘ਪੂਰਨ’-1920) ਅਤੇ ਲਾਲਾ ਕਿਰਪਾ ਸਾਗਰ ਦੇ ਨਾਟਕ (‘ਰਣਜੀਤ ਸਿੰਘ-1923) ਵੀ ਛਪ ਕੇ ਸਾਹਮਣੇ ਆ ਚੁੱਕੇ ਸਨ ਅਤੇ ਉਨ੍ਹਾਂ ਤੋਂ ਪਹਿਲਾਂ ਇੱਕਾ-ਦੁੱਕਾ ਨਾਟਕ ਲਿਖਣ ਵਾਲੇ ਨਾਟਕਕਾਰ ਦ੍ਰਿਸ਼ ਤੋਂ ਦੂਰ ਹੋ ਗਏ ਸਨ, ਪਰ ਆਈ.ਸੀ.ਨੰਦਾ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਥਾਪਿਤ ਕਰ ਚੁੱਕਾ ਸੀ। 1913 ਵਿੱਚ ਉਸਦਾ ‘ਸੁਹਾਗ’, 1914 ਵਿੱਚ ‘ਬੇਬੇ ਰਾਮ ਭਜਨੀ’ ਅਤੇ 1920 ਵਿੱਚ ‘ਸੁਭੱਦਰਾ’ ਆ ਚੁੱਕਾ ਸੀ। ਇਨ੍ਹਾਂ ਤਿੰਨਾਂ ਨਾਟਕਾਂ ਉੱਤੇ ਨੋਰਾ ਰਿਚਰਡਜ਼ ਦੇ ਰੰਗ-ਮਾਡਲ ਦੀ ਪੱਕੀ ਮੁਹਰ ਸੀ। ਇਸ ਸੰਦਰਭ ਵਿੱਚ ਜਦੋਂ ਅਸੀਂ ਬਾਵਾ ਬੁੱਧ ਸਿੰਘ ਦੇ ਨਾਟਕ ‘ਮੁੰਦਰੀ ਛਲ’ (1927) ਨੂੰ ਗਹੁ ਨਾਲ ਦੇਖਦੇ ਹਾਂ ਤਾਂ ਇਸ ਨਤੀਜੇ ‘ਤੇ ਪਹੁੰਚਦੇ ਹਾਂ ਕਿ ਨਾਟਕਕਾਰ ਇਸ ਵਿੱਚ ਪਾਰਸੀ ਅਤੇ ਨੰਦਾ ਦੇ ਥੀਏਟਰ ਨੂੰ ਮਿਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਾਰਸੀ ਰੰਗਮੰਚ ਦੇ ਗੀਤ-ਗਾਣੇ ਕਾਇਮ ਹਨ ; ਸਗੋਂ ਪਰਾਸਰੀਰਿਕ ਤੱਤ ਵੀ ਸ਼ਾਮਲ ਹੋ ਗਏ ਹਨ। ਪਰ ਇਸਦੇ ਉਲਟ ਕਾਮ-ਉਕਸਾਊ ਤੱਤ ਪੂਰੀ ਤਰ੍ਹਾਂ ਗ਼ਾਇਬ ਹੋ ਚੁੱਕਾ ਹੈ। ‘ਚੰਦ੍ਰ ਹਰਿ’ ਦੇ ਸਾਰੇ ਚੁੰਮਣ, ਕਾਮੁਕ ਆਲਿੰਗਣ ਅਤੇ ਮਰਦ ਤੇ ਇਸਤ੍ਰੀ ਦਾ ਇਕੱਠਿਆਂ ਲੇਟਣ ਵਾਲੇ ਦ੍ਰਿਸ਼ ਵੀ ਪੂਰੀ ਤਰ੍ਹਾਂ ਗ਼ਾਇਬ ਹਨ; ਬੋਲੀ ਦੀ ਲੱਚਰਤਾ ਵੀ ਨਹੀਂ ਹੈ। ਜੇਕਰ ਸਾਰੇ ਨਾਟਕ ਵਿੱਚ ਇਸਤਰੀਆਂ ਅਤੇ ਮਰਦਾਂ ਦੀਆਂ ਦੋ ਗਲਵਕੜੀਆਂ ਸੁਝਾਈਆਂ ਗਈਆਂ ਹਨ ਤਾਂ ਉਹ ਪਤੀ ਅਤੇ ਪਤਨੀ ਦੇ ਰਿਸ਼ਤੇ ਦੇ ਵਿਚਕਾਰ ਹੀ ਹਨ। ਇੱਕ ਹੋਰ ਸਾਰਥਕ ਤਬਦੀਲੀ ਇਹ ਹੈ ਕਿ ਨਾਟਕ ਦਾ ਵਿਸ਼ਾ ਸਪੱਸ਼ਟ ਰੂਪ ਵਿੱਚ ਆਪਣੀ ਪਛਾਣ ਵੱਲ ਵਧਦਾ ਲੱਗਦਾ ਹੈ। ਇਸ ਤੋਂ ਵੀ ਵਧੇਰੇ ਉਲੀਕਣ ਵਾਲੀ ਗੱਲ ਇਹ ਹੈ ਕਿ ਇਸ ਨਾਟਕ ਵਿੱਚ ਨੰਦਾ ਅਤੇ ਆਇਰਲੈਂਡ ਦੇ ਨਾਟਕਾਂ ਦੀ ਤਰ੍ਹਾਂ ਔਰਤ ਦੀਆਂ ਸੰਵੇਦਨਾਵਾਂ, ਦਰਦ ਅਤੇ ਪ੍ਰਸਥਿਤੀਆਂ ਨੂੰ ਉੱਭਰਵਾਂ ਸਥਾਨ ਮਿਲਿਆ वै।
ਬਾਵਾ ਬੁੱਧ ਸਿੰਘ ਆਪਣੇ ਅਗਲੇ ਨਾਟਕ ‘ਨਾਰ ਨਵੇਲੀ’ (1928) ਵਿੱਚ ਹੋਰ ਅੱਗੇ ਵਧਦਾ ਹੈ ਅਤੇ ਔਰਤ ਦੇ ਥੀਮ ਨੂੰ ਅਗਾਂਹ ਤੋਰਦਾ ਹੈ। ਉਹ ਪੱਛਮੀ ਸਭਿਆਚਾਰ ਦੇ ਪ੍ਰਭਾਵ ਦੇ ਮੁਕਾਬਲੇ ਪੂਰਬੀ ਸ਼ੈਲੀ ਵਿੱਚ ਜਿਉਣ ਵਾਲੇ ਮਰਦਾਂ ਅਤੇ ਵਿਸ਼ੇਸ਼ ਕਰਕੇ ਔਰਤਾਂ ਦੇ ਹੱਕ ਵਿੱਚ ਨਾਅਰਾ ਲਾਉਂਦਾ ਹੈ। ਪਰ ਗਿਆਨ, ਚੇਤਨਾ ਅਤੇ ਤਰਕ ਦੀ ਦ੍ਰਿਸ਼ਟੀ ਤੋਂ ਪੱਛਮ ਨੂੰ ਤਰਜੀਹ ਵੀ ਦੇਂਦਾ ਹੈ। ਉਸਨੇ ਪੱਛਮੀ ਅਤੇ ਪੂਰਬੀ ਸਭਿਆਚਾਰ ਦੀਆਂ ਵਿਲੱਖਣਤਾਵਾਂ, ਸੁਮੇਲ ਅਤੇ ਵਿਰੋਧ ਦੇ ਪ੍ਰਸ਼ਨ ਨੂੰ ਜਿਸ ਵਿਆਪਕ ਪੱਧਰ ‘ਤੇ ਉਠਾਇਆ ਹੈ ਉਹ ਪ੍ਰਸੰਸਾਯੋਗ ਹੈ ਅਤੇ ਇਸ ਰਚਨਾ ਨੂੰ ਇਕ ਅਹਿਮ ਸਥਾਨ ਪ੍ਰਦਾਨ ਕਰਦਾ ਹੈ। ਉਸਦੇ ਪਾਤਰ ਰਾਜਨੀਤੀ, ਇਤਿਹਾਸ ਅਤੇ ਅਰਥ-ਵਿਵਸਥਾ ਬਾਰੇ ਬੜੀਆਂ ਸਾਰਥਕ ਗੱਲਾਂ ਕਰਦੇ ਹਨ ਭਾਵੇਂ ਉਸਦੀਆਂ ਸੰਪਰਦਾਇਕ ਸਦਭਾਵ ਬਾਰੇ ਕੀਤੀਆਂ ਕੁਝ ਗੱਲਾਂ ਖ਼ਾਮ-ਖ਼ਿਆਲੀ ਵੀ ਕਹੀਆਂ ਜਾ ਸਕਦੀਆਂ ਹਨ । ਪਰ ਮੰਚ ਦੀ ਵਿਹਾਰਕ ਸੂਝ ਨਾ ਹੋਣ ਕਾਰਨ ਇਸ ਨਾਟਕ ਨੂੰ ਉਸ ਪ੍ਰਕਾਰ ਦਾ ਚੁਸਤ ਸੰਪਾਦਨ ਅਤੇ ਤਣਾਉ ਦੀ ਸੰਘਣੀ ਅਤੇ ਤਿੱਖੀ ਹੁੰਦੀ ਜਾਂਦੀ ਗਤੀ ਨਹੀਂ ਮਿਲ ਸਕੀ ਜਿਹੜੀ ਨੰਦਾ ਦੇ ਨਾਟਕਾਂ ਵਿੱਚ ਦੇਖੀ ਜਾ ਸਕਦੀ ਹੈ। ਇਸ ਨਾਟਕ ਦੀ ਆਖ਼ਰੀ ਝਾਕੀ ਵਿੱਚ ਮੰਚੀ ਲੋੜਾਂ ਦੀ ਪੂਰੀ ਤਰ੍ਹਾਂ ਅਣਦੇਖੀ ਹੋਈ ਹੈ ਅਤੇ ਇਹ ਦ੍ਰਿਸ਼ ਸਾਧਾਰਨ ਮੰਚੀ ਸੁਵਿਧਾਵਾਂ ਵਿੱਚ ਨਹੀਂ ਖੇਡਿਆ ਜਾ ਸਕਦਾ ਹਾਲਾਕਿ ‘ਚੰਦ੍ਰ ਹਰਿ’ ਨਾਟਕ ਦੀਆਂ 25 ਝਾਕੀਆਂ ਦੇ ਮੁਕਾਬਲੇ ਇਸ ਵਿੱਚ ਕੇਵਲ 3 ਝਾਕੀਆਂ/ ਅੰਕ ਹਨ।
ਇਸ ਲਈ ਅਸੀਂ ਸੁਖੈਨਤਾ ਨਾਲ ਕਹਿ ਸਕਦੇ ਹਾਂ ਕਿ ‘ਨਾਰ ਨਵੇਲੀ’ ਪੂਰਨ ਰੂਪ ਵਿੱਚ ਨੋਰਾ ਰਿਚਰਡਜ਼ ਦੇ ਰੰਗ-ਮਾਡਲ ਉੱਤੇ ਆਧਾਰਿਤ ਰਚਨਾ ਹੈ ; ਸਿਰਫ਼ ਮੰਚੀ ਸੂਝ ਦੀ ਕੁਝ ਘਾਟ ਹੈ ਜਿਸਨੂੰ ਇਕ ਵੱਡੀ ਹੱਦ ਤਕ ਬਾਵਾ ਬੁੱਧ ਸਿੰਘ ਆਪਣੇ ਆਖ਼ਰੀ ਨਾਟਕ ‘ਦਾਮਨੀ’ (1930) ਵਿੱਚ ਪੂਰਾ ਕਰਨ ਵਿੱਚ ਕਾਮਯਾਬ ਹੋ ਜਾਂਦਾ ਹੈ। ‘ਦਾਮਨੀ’ ਵਿੱਚ ਛੂਤਛਾਤ ਦੇ ਵਿਸ਼ੇ ਨੂੰ ਬੇਹੱਦ ਸਾਰਥਕ ਅਤੇ ਪ੍ਰਭਾਵੀ ਢੰਗ ਨਾਲ ਛੁਹ ਕੇ ਇੱਕ ਔਰਤ ਦੇ ਪ੍ਰਸੰਗ ਵਿੱਚ ਜਿੰਨੇ ਸ਼ਕਤੀਸ਼ਾਲੀ ਰੂਪ ਵਿੱਚ ਬਾਵਾ ਬੁੱਧ ਸਿੰਘ ਨੇ ਆਪਣੀ ਗੱਲ ਨੂੰ ਕਹਿਣ ਦਾ ਯਤਨ ਕੀਤਾ ਹੈ। ਉਹ ਸਾਡੇ ਇਸ ਵਿਚਾਰ ਦੀ ਪ੍ਰੋੜਤਾ ਕਰਦਾ ਹੈ ਕਿ ਨੋਰਾ ਰਿਚਰਡਜ਼ ਦਾ ਪ੍ਰਭਾਵ ਨੰਦਾ ਜਾਂ ਹਰਚਰਨ ਸਿੰਘ ਤਕ ਹੀ ਸੀਮਿਤ ਨਹੀਂ ਸੀ ਸਗੋਂ ਉਸਨੇ ਬਾਵਾ ਬੁੱਧ ਸਿੰਘ ਵਰਗੇ ਉਸ ਲੇਖਕ ਨੂੰ ਵੀ ਪਰੋਖ ਰੂਪ ਵਿੱਚ ਪ੍ਰਭਾਵਿਤ ਕੀਤਾ ਜਿਸਨੇ ਮੰਚ ਨਾਲ ਆਪਣਾ ਕੋਈ ਨਾਤਾ ਨਹੀਂ ਸੀ ਜੋੜਿਆ ਅਤੇ ਬਲਵੰਤ ਗਾਰਗੀ ਵਰਗੇ ਉਸ ਲੇਖਕ ਨੂੰ ਵੀ ਜਿਸਨੇ ਮੰਚ ਨੂੰ ਆਪਣੀ ਕਲਾ ਦਾ ਪ੍ਰਮੁੱਖ ਮਾਧਿਅਮ ਬਣਾਇਆ। ਬਾਵਾ ਬੁੱਧ ਸਿੰਘ ਦਾ ‘ਦਾਮਨੀ’ ਤਾਂ ਨੰਦੇ ਦੇ ਸਾਧਾਰਨ ਸਮਾਜਕ ਨਾਟਕਾਂ ਤੋਂ ਕਿਤੇ ਉਤਾਂਹ ਉੱਠ ਕੇ ਦਲਿਤ-ਵਿਰੋਧੀ ਸਭਿਆਚਾਰਕ ਰਾਜਨੀਤੀ ਦੇ ਕੌੜੇ ਸੱਚ ਨੂੰ ਹੈਰਾਨੀਜਨਕ ਸਸ਼ਕਤ ਢੰਗ ਨਾਲ ਉਜਾਗਰ ਕਰਦਾ ਹੈ। ਹਰਬੀਰ ਸਿੰਘ ਭੰਵਰ ਦੀ ਸੂਚਨਾ ਅਨੁਸਾਰ ਨੋਰਾ ਰਿਚਰਡਜ਼ ਨੇ ਆਪਣੀਆਂ ਸਰਗਰਮੀਆਂ ਦਾ ਵੇਰਵਾ ‘ਵੁੱਡਲੈਂਡਜ਼’ ਨਾਂ ਦੀ ਕਿਤਾਬਚੀ ਵਿੱਚ 1956 ਵਿੱਚ ਛਾਪਿਆ ਸੀ।
ਜਿਸਨੂੰ ਭੰਵਰ ਨੇ ਹਥਲੀ ਪੁਸਤਕ ਵਿੱਚ ਵੀ ਸ਼ਾਮਿਲ ਕੀਤਾ ਹੈ। ਉਸ ਅਨੁਸਾਰ ਨੋਰਾ ਰਿਚਰਡਜ਼ ਨੇ ਬਾਵਾ ਬੁੱਧ ਸਿੰਘ ਦੇ ਨਾਟਕ ‘ਦਲੇਰ ਕੌਰ’ ਦੀ 1918 ਵਿੱਚ ਰੀਹਰਸਲ ਸ਼ੁਰੂ ਕੀਤੀ ਸੀ ਜੋ ਕਿ ਉਸਨੂੰ ਫ਼ਲੂ ਹੋ ਜਾਣ ਕਰਕੇ ਜਾਰੀ ਨਹੀਂ ਰਹਿ ਸਕੀ। ਇਸ ਨਾਟਕ ਦੀ ਸਾਡੇ ਕੋਲ ਕੋਈ ਸੂਚਨਾ ਨਹੀਂ। ਹੋ ਸਕਦਾ ਹੈ ਕਿ ਇਹ
ਅਣਛਪਿਆ ਨਾਟਕ ਹੋਵੇ। ਇੱਥੇ ਇਹ ਲਿਖਣਾ ਵੀ ਮਹੱਤਵਪੂਰਨ ਹੈ ਕਿ ਸੰਨ 1918 ਵਿੱਚ ਹੀ ਨੋਰਾ ਨੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਕਸੌਲੀ ਵਿੱਚ ਇਕ ਕੈਂਪ ਲਾਇਆ ਜਿਸ ਵਿੱਚ ਉਸਨੇ ਦੋ ਨਾਟਕ ਲਿਖੇ: ‘ਭਾਰਤ ਵਰਸ਼’ ‘ਵਾਲਮੀਕੀ’। ਭਾਵੇਂ ‘ਦਾਮਨੀ’ ਦਾ ‘ਵਾਲਮੀਕੀ’ ਤੋਂ 10 ਸਾਲ ਬਾਅਦ ਵਿੱਚ ਲਿਖਿਆ ਜਾਣਾ ਮਹਿਜ਼ ਮੌਕਾ-ਮੇਲ ਹੀ ਹੋਵੇ ਪਰ ਇਹ ਗੱਲ ਤਾਂ ਸਪੱਸ਼ਟ ਹੈ ਕਿ ਹੌਲੀ-ਹੌਲੀ ਬਾਵਾ ਬੁੱਧ ਸਿੰਘ ਨੇ ਨੋਰਾ ਦੇ ਰੰਗ ਮਾਡਲ ਨੂੰ ਅਪਣਾ ਲਿਆ ਸੀ।
ਭਾਵੇਂ ਬਾਅਦ ਵਿੱਚ ਗਾਰਗੀ, ਸੇਠੀ, ਘੁੰਮਣ ਆਦਿਕ ਬਹੁਤ ਸਾਰੇ ਨਾਟਕਕਾਰ ਇਬਸਨੀ ਯਥਾਰਥਵਾਦ ਤੋਂ ਦੂਰ ਹੁੰਦੇ ਚਲੇ ਗਏ ਪਰ ਅਸੀਂ ਉਸ ਸਮੁੱਚੇ ਨਾਟਕ ਨੂੰ ਵੀ ਨੋਰਾ ਰਿਡਰਡਜ਼ ਦੇ ਵਿਚਾਰਾਂ ਦਾ ਹੀ ਵਿਸਤਾਰ ਮੰਨਾਂਗੇ ਕਿਉਂਕਿ ‘ਮੰਚ ਦਾ ਖਿਲਾੜੀ ਨੰਦਾ’ ਨਾਂ ਦੇ ਲੇਖ ਵਿੱਚ ਨੋਰਾ ਨੇ ਸਪੱਸ਼ਟ ਲਿਖਿਆ ਹੈ: “ਨੰਦਾ ਦਾ ਸਭ ਤੋਂ ਪਹਿਲਾ ਪੂਰਾ ਨਾਟਕ ‘ਸੁਭੱਦਰਾ’ ਹੈ ਜਿਹੜਾ ਸਮਾਜਕ ਲੀਹਾਂ ‘ਤੇ ਵਿਧਵਾ ਵਿਆਹ ਦੇ ਵਿਸ਼ੇ ਨੂੰ ਪੇਸ਼ ਕਰਦਾ ਹੈ, ‘ਲਿੱਲੀ ਦਾ ਵਿਆਹ’ ਲਿਖ ਕੇ ਨੰਦਾ ਨੇ ਨਵੀਆਂ ਲੀਹਾਂ ਉਕਰੀਆਂ, ‘ਲਿੱਲੀ ਦਾ ਵਿਆਹ’ ਇੱਕ ਚੋਟ ਹੈ ਅਤੇ ਵਾਸਤਵਿਕ ਜੀਵਨ ਨਾਲੋਂ ਵੀ ਵੱਧ ਸਫ਼ਲ ਹੈ। ਉਸ ਸਮੇਂ ਹਿੰਦੁਸਤਾਨੀ ਬਨਾਵਟੀ ਰੰਗਮੰਚ ਨੂੰ ਯਥਾਰਥਵਾਦ ਅਤੇ ਚੋਟ ਦੇ ਨਤੀਜਿਆਂ ਦੀ ਲੋੜ ਸੀ, ਤਾਂ ਜੋ ਓਪਰੀ ਬਨਾਵਟ ਦਾ ਰੋਗ ਭਾਰਤੀ ਸਟੇਜ ਨਾਲੋਂ ਲਹਿ ਜਾਵੇ। ਅੱਜ ਹਿੰਦੁਸਤਾਨੀ ਮੰਚ ਨੂੰ ਇਕ ਹੋਰ ਸਕੂਲ ਦੀ ਲੋੜ ਹੈ ਜਿਹੜੀ ਯਥਾਰਥਵਾਦ ਦੇ ਵਾਧੂ ਮਾਸ ਨੂੰ ਲਾਹ ਕੇ ਹੋਰ ਨਰੋਆ ਕਰ ਸਕੇ ਤਾਂ ਜੋ ਮੰਚ ਨੂੰ ਸੁਧਾਰਣ ਤੋਂ ਬਿਨਾਂ ਜ਼ਿੰਦਗ਼ੀ ਨੂੰ ਉਤਸ਼ਾਹ ਤੇ ਪ੍ਰੇਰਨਾ ਵੀ ਦੇ ਸਕੇ।” ਇਉਂ ਨੋਰਾ ਨਾ ਕੇਵਲ ‘ਲਿੱਲੀ ਦਾ ਵਿਆਹ’ (‘ਵਰ ਘਰ) ਨੂੰ ਯਥਾਰਥਵਾਦ ਤੋਂ ਅਗਲੇਰੇ ਸਮੇਂ ਦੀ ਰਚਨਾ ਮੰਨਦੀ ਹੈ ਬਲਕਿ ਭਵਿੱਖ ਦੇ ਨਾਟਕ ਨੂੰ ਵੀ ਮੰਚੀ ਯਥਾਰਥ ਦੀ ਇਸ ਸੰਕੀਰਣਤਾ ਵਿੱਚੋਂ ਬਾਹਰ ਨਿਕਲਣ ਦੀ ਗੱਲ ਕਹਿ ਰਹੀ ਹੈ। ਇਸਦਾ ਇਕ ਕਾਰਨ ਉਸਦਾ ਵਿਸ਼ਵ ਪ੍ਰਸਿੱਧ ਰੰਗਕਾਰ ਐਡਵਰਡ ਗੋਰਦਨ ਕਰੇਗ (1872-1966) ਨਾਲ ਸੰਬੰਧਿਤ ਹੋਣਾ ਵੀ ਹੋ ਸਕਦਾ ਹੈ। ਜਦੋਂ ਨੋਰਾ 1920 ਵਿੱਚ ਆਪਣੇ ਪਤੀ ਦੀ ਮੌਤ ਤੋਂ ਬਾਅਦ ਇੰਗਲੈਂਡ ਮੁੜ ਗਈ ਸੀ। ਤਾਂ ਉਸਨੇ 1923 ਵਿੱਚ ਐਲਬਰਟ ਵਿਕਟਰ ਮਿਊਜ਼ਿਅਮ ਵਿੱਚ ਇੰਟਰਨੈਸ਼ਨਲ ਥੀਏਟਰ ਐਗਜ਼ੀਬੀਸ਼ਨ ਦੇ ਪ੍ਰਬੰਧ ਸਮੇਂ ਗੋਰਦਨ ਕਰੇਗ ਦਾ ਸਾਥ ਦਿੱਤਾ ਸੀ ਤੇ ਫ਼ਿਰ ਅਗਲੇ ਵਰ੍ਹੇ ਫ਼ੋਰਮੈਨ ਕਾਲਜ ਲਾਹੌਰ ਵਿੱਚ ਗੋਰਦਨ ਕਰੇਗ ਨਾਲ ਮਿਲ ਕੇ ‘ਈਗਰ ਹਾਰਟ’ ਦਾ ਮੰਚਣ ਕੀਤਾ ਸੀ। ਕਰੇਗ ਵਾਸਤੇ ਰੰਗਮੰਚ ਇਕ ਪ੍ਰਤੀਕ ਹੈ। ਉਹ ਯਥਾਰਥ ਨੂੰ ਪ੍ਰਤੀਕ ਰਾਹੀਂ ਪ੍ਰਗਟਾਉਣਾ ਚਾਹੁੰਦਾ ਸੀ। ਇਸੇ ਲਈ ਮੰਚੀ ਬਿੰਬਾਂ, ਭਾਵਨਾਵਾਂ, ਰੋਸ਼ਨੀ ਪ੍ਰਭਾਵਾਂ ਨੂੰ ਉਹ ਵਧੇਰੇ ਮਹੱਤਵ ਦੇਂਦਾ ਹੈ। ਉਹ ਨਾਟਕ ਨੂੰ ਸੁਣਨ ਵਾਲੀ ਨਹੀਂ, ਦੇਖਣ ਵਾਲੀ ਕਲਾ ਮੰਨਦਾ ਸੀ। ਏਸੇ ਲਈ ਕਲਾਕਾਰਾਂ ਅਤੇ ਰੋਸ਼ਨੀਆਂ ਦੀ ਹਿਲਜੁਲ ਨੂੰ ਵੀ ਉਹ ਮਹੱਤਵ ਦੇਂਦਾ ਹੈ। ਜਦੋਂ ਨੋਰਾ ਯਥਾਰਥ ਦੇ ਵਾਧੂ ਮਾਸ ਨੂੰ ਲਾਹੁਣ ਦੀ ਗੱਲ ਕਰਦੀ ਹੈ ਤਾਂ ਗਾਰਗੀ ਅਤੇ ਬਾਅਦ ਦੇ ਪੰਜਾਬੀ ਨਾਟਕ ਨੂੰ ਦਿਸ਼ਾ ਦਿਖਾਉਂਦੀ ਹੈ।
ਕਈ ਵਾਰੀ ਨੋਰਾ ਅਤੇ ਨੰਦਾ ਉੱਤੇ ਰਾਜਸੀ ਤੌਰ ‘ਤੇ ਅਵੇਸਲੇ ਹੋਣ ਦਾ ਦੋਸ਼ ਵੀ ਲਾਇਆ ਜਾਂਦਾ ਹੈ। ਪਰ ਜਿਵੇਂ ਅਸੀਂ ਪਹਿਲਾਂ ਵੀ ਲਿਖ ਚੁੱਕੇ ਹਾਂ ਕਿ ਨੋਰਾ ਦੇ ਰੰਗ-ਮਾਡਲ ਵਿੱਚ ਸਮਾਜਿਕ ਅਨਿਆਂ ਦੇ ਵਿਰੁੱਧ ਬੋਲਣਾ ਹੀ ਉਸਦਾ ਸਭ ਤੋਂ ਵੱਡਾ ਰਾਜਸੀ ਕਾਰਜ ਹੈ। ਉਹ ਸਿੱਧ-ਪੱਧਰੇ ਰਾਜਸੀ ਨਾਟਕ ਲਿਖਣ ਵਾਲਿਆਂ ਬਾਰੇ ਬਲਵੰਤ ਗਾਰਗੀ ਨੂੰ ਕਹਿੰਦੀ ਹੈ, “ਕਲਾ ਕਿਸੇ ਰਾਜਸੀ ਪਾਲਿਸੀ ਦੀ ਪੱਖ-ਪਾਤ ਨਹੀਂ ਕਰਦੀ। ਇਸਦਾ ਕੋਈ ਮਜ਼੍ਹਬ ਨਹੀਂ ਭਾਵੇਂ ਇਸ ਵਿੱਚ ਟੁੰਬਣ ਵਾਲੀ ਸੁੰਦਰਤਾ ਤੇ ਸਮਾਜੀ ਚੇਤਨਾ ਹੈ। ਕਲਾ ਵਿੱਚੋਂ ਅਰਥ ਤੇ ਭਾਵ ਸ਼ਗੂਫ਼ੇ ਵਾਂਗ ਉੱਠਦੇ ਹਨ, ਇਸ ਦੀਆਂ ਟਹਿਣੀਆਂ ਉੱਤੇ ਲਟਕਾਏ ਨਹੀਂ ਜਾਂਦੇ। ਮੈਂ ਤੁਹਾਡੀ ਨਾਨੀ ਤੁਹਾਨੂੰ ਆਖ ਰਹੀ ਹਾਂ ਕਿ ਤੁਸੀਂ ਨਾਟ-ਮੰਦਰ ਦੀਆਂ ਘੰਟੀਆਂ ਤੇ ਢੋਲ ਵਜਾ ਕੇ ਲੋਕਾਂ ਨੂੰ ਇਕੱਠਾ ਕਰਦੇ ਹੋ ਅਤੇ ਫਿਰ ਉਨ੍ਹਾਂ ਨੂੰ ਕੋਈ ਸਿਆਸੀ ਪੈਗ਼ਾਮ ਸੁਣਾ ਦਿੰਦੇ ਹੋ। ਤੁਹਾਨੂੰ ਇਸ ਮੰਦਰ ਦਾ ਕੋਈ ਆਦਰ ਨਹੀਂ।”
ਰੰਗਮੰਚ ਨਿੱਤ ਵਿਗਸਣ ਦਾ ਨਾਂ ਹੈ ਅਤੇ ਪੰਜਾਬੀ ਨਾਟਕ ਅਤੇ ਮੰਚ ਦੇ ਨਿਕਾਸ ਅਤੇ ਵਿਕਾਸ ਦੀ ਕਹਾਣੀ ਵਿੱਚ ਨੋਰਾ ਰਿਡਰਡਜ਼ ਨਿਸਚੇ ਹੀ ਇਕ ਵਿਸ਼ੇਸ਼ ਸਥਾਨ ਰੱਖਦੀ ਹੈ। ਜਿਵੇਂ ਕਿ ਪਹਿਲਾਂ ਵੀ ਕਿਹਾ ਗਿਆ ਹੈ ਕਿ ਉਸਨੇ ਆਪਣੀਆਂ ਸਾਰੀਆਂ ਲਿਖਤਾਂ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਹਵਾਲੇ ਕਰ ਦਿੱਤੀਆਂ ਸਨ ਪਰ ਅਜੇ ਉਨ੍ਹਾਂ ਨੂੰ ਪੰਜਾਬੀ ਵਿੱਚ ਛਾਪਿਆ ਨਹੀਂ ਗਿਆ।
ਅੰਗਰੇਜ਼ੀ ਵਿੱਚ ਉਹ ਉਪਲਬਧ ਨਹੀਂ ਹਨ। ਜੇਕਰ ਪੰਜਾਬੀ ਯੂਨੀਵਰਸਟੀ ਨੇ ਇਸ ਕਾਰਜ ਨੂੰ ਪੂਰਾ ਕਰ ਦਿੱਤਾ ਤਾਂ ਨਿਸਚੈ ਹੀ ਨੋਰਾ ਦੀ ਪੰਜਾਬੀ ਰੰਗਮੰਚ ਅਤੇ ਨਾਟਕ ਵਾਸਤੇ ਨਿਭਾਈ ਇਤਿਹਾਸਿਕ ਭੂਮਿਕਾ ਹੋਰ ਵੀ ਨਿੱਖਰ ਕੇ ਸਾਡੇ ਸਾਹਮਣੇ ਆਵੇਗੀ ਤੇ ਪਤਾ ਲੱਗੇਗਾ ਕਿ ਇਸ ਬੀਬੀ ਨੇ ਸਾਨੂੰ ਕਿੱਡਾ ਵੱਡਾ ਅਤੇ ਡੂੰਘਾ ਆਧਾਰ ਦਿੱਤਾ ਹੈ।
ਡਾ. ਆਤਮਜੀਤ ਸਿੰਘ
47, ਸੈਕਟਰ 70, ਮੋਹਾਲੀ।
ਨਾਟਕ ਦੀ ਨਕੜਦਾਦੀ
-ਬਲਵੰਤ ਗਾਰਗੀ
ਜਦੋਂ ਮੈਂ ਦਾਖਿਲ ਹੋਇਆ ਤਾਂ ਉਹ ਭਰੂੰਗੜੀ ਉਤੇ ਪਈ ਸੀ। ਸਿਰਹਾਣੇ ਲੈਂਪ ਤੇ ਕਿਤਾਬਾਂ, ਛਾਤੀ ਉਤੇ ਪਿਨਸਲ ਤੇ ਕਾਪੀ, ਤੇ ਮੂੰਹ ਵਿਚ ਸੀਟੀ।
ਦਰਅਸਲ ਉਹ ਪਈ ਨਹੀਂ ਸੀ, ਬੈਠੀ ਸੀ। ਉਹ ਇਉ ਬੈਠੀ ਸੀ ਜਿਵੇਂ ਕੋਈ ਆਰਾਮ ਕੁਰਸੀ ਉਤੇ ਪਿਆ ਹੋਵੇ। ਪਸ਼ਮੀਨੇ ਦੀ ਹਲਕੀ ਪਤਲੀ ਚਾਦਰ ਤਾਣੀ, ਲੱਤਾਂ ਨਿਸਾਲੀ ਉਹ ਅੱਧ-ਪਈ ਅੱਧ-ਬੈਠੀ ਮੈਨੂੰ ਉਡੀਕ ਰਹੀ ਸੀ। ਚਾਦਰ ਵਿਚ ਸਲਵਟਾਂ ਪਈਆਂ ਸਨ ਤੇ ਇਹ ਸਲਵਟਾਂ ਉਸ ਦੀਆਂ ਬਾਹਵਾਂ ਦੀਆਂ ਝੁਰੜੀਆਂ ਤੇ ਗਲ ਦੇ ਮਾਸ ਦੀਆਂ ਤਹਿਆਂ ਵਿਚ ਗਵਾਚ ਗਈਆਂ ਸਨ। ਚਾਦਰ ਹੋਠੋਂ ਉਸ ਦੀਆਂ ਸੁੱਕੀਆਂ ਹੱਡੀਆਂ, ਠੰਢੀਆਂ ਲੱਤਾਂ ਤੇ ਖੋਖਲੀ ਛਾਤੀ ਦਿੱਸ ਰਹੀ ਸੀ। ਹਰ ਚੀਜ਼ ਅਹਿੱਲ ਤੇ ਠੰਢੀ ਸੀ, ਸਿਰਫ ਉਸ ਦੀਆਂ ਮਣਕਿਆਂ ਵਰਗੀਆਂ ਨੀਲੀਆਂ ਅੱਖਾਂ ਵਿਚ ਸੇਕ ਸੀ ਅਤੇ ਉਸ ਦਾ ਜ਼ਿਹਨ ਤੇਜ਼ ਕੰਮ ਕਰ ਰਿਹਾ ਸੀ।
ਮੈਂ ਦਾਖਿਲ ਹੋਇਆ ਤਾਂ ਉਸ ਨੇ ਪਈ-ਪਈ ਨੇ ਮੈਨੂੰ ਆਪਣੀ ਪੋਲੀ-ਪੋਲੀ ਬੁੱਕਲ ਵਿਚ ਲਿਆ ਤੇ ਆਖਿਆ, “ਬੜਾ ਚਿਰ ਲਾ ਕੇ ਆਇਆ ਹੈਂ ਤੂੰ?”
ਮੈਂ ਉਸ ਦੇ ਪੈਂਦੀ ਬੈਠ ਗਿਆ।
ਇਹ ਨੋਰਾ ਰਿਚਰਡਜ਼ ਸੀ ਜਿਸ ਨੇ 1914 ਵਿਚ ਪਹਿਲਾ ਪੰਜਾਬੀ ਨਾਟਕ ‘ਦੁਲਹਨ’ ਡਾਇਰੈਕਟ ਕੀਤਾ ਤੇ ਪੰਜਾਬੀ ਮੰਚ ਦੀ ਨੀਂਹ ਰੱਖੀ।
ਬੰਗਾਲੀ ਮੰਚ ਦਾ ਜਨਮਦਾਤਾ ਇਕ ਰੂਸੀ ਸੀ, ਮਿਸਟਰ ਲੈਬਿਡਫ। ਉਸ ਨੇ 1795 ਵਿਚ ਬੰਗਾਲੀ ਭਾਸ਼ਾ ਵਿਚ ਨਾਟਕ ਦਾ ਨਿਰਦੇਸ਼ਨ ਕੀਤਾ। ਨੋਰਾ ਆਇਰਲੈਂਡ ‘ਚ ਜੰਮੀ-ਪਲੀ ਤੇ ਉਥੋਂ ਦੀ ਨਾਟ-ਪਰੰਪਰਾ ਵਿਚ ਰਸੀ ਸੀ। ਉਸ ਦਾ ਪਤੀ ਪ੍ਰੋਫੈਸਰ ਆਈ. ਰਿਚਰਡਜ਼ 1911 ਵਿਚ ਦਿਆਲ ਸਿੰਘ ਕਾਲਜ ਵਿਚ ਅੰਗ੍ਰੇਜ਼ੀ ਪੜ੍ਹਾਉਣ ਲਈ ਲਾਹੌਰ ਆਇਆ। ਨੋਰਾ ਨੇ ਨੌਜਵਾਨ ਵਿਦਿਆਰਥੀਆਂ ਨੂੰ ਕਾਲਜਾਂ ਵਿਚ ਅੰਗ੍ਰੇਜ਼ੀ ਨਾਟਕ ਕਰਦੇ ਦੇਖਿਆ ਤਾਂ ਉਸ ਨੂੰ ਦੁੱਖ ਹੋਇਆ। ਉਸ ਦਾ ਵਿਸ਼ਵਾਸ ਸੀ ਕਿ ਪੰਜਾਬੀ ਲੋਕਾਂ ਨੂੰ ਅੰਗ੍ਰੇਜ਼ੀ ਵਿਚ ਨਹੀਂ, ਪੰਜਾਬੀ ਵਿਚ ਨਾਟਕ ਲਿਖਣੇ ਤੇ ਪੰਡਣੇ ਚਾਹੀਦੇ ਹਨ। ਉਹ ਵਿਦਿਆਰਥੀਆਂ ਨੂੰ ਨਾਟਕ ਰਚਣ ਤੇ ਖੇਡਣ ਦੀ ਬੱਲਾ ਸਿਖਾਉਣ ਲੱਗੀ। ਉਸ ਸਮੇਂ ਜਦੋਂ ਔਕਸਫੋਰਡ ਤੇ ਕੈਂਬਰਿਜ ਦੇ ਪੜ੍ਹੇ ਪ੍ਰੋਫੈਸਰ ਯੂਥ ਅੰਗ੍ਰੇਜ਼ੀ ਬੋਲਣ ਉਤੇ ਜ਼ੋਰ ਦਿੰਦੇ ਸਨ ਤੇ ਅੰਗ੍ਰੇਜ਼ੀ ਸੱਭਿਅਤਾ ਅਤੇ ਉਥੋਂ ਦੀ ਰਹਿਣੀ-ਬਹਿਣੀ ਦੀ ਨਕਲ ਕਰਨ ਲਈ ਆਖਦੇ ਸਨ, ਨੋਰਾ ਨੇ ਪੰਜਾਬੀ ਵਲਵਲ ਤੇ ਬੋਲੀ ਦੇ ਗੁਣਾਂ ਨੂੰ ਸਲਾਹਿਆ।
ਇਸ ਵੇਲੇ ਉਹ 88 ਸਾਲ ਦੀ ਹੈ। ਪ੍ਰੋਫੈਸਰ ਰਿਚਰਡਜ਼ ਨੂੰ ਮਰਿਆਂ ਮੁੱਦਤ ਹੈ। ਗਈ। ਨੋਰਾ ਆਪਣੇ ਪਤੀ ਦੀ ਯਾਦ ਵਿਚ 44 ਸਾਲਾਂ ਤੋਂ ਤਪੱਸਵੀ ਵਾਂਗ ਰਹਿ ਰਹੀ ਹੈ ਅਤੇ ਪਿਛਲੇ 50 ਸਾਲ ਤੋਂ ਪੰਜਾਬੀ ਨਾਟਕ ਅਤੇ ਗ੍ਰਾਮ-ਮੰਚ ਨਾਲ ਸੰਬੰਧਿਤ ਹੈ। ਅੱਜਕਲ੍ਹ ਉਹ ਕਾਂਗੜਾ ਵਾਦੀ ਦੇ ਅੰਦਰੇਟਾ ਪਿੰਡ ਵਿਚ ਰਹਿ ਰਹੀ ਹੈ। ਇਥੇ 15 ਏਕੜ ਜ਼ਮੀਨ ਵਿਚ ਉਸ ਨੇ ਨਿੱਕੀਆਂ-ਨਿੱਕੀਆਂ ਝੁੱਗੀਆਂ ਪਾਈਆਂ ਹਨ, ਇਕ ਖੁੱਲ੍ਹੇ ਵਾਯੂ-ਮੰਡਲ ਦਾ ਮੰਚ ਬਣਾਇਆ ਹੈ ਅਤੇ ਗਰਮੀਆਂ ਲਈ ਕਲਾਕਾਰਾਂ ਤੇ ਵਿਦਿਆਰਥੀਆਂ ਦੇ ਰਹਿਣ ਲਈ ਲਿੰਬੀਆਂ-ਪੋਚੀਆਂ ਫੂਸ ਦੀਆਂ ਕੁੱਲੀਆਂ ਉਸਾਰੀਆਂ ਹਨ। ਇਥੇ ਉਹ ਹੁਣ ਵੀ ਨਾਟ ਤਜਰਬੇ ਕਰਦੀ ਹੈ ਅਤੇ ਦੁਨੀਆਂ ਭਰ ਵਿਚ ਮਚਲ ਰਹੇ ਨਾਟ-ਅੰਦੋਲਨਾਂ ਦੀ ਸੂਹ ਰੱਖਦੀ ਹੈ।
ਪ੍ਰੋਫੈਸਰ ਆਈ. ਸੀ. ਨੰਦਾ ਤੇ ਪ੍ਰੋਫੈਸਰ ਜੈ ਦਿਆਲ ਉਸ ਦੇ ਸ਼ਿਸ਼ ਹਨ। ਪ੍ਰੋਫੈਸਰ ਜੈ ਦਿਆਲ ਦਾ ਸ਼ਿਸ਼ ਪ੍ਰਿਥਵੀ ਰਾਜ ਕਪੂਰ ਹੈ, ਪ੍ਰਿਥਵੀ ਰਾਜ ਕਪੂਰ ਦੇ ਮੰਚ ਉਤੇ ਉਸ ਦੇ ਪੁੱਤਰ ਰਾਜ ਕਪੂਰ ਅਤੇ ਰਾਜ ਕਪੂਰ ਦੇ ਪੁੱਤਰ ਡੱਬੂ ਦੋਹਾਂ ਨੇ ਪਾਰਟ ਕੀਤਾ। ਇਸ ਹਿਸਾਬ ਨਾਲ ਉਹ ਸਾਡੇ ਨਾਟ-ਕੋੜਮੇਂ ਦੀ ਨਕੜਦਾਦੀ ਹੈ।
ਭਰੂੰਗੜੀ ਉਤੇ ਪਈ ਨੋਰਾ ਆਪਣੇ ਨਾਟ-ਪੋਤਿਆਂ, ਪੜਪੋਤਿਆਂ ਦੀਆਂ ਬਿੜਕਾਂ ਲੈਂਦੀ ਹੈ। ਕਦੇ ਆਈ. ਸੀ. ਨੰਦਾ ਉਸ ਨੂੰ ਮਿਲਣ ਜਾਂਦਾ ਹੈ, ਕਦੇ ਪ੍ਰਿਥਵੀ ਰਾਜ ਕਪੂਰ ਉਸ ਦੇ ਇਸ਼ਾਰੇ ਉਤੇ ਬੰਬਈ ਤੋਂ ਦੌੜਦਾ ਹੈ, ਕਦੇ ਬਲਰਾਜ ਸਾਹਨੀ।
ਮੈਂ ਕਈ ਵਾਰ ਉਸ ਨੂੰ ਮਿਲਣ ਦੀਆਂ ਸਲਾਹਾਂ ਪਕਾਈਆਂ, ਪਰ ਹਰ ਵਾਰ ਕਿਸੇ ਫਜ਼ੂਲ ਜਿਹੇ ਕੰਮ ਕਰਕੇ ਰਹਿ ਗਿਆ। ਮੈਂ ਇਸ ਲਈ ਵੀ ਉਸ ਦੇ ਦਰਸ਼ਨ ਕਰਨਾ ਚਾਹੁੰਦਾ ਸਾਂ ਕਿ ਇਹ ਪੰਜਾਬੀ ਨਾਟ-ਬ੍ਰਿਛ ਦੀ ਮੁੱਢਲੀ ਜੜ੍ਹ ਕਿਤੇ ਸੁੱਕ ਹੀ ਨਾ ਜਾਵੇ। ਮੈਨੂੰ ਹਮੇਸਾਂ ਸੰਸਾ ਲੱਗਿਆ ਰਿਹਾ ਕਿ ਜਦ ਮੈਂ ਪਹੁੰਚਾਂਗਾ ਤਾਂ ਉਹ ਮਰ ਚੁੱਕੀ ਹੋਵੇਗੀ।
ਚਿੱਠੀ-ਪੱਤਰ ਕਰਕੇ ਮੈਂ ਸਮਾਂ, ਦਿਨ ਤੇ ਗੱਡੀ ਨੀਯਤ ਕਰ ਲਈ ਸੀ।
ਜਦ ਮੈਂ ਦਾਖਿਲ ਹੋਇਆ ਤਾਂ ਮੈਂ ਇਹ ਦੇਖ ਕੇ ਖੁਸ਼ ਸਾਂ ਕਿ ਉਹ ਜੀਊਂਦੀ- ਜਾਗਦੀ ਭਰੂੰਗੜੀ ਉਤੇ ਬੈਠੀ ਮੈਨੂੰ ਉਡੀਕ ਰਹੀ ਸੀ।
“ਤੇਰਾ ਸਾਮਾਨ ਕਿੱਥੇ ਹੈ ?” ਉਸ ਨੇ ਪੁੱਛਿਆ।
“ਹੇਠਾਂ।”
ਉਸ ਨੇ ਸੀਟੀ ਵਜਾਈ। ਉਸ ਦਾ ਵਫ਼ਾਦਾਰ ਨੌਕਰ ਸਾਲਗ ਰਾਮ ਆਇਆ ਤਾਂ ਉਸ ਨੇ ਟੁੱਟੀ-ਫੁੱਟੀ ਹਿੰਦੁਸਤਾਨੀ ਵਿਚ ਮੇਰੇ ਸਾਮਾਨ, ਮੇਰੀ ਕੋਠੜੀ, ਮੇਰ ਰਹਿਣ ਦੇ ਪ੍ਰਬੰਧ ਬਾਰੇ ਸਮਝਾਇਆ। ਇਸ ਪਿੱਛੋਂ ਨੌਕਰ ਚਲਾ ਗਿਆ।
ਉਸ ਨੇ ਫਿਰ ਸੀਟੀ ਵਜਾਈ। ਸਾਲਗ ਆਇਆ। ਉਹ ਬੋਲੀ, “ਕਾਫੀ ਲਿਆਓ ਗਰਮ-ਗਰਮ ! ਜਾਓ।”
ਮੈਂ ਉਸ ਨੂੰ ਆਪਣੇ ਸਫ਼ਰ ਬਾਰੇ ਦੱਸਣ ਲੱਗਾ ਤਾਂ ਉਸ ਨੇ ਹੱਥ ਦੇ ਇਸ਼ਾਰੇ ਨਾਲ ਰੋਕ ਦਿਤਾ ਤੇ ਆਖਣ ਲੱਗੀ, “ਮੈਨੂੰ ਕੰਨਾਂ ਤੋਂ ਸੁਣਦਾ ਨਹੀਂ। ਇਸ ਉਮਰ ਵਿਚ ਲੋਕਾਂ ਦੀਆਂ ਅੱਖਾਂ ਰਹਿ ਜਾਂਦੀਆਂ ਹਨ, ਮੇਰੇ ਕੰਨ ਰਹਿ ਗਏ ਹਨ। ਮੈਂ ਸਮਝਦੀ ਹਾਂ ਇਹ ਚੰਗਾ ਹੀ ਹੋਇਆ। ਇਸ ਨਾਲ ਮਨ ਵਿਚ ਸ਼ਾਂਤੀ ਰਹਿੰਦੀ ਹੈ ਕਿਉਂਕਿ ਬਹੁਤੇ ਲੋਕਾਂ ਦੀਆਂ ਬਹੁਤੀਆਂ ਫਜ਼ੂਲ ਗੱਲਾਂ ਨਹੀਂ ਸੁਣਨੀਆਂ ਪੈਂਦੀਆਂ। ਪ੍ਰਿਥਵੀ ਰਾਜ ਕਪੂਰ ਨੇ ਮੈਨੂੰ ਆਖਿਆ ਸੀ, ਸੁਣਨ ਵਾਲਾ ਯੰਤਰ ਲਵਾ ਦੇਵਾਂ। ਮੈਂ ਆਖਿਆ ‘ਕਿਉਂ ? ਉਹ ਉੱਚੀ-ਉੱਚੀ ਹੱਸਣ ਲੱਗੀ ਤੇ ਉਸ ਨੇ ਰਾਜ਼ਦਾਰਾਨਾ ਲਹਿਜ਼ੇ ਵਿਚ ਮੈਨੂੰ ਆਖਿਆ, ਪ੍ਰਿਥਵੀ ਨੂੰ ਬੋਲਣ ਦਾ ਭੁੱਸ ਹੈ। ਭਲਾ ਮੈਂ ਕਿਉਂ ਉਸ ਦੀ ਖਾਤਰ ਯੰਤਰ ਲਗਵਾਵਾਂ ? ਇਹ ਉਸ ਦੀ ਲੋੜ ਹੈ, ਮੇਰੀ ਨਹੀਂ।”
ਇਹ ਆਖ ਕੇ ਉਸ ਨੇ ਫਿਰ ਸੀਟੀ ਵਜਾਈ। ਨੌਕਰ ਗਰਮ-ਗਰਮ ਕਾਫੀ ਲੈ ਆਇਆ। ਉਸ ਨੇ ਉਸ ਨਾਲ ਮੌਸਮ, ਗਰਮ ਪਾਣੀ ਤੇ ਕੁੱਕੜੀ ਦੇ ਆਂਡਿਆਂ ਬਾਰੇ ਕੁਝ ਗੱਲਾਂ ਕੀਤੀਆਂ।
ਸਾਲਗ ਰਾਮ 20-25 ਸਾਲ ਦਾ ਨੌਜਵਾਨ ਪਹਾੜੀ ਨੌਕਰ ਸੀ ਜਿਸ ਨੇ ਘਸਿਆ ਹੋਇਆ ਕੋਟ ਤੇ ਘਸੀ ਹੋਈ ਟੋਪੀ ਪਾਈ ਹੋਈ ਸੀ। ਉਸ ਦੀ ਨਿੱਕੀ ਜਿਹੀ ਦਾੜ੍ਹੀ ਵੀ ਘਸੀ ਹੋਈ ਸੀ। ਉਸ ਦੇ ਚਿਹਰੇ ਉਤੇ ਜਾਨਵਰਾਂ ਵਾਲੀ ਦੇਣਦਾਰੀ ਸੀ। ਇਕ ਮਾਸੂਮ ਬੇਬਸੀ, ਇਕ ਚਿੰਤਾਤੁਰ ਲਗਾਉ। ਉਹ ਨੜੇ ਵਰਗੀ ਆਵਾਜ਼ ਵਿਚ ਬੋਲਦਾ ਸੀ। ਸ਼ਾਇਦ ਨੋਰਾ ਰਿਚਰਡਜ਼ ਦੇ ਕੰਨ ਇਸੇ ਆਵਾਜ਼ ਨੂੰ ਗ੍ਰਹਿਣ ਕਰਦੇ ਸਨ ਜਿਵੇਂ ਕਿਸੇ-ਕਿਸੇ ਰੇਡੀਓ ਸੈੱਟ ਉਤੇ ਇੱਕੋ ਸਟੇਸ਼ਨ ਸੁਣਾਈ ਦਿੰਦਾ ਹੈ। ਨੌਕਰ ਦੀ ਆਵਾਜ਼ ਉਹ ਭਲੀ-ਭਾਂਤ ਸਮਝਦੀ ਸੀ, ਹੋਰ ਕਿਸੇ ਦੀ ਨਹੀਂ।
“ਛੇਤੀ-ਛੇਤੀ ਕਾਫੀ ਪੀ ਲੈ ਤੇ ਫਿਰ ਮੇਰੇ ਨਾਲ ਗੱਲਾਂ ਕਰੀਂ, ਇਸ ਕਾਪੀ ਉਤੇ ਲਿਖ ਕੇ। ਮੈਂ ਹੁਣ ਬਿਲਕੁਲ ਨਹੀਂ ਬੋਲਾਂਗੀ।”
ਮੈਂ ਕਾਫੀ ਪੀਣ ਲੱਗਾ ਤੇ ਨੋਰਾ ਅੱਖਾਂ ਮੀਚ ਕੇ ਕੁਝ ਚਿਰ ਲਈ ਉਸੇ ਤਰ੍ਹਾਂ ਸੀਨੇ ਉਤੇ ਕਾਪੀ ਪਿਨਸਲ ਰੱਖੀ ਪਈ ਰਹੀ।
ਸ਼ਾਮ ਦਾ ਹਨੇਰਾ ਤੇ ਠੰਢ ਪਸਰ ਰਹੀ ਸੀ। ਕਮਰੇ ਵਿਚ ਦੋ ਲੈਂਪ ਜਲ ਰਹੇ ਸਨ। ਨਿੱਘ ਸੀ। ਲਿੱਪੀ ਹੋਈ ਕੰਧ, ਨੀਵੀਂ ਮੇਜ਼, ਨਿੱਕੇ-ਨਿੱਕੇ ਮੂੜ੍ਹੇ, ਤਿਪਾਈਆਂ ਨੂੰ ਨਿੱਘ ਭਰੂੰਗੜੀ। ਕਮਰੇ ਇਕ-ਦੂਜੇ ਵਿਚ ਖੁੱਲ੍ਹਦੇ ਸਨ। ਇਨ੍ਹਾਂ ਵਿਚ ਕੋਈ ਬੂਹਾ ਜੀ ਲੱਖਵਾਂ ਨਹੀਂ ਸੀ। ਪੋਚੀਆਂ ਹੋਈਆਂ ਕੰਧਾਂ ਦੇ ਵਿਚਕਾਰ ਨਿੱਕੇ ਰਾਹ ਬਣੇ ਹੋਏ ਸਨ। ਜਿਨ੍ਹਾਂ ਵਿਚੋਂ ਹਵਾ ਤੇ ਰੋਸ਼ਨੀ ਤੇ ਪਤਲਾ ਇਨਸਾਨ ਤਾਂ ਲੰਘ ਸਕਦਾ ਹੈ, ਪਰ ਮੋਟਾ ਭੁੱਚਰ ਮੇਲ ਲਾਲਾ ਨਹੀਂ। ਕਮਰੇ ਇਕ-ਦੂਜੇ ਵਿਚ ਤੁਰਦੇ ਫਿਰਦੇ ਸਨ। ਨਿੱਕੀਆਂ- ਨਿੱਕੀਆਂ ਮਮਟੀਆਂ ਤੇ ਖੂੰਜੇ ਸਨ ਜਿਸ ਨਾਲ ਘਰ ਵਿਚ ਨਿੱਘੀ ਸੁੰਦਰਤਾ ਆ ਗਈ . मी।
ਮੈਂ ਹੌਲੀ-ਹੌਲੀ ਕਾਫੀ ਪੀ ਰਿਹਾ ਸਾਂ ਤੇ ਇਸ ਵਾਤਾਵਰਣ ਨੂੰ ਗ੍ਰਹਿਣ ਕਰ ਰਿਹਾ ਸਾਂ। ਨੋਰਾ ਉਸੇ ਤਰ੍ਹਾਂ ਅੱਖਾਂ ਮੀਚੀ ਪਈ ਰਹੀ। ਉਸ ਦੇ ਸਣ ਵਰਗੇ ਭਰਭੂਰੇ ਵਾਲ ਉਸ ਦੀਆਂ ਗੱਲ੍ਹਾਂ ਉਤੇ ਡਿੱਗ ਰਹੇ ਸਨ। ਉਸ ਦਾ ਮੁੜਿਆ ਹੋਇਆ ਲੰਮਾ ਤਿੱਖਾ ਨੱਕ ਸਾਰੇ ਚਿਹਰੇ ਉਤੇ ਛਾਇਆ ਹੋਇਆ ਸੀ। ਉਸ ਨੇ ਇਕਦਮ ਅੱਖਾਂ ਖੋਲ੍ਹੀਆਂ ਤੇ ਬੱਚਿਆ ਵਾਂਗ ਹੱਸੀ।
“ਤਿਆਰ ਐਂ ?” ਉਹ ਬੋਲੀ।
ਮੈਂ ਆਖਿਆ, “ਹਾਂ।”
“ਆਪਣੇ ਸਵਾਲ ਇਸ ਕਾਪੀ ਉਤੇ ਲਿਖੀਂ- ਤੇ ਆਪਣੇ ਜਵਾਬ ਵੀ। ਮੈਂ ਬਹੁਤੇ ਲੋਕਾਂ ਨੂੰ ਮਿਲਣਾ ਨਹੀਂ ਚਾਹੁੰਦੀ। ਲੋਕ ਮੈਨੂੰ ਇਥੇ ਦੇਖਣ ਆਉਂਦੇ ਹਨ ਜਿਵੇਂ ਮੈਂ ਅਜਾਇਬ-ਘਰ ਦੀ ਕੋਈ ਚੀਜ਼ ਹੋਵਾਂ। ਬੜੀ ਸ਼ਰਧਾ ਦਿਖਾਉਂਦੇ ਹਨ ਤੇ ਮੈਨੂੰ ਬੋਰ ਕਰਦੇ ਹਨ। ਮੇਰੇ ਕੋਲ ਇਤਨਾ ਵਕਤ ਕਿੱਥੇ? ਇਕ ਦਿਨ ਸੋਭਾ ਸਿੰਘ ਕਿਸੇ ਕਰਨੈਲ ਨੂੰ ਲੈ ਕੇ ਮੇਰੇ ਆਸ਼ਰਮ ਆਇਆ। ਮੈਂ ਆਰਾਮ ਕਰ ਰਹੀ ਸਾਂ। ਉਨ੍ਹਾਂ ਨੇ ਬੂਹਾ ਖੜਕਾਇਆ। ਤੈਨੂੰ ਪਤਾ ਹੈ ਮੈਨੂੰ ਸੁਣਦਾ ਨਹੀਂ। ਜਦੋਂ ਤਖਤੇ ਹਿੱਲਣ ਲੱਗੇ ਤਾਂ ਮੈਂ ਘਬਰਾ ਕੇ ਉੱਠੀ। ਮੈਂ ਆਪਣੀ ਸਲੀਪਿੰਗ ਡਰੈੱਸ ਵਿਚ ਸਾਂ। ਬੂਹਾ ਖੋਲ੍ਹਿਆ ਤਾਂ ਕਰਨੈਲ ਤੇ ਸੋਭਾ ਸਿੰਘ ਖੜ੍ਹੇ ਸਨ। ਮੈਨੂੰ ਇੰਟਰੋਡਿਊਸ ਕਰਾਉਣ ਲੱਗਾ। ਮੈਨੂੰ ਗੁੱਸਾ ਆਇਆ ਤੇ ਮੈਂ ਜ਼ੋਰ ਦੀ ਝਿੜਕ ਕੇ ਬੂਹਾ ਬੰਦ ਕਰ ਦਿੱਤਾ। ਉਸ ਦਿਨ ਤੋਂ ਉਹ ਮੇਰੇ ਨਾਲ ਗੁੱਸੇ ਹੈ। ਤੂੰ ਕੀ ਆਖ ਰਿਹਾ ਸੀ? ਕਿੰਨੇ ਦਿਨ ਰਹੇਂਗਾ?”
“ਦੋ ਦਿਨ।” ਮੈਂ ਦੋ ਉਂਗਲਾਂ ਖੜ੍ਹੀਆਂ ਕੀਤੀਆਂ।
ਉਸ ਨੇ ਮੇਰੀਆਂ ਉਂਗਲਾਂ ਫੜ ਕੇ ਮੇਰਾ ਹੱਥ ਨੀਵਾਂ ਕਰ ਦਿੱਤਾ ਤੇ ਬੋਲੀ, “ਮੈਨੂੰ ਇਸ ਤਰ੍ਹਾਂ ਦੋ ਉਂਗਲਾਂ ਦਿਖਾ ਕੇ ਇਹ ਨਾ ਜਤਲਾ ਕਿ ਮੈਂ ਬੋਲੀ ਹਾਂ। ਆਪਾਂ ਗੱਲਾਂ ਪਿੱਛੋਂ ਕਰਾਂਗੇ ਪਹਿਲਾਂ ਤੁਰ-ਫਿਰ ਕੇ ਤੂੰ ਇਸ ਘਰ ਨੂੰ ਦੇਖ। ਇਸ ਆਸ਼ਰਮ ਵਿਚ ਕੋਈ ਮਾਡਰਨ ਮੇਜ਼-ਕੁਰਸੀਆਂ ਨਹੀਂ। ਮੈਂ ਇਥੋਂ ਦੇ ਲੋਕਾਂ ਤੇ ਨਿੱਕੀਆਂ ਪਹਾੜੀਆਂ ਦੇ ਪਿਛੋਕੜ ਵਿਚ ਕੋਈ ਖਰ੍ਹਵੀਂ ਤਿੱਖੀ ਮਾਡਰਨ ਵਸਤੂ ਨਹੀਂ ਰੱਖਣਾ ਚਾਹੁੰਦੀ ਸਾਂ। ਮਿੱਟੀ ਵਿਚ ਨਿੱਘ ਹੈ, ਸੀਮਿੰਟ ਵਿਚ ਕੋਰਾਪਣ। ਇਹ ਝੁੱਗੀਆਂ ਤੇ ਕਮਰੇ ਮੈਂ ਆਪ ਸਜਾਏ ਹਨ। ਘਰ ਨੂੰ ਮੇਰੀਆਂ ਲੋੜਾਂ ਅਨੁਸਾਰ ਹੋਣਾ ਚਾਹੀਦਾ ਹੈ। ਮੈਂ ਇਸ ਵਿਚ ਰਹਿਣਾ ਹੈ। ਅਮਰੀਕਾ ਦਾ ਮਸ਼ਹੂਰ ਮੇਅਮਾਰ ਲਾਇਡ ਰਾਈਟ ਸੀ ਨਾ? ਉਸ ਨੇ ਘਰ ਦੀ ਸਜਾਵਟ ਤੇ ਉਸਾਰੀ ਨੂੰ ਇਕ ਸੰਗੀਤਕ ਲੈਅ ਦਿੱਤੀ। ਇਹ ਲੈਅ ਘਰ ਤੇ ਇਸ ਵਿਚ ਰਹਿਣ ਵਾਲੇ ਦੇ ਪ੍ਰਸਪਰ ਰਿਸ਼ਤੇ ਦਾ ਨਤੀਜਾ ਹੈ । ਤੂੰ ਜਾ ਕੇ ਆਪਣੀ ਕੁੱਲੀ ਦੇਖ। ਸਾਲਗ ਰਾਮ ਨੇ ਇਸ ਵਿਚ ਤੇਰਾ ਸਾਮਾਨ ਰੱਖ ਦਿੱਤਾ ਹੈ। ਜੇ ਆਰਾਮ ਕਰਨਾ ਹੈ ਤਾਂ ਜਾ ਕੇ ਅੱਧਾ ਘੰਟਾ ਸੁਸਤਾ ਲੈ ਫਿਰ ਆ ਜਾਵੀਂ। ਅੱਜ ਮੈਂ ਸੱਤ ਵਜੇ ਦੋਵੇਂ ਨੌਕਰਾਂ ਨੂੰ ਛੁੱਟੀ ਦੇ ਦਿੱਤੀ ਹੈ। ਖਾਣਾ ਖੁਦ ਪਕਾਵਾਂਗੀ।”
ਉਸ ਤੋਂ ਆਗਿਆ ਲੈ ਕੇ ਮੈਂ ਪਿਛਲੀਆਂ ਪੌੜੀਆਂ ਹੇਠਾਂ ਉਤਰ ਗਿਆ। ਇਸ ਬੂਹੇ ਨੂੰ ਕਿਵੇਂ ਭੀੜਨਾ ਹੈ, ਇਸ ਦੀ ਕੁੰਡੀ ਬਾਹਰੋਂ ਕਿਵੇਂ ਲਾਉਣੀ ਹੈ, ਟਾਰਚ ਤੇ ਮੋਮਬੱਤੀ ਕਿੱਥੇ ਪਈ ਹੈ, ਇਹ ਸਭ ਕੁਝ ਉਸ ਨੇ ਮੈਨੂੰ ਸਮਝਾ ਦਿੱਤਾ ਸੀ।
ਹੇਠਾਂ ਸਾਲਗ ਰਾਮ ਮੈਨੂੰ ਉਡੀਕ ਰਿਹਾ ਸੀ। ਉਸ ਨੇ ਮੈਥੋਂ ਕਮਰੇ ਤੇ ਨਹਾਉਣ ਦੇ ਪਾਣੀ ਤੇ ਸਵੇਰ ਦੀ ਚਾਹ ਲਿਆਉਣ ਦਾ ਸਮਾਂ ਆਦਿ ਪੁੱਛਿਆ ਅਤੇ ਹੱਥ ਜੋੜ ਕੇ ਚਲਾ ਗਿਆ।
ਮੈਂ ਥੋੜ੍ਹਾ ਚਿਰ ਆਰਾਮ ਕਰ ਕੇ ਬਾਗ਼ ਵਿਚ ਟਹਿਲਣ ਚਲਾ ਗਿਆ। ਮੇਰੇ ਕੋਲ ਟਾਰਚ ਸੀ। ਮੈਂ ਪੰਦਰਾਂ-ਵੀਹ ਮਿੰਟ ਟਹਿਲਦਾ ਰਿਹਾ। ਸੂਰਜ ਕਦੇ ਦਾ ਛੁਪ ਚੁੱਕਾ ਸੀ। ਪਹਾੜ ਕਿਸੇ ਕਾਲੀ ਮੱਝ ਵਾਂਗ ਬੈਠਾ ਸੀ ਅਤੇ ਆਕਾਸ਼ ਵਿਚ ਚਮਕਦਾਰ ਨੀਲਾਹਟ ਸੀ। ਮੇਰੇ ਪੈਰਾਂ ਹੇਠ ਸੁੱਕੇ ਪੱਤੇ ਚਰਰ-ਚਰਰ ਕਰ ਰਹੇ ਸਨ। ਟਹਿਲਦਾ ਹੋਇਆ ਮੈਂ ਨੋਰਾ ਰਿਚਰਡਜ਼ ਬਾਰੇ, ਇਸ ਦੀ ਜ਼ਿੰਦਗੀ ਬਾਰੇ, ਇਸ ਦੇ ਤਪ ਬਾਰੇ ਸੋਚਦਾ ਰਿਹਾ।
ਦਰਖਤ ਕਾਲੇ-ਕਾਲੇ ਤੇ ਚੁੱਪ-ਚੁੱਪ ਸਨ। ਦੋਵੇਂ ਨੌਕਰ ਜਾ ਚੁੱਕੇ ਸਨ। ਇਰਦ- ਗਿਰਦ ਸੰਨਾਟਾ ਸੀ। ਇਕਦਮ ਹੀ ਸੁੰਨਸਾਨ ਇਕੱਲ ਦਾ ਲਰਜ਼ਾ ਮੇਰੇ ਵਜੂਦ ਵਿਚ ਫਿਰ ਗਿਆ। ਇਸ ਘੋਰ ਇਕੱਲ ਵਿਚ ਨੋਰਾ ਰਹਿੰਦੀ ਹੈ। ਅਜਿਹੀ ਇਕੱਲ ਵਿਚ ਜਾਂ ਕੋਈ ਭਿਕਸ਼ਣੀ ਰਹਿ ਸਕਦੀ ਹੈ ਜਾਂ ਕੋਈ ਜਾਦੂਗਰਨੀ।
ਰਾਤ ਦੇ ਸੁੱਕੇ ਪੱਤਿਆਂ ਦੇ ਚਰਚਰਾਉਂਦੇ ਹਨੇਰੇ ਵਿਚ ਮੈਂ ਆਪਣੀ ਕੁੱਲੀ ਵਿਚ ਵਾਪਸ ਆਇਆ ਤਾਂ ਮੈਨੂੰ ਠੰਢ ਲੱਗ ਰਹੀ ਸੀ। ਅੱਠ ਵੱਜ ਚੁੱਕੇ ਸਨ। ਮੈਂ ਆਪਣੀ ਕੁੱਲੀ ਦਾ ਬੂਹਾ ਭੀੜ ਕੇ ਤੇ ਬੱਤੀ ਜਗਦੀ ਛੱਡ ਕੇ ਉਹੀ ਪੌੜੀਆਂ ਚੜ੍ਹਿਆ ਤੇ ਕੁੰਡੀ ਖੋਲ੍ਹ ਕੇ ਅੰਦਰ ਦਾਖਿਲ ਹੋਇਆ।
ਖਾਣੇ ਦੀ ਖੁਸ਼ਬੂ ਆ ਰਹੀ ਸੀ। ਲੋਹੇ ਦਾ ਵੱਡਾ ਚੌਕੋਰ ਚੁੱਲ੍ਹਾ ਮਘ ਰਿਹਾ ਸੀ। ਕੋਲ ਲੱਕੜਾਂ ਤੇ ਪਰਾਲੀ ਪਈ ਸੀ। ਨਾਲ ਹੀ ਲੋਹੇ ਦਾ ਕੜਛਾ।
ਕੰਧਾਂ ਉਤੇ ਕਈ ਪ੍ਰਕਾਰ ਦੀਆਂ ਛਾਂਵਾਂ ਸਨ। ਹਰ ਚੀਜ਼ ਛਾਂ ਬਣ ਕੇ ਕੰਧ ਉਤੇ ਜਾ ਪਈ ਸੀ ।ਇਨ੍ਹਾਂ ਸਭਨਾਂ ਚੀਜ਼ਾਂ ਤੋਂ ਵੱਡੀ ਛਾਂ ਸੀ ਨੋਰਾ ਰਿਚਰਡਜ਼ ਦੀ।
ਨੋਰਾ ਨੇ ਸਿਰ ਉਤੇ ਉਨੀ ਟੋਪਾ ਲਿਆ ਹੋਇਆ ਸੀ ਜਿਸ ਵਿੱਚੋਂ ਉਸ ਦੀਆਂ ਸਣ ਵਰਗੀਆਂ ਲਿੱਟਾਂ ਡਿੱਗ ਰਹੀਆਂ ਸਨ। ਲੰਮਾ ਕਾਲਾ ਚੋਗਾ ਪਾਇਆ ਹੋਇਆ ਸੀ। ਉਸ ਨੇ ਉਬਾਸੀ ਲਈ ਤਾਂ ਕੰਧ ਉਤੇ ਇਕ ਵੱਡਾ ਪੋਪਲਾ ਜਿਹਾ ਮੂੰਹ ਖੁੱਲ੍ਹਿਆ ਜੋ ਕਿੱਲੀ ਉਤੇ ਟੰਗੀਆਂ ਪੱਛੀਆਂ ਨੂੰ ਨਿਘਾਰ ਗਿਆ।
ਮੇਜ਼ ਉਤੇ ਦੋ ਪਲੇਟਾਂ, ਚਮਚੇ, ਠੂਠੇ ਪਏ ਸਨ। ਦੋ ਪਤੀਲਿਆਂ ਵਿਚ ਸਬਜ਼ੀ ਦਾਲ ਸੀ। ਉਸ ਨੇ ਡੋਈ ਫੇਰੀ ਤੇ ਮੈਨੂੰ ਰੋਟੀ ਤੇ ਸਬਜ਼ੀ ਪਾ ਦਿੱਤੀ। ਫਿਰ ਉਸ ਨੇ ਆਪਣੇ ਲਈ ਰੋਟੀ ਪਾਈ। ਦੋ ਨਿੱਕੀਆਂ ਕੁਰਸੀਆਂ ਉਤੇ ਬੈਠ ਕੇ ਅਸੀਂ ਰੋਟੀ ਖਾਣ ਅਤੇ ਗੱਲਾਂ ਕਰਨ ਲੱਗੇ।
ਉਹ ਆਇਰਲੈਂਡ ਦੇ ਐਬੇ ਥੀਏਟਰ ਦੀਆਂ ਗੱਲਾਂ ਕਰ ਰਹੀ ਸੀ, ਲੇਡੀ ਗਰੇਗਰੀ ਦੀਆਂ, ਬਰਨਾਰਡ ਸ਼ਾਹ ਦੀਆਂ, ਗਾਰਡਨ ਕਰੇਗ ਦੀਆਂ। ਉਨੀਵੀਂ ਸਦੀ ਦੇ ਅੰਤ ਦੀਆਂ ਅੱਖੀਂ ਦੇਖੀਆਂ ਘਟਨਾਵਾਂ ਸੁਣਾ ਰਹੀ ਸੀ। ਉਦੋਂ ਮਲਕਾ ਵਿਕਟੋਰੀਆ ਦਾ ਰਾਜ ਸੀ, ਚੈਖੋਵ ਕਹਾਣੀਆਂ ਲਿਖ ਰਿਹਾ ਸੀ, ਟਾਲਸਟਾਏ ਨਾਵਲ ਸੋਧ ਰਿਹਾ ਸੀ।
ਰੇਡੀਓ ਤੇ ਬਿਜਲੀ ਤੇ ਮੋਟਰਕਾਰਾਂ ਦੀ ਦੁਨੀਆਂ ਤੋਂ ਪਹਿਲੀ ਦੁਨੀਆਂ। ਉਸ ਨੇ ਉਹ ਵਾਕਿਆ ਸੁਣਾਇਆ ਜਦੋਂ ਗਾਰਡਨ ਕਰੇਗ ਮਾਸਕੋ ਗਿਆ ਤੇ ਉਸ ਨੇ ਹੈਮਲਿਟ ਪ੍ਰੋਡਿਊਸ ਕੀਤਾ। ਰੂਸ ਦੇ ਇਨਕਲਾਬ ਤੋਂ ਬਹੁਤ ਪਹਿਲਾਂ ਦੀਆਂ ਗੱਲਾਂ।
ਨਾਲ ਹੀ ਉਸ ਦੇ ਵਰਤਮਾਨ ਫਰਾਂਸੀਸੀ ਕਲਾਕਾਰਾਂ, ਇੰਗਲਿਸਤਾਨ ਦੇ ਥੀਏਟਰਾਂ, ਅਮਰੀਕਾ ਦੇ ਟੈਨੇਸੀ ਵਿਲੀਅਮਜ਼ ਤੇ ਜਰਮਨੀ ਦੇ ਨਾਟਕਕਾਰ ਬਰਟੋਲਟ ਬਰੈਸ਼ਟ ਦੇ ਸਿਧਾਂਤਾਂ ਨੂੰ ਛੇੜਿਆ। ਰੋਟੀ ਚਬੋਲਦੇ ਹੋਏ ਉਹ ਬੋਲ ਰਹੀ ਸੀ। ਕਦੀ-ਕਦੀ ਮੇਰੀ ਨਜ਼ਰ ਉਸ ਦੀ ਛਾਂ ਵੱਲ ਚਲੀ ਜਾਂਦੀ।
ਉਹ ਭੂਤਕਾਲ ਦੀ ਕੋਈ ਜਾਦੂਗਰਨੀ ਲੱਗਦੀ ਸੀ।
ਰਾਤ ਦੇ ਗਿਆਰਾਂ ਵੱਜ ਚੁੱਕੇ ਸਨ। ਮੈਂ ਬੂਹੇ ਨੂੰ ਬਾਹਰੋਂ ਕੁੰਡੀ ਜੜ ਕੇ ਉਨ੍ਹਾਂ ਪੌੜੀਆਂ ਰਾਹੀਂ ਹੇਠਾਂ ਉਤਰ ਆਇਆ ਤੇ ਆਪਣੇ ਕਮਰੇ ਵਿਚ ਜਾ ਕੇ ਸੌਂ ਗਿਆ।
ਸਵੇਰੇ ਜਦ ਜਾਗਿਆ ਤਾਂ ਨੌਕਰ ਟਰੇ ਵਿਚ ਚਾਹ ਲੈ ਕੇ ਆਇਆ ਸੀ ਅਤੇ ਉਸ ਵਿਚ ਟਾਈਪ ਕੀਤਾ ਹੋਇਆ ਸਾਰੇ ਦਿਨ ਦਾ ਪ੍ਰੋਗਰਾਮ ਸੀ : ਦਸ ਵਜੇ ਸਟੂਡੀਉ ਵਿਚ ਕਾਫੀ ਪੀਣੀ; ਸਾਢੇ ਗਿਆਰਾਂ ਵਜੇ ਆਸ਼ਰਮ ਦੇ ਚੌਗਿਰਦੇ ਦੀ ਸੈਰ ਕਰਨੀ; ਇਕ ਵਜੇ ਖੁੱਲ੍ਹੇ ਵਾਯੂਮੰਡਲ ਦੇ ਥੀਏਟਰ ਵਿਚ ਧੁੱਪੇ ਬੈਠ ਕੇ ਲੰਚ ਖਾਣਾ ਬੀਏਟਰ ਦੀ ਵਿਉਂਤ ਤੇ ਉਸਾਰੀ ਦੀਆਂ ਗੱਲਾਂ ਕਰਨੀਆਂ; ਤਿੰਨ ਵਜੇ ਵਿਸ਼ਰਾਮ; ਸਾਢੇ ਚਾਰ ਵਜੇ ਪਹਾੜੀ ਦੀ ਟੀਸੀ ਉਤੇ ਚੜ੍ਹ ਕੇ ਵਾਦੀ ਦਾ ਨਜ਼ਾਰਾ ਕਰਨਾ; ਛੇ ਵਜੇ ਚਾਹ; ਅੱਠ ਵਜੇ ਖਾਣਾ ਤੇ ਜਲਦੀ ਸੌਂ ਜਾਣਾ। ਮੈਂ ਇਹ ਪ੍ਰੋਗਰਾਮ ਪੜ੍ਹਿਆ ਜੋ ਨੋਰਾ ਨੇ ਰਾਤੀਂ ਮੇਰੇ ਚਲੇ ਜਾਣ ਪਿੱਛੋਂ ਟਾਈਪ ਕੀਤਾ ਸੀ।
ਸਟੂਡੀਓ ਦੀ ਬਾਲਕੋਨੀ ਵਿਚ ਨਿੱਘੀ ਧੁੱਪ ਆ ਰਹੀ ਸੀ। ਇਥੇ ਬੈਠ ਕੇ ਅਸੀਂ ਕਾਫੀ ਪੀਤੀ।
ਮੈਂ ਪੰਜਾਬੀ ਨਾਟਕ ਦੇ ਮੁੱਢ ਬਾਰੇ ਜਾਣਨ ਲਈ ਉਤਾਵਲਾ ਸਾਂ। ਮੈਂ ਕਾਪੀ ਉਤੇ ਆਪਣਾ ਪ੍ਰਸ਼ਨ ਲਿਖਿਆ: “ਨੋਰਾ, ਤੇਰੀ ਸਭ ਤੋ ਪਹਿਲੀ ਪ੍ਰੋਡਕਸ਼ਨ ਕਿਹੜੀ ਸੀ ?”
“ਪ੍ਰੋਡਕਸ਼ਨ? ਮੈਨੂੰ ਇਸ ਸ਼ਬਦ ਤੋਂ ਨਫ਼ਰਤ ਹੈ। ਪਿਛਲੇ ਚਾਲੀ-ਪੰਜਾਹ ਸਾਲ ਤੋਂ ਹੀ ਇਹ ਬੀਮਾਰੀ ਚੱਲੀ ਹੈ। ਚੰਗੇ ਨਾਟਕ ਦੀ ਥਾਂ ਚੰਗੇ ਪ੍ਰੋਡਕਸ਼ਨ ਨੇ ਲੈ ਲਈ ਹੈ। ਚੰਗੀ ਅਭਿਨਯ-ਸ਼ੈਲੀ ਦੀ ਥਾਂ ਸੀਨ-ਸੀਨਰੀ ਨੇ ਮੱਲ ਲਈ ਹੈ । ਇਹ ਚਲਾਕੀ ਹੈ, ਮੱਕਾਰੀ ਹੈ। ਮੈਨੂੰ ਮੰਚ ਉਤੇ ਬਹੁਤੀ ਦ੍ਰਿਸ਼-ਸੱਜਾ ਚੰਗੀ ਨਹੀ ਲਗਦੀ। ਤੂੰ ਗਾਰਡਨ ਕਰੇਗ ਨੂੰ ਪਸੰਦ ਕਰਦਾ ਹੈਂ ? ਗਾਰਡਨ ਕਰੇਗ ਹੁਣ 95 ਸਾਲ ਦਾ ਹੈ। ਇੰਗਲਿਸਤਾਨ ਵਿਚ ਉਹ ਆਪਣੇ ਵਕਤ ਤੋਂ ਪਹਿਲਾਂ ਜੰਮ ਪਿਆ। ਇਸ ਸਦੀ ਦੇ ਮੁੱਢ ਵਿਚ ਜਦ ਇੰਗਲਿਸਤਾਨ ਤੇ ਰੂਸ ਯਥਾਰਥਵਾਦ ਵਿਚ ਫਸੇ ਹੋਏ ਸਨ ਤਾਂ ਕਰੇਗ ਨੇ ਉਨ੍ਹਾਂ ਨੂੰ ਆਪਣੇ ਕਲਪਨਾਮਈ ਨਿਰਦੇਸ਼ਨ ਨਾਲ ਚੌਂਕਾਅ ਦਿੱਤਾ । ਹੁਣ ਕੁਝ ਸਾਲਾਂ ਤੋਂ ਲੋਕ ਕਰੇਗ ਦੇ ਸਿਧਾਤਾਂ ਨੂੰ ਸਰਾਹੁਣ ਲੱਗੇ ਹਨ। ਉਸ ਨੇ ਰੋਸ਼ਨੀ ਤੇ ਚਾਨਣ- ਚੱਕਰਾਂ ਰਾਹੀਂ ਨਵੇਂ ਤਜਰਬੇ ਕੀਤੇ। ਉਹ ਇਸ ਨੂੰ ਰੋਸ਼ਨੀ ਦੀ ਕਸੀਦਾਕਾਰੀ ਆਖਦਾ ਹੈ। ਰੌਸ਼ਨੀ ਦੇ ਕਰੋਸ਼ੀਏ ਨਾਲ ਉਹ ਤਰ੍ਹਾਂ-ਤਰ੍ਹਾਂ ਦੇ ਨਮੂਨੇ ਸਿਰਜਦਾ ਹੈ। ਤੂੰ ਕਾਹਵਾ ਪੀ ਲਿਆ ? ਮੈਂ ਬਹੁਤ ਉੱਚਾ ਬੋਲ ਰਹੀ ਹਾਂ ਕੀ? ਮੈਨੂੰ ਇੰਜ ਜਾਪਦਾ ਹੈ ਜਿਵੇਂ ਤੈਨੂੰ ਸੁਣਦਾ ਨਹੀਂ।”
ਮੈਂ ਉੱਤਰ ਦਿੱਤਾ, “ ਮੈਨੂੰ ਸਭ ਕੁਝ ਸੁਣ ਰਿਹਾ ਹੈ। ਮੈਂ ਤੇਰੇ ਬਹੁਤ ਨੇੜੇ ਬੈਠਾ ਹਾਂ। ਤੂੰ ਭਾਵੇਂ ਹੌਲੀ-ਹੌਲੀ ਬੋਲ ਮੈਨੂੰ ਫਿਰ ਵੀ ।”
“ਬੋਲਦੀ ਤਾਂ ਮੈਂ ਹੌਲੀ-ਹੌਲੀ ਹਾਂ, ਪਰ ਨਾਟਕ ਦੀਆਂ ਗੱਲਾਂ ਕਰਦਿਆਂ ਜੋਸ਼ ਆ ਜਾਂਦਾ ਹੈ। ਮੈਥੋਂ ਰਹਿ ਨਹੀਂ ਹੁੰਦਾ। ਵੇਗ ਭਰੀ ਗੱਲ ਆਖਦੀ ਹਾਂ ਤਾਂ ਮੇਰੀਆਂ ਨਾੜਾਂ ਜਰਕ ਉੱਠਦੀਆਂ ਨੇ । ਪਰ ਦੇਖ, ਤੂੰ ਕੀ ਲਿਖੀ ਜਾਂਦਾ ਹੈਂ ? ਦਿਖਾ ਮੈਨੂੰ ਜ਼ਰਾ। ਸਮਝ ਗਈ! ਹੂੰ ! ਦੇਖਾਂ ਕੀ ਲਿਖਿਆ ਹੈ ਤੂੰ ?”
ਉਸ ਨੇ ਮੇਰੀ ਕਾਪੀ ਲੈ ਕੇ ਪੜ੍ਹਨਾ ਸ਼ੁਰੂ ਕੀਤਾ। ਫਿਰ ਸਿਰ ਹਿਲਾ ਕੇ ਆਖਿਆ, “ਠੀਕ, ਕੋਈ ਗੱਲ ਨਹੀਂ। ਪਰ ਇਕ ਜਗ੍ਹਾ ਇਹ ਇਸ ਸ਼ਬਦ ਦੇ ਹਿੱਜੇ ਗਲਤ ਹਨ। ਠੀਕ ਕਰ ਲੈ।”
ਮੈਂ ਆਖਿਆ, “ਨੋਰਾ, ਤੇਰੀ ਪਹਿਲੀ ਪ੍ਰੋਡਕਸ਼ਨ ਮੇਰਾ ਮਤਲਬ ਹੈ, ਨੰਦੇ ਦਾ ਪਹਿਲਾ ਨਾਟਕ ‘ਦੁਲਹਨ’ ਤੂੰ ਸਟੇਜ ਕੀਤਾ। ਇਸ ਬਾਰੇ ਮੈਨੂੰ ਕੁਝ ਦੱਸ।”
‘ਦੁਲਹਨ’ ਬਾਰੇ ਕੀ ਦੱਸਾਂ? ਕੋਈ ਖਾਸ ਗੱਲ ਨਹੀਂ। ਉਹਨੀਂ ਦਿਨੀਂ ਭਾਰਤ ਵਿਚ ਬਹੁਤ ਭੈੜੇ ਨਾਟਕ ਖੇਡੇ ਜਾਂਦੇ ਸਨ। ਮੈਂ ਸੋਚਿਆ, ਆਪਣੇ ਸ਼ਾਗਿਰਦਾਂ ਨੂੰ ਆਖਾਂ, ਕੋਈ ਨਾਟਕ ਲਿਖਣ ਜਿਸ ਦਾ ਵਿਸ਼ਾ ਭਾਰਤੀ ਹੋਵੇ। ਭਾਸ਼ਾ ਕੋਈ ਹੋਵੇ ? ਬਸ ਉਸ ਦੇ ਪਾਤਰ ਤੇ ਵਾਯੂਮੰਡਲ ਇਥੋਂ ਦਾ ਹੋਵੇ। ਇਸ ਲਈ ਮੈਂ ਇਕ ਗਿੰਨੀ ਇਨਾਮ ਰੱਖਿਆ। ਨੰਦੇ ਨੇ ‘ਦੁਲਹਨ’ ਲਿਖਿਆ ਤੇ ਮੈਂ ਉਸ ਨੂੰ ਇਨਾਮ ਦਿੱਤਾ। ‘ਦੁਲਹਨ’ ਚੰਗਾ ਨਾਟਕ ਹੈ। ਸਮਾਜਕ ਅਸਲੀਅਤ ਦਾ ਬਿਆਨ ਹੈ। ਜ਼ਬਾਨ ਸੁਹਣੀ ਹੈ। ਇਸ ਵਿਚ ਲਟਕਾਓ ਹੈ ਜੋ ਨਾਟਕ ਨੂੰ ਅਖੀਰ ਤੀਕ ਆਕ੍ਸ਼ਨਮਈ ਰੱਖਦਾ ਹੈ। ਇਸ ਪਿੱਛੋਂ ਨੰਦੇ ਨੇ ਕਈ ਇਕਾਂਗੀ ਲਿਖੇ, ਪਰ ‘ਦੁਲਹਨ’ ਦੇ ਨਾਟਕੀ ਤਣਾਉਂ ‘ਤੇ ਕਸੇ ਹੋਏ ਚੌਖਟੇ ਦੀ ਰੀਸ ਨਾ ਕਰ ਸਕਿਆ। ਉਸ ਦੇ ਪੂਰੇ ਨਾਟਕਾਂ ਵਿੱਚੋਂ ‘ਸੁਭੱਦਰਾ’ ਤੇ ‘ਲਿੱਲੀ ਦਾ ਵਿਆਹ’ ਚੰਗੇ ਹਨ। ‘ਸ਼ਾਮੂ ਸ਼ਾਹ’ ਸੈਕਸ਼ਪੀਅਰ ਦੀ ਨਕਲ ਹੈ। ਇਸ ਤਰ੍ਹਾਂ ਕਿਸੇ ਵੱਡੇ ਨਾਟਕਕਾਰ ਨੂੰ ਚੀਰ-ਫਾੜ ਕੇ ਆਪਣੇ ਅਰਥਾਂ ਸਮੇਤ ਪੇਸ਼ ਕਰਨਾ ਬੁਰਾ ਹੈ। ਤਰਜਮੇ ਦੀ ਗੱਲ ਮੈਂ ਨਹੀਂ ਕਰਦੀ। ਕਲਾਤਮਕ ਤਰਜਮਾ ਹੋਵੇ ਜੋ ਅਸਲ ਦੀ ਰੂਹ ਨੂੰ ਪੇਸ਼ ਕਰ ਸਕੇ। ਕਿਸੇ ਨਾਟਕ ਦਾ ਚਰਬਾ ਉਤਾਰ ਕੇ, ਉਸ ਦੀ ਖੱਲ ਖਿੱਚ ਕੇ, ਉਸ ਦੇ ਪਾਤਰਾਂ ਨੂੰ ਨਵੇਂ ਕੱਪੜੇ ਪਹਿਨਾ ਕੇ ਪੇਸ਼ ਕਰਨਾ ਬੇਈਮਾਨੀ ਹੈ।”
“ਮੈਂ ਵੀ ਇਸ ਗੁਨਾਹ ਦਾ ਦੋਸ਼ੀ ਹਾਂ। ਮੈਂ ਲੇਡੀ ਗਰੇਗਰੀ ਦੇ ਨਾਟਕ ਨੂੰ ‘ਰਾਈ ਦਾ ਪਹਾੜ’ ਦੇ ਰੂਪ ਵਿਚ ਲਿਖਿਆ ਅਤੇ ਉਸ ਦੇ ਇਕ ਹੋਰ ਨਾਟਕ ਨੂੰ ਸਥਾਨਕ ਰੰਗ ਦੇ ਕੇ ‘ਚੜ੍ਹਦਾ ਚੰਨ’ ਨਾਂ ਦਾ ਨਾਟਕ ਲਿਖਿਆ। ਦੋਹਾਂ ਥਾਵਾਂ ਉਤੇ ਮੈਂ ਲੇਡੀ ਗਰੇਗਰੀ ਦੇ ਮੌਲਿਕ ਨਾਟਕਾਂ ਦਾ ਹਵਾਲਾ ਦਿੱਤਾ ਹੈ ਅਤੇ ‘ਇਨ੍ਹਾਂ ਉਤੇ ਆਧਾਰਤ’ ਲਿਖਿਆ ਹੈ।”
“ਮੈਨੂੰ ਆਧਾਰਤ ਸ਼ਬਦ ਤੋਂ ਨਫ਼ਰਤ ਹੈ ਅਤੇ ਉਨ੍ਹਾਂ ਨਾਟਕਕਾਰਾਂ ਤੋਂ ਵੀ ਜਿਨ੍ਹਾਂ ਵਿਚ ਦਿਆਨਤਦਾਰੀ ਨਾਲ ਤਰਜਮਾ ਕਰਨ ਦਾ ਹੀਆ ਨਹੀਂ, ਮੈਂ ‘ਦੁਲਹਨ’ ਦੀ ਗੱਲ ਕਰ ਰਹੀ ਸਾਂ। ਇਹ ਨਾਟਕ ਮੈਂ ਡਾਇਰੈਕਟ ਕੀਤਾ – ਅੱਜ ਤੋਂ ਪੰਜਾਹ ਸਾਲ ਪਹਿਲਾਂ। ਬੜਾ ਮਜ਼ਾ ਆਇਆ। ਇਸ ਪਿੱਛੋਂ ਦੂਜੇ ਸਾਲ ਫਿਰ ਮੁਕਾਬਲਾ ਹੋਇਆ। ਨੰਦੇ ਨੇ ‘ਬੇਬੇ ਰਾਮ ਭਜਨੀ’ ਲਿਖਿਆ ਅਤੇ ਉਸ ਨੂੰ ਦੂਜਾ ਇਨਾਮ ਮਿਲਿਆ। ਨੰਦੇ ਨੂੰ ਗੁੱਸਾ ਆਇਆ ਤੇ ਉਸ ਨੇ ਆਪਣਾ ਨਾਟਕ ਫਾੜ ਦਿੱਤਾ ਨੰਦਾ ਬਹੁਤ ਜ਼ਿੱਦੀ ਹੈ। ਉਸ ਵਿਚ ਆਕੜ ਹੈ। ਮਿਜ਼ਾਜ ਦਾ ਹਠੀ ਹੈ, ਇਸੇ ਕਰਕੇ ਉਸ ਨੇ ਇਤਨੀ ਤਰੱਕੀ ਨਹੀਂ ਕੀਤੀ ਜਿਤਨੀ ਉਸ ਦੀ ਪ੍ਰਤਿਭਾ ਸੀ। ਉਸ ਵਿਚ ਬਹੁਤ ਖੂਬੀਆਂ ਸਨ ਲਗਨ, ਜੋਸ਼, ਪ੍ਰਤਿਭਾ, ਰਸਦਾਰ ਜ਼ਬਾਨ, ਚੁਸਤ ਫਿਕਰੇ ਪਰ ਉਹ ਖੁਦ ਬਹੁਤ ਸੁਸਤ ਹੈ। ਬੜਾ ਢਿੱਲਾ। ਸਰੀਰ ਦਾ ਵੀ ਭਾਰਾ ਹੈ। ਜੇ ਉਸ ਦਾ ਮਿਜ਼ਾਜ ਜ਼ਰਾ ਲਚਕਦਾਰ ਹੁੰਦਾ ਅਤੇ ਉਹ ਕਲਾ ਦੀ ਸਿਖਲਾਈ ਜਾਰੀ ਰੱਖਦਾ ਤਾਂ ਉਹ . . । ਮੈਂ ਆਪਣੇ ਸ਼ਾਗਿਰਦਾਂ ਬਾਰੇ ਰਾਏ ਦੇ ਸਕਦੀ ਹਾਂ। ਇਕ ਅਧਿਆਪਕ ਨੂੰ ਲੈ-ਦੇ ਕੇ ਇਹੋ ਤਾਂ ਅਖ਼ਤਿਆਰ ਹੈ। ਹੁਣ ਮੈਂ ਮਰਨ ਦੇ ਨੇੜੇ ਹਾਂ। ਕਿਸੇ ਦਿਨ ਵੀ ਮਰ ਜਾਵਾਂਗੀ। ਇਸ ਲਈ ਸੱਚ ਬੋਲਣ ਦੀ ਪਹਿਲੇ ਦਿਨਾਂ ਦੀ ਆਦਤ ਹੋਰ ਦਲੇਰ ਹੋ ਗਈ ਹੈ। ਮੈਂ ਕੱਟਿਆ ਹੋਇਆ ਹਿੰਦਸਾ ਹਾਂ। ਮੇਰਾ ਸਰੀਰ ਹੌਲੀ-ਹੌਲੀ ਪਿਘਲ ਕੇ ਰੂਹ ਬਣ ਗਿਆ ਹੈ। ਮੈਂ ਰੂਹ ਹਾਂ। ਕੀ ਆਦਮੀ ਸਰੀਰ ਨਸ਼ਟ ਹੋਣ ਪਿੱਛੋਂ ਵੀ ਜਿਉਂਦਾ ਹੈ ? ਭਲਾ ਦੱਸ, ਮਨ ਕਿਥੇ ਵੱਸਦਾ ਹੈ – ਦਿਮਾਗ਼ ਵਿਚ? ਸੀਨੇ ਵਿਚ ? ਸਰੀਰ ਦੇ ਕਿਸ ਅੰਗ ਵਿਚ? ਕੀ ਮਨ ਨਿਰਾਕਾਰ ਹੈ? ਜੇ ਨਿਰਾਕਾਰ ਹੈ ਤਾਂ ਇਹ ਕਿਵੇਂ ਮਰ ਸਕਦਾ ਹੈ? ਮਰਨ ਪਿੱਛੋਂ ਸ਼ਾਇਦ ਮਨ ਜਾਂ ਰੂਹ ਹਵਾ ਵਿਚ ਉੱਡਦੀ ਰਹਿੰਦੀ ਹੈ। ਮੈਂ ਆਪਣੀ ਵਸੀਅਤ ਕਈ ਵਾਰ ਲਿਖੀ ਹੈ, ਕਈ ਵਾਰ ਬਦਲੀ ਹੈ। ਬਦਲਣਾ ਜੀਵਨ ਦੀ ਨਿਸ਼ਾਨੀ ਹੈ। ਸੱਚ ’ਤੇ ਝੂਠ ਦੇ ਪਰਦੇ ਹੁਣ ਤੀਕ ਖੁੱਲ੍ਹਦੇ ਤੁਰੇ ਜਾਂਦੇ ਹਨ। ਕਈ ਗੱਲਾਂ ਜੋ ਮੈਂ ਸੱਚ ਸਮਝਦੀ ਸੀ ਝੂਠ ਨਿਕਲੀਆਂ, ਕਈ ਝੂਠੀਆਂ ਗੱਲਾਂ ਸੱਚ ਸਾਬਤ ਹੋਈਆਂ। ਆਦਮੀ ਕਿਸ ਦਾ ਵਿਸ਼ਵਾਸ ਕਰੇ! ਮੈਂ ਇਹ ਸਾਰੀ ਜ਼ਮੀਨ ਤੇ ਆਸ਼ਰਮ ਥੀਏਟਰ ਲਈ ਛੱਡਣਾ ਚਾਹੁੰਦੀ ਹਾਂ। ਮੈਂ ਕੇਂਦਰੀ ਸਰਕਾਰ ਨੂੰ, ਯੂਨੀਵਰਸਿਟੀਆਂ, ਸੰਸਥਾਵਾਂ ਨੂੰ ਲਿਖਿਆ। ਸਾਰੇ ਜ਼ਮੀਨ ਚਾਹੁੰਦੇ ਹਨ – ਮੁਫ਼ਤ – ਪਰ ਥੀਏਟਰ ਵਿਚ ਕਿਸੇ ਨੂੰ ਦਿਲਚਸਪੀ ਨਹੀਂ। ਥੀਏਟਰ ਤਿੰਨ- ਪੱਖੀ ਅਸਲੀਅਤ ਹੈ ਅਤੇ ਅਸੀਂ ਸੱਚ ਦੀ ਚੌਥੀ ਅਦੁੱਤੀ ਪੱਧਰ ਵੀ ਤੱਕਦੇ ਹਾਂ। ਇਹ ਪੱਧਰ ਦਰਸ਼ਕਾਂ ਤੇ ਖੇਡਣ ਵਾਲਿਆਂ ਦੇ ਪ੍ਰਸਪਰ ਰਿਸ਼ਤੇ ਨਾਲ ਉਭਰਦੀ ਹੈ। ਸੰਗੀਤ, ਕਵਿਤਾ ਤੇ ਚਿਤਰਕਾਰੀ ਦੋ-ਪੱਖੀ ਕਲਾ ਹਨ। ਨਾਟਕ ਵਿਚ ਤਿੰਨ ਪੱਖ ਉਜਾਗਰ ਹਨ। ਜਿਊਂਦਾ-ਜਾਗਦਾ ਮਨੁੱਖ ਥੀਏਟਰ ਦਾ ਮਾਧਿਅਮ ਹੈ। ਕਿਸੇ ਹੋਰ ਕਲਾ ਨੂੰ ਇਹ ਵਰ ਨਹੀਂ ਮਿਲਿਆ। ਜਦ ਨਾਟਕ ਹੋ ਰਿਹਾ ਹੁੰਦਾ ਹੈ ਤਾਂ ਸ਼ਬਦਾਂ ਦੇ ਹਵਨ ਮੰਤਰਾਂ ਵਿੱਚੋਂ ਚੌਥੀ ਸੂਖਮ ਦ੍ਰਿਸ਼ਟੀ ਸਾਕਾਰ ਹੋ ਜਾਂਦੀ ਹੈ, ਤੂੰ ਬੋਰ ਹੋ ਰਿਹਾ ਹੈਂ? ਕੀ ਮੈਂ ਬਹੁਤ ਬੋਲ ਰਹੀ ਹਾਂ ? ਮੈਂ ਕਈ ਵਾਰ ਬਹੁਤ ਬੋਲਦੀ ਹਾਂ, ਧੁੱਪ ਬਹੁਤ ਤੇਜ਼ ਹੈ। ਮੇਰੀਆਂ ਅੱਖਾਂ ਚੁੰਧਿਆ ਰਹੀਆਂ ਹਨ।”
ਅਸੀਂ ਉਠ ਤੇ ਅੰਦਰ ਆ ਗਏ। ਸਟੂਡੀਉ ਵਿਚ ਉਸ ਨੇ ਛਪੇ ਹੋਏ ਨਾਟਕ, ਖਰੜੇ, ਚਿੱਠੀਆਂ, ਪੁਰਾਣੇ ਚਿੱਤਰ ਤੇ ਪੁਸਤਕਾਂ ਦਿਖਾਈਆਂ।
ਦੁਪਹਿਰ ਵੇਲੇ ਅਸੀਂ ਇਕ ਦਰੱਖ਼ਤ ਹੇਠਾਂ ਖੁੱਲ੍ਹੇ ਵਾਯੂ-ਮੰਡਲ ਦੇ ਥੀਏਟਰ ਵਿਚ ਖਾਣਾ ਖਾਧਾ। ਸਾਹਮਣੇ ਧੌਲਾਧਾਰ ਦੀਆਂ ਹਰੀਆਂ ਪਹਾੜੀਆਂ ਸਨ ਅਤੇ ਦੂਰ ਬਰਫ਼ ਦੀਆਂ ਚੋਟੀਆਂ ਦਿੱਸ ਰਹੀਆਂ ਸਨ। ਨੋਰਾ ਗ੍ਰਾਮ ਥੀਏਟਰ ਬਾਰੇ ਕੀਤੇ ਤਜਰਬੇ ਬਿਆਨ ਕਰ ਰਹੀ ਸੀ। ਉਸ ਦੀ ਵਸੀਅਤ ਵਿਚ ਲਿਖਿਆ ਹੈ ਕਿ ਇਸ ਆਸ਼ਰਮ ਦਾ ਥੀਏਟਰ ਇਸੇ ਤਰ੍ਹਾਂ ਰਹੇਗਾ ਅਤੇ ਇਸ ਦੇ ਮੰਚ ਦਾ ਨੇਪਰਯ ਫੂਸ ਦੀ ਛੱਤ ਨਾਲ ਢੱਕਿਆ ਹੋਵੇ। ਕੋਈ ਟੀਨ ਜਾ ਲੋਹਾ ਜਾਂ ਸੀਮਿੰਟ ਨਾ ਵਰਤਿਆ ਜਾਵੇ।
ਖਾਣਾ ਖਾ ਕੇ ਉਹ ਮੇਰੇ ਨਾਲ ਮੰਚ ਉਤੇ ਆਈ ਅਤੇ ਇਸ ਉਤੇ ਖੇਡੇ ਨਾਟਕਾਂ ਦੀ ਮਹੱਤਤਾ ਬਿਆਨ ਕਰਨ ਲੱਗੀ। ਮਹੱਤਤਾ ਇਸ ਦੀ ਸਾਦਗੀ, ਵਿਉਂਤ ਤੇ ਪਾਤਰਾਂ ਦੇ ਪ੍ਰਵੇਸ਼ ਤੇ ਪ੍ਰਸਥਾਨ ਲਈ ਬਣੇ ਹੋਏ ਰਾਹਾਂ ਵਿਚ ਸੀ।
ਮੇਰੇ ਮੋਢੇ ਉਤੇ ਹੱਥ ਰੱਖ ਕੇ ਉਹ ਉਦਾਰਤਾ ਨਾਲ ਝੂਮਦੀ ਹੋਈ ਤੁਰ ਰਹੀ ਸੀ ਅਤੇ ਇਹ ਨਾਟ-ਸ਼ਾਲਾ ਵਿਖਾ ਰਹੀ ਸੀ। ਇਸ ਦਾ ਪਿਛੋਕੜ ਕੁਦਰਤ ਦੇ ਵਾਤਾਵਰਣ ਨਾਲ ਇਕਮਿਕ ਸੀ। ਉਸ ਨੇ ਕਾਂਗੜੇ ਦੀ ਚਿੱਤਰਕਲਾ ਦੀਆਂ ਗੱਲਾਂ ਕੀਤੀਆਂ ਅਤੇ ਇਸ ਨੂੰ ਲੋਕਾਂ ਦੀ ਰਹਿਣੀ-ਬਹਿਣੀ, ਤੀਵੀਆਂ ਦੇ ਰਾਂਗਲੇ ਸ਼ਿੰਗਾਰ ਤੇ ਪਹਾੜਾਂ ਦੀ ਸੰਘਣੀ ਹਰਿਆਵਲੀ ਨਾਲ ਜੋੜਿਆ। ਨਾਟਕ ਦੀ ਸ਼ੈਲੀ, ਮੰਚ ਉਸਾਰੀ, ਦ੍ਰਿਸ਼-ਸੱਜਾਅ ਆਦਿ ਵੀ ਲੋਕਾਂ ਦੇ ਸੁਭਾਅ ਅਤੇ ਪਰੰਪਰਾ ਨਾਲ ਜੁੜੀ ਹੋਣੀ ਚਾਹੀਦੀ ਹੈ। ਉਹ ਉਨ੍ਹਾਂ ਨਾਟ ਚੌਧਰੀਆਂ ਦੇ ਵਿਰੁੱਧ ਬੋਲ ਰਹੀ ਸੀ ਜੋ ਅੰਨ੍ਹੇਵਾਹ ਪੱਛਮ ਦੇ ਯਥਾਰਥਵਾਦ ਦੀ ਨਕਲ ਕਰਦੇ ਹਨ।
ਨੋਰਾ ਨੂੰ ਮੈਂ ਲਾਹੌਰ ਮਿਲਿਆ ਸਾਂ, ਫਿਰ ਪ੍ਰੀਤ ਨਗਰ, ਫਿਰ ਦਿੱਲੀ, ਉਸ ਵਿਚ ਹਮੇਸ਼ਾਂ ਇਹੋ ਜੋਸ਼ ਤੇ ਬੇਲਾਗ ਚੜ੍ਹਤ ਸੀ। ਲੰਮਾ ਕੋਟ ਤੇ ਗਰਮ ਘੁੱਟਵਾਂ ਪਜਾਮਾ ਪਾਈ ਉਹ ਤੇਜ਼ ਤੁਰਦੀ ਤੇ ਤੇਜ਼ ਗੱਲਾਂ ਕਰਦੀ ਸੀ।
ਦੇਸ਼ ਦੀ ਵੰਡ ਪਿੱਛੋਂ ਜਦੋਂ ਲੋਕ ਦਿੱਲੀ ਆਏ ਅਤੇ ਆਪਣੇ-ਆਪਣੇ ਮਕਾਨਾਂ ਤੇ ਜ਼ਮੀਨਾਂ ਦਾ ਰੋਣਾ ਰੋ ਰਹੇ ਸਨ ਤਾਂ ਨੋਰਾ ਵੀ ਦਿੱਲੀ ਆਈ ਅਤੇ ਉਸ ਨੇ ਫੀਰੋਜ਼ ਸ਼ਾਹ ਕੋਟਲਾ ਗ੍ਰਾਊਂਡ ਵਿਚ ਇਕ ਵੱਡਾ ਤੰਬੂ ਗੱਡ ਦਿੱਤਾ। ਉੱਜੜੇ ਹੋਏ ਲੋਕ ਮਕਾਨ ਢੂੰਡ ਰਹੇ ਸਨ, ਨੋਰਾ ਥੀਏਟਰ ਲਈ ਥਾਂ ਢੂੰਡ ਰਹੀ ਸੀ। ਅਸੀਂ ਉਸ ਨੂੰ ਮਿਲਣ ਗਏ ਤਾਂ ਉਹ ਬੋਲੀ, “ਅਸੀਂ ਸਾਰੇ ਰਫਿਊਜੀ ਹਾਂ, ਪਰ ਸਭ ਤੋਂ ਵੱਡਾ ਰਫਿਊਜੀ ਹੈ ਥੀਏਟਰ। ਇਸ ਨੂੰ ਘਰ ਚਾਹੀਦਾ ਹੈ।”
ਅਸੀਂ ਬਹੁਤ ਸਾਰੇ ਪੀਪਲਜ਼ ਥੀਏਟਰ ਵਿਚ ਕੰਮ ਕਰਨ ਵਾਲੇ ਨੌਜਵਾਨ ਉਸ ਦੇ ਇਰਦ-ਗਿਰਦ ਇਕੱਠੇ ਹੋ ਗਏ। ਅਸੀਂ ਨਾਟਕ ਵਿਚ ਸਮਾਜੀ ਸੁਨੇਹੇ ਦੀ ਮੰਗ ਕਰਦੇ ਸਾਂ – ਇਕ ਉਦੇਸ਼ ਦੀ, ਇਕ ਪੈਗ਼ਾਮ ਦੀ ਜੋ ਸਮਾਜ ਨੂੰ ਬਦਲ ਦੇਵੇ।
ਨੋਰਾ ਖਿਝ ਕੇ ਬੋਲੀ, ” ਤੁਸੀਂ ਲੋਕਾਂ ਨੂੰ ਕੀ ਸੁਨੇਹਾ ਦੇ ਸਕਦੇ ਹੋ, ਜਦੋਂ ਤੁਹਾਡੇ ਕੋਲ ਥੀਏਟਰ ਹੀ ਨਹੀਂ ? ਮੇਰਾ ਸਭ ਤੋਂ ਵੱਡਾ ਪੈਗਾਮ ਹੈ – ਥੀਏਟਰ ! ਕਲਾ ਕਿਸੇ ਰਾਜਸੀ ਪਾਲਿਸੀ ਦੀ ਪੱਖ-ਪਾਤ ਨਹੀਂ ਕਰਦੀ। ਇਸ ਦਾ ਕੋਈ ਮਜ਼ਹਬ ਨਹੀਂ, ਭਾਵੇਂ ਇਸ ਵਿਚ ਟੁੰਬਣ ਵਾਲੀ ਸੁੰਦਰਤਾ ਤੇ ਸਮਾਜੀ ਚੇਤਨਾ ਹੈ। ਕਲਾ ਵਿੱਚੋਂ ਅਰਥ ਤੇ ਭਾਵ ਸ਼ਗੂਫੇ ਵਾਂਗ ਫੁੱਟਦੇ ਹਨ, ਇਸ ਦੀਆਂ ਟਹਿਣੀਆਂ ਉਤੇ ਲਟਕਾਏ ਨਹੀਂ ਜਾਂਦੇ। ਮੈਂ ਤੁਹਾਡੀ ਨਾਨੀ ਤੁਹਾਨੂੰ ਆਖ ਰਹੀ ਹਾਂ ਕਿ ਤੁਸੀਂ ਨਾਟ-ਮੰਦਰ ਦੀਆਂ ਘੰਟੀਆਂ ਤੇ ਢੋਲ ਵਜਾ ਕੇ ਲੋਕਾਂ ਨੂੰ ਇਕੱਠਾ ਕਰਦੇ ਹੋ ਅਤੇ ਫਿਰ ਉਨ੍ਹਾਂ ਨੂੰ ਕੋਈ ਸਿਆਸੀ ਪੈਗ਼ਾਮ ਸੁਣਾ ਦਿੰਦੇ ਹੋ। ਤੁਹਾਨੂੰ ਇਸ ਮੰਦਰ ਦਾ ਕੋਈ ਆਦਰ ਨਹੀਂ। ਕਾਲੀਦਾਸ, ਲੋਰਕਾ, ਟੈਗੋਰ ਨਾਟਕ ਦੇ ਭਗਤ ਸਨ। ਤੁਹਾਨੂੰ ਥੀਏਟਰ ਨਾਲ ਕੋਈ ਪਿਆਰ ਨਹੀਂ। ਇਸ ਦੇਸ਼ ਵਿਚ ਜਿਸ ਨੂੰ ਮੈਂ ਪੰਜਾਹ ਸਾਲ ਤੋਂ ਪਿਆਰ ਕੀਤਾ ਹੈ, ਮੈਂ ਦੇਖਦੀ ਹਾਂ ਕਿ ਕੋਈ ਸਿਆਸੀ ਮਹੰਤ ਜਾਂ ਧਾਰਮਿਕ ਠੱਗ ਡਮਰੂ ਵਜਾ ਕੇ ਝੱਟ ਲੋਕਾਂ ਨੂੰ ਇਕੱਠੇ ਕਰ ਲੈਂਦਾ ਹੈ ਤੇ ਪੈਸੇ ਉਗਰਾਹ ਲੈਂਦਾ ਹੈ। ਪਰ ਥੀਏਟਰ ਦੀ ਲੋੜ ਹੈ ਭਾਰਤੀ ਨਾਟ-ਪਰੰਪਰਾਵਾਂ, ਜਿਨ੍ਹਾਂ ਨੂੰ ਬਦੇਸ਼ੀ ਹਕੂਮਤ ਨੇ ਤਬਾਹ ਕਰ ਦਿੱਤਾ, ਨੂੰ ਮੁੜ ਸੁਰਜੀਤ ਹੋਣ ਲਈ ਕਾਫੀ ਸਮਾਂ ਲੱਗੇਗਾ। ਮੇਰੇ ਕੋਲ ਸਮਾਂ ਨਹੀਂ। ਮੈਂ ਬਹੁਤ ਕਾਹਲੀ ਹਾਂ। ਸ਼ਾਇਦ ਮੈਂ ਆਪਣੇ ਵਕਤ ਤੋਂ ਬਹੁਤ ਪਹਿਲਾਂ ਆ ਗਈ। ਪਤਾ ਨਹੀਂ। ਮੈਂ ਉਡੀਕ ਨਹੀਂ ਸਕਦੀ। ਵਕਤ ਕਿੱਥੇ ਹੈ ? ਇਸੇ ਲਈ ਮੈਂ ਬਿਹਬਲ ਹਾਂ।”
ਉਹ ਦਿੱਲੀ ਇਕ ਮਹੀਨਾ ਰਹੀ ਤੇ ਪੰਡਤ ਨਹਿਰੂ ਤੋਂ ਲੈ ਕੇ ਨਿੱਕੇ ਤੋਂ ਨਿੱਕੇ ਅਫਸਰ ਨੂੰ ਮਿਲੀ। ਇਸ ਤੰਬੂ ਵਿਚ ਉਸ ਨੇ ਸਟੂਡੀਉ ਥੀਏਟਰ ਗਰੁੱਪ ਕਾਇਮ ਕੀਤਾ ਅਤੇ ਆਪਣੇ ਨਾਟ-ਤਜਰਬੇ ਤੇ ਵਿਚਾਰ ਦੱਸੇ। ਉਸ ਦੀਆਂ ਗੱਲਾਂ ਉਸ ਵੇਲੇ ਦੀ ਨਾਟ-ਚੇਤਨਾ ਤੋਂ ਅੱਗੇ ਦੀਆਂ ਸਨ।
ਇਕ ਮਹੀਨਾ ਇਸ ਤੰਬੂ ਵਿਚ ਉਸ ਨੇ ਨਾਟ-ਆਸ਼ਰਮ ਜਾਰੀ ਰੱਖਿਆ।ਲੋਕ ਰੋਟੀ, ਕੱਪੜੇ ਤੇ ਮਕਾਨਾਂ ਦੀ ਅਲਾਟਮੈਂਟ ਵਿਚ ਰੁੱਝੇ ਹੋਏ ਸਨ। ਇਸ ਧਾਂਦਲੀ ਵਿਚ ਵੀ ਨੋਰਾ ਆਪਣੀ ਗੱਲ ਡੱਟ ਕੇ ਆਖਦੀ ਰਹੀ। ਇਸ ਪਿੱਛੋਂ ਉਹ ਅੰਦਰੇਟੇ ਵਾਪਸ ਆਪਣੇ ਆਸ਼ਰਮ ਚਲੀ ਗਈ।
ਨੋਰਾ ਵਿਚ ਇਕ ਸਿਰੜ ਹੈ ਜੋ ਸਿਰਫ਼ ਯੋਗੀਆਂ, ਸ਼ਹੀਦਾਂ ਤੇ ਸਿਨਕੀਆਂ ਵਿਚ ਹੀ ਹੁੰਦਾ ਹੈ। ਇਸ ਸਿਰੜ ਦਾ ਸਦਕਾ ਨੋਰਾ ਨੇ ਪੰਜਾਬੀ ਵਿਚ ਅੱਜ ਤੋਂ ਪੰਜਾਹ ਸਾਲ ਪਹਿਲਾਂ ਮੰਚ ਕਾਇਮ ਕੀਤਾ। ਇਸ ਦੀ ਨੀਂਹ ਉਸ ਨੇ ਨਿਰੋਲ ਨਾਟਕ ਉਤੇ ਰੱਖੀ।
(ਨਵਯੁਗ ਪਬਲਿਸ਼ਰਜ਼ ਦੇ ਧੰਨਵਾਦ ਸਹਿਤ)
ਨੋਰਾ ਰਿਚਰਡਜ਼ : ਸਾਦਗੀ ਤੇ ਸੁੰਦਰਤਾ ਦੀ ਆਸ਼ਕ
-ਡਾ. ਮਹਿੰਦਰ ਸਿੰਘ ਰੰਧਾਵਾ
ਪੰਜਾਬੀ ਨਾਟਕ ਤੇ ਪੰਜਾਬੀ ਸਟੇਜ ਦੇ ਇਤਿਹਾਸ ਵਿਚ ਮਿਸਿਜ਼ ਨੋਰਾ ਰਿਚਰਡਜ਼ ਦਾ ਨਾਂ ਸਦਾ ਹੀ ਸੁਨਹਿਰੀ ਅੱਖਰਾਂ ‘ਚ ਉਕਰਿਆ ਰਹੇਗਾ। ਈਸ਼ਵਰ ਚੰਦਰ ਨੰਦਾ ਨੇ ਨੋਰਾ ਰਿਚਰਡਜ਼ ਦੀ ਪ੍ਰੇਰਨਾ ਅਧੀਨ ਹੀ ਪੰਜਾਬੀ ਵਿਚ ਨਾਟਕ ਲਿਖਣੇ ਸ਼ੁਰੂ ਕੀਤੇ। ਈਸ਼ਵਰ ਚੰਦਰ ਨੰਦਾ ਨੂੰ ਪੰਜਾਬੀ ਨਾਟਕ ਦਾ ਪਿਤਾ ਕਰਕੇ ਜਾਣਿਆ ਜਾਂਦਾ ਹੈ।
ਇਸ ਰਿਸ਼ਤੇ ਤੋਂ ਨੋਰਾ ਰਿਚਰਡਰਜ਼ ਪੰਜਾਬੀ ਨਾਟਕ ਦੀ ਦਾਦੀ ਲੱਗਦੀ ਹੈ।
ਨੋਰਾ ਰਿਚਰਡਜ਼ ਸਾਦਾ ਜੀਵਨ ਜੀਊਣ ਵਿਚ ਵਿਸ਼ਵਾਸ ਰੱਖਦੀ ਸੀ। ਉਹ ਵਾਲਟ ਵਿਟਮੈਨ ਦੀ ਪ੍ਰਸੰਸਕ ਸੀ। ਵਾਲਟ-ਵਿਟਮੈਨ ਦੀ ਪੁਸਤਕ ‘ਘਾਹ-ਪੱਤੀਆਂ’ ਉਸ ਲਈ ਬਾਈਬਲ ਸੀ। ਕਾਂਗੜਾ ਵੈਲੀ ਵਿਚ ਅੰਦਰੇਟਾ ਸਾਦਗੀ, ਸੁੰਦਰਤਾ ਅਤੇ ਸ਼ਾਂਤੀ ਦਾ ਨਮੂਨਾ ਹੈ। ਇਸੇ ਕਰਕੇ ਨੋਰਾ ਨੇ ਆਪਣੇ ਰਹਿਣ ਲਈ ਇਸ ਸਥਾਨ ਨੂੰ ਚੁਣਿਆ।
ਉਸ ਦਾ ਜਨਮ ਆਇਰਲੈਂਡ ਗੋਰਾਵੁਡ ਨਾਂ ਦੇ ਸਥਾਨ ਤੇ 29 ਅਕਤੂਬਰ 1876 ਨੂੰ ਹੋਇਆ ਸੀ। ਉਸ ਆਕਸਫੋਰਡ ਤੇ ਸਿਡਨੀ ਵਿਚ ਆਪਣੀ ਵਿੱਦਿਆ ਪ੍ਰਾਪਤ ਕੀਤੀ। ਇੰਗਲੈਂਡ ਵਿਚ ਉਹ ਨੋਰਾ ਡਾਇਲ ਦੇ ਨਾਂ ਨਾਲ ਇਕ ਮਸ਼ਹੂਰ ਸਟੇਜ ਕਲਾਕਾਰ ਕਰਕੇ ਜਾਣੀ ਜਾਂਦੀ ਸੀ। ਉਥੇ ਹੀ ਉਹ ਬੀ-ਆਈਡਨ ਪਾਈਨ ਜੋ ਹੁਣ ਟੈਕਸਾਸ ਯੂਨੀਵਰਸਿਟੀ ਦੇ ਡਰਾਮਾ ਵਿਭਾਗ ਵਿਚ ਹੈ, ਤੋਂ ਪ੍ਰਭਾਵਿਤ ਹੋਈ ਹੈ ਤੇ ਟਾਲਸਟਾਏ ਦੀ ਅਨੁਯਾਈ ਬਣ ਗਈ। ਰੰਗਮੰਚ ਨੂੰ ਛੱਡ ਕੇ ਉਹ ਡਾਰਸੈਟ ਦੇ ਵੁਡਲੈਂਡ ਇਲਾਕੇ ਵਿਚ ਜਾ ਕੇ ਬਿਲਕੁਲ ਆਪਣੇ ਪੇਂਡੂ ਗਵਾਂਢੀਆਂ ਵਾਂਗ ਆਪਣੇ ਹੱਥੀਂ ਕੰਮ ਕਰਕੇ ਬੜਾ ਸਾਦਾ ਜੀਵਨ ਬਤੀਤ ਕਰਨ ਲੱਗੀ। ਇਥੇ ਹੀ ਉਸ ਦੀ ਮੁਲਾਕਾਤ ਆਰਨੈਸਟ ਰਿਚਰਡਰਜ਼ ਨਾਲ ਹੋਈ। 1908 ਵਿਚ ਉਨ੍ਹਾਂ ਵਿਆਹ ਕਰਵਾ ਲਿਆ ਤੇ ਤਿੰਨ ਸਾਲ ਬਾਅਦ ਲਾਹੌਰ ਆ ਗਏ। ਪ੍ਰੋ. ਰਿਚਰਡਜ਼ ਦਿਆਲ ਸਿੰਘ ਕਾਲਜ ਲਾਹੌਰ ਵਿਚ ਅੰਗਰੇਜ਼ੀ ਸਾਹਿਤ ਦੇ ਅਧਿਆਪਕ ਲੱਗ ਗਏ। ਲਾਹੌਰ ਆ ਕੇ ਨੋਰਾ ਨੇ ਪੰਜਾਬੀ ਨਾਟਕ ਵਿਚ ਦਿਲਚਸਪੀ ਲੈਣੀ ਸ਼ੁਰੂ ਕੀਤੀ ਅਤੇ ਕਾਲਜ ਦੇ ਕਈ ਵਿਦਿਆਰਥੀਆਂ ਨੂੰ ਅਦਾਕਾਰੀ ਦੀ ਚੇਟਕ ਲਾਈ। ਉਸ ਦੀਆਂ ਹੋਰ ਪ੍ਰਾਪਤੀਆਂ ਦੇ ਨਾਲ-ਨਾਲ ਪੰਜਾਬੀ ਨਾਟਕ ਪ੍ਰਤੀ ਉਸ ਦੀ ਦੇਣ ਪੰਜਾਬੀ ਸਾਹਿਤ ਦੇ ਇਤਿਹਾਸ ‘ਚ ਇਕ ਮਾਨਯੋਗ ਸਥਾਨ ਰਖਦੀ ਹੈ।
ਪਹਿਲੇ ਵਿਸ਼ਵ ਯੁੱਧ ਦੌਰਾਨ ਪ੍ਰੋ. ਰਿਚਰਡਜ਼ ਦੇਵਾਸ ਦੇ ਯੁਵਰਾਜ ਦੇ ਟਿਊਟਰ ਨਿਯੁਕਤ ਹੋਏ। 1920 ਵਿਚ ਪ੍ਰੋ. ਰਿਚਰਡਜ਼ ਦਾ ਦਿਹਾਂਤ ਹੋ ਗਿਆ ਤੇ ਨੋਰਾ ਵਾਪਸ ਇੰਗਲੈਂਡ ਚਲੀ ਗਈ। ਕੁਝ ਚਿਰ ਉਹ ਡੈਵਨਸ਼ਾਇਰ ਦੇ ਐਕਜ਼ੀਟਰ ਸ਼ਹਿਰ ਵਿਚ ਰਹੀ ਤੇ ਕੁਝ ਚਿਰ ਲੰਡਨ ਦੇ ਚੈਲਜ਼ੀ ਇਲਾਕੇ ਵਿਚ।
ਉਨ੍ਹਾਂ ਦਿਨਾਂ ਵਿਚ ਲਾਵੈਲ ਟਾਮਸ ਦੀਆਂ ਟਿੱਪਣੀਆਂ ਸਮੇਤ ਇਕ ਫਿਲਮ ‘ਥਰੂ ਰੋਮਾਂਟਿਕ ਇੰਡੀਆ’ ਲੰਡਨ ਦੇ ਫਿਲ-ਹਾਰਮੋਨਿਕ ਹਾਲ ਵਿਚ ਦਿਖਾਈ ਜਾ ਰਹੀ ਸੀ। ਨੋਰਾ ਨੂੰ ਲੱਗਿਆ ਕਿ ਇਹ ਫਿਲਮ ਭਾਰਤ ਨਾਲ ਨਿਆਂ ਨਹੀਂ ਕਰ ਰਹੀ। ਸੋ ਜਦੋਂ ਲਾਰਡ ਰੀਡਿੰਗ ਦਾ ਚਿਹਰਾ ਪਰਦੇ ‘ਤੇ ਉਭਰਿਆ ਉਹ ਉਠ ਕੇ ਬੋਲਣ ਲੱਗ ਪਈ ਅਤੇ ਉਸ ਨੇ ਲਾਰਡ ਰੀਡਿੰਗ ਨੂੰ ਖਲਨਾਇਕ ਤਕ ਕਿਹਾ ਕਿਉਂਕਿ ਉਹਨੇ ਲੂਣ ਕਰ ਦੁੱਗਣਾ ਕਰ ਦਿੱਤਾ ਸੀ। ਇਸ ਕਰਮ ਕਰਕੇ ਉਹ ਪਕੜੀ ਗਈ ਅਤੇ ਉਸ ਨੂੰ ਇਕ ਮਹੀਨੇ ਦੀ ਸਜ਼ਾ ਹੋ ਗਈ। ਰਿਹਾਅ ਹੋਣ ‘ਤੇ ਉਸ ਘਰੇਲੂ ਕੰਮ ਕਰਕੇ ਹਿੰਦੁਸਤਾਨ ਆਉਣ ਲਈ ਕਿਰਾਇਆ ਜਮ੍ਹਾਂ ਕੀਤਾ ਤੇ 1924 ਵਿਚ ਉਹ ਵਾਪਸ ਭਾਰਤ ਆ ਗਈ। ਪਹਿਲਾਂ ਆ ਕੇ ਉਸ ਮੰਡੀ ਤੋਂ ਪਾਲਮਪੁਰ ਜਾਂਦੀ ਸੜਕ ‘ਤੇ ਸਥਿਤ ਬਨੂਰੀ ਨਾਮਕ ਪਿੰਡ ਵਿਚ ਡੇਰਾ ਲਾਇਆ, ਪਿੱਛੋਂ ਅੰਦਰੇਟੇ ਚਲੀ ਗਈ ਜਿਸ ਨੂੰ ਉਹ ‘ਸਫਾਈ, ਸਾਦਗੀ ਅਤੇ ਸੁੰਦਰਤਾ ਨਾਲ ਮਹਿਕਦਾ ਸਥਾਨ ਕਹਿੰਦੀ ਦੀ ਸੀ। ਇਥੇ ਹੀ ਉਸ ਦਾ ਦਿਹਾਂਤ ਹੋਇਆ।
ਅੰਦਰੇਟੇ ਤੋਂ ਧੌਲਾਧਾਰ ਇਕ ਚਾਂਦੀ ਕੰਧ ਵਾਂਗ ਦਿਖਾਈ ਦਿੰਦੀ ਹੈ। ਇਸ ਦੀਆਂ ਸੱਜਰੀ ਬਰਫ ਨਾਲ ਢੱਕੀਆਂ ਚੋਟੀਆਂ ਪਿਘਲੀ ਹੋਈ ਚਾਂਦੀ ਦਾ ਝਾਉਲਾ ਦਿੰਦੀਆਂ ਹਨ। ਸੰਝ ਦਾ ਸੂਰਜ ਇਨ੍ਹਾਂ ਨੂੰ ਪਿਘਲਿਆ ਸੋਨਾ ਬਣਾ ਦਿੰਦਾ ਹੈ। ਚੰਨ ਚਾਨਣੀ ਵਿਚ ਬਰਫਾਂ ਵਿਸ਼ੇਸ਼ ਸੌਂਦਰਯਮਈ ਹੋ ਜਾਂਦੀਆਂ ਹਨ ਤੇ ਧਾਨ ਖੇਤਾਂ ਨਾਲ ਘਿਰੀਆਂ ਛੋਟੀਆਂ ਛੋਟੀਆਂ ਬਸਤੀਆਂ ਵਾਲੀ ਪਾਲਮ ਵਾਦੀ ਨੀਂਦ ਵਿਚ ਊਂਘਦੀ ਦਿੱਸਦੀ ਹੈ
ਧੌਲਾਧਾਰ ਹੀ ਨੋਰਾ ਦੇ ਨਾਟਕਾਂ ਦਾ ਪਿਛੋਕੜ ਹੈ। ਨੋਰਾ ਦੇ ਘਰ ਦੇ ਸਾਹਮਣੇ ਇਕ ਖੱਡ ਹੈ ਤੇ ਖੱਡ ਤੋਂ ਪਾਰ ਇਕ ਕਿਸਾਨ ਨੇ ਆਪਣਾ ਭੈੜਾ ਜਿਹਾ ਘਰ ਬਣਾਇਆ ਹੈ, ਜਿਸ ਕਾਰਨ ਵਾਦੀ ਦਾ ਸੁੰਦਰ ਦ੍ਰਿਸ਼ ਕੁਝ ਖ਼ਰਾਬ ਹੋ ਗਿਆ। ਨੋਰਾ ਨੇ ਇਸ ਪਾਸੇ ਪੋਪਲਰ ਰੁੱਖਾਂ ਦੀ ਇਕ ਕਤਾਰ ਲਗਾਈ ਸੀ ਇਸ ਉਮੀਦ ‘ਤੇ ਕਿ ਵੱਡੇ ਹੋ ਕੇ ਇਹ ਰੁੱਖ ਇਕ ਹਰੀ-ਭਰੀ ਕੰਧ ਦਾ ਕੰਮ ਦੇਣਗੇ ਤੇ ਕਿਸਾਨ ਦਾ ਉਹ ਸੁੰਦਰਤਾਹੀਣ ਘਰ ਅੱਖੋਂ ਓਹਲੇ ਹੋ ਜਾਵੇਗਾ।
ਨੋਰਾ ਆਪ ਦੂਸਰੀ ਮੰਜ਼ਿਲ ‘ਤੇ ਰਹਿੰਦੀ ਸੀ ਜਿਸ ਦੇ ਕਮਰੇ ਅੰਦਰੋਂ-ਬਾਹਰੋਂ ਮਿੱਟੀ ਨਾਲ ਪੋਚੇ ਹੋਏ, ਬੜੇ ਸਾਫ-ਸੁਥਰੇ ਸਨ। ਰੁੱਖਾਂ ਥੱਲੇ ਕੁਝ ਬੈਂਚ ਬਣਾਏ ਹੋਏ। ਸਨ। ਹੇਠਲੇ ਕਮਰੇ ਵਿਚ ਭੜੋਲਿਆਂ ਵਿਚ ਉਸ ਕਣਕ ਤੇ ਚੌਲ ਸਾਭੇ ਹੋਏ ਸਨ। ਜਾਮਨੀ ਫੁੱਲਾਂ ਨਾਲ ਲੱਦੀ ਵਿਸਟੀਰੀਆ ਦੀ ਵੇਲ ਬਾਹਰਲੇ ਦਰਵਾਜ਼ੇ ‘ਤੇ ਚੜ੍ਹੀ ਹੋਈ ਸੀ। ਬਾਗ਼ ਵਿਚ ਝਾੜੀਆਂ ਬਾਗ਼ ਦੀ ਖ਼ੂਬਸੂਰਤੀ ਨੂੰ ਵਧਾ ਰਹੀਆਂ ਸਨ।
ਸਰਦੀਆਂ ਵਿਚ ਨੋਰਾ ਉੱਪਰਲੀ ਮੰਜ਼ਿਲ ‘ਤੇ ਰਹਿੰਦੀ ਸੀ। ਇਥੇ ਛੋਟੇ ਜਿਹੇ ਕਮਰੇ ਵਿਚ ਉਸ ਆਪਣੀ ਜ਼ਰੂਰਤ ਦੀਆਂ ਸਭ ਚੀਜ਼ਾਂ ਇੱਕਠੀਆਂ ਕੀਤੀਆਂ ਹੋਈਆਂ ਸਨ। ਬਹੁਤ ਸਮਾਂ ਉਹ ਬਿਸਤਰੇ ਵਿਚ ਹੀ ਬਤੀਤ ਕਰਦੀ ਸੀ। ਉਮਰੋਂ ਸਿਆਣੀ ਤੇ ਮਾੜਚੂ ਜਿਹੀ ਉਹ ਲੰਮੀ ਪਈ ਪਰਬਤਾਂ ਦੀ ਰੂਹ ਹੀ ਲੱਗਦੀ ਸੀ, ਪਰ ਜਦ ਉਹ ਉਠ ਕੇ ਗੱਲਾਂ ਕਰਦੀ ਸੀ ਉਸ ਦੀਆਂ ਅੱਖਾਂ ਦੀ ਅਦਭੁੱਤ ਜਯੋਤੀ ਤੇ ਚਾਂਦੀ ਚਿੱਟੇ ਧੋਲਿਆਂ ਨਾਲ ਘਿਰਿਆ ਉਸ ਦਾ ਚਿਹਰਾ ਚਮਕ ਉਠਦਾ। ਉਸ ਦੀ ਗੱਲਬਾਤ ਦਾ ਵਿਸ਼ਾ ਹੁੰਦਾ ਸੀ ਸਭਿਆਚਾਰ ਤੇ ਸ਼ਕਤੀ। ਇਸ ਸ਼ਕਤੀ ਲਈ ਪਾਗਲ ਦੁਨੀਆਂ ਵਿਚ ਉਹ ਸਭਿਆਚਾਰ ਦੀ ਵਕੀਲ ਸੀ। ਉਸ ਦੀ ਕੁਰਸੀ ਕੋਲ ਬਾਰੀ ਵਿਚ ਪਏ ਇਕ ਨੀਲੇ ਫੁੱਲਦਾਨ ਵਿਚ ਗੂਹੜੇ ਪੀਲੇ ਰੰਗ ਦੇ ਸੂਰਜਮੁਖੀ ਕਮਰੇ ਦੀ ਸ਼ੋਭਾ ਵਧਾ ਰਹੇ ਹੁੰਦੇ ਸਨ। ਇਥੇ ਉਸ ਦਾ ਸਾਥੀ ਇਕ ਰਿਟਾਇਰਡ ਪ੍ਰੋ.
ਜੈ ਦਿਆਲ ਵੀ ਸੀ। ਉਹ ਜਦ ਵੀ ਇਕੱਲ ਤੇ ਅਰਾਮ ਤੋਂ ਤੰਗ ਪੈ ਜਾਂਦੀ ਤਾਂ ਜੈ ਦਿਆਲ ਨੂੰ ਮੈਗਾਫ਼ੋਨ ‘ਤੇ ਬੁਲਾ ਲੈਂਦੀ ਤੇ ਉਹ ਝਟਪਟ ਉਸ ਕੋਲ ਆ ਜਾਂਦਾ।
ਬਾਲਕੋਨੀ ਦੇ ਇਕ ਪਾਸੇ ਉਸ ਦਾ ਅਧਿਐਨ ਕਮਰਾ ਸੀ ਜਿਸ ਨੂੰ ਉਸ ਟਾਟ ਦੇ ਪਰਦੇ ਲਾਏ ਹੋਏ ਸਨ। ਇਸ ਕਮਰੇ ਵਿਚ ਉਸ ਕੁਝ ਮੂੜ੍ਹੇ ਰੱਖੇ ਹੋਏ ਸਨ ਤੇ ਲਿਖਣ-ਪੜ੍ਹਨ ਵਾਸਤੇ ਇਕ ਮੇਜ਼ ਤੇ ਕੁਰਸੀ। ਰੌਸ਼ਨਦਾਨਾਂ ‘ਤੇ ਵੀ ਸ਼ੀਸ਼ਿਆਂ ਦੀ ਥਾਂ ਉਸ ਖੱਦਰ ਦੇ ਪਰਦੇ ਲਾਏ ਹੋਏ ਸਨ। ਟਾਟ ਦੇ ਪਰਦੇ ਮਿੱਟੀ ਨਾਲ ਪੋਚੇ ਹੋਏ ਘਰ ਨਾਲ ਇਕਮਿਕ ਹੋ ਜਾਂਦੇ ਸਨ। ਜਿਹੜੇ ਲੋਕ ਘਰਾਂ ਤੇ ਮਿੱਟੀ ਦੇ ਪੋਚੇ ਨੂੰ ਹੀਣਾ ਸਮਝਦੇ ਹਨ ਉਹ ਸੁੰਦਰਤਾ ਦਾ ਸਾਕਾਰ ਨਮੂਨਾ ਨੋਰਾ ਦਾ ਘਰ ਦੇਖਣ।
ਉਸ ਦੇ ਘਰ ਦੇ ਆਸ-ਪਾਸ ਹੋਰ ਕਈ ਛੋਟੀਆਂ-ਵੱਡੀਆਂ ਬਿਲਡਿੰਗਾਂ ਹਨ। ਇਕ ਪਾਸੇ ਬਾਦਾਮੀ ਨਿਵਾਸ ਹੈ। ਇਹ ਇਥੇ ਡਰਾਮਾ ਤੇ ਸਭਿਆਚਾਰ ਦਾ ਕੋਰਸ ਕਰਨ ਆਏ ਸਕੂਲ ਅਧਿਆਪਕਾਂ ਲਈ ਹੋਸਟਲ ਦਾ ਕੰਮ ਦਿੰਦਾ ਹੈ। ਦੂਸਰੇ ਪਾਸੇ ਹਰਮੀਟੇਜ਼ ਹੈ, ਇਥੇ ਇਕ ਆਇਰਸ਼ ਲੇਖਕ ਤੇ ਉਸ ਦੀ ਭਾਰਤੀ ਪਤਨੀ ਕੁਝ ਦੇਰ ਰਹੇ ਸਨ। ਪਹਾੜ ਤੇ ਪੈਰਾਂ ਵਿਚ ਬਾਬੂ ਪਿਆਰੇ ਲਾਲ ਬੇਦੀ ਤੇ ਫਰੇਡਾ ਬੇਦੀ ਦੀ ਕੁਟੀਆ ਹੈ – ਇਹ ਟੁੱਟੀ ਫੁੱਟੀ ਹਾਲਤ ਵਿਚ ਹੈ।
ਮਿਸਿਜ਼ ਰਿਚਰਡਜ਼ ਆਪਣੇ ਵੁਡਲੈਂਡਜ਼ ਦੇ ਭਵਿੱਖ ਬਾਰੇ ਬੜੀ ਫਿਕਰਮੰਦ ਰਹਿੰਦੀ ਸੀ। ਉਸਦੀ ਇੱਛਾ ਸੀ ਕਿ ਕਾਂਗੜਾ ਵਾਦੀ ਵਿਚ ਇਹ ਸਭਿਆਚਾਰ ਕੇਂਦਰ ਬਣਿਆ ਰਹੇ। ਯੋਗ ਵਾਰਿਸ ਦੀ ਭਾਲ ਵਿਚ ਉਸ ਵੱਲੋਂ ਕਈ ਵਾਰੀ ਥਾਪਿਆ ਗਿਆ ਸੀ। ਅਗਲੇ ਸਾਲ ਜਦੋਂ ਮੈਂ ਉਸ ਕੋਲ ਗਿਆ ਤਾਂ ਪਤਾ ਲੱਗਾ ਕਿ ਵਸੀਅਤ ਫਿਰ ਬਦਲ ਗਈ ਹੈ। ਮੈਨੂੰ ਵੀ ਉਸੇ ਵਾਂਗ ਕਲਾ ਤੇ ਸੁੰਦਰਤਾ ਨਾਲ ਓਤਪੋਤ ਵੁਡਲੈਂਡਜ਼ ਬਾਰੇ ਚਿੰਤਾ ਹੈ, ਨਾਲ ਬਰਫ਼ਾਂ ਲੱਦੀਆਂ ਪਹਾੜੀਆਂ ਦੇ ਇੰਨੇ ਸੁੰਦਰ ਦ੍ਰਿਸ਼ ਦਿਖਾਣ ਵਾਲਾ ਭਾਰਤ ਵਿਚ ਹੋਰ ਕੋਈ ਸਥਾਨ ਵੀ ਤਾਂ ਨਹੀਂ।
ਨੋਰਾ ਦਾ ਸੁਪਨਾ ਕਿ ਕਾਂਗੜਾ ਵਾਦੀ ਵਿਦਿਅਕ ਤੇ ਸਭਿਆਚਾਰਕ ਕੇਂਦਰ ਬਣੇ, ਖੇਤੀਬਾੜੀ ਦੇ ਇਕ ਕਾਲਜ ਦੇ ਬਣਨ ਨਾਲ ਸਾਕਾਰ ਹੋ ਗਿਆ ਹੈ।ਜੇ ਹੁਸੈਨ ਜ਼ਹੀਰ ਦੀ ਸੰਕਲਪੀ ਹੋਈ ਬਾਇਓਲੌਜੀਕਲ ਰਿਸਰਚ ਲੈਬਾਰਟਰੀ ਹੋਂਦ ਵਿਚ ਆ ਜਾਂਦੀ ਤਾਂ ਇਹ ਵਾਦੀ ਦੁਨੀਆਂ ਦੇ ਸਾਇੰਸੀ ਨਕਸ਼ੇ ‘ਤੇ ਵੀ ਆ ਜਾਂਦੀ। ਪਰ ਦੁਨੀਆਂ ਦੇ ਕਲਾ ਨਕਸ਼ੇ ‘ਤੇ ਇਸਦਾ ਸਥਾਨ ਸਦਾ ਬਣਿਆ ਰਹੇਗਾ।
ਨੋਰਾ ਦਾ ਕਾਂਗੜਾ ਵਾਦੀ ਵਿਚ ਜੀਊਣ-ਕਲਾ ਦਾ ਇਹ ਤਜਰਬਾ ਮਹਾਂ ਨਗਰਾਂ ਦੀ ਤਲਖੀ-ਭਰੀ ਜ਼ਿੰਦਗੀ ਜੀਊਣ ਵਾਲੇ ਸਭਿਅਕ ਮਰਦਾਂ ਤੇ ਔਰਤਾਂ ਲਈ ਇਕ ਆਸ ਦਾ ਸੁਨੇਹਾ ਹੈ ਕਿ ਜਦੋਂ ਉਹ ਆਰਥਕ ਤੌਰ ‘ਤੇ ਸੁਤੰਤਰ ਹੋ ਜਾਣ, ਉਹ ਪਿੰਡਾਂ ਵੱਲ ਮੋੜਾ ਪਾਣ। ਵਾਲਤੇਆਰ ਦਾ ਨਾਇਕ ਕੈਂਦੀਦੇ ਵੀ ਕਈ ਘਟਨਾਵਾਂ ਵਿੱਚੋਂ ਲੰਘ ਕੇ ਇਸ ਫੈਸਲੇ ‘ਤੇ ਪਹੁੰਚਦਾ ਹੈ ਕਿ ਸਾਨੂੰ ਪ੍ਰਕਿਰਤੀ ਨਾਲ ਇੱਕਮਿਕ ਹੋ ਕੇ ਰਹਿਣਾ ਚਾਹੀਦਾ ਹੈ।
ਨੋਰਾ ਰਿਚਰਡਜ਼ ਦੀ ਪੰਜਾਬੀ ਸਭਿਆਚਾਰ ਨੂੰ ਦੇਣ
-ਡਾ. ਹਰਚਰਨ ਸਿੰਘ
ਭਾਸ਼ਾ ਵਿਚ ਨਾਟਕੀ ਰੂਪ ਦਿਓ। ਪੰਜਾਬ ਪਿੰਡਾਂ ਦਾ ਦੇਸ਼ ਹੈ। ਵਧੇਰੇ ਕਰਕੇ ਪੇਂਡੂ ਸਮੱਸਿਆਵਾਂ ਲਵੋ। 1913 ਤੋਂ ਆਰੰਭ ਹੋਈ ਨਾਟਕ ਪ੍ਰਤੀਯੋਗਤਾ ਸਬੰਧੀ ਵੀ ਉਸ ਨੇ ਹਦਾਇਤ ਕੀਤੀ ਹੋਈ ਸੀ ਕਿ ਮੁਕਾਬਲੇ ਵਿਚ ਭੇਜੇ ਜਾਣ ਵਾਲੇ ਨਾਟਕਾਂ ਦਾ ਵਿਸ਼ਾ ਪੰਜਾਬ ਜਾਂ ਭਾਰਤ ਦੇ ਜੀਵਨ ਨਾਲ ਸਬੰਧਿਤ ਹੋਣਾ ਜ਼ਰੂਰੀ ਹੈ। ਦੋ- ਤਿੰਨਾਂ ਸਾਲਾਂ ਵਿਚ ਹੀ ਉਸ ਦਾ ਉਦਮ ਲਹਿਰ ਦਾ ਰੂਪ ਧਾਰ ਗਿਆ। ਲਾਹੌਰ ਦੇ ਪ੍ਰਸਿਧ ਅੰਗਰੇਜ਼ੀ ਅਖ਼ਬਾਰ ਨੇ ਵੀ ਉਨ੍ਹਾਂ ਦੇ ਆਸ਼ਿਆਂ ਅਤੇ ਯਤਨਾਂ ਦੀ ਪ੍ਰੋੜਤਾ ਕੀਤੀ ਸੀ :
ਅੱਜ ਕਲ੍ਹ ਲਾਹੌਰ ਵਿਚ ਕਾਲਜਾਂ ਰਾਹੀਂ ਜਿਹੜੀ ਨਾਟਕਾਂ ਦੀ ਲਹਿਰ ਚਲ ਰਹੀ ਹੈ ਉਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਇਕ ਨਵੇਂ ਯੁੱਗ ਦਾ ਆਰੰਭ ਹੋ ਗਿਆ ਹੈ। ਸ਼ੈਕਸਪੀਅਰ ਦੇ ਕਾਲਜਾਂ ਵਿਚ ਪੜ੍ਹਾਏ ਜਾਣ ਵਾਲੇ ਨਾਟਕਾਂ ਨੂੰ ਖੇਡਿਆ ਜਾਣਾ ਕਿਧਰੇ ਚੰਗਾ ਲੱਗੇਗਾ। ਜੇ ਇਹ ਹੋਣ ਲਗ ਜਾਏ ਤਾਂ ਯੂਨੀਵਰਸਿਟੀ ‘ਕਲਾ ਦੀ ਜਨਣੀ’ ਦੇ ਤੌਰ ਤੇ ਆਪਣਾ ਪਹਿਲਾ ਕਰਤਵ ਨਿਭਾਏਗੀ। ਨਵੇਂ ਅਤੇ ਜਵਾਨ ਕਲਾਕਾਰਾਂ ਨੂੰ ਉਤਸ਼ਾਹ ਮਿਲੇਗਾ ਅਤੇ ਨਤੀਜੇ ਦੇ ਤੌਰ ‘ਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੀ ਅਸਲੀ ਕੀਮਤ ਦੀ ਪਛਾਣ ਹੋਵੇਗੀ। (ਸਿਵਲ ਐਂਡ ਮਿਲਟਰੀ ਗਜ਼ਟ, ਲਾਹੌਰ ਜੁਲਾਈ 1920)
ਨੋਰਾ ਉਠਦੀ ਜਵਾਨੀ ਵਿਚ ਹੀ ਮਹਾਨ ਰੂਸੀ ਸੰਤ ਲੇਖਕ ਟਾਲਸਟਾਏ ਦੇ ਪ੍ਰਭਾਵ ਹੇਠ ਆ ਗਈ ਸੀ। ਇਥੋਂ ਤਕ ਕਿ ਨਾਟਕਾਂ ਵਿਚ ਐਕਟਿੰਗ ਦਾ ਕਿੱਤਾ ਛੱਡ ਕੇ ਵੁਡਲੈਂਡਜ਼ ਨਾਂ ਦੇ ਇਕ ਪਿੰਡ ਵਿਚ ਜਾ ਵਸੀ। ਟਾਲਸਟਾਏ ਦੀ ਸਿਖਿਆ ਅਨੁਸਾਰ ਉਹ ਅਸਲੋਂ ਸਾਦਾ ਜੀਵਨ ਜੀਣ ਦਾ ਅਭਿਆਸ ਕਰਨ ਲੱਗ ਪਈ ਸੀ। ਪਿੰਡ ਦੇ ਲੋਕਾਂ ਨਾਲ ਹੇਲ-ਮੇਲ ਹੋ ਕੇ ਹੱਥੀਂ ਕੰਮ ਕਰਦੀ ਸੀ। ਇਸੇ ਪਿੰਡ ਵਿਚ ਉਹ ਫਿਲਿਪ ਰਿਚਰਡਜ਼ ਨੂੰ ਮਿਲੀ ਸੀ। ਉਥੇ ਹੀ 1908 ਵਿਚ ਉਨ੍ਹਾਂ ਦਾ ਨਹਾਇਤ ਸਾਦਗੀ ਨਾਲ ਵਿਆਹ ਹੋਇਆ। 1924 ਦੇ ਕਰੀਬ ਉਹ ਇਕ ਹੋਰ ਚਿੰਤਕ ਐਲ ਪੀ. ਜੈਕਸ ਦੇ ਨਵੀਂ ਸਭਿਅਤਾ ਬਾਰੇ ਖ਼ਿਆਲਾਂ ਤੋਂ ਡੂੰਘੀ ਤਰ੍ਹਾਂ ਪ੍ਰਭਾਵਿਤ ਹੋਈ। ਇਸੇ ਕਰਕੇ ਉਸਦੇ ਜੀਵਨ ਦਾ ਮਨੋਰਥ ਨਵੇਂ ਸਭਿਆਚਾਰ ਦਾ ਪ੍ਰਚਾਰ ਸੀ। ਉਸ ਦਾ ਵਿਸ਼ਵਾਸ ਸੀ ਕਿ ਇਕ ਨਵੀਂ ਨਰੋਈ ਸਭਿਅਤਾ ਦਾ ਪ੍ਰਵੇਸ਼ ਹੋਵੇਗਾ ; ਜਿਸ ਦਾ ਅਧਾਰ ਜ਼ੋਰ ਤੇ ਸ਼ਕਤੀ ਦੀ ਥਾਂ ਸਭਿਆਚਾਰ ਹੋਵੇਗਾ। 1947 ਵਿਚ ਹਿੱਸਾਂ ਦੀਆਂ ਭਿਆਨਕ ਘਟਨਾਵਾਂ ਨੇ ਉਸਨੂੰ ਬੇਹੱਦ ਉਦਾਸ ਕੀਤਾ ਸੀ। ਉਸ ਨੂੰ ਆਪਣੇ ਸੁਪਨੇ ਦੂਰ ਹੁੰਦੇ ਦਿੱਸੇ ਸਨ।
ਨੋਰਾ ਦਾ ਦ੍ਰਿੜ੍ਹ ਵਿਸ਼ਵਾਸ ਸੀ ਕਿ ਸਭਿਆਚਾਰ ਦੇ ਪਸਾਰੇ ਲਈ ਨਾਟਕ ਤੇ ਰੰਗਮੰਚ ਹੀ ਸਭ ਤੋਂ ਸ਼ਕਤੀਸ਼ਾਲੀ ਕਲਾ ਮਾਧਿਅਮ ਹੈ। ਇਹ ਨਿਸਚਾ ਉਸ ਨੇ ਆਪਣੇ ਲੇਖਾਂ ਵਿਚ ਵਾਰ-ਵਾਰ ਦੁਹਰਾਇਆ ਹੈ। ਆਪਣੇ ਇਕ ਲੇਖ ‘ਪੰਜਾਬੀ ਨਾਟਕ ਦਾ ਜਨਮ’ ਵਿਚ ਉਸਨੇ ਇਸੇ ਵਿਚਾਰ ਨੂੰ ਪ੍ਰਗਟਾਇਆ ਹੈ :
ਡਰਾਮਾ ਹੀ ਸਭ ਤੋਂ ਉੱਚੀ ਸਭਿਆਚਾਰ ਸਿਖਿਆ ਹੈ ਜਿਹੜੀ ਕੌਮਾਂ ਨੂੰ ਅੱਗੇ ਵਧਣ ਵਿਚ ਸਹਾਇਕ ਹੁੰਦੀ ਹੈ।’
ਪ੍ਰਾਚੀਨ ਭਾਰਤ ਵਿਚ ਵੀ ਇਹੋ ਵਿਚਾਰ ਪ੍ਰਚੱਲਿਤ ਸੀ ਕਿ ਲੋਕਾਂ ਦਾ ਸਭਿਆਚਾਰਕ ਮਿਆਰ ਉੱਚਾ ਕਰਨ ਦਾ ਸਭ ਤੋਂ ਮੁੱਖ ਤੇ ਸ਼ਕਤੀਸ਼ਾਲੀ ਸਾਧਨ ਨਾਟਕ ਹੀ ਹੈ। ਰਾਜ ਕੁਮਾਰ ਤੇ ਅਮੀਰ ਵਜ਼ੀਰਾਂ ਦੇ ਬੱਚੇ ਨਾਟਕ ਕਲਾ ਵਿਚ ਇਸੇ ਕਰਕੇ ਵਧੇਰੇ ਦਿਲਚਸਪੀ ਰੱਖਦੇ ਹੁੰਦੇ ਸਨ।
ਇੱਕੋ ਧੁਨ ਤੇ ਲਗਨ ਦੀ ਪੂਰਤੀ ਲਈ ਉਸ ਨੇ ਆਪਣਾ ਸਾਰਾ ਜੀਵਨ ਪੰਜਾਬ ਲਈ ਅਰਪਨ ਕੀਤਾ। ਅਸਲ ਵਿਚ ਉਹ ਆਇਰਲੈਂਡ ਦੀ ਰਹਿਣ ਵਾਲੀ ਸੀ। ਭਾਰਤ ਤੇ ਆਇਰਲੈਂਡ ਵਿਚ ਕਈ ਗੱਲਾਂ ਦੀ ਸਾਂਝ ਸੀ। ਦੋਵੇਂ ਉਹਨੀਂ ਦਿਨੀਂ ਅੰਗਰੇਜ਼ਾਂ ਦੀ ਗ਼ੁਲਾਮੀ ਦੇ ਜੂਲੇ ਵਿਚ ਜਕੜੇ ਹੋਏ ਸਨ। ਆਇਰਲੈਂਡ ਵਿਚ ਉਨ੍ਹੀਂ ਦਿਨੀਂ ਜ਼ੋਰਦਾਰ ਨਾਟ-ਲਹਿਰ ਚਲ ਰਹੀ ਸੀ ਜੋ ਲੋਕਾਂ ਵਿਚ ਰਾਜਸੀ ਚੇਤਨਾ ਅਤੇ ਦੇਸ਼ ਭਗਤੀ ਦੀ ਭਾਵਨਾ ਜਗਾ ਰਹੀ ਸੀ। ਦੇਸ਼ ਭਗਤ ਅਦਾਕਾਰ ਤੇ ਨਾਟਕਕਾਰ ਲੇਡੀ ਗਰੈਗਰੀ ਲੋਕਾਂ ਦੀ ਆਦਰਸ਼ ਨਾਇਕਾ ਬਣੀ ਹੋਈ ਸੀ। ਨੋਰਾ ਵੀ ਪੰਜਾਬ ਲਈ ਲੇਡੀ ਗਰੈਗਰੀ ਦਾ ਰੂਪ ਧਾਰ ਗਈ ਸੀ। ਜੇ ਉਹ ਅੰਗ੍ਰੇਜ਼ ਸਵਾਣੀ ਹੁੰਦੀ ਤਾਂ ਕਦੇ ਵੀ ਪੰਜਾਬੀਆਂ ਨੂੰ ਸਹੀ ਤੇ ਨਰੋਆ ਰਾਹ ਨਾ ਦਰਸਾਉਂਦੀ।
ਉਸ ਦੀ ਇਕ ਹੋਰ ਵੱਡੀ ਦੇਣ ਇਹ ਹੈ ਉਸ ਨੇ ਆਪਣੇ ਆਸ਼ਿਆਂ ਦੀ ਚਿਣਗ ਨੌਜਵਾਨਾਂ ਦੇ ਮਨਾਂ ਵਿਚ ਮਘਾ ਦਿੱਤੀ। ਅੰਗ੍ਰੇਜ਼ੀ ਦਾ ਉਨ੍ਹਾਂ ਦਿਨਾਂ ਵਿਚ ਖੂਬ ਬੋਲ ਬਾਲਾ ਸੀ। ਫੇਰ ਵੀ ਈਸ਼ਵਰ ਚੰਦਰ ਨੰਦਾ, ਰਜਿੰਦਰ ਲਾਲ ਸਾਹਨੀ, ਜੈ ਦਿਆਲ ਵਰਗੇ ਅੰਗ੍ਰੇਜ਼ੀ ਦੇ ਅਧਿਆਪਕ ਉਮਰ ਦੇ ਆਖਰੀ ਦਮ ਤਕ ਪੰਜਾਬੀ ਭਾਸ਼ਾ ਤੇ ਸਭਿਆਚਾਰ ਦਾ ਪਰਚਾਰ ਕਰਦੇ ਰਹੇ। ਨੋਰਾ ਦੀ ਸਿਖਿਆ ਦਾ ਹੀ ਪ੍ਰਭਾਵ ਸੀ ਕਿ ਨੰਦਾ ਸਾਰੀ ਉਮਰ ਤਨੋ-ਮਨੋ ਪੰਜਾਬੀ ਨਾਟਕ ਤੇ ਸਾਹਿਤ ਰਚਣ ਵਿਚ ਡਟਿਆ ਰਿਹਾ। ਮਰਨ ਸਮੇਂ ਉਸ ਦੇ ਸਿਰਹਾਣੇ ‘ਚਮਕਾਰੇ’ ਇਕਾਂਗੀ ਸੰਗ੍ਰਹਿ ਦੇ ਪਰੂਫ ਪਏ ਸਨ।
ਨੋਰਾ ਨੇ ਪੰਜਾਬ ਦੀ ਧਰਤੀ ਉਤੇ ਆਧੁਨਿਕ ਪੰਜਾਬੀ ਨਾਟਕ ਅਤੇ ਰੰਗ ਮੰਚ ਦਾ ਮੁੱਢ ਬੰਨ੍ਹਿਆ। ਨੌਜਵਾਨਾਂ ਨੂੰ ਨਾਟਕ ਰਚਣ, ਖੇਡਣ ਅਤੇ ਖਿਡਵਾਉਣ ਦੀ ਜਾਚ ਦੱਸੀ। ਭਾਰਤ ਦੀਆਂ ਹੋਰ ਭਾਸ਼ਾਵਾਂ ਵਿਚ ਇਕਾਂਗੀ ਨਾਟਕ 1930 ਦੇ ਕਰੀਬ ਲਿਖੇ ਜਾਣ ਲਗੇ। ਪਰ ਨੋਰਾ ਨੇ 1913 ਵਿਚ ਕਾਲਜ ਦੇ ਵਿਦਿਆਰਥੀਆਂ ਤੋਂ ਪੰਜਾਬੀ ਜੀਵਨ ਦੇ ਵਿਸ਼ਿਆਂ ਵਾਲੇ ਇਕਾਂਗੀ ਲਿਖਵਾ ਤੇ ਖਿਡਵਾ ਕੇ ਨਵੀਂ ਕਲਾ ਦਾ ਸਭ ਤੋਂ ਪਹਿਲਾਂ ਪ੍ਰਵੇਸ਼ ਕੀਤਾ। ਯੂਰਪ ਦੇ ਉੱਨਤ ਦੇਸ਼ਾਂ ਵਿਚ ਵੀ ਇਹ ਕਲਾ ਅਜੇ ਆਰੰਭ ਹੀ ਹੋਈ ਸੀ। 1910-11 ਵਿਚ ਕੇਵਲ ਪੰਜਾਬੀ ਵਿਚ ਹੀ ਨੰਦਾ ਦਾ ਇਕਾਂਗੀ ‘ਦੁਲਹਨ’ ਅਤੇ 1914 ਵਿਚ ਸਾਹਨੀ ਦਾ ਇਕਾਂਗੀ ‘ਦੀਨੇ ਦੀ ਬਰਾਤ’ ਅਤੇ ਨੰਦਾ ਦਾ ‘ਬੇਬੇ ਰਾਮ ਭਜਨੀ’ ਲਿਖੇ ਗਏ ਸਨ। ਪਹਿਲੇ ਦੋਵੇਂ ਇਕਾਂਗੀ ਅਪ੍ਰੈਲ 1914 ਵਿਚ ਖੇਡੇ ਗਏ ਸਨ।
1968 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਨੰਦਾ ਦਿਵਸ ਮਨਾਇਆ ਗਿਆ ਸੀ। ਪੰਜਾਬੀ ਨਾਟਕ ਸਬੰਧੀ ਟ੍ਰਿਬਿਊਨ ਵਿਚ ਮੇਰਾ ਇਕ ਲੇਖ ਛਪਿਆ ਸੀ। ਉਸਦੇ ਹਵਾਲੇ ਵਜੋਂ ਰਜਿੰਦਰ ਲਾਲ ਸਾਹਨੀ ਨੇ ਨੋਰਾ ਰਿਚਰਡਜ਼ ਨੂੰ ਇਕ ਪੱਤਰ ਲਿਖਿਆ ਜੋ ਨੋਰਾ ਨੇ ਸੋਧ ਕਰਨ ਅਤੇ ਉੱਤਰ ਦੇਣ ਲਈ ਮੈਨੂੰ ਭੇਜਿਆ ਸੀ। ਉਸ ਵਿਚ ਸਾਹਨੀ ਸਾਹਿਬ ਨੇ ਲਿਖਿਆ ਹੈ :
“So far as I recollect in the triple pill we staged at Dyal Singh College “Dine Di Janjh” which was play written by me and got the first prize instituted under your auspices, was among the same. Actually Ishwer Chander got the first prize in the next year for his play “Bride”.
ਨੋਰਾ ਨੇ ਖੁਦ ਛੇ ਨਾਟਕ ਲਿਖੇ ਸਨ। ਡਾ. ਐਮ. ਐੱਸ. ਰੰਧਾਵਾ ਦੇ ਉਦਮ ਨਾਲ ਉਸ ਦੇ ਲੇਖਾਂ ਦਾ ਸੰਗ੍ਰਹਿ “ਪਿੰਡਾਂ ਦਾ ਜੀਵਨ” 1970 ਵਿਚ ਛਪਿਆ ਸੀ। ਇਨ੍ਹਾਂ ਵਿਚ ਵਧੇਰੇ ਕਰਕੇ ਪੰਜਾਬ ਦਾ ਜੀਵਨ ਤੇ ਸਭਿਆਚਾਰ ਹੀ ਅੰਕਿਤ ਹੈ। ਇਹਨਾਂ ਵਿਚ ਉਸ ਨੇ ਸਾਦਾ ਸਵੱਛ ਜੀਵਨ, ਖੁੱਲ੍ਹੇ ਤੇ ਉੱਚੇ-ਸੁੱਚੇ ਵਿਚਾਰਾਂ ਦਾ ਹੀ ਪ੍ਰਚਾਰ ਕੀਤਾ ਹੋਇਆ ਹੈ। ਦਿਹਾਂਤ ਤੋਂ ਕੁਝ ਦਿਨ ਪਹਿਲਾਂ ਵਾਈਸ- ਚਾਂਸਲਰ ਸ. ਕ੍ਰਿਪਾਲ ਸਿੰਘ ਨਾਰੰਗ ਨੇ ਮੈਨੂੰ ਤੇ ਸ. ਸੂਬਾ ਸਿੰਘ ਨੂੰ ਉਸ ਦੀ ਖਬਰਸਾਰ ਲੈਣ ਲਈ ਭੇਜਿਆ ਸੀ। ਅਖੀਰਲੇ ਦਿਨਾਂ ਵਿਚ ਉਹ ਚਿੱਟੇ ਰੇਸ਼ਮੀ ਵਾਲਾਂ ਵਾਲੀ ਅਰਸ਼ੀ ਦੇਵੀ ਹੀ ਜਾਪਦੀ ਸੀ। ਉਸ ਦਾ ਦਿਲ ਹਮਦਰਦੀ ਤੇ ਪਿਆਰ ਦੇ ਭਾਵਾਂ ਨਾਲ ਭਰਪੂਰ ਸੀ। ਜਦੋਂ ਕਦੀ ਵੀ ਪੰਜਾਬੀ ਸਭਿਆਚਾਰ ਦਾ ਇਤਿਹਾਸ ਲਿਖਿਆ ਜਾਏਗਾ, ਉਸ ਵਿਚ ਨੋਰਾ ਰਿਚਰਡਜ਼ ਦਾ ਨਾਂ ਸਤਿਕਾਰ ਭਰੇ ਸ਼ਬਦਾਂ ਵਿਚ ਅੰਕਿਤ ਹੋਵੇਗਾ।
ਤਿੰਨ ਮਾਰਚ 1971 ਨੂੰ 95 ਸਾਲ ਦੀ ਉਮਰ ਵਿਚ ਉਸ ਅਦੁੱਤੀ ਸਵਾਣੀ ਦਾ ਦਿਹਾਂਤ ਹੋਇਆ। ਆਖਰੀ ਦਮ ਤਕ ਉਹ ਦਿਮਾਗੀ ਤੌਰ ’ਤੇ ਸੁਚੇਤ ਸੀ। 29 ਅਕਤੂਬਰ ਨੂੰ ਉਸ ਦਾ ਜਨਮ ਦਿਨ ਹੈ, ਪੰਜਾਬੀ ਯੂਨੀਵਰਸਿਟੀ ਉਸ ਦੀ ਜਾਇਦਾਦ ਤੇ ਪੁਸਤਕ ਭੰਡਾਰ ਦੀ ਵਾਰਿਸ ਹੈ। ਵਿਦਿਆਰਥੀਆਂ ਵਿਚ ਉਸ ਦੀ ਯਾਦ ਤੇ ਵਿਚਾਰਾਂ ਨੂੰ ਤਾਜ਼ਾ ਰੱਖਣ ਦੀ ਜ਼ਿੰਮੇਵਾਰੀ ਪੰਜਾਬੀ ਯੂਨੀਵਰਸਿਟੀ ਸਿਰ ਹੀ ਹੈ। 29 ਅਕਤੂਬਰ 1972 ਵਿਚ ਇਹ ਦਿਨ ਅੰਦਰੇਟੇ ਵਿਚ ਬੜੀ ਸਫਲਤਾ ਨਾਲ ਮਨਾਇਆ ਗਿਆ।
ਨੋਰਾ ਨਾਲ ਮੇਰੀ ਪਹਿਲੀ ਤੇ ਅਖੀਰਲੀ ਮੁਲਾਕਤ
-ਸੋਭਾ ਸਿੰਘ
1943 ਵਿਚ ਪ੍ਰੀਤ ਨਗਰ ਤੋਂ 21 ਜਣਿਆਂ ਦੀ ਇਕ ਪਾਰਟੀ ਅੰਦਰੇਟੇ ਗਈ। ਜਾਂਦਿਆਂ ਤਾਂ ਅਸੀਂ ਬਨੂਰੀ ਠਹਿਰੇ। ਇਹ ਪਿੰਡ ਪਠਾਨਕੋਟ ਮੰਡੀ ਦੀ ਸੜਕ ‘ਤੇ ਹੈ ਅਤੇ ਅੰਦਰੇਟੇ ਤੋਂ ਕੋਈ ਸਵਾ ਕੁ ਚਾਰ ਮੀਲ ਹੈ। ਦੂਜੇ ਦਿਨ ਅਸੀਂ ਸਾਰੇ ਹੱਸਦੇ- ਖੇਡਦੇ ਪਹਾੜੀ ਪਿੰਡਾਂ ਵਿਚੋਂ ਦੀ ਹੁੰਦੇ-ਹਵਾਂਦੇ ਅੰਦਰੇਟੇ ਪੁੱਜੇ। ਨੋਰਾ ਰਿਚਰਡਜ਼ ਦੀ ਪਾਲਮਪੁਰ ਹਸਪਤਾਲ ਵਿਚ ਬੀਮਾਰ ਪਈ ਦੀ ਖ਼ਬਰ ਤਾਂ ਸਾਨੂੰ ਬਨੂਰੀ ਮਿਲ ਗਈ ਸੀ ਪਰ ਅਸੀਂ ਇਸ ਦੇ ਵੁਡਲੈਂਡ ਅਸਟੇਟ (Woodland Estate) ਵਿਚ ਬਣੇ ਹੋਏ ਹੋਸਟਲ ਵਿਚ ਜਾ ਠਹਿਰੇ। ਉਸ ਦੇ ਹੇਠਾਂ ਲੰਗਰ ਭੀ ਸੀ।
ਡਾਕਟਰ ਵੱਲੋਂ ਹਸਪਤਾਲ ਵਿਚ ਨੋਰਾ ਨੂੰ ਮਿਲਣ ਦੀ ਆਗਿਆ ਨਹੀਂ ਸੀ ਕਿਉਂਕਿ ਉਹ ਗੱਲਾਂ ਬੜੀਆਂ ਕਰਦੀ ਸੀ ਜਿਸ ਨਾਲ ਇਸ ਨੂੰ ਕਮਜ਼ੋਰੀ ਹੋ ਜਾਂਦੀ ਸੀ। ਪਰ ਫੇਰ ਭੀ ਉਸ ਨੇ ਆਪਣੇ ਸੇਵਾਦਾਰ ਨੀਰੂ ਦੇ ਹੱਥ ਸਰਦਾਰ ਹੋਰਾਂ ਵੱਲ ਰੁੱਕਾ ਲਿਖ ਕੇ ਭੇਜਿਆ ਕਿ ਮੈਨੂੰ ਅਫ਼ਸੋਸ ਹੈ ਤੁਸੀਂ ਸਾਰੇ ਮੈਨੂੰ ਮਿਲਣ ਅੰਦਰੇਟੇ ਆਏ ਹੋ ਅਤੇ ਮੈਂ ਤੁਸਾਂ ਨੂੰ ਮਿਲ ਨਹੀਂ ਸਕਦੀ ਪਰ ਮੇਰਾ ਘਰ-ਬਾਰ, ਤੁਹਾਡੇ ਲਈ ਹਾਜ਼ਰ ਹੈ ਅਤੇ ਮੇਰੇ ਸੇਵਾਦਾਰ ਤੁਹਾਡੀ ਹਰ ਤਰ੍ਹਾਂ ਨਾਲ ਸੇਵਾ ਕਰਨਗੇ।
ਸਰਦਾਰ ਗੁਰਬਖਸ਼ ਸਿੰਘ ਹੋਰਾਂ ਸੇਵਾਦਾਰ ਨੂੰ, ਕਿਸੇ ਲੜਕੀ ਦਾ ਜੋ ਭਾਂਡੇ- ਟੀਂਡੇ ਸਾਫ ਕਰ ਸਕੇ, ਲਈ ਬੰਦੋਬਸਤ ਕਰਨ ਲਈ ਕਿਹਾ ਤਾਂ ਨੀਰੂ ਨੇ ਜਵਾਬ ਦਿੱਤਾ “ਜਨਾਬ, ਲੜਕੀ ਹੈ ਤਾਂ ਨਹੀਂ ਪਰ ਪੈਦਾ ਕੀਤੀ ਜਾ ਸਕਦੀ ਹੈ।” ਅਸੀਂ ਸਾਰੇ ਹੱਸ ਪਏ ਅਤੇ ਸਰਦਾਰ ਹੋਰਾਂ ਉਸ ਨੂੰ ਸੰਜੀਦਗੀ ਨਾਲ ਕਿਹਾ, “ਅੱਛਾ, ਪੈਦਾ ਹੀ ਕਰ ਦੇ।” ਸਰਦਾਰ ਹੋਰਾਂ ਦੀ ਦਾੜ੍ਹ ਵਿਚ ਬਹੁਤ ਦਰਦ ਹੋ ਰਹੀ ਸੀ, ਪਰ ਇਸ ਗੱਲ ਦਾ ਸਰਦਾਰ ਹੋਰਾਂ ਨੂੰ ਪਤਾ ਸੀ ਜਾਂ ਇਨ੍ਹਾਂ ਦੇ ਸਕੱਤਰ ਹੀਰਾ ਸਿੰਘ ਹੋਰਾਂ ਨੂੰ ਜੋ ਵਧੇਰੇ ਦਰਦ ਹੋਵੇ ਤੇ ਚੁੱਪ ਕੀਤੇ ਹੀ ਇਕ ਏ. ਪੀ. ਸੀ. ਦੀ ਪੁੜੀ ਫੜਾ ਦੇਂਦੇ ਅਤੇ ਇਹ ਓਹਲੇ ਹੋ ਕੇ ਲੈ ਲੈਂਦੇ। ਇਸ ਗੱਲ ਦਾ ਸਾਨੂੰ ਚੌਥੇ ਦਿਨ ਪਤਾ ਲੱਗਾ. ਤਾਂ ਸਰਦਾਰ ਹੋਰਾਂ ਦੀ ਬਰਦਾਸ਼ਤ ਦੀ ਸਭ ਨੇ ਸਲਾਹਨਾ ਕੀਤੀ ਜਿਨ੍ਹਾਂ ਇਹ ਨਾ ਦੱਸਣ ਦਾ ਹਠ ਰੱਖਿਆ ਤਾਂ ਜੋ ਸਾਰਿਆਂ ਦੇ ਟਰਿਪ ਦੀ ਪ੍ਰਸੰਨਤਾ ਕਿਤੇ ਭੰਗ ਨਾ ਹੋ ਜਾਵੇ। ਦੂਜੇ, ਇਨ੍ਹਾਂ ਦੇ ਗੋਡੇ ਦਰਦ ਸੀ ਅਤੇ ਮੈਂ ਵੀ ਬਹੁਤਾ ਟੁਰ ਨਹੀਂ ਸੀ ਸਕਦਾ। ਮੈਂ ਆਪ ਦੇ ਪਾਸ ਹੀ ਰਿਹਾ, ਬਾਕੀ ਦੀ ਸਾਰੀ ਪਾਰਟੀ ਸੈਰ-ਸਪਾਟੇ ਕਰਦੀ ਰਹਿੰਦੀ ਪਰ ਅਸੀਂ ਚੰਗੀ ਜਿਹੀ ਥਾਂ ਵੇਖ ਕੇ ਉੱਥੇ ਦੀ ਏਕਾਂਤ ਨੂੰ ਮਾਣਦੇ ਰਹਿੰਦੇ। ਅਸੀਂ ਹਫ਼ਤਾ ਕੁ ਓਥੇ ਰਹਿ ਕੇ ਵਾਪਸ ਆ ਗਏ। ਪਰ ਮੇਰਾ ਦਿਲ ਅੰਦਰੇਟੇ ਦੇ ਸੁੰਦਰ ਵਾਤਾਵਰਣ ‘ਚ ਹੀ ਅਟਕਿਆ ਰਿਹਾ। ਸਭ ਤੋਂ ਚੰਗਾ ਮੈਨੂੰ ਏਥੇ ਦਾ ਵਿਕਾਸ ਲੱਗਾ। ਕੋਈ ਦਸ ਬਾਰਾਂ ਮੀਲ ‘ਤੇ ਧੌਲਾਧਾਰ ਸੀ, ਅੱਠ-ਦਸ ਮੀਲ ਦਾ ਲਗਾਤਾਰ ਸਲੋਪ ਦਾ ਵਿਕਾਸ। ਨਾਲ ਹੀ ਚੀਲਾਂ ਦੇ ਜੰਗਲ ਦੀ ਇਹ ਛੋਟੀ ਜਿਹੀ ਪਹਾੜੀ ਅਤੇ ਦੁਨੀਆਂ ਨੂੰ ਭੁਲਾ ਦੇਣ ਵਾਲੀਆਂ ਉਸ ਪਹਾੜੀ ਦੀਆਂ ਕੁੱਖਾਂ। ਏਥੇ ਦੀਆਂ ਬਾਵਲੀਆਂ ਦਾ ਪਾਣੀ ਦੱਸਦੇ ਸਨ, ਬੜਾ ਨਰੋਆ ਹੈ। ਪਾਲਮਪੁਰ ਤੋਂ ਸੱਤ ਕੁ ਮੀਲ ਦੂਰ, ਛੋਟਾ ਜਿਹਾ ਪਿੰਡ ਸੀ। ਵੈਸੇ ਤਾਂ ਮੈਂ 1942 ਦਾ ਹੀ ਦਿੱਲੀ ਛੱਡ ਕੇ ਇਨ੍ਹਾਂ ਪਹਾੜਾਂ ਵਿਚ ਵੱਸਣ ਲਈ ਆ ਰਿਹਾ ਸਾਂ ਪਰ ਏਥੇ ਕੋਈ ਰਹਿਣ ਵਾਸਤੇ ਜ਼ਮੀਨ ਨਹੀਂ ਸੀ ਦੇਂਦਾ। ਮੈਂ ਸਾਰੀ ਕਾਂਗੜਾ ਵੈਲੀ, ਮੰਡੀ ਸੁਕੇਤ ਤੇ ਕੁੱਲੂ-ਮਨਾਲੀ ਤਕ ਟੱਕਰਾਂ ਮਾਰਦਾ ਰਿਹਾ, ਪਰ ਥਾਂ ਕਿਤੇ ਨਾ ਮਿਲੀ। ਜ਼ਮੀਨ ਦਾ ਕੋਈ ਟੁਕੜਾ ਆਪਣਾ ਘਰ ਪਾਉਣ ਵਾਸਤੇ ਲੈਣ ਨੂੰ ਮੈਂ ਏਥੇ ਪੁੱਛਦਾ ਰਿਹਾ ਪਰ ਥਾਂ ਨਾ ਹੀ ਮਿਲੀ। ਫੇਰ ਭੀ ਮੈਂ ਏਥੇ ਆ ਰਹਿਣ ਦਾ ਫੈਸਲਾ ਕਰ ਹੀ ਲਿਆ ਕਿ ਭਾਵੇਂ ਮਕਾਨ ਕਿਰਾਏ ‘ਤੇ ਲੈ ਕੇ ਹੀ ਕਿਉਂ ਨਾ ਰਹਿਣਾ ਪਵੇ।
ਮੈਂ ਨੋਰਾ ਨੂੰ ਭੀ ਇਕ ਖ਼ਤ ਲਿਖਿਆ ਕਿ ਮੈਂ ਏਥੇ ਆ ਕੇ ਰਹਿਣਾ ਚਾਹੁੰਦਾ ਹਾਂ ਪਰ ਉਸ ਨੇ ਕਿਹਾ ਕਿ ਭਾਵੇਂ ਸ਼ਹਿਰੀਆਂ ਵਾਸਤੇ ਏਥੇ ਆ ਕੇ ਰਹਿਣਾ ਮੁਸ਼ਕਿਲ ਹੈ ਪਰ ਫਿਰ ਵੀ ਮੈਂ ਤੇਰੀ ਇਸ ਇੱਛਾ ਦਾ ਸਵਾਗਤ ਕਰਦੀ ਹਾਂ।
ਪ੍ਰੀਤ ਨਗਰੋਂ ਆ ਕੇ ਮੈਂ ਕੋਈ ਕਮਾਈ ਤਾਂ ਨਹੀਂ ਸੀ ਕਰ ਸਕਦਾ। ਆਪਣੀ ਪਹਿਲੀ ਕਮਾਈ ਹੀ ਭੋਰ-ਭੋਰ ਖਾਂਦਾ ਰਿਹਾ। ਕੁਝ ਕੁ ਚਿਰ ਐਫ. ਏ. ਦੀਆਂ ਲੜਕੀਆਂ ਨੂੰ ਆਰਟ ਦੇ ਸਬਕ ਵੀ ਦੇਂਦਾ ਰਿਹਾ, ਜਿਸ ਵਿਚ ਮੇਰਾ ਕੁਝ ਕੁ ਗੁਜ਼ਾਰਾ ਹੋ ਜਾਂਦਾ ਸੀ ਪਰ ਫਿਰ ਵੀ 1945 ਵਿਚ ਮੈਨੂੰ ਸ਼ਿਮਲੇ ਦੇ ਇਕ ਸਰਕਾਰੀ ਦਫ਼ਤਰ ਵਿਚ ਨੌਕਰੀ ਕਰਨੀ ਪੈ ਗਈ। ਜਿੱਦਣ ਮੈਂ ਆਪਣੀ ਨੌਕਰੀ ‘ਤੇ ਗਿਆ ਉਸ ਤੋਂ ਚੌਥੇ ਦਿਨ ਦੂਸਰਾ ਮਹਾਂ-ਯੁੱਧ ਸਮਾਪਤ ਹੋ ਗਿਆ। ਹੁਣ ਤਾਂ ਉਸ ਦਫ਼ਤਰ ਦੇ ਬੰਦ ਕਰਨ ਦਾ ਕੰਮ ਹੀ ਸੀ ਪਰ ਫਿਰ ਵੀ ਮੇਰੇ ਸੱਤ ਕੁ ਮਹੀਨੇ ਲੱਗ ਹੀ ਗਏ। ਦਫ਼ਤਰ ਵਾਲੇ ਮੈਨੂੰ ਪੂਨੇ, ਉਨ੍ਹਾਂ ਦੇ ਵੱਡੇ ਦਫ਼ਤਰ ਜਾਣ ਵਾਸਤੇ ਕਹਿੰਦੇ ਸਨ ਪਰ ਮੈਂ ਨਾ ਗਿਆ। ਉਸੇ ਦੌਰਾਨ ਵਿਚ ਇਕ ਫਿਲਮ ਕੰਪਨੀ ਵਾਲੇ ਲਾਹੌਰ ਤੋਂ ਆ ਗਏ ਤੇ ਕਹਿਣ ਲੱਗੇ, “ਸਾਨੂੰ ਇਕ ਆਰਟ ਡਾਇਰੈਕਟਰ ਦੀ ਲੋੜ ਹੈ। ਜੇ ਤੁਸੀਂ ਚੱਲੋ ਤਾਂ ਬੜਾ ਚੰਗਾ ਹੋਵੇ।” ਮੈਂ ਸਿਰਫ ਇਨ੍ਹਾਂ ਫਿਲਮੀ ਬੰਦਿਆਂ ਦੀ ਤਰਜ਼ੇ- ਜ਼ਿੰਦਗੀ ਵੇਖਣ ਦੇ ਸ਼ੌਕ ਨਾਲ ਉਨ੍ਹਾਂ ਨਾਲ ਚਲਿਆ ਗਿਆ ਅਤੇ ਫਿਲਮ ਖ਼ਤਮ ਹੋਣ ‘ਤੇ ਉਨ੍ਹਾਂ ਅਗਲੀ ਤਸਵੀਰ ਵਾਸਤੇ ਆਪਣੀ ਨੌਕਰੀ ਬਹਾਲ ਰੱਖਣ ਲਈ ਕਿਹਾ ਤਾਂ ਮੈਂ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਮੈਂ ਤਾਂ ਤੁਹਾਡੇ ਤੌਰ-ਤਰੀਕੇ ਵੇਖਣ ਵਾਸਤੇ ਨੌਕਰੀ ਕੀਤੀ ਸੀ ਜੋ ਮੈਨੂੰ ਚੰਗੇ ਨਹੀਂ ਲੱਗੇ। ਅਲਵਿਦਾ!
ਮੈਂ ਪਹਿਲੀ ਮਾਰਚ 1947 ਨੂੰ ਲਾਹੌਰੋਂ ਅੰਦਰੇਟੇ ਆਉਣ ਦਾ ਫੈਸਲਾ ਕਰ ਲਿਆ ਸੀ ਪਰ ਇਕ ਦੁਕਾਨਦਾਰ ਨੇ ਕਿਹਾ ਕਿ ਮੇਰੇ ਰੰਗ-ਬੁਰਸ਼ ਹਫ਼ਤੇ ਦੇ ਅੰਦਰ- ਅੰਦਰ ਆਉਣ ਵਾਲੇ ਹਨ। ਜੋ ਹਫ਼ਤਾ ਠਹਿਰ ਜਾਓ ਤਾਂ ਮੈਂ ਤੁਹਾਨੂੰ ਰੰਗ ਤੇ ਬੁਰਸ਼ ਦੇ ਸਕਦਾ ਹਾਂ। ਮੈਂ ਇਕ ਹਫ਼ਤਾ ਹੋਰ ਠਹਿਰ ਗਿਆ। ਪਰ 3 ਮਾਰਚ ਨੂੰ ਸਾਡੇ ਘਰ ਦੇ ਪਾਸੋਂ ਹੀ ਜੋ ਕਿ ਕ੍ਰਿਸ਼ਨ ਨਗਰ ‘ਚ ਸੀ ਅਤੇ ਮੋਚੀ ਦਰਵਾਜੇ, ਜੋ ਮੁਸਲਮਾਨਾਂ ਦਾ ਗੜ੍ਹ ਸੀ, ਦੇ ਪਾਸ ਸੀ ਬਲਵਾ ਸ਼ੁਰੂ ਹੋ ਗਿਆ। ਇਕ ਵਿਚਾਰੇ 52 ਸਾਲ ਦੇ ਹਿੰਦੂ ਨੂੰ ਮੁਸਲਮਾਨਾਂ ਨੇ ਡੰਡੇ ਮਾਰ-ਮਾਰ ਬੇਹੋਸ਼ ਹੀ ਕਰ ਦਿੱਤਾ ਤੇ ਉਹ ਬੇਚਾਰਾ ਜੀਅ-ਭਿਆਣਾ ਇਕ ਮਕਾਨ ਦੇ ਥੜੇ ਦੀ ਪੁਲੀ ਹੇਠ ਵੜ ਕੇ ਬੇਹੋਸ਼ ਹੋ ਗਿਆ। ਏਧਰੋਂ ਹਿੰਦੂ ਸਿੱਖਾਂ ਨੇ ਵੀ ਵੇਖ ਕੇ ਰੌਲਾ-ਰੱਪਾ ਪਾਇਆ ਅਤੇ ਉਸ ਨੂੰ ਘਸੀਟ ਕੇ ਆਪਣੀ ਗਲੀ ਵਿਚ ਲੈ ਗਏ। ਫੇਰ ਕੀ ਸੀ! ਉਹ ਸ਼ੈਤਾਨੀ ਨਾਚ ਨੱਚਿਆ ਗਿਆ, ਜਿਹਨੂੰ ਵੇਖ ਸ਼ੈਤਾਨ ਵੀ ਸ਼ਰਮਿੰਦਾ ਹੋ ਗਿਆ ਹੋਵੇਗਾ। ਸ਼ਹਿਰ ਨੂੰ ਅੱਗਾਂ ਲਗਾਈਆਂ ਗਈਆਂ, ਮੁਹੱਲੇ ਦੇ ਮੁਹੱਲੇ ਫੂਕ ਦਿੱਤੇ ਗਏ, ਹਿੰਦੂਆਂ ਸਿੱਖਾਂ ਦਾ ਕੀਮਾ ਕੀਤਾ ਗਿਆ।
ਆਖਰ 27 ਮਾਰਚ ਨੂੰ ਕੁਝ ਠੰਡ-ਠੰਢੋਲ ਵੇਖ ਕੇ, 28 ਮਾਰਚ ਨੂੰ ਮੈਂ ਆਪਣਾ ਇਕ ਸ਼ਾਗਿਰਦ ਨਾਲ ਲੈ ਕੇ ਅਤੇ ਦੋ-ਤਿੰਨ ਸਿੱਖ ਦੋਸਤਾਂ ਨੂੰ ਟਾਂਗੇ ਵਿਚ ਬਿਠਾ ਕੇ, ਜਿਨ੍ਹਾਂ ਕੋਲ ਨੰਗੀਆਂ ਤਲਵਾਰਾਂ ਸਨ, ਟਾਂਗੇ ‘ਚ ਬੈਠ ਲਾਹੌਰ ਦੇ ਸਟੇਸ਼ਨ ਤਕ ਪੁੱਜਾ। ਰਾਹ ਵਿਚ ਮੋਚੀ ਦਰਵਾਜ਼ੇ ਕੋਲ ਤੇ ਰਾਮ ਗਲੀ ਕੋਲ ਇਕ ਦੋ ਵਾਰੀ ‘ਐਲੀ ਐਲੀ’ ਹੋਈ, ਪਰ ਨੰਗੀਆਂ ਤਲਵਾਰਾਂ ਵੇਖ ਕੋਈ ਅੱਗੇ ਨਾ ਆਇਆ। ਸਟੇਸ਼ਨ ‘ਤੇ ਪਹੁੰਚ ਕੇ ਤਿੰਨ, ਸਾਢੇ ਤਿੰਨ ਘੰਟੇ ਗੱਡੀ ਖੜੋਤੀ ਰਹੀ। ਪਰ ਮੇਰੇ ਤਲਵਾਰਾਂ ਵਾਲੇ ਮਿੱਤਰ ਵੀ ਉੱਥੋਂ ਨਾ ਹਿੱਲੇ। ਅਟਾਰੀ ਲੰਘ ਕੇ ਜਾਨ ‘ਚ ਜਾਨ ਆਈ, ਤਾਂ ਅਸੀਂ ਸਿੱਧੇ ਹੀ ਪਠਾਨਕੋਟ ਚਲੇ ਗਏ। ਉੱਥੋਂ ਬੱਸ ਲੈ ਕੇ ਭੋਆਰਕੇ ਪੁੱਜੇ ਤੇ ਉੱਥੋਂ ਪੰਜ ਮੀਲ ਪੈਦਲ ਅੰਦਰੇਟੇ ਤਕ। ਅੰਦਰੇਟੇ ਪੁੱਜਣ ‘ਤੇ ਮਾੜੀ ਮਾੜੀ ਭੂਰ ਪੈ ਰਹੀ ਸੀ। ਵਕਤ ਵੀ ਕੋਈ ਪੰਜ ਕੁ ਵਜੇ ਦਾ ਸੀ। ਬਾਜ਼ਾਰ ਆ ਕੇ ਇਕ ਦੁਕਾਨ ਦੇ ਫੱਟੇ ‘ਤੇ ਸੂਟਕੇਸ ਤੇ ਬਿਸਤਰੇ ਰੱਖੇ ਤਾਂ ਉੱਥੋਂ ਦੇ ਦੁਕਾਨਦਾਰ ਇਕ ਦੂਜੇ ਦੇ ਕੰਨਾਂ ‘ਚ ਘੁਸਰ-ਮੁਸਰ ਕਰਨ ਲੱਗ ਪਏ। ਆਖਰ ਇਕ ਆਦਮੀ ਅੱਗੇ ਆ ਕੇ ਸਾਨੂੰ ਪੁੱਛਣ ਲੱਗਾ, “ਤੁਸੀਂ ਕਿੱਥੇ ਜਾਣਾ ਹੈ?” ਮੈਂ ਕਿਹਾ “ਕਿਤੇ ਵੀ ਨਹੀਂ, ਅੰਦਰੇਟੇ ਹੀ ਰਹਾਂਗੇ।” ਉਹ ਕਹਿਣ ਲੱਗਾ, “ਓਪਰੇ ਆਦਮੀ ਨੂੰ ਪਿੰਡ ਵਿਚ ਨਹੀਂ ਰਹਿਣ ਦੇਂਦੇ।” “ਫੇਰ ਅਸੀਂ ਕਿੱਥੇ ਜਾਈਏ?” ਗੋਪਾਲ ਨੇ ਕਿਹਾ। “ਸਾਨੂੰ ਕੀ ਪਤਾ, ਜਿੱਥੇ ਮਰਜ਼ੀ ਏ ਜਾਓ।” ਮੈਂ ਕਿਹਾ, “ਓਧਰ ਮੁਸਲਮਾਨਾਂ ਨੇ ਕੱਢ ਦਿੱਤੈ, ਏਧਰ ਤੁਸੀਂ ਨਹੀਂ ਰਹਿਣ ਦਿੰਦੇ, ਸਾਡਾ ਥਾਂ ਕਿੱਥੇ ਹੈ?” “ਸਾਨੂੰ ਨਹੀਂ ਪਤਾ ਕਿੱਥੇ ਹੈ, ਅਸੀਂ ਇਥੇ ਨਹੀਂ ਰਹਿਣ ਦੇਵਾਂਗੇ।” ਮੈਂ ਕਿਹਾ, “ਖੋਲ੍ਹੋ ਗੁਪਾਲ ਜੀ ਬਿਸਤਰਾ, ਅਸੀਂ ਏਥੇ ਫੱਟੇ ‘ਤੇ ਸੌਵਾਂਗੇ। ਵੇਖੀਏ ਸਾਨੂੰ ਕੌਣ ਸਾਲਾ ਉਠਾਉਂਦਾ ਹੈ।” ਗੋਪਾਲ ਨੇ ਬਿਸਤਰਾ ਖੋਲ੍ਹ ਦਿੱਤਾ ਅਤੇ ਮੈਂ ਨੋਰਾ ਵੱਲ ਚਲਿਆ ਗਿਆ। ਮੈਂ ਆਪਣੇ ਪਰਿਚਯ ਦਾ ਛਪਿਆ ਹੋਇਆ ਕਾਰਡ ਅੰਦਰ ਭੇਜਿਆ ਤਾਂ ਥੋੜ੍ਹੇ ਚਿਰ ਪਿੱਛੋਂ ਇਕ ਨੌਕਰ ਮੈਨੂੰ ਸੱਦ ਕੇ ਅੰਦਰ ਲੈ ਗਿਆ। ਅੱਗੇ ਕੁਝ ਕਮਰੇ ‘ਚ ਹਨ੍ਹੇਰਾ, ਕੁਝ ਕੱਪੜੇ ਮਟਿਆਲੇ ਤੇ ਕੁਝ ਪਤਲੀ-ਦੁਬਲੀ ਮੇਮ। ਬਾਹਰੋਂ ਚਾਨਣ ‘ਚੋਂ ਗਏ ਨੂੰ ਮੈਨੂੰ ਇਉਂ ਮਾਲੂਮ ਹੋਇਆ ਕਿ ਮੇਮ ਅਜੇ ਇਸ ਕਮਰੇ ‘ਚ ਆਵੇਗੀ। ਮੈਂ ਇਕ ਬਾਂਸ ਜਿਹੀ ਦੀ ਕੁਰਸੀ ‘ਤੇ ਬਹਿਣ ਲੱਗਾ ਤਾਂ ਮੇਰੇ ਸਾਹਮਣਿਉਂ ਕੁਝ ਹਿਲਦਾ-ਹਿਲਦਾ ਜਾਪਿਆ। ਮੈਂ ਉੱਠ ਕੇ ਖਲੋ ਗਿਆ ਅਤੇ ਗੁੱਡ ਆਫਟਰਨੂਨ ਕਿਹਾ। ਪੋਲੇ ਜਿਹੇ ਆਵਾਜ਼ ਆਈ “ਗੁੱਡ ਆਫਟਰ ਨੂਨ। ਤੂੰ ਸੋਭਾ ਸਿੰਘ ਹੈਂ ?” ਮੈਂ ਕਿਹਾ, “ਹਾਂ”। ਮੇਰੇ ਕਾਰਡ ਨੂੰ ਨੀਝ ਨਾਲ ਪੜ੍ਹਦੀ ਹੋਈ ਬੋਲੀ, “ ਤੂੰ ਫਾਈਨ ਆਰਟ ਪੇਂਟਰ ਹੈਂ?” ਮੈਂ ਕਿਹਾ, “ਨਹੀਂ, ਮੈਂ ਪੇਂਟਰ ਹਾਂ।” ਅੱਗੇ ਬਰੈਕਟ ‘ਚ ਛਪਿਆ ਹੋਇਆ ਸੀ ਆਰਟਿਸਟ। ਕਹਿਣ ਲੱਗੀ, “ਵੈੱਲ! ਆਰਟਿਸਟ ਇਕ ਐਸਾ ਲਫਜ਼ ਹੈ ਜਿਸ ਦਾ ਅਜੇ ਤਕ ਨਿਸ਼ਚਾ ਨਹੀਂ ਹੋ ਸਕਿਆ ਕਿ ਕਿਸ ਨੂੰ ਕਹਿਣਾ ਚਾਹੀਦਾ ਹੈ।” ਮੈਂ ਕਿਹਾ, “ਹਿੰਦੁਸਤਾਨ ਵਿਚ Painter, Sign Board Painter ਨੂੰ ਕਹਿੰਦੇ ਹਨ। ਇਸ ਵਾਸਤੇ ਮੈਂ ਥਰੈਕਟ ਵਿਚ ਆਰਟਸਿਟ ਲਿਖਿਆ ਹੈ।” ਜਿਸ ‘ਤੇ ਉਸ ਨੇ ਪੋਲੇ ਜਿਹੇ “ਹੂੰ” ਕਿਹਾ, ਜਿਵੇਂ ਯਕੀਨ ਨਹੀਂ ਕੀਤਾ ਹੁੰਦਾ। ਮੈਂ ਉਠ ਬੈਠਾ। “ਕਿੱਥੇ ਜਾ ਰਿਹਾ ਹੈਂ ?” “ਜਿੱਥੋਂ ਆਇਆ ਸੀ।” ” ਤੂੰ ਤਾਂ ਮੈਨੂੰ ਮਿਲਣ ਆਇਆ ਸੀ।” “ ਬਸ, ਬੜਾ ਮਿਲ ਲਿਆ ਹੈਂ”, ਅਤੇ ਮੈਂ ਬਾਹਰ ਵਲ ਟੁਰ ਪਿਆ ਅਤੇ ਤੁਰਦੇ-ਤੁਰਦੇ ਮੈਂ ਕਿਹਾ ਕਿ ਪ੍ਰੀਤ ਨਗਰ ਤੋਂ ਮੈਂ ਤੈਨੂੰ ਚਿੱਠੀ ਲਿਖੀ ਤਾਂ ਤੂੰ ਕਿਹਾ ਸੀ ਤੂੰ ਏਥੇ ਆ ਜਾ, ਏਸ ਵਾਸਤੇ ਮੈਂ ਤੈਨੂੰ ਮਿਲਣ ਆਇਆ ਸਾਂ। “ਓਹ! ਤੂੰ ਪ੍ਰੀਤ ਨਗਰੋਂ ਆਇਆ ਹੈਂ ?” “ਹਾਂ।” ਮੈਨੂੰ ਨਹੀਂ ਸੀ ਪਤਾ। ਹੁਣ ਉਹ ਵੀ ਉੱਠ ਕੇ ਮੇਰੇ ਮਗਰ-ਮਗਰ ਹੋ ਤੁਰੀ। “ਸੋਭਾ ਸਿੰਘ ਕਮ ਹੀਅਰ, ਮੈਂ ਤੇਰੇ ਨਾਲ ਗੱਲਾਂ ਕਰਨੀਆਂ ਚਾਹੁੰਦੀ ਹਾਂ।” ਪਰ ਮੈਂ ਕਿਹਾ, “ਮੈਂ ਤੇਰੇ ਨਾਲ ਗੱਲਾਂ ਕਰਨੀਆਂ ਨਹੀਂ ਚਾਹੁੰਦਾ।” “ਉਹ ਪਲੀਜ਼-ਪਲੀਜ਼” ਕਰਦੀ ਰਹੀ ਅਤੇ ਮੈਂ ਉਹਦਾ ਫਾਟਕ ਜਿਸ ‘ਤੇ ਵੱਡਾ ਸਾਰਾ “ਆਗਿਆ ਨਹੀਂ” ਤੇ “ਲਾਂਘਾ ਨਹੀਂ” ਲਿਖਿਆ ਹੋਇਆ ਸੀ, ਲੰਘ ਆਇਆ। ਸੋ ਇਹ ਸੀ ਮੇਰੀ ਨੋਰਾ ਨਾਲ ਪਹਿਲੀ ਮੁਲਾਕਾਤ, ਅਤੇ ਅੰਦਰੇਟੇ ‘ਚ ਮੇਰਾ ਸਵਾਗਤ।
ਮੈਂ ਵਾਪਸ ਬਾਜ਼ਾਰ ਵਿਚ ਗਿਆ ਅਤੇ ਗੋਪਾਲ ‘ਤੇ ਸਵਾਲਾਂ ਦੀ ਬੁਛਾੜ ਕਰਨ ਪਿੱਛੋਂ ਇਕ ਅਸਤਬਲ ਵਰਗੇ ਕਮਰੇ ਜਿਸ ਦੇ ਬੂਹੇ ਖਿੜਕੀਆਂ ਤੇ ਸਨ, ਪਰ ਉਨ੍ਹਾਂ ਵਿਚ ਫੱਟੇ ਕੋਈ ਨਹੀਂ ਸਨ, ਵਿਚ ਬੜੀ ਮੁਸ਼ਕਿਲ ਨਾਲ ਉਤਾਰਾ ਮਿਲਿਆ, ਜਿੱਥੇ ਰਾਤ ਨੂੰ ਮੈਨੂੰ ਠੰਢ ਲੱਗ ਗਈ।
ਦੂਜੇ ਦਿਨ ਸਵੇਰੇ ਸਾਨੂੰ ਪਤਾ ਲੱਗਾ ਕਿ ਖੂਹ ਦੇ ਨਾਲ ਇਕ ਮਕਾਨ ਹੈ। ਜਿਸ ਦਾ ਮਾਲਿਕ ਪਾਲਮਪੁਰ ‘ਚ ਦੁਕਾਨ ਕਰਦਾ ਹੈ। ਅਸੀਂ ਸੱਤ ਮੀਲ ਟੁਰ ਕੇ ਪਾਲਮਪੁਰ ਪੁੱਜੇ, ਅਤੇ ਉਸ ਮਕਾਨ ਦਾ ਇਕ ਕਮਰਾ ਤੇ ਬਰਾਂਡਾ 15/- ਰੁ: ਮਹੀਨਾ ਕਿਰਾਏ ‘ਤੇ ਲਿਆ। ਉਸ ਸਸਤੇ ਸਮੇਂ ਵਿਚ ਜਿਸ ਮਕਾਨ ਦੇ ਦੋ ਕਮਰਿਆਂ ਦਾ ਕਿਰਾਇਆ ਪੰਦਰਾਂ ਰੁਪਏ ਦਿੱਤਾ, ਅੱਜ ਉਸ ਸਾਰੇ ਮਕਾਨ ਦਾ 15 ਰੁਪਏ ਕੋਈ ਨਹੀਂ ਦਿੰਦਾ।
ਲਾਇਲਪੁਰ ਤੋਂ ਉਜੜਿਆ-ਪੁਜੜਿਆ ਇਕ ਪਰਵਾਰ ਹੋਰ ਇਥੇ ਆ ਗਿਆ।
ਸ. ਬਸੰਤ ਸਿੰਘ, ਪ੍ਰੋਫੈਸਰ ਰਿਚਰਡਜ਼ ਦਾ ਵਿਦਿਆਰਥੀ ਸੀ, ਨੋਰਾ ਨੂੰ “ਮਦਰ” ਕਹਿ ਕੇ ਬੁਲਾਉਂਦਾ, ਤੇ ਜਦੋਂ ਆਉਂਦਾ ਬੜੇ ਤੋਹਫ਼ੇ ਵਗੈਰਾ ਲਿਆਉਂਦਾ। ਪਰ ਉਸ ਨੂੰ ਇਕ ਮਕਾਨ ਜੋ ਬਾਂਸਾਂ ਤੇ ਮਿੱਟੀ ਦਾ ਬਣਿਆ ਹੋਇਆ ਸੀ ਅਤੇ ਉਸ ਜ਼ਮਾਨੇ ‘ਚ 30/- ਰੁਪਏ ਮਹੀਨੇ ‘ਤੇ ਦਿੱਤਾ। ਏਥੇ ਮੇਰਾ ਲਿਖਣ ਦਾ ਮਤਲਬ ਇਹ ਹੈ ਕਿ ਇੱਥੇ ਸਾਨੂੰ ਨਾ ਸਿਰਫ਼ ਪਹਾੜੀਆਂ ਨੇ ਹੀ ਲੁੱਟਿਆ, ਸਗੋਂ ਉਧਰੋਂ ਆਏ ਪੰਜਾਬੀਆਂ ਨੇ ਵੀ ਲੁੱਟਿਆ। ਜੈ ਦਿਆਲ ਵੀ ਪ੍ਰੋ. ਰਿਚਰਡਜ਼ ਦਾ ਵਿਦਿਆਰਥੀ ਸੀ ਅਤੇ ਪਹਿਲੋਂ ਹੀ ਏਥੇ ਕੋਠੀ ਪਾਈ ਹੋਈ ਸੀ, ਅਤੇ ਉਹ ਕਈ ਵੇਰ ਕਿਹਾ ਕਰਦੀ ਸੀ ਕਿ ਮੈਨੂੰ ਕੇਵਲ ਮਿਸਿਜ਼ ਕਹਿ ਕੇ ਬੁਲਾਉਣਾ ਗ਼ਲਤ ਹੈ ਪਰ ਇਸ ਬੇਵਕੂਫ ਨੂੰ ਕੌਣ ਸਮਝਾਵੇ! ਮੈਨੂੰ ਛੇਆਂ-ਸੱਤਾਂ ਮਹੀਨਿਆਂ ਪਿੱਛੋਂ, ਇਕ ਬ੍ਰਾਹਮਣ ਪਾਸੋਂ ਦੋ ਕਨਾਲ ਜ਼ਮੀਨ ਮਿਲ ਗਈ, ਕੋਈ ਦੁੱਗਣੇ-ਤਿਗੁਣੇ ਭਾਉ ‘ਤੇ, ਸ਼ਰਤ ਇਹ ਕਿ ਪੈਸੇ ਸਾਰੇ ਪਹਿਲੋਂ ਦੇ ਦਿਉ, ਜਦ ਕਿ ਕਾਨੂੰਨਨ ਬਿਆਨੇ ਦੇ ਤੌਰ ‘ਤੇ ਪੰਜਾਹ, ਸੌ ਰੁਪਏ ਹੀ ਹੋਣੇ ਚਾਹੀਦੇ ਸਨ, ਬਾਕੀ ਦਾਖਲ-ਖਾਰਜ ਹੋਣ ‘ਤੇ। ਪਰ ਸਾਢੇ ਪੰਜ ਸੌ ਦੀ ਜ਼ਮੀਨ ਦੇ 500 ਪਹਿਲੋਂ ਦੇਣੇ ਪਏ ਜੋ ਉਸ ਨੇ ਤਿੰਨ-ਸਾਢੇ ਤਿੰਨ ਸਾਲ ਦਾਖਲ ਖਾਰਜ ਨਾ ਕਰਵਾਈ। ਕਹੇ ਕਿ ਪੰਜਾਹ ਰੁਪਏ ਵੀ ਪਹਿਲੇ ਹੀ ਦੇ ਦਿਉ। ਕਿਸਮਤ ਨੂੰ ਇਕ ਵਾਕਿਫ਼ ਤਹਿਸੀਲਦਾਰ ਆ ਗਿਆ ਜਿਸ ਨੇ ਮੇਰੇ ਨਾਂ ਜ਼ਮੀਨ ਚਾੜ੍ਹ ਦਿੱਤੀ ਤੇ ਮੈਂ ਉਸ ਬ੍ਰਾਹਮਣ ਨੂੰ 40/- ਰੁਪਏ ਦੇ ਦਿੱਤੇ।
ਇਸ ਦੌਰਾਨ ਵਿਚ ਮੈਂ ਦਿੱਲੀ, ਸ਼ਿਮਲੇ ਤੇ ਬੰਬਈ ਵੱਲ ਇਸ ਵਾਸਤੇ ਘੁੰਮਦਾ ਰਿਹਾ ਕਿ ਕੁਝ ਪੈਸੇ ਕਮਾ ਲਿਆਵਾਂ ਤਾਂ ਜੋ ਮਕਾਨ ਬਣਾ ਲਵਾਂ। ਪਰ ਜੋ ਕਮਾਉਂਦਾ ਸਾਂ, ਸੋ ਕੁਝ ਰੇਲ ਤੇ ਹੋਟਲ ਦੇ ਕਿਰਾਏ ‘ਤੇ ਖਰਚ ਹੋ ਜਾਂਦਾ, ਕੁਝ ਕੱਪੜੇ-ਲੱਤੇ ‘ਤੇ।
ਜਦ 1949 ਵਿਚ ਮੈਂ ਵਾਪਸ ਅੰਦਰੇਟੇ ਆਇਆ ਤਾਂ ਮੇਰੇ ਕੋਲ ਓਨੇ ਹੀ ਪੈਸੇ ਸਨ ਜਿੰਨੇ ਅੰਦਰੇਟੇ ਤੋਂ ਜਾਣ ਲੱਗਿਆ ਸਨ। ਵਾਪਸ ਆ ਕੇ ਮੈਂ ਉਹੋ ਹੀ ਦੋ- ਮੰਜ਼ਿਲੀ ਝੁੱਗੀ ਕਿਰਾਏ ‘ਤੇ ਲੈਣ ਵਾਸਤੇ ਨੋਰਾ ਨੂੰ ਪੁੱਛਿਆ ਜੋ ਸ. ਬਸੰਤ ਸਿੰਘ ਹੋਰਾਂ ਨੇ ਹੁਣ ਆਪਣਾ ਮਕਾਨ ਬਣਾਉਣ ‘ਤੇ ਛੱਡ ਦਿੱਤੀ ਸੀ ਤਾਂ ਨੋਰਾ ਨੇ ਮੈਨੂੰ ਰੁੱਕਾ ਲਿਖਿਆ, “ਮਕਾਨ ਦਾ ਕਿਰਾਇਆ 30 ਰੁਪਏ ਹੈ। ਪਰ ਚੂੰਕਿ ਤੂੰ ਕਲਾਕਾਰ ਹੈਂ ਇਸ ਲਈ ਮੈਂ ਤੈਥੋਂ ਅੱਧਾ ਕਿਰਾਇਆ ਲਵਾਂਗੀ ਅਰਥਾਤ 15/- ਰੁਪਏ।” ਅੱਗੋਂ ਮੈਂ ਲਿਖਿਆ ਕਿ ਮਕਾਨ ਸਾਢੇ ਸੱਤ ਰੁਪਏ ਤੋਂ ਵੱਧ ਕਿਰਾਏ ਦਾ ਨਹੀਂ, ਪਰ ਚੂੰਕਿ ਤੂੰ ਕਲਾਕਾਰ ਹੈਂ ਮੈਂ ਤੈਨੂੰ ਡਬਲ ਕਿਰਾਇਆ ਦੇਵਾਂਗਾ ਅਰਥਾਤ 15/- ਰੁਪਏ ਅਤੇ ਮੈਂ ਮਕਾਨ ਲੈ ਲਿਆ। ਉਸ ਦੀ ਉੱਪਰਲੀ ਮੰਜ਼ਿਲ ’ਤੇ ਟੁਰੀਏ ਤਾਂ ਹੂਟੇ ਆਉਂਦੇ ਸਨ।
ਹੇਠਾਂ ਬੂਹੇ ਬਾਰੀਆਂ ਬਾਂਸ ਦੀਆਂ ਸਫਾਂ ਦੀਆਂ ਸਨ ਅਤੇ ਦੋ ਰੌਸ਼ਨਦਾਨਾਂ ਤੇ ਕੱਪੜੇ ‘ਤੇ ਵਾਰਨਿਸ਼ ਫੇਰ ਕੇ ਲਗਾਇਆ ਹੋਇਆ ਸੀ।
ਬਾਥਰੂਮ ਵਿਚ ਇਕ ਬਾਲਟੀ ਤੇ ਇਕ ਨਹਾਉਣ ਵਾਲੇ ਭਾਂਡੇ ਤੋਂ ਬਿਨਾਂ ਕੁਝ ਨਹੀਂ ਸੀ ਰੱਖਿਆ ਜਾ ਸਕਦਾ। ਇਕ ਕਮਰਾ ਹੇਠਾਂ ਤੇ ਇਕ ਉੱਤੇ, ਸਾਹਮਣੇ ਢਾਈ-ਤਿੰਨ ਫੁੱਟ ਦਾ ਬਰਾਂਡਾ ਜਿਹਾ, ਜਿਸ ਵਿਚ ਇਕ ਬੰਨੇ ਅੰਗੀਠੀ ਰੱਖ ਕੇ ਰੋਟੀ-ਟੁਕ ਕਰੀਦਾ ਸੀ। ਪਰ ਫਿਰ ਵੀ ਕੋਈ ਨਾ ਕੋਈ ਰੁੱਕਿਆਂ ਰਾਹੀਂ ਆਰਡਰ ਚਲਿਆ ਹੀ ਆਉਂਦਾ ਰਹਿੰਦਾ। “ਮਕਾਨ ਵਿਚ ਲੱਕੜਾਂ ਦੀ ਅੱਗ ਨਾ ਬਾਲੀ ਜਾਏ।” “ਗੁਸਲਖਾਨੇ ਦੀ ਬਾਹਰਲੇ ਬੰਨੇ ਪਾਣੀ ਖੜ੍ਹਾ ਨਹੀਂ ਰਹਿਣ ਦੇਣਾ ਚਾਹੀਦਾ।” “ਕੋਠੇ ‘ਤੇ ਦੋ ਆਦਮੀਆਂ ਤੋਂ ਵਧ ਇਕਦਮ ਨਾ ਚੜ੍ਹਿਆ ਜਾਏ ।” “ਹਨ੍ਹੇਰੀ ਆਉਣ ‘ਤੇ ਸਭ ਬੂਹੇ ਬਾਰੀਆਂ ਬੰਦ ਕਰ ਦਿੱਤੀਆਂ ਜਾਣ”, ਆਦਿ, ਆਦਿ। ਮੈਂ ਇਕ ਦਿਨ ਮਿਸਤਰੀ ਪਾਸੋਂ ਪੌੜੀਆਂ ਦੇ ਨਾਲ ਰੇਲਿੰਗ ਦੇ ਤੌਰ ‘ਤੇ ਬਾਂਸ ਲਗਵਾ ਰਿਹਾ ਸਾਂ ਕਿ ਨੋਰਾ ਨੇ ਕਿੱਲ ਠੋਕਣ ਦੀ ਆਵਾਜ਼ ਸੁਣ ਲਈ, ਜਾ ਕੇ ਹੁਕਮ ਸਾਦਿਰ ਕਰ ਦਿੱਤਾ “ਮੇਰੀ ਇਜਾਜ਼ਤ ਦੇ ਬਿਨਾਂ ਮਕਾਨ ਵਿਚ ਕੋਈ ਘਾਟ-ਵਾਧ ਨਾ ਕੀਤੀ ਜਾਏ।”
ਸ. ਬਸੰਤ ਸਿੰਘ ਹੋਰਾਂ ਦਾ ਟੱਬਰ ਜਲੰਧਰ ਚਲਿਆ ਗਿਆ ਅਤੇ ਮੈਨੂੰ ਆਪਣੇ ਉੱਪਰਲੇ ਦੋ ਕਮਰੇ ਦੇ ਗਏ ਅਤੇ ਜਦ ਮੈਂ ਨੋਰਾ ਦਾ ਮਕਾਨ ਛੱਡਿਆ ਤਾਂ ਚੰਗੀ ਤਰ੍ਹਾਂ ਮਕਾਨ ਸਾਫ ਕਰ ਕੇ ਉੱਥੇ ਪੋਚਾ ਲਵਾ ਦਿੱਤਾ ਅਤੇ ਦੋ ਦਿਨ ਦਾ ਕਿਰਾਇਆ ਵੀ ਵਧ ਭੇਜ ਦਿੱਤਾ। ਨੋਰਾ ਸ਼ਾਮ ਨੂੰ ਮਕਾਨ ਵੇਖਣ ਆਈ ਤਾਂ ਖੁਸ਼ ਹੋ ਗਈ, ਜਾ ਕੇ ਰੁੱਕਾ ਲਿਖ ਕੇ ਭੇਜਿਆ, ਜਿਸ ਨਾਲ ਇਕ ਰੁਪੈ ਦਾ ਨੋਟ ਵੀ ਸੀ “ਤੂੰ ਮੇਰਾ ਸਭ ਤੋਂ ਚੰਗਾ ਕਿਰਾਏਦਾਰ ਸਾਬਿਤ ਹੋਇਆ ਹੈ, ਜੋ ਏਨੀ ਅੱਛੀ ਤਰ੍ਹਾਂ ਸਾਫ ਕਰ ਕੇ ਗਿਆ ਹੈਂ ਜਿਹੋ ਜਿਹਾ ਮਕਾਨ ਲੈਣ ਵੇਲੇ ਸੀ। ਨਹੀਂ ਤੇ ਲੋਕ ਜਦ ਛੱਡ ਕੇ ਜਾਂਦੇ ਹਨ ਤਾਂ ਹਰ ਕਿਸਮ ਦਾ ਗੰਦ ਪਾ ਕੇ ਜਾਂਦੇ ਹਨ ਅਤੇ ਮੇਰੇ ਆਦਮੀਆਂ ਨੂੰ ਪੂਰਾ ਇਕ ਦਿਨ ਲਾ ਕੇ ਸਫ਼ਾਈ ਕਰਨੀ ਪੈਂਦੀ ਹੈ। ਦੋ ਦਿਨ ਦਾ ਕਿਰਾਇਆ ਵਾਪਸ ਕਰ ਰਹੀ ਹਾਂ। ਧੰਨਵਾਦ।”
ਲੋਕ ਉਸ ਨੂੰ ਵੱਖਰੇ-ਵੱਖਰੇ ਨਾਉਂ ਨਾਲ ਬੁਲਾਉਂਦੇ ਸਨ ਪਰ ਮੈਂ ਨੋਰਾ ਜੀ ਕਹਿ ਕੇ ਬੁਲਾਉਂਦਾ ਹੁੰਦਾ ਸੀ ਅਤੇ ਉਹ ਕਈ ਵਾਰ ਲੋਕਾਂ ਨੂੰ ਕਿਹਾ ਕਰਦੀ, ਸੋਭਾ ਸਿੰਘ ਮੈਨੂੰ ਠੀਕ ਸੰਬੋਧਨ ਕਰਦਾ ਹੈ। ਕੋਈ ਗੱਲ ਵੀ ਕਰੋ ਪਹਿਲੋਂ “ਨੋ” ਜ਼ਰੂਰ ਕਹਿ ਦੇਂਦੀ, ਭਾਵੇਂ ਮੰਨ ਹੀ ਜਾਵੇ, ਵੈਸੇ ਵੀ ਨੋ Admission, ਨੋ Thor- oughfare, ਨੋ Visitors ਆਦਿ – ਮੈਂ ਤਾਂ ਉਸ ਨੂੰ ਕਹਿੰਦਾ ਹੁੰਦਾ ਸਾਂ, ਤੇਰਾ ਨਾਉਂ ਹੀ ਨੋ by by ਨਾਲ ਸ਼ੁਰੂ ਹੁੰਦਾ ਹੈ।
ਜਾਣ ਤੋਂ ਪਹਿਲੋਂ ਵਕਤ ਲੈਣਾ ਪੈਂਦਾ ਜਾਂ ਭਾਵੇਂ ਆਪ ਸੱਦੇ, ਮਿਲਣ ਦੇ ਵਕਤ ਖੂਬ ਕੇਸ ਕੂਸ ਵਾਹ ਕੇ ਬਹਿ ਜਾਂਦੀ। ਕੱਪੜਿਆਂ ਦੇ ਵੱਟ-ਫੁੱਟ ਠੀਕ ਕਰ ਲੈਂਦੀ, ਆਲੇ-ਦੁਆਲੇ ਦੀਆਂ ਚੀਜ਼ਾਂ ਨੌਕਰ ਤੋਂ ਠੀਕ ਕਰਵਾ ਲੈਂਦੀ। ਫਿਰ ਆਉਣ ਵਾਸਤੇ ਬੁਲਾਉਂਦੀ। ਜਿੰਨੇ ਬੰਦੇ ਹੁੰਦੇ ਉਨੇ ਮੂੜ੍ਹੇ ਰਖਵਾਉਂਦੀ। ਜੇ ਇਕ-ਅੱਧ ਵਧੇਰੇ ਆ ਜਾਂਦਾ ਤਾਂ ਉਸ ਨੂੰ ਅੰਦਰ ਨਾ ਆਉਣ ਦੇਂਦੀ।
“No more, No More”
ਮਿਲਣ ਤੋਂ ਬੜਾ ਸੰਕੋਚ ਕਰਦੀ ਸੀ। ਪਰ ਲੋਕ ਵੀ ਬੜਾ ਤੰਗ ਕਰਦੇ।
ਬੇਹੂਦਾ ਸਵਾਲ ਅਜੀਬ ਜਿਹੀਆਂ ਤੱਕਣੀਆਂ, ਬਹਿਣ ਦੀ ਵੀ ਬੜੇ ਘੱਟ ਆਦਮੀਆਂ ਨੂੰ ਜਾਚ ਹੁੰਦੀ ਹੈ।
ਪਰ ਹਿੰਦੁਸਤਾਨੀਆਂ ਦੇ ਅੰਦਰ 800 ਸਾਲ ਦੀ ਗ਼ੁਲਾਮੀ ਕਾਰਨ ਬਦੇਸ਼ੀਆਂ ਨੂੰ ਵੇਖਣ ਤੇ ਮਿਲਣ ਵਾਸਤੇ ਬੜੀ ਕਮਜ਼ੋਰੀ ਹੈ।
ਇਕ ਅਛੂਤਾਂ ਦੇ ਸੁਧਾਰ ਦਾ ਡਾਇਰੈਕਟਰ ਆਇਆ, ਸਿਰ ‘ਤੇ ਹੈਟ ਪਾਈ ਹੋਈ। ਪਹਿਲੋਂ ਮੇਰੇ ਪਾਸ ਆਇਆ। ਮੈਂ ਬਥੇਰਾ ਕਿਹਾ “ਚਾਹ-ਚੂਹ ਪੀ ਕੇ ਜਾਉਂ” ਪਰ ਉਹ ਤੇ ਮੇਮ ਨੂੰ ਮਿਲਣ ਜਾ ਰਿਹਾ ਸੀ ਅਤੇ ਆਸ ਰੱਖਦਾ ਸੀ ਕਿ ਉਸ ਦੀ ਬੜੀ ਆਉ-ਭਗਤ ਕਰੇਗੀ ਤੇ ਚਾਹ ਵਗੈਰਾ ਪਿਲਾਏਗੀ। ਬਗੈਰ ਪੁੱਛਿਆ ਹੀ ਅੰਦਰ ਜਾ ਵੜਿਆ। ਜਾ ਗੁੱਡ ਆਫਟਰਨੂਨ ਬੁਲਾਈ। ਅੱਗੋਂ ਜਵਾਬ ਮਿਲਿਆ ” ਤੂੰ ਪੜ੍ਹਿਆ ਹੋਇਆ ਏਂ ?” “ਮੈਂ ਅਛੂਤ-ਸੁਧਾਰ ਦਾ ਡਾਇਰੈਕਟਰ ਹਾਂ।” “ਤੂੰ ਬਾਹਰ ਪੜ੍ਹਿਆ ਹੈ, ਅੰਦਰ ਆਉਣਾ ਮਨਾਂ ਹੈ?” “ਨਹੀਂ”। “ਕਿਉਂ ਨਹੀਂ ?” ਅੱਗ ਕੋਈ ਜਵਾਬ ਨਹੀਂ ਸੀ। ਫਿਰ ਬੋਲੀ ” ਵੈਲ। ਨਾ ਮੈਂ ਅਛੂਤ ਹਾਂ, ਨਾ ਮੈਨੂੰ ਉਧਾਰ ਦੀ ਲੋੜ ਹੈ, ਇਕਦਮ ਨਿਕਲ ਜਾ ਮੇਰੇ ਅਹਾਤੇ ‘ਚੋਂ। “ਵਿਚਾਰਾ ਜਾਂਦੇ ਹੋਇਆ ਮੇਰੇ ਘਰ ਸਾਹਮਣਿਉਂ ਵੀ ਨਾ ਲੰਘਿਆ। ਖੇਤਾਂ ਵਿਚੋਂ ਦੀ ਹੋ ਕੇ ਗਿਆ।
ਮੇਰੇ ਪਾਸ, ਰਾਜਾ ਸਾਹਿਬ ਮੰਡੀ ਆਏ, ਦੋ ਕੁ ਘੰਟੇ ਬੈਠੇ ਰਹੇ। ਫਿਰ ਕਹਿਣ ਲੱਗੇ, “ਮੈਂ ਆਪਣੀ ਰਿਸਪੈਕਟ ਮਿਸਿਜ਼ ਰਿਚਰਡਜ਼ ਨੂੰ ਪੇਸ਼ ਕਰਨੀ ਚਾਹੁੰਦਾ ਹਾਂ।” ਮੈਂ ਕਿਹਾ, ਪਹਿਲੋਂ ਪੁੱਛ ਲਈਏ ਤਾਂ ਚੰਗਾ ਹੈ। ਮੈਂ ਰੁੱਕਾ ਲਿਖਿਆ ਕਿ “ਰਾਜਾ ਸਾਹਿਬ ਮੰਡੀ ਆਏ ਹਨ ਅਤੇ ਤੈਨੂੰ ਰਿਸਪੈਕਟਸ ਪੇ ਕਰਨੀਆਂ ਚਾਹੁੰਦੇ ਹਨ।” ਜਵਾਬ ਆਇਆ, “ਪੰਜ ਵੱਜ ਕੇ ਪੰਦਰਾਂ ਮਿੰਟ ‘ਤੇ ਮਿਲ ਸਕਦੀ ਹਾਂ। ਪਰ ਤੂੰ ਨਾਲ ਜ਼ਰੂਰ ਆਵੀਂ।” ਅਸੀਂ ਪੰਜ ਵੱਜ ਕੇ ਪੰਦਰਾਂ ਮਿੰਟ ਤੇ ਜਦ ਪੁੱਜੇ ਤਾਂ ਫਾਟਕ ਦੇ ਕੋਲ ਹੀ ਆਈ ਹੋਈ ਸੀ। ਹੱਥ ਵਿਚ ਡਾਲੀਆਂ ਕੱਟਣ ਵਾਲੀ ਕੈਂਚੀ ਸੀ। ਉਦੋਂ ਤਕ ਥੋੜ੍ਹਾ-ਥੋੜ੍ਹਾ ਸੁਣਦੀ ਸੀ। ਰਾਜਾ ਸਾਹਿਬ ਨੇ ਜਾ ਕੇ ‘ਗੁੱਡ ਆਫਟਰਨੂਨ’ ਬੁਲਾਈ। ਅੱਗੋਂ ਜਵਾਬ ਵਿਚ ਸਵਾਲ ਆਇਆ “ਹੁਣ ਤੂੰ ਕੀ ਹੈਂ ?” ਉਹ ਬੋਲੇ “ਐਮ. ਪੀ.।” ਉੱਚੀ ਦਿੱਤੀ ਬੋਲੀ, “ਕੀ?” ਉਨ੍ਹਾਂ ਨੇ ਕੰਨ ਕੋਲ ਹੋ ਕੇ ਕਿਹਾ, “ਐਮ. ਪੀ.।” ਸਿਰ ਮੱਥੇ ‘ਤੇ ਹੱਥ ਰੱਖ ਕੇ ਕਹਿਣ ਲੱਗੀ “ਓਹ! ਮੈਂ ਪੋਲੀਟੀਸ਼ਨਾਂ ਨੂੰ ਨਫਰਤ ਕਰਦੀ ਆਂ।” “ਤੂੰ ਸਿਰ ‘ਤੇ ਕੀ ਪਾਉਨੈਂ?” ਉਹਨੇ ਕਿਹਾ “ਗਾਂਧੀ ਕੈਪ।” “ਮੈਨੂੰ ਗਾਂਧੀ ਕੈਪ ਨਾਲ ਨਫਰਤ ਹੈ। ਗਾਂਧੀ ਨੇ ਇਹ ਟੋਪੀ ਕਦੇ ਨਹੀਂ ਪਾਈ।” ਅਤੇ ਫਿਰ ਡਾਲੀਆਂ ਕੱਟਣ ਲੱਗ ਪਈ। ਮੈਂ ਫਿਰ ਉਨ੍ਹਾਂ ਨੂੰ ਇਧਰ-ਉਧਰ ਫਿਰਾਉਣ ਵਾਸਤੇ ਲੈ ਗਿਆ, ਵਾਪਸ ਆਉਂਦਿਆਂ ਰਾਜਾ ਸਾਹਿਬ ਨੇ ਕਿਹਾ, “ਮੇਰੇ ਕੋਲ ਉਹਦੀਆਂ ਸਾਰੀਆਂ ਗੱਲਾਂ ਦੇ ਜਵਾਬ ਹੈ ਸਨ। ਪਰ ਬਜ਼ੁਰਗ ਔਰਤ ਹੈ, ਸੁਣਦੀ ਵੀ ਨਹੀਂ।” ਮੈਂ ਕਿਹਾ “ਸੁਣਦਾ ਵੀ ਨਹੀਂ ਤੇ ਸੁਣਦੀ ਵੀ ਨਹੀਂ।”
ਉਸ ਦੇ ਪਿੱਛੋਂ ਦੋ-ਤਿੰਨ ਵਾਰ ਮੈਨੂੰ ਆਉਣ ਵਾਸਤੇ ਉਸ ਨੇ ਰੁੱਕਾ ਲਿਖਿਆ। ਮੈਂ ਜਵਾਬ ਹੀਂ ਨਹੀਂ ਦਿੱਤਾ। ਫਿਰ ਇਕ ਰੁੱਕਾ ਆਇਆ “ਮੈਂ ਜਾਣਦੀ ਹਾਂ, ਤੂੰ ਮੇਰੇ ਨਾਲ ਕਿਉਂ ਗੁੱਸੇ ਹੈਂ। ਮੈਂ ਤੈਨੂੰ ਕੱਲ੍ਹ ਮਿਲਾਂਗੀ।”
ਪੇਂਡੂ ਰੰਗ-ਮੰਚ ਦਾ ਅੰਤ
-ਕਿਸ਼ੋਰੀ ਲਾਲ ਵੈਦਯ
ਅੱਜ ਹਿਮਾਚਲ ਪਰਦੇਸ਼ ਵਿਚ ਰੰਗਮੰਚ ਦੇ ਸੰਦਰਭ ਵਿਚ ਮਰਹੂਮ ਨੋਰਾ ਰਿਚਰਡਜ਼ (ਜਨਮ 29 ਅਕਤੂਬਰ 1876-ਦਿਹਾਂਤ 3 ਮਾਰਚ 1971) ਤੇ ਉਨ੍ਹਾਂ ਦੇ ਕਾਰਜ ਵੱਲ ਧਿਆਨ ਜਾਣਾ ਉਚਿਤ ਹੈ।ਇਹ ਹਿਮਾਚਲ ਦੇ ਬੁੱਧੀਜੀਵੀ ਵਰਗ ਤੇ ਰੰਗ ਕਰਮੀਆਂ ਲਈ ਗੌਰਵ ਵਾਲੀ ਗੱਲ ਹੋ ਸਕਦੀ ਹੈ ਕਿ ਪੇਂਡੂ ਸਭਿਆਚਾਰ ਵਿਸ਼ੇਸ਼ ਕਰ ਰੰਗਮੰਚ ਪ੍ਰਤੀ ਨੋਰਾ ਰਿਚਰਡਜ਼ ਦੇ ਸਰੋਕਾਰ ਨੂੰ ਮਾਣ ਨਾਲ ਦੇਖਣਾ ਚਾਹੁੰਦੇ ਹਨ। ਇਹ ਵੀ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਨੋਰਾ ਰਿਚਰਡਜ਼ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਹਿਮਾਚਲ ਦੀ ਧਰਤੀ ਨਾਲ ਜੋੜਿਆ ਅਤੇ ਪੇਡੂ ਜਨ-ਜੀਵਨ ਤੇ ਗੰਭੀਰ ਜਨ-ਸਮੱਸਿਆਵਾਂ ਨੂੰ ਰੰਗਮੰਚ ਦੇ ਮਾਧਿਅਮ ਰਾਹੀਂ ਪੇਸ਼ ਕਰਨ ਦਾ ਕੇਵਲ ਯਤਨ ਹੀ ਨਹੀਂ ਕੀਤਾ, ਸਗੋਂ ਉਨ੍ਹਾਂ ਦੇ ਸਮਾਧਾਨ ਪ੍ਰਤੀ ਆਪਣੀ ਹੀ ਸੰਸਕ੍ਰਿਤੀ ਵਾਸਤੇ ਜੋਤ ਵੀ ਜਗਾਈ। ਨੋਰਾ ਰਿਚਰਡਜ਼ ਨੇ ਭਾਰਤੀ ਪੇਂਡੂ ਜੀਵਨ ਦਰਸ਼ਨ ਵਿਚ ਆਪਣੀ ਅਡਿੱਗ ਆਸਥਾ ਨਾਲ ਜੋ ਅਲੌਕਿਕ ਪ੍ਰਭਾ ਪ੍ਰਜਵਲਤ ਕੀਤੀ ਸੀ, ਉਸਦਾ ਪ੍ਰਤੀਬਿੰਬ ਉਨ੍ਹਾਂ ਦੇ ਚਿੰਤਨ ਵਿਚ ਹੀ ਨਹੀਂ ਸਗੋਂ ਸਮੁੱਚੀ ਜੀਵਨ ਸ਼ੈਲੀ ਤੇ ਜੁੜੇ ਕਾਰਜਾਂ ਨਾਲ ਪ੍ਰਗਟ ਹੁੰਦਾ ਰਿਹਾ ਹੈ। ਜਿਸ ਤਰ੍ਹਾਂ ਕਿ ਆਮ ਭਾਰਤੀ ਕਿਸਾਨ ਦਾ ਜੀਵਨ ਦਰਸ਼ਨ ਕਰਮ ਵਿਚ ਉਸਦੇ ਅਟੱਲ ਵਿਸ਼ਵਾਸ ਦਾ ਭੌਤਕ ਹੈ, ਸਵੈ ਨੋਰਾ ਇਸ ਦੀ ਕਾਇਲ ਰਹੀ।
ਚਿੰਤਨ ਦਾ ਜੀਵਨ ਦਰਸ਼ਨ ਉਨ੍ਹਾਂ ਦੇ ਅਟੱਲ ਵਿਸ਼ਵਾਸ ਦਾ ਸਬੂਤ ਹੈ। ਖੁਦ ਨੋਰਾ ਰਿਚਰਡਜ਼ ਉਸ ਦੀ ਕਾਇਲ ਰਹੀਂ।ਜੀਵਨ ਭਰ ਰੰਗਮੰਚ ਨਾਲ ਸੰਬੰਧ ਹੋਣ ਦੇ ਵਾਵਜੂਦ ਉਹ ਕਦੀ ਆਪਣੇ ਆਪ ਨੂੰ ਖੇਤੀਬਾੜੀ ਤੋਂ ਵੱਖ ਨਹੀਂ ਕਰ ਸਕੀ।ਇਸ ਰੂਪ ਵਿਚ ਉਸ ਨੂੰ ਗਾਂਧੀ ਜੀ ਦੀ ਜੀਵਨ ਸ਼ੈਲੀ ਦੇ ਨੇੜੇ ਦੇਖਿਆ ਜਾ ਸਕਦਾ ਹੈ। ਰਾਜਨੀਤੀ ਵਿਚ ਗਾਂਧੀ ਜੀ ਦੀ ਸਰਗਰਮੀ ਉਨ੍ਹਾਂ ਨੂੰ ਆਮ ਪੇਂਡੂ ਕਿਸਾਨ ਜਾਂ ਮਜ਼ਦੂਰ ਤੋਂ ਵੱਖ ਨਹੀਂ ਕਰ ਸਕੀ। ਪੇਂਡੂ ਲੋਕਾਂ ਪ੍ਰਤੀ ਉਹੀ ਪ੍ਰਤੀਬੱਧਤਾ ਨੋਰਾ ਰਿਚਰਡਜ਼ ਦੇ ਦ੍ਰਿਸ਼ਟੀਕੋਨ, ਉਨ੍ਹਾਂ ਦੀਆਂ ਮਾਨਤਾਵਾਂ, ਆਸਥਾਵਾਂ ਤੇ ਕਿਆ- ਕਰਮ ਭਾਵ ਸਮੁੱਚੇ ਜੀਵਨ ਵਿਚ ਹੀ ਪ੍ਰਤੀਬਿੰਬਤ ਹੁੰਦੀ ਹੈ।
ਆਇਰਲੈਂਡ ਵਿਚ ਜੰਮੀ-ਪਲੀ ਇਹ ਨਾਰੀ ਆਪਣੇ ਜੀਵਨ ਦੇ 35ਵੇਂ ਵਰ੍ਹੇ ਵਿਚ ਆਪਣੇ ਪਤੀ ਫਿਲਿਪਸ ਅਰਨੈਸਟ ਰਿਚਰਡਜ਼ ਨਾਲ ਭਾਰਤ ਆਈ।ਉਸ ਬਾਅਦ ਦਾ ਸਾਰਾ ਦ੍ਰਿਸ਼ ਭਾਰਤ ਦੀ ਧਰਤੀ ਨਾਲ ਜੁੜਿਆ ਹੋਇਆ ਹੈ, ਜੋ ਰੰਗਮੰਚ ਦੇ ਮਾਧਿਆਮ ਰਾਹੀਂ ਪ੍ਰਗਟ ਹੁੰਦਾ ਹੈ।
ਨੋਰਾ ਰਿਚਰਡਜ਼ ਦਾ ਜਨਮ ਆਇਰਲੈਂਡ ਦੇਸ਼ ਵਿਚ ਡਾਰਸੈਟ ਪ੍ਰਾਂਤ ਦੇ ਗੋਰਾਵੁਡ ਨਾਮੀ ਸਥਾਨ ‘ਤੇ ਹੋਇਆ ਸੀ। ਉਨ੍ਹਾਂ ਨੇ ਬੈਲਜੀਅਮ, ਆਕਸਫੋਰਡ (ਇਗਲੈਂਡ) ਤੇ ਸਿਡਨੀ (ਆਸਟ੍ਰੇਲੀਆ) ਵਿਚ ਸਿਖਿਆ ਪ੍ਰਾਪਤ ਕੀਤੀ। ਆਪਣੇ ਵਿਦਿਅਕ ਕਾਲ ਦੌਰਾਨ ਕਈ ਦੇਸ਼ਾਂ ਦੀਆਂ ਸੰਸਕ੍ਰਿਤੀਆਂ ਤੇ ਸਭਿਅਤਾਵਾਂ ਦੇ ਅੰਤਰਗਤ ਇਹ ਨਤੀਜਾ ਰਿਹਾ ਹੋਏਗਾ ਕਿ ਉਨ੍ਹਾਂ ਦਾ ਵਿਅਕਤੀਤਵ ਇਕ ਸੁਤੰਤਰ ਚਿੰਤਨ, ਮਾਨਵ ਧਰਮਾਂ ਪ੍ਰਤੀ ਸੰਵੇਦਨਾਵਾਂ ਦੇ ਰੂਪ ਵਿਚ ਨਜ਼ਰ ਆਉਂਦਾ ਹੈ।
ਨੋਰਾ ਰਿਚਰਡਜ਼ ਨੂੰ ਆਰੰਭ ਤੋਂ ਹੀ ਅਭਿਨੈ ਕਰਨ ਦੀ ਰੁਚੀ ਰਹੀ। ਇੰਗਲੈਂਡ ਵਿਚ ਉਹ ਨੋਰਾ ਡਾਇਲ ਦੇ ਨਾਂਅ ਨਾਲ ਰੰਗਮੰਚ ਦੇ ਖੇਤਰ ਵਿਚ ਸਰਗਰਮ ਸੀ ਤਾਂ ਉਨ੍ਹਾਂ ਦਾ ਸੰਪਰਕ ਬੀ.ਈਡਨ ਪਾਈਨ ਨਾਂਅ ਦੇ ਇਕ ਰੰਗਕਰਮੀ ਨਾਲ ਹੋਇਆ। ਉਸਦੀ ਪ੍ਰਤਿਭਾ ਤੋਂ ਨੋਰਾ ਰਿਚਰਡਜ਼ ਪ੍ਰਭਵਿਤ ਹੋਈ। ਦੋਨੋ ਰੰਗਮੰਚ ਦੇ ਕਾਰਜ ਵਿਚ ਸਹਿਕਰਮੀ ਰਹੇ। ਬਾਅਦ ਵਿਚ ਪਾਈਨ ਸਾਹਿਬ ਟੈਕਸਾਸ ਵਿਸ਼ਵ ਵਿਦਿਆਲਾ ਦੇ ਨਾਟਕ ਵਿਭਾਗ ਵਿਚ ਚਲੇ ਗਏ। ਪਾਈਨ ਨੇ ਨੋਰਾ ਰਿਚਰਡਜ਼ ਨੂੰ ਮਹਾਨ ਸਾਹਿਤਕਾਰ ਤਾਲਸਤਾਏ ਦੇ ਸਾਹਿਤ ਨੂੰ ਪੜ੍ਹਨ ਤੇ ਸਮਝਣ ਦੀ ਪ੍ਰੇਰਨਾ ਦਿੱਤੀ। ਇਸ ਰੂਸੀ ਚਿੰਤਕ-ਵ-ਲੇਖਕ ਨੇ ਨੋਰਾ ਨੂੰ ਇਕ ਨਵੀਂ ਚੇਤਨਾ ਦਿੱਤੀ। ਫਿਰ ਉਹ ਸਾਰਾ ਜੀਵਨ ਇਸ ਮਹਾਨ ਸਾਹਿਤਕਾਰ ਦੇ ਜੀਵਨ ਦਰਸ਼ਨ ਤੋਂ ਪ੍ਰਭਾਵਿਤ ਰਹੀ। ਐਸੇ ਹੀ ਕਈ ਹੋਰ ਸਮਾਨ ਧਰਮ ਸਾਹਿਤਕਾਰ ਤੇ ਚਿੰਤਕ ਸਨ ਜੋ ਨੋਰਾ ਰਿਚਰਡਜ਼ ਲਈ ਜੀਵਨ ਪ੍ਰਤੀ ਇਕ ਨਵੀਂ ਦ੍ਰਿਸ਼ਟੀ ਵਿਕਸਤ ਕਰਨ ਵਿਚ ਵਿਸ਼ੇਸ਼ ਰੂਪ ਵਿਚ ਪ੍ਰੇਰਕ ਸਿਧ ਹੋਏ। ਇਨ੍ਹਾਂ ਪੰਕਤੀਆਂ ਦੇ ਲੇਖਕ ਨੇ ਅੰਦਰੇਟਾ (ਪਾਲਮਪੁਰ ਦੇ ਨੇੜੇ ਇਕ ਪਿੰਡ) ਵਿਚ 28 ਨਵੰਬਰ 1964 ਨੂੰ ਅਪਣੀ ਪਹਿਲੀ ਮਿਲਣੀ ਦੌਰਾਨ ਜਦੋਂ ਇਸ 88-ਸਾਲਾ ਬਿਰਧ ਨਾਰੀ ਨੂੰ ਪੁੱਛਿਆ ਸੀ ਕਿ ਅਜਿਹੇ ਕਿਹੜੇ ਵਿਅਕਤੀ ਹਨ ਜਿਨ੍ਹਾਂ ਦੇ ਜੀਵਨ ਦਰਸ਼ਨ ਤੋਂ ਉਨ੍ਹਾਂ ਦੀ ਜੀਵਨ ਸ਼ੈਲੀ ਪ੍ਰਭਾਵਿਤ ਹੋਈ ਹੈ, ਤਾਂ ਨੋਰਾ ਰਿਚਰਡਜ਼ ਨੇ ਜਿਨ੍ਹਾਂ ਵਿਅਕਤੀਆਂ ਨੂੰ ਯਾਦ ਕੀਤਾ ਉਹ ਸਨ ਵਾਲਟ ਵਿਟਮੈਨ, ਹੈਨਰੀ ਡੇਵਿਡ ਥੋਰੋ, ਐਡਵਰਡ ਕਾਰਪੈਂਟਰ ਤੇ ਲਿਉ ਤਾਲਸਤਾਏ। ਇਕ ਪੁਸਤਕ ਦਾ ਉਨ੍ਹਾਂ ਨੇ ਵਿਸ਼ੇਸ਼ ਰੂਪ ਵਿਚ ਜ਼ਿਕਰ ਕੀਤਾ ਐਲ.ਪੀ.ਜੈਕਸ ਲਿਖਤ ‘ਦਿ ਲੀਜੈਂਡ ਆਫ ਸਮੋਕੌਵਰ।’ ਉਲੇਖਨੀਯ ਹੈ ਕਿ ਇਸ ਪੁਸਤਕ ਵਿਚ ‘ਸੰਸਕ੍ਰਿਤੀ ਬਨਾਮ ਸੱਤਾ’ ਵਿਸ਼ੇ ਉਤੇ ਇਕ ਪ੍ਰਬੁੱਧ ਵਿਅਕਤੀ ਦਾ ਚਿੰਤਨ ਦਰਜ ਹੈ। ਇਸ ਵਿਸ਼ੇ ਉਤੇ ਇਸ ਸ਼ਤਾਬਦੀ ਦੇ ਦੂਜੇ ਦਹਾਕੇ ਉਨ੍ਹਾਂ ਵਿਸਤ੍ਰਿਤ ਵਖਿਆਨ ਦੇ ਅੰਤਰਗਤ ਆਪਣੇ ਵਿਚਾਰਾ ਨੂੰ ਪ੍ਰਗਟ ਕੀਤਾ ਸੀ।
ਤਾਲਸਤਾਏ ਦੇ ਜੀਵਨ-ਦਰਸ਼ਨ ਤੋਂ ਨੋਰਾ ਰਿਚਰਡਜ਼ ਇਤਨੀ ਪ੍ਰਭਾਵਿਤ ਹੋਈ ਕਿ ਉਨ੍ਹਾਂ ਦੇ ਜੀਵਨ ਦੀ ਧਾਰਾ ਹੀ ਬਦਲ ਗਈ। ਉਹ ਡੌਰਸੈਟ ਖੇਤਰ ਵਿਚ ਸਥਿਤ ਵੁਡਲੈਂਡ ਨਾਂਅ ਦੇ ਇਕ ਪਿੰਡ ਵਿਚ ਜਾ ਵੱਸੀਂ। ਇਥੇ ਇਕ ਨਵੇਂ ਜੀਵਨ ਦੀ ਸ਼ੁਰੂਆਤ ਹੋਈ, ਇਕ ਅਤਿ ਸਾਦਾ ਜੀਵਨ। ਆਪਣਾ ਸਾਰੇ ਦਾ ਸਾਰਾ ਕੰਮ ਆਪ ਕਰਨਾ-ਗਾਂਧੀ ਜੀ ਵਾਂਗ। ਪ੍ਰੰਤੂ ਉਸ ਸਮੇਂ ਤਕ ਇਹ ਪ੍ਰਭਾਵ ਗਾਂਧੀ ਜੀ ਤੋਂ ਕਦਾਚਿਤ ਨਹੀਂ ਆਇਆ ਸੀ, ਇਹ ਪ੍ਰਭਾਵ ਇਕ ਪ੍ਰਤੱਖ ਰੂਪ ਵਿਚ ਮਹਾਤਮਾ ਤਾਲਸਤਾਏ ਤੋਂ ਆਇਆ ਸੀ। ਵੁੱਡਲੈਂਡਜ਼ ਵਿਚ ਉਨ੍ਹਾਂ ਨੇ ਕੁਦਰਤੀ ਇਲਾਜ ਦਾ ਕੇਂਦਰ ਵੀ ਸਥਾਪਤ ਕੀਤਾ।ਇਥੇ ਉਨ੍ਹਾਂ ਦੀ ਮੁਲਾਕਾਤ ਫਿਲਿਪਸ ਅਰਨੈਸਟ ਰਿਚਰਡਜ਼ ਨਾਲ ਹੋਈ। ਦੋਨਾਂ ਦੀਆਂ ਇਕ ਦੂਜੇ ਵੱਲ ਨਜ਼ਦੀਕੀਆਂ ਅਨੁਭਵ ਕਰਨ ਲੱਗੇ ਅਤੇ 1908 ਵਿਚ ਦੋਨੋਂ ਇਕ ਦੰਪਤੀ-ਸੂਤਰ ਵਿਚ ਬੰਨ੍ਹੇ ਗਏ। ਜਾਨੋ ਇਹ ਗਾਂਧੀ ਜੀ ਦੀ ਖਿੱਚ ਸੀ ਕਿ ਉਹ ਤਿੰਨ ਵਰ੍ਹੇ ਬਾਅਦ ਭਾਰਤ ਆਏ। ਪੀ.ਈ. ਰਿਚਰਡਜ਼ ਦਿਆਲ ਸਿੰਘ ਕਾਲਜ ਲਾਹੌਰ ਵਿਚ ਅੰਗਰੇਜ਼ੀ ਸਾਹਿਤ ਦੇ ਪ੍ਰੋਫੈਸਰ ਨਿਯੁਕਤ ਹੋਏ ਸਨ। ਇਥੇ ਜੀਵਨ ਨੇ ਇਕ ਹੋਰ ਕਰਵਟ ਲਈ।ਜਿਸ ਰੰਗ-ਮੰਚ ਨੂੰ ਨੋਰਾ ਰਿਚਰਡਜ਼ ਵੁਡਲੈਂਡਜ਼ ਵਿਚ ਅਲਵਿਦਾ ਕਹਿ ਆਏ ਸਨ, ਉਸ ਨੇ ਇਕ ਨਵੇਂ ਰੂਪ ਵਿਚ ਦਸਤਕ ਦਿੱਤੀ। ਕਾਲਜ ਦਾ ਵਾਤਾਵਰਣ ਸੀ। ਉਦਾਰਵਾਦੀ ਪ੍ਰੋ. ਰਿਚਰਡਜ਼ ਵਿਦਿਆਰਥੀਆਂ ਵਿਚ ਹਰਮਨ-ਪਿਆਰੇ ਹੋਣ ਲੱਗੇ। ‘ਵਾਈਟ ਮੈਨਰਜ਼ ਬਰਡਨ’ ਦਾ ਅਹਿਸਾਸ ਤਾਂ ਜਿਵੇਂ ਛੂਹ ਵੀ ਨਹੀਂ ਸਕਿਆ ਸੀ। ਉਸ ਨਾਤੇ ਵਿਦਿਆਰਥੀ ਨੋਰਾ ਰਿਚਰਡਜ਼ ਦੇ ਸੰਪਰਕ ਵਿਚ ਵੀ ਆਉਣ ਲੱਗੇ। ਰੰਗਮੰਚ ਵਿਚ ਉਨਾਂ ਦੀ ਰੁਚੀ ਤੇ ਤਾਲਸਤਾਏ ਦਾ ਜੀਵਨ ਦਰਸ਼ਨ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲੱਗਾ। ਨੋਰਾ ਰਿਚਰਡਜ਼ ਨੇ ਵਿਦਿਆਰਥੀਆਂ ਦੀ ਅਭਿਨੈ ਕਰਨ ਦੀ ਰੁਚੀ, ਲਗਨ ਤੇ ਉਤਸ਼ਾਹ ਦੇਖ ਕੇ ਇਕ ਸਿਖਿਆ ਕੇਂਦਰ ਦੀ ਸਥਾਪਨਾ ਕੀਤੀ ਜਿਥੇ ਉਹ ਨਾਟਕ ਲਿਖਣ, ਅਭਿਨੈ, ਰੰਗਮੰਚ ਨਿਰਦੇਸ਼ਨ ਆਦਿ ਦੀ ਨਿਯਮਤ ਸਿਖਸ਼ਾ ਪਾਉਣ ਲੱਗੇ। ਇਸ ਵਾਤਾਵਰਨ ਦਾ ਹੀ ਪਰਿਣਾਮ ਸੀ : ਪੰਜਾਬੀ ਨਾਟਕ ਦਾ ਜਨਮ। ਇਨ੍ਹਾਂ ਗਤੀਵਿਧੀਆਂ ਨੇ ਨੋਰਾ ਰਿਚਰਡਜ਼ ਨੂੰ ਪੰਜਾਬੀ ਨਾਟਕ ਦੀ ਜਨਨੀ ਦੇ ਰੂਪ ਵਿਚ ਪ੍ਰਸਤੁਤ ਕੀਤਾ। ਪੰਜਾਬੀ ਨਾਟਕ ਨਾਲ ਜੁੜੇ ਰੰਗਕਰਮੀ ਅੱਜ ਵੀ ਭਾਵਨਾਵਸ ਨੋਰਾ ਰਿਚਰਡਜ਼ ਨੂੰ ਪੰਜਾਬੀ ਨਾਟ ਕਲਾ ਦੀ ‘ਬੜੀ ਮਾਂ’ (ਦਾਦੀ ਜਾਂ ਪੜਦਾਦੀ) ਦੇ ਰੂਪ ਵਿਚ ਸ਼ਰਧਾ ਨਾਲ ਯਾਦ ਕਰਦੇ ਹਨ।
ਇਸ ਸੰਦਰਭ ਵਿਚ ਉਲੇਖਨੀਯ ਹੈ ਕਿ ਪੰਜਾਬੀ ਵਿਸ਼ਵ ਵਿਦਿਆਲੇ ਦੇ ਨਾਟ-ਕਲਾ ਵਿਭਾਗ ਦੇ ਵਿਦਿਆਰਥੀ (ਸਵਰਗਵਾਸੀ) ਨੋਰਾ ਰਿਚਰਡਜ਼ ਦੇ ਜਨਮ ਦਿਵਸ ਉਤੇ ਉਨ੍ਹਾਂ ਨੂੰ ਸ਼ਰਧਾਂਜਲੀ ਸਵਰੂਪ ਉਨ੍ਹਾਂ ਦੇ ਨਿਵਾਸ ਸਥਾਨ ਵੁਡਲੈਂਡਜ਼ (ਪਾਰਕਰ ਅਸਟੇਟ ਅੰਦਰੇਟਾ) ਵਿਖੇ ਨੋਰਾ ਰਿਚਰਡਜ਼ ਦੁਆਰਾ ਹੀ ਲਿਖੇ ਕਿਸੇ ਇਕ ਜਾਂ ਦੂਸਰੇ ਨਾਟਕ ਦਾ ਮੰਚਨ ਕਰਦੇ ਰਹੇ ਹਨ। ਵੁਡਲੈਂਡਜ਼ ਵਿਖੇ ਨੋਰਾ ਦੁਆਰਾ ਕਲਪਿਤ ਤੇ ਨਿਰਮਾਣ ਕੀਤਾ ਇਕ ਖੁੱਲ੍ਹਾ ਰੰਗਮੰਚ ਅੱਜ ਵੀ ਖੜ੍ਹਾ ਹੈ। ਮਰਹੂਮ ਡਾ. ਐਮ. ਐੱਸ.
ਰੰਧਾਵਾ ਨੇ ‘ਕੰਟਰੀ ਲਾਈਫ’ (ਲੇਖਕ ਨੋਰਾ ਰਿਚਰਡਜ਼) ਦੀ ਭੂਮਿਕਾ ਵਿਚ ਲਿਖਿਆ ਹੈ, “ਵਾਸਤਵ ਵਿਚ ਉਨ੍ਹਾਂ ਦੀਆਂ ਅਨੇਕ ਉਪਲਬਧੀਆਂ ਵਿਚ ਪੰਜਾਬੀ ਨਾਟਕ ਕਲਾ ਦੇ ਪ੍ਰਤੀ ਉਨ੍ਹਾਂ ਦੇ ਯੋਗਦਾਨ ਦਾ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਇਕ ਮਹੱਤਵਪੂਰਨ ਸਥਾਨ ਹੈ।”
ਬਾਰਾਂ ਵਰ੍ਹੇ ਦੇ ਵਿਆਹੁਤਾ ਜੀਵਨ ਤੋਂ ਬਾਅਦ ਬਦਕਿਸਮਤੀ ਨੂੰ ਪ੍ਰੋ. ਫਿਲਿਪਸ ਅਰਨੈਸਟ ਰਿਚਰਡਜ਼ ਦਾ ਦਿਹਾਂਤ ਹੋ ਗਿਆ। ਇਸ ਦੁਰਘਟਨਾ ਉਪਰੰਤ ਨੋਰਾ ਇੰਗਲੈਂਡ ਚਲੀ ਗਈ ਜਿਥੇ ਉਹ ਪਹਿਲਾਂ ਡੇਵਿਨ ਸ਼ਾਇਰ ਅਤੇ ਬਾਅਦ ਵਿਚ ਚੈਲਸੀ (ਲੰਡਨ) ਰਹੀਂ। ਨੋਰਾ ਰਿਚਰਡਜ਼ ਇਕ ਜਮਾਂਦਰੂ ਕਲਾਕਾਰ ਸੀ, ਉਹ ਸਮਾਨ ਜਿਹੀ ਦਿਖਾਈ ਦੇਣ ਵਾਲੀ ਵਸਤੂ ਨੂੰ ਕਲਾਤਮਿਕ ਰੂਪ ਦੇ ਦਿੰਦੀ। ਚੈਲਸੀ ਵਿਖੇ ਉਨ੍ਹਾਂ ਨੇ ਆਪਣੇ ਆਪ ਨੂੰ ਅਜਿਹੇ ਹੀ ਕਲਾ ਸਿਰਜਣ ਵਿਚ ਵਿਅਸਤ ਰੱਖਿਆ। ਇਸੇ ਦੌਰਾਨ ਉਥੇ ਇਕ ਅਜਿਹੀ ਘਟਨਾ ਵਾਪਰੀ ਜਿਸ ਨਾਲ ਉਹ ਵਿਆਕੁਲ ਹੋ ਉਠੀ। ਫਿਲਹਾਰਮੋਨਿਕ ਹਾਲ ਵਿਚ ਇਕ ਫਿਲਮ ਚਲ ਰਹੀ ਸੀ, ਨਾਂਅ ਸੀ “ਥਰੂ ਰੁਮਾਂਟਕ ਇੰਡੀਆ।” ਇਸ ਵਿਚ ਭਾਰਤ ਦੇ ਅਕਸ ਨੂੰ ਇਕ ਬੁਰੇ ਰੂਪ ਵਿਚ ਪੇਸ਼ ਕੀਤਾ ਗਿਆ ਸੀ। ਪ੍ਰਸੰਗ ਸੀ ਲਾਰਡ ਰੀਡਿੰਗ ਦੁਆਰਾ ਨਮਕ ਟੈਕਸ ਨੂੰ ਦੁੱਗਣਾ ਕਰਨਾ। ਦ੍ਰਿਸ਼ ਦੇਖਦੇ ਹੀ ਨੋਰਾ ਰਿਚਰਡਜ਼ ਦੇ ਭਾਰਤ ਪ੍ਰੇਮ ਦੀ ਭਾਵਨਾ ਨੇ ਉਨ੍ਹਾਂ ਨੂੰ ਲਾਰਡ ਰੀਡਿੰਗ ਦੀ ਨਿਖੇਧੀ ਲਈ ਉਤੇਜਿਤ ਕਰ ਦਿੱਤਾ। ਉਹ ਇਤਨਾ ਉਤੇਜਿਤ ਹੋ ਗਈ ਕਿ ਉਨ੍ਹਾਂ ਨੇ ਸ਼ੋਅਕੇਸ਼ ਤੋੜ ਦਿੱਤਾ। ਫਲਸਰੂਪ ਇਸ ਭਾਰਤ ਪ੍ਰੇਮੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਨੂੰ ਇਕ ਮਹੀਨੇ ਦੀ ਕੈਦ ਦੀ ਸਜ਼ਾ ਕੱਟਣੀ ਪਈ। ਜੇਲ੍ਹ ਤੋਂ ਬਾਹਰ ਆਈ। ਕਿਥੇ ਜਾਂਦੀ ? ਅੰਤ ਨਿਸਚੈ ਕੀਤਾ ਕਿ ਭਾਰਤ ਮੇਰਾ ਘਰ ਹੈ ਅਤੇ ਕਰਮਭੂਮੀ ਵੀ। ਪ੍ਰੰਤੂ ਵਾਪਸ ਮੁੜਨ ਲਈ ਤਾਂ ਜੇਬ ਵਿਚ ਇਕ ਪੈਸਾ ਵੀ ਨਹੀਂ ਸੀ। ਪਤੀ ਗੁਜ਼ਰ ਚੁਕਿਆ ਸੀ। ਉਸ ਦੇ ਅਲਗਾਵ ਵਿਚ ਆਪਣੇ ਵੀ ਬਿਗਾਨੇ ਹੋ ਚੁੱਕੇ ਸਨ। ਸੱਸ ਦੀ ਸੇਵਾ- ਸੰਭਾਲ ਦੀ ਜ਼ਿੰਮੇਂਵਾਰੀ ਉਹ ਇਕ ਬਹੂ ਦਾ ਅਧਿਕਾਰ ਤਾਂ ਪਹਿਲਾਂ ਹੀ ਖੋ ਬੈਠੀ ਸੀ। ਇਕ ਘਰੇਲੂ ਨੌਕਰ ਵਾਂਗ ਰਹਿਣ ਲਈ ਮਜਬੂਰ ਹੋਈ। ਜੋ ਪੈਸੇ ਮਿਲ ਜਾਂਦੇ, ਉਹ ਬਚਾਉਣ ਦਾ ਯਤਨ ਕਰਦੀ ਤਾਂ ਜੋ ਭਾਰਤ ਮੁੜ ਸਕੇ।
ਚਾਰ ਸਾਲ ਦੇ ਵਕਫ਼ੇ ਬਾਅਦ ਭਾਰਤ ਵਾਪਸ ਆਈ, ਦਿਮਾਗ਼ ਵਿਚ ਐੱਲ.ਪੀ.ਜੈਕਸ ਦੇ ਵਿਚਾਰਾਂ ਦਾ ਮੰਥਨ ਚਲ ਰਿਹਾ ਸੀ। ਸੰਸਕ੍ਰਿਤੀ ਸਭਿਅਤਾ ਦਾ ਸੁਪਨਾ ਅੱਖਾਂ ਵਿਚ ਤੁਰਨ ਲੱਗਾ ਸੀ, ਜਿਸ ਦਾ ਆਧਾਰ ਸੰਸਕ੍ਰਿਤੀ ਹੋਵੇ। ਐਸੀ ਸਭਿਅਤਾ ਦੇ ਉਦੈ ਦੀ ਸੰਭਾਵਨਾ ਤਤਕਾਲੀਨ ਪੱਛਮੀ ਸਮਾਜ ਵਿਚ ਸੰਭਵ ਨਹੀਂ ਹੋ ਸਕਦੀ ਸੀ; ਉਸ ਦਾ ਦ੍ਰਿੜ ਵਿਸ਼ਵਾਸ ਸੀ ਕਿ ਭਾਰਤ ਦੀ ਧਰਤੀ ‘ਤੇ ਹੀ ਸਾਂਸਕ੍ਰਿਤਕ ਸਭਿਅਤਾ ਦਾ ਸੂਰਜ ਚੜ੍ਹੇਗਾ। ਉਸ ਨੇ ਨਿਸਚਾ ਕੀਤਾ ਕਿ ਉਹ ਇਸ ਦਿਸ਼ਾ ਵੱਲ ਕਾਰਜ ਕਰੇਗੀ। ਉਸ ਦੇ ਪੈਰ ਆਪਣੇ ਆਪ ਉਧਰ ਉੱਠਣ ਲਗੇ ਜਿਥੇ ਇਸ ਦਾ ਆਰੰਭ ਹੋਣਾ ਸੀ। ਉਸ ਅਜਿਹੇ ਕਾਰਜ ਲਈ ਭਾਰਤ ਦੇ ਹਿਮਾਲੀਆ ਦੀ ਗੋਦ ਵਿਚ ਜਾਣ ਦਾ ਸੰਕਲਪ ਕੀਤਾ। ਪੰਜਾਬ ਦੀ ਰਾਜਧਾਨੀ ਲਾਹੌਰ ਤਾਂ ਉਸ ਦੀ ਕਰਮ ਭੂਮੀ ਰਹੀ ਹੀ ਸੀ, ਪ੍ਰੰਤੂ ਇਸ ਨਵੇਂ ਸੰਕਲਪ ਨੂੰ ਬੀਜਣ ਲਈ ਨਵੀਂ ਭੂਮੀ ਦੀ ਤਲਾਸ਼ ਸੀ, ਅਜਿਹੀ ਖੋਜ ਵਿਚ ਧੌਲਾਧਾਰ ਪਹਾੜ ਦੀ ਤਲਹਟੀ ਵਿਚ ਸਥਿਤ ਕਾਂਗੜਾ ਘਾਟੀ ਵਿਚ ਉਹ ਇਕ ਸਥਾਨ ‘ਤੇ ਰੁਕ ਗਈ। ਨਾਂ ਸੀ ਬਨੂਰੀ। ਇਹ ਥਾਂ ਪਾਲਮਪੁਰ ਮੰਡੀ ਸੜਕ ਉਤੇ ਸਥਿਤ ਹੈ। ਇਥੇ ਹੀ ਉਸ ਨੇ 1927 ਵਿਚ ਆਪਣਾ ਟਿਕਾਣਾ ਬਣਾਇਆ। ਇਸੇ ਸਾਲ ‘ਸਰਸਵਤੀ ਸਮਰ ਸਕੂਲ’ ਦਾ ਆਯੋਜਨ ਕੀਤਾ, ਸਾਹਿਤ ਤੇ ਕਲਾ ਵਿਚ ਰੁਚੀ ਰੱਖਣ ਵਾਲਿਆਂ ਲਈ। ਇਸ ਆਯੋਜਨ ਵਿਚ ਅਨੇਕਾਂ ਹਿੰਦੁਸਤਾਨੀ ਤੇ ਅੰਗਰੇਜ਼ ਸਿਖਿਆਰਥੀ ਸ਼ਾਮਿਲ ਸਨ। ਇਸ ਆਯੋਜਨ ਦੀ ਨਿਰਦੇਸ਼ਕਾ ਖੁਦ ਨੋਰਾ ਰਿਚਰਡਜ਼ ਸੀ ਅਤੇ ਪ੍ਰੋ. ਜੈ ਦਿਆਲ, ਮਹਾਂਵੀਰ ਸਿੰਘ ਤੇ ਆਈ. ਸੀ. ਨੰਦਾ ਨੇ ਉਸ ਨੂੰ ਭਰਵਾਂ ਸਹਿਯੋਗ ਦਿੱਤਾ ਸੀ। ਸਾਲ 1930-31 ਦੌਰਾਨ ਨੋਰਾ ਇੰਗਲੈਂਡ ਚਲੀ ਗਈ। ਉਸ ਨੇ ਨਾਮਵਰ ਪ੍ਰਕਾਸ਼ਨ ਗ੍ਰਹਿ-ਐਲਐਨ. ਐਡ ਐਨਵਿਨ ਤੋਂ ਪ੍ਰੋ. ਪੀ.ਈ. ਰਿਚਰਡਜ਼ ਦੀ ਪੁਸਤਕ ‘ਭਾਰਤ ਦੀ ਧੂੜ’ (ਇੰਡੀਅਨ ਡਸਟ) ਨੂੰ ਪ੍ਰਕਾਸ਼ਿਤ ਕਰਵਾਇਆ।
ਭਾਵੇਂ ਅੱਜ ਬਨੂਰੀ ਵਿਚ ਨੋਰਾ ਰਿਚਰਡਜ਼ ਦੇ ਘਰ ਦੇ ਨਿਸ਼ਾਨ ਵੀ ਨਜ਼ਰ ਨਹੀਂ ਆਉਂਦੇ, ਪਰ ਕਈ ਦਰਸ਼ਕ ਕੁਝ ਸਾਲ ਪਹਿਲਾਂ ਤਕ ਉਸ ਥਾਂ ਨਾਲ ਜੁੜੀ ਮੇਮ ਸਾਹਿਬ ਦੀਆਂ ਯਾਦਾਂ ਸੁਣਾਇਆ ਕਰਦੇ ਸੀ। ਇਹ ਪਿੰਡ ਮੁੱਖ ਸੜਕ ‘ਤੇ ਹੋਣ ਕਾਰਨ ਨੋਰਾ ਦੇ ਇਕਾਂਤਵਾਸ ਦੇ ਚਿੰਤਨ ਲਈ ਰੁਕਾਵਟ ਸਿੱਧ ਹੋਇਆ। ਦਸ ਸਾਲ ਬਾਅਦ ਭਾਵ 1935 ਵਿਚ ਉਹ ਇਕ ਅਜਿਹੇ ਸਥਾਨ ਅੰਦਰੇਟਾ ਵਿਚ ਜਾ ਵੱਸੀ ਜੋ ਉਸ ਨੂੰ ਚਿੰਤਨ ਲਈ ਇਕਾਂਤ ਤਾਂ ਦੇਣ ਹੀ ਲੱਗਾ, ਪਰ ਕਰਮਭੂਮੀ ਦੇ ਰੂਪ ਵਿਚ ਰੁਝੇਵੇਂ ਲਈ ਵੀ।
ਕਾਂਗੜਾ ਘਾਟੀ ਵਿਚ ਸਥਾਈ ਵੱਸ ਜਾਣ ਤੋਂ ਬਾਅਦ ਨੋਰਾ ਰਿਚਰਡਜ਼ ਨੇ ਰੰਗਮੰਚ ਦੇ ਨਿਰਮਾਣ ਵਿਚ ਜੋ ਕਾਰਜ ਕੀਤਾ, ਉਹ ਰੰਗਮੰਚ ਦੇ ਇਤਹਾਸ ਵਿਚ ਉਨ੍ਹਾਂ ਨੂੰ ਸਥਾਈ ਸਥਾਨ ਦਿੰਦਾ ਹੈ। ਉਨ੍ਹਾਂ ਨੇ ਦਿਹਾਤੀ ਲੋਕਾਂ ਲਈ ਅਨੇਕ ਉਦੇਸ਼ ਪੂਰਬਕ ਨਾਟਕ ਲਿਖੇ। ਨਾਟਕਾਂ ਦਾ ਮੰਚਨ ਕੀਤਾ, ਨਿਰਦੇਸ਼ਨ ਕੀਤਾ।
ਨਾਟਕਾਂ ਬਾਰੇ ਸੰਵਾਦ ਅਤੇ ਕਾਰਜਸ਼ਾਲਾ ਆਯੋਜਿਤ ਕੀਤੀਆਂ। ਜਦੋਂ ਕਿ ਉਸ ਸਮੇਂ ਇਸ ਪਹਾੜੀ ਖੇਤਰ ਵਿਚ ਸਕੂਲਾਂ ਦੀ ਘਾਟ ਸੀ, ਤਾਂ ਵੀ ਸਿਖਿਆ ਵਿਧਾ ਤੇ ਸਿਖਿਆ ਅਧਿਕਾਰੀਆਂ ਨਾਲ ਨੇੜਲਾ ਸੰਪਰਕ ਰੱਖਦੀ ਰਹੀ। ਉਨ੍ਹਾਂ ਨੇ ਆਪਣੇ ਨਾਟਕਾਂ ਦੇ ਮਾਧਿਅਮ ਦੁਆਰਾ ਲੋਕਾਂ ਦਾ ਸਮਾਜਿਕ ਜਾਗਰਣ ਕੀਤਾ, ਉਨ੍ਹਾਂ ਵਿਚ ਆਪਣੀ ਹੀ ਸੰਸਕ੍ਰਿਤੀ ਪ੍ਰਤੀ ਗੌਰਵ ਦੀ ਭਾਵਨਾ ਨੂੰ ਜਗਾਇਆ। ਸਾਲ 1910 ਤੋਂ 1956 ਤਕ ਉਨ੍ਹਾਂ ਦੀਆਂ ਜੋ ਰਚਨਾਵਾਂ ਪ੍ਰਕਾਸ਼ ਵਿਚ ਆਈਆਂ, ਉਨ੍ਹਾਂ ਵਿਚ ਵਰਣਨਯੋਗ ਹਨ : ਦਿ ਫਲਾਵਰ ਮੇਕਰ (1910), ਸਤੀ (1914), ਮੈਜਿਕ ਬਰੂਮਜ਼ (1933), ਡਰਾਮਾ ਇਨ ਐਜੂਕੇਸ਼ਨ (1945), ਹਿਸਟਾਰੀਕਲ ਪਲੇਅਲੈਟਰਜ਼ (1946), ਏ ਡੇਅ ਇਨ ਦਿ ਲਾਈਫ ਆਫ ਅਕਬਰ (1946), ਹੋਮਲੈਸ (1949) ਬਾਇਓਗਰਾਫੀ ਆਫ ਐੱਸ.ਐੱਸ. ਭਟਨਾਗਰ (1949), ਦਿ ਵਿਲੇਜ਼ ਪਲੇਅ (1955). ਪਲੇ-ਰਾਈਟਿੰਗ ਐਂਡ ਪਲੇ-ਮੇਕਿੰਗ (1956), ਦਿ ਸਨ ਕਮਜ਼ ਹੋਮ (1956), ਅਤੇ ਮੱਦਰ ਅਰਥ (1956)। ਇਹ ਨਾਟਕ ਮੂਲ ਅੰਗੇਰਜ਼ੀ ਵਿਚ ਹੀ ਲਿਖੇ ਗਏ ਹਨ, ਪ੍ਰੰਤੂ ਅੰਗਰੇਜ਼ੀ ਭਾਸ਼ਾ ਤੋਂ ਬਿਨਾਂ ਅਧਿਕਾਂਸ਼ : ਹਿੰਦੀ (ਹਿੰਦੁਸਤਾਨੀ) ਵਿਚ ਵੀ ਮੰਚਤ ਹੋਏ ਹਨ। ਪੰਜਾਬੀ ਵਿਸ਼ਵ ਵਿਦਿਆਲਾ ਨੇ ਇਨ੍ਹਾਂ ‘ਚੋਂ ਕਈ ਨਾਟਕਾਂ ਨੂੰ ਪੰਜਾਬੀ ਭਾਸ਼ਾ ਵਿਚ ਪ੍ਰਸਤਤ ਕੀਤਾ ਹੈ।
ਨੋਰਾ ਰਿਚਰਡਜ਼ ਦੇ ਨਾਟਕ ਸਮਾਜਿਕ ਸਮੱਸਿਆਵਾਂ ਪ੍ਰਤੀ ਉਨ੍ਹਾਂ ਦੇ ਸਰੋਕਾਰਾਂ ਨੂੰ ਰੂਪਮਾਨ ਕਰਦੇ ਹਨ। ਸਮੱਸਿਆਵਾਂ ਨੂੰ ਉਜਾਗਰ ਕਰਨਾ ਉਨ੍ਹਾਂ ਦਾ ਉਦੇਸ਼ ਹੀ ਨਹੀਂ ਸੀ, ਸਗੋਂ ਉਹ ਉਨ੍ਹਾਂ ਉਤੇ ਵਿਚਾਰ ਤੇ ਕਾਰਗਰ ਢੰਗ ਨਾਲ ਸਮਾਧਾਨ ਦਾ ਮਾਰਗ ਵੀ ਸੁਝਾਉਂਦੇ ਹਨ। ਵੰਨਗੀ ਦੇ ਤੌਰ ‘ਤੇ ਉਨ੍ਹਾਂ ਦਾ ਇਕ ਨਾਟਕ ਹੈ ‘ਦਿ ਸਨ ਕਮਜ਼ ਹੋਮ’ (ਪੁੱਤਰ ਘਰ ਆਇਆ)। ਇਸ ਕਥਾ-ਵਸਤੂ ਦੀ ਪਹਿਲਾਂ ਜਿੰਨੀ ਹੀ ਅੱਜ ਵੀ ਪ੍ਰਸੰਗਤਾ ਹੈ। ਸਗੋਂ ਇਹ ਸਮੱਸਿਆ ਪਹਿਲਾਂ ਨਾਲੋਂ ਵੀ ਗੰਭੀਰ ਹੈ। ਸ਼ਹਿਰ ਦੀ ਚਕਾਚੌਂਦ ਤੋਂ ਆਕਰਸ਼ਿਤ ਹੋ ਕੇ ਪਿੰਡ ਦਾ ਇਕ ਯੁਵਕ ਘਰ ਛੱਡ ਕੇ ਸ਼ਹਿਰ ਭੱਜ ਜਾਂਦਾ ਹੈ। ਰੁਜ਼ਗਾਰ ਲਈ ਸ਼ਹਿਰ ਵਿਚ ਦਰ-ਦਰ ਦੀਆਂ ਠੋਕਰਾਂ ਖਾਂਦਾ ਹੈ। ਅੰਤ ਨਿਰਾਸ਼ ਹੋ ਕੇ ਘਰ ਪਰਤਦਾ ਹੈ ਅਤੇ ਆਪਣੀ ਖੇਤੀਬਾੜੀ ਨੂੰ ਸੰਭਾਲਣ ਦਾ ਨਿਸ਼ਚੇ ਕਰਦਾ ਹੈ।
ਨੋਰਾ ਰਿਚਰਡਜ਼ ਦਾ ਇਕ ਹੋਰ ਨਾਟਕ ਹੈ ‘ਹੋਮਲੈੱਸ’ ਅਰਥਾਤ ਬੇਘਰ।ਇਹ ਨਾਟਕ ਦੇਸ਼-ਵੰਡ ਤੋਂ ਪੈਂਦਾ ਹੋਈ ਸਥਿਤੀ ‘ਤੇ ਕੇਂਦਰਿਤ ਹੈ।ਜਦੋਂ ਦੇਸ਼-ਵੰਡ ਤੋਂ ਸਾਲਾਂ ਬਾਅਦ ਵੀ ਦੇਸ਼ ਸ਼ਰਨਰਥੀਆਂ ਦੀ ਨਿਕਟ ਸਮੱਸਿਆ ਵਿਚ ਉਲਝਿਆ ਹੋਇਆ ਸੀ ਅਤੇ ਉਨ੍ਹਾਂ ਦੇ ਪੁਨਰਵਾਸ ਲਈ ਇਕ ਸੰਵੇਦਨਸ਼ੀਲ ਵਾਤਾਵਰਣ ਦੀ ਲੋੜ ਸੀ, ਤਾਂ ਨੋਰਾ ਨੇ ਓਪੇਰੇ ਨਾਟਕਾਂ ਰਾਹੀਂ ਅਜਿਹੇ ਵਾਤਾਵਰਣ ਦੇ ਸਿਰਜਣ ਵਿਚ ਆਪਣਾ ਯੋਗਦਾਨ ਦਿਤਾ ਸੀ।
ਨਾਟਕਾਂ ਦੀ ਭਾਸ਼ਾ ਦੇ ਸਬੰਧ ਵਿਚ ਨੋਰਾ ਦਾ ਵਿਚਾਰ ਸੀ ਕਿ ਇਹ ਅਜਿਹੀ ਭਾਸ਼ਾ ਵਿਚ ਲਿਖਿਆ ਜਾਣਾ ਚਾਹੀਦਾ ਹੈ ਜਿਸ ਨੂੰ ਆਮ ਲੋਕ ਸਮਝ ਸਕਣ।
‘ਮਦਰ ਅਰਥ’ ਨਾਟਕ ਦੂਜੇ ਨਾਟਕਾਂ ਵਾਂਗ ਮੂਲ ਰੂਪ ਵਿਚ ਅੰਗਰੇਜ਼ੀ ਵਿਚ ਸੀ, ਇਹ ਹਿੰਦੀ, ਉਰਦੂ ਪੰਜਾਬੀ ਤਿੰਨੇ ਭਾਸ਼ਾਵਾਂ ਵਿਚ ਮੰਚਤ ਕੀਤਾ ਗਿਆ। ਹੋਰ ਨਾਟਕਾਂ ਵਾਂਗ ਇਸ ਨੂੰ ਉਨ੍ਹਾਂ ਨੇ ਹਿੰਦੁਸਤਾਨੀ ਵਿਚ ਵੀ ਅਨੁਵਾਦ ਕਰਵਾ ਕੇ ਰੋਮਨ ਲਿਪੀ ਵਿਚ ਛਪਵਾਇਆ। ਰੋਮਨ ਲਿੱਪੀ ਤੇ ਹਿੰਦੁਸਤਾਨੀ ਭਾਸ਼ਾ ਦੇ ਪ੍ਰਯੋਗ ਨਾਲ ਉਨ੍ਹਾਂ ਦਾ ਮਤਲਬ ਸੀ ਕਿ ਇਕ ਇਸ ਬੋਲਚਾਲ ਦੀ ਭਾਸ਼ਾ ਦਾ ਹਿੰਦੀ, ਉਰਦੂ ਤੇ ਪੰਜਾਬੀ ਤਿੰਨੇ ਭਾਸ਼ਾਵਾਂ ਵਿਚ ਸਹਿਜ ਅਨੁਵਾਦ ਹੋ ਸਕਦਾ ਹੈ। ਅਜਿਹਾ ਉਨ੍ਹਾਂ ਨੇ ‘ਮਦਰ ਅਰਥ’ ਦੀ ਭੂਮਿਕਾ ਵਿਚ ਖ਼ੁਦ ਲਿਖਿਆ ਹੈ। ਇਹ ਗੱਲ ਵੱਖਰੀ ਹੈ ਕਿ ਅਜ ਹਿੰਦੀ ਲਈ ਰੋਮਨ ਲਿਪੀ ਦੀ ਬਿਲਕੁਲ ਹੀ ਲੋੜ ਨਹੀਂ ਹੈ। ਅੱਜ ਦੀ ਸਥਿਤੀ ਵਿਚ ਨੋਰਾ ਰਿਚਰਡਜ਼ ਖੁਦ ਦੇਵਨਾਗਰੀ ਲਿੱਪੀ ਦਾ ਪੱਖ ਪੂਰਦੀ, ਪਰ ਉਦੋਂ ਅਜਿਹਾ ਸੁਭਾਵਕ ਸੀ।
ਅੱਸੀ ਵਰ੍ਹਿਆਂ ਦੀ ਉਮਰ ਤਕ ਨੋਰਾ ਰਿਚਰਡਜ਼ ਦਿਹਾਤੀ ਸੰਸਕ੍ਰਿਤੀ ਪ੍ਰਤੀ ਅਪਣੇ ਸਰੋਕਾਰ ਨੂੰ ਅਨੇਕਾਂ ਤਰ੍ਹਾਂ ਵਿਅਕਤ ਕਰਦੀ ਰਹੀ।ਰੰਗ ਮੰਚ ਦੀਆਂ ਗਤੀਵਿਧੀਆਂ ਵਿਚ ਤਾਂ ਉਹ ਪੂਰੀ ਤਰ੍ਹਾਂ ਸਰਗਰਮ ਸੀ ਹੀ, ਗੌਰਤਲਬ ਹੈ ਕਿ ਅਣਵੰਡੇ ਪੰਜਾਬ ਵਿਚ ਉਨ੍ਹਾਂ ਨੇ ਅਨੇਕਾਂ ਬੁੱਧੀਮਾਨ ਵਿਅਕਤੀਆਂ ਨੂੰ ਅਪਣੇ ਵੱਲ ਖਿੱਚਿਆ ਸੀ। ਉਹ ਸਾਰੇ ਵਿਅਕਤੀਆਂ ਲਈ ਪ੍ਰੇਰਨਾ ਸਰੋਤ ਵੀ ਸੀ। ਵੱਖ-ਵੱਖ ਖੇਤਰਾਂ ਵਿਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਇਹ ਲੋਕ ਨੋਰਾ ਰਿਚਰਡਜ਼ ਨੂੰ ਸਨਮਾਨ ਦੀ ਨਜ਼ਰ ਨਾਲ ਦੇਖਿਆ ਕਰਦੇ ਸਨ। ਅਜਿਹੇ ਲੋਕਾਂ ਵਿਚ ਡਾ. ਐੱਮ. ਐੱਸ. ਰੰਧਾਵਾ ਦਾ ਨਾਂ ਯਾਦ ਆਉਂਦਾ ਹੈ। ਨਾਮਵਰ ਵਿਗਿਆਨਿਕ ਸ਼ਾਂਤੀ ਸਰੂਪ ਭਟਨਾਗਰ ਦੀ ਜੀਵਨੀ ਲਿਖਣ ਦਾ ਸਿਹਰਾ ਵੀ ਨੋਰਾ ਰਿਚਰਡਜ਼ ਨੂੰ ਜਾਂਦਾ ਹੈ। ਮਰਹੂਮ ਜੇ ਦਿਆਲ ਉਨਾਂ ਦੇ ਕਈ ਸਹਿਯੋਗੀਆਂ ਵਿੱਚੋਂ ਇਕ ਸਨ। ਉਹ ਸਰਕਾਰੀ ਸੇਵਾ ਤੋਂ ਮੁਕਤ ਹੋ ਕੇ ਵੁਡਲੈਂਡਜ਼ ਵਿਚ ਜਾ ਵੱਸੇ ਸਨ। ਉਹ ਮੌਤ ਤਕ ਨੋਰਾ ਰਿਚਰਡਜ਼ ਨੂੰ ਉਸ ਦੇ ਰੋਜ਼ਮਰਾ ਦੇ ਹਰ ਕਾਰਜ ਵਿਚ ਉਸ ਦਾ ਹੱਥ ਵਟਾਉਂਦੇ ਰਹੇ। ਨੋਰਾ ਰਿਚਰਡਜ਼ ਦੇ ਸੱਦੇ ਉਤੇ ਹੀ ਪ੍ਰਸਿੱਧ ਕੁੰਭਕਾਰ ਸ. ਗੁਰਚਰਨ ਸਿੰਘ ਵੀ ਨੋਰਾ ਦੇ ਗਵਾਂਢ ਵਿਚ ਵੱਸ ਗਏ ਤੇ ਆਪਣੀ ਵਰਕਸ਼ਾਪ ਵਿਚ ਕਲਾਤਮਿਕ ਕੁੰਭਕਾਰੀ ਵਿਚ ਪਿਛਲੇ ਦਹਾਕੇ ਤਕ ਸਰਗਰਮ ਰਹੇ। ਮਸ਼ਹੂਰ ਫਿਲਮ ਅਭਿਨੇਤਾ ਪ੍ਰਿਥਵੀ ਰਾਜ ਕਪੂਰ ਨੂੰ ਰੰਗਮੰਚ ਵੱਲ ਆਕਰਸ਼ਿਤ ਕਰਨ ਦਾ ਸਿਹਰਾ ਪ੍ਰੋ. ਜੈ ਦਿਆਲ ਨੂੰ ਜਾਂਦਾ ਹੈ। ਉਹ ਇਸ ਨਾਤੇ ਨੋਰਾ ਰਿਚਰਡਜ਼ ਦੇ ਸਨੇਹ ਦਾ ਵੀ ਪੂਰਾ-ਪੂਰਾ ਨਿੱਘ ਮਾਣਦੇ ਰਹੇ। ਦੇਸ਼-ਵੰਡ ਤੋਂ ਬਾਅਦ ਜਦੋਂ ਨਾਮਵਰ ਚਿੱਤਰਕਾਰ ਸੋਭਾ ਸਿੰਘ ਟਿਕਾਨੇ ਦੀ ਤਲਾਸ਼ ਵਿਚ ਸਨ, ਤਾਂ ਨੋਰਾ ਨੇ ਹੀ ਉਨ੍ਹਾਂ ਨੂੰ ਅੰਦਰੇਟਾ ਵਸ ਜਾਣ ਦੀ ਸਲਾਹ ਦਿਤੀ ਸੀ। ਆਰੰਭਕ ਦਿਨਾਂ ਵਿਚ ਸ. ਸੋਭਾ ਸਿੰਘ ਵੁਡਲੈਂਡਜ਼ ਵਿਚ ਨੋਰਾ ਦੇ ਕਿਰਾਏਦਾਰ ਵਜੋਂ ਰਹੇ। ਦੋਨਾਂ ਦੀਆਂ ਸਰਗਰਮੀਆਂ ਇਸ ਪ੍ਰਕਾਰ ਵਧੀਆਂ ਕਿ ਲੋਕ ਅੰਦਰੇਟਾ ਨੂੰ ‘ਕਲਾ ਗਰਾਮ’ ਵਜੋਂ ਜਾਣਨ ਲੱਗੇ। ਡਾ. ਰੰਧਾਵਾ ਲਈ ਅੰਦਰੇਟਾ ਇਕ ਤੀਰਥ ਸਥਾਨ ਦੇ ਰੂਪ ਵਿਚ ਖਿੱਚ ਰੱਖਦਾ ਰਿਹਾ, ਉਸੇ ਤਰ੍ਹਾਂ ਡਾ.
ਕਰਨ ਸਿੰਘ ਲਈ ਵੀ। ਫਰੀਦਾ ਬੇਦੀ ਨੋਰਾ ਦੇ ਪ੍ਰਸ਼ੰਸਕਾਂ ਵਿੱਚੋਂ ਇਕ ਸੀ, ਇਸ ਸੰਦਰਭ ਵਿਚ ਅੰਮ੍ਰਿਤਾ ਪ੍ਰੀਤਮ ਦਾ ਨਾਮ ਵੀ ਲਿਖਣਯੋਗ ਹੈ। ਨੋਰਾ ਤੇ ਸ. ਸੋਭਾ ਸਿੰਘ ਦੋਨਾਂ ਮਹਾਨ ਹਸਤੀਆਂ ਨਾਲ ਉਨ੍ਹਾਂ ਦਾ ਆਦਰਭਾਵ ਬਣਿਆ ਰਿਹਾ ਹੈ।
ਜਦੋਂ ਪੰਜਾਬੀ-ਭਾਸ਼ੀ ਲੋਕਾਂ ਦੀਆਂ ਉਮੀਦਾਂ ਦੇ ਅਨਰੂਪ ਪੰਜਾਬੀ ਵਿਸ਼ਵ ਵਿਦਿਆਲਾ, ਪਟਿਆਲਾ ਦੀ ਸਥਾਪਨਾ ਹੋਈ ਤਾਂ ਪਹਾੜਾਂ ਵਿਚ ਵੱਸੀ ਇਸ ਮਹਾਨ ਆਤਮਾ ਵੱਲ ਪੰਜਾਬੀ ਸਭਿਅਤਾ ਦਾ ਧਿਆਨ ਰੱਖਣ ਵਾਲੇ ਲੋਕਾਂ ਦਾ ਧਿਆਨ ਇੱਧਰ ਖਿੱਚਿਆ ਗਿਆ। ਸੰਨ 1970 ਵਿਚ ਪੰਜਾਬੀ ਵਿਸ਼ਵ ਵਿਦਿਆਲਾ ਨੇ ਵੁਡਲੈਂਡਜ਼ ਅੰਦਰੇਟਾ ਦੀ ਕਲਾ ਧਰਤੀ ‘ਤੇ ਨੋਰਾ ਰਿਚਰਡਜ਼ ਨੂੰ ਡਾਕਟਰ ਆਫ਼ ਲਿਟਰੇਚਰ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ।
ਪੁਰਾਣੀ ਪੀੜ੍ਹੀ ਦੇ ਜਾਣੇ-ਪਹਿਚਾਣੇ ਕਲਾਕਾਰਾਂ ਕਲਮ ਨਵੀਸਾਂ ਵਿਚ ਮਹਾਨ ਕਲਾਕਾਰ ਭਾਵੇਸ਼ ਸਾਨਿਆਲ ਦਾ ਸਥਾਨ ਨੋਰਾ ਰਿਚਰਡਜ਼ ਦੇ ਪ੍ਰਿਯਜਨਾਂ ਵਿਚ ਹੈ। ਨੋਰਾ ਰਿਚਰਡਜ਼ ਦੀ ਮੌਤ ਤੋਂ ਬਾਅਦ ਉਹ ਅੰਦਰੇਟਾ ਵਿਖੇ ਉਸ ਦੀਕਲਾ ਵਿਰਾਸਤ ਨੂੰ ਸੰਭਾਲਦੇ ਰਹੇ ਅਤੇ ਉਨ੍ਹਾਂ ਦੀ ਯਾਦ ਵਿਚ ਕਈ ਸਮਾਗਮਾਂ ਦਾ ਪ੍ਰਬੰਧ ਉਨ੍ਹਾਂ ਬ੍ਰਿਧ ਅਵਸਥਾ ਦੇ ਬਾਵਜੂਦ ਕੀਤਾ ਹੈ। ਉਨ੍ਹਾਂ ਨੇ ਨੋਰਾ ਰਿਚਰਡਜ਼, ਪ੍ਰਿਥਵੀ ਰਾਜ ਕਪੂਰ ਤੇ ਪ੍ਰੋ. ਜੈ ਦਿਆਲ ਦੀ ਯਾਦ ਵਿਚ ਇਕ ਬਹੁਮੰਤਵੀ ਹਾਲ ਦੀ ਯੋਜਨਾ ਬਣਾਈ ਅਤੇ ਇਸ ਦੇ ਨੀਂਹ-ਪੱਥਰ ਹਿਮਾਚਲ ਦੇ ਤਤਕਾਲੀ ਭਾਸ਼ਾ ਤੇ ਸੰਸਕ੍ਰਿਤੀ ਮੰਤਰੀ ਲਾਲ ਚੰਦ ਪ੍ਰਾਰਥੀ ਦੁਆਰਾ ਰੱਖਿਆ ਗਿਆ ਸੀ। ਪ੍ਰੰਤੂ ਮਾਲੀ ਸਾਧਨਾਂ ਦੀ ਘਾਟ ਦੇ ਕਾਰਨ ਯੋਜਨਾ ਨੂੰ ਅਮਲੀ ਰੂਪ ਦੇਣਾ ਹਾਲੇ ਤਕ ਸੰਭਵ ਨਹੀਂ ਹੋ ਸਕਿਆ।
ਨੋਰਾ ਰਿਚਰਡਜ਼ ਦੀ ਮੌਤ 3 ਮਾਰਚ 1971 ਨੂੰ ਹੋਈ ਸੀ। ਉਸ ਦੀ ਯਾਦ ਨੂੰ ਬਣਾਏ ਰੱਖਣ ਲਈ ਪੰਜਾਬੀ ਯੂਨੀਵਰਸਿਟੀ ਦੀ ਪਹਿਲ ‘ਤੇ ਪੰਜਾਬ ਤੇ ਹਿਮਾਚਲ ਦੀਆਂ ਚਾਰ ਹੋਰ ਯੂਨੀਵਰਸਿਟੀਆਂ ਨੇ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪੰਜਾਬ ਖੇਤੀਬਾੜੀ ਯੂਨਵਿਰਸਿਟੀ, ਲੁਧਿਆਣਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਤੇ ਹਿਮਾਚਲ ਪ੍ਰਦੇਸ਼ ਵਿਸ਼ਵ ਵਿਦਿਆਲਾ ਸ਼ਿਮਲਾ ਦੇ ਉਪ- ਕੁਲਪਤੀਆਂ ਨੇ ਇਕ ਸਾਂਝੀ ਮੀਟਿੰਗ ਵਿਚ ਨਿਰਣਾ ਲਿਆ ਸੀ ਕਿ ਅੰਦਰੇਟਾ ਵਿਖੇ ਪਾਰਕਰ ਅਸਟੇਟ ਵੁਡਲੈਂਡਜ਼ ਵਿਚ ਇਕ ‘ਲੇਖਕ ਘਰ’ ਦਾ ਨਿਰਮਾਣ ਕੀਤਾ। ਜਾਏ। ‘ਲੇਖਕ ਘਰ’ ਦਾ ਨਿਰਮਾਣ ਤਾਂ ਅਵੱਸ਼ ਹੋਇਆ ਪ੍ਰੰਤੂ ਜਿਸ ਸੰਸਕ੍ਰਿਤੀ ਤੇ ਸਭਿਅਤਾ ਦਾ ਸੁਪਨਾ ਨੋਰਾ ਨੇ ਦੇਖਿਆ ਸੀ, ਅਤੇ ਉਸ ਦੇ ਨਿਰਮਾਣ ਦੀ ਦਿਸ਼ਾ ਵੱਲ ਦ੍ਰਿੜ੍ਹ ਸੰਕਲਪ ਰਹੀ ਸੀ, ਉਹ ਤਾਂ ਜਿਵੇਂ ਉਸ ਨਾਲ ਸਿਮਰਤੀ ਦੇ ਗਰਭ ਵਿਚ ਡੁੱਬ ਗਿਆ ਲੱਗਦਾ ਹੈ।
ਨੋਰਾ ਸਹੀ ਅਰਥਾਂ ਵਿਚ ਪੇਂਡੂ ਸੰਸਕ੍ਰਿਤੀ ਦੀ ਨਾਇਕਾ ਸੀ। ਉਸ ਦਾ ਸਾਹਿਤ ਸਿਰਜਨ ਨਾਟ ਵਿੱਦਿਆ ਤਕ ਹੀ ਸੀਮਤ ਨਹੀਂ ਰਿਹਾ, ਕਿਉਂਕਿ ਉਹ ਨਾਟ ਵਿਧਾ ਨੂੰ ਉਸ ਦੇ ਵਿਆਪਕ ਰੂਪ ਵਿਚ ਦੇਖਦੀ ਸੀ। ਨੋਰਾ ਨੇ ਇਕ ਪੱਤਰਕਾਰ ਦੇ ਰੂਪ ਵਿਚ ਵੀ ਮਸ਼ਹੂਰੀ ਪ੍ਰਾਪਤ ਕੀਤੀ । ਸੰਨ 1925 ਤੋਂ 1927 ਤਕ ਦੇ ਸਾਲਾਂ ਦਰਮਿਆਨ ਮੰਡੀ ਜਲ ਵਿਦਤ ਪਰਿਯੋਜਨਾ ਤੇ ਕੰਮ ਚਲ ਰਿਹਾ ਸੀ, ਤਾਂ ਉਂਹ ਲਾਹੌਰ ਤੋਂ ਪ੍ਰਕਾਸ਼ਿਤ ਹੋਣ ਵਾਲੇ ‘ਸਿਵਲ ਐਂਡ ਮਿਲਟਰੀ ਗਜ਼ਟ ਨਾਮਕ ਅੰਗਰੇਜ਼ੀ ਦੈਨਿਕ ਦੀ ਪੱਤਰਕਾਰ ਵਜੋਂ ਕੰਮ ਕਰਦੀ ਰਹੀ। ਉਸ ਨੇ ਮਜ਼ਦੂਰਾਂ ਤੇ ਹੋਰ ਕਰਮਚਾਰੀਆਂ ਲਈ ਨਾਟਕ ਵੀ ਆਯੋਜਿਤ ਕੀਤੇ। ਉੱਤਰੀ ਭਾਰਤ ਦੇ ਪ੍ਰਮੁੱਖ ਅੰਗਰੇਜ਼ੀ ਦੈਨਿਕ ਟ੍ਰਿਬਿਊਨ ਦੀ ਤਾਂ ਉਹ ਇਕ ਲੇਖਕ ਦੇ ਰੂਪ ਵਿਚ ਆਪਣੀ ਮੌਤ ਤਕ ਜੁੜੀ ਰਹੀ। ਉਸ ਦੇ ਲੇਖਾਂ ਦੀਆਂ ਯਾਦਾਂ ਕਈ ਲੋਕਾਂ ਦੇ ਨਾਲ-ਨਾਲ ਇਨ੍ਹਾਂ ਪੰਕਤੀਆਂ ਦੇ ਲੇਖਕ ਦੇ ਮਨ ਵਿਚ ਤਰੋ-ਤਾਜ਼ਾ ਹਨ। ਉਨ੍ਹਾਂ ਲੇਖਾਂ ਵਿਚ ਵੁਡਲੈਂਡ ਦੀ ਭਿੰਨੀ-ਭਿੰਨੀ ਮਹਿਕ ਅੱਜ ਵੀ ਮਹਿਸੂਸ ਕੀਤੀ ਜਾ ਸਕਦੀ ਹੈ। ਨੋਰਾ ਨੂੰ ਵਿਸਟੀਰੀਆ ਕਿੰਨਾ ਪਿਆਰਾ ਸੀ, ਜਾਪਾਨ ਦੇ ਰਾਸ਼ਟਰੀਆ ਗੌਰਵ ਦਾ ਪ੍ਰਤੀਕ ਸਫੈਦ ਤੇ ਗੁਲਾਬੀ ਰੰਗ ਦਾ ਮਧੁਰ ਸੁਗੰਧ ਇਹ ਪੁਸ਼ਪ ਇਤਨਾ ਪ੍ਰਿਯ ਸੀ ਜਦ ਉਸਦੀ ਕੁਟੀਆ ਵਿਚ ਪੂਰੀ ਤਰ੍ਹਾਂ ਖਿੜਨ ਦੇ ਦਿਨ ਆਉਂਦੇ, ਤਾਂ ਨੋਰਾ ਹਰਸ਼ ਉਲਾਸ ਨਾਲ ਵਿਸਟੀਰੀਆ ਸਪਤਾਹ ਮਨਾਉਂਦੀ। ਵਾਸਤਵ ਵਿਚ ‘ਵਿਸਟੀਰੀਆ ਸਪਤਾਹ’ ਕੀ ਸੀ ? ਉਹ ਤਾਂ ਇਕ ਬਸੰਤ ਉਤਸਵ ਸੀ। ਉਸੇ ਦੇ ਦੋ ਸੇਵਕ ਸਨ, ਪ੍ਰਭੂ ਤੇ ਸਾਲੀ : ਨੋਰਾ ਦੇ ਦਿਨ ਦੇ ਦਿਨ ਕਾਰਜਾਂ ਵਿਚ ਉਸ ਦਾ ਸਹਿਯੋਗ ਰਹਿੰਦਾ, ਉਸ ਦੇ ਲੇਖਾਂ ਦੀ ਸੀਰੀਅਜ਼ ਵਿਚ ਇਨ੍ਹਾਂ ਦੋਨਾਂ ਦਾ ਪਤਾ ਨਹੀਂ ਕਿਤਨੀ ਵਾਰੀ ਜ਼ਿਕਰ ਆਇਆ। ਅੱਜ ਵੀ ਯਥਾਯੋਗ ਵੁਡਲੈਂਡਜ਼ ਦੀ ਰੰਗ ਅਤੇ ਗੰਧ ਬਣਾਏ ਰੱਖਣ ਲਈ ਸਹਿਯੋਗ ਦਿੰਦੇ ਹੋਣਗੇ, ਅਜਿਹਾ ਖ਼ਿਆਲ ਹੈ।
ਨੋਰਾ ਦੇ ਜੀਵਨ ਦੀ ਸਾਦਗੀ ਲੱਗਭਗ ਉਸ ਪ੍ਰਕਾਰ ਦੀ ਸੀ ਜਿਸ ਪ੍ਰਕਾਰ ਦੀ ਗਾਂਧੀ ਜੀ ਦੀ ਸੀ। ਵੁਡਲੈਂਡਜ਼ ਵਿਚ ਉਸ ਦਾ ਜੋ ਆਵਾਸ ਸੀ ਅਤੇ ਦੂਸਰੇ ਕੇਂਦਰ ਸੀ, ਉਨ੍ਹਾਂ ਵਿਚ ਕੱਚੀ ਮਿਟੀ, ਲਕੜੀ ਅਤੇ ਬਾਂਸ ਤੋਂ ਬਿਨਾ ਕਿਸੇ ਹੋਰ ਸਮੱਗਰੀ ਦਾ ਪਰਯੋਗ ਹੋਇਆ ਹੀ ਨਹੀਂ ਸੀ। ਫਰਨੀਚਰ ਦੇ ਨਾਂਅ ਉਤੇ ਬਾਂਸ ਦੀ ਚਾਰਪਾਈ, ਰੈਕ ਤੇ ਬਾਂਸ ਦੀਆਂ ਕੁਝ ਚਟਾਈਆਂ, ਮਿੱਟੀ ਦੀਆਂ ਲਿਪੀਆਂ- ਪੋਚੀਆਂ ਦੀਵਾਰਾਂ, ਘਰ ਦੇ ਅੰਦਰ-ਬਾਹਰ ਸਫ਼ੈਦੀ ਤਕ ਨਹੀਂ ; ਵੀਹਵੀਂ ਸਦੀ ਦੇ ਆਰੰਭ ਵਿਚ ਭਾਰਤੀ ਪਿੰਡਾਂ ਦਾ ਜੋ ਚਿਤਰਨ ਰਿਹਾ ਸੀ, ਉਹੀ ਇਕ ਹਰਿਆ- ਭਰਿਆ ਵਾਤਾਵਰਨ, ਆਪਣੀ ਪੂਰਨ ਸਾਦਗੀ, ਸਵੱਛਤਾ ਤੇ ਸੁੰਦਰਤਾ ਦੇ ਨਾਲ ਇਥੇ ਦੇਖਣ ਨੂੰ ਮਿਲਦਾ ਸੀ। ਦਰੱਖ਼ਤ ਸਨ, ਵੇਲਾਂ ਸਨ, ਪੁਸ਼ਪ ਸਨ, ਚਹਿਚਹਾਂਦੇ ਪੰਛੀ ਸਨ, ਸਰਬੱਤ ਵਿਚ ਕੁਦਰਤੀ ਸੁੰਦਰਤਾ ਦਾ ਇਕ ਸਾਮਰਾਜ ਸੀ, ਇਹ ਸਭ ਉਸ ਦੇਵੀ ਦੇ ਵਿਅਕਤੀਤਵ ਦੇ ਵਿਸਤਾਰ ਤੇ ਸੰਸਕ੍ਰਿਤੀ ਬਨਾਮ ਸੱਤ੍ਹਾ ਦੇ ਦਰਸ਼ਨ ਨੂੰ ਕਿਰਿਆਸ਼ੀਲ ਰੂਪ ਦੇਣ ਦੇ ਸਮਰੱਥ ਪਲ ਦਾ ਹੀ ਨਿਰੂਪਣ ਸੀ।
ਮੇਰੀਆਂ ਅੰਦਰੇਟਾ ਫੇਰੀਆਂ ਤੇ ਨੋਰਾ ਰਿਚਰਡਜ਼
-ਜਰਨੈਲ ਸਿੰਘ ਸੇਖਾ
ਮੇਰਾ ਦੋਸਤ ਹਰਬੀਰ ਸਿੰਘ ਭੰਵਰ ਜਦੋਂ ਪਹਿਲੀ ਵਾਰ ਸ. ਸੋਭਾ ਸਿੰਘ ਕੋਲੋਂ ਚਿਤ੍ਕਾਰੀ ਦੀ ਸਿੱਖਿਆ ਲੈਣ ਗਿਆ ਅੰਦਰੇਟੇ ਤੋਂ ਵਾਪਸ ਮੁੜਿਆ ਤਾਂ ਉਸ ਨੇ ਪਹਾੜੀ ਇਲਾਕੇ ਬਾਰੇ ਬੜੀਆਂ ਨਵੀਆਂ-ਨਵੀਆਂ ਗੱਲਾਂ ਦੱਸੀਆਂ। ਉਸ ਨੇ ਅੰਦਰੇਟੇ ਬਾਰੇ ਦੱਸਿਆ ਕਿ ਇਹ ਉੱਚੇ ਪਹਾੜਾਂ ਦੇ ਪੈਰਾਂ ਵਿਚ ਵੱਸਿਆ ਕਲਾਕਾਰਾਂ ਦਾ ਪਿੰਡ ਹੈ, ਜਿੱਥੇ ਸੋਭਾ ਸਿੰਘ ਤੋਂ ਬਿਨਾਂ ਫੂਲਾਂ ਰਾਣੀ, ਪ੍ਰੋ. ਜੈ ਦਿਆਲ, ਗੁਰਚਰਨ ਸਿੰਘ ਕੁੰਭਕਾਰ ਤੇ ਨੋਰਾ ਰਿਚਰਡਜ਼ ਵਰਗੀਆਂ ਨਾਮੀ ਹਸਤੀਆਂ ਵੱਸਦੀਆਂ ਹਨ। ਨੋਰਾ ਰਿਚਰਡਜ਼ ਦਾ ਨਾਮ ਸੁਣਦਿਆਂ ਹੀ ਮੈਨੂੰ ਚਾਰ ਕੁ ਸਾਲ ਪਹਿਲਾਂ ਗਿਆਨੀ ਪਾਸ ਕਰਨ ਦਾ ਸਮਾਂ ਯਾਦ ਆ ਗਿਆ। 1956 ਵਿਚ ਗਿਆਨੀ ਦੀ ਪ੍ਰੀਖਿਆ ਦੇਣ ਸਮੇਂ, ਪੰਜਾਬੀ ਨਾਟਕ ਦਾ ਇਤਿਹਾਸ ਪੜ੍ਹਦਿਆਂ, ਇਹ ਜਾਣਕਾਰੀ ਹੋਈ ਸੀ। ਕਿ ਨੋਰਾ ਰਿਚਰਡਜ਼ ਨਾਮ ਦੀ ਇਕ ਬਦੇਸ਼ੀ ਔਰਤ ਨੇ ਈਸ਼ਵਰ ਚੰਦਰ ਨੰਦਾ ਤੋਂ ‘ਦੁਲਹਨ’ ਨਾਂ ਦਾ ਪੰਜਾਬੀ ਨਾਟਕ ਲਿਖਵਾ ਕੇ ਅਤੇ ਲਾਹੌਰ ਦੇ ਦਿਆਲ ਸਿੰਘ ਕਾਲਜ ਵਿਚ, ਆਪਣੀ ਦੇਖ-ਰੇਖ ਹੇਠ ਖਿਡਵਾ ਕੇ ਪੰਜਾਬੀ ਨਾਟਕ ਤੇ ਰੰਗਮੰਚ ਦੀ ਨੀਂਹ ਰੱਖੀ ਸੀ। ਇਹ ਜਾਣ ਕੇ ਹੈਰਾਨੀ ਵੀ ਹੋਈ ਸੀ ਕਿ ਅੰਗ੍ਰੇਜ਼ਾਂ ਨੇ ਤਾਂ ਭਾਰਤ ਦੀਆਂ ਦੂਜੀਆਂ ਬੋਲੀਆਂ ਛੱਡ ਕੇ ਅੰਗ੍ਰੇਜ਼ੀ ਪੜ੍ਹਾਉਣ ਨੂੰ ਹੀ ਤਰਜੀਹ ਦਿੱਤੀ ਸੀ। ਪਰ ਇਕ ਅੰਗ੍ਰੇਜ਼ ਔਰਤ, ਜਿਸ ਨੂੰ ਪੰਜਾਬੀ ਬੋਲੀ ਦਾ ਗਿਆਨ ਵੀ ਨਹੀਂ ਸੀ, ਉਹ ਆਪਣੀ ਮਾਂ-ਬੋਲੀ, ਅੰਗ੍ਰੇਜ਼ੀ ਨੂੰ ਛੱਡ ਕੇ ਪੰਜਾਬੀ ਬੋਲੀ ਵਿਚ ਨਾਟਕ ਲਿਖਵਾ ਕੇ ਖਿਡਵਾਉਂਦੀ ਰਹੀ ਹੈ! ਮੈਂ ਆਪਣਾ ਸ਼ੱਕ ਨਵਿਰਤ ਕਰਨ ਲਈ ਹਰਬੀਰ ਕੋਲੋਂ ਪੁੱਛਿਆ, ਕੀ ਇਹ ਉਹੋ ਨੋਰਾ ਰਿਚਰਡਜ਼ ਤਾਂ ਨਹੀਂ, ਜਿਸ ਨੇ ਪੰਜਾਬੀ ਦਾ ਪਹਿਲਾ ਨਾਟਕ ਲਿਖਵਾ ਕੇ ਖਿਡਵਾਇਆ ਸੀ?
ਹਾਂ, ਹਾਂ! ਓਹੀ ਐ। ਉਹਨੇ ਅੰਦਰੇਟੇ ਵਿਚ ਪੱਕੀ ਰਿਹਾਇਸ਼ ਰੱਖੀ ਹੋਈ ਐ ਤੇ ਨਾਟਕਾਂ ਨਾਲ ਉਸ ਦਾ ਲਗਾਉ ਅਜੇ ਵੀ ਉਸੇ ਤਰ੍ਹਾਂ ਦੀ ਕਾਇਮ ਐ। ਅਸਲ ਵਿਚ ਦਾਰ ਜੀ (ਸ. ਸੋਭਾ ਸਿੰਘ) ਨੂੰ ਅੰਦਰੇਟੇ ਵਿਚ ਰਿਹਾਇਸ਼ ਰੱਖਣ ਲਈ ਪ੍ਰੇਰਨਾ: ਦੇਣ ਵਾਲੀ ਵੀ ਓਹੀ ਐ।
ਮੈਂ ਸਮਝਦਾ ਸੀ ਕਿ 1947 ਵਿਚ ਭਾਰਤ ਦੇ ਅਜ਼ਾਦ ਹੋ ਜਾਣ ਮਗਰੋਂ, ਜਿਵੇਂ ਦੂਸਰੇ ਅੰਗ੍ਰੇਜ਼ ਭਾਰਤ ਛੱਡ ਗਏ, ਉਵੇਂ ਨੋਰਾ ਰਿਚਰਡਜ਼ ਵੀ ਭਾਰਤ ਛੱਡ ਕੇ ਆਪਣੇ ਦੇਸ਼ ਚਲੀ ਗਈ ਹੋਵੇਗੀ ਅਤੇ ਇਹ ਵੀ ਹੋ ਸਕਦਾ ਹੈ ਕਿ ਹੁਣ ਉਹ ਇਸ ਸੰਸਾਰ ਵਿਚ ਹੀ ਨਾ ਹੋਵੇ। ਹਰਬੀਰ ਸਿੰਘ ਭੰਵਰ ਕੋਲੋਂ ਸੋਭਾ ਸਿੰਘ, ਨੋਰਾ ਰਿਚਰਡਜ਼ ਤੇ ਕਾਂਗੜਾ ਵਾਦੀ ਦੀ ਸੁੰਦਰਤਾ ਦੀਆਂ ਸਿਫ਼ਤਾਂ ਸੁਣ ਕੇ ਮੇਰੇ ਮਨ ਵਿਚ ਵੀ ਲਾਲਸਾ ਜਾਗੀ ਕਿ ਮੈਂ ਵੀ ਪਹਾੜਾਂ ਵਿਚ ਘੁੰਮ-ਫਿਰ ਕੇ ਆਵਾਂ। ਮੈਂ ਦਿੱਲੀ ਵੱਲ ਤਾਂ ਤਿੰਨ-ਚਾਰ ਚੱਕਰ ਲਾ ਆਇਆ ਸਾਂ ਪਰ ਦੂਜੇ ਪਾਸੇ ਅੰਮ੍ਰਿਤਸਰ ਤੋਂ ਅਗਾਂਹ ਨਹੀਂ ਸੀ ਟੱਪਿਆ। ਮੈਂ ਆਪਣੇ ਮਨ ਦੀ ਗੱਲ ਹਰਬੀਰ ਨਾਲ ਸਾਂਝੀ ਕੀਤੀ, ਜਦੋਂ ਤੂੰ ਅਗਲੀਆਂ ਛੁੱਟੀਆਂ ਵਿਚ ਅੰਦਰੇਟੇ ਗਿਆ ਤਾਂ ਮੈਂ ਵੀ ਤੇਰੇ ਨਾਲ ਜਾਣਾ ਚਾਹੁੰਦਾ ਹਾਂ। ਮੈਂ ਅਜੇ ਤਾਈਂ ਪਹਾੜ ਨਹੀਂ ਦੇਖੇ। ਪਹਾੜਾਂ ਦੀ ਸੈਰ ਵੀ ਹੋ ਜਾਊ ਤੇ ਸ. ਸੋਭਾ ਸਿੰਘ ਤੇ ਨੋਰਾ ਹੋਰਾਂ ਦੇ ਦਰਸ਼ਨ ਵੀ ਹੋ ਜਾਣਗੇ।
ਮੈਂ ਤਾਂ ਬਦਲੀ ਕਰਵਾ ਕੇ ਹੁਣ ਪੱਕਾ ਹੀ ਅੰਦਰੇਟੇ ਚਲਿਆ ਜਾਣੈ, ਤੂੰ ਜਦੋਂ ਮਰਜ਼ੀ ਆ ਜਾਇਆ ਕਰੀਂ। ਹਰਬੀਰ ਨੇ ਆਪਣਾ ਫੈਸਲਾ ਸੁਣਾ ਦਿੱਤਾ।
ਐਨੀ ਦੂਰ ਬਦਲੀ ਕਰਵਾਉਣ ਵਾਲਾ ਰਿਸਕ ਤਾਂ ਨਾ ਲਵੀਂ। ਦੋ ਮਹੀਨੇ ਦੀਆਂ ਛੁੱਟੀਆਂ ਵਿਚ ਜਾ ਆਇਆ ਕਰੀਂ। ਮੈਂ ਉਸ ਨੂੰ ਸਲਾਹ ਦਿੱਤੀ ਪਰ ਉਹ ਆਪਣੇ ਫੈਸਲੇ ‘ਤੇ ਅਟੱਲ ਰਿਹਾ ਅਤੇ ਦੋਸਤਾਂ-ਮਿੱਤਰਾਂ ਤੇ ਸਾਕ ਸਨਬੰਧੀਆਂ ਦੇ ਰੋਕਣ ਦੇ ਬਾਵਜੂਦ ਵੀ ਉਸ ਨੇ ਚਿੱਤ੍ਰਕਾਰੀ ਸਿੱਖਣ ਦੇ ਜਨੂਨ ਹੇਠ, ਘਰ ਤੋਂ ਸੈਂਕੜੇ ਮੀਲ ਦੂਰ, 1963 ਵਿਚ ਆਪਣੀ ਬਦਲੀ ਅੰਦਰੇਟੇ ਦੇ ਨੇੜਲੇ ਸਕੂਲ ਦੀ ਕਰਵਾ ਕੇ ਰਿਹਾਇਸ਼ ਅੰਦਰੇਟੇ ਰੱਖ ਲਈ। ਅੰਦਰੇਟੇ ਚਲੇ ਜਾਣ ਮਗਰੋਂ ਉਸ ਨੇ ਪਹਿਲੀ ਚਿੱਠੀ ਵਿਚ ਹੀ ਮੈਨੂੰ ਅੰਦਰੇਟੇ ਆਉਣ ਦਾ ਸੱਦਾ ਦੇ ਦਿੱਤਾ। ਉਸ ਸਾਲ ਤਾਂ ਮੈਂ ਨਾ ਜਾ ਸਕਿਆ ਪਰ ਅਗਲੇ ਸਾਲ, ਸਤੰਬਰ ਦੇ ਅਖੀਰ ਵਿਚ ਹਫਤੇ ਕੁ ਲਈ ਅੰਦਰੇਟੇ ਜਾਣ ਦਾ ਪ੍ਰੋਗ੍ਰਾਮ ਬਣਾ ਲਿਆ। ਲੁਧਿਆਣਾ ਤੋਂ ਵੱਡੀ ਰੇਲ (ਬਰਾਡ ਗੇਜ) ਅਤੇ ਪਠਾਨਕੋਟ ਤੋਂ ਨਿੱਕੀ ਰੇਲ (ਨੈਰੋ ਗੇਜ) ਰਾਹੀਂ ਪੰਚਰੁਖੀ ਸਟੇਸ਼ਨ ‘ਤੇ ਪਹੁੰਚ ਗਿਆ। ਅੱਗੇ ਹਰਬੀਰ ਮੈਨੂੰ ਲੈਣ ਆਇਆ ਹੋਇਆ ਸੀ। ਉਥੋਂ ਅੰਦਰੇਟਾ ਡੇਢ-ਦੋ ਕਿਲੋਮੀਟਰ ਹੋਏਗਾ। ਪੰਚਰੁਖੀ ਤੋਂ ਆਉਂਦਿਆਂ, ਅੰਦਰੇਟੇ ਤੋਂ ਬਾਹਰ ਜ਼ਵਾਰ, ਸੜਕ ਕਿਨਾਰੇ ਸਭ ਤੋਂ ਪਹਿਲਾਂ ਸ. ਸੋਭਾ ਸਿੰਘ ਜੀ ਦੀ ਕੁਟੀਆ ਹੀ ਦਿੱਸੀ। ਕੁਟੀਆ ਦੇ ਉੱਪਰ ਮੋਟੇ ਅੱਖਰਾਂ ਵਿਚ ਲਿਖਿਆ ਹੋਇਆ ‘GROW MORE GOOD’ ਨਜ਼ਰੀਂ ਪਿਆ। ਹਰਬੀਰ ਪਹਿਲਾਂ ਮੈਨੂੰ ਉਨ੍ਹਾਂ ਕੋਲ ਹੀ ਲੈ ਕੇ ਗਿਆ। ਸ. ਸੋਭਾ ਸਿੰਘ, ਜਿਨ੍ਹਾਂ ਨੂੰ ਹਰਬੀਰ ਨੇ ‘ਦਾਰ ਜੀ’ ਕਹਿ ਕੇ ਬੁਲਾਇਆ ਸੀ, ਇਸ ਤਰ੍ਹਾਂ ਮਿਲੇ ਜਿਵੇਂ ਉਹ ਮੈਨੂੰ ਬਹੁਤ ਦੇਰ ਤੋਂ ਜਾਣਦੇ ਹੋਣ। ਉਨ੍ਹਾਂ ਮੈਨੂੰ ਅਹਿਸਾਸ ਹੀ ਨਹੀਂ ਹੋਣ ਦਿੱਤਾ ਕਿ ਮੈਂ ਕਿਸੇ ਮਹਾਨ ਸ਼ਖ਼ਸੀਅਤ ਨਾਲ ਗੱਲਾਂ ਕਰ ਰਿਹਾ ਹਾਂ। ਕੁਦਰਤੀ ਉਸ ਸਮੇਂ ਉਨ੍ਹਾਂ ਕੋਲ ਸ. ਗੁਰਚਰਨ ਸਿੰਘ ਕੁੰਭਕਾਰ ਵੀ ਆਏ ਹੋਏ ਸਨ। ਹਰਬੀਰ ਨੇ ਉਨ੍ਹਾਂ ਨਾਲ ਵੀ ਮੇਰੀ ਜਾਣ-ਪਹਿਚਾਣ ਕਰਵਾਈ। ਉਨ੍ਹਾਂ ਉਸੇ ਸਮੇਂ ਹਰਬੀਰ ਨੂੰ ਕਹਿ ਦਿੱਤਾ, ਉਂਜ ਵੀ ਸਰਦਾਰ ਸਾਅਬ ਨੂੰ ਨਾਲ ਲੈ ਕੇ ਕੱਲ੍ਹ ਨੂੰ ਉਧਰ, ਆਪਣੀ ਕੁਟੀਆ ਵੱਲ ਵੀ ਚੱਕਰ ਮਾਰ ਜਾਣਾ। ਹਰਬੀਰ ਨੇ ‘ਜ਼ਰੂਰ ਆਵਾਂਗੇ’ ਕਹਿ ਦਿੱਤਾ। ਕੁਝ ਸਮਾਂ ਉਨ੍ਹਾਂ ਦੇ ਚਰਨਾਂ ਵਿਚ ਬੈਠ, ਸਟੂਡੀਉ ਦੀਆਂ ਕੰਧਾਂ ਉੱਪਰ ਲੱਗੇ ਚਿਤ੍ਰਾਂ ਨੂੰ ਨਿਹਾਰਿਆ। ਇਕ ਚਿਤ੍ਰ ਬੁੱਢੀ ਇਸਤਰੀ ਦਾ ਸੀ ਜਿਹੜੀ ਆਪਣਾ ਸੱਜਾ ਹੱਥ ਚਿਹਰੇ ਉੱਪਰ ਰੱਖੀ ਸੋਚਾਂ ਵਿਚ ਡੁੱਬੀ ਹੋਈ ਸੀ। ਉਸ ਚਿਤ੍ਰ ਵੱਲ ਉਂਗਲ ਕਰ ਕੇ ਹਰਬੀਰ ਨੇ ਦੱਸਿਆ ਕਿ ਇਹ ਪੇਂਟਿੰਗ ਨੋਰਾ ਰਿਚਰਡਜ਼ ਦੀ ਹੈ। ਉਸ ਤਸਵੀਰ ਨੂੰ ਗੌਰ ਨਾਲ ਦੇਖਦਿਆਂ, ਕੱਲ੍ਹ ਨੂੰ ਫਿਰ ਉਨ੍ਹਾਂ ਦੇ ਦਰਸ਼ਨ ਕਰਨ ਦਾ ਇਕਰਾਰ ਕਰ, ਅਸੀਂ ਸਟੂਡੀਉ ਤੋਂ ਬਾਹਰ ਆ ਗਏ। ਹਰਬੀਰ ਨੇ ਅੰਦਰੇਟੇ ਪਿੰਡ ਦੇ ਵਿਚਕਾਰ ਜਿਹੇ ਇਕ ਮਕਾਨ ਕਿਰਾਏ ਉੱਪਰ ਲਿਆ। ਹੋਇਆ ਸੀ। ਉਧਰ ਜਾਂਦਿਆਂ ਸੰਗੀਤਕਾਰ ਪੰਡਤ ਮੰਗਤ ਰਾਮ ਤੇ ਆਰਟਿਸਟ ਫੂਲਾਂ ਰਾਣੀ ਦੀਆਂ ਕੋਠੀਆਂ ਵੀ ਦੇਖੀਆਂ। ਉੱਚੀਆਂ-ਨੀਵੀਆਂ ਗਲੀਆਂ ਪਾਰ ਕਰਦੇ ਅਸੀਂ ਹਰਬੀਰ ਦੇ ਮਕਾਨ ਵਿਚ ਪਹੁੰਚ ਗਏ। ਚਾਹ ਪੀਂਦਿਆਂ ਮੈਂ ਸਰਸਰੀ ਹੀ ਹਰਬੀਰ ਕੋਲੋਂ ਪੁੱਛ ਲਿਆ, ਨੋਰਾ ਰਿਚਰਡਜ਼ ਵੀ ਏਥੇ ਨੇੜੇ ਹੀ ਰਹਿੰਦੀ ਹੋਵੇਗੀ?
“ਉਹ ਦਾਰ ਜੀ ਦੀ ਕੋਠੀ ਵਾਲੇ ਪਾਸੇ ਰਹਿੰਦੀ ਐ।”
“ਮੈਂ ਉਹਦੇ ਵੀ ਦਰਸ਼ਨ ਕਰਨੇ ਚਾਹੁਨਾਂ।”
ਉਹ ਬਿਨਾਂ ਕੰਮ ਤੋਂ ਤੇ ਬਿਨਾਂ ਟੈਮ ਲਿਆਂ ਕਿਸੇ ਨੂੰ ਨਹੀਂ ਮਿਲਦੀ, ਬੜੀ ਡਾਢੀ ਐ। ਆਪਾਂ ਕੱਲ੍ਹ ਨੂੰ ਗੁਰਚਰਨ ਸਿੰਘ ਕੁੰਭਕਾਰ ਦੀ ਕੋਠੀ ਜਾਣੈ, ਰਾਹ ਵਿਚ ਹੀ ਉਹਦੀ ਐਸਟੇਟ ਆਉਂਦੀ ਐ। ਉਦੋਂ ਹੀ ਉਸ ਨੂੰ ਦੇਖ ਲਵਾਂਗੇ। ਉਹ ਆਮ ਤੌਰ ‘ਤੇ ਬਾਹਰ ਆਪਣੇ ਬਗੀਚੇ ਵਿਚ ਹੀ ਹੁੰਦੀ ਐ।
“ਤੂੰ ਅਜੇ ਤਾਈਂ ਉਸ ਨੂੰ ਮਿਲਿਆ ਨਹੀਂ?”
“ਮਿਲਿਆ ਤਾਂ ਕਈ ਵਾਰ ਹਾਂ ਪਰ ਮੇਰੀ ਉਸ ਨਾਲ ਏਨੀ ਵਾਕਫ਼ੀ ਨਹੀਂ ਕਿ ਮੈਂ ਤੈਨੂੰ ਸਿੱਧਾ ਹੀ ਉਹਦੇ ਕੋਲ ਲੈ ਜਾਵਾਂ, ਜਿਵੇਂ ਦਾਰ ਜੀ ਕੋਲ ਲੈ ਗਿਆ ਸੀ। ਫੇਰ ਵੀ ਜੇ ਸਬੱਬ ਬਣਿਆ ਤਾਂ ਆਪਾਂ ਉਸ ਨੂੰ ਮਿਲ ਵੀ ਲਵਾਂਗੇ।” ਹਰਬੀਰ ਨੇ ਕਹਿ ਦਿੱਤਾ ਪਰ ਮੈਂ ਮਹਿਸੂਸ ਕੀਤਾ ਜਿਵੇਂ ਉਹ ਉਸ ਦੇ ਅੜਬ ਸੁਭਾਅ ਤੋਂ ਡਰਦਾ ਮੈਨੂੰ ਉਸ ਦੇ ਕੋਲ ਨਾ ਲੈ ਕੇ ਜਾਣਾ ਚਾਹੁੰਦਾ ਹੋਵੇ।
ਥੱਕਿਆ ਹੋਣ ਕਰਕੇ ਮੈਂ ਵੀ ਹੋਰ ਕਿਸੇ ਪਾਸੇ ਜਾਣਾ ਠੀਕ ਨਾ ਸਮਝਿਅ ਅਗਲੇ ਦਿਨ ਸਵੇਰੇ ਸਦੇਹਾਂ ਹੀ ਜਾਗ ਆ ਗਈ। ਹਰਬੀਰ ਵਾਲੇ ਮਕਾਨ ਵਿਚ ਟੁਆਇਲਟ ਨਹੀਂ ਸੀ। ਉਸ ਸਮੇਂ ਉਂਜ ਵੀ ਕਿਸੇ ਵਿਰਲੇ-ਟਾਵੇਂ ਘਰ ਟੁਆਇਲਟ ਹੁੰਦੀ ਹੋਵੇਗੀ। ਪਹਾੜੀ ਲੋਕ ਖੇਤਾਂ ਵਿਚ ਹਾਜਤ ਰਫਾ ਕਰਨੀ ਪਾਪ ਸਮਝਦੇ ਹਨ।
ਉਹ ਜੰਗਲ, ਪਹਾੜਾਂ ਦੀਆਂ ਖੱਡਾਂ ਜਾਂ ਵਗਦੀਆਂ ਕੂਲ੍ਹਾਂ ਵੱਲ ਚਲੇ ਜਾਂਦੇ ਸਨ। ਅਸੀਂ ਵੀ ਨੇੜੇ ਵਗਦੀ ਕੂਲ੍ਹ ਵੱਲ ਚਲੇ ਗਏ। ਉੱਥੇ ਹੀ ਕੂਲ੍ਹ ਵਿਚ ਨਹਾ ਲਿਆ ।
ਫਿਰ ਘਰ ਆ ਕੇ ਰੋਟੀ ਤਿਆਰ ਕੀਤੀ। ਖਾਣਾ ਖਾਣ ਮਗਰੋਂ ਤਿਆਰ ਹੋ ਕੇ ਦਾਰ ਜੀ ਵੱਲ ਚਲੇ ਗਏ। ਦਾਰ ਜੀ ਦੀ ਪਤਨੀ ਮਾਤਾ ਇੰਦਰ ਕੌਰ ਵਰਾਂਡੇ ਵਿਚ ਹੀ ਬੈਠੇ ਸਨ। ਅਸੀਂ ਉਨ੍ਹਾਂ ਨੂੰ ਚਰਨ ਬੰਦਨਾ ਕੀਤੀ ਤੇ ਉਨ੍ਹਾਂ ਕੋਲੋਂ ਅਸ਼ੀਰਵਾਦ ਲੈ, ਸਟੂਡੀਉ ਅੰਦਰ ਦਾਰ ਜੀ ਕੋਲ ਚਲੇ ਗਏ। ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਣਾਈ ਅਧੂਰੀ ਤਸਵੀਰ ‘ਤੇ ਬੁਰਸ਼ ਚਲਾਈ ਜਾ ਰਹੇ ਸਨ। ਉਹ ਸਾਨੂੰ ਖਿੜੇ-ਮੱਥੇ ਮਿਲੇ। ਉਨ੍ਹਾਂ ਦੀਆਂ ਗੱਲਾਂ ਤੋਂ ਇਹ ਪ੍ਰਭਾਵ ਮਿਲ ਰਿਹਾ ਸੀ ਜਿਵੇਂ ਉਹ ਸਾਨੂੰ ਹੀ ਉਡੀਕ ਰਹੇ ਹੋਣ। ਕੁਝ ਸਮਾਂ ਉਨ੍ਹਾਂ ਨਾਲ ਗੱਲਬਾਤ ਕਰਨ ਮਗਰੋਂ ਅਸੀਂ ਸਟੂਡੀਉ ਤੋਂ ਬਾਹਰ ਆ ਉਨ੍ਹਾਂ ਦੇ ਬਗੀਚੇ ਵੱਲ ਝਾਤ ਮਾਰੀ। ਵਰਾਂਡੇ, ਜਿੱਥੇ ਮਾਤਾ ਇੰਦਰ ਕੋਰ ਜੀ ਬੈਠੇ ਹੋਏ ਸਨ, ਦੇ ਸਾਹਮਣੇ ਇਕ ਗੋਲ ਤਲਾਈ। ਕੋਲ ਇਕ ਹਿਰਨੀ ਦਾ ਬੁੱਤ। ਕੁਟੀਆ ਦੇ ਆਲੇ-ਦੁਆਲੇ ਬੜੀ ਸੁਹਣੀ ਤਰਤੀਬ ਵਿਚ ਫੁੱਲ-ਬੂਟੇ ਤੇ ਫਲਾਂ ਦੇ ਦਰਖਤ ਲਾਏ ਹੋਏ। ਹਰ ਪਾਸਿਉਂ ਕਲਾਕਾਰ ਦੇ ਸੁਹਜ ਦੀ ਝਲਕ ਪੈਂਦੀ ਸੀ। ਉੱਥੇ ਕੁਝ ਦੇਰ ਠਹਿਰ ਅਸੀਂ ਗੁਰਚਰਨ ਸਿੰਘ ਦੇ ਮਕਾਨ ਵੱਲ ਚਲੇ ਗਏ। ਦਾਰ ਜੀ ਦੀ ਰਿਹਾਇਸ਼ ਤੋਂ ਕੁਝ ਦੂਰ ਜਾ ਕੇ ਨਿਵਾਣ ਸ਼ੁਰੂ ਹੋ ਜਾਂਦੀ ਸੀ ਤੇ ਅਗਾਂਹ ਖੱਬੇ ਪਾਸੇ ਨੋਰਾ ਰਿਚਰਡਜ਼ ਦੀ ਰਿਹਾਇਸ਼ਗਾਹ ਸੀ, ਜਿਸ ਦਾ ਨਾਂ ‘ਵੁੱਡਲੈਂਡਜ਼ ਰੀਟਰੀਟ’ ਸੀ। ਖੁੱਲ੍ਹ-ਬਾਹਰੇ ਵਿਚ ਮਹਿੰਦੀ ਦੇ ਬੂਟੇ ਵਰਗੇ ਝਾੜ, ਜਿਸ ਨੂੰ ਗਰੰਤਾ ਕਹਿੰਦੇ ਹਨ, ਦੀ ਵਾੜ ਕੀਤੀ ਹੋਈ ਸੀ। ਇਸ ਵਲਗਣ ਵਿਚ ਭਾਂਤ-ਸੁਭਾਂਤੇ ਫੁੱਲਾਂ, ਫਲਾਂ ਦੇ ਬੂਟੇ ਲੱਗੇ ਹੋਏ ਸਨ। ਕੁਝ ਥਾਂ ਨੂੰ ਪੱਧਰਾ ਕਰ ਕੇ ਇਕ ਪਾਸੇ ਗੁਲਾਈ ਵਿਚ ਪੌੜੀਆਂ ਜਿਹੀਆਂ ਬਣਾਈਆਂ ਹੋਈਆਂ ਸਨ, ਜਿਸ ਬਾਰੇ ਹਰਬੀਰ ਨੇ ਦੱਸਿਆ ਕਿ ਇਹ ਓਪਨ ਏਅਰ ਥੀਏਟਰ ਹੈ। ਉਸ ਦੇ ਨੇੜੇ ਹੀ ਕੱਚਾ ਮਕਾਨ ਦਿੱਸ ਰਿਹਾ ਸੀ ਪਰ ਉਸ ਦੀ ਬਣਤਰ ਆਮ ਮਕਾਨਾਂ ਨਾਲੋਂ ਕੁਝ ਹਟਵੀਂ ਸੀ। ਘਰ ਦੇ ਸਾਹਮਣਿਉਂ ਇਕ ਬਹੁਤ ਹੀ ਬਿਰਧ ਔਰਤ ਫਲਦਾਰ ਦਰਖਤਾਂ ਉੱਪਰ ਝਾਤੀ ਮਾਰਦੀ ਹੋਈ ਹੌਲ਼ੀ ਹੌਲ਼ੀ ਇਧਰ ਨੂੰ ਤੁਰੀ ਆ ਰਹੀ ਸੀ। ਉਸ ਦੇ ਸਿਰ ਉੱਪਰ ਤੀਲਾਂ ਜਿਹੀਆਂ ਦਾ ਟੋਪ ਲਿਆ ਹੋਇਆ ਸੀ ਤੇ ਮਿੱਟੀ ਰੰਗੀ ਲੰਮੀ ਸਕਰਟ ਪਾਈ ਹੋਈ ਸੀ। ਉਸ ਨੇ ਨਜ਼ਰ ਉਠਾ ਕੇ ਸਾਡੇ ਵੱਲ ਦੇਖਿਆ ਤਾਂ ਤੁਰੇ ਜਾਂਦਿਆਂ ਹੀ ਹਰਬੀਰ ਨੇ ਹੱਥ ਜੋੜ ਕੇ ਸਿਰ ਨਿਵਾ ਕੇ ‘ਗੁੱਡ ਆਫਟਰ ਨੂਨ’ ਆਖਿਆ। ਮੈਂ ਵੀ ਸਤਿਕਾਰ ਵਿਚ ਹੱਥ ਜੋੜ ਦਿੱਤੇ। ਉਸ ਨੇ ਆਪਣੇ ਚਿਹਰੇ ਉੱਪਰ ਨਿੰਮੀ ਜਿਹੀ ਮੁਸਕਾਨ ਲਿਆ ਕੇ ਤੇ ਆਪਣਾ ਖੱਬਾ ਹੱਥ ਜ਼ਰਾ ਕੁ ਉੱਪਰ ਚੁੱਕ ਕੇ ਸਾਡੀ ਨਮਸਕਾਰ ਨੂੰ ਸਵੀਕਾਰ ਕੀਤਾ। ਮੈਨੂੰ ਇਹ ਜਾਣਨ ਵਿਚ ਦੇਰ ਨਾ ਲੱਗੀ ਕਿ ਇਹੋ ਨੋਰਾ ਰਿਚਰਡਜ਼ ਹੈ। ਜਿਹੜੀ ਸ਼ਕਲ ਮੈਂ ਦਾਰ ਜੀ ਦੇ ਸਟੂਡੀਉ ਦੀ ਤਸਵੀਰ ਵਿਚ ਦੇਖੀ ਸੀ, ਮੈਂ ਇਸ ਸ਼ਕਲ ਨੂੰ ਉਸ ਤਸਵੀਰ ਵਾਲੀ ਔਰਤ ਨਾਲ ਮਿਲਾਉਣ ਲੱਗਾ। ਨੋਰਾ ਦੀ ਉਹ ਤਸਵੀਰ ਗੂੜ੍ਹੇ ਬੁੜਾਪੇ ਵੱਲ ਵੱਧ ਰਹੀ ਇਕ ਵਿਚਾਰਵਾਨ ਔਰਤ ਦੀ ਸੀ, ਜਿਹੜੀ ਆਪਣਾ ਸੱਜਾ ਹੱਥ ਚਿਹਰੇ ਉਪਰ ਰੱਖੀ ਸੋਚਾਂ ਵਿਚ ਡੁੱਬੀ ਹੋਈ ਸੀ। ਉਸ ਨੇ ਸਰਦੀ ਤੋਂ ਬਚਣ ਲਈ ਬਹੁਤ ਭਾਰੇ ਕੱਪੜੇ ਪਹਿਨੇ ਹੋਏ ਸਨ। ਜਿਹੜੀ ਨੋਰਾ ਹੁਣ ਸਾਡੇ ਸਾਹਮਣੇ ਸੀ, ਉਹ ਸਾਦਗੀ ਭਰਪੂਰ, ਨੱਬਿਆਂ ਨੂੰ ਢੁੱਕੀ ਹੋਈ, ਚਿਹਰਾ ਝੁਰੜੀਆਂ ਨਾਲ ਭਰਿਆ ਹੋਇਆ, ਬਹੁਤ ਹੀ ਕਮਜ਼ੋਰ ਸਰੀਰ ਵਾਲੀ ਪਤਲੀ ਜਿਹੀ, ਤਸਵੀਰ ਵਾਲੀ ਔਰਤ ਤੋਂ ਵੀ ਬਹੁਤ ਬੁੱਢੀ ਦਿੱਸ ਰਹੀ ਸੀ। ਉਹ ਹੌਲੀ-ਹੌਲੀ ਤੁਰਦੀ ਹੋਈ ਅਗਲੇ ਫਲਦਾਰ ਦਰਖਤ ਵੱਲ ਜਾ ਰਹੀ ਸੀ। ਭਾਵੇਂ ਕਿ ਇਹ ਗੱਲ ਸ੍ਰਿਸ਼ਟਾਚਾਰ ਦੇ ਵਿਰੁੱਧ ਜਾਂਦੀ ਸੀ ਫਿਰ ਵੀ ਮੈਂ ਪਿਛਾਂਹ ਭਉਂ ਕੇ ਉਧਰ ਦੇਖਿਆ ਪਰ ਉਸ ਸਮੇਂ ਤਕ ਉਸ ਦਰਖਤ ਤੋਂ ਵੀ ਅਗਾਂਹ ਚਲੀ ਗਈ ਸੀ। ਮੈਂ ਦੋਬਾਰਾ ਉਸ ਦੇ ਚਿਹਰੇ ਨੂੰ ਨਾ ਦੇਖ ਸਕਿਆ। ਜਿਸ ਤਰ੍ਹਾਂ ਉਸ ਨੇ ਮੁਸਕਰਾ ਕੇ ਸਾਡੀ ਨਮਸਕਾਰ ਦਾ ਜਵਾਬ ਦਿੱਤਾ ਸੀ, ਮੈਨੂੰ ਉਸ ਦੇ ਸੁਭਾਅ ਵਿਚ ਡਾਢੇਪਨ ਵਾਲੀ ਕੋਈ ਗੱਲ ਨਾ ਜਾਪੀ। ਮੈਂ ਹਰਬੀਰ ਨੂੰ ਕਿਹਾ, ਤੂੰ ਤਾਂ ਕਹਿੰਦਾ ਸੀ, ਇਹ ਕਿਸੇ ਵੱਲ ਝਾਕਦੀ ਵੀ ਨਹੀਂ, ਦੇਖ ਲੈ, ਉਸ ਨੇ ਆਪਣੇ ਵੱਲ ਦੇਖਿਆ ਵੀ ਅਤੇ ਆਪਣੀ ‘ਸਤਿ ਸ੍ਰੀ ਅਕਾਲ’ ਦਾ ਜਵਾਬ ਵੀ ਮੁਸਕਰਾ ਕੇ ਤੇ ਹੱਥ ਖੜ੍ਹਾ ਕਰ ਕੇ ਦਿੱਤਾ!
“ਏਸ ਤਰ੍ਹਾਂ ਸਰਸਰੀ ਨਿਗਾਹਾਂ ਮਿਲ ਜਾਣ ‘ਤੇ ਇਹ ਅਦਬ-ਅਦਾਬ ਦਾ ਜਵਾਬ ਤਾਂ ਦੇ ਈ ਦਿੰਦੀ ਐ। ਊਂ ਇਹ ਰਾਹ ਜਾਂਦਿਆਂ ਵੱਲ ਘੱਟ ਹੀ ਧਿਆਨ ਦਿੰਦੀ ਐ, ਬਸ ਆਪਣੇ ਕੰਮ ਵਿਚ ਹੀ ਮਸਤ ਰਹਿੰਦੀ ਐ।”
“ਪਿੰਡ ਵਿਚ ਨਾਟਕ ਖੇਡਣ ਕੌਣ ਆਉਂਦਾ ਹੋਊ?” ਮੈਂ ਗੱਲ ਬਦਲ ਕੇ ਹਰਬੀਰ ਨੂੰ ਸਵਾਲ ਕੀਤਾ।
“ਨੋਰਾ ਆਪਣੇ ਜਨਮ ਦਿਨ ‘ਤੇ 29 ਅਕਤੂਬਰ ਨੂੰ, 82 ਸਾਲ ਦੀ ਉਮਰ ਤਕ, ਇਕ ਨਾਟਕ ਮੇਲਾ ਕਰਵਾਉਂਦੀ ਰਹੀ ਐ, ਜੀਦੇ ਵਿਚ ਦੂਰ-ਦੂਰ ਦੇ ਕਾਲਜਾਂ ਵਿਚੋਂ ਬਹੁਤ ਸਾਰੀਆਂ ਨਾਟਕ-ਮੰਡਲੀਆਂ ਨਾਟਕ ਖੇਡਣ ਆਉਂਦੀਆਂ: ਸੀ। ਕਾਲਜਾਂ ਦੇ ਸਟੂਡੈਂਟਸ ਨਾਟਕਾਂ ਦੀਆਂ ਰੀਹਰਸਲਾਂ ਕਰਨ ਵੀ ਏਥੇ ਆ ਜਾਂਦੇ ਰਹੇ ਐ। ਨਾਟਕ ਮੇਲੇ ਵੇਲੇ ਤਾਂ ਏਥੇ ਖੂਬ ਰੌਣਕਾਂ ਲੱਗੀਆਂ ਹੁੰਦੀਆਂ ਸੀ।ਏਸ ਤੋਂ ਬਿਨਾਂ ਦੁਸਹਿਰੇ ਨੂੰ ਰਾਮਲੀਲ੍ਹਾ ਤੇ ਹੋਲੀ ਨੂੰ ਝਾਕੀਆਂ ਕਢਵਾਉਂਦੀ ਰਹੀ ਐ।”
ਮੈਂ ਹਰਬੀਰ ਕੋਲੋਂ ਨਾਟਕ ਮੇਲੇ ਬਾਰੇ ਇਕ ਹੋਰ ਸਵਾਲ ਪੁੱਛਣ ਲੱਗਾ ਸੀ ਕਿ ਮੇਰਾ ਧਿਆਨ ਪੌੜੀਆਂ ਵਰਗੇ ਖੇਤਾਂ ਵਿੱਚ ਕੰਮ ਕਰਦੀਆਂ ਪਹਾੜਨਾਂ ਵੱਲ ਚਲਾ ਗਿਆ। ਦੋ ਔਰਤਾਂ ਧਾਨ ਵਿਚੋਂ ਨਦੀਨ ਕੱਢ ਰਹੀਆਂ ਸਨ ਅਤੇ ਨਾਲ ਵਾਲੇ ਵਾਹੇ ਖੇਤ ਵਿਚ ਇਕ ਮੁਟਿਆਰ ਢੀਮਾਂ ਨੂੰ ਫਾਹੁੜੇ ਜਿਹੇ ਨਾਲ ਭੰਨ ਰਹੀ ਸੀ। ਉਹ ਢੀਮਾਂ ਭੰਨਦੀ ਹੋਈ ਕੋਈ ਪਹਾੜੀ ਗੀਤ ਵੀ ਗਾ ਰਹੀ ਸੀ। ਨੋਰਾ ਦੇ ਨਾਟਕਾਂ ਤੋਂ ਹਟ ਕੇ ਮੈਂ ਖੇਤਾਂ ਵਿਚ ਕੰਮ ਕਰਦੀਆਂ ਪਹਾੜੀ ਔਰਤਾਂ ਬਾਰੇ ਸਵਾਲ ਕਰ ਦਿੱਤਾ ਕਿ ਖੇਤਾਂ ਵਿਚ ਔਰਤਾਂ ਹੀ ਕਿਉਂ ਕੰਮ ਕਰਦੀਆਂ ਹਨ ? ਫਿਰ ਸਾਡੀ ਗੱਲ ਪਹਾੜੀ ਔਰਤਾਂ ਦੁਆਲੇ ਘੁੰਮਣ ਲੱਗ ਪਈ ਤੇ ਅਸੀਂ ਗੱਲਾਂ ਕਰਦੇ ਹੋਏ ਗੁਰਚਰਨ ਸਿੰਘ ਕੁੰਭਕਾਰ ਦੀ ਕੋਠੀ ਪਹੁੰਚ ਗਏ।
ਗੁਰਚਰਨ ਸਿੰਘ ਜੀ ਨੂੰ ਮਿੱਟੀ ਦੇ ਭਾਂਡੇ ਬਣਾਉਣ ਕਾਰਨ ਹੀ ਉਨ੍ਹਾਂ ਨੂੰ ਕੁੰਭਕਾਰ ਕਿਹਾ ਜਾਂਦਾ ਸੀ। ਕੁੰਭਕਾਰ ਨੇ ਆਪਣੇ ਕਾਰਖਾਨੇ ਦਾ ਨਾਂ ‘ਬਲਿਊ ਪੌਟਰੀ’ ਰੱਖਿਆ ਹੋਇਆ ਸੀ। ਉਹ ਨਿੱਕੇ ਵੱਡੇ ਫੁੱਲਦਾਨ, ਤਸ਼ਤਰੀਆਂ, ਪਿਆਲੀਆਂ ਆਦਿ ਭਾਂਤ-ਸੁਭਾਂਤੇ ਭਾਂਡੇ ਬਣਾਉਂਦੇ ਸਨ। ਭਾਂਡਿਆਂ ਉੱਪਰ ਰੰਗ ਵੀ ਕਈ ਭਾਂਤ ਦੇ ਕਲਾਤਮਿਕ ਢੰਗ ਨਾਲ ਕੀਤੇ ਜਾਂਦੇ ਸਨ। ਉਨ੍ਹਾਂ ਸਾਨੂੰ ਆਪਣਾ ਕਾਰਖਾਨਾ ਦਿਖਾਇਆ, ਜਿਸ ਵਿਚ ਵੱਖਰੀ ਭਾਂਤ ਦਾ ਬਿਜਲੀ ਨਾਲ ਚੱਲਣ ਵਾਲਾ ਚੱਕ ਸੀ। ਉਨ੍ਹਾਂ ਦੱਸਿਆ ਕਿ ਮਿੱਟੀ ਕਿਵੇਂ ਗੋਈ ਜਾਂਦੀ ਹੈ ਤੇ ਕਿਵੇਂ ਇਸ ਦੇ ਚੱਕ ਉੱਪਰ ਭਾਂਡੇ ਬਣਾਏ ਜਾਂਦੇ ਹਨ। ਇਥੇ ਬਣੇ ਕਲਾਤਮਿਕ ਭਾਂਡੇ ਦੇਸ਼ ਦੇ ਕਈ ਭਾਗਾਂ ਵਿਚ ਜਾਂਦੇ ਸੀ। ਆਪ ਉਹ ਦਿੱਲੀ ਵਿਚ ਰਹਿੰਦੇ ਸਨ ਤੇ ਵਿਉਪਾਰ ਵੀ ਦਿੱਲੀ ਵਿਚ ਹੀ ਕਰਦੇ ਸਨ। ਪਰ ਗਰਮੀਆਂ ਦੇ ਕੁਝ ਮਹੀਨੇ ਅੰਦਰੇਟੇ ਆ ਜਾਂਦੇ ਸਨ। ਵਾਪਸੀ ‘ਤੇ ਉਨ੍ਹਾਂ ਮੈਨੂੰ ਇਕ ਨਿੱਕਾ ਜਿਹਾ, ਵੇਲ-ਬੂਟਿਆਂ ਵਾਲਾ, ਬੜਾ ਪਿਆਰਾ ਜਿਹਾ ਫੁੱਲਦਾਨ ਤੋਹਫੇ ਵਜੋਂ ਦਿੱਤਾ। ਉਹ ਫੁੱਲਦਾਨ ਮੈਂ ਬਹੁਤ ਦੇਰ ਸੰਭਾਲ ਕੇ ਰੱਖਿਆ ਸੀ।
ਹਰਬੀਰ ਸਿੰਘ ਕਾਂਗੜਾ ਜ਼ਿਲ੍ਹੇ ਵਿਚ ਬਦਲੀ ਕਰਵਾਉਣ ਤੋਂ ਕੁਝ ਸਮੇਂ ਬਾਅਦ ਆਪਣਾ ਪਰਵਾਰ ਵੀ ਅੰਦਰੇਟੇ ਹੀ ਲੈ ਗਿਆ ਸੀ। ਹਰਬੀਰ ਦੇ ਛੋਟੇ ਬੱਚੇ ਦੇ ਜਨਮ ਮਗਰੋਂ ਜਦੋਂ ਮੈਂ ਅੰਦਰੇਟੇ ਉਨ੍ਹਾਂ ਨੂੰ ਮਿਲਣ ਗਿਆ ਤਾਂ ਹਰਬੀਰ ਨੇ ਦਾਰ ਜੀ ਦੀ ਕੋਠੀ ਦੇ ਨਾਲ ਵਾਲੀ ਪੰਡਤ ਮੰਗਤ ਦੀ ਕੋਠੀ ਵਿਚ ਰਿਹਾਇਸ਼ ਰੱਖ ਲਈ ਸੀ। ਉਸ ਚੱਕਰ ਵਿਚ ਬਹੁਤਾ ਸਮਾਂ ਦਾਰ ਜੀ ਦੀ ਸੰਗਤ ਵਿਚ ਹੀ ਬਤੀਤ ਹੋਇਆ ਸੀ। ਹੁਣ ਹਰਬੀਰ ਸਿੰਘ ਦੀ ਨੋਰਾ ਰਿਚਰਡਜ਼ ਨਾਲ ਗੂੜੀ ਜਾਣ-ਪਹਿਚਾਣ ਹੋ ਗਈ ਸੀ। ਇਕ ਦਿਨ ਉਹ ਮੈਨੂੰ ਨੋਰਾ ਦੇ ਨਿਵਾਸ ਸਥਾਨ ‘ਤੇ ਲੈ ਗਿਆ। ਨੋਰਾ ਸਾਹਮਣੇ ਵਰਾਂਡੇ ਵਿਚ ਆਰਾਮ ਕੁਰਸੀ ‘ਤੇ ਲੱਤਾਂ ਨਿਸਾਲੀ ਪਈ ਸੀ ਤੇ ਉਸ ਦਾ ਨੌਕਰ ਪ੍ਰਭੂ ਬਾਹਰ ਬਗੀਚੀ ਵਿਚ ਕੰਮ ਕਰ ਰਿਹਾ ਸੀ। ਭਾਵੇਂ ਕਿ ਬਾਹਰ ਬੂਹੇ ‘ਤੇ ‘ਅੰਦਰ ਆਉਣਾ ਮਨਾ ਹੈ’ ਲਿਖਿਆ ਹੋਇਆ ਸੀ ਪਰ ਅਸੀਂ ਬੂਹਾ ਲੰਘ, ਨੋਰਾ ਦੇ ਨੌਕਰ ਪ੍ਰਭੂ ਕੋਲ ਚਲੇ ਗਏ। ਨੋਰਾ ਰਿਚਰਡਜ਼ ਨੂੰ ਸੁਣਦਾ ਨਾ ਹੋਣ ਕਰਕੇ ਲਿਖ ਕੇ ਗੱਲ ਕੀਤੀ ਜਾਂਦੀ ਸੀ। ਹਰਬੀਰ ਨੇ ਇਕ ਕਾਗਜ਼ ‘ਤੇ ਕੁਝ ਲਿਖ ਕੇ ਪ੍ਰਭੂ ਨੂੰ ਫੜਾ ਦਿੱਤਾ ਕਿ ਉਹ ਨੋਰਾ ਨੂੰ ਪੜ੍ਹਾ ਦੇਵੇ। ਪ੍ਰਭੂ ਨੇ ਰੁੱਕਾ ਨਾ ਫੜਦਿਆਂ ਕਿਹਾ, ਉਹ ਹੁਣੇ ਹੀ ਆਰਾਮ ਕਰਨ ਲਈ ਲੇਟੀ ਹੈ। ਉਸ ਨੇ ਦੋ-ਢਾਈ ਘੰਟੇ ਅਰਾਮ ਕਰਨਾ ਹੈ। ਜੇ ਮੈਂ ਉਸ ਦੇ ਕੋਲ ਗਿਆ ਤਾਂ ਬਹੁਤ ਗੁੱਸੇ ਹੋਵੇਗੀ। ਤੁਸੀਂ ਤਿੰਨ ਵਜੇ ਆ ਜਾਣਾ। ਉਦੋਂ ਮੈਂ ਇਹ ਰੁੱਕਾ ਮੈਡਮ ਨੂੰ ਦੇ ਦਿਆਂਗਾ। ਉਸ ਦੇ ਆਰਾਮ ਵਿਚ ਖਲਲ ਪਾਏ ਬਿਨਾਂ, ਪ੍ਰਭੂ ਨੂੰ ਤਿੰਨ ਵਜੇ ਮੁੜ ਆਉਣ ਬਾਰੇ ਕਹਿ ਕੇ ਅਸੀਂ ਵਾਪਸ ਆ ਗਏ। ਤਿੰਨ ਵਜੇ ਪਾਲਮਪੁਰ ਤੋਂ ਕੁਝ ਮਹਿਮਾਨ ਦਾਰ ਜੀ ਨੂੰ ਮਿਲਣ ਆ ਗਏ ਤੇ ਉਨ੍ਹਾਂ ਸਾਨੂੰ ਆਪਣੇ ਕੋਲ ਬੁਲਾ ਲਿਆ, ਜਿਸ ਕਾਰਨ ਅਸੀਂ ਨੋਰਾ ਰਿਚਰਡਜ਼ ਨੂੰ ਮਿਲਣ ਨਾ ਜਾ ਸਕੇ। ਇਸ ਵਾਰ ਵੀ ਨੋਰਾ ਨੂੰ ਮਿਲਣ ਦੀ ਰੀਝ ਅਧੂਰੀ ਹੀ ਰਹਿ ਗਈ।
ਜਦੋਂ ਸੰਨ 68 ਵਿਚ ਹਰਬੀਰ ਸਿੰਘ ਦਾ ਢਾਈ ਸਾਲ ਦਾ ਛੋਟਾ ਬੇਟਾ ‘ਬਿੱਟੂ’, ਦਾਰ ਜੀ ਦੀ ਕੋਠੀ ਵਿਚ ਬਣੀ ਤਲਾਈ ‘ਚ ਡੱਬ ਕੇ ਅਕਾਲ ਚਲਾਣਾ ਕਰ ਗਿਆ।
ਤਾਂ ਉਸ ਨੇ ਬਹੁਤ ਹੀ ਦਰਦ ਭਰੀ ਇਕ ਚਿੱਠੀ ਮੈਨੂੰ ਲਿਖੀ। ਉਸ ਚਿੱਠੀ ਦੇ ਪੜ੍ਹਨ ਤੋਂ ਪਤਾ ਲੱਗਦਾ ਸੀ ਕਿ ਇਹ ਸਦਮਾ ਉਸ ਦੀ ਬਰਦਾਸ਼ਤ ਤੋਂ ਬਾਹਰ ਹੈ। ਇਹ ਹੋ ਸਕਦਾ ਸੀ ਕਿ ਕਿਤੇ ਉਹ ਇਸ ਸਦਮੇ ਵਿਚ ਆਪਣੀ ਸ਼ੁੱਧ-ਬੁੱਧ ਨਾ ਗੁਆ ਬੈਠੇ। ਮੈਂ ਬਿਨਾਂ ਦੇਰੀ ਕੀਤਿਆਂ ਸਾਡੇ ਸਾਂਝੇ ਦੋਸਤ ਗੁਰਮੇਲ ਸਿੰਘ ਸਿਵੀਆ ਨੂੰ ਨਾਲ ਲਿਆ ਤੇ ਅਸੀਂ ਅਗਲੇ ਦਿਨ ਹੀ ਅੰਦਰੇਟੇ ਚਲੇ ਗਏ। ਉਸ ਦਾ ਦਿਲ ਧਰਾਉਣ ਲਈ ਅਸੀਂ ਇਕ ਹਫ਼ਤਾ ਉਸ ਕੋਲ ਰਹੇ। ਉਸ ਨੂੰ ਨਾਲ ਲੈ ਕੇ ਸਕੇਤ ਮੰਡੀ ਤਕ ਘੁੰਮ-ਫਿਰ ਕੇ ਵੀ ਆਏ। ਇੰਨੇ ਵਿਚ ਉਸ ਨੇ ਧਰਵਾਸ ਧਰ ਲਿਆ ਸੀ। ਵਾਪਸੀ ਤੋਂ ਇਕ ਦਿਨ ਪਹਿਲਾਂ ਉਸ ਨੇ ਆਪ ਹੀ ਕਿਹਾ, “ਪਿਛਲੀ ਵਾਰ ਤੂੰ ਨੋਰਾ ਨੂੰ ਮਿਲਣਾ ਚਾਹੁੰਦਾ ਸੀ। ਅੱਜ ਆਪਾਂ ਉਸ ਕੋਲ ਚੱਲਾਂਗੇ।” ਉਸ ਕੋਲੋਂ ਮਿਲਣ ਦਾ ਸਮਾਂ ਲੈਣ ਲਈ ਨੌਕਰ ਹੱਥ ਰੁੱਕਾ ਭੇਜਿਆ ਤਾਂ ਉਸ ਆ ਕੇ ਦੱਸਿਆ ਕਿ ਉਹ ਕਿਤੇ ਬਾਹਰ ਗਈ ਹੋਈ ਹੈ। ਇਸ ਵਾਰ ਵੀ ਉਸ ਦੇ ਰੂ-ਬ-ਰੂ ਹੋ ਗੋਲਾਂ ਕਰਨ ਦਾ ਸਮਾਂ ਨਾ ਮਿਲ ਸਕਿਆ। ਪਰ ਜਦੋਂ ਉਸ ਕੋਲ ਜਾਣ ਦਾ ਸਮਾਂ ਮਿਲਿਆ। ਤਾਂ ਉਹ ਗੱਲ ਕਰਨ ਦੀ ਸਥਿਤੀ ਵਿਚ ਨਹੀਂ ਸੀ।
ਗੱਲ ਇਹ ਸੰਨ ਸੱਤਰ ਦੀ ਹੈ। ਮੇਰੇ ਅੰਦਰੇਟੇ ਦੇ ਤਿੰਨ ਚੱਕਰ ਲੱਗ ਗਏ ਸਨ। ਇਕ ਦਿਨ ਮੈਂ ਅੰਦਰੇਟੇ ਬਾਰੇ ਗੱਲਾਂ ਕਰਦਿਆਂ ਆਪਣੇ ਮੁੱਖ ਅਧਿਆਪਕ, ਜਗਰੂਪ ਸਿੰਘ ‘ਮੱਲਣ’, ਜਿਸ ਨੂੰ ਦੂਰ-ਦੁਰਾਡੇ ਸਥਾਨਾਂ ‘ਤੇ ਘੁੰਮਣ ਦਾ ਸ਼ੌਕ ਸੀ, ਨੂੰ ਨੋਰਾ ਰਿਚਰਡਜ਼ ਦੇ ਓਪਨ ਏਅਰ ਥੀਏਟਰ ਬਾਰੇ ਦੱਸਿਆ ਤਾਂ ਉਸ ਨੇ ਕਿਹਾ, ਆਪਾਂ ਇਨ੍ਹਾਂ ਛੁੱਟੀਆਂ ਵਿਚ ਕੁੱਲੂ ਮਨਾਲੀ ਵੱਲ ਘੁੰਮ-ਫਿਰ ਆਵਾਂਗੇ ਤੇ ਇਕ ਦਿਨ ਅੰਦਰੇਟੇ ਰਹਿ ਕੇ ਨੋਰਾ ਰਿਚਰਡਜ਼ ਦੇ ਓਪਨ ਏਅਰ ਥੀਏਟਰ ਦੀ ਬਣਤਰ ਵੀ ਦੇਖ ਲਵਾਂਗੇ। ਫਿਰ ਆਪਣੇ ਸਕੂਲ ਵਿਚ ਵੀ ਉਹੋ ਜਿਹਾ ਓਪਨ ਏਅਰ ਥੀਏਟਰ ਤਿਆਰ ਕਰਵਾ ਲਵਾਂਗੇ।
ਆਪਣਾ ਪੱਕਾ ਪ੍ਰੋਗਰਾਮ ਬਣਾ ਕੇ ਮੈਂ ਹਰਬੀਰ ਨੂੰ ਚਿੱਠੀ ਲਿਖ ਦਿੱਤੀ। ਉਸ ਦਾ ਮੋੜਵਾਂ ਉੱਤਰ ਆ ਗਿਆ ਕਿ ਤੁਸੀਂ ਸਿੱਧੇ ਅੰਦਰੇਟੇ ਹੀ ਆ ਜਾਣਾ। ਧਰਮਸ਼ਾਲਾ ਵੱਲ ਮੈਂ ਤੁਹਾਡੇ ਨਾਲ ਜਾਵਾਂਗਾ। ਉਸ ਦੀ ਹਦਾਇਤ ਅਨੁਸਾਰ ਪਹਿਲਾ ਪੜਾਅ ਅਸੀਂ ਅੰਦਰੇਟੇ ਹੀ ਕੀਤਾ। ਮੈਂ ਰਾਤੀਂ ਹਰਬੀਰ ਨੂੰ ਨੋਰਾ ਦੀ ਇਸਟੇਟ ਵਿਚ ਬਣੇ ਓਪਨ ਏਅਰ ਥੀਏਟਰ ਵਰਗਾ ਓਪਨ ਏਅਰ ਥੀਏਟਰ ਆਪਣੇ ਸਕੂਲ ਵਿਚ ਬਣਾਉਣ ਬਾਰੇ ਗੱਲ ਕੀਤੀ ਤਾਂ ਉਸ ਨੇ ਝੱਟ ਕਹਿ ਦਿੱਤਾ, ਕੱਲ੍ਹ ਨੂੰ ਆਪਾਂ ਧਰਮਸ਼ਾਲਾ ਵੱਲ ਚੱਕਰ ਮਾਰ ਆਈਏ, ਪਰਸੋਂ ਨੋਰਾ ਵੱਲ ਚੱਲਾਂਗੇ। ਕਿਸੇ ਪਿੰਡ ਵਿਚ ਓਪਨ ਏਅਰ ਥੀਏਟਰ ਬਣਨ ਬਾਰੇ ਸੁਣ ਕੇ ਉਸ ਨੂੰ ਬਹੁਤ ਖੁਸ਼ੀ ਹੋਊਗੀ। ਉਹ ਤੁਹਾਨੂੰ ਨਾਟਕ ਖੇਡਣ ਤੇ ਖਿਡਾਉਣ ਬਾਰੇ ਵੀ ਬਹੁਤ ਕੁਝ ਸਮਝਾ ਦੇਊਗੀ।
ਇਹ ਇਕ ਗੱਲ ਚੰਗੀ ਹੋਈ ਕਿ ਕਿਸੇ ਅਦਾਰੇ ਨੇ ਤਾਂ ਉਸ ਦੇ ਕੰਮ ਦੀ ਕਦਰ ਪਾਈ। ਉਸ ਦੇ ਕੰਮਾਂ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਤੇ ਹਿਮਾਚਲ ਦੀਆਂ ਸਰਕਾਰਾਂ ਨੂੰ ਹੀ ਨਹੀਂ ਸਗੋਂ ਭਾਰਤ ਸਰਕਾਰ ਨੂੰ ਵੀ ਉਸ ਦੇ ਕੰਮ ਦੀ ਕਦਰ ਪਾਉਂਦਿਆਂ ਉਸ ਨੂੰ ਕੋਈ ਵੱਡਾ ਸਨਮਾਨ ਦੇ ਕੇ ਸਨਮਾਨਤ ਕਰਨਾ ਚਾਹੀਦਾ ਸੀ। ਨੋਰਾ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਆਪਣਾ ਗਿਲਾ ਪ੍ਰਗਟ ਕੀਤਾ
ਫਿਰ ਸਾਡੀ ਗੱਲ ਸਰਕਾਰਾਂ ਦੇ ਕੰਮਾਂ ਵੱਲ ਘੁੰਮ ਗਈ ਤੇ ਗੱਲਾਂ ਕਰਦੇ ਹੋਏ ਅਸੀਂ ਨੋਰਾ ਦੇ ਘਰ ਅੱਗੇ ਆ ਗਏ। ਅਸੀਂ ਬੂਹੇ ਦੇ ਕੋਲ ਖੜ੍ਹ ਫੁੱਲ-ਬੂਟਿਆਂ ਨੂੰ ਦੇਖਣ ਲੱਗੇ ਤੇ ਹਰਬੀਰ ਅਗਾਂਹ ਨੋਰਾ ਦੇ ਘਰ ਅੰਦਰ ਚਲਾ ਗਿਆ। ਉਹ ਕੁਝ ਦੇਰ ਉਹਦੇ ਨੌਕਰ ਨਾਲ ਗੱਲਾਂ ਕਰਦਾ ਰਿਹਾ ਤੇ ਫਿਰ ਢਿੱਲੇ ਜਿਹੇ ਮੂੰਹ ਨਾਲ ਸਾਡੇ ਕੋਲ ਆ ਕੇ ਕਹਿਣ ਲੱਗਾ, “ਨੋਰਾ ਦੀ ਸਿਹਤ ਠੀਕ ਨਹੀਂ, ਉਸ ਨੂੰ ਅੱਜ ਨਹੀਂ ਮਿਲਿਆ ਜਾ ਸਕਦਾ।” ਉਹਦੀ ਗੱਲ ਸੁਣ ਕੇ ਥੋੜ੍ਹੀ ਮਾਯੂਸੀ ਤਾਂ ਹੋਈ ਪਰ ਅਸੀਂ ਉਹਦੇ ਥੀਏਟਰ ਦੀ ਬਣਤਰ ਅਤੇ ਉਹਦੀ ਬਗੀਚੀ ਦੇ ਦਰਸ਼ਨ ਕਰ ਕੇ ਅਗਾਂਹ ਅੰਦਰੇਟੇ ਕੋਲ ਦੀ ਵਗਦੀਆਂ ਕੂਲ੍ਹਾਂ, ਪਹਾੜੀ ਝਰਨੇ ਤੇ ਇਕ ਪਹਾੜੀ ਝਰਨੇ ‘ਤੇ ਲੱਗੀਆਂ ਪਨਚੱਕੀਆਂ ਦੇ ਨਜ਼ਾਰੇ ਮਾਣਦੇ ਹੋਏ ਨੇੜੇ ਦੇ ਇਕ ਪਿੰਡ ਦਾ ਮੇਲਾ ਦੇਖਣ ਚਲੇ ਗਏ। ਅਗਲੇ ਦਿਨ ਅਸੀਂ ਸਵੇਰੇ ਸਾਝਰੇ ਇਸ ਆਸ ਨਾਲ ਅੰਦਰੇਟੇ ਤੋਂ ਤੁਰੇ ਕਿ ਆਉਂਦੀਆਂ ਗਰਮੀ ਦੀਆਂ ਛੁੱਟੀਆਂ ਵਿਚ ਡਲਹੌਜ਼ੀ, ਚੰਬੇ ਦੀ ਸੈਰ ਨੂੰ ਜ਼ਰੂਰ ਆਵਾਂਗੇ ਤੇ ਅੰਦਰੇਟੇ ਇਕ ਰਾਤ ਰਹਿ ਕੇ ਜਾਵਾਂਗੇ। ਉਦੋਂ ਹੀ ਨੋਰਾ ਦੇ ਦਰਸ਼ਨ ਕਰਾਂਗੇ।
ਪਰ ਆਉਂਦੀਆਂ ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਹੀ ਮਾਰਚ ਦੇ ਪਹਿਲੇ ਹਫ਼ਤੇ ਹਰਬੀਰ ਦੀ ਚਿੱਠੀ ਆ ਗਈ ਕਿ ਪੰਜਾਬੀ ਨਾਟਕ ਦੀ ਨਕੜਦਾਦੀ, ਨੋਰਾ ਰਿਚਰਡਜ਼ 3 ਮਾਰਚ ਨੂੰ ਸਦੀਵੀ ਵਿਛੋੜਾ ਦੇ ਗਈ ਹੈ। ਇਹ ਪੜ੍ਹ ਕੇ ਮਨ ਬੜਾ ਹੀ ਉਦਾਸ ਹੋਇਆ ਕਿ ਮੈਨੂੰ ਚਾਰ ਵਾਰ ਅੰਦਰੇਟੇ ਜਾਣ ਦਾ ਮੌਕਾ ਮਿਲਿਆ ਪਰ ਮੈਂ ਚਾਰੇ ਵਾਰ ਉਸ ਨਾਲ ਗੱਲਾਂ ਕਰਨ ਤੋਂ ਵਾਂਝਾ ਰਹਿ ਗਿਆ।
ਭਾਵੇਂ ਮੈਂ ਉਸ ਦੇ ਰੂ-ਬ-ਰੂ ਹੋ ਉਸ ਨਾਲ ਗੱਲਾਂ ਨਹੀਂ ਸੀ ਕੀਤੀਆਂ ਪਰ ਮੈਂ ਉਸ ਬਾਰੇ ਜਾਣ ਬਹੁਤ ਕੁਝ ਗਿਆ ਸਾਂ। ਆਇਰਲੈਂਡ ਵਿਚ ਪਲੀ, ਪੜ੍ਹੀ ਤੇ ਜਵਾਨ ਹੋਈ ਤੇ ਰੰਗਮੰਚ ਨੂੰ ਪਰਨਾਈ, ਨੋਰਾ ਰਿਚਰਡਜ਼ ਨੇ ਆਪਣੀ ਜ਼ਿੰਦਗੀ ਦੇ 60 ਸਾਲ ਪੰਜਾਬ/ਹਿਮਾਂਚਲ ਵਿਚ ਗੁਜ਼ਾਰ ਕੇ ਇਥੇ ਹੀ ਪ੍ਰਾਣ ਤਿਆਗ ਦਿੱਤੇ। ਉਹ ਇਕ ਆਦਰਸ਼ਵਾਦੀ ਔਰਤ ਸੀ ਤੇ ਉਸ ਨੇ ਆਪਣੀ ਸਾਰੀ ਜ਼ਿੰਦਗੀ ਆਪਣੇ ਆਦਰਸ਼ ਦੇ ਟੀਚਿਆਂ ਦੀ ਪੂਰਤੀ ਦੇ ਲੇਖੇ ਲਾ ਦਿੱਤੀ।
ਉਹ ਇਸ ਸੋਚ ਦੀ ਧਾਰਨੀ ਸੀ ਕਿ ਜਿਹੋ ਜਿਹਾ ਤੁਸੀਂ ਦੂਸਰਿਆਂ ਨੂੰ ਦੇਖਣਾ ਚਾਹੁੰਦੇ ਹੋ, ਪਹਿਲਾਂ ਉਹੋ ਜਿਹੇ ਆਪ ਬਣੋ। ਉਹ ਸਾਦਾ ਘਰ ਵਿਚ ਰਹਿੰਦੀ।
ਸਾਦਾ ਪਹਿਰਾਵਾ ਪਹਿਨਦੀ। ਹੱਥੀਂ ਕੰਮ ਕਰਦੀ। ਬਿਨਾਂ ਮਤਲਬ ਨਾ ਉਹ ਆਪ ਕਿਸੇ ਕੋਲ ਜਾਂਦੀ ਤੇ ਨਾ ਹੀ ਬਿਨਾਂ ਮਤਲਬ ਕਿਸੇ ਨੂੰ ਆਪਣੇ ਕੋਲ ਆਉਣ ਦਿੰਦੀ। ਉਹ ਸਮੇਂ ਦੀ ਕਦਰ ਕਰਦੀ (ਕਿਹਾ ਜਾਂਦਾ ਸੀ ਕਿ ਕੋਈ ਵੀ ਵਿਅਕਤੀ ਪਹਿਲਾਂ ਤੋਂ ਸਮਾਂ ਲਏ ਬਿਨਾਂ ਉਸ ਨੂੰ ਮਿਲ ਨਹੀਂ ਸੀ ਸਕਦਾ। ਮੁਲਾਕਾਤ ਦਾ ਸਮਾਂ ਸਮਾਪਤ ਹੋਣ ‘ਤੇ ਉਹ ਮੁਲਾਕਾਤੀ ਨੂੰ ਬੇਝਿਜਕ ਹੋ ਕੇ ਕਹਿ ਦਿੰਦੀ ਕਿ ਸਮਾਂ ਪੂਰਾ ਹੋ ਗਿਆ ਹੈ, ਹੁਣ ਵਾਪਸ ਜਾਓ। ਰਾਜਿਆਂ, ਮਹਾਰਾਜਿਆਂ, ਮੰਤਰੀਆਂ ਜਾਂ ਵੱਡੇ ਅਫਸਰਾਂ ਨੂੰ ਵੀ ਪੱਤਰ ਲਿਖ ਕੇ ਮਿਲਣ ਲਈ ਸਮਾਂ ਪਹਿਲਾਂ ਲੈਣਾ ਪੈਂਦਾ। ਜੇਕਰ ਦੋ ਵਿਅਕਤੀਆਂ ਨੇ ਮਿਲਣ ਲਈ ਸਮਾਂ ਲਿਆ ਹੁੰਦਾ ਤਾਂ ਉਸ ਨੇ ਆਪਣੀ ਕੁਰਸੀ ਲਾਗੇ ਕੇਵਲ ਦੋ ਕੁਰਸੀਆਂ ਹੀ ਰਖਵਾਈਆਂ ਹੁੰਦੀਆਂ, ਜੇਕਰ ਕੋਈ ਤੀਜਾ ਵਿਅਕਤੀ ਨਾਲ ਚਲਾ ਗਿਆ ਤਾਂ ਉਸ ਨੂੰ ਵਾਪਸ ਮੋੜ ਦਿੱਤਾ ਜਾਂਦਾ।)
ਕਿਸੇ ਦੇ ਘਰ ਪੁੱਛ ਕੇ ਜਾਣਾ, ਪੁੱਛ ਕੇ ਆਉਣਾ, ਸਮੇਂ ਸਿਰ ਆਉਣਾ ਤੇ ਸਮੇਂ ਸਿਰ ਮੁੜਨਾ ਮਨੁੱਖੀ ਸ਼ਿਸ਼ਟਾਚਾਰ ਦਾ ਹਿੱਸਾ ਹੈ, ਜਿਸ ਵੱਲ ਆਮ ਲੋਕ ਧਿਆਨ ਹੀ ਨਹੀਂ ਦਿੰਦੇ। ਮਨੁੱਖੀ ਸਿਸ਼ਟਾਚਾਰ ਨੋਰਾ ਦਾ ਆਦਰਸ਼ ਸੀ। ਉਹ ਆਪ ਇਸ ‘ਤੇ ਪਹਿਰਾ ਦਿੰਦੀ ਅਤੇ ਦੂਜਿਆਂ ਕੋਲੋਂ ਵੀ ਇਹੋ ਆਸ ਰੱਖਦੀ। ਕਿਸੇ ਦੇ ਕੰਮ ਵਿਚ ਦਖਲ ਨਾ ਦਿੰਦੀ ਤੇ ਆਪਣੇ ਕੰਮ ਵਿਚ ਕਿਸੇ ਦਾ ਦਖਲ ਸਹਿਣ ਵੀ ਨਾ ਕਰਦੀ। ਉਸ ਆਪਣੀ ਜ਼ਿੰਦਗੀ ਦੇ ਕੁਝ ਅਸੂਲ ਬਣਾਏ ਹੋਏ ਸਨ ਜਿਨ੍ਹਾਂ ਉੱਪਰ ਉਹ ਡਟ ਕੇ ਪਹਿਰਾ ਦਿੰਦੀ ਰਹੀ। ਉਸ ਦੇ ਇਨ੍ਹਾਂ ਅਸੂਲਾਂ ਦੀ ਕਦਰ ਕਰਨ ਦੀ ਥਾਂ ਬਹੁਤੇ ਲੋਕ ਉਸ ਨੂੰ ਗੁਸੈਲੀ, ਰੁੱਖੀ, ਆਕੜਖੋਰ ਜਾਂ ਸਖ਼ਤ ਸੁਭਾਅ ਦੀ ਔਰਤ ਸਮਝਦੇ, ਜਿਹੜੀ ਕਿ ਉਹ ਅਸਲ ਵਿਚ ਹੈ ਨਹੀਂ ਸੀ।
ਉਹ ਆਪਣੀ ਜਨਮਭੂਮੀ ਛੱਡ ਕੇ ਪਰਾਏ ਦੇਸ਼ ਦੇ ਲੋਕਾਂ ਦੇ ਭਲੇ ਲਈ ਹੀ ਜੀਵੀ। ਆਪਣੇ ਲਈ ਜਾਂ ਆਪਣੇ ਕਿਸੇ ਚਾਹਤਵੰਦ ਲਈ ਕੁਝ ਨਹੀਂ ਚਾਹਿਆ। ਆਪਣੀ ਅਖੀਰਲੀ ਵਸੀਅਤ ਵਿਚ ਉਸ ਨੇ ਆਪਣਾ ਨਿਵਾਸ ਸਥਾਨ, ਆਪਣੀ ਲਾਇਬ੍ਰੇਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਦੇ ਦਿੱਤੀ। ਯੂਨੀਵਰਸਿਟੀ ਨੇ ਓਥੇ ਇਕ ਲੇਖਕ ਘਰ ਬਣਾ ਕੇ ਹਰਬੀਰ ਸਿੰਘ ਭੰਵਰ ਨੂੰ ਓਥੋਂ ਦਾ ਕੇਅਰ ਟੇਕਰ ਬਣਾ ਦਿੱਤਾ।
ਜਦੋਂ ਮੈਂ ਸੰਨ 74 ਵਿਚ ਅੰਦਰੇਟੇ ਗਿਆ ਤਾਂ ਉਸ ਸਮੇਂ ਨੋਰਾ ਰਿਚਰਡਜ਼ ਦੇ ਘਰ ਦਾ ਪ੍ਰਬੰਧਕ ਹਰਬੀਰ ਸਿੰਘ ਭੰਵਰ ਸੀ। ਪਹਿਲਾਂ ਜਿਸ ਘਰ ਅੰਦਰ ਜਾਣਾ ਨਸੀਬ ਨਹੀਂ ਸੀ ਹੋਇਆ, ਹੁਣ ਮੈਂ ਉਸ ਘਰ ਨੂੰ ਤੇ ਉਥੇ ਪਈ ਹਰ ਵਸਤ ਨੂੰ ਜਿਸ ਨੂੰ ਨੋਰਾ ਰਿਚਰਡਜ਼ ਹੱਥਾਂ ਦੀ ਛੋਹ ਪ੍ਰਾਪਤ ਸੀ, ਨੂੰ ਛੋਹ ਕੇ ਦੇਖਿਆ। ਉਸ ਥਾਂ ‘ਤੇ ਅਸੀਂ ਤਕਰੀਬਨ ਦੋ ਘੰਟੇ ਰਹੇ। ਉਥੇ ਇਕ ਵੱਖਰੀ ਤਰ੍ਹਾਂ ਦੀ ਸ਼ਾਂਤੀ ਤੇ ਸਕੂਨ ਪ੍ਰਾਪਤ ਹੋਇਆ। ਓਥੇ ਹਰ ਪਾਸੇ ਉਸ ਦੀਆਂ ਯਾਦਾਂ ਦੀ ਮਹਿਕ ਪਸਰੀ ਹੋਈ ਮਹਿਸੂਸ ਹੋ ਰਹੀ ਸੀ। ਵਸਟੀਰੀਆ ਦੇ ਫੁੱਲਾਂ ਨਾਲ ਢੱਕੀ ਉਸ ਦੀ ਸਮਾਧੀ ਅੱਗੇ ਅੰਗ੍ਰੇਜ਼ੀ ਵਿਚ ਲਿਖੇ ਹੋਏ
ਆਇਰਲੈਂਡ ਦੀ ਪੰਜਾਬਣ ਨੋਰਾ ਰਿਚਰਡਜ਼
-ਹਰਬੀਰ ਸਿੰਘ ਭੰਵਰ
(1)
-ਆਇਰਲੈਂਡ-
ਆਇਰਲੈਂਡ ਯੂਰਪ ਮਹਾਂਦੀਪ ਦਾ ਇਕ ਟਾਪੂ ਹੈ, ਜੋ ਇਸ ਮਹਾਂਦੀਪ ਦੇ ਬਿਲਕੁਲ ਪੱਛਮ ਵੱਲ ਸਥਿਤ ਹੈ। ਇਹ ਬਰਤਾਨੀਆ ਦੇ ਸਭ ਤੋਂ ਨੇੜੇ ਹੈ, ਇਸ ਦਾ ਖੇਤਰਫਲ 84, 421ਵਰਗ ਕਿਲੋਮੀਟਰ ਹੈ ਅਤੇ ਆਬਾਦੀ 49,53297 ਹੈ।
ਕਈ ਸਦੀਆਂ ਪਹਿਲਾਂ ਇੰਗਲੈਂਡ ਤੇ ਸਕਾਟਲੈਂਡ ਦੇ ਲੋਕ ਪ੍ਰਵਾਸ ਕਰਕੇ ਇਸ ਟਾਪੂ ਦੇ ਉੱਤਰੀ ਇਲਾਕੇ ਵਿਚ ਆਏ, ਜੋ ਕਿ ਵਧੇਰੇ ਕਰਕੇ ਪ੍ਰੋਟੈਸਟੈਂਟ ਸਨ, ਜਦੋਂ ਕਿ ਸਥਾਨਕ ਵਸਨੀਕ ਮੁੱਖ ਤੌਰ ‘ਤੇ ਰੋਮਨ ਕੈਥੋਲਿਕ ਸਨ। ਇਨ੍ਹਾਂ ਦੋਨਾਂ ਵਿਚ ਹਿੰਸਕ, ਤੇ ਕਈ ਵਾਰੀ ਖ਼ੂਨੀ ਝੜਪਾਂ ਹੁੰਦੀਆਂ ਰਹਿੰਦੀਆਂ ਸਨ।
ਸਦੀਆਂ ਤਕ ਸਕਾਟਲੈਂਡ ਹਮੇਸ਼ਾਂ ਇਕ ਵੱਖਰਾ ਅਖੰਡ ਰਾਸ਼ਟਰ ਰਿਹਾ ਹੈ, ਜਿਸਦੇ ਲੋਕਾਂ ਦੀ ਆਪਣੀ ਭਾਸ਼ਾ, ਸਭਿਆਚਾਰ, ਸਮਾਜਿਕ ਤਾਣਾ-ਬਾਣਾ ਤੇ ਸਿਆਸੀ ਸਿਸਟਮ ਤੇ ਕਾਨੂੰਨ ਪ੍ਰਬੰਧ ਰਿਹਾ ਹੈ। ਸਾਲ 1169 ਦੌਰਾਨ ਇੰਗਲੈਂਡ ਦੇ ਹਮਲੇ ਤੋਂ ਪਹਿਲਾਂ ਆਇਰਲੈਂਡ ਵਿਚ ਆਪਣਾ ਆਜ਼ਾਦ ਰਾਜ-ਪ੍ਰਬੰਧ ਸੀ। ਸਾਲ 1921 ਤਕ ਆਇਰਲੈਂਡ ਦੇ ਟਾਪੂ ਉਤੇ ਇੰਗਲੈਂਡ ਵੱਲੋਂ “ਪਾੜੋ ਤੇ ਰਾਜ ਕਰੋ” ਦੀ ਨੀਤੀ ਅਪਣਾ ਕੇ ਇਕ ਸਿਆਸੀ ਬਸਤੀ ਵਜੋਂ ਰਾਜ ਕੀਤਾ ਜਾਂਦਾ ਰਿਹਾ ਹੈ, ਜਦੋਂ ਲੋਕਾਂ ਵੱਲੋਂ ਆਜ਼ਾਦੀ ਦੇ ਸ਼ੰਘਰਸ਼ ਨੂੰ ਸਿਆਸੀ ਤੇ ਫੌਜੀ ਤਾਕਤ ਨਾਲ ਦਬਾ ਦਿੱਤਾ ਜਾਂਦਾ ਰਿਹਾ।
ਆਇਰਸ਼ ਲੋਕਾਂ ਦੀ ਮਰਜ਼ੀ ਦੇ ਖ਼ਿਲਾਫ, ਬਰਤਾਨੀਆ ਦੀ ਪਾਰਲੀਮੈਂਟ ਵੱਲੋਂ ਗਵਰਨਮੈਂਟ ਆਫ ਆਇਰਲੈਂਡ ਐਕਟ 1920 ਪਾਸ ਕਰਕੇ ਸਾਲ 1921 ਦੌਰਾਨ ਹਿੰਦੁਸਤਾਨ ਤੇ ਪਾਕਿਸਸਾਨ ਵਾਂਗ ਇਸ ਦੇ ਦੋ ਟੁਕੜੇ ਕਰ ਦਿੱਤੇ ਗਏ। ਆਇਰਲੈਂਡ ਦੀਆਂ 32 ਕਾਊਂਟੀਆਂ ਵਿਚ 26 ਕਾਊਂਟੀਆਂ ਉਤੇ ਅਧਾਰਿਤ 34 43405 ਆਬਾਦੀ ਵਾਲੇ ਇਕ ਹਿੱਸੇ ਨੂੰ ‘ਰੀਪਬਲਿਕ ਆਫ ਆਇਰਲੈਂਡ’ ਦਾ ਨਾਂ ਦਿੱਤਾ ਗਿਆ, ਅਤੇ ਬਾਕੀ ਛੇ ਕਾਊਂਟੀਆਂ ਉਤੇ ਅਧਾਰਿਤ 15,09892 ਵੱਸੋਂ ਵਾਲੇ ਇਲਾਕੇ ਨੂੰ ‘ਉੱਤਰੀ ਆਇਰਲੈਂਡ’ ਦਾ ਨਾਂ ਦਿੱਤਾ ਗਿਆ। ਆਇਰਸ਼ ਲੋਕਾਂ ਵੱਲੋਂ ਆਜ਼ਾਦੀ ਦਾ ਸੰਘਰਸ਼ ਫਿਰ ਵੀ ਜਾਰੀ ਰਿਹਾ।
ਆਇਰਲੈਂਡ ਨਾਟਕ ਪ੍ਰੰਪਰਾ ਲਈ ਬੜਾ ਹੀ ਮਸ਼ਹੂਰ ਰਿਹਾ ਹੈ। ਪਿਛਲੀ ਸਦੀ ਵਿਚ ਲੇਡੀ ਗਰੇਗਰੀ ਦਾ ਨਾਂ ਅੰਤਰ-ਰਾਸ਼ਟਰੀ ਪ੍ਰਸਿੱਧੀ ਵਾਲਾ ਰਿਹਾ ਹੈ।
ਆਇਰਲੈਂਡ ਦੇ ਡਾਰਸੈਟ ਪ੍ਰਾਂਤ ਵਿਚ ਗੋਰਵੁਡ ਵਿਖੇ ਪੰਜਾਬੀ ਨਾਟਕ ਦੀ ਨੱਕੜਦਾਦੀ ਨੋਰਾ ਰਿਚਰਡਜ਼ (Nee Noorah Doyle) ਦਾ 29 ਅਕਤੂਬਰ 1876 ਨੂੰ ਜਨਮ ਹੋਇਆ।ਉਸ ਦੀ ਨਾਟ ਪਰੰਪਰਾ ਵਾਲੀ ਇਸ ਧਰਤੀ ‘ਤੇ ਪਾਲਣਾ-ਪੋਸਨਾ ਹੋਈ। ਬਚਪਨ ਤੋਂ ਹੀ ਉਸ ਨੂੰ ਸਟੇਜ ‘ਤੇ ਕੰਮ ਕਰਨ ਅਤੇ ਗਾਉਣ ਦਾ ਸ਼ੌਕ ਸੀ । ਉਹ ਸਟੇਜ ‘ਤੇ ਨਾਟਕ ਖੇਡਣ ਦੇ ਨਾਲ ਗੀਤ ਵੀ ਗਾਇਆ ਕਰਦੀ ਸੀ ਅਤੇ ਨੋਰਾ ਡਾਇਲ (Noorah Doyle) ਦੇ ਨਾਂ ਨਾਲ ਪ੍ਰਸਿੱਧ ਹੋ ਗਈ ਸੀ।
ਨਾਮਵਾਰ ਨਾਟਕਕਾਰ ਮਰਹੂਮ ਡਾ. ਹਰਚਰਨ ਸਿੰਘ ਦੇ ਸ਼ਬਦਾਂ ਅਨੁਸਰ “ਭਾਰਤ ਤੇ ਆਇਰਲੈਂਡ ਵਿਚ ਦੋ ਗੱਲਾਂ ਦੀ ਸਾਂਝ ਸੀ। ਦੋਨੋਂ ਥਾਂ ਉਨ੍ਹੀਂ ਦਿਨੀਂ ਜ਼ੋਰਦਾਰ ਨਾਟ-ਲਹਿਰ ਚਲ ਰਹੀ ਸੀ ਜੋ ਲੋਕਾਂ ਵਿਚ ਰਾਜਸੀ ਚੇਤਨਾ ਅਤੇ ਦੇਸ਼- ਭਗਤੀ ਦੀ ਭਾਵਨਾ ਜਗਾ ਰਹੀ ਸੀ। ਦੇਸ਼-ਭਗਤ ਅਦਾਕਾਰ ਅਤੇ ਨਾਟਕਕਾਰ ਲੇਡੀ ਗਰੇਗਰੀ ਦਾ ਰੂਪ ਧਾਰ ਗਈ ਸੀ। ਜੇ ਉਹ (ਨੋਰਾ) ਅੰਗਰੇਜ਼ ਸਵਾਣੀ ਹੁੰਦੀ ਤਾਂ ਕਦੇ ਵੀ ਪੰਜਾਬੀਆਂ ਨੂੰ ਸਹੀ ਤੇ ਨਰੋਆ ਰਾਹ ਨਾ ਦਰਸਾਉਂਦੀ।”
(2)
ਮੁੱਢਲਾ ਜੀਵਨ-
ਇਹ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬੀ ਰੰਗਮੰਚ ਦੀ ਨੀਂਹ ਆਇਰਲੈਂਡ ਵਿਚ ਜਨਮ ਲੈਣ ਵਾਲੀ ਇਕ ਇਸਤਰੀ ਮਿਸਿਜ਼ ਨੋਰਾ ਰਿਚਰਡਜ਼ ਨੇ ਰੱਖੀ, ਜੋ ਖ਼ੁਦ ਪੰਜਾਬੀ ਬੋਲ, ਲਿਖ ਜਾਂ ਪੜ੍ਹ ਨਹੀਂ ਸਕਦੀ ਸੀ।ਆਇਰਲੈਂਡ ਦੀ ਨਾਟ- ਪਰੰਪਰਾ ਵਿਚ ਉਸ ਦੀ ਪਾਲਣਾ-ਪੋਸਨਾ ਹੋਈ। ਮੁੱਢਲੀ ਵਿੱਦਿਆ ਬੈਲਜੀਅਮ, ਸਿਡਨੀ ਅਤੇ ਆਕਸਫੋਰਡ ਤੋਂ ਪ੍ਰਾਪਤ ਕੀਤੀ। ਬਚਪਨ ਤੋਂ ਹੀ ਉਸ ਨੂੰ ਸਟੇਜ ‘ਤੇ ਕੰਮ ਕਰਨ ਅਤੇ ਗਾਉਣ ਦਾ ਸ਼ੌਕ ਸੀ। ਉਹ ਸਟੇਜ ਤੇ ਨਾਟਕ ਖੇਡਣ ਦੇ ਨਾਲ ਗੀਤ ਵੀ ਗਾਇਆ ਕਰਦੀ ਸੀ ਅਤੇ ਨੋਰਾ ਡਾਇਲ ਦੇ ਨਾਂ ਨਾਲ ਪ੍ਰਸਿੱਧ ਹੋ ਗਈ ਸੀ।ਉਹ ਟੈਕਸਾਸ ਯੂਨੀਵਰਸਿਟੀ ਵਿਚ ਡਰਾਮਾ ਵਿਭਾਗ ਦੇ ਮੁਖੀ ਪ੍ਰੋ. ਬੀ. ਈਡਨ ਪਾਈਨ ਦੇ ਪ੍ਰਭਾਵ ਹੇਠ ਆ ਕੇ ‘ਟਾਲਸਟਾਇਣ’ ਬਣ ਗਈ। ਸਟੇਜ ਛੱਡ ਡੌਰਸੈਟ ਪ੍ਰਦੇਸ਼ ਵਿਚ ਇਕ ਗੁੰਮਨਾਮ ਜਿਹੇ ਪਿੰਡ ਵੁਡਲੈਂਡਜ਼ ਵਿਖੇ ਬੜਾ ਹੀ ਸਿੱਧਾ ਅਤੇ ਸਾਦਾ ਜੀਵਨ ਬਿਤਾਉਣ ਲਗੀ। ਆਪਣੇ ਹੱਥੀਂ ਕੰਮ ਕਰਕੇ ਗੁਜ਼ਾਰਾ ਕਰਦੀ ਰਹੀ। ਇਥੇ ਉਸਨੇ ‘ਕੁਦਰਤੀ ਇਲਾਜ’ ਦਾ ਇਕ ਕੇਂਦਰ ਵੀ ਸ਼ੁਰੂ ਕੀਤਾ ਸੀ।
(3)
ਵਿਆਹ-
ਵੁੱਡਲੈਂਡਜ਼ ਵਿਖੇ ਉਸਦੀ ਮੁਲਾਕਾਤ ਪ੍ਰੋ. ਫਿਲਿਪਸ ਅਰਨੈਸਟ ਰਿਚਰਡਜ਼ ਨਾਲ ਹੋਈ, ਜੋ ਪਿਆਰ ਵਿਚ ਬਦਲ ਗਈ ਅਤੇ 1908 ਵਿਚ ਉਸ ਨਾਲ ਵਿਆਹ ਕਰਵਾ ਕੇ ਉਹ ਮਿਸ ਨੋਰਾ ਡਾਇਲ ਤੋਂ ਮਿਸਿਜ਼ ਨੋਰਾ ਰਿਚਰਡਜ਼ ਬਣ ਗਈ।
ਆਪਣੀ ਸ਼ਾਦੀ ਤੋਂ ਪਹਿਲਾਂ ਪ੍ਰੋ. ਪੀ.ਈ. ਰਿਚਰਡਜ਼ ਵਲੋਂ ਮਿਸ ਨੋਰਾ ਡਾਇਲ ਦੇ ਨਾਂ ਲਿਖਿਆ ਆਖਰੀ ਪੱਤਰ, ਜਿਸ ‘ਤੇ ਨਿਸ਼ਾਨਦੇਹੀ ਕੀਤੀ ਗਈ ਸੀ ਕਿ ਵੁੱਡਲੈਂਡਜ਼ ਤੋਂ ਵਾਲਸੇਲ ਨੂੰ ਗੱਡੀ ਵਿਚ ਸਫ਼ਰ ਕਰਦੇ ਹੋਏ ਪੜ੍ਹਨਾ ਹੈ। ਪੱਤਰ ਦਾ ਮਜ਼ਮੂਨ ਇਸ ਤਰ੍ਹਾ ਸੀ :
ਤਕਦੀਰ ਦੀ ਆਗਿਆ ਵਿਚ ਵਿਸ਼ਵਾਸ ਨਾਲ ਬੰਧੇ ਹੋਏ ਅਸੀਂ ਇਹ ਰਿਸ਼ਤਾ ਜੋੜ ਰਹੇ ਹਾਂ, ਅਤੇ ਉਹ ਹਰ ਸ਼ਕਤੀ ਜੋ ਜ਼ਿੰਦਗੀ ਤੇ ਚਰਿੱਤਰ ਦੀ ਸ਼ਕਲ ਸੂਰਤ ਨੂੰ ਘੜਦੀ ਹੈ, ਸਾਡੇ ਨਾਲ ਹੈ। ਅਸੀਂ ਦੋਨੋ ‘ਇਕ ਜਯੋਤ ਦੋਇ ਮੂਰਤੀ’ ਇਕ ਸ਼ਕਤੀ ਹੋਵਾਂਗੇ।
ਲੋਕ ਜੋ ਵਿਆਹ ਕਰਵਾਉਂਦੇ ਹਨ, ਬਹੁਤਾ ਕੁਝ ਨਹੀਂ ਸੋਚਦੇ, ਜਿਤਨਾ ਅਸੀਂ ਅਗਾਂਹ ਤਕ ਸੋਚ ਰਹੇ ਹਾਂ। ਸ਼ਾਇਦ ਅਸੀਂ ਬਹੁਤਿਆਂ ਨਾਲੋਂ ਅੱਗੇ ਤਕ ਵੇਖ ਰਹੇ ਹਾਂ ਕਿਉਂ ਜੋ ਤੇਰੀਆਂ ਅੱਖਾਂ ਬਹੁਤ ਕੁਝ ਚੰਗਾ ਦੇਖਣ ਲਈ ਖੁੱਲ੍ਹੀਆਂ ਹੋਈਆਂ ਹਨ, ਤੇਰਾ ਦਿਲ ਉਚੀਆਂ ਉਡਾਰੀਆਂ, ਪਰ ਸਿਆਣੇ ਉਦੇਸ਼ਾਂ ਲਈ ਧੜਕਦਾ ਹੈ, ਤੇਰਾ ਇਰਾਦਾ ਜਿਤਨਾ ਵੀ ਸੰਭਵ ਹੋ ਸਕੇ, ਚੰਗੇਰੇ ਕਾਰਜਾਂ ਲਈ ਪੱਕਾ ਹੈ।
ਤੇਰੀ ਨਿਡਰਤਾ, ਤੇਰੀ ਜਾਂਬਾਜ਼ੀ, ਕੁਝ ਕਰ ਗੁਜ਼ਰਨ ਲਈ ਤੇਰੀ ਸਿਆਣਪ ਤੇ ਤਿਆਰੀ, ਤੇਰਾ ਧੜਕਦਾ ਹੋਇਆ ਦਿਲ ਤੇ ਸੋਚਣ ਵਾਲਾ ਦਿਮਾਗ਼, ਮੈਨੂੰ ਖੁਸ਼ੀ ਹੈ ਕਿ ਮੈਂ ਤੇਰੀ ਬਦੌਲਤ ਕੁਝ ਕਰ ਸਕਾਂਗਾ। ਤੂੰ ਆਪਣੇ ਆਪ ਨੂੰ ਦੁਨੀਆਂ ਤੋਂ ਇਕ ਗੁਮਨਾਮ ਤੇ ਨਿਵੇਕਲੇ ਜਿਹੇ ਪਿੰਡ ਵਿੱਚ ਆਪਣੇ ਆਪ ਨੂੰ ਛੁਪਾ ਲਿਆ। ਸੀ, ਤੂੰ ਸੀਨੇ ਵਿਚ ਇਕ ਅੱਗ ਤੇ ਚਾਹਤ ਲੈ ਕੇ ਇਕ ਇਕਾਂਤ ਵਿਚ ਚਲੀ ਗਈ। ਤੈਨੂੰ ਇਕ ਪ੍ਰੇਮੀ ਦੀ ਲੋੜ ਹੈ ਅਤੇ ਮੈਨੂੰ ਉਹ ਪ੍ਰੇਮੀ ਬਣਨ ਦੀ ਆਗਿਆ ਦੇ। ਮੈਂ ਸ਼ੁਕਰਗੁਜ਼ਾਰ ਹਾਂ ਕਿ ਇਸ ਪੱਤਰ ਰਾਹੀਂ ਮੈਂ ਤੇਰੀ ਪੂਜਾ ਬਾਰੇ ਆਪਣੇ ਵਿਚਾਰ ਪ੍ਰਗਟ ਕਰ ਸਕਿਆ ਹਾਂ।
ਤੂੰ ਇਕ ਅਤਿ ਸੁੰਦਰ ਥਾਂ ਤੋਂ ਨਿਕਲ ਕੇ ਮੇਰੇ ਪਾਸ ਆ ਰਹੀ ਏਂ ਅਤੇ ਅਸੀਂ ਦੋਵੇਂ ਮਿਲ ਕੇ ਇਕ ਖੂਬਸੂਰਤ ਘਰ ਬਣਾਵਾਂਗੇ। ਤੂੰ ਆਪਣਾ ਮਾਹੌਲ ਆਪ ਚੁਣਿਆ ਤੇ ਇਸ ਨੂੰ ਬਣਾਉਣ ਵਿਚ ਮਦਦ ਕੀਤੀ। ਅਗਲੇ ਮੰਗਲਵਾਰ ਤੋਂ ਤੂੰ ਇਸ ਤੋਂ ਇਕ ਵੱਡੀ ਦੁਨੀਆਂ ਬਣਾਏਂਗੀ।
ਸਾਡੇ ਮਿੱਟੀ ਦੇ ਕੁੱਜਿਆਂ ਤੇ ਸਾਡੇ ਭਾਂਡਿਆਂ ਵਿਚ ਇਕ ਸਵਰਗ ਹੋਏਗਾ।
ਤੇਰੀ ਬੱਲੇ ਬੱਲੇ ਹੋਵੇ, ਮੇਰੀ ਸੁਹਣੀ ਪ੍ਰੇਮਿਕਾ।
ਪੀ.ਈ.ਆਰ.
(4)
ਲਾਹੌਰ ਆਮਦ
ਲਾਹੌਰ ਨੂੰ ਅਣਵੰਡੇ ਪੰਜਾਬ ਦੀ ਰਾਜਧਾਨੀ ਹੋਣ ਦਾ ਮਾਣ ਰਿਹਾ ਹੈ। ਕਿਹਾ ਜਾਂਦਾ ਹੈ ਕਿ ਲਾਹੌਰ ਮਰਯਾਦਾ ਪ੍ਰਸ਼ੋਤਮ ਭਗਵਾਨ ਸ੍ਰੀ ਰਾਮਚੰਦਰ ਜੀ ਦੇ ਬੇਟੇ ਲਵ ਨੇ ਰਾਵੀ (ਏਰਾਵਤੀ) ਕਿਨਾਰੇ ਵਸਾਇਆ ਸੀ। ਇਸ ਦਾ ਪਹਿਲਾ ਨਾਉਂ ਲਵਪੁਰ ਸੀ, ਜੋ ਸਮੇਂ ਦੇ ਬੀਤਣ ਨਾਲ ਵਿਗੜਦਾ-ਵਿਗੜਦਾ ਲਾਹੌਰ ਹੋ ਗਿਆ। ਇਸ ਦਾ ਭਾਵ ਹੈ ਕਿ ਲਾਹੌਰ ਕਈ ਹਜ਼ਾਰ ਸਾਲ ਪੁਰਾਣਾ ਸ਼ਹਿਰ ਹੈ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਰਾਜਧਾਨੀ ਭਾਵੇਂ ਲਾਹੌਰ ਸੀ, ‘ਸਮਰ ਕੈਪੀਟਲ’ ਅੰਮ੍ਰਿਤਸਰ ਸੀ ਅਤੇ ਉਹ ਉਥੇ ਵੀ ਕਾਫੀ ਸਮਾਂ ਰਿਹਾ ਕਰਦੇ ਸਨ। ਮਹਾਰਾਜਾ ਦੇ ਰਾਜਕਾਲ ਸਮੇਂ ਲਾਹੌਰ ਅਤੇ ਅੰਮ੍ਰਿਤਸਰ ਵਿਚਕਾਰ ਨੇੜਤਾ ਆਈ। ਉਸ ਸਮੇਂ ਲਾਹੌਰ ਤੇ ਅੰਮ੍ਰਿਤਸਰ ਸਾਂਝੇ ਪੰਜਾਬ ਦੇ ਦੋ ਪ੍ਰਮੁੱਖ ਸ਼ਹਿਰ ਹੁੰਦੇ ਸਨ। ਦੋਨਾਂ ਸ਼ਹਿਰਾਂ ਦੇ ਲੋਕਾਂ ਦੀ ਭਾਸ਼ਾ, ਜਨ-ਜੀਵਨ ਅਤੇ ਤਹਿਜ਼ੀਬ ਇੱਕੋ ਜੇਹੀ ਹੈ। ਦੋਨੋਂ ਵੱਡੇ ਵਪਾਰਕ ਕੇਂਦਰ ਰਹੇ ਹਨ। ਪੰਜਾਬ ਵਿਚ ਆਜ਼ਾਦੀ ਲਈ ਸੰਘਰਸ਼ ਦੇ ਮੁੱਖ ਕੇਂਦਰ ਰਹੇ ਅਤੇ ਦੋਨਾਂ ਥਾਵਾਂ ‘ਤੇ ਅਕਸਰ ਅੰਗਰੇਜ਼ ਸਾਮਰਾਜ ਵਿਰੁੱਧ ਮੁਜ਼ਾਹਰੇ ਹੁੰਦੇ ਰਹੇ। ਇਹ ਦੋਨੋਂ ਸ਼ਹਿਰ ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਦੇ ਕੇਂਦਰ ਵੀ ਰਹੇ। ਬਹੁਤ ਪੁਰਾਣਾ ਸ਼ਹਿਰ ਹੋਣ ਅਤੇ ਸਾਂਝੇ ਪੰਜਾਬ ਦੀ ਰਾਜਧਾਨੀ ਹੋਣ ਕਾਰਨ ਲਾਹੌਰ ਦੀ ਮਹੱਤਤਾ ਵਧੇਰੇ ਰਹੀ ਹੈ। ਇਹ ਵਿੱਦਿਆ, ਕਲਾ, ਸਾਹਿਤ, ਸਭਿਆਚਾਰ, ਵਪਾਰ ਤੇ ਸਿਆਸਤ ਦਾ ਕੇਂਦਰ ਹੋਣ ਕਾਰਨ 19ਵੀਂ ਤੇ 20ਵੀਂ ਸਦੀ ਵਿਚ ਉੱਤਰੀ ਭਾਰਤ ਦਾ ਸਭ ਤੋਂ ਪ੍ਰਮੁੱਖ ਸ਼ਹਿਰ ਬਣ ਗਿਆ ਸੀ। ਬੰਬਈ ਤੇ ਕਲਕੱਤੇ ਵਾਂਗ ਦੇਸ਼-ਵੰਡ ਤੋਂ ਪਹਿਲਾਂ ਫਿਲਮਾਂ ਬਣਾਉਣ ਦਾ ਵੀ ਇਕ ਪ੍ਰਮੁੱਖ ਕੇਂਦਰ ਸੀ; ਇਸੇ ਲਈ ਇਕ ਕਹਾਵਤ ਬੜੀ ਮਸ਼ਹੂਰ ਹੈ, “ਜਿਸ ਨੇ ਲਾਹੌਰ ਨਹੀਂ ਦੇਖਿਆ, ਉਹ ਹਾਲੇ ਜੰਮਿਆ ਹੀ ਨਹੀਂ।”
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਉਤੇ ਕਬਜ਼ਾ ਕੀਤਾ, ਤਾਂ ਪੰਜਾਬ ਵਿਚ ਸਕੂਲ ਤੇ ਕਾਲਜ ਸਥਾਪਤ ਹੋਣੇ ਸ਼ੁਰੂ ਹੋਏ। ਪੰਜਾਬ ਦੇ ਸਾਰੇ ਕਾਲਜ ਪਹਿਲਾਂ-ਪਹਿਲਾਂ ਕਲਕੱਤਾ ਯੂਨੀਵਟਸਿਟੀ ਨਾਲ ਜੋੜੇ ਗਏ ਸਨ, ਲਾਹੌਰ ਵਿਖੇ ਪੰਜਾਬ ਯੂਨੀਵਰਸਿਟੀ ਸਥਾਪਤ ਹੋਣ ਨਾਲ ਇਥੇ ਅਨੇਕਾਂ ਕਾਲਜ ਖੁੱਲ੍ਹੇ, ਜਿਨ੍ਹਾਂ ਵਿਚ ਦਿਆਲ ਸਿੰਘ ਕਾਲਜ ਦਾ ਆਪਣਾ ਇਕ ਵਿਸ਼ੇਸ ਸਥਾਨ ਸੀ।
ਸਾਲ 1911 ਵਿਚ ਪ੍ਰੋ. ਪੀ. ਈ. ਰਿਚਰਡਜ਼ ਇਸ ਕਾਲਜ ਵਿਚ ਅੰਗਰੇਜ਼ੀ ਸਾਹਿਤ ਦੇ ਪ੍ਰੋਫੈਸਰ ਨਿਯੁਕਤ ਹੋ ਕੇ ਇਥੇ ਆਏ, ਤਾਂ ਅਪਣੇ ਪਤੀ ਨਾਲ ਨੋਰਾ ਰਿਚਰਡਜ਼ ਵੀ ਆਈ। ਇਥੇ ਉਸ ਨੇ ਵੱਡੀਆਂ-ਵੱਡੀਆਂ ਪੈੜਾਂ ਪਾਈਆਂ ਅਤੇ ਪੰਜਾਬੀ ਰੰਗਮੰਚ ਦਾ ਨਵਾਂ ਇਤਿਹਾਸ ਰਚਿਆ। ਉਸ ਨੇ ਕਾਲਜ ਦੇ ਵਿਦਿਆਰਥੀਆਂ ਨਾਲ ਨਾਟਕਾਂ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਉਸ ਸਮੇਂ ਕਾਲਜਾਂ ਵਿਚ ਅੰਗਰੇਜ਼ੀ ਦੇ ਹੀ ਨਾਟਕ ਅਤੇ ਉਹ ਵੀ ਵਧੇਰੇ ਕਰਕੇ ਸ਼ੈਕਸਪੀਅਰ ਦੇ ਨਾਟਕ, ਖੇਡੇ ਜਾਂਦੇ ਸਨ ਜੋ ਪੰਜਾਬੀ ਵਿਦਿਆਰਥੀਆਂ ਦੇ ਮੂੰਹੋਂ ਬੜੇ ਰੁੱਖੇ ਅਤੇ ਓਪਰੇ ਜਾਪਦੇ ਸਨ। ਅੰਗਰੇਜ਼ੀ ਦਾ ਉਚਾਰਨ ਵੀ ਸਹੀ ਨਹੀਂ ਹੁੰਦਾ। ਸੀ। ਸ੍ਰੀਮਤੀ ਨੋਰਾ ਨੇ ਵਿਦਿਆਰਥੀਆਂ ਨੂੰ ਆਪਣੀ ਮਾਤ-ਭਾਸ਼ਾ ਵਿਚ ਨਾਟਕ ਲਿਖਣ ਅਤੇ ਖੇਡਣ ਲਈ ਪ੍ਰੇਰਨਾ ਦਿੱਤੀ ਅਤੇ ਇਕ ਨਾਟਕ ਪ੍ਰਤੀਯੋਗਤਾ ਆਯੋਜਿਤ ਕੀਤੀ। ਇਸੇ ਮੁਕਾਬਲੇ ਵਿਚ 1913 ਵਿਚ ਈਸ਼ਵਰ ਚੰਦਰ ਨੰਦਾ ਨੇ ‘ਦੁਲਹਨ’ ਲਿਖ ਕੇ ਪਹਿਲਾ ਇਨਾਮ ਜਿਤਿਆ। ਇਸ ਤਰ੍ਹਾਂ ਦੇ ਇਨਾਮ ਦੇਣ ਦੀ ਪ੍ਰਥਾ। ਯੂਨਾਨੀ ਰੰਗ-ਮੰਚ ਤੋਂ ਚਲੀ ਆ ਰਹੀ ਸੀ, ਪੰਜਾਬ ਵਿਚ ਇਹ ਪ੍ਰਥਾ ਨੋਰਾ ਨੇ ਤੋਰੀ। ‘ਦੁਲਹਨ’ ਜਿਸ ਨੂੰ ਪੰਜਾਬੀ ਦਾ ਪਹਿਲਾ ਸਾਹਿਤਕ ਨਾਟਕ ਹੋਣ ਦਾ ਮਾਣ ਪ੍ਰਾਪਤ ਹੈ, 14 ਅਪਰੈਲ 1914 ਨੂੰ ਦਿਆਲ ਸਿੰਘ ਕਾਲਜ ਲਾਹੌਰ ਦੇ ਖੁਲ੍ਹੇ ਰੰਗਮੰਚ ‘ਤੇ ਖੇਡਿਆ ਗਿਆ, ਜਿਸ ਦਾ ਨਿਰਦੇਸ਼ਨ ਖ਼ੁਦ ਨੋਰਾ ਨੇ ਕੀਤਾ।
ਇਥੇ ਹੀ ਨਾਟਕ ਲਿਖਣ, ਖੇਡਣ ਅਤੇ ਨਿਰਦੇਸ਼ਨ ਦੀ ਕਲਾ ਸਿਖਾਉਣ ਲਈ ਨੋਰਾ ਰਿਚਰਡਜ਼ ਨੇ ‘ਸਰਸਵਤੀ ਸਟੇਜ ਸੋਸਾਇਟੀ’ ਨਾਂ ਦਾ ਇਕ ਸਕੂਲ ਵੀ ਖੋਲ੍ਹਿਆ, ਜਿਸ ਦੇ ਪ੍ਰਧਾਨ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਾਈਸ ਚਾਂਸਲਰ ਮਿਸਟਰ ਏ. ਸੀ. ਵੂਲਨਰ ਸਨ। ਇਸ ਰਾਹੀਂ ਕਈ ਨਾਟਕ ਖਿਡਵਾਏ ਗਏ। ਪ੍ਰਸਿੱਧ ਫਿਲਮਸਟਾਰ ਸਵਰਗਵਾਸੀ ਪ੍ਰਿਥਵੀ ਰਾਜ ਕਪੂਰ, ਆਈ. ਸੀ. ਨੰਦਾ, ਪ੍ਰੋ. ਜੇ ਦਿਆਲ, ਬਲਵੰਤ ਗਾਰਗੀ, ਡਾ. ਹਰਚਰਨ ਸਿੰਘ ਆਦਿ ਇਸ ਸਮੇਂ ਦੀਆਂ. ਰੰਗਮੰਚ ਦੀਆਂ ਸਰਗਰਮੀਆਂ ਸਦਕਾ ਇਤਨੇ ਉੱਚ ਸਥਾਨ ‘ਤੇ ਪਹੁੰਚੇ ਸਨ।
ਪੰਜਾਬੀ ਰੰਗਮੰਚ ਦੀਆਂ ਇਨ੍ਹਾਂ ਸਰਗਰਮੀਆਂ ਨੂੰ ਉਸ ਸਮੇਂ ਬੜੀ ਸੱਟ ਵੱਜੀ ਜਦੋਂ 1920 ਵਿਚ ਪ੍ਰੋਫੈਸਰ ਰਿਚਰਡਜ਼ ਦੀ ਮੌਤ ਹੋ ਗਈ ਅਤੇ ਨੋਰਾ ਲਾਹੌਰ ਛੱਡ ਕੇ ਇੰਗਲੈਂਡ ਵਾਪਸ ਚਲੀ ਗਈ।
(5)
ਇੰਗਲੈਂਡ ਤੋਂ ਵਾਪਸੀ
ਉਹ ਪੰਜਾਬ ਦੀ ਮਿੱਟੀ ਨਾਲ ਇਤਨਾ ਰਚ-ਮਿਚ ਚੁੱਕੀ ਸੀ ਕਿ ਉਧਰ ਉਸਦਾ ਦਿਲ ਨਾ ਲੱਗਾ। ਇਕ ਵਾਰੀ ਲੰਡਨ ਦੇ ਇਕ ਸਿਨੇਮਾ ਹਾਲ ਵਿਚ ਇਕ ਫਿਲਮ ‘ਥਰੂ ਰੋਮਾਂਟਕ ਇੰਡੀਆ’ ਵਿਖਾਈ ਜਾ ਰਹੀ ਸੀ ਜਿਸ ਵਿਚ ਹਿੰਦੁਸਤਾਨੀਆਂ ਦਾ ਬੜਾ ਹੀ ਮਜ਼ਾਕ ਉਡਾਇਆ ਗਿਆ ਸੀ। ਸ੍ਰੀਮਤੀ ਰਿਚਰਡਜ਼ ਨੇ ਅਨੁਭਵ ਕੀਤਾ ਕਿ ਇਹ ਹਿੰਦੁਸਤਾਨੀਆਂ ਨਾਲ ਬੇਇਨਸਾਫ਼ੀ ਹੈ। ਉਸ ਨੇ ਉਠ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ,“ਇਹ ਗ਼ਲਤ ਹੈ” ਅਤੇ ਸ਼ੋਅ ਕੇਸ ਦੇ ਸ਼ੀਸੇ ਤੋੜ ਦਿੱਤੇ। ਇਸ ‘ਤੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਇਕ ਮਹੀਨੇ ਲਈ ਹੋਲੋਵੇ ਜੇਲ੍ਹ ਭੇਜ ਦਿੱਤਾ ਗਿਆ।
ਜੇਲ੍ਹ ਤੋਂ ਰਿਹਾਅ ਹੋਈ ਤਾਂ ਇਕ ਦਿਨ ਉਸਦੀ ਇਕ ਸਹੇਲੀ ਨੇ ਕਿਹਾ, “ਤੈਨੂੰ ਹਿੰਦੁਸਤਾਨ ਨਾਲ ਇਤਨਾ ਹੀ ਪਿਆਰ ਹੈ ਤਾਂ ਉਥੇ ਵਾਪਸ ਕਿਉਂ ਨਹੀਂ ਚਲੀ ਜਾਂਦੀ ?” ਸੋ ਇਸ ਪ੍ਰੇਰਨਾ ਦਾ ਸਦਕਾ ਜਾਣ ਦਾ ਇਰਾਧਾ ਧਾਰ ਕੁਝ ਸਮਾਂ ਕੰਮ ਕਰਕੇ, ਅਪਣੇ ਕਿਰਾਏ ਜੋਗੇ ਪੈਸੇ ਜੋੜ ਕੇ ਉਹ 1924 ਵਿਚ ਫਿਰ ਲਾਹੌਰ ਵਾਪਸ ਆ ਗਈ।
(6)
ਜ਼ਿਲ੍ਹਾ ਕਾਂਗੜਾ ਵਿਚ
ਜ਼ਿਲ੍ਹਾ ਕਾਂਗੜਾ ਇਕ ਪਹਾੜੀ ਇਲਾਕਾ ਹੈ। ਇਹ ਹਿਮਾਲੀਆਂ ਪਰਬਤ ਦੀ ਧੌਲਾਧਾਰ ਰੇਂਜ, ਜਿਸ ਦੀਆਂ ਆਸਮਾਨ ਨੂੰ ਛੂੰਹਦੀਆਂ ਚੋਟੀਆਂ ਬਰਫ ਨਾਲ ਲੱਦੀਆਂ ਰਹਿੰਦੀਆਂ ਹਨ, ਦੇ ਪੈਰਾਂ ਵਿਚ ਵੱਸਿਆ ਹੈ। ਮੁਗਲ ਸਮਰਾਟ ਅਕਬਰ ਦੇ ਸਮੇਂ ਤੋਂ ਜ਼ਿਲ੍ਹਾ ਕਾਂਗੜਾ ਪੰਜਾਬ ਦਾ ਹਿੱਸਾ ਰਿਹਾ ਹੈ। ਮੁਗ਼ਲ ਖਾਨਦਾਨ ਦੇ ਪਤਨ ਸਮੇਂ ਇਥੋਂ ਦੇ ਪਹਾੜੀ ਰਾਜੇ ਆਜ਼ਾਦ ਤੇ ਖ਼ੁਦ ਮੁਖਤਾਰ ਹੋਏ ਸਨ, ਪਰ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਫਤਹਿ ਕਰਕੇ ਫਿਰ ਪੰਜਾਬ ਵਿਚ ਸ਼ਾਮਲ ਕਰ ਲਿਆ। ਮਹਾਰਾਜੇ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਉਤੇ ਕਬਜ਼ਾ ਕੀਤਾ ਤਾਂ ਵੀ ਕਾਂਗੜਾ ਇਸ ਦਾ ਹਿੱਸਾ ਰਿਹਾ। ਕਿਉਂ ਜੋ ਅੰਗਰੇਜ਼ ਠੰਡੇ ਮੁਲਕ ਇੰਗਲੈਂਡ ਦੇ ਰਹਿਣ ਵਾਲੇ ਸਨ, ਪਹਾੜੀ ਇਲਾਕੇ ਨੂੰ ਵਧੇਰੇ ਪਸੰਦ ਕਰਦੇ ਸਨ, ਇਸ ਕਰਕੇ ਉਨ੍ਹਾਂ ਹੱਥੋਂ ਧਰਮਸ਼ਾਲਾ, ਪਾਲਮਪੁਰ ਵਰਗੇ ਸ਼ਹਿਰਾਂ ਦਾ ਅੰਗਰੇਜ਼ੀ ਹਕੂਮਤ ਦੌਰਾਨ ਵਿਕਾਸ ਹੋਇਆ।
ਪਹਾੜੀ ਰਾਜਿਆਂ ਦੇ ਸਾਸ਼ਨ ਦੌਰਾਨ ਕਾਂਗੜਾ ਸ਼ੈਲੀ ਕਲਾ ਦਾ ਬਹੁਤ ਵਿਕਾਸ ਹੋਇਆ। ਇਸ ਕਲਾ ਦੇ ਸ਼ਾਹਕਾਰ ਡਾ. ਐਸ.ਐਸ. ਰੰਧਾਵਾ, ਭਾਰਤ ਵਿਚ ਅਮਰੀਕਾ ਦੇ ਰਾਜਦੂਤ ਸ੍ਰੀ ਜਾਨ ਗੈਲਗਬ੍ਰਿਥ ਤੇ ਕਲਾ ਆਲੋਚਕ ਡਵਲਯੂ. ਜੀ. ਆਰਚਰ ਦੇ ਯਤਨਾਂ ਸਦਕਾ ਅੱਜ ਦੁਨੀਆਂ ਦੀਆਂ ਪ੍ਰਮੁੱਖ ਆਰਟ ਗੈਲਰੀਆਂ ਦਾ ਸ਼ਿੰਗਾਰ ਹਨ ਤੇ ਇਨ੍ਹਾਂ ਦੀ ਕੀਮਤ ਕਰੋੜਾਂ ਡਾਲਰਾਂ ਵਿਚ ਹੈ।
ਜ਼ਿਲ੍ਹਾ ਕਾਂਗੜਾ ਵਿਚ ਪਾਲਮਪੁਰ ਅੰਗਰੇਜ਼ਾਂ ਦਾ ਇਕ ਮਨ-ਪਸੰਦ ਸ਼ਹਿਰ ਰਿਹਾ ਹੈ। ਈਸਾਈ ਮਿਸ਼ਨਰੀਆਂ ਦਾ ਕੇਂਦਰ ਵੀ ਰਿਹਾ ਹੈ। ਇਸ ਇਲਾਕੇ ਵਿਚ ਚਾਹ ਦੇ ਬਾਗ਼ ਅੰਗਰੇਜ਼ਾਂ ਨੇ ਹੀ ਲਗਾਏ ਸਨ। ਸਾਲ 1905 ਦੌਰਾਨ ਕਾਂਗੜਾ ਵਾਦੀ ਵਿਚ ਇਕ ਬਹੁਤ ਵੱਡਾ ਭੁਚਾਲ ਆਇਆ, ਜਿਸ ਵਿਚ ਬੜਾ ਹੀ ਜਾਨੀ ਤੇ ਮਾਲੀ ਨੁਕਸਾਨ ਹੋਇਆ। ਸਥਾਨਕ ਵਪਾਰੀ ਲੋਕਾਂ ਨੇ ਅੰਗਰੇਜ਼ਾਂ ਨੂੰ ਡਰਾ ਦਿੱਤਾ ਕਿ ਇਸ ਇਲਾਕੇ ਵਿਚ ਭੁਚਾਲ ਬਹੁਤ ਆਉਂਦੇ ਹਨ ਜਿਨ੍ਹਾਂ ਵਿਚ ਬੜਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਇਸ ਤੋਂ ਭੈਅ-ਭੀਤ ਹੋ ਕੇ ਅੰਗਰੇਜ਼ਾਂ ਨੇ ਚਾਹ ਦੇ ਇਹ ਬਾਗ਼ ਸਥਾਨਕ ਵਪਾਰੀਆਂ ਨੂੰ ਕੌਡੀਆਂ ਦੇ ਭਾਅ ਵੇਚ ਦਿੱਤੇ। ਆਸਾਮ ਤੇ ਬੰਗਾਲ ਦੇ ਪਹਾੜੀ ਖੇਤਰਾਂ ਵਿਚ ਵੀ ਚਾਹ ਦੇ ਬਾਗ਼ ਅੰਗਰੇਜ਼ਾਂ ਨੇ ਲਗਾਏ ਸਨ, ਉਹ ਉਥੇ ਟਿਕੇ ਰਹੇ, ਜਿਸ ਕਾਰਨ ਉਧਰ ਦੀ ਚਾਹ ਬਹੁਤ ਵਧੀਆ ਕੁਆਲਟੀ ਦੀ ਹੁੰਦੀ ਹੈ। ਜੇਕਰ ਅੰਗਰੇਜ਼ ਬਾਗ਼ਬਾਨ ਇਥੇ ਟਿਕੇ ਰਹਿੰਦੇ, ਤਾਂ ਕਾਂਗੜਾ ਵਾਦੀ ਦੀ ਚਾਹ ਵੀ ਬਹੁਤ ਅੱਛੀ ਕੁਆਲਟੀ ਦੀ ਹੋਣੀ ਸੀ, ਜਿਥੇ ਉਹ ਛੱਡ ਗਏ, ਉਥੇ ਹੀ ਟਿਕੀ ਰਹੀ।
ਆਜ਼ਾਦ ਭਾਰਤ ਵਿਚ ਵੀ ਜ਼ਿਲ੍ਹਾ ਕਾਂਗੜਾ ਪੰਜਾਬ ਦਾ ਹੀ ਇਕ ਇਲਾਕਾ ਰਿਹਾ। ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਇਸ ਪਹਾੜੀ ਇਲਾਕੇ ਦੇ ਵਿਕਾਸ ਵਲ ਵਿਸ਼ੇਸ਼ ਧਿਆਨ ਦਿੱਤਾ ਸੀ। ਇਹ ਤਾਂ ਅਕਾਲੀ ਸਨ ਜਿਨ੍ਹਾਂ ਨੇ ਸਾਲ 1966 ਦੌਰਾਨ ਜ਼ਿਲ੍ਹਾ ਕਾਂਗੜਾ ਤੇ ਹੋਰ ਪਹਾੜੀ ਇਲਾਕੇ ਬਾਲੀ ਵਿਚ ਪਰੋਸ ਕੇ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤੇ। ਇਸ ਸਮੇਂ ਪੰਜਾਬ ਵਿਚ ਕੋਈ ਪਹਾੜੀ ਇਲਾਕਾ ਨਹੀਂ ਹੈ।
ਇੰਗਲੈਂਡ ਤੋਂ ਵਾਪਸ ਆ ਕੇ, ਕੁਝ ਮਹੀਨੇ ਲਾਹੌਰ ਬਿਤਾ ਕੇ ਮਿਸਿਜ਼ ਰਿਚਰਡਜ਼ ਆਪਣੇ ਕਿਸੇ ਦੋਸਤ ਦੀ ਪੇਸ਼ਕਸ਼ ‘ਤੇ ਜ਼ਿਲ੍ਹਾ ਕਾਂਗੜਾ ਵਿਚ ਪਾਲਮਪੁਰ- ਬੈਜਨਾਥ-ਜੋਗਿੰਦਰ ਨਗਰ ਮੁੱਖ ਸੜਕ ਉਤੇ ਸਥਿਤ ਬਨੂਰੀ ਨਾਮਕ ਪਿੰਡ ਆ ਗਈ।
ਇਸ ਸਮੇਂ ਪੰਜਾਬ ਸਰਕਾਰ ਵੱਲੋਂ ਜੋਗਿੰਦਰ ਨਗਰ ਵਿਖੇ ਪਣ-ਬਿਜਲੀ ਪੈਦਾ ਕਰਨ ਲਈ ‘ਸ਼ਾਨਨ ਪਾਵਰ ਹਾਊਸ’ ਦੇ ਨਿਰਮਾਣ ਦੇ ਪ੍ਰਾਜੈਕਟ ਉਤੇ ਕੰਮ ਕਰਵਾਇਆ ਜਾ ਰਿਹਾ ਸੀ। ਸਾਰੇ ਅਫ਼ਸਰ ਅੰਗਰੇਜ਼ ਸਨ, ਉਨ੍ਹਾਂ ਆਪਣਾ ਹੈਡ- ਕੁਆਰਟਰ ਪਾਲਮਪੁਰ ਰਖਿਆ। ਨੋਰਾ ਇਨ੍ਹਾਂ ਅਫਸਰਾਂ ਤੇ ਉਨ੍ਹਾ ਦੇ ਪਰਵਾਰਾਂ ਨਾਲ ਮਿਲ ਕੇ ਸਾਹਿਤਕ ਸਰਗਰਮੀਆਂ ਵਿਚ ਹਿੱਸਾ ਲੈਣ ਲੱਗੀ।
ਪਣ-ਬਿਜਲੀ ਪ੍ਰਾਜੈਕਟ ਤੇ ਪਿੰਡਾਂ ਦੇ ਵਿਕਾਸ ਬਾਰੇ ਅਖ਼ਬਾਰਾਂ ਵਿਚ ਕਈ ਲੇਖ ਲਿਖੇ। ਜਦੋਂ ਪੰਜਾਬ ਦੇ ਤਤਕਾਲੀ ਗਵਰਨਰ ਸਰ ਜੇ. ਡੀ. ਮਿੰਟਗੁਮਰੀ ਨੇ ਇਸ ਪਾਵਰ ਹਾਊਸ ਲਈ ਬਣੀ ਸੁਰੰਗ ਦਾ ਉਦਘਾਟਨ ਕੀਤਾ ਤਾਂ ਉਹ ‘ਸਿਵਲ ਐਂਡ ਮਿਲਟਰੀ ਗਜ਼ਟ’ ਲਾਹੌਰ ਦੀ ਪ੍ਰੈਸ ਪ੍ਰਤੀਨਿਧ ਵਜੋਂ ਸੇਵਾ ਕਰ ਰਹੀ ਸੀ। ਉਹ ਪਾਲਮਪੁਰ ਤਹਿਸੀਲ ਰੂਰਲ ਕਮੇਟੀ ਦੀ ਗ਼ੈਰ-ਸਰਕਾਰੀ ਮੈਂਬਰ ਵੀ ਨਾਮਜ਼ਦ ਕੀਤੀ ਗਈ।
ਦੂਸਰੇ ਵਿਸ਼ਵ ਯੁੱਧ ਵੇਲੇ ਮਿਸ਼ਨ ਸਕੂਲ ਪਾਲਮਪੁਰ ਦੇ ਵਿਦਿਆਰਥੀਆਂ ਵੱਲੋਂ ਯੁੱਧ ਫੰਡ ਵਾਸਤੇ ਨੋਰਾ ਦੇ ਨਿਰਦੇਸ਼ਨ ਵਿਚ ‘ਹੁੱਕਾ ਕਾ ਬਾਦਸ਼ਾਹ’ ਨਾਟਕ ਦਾ ਮੰਚਨ ਕੀਤਾ ਗਿਆ, ਤਾਂ ਅਣਵੰਡੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਸਰ ਸਿਕੰਦਰ ਹਯਾਤ ਖਾਂ ਵੱਲੋਂ ਇਸ ਦੀ ਪ੍ਰਧਾਨਗੀ ਕੀਤੀ ਗਈ।
ਪਾਲਮਪੁਰ ਈਸਾਈ ਮਿਸ਼ਨਰੀਆਂ ਦਾ ਵੀ ਇਕ ਵੱਡਾ ਕੇਂਦਰ ਰਿਹਾ ਹੈ।
ਪ੍ਰਸਾਸ਼ਨ ਵਿਚ ਸਾਰੇ ਅਫਸਰ ਅੰਗਰੇਜ਼ ਹੀ ਸਨ। ਇਕ ਵੱਡੇ ਅਫਸਰ ਦੀ ਪਤਨੀ ਮਿਸਿਜ਼ ਈ. ਡਵਲਯੂ. ਪਾਰਕਰ ਦਾ ਇਕ ਭਰਾ ਥੋੜ੍ਹਾ ਪਾਗਲ ਹੋ ਗਿਆ। ਉਸਨੇ ਆਪਣੇ ਇਸ ਭਰਾ ਨੂੰ ਕਿਸੇ “ਮੈਂਟਲ ਹਸਪਤਾਲ” ਵਿਚ ਰੱਖਣ ਦੀ ਥਾਂ ਅੰਦਰੇਟੇ 15 ਏਕੜ ਥਾਂ ਲਈ। ਇਥੇ ਮਕਾਨ ਬਣਾ ਕੇ ਅਪਣੇ ਭਰਾ ਨੂੰ ਰੱਖਿਆ, ਉਸ ਦੀ ਦੇਖਭਾਲ ਤੇ ਖਾਣਾ ਬਣਾਉਣ ਲਈ ਇਕ ਬ੍ਰਾਹਮਣ ਨੂੰ ਰੱਖਿਆ। ਇਹ ਬ੍ਰਾਹਮਣ ਆਮ ਬ੍ਰਾਹਮਣ ਵਾਂਗ ਰਸੋਈ ਨੂੰ ਹਰ ਰੋਜ਼ ਗਾਂ ਦੇ ਗੋਹੇ ਨਾਲ ਲਿਪ-ਪੋਚ ਕੇ ਜੁੱਤੀ ਬਾਹਰ ਉਤਾਰ ਕੇ ਮਿਸਿਜ਼ ਪਾਰਕਰ ਦੇ ਭਰਾ ਤੇ ਆਪਣੇ ਲਈ ਖਾਣਾ ਬਣਾਉਂਦਾ ਸੀ। ਇਕ ਦਿਨ ਜਦੋਂ ਬੈਠ ਕੇ ਖਾਣਾ ਖਾਣ ਲੱਗਾ, ਤਾਂ ਮਿਸਿਜ਼ ਪਾਰਕਰ ਦਾ ਇਹ ਭਰਾ ਬੂਟਾਂ ਸਮੇਤ ਉਥੇ ਆ ਗਿਆ ਤੇ ਰੋਕਣ ਦੇ ਬਾਵਜੂਦ ਖਾਣੇ ਵਾਲੀ ਥਾਲੀ ਵਿਚ ਬੂਟ ਸਮੇਤ ਪੈਰ ਰੱਖ ਦਿੱਤਾ। ਬ੍ਰਾਹਮਣ ਨੇ ਖਾਣਾ-ਪੀਣਾ ਬੰਦ ਕਰ ਦਿੱਤਾ ਤੇ ਕੁਝ ਦਿਨਾਂ ਪਿੱਛੋਂ ਉਹ ਮਰ ਗਿਆ। ਸਥਾਨਕ ਲੋਕਾਂ ਅਨੁਸਾਰ ਇਸ ਥਾਂ ਨੂੰ ਉਸ ਬ੍ਰਾਹਮਣ ਦਾ ‘ਸਰਾਪ’ ਲੱਗ ਗਿਆ, ਇਸ ਕਰਕੇ ਨਾ ਕੋਈ ਸਥਾਨਕ ਵਾਸੀ ਇਥੇ ਜਾਂਦਾ ਸੀ, ਨਾ ਕਿਸੇ ਨੇ ਇਹ ਥਾਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ। ਇਕ ਵਾਰੀ ਮਿਸਿਜ਼ ਪਾਰਕਰ ਦੀ ਮਿਸਿਜ਼ ਨੋਰਾ ਰਿਚਰਡਜ਼ ਨਾਲ ਮੁਲਾਕਾਤ ਹੋਈ ਤਾਂ ਉਸ ਨੇ ਇਹ ਥਾਂ ਦੀ ਉਸ ਨੂੰ ਪੇਸ਼ਕਸ਼ ਕੀਤੀ, ਜੋ ਉਨ੍ਹਾਂ ਪ੍ਰਵਾਨ ਕਰ ਲਈ, ਤਾਂ “ਗਿਫ਼ਟ ਡੀਡ” ਰਾਹੀਂ ਨੋਰਾ ਦੇ ਨਾਂ ਕਰ ਦਿਤੀ ਗਈ ਅਤੇ ਉਹ ਇਥੇ ਸ਼ਿਫਟ ਹੋ ਗਈ।
(7)
ਅੰਦਰੇਟਾ ਵਿਖੇ ਪੱਕਾ ਠਿਕਾਨਾ
ਪਾਲਮਪੁਰ ਤੋਂ ਲੱਗਭਗ 12 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਅੰਦਰੇਟਾ ਇਕ ਨਿੱਕਾ ਜਿਹਾ ਪਿੰਡ ਹੈ, ਜੋ ਹੁਣ ‘ਕਲਾਕਾਰਾਂ ਦੀ ਧਰਤੀ’ ਵਜੋਂ ਜਾਣਿਆ ਜਾਣ ਲੱਗਾ ਹੈ। ਇਸ ਵਿਚ ਲੱਗਭਗ ਸਾਰੀਆਂ ਜ਼ਾਤਾਂ ਦੇ ਲੋਕ ਰਹਿ ਕੇ ਪਿਤਾ- ਪੁਰਖੀ ਧੰਦਾ ਕਰਦੇ ਹਨ, ਵਧੇਰੇ ਵੱਸੋਂ ਸੂਦ ਗੋਤ ਦੇ ਖਤਰੀਆਂ ਦੀ ਹੈ ਜੋ ਮੁੱਖ ਤੌਰ ‘ਤੇ ਦੁਕਾਨਦਾਰੀ ਕਰਦੇ ਹਨ। ਥੋੜ੍ਹੇ ਜਿਹੇ ਮੁਸਲਮਾਨਾਂ ਦੇ ਘਰ ਵੀ ਸਨ, ਜੋ 1947 ਵਿਚ ਪਾਕਿਸਤਾਨ ਚਲੇ ਗਏ। ਕਿਹਾ ਜਾਂਦਾ ਹੈ ਕਿ ਪੁਰਾਣੇ ਸਮੇਂ ਵਿਚ ਇਸ ਇਲਾਕੇ ਦਾ ਇਕ ਹੁਕਮਰਾਨ ਸੀ ਜਿਸ ਦਾ ਨਾਂ ਇੰਦਰ ਸੈਨ ਸੀ, ਉਸ ਦੇ ਨਾਂ ‘ਤੇ ਇਹ ਪਿੰਡ ਵੱਸਿਆ ਸੀ, ਜਿਸ ਦਾ ਪਹਿਲਾ ਨਾਂ ਇੰਦਰੇਟਾ ਸੀ ਜੋ ਵਿਗੜਦਾ- ਵਿਗੜਦਾ ਅੰਦਰੇਟਾ ਬਣ ਗਿਆ।
ਇਸ ਪਿੰਡ ਦੇ ਲਹਿੰਦੇ ਪਾਸੇ ਇਕ ਸਰਸਬਜ਼ ਪਹਾੜੀ ਹੈ, ਜਿਸ ਦੇ ਪੈਰਾਂ ਵਿਚ ਇਹ ਪਿੰਡ ਵੱਸਿਆ ਹੈ। ਪਹਾੜੀ ਦੇ ਨਾਲ ਹੀ ਇਕ ਸੰਘਣਾ ਜੰਗਲ ਹੈ ਜੋ ਲਾਗਲੇ ਪਿੰਡ ਗੋਜਰ ਤਕ ਚਲਾ ਜਾਂਦਾ ਹੈ।
ਸਾਹਮਣੇ ਧੌਲਾਧਾਰ ਹੈ, ਜਿਸ ਦੀਆਂ ਬਰਫ਼ ਲੱਦੀਆਂ ਚੋਟੀਆਂ ਆਕਾਸ਼ ਨੂੰ ਛੂੰਹਦੀਆਂ ਹਨ। ਸੂਰਜ ਚੜ੍ਹਨ ਸਮੇਂ ਇਸ ਦੀਆਂ ਕਿਰਨਾਂ ਨਾਲ ਸਵੇਰੇ ਅਤੇ ਸੰਝ ਨੂੰ ਅਸਤ ਹੋਣ ਵੇਲੇ ਇਹ ਬਰਫ਼ਾਨੀ ਚੋਟੀਆਂ ਰੰਗ ਬਦਲਦੀਆਂ ਰਹਿੰਦੀਆਂ ਹਨ।
ਧੌਲਾਧਾਰ ਤੋਂ ਇਸ ਪਹਾੜੀ ਤਕ, ਢਲਵਾਨਾਂ ਵਿਚ ਚੀਲ ਅਤੇ ਦਿਓਦਾਰ ਦੇ ਦਰਖਤ ਹਨ – ਨਿਰਮਲ ਪਾਣੀ ਨਾਲ ਕਲਵਲ ਕਲਵਲ ਕਰਦੀਆਂ ਖੱਡਾਂ ਵਹਿ ਰਹੀਆਂ ਹਨ, ਚਾਹ ਦੇ ਬਾਗ਼ ਹਨ, ਧਾਨਾਂ ਦੇ ਖੇਤ ਹਨ, ਖੇਤ ਜੋ ਪੌੜੀਆਂ ਵਾਂਗ ਹੇਠਾਂ ਨੂੰ ਉਤਰਦੇ ਜਾਂਦੇ ਹਨ, ਇਨ੍ਹਾਂ ਖੇਤਾਂ ਵਿਚ ਸਾਰਸਾਂ ਦੀਆਂ ਜੋੜੀਆਂ ਕਲੋਲਾਂ ਕਰਦੀਆਂ ਹਨ ਅਤੇ ਸੁਆਣੀਆਂ ਕੰਮ ਕਰਨ ਦੇ ਨਾਲ-ਨਾਲ ਮਧੁਰ ਪਹਾੜੀ ਗੀਤ ਗਾਂਦੀਆਂ ਹਨ।
ਪਹਾੜੀ ‘ਤੇ ਚੜ੍ਹਿਆਂ ਇਉਂ ਲਗਦਾ ਹੈ ਕਿ ਜਿਵੇਂ ਧੌਲਾਧਾਰ ਤਕ ਇਕ ਹਰਾ-ਭਰਾ ਮੈਦਾਨ ਹੈ, ਇਕ ਵਿਕਾਸ ਹੈ, ਇਕ ਸੁਪਨਾ ਹੈ।
(8)
ਪਾਰਕਰ ਅਸਟੇਟ ਤੋਂ ਵੁੱਡਲੈਂਡਜ਼ ਅਸਟੇਟ
ਮਿਸਿਜ਼ ਪਾਰਕਰ ਤੋਂ “ਗਿਫ਼ਟ” ਵਿਚ ਜ਼ਮੀਨ ਲੈ ਕੇ ਨੋਰਾ ਨੇ ਆਪਣੇ ਰਹਿਣ ਲਈ ਸਭ ਤੋਂ ਪਹਿਲੋਂ ਕੱਚੀਆਂ ਇੱਟਾਂ ਨਾਲ ਮਕਾਨ ਬਣਵਾਇਆ ਅਤੇ ਇਥੇ ਪੱਕੇ ਤੌਰ ‘ਤੇ ਸ਼ਿਫਟ ਹੋ ਕੇ ਹੋਰ ਇਮਾਰਤਾਂ ਦੀ ਉਸਾਰੀ ਕਰਵਾਈ। ਇਸ ਕੰਪਲੈਕਸ ਦਾ ਨਾਂ “ਪਾਰਕਰ ਅਸਟੇਟ” ਤੋਂ ਬਦਲ ਕੇ ‘ਵੁੱਡਲੈਂਡਜ਼ ਅਸਟੇਟ’ ਰੱਖ ਕੇ ਇਸ ਨੂੰ ਰੰਗਮੰਚ ਦੀਆਂ ਸਰਗਰਮੀਆਂ ਦਾ ਕੇਂਦਰ ਬਣਾਇਆ। ਆਪਣੀ ਰਿਹਾਇਸ਼ ‘ਚਮੇਲੀ ਨਿਵਾਸ’ ਤੋਂ ਬਿਨਾਂ ਮਹਿਮਾਨਾਂ ਲਈ ‘ਬਾਦਾਮੀ ਨਿਵਾਸ’ ਤੇ ਇੱਕ “ਖੁੱਲ੍ਹਾ ਰੰਗਮੰਚ” (ਓਪਨ-ਏਅਰ-ਥੀਏਟਰ) ਸਥਾਪਤ ਕੀਤਾ, ਜਿਸ ਦੇ ਸਾਰੇ ਥਮਲੇ ਕੱਚੀਆਂ ਇਟਾਂ ਦੇ ਹਨ, ਛੱਤ ‘ਤੇ ਬਾਂਸ ਪਾ ਕੇ ਉਪਰ ਘਾਹ ਪਾਇਆ ਹੋਇਆ ਸੀ। ਦਰਸ਼ਕਾਂ ਦੇ ਬੈਠਣ ਲਈ ਗੈਲਰੀ ਹੈ-ਧਰਤੀ ਦਾ ਹੀ ਇਕ ਹਿੱਸਾ, ਉੱਪਰ ਹਰੇ ਘਾਹ ਦੀ ਮੁਲਾਇਮ ਚਾਦਰ ਵਿਛੀ ਹੈ। ਇਸ ਰੰਗਮੰਚ ਦਾ ਉਦਘਾਟਨ ਅਣਵੰਡੇ ਪੰਜਾਬ ਦੇ ਤਤਕਾਲੀ ਖੇਤੀਬਾੜੀ ਮੰਤਰੀ ਸਰ ਜੋਗਿੰਦਰਾ ਸਿੰਘ ਨੇ ਕੀਤਾ ਸੀ।
ਇਸ ਰੰਗਮੰਚ ‘ਤੇ ਪੰਜਾਬੀ ਨਾਟਕ ਦੀ ਇਸ ਨਕੜਦਾਦੀ ਤੋਂ ਬਿਨਾਂ ਵੱਡੇ ਅਭਿਨੇਤਾ ਆਪਣੀ ਕਲਾ ਦੇ ਜੌਹਰ ਵਿਖਾ ਚੁੱਕੇ ਹਨ-ਅਭਿਨੈ ਕਰ ਚੁੱਕੇ ਹਨ- ਪ੍ਰਿਥਵੀ ਰਾਜ ਕਪੂਰ, ਹਬੀਬ ਤਨਵੀਰ, ਈਸ਼ਵਰ ਚੰਦਰ ਨੰਦਾ, ਰਾਜਿੰਦਰ ਲਾਲ ਸਾਹਨੀ, ਜੈ ਦਿਆਲ, ਮੁਰਲੀਧਰ, ਲਛਮਣ ਪਰਸ਼ਾਦ ਮਾਥੁਰ, ਡਾ. ਲਕਸ਼ਮੀ ਨਾਰਾਇਣ ਲਾਲ, ਡਾ. ਭਗਵਤ ਸਰਨ ਉਪਾਧਿਆਏ, ਮੁਸ਼ਤਾਕ ਅਹਿਮਦ, ਐੱਸ. ਐੱਨ. ਸ੍ਰੀ ਵਾਸਤਵ ਦੇ ਨਾਂ ਵਰਣਨਯੋਗ ਹਨ।
ਸੰਯੁਕਤ ਪੰਜਾਬ ਅਤੇ ਦੇਸ਼-ਵੰਡ ਬਾਅਦ ਪੂਰਬੀ ਪੰਜਾਬ ‘ਚੋਂ ਅਧਿਆਪਕ ਅਤੇ ਨਾਟਕ-ਪ੍ਰੇਮੀ ਨੋਰਾ ਪਾਸ ਨਾਟ-ਵਿੱਦਿਆ ਲਈ ਆਉਂਦੇ ਰਹਿੰਦੇ ਸਨ। ਇਥੇ ਸ਼ਾਂਤ ਵਾਤਾਵਰਣ ਵਿਚ ਰਹਿ ਕੇ ਉਹ ਨਾਟਕ ਲਿਖਦੇ, ਖੇਡਦੇ ਅਤੇ ਨਾਟਕ ਬਾਰੇ ਬਹਿਸਾਂ ਕਰਦੇ। ਪੂਰਬੀ ਪੰਜਾਬ ਦੇ ਬਲਾਕਾਂ ਦੇ ਸਮਾਜਿਕ ਸਿਖਿਆ ਅਫਸਰ, ਕਾਲਜਾਂ ਦੇ ਅਧਿਆਪਕ ਅਤੇ ਵਿਦਿਆਰਥੀ ਵੀ ਹਰ ਸਾਲ ਇਥੇ ‘ਸਮਰ ਕੈਂਪ’ ਲਗਾਉਂਦੇ ਅਤੇ ਨਾਟ-ਵਿੱਦਿਆ ਗ੍ਰਹਿਣ ਕਰਦੇ।
ਇਸ ‘ਖੁੱਲ੍ਹੇ ਰੰਗਮੰਚ’ ਦੇ ਨੇੜੇ ਹੀ ਹੋਸਟਲ ‘ਬਦਾਮੀ-ਨਿਵਾਸ’ ਬਣਾਇਆ ਗਿਆ ਸੀ, ਜਿਥੇ ਭਾਰਤ ਭਰ ‘ਚੋਂ ਨਾਟ-ਵਿੱਦਿਆ ਲਈ ਵਿਦਿਆਰਥੀ ਆ ਕੇ ਠਹਿਰਦੇ ਸਨ। ਸਾਹਮਣੇ ਚੀਲ ਦੇ ਦਰਖਤ ਹਨ।
ਨੋਰਾ ਦਾ ਆਪਣਾ ਰਿਹਾਇਸ਼ੀ ਘਰ ਤੇ ਹੋਸਟਲ ਆਦਿ ਕੱਚੀਆਂ ਇੱਟਾਂ ਦਾ ਹੁੰਦਾ ਸੀ। ਪਾਲਮਪੁਰ ਖੇਤਰ ਵਿਚ ਬਾਰਿਸ਼ ਬਹੁਤ ਹੁੰਦੀ ਹੈ, ਜਿਸ ਨਾਲ ਕੱਚੇ ਮਕਾਨ ਅਕਸਰ ਢਹਿ-ਢੇਰੀ ਹੋ ਜਾਂਦੇ ਹਨ। ਨੋਰਾ ਦੇ ਅਕਾਲ ਚਲਾਣੇ ਤੋਂ ਬਾਅਦ ਇਹ ਘਰ ਕਈ ਵਾਰੀ ਢਹਿ-ਢੇਰੀ ਹੋਇਆ, ਪੰਜਾਬੀ ਯੂਨਵਿਰਸਿਟੀ, ਪਟਿਆਲਾ ਜੋ ਇਸ ਦੀ ਕਾਨੂੰਨੀ ਤੌਰ ‘ਤੇ ਵਾਰਿਸ ਹੈ, ਨੇ ਉਸ ਮਕਾਨ ਦਾ ਨਕਸ਼ਾ ਤਿਆਰ ਕਰਵਾ ਕੇ, ਪੱਕੀਆਂ ਇੱਟਾਂ ਦਾ ਹੂ-ਬ-ਹੂ ਉਸ ਵਰਗਾ ਹੀ ਮਕਾਨ ਤਿਆਰ ਕੀਤਾ। ਹੈ, ਪਰ ਇਸ ਦੀ ਬਾਹਰੀ ਦਿੱਖ ਕੱਚੇ ਮਕਾਨ ਵਰਗੀ ਹੈ।
ਯੂਨੀਵਰਸਿਟੀ ਵੱਲੋਂ ਇਸੇ ਕੰਪਲੈਕਸ ਵਿਚ ਇਕ ਬਿਲਕੁਲ ਮਾਡਰਨ ਨਿਰਮਾਣ ਭਵਨ ਕਲਾ ਦੀ ਪੱਕੀ ਇਮਾਰਤ ‘ਸਟੂਡੈਂਟਸ ਹੋਮ’ ਤਿਆਰ ਕਰਵਾਈ ਹੈ, ਜਿਥੇ ਅਕਸਰ ਯੂਨੀਵਰਸਿਟੀ ਦੇ ਅਧਿਆਪਕ ਤੇ ਵਿਦਿਆਰਥੀ ਆ ਕੇ ਠਹਿਰਦੇ ਹਨ।
(9)
ਪੰਜਾਬੀ ਯੂਨੀਵਰਸਿਟੀ ਬਣੀ ਵਾਰਿਸ
ਭਾਵੇਂ ਮਿਸਿਜ਼ ਰਿਚਰਡਜ਼ ਦੇ ਸਰੀਰਕ ਤੌਰ ‘ਤੇ ਕਮਜ਼ੋਰ ਹੋਣ ਕਾਰਨ ਅੰਦਰੇਟੇ ਨਾਟ-ਸਰਗਰਮੀਆਂ ਘਟ ਗਈਆਂ ਸਨ, ਪਰ ਉਹ ਹਰ ਸਮੇਂ ਆਪਣੇ ਆਪ ਨੂੰ ਭਾਰਤ ਭਰ ਵਿਚ ਰੰਗਮੰਚ ਬਾਰੇ ਸਰਗਰਮੀਆਂ ਨਾਲ ਸੰਬੰਧਿਤ ਰੱਖਦੀ ਸੀ ਅਤੇ ਲੇਖ ਆਦਿ ਲਿਖ ਕੇ ਅੰਗਰੇਜ਼ੀ ਅਖ਼ਵਾਰ ‘ਦਿ ਟ੍ਰਿਬਿਊਨ’ ਨੂੰ ਭੇਜਦੀ ਰਹੀ। ਮਾਨਸਿਕ ਤੌਰ ‘ਤੇ ਉਹ ਬਹੁਤ ਹੀ ਬਲਵਾਨ ਸੀ। ਮਨ ਦੀ ਸ਼ਕਤੀ ਦੇ ਸਦਕਾ ਆਖ਼ਰੀ ਉਮਰ ਤਕ ਰੰਗਮੰਚ ਦੇ ਵਿਕਾਸ ਵਿਚ ਆਪਣਾ ਹਿੱਸਾ ਪਾਉਂਦੀ ਰਹੀ। ਪੰਜਾਬੀ ਰੰਗਮੰਚ ਨੂੰ ਉਸ ਦੀ ਮਹਾਨ ਦੇਣ ਦੀ ਮਾਨਤਾ ਵਜੋਂ ਸ. ਕਿਰਪਾਲ ਸਿੰਘ ਨਾਰੰਗ ਦੇ ਉਪ- ਕੁਲਪਤੀ ਹੋਣ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਸ ਨੂੰ 1970 ਵਿਚ ਡਾਕਟਰ ਆਫ਼ ਲਿਟਰੇਚਰ ਦੀ ਆਨਰੇਰੀ ਡਿਗਰੀ ਦੇ ਕੇ ਸਨਮਾਨਿਤ ਕੀਤਾ ਸੀ। ਮਿਸਿਜ਼ ਰਿਚਰਡਜ਼ ਨੇ ਆਪਣੀ ਅੰਤਮ ਵਸੀਅਤ ਰਾਹੀਂ ਆਪਣਾ ਨਿਵਾਸ ਸਥਾਨ ‘ਵੁੱਡਲੈਂਡਜ਼ ਰੀਟਰੀਟ’ ਤੇ ਪੁਸਤਕ ਭੰਡਾਰ ਪੰਜਾਬੀ ਯੂਨੀਵਰਸਿਟੀ ਨੂੰ ਦਿੱਤਾ ਹੈ। ਇਥੇ ਯੂਨੀਵਰਸਿਟੀ ਨੇ ਇਕ ‘ਹੌਲੀਡੇ ਹੋਮ’ ਬਣਾਇਆ ਹੈ। ਪੰਜਾਬੀ ਯੂਨੀਵਰਸਿਟੀ ਨੇ ਨਾਟਕ ਦੀ ਐਮ. ਏ. ਸ਼ੁਰੂ ਕਰਕੇ ਨੋਰਾ ਦਾ ਇਕ ਸੁਪਨਾ ਪੂਰਾ ਕੀਤਾ ਹੈ। ਨੋਰਾ ਰਿਚਰਡਜ਼ ਚਾਹੁੰਦੀ ਸੀ ਕਿ ਨਾਟਕ ਨੂੰ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਇਕ ਮਜ਼ਮੂਨ ਵਜੋਂ ਪੜ੍ਹਾਇਆ ਜਾਏ। “ਕਿਉਂਕਿ ਸਿੱਖਿਆ ਲਈ ਸਟੇਜ ਤੋਂ ਬਿਨਾਂ ਹੋਰ ਕੋਈ ਥਾਂ ਚੰਗੀ ਨਹੀਂ ਅਤੇ ਜਦੋਂ ਨਾਟਕ ਖੇਡਿਆ ਜਾ ਰਿਹਾ ਹੋਵੇ, ਵਾਯੂਮੰਡਲ ਵਿਚ ਇਕ ਖੁਸ਼ਗਵਾਰ ਅਹਿਸਾਸ ਹੁੰਦਾ ਹੈ। ਇਸ ਵਾਤਾਵਰਣ ਵਿਚ ਕੁਝ ਸਮੇਂ ਲਈ, ਕਈ ਵਾਰੀ ਪੱਕੇ ਤੌਰ ‘ਤੇ ਇਕ ਦੂਜੇ ਦੇ ਨੇੜੇ ਖਿੱਚੇ ਜਾਂਦੇ ਹਨ।” ਯੂਨੀਵਰਸਿਟੀ ਨੇ ਉਸ ਦੀ ਇਹ ਇੱਛਾ ਪੂਰੀ ਕੀਤੀ ਹੈ।
(10)
ਥੱਕੇ ਹੋਏ ਦਿਲ ਆਰਾਮ ਕਰ, ਤੇਰਾ ਕਾਰਜ ਪੂਰਾ ਹੋ ਗਿਆ ਹੈ
ਲੱਗਭਗ 95 ਸਾਲ ਦੀ ਉਮਰ ਤਕ ਰੰਗਮੰਚ ਦੀ ਸੇਵਾ ਕਰਦਿਆਂ ਉਸ ਨੇ 3 ਮਾਰਚ 1971 ਨੂੰ ਇਥੇ ਹੀ ਸਦਾ ਲਈ ਅੱਖਾਂ ਮੀਟ ਲਈਆਂ। ਦੇਸ਼ਵੰਡ ਤੋਂ ਬਾਅਦ ਵੀ ਕਈ ਸਾਲ ਉਹ ਚਾਹੁੰਦੀ ਸੀ ਕਿ ਉਸ ਦੀ ਮੌਤ ਤੋਂ ਬਾਅਦ ਉਸ ਦੇ ਮ੍ਰਿਤਕ ਸਰੀਰ ਨੂੰ ਲਾਹੌਰ ਵਿਚ ਉਸ ਦੇ ਪਤੀ ਦੀ ਕਬਰ ਦੇ ਬਿਲਕੁਲ ਲਾਗੇ ਹੀ ਦਫਨਾਇਆ ਜਾਏ ਪਰ ਜਦੋਂ ਭਾਰਤ ਤੇ ਪਾਕਿਸਤਾਨ ਦੇ ਆਪਸੀ ਸੰਬੰਧ ਸੁਖਾਵੇਂ ਨਾ ਰਹੇ, ਉਸ ਨੇ ਇਹ ਚਾਹਤ ਬਦਲ ਲਈ ਸੀ ਅਤੇ ਉਸ ਦੀ ਵਸੀਅਤ ਅਨੁਸਾਰ ਉਸਦੇ ਮ੍ਰਿਤਕ ਸਰੀਰ ਨੂੰ ਅੰਦਰੇਟਾ ਵਿਖੇ ਹੀ ਉਸਦੀ ‘ਵੁੱਡਲੈਂਡ ਅਸਟੇਟ’ ਦੇ ਇਕ ਕੋਨੇ ਵਿਚ ਦਫ਼ਨਾਇਆ ਗਿਆ ਅਤੇ ਉਸ ਦੀ ਇੱਛਾ ਅਨੁਸਾਰ ਉਸ ਦੀ ਕਬਰ ‘ਤੇ ਮਰਸੀਏ ਵਜੋਂ ਇਹ ਪੰਕਤੀ ਲਿਖ ਕੇ ਲਗਾਈ ਗਈ :
Rest weary heart, thy work is done.
ਪੰਜਾਬੀ ਨਾਟਕ ਦੀ ਜਨਮਦਾਤੀ : ਨੋਰਾ ਰਿਚਰਡਜ਼
-ਡਾ. ਹਿਰਦੇਪਾਲ ਸਿੰਘ
ਇਹ ਗੱਲ ਸੁਣਨ ਵਿਚ ਬੜੀ ਅਜੀਬ ਲੱਗਦੀ ਹੈ ਕਿ ਆਇਰਲੈਂਡ ਵਿਚ ਜੰਮੀ-ਪਲੀ, ਪੰਜਾਬੀ ਭਾਸ਼ਾ ਨਾ ਸਮਝਣ-ਬੋਲਣ ਵਾਲੀ ਇਕ ਸ਼ਖ਼ਸੀਅਤ ਨੂੰ ਪੰਜਾਬੀ ਨਾਟਕ ਦੀ ਜਣਨੀ ਮੰਨਿਆ ਜਾਂਦਾ ਹੈ। ਪਰੰਤੂ ਸੱਚ ਇਹੀ ਹੈ ਕਿ ਸ੍ਰੀਮਤੀ ਨੋਰਾ ਰਿਚਰਡਜ਼ ਨੇ ਅੱਜ ਤੋਂ 100 ਸਾਲ ਪਹਿਲਾਂ ਲਾਹੌਰ ਵਿਚ ਪੰਜਾਬੀ ਨਾਟਕ ਦੀ ਸ਼ੁਰੂਆਤ ਕੀਤੀ ਸੀ।
ਨੋਰਾ ਰਿਚਰਡਜ਼ ਉਨ੍ਹਾਂ ਗਿਣੇ-ਚੁਣੇ ਵਿਦੇਸ਼ੀ ਮੂਲ ਦੇ ਲੋਕਾਂ ਵਿੱਚੋਂ ਸੀ, ਜਿਨ੍ਹਾਂ ਨੂੰ ਹਿੰਦੁਸਤਾਨ ਨਾਲ ਅਥਾਹ ਪਿਆਰ ਸੀ ਅਤੇ ਅਤੇ ਜਿਨ੍ਹਾਂ ਨੇ ਇਥੋਂ ਦੀ ਸੰਸਕ੍ਰਿਤੀ ਤੇ ਸਭਿਅਤਾ ਦੀ ਰਖਿਆ ਵਿਚ ਅਪਣਾ ਭਰਪੂਰ ਯੋਗਦਾਨ ਦਿੱਤਾ। ਅੰਗਰੇਜ਼ੀ ਰਾਜ ਵਿਰੁੱਧ ਆਵਾਜ਼ ਉਠਾਉਣ ਵਾਲੀ ਇਸ ਔਰਤ ਨੇ ਪੰਜਾਬੀ ਰੰਗਮੰਚ ਦੀ ਸ਼ੁਰੂਆਤ ਕੀਤੀ ਅਤੇ ਇਸ ਦੇ ਵਿਕਾਸ ਲਈ ਬਹੁਤ ਕੰਮ ਕੀਤਾ। ਇਸੇ ਕਾਰਨ ਉਨ੍ਹਾਂ ਨੂੰ ਪੰਜਾਬੀ ਨਾਟਕ ਦੀ ਜਨਮਦਾਤੀ ਕਿਹਾ ਜਾਂਦਾ ਹੈ।
ਨੋਰਾ ਰਿਚਰਡਜ਼ ਦਾ ਜਨਮ 29 ਅਕਤੂਬਰ 1876ਨੂੰ ਗੋਰਾਵੁਡ (ਆਇਰਲੈਂਡ) ਵਿਖੇ ਹੋਇਆ। ਬਚਪਨ ਤੋਂ ਹੀ ਉਨ੍ਹਾਂ ਨੂੰ ਅਭਿਨੈ ਕਰਨ ਦਾ ਸ਼ੌਕ ਸੀ। ਸੰਨ 1908 ਵਿਚ ਉਨ੍ਹਾਂ ਦੀ ਸ਼ਾਦੀ ਫਿਲਿਪ ਰਿਚਰਡਜ਼ ਨਾਲ ਹੋਈ, ਉਹ ਆਪਣੇ ਪਤੀ ਨਾਲ ਲਾਹੌਰ ਆ ਗਈ। ਨੋਰਾ ਦੇ ਪਤੀ ਦਿਆਲ ਸਿੰਘ ਕਾਲਜ ਵਿਚ ਅੰਗਰੇਜ਼ੀ ਸਾਹਿਤ ਦੇ ਪ੍ਰੋਫ਼ੈਸਰ ਨਿਯੁਕਤ ਹੋਏ ਸਨ। ਪੰਜਾਬੀ ਸਭਿਅਤਾ ਦੇ ਗੜ੍ਹ ਲਾਹੌਰ ਵਿਚ ਨੋਰਾ ਨੇ ਥੋੜ੍ਹੀ-ਬਹੁਤ ਪੰਜਾਬੀ ਸਿੱਖੀ ਅਤੇ ਕਾਲਜ ਦੇ ਵਿਦਿਆਰਥੀਆਂ ਨਾਲ ਨਾਟਕ ਵਿਚ ਦਿਲਚਸਪੀ ਲੈਣੀ ਸ਼ੁਰੂ ਕੀਤੀ। ਉਹ ਪੰਜਾਬੀ ਸੰਸਕ੍ਰਿਤੀ ਦਾ ਅਧਿਐਨ ਕਰਦੀ ਅਤੇ ਉਸ ਆਧਾਰ ‘ਤੇ ਅੰਗਰੇਜ਼ੀ ਵਿਚ ਡਰਾਮਾ ਲਿਖਦੀ। ਵਿਦਿਆਰਥੀ ਉਸਦਾ ਦਾ ਪੰਜਾਬੀ ਜਾਂ ਉਰਦੂ ਵਿਚ ਅਨੁਵਾਦ ਕਰਦੇ ਅਤੇ ਨੋਰਾ ਦੀ ਦੇਖ-ਰੇਖ ਵਿਚ ਮੰਚਨ ਕਰਦੇ।
ਸਾਲ 1920 ਵਿਚ ਨੋਰਾ ਦੇ ਪਤੀ ਪ੍ਰੋ. ਰਿਚਰਡਜ਼ ਦਾ ਅਚਾਨਕ ਦਿਹਾਂਤ ਹੋ ਗਿਆ। ਨੋਰਾ ਇੰਗਲੈਂਡ ਮੁੜ ਗਈ। “ਥਰੂ ਰੋਮਾਂਟਕ ਇੰਡੀਆ” ਦਸਤਾਵੇਜ਼ੀ ਫ਼ਿਲਮ ਦੇਖਦੇ ਹੋਏ ਨੋਰਾ ਨੇ ਵਿਰੋਧ ਕੀਤਾ ਤੇ ਉਸ ਥੀਏਟਰ ਦੀ ਤੋੜ-ਫੋੜ ਕਰਕੇ ਬੜਾ ਨੁਕਸਾਨ ਕੀਤਾ ਤੇ ਅੰਗਰੇਜ਼ ਸਰਕਾਰ ਵਿਰੁੱਧ ਨਾਅਰੇ ਲਗਾਏ। ਇਸ ਫ਼ਿਲਮ ਵਿਚ ਹਿੰਦੋਸਤਾਨੀਆਂ ਦੇ ਖ਼ਿਲਾਫ ਕੋਝੇ ਕਟਾਖਸ਼ ਕੀਤੇ ਗਏ ਸਨ। ਨੋਰਾ ਨੂੰ ਗ੍ਰਿਫ਼ਤਾਰ ਕਰਕੇ ਹੋਲਵੇ ਜੇਲ੍ਹ ਵਿਚ ਭੇਜ ਦਿੱਤਾ ਗਿਆ। ਕੁਝ ਅਖ਼ਬਾਰਾਂ ਵਿਚ ਇਸ ਘਟਨਾ ਬਾਰੇ ਖ਼ਬਰ ਪ੍ਰਕਾਸ਼ਿਤ ਹੋਈ ਤੇ ਇਕ ਅੰਗਰੇਜ਼ ਅਧਿਕਾਰੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤੇ ਕਿਹਾ ਕਿ ਜੇ ਨੋਰਾ ਨੂੰ ਹਿੰਦੁਸਤਾਨ ਨਾਲ ਇਤਨਾ ਹੀ ਪਿਆਰ ਹੈ, ਤਾਂ ਪੰਜਾਬ ਦੇ ਕਾਂਗੜਾ ਘਾਟੀ ਵਿਚ ਕੁਝ ਥਾਂ ਦਿਵਾ ਸਕਦੇ ਹਨ। ਹਿੰਦੁਸਤਾਨ ਪ੍ਰਤੀ ਖਿੱਚ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਸੀ। ਨੋਰਾ ਨੇ ਪ੍ਰਸਤਾਵ ਸਵੀਕਾਰ ਕਰ ਲਿਆ ਤੇ ਉਹ 1924 ਵਿਚ ਭਾਰਤ ਆ ਗਈ। ਉਨ੍ਹਾਂ ਨੇ ਰਹਿਣ ਵਾਸਤੇ ਪਾਲਮਪੁਰ ਲਾਗੇ ਬਨੂਰੀ ਪਿੰਡ ਨੂੰ ਚੁਣਿਆ। ਦਸ ਸਾਲ ਇਥੇ ਰਹਿ ਕੇ ਨੇੜਲੇ ਪਿੰਡ ਅੰਦਰੇਟਾ ਆਈ।
ਏਸ ਦੌਰਾਨ ਆਪਣੇ ਹਿੰਦੁਸਤਾਨੀ ਮਿੱਤਰ ਸੀ ਰਾਜ ਗੋਪਾਲ ਅਚਾਰੀਆ ਤੇ ਪ੍ਰਕਾਸ਼ ਨਾਰਾਇਣ ਨਾਲ ਖ਼ਤ-ਪੱਤਰ ਜਾਰੀ ਰੱਖਿਆ ਅਤੇ ਭਾਰਤ ਦੇ ਦਿਹਾਤੀ ਜੀਵਨ ਬਾਰੇ ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਈ। ਇੰਗਲੈਂਡ ਦਾ ਆਰਾਮਦੇਹ ਜੀਵਨ ਛੱਡ ਕੇ ਨੋਰਾ ਪਹਾੜਾਂ ਵਿਚ ਕਿਉਂ ਰਹਿਣ ਲੱਗੀ? ਇਸ ਦਾ ਜਵਾਬ ਉਨ੍ਹਾਂ ਦੀ ਪੁਸਤਕ “ਕੰਟਰੀ ਲਾਈਫ” ਦੇ ਹਰ ਪੰਨੇ ਤੋਂ ਮਿਲ ਜਾਂਦਾ ਹੈ। ਉਹ ਲਿਖਦੇ ਹਨ, “ਅੰਦਰੂਨੀ ਖੁਸ਼ੀ ਤੇ ਸੰਤੁਸ਼ਟੀ ਲਈ ਕੁਦਰਤ ਦੀ ਗੋਦ ਵਿਚ ਜਾਣਾ ਜ਼ਰੂਰੀ ਹੈ। ਸ਼ਹਿਰਾਂ ਦਾ ਤੇਜ਼ ਰਫ਼ਤਾਰ ਜੀਵਨ, ਕੰਨਾਂ ਤੋਂ ਬੋਲ਼ਾ ਕਰ ਦੇਣ ਵਾਲਾ ਸ਼ੋਰ, ਭਾਸ਼ਨ, ਪ੍ਰਦਰਸ਼ਨੀਆਂ ਤੇ ਖੋਖਲੇ ਸਾਂਸਕ੍ਰਿਤਕ ਪ੍ਰੋਗਰਾਮਾਂ ਦੀ ਬਹੁਤਾਤ ਤੋਂ ਨਾ ਤਾਂ ਮਨੁੱਖ ਸਹੀ ਤਰ੍ਹਾਂ ਸੋਚ ਸਕਦਾ ਹੈ, ਨਾ ਹੀ ਸਹਿਜ ਸੁੰਦਰਤਾ ਦਾ ਪਰਮ ਸੁਖ ਪਾ ਸਕਦਾ ਹੈ। ਕੇਵਲ ਦਿਹਾਤੀ ਜੀਵਨ ਹੀ ਪ੍ਰਾਕ੍ਰਿਤਕ ਤੇ ਸਾਦਾ ਹੈ।” ਨੋਰਾ ਰਿਚਰਡਜ਼ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਵਿਚ “ਕੰਟਰੀਲਾਈਫ਼” ਨਾਮਕ ਇਕ ਕਾਲਮ ਵੀ ਲਿਖਦੇ ਸਨ।
ਇਨ੍ਹਾਂ ਪੰਕਤੀਆਂ ਦੇ ਲੇਖਕ ਨੂੰ ਅਪਣੇ ਬਚਪਨ ਵਿਚ ਪੰਜਾਬੀ ਨਾਟਕ ਦੀ ਇਸ ਪੜਨਾਨੀ ਨੂੰ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸ੍ਰੀਮਤੀ ਰਿਚਰਡਜ਼ ਆਪਣੇ ਜਨਮ ਦਿਵਸ 29 ਅਕਤੂਬਰ, ਕ੍ਰਿਸਮਸ ਡੇਅ 25 ਦਸੰਬਰ ਅਤੇ ਵਿਸਟੀਰੀਆ ਸਪਤਾਹ 29 ਮਾਰਚ ਨੂੰ ਮਨਾਉਣ ਲਈ ਅਕਸਰ ਸਾਡੇ ਪਰਵਾਰ ਨੂੰ ਚਾਹ ਦੇ ਕੱਪ ਉਤੇ ਬੁਲਾਇਆ ਕਰਦੀ ਸੀ। ਇਹ ਲੇਖਕ ਆਪਣੇ ਨਾਨਾ ਜੀ (ਪ੍ਰਸਿੱਧ ਚਿੱਤਰਕਾਰ ਪਦਮ ਸ੍ਰੀ ਸ. ਸੋਭਾ ਸਿੰਘ) ਤੇ ਆਪਣੇ ਮੰਮੀ ਡੈਡੀ ਨਾਲ ਵੁੱਡਲੈਂਡਜ਼ ਐਸਟੇਟ ਜਾਇਆ ਕਰਦਾ ਸੀ। ਉਸ ਦੌਰਾਨ ਮੈਂ ਦੇਖਿਆ ਕਿ ਉਹ ਬਹਤ ਹੀ ਸਾਦਾ ਰਹਿੰਦੇ ਸਨ। ਖੱਦਰ ਦੇ ਕੱਪੜੇ ਪਹਿਨੇ ਹੁੰਦੇ, ਕੱਚੀਆਂ ਇੱਟਾਂ ਵਾਲੇ ਮਕਾਨ ਵਿਚ ਬਾਂਸ ਦਾ ਫਰਨੀਚਰ, ਪੁਰਾਨੇ ਕੱਪੜਿਆਂ ਦੇ ਪਰਦੇ। ਅਸੀਂ ਆਪਣੇ ਘਰ ਇਕ ਜਰਸੀ ਗਾਂ ਰੱਖੀ ਹੋਈ ਸੀ, ਅਕਸਰ ਘਰੋਂ ਹੀ ਚਾਹ ਬਣਾ ਕੇ ਵੱਡੀ ਥਰਮਸ ਵਿਚ ਪਾ ਕੇ ਅਤੇ ਨਾਲ ਬਿਸਕੁਟ ਵਗੈਰਾ ਲੈ ਜਾਂਦੇ, ਕਈ ਵਾਰੀ ਘਰੋਂ ਖੀਰ ਬਣਾ ਵੀ ਲੈ ਜਾਂਦੇ। ਅਕਸਰ ਮੇਰੇ ਨਾਨਾ ਜੀ ਹੀ ਗੱਲ ਕਰਦੇ, ਸ੍ਰੀਮਤੀ ਰਿਚਰਡਜ਼ ਨੂੰ ਉੱਚਾ ਸੁਣਾਈ ਦਿੰਦਾ ਸੀ, ਉਹ ਬੋਲ ਕੇ ਗੱਲ ਕਰਦੇ ਸਨ, ਪਰ ਆਏ ਮਹਿਮਾਨ ਕੋਲ ਰੱਖੀ ਕਾਪੀ ਪੈਂਨਸਲ ਨਾਲ ਲਿਖ ਕੇ ਗੱਲ ਕਰਦੇ, ਨਾਨਾ ਜੀ ਕਈ ਵਾਰੀ ਕੋਈ ਗੱਲ ਇਸ਼ਾਰਿਆਂ ਨਾਲ ਵੀ ਸਮਝਾ ਦਿੰਦੇ।
ਆਪਣੇ 15 ਏਕੜ ਦੇ ‘ਵੁਡਲੈਂਡਜ਼ ਅਸਟੇਟ’ ਵਿਚ ਦਿਹਾਤੀ ਲੋਕਾਂ ਵਾਂਗ ਮਿੱਟੀ ਦਾ ਘਰ ਬਣਾਇਆ ਅਤੇ ਉਸ ਉਤੇ ਛੱਪਰ ਵੀ ਘਾਹ ਦਾ ਪਾਇਆ। ਉਨ੍ਹਾਂ ਨੂੰ ਰੁੱਖਾਂ, ਫੁੱਲਾਂ ਨਾਲ ਖਾਸ ਲਗਾਓ ਸੀ। ਬਾਹਰੋਂ ਆਏ ਵਿਦਿਆਰਥੀ ਤੇ ਹੋਰ ਲੋਕ ਨੋਰਾ ਦੇ ਲਿਖੇ ਹੋਏ ਨਾਟਕਾਂ ਦਾ ਮੰਚਨ ਕਰਦੇ। ‘ਵਿਸਟੀਰੀਆਂ’ ਦੇ ਸਫੈਦ ਤੇ ਜਾਮਨੀ ਫੁੱਲਾਂ ਦੀ ਭਿੰਨੀ-ਭਿੰਨੀ ਖ਼ੁਸ਼ਬੂ ਨਾਲ ਵਾਤਾਵਰਨ ਭਰ ਜਾਂਦਾ ਅਤੇ ਨੋਰਾ ਦੇ ਮਹਿਮਾਨ ਨਾਟਕਾਂ ਉਤੇ ਬਹਿਸ ਕਰਦੇ। ਪ੍ਰਿਥਵੀ ਰਾਜ ਕਪੂਰ ਤੇ ਬਲਰਾਜ ਸਾਹਨੀ ਇਥੇ ਖਾਸ ਤੌਰ ’ਤੇ ਆਉਂਦੇ। ਉਹ ਉਨ੍ਹਾਂ ਦੇ ਪਤੀ ਦੇ ਲਾਹੌਰ ਵਿਚ ਸ਼ਾਗਿਰਦ ਰਹਿ ਚੁੱਕੇ ਸਨ।
ਪੰਜਾਬੀ ਨਾ ਜਾਣਦੇ ਹੋਏ ਵੀ ਨੋਰਾ ਰਿਚਰਡਜ਼ ਨੇ ਪੰਜਾਬੀ ਨਾਟਕਾਂ ਨੂੰ ਨਵਾਂ ਰੂਪ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਅਭਿਨੈ, ਮੰਚਨ ਤੇ ਨਾਟਕ ਲਿਖਣ ਦਾ ਇਕ ਸਕੂਲ ਵੀ ਚਲਾਇਆ। ਪੰਜਾਬ ਦੇ ਮਸ਼ਹੂਰ ਨਾਟਕਕਾਰ ਈਸ਼ਵਰ ਚੰਦਰ ਨੰਦਾ, ਬਲਵੰਤ ਗਾਰਗੀ, ਕਪੂਰ ਸਿੰਘ ਘੁੰਮਣ, ਗੁਰਚਰਨ ਸਿੰਘ ਆਦਿ ਨੂੰ ਅਭਿਨੈ ਦੀ ਕਲਾ ਨੋਰਾ ਨੇ ਹੀ ਸਿਖਾਈ ਸੀ।
ਅਕਸਰ ਵਿਦੇਸ਼ੀਆਂ ਨੂੰ ਦੇਖਣ ਲਈ ਲੋਕਾਂ ਦੀ ਭੀੜ ਉਮਡ ਪੈਂਦੀ ਹੈ। ਸ਼ੁਰੂ- ਸ਼ੁਰੂ ਵਿਚ ਨੋਰਾ ਨੂੰ ਮਿਲਣ ਲਈ ਕਈ ਅਧਿਕਾਰੀ ਵੀ ਆਉਂਦੇ ਸਨ, ਪਰੰਤੂ ਉਨ੍ਹਾਂ ਨੂੰ ਇਸ ਤਰ੍ਹਾਂ ਬਿਨਾਂ ਬੁਲਾਏ ਮਹਿਮਾਨਾਂ ਤੋਂ ਵਿਸ਼ੇਸ਼ ਚਿੜ੍ਹ ਸੀ। ਘਰ ਦੇ ਬਾਹਰ “ਅੰਦਰ ਆਣਾ ਮਨ੍ਹਾਂ ਹੈ” ਲਿਖਵਾ ਕੇ ਬੋਰਡ ਲਗਾਇਆ ਹੁੰਦਾ ਸੀ। ਇਕ ਵਾਰੀ ਫੌਜ ਦਾ ਇਕ ਬਹੁਤ ਵੱਡਾ ਅਫ਼ਸਰ ਬਿਨਾਂ ਬੁਲਾਏ ਉਨ੍ਹਾਂ ਦੇ ਘਰ ਪਹੁੰਚ ਗਿਆ। ਦਰਵਾਜ਼ਾ ਖੁੱਲ੍ਹਦੇ ਹੀ ਇਸ ਅਧਿਕਾਰੀ ਨੇ ਕਿਹਾ ਕਿ ਉਹ ਉਨ੍ਹਾਂ ਦੇ ਦਰਸ਼ਨ ਕਰਨ ਲਈ ਆਇਆ ਹੈ। “ਮੈਂ ਚਿੜੀਆ ਘਰ ਦਾ ਕੋਈ ਪ੍ਰਾਣੀ ਨਹੀਂ, ਜੋ ਤੁਸੀ ਮੈਨੂੰ ਦੇਖਦੇ ਫਿਰੋ।” ਇਹ ਕਹਿੰਦੇ ਹੋਏ ਨੋਰਾ ਨੇ ਦਰਵਾਜ਼ਾ ਬੰਦ ਕਰ ਲਿਆ। ਸਖ਼ਤ ਸੁਭਾਅ ਕਾਰਨ ਪਿੰਡ ਵਾਸੀ ਅੱਜ ਵੀ ਉਨਾਂ ਨੂੰ ਯਾਦ ਕਰਦੇ ਹਨ। ਪਰ ਨੋਰਾ ਦਾ ਜੀਵਨ ਬੜਾ ਸਾਦਾ ਸੀ, ਕੱਪੜੇ ਫਟ ਜਾਣ ਉਤੇ ਉਨ੍ਹਾਂ ਦੀ ਮੁਰੰਮਤ ਕਰਕੇ ਫਿਰ ਪਹਿਨ ਲੈਂਦੇ। ਨੋਰਾ ਨੇ ਅਨੇਕ ਸਾਹਿਤਕਾਰਾਂ, ਕਲਾਕਾਰਾਂ, ਤੇ ਬੁੱਧੀਜੀਵੀਆਂ ਨੂੰ ਅੰਦਰੇਟੇ ਵੱਸਣ ਦਾ ਸੱਦਾ ਦਿੱਤਾ, ਪਰੰਤੂ ਪ੍ਰੋਫੈਸਰ ਜੈ ਦਿਆਲ, ਕੁੰਭਕਾਰ ਗੁਰਚਰਨ ਸਿੰਘ, ਚਿੱਤਰਕਾਰ ਸੋਭਾ ਸਿੰਘ ਤੇ ਫਰੀਦਾ ਬੇਦੀ (ਫਿਲਮ ਸਟਾਰ ਕਬੀਰ ਬੇਦੀ ਦੀ ਮਾਂ) ਨੇ ਹੀ ਇਥੇ ਆਪਣੇ ਘਰ ਬਣਾਏ।
ਆਪਣੀ ਲੰਬੀ ਜ਼ਿੰਦਗੀ ਦੇ ਆਖਰੀ ਸਾਲਾਂ ਵਿਚ ਗਹਿਰੀਆਂ ਤੇ ਭੂਰੀਆਂ ਅੱਖਾਂ ਵਾਲੀ ਨੋਰਾ ਨੂੰ ਇਸ ਗੱਲ ਦੀ ਚਿੰਤਾ ਹੁੰਦੀ ਸੀ ਕਿ ਉਨ੍ਹਾਂ ਦੀ ਜਾਇਦਾਦ ਤੇ ਘਰ ਦੀ ਦੇਖਭਾਲ ਕੌਣ ਕਰੇਗਾ? ਕੁਝ ਲੋਕਾਂ ‘ਤੇ ਭਰੋਸਾ ਕਰਕੇ ਉਹ ਆਪਣੀ ਵਸੀਅਤ ਹਰ ਸਾਲ ਬਦਲ ਦਿੰਦੇ। ਜਦੋਂ ਉਨ੍ਹਾਂ ਨੂੰ ਸ਼ੱਕ ਹੁੰਦਾ ਕਿ ਵਿਸ਼ੇਸ਼ ਵਿਅਕਤੀ ਉਨ੍ਹਾਂ ਦੀਆਂ ਇੱਛਾਵਾਂ ਦੇ ਅਨੁਰੂਪ ਨਹੀਂ ਉਤਰ ਸਕੇਗਾ ਤਾਂ ਵਸੀਅਤ ਬਦਲ ਦਿੰਦੇ। ਤਿੰਨ ਮਾਰਚ 1971 ਨੂੰ ਜਦੋਂ ਉਨ੍ਹਾਂ ਦੀ ਮੌਤ ਤੋਂ ਬਾਅਦ ਰਜਿਸਟਰਡ ਵਸੀਅਤ ਖੋਲ੍ਹਣ ‘ਤੇ ਪਤਾ ਲੱਗਾ ਕਿ ਉਨ੍ਹਾਂ ਨੇ ਆਪਣਾ ਘਰ ਚਮੇਲੀ ਨਿਵਾਸ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਦਿੱਤਾ ਹੈ। ਬਾਕੀ ਦੀ ਸਾਰੀ ਜਾਇਦਾਦ ਦੀ ਦੇਖ-ਭਾਲ ਕਰਨ ਵਾਸਤੇ ਵੁਡਲੈਂਡਜ਼ ਸੁਸਾਇਟੀ ਬਣਾਈ ਹੋਈ ਸੀ।
ਪੰਜਾਬੀ ਨਾਟਕ ਲਈ ਕੀਤੇ ਗਏ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬੀ ਯੂਨਵਿਰਸਿਟੀ ਨੇ ਉਨ੍ਹਾਂ ਨੂੰ ਡਾਕਟ੍ਰੇਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਸੀ। ਉਨ੍ਹਾਂ ਦੀ ਲਾਇਬਰੇਰੀ ਤੇ ਘਰ ਦਾ ਸਾਮਾਨ ਪੰਜਾਬੀ ਯੂਨੀਵਰਸਿਟੀ ਦੇ ਅਜਾਇਬ ਘਰ ਵਿਚ ਰੱਖਿਆ ਗਿਆ ਹੈ। ਸਾਲ 1970 ਤੋਂ ਨੋਰਾ ਰਿਚਰਡਜ਼ ਦੇ ਬਣਾਏ ਹੋਏ “ਓਪਨ ਏਅਰ ਥੀਏਟਰ” (ਖੁੱਲ੍ਹਾ ਰੰਗਮੰਚ) ਵਿਚ ਅੱਜ ਵੀ ਉਨ੍ਹਾਂ ਦਾ ਪ੍ਰਸਿੱਧ ਨਾਟਕ “ਪੁੱਤਰ ਘਰ ਆਇਆ” ਹਰ ਸਾਲ ਖੇਡਿਆ ਜਾਂਦਾ ਹੈ।
ਯੂਨੀਵਰਸਿਟੀ ਉਨ੍ਹਾਂ ਦੇ ਸਨਮਾਨ ਵਿਚ ਨਾਟਕ ਸਮਾਰੋਹ ਦਾ ਆਯੋਜਨ ਕਰਦੀ ਹੈ। ਹਰ ਸਾਲ 29 ਅਕਤੂਬਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਕਲਾਕਾਰਾਂ ਦੀ ਧਰਤੀ ਅੰਦਰੇਟਾ (ਪਾਲਮਪੁਰ) ਹਿਮਾਚਲ ਪ੍ਰਦੇਸ਼ ਵਿਚ ਪੰਜਾਬੀ ਨਾਟਕਾਂ ਦੀ ਜਣਨੀ ਨੋਰਾ ਰਿਚਰਡਜ਼ ਦੇ ਜਨਮ ਦਿਵਸ ‘ਤੇ ਨਾਟਕਾਂ ਦਾ ਮੰਚਨ ਕਰਵਾਉਂਦੇ ਹਨ। ‘ਓਪਨ ਏਅਰ ਥੀਏਟਰ’ ਜ਼ਿੰਦਗੀ ਨਾਲ ਧੜਕ ਉੱਠਦਾ ਹੈ।
ਅਤੇ ਪਿੰਡ ਵਾਸੀਆਂ ਨੂੰ ਨੋਰਾ ਰਿਚਰਡਜ਼ ਬਾਰੇ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ। ਨੋਰਾ ਦੇ ਅਗਲੇ ਜਨਮ ਦਿਨ ਭਾਵ 29 ਅਕਤੂਬਰ 1971 ਨੂੰ ਪੰਜਾਬੀ ਯੂਨਵਿਰਸਿਟੀ ਨੇ ਓਪਰ ਏਅਰ ਥੀਏਟਰ ਵਿਚ ਨਾਟਕ ਖਿਡਵਾ ਕੇ ਇਹ ਦਿਨ ਮਨਾਇਆ। ਸਾਡੇ ਅੰਦਰੇਟਾ ਸਕੂਲ ਦੇ ਵਿਦਿਆਰਥੀਆਂ ਨੇ ਵੀ ਪਹਾੜੀ ਭਾਸ਼ਾ ਵਿਚ ਇਕ ਨਾਟਕ ਪੇਸ਼ ਕੀਤਾ, ਉਸ ਵਿਚ ਮੈਂ ਵੀ ਇਕ ਪਾਰਟ ਕੀਤਾ ਸੀ।
ਤਿੰਨ ਮਾਰਚ 1971 ਨੂੰ ਨੋਰਾ ਦੇ ਅਕਾਲ ਚਲਾਣੇ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਐੱਚ. ਕੇ. ਮਨਮੋਹਨ ਸਿੰਘ, ਡਾ. ਜੋਗਿੰਦਰ ਸਿੰਘ ਪੁਆਰ ਤੇ ਮੌਜੂਦਾ ਉਪ-ਕੁਲਪਤੀ ਡਾ. ਜਸਪਾਲ ਸਿੰਘ ਦੇ ਯਤਨਾਂ ਸਦਕਾ ਯੂਨੀਵਰਸਿਟੀ ਨੇ ‘ਵੁੱਡਲੈਂਡ ਅਸਟੇਟ’ ਵਿਚ ਇਕ ਸੁੰਦਰ ‘ਲੇਖਕ ਘਰ’ ਤੇ ‘ਵਿਦਿਆਰਥੀ ਭਵਨ’ ਉਸਾਰੇ ਹਨ, ਜਿਥੇ ਸਾਲ ਭਰ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ।
ਆਇਰਲੈਂਡ ਦਾ ਪੰਜਾਬੀ ਨਾਟਕ-ਸਾਹਿਤ ਉੱਤੇ ਪ੍ਰਭਾਵ
-ਪਿਆਰਾ ਸਿੰਘ ਭੋਗਲ
ਵੀਹਵੀਂ ਸਦੀ ਦੇ ਆਰੰਭ ਵਿੱਚ ਜਦੋਂ ਭਾਰਤ ਵਿੱਚ ਸੁਤੰਤਰਤਾ -ਸੰਗਰਾਮ ਭਖ ਰਿਹਾ ਸੀ, ਤਾਂ ਪੱਛਮ ਵਿੱਚ ਆਇਰਲੈਂਡ ‘ਤੇ ਵੀ ਬਰਤਾਨੀਆ ਰਾਜ ਕਰ ਰਿਹਾ ਸੀ। ਬਰਤਾਨੀਆਂ, ਜਿਸ ਨੂੰ ਅੰਗਰੇਜ਼ ਲੋਕ “ਸੰਯੁਕਤ ਸਲਤਨਤ” (ਯੂ. ਕੇ. ਯੂਨਾਈਟਡ ਕਿੰਗਡਮ) ਕਹਿੰਦੇ ਸਨ, ਤਿੰਨ ਟਾਪੂ-ਸਮੂਹਾਂ (ਇੰਗਲੈਂਡ, ਸਕਾਟਲੈਂਡ ਤੇ ਆਇਰਲੈਂਡ) ਨੂੰ ਜੋੜ ਕੇ ਬਣਾਇਆ ਦੇਸ਼ ਸੀ। ਇੰਗਲੈਂਡ ਬਹੁਤਾ ਉੱਨਤ ਸੀ। ਲੰਦਨ ਅਸਲ ਵਿੱਚ ਇੰਗਲੈਂਡ ਦੀ ਰਾਜਧਾਨੀ ਸੀ, ਪਰ ਇੰਗਲੈਂਡ ਦੇ ਲੋਕਾਂ ਦੀ ਉੱਨਤੀ ਤੇ ਦਾਬੇ ਦੇ ਕਾਰਨ ਸਾਰੇ ਬਰਤਾਨੀਆਂ ਦੀ ਰਾਜਧਾਨੀ ਬਣੀ ਹੋਈ ਸੀ। ਆਇਰਲੈਂਡ ਤੇ ਸਕਾਟਲੈਂਡ ਇੰਗਲੈਂਡ ਦੇ ਦਾਬੇ ਨੂੰ ਪਸੰਦ ਨਹੀਂ ਕਰਦੇ ਸਨ। ਉਨ੍ਹਾਂ ਦੀ ਸ਼ਿਕਾਇਤ ਸੀ ਕਿ ਸਾਨੂੰ ਇੰਗਲੈਂਡ ਨੇ ਗ਼ੁਲਾਮ ਬਣਾਇਆ ਹੋਇਆ ਹੈ। ਇੰਗਲੈਂਡ ਸਾਨੂੰ ਲੁੱਟ ਕੇ ਆਪ ਅਮੀਰ ਬਣਦਾ ਗਿਆ ਹੈ। 1905-07 ਵਿੱਚ ਭਾਰਤ ਵਿਚ ਬੰਗਾਲ ਦੀ ਵੰਡ ਹੋਈ, ਤੇ ਪੰਜਾਬ ਵਿਚ “ਪਗੜੀ ਸੰਭਾਲ ਜੱਟਾ” ਲਹਿਰ ਚੱਲੀ, ਤਾਂ ਆਇਰਲੈਂਡ ਦੇ ਰਾਜਨੀਤਕ ਆਗੂ, ਬੁੱਧੀਮਾਨ ਤੇ ਲੇਖਕ ਆਪਣੇ ਦੇਸ਼ ਨਾਲ ਹੋ ਰਹੇ ਅਨਿਆਂ ਨੂੰ ਅਤੇ ਆਪਣੇ ਦੇਸ਼ ਦੇ ਜਨ-ਜੀਵਨ ਨੂੰ ਲੋਕਾਂ ਦੇ ਸਾਹਮਣੇ ਉਜਾਗਰ ਕਰ ਰਹੇ ਸਨ। ਸੁਤੰਤਰ ਆਇਰਲੈਂਡ ਦੇ ਸੰਕਲਪ ਨੂੰ ਉਭਾਰਨ ਵਾਲਾ ਸਭ ਤੋਂ ਵੱਡਾ ਰਾਜਨੀਤਕ-ਆਗੂ ਡੀ. ਵਿਲੇਰਾ ਸੀ| ਸੁਤੰਤਰਤਾ- ਸੰਗਰਾਮ ਦੇ ਨਾਲ-ਨਾਲ ਆਇਰਲੈਂਡ ਦੀ ਭਾਸ਼ਾ “ਆਇਰਿਸ਼-ਅੰਗਰੇਜ਼ੀ” ਦੀ ਸ਼ਾਨ ਸਥਾਪਤ ਕਰਨ ਦਾ ਸਮਰਥਕ, ਇਸੇ ਅੰਗਰੇਜ਼ੀ ਵਿੱਚ ਸਾਹਿਤ ਲਿਖਣ ਦੀ ਲਹਿਰ ਦਾ ਸੰਚਾਲਕ ਉਸ ਸਮੇਂ ਦਾ ਪ੍ਰਸਿੱਧ ਸ਼ਾਇਰ ਵਿਲੀਅਮ ਬਟਲਰ ਯੇਟਸ ਸੀ। ਉਸ ਦੀ ਪ੍ਰਸਿੱਧੀ ਤੇ ਪ੍ਰਤਿਭਾ ਦਾ ਪ੍ਰਮਾਣ ਇਹ ਸੀ ਕਿ ਜਦੋਂ 1910-11 ਵਿੱਚ ਰਾਬਿੰਦਰ ਨਾਥ ਟੈਗੋਰ ਨੇ ਆਪਣਾ ਕਾਵਿ-ਸੰਗ੍ਰਹਿ “ਗੀਤਾਂਜਲੀ” ਬੰਗਾਲੀ ਭਾਸ਼ਾ ਵਿੱਚ ਲਿਖ ਕੇ ਛਪਵਾਇਆ ਸੀ, ਤਾਂ ਉਹ ਆਪਣੀ ਸ਼ਾਇਰੀ ਦੀ ਉੱਚਤਾ ਸਿੱਧ ਕਰਨ ਲਈ ਸਮੁੰਦਰੀ ਜਹਾਜ਼ ਵਿੱਚ ਬੈਠ ਕੇ ਕਲਕੱਤੇ ਤੇ ਲੰਦਨ ਲਈ ਚਲ ਪਿਆ। ਰਾਹ ਵਿੱਚ ਜਹਾਜ਼ ਦੇ ਸਫ਼ਰ ਦੌਰਾਨ ਆਪਣੀਆਂ ਨਜ਼ਮਾਂ ਤੇ ਗੀਤ ਬੰਗਾਲੀ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕਰਦਾ ਗਿਆ। ਲੰਦਨ ਵਿੱਚ ਉਸ ਨੇ ਇਹ ਰਚਨਾਵਾਂ ਅੰਗਰੇਜ਼ੀ ਭਾਸ਼ਾ ਵਿੱਚ ਲਿਖਣ ਵਾਲੇ ਕੁਝ ਲੇਖਕਾਂ ਨੂੰ ਸੁਣਾਈਆਂ। ਇਨ੍ਹਾਂ ਲੇਖਕਾਂ ਦਾ ਮੁਖੀ ਵਿਲੀਅਮ ਬਟਲਰ ਯੇਟਸ ਹੀ ਸੀ। ਯੇਟਸ ਨੇ ਹੀ ਇਹ ਰਚਨਾਵਾਂ ਅੰਗਰੇਜ਼ੀ ਭਾਸ਼ਾ ਵਿੱਚ ਸੌਂਪੀਆਂ। ਉਸੇ ਨੇ ਪੱਛਮੀ ਸਾਹਿਤ-ਜਗਤ ਨੂੰ ਭਾਰਤ ਦੇ ਇਸ ਨਿਵੇਕਲੇ ਸ਼ਾਇਰ ਤੋਂ ਜਾਣੂ ਕਰਵਾਇਆ। ਨਤੀਜਾ ਇਹ ਸੀ ਕਿ ‘ਟੈਗੋਰ ਨੂੰ ‘ਗੀਤਾਂਜਲੀ’ ਦੀ ਖ਼ਾਤਰ ਨੋਬਲ ਇਨਾਮ 1913 ਈ: ਵਿੱਚ ਪ੍ਰਾਪਤ ਹੋਇਆ। ਖ਼ੁਦ ਯੇਟਸ ਨੂੰ ਨੋਬਲ ਇਨਾਮ 1923 ਈ: ਵਿੱਚ ਮਿਲਿਆ।
ਯੇਟਸ ਨੇ ਆਇਰਲੈਂਡ ਦੀ ਰਾਜਧਾਨੀ ਡਬਲਿਨ ਵਿੱਚ ਆਇਰਿਸ਼ ਨਾਟਕ ਖੇਡਣ ਲਈ ਥੀਏਟਰ ਸਥਾਪਤ ਕੀਤਾ। ਲੇਖਕਾਂ ਨੂੰ ਪ੍ਰੇਰਤ ਕੀਤਾ, ਆਪਣੀ ਆਇਰਿਸ ਭਾਸ਼ਾ ਵਿੱਚ ਨਾਟਕ ਲਿਖੇ। ਆਪ ਵੀ ਕਾਵਿ-ਨਾਟਕ ਲਿਖੇ ਤੇ ਖੇਡੇ। ਜਾਰਜ ਬਰਨਾਰਡ ਸ਼ਾਅ ਵੀ ਆਇਰਿਸ਼ ਸੀ। ਯੇਟਸ ਨੇ ਉਸ ਨੂੰ ਵੀ ਕਿਹਾ ਕਿ ਉਹ ਆਇਰਿਸ਼ ਅੰਗਰੇਜ਼ੀ ਵਿੱਚ ਨਾਟਕ ਲਿਖੇ। ਜਾਰਜ ਬਰਨਾਰਡ ਸ਼ਾਅ ਨੇ ਇਕ ਨਾਟਕ ਲਿਖਿਆ – ਯੇਟਸ ਤਾਂ ਚਾਹੁੰਦਾ ਸੀ, ਸ਼ਾਅ ਉਸ ਵਾਂਗ ਲੰਦਨ ਵਿੱਚ ਰਹਿਣਾ ਛੱਡੇ। ਆਇਰਲੈਂਡ ਚੱਲੇ। ਆਪਣੇ ਲੋਕਾਂ ਦਾ ਜੀਵਨ ਨੇੜਿਉਂ ਦੇਖੇ, ਤੇ ਉਨ੍ਹਾਂ ਦੇ ਜੀਵਨ ਦੀਆਂ ਝਲਕੀਆਂ ਪੇਸ਼ ਕਰੇ। ਪਰ ਸ਼ਾਅ ਦਾ ਤਰਕ ਸੀ, ਇੰਗਲੈਂਡ ਨੇ ਆਇਰਲੈਂਡ ਪਹੁੰਚ ਕੇ ਆਇਰਲੈਂਡ ਜਿੱਤਿਆ ਹੋਇਆ ਹੈ। ਮੈਂ ਇੰਗਲੈਂਡ ਪਹੁੰਚ ਕੇ ਇੰਗਲੈਂਡ ਨੂੰ ਕਿਉਂ ਛੱਡਾਂ? ਇਹ ਯਾਦ ਰੱਖਣ ਵਾਲੀ ਗੱਲ ਹੈ, ਜਾਰਜ ਬਰਨਾਰਡ ਸ਼ਾਅ ਅੰਗਰੇਜ਼ੀ ਭਾਸ਼ਾ ਦਾ, ਸ਼ੈਕਸਪੀਅਰ ਤੋਂ ਬਾਅਦ, ਸਭ ਤੋਂ ਵੱਡਾ ਨਾਟਕਕਾਰ ਮੰਨਿਆ ਗਿਆ ਹੈ।
ਸ਼ਾਅ ਤਾਂ ਆਇਰਲੈਂਡ ਦੀ ਮੁਨਾਰ ਸਥਾਮਵਾਦੀ ਦੀ ਲਹਿਰ ਵਿੱਚ ਸ਼ਾਮਲ ਨਹੀਂ ਹੋਇਆ, ਪਰ ਹੋਰ ਕਈ ਲੇਖਕ ਸ਼ਾਮਲ ਹੋਏ, ਜਿਨ੍ਹਾਂ ਵਿੱਚ ਦੋ ਪ੍ਰਸਿੱਧ ਨਾਮ ਸਿੰਗ ਅਤੇ ਲੇਡੀ ਗਰੇਗਰੀ ਸਨ। ਸਿੰਗ ਦਾ ਇਕ ਪ੍ਰਸਿੱਧ ਇਕਾਂਗੀ “ਸਮੁੰਦਰ ਨੂੰ ਜਾਣ ਵਾਲੇ” ਇਕਾਂਗੀ ਦੇ ਪਾਠ ਤੋਂ ਪੰਜਾਬ ਦੇ ਬਹੁਤ ਸਾਰੇ ਬੀ. ਏ ਪਾਸ ਲੋਕ ਜਾਣੂ ਹਨ, ਕਿਉਂਕਿ ਇਹ ਇਕਾਂਗੀ ਅੰਗਰੇਜ਼ੀ ਸਾਹਿਤ ਦੀ ਵੰਨਗੀ ਪੇਸ਼ ਕਰਨ ਵਾਲੀਆਂ ਕਈ ਪਾਠ- ਪੁਸਤਕਾਂ ਵਿੱਚ ਸ਼ਾਮਲ ਰਿਹਾ ਹੈ, ਜੋ ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ਪੜ੍ਹਾਈਆਂ ਜਾਂਦੀਆਂ ਰਹੀਆਂ ਹਨ। ਬਲਵੰਤ ਗਾਰਗੀ ਦਾ ਬਹੁਤ ਪ੍ਰਸਿੱਧ ਹੋਇਆ ਇਕਾਂਗੀ “ਬੇਬੇ” ਸਿੰਗ ਦੇ ਇਸੇ ਇਕਾਂਗੀ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਗਿਆ। ਅਸਲ ਵਿੱਚ ਗਾਰਗੀ ਆਇਰਿਸ਼ ਨਾਟਕਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਉਹ ਆਪਣੀਆਂ ਪੁਸਤਕਾਂ ਵਿੱਚ ਪਹਿਲਾਂ ਪਹਿਲਾਂ ਸਿੰਗ ਦਾ ਬਹੁਤ ਜਿਕਰ ਕਰਦਾ ਸੀ। ਲੇਡੀ ਗਰੇਗਰੀ ਦਾ ਇਕਾਂਗੀ “ਚੜ੍ਹਦਾ ਚੰਨ” ਵੀ ਪੰਜਾਬ ਵਿੱਚ ਹਰਮਨਪਿਆਰਾ ਹੋਇਆ।
ਆਇਰਿਸ਼ ਰੰਗਮੰਚ ਉੱਤੇ ਨਾਟਕ ਖੇਲਦੀ ਰਹੀ ਇਕ ਨਾਰੀ ਨੋਰਾ ਰਿਚਰਡਜ਼, ਆਪਣੇ ਪਤੀ ਪ੍ਰੋ. ਰਿਚਰਡਜ਼ ਨਾਲ 1910-11 ਵਿੱਚ ਲਾਹੌਰ ਆ ਗਈ ਸੀ। ਪ੍ਰੋ. ਰਿਚਰਡਜ ਤਾਂ ਕਾਲਜ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਰਹੇ, ਪਰ ਨੋਰਾ ਉਨ੍ਹਾਂ ਨੂੰ ਨਾਟਕ ਖਿਡਵਾਉਂਦੀ ਰਹੀ। ਉਸ ਨੂੰ ਇਹ ਬਿਲਕੁਲ ਪਸੰਦ ਨਹੀਂ ਸੀ ਕਿ ਪੰਜਾਬ ਦੇ ਵਿਦਿਆਰਥੀ ਸ਼ੈਕਸਪੀਅਰ ਦੇ ਨਾਟਕ ਅਤੇ ਅੰਗਰੇਜ਼ੀ ਵਿਚ ਲਿਖੇ ਗਏ ਹੋਰ ਲੇਖਕਾਂ ਦੇ ਨਾਟਕ ਖੇਡਣ। ਉਹ ਆਪਣੇ ਲੋਕਾਂ ਬਾਰੇ ਨਾਟਕ ਕਿਉਂ ਨਾ ਖੇਡਣ। ਉਸ ਨੇ ‘ਦਿਆਲ ਸਿੰਘ ਕਾਲਜ ਲਾਹੌਰ’ ਦੇ ਵਿਦਿਆਰਥੀਆਂ ਵਿੱਚ ਇਨਾਮੀ ਮੁਕਾਬਲਾ ਰੱਖਿਆ। ਇਸੇ ਕਾਲਜ ਵਿੱਚ ਉਸ ਦਾ ਪਤੀ ਪੜ੍ਹਾ ਰਿਹਾ ਸੀ। ਪਹਿਲੇ ਸਾਲ ਦੇ ਮੁਕਾਬਲੇ ਵਿਚ ਇਕ ਵਿਦਿਆਰਥੀ ਭਟਨਾਗਰ ਜਿੱਤਿਆ। 1913 ਦੇ ਮੁਕਾਬਲੇ ਵਿੱਚ ਇਸੇ ਕਾਲਜ ਦਾ ਵਿਦਿਆਰਥੀ ਈਸ਼ਵਰ ਚੰਦਰ ਨੰਦਾ ‘ਦੁਲਹਨ’ ਇਕਾਂਗੀ ਲਿਖ ਕੇ ਜਿੱਤਿਆ। ਇਹ ਇਕਾਂਗੀ ਨੰਦੇ ਦੇ ਇਕਾਂਗੀ ਸੰਗ੍ਰਹਿ ਲਿਸ਼ਕਾਰੇ’ ਵਿਚ ‘ਦੂਜਾ ਵਿਆਹ’ ਨਾਮ ਹੇਠ ਛਪਿਆ ਹੋਇਆ ਹੈ। ਅਗਲੇ ਸਾਲ ਨੰਦੇ ਦਾ ਇਕ ਹੋਰ ਇਕਾਂਗੀ ‘ਬੇਬੇ ਰਾਮ ਭਜਨੀ’ ਮੁਕਾਬਲੇ ਵਿੱਚ ਦੂਜੇ ਸਥਾਨ ਉੱਤੇ ਰਿਹਾ। ਨੋਰਾ ਰਿਚਰਡਜ਼ ਨੇ ‘ਦੁਲਹਨ’ ਅਪ੍ਰੈਲ 1914 ਵਿੱਚ ਆਪ ਖਿਡਵਾਇਆ। ਨੰਦੇ ਨੂੰ ਨੋਰਾ ਦੇ ਨਾਟਕ-ਮੁਕਾਬਲਿਆਂ ਨੇ ਨਾਟਕ ਲਿਖਣ ਦੀ ਅਜਿਹੀ ਚੇਟਕ ਲਾਈ ਕਿ ਉਹ 1916 ਈ: ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਐਮ. ਏ. ਅੰਗਰੇਜ਼ੀ ਪਾਸ ਕਰਕੇ ਅੰਗਰੇਜ਼ੀ ਭਾਸ਼ਾ ਤੇ ਸਾਹਿਤ ਪੜ੍ਹਾਉਣ ਵਾਲਾ ਲੈਕਚਰਾਰ ਜ਼ਰੂਰ ਲੱਗ ਗਿਆ। ਪਹਿਲਾਂ ਦਿਆਲ ਸਿੰਘ ਕਾਲਜ ਲਾਹੌਰ ਵਿਚ, ਪਿੱਛੋਂ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਪਰ ਸਾਰੀ ਉਮਰ ਅੰਗਰੇਜ਼ੀ ਪੜ੍ਹਾਉਂਦਿਆਂ ਉਸ ਨੇ ਨਾਟਕ ਤੇ ਇਕਾਂਗੀ ਸਿਰਫ ਪੰਜਾਬੀ ਭਾਸ਼ਾ ਵਿਚ ਲਿਖੇ। 1920 ਵਿਚ ਵੱਡਾ ਨਾਟਕ ‘ਸੁਭੱਦਰਾ’ ਲਿਖਿਆ ਤੇ ਥਾਂ-ਥਾਂ ਖੇਡਿਆ। 1928 ਵਿਚ ਇਕ ਹੋਰ ਵੱਡਾ ਨਾਟਕ ‘ਵਰ ਘਰ’ ਲਿਖਿਆ, ਤੇ ਆਪ ਹੀ ਖੇਡਿਆ।
ਨੰਦੇ ਤੋਂ ਪਹਿਲਾਂ ਤੇ ਨੰਦੇ ਦੇ ਨਾਲ-ਨਾਲ ਪੰਜਾਬੀ ਵਿੱਚ ਨਾਟਕ ਹੋਰ ਲੇਖਕਾਂ ਨੇ ਵੀ ਲਿਖੇ, ਪਰ ਈਸ਼ਵਰ ਚੰਦਰ ਨੰਦਾ ਪੰਜਾਬੀ ਇਕਾਂਗੀ, ਪੰਜਾਬੀ ਨਾਟਕ ਤੇ ਪੰਜਾਬੀ ਰੰਗਮੰਚ ਦਾ ਜਨਮਦਾਤਾ ਸਿੱਧ ਹੋਇਆ। ਉਸ ਨੂੰ ਪ੍ਰੇਰਨਾ ਸ੍ਰੀਮਤੀ ਨੋਰਾ ਤੋਂ ਮਿਲੀ। ਪ੍ਰੋ. ਰਿਚਰਡਜ 1920 ਈ. ਵਿੱਚ ਚੜ੍ਹਾਈ ਕਰ ਗਿਆ। ਨੋਰਾ ਇੰਗਲੈਂਡ ਚਲੀ ਗਈ, ਪਰ 1925 ਵਿੱਚ ਵਾਪਸ ਆ ਗਈ। ਦਸ ਸਾਲ ਬਨ੍ਹੜ ਰਹੀ। ਫੇਰ ਕਾਂਗੜਾ ਘਾਟੀ ਵਿੱਚ ਅੰਦਰੇਟੇ ਵੱਸ ਗਈ, ਜਿੱਥੇ ਸ. ਸੋਭਾ ਸਿੰਘ ਵੀ ਜਾ ਵੱਸੇ। ਅੰਦਰੇਟੇ ਹੀ ਉਹ ਨਾਟਕ ਖੇਡਣ-ਖਿਡਵਾਉਣ ਦਾ ਕੰਮ ਕਰਦੀ ਰਹੀ।
ਆਇਰਿਸ਼ ਨਾਟਕ ਦਾ ਪ੍ਰਭਾਵ ਸਿਰਫ ਬਲਵੰਤ ਗਾਰਗੀ ਉਤੇ ਹੀ ਨਹੀਂ ਪਿਆ। ਮੁੱਢਲਾ ਪ੍ਰਭਾਵ ਈਸ਼ਵਰ ਚੰਦਰ ਨੰਦਾ ਉੱਤੇ ਵੀ ਹੈ। ਗਾਰਗੀ ਤੇ ਨੰਦੇ ਦਾ ਫ਼ਰਕ ਇਹ ਹੈ ਕਿ ਜਿੱਥੇ ਗਾਰਗੀ ਨਾਟਕ ਦਾ ਵਿਚਾਰ, ਨਾਟਕ ਦੀ ਸ਼ੈਲੀ ਤੇ ਨਾਟਕ ਦੇ ਕਈ ਵੇਰਵੇ ਆਇਰਿਸ਼ ਲਿਖਤਾਂ ਵਿੱਚੋਂ ਚੁੱਕ ਲੈਂਦਾ ਸੀ, ਨੰਦਾ ਆਪਣੀਆਂ ਲਿਖਤਾਂ ਵਿਚ ਬਿਲਕੁਲ ਮੌਲਿਕ ਹੈ। ਉਹ ਪੰਜਾਬ ਦਾ ਨਾਟਕਕਾਰ ਹੈ। ਉਹ ਲੋਕ- ਜੀਵਨ ਨਾਲ ਜੁੜਿਆ ਹੋਇਆ ਹੈ। ਨੋਰਾ ਨੇ ਸਿਰਫ ਉਸ ਨੂੰ ਨਾਟਕ ਲਿਖਣ ਤੇ ਖੇਡਣ ਦੀ ਚੇਟਕ ਹੀ ਲਾਈ। ਉਹ ਗਾਰਗੀ ਤੋਂ ਉਲਟ ਆਪਣੇ ਨੇੜੇ ਦੇ ਲੋਕ- ਜੀਵਨ ਨਾਲ ਅਤੇ ਪੁਰਾਣੀ ਸਭਿਅਤਾ ਤੋਂ ਨਵੀ ਆਧੁਨਿਕ ਸਭਿਅਤਾ ਵੱਲ ਵਧ ਰਹੇ ਪੰਜਾਬ ਨਾਲ ਜੁੜਿਆ। ਪਹਿਲੇ ਹੀ ਇਕਾਂਗੀ ‘ਦੁਲਹਨ’ ਵਿੱਚ ਅਮੀਰ ਬੁੱਢਿਆਂ ਵਲੋਂ ਪੈਸੇ ਖਰਚ ਕੇ ਮੁਟਿਆਰ ਕੁੜੀਆਂ ਨਾਲ ਵਿਆਹ ਕਰਾ ਲੈਣ ਦੀ ਪੁਰਾਣੀ ਪੇਂਡੂ ਪ੍ਰਥਾ ਦਾ ਵਿਰੋਧ ਹੈ। ‘ਸੁਭੱਦਰਾ’ ਵਿੱਚ ਵਿਧਵਾਵਾਂ ਨੂੰ ਮੁੜ ਨਾ ਵਿਆਹੁਣ ਦੀ ਪੁਰਾਣੀ ਕੁਰੀਤੀ ਦਾ ਵਿਰੋਧ ਹੈ। ‘ਵਰ ਘਰ’ ਨਵੇਂ ਸ਼ਹਿਰੀ ਸਮਾਜ ਦਾ ਚਿਤਰ ਹੈ, ਜਿਸ ਵਿੱਚ ਪੜ੍ਹੀ-ਲਿਖੀ ਕੁੜੀ ਆਪਣੀ ਪਸੰਦ ਦੇ ਨਵਯੁਵਕ ਨਾਲ ਵਿਆਹ ਕਰਾਉਂਦੀ ਹੈ। ਇਹ ਵਿਚਾਰ ਉਸ ਨੇ ਨੋਰਾ ਰਾਹੀਂ ਪੱਛਮ ਤੋਂ ਅਤੇ ਆਇਰਲੈਂਡ ਤੋਂ ਲਿਆ ਕਿ ਨਾਟਕ ਸਿਰਫ ਛਾਪਣ ਲਈ ਹੀ ਨਹੀਂ, ਰਚਿਆ ਜਾਂਦਾ। ਇਹ ਰੰਗਮੰਚ ਉੱਤੇ ਪੇਸ਼ ਕਰਨ ਲਈ ਲਿਖਿਆ ਜਾਂਦਾ ਹੈ। ਉਸ ਨੇ ਆਪਣੇ ਨਾਟਕ ਵੱਡੇ-ਵੱਡੇ ਦਰਸ਼ਕ-ਸਮੂਹਾਂ ਦੇ ਸਾਹਮਣੇ ਖੇਡੇ। ਉਸ ਨੇ ਪੰਜਾਬੀ ਰੰਗਮੰਚ ਦੀ ਬੁਨਿਆਦ ਰੱਖੀ।
ਜਦੋਂ ਨੰਦੇ ਨੇ ‘ਦੁਲਹਨ’ ਤੇ ‘ਬੇਬੇ ਰਾਮ ਭਜਨੀ’ ਇਕਾਂਗੀ ਲਿਖੇ, ਤਾਂ ਇਕਾਂਗੀ ਦੀ ਵਿਧਾ ਪੱਛਮ ਵਿੱਚ ਵੀ ਨਵੀਂ ਨਵੀਂ ਸੀ। ਥੀਏਟਰਾਂ ਵਿੱਚ ਵੱਡੇ ਨਾਟਕ ਹੀ ਖੇਡੇ ਜਾਂਦੇ ਸਨ। ਉਨੀਵੀਂ ਸਦੀ ਵਿੱਚ, ਯਥਾਰਥ ਨੂੰ ਜ਼ਿਆਦਾ ਬਾਰੀਕੀ ਨਾਲ ਘੋਖਣ ਦੀ, ਪ੍ਰਵਿਰਤੀ ਪੈਦਾ ਹੋਈ, ਜਿਸ ਦੇ ਕਾਰਨ, ਨਾਵਲ ਦੇ ਨਾਲ-ਨਾਲ ‘ਆਧੁਨਿਕ ਨਿੱਕੀ ਕਹਾਣੀ’ ਦੀ ਵਿਧਾ ਵਿਕਸਿਤ ਹੋਈ। ਯਥਾਰਥ ਨੂੰ ਬਾਰੀਕੀ ਨਾਲ ਘੋਖਣ ਦੀ ਪ੍ਰਵਿਰਤੀ ਨੇ ਨਾਟਕ-ਖੇਤਰ ਵਿੱਚ ਵੀ ਰੰਗ ਦਿਖਾਇਆ। ਉਨੀਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿੱਚ ‘ਇਕਾਂਗੀ’ ਪੈਦਾ ਹੋ ਗਿਆ। ਆਇਰਲੈਂਡ ਵਿਚ ਵੀ ਇਕਾਂਗੀ ਰਚੇ ਗਏ। ਈਸ਼ਵਰ ਚੰਦਰ ਨੰਦਾ ਨੇ ਪੰਜਾਬ ਵਿੱਚ ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਇਕਾਂਗੀ ਦਾ ਨਵਾਂ ‘ਰੂਪਾਕਾਰ’ ਅਪਣਾ ਲਿਆ, ਤੇ ਇਕਾਂਗੀਆਂ ਦੇ ਤਿੰਨ ਸੰਗ੍ਰਹਿ ਛਪਵਾਏ 1) ਝਲਕਾਰੇ 2) ਲਿਸ਼ਕਾਰੇ 3) ਚਮਕਾਰੇ।
ਉਹ ਸ਼ਬਦ ਉਸ ਦੀ ਯਾਦ ਨੂੰ ਸਦੀਵੀ ਬਣਾਈ ਰੱਖਣਗੇ, ਜਿਨ੍ਹਾਂ ਦਾ ਮਤਲਬ ਹੈ, “ਆਰਾਮ ਕਰ ਥੱਕੇ ਦਿਲਾ, ਤੇਰਾ ਕਾਰਜ ਪੂਰਾ ਹੋ ਗਿਐ।”
ਭਾਗ -2 (ਸ਼ਖ਼ਸੀਅਤ ਤੇ ਨਾਟ ਸੇਵਾ)
ਨੇੜਿਉਂ ਦੇਖੀ ਨਾਟਕ ਦੀ ਨਕੜਦਾਦੀ
-ਹਰਬੀਰ ਸਿੰਘ ਭੰਵਰ
ਪਹਿਲੀ ਵਾਰੀ ਪੰਜਾਬੀ ਰੰਗਮੰਚ ਦੀ ਨਕੜਦਾਦੀ ਮਿਸਿਜ਼ ਨੋਰਾ ਰਿਚਰਡਜ਼ ਦਾ ਨਾਂ ਮੈਂ ਅੰਦਰੇਟੇ ਜਾ ਕੇ ਹੀ ਸੁਣਿਆ। ਇਹ ਜੁਲਾਈ 1960 ਦੀ ਗੱਲ ਹੈ।
ਚੜ੍ਹਦੀ ਜਵਾਨੀ ਵਿਚ ਮੈਨੂੰ ਚਿੱਤਰਕਾਰੀ ਦਾ ਸ਼ੌਕ ਸੀ। ਕਿਸੇ ਨਾ ਕਿਸੇ ਪੰਜਾਬੀ ਅਖ਼ਬਾਰ ਜਾਂ ਮੈਗਜ਼ੀਨ ਵਿਚ ਮੇਰਾ ਬਣਾਇਆ ਡਿਜ਼ਾਈਨ ਕਦੀ-ਕਦੀ ਛਪ ਵੀ ਜਾਂਦਾ ਸੀ। ਕਈ ਸਾਹਿਤਕਾਰ ਦੋਸਤਾਂ ਨੇ ਸਲਾਹ ਦਿੱਤੀ ਕਿ ਕਿਸੇ ਉਸਤਾਦ ਚਿੱਤਰਕਾਰ ਦੀ ਸ਼ਾਗਿਰਦੀ ਕਰਾਂ ਤਾਂ ਜੋ ਹੱਥ ਵਿਚ ਹੋਰ ਸਫ਼ਾਈ ਆ ਜਾਵੇ। ਸੋ ਚਿੱਠੀ-ਪੱਤਰ ਕਰਨ ਉਪਰੰਤ ਪ੍ਰਸਿੱਧ ਚਿੱਤਰਕਾਰ ਸਰਦਾਰ ਸੋਭਾ ਸਿੰਘ ਪਾਸ ਚਿੱਤਰਕਾਰੀ ਸਿੱਖਣ ਅੰਦਰੇਟੇ ਗਿਆ ਸੀ। ਉਨ੍ਹਾਂ ਦਿਨਾਂ ਵਿਚ ਮੈਂ ਜ਼ਿਲ੍ਹਾ ਮੋਗਾ ਦੇ ਇਕ ਸਕੂਲ ਵਿਚ ਅਧਿਆਪਕ ਵਜੋਂ ਨੌਕਰੀ ਕਰ ਰਿਹਾ ਸੀ ਅਤੇ ਗਰਮੀ ਦੀਆਂ ਛੁੱਟੀਆਂ ਵਿਚ ਦੋ ਮਹੀਨੇ ਲਈ ਉਥੇ ਗਿਆ ਸੀ। ਚਿੱਤਰਕਾਰ ਨੇ ਮੇਰੀ ਰਿਹਾਇਸ਼ ਦਾ ਪ੍ਰਬੰਧ ਉਨ੍ਹਾਂ ਪਾਸ ਪਹਿਲਾਂ ਹੀ ਚਿੱਤਰਕਾਰੀ ਸਿੱਖ ਰਹੇ ਦੋ ਸ਼ਾਗਿਰਦਾਂ ਅਲੀਗੜ੍ਹ ਤੋਂ ਦਿਲਜੀਤ ਸਿੰਘ (ਹੁਣ ਲੁਧਿਆਣਾ) ਤੇ ਗੁਰਦਾਸਪੁਰ ਤੋਂ ਚਰਨਜੀਤ ਸਿੰਘ ਨਾਲ ਕਰ ਦਿੱਤਾ ਜੋ ਨੋਰਾ ਦੇ ਬਿਲਕੁਲ ਗੁਆਂਢ ਵਿਚ ਬਟਾਲਾ ਨਿਵਾਸੀ ਇੰਜਨੀਅਰ ਸ. ਬਸੰਤ ਸਿੰਘ ਦੀ ਕੋਠੀ ਵਿਚ ਕਿਰਾਏਦਾਰ ਵਜੋਂ ਰਹਿ ਰਹੇ ਸਨ। ਉਨ੍ਹਾਂ ਦੋਨਾਂ ਮੈਨੂੰ ਦੱਸਿਆ ਕਿ ਸਾਹਮਣੀ ਕੋਠੀ ਵਿਚ ਇਕ ਮੇਮ ਰਹਿੰਦੀ ਹੈ ਜੋ ਨਾਟਕ ਲਿਖਦੀ ਤੇ ਖਿਡਵਾਉਂਦੀ ਹੈ। ਉਹ ਕਿਸੇ ਨੂੰ ਮਿਲਦੀ ਨਹੀਂ, ਬੜੀ ਸਖ਼ਤ ਹੈ। ਉਨ੍ਹਾਂ ਦਿਨਾਂ ਵਿਚ ਉਧਰ ਪੀਣ ਵਾਲੇ ਪਾਣੀ ਦੀ ਬੜੀ ਸਮੱਸਿਆ ਹੁੰਦੀ ਸੀ ਤੇ ਅਕਸਰ ਕੁਦਰਤੀ ਚਸ਼ਮਿਆਂ ਜਿਨ੍ਹਾਂ ਨੂੰ ਉਧਰ ‘ਬਾਉਲੀ’ ਕਿਹਾ ਜਾਂਦਾ ਹੈ, ਤੋਂ ਪਾਣੀ ਮੰਗਵਾਇਆ ਜਾਂਦਾ ਸੀ। ਅਸੀਂ ਜਿਸ ਬਾਉਲੀ ਤੋਂ ਪੀਣ ਵਾਲਾ ਪਾਣੀ ਮੰਗਵਾਉਂਦੇ, ਉਸ ਨੂੰ ‘ਮੇਮ ਦੀ ਬਾਉਲੀ’ ਕਿਹਾ ਜਾਂਦਾ ਸੀ, ਜੋ ਮੈਡਮ ਨੋਰਾ ਦੀ ਕੋਠੀ ਦੇ ਲਾਗੇ ਬਾਹਰ ਸੜਕ ਦੇ ਦੂਜੇ ਪਾਸੇ ਸੀ। ਨੋਰਾ ਨੇ ਇਹ ਥਾਂ ਸਾਫ਼-ਸੁਥਰਾ ਕਰਵਾ ਕੇ ਅਤੇ ਇਸ ਉਤੇ ਇਕ ਨਿੱਕਾ ਜਿਹਾ ਕਮਰਾ ਬਣਵਾ ਕੇ ਛੱਤ ਪੁਆ ਦਿੱਤੀ ਸੀ, ਪਾਣੀ ਦੇ ਬਾਹਰ ਆਉਣ ਲਈ ਇਕ ਪਾਈਪ ਲਗਵਾ ਦਿਤੀ ਗਈ ਸੀ, ਜਿਸ ਕਾਰਨ ਇਹ ਤੇ ਲਾਗਲੀ ਬਾਉਲੀ ਦਾ ਨਾਂ ‘ਮੇਮ ਦੀ ਬਾਉਲੀ’ ਪੈ ਗਿਆ ਸੀ। ਅਸੀਂ ਸਵੇਰੇ- ਸਵੇਰੇ ਨਹਾਉਣ-ਧੋਣ ਲਈ ਇਸ ਬਾਉਲੀ ‘ਤੇ ਹੀ ਆਉਂਦੇ। ਉਦੋਂ ਉਹ ਲਾਗੇ- ਲਾਗੇ ਘੁੰਮਦੀ-ਫਿਰਦੀ ਦਿਖਾਈ ਦਿੰਦੀ ਸੀ। ਕਦੀ-ਕਦੀ ਮੈਡਮ ਦੇ ਦਰਸ਼ਨ ਹੋ ਜਾਂਦੇ । ਉਸ ਨੇ ਲੰਬਾ ਜਿਹਾ ਸਾਧਾਰਨ ਚੋਲਾ ਜਿਹਾ ਅਤੇ ਘੁਟਵਾਂ ਪਜਾਮਾ। ਪਾਇਆ ਹੁੰਦਾ, ਕਦੀ-ਕਦੀ ਸਿਰ ‘ਤੇ ਹੈਟ ਵੀ ਲਈ ਹੁੰਦੀ, ਜੇ ਕਦੀ ਸਾਹਮਣੇ ਤੋਂ ਟਾਕਰਾ ਹੋ ਜਾਂਦਾ ਤਾਂ ਅਸੀਂ ਸਲੂਟ ਮਾਰ ਕੇ ਅਤੇ “ਗੁਡ ਮਾਰਨਿੰਗ ਮੈਡਮ” ਕਹਿ ਕੇ ਚੁੱਪ-ਚਾਪ ਅੱਗੇ ਲੰਘ ਜਾਂਦੇ।
ਇਕ ਬਾਗ਼-ਨੁਮਾ ਐਸਟੇਟ ਵਿਚ ਬਣੇ ਆਪਣੇ ਨਿਵਾਸ ਸਥਾਨ “ਵੁਡਲੈਂਡਜ਼ ਰਿਟ੍ਰੀਟ” ਦੇ ਮੁੱਖ ਦਰਵਾਜ਼ੇ ਅੱਗੇ ਉਸ ਨੇ ਇਕ ਵੱਡਾ ਨੋਟਿਸ-ਬੋਰਡ ਲਗਾਇਆ ਹੁੰਦਾ ਜਿਸ ਉਤੇ ਅੰਗਰੇਜ਼ੀ, ਹਿੰਦੀ ਤੇ ਉਰਦੂ ਦੇ ਮੋਟੇ-ਮੋਟੇ ਅੱਖਰਾਂ ਵਿਚ ਲਿਖਿਆ ਹੁੰਦਾ ‘ਪ੍ਰਾਈਵੇਟ’, ‘ਇਹ ਰਸਤਾ ਆਮ ਨਹੀਂ ਹੈ’, ‘ਅੰਦਰ ਆਉਣਾ ਮਨ੍ਹਾਂ ਹੈ’ ਆਦਿ ਆਦਿ। ਚਰਨਜੀਤ ਤੇ ਦਿਲਜੀਤ ਦੱਸਦੇ, “ਇਹ ਮੇਮ ਬੜੀ ਸਖ਼ਤ ਹੈ, ਬੜੀ ਰੁੱਖੀ ਹੈ, ਕਿਸੇ ਨੂੰ ਘੱਟ ਹੀ ਮਿਲਦੀ ਹੈ, ਹਰ ਇਕ ਨੂੰ ਝਾੜ ਕੇ ਰੱਖ ਦਿੰਦੀ ਹੈ। ਕੋਈ ਵੀ ਵਿਅਕਤੀ ਉਸ ਤੋਂ ਪਹਿਲਾਂ ਸਮਾਂ ਲਏ ਬਿਨਾਂ ਉਸ ਨੂੰ ਮਿਲਣ ਲਈ ਨਹੀਂ ਜਾ ਸਕਦਾ, ਜਿਤਨੇ ਮਿੰਟ ਲਈ ਸਮਾਂ ਲਿਆ ਹੋਵੇ, ਉਹ ਪੂਰੇ ਹੁੰਦੇ ਹੋਏ ਹੀ ਉਥੋਂ ਉਠ ਕੇ ਚਲੀ ਜਾਂਦੀ ਹੈ ਜਾਂ ਆਉਣ ਵਾਲੇ ਨੂੰ ਕਹਿੰਦੀ ਹੈ ਕਿ ਸਮਾਂ ਪੂਰਾ ਹੋ ਗਿਆ ਹੈ, ਹੁਣ ਵਾਪਸ ਜਾਓ। ਕਈ ਰਾਜੇ ਮਹਾਰਾਜੇ, ਮੰਤਰੀ, ਵੱਡੇ-ਵੱਡੇ ਅਫ਼ਸਰ ਅੰਦਰੇਟੇ ਆਉਂਦੇ, ਤਾਂ ਅਕਸਰ ਉਸ ਨੂੰ ਪਹਿਲਾਂ ਹੀ ਪੱਤਰ ਲਿਖ ਕੇ ਮਿਲਣ ਲਈ ਸਮਾਂ ਲੈ ਲੈਂਦੇ। ਜੇਕਰ ਦੋ ਵਿਅਕਤੀਆਂ ਨੇ ਮਿਲਣ ਲਈ ਸਮਾਂ ਲਿਆ ਹੁੰਦਾ ਤਾਂ ਉਸ ਨੇ ਆਪਣੀ ਕੁਰਸੀ ਲਾਗੇ ਕੇਵਲ ਦੋ ਕੁਰਸੀਆਂ ਹੀ ਰਖਵਾਈਆਂ ਹੁੰਦੀਆਂ, ਜੇਕਰ ਕੋਈ ਤੀਜਾ ਵਿਅਕਤੀ ਨਾਲ ਚਲਾ ਗਿਆ ਤਾਂ ਉਸ ਨੂੰ ਵਾਪਸ ਮੋੜ ਦਿੱਤਾ ਜਾਂਦਾ।” ਉਸ ਦੇ ਇਹ ਸਾਰੇ ਅਸੂਲ ਅੰਗਰੇਜ਼ਾਂ ਵਾਲੇ ਹੀ ਸਨ।
ਡਾ. ਮਹਿੰਦਰ ਸਿੰਘ ਰੰਧਾਵਾ, ਜੋ ਲਾਹੌਰ ਵੇਲੇ ਤੋਂ ਚਿੱਤਰਕਾਰ ਸੋਭਾ ਸਿੰਘ ਤੇ ਮੈਡਮ ਨੋਰਾ ਦੇ ਬੜੇ ਹੀ ਪ੍ਰਸੰਸਕ ਅਤੇ ਨੇੜਲੇ ਮਿੱਤਰ ਸਨ, ਨੇ ਪੰਜਾਬ ਦੇ ਡੀਵੈਲਪਮੈਂਟ ਕਮਿਸ਼ਨਰ ਹੁੰਦਿਆਂ ਅੰਦਰੇਟਾ ਵਿਖੇ ਬੀ.ਡੀ.ਓ. ਦਾ ਦਫ਼ਤਰ ਖੁਲ੍ਹਵਾ ਦਿੱਤਾ ਸੀ, ਹੁਣ ਇਹ ਦਫ਼ਤਰ ਲਾਗਲੇ ਕਸਬੇ ਪੰਚਰੁਖੀ ਵਿਖੇ ਚਲਾ ਗਿਆ ਹੈ, ਜਿਸ ਕਰਕੇ ਪਿੰਡ ਵਿਚ ਬੜੀ ਰੌਣਕ ਲੱਗੀ ਰਹਿੰਦੀ ਸੀ। ਕੋਈ ਨਾ ਕੋਈ ਸਮਾਗਮ ਵੀ ਹੁੰਦਾ ਰਹਿੰਦਾ ਸੀ। ਆਸੇ-ਪਾਸੇ ਦੇ ਲੋਕ ਵੀ ਕਿਸੇ ਨਾ ਕਿਸੇ ਕੰਮ-ਕਾਜ ਲਈ ਬੀ.ਡੀ.ਓ. ਦੇ ਦਫ਼ਤਰ ਆਏ ਰਹਿੰਦੇ ਸਨ। ਬਹੁਤੇ ਅਫ਼ਸਰ ਵੀ ਪੰਜਾਬੀ ਹੀ ਸਨ, ਜੋ ਪਿੰਡ ਵਿਚ ਹੀ ਕਿਰਾਏ ਦੇ ਮਕਾਨਾਂ ਵਿਚ ਰਹਿ ਰਹੇ ਸਨ। ਅਸੀਂ ਚਿੱਤਰਕਾਰੀ ਦੇ ਤਿੰਨੇ ਸ਼ਾਗਿਰਦ ਛੜੇ-ਛਾਂਟ ਸੀ ਅਤੇ ਆਪਣੀਆਂ ਰੋਟੀਆਂ ਆਪ ਹੀ ਪਕਾਉਂਦੇ ਸੀ। ਕਈ ਵਾਰੀ ਕਿਸੇ ਦੁਕਾਨ ਤੋਂ ਸੌਦਾ-ਪੱਤਾ ਲੈਣ ਲਈ ਜਾਂ ਵੈਸੇ ਹੀ ਪਿੰਡ ਵਿਚ ਘੁੰਮਣ-ਫਿਰਨ ਜਾਂਦੇ ਤਾਂ ਦਿਲਜੀਤ ਸਿੰਘ ਅਕਸਰ ਪਿੰਡ ਵਾਲਿਆਂ ਨੂੰ ਕਹਿੰਦਾ, “ਤੁਹਾਨੂੰ ਪਤਾ ਹੈ ਕਿ ਤੁਹਾਡੇ ਪਿੰਡ ਵਿਚ ਦੋ ਵਡਮੁਲੇ ਹੀਰੇ ਰਹਿ ਰਹੇ ਹਨ? ਉਨ੍ਹਾਂ ਕਾਰਨ ਤੁਹਾਡੇ ਪਿੰਡ ਦੇ ਭਾਗ ਜਾਗ ਪਏ ਹਨ, ਪਿੰਡ ਨੂੰ ਚਾਰ ਚੰਨ ਲੱਗ ਗਏ ਹਨ।” ਉਸ ਦਾ ਭਾਵ ਚਿੱਤਰਕਾਰ ਸੋਭਾ ਸਿੰਘ ਤੇ ਮੈਡਮ ਨੋਰਾ ਤੋਂ ਹੁੰਦਾ ਸੀ। ਪਿੰਡ ਵਾਲੇ ਵੀ ਅਕਸਰ ਆਖਦੇ, “ਜੀ ਹਾਂ, ਸਾਨੂੰ ਇਸ ਗੱਲ ਦਾ ਬੜਾ ਮਾਣ ਵੀ ਹੈ।”
ਮੈਂ ਦੋ ਮਹੀਨੇ ਪਿੱਛੋਂ ਵਾਪਸ ਆ ਗਿਆ। ਇਨ੍ਹਾਂ ਦਿਨਾਂ ਵਿਚ ਕੋਈ ਸਮਾਗਮ ਵੀ ਨਾ ਹੋਇਆ। ਮੈਡਮ ਨਾਲ ਕੋਈ ਮੁਲਾਕਾਤ ਵੀ ਨਹੀਂ ਹੋ ਸਕੀ। ਉਸ ਸਮੇਂ ਜ਼ਿਲ੍ਹਾ ਕਾਂਗੜਾ ਪੰਜਾਬ ਦਾ ਹੀ ਹਿੱਸਾ ਹੁੰਦਾ ਸੀ। ਡੇਢ-ਦੋ ਸਾਲ ਪਿੱਛੋਂ ਮੈਂ ਆਪਣੀ ਬਦਲੀ ਅੰਦਰੇਟੇ ਲਾਗੇ ਗੌਰਮਿੰਟ ਹਾਈ ਸਕੂਲ ਪਪਰੋਲਾ ਦੀ ਕਰਵਾ ਲਈ। ਰਿਹਾਇਸ਼ ਅੰਦਰੇਟਾ ਪਿੰਡ ਵਿਚ ਹੀ ਰੱਖੀ ਹੋਈ ਸੀ, ਸਕੂਲ 5-6 ਕਿਲੋਮੀਟਰ ਦੂਰ ਸੀ, ਪੈਦਲ ਹੀ ਆਉਂਦਾ-ਜਾਂਦਾ ਸੀ। ਦਿਲਜੀਤ ਸਿੰਘ ਤੇ ਚਰਨਜੀਤ ਸਿੰਘ ਚਿੱਤਰਕਾਰੀ ਸਿੱਖ ਕੇ ਵਾਪਸ ਚਲੇ ਗਏ ਸਨ। ਚਿੱਤਰਕਾਰ ਸੋਭਾ ਸਿੰਘ ਨੂੰ ਕੋਈ ਮਿਲਣ ਆਉਂਦਾ ਅਤੇ ਮੈਡਮ ਨੂੰ ਮਿਲਣ ਦੀ ਇੱਛਾ ਪ੍ਰਗਟ ਕਰਦਾ ਤਾਂ ਪਹਿਲਾਂ ਸਮਾਂ ਲੈ ਕੇ ਉਹ ਉਸ ਨਾਲ ਅਕਸਰ ਮੈਨੂੰ ਹੀ ਭੇਜਦੇ। ਮੇਰੀ ਬਦਲੀ ਤੋਂ ਦੋ ਕੁ ਮਹੀਨੇ ਬਾਅਦ ਹੀ ਅਕਾਸ਼ਬਾਣੀ ਜਲੰਧਰ ਤੋਂ (ਮਰਹੂਮ) ਸ. ਅਲਬੇਲ ਸਿੰਘ ਗਰੇਵਾਲ, ਜੋ ਪਿੱਛੋਂ ਦੂਰਦਰਸ਼ਨ ਦੇ ਡਿਪਟੀ ਡਾਇਰੈਕਟਰ ਜਨਰਲ ਵਜੋਂ ਰਿਟਾਇਰ ਹੋਏ, ਚਿੱਤਰਕਾਰ ਸੋਭਾ ਸਿੰਘ ਦੀ ਇੰਟਰਵਿਊ ਰੀਕਾਰਡ ਕਰਨ ਲਈ ਅੰਦਰੇਟਾ ਵਿਖੇ ਆਏ। ਉਨ੍ਹਾਂ ਨੋਰਾ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ; ਨੌਕਰ ਹੱਥ ਚਿੱਠੀ ਭੇਜ ਕੇ ਸਮਾਂ ਲੈ ਲਿਆ। ਮਿਥੇ ਸਮੇਂ ਗਰੇਵਾਲ ਜੀ ਨੂੰ ਨਾਲ ਲੈ ਕੇ ਮੈਂ ਗਿਆ। ਅੱਗੇ ਉਹ ਸਾਡਾ ਇੰਤਜ਼ਾਰ ਕਰ ਰਹੇ ਸੀ, ਇਕ ਆਰਾਮ ਕੁਰਸੀ ‘ਤੇ ਬੈਠੇ ਸੀ, ਇੰਝ ਲੱਗ ਰਿਹਾ ਸੀ ਜਿਵੇਂ ਲੇਟੇ ਹੋਏ। ਸਾਧਾਰਨ ਖੱਦਰ ਦੇ ਮਿੱਟੀ ਰੰਗ ਦੇ ਕੱਪੜੇ ਪਾਏ ਹੋਏ। ਸਨ, ਚਿਹਰਾ ਤੇ ਸਰੀਰ ਝੁਰੜੀਆਂ ਨਾਲ ਭਰਿਆ, ਪਰ ਅੱਖਾਂ ਨੌਜਵਾਨਾਂ ਵਰਗੀਆਂ ਤੇਜ਼, ਗਹਿਰੀਆਂ ਤੇ ਨੀਲੀਆਂ ਜਿਨ੍ਹਾਂ ਵਿਚ ਬੜੀ ਚਮਕ ਸੀ, ਆਵਾਜ਼ ਵਿਚ ਪੂਰਾ ਰੁਅਬ ਸੀ। ਸਲੂਟ ਮਾਰ ਕੇ ਅਸੀਂ ਲਾਗਲੀਆਂ ਕੁਰਸੀਆਂ ਉਤੇ ਬੈਠ ਗਏ। ਉਨ੍ਹਾਂ ਸਭ ਤੋਂ ਪਹਿਲਾਂ ਗਰੇਵਾਲ ਨੂੰ ਪੁੱਛਿਆ, “ਅੰਦਰੇਟੇ ਕਿਵੇਂ ਆਉਣਾ ਹੋਇਆ ?” ਉਸ ਜਵਾਬ ਦਿੱਤਾ ਕਿ ਆਕਾਸ਼ਬਾਣੀ ਲਈ ਸ. ਸੋਭਾ ਸਿੰਘ ਦੀ ਇੰਟਰਵਿਊ ਰਿਕਾਰਡ ਕਰਨ ਆਇਆ ਹਾਂ। ਮੈਡਮ ਨੂੰ ਬਹੁਤ ਉੱਚਾ ਸੁਣਦਾ ਸੀ, ਇਸ ਲਈ ਸਾਰੇ ਮਿਲਣ ਵਾਲੇ ਲਾਗੇ ਪਈ ਕਾਪੀ ਉਤੇ ਪੈਂਸਲ ਜਾਂ ਪੈਨ ਨਾਲ ਲਿਖ ਕੇ ਗੱਲ ਕਰਦੇ ਸਨ। ਉਹ ਜਵਾਬ ਪੜ੍ਹ ਕੇ ਅੱਗੇ ਗੱਲ ਤੋਰਦੀ। ਉਸ ਫਿਰ ਪੁੱਛਿਆ, “ਮੈਨੂੰ ਕਿਉਂ ਮਿਲਣ ਆਇਆ ਏਂ ?” ਗਰੇਵਾਲ ਨੇ ਜਵਾਬ ਦਿਤਾ, “ਇਥੇ ਆਇਆ, ਤਾਂ ਸੋਚਿਆ ਕਿ ਤੁਹਾਨੂੰ ਆਪਣਾ ਸਤਿਕਾਰ ਭੇਟ ਕਰ ਆਵਾਂ।” ਜਵਾਬ ਪੜ੍ਹ ਕੇ ਉਹ ਖੁਸ਼ ਹੋ ਗਈ। ਸਾਨੂੰ 15 ਮਿੰਟ ਦਾ ਸਮਾਂ ਦਿਤਾ ਸੀ, ਪਰ ਫਿਰ ਗੱਲਾਂ ਕਰਦਿਆਂ ਉਸ ਨੇ ਇਕ ਘੰਟੇ ਦੇ ਕਰੀਬ ਸਮਾਂ ਲਗਾ ਦਿੱਤਾ। ਉਹ ਨਾਟਕਾਂ ਅਤੇ ਪੇਂਡੂ ਜੀਵਨ ਬਾਰੇ ਹੀ ਗੱਲਾਂ ਕਰਦੀ ਰਹੀ। ਕਹਿਣ ਲੱਗੀ ਕਿ ਰੇਡੀਓ ਉਤੇ ਵੱਧ ਤੋਂ ਵੱਧ ਨਾਟਕਾਂ ਦੇ ਪ੍ਰੋਗਰਾਮ ਦਿਆ ਕਰੋ, ਮੇਰੇ ਨਾਟਕ ਵੀ ਰੇਡੀਓ ਤੋਂ ਪ੍ਰਸਾਰਿਤ ਕਰੋ। ਨਾਟਕਾਂ ਬਾਰੇ ਹੋਰ ਗੱਲਾਂ ਕਰਦੀ ਰਹੀ, ਅਸੀਂ ਤਾਂ ਬਸ ਸਿਰ ਹਿਲਾ ਕੇ “ਯੈਸ ਮੈਡਮ” ਜਾਂ “ਓ.ਕੇ. ਮੈਡਮ” ਹੀ ਕਹਿੰਦੇ ਰਹੇ। ਸਾਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਜੇਕਰ ਉਸ ਦੀ ਕਿਸੇ ਗੱਲ ‘ਤੇ ਨਾਂਹ-ਨੁਕਰ ਜਾਂ ਕਿੰਤੂ-ਪ੍ਰੰਤੂ ਕੀਤੀ ਜਾਂ ਦਲੀਲ ਦਿੱਤੀ, ਤਾਂ ਉਹ ਵਿਗੜ ਜਾਏਗੀ।
ਇਸ ਪਿੱਛੋਂ ਤਾਂ ਇਹ ਸਿਲਸਲਾ ਚਲਦਾ ਰਿਹਾ। ਦਾਰ ਜੀ (ਚਿੱਤਰਕਾਰ ਸੋਭਾ ਸਿੰਘ) ਨੂੰ ਕੋਈ ਮਿਲਣ ਆਉਂਦਾ, ਜੇਕਰ ਨੋਰਾ ਨੂੰ ਮਿਲਣ ਦੀ ਇੱਛਾ ਪ੍ਰਗਟ ਕਰਦਾ ਤਾਂ ਉਸ ਨਾਲ ਅਕਸਰ ਮੈਂ ਹੀ ਜਾਂਦਾ। ਨੋਰਾ ਸਾਲ ਵਿਚ ਤਿੰਨ ਵਾਰੀ ਆਪਣੇ ਜਨਮ ਦਿਵਸ 29 ਅਕਤੂਬਰ, ਕ੍ਰਿਸਮਸ ਡੇਅ 25 ਦਸੰਬਰ ਤੇ 29 ਮਾਰਚ ਨੂੰ ਵਿਸਟੀਰਿਆ ਡੇਅ ਮਨਾਉਣ ਸਮੇਂ ਪਿੰਡ ਦੇ ਚੋਣਵੇਂ ਵਿਅਕਤੀਆਂ ਨੂੰ ਆਪਣੇ ਘਰ ਚਾਹ ‘ਤੇ ਬੁਲਾਉਂਦੀ। ਉਸ ਨੂੰ ਵਿਸਟੀਰੀਆ ਫੁੱਲ ਬੜੇ ਹੀ ਪਸੰਦ ਸਨ, ਘਰ ਵਿਚ ਸਾਰੇ ਪਾਸੇ ਲਗਾਏ ਹੋਏ ਸਨ, ਆਪਣੇ ਨਿਵਾਸ ਵਾਲੇ ਕਮਰੇ ਦੇ ਬਾਹਰ ਬਾਂਸਾਂ ਦਾ ਵਰਾਂਡਾ ਜਿਹਾ ਬਣਾ ਕੇ ਉੱਪਰ ਇਸ ਦੀਆਂ ਵੇਲਾਂ ਵਿਛਾਈਆਂ ਹੁੰਦੀਆ ਸਨ। ਅਸੀਂ ਵੀ ਜਾਂਦੇ, ਚਾਹ ਪੀ ਕੇ ਅਤੇ ਗੱਪਾਂ ਮਾਰ ਕੇ ਮੁੜ ਆਉਂਦੇ। ਕਈ ਵਾਰੀ ਘਰੋਂ ਹੀ ਚਾਹ ਜਾਂ ਕੌਫ਼ੀ ਬਣਾ ਕੇ ਅਤੇ ਬਿਸਕੁਟ ਵਗੈਰਾ ਲੈ ਕੇ ਚਲੇ ਜਾਂਦੇ। ਅਸੀਂ ਆਪਣੇ ਘਰ ਇਕ ਜਰਸੀ ਗਾਂ ਰੱਖੀ ਹੋਈ ਸੀ, ਕਦੀ-ਕਦੀ ਖੀਰ ਜਾਂ ਕਸਟਰਡ ਦੀ ਪਲੇਟ ਜਾਂ ਪਨੀਰ ਬਣਾ ਕੇ ਨੌਕਰ ਹੱਥ ਭੇਜ ਦਿੰਦੇ। ਉਹਦੇ ਬਗੀਚੇ ਵਿਚ ਅਮਰੂਦ ਪੱਕਦੇ ਤਾਂ ਅਮਰੂਦ ਜਾਂ ਅਮਰੂਦਾਂ ਦੀ ਬਣੀ ਜੈਲੀ ਜਾਂ ਜੈਮ ਭੇਜ ਦਿੰਦੀ। ਇਹ ਸਿਲਸਿਲਾ ਚਲਦਾ ਰਹਿੰਦਾ।
ਮੈਂ ਦੇਖਿਆ, ਉਹ ਬਹੁਤ ਹੀ ਸਾਦਾ ਰਹਿੰਦੀ ਸੀ, ਸਾਦਾ ਪਹਿਰਾਵਾ ਪਹਿਨਦੀ ਸੀ ਅਤੇ ਸਾਦਾ ਖਾਣਾ ਖਾਂਦੀ ਸੀ। ਉਸ ਨੇ ਕੱਚੀਆਂ ਇੱਟਾਂ ਦਾ ਸਾਫ਼-ਸੁਥਰਾ, ਲਿਬਿਆ-ਪੋਚਿਆ ਆਪਣਾ ਨਿਵਾਸ ਸਥਾਨ ਅਤੇ ਆਏ ਗਏ ਮਹਿਮਾਨਾਂ ਲਈ ਗੈਸਟ ਹਾਊਸ ਬਣਾਇਆ ਹੋਇਆ ਸੀ ਅਤੇ ਆਸੇ-ਪਾਸੇ ਬਗੀਚਾ ਹੁੰਦਾ। ਆਪਣੇ ਇਸ ਕੰਪਲੈਕਸ ਅੰਦਰ ਹੀ ਉਸ ਨੇ ਸਾਧਾਰਨ ਜਿਹਾ ਓਪਨ-ਏਅਰ ਥੀਏਟਰ ਬਣਾਇਆ ਹੋਇਆ ਸੀ, ਜਿਥੇ ਨਾਟਕ ਖਿਡਵਾਉਂਦੀ ਹੁੰਦੀ ਸੀ। ਉੱਧਰ ਬਾਂਸ ਬਹੁਤ ਹੁੰਦਾ ਹੈ, ਘਰ ਵਿਚ ਫਰਨੀਚਰ ਵੀ ਬਾਂਸ ਦਾ ਸਾਦਾ ਜਿਹਾ ਹੁੰਦਾ। ਉਹ ਆਮ ਤੌਰ ‘ਤੇ ਚਲੰਤ ਮਾਮਲਿਆਂ ਬਾਰੇ ਹੀ ਗੱਲਬਾਤ ਕਰਦੀ। ਉਹ ਅੰਗਰੇਜ਼ੀ ਦੇ ਭਵਿੱਖ ਬਾਰੇ ਪੁੱਛਦੀ ਅਤੇ ਅਕਸਰ ਆਖਦੀ, “ਅੰਗਰੇਜ਼ੀ ਇਕ ਅੰਤਰ-ਰਾਸ਼ਟਰੀ ਭਾਸ਼ਾ ਹੈ, ਜ਼ਰੂਰ ਪੜ੍ਹਨੀ ਚਾਹੀਦੀ ਹੈ। ਹਰ ਤਰ੍ਹਾਂ ਦੇ ਗਿਆਨ ਨਾਲ ਹਜ਼ਾਰਾਂ ਪੁਸਤਕਾਂ ਭਰੀਆਂ ਪਈਆਂ ਹਨ।” ਆਦਿ ਆਦਿ। ਜਦੋਂ ਸਾਲ 1966 ਦੌਰਾਨ ਭਾਸ਼ਾ ਦੇ ਆਧਾਰ ‘ਤੇ ਪੰਜਾਬੀ ਸੂਬਾ ਬਣਾਉਣ ਦੀ ਮੰਗ ਪ੍ਰਵਾਨ ਹੋਈ ਤਾਂ ਉਸ ਨੇ ਦਾਰ ਜੀ ਨੂੰ ਪੁੱਛਿਆ, “ਸੋਭਾ ਸਿੰਘ, ਪੰਜਾਬੀ ਸੂਬਾ ਬਣ ਰਿਹਾ ਹੈ, ਤੂੰ ਇਥੇ ਰਹਿਣਾ ਹੈ ਜਾਂ ਪੰਜਾਬੀ ਸੂਬੇ ਵਿਚ ਚਲੇ ਜਾਣਾ ਹੈ?”, ਦਾਰ ਜੀ ਨੇ ਜਵਾਬ ਦਿੱਤਾ, “ਮੈਂ ਤਾਂ ਇਥੇ ਹੀ ਰਹਾਂਗਾ।” ਉਸ ਨੇ ਕਿਹਾ “ਮੈਂ ਵੀ ਇਥੇ ਹੀ ਰਹਾਂਗੀ।” ਦਾਰ ਜੀ ਨਾਲ ਉਸ ਦੇ ਕਈ ਗੱਲਾਂ ‘ਤੇ ਬਹੁਤ ਤਿੱਖੇ ਮੱਤਭੇਦ ਸਨ।
ਕਾਂਗੜਾ ਘਾਟੀ ਦੇ ਇਸ ਖੇਤਰ ਅੰਦਰ ਬਾਰਿਸ਼ ਬਹੁਤ ਹੁੰਦੀ ਹੈ, ਸਿਲ੍ਹਾਬਾ ਬਹੁਤ ਰਹਿੰਦਾ ਹੈ, ਜਿਸ ਕਾਰਨ ਇੱਧਰ ਸਿਉਂਕ (ਦੀਮਕ) ਬਹੁਤ ਹੈ। ਆਪਣੀਆਂ ਪੇਂਟਿੰਗਾਂ ਨੂੰ ਸਿਲ੍ਹਾਬ ਅਤੇ ਦੀਮਕ ਤੋਂ ਬਚਾਉਣ ਲਈ ਦਾਰ ਜੀ ਨੇ ਆਪਣੇ ਸਟੂਡਿਓ ਤੇ ਆਰਟ ਗੈਲਰੀ ਅਤੇ ਬਾਅਦ ਵਿਚ ਰਿਹਾਇਸ਼ ਵਾਲੇ ਹਿੱਸੇ ਨੂੰ ਪੱਕੀਆਂ ਇੱਟਾਂ ਨਾਲ ਤਬਦੀਲ ਕਰ ਲਿਆ ਸੀ, ਫਰਸ਼ ਵੀ ਚਿੱਪਸ ਦੇ ਬਣਵਾ ਲਏ ਸਨ। ਇਸ ਉਤੇ ਨੋਰਾ ਬਹੁਤ ਨਾਰਾਜ਼ ਸੀ। ਕਹਿੰਦੀ, “ਪਿੰਡਾਂ ਵਿਚ ਇਹ ਮਾਡਰਨ ਚੀਜ਼ਾਂ ਨਹੀਂ ਆਉਣੀਆਂ ਚਾਹੀਦੀਆਂ।” ਵਿਚਾਰਾਂ ਵਿਚ ਮੱਤਭੇਦ ਦਾ ਦੂਸਰਾ ਕਾਰਨ ਇਹ ਸੀ ਕਿ ਆਰਟ-ਗੈਲਰੀ ਦੇਖਣ ਤੇ ਦਾਰ ਜੀ ਨੂੰ ਮਿਲਣ ਲਈ ਬੜੇ ਲੋਕ ਆਏ ਰਹਿੰਦੇ ਸਨ। ਇਸ ਬਾਰੇ ਵੀ ਉਸ ਦੇ ਵਿਚਾਰ ਵੱਖਰੇ ਸਨ ਅਤੇ ਆਖਦੀ, “ਅਸੀਂ ਕੋਈ ਚਿੜੀਆ ਘਰ ਦੀ ਚੀਜ਼ ਹਾਂ ਜੋ ਲੋਕ ਸਾਨੂੰ ਦੇਖਣ ਆਉਂਦੇ ਹਨ? ਇਹ ਸਾਡੇ ਰੋਜ਼ਾਨਾ ਜੀਵਨ ਵਿਚ ਵਿਘਨ ਪਾਉਂਦੇ ਹਨ, ਸਾਡਾ ਸਮਾਂ ਬਰਬਾਦ ਕਰਦੇ ਹਨ।” ਇਸ ਦੇ ਉਲਟ ਦਾਰ ਜੀ ਕਹਿੰਦੇ, “ਜਿਹੜਾ ਵੀ ਵਿਅਕਤੀ ਆਉਂਦਾ ਹੈ, ਕਿਹੜਾ ਸਾਡੇ ਮੋਢਿਆਂ ‘ਤੇ ਚੜ੍ਹ ਕੇ ਆਉਂਦਾ ਹੈ, ਜੇ ਪਾਲਮਪੁਰ ਤੋਂ ਵੀ ਆਇਆ ਹੈ ਤਾਂ ਘੱਟੋ ਘੱਟ 11-12 ਕਿਲੋਮੀਟਰ ਤੋਂ ਚਲ ਕੇ ਆਇਆ ਹੈ, ਉਸ ਨੂੰ ਕਿਵੇਂ ਮੋੜੀਏ, ਨਿਰਾਸ਼ ਕਰੀਏ? ਵੈਸੇ ਵੀ ਕਾਵਾਂ ਵਿਚ ਕਦੀ ਕੋਈ ਹੰਸ ਵੀ ਆ ਜਾਂਦਾ ਹੈ ।”
ਬਲਵੰਤ ਗਾਰਗੀ, ਜੋ ਅੰਦਰੇਟੇ ਅਕਸਰ ਆਇਆ ਕਰਦਾ ਸੀ, ਨੋਰਾ ਰਿਚਰਡਜ਼ ਨੂੰ ਪੰਜਾਬੀ ਰੰਗਮੰਚ ਦੀ ਨਕੜਦਾਦੀ ਕਿਹਾ ਕਰਦਾ ਸੀ ਕਿਉਂ ਜੋ ਉਸ ਦੀ ਪ੍ਰੇਰਨਾ ਨਾਲ ਹੀ ਦਿਆਲ ਸਿੰਘ ਕਾਲਜ ਲਾਹੌਰ ਦੇ ਵਿਦਿਆਰਥੀਆਂ ਨੇ ਆਪਣੀ ਮਾਂ-ਬੋਲੀ ਪੰਜਾਬੀ ਵਿਚ ਨਾਟਕ ਲਿਖਣੇ ਸ਼ੁਰੂ ਕੀਤੇ, ਅਤੇ ਆਈ.ਸੀ.ਨੰਦਾ ਵੱਲੋਂ ਲਿਖਿਆ ਪੰਜਾਬੀ ਦਾ ਪਹਿਲਾ ਨਾਟਕ ‘ਦੁਲਹਨ’ ਉਸ ਦੇ ਨਿਰਦੇਸ਼ਨ ਵਿਚ 14 ਅਪਰੈਲ 1914 ਨੂੰ ਖੇਡਿਆ ਗਿਆ ਸੀ ਅਤੇ ਫਿਰ ਇਸ ਤੋਂ ਬਾਅਦ ਰਜਿੰਦਰ ਲਾਲ ਸਾਹਨੀ ਦਾ ‘ਦੀਨੇ ਦੀ ਜੰਝ’ ਅਤੇ ਨੰਦੇ ਦਾ ‘ਬੇਬੇ ਰਾਮ ਭਜਨੀ’ ਲਿਖੇ ਤੇ ਖੇਡੇ ਗਏ। ਪਰ ਇਹ ਹੈਰਾਨੀ ਵਾਲੀ ਗੱਲ ਹੈ ਕਿ ਉਹ ਪੰਜਾਬੀ ਤਾਂ ਕੀ, ਹਿੰਦੀ ਜਾਂ ਹਿੰਦੁਸਤਾਨੀ ਵੀ ਬੋਲ ਨਹੀਂ ਸਕਦੀ ਸੀ, ਪਰ ਸਮਝ ਜ਼ਰੂਰ ਲੈਂਦੀ ਸੀ। ਆਪਣੇ ਨੌਕਰਾਂ ਨਾਲ ਗੱਲਬਾਤ ਕਰਨ ਜੋਗੀ ਟੁੱਟੀ-ਫੁਟੀ ਹਿੰਦੁਸਤਾਨੀ ਬੋਲ ਲੈਂਦੀ ਸੀ। ਇਕ ਵਾਰੀ ਉਸ ਨੂੰ ਕਿਸੇ ਨੇ ਪੁੱਛਿਆ ਕਿ ਕੀ ਤੁਹਾਨੂੰ ਹਿੰਦੀ ਜਾਂ ਹਿੰਦੁਸਤਾਨੀ ਆਉਂਦੀ ਹੈ? ਉਹ ਆਖਣ ਲੱਗੀ, “ਮੇਰੇ ਨਾਲ ਸਾਰੇ ਅੰਗਰੇਜ਼ੀ ਵਿਚ ਹੀ ਗੱਲਾਂ ਕਰਦੇ ਹਨ, ਹਿੰਦੁਸਤਾਨੀ ਕਿਵੇਂ ਆਵੇ ?”
ਪੰਦਰਾਂ ਮਈ 1968 ਨੂੰ ਸਾਡਾ ਤਿੰਨ ਕੁ ਸਾਲ ਦਾ ਛੋਟਾ ਬੇਟਾ ਬਿੱਟੂ ਖੇਡਦਾ-ਖੇਡਦਾ ਘਰ (ਆਰਟ ਗੈਲਰੀ ਕੰਪਲੈਕਸ) ਵਿਚ ਸੁੰਦਰਤਾ ਲਈ ਬਣਾਏ ਗਏ ਤਾਲਾਬ ਵਿਚ ਡਿੱਗ ਕੇ ਚੜ੍ਹਾਈ ਕਰ ਗਿਆ। ਸਾਡੇ ਲਈ ਇਹ ਬਹੁਤ ਵੱਡਾ ਦੁੱਖ ਸੀ। ਅਫ਼ਸੋਸ ਕਰਨ ਲਈ ਨੋਰਾ ਖ਼ੁਦ ਤਾਂ ਨਾ ਆ ਸਕੀ ਉਸ ਨੇ ਸਾਡਾ ਦੁੱਖ ਵੰਡਾਉਣ ਲਈ ਇਕ ਸੰਵੇਦਨਸ਼ੀਲ ਪੱਤਰ ਲਿਖ ਕੇ ਸਾਨੂੰ ਭੇਜਿਆ।
ਉਸ ਦੇ ਦੋਵੇਂ ਨੌਕਰ ਸਾਲਗ ਰਾਮ ਤੇ ਪ੍ਰਭੂ ਸਵੇਰੇ ਆਉਂਦੇ ਸਨ, ਸ਼ਾਮ ਨੂੰ ਆਪਣੇ ਘਰ ਚਲੇ ਜਾਂਦੇ ਸਨ। ਪ੍ਰਭੂ ਆਮ ਤੌਰ ‘ਤੇ ਬਗੀਚੇ ਵਿਚ ਕੰਮ ਕਰਦਾ ਸੀ ਅਤੇ ਸਾਲਗ ਰਾਮ ਘਰ ਅੰਦਰਲੇ ਕੰਮ, ਖਾਣਾ ਪਕਾਉਣ ਆਦਿ ਦਾ ਤੇ ਆਏ-ਗਏ ਮਹਿਮਾਨਾਂ ਨੂੰ ਸੰਭਾਲਦਾ। ਦੋਨਾਂ ਨੂੰ ਉਨ੍ਹਾਂ ਦਿਨਾਂ ਵਿਚ ਹਰ ਮਹੀਨੇ 45-45 ਰੁਪੈ ਤਨਖਾਹ ਦਿੰਦੀ, ਉਨ੍ਹਾਂ ਦੋਨਾਂ ਨੂੰ ਉਸ ਨੇ ਥੋੜ੍ਹੀ-ਥੋੜ੍ਹੀ ਜ਼ਮੀਨ ਵੀ ਦਿੱਤੀ ਹੋਈ ਸੀ, ਜਿਥੇ ਖੇਤੀ ਕਰ ਕੇ ਆਪਣੇ ਗੁਜ਼ਾਰੇ ਲਈ ਥੋੜ੍ਹੀ-ਬਹੁਤ ਫਸਲ ਤਿਆਰ ਕਰ ਲੈਂਦੇ।
ਜ਼ਮੀਨ ਵਿਚ ਹੀ ਉਨ੍ਹਾਂ ਨੇ ਆਪਣੇ ਘਰ ਬਣਾਏ ਹੋਏ ਸਨ। 1970 ਦੀਆਂ ਸਰਦੀਆਂ ਦੇ ਦਿਨ ਸਨ, ਦਹਾਕਿਆਂ ਤੋਂ ਉਸ ਪਾਸ ਕੰਮ ਕਰਦੇ ਇਨ੍ਹਾਂ ਦੋਨਾਂ ਨੌਕਰਾਂ ਨੇ ਉਸ ਨੂੰ ਲਿਖਤੀ ਨੋਟਿਸ ਦੇ ਦਿੱਤਾ ਜਿਸ ਦਾ ਮਜ਼ਮੂਨ ਕੁਝ ਇਸ ਤਰ੍ਹਾਂ ਸੀ, “ਤੂੰ ਸਾਨੂੰ ਬੇਵਕੂਫ਼ ਬਨਾਉਂਦੀ ਰਹੀ ਏਂ, ਬਹੁਤ ਥੋੜ੍ਹੀ ਤਨਖ਼ਾਹ ਦਿੱਤੀ, ਸਾਨੂੰ ਗੁਜ਼ਾਰੇ ਜੋਗੀ ਜ਼ਮੀਨ ਵੀ ਨਹੀਂ ਦਿੱਤੀ। ਆਪਣਾ ਖਾਣੇ ਆਦਿ ਦਾ ਪ੍ਰਬੰਧ ਕਰ ਲੈਣਾ, ਅਸੀਂ ਹੁਣ ਤੇਰਾ ਕੰਮ ਨਹੀਂ ਕਰਾਂਗੇ” ਆਦਿ ਆਦਿ। ਨੋਟਿਸ ਪੜ੍ਹ ਕੇ ਉਸ ਨੂੰ ਬਹੁਤ ਦੁੱਖ ਹੋਇਆ। ਉਸ ਨੇ ਦਾਰ ਜੀ ਤੇ ਉਨ੍ਹਾਂ ਦੇ ਇਕ ਪੁਰਾਣੇ ਦੋਸਤ ਪੰਡਤ ਮੰਗਤ ਰਾਮ, ਜੋ ਆਪਣਾ ਰਿਟਾਇਰਡ ਜੀਵਨ ਬਿਤਾਉਣ ਲਈ ਅੰਦਰੇਟੇ ਆ ਗਏ ਸਨ, ਨੂੰ ਦੱਸਿਆ। ਪੰਡਤ ਮੰਗਤ ਰਾਮ ਅਤੇ ਪਿੰਡ ਦੇ ਇਕ ਅਧਿਆਪਕ ਪੰਡਤ ਬੈਣੀ ਪ੍ਰਸ਼ਾਦਿ ਨੇ ਜਾ ਕੇ ਨੌਕਰਾਂ ਨੂੰ ਸਮਝਾਇਆ, ਨੋਟਿਸ ਪੜਵਾ ਦਿੱਤਾ ਤੇ ਨੋਰਾ ਦੇ ਪੈਰੀਂ ਹੱਥ ਵੀ ਲਗਵਾਇਆ ਪਰ ਉਹ ਇਹ ਸੱਟ, ਇਸ ਨਮਕ ਹਰਾਮੀਪਣ ਨੂੰ ਭੁਲਾ ਨਾ ਸਕੀ ਅਤੇ ਕੁਝ ਸਮਾਂ ਬੀਮਾਰ ਰਹਿ ਕੇ 02 ਮਾਰਚ 1971 ਨੂੰ ਅੱਖਾਂ ਮੀਟ ਗਈ। ਫ਼ਰਵਰੀ 1971 ਵਿਚ ਜਦੋਂ ਉਹ ਕਾਫੀ ਬੀਮਾਰ ਹੋ ਗਈ ਤਦ ਅਸੀਂ ਥੋੜ੍ਹੇ ਦਿਨ ਬਾਅਦ ਉਸ ਦੀ ਸਿਹਤ ਦਾ ਪਤਾ ਲੈਣ ਜਾਂਦੇ, ਕੋਈ ਦਵਾ- ਦਾਰੂ ਭੇਜਣ ਬਾਰੇ ਪੁੱਛਦੇ ਤਾਂ ਉਹ ਇਹੋ ਆਖਦੀ, “ਡੋਂਟ ਟਰਾਈ ਟੂ ਸੇਵ ਮੀ, ਲੈਟ ਮੀ ਫੇਡ।” ( ਮੈਨੂੰ ਬਚਾਉਣ ਦਾ ਯਤਨ ਨਾ ਕਰੋ, ਮੈਨੂੰ ਮੁਰਝਾ ਜਾਣ ਦਿਓ)। ਮੈਂ ਤਾਂ ਆਪਣੀ ਡਿਊਟੀ ‘ਤੇ ਸੀ, ਜਾ ਨਹੀਂ ਸਕਿਆ, 02 ਮਾਰਚ ਨੰ ਦਾਰ ਜੀ ਹੋਰੀਂ ਪਤਾ ਲੈਣ ਲਈ ਗਏ। ਨੋਰਾ ਨੂੰ ਖੰਘ ਬਹੁਤ ਲੱਗੀ ਹੋਈ ਸੀ, ਵਾਪਸ ਆ ਕੇ ਖੰਘ ਵਾਸਤੇ ਸ਼ਹਿਦ ਭੇਜਿਆ। ਅਗਲੇ ਦਿਨ ਉਹ ਕਿਸੇ ਦੂਰ-ਦਰਾਡੇ ਦੇਸ਼ ਉਡਾਰੀ ਮਾਰ ਕੇ ਚਲੀ ਗਈ। 95 ਸਾਲ ਦੀ ਉਮਰ ਹੋ ਜਾਣ ਦੇ ਬਾਵਜੂਦ ਉਹ ਮਾਨਸਿਕ ਤੌਰ ‘ਤੇ ਪੂਰੀ ਤਰਾਂ ਚੇਤੰਨ ਸੀ, ਉਸ ਦੀਆਂ ਅੱਖਾਂ ਵਿਚ ਇਕ ਚਮਕ ਸੀ, ਪਰ ਬੋਲਾਂ ਵਿਚ ਪਹਿਲਾਂ ਵਾਲੀ ਕੜਕ ਨਹੀਂ ਰਹੀ ਸੀ। ਉਹ ਤਿੰਨ ਮਾਰਚ 1971 ਨੂੰ ਹਮੇਸ਼ਾ ਲਈ ‘ਮੁਰਝਾ’ ਗਈ । ਉਸ ਨੇ ਪਹਿਲੀ ਮਾਰਚ ਤਕ ਆਪਣੀ ਡਾਇਰੀ लिथी।
ਮੈਡਮ ਨੋਰਾ ਨੂੰ ਰੰਗਮੰਚ ਨਾਲ ਪਿਆਰ ਨਹੀਂ, ਸਗੋਂ ਇਸ਼ਕ ਸੀ, ਰੰਗਮੰਚ ਹੀ ਉਹਦਾ ਜੀਵਨ ਸੀ, ਧਰਨ ਸੀ, ਲੱਗਭਗ 92ਵੇਂ ਸਾਲ ਦੀ ਉਮਰ ਤਕ ਉਹ ਹਰ ਸਾਲ ਆਪਣੇ ਓਪਨ-ਏਅਰ-ਥੀਏਟਰ ਵਿਖੇ ਨਾਟਕ ਮੇਲਾ ਆਯੋਜਿਤ ਕਰਵਾਉਂਦੀ ਰਹੀ, ਨਾਟਕ ਬਾਰੇ ਸੈਮੀਨਾਰ ਕਰਵਾਉਂਦੀ ਰਹੀ। ਪੰਜਾਬ ਸਰਕਾਰ ਅਪਣੇ ਬਲਾਕ ਤੇ ਸਮਾਜਿਕ ਸਿਖਿਆ ਅਫਸਰਾਂ ਨੂੰ ਨਾਟਕ ਲਿਖਣ, ਖੇਡਣ ਤੇ ਨਿਰਦੇਸ਼ਨ ਦੀ ਦੀਖਿਆ ਲਈ ਉਸ ਪਾਸ ਭੇਜਦੀ ਰਹੀ। ਕਾਲਜਾਂ ਦੇ ਪ੍ਰੋਫ਼ੈਸਰ ਤੇ ਵਿਦਿਆਰਥੀ ਵੀ ਇਸ ਉਦੇਸ਼ ਲਈ ਉਸ ਪਾਸ ਆਉਂਦੇ ਰਹੇ। ਪੰਜਾਬੀ ਰੰਗਮੰਚ ਲਈ ਉਸ ਦੀਆਂ ਸੇਵਾਵਾਂ ਦੀ ਮਾਨਤਾ ਕਰਦੇ ਹੋਏ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਸ ਦੇ ਘਰ ਜਾ ਕੇ ਉਸ ਨੂੰ ਡੀ.ਲਿਟ. ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਸੀ। ਉਹ ਬਹੁਤ ਖੁਸ਼ ਹੋਈ ਸੀ, ਇਤਨੀ ਖੁਸ਼ ਮੈਂ ਉਸ ਨੂੰ ਕਦੀ ਵੀ ਨਹੀਂ ਦੇਖਿਆ ਸੀ। ਲਾਲ ਗਾਉਨ ਪਾਈ ਉਹ ਆਖਣ ਲੱਗੀ, “ਨਾਓ, ਆਈ ਐਮ ਏ ਡਾਕਟਰ” (ਹੁਣ ਮੈਂ ਇਕ ਡਾਕਟਰ ਹਾਂ) ਅਤੇ ਆਪਣੀ ਆਖਰੀ ਵਸੀਅਤ ਰਾਹੀਂ ਆਪਣਾ ਨਿਵਾਸ ਸਥਾਨ ਤੇ ਲਾਇਬਰੇਰੀ ਪੰਜਾਬੀ ਯੂਨੀਵਰਸਿਟੀ ਨੂੰ ਦੇ ਦਿੱਤੀ ਜਿਥੇ ਯੂਨਵਿਰਸਿਟੀ ਨੇ ‘ਹੌਲੀਡੇ ਹੋਮ’ ਬਣਾਇਆ ਹੈ। ਉਹ ਭਾਵੇਂ ਈਸਾਈ ਧਰਮ ਨਾਲ ਸੰਬੰਧ ਰੱਖਦੀ ਸੀ, ਪਰ ਉਸ ਦੀ ਇੱਛਾ ਅਨੁਸਾਰ ਉਸਦੇ ਨਿਵਾਸ ਸਥਾਨ ਦੇ ਨੇੜੇ ਹੀ ਉਸ ਦਾ ਅੰਤਮ ਸਸਕਾਰ ਕੀਤਾ ਗਿਆ, ਸਮਾਧੀ ਉਤੇ ਵਿਸਟੀਰਿਆ ਦੇ ਫੁੱਲ ਲਗਾਏ ਗਏ ਸਨ ਅਤੇ ਇਕ ਬੋਰਡ ਉਤੇ ਇਹ ਕੁਤਵਾ ਲਿਖ ਕੇ ਲਗਾਇਆ ਗਿਆ ਸੀ :
Rest weary heart, thy work is done (घवे वैष्टे रिल, भाभ ਕਰ, ਤੇਰਾ ਕੰਮ ਪੂਰਾ ਹੋ ਗਿਆ ਹੈ)। ਹੁਣ ਇਸ ਤਰ੍ਹਾਂ ਹੀ ਜਾਪਦਾ ਹੈ ਕਿ ਪੰਜਾਬੀ ਰੰਗਮੰਚ ਦੀ ਇਹ ਨਕੜਦਾਦੀ ਆਪਣਾ ਕੰਮ ਮੁਕਾ ਕੇ, ਮਿੱਟੀ ਨਾਲ ਮਿੱਟੀ ਹੋ ਕੇ ਇਥੇ ਆਰਾਮ ਕਰ ਰਹੀ ਹੈ।
ਉਹ ਟਾਲਸਟਾਏ ਦੇ ਜੀਵਨ ਤੇ ਫ਼ਿਲਾਸਫੀ ਤੋਂ ਬਹੁਤ ਪ੍ਰਭਾਵਿਤ ਸੀ ਅਤੇ ਅਕਸਰ ਕਿਹਾ ਕਰਦੀ ਸੀ ਕਿ ਭਾਰਤ ਪਿੰਡਾਂ ਦਾ ਦੇਸ਼ ਹੈ, ਸਰਕਾਰ ਨੂੰ ਪਿੰਡਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਹ ਖ਼ੁਦ ਵੀ ਦਿਹਾਤੀ ਜੀਵਨ (ਕੰਟਰੀ ਲਾਈਫ਼) ਨੂੰ ਬਹੁਤ ਪਸੰਦ ਕਰਦੀ ਸੀ। ਉਹ ਕਿਹਾ ਕਰਦੀ ਸੀ “ਪਿੰਡਾਂ ਵਿਚ ਰਹਿਣ ਵਾਲੇ ਦੀਆਂ ਜੜ੍ਹਾਂ ਕੁਦਰਤ ਵਿਚ ਹੁੰਦੀਆਂ ਹਨ ਅਤੇ ਉਹ ਕੁਦਰਤ ਨਾਲ ਇੱਕਮਿੱਕ ਹੋ ਜਾਂਦਾ ਹੈ। ਜੇ ਉਹ ਲੇਖਕ ਜਾਂ ਕਲਕਾਰ ਹੈ ਤਾਂ ਕਮਾਲ ਦੀ ਰਚਨਾ ਕਰਦਾ ਹੈ।” ਉਹ ਇਹ ਵੀ ਦੱਸਿਆ ਕਰਦੀ ਕਿ “ਇੰਗਲੈਂਡ ਜਦੋਂ ਕੰਟਰੀ ਲਾਈਫ਼’ ਵਾਲਾ ਜੀਵਨ ਜਿਉਂਦਾ ਸੀ ਤਾਂ ਇਸ ਨੇ ਬਹੁਤ ਵੱਡੇ-ਵੱਡੇ ਲੇਖਕ, ਕਲਾਕਾਰ, ਸੰਗੀਤਕਾਰ, ਬੁੱਧੀਜੀਵੀ ਤੇ ਨੇਤਾ ਆਦਿ ਪੈਦਾ ਕੀਤੇ। ਦੂਜੇ ਗਵਾਂਢੀ ਯੂਰਪੀਨ ਦੇਸ਼ਾਂ ਦੇ ਲੋਕ ਆਪਣੇ ਬੱਚਿਆਂ ਨੂੰ ਸਿਖਿਆ ਲੈਣ ਲਈ ਇਨ੍ਹਾਂ ਘਰਾਂ ਵਿਚ ਵੱਡੀਆਂ-ਵੱਡੀਆਂ ਫੀਸਾਂ ਦੇ ਕੇ ਭੇਜਿਆ ਕਰਦੇ ਸਨ।” ਹੁਣ ਜਦੋਂ ਕਿ ਪਿੰਡਾਂ ਵਿਚ ਵਿੱਦਿਆ, ਡਾਕਟਰੀ ਆਦਿ ਦੀਆਂ ਸ਼ਹਿਰਾਂ ਵਾਲੀਆਂ ਸਹੂਲਤਾਂ ਪੁੱਜ ਰਹੀਆਂ ਹਨ, ਵਿਸ਼ੇਸ਼ ਕਰ ਕੇ ਪੰਜਾਬ ਦੇ ਪਿੰਡਾਂ ਵਿਚ ਨੋਰਾ ਦਾ ਸੁਪਨਾ ਪੂਰਾ ਹੁੰਦਾ ਜਾਪਦਾ ਹੈ।
ਨੋਰਾ ਰਿਚਰਡਜ਼ ਦੀ ਪੰਜਾਬੀ ਰੰਗਮੰਚ ਨੂੰ ਦੇਣ
-ਹਰਬੀਰ ਸਿੰਘ ਭੰਵਰ
ਇਹ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬੀ ਰੰਗਮੰਚ ਦੀ ਨੀਂਹ ਇਕ ਵਿਦੇਸ਼ੀ ਸੁਆਣੀ ਨੇ ਰੱਖੀ ਜੋ ਖ਼ੁਦ ਪੰਜਾਬੀ ਲਿਖ, ਪੜ੍ਹ ਜਾਂ ਬੋਲ ਵੀ ਨਹੀਂ ਸਕਦੀ ਸੀ।
ਬੰਗਾਲੀ ਰੰਗਮੰਚ ਦੀ ਨੀਂਹ ਵੀ ਇਕ ਵਿਦੇਸ਼ੀ, ਰੂਸ ਦੇ ਮਿਸਟਰ ਲੈਂਬਡਿਫ ਨੇ 1795 ਵਿਚ ਬੰਗਾਲੀ ਭਾਸ਼ਾ ਵਿਚ ਇਕ ਨਾਟਕ ਦੀ ਡਾਇਰੈਕਸ਼ਨ ਕਰਕੇ ਰੱਖੀ ਸੀ।
ਮਿਸਜ਼ ਨੋਰਾ ਰਿਚਰਡਜ਼ ਨੇ 14 ਅਪਰੈਲ 1914 ਨੂੰ ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਵਿਖੇ ਪੰਜਾਬੀ ਭਾਸ਼ਾ ਵਿਚ ਲਿਖੇ ਨਾਟਕ ‘ਦੁਲਹਨ’ ਦਾ ਨਿਰਦੇਸ਼ਨ ਕਰਕੇ ਬੁਨਿਆਦ ਰੱਖੀ ਸੀ। ਨੋਰਾ ਆਇਰਲੈਂਡ ਦੀ ਨਾਟ-ਪਰੰਪਰਾ ਵਿਚ ਜੰਮੀ-ਪਲ੍ਹੀ ਸੀ।
ਉਸ ਨੂੰ ਬਚਪਨ ਤੋਂ ਹੀ ਸਟੇਜ ‘ਤੇ ਗਾਉਣ ਅਤੇ ਅਭਿਨੈ ਕਰਨ ਦਾ ਸ਼ੌਕ ਸੀ ਅਤੇ ਉਸ ਨੇ ਅਪਣੀ ਇਕ ਪਛਾਣ ਬਣਾ ਲਈ ਸੀ ਅਤੇ ਉਹ ਨੋਰਾ ਦੋਈਲ (Norah Doyle) ਦੇ ਨਾਂ ਨਾਲ ਪ੍ਰਸਿੱਧ ਹੋ ਚੁਕੀ ਸੀ। ਉਹ ਸ਼ੈਕਸ਼ਪੀਅਰ ਸਮੇਂ ਤੋਂ ਚਲੀ ਆ ਰਹੀ ਇਕ ਨਾਟ-ਮੰਡਲੀ ਵਿਚ ਵੀ ਕੰਮ ਕਰ ਚੁੱਕੀ ਸੀ। ਉਹ ਅਪਣੇ ਪਤੀ ਪ੍ਰੋਫੈਸਰ ਫਿਲਿਪਸ ਰਿਚਰਡਜ਼ ਨਾਲ 1911 ਵਿਚ ਅਣਵੰਡੇ ਪੰਜਾਬ ਦੀ ਰਾਜਧਾਨੀ ਲਾਹੌਰ ਆਈ। ਉਸ ਸਮੇਂ ਆਮ ਤੌਰ ‘ਤੇ ਪੰਜਾਬ ਦੇ ਕਾਲਜਾਂ ਵਿਚ ਅੰਗਰੇਜ਼ੀ ਦੇ ਨਾਟਕ ਹੀ ਖੇਡੇ ਜਾਂਦੇ ਸਨ ਜੋ ਇਥੋਂ ਦੇ ਮਾਹੌਲ ਵਿਚ ਬੜੇ ਓਪਰੇ ਤੇ ਬੜੇ ਹੀ ਰੁੱਖੇ ਜਾਪਦੇ ਸਨ। ਪੰਜਾਬ ਦੇ ਪਿੰਡਾਂ ਤੋਂ ਆਏ ਮੁੰਡਿਆਂ ਦੇ ਮੂੰਹੋ ਅੰਗਰੇਜ਼ੀ ਬੜੀ ਰੁੱਖੀ ਜਿਹੀ ਜਾਪਦੀ ਸੀ, ਅਕਸਰ ਉਚਾਰਨ ਵੀ ਸ਼ੁੱਧ ਨਹੀਂ ਹੁੰਦਾ ਸੀ। ਨੋਰਾ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਆਪਣੀ ਮਾਂ-ਬੋਲੀ ਵਿਚ ਭਾਰਤੀ ਜੀਵਨ ਬਾਰੇ ਨਾਟਕ ਲਿਖਣ ਅਤੇ ਖੇਡਣ ਲਈ ਪ੍ਰੇਰਿਆ ਅਤੇ ਇਕ ਨਾਟ-ਮੁਕਾਬਲਾ ਵੀ ਰੱਖਿਆ-ਪਹਿਲੇ ਨੰਬਰ ‘ਤੇ ਆਉਣ ਵਾਲੇ ਨਾਟਕ ਨੂੰ ਇਕ ਗਿੰਨੀ ਇਨਾਮ ਦੇਣ ਦਾ ਐਲਾਨ ਕੀਤਾ। ਇਨਾਮ ਦੇਣ ਦੀ ਪ੍ਰਥਾ ਯੂਨਾਨੀ ਥੀਏਟਰ ਤੋਂ ਚਲੀ ਆ ਰਹੀ ਸੀ, ਪੰਜਾਬ ਵਿਚ ਇਹ ਪ੍ਰਥਾ ਨੋਰਾ ਨੇ ਤੋਰੀ । ਇਸ ਪ੍ਰੇਰਨਾ ਅਤੇ ਉਤਸ਼ਾਹ ਦਾ ਸਦਕਾ 1913 ਵਿਚ ਈਸ਼ਵਰ ਚੰਦਰ ਨੰਦਾ ਨੇ ਸਟੇਜ ਨੂੰ ਮੁੱਖ ਰੱਖ ਕੇ ਪੰਜਾਬੀ ਦਾ ਪਹਿਲਾ ਨਾਟਕ ‘ਦੁਲਹਨ’ ਲਿਖਿਆ ਅਤੇ ਪਹਿਲਾ ਇਨਾਮ ਪ੍ਰਾਪਤ ਕੀਤਾ, ਜੋ 14 ਅਪਰੈਲ 1914 ਨੂੰ ਦਿਆਲ ਸਿੰਘ ਕਾਲਜ ਵਿਚ ਖੇਡਿਆ ਗਿਆ। ਅਗਲੇ ਸਾਲ ਰਾਜਿੰਦਰ ਲਾਲ ਸਾਹਨੀ ਨੇ ‘ਦੀਨੇ ਦੀ ਜੰਝ’ ਲਿਖ ਕੇ ਪਹਿਲਾ ਇਨਾਮ ਪ੍ਰਾਪਤ ਕੀਤਾ ਜਦੋਂ ਕਿ ਨੰਦਾ ਦਾ ਨਾਟਕ ‘ਬੇਬੇ ਰਾਮ ਭਜਨੀ’ ਦੂਜੇ ਨੰਬਰ ‘ਤੇ ਰਿਹਾ।
ਨੋਰਾ ਦਾ ਪਤੀ ਅੰਗਰੇਜ਼ੀ ਸਾਹਿਤ ਦਾ ਪ੍ਰੋਫੈਸਰ ਸੀ, ਉਸ ਸਮੇਂ ਜਦੋਂ ਆਕਸਫੋਰਡ ਅਤੇ ਕੈਂਬਰਿਜ ਦੇ ਪੜ੍ਹੇ ਪ੍ਰੋਫੈਸਰ ਸ਼ੁੱਧ ਅੰਗਰੇਜ਼ੀ ਬੋਲਣ ਉਤੇ ਜ਼ੋਰ ਦਿੰਦੇ ਸਨ, ਅੰਗਰੇਜ਼ੀ ਸਭਿਅਤਾ ਅਤੇ ਉਥੋਂ ਦੀ ਰਹਿਣੀ-ਬਹਿਣੀ ਦੀ ਨਕਲ ਕਰਨ ਲਈ ਜ਼ੋਰ ਦਿੰਦੇ ਸਨ, ਨੋਰਾ ਨੇ ਪੰਜਾਬੀ ਵਲਵਲੇ ਅਤੇ ਬੋਲੀ ਦੇ ਗੁਣਾਂ ਨੂੰ ਸਲਾਹਿਆ।
ਨੋਰਾ ਰਿਚਰਡਜ਼ ਨੇ ਪੰਜਾਬ ਦੀ ਰਾਜਧਾਨੀ ਲਾਹੌਰ ਵਿਖੇ ਪਹਿਲੋਂ ਖੁੱਲ੍ਹਾ ਰੰਗ- ਮੰਚ ਅਤੇ ਨਾਟਕ ਲਿਖਣ, ਖੇਡਣ ਅਤੇ ਨਿਰਦੇਸ਼ਨ ਦੀ ਕਲਾ ਸਿਖਾਉਣ ਲਈ ‘ਸਰਸਵਤੀ ਸਟੇਜ ਸੋਸਾਇਟੀ’ ਨਾਂ ਦਾ ਇਕ ਸਕੂਲ ਵੀ ਖੋਲ੍ਹਿਆ, ਜਿਸ ਦੇ ਸਰਪ੍ਰਸਤ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਤਤਕਾਲੀ ਵਾਈਸ ਚਾਂਸਲਰ ਮਿਸਟਰ ਏ. ਸੀ. ਵੂਲਨਰ ਸਨ। ਇਸੇ ਆਸ਼ੇ ਲਈ ਸਰਸਵਤੀ ਨਾਂ ਦਾ ਇਕ ਰਿਸਾਲਾ ਵੀ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ, ਜਿਸ ਦੇ ਪਹਿਲੇ ਪਰਚੇ ਦੇ ਸੰਪਾਦਕੀ ਲੇਖ ਤੋਂ ਹੀ ਇਸ ਦੇ ਉਦੇਸ਼ ਦਾ ਪਤਾ ਲੱਗਦਾ ਹੈ। “ਜਿਹੜਾ ਬੀਜ ਅਸੀਂ ਬੀਜਣਾ ਅਤੇ ਖਿਲਾਰਨਾ ਚਾਹੁੰਦੇ ਹਾਂ ਇਹ ਬੀਜ ਅਪਣੇ ਢੰਗ ਦਾ ਅਤੇ ਇਕ ਨਿਰਾਲਾ ਬੀਜ ਹੋਏਗਾ। ਕਲਾਤਮਕ ਚੇਤਨਾ ਦਾ ਬੀਜ, ਨਾਟਕ, ਕਹਾਣੀ ਅਤੇ ਕਵਿਤਾ ਰਚਣ ਦਾ ਬੀਜ ਜਿਹੜਾ ਕਿ ਪੰਜਾਬੀ ਜੀਵਨ ਉਤੇ ਨਾਟਕ ਕਹਾਣੀਆਂ ਅਤੇ ਕਵਿਤਾਵਾਂ ਰਚਣ ਨਾਲ ਸਾਨੂੰ ਪੰਜਾਬ ਦੀ ਹਰ ਦਸਤਕਾਰੀ ਪੰਜਾਬੀ ਜਨ- ਜੀਵਨ ਦੀ ਵਾਸਤਵਿਕਤਾ ਤੋਂ ਪ੍ਰਭਾਵਿਤ ਅਤੇ ਪ੍ਰੇਰਿਤ ਹੋਣਾ ਪਏਗਾ। ਪੰਜਾਬ ਦੀਆਂ ਝੌਂਪੜੀਆਂ, ਮਸੀਤਾਂ ਅਤੇ ਮੰਦਰਾਂ ਦੀ ਸੁੰਦਰਤਾ, ਘਰਾਂ, ਰਸੋਈ, ਅਤੇ ਖੂਹਾਂ ਦੀਆਂ ਮੁੰਡੇਰਾਂ ਉਤੇ ਰੱਖੇ ਮਿੱਟੀ ਤੇ ਪਿੱਤਲ ਦੇ ਸੁੰਦਰ ਭਾਂਡਿਆਂ, ਸਫ਼ੈਦ ਅਤੇ ਰੰਗ-ਬਰੰਗੇ ਕੱਪੜਿਆਂ, ਕੰਧਾਂ ਦੀਆਂ ਸੁੰਦਰ ਮੂਰਤਾਂ, ਉੱਚੀਆਂ ਹਵੇਲੀਆਂ ਦੇ ਨਕਸ਼ੇ, ਨਿਰਮਲ ਵਲਵਲੇ ਇਹ ਸਭ ਸਾਨੂੰ ਅਸਲ ਪੰਜਾਬ ਦੀ ਝਲਕ ਦੱਸਦੇ ਹਨ। ਰੇਸ਼ਮ ਨਾਲ ਸ਼ਿੰਗਾਰੀਆਂ ਹੋਈਆਂ ਫੁਲਕਾਰੀਆਂ, ਚਰਖਿਆਂ ਦੀ ਘੂਕਰ ਅਤੇ ਫੁੱਲਾਂ ਦੇ ਹਾਰ- ਇਹ ਸਭ ਚੀਜ਼ਾਂ ਅੰਦਰ ਪੰਜਾਬ ਦੀ ਰੂਹ ਭਰਦੀਆਂ ਹਨ। ਇਨ੍ਹਾਂ ਨੂੰ ਵੇਖਦਿਆਂ ਸਾਡਾ ਮਨ ਸ਼ਰਧਾ ਨਾਲ ਭਰ ਉਠਦਾ ਹੈ।”
ਨੋਰਾ ਚਾਹੁੰਦੀ ਸੀ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਨਾਟਕ ਇਕ ਮਜ਼ਮੂਨ ਵਜੋਂ ਪੜ੍ਹਾਇਆ ਜਾਵੇ। ਉਸ ਦਾ ਵਿਚਾਰ ਸਾਰੇ ਕਾਲਜਾਂ ਵਿਚ ਨਿਰੋਗ ਸਰੀਰਕ ਅਤੇ ਮਾਨਸਿਕ ਵਰਜ਼ਿਸ਼ਾਂ ਲਈ ਅਤੇ ‘ਬਹਿਸਾਂ’ (ਡੀਬੇਟਾਂ) ਹੁੰਦੀਆਂ ਹਨ। ਬਹਿਸ, ਮੈਦਾਨ ਵਿਚ ਗੇਂਦ ਨੂੰ ਇਕ ਖਾਸ ਦਿਸ਼ਾ ਵੱਲ ਲਿਜਾਣ ਨਾਲੋਂ ਘੱਟ ਖੇਡ ਨਹੀਂ। ਇਕ ਖੇਡ ਜੋ ਮਾਨਸਿਕ ਪਟੜੀ ‘ਤੇ ਖੇਡੀ ਜਾਂਦੀ ਹੈ। ਸਰੀਰਕ ਵਰਜ਼ਿਸ਼ ਅਤੇ ਖਿਡਾਰੀ ਦੀ ਖੇਡ ਬਾਰੇ ਕੋਈ ਸ਼ੰਕਾ ਨਹੀਂ। ‘ਸਾਫ਼ ਸੋਚੋ’ – ਵਾਦ-ਵਿਵਾਦ ਕਲੱਬਾਂ ਦਾ ਨਾਅਰਾ ਹੈ ਅਤੇ ਬਹਿਸ ਕਰਨ ਵਾਲੇ ਇਨ੍ਹਾਂ ਮੁਕਾਬਲਿਆਂ ਵਿਚ ਖੁਸ਼ੀ ਅਤੇ ਮਨ-ਪਰਚਾਵਾ ਪ੍ਰਾਪਤ ਕਰ ਲੈਂਦੇ ਹਨ। ਪਰ ਆਦਮੀ ਸਰੀਰ ਅਤੇ ਦਿਮਾਗ਼ ਤੋਂ ਬਿਨਾਂ ਕੁਝ ਹੋਰ ਵੀ ਹੈ ਉਸ ਪਾਸ ਇਕ ਦਿਲ ਵੀ ਹੈ। ਠੀਕ ਅਨੁਭਵ ਕਰੋ, ਇਹ ਹਰ ਅਭਿਨੇਤਾ ਦਾ ਨਾਅਰਾ ਹੈ ਅਤੇ ਇਕ ਖੇਡੇ ਗਏ ਨਾਟਕ ਦੀ ਸਭ ਤੋਂ ਵੱਡੀ ਕੀਮਤ “ਭਾਵਾਂ ਨੂੰ ਭਾਵੁਕ” ਬਣਾਉਣਾ ਹੈ। ਨਾਟਕ ਦੇ ਮਨੋਵਿਗਿਆਨਕ ਪ੍ਰਭਾਵ ਤੋਂ ਬਿਨਾਂ ਇਹ ਜਜ਼ਬਿਆਂ ਦਾ ਨਿਕਾਸ ਵੀ ਹੈ ਜਿਹੜਾ ਕਿ ਖੇਡ ਮੈਦਾਨ ਅਤੇ ਵਾਦ-ਵਿਵਾਦ ਕਲੱਬ ਵਿਚ ਸਰੀਰਕ ਅਤੇ ਮਾਨਸਿਕ ਨਿਕਾਸ ਵਾਂਗ ਅਰੋਗ ਅਤੇ ਜ਼ਰੂਰੀ ਹੈ। ਇਸ ਤੋਂ ਬਿਨਾਂ ਇਕ ਨਾਟਕ ਦਾ ਸਾਰੇ ਵਿਅਕਤੀਆਂ, ਭਾਵੇਂ ਉਹ ਪਰਦੇ ਦੇ ਪਿੱਛੇ ਹਨ ਜਾਂ ਸਾਹਮਣੇ, ਉਤੇ ਇਕ ਮਨੁੱਖਤਾ ਦਾ ਪ੍ਰਭਾਵ ਵੀ ਪੈਂਦਾ ਹੈ। ਫੁੱਟਬਾਲ ਦੇ ਮੈਚ ਅਤੇ ਜਨਤਕ ਬਹਿਸ ਵਿਚ ਮਨੁੱਖ ਅਤੇ ਮਨੁੱਖ ਵਿਚਕਾਰ ਇਕੱਲੇ ਅਤੇ ਸਮੂਹਕ ਵਿਚਕਾਰ ਵਿਤਕਰਾ ਦੂਰ ਕਰਨ ਦੀ ਸ਼ਕਤੀ ਨਹੀਂ। ਜਦੋਂ ਨਾਟਕ ਖੇਡਿਆ ਜਾ ਰਿਹਾ ਹੋਵੇ, ਮਾਹੌਲ ਵਿਚ ਆਦਮੀ ਘੱਟੋ-ਘੱਟ ਕੁਝ ਸਮੇਂ ਲਈ ਜਾਂ ਕਈ ਵਾਰੀ ਪੱਕੇ ਤੌਰ ‘ਤੇ ਇਕ-ਦੂਜੇ ਦੇ ਨੇੜੇ ਖਿੱਚਿਆ ਜਾਂਦਾ ਹੈ।
ਨਾਟਕ ਬਾਰੇ ਚਲਾਈ ਗਈ ਇਸ ਲਹਿਰ ਨੂੰ ਵੇਖ ਕੇ ਲਾਹੌਰ ਦੇ ‘ਸਿਵਲ ਐਂਡ ਮਿਲਟਰੀ ਗਜ਼ਟ’ ਨੇ ਇਨ੍ਹਾਂ ਸ਼ਬਦਾਂ ਨਾਲ ਸਰਾਹਣਾ ਕੀਤੀ : “ਅੱਜਕਲ੍ਹ ਲਾਹੌਰ ਦੇ ਕਾਲਜਾਂ ਵਿਚ ਜਿਹੜੀ ਨਾਟਕਾਂ ਦੀ ਲਹਿਰ ਚਲ ਰਹੀ ਹੈ, ਉਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਇਕ ਨਵੇਂ ਯੁੱਗ ਦਾ ਆਰੰਭ ਹੋ ਗਿਆ ਹੈ। ਸ਼ੈਕਸ਼ਪੀਅਰ ਦੇ ਕਾਲਜਾਂ ਵਿਚ ਪੜ੍ਹਾਏ ਜਾਣ ਵਾਲੇ ਨਾਟਕਾਂ ਨੂੰ ਖੇਡਣ ਨਾਲੋਂ ਤਾਂ ਕਾਲਜਾਂ ਦੇ ਆਪਣੇ ਰਚੇ ਨਾਟਕਾਂ ਨੂੰ ਖੇਡਿਆ ਜਾਣਾ ਕਿਧਰੇ ਚੰਗਾ ਲੱਗੇ। ਜੇ ਇਹ ਹੋਣ ਲੱਗ ਜਾਏ ਤਾਂ ਯੂਨੀਵਰਸਿਟੀ ‘ਕਲਾ ਦੀ ਜਨਣੀ’ ਦੇ ਤੌਰ ‘ਤੇ ਆਪਣਾ ਰੋਲ ਨਿਭਾਏਗੀ।
ਨਵੇਂ ਅਤੇ ਜਵਾਨ ਕਲਾਕਾਰਾਂ ਨੂੰ ਉਤਸ਼ਾਹ ਮਿਲੇਗਾ ਅਤੇ ਨਤੀਜੇ ਦੇ ਵਜੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੀ ਅਸਲ ਕੀਮਤ ਵੀ ਪਛਾਣ ਹੋਏਗੀ।
ਨੋਰਾ ਦਾ ਇਹ ਵਿਸ਼ਵਾਸ ਸੀ ਕਿ ਸਭਿਆਚਾਰ ਦੇ ਵਿਕਾਸ ਲਈ ਨਾਟਕ ਤੇ ਰੰਗ ਮੰਚ ਹੀ ਸਭ ਤੋਂ ਸ਼ਕਤੀਸ਼ਾਲੀ ਮਾਧਿਅਮ ਹਨ। ਇਕ ਵਿਦਵਾਨ ਮਿਸਟਰ ਸਮਿਥ ਦੇ ਸ਼ਬਦਾਂ ਵਿਚ “ਸਿਖਿਆ ਲਈ ਸਟੇਜ ਤੋਂ ਚੰਗੀ ਹੋਰ ਕੋਈ ਥਾਂ ਨਹੀਂ।” ਨਾਮਵਰ ਨਾਟਕਕਾਰ ਡਾਕਟਰ ਹਰਚਰਨ ਸਿੰਘ ਦੇ ਸ਼ਬਦਾਂ ਵਿਚ “ਇੱਕੋ ਧੁਨ ਤੇ ਲਗਨ ਦੀ ਪੂਰਤੀ ਲਈ ਉਸ ਨੇ ਆਪਣਾ ਸਾਰਾ ਜੀਵਨ ਪੰਜਾਬ ਲਈ ਅਰਪਨ ਕੀਤਾ। ਅਸਲ ਵਿਚ ਇਹ ਆਇਰਲੈਂਡ ਦੀ ਰਹਿਣ ਵਾਲੀ ਸੀ। ਭਾਰਤ ਤੇ ਆਇਰਲੈਂਡ ਵਿਚ ਦੋ ਗੱਲਾਂ ਦੀ ਸਾਂਝ ਸੀ। ਦੋਨੋਂ ਥਾਂ ਉਨ੍ਹੀਂ ਦਿਨੀਂ ਜ਼ੋਰਦਾਰ ਨਾਟ-ਲਹਿਰ ਚਲ ਰਹੀ ਸੀ ਜੋ ਲੋਕਾਂ ਵਿਚ ਰਾਜਸੀ ਚੇਤਨਾ ਅਤੇ ਦੇਸ਼-ਭਗਤੀ ਦੀ ਭਾਵਨਾ ਜਗਾ ਰਹੀ ਸੀ। ਦੇਸ਼-ਭਗਤ ਅਦਾਕਾਰ ਅਤੇ ਨਾਟਕਕਾਰ ਲੇਡੀ ਗਰੇਗਰੀ ਦਾ ਰੂਪ ਧਾਰ ਗਈ ਸੀ। ਜੇ ਉਹ ਅੰਗਰੇਜ਼ ਸਵਾਣੀ ਹੁੰਦੀ ਤਾਂ ਕਦੇ ਵੀ ਪੰਜਾਬੀਆਂ ਨੂੰ ਸਹੀ ਤੇ ਨਰੋਆ ਰਾਹ ਨਾ ਦਰਸਾਉਂਦੀ।”
ਨੋਰਾ ਨੇ ਪੰਜਾਬ ਦੀ ਧਰਤੀ ਉਤੇ ਪੰਜਾਬੀ ਨਾਟਕ ਅਤੇ ਰੰਗਮੰਚ ਦਾ ਮੁੱਢ ਬੰਨ੍ਹਿਆ। ਭਾਰਤ ਦੀਆਂ ਕਈ ਹੋਰ ਭਾਸ਼ਾਵਾਂ ਵਿਚ ਇਕਾਂਗੀ ਨਾਟਕ 1930 ਦੇ ਕਰੀਬ ਲਿਖੇ ਜਾਣ ਲੱਗੇ। ਪਰ ਨੋਰਾ ਨੇ 1913 ਵਿਚ ਕਾਲਜ ਦੇ ਵਿਦਿਆਰਥੀਆਂ ਤੋਂ ਪੰਜਾਬੀ ਜੀਵਨ ਉਤੇ ਵਿਸ਼ਿਆਂ ਵਾਲੇ ਇਕਾਂਗੀ ਨਾਟਕ ਲਿਖਵਾ ਕੇ ਅਤੇ ਖਿਡਵਾ ਕੇ ਨਵੀਨ ਕਲਾ ਦਾ ਸਭ ਤੋਂ ਪਹਿਲਾਂ ਪ੍ਰਵੇਸ਼ ਕੀਤਾ।
ਦੇਸ਼ ਦੀ ਵੰਡ ਸਮੇਂ ਪੰਜਾਬੀ ਸਭਿਆਚਾਰ ਦਾ ਕੇਂਦਰ ਲਾਹੌਰ, ਪਾਕਿਸਤਾਨ ਦੇ ਹਿੱਸੇ ਆਇਆ ਪੰਜਾਬੀ ਰੰਗਮੰਚ ਦੇ ਕਲਾਕਾਰ ਥਾਂ ਥਾਂ ਬਿਖਰ ਗਏ। ਸ੍ਰੀਮਤੀ ਨੋਰਾ ਪਹਿਲਾਂ ਹੀ ਅੰਦਰੇਟਾ ਜ਼ਿਲ੍ਹਾ ਕਾਂਗੜਾ ਵਿਖੇ ਆ ਕੇ ਵੱਸ ਗਈ ਸੀ ਜਿਥੇ ਉਸ ਨੇ ਇਕ ਖੁੱਲ੍ਹਾ ਮੰਚ ਵੀ ਬਣਾਇਆ ਸੀ। ਇਥੇ ਉਹ ਆਪੇ ਨਾਟ ਸਰਗਰਮੀਆਂ ਕਰਵਾਉਂਦੀ ਰਹੀ ਸੀ। ਪੰਜਾਬ ਭਰ ਤੋਂ ਨਾਟਕ ਦੇ ਅਭਿਨੇਤਾ, ਅਧਿਆਪਕ, ਵਿਦਿਆਰਥੀ ਨਾਟਕ ਲਿਖਣ ਅਤੇ ਸਿਖਣ ਦੀ ਸਿਖਿਆ ਲੈਣ ਆਉਂਦੇ ਰਹੇ ਹਨ। ਇਥੇ ਪੰਜਾਬੀ ਰੰਗਮੰਚ ਦੇ ਵਿਕਾਸ ਬਾਰੇ ਸੈਮੀਨਾਰ ਹੁੰਦੇ ਰਹੇ ਹਨ। ਇਸ ਵਿਚ ਹਬੀਬ ਤਨਵੀਰ, ਮੁਸ਼ਤਾਕ ਅਹਿਮਦ ਤੇ ਪ੍ਰਿਥਵੀ ਰਾਜ ਕਪੂਰ, ਜਿਹੇ ਪ੍ਰਸਿੱਧ ਕਲਾਕਾਰ ਭਾਗ ਲੈਂਦੇ ਰਹੇ ਹਨ। ਉਸ ਦਾ ਨਿਵਾਸ ਸਥਾਨ ‘ਵੁੱਡਲੈਂਡਜ਼ ਅਸਟੇਟ ਪੰਜਾਬੀ ਰੰਗਮੰਚ ਦਾ ਇਕ ਪ੍ਰਤੀਕ ਬਣ ਗਿਆ ਸੀ। ਭਾਰਤ ਵਿਚ ਜਦੋਂ ਵੀ ਰੰਗ- ਮੰਚ ਬਾਰੇ ਕੋਈ ਗੱਲ ਹੁੰਦੀ ਹੈ ਤਾਂ ਇਸ ਦੇ ਜ਼ਿਕਰ ਤੋਂ ਬਿਨਾਂ ਅਧੂਰੀ ਰਹਿੰਦੀ ਹੈ। ਇਸ ਥਾਂ ਪੰਜਾਬੀ ਦੇ ਨਾਟਕਕਾਰ ਅਭਿਨੇਤਾ ਅਤੇ ਨਿਰਦੇਸ਼ਕ ਸ੍ਰੀਮਤੀ ਨੋਰਾ ਤੋਂ ਅਗਵਾਈ ਅਤੇ ਆਸ਼ੀਰਵਾਦ ਲੈਣ ਆਉਂਦੇ ਰਹੇ ਸਨ। ਆਈ. ਸੀ. ਨੰਦਾ ਤੋਂ ਬਿਨਾਂ ਮੁਰਲੀ ਧਰ, ਡਾ. ਹਰਚਰਨ ਸਿੰਘ, ਸੁਰਜੀਤ ਸਿੰਘ ਸੇਠੀ, ਕਪੂਰ ਸਿੰਘ ਘੁੰਮਣ ਨੇ ਨੋਰਾ ਤੋਂ ਪ੍ਰੇਰਨਾ ਅਤੇ ਉਤਸ਼ਾਹ ਲਿਆ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਸ ਦੀਆਂ ਪੰਜਾਬੀ ਰੰਗਮੰਚ ਲਈ ਇਨ੍ਹਾਂ ਮਹਾਨ ਸੇਵਾਵਾਂ ਨੂੰ ਮੁੱਖ ਰੱਖ ਕੇ ਹੀ ਉਸ ਨੂੰ ਡਾਕਟਰ ਆਫ ਲਿਟਰੇਚਰ ਦੀ ਆਨਰੇਰੀ ਡਿਗਰੀ ਦੇ ਕੇ ਸਨਮਾਨਿਤ ਕੀਤਾ ਸੀ।
ਨੋਰਾ ਦੀ ਡਾਇਰੀ
ਸਾਲ 1959
ਸਿਆਲ ਜਨਵਰੀ 1 ਅਸੀਂ ਛੱਤ ਉਤੇ ਘਾਹ ਦੇ ਟਿਕੇ ਨਾ ਰਹਿਣ ‘ਤੇ ਔਖੇ ਹਾਂ, ਟਿਕੇ ਰਹਿਣ ਦੀ ਆਸ ਵੀ ਨਹੀਂ – ਇਮਾਰਤਾਂ ਸਾਡੀ ਸਰੀਰਕ ਸ਼ਕਤੀ ਦੀ ਵਿਅਰਥ ਉਪਜ ਜਾਪਦੀਆਂ। ਪਰ ਮੈਨੂੰ ਬੇਹੌਸਲਾ ਨਹੀਂ ਹੋਣਾ ਚਾਹੀਦਾ, ਨਿਰਸੰਦੇਹ ਮੈਂ ਭਵਿਸ਼ ਲਈ ਛੱਤ ਪਾ ਰਹੀ ਹਾਂ। ਇਮਾਰਤਾਂ ਨੂੰ ਡਿੱਗਣ ਦੀ ਆਗਿਆ ਨਹੀਂ ਦੇਣੀ ਚਾਹੀਦੀ – ਅਤੇ ਇਹ ਛੱਤ ‘ਤੇ ਨਿਰਭਰ ਹੈ – ਜੋ ਪਾਣੀ ਆਉਣ ਤੋਂ ਬਚਾਏ।
ਜਨਵਰੀ 14 -ਅੱਜ ਲੋਹੜੀ ਹੈ ਅਤੇ ਮੈਂ ਨੌਕਰਾਂ ਨੂੰ ਛੁੱਟੀ ਦੇ ਦਿੱਤੀ ਹੈ – ਬੜਾ ਹੀ ਚੈਨ ਭਰਿਆ ਅਤੇ ਇਕਾਂਤ ਦਿਨ ਬੀਤਣ ਦੀ ਆਸ ਹੈ। ਘੱਟੋ-ਘੱਟ ਇਕ ਘੰਟਾ ਬਗੀਚੇ ਵਿਚ ਕੰਮ ਕਰਾਂਗੀ – ਆਲੂ ਢੱਕਣ ਦਾ -ਰਾਤਾਂ ਬਹੁਤ ਹੀ ਠੰਡੀਆਂ ਅਤੇ ਸੁੰਨ ਹਨ – ਪਰ ਦਿਨੇ ਸ਼ਾਨਦਾਰ ਧੁੱਪ ਹੁੰਦੀ ਹੈ।
ਜਨਵਰੀ 18 -ਕੱਲ੍ਹ, ਮਹਾਰਾਣੀ ਕਸ਼ਮੀਰ ਨੇ ਅਚਾਨਕ ਫੇਰਾ ਪਾਇਆ। ਮੈਂ ਬਾਹਰ ਜ਼ਮੀਨ ‘ਤੇ ਸਾਂ, ਬਿਸ਼ੰਭਰ (ਤਰਖਾਣ) ਲਈ ਸੜਕ ਕਿਨਾਰੇ ਇਕ ਟੋਟਾ ਚੁਣਨ ਲਈ ਉਹ ਬੜੇ ਦਇਆਵਾਨ ਸਨ -ਮੇਰੇ ਬੋਲ਼ੇਪਣ ਲਈ ਮੈਨੂੰ ਕੰਨਾਂ ਲਈ ਯੰਤਰ ਦੇਣਾ ਚਾਹੁੰਦੇ ਸਨ, ਪਰ ਮੈਂ ਨਿਮਰਤਾ ਸਹਿਤ ਜਵਾਬ ਦਿੱਤਾ, ‘ਨਹੀਂ ਤੁਹਾਡੀ ਬੜੀ ਮਿਹਰਬਾਨੀ’ ਇਸ ਦੀ ਬਜਾਏ ਗਰਮ ਗਾਉਨ ਅਤੇ ਸੌਣ ਕਮਰੇ ਲਈ ਆਰਾਮਦੇਹ ਸਲੀਪਰ ਚੰਗੇ ਹਨ – ਮੈਂ ਹਮੇਸ਼ਾ ਇਹ ਮਹਿਸੂਸ ਕੀਤਾ ਹੈ ਕਿ ਨਜ਼ਦੀਕੀ ਗਵਾਂਢੀਆਂ ਨੂੰ ਦੋਸਤਾਂ ਵਾਂਗ ਰਹਿਣਾ ਚਾਹੀਦਾ ਹੈ। ਮੈਂ ਕਦੀ ਕਿਸੇ ਤੋਂ ਕੁਝ ਲਿਆ ਨਹੀਂ – ਹੁਣ ਇਹ ਗੱਲ ਹੋਣ ਲੱਗ ਪਈ ਹੈ।
ਜਨਵਰੀ 19 -ਬਰਫ ਪੈਣ ਕਾਰਨ ਕੱਲ੍ਹ ਬਹੁਤ ਹੀ ਠੰਡ ਸੀ – ਡਰਦਿਆਂ ਬਾਹਰ ਵੇਖਿਆ, ਕੋਈ ਨਹੀਂ ਸੀ। ਪਹਾੜਾਂ ਤੇ ਹੇਠਾਂ ਤਕ ਕਿੰਨੀ ਬਰਫ ਪਈ ਹੈ! ਪਰਮਾਤਮਾ ਦਾ ਸ਼ੁਕਰ ਹੈ, ਅਸੀਂ ਬਚ ਗਏ ਹਾਂ – ਇਹ ਅਮਰੂਦਾਂ ਅਤੇ ਅੰਬਾਂ ਲਈ ਮੌਤ ਸਾਬਤ ਹੋਣੀ ਸੀ।
ਜਨਵਰੀ 20 -ਕੱਲ੍ਹ ਨਾਲੋਂ ਵੀ ਠੰਡ ਹੈ – ਬਰਫ ਪਹਾੜਾਂ ਤੋਂ ਹੋਰ ਹੇਠਾਂ ਵੱਲ ਨੂੰ ਆ ਰਹੀ ਹੈ। ਸ਼ਾਇਦ ਹੋਰ ਅੱਗੇ ਨਾ ਆਏ – ਮੇਰੇ ਸੌਣ ਕਮਰੇ ਦੀ ਬਾਰੀ ਵਿੱਚੋਂ ਇਹ ਧੁੱਪ ਵਿਚ ਚਮਕਦੀ ਦਿਖਾਈ ਦੇ ਰਹੀ ਹੈ। ਵਾਦੀ ਵਿੱਚ ਬਹੁਤ ਸਰਦੀ ਹੈ।
ਫਰਵਰੀ 1 -ਸਾਡੀ ਪਰਬਤ ਰਾਣੀ ਨੇ ਆਪ ਕੱਪੜੇ ਪਾ ਲਏ ਹਨ, ਅਸੀਂ – ਉਹਦੇ ਪੈਰਾਂ ਵਿਚ – ਬਿਨ ਕੱਪੜੇ ਕੰਬ ਰਹੇ ਹਾਂ।
ਫਰਵਰੀ 3 – ਸਹੇਲੀਆਂ ਵਿਚ ਇਕ ਨਵਾਂ ਵਾਧਾ – ਸ੍ਰੀਮਤੀ ਵੈਲਦੀ ਫਿਸ਼ਰ ਲਖਨਾਊ ਦੇ ‘ਸਾਹਿਤਕ ਘਰ’ ਵਾਲੀ। ਉਹਦਾ ‘ਲੇਖਕਾਂ ਦੇ ਕੋਰਸ’ ਲਈ ਵੁਡਲੈਂਡਜ਼ ਵੱਲ ਧਿਆਨ ਗਿਆ ਹੈ ਅਤੇ ਲਿਖਿਆ ਹੈ ਕਿ ‘ਅਸੀਂ ਕੱਚੀਆਂ ਕੰਧਾਂ ਅਤੇ ਘਾਹ ਦੀ ਛੱਤ ਤੋਂ ਨਹੀਂ ਡਰਾਂਗੇ।’ ਉਹ ਆਪਣੇ ਕਾਰਜਕਾਰੀ ਡਾਇਰੈਕਟਰ ਨਾਲ ਤੂਫ਼ਾਨੀ ਦੌਰੇ ‘ਤੇ ਆ ਰਹੀ ਹੈ।
ਬਸੰਤ ਰੁਤ :
ਮੇਰਾ ਆੜੂ ਦਾ ਰੁੱਖ ਹਰ ਸਵੇਰੇ – ਸਵੱਖਤੇ- ਮੈਂ ਆਪਣੀ ਬਾਰੀ ਖੋਲ੍ਹਦੀ ਹਾਂ ਤੈਨੂੰ ਨਮਸਕਾਰ ਕਰਨ ਲਈ। ਹਰ ਰੋਜ਼ ਮੈਂ ਤੇਰੇ ਸੁਹਣੇ ਵਿਕਾਸ ਨੂੰ ਵਾਚਦੀ ਹਾਂ ਸੁੰਨੀਆਂ ਟਹਿਣੀਆਂ ਤੋਂ ਫੁਟਦੀਆਂ ਕਰੂੰਬਲਾਂ ਤੋਂ ਪਹਿਲਾਂ ਫੁੱਲ ਖਿੜਨ ਤੇ ਤੀਜੇ ਅਤੇ ਚੌਥੇ ਤਕ ਤੇਰੇ ਗੂੜ੍ਹੇ ਗੁਲਾਬੀ ਲਹਿਰੀਏ ਨੂੰ ਸਬਜ਼ ਲਹਿਰਾਂਦੀ ਕਣਕ ਸਾਹਮਣੇ ਇਨ੍ਹਾਂ ਸਭ ਨੂੰ ਵਾਚ ਚੁੱਕੀ ਹਾਂ ਤੇਰੀ ਇਸ ਫੁੱਲਾਂ ਦੀ ਬਹਾਰ ਤਕ ਹਰ ਨਿੱਕੜਾ ਫੁੱਲ ਤ੍ਰੇਲ ਦੇ ਹੰਝੂ ਵਹਾਉਂਦਾ ਹੋਇਆ ਇਹ ਜਾਣਦੇ ਹੋਏ ਕਿ ਦੂਜੇ ਤੇਰੇ ਫਲਾਂ ਨੂੰ ਤੋੜ ਲੈਣਗੇ। ਪਰ ਕੋਈ ਵੀ ਬਹਾਰ ਰੁੱਤੇ ਤੇਰੇ ਮਾਣੇ ਹੋਏ ਆਨੰਦ ਨੂੰ ਮੈਥੋਂ ਖੋਹ ਨਹੀਂ ਸਕੇਗਾ।
ਮਾਰਚ 9 ਅੱਜ ਇੱਟਾਂ ਪੱਥਣੀਆਂ ਸ਼ੁਰੂ ਕੀਤੀਆਂ ਹਨ।
ਮਾਰਚ 10- ਕੱਲ੍ਹ ਇੱਟਾਂ ਦਾ ਇਕ ਪਿਆਰਾ ਪੂਰ – ਆਕਾਸ਼ ਸਾਫ ਸੀ- ਨਿੰਬਲ-ਬਲੌਰ ਵਾਂਗ, ਪਰ ਅੱਜ ਬੱਦਲ ਹਨ। ਇੱਟਾਂ ਠੀਕ ਰਹਿਣ!
ਮਾਰਚ 11-ਹੋਰ ਇੱਟਾਂ ਦਾ ਇਕ ਪੂਰ – ਸੂਰਜ ਨਿਕਲਿਆ ਸੀ-ਅੱਜ ਵੀ ਨਿਕਲਿਆ ਹੈ ਪਰ ਥੋੜਾ-ਥੋੜਾ। ਭਲੇ ਦੀ ਉਮੀਦ ਹੈ। ਦੋ ਹੋਰ ਦਿਨ। ਲੋੜ ਪੂਰੀ ਹੋ ਜਾਏਗੀ ਅਤੇ ਫਿਰ ਪ੍ਰਸਾਰਣ ਲਈ ਰੀਕਾਰਡਿੰਗ-ਤੋਬਾ!
ਮਾਰਚ 13-ਅੱਜ ਰੀਕਾਰਡਿੰਗ ਹੈ-ਰੇਡੀਓ ਪਾਰਟੀ ਲਈ ਸਭ ਕੁਝ ਠੀਕ ਹੈ -ਪ੍ਰਭੂ (ਨੌਕਰ) ਉਨ੍ਹਾਂ ਦੀ ਹਾਜ਼ਰੀ ‘ਚ ਰਹੇਗਾ। ਮੌਸਮ ਸ਼ਾਨਦਾਰ ਹੈ ਅਤੇ ਸ਼ਾਨਦਾਰ ਹੀ ਇੱਟਾਂ ਵਿਛੀਆਂ ਪਈਆਂ ਹਨ। ਹਰ ਚੀਜ਼ ਸ਼ਾਨਦਾਰ -ਮੈਥੋਂ ਵਿਚਾਰੀ ਤੋਂ ਬਿਨਾਂ -ਅਤੇ ਮੇਰੀ ਆਵਾਜ਼ – ਰੇਡੀਓ ਵਾਲੀ ਆਵਾਜ਼! ਕੱਲ੍ਹ ਮੈਂ 11 ਵਜੇ ਤਕ ਰੀਹਰਸਲ ਕੀਤੀ – ਪਹਿਲੀ ਵਾਰੀ ਬਹੁਤ ਸੁਹਣਾ ਪੜ੍ਹਿਆ, ਮੈਂ ਇਸ ਨੂੰ ਮਾਣਿਆ ਅਤੇ ਮਹਿਸੂਸ ਕੀਤਾ। ਦੂਜੀ ਵਾਰੀ ਜ਼ਰਾ ਫਿੱਕੀ ਸੀ। ਦੁਪਹਿਰ ਦੇ ਖਾਣੇ ਪਿੱਛੋਂ 2.30 ਵਜੇ ਤਕ ਆਰਾਮ ਕੀਤਾ ਅਤੇ ਫਿਰ ਰੀਹਰਸਲ ਕੀਤੀ-ਖ਼ੌਫਨਾਕ-ਜ਼ਰਾ ਅੱਛੀ ਨਹੀਂ ਸੀ-ਸ਼ਬਦ ਅੜ੍ਹਕ ਰਹੇ ਸਨ ਜਿਵੇਂ ਉਬਾਸੀ ਲੈ ਰਹੇ ਸਨ- ਅੱਜ ਦੁਪਹਿਰ ਤੋਂ ਪਹਿਲਾਂ ਚਾਰ ਰੀਕਾਰਡਿੰਗ ਜ਼ਰੂਰ ਹੋਣੀਆਂ ਚਾਹੀਦੀਆਂ ਹਨ, ਹੋ ਸਕੇ ਤਾਂ ਦਸ ਵਜੇ ਸ਼ੁਰੂ ਕਰਕੇ। ਜਾਪਦਾ ਹੈ, ਉਨ੍ਹਾਂ ਦੀ ਗੱਡੀ 9.15 ਤਕ ਨਹੀਂ ਆਈ, ਇਹ ਵੀ ਇਕ ਔਖ ਹੋਏਗੀ-ਉਨ੍ਹਾਂ ਲਈ, ਮੇਰੇ ਲਈ ਨਹੀਂ। ਮੈਂ ਸ਼ਾਂਤ, ਚੁੱਪਚਾਪ ਅਤੇ ਇਕਾਗਰ ਰਹਾਂਗੀ।
ਮਾਰਚ 14-ਰੀਕਾਰਡਿੰਗ ਖ਼ਤਮ – ਇਕ ਭਾਰ ਲੱਥਾ, ਇਤਨੀ ਮਾੜੀ ਨਹੀਂ ਜਿੰਨੀ ਮੈਂ ਸੋਚਦੀ ਸਾਂ। ਰੇਡੀਓ ਪਾਰਟੀ ਦੇ ਆਉਣ ਨੂੰ ਮੈਂ ਮਾਣਿਆ, ਉਨ੍ਹਾਂ ਨੂੰ ‘ਬਰਾਉਨੀ’ ਵਿਚ ਵੇਖ ਕੇ ਪਿਆਰਾ-ਪਿਆਰਾ ਲੱਗਦਾ ਸੀ।
ਮਾਰਚ 15-ਅੱਜ ਸ੍ਰੀਮਤੀ ਫਿਸਰ ਅਤੇ ਡਾ: ਕੋਸ਼ੀ ਲਈ ਕਮਰੇ ਠੀਕ ਕਰਨੇ ਹਨ। ਉਹ 17 ਨੂੰ ਤੂਫ਼ਾਨੀ ਦੌਰੇ ‘ਤੇ ਆ ਰਹੇ ਹਨ। ਅਫ਼ਸੋਸ! ਵਿਸਟੀਰੀਆ ਪੂਰੀ ਤਰ੍ਹਾਂ ਖਿੜਿਆ ਨਹੀਂ ਹੋਏਗਾ।
ਮਾਰਚ 19-ਉਹ ਆਏ ਅਤੇ ਚਲੇ ਗਏ-ਇਕ ਤੂਫ਼ਾਨੀ ਦੌਰਾ, ਮਸੀਂ 24 ਘੰਟੇ ਲਈ-ਪਰ ਬੜੇ ਹੀ ਖੁਸ਼ ਪਲ। ਉਹ ਦੋ ਦੀ ਬਜਾਏ ਚਾਰ ਜਣੇ ਆਏ – ਖੂਬਸੂਰਤ ਵਿਸਟੀਰੀਆ ਮੀਟਿੰਗ ਦੀ ਥਾਂ ਸੀ- ਦੋਵੇਂ ਬੜੇ ਫ਼ਰਤੀਲੇ-ਪਿਆਰੇ-ਸਦਾ ਯਾਦ ਰਹਿਣ ਵਾਲੇ ਹਨ।
ਮਾਰਚ 20-ਮਹਾਰਾਣੀ ਵੱਲੋਂ ਇਕ ਨੋਟ-ਕੀ ਮੈਂ 21 ਨੂੰ ਆ ਸਕਦੀ ਹਾਂ – ਯੁਵਰਾਜ ਦੋ ਤਿੰਨ ਦਿਨ ਲਈ ਆਏ ਹਨ-ਕਾਰ ਭੇਜੀ ਜਾਏਗੀ- ਮੈਂ ਲਿਖ ਭੇਜਿਆ ਹੈ, ‘ਅਫ਼ਸੋਸ, ਮੈਂ ਨਹੀਂ ਆ ਸਕਾਂਗੀ।’
ਮਾਰਚ 25-ਯੁਵਰਾਜ ਨੇ ਫਲਾਂ ਦੀ ਭਰੀ ਹੋਈ ਟੋਕਰੀ ਭੇਜੀ ਹੈ ਅਤੇ ਮੈਂ ਵਿਸਟੀਰੀਆ ਦੇ ਫੁੱਲਾਂ ਨਾਲ ਭਰ ਕੇ ਵਾਪਸ ਕਰ ਦਿੱਤੀ- ਉਨ੍ਹਾਂ ਨੂੰ ਦੁਪਹਿਰ ਦੇ ਖਾਣੇ ‘ਤੇ ਬੁਲਾਇਆ ਹੈ ਪਰ ਉਹ ਨਹੀਂ ਆ ਸਕਣਗੇ। ਯੁਵਰਾਜ ਨੇ ਕੱਲ੍ਹ ਕਸ਼ਮੀਰ ਮੁੜ ਜਾਣਾ ਹੈ।
ਮਾਰਚ 29-ਕੱਲ੍ਹ ਡੇਵਿਜ਼ ਹੋਰੀਂ ਆਏ -ਜੋਨ ਦੀ ਵੁਡਲੈਂਡਜ਼ ਦੀ ਪਹਿਲੀ ਫੇਰੀ- ਉਹ ਅਤੇ ਵਿਸਟੀਰੀਆ ਸੁੰਦਰਤਾ ਵਿਚ ਸਾਥੀ ਹਨ- ਇਕ ਪਿਆਰੀ ਔਰਤ ਉਹ ਦੋ ਚਿਕਣ ਅਤੇ ਬੜਾ ਸੁਹਣਾ ਖਾਣਾ ਬਣਾ ਕੇ ਬਰਫ ਵਿਚ ਲਗਾ ਕੇ ਲਿਆਏ ਹਨ-ਮੈਂ ਦੁਪਹਿਰ ਦੇ ਖਾਣੇ ‘ਤੇ ਉਨ੍ਹਾਂ ਦੀ ਮਹਿਮਾਨ ਸ਼ਾਂ ਅਤੇ ਆਨੰਦ ਮਾਣਿਆ। ਅਸੀਂ ਯੁਵਰਾਜ ਵੱਲੋਂ ਭੇਜੇ ਅਨਾਨਾਸ ਦੇ ਡੱਬੇ ਖੋਲ੍ਹੇ ਅਤੇ ਵੰਡੇ-ਪ੍ਰਭੂ ਅਤੇ ਸਾਲਿਗ ਕੱਲ੍ਹ ਰਾਤ ਖਾਣੇ ਦਾ ਅਪਣਾ ਹਿੱਸਾ ਲੈ ਕੇ ਚਲੇ ਗਏ ਸਨ – ਬਾਕੀ ਨੂੰ ਮੈਂ ਮਜ਼ੇ-ਮਜ਼ੇ ਖਾਧਾ। ਸ਼ਾਮ ਨੂੰ ਸਟੂਡੀਓ ਵਿਚ ‘ਰੂਸਟਿਕ’ ਦੀ ਭਾਲ ਕੀਤੀ-ਮਿਲ ਗਿਆ-ਜੋ ਦਿਆਲ ਨੂੰ ਕਾਪੀ ਭੇਜਣ ਲਈ ਟਾਈਪ ਕੀਤੀ-ਵੁਡਲੈਂਡਜ਼ ਵਿਖੇ ਰੀਹਰਸਲ ਕਰਨ ਲਈ-ਹੁਣ ਹਰ ਚੀਜ਼ ਤੋਂ ਦੂਰ ਰਹਿਣਾ-ਪਰ ਨਾਟਕ ਤੋਂ ਨਹੀਂ। ਵੁਡਲੈਂਡਜ਼ ਹੁਣ ਆਪਣੇ ਡਰਾਮਾਈ ਰੂਪ ਵਿਚ ਆਵੇਗਾ, ਪਰ ਇਹ ਬਾਹਰਲੇ ਸਹਿਯੋਗ ਨਾਲ ਹੀ ਹੋ ਸਕਦਾ ਹੈ। ਜੇ. ਡੀ. ਦੇ ਵਿਦਿਆਰਥੀ ਹੋਣਹਾਰ ਹਨ ਅਤੇ ‘ਸਾਹਿਤਕ ਘਰ’ ਦੇ ਲੇਖਕਾਂ ਨੇ ਇਕਰਾਰ ਕੀਤਾ ਹੈ-ਸੋ ਹੁਣ ਰੰਗਭੂਮੀ ਵਿੱਚੋਂ ਘਾਹ-ਪੱਤਾ ਚੁਗਣਾ ਹੈ।
ਮਾਰਚ 30-ਮੈਂ ਇਤਿਹਾਸਕ ਨਾਟਕ ਲਈ ਤਿਆਰ ਹਾਂ, ਜੇਕਰ ਜੇ. ਡੀ. ਦਾ ਗਰੁੱਪ ਆ ਜਾਏ – ਉਹ ਰੀਹਰਸਲ ਕਰਨਗੇ-‘ਸਿਕੰਦਰ ਅਤੇ ਪੋਰਸ’ ਦੀ – ‘ਰੂਸਟਿਕ’ ਦੀ ਵੀ।
ਅਪ੍ਰੈਲ 2-‘ਬਰਾਉਣੀ’ ਦੀ ਉਸਾਰੀ- ਸ਼ਿਵ ਚਰਨ ’ਤੇ ਕੱਲ੍ਹ ਤੋਂ ਕੰਮ ਸ਼ੁਰੂ ਕੀਤਾ ਹੈ-ਨਵੀ ਬਰਸਾਤੀ ਦਾ ਕੰਮ-ਚੰਗਾ ਬੁੱਢਾ ਆਦਮੀ-ਹਰ ਚੀਜ਼ ਖੁਸ਼ ਹੈ-ਜਦੋਂ ਮਕਾਨ ਦਾ ਕੰਮ ਹੋ ਰਿਹਾ ਹੋਏ ਅਸੀਂ ਸਦਾ ਖੁਸ਼ ਹੁੰਦੇ ਹਾਂ-ਵਿਸ਼ੇਸ਼ ਕਰ ਇਹ ਬਜ਼ੁਰਗ ਸ਼ਿਵ ਚਰਨ ਅਤੇ ਬਜ਼ੁਰਗ ਮੈਂ -ਜੇ.ਡੀ. ਨੂੰ ਕੱਲ੍ਹ ‘ਰੂਸਟਿਕ’ ਡਾਕੇ ਪਾ ਦਿੱਤਾ।
ਅਪ੍ਰੈਲ 17-ਜੇ. ਡੀ. ਨੇ ਲਿਖਿਆ ਹੈ ਕਿ ਉਹਦੇ ਵਿਦਿਆਰਥੀ ਚਲੇ ਗਏ ਹਨ-ਇਸ ਤਰ੍ਹਾਂ ਵੀ ਹੁੰਦਾ ਹੈ – ਇਸ ਸਮੇਂ ਮੈਂ ਆਪਣੀ ਕਣਕ ਦੀ ਫਸਲ ਨੂੰ ਵੇਖ ਕੇ ਦੁਖੀ ਹੋ ਰਹੀ ਹਾਂ – ਅਸਲ ‘ਚ ਫਸਲ ਹੈ ਹੀ ਨਹੀਂ-ਤੋਤਿਆਂ ਨੇ ਨਾਸ ਕਰ ਦਿੱਤੀ ਹੈ-ਤਿੱਬਤੀ ਤੇ ਚੀਨੀ ਤੋਤਿਆਂ ਵਾਂਗ। -ਜੇ ਹੁਣ ਬੈਠ ਸਕਾਂ-ਤਾਂ ਇਸ ਦੂਹਰੇ ਦੁੱਖ ਬਾਰੇ ਇਕ ਲੇਖ ਲਿਖ ਮਾਰਾਂ -ਆਪਣੇ ਮਨ ਤੋਂ ਦੋਵਾਂ ਨੂੰ ਭੁਲਾਉਣ ਲਈ।
ਅਪ੍ਰੈਲ 25-‘ਬਰਾਊਣੀ’ ਦੀ ਬਰਸਾਤੀ ਨਾਲ ਹਾਲੇ ਤਕ ਜਦੋਜਹਿਦ ਕਰ
ਕਰ ਰਹੇ ਹਾਂ। ਇਹ ਇਕ ‘ਨਿੱਘਾ ਘਰ’ ਬਣ ਜਾਏਗਾ ਜਦੋਂ ਤਕ ਲਖਨਊ ਵਾਲੇ ਆਉਣਗੇ। ਸ਼ਿਵ ਚਰਨ ਨੂੰ ਹਲਵੇ ਦਾ ਤੀਹਰਾ ਗਫ਼ਾ ਮਿਲੇਗਾ ਅਤੇ ਇਕ ‘ਪ੍ਰਸ਼ਟ- ਮੁਕਟ’ -ਮੈਂ ਉਸ ਨਾਲ ਇਕਰਾਰ ਕੀਤਾ ਹੈ ਕਿ ਆਉਂਦੇ ਸਿਆਲ ਵਿਚ ਉਹਨੂੰ ਪੂਰੀਆਂ ਬਾਹਾਂ ਵਾਲੀ ਜਰਸੀ ਲੈ ਕੇ ਦੇਣੀ ਹੈ- ਉਸ ਨੇ ਹੁਣ ਜੋ ਪਹਿਨੀ ਹੈ-ਉਸ ‘ਚ ਕਈ ਥਾਵਾਂ ‘ਤੇ ਮਘੋਰੇ ਹਨ।
ਮਈ-ਮੈਨੂੰ ਉਮੀਦ ਹੈ ਅਤੇ ਪ੍ਰਾਰਥਨਾ ਕਰਦੀ ਹਾਂ ਕਿ ਲਖਨਾਊ ਵਾਲਿਆਂ ਦਾ ‘ਲੇਖਕ ਕੋਰਸ’ ਠੀਕ-ਠਾਕ ਹੋ ਜਾਏ – ਮੈਂ ਜੋ ਕਰ ਸਕਦੀ ਹਾਂ ਕਰ ਰਹੀ ਹਾਂ, ਭਲੇ ਦੀ ਆਸ ਹੈ।
ਮਈ 11-ਬੋਝ ਅਤੇ ਜੱਦੋਂ ਜਹਿਦ ਜਾਰੀ ਹੈ ਅਤੇ ਇਹ ਗਰਮੀ। ਮੈਂ ਕਾਫੀ ਕੰਮ ਮੁਕਾ ਲਿਆ ਹੈ। ਸ਼ਿਵਚਰਨ ਨੂੰ ਕੱਲ੍ਹ ਹਟਾ ਦਿੱਤਾ ਹੈ। ਚੰਗਾ ਬੁੱਢਾ ਆਦਮੀ । ਉਸ ਨੇ ਆਪਣੀ ਪੂਰੀ ਵਾਹ ਲਾਈ ਅਤੇ ਇਹ ਏਨਾ ਮਾੜਾ ਵੀ ਨਹੀਂ।
ਮਈ 13-ਲਹੂ ਤੇ ਮਾਸ ਕੀ ਬਰਦਾਸ਼ਤ ਕਰ ਸਕਦੇ ਹਨ-ਉਹ ਵੀ 82 ਸਾਲ ਦੀ ਉਮਰ ਤੇ ਮਈ ਦੀ ਗਰਮੀ ਵਿਚ। ਇਕ ਹੋਰ ਕੰਮ, ਸਭ ਚੀਜ਼ਾਂ ਨੂੰ ਤਰਤੀਬ ਦੇਣੀ ਹੈ। ਡਾ: ਕੋਸ਼ੀ ਤੇ ਉਹਦੇ ਪਰਵਾਰ ਨੇ ਅੱਜ ਆਉਣਾ ਹੈ ਅਤੇ ਲੇਖਕਾਂ ਨੇ ਕੱਲ੍ਹ। ‘ਸਾਹਿਤਕ’ ਜੀਪ ਕੱਲ੍ਹ ਰਸੋਈ ਦਾ ਨਿੱਕ ਸੁੱਕ ਲੈ ਕੇ ਆਈ। ਪਰ ਡਰਾਈਵਰ ਦਾ ਬਹੁਤ ਬੁਰਾ ਹਾਲ। ਐਸਪਰੀਨ ਮੰਗੀ-ਅਸੀਂ ਪ੍ਰਬੰਧ ਕੀਤਾ-ਜੇ. ਡੀ. ਕੋਲ ਹੀ ਸੀ ਤੇ ਉਸ ਨੇ ਔਖੇ ਸਮੇਂ ਮੇਰੀ ਮਦਦ ਕੀਤੀ। ਘੁਸਮੁਸਾ ਹੋਣ ਤਕ ਹਰ ਚੀਜ਼ ਟਿਕਾਣੇ ਸਿਰ ਰੱਖ ਦਿੱਤੀ ਗਈ ਤੇ ਰਸੋਈ ਵਰਤੋਂ ਲਈ ਤਿਆਰ ਹੈ। ਅਸੀਂ ਕੋਸ਼ਿਸ਼ ਕਰ ਰਹੇ ਕਿ ਬੀ. ਡੀ. ਓ. ਦਾ ਡਰਾਈਟਰ ਸ਼ਾਮ ਨੂੰ ‘ਸਾਹਿਤਕ’ ਜੀਪ ਸਟੇਸ਼ਨ ‘ਤੇ ਲੈ ਜਾਏ-ਇਹ ਸਭ ਕਿਵੇਂ ਮੁੱਕੇਗਾ, ਪਰਮਾਤਮਾ ਹੀ ਜਾਣਦਾ ਹੈ।
ਮਈ 14-ਡਾ. ਕੋਸ਼ੀ ਪਾਰਟੀ ਸਮੇਤ ਪਹੁੰਚ ਗਏ। ਮੈਨੂੰ ਆਸ ਹੈ, ਅਤੇ ਖਿਆਲ ਹੈ ਕਿ ਉਹ ਇਨ੍ਹਾਂ ਰੁੱਖੇ ਕਮਰਿਆਂ ਵਿਚ ਖੁਸ਼ੀ-ਖੁਸ਼ੀ ਟਿਕ ਜਾਣਗੇ। ਡਾ. ਜੈਸਵਾਲ ਤੇ ਪੰਜ ਲੇਖਕ ਵੀ ਪਹੁੰਚ ਗਏ। ਅਜ ਦਸ ਵਜੇ ਸਟਾਫ ਮੀਟਿੰਗ ਹੈ-ਮੈਂ ਸਿਰਫ ਦਰਸ਼ਕ ਵਜੋਂ ਹਾਜ਼ਰ ਹੋਣਾ ਹੈ।
ਮਈ 24-ਕੂਚ ਜੋਗਿੰਦਰ ਨਗਰ ਨੂੰ-ਉਨ੍ਹਾਂ ਵਿੱਚੋਂ ਚੌਹਾਂ ਬਾਰੇ ਸ਼ੱਕ ਸੀ ਪਰ ਹੁਣ ਇਥੇ ਇਕ ਵੀ ਨਹੀਂ ਰਿਹਾ ਤੇ ‘ਰੀਟਰੀਟ’ ਚੁੱਪਚਾਪ ਤੇ ਇਕਾਂਤ ਦਿੱਸ ਰਹੀ ਹੈ।
ਜੂਨ 1 -ਅੰਤਮ ਸ਼ਾਮ -‘ਨਿੱਘੇ ਘਰ’ ਦੀ ਬਰਸਾਤੀ ਵਿਚ ਗੀਤ ਅਤੇ ਕਵਿਤਾ ਦੀ ਮਹਿਫਲ ਚੀਨੀ ਲਾਲਟੈਣ ਨਾਲ ਰੁਸ਼ਨਾਈ ਗਈ ਹੈ ਅਤੇ ਬਰਸਾਤੀ ‘ਪਰੀਆਂ ਦੀ ਥਾਂ’ ਜਾਪ ਰਹੀ ਹੈ। ਜਦੋਂ ਅਸੀਂ ਘਰ ਵੱਲ ਨੂੰ ਮੁੜੇ, ਜੇ. ਡੀ. ਨੇ ਮੇਰੇ ਕੰਨ ਵਿਚ ਕਿਹਾ-‘ਮਹਿਫਲ ਪਿਆਰੀ ਸੀ।’
ਜੂਨ 11-ਲੈਕਚਰ ਦੇਣ ਵਾਲੇ ਇਕੱਠੇ ਹੋਏ ਹਨ-ਇਕ ਚਲਾ ਗਿਆ ਹੈ- ਦੋ ਆਉਣ ਵਾਲੇ ਹਨ। ਅੱਜ ਸਵੇਰੇ ਸਟਾਫ ਮੀਟਿੰਗ ਹੈ। ਉਨ੍ਹਾਂ ਵਿੱਚੋਂ ਚਾਰ ਤੇ ਮੈਂ ਡਾ. ਉਪਾਧਿਆਏ ਚਾਹੁੰਦੇ ਹਨ, ਮੈਂ ਪੇਂਡੂ ਘਰਾਂ ਬਾਰੇ ਕੁਝ ਬੋਲਾਂ, ਜੇ ਮਰਜ਼ੀ ਹੋਏ।
ਜੂਨ 12-ਪੇਂਡੂ ਘਰਾਂ ਬਾਰੇ ਸਾਡੀ ਟਾਕ ਬਹੁਤ ਵਧੀਆ ਰਹੀ। ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕਿਹਾ, ਚੰਗਾ ਹੋਏ ਡਾ. ਉਪਾਧਿਆਏ ਬੋਲੇ। ਜਦੋਂ ਮੈਂ ਬੋਲਣਾ ਸ਼ੁਰੂ ਕੀਤਾ, ਮੈਨੂੰ ਪਤਾ ਨਾ ਲੱਗੇ ਕਿਵੇਂ ਖ਼ਤਮ ਕਰਾਂ। ਡਾ. ਉਪਾਧਿਆਏ ਬੜਾ ਹੱਸਿਆ ਤੇ ਕਹਿਣ ਲੱਗਾ ਕਿ ਉਹ ਇਕ ਇਸਤਰੀ ਤੋਂ ਹਾਰ ਖਾ ਗਿਆ ਹੈ। ਉਸ ਨੇ ਮੈਨੂੰ ‘ਕੰਟਰੀ ਲਾਈਫ’ ਨੂੰ ‘ਦਿਹਾਤੀ ਜ਼ਿੰਦਗੀ’ ਦੀ ਬਜਾਇ ‘ਦਿਹਾਤੀ ਜੀਵਨ’ ਦਾ ਸ਼ਬਦ ਦਿੱਤਾ।
ਜੂਨ 13-ਡਾ. ਉ: ਅੱਜ ਚਲਾ ਗਿਆ-ਵਿਦਾਈ ਮੀਟਿੰਗ ਕੱਲ੍ਹ ਸ਼ਾਮੀਂ ‘ਚੰਬੀ ਨਿਵਾਸ’ ਸੀ-ਮੈਂ ‘ਭੂਮੀ ਮਾਤਾ’ ਦੇ ਵੇਸ਼ -ਭੂਸ਼ਾ ਪਹਿਨ ਕੇ ਰੀਹਰਸਲ ਕੀਤੀ- ਉਸ ਦੇ ਮਨੋਰੰਜਨ ਲਈ। ਨਵਾਂ ਕਿਸਾਨ ਨਵੇਂ ਰੂਪ ਵਿਚ-ਸੁਹਣੀ ਨੀਲੀ ਪਹਾੜੀ ਟੋਪੀ ਪਹਿਨੇ ਹੋਏ। ਭੂਮੀ-ਮਾਤਾ ਸਨਮਾਨਿਤ ਹੋਈ। ਅਸੀਂ ਵਿਚਕਾਰਲੀ ਸ਼ਤੀਰੀ ਵਿਚ ਚੀਨੀ ਲਾਲਟੈਣਾਂ ਜਗਾ ਕੇ ਟੰਗ ਦਿੱਤੀਆਂ। ਕਈ ਤਕਰੀਰਾਂ ਹੋਈਆਂ, ਅਤੇ ਵਿਦਾਇਗੀ, ਡਾ. ਉਪਾਧਿਆਏ ਅਤੇ ਮੈਂ ਸਭ ਪਿੱਛੇ -ਸ੍ਰੀ ਮੁਸ਼ਤਾਕ ਅਹਿਮਦ ਵੀ ਹਾਜ਼ਰ ਸਨ, ਉਨ੍ਹਾਂ ਨੇ ਹਰ ਚੀਜ਼ ਦੀ ਬੜੀ ਪ੍ਰਸੰਸਾ ਕੀਤੀ। ਸਾਡੀ ਵਰਕਸ਼ਾਪ ਦੇ ਸਮੂਹ ਵਿਚ ਇਕ ਨਵਾਂ ਵਾਧਾ-ਬਹੁਮੁੱਲਾ।
ਜੂਨ 14- ਕੱਲ੍ਹ ਰਾਤ ਵਲਾਇਤ ਜ਼ਾਫਰੀ ਨੇ ਰੋਸ਼ਨੀ ਅਤੇ ਪਰਦਿਆਂ ਦਾ ਪ੍ਰਬੰਧ ਕਰਕੇ ‘ਭੂਮੀ’ ਦੀ ਰੀਹਰਸਲ ਕੀਤੀ-ਉਹ ਬਹੁਤ ਵਧੀਆ ਲੇਖਕਾਂ ਵਿੱਚੋਂ ਇਕ ਹੈ। ਮੈਂ ਹੁਣ ਇਸ ਨੂੰ ਬਿਲਕੁਲ ਹੀ ਛੱਡ ਦਿੱਤਾ ਹੈ, ਹਬੀਬ ਤਨਵੀਰ ਇਸ ‘ਤੇ ਕੰਮ ਕਰੇਗਾ। ਮੈਂ ਤਾਂ ਸਿਰਫ਼ ਰਫ ਜਿਹਾ ਬਣਾਇਆ ਹੈ-ਉਹ ਯਾਦਾਂ ਪੂਰੀਆਂ ਕਰੇਗਾ ਅਤੇ ਲਿਸ਼ਕਾਏਗਾ।
ਜੂਨ 17- ਬਿਹਾਰ ਤੋਂ ਐੱਸ. ਐਨ. ਸ਼੍ਰੀ ਵਾਸਤਵਾ ਆਏ ਹੋਏ ਹਨ। ਉਸ ਦਾ ਵਿਸ਼ਾ ਪੇਂਡੂ ਡਰਾਮਾ ਹੈ। ਰਾਤੀਂ ਅਸੀਂ ਚੀਨੀ ਲਾਲਟੈਣ ਜਗਾ ਕੇ ਪੇਂਡੂ ਡਰਾਮੇ ਬਾਰੇ ਵਿਚਾਰ-ਵਟਾਂਦਰਾ ਕੀਤਾ ਸੀ।
ਜੂਨ 20- ‘ਭੂਮੀ’ ਦੀ ਰੀਹਰਸਲ ਬਹੁਤ ਘਟੀਆ ਸੀ-ਤਨਵੀਰ ਨੂੰ ਇਸ ‘ਤੇ ਬਹੁਤ ਕੰਮ ਕਰਨਾ ਪਏਗਾ-ਜੇ ਉਹ ਮੰਨੇ। ਮੁਰਲੀ ਧਰ ਕੱਲ੍ਹ ਆ ਰਿਹਾ ਹੈ। ਉਹ ਹਰ ਚੀਜ਼ ਭੁੱਲ ਰਹੇ ਹਨ-ਪਰ ਠੀਕ ਖ਼ਤਮ ਹੋਏਗਾ।
ਜੂਨ 21- ਐਮ. ਡੀ. ਅਤੇ ਹਬੀਬ ਤਨਵੀਰ ਆ ਗਏ ਹਨ ਅਤੇ ਅਸੀਂ ਉਨ੍ਹਾਂ ਦਾ ਰੰਗਭੂਮੀ ਵਿਚ ਸੁਆਗਤ ਕੀਤਾ ਹੈ। ਹੁਣ ਸਭ ਠੀਕ ਹੈ-ਬਹੁਤ ਠੀਕ ਹੈ। ਹਾਂ ਤਾਂ ‘ਭੂਮੀ’ ਅਤੇ ‘ਪੁੱਤਰ’ ‘ਤੇ ਬਹੁਤ ਮਿਹਨਤ ਕਰ ਰਿਹਾ ਹੈ।
ਜੂਨ 27- ਅੱਜ ਅੰਤਮ ਦਿਨ ਹੈ ਅਤੇ ‘ਸਾਹਿਤਕ ਘਰ’, ਅੰਤਮ ਸਮਾਰੋਹ ਹੈ ਇਕ ਫੌਜੀ ਅਫਸਰ ਦੀ ਪ੍ਰਧਾਨਗੀ ਹੇਠ-ਪਾਲਮਪੁਰ ਤੋਂ ਲੋਕਾਂ ਨੂੰ ਸੱਦਾ ਦਿੱਤਾ ਹੈ ਅਤੇ ਮੈਂ ‘ਖੁੱਲ੍ਹੇ ਰੰਗਮੰਚ’ ਦਾ ਸ਼ੋਅ ਨਹੀਂ ਦੇਣਾ ਚਾਹੁੰਦੀ ਕਿਉਂਕਿ ਰਾਤ ਦੀ ਰੀਹਰਸਲ ‘ਵੁਡਲੈਡਜ਼’ ਦੇ ਪੱਧਰ ਦੀ ਨਹੀਂ।
ਨੋਰਾ ਦੀ ਫਿਲਾਸਫੀ
-ਹਰਬੀਰ ਸਿੰਘ ਭੰਵਰ
ਰੰਗਮੰਚ ਵੱਲ ਆਪਣੇ ਆਪ ਨੂੰ ਰੁਝੇਵੇਂ ਵਿਚ ਰੱਖਣ ਦੇ ਬਾਵਜੂਦ ਸ੍ਰੀਮਤੀ ਨੋਰਾ ਨੇ ਪਿੰਡਾਂ ਦੇ ਵਿਕਾਸ ਵੱਲ ਵੀ ਧਿਆਨ ਦਿੱਤਾ ਹੈ ਕਿਉਂਕਿ ਅਸਲ ਭਾਰਤ ਪਿੰਡਾਂ ਵਿਚ ਰਹਿੰਦਾ ਹੈ। ਉਸਦਾ ਵਿਚਾਰ ਹੈ, ‘ਜਦੋਂ ਇੰਗਲੈਂਡ ਵਿਚ ‘ਕੰਟਰੀ ਲਾਈਫ’ ਸਮਾਜ ਦੀ ਰੀੜ੍ਹ ਦੀ ਹੱਡੀ ਸੀ – ਉਸਨੇ ਵੱਡੇ-ਵੱਡੇ ਕਲਾਕਾਰ ਲੇਖਕ, ਨੇਤਾ-ਨੀਤੀਵਾਨ ਪੈਦਾ ਕੀਤੇ ਹਨ। ਬਾਹਰਲੇ ਦੇਸ਼ਾਂ ਵਿੱਚੋਂ ਅਮੀਰ ਲੋਕ ਆਪਣੇ ਬੱਚਿਆਂ ਨੂੰ ਵੱਡੀਆਂ-ਵੱਡੀਆਂ ਫੀਸਾਂ ਦੇ ਕੇ ਇਨ੍ਹਾਂ ਘਰਾਂ ਵਿੱਚ ਰਹਿਣ ਲਈ ਭੇਜਦੇ ਸਨ ਤਾਂ ਜੋ ਉਹ ਜਿਉਣਾ ਸਿੱਖ ਸਕਣ।”
ਦਿਹਾਤੀ ਜੀਵਨ (ਕੰਟਰੀ ਲਾਈਫ) ਉਹ ਸਾਡੇ ਪਿੰਡਾਂ ਦੀ ਜ਼ਿੰਦਗੀ ਨੂੰ ਨਹੀਂ ਮੰਨਦੀ। ਇਸ ਦਾ ਭਾਵ ਹੈ ਕਿ ਲੋਕ ਪਿੰਡਾਂ ਵਿਚ ਰਹਿਣ ਪਰ ਉਨ੍ਹਾਂ ਘਰਾਂ ਦੇ ਆਸੇ-ਪਾਸੇ ਬਾਗ-ਬਗੀਚੇ ਲਗੇ ਹੋਣ। ਜਿਸ ਤਰ੍ਹਾਂ ਪੰਜਾਬ ਦੇ ਪਿੰਡਾਂ ਵਿਚ ਕਈ ਲੋਕ ਆਪਣੇ ਖੇਤਾਂ ਜਾਂ ਖੂਹ ‘ਤੇ ਟਿਊਬਵੈੱਲ ਲਾਗੇ ਮਕਾਨ ਬਣਾ ਲੈਂਦੇ ਹਨ। ਇਹ ਲੋਕ ਕੁਦਰਤ ਦੇ ਵਧੇਰੇ ਨੇੜੇ ਹੋਣ ਕਰਕੇ ਮਹਾਨ ਬਣ ਜਾਂਦੇ ਹਨ। ਉਹਨੇ ਲਿਖਿਆ ਹੈ “ਦਿਹਾਤੀ ਜੀਵਨ ਜਿਊਣ ਵਾਲੇ ਦੀਆਂ ਜੜ੍ਹਾਂ ਕੁਦਰਤ ਵਿਚ ਹੁੰਦੀਆਂ ਹਨ ਅਤੇ ਉਹ ਕੁਦਰਤ ਨਾਲ ਇੱਕਮਿੱਕ ਹੋ ਜਾਂਦਾ ਹੈ। ਜੇਕਰ ਉਹ ਲੇਖਕ ਜਾਂ ਕਲਾਕਾਰ ਹੈ- ਤਾਂ ਉਹ ਬਹੁਤ ਵਧੀਆ ਰਚਨਾ ਕਰ ਸਕਦਾ ਹੈ।”
ਨੋਰਾ ਅਨੁਸਾਰ ਮਨੁੱਖ ਦਾ ਪ੍ਰਕਿਰਤੀ ਨਾਲ ਸੰਬੰਧ ਟੁੱਟਦਾ ਜਾ ਰਿਹਾ ਹੈ, ਆਪਣੀਆਂ ਬਣਾਈਆਂ ਚੀਜ਼ਾਂ ਨਾਲ ਜੁੜ ਰਿਹਾ ਹੈ, ਕੁਦਰਤ ਤੋਂ ਟੁੱਟ ਕੇ ਬੰਦਾ ਸੌਖਾ ਨਹੀਂ ਰਹਿ ਸਕਦਾ।
ਸ਼ਹਿਰਾਂ ਵਿੱਚੋਂ ਆਉਣ ਵਾਲੇ ਲੋਕ ਅਕਸਰ ਉਸਨੂੰ ਪੁੱਛਦੇ ਸਨ, “ਤੁਸੀਂ ਆਪਣਾ ਵਿਹਲਾ ਸਮਾਂ ਕਿਵੇਂ ਬਿਤਾਉਂਦੇ ਹੋ?” ਤਾਂ ਉਹ ਜਵਾਬ ਦਿੰਦੀ, “ਮੇਰੇ ਪਾਸ ਬਿਤਾਉਣ ਲਈ ਵਿਹਲਾ ਸਮਾਂ ਹੈ ਹੀ ਨਹੀਂ। ਜੀਵਨ ਦਾ ਹਰ ਪਲ ਰੁਝੇਵੇਂ ਭਰਪੂਰ ਹੈ। ਕੋਈ ਵੀ ਦਿਨ ਏਡਾ ਲੰਮਾ ਨਹੀਂ ਹੁੰਦਾ। ਧਰਤੀ ਮਾਂ ਸਾਨੂੰ ਸਦਾ ਆਪਣੇ ਪਾਸ ਬੁਲਾਉਂਦੀ ਰਹਿੰਦੀ ਹੈ।” “ਥੀਏਟਰ ਤਿੰਨ-ਪੱਖੀ ਅਸਲੀਅਤ ਹੈ ਅਤੇ ਅਸੀਂ ਸੱਚ ਦੀ ਚੌਥੀ ਅਦੁੱਤੀ ਪੱਧਰ ਵੀ ਤੱਕਦੇ ਹਾਂ। ਇਹ ਪੱਧਰ ਦਰਸ਼ਕਾਂ ਤੇ ਖੇਡਣ ਵਾਲਿਆਂ ਦੇ ਪ੍ਰਸਪਰ ਰਿਸ਼ਤੇ ਨਾਲ ਉਭਰਦੀ ਹੈ। ਸੰਗੀਤ, ਕਵਿਤਾ ਤੇ ਚਿਤਰਕਾਰੀ ਦੋ-ਪੱਖੀ ਕਲਾ ਹਨ। ਨਾਟਕ ਵਿਚ ਤਿੰਨ ਪੱਖ ਉਜਾਗਰ ਹਨ। ਜਿਊਂਦਾ-ਜਾਗਦਾ ਮਨੁੱਖ ਥੀਏਟਰ ਦਾ ਮਾਧਿਅਮ ਹੈ। ਕਿਸੇ ਹੋਰ ਕਲਾ ਨੂੰ ਇਹ ਵਰ ਨਹੀਂ ਮਿਲਿਆ। ਜਦ ਨਾਟਕ ਹੋ ਰਿਹਾ ਹੁੰਦਾ ਹੈ ਤਾਂ ਸ਼ਬਦਾਂ ਦੇ ਹਵਨ ਮੰਤਰਾਂ ਵਿੱਚੋਂ ਚੌਥੀ ਸੂਖ਼ਮ ਦ੍ਰਿਸ਼ਟੀ ਸਾਕਾਰ ਹੋ ਜਾਂਦੀ ਹੈ।
ਨੋਰਾ ਰਿਚਰਡਜ਼ ਚਾਹੁੰਦੀ ਸੀ ਨਾਟਕ ਨੂੰ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਇਕ ਮਜ਼ਮੂਨ ਵਜੋਂ ਪੜ੍ਹਾਇਆ ਜਾਏ। “ਕਿਉਂਕਿ ਸਿਖਿਆ ਲਈ ਸਟੇਜ ਤੋਂ ਬਿਨਾਂ ਹੋਰ ਕੋਈ ਥਾਂ ਚੰਗੀ ਨਹੀਂ।” ਅਤੇ “ਜਦੋਂ ਨਾਟਕ ਖੇਡਿਆ ਜਾ ਰਿਹਾ ਹੋਵੇ, ਵਾਯੂਮੰਡਲ ਵਿਚ ਇਕ ਖ਼ੁਸ਼ਗਵਾਰ ਅਹਿਸਾਸ ਹੁੰਦਾ ਹੈ। ਇਸ ਵਾਤਾਵਰਣ ਵਿਚ ਕੁਝ ਸਮੇਂ ਲਈ, ਕਈ ਵਾਰੀ ਪੱਕੇ ਤੌਰ ‘ਤੇ ਇਕ-ਦੂਜੇ ਦੇ ਨੇੜੇ ਖਿੱਚੇ ਜਾਂਦੇ ਹਨ।”
ਪ੍ਰਸਿੱਧ ਸਮਾਜ ਸੇਵਿਕਾ ਅਤੇ ਹੁਣ ਬੋਧੀ ਭਿਕਸ਼ੂ ਸ੍ਰੀਮਤੀ ਫਰੀਦਾ ਬੇਦੀ (ਫਿਲਮ ਸਟਾਰ ਕਬੀਰ ਦੀ ਮਾਤਾ) ਨੇ ਇਕ ਥਾਂ ਲਿਖਿਆ ਹੈ, “ਮੈਂ ਨੋਰਾ ਨੂੰ ਉਨ੍ਹਾਂ ਅਧਿਆਪਕਾਂ ‘ਚੋਂ ਇਕ ਮੰਨਦੀ ਹਾਂ ਜਿਨ੍ਹਾਂ ਨੇ ਮੈਨੂੰ ਕੁਝ ਨਹੀਂ ਦੱਸਿਆ, ਸਗੋਂ ਮੈਂ ਉਸ ਦੇ ਜੀਵਨ-ਢੰਗ ਤੋਂ ਸਿੱਖਿਆ ਹੈ। ‘ਵੁਡਲੈਂਡਜ਼’ ਅੰਦਰੇਟਾ ਵਿਖੇ ਚਾਂਦੀ ਰੰਗੇ ਵਾਲਾਂ ਵਾਲੀ ਪਤਲੀ ਕਮਜ਼ੋਰ ਨੋਰਾ ਨੂੰ ਜੋ ਵੀ ਮਿਲਦਾ ਹੈ-ਜੀਵਨ ਜਿਉਣ ਦਾ ਢੰਗ ਸਿੱਖ ਜਾਂਦਾ ਹੈ। ਹਰ ਇਕ ਨੂੰ ਉਸਦਾ ਕੱਚਾ ਘਰ, ਬਾਂਸ ਦੇ ਫਰਨੀਚਰ ਨਾਲ ਸ਼ਿਗਾਰਿਆ, ਖੁੱਲ੍ਹਾ ਰੰਗਮੰਚ ਅਤੇ ਉਸਦਾ ਸਾਦਾ ਖਾਣਾ ਜ਼ਰੂਰ ਦੇਖਣਾ ਚਾਹੀਦਾ ਹੈ। ਉਹ ਜੀਵਨ ਦਾ ਅਜਿਹਾ ਸਿੱਧਾ-ਸਾਦਾ ਢੰਗ ਦੱਸਦੀ ਹੈ, ਜਿਸ ਵਿਚ ਪੈਸੇ ਦੀ ਬਹੁਤੀ ਲੋੜ ਨਹੀਂ। ਨੋਰਾ ਨੂੰ ਧਰਤੀ ਅਤੇ ਪੇਂਡੂ ਜੀਵਨ ਨਾਲ ਪਿਆਰ ਹੈ।”
-ਨੋਰਾ ਰਿਚਰਡਜ਼
ਇਸ ਸਮੇਂ ਅਸੀਂ ਪੁਰਾਣੀ ਦੁਨੀਆਂ, ਜਿਸ ਦੀਆਂ ਕਈ ਗੱਲਾਂ ਚੰਗੀਆਂ ਹਨ। ਅਤੇ ਬਹੁਤੀਆਂ ਮਾੜੀਆਂ ਹਨ, ਨੂੰ ਟੁੱਟਦਿਆਂ ਵੇਖ ਰਹੇ ਹਾਂ, ਬਲਕਿ ਇਸ ਵਿਚ ਹਿੱਸਾ ਲੈ ਰਹੇ ਹਾਂ। ਮਨੁੱਖਤਾ ਇਕ ਨਵੇਂ ਯੁੱਗ ਵਿਚ ਪ੍ਰਵੇਸ਼ ਕਰ ਰਹੀ ਹੈ। ਹੋ ਸਕਦਾ ਹੈ ਕਿ ਇਸ ਨਵੇਂ ਯੁੱਗ ਵਿਚ ਸਭਿਅਤਾ ਸ਼ਹਿਰੀ ਅਤੇ ਪੇਂਡੂ ਇਲਾਕਿਆਂ ‘ਚ ਨਾਲ- ਨਾਲ ਚਲਦੀ ਹੋਈ ਵੰਡੀ ਜਾਏ ਪਰ ਵੱਖਰੀਆਂ ਕੀਮਤਾਂ ਨਾਲ, ਇਕ ਉਸਾਰੂ, ਸਭਿਅਕ ਅਤੇ ਆਤਮ-ਨਿਰਭਰ ਅਤੇ ਦੂਜੀ ਮਸ਼ੀਨੀ, ਸਿਆਸੀ ਅਤੇ ਵੰਡਪਾਊ। ਸਾਡੇ ਪ੍ਰਦੇਸ਼ ਵਿਚ ਪਿਛਲੇ ਕੁਝ ਸਮੇਂ ਤੋਂ ਪੇਂਡੂ ਪੁਨਰ-ਨਿਰਮਾਣਤਾ ਦੀ ਲਹਿਰ ਚਲੀ ਹੈ। ਇਹ ਦੇਖਣ ਨੂੰ ਗ਼ਰੀਬ ਪੇਂਡੂਆਂ ਨੂੰ ਉੱਚਿਆਂ ਕਰਨ ਨਾਲੋਂ ਵੱਧ। ਇਹ ਸ਼ਹਿਰਾਂ ਦੇ ਗ਼ਰੀਬ ਲੋਕਾਂ ਨੂੰ ਉੱਪਰ ਚੁੱਕਣ ਲਈ ਜ਼ਮੀਨ ਤਿਆਰ ਕਰ ਰਹੀ ਹੈ। ਪਿੰਡਾਂ ਵਿਚ ਇਕ ਨਵੀਂ ਰੂਹ ਫੂਕਣ ਦੀ ਲੋੜ ਹੈ, ਤਾਂ ਜੋ ਉਨ੍ਹਾਂ ਨੂੰ ਆਪਣੇ ਆਪ ਖੜ੍ਹਿਆਂ ਕੀਤਾ। ਜਾ ਸਕੇ। ਪਿੰਡਾਂ ‘ਚ ਨਵੀਂ ਰੂਹ ਭਰਨ ਲਈ, ਦਿਹਾਤੀ ਜ਼ਿੰਦਗੀ ਦੇ ਸਭਿਅਕ ਲੋਕਾਂ, ਜੋ ਇਕ ਨਵੀਂ ਪ੍ਰਕਾਰ ਦੇ ਪਿੰਡ ਵਿਚ ਰਹਿੰਦੇ ਹਨ, ਦੇ ਸਭਿਅਕ ਲੋਕਾਂ ਦੇ ਹੱਲੇ ਦੀ ਲੋੜ ਹੈ।
ਕੀ ਭਾਰਤ, ਪਿੰਡਾਂ ਦਾ ਦੇਸ਼, ਦੁਨੀਆਂ ਵਿਚ ਆਪਣਾ ਸਿਰ ਉੱਚਾ ਚੁੱਕ ਸਕਦਾ ਹੈ, ਜਿੰਨਾ ਚਿਰ ਪਿੰਡ ਪ੍ਰਾਚੀਨਤਾ ਭਰੇ, ਭੀੜੇ ਅਤੇ ਬੀਮਾਰੀ ਭਰੀਆਂ ਟੱਪਰੀਆਂ ਵਿਚ ਰਹਿੰਦੇ ਹਨ?
ਅਸੀਂ ਪੁੱਛਾਂਗੇ ਕਿ ਸਭਿਅਤਾ ਕੀ ਹੈ? ਇਹ ਜ਼ਰੂਰੀ ਨਹੀਂ ਕਿ ਪੜ੍ਹੇ-ਲਿਖੇ ਆਦਮੀ ਹੀ ਸਭਿਅਕ ਹੋਣ। ਇਕ ਆਦਮੀ ਨੂੰ ਪੜ੍ਹਾਇਆ ਜਾ ਸਕਦਾ ਹੈ ਪਰ ਸਭਿਅਤਾ ਨਹੀਂ ਸਿਖਾਈ ਜਾ ਸਕਦੀ। ਸਭਿਅਤਾ ਦਾ ਭਾਵ ਹੈ ਵਿਕਾਸ, ਉਤਸ਼ਾਹ ਦੇਣ ਵਾਲੇ ਸੰਪਰਕਾਂ ਨਾਲ ਭਰਪੂਰ। ਕੋਈ ਸਭਿਅਤਾ ਦੀ ਹੋਂਦ ਵਿਹਲ ਤੋਂ ਬਿਨਾਂ ਨਹੀਂ, ਜੋ ਵਿਹਲ ਲੱਭਣ ਦਾ ਯਤਨ ਕਰੇ ਜਿਵੇਂ ਕੋਇਲੇ ਦੀਆਂ ਖਾਣਾਂ ਵਾਲਿਆਂ ਨੇ ਲੱਗਪਗ 20 ਸਾਲ ਪਹਿਲਾਂ ਵੇਲਜ਼ ਵਿਖੇ ਲੱਭੀ, ਜਦੋਂ ਉਨ੍ਹਾਂ ਨੇ ਇਕ ਦਿਨ ‘ਚ ਸੱਤ ਘੰਟੇ ਹੀ ਕੰਮ ਲਈ ਹੜਤਾਲ ਕੀਤੀ। ਤੁਸੀਂ ਵਿਰਸੇ ਵਿਚ ਵਿਹਲ ਲੈਣ ਵਾਲੇ ਹੀ ਹੋ। ਤੁਸੀਂ ਇਸ ਨਾਲ ਕੀ ਕਰੋਗੇ? ਇਹ ਅਣਚਾਹੇ ਲਈ ਇਕ ਵੱਡੀ ਮੁਸ਼ਕਲ ਹੈ। ਤੁਹਾਨੂੰ ਬੜੀ ਸ਼ਾਂਤੀ ਨਾਲ ਬੇ-ਰੋਜ਼ਗਾਰੀ ਅਤੇ ਰੁਕ ਗਈ ਆਮਦਨ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਇਹਦਾ ਨਤੀਜਾ ਕਈਆਂ ਲਈ ਗ਼ਰੀਬੀ ਅਤੇ ਸੁਸਤੀ ਹੋਏਗੀ ਜਦੋਂ ਕਿ ਦੂਜਿਆਂ ਲਈ ਵਿਹਲ ਸਿਰਜਨਾਤਮਕ ਹੋਏਗੀ। ਤੁਹਾਨੂੰ ਇਹ ਆਪਣੇ ਆਪ ਲੱਭਣਾ ਪਏਗਾ ਕਿ ਸਿਰਜਨਾਤਮਕ ਜੀਵਨ ਦਾ ਕੀ ਭਾਵ ਹੈ। ਦਿਹਾਤੀ ਜੀਵਨ ਦਾ ਭਾਵ ਹੈ-ਸਭਿਅਕ ਅਤੇ ਸਿਰਜਨਾਤਮਕ ਹੋਂਦ, ਜਿਥੋਂ ਤਕ ਸੰਭਵ ਹੋ ਸਕੇ ਆਤਮ-ਸਾਧਨ-ਸੰਪਨ, ਆਤਮ-ਭਰਪੂਰ, ਦਿਹਾਤ ਵਿਚ – ਪਿੰਡ ਵਿਚ ਨਹੀਂ।
ਮੇਰਾ ਯਕੀਨ ਹੈ ਕਿ ਭਾਰਤ ਵਿਚ ਨਿਰਵਾਣ ਇਸੇ ਵਿਚ ਹੈ ਕਿ ਉਹ ਪਿੰਡਾਂ ਵਿੱਚ ਵੱਸੇ। ਇਸ ਖੇਤੀਬਾੜੀ ਵਾਲੇ ਦੇਸ਼ ਨੂੰ ਭਾਵੇਂ ਇਹ ਕਹਿਣਾ ਵਿਅਰਥ ਜਾਪਦਾ ਹੈ, ਪਰ ਇਸ ਦੇ ਨਾਲ ਹੀ ਇਹ ਸਭਿਆਚਾਰਕ ਬਣੇ। ਮੈਂ ਦੋਬਾਰਾ ਨਵੀਂ ਪੇਂਡੂ ਤਰਤੀਬ ਦੀ ਹੋ ਰਹੀ ਹੋਂਦ ਬਾਰੇ ਲੋੜ ਨੂੰ ਦੁਹਰਾਉਂਦੀ ਹਾਂ। ਸ਼ਬਦ ‘ਤਰਤੀਬ’ ਵਿਚ ਦੂਹਰੀ ਸਮੱਸਿਆ ਹੈ। ਪਹਿਲੀ ਉਲਝਣ ਇਹ ਹੈ ਕਿ ਯੋਜਨਾਬੰਦੀ ਤੋਂ ਬਿਨਾਂ ਕੋਈ ਤਰਤੀਬ ਨਹੀਂ ਹੋ ਸਕਦੀ। ਦੂਜੀ ਅੜਿੱਚਣ ਹੈ ਕਿ ਇਕ ਭਾਈਚਾਰੇ ਨੂੰ ਦੂਜਿਆਂ ਤੋਂ ਵੱਖਰਾ ਦਰਸਾਉਣ ਦੀ।
ਸਿਕੰਦਰ ਅਤੇ ਪੋਰਸ
(ਤਿੰਨ ਦ੍ਰਿਸ਼ਾਂ ਵਿੱਚ ਇਕ ਲਘੂ-ਨਾਟਕ)
– ਨੋਰਾ ਰਿਚਰਡਜ਼
ਪਾਤਰ :
ਸਿਕੰਦਰ-ਮੈਸੇਡੋਨੀਆ ਦਾ ਰਾਜਾ
ਸੈਲਿਊਕਸ ਨਿਕੇਟਰ-ਸਿਕੰਦਰ ਦੀ ਸੈਨਾ ਦਾ ਇੱਕ ਜਰਨੈਲ
ਅੰਬੀ-ਤਕਸ਼ਿਲਾ ਦਾ ਰਾਜਾ
ਪੋਰਸ-ਹੈਦਿਸਪਸ ਦਾ ਰਾਜਾ
ਮੁਖੀ
ਇੱਕ ਮੰਤਰੀ
ਇੱਕ ਦਰਬਾਨ
ਸੈਨਿਕ ਅਤੇ ਹੋਰ ਪਾਤਰ
ਦ੍ਰਿਸ਼-ਪਹਿਲਾ
ਥੇਲਮ ਨਦੀ ਦੇ ਉੱਚੇ ਕੰਢਿਆਂ ‘ਤੇ ਡੇਰਾ। ਸਿਕੰਦਰ ਦਾ ਤੰਬੂ।
ਸਿਕੰਦਰ, ਸੈਲਿਊਕਸ ਤੇ ਅੰਬੀ।
ਸਿਕੰਦਰ – (ਸੈਲਿਊਕਸ ਨੂੰ) ਕੀ ਪੋਰਸ ‘ਤੇ ਹਮਲਾ ਕਰਨ ਦੀ ਸਾਡੀ ਤਿਆਰੀ ਪੂਰੀ ਹੋ ਗਈ ਏ ? ਸਾਡੇ ਮਿੱਤਰ, ਤਕਸ਼ਿਲਾ ਦੇ ਰਾਜਾ, ਮੈਨੂੰ ਚੇਤਾਵਨੀ ਦੇ ਰਹੇ ਨੇ ਕਿ ਪੋਰਸ ਬਹੁਤ ਵੱਡੀ ਰੁਕਾਵਟ ਪਾਏਗਾ-ਭਾਵੇਂ ਉਹਦੀ ਫੌਜ ਬਹੁਤ ਛੋਟੀ ਏ, ਪਰ ਉਹਦਾ ਮਾਣ ਬਹੁਤ ਉੱਚਾ ਏ।ਤੇ ਉਹ ਜੰਗ ਦੇ ਮੈਦਾਨ ‘ਚ ਚੰਗੇ ਹੱਥ ਵਿਖਾਉਂਦਾ ਏ। ਉਹ ਸਾਨੂੰ ਖੰਘਣ ਨਹੀਂ ਦਏਗਾ। ਕੁਝ ਵੀ ਹੋਵੇ, ਲੜਾਈ ਬੜੀ ਮਜ਼ੇਦਾਰ ਹੋਏਗੀ।
ਸੈਲਿਊਕਸ – ਸਾਡੀ ਫੌਜ ਤਿਆਰ ਏ। ਫੌਜ ਤਰਲੋ-ਮੱਛੀ ਹੋ ਰਹੀ ਏ-ਸਾਰੇ ਫੌਜੀ ਸੌਖੀਆਂ ਜਿੱਤਾਂ ਤੋਂ ਅੱਕ ਚੁੱਕੇ ਨੇ। ਉਹ ਜੰਗ ਦੇ ਮੈਦਾਨ ‘ਚ ਇੱਕ ਤਕੜੇ ਦੁਸ਼ਮਣ ਦਾ ਟਾਕਰਾ ਕਰਨ ਲਈ ਉਤਾਵਲੇ ਨੇ। ਉਹ ਲੜਨ ਲਈ ਬੜੇ ਕਾਹਲੇ ਨੇ।
ਸਿਕੰਦਰ – ਬਈ ਵਾਹ! ਸ਼ਾਬਾਸ਼ ਸੈਲਿਊਕਸ, ਮੈਨੂੰ ਤਾਂ ਕੋਈ ਸ਼ੱਕ ਈ ਨਈਂ ਕਿ ਤੂੰ ਤਰਲੋ-ਮੱਛੀ ਹੋ ਰਿਹਾ ਏਂ, ਤੇ ਲੜਨ ਨੂੰ ਤਿਆਰ ਏਂ।
ਸੈਲਿਊਕਸ – ਮੈਂ ਤਿਆਰ ਆਂ-ਤੇ ਕਾਹਲਾ ਵੀ। ਆਪਾਂ ਸਾਰੇ ਫੌਜੀ ਆਂ।
ਸਿਕੰਦਰ – ਬਿਲਕੁਲ- ਆਪਾਂ ਸਾਰੇ ਫੌਜੀ ਆਂ, ਪਰ ਪਹਿਲਾਂ ਆਪਾਂ ਬੰਦੇ ਆਂ। ਪੋਰਸ ਨਾਲ ਜੰਗ ਦੇ ਮੈਦਾਨ ‘ਚ ਦੁਸ਼ਮਣ ਵਾਂਗ ਟੱਕਰਨ ਤੋਂ ਪਹਿਲਾਂ, ਮੈਂ ਉਹਨੂੰ ਬੰਦਿਆਂ ਵਾਂਗ ਮਿਲਾਂਗਾ ਤੇ ਦੋਸਤੀ ਦਾ ਹੱਥ ਵਧਾਵਾਂਗਾ।
ਸੈਲਿਊਕਸ – ਇਹ ਕਿੱਦਾਂ ਹੋ ਸਕਦੈ ਕਿ ਤੂੰ ਉਹਨੂੰ ਸਿੱਧਾ ਈ ਜਾ ਮਿਲੇਂ ?
ਸਿਕੰਦਰ – ਸਭ ਕੁਝ ਹੋ ਸਕਦੈ- ਜੇ ਬੰਦਾ ਮਨ ਬਣਾ ਲਏ ਤਾਂ। ਮੈਂ ਉਹਦੇ ਨਾਲ ਆਪਣੇ ਰਾਜਦੂਤ ਦੇ ਭੇਸ ‘ਚ ਮਿਲਾਂਗਾ। ਮੈਂ ਉਹਨੂੰ ਸਿਕੰਦਰ ਦੀ ਦੋਸਤੀ ਦੀ ਪੇਸ਼ਕਸ਼ ਕਰਾਂਗਾ। ਪਿਆਰੇ ਸੈਲਿਊਕਸ, ਬਹੁਤ ਬੰਦੇ ਮਾਰ ਤੇ ਨੇ ਯਾਰਾ! ਮੈਂ ਤਾਂ ਕੱਟ-ਵੱਢ ਤੋਂ ਅੱਕ ਗਿਆਂ ਪਰ ਮੈਂ ਜਿੱਤਣ ਤੋਂ ਨਹੀਂ ਅੱਕਿਆ। ਜਿੱਤਣਾ ਤਾਂ ਮੇਰੀਆਂ ਰਗਾਂ ‘ਚ ਐ। ਮੈਂ ਇਸ ਸ਼ਕਤੀਸ਼ਾਲੀ ਧਰਤੀ ਨੂੰ ਵੀ ਜਿੱਤ ਕੇ ਰਹਾਂਗਾ, ਜਿਵੇਂ ਮੈਂ ਪਰਸ਼ੀਆ ਨੂੰ ਜਿੱਤਿਆ ਸੀ। ਪਰਸ਼ੀਆ ‘ਚ, ਮੈਂ ਇੱਕ ਪਰਸ਼ੀਅਨ ਬੰਦੇ ਵਾਂਗ ਰਹਿੰਦਾ ਸੀ।
ਸੈਲਿਊਕਸ – ਤੇ ਇਸ ਧਰਤੀ ‘ਤੇ ਤੂੰ ਉਵੇਂ ਰਹੇਂਗਾ- ਬਿਲਕੁਲ ਉਨ੍ਹਾਂ ਵਰਗਾ ਬਣ ਕੇ ?
ਸਿਕੰਦਰ – ਜ਼ਰੂਰ। ਪਰ ਪਹਿਲਾਂ ਮੈਨੂੰ ਜਿੱਤਣਾ ਪੈਣੈ। ਕੀ ਮੈਂ ਫਰਿਜੀਆ ‘ਚ ਗੌਰਡੀਅਨ ਗੰਢ ਨਹੀਂ ਕੱਟੀ ਸੀ, ਜੀਹਦੇ ਨਾਲ ਮੈਂ ਏਸ਼ੀਆ ਦਾ ਜੇਤੂ ਬਣਨ ਦੀ ਕਿਸਮਤ ਪਾਈ ਸੀ। ਪਹਿਲਾਂ ਈ ਤੈਅ ਕਿਸਮਤ, ਬੰਦੇ ਦੀ ਤਾਕਤ ਤੋਂ ਪਰੇ ਹੀ ਉਹਨੂੰ ਲਗਾਮ ਜਾ ਪਾਉਂਦੀ ਐ। ਮੈਂ ਜਿੱਤਣ ਲਈ ਨਿਕਲਿਆਂ-ਏਸ਼ੀਆ ਨੂੰ ਜਿੱਤਣ ਲਈ-ਜੰਗ ਦੇ ਮੈਦਾਨ ‘ਚ- ਜਾਂ ਫਿਰ ਦੋਸਤੀ ਦੇ ਮੈਦਾਨ ‘ਚ।
ਸੈਲਿਊਕਸ – ਪਰ ਜਿੱਤ ਦਾ ਦੋਸਤੀ ਨਾਲ ਕੀ ਰਿਸ਼ਤਾ ਏ ?
ਸਿਕੰਦਰ – ਗੱਲ ਇਹ ਨਹੀਂ ਐ ਕਿ ਮੇਰਾ ਗੁਰੂ ਅਰਸਤੂ ਸੀ, ਜੀਹਦੇ ਲਈ ਦੋਸਤੀ ਚੰਗੇਪਣ ਦੀ ਬਹੁਤ ਉੱਚੀ ਸਿਖਰ ਹੋਇਆ ਕਰਦੀ ਸੀ। ਜਿੱਤਣਾ ਮੇਰੀ ਕਿਸਮਤ ਐ- ਪਰ ਮੈਂ ਦੋਸਤੀ ਨਾਲ ਜਿੱਤਾਂਗਾ । ਜਾਹ ਸੈਲਿਊਕਸ, ਮੇਰੇ ਲਈ ਇੱਕ ਭੇਸ ਲਿਆ ਕੇ ਦੇ-ਕੋਈ ਵੀ। ਮੈਂ ਤਾਂ ਦਾਹੜੀ ਵੀ ਲਗਾਊਂਗਾ। ਸਿਕੰਦਰ, ਤੇ ਉਹ ਵੀ ਦਾਹੜੀ ਵਾਲਾ ! ਬਈ ਵਾਹ। ਸਿਕੰਦਰ, ਇੱਕ ਦਾਹੜੀ ਵਾਲੀ ਬੱਕਰੀ । (ਹੱਸਦਾ ਏ) ਜਾਹ, ਜਾਹ-ਮੈਨੂੰ ਇੱਕ ਦਾਹੜੀ ਲਿਆ ਕੇ ਦੇ। ਮੈਨੂੰ ਕਿਸੇ ਗੱਲ ਦੀ ਪਰਵਾਹ ਨਈਂ, ਪਰ ਭੇਸ ਚੰਗਾ ਹੋਣਾ ਚਾਹੀਦਾ ਏ। ਮੈਂ ਕਿਸੇ ਵੀ ਚੀਜ਼ ਦੀ ਪਰਵਾਹ ਨਹੀਂ ਕਰਦਾ, ਪਰ ਮੈਂ ਪੋਰਸ ਨੂੰ ਆਹਮੋ-ਸਾਹਮਣੇ ਮਿਲਣਾ ਏਂ-ਤੇ ਉਹਦੇ ਵੱਲ ਦੋਸਤੀ ਦਾ ਹੱਥ ਵਧਾਉਣਾ ਏਂ। ਜਾਹ ਮੈਨੂੰ ਇੱਕ ਦਾਹੜੀ ਲਿਆ ਕੇ ਦੇ। ਇੱਕ ਚੰਗਾ ਭੇਸ ਲਿਆ ਕੇ ਦੇ।
ਸੈਲਿਊਕਸ – ਚੰਗਾ, ਮੈਂ ਲੈ ਕੇ ਆਉਨਾਂ।
(ਚਲਾ ਜਾਂਦਾ ਹੈ)
ਐਬੀ – ਐ ਸ਼ਕਤੀਸ਼ਾਲੀ ਸਿਕੰਦਰ! ਤੂੰ ਤਾਂ ਪੋਰਸ ਦੀ ਦੋਸਤੀ ਜਿੱਤਣ ‘ਚ ਵੀ ਅਸਫਲ ਹੋ ਜਾਏਂਗਾ।
ਸਿਕੰਦਰ – ਮੈਂ ਕਿਸੇ ਚੀਜ਼ ਨੂੰ ਹਾਸਲ ਕਰਨ ‘ਚ ਅਸਫਲ ਨਹੀਂ ਹੁੰਦਾ। ਮੇਰੇ ਲਈ ਅਸਫਲਤਾ ਦਾ ਕੋਈ ਅਰਥ ਈ ਨਹੀਂ ਏ। ਜਿੱਤਣਾ ਤਾਂ ਮੇਰੀਆਂ ਰਗਾਂ ‘ਚ ਏ। ਥੋਡੀਆਂ ਰਗਾਂ ‘ਚ ਨਹੀਂ। ਥੋਡੀ ਜ਼ਿੰਦਗੀ ਦਾ ਤਾਂ ਸਾਰਾ ਫਲਸਫਾ ਈ ਹਲਕਾ ਏ। ਮੈਂ ਇਸ ਬਾਰੇ ਕਾਫੀ ਸੁਣ ਰੱਖਿਆ ਏ। ਤੁਸੀਂ- ਇਸ ਧਰਤੀ ਦੇ ਬਾਸ਼ਿੰਦੇ, ਸੋਚਾਂ ਸੋਚਣ ਆਲੇ ਈ ਬੰਦੇ ਓ, ਸਰਗਰਮੀ ਆਲੇ ਨਹੀਂ। ਤਾਂ ਹੀ ਤਾਂ ਤੁਸੀਂ ਬੜੀ ਆਸਾਨੀ ਨਾਲ ਹਮਲਾਵਰਾਂ ਦਾ ਸ਼ਿਕਾਰ ਬਣ ਜਾਂਦੇ ਓ। ਤੁਹਾਡਾ ਹਲਕਾਪਣ ਤੁਹਾਡੀ ਕਮਜ਼ੋਰੀ ਵੀ ਐ ਤੇ ਤੁਹਾਡੀ ਤਾਕਤ ਵੀ। ਪਰ ਅਸੀਂ ਤੁਹਾਡੇ ਬਾਰੇ ਬਹੁਤ ਘੱਟ ਜਾਣਦੇ ਆਂ। ਸਾਡੇ ਇਤਿਹਾਸਕਾਰਾਂ ਨੇ ਸਾਨੂੰ ਸਿੰਧ ਤੋਂ ਪਾਰ ਦੀ ਧਰਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।
ਅੰਬੀ – ਉਸ ਤੋਂ ਪਾਰ ਤਾਂ ਬੜੀ ਮਹਾਨ ਧਰਤੀ ਏ।
ਸਿਕੰਦਰ – ਮੈਂ ਜਾਣਦਾਂ। ਤਾਂ ਹੀ ਤਾਂ ਮੈਂ ਆਪਣੇ ਨਾਲ ਇਤਿਹਾਸਕਾਰਾਂ ਤੇ ਵਿਗਿਆਨੀਆਂ ਨੂੰ ਲੈ ਕੇ ਆਇਆਂ, ਜਿਹੜੇ ਬੰਦੇ ਜੰਗ ਦੇ ਮੈਦਾਨ ‘ਚ -ਕਿਸੇ ਕੰਮ ਦੇ ਨਹੀਂ। ਉਹ ਖੋਜੀ ਨੇ। ਉਹ ਸਾਨੂੰ ਦੱਸਣਗੇ ਕਿ ਇਹ ਧਰਤੀ ਕੱਪੜਿਆਂ ਤੇ ਰੰਗਾਂ, ਬਾਂਦਰਾਂ ਤੇ ਤੋਤਿਆਂ ਤੋਂ ਵੱਧ ਕਿਸੇ ਕੰਮ ਦੀ ਨਹੀਂ।
ਅੰਬੀ – ਜ਼ਿਆਦਾ- ਕਿਤੇ ਜ਼ਿਆਦਾ ਕੰਮ ਦੀ ਏ। ਇਹ ਧਰਤੀ ਰਿਸ਼ੀਆਂ-ਮੁਨੀਆਂ ਦੀ ਏ। ਇਹ ਧਰਤੀ ਸਾਡੇ ਗੁਰੂ ਦੀ ਏ। ਪਰ ਤੇਰਾ ਗੁਰੂ ? ਤੂੰ ਕਿਹੜਾ ਭਲਾ ਜਿਹਾ ਨਾਮ ਲਿਆ ਸੀ ?
ਸਿਕੰਦਰ – ਅਰਸਤੂ।
ਅੰਬੀ – ਤੇ ਦੋਸਤੀ ਬਾਰੇ ਉਹਦੇ ਵਿਚਾਰ? ਕੀ ਕਿਹਾ ਸੀ ਤੂੰ ਕਿ ਦੋਸਤੀ ਸਭ ਤੋਂ ਵੱਡੀ ਚੰਗਿਆਈ ਏ ? ਮੈਂ ਕੁਝ ਸਮਝਿਆ ਨਹੀਂ।
ਸਿਕੰਦਰ – ਸੁਣ ਫੇਰ ਆਪਾਂ ਦੋਸਤ ਬਣੇ ਆਂ- ਤੂੰ ਤੇ ਮੈਂ- ਪਰ ਸਾਡੀ ਦੋਸਤੀ ਏਡੀ ਉੱਚੀ ਨਹੀਂ।ਇਹਦੇ ‘ਚ ਕੋਈ ਚੰਗਿਆਈ ਨਹੀਂ। ਆਪਾਂ ਇੱਕ ਦੂਜੇ ਨਾਲ ਐਸੀ ਦੋਸਤੀ ਕੀਤੀ ਏ ਜਿਹੜੀ ਫਾਇਦੇ ‘ਤੇ ਟਿਕੀ ਏ। ਤੇ ਇਹ ਓਨਾ ਚਿਰ ਈ ਏ ਜਿੰਨਾ ਚਿਰ ਇਹਦੇ ਨਾਲ ਸਾਡਾ ਮਕਸਦ ਜੁੜਿਆ ਹੋਇਆ ਏ। ਤੇ ਜਿਹੜੀ ਦੋਸਤੀ ਸਦੀਵੀ ਹੁੰਦੀ ਏ ਨਾ, ਉਹਦੇ ‘ਚ ਕੋਈ ਮਕਸਦ ਲੁਕਿਆ ਨਹੀਂ ਹੁੰਦਾ- ਕੋਈ ਮਤਲਬ ਜਾਂ ਗਰਜ਼ ਨਹੀਂ ਹੁੰਦੀ।
ਅੰਬੀ – ਇਹਦਾ ਮਤਲਬ ਐ ਕਿ ਆਪਾਂ ਦੋਸਤ ਨਹੀਂ ਆਂ-ਮਤਲਬ ਪੱਕੇ ਦੋਸਤ ?
ਸਿਕੰਦਰ – ਅਜੇ ਤਕ ਤਾਂ ਨਹੀਂ। ਮੈਂ ਸਿੰਧ ਦੀ ਇਸ ਧਰਤੀ ਨੂੰ ਜਿੱਤ ਲਵਾਂਗਾ- ਤੇ ਇਸ ਤੋਂ ਅੱਗੇ ਵੀ। ਤੂੰ ਪੋਰਸ ਨੂੰ ਹਰਾਉਣਾ ਏਂ। ਪੋਰਸ ਮੇਰਾ ਮੌਜੂਦਾ ਦੁਸ਼ਮਣ ਏ ਤੇ ਪੋਰਸ ਤੇਰਾ ਵੀ ਤਾਂ ਦੁਸ਼ਮਣ ਏਂ। ਤੇ ਤੂੰ ਮੇਰੀ ਮਦਦ ਕਰੇਂਗਾ ਤਾਂ ਕਿ ਮੈਂ ਤੇਰੀ ਮਦਦ ਕਰਾਂ। ਇਹਦੇ ‘ਚ ਕਿਤੇ ਕੋਈ ਚੰਗਿਆਈ ਨਹੀਂ ਤੇ ਸਾਡੇ ਮਤਲਬ ਦੀ ਸਿੱਧੀ ਤੋਂ ਜ਼ਿਆਦਾ ਇਹ ਦੋਸਤੀ ਜੀਅ ਨਹੀਂ ਸਕਦੀ।
ਜਿਹੜੀ ਦੋਸਤੀ ‘ਚ ਚੰਗਿਆਈ ਹੁੰਦੀ ਏ ਨਾ, ਉਹਦੇ ‘ਚ ਮਤਲਬ ਨਹੀਂ ਹੁੰਦਾ।
ਅੰਬੀ – ਕੀ ? ਫੇਰ ਤਾਂ ਇਹਦਾ ਮਤਲਬ ਏ ਕਿ ਆਪਣੀ ਦੋਸਤੀ ‘ਚ ਕੋਈ ਚੰਗਿਆਈ ਨਹੀਂ ਏ ?
ਸਿਕੰਦਰ – ਅਨੰਦ-ਮਹਾਂ ਅਨੰਦ। ਇਹ ਬੌਧਿਕ ਖੁਸ਼ੀ ਵੱਲ ਲਿਜਾਂਦੀ ਏ- ਮਨੁੱਖੀ ਜ਼ਿੰਦਗੀ ਦਾ ਟੀਚਾ । ਐਸੇ ਬੰਦੇ ਬਹੁਤ ਥੋੜ੍ਹੇ ਨੇ ਜਿਹੜੇ ਏਸ ਉਚੇ ਗੁਣ ਆਲੇ ਨੇ।
ਅੰਬੀ – ਸਾਡੇ ਗੁਰੂ ਨੇ ਇਹ ਗੱਲ ਸਿਖਾਉਣ ਲਈ ਆਪਣੀ ਲੰਬੀ ਜ਼ਿੰਦਗੀ ਲਾ ‘ਤੀ ਸੀ ਕਿ ਕਿਵੇਂ ਜ਼ਾਤੀ ਉੱਦਮਾਂ ਨਾਲ ਬੇਗਰਜ਼ ਪਿਆਰ ਨੂੰ ਹਾਸਲ ਕੀਤਾ ਜਾ ਸਕਦਾ ਏ।
ਸਿਕੰਦਰ – ਫੇਰ ਏਦਾਂ ਕਿਉਂ ਏ ਬਈ ਤੇਰੇ ਮਹਾਨ ਗੁਰੁ ਤੇ ਅਰਸਤੂ ਦੇ ਵਿਚਾਰ ਇੱਕੋ ਜਿਹੇ ਨੇ? ਜ਼ਾਤੀ ਉੱਦਮ ਐਸੀ ਦੋਸਤੀ ਨੂੰ ਸਿਰਜਦੇ ਨੇ ਜੀਹਦੇ ‘ਚ ਚੰਗਿਆਈ ਹੁੰਦੀ ਏ। ਤੂੰ ਬਹੁਤ ਸੁਹਣਾ ਸ਼ਬਦ ਵਰਤਿਆ- ਬੇਗਰਜ਼ ਪਿਆਰ।
ਅੰਬੀ – ਸਾਡੀ ਦੋਸਤੀ, ਨਾ-ਨਾ ਸਿਕੰਦਰ-ਇਹਨੂੰ ਖਤਮ ਨਾ ਹੋਣ ਦੇਈਂ। ਮੈਨੂੰ ਤੇਰੇ ਨਾਲ ਰਹਿਣਾ ਬੜਾ ਈ ਚੰਗਾ ਲੱਗਦੈ। -ਤੇਰੀਆਂ ਅੱਖਾਂ ‘ਚ ਰੌਸ਼ਨੀ ਤੱਕਣਾ ਤੇ ਤੇਰੀ ਆਵਾਜ਼ ਨੂੰ ਸੁਣਨਾ ਚੰਗਾ ਚੰਗਾ ਲੱਗਦੈ-ਪਰ ਸਭ ਤੋਂ ਵੱਧ-ਮੈਨੂੰ ਉਹ ਸਭ ਕੁਝ ਸੁਣਨਾ ਪਸੰਦ ਐ ਜੋ ਤੂੰ ਬੋਲਣਾ ਹੁੰਦਾ ਏ।
ਸਿਕੰਦਰ – ਫੇਰ ਤਾਂ ਆਪਣੀ ਦੋਸਤੀ ਮੌਜੂਦਾ ਫਾਇਦੇ ਤਕ ਜ਼ਿੰਦਾ ਜ਼ਰੂਰ ਰਹੇਗੀ। ਇਹਦਾ ਮਕਸਦ ਪੋਰਸ ਨੂੰ ਹਰਾਉਣਾ ਏਂ-ਦੋਵਾਂ ਦੇ ਆਪਣੇ- ਆਪਣੇ ਪੱਖਾਂ ਤੋਂ।
ਅੰਬੀ – ਇਹਦੇ ‘ਚ ਆਪਾਂ ਦੋਵੇਂ ਇੱਕ ਦੂਜੇ ਦੀ ਮਦਦ ਕਰਾਂਗੇ।
ਸਿਕੰਦਰ – ਤੂੰ ਪੋਰਸ ਨੂੰ ਹਰਾਉਣਾ ਏਂ-ਮੈਂ ਉਹਨੂੰ ਏਸ ਲਈ ਹਰਾਉਣਾ ਏਂ ਤਾਂ ਕਿ ਮੈਂ ਉਹਦੇ ਰਾਜ ਤੋਂ ਪਰ੍ਹੇ ਦੀ ਧਰਤੀ ‘ਤੇ ਜਾ ਸਕਾਂ। ਹਾਂ, ਆਪਾਂ ਇੱਕ ਦੂਜੇ ਦੀ ਮਦਦ ਕਰਾਂਗੇ। ਪਰ ਮੇਰੇ ਪਿਆਰੇ ਦੋਸਤ, ਤੈਨੂੰ ਆਪਣੇ ਆਪ ਨੂੰ ਕਰੜਾ ਕਰਨਾ ਪਏਗਾ। ਤੇਰਾ ਹਲਕਾਪਣ ਤੇਰੀ ਤਾਕਤ ਬਣ ਸਕਦਾ ਏ ਜੇ ਐਸਾ ਸਮਾਂ ਆਇਆ ਜਦੋਂ ਜੰਗਾਂ ਦੀ ਲੋੜ ਨਹੀਂ ਰਹੇਗੀ। ਅੱਜਕਲ੍ਹ ਦੇ ਸਮੇਂ ‘ਚ ਤਾਂ ਤੇਰਾ ਹਲਕਾਪਣ ਤੇਰੀ ਕਮਜ਼ੋਰੀ ਏ। ਕਿਉਂ, ਤੂੰ ਮੇਰਾ ਸੁਆਗਤ ਕੀਤਾ ਏ- ਹਮਲਾਵਰ ਦਾ। ਤੇਰਾ ਰਾਜ ਤੇ ਪੋਰਸ ਦਾ ਰਾਜ ਇਲਾਕੇ ਵਾਲੇ ਪੱਖੋਂ ਭਾਵੇਂ ਛੋਟਾ ਏ, ਪਰ ਇਸ ਵਿਸ਼ਾਲ ਧਰਤੀ ਦੇ ਦੁਆਰ ਵਜੋਂ ਇਹ ਬਹੁਤ ਮਾਅਨੇ ਰੱਖਦਾ ਏ। ਆਪਣੇ ਆਪ ਨੂੰ ਸਖ਼ਤ ਬਣਾ ਤਾਂਕਿ ਹਮਲਾਵਰਾਂ ਨੂੰ ਰੋਕ ਸਕੇਂ। ਤੁਸੀਂ ਦਰਬਾਨ ਓ, ਤੁਸੀਂ ਦੋਵੇਂ ਈ। ਹੋਰਨਾਂ ਮੁਖੀਆਂ ਨਾਲ ਛੋਟੀਆਂ-ਛੋਟੀਆਂ ਗੱਲਾਂ ‘ਤੇ ਉਲਝਣ ਤੋਂ ਬਚੋ ਤੇ ਖਾਸ ਕਰਕੇ ਪੋਰਸ ਨਾਲ। ਦੋਸਤ ਬਣੋ, ਜਿਵੇਂ ਤੂੰ ਮੇਰਾ ਦੋਸਤ ਬਣਿਆ ਏਂ। ਧਾੜਵੀਆਂ ਤੋਂ ਬਚਾਅ ਲਈ ਤੁਹਾਨੂੰ ਇੱਕ- ਦੂਜੇ ਦੀ ਮਦਦ ਦੀ ਲੋੜ ਏ, ਮੇਰੇ ਖਿਲਾਫ ਇੱਕਜੁੱਟ ਹੋਣ ਦੀ ਲੋੜ ਏ। ਤੇ ਹੁਣ ਜਾਹ ਸੌਂ ਜਾ। ਆਰਾਮ ਕਰ ਮੇਰੇ ਦੋਸਤ। ਚੰਗੀ ਨੀਂਦ ਲਵੀਂ- ਸ਼ੁਭ-ਰਾਤਰੀ, ਸ਼ੁਭ-ਰਾਤਰੀ।
ਦ੍ਰਿਸ਼ ਦੂਜਾ
(ਹੈਦਾਸਪਸ ਵਿਖੇ ਪੋਰਸ ਦਾ ਦਰਬਾਰ। ਮੁਖੀਆਂ ਦੀ ਇੱਕ ਬੈਠਕ।)
ਪੋਰਸ – ਮੁਖੀ ਵੀਰੋ- ਮੈਸੇਡੋਨੀਆ ਦਾ ਰਾਜਾ, ਸਿਕੰਦਰ, ਸਾਡੇ ਦੇਸ਼ ਦੇ ਦਰਵਾਜ਼ੇ ਨੂੰ ਤੋੜਨ ਦੀ ਤਿਆਰੀ ‘ਚ ਏ।ਇਹ ਸਮਾਂ ਆਪਣੇ ਛੋਟੇ-ਛੋਟੇ ਮਸਲਿਆਂ ‘ਤੇ ਆਪੋ-ਵਿੱਚ ਲੜਨ ਦਾ ਨਹੀਂ ਏ। ਅੰਬੀ ਨੇ ਸਾਡੇ ਨਾਲ ਗੱਦਾਰੀ ਕੀਤੀ ਏ। ਅੰਬੀ ਨੇ ਸਿਕੰਦਰ ਦੀ ਦੋਸਤੀ ਪ੍ਰਵਾਨ ਕਰਕੇ ਸਾਡੀ ਰੁਕਾਵਟ ਨੂੰ ਕਮਜ਼ੋਰ ਕਰ ਦਿੱਤਾ ਏ। ਐਸਾ ਕਰਕੇ ਉਹਨੇ, ਮੇਰੇ ਨਾਲ ਆਪਣੇ ਛੋਟੇ-ਛੋਟੇ ਮਸਲਿਆਂ ਨੂੰ ਤੇ ਆਪਣੇ-ਆਪ ਨੂੰ, ਸਾਡੇ ਦੇਸ਼ ਦੀ ਸੁਰੱਖਿਆ ਦੇ ਸਾਹਮਣੇ ਲਿਆ ਖੜ੍ਹਾ ਕੀਤਾ ਏ।
ਪਹਿਲਾ ਮੁਖੀ – ਧਰੋਹ, ਧਰੋਹ ਕਮਾਇਆ ਏ ਉਹਨੇ!
ਦੂਜਾ ਮੁਖੀ – ਉਹਨੇ ਸਾਡੇ ਦੁਸ਼ਮਣ ਦੀ ਤਾਕਤ ਵਧਾ ਦਿੱਤੀ ਏ।
ਤੀਜਾ ਮੁਖੀ – ਉਹ ਆਪਣੇ ਪਿਓ ਦੀ ਧਰਤੀ-ਆਪਣੀ ਮਾਂ-ਭੂਮੀ ਦਾ ਗੱਦਾਰ ਏ। ਗੱਦਾਰ!
ਚੌਥਾ ਮੁਖੀ – ਉਹ ਝੂਠੇ ਮਾਣ,ਈਰਖਾ ਤੇ ਬਦਲੇ ਲਈ ਓਧਰ ਜਾ ਰਲਿਆ ਏ।
ਪਹਿਲਾ ਮੁਖੀ- ਪੋਰਸ ਨਾਲ ਉਹਦੇ ਗੁੱਸੇ ਨੇ ਉਹਦੀ ਅਕਲ ‘ਤੇ ਪਰਦਾ ਪਾ ਦਿੱਤਾ
ਦੂਜਾ ਮੁਖੀ – ਅਸੀਂ ਆਪਣੇ ਦੇਸ਼ ਦੇ ਦੁਆਰਪਾਲ ਆਂ!
ਤੀਜਾ ਮੁਖੀ – ਜੇ ਕੱਠੇ ਰਹਿ ਕੇ, ਅਸੀਂ ਹਮਲੇ ਦੀ ਇਸ ਲਹਿਰ ਨੂੰ ਰੋਕਿਆ ਨਾ ਤਾਂ ਇਸ ਨਦੀ ਦਾ ਪਾਣੀ ਹੜ੍ਹ ਬਣ ਕੇ ਵਹਿਣ ਲੱਗ ਪੈਦੈਂ, ਤੇ ਆਪਣੇ ਰਾਹ ਦੀ ਹਰ ਚੀਜ਼ ਨੂੰ ਇਹਨੇ ਰੋੜ੍ਹ ਕੇ ਲੈ ਜਾਣੈ।
ਪੋਰਸ – ਮੁਖੀ ਭਰਾਵੋ- ਕੀ ਆਪਾਂ ਇੱਕਜੁੱਟ ਆਂ?
ਸਾਰੇ – ਇੱਕਜੁੱਟ ਆਂ! ਇੱਕਜੁੱਟ ਆਂ! ਆਪਾਂ ਕੱਠੇ ਖੜ੍ਹੇ ਆਂ!
ਪੋਰਸ – ਇੱਕ ਜੁੱਟ ਹਾਂ ਜਾਂ ਵੰਡੇ ਹੋਏ ਆਂ? ਕੀ ਆਪਾਂ ਸਾਰੇ ਐਸੇ ਬੰਦੇ ਦਾ ਸੌਖਾ ਸ਼ਿਕਾਰ ਬਣ ਜਾਵਾਂਗੇ, ਜੋ ਦੁਨੀਆਂ ਦੇ ਜੇਤੂ ਵਾਂਗ, ਪੱਛਮ ਵਿੱਚ ਸਾਰਿਆਂ ਨੂੰ ਹੂੰਝ ਆਇਆ ਏ-ਤੇ ਪੂਰਬ ਵੱਲ ਵੱਧ ਰਿਹਾ ਏ? ਉਹਨੇ ਡੇਰੀਅਸ ਨੂੰ ਹਰਾ ਦਿੱਤਾ। ਹੁਣ ਇਹ ਅੰਬੀ ਏ। ਕੱਲ੍ਹ ਇਹ ਪੋਰਸ ਹੋਊਗਾ। ਤੇ ਪੋਰਸ ਤੋਂ ਬਾਅਦ ਹੋਵੋਗੇ
ਸਾਰੇ – ਨਹੀਂ-ਨਹੀਂ, ਕਦੇ ਨਹੀਂ! ਆਪਾਂ ਇੱਕਜੁੱਟ ਆਂ! ਸਿਕੰਦਰ ਮੁਰਦਾਬਾਦ! ਪੋਰਸ ਜ਼ਿੰਦਾਬਾਦ! ਧਾੜਵੀ ਮੁਰਦਾਬਾਦ!
ਪੋਰਸ – ਕੀ ਆਪਾਂ ਸਾਰੇ ਕੱਠੇ ਖੜ੍ਹੇ ਆਂ-ਮੋਢੇ ਨਾਲ ਮੋਢਾ ਜੋੜ ਕੇ, ਦੁਸ਼ਮਣ ਦਾ ਮੁਕਾਬਲਾ ਕਰਨ ਲਈ ?
ਪਹਿਲਾ ਮੁਖੀ – ਅਸੀਂ ਮੌਤ ਤਕ ਲੜਦੇ ਰਹਾਂਗੇ!
ਦੂਜਾ ਮੁਖੀ – ਅਸੀਂ ਉਹਦੀ ਤਲਵਾਰ ਦੀ ਧਾਰ ਮੋੜ ਦਿਆਂਗੇ!
ਤੀਜਾ ਮੁਖੀ – ਅਸੀਂ ਉਹਨੂੰ ਪਿੱਛੇ ਮੋੜ ਦਿਆਂਗੇ !
(ਰੌਲਾ-ਮੱਚ ਜਾਂਦਾ ਐ)
ਪੋਰਸ – ਬਹੁਤ ਖੂਬ, ਬਹੁਤ ਖੂਬ- ਆਪਾਂ ਇਹਨੂੰ ਕਰ ਵਿਖਾਉਣੈ। ਸਿਕੰਦਰ ਲਈ ਕੋਈ ਚਾਰਾ ਨਹੀਂ ਰਹਿਣਾ ਚਾਹੀਦਾ। ਅਸੀਂ ਉਹਦੇ ਖ਼ਿਲਾਫ ਆਪਣੇ ਆਪ ਨੂੰ ਲੋਹੇ ਅਰਗਾ ਬਣਾ ਲਾਂਗੇ।
ਸਾਰੇ – ‘ਸਿਕੰਦਰ ਮੁਰਦਾਬਾਦ! ਧਾੜਵੀ ਮੁਰਦਾਬਾਦ! (ਇਹ ਨਾਅਰੇ ਗੂੰਜਦੇ ਹਨ)
ਪੋਰਸ – (ਰੌਲਾ ਖ਼ਤਮ ਕਰਨ ਲਈ ਆਪਣੀਆਂ ਬਾਹਾਂ ਉੱਪਰ ਚੁੱਕਦਾ ਹੈ) ਰਾਜਕੁਮਾਰੋ ਤੇ ਮੁਖੀਓ! ਸ਼ਾਂਤ ਰਹੋ (ਦਰਬਾਨ ਨੂੰ) ਬੋਲੋ।
ਦਰਬਾਨ – ਇੱਕ ਰਾਜਦੂਤ ਆਇਆ ਏ। ਸਿਕੰਦਰ ਨੇ ਭੇਜਿਆ ਏ। ਕੀ ਮੈਂ ਉਹਨੂੰ ਅੰਦਰ ਭੇਜ ਦਿਆਂ?
ਪੋਰਸ – ਉਹਨੂੰ ਆਉਣ ਦਿਓ। (ਦਰਬਾਨ ਚਲਾ ਜਾਂਦਾ ਹੈ)
ਪੋਰਸ – ਭਰਾਵੋ-ਆਪਾਂ ਸੁਣਾਂਗੇ ਕਿ ਸਿਕੰਦਰ ਕੀ ਕਹਿਣਾ ਚਾਹੁੰਦਾ ਏ। ਪਰ, ਆਪਾਂ ਆਪਣੀ ਸੁਰੱਖਿਆ ਨੂੰ ਪਹਿਲ ਦੇਣੀ ਏ। ਆਪਣੇ ਮਕਸਦ ਹਾਸਲ ਕਰਨ ਲਈ ਉਹ ਕਈ ਹਥਕੰਡੇ ਅਪਣਾ ਸਕਦੈ। ਸਾਨੂੰ ਸਾਵਧਾਨ ਰਹਿਣ ਦੀ ਲੋੜ ਏ, ਆਪਣੀ ਸੁਰੱਖਿਆ ਲਈ-ਖ਼ਬਰਦਾਰ ਰਹਿਣ ਦੀ ਲੋੜ ਏ।
(ਰਾਜਦੂਤ ਦਾਖਲ ਹੁੰਦਾ ਹੈ)
ਰਾਜਦੂਤ – (ਅੱਗੇ ਆਉਂਦਾ ਹੈ ਤੇ ਮੰਤਰੀ ਨੂੰ ਇੱਕ ਖ਼ਤ ਦਿੰਦਾ ਹੈ) ਮੈਸੇਡੋਨੀਆ ਦੇ ਰਾਜਾ ਸਿਕੰਦਰ ਦਾ ਖ਼ਤ ਏ, ਜਿਨ੍ਹਾਂ ਨੇ ਨਦੀ ਦੇ ਉੱਚੇ ਕੰਢਿਆਂ ‘ਤੇ ਡੇਰਾ ਲਾਇਆ ਹੋਇਆ ਹੈ।
ਪੋਰਸ – (ਮੰਤਰੀ ਨੂੰ) ਖ਼ਤ ਨੂੰ ਖੋਲ੍ਹੋ।
ਮੁਖੀ ਵੀਰੋ, ਆਪਾਂ ਕੱਠੇ ਖੜ੍ਹੇ ਆਂ। ਆਪਾਂ ਇੱਕ ਹੋ ਕੇ ਕੰਮ ਕਰਦੇ ਆਂ। ਏਸ ਲਈ, ਹਮਲਾਵਰ ਨੇ ਜੋ ਕਹਿਣਾ ਚਾਹਿਆ ਏ, ਉਹ ਸਾਨੂੰ ਸਭ ਨੂੰ ਕਿਹਾ ਏ। ਸੁਣੋ ਫਿਰ, ਸਿਕੰਦਰ ਦੇ ਬੋਲ। ਪੜ੍ਹੋ-ਪੜ੍ਹੋ, ਤਾਂ ਕਿ ਸਾਰੇ ਸੁਣ ਸਕਣ।
ਮੰਤਰੀ- (ਪੜ੍ਹਦਾ ਹੈ) ਹੈਦਾਸਪਸ ਦੇ ਰਾਜਾ ਪੋਰਸ ਨੂੰ- ਨਮਸਕਾਰ! ਮੈਂ, ਮੈਸੇਡੋਨੀਆ
ਦਾ ਸਿਕੰਦਰ, ਤੇਰੇ ਦੇਸ਼ ਦੇ ਦਰਵਾਜ਼ੇ ‘ਤੇ ਆ ਖੜ੍ਹਾ ਹਾਂ। ਮੈਂ ਤਕਸ਼ਿਲਾ ਦੇ ਰਾਜਾ ਅੰਬੀ ਨੂੰ ਅਧੀਨ ਬਣਾ ਲਿਆ ਹੈ, ਤੇ ਮੈਂ ਤੇਰੀ ਨਦੀ ਦੇ ਇੱਕ ਉੱਚੇ ਕੰਡੇ ‘ਤੇ ਪਹੁੰਚ ਗਿਆ ਹਾਂ, ਜਿੱਥੇ ਮੈਂ ਡੇਰਾ ਲਾਇਆ ਹੈ। ਸਿੰਧ ਦੀ ਧਰਤੀ ਨੂੰ ਪਾਰ ਕਰਕੇ ਹੁਣ ਮੈਂ ਵਿਸ਼ਾਲ ਧਰਤੀ ‘ਤੇ ਜਾਵਾਂਗਾ ਜੋ ਇਸ ਤੋਂ ਅੱਗੇ ਹੈ। ਮੇਰੇ ਜੰਗ ਦੇ ਸਫ਼ਰ ‘ਚ ਮੈਨੂੰ ਕੋਈ ਨਹੀਂ ਰੋਕ ਸਕਦਾ। (ਮੁਖੀਆਂ ਵਿੱਚ ਹਾਹਾਕਾਰ ਮੱਚ ਜਾਂਦੀ ਹੈ) ਮੈਂ ਇੱਕ ਦੋਸਤ ਵਾਂਗ ਦਾਖਲ ਹੋਵਾਂ ਜਾਂ ਦੁਸ਼ਮਣ ਵਾਂਗ, ਇਹ ਫੈਸਲਾ ਤੂੰ ਕਰਨਾ ਹੈ। ਮੈਂ ਤੇਰੇ ਵੱਲ ਦੋਸਤੀ ਦਾ ਹੱਥ ਵਧਾਉਂਦਾ ਹਾਂ। ਕੀ ਤੈਨੂੰ ਮੇਰੀ ਪੇਸ਼ਕਸ਼ ਮਨਜ਼ੂਰ ਹੈ?
ਪੋਰਸ – ਮੁਖੀ ਭਰਾਵੋ ਕੀ ਸਾਨੂੰ ਸਿਕੰਦਰ ਦੀ ਮਿੱਤਰਤਾ ਮਨਜ਼ੂਰ ਹੈ ?
ਸਾਰੇ – ਨਹੀਂ! ਅਸੀਂ ਲੜਾਂਗੇ ! ਅਸੀਂ ਮਰਦੇ ਦਮ ਤਕ ਲੜਾਂਗੇ! ਉਹਨੂੰ ਨਦੀ ਨਹੀਂ ਪਾਰ ਕਰਨ ਦਿਆਂਗੇ। ਉਹ ਸਾਡੇ ਇਲਾਕੇ ‘ਚੋਂ ਲੰਘ ਕੇ ਨਹੀਂ ਜਾਣਾ ਚਾਹੀਦਾ!
ਪੋਰਸ – ਜਵਾਬ ਮਿਲ ਚੁੱਕਾ ਏ। ਅਸੀਂ ਸਿਕੰਦਰ ਦੀ ਦੋਸਤੀ ਤੋਂ ਇਨਕਾਰੀ ਹਾਂ।
ਰਾਜਦੂਤ – ਕੀ ਮੈਂ ਬੋਲ ਸਕਦਾਂ ?
ਪੋਰਸ – ਬੋਲੋ- ਪਰ ਤੂੰ ਕੀ ਬੋਲ ਸਕਦੈਂ, ਇੱਕ ਮਾਮੂਲੀ ਰਾਜਦੂਤ ਵੀ ਕੁਝ ਕਹਿਣਾ ਚਾਹੁੰਦਾ ਏ ?
ਰਾਜਦੂਤ – ਮੈਂ ਸ਼ੁਰੂ ਤੋਂ ਈ ਸਿਕੰਦਰ ਦੇ ਇਸ ਜੰਗੀ ਅਭਿਆਨ ‘ਚ ਉਹਦੇ ਨਾਲ ਰਿਹਾਂ। ਮੈਨੂੰ ਪਤਾ ਕਿ ਉਹ ਅਜਿੱਤ ਏ। ਮੈਂ ਉਹਦੇ ਲਈ ਬੋਲਦਾ ਹਾਂ। ਉਹਨੇ ਮੈਨੂੰ ਇਹਦੀ ਛੋਟ ਦਿੱਤੀ ਹੋਈ ਏ। ਉਹਨੇ ਫਰਿਜੀਆ ‘ਚ ਗੌਰਡੀਅਨ ਗੰਢ ਨੂੰ ਕੱਟਿਆ ਸੀ, ਜੀਹਦੇ ਨਾਲ ਉਹਨੇ ਏਸ਼ੀਆ ਦਾ ਜੇਤੂ ਬਣਨ ਦੀ ਕਿਸਮਤ ਹਾਸਲ ਕੀਤੀ ਸੀ!
ਚੌਥਾ ਮੁਖੀ – ਏਸ਼ੀਆ ਦਾ ਜੇਤੂ !
ਤੀਜਾ ਮੁਖੀ – ਅਸੀਂ ਉਹਨੂੰ ਰੋਕਾਂਗੇ! ਉਹਨੂੰ ਲੰਘਣ ਨਹੀਂ ਦਿੱਤਾ ਜਾਏਗਾ!
ਸਾਰੇ – ਕੋਈ ਦੋਸਤੀ ਨਹੀਂ! ਕੋਈ ਸੰਧੀ ਨਹੀਂ! ਅਸੀਂ ਉਹਨੂੰ ਰੋਕਾਂਗੇ! ਉਹਨੂੰ ਲੰਘਣ ਨਹੀਂ ਦਿੱਤਾ ਜਾਏਗਾ!
ਪੋਰਸ – ਸ਼ਾਂਤ ਰਹੋ! (ਰਾਜਦੂਤ ਨੂੰ) ਤੂੰ ਕੁਝ ਹੋਰ ਕਹਿਣਾ ਚਾਹੁੰਨਾ ਏਂ?
ਰਾਜਦੂਤ – ਕਿਸਮਤ ਨੂੰ ਕੋਈ ਨਹੀਂ ਬਦਲ ਸਕਦਾ। ਸਿਕੰਦਰ ਨੇ ਇਸ ਜਗ੍ਹਾ ਨੂੰ ਪਾਰ ਕਰਕੇ ਅੱਗੇ ਦੀ ਵਿਸ਼ਾਲ ਧਰਤੀ ‘ਤੇ ਚਲੇ ਜਾਣਾ ਏ। ਕੀ ਉਹ ਜਦੋਂ ਇਸ ਜਗ੍ਹਾ ਨੂੰ ਪਾਰ ਕਰੇ ਤਾਂ ਸਭ ਕੁਝ ਕੁਚਲਦਾ ਹੋਇਆ ਜਾਵੇ- ਤੁਹਾਡੇ ਲੋਕਾਂ ਦੀ ਕੱਟ-ਵੱਢ ਕਰਦਾ ਹੋਇਆ ਲੰਘੇ ਜਾਂ ਉਹ ਇੱਕ ਦੋਸਤ ਬਣ ਕੇ ਇਥੋਂ ਅੱਗੇ ਲੰਘੇ ?
ਪੋਰਸ – ਉਹਨੂੰ ਇੱਥੋਂ ਅੱਗੇ ਨਹੀਂ ਲੰਘਣ ਦਿਆਂਗੇ, ਨਾ ਦੋਸਤ ਬਣਕੇ ਤੇ ਨਾ ਹੀ ਦੁਸ਼ਮਣ ਬਣ ਕੇ।
ਰਾਜਦੂਤ – ਦੁਬਾਰਾ ਸੋਚ ਲਓ-ਅਜੇ ਵੀ ਇੱਕ ਵਾਰ ਸੋਚ ਲਓ। ਕੱਟ-ਵੱਢ ‘ਚ ਕੀ ਰੱਖਿਆ ਏ, ਜੇ ਦੋਸਤੀ ਨਾਲ ਇਹਤੋਂ ਬਚਿਆ ਜਾ ਸਕਦਾ ਏ ਤਾਂ ?
ਪੋਰਸ – ਐਸੀ ਦੋਸਤੀ ਸੰਧੀ ਹੁੰਦੀ ਏ। ਸਾਡੀ ਇੱਜ਼ਤ ਸਾਨੂੰ ਵੱਧ ਪਿਆਰੀ ਏ। ਸਾਡਾ ਇਨਕਾਰ ਏ ਬਸ।
ਸਾਰੇ – ਇੱਜ਼ਤ ਪਹਿਲਾਂ! ਕੋਈ ਸੰਧੀ ਨਹੀਂ! ਅਸੀਂ ਮਰਦੇ ਦਮ ਤਕ ਲੜਾਂਗੇ !
ਪੋਰਸ – ਤੈਨੂੰ ਜਵਾਬ ਮਿਲ ਗਿਆ ਏ। ਸਿਕੰਦਰ ਵੱਲੋਂ ਵਧਾਏ ਦੋਸਤੀ ਵਾਲੇ ਹੱਥ ਲਈ ਸਾਡਾ ਇਨਕਾਰ ਏ। ਅਸੀਂ ਆਖਰੀ ਬੰਦੇ ਦੇ ਜਿਉਂਦੇ ਰਹਿਣ ਤਕ ਉਸਨੂੰ ਟੱਕਰ ਦਿਆਂਗੇ। ਉਹਨੂੰ ਆਪਣੀ ਨਦੀ ਤੋਂ ਪਾਰ ਨਹੀਂ ਜਾਣ ਦਿਆਂਗੇ-ਉਹਨੂੰ ਤਾਂ ਨਦੀ ਵੀ ਪਾਰ ਨਹੀਂ ਕਰਨ ਦਿਆਂਗੇ। ਜੇ ਸਾਰੇ ਬੰਦੇ ਮਰ ਗਏ ਤੇ ਮੈਂ ਕੱਲ੍ਹਾ ਈ ਬਚਿਆ, ਮੈਂ ਵੀ ਮਰ ਜਾਊਂਗਾ-ਉਸ ਵੇਲੇ ਵੀ ਲੜਦਾ ਹੋਇਆ। ਜਾਹ-ਸਿਕੰਦਰ ਅਜਿੱਤ, ਨੂੰ ਕਹਿ ਦੇਈਂ, ਕਿ ਮੁੱਠੀ ਭਰ ਲੋਕ ਉਹਦੀ ਉਡੀਕ ਕਰ ਰਹੇ ਨੇ- ਦੁਸ਼ਮਣ ਬਣ ਕੇ। ਧਾੜਵੀ ਨਾਲ ਦੋਸਤੀ ਦਾ ਤਾਂ ਸਵਾਲ ਈ ਪੈਦਾ ਨਹੀਂ ਹੁੰਦਾ। ਜਾਹ-ਸਿਕੰਦਰ ਨੂੰ ਕਹਿ ਦੇਈਂ ਕਿ ਪੋਰਸ ਉਹਦਾ ਐਸਾ ਦੁਸ਼ਮਣ ਐ ਜੋ ਦੁਸ਼ਮਣੀ ਨਿਭਾਉਂਦਾ ਏ। ਉਹ ਆਪਣੇ ਜੋਖਮ ਤੇ ਈ ਸਾਡੀ ਨਦੀ ਪਾਰ ਕਰੇ।
ਰਾਜਦੂਤ – ਸਿਕੰਦਰ ਤੈਨੂੰ ਸਲਾਮ ਕਰਦਾ ਏ, ਤੇਰੇ ਹੌਸਲੇ ਨੂੰ ਪਸੰਦ ਕਰਦਾ ਏ, ਪਰ ਤੇਰੇ ਭਾਗ ਮਾੜੇ ਨੇ। ਮੈਂ ਆਪਣੇ ਸ਼ਬਦ ਦੁਹਰਾ ਰਿਹਾਂ, ਸਿਕੰਦਰ ਅਜਿੱਤ ਏ।
ਪਹਿਲਾ ਮੁਖੀ – ਇਹ ਤਾਂ ਐਂ ਬੋਲ ਰਿਹਾ ਜਿਵੇਂ ਸਿਕੰਦਰ ਇਹ ਆਪ ਈ ਏ।
ਦੂਜਾ ਮੁਖੀ – ਜਦੋਂ ਅੰਬੀ ਨੂੰ ਦੋਸਤੀ ਬਾਰੇ ਪੇਸ਼ਕਸ਼ ਹੋਈ ਸੀ ਤਾਂ ਮੈਂ ਓਥੇ ਈ ਸੀ- ਉਸ ਵੇਲੇ ਵੀ ਤਾਂ ਸ਼ਬਦ ਕੁਝ ਐਸੇ ਈ ਸਨ। ਸ਼ਾਇਦ ਇਹ ਦਾਹੜੀ ਨਹੀਂ ਸੀ (ਸਿਕੰਦਰ ਆਪਣੀ ਦਾਹੜੀ ‘ਤੇ ਹੱਥ ਫੇਰ ਕੇ ਕੁਝ ਅਣਚਾਹੀ ਜਿਹੀ ਹਰਕਤ ਕਰਦਾ ਹੈ।)
ਦੂਜਾ ਮੁਖੀ – ਤੁਸੀਂ ਵੇਖਿਆ ਇਹਨੂੰ ?
ਪੋਰਸ – ਨਹੀਂ, ਨਹੀਂ! ਸਿਕੰਦਰ ਐਡਾ ਮੂਰਖ ਨਹੀਂ ਕਿ ਸਾਡੇ ਦਰਬਾਰ ‘ਚ ਪੈਰ ਵੀ ਪਾ ਜਾਏ। ਤੇ ਜੇ ਉਹਨੇ ਐਸਾ ਕੀਤਾ ਵੀ ਏ ਤਾਂ ਵੀ ਉਹ ਦਾਹੜੀ ਦੀ ਆੜ ‘ਚ ਲੁਕੇਗਾ ਨਹੀਂ।
ਰਾਜਦੂਤ – ਤੂੰ ਫਿਰ ਉਹਦੇ ਬਾਰੇ ਅਜੇ ਜਾਣਦਾ ਨਹੀਂ। (ਦਾਹੜੀ ਲਾਹ ਕੇ ਮਾਰਦਾ ਏ) ਮੈਂ ਸਿਕੰਦਰ ਈ ਆਂ।
ਸਾਰੇ – ਮਾਰੋ! ਮਾਰੋ! (ਰੌਲਾ ਪੈ ਜਾਂਦਾ ਹੈ ਤੇ ਤਲਵਾਰਾਂ ਦੇ ਧੂਹਣ ਦੀ ਆਵਾਜ਼ ਆਉਂਦੀ ਹੈ।)
ਪੋਰਸ – ਸ਼ਾਂਤ ਰਹੋ! ਸ਼ਾਂਤ ਰਹੋ! ਜੇ ਇਹ ਸਿਕੰਦਰ ਏ ਤਾਂ ਸਿਕੰਦਰ ਦਾ ਰਾਜਦੂਤ ਬਣ ਕੇ ਆਇਆ ਏ। ਰਾਜਦੂਤ ਬਣ ਕੇ ਆਉਣ ਵਾਲਾ ਬੰਦਾ ਤਾਂ ਸਤਿਕਾਰ ਦਾ ਪਾਤਰ ਏ – ਚਾਹੇ ਇਹ ਬੰਦਾ ਸਿਕੰਦਰ ਆਪ ਹੀ ਕਿਉਂ ਨਾ ਹੋਵੇ। ਆਪਣੀ ਤਲਵਾਰ ਮਿਆਨ ‘ਚ ਵਾਪਸ ਪਾ ਲੈ। ਬੋਲ ਰਾਜਦੂਤ, ਤੂੰ ਕੁਝ ਹੋਰ ਕਹਿਣਾ ਏ ?
ਸਿਕੰਦਰ – ਬਿਲਕੁਲ! ਬਹੁਤ ਕੁਝ ਕਹਿਣਾ ਬਾਕੀ ਏ। ਪਰ ਕੀ ਤੇਰੇ ਤੇ ਤੇਰੇ ਮੁਖੀਆਂ ‘ਚ ਇਹ ਗੱਲਾਂ ਸਹਿਣ ਦੀ ਤਾਕਤ ਹੈ ?
ਪੋਰਸ – ਮੇਰੇ ‘ਚ ਹੈ ਪਰ ਤਾਂ ਹੀ ਜੇ ਤੂੰ ਇਕ ਰਾਜਦੂਤ ਬਣ ਕੇ ਈ ਬੋਲੇਂ- ਸਿਕੰਦਰ ਬਣ ਕੇ ਨਹੀਂ।
ਦੂਜਾ ਮੁਖੀ – ਅਸੀਂ ਨੀ ਸੁਣਨੀਆਂ ਇਹਦੀਆਂ ਗੱਲਾਂ।
ਤੀਜਾ ਮੁਖੀ – ਸਾਡਾ ਵੱਡਾ ਦੁਸ਼ਮਣ ਸਾਡੇ ਵਿਚਕਾਰ ਖੜ੍ਹਾ ਏ, ਨਿਹੱਥਾ।
ਚੌਥਾ ਮੁਖੀ – ਅਸੀਂ ਇਹਨੂੰ ਹੁਣੇ ਈ ਪਾਰ ਬੁਲਾ ਦਿਆਂਗੇ!
ਦੂਜਾ ਮੁਖੀ – ਇਹਦੇ ਤੋਂ ਬਿਨਾਂ, ਇਹਦੀ ਸਾਰੀ ਫੌਜ ਭੇਡਾਂ ਦੇ ਇਕ ਇੱਜੜ ਵਾਂਗ ਬਣ ਜਾਣੀ ਏ।
ਪੋਰਸ – ਓ ਸ਼ਰਮ ਕਰੋ! ਡਰਪੋਕੋ! ਬਸ ਡਰ ਗਏ ? ਏਨੀ ਗੱਲ ਕਹਿਣੀ ਥੋਨੂੰ ਚੰਗੀ ਲੱਗੇਗੀ ਕਿ ਪੋਰਸ ਨੇ ਰਾਜਦੂਤ ਬਣ ਕੇ ਆਏ ਇਕ ਸਤਿਕਾਰਤ ਬੰਦੇ ਦਾ ਕਤਲ ਕਰ ਦਿੱਤਾ-ਚਾਹੇ ਕਿ ਰਾਜਦੂਤ ਆਪ ਈ ਸਿਕੰਦਰ ਸੀ? ਇਹਨੂੰ ਮਾਰ ਤਾ ਕਿਉਂਕਿ ਇਹ ਸਿਕੰਦਰ ਸੀ। ਤੱਤੇ ਘਾਹ ਈ ਇਹਨੂੰ ਮਾਰ ਦਿੱਤਾ, ਇਹਦਾ ਕਤਲ ਕਰ ਤਾ-ਕਿਉਂਕਿ ਸਾਨੂੰ ਇਹਦੇ ਨਾਲ ਲੜਾਈ ਦੇ ਮੈਦਾਨ ‘ਚ ਲੜਨ ਤੋਂ ਡਰ ਲੱਗਦੈ। ਓ ਸ਼ਰਮ ਕਰੋ ਕੁਝ ! ਆਪਣੀਆਂ ਤਲਵਾਰਾਂ ਮਿਆਨਾਂ ‘ਚ ਵਾਪਸ ਪਾਓ। ਬੰਦੇ ਬਣੋ। ਮੇਰਾ ਦਰਬਾਰ ਪਨਾਹਗਾਹ ਏ। (
ਸਿਕੰਦਰ ਨੂੰ) ਤੂੰ ਹੋਰ ਕੀ ਕਹਿਣਾ ਚਾਹੁੰਨਾ ਏਂ? ਸੰਖੇਪ ‘ਚ ਦੱਸ।
ਸਿਕੰਦਰ – ਚਾਹੇ ਮੈਂ ਆਪਣਾ ਰਾਜਦੂਤ ਬਣ ਕੇ ਈ ਆਇਆ ਸੀ ਤਾਂ ਕਿ ਜੰਗ ਦੇ ਮੈਦਾਨ ‘ਚ ਆਹਮੋ-ਸਾਹਮਣੇ ਇਕ ਦੁਸ਼ਮਣ ਵਾਂਗ ਟਾਕਰਾ ਕਰਨ ਤੋਂ ਪਹਿਲਾਂ ਮੈਂ ਪੋਰਸ ਨੂੰ ਸਾਹਮਣੇ ਹੋ ਕੇ ਮਿਲਾਂ । ਜੇ ਲੜਾਈ ਹੁੰਦੀ ਏ ਤਾਂ ਸਾਨੂੰ ਦੁਸ਼ਮਣਾਂ ਵਾਂਗ ਮਿਲਣਾ ਈ ਪੈਣਾ ਸੀ। ਅਸੀਂ ਇਹ ਵੇਖਿਆ ਏ ਕਿ ਆਪਾਂ ਦੁਸ਼ਮਣ ਨਹੀਂ ਸੀ, ਸਾਨੂੰ ਤਾਂ ਦੋਸ਼ਤ ਬਣ ਜਾਣਾ ਚਾਹੀਦਾ ਏ।
ਪੋਰਸ – ਮੈਂ ਇਨ੍ਹਾਂ ਸ਼ਬਦਾਂ ਨੂੰ ਦੁਹਰਾ ਰਿਹਾ ਆਂ। ਐ ਰਾਜਦੂਤ! ਬਿਨਾਂ ਕਿਸੇ ਨੁਕਸਾਨ ਦੇ ਵਾਪਸ ਮੁੜ ਜਾਹ। ਸ਼ਾਂਤੀ ਤੇ ਸੁਰੱਖਿਆ ‘ਚ ਵਪਾਸ ਮੁੜ ਜਾਹ। ਤੂੰ ਇਸ ਵੇਲੇ ਸਾਡੇ ਲਈ ਸਤਿਕਾਰਯੋਗ ਏਂ। ਅਸੀਂ ਸਿਕੰਦਰ ਨੂੰ ਉਹਦਾ ਜਵਾਬ ਜੰਗ ਦੇ ਮੈਦਾਨ ਵਿੱਚ ਈ ਦਿਆਂਗੇ।
ਵਾਰਤਾਕਾਰ- ਸਿਕੰਦਰ ਦੀ ਫੌਜ ਨੇ ਰਾਤ ਵੇਲੇ ਭਿਆਨਕ ਤੂਫਾਨ ਦੀ ਓਟ ‘ਚ
ਨਦੀ ਪਾਰ ਕਰ ਲਈ ਤੇ ਅਚਾਨਕ ਪੋਰਸ ‘ਤੇ ਹਮਲਾ ਕਰ ਦਿੱਤਾ। ਲੜਾਈ ਨੀਂਵੇਂ ਕੰਢਿਆਂ ‘ਤੇ ਹੋਈ। ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ ਗਿਆ ਪਰ ਪੋਰਸ ਤੇ ਉਹਦੀ ਫੌਜ ਹਾਰ ਗਈ। ਉਹਦਾ ਰਥ ਚਿੱਕੜ ਵਿੱਚ ਫਸ ਗਿਆ ਤੇ ਉਹਦੇ ਹਾਥੀਆਂ ਨੇ ਭਿਆਨਕ ਹਮਲੇ ਦਾ ਸਾਹਮਣਾ ਕਰਨ ਤੋਂ ਇਨਕਾਰ ਕਰ ਦਿੱਤਾ, ਤੇ ਘੁੰਮ ਕੇ ਆਪਣੇ ਹੀ ਫੌਜੀਆਂ ਨੂੰ ਕੁਚਲਣਾ ਸ਼ੁਰੂ ਕਰ ਦਿੱਤਾ। ਹਮਲੇ ਦੇ ਸ਼ੁਰੂ ਵਿੱਚ ਹੀ ਪੋਰਸ ਦਾ ਪੁੱਤਰ ਮਾਰਿਆ ਗਿਆ। ਪੋਰਸ ਆਪ ਵੀ ਫੱਟੜ ਹੋ ਗਿਆ ਤੇ ਬੰਦੀ ਬਣਾ ਲਿਆ ਗਿਆ। ਪੋਰਸ ਦੀ ਫੌਜ ਨੂੰ ਸਿਕੰਦਰ ਦੇ ਵੱਡੀ ਗਿਣਤੀ ਵਿਚ ਫੌਜੀਆਂ ਅਤੇ ਸ਼ਾਨਦਾਰ ਯੁੱਧਕਲਾ ਨੇ ਚਿੱਤ ਕਰ ਦਿੱਤਾ।
ਦ੍ਰਿਸ਼ ਤੀਜਾ
ਹੈਦਾਸਪਸ ਵਿਖੇ। ਸਿਕੰਦਰ ਪੋਰਸ ਦੇ ਤਖ਼ਤ ‘ਤੇ ਬੈਠਾ ਹੈ।
ਸਿਕੰਦਰ – ਸਾਥੀਓ ਅਤੇ ਦੋਸਤੋ! ਦੁਸ਼ਮਣ ਦੀ ਫੌਜ ਦੇ ਅਜਿੱਤ ਹੌਸਲੇ ਦੇ ਬਾਵਜੂਦ, ਅਸੀਂ ਪੋਰਸ ਨੂੰ ਹਰਾ ਦਿੱਤਾ। ਦੇਵਤੇ ਵੀ ਸਾਡੇ ਅੰਗ-ਸੰਗ ਸਨ, ਜਿਨ੍ਹਾਂ ਸਾਹਵੇਂ ਅਸੀਂ ਸਾਦਗੀ ਦੇ ਮਾਣ ‘ਚ ਖੜ੍ਹਦੇ ਆਂ। ਇਹ ਜਿੱਤ ਉਨ੍ਹਾਂ ਦੀ ਏ।
ਹਾਰਨ ਵਾਲਿਆਂ ਨੂੰ ਹਥਿਆਰਾਂ ਦੀ ਅਸਧਾਰਨ ਤਾਕਤ ਨੇ ਚਿੱਤ ਕੀਤਾ ਏ। ਰੱਬ ਸਾਡੇ ਨਾਲ ਸੀ ਤੇ ਕਿਸਮਤ ਵੀ। ਇਹ ਨਾ ਸੋਚਿਓ ਕਿ ਸਾਡੀ ਜਿੱਤ ਕਿਸੇ ਮਤਲਬ ਦੀ ਖ਼ਾਤਿਰ ਸੀ। ਇਹ ਸੱਚੀ ਗੱਲ ਐ ਕਿ ਜਿੱਤਣ ਲਈ ਸਾਨੂੰ ਕੁਝ ਨੂੰ ਮਾਰਨਾ ਪਿਆ। ਜਾਨੋਂ ਮਾਰ ਦੇਣਾ ਸਾਡੀ ਲਲਕਾਰ ਦਾ ਦੋਸ਼ ਏ। ਮੈਨੂੰ ਅਫ਼ਸੋਸ ਏ ਕਿ ਪੋਰਸ ਦਾ ਪੁੱਤ ਮਾਰਿਆ ਗਿਆ। ਜੀਹਨੂੰ ਮੈਂ ਪੋਰਸ ਦੇ ਕੋਲ ਭੇਜ ਦਿੱਤਾ। ਇਹ ਵੀ ਨਾ ਸੋਚਿਓ ਕਿ ਜਿਹੜੇ ਤਖਤ ‘ਤੇ ਮੈਂ ਬੈਠਾ ਆਂ, ਇਹ ਮੇਰਾ ਕੋਈ ਟੀਚਾ ਸੀ। ਮੈਂ ਇਹਨੂੰ ਰੱਖਣਾ ਨੀਂ ਚਾਹੁੰਦਾ ਤੇ ਨਾ ਹੀ ਮੈਨੂੰ ਇਹਦੀ ਲੋੜ ਏ। ਪਰ ਮੈਂ ਅੱਗੇ ਵਧਣਾ ਚਾਹੁੰਦਾ ਆਂ। ਤੂਫਾਨੀ ਰਾਤ ‘ਚ ਅਸੀਂ ਨਦੀ ਪਾਰ ਕੀਤੀ ਏ ਪਰ ਅਜੇ ਕਈ ਹੋਰ ਨਦੀਆਂ ਵੀ ਪਾਰ ਕਰਨੀਆਂ ਨੇ ਦੂਰ, ਕਾਫੀ ਅੱਗੇ, ਗੰਗਾ ਦਾ ਪਵਿੱਤਰ ਪਾਣੀ ਵਹਿੰਦਾ ਏ। ਉਹ ਨਦੀ ਹੀ ਮੇਰੀ ਮੰਜ਼ਿਲ ਏ। ਹਾਲੇ ਅਸੀਂ ਆਪਣੇ ਦੇਵਤਿਆਂ ਦਾ ਸ਼ੁਕਰਾਨਾ ਕਰਦਿਆਂ ਇਸ ਨਿਮਾਣੀ ਜਿਹੀ ਜਿੱਤ ਦੀ ਖੁਸ਼ੀ ਮਾਣਦੇ ਆਂ। ਅਸੀਂ ਤਕਸ਼ਿਲਾ ਦੇ ਰਾਜਾ ਅੰਬੀ ਦਾ ਵੀ ਧੰਨਵਾਦ ਕਰਦੇ ਆਂ, ਜਿਸ ਨੇ ਆਪਣੀ ਨਿਰਵਿਰੋਧ ਅਧੀਨਤਾ ਨਾਲ ਤੇ ਆਪਣੀ ਦੋਸਤੀ ਭਰੀ ਮਦਦ ਦੇ ਕੇ ਕਾਫੀ ਖੂਨ ਡੁੱਲ੍ਹਣੋਂ ਬਚਾ ਲਿਆ। ਕੱਲ੍ਹ ਨੂੰ ਅਸੀਂ ਆਪਣੀ ਜਿੱਤ ਦਾ ਜਸ਼ਨ ਮਨਾਂਵਾਂਗੇ ਜਿਵੇਂ ਹੋਇਆ ਕਰਦਾ ਏ। ਪਰ ਆਪਾਂ ਜ਼ਿਆਦਾ ਖੁਸ਼ ਵੀ ਨਾ ਹੋਈਏ ਕਿਉਂਕਿ ਜੰਗਾਂ-ਯੁੱਧਾਂ ‘ਚ, ਇੱਕ ਧਿਰ ਦੀ ਜਿੱਤ ਦਾ ਮਤਲਬ ਏ ਦੂਜੀ ਧਿਰ ਦੀ ਹਾਰ ਤੇ ਦੋਵੇਂ ਧਿਰਾਂ ਨੂੰ ਆਪਣੇ ਮਰੇ ਹੋਏ ਫੌਜੀਆਂ ਦਾ ਵੀ ਅਫ਼ਸੋਸ ਏ।
(ਦਰਬਾਨ ਦਾਖਲ ਹੁੰਦਾ ਹੈ।)
ਦਰਬਾਨ ਬੰਦੀ ਬਾਹਰ ਖੜ੍ਹਾ ਏ।
ਸਿਕੰਦਰ – ਬੰਦੀ? ਕੀਹਨੂੰ ਬੰਦੀ ਬਣਾਇਆ? ਤੇਰਾ ਮਤਲਬ ਏ ਰਾਜਾ ਪੋਰਸ?
ਦਰਬਾਨ ਜੀ ਹਜ਼ੂਰ।
ਸਿਕੰਦਰ – ਉਹਨੂੰ ਮੇਰੇ ਸਾਹਮਣੇ ਲਿਆਓ। (ਮੰਤਰੀ ਨੂੰ) ਤੁਸੀਂ ਜਾਓ ਤੇ ਉਸ ਨੂੰ ਲੈ ਕੇ ਆਓ। ਉਹਨੂੰ ਮੇਰੇ ਸਾਹਮਣੇ ਬੰਨ੍ਹੇ ਬਗ਼ੈਰ ਲੈ ਕੇ ਆਓ।
(ਮੰਤਰੀ ਚਲਾ ਜਾਂਦਾ ਹੈ।)
ਸਿਕੰਦਰ – ਸਾਥੀਓ ਤੇ ਦੋਸਤੋ-ਮੇਰੇ ਗੁਰੂ ਅਰਸਤੂ ਨੇ ਮੈਨੂੰ ਸਿਖਇਆ ਏ ਕਿ
ਭਾਈਚਾਰੇ ‘ਚ ਮਿੱਤਰਤਾ ਵੱਸਦੀ ਏ। ਅਸੀਂ ਫੌਜੀ, ਭਾਈਚਾਰੇ ਵਿੱਚ, ਏਸੇ ਕਾਰਨ ਦੋਸਤ ਹੋ ਜਾਨੇ ਆਂ। ਸਾਰੀਆਂ ਭੂਮੀਆਂ ਉੱਤੇ ‘ਤੇ ਵੱਖੋ-ਵੱਖ ਰਾਜਾਂ ‘ਚ ਜਿਵੇਂ ਬਾਕੀ ਸਾਰੇ ਭਾਈਚਾਰਿਆਂ ਦੀ ਲੋੜ ਏ, ਜੋ ਇੱਕੋ ਭਾਈਚਾਰੇ ਦਾ ਅੰਗ ਹੁੰਦੀਆਂ ਨੇ। ਮੇਰਾ ਮਤਲਬ ਏ ਕਿ ਭਾਈਚਾਰੇ ਪੂਰੇ ਸਮਾਜ ਲਈ ਹੁੰਦੇ ਨੇ, ਕੇਵਲ ਆਪਣੇ ਲਈ ਨਹੀਂ। ਆਪਣਾ ਇਹ ਫੌਜੀ ਭਾਈਚਾਰਾ ਪੂਰੀ ਧਰਤੀ ‘ਤੇ ਪੂਰੀ ਦੁਨੀਆਂ ‘ਚ ਫੈਲਿਆ ਹੋਇਆ ਏ। ਤਾਂ ਹੀ ਤਾਂ ਇੱਕ ਭੂਮੀ ਦਾ ਫੌਜੀ ਦੂਜੀ ਭੂਮੀ ਦੇ ਫੌਜੀ ਦਾ ਕੁਦਰਤੀ ਮਿੱਤਰ ਬਣ ਜਾਂਦਾ ਏ ਬਸ਼ਰਤੇ ਕਿ ਉਹ ਆਹਮੋ-ਸਾਹਮਣੇ ਲੜਦੇ ਨਾ ਹੋਣ। ਪੋਰਸ ਨਾਲ ਸਾਡੀ ਲੜਾਈ ਖ਼ਤਮ ਹੋ ਚੁੱਕੀ ਏ। ਅਸੀਂ ਇੱਕ ਦੋਸਤ ‘ਤੇ ਵਿਸ਼ਵ-ਵਿਆਪੀ ਫੌਜੀਆਂ ਦੇ ( ਭਾਈਚਾਰੇ ‘ਚ ਇਕ ਸਾਥੀ-ਫੌਜੀ ਵਾਂਗ ਉਹਦਾ ਸੁਆਗਤ ਕਰਾਂਗੇ । ਕਿਉਂ ਸਮਾਜ ‘ਚ ਭਾਈਚਾਰਾ ਨਹੀਂ ਵੱਸਦਾ ?
(ਪੋਰਸ ਦਾਖਲ ਹੁੰਦਾ ਹੈ)
ਮੰਤਰੀ ਉਹਦੇ ਨਾਲ ਅੰਦਰ ਆਉਂਦਾ ਹੈ। ਉਹਨੂੰ ਕੁਝ ਫੌਜੀ ਆਦਰ ਨਾਲ ਲੈ ਕੇ ਆਉਂਦੇ ਹਨ- ਉਹਦੀ ਬਾਂਹ ਇਕ ਪੱਟੀ ਦੇ ਸਹਾਰੇ ਬੰਨ੍ਹੀ ਹੈ ‘ਤੇ ਸਿਰ ਤੇ ਪੱਟੀਆਂ ਕੀਤੀਆਂ ਹੋਈਆਂ ਹਨ।
ਸਿਕੰਦਰ – ਐ ਬਹਾਦਰ ਵੀਰ, ਤੇਰਾ ਸੁਆਗਤ ਐ। ਹੁਣ ਤੂੰ ਸਿਕੰਦਰ ਦੀ ਤਾਕਤ ਬਾਰੇ ਕੀ ਸੋਚਦਾ ਏਂ? ਕੀ ਉਹ ਅਜਿੱਤ ਨਹੀਂ ਏ? ਉਹਦੇ ਨਾਲ ਲੜਨਾ ਮੂਰਖਤਾ ਨਹੀਂ ਸੀ? ਤੇ ਹੁਣ ਤੇਰੇ ਰਾਜ ‘ਚ ਦਾਖਲ ਹੋ ਜਾਣ ‘ਤੇ, ਇਹ ਸਭ ਕੁਝ ਸਿਕੰਦਰ ਦੇ ਹੱਥਾਂ ‘ਚ ਏ।
ਪੋਰਸ – ਮੈਨੂੰ ਜਿੱਤਣ ਨਾਲ, ਏਸ ਵਿਸ਼ਾਲ ਧਰਤੀ ਦਾ ਤਾਂ ਇੱਕ ਛੋਟਾ ਜਿਹਾ ਟੁਕੜਾ ਈ ਤੇਰੇ ਹੱਥ ਲੱਗਾ ਏ। ਮੇਰੇ ਛੋਟੇ ਜਿਹੇ ਰਾਜ ਤੋਂ ਅੱਗੇ ਵਿਸ਼ਾਲ ਫੌਜਾਂ ਤੇਰੀ ਉਡੀਕ ਕਰ ਰਹੀਆਂ ਨੇ। ਫਿਰ ਉਨ੍ਹਾਂ ਦੀ ਤਾਕਤ ਤੇ ਤੇਰੀ ਤਾਕਤ ਦਾ ਮੁਕਾਬਲਾ ਹੋਣਾ ਏ। ਫਿਰ ਵੇਖਾਂਗੇ ਕਿ ਤੂੰ ਅਜਿੱਤ ਹੈਂ ਜਾਂ ਨਹੀਂ।
ਸਿਕੰਦਰ – ਐ ਪੋਰਸ! ਤੂੰ ਹਾਰ ਕੇ ਵੀ ਤਕਲੀਫ ਦੇ ਰਿਹਾ ਏਂ।
ਪੋਰਸ – ਮੈਂ ਹਾਰਨਾ ਜਾਣਦਾ ਈ ਨਹੀਂ। ਮੇਰੇ ਜ਼ਖਮ ਭਰ ਜਾਣਗੇ। ਅਸੀਂ ਮਾਮੂਲੀ ਸ਼ਬਦਾਂ ‘ਚ ਆਪਣਾ ਸਮਾਂ ਗੁਆ ਰਹੇ ਆਂ, ਬੋਲ ਮੇਰੀ ਕਿਸਮਤ ‘ਚ ਕੀ ਲਿਖਿਆ ਏ ?
ਸਿਕੰਦਰ – ਜੇ ਮੈਂ ਤੇਰਾ ਬੰਦੀ ਹੁੰਦਾ- ਜੋ ਰੱਬ ਦੀ ਕਿਰਪਾ ਨਾਲ ਨਹੀਂ ਬਣਿਆ, ਪਰ ਜੇ ਹੁੰਦਾ, ਤੂੰ ਮੇਰੇ ਨਾਲ ਕਿਹੋ ਜਿਹਾ ਸਲੂਕ ਕਰਦਾ?
ਪੋਰਸ – ਜਿਵੇਂ ਇਕ ਰਾਜਾ ਦੂਜੇ ਨਾਲ ਕਰਦਾ ਏ।
ਸਿਕੰਦਰ – ਬੜੀ ਸੋਹਣੀ ਗੱਲ ਕਹੀ ਐ, ਇਕ ਰਾਜਾ ਦੂਜੇ ਰਾਜੇ ਦੇ ਹੁੰਦਿਆਂ ਤਖ਼ਤ
ਤੇ ਨਹੀਂ ਬੈਠ ਸਕਦਾ। (ਤਖ਼ਤ ਤੋਂ ਉੱਤਰ ਜਾਂਦਾ ਹੈ) ਐ ਮੇਰੇ ਦੋਸਤ, ਮੇਰੇ ਵੀਰ ਰਾਜੇ, ਮੈਂ ਤੇਰੇ ਰਾਜ ਤੋਂ ਅੱਗੇ ਵਿਸ਼ਾਲ ਧਰਤੀ ਵੱਲ ਲੰਘ ਜਾਵਾਂਗਾ-ਜਿੱਤਣ ਲਈ ਨਹੀਂ ਸਗੋਂ ਖੋਜਣ ਲਈ। ਮੇਰਾ ਅੜਿੱਕਾ ਨਾ ਬਣ, ਮੇਰਾ ਵਿਰੋਧ ਨਾ ਕਰ। ਡੂੰਘੇ ਭਿੱਜੇ ਭਾਵਾਂ ਵਾਲੇ ਇਸ ਮੌਕੇ ਮੈਂ ਉਸ ਵੱਲ ਵਧਣਾ ਚਾਹੁੰਦਾ ਆਂ ਜੋ ਏਸ ਵਿਸ਼ਾਲ ਦੇਸ਼ ਦਾ ਆਖਰੀ ਕਿਨਾਰਾ ਏ। ਮੇਰਾ ਇਹ ਹਮਲਾ, ਇਕ ਪ੍ਰਕਿਰਿਆ ਦਾ ਹਿੱਸਾ ਮਾਤਰ ਏ, ਜੇ ਤੂੰ ਪੂਰੀ ਦੁਨੀਆਂ ਨੂੰ ਇਕ ਵੇਖਣਾ ਚਾਹੁੰਨਾ ਏਂ ਤਾਂ ਅੱਖਾਂ ਬੰਦ ਕਰ ਲੈ। ਹਮਲਾ ਤੇ ਹਮਲੇ ਦਾ ਵਿਰੋਧ, ਸਾਡੇ ਇਨ੍ਹਾਂ ਸਮਿਆਂ ਦਾ ਕੱਜਣ ਤੇ ਰੌਲਾ ਲੱਗਦਾ ਏ। ਮੈਂ ਹਮਲਾ ਜ਼ਰੂਰ ਕਰਾਂਗਾ। ਤੂੰ ਮੈਨੂੰ ਲਾਜ਼ਮੀ ਰੋਕੇਂਗਾ। ਹੁਣ ਮੈਨੂੰ ਜਵਾਬ ਦੇ, ਜੇ ਤੂੰ ਹਮਲਾਵਰ ਨਾਲ ਦੋਸਤੀ ਈ ਕਰ ਲਈ ਤਾਂ ਮੁਕਾਬਲਾ ਕਿਵੇਂ ਕਰੇਂਗਾ? ਤੇ ਤੂੰ ਅਜੇ ਵੀ-ਕੋਈ ਵੱਡੀ ਗ਼ਲਤੀ ਨਹੀਂ ਕੀਤੀ-ਕਿਉਂਕਿ ਇਹ ਦੋਸਤੀ ਦਾ ਇਕ ਤਜ਼ਰਬਾ ਈ ਤਾਂ ਸੀ ; ਤੇ ਕੀ ਬੰਦਿਆਂ ਵਿਚਲੀ ਦੋਸਤੀ ਸਭ ਤੋਂ ਉੱਚਾ ਗੁਣ ਨਹੀਂ ਏ ? ਇਹ ਰਾਸ਼ਟਰਾਂ ਵਿਚਕਾਰ ਵੀ ਸਭ ਤੋਂ ਉੱਚਾ ਗੁਣ ਹੋ ਸਕਦੀ ਏ। ਪਰ ਰਾਸ਼ਟਰਾਂ ਦੀ ਦੋਸਤੀ ਅਜੇ ਨਹੀਂ ਏ। ਜਦੋਂ ਐਸਾ ਵੇਲਾ ਆਏਗਾ, ਉਦੋਂ ਮੇਰਾ ਮੌਕਾ ਹੋਏਗਾ ਕਿਉਂਕਿ ਫਿਰ ਤਾਕਤ ਦਾ ਕੋਈ ਅਰਥ ਨਹੀਂ ਹੋਣਾ, ਤੇ ਨਰਮੀ ਇਸ ਧਰਤੀ ਦੀ ਉਤਰਾਧਿਕਾਰੀ ਬਣ ਜਾਏਗੀ। ਐਸ ਵੇਲੇ-ਐ ਅੰਬੀ ਤੇ ਪੋਰਸ, ਦੋਸਤ ਬਣ ਜਾਓ-ਚਾਹੇ ਇਹ ਫਾਇਦੇ ਦੀ ਦੋਸਤੀ ਹੀ ਕਿਉਂ ਨਾ ਹੋਵੇ। ਇਕ-ਦੂਜੇ ਨਾਲ ਦੋਸਤੀ ਕਰ ਲਵੋ| ਇਹ ਦੋਸਤੀ ਦਾ ਇੱਕ ਤਜ਼ਰਬਾ ਹੀ ਹੋਏਗਾ। ਇਕ ਹੋ ਜਾਓ-ਮੈਨੂੰ ਰੋਕਣ ਲਈ ਇਕ ਹੋ ਜਾਓ।
ਪੋਰਸ – ਪਰ ਸਿਕੰਦਰ, ਹੁਣ ਮੈਂ ਤੈਨੂੰ ਕਿਵੇਂ ਰੋਕ ਸਕਦਾਂ ? ਮੈਂ ਆਪਣੇ ਆਪੇ ‘ਚ ਈ ਵੰਡਿਆ ਪਿਆ ਆਂ। ਮੈਂ ਇਕ ਦੋਸਤ ਆਂ ਜਾਂ ਇਕ ਦੁਸ਼ਮਣ ਆਂ? ਇਕ ਦੁਸ਼ਮਣ ਵਾਂਗ, ਮੈਂ ਵਾਰ-ਵਾਰ ਵਿਰੋਧ ਕਰਾਂਗਾ। ਇਕ ਦੁਸ਼ਮਣ ਵਾਂਗ – ਮੈਂ ਇਹੋ ਕਹਾਂਗਾ; ਅੱਗੇ ਨਹੀਂ ਜਾਣ ਦੇਣਾ-ਮੈਂ ਇਹੋ ਕਹਾਂਗਾ : ਅੱਗੇ ਵਧ। ਇਕ ਬੰਦੀ ਵਾਂਗ – ਮੈਂ ਚੁੱਪ ਆਂ। ਤੂੰ ਇਕ ਵਾਰ ਫੇਰ ਆਪਣੇ ਰਾਜਦੂਤ ਦੀ ਭੂਮਿਕਾ ਨਿਭਾ, ਸਿਕੰਦਰ !
ਸਿਕੰਦਰ – ਤੇ ਜਿਨ੍ਹਾਂ ਦੇਵਤਿਆਂ ਨੇ ਮੈਨੂੰ ਭੇਜਿਆ ਐ, ਉਨ੍ਹਾਂ ਕੋਲ ਮੁੜ ਜਾਣ ਤੋਂ ਪਹਿਲਾਂ, ਮੈਂ ਤੁਹਾਨੂੰ ਦੋਵਾਂ ਨੂੰ ਇਕ ਦੋਸਤ ਬਣਿਆ ਵੇਖਣਾ ਚਾਹੁੰਦਾ ਆਂ- ਚਾਹੇ ਇਹ ਇਕ ਫਾਇਦੇ ਭਰੀ ਦੋਸਤੀ ਹੀ ਕਿਉਂ ਨਾ ਹੋਵੇ, (ਦੋਵਾਂ ਦਾ ਇਕ ਇਕ ਹੱਥ ਫੜਦਾ ਹੈ, ਤੇ ਅੰਬੀ ਤੇ ਪੋਰਸ ਦਾ ਹੱਥ ਮਿਲਾ ਦਿੰਦਾ ਹੈ) ਆਪਣੇ ਸਾਂਝੇ ਭਲੇ ਲਈ ਇਕ-ਦੂਜੇ ਦੇ ਸਾਥੀ ਬਣ ਜਾਓ। ਤੇ ਹੁਣ ਐ ਦੋਸਤੋ, ਮੈਂ ਚੱਲਦਾ ਆਂ। ਸਿਕੰਦਰ ਨੇ ਆਪਣੀ ਕਿਸਮਤ ਨੂੰ ਪੂਰਾ ਕਰਨਾ ਏ। (ਪਿੱਛੇ- ਵਿਚਕਾਰ ਨੂੰ ਮੁੜ ਜਾਂਦਾ ਹੈ) ਐ ਪੋਰਸ- ਤੂੰ ਆਪਣੇ ਤਖ਼ਤ ‘ਤੇ ਬੈਠ। ਇਹ ਮੇਰਾ ਨਹੀਂ ਏ। ਦੋਸਤੋ-ਮੈਂ ਦੇਵਤਿਆਂ ਦੀ ਗੋਦ ਵਿੱਚ ਚੱਲਦਾ ਆਂ। ਅਲਵਿਦਾ! ਜਿਉਂਦਾ ਰਹਿ ਪੋਰਸ!
(ਚਲਾ ਜਾਂਦਾ ਹੈ।)
(ਸਿਕੰਦਰ ਦੇ ਪਿੱਛੇ ਚੱਲਣ ਵਾਲੇ ਸ਼ੋਰ ਮਚਾ ਦਿੰਦੇ ਹਨ। ਅੰਬੀ ਤੇ ਪੋਰਸ- ਇਕੱਲੇ ਖੜ੍ਹੇ ਰਹਿ ਜਾਂਦੇ ਹਨ।)
ਪੋਰਸ – ਜਿਉਂਦਾ ਰਹਿ ਸਿਕੰਦਰ!
(ਦੋਵੇਂ ਅੰਬੀ ਤੇ ਪੋਰਸ ਗਲਵੱਕੜੀ ਪਾਉਂਦੇ ਹਨ।)
ਅਨੁਵਾਦਕ : ਪ੍ਰੋ. ਇੰਦਰਪਾਲ ਸਿੰਘ
Credit – ਹਰਬੀਰ ਸਿੰਘ ਭੰਵਰ