ਪਵਿੱਤਰ ਪਾਪੀ, ਨਾਨਕ ਸਿੰਘ
ਉਸ ਨੇ ਆਪਣੀ ਆਪ-ਬੀਤੀ ਕਿਵੇਂ ਸੁਣਾਈ ?
ਕਾਸ਼ ! ਮੈਂ ਉਸ ਦੀ ਇਕ ਅੱਧ ਫ਼ੋਟੇ ਲੈ ਲਈ ਹੁੰਦੀ, ਜਿਹੜੀ ਮੈਂ ਆਪਣੇ ਪਾਠਕਾਂ ਨੂੰ ਵਿਖਾਲ ਕੇ ‘ਕਮਾਲ’ ਬਾਬਤ ਉਨ੍ਹਾਂ ਨੂੰ ਚੰਗੀ ਤਰ੍ਹਾਂ ਅਨੁਭਵ ਕਰਾ ਸਕਦਾ, ਪਰ ਉਸ ਵੇਲੇ ਮੈਨੂੰ ਕੀ ਪਤਾ ਸੀ ਕਿ ਕਦੀ ਮੈਨੂੰ ਉਸ ਦੀ ਜੀਵਨੀ ‘ਨਾਵਲ’ ਦੇ ਰੂਪ ਵਿਚ ਪੇਸ਼ ਕਰਨੀ ਪਵੇਗੀ। ਅੱਜ ਮੈਂ ਸੋਚ ਰਿਹਾ ਹਾਂ, ਕੀ ਮੈਂ ਕਲਮ ਨਾਲ ਉਸ ਅਭਾਗੇ ਦੀ ਹੂ-ਬ-ਹੂ ਤਸਵੀਰ ਚਿੱਤ੍ਰ ਸਕਾਂਗਾ ?
ਉਸ ਦਾ ਅਸਲ ਨਾਂ ਮੈਨੂੰ ਉਦੋਂ ਪਤਾ ਲਗਾ, ਜਦ ਇਸ ਦੁਨੀਆਂ ਵਿਚ ਸਿਰਫ਼ ਉਸ ਦਾ ਨਾਂ ਹੀ ਬਾਕੀ ਰਹਿ ਗਿਆ ਸੀ। ਆਮ ਤੌਰ ਤੇ ਲੋਕੀਂ ਉਸ ਨੂੰ ‘ਮਿਸਟਰ ਕਮਾਲ’ ਕਹਿ ਕੇ ਸੱਦਦੇ ਸਨ। ਮੇਰਾ ਖ਼ਿਆਲ ਸੀ, ਉਸ ਦਾ ਇਹੋ ਨਾਂ ਹੈ, ਪਰ ਮਗਰੋਂ ਪਤਾ ਲੱਗਾ ਕਿ ਇਹ ਉਸ ਦਾ ਨਾਂ ਨਹੀਂ ਬਲਕਿ ਉਸ ਦਾ ਉਪਨਾਮ ਕਹੋ ਜਾਂ ਵਿਸ਼ੇਸ਼ਣ ਕਹੋ, ਕੁਝ ਇਹੋ ਜਿਹਾ ਹੀ ਸੀ। ਮੈਂ ਸੋਚਦਾ ਹਾਂ, ਉਹ ਅਸਲੀ ਅਰਥਾਂ ਵਿਚ ‘ਕਮਾਲ’ ਸੀ । ਉਸ ਨੂੰ ਜਿੰਨਾ ਕੁਝ ਵੀ ਮੈਂ ਵੇਖਿਆ, ਕਮਾਲ ਤੋਂ ਘੱਟ ਨਹੀਂ ਸੀ। ਉਹ ਜੋ ਕੁਝ ਵੀ ਕਰਦਾ, ਉਸ ਨੂੰ ਕਮਾਲ ਦੀ ਹਦ ਤੇ ਪਹੁੰਚਾ ਕੇ ਛੱਡਦਾ ਸੀ।
ਕਾਫ਼ੀ ਪੁਰਾਣਾ ਵਾਕਿਆ ਹੈ – ਅੱਜ ਤੋਂ ਕੋਈ ਦਸ ਸਾਲ ਪਹਿਲਾਂ ਦਾ – ਉੱਨੀ ਸੌ ਇਕੱਤੀ ਜਾਂ ਬੱਤੀ ਦਾ ਸ਼ਾਇਦ, ਪਰ ਹੁਣ ਵੀ ਜਦ ਕਦੇ ਅੰਮ੍ਰਿਤਸਰ ਦੇ ਉਸ ਬਾਜ਼ਾਰ ਵਿਚੋਂ ਲੰਘਦਾ ਹਾਂ, ਉਸ ਦੁਕਾਨ ਅੱਗੇ ਮੇਰੇ ਪੈਰ ਇਕ ਵਾਰੀ ਜ਼ਰੂਰ ਰੁਕ ਜਾਂਦੇ ਹਨ। ਉਹ ਦੁਕਾਨ ਹੁਣ ਘੜੀ ਸਾਜ਼ੀ ਦੇ ਥਾਂ ਕਰਿਆਨੇ ਦੀ ਹੈ, ਪਰ ਮੇਰੀਆਂ ਅੱਖਾਂ ਸਾਹਮਣੇ ਓਹੀ ਪੁਰਾਣਾ ਦ੍ਰਿਸ਼ ਫਿਰ ਜਾਂਦਾ ਹੈ – ਭੂਰੇ ਜਿਹੇ ਰੰਗ ਦੀ ਮੈਲੀ ਜਾਕਟ ਪਾਈ ਇਕ ਬਾਈਆਂ-ਚਵੀਆਂ ਵਰ੍ਹਿਆਂ ਦਾ ਮਾੜੂਆ ਜਿਹਾ ਗਭਰੀਟ ਗੋਡੇ ਹਿੱਕ ਨਾਲ ਲਾਈ ਪੈਰਾਂ ਭਾਰ ਆਪਣੇ ਧੁੰਦਲੇ ਸ਼ੀਸ਼ਿਆਂ ਵਾਲੇ ਸ਼ੋ-ਕੇਸ ਦੇ ਸਾਹਮਣੇ ਬੈਠਾ ਘੜੀਆਂ ਮੁਰੰਮਤ ਕਰ ਰਿਹਾ ਹੈ, ਜਿਸ ਵਿਚ ਅਨੇਕਾਂ ਪੁਰਾਣੀਆਂ ਘੜੀਆਂ, ਟਾਈਮ ਪੀਸ ਤੇ ਉਨ੍ਹਾਂ ਦੇ ਬੇ-ਓੜਕ ਪੁਰਜ਼ੇ ਭਰੇ ਪਏ ਹਨ। ਸ਼ੈ-ਕੇਸ ਦੇ ਸਾਹਮਣੇ ਵਾਲੇ ਸ਼ੀਸ਼ੇ ਉਤੇ ਇਕ ਅੱਧੇ ਕੁ ਕਾਰਡ ਜਿੱਡੀ ਤਸਵੀਰ ਚਿਪਕਾਈ ਹੋਈ ਹੈ, ਜਿਹੜੀ ਪੁਰਾਣੀ ਤੇ ਮੈਲੀ ਹੋਣ ਕਰ ਕੇ ਅਸਪਸ਼ਟ ਜਿਹੀ ਹੋ ਗਈ ਹੈ, ਪਰ ਧਿਆਨ ਨਾਲ ਵੇਖਿਆਂ ਲੱਭ ਪੈਂਦਾ ਹੈ ਕਿ ਉਹ ਇਕ ਦਸਾਂ ਕੁ ਵਰ੍ਹਿਆਂ ਦੀ ਕੁੜੀ ਦੀ ਫੋਟੋ ਹੈ।
ਮੈਨੂੰ ਇਸ ਤਰ੍ਹਾਂ ਜਾਪਦਾ ਹੈ, ਜਿਵੇਂ ਉਹ ਘੜੀਸਾਜ਼ ਹੁਣ ਵੀ ਉਥੇ ਇਕੋ ਤਰ੍ਹਾਂ ਦੀ ਬੈਠਕ ਵਿਚ ਸੱਜੀ ਅੱਖ ਨਾਲ ਆਈ-ਗਲਾਸ ਘੁੱਟੀ, ਕਿਸੇ ਵਿਗੜੀ ਹੋਈ ਘੜੀ ਵਿਚੋਂ, ਉਸ ਦੇ ਪੁਰਜ਼ਿਆਂ ਨੂੰ ਮਹੀਨ ਚੁੰਝ ਵਾਲੀ ਚਿਮਟੀ ਨਾਲ ਕੱਢ ਕੇ ਸ਼ੋ-ਕੇਸ ਦੀ ਛੱਤ ਉੱਤੇ ਰੱਖੀ ਜਾ ਰਿਹਾ ਹੈ, ਜਿਥੇ ਹੋਰ ਵੀ ਕਈ ਖੁਲ੍ਹੀਆਂ ਤੇ ਅੱਧ-ਖੁਲ੍ਹੀਆਂ ਘੜੀਆਂ ਕੱਚ ਦੇ ਗਲੋਬਾਂ ਦੇ ਹੇਠ ਕੱਜੀਆਂ ਪਈਆਂ ਹਨ।
ਉਸ ਦੇ ਪਤਲੇ ਹੇਠ, ਜਿਹੜੇ ਕਦੀ ਵੀ ਸਿਗਰਟ ਤੋਂ ਖ਼ਾਲੀ ਨਹੀਂ ਸਨ ਹੁੰਦੇ . ਹੁਣ ਵੀ ਮੈਨੂੰ ਉਸੇ ਤਰ੍ਹਾਂ ਧੂੰਏ ਦੇ ਬੱਦਲ ਉਛਾਲਦੇ ਵਿਖਾਈ ਦੇਂਦੇ ਹਨ। ਉਸ ਦੀ ਪਿੱਠ ਪਿਛਲੀ ਕੰਧ ਦਾ ਥੋੜ੍ਹਾ ਜਿੰਨਾ ਹਿੱਸਾ — ਜਿਹੜਾ ਉਹਦੀ ਖੁਰਦਰੀ ਜਾਕਟ ਦੀਆਂ ਰਗੜਾਂ ਨਾਲ ਘਸ ਘਸ ਕੇ ਕੂਲਾ ਹੋ ਗਿਆ ਸੀ, ਹੁਣ ਵੀ ਮੈਨੂੰ ਉਸੇ ਤਰ੍ਹਾਂ ਦਾ ਵਿਖਾਈ ਦੇਂਦਾ ਹੈ।
ਉਦੋਂ ਮੈਂ ਏਸੇ ਬਾਜ਼ਾਰ ਵਿਚ ਦੁਕਾਨ ਕਰਦਾ ਸਾਂ। ਉਹ ਘੜੀਸਾਜ਼ ਮੇਰੇ ਨਾਲ ਦੀ ਖੱਬੇ ਹੱਥ ਵਾਲੀ ਦੁਕਾਨ ਵਿਚ ਰਹਿੰਦਾ ਸੀ। ਉਸ ਨੂੰ ਓਦੋਂ ਦੁਕਾਨ ਪਾਇਆਂ ਵਰ੍ਹਾ ਜਾਂ ਇਸ ਤੋਂ ਵਧੀਕ ਸਮਾਂ ਹੋਇਆ ਸੀ। ਉਸ ਦੀ ਦੁਕਾਨ ਦੇ ਅੰਦਰ ਹੀ ਪਿਛਵਾੜੇ ਕਰ ਕੇ ਇਕ ਨਿੱਕੀ ਜਿਹੀ ਕੋਠੜੀ ਕਹੋ ਜਾਂ ਕਮਰਾ, ਕੁਝ ਇਸ ਤਰ੍ਹਾਂ ਦਾ ਸੀ, ਤੇ ਇਹੋ ਸੀ ਉਸ ਦਾ ਘਰ।
ਘੜੀਸਾਜ਼ੀ ਦੇ ਕੰਮ ਵਿਚ ਉਹ ਇਤਨਾ ਮਾਹਰ ਸੀ ਕਿ ਜਿਸ ਘੜੀ ਦੀ ਮੁਰੰਮਤ ਨੂੰ ਸਾਰੇ ਸ਼ਹਿਰ ਵਿਚ ਕੋਈ ਘੜੀਸਾਜ਼ ਹੱਥ ਨਾ ਪਾ ਸਕੇ, ਉਸ ਨੂੰ ਉਹ ਸਹਿਜੇ ਹੀ ਠੀਕ ਕਰ ਦੇਂਦਾ ਸੀ। ਪੁਰਾਣੇ ਤੋਂ ਪੁਰਾਣੇ ਤੇ ਨਵੇਂ ਤੋਂ ਨਵੇਂ ਮਾਡਲ ਦੀਆਂ ਘੜੀਆਂ ਉਸ ਕੋਲ ਬਣਨੀਆਂ ਆਉਂਦੀਆਂ ਸਨ। ਜਿਸ ਘੜੀ ਦੀ ਕਿਸੇ ਘੜੀਸਾਜ਼ ਨੂੰ ਸਮਝ ਨਾ ਆਵੇ, ਉਹ ਗਾਹਕ ਨੂੰ ‘ਮਿਸਟਰ ਕਮਾਲ’ ਦੀ ਹੱਟੀ ਤੇ ਭੇਜ ਦੇਂਦਾ ਸੀ। ਇਸ ਗੱਲ ਦਾ ਸਬੂਤ ਮੈਨੂੰ ਏਸ ਗੱਲ ਤੋਂ ਮਿਲਦਾ ਸੀ ਕਿ ਵਿਚ ਵਿਚ ਕਈ ਆਦਮੀ ਮੈਥੋਂ ਆ ਪੁੱਛਦੇ, ‘ਕਮਾਲ ਘੜੀਸਾਜ਼ ਦੀ ਹੱਟੀ ਕਿਹੜੀ ਹੈ ?’
ਬਾਜ਼ਾਰ ਦੇ ਲੋਕਾਂ ਦਾ ਆਮ ਤੌਰ ਤੇ ਇਹੋ ਖ਼ਿਆਲ ਸੀ ਕਿ ਕਮਾਲ ਜ਼ਰੂਰ ਬਦ-ਅਖ਼ਲਾਕ ਆਦਮੀ ਹੈ, ਜਿਹੜਾ ਆਪਣੀ ਸਾਰੀ ਖੱਟੀ ਕਮਾਈ ਬਦਮਾਸ਼ੀ ਵਿਚ ਗੁਆ ਛਡਦਾ ਹੈ । ਪਰ ਲੋਕਾਂ ਦੀ ਇਹ ਰਾਇ ਮੇਰੇ ਦਿਲ ਨੂੰ ਜੱਚਦੀ ਨਹੀਂ ਸੀ। ਕਾਰਨ ? ਮੈਂ ਕਦੀ ਵੀ ਉਸ ਨੂੰ ਕਿਤੇ ਜਾਂਦਿਆਂ ਆਉਂਦਿਆਂ ਨਹੀਂ ਸੀ ਵੇਖਿਆ। ਸਵੇਰ ਤੋਂ ਲੈ ਕੇ ਰਾਤ ਤਕ ਉਹ ਕੰਮ ਵਿਚ ਰੁੱਝਾ ਰਹਿੰਦਾ ਤੇ ਰਾਤ ਤੋਂ ਸਵੇਰ ਤਕ ਉਸ ਪਿਛਲੀ ਕੋਠੜੀ ਵਿਚ। ਹਾਂ ਕਦੀ ਕਦਾਈਂ ਜੇ ਮੈਂ ਉਸ ਨੂੰ ਬਾਜ਼ਾਰ ਵਿਚ ਵੇਖਿਆ ਵੀ ਤਾਂ ਘੰਟਾ-ਘਰ ਲਾਗਲੇ ਡਾਕਖਾਨੇ ਤਕ ਹੀ ਸ਼ਾਇਦ ਚਿੱਠੀ ਚਪੱਠੀ ਪਾਣ ਲਈ।
ਉਸ ਬਾਬਤ ਇਕ ਗੱਲ ਖ਼ਾਸ ਤੌਰ ਤੇ ਮਸ਼ਹੂਰ ਸੀ ਕਿ ਜਦ ਤੀਕ ਉਸ ਦੇ ਪੇਟ ਵਿਚ ਚਾਹ ਦਾ ਪਿਆਲਾ ਤੇ ਮੂੰਹ ਵਿਚ ਸਿਗਰਟ ਨਾ ਹੋਵੇ, ਉਹ ਕੰਮ ਨਹੀਂ ਸੀ ਕਰ ਸਕਦਾ।
ਕਮਾਲ ਦੀ ਨਿਤ-ਵਰਤੋਂ ਬਿਲਕੁਲ ਇਕ-ਸਾਰ ਸੀ, ਜਿਸ ਵਿਚ ਕਦੀ ਮੈਂ ਅਦਲਾ-ਬਦਲੀ ਨਹੀਂ ਸਾਂ ਵੇਖਦਾ। ਹੁਨਾਲ ਹੋਵੇ ਸਿਆਲ ਹੋਵੇ, ਉਹ ਇਕੋ ਥਾਵੇਂ, ਇਕੋ ਤਰ੍ਹਾਂ ਨਾਲ ਪੈਰਾਂ ਭਾਰ ਗੋਡੇ ਹਿੱਕ ਨਾਲ ਲਾਈ, ਤੇ ਮੂੰਹ ਵਿਚ ਸਿਗਰਟ ਲਈ, ਕੰਮ ਵਿਚ ਜੁੱਟਿਆ ਰਹਿੰਦਾ ਸੀ । ਕੰਮ ਕਰਦਾ ਕਰਦਾ ਜਦ ਉਹ ਥੱਕ ਜਾਂਦਾ ਤਾਂ ਧੁਖਦੇ ਸਿਗਰਟ ਨੂੰ ਸ਼ੋ-ਕੇਸ ਉਤੇ ਪਈ ਟੁੱਟੀ ਹੋਈ ਚੀਨੀ ਦੀ ਪਲੇਟ ਵਿਚ ਰਖ ਕੇ ਗਾਉਣ ਲਗ ਪੈਂਦਾ। ਉਸ ਦਾ ਗਾਣਾ ਵੀ ਇਕੋ ਸੁਰ-ਤਾਲ ਵਿਚ ਅਕਸਰ ਇਕੋ ਹੀ ਹੁੰਦਾ ਸੀ :
“ਅਲਵਿਦਾ ਐ ਕਾਫ਼ਲੇ ਵਾਲੋ ਮੁਝੇ ਅਬ ਛੋੜ ਦੋ।
ਮੇਰੀ ਕਿਸਮਤ ਮੇਂ ਲਿਖੀ ਥੀਂ ਦਸ਼ਤ ਕੀ ਵੀਰਾਨੀਆਂ।”
ਸ਼ੋ-ਕੇਸ ਤੋਂ ਕੋਈ ਗਜ਼ ਸਵਾ ਗਜ਼ ਦੀ ਵਿਥ ਤੇ ਇਕ ਲੋਹੇ ਦੀ ਅੰਗੀਠੀ ਪਈ ਹੁੰਦੀ ਸੀ, ਜਿਸ ਉਤੇ ਚਾਹ ਵਾਲੀ ਕੇਤਲੀ ਅਕਸਰ ਚੜ੍ਹੀ ਰਹਿੰਦੀ ਸੀ। ਸਾਰੇ ਦਿਨ ਵਿਚ ਉਹ ਜਿੰਨੀ ਵਾਰੀ ਵੀ ਉਠਦਾ, ਜਾਂ ਚਾਹ ਪੀਣ ਲਈ ਤੇ ਜਾਂ ਫਿਰ ਪਿਸ਼ਾਬ ਕਰਨ ਲਈ। ਇਕੋ ਇਕ ਪੱਥਰ ਦੀ ਚੌੜੀ ਪਿਆਲੀ ਉਸ ਦੇ ਕੋਲ ਪਈ ਹੁੰਦੀ ਸੀ, ਜਿਸ ਨੂੰ ਘੰਟੇ-ਘੰਟੇ, ਡੇਢ ਡੇਢ ਘੰਟੇ ਬਾਅਦ ਕੇਤਲੀ ਵਿਚੋਂ ਭਰੀ ਜਾਂਦਾ ਤੇ ਪੀਵੀ ਜਾਂਦਾ । ਉਸ ਦੀ ਚਾਹ ਵੀ ਬੜੀ ਅਜੀਬ ਹੁੰਦੀ ਸੀ — ਦੁੱਧ ਤੋਂ ਬਗੈਰ ਸਿਰਫ਼ ਕਾਹਵਾ ਹੀ, ਤੇ ਉਹ ਵੀ ਇਤਨਾ ਗਾੜ੍ਹਾ ਤੇ ਕਾਲਾ ਕਿ ਵੇਖ ਕੇ ਹੈਰਾਨੀ ਹੁੰਦੀ ਸੀ ਕਿ ਇਸ ਨੂੰ ਉਹ ਕਿਸ ਤਰ੍ਹਾਂ ਪਚਾਂਦਾ ਹੋਵੇਗਾ।
ਉਸ ਦੀ ਕੋਠੜੀ ਦੇ ਸੱਚੇ ਪਾਸੇ ਉਸ ਦਾ ਢਿੱਲਮ ਢਿੱਲਾ ਮੈਲੇ ਬਿਸਤਰੇ ਵਾਲਾ ਮੰਜਾ ਹੁੰਦਾ ਸੀ ਤੇ ਖੱਬੀ ਨੁੱਕਰੇ ਕੋਲਿਆਂ ਦੀ ਢੇਰੀ। ਕੋਠੜੀ ਦਾ ਸਾਰਾ ਫ਼ਰਸ਼ ਕੋਲਿਆਂ ਦੀ ਕੇਰੀ ਨਾਲ ਕਾਲਾ ਹੋਇਆ ਰਹਿੰਦਾ ਸੀ। ਉਸ ਦੀ ਕੇਤਲੀ ਜਦੋਂ ਵੀ ਖ਼ਾਲੀ ਹੋਣ ਤੇ ਆਉਂਦੀ, ਉਹ ਗੜਵੀ ਭਰ ਕੇ ਪਾਣੀ ਤੇ ਡੱਬੇ ਵਿਚੋਂ ਮੁੱਠ ਭਰ ਕੇ ਚਾਹ ਉਸ ਵਿਚ ਉਲੱਦ ਦੇਂਦਾ। ਕੋਈ ਵੀ ਮੌਸਮ ਹੋਵੇ, ਕੋਈ ਵੀ ਵੇਲਾ, ਉਸ ਦੀ ਕੇਤਲੀ ਵਿਚੋਂ ਭਾਫ਼ ਨਿਕਲਦੀ ਹੀ ਰਹਿੰਦੀ ਸੀ।
ਪਤਾ ਨਹੀਂ ਕੀ ਕਾਰਨ ਸੀ ਕਿ ਉਸ ਦੀਆਂ ਸਾਰੀਆਂ ਆਦਤਾਂ ਨੂੰ ਨਾ-ਪਸੰਦ ਕਰਦਾ ਹੋਇਆ ਵੀ ਮੈਂ ਉਸ ਨੂੰ ਨਫ਼ਰਤ ਨਹੀਂ ਸਾਂ ਕਰਦਾ। ਉਹ ਜਦੋਂ ਵੀ ਕਿਸੇ ਨਾਲ ਗੱਲ ਕਰਦਾ, ਉੱਚੀ ਸਾਰੀ ਕਹਿਕਾ ਮਾਰਕੇ ਹੱਸਦਾ ਹੋਇਆ। ਕਈ ਵਾਰੀ ਜਦ ਮੈਂ ਆਪਣੀ ਦੁਕਾਨ ਤੇ ਬੈਠਾ ਗਾਹਕਾਂ ਨਾਲ ਲੈਣ ਦੇਣ ਕਰ ਰਿਹਾ ਹੁੰਦਾ ਸਾਂ ਤਾਂ ਉਸ ਦਾ ਇਹ ਘੜੀ ਮੁੜੀ ਹਾ, ਹਾ, ਕਰ ਕੇ ਜ਼ੋਰ ਦੀ ਹੱਸਣਾ- ਮੇਰੇ ਕੰਨਾਂ ਨੂੰ ਰੜਕਣ ਲਗ ਪੈਂਦਾ ਸੀ ਤੇ ਮੈਂ ਆਪਣੇ ਆਪ ਵਿਚ ਛਿੱਥਾ ਪੈ ਜਾਂਦਾ ਸਾਂ । ਪਰ ਜਦ ਕਦੇ ਉਹ ਆਪਣੀਆਂ ਉਹੀ ਨਿਯਤ ਤੁਕਾਂ ਗਾਣੀਆਂ ਸ਼ੁਰੂ ਕਰਦਾ ਤਾਂ ਮੇਰਾ ਗੁੱਸਾ ਦੂਰ ਹੋ ਜਾਂਦਾ। ਉਸ ਦੀ ਆਵਾਜ਼ ਵਿਚ ਇਤਨਾ ਸੋਜ਼ – ਇਤਨਾ ਦਰਦ ਸੀ ਕਿ ਕੰਮ ਕਰਦਿਆਂ ਵੀ ਮੇਰਾ ਧਿਆਨ ਬਦੋਬਦੀ ਉਸ ਦੇ ਗਾਣੇ ਵਲ ਖਿੱਚਿਆ ਜਾਂਦਾ। ਉਹ ਬਹੁਤ ਉੱਚੀ ਨਹੀਂ ਸੀ ਗਾਉਂਦਾ, ਅਕਸਰ ਹੌਲੀ ਹੌਲੀ ਗੁਣ-ਗੁਣਾਇਆ ਕਰਦਾ ਸੀ, ਪਰ ਜਿੰਨੀ ਵਾਰੀ ਉਸ ਦੀ ਆਵਾਜ਼ ਕੰਨੀਂ ਪੈਂਦੀ, ਮੈਨੂੰ ਕੰਮ ਕਾਰ ਭੁੱਲ ਜਾਂਦਾ।
‘ਪਰ ਇਸ ਦਾ ਸਰੀਰ ਇਤਨਾ ਕਮਜ਼ੋਰ ਕਿਉਂ ਹੈ ?’
ਇਹੋ ਇਕ ਪ੍ਰਸ਼ਨ ਘੜੀ ਮੁੜੀ ਮੇਰੇ ਦਿਮਾਗ ਵਿਚ ਉੱਠਿਆ ਕਰਦਾ ਸੀ। ਉਸ ਦਾ ਗਾਣਾ ਭਾਵੇਂ ਮੁਰਦਿਆਂ ਵਿਚ ਵੀ ਸ਼ਾਇਦ ਕੁਝ ਚਿਰ ਲਈ ਹਰਕਤ ਲਿਆ ਸਕਦਾ ਸੀ, ਪਰ ਉਹ ਆਪ ਦਿਨੋ ਦਿਨ ਨਿੱਘਰਦਾ ਜਾਂਦਾ ਸੀ। ਬਿਲਕੁਲ ਸੁੱਕਾ ਕਰੰਗ ਜਿਹਾ ਉਹਦਾ ਸਰੀਰ ਸੀ। ਮੂੰਹ ਤੇ ਪਿਲਤਣਾਂ ਵਰਤੀਆਂ ਹੋਈਆਂ, ਜਿਵੇਂ ਉਸ ਦੇ ਪਿੰਡੇ ਵਿਚ ਲਹੂ ਨਾਉਂ ਦੀ ਕੋਈ ਚੀਜ਼ ਹੈ ਈ ਨਹੀਂ ਸੀ। ਪਰ ਏਨਾ ਹੋਣ ਤੇ ਵੀ ਉਸ ਦਾ ਚਿਹਰਾ ਕੋਝਾ ਨਹੀਂ ਸੀ ਲਗਦਾ। ਮੈਂ ਉਸ ਨੂੰ ਵੇਖ ਵੇਖ ਕੇ ਸੋਚਦਾ ਹੁੰਦਾ ਸਾਂ। ‘ਜਦ ਕਦੀ ਇਸ ਦੇ ਸਰੀਰ ਵਿਚ ਲਹੂ ਸੀ, ਇਹ ਕਿਤਨਾ ਸੁਹਣਾ ਹੁੰਦਾ ਹੋਵੇਗਾ !’ ਖ਼ਬਰੇ ਮੈਨੂੰ ਭਰਮ ਹੀ ਸੀ ਜਾਂ ਅਸਲੋਂ ਹੈ ਈ ਇਹੋ ਗੱਲ ਸੀ, ਉਸ ਦੇ ਸਾਰੇ ਕੋਝ ਮੈਨੂੰ ਸੁਹਣੇ ਜਾਪਦੇ ਸਨ। ਸਿਰ ਦੇ ਵਾਲਾਂ ਨੂੰ ਸ਼ਾਇਦ ਹੀ ਕਦੀ ਉਹ ਕੰਘੀ ਛੁਹਾਂਦਾ ਹੋਵੇ ! ਹਜਾਮਤ ਵੀ ਕਿਤੇ ਮਹੀਨੇ ਦੁੰਹ ਮਹੀਨੀਂ ਹੀ ਕਰਾਂਦਾ ਹੋਵੇਗਾ, ਪਰ ਉਸ ਦੇ ਰੁੱਖੇ ਤੇ ਖਿਲਰੇ ਪੁਲਰੇ ਵਾਲਾਂ ਵਿਚ ਵੀ ਜਿਵੇਂ ਕੋਈ ਹੁਸਨ ਦਫ਼ਨਾਇਆ ਹੋਇਆ ਸੀ, ਉਸਦੀ ਉਤਲੀ ਬੀੜ ਵਿਚੋਂ ਸਾਹਮਣੇ ਦਾ ਇਕ ਦੰਦ ਅੱਧਾ ਕੁ ਟੁੱਟਿਆ ਹੋਇਆ ਸੀ, ਭਲਾ ਇਸ ਵਿਚ ਕਿਹੜਾ ਸੁਹੱਪਣ ਸੀ ? ਪਰ ਮੈਨੂੰ ਇਹ ਵੀ ਚੰਗਾ ਹੀ ਲਗਦਾ ਸੀ।
ਉਹ ਬੋਲਦਾ ਚਾਲਦਾ ਬਹੁਤ ਘੱਟ ਸੀ, ਪਰ ਜਿੰਨਾ ਕੁ ਬੋਲਂਦਾ ਬੜਾ ਸੁਚੱਜਾ ਤੇ ਵਿਦਵਤਾ-ਭਰਪੂਰ। ਇਕੋ ਘਾਟ ਸੀ ਕਿ ਉਸ ਦੇ ਮੂੰਹੋਂ ਹਰ ਇਕ ਬੋਲ ਉੱਚੇ ਹਾਸੇ ਦੀ ਗੂੰਜ ਵਿਚ ਹੀ ਨਿਕਲਦਾ ਸੀ।
ਹੱਟੀ ਦੀ ਸਫ਼ਾਈ ਵਲੋਂ ਉਹ ਉੱਨਾ ਹੀ ਲਾਪਰਵਾਹ ਸੀ ਜਿੰਨਾ ਸਰੀਰਕ ਕ੍ਰਿਆ ਵਲੋਂ, ਜਿਵੇਂ ਕੰਮ ਤੋਂ ਛੁਟ ਹੋਰ ਕਿਸੇ ਜੀਜ਼ ਨਾਲ ਉਸ ਨੂੰ ਵਾਸਤਾ ਹੀ ਕੋਈ ਨਹੀਂ ਸੀ । ਘੜੀਆਂ ਦੀ ਬਣਵਾਈ ਵੀ ਉਹ ਮੂੰਹ ਮੰਗੀ ਲੈਂਦਾ ਸੀ — ਦੋ ਤਿੰਨ ਰੁਪਿਆਂ ਤੋਂ ਘੱਟ ਤਾਂ ਗੱਲ ਹੀ ਨਹੀਂ ਸੀ ਕਰਦਾ, ਫਿਰ ਖੂਬੀ ਇਹ ਕਿ ਜੋ ਕੁਝ ਇਕ ਵਾਰੀ ਉਹਦੇ ਮੂੰਹੋਂ ਨਿਕਲ ਗਿਆ, ਗਾਹਕ ਭਾਵੇਂ ਪਿੱਟ ਕੇ ਮਰ ਜਾਵੇ, ਕਮਾਲ ਨੇ ਧੇਲਾ ਘੱਟ ਨਹੀਂ ਕਰਨਾ। ਫੇਰ ਵੀ ਉਸ ਪਾਸ ਕੰਮ ਦੀ ਏਨੀ ਭਰਮਾਰ ਰਹਿੰਦੀ ਕਿ ਉਸ ਨੂੰ ਸਿਰ ਖੁਰਕਣ ਦੀ ਵੇਹਲ ਨਹੀਂ ਸੀ ਮਿਲਦੀ।
ਕਈ ਵਾਰੀ ਮੈਂ ਉਸ ਦੀ ਆਮਦਨੀ ਦਾ ਹਿਸਾਬ ਲਾਂਦਾ ਹੋਇਆ ਸੋਚਦਾ ਸਾਂ, ਰੋਜ਼ਾਨਾ ਪੰਜ ਤੋਂ ਲੈ ਕੇ ਦਸ ਰੁਪਏ ਤਕ ਇਹ ਜ਼ਰੂਰ ਕਮਾ ਲੈਂਦਾ ਹੋਵੇਗਾ।ਪਰ ਇਤਨੇ ਰੁਪਿਆਂ ਨੂੰ ਇਹ ਕਮਬਖ਼ਤ ਕਰਦਾ ਕੀ ਹੈ ? ਇਸ ਦੇ ਸਰੀਰ ਤੇ ਕਦੀ ਚੱਜ ਦਾ ਕਪੜਾ ਨਹੀਂ ਵੇਖਿਆ, ਖਾਂਦਾ ਪੀਂਦਾ ਇਹ ਕੁਝ ਨਹੀਂ ਛੁਟ ਕਾਲੇ ਕਾਹਵੇ, ਤੇ ਘਟੀਆ ਮੁੱਲ ਦੇ ਸਿਗਰਟਾਂ ਤੋਂ। ਟੱਬਰ ਟੋਰ ਵੀ ਸ਼ਾਇਦ ਇਸ ਦਾ ਕੋਈ ਨਹੀਂ, ਫਿਰ ਇਸ ਦੀ ਖੱਟੀ ਜਾਂਦੀ ਕਿਧਰ ਹੈ ? ਉਸ ਦੀ ਹਰ ਇਕ ਆਦਤ ਤੇ ਹਰ ਇਕ ਗੱਲ ਮੈਨੂੰ ਬੁਝਾਰਤ ਜਿਹੀ ਮਲੂਮ ਹੁੰਦੀ ਸੀ। ਕਈ ਵਾਰੀ ਮੈਂ ਸਲਾਹ ਕੀਤੀ, ਕਿਤੇ ਇਸ ਨੂੰ ਪੁੱਛਾਂ ਤੇ ਸਹੀ, ਭਲਾ ਕੀ ਜਵਾਬ ਦੇਂਦਾ ਹੈ ? ਪਰ ਖੁਲ੍ਹੀ ਜਾਣ-ਪਛਾਣ ਨਾ ਹੋਣ ਕਰਕੇ ਮੈਂ ਉਸ ਨੂੰ ਪੁਛ ਨਹੀਂ ਸਾਂ ਸਕਦਾ। ਉਂਜ ਵੀ ਇਹ ਗੱਲ ਮੈਨੂੰ ਸਾਊ-ਪੁਣੇ ਤੋਂ ਉਲਟ ਜਾਪਦੀ ਸੀ। ਤਾਂ ਵੀ ਮੈਂ ਉਸ ਨਾਲ ਮੇਲ ਮਿਲਾਪ ਵਧਾਣ ਦੀ ਕੋਸ਼ਸ਼ ਬਰਾਬਰ ਜਾਰੀ ਰੱਖੀ।
ਕੁਝ ਚਿਰ ਹੋਰ ਲੰਘ ਗਿਆ। ਹੁਣ ਮੈਂ ਵੇਲਾ ਤਾੜ ਕੇ ਘੜੀ ਦੋ ਘੜੀਆਂ ਉਸ ਦੇ ਕੋਲ ਜਾ ਬੈਠਦਾ ਸਾਂ । ਭਾਵੇਂ ਸਿੱਖ ਹੋਣ ਕਰ ਕੇ ਸਿਗਰਟਾਂ ਦੇ ਧੂੰਏਂ ਤੋਂ ਮੈਨੂੰ ਬੇ-ਹਦ ਨਫ਼ਰਤ ਸੀ, ਇਸ ਤੋਂ ਛੁਟ ਸਰੀਰਕ ਤੌਰ ਤੇ ਵੀ ਇਹ ਧੂੰਆਂ ਮੇਰੇ ਲਈ ਭੈੜਾ ਸੀ — ਇਸ ਦੀ ਬੋ ਨਾਲ ਮੇਰੇ ਸਿਰ ਪੀੜ ਹੋਣ ਲਗ ਜਾਂਦੀ ਸੀ, ਪਰ ਦਿਲ ਦੀ ਖੁਤਖੁਤੀ ਮਿਟਾਣ ਲਈ ਅਜਿਹਾ ਕਰਨਾ ਹੀ ਪੈਂਦਾ।
ਹੌਲੀ ਹੌਲੀ ਮੇਰਾ ਉਸ ਦਾ ਬੈਠਣ ਉਠਣ ਕੁਝ ਖੁਲ੍ਹਾ ਹੋ ਗਿਆ। ਮੈਨੂੰ ਜਾਪਣ ਲੱਗਾ ਜਿਵੇਂ ਉਹ ਮੇਰੇ ਨਾਲ ਗੱਲਾਂ ਕਰ ਕੇ ਖ਼ੁਸ਼ ਹੁੰਦਾ ਹੈ, ਪਰ ਜਦ ਕਦੇ ਵੀ ਮੈਂ ਉਸ ਦਾ ਅੰਦਰਲਾ ਟਟੋਲਣ ਲਈ ਫ਼ਿਜ਼ਾ ਪੈਦਾ ਕਰਨੀ ਚਾਹੀ, ਉਸ ਨੇ ਮੈਨੂੰ ਹੋਰ ਹੋਰ ਗੱਲਾਂ ਵਿਚ ਪਾ ਕੇ ਟਾਲ ਦਿੱਤਾ। ਮੇਰੀ ਇਸ ਕਿਸਮ ਦੀ ਹਰ ਇਕ ਗੱਲ ਨੂੰ ਉਹ ਸਿਧਾਂਤਿਕ ਜਿਹੇ ਲਹਿਜੇ ਵਿਚ ਲਿਆ ਕੇ ਉਡਾ ਪੁਡਾ ਛਡਦਾ।
ਜਿੰਨਾ ਹੀ ਮੈਂ ਉਹਦੇ ਨੇੜੇ ਹੋਣ ਦੀ ਕੋਸ਼ਸ਼ ਕਰਦਾ ਸਾਂ, ਓਨਾ ਉਹ ਮੈਨੂੰ ਹੋਰ ਪਰੇ – ਹੋਰ ਦੂਰ ਵਿਖਾਈ ਦੇਂਦਾ। ਮੈਨੂੰ ਮਲੂਮ ਹੁੰਦਾ ਸੀ ਜਿਵੇਂ ਉਹ ਦੁਨੀਆਂ ਤੋਂ ਕੋਈ ਵੱਖਰੀ ਜਿਹੀ ਚੀਜ਼ ਹੈ. ਅਣਭਿੱਜ ਤੇ ਓਪਰੀ ਜਿਹੀ ! ਜਿਵੇਂ ਦੁਨੀਆਂ ਦੀ ਕਿਸੇ ਚੀਜ਼ ਨੂੰ ਉਹ ਪਛਾਣਦਾ ਹੀ ਨਹੀਂ, ਬਲਕਿ ਆਪਣੇ ਆਪ ਤੋਂ ਵੀ ਨਾਵਾਕਿਫ਼ ਹੈ।
ਉਸਦੀ ਸਰੀਰਕ ਕਮਜ਼ੋਰੀ ਨੇ ਮੈਨੂੰ ਵਧੇਰੇ ਚਿੰਤਾਤੁਰ ਕਰ ਦਿਤਾ। ਮੈਨੂੰ ਜਾਪਦਾ ਸੀ ਜਿਵੇਂ ਉਸ ਦੀਆਂ ਹੱਡੀਆਂ ਦਿਨੋ ਦਿਨ ਮਾਸ ਨੂੰ ਛਡ ਰਹੀਆਂ ਹਨ। ਇਥੋਂ ਤਕ ਕਿ ਹੁਣ ਉਹ ਦੋਹਾਂ ਗੋਡਿਆਂ ਤੇ ਹੱਥ ਰਖੇ ਬਿਨਾਂ ਉੱਠ ਨਹੀਂ ਸੀ ਸਕਦਾ। ਜਦ ਕਦੇ ਉਹ ਬਾਜ਼ਾਰ ਵਿਚੋਂ ਲੰਘ ਰਿਹਾ ਹੁੰਦਾ, ਤਾਂ ਇਹੋ ਮਾਲੂਮ ਹੁੰਦਾ ਸੀ ਕਿ ਹਵਾ ਦੇ ਬੁੱਲ੍ਹੇ ਨਾਲ ਹੀ ਡਿਗ ਪਵੇਗਾ। ਬੈਠਵਾਂ ਕੰਮ ਕਰਨ ਕਰਕੇ ਉਸ ਦਾ ਮੋਕਲਾ ਪਜਾਮਾ ਅਕਸਰ ਗਿੱਟਿਆਂ ਤੋਂ ਉਚੇਰਾ ਰਹਿੰਦਾ ਸੀ। ਉਸ ਦੀਆਂ ਪਿੰਨੀਆਂ ਵੇਖ ਕੇ ਡਰ ਲਗਣ ਲਗ ਪੈਂਦਾ ਸੀ ਕਿ ਉਹ ਕਿੰਨੇ ਕੁ ਦਿਨ ਹੋਰ ਜੀਉਂਦਾ ਰਹਿ ਸਕੇਗਾ। ਇਸ ਉਤੇ ਵਾਧਾ ਇਹ ਕਿ ਮਿਹਨਤ ਅੱਗੇ ਨਾਲੋਂ ਵੀ ਬਹੁਤੀ ਕਰਨ ਲਗ ਪਿਆ ਸੀ, ਤੇ ਜਿਹੜਾ ਉਹ ਰੋਜ਼ਾਨਾ ਜ਼ਹਿਰ ਛੱਕਦਾ ਸੀ – ਅਣਮਿਣਵਾਂ ਕਾਹਵਾ ਤੇ ਬੇ ਗਿਣਤ ਸਿਗਰਟਾਂ, ਉਸ ਦਾ ਹਿਸਾਬ ਹੀ ਕੋਈ ਨਹੀਂ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅੱਜੇ ਵੀ ਗੱਲ ਕਰਦਾ ਹੋਇਆ ਉਹ ਉਸੇ ਤਰ੍ਹਾਂ ਖੁਲ੍ਹਾ ਹਸਦਾ ਸੀ । ਉਸ ਦੀਆਂ ਡੂੰਘੇ ਟੋਇਆਂ ਵਿਚ ਧਸੀਆਂ ਅੱਖਾਂ ਅੱਜੇ ਵੀ ਹਸੂੰ ਹਸੂੰ ਕਰਦੀਆਂ ਵਿਖਾਈ ਦੇਂਦੀਆਂ ਸਨ। ਜਦ ਕਦੀ ਖੰਘਣ ਤੋਂ ਬਾਅਦ ਉਹ ਥੁੱਕਦਾ ਤਾਂ ਉਹਦੇ ਥੁੱਕ ਵਿਚ ਲਹੂ ਦੀ ਮਿਲਾਵਟ ਹੁੰਦੀ।
ਖਹਿੜੇ ਪਿਆ ਆਦਮੀ ਕੀ ਨਹੀਂ ਕਰ ਸਕਦਾ ! ਮੈਂ ਉਸ ਦਾ ਪਿੱਛਾ ਨਾ ਛੱਡਿਆ। ਨਾਲੇ ਹੁਣ ਉਹ ਮੇਰੇ ਨਾਲ ਕਾਫ਼ੀ ਖੁਲ੍ਹ ਗਿਆ ਸੀ।
“ਮਿਸਟਰ ਕਮਾਲ !” ਇਕ ਦਿਨ ਸ਼ਾਮ ਨੂੰ ਜਦ ਉਹ ਚਾਹ ਪੀਣ ਤੋਂ ਬਾਅਦ ਸਿਗਰਟ ਦੇ ਧੂੰਏਂ ਨਾਲ ਖੰਘ ਰਿਹਾ ਸੀ, ਤਾਂ ਮੈਂ ਉਸ ਨੂੰ ਪੁਛਿਆ, “ਯਾਰ, ਤੂੰ ਆਪਣਾ ਇਲਾਜ ਕਿਉਂ ਨਹੀਂ ਕਰਾਂਦਾ ? ਤੇਰੇ ਸਰੀਰ………… ”
ਉਹ ਮੇਰੀ ਗੱਲ ਨੂੰ ਵਿਚੋਂ ਹੀ ਟੋਕ ਕੇ ਬੋਲਿਆ, “ਇਲਾਜ ? ਕਿਸ ਗੱਲ ਦਾ ਇਲਾਜ ? ਕੀ ਮੈਂ ਤੈਨੂੰ ਬੀਮਾਰ ਦਿਸਦਾ ਹਾਂ ? ਕੀ ਤੇਰੇ ਖ਼ਿਆਲ ਵਿਚ ਮੋਟੀ ਧੌੜੀ ਵਾਲੇ ਸਾਰੇ ਆਦਮੀ ਤੰਦਰੁਸਤ ਹੁੰਦੇ ਨੇ ? ਕੀ ਪਤਲਾ ਜਿਸਮ ਬੀਮਾਰੀ ਦੀ ਨਿਸ਼ਾਨੀ ਹੈ ?” ਤੇ ਗੱਲ ਕਰਦਿਆਂ ਉਸ ਨੂੰ ਫੇਰ ਖੰਘ ਆ ਗਈ। ਜਦ ਉਸ ਨੇ ਅਗਾਂਹ ਝੁਕ ਕੇ ਥੁੱਕਿਆ, ਤਾਂ ਮੈਂ ਵੇਖਿਆ, ਉਸ ਦੇ ਥੁਕ ਵਿਚ ਅੱਗੇ ਤੋਂ ਬਹੁਤਾ ਲਹੂ ਸੀ। ਖੰਘ ਚੁਕਣ ਤੋਂ ਬਾਅਦ ਉਸ ਨੇ ਫੇਰ ਗੱਲ ਸ਼ੁਰੂ ਕੀਤੀ, “….. ਇਹ ਗਲਤ ਹੈ ਮੇਰੇ ਦੋਸਤ, ਬਿਲਕੁਲ ਖ਼ਾਮ ਖ਼ਿਆਲੀ । ਇਹ ਗੱਲਾਂ ਗੁਮਰਾਹ ਕਰਨ ਵਾਲੀਆਂ ਨੇ — ਆਦਮੀ ਦੇ ਹੌਸਲੇ ਨੂੰ ਭੁੰਜੇ ਪਟਕਣ ਵਾਲੀਆਂ। ਮੁਟਾਪਾ ਜ਼ਿਆਦਾ ਮੁਸੀਬਤ ਹੈ, ਬਨਿਸਬਤ ਪਤਲੇਪਨ ਦੇ….!
ਮੇਰੀ ਸੱਚੀ ਤੇ ਬਿਲਕੁਲ ਮੁਨਾਸਬ ਗੱਲ ਦੇ ਉੱਤਰ ਵਿਚ ਉਹ ਆਪਣੀਆਂ ਦਲੀਲਾਂ ਨੂੰ ਇਸਤਰ੍ਹਾਂ ਸਿਧਾਂਤਿਕ ਲਹਿਜੇ ਵਿਚ ਬਿਆਨ ਕਰ ਰਿਹਾ ਸੀ, ਜਿਵੇਂ ਸਾਰੀ ਸਚਾਈ ਓਸੇ ਦੀਆਂ ਦਲੀਲਾਂ ਵਿਚ ਹੈ, ਪਰ ਮੈਂ ਵੀ ਇਤਨਾ ਅਨਜਾਣ ਨਹੀਂ ਸਾਂ ਕਿ ਉਸ ਦੇ ਚਿਹਰੇ ਤੋਂ ਭਾਂਪ ਨਾ ਜਾਂਦਾ ਕਿ ਇਹ ਸਾਰੀਆਂ ਗੱਲਾਂ ਉਸ ਦੇ ਦਿਲੋਂ ਨਹੀਂ ਸਨ ਨਿਕਲ ਰਹੀਆਂ — ਉਤੋਂ ਉਤੋਂ ਹੀ ਸਨ । ਮੈਂ ਸੋਚ ਰਿਹਾ ਸਾਂ, ‘ਸੱਚੀਂ ਇਹ ਆਦਮੀ ਤਾਂ ਬੁਝਾਰਤ ਹੈ — ਨਾ ਬੁੱਝੀ ਜਾਂ ਸਕਣ ਵਾਲੀ ਬੁਝਾਰਤ ।’
ਕੁਝ ਦਿਨ ਲੰਘ ਗਏ ਮੈਂ ਵੇਖਿਆ, ਇਤਨੇ ਥੋੜ੍ਹੇ ਸਮੇਂ ਵਿਚ ਹੀ ਉਸ ਦਾ ਅੜਿਆ ਜੁੜਿਆ ਸਰੀਰ ਉੱਕਾ ਹੀ ਭੁੰਜੇ ਲੱਥ ਗਿਆ। ਕੰਮ ਉਹ ਹੁਣ ਵੀ ਅੱਗੇ ਵਾਂਗ ਹੀ ਕਰੀ ਜਾ ਰਿਹਾ ਸੀ, ਪਰ ਪਹਿਲਾਂ ਵਰਗਾ ਅਣਥੱਕਪਣਾ ਉਸ ਵਿਚ ਨਹੀਂ ਸੀ।
ਇਕ ਦਿਨ ਸ਼ਾਮ ਨੂੰ ਜਦ ਮੈਂ ਉਸ ਪਾਸ ਜਾ ਕੇ ਬੈਠਾ ਤਾਂ ਕਹਿਣ ਲੱਗਾ, “ਯਾਰ, ਤੇਰਾ ਕੋਈ ਐਨਕਸਾਜ਼ ਵਾਕਫ਼ ਨਹੀਂ ? ਮੇਰੀ ਸਲਾਹ ਹੈ ਜੇ ਕੋਈ ਸਸਤੀ ਜਿਹੀ ਐਨਕ ਮਿਲ ਜਾਵੇ ਤਾਂ ਚੰਗਾ ਹੈ। ਮਹੀਨ ਪੁਰਜ਼ਿਆਂ ਉੱਤੇ ਨਜ਼ਰ ਨਹੀਂ ਟਿਕਦੀ ਤੇ ਦੋ-ਦੋ ਵਿਖਾਈ ਦੇਣ ਲਗ ਪੈਂਦੇ ਨੇ।”
ਉਸ ਦੀ ਗੱਲ ਸੁਣ ਕੇ ਮੈਨੂੰ ਹੈਰਾਨੀ ਵੀ ਹੋਈ ਤੇ ਗੁੱਸਾ ਵੀ ਆਇਆ। ਅੱਠ ਦਸ ਰੁਪਏ ਰੋਜ਼ ਕਮਾਣ ਵਾਲਾ ਆਦਮੀ, ਤੇ ਫੇਰ ਸਸਤੀ ਜਿਹੀ ਐਨਕ ਖ਼ਰੀਦਣ ਲਈ ਸਫ਼ਾਰਸ਼ ਵਾਸਤੇ ਤਰਲੇ ਲੈ ਰਿਹਾ ਹੈ। ਮੈਂ ਦੂਜੇ ਦਿਨ ਉਸ ਨੂੰ ਇਕ ਮਸ਼ਹੂਰ ਐਨਕ ਸਾਜ਼ ਪਾਸ ਇਹ ਕਹਿਕੇ ਟੈੱਸਟ ਕਰਾਣ ਲਈ ਲੈ ਗਿਆ ਕਿ ਉਹ ਮੇਰਾ ਵਾਕਫ਼ ਹੈ। ਵਾਕਫ਼ ਸ਼ਾਕਫ਼ ਕੋਈ ਨਹੀਂ ਸੀ। ਮੈਂ ਉਸ ਦੀ ਨਜ਼ਰ ਬਚਾ ਕੇ ਡਾਕਟਰ ਨੂੰ ਫ਼ੀਸ ਦੇ ਦਿਤੀ ਤੇ ‘ਕਮਾਲ’ ਦੀਆਂ ਅੱਖਾਂ ਦਾ ਮੁਆਇਨਾ ਸ਼ੁਰੂ ਹੋਇਆ।
ਅੱਖਾਂ ਦੀ ਦੇਖ ਭਾਲ ਤੋਂ ਬਾਅਦ ਡਾਕਟਰ ਨੇ ਜੋ ਨਤੀਜਾ ਸਾਨੂੰ ਸੁਣਾਇਆ, ਉਹ ਬੜਾ ਦਿਲ-ਤੋੜਵਾਂ ਸੀ। ਉਸ ਨੇ ਕਿਹਾ, “ਅੱਖਾਂ ਟੈਸਟ ਕਰਾਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਇਸ ਨੂੰ ਕਿਸੇ ਚੰਗੇ ਸੈਨੇਟੋਰੀਅਮ ਵਿਚ ਲੈ ਜਾਇਆ ਜਾਵੇ, ਪਰ ਮੈਂ ਕਹਿ ਨਹੀਂ ਸਕਦਾ ਕਿ ਕੋਈ ਸੈਨੇਟੋਰੀਅਮ ਇਸ ਨੂੰ ਦਾਖ਼ਲ ਕਰੇਗਾ ।” ਤੇ ਡਾਕਟਰ ਨੇ ਉਸ ਦੀਆਂ ਅੱਖਾਂ ਵਿਚ ਕੋਈ ਦੁਆਈ ਪਾ ਕੇ, ਦੂਜੇ ਦਿਨ ਆਉਣ ਲਈ ਕਿਹਾ।
ਮੈਂ ਕੋਈ ਇਹੋ ਜਿਹੀ ਹੌਸਲਾ ਵਧਾਊ ਗੱਲ ਸੋਚ ਰਿਹਾ ਸਾਂ, ਜਿਸ ਨੂੰ ਸੁਣਕੇ ਮਰੀਜ਼ ਦੀ ਘਬਰਾਹਟ ਦੂਰ ਹੋ ਸਕੇ । ਪਰ ਮੈਂ ਵੇਖਿਆ ਕਮਾਲ ਦੇ ਚਿਹਰੇ ਉੱਤੇ ਨਾਉਂ ਮਾਤਰ ਵੀ ਘਬਰਾਹਟ ਨਹੀਂ ਸੀ। ਸਗੋਂ ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਬੋਲ ਉਠਿਆ, “ਬੇਵਕੂਫ਼ ਹੈ ਇਹ ਡਾਕਟਰ – ਨਿਰਾ ਗਧਾ।” ਤੇ ਉਸ ਨੇ ਆਪਣੀ ਆਦਤ ਅਨੁਸਾਰ ਇਕ ਜ਼ੋਰ ਦਾ ਕਹਿਕਾ ਮਾਰ ਕੇ ਕਹਿਣਾ ਸ਼ੁਰੂ ਕੀਤਾ — “ਸੈਨੇਟੋਰੀਅਮ …… ਸੈਨੇਟੋਰੀਅਮ ਦਾ ਬੱਚਾ ਨਾ ਹੋਵੇ ਤੇ। ਮੈਂ ਤੇ ਹੈਰਾਨ ਹਾਂ ਕਿ ਲੋਕੀਂ ਲੈਣ ਕੀ ਜਾਂਦੇ ਨੇ ਸੈਨੇਟੋਰੀਅਮ ਵਿਚ। ਕੀ ਹਰ ਇਕ ਆਦਮੀ ਚਾਹੁੰਦਾ, ਜਿਸ ਤਰ੍ਹਾਂ ਕੋਈ ਬੜੀ ਨਾਯਾਬ ਚੀਜ਼ ਹੁੰਦੀ ਹੈ। ਜ਼ਿੰਦਗੀ .ਕੀ ਹੈ, ਇਹ ਜ਼ਿੰਦਗੀ ਨਿਰਾ ਵਬਾਲ …. ਮਹਿਜ਼ ਮੁਸੀਬਤ। ਬੇਵਕੂਫ਼ਾਂ ਨੂੰ ਜਿਸ ਤੋਂ ਖਹਿੜਾ ਛੁਡਾਣਾ ਚਾਹੀਦਾ ਹੈ, ਉਸ ਨਾਲ ਸਗੋਂ ਨਰੜੇ ਰਹਿੰਦੇ ਨੇ, ਤੇ ਜਿਹੜੀ ਚੀਜ਼ ਵਿਚ ਉਨ੍ਹਾਂ ਦੀ ਨਜਾਤ ਹੈ, ਉਸ ਤੋਂ ਘਬਰਾਂਦੇ ਨੇ। ਉਲਟੀ ਮੱਤ ਹੈ ਇਨ੍ਹਾਂ ਲੋਕਾਂ ਦੀ ? ਸਿਰ ਫਿਰੇ …. घेरा…….”
ਉਸ ਦੇ ਜਵਾਬ ਵਿਚ ਮੈਂ ਜ਼ਬਾਨ ਖੋਲ੍ਹਣੀ ਚਾਹੀ, ਪਰ ਉਹ ਇਤਨੀ ਦ੍ਰਿੜ੍ਹਤਾ ਨਾਲ, ਇਤਨੇ ਹੌਸਲੇ ਵਿਚ ਆਪਣਾ ਲੈਕਚਰ ਝਾੜ ਰਿਹਾ ਸੀ ਕਿ ਮੇਰਾ ਕੁਝ ਬੋਲਣ ਦਾ ਹੌਸਲਾ ਹੀ ਨਾ ਪੈ ਸਕਿਆ।
ਉਸ ਦਾ ਅੰਦਰ ਫੋਲਣ ਲਈ ਮੇਰੀ ਤੀਬਰਤਾ ਹੋਰ ਵਧਣੀ ਸ਼ੁਰੂ ਹੋਈ, ਤੇ ਨਾਲ ਹੀ ਇਕ ਤੌਖ਼ਲਾ ਵੀ, ਕਿ ਜੇ ਇਹ ਇਸ ਤਰ੍ਹਾਂ ਹੀ ਦੁਨੀਆਂ ਤੋਂ ਕੂਚ ਕਰ ਗਿਆ, ਜਿਹਾ ਕਿ ਚਿੰਨ੍ਹ ਪਏ ਦਿਸਦੇ ਹਨ, ਤਾਂ ਕੀ ਇਹ ਬੁਝਾਰਤ ਅਨ-ਬੁੱਝੀ ਹੀ ਰਹਿ ਜਾਵੇਗੀ? ਪਤਾ ਨਹੀਂ ਉਸ ਵਿਚ ਕੀ ਲੁਕਿਆ ਹੋਇਆ ਸੀ, ਜਿਹੜਾ ਵੇਖਣ ਲਈ ਮੇਰਾ ਦਿਲ ਤਰਲੋ-ਮੱਛੀ ਹੋ ਰਿਹਾ ਸੀ।
ਅੱਖਾਂ ਦੀ ਕਮਜ਼ੋਰੀ ਤੋਂ ਛੁਟ ਉਸ ਦੇ ਬਾਕੀ ਅੰਗਾਂ ਦਾ ਵੀ ਇਹੀ ਹਾਲ ਸੀ। ਹੁਣ ਉਹ ਲੱਕ ਨੂੰ ਹੱਥਾਂ ਨਾਲ ਥੰਮ੍ਹੇ ਬਿਨਾਂ ਫਿਰ ਤੁਰ ਨਹੀਂ ਸੀ ਸਕਦਾ। ਕੰਮ ਕਰਦਾ ਕਰਦਾ ਉਹ ਕਦੀ ਹੱਥਾਂ ਨੂੰ, ਕਦੀ ਬਾਹਾਂ ਨੂੰ ਤੇ ਕਦੀ ਲੱਤਾਂ ਨੂੰ ਘੁੱਟਣ ਲਗ ਪੈਂਦਾ ਸੀ । ਮੈਂ ਉਸ ਨੂੰ ਜੋ ਕੁਝ ਅੱਜ ਵੇਖਦਾ ਸਾਂ, ਉਹ ਭਲਕੇ ਨਹੀਂ ਸੀ ਹੁੰਦਾ, ਤੇ ਜੋ ਭਲਕੇ ਵੇਖਦਾ ਸਾਂ, ਉਹ ਪਰਸੋਂ ਨਹੀਂ। ਰਾਤੀਂ ਸੁੱਤਾ ਸੁੱਤਾ ਵੀ ਤਾਂ ਮੈਂ ਉਸੇ ਬਾਬਤ ਸੋਚਦਾ ਰਹਿੰਦਾ ਸਾਂ।
ਅਖ਼ੀਰ ਮਰਨ ਤੋਂ ਇਕ ਦਿਨ ਪਹਿਲਾਂ ਉਸ ਨੇ ਮੈਨੂੰ ਆਪਣੇ ਆਪ ਹੀ ਸਭ ਕੁਝ ਸੁਣਾ ਦਿੱਤਾ, ਜਿਸ ਦੇ ਸੁਣਨ ਲਈ ਮੈਂ ਸਾਰੀਆਂ ਵਾਹਾਂ ਲਾ ਥੱਕਾ ਸਾਂ।
ਸਿਆਲ ਆਪਣੀ ਚੜ੍ਹਦੀ ਜਵਾਨੀ ਤੇ ਹੋਣ ਕਰਕੇ ਸਰਦੀ ਦੇ ਬਾਣ ਛੱਡ ਰਿਹਾ ਸੀ। ਸ਼ਾਮ ਦਾ ਵੇਲਾ ਸੀ। ਆਸਮਾਨ ਦੇ ਹੋਂਠ, ਸੂਰਜ ਦੇ ਲਹੂ ਦਾ ਛੇਕੜਲਾ ਤੁਪਕਾ ਵੀ ਚੂਸ ਚੁਕੇ ਸਨ। ਚਮਕਦੀ ਚਮਕਦੀ ਦੁਨੀਆਂ ਪੈਰ ਸੰਧਿਆ ਦੇ ਕਾਲੇ ਸਮੁੰਦਰ ਵਿਚ ਡੁੱਬਦੀ ਜਾ ਰਹੀ ਸੀ। ਮੈਂ ਅੱਜ ਦਿਨ ਵਿਚ ਕਈ ਵਾਰੀ ਉਸ ਘੜੀ ਸਾਜ਼ ਨੂੰ ਚੇਤੇ ਕਰ ਚੁਕਾ ਸਾਂ । ਘੜੀ ਮੁੜੀ ਉਸ ਦੀ ਬੰਦ ਦੁਕਾਨ ਵਲ ਤਕ ਕੇ ਸੋਚਦਾ ਸਾਂ, ‘ਕਮਬਖ਼ਤ ਕਿਧਰ ਚਲਾ ਗਿਆ ਅੱਜ ? ਉਸ ਨੇ ਤਾਂ ਕਦੀ ਭੁੱਲ ਕੇ ਵੀ ਦੁਕਾਨ ਬੰਦ ਨਹੀਂ ਸੀ ਕੀਤੀ।’ ਉਸਦੇ ਗਾਹਕ ਮੁੜ ਮੁੜ ਕੇ ਜਾ ਰਹੇ ਸਨ। ਸਭ ਨੂੰ ਮੈਂ ਇਹੋ ਆਖਕੇ ਟਾਲ ਦੇਂਦਾ ਰਿਹਾ “ਕਿਤੇ ਕੰਮ ਗਿਆ ਹੋਵੇਗਾ, ਥੋੜ੍ਹੀ ਦੇਰ ਤਕ ਆ ਜਾਵੇਗਾ।”
ਮੈਂ ਸੋਚ ਰਿਹਾ ਸਾਂ, ‘ਉਹ ਜਿਹੜਾ ਪਤਲਾ, ਲੰਮਾ ਅਧ-ਖੜ ਉਮਰ ਦਾ ਆਦਮੀ ਕਲ੍ਹ ਉਸ ਦੀ ਦੁਕਾਨ ਤੇ ਆਇਆ ਸੀ, ਉਸ ਨਾਲ ਨਾ ਕਿਤੇ ਚਲਾ ਗਿਆ ਹੋਵੇ !’ ਸਾਰਾ ਦਿਨ ਕੰਮ ਛੱਡ ਕੇ ਉਹ ਉਸ ਨਾਲ ਇਸ ਤਰ੍ਹਾਂ ਗੰਭੀਰ ਗੱਲਾਂ ਕਰਦਾ ਰਿਹਾ ਸੀ, ਜਿਵੇਂ ਕੋਈ ਬਹੁਤ ਨੇੜੇ ਦਾ ਰਿਸ਼ਤੇਦਾਰ ਹੁੰਦਾ ਹੈ।
ਰਾਤ ਨੂੰ ਜਦ ਮੈਂ ਦੁਕਾਨ ਬੰਦ ਕਰ ਕੇ ਘਰ ਵੱਲ ਜਾਣ ਲਗਾ ਤਾਂ ਉਸ ਦੀ ਹੱਟੀ ਅੱਗੋਂ ਲੰਘਦਿਆਂ ਮੈਂ ਇਕ ਵਾਰੀ ਫੇਰ ਉਸ ਦੇ ਵੱਜੇ ਹੋਏ ਬੂਹੇ ਵਲ ਤੱਕਿਆ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦ ਮੈਂ ਨਾ ਕੁੰਡੇ ਵਿਚ ਸੰਗਲੀ ਵੇਖੀ ਤੇ ਨਾ ਹੀ ਸੰਗਲੀ ਵਿਚ ਜੰਦਰਾ – ‘ਤਾਂ ਕੀ ਉਹ ਅੰਦਰ ਹੈ ?’ ਮੇਰਾ ਦਿਲ ਧੜਕਣ ਲੱਗ ਪਿਆ।
ਥੜ੍ਹੇ ਤੇ ਚੜ੍ਹ ਕੇ ਮੈਂ ਤਾਕਾਂ ਨੂੰ ਧੱਕਿਆ। ਮੇਰਾ ਦਿਲ ਹੋਰ ਜ਼ਿਆਦਾ ਧੜਕਣ ਲਗਾ ਪਿਆ ‘ਜਾਹ ਜਾਂਦੀਏ ਭਾਵੇਂ ਅੰਦਰੇ ਚਿੱਤ ਹੋ ਗਿਆ ਹੋਵੇ ।’ ਮੈਂ ਆਵਾਜ਼ ਦਿਤੀ, “ਕਮਾਲ ! ਓ ਮਿਸਟਰ ਕਮਾਲ !” ਪਹਿਲਾਂ ਤੇ ਕੋਈ ਜਵਾਬ ਨਾ ਮਿਲਿਆ, ਪਰ ਦੋ ਤਿੰਨ ਹੋਰ ਆਵਾਜ਼ਾਂ ਦੇਣ ਨਾਲ ਮੈਨੂੰ ਕੁਝ ਅੰਦਰੋਂ ਸੁਣਾਈ ਦਿਤਾ, ਪਰ ਇਤਨੀ ਹੌਲੀ ਕਿ ਮੈਂ ਉਸ ਦਾ ਮਤਲਬ ਨਾ ਸਮਝ ਸਕਿਆ। ਮੈਂ ਫੇਰ ਪੁਕਾਰਿਆ। ਕੁਝ ਤਾਂ ਮੈਂ ਹੀ ਉੱਚਾ ਸੁਣਦਾ ਸਾਂ ਤੇ ਕੁਝ ਉਹ ਹੌਲੀ ਹੌਲੀ ਬੋਲ ਰਿਹਾ ਸੀ। “ਜ਼ਰਾ ਉੱਚੀ – ਮੈਂ ਨਹੀਂ ਸੁਣਿਆਂ” ਮੈਂ ਫੇਰ ਪੁਕਾਰਿਆ। ਪਰ ਫਿਰ ਵੀ ਉਸ ਦੀ ਆਵਾਜ਼ ਵਿਚ ਕੋਈ ਫ਼ਰਕ ਨਾ ਪਿਆ। ਬਹੁਤ ਸਾਰੀ ਕੋਸ਼ਸ਼ ਕਰਨ ਤੋਂ ਬਾਅਦ ਏਨਾ ਕੁ ਮੇਰੀ ਸਮਝ ਵਿਚ ਆਇਆ, “ਹੋੜਾ ….. ਹੋੜਾ” ਮੈਂ ਹੋੜੇ ਦਾ ਕੁੰਡਾ ਦੁਹਾਂ ਹੱਥਾਂ ਨਾਲ ਮਰੋੜਿਆ। ਬੂਹਾ ਖੁਲ੍ਹ ਗਿਆ।
ਅੰਦਰ ਜਾ ਕੇ ਮੈਂ ਉਹੋ ਕੁਝ ਡਿੱਠਾ, ਜਿਸ ਦਾ ਮੈਨੂੰ ਖ਼ਤਰਾ ਸੀ । ਪਿਛਲੀ ਕੋਠੜੀ ਵਿਚ ਉਹ ਮੰਜੇ ਤੇ ਲੇਟਿਆ ਹੋਇਆ ਸੀ। ਪੇਤਲੇ ਹਨੇਰੇ ਵਿਚ ਮੈਂ ਵੇਖਿਆ ਰਜ਼ਾਈ ਦਾ ਅੱਧਾ ਹਿੱਸਾ ਮੰਜੇ ਤੇ ਅਤੇ ਅੱਧਾ ਭੁੰਜੇ ਲਮਕ ਰਿਹਾ ਸੀ। ਮੈਂ ਝਟ ਪਟ ਬਿਜਲੀ ਜਗਾਈ ਸਾਰਾ ਅੰਦਰ ਸਿਗਰਟਾਂ ਦੇ ਧੂਏਂ ਨਾਲ ਭਰਿਆ ਪਿਆ ਸੀ । ਸਿਗਰਟਾਂ ਦੇ ਅਨੇਕਾਂ ਅੱਧਸੜੇ ਟੁਕੜੇ, ਮਾਚਸ ਦੀਆਂ ਖ਼ਾਲੀ ਡੱਬੀਆਂ ਤੇ ਤੀਲੀਆਂ ਥਾਂ ਥਾਂ ਖਿਲਰੀਆਂ ਪਈਆਂ ਸਨ। ਉਸ ਦੇ ਕੋਲ ਕਰਕੇ ਅੰਗੀਠੀ ਉੱਤੇ ਕੇਤਲੀ ਧਰੀ ਹੋਈ ਸ਼ੀ, ਪਰ ਉਸ ਵਿਚੋਂ ਭਾਫ ਨਹੀਂ ਸੀ ਨਿਕਲ ਰਹੀ।
ਮੈਨੂੰ ਵੇਖਦਿਆਂ ਹੀ ਉਹ ਇਸ ਤਰ੍ਹਾਂ ਮੁਸਕਰਾਇਆ, ਜਿਵੇਂ ਦੁੱਖ ਦਰਦ ਦਾ ਉਸ ਦੇ ਸਰੀਰ ਵਿਚ ਕਿਤੇ ਨਾਂ ਨਿਸ਼ਾਨ ਹੀ ਨਹੀਂ, ਪਰ ਮੈਂ ਉਸ ਦੇ ਚਿਹਰੇ ਤੋਂ ਜੋ ਕੁਝ ਵੇਖਿਆ ਉਹ ਇਹੋ ਸੀ ਕਿ ਜੇ ਕਦੇ ਮੁਰਦਾ ਹੱਸਦਾ ਹੋਵੇ, ਤਾਂ ਨਿਸਚੇ ਹੀ ਉਸ ਦਾ ਹੁਲੀਆ ਇਹੋ ਜਿਹਾ ਹੁੰਦਾ ਹੋਵੇਗਾ।
“ਮਿਸਟਰ ਕਮਾਲ !” ਮੈਂ ਉਸਦੇ ਮੰਜੇ ਤੋਂ ਜ਼ਰਾ ਉਚੇਚੇ ਹੀ ਝੁਕ ਕੇ ਕਿਹਾ “ਕੀ ਗੱਲ ਸੀ ? ਮੈਂ ਤੇ ਸੋਚਿਆ ਸੀ ਕਿ ਅੱਜ ਕਿਤੇ ਬਾਹਰ ਗਿਆ ਹੋਇਆ ਏਂ।”
“ਐਵੇਂ ਜ਼ਰਾ ਆਰਾਮ ਕਰਨ ਨੂੰ ਤਬੀਅਤ ਕਰਦੀ ਸੀ, ਮੈਂ ਤੈਨੂੰ ਹੀ ਪਿਆ ਯਾਦ ਕਰਦਾ ਸਾਂ। ਪਹਿਲਾਂ ਡਾਕਖ਼ਾਨੇ ਜਾ ਕੇ ਇਕ ਤਾਰ ਦੇ ਆ” ਤੇ ਉਸਨੇ ਮੈਨੂੰ ਤਾਰ ਦਾ ਪਤਾ ਨੋਟ ਕਰਾ ਦਿਤਾ।
“ਕੀ ਲਿਖਣਾ ਹੈ ?” ਮੈਂ ਜਾਣ ਲੱਗਿਆਂ ਪੁੱਛਿਆ।
“ਹੋ ਸਕੇ ਤਾਂ ਪਹਿਲੀ ਗੱਡੀ ਚਲੇ ਆਉਣ।” ਕਹਿ ਕੇ ਉਸਨੇ ਆਪਣੇ ਦੋਵੇ ‘ਹੱਥ ਮੂੰਹ ਤੇ ਦੇ ਲਏ। ਮੈਂ ਝਟ ਡਾਕਖ਼ਾਨੇ ਦੌੜਿਆ ਗਿਆ ਤੇ ਐਕਸਪ੍ਰੈਸ ਫ਼ੀਸ ਲਾ ਕੇ ਤਾਰ ਦੇ ਆਇਆ। ਵਾਪਸ ਆ ਕੇ ਮੈਂ ਵੇਖਿਆ, ਉਹ ਉਸੇ ਤਰ੍ਹਾਂ ਮੂੰਹ ਉੱਤੇ ਹੱਥ ਰਖੀ ਲੇਟਿਆ ਹੋਇਆ ਸੀ।
“ਅੰਗੀਠੀ ਵਿਚ ਦੋ ਚਾਰ ਕੋਲੇ ਪਾ ਛੱਡ ਤੇ ਕੇਤਲੀ ਵਿਚ ” ਕਹਿੰਦਿਆਂ ਕਹਿੰਦਿਆਂ ਉਸ ਨੂੰ ਖੰਘ ਆ ਗਈ। ਇਤਨੀ ਸਖ਼ਤ ਖੰਘ ਕਿ ਕਈ ਵਾਰੀ ਸ਼ੁਰੂ ਕਰਨ ਤੇ ਵੀ ਉਹ ਆਪਣਾ ਵਾਕ ਪੂਰਾ ਨਾ ਕਰ ਸਕਿਆ। ਜਦ ਉਹ ਥੁੱਕਿਆ ਤਾਂ ਮੈਂ ਡਰ ਨਾਲ ਕੰਬ ਉਠਿਆ – ਨਿਰਾ ਲਹੂ !
ਉਸਦਾ ਮਤਲਬ ਸਮਝ ਕੇ ਮੈਂ ਅੰਗੀਠੀ ਝੱਟ ਪਟ ਭਖਾਈ। ਕੇਤਲੀ ਅੱਧੀ ਤੋਂ ਵਧੀਕ ਚਾਹ ਦੀ ਪੱਤੀ ਨਾਲ ਭਰੀ ਹੋਈ ਸੀ। ਮੈਂਸਾਰੀ ਪੱਤਲ ਕੱਢ ਕੇ ਸੁੱਟ ਦਿਤੀ ਤੋ ਧੋ ਧਾ ਕੇ ਉਸ ਵਿਚ ਹੋਰ ਪਾਣੀ ਪਾ ਕੇ ਅੰਗੀਠੀ ਤੇ ਰੱਖ ਦਿਤਾ। ਪਾਣੀ ਉਬਲਣ ਤੇ ਜਦ ਮੈਂ ਡੱਬੇ ਵਿਚੋਂ ਚਾਹ ਦੀ ਚੁਟਕੀ ਭਰ ਕੇ ਉਸ ਵਿਚ ਪਾਣ ਲਗਾ ਤਾਂ ਉਸ ਨੇ ਬਾਂਹ ਵਧਾ ਡੱਬਾ ਮੈਥੋਂ ਲੈ ਲਿਆ। ਹੱਛੀ ਲੱਪ ਸਾਰੀ ਚਾਹ ਡੱਬੇ ਵਿਚ ਬਾਕੀ ਸੀ, ਉਸ ਨੇ ਸਾਰੀ ਕੇਤਲੀ ਵਿਚ ਉਲਟ ਦਿਤੀ। ਮੈਂ ਪੁਛਿਆ, “ਇਤਨੀ ? ਇਹ ਤੇ ਵੀਹਾਂ ਆਦਮੀਆਂ ਲਈ ਕਾਫ਼ੀ ਹੈ।”
ਉਹ ਬੋਲਿਆ, “ਮੈਨੂੰ ਵੀਹਾਂ ਦੇ ਥਾਂ ਪੰਝੀਆਂ ਆਦਮੀਆਂ ਜਿੰਨਾ ਕੰਮ ਕਰਨਾ ਪੈਂਦਾ ਹੈ ਮਿਸਟਰ ! ਅੱਜ ਤੇ ਸਗੋਂ ਮੈਨੂੰ ਹੋਰ ਵੀ ਬਹੁਤੀ ਪਾਣੀ ਚਾਹੀਦੀ ਸੀ, ਪਰ ਨਿਕਲੀ ਹੀ ਏਨੀ ਕੁ ਹੈ।”
ਮੈਂ ਉਸ ਵੱਲ ਤਕ ਕੇ ਹੱਕਾ ਬੱਕਾ ਹੋ ਰਿਹਾ ਸਾਂ। ਲਗਭਗ ਮੁੱਕਿਆ ਪਿਆ ਸੀ। ਪਰ ਗੱਲਾਂ ਇਸ ਤਰ੍ਹਾਂ ਕਰ ਰਿਹਾ ਸੀ ਜਿਵੇਂ ਸਚਮੁਚ ਉਸ ਵਿਚ ਵੀਹਾਂ ਆਦਮੀਆਂ ਜਿੰਨੀ ਕੰਮ ਕਰਨ ਦੀ ਤਾਕਤ ਹੈ।
“ਅੱਜ ਕਿਉਂ ਬਹੁਤੀ ਪਾਣੀ ਚਾਹੀਦੀ ਹੈ ?” ਪਿਛਲਾ ਰੋਸ਼ਨਦਾਨ ਖੋਲ੍ਹਦਿਆਂ ਮੈਂ ਪੁੱਛਿਆ। ਕੁਝ ਸਿਗਰਟਾਂ ਦੇ ਧੂੰਏਂ ਤੇ ਕੁਝ ਕੋਲਿਆਂ ਦੀ ਗੈਸ ਨਾਲ ਮੇਰਾ ਸਾਹ ਘਟ ਰਿਹਾ ਸੀ।
“ਇਸ ਲਈ ਕਿ ਅੱਜ ਮੈਂ ਤੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ” ਉਸ ਨੇ ਪਾਸਾ ਪਰਤਦਿਆਂ ਕਿਹਾ।
“ਤੇ ਗੱਲਾਂ ਕਰਨ ਲਈ ਚਾਹ ……. ” ਮੈਂ ਅੱਜੇ ਗੱਲ ਖ਼ਤਮ ਵੀ ਨਹੀਂ ਸੀ ਕੀਤੀ ਕਿ ਉਹ ਬੋਲਿਆ, “ਮੈਂ ਜੀਉਂਦਾ ਹੀ ਦੂੰਹ ਚੀਜ਼ਾਂ ਦੇ ਆਸਰੇ ਹਾਂ – ਚਾਹ ਦੇ ਆਸਰੇ ਤੇ ਜਾਂ ਸਿਗਰਟਾਂ ਦੇ ਆਸਰੇ।
“ਤਾਂ ਦਸ, ਮੈਂ ਸੁਣਨ ਨੂੰ ਤਿਆਰ ਹਾਂ।” ਮੈਂ ਬੜੀ ਉਤਸੁਕਤਾ ਨਾਲ ਕਿਹਾ। ਮੈਂ ਤਾਂ ਕਈ ਚਿਰਾਂ ਤੋਂ ਉਸ ਬਾਬਤ ਕੁਝ ਜਾਣਨ ਦਾ ਖ਼ਾਹਸ਼ਮੰਦ ਸਾਂ।
“ਮੋਟਰ ਚਲ ਸਕਦੀ ਹੈ, ਜਤ ਤਕ ਉਸ ਵਿਚ ਪੈਟਰੋਲ ਤੇ ਮੋਬਲਆਇਲ ਨਾ ਭਰਿਆ ਜਾਵੇ ?” ਉਸ ਨੇ ਹੱਸ ਕੇ ਉੱਤਰ ਦਿਤਾ — “ਚਾਹ ਪੀਣ ਦੀ ਸੁਲ੍ਹਾ ਮੈਂ ਤੈਨੂੰ ਨਹੀਂ ਮਾਰ ਸਕਦਾ, ਇਸ ਲਈ ਕਿ ਤੇਰੇ ਲਈ ਇਸ ਦੇ ਦੋ ਘੁਟ ਵੀ ਪਚਾਣੇ ਮੁਸ਼ਕਲ ਨੇ।”
ਮੈਂ ਪੁੱਛਿਆ, “ਦਿਨ ਵਿਚ ਕਿੰਨੀ ਕੁ ਵਾਰੀ ਪੀਂਦਾ ਹੈਂ ?”
“ਗਿਣਤੀ ਕਦੀ ਨਹੀਂ ਕੀਤੀ”, ਉਹ ਹੱਸ ਕੇ ਬੋਲਿਆ।
“ਤੇ ਸਿਗਰਟਾਂ ?”
“ਇਨ੍ਹਾਂ ਦੀ ਤੇ ਉੱਕਾ ਹੀ ਕੋਈ ਗਿਣਤੀ ਨਹੀਂ !”
“ਕਮਬਖ਼ਤ, ਆਪਣੇ ਆਪ ਉੱਤੇ ਕੁਝ ਤੇ ਤਰਸ ਕਰਿਆ ਕਰ।”
“ਤਰਸ ਕਰਨ ਲਈ ਹੀ ਤੇ ਇਹ ਪੁਆੜੇ ਕਰਦਾ ਹਾਂ। ਕੀ ਤੇਰੇ ਖ਼ਿਆਲ ਵਿਚ ਆਪਣੇ ਆਪ ਉਤੇ ਇਹ ਤਰਸ ਹੋਵੇਗਾ ਕਿ ਸਾਰੀ ਰਾਤ ਨੀਂਦਰ ਬਿਨਾਂ ਮੰਜੇ ਤੇ ਪਾਸੇ ਰਗੜਦਾ ਰਿਹਾ ਕਰਾਂ ? ਇਕ ਵਾਰੀ ਚਾਹ ਦਾ ਪਿਆਲਾ ਪੀਣ ਨਾਲ ਅੱਧਾ ਘੰਟਾ ਅੱਖ ਲਗ ਜਾਂਦੀ ਹੈ ? ਫਿਰ ਜਦੋਂ ਉਘੜ ਜਾਂਦੀ ਹੈ ਫੇਰ ਸ਼ੁਰੂ ਕਰ ਦੇਂਦਾ ਹਾਂ – ਕੀ ਇਹ ਤਰਸ ਨਹੀ ਆਪਣੇ ਆਪ ਉੱਤੇ ?”
ਉਸ ਦੀਆਂ ਗੱਲਾਂ ਸੁਣ ਸੁਣ ਕੇ ਮੇਰਾ ਦਿਲ ਨਫ਼ਰਤ ਨਾਲ ਭਰਦਾ ਜਾਂਦਾ ਸੀ । ਮੈਂ ਸੋਚਦਾ ਸਾਂ, ‘ਕਿਤਨੀ ਘ੍ਰਿਣਿਤ ਜ਼ਿੰਦਗੀ ਹੈ ! ਮੈਂ ਫੇਰ ਪੁੱਛਿਆ, “ਜਦੋਂ ਪੈਸੇ ਮੁਕ ਜਾਣਗੇ ਈ, ਤੇ ਕੰਮ ਕਰਨ ਜੋਗਾ ਨਹੀਂ ਰਹੇਂਗਾ, ਫੇਰ ਕੀ ਕਰੇਂਗਾ ?”
“ਉਹ ।” ਉਹ ਕਹਿਕਾ ਮਾਰ ਕੇ ਬੋਲਿਆ, ਮੈਂ ਬੇਵਕੂਫ਼ ਨਹੀਂ ਕਿ ਇਹੋ ਜਿਹੀ ਗਲਤੀ ਕਰਾਂ। ਉਧਰ ਪੈਸੇ ਮੁਕਣਗੇ ਤੇ ਇਧਰ ਮੈਂ ਮੁੱਕਾਂਗਾ- ਅਸੀਂ ਦੋਵੇਂ ਇਕੋ ਵਕਤ ਤੇ ਖ਼ਤਮ ਹੋਵਾਂਗੇ।”
ਹੁਣ ਤਕ ਉਹ ਤਿੰਨ ਪਿਆਲੇ ਕਾਹਵਾ ਪੀ ਚੁਕਾ ਸੀ। ਉਸ ਨੇ ਕੇਤਲੀ ਮੁੜ ਅੱਗ ਤੇ ਰਖ ਦਿਤੀ, ਤੇ ਸਿਗਰਟ ਨੂੰ ਤੀਲੀ ਲਾਂਦਾ ਹੋਇਆ ਬੋਲਿਆ, ਤੂੰ ਸ਼ਾਇਦ ਇਹ ਸੋਚ ਰਿਹਾ ਹੈ ਕਿ ਮੈਂ ਆਪਣੇ ਕਾਠ ਕਫਣ ਵਾਸਤੇ ਵੀ ਕੁਝ ਬਚਾ ਰਖਿਆ ਹੈ ਕਿ ਨਹੀਂ। ਤੇਰੀ ਇਹ ਚਿੰਤਾ ਨਾ-ਵਾਜਬ ਨਹੀਂ। ਇਕ ਚੰਗਾ ਗੁਆਂਢੀ ਹੋਣ ਦੀ ਹੈਸੀਅਤ ਵਿਚ ਤੈਨੂੰ ਇਹ ਸੋਚਣਾ ਹੀ ਚਾਹੀਦਾ ਹੈ, ਪਰ ਸ਼ਾਇਦ ਤੈਨੂੰ ਨਹੀਂ ਪਤਾ, ਮੈਂ ਕਦੀ ਦਾ ਮਰ ਚੁਕਾ ਹਾਂ । ਬਹੁਤ ਪੁਰਾਣੇ ਮੁਰਦੇ ਨੂੰ ਕਾਠ ਖੱਫਣ ਦੀ ਲੋੜ ਨਹੀਂ ਹੁੰਦੀ, ਪਰ ਜੇ ਤੇਰਾ ਦਿਲ ਕਰੇ ਤਾਂ ਬੇਸ਼ਕ ਆਪਣੇ ਕੋਲੋਂ ਕੁਝ ਖ਼ਰਚ ਕਰਕੇ ਥੋੜ੍ਹਾ ਬਹੁਤਾ ਪਾ ਦੇਈਂ। ਵੈਸੇ ਮੈਨੂੰ ਇਸ ਗੱਲ ਦੀ ਨਾ ਚਿੰਤਾ ਹੈ- ਨਾ ਪਰਵਾਹ।” ਕਹਿੰਦਿਆਂ ਕਹਿੰਦਿਆਂ ਉਸ ਨੂੰ ਉਬਾਸੀਆਂ ਆਉਣ ਲਗੀਆਂ ਤੇ ਕਹਿਣ ਲੱਗਾ”, “ਅਹੁ ਫੜਾਈਂ ਜ਼ਰਾ ਮੈਨੂੰ ਕੇਤਲੀ ਤੇ ਨਾਲੇ ਪਿਆਲਾ।”
ਉਸ ਨੇ ਮੁੜ ਉਹੀ ਕਾਹਵਾ ਪੀਣਾ ਸ਼ੁਰੂ ਕਰ ਦਿਤਾ ਤੇ ਨਾਲੋ-ਨਾਲ ਕਹਿੰਦਾ ਗਿਆ, “ਤੂੰ ਖ਼ਿਆਲ ਕਰਦਾ ਹੈ ਕਿ ਮੈਂ ਇਸ ਨੂੰ ਸ਼ੌਕ ਨਾਲ ਪੀਂਦਾ ਹਾਂ ? ਨਹੀਂ ਮਿਸਟਰ, ਨਹੀਂ ! ਮੈਂ ਇਹ ਚੀਜ਼ ਪਾਣੀ ਦੇ ਤੌਰ ਤੇ ਵਰਤਦਾ ਹਾਂ ? ਉਹ ਪਾਣੀ ਜਿਹੜਾ ਮੇਰੇ ਅੰਦਰ ਲਗੀ ਹੋਈ ਅੱਗ ਨੂੰ ਭਾਵੇਂ ਬੁਝਾ ਨਹੀਂ ਸਕਦਾ ਪਰ ਆਰਜ਼ੀ ਤੌਰ ਤੇ ਜਿੰਨਾ ਚਿਰ ਇਹ ਤੱਤਾ ਪਾਣੀ ਉਸ ਉੱਤੇ ਪੈਂਦਾ ਰਹਿੰਦਾ ਹੈ, ਬਹੁਤੀ ਨਹੀਂ ਭੜਕਦੀ। ਜੇ ਭੜਕ ਪਵੇ ਤਾਂ ਸ਼ਾਇਦ ਇਕ ਦਿਨ ਵਿਚ ਹੀ ਮੈਨੂੰ ਸਾੜ ਕੇ ਸੁਆਹ ਕਰ ਦੇਵੇ । ਤੂੰ ਹੱਸ ਰਿਹਾ ਹੈਂ ? ਦੱਸਣ ਵਾਲੀ ਇਸ ਵਿਚ ਕੋਈ ਗੱਲ ਨਹੀਂ ਮੇਰੇ ਦੋਸਤ, ਮੈਂ ਹੁਣ ਤਕ ਕਦੇ ਦਾ ਖ਼ਤਮ ਹੋ ਗਿਆ ਹੁੰਦਾ ਜੇ ਇਹ ਤਰੀਕਾ ਨਾ ਵਰਤਦਾ। ਮੈਂ ਗਾਉਂਦਾ ਹਾਂ, ਹੱਸਦਾ ਹਾਂ, ਹਰ ਘੜੀ ਕੋਈ ਨਾ ਕੋਈ ਪਖੰਡ ਰਚੀ ਰਖਦਾ ਹਾਂ । ਜਾਣਦਾ ਹੈਂ ਕਿਉਂ ? ਸਿਰਫ਼ ਆਪਣੇ ਆਪ ਨੂੰ ਧੋਖਾ ਦੇਣ ਲਈ- ਆਪਣੇ ਆਪ ਨੂੰ ਭੁੱਲ ਜਾਣ ਲਈ। ਤੂੰ ਵੀ, ਤੇ ਹੋਰ ਲੋਕ ਵੀ ਮੈਨੂੰ ਬਥੇਰੀ ਵੇਰਾਂ ਕਹਿ ਚੁਕੇ ਨੇ ਕਿ ਮੈਂ ਆਪਦਾ ਇਲਾਜ ਕਰਵਾ, ਪਰ ਮੈਂ ? ਤੁਸੀਂ ਲੋਕ ਖ਼ਿਆਲ ਕਰਦੇ ਹੋ ਕਿ ਕਿਸੇ ਦੁਆ ਦਾਰੂ ਦਾ ਮੇਰੇ ਉਤੇ ਅਸਰ ਹੋਵੇਗਾ। ਪਰ ਇਹ ਇਕ ਵਾਰੀ ਨਹੀਂ, ਸੌ ਵਾਰੀ ਨਾ-ਮੁਮਕਿਨ ਹੈ। ਇਕ ਮਿੰਟ ਵਾਸਤੇ ਝੂਠੀ ਮੁਠੀ ਮੰਨ ਲਓ ਕਿ ਕਿਸੇ ਕਾਮਿਲ ਹਕੀਮ ਦੀ ਦੁਆਈ ਨਾਲ ਮੈਂ ਠੀਕ ਵੀ ਹੋ ਜਾਵਾਂਗਾ, ਪਰ ਸੁਆਲ ਤਾਂ ਇਹ ਹੈ ਕਿ ਮੈਂ ਇਹੋ ਜਿਹੀ ਬੇਵਕੂਫੀ ਕਰਾਂ ਹੀ ਕਿਉਂ, ਜਦ ਮੈਂ ਜਾਣਦਾ ਹਾਂ ਕਿ ਮੇਰੇ ਲਈ ਮੌਤ ਨਾ ਸਿਰਫ਼ ਜ਼ਰੂਰੀ ਹੈ ਬਲਕਿ ਲਾਜ਼ਮੀ ਵੀ । ਅਖੇ ‘ਜਿਸ ਦੇ ਪੈਰ ਨਾ ਫੁਟੇ ਬਿਆਈ, ਉਹ ਕੀ ਜਾਣੇ ਪੀੜ ਪਰਾਈ।’ ਮੇਰੇ ਵਰਗੀ ਹਾਲਾਤ ਜੇ ਕਿਸੇ ਦੀ ਹੋਵੇ ਤਾਂ ਉਹ ਡਾਕਟਰ ਪਾਸੋਂ ਦੁਆਈ ਮੰਗਣ ਦੇ ਥਾਂ ਕੋਈ ਅਜਿਹਾ ਸੁਖਾਲਾ ਇੰਜੈਕਸ਼ਨ ਮੰਗੇ, ਜਿਸ ਦੀ ਸੂਈ ਉਸ ਦੀ ਬਾਂਹ ਵਿਚੋਂ ਪਿਛੋਂ ਨਿਕਲੇ ਤੇ ਜਾਨ ਪਹਿਲਾਂ ਨਿਕਲ ਜਾਵੇ
ਘ੍ਰਿਣਾ-ਯੋਗ ਸਿਗਰਟਾਂ ਦੀ ਮੁਸ਼ਕ, ਗੰਦੀ ਕੋਠੜੀ ਤੇ ਕਮਾਲ ਦਾ ਮੌਤ ਨਾਲੋਂ ਵਧ ਡਰਾਉਣਾ ਹੁਲੀਆ ਇਹ ਸਭ ਭੁੱਲ ਗਿਆ — ਮੈਂ ਇਤਨਾ ਉਸ ਦੀਆਂ ਗੱਲਾਂ ਵਿਚ ਮਸਤ ਸਾਂ। ਉਹ ਬੋਲੀ ਗਿਆ ਤੇ ਨਾਲੇ ਨਾਲ ਕਾਹਵੇ ਦੀਆਂ ਪਿਆਲੀਆਂ ਪੀਵੀ ਗਿਆ। ਦੁੰਹ ਵਿਚੋਂ, ਇਕ ਨਾ ਇਕ ਚੀਜ਼ ਜ਼ਰੂਰ ਉਸ ਦੇ ਹੇਠਾਂ ਨਾਲ ਹੁੰਦੀ— ਜਾਂ ਚਾਹ ਤੇ ਜਾਂ ਸਿਗਰਟ। ਅੱਜ ਉਹ ਇਹਨਾਂ ਚੀਜ਼ਾਂ ਨੂੰ ਸ਼ਾਇਦ ਬਹੁਤ ਜ਼ਿਆਦਾ ਤੇ ਬੇ-ਤਹਾਸ਼ਾ ਵਰਤ ਰਿਹਾ ਸੀ। ਮੇਰੇ ਵੇਖਦਿਆਂ ਵੇਖਦਿਆਂ ਉਸਨੇ ਇਕ ਕੇਤਲੀ ਖ਼ਾਲੀ ਕਰਕੇ ਹੋਰ ਪਾਣੀ ਪਾਣ ਲਈ ਕਿਹਾ। ਪੱਤੀ ਵਿਚ ਅੱਜੇ ਬਥੇਰਾ ਅਸਰ ਬਾਕੀ ਸੀ, ਹੋਰ ਪਾਣ ਦੀ ਲੋੜ ਨਹੀਂ ਸੀ। ਪਾਣੀ ਧਰਨ ਤੋਂ ਬਾਅਦ ਮੈਂ ਉਸ ਦੀ ਬੀਮਾਰੀ ਬਾਬਤ ਹੋਰ ਕੁਝ ਪੁਛਣਾ ਚਾਹਿਆ, ਪਰ ਉਹ ਛਿੱਥਾ ਪੈ ਕੇ ਬੋਲਿਆ, “ਫ਼ਜ਼ੂਲ ਗੱਲਾਂ ਵਿਚ ਮੇਰਾ ਵਕਤ ਨਾ ਗੁਆ, ਮੈਂ ਅੱਜੇ ਬਹੁਤ ਕੁਝ ਕਹਿਣਾ ਹੈ। ਇਸ ਗੱਲ ਦਾ ਤੈਨੂੰ ਫ਼ਿਕਰ ਨਹੀਂ ਕਰਨਾ ਚਾਹੀਦਾ। ਮੈਂ ਤੈਨੂੰ ਇਕ ਵਾਰ ਜੁ ਕਹਿ ਚੁਕਾ ਹਾਂ ਕਿ ਮੇਰਾ ਸਭ ਕੁਝ ਇਕੱਠਾ ਹੀ ਮੁਕੇਗਾ ਜਦੋਂ ਮੁਕੇਗਾ” ਤੇ ਉਸ ਨੇ ਆਪਣੀ ਜੀਵਨ- ਕਥਾ ਸ਼ੁਰੂ ਕਰ ਦਿਤੀ । ਜਿਉਂ ਜਿਉਂ ਕੇਤਲੀ ਤੇ ਸਿਗਰਟਾਂ ਵਾਲੀਆਂ ਡੱਬੀਆਂ ਖ਼ਾਲੀ ਹੁੰਦੀਆਂ ਜਾਂਦੀਆਂ, ਉਸ ਦੇ ਅੰਦਰ ਨਵੇਂ ਤੋਂ ਨਵਾਂ ਜੋਸ਼ ਭਰਦਾ ਜਾ ਰਿਹਾ ਸੀ। ਉਸ ਦੀ ਆਵਾਜ਼ ਸੁਣ ਕੇ ਕੋਈ ਨਹੀਂ ਸੀ ਕਹਿ ਸਕਦਾ ਕਿ ਇਹ ‘ਮਰਨਾਉ ਬੋਲ ਰਿਹਾ ਹੈ, ਛੁਟ ਇਸ ਤੋਂ ਕਿ ਵਿਚ ਵਿਚ ਜਦ ਉਸ ਨੂੰ ਖੰਘ ਆਉਂਦੀ, ਤੇ ਨਾਲ ਹੀ ਲਹੂ ਦੀਆਂ ਬੇਟੀਆਂ ਉਗਲਦਾ ਤਾਂ ਕੁਝ ਚਿਰ ਲਈ ਉਸਨੂੰ ਥੱਮ੍ਹਣਾ ਪੈਂਦਾ ਸੀ । ਜਾਂ ਫਿਰ ਕਿਸੇ ਕਿਸੇ ਵੇਲੇ ਉਸ ਨੂੰ ਇਤਨਾ ਸਾਹ ਚੜ੍ਹ ਜਾਂਦਾ ਸੀ ਕਿ ਥੋੜੇ ਚਿਰ ਲਈ ਰੁਕ ਕੇ ਉਸ ਨੂੰ ਆਪਣਾ ਆਪ ਠੀਕ ਕਰਨਾ ਪੈਂਦਾ।
ਹੁਣ ਉਸਦੀ ਜ਼ਬਾਨ ਥਿੜਕਣ ਲਗ ਪਈ ਤੇ ਵਿਚ ਵਿਚ ਗੱਲਾਂ ਦਾ ਸਿਲਸਲਾ ਵੀ ਉੱਘੜ ਦੁੱਘੜ ਹੋਣ ਲਗਾ। ਕਈ ਵਾਰੀ ਤਾਂ ਉਹ ਕਹੀਆਂ ਹੋਈਆਂ ਗੱਲਾਂ ਨੂੰ ਮੁੱੜ ਦੁਹਾਰਾਉਣ ਲਗਦਾ, ਤੇ ਕਈ ਵਾਰੀ ਗੱਲ ਕਰਦਾ ਕਰਦਾ ਭੁੱਲ ਹੀ ਜਾਂਦਾ ਕਿ ਉਹ ਕੀ ਗੱਲ ਕਰ ਰਿਹਾ ਸੀ। ਪਰ ਉਹ ਰੁਕਿਆ ਨਹੀਂ, ਬਰਾਬਰ ਘੰਟਾ ਡੇਢ ਘੰਟਾ ਬੋਲਦਾ ਗਿਆ। ਜਿਉਂ ਜਿਉਂ ਉਸ ਦੀ ਗੱਲ ਕੱਥ ਮੁੱਕਣ ਤੇ ਆਈ ਜਾਂਦੀ, ਉਹ ਹੋਰ ਤੇਜ਼ ਹੋਰ ਤੇਜ਼ ਹੁੰਦਾ ਜਾਂਦਾ। ਵਿਚ ਵਿਚ ਕਦੇ ਉਸਦੇ ਗਲੇਡ ਵੀ ਭਰ ਆਉਂਦੇ ਸਨ ਤੇ ਡਾਢਾ ਪੀੜ ਨਾਲ ਵਿੰਨਿਆਂ ਹੋਇਆ ਠੰਡਾ ਸਾਹ ਭਰਦਾ।
ਛੇਕੜ ਤੇ ਪਹੁੰਚ ਕੇ ਜਾਪਦਾ ਸੀ ਜਿਵੇਂ ਉਸਦੀ ਬੋਲਣ ਚਾਲਣ ਦੀ ਤਾਕਤ ਖ਼ਤਮ ਹੋ ਚੁਕੀ ਹੈ — ਸਿਰਫ਼ ਆਪਣੇ ਆਪ ਨੂੰ ਧਕ ਧਕ ਕੋ ਕਿਸੇ ਤਰ੍ਹਾਂ ਲਫ਼ਜ਼ ਉਗਲੀ ਜਾ ਰਿਹਾ ਹੈ। ਕਈ ਵਾਰੀ ਮੈਂ ਡਰ ਗਿਆ ਤੇ ਉਸਨੂੰ ਬੋਲਣੋ ਮਨ੍ਹੇ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਸਨੇ ਇਕ ਵਾਰੀ ਵੀ ਮੇਰੀ ਗੱਲ ਦਾ ਧਿਆਨ ਨਹੀਂ ਕੀਤਾ – ਬਰਾਬਰ, ਜਿਵੇਂ ਵੀ ਉਸ ਤੋਂ ਸਰ ਸਕਿਆ, ਬੋਲੀ ਗਿਆ, ਬੋਲੀ ਗਿਆ।
ਜਦ ਉਸ ਨੇ ਬੋਲਣਾ ਬੰਦ ਕੀਤਾ ਤਾਂ ਮੈਂ ਵੇਖਿਆ, ਉਸ ਦੀਆਂ ਅੱਖਾਂ ਤਾੜੇ ਲਗੀਆਂ ਹੋਈਆਂ ਸਨ । ਝੂਠ ਕਿਉਂ ਕਹਾਂ ਉਸ ਦੀਆਂ ਗੱਲਾਂ ਦਾ ਮਜ਼ਮੂਨ ਹੀ ਐਸਾ ਸੀ, ਜਿਸ ਨੂੰ ਸੁਣ ਕੇ ਸਖ਼ਤ ਤੋਂ ਸਖ਼ਤ ਦਿਲ ਵਾਲਾ ਆਦਮੀ ਵੀ ਆਪਾ ਭੁਲ ਜਾਏ, ਮੈਂ ਤੇ ਭਲਾ ਉਂਜ ਹੀ ਸੀਨੇ ਵਿਚ ਸ਼ਾਇਰਾਨਾ ਦਿਲ ਰਖਦਾ ਸਾਂ । ਮੈਂ ਗੱਲਾਂ ਦੇ ਦੌਰਾਨ ਉਸਦੀ ਹਾਲਤ ਭੁਲ ਹੀ ਗਿਆ ਸਾਂ। ਜਿਉਂ ਹੀ ਉਸ ਨੇ ਆਪਣਾ ਕਿੱਸਾ ਖ਼ਤਮ ਕੀਤਾ, ਬੇਹਿੱਸ ਹੋ ਕੇ ਉਸ ਨੇ ਸਿਰ ਸੁੱਟ ਦਿਤਾ। ਚਾਹ ਦੀ ਕੇਤਲੀ ਤੇ ਸਿਗਰਟਾਂ ਦੀ ਡੱਬੀ, ਦੋਵੇਂ ਚੀਜ਼ਾਂ ਲਗਭਗ ਖ਼ਾਲੀ ਹੋ ਚੁਕੀਆਂ ਸਨ।
ਮੈਂ ਉਸਨੂੰ ਹਲੂਣ ਕੇ ਇਕ ਦੋ ਅਵਾਜ਼ਾਂ ਦਿਤੀਆਂ। ਝਟ ਕੁ ਪਿਛੋਂ ਉਹ ਫਿਰ ਕੁਝ ਚਿੰਤਨ ਹੋ ਕੇ ਬੋਲਿਆ, “ਰਾਤ ਕਾਫ਼ੀ ਹੋ ਗਈ ਹੈ। ਹੁਣ ਤੂੰ ਘਰ ਜਾਹ।”
ਮੈਂ ਜਦ ਅੱਜ ਦੀ ਰਾਤ ਉਸੇ ਕੋਲ ਰਹਿਣ ਦਾ ਇਰਾਦਾ ਪ੍ਰਗਟ ਕੀਤਾ ਤਾਂ ਉਹ ਗੁੱਸੇ ਵਾਲੀ ਆਵਾਜ਼ ਵਿਚ ਬੋਲਿਆ, ” ਉਹੂੰ, ਮੈਂ ਅੱਵਲ ਤੇ ਹਾਲੇ ਇਤਨੀ ਜਲਦੀ ਮਰਦਾ ਨਹੀਂ, ਜੇ ਮਰਨਾ ਵੀ ਹੋਇਆ ਤਾਂ ਮੈਂ ਉਸ ਵੇਲੇ ਬਿਲਕੁਲ ਇਕੱਲਾ ਰਹਿਣਾ ਚਾਹਾਂਗਾ।”
ਪਤਾ ਨਹੀਂ ਕਿਉਂ, ਅੱਜ ਉਸ ਪਾਸੋਂ ਜਾਣ ਨੂੰ ਮੇਰਾ ਦਿਲ ਨਹੀਂ ਸੀ ਮੰਨਦਾ ਪਰ ਜਦ ਮੈਂ ਵੇਖਿਆ ਕਿ ਉਸ ਲਈ ਮੇਰਾ ਉਥੇ ਬੈਠਣਾ ਦੁਖਦਾਈ ਸਾਬਿਤ ਹੋ ਰਿਹਾ ਹੈ, ਤਾਂ ਮੈਨੂੰ ਛਾਤੀ ਤੇ ਪੱਥਰ ਧਰ ਕੇ ਉਥੋਂ ਉਠਣਾ ਪਿਆ। ਜਾਣ ਲਗਿਆਂ ਮੈਂ ਇਕ ਵਾਰੀ ਉਸਨੂੰ ਪੁਛਿਆ, “ਮਿਸਟਰ ਕਮਾਲ ! ਜੇ ਤੂੰ ਇਜਾਜ਼ਤ ਦੇਵੇਂ ਤਾਂ ਮੈਂ ਕਿਸੇ ਡਾਕਟਰ ਨੂੰ ਸਦ ਲਿਆਵਾਂ ।” ਪਰ ਉਸ ਨੇ ਉੱਤਰ ਵਿਚ “ਤੈਨੂੰ ਮੇਰੀ ਸਹੁੰ ਹੁਣ ਨਾ ਬੁਲਾਈਂ ਮੈਨੂੰ” ਕਹਿਕੇ ਦੂਜੀ ਹੀਂਹ ਵਲ ਪਾਸਾ ਮੋੜਦਿਆਂ ਕਿਹਾ – “ਬੱਤੀ ਬੁਝਾ ਜਾਈਂ ਜਾਂਦਾ ਹੋਇਆ।”
ਮੈਂ ਉਠਿਆ ਤੇ ਉਸੇ ਤਰ੍ਹਾਂ ਬੱਤੀ ਬੁਝਾ ਕੇ, ਹੋੜਾ ਬੰਦ ਕਰਕੇ ਘਰ ਵਲ ਤੁਰ ਪਿਆ। ਘਰ ਜਾ ਕੇ ਮੈਂ ਬਿਨਾਂ ਖਾਧੇ ਪੀਤੇ ਸੌਂ ਗਿਆ। ਪਤਾ ਨਹੀਂ ਕਿਉਂ ਮੇਰਾ ਦਿਲ, ਖੁਲ੍ਹ ਕੇ ਰੋਣ ਨੂੰ ਕਰਦਾ ਸੀ। ਮੈਂ ਚਾਹੁੰਦਾ ਸਾਂ ਕੋਈ ਅਜਿਹੀ ਥਾਂ ਲਭੇ, ਜਿਥੇ ਮੇਰੀਆਂ ਚੀਕਾਂ ਨੂੰ ਕੋਈ ਨਾ ਸੁਣੇ ਅਤੇ ਨਾ ਕੋਈ ਮੇਰੇ ਅੱਥਰੂ ਵੇਖ ਸਕੇ। ਉਸਦੀ ਡੇਢ ਘੰਟੇ ਦੀ ਜੀਵਨ ਕਹਾਣੀ ਨੇ ਮੇਰੇ ਅੰਦਰ ਜ਼ਲਜ਼ਲਾ ਜਿਹਾ ਪੈਦਾ ਕਰ ਦਿਤਾ ਸੀ।
ਅੱਧੀ ਕੁ ਰਾਤ ਮੈਂ ਫੇਰ ਬਿਸਤਰੇ ‘ਚੋਂ ਉਠ ਬੈਠਾ। ਮੈਥੋਂ ਲੰਮੇਂ ਨਹੀਂ ਪਿਆ ਗਿਆ। ਜਿਉਂ ਜਿਉਂ ਉਸ ਦੀ ਸ਼ਕਲ ਮੇਰੇ ਸਾਹਮਣੇ ਆਉਂਦੀ, ਮੈਂ ਆਪਣੇ ਆਪ ਨੂੰ ਲਾਹਨਤਾਂ ਪਾਂਦਾ ਸਾਂ, ‘ਮੈਂ ਇਹ ਕੀ ਕੀਤਾ ? ਉਸ ਦੀ ਹਾਲਤ ਇਸ ਲਾਇਕ ਸੀ ਕਿ ਮੈਂ ਉਸ ਨੂੰ ਇਕੱਲਾ ਛਡ ਕੇ ਚਲਾ ਆਇਆਂ ? ਹਜ਼ਾਰ ਵਾਰੀ ਲਾਹਨਤ ਹੈ ਮੈਨੂੰ ।’ ਮੈਂ ਝਟ ਪਟ ਕਪੜੇ ਪਾ ਕੇ ਤੇ ਲਾਲਟੈਨ ਜਗਾ ਕੇ ਜਾਣ ਨੂੰ ਤਿਆਰ ਹੋ ਪਿਆ। ਪਿਛੋਂ ਕਈ ਆਵਾਜ਼ਾਂ ਆਈਆਂ, “ਕਿਥੇ ਚਲੇ ਜੇ ਅੱਧੀ ਰਾਤੀਂ ਏਡੀ ਸਰਦੀ ਵਿਚ ?” ਪਰ ਮੈਂ ਇਤਨਾ ਹੀ ਕਹਿ ਕੇ ਘਰੋਂ ਬਾਹਰ ਨਿਕਲ ਗਿਆ, “ਗੁਆਂਢੀ ਘੜੀਸਾਜ਼ ਬੀਮਾਰ ਹੈ, ਉਸ ਦੀ ਖ਼ਬਰ ਲੈਣ ਜਾ ਰਿਹਾ ਹਾਂ।”
ਹੋੜਾ ਖੋਲ੍ਹਕੇ ਮੈਂ ਅੰਦਰ ਪਹੁੰਚਿਆ, ਬਿਜਲੀ ਜਗਾਈ ਤੇ ਮੰਜੇ ਵਲ ਤਕਿਆ। ਤਕਦਿਆਂ ਹੀ ਲਾਲਟੈਨ ਮੇਰੇ ਹੱਥੋਂ ਡਿਗਦੀ ਡਿਗਦੀ ਬਚੀ। ਕਮਾਲ ਦਾ ਸਿਰ ਇਕ ਪਾਸੇ ਨੂੰ ਲੁੜ੍ਹਕਿਆ ਹੋਇਆ ਸੀ ਤੇ ਉਸਦਾ ਸਰੀਰ ਲੱਕੜੀ ਵਾਂਗ ਆਕੜਿਆ ਪਿਆ ਸੀ। ਹਰਕਤ ਨਾ ਨੂੰ ਵੀ ਨਹੀਂ ਸੀ।
ਮੈਂ ਝਟਪਟ ਅਗਾਂਹ ਹੋ ਕੇ ਉਸ ਦੀ ਬਾਂਹ ਫੜੀ, ਜਿਹੜੀ ਮੰਜੇ ਦੇ ਹੇਠਾਂ ਵਲ ਪਾਸੇ ਲਟਕੀ ਹੋਈ ਸੀ, ਜਿਥੇ ਚਾਹ ਵਾਲੀ ਕੇਤਲੀ ਮੁਹਦੀ ਪਈ ਸੀ। ਨਬਜ਼ ਵੇਖਣ ਦੀ ਲੋੜ ਹੀ ਨਾ ਪਈ, ਉਸ ਦੀ ਬਾਂਹ ਮੂਲੀ ਵਾਂਗ ਠੰਢੀ ਤੇ ਆਕੜੀ ਹੋਈ ਸੀ। ਸਿਗਰਟਾਂ ਵਾਲੀ ਡੱਬੀ ਉਸ ਦੀ ਛਾਤੀ ਦੇ ਕੋਲ ਕਰਕੇ ਮੰਜੀ ਦੀ ਨੀਂਹ ਤੇ ਸੱਖਣੀ ਪਈ ਸੀ, ਅੰਗੀਠੀ ਵਿਚੋਂ ਅੱਗ ਖ਼ਤਮ ਹੋ ਚੁਕੀ ਸੀ — ਕੇਵਲ ਕੋਲਿਆਂ ਦੀ ਚਿੱਟੀ ਰਾਖ ਕੁਝ ਸੀਖਾਂ ਉਤੇ ਅੜੀ ਹੋਈ ਸੀ, ਤੇ ਬਾਕੀ ਹੇਠਾਂ ਕਿਰ ਗਈ ਸੀ।
ਮੈਂ ਇਕ ਠੰਢਾ ਸਾਹ ਭਰ ਕੇ ਬਾਹਰ ਨਿਕਲਿਆ ਤੇ ਕਈਆਂ ਗੁਆਂਢੀਆਂ ਨੂੰ ਜਾ ਜਗਾਇਆ।
ਦੂਜੇ ਦਿਨ ਅਰਥੀ ਕੱਢਣ ਤੋਂ ਪਹਿਲਾਂ ਉਸਦੇ ਅੰਦਰ ਦੀ ਫੋਲਾ ਫਾਲੀ ਕੀਤੀ ਗਈ। ਲੋਕਾਂ ਦਾ ਖ਼ਿਆਲ ਸੀ ਕਿ ਬਹੁਤਾ ਨਹੀਂ ਤਾਂ ਦੋ ਤਿੰਨ ਹਜ਼ਾਰ ਰੁਪਿਆ ਉਹਦੇ ਅੰਦਰੋਂ ਜ਼ਰੂਰ ਨਿਕਲੇਗਾ। ਪਰ ਲੋਕਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਜਦ ਉਸਦੇ ਅੰਦਰੋਂ ਕੱਚਾ ਪੈਸਾ ਨਾ ਨਿਕਲਿਆ। ਮੇਰੇ ਕੰਨਾਂ ਵਿਚ ਉਸ ਵੇਲੇ ਉਹੀ ਆਵਾਜ਼ ਗੂੰਜ ਰਹੀ ਸੀ, “ਮੇਰਾ ਸਭ ਕੁਝ ਇਕੱਠਾ ਹੀ ਮੁਕੇਗਾ ।” ਨਾਲੇ ਮੈਨੂੰ ਤਾਂ ਉਸਦੀ ਕਹਾਣੀ ਸੁਣ ਕੇ ਯਕੀਨ ਹੋ ਚੁੱਕਾ ਸੀ ਕਿ ਉਸ ਪਾਸ ਕੁਝ ਨਹੀਂ।
ਉਸ ਦੀ ਇਸੇ ਨਾ-ਮੁਰਾਦ ਮੌਤ ਨੇ, ਤੇ ਨਾਲ ਹੀ ਉਸ ਦੀ ਜੀਵਨ-ਕਥਾ ਨੇ ਮੇਰੇ ਦਿਲ ਤੇ ਬੜਾ ਡੂੰਘਾ ਅਸਰ ਕੀਤਾ।
ਮੈਨੂੰ ਪਤਾ ਸੀ ਕਿ ਰਾਵਲਪਿੰਡੀ ਵਲੋਂ ਦੁਪਹਿਰੇ ਸਾਢੇ ਬਾਰ੍ਹਾਂ ਵਜੋਂ ਬੰਬੇ ਮੇਲ ਆਉਂਦੀ ਹੈ ਰਾਤ ਦੀ ਦਿਤੀ ਹੋਈ ਤਾਰ ਤੋਂ ਮੇਰਾ ਖਿਆਲ ਸੀ ਕਿ ਉਸ ਗੱਡੀ ਉਤੇ ਕੋਈ ਨਾ ਕੋਈ ਉਸਦਾ ਰਿਸ਼ਤੇਦਾਰ ਜ਼ਰੂਰ ਆਵੇਗਾ, ਇਸ ਲਈ ਮੈਂ ਉਸਦੀ ਅਰਥੀ ਨੂੰ ਓਨਾ ਚਿਰ ਰੁਕਵਾਈ ਰਖਿਆ।
ਅਖ਼ੀਰ ਦੁਪਹਿਰ ਲਗਭਗ ਇਕ ਵਜੇ ਇਕ ਜ਼ਨਾਨੀ ਤੇ ਇਕ ਮਰਦ ਟਾਂਗੇ ਤੋਂ ਉਤਰੇ, ਤੇ ਭੀੜ ਨੂੰ ਚੀਰਦੇ ਹੋਏ ਅਰਥੀ ਨੂੰ ਲਿਪਟ ਗਏ। ਮਰਦ ਓਹੀ ਸੀ ਜਿਹੜਾ ਅੱਜੇ ਪਿਛਲੇ ਦਿਨ ਮੈਂ ਉਸਦੀ ਦੁਕਾਨ ਤੇ ਵੇਖਿਆ ਸੀ। ਜ਼ਨਾਨੀ ਦੇ ਦਰਦਨਾਕ ਕੀਰਨੇ ਪੱਥਰਾਂ ਨੂੰ ਵੀ ਰੁਆ ਰਹੇ ਸਨ। ਅਖੀਰ ਉਨ੍ਹਾਂ ਦੀਆਂ ਪੀਚੀਆਂ ਹੋਈਆਂ ਬਾਹਾਂ ਨੂੰ ਬੜੀ ਮੁਸ਼ਕਲ ਨਾਲ ਆਰਥੀ ਦੇ ਦੁਆਲਿਉਂ ਪੁਟਿਆ ਗਿਆ। ਸਸਕਾਰ ਨੂੰ ਦੇਰ ਹੋ ਰਹੀ ਸੀ।
ਅੱਜ ਦਸ ਸਾਲਾਂ ਬਾਅਦ ਮੈਨੂੰ ਉਸ ਬਦ-ਨਸੀਬ ਦੀ ਯਾਦ ਅਚਾਨਕ ਕਿਵੇਂ ਆ ਗਈ ? ਇਹ ਵੀ ਇਕ ਅਜੀਬ ਜਿਹਾ ਵਾਕਿਆ ਹੈ।
28 ਜੁਲਾਈ 1942 ਨੂੰ ਜਦ ਮੈਂ ਪ੍ਰੀਤ ਨਗਰੋਂ ਲਾਹੌਰ ਪੁਜਾ, ਤੇ ਕੰਮਕਾਰ ਦੇ ਝਮੇਲੇ ਨੂੰ ਜਦ ਸ਼ਾਮ ਤਕ ਮੁਕਾ ਨਾ ਸਕਿਆ ਤਾਂ ਰਾਹੀਂ ਲਾਹੌਰ ਹੀ ਟਿਕਣ ਦੇ ਇਰਾਦੇ ਨਾਲ ਮੈਂ ਇਕ ਦੋਸਤ ਦੇ ਮਕਾਨ ਤੇ ਪੂਜਾ।
ਮੇਰੇ ਦੋਸਤ ਦੀ ਉਤਲੀ ਬੈਠਕ ਦੀਆਂ ਬਾਰੀਆਂ ਬਾਜ਼ਾਰ ਵਲ ਖੁਲ੍ਹਦੀਆਂ ਸਨ। ਮੈਂ ਸਾਰੇ ਦਿਨ ਦਾ ਥੱਕਾ ਮਾਂਦਾ ਆਰਾਮ ਕੁਰਸੀ ਨੂੰ ਬਾਰੀ ਅੱਗੇ ਕਰਕੇ ਉਸ ਉਤੇ ਲੇਟ ਗਿਆ ਤੇ ਬਾਜ਼ਾਰ ਵਿਚੋਂ ਲੰਘ ਰਹੇ ਮੋਟਰਾਂ ਟਾਂਗਿਆਂ ਨੂੰ ਵੇਖਣ ਲੱਗਾ।
ਅਚਾਨਕ ਮੇਰੀ ਨਜ਼ਰ ਸਾਹਮਣੀ ਲੰਗ ਉਤੇ ਪਈ। ਉਸ ਮਕਾਨ ਦੇ ਐਨ ਸਾਹਮਣੇ ਕਰਕੇ ਇਕ ਮੁਸਲਮਾਨ ਘੜੀਸਾਜ਼ ਦੀ ਦੁਕਾਨ ਸੀ, ਜਿਹੜਾ ਇਸ ਵੇਲੇ ਬਿਜਲੀ ਦਾ ਬਲਬ ਸਿਰ ਤੇ ਲਟਕਾਈ ਆਪਣੇ ਸ਼ੋ-ਕੇਸ ਦੇ ਸਾਹਮਣੇ ਬੈਠਾ ਕਿਸੇ ਘੜੀ ਨੂੰ ਮੁਰੰਮਤ ਕਰ ਰਿਹਾ ਸੀ। ਸਬੱਬ ਨਾਲ ਉਹ ਵੀ ਪੈਰਾਂ ਭਾਰ ਬੈਠਾ ਹੋਇਆ ਸੀ, ਜਿਸਨੂੰ ਵੇਖਦਿਆਂ ਹੀ ਮੈਨੂੰ ਅੱਜ ਤੋਂ ਦਸ ਸਾਲ ਪਹਿਲਾਂ ਦੀ ਘਟਨਾ ਚੇਤੇ ਆ ਗਈ- ਉਸ ਬਦ-ਨਸੀਬ ਕਮਾਲ ਦੀ ਸ਼ਕਲ ਮੇਰੀਆਂ ਅੱਖਾਂ ਅਗੇ ਫਿਰਨ ਲਗੀ।
ਮੈਂ ਉਸ ਦੇ ਖ਼ਿਆਲ ਵਿਚ ਇਤਨਾ ਡੂੰਘਾ ਉਤਰ ਗਿਆ. ਕਿ ਉਸ ਦੀ ਅੰਤ ਵੇਲੇ ਦੀ ਉਹ ਸੁਣਾਈ ਹੋਈ ਜੀਵਨ-ਕਥਾ ਇਕ ਸਮੁੱਚਾ ਨਾਵਲ ਬਣ ਕੇ ਮੇਰੇ ਦਿਮਾਗ ਵਿਚ ਘੁੰਮਣ ਲਗੀ।
ਇਸ ਤੋਂ ਬਾਅਦ ਮੈਂ ਆਪਣੇ ਮਿੱਤਰ ਨੂੰ ਕਹਿ ਕੇ ਕੁਝ ਕੋਰੇ ਕਾਗਜ਼ ਮੰਗਾਏ ਤੇ ਉਹ ਸ ਸਾਲ ਪਹਿਲਾਂ ਦੀ ਸੁਣੀ ਹੋਈ ਹੱਡ-ਬੀਤੀ ਨੂੰ ਨਾਵਲ ਦੇ ਰੂਪ ਵਿਚ ਲਿਖਣ ਸ਼ੁਰੂ ਕੀਤਾ, ਜਿਹੜੀ ਇਸ ਵੇਲੇ ਪਾਠਕਾਂ ਦੇ ਹੱਥਾਂ ਵਿਚ ਹੈ।
ਪ੍ਰੀਤ ਨਗਰ,
15-10-42
ਨਾਨਕ ਸਿੰਘ
1
“ਕਿਉਂ ? ਸੁਖ ਤੇ ਹੈ ?” ਪਤੀ ਦੇ ਉਦਾਸ ਚਿਹਰੇ ਵਲ ਤੱਕ ਦੇ ਮਾਇਆ ਹੈ ਪ੍ਰਸ਼ਨ ਕੀਤਾ। “ਕੁਝ ਨਹੀਂ” ਕਹਿ ਕੇ, ਤੇ ਬਿਨਾਂ ਉਸ ਵਲ ਤੱਕਿਆ ਪੰਨਾ ਲਾਲ ਅੰਦਰ ਲੰਘ ਗਿਆ, ਪਰ ਇਸ ‘ਕੁਝ ਨਹੀਂ’ ਵਿਚੋਂ ਮਾਇਆ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਬੜ ਕੁਝ ਇਸ ਵਿਚ ਲੁਕਿਆ ਹੋਇਆ ਹੈ । ਉਹ ਛੋਟੇ ਇੰਦਰ ਕੁਮਾਰ ਨੂੰ ਕੁਛੜੋਂ ਉਤਾਰ ਕੇ ਵੀਣਾ ਨੂੰ ਫੜਾਂਦੀ ਹੋਈ ਪਤੀ ਦੇ ਮਗਰੇ ਅੰਦਰ ਜਾ ਪਹੁੰਚੀ।
ਗਲੀ ਦੇ ਸਿਰੇ ਤੋਂ ਕੋਈ ਚਾਰ ਪੰਜ ਘਰ ਛੱਡ ਕੇ ਇਕ ਨੀਵੇਂ ਜਿਹੇ ਮਕਾਨ ਦੀ ਛੱਤ ਹੇਠ ਇਹ ਟੱਬਰ ਆਪਣੇ ਗ੍ਰਹਿਸਤ ਦੇ ਬੋਝਲ ਗੱਡੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਧੱਕਾ ਦੇਣ ਲਈ ਅਨੇਕਾਂ ਮਾਨਸਿਕ ਪੀੜਾਂ ਦਾ ਟਾਕਰਾ ਕਰ ਰਿਹਾ ਸੀ। ਪੰਨਾ ਲਾਲ ਦੀ ਹਾਲਤ ਇਸ ਵੇਲੇ ਉਸ ਪੰਛੀ ਵਰਗੀ ਸੀ, ਜਿਹੜਾ ਆਕਾਸ਼ ਵਿਚ ਉਡਾਰੀਆਂ ਲਾਂਦਾ ਹੋਇਆ ਖੰਭਾਂ ਵਿਚ ਬੰਦੂਕ ਦਾ ਛੱਰਾ ਲਗਣ ਕਰਕੇ ਭੁੰਜੇ ਡਿਗਕੇ ਫੜ- ਫੜਾਉਣ ਲਗ ਪੈਂਦਾ ਹੈ। ਉਸਨੇ ਬੜੇ ਚੰਗੇ ਦਿਨ ਵੇਖੇ ਸਨ। ਕਦੇ ਉਸ ਦੀ ਗੁੱਡੀ ਸਿਖਰ ਤੇ ਚੜ੍ਹੀ ਹੋਈ ਸੀ, ਪਰ ਕਾਰ ਵਿਹਾਰ ਵਿਚ ਘਾਟਾ ਪੈ ਜਾਣ ਕਰਕੇ ਉਹ ਅਤਿ ਗਰੀਬੀ ਦੇ ਦਿਨ ਬਿਤਾ ਰਿਹਾ ਹੈ। ਜਿਸ ਪਾਸ ਪੰਜਾਹ ਪੰਜਾਹ ਤੇ ਸੱਠ ਸੱਠ ਰੁਪਏ ਮਹੀਨੇ ਦੇ ਕਈ ਮੁਨਸ਼ੀ ਰਹਿੰਦੇ ਹੁੰਦੇ ਸਨ, ਅੱਜ ਉਹੀ ਪੰਨਾ ਲਾਲ ਆਪ ਪੈਂਤੀ ਰੁਪਏ ਮਹੀਨੇ ਤੇ ਇਕ ਦੁਕਾਨ ਦੀ ਨੌਕਰੀ ਕਰ ਰਿਹਾ ਹੈ। ਦੌਲਤ ਸਚਮੁਚ ਢਲਦਾ ਪਰਛਾਵਾਂ ਹੈ, ਇਹ ਨਾ ਆਉਂਦੀ ਚਿਰ ਲਾਂਦੀ ਹੈ ਨਾ ਜਾਂਦੀ। ਵਡੀਆਂ ਵਡੀਆਂ ਹਵੇ ਲੀਆਂ ਤੇ ਇਮਾਰਤਾਂ ਦਾ ਮਾਲਕ ਅੱਜ ਮਾਮੂਲੀ ਮਕਾਨ ਵਿਚ ਰਹਿ ਕੇ ਗੁਜ਼ਾਰਾ ਕਰ ਰਿਹਾ ਹੈ। ਇਹ ਵੀ ਪੰਨਾ ਲਾਲ ਦੀ ਇਕ ਸਿਆਣਪ ਕਰ ਕੇ ਬਚਿਆ ਰਿਹਾ ਸੀ। ਜਿਨ੍ਹੀਂ ਦਿਨੀਂ ਘਾਟੇ ਦੇ ਹੜ੍ਹ ਵਿਚ ਉਸਦਾ ਸਭ ਕੁਝ ਰੁੜ੍ਹਦਾ ਜਾ ਰਿਹਾ ਸੀ, ਉਸ ਨੇ ਇਹ ਮਕਾਨ ਮਾਇਆ ਦੇ ਨਾਂ ਰਜਿਸਟਰੀ ਕਰਵਾ ਦਿਤਾ ਸੀ। ਕਿਸੇ ਬਦ-ਦਿਆਨਤੀ ਦੇ ਖ਼ਿਆਲ ਨਾਲ ਨਹੀਂ, ਸਗੋਂ ਇਹ ਸੋਚ ਕੇ ਕਿ ਹੋਰ ਜੇ ਕੁਝ ਵੀ ਨਾ ਰਿਹਾ, ਤਾਂ ਘਟੋ ਘਟ ਸਿਰ ਲੁਕਾਣ ਨੂੰ ਇਕ ਛੱਤ ਤਾਂ ਹੋਵੇਗੀ।
ਮੁਸੀਬਤ ਜੇ ਇਕੱਲੀ ਆਈ ਤਾਂ ਮੁਸੀਬਤ ਹੀ ਕੀ ਹੋਈ ! ਇਕ ਤੋਂ ਬਾਅਦ ਦੂਜੀ, ਤੇ ਦੂਜੀ ਤੋਂ ਬਾਅਦ ਤੀਜੀ, ਇਸੇ ਤਰ੍ਹਾਂ ਦੀਆਂ ਅਨੇਕਾਂ ਸੱਟਾਂ ਸਹਿ ਸਹਿ ਕੇ ਪੰਨਾ ਲਾਲ ਜੇ ਮੁੱਕਿਆ ਨਹੀਂ ਤਾਂ ਮੁੱਕਣ ਵਾਲਾ ਜ਼ਰੂਰ ਹੋ ਗਿਆ ਹੈ। ਉਸ ਦਾ ਭਾਰਾ ਗੈਰਾ ਸਰੀਰ ਇਸ ਵੇਲੇ ਇਤਨਾ ਨਿੱਘਰ ਗਿਆ ਹੈ, ਜਿਵੇਂ ਖਾਧਾ ਪੀਤਾ ਉਸ ਨੂੰ ਲੱਗਦਾ ਹੀ ਨਹੀਂ। ਦਿਨ ਰਾਤ ਦੀ ਚਿੰਤਾ ਨੇ ਉਸਦਾ ਸਾਰਾ ਲਹੂ, ਤੁਪਕਾ ਤੁਪਕਾ ਕਰ ਕੇ ਚੂਸ ਲਿਆ।
ਚੇਤਰ ਦੀ ਮਿੱਠੀ ਮਿੱਠੀ ਰੁੱਤ ਸੀ ਤੇ ਸੰਧਿਆ ਦਾ ਵੇਲਾ, ਜਦ ਇਹ ਪਤੀ ਪਤਨੀ ਨਿਰਾਸਤਾ ਦੀ ਮੂਰਤ ਬਣੇ ਹੋਏ ਇਕ ਦੂਜੇ ਦੇ ਮੂੰਹ ਵਲ ਤੱਕ ਰਹੇ ਸਨ।
ਪਤੀ ਦਾ ਜਦ ਇਹ ਹਾਲ ਹੈ, ਪਤਨੀ ਕੀ ਸੁਖੀ ਹੋਵੇਗੀ ? ਸ਼ਾਇਦ ਪਤੀ ਨਾਲੋਂ ਵੀ ਬਹੁਤ ਦੁਖੀ ਪਰ ਪੰਨਾ ਲਾਲ ਤੇ ਮਾਇਆ ਵਿਚ ਇਕ ਫ਼ਰਕ ਜ਼ਰੂਰ ਹੈ।
ਉਹ ਜਨਾਨੀ ਹੁੰਦੀ ਹੋਈ ਵੀ ਆਪਣੇ ਸੀਨੇ ਵਿਚ ਮਰਦਾਂ ਵਾਲਾ ਦਿਲ ਰਖਦੀ ਹੈ। ਅਸ਼ਕ ਉਹ ਚਿੰਤਾਤੁਰ ਵੀ ਰਹਿੰਦੀ ਹੈ ਤੇ ਦੁਖੀ ਵੀ, ਪਰ ਉਹ ਘਬਰਾਂਦੀ ਕਦੀ ਨਹੀਂ। ਜਦ ਵੀ ਪੰਨਾ ਲਾਲ ਢਹਿੰਦੀਆਂ ਕਲਾਂ ਵਿਚ ਜਾਣ ਲਗਦਾ ਹੈ ਤਾਂ ਮਾਇਆ ਇਹ ਕਹਿ ਕੇ ਉਸ ਦਾ ਧੀਰਜ ਬੰਨ੍ਹਾਂਦੀ ਹੈ, ‘ਉਹ ਦਿਨ ਨਹੀਂ ਰਹੇ ਤਾਂ ਇਹ ਵੀ ਨਹੀਂ ਰਹਿਣੇ।”
ਮਾਇਆ ਦੀ ਉਮਰ ਇਸ ਵੇਲੇ ਤੀਹਾਂ ਵਰ੍ਹਿਆਂ ਦੇ ਲਗਭਗ ਹੈ — ਆਪਣੇ ਪਤੀ ਨਾਲੋਂ ਪੰਜ ਸਤ ਵਰ੍ਹੇ ਛੋਟੀ ਹੋਵੇਗੀ, ਪਰ ਸਾਧਾਰਨ ਨਜ਼ਰ ਨਾਲ ਵੇਖਿਆਂ ਦੁਹਾਂ ਦੀ ਉਮਰ ਵਿਚ ਦੂਣੇ ਦੂਣ ਦਾ ਫ਼ਰਕ ਜਾਪਦਾ ਏ ! ਮਾਇਆ ਦੀ ਕਾਠੀ ਭਾਵੇਂ ਅੱਗੇ ਵਰਗੀ ਪੀਡੀ ਨਹੀਂ ਰਹੀ, ਫੇਰ ਵੀ ਉਸ ਨੂੰ ਵੇਖ ਕੇ ਕੋਈ ਨਹੀਂ ਆਖ ਸਕਦਾ ਕਿ ਉਸ ਉਤੇ ਮੁਸੀਬਤਾਂ ਦਾ ਪਹਾੜ ਟੁੱਟ ਚੁਕਾ ਹੈ। ਉਸ ਦੇ ਰੰਗ ਰੂਪ ਵਿਚ ਅੱਜੇ ਵੀ ਨਿਖਾਰ ਹੈ। ਗਰੀਬੀ ਦੀ ਹਾਲਤ ਵਿਚ ਵੀ ਉਸ ਨੇ ਆਪਣੀ ਸੁੰਦਰਤਾ ਨੂੰ ਨਸ਼ਟ ਨਹੀਂ ਹੋਣ ਦਿੱਤਾ। ਚਹੁੰ ਸੰਤਾਨਾਂ ਦੀ ਮਾਂ ਹੁੰਦੀ ਹੋਈ ਵੀ ਉਹ ਆਪਣੀ ਉਮਰ ਦੀਆਂ ਤੀਵੀਆਂ ਨਾਲੋਂ ਨਰੋਈ ਜਾਪਦੀ ਹੈ। ਉਸ ਦੀ ਵੱਡੀ ਲੜਕੀ ਵੀਣਾ ਦੀ ਉਮਰ ਇਸ ਕੁੱਲ 15 ਵਰ੍ਹਿਆਂ ਦੀ ਹੈ ਤੇ ਨਿੱਕੀ ਵਿਦਿਆ 12 ਸਾਲ ਦੀ। ਉਦੂੰ ਛੋਟੇ ਦੋ ਮੁੰਡੇ ਹਨ।
ਪੰਨਾ ਲਾਲ ਦੇ ਸਾਹਮਣੇ ਜੇ ਸਿਰਫ਼ ਗੁਜ਼ਾਰੇ ਦਾ ਹੀ ਸੁਆਲ ਹੁੰਦਾ ਤਾਂ ਸ਼ਾਇਦ ਉਹ ਇਤਨਾ ਅਧੀਰ ਨਾ ਹੁੰਦਾ। ਘਰ ਦਾ ਨਿਰਬਾਹ ਥੋੜ੍ਹੇ ਵਿਚ ਵੀ ਹੋ ਸਕਦਾ ਹੈ, ਤੇ ਬਹੁਤੇ ਵਿਚ ਵੀ ਚੰਗਾ ਨਾ ਸਹੀ, ਮੰਦਾ ਸਹੀ। ਪੈਂਤੀਆਂ ਰੁਪਿਆਂ ਵਿਚ ਛਿਆਂ ਜੀਆਂ ਦਾ ਟੱਬਰ ਕਿਸੇ ਤਰ੍ਹਾਂ ਦਿਨ ਕਟੀ ਕਰ ਲੈਂਦਾ, ਪਰ ਦੋ ਚੀਜ਼ਾਂ ਇਹੋ ਜਿਹੀਆਂ ਹਨ, ਜਿਹੜੀਆਂ ਜੋਕਾਂ ਬਣ ਕੇ ਹਰ ਵੇਲੇ ਪੰਨਾ ਲਾਲ ਦਾ ਲਹੂ ਪੀਂਦੀਆਂ ਰਹਿੰਦੀਆਂ ਹਨ। ਇਕ ਤਾਂ ਕਾਰੋਬਾਰ ਵਿਚ ਘਾਟਾ ਪੈ ਜਾਣ ਕਰ ਕੇ ਨਾ-ਕੇਵਲ ਉਸ ਦਾ ਵੀਹ ਪੰਝੀ ਹਜ਼ਾਰ ਦਾ ਸਰਮਾਇਆ ਹੀ ਚਲਾ ਗਿਆ, ਬਲਕਿ ਉਲਟਾ ਕੁਝ ਕਰਜ਼ ਵੀ ਉਸ ਦੇ ਸਿਰ ਚੜ੍ਹ ਗਿਆ। ਬਚਾਉ ਇਤਨਾ ਹੀ ਹੋਇਆ ਕਿ ਸਭ ਕੁਝ ਦੇ ਦਿਵਾ ਕੇ ਪੰਨਾ ਲਾਲ ਨੇ ਕਿਸੇ ਤਰ੍ਹਾਂ ਇੱਜ਼ਤ ਰੱਖ ਲਈ — ਜੇਲ੍ਹ ਜਾਣੋਂ ਬਚ ਗਿਆ। ਮਾਇਆ ਦੇ ਦਿਲ ਤੇ ਦੋਹਰੀ ਸੱਟ ਨਾ ਵੱਜੇ, ਇਹ ਸੋਚ ਕੇ ਉਸ ਨੇ ਕਰਜ਼ੇ ਵਾਲਾ ਭੇਤ ਅੱਜੇ ਉਹਨੂੰ ਨਹੀਂ ਦਸਿਆ, ਜਿਹੜਾ ਦਿਨੋਂ ਦਿਨ ਸੂੰਦਾ ਜਾ ਰਿਹਾ ਹੈ।
ਦੂਜੀ ਚਿੰਤਾ — ਜਿਹੜੀ ਪਹਿਲੇ ਨਾਲੋਂ ਵੀ ਖ਼ਤਰਨਾਕ ਹੈ, ਉਹ ਹੈ ਕੁੜੀਆਂ ਦੇ ਵਿਆਹ ਦੀ — ਖ਼ਾਸ ਕਰਕੇ ਵੀਣਾ ਦੇ ਵਿਆਹ ਦੀ | ਵੀਣਾ ਦਾ ਰਿਸ਼ਤਾ ਇਕ ਚੰਗੇ ਖ਼ਾਨਦਾਨੀ ਘਰ ਵਿਚ ਹੋ ਚੁੱਕਾ ਹੈ, ਤੇ ਜਿਉਂ ਜਿਉਂ ਵਿਆਹ ਦਾ ਦਿਨ ਨੇੜੇ ਆ ਰਿਹਾ ਹੈ, ਪੰਨਾ ਲਾਲ ਦਾ ਲਹੂ ਸੁੱਕਦਾ ਜਾਂਦਾ ਹੈ।
ਅੰਦਰ ਜਾ ਕੇ ਮਾਇਆ ਨੇ ਵੇਖਿਆ, ਉਹ ਸਖ਼ਤ ਘਬਰਾਇਆ ਹੋਇਆ ਮੁਧੇ ਮੂੰਹ ਲੰਮਾ ਪਿਆ ਸੀ। ਉਸ ਨੇ ਮੰਜੇ ਤੇ ਬੈਠ ਕੇ ਪਤੀ ਨੂੰ ਬਾਹੋਂ ਫੜ ਕੇ ਆਪਣੇ ਵਲ ਖਿਚਦਿਆਂ ਕਿਹਾ— “ਕੀ ਗੱਲ ਏ, ਤੁਸੀਂ-ਤੁਸੀਂ—”ਮਾਇਆ ਸਮਝ ਗਈ ਕਿ ਜ਼ਰੂਰ ਕੋਈ ਭਾਣਾ ਵਰਤਿਆ ਜਾਂ ਵਰਤਣ ਵਾਲਾ ਹੈ, ਨਹੀਂ ਤੇ ਪਤੀ ਦੀਆਂ ਅੱਖਾਂ ਵਿਚੋਂ ਇਤਨੀ ਛੇਤੀ ਕਿਉਂ ਇਹ ਪਾਣੀ ਡਲ੍ਹਕ ਪੈਂਦਾ। ਜਿਸ ਤਰ੍ਹਾਂ ਤੂਫ਼ਾਨ ਆਉਣ ਤੋਂ ਪਹਿਲਾਂ ਹਵਾ ਸ਼ਾਂਤ ਹੋ ਜਾਂਦੀ ਹੈ, ਮਾਇਆ ਚੁੱਪ ਦੀ ਚੁੱਪ ਹੋ ਗਈ। ਝਟ ਕੁ ਉਹ ਅਡੋਲ ਬੈਠੀ ਪਤੀ ਦੀਆਂ ਅੱਖਾਂ ਵਲ ਤਕਦੀ ਰਹੀ ਤੇ ਨਾਲ ਹੀ ਜੋ ਕੁਝ ਉਸਨੇ ਸੁਣਨਾ ਹੈ, ਉਸ ਨੂੰ ਸਹਾਰਨ ਲਈ ਆਪਣੇ ਆਪ ਤਿਆਰ ਕਰਨ ਲਗੀ।
ਅਖ਼ੀਰ ਉਸ ਦੀ ਪੁੱਛ ਤੋਂ ਬਿਨਾਂ ਹੀ ਪੰਨਾ ਲਾਲ ਨੇ ਇਸ ਖ਼ਾਮੋਸ਼ੀ ਨੂੰ ਤੋੜਿਆ। ਜਿੰਨੀ ਹਵਾ ਉਹ ਛਾਤੀ ਵਿਚ ਭਰ ਸਕਦਾ ਸੀ, ਭਰ ਕੇ ਤੇ ਉਸ ਨੂੰ ਖੁਲ੍ਹੀ ਛਡਦਾ ਹੋਇਆ ਬੋਲਿਆ — “ਸਮਝ ਨਹੀਂ ਆਉਂਦੀ, ਕਿਸਮਤ ਸਾਡੇ ਨਾਲ ਕੀ ਮਸ਼ਖ਼ਰੀਆਂ ਕਰ ਰਹੀ ਹੈ।”
“ਤੁਸੀਂ ਗੱਲ ਤੇ ਦੱਸੋ” ਮਾਇਆ ਨੇ ਸੁਣਨ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਤਿਆਰ ਕਰ ਕੇ ਪੁੱਛਿਆ, “ਹੋਇਆ ਕੀ ਏ ?”
“ਉਹਨਾਂ ਦੀ ਚਿੱਠੀ ਆਈ ਏ,” ਪੰਨਾ ਲਾਲ ਨੇ ਬੇ-ਖ਼ਿਆਲੇ ਜ਼ੇਬ ਵਿਚੋਂ ਇਕ ਪੋਸਟ ਕਾਰਡ ਕੱਢ ਕੇ ਉਸ ਦੀਆਂ ਸਤਰਾਂ ਤੇ ਨਜ਼ਰ ਫੇਰਨੀ ਸ਼ੁਰੂ ਕੀਤੀ।
“ਕਿਨ੍ਹਾਂ ਦੀ ?” ਮਾਇਆ ਨੇ ਕੁਝ ਡਰ ਕੇ — ਸ਼ਾਇਦ ਜਿਨ੍ਹਾਂ ਵਲੋਂ ਆਈ ਸੀ, ਬੁਝ ਕੇ ਪੁੱਛਿਆ।
“ਵੀਣਾ ਦੇ ਸਹੁਰਿਆਂ ਦੀ।”
“ਬਸ ਲਗ ਗਿਆ ਪਤਾ” ਕਹਿੰਦਿਆਂ ਕਹਿੰਦਿਆਂ ਮਾਇਆ ਦੇ ਚਿਹਰੇ ਉੱਤੇ ਗੁੱਸਾ ਭਖ਼ ਪਿਆ, “ਇਹ ਤੇ ਅੱਗੇ ਈ ਪਿਆ ਦਿਸਦਾ ਸੀ। ਮੈਨੂੰ ਸੁਫ਼ਨੇ ਈ ਭੈੜੇ ਭੈੜੇ ਆਉਂਦੇ ਸਨ ਕਈਆਂ ਦਿਨਾਂ ਤੋਂ। ਕੀ ਲਿਖਿਆ ਨੇ ਅਸੀਂ ਸਾਕ ਨਹੀਂ ਲੈਂਦੇ ?” ਜਿਉਂ ਜਿਉਂ ਮਾਇਆ ਬੋਲੀ ਜਾਂਦੀ, ਉਸ ਦੇ ਸ਼ਬਦਾਂ ਦੀ ਤਲਖ਼ੀ ਵਧਦੀ ਜਾ ਰਹੀ ਸੀ।
ਜ਼ਬਾਨੋਂ ਕੁਝ ਕਹੇ ਬਿਨਾਂ ਹੀ ਪੰਨਾ ਲਾਲ ਨੇ ‘ਹਾਂ’ ਵਿਚ ਸਿਰ ਹਿਲਾਇਆ।
“ਮਾਰੇ ਸਾਡੀ ਜੁੱਤੀ ਤੋਂ” ਕਹਿਣ ਨੂੰ ਮਾਇਆ ਕਹਿ ਗਈ, ਪਰ ਉਸ ਦੇ ਦਿਲ ਨੂੰ ਬਰਬਾਰ ਡੋਬੂ ਪੈ ਰਹੇ ਸਨ। ‘ਕਹਿਰ ਦਰਵੇਸ਼ ਬਰ ਜਾਨ ਦਰਵੇਸ਼’ ਵਾਂਗ ਉਹ ਇਸ ਵੇਲੇ ਚਾਹੁੰਦੀ ਸੀ ਕਿ ਆਪਣੇ ਆਪ ਨੂੰ ਭੰਨ ਤੋੜ ਕੇ ਪੁਰਜ਼ੇ ਪੁਰਜ਼ੇ ਕਰ ਕੇ ਕਿਸੇ ਅਜਿਹੇ ਥਾਂ ਸੁੱਟ ਦੇਵੇ ਕਿ ਮੁੜ ਕੇ ਨਾ ਕੋਈ ਇਹੋ ਜਿਹਾ ਵਾਕ ਉਸ ਦੇ ਕੰਨੀ ਪਵੇ, ਨਾ ਹੀ ਉਸ ਦੇ ਅੰਦਰ ਆਪਣੀ ਬੱਚੀ ਦੀ ਬਦ-ਕਿਸਮਤੀ ਬਾਰੇ ਕੋਈ ਕਸਕ ਉਠੇ। ਉਹ ਹੰਭਲਾ ਮਾਰ ਕੇ ਉਠ ਖੜੋਤੀ – ਜਿਵੇਂ ਕੁਝ ਕਰ ਗੁਜ਼ਰਨਾ ਚਾਹੁੰਦੀ ਹੋਵੇ, ਪਰ ਫਿਰ ਉਵੇਂ ਹੀ ਮੰਜੇ ਤੇ ਬੈਠਦੀ ਹੋਈ ਬੋਲੀ, “ਚਲੋ, ਫੇਰ ਕੀ ਹੋਇਆ, ਇਕ ਦਰ ਬੱਧਾ ਸੌ ਦਰ ਖੁਲ੍ਹੇ। ਜਿਥੇ ਸਾਡੀ ਕੁੜੀ ਦੇ ਸੰਜੋਗ ਹੋਣਗੇ, ਹੋ ਜਾਵੇਗਾ। ਧੀਆਂ ਕਦੇ ਕਿਸੇ ਦੀਆਂ ਬੈਠੀਆਂ ਰਹੀਆਂ ਨੇ ?”
“ਪਰ ਸਾਡੇ ਲਈ ਤੇ ਸਾਰੇ ਦਰ ਬੰਦ ਹੋ ਚੁਕੇ ਨੇ” ਪੰਨਾ ਲਾਲ ਨੇ ਠੰਡਾ ਸਾਹ ਖਿਚਦਿਆਂ ਕਿਹਾ, “ਹੁਣ ਤੇ ਇਕੋ ਮੌਤ ਦਾ ਦਰ ਖੁਲ੍ਹਾ ਰਹਿ…, 1″
ਵਿਚੋਂ ਹੀ ਮਾਇਆ ਬੋਲੀ, “ਹਰ ਵੇਲੇ ਭੈੜੀਆਂ ਜ਼ਬਾਨਾਂ ਨਾ ਕਢਿਆ ਕਰੋ। ਕਿਸੇ ਵੇਲੇ ਦੀ ਸੁਣੀ ਜਾਂਦੀ ਏ। ਮੁੰਡਿਆਂ ਦਾ ਕਿਤੇ ਕਾਲ ਤਾਂ ਨਹੀਂ ਪੈ ਗਿਆ, ਅਮੀਰ ਨਾ ਸਹੀ, ਗਰੀਬ ਸਹੀ” ਪਰ ਮਾਇਆ ਦੇ ਸੀਨੇ ਵਿਚ ਬਰਛੀਆਂ ਵੱਜਣ ਲਗੀਆਂ, ਜਦ ਉਸ ਨੂੰ ਖ਼ਿਆਲ ਆਇਆ, ‘ਮੇਰੀ ਹਨੇਰੇ ਵਿਚ ਚਾਨਣ ਕਰਨ ਵਾਲੀ ਤੇ ਸੱਤਾਂ ਸੁਚੱਜਾਂ ਵਾਲੀ ਧੀ ਕਿਸੇ ਕੰਗਾਲ ਦੇ ਗਲ ਮੜ੍ਹਨ ਜੋਗੀ ਹੈ ?’
“ਕੀ ਲਿਖਿਆ ਨੇ ਸੁਣਾਓ ਤੇ ਸਹੀ” ਮਤੇ ਨਿਰਾਸਤਾ ਦੀ ਇਸ ਸਿਰ ਡੋਬੂ ਡੁੰਘਾਈ ਵਿਚੋਂ ਕੋਈ ਆਸ ਦਾ ਤਿਣਕਾ ਦਿਸ ਪਵੇ, ਇਹ ਸੋਚ ਕੇ ਮਾਇਆ ਨੇ ਪਤੀ ਨੂੰ ਚਿੱਠੀ ਸੁਣਾਨ ਲਈ ਕਿਹਾ। ਪਰ ਪੰਨਾ ਲਾਲ ਨੇ ਉੱਤਰ ਵਿਚ ਨਾ ਚਿੱਠੀ ਪੜ੍ਹੀ, ਨਾ ਹੀ ਕੋਈ ਹੋਰ ਗੱਲ ਕੀਤੀ। ਜ਼ਖ਼ਮ ਨੂੰ ਖਰੋਚ ਕੇ ਹੋਰ ਡੂੰਘਾ ਕਰਨ ਦੀ ਉਸ ਵਿਚ ਤਾਕਤ ਨਹੀਂ ਸੀ। ਪੋਸਟ ਕਾਰਡ ਉਸ ਦੀਆਂ ਉਂਗਲਾਂ ਵਿਚ ਹੌਲੀ ਹੌਲੀ ਕੰਬ ਰਿਹਾ ਸੀ। ਮਾਇਆ ਦੀ ਨਜ਼ਰ ਹੁਣ ਪਤੀ ਵਲੋਂ ਹਟ ਕੇ ਉਸ ਚੱਪਾ ਕੁ ਕਾਗਜ਼ ਉੱਤੇ ਟਿਕੀ ਹੋਈ ਸੀ।
ਇਸ ਵੇਲੇ ਕਾਕੇ ਨੂੰ ਕੁੱਛੜ ਲਈ ਵੀਣਾ ਅੰਦਰ ਆਈ ਤੇ ਮਾਂ ਨੂੰ ਕਹਿਣ ਲੱਗੀ, “ਬੇ ਜੀ, ਬਸੰਤ ਨੂੰ ਹਟਾ ਲਓ, ਮਛਰਦਾ ਪਿਆ ਜੇ। ਘੜੀ ਘੜੀ ਦਵਾਤ ਵਿਚੋਂ ਉਂਗਲਾਂ ਡੋਬ ਡੋਬ ਕੇ ਮੇਰੇ ਮੂੰਹ ਤੇ ਮਲਦਾ ਜੇ !” ਵੀਣਾ ਦੇ ਪਤਲੇ ਚਿਹਰੇ ਉੱਤੇ ਸ਼ਾਹੀ ਦਾ ਧੁੰਦਲਾ ਜਿਹਾ ਦਾਗ ਸੀ, ਜਿਹੜਾ ਪੂੰਝਣ ਨਾਲ ਉਸ ਦੀ ਗੱਲ੍ਹ ਤੋਂ ਲੈ ਕੇ ਠੋਡੀ ਤਕ ਫੈਲ ਕੇ ਸੀਲੋਨ ਦੇ ਨਕਸ਼ੇ ਵਰਗਾ ਬਣ ਗਿਆ ਸੀ। ਇਸ ਦਾਗ ਨੇ ਉਸ ਦੇ ਭੋਲੋ ਉਜਲੇ ਚਿਹਰੇ ਨੂੰ ਹੋਰ ਵੀ ਦਿਲ-ਖਿਚਵਾਂ ਬਣਾ ਦਿਤਾ ਹੋਇਆ ਸੀ।
ਵੀਣਾ ਦੇ ਚਿਹਰੇ ਉੱਤੇ ਮੋਟੀਆਂ ਬਿਲੌਰੀ ਅੱਖਾਂ ਉਸ ਦੀ ਸੁੰਦਰਤਾ ਨੂੰ ਕਈ ਗੁਣਾਂ ਵਧਾ ਰਹੀਆਂ ਸਨ। ਇਸ ਵੇਲੇ ਉਹ ਬਾਲਪੁਣੇ ਤੇ ਜੁਆਨੀ ਵਿਚਲੀ ਅਵਸਥਾ ਵਿਚ ਸੀ। ਉਸ ਨੂੰ ਪਿੱਠ ਵਲੋਂ ਵੇਖ ਕੇ ਹੀ ਦਿਲ ਵਿਚ ਮਿੱਠੀ ਜਿਹੀ ਤੀਬਰਤਾ ਜਾਗ ਉੱਠਦੀ ਸੀ, ਉਸ ਦਾ ਚਿਹਰਾ ਵੇਖਣ ਦੀ। ਗੋਰੀ ਗਰਦਨ ਉਤੇ ਪਲਮਦੀ ਉਸ ਦੀ ਮੋਟੀ ਲੰਮੀ ਗੁੱਤ ਆਪਣੇ ਆਪ ਵਿਚ ਜਾਦੂ ਦਾ ਅਸਰ ਰਖਦੀ ਸੀ। ਉਸ ਦਾ ਪਹਿਰਾਵਾ ਜਿੰਨਾ ਸਾਦਾ ਸੀ ਉੱਨਾ ਹੀ ਫੱਬਵਾਂ। ਗੋਡਿਆਂ ਤਕ ਲਕ-ਘੁਟਵੀਂ ਕਮੀਜ਼ ਤੇ ਖੁਲ੍ਹੇ ਪਾਉਂਚਿਆਂ ਵਾਲੀ ਤੋਤਾ ਰੰਗੀ ਸਲਵਾਰ ਤੋਂ ਹੇਠਾਂ ਉਸਦੇ ਕੂਲੇ ਪੈਰ ਇੰਜ ਲਿਸ਼ਕਦੇ ਸਨ, ਜਿਵੇਂ ਬੱਦਲਾਂ ਹੇਠੋਂ ਪੁੰਨਿਆਂ ਦੇ ਚੰਦਰਮਾਂ ਦਾ ਕੁਝ ਹਿੱਸਾ ਤੱਕ ਕੇ ਚੰਨ ਦੇ ਪੂਰੇ ਅਕਾਰ ਦਾ ਅਨੁਭਵ ਆਪਣੇ ਆਪ ਹੋ ਜਾਂਦਾ ਹੈ । ਜਦੋਂ ਵੀ ਉਹ ਕੋਈ ਗੱਲ ਕਰਦੀ ਹੈ, ਕੰਨਾਂ ਨੂੰ ਇਉਂ ਲਗਦੀ, ਜਿਵੇਂ ਸੁਰ ਕੀਤੀ ਹੋਈ ਸਿਤਾਰ ਦੀ ਪੰਚਮ ਉੱਤੇ ਮਿਜ਼ਰਾਬ ਦੀ ਟੁਣਕਾਰ ਵਜਦੀ ਹੈ। ਉਸ ਦੇ ਹੱਥਾਂ ਦੀਆਂ ਪਤਲੀਆਂ ਲੰਮੀਆਂ ਉਂਗਲਾਂ ਦੇ ਸਿਰਿਆਂ ਉੱਤੇ ਪਿਆਜ਼ੀ ਰੰਗ ਦੇ ਨਹੁੰ ਡਾਢੇ ਫਬਦੇ ਸਨ। ਉਸ ਦੀਆਂ ਅੱਖਾਂ ਵਿਚ ਸੁਰਮੇ ਵਰਗੀ ਕਾਲੋਂ ਤੇ ਹੋਠਾਂ ਉਤੇ ਕੁਦਰਤੀ ਲਾਲ ਸੀ। ਜਦ ਉਹ ਬੋਲਦੀ ਤਾਂ ਉਸ ਦੇ ਚਿੱਟੇ ਦੰਦਾਂ ਦੀ ਪਲਾਂਘ ਇਕ ਸੀਤਲ ਜਿਹਾ ਅਸਰ ਪਾਂਦੀ ਸੀ। ਕਿਸੇ ਕਿਸੇ ਵੇਲੇ ਜਦ ਹੈਰਾਨੀ ਜਾਂ ਡੂੰਘੀ ਸੋਚ ਦੀ ਹਾਲਤ ਵਿਚ ਹੁੰਦੀ ਤਾਂ ਉਸ ਦੀਆਂ ਲੰਮੀਆਂ ਝਿੰਮਣੀਆਂ ਹੇਠ ਦੋ ਚਮਕਦਾਰ ਅੱਖਾਂ ਕੱਜੀਆਂ ਜਾਂਦੀਆਂ ਸਨ ।
ਗੱਲਾਂ ਕਰਦੀ ਹੋਈ ਉਹ ਅਕਸਰ ‘ਅ’ ਅੱਖਰ ਬੋਲਣ ਲਗੀ ਜ਼ਰਾ ਕੁ ਥਥਿਆ ਜਾਂਦੀ ਸੀ, ਕਿਸੇ ਹੋਰ ਹਾਲਤ ਵਿਚ ਭਾਵੇਂ ਲਗਦਾ ਸੀ ਕਿ ਸੁਣਨ ਵਾਲੇ ਨੂੰ ਉਸ ਦੇ ਹੋਰ ਥਥਿਆਣ ਦੀ ਤੀਬਤਾ ਪੈਦਾ ਹੋ ਜਾਂਦੀ। ਉਸ ਦੇ ਨੱਕ ਦੀ ਘੋੜੀ ਉੱਤੇ ਖੱਬੇ ਪਾਸੇ ਤਿਲ ਦਾ ਨਿੱਕਾ ਜਿਹਾ ਨਿਸ਼ਾਨ ਸੀ, ਜਿਹੜਾ ਹਰ ਇਕ ਨਜ਼ਰ ਨੂੰ ਖਿੱਚ ਲੈਂਦਾ।
ਵੀਣਾ ਇਸ ਵੇਲੇ ਨੌਵੀਂ ਵਿਚ ਪੜ੍ਹਦੀ ਹੈ, ਤੇ ਉਸ ਦੀ ਨਿੱਕੀ ਭੈਣ ਛੇਵੀਂ ਵਿਚ | ਘਰ ਦੀ ਤਰਸ-ਯੋਗ ਹਾਲਤ ਤੋਂ ਵੀਣਾ ਅਨਜਾਣ ਨਹੀਂ। ਮਾਂ ਪਿਓ ਦੇ ਚਿਹਰਿਆਂ ਉਤੇ ਚਿੰਤਾ ਵੇਖ ਕਈ ਵਾਰੀ ਉਹ ਉਦਾਸ ਹੋ ਜਾਂਦੀ ਹੈ।
ਅੰਦਰ ਆ ਕੇ ਉਸ ਨੇ ਭਰਾ ਦੀ ਸ਼ਿਕਾਇਤ ਕੀਤੀ ਸੀ, ਪਰ ਜਿਉਂ ਹੀ ਉਸ ਨੇ ਦੁਹਾਂ ਦੀ ਹਾਲਤ ਵੇਖੀ, ਨਾਲ ਹੀ ਖ਼ਿਆਲ ਕੀਤਾ ਕਿ ਉਸ ਨੂੰ ਵੇਖਦਿਆਂ ਹੀ ਦੁਹਾਂ ਨੇ ਝੱਟ ਗੱਲ ਕਥ ਦਾ ਸਿਲਸਿਲਾ ਬੰਦ ਕਰ ਦਿਤਾ ਹੈ ਤਾਂ ਉਹ ਠਠੰਬਰ ਕੇ ਰਹਿ ਗਈ ਖ਼ਾਸ ਕਰ ਕੇ ਪਿਓ ਦੇ ਹੱਥ ਵਿਚ ਫੜੇ ਹੋਏ ਖ਼ਤ ਨੂੰ ਵੇਖਦਿਆਂ ਹੀ ਉਹ ਸਮਝ ਗਈ ਕਿ ਖ਼ਤ ਸੁਖ ਸਾਂਦ ਦਾ ਨਹੀਂ। ਆਪਣੀ ਸ਼ਿਕਾਇਤ ਦਾ ਉਸ ਨੂੰ ਚੇਤਾ ਭੁੱਲ ਗਿਆ ਤੇ ਪਿਉ ਦੇ ਹੋਰ ਨੇੜੇ ਹੋ ਕੇ ਪੁਛਣ ਲਗੀ, “ਕਿਸ ਦਾ ਖ਼ਤ ਏ ਭਾਪਾ ਜੀ ?”
ਮਾਇਆ ਨੇ ਪਿਆਰ ਤੇ ਤਾੜਨਾ ਭਰੀ ਨਜ਼ਰ ਨਾਲ ਉਸ ਵਲ ਤੱਕ ਕੇ ਕਿਹਾ, “ਤੇਰੇ ਮਤਲਬ ਦਾ ਨਹੀਂ — ਜਾਹ ਤੂੰ ਖਿਡਾ ਜਾ ਕੇ ਕਾਕੇ ਨੂੰ । ਮੈਂ ਆ ਕੇ ਕਰਨੀ ਆਂ ਠੀਕ ਬਸੰਤ ਸੜੰਤ ਨੂੰ।”
‘ਤੇਰੇ ਮਤਲਬ ਦਾ ਨਹੀਂ।’ ਵੀਣਾ ਇਸੇ ਗੱਲ ਨੂੰ ਸੋਚਦੀ ਪਿਛਾਂਹ ਪਰਤ ਗਈ, ਪਰ ਉਸ ਨੂੰ ਸਮਝਣ ਵਿਚ ਦੇਰ ਨਾ ਲਗੀ ਕਿ ਜਿਹੜੀ ਚੀਜ਼ ਬਾਬਤ ਮਾਂ ਕਹਿ ਰਹੀ ਹੈ,’ਤੇਰੇ ਮਤਲਬ ਦਾ ਨਹੀਂ ਉਹ ਜ਼ਰੂਰ ਤੇ ਖ਼ਾਸ ਤੌਰ ਤੇ ਮੇਰੇ ਮਤਲਬ ਦੀ ਹੋ ਸਕਦੀ ਹੈ। ਉਸ ਦੇ ਦਿਲ ਵਿਚ ਖ਼ਾਹਿਸ਼ ਪੈਦਾ ਹੋਈ ਕਿ ਫੇਰ ਮਾਂ ਨੂੰ ਖ਼ਤ ਬਾਬਤ ਪੁੱਛੇ, ਪਰ ਕੁਆਰੀ ਸੁਭਾਵਿਕ ਸੰਙ ਨੇ ਉਸ ਦਾ ਹੌਂਸਲਾ ਨਾ ਪੈਣ ਦਿਤਾ। ਉਹ ਸੋਚਣ ਲਗੀ, ‘ਕਿਸੇ ਨਾ ਕਿਸੇ ਹੀਲੇ ਇਸ ਖ਼ਤ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ।’ ਤੇ ਇਸ ਨੂੰ ਪੜ੍ਹਨ ਦੀ ਹੋਰ ਵੀ ਖਿੱਚ ਉਸ ਦੇ ਅੰਦਰ ਪੈਦਾ ਹੋ ਗਈ ਜਦ ਉਸ ਦੇ ਬਾਹਰ ਨਿਕਲਦਿਆਂ ਹੀ ਮਾਇਆ ਨੇ ਬੂਹਾ ਬੰਦ ਕਰ ਲਿਆ। ਵੀਣਾ ਨੂੰ ਪੂਰਾ ਯਕੀਨ ਹੋ ਗਿਆ ਕਿ ਇਹ ਖ਼ਤ ਸਾਰੇ ਦਾ ਸਾਰਾ ਉਸੇ ਦੇ ਸੰਬੰਧ ਵਿਚ ਹੈ। ਇਸ ਦੇ ਨਾਲ ਹੀ ਇਤਨਾ ਕੁ ਹੋਰ ਵੀ ਉਸ ਦੀ ਸਮਝ ਵਿਚ ਆਇਆ ਕਿ ਖ਼ਤ ਜ਼ਰੂਰ ਉਸ ਦੇ ਸਹੁਰਿਆਂ ਵਲੋਂ ਹੋਵੇਗਾ।
ਬਾਹਰ ਆ ਕੇ ਉਹ ਜਾਣ ਕੇ ਵਿਹੜੇ ਵਿਚ ਨਾ ਰੁਕੀ, ਉਥੇ ਨਿੱਕੀ ਵਿਦਿਆ ਤੇ ਬਸੰਤ ਦੋਵੇਂ ਭੈਣ ਭਰਾ ਖੇਡ ਰਹੇ ਸਨ। ਬਸੰਤ ਦਾ ਖ਼ਿਆਲ ਸੀ ਕਿ ਵੀਣਾ ਉਸ ਨਾਲ ਗੁੱਸੇ ਹੋਣ ਕਰ ਕੇ ਹੀ ਬਾਹਰ ਚਲੀ ਗਈ ਹੈ।
ਬਾਹਰ ਬੂਹੇ ਅੱਗੇ ਇਕ ਨੀਵੀਂ ਜਿਹੀ ਟਾਹਲੀ ਹੇਠਾਂ ਮੰਜੀ ਖੜੀ ਕੀਤੀ ਹੋਈ ਸੀ। ਉਸ ਦੇ ਲਾਗੇ ਗੁਆਂਢੀਆਂ ਦੀ ਗਊ ਬੱਝੀ ਹੋਈ ਸੀ, ਜਿਸ ਦੀ ਵੱਛੀ — ਜਿਹੜੀ ਪਰ੍ਹਾਂ ਹਟਵੇਂ ਥਾਂ ਇਕ ਪੁਰਾਣੀ ਸ਼ਤੀਰੀ ਦੇ ਸਿਰੇ ਨਾਲ ਬੱਧੀ ਹੋਈ ਸੀ, ਉਲਰ ਉਲਰ ਕੇ ਮਾਂ ਦੇ ਥਣਾਂ ਨੂੰ ਆਉਂਦੀ ਸੀ, ਪਰ ਰੱਸੀ ਇਤਨੀ ਲੰਮੀ ਨਹੀਂ ਸੀ ਕਿ ਵੱਛੀ ਉਥੇ ਤੀਕ ਅੱਪੜ ਸਕਦੀ।
ਵੀਣਾ ਨੇ ਮੰਜੀ ਡਾਹ ਲਈ, ਤੇ ਉਸ ਉਤੇ ਕਾਕੇ ਨੂੰ ਬਿਠਾ ਦਿਤਾ। ਕਿਸੇ ਤਰ੍ਹਾਂ ਕਾਕਾ ਖੇਡੇ ਲੱਗਾ ਰਹੇ, ਉਸ ਨੇ ਟਾਹਲੀ ਦੀ ਨੀਵੀਂ ਟਹਿਣੀ ਨਾਲੋਂ ਇਕ ਦੋ ਕੁਲੀਆਂ ਲਗਰਾਂ ਤੋੜ ਕੇ ਉਸ ਦੇ ਅੱਗੇ ਰਖ ਦਿਤੀਆਂ, ਤੇ ਆਪ ਬੈਠ ਕੇ ਫੇਰ ਸੋਚਾਂ ਵਿਚ ਪੈ ਗਈ, ਖ਼ਤ ਮੇਰੇ ਸਹੁਰਿਆਂ ਵਲੋਂ ਆਇਆ ਹੋਵੇਗਾ। ਇਸ ਖ਼ਿਆਲ ਦੇ ਨਾਲ ਹੀ ਉਸ ਨੂੰ ਆਪਣੀ ਸਹੇਲੀ ਚੰਨੋ ਦੀਆਂ ਗੱਲਾਂ ਚੇਤੇ ਆਉਣ ਲਗੀਆਂ। ਚੰਨੋ ਉਸ ਦੇ ਸਹੁਰੇ ਸ਼ਹਿਰ ਗੁਜਰਖ਼ਾਨ ਦੀ ਸੀ। ਚੰਨੋ ਦੀ ਮਾਂ ਨੇ ਹੀ ਵਿਚੋਲੀ ਪੈ ਕੇ ਵੀਣਾ ਦਾ ਸਾਕ ਕਰਾਇਆ ਸੀ। ਵੀਣਾ ਦੇ ਸਹੁਰਿਆਂ ਤੇ ਚੰਨੋ ਦੇ ਮਾਪਿਆਂ ਦੇ ਘਰ ਨਾਲ ਨਾਲ ਸਨ, ਬਲਕਿ ਦੂਰ ਪਾਰੋਂ ਕੁਝ ਰਿਸ਼ਤੇਦਾਰੀ ਵੀ ਸੀ। ਤੇ ਵੀਣਾ ਦੇ ਬਣਨ ਵਾਲੇ ਪਤੀ ਨੂੰ ਚੰਨੋ ਨਾ ਕੇਵਲ ਜਾਣਦੀ ਸੀ, ਸਗੋਂ ਉਹ ਮੁੰਡਾ ਸਾਕਾਚਾਰੀ ਦੇ ਲਿਹਾਜ਼ ਦੂਰੋਂ ਪਾਰੋਂ ਚੰਨੋ ਦਾ ਭਰਾ ਹੀ ਲਗਦਾ ਸੀ।
ਚੰਨੋਂ ਤੇ ਵੀਣਾ ਜਦੋਂ ਵੀ ਇਕੱਠੀਆਂ ਹੁੰਦੀਆਂ, ਬਹੁਤਾ ਉਹ ਇਸੇ ਵਿਸ਼ੇ ਉਤੇ ਗੱਲਾਂ ਕਰਿਆ ਕਰਦੀਆਂ ਸਨ। ਛੇੜਨ ਲਈ ਜਦ ਚੰਨੋ ਉਸ ਨੂੰ ‘ਭਾਬੀ’ ਆਖ ਦੇ ‘ਦੀ ਤਾਂ ਵੀਣਾ ਉਸ ਨਾਲ ਗੁੱਸੇ ਹੋ ਜਾਇਆ ਕਰਦੀ। ਪਰ ਚੰਨੋਂ ਜਾਣਦੀ ਸੀ ਕਿ ਇਹ ਗੁੱਸਾ ਸਿਰਫ਼ ਬਣਾਉਟੀ ਹੀ ਨਹੀਂ, ਇਸ ਦੀ ਤਹਿ ਹੇਠਾਂ ਇਕ ਅਦਿਖ ਜਿਹੀ ਖ਼ੁਸ਼ੀ ਵੀ ਲੁਕੀ ਹੋਈ ਹੈ। ਜਿਉਂ ਜਿਉਂ ਵੀਣਾ ਗੁੱਸੇ ਹੁੰਦੀ, ਚੰਨੋ ਮੁੜ ਮੁੜ ਇਸ ਕੋਸ਼ਸ਼ ਵਿਚ ਰਹਿੰਦੀ ਕਿ ਚੰਨੋ ਨਾਲ ਉਸ ਦੀ ਇਕਾਂਤ ਮੁਲਾਕਾਤ ਹੋਵੇ। ਕਈ ਵਾਰੀ ਘੰਟਿਆਂ ਬੱਧੀ ਘਰ ਦੀ ਕਿਸੇ ਨੁੱਕਰੇ, ਜਾਂ ਸ਼ਾਮ ਨੂੰ ਛੱਤ ਤੇ ਜਾ ਕੇ ਘੁਸਰ ਮੁਸਰ ਕਰਦੀਆਂ ਰਹਿੰਦੀਆਂ ਸਨ । ਵੀਣਾ ਦੇ ਬਣਨ ਵਾਲੇ ਪਤੀ ਬਾਬਤ ਜਿੰਨਾ ਕੁਝ ਚੰਨੋ ਜਾਣਦੀ ਸੀ, ਓਦੂੰ ਕਿਤੇ ਬਹੁਤਾ ਵਧਾ ਚੜ੍ਹਾ ਕੇ ਉਹ ਵੀਣਾ ਨੂੰ ਸੁਣਾਇਆ ਕਰਦੀ ਸੀ। ਉਸ ਦੀਆਂ ਗੱਲਾਂ ਕੱਥਾਂ ਅਕਸਰ ਏਸੇ ਤਰ੍ਹਾਂ ਦੀਆਂ ਹੁੰਦੀਆਂ ਸਨ —ਉਹ ਬੜਾ ਸੁਹਣਾ ਹੈ ….. ਉਸ ਨੇ ਸਾਈਕਲ ਵੀ ਰਖਿਆ ਹੋਇਆ ਹੈ …. ਉਹ ਗਾਉਂਦਾ ਵੀ ਬਹੁਤ ਵਧੀਆ ਹੈ ….. ਉਸ ਨੂੰ ਬੜੀਆਂ ਕਹਾਣੀਆਂ . ਬੜੇ ਅਮੀਰ ਨੇ ਤਿੰਨ ਚਾਰ ਖੂਹ ਦੇ ਹਵੇਲੀਆਂ, ਪੰਜ ਛੇ ਦੁਕਾਨਾਂ ਉਨ੍ਹਾਂ ਦੀਆਂ ਆਪਣੀਆਂ ….. ਮੈਂ ਜਦੋਂ ਵੀ ਗੁਜਰਖਾਨ ਜਾਂਦੀ ਹਾਂ, ਉਹ ਤੇਰੀਆਂ ਗੱਲਾਂ ਮੈਥੋਂ ਪੁੱਛਦਾ ਰਹਿੰਦਾ ਹੈ ਉਨ੍ਹਾਂ ਦਾ ਬਾਗ ਵੀ ਹੈ ….. ਉਹ ਤੈਨੂੰ ਬੜਾ ਯਾਦ ਕਰਦਾ ਹੈ ਇਤ ਆਦਿਕ।
ਇਸ ਵੇਲੇ ਵੀਣਾ ਮੰਜੇ ਤੇ ਬੈਠੀ ਬੈਠੀ ਦਿਲ ਵਿਚ ਚੰਨੋ ਦੀਆਂ ਗੱਲਾਂ ਨੂੰ ਦੁਹਰਾ ਰਹੀ ਸੀ। ਉਸ ਦੀਆਂ ਅੱਖਾਂ ਅੱਗੇ ਇਕ ਕਲਪਤ ਤਸਵੀਰ ਫਿਰ ਰਹੀ ਸੀ, ਜਿਹੜੀ ਉਸ ਨੇ ਚੰਨੋ ਦੇ ਸ਼ਬਦਾਂ ਰਾਹੀਂ ਆਪਣੇ ਅੰਦਰ ਚਿੱਤਰੀ ਸੀ। ਉਹ ਸੋਚ ਰਹੀ ਸੀ, ਪਰ ਜੇ ਸਚਮੁਚ ਖ਼ਤ ਉਨ੍ਹਾਂ ਦਾ ਹੈ ਤਾਂ ਉਨ੍ਹਾਂ ਨੇ ਇਹੋ ਜਿਹੀ ਕਿਹੜੀ ਗੱਲ ਲਿਖੀ ਹੋਵੇਗੀ, ਜਿਸ ਨੂੰ ਪੜ੍ਹ ਕੇ ਭਾਪਾ ਜੀ ਤੇ ਬੇ ਜੀ ਏਡੇ ਔਖੇ ਹੋ ਰਹੇ ਨੇ ? ਖ਼ਬਰੇ ਵਿਆਹ ਛੇਤੀ ਦੇਣ ਬਾਬਤ ਕੁਝ ਲਿਖਿਆ ਹੋਵੇ ਨੇ, ਪਰ ਇਹ ਤਾਂ ਖ਼ੁਸ਼ੀ ਵਾਲੀ ਗੱਲ ਹੋਣੀ ਚਾਹੀਦੀ ਸੀ। ਵਿਆਹ ਦੀ ਗੱਲ ਵੀ ਕਦੀ ਦੁਖਦਾਈ ਹੋ ਸਕਦੀ ਹੈ !
ਵੀਣਾ ਦੇ ਭਾਣੇ ‘ਵਿਆਹ’ ਹੈ ਹੀ ਖ਼ੁਸ਼ੀ ਦਾ ਦੂਸਰਾ ਨਾਮ ਸੀ। ਵਿਆਹ ਦਾ ਅਰਥ, ਖ਼ੁਸ਼ੀ ਤੋਂ ਬਿਨਾਂ ਕੁਝ ਹੋਰ ਵੀ ਹੋ ਸਕਦਾ ਹੈ, ਇਹ ਗੱਲ ਉਸ ਦੀ ਸਮਝ ਵਿਚ ਹੀ ਨਹੀਂ ਸੀ ਆ ਸਕਦੀ। ਉਸ ਨੇ ਅੱਜ ਤੀਕ ਜਿੰਨੇ ਵਿਆਹ ਵੇਖੇ ਸਨ, ਸੌ ਹੀ-ਸਦੀ ਖ਼ੁਸ਼ੀ ਦੇ ਹੀ ਰੂਪ ਵਿਚ — ਗਾਣਾ, ਨੱਚਣਾ, ਵਾਜੇ, ਆਤਸ਼-ਬਾਜ਼ੀ, ਵੰਨਸੁਵੰਨੇ ਦਾਜ, ਵਰੀਆਂ ਦਾਅਵਤਾਂ ਪਾਰਟੀਆਂ ਤੇ ਹੋਰ ਇਹੋ ਜਿਹਾ ਬਹੁਤ ਕੁਝ।
‘ਤਾਂ ਉਹ ਖ਼ਤ ਕਿਸੇ ਹੋਰ ਦਾ ਹੋਵੇਗਾ ‘ਵੀਣਾ ਨੇ ਝਟ ਆਪਣੀ ਵਿਚਾਰ-ਲੜੀ ਨੂੰ ਤੋੜ ਕੇ ਦੂਜਾ ਰੁਖ਼ ਕੀਤਾ, ‘ਪਰ ਜੇ ਕਿਸੇ ਹੋਰ ਦਾ ਸੀ ਤਾਂ ਮੇਰੇ ਕੋਲੋਂ ਇਤਨਾ ਲੁਕਾਉ ਕਿਉਂ ? ਕੁਝ ਵੀ ਹੋਵੇ ਅੱਜ ਰਾਤੀਂ ਜਦੋਂ ਭਾਪਾ ਜੀ ਕੋਟ ਉਤਾਰ ਕੇ ਕਿੱਲੀ ਨਾਲ ਟੰਗਣਗੇ, ਮੈਂ ਅੱਖ ਬਚਾ ਕੇ ਉਨ੍ਹਾਂ ਦੀ ਜੇਬ ‘ਚੋਂ ਕੱਢ ਕੇ ਪੜ੍ਹ ਲਵਾਂਗੀ।’
ਕਿੰਨਾ ਹੀ ਚਿਰ ਵੀਣਾ ਇਨ੍ਹਾਂ ਖ਼ਿਆਲਾਂ ਵਿਚ ਡੁੱਬੀ ਰਹੀ। ਉਸ ਦੀ ਇਹ ਮੈਨ-ਸਮਾਧੀ ਓਦੋਂ ਟੁੱਟੀ ਜਦ ਉਸ ਦੇ ਕੰਨੀ ਆਵਾਜ਼ ਪਈ, “ਵੀਣਾ ! ਤੂੰ ਚੰਗੀ ਕੋਲ ਬੈਠੀ ਏਂ। ਮੁੰਡਾ ਪੱਤਰ ਮੂੰਹ ਵਿਚ ਪਾਈ ਜਾਂਦਾ ਵੇ, ਜੇ ਉਸ ਦੇ ਸੰਘ ਵਿਚ ਫਸ ਗਏ ਤਾਂ ? ਝਟ ਹੀ ਮਾਇਆ ਨੇ ਉਠ ਕੇ ਇੰਦਰਪਾਲ ਨੂੰ ਚੁਕ ਲਿਆ ਤੇ ਉਸ ਦੇ ਮੂੰਹ ਵਿਚ ਉਂਗਲਾਂ ਪਾ ਕੇ ਪੱਤਰ ਕੱਢਦੀ ਹੋਈ ਉਹਨੂੰ ਅੰਦਰ ਲੈ ਗਈ।
2
ਰਾਵਲਪਿੰਡੀ ਦੇ ਰਾਜਾ ਬਾਜ਼ਾਰ ਵਿਚ ਸਰਦਾਰ ਅਤਰ ਸਿੰਘ ਦੀ ਘੜੀਆਂ ਦੀ ਦੁਕਾਨ ਹੈ। ਪਰਚੂਨ ਤੋਂ ਛੁਟ ਥੋਕ ਮਾਲ ਵੀ ਸਾਰੀ ਪਿੰਡੀ ਵਿਚ ਕੇਵਲ ਉਸ ਪਾਸੋਂ ਮਿਲਦਾ ਹੈ। ਵੈੱਸਟ ਐਂਡ ਵਾਚ ਤੇ ਹੋਰ ਕਈਆਂ ਕੰਪਨੀਆਂ ਦਾ ਉਹ ਏਜੰਟ वै।
ਹੋਰ ਦੇਵੀ ਦੇਵਤਿਆਂ ਵਾਂਗ ਲਛਮੀ ਦੇਵੀ ਵੀ ਉਸੇ ਉਤੇ ਨਿਹਾਲ ਹੁੰਦੀ ਹੈ, ਜਿਹੜਾ ਤਨ ਮਨ ਨਾਲ ਇਸ ਦੀ ਪੂਜਾ ਕਰੋ। ਅਤਰ ਸਿੰਘ ਵੀ ਇਸ ਦੇਵੀ ਦੇ ਅਨਿਨ ਪੁਜਾਰੀਆਂ ਵਿਚੋਂ ਹੈ। ਉਸ ਪਾਸ ਜਿਉਂ ਜਿਉਂ ਦੌਲਤ ਵਧਦੀ ਜਾਂਦੀ ਹੈ। ਤਿਉਂ ਤਿਉਂ ਇਸ ਦੀ ਪ੍ਰਾਪਤੀ ਲਈ ਉਹ ਅਧੀਰ ਹੁੰਦਾ ਜਾ ਰਿਹਾ ਹੈ । ਕੋਈ ਵੀ ਪੈਸਾ ਜਿਹੜਾ ਉਸ ਦੀ ਜੇਬ ਵਿਚੋਂ ਨਿਕਲਦਾ, ਮਾਨੋਂ ਉਸ ਦੇ ਦਿਲ ਨੂੰ ਚੀਰ ਕੇ ਨਿਕਲਦਾ ਸੀ। ਉਸ ਨੇ ਆਪਣੀ ਜ਼ਿੰਦਗੀ ਵਿਚ ਦੋ ਹੀ ਥਾਵਾਂ ਵੇਖੀਆਂ ਸਨ ਦਿਨੇਂ ਹੱਟੀ ਤੇ ਰਾਤੀਂ ਘਰ । ਬਸ ਇਨ੍ਹਾਂ ਦੁਹਾਂ ਤੋਂ ਛੁਟ ਕਿਸੇ ਹੋਰ ਥਾਂ ਨਾਲ ਉਸ ਦਾ ਕੋਈ ਵਾਸਤਾ ਨਹੀਂ ਸੀ। ਉਸਨੂੰ ਕਦੀ ਕਿਸੇ ਨੇ ਗੁਰਦਵਾਰੇ ਜਾਂ ਹੋਰ ਕਿਸੇ ਜਲਸੇ ਲੈਕਚਰ ਵਿਚ ਜਾਂਦਿਆਂ ਨਹੀਂ ਵੇਖਿਆ। ਇਸ ਦਾ ਇਕ ਨਹੀ ਦੋ ਕਾਰਨ ਸਨ। ਇਕ ਤਾਂ ਕੰਮ ਕਾਰ ਦੇ ਹੱਥੋਂ ਉਸਨੂੰ ਵਿਹਲ ਨਹੀਂ ਸੀ ਮਿਲਦੀ, ਦੂਜੇ ਓਸ ਦਾ ਸਰੀਰ ਇਤਨਾ ਭਾਰਾ ਸੀ ਕਿ ਹੱਟੀ ਤੋਂ ਉੱਠ ਕੇ ਘਰ ਤੀਕ ਜਾਣਾ ਵੀ ਉਸ ਲਈ ਮੁਹਾਲ ਸੀ। ਪਹਿਲਾਂ ਪਹਿਲ ਜਦ ਉਸ ਦਾ ਘਰ ਜ਼ਰਾ ਦੁਰਾਡਾ ਸੀ, ਉਸ ਨੂੰ ਬੜੀ ਮੁਸੀਬਤ ਉਠਾਣੀ ਪੈਂਦੀ ਸੀ। ਟੁਰ ਕੇ ਜਾਣੇ ਤਾਂ ਉਂਜ ਆਤੁਰ ਸੀ, ਤੇ ਟਾਂਗੇ ਵਾਲਾ ਕੋਈ ਉਸ ਨੂੰ ਲੈ ਜਾਣ ਨੂੰ ਤਿਆਰ ਨਹੀਂ ਸੀ, ਜੇ ਕੋਈ ਲਾਲਚੀ ਕੋਚਵਾਨ ਮੰਨ ਵੀ ਲੈਂਦਾ ਤਾਂ ਸਾਲਾਮ ਟਾਂਗੇ ਦਾ ਕਿਰਾਇਆ ਪੂਰੇ ਅੱਠ ਆਨੇ ਮੰਗਦਾ। ਤੇ ਇਹ ਸੌਦਾ ਅਤਰ ਸਿੰਘ ਲਈ ਮਹਿੰਗੇ ਤੋਂ ਛੁਟ ਨਾ-ਕਾਬਿਲੇ ਬਰਦਾਸ਼ਤ ਵੀ ਸੀ। ਰੋਜ਼ਾਨਾ ਧੇਲੀ ਜਾਣ ਤੇ ਧੇਲੀ ਆਉਣ, ਗੋਇਆ ਭੰਗ ਦੇ ਭਾੜੇ ਇਕ ਰੁਪਿਆ ਰੋਜ਼ ਬਰਬਾਦ ਕਰਨਾ — ਪੂਰੇ ਤੀਹ ਰੁਪਏ ਮਹੀਨਾ ਤੇ ਤਿੰਨ ਸੌ ਸਠ ਰੁਪਏ ਸਾਲਾਨਾ ।
ਤੇ ਅਖ਼ੀਰ ਇਸ ਲਾਚਾਰੀ ਦਾ ਉਸ ਨੇ ਇਲਾਜ ਲਭ ਹੀ ਲਿਆ। ਦੁਕਾਨ ਦੇ ਉਤੇ ਇਕ ਚੁਬਾਰੇ ਵਿਚ ਟੱਬਰ ਨੂੰ ਲਿਆ ਰਖਿਆ। ਭਾਵੇਂ ਪੌੜੀਆਂ ਚੜ੍ਹਨ ਦੀ ਤਕਲੀਫ਼ ਤੋਂ ਹੁਣ ਵੀ ਉਹ ਕਈ ਵਾਰੀ ਛਿੱਥਾ ਹੋ ਪੈਂਦਾ, ਕਿਉਂਕਿ ਰੋਜ਼ਾਨਾ ਇਕ ਵਾਰੀ ਚੜ੍ਹਨਾ ਤੇ ਉਤਰਨਾ ਪੈਂਦਾ ਸੀ, ਤੇ ਮੁਸੀਬਤ ਇਹ ਕਿ ਪੌੜੀਆਂ ਇਤਨੀਆਂ ਸੌੜੀਆਂ ਸਨ, ਕਿ ਕਈ ਵਾਰੀ ਉਸ ਦੇ ਮੋਢਿਆਂ ਨੂੰ ਰਗੜਾਂ ਆ ਜਾਂਦੀਆਂ। ਪਰ ਆਖ਼ਰ ਗੁਜ਼ਾਰਾ ਤਾਂ ਕਰਨਾ ਸੀ— ਇਸ ਤੋਂ ਬਿਨਾਂ ਹੋਰ ਚਾਰਾ ਹੀ ਕੀ ਸੀ।
ਜਾਣ ਪਛਾਣ ਵਾਲੇ ਕਈ, ਅਤਰ ਸਿੰਘ ਨੂੰ ਸਲਾਹ ਦੇਂਦੇ ‘ਸਰਦਾਰ ਜੀ, ਤੁਹਾਨੂੰ ਗੁਰੂ ਨੇ ਇਤਨੇ ਭਾਗ ਲਾਏ ਨੇ। ਪੰਜ ਦਸ ਹਜ਼ਾਰ ਰੁਪਿਆ ਖਰਚ ਕਰਕੇ ਇਕ ਸ਼ਾਨਦਾਰ ਮਕਾਨ ਬਣਾ ਲਓ ਖਾਂ’ ਤੇ ਅਤਰ ਸਿੰਘ ਹਰ ਵਾਰੀ ਇਹੋ ਜਿਹੀਆਂ ਗੱਲਾਂ ਦੇ ਉੱਤਰ ਵਿਚ ਹੱਸ ਕੇ ਕਹਿੰਦਾ, ‘ਮੈਂ ਏਡਾ ਬੇਵਕੂਫ਼ ਨਹੀਂ ਕਿ ਫ਼ਜ਼ੂਲ ਕੰਮਾਂ ਉਤੇ ਇਤਨਾ ਸਰਮਾਇਆ ਫੂਕ ਸੁੱਟਾਂ। ਦਸ ਹਜ਼ਾਰ ਦਾ ਵਿਆਜ ਪਤਾ ਜੋ ਕੀ ਬਣਦਾ ਹੈ ? ਸੌ ਰੁਪਿਆ ਮਹੀਨਾ — ਬਾਰਾਂ ਸੌ ਰੁਪਏ ਸਾਲ ਦੇ। ਹਿਸਾਬ ਲਾਓ, ਦਸਾਂ ਵੀਹਾਂ ਸਾਲਾਂ ਵਿਚ ਇਹ ਰਕਮ ਕਿੱਥੇ ਦੀ ਕਿੱਥੇ ਜਾ ਪਹੁੰਚੇਗੀ। ਫਿਰ ਅੱਜ ਕਲ੍ਹ ਦੇ ਜ਼ਮਾਨੇ ਵਿਚ, ਜਦ ਕਿ ਆਦਮੀ ਮਾਰਿਆਂ ਪੈਸਾ ਨਹੀਂ ਲੱਭਦਾ, ਮਕਾਨ ਉਤੇ ਇਤਨਾ ਰੁਪਿਆ ਪੁੱਟਣਾ ਕਿਧਰ ਦੀ ਅਕਲਮੰਦੀ ਹੈ
ਪੰਨਾ ਲਾਲ ਇਸੇ ਦੀ ਦੁਕਾਨ ਤੇ ਨੌਕਰ ਹੈ। ਭਾਵੇਂ ਮਾਲਕ ਨੇ ਉਸਨੂੰ ਹਿਸਾਬ ਕਿਤਾਬ ਲਈ ਰਖਿਆ ਸੀ, ਪਰ ਉਸ ਨੂੰ ਕਰਨੇ ਪੈਂਦੇ ਹਨ ਕਈ ਧੰਦੇ – ਮੁਨਸ਼ੀਗਿਰੀ, ਘਰ ਦਾ ਸੌਦਾ ਪੱਤਾ ਲਿਆਉਣਾ ਤੇ ਹੋਰ ਕਈ ਫੁਟਕਲ ਕੰਮ। ਪੰਨਾ ਲਾਲ ਨੂੰ ਇਸ ਦੁਕਾਨ ਤੇ ਕੰਮ ਕਰਦਿਆਂ ਪੰਜ ਵਰ੍ਹੇ ਹੋ ਗਏ ਹਨ। ਉਸ ਨੂੰ ਚਾਲ਼ੀ ਰੁਪਏ ਮਹੀਨੇ ਤੇ ਰਖਿਆ ਗਿਆ ਸੀ. ਪਰ ਪਿਛਲੇਰੀਆਂ ਗਰਮੀਆਂ ਵਿਚ ਮਾਲਕ ਨੇ ਮੰਦਵਾੜਾ ਕਹਿ ਕੇ ਉਸ ਦੇ ਪੰਜ ਰੁਪਏ ਘਟਾ ਦਿਤੇ ਸਨ । ਇਸ ਦਾ ਮਤਲਬ ਇਹ ਨਹੀਂ ਕਿ ਮਾਲਕ ਨੂੰ ਆਪਣੇ ਨੌਕਰ ਨਾਲ ਹਮਦਰਦੀ ਨਹੀਂ ਸੀ। ਹਮਦਰਦੀ ਨਾ ਹੁੰਦੀ ਤਾਂ ਉਹ ਕਿਉਂ ਰੋਜ਼ ਉਸ ਦੇ ਖਹਿੜੇ ਪਿਆ ਰਹਿੰਦਾ ਕਿ ਉਸ ਨੂੰ ਘੜੀ ਸਾਜ਼ੀ’ਦਾ ਕੰਮ ਸਿਖਣਾ ਚਾਹੀਦਾ ਹੈ, ਪਰ ਇਹ ਪੰਨਾ ਲਾਲ ਦੀ ਆਪਣੀ ਹੀ ਬਦਕਿਸਮਤੀ ਸੀ ਕਿ ਉਹ ਮਾਲਕ ਦੀ ਸਿਖਿਆ ਤੋਂ ਲਾਭ ਨਾ ਉਠਾ ਸਕਿਆ। ਭਾਵੇਂ ਪੰਨਾ ਲਾਲ ਇਕ ਤੋਂ ਵਧੀਕ ਵਾਰੀ ਕੋਸ਼ਿਸ਼ ਕਰ ਚੁਕਾ ਹੈ ਕਿ ਘੜੀਸਾਜ਼ੀ ਦਾ ਥੋੜ੍ਹਾ ਬਹੁਤਾ ਕੰਮ ਸਿਖ ਲਵੇ, ਪਰ ਨਜ਼ਰ ਦੀ ਕਮਜ਼ੋਰੀ ਨੇ ਉਸ ਨੂੰ ਸਫ਼ਲ ਨਹੀਂ ਹੋਣ ਦਿਤਾ।
ਜਦ ਮਾਲਕ ਵੇਖਦਾ ਕਿ ਉਸ ਦੀ ਪ੍ਰੇਰਣਾ ਦਾ ਪੰਨਾ ਲਾਲ ਉਤੇ ਕੋਈ ਅਸਰ ਨਹੀਂ ਹੋਇਆ ਤਾਂ ਉਸ ਨੂੰ ਬੜੀ ਖਿੱਝ ਆਉਂਦੀ। ਕਈ ਵਾਰੀ ਉਹ ਦਿਲ ਵਿਚ ਸੋਚਦਾ, ‘ਜਿਸ ਨੂੰ ਬੈਠਿਆਂ ਬਿਠਾਇਆਂ ਪੈਂਤੀ ਰੁਪਏ ਮਿਲ ਜਾਣ, ਉਸ ਨੂੰ ਭਲਾ ਕੀ ਬਿਪਤਾ ਪਈ ਹੈ, ਪੁਰਜ਼ਿਆਂ ਨਾਲ ਮਗਜ਼ਮਾਰੀ ਕਰੇ ।’ ਪੰਨਾ ਲਾਲ ਨੇ ਭਾਵੇਂ ਹਰ ਵਾਰੀ ਆਪਣੀ ਬੇ-ਵਸੀ ਦਸਣ ਦੀ ਕੋਸ਼ਸ਼ ਕੀਤੀ, ਪਰ ਅਤਰ ਸਿੰਘ ਨੇ ਇਸਦਾ ਇਹੋ ਮਤਲਬ ਕਢਿਆ, ‘ਇਹ ਬਹਾਨੇਬਾਜ਼ੀ ਹੈ । ਸਿਰਫ ਮਾਮੂਲੀ ਹਿਸਾਬ ਕਿਤਾਬ ਰੱਖਣ ਬਦਲੇ ਹਰ ਮਹੀਨੇ ਇਤਨੀ ਰਕਮ ਦੇਣੀ ਮੇਰੀ ਸਮਰੱਥਾ ਤੋਂ ਬਾਹਰ ਹੈ।’
ਘੜੀ-ਸਾਜ਼ੀ ਸਿੱਖਣ ਲਈ ਅਤਰ ਸਿੰਘ ਦਾ ਉਸਦੇ ਮਗਰ ਪੈਣਾ ਬੇਮਤਲਬ ਹੀ ਨਹੀਂ ਸੀ। ਉਸ ਨੂੰ ਉਮੀਦ ਸੀ ਕਿ ਜੋ ਪੰਨਾ ਲਾਲ ਥੋੜ੍ਹੀ ਬਹੁਤੀ ਘੜੀਆਂ ਦੀ ਮੁਰੰਮਤ ਕਰ ਸਕੇ, ਤਾਂ ਨਾ ਕੇਵਲ ਉਸ ਦੀ ਤਨਖ਼ਾਹ ਸਹਿਜੇ ਹੀ ਇਸ ਵਿਚੋਂ ਨਿਕਲ ਸਕੇਗੀ, ਬਲਕਿ ਕੁਝ ਵਧੀਕ ਹੀ। ਮੁਰੰਮਤ ਦਾ ਕੰਮ ਬਥੇਰਾ ਆਉਣ ਦੀ ਉਸ ਨੂੰ ਉਮੀਦ ਸੀ, ਪਰ ਸਿਰਫ ਉਮੀਦ ਉਤੇ ਹੀ ਉਚੇਚਾ ਘੜੀਸਾਜ਼ ਰੱਖਣਾ — ਜਿਹੜਾ ਘਟੋ ਘਟ ਪੰਜਾਹ ਰੁਪਏ ਤਾਂ ਜ਼ਰੂਰ ਲਵੇਗਾ – ਅਤਰ ਸਿੰਘ ਮੁਨਾਸਬ ਨਹੀਂ ਸੀ ਸਮਝਦਾ। ਉਸ ਦਾ ਮਨਸ਼ਾ ਸੀ ਕਿਉਂ ਨਾ ਇਕੋ ਆਦਮੀ ਦੋਵੇਂ ਕੰਮ ਕਰੋ – ਕਲਰਕੀ ਵੀ ਤੇ ਘੜੀਸਾਜ਼ੀ ਵੀ।
ਪਰ ਜਦ ਉਸਨੇ ਵੇਖਿਆ ਕਿ ਪੰਨਾ ਲਾਲ ਪਾਸੋਂ ਘੜੀ-ਸਾਜ਼ੀ ਦੀ ਕੋਈ ਉਮੀਦ ਨਹੀਂ ਤਾਂ ਉਹ ਕਿਸੇ ਹੋਰ ਆਦ` ਦੀ ਭਾਲ ਵਿਚ ਦਿਮਾਗ ਲੜਾਨ ਲੱਗਾ । ਅੰਦਰ-ਖ਼ਾਨੇ ਉਸ ਨੇ ਕੋਈ ਇਹੋ ਜਿਹਾ ਆਦਮੀ ਹੱਡਣ ਦੀ ਕੋਸ਼ਸ਼ ਜਾਰੀ ਰੱਖੀ, ਪਰ ਅੱਜ ਤੀਕ ਉਸ ਨੂੰ ਇਸ ਵਿਚ ਕਾਮਯਾਬੀ ਨਹੀਂ ਹੋ ਸਕੀ। ਸਿਰਫ ਕਲਰਕੀ ਬਦਲੇ ਪੈਂਤੀ ਰੁਪਏ ਦੇਣੇ ਉਸ ਲਈ ਦਿਨੋ ਦਿਨ ਅਸਹਿ ਹੁੰਦੇ ਜਾ ਰਹੇ ਸਨ। ਉਹ ਇਹ ਵੀ ਜਾਣਦਾ ਸੀ ਕਿ ਜੇ ਪੰਨਾ ਲਾਲ ਨੂੰ ਹਟਾ ਦਿਤਾ ਗਿਆ ਤਾਂ ਉਸਦਾ ਕੰਮ ਚਲ ਨਹੀਂ ਸਕਣਾ, ਕਿਉਂਕਿ ਉਹ ਆਪ ਬਹੁਤਾ ਪੜ੍ਹਿਆ ਨਾ ਹੋਣ ਕਰਕੇ ਹਿਸਾਬ ਕਿਤਾਬ ਤੇ ਬਾਹਰਲੀਆਂ ਫਰਮਾਂ ਨਾਲ ਚਿੱਠੀ ਪੱਤਰ ਦਾ ਕੰਮ ਨਹੀਂ ਸੀ ਕਰ ਸਕਦਾ, ਸੋ ਇਸੇ ਦੋ-ਚਿਤੀ ਵਿਚ ਉਸ ਨੇ ਕਾਫ਼ੀ ਸਮਾਂ ਬਿਤਾ ਦਿਤਾ। ਨਾ ਉਸ ਨੂੰ ਕੋਈ ਚੱਜ ਦਾ ਆਦਮੀ ਲੱਭਾ, ਨਾ ਪੰਨਾ ਲਾਲ ਨੂੰ ਜਵਾਬ ਦੇ ਸਕਿਆ। ਉਹ ਸਮਝਦਾ ਸੀ ਕਿ ਪੰਨਾ ਲਾਲ ਦੀ ਤਨਖ਼ਾਹ ਉਸ ਨੂੰ ਇਕ ਤਰ੍ਹਾਂ ਨਾਲ ਮੁਫ਼ਤ ਵਿਚ ਹੀ ਦੇਣੀ ਪੈ ਰਹੀ ਹੈ।
3
ਸਾਰੀ ਰਾਤ ਪੰਨਾ ਲਾਲ ਨੇ ਅੱਖਾਂ ਵਿਚ ਬਿਤਾਈ। ਇਸ ਰਾਤ ਵਾਂਗ ਉਸ ਦੀ ਜ਼ਿੰਦਗੀ ਵੀ ਹਨੇਰੀ ਤੇ ਹਰ ਪਾਸਿਓਂ ਡਰਾਉਣੀ ਸੀ। ਚਿੱਠੀ ਦਾ ਇਕ ਇਕ ਵਾਕ ਜਿਵੇਂ ਉਸ ਲਈ ਮੌਤ ਦਾ ਵਖੋ ਵਖਰਾ ਪਰਛਾਵਾਂ ਸੀ । ਉਸਨੂੰ ਆਪਣਾ ਦਿਲ ਘਟਦਾ ਘਟਦਾ ਮਲੂਮ ਹੁੰਦਾ ਸੀ । ਪਾਸੇ ਪਰਤਦਾ ਹੋਇਆ ਉਹ ਨਾਲੋਂ ਨਾਲ ਉਸ ਚਿੱਠੀ ਦੀਆਂ ਸਤਰਾਂ ਨੂੰ ਦਿਲ ਵਿਚ ਦੁਹਰਾਈ ਜਾਂਦਾ ਸੀ — ‘ਸਾਡਾ ਲੜਕਾ ਹਾਲੇ ਵਿਆਹ ਕਰਾਉਣ ਲਈ ਰਜ਼ਾਮੰਦ ਨਹੀਂ, ਜੋ ਤੁਹਾਨੂੰ ਬਹੁਤੀ ਜਲਦੀ ਹੈ ਤਾਂ ਲੜਕੀ ਦਾ ਸਾਕ ਹੋਰ ਕਿਤੇ ਕਰ ਦਿਉ ‘ ਉਹ ਸੋਚਦਾ – ‘ਜੇ ਭਲਾ ਲੜਕਾ ਹਾਲੇ ਵਿਆਹ ਨਹੀਂ ਕਰਾਣਾ ਚਾਹੁੰਦਾ ਤਾਂ ਇਹ ਮਾਮੂਲੀ ਗੱਲ ਸੀ। ਸਾਡੀ ਕੁੜੀ ਕਿਹੜੀ ਬੁੱਢ-ਵਰੇਸ ਹੋ ਗਈ ਏ, ਅਸੀਂ ਹੋਰ ਵਰ੍ਹਾ ਦੋ ਵਰ੍ਹੇ ਉਡੀਕ ਸਕਦੇ ਸਾਂ, ਪਰ ਉਨ੍ਹਾਂ ਦਾ ਇਹ ਲਿਖਣਾ ਕਿ ਤੁਹਾਨੂੰ ਜਲਦੀ ਹੈ ਤਾਂ ਇਸ ਦਾ ਮਤਲਬ ਤਾਂ ਸਾਫ ਹੈ ਕਿ ਸਾਕ ਲੈਣੋਂ ਇਨਕਾਰੀ ਹਨ। ਕੀ ਇਸ ਲਈ ਕਿ ਮੈਂ ਹੁਣ ਉਨ੍ਹਾਂ ਦੀ ਬਰਾਬਰੀ ਦਾ ਨਹੀਂ ਰਿਹਾ ? ਜੇ ਮੈਂ ਪਹਿਲੀ ਹਾਲਤ ਵਿਚ ਹੁੰਦਾ ਤਾਂ ਕੀ ਉਹ ਇਸ ਤਰ੍ਹਾਂ ਦਾ ਖ਼ਤ ਲਿਖਦੇ ? ਫਿਰ ਹੁਣ ਕੀ ਕੀਤਾ ਜਾਵੇ ? ਜਿਉਂ ਹੀ ਲੋਕਾਂ ਨੂੰ ਪਤਾ ਲਗੋਗਾ ਮੇਰੀ ਲੜਕੀ ਦਾ ਸਾਕ ਛੁਟ ਗਿਆ ਹੈ, ਕਿਤੇ ਖਲੋਣ ਜੋਗਾ, ਕਿਸੇ ਦੇ ਸਾਹਮਣੇ ਮੂੰਹ ਦੇਣ ਜੋਗਾ ਨਹੀਂ ਰਹਾਂਗਾ। ਓਧਰ ਕਰਜ਼ੇ ਦੀ ਪੰਡ ਦਿਨੋਂ ਦਿਨ ਭਾਰੀ ਹੁੰਦੀ ਜਾ ਰਹੀ ਹੈ। ਰੱਬ ਨਾ ਕਰੇ ਜੇ ਮਾਇਆ ਨੂੰ ਕਿਸੇ ਤਰ੍ਹਾਂ ਪਤਾ ਲਗ ਜਾਵੇ ਕਿ ਅਸੀਂ ਢਾਈ ਤਿੰਨ ਹਜ਼ਾਰ ਦੇ ਕਰਜ਼ਾਈ ਹਾਂ, ਤਾਂ ਉਸ ਦਾ ਕੀ ਹਾਲ ਹੋਵੇਗਾ? ਫਿਰ ਇਕ ਤੋਂ ਬਾਅਦ ਦੂਜੀ ਲੜਕੀ ਤਿਆਰ ਖੜੀ ਹੈ, ਦੋਂਹ ਵਰ੍ਹਿਆਂ ਨੂੰ ਸਿਰ ਤੇ ਚੜ੍ਹ ਜਾਏਗੀ। ਆਖ਼ਰ ਕੀ ਬਣੇਗਾ — ਕਿਸ ਤਰ੍ਹਾ ਬੇੜਾ ਬੰਨੇ ਲਗੇਗਾ ?’
ਵਡੇ ਵੇਲੇ ਜਦ ਪੰਨਾ ਲਾਲ ਉਠਿਆ ਤਾਂ ਉਸਨੂੰ ਜਾਪਦਾ ਸੀ ਜਿਵੇਂ ਉਸ ਵਿਚ ਮੰਜੇ ਤੋਂ ਉੱਠਣ ਜੋਗਾ ਸਾਹ ਸਤ ਬਾਕੀ ਨਹੀਂ। ਉਸ ਲਈ ਸਾਰੀ ਦੁਨੀਆਂ ਨਿਰਾ ਹਨੇਰਾ ਹੀ ਹਨੇਰਾ ਸੀ – ਅੱਖਾਂ ਬੰਦ ਕਰਦਾ ਤਾਂ ਵੀ ਹਨੇਰਾ, ਖੋਲ੍ਹਦਾ ਤਾਂ ਵੀ ਹਨੇਰਾ। ਘਰ ਦੀਆਂ ਕੰਧਾਂ ਜਿਵੇਂ ਮੂੰਹ ਪਾੜ ਉਸ ਨੂੰ ਨਿਗਲਨ ਲਈ ਉਲਰਦੀਆਂ ਆ ਰਹੀਆਂ ਸਨ। ਇਕ ਵਾਰੀ ਉਸ ਨੂੰ ਖ਼ਿਆਲ ਆਇਆ ‘ਕਿਉਂ ਨਾ ਘਰ ਬਾਹਰ ਛਡ ਕੇ ਕਿਸੇ ਪਾਸੇ ਨਿਕਲ ਜਾਵਾਂ, ‘ਨਾ ਹੋਵੇਗਾ ਬਾਂਸ ਨਾ ਵਜੇਗੀ ਬੰਸਰੀ । ਪਰ ਜਿਉਂ ਹੀ ਚਹੁੰ ਨੰਨ੍ਹੀਆਂ ਜਿੰਦਾਂ ਤੇ ਮਾਸੂਮ ਸਾਥਣ ਦਾ ਖ਼ਿਆਲ ਆਉਂਦਾ, ਉਸ ਨੂੰ ਆਪਣੇ ਆਪ ਤੋਂ ਨਫ਼ਰਤ ਹੋਣ ਲਗ ਪੈਂਦੀ, ‘ਕੀ ਇਨ੍ਹਾਂ ਜੀਆਂ ਨੂੰ ਮੈਂ ਇਸੇ ਲਈ ਦੁਨੀਆਂ ਵਿਚ ਲਿਆਂਦਾ ਸੀ ? ਕੀ ਮਾਇਆ ਨੂੰ ਉਸ ਦੇ ਮਾਪਿਆਂ ਨੇ ਏਸੇ ਲਈ ਮੇਰੇ ਲੜ ਲਾਇਆ ਸੀ ? ਨਹੀਂ ਨਹੀਂ। ਇਹ ਜ਼ੁਲਮ ਹੈ, ਪਾਪ ਹੈ, ਵਿਸ਼ਵਾਸ-ਘਾਤ ਹੈ। देत ….. देठ ?’
ਇਸ ਵੇਲੇ ਹੱਥ ਵਿਚ ਮਸਾਲੇ ਦੀ ਲੰਮੀ ਕੰਘੀ ਫੜੀ ਆਪਣੇ ਕੇਸਾਂ ਵਿਚ ਫੇ ਰਦੀ ਹੋਈ ਵੀਣਾ ਉਸ ਦੇ ਸਾਹਮਣੇ ਆ ਕੇ ਬੋਲੀ, “ਭਾਪਾ ਜੀ, ਤੁਸਾਂ ਉਠਣਾ ਨਹੀਂ ਅੱਜ ? ਵੇਖੋ ਤੇ ਸਹੀ ਬਾਹਰ ਕੇਡੀਆਂ ਧੁੱਪਾਂ ਚੜ੍ਹੀਆਂ ਹੋਈਆਂ ਨੇ ?”
ਪੰਨਾ ਲਾਲ ਨੇ ਅਰਮਾਨ ਭਰੀ ਨਜ਼ਰ ਨਾਲ ਕੁਦਰਤ ਦੇ ਇਸ ਮਾਸੂਮ ਜਿਹੇ ਖਿਡੌਣੇ ਵਲ ਤੱਕਿਆ, ਤੇ ਫੇਰ ਸੋਚਣ ਲਗਾ, ‘ਕਿਹਾ ਚੰਗਾ ਹੁੰਦਾ, ਜੇ ਮੈਂ ਕਿਆਮਤ ਤਕ ਨਾ ਉੱਠਦਾ ਤੇ ਉਹ ਉਠ ਕੇ ਕੋਠੇ ਤੇ ਚਲਾ ਗਿਆ।
ਇਧਰ ਵੀਣਾ ਨੂੰ ਉਸ ਚਿੱਠੀ ਦਾ ਖ਼ਿਆਲ ਆ ਗਿਆ। ਉਹ ਇਕ ਵਾਰ ਸਹਿਮੀ ਹੋਈ ਹਰਨੀ ਵਾਂਗ ਇਧਰ ਉਧਰ ਤੱਕੀ, ਤੇ ਝਟ ਪਟ ਉਸ ਦਾ ਗੋਰਾ ਸੁਬਕ ਹੱਥ ਕੰਬਦਾ ਕੰਬਦਾ ਟੰਗੇ ਹੋਏ ਕੋਟ ਦੀ ਜ਼ੇਬ ਤਕ ਅਪੜਿਆ। ਚਿੱਠੀ ਕੱਢਣ ਤੋੜੀ ਉਸ ਨੇ ਹੋਰ ਇਕ ਦੋ ਵਾਰੀ ਬੂਹੇ ਵਲ ਝਾਕਿਆ, ਤੇ ਫਿਰ ਕਾਹਲੀ ਕਾਹਲੀ ਚਿੱਠੀ ਦੀਆਂ ਸਤਰਾਂ ਤੇ ਨਜ਼ਰ ਫੇਰਨ ਲਗੀ। ਪੜ੍ਹਦਿਆਂ ਪੜ੍ਹਦਿਆਂ ਉਸ ਦਾ ਰੰਗ ਫੱਕ ਹੈ ਗਿਆ। ਉਸ ਦੀਆਂ ਚਮਕਦੀਆਂ ਅੱਖਾਂ, ਇਕ ਵਾਰੀ ਲੰਮੀਆਂ ਝਿੰਮਣੀਆਂ ਦੀ ਛਾਂ ਹੇਠ ਫਰਕੀਆਂ ਤੇ ਫਿਰ ਟਿਕ ਗਈਆਂ। ਉਸ ਨੇ ਛੇਤੀ ਨਾਲ ਕਾਰਡ ਨੂੰ ਮੁੜ ਕੋਟ ਦੀ ਜੇਬ ਵਿਚ ਪਾ ਦਿਤਾ ਤੇ ਕਮਰਿਓਂ ਬਾਹਰ ਨਿਕਲ ਗਈ।
ਮੂੰਹ ਹੱਥ ਧੋ ਕੇ ਜਦ ਪੰਨਾ ਲਾਲ ਕੰਮ ਤੇ ਜਾਣ ਲਈ ਤਿਆਰ ਹੋਇਆ, ਤਾਂ ਮਾਇਆ ਨੇ ਉਸ ਨੂੰ ਰੋਕ ਕੇ ਪੁੱਛਿਆ, “ਫੇਰ ਕੀ ਸੋਚਿਆ ਜੇ ?”
ਪੰਨਾ ਲਾਲ ਨੇ ਉੱਤਰ ਵਿਚ ਕੁਝ ਕਹਿਣ ਲਈ ਜ਼ਬਾਨ ਖੋਲ੍ਹਣੀ ਚਾਹੀ, ਪਰ ਕੈਸ਼ਸ਼ ਕਰਨ ਤੇ ਵੀ ਉਹ ਨਾ ਬੋਲ ਸਕਿਆ — ਪ੍ਰਸ਼ਨ ਹੀ ਇਹੋ ਜਿਹਾ ਸੀ, ਜਿਸ ਦਾ ਉਸ ਕੋਲ ਉੱਤਰ ਨਹੀਂ ਸੀ।
ਪਤੀ ਨੂੰ ਚੁੱਪ ਵੇਖ ਕੇ ਮਾਇਆ ਘਾਬਰ ਗਈ । ਘਬਰਾਈ ਹੋਈ ਤਾਂ ਉਹ ਰਾਤ ਦੀ ਸੀ, ਪਰ ਪੰਨਾ ਲਾਲ ਦੀ ਇਸ ਬੇਉੱਤਰ ਤੱਕਣੀ ਨੇ ਜਿਵੇਂ ਮਾਇਆ ਦੀ ਰੂਹ ਨੂੰ ਇਕ ਭਾਰੀ ਪੱਥਰ ਹੇਠ ਦੇ ਕੇ ਚਿੱਥ ਸੁਟਿਆ। ਇਹ ਜਾਣਦੀ ਹੋਈ ਵੀ ਕਿ ਉਸ ਦੇ ਪ੍ਰਸਨ ਦਾ ਉੱਤਰ ਨਾ ਪੰਨਾ ਲਾਲ ਕੋਲ ਹੈ, ਨਾ ਹੀ ਇਸ ਦੁਨੀਆਂ ਦੇ ਤਖ਼ਤੇ ਉਤੇ ਕਿਸੇ ਹੋਰ ਕੋਲ ਉਸ ਨੇ ਆਪਣੇ ਪ੍ਰਸ਼ਨ ਨੂੰ ਦੁਹਰਾਉਂਦਿਆਂ ਪੁੱਛਿਆ, “ਇਸ ਤਰ੍ਹਾਂ ਢਿੱਗੀ ਢਾਇਆਂ ਤੇ ਕੁਝ ਨਹੀਂ ਬਣਨਾ। ਕੋਈ ਨਾ ਕੋਈ ਰਾਹ ਕਢਣਾ ਈ ਪਵੇਗਾ।” ਮਾਇਆ ਦੇ ਇਹ ਵਾਕ ਕੁਝ ਇਸ ਤਰ੍ਹਾਂ ਦੇ ਦ੍ਰਿੜ ਸਨ, ਜਿਵੇਂ ਉਹ ਆਪ ਕਿਸੇ ਨਤੀਜੇ ਤੇ ਪਹੁੰਚ ਗਈ ਹੋਵੇ।
“ਮੈਂ ਕੀ ਦੱਸਾਂ…” ਪੰਨਾ ਲਾਲ ਪਾਸੋਂ ਇਸ ਤੋਂ ਵਧ ਨਾ ਬੋਲਿਆ ਗਿਆ।
“ਤੁਸੀਂ ਮੇਰੀ ਸਲਾਹ ਏ, ਅਉਂ ਕਰੋ” ਮਾਇਆ ਨੇ ਬੜੇ ਠਰੰਮੇ ਵਿਚ ਕਹਿਣਾ ਸ਼ੁਰੂ ਕੀਤਾ, “ਜਿਹੜਾ ਜ਼ਰਾ ਮਾਸਾ ਗਹਿਣਾ ਮੇਰੇ ਕੋਲ ਹੈ, ਇਸ ਨੂੰ ਵੇਚ ਸੁਟੋ। ਤਿੰਨ ਚਾਰ ਸੌ ਤੋ ਵਟਿਆ ਈ ਜਾਵੇਗਾ, ਤੇ ਬਾਕੀ ਕੁਝ ਸਰਦਾਰ ਨੂੰ ਆਖ ਵੇਖੋ ਜੇ ਦੋ ਚਾਰ ਸੌ ਦੀ ਮਦਦ ਕਰ ਦੇਵੇ। ਉਹ ਜਾਣੇ ਅਸੀਂ ਔਖ ਕਰਕੇ ਵੀਹਾਂ ਵਿਚ ਗੁਜ਼ਾਰਾ ਕਰ ਲਵਾਂਗੇ, ਪੰਦਰਾਂ ਰੁਪਈਏ ਮਹੀਨਾ ਤਨਖਾਹ ‘ਚੋਂ ਕਟਾਈ ਜਾਣਾ। ਜੇ ਇੰਨਾ ਕੁ ਹੋ ਜਾਵੇ ਫੇਰ ਖੌਰੇ ਰੁੜ ਜਾਣੇ ਮੰਨ ਈ ਜਾਣ। ਸੂਲ ਤੇ ਉਨ੍ਹਾਂ ਨੂੰ ਇਸੇ ਗੱਲ ਦਾ ਉਠਦਾ ਵੇ ਨਾ, ਪਈ ਇਹ ਭੁੱਖੇ ਹੋ ਗਏ ਨੇ, ਖ਼ਬਰੇ ਦਾਜ ਵਿਚ ਕੁਝ ਦੇਣਗੇ ਕਿ ।”
ਉਪਰੋਕਤ ਵਾਕ ਉਸੇ ਮਾਇਆ ਦੇ ਸਨ, ਜਿਹੜੀ ਰਾਤੀਂ ਕਹਿੰਦੀ ਸੀ, ‘ਮੁੰਡਿਆਂ ਦਾ ਕਾਲ ਹੈ ! ਇਕ ਦਰ ਬੱਧਾ ਸੌ ਦਰ ਖੁਲ੍ਹੇ …… ਪਰ ਇਸ ਵੇਲੇ ਉਹ ਉਨ੍ਹਾਂ ਹੀ ਕੁੜਮਾਂ ਨੂੰ ਕਿਸੇ ਤਰ੍ਹਾਂ ਵਰਚਾਣ ਲਈ ਸਭ ਕੁਝ ਕਰ ਗੁਜ਼ਰਨ ਨੂੰ ਤਿਆਰ ਸੀ।
ਪੰਨਾ ਲਾਲ ਨੂੰ ਮਾਇਆ ਦੀ ਇਹ ਤਜਵੀਜ਼ ਕੁਝ ਕੁਝ ਜੱਚ ਗਈ, ਉਸ ਨੂੰ ਆਪਣੇ ਨਿਰਾਸ ਜੀਵਨ ਵਿਚ ਆਸ ਦਾ ਨਿੱਕਾ ਜਿਹਾ ਟਿਮਕਣਾ ਦਿਸਿਆ, ਤੇ ਬੋਲਿਆ, “ਜੇ ਫੇਰ ਵੀ ਨਾ ਮੰਨੇ ਤਾਂ ?”
“ਕਿਉਂ ਨਹੀਂ ਮੰਨਣਗੇ,” ਮਾਇਆ ਨੇ ਸੂਹੇ ੯ ਵਿਚ ਕਿਹਾ, “ਮੈਂ ਜਾ ਕੇ. ਮੰਨਾ ਲਵਾਂਗੀ ਤਾਈ ਕਰ ਤੇ ਸਹੀ।”
“ਤੋਂ ਜੇ ਸਰਦਾਰ ਨੇ ਸੁਕਾ ਜਵਾਬ ਦੇ ਦਿੱਤਾ ?” ਪੰਨਾ ਲਾਲ ਨੇ ਢਹਿੰਦੇ ਦਿਲ ‘ਚੋਂ ਕਿਹਾ।
“ਤੁਸੀਂ ਕੋਸ਼ਸ਼ ਤੇ ਕਰੋ ।” ਮਾਇਆ ਨੇ ਰੋਹ ਵਿਚ ਕਿਹਾ “ਪਹਿਲਾਂ ਹੀ ਨੰਨਾ ਪਾ ਦੇਂਦੇ ਓ ਹਰ ਗੱਲ ਵਿਚ। ਜੁਆਬ ਕਿਉਂ ਦੇਵੇਗਾ। ਪੰਜ ਵਰ੍ਹੇ ਨੌਕਰੀ ਕੀਤੀ ਏ। ਕਦੀ ਇਕ ਪੈਸੇ ਦੀ ਖਨਾਮੀ ਨਹੀਂ ਹੋਈ ਸਾਡੇ ਕੋਲੋਂ। ਜਿਸ ਨਾਲ ਦੋ ਘੜੀਆਂ ਰਲ ਕੇ ਰਾਹ ਪਈਏ ਉਹ ਵੀ ਰਾਹ ਪਾਲਦਾ ਏ। ਫਿਰ ਧੀਆਂ ਧਿਆਣੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ। ਜ਼ਰਾ ਮਿੰਨਤ ਖ਼ੁਸ਼ਾਮਤ ਕਰ ਦੇਣੀ, ਕਿਹੜੀ ਗੱਲ ਏ। ਜੇ ਤੁਹਾਡੇ ਆਖੇ ਨਾ ਮੰਨੇਗਾ ਤਾਂ ਮੈਂ ਆਪ ਸਰਦਾਰਨੀ ਦੇ ਘਰ ਚਲੀ ਜਾਵਾਂਗੀ।”
ਪੰਨਾ ਲਾਲ ਦੇ ਦਿਲ ਨੂੰ ਕੁਝ ਧੀਰਜ ਹੋਇਆ ਤੇ ਕੁਝ ਹੌਸਲਾ ਵੀ। ਉਸਦੇ ਕਦਮਾਂ ਵਿਚ ਜ਼ਰਾ ਕੁ ਰਵਾਨੀ ਆ ਗਈ।
ਸਾਰੇ ਰਾਹ ਉਹ ਇਨ੍ਹਾਂ ਈ ਗੋਤਿਆਂ ਵਿਚ ਡੁੱਬਦਾ ਤਰਦਾ ਤੁਰਿਆ ਗਿਆ। ਕਦੀ ਤਾਂ ਉਸ ਨੂੰ ਖ਼ਿਆਲ ਆਉਂਦਾ, ‘ਸਰਦਾਰ ਹੋਰੀਂ ਜ਼ਰੂਰ ਮੇਰੀ ਮਦਦ ਕਰਨਗੇ, ਜਦੋਂ ਮੈਂ ਉਨ੍ਹਾਂ ਨੂੰ ਆਪਣੀ ਹਾਲਤ ਦਸਾਂਗਾ। ਉਹ ਆਪ ਵੀ ਬਾਲ ਬੱਚੇ ਵਾਲੇ ਨੇ, ਜ਼ਰੂਰ ਮੇਰੇ ਦੁਖ ਨੂੰ ਮਹਿਸੂਸ ਕਰਨਗੇ,’ ਪਰ ਕਦੀ ਫੇਰ ਉਸ ਦੇ ਖ਼ਿਆਲਾਂ ਦਾ ਰੁਖ ਦੂਜੇ ਪਾਸੇ ਪਲਟ ਜਾਂਦਾ, ‘ਜਿਸ ਕੰਜੂਸ ਦੀ ਕੌਡੀ ਕੌਡੀ ਵਿਚ ਜਾਨ ਹੈ, ਰੋਜ਼ 10 ਘੰਟੇ ਖੜੇ ਪੈਰੀਂ ਕੰਮ ਕਰਵਾਣ ਤੇ ਵੀ ਜਿਸ ਨੂੰ ਪੈਂਤੀ ਰੁਪਏ ਭਾਰੂ ਜਾਪਦੇ ਨੇ, ਕਦੋਂ ਲੱਗਾ ਹੈ ਮੈਨੂੰ ਸੈਂਕੜੇ ਰੁਪਏ ਕੱਢ ਕੇ ਦੇਣ।’
ਇਸੇ ਤਰ੍ਹਾਂ ਕਦੇ ਢਾਹੁੰਦਾ ਕਦੇ ਉਸਾਰਦਾ ਪੰਨਾ ਲਾਲ ਦੁਕਾਨ ਨੇੜੇ ਜਾ ਪੁਜਾ। ਉਸ ਦਾ ਦਿਲ ਜ਼ੋਰ ਜ਼ੋਰ ਦੀ ਧੜਕ ਰਿਹਾ ਸੀ। ਜਿੰਨੇ ਕਦਮ ਉਹ ਪੁਟਦਾ ਓਨੀ ਵਾਰੀ-ਜਿਵੇਂ ਤਬਲੇ ਦੇ ਤਾਲ ਨਾਲ ਨਾਚ ਦੇ ਪੈਰ ਉੱਠਦੇ ਹਨ – ਉਸ ਦਾ ਦਿਲ ਕਹੀ ਜਾਂਦਾ, ‘ਜੇ ਉਸ ਨੇ ਨਾਂਹ ਕਰ ਦਿੱਤੀ ….. ਜੇ ….. ।’
ਦੁਕਾਨ ਆ ਗਈ। ਸਰਦਾਰ ਅਤਰ ਸਿੰਘ ਆਪਣੇ ਗਾਉਦੁਮ ਤਕੀਏ ਨਾਲ ਢਾਸਣਾ ਲਾਈ ਬੈਠਾ ਸੀ, ਤੇ ਉਸ ਤੋਂ ਜ਼ਰਾ ਹੱਟਵੇਂ ਥਾਂ ਵਡੇ ਸ਼ੋ-ਕੇਸ ਦੇ ਲਾਗੇ ਇਕ ਮਾੜੂਆ ਜਿਹਾ, ਪਰ ਸੋਹਣੇ ਨਕਸ਼ਾਂ ਨੈਣਾਂ ਵਾਲਾ ਵੀਹਾਂ ਬਾਈਆਂ ਵਰ੍ਹਿਆਂ ਦਾ ਗੱਭਰੂ, ਗੋਡੇ ਦਿਲ ਨਾਲ ਲਾਈ ਪੈਰਾਂ ਭਾਰ ਬੈਠਾ ਸੀ, ਜਿਸ ਦੇ ਕਪੜੇ ਮੈਲੇ ਕੁਚੈਲੇ ਤੇ ਸਰੀਰ ਰਲਿਆ ਖੁਲਿਆ ਸੀ।
ਕਲ੍ਹ ਦੀਆਂ ਕੁਝ ਚਿੱਠੀਆਂ ਦੇ ਉੱਤਰ ਦੇਣ ਵਾਲੇ ਸਨ, ਜਿਹੜੇ ਪੰਨਾ ਲਾਲ ਮਕਾ ਨਹੀਂ ਸੀ ਸਕਿਆ— ਉਪਰੋਂ ਸਰਦਾਰਨੀ ਦਾ ਸੁਨੇਹਾ ਆ ਗਿਆ ਸੀ ਕਿ ਉਸਦੀ ਸੋਨੀ ਨੂੰ ਖ਼ਸਰਾ ਨਿਕਲਿਆ ਹੋਇਆ ਹੈ, ਜਿਸ ਨੂੰ ਡਾਕਟਰ ਪਾਸ ਲੈ ਜਾਣਾ ਹੈ, ਜਿਸ ਕਰਕੇ ਪੰਨਾ ਲਾਲ ਨੂੰ ਕੰਮ ਨੂੰ ਅਧੂਰਾ ਹੀ ਛਡਣਾ ਪਿਆ ਸੀ। ਸਰਦਾਰ ਹੋਰਾਂ ਨੂੰ ਸਤਿ ਸ੍ਰੀ ਅਕਾਲ ਬੁਲਾਣ ਤੋਂ ਬਾਅਦ ਪੰਨਾ ਲਾਲ ਦੁਕਾਨ ਦੇ ਪਿੱਛਲੇ ਹਿੱਸੇ ਵਿਚ —ਜਿਥੇ ਉਸ ਦੀ ਮੇਜ਼ ਸੀ— ਜਾਣ ਲੱਗਾ ਸੀ ਤਾਂ ਜੁ ਕਲ੍ਹ ਵਾਲੀਆਂ ਚਿੱਠੀਆਂ ਪਹਿਲੀ ਡਾਕ ਵਿਚ ਭੇਜ ਸਕੇ ਕਿ ਸਰਦਾਰ ਹੋਰਾਂ ਆਵਾਜ਼ ਦਿਤੀ “ਪੰਨਾ ਲਾਲ। ਉਰੇ ਆਵੀਂ ਜ਼ਰਾ।”
ਉਸ ਨੂੰ ਆਪਣੇ ਲਾਗੇ ਬਿਠਾਲ ਕੇ ਅਤਰ ਸਿੰਘ ਨੇ ਕਿਹਾ, “ਅੱਜ ਦੀ ਤਰੀਕ ਤਕ ਤੇਰੀ ਕਿਤਨੀ ਤਨਖ਼ਾਹ ਬਣਦੀ ਏ ? ਹਿਸਾਬ ਕਰਕੇ ਦਸ ਖਾਂ ਜ਼ਰਾ।”
ਇਸ ਅਜੀਬ ਪ੍ਰਸ਼ਨ ਨੂੰ ਸੁਣ ਕੇ ਪੰਨਾ ਲਾਲ ਹੱਕਾ ਬੱਕਾ ਰਹਿ ਗਿਆ ! ਇਸਦਾ ਮਤਲਬ ਪੁੱਛਣ ਲਈ ਉਹ ਜ਼ਬਾਨ ਨੂੰ ਹਰਕਤ ਦੇਣ ਹੀ ਲੱਗਾ ਸੀ ਕਿ ਇਸ ਤੋਂ ਪਹਿਲਾਂ ਹੀ ਸਰਦਾਰ ਹੋਰੀਂ ਬੋਲੇ, “ਮੈਂ ਤੈਨੂੰ ਕਈ ਵਾਰੀ ਕਹਿ ਨਹੀਂ ਸਾਂ ਚੁੱਕਾ ਕਿ ਤੂੰ ਘੜੀ-ਸਾਜ਼ੀ ਦਾ ਥੋੜ੍ਹਾ ਬਹੁਤ ਕੰਮ ਜ਼ਰੂਰ ਸਿਖ ਲੈ ? ਜੇ ਸਿਖ ਲੈਂਦਿਓਂ ਤਾਂ ਅੱਜ ਮੈਨੂੰ ਕਿਉਂ ਹੋਰ ਆਦਮੀ ਦਾ ਇੰਤਜ਼ਾਮ ਕਰਨਾ ਪੈਂਦਾ ? ਇਹ ਆਦਮੀ ਘੜੀ-ਸਾਜ਼ੀ ਵੀ ਜਾਣਦੈ ਤੇ ਤਾਲੀਮ ਵੀ ਇਸ ਦੀ ਬੀ. ਏ. ਤਕ ਹੈ । ਹੁਣ ਤੂੰਹੀਓਂ ਇਨਸਾਫ਼ ਨਾਲ ਦਸ, ਬੀ. ਏ. ਪਾਸ ਤੇ ਦਸਵੀਂ ਫੇਲ੍ਹ। ਫਿਰ ਘੜੀ-ਸਾਜ਼ੀ ਦਾ ਕੰਮ ਭੂਗੇ ਵਿਚ| ਤਨਖ਼ਾਹ ਦਾ ਪਤਾ ਈ ਕੀ ਫ਼ੈਸਲਾ ਹੋਇਆ ਏ ? ਪੰਝੀ ਰੁਪਏ। ਮੇਰਾ ਖਿਆਲ ਹੈ ਤੂੰ ਬੁਰਾ ਨਹੀਂ ਮੰਨੇਗਾ। ਨਾਲੇ ਬੁਰਾ ਮੰਨਣ ਵਾਲੀ ਇਸ ਵਿਚ ਗੱਲ ਹੀ ਕਿਹੜੀ ਹੈ। ਇਹ ਤੇ ਵਪਾਰ ਹੈ — ਬਿਜ਼ਨੈੱਸ । ਤੈਨੂੰ ਜੇ ਅੱਜ ਕਿਤੋਂ ਪੰਜਾਹ ਰੁਪਏ ਦੀ ਨੌਕਰੀ ਮਿਲਦੀ ਹੋਵੇ, ਤਾਂ ਮੈਂ ਖ਼ੁਦਗਰਜ਼ ਹੋਵਾਂਗਾ ਜੁ ਤੈਨੂੰ ਕਹਾਂ ਕਿ ਪੈਂਤੀਆਂ ਵਿਚ ਮੇਰੇ ਕੋਲ ਫਸਿਆ ਰਹੁ।”
ਸਰਦਾਰ ਹੋਰਾਂ ਉਸ ਦੂਸਰੇ ਨੌਜਵਾਨ ਵਲ ਤਕਦਿਆਂ ਕਿਹਾ, “ਇਹਨੂੰ ਕੰਮ ਦਾ ਚਾਰਜ ਦੇ ਦੇਹ ਤੇ ਨਾਲ ਆਪਣੀ ਤਨਖ਼ਾਹ ਦਾ ਹਿਸਾਬ ਵੀ ਵੇਖ ਲੈ। ਪਿਛਲੇ ਮਹੀਨੇ ਸ਼ਾਇਦ ਤੂੰ ਕੁਝ ਪੇਸ਼ਗੀ ਵੀ ਲਈ ਸੀ।”
ਪੰਨਾ ਲਾਲ ਦੀਆਂ ਅੱਖਾਂ ਵਿਚੋਂ ਹਰਕਤ ਤੇ ਜੋਤਨਾ ਜਿਵੇਂ ਉਡ ਗਈ। ਉਸ ਨੂੰ ਜਾਪਿਆ, ਜਿਵੇਂ ਦੁਕਾਨ ਦੀ ਛੱਤ ਉਸ ਉਤੇ ਆ ਡਿਗੀ ਹੋਵੇ। ਉਸ ਨੇ ਸਿਰ ਫੇਰ ਕੇ ਇਕ ਵਾਰੀ ਗਭਰੂ ਵਲ ਤਕਿਆ ਤੇ ਫੇਰ ਆਪਣੇ ਮਾਲਕ ਵਲ। ਕੁਝ ਬੋਲਣ ਲਈ ਨਾ ਗਲੇ ਵਿਚ ਤਰਾਵਟ ਬਾਕੀ ਸੀ, ਨਾ ਹੀ ਜ਼ਬਾਨ ਵਿਚ ਲਚਕ। ਉਹ ਇਕ ਵਾਰੀ ਉੱਠਣ ਲਗਾ ਫਿਰ ਬੈਠ ਗਿਆ। ਸ਼ਾਇਦ ਉਸ ਦੇ ਸਿਰ ਨੂੰ ਚੱਕਰ ਆ ਰਹੇ ਸਨ।
ਕੋਲ ਬੈਠਾ ਨੌਜਵਾਨ ਬੜੀ ਖੋਜ ਭਰੀ ਨਜ਼ਰ ਨਾਲ ਪੰਨਾ ਲਾਲ ਦੀ ਹਾਲਤ ਨੂੰ ਤੱਕ ਰਿਹਾ ਸੀ। ਅਖ਼ੀਰ ਮੇਜ਼ ਦੇ ਆਹਮੋਂ ਸਾਹਮਣੇ ਦੋਂਹ ਕੁਰਸੀਆਂ ਤੇ ਦੋਵੇਂ ਬੈਠ ਗਏ। ਪੰਨਾ ਲਾਲ ਨੂੰ ਰਜਿਸਟਰ ਦੇ ਅੱਖਰ ਫੈਲਦੇ ਫੈਲਦੇ ਵਿਖਾਈ ਦੇਂਦੇ ਸਨ, ਤੇ ਕਦੀ ਇਉਂ ਮਲੂਮ ਹੁੰਦਾ ਜਿਵੇਂ ਇਕ ਸਤਰ ਵਿਚੋਂ ਦੂਜੀ ਸਤਰ ਉਠ ਕੇ ਵੱਡੀ ਹੁੰਦੀ ਹਵਾ ਵਿਚ ਘੁਲਦੀ ਜਾ ਰਹੀ ਹੈ। ਉਹ ਜਿਤਨਾ ਇਸ ਮੇਜ਼ ਅੱਗੋਂ ਉਠ ਜਾਣ ਲਈ ਉਤਾਵਲਾ ਹੋ ਰਿਹਾ ਸੀ, ਉਨੀ ਹੀ ਢਿੱਲ ਪੈਂਦੀ ਜਾਂਦੀ ਸੀ। ਉਸ ਨੂੰ ਡਰ ਭਾਸ ਰਿਹਾ ਸੀ ਮਤੇ ਇਥੋਂ ਉਠਣ ਤੋਂ ਪਹਿਲਾਂ ਹੀ ਉਸ ਦੇ ਦਿਲ ਦੀ ਧੜਕਣ ਬੰਦ ਹੋ ਜਾਵੇ । ਉਹ ਘੜੀ-ਮੁੜੀ ਅੱਖਾਂ ਮਲ ਮਲ ਕੇ ਉਨ੍ਹਾਂ ਅੱਗੇ ਆ ਰਹੀ ਧੁੰਦ ਨੂੰ ਹਟਾਣ ਦੀ ਕੋਸ਼ਿਸ਼ ਕਰਦਾ, ਪਰ ਅੱਖਰ ਫੇਰ ਵੀ ਉਸਨੂੰ ਧੁੰਦਲੇ ਹੀ ਦਿਸਦੇ ਸਨ। ਜਿੰਨੀਆਂ ਰਕਮਾਂ ਉਸ ਨੇ ਨਵੇਂ ਕਲਰਕ ਨੂੰ ਸਮਝਾਈਆਂ, ਉਨ੍ਹਾਂ ਵਿਚੋਂ ਬਹੁਤੀਆਂ ਗਲਤ ਮਲਤ ਸਨ, ਇਨ੍ਹਾਂ ਨੂੰ ਦੂਜੀ ਤੀਜੀ ਵਾਰੀ ਉਸਨੂੰ ਠੀਕ ਕਰਨਾ ਪੈਂਦਾ।
ਚਾਰਜ ਦੇਣ ਤੋਂ ਬਾਅਦ ਪੰਨਾ ਲਾਲ ਨੇ ਆਪਣੀ ਤਨਖ਼ਾਹ ਚੁਕਦੀ ਕੀਤੀ। ਸਾਰਾ ਕੱਟ ਕਟਾ ਕੇ ਉਸ ਨੂੰ ਛੱਬੀ ਰੁਪਏ ਮਿਲੇ, ਜਿਨ੍ਹਾਂ ਨੂੰ ਬੇ-ਦਿਲੀ ਨਾਲ ਜ਼ੇਬ ਵਿਚ ਸੁੱਟ ਕੇ ਉਹ ਜਿਧਰੋਂ ਆਇਆ ਸੀ, ਓਧਰ ਬਿਨਾਂ ਇਕ ਅੱਖਰ ਮੂੰਹੋਂ ਬੋਲਿਆਂ ਮੁੜ ਗਿਆ, ਕੇਵਲ ਇਸ਼ਾਰੇ ਨਾਲ ਮਾਲਕ ਨੂੰ ਪ੍ਰਣਾਮ ਕਰਕੇ। ਪਰ ਜਿਉਂ ਹੀ ਉਹ ਘਰ ਦੇ ਨੇੜੇ ਪਹੁੰਚਿਆ ਉਸ ਦੇ ਪੈਰਾਂ ਨੂੰ ਜਿਵੇਂ ਕਿਸੇ ਚੀਜ਼ ਨੇ ਬੰਨ੍ਹ ਲਿਆ। ਉਹ ਉਨ੍ਹਾਂ ਹੀਹੀ ਕਦਮਾਂ ਤੇ ਰੁਕ ਗਿਆ।
ਕਾਫ਼ੀ ਚਿਰ ਖੜੇ ਰਹਿਣ ਤੋਂ ਬਾਅਦ ਉਹ ਪਿਛਾਂਹ ਪਰਤਿਆ। ਉਹ ਸ਼ਹਿਰੋਂ ਆਹਰ, ਸੜਕੋ-ਸੜਕ ਤੁਰਿਆ ਜਾ ਰਿਹਾ ਸੀ।
4
ਚੌਦਾ ਸਾਲਾਂ ਦੀ ਪੜ੍ਹਾਈ ਖ਼ਤਮ ਕਰਕੇ ਜਦ ਕੇਦਾਰ ਵਿਹਲਾ ਹੋਇਆ ਤਾਂ ਉਹ ਇਸ ਲੰਮੀ ਚੌੜੀ ਦੁਨੀਆਂ ਵਿਚ ਇਕੱਲਾ ਸੀ। ਆਪਣਾ ਆਖਣ ਨੂੰ ਉਸਦਾ ਕੋਈ ਨਹੀਂ ਸੀ। ਉਸ ਦਾ ਪਿਓ ਇਕ ਸਾਧਾਰਣ ਸ਼੍ਰੇਣੀ ਦਾ ਆਦਮੀ ਸੀ, ਜਿਸਨੇ ਘੜੀਸਾਜ਼ੀ ਦੀ ਕਿਰਤ ਕਰਕੇ ਬੜੇ ਕਸ਼ਟਾਂ ਦੀ ਕਮਾਈ ਨਾਲ ਪੁੱਤਰ ਨੂੰ ਪੜ੍ਹਾਇਆ ਸੀ । ਕਿਦਾਰ ਨੇ ਅਜੇ ਐਫ਼. ਏ. ਵੀ ਖ਼ਤਮ ਨਹੀਂ ਸੀ ਕੀਤੀ ਕਿ ਮੌਤ ਨੇ ਉਸ ਦੇ ਸਿਰ ਤੋਂ ਪਿਓ ਦਾ ਸਾਇਆ ਚੁਕ ਲਿਆ। ਉਸ ਦੀ ਮਾਂ ਪਾਸ ਜੋ ਬਚੀ ਖੁਚੀ ਪੂੰਜੀ ਸੀ. ਸਾਰੀ ਲਾ ਕੇ ਉਸ ਨੇ ਪੁੱਤਰ ਨੂੰ ਬੀ. ਏ. ਤੱਕ ਪਹੁੰਚਾ ਦਿਤਾ। ਮਾਂ ਦੀ ਇਕੋ ਇਕ ਸਧਰ ਸੀ ਪੁੱਤਰ ਨੂੰ ਬੀ. ਏ. ਪਾਸ ਕਰਾਣ ਦੀ। ਪਰ ਨਤੀਜਾ ਸੁਣਨ ਦੀ ਖ਼ੁਸ਼ਖ਼ਬਰੀ ਉਸ ਵਿਚਾਰੀ ਦੇ ਭਾਗਾਂ ਵਿਚ ਨਹੀਂ ਸੀ ਉਹ ਮਿਆਦੀ ਬੁਖ਼ਾਰ ਦੇ ਪੰਜੋ ਵਿਚ ਫਸ ਕੇ ਸਦਾ ਦੀ ਨੀਂਦਰ ਸੌਂ ਗਈ।
ਕੇਦਾਰ ਮੁੱਢ ਤੋਂ ਹੀ ਮਿਹਨਤੀ ਤੇ ਲਗਨ ਵਾਲਾ ਨੌਜਵਾਨ ਸੀ। ਉਹ ਜਿਸ ਕੰਮ ਪਿਛੇ ਪੈ ਜਾਂਦਾ, ਭੈੜਾ ਹੋਵੇ ਭਾਵੇਂ ਚੰਗਾ, ਇਕ ਵਾਰੀ ਉਸਦਾ ਪਾਰਲਾ ਕੰਢਾ ਛੁਹ ਕੇ ਛੱਡਦਾ। ਇਸ ਤੋਂ ਛੁਟ ਉਹ ਹੱਦ ਦਰਜੇ ਦਾ ਜਜ਼ਬਾਤੀ ਸੀ, ਇਤਨਾ ਕਿ ਜਦ ਕਦੇ ਉਸਦੇ ਜਜ਼ਬੇ ਵਿਚ ਕਿਸੇ ਕਾਰਨ ਹਿਲਜੁਲ ਪੈਦਾ ਹੁੰਦੀ, ਉਹ ਆਪਣੇ ਆਪ ਨੂੰ ਭੁਲ ਜਾਂਦਾ।
ਉਸ ਦੀ ਉਮਰ ਉਸ ਵੇਲੇ ਇੱਕੀਆਂ ਬਾਈਆਂ ਵਰ੍ਹਿਆਂ ਦੀ ਸੀ। ਮਾਪਿਆਂ ਨਾਲ ਕਿਸ ਸੰਤਾਨ ਦੀ ਮੁਹੱਬਤ ਨਹੀਂ ਹੁੰਦੀ। ਪਰ ਕੇਦਾਰ ਦੇ ਪ੍ਰਾਣ ਹੀ ਮਾਂ ਪਿਓ ਵਿਚ ਸਨ। ਪਿਓ ਦੀ ਮੌਤ ਦਾ ਸਦਮਾ ਅਜੇ ਉਸ ਅੰਦਰ ਤਾਜ਼ਾ ਸੀ ਕਿ ਮਾਂ ਦੀ ਹੋਂਦ ਤੋਂ ਵੀ ਵਾਂਜਿਆ ਗਿਆ।
ਪੜ੍ਹਾਈ ਜਦ ਉਸਨੇ ਸ਼ੁਰੂ ਕੀਤੀ ਸੀ, ਤਕਰੀਬਨ ਉਦੋਂ ਹੀ ਉਸਦੇ ਅੰਦਰ ਰੀਝ ਸਮਾਈ ਹੋਈ ਸੀ ਕਿ ਉਹ ਬਹੁਤ ਸਾਰੀ ਪੜ੍ਹਾਈ ਕਰ ਚੁਕਣ ਤੋਂ ਬਾਅਦ ਆਪਣੇ ਮਾਂ ਪਿਉ ਨੂੰ ਪਟ ਦੇ ਪੰਘੂੜੇ ਝੁਟਾਏਗਾ, ਉਨ੍ਹਾਂ ਨੂੰ ਰਾਜ ਗੱਦੀ ਤੇ ਬਿਠਾ ਕੇ ਦਿਨ ਰਾਤ ਉਨ੍ਹਾਂ ਦੀ ਸੇਵਾ ਦਾ ਸੁਆਦ ਮਾਣੇਗਾ, ਪਰ ਭਾਗ ਦਾ ਦੇਵਤਾ ਕਿਸੇ ਅਣ-ਬੋਲੀ ਤੇ ਅਣ-ਸੁਣੀ ਆਵਜ਼ ਵਿਚ ਕਹਿ ਰਿਹਾ ਸੀ, ‘ਕਿਦਾਰ ! ਕਿਉਂ ਲੰਮੇ ਲੰਮੇ ਦਾਈਏ ਬੰਨ੍ਹਦਾ ਹੈਂ ਤੇਰੀਆਂ ਇਹ ਸਾਰੀਆਂ ਸੱਧਰਾਂ, ਅਰਮਾਨਾਂ ਵਿਚ ਬਦਲਣ ਵਾਲੀਆਂ ਨੇ।’
ਅਚਾਨਕ ਹੀ ਜਦ ਕੁਦਰਤ ਨੇ ਉਸ ਪਾਸੋਂ ਮਾਂ ਖੋਹ ਲਈ ਤਾਂ ਹੁਣ ਕਿਦਾਰ ਲਈ ਇਸ ਦੁਨੀਆਂ ਵਿਚ ਬਾਕੀ ਕੀ ਰਹਿ ਗਿਆ ਸੀ ! ਉਹ ਬਥੇਰਾ ਰੋਇਆ ਕਲਪਿਆ, ਹਫ਼ਤਿਆਂ ਬੱਧੀ ਭੁੱਖਾ ਅੰਦਰ ਵੜ ਕੇ ਪਿਆ ਰਿਹਾ, ਪਰ ਕੀ ਏਦਾਂ ਕਰਨ ਨਾਲ ਉਸ ਦਾ ਗੁਆਚਿਆ ਹੋਇਆ ਸਵੱਰਗ ਲੱਭ ਪੈਣਾ ਸੀ ?
ਉਸ ਦੀ ਮਾਂ ਕਿਹਾ ਕਰਦੀ ਸੀ, ‘ਕਿਦਾਰ ! ਤੂੰ ਜਦੋਂ ਬੀ. ਏ. ਪਾਸ ਕਰ ਲਵੇਂਗਾ, ਫਿਰ ਤੇਰਾ ਵਿਆਹ ਕਰਾਂਗੇ, ਝੰਮ ਝੰਮ ਕਰਦੀ ਤੇਰੀ ਵਹੁਟੀ ਆਵੇ ਤਾਂ ਕਿਦਾਰ ਨਿਆਣਿਆਂ ਵਾਂਗ ਰੋ ਕੇ ਮਾਂ ਦੀ ਛਾਤੀ ਨਾਲ ਚੰਬੜ ਜਾਂਦਾ ਤੇ ਕਹਿੰਦਾ, ‘ਮਾਂ ਖ਼ਬਰਦਾਰ ਜੇ ਮੈਨੂੰ ਇਹੋ ਜਿਹੀ ਗੱਲ ਆਖੀ। ਤੂੰ ਚਾਹੁੰਨੀ ਏਂ ਤੇਰਾ ਪਿਆਰ ਮੇਰੇ ਦਿਲ ਵਿਚੋਂ ਕੋਈ ਹੋਰ ਖੋਹ ਲਵੇ ? ਇਹ ਮੈਂ ਹਰਗਿਜ਼ ਨਹੀਂ ਹੋਣਾ ਦਿਆਂਗਾ। ਤੇਰਾ ਪਿਆਰ ਗੁਆ ਕੇ ਜੇ ਮੈਨੂੰ ਰੱਬ ਵੀ ਮਿਲਣਾ ਚਾਹੇ ਤਾਂ ਮੈਂ ਉਸ ਨੂੰ ਵੀ ਠੁਕਰਾ ਦਿਆਂਗਾ।’
ਮਾਂ ਦੇ ਹੁੰਦਿਆਂ ਜਿਹੜਾ ਬੇ-ਸਮਾਨ ਘਰ ਉਸ ਲਈ ਸਵੱਰਗ ਨਾਲੋਂ ਵਧ ਸੁਖਦਾਈ ਸੀ, ਉਸ ਘਰ ਵਿਚ ਹੁਣ ਕਦਮ ਰਖਦਿਆਂ ਹੀ ਜਿਵੇਂ ਕਿਦਾਰ ਦੇ ਕਲੇਜੇ ਵਿਚ ਚਸਕਾਂ ਪੈਂਦੀਆਂ ਸਨ। ਯਾਰਾਂ ਦੋਸਤਾਂ ਨੇ ਬੜੀਆਂ ਤਸੱਲੀਆਂ ਦਿਤੀਆਂ, ਆਂਢੀਆਂ-ਗੁਆਂਢੀਆਂ ਨੇ ਵੀ ਸਮਝਾਣ ਵਿਚ ਓੜਕ ਕਰ ਦਿਤੀ. ‘ਕਿਦਾਰ ! ਕਦੀ ਕਿਸੇ ਦੇ ਮਾਪੇ ਸਾਰੀ ਉਮਰ ਨਾਲ ਨਹੀਂ ਨਿਭਦੇ। ਜਿਸ ਜੀਵ ਨੂੰ ਦਰਗਾਹੋਂ ਸੱਦਾ ਆ ਗਿਆ. ਉਸ ਚਲਣਾ ਹੀ ਸੀ । ਹੁਣ ਤੂੰ ਤਕੜਾ ਹੋ. ਤੇ ਆਪਣੇ ਪੈਰਾਂ ਤੇ ਖਲੋਣਾ ਸਿਖ ।’ ਪਰ ਕਿਦਾਰ ਸੀ ਕਿ ਥਿੰਦੇ ਘੜੇ ਵਾਂਗ ਉਸ ਨੂੰ ਕੋਈ ਨਸੀਹਤ ਨਹੀਂ ਸੀ ਪੋਂਹਦੀ।
ਅਖ਼ੀਰ ਇਕ ਦਿਨ ਐਸਾ ਆਇਆ ਜਦ ਕਿਦਾਰ ਦੇ ਦਿਲ ਨੇ ਉਛਾਲਾ ਖਾਧਾ। ਉਹ ਬਿਨਾਂ ਕਿਸੇ ਨੂੰ ਦਸਿਆਂ ਤੇ ਬਿਨਾਂ ਕੋਈ ਇਰਾਦਾ ਬਣਾਇਆ ਘਰੋਂ ਨਿਕਲ ਤੁਰਿਆ। ਤੁਰਨ ਲਗਿਆਂ ਜਿਹੜੀ ਪੂੰਜੀ ਉਸ ਨੇ ਨਾਲ ਲਈ, ਉਹ ਵੀਹਾਂ ਰੁਪਿਆਂ ਤੋਂ ਵਧ ਨਹੀਂ ਸੀ। ਘਰ ਵਿਚ ਏਨਾ ਕੁਝ ਹੀ ਸੀ।
ਘਰ ਨੂੰ ਜੰਦਰਾ ਮਾਰ ਕੇ ਨਿਰ-ਉਦੇਸ਼ ਤੇ ਬੇ-ਨਿਸ਼ਾਨਾ ਹਾਲਤ ਵਿਚ ਕਿਦਾਰ ਕਈ ਥਾਈਂ ਭਟਕਦਾ ਫਿਰਿਆ। ਦਿਨੇ ਉਹ ਤੁਰਨਾ ਸ਼ੁਰੂ ਕਰ ਦੇਂਦਾ ਰਾਤ ਜਿਥੇ ਪੈ ਜਾਂਦੀ, ਉੱਥੇ ਹੀ ਲੰਮਾ ਪੈ ਰਹਿੰਦਾ। ਜਦੋਂ ਭੁੱਖ ਲਗਦੀ ਕਿਸੇ ਤੰਦੂਰ ਤੋਂ ਦੋ ਫੁਲਕੇ ਖਾ ਕੇ ਪੇਟ ਦੀ ਅੱਗ ਬੁਝਾ ਲੈਂਦਾ ਸੀ।
ਉਸ ਦੀ ਪੂੰਜੀ ਘਟਦੀ ਘਟਦੀ ਜਦ ਉੱਕਾ ਹੀ ਖ਼ਤਮ ਹੋ ਗਈ ਤਾਂ ਅਚਾਨਕ ਉਸ ਨੂੰ ਸੋਚ ਆ ਗਈ, ‘ਹੁਣ ਕੀ ਕਰਾਂਗਾ?’ ਇਸ ਛੋਟੇ ਜਿਹੇ ਪ੍ਰਸ਼ਨ ਨੇ ਜਿਵੇਂ ਉਸ ਦੇ ਸਾਰੇ ਮਨੋ ਭਾਵਾਂ ਨੂੰ ਬਦਲਣਾ ਸ਼ੁਰੂ ਕਰ ਦਿਤਾ। ਇਸ ਵੇਲੇ ਉਹ ਰਾਵਲਪਿੰਡੀ ਦੇ ਨੇੜੇ ਤੇੜੇ ਪਹੁੰਚ ਚੁਕਾ ਸੀ । “ਪਿੰਡੀ ਜਾ ਕੇ ਕੋਈ ਨੌਕਰੀ ਕਰ ਲਵਾਂਗਾ।” ਇਸ ਖ਼ਿਆਲ ਨੇ ਉਸ ਦੇ ਕਦਮਾਂ ਵਿਚ ਸਿਥਲਤਾ ਦੇ ਥਾਂ ਕੁਝ ਤੇਜ਼ੀ ਲੈ ਆਂਦੀ, ਤੇ ਜਿਉਂ ਜਿਉਂ ਉਸ ਦਾ ਪੇਟ ਖ਼ਾਲੀ ਹੁੰਦਾ ਗਿਆ, ਇਹ ਤੇਜ਼ੀ ਬਰਾਬਰ ਵਧਦੀ ਗਈ।
ਅਖ਼ੀਰ ਜਦ ਉਹ ਪਿੰਡੀ ਪੂਜਾ ਤਾਂ ਉਸ ਦੀਆਂ ਆਂਦਰਾਂ ਨੂੰ ਚੂਹੇ ਕੁਤਰ ਰਹੇ ਸਨ। ਉਹ ਬੜੀ ਬੇ-ਸਬਰੀ ਨਾਲ ਨੌਕਰੀ ਦੀ ਤਲਾਸ਼ ਕਰਨ ਲਗਾ, ਪਰ ਨੌਕਰੀ ਕੋਈ ਇਹੋ ਜਿਹੀ ਚੀਜ਼ ਨਹੀਂ ਸੀ, ਜਿਹੜੀ ਕੋਈ ਉਸ ਲਈ ਹੱਥਾਂ ਤੇ ਰਖੀ ਬੈਠਾ ਹੋਵੇ । ਸਾਰਾ ਦਿਨ ਉਹ ਦੁਕਾਨਾਂ ਅੱਗੇ ਖਾਕ ਛਾਣਦਾ ਫਿਰਿਆ, ਪਰ ਉਸ ਦੀ ਮੁਰਾਦ ਪੂਰੀ ਨਾ ਹੋ ਸਕੀ। ਉਸ ਦਾ ਹੁਲੀਆ ਹੀ ਕੁਝ ਐਸਾ ਵਿਗੜਿਆ-ਤਿਗੜਿਆ ਸੀ, ਕਿ ਵੇਖ ਕੇ ਕੋਈ ਵੀ ਉਸ ਨੂੰ ਇਕ ਮੰਗਤੇ ਜਾਂ ਆਵਾਰਾਗਰਦ ਤੋਂ ਉੱਚਾ ਨਹੀਂ ਸੀ ਸਮਝ ਸਕਦਾ। ਇਕ ਦੋਂਹ ਥਾਈਂ ਉਸ ਨੇ ਜਦ ਪ੍ਰਗਟ ਕੀਤਾ ਕਿ ਉਹ ਬੀ. ਏ. ਪਾਸ ਹੈ, ਤਾਂ ਇਸ ਦਾ ਸਗੋਂ ਉਲਟਾ ਹੀ ਅਸਰ ਹੋਇਆ। ਲੋਕਾਂ ਨੇ ਉਸ ਨੂੰ ਪਾਗਲ ਸਮਝ ਕੇ ਟਿਚਕਰਾਂ ਵਿਚ ਉਡਾ ਦਿਤਾ। ਉਸ ਨੇ ਇਹ ਰਾਤ ਵੀ ਭੁੱਖਿਆਂ ਹੀ ਕੱਟੀ। ਰਾਤੀਂ ਜਦ ਮਾਈ ਵੀਰੋ ਦੀ ਬੰਨ੍ਹ ਤੇ, ਜਿਥੇ ਬਹੁਤ ਸਾਰੇ ਮੰਗਤੇ ਉਹਨੀਂ ਦਿਨੀਂ ਸੌਂਦੇ ਸਨ। ਲੇਟਿਆ ਹੋਇਆ ਸੀ ਤਾਂ ਉਸ ਨੂੰ ਚੇਤਾ ਆਇਆ ਕਿ ਨਿੱਕੇ ਹੁੰਦਿਆਂ ਉਸ ਨੇ ਪਿਉ ਪਾਸੋਂ ਘੜੀ-ਸਾਜ਼ੀ ਦਾ ਕੰਮ ਵੀ ਤਾਂ ਸਿਖਿਆ ਸੀ । ਕਿਉਂ ਨਾ ਕਿਸੇ ਘੜੀਆਂ ਵਾਲੀ ਦੁਕਾਨ ਤੇ ਜਾ ਕੇ ਕਿਸਮਤ ਅਜ਼ਮਾਈ ਕੀਤੀ ਜਾਵੇ। ਤੇ ਸਚਮੁਚ ਉਸ ਦੀ ਇਹ ਜੁਗਤ ਕਾਰਗਰ ਸਾਬਤ ਹੋਈ। ਦਿਨ ਚੜ੍ਹੇ ਉਠਦਾ ਹੀ ਉਹ ਘੜੀਆਂ ਦੀ ਦੁਕਾਨ ਦੀ ਭਾਲ ਵਿਚ ਨਿਕਲ ਤੁਰਿਆ। ਅਖ਼ੀਰ ਉਹ ਰਾਜਾ ਬਾਜ਼ਾਰ ਵਿਚ ਘੜੀਆਂ ਦੀ ਇਕ ਵਡੀ ਦੁਕਾਨ ਅਗੇ ਜਾ ਰੁਕਿਆ। ਦੁਕਾਨ ਦਾ ਮਾਲਕ, ਤਕੀਏ ਦਾ ਢਾਸਣਾ ਲਾਈ ਅਧਲੇਟੀ ਹਾਲਤ ਵਿਚ ਬੈਠਾ, ਹੱਥ ਦੀਆਂ ਉਂਗਲਾਂ ਨਾਲ ਕੁਝ ਗਿਣ ਰਿਹਾ ਸੀ। ਸਵੇਰੇ-ਸਵੇਰੇ ਦੁਕਾਨ ਅੱਗੇ ਇਕ ਮੰਗਤਾ ਖੜਾ ਖ਼ਿਆਲ ਕਰਕੇ ਉਸ ਨੇ ਦਬਕਾ ਮਾਰਿਆ, “ਚਲ ਓਏ ਚਲ, ਰਸਤਾ ਨਾ ਰੋਕ – ਤੁਰਦਾ ਹੋ। ਦਿਨ ਚੜ੍ਹਦਾ ਨਹੀਂ ਤੇ ਇਹ ਮੰਗਤੇ ਪਹਿਲੋਂ ਤੁਰ ਪੈਂਦੇ ਨੇ।”
“ਸਰਦਾਰ ਜੀ, ਮੈਂ ਮੰਗਤਾ ਨਹੀਂ?” ਕਿਦਾਰ ਨੇ ਆਜਜ਼ੀ ਨਾਲ ਜਵਾਬ ਦਿਤਾ। “ਤੇ ਹੋਰ ਕੌਣ ਏਂ ?” ਦੁਕਾਨਦਾਰ ਨੇ ਹੋਰ ਤੇਜ਼ ਹੋ ਕੇ ਕਿਹਾ। ਕਿਦਾਰ ਦੇ ਮੂੰਹੋਂ ‘ਬੀ. ਏ. ਪਾਸ’ਲਫਜ਼ ਨਿਕਲਦਾ ਰੁਕ ਗਿਆ। ਅੱਗੇ ਉਹ ਇਸ ਮੂਰਖਪੁਣੇ ਦਾ ਫਲ ਭੁਗਤ ਚੁਕਾ ਸੀ। ਉਹ ਬੋਲਿਆ, “ਜੀ ਮੈਂ ਘੜੀ ਸਾਜ਼ੀ ਜਾਣਦਾ ਹਾਂ।”
“ਘੜੀ-ਸਾਜ਼ੀ – ਤੂੰ ?” ਉਸ ਨੂੰ ਸਿਰ ਤੋਂ ਪੈਰਾਂ ਤੀਕ ਤੱਕਦਿਆਂ ਸਰਦਾਰ ਅਤਰ ਸਿੰਘ ਨੇ ਕਿਹਾ, “ਚਲ ਝੂਠਾ ਨਾ ਹੋਵੇ ਤੇ ! ਘੜੀ-ਸਾਜ਼ਾਂ ਦੀ ਇਹੋ ਜਿਹੀ ਸ਼ਕਲ ਹੁੰਦੀ ਏ ? ਉਠਾਈਗੀਰ ਕਿਸੇ ਥਾਂ ਦਾ— ਦੌੜ ਜਾ ਇਥੋਂ।”
ਕਿਦਾਰ ਨਾਥ ਨੇ ਹੋਰ ਆਜਜ਼ੀ ਨਾਲ ਕਹਿਣਾ ਸ਼ੁਰੂ ਕੀਤਾ, “ਸਰਦਾਰ ਜੀ ਮੁਆਫ ਕਰਨਾ, ਦੁਨੀਆਂ ਦੀਆਂ ਅੱਖਾਂ ਸਿਰਫ ਬਾਹਰਲੀ ਸ਼ਕਲ ਨੂੰ ਵੇਖ ਕੇ ਹੀ ਕਿਸੇ ਦੀ ਅਕਲ ਤੇ ਇਲਮ ਦਾ ਅੰਦਾਜ਼ਾ ਲਾਣਾ ਜਾਣਦੀਆਂ ਨੇ । ਮੈਂ ਆਪਣੇ ਆਪ ਵਿਚ ਬੜਾ ਕੁਝ ਹਾਂ, ਪਰ ਇਸ ਵੇਲੇ ਕੁਝ ਵੀ ਨਹੀਂ। ਇਕ ਮੁਸੀਬਤ ਦਾ ਮਾਰਿਆ ਪ੍ਰਦੇਸੀ ਹਾਂ। ਕਈ ਡੰਗਾਂ ਦਾ ਭੁੱਖਾ ਹਾਂ, ਪਰ ਮੰਗ ਕੇ ਖਾਣ ਨਾਲੋਂ ਮਰ ਜਾਣਾ ਚੰਗਾ ਸਮਝਦਾ ਹਾਂ। ਮੈਂ ਤੁਹਾਡੇ ਪਾਸ ਮੈਰਾਇਤ ਮੰਗਣ ਨਹੀਂ ਆਇਆ, ਮਜ਼ਦੂਰੀ ਲਈ ਆਇਆ ਹਾਂ । ਜੇ ਤੁਸੀਂ ਮੈਨੂੰ ਇਕ ਅੱਧ-ਘੜੀ ਮੁਰੰਮਤ ਲਈ ਦੇ ਸਕੋ, ਤਾਂ ਮੈਂ ਪੇਟ ਦੀ ਅੱਗ ਬੁਝਾ ਲਵਾਂ।”
ਉਸ ਦੀਆਂ ਗੱਲਾਂ ਸੁਣ ਕੇ ਅਤਰ ਸਿੰਘ ਸੋਚੀਂ ਪੈ ਗਿਆ, ‘ਇਤਨਾ ਸੁਚੱਜਾ ਬੋਲਣ-ਢੰਗ, ਇਤਨਾ ਪੁਰ-ਦਰਦ ਲਹਿਜਾ ਤੇ ਇਤਨੇ ਸੁਲਝਵੇਂ ਵਾਕ ਕੀ ਮੰਗਤਿਆਂ ਜਾਂ ਅਵਾਰਾਗਰਦਾਂ ਦੇ ਹੁੰਦੇ ਨੇ ?’ ਉਸ ਨੇ ਉਸ ਨੂੰ ਦੁਕਾਨ ਦੇ ਫੱਟੇ ਤੇ ਬੈਠ ਜਾਣ ਦਿਤਾ। ਇਕ ਪੁਰਾਣੀ ਘੜੀ, ਇਕ ਆਈ-ਗਲਾਸ ਤੇ ਕੁਝ ਪੇਚ ਕੱਸ ਉਸ ਦੇ ਅੱਗੇ ਸੁੱਟਦਾ ਹੋਇਆ ਬੋਲਿਆ, “ਲੈ ਭਲਾ ਇਸਨੂੰ ਖੋਲ੍ਹਕੇ ਮੁੜ ਫਿਟ ਕਰ।”
ਕਿਦਾਰ ਨੇ ਇਹ ਸਾਰਾ ਕੰਮ ਮੁਕਾਣ ਵਿਚ ਸਿਰਫ ਵੀਹ ਮਿੰਟ ਲਾਏ, ਜਿਸ ਨੂੰ ਵੇਖ ਕੇ ਦੁਕਾਨਦਾਰ ਹੱਕਾ ਬੱਕਾ ਰਹਿ ਗਿਆ। ਉਸ ਨੇ ਪੁੱਛਿਆ, “ਕੁਝ ਪੜ੍ਹਨਾ ਲਿਖਣਾ ਵੀ ਜਾਣਨਾ ਏਂ ?”
“ਜੀ ਹਾਂ, ਮੈਂ ਬੀ. ਏ. ਪਾਸ ਹਾਂ।”
“ਬੀ. ਏ. ਪਾਸ ?” ਦੁਕਾਨਦਾਰ ਨੇ ਜ਼ੋਰ ਦਾ ਕਹਿਕਾ ਮਾਰਿਆ।
“ਤੁਸੀਂ ਇਸ ਦਾ ਵੀ ਇਮਤਿਹਾਨ ਲੈ ਸਕਦੇ ਹੋ” ਕਹਿ ਕੇ ਕਿਦਾਰ ਆਸ ਭਰੀ ਨਜ਼ਰ ਨਾਲ ਦੁਕਾਨਦਾਰ ਵਲ ਤੱਕਣ ਲਗਾ।
“ਲੈ ਪੜ੍ਹ ਇਸ ਨੂੰ” ਦੁਕਾਨਦਾਰ ਨੇ ਗੱਦੀ ਹੇਠੋਂ ਇਕ ਲਫ਼ਾਫ਼ਾ ਕੱਢਕੇ ਖੋਲ੍ਹਿਆ ਤੇ ਉਸ ਨੂੰ ਫ਼ੜਾਇਆ, ਜਿਹੜਾ ਅੱਜ ਦੀ ਡਾਕ ਵਿਚ ਆਇਆ ਸੀ। ਕਿਦਾਰ ਨੇ ਉਸ ਵਿਚੋਂ ਅੰਗਰੇਜ਼ੀ ਦੀ ਟਾਈਪ ਕੀਤੀ ਹੋਈ ਚਿੱਠੀ ਕੱਢੀ ਤੇ ਦਬਾ ਦਬ ਪੜ੍ਹ ਗਿਆ, ਫਿਰ ਉਸ ਦਾ ਪੰਜਾਬੀ ਵਿਚ ਤਰਜਮਾ ਕਰ ਕੇ ਉਸ ਨੇ ਦੁਕਾਨਦਾਰ ਨੂੰ ਸੁਣਾ ਦਿਤਾ।
ਸਰਦਾਰ ਅਤਰ ਸਿੰਘ ਦੇ ਭੱਦੇ ਢਿਲਕੇ ਚਿਹਰੇ ਉੱਤੇ ਇਕ ਹੁਲਸਾਊ ਜਿਹੀ ਲਹਿਰ ਦੌੜ ਗਈ। ਉਹ ਸੋਚਣ ਲੱਗਾ,”ਆਦਮੀ ਤੇ ਬੜੇ ਕੰਮ ਦਾ ਮਲੂਮ ਹੁੰਦਾ ਹੈ, ਜੋ ਹੱਥਾਂ ਦਾ ਸੁੱਚਾ ਹੋਵੇ।’ ਉਸ ਨੇ ਕਈ ਤਰ੍ਹਾਂ ਦੇ ਪ੍ਰਸ਼ਨਾਂ ਦੀ ਉਸ ਉੱਤੇ ਭਰਮਾਰ ਸ਼ੁਰੂ ਕਰ ਦਿਤੀ ਤੇ ਹਰ ਇਕ ਪ੍ਰਸ਼ਨ ਦਾ ਉੱਤਰ ਉਸ ਨੂੰ, ਪੂਰੇ ਤਸੱਲੀ ਬਖਸ਼ ਢੰਗ ਨਾਲ ਮਿਲਿਆ। ਅਖ਼ੀਰ ਉਸ ਬੇ-ਦਿਲੇ ਜਿਹੇ ਰਉਂ ਵਿਚ ਕਿਹਾ, “ਲੋੜ ਤੇ ਫਿਲਹਾਲ ਮੈਨੂੰ ਕੋਈ ਨਹੀਂ, ਪਰ ਤੇਰੀ ਹਾਲਤ ਤੇ ਬੜਾ ਤਰਸ ਆ ਰਿਹਾ ਏ। ਜੇ ਤੈਨੂੰ ਘੜੀ- ਸਾਜ਼ੀ ਤੇ ਕਲਰਕੀ ਦਾ ਕੰਮ ਦਿਤਾ ਜਾਵੇ ਤਾਂ ਕੀ ਤਨਖ਼ਾਹ ਲਵੇਂਗਾ ?”
“ਸਰਦਾਰ ਜੀ, ਮੈਨੂੰ ਤੇ ਸਿਰਫ ਰੋਟੀ ਕਪੜੇ ਦੀ ਲੋੜ ਹੈ। ਜੋ ਵੀ ਤੁਸੀਂ ਖੁਸ਼ੀ ਨਾਲ ਦਿਉਗੇ ਲੈ ਲਵਾਂਗਾ, ਮੇਰਾ ਕਿਹੜਾ ਟੱਬਰ ਰੋਣ ਡਿਹਾ ਹੋਇਆ ਹੈ, ਕੱਲਾ ਕਾਰਾਂ गं।”
“ਚੰਗਾ ਤੈਨੂੰ ਪੰਝੀ ਰੁਪਏ ਮਹੀਨਾ ਦਿਆਂਗਾ, ਪਰ ਜੇ ਕੰਮ ਪੂਰੀ ਮਿਹਨਤ ਤੇ ਦਿਆਨਤਦਾਰੀ ਨਾਲ ਕਰੇਂਗਾ।”
“ਸ਼ੁਕਰੀਆ ! ਮੇਰੇ ਲਈ ਏਦੂੰ ਘੱਟ ਵੀ ਕਾਫੀ ਸਨ। ਬਾਕੀ ਦਿਆਨਤਦਾਰੀ ਤੇ ਮਿਹਨਤ ਬਾਬਤ ਮੈਂ ਆਪਣੇ ਮੂੰਹੋਂ ਕੁਝ ਨਹੀਂ ਕਹਿਣਾ ਚਾਹੁੰਦਾ, ਇਹ ਤਾਂ ਵਕਤ ਹੀ ਦਸੇਗਾ।”
“ਉਪਰ ਹੋ ਕੇ ਚੰਗੀ ਤਰ੍ਹਾਂ ਬੈਠ ਜਾ” ਕਹਿਣ ਤੋਂ ਬਾਅਦ ਅਤਰ ਸਿੰਘ ਨੂੰ ਇਕ ਪਛਤਾਵਾ ਜਿਹਾ ਲਗ ਗਿਆ, “ਮੈਂ ਬੜੀ ਜਲਦਬਾਜ਼ੀ ਕੀਤੀ ਹੈ। ਪੌਝੀਆਂ, ਦੀ ਥਾਂ ਪੰਦਰਾਂ ਜਾਂ ਵੀਹਾਂ ਵਿਚ ਵੀ ਤਾਂ ਕੰਮ ਬਣ ਸਕਦਾ ਸੀ, ਜਦ ਕਿ ਉਹ ਆਪਣੇ ਮੂੰਹੋਂ ਮੰਗਣ ਡਿਹਾ ਹੋਇਆ ਹੈ, ਪਰ ਹੱਛਾ ਜ਼ਬਾਨ ਕਰਕੇ ਮੁਕਰਨਾ ਆਦਮੀ ਦਾ ਕੰਮ ਨਹੀਂ। ਤੇ ਉਸ ਨੇ ਕਿਦਾਰ ਨੂੰ ਕਹਿਣਾ ਸ਼ੁਰੂ ਕੀਤਾ, “ਹੁਣੇ ਮੇਰਾ ਆਦਮੀ ਆਉਣ ਵਾਲਾ ਹੈ, ਉਹ ਦਫ਼ਤਰ ਦਾ ਸਾਰਾ ਕੰਮ ਤੈਨੂੰ ਸਮਝਾ ਦੇਵੇਗਾ। ਬਾਕੀ ਘੜੀ-ਸਾਜ਼ੀ ਲਈ ਤੈਨੂੰ ਜੋ ਜੋ ਚਾਹੀਦਾ ਹੋਵੇ, ਲਿਸਟ ਤਿਆਰ ਕਰ ਲਈਂ।”
“ਬਹੁਤ ਅੱਛਾ ਜਨਾਬ, ਪਰ ਜੇ ਮੈਨੂੰ ਥੋੜ੍ਹੇ ਜਿੰਨੇ ਪੈਸੇ ਦੇ ਸਕੋ ਤਾਂ ਮੈਂ ਦੌੜਕੇ ਤੰਦੂਰੋਂ ਰੋਟੀ ਖਾ ਆਵਾਂ। ਭੁਖ ਨਾਲ ਮੇਰੇ ਕਾਲਜੇ ਵਿਚ ਖੋਹ ਪੈ ਰਹੀ ਏ।”
“ਹਾਂ ਹਾਂ, ਲੈ ਜਾ ਜਿੰਨੇ ਤੇਰਾ ਜੀਅ ਕਰੇ” ਕਹਿਣ ਤੋਂ ਬਾਅਦ ਅਤਰ ਸਿੰਘ ਕਮੀਜ਼ ਦੀ ਜੇਬ ਹੀ ਪਿਆ ਟਟੋਲਦਾ ਸੀ ਕਿ ਸਾਹਮਣਿਓਂ ਉਸ ਨੂੰ ਪੰਨਾ ਲਾਲ ਆਉਂਦਾ ਵਿਖਾਈ ਦਿਤਾ। ਉਸ ਨੇ ਖ਼ਾਲੀ ਹੱਥ ਜੇਬ ਵਿਚੋਂ ਕਢਦਿਆਂ ਕਿਹਾ, “ਮੇਰਾ ਆਦਮੀ ਔਹ ਤੁਰਿਆ ਆਉਂਦਾ ਹੈ। ਪੰਜ ਦਸ ਮਿੰਟ ਲਾਕੇ ਤੂੰ ਜ਼ਰਾ ਉਸ ਕੋਲੋਂ ਹਿਸਾਬ ਕਿਤਾਬ ਸਮਝ ਲੈ, ਫਿਰ ਤੈਨੂੰ ਅੱਜ ਦੇ ਦਿਨ ਦੀ ਛੁਟੀ ਹੋਵੇਗੀ। ਨਾਲੇ ਰੋਟੀ ਖਾ ਆਵੀਂ ਤੇ ਨਾਲੇ ਬਾਹਰੋਂ ਸਾਬਣ ਲੈ ਲਈਂ, ਜਾਕੇ ਕਪੜੇ ਧੋ ਆਵੀਂ। ਗੰਦੇ ਕਪੜਿਆਂ ਨਾਲ ਆਦਮੀ ਬੁਰਾ ਲਗਦਾ ਹੈ ਦੁਕਾਨ ਤੇ ਬੈਠਾ।”
“ਬਹੁਤ ਹੱਛਾ ਜਨਾਬ” ਕਿਦਾਰ ਨੇ ਭਾਵੇਂ ਪ੍ਰਵਾਨ ਕਰ ਲਿਆ, ਪਰ ਉਸ ਨੂੰ ਖ਼ਤਰਾ ਸੀ ਕਿ ਭੁਖ ਨੇ ਉਸ ਦੀ ਜੋ ਦੁਰਦਸ਼ਾ ਕਰ ਰਖੀ ਹੈ, ਕੀ ਇਸ ਹਾਲਤ ਵਿਚ ਉਸ ਪਾਸੋਂ ਕੋਈ ਕੰਮ ਹੋ ਸਕੇਗਾ।
ਇਸ ਤੋਂ ਬਾਅਦ ਜਿਸ ਤਰ੍ਹਾਂ ਉਸ ਨੇ ਪੁਰਾਣੇ ਆਦਮੀ ਪਾਸੋਂ ਚਾਰਜ ਸੰਭਾਲਿਆ, ਇਸ ਦਾ ਬਿਰਤਾਂਤ ਅਸੀਂ ਪੜ੍ਹ ਚੁਕੇ ਹਾਂ ।
ਚਾਰਜ ਦੇ ਕੇ ਤਨਖ਼ਾਹ ਲੈ ਕੇ ਪੰਨਾ ਲਾਲ ਚਲਾ ਗਿਆ, ਪਰ ਇਧਰ ਕਿਦਾਰ ਦੀ ਭੁਖ ਤਰੇਹ ਜਾਂਦੀ ਰਹੀ। ਉਸ ਨੇ ਜੋ ਕੁਝ ਪੰਨਾ ਲਾਲ ਦੇ ਚਿਹਰੇ ਤੇ ਵੇਖਿਆ ਜਾਂ ਜਿਹੜੇ ਵਾਕ ਮਾਲਕ ਨੇ ਆਉਂਦੇ ਪੰਨਾ ਲਾਲ ਨੂੰ ਕਹੇ ਸਨ, ਉਸ ਤੋਂ ਸਭ ਮਾਮਲਾ ਉਸਦੀ ਸਮਝ ਵਿਚ ਆ ਗਿਆ। ਦੁਖੀ ਨੂੰ ਦੁਖੀ ਦੀ ਪਹਿਚਾਣ ਹੁੰਦੀ ਹੈ ਤੇ ਕਦਰ ਵੀ। ਉਹ ਦਿਲ ਵਿਚ ਪਛਤਾ ਰਿਹਾ ਸੀ ਕਿ ਕਿਉਂ ਉਸ ਨੇ ਇਕ ਗਰੀਬ ਆਦਮੀ ਦੀ ਰੋਜ਼ੀ ਉਤੇ ਡਾਕਾ ਮਾਰਿਆ। ਚਾਰਜ ਲੈਣ ਦੇ ਦੌਰਾਨ ਕਈ ਵਾਰੀ ਉਸ ਦੇ ਦਿਲ ਵਿਚ ਖ਼ਿਆਲ ਉਠਿਆ ਕਿ ਅਜੇ ਵੀ ਉਹ ਆਪਣੇ ਆਪ ਨੂੰ ਪੰਨਾ ਲਾਲ ਦੇ ਰਸਤੇ ‘ਚੋਂ ਹਟਾ ਲਵੇ, ਪਰ ਜੋ ਕੁਝ ਉਹ ਚਾਹੁੰਦਾ ਸੀ, ਕਰ ਨਾ ਸਕਿਆ।
ਚਾਰਜ ਦੇਣ ਤੋਂ ਬਾਅਦ ਦੁਕਾਨ ਤੋਂ ਉਤਰਦਿਆਂ ਹੋਇਆ ਜਦ ਪੰਨਾ ਲਾਲ ਨੇ ਇਕ ਪੀੜ ਨਾਲ ਕੁਰਲਾਦੀ ਨਜ਼ਰ ਕਿਦਾਰ ਉੱਤੇ ਸੁਟੀ ਤਾਂ ਕਿਦਾਰ ਦਾ ਦਿਲ ਪਾਟਣ ਵਾਲਾ ਹੋ ਗਿਆ। ਉਸ ਨੂੰ ਜਾਪਦਾ ਸੀ ਜਿਵੇਂ ਅੱਖਾਂ ਹੀ ਅੱਖਾ ਵਿਚ ਪੰਨਾ ਲਾਲ ਜਾਂਦਾ ਜਾਂਦਾ ਉਸ ਨੂੰ ਬੜਾ ਭਾਰੀ ਕੋਈ ਸਰਾਪ ਦੇ ਗਿਆ ਹੈ। ਉਸ ਦੇ ਅੰਦਰੋਂ ਰੁਜ਼ਗਾਰ ਮਿਲਣ ਦੀ ਸਾਰੀ ਖੁਸ਼ੀ ਛਾਈਂ ਮਾਈਂ ਹੋ ਗਈ। ਕਿਦਾਰ ਦੇ ਸਾਰੇ ਅੰਗ ਇਸ ਵੇਲੇ ਪਛਤਾਵੇ ਦੀ ਅੱਗ ਵਿਚ ਝੁਲਸ ਰਹੇ ਸਨ।
5
ਰੋਟੀ ਖਾਣ, ਹਜਾਮਤ ਕਰਾਣ ਤੇ ਕਪੜੇ ਆਦਿ ਧੋਣ ਵਿਚ ਕਿਦਾਰ ਨੂੰ ਬਹੁਤ ਚਿਰ ਨਾ ਲੱਗਾ। ਤਿੰਨ ਕੁ ਘੰਟਿਆਂ ਵਿਚ ਹੀ ਵੇਹਲਾ ਹੋ ਕੇ ਉਹ ਮੁੜ ਦੁਕਾਨ ਤੇ ਆ ਗਿਆ, ਤੇ ਆਪਣੇ ਕੰਮ ਵਿਚ ਜੁਟ ਪਿਆ, ਜਿਉਂ ਹੀ ਮਾਲਕ ਦੀ ਉਸ ਉੱਤੇ ਨਜ਼ਰ ਪਈ, ਉਹ ਪਹਿਚਾਣ ਨਾ ਸਕਿਆ ਕਿ ਉਹੋ ਸਵੇਰ ਵਾਲਾ ਆਦਮੀ ਹੈ ਜਾਂ ਕੋਈ ਹੋਰ । ਅਤਰ ਸਿੰਘ ਨੇ ਕੁਝ ਪੁਰਾਣੀਆਂ ਪਾਕਟ ਘੜੀਆਂ, ਇਕ ਦੋ ਟਾਈਮਪੀਸ ਤੇ ਇਕ ਪੁਰਾਣਾ ਕਲਾਕ ਇਕੱਠੇ ਕਰ ਦਿਤੇ, ਨਾਲ ਹੀ ਘੜੀ-ਸਾਜ਼ੀ ਦੇ ਅੰਜ਼ਾਰ ਵੀ। ਉਸ ਨੂੰ ਕਲਰਕ ਨਾਲੋਂ ਘੜੀਸਾਜ਼ ਦੀ ਬਹੁਤੀ ਲੋੜ ਸੀ।
ਅਤਰ ਸਿੰਘ ਨੂੰ ਦੁਪਹਿਰੇ ਡੇਢ ਦੋ ਘੰਟੇ ਸੌਣ ਦੀ ਆਦਤ ਸੀ । ਉਹ ਸੌਂ ਗਿਆ ਤੇ ਕਿਦਾਰ ਨੇ ਮੁਰੰਮਤ ਤਲਬ ਘੜੀਆਂ ਖੋਲ੍ਹ ਕੇ ਸਾਫ ਕਰਨੀਆਂ ਸ਼ੁਰੂ ਕਰ ਦਿਤੀਆਂ।
ਦੁੰਹ ਘੜੀਆਂ ਨੂੰ ਮੁਕੰਮਲ ਤੌਰ ਤੇ ਤਿਆਰ ਕਰ ਕੇ ਜਦ ਉਹ ਤੀਜੀ ਘੜੀ ਨੂੰ ਮੁਕਾ ਰਿਹਾ ਸੀ ਤਾਂ ਇਕ ਅਧਖੜ ਉਮਰ ਦੇ ਮੁਸਲਮਾਨ ਨੇ ਉਸਨੂੰ ਇਕ ਲਫਾਫਾ ਫੜਾਉਂਦਿਆਂ ਹੋਇਆ ਕਿਹਾ, “ਇਹ ਚਿੱਠੀ ਬਾਬੂ ਪੰਨਾ ਲਾਲ ਨੇ ਤੁਹਾਨੂੰ ਪਹੁੰਚਾਣ ਲਈ ਦਿਤੀ ਹੈ।”
“ਮੈਨੂੰ ?” ਉਸ ਨੇ ਹੈਰਾਨੀ ਨਾਲ ਚਿੱਠੀ ਦੇਣ ਵਾਲੇ ਵਲ ਤਕਿਆ, “ਮੇਰਾ ਤੇ ਇਸ ਸ਼ਹਿਰ ਵਿਚ ਕੋਈ ਵਾਕਫ਼ ਨਹੀਂ— ਕਿਹੜਾ ਪੰਨਾ ਲਾਲ ?”
“ਜਿਹੜਾ ਇਸ ਦੁਕਾਨ ਤੇ ਕੰਮ ਕਰਦਾ ਹੈ,” ਕਹਿ ਕੇ ਉਹ ਆਦਮੀ ਚਲਾ ਗਿਆ। ਕਿਦਾਰ ਨੇ ਹੱਥਲੀ ਘੜੀ ਰਖ ਦਿਤੀ ਤੇ ਚਿੱਠੀ ਨੂੰ ਖੋਲ੍ਹ ਕੇ ਪੜ੍ਹਨ ਲਗਾ। ਪੜ੍ਹਦਿਆਂ ਪੜ੍ਹਦਿਆਂ ਉਸ ਦੇ ਹੱਥ ਕੰਬਣ ਲਗ ਪਏ। ਉਹ ਇਕ ਵਾਰੀ ਉਠ ਕੇ ਇਸ ਤਰ੍ਹਾਂ ਖੜਾ ਹੋ ਗਿਆ ਤੇ ਏਧਰ ਓਧਰ ਘਬਰਾਈ ਨਜ਼ਰ ਨਾਲ ਤੱਕਣ ਲਗਾ, ਜਿਵੇਂ ਕਿਤੇ ਨੱਸਣਾ ਚਾਹੁੰਦਾ ਹੋਵੇ -— ਕਿਸੇ ਨੂੰ ਫੜਨ ਲਈ। ਉਹ ਫਿਰ ਬੈਠ ਗਿਆ। ਤੇ ਚਿੱਠੀ ਨੂੰ ਦੁਬਾਰਾ ਪੜ੍ਹਨ ਲਗਾ। ਮਾਨੋਂ ਪਹਿਲੀ ਵੇਰਾਂ ਉਸ ਨੇ ਜੋ ਕੁਝ ਪੜ੍ਹਿਆ ਹੈ, ਉਹ ਭਰਮ ਸੀ। ਚਿੱਠੀ ਵਿਚ ਲਿਖਿਆ ਸੀ-
ਮੇਰੇ ਮਿਹਰਬਾਨ ! ਤੁਸਾਂ ਚੰਗਾ ਕੀਤਾ ਕਿ ਇਸ ਮੁਸੀਬਤਾਂ ਭਰੀ ਜ਼ਿੰਦਗੀ ਤੋਂ ਮੈਨੂੰ ਨਜਾਤ ਦਿਵਾਣ ਲਈ ਆਏ ਹੋ। ਮੇਰੀ ਜ਼ਿੰਦਗੀ ਦੀਆਂ ਸਾਰੀਆਂ ਉਮੀਦਾਂ ਇਕ ਇਕ ਕਰਕੇ ਮਾਯੂਸੀ ਦੇ ਡੂੰਘੇ ਪਾਣੀਆਂ ਵਿਚ ਅੱਗੇ ਹੀ ਵਹਿ ਚੁਕੀਆਂ ਸਨ, ਸਿਰਫ ਇਕੋ ਆਸ ਬਾਕੀ ਰਹਿ ਗਈ ਸੀ, ਉਹ ਵੀ ਧੁੰਦਲੀ ਜਿਹੀ, ਤੇ ਇਸੇ ਆਸ ਨੂੰ ਦਿਲ ਵਿਚ ਲੈ ਕੇ ਅੱਜ ਮੈਂ ਦੁਕਾਨ ਤੇ ਆਇਆ ਸਾਂ । ਸੋ ਤੁਸਾਂ ਮੇਰੇ ਉਤੇ ਬੜਾ ਉਪਕਾਰ ਕੀਤਾ ਕਿ ਜਿਥੇ ਮੇਰੀ ਉਸ ਆਖ਼ਰੀ ਉਮੀਦ ਨੂੰ ਵੀ ਤੁਸਾਂ ਕੁਚਲ ਦਿਤਾ, ਉਥੇ ਰੋਟੀ ਦਾ ਟੁਕੜਾ ਜਿਹੜਾ ਮੈਂ ਚਹੁੰ ਮਾਸੂਮ ਬੱਚਿਆਂ ਦੇ ਮੂੰਹ ਵਿਚ ਪਾਂਦਾ ਸਾਂ, ਉਹ ਵੀ ਤੁਸਾਂ ਮੈਥੋਂ ਖੋਹ ਲਿਆ। ਹੁਣ ਮੇਰੀਆਂ ਸਭ ਉਮੀਦਾਂ ਖ਼ਤਮ ਹੋ ਚੁਕੀਆਂ ਨੇ। ਮੇਰੇ ਲਈ ਕੋਈ ਵੀ ਨਿਸ਼ਾਨਾ ਹੁਣ ਬਾਕੀ ਨਹੀਂ ਰਿਹਾ, ਜਿਸ ਦੀ ਆਸ ਤੇ ਮੈਂ ਜਿਊਂਦਾ ਰਹਿ ਸਕਾਂ – ਮੇਰਾ ਸਭ ਕੁਝ ਮੁਕ ਚੁਕਾ ਹੈ। ਮੌਤ ਕਬੂਲਣੋਂ ਹੁਣ ਮੈਨੂੰ ਜ਼ਰਾ ਵੀ ਦਰੇਗ ਨਹੀਂ – ਇਸ ਵੇਲੇ ਮੈਂ ਉਸ ਦੀ ਆਗੋਸ਼ ਵਿਚ ਜਾ ਰਿਹਾ ਹਾਂ, ਜਿਥੇ ਜਾ ਕੇ ਮੈਂ ਸਾਰੇ ਦੁੱਖ ਮੁਸੀਬਤਾਂ ਤੋਂ ਛੁਟ ਜਾਵਾਂਗਾ।
ਚਹੁੰ ਬੱਚਿਆਂ ਤੇ ਉਨ੍ਹਾਂ ਦੀ ਬਦ-ਨਸੀਬ ਮਾਂ ਦੀ ਮੇਰੇ ਪਿਛੋਂ ਕੀ ਹਾਲਤ ਹੋਵੇਗੀ ? ਇਹ ਖ਼ੌਫ਼ ਬਰਾਬਰ ਮੇਰਾ ਪਿਛਾ ਕਰ ਰਿਹਾ ਹੈ, ਪਰ ਇਹ ਹੁਣ ਮੇਰੇ ਪੈਰਾਂ ਨੂੰ ਰੋਕ ਨਹੀਂ ਸਕਦਾ, ਜਦ ਕਿ ਮੈਂ ਜਾਣਦਾ ਹਾਂ ਕਿ ਮੈਂ ਜਿਊਂਦਾ ਰਹਿ ਕੇ ਵੀ ਉਨ੍ਹਾਂ ਨੂੰ ਮੁਸੀਬਤਾਂ ਦੇ ਜਾਲ ਵਿਚੋਂ ਨਹੀਂ ਕਢ ਸਕਦਾ। ਲਿਹਾਜ਼ਾ ਮੈਂ ਹੁਣ ਉਥੇ ਜਾ ਰਿਹਾ ਹਾਂ, ਜਿਥੋਂ ਮੁੜ ਕੇ ਨਹੀਂ ਆਵਾਂਗਾ।
ਸਮਝ ਨਹੀਂ ਆਉਂਦੀ ਕਿ ਮੈਂ ਇਹ ਚਿੱਠੀ ਤੁਹਾਨੂੰ ਲਿਖ ਕਿਉਂ ਰਿਹਾ ਹਾਂ, ਜਦ ਕਿ ਮੈਂ ਜਾਣਦਾ ਹਾਂ ਕਿ ਤੁਸੀਂ ਨਾ ਸਿਰਫ਼ ਮੇਰੇ ਕੁਝ ਨਹੀਂ ਲਗਦੇ, ਬਲਕਿ ਮੇਰੀ ਮੌਤ ਦਾ ਤੇ ਮੇਰੇ ਬੱਚਿਆਂ ਦੀ ਆਉਣ ਵਾਲੀ ਮੁਸੀਬਤ ਦਾ ਵੀ ਕਾਰਨ ਹੈ। ਸ਼ਾਇਦ ਇਹ ਦੱਸਣ ਲਈ ਕਿ ਮੈਂ ਤੁਹਾਡੇ ਸਿਰ ਚੜ੍ਹ ਕੇ ਜ਼ਿੰਦਗੀ ਤੇ ਇਸ ਨੌਕਰੀ ਨੂੰ ਅਲਵਿਦਾ ਕਹਿ ਰਿਹਾ ਹਾਂ, ਇਹ ਸਤਰਾਂ ਮੈਂ ਤੁਹਾਨੂੰ ਲਿਖੀਆਂ ਹਨ। ਮੈਂ ਉਥੇ ਜਾ ਕੇ ਮਰਨਾ ਚਾਹੁੰਦਾ ਹਾਂ ਜਿਥੇ ਨਾਂ ਲੈਣ ਨੂੰ ਵੀ ਮੇਰਾ ਆਪਣਾ ਕੋਈ ਨਾ ਹੋਵੇ, ਤਾਂ ਜੁ ਮੇਰੀ ਘਰ ਵਾਲੀ ਤੇ ਮੇਰੇ ਬੱਚੇ ਇਹ ਸਦਮਾ ਸਹਾਰਨ ਤੋਂ ਬਚੇ ਰਹਿਣ।
ਤੁਹਾਨੂੰ ਨੌਕਰੀ ਮਿਲਣ ਦੀ ਮੁਬਾਰਕਬਾਦ ਦੇਂਦਾ ਹੋਇਆ ਇੰਨਾ ਹੋਰ ਕਹਿ ਦਿਆਂ ਕਿ ਇਹ ਨੌਕਰੀ ਹਾਸਲ ਕਰ ਕੇ ਤੁਸਾਂ ਉਹ ਗੁਨਾਹ ਕੀਤਾ ਹੈ, ਜਿਸ ਦਾ ਪ੍ਰਾਸਚਿਤ ਤੁਸੀਂ ਸਤਾਂ ਜਨਮਾਂ ਵਿਚ ਵੀ ਨਹੀਂ ਚੁਕਾ ਸਕੋਗੇ – ਤੁਸੀਂ ਕਦੀ ਸੁਖ ਨਹੀਂ ਪਾਓਗੇ – ਤੁਹਾਡੀ ਆਤਮਾ ਨੂੰ ਕਦੀ ਸ਼ਾਂਤੀ ਨਸੀਬ ਨਹੀਂ ਹੋਵੇਗੀ, ਇਹ ਸਰਾਪ ਮੇਰੇ ਮੂੰਹੋਂ ਨਿਕਲ ਰਿਹਾ ਹੈ।
ਪੰਨਾ ਲਾਲ
ਦੂਜੀ ਵੇਰਾਂ ਚਿੱਠੀ ਪੜ੍ਹਨ ਦੇ ਬਾਅਦ ਕਿਦਾਰ ਨੇ ਇਸ ਨੂੰ ਤੀਜੀ ਵਾਰ ਪੜ੍ਹਨਾ ਚਾਹਿਆ, ਪਰ ਐਤਕੀਂ ਪੜ੍ਹ ਨਾ ਸਕਿਆ। ਚਿੱਠੀ ਦਾ ਸਾਰਾ ਮਜ਼ਮੂਨ ਭੁਲ ਚੁਕਾ ਸੀ, ਛੇਕੜਲੇ ਪੈਰੇ ਦੇ ਸਿਰਫ਼ ਤਿੰਨ ਚਾਰ ਵਾਕ ਉਸ ਦੇ ਦਿਮਾਗ ਵਿਚ ਗੰਜ ਰਹੇ ਸਨ. “ਤੁਸਾਂ ਉਹ ਪਾਪ ਕੀਤਾ ਹੈ — ਤੁਸੀਂ ਕਦੀ ਸੁਖ ਨਹੀਂ ਪਾਓਗੇ – ਤੁਹਾਡੀ ਆਤਮਾ ਨੂੰ ਕਦੀ ਸ਼ਾਂਤੀ ਨਹੀਂ ਮਿਲੇਗੀ
ਉਹ ਉਠ ਖਲੋਤਾ। ਇਸ ਵੇਲੇ ਤਕ ਉਸ ਦਾ ਮਾਲਕ ਜਾਗ ਚੁਕਾ ਸੀ। “ਮੈਂ ਹੁਣੇ ਆਇਆ” ਕਹਿ ਕੇ ਬਿਨਾਂ ਉਸ ਦੀ ਪ੍ਰਵਾਨਗੀ ਉਡੀਕਿਆਂ ਉਹ ਦੁਕਾਨ ਤੋਂ ਉਤਰ ਕੇ ਇਕ ਪਾਸੇ ਦੌੜ ਗਿਆ।
ਮਾਲਕ ਨੇ ਸਵੇਰੇ ਕਿਦਾਰ ਨੂੰ ਜਿਹੜਾ ਇਕ ਰੁਪਿਆ ਦਿਤਾ ਸੀ, ਉਸ ਵਿਚੋਂ ਦਸ ਯਾਰਾਂ ਆਨੇ ਉਸ ਪਾਸ ਬਾਕੀ ਸਨ, ਉਹ ਝਟ ਪਟ ਸਾਲਮ ਟਾਂਗਾ ਕਰ ਕੇ ਰੇ ਲਵੇ ਸਟੇਸ਼ਨ ਵੱਲ ਦੌੜਿਆ।
ਸਟੇਸ਼ਨ ਤੇ ਪਹੁੰਚ ਕੇ ਉਸ ਨੇ ਦਸ ਆਨੇ ਟਾਂਗੇ ਵਾਲੇ ਨੂੰ ਦਿਤੇ, ਤੇ ਬਾਕੀ ਬਚੇ ਇਕ ਆਨੇ ਦਾ ਪਲੈਟਫਾਰਮ ਟਿਕਲ ਲੈ ਕੇ ਉਹ ਸਪਾਸ਼ਪ ਅੰਦਰ ਲੰਘ ਗਿਆ। ਉਸ ਨੇ ਸਟੇਸ਼ਨ ਦਾ ਚੱਪਾ ਚੱਪਾ ਗਾਹ ਮਾਰਿਆ — ਹਰ ਇਕ ਖਲੋਤੀ ਗੱਡੀ ਦਾ ਡੱਬਾ ਡੱਬਾ ਫੋਲਿਆ, ਪਰ ਜੋ ਕੁਝ ਢੂੰਡਣ ਲਈ ਉਹ ਆਇਆ ਸੀ, ਉਸਦਾ ਕਿਤੇ ਵੀ ਨਾਂ ਥੇਹ ਉਸ ਨੂੰ ਨਾ ਲੱਭਾ । ਉਹ ਘਬਰਾ ਕੇ ਵਾਪਸ ਮੁੜਿਆ ਤੇ ਸ਼ਾਮ ਤਕ ਬਾਜ਼ਾਰਾਂ ਵਿਚ ਫਿਰਦਾ ਰਿਹਾ, ਪਰ ਬੇਅਰਥ। ਅਖ਼ੀਰ ਉਹ ਟੁਟੇ ਦਿਲ ਨਾਲ ਦੁਕਾਨ ਤੇ ਮੁੜ ਆਇਆ। ਮਾਲਕ ਬੜੀ ਬੇ-ਸਬਰੀ ਨਾਲ ਉਸ ਨੂੰ ਉਡੀਕ ਰਿਹਾ ਸੀ। ਉਸ ਦੇ ਚਲੇ ਜਾਣ ਤੋਂ ਬਾਅਦ ਜਦ ਅਤਰ ਸਿੰਘ ਨੇ ਦੋਵੇਂ ਘੜੀਆਂ ਚਲਦੀਆਂ ਵੇਖੀਆਂ ਤਾਂ ਉਸ ਦੀ ਖ਼ੁਸ਼ੀ ਦੀ ਹੱਦ ਨਾ ਰਹੀ। ਇਹ ਘੜੀਆਂ ਬਿਲਕੁਲ ਬੇਕਾਰ ਸਨ, ਜਿਹੜੀਆਂ ਇਸ ਵੇਲੇ ਨਵੀਂ ਨਰੋਈ ਹਾਲਤ ਵਿਚ ਉਸ ਨੂੰ ਨਜ਼ਰ ਆਈਆਂ। ਉਹ ਸੋਚਣ ਲਗਾ, ‘ਇਸ ਲੇਖੇ ਤਾਂ ਇਹ ਆਦਮੀ ਮੇਰੇ ਲਈ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਸਾਬਤ ਹੋਵੇਗਾ |’ ਪਰ ਜਿਉਂ ਜਿਉਂ ਕਿਦਾਰ ਦੇ ਆਉਣ ਵਿਚ ਦੇਰ ਹੁੰਦੀ ਗਈ, ਉਸ ਦੀ ਘਬਰਾਹਟ ਵਧਦੀ ਚਲਦੀ ਗਈ। ਉਹ ਬੜੇ ਤੌਖ਼ਲੇ ਨਾਲ ਸੋਚਦਾ, ਕਿਤੇ ਉਹ ਗੱਲ ਨਾਲ ਬਣੇ ਕਿ ਦੁਬਿਧਾ ਮੇਂ ਦੋਨੋਂ ਗਏ, ਮਾਇਆ ਮਿਲੀ ਨਾ ਰਾਮ। ਪਹਿਲੇ ਆਦਮੀ ਨੂੰ ਗੁਆਇਆ ਤੇ ਦੂਜਾ ਵੀ ਭਾਵੇਂ ਰਫੂ-ਚੱਕਰ ਹੋ ਗਿਆ, ਪਰ ਜਿਉਂ ਹੀ ਕਿਦਾਰ ਨੂੰ ਉਸ ਨੇ ਆਉਂਦਿਆ ਤਕਿਆ, ਉਸ ਦੀ ਜਾਨ ਵਿਚ ਜਾਨ ਆ ਗਈ। ਅੱਜ ਪਹਿਲੇ ਹੀ ਦਿਨ ਇਤਨਾ ਗੈਰਹਾਜ਼ਰ ਰਹਿਣ ਕਰ ਕੇ ਉਸ ਨੂੰ ਕਿਦਾਰ ਉਤੇ ਗੁੱਸਾ ਆਇਆ। ਪਰ ਇਤਨੇ ਕੀਮਤੀ ਆਦਮੀ ਨੂੰ ਗੁੱਸੇ ਹੋਣਾ ਉਸਨੇ ਮੁਨਾਸਬ ਨਾ ਸਮਝਿਆ।
ਦੇਰ ਬਾਰੇ ਸਧਾਰਨ ਬਹਾਨਾ ਕਰਕੇ ਕਿਦਾਰ ਮੁੜ ਆਪਣੇ ਕੰਮ ਵਿਚ ਜੁਟ ਗਿਆ ਪਰ ਉਸ ਦਾ ਦਿਲ ਜਿਵੇਂ ਸੀਨੇ ਵਿਚ ਨਹੀਂ ਸੀ ਠਹਿਰਦਾ।
ਦੁਕਾਨ ਬੰਦ ਕਰਨ ਤੋਂ ਪਹਿਲਾਂ ਪਹਿਲਾਂ ਉਸਨੇ ਇਕ ਹੋਰ ਟਾਈਮਪੀਸ ਦੀ ਮੁਰੰਮਤ ਦਾ ਕੰਮ ਮੁਕਾ ਲਿਆ, ਤੇ ਹਿਸਾਬ ਕਿਤਾਬ ਵੀ ਸਾਰਾ ਠੀਕ ਠਾਕ ਹੋ ਗਿਆ। ਅਤਰ ਸਿੰਘ ਦੇ ਸਾਹਮਣੇ ਹੁਣ ਇਕ ਹੋਰ ਸੱਮਸਿਆ ਆਈ – ਕਿਦਾਰ ਦੀ ਰਿਹਾਇਸ਼ ਬਾਰੇ। ਉਸਨੇ ਕਿਹਾ, “ਕਿਦਾਰ, ਅੱਜ ਤੋ ਕੁਝ ਹੋ ਨਹੀਂ ਸਕਦਾ, ਭਲਕੇ ਤੇਰੇ ਲਈ ਕੋਈ ਮਾੜੀ ਮੋਟੀ ਕੋਠੜੀ ਲਭ ਦਿਆਂਗਾ। ਮੇਰੀ ਸਲਾਹ ਏ ਅੱਜ ਦੀ ਰਾਤ ਤੂੰ ਏਥੇ ਹੀ ਦੁਕਾਨ ਦੇ ਥੜੇ ਉਤੇ ਗੁਜ਼ਾਰਾ ਕਰ ਲੈ । ਮੰਜਾ ਬਿਸਤਰਾ ਤੈਨੂੰ ਉਤੋਂ ਭੇਜ ਦਿਆਂਗਾ।” ਇਸ ਤੋਂ ਬਾਅਦ ਖ਼ਰਚ ਪੱਠੇ ਲਈ ਪੰਜਾਂ ਰੁਪਿਆਂ ਦਾ ਇਕ ਨੋਟ ਉਹਨੂੰ ਦੇ ਕੇ ਅਤਰ ਸਿੰਘ ਦੁਕਾਨ ਨੂੰ ਅੰਦਰੋਂ ਬੰਦ ਕਰਕੇ ਉਪਰ ਚਲਿਆ ਗਿਆ । ਪੌੜੀਆਂ ਹੱਟੀ ਦੇ ਅੰਦਰੋਂ ਚੜ੍ਹਦੀਆਂ ਸਨ।
ਮੰਜਾ ਬਿਸਤਰਾ ਆ ਗਿਆ ਤੇ ਕਿਦਾਰ ਬਿਸਤਰਾ ਕਰਕੇ ਲੇਟਿਆ ਹੋਇਆ’ ਕਿਸੇ ਡੂੰਘੀ ਚਿੰਤਾ ਵਿਚ ਗੁੰਮ ਸੀ। ਉਹ ਥੋੜ੍ਹੇ ਥੋੜ੍ਹੇ ਚਿਰ ਬਾਅਦ ਤਭਕ ਕੇ ਉਠ ਬਹਿੰਦਾ, ਮਾਨੋ ਕਿਸੇ ਨੇ ਉਹਦੀ ਵੱਖੀ ਵਿਚ ਛੁਰਾ ਘੋਪ ਦਿਤਾ ਹੋਵੇ। ਕਿਸੇ ਕਿਸੇ ਵੇਲੇ ਉਸਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ, ਜਿਵੇਂ ਉਸ ਦਾ ਸਾਰਾ ਸਰੀਰ ਸ਼ਕੰਜੇ ਵਿਚ ਕਸਿਆ ਜਾ ਰਿਹਾ ਹੈ। ਉਸ ਨੂੰ ਨਾ ਭੁਖ ਸੀ ਨਾ ਨੀਂਦਰ।ਉਹ ਆਪਣੀਆਂ ਅੱਖਾਂ ਅੱਗੋਂ ਆਪ ਹੀ ਲੁਕ ਜਾਣਾ ਚਾਹੁੰਦਾ ਸੀ। ਘੜੀ ਮੁੜੀ ਚਿੱਠੀ ਦੇ ਉਹ ਤਿੰਨੇ ਵਾਕ ਭੁਚਾਲ ਦੇ ਝੂਟੇ ਬਣ ਬਣ ਕੇ ਉਸਦੇ ਅੰਦਰਲੇ ਨੂੰ ਹਿਲਾ ਰਹੇ ਸਨ, ‘ਤੂੰ ਉਹ ਪਾਪ ਕੀਤਾ ……. ਤੂੰ ਕਦੀ ਸੁਖ ਨਹੀਂ ਪਾਏਂਗਾ ….. ਤੇਰੀ ਆਤਮਾ ਨੂੰ ਕਦੇ ਸ਼ਾਂਤੀ ਨਹੀਂ ਮਿਲੇਗੀ …..’
ਬਾਜ਼ਾਰ ਵਿਚ ਆਦਮੀਆਂ ਦੀ ਭੀੜ ਲੰਘ ਰਹੀ ਸੀ, ਕਿਦਾਰ ਨੂੰ ਜਾਪਦਾ ਸੀ ਜਿਵੇਂ ਇਹ ਸਾਰੇ ਲੋਕੀਂ ਉਸ ਦੇ ਵਿਰੁਧ ਫ਼ਰਿਆਦ ਕਰਨ ਲਈ ਕਿਸੇ ਵੱਡੀ ਅਦਾਲਤ ਵਲ ਤੁਰੇ ਜਾ ਰਹੇ ਹਨ। ਉਸ ਨੂੰ ਹਰ ਦਿਸਦੀ ਚੀਜ਼ ਪਾਸੋਂ ਡਰ ਆ ਰਿਹਾ ਸੀ। ਟਾਂਗੇ ਮੋਟਰਾਂ ਜਿੰਨੇ ਵੀ ਉਸ ਰਸਤਿਓਂ ਲੰਘ ਰਹੇ ਸਨ, ਉਸ ਨੂੰ ਮਲੂਮ ਹੁੰਦਾ ਜਿਵੇਂ ਇਹਨਾਂ ਸਾਰਿਆਂ ਦੇ ਪਹੀਆਂ ਹੇਠ ਪੰਨਾ ਲਾਲ ਦੀ ਲੋਥ ਕੁਚਲੀ ਜਾ ਰਹੀ ਹੈ। ਇਕ ਕਸ਼ਮੀਰੀ ਤੋਂ ਪਿੱਠ ਤੇ ਲੱਕੜਾਂ ਦਾ ਬੋਝ ਚੁਕੀ ਜਾ ਰਿਹਾ ਸੀ। ਕਿਦਾਰ ਨੂੰ ਜਾਪਿਆ ਜਿਵੇਂ ਇਹ ਲੱਕੜਾਂ ਕਿਸੇ ਮ੍ਰਿਤਕ-ਸੰਸਕਾਰ ਲਈ ਮਸਾਣਾਂ ਵਲ ਲੈ ਜਾਈਆਂ ਜਾ ਰਹੀਆਂ ਹਨ। ਇਸ ਤੋਂ ਬਾਅਦ ਉਸ ਨੇ ਵੇਖਿਆ ਇਕ ਚੰਦਾਂ ਪੰਦਰਾਂ ਵਰ੍ਹਿਆਂ ਦੀ ਸੁਡੌਲ ਤੇ ਕੋਮਲ ਅੰਗਾਂ ਵਾਲੀ ਲੰਮੀ ਝੰਮੀ ਮੁਟਿਆਰ, ਇਕ ਸੱਤਾਂ ਅੱਠਾਂ ਵਰ੍ਹਿਆਂ ਦੇ ਮੁੰਡੇ ਦੇ ਹੱਥਾਂ ਵਿਚ ਹੱਥ ਪਾਈ ਇਸੇ ਪਾਸੇ ਤੁਰੀ ਆ ਰਹੀ ਸੀ, ਸ਼ਾਇਦ ਉਹ ਦੋਵੇਂ ਭੈਣ ਭਰਾ ਸਨ। ਦੁਕਾਨ ਦੇ ਸਾਹਮਣੇ ਆ ਉਹ ਦੋਵੇਂ ਰੁਕ ਗਏ। ਇਕ ਵਾਰੀ ਕੁੜੀ ਨੇ ਮੰਜੇ ਤੇ ਲੇਟੇ ਹੋਏ ਕਿਦਾਰ ਵਲ, ਤੇ ਫਿਰ ਦੁਕਾਨ ਦੇ ਸਾਈਨ ਬੋਰਡ ਵਲ ਗਹੁ ਨਾਲ ਤਕਿਆ ਤੇ ਮੁੰਡੇ ਦੇ ਕੰਨ ਵਿਚ ਹੌਲੀ ਜਿਹੀ ਕੁਝ ਕਹਿੰਦੀ ਹੋਈ ਅਗਾਂਹ ਲੰਘ ਗਈ। ਕਿਦਾਰ ਦੀ ਨਜ਼ਰ ਬਰਾਬਰ ਉਸਦਾ ਪਿੱਛਾ ਕਰ ਰਹੀ ਸੀ। ਦੋ ਤਿੰਨ ਦੁਕਾਨਾਂ ਜਾਕੇ ਪਰੇ ਕੁੜੀ ਫੇਰ ਖਲੋ ਗਈ ਤੇ ਅਗੇ ਜਾ ਕੇ ਮੁੰਡੇ ਨੂੰ ਉਸਨੇ ਹੱਥ ਦੇ ਇਸ਼ਾਰੇ ਨਾਲ ਆਪਣੀ ਵਲ ਸੱਦਿਆ। ਦੋਵੇਂ ਫੇਰ ਪਿਛਾਂਹ ਮੁੜ ਤੁਰੇ ਤੇ ਦੁਕਾਨ ਦੇ ਸਾਹਮਣੇ ਆਕੇ ਝਟ ਕੁ ਖੜੋਤੇ ਰਹੇ। ਕਿਦਾਰ ਨੇ ਵੇਖਿਆ, ਕੁੜੀ ਮੁੰਡੇ ਨੂੰ ਹੌਲੀ ਹੌਲੀ ਕੁਝ ਕਹਿ ਕੇ ਦੁਕਾਨ ਵਲ ਧਕੇਲ ਰਹੀ ਸੀ, ਪਰ ਮੁੰਡਾ ਮੁੜ ਮੁੜ ਪਿਛਾਂਹ ਹਟ ਕੇ ਕੁੜੀ ਨੂੰ ਅਗੇ ਕਰਨ ਦੀ ਕੋਸ਼ਸ਼ ਕਰਦਾ ਸੀ। ਏਸੇ ਧਕੋ ਧਕੀ ਦੀ ਹਾਲਤ ਵਿਚ ਉਹ ਫੇਰ ਜਿਧਰੋਂ ਆਏ ਸਨ, ਓਧਰ ਮੁੜ ਪਏ।
ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਵੀ ਜਿਵੇਂ ਕਿਦਾਰ ਦੀਆਂ ਅੱਖਾਂ ਉਹਨਾਂ ਨੂੰ ਵੇਖ ਰਹੀਆਂ ਸਨ। ਉਸ ਦਾ ਮਨ ਇਸ ਵੇਲੇ ਕੜੀ ਦੇ ਸੁਹੱਪਣ ਬਾਰੇ ਪੜਚੋਲ ਕਰ ਰਿਹਾ ਸੀ। ਉਹ ਅਜੇ ਇਹਨਾਂ ਹੀ ਸੋਚਾਂ ਵਿਚ ਸੀ ਕਿ ਝਟ ਕੁ ਪਿਛੋਂ ਫੇਰ ਉਸ ਨੇ ਦੋਹਾਂ ਨੂੰ ਏਸੇ ਪਾਸੇ ਆਉਂਦਿਆਂ ਤੱਕਿਆ। ਐਤਕੀ ਉਹ ਦੋਵੇਂ ਇਸ ਦੁਕਾਨ ਦੇ ਹੋਰ ਨੇੜੇ ਆ ਕੇ ਰੁਕੇ। ਕਿਦਾਰ ਨੂੰ ਜਾਪਿਆ ਜਿਵੇਂ ਕੁੜੀ ਸੁਸਤ ਜਿਹੇ ਕਦਮ ਉਠਾਂਦੀ ਉਸੇ ਵਲ ਆ ਰਹੀ ਸੀ ਤੇ ਉਸ ਪਿਛੇ ਮੁੰਡਾ ਵੀ । ਅਖ਼ੀਰ ਕੁੜੀ ਬਿਲਕੁਲ ਉਸ ਦੇ ਮੰਜੇ ਕੋਲ ਆ ਗਈ, ਪਰ ਮੂੰਹੋਂ ਕੁਝ ਨਾ ਬੋਲੀ। ਸਿਰਫ਼ ਇਕ ਨਜ਼ਰ ਉਸ ਨੇ ਕਿਦਾਰ ਦੇ ਚਿਹਰੇ ਤੇ ਸੁਟੀ। ਉਸ ਦੀਆਂ ਲਿਸ਼ਕਦੀਆਂ ਅੱਖਾਂ ਵਿਚ ਕੋਈ ਪ੍ਰਸ਼ਨ ਵੇਖ ਕੇ ਕਿਦਾਰ ਨੇ ਪੁਛ ਹੀ ਲਿਆ, “ਕਿਉਂ ਬੀਬੀ, ਕੀ ਗੱਲ ਹੈ ?”
“ਜੀ ਤੁਹਾਨੂੰ ਮੇਰੇ ਭਾਪਾ ਜੀ ਦਾ ਪਤਾ ਵੇ ?” ਕੁੜੀ ਨੇ ਕੁਝ ਸੰਗਦਿਆਂ, ਕੁਝ ਡਰਦਿਆਂ ਪੁਛਿਆ।
“ਤੇਰੇ ਭਾਪਾ ਜੀ ?” ਕਿਦਾਰ ਉਠ ਕੇ ਬੈਠ ਗਿਆ “ਕੀ ਨਾਂ ਏ ਤੇਰੇ ਭਾਪਾ ਜੀ ਦਾ ਬੀਬੀ ?”
“ਜੀ ਪੰਨਾ ਲਾਲ” ਕੁੜੀ ਦੇ ਬੋਲਣ ਤੋਂ ਪਹਿਲਾਂ ਹੀ ਪਿਛੇ ਖੜੋਤੇ ਮੁੰਡੇ ਨੇ ਅਗਾਂਹ ਵਧ ਕੇ ਕਿਹਾ “ਜੀ ਸਾਡੇ ਭਾਪਾ ਜੀ ਅਜੇ ਤੋੜੀ ਘਰ ਨਹੀਂ ਆਏ।”
ਕਿਦਾਰ ਨੂੰ ਹੋਰ ਕੋਈ ਸੁਆਲ ਉਠਾਣ ਦੀ ਲੋੜ ਬਾਕੀ ਨਹੀਂ ਰਹੀ। ਕੁੜੀ ਬੋਲੀ, “ਮੇਰੇ ਬੇ ਜੀ ਨੇ ਵਡੇ ਵੇਲੇ ਤੋਂ ਰੋਟੀ ਨਹੀਂ ਖਾਧੀ, ਬੜੀ ਚਿੰਤਾ ਲੱਗੀ ਹੋਈ ਏ ਉਹਨਾਂ ਨੂੰ ।”
ਕਿਦਾਰ ਨੂੰ ਜਿਵੇਂ ਸਕਤਾ ਮਾਰ ਗਿਆ। ਕਿੰਨਾ ਹੀ ਚਿਰ ਉਸ ਨੂੰ ਕੋਈ ਉੱਤਰ ਨਾ ਅਹੁੜਿਆ। ਜਦ ਕੁੜੀ ਨੇ ਫੇਰ ਦੁਹਰਾਇਆ, “ਤੁਹਾਨੂੰ ਨਹੀਂ ਪਤਾ ਜੀ ! ਉਹ ਏਸੇ ਹੱਟੀ ਤੇ ਕੰਮ ਕਰਦੇ ਨੇ” ਤਾਂ ਕਿਦਾਰ ਦੀ ਹੋਸ਼ ਪਰਤੀ। ਉਸ ਨੇ ਬੜੀ ਮੁਸ਼ਕਿਲ ਨਾਲ ਦਿਲ ਅੰਦਰ ਉਠ ਰਹੇ ਤੂਫ਼ਾਨੀ ਗੁਬਾਰ ਨੂੰ ਰੋਕਦਿਆਂ ਕਿਹਾ “ਪਤਾ ਵੇ।”
“ਪਤਾ ਵੇ ਜੀ ਤੁਹਾਨੂੰ ?” ਐਤਕੀਂ ਕੁੜੀ ਦੀ ਆਵਾਜ਼ ਤੇ ਅੱਖਾਂ ਵਿਚ ਉਤੇ ਜਨਾ ਸੀ, “ਕਿਥੇ ਨੇ ਉਹ ?”
“ਉਹ ਅੱਜ ਸ਼ਾਮ ਦੀ ਗੱਡੀ ਬੰਬਈ ਚਲੇ ਗਏ ਨੇ ਬੀਬੀ।” ਕਿਦਾਰ ਨੂੰ ਏਦੂੰ ਚੰਗਾ ਝੂਠ ਨਾ ਲਭ ਸਕਿਆ।
“ਬੰਬਈ ? ਬੰਬਈ ?” ਦੁਹਾਂ ਭੈਣ ਭਰਾਵਾਂ ਦੇ ਮੂੰਹੋਂ ਇਕੱਠਾ ਨਿਕਲਿਆ।
“ਹਾਂ ਬੰਬਈ ! ਸਰਦਾਰ ਹੋਰਾਂ ਦਾ ਇਕ ਕੰਪਨੀ ਨਾਲ ਕੁਝ ਪੁਰਾਣਾ ਹਿਸਾਬ ਕਰਨ ਵਾਲਾ ਸੀ, ਜਿਸ ਕਰਕੇ ਉਹਨਾਂ ਤੁਹਾਡੇ ਭਾਪਾ ਜੀ ਨੂੰ ਭੇਜਿਆ ਵੇ ।”
“ਪਰ ਪਰ ਜੀ ਉਹ ਘਰ ਦਸ ਕੇ ਕਿਉਂ ਨਹੀਂ ਗਏ ? ਕੁੜੀ ਦੀਆਂ ਭੋਲੀਆਂ ਅੱਖਾਂ ਨੂੰ ਹੈਰਾਨੀ ਤੇ ਡਰ ਨੇ ਹੋਰ ਵੀ ਦਿਲ-ਖਿਚਵੀਆਂ ਬਣਾ ਦਿਤਾ ਸੀ। ਇਧਰ ਕਿਦਾਰ ਦੇ ਦਿਲ ਵਿਚਲੀ ਪੀੜ ਹੁਣ ਬੇ-ਕਾਬੂ ਹੋ ਕੇ ਉਸਦੀਆਂ ਅੱਖਾਂ ਥਾਣੀ ਵਹਿ ਨਿਕਲਣ ਵਾਲੀ ਹੋ ਗਈ। ਕੁੜੀ ਦੇ ਜੁਆਬ ਵਿਚ ਜੋ ਕੁਝ ਸਭ ਝੂਠ ਕਹਿਣਾ ਚਾਹੁੰਦਾ ਸੀ, ਜਿਵੇਂ ਉਸ ਦੇ ਹਲਕ ਵਿਚ ਫਸ ਗਿਆ, ਤਾਂ ਵੀ ਉਸ ਧੱਕ ਧੱਕ ਕੇ ਕਢਣ ਦੀ ਕੋਸ਼ਿਸ਼ ਕੀਤੀ, “ਗੱਡੀ — ਗੱਡੀ ਵਕਤ ਤੰਗ ਸੀ, ਜਿਸ ਕਰਕੇ.” ਲੁਕਵੇਂ ਢੰਗ ਨਾਲ ਅੱਖਾਂ ਦੇ ਅੱਥਰੂ ਪੂੰਝਦਿਆਂ ਉਸ ਨੇ ਆਪਣੇ ਅਧੂਰੇ ਉੱਤਰ ਨੂੰ ਇਸ ਤਰ੍ਹਾਂ ਪੂਰਾ ਕੀਤਾ “ਮੈਨੂੰ ਜਾਂਦੇ ਹੋਏ ਆਖ ਗਏ ਸਨ ਕਿ ਤੁਹਾਡੇ ਘਰ ਖ਼ਬਰ ਕਰ ਦਿਆਂ, ਪਰ ਮੈਨੂੰ ਤੁਹਾਡੇ ਘਰ ਦਾ ਨਹੀਂ ਸੀ ਪਤਾ ਕਿ ਕਿਹੜੀ ਗਲੀ ਵਿਚ ਏ।”
“ਜੀ ਅਸੀਂ ਭਾਵੜਿਆਂ ਦੀ ਗਲੀ ਵਿਚ ਚੌਧਰੀ ਭੋਲਾ ਨਾਥ ਦੇ ਮਕਾਨ ਲਾਗੇ ਰਹਿਨੇ ਆਂ, ” ਕੁੜੀ ਨੇ ਧੀਰਜ ਵਿਚ ਕਿਹਾ।
“ਹੱਛਾ ਮੈਂ ਵੱਡੇ ਵੇਲੇ ਤੁਹਾਡੇ ਘਰ ਆਵਾਂਗਾ, ਤੇ ਤੇਰੇ ਬੇ ਜੀ ਨੂੰ ਸਭ ਕੁਝ ਦਸਾਂਗਾ।”
“ਜੀ ਤੁਸੀਂ ਹੁਣੇ ਈ ਚਲੋ ਖਾਂ। ਬੇ ਜੀ ਰੋਟੀ ਨਹੀਂ ਖਾਂਦੇ” ਕਹਿੰਦਿਆਂ ਕਹਿੰਦਿਆਂ ਕੁੜੀ ਦੀਆਂ ਅੱਖਾਂ ਵਿਚ ਹੰਝੂ ਭਰ ਆਏ।
ਕਿਦਾਰ ਫੇਰ ਸੋਚੀਂ ਪੈ ਗਿਆ । ਫਿਰ ਬੋਲਿਆ, “ਜੇ ਮੈਂ ਹੁਣ ਗਿਆ ਤਾਂ ਪਿਛੋਂ ਕੋਈ ਬਿਸਤਰਾ ਚੁੱਕ ਕੇ ਲੈ ਜਾਏਗਾ। ਮੈਂ ਵਡੇ ਵੇਲੇ ਜ਼ਰੂਰ ਆਵਾਂਗਾ । ਤੂੰ ਬੀਬੀ ! ਆਪਣੀ ਬੇ ਜੀ ਨੂੰ ਆਖੀਂ, ਫਿਕਰ ਵਾਲੀ ਬਿਲਕੁਲ ਕੋਈ ਗੱਲ ਨਹੀਂ, ਰੋਟੀ ਖਾ ਲੈਣ।”
ਕੁੜੀ ਦੇ ਭਾਵਾਂ ਤੋਂ ਜਾਪਦਾ ਸੀ ਜਿਵੇਂ ਅੱਜੇ ਵੀ ਉਸ ਦੀ ਤਸੱਲੀ ਨਹੀਂ ਹੋਈ। ਉਹ ਸੰਘਦੀ ਸੰਘਦੀ ਬੋਲੀ, “ਜੀ ਤੁਸੀਂ ਮੇਰੇ ਨਾਲ ਚਲੇ ਚਲੋ, ਬਸੰਤ ਨੂੰ ਮੈਂ ਤੁਹਾਡੇ ਬਿਸਤਰੇ ਦੀ ਰਾਖੀ ਛਡ ਜਾਨੀ ਆਂ ।”
ਕਿਦਾਰ ਦੁਬਿਧਾ ਵਿਚ ਫਸ ਗਿਆ। ਕੁਝ ਚਿਰ ਸੋਚ ਕੇ ਉਹ ਫਿਰ ਕੁੜੀ ਨੂੰ ਕਹਿਣ ਲਗਾ, “ਚਲਣ ਨੂੰ ਤੇ ਹੁਣੇ ਚਲਾ ਚਲਦਾ, ਪਰ – ਪਰ — ਮੈਂ ਵੱਡੇ ਵੇਲੇ ਸਵੇਰੇ ਜ਼ਰੂਰ ਆਵਾਂਗਾ। ਜਾਹ ਬੀਬੀ ਰਾਣੀ।”
ਕੁੜੀ ਨੇ ਆਪਣੀ ਮੰਗ ਨੂੰ ਦੁਹਰਾਉਣ ਲਈ ਇਕ ਵਾਰੀ ਫੇਰ ਸਿਰ ਚੁਕਿਆ, ਪਰ ਸ਼ਾਇਦ ਕਿਦਾਰ ਦੇ ਇਨਕਾਰ ਤੋਂ ਬਾਅਦ ਉਸ ਨੂੰ ਗੁਸਤਾਖ਼ੀ ਜਾਪੀ । ਉਹ ਮੁੜਨ ਹੀ ਲੱਗੀ ਸੀ ਕਿ ਕਿਦਾਰ ਨੇ ਪੁਛਿਆ, “ਗਲੀ ਦਾ ਕੀ ਨਾਂ ਦਸਿਐ ਤੂੰ श्रीधी ?”
“ਜੀ ਭਾਵੜਿਆਂ ਵਾਲੀ ਗਲੀ ?”
“ਭਾਵੜਿਆਂ ਵਾਲੀ ਗਲੀ ? ਹੱਛਾ ਮੈਂ ਵਡੇ ਵੇਲੇ ਜ਼ਰੂਰ ਆਵਾਂਗਾ, ਜਾਓ, ਤੁਸੀਂ ਘਰ ਜਾ ਕੇ ਆਰਾਮ ਕਰੋ। ਤੇਰਾ ਨਾ ਕੀ ਏ ਬੀਬੀ ?”
“ਮੇਰਾ ਨਾਂ ਜੀ ਵੀਣਾ” ਕਹਿਕੇ ਤੇ ਭਰਾ ਦਾ ਹੱਥ ਫੜਕੇ ਕੁੜੀ ਚਲੀ ਗਈ। ਏਧਰ ਕਿਦਾਰ ਦੇ ਕੰਨਾਂ ਵਿਚ ਵੀਣਾ ਦਾ ਕਿਹਾ ਹੋਇਆ ਉਹ ਛੇਕੜਲਾ ਸ਼ਬਦ ‘ਵੀਣਾ’ ਸਚਮੁਚ ਵੀਣਾ ਦੀ ਆਵਾਜ਼ ਬਣ ਕੇ ਮਿੱਠੀ ਮਿੱਠੀ ਗੁੰਜਾਰ ਪੈਦਾ ਕਰਨ ਲੱਗਾ।
6
ਕਈ ਵਾਰੀ ਐਸਾ ਹੁੰਦਾ ਹੈ ਕਿ ਭਵਿਸ਼ ਵਿਚ ਵਾਪਰਨ ਵਾਲੀ ਕਿਸੇ ਦਰਘਟਨਾ ਦਾ ਨਿੰਮ੍ਹਾ ਜਿਹਾ ਝਾਵਲਾ ਸਾਨੂੰ ਵਰਤਮਾਨ ਵਿਚੋਂ ਕਿਸੇ ਨਾ ਕਿਸੇ ਸ਼ਕਲ ਵਿਚ ਪੈਣ ਲਗ ਪੈਂਦਾ ਹੈ। ਪੰਨਾ ਲਾਲ ਜਦ ਕੰਮ ਤੇ ਜਾਣ ਲਈ ਘਰੋਂ ਨਿਕਲਿਆ ਸੀ ਤਾਂ ਮਾਇਆ ਬੂਹੇ ਵਿਚ ਖੜੋਤੀ, ਜਦ ਤੋੜੀ ਉਹ ਉਸਨੂੰ ਨਜ਼ਰੀਂ ਆਉਂਦਾ ਰਿਹਾ, ਉਸਦੀ ਪਿੱਠ ਵੇਖਦੀ ਰਹੀ। ਇਕ ਵਾਰੀ ਦੌੜ ਕੇ ਪਤੀ ਨੂੰ ਅਵਾਜ਼ ਮਾਰਨ ਲਈ ਉਸ ਦਾ ਦਿਲ ਚਾਹਿਆ, ਪਰ ਕਾਹਦੇ ਲਈ ? ਇਹੋ ਸੋਚ ਕੇ ਉਹ ਰੁਕ ਗਈ । ਜਿਉਂ ਜਿਉਂ ਵਕਤ ਬੀਤਦਾ ਗਿਆ, ਮਾਇਆ ਦੇ ਦਿਲ ਦੀ ਪਰੇਸ਼ਾਨੀ ਵਧਦੀ ਹੀ ਗਈ।
ਵੈਸੇ ਤਾਂ ਪਰੇਸ਼ਾਨੀ ਨੇ ਕਦੇ ਵੀ ਉਸਦਾ ਖਹਿੜਾ ਨਹੀਂ ਸੀ ਛਡਿਆ, ਪਰ ਅੱਜ ਦੀ ਪਰੇਸ਼ਾਨੀ ਕੁਝ ਅਨੋਖੀ ਤਰ੍ਹਾਂ ਦੀ ਸੀ।ਉਸਨੂੰ ਆਪਣਾ ਦਿਲ ਘਟਦਾ ਘਟਦਾ ਮਲੂਮ ਹੁੰਦਾ ਸੀ। ਅੱਗੇ ਉਹ ਪੰਨਾ ਲਾਲ ਦੇ ਚਲੇ ਜਾਣ ਤੋਂ ਬਾਅਦ ਨਹਾ ਧੋ ਕੇ, ਕੰਘੀ ਪੱਟੀ ਕਰ ਕੇ ਘਰ ਦੇ ਕੰਮਾਂ ਵਿਚ ਰੁਝ ਜਾਂਦੀ ਸੀ, ਪਰ ਅੱਜ ਉਸ ਨੇ ਕਿਸੇ ਕੰਮ ਨੂੰ ਹੱਥ ਨਹੀਂ ਲਾਇਆ| ਵੀਣਾ ਨੂੰ ਥੋੜ੍ਹਾ ਬਹੁਤ ਕੰਮ ਸਮਝਾ ਕੇ ਉਹ ਅੰਦਰ ਜਾ ਕੇ ਮੰਜੇ ਤੇ ਲੰਮੀ ਪੈ ਗਈ। ਕਈ ਤਰ੍ਹਾਂ ਦੇ ਦਿਲ-ਢਾਊ ਤੇ ਬੇਸਿਰ ਪੈਰ ਖ਼ਿਆਲ ਉਸਦੇ ਅੰਦਰ ਉਠ ਉਠ ਕੇ ਉਸਦੀ ਘਬਰਾਹਟ ਵਿਚ ਵਾਧਾ ਕਰੀ ਜਾ ਰਹੇ ਸਨ।
ਰੋਟੀ ਵੇਲਾ ਹੋ ਗਿਆ। ਵੀਣਾ ਨੇ ਰਿੰਨ੍ਹ ਪਕਾ ਕੇ ਰਸੋਈ ਤਿਆਰ ਕਰ ਲਈ। ਮਾਇਆ ਨੇ ਚਾਹਿਆ ਕਿ ਸਦਾ ਵਾਂਗ ਉਹ ਉਠ ਕੇ ਬੱਚਿਆਂ ਨੂੰ ਰੋਟੀ ਖੁਆਵੇ ਪਰ ਉਹ ਉਠ ਨਾ ਸਕੀ। ਇਹ ਕੰਮ ਵੀ ਅੱਜ ਵੀਣਾ ਨੂੰ ਹੀ ਕਰਨਾ ਪਿਆ। ਮਾਇਆ ਹਮੇਸ਼ਾ ਪਤੀ ਨੂੰ ਖੁਆ ਕੇ ਆਪ ਖਾਂਦੀ ਹੁੰਦੀ ਸੀ । ਪੰਨਾ ਲਾਲ ਬਾਰਾਂ ਤੋਂ ਇਕ ਵਜੇ ਦੇ ਦਰਮਿਆਨ ਘਰ ਆ ਜਾਇਆ ਕਰਦਾ ਸੀ, ਪਰ ਅੱਜ ਜਦ ਕਿ ਉਹ ਇਕ ਛਡ ਕੇ ਦੋ ਵਜੇ ਤਕ ਵੀ ਨਾ ਆਇਆ ਤਾਂ ਮਾਇਆ ਦੀ ਬੇ-ਅਰਾਮੀ ਹੋਰ ਵਧ ਗਈ। ਉਹ ਦੋ ਦੋ ਚਾਰ ਚਾਰ ਮਿੰਟਾਂ ਮਗਰੋਂ ਉਠ ਕੇ ਬਾਹਰ ਬੂਹੇ ਵਿਚ ਜਾ ਖੜੋਂਦੀ। ਕਦੀ ਬਸੰਤ ਨੂੰ ਤੇ ਕਦੀ ਵਿਦਿਆ ਨੂੰ ਬਾਹਰ ਘਲਦੀ, ਪਰ ਹਰ ਵਾਰ ਉਹਨੂੰ “ਭਾਪਾ ਜੀ ਅੱਜੇ ਨਹੀਂ ਆਏ” ਵਿਚ ਹੀ ਉੱਤਰ ਮਿਲਦਾ।
ਉਡੀਕਦਿਆਂ ਉਡੀਕਦਿਆਂ ਤਿੰਨ ਵਜ ਗਏ, ਫਿਰ ਚਾਰ ਵਜ ਗਏ। ਮਾਇਆ ਉਸੇ ਤਰ੍ਹਾਂ ਭੁੱਖੀ ਭਾਣੀ ਬੈਠੀ ਰਹੀ। ਅਜੇ ਵੀ ਉਸ ਦਾ ਖ਼ਿਆਲ ਸੀ ਕਿ ਉਸ ਦਾ ਪਤੀ ਹੁਣੇ ਆਇਆ ਕਿ ਆਇਆ। ਅੱਗੇ ਕਈ ਵਾਰ ਅਜਿਹਾ ਹੁੰਦਾ ਸੀ ਕਿ ਪੰਨਾ ਲਾਲ ਨੂੰ ਕੰਮ ਦੀ ਬਹੁਲਤਾ ਕਰ ਕੇ ਤਿੰਨ ਚਾਰ ਵੀ ਵਜ ਜਾਂਦੇ ਸਨ। ਦੋ ਚਾਰ ਵਾਰੀ ਤਾਂ ਦੁਪਹਿਰਾਂ ਦੀ ਰੋਟੀ ਬਜ਼ਾਰੋਂ ਖਾ ਕੇ ਪੰਨਾ ਲਾਲ ਰਾਤੀਂ ਹੱਟੀ ਬੰਦ ਕਰਕੇ ਹੀ ਘਰ ਆਇਆ ਸੀ। ਅੱਜ ਵੀ ਮਾਇਆ ਦਾ ਕੁਝ ਇਸੇ ਤਰ੍ਹਾਂ ਦਾ ਖ਼ਿਆਲ ਸੀ। ਪਰਸੋਂ ਚੌਥ ਹੀ ਪੰਨਾ ਲਾਲ ਉਸ ਨੂੰ ਕਹਿ ਰਿਹਾ ਸੀ ਕਿ ਅੱਜਕਲ੍ਹ ਮੈਨੂੰ ਦੋਂਹ ਆਦਮੀਆਂ ਜਿੰਨਾ ਕੰਮ ਕਰਨਾ ਪੈਂਦਾ ਹੈ। ਪਰ ਪਤਾ ਨਹੀਂ ਕਿਉਂ ਅੱਜ ਵਰਗੀ ਹਾਲਤ ਮਾਇਆ ਦੀ ਅਗੇ ਕਦੀ ਨਹੀਂ ਸੀ ਹੋਈ।
ਅਖੀਰ ਉਡੀਕ ਉਡੀਕ ਕੇ ਸ਼ਾਮ ਹੋ ਗਈ, ਤੇ ਉਸ ਤੋਂ ਬਾਅਦ ਰਾਤ, ਪਰ ਪੰਨਾ ਲਾਲ ਨਾ ਹੀ ਪਰਤਿਆ। ਰਾਤ ਦੀ ਰੋਟੀ ਦਾ ਵੇਲਾ ਵੀ ਖੁੰਝ ਚੁੱਕਾ ਸੀ। ਹੁਣ ਤਾਂ ਮਾਇਆ ਦਾ ਇਕ ਇਕ ਮਿੰਟ ਕਿਆਮਤ ਵਰਗਾ ਬੀਤਣ ਲੱਗਾ। ਅਖੀਰ ਉਸਨੇ ਵੀਣਾ ਨੂੰ ਦੁਕਾਨ ਤੇ ਭੇਜਿਆ। ਉਹ ਬਸੰਤ ਨੂੰ ਨਾਲ ਲੈ ਕੇ ਚਲੀ ਗਈ ਤੇ ਚੋਖੀ ਦਰ ਲਾ ਕੇ ਮੁੜੀ, ਪਰ ਖ਼ਾਲੀ। ਵੇਖਦਿਆਂ ਹੀ ਮਾਇਆ ਦੇ ਦਿਲ ਦੀ ਧੜਕਣ ਹੋਰ ਤੇਜ਼ ਹੋ ਗਈ। ਤੇ ਜਦ ਵੀਣਾ ਨੇ ਪੰਨਾ ਲਾਲ ਦੇ ਬੰਬਈ ਚਲੇ ਜਾਣ ਦੀ ਗੱਲ ਉਸ ਨੂੰ ਸੁਣਾਈ, ਤਾਂ ਉਸ ਦੇ ਦਿਲ ਨੂੰ ਕੁਝ ਕੁਝ ਖਲੋਤ ਹੋਈ ਪਰ ਬੇਅਰਾਮੀ ਦੇ ਥਾਂ ਭਨੀ ਹੀ ਉਸ ਦੀ ਹੈਰਾਨੀ ਵੱਧਣ ਲਗੀ, ‘ਉਹ ਕੌਣ ਸੀ, ਜਿਸ ਨੇ ਇਸ ਸਾਰੇ ਪਤੇ ਦਸੇ ਨੇ ?’ ਮਾਇਆ ਨੂੰ ਪਤਾ ਸੀ ਕਿ ਸਰਦਾਰ ਦੀ ਹੱਟੀ ਤੇ ਉਸ ਦੇ ਪਤੀ ਤੋਂ ਬਿਨਾਂ ਹੋਰ ਕੋਈ ਨੌਕਰ ਨਹੀਂ। ਹਾਂ ਇਤਨਾ ਉਸ ਨੂੰ ਪਤਾ ਸੀ ਕਿ ਸਰਦਾਰ ਨੇ ਕਮਿਸ਼ਨ ਉੱਤੇ ਇਕ-ਦੋ ਏਜੰਟ ਜ਼ਰੂਰ ਰਖੇ ਹੋਏ ਹਨ, ਜਿਹੜੇ ਬਾਹਰ ਜਾ ਕੇ ਮਾਲ ਦੇ ਆਰਡਰ ਲਿਆਇਆ ਕਰਦੇ ਸਨ, ਪਰ ਉਹ ਰਹਿੰਦੇ ਆਪੋ ਆਪਣੀ ਘਰੀਂ ਸਨ।
ਉਸ ਨੇ ਵੀਣ ਨੂੰ ਪੁੱਛਿਆ, “ਵੀਣੀ ! ਉਹ ਕੌਣ ਸੀ ?”
“ਕੋਈ ਓਪਰਾ ਜਿਹਾ ਸੀ।”
“ਕਿਹੋ ਜਿਹਾ ਸੀ ?”
“ਪਤਲਾ ਜਿਹਾ, ਗੋਰਾ ਜਿਹਾ, ਲਿੱਸਾ ਜਿਹਾ ?”
ਮਾਇਆ ਨੇ ਹੋਰ ਕੁਝ ਨਾ ਪੁੱਛਿਆ। ਉਸ ਦੀ ਇਹ ਰਾਤ ਬੜੀ ਕਸ਼ਟਾਂ ਭਰੀ ਪੀਤੀ। ਉਹ ਬੇਸਬਰੀ ਨਾਲ ਦਿਨ ਚੜ੍ਹਨ ਦੀ ਉਡੀਕ ਕਰਨ ਲਗੀ। ਵੀਣਾ ਨੇ ਉਸ ਨੂੰ ਦਸਿਆ ਸੀ ਕਿ ਉਹ ਆਦਮੀ ਸਵੇਰੇ ਖ਼ੁਦ ਆ ਕੇ ਭਾਪਾ ਜੀ ਬਾਬਤ ਬਾਕੀ ਗਲਾਂ ਦਸੇਗਾ।
ਦਿਨ ਚੜ੍ਹਿਆ, ਮਾਇਆ ਅਗੇ ਨਾਲੋਂ ਅਗੇਤਰੀ ਹੀ ਜਾਗ ਕੇ ਘਰ ਦੀ ਸਫ਼ਾਈ ਵਿਚ ਰੁਝ ਗਈ। ਬਾਲਾਂ ਨੂੰ ਉਸ ਨੇ ਸਵੱਖਤੇ ਹੀ ਨਹਾ ਧੁਆ ਕੇ ਟਿਚਨ ਕਰ ਛਡਿਆ। ਸਾਇਦ ਇਹ ਸਭ ਕੁਝ ਉਸ ਓਪਰੇ ਆਦਮੀ ਦੇ ਕਾਰਨ ਸੀ।
ਸਾਢੇ ਸਤ ਕੁ ਵਜੇ ਦਾ ਵੇਲਾ ਸੀ, ਜਦ ਬਾਹਰੋਂ ਕਿਸੇ ਨੇ ‘ਵੀਣਾ’ ਦਾ ਨਾਂ ਲੈ ਕੇ ਆਵਾਜ਼ ਦਿਤੀ। ਮਾਇਆ ਇਸ ਵੇਲੇ ਮੰਜੇ ਤੇ ਲੇਟੀ ਸੀ, ਤੇ ਵੀਣਾ ਰਸੋਈ ਵਿਚ ਪੈਚਾ ਫੇਰ ਰਹੀ ਸੀ। ਆਪਣਾ ਨਾਂ ਸੁਣਦਿਆਂ ਹੀ ਵੀਣਾ ਪੋਚੇ ਵਾਲੀ ਲੀਰ ਨੂੰ ਚੁੱਲੇ ਦੀ ਨੁੱਕਰ ਵਿਚ ਰਖਦੀ ਹੋਈ ਝਟਪਟ ਹੱਥ ਧੋ ਕੇ ਬਾਹਰ ਦੌੜ ਗਈ। ਦੂਜੇ ਪਲ ਹੀ ਉਹ ਕਿਦਾਰ ਨੂੰ ਨਾਲ ਲੈ ਕੇ ਮਾਂ ਦੇ ਪਾਸ ਪਹੁੰਚੀ। ਮਾਇਆ ਅੱਗੇ ਹੀ ਉਸ ਦੀ ਆਵਾਜ਼ ਸੁਣ ਕੇ ਅੰਦਰਲੇ ਕਮਰੇ ਦੇ ਬੂਹੇ ਵਿਚ ਆ ਖਲੋਤੀ ਸੀ। ਵੀਣਾ ਨੂੰ ਨੰਗੇ ਸਿਰ – ਸਿਰਫ਼ ਪੇਟੀ ਕੋਟ ਝੱਗੀ ਵਿਚ ਵੇਖ ਕੇ ਜ਼ਰਾ ਕੌੜੇਰੀ ਆਵਾਜ਼ ਵਿਚ ਕਹਿਣ ਲੱਗੀ, “ਜਾਹ ਤੂੰ ਕੰਮ ਕਰ ਜਾ ਕੇ।”
ਵੀਣਾ ਚਲੀ ਗਈ ਤੇ ਮਾਇਆ ਨੇ ਸਿਰ ਦਾ ਪੱਲਾ ਨੀਵਾਂ ਕਰ ਕੇ ਨਮਸਤੇ ਦੇ ਉੱਤਰ ਵਿਚ ਹੱਥ ਜੋੜੇ। ਫਿਰ ਉਸ ਨੂੰ ਅੰਦਰ ਲੈ ਜਾ ਕੇ ਇਕ ਕੁਰਸੀ ਤੇ ਬਿਠਾਲ ਦਿਤਾ ਤੇ ਆਪ ਜ਼ਰਾ ਹਟ ਕੇ ਭੁੰਜੇ ਬੈਠ ਗਈ।
“ਨਹੀਂ ਬੀਬੀ ਜੀ, ਤੁਸੀਂ ਭੁੰਜੇ ਨਾ ਬੈਠੇ” ਕਹਿੰਦਾ ਹੋਇਆ ਕਿਦਾਰ ਕੁਰਸੀ ਤੋਂ ਉਠ ਖੜੋਤਾ। ਉਸ ਦੀ ਨਿਮਰਤਾ ਤੇ ਲਿਹਾਜ਼ਦਾਰੀ ਦਾ ਮਾਇਆ ਦੇ ਦਿਲ ਤੇ ਮਿੱਠਾ ਜਿਹਾ ਅਸਰ ਪਿਆ, ਤਾਂ ਉਹ ਬਹੁਤੀ ਖਿੱਚਾ ਖਿੱਚੀ ਤੋਂ ਬਚਣ ਲਈ ਲਾਗਲੇ ਮੰਜੇ ਤੇ ਬੈਠ ਗਈ।
ਉਧਰ ਵੀਣਾ ਨੇ, ਪੋਚੇ ਦਾ ਜਿੰਨਾ ਕੁ ਕੰਮ ਰਹਿੰਦਾ ਸੀ, ਧੂਹ ਘਸੀਟ ਕੇ ਝਟ ਪਟ ਖ਼ਤਮ ਕਰ ਲਿਆ, ਤੇ ਕਪੜਾ ਲੱਤਾ ਠੀਕ ਕਰਕੇ ਮੁੜ ਓਸੇ ਕਮਰੇ ਵਿਚ ਆ ਕੇ ਮਾਂ ਦੇ ਕੋਲ ਬੈਠ ਗਈ।
ਕਿਦਾਰ ਨੂੰ ਪਤਾ ਸੀ ਕਿ ਜਾਂਦਿਆਂ ਹੀ ਉਸ ਉਤੇ ਕਿਹੋ ਜਿਹੇ ਸੁਆਲ ਹੋਣਗੇ, ਤੇ ਉਹ ਇਹ ਵੀ ਸੋਚਦਾ ਆਇਆ ਸੀ ਕਿ ਉਨ੍ਹਾਂ ਸੁਆਲਾਂ ਦੇ ਉੱਤਰ ਵਿਚ ਉਸਨੇ ਕੀ ਕੀ ਕਹਿਣਾ ਹੋਵੇਗਾ। ਇਸ ਲਈ ਉਸ ਨੇ ਆਪ ਹੀ ਗੱਲ ਸ਼ੁਰੂ ਕਰ ਦਿਤੀ, “ਵੀਣਾ ਨੂੰ ਰਾਤੀਂ ਮੈਂ ਦਸਿਆ ਸੀ ਕਿ ਇਨ੍ਹਾਂ ਦੇ ਭਾਪਾ ਜੀ ਨੂੰ ਅਚਾਨਕ ਬੰਬਈ ਜਾਣਾ ਪੈ ਗਿਆ। ਤੁਸੀਂ ਜਾਣਦੇ ਹੋ ਬੀਬੀ ਜੀ, ਨੌਕਰੀ ਭਾਵੇਂ ਬਾਦਸ਼ਾਹ ਦੀ ਹੋਵੇ, ਫਿਰ ਵੀ ਆਖ਼ਰ ਨੌਕਰੀ ਹੀ ਹੈ। ਇਸ ਤਰ੍ਹਾਂ ਬਗੈਰ ਘਰ ਵਿਚ ਖ਼ਬਰ ਕੀਤਿਆਂ ਚਲੇ ਜਾਣਾ ਕਿੱਡੀ ਹੈਰਾਨੀ ਵਾਲੀ ਗੱਲ ਹੈ, ਪਰ ਮਾਲਕਾਂ ਦਾ ਹੁਕਮ ਵੀ ਤੇ ਨਹੀਂ ਮੋੜਿਆ ਜਾ ਸਕਦਾ। ਮੈਂ ਕੱਲ੍ਹ ਹੀ ਬੰਬਈਓਂ ਆਇਆ ਹਾਂ। ਉਥੇ ਇਕ ਕੰਪਨੀ ਨਾਲ ਏਜੰਸੀ ਬਾਰੇ * ਕੁਝ ਝਗੜਾ ਜਿਹਾ ਮੁਕਾਣ ਵਾਲਾ ਸੀ, ਨਾਲੇ ਕਈਆਂ ਸਾਲਾਂ ਦਾ ਹਿਸਾਬ ਸਾਫ਼ ਕਰਨਾ ਬੜ ਜ਼ਰੂਰੀ ਸੀ। ਜਲਦੀ ਇਸ ਕਰਕੇ ਕਰਨੀ ਪਈ ਕਿ ਲਾਹੌਰ ਦਾ ਇਕ ਹੋਰ ਵਪਾਰੀ ਉਸ ਕੰਪਨੀ ਦੀ ਏਜੰਸੀ ਲੈਣ ਲਈ ਕੋਸ਼ਸ਼ ਕਰ ਰਿਹਾ ਹੈ । ਸਰਦਾਰ ਹੋਰਾਂ ਸੋਚਿਆ ਐਸਾ ਨਾ ਹੋਵੇ ਕਿ ਕੰਪਨੀ ਦਾ ਕੰਮ ਹੱਥੋਂ ਚਲਾ ਜਾਵੇ, ਇਸੇ ਕਰ ਕੇ ਉਨ੍ਹਾਂ ਨੂੰ ਤੱਟ ਫੱਟ ਭੇਜਣਾ ਪੈ ਗਿਆ।”
ਕਿਦਾਰ ਦੇ ਪਹਿਲੇ ਪਰਭਾਵ ਨੇ ਹੀ ਮਾਇਆ ਦੇ ਸਾਰੇ ਫ਼ਿਕਰ ਦੂਰ ਕਰ ਦਿਤੇ। ਉਸ ਦੀ ਮਿੱਠੀ ਬੋਲੀ, ਨਿਮਰ ਤੱਕਣੀ ਤੇ ਦਿਲ-ਖਿਚਵੀਂ ਸੂਰਤ ਨੇ ਜਿਵੇਂ ਮਾਇਆ ਦਾ ਅੱਧਾ ਦੁਖ ਦਰਦ ਵੰਡਾ ਲਿਆ। ਉਹ ਬੋਲੀ, “ਇਹ ਤੇ ਭਰਾ ਜੀ, ਕੋਈ ਗੋਲ ਨਹੀਂ। ਮਾਲਕਾਂ ਦਾ ਹੁਕਮ ਮੰਨਣਾ ਸਾਡਾ ਧਰਮ ਏ, ਪਰ ਮੈਨੂੰ ਬਹੁਤਾ ਫਿਕਰ ਤੇ ਇਸ ਗੱਲ ਦਾ ਸੀ ਕਿ ਨਾ ਕੋਈ ਕਪੜਾ ਨਾ ਬਿਸਤਰਾ, ਖ਼ਾਲੀ ਹੱਥੀ,…….. ।”
ਗੱਲ ਟੋਕ ਕੇ ਕਿਦਾਰ ਬੋਲਿਆ, “ਸਭ ਕੁਝ ਲੈ ਗਏ ਨੇ । ਮੇਰਾ ਇਕ ਬਿਸਤਰਾ ਾਲਤੂ ਸੀ, ਕਪੜੇ ਵੀ ਲੋੜੀਂਦੇ ਮੇਰੇ ਸੂਟਕੇਸ ਵਿਚੋਂ ਨਿਕਲ ਆਏ ਸਨ, ਮੈਂ ਧਿੰਗੋਜ਼ੋਰੀ ਬਿਸਤਰਾ ਤੇ ਸੂਟਕੇਸ ਉਨ੍ਹਾਂ ਦੇ ਨਾਲ ਟਾਂਗੇ ਵਿਚ ਰਖ ਦਿਤਾ। ਅਜੀਬ ਸੰਤ ਲੋਕ ਨੈ, ਅਖੇ ਇਨ੍ਹਾਂ ਚੀਜ਼ਾਂ ਦੀ ਕੀ ਲੋੜ ਹੈ। ਭਲਾ ਬੀਬੀ ਜੀ, ਪਰਦੇਸ ਵਿਚ ਗੁਜ਼ਾਰਾ ਹੁੰਦੈ ਕਪੜਿਆਂ ਬਗੈਰ ?”
ਕਿਦਾਰ ਦੀ ਹਰ ਇਕ ਗੱਲ ਜਿਵੇਂ ਮਾਇਆ ਦੇ ਜ਼ਖ਼ਮਾਂ ਉਤੇ ਫਹੇ ਦਾ ਕੰਮ ਕਰਦੀ ਜਾ ਰਹੀ ਸੀ। ਉਸਦਾ ਦਿਲ ਇਸ ਭਲੇ ਆਦਮੀ ਨੂੰ ਅਸੀਸਾਂ ਦੇ ਰਿਹਾ ਸੀ। “ਤੁਸਾਂ ਬੜੀ ਖੇਚਲ ਕੀਤੀ ਏ ਭਰਾ ਜੀ” ਮਾਇਆ ਦੀਆਂ ਅੱਖਾਂ ਵਿਚੋਂ ਉਸ ਓਪਰੇ ਨੌਜਵਾਨ ਲਈ ਸ਼ਰਧਾ ਡੁਲ੍ਹ ਰਹੀ ਸੀ, “ਆਪਣੇ ਕਪੜੇ ਦੇ ਕੇ ਤੁਸੀਂ ਕੇਡੇ ਔਖੇ ਹੋਵੇਗੇ।”
“ਨਹੀਂ ਬੀਬੀ ਜੀ, ਮੈਨੂੰ ਜ਼ਰਾ ਵੀ ਔਖਿਆਈ ਨਹੀਂ।”
“ਪਰ ਕਿਤਨੇ ਕੁ ਦਿਨ ਉਨ੍ਹਾਂ ਨੂੰ ਰਹਿਣਾ ਪਵੇਗਾ ਬੰਬਈ ?”
“ਸ਼ਾਇਦ ਹਫ਼ਤਾ ਇਕ ਲੱਗ ਹੀ ਜਾਵੇ ।”
“ਤੇ ਤੁਸੀਂ ਕਦੋਂ ਆਏ ਓਥੋਂ ?”
“ਮੈਂ ਕੱਲ੍ਹ ਹੀ ਆਇਆ। ਜਦ ਤਕ ਪੰਨਾ ਲਾਲ ਹੋਰੀਂ ਨਹੀਂ ਆਉਂਦੇ, ਉਨ੍ਹਾਂ ਦੀ ਥਾਂ ਮੈਨੂੰ ਹੀ ਦੁਕਾਨ ਤੇ ਰਹਿਣਾ ਪਵੇਗਾ।”
“ਤੇ ਤੁਸੀਂ ਹੱਟੀ ਦੇ ਥੜ੍ਹੇ ਤੇ ਕਿਉਂ ਸੁਤੇ ਸਾਓ ?”
“ਅੱਜੇ ਮਕਾਨ ਦਾ ਇੰਤਜ਼ਾਮ ਨਹੀਂ ਹੋ ਸਕਿਆ, ਸ਼ਾਇਦ ਕੱਲ੍ਹ ਤੀਕ ਕੋਈ ਲਭ ਪਵੇ
ਤੇ ਤੁਸਾਂ ਘਰ ਆ ਜਾਣਾ ਸੀ ਨਾ, ਇਸ ਤਰ੍ਹਾਂ ਪਰਦੇਸੀਆਂ ਵਾਂਗ ਤੁਸੀਂ ਥੜ੍ਹੇ 1 ਸਉਂ ਰਹੇ।”
“ਕੋਈ ਗੱਲ ਨਹੀਂ ਬੀਬੀ ਜੀ, ਮੈਂ ਬੜੇ ਆਰਾਮ ਵਿਚ ਹਾਂ।”
“ਮਕਾਨ ਕਿੰਨੇ ਕੁ ਕਿਰਾਏ ਦਾ ਲੈਣ ਦੀ ਸਲਾਹ ਜੇ ?”
“ਇਹੋ ਚਾਰ ਪੰਜ ਰੁਪਏ ਮਹੀਨੇ ਦਾ।”
“ਇਤਨੇ ਕਿਰਾਏ ਵਾਲਾ ਮਕਾਨ ਤੇ ਐਹ ਸਾਡੇ ਗੁਆਂਢ ਵੀ ਇਕ ਵਿਹਲਾ ਪਿਆ ਵੇ । ਪੰਜ ਰੁਪਈਏ ਮੰਗਦੇ ਨੇ ਚਾਰ ਤਕ ਲੈ ਲੈਣਗੇ।”
“ਜੇ ਮੇਰੇ ਵਾਸਤੇ ਇਤਨੀ ਖੇਚਲ ਕਰ ਸਕੋ ਤਾਂ।”
“ਖੇਚਲ ਦੀ ਕਿਹੜੀ ਗੱਲ ਏ ਭਰਾ ਜੀ। ਮੈਂ ਅੱਜ ਹੀ ਪਤਾ ਕਰ ਲਵਾਂਗੀ।
ਮਕਾਨ ਦੀ ਮਾਲਕਣ ਬੜੀ ਚੰਗੀ ਏ। ਵੇਖ ਲਓ ਜਾ ਕੇ ਜੇ ਤੁਹਾਡੇ ਪਸੰਦ ਆ नाटे।”
“ਮੇਰੇ ਪਸੰਦ ਈ ਪਸੰਦ ਏ ਬੀਬੀ ਜੀ” ਕਿਦਾਰ ਨੇ ਜ਼ੇਬ ਵਿਚੋਂ ਬਟੂਆ ਕਢਿਆ ਤੇ ਉਸ ਵਿਚੋਂ ਪੰਜਾਂ ਦਾ ਨੋਟ — ਜਿਹੜਾ ਇਕੋ ਸੀ — ਕੱਢ ਕੇ ਮਾਇਆ ਨੂੰ ਫੜਾਂਦਿਆਂ ਉਸ ਕਿਹਾ, “ਐਹ ਲਓ, ਮਹੀਨੇ ਦਾ ਕਿਰਾਇਆ ਪੇਸ਼ਗੀ ਦੇ ਦੇਣਾ।”
“ਪੇਸ਼ਗੀ ਦੇਣ ਦੀ ਲੋੜ ਕੋਈ ਨਹੀਂ ਭਰਾ ਜੀ । ਤੁਸੀਂ ਰਖੋ ।” ਕਹਿ ਕੇ ਮਾਇਆ ਨੇ ਨੋਟ ਉਸ ਨੂੰ ਮੋੜ ਦਿਤਾ। ਕਿਦਾਰ ਨੇ ਉਸ ਨੂੰ ਫਿਰ ਬਟੂਏ ਵਿਚ ਰਖ ਲਿਆ। “ਤਾਂ ਵੀ ਤੁਸੀਂ ਮਕਾਨ ਨੂੰ ਇਕ ਵਾਰੀ ਝਾਤੀ ਮਾਰ ਲੈਂਦੇ ਤਾਂ ਚੰਗਾ ਸੀ ।” ਕਹਿਣ ਬਾਅਦ ਮਾਇਆ ਨੇ ਵੀਣਾ ਵਲ ਤੱਕਿਆ। “ਜਾਹ ਖਾਂ ਵੀਣਾ, ਮਾਈ ਇੰਦੋ ਕੋਲੋਂ ਕੁੰਜੀ ਲੈ ਕੇ ਭਰਾ ਜੀ ਨੂੰ ਮਕਾਨ ਵਿਖਾਲ ਲਿਆ।”
ਕਿਦਾਰ ਨੂੰ ਮਕਾਨ ਵਖਾ ਕੇ ਜਦ ਵੀਣਾ ਵਾਪਸ ਮੁੜੀ ਤਾਂ ਮਾਂ ਨੂੰ ਕਹਿਣ ਲੱਗੀ, “ਬੇ ਜੀ, ਪਤਾ ਜੇ ਕਿਤਨੇ ਪੜ੍ਹੇ ਹੋਏ ਨੇ ਇਹ ? ਬੀ. ਏ. ਪਾਸ ਨੇ ਇਹ ਬੇ ਜੀ।” ਵੀਣਾ ਦੇ ਚਿਹਰੇ ਤੋਂ ਜਿਵੇਂ ਕੋਈ ਫ਼ਖ਼ਰ ਜਿਹਾ ਝਲਕ ਰਿਹਾ ਸੀ।
“ਝੂਠੀ ਨਾ ਹੋਵੇ ਤੇ” ਮਾਇਆ ਨੇ ਹੱਸ ਕੇ ਜਵਾਬ ਦਿਤਾ।
“ਦੇਵੀ ਦੀ ਸਹੁੰ ਬੇ ਜੀ। ਉਨ੍ਹਾਂ ਦੇ ਬਟੂਏ ਤੋਂ ਮੈਂ ਆਪ ਪੜ੍ਹਿਆ ਸੀ।”
“ਕੀ ਲਿਖਿਆ ਹੋਇਆ ਸੀ, ਬਟੂਏ ਉਤੇ ?”
“ਲਿਖਿਆ ਹੋਇਆ ਸੀ, ਕਿਦਾਰ ਬੀ. ਏ.।”
“ਹੱਛਾ !” ਮਾਇਆ ਨੇ ਹੈਰਾਨੀ ਨਾਲ ਕਿਹਾ, “ਵੇਖਣ ਨੂੰ ਕਿੱਡਾ ਸਾਦ ਮੁਰਾਦਾ ਲਗਦਾ ਵੇ। ਅੱਜ ਕਲ੍ਹ ਬੀ. ਏ. ਪਾਸਾਂ ਦੀ ਤੇ ਕਿਧਰੇ ਮਿਜਾਜ ਈ ਨਹੀਂ ਮਿਉਂਦੀ।”
ਮੈਂ ਉਨ੍ਹਾਂ ਦੇ ਕਮਰੇ ਦੀ ਸਫ਼ਾਈ ਕਰ ਆਵਾਂ ਜਾ ਕੇ?” ਕਹਿ ਕੇ ਤੇ ਬਿਨਾਂ ਉੱਤਰ ਉਡੀਕਿਆਂ ਵੀਣਾ ਰਸੋਈ ਵਿਚੋਂ ਬਹੁਕਰ ਲੈ ਕੇ ਬਾਹਰ ਨਿਕਲ ਗਈ।
7
“ਤੁਹਾਨੂੰ ਇਕ ਗੱਲ ਦੱਸਾਂ ਬੇ ਜੀ ?”
“वरी।”
“ਮਾਸਟਰ ਹੋਰੀਂ ਨਾ, ਕਈ ਵਾਰੀ ਪੜ੍ਹਾਂਦੇ ਪੜ੍ਹਾਂਦੇ ਰੋਣ ਲਗ ਪੈਂਦੇ ਨੇ ।”
“ਰੋਣ ਲਗ ਪੈਂਦੇ ਨੇ ?”
ਆਹੋ ਬੇ ਜੀ।”
“ਸੁਦੈਣ ਨਾ ਹੋਵੇ ਤੇ !”
“ਸੱਚੀ ਬੇ ਜੀ, ਮੈਂ ਕਈ ਵਾਰੀ ਵੇਖਿਆ ਵੇ ਉਨ੍ਹਾਂ ਨੂੰ ਰੋਂਦਿਆਂ।”
“ਪਰ ਕਿਉਂ — ਕਿਹੜੀ ਗਲੋਂ ?”
“ਕੀ ਪਤਾ।”
“ਤੇ ਤੂੰ ਪੁੱਛਣਾ ਸੀ ਨਾ।”
“ਮੈਨੂੰ ਮੈਨੂੰ ਬੇ ਜੀ ਆਪ ਈ ਰੋਣ ਆ ਜਾਂਦਾ ਵੇ ਉਨ੍ਹਾਂ ਵਲ ਤੱਕ ਕੇ ਤੇ ।”
“ਝੱਲੀ ! ਤਾਂ ਤੂੰਹੀਓਂ ਕੁਝ ਆਖਿਆ ਹੋਣਾ ਵੇਂ ਕਿ।”
“ਦੇਵੀ ਦੀ ਸਹੁੰ ਬੇ ਜੀ, ਮੈਂ ਤੇ ਕਦੇ ਵੀ ਕੁਝ ਨਹੀਂ ਆਖਿਆ। ਮੈਂ ਭਾਪਾ ਜੀ ਦੀਆਂ ਗੱਲਾਂ ਪਈ ਕਰਦੀ ਸਾਂ, ਤੇ ਉਹ ਰੋਣ ਲਗ ਪਏ। ਆਪਣੇ ਵਲੋਂ ਤੇ ਉਹ ਬੜਾ ਲੁਕਾ ਕਰਦੇ ਨੇ, ਪਰ ਮੈਂ ਏਡੀ ਅੰਞਾਣੀ ਤੇ ਨਹੀਂ ਨਾ ਬੇ ਜੀ। ਭਲਾ ਜਿਹੜਾ ਰੋਵੇ ਉਸ ਦੀਆਂ ਅੱਖਾਂ ਨਹੀਂ ਲਾਲ ਹੋ ਜਾਂਦੀਆਂ ?”
“ਪੁਛੀਂ ਤੇ ਸਹੀ – ਕਿਉਂ ਰੋਂਦੇ ਨੇ ?”
“ਇਕ ਵਾਰੀ ਛਡ ਕੇ ਕਿੰਨੀ ਵਾਰੀ ਪੁਛ ਥੱਕੀ ਹਾਂ। ਉਹ ਹੋਰ ਹੋਰ ਗੱਲਾਂ ਵਿਚ
ਈ ਟਾਲ ਛਡਦੇ ਨੇ।”
“ਹੱਟੀ ਚਲੇ ਗਏ ਨੇ ?”
“ਹੁਣ ਤੇ ਮੈਂ ਘਰ ਛਡ ਕੇ ਆਈ ਆਂ, ਖ਼ਬਰੇ ਚਲੇ ਗਏ ਹੋਣ।”
“ਜਾਹ ਖਾਂ ਸੱਦ ਲਿਆ ਨੇ ਜ਼ਰਾ। ਮੈਂ ਈ ਪੁੱਛ ਵੇਖਾਂ।”
“ਚੰਗਾ” ਕਹਿ ਕੇ ਵੀਣਾ ਝਟਪਟ ਦੌੜ ਗਈ।
ਸਰਦਾਰ ਅਤਰ ਸਿੰਘ ਪਾਸ ਨੌਕਰ ਹੋਇਆਂ ਕਿਦਾਰ ਨੂੰ ਮਹੀਨੇ ਤੋਂ ਉਪਰ ਹੈ ਗਿਆ ਹੈ। ਇਸ ਥੋੜ੍ਹੇ ਜਿਹੇ ਸਮੇਂ ਵਿਚ ਹੀ ਮਾਲਕ ਉਸ ਉਤੇ ਇਤਨਾ ਨਿਹਾਲ ਹੈ ਗਿਆ ਕਿ ਦੁਕਾਨ ਦਾ ਸਾਰਾ ਕਾਰੋਬਾਰ ਉਸ ਨੇ ਕਿਦਾਰ ਨੂੰ ਸੌਂਪ ਦਿਤਾ ਹੈ। ਕਿਦਾਰ ਦੀ ਈਮਾਨਦਾਰੀ, ਸਿਆਣਪ ਤੇ ਮਿਹਨਤਕਸ਼ੀ ਨੇ ਅਤਰ ਸਿੰਘ ਦੇ ਦਿਲ ਨੂੰ ਇਥੋਂ ਠੀਕ ਜਿੱਤ ਲਿਆ ਹੈ ਕਿ ਉਸ ਨੇ ਕੁੰਜੀ ਜੰਦਰਾ ਤਕ ਉਸ ਦੇ ਹਵਾਲੇ ਕਰ ਦਿਤਾ ਹੈ। ਘੜੀਸਾਜ਼ੀ ਦੇ ਕੰਮ ਵਿਚੋਂ ਕਿਦਾਰ ਰੋਜ਼ ਚਾਰ ਪੰਜ ਰੁਪਏ ਕਮਾ ਲੈਂਦਾ ਹੈ, ਤੇ ਇਹ ਸਾਰੀ ਖੱਟੀ ਉਹ ਬਿਨਾਂ ਇਕ ਪੈਸੇ ਦੀ ਹੇਰਾ ਫੇਰੀ ਤੋਂ ਰੋਜ਼ ਰਾਤ ਨੂੰ ਮਾਲਕ ਦੇ ਹੱਥ ਤੇ ਰੱਖ ਦੇਂਦਾ ਹੈ। ਅੰਨ੍ਹਾ ਕੀ ਭਾਲੇ ਦੋ ਅੱਖਾਂ। ਅਤਰ ਸਿੰਘ ਨੂੰ ਇਹੋ ਜਿਹਾ ਨੌਕਰ ਕਿਥੋਂ ਲਭਣਾ ਸੀ, ਜਿਹੜਾ ਚੁਆਨੀ ਲੈ ਕੇ ਉਸ ਦੇ ਬਦਲੇ ਰੁਪਈਆ ਮੋੜ ਦੇਵੇ। ਦੂਜੇ ਮਹੀਨੇ ਆਪ ਹੀ ਉਸ ਨੇ ਕਿਦਾਰ ਦੀ ਤਨਖ਼ਾਹ ਪੰਝੀਆਂ ਤੋਂ ਚਾਲੀ ਕਣ ਦਿੱਤੀ ਏਧਰ ਪੰਨਾ ਲਾਲ ਦੇ ਗੁਆਂਢ ਰਹਿਣ ਕਰਕੇ ਉਨ੍ਹਾਂ ਦੇ ਘਰ ਵਿਚ ਕਿਦਾਰ ਇਤਨਾ ਰਚ ਗਿਆ ਹੈ ਜਿਵੇਂ ਉਹਨਾਂ ਦੇ ਹੀ ਟੱਬਰ ਵਿਚੋਂ ਹੋਵੇ। ਹਰ ਪੰਜਵੇ ਸਤਵੇਂ ਦਿਨ ਉਹ ਆਪ ਹੀ ਇਕ ਚਿੱਠੀ ਪੰਨਾ ਲਾਲ ਵਲੋਂ ਲਿਖ ਕੇ ਮਾਇਆ ਨੂੰ ਆ ਦਸਦਾ, “ਉਨ੍ਹਾਂ ਦੀ ਚਿੱਠੀ ਆਈ ਹੈ,” ਤੇ ਫਿਰ ਉਸ ਨੂੰ ਪੜ੍ਹਕੇ ਸੁਣਾ ਦਿੰਦਾ। ਚਿੱਠੀਆਂ ਵਿਚ ਜੋ ਕੁਝ ਸਮੇਂ ਦੀ ਲੋੜ ਅਨੁਸਾਰ ਲਿਖਣਾ ਉਸ ਨੂੰ ਜ਼ਰੂਰੀ ਭਾਸਦਾ ਲਿਖ ਦੇਂਦਾ, ਪਰ ਚਿੱਠੀ ਉਹ ਉਸ ਵੇਲੇ ਮਾਇਆ ਨੂੰ ਸੁਣਾਂਦਾ ਜਦੋਂ ਵੀਣਾ ਕੋਲ ਨਹੀਂ ਸੀ ਹੁੰਦੀ। ਉਹ ਜਾਣਦਾ ਸੀ ਕਿ ਵੀਣਾ ਅਵੱਸ਼ ਹੀ ਆਪਣੇ ਪਿਓ ਦੇ ਅੱਖਰਾ ਨੂੰ ਪਹਿਚਾਨ ਸਕਦੀ ਹੋਵੇਗੀ।
ਵੀਣਾ ਨੂੰ ਹਿਸਾਬ ਵਿਚ ਕਮਜ਼ੋਰ ਹੋਣ ਕਰਕੇ ਟਿਊਟਰ ਦੀ ਲੋੜ ਸੀ, ਪਰ ਪੈਸੇ ਦੀ ਤੰਗੀ ਕਰਕੇ ਪ੍ਰਬੰਧ ਨਹੀਂ ਸੀ ਹੋ ਸਕਿਆ। ਇਸ ਕੰਮ ਨੂੰ ਕਿਦਾਰ ਨੇ ਆਪਣੇ ਜ਼ਿੰਮੇ ਲੈ ਲਿਆ। ਉਹ ਰੋਜ਼ ਇਕ ਘੰਟਾ ਸਵੇਰੇ ਤੇ ਇਕ ਘੰਟਾ ਸ਼ਾਮੀ ਵੀਣਾ ਨੂੰ ਪੜ੍ਹਾਂਦਾ मी।
ਅੱਜ ਸਵੇਰੇ ਜਿਸ ਵੇਲੇ ਉਹ ਆਪਣੇ ਕਮਰੇ ਵਿਚ ਬੈਠਾ ਵੀਣਾ ਨੂੰ ਪੜ੍ਹਾ ਰਿਹਾ ਸੀ, ਵੀਣਾ ਨੇ ਰੋਜ਼ ਵਾਂਗ ਫੇਰ ਪੰਨਾ ਲਾਲ ਦਾ ਕਿੱਸਾ ਛੇੜ ਦਿਤਾ। ਉਹ ਪੁਛ ਬੈਠੀ, “ਮਾਸਟਰ ਜੀ, ਤੁਸਾਂ ਕਿਹਾ ਸੀ ਭਾਪਾ ਜੀ ਦੇ ਆਉਣ ਤਕ ਹੀ ਤੁਸੀਂ ਇਥੇ ਰਹੋਗੇ। ਮੈਂ ਭਾਪਾ ਜੀ ਨੂੰ ਕਹਾਂਗੀ, ਤੁਹਾਨੂੰ ਨਾ ਜਾਣ ਦੇਣ। ਤੁਸੀਂ ਉਨ੍ਹਾਂ ਦੀ ਗੱਲ ਵੀ ਨਾ ਮੰਨੋਗੇ ?”
ਜਿਉਂ ਜਿਉਂ ਵੀਣਾ ਦਿਲ ਦੇ ਸਾਰੇ ਚਾਉ ਨਾਲ ਆਪਣੇ ਭਾਪਾ ਜੀ ਦੀਆਂ ਗੱਲਾਂ ਕਰਦੀ ਗਈ, ਕਿਦਾਰ ਦੀਆਂ ਅੱਖਾਂ ਭਰਦੀਆਂ ਆਈਆਂ ਤੇ ਅਖ਼ੀਰ ਜਦ ਗੱਲ ਖ਼ਤਮ ਕਰ ਕੇ ਵੀਣਾ ਨੇ ਉਸ ਵਲ ਧਿਆਨ ਨਾਲ ਤਕਿਆ ਤਾਂ ਕਿਦਾਰ ਫਿਸ ਪਿਆ। ਹਜ਼ਾਰ ਚਾਹੁੰਦਾ ਹੋਇਆ ਵੀ ਕਿ ਵੀਣਾ ਉਸ ਦੇ ਅੱਥਰੂਆਂ ਨੂੰ ਨਾ ਵੇਖੇ, ਉਹ ਇਹਨਾਂ ਨੂੰ ਲੁਕਾਉਣ ਵਿਚ ਅੱਜ ਕਾਮਯਾਬ ਨਾ ਹੋ ਸਕਿਆ। ਵੀਣਾ ਨੂੰ ਨਾ ਕੇਵਲ ਸਬਕ ਪੜ੍ਹਨਾ ਹੀ ਭੁਲ ਗਿਆ, ਸਗੋਂ ਉਸ ਦੇ ਆਪਣੇ ਅੱਥਰੂ ਵੀ ਫੁਟ ਨਿਕਲੇ ।ਇਸ ਤੋਂ ਬਾਅਦ ਅੱਜ ਦੀ ਪੜ੍ਹਾਈ ਵੀਣਾ ਪਾਸੋਂ ਨਹੀਂ ਹੋ ਸਕੀ, ਭਾਵੇਂ ਕਿਦਾਰ ਨੇ ਉਸ ਨੂੰ ਪੜ੍ਹਾਨ ਦੀ ਬੜੀ ਕੋਸ਼ਿਸ਼ ਕੀਤੀ। ਉਹ ਬਾਲਾਂ ਵਾਲੇ ਹੱਠ ਨਾਲ ਕਿਦਾਰ ਦੇ ਖਹਿੜੇ ਪੈ ਗਈ ਕਿ ਉਹ ਰੋਣ ਦਾ ਕਾਰਨ ਦੱਸੇ, ਪਰ ਕਿਦਾਰ ਅਖ਼ੀਰ ਤਕ ਟਾਲਦਾ ਰਿਹਾ।
ਜਦ ਵੀਣਾ ਬਿਲਕੁਲ ਬੇਵੱਸ ਹੋ ਗਈ ਤਾਂ ਕਿਦਾਰ ਦੇ ਰੋਕਦਿਆਂ ਰੋਕਦਿਆਂ ਵੀ ਉਹ ਕਿਤਾਬਾਂ ਸਮੇਟ ਕੇ ਘਰ ਵਲ ਤੁਰ ਪਈ, ਤੇ ਜਾਂਦੀ ਹੋਈ ਕਹਿ ਗਈ, ਮੈਂ 0 ਜੀ ਨੂੰ ਦਸਨੀ ਆ ਜਾ ਕੇ ਆਪੇ ਪੁੱਛ ਲੈਣਗੇ ਤੁਹਾਡੇ ਕੋਲੋਂ।” ਕਿਦਾਰ ਨੇ ਪਿਛੋਂ ਬਥੇਰਾ ਕਿਹਾ, “ਵੀਣਾ ਤੈਨੂੰ ਸਹੁੰ ਹੋਵੇ ਜੇ ਬੇ ਜੀ ਨੂੰ ਦਸੇ” ਪਰ ਵੀਣਾ ਨਹੀਂ ਟਲੀ ਤੇ ਉਸ ਨੇ ਜਾਂਦਿਆਂ ਹੀ ਮਾਂ ਨੂੰ ਦਸ ਦਿਤਾ। ਮਾਇਆ ਨੇ ਵੀਣਾ ਨੂੰ ਕਿਦਾਰ ਨੂੰ ਘੁਲਾ ਲਿਆਣ ਲਈ ਉਸ ਵਲ ਤੋਰ ਦਿਤਾ।
ਵੀਣਾ ਨੂੰ ਭੇਜ ਕੇ ਮਾਇਆ ਸੋਚੀਂ ਪੈ ਗਈ, ਉਸ ਦੇ ਰੋਣ ਦਾ ਕੀ ਸਬੱਬ ਹੋ ਸਕਦਾ ਹੈ ? ਖ਼ਬਰੇ ਵਿਚਾਰਾ ਘਰ ਲਈ ਓਦਰਿਆ ਹੋਵੇ ! ਕੋਈ ਬਹੁਤਾ ਸਿਆਣਾ ਵੀ ਤਾਂ ਨਹੀਂ, ਅੱਜੇ ਉਮਰ ਹੀ ਕੀ ਸੂ। ਜਾਂ ਖ਼ਬਰੇ ਸਾਡੇ ਵਾਂਗ ਉਹ ਵੀ ਘਰੋਗੀ ਗੀਆਂ ਜਾਂ ਕਿਸੇ ਹੋਰ ਵਜ੍ਹਾ ਕਰਕੇ ਦੁਖੀ ਹੋਵੇ … ਉਸ ਨੇ ਇਥੋਂ ਤਕ ਹੀ ਸੋਚਿਆ ਸੀ ਕਿ ਵੀਣਾ, ਕਿਦਾਰ ਨੂੰ ਬਾਹੋਂ ਖਿਚਦੀ ਹੋਈ ਅੰਦਰ ਆਈ।
“ਤੁਸਾਂ ਸਦਿਐ ਬੀਬੀ ਜੀ ?” ਕਿਦਾਰ ਜਾਣਦਾ ਹੋਇਆ ਵੀ ਅਣਜਾਣ ਬਣ ਕੇ ਬੋਲਿਆ।
“ਹਾਂ ਜੀ, ਮੈਂ ਈ ਸੱਦਿਆ ਸੀ।”
“ਦਸੋ, ਕੀ ਕੰਮ ਸੀ ?”
“ਬੈਠ ਜਾਓ ਜ਼ਰਾ” ਤੇ ਵੀਣਾ ਦੌੜ ਕੇ ਪੀਹੜੀ ਚੁਕ ਲਿਆਈ।
“ਬਹਿਣ ਦੀ ਵੇਹਲ ਨਹੀਂ ਬੀਬੀ ਜੀ, ਦੁਕਾਨ ਦਾ ਵਕਤ ਹੋ ਗਿਆ ਏ।”
ਕਿਦਾਰ ਨੇ ਖੜਿਆਂ ਖੜਿਆਂ ਕਿਹਾ।
“ਕੋਈ ਡਰ ਨਹੀਂ” ਮਾਇਆ ਦਾਈਏ ਭਰੇ ਹਠ ਵਿਚ ਬੋਲੀ, “ਬਹੁਤਾ ਚਿਰ ਨਹੀਂ ਲਗਣਾ।”
ਕਿਦਾਰ ਬੈਠ ਗਿਆ, “ਦਸੋ।”
“ਮੈਂ ਕਿਹਾ” ਮਾਇਆ ਗੱਲ ਚਲਾਣ ਦੀ ਵਿਉਂਤ ਸੋਚਕੇ ਬੋਲੀ, “ਅੱਜ ਵੀਣੀ ਨੂੰ ਥੋੜ੍ਹਾ ਪੜ੍ਹਾਇਆ ਜੇ ! ਹੁਣੇ ਤੇ ਜਾਂਦੀ ਪਈ ਏ, ਤੇ ਹੁਣੇ ਮੁੜ ਵੀ ਆਈ ਏ।” “ਪੁੱਛ ਲਓ ਸੂ, ਮੈਂ ਤੇ ਬਥੇਰਾ ਕਿਹਾ ਸੀ, ਇਹ ਆਪ ਹੀ ਨੱਸ ਆਈ ਏ ਪੜ੍ਹਾਈ ਛੱਡ ਕੇ।”
“ਨੱਸ ਨਾ ਆਉਂਦੀ ਤੇ ਹੋਰ ਕੀ ਕਰਦੀ” ਵੀਣਾ ਮੌਕਾ ਪਾ ਕੇ ਬੋਲੀ, “ਆਪ ਤੇ ਤੁਸੀਂ ਰੋਣ ਡਹੇ ਸਾਓ, ਪੜ੍ਹਦੀ ਮੈਂ ਕਿਸ ਕੋਲੋਂ ?”
ਕਿਦਾਰ ਜਿਸ ਮੁਸੀਬਤ ਤੋਂ ਛੁਟਕਾਰਾ ਚਾਹੁੰਦਾ ਸੀ, ਅਖ਼ੀਰ ਓਹੀ ਪੇਸ਼ ਆ ਗਈ। ਉਹ ਨਿੰਮੋਝੂਣਾ ਹੋ ਕੇ ਬੈਠਾ ਰਿਹਾ। ਮਾਇਆ ਬੋਲੀ, “ਸਚਮੁਚ ਭਰਾ ਜੀ. ਕਿ ਐਵੇਂ ਕਹਿਣ ਡਹੀ ਏ ?”
ਕਿਦਾਰ ਦੇ ਬੋਲਣ ਤੋਂ ਪਹਿਲਾਂ ਹੀ ਵੀਣਾ ਬੋਲ ਉਠੀ, “ਸੌ ਸੌ ਰੁਪਈਆ ਸ਼ਰਤ ਰੋ ਝੂਠ ਹੋਵੇ। ਤੁਸੀਂ ਰੋਏ ਨਹੀਂ ਸਓ ਮਾਸਟਰ ਜੀ ? ਅੱਗੇ ਵੀ ਦੋ ਤਿੰਨ ਵਾਰੀ ਮੈਂ ਤੁਹਾਨੂੰ ਵੇਖ ਚੁਕੀ ਆਂ ਪੜ੍ਹਾਂਦੇ ਪੜ੍ਹਾਂਦੇ ਅੱਖਾਂ ਭਰ ਲੈਂਦੇ ਓ।”
ਛੁਟਕਾਰੇ ਦੀ ਸੂਰਤ ਨਾ ਵੇਖ ਕੇ ਕਿਦਾਰ ਬੋਲਿਆ, “ਰੋਇਆ ਸਾਂ।”
ਮਾਇਆ ਬੋਲੀ, “ਕਿਉਂ ਪਰ ?”
“ਕੁਝ ਨਹੀਂ, ਐਵੇਂ ਹੀ।”
“ਐਵੇਂ ਨਹੀਂ ਭਰਾ ਜੀ, ਤੁਹਾਨੂੰ ਦਸਣਾ ਪਵੇਗਾ।”
“ਮੈਨੂੰ ਆਪਣੀ ਮਾਤਾ ਜੀ ਦੀ ਯਾਦ ਆ ਗਈ ਸੀ।” ਕਿਦਾਰ ਏਦੂੰ ਚੰਗਾ ਬਹਾਨਾ ਨਾ ਘੜ ਸਕਿਆ। ਮਾਇਆ ਨੇ ਵੀ ਆਪਣੇ ਪ੍ਰਸ਼ਨ ਨੂੰ ਫੇਰ ਨਹੀਂ ਦੁਹਰਾਇਆ।
ਮਾਇਆ ਉਸ ਪਾਸੋਂ ਉਸਦੀ ਮਾਂ ਦੀ ਮੌਤ ਦਾ ਜ਼ਿਕਰ ਸੁਣ ਚੁਕੀ ਹੋਈ ਸੀ। ਉਸ ਦੇ ਦੁਖ ਵਿਚ ਭਿਜ ਕੇ ਠੰਢਾ ਸਾਹ ਭਰਦੀ ਹੋਈ ਬੋਲੀ, “ਸਚ ਕਹਿੰਦੇ ਓ ਭਰਾ ਜੀ, ਮਾਂ ਪਿਓ ਵਰਗੀ ਮਿੱਠੀ ਚੀਜ਼ ਦੁਨੀਆਂ ਵਿਚ ਕੋਈ ਨਹੀਂ। ਮਾਪੇ ਮਿੱਟੀ ਦੇ ਨਹੀਂ ਮਾਣ, ਪਰ ਸਿਰ ਤੇ ਪਈਆਂ ਨੂੰ ਹਰ ਕੋਈ ਸਹਿ ਜਾਂਦਾ ਵੇ। ਵੀਣਾ ਦਾ ਭਾਪਾ ਕਦੀ ਕਦੀ ਜਦ ਬਹੁਤਾ ਦੁਖੀ ਹੋ ਜਾਂਦਾ ਸੀ, ਤਾਂ ਕਹਿੰਦਾ ਹੁੰਦਾ ਸੀ, ਵੀਣਾ ਦੀ ਮਾਂ ! ਹੁਣ ਤੇ ਜਿਊਣ ਦਾ ਕੋਈ ਹੱਜ ਨਹੀਂ ਰਿਹਾ। — ਦੁਸ਼ਮਣਾਂ ਐਉਂ ਹੋ ਜਾਵਾਂ (ਮਰ ਜਾਵਾਂ) ਤਾਂ ਸਾਰੇ ਤਸੀਹਾਂ ਤੋਂ ਛੁਟ ਜਾਵਾਂ। ਤੇ ਮੈਂ ਆਖਣਾ, ਇਸ ਤਰ੍ਹਾਂ ਨਾ ਆਖੋ। ਮੈਂ ਤੇ ਕਹਿਨੀ ਆਂ ਮੇਰੀ ਉਮਰ ਵੀ ਤੁਹਾਨੂੰ ਮਿਲ ਜਾਵੇ, ਤੁਹਾਡੇ ਨਾਲ ਈ ਤੇ ਘਰ ਦੀ ਸਾਰੀ ਖੇਡ ਬਣੀ ਹੋਈ ਏ। ਉਹ ਜਾਣੇ ਔਖੇ ਰਹਿਨੇ ਆਂ, ਤੰਗ ਰਹਿਨੇ ਆਂ, ਬਾਲਾਂ ਨੂੰ ਇਤਨਾ ਹੌਂਸਲਾ ਤੇ ਹੈ ਨਾ ਪਈ ਸਾਡੇ ਸਿਰ ਤੇ ਮਾਪੇ ਬੈਠੇ ਹੋਏ ਨੇ। ਸਵਾ ਮਹੀਨਾ ਹੋ ਗਿਆ ਨੇ ਗਿਆਂ, ਘਰ ਦੇ ਭਾ ਦੀ ਹੇਠਲੀ ਉਤੇ ਆ ਗਈ ਏ। ਕਿਹੜਾ ਵੇਲਾ ਹੋਵੇ, ਜੋ ਸੁਖੀ ਸਾਂਦੀ ਆਪਣੇ ਘਰ ਆਉਣ। ਪਲ ਪਲ ਵਰ੍ਹੇ ਜਿੱਡਾ ਬੀਤਦਾ ਵੇ। ਬਾਲ ਵਿਚਾਰੇ ਬਉਰੇ ਹੋਏ ਫਿਰਦੇ ਨੇ, ਰਾਤੀਂ ਸੁੱਤੇ ਸੁੱਤੇ ਵੀ ਭਾਪਾ ਜੀ, ਭਾਪਾ ਜੀ ਬਰੜਾਂਦੇ ਰਹਿੰਦੇ ठे।”
ਮਾਇਆ ਨੇ ਕਿਦਾਰ ਨੂੰ ਸਦਿਆ ਸੀ ਉਸ ਦਾ ਦੁਖ ਸੁਣਨ ਲਈ, ਪਰ ਉਸ ਦੇ ਦੁਖ ਨੂੰ ਦੂਰ ਕਰਦੀ ਕਰਦੀ ਉਹ ਆਪਣੇ ਹੀ ਕਿੱਸੇ ਛੇੜ ਬੈਠੀ । ਪਤੀ ਦੇ ਵਿਛੋੜੇ ਬਾਰੇ ਜਿੰਨੇ ਅੱਖਰ ਉਸਦੀ ਜ਼ਬਾਨੋਂ ਨਿਕਲੇ ਸਨ, ਇਹ ਸਾਰੇ ਕਿਦਾਰ ਦੀ ਆਤਮਾ ਨੂੰ ਜਿਵੇਂ ਵਲੂੰਧਰਦੇ ਜਾ ਰਹੇ ਸਨ। ਮਾਨੋਂ ਕੋਈ ਅਦਿਖ ਰੂਹ ਇਕ ਇਕ ਵਾਕ ਵਿਚ ਉਹਨੂੰ ਸੌ ਸੌ ਸਰਾਪ ਦੇ ਰਹੀ ਸੀ। ਪਤੀ ਦੀ ਉਡੀਕ ਵਿਚ ਮਾਇਆ ਤਰਲੋਮੱਛੀ ਹੋ ਰਹੀ ਸੀ ਤੇ ਕਿਦਾਰ ਜਾਣਦਾ ਸੀ ਕਿ ਉਸ ਦਾ ਪਤੀ ਜਿਹੜਾ ਸ਼ਾਇਦ ਕਿਸੇ ਹੋਰ ਦੁਨੀਆਂ ਦਾ ਵਾਸੀ ਬਣ ਚੁਕਾ ਹੈ, ਕਦੀ ਵੀ ਇਸ ਅਭਾਗਣੀ ਨੂੰ ਨਹੀਂ ਮਿਲ ਸਕੇਗਾ। ਉਸ ਨੂੰ ਆਪਣੇ ਆਪ ਪਾਸੋਂ ਗਿਲਾਨੀ ਆ ਰਹੀ ਸੀ, ਉਸ ਦੀ ਆਤਮਾ ਹਜ਼ਾਰਾਂ ਮਣ ਬੋਝ ਹੇਠਾਂ ਦਬਦੀ ਜਾ ਰਹੀ ਸੀ। ਘੜੀਮੁੜੀ ਉਸ ਦੇ ਅੰਦਰ ਸੁਆਲ ਉਠਦਾ — ‘ਕਿੰਨਾ ਕੁ ਚਿਰ ਮੈਂ ਇਸ ਬਦਨਸੀਬ ਟੱਬਰ ਨੂੰ ਧੋਖੇ ਵਿਚ ਰੱਖੀਂ ਰਖਾਂਗਾ ? ਕੀ ਇਨ੍ਹਾਂ ਦੇ ਘਰ ਵਿਚ ਲੱਗੀ ਹੋਈ ਅੱਗ ਨੂੰ ਮੈਂ ਰੂੰ ਹੇਠ ਦਬਾਣ ਦੀ ਕੈਸ਼ਸ਼ ਨਹੀਂ ਕਰ ਰਿਹਾ ? ਪਰ ਜਦੋਂ ਇਹ ਭੇਦ ਖੁਲ੍ਹੇਗਾ ਉਦੋਂ ਫੇਰ ਇਨ੍ਹਾਂ ਦੀ ਕੀ ਹਾਲਤ ਹੋਵੇਗੀ? ਕਿਉਂ ਨਾ ਮੈਂ ਇਸ ਭੇਦ ਨੂੰ ਹੁਣੇ ਖੋਲ੍ਹ ਦਿਆਂ ? ਆਹ ! ਕੀ ਇਸ ਦੇ ਨੰਨ੍ਹੇ ਬੱਚਿਆਂ ਨੂੰ ਯਤੀਮ ਬਣਾਨ ਦਾ ਅਪਰਾਧੀ ਮੈਂ ਨਹੀਂ ਹਾਂ ? ਇਕ ਅਪਰਾਧੀ ਤੇ ਦੂਜਾ ਧੋਖੇਬਾਜ਼ ! ਲਾਹਨਤ ਹੈ ਮੇਰੇ ਜੀਣ ਨੂੰ । ਕੀ ਮੈਂ ਸੱਪ ਬਣ ਕੇ ਇਸ ਤੀਵੀਂ ਦੀ ਬੁੱਕਲ ਵਿਚ ਨਹੀਂ ਲੁਕਿਆ ਬੈਠਾ ? ਜਿਉਂ ਹੀ ਪਾਜ ਖੁਲ੍ਹਣ ਤੇ ਇਸਨੂੰ ਮੇਰੀਆਂ ਕਰਤੂਤਾਂ ਦਾ ਪਤਾ ਲਗੇਗਾ, ਇਹ ਨਫ਼ਰਤ ਦੇ ਤੀਰਾਂ ਨਾਲ ਮੇਰੀ ਨਾੜ ਨਾੜ ਵਿੰਨ੍ਹ ਸੁਟੇਗੀ – ਇਸ ਦੇ ਸਰਾਪਾਂ ਦੇ ਸੇਕ ਨਾਲ ਮੈਂ ਸੜ ਕੇ ਸੁਆਹ ਹੋ ਜਾਵਾਂਗਾ। ਆਹ ! ਪਰਮਾਤਮਾ, ਕੀ ਮੇਰੇ ਪਾਪ ਦਾ ਕੋਈ ਪ੍ਰਾਸ਼ਚਿਤ ਹੈ ?’
ਮਾਇਆ ਦੀਆਂ ਉਪਰੋਕਤ ਗੱਲਾਂ ਸੁਣਨ ਦੇ ਨਾਲ ਨਾਲ ਹੀ ਕਿਦਾਰ ਦੇ ਦਿਮਾਗ ਵਿਚ ਇਹੋ ਜਿਹੇ ਬੇਓੜਕ ਖ਼ਿਆਲ ਫਿਰਦੇ ਜਾ ਰਹੇ ਸਨ। ਮਾਇਆ ਦੇ ਸਾਹਮਣੇ ਬੈਠਾ ਉਹ ਆਪਣੇ ਆਪ ਨੂੰ ਇਕ ਭਾਰੀ ਮੁਜਰਮ ਦੇ ਰੂਪ ਵਿਚ ਅਨੁਭਵ ਕਰ ਰਿਹਾ ਸੀ। ਉਸ ਦੀਆਂ ਨਾੜਾਂ ਵਿਚ ਜਿਵੇਂ ਲਹੂ ਦੇ ਥਾਂ ਤੇਜ਼ਾਬ ਦੌਰਾ ਕਰ ਰਿਹਾ मी।
ਕਿਦਾਰ ਦੀਆਂ ਅੱਖਾਂ ਵਿਚ ਇਸ ਵੇਲੇ ਅੱਥਰੂਆਂ ਨਾਲ ਡੁਬਡੁਬਾਂ ਰਹੀਆਂ ਸਨ।
“ਤੁਸੀਂ ਫਿਰ ਰੋ ਰਹੇ ਹੋ?” ਮਾਇਆ ਨੇ ਆਪਣੀ ਗੱਲ ਖ਼ਤਮ ਕਰਨ ਤੋਂ ਬਾਅਦ ਉਸ ਦੇ ਚਿਹਰੇ ਵਲ ਤੱਕ ਦੇ ਪੁੱਛਿਆ। ਕਿਦਾਰ ਨੇ ਤਾਂ ਉਸ ਦੀ ਪੁੱਛ ਦਾ ਕੋਈ ਉੱਤਰ ਨਾ ਦਿਤਾ, ਪਰ ਮਾਇਆ ਦਾ ਦਿਲ ਅੰਦਰੋਂ ਬੋਲ ਉਠਿਆ, ‘ਆਹ ! ਵਿਚਾਰਾ ਮਾਂ ਮਹਿੱਟਰ, ਕਾਸ਼ ! ਮੈਂ ਮਾਂ ਬਣ ਕੇ ਇਸ ਦੇ ਦਿਲ ਵਿਚ ਪਏ ਟੋਏ ਨੂੰ ਭਰ ਸਕਦੀ।’
ਕਿਦਾਰ ਨੇ ਅੱਖਾਂ ਚੁੱਕੀਆਂ ਉਸਦੀਆਂ ਗੱਲ੍ਹਾਂ ਉਤੇ ਤੁਰਦੇ ਹੰਝੂਆਂ ਨੂੰ ਮਾਇਆ ਨੇ ਇਕ ਵਾਰੀ ਫੇਰ ਤੱਕਿਆ, ਤੇ ਤੱਕਦਿਆਂ ਹੀ ਉਸ ਦੀਆਂ ਅੱਖੀਆਂ ਛਲਕ ਪਈਆਂ। ਉਸ ਨੇ ਕਿਦਾਰ ਦਾ — ਇਕ ਓਪਰੇ ਗੱਭਰੂ ਦਾ — ਮੋਢਾ ਫੜ ਕੇ ਕਿਹਾ, “ਮਾਪੇ ਕਦੀ ਕਿਸੇ ਦੇ ਸਾਰੀ ਉਮਰ ਨਾਲ ਨਿਭਦੇ ਨੇ ?”
ਇਸ ਦੇ ਉੱਤਰ ਵਿਚ ਕਿਦਾਰ ਦਾ ਦਿਲ ਕਹਿ ਰਿਹਾ ਸੀ, ਜੇ ਇਹੋ ਸ਼ਬਦ ਮੈਂ ਵੀਣਾ ਨੂੰ ਕਹਾਂ, ਤੇ ਨਾਲ ਹੀ ਉਸਨੂੰ ਇਹ ਵੀ ਦਸ ਦਿਆਂ ਕਿ ‘ਵੀਣਾ ! ਤੇਰੇ ਪਿਓ ਦਾ ਖੂਨੀ ਇਸ ਵੇਲੇ ਤੈਨੂੰ ਕਹਿ ਰਿਹਾ ਹੈ ਕਿ ਮਾਪੇ ਸਾਰੀ ਉਮਰ ਨਾਲ ਨਹੀਂ ਨਿਭਦੇ’ ਤਾਂ ਉਸਦਾ ਕੀ ਹਾਲ ਹੋਵੇ ? ਕਿਦਾਰ ਨੇ ਅੱਖਾਂ ਹੋਰ ਉਚੇਰੀਆਂ ਕਰਕੇ ਪਰ੍ਹਾਂ ਖੜੋਤੀ ਵੀਣਾ ਵੱਲ ਤੱਕਿਆ। ਤੱਕਦਿਆਂ ਹੀ ਜਿਵੇਂ ਕਿਸੇ ਅਸਹਿ ਬੋਝ ਨਾਲ ਉਸ ਦੀਆਂ ਅੱਖਾਂ ਫੇਰ ਝੁਕ ਗਈਆਂ। ਅੱਥਰੂ ਬੰਦ ਹੋਣ ਦੀ ਥਾਂ ਹੋਰ ਤੇਜ਼ ਹੋ ਕੇ ਵਹਿ ਨਿਕਲੇ।
ਮਾਇਆ ਨੇ ਉਸਦਾ ਦੂਜਾ ਮੋਢਾ ਵੀ ਫੜ ਲਿਆ, ਤੇ ਦੁਹਾਂ ਮੋਢਿਆਂ ਨੂੰ ਥੋੜ੍ਹਾ ਜਿਹਾ ਆਪਣੀ ਵਲ ਖਿਚਦੀ ਹੋਈ ਬੋਲੀ, “ਤੁਸੀਂ ਮੈਨੂੰ ਹੀ ਮਾਂ ਸਮਝ ਛਡੋ — ਰੋਵੋ 어।”
ਇਕ ਨਿੱਘੇ ਸਪਰਸ਼ ਨੇ ਤੇ ਇਸ ਮਮਤਾ ਭਰੇ ਬੋਲ ਨੇ ਕਿਦਾਰ ਦੀ ਖੱਲੜੀ ਵਿਚ ਮਿੱਠੀ ਮਿੱਠੀ ਝੁਣਝੁਣੀ ਪੈਦਾ ਕਰ ਦਿਤੀ। ਅਚਿੰਤੇ ਹੀ ਉਸਦੇ ਦੋਵੇਂ ਹੱਥ ਮਾਇਆ ਦੀ ਗਰਦਨ ਤਕ ਜਾ ਛੋਹੇ — ਇਕ ਓਪਰੀ ਜ਼ਨਾਨੀ ਦੀ ਗਰਦਨ ਤਕ। ਕਿਦਾਰ ਦੀਆਂ ਅੱਖਾਂ ਬੰਦ ਸਨ, ਉਸ ਦੀ ਆਤਮਾ ਵਿਚੋਂ ਪ੍ਰਸ਼ਨ ਉਠ ਰਿਹਾ ਸੀ, ‘ਕੀ ਸਚ ਮੁਚ ਤੂੰ ਮੇਰੀ ਮਾਂ ਹੈ ?’ ਅੱਥਰੂ ਹੋਰ ਤੇਜ਼ ਹੋ ਗਏ।
ਇਧਰ ਮਾਇਆ ਦੇ ਹਿਰਦੇ ਵਿਚ ਮਾਂ-ਪੁਣਾ ਪੂਰੀ ਤਰ੍ਹਾਂ ਜਾਗ ਚੁਕਾ ਸੀ। ਉਹ ਇਕ ਵਾਰਗੀ ਭੁੱਲ ਗਈ ਕਿ ਕਿਦਾਰ ਬਿਗਾਨੀ ਸੰਤਾਨ ਹੈ। ਉਸਨੇ ਬੇ-ਅਖਤਿਆਰ ਉਸ ਨੂੰ ਦੋਹਾਂ ਬਾਹਾਂ ਵਿਚ ਘੁਟਿਆ ਹੋਇਆ ਸੀ ਤੇ ਉਸ ਦੀ ਪਿੱਠ ਨੂੰ ਪਲੋਸ ਰਹੀ ਸੀ। ਦੋਵੇਂ ਆਤਮਾਵਾਂ ਨੇੜੇ ਹੁੰਦੀਆਂ ਹੁੰਦੀਆਂ ਅਭੇਦਤਾ ਦੀ ਹੱਦ ਤੇ ਆ ਖੜੋਤੀਆਂ। ਵਾਤਸਲ ਦੇ ਗੂੜ੍ਹੇ ਰੰਗ ਵਿਚ ਰੰਗੀ ਹੋਈ ਮਾਇਆ ਜਿਨਸੀ ਭੇਦਭਾਵ ਤੋਂ ਉੱਚੀ ਹੋ ਕੇ ਮਾਤ-ਪੁਣੇ ਦੀ ਉਸ ਅਰਸ਼ੀ ਚੋਟੀ ਤੇ ਖੜੀ ਸੀ, ਜਿਸ ਦੇ ਦੁਆਲੇ ਖੰਡਾਂ ਬ੍ਰਹਿਮੰਡਾਂ ਦੀਆਂ ਉੱਚ-ਹਸਤੀਆਂ ਉਸ ਨੂੰ ਪ੍ਰਣਾਮ ਕਰ ਰਹੀਆਂ ਸਨ। ਮਾਇਆ ਇਸ ਵੇਲੇ ਇਸਤ੍ਰੀ ਤੋਂ ਅਗਾਂਹ ਵਧ ਕੇ ਜਗਤ-ਜਨਨੀ ਦੇ ਰੂਪ ਵਿਚ ਵਟ ਚੁਕੀ ਸੀ, ਜਦ ਕਿ ਇਕ ਬਿਗਾਨਾ ਪੁੱਤਰ ਉਸ ਦੀ ਛਾਤੀ ਨਾਲ ਸੀ ਤੇ ਮਾਇਆ ਦੇ ਦੁੰਹ ਮੁਤਬਰਕ ਅੰਮ੍ਰਿਤ-ਸੋਮਿਆਂ ਵਿਚ ਦੁੱਧ ਸੁਲਕ ਰਿਹਾ ਸੀ। ਮਾਇਆ ਉਸ ਵੇਲੇ ਉਹ ਪੂਜਨੀਕ ਹਸਤੀ ਸੀ ਜਿਸ ਦਾ ਸਿੱਜਦਾ ਕੀਤਿਆਂ ਕਰੋੜਾਂ ਪਾਪ ਨਸ਼ਟ ਹੋ ਜਾਣ, ਤੇ ਜਿਸ ਦੇ ਸਰਾਪ ਨਾਲ ਸਾਰਾ ਬ੍ਰਹਿਮੰਡ ਭਸਮ ਹੋ ਜਾਵੇ।
ਉਹ ਮਰਦ ਬੱਚਾ – ਉਹ ਸਦੀਵੀ ਇਸਤ੍ਰੀ ਦਾ ਬਾਲਕ — ਕਿਦਾਰ ਭੁੱਲ ਗਿਆ ਕਿ ਇਸ ਵੇਲੇ ਉਹ ਕਿਸ ਦੀ ਛਾਤੀ ਨਾਲ ਹੈ। ਮਾਂ ਦੀ, ਜਾਂ ਉਸ ਦੀ, ਜਿਸ ਦੇ ਸਰੀਰ ਨਾਲ ਛੋਹਣਾ ਵੀ ਉਸ ਲਈ ਅਨਹੋਣੀ ਗੱਲ ਸੀ। ਉਸਨੇ ਮਾਇਆ ਨੂੰ ਘੁਟ ਲਿਆ। ਉਸ ਦਾ ਸਿਰ, ਜਿਹੜਾ ਅੱਜੇ ਤਕ ਮਾਇਆ ਦੀ ਹਿੱਕ ਨਾਲ ਸੀ, ਅੱਥਰੂਆਂ ਨਾਲ ਉਸ ਦੇ ਹਟਕੋਰਿਆਂ ਵਿਚੋਂ “ਮ – ਮਾਂ — ਮਾਂ” ਸ਼ਬਦ ਬਾਰ ਬਾਰ ਇਕ ਅੰਞਾਣੇ ਬੱਚੇ ਵਾਂਗ ਨਿਕਲ ਰਿਹਾ ਸੀ।
ਉਧਰ ਵੀਣਾ ਸਿਰ ਤੇ ਖੜੀ ਇਸ ਅਨੋਖੇ ਦ੍ਰਿਸ਼ ਨੂੰ ਵੇਖ ਕੇ ਵਿਸਮਯ ਦੀ ਵਾਦੀ ਵਿਚ ਗੁਆਚੀ ਹੋਈ ਸੀ। ਉਸ ਦੀਆਂ ਅੱਖਾਂ ‘ਚੋਂ ਤ੍ਰਿਪ ਤ੍ਰਿਪ ਹੰਝੂ ਵਹਿ ਰਹੇ ਸਨ। ਕਮਰੇ ਵਿਚ ਇਕ ਵਿਸਮਾਦੀ ਜਿਹੀ ਹਾਲਤ ਛਾਈ ਹੋਈ ਸੀ।
ਅਖ਼ੀਰ ਚਾਰੇ ਬਾਹਾਂ ਨਿਖੜੀਆਂ। ਬਿਨਾਂ ਇਕ ਵੀ ਸ਼ਬਦ ਮੂੰਹੋਂ ਕਿਹਾਂ, ਮਾਇਆ ਕਿਸੇ ਖ਼ਾਮੋਸ਼ ਬੋਲੀ ਵਿਚ ਕਿਦਾਰ ਨੂੰ ਕਹਿ ਰਹੀ ਸੀ, ‘ਕਿਦਾਰ ! ਕੀ ਮੈਂ ਤੇਰੀ ਮਾਂ ਦੀ ਘਾਟ ਪੂਰੀ ਨਹੀਂ ਕਰ ਸਕਦੀ ?’
ਤੇ ਸ਼ਾਇਦ ਕਿਦਾਰ ਦੀ ਆਤਮਾ ਵੀ ਬਰਾਬਰ ਇਸੇ ਤਰ੍ਹਾਂ ਦਾ ਪ੍ਰਸ਼ਨ ਕਰ ਰਹੀ ਸੀ, ‘ਓ ਬਿਗਾਨੀ ਮਾਂ। ਕੀ ਇਸ ਓਪਰੇ ਪੁੱਤਰ ਨੂੰ ਸਚ ਮੁਚ ਅਪਨਾ ਸਕੇਂਗੀ ?’
8
ਇਕ ਤੋਂ ਬਾਅਦ ਦੂਜਾ, ਤੇ ਦੂਜੇ ਤੋਂ ਬਾਅਦ ਤੀਜਾ ਮਹੀਨਾ ਬੀਤ ਗਿਆ, ਪਰ ਪੰਨਾ ਲਾਲ ਨਹੀਂ ਮੁੜਿਆ। ਘਰ ਦਿਆਂ ਦਾ ਸਬਰ ਹੁਣ ਓੜਕ ਦੇ ਬੰਨੇ ਨੂੰ ਛੁਹ ਰਿਹਾ ਸੀ। ਹੁਣ ਤੀਕ ਤਾਂ ਕਿਸੇ ਤਰ੍ਹਾਂ ਕਿਦਾਰ ਆਨੇ ਬਹਾਨੇ ਪਾ ਕੇ ਵਕਤ ਨੂੰ ਧੱਕਾ ਦੇਂਦਾ ਚਲਾ ਆਇਆ ਸੀ, ਪਰ ਝੂਠ ਦਾ ਤਾਣਾ ਪੇਟਾ ਆਖ਼ਰ ਕਿਥੋਂ ਤੀਕ ਫੈਲਦਾ। ਪੰਨਾ ਲਾਲ ਦੇ ਨਾਉਂ ਹੇਠ ਬਨਾਵਟੀ ਚਿੱਠੀਆਂ ਲਿਖ-ਲਿਖ ਕੇ ਉਹ ਮਾਇਆ ਨੂੰ ਵਿਖਾਂਦਾ ਰਹਿੰਦਾ, ਜਿਨ੍ਹਾਂ ਵਿਚ ਪੰਨਾ ਲਾਲ ਵਲੋਂ ਅੱਜੇ ਨਾ ਆ ਸਕਣ ਬਾਰੇ ਕਈ ਤਰ੍ਹਾਂ ਦੀਆਂ ਅੜਚਨਾਂ ਪੇਸ਼ ਕਰਕੇ ਜਲਦੀ ਹੀ ਮੁੜ ਆਉਣ ਦੀਆਂ ਉਮੀਦਾਂ ਬੰਨ੍ਹਾਈਆਂ ਹੁੰਦੀਆਂ ਸਨ।
ਕਿਦਾਰ ਦਾ ਦਿਲ ਹਰ ਵੇਲੇ ਘੁਣ ਖਾਧੀ ਲੱਕੜੀ ਵਾਂਗ ਪੰਨਾ ਲਾਲ ਦੀ ਚਿੰਤਾ ਵਿਚ ਭੁੱਗਾ ਹੁੰਦਾ ਜਾ ਰਿਹਾ ਸੀ। ਉਸ ਦੇ ਦਿਲ ਨੂੰ ਕੁਝ ਇਸ ਤਰ੍ਹਾਂ ਦਾ ਯਕੀਨ ਹੋ ਗਿਆ ਸੀ ਕਿ ਪੰਨਾ ਲਾਲ ਨੇ — ਜਿਵੇਂ ਉਸ ਨੂੰ ਚਿੱਠੀ ਵਿਚ ਲਿਖਿਆ ਸੀ — ਆਪਣੀ ਜ਼ਿੰਦਗੀ ਖ਼ਤਮ ਕਰ ਲਈ ਹੋਵੇਗੀ, ਜਿਸ ਦਾ ਖ਼ੂਨ ਉਸ ਦੇ ਹੀ ਸਿਰ ਹੈ, ਤੇ ਇਸ ਮਹਾਂ ਪਾਪ ਦੇ ਬਦਲੇ ਖ਼ਬਰੇ ਕੁਦਰਤ ਉਸ ਨੂੰ ਕਿੱਡੀ ਕੁ ਭਾਰੀ ਸਜ਼ਾ ਦੇਵੇਗੀ।
ਉਸ ਨੇ ਅੰਦਰਖ਼ਾਨੇ ਕਈਆਂ ਅਖ਼ਬਾਰਾਂ ਵਿਚ ਇਨਾਮ ਰਖਕੇ ਪੰਨਾ ਲਾਲ ਦੀ ਢੂੰਡ ਬਾਬਤ ਇਸ਼ਤਿਹਾਰ ਕਢਾਏ, ਪਰ ਇਸ ਦਾ ਅੱਜ ਤੀਕ ਕੁਝ ਵੀ ਸਿੱਟਾ ਨਾ ਨਿਕਲਿਆ। ਕਈ ਵਾਰੀ ਉਹ ਸੋਚਦਾ ਖ਼ਬਰੇ ਉਹ ਅਜੇ ਤੀਕ ਜਿਉਂਦਾ ਹੀ ਹੋਵੇ ‘ ਪਰ ਸੁਆਲ ਤਾਂ ਇਹ ਹੈ ਕਿ ਏਡੀ ਵਡੀ ਦੁਨੀਆਂ ਵਿਚ ਗੁਆਚੇ ਆਦਮੀ ਨੂੰ ਜੇ ਕੋਈ ਢੂੰਡੇ ਤਾਂ ਕਿਸ ਤਰ੍ਹਾਂ ।’ ਤੇ ਬਾਰ ਬਾਰ ਉਹ ਇਸੇ ਨਤੀਜੇ ਤੇ ਅੱਪੜਦਾ, ‘ਨਹੀਂ, ਉਸ ਨੇ ਜ਼ਰੂਰ ਕਿਤੇ ਦੂਰ ਪਰਦੇਸ ਜਾ ਕੇ ਖੁਦਕਸ਼ੀ ਕਰ ਲਈ ਹੋਵੇਗੀ। ਉਸ ਵਰਗਾ ਜਜ਼ਬਾਤੀ ਤੇ ਦੁਖੀ ਆਦਮੀ ਕਿਸ ਤਰ੍ਹਾਂ ਜਿਊਂਦਾ ਰਹਿ ਸਕਦਾ ਹੈ, ਜਦ ਕਿ ਉਸ ਨੂੰ ਪਤਾ ਸੀ ਕਿ ਉਸਦੀ ਗੈਰ-ਮੌਜੂਦਗੀ ਵਿਚ ਉਸਦੇ ਟੱਬਰ ਦੀ ਕੀ ਹਾਲਤ ਹੋਵੇਗੀ।
ਆਮ ਨਜ਼ਰ ਨਾਲ ਵੇਖਦਿਆਂ ਕਿਦਾਰ ਇਸ ਵੇਲੇ ਸੁਖੀ ਤੇ ਤਸੱਲੀ ਭਰਪੂਰ ਸੀ। ਮਾਇਆ ਤੇ ਉਸ ਦੇ ਬੱਚਿਆਂ ਦਾ ਰੱਜਵਾਂ ਪਿਆਰ ਉਸਨੂੰ ਪ੍ਰਾਪਤ ਸੀ, ਖ਼ਾਸ ਕਰ ਕੇ ਵੀਣਾ ਦਾ ਪਿਆਰ ਤਾਂ ਦਿਨੋਂ ਦਿਨ ਵਾਧੇ ਤੇ ਸੀ। ਤੇ ਏਦੂੰ ਵੀ ਵੱਡੀ ਗੱਲ ਕਿ ਮਾਇਆ ਇਸ ਵੇਲੇ ਰੁਪਏ ‘ਚੋਂ ਸੋਲ੍ਹਾਂ ਆਨੇ ਉਸ ਲਈ ਮਾਂ ਦੇ ਰੂਪ ਵਿਚ ਬਦਲ ਚੁਕੀ ਸੀ, ਉਸ ਪਾਸੋਂ ਜੇ ਕੋਈ ਪੁੱਛਦਾ ਕਿ ਤੇਰੇ ਕਿੰਨੇ ਲੜਕੇ ਨੇ, ਤੇ ਉਹ ਦੋਂਹ ਦੀ ਥਾਂ ਤਿੰਨ ਦਸਦੀ। ਉਧਰ ਅਤਰ ਸਿੰਘ ਦੀ ਤਾਂ ਪੁੱਛੋ ਹੀ ਨਾ। ਉਸ ਨੂੰ ਕਿਦਾਰ ਕੀ ਲੱਭਾ, ਸੋਨੇ ਦੀ ਖਾਣ ਮਿਲ ਗਈ। ਕਿਦਾਰ ਦੀ ਰਾਹੀਂ ਇਸ ਵੇਲੇ ਉਸ ਨੂੰ ਆਪਣੇ ਕੰਮ ਤੋਂ ਛੁੱਟ ਘੜੀਸਾਜ਼ੀ ਦੇ ਕੰਮ ਵਿਚੋਂ ਘਟੋ ਘਟ ਡੇਢ ਸੌ ਰੁਪਏ ਮਹੀਨੇ ਦਾ ਲਾਭ ਸੀ, ਉਸ ਨੇ ਕਿਦਾਰ ਦੀ ਤਨਖ਼ਾਹ ਵਿਚ ਹੋਰ ਵੀ ਦਸਾਂ ਰੁਪਿਆਂ ਦਾ ਵਾਧਾ ਕਰ ਦਿਤਾ।
ਪਰ ਇਤਨੀਆਂ ਸਹੂਲਤਾਂ ਤੇ ਆਰਾਮ ਦੇ ਹੁੰਦਿਆਂ ਵੀ ਕੀ ਕਿਦਾਰ ਵਾਸਤਵ ਵਿਚ ਸੁਖੀ ਸੀ ? — ਕੀ ਉਸ ਦਾ ਦਿਲ ਸ਼ਾਂਤ ਸੀ ? ਜੇ ਅਜਿਹਾ ਹੁੰਦਾ ਤਾਂ ਕਿਉਂ ਉਸ ਦਾ ਰੰਗ ਦਿਨੋਂ ਦਿਨ ਪੀਲਾ ਹੁੰਦਾ ਜਾਂਦਾ ? ਪੰਨਾ ਲਾਲ ਦਾ ਉਹ ਚਿੱਠੀ ਵਾਲਾ ਸਰਾਪ ਦਿਨੋਂ ਦਿਨ ਡਰਾਉਣੀਆਂ ਤੇ ਸਿਰ ਪਾੜਵੀਆਂ ਅਵਾਜ਼ਾਂ ਬਣ ਕੇ ਉਸ ਦੇ ਅੰਦਰ ਗੂੰਜ ਰਿਹਾ ਸੀ।
ਇਧਰ ਹਰ ਚੌਥੇ ਪੰਜਵੇਂ ਦਿਨ ਮਾਇਆ, ਇਕ ਲੰਮੀ ਚੌੜੀ ਚਿੱਠੀ ਵੀਣਾ ਪਾਸੋਂ ਲਿਖਾ ਕੇ ਕਿਦਾਰ ਨੂੰ ਦੇਂਦੀ, ਪਰ ਇਹ ਸਭ ਚਿੱਠੀਆਂ ਡਾਕ ਵਿਚ ਪੈਣ ਦੀ ਥਾਂ ਕਿਦਾਰ ਦੇ ਟਰੰਕ ਵਿਚ ਜਮ੍ਹਾਂ ਹੁੰਦੀਆਂ ਜਾ ਰਹੀਆਂ ਸਨ। ਭਾਵੇਂ ਕਿਦਾਰ ਹਰ ਮਹੀਨੇ ਤਨਖ਼ਾਹ ਵਿਚੋਂ ਪੰਜ ਚਾਰ ਰੁਪਈਏ ਰਖ ਕੇ ਬਾਕੀ ਸਾਰੀ ਰਕਮ ਮਾਇਆ ਨੂੰ ਪੰਨਾ ਲਾਲ ਦੀ ਤਨਖ਼ਾਹ ਆਖ ਕੇ ਦੇ ਦੇਂਦਾ ਸੀ, ਪਰ ਜਿਹੜੀ ਵੀਣਾ ਦੇ ਰਿਸ਼ਤੇ ਬਾਬਤ ਉਲਝਣ ਅੱਜੇ ਤੀਕ ਜਿਉਂ ਦੀ ਤਿਉਂ ਖੜੀ ਸੀ, ਉਹ ਉਸਦੀ ਚਿੰਤਾ ਵਿਚ ਹਰ ਵੇਲੇ ਘੁਲਦੀ ਰਹਿੰਦੀ ਸੀ।
ਕਿਦਾਰ ਰਹਿੰਦਾ ਆਪਣੇ ਮਕਾਨ ਵਿਚ ਸੀ, ਪਰ ਰੋਟੀ ਉਹ ਪੰਨਾ ਲਾਲ ਦੇ ਘਰ ਹੀ ਖਾਂਦਾ ਸੀ। ਪਿਛੇ ਜਿਹੇ ਉਸ ਨੂੰ ਮਰੋੜ ਲਗ ਗਏ ਸਨ, ਤੇ ਜਦ ਮਾਇਆ ਨੂੰ ਪਤਾ ਲਗਾ ਕਿ ਇਸ ਬੀਮਾਰੀ ਦਾ ਕਾਰਨ ਬਾਜ਼ਾਰੀ ਰੋਟੀ ਹੈ, ਉਸ ਨੇ ਕਹਿ ਕਹਾ ਕੇ ਕਿਦਾਰ ਦੀ ਰੋਟੀ ਆਪਣੇ ਨਾਲ ਕਰ ਲਈ। ਉਸ ਦਿਨ ਦੀ ਕਿਦਾਰ ਦੇ ਰੋਣ ਵਾਲੀ ਘਟਨਾ ਤੋਂ ਬਾਅਦ ਉਸਦੀ ਸਾਂਝ ਇਸ ਘਰ ਵਿਚ ਹੋਰ ਡੂੰਘੇਰੀ ਹੋ ਗਈ ਸੀ, ਤੇ ਹੁੰਦੀ ਹੁੰਦੀ ਇਹ ਇਸ ਵੇਲੇ ਪੂਰੀ ਤਰ੍ਹਾਂ ਅਪਣਤ ਵਿਚ ਬਦਲ ਚੁਕੀ ਸੀ। ਮਾਇਆ ਦੇ ਘਰ ਦਾ ਕੋਈ ਭੇਦ ਹੁਣ ਉਸ ਪਾਸੋਂ ਗੁੱਝਾ ਨਹੀਂ ਸੀ, ਕੇਵਲ ਇਸ ਦੇ ਸਾਕ ਵਾਲੀ ਇਕ ਗੱਲ, ਜਿਹੜੀ ਅੱਜੇ ਤੀਕ ਮਾਇਆ ਨੇ ਉਸ ਨੂੰ ਨਹੀਂ ਸੀ ਦੱਸੀ। ਹੁਣ ਤਕ ਮਾਇਆ ਨੇ ਕਈ ਵਾਰੀ ਚਾਹਿਆ ਕਿ ਉਹ ਕਿਦਾਰ ਨੂੰ ਸਾਰੀ ਗੱਲ ਦਸਕੇ ਉਸ ਪਾਸੋਂ ਪਤਾ ਕਰੇ ਕਿ ਬੰਬਈ ਜਾਣ ਤੋਂ ਪਹਿਲਾਂ ਉਸ ਦੇ ਪਤੀ ਨੇ ਸਰਦਾਰ ਨੂੰ ਏਸ ਬਾਰੇ ਕੁਝ ਕਿਹਾ ਸੀ ਕਿ ਨਹੀਂ। ਪਰ ਅੱਜੇ ਤਕ ਉਸ ਦਾ ਹੀਆ ਨਹੀਂ ਪੈ ਸਕਿਆ। ਅਖੀਰ ਇਕ ਦਿਨ ਗੱਲਾਂ ਕੱਥਾਂ ਦਾ ਵਹਾਉ ਏਸੇ ਪਾਸੇ ਵਹਿ ਕੇ ਮਾਇਆ ਦੇ ਮੂੰਹੋਂ ਇਹ ਭੇਦ ਵੀ ਸਹਿਜ ਸੁਭਾਉ ਹੀ ਉਗਲਿਆ ਗਿਆ।
ਸ਼ਾਮ ਨੂੰ ਜਦ ਕਿਦਾਰ ਹੱਟੀਓਂ ਆਇਆ ਤਾਂ ਆਉਂਦਾ ਹੀ ਮਾਇਆ ਦੇ ਕਮਰੇ ਵਿਚ ਆ ਬੈਠਾ। ਮਾਇਆ ਇਸ ਵੇਲੇ ਨਿੱਕੇ ਕਾਕੇ ਨੂੰ ਸੁਆ ਕੇ ਵਿਹਲੀ ਹੋਈ ਸੀ, ਵੀਣਾ ਚੌਂਕੇ ਵਿਚ ਸੀ। ਕਿਦਾਰ ਰੋਜ਼ ਹੀ ਇਸ ਵੇਲੇ ਝਟ ਘੜੀ ਮਾਇਆ ਪਾਸ ਬੈਠ ਕੇ ਫੇਰ ਆਪਣੇ ਮਕਾਨ ਵਲ ਜਾਂਦਾ ਸੀ।
ਮਾਇਆ ਨੇ ਅੱਜ ਫੇਰ ਡੂੰਘੀ ਨਜ਼ਰ ਉਸ ਦੇ ਚਿਹਰੇ ਤੇ ਸੁਟਦਿਆਂ ਕਿਹਾ, *ਕਿਦਾਰ (ਉਹ ਹੁਣ ਇਸੇ ਤਰ੍ਹਾਂ ਉਸ ਨੂੰ ਸੰਬੋਧਨ ਕਰਦੀ ਸੀ) ਇਕ ਗੱਲ ਪੁੱਛਾ ਤੇਰੇ ਤੋਂ ?” “ਪੁੱਛੇ ਬੇ ਜੀ” (ਕਿਦਾਰ ਉਸ ਨੂੰ ‘ਬੀਬੀ ਜੀ’ ਦੇ ਥਾਂ ਹੁਣ ‘ਬੇ ਜੀ’ ਕਹਿ ਕੇ ਬੁਲਾਂਦਾ ਸੀ ।)
“ਸੱਚੋ ਸੱਚ ਦਸੇਂਗਾ ?”
“ਤੇ ਅੱਗੇ ਕਦੀ ਝੂਠ ਬੋਲਿਐ ਤੁਹਾਡੇ ਅੱਗੇ, ਬੇ ਜੀ ? ” ਪਰ ਅੰਦਰੋਂ ਕਿਦਾਰ ਦਾ ਦਿਲ ਕੰਬ ਉਠਿਆ। ਇਕ ਤਾਂ ਇਸ ਗੱਲੋਂ ਕਿ ਪਤਾ ਨਹੀਂ ਇਹ ਕੀ ਪੁੱਛ ਬਹੇ, ਤੇ ਦੂਜਾ ਉਸ ਦੇ ਦਿਲ ਨੇ ਆਵਾਜ਼ ਦਿਤੀ ਤੂੰ ਸੱਚ ਕਦੋਂ ਬੋਲਿਆ ਹੈ।
“ਤੂੰ ਹਰ ਵੇਲੇ ਉਦਾਸ ਉਦਾਸ ਕਿਉਂ ਰਹਿਨਾ ਏਂ ਕਿਦਾਰ ? ਤੈਨੂੰ ਕਿਸੇ ਕਿਸਮ ਦੀ ਚਿੰਤਾ ਵੇ ?”
“ਨਹੀਂ ਬੇ ਜੀ, ਤੁਹਾਡੇ ਵਰਗੀ ਮਾਂ ਜਿਸ ਦੀ ਹੋਵੇ, ਉਸ ਨੂੰ ਭਲਾ ਚਿੰਤਾ ਕਿਸੇ ਗੱਲ ਦੀ ਹੋ ਸਕਦੀ ਏ ?”
“ਫਿਰ ਤੂੰ ਕਿਉਂ ਹਰ ਵੇਲੇ ਇਸ ਤਰ੍ਹਾਂ ਨਿਮੋਝੂਣਾ ਰਹਿਨਾਂ ਵੇਂ ?”
“ਕੁਝ ਵੀ ਨਹੀਂ ਬੇ ਜੀ — ਐਵੇਂ ਤੁਹਾਨੂੰ ਭਰਮ ਏ। ਇਹ ਸੁਆਲ ਤੇ ਸਗੋਂ ਮੈਂ ਹੀ ਤੁਹਾਡੇ ਉਤੇ ਕਰਨਾ ਸੀ । ਤੁਸੀਂ ਜੁ ਹਰ ਵੇਲੇ ਠੰਡੇ ਸਾਹ ਭਰਦੇ ਰਹਿੰਦੇ ਓ। ਕਈ ਵਾਰੀ ਸਲਾਹ ਕੀਤੀ ਕਿ ਤੁਹਾਡੇ ਕੋਲੋਂ ਪੁੱਛਾਂ, ਪਰ ਪੁੱਛ ਨਹੀਂ ਸਕਿਆ।”
“ਮੈਂ ਤੇਰੇ ਵਾਂਗ ਮੁਕਰਦੀ ਨਹੀਂ ਕਿਦਾਰ। ਮੇਰੇ ਦਿਲ ਨੂੰ ਸੱਚ ਮੁਚ ਇਕ ਭਾਰੀ ਚਿੰਤਾ ਲੱਗੀ ਹੋਈ ਏ। ਮੈਂ ਤੈਨੂੰ ਦਸ ਦਿਆਂਗੀ, ਪਰ ਪਹਿਲਾਂ ਤੂੰ ਤੇ ਦਸ ਆਪਣੀ गॅल।”
“ਮੇਰੇ ਦਿਲ ਵਿਚ ਬਿਲਕੁਲ ਕੋਈ ਚਿੰਤਾ ਨਹੀਂ ਬੇ ਜੀ, ਤੁਸੀਂ ਯਕੀਨ ਕਰੋ।”
“ਕਿਦਾਰ ! ਤੂੰ ਮੇਰਾ ਪੁੱਤਰ ਨਹੀਂ ?”
ਕਿਦਾਰ ਤ੍ਰਭਕ ਪਿਆ। ਉਹ ਮਾਇਆ ਦੀਆਂ ਮਮਤਾ ਉਛਾਲੀਆਂ ਅੱਖਾਂ ਵਿਚ ਤੱਕ ਕੇ ਬੋਲਿਆ, “ਜਿਸ ਦਿਨ ਕਿਦਾਰ ਨੂੰ ਯਕੀਨ ਹੋ ਜਾਵੇਗਾ ਕਿ ਬੇ ਜੀ ਉਸ ਨੂੰ ਪੁੱਤਰ ਨਹੀਂ ਸਮਝਦੇ, ਉਸ ਦਿਨ ਕਿਦਾਰ ਇਸ ਦੁਨੀਆਂ ਵਿਚ ਇਕ ਘੜੀ ਵੀ ਜੀਉਂਦਾ ਨਹੀ ਰਹਿ ਸਕੇਗਾ।”
“ਭਗਵਾਨ ਉਹ ਵੇਲਾ ਨਾ ਲਿਆਵੇ,” ਕਹਿੰਦਿਆਂ ਕਹਿੰਦਿਆਂ ਮਾਇਆ ਨੇ ਅੱਜ ਫੇਰ ਓਦਨ ਵਾਂਗ ਕਿਦਾਰ ਨੂੰ ਸੀਨੇ ਨਾਲ ਘੁਟ ਲਿਆ ਤੇ ਫੇਰ ਆਪਣੇ ਸੁਆਲ ਨੂੰ ਦੁਹਰਾਉਣ ਲੱਗੀ, “ਸੱਚ ਆਖਨਾਂ ਵੇਂ ਕਿਦਾਰ, ਤੇਰੇ ਦਿਲ ਨੂੰ ਕੋਈ ਚਿੰਤਾ ਨਹੀਂ ?”
“ਬਿਲਕੁਲ ਨਹੀਂ। ਬੇ ਜੀ, ਬਿਲਕੁਲ ਨਹੀਂ। ਤੁਸੀਂ ਇਸ ਵਹਿਮ ਨੂੰ ਦਿਲੋਂ ਕੱਢ ਛੱਡੋ।” ਪਰ ਕਿਦਾਰ ਦੀ ਸਾਰੀ ਕੋਠੀ ਕੰਬ ਉਠੀ, ਜਿਸ ਤਰ੍ਹਾਂ ਆਪਣੇ ਵਿਤੋਂ ਚੌਣਾ ਭਾਰ ਚੁੱਕਣ ਲੱਗਾ ਕੋਈ ਕੰਬ ਉਠਦਾ ਹੈ।
“ਫਿਰ ਤੇਰਾ ਚਿਹਰਾ ਕਿਉਂ ਉਤਰਦਾ ਜਾਂਦੈ ਦਿਨੋ ਦਿਨ ? ਸਚ ਦਸ ਕਿਦਾਰ ਕੀ ਮੈਂ ਤੈਨੂੰ ਉਹ ਪਿਆਰ ਨਹੀਂ ਦੇ ਸਕੀ, ਜਿਹੜਾ ਤੈਨੂੰ ਆਪਣੀ ਮਾਂ ਕੋਲੋਂ ਮਿਲਦਾ मी ?”
“ਦੁਨੀਆਂ ਦੀ ਕੋਈ ਮਾਂ ਇਸ ਤੋਂ ਵਧੀਕ ਪਿਆਰ ਕਿਸੇ ਪੁੱਤਰ ਨੂੰ ਨਹੀਂ ਦੇ ਸਕਦੀ ਬੇ ਜੀ, ਜਿੰਨਾ ਤੁਸੀਂ ਮੈਨੂੰ ਦੇ ਰਹੇ ਓ।”
“ਝੂਠ ਨਾ ਬੋਲ ਕਿਦਾਰ ! ਜੇ ਇਹ ਗੱਲ ਹੁੰਦੀ ਤਾਂ ਤੈਨੂੰ ਆਪਣੀ ਮਾਂ ਦਾ ਦੁੱਖ ਹੁਣ ਭੁੱਲ ਗਿਆ ਹੁੰਦਾ।”
“ਬੇ ਜੀ, ਤੁਸੀਂ ਕੀ ਕਹਿ ਰਹੇ ਓ ? ਦੁੱਖ ਭੁੱਲਣ ਜਾਂ ਨਾ ਭੁੱਲਣ ਦਾ ਤੇ ਸੁਆਲ ਹੀ ਪੈਦਾ ਨਹੀਂ ਹੋ ਸਕਦਾ, ਜਦ ਕਿ ਮੇਰੀ ਮਾਂ ਸਵੱਰਗ ਵਿਚੋਂ ਵਾਪਸ ਆ ਗਈ। ਕੌਣ ਕਹਿੰਦੈ ਉਹ ਮਰ ਗਈ ਏ । ਮੇਰੀ ਮਾਂ … ਮੇਰੀ ਮਾਂ ….. ਮੇਰੇ ……. ਕੋਲ ਏ” ਕਹਿੰਦਿਆਂ ਕਹਿੰਦਿਆਂ ਕਿਦਾਰ ਦਾ ਸਿਰ ਇਕ ਵਾਰੀ ਫੇਰ ਮਾਇਆ ਦੇ ਸੀਨੇ ਨਾਲ ਭੀਚਿਆ ਗਿਆ।
ਮਾਇਆ ਦਾ ਦਿਲ ਮੰਨਣੋਂ ਇਨਕਾਰੀ ਸੀ, ਪਰ ਉਹ ਇਹ ਵੀ ਜਾਣਦੀ ਸੀ ਕਿ ਜਿਹੇ ਜਿਹਾ ਸਮਾਂ ਉਸ ਦੇ ਸਾਹਮਣੇ ਇਸ ਵੇਲੇ ਬੱਝਾ ਹੋਇਆ ਸੀ, ਇਸ ਫਿਜ਼ਾ ਵਿਚ ਕਿਸੇ ਦੇ ਮੂੰਹੋਂ ਝੂਠ ਨਿਕਲ ਹੀ ਨਹੀਂ ਸਕਦਾ ਫਿਰ ਕਿਦਾਰ ਵਰਗੇ ਨੌਜਵਾਨ ਦੇ ਮੂੰਹੋਂ ? ਇਹ ਤਾਂ ਉਸ ਦੇ ਭਾਣੇ ਉਕਾ ਅਨਹੋਣੀ ਗੱਲ ਸੀ— ਉਸ ਨੂੰ ਕਿਦਾਰ ਦੀ ਸਚਾਈ ਅੱਗੇ ਸਿਰ ਝੁਕਾਣਾ ਹੀ ਪਿਆ, ਭਾਵੇਂ ਮਜਬੂਰ ਹੋ ਕੇ ਸਹੀ।
“ਹੁਣ ਤੁਸੀਂ ਦਸੋ ਬੇ ਜੀ” ਕਿਦਾਰ ਅੰਦਰ ਖੁਤ ਖੁਤੀ ਪੈਦਾ ਹੋ ਰਹੀ ਸੀ। ਇਸ ਦੇ ਉੱਤਰ ਵਿਚ ਮਾਇਆ ਨੇ ਜੋ ਕੁਝ ਦਸਿਆ, ਸੁਣ ਕੇ ਕਿਦਾਰ ਦੇ ਅੰਦਰ ਜਿਵੇਂ ਹਨੇਰੀ ਝੁੱਲ ਪਈ। ਉਸ ਦੇ ਚਿਹਰੇ ਤੇ ਪਿਲੱਤਣ ਹੋਰ ਗੂੜ੍ਹੀ ਹੋ ਗਈ।
ਆਪਣੇ ਦਿਲ ਦੀ ਅਸਹਿ ਪੀੜ ਕਿਦਾਰ ਅਗੇ ਪ੍ਰਗਟ ਕਰਦੀ ਹੋਈ ਮਾਇਆ ਕਹਿੰਦੀ ਗਈ, “ਸਤਾਂ ਪੀਹੜੀਆਂ ਤੋਂ ਲੈ ਕੇ ਸਾਡਾ ਘਰਾਣਾ ਮੰਨਿਆ ਦੰਨਿਆ ਸੀ। ਲੋਕੀਂ ਸਾਡਾ ਨਾਂ ਲੈ ਕੇ ਪੰਧ ਪੈਂਦੇ ਸਨ, ਪਰ ਨਸੀਬਾਂ ਐਸੀ ਹਾਰ ਦਿਤੀ ਕਿ ਦਿਨਾਂ ਵਿਚ ਸਭ ਕੁਝ ਛੂੰਹ ਫਾਂਹ ਹੋ ਗਿਆ। ਜਿਸ ਦਿਨ ਵੀਣਾ ਦੇ ਸਹੁਰੇ ਵਲੋਂ ਇਨਕਾਰ ਦੀ ਚਿੱਠੀ ਆਈ ਸੀ, ਵੀਣਾ ਦਾ ਭਾਪਾ ਉਸ ਵੇਲੇ ਢਿੱਗੀ ਢਾਹ ਬੈਠਾ। ਆਖ ਵੇਖ ਕੇ ਮੈਂ ਉਹਦਾ ਹਠ ਬੰਨ੍ਹਾਇਆ ਤੇ ਇਕ ਵਿਉਂਤ ਦਸੀ, ਪਈ ਜੇ ਸਰਦਾਰ ਕੋਲੋਂ ਥੋੜ੍ਹੀ ਬਹੁਤ ਮਦਦ ਮਿਲ ਜਾਵੇ ਤਾਂ ਖੌਰੇ ਇੱਜ਼ਤ ਬਚ ਜਾਵੇ । ਪਰ ਉਹ ਉਸੇ ਦਿਨ ਬੰਬਈ ਚਲਾ ਗਿਆ। ਗੱਲ ਵਿਚ ਈ ਰਹਿ ਗਈ। ਭਾਵੇਂ ਤੱਤ ਭੜੱਤਿਆਂ ਵੀਣਾ ਦੇ ਸਹੁਰਿਆਂ ਵਲੋਂ ਉਮੀਦ ਤੇ ਕੋਈ ਨਹੀਂ, ਪਰ ਫਿਰ ਵੀ ਹਰ ਵੇਲੇ ਇਹੋ ਝੋਰਾ ਖਾਈ ਜਾਂਦੈ, ਪਈ ਜੇ ਇਕ ਵਾਰੀ ਆਪ ਜਾ ਕੇ ਉਨ੍ਹਾਂ ਦੇ ਪੈਰੀਂ ਹੱਥੀਂ ਪੈਂਦੀ ਤਾਂ ਖ਼ਬਰੇ ਮੰਨ ਈ ਜਾਂਦੇ । ਅਜੇ ਤਕ ਇਹ ਗੱਲ ਕਿਸੇ ਕੰਨੀਂ ਨਹੀਂ ਪਈ, ਜੇ ਸ਼ਰੀਕੇ ਵਿਚ ਗੱਲ ਨਿਕਲ ਗਈ ਤਾਂ ਮੈਂ ਕਿੱਥੇ ਮੂੰਹ ਲੁਕਾਵਾਂਗੀ।”
ਕਿਦਾਰ ਦੇ ਸਰੀਰ ਵਿਚ ਲਹੂ ਜੰਮਦਾ ਜਾ ਰਿਹਾ ਸੀ। ਮਾਇਆ ਦੇ ਚਿਹਰੇ ਤੇ ਨਾ-ਉਮੀਦੀ ਤੇ ਪਰੇਸ਼ਾਨੀ ਦੀ ਡੂੰਘੀ ਛਾਂ ਵੇਖ ਕੇ ਬੋਲਿਆ, “ਤੇ ਫਿਰ ਤੁਸੀਂ ਗਏ ਕਿਉਂ ਨਹੀਂ। ਬੇ ਜੀ ? ਇਕ ਵਾਰੀ ਹੋ ਆਉਂਦੇ ਤਾਂ ਕੀ ਹਰਜ ਸੀ।”
ਡੂੰਘੀ ਚਿੰਤਾ ਹੇਠ ਦੱਬੀ ਹੋਣ ਤੇ ਵੀ ਮਾਇਆ ਦਾ ਹਾਸਾ ਨਿਕਲ ਗਿਆ, “ਤੂੰ ਕਿਦਾਰ, ਭੋਲੀਆਂ ਗੱਲਾਂ ਕਰਨਾ ਵੇ। ਕਿਹੜਾ ਮੂੰਹ ਲੈ ਕੇ ਜਾਵਾਂ ਉਨ੍ਹਾਂ ਕੋਲ, ਇਹ रम।”
“ਤਾਂ ਤੁਹਾਡਾ ਖ਼ਿਆਲ ਦਾਜ ਘੱਟ ਮਿਲਣ ਦੇ ਡਰੋਂ ਹੀ ਉਨ੍ਹਾਂ ਨੇ ਸਾਕ ਛੱਡਿਐ ?”
“ਇਹ ਤੇ ਸਾਫ਼ ਦਿਸਦਾ ਪਿਆ ਏ।”
“ਭਲਾ ਜੇ ਤੁਸੀਂ ਉਨ੍ਹਾਂ ਨੂੰ ਚੰਗਾ ਚੋਖਾ ਦੇ ਸਕਣ ਦੀ ਉਮੀਦ ਦਿਵਾਉ ਤਾਂ ਕੀ ਤੁਹਾਡਾ ਖ਼ਿਆਲ ਏ ਉਹ ਮੰਨ ਲੈਣਗੇ ?”
“ਇਹੋ ਸੋਚ ਕੇ ਤੇ ਓਦਣ ਵੀਣਾ ਦੇ ਭਾਪੇ ਨੂੰ ਤੋਰਿਆ, ਪਰ ਮੁੜ ਕੇ ਉਸ ਨਾਲ ਗੱਲਾਂ ਕਰਨ ਦਾ ਮੌਕਾ ਈ ਨਾ ਮਿਲਿਆ। ਚਿੱਠੀਆਂ ਵਿਚ ਵੀ ਇਕ ਦੋ ਵਾਰੀ ਇਸ਼ਾਰੇ ਦੇ ਤੌਰ ਤੇ ਲਿਖ ਘੱਲਿਆ ਸੀ, ਪਰ ਉਸ ਨੇ ਏਸ ਗੱਲ ਦੇ ਜਵਾਬ ਵਿਚ ਕੁਝ ਨਹੀਂ ਲਿਖਿਆ।”
ਕਿਦਾਰ ਦਿਲ ਹੀ ਦਿਲ ਵਿਚ ਉਨ੍ਹਾਂ ਚਿੱਠੀਆਂ ਦੀ ਪੜਚੋਲ ਕਰ ਰਿਹਾ ਸੀ, ਜਿਹੜੀਆਂ ਵੀਣਾ ਪਾਸੋਂ ਲਿਖਾ ਕੇ ਮਾਇਆ ਉਸ ਨੂੰ ਦੇਂਦੀ ਰਹੀ ਸੀ, ਇਕ ਦੋ ਸਤਰਾਂ ਯਾਦ ਆਈਆਂ, “ਸਰਦਾਰ ਪਾਸੋਂ ਕੀ ਜਵਾਬ ਮਿਲਿਆ ….. ਤੁਸਾਂ ਉਸ ਕੰਮ ਬਾਰੇ ਕੋਈ ਬੰਦੋਬਸਤ ਕੀਤਾ ……”ਫਿਰ ਕਿਦਾਰ ਨੂੰ ਇਹ ਵੀ ਸਮਝ ਆ ਗਈ ਕਿ ਮਾਇਆ ਨੇ ਉਹ ਮਜ਼ਮੂਨ ਬੁਝਾਰਤੀ ਢੰਗ ਨਾਲ ਕਿਉਂ ਲਿਖਿਆ ਸੀ, ਤੇ ਵੀਣਾ ਨੂੰ ਅਸਲ ਗੱਲ ਦਾ ਭੇਤ ਦਸਣਾ ਨਹੀ ਸੀ ਚਾਹੁੰਦੀ।
ਮਾਇਆ ਦੇ ਦਿਲ ਦੇ ਅਸਹਿ ਦੁਖ ਨੂੰ ਮਹਿਸੂਸ ਕਰਦਿਆਂ ਕਿਦਾਰ ਨੇ ਕਿਹਾ, “ਹੱਛਾ ਇਹ ਦਸੋ ਬੇ ਜੀ, ਪਈ ਕਿੰਨੇ ਕੁ ਰੁਪਿਆਂ ਨਾਲ ਇਹ ਕੰਮ ਸਿਰੇ ਚੜ੍ਹ ਸਕਦਾ प्टे?”
ਠੰਡਾ ਸਾਹ ਭਰ ਕੇ ਮਾਇਆ ਬੋਲੀ, “ਕੀ ਦਸਾਂ ਕਿਦਾਰ, ਅੱਜ ਕਲ੍ਹ ਮੁੰਡਿਆਂ ਦੇ ਮਾਪੇ ਤਾਂ ਇਹ ਚਾਹੁੰਦੇ ਨੇ ਕਿ ਕੁੜੀ ਵਾਲੇ ਸਾਰਾ ਝੁਗਾ ਚੁਕ ਕੇ ਉਨ੍ਹਾਂ ਦੇ ਈ ਹਵਾਲੇ ਕਰ ਦੇਣ, ਪਰ ਇਧਰ ਘਰ ਦੀ ਇਹ ਹਾਲਤ ਏ ਕਿ ਨਾ ਨੌਂ ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ । ਹੋਣ ਨੂੰ ਤਾਂ ਜਿੰਨਾ ਹੋਵੇ ਥੋੜ੍ਹਾ ਏ ਪਰ ਹਜ਼ਾਰ ਬਾਰਾਂ ਸੌ ਤਾਂ ਹੋਣਾ ਚਾਹੀਦਾ ਏ, ਏਸੇ ਕਰ ਕੇ ਵੀਣਾ ਦੇ ਭਾਪੇ ਨੂੰ ਕਿਹਾ ਸੀ, ਪਈ ਭੰਨਘੜ ਜਿਹੜਾ ਥੋੜਾ ਬਹੁਤਾ ਮੇਰੇ ਕੋਲ ਹੈ, ਵੇਚ ਸੁਟਾਂਗੀ, ਬਾਕੀ ਜੇ ਪੰਜ ਸੱਤ ਸੌ ਦੀ ਮਦਦ ਸਰਦਾਰ ਕਰ ਦੇ ‘ਦਾ, ਤਾਂ ਇੱਜ਼ਤ ਬਚ ਈ ਜਾਂਦੀ ।” ਮਾਇਆ ਨੇ ਫੇਰ ਹਾਉਕਾ ਭਰਿਆ, ਜਿਹੜਾ ਉਸ ਦੇ ਅੰਦਰ ਉਠ ਰਹੇ ਅਰਮਾਨਾਂ ਦਾ ਗੁਆਹ ਸੀ।
“ਤਾਂ ਬੇ ਜੀ” ਕਿਦਾਰ ਦੀ ਆਵਾਜ਼ ਚੜ੍ਹਦੀਆਂ ਕਲਾਂ ਵਿਚ ਸੀ, “ਤੁਸੀਂ ਕਿਸੇ ਦਿਨ ਚਲੇ ਜਾਓ ਖਾਂ ਗੁੱਜਰਖ਼ਾਨ। ਏਨੇ ਕੁ ਦਾ ਇੰਤਜ਼ਾਮ ਹੋ ਜਾਵੇਗਾ, ਮੈਂ ਤੁਹਾਨੂੰ ਅਕੀਨ ਦਿਵਾਨਾਂ ।”
ਕਿਦਾਰ ਦੇ ਮੂੰਹੋਂ ਇਹ ਵਾਕ ਸੁਣ ਕੇ ਜਿਵੇਂ ਮਾਇਆ ਦੇ ਦਿਲ ਤੋਂ ਹਜ਼ਾਰਾਂ ਮਣਾਂ ਦਾ ਭਾਰ ਉਤਰ ਗਿਆ। ਉਸ ਨੇ ਅੱਖਾਂ ਚੁਕ ਕੇ ਕਿਦਾਰ ਵਲ ਤੱਕਿਆ, ਕੁਝ ਕਹਿਣ ਲਈ ਜ਼ਬਾਨ ਖੋਲ੍ਹਣੀ ਚਾਹੀ, ਪਰ ਪਿਆਰ ਤੇ ਅਹਿਸਾਨਮੰਦੀ ਦੀ ਗਹਿਰਾਈ ਵਿਚ ਡੁੱਬੀ ਉਸ ਦੀ ਜ਼ਬਾਨ ਨੇ ਕੋਈ ਹਰਕਤ ਨਾ ਕੀਤੀ। ਉਸ ਦੀਆਂ ਅੱਖਾਂ ਨੂੰ ਹੀ ਜ਼ਬਾਨ ਦਾ ਕੰਮ ਕਰਨਾ ਪਿਆ, ਜਿਨ੍ਹਾਂ ਵਿਚ ਕੇਵਲ ਥੋੜ੍ਹੀ ਜਿਹੀ ਨਮੀ ਆਈ, ਤੇ ਮੁੜ ਝੁਕ ਗਈਆਂ। ਪਰ ਕਿਦਾਰ ਮਾਇਆ ਦੇ ਮਨੋ-ਭਾਵਾਂ ਨੂੰ ਉਸ ਦੇ ਚਿਹਰੇ ਤੋਂ ਨਹੀਂ ਸੀ ਪੜ੍ਹ ਰਿਹਾ, ਉਸ ਦੀ ਨਜ਼ਰ ਇਸ ਵੇਲੇ ਆਪਣੇ ਜੀਵਨ ਦੇ ਉਸ ਸਹਿਰਾ ਵਿਚ ਫਿਰ ਰਹੀ ਸੀ, ਜਿਥੇ ਉਸ ਦਾ ਇਕ ਨਵ-ਪੁੰਗਰਦੀ ਆਸ ਦਾ ਦੀਵਾ ਟਿਮ- ਟਿਮਾ ਰਿਹਾ ਸੀ, ਜਿਸ ਨੂੰ ਬੁਝਾਉਣ ਲਈ ਦੂਰੋਂ ਹਵਾ ਦਾ ਇਕ ਤੇਜ਼ ਬੁੱਲ੍ਹਾ ਰਵਾਂ ਰਵੀਂ ਉਡਦਾ ਆਉਂਦਾ ਉਸ ਨੂੰ ਦਿਸ ਰਿਹਾ ਸੀ।
9
ਸਵੇਰੇ ਮਾਇਆ ਦੇ ਗੁਜਰਖ਼ਾਨ ਜਾਣ ਤੋਂ ਬਾਅਦ ਵੀਣਾ ਨੀਯਤ ਵਕਤ ਤੇ ਕਿਦਾਰ ਦੇ ਕਮਰੇ ਵਿਚ ਪਹੁੰਚੀ। ਰੋਜ਼ ਇਸ ਵੇਲੇ ਇਕ ਘੰਟੇ ਲਈ ਪੜ੍ਹਾਈ ਕਰਨ ਆਉਂਦੀ ਹੁੰਦੀ ਸੀ।
ਅੱਗੇ ਹਮੇਸ਼ਾਂ ਕਿਦਾਰ ਇਸ ਵੇਲੇ ਤਕ ਅਸ਼ਨਾਨ ਪਾਣੀ ਤੋਂ ਵਿਹਲਾ ਹੋ ਜਾਂਦਾ ਸੀ, ਪਰ ਅੱਜ ਵੀਣਾ ਨੇ ਉਸ ਨੂੰ ਚੱਦਰ ਵਿਚ ਮੂੰਹ ਸਿਰ ਲਪੇਟੀ ਮੰਜੇ ਤੇ ਲੰਮਾ ਪਿਆ। ਵੇਖਿਆ।
“ਭਰਾ ਜੀ” ਉਹ ਹੁਣ ‘ਮਾਸਟਰ ਜੀ’ ਦੇ ਥਾਂ ਉਸ ਨੂੰ ‘ਭਰਾ ਜੀ’ ਕਰ ਕੇ ਸੱਦਦੀ ਸੀ। ਅਵਾਜ਼ ਸੁਣਦਿਆਂ ਹੀ ਕਿਦਾਰ ਉਠ ਬੈਠਾ। ਉਸਦੇ ਪਰੇਸ਼ਾਨ ਚਿਹਰੇ ਅਤੇ ਬੇ-ਨੀਂਦੀਆਂ ਅੱਖਾਂ ਉਤੇ ਨਜ਼ਰ ਪੈਂਦਿਆਂ ਹੀ ਵੀਣਾ ਡਰ ਗਈ। ਉਸ ਨੇ ਪੁਛਿਆ, “ਕਿਉਂ ਕੀ ਗਲ ਏ?”
ਕਿਦਾਰ ਨੇ ਇਕ ਦੋ ਉਬਾਸੀਆਂ ਲਈਆਂ, ਫਿਰ ਉਸੇ ਤਰ੍ਹਾਂ ਉਠ ਕੇ ਚੰਦਰ ਦੀ ਬੁਕੱਲ ਵਿਚ ਬੈਠ ਗਿਆ, ਤੇ ਵੀਣਾ ਉਤੇ ਉਸ ਪ੍ਰਸ਼ਨ ਕੀਤਾ, “ਬੇ ਜੀ ਚਲੇ ਗਏ ठे?”
“ਹਾਂ ਹੁਣੇ ਈ ਗਏ ਨੇ”, ਵੀਣਾ ਉਸ ਦੇ ਪਾਸ ਬੈਠਦੀ ਹੋਈ ਬੋਲੀ, “ਮੈਂ ਪੁਛਿਆ ਵੇ ਤੁਹਾਡੇ ਕੋਲੋਂ?”
“ਕੁਝ ਨਹੀਂ, ਐਵੇਂ ਸਿਰ ਨੂੰ ਕੁਝ ਪੀੜ ਹੁੰਦੀ ਸੀ . … ਤੇ ਬੇ ਜੀ ਅੱਜ ਸ਼ਾਮ ਨੂੰ ਮੁੜ ਆਉਣਗੇ?”
“ਪਤਾ ਨਹੀਂ !”
“ਪਤਾ ਨਹੀਂ ? ਤੈਨੂੰ ਨਹੀਂ ਪਤਾ ਤੇ ਹੋਰ ਕਿਸ ਨੂੰ ਪਤਾ ਏ ?”
“ਤੁਹਾਨੂੰ ਪਤਾ ਹੋਵੇਗਾ।”
“ਮੈਨੂੰ ? ਸੁਦੈਣ ਨਾ ਹੋਵੇ ਤੇ। ਕੰਮ ਤੇਰੇ ਗਏ ਨੇ, ਤੇ ਪਤਾ ਮੈਨੂੰ ?”
ਵੀਣਾ ਕੁਝ ਝੇਂਪ ਗਈ। ਉਸ ਨੇ ਅੱਖਾਂ ਨੀਵੀਆਂ ਪਾ ਲਈਆਂ। ਇਧਰ ਕਿਦਾਰ ਨੇ ਮਹਿਸੂਸ ਕੀਤਾ ਜਿਵੇਂ ਉਹਦੇ ਮੱਥੇ ਦੀਆਂ ਕੁਝ ਨਾੜਾਂ ਇਕ ਦੂਜੀ ਵਿਚ ਉਲਝ ਰਹੀਆਂ ਹਨ।
“ਹੱਛਾ ਪੜ੍ਹਾਓ ਮੈਨੂੰ” ਬਸਤਾ ਖੋਲ੍ਹਦੀ ਹੋਈ ਵੀਣਾ ਬੋਲੀ, “ਅੱਗੇ ਈ ਚਿਰ ਹੋ ਗਿਆ ਏ ਸਕੂਲ ਨੂੰ। ਵਿਦੋ ਸੜਿਦੋ ਤੇ ਦੁਪਹਿਰਾਂ ਤੋੜੀ ਉਠਣ ਦਾ ਨਾਂ ਨਹੀਂ ਲੈਂਦੀ। ਪਰਭਾਤ ਵੇਲੇ ਦੀ ਉਠੀ ਆਂ, ਪਹਿਲਾਂ ਬਹਾਰੀ ਬਹੁਕਰ ਕੀਤੀ, ਕੋਠੇ ਤੋਂ ਵਿਛਾਈਆਂ ਲਾਹੀਆਂ। ਫਿਰ ਬੇ ਜੀ ਜੋਗੀ ਰੋਟੀ ਪਕਾਈ, ਉਨ੍ਹਾਂ ਨੂੰ ਖੁਆ ਪਿਆ ਕੇ ਤੋਰਿਆ ਤੇ ਬਾਲਾਂ ਨੂੰ ਨੁਹਾ ਧੁਆ ਕੇ ਹੁਣ ਕਿਧਰੇ ਮਸੇ ਮਸੇ ਵਿਹਲੀ ਹੋਈ ਆਂ, ਅਜੇ ਆਪਣੀ ਕੰਘੀ ਕੁੰਘੀ ਫੇਰਨੀ ਰਹਿੰਦੀ ਐ। ਮੈਂ ਆਖਿਆ ਪਹਿਲਾਂ ਜੁਮੈਟਰੀ ਦੇ ਕਲ੍ਹ ਵਾਲੇ ਸੁਆਲ ਸਮਝ ਆਵਾਂ, ਨਾਲੇ ਟ੍ਰਾਂਸਲੇਸ਼ਨ ਵੀ ਤੁਹਾਨੂੰ ਵਿਖਾ ਲਵਾਂ”, ਕਹਿੰਦਿਆਂ ਕਹਿੰਦਿਆਂ ਵੀਣਾ ਨੇ ਆਪਣੇ ਸਿਰ ਦੇ ਅਣਵਾਹੇ ਵਾਲਾਂ ਨੂੰ ਹੱਥ ਦੀ ਤਹਿ ਨਾਲ ਠੀਕ ਕਰਨਾ ਸ਼ੁਰੂ ਕੀਤਾ।
ਕਿਦਾਰ ਨੇ ਸੁਆਲ ਸਮਝਾਣੇ ਸ਼ੁਰੂ ਕੀਤੇ, ਪਰ ਗਲਤ ਮਲਤ
“ਕਿਉਂ ਭਰਾ ਜੀ” ਕੰਮ ਕਰਦਿਆਂ ਜਦ ਵੀਣਾ ਦੇ ਕੰਨੀ ਠੰਢਾ ਸਾਹ ਭਰਨ ਦੀ ਆਵਾਜ਼ ਪਈ, ਤਾਂ ਉਸਨੇ ਇਕ ਵਾਰੀ ਫੇਰ ਕਿਦਾਰ ਦੇ ਉਤਰੇ ਹੋਏ ਚਿਹਰੇ ਤੇ ਉਸ ਦੀ ਨਿਰਾਸ ਤੱਕਣੀ ਨੂੰ ਜਾਂਚਦਿਆਂ ਪੁੱਛਿਆ, “ਦਸਦੇ ਕਿਉਂ ਨਹੀਂ, ਕੀ ਗੱਲ ਏ ਅੱਜ ?”
“ਕੁਝ ਨਹੀਂ” ਕਿਦਾਰ ਨੇ ਆਪਣੇ ਆਪ ਨੂੰ ਸੰਭਾਲਦਿਆਂ ਕਿਹਾ।
“ਨਾ ਦਸੋ, ਮੈਂ ਕੀ ਲੈਣਾ ਏ ਪੁਛ ਕੇ” ਵੀਣਾ ਦੀ ਆਵਾਜ਼ ਵਿਚ ਦਾਈਏ ਭਰਿਆ ਨਹੋਰਾ ਸੀ। ਕਿਦਾਰ ਦੀ ਚੁਪ ਨੇ ਉਸ ਨੂੰ ਹੋਰ ਤੌਖਲੇ ਵਿਚ ਪਾ ਦਿਤਾ। ਉਸ ਨੇ ਮੁੜ ਆਪਣੇ ਪ੍ਰਸ਼ਨ ਨੂੰ ਦੁਹਰਾਇਆ। ਜਦ ਫੇਰ ਵੀ ਕਿਦਾਰ ਦੇ ਹੋਠ ਨਾ ਖੁਲ੍ਹੇ ਤਾਂ ਉਸਨੇ ਕਾਪੀ ਭੁੰਜੇ ਪਟਕ ਦਿਤੀ ਤੇ ਉਸ ਦਾ ਹੱਥ ਫੜਕੇ ਹਿਲਾਂਦੀ ਹੋਈ ਬੋਲੀ, “ਨਹੀਂ ਦਸੋਗੇ ?”
“ਤਾਂ ਕੀ” ਕਿਦਾਰ ਨੇ ਜੁਮੈਟਰੀ ਦੀ ਕਿਤਾਬ ਰਖ ਦਿਤੀ, “ਤੂੰ ਮੈਨੂੰ ਅੱਜੇ ਤਕ ਪਰਾ ਈ ਸਮਝ ਰਹੀ ਏਂ ?”
“ਮੈਂ ?” ਵੀਣਾ ਨੇ ਉਸ ਦੇ ਮੋਢੇ ਨਾਲ ਸਿਰ ਜੋੜ ਕੇ ਕਿਹਾ, “ਤੁਸੀਂ ਦਿਲੋਂ ਪਏ ਕਹਿੰਦੇ ਓ ?”
‘ਤੇ ਹੋਰ ਕੀ।”
“ਜਾਓ ਮੈਂ ਨਹੀਂ ਬੋਲਣਾ ਤੁਹਾਡੇ ਨਾਲ”, ਕਹਿੰਦੀ ਹੋਈ ਵੀਣਾ ਉਠ ਖਲੋਤੀ । ਜਿਉਂ ਹੀ ਨਿਉਂ ਕੇ ਕਿਤਾਬਾਂ ਸਮੇਟਣ ਲਗੀ, ਕਿਦਾਰ ਨੇ ਉਸਨੂੰ ਬਾਹੋਂ ਖਿਚ ਕੇ ਹੋਰ ਬਿਠਾ ਲਿਆ ਤੇ ਕਹਿਣ ਲਗਾ, “ਜੇ ਤੂੰ ਵੀਣੀ, ਮੈਨੂੰ ਓਪਰਾ ਨਾ ਸਮਝਦੀਓਂ ਆ ਏਨੀ ਕੁ ਗੱਲ ਦਾ ਜੁਆਬ ਨਾ ਦੇਂਦੀਓਂ ?”
“ਕਿਹੜੀ ਗੱਲ ਦਾ ?” ਵੀਣਾ ਨੇ ਮੁੜ ਆਪਣੀ ਥਾਂ ਤੇ ਬੈਠ ਕੇ ਪੁਛਿਆ। ਉਸ ਨੂੰ ਗੱਲ ਭੁਲ ਹੀ ਗਈ ਸੀ।
“ਇਹੋ, ਜਿਹੜਾ ਮੈਂ ਪੁਛਿਆ ਸੀ, ਪਈ ਬੇ ਜੀ ਕਦੋਂ ਮੁੜਨਗੇ।”
“ਲਓ ਭਲਾ ਇਹ ਵੀ ਕੋਈ ਪੁਛਣ ਵਾਲੀ ਗੱਲ ਸੀ ?”
“ਗੱਲ ਹੈ ਸੀ, ਤਾਹੀਏਂ ਤੇ ਮੈਂ ਪੁਛਿਆ ਸੀ — ਤੇ ਤਾਹੀਏਂ ਤੂੰ ਦਸਿਆ ਨਹੀਂ।”
“ਜੇ ਦਸ ਦਿਆਂ ਤਾਂ ਖੁਸ਼ ਹੋ ਜਾਓਗੇ ?”
“ਉਹ ਕਲ੍ਹ ਸਵੇਰੇ ਸਾਢੇ ਦਸ ਦੀ ਗੱਡੀ ਆਉਣਗੇ । ਕਹਿੰਦੇ ਸਨ ਰਾਤ ਵਾਲੀ ਗੱਡੀ ਕਿਤੇ ਦਸ ਵਜੇ ਪਹੁੰਚਦੀ ਏ, ਕਿਥੇ ਔਖੀ ਹੁੰਦੀ ਫਿਰਾਂਗੀ – ਬਸ ? ਹੁਣ ਤੇ ਅਸੈ ਨਹੀਂ ਓ ਨਾ ? ਇਤਨੀ ਕੁ ਗੱਲ ਦਾ ਤੇ ਮੈਨੂੰ ਵੀ ਪਤਾ ਸੀ ਕਿ ਰਾਤ ਦੀ ਗੱਡੀ ਉਨ੍ਹਾਂ ਨਹੀਂ ਮੁੜਨਾ, ਕਿਉਂਕਿ ਗੱਡੀ ਕੁਵੇਲੇ ਪਹੁੰਚਦੀ ਏ ?”
“ਮੈਂ ਤੇ ਇਹ ਪੁੱਛਣਾ ਸੀ ਪਈ ਗੁਜਰਖ਼ਾਨ ਕਿਸ ਕੰਮ ਗਏ ਨੇ ?” ਐਤਕੀਂ ਹੋਰ ਕਿਦਾਰ ਨੂੰ ਆਪਣੇ ਮੱਥੇ ਦੀਆਂ ਨਾੜਾਂ ਵਿਚ ਉਸੇ ਤਰ੍ਹਾਂ ਦਾ ਅਨੁਭਵ ਹੋਇਆ। ਉਧਰ ਵੀਣਾ ਦਾ ਸਿਰ ਅੱਗੇ ਵਾਂਗ ਫੇਰ ਝੁਕ ਗਿਆ, ਜਿਸ ਨੂੰ ਵੇਖ ਕੇ ਕਿਦਾਰ ਨੇ ਫੇਰ ਤਾਹਨੇ ਦਾ ਤੀਰ ਛਡਿਆ, “ਤਾਂਹੀਏ ਤੇ ਮੈਂ ਕਹਿਨਾ ਵਾਂ ਕਿ ਤੂੰ ਮੈਨੂੰ ਅੱਜ ਤਕ ਓਪਰਾ ਸਮਝਨੀ ਏਂ।”
“ਪਤਾ ਜੇ !” ਕਿਦਾਰ ਦੀ ਬਾਂਹ ਨੂੰ ਡਾਉਲੇ ਤੋਂ ਫੜਕੇ ਆਪਣੇ ਨਾਲ ਘੁਟਦਿਆਂ ਹੋਇਆ ਵੀਣਾ ਬੋਲੀ, “ਇਹ ਗਲ ਕਹਿ ਕੇ ਤੁਸੀਂ ਮੇਰੇ ਨਾਲ ਕਿੰਨੀ ਬੇਨਿਸਾਫ਼ੀ ਕਰ ਰਹੇ ਓ ? ……… ਪਰ ਭਰਾ ਜੀ, ਇਕ ਕੀ ! ਤੁਸੀਂ ਕੰਬ ਕਿਉਂ ਰਹੇ ਜੋ ?”
“ਕੌਣ …. ਮੈਂ … ” ਕਹਿੰਦਿਆਂ ਕਹਿੰਦਿਆਂ ਕਿਦਾਰ ਨੇ ਅੱਖਾਂ ਬੰਦ ਕਰ ਲਈਆਂ ਤੇ ਸਹਿਜ ਨਾਲ ਬਾਂਹ ਉਸ ਪਾਸੋਂ ਛੁਡਾ ਲਈ।
ਦੋ ਤਿੰਨ ਮਿੰਟ ਕਮਰੇ ਵਿਚ ਚੁੱਪ ਛਾਈ ਰਹੀ। ਦੋਹਾਂ ਦੀਆਂ ਅੱਖਾਂ ਇਕ ਉੱਤੇ ਗੱਡੀਆਂ ਰਹੀਆਂ। ਦਾ
“ਹੈ” ਕੁਝ ਡਰ ਕੇ, ਕੁਝ ਘਬਰਾ ਕੇ ਵੀਣਾ ਮੁੜ ਉਸ ਦਾ ਹੱਥ ਫੜਦੀ ਹੈ। ਬੋਲੀ, ਅੱਜ ਤੁਸੀਂ ਭਰਾ ਜੀ, ਕਿਸ ਤਰ੍ਹਾਂ ਦੀਆਂ ਬੇਥਵੀਆਂ ਗੱਲਾਂ ਕਰ ਰਹੇ ਓ ਤੁਹਾਡੀਆਂ ਅੱਖਾਂ ਅੱਜ ਕੀਕਣ ਦੀਆਂ ਹੁੰਦੀਆਂ ਜਾਂਦੀਆਂ ਨੇ ?”
“ਕੀਕਣ ਦੀਆਂ ?”
“ਪਤਾ ਨਹੀਂ ਡਰੌਣੀਆਂ ਜਿਹੀਆਂ !”
ਕਿਦਾਰ ਜਿਵੇਂ ਆਪਣੇ ਆਪ ਪਾਸੋਂ ਪੁਛ ਰਿਹਾ ਸੀ, ‘ਕੀ ਸਚਮੁਚ ਮੇਰੀਆਂ ਅੱਖ ਵਿਚੋਂ ਵੀਣਾ ਨੂੰ ਇਹੋ ਜਿਹਾ ਭਰਮ ਪਿਆ ਹੈ ?’ ਇਹੋ ਸੋਚਦਾ ਹੋਇਆ ਉਹ ਉਠ ਖੜੋਤਾ ਤੇ ਕਮਰੇ ਵਿਚ ਟਹਿਲਦਾ ਹੋਇਆ ਵੀਣਾ ਨੂੰ ਕਹਿਣ ਲਗਾ, “ਅੱਜ ਤਬੀਅ ਠੀਕ ਨਹੀਂ ਵੀਣਾ। ਸਿਰ ਨੂੰ ਸਖ਼ਤ ਪੀੜ ਹੋ ਰਹੀ ਏ, ਪੜ੍ਹਾਈ ਸ਼ਾਮ ਨੂੰ ਸਹੀ।” ਪਰ ਅੱਜੇ ਤਕ ਉਸ ਦਾ ਦਿਲ ਜਿਵੇਂ ਵੀਣਾ ਉਤੇ ਕਈ ਤਰ੍ਹਾਂ ਦੇ ਪ੍ਰਸ਼ਨ ਕਰ ਰਿਹਾ ਸੀ, ‘ਕੀ ਤੈਨੂੰ ਵਿਆਹ ਦਾ ਚਾਉ ਹੈ ?….. ਪਰ ਜੇ ਤੇਰੇ ਸਹੁਰਿਆਂ ਨੇ ਤੈਨੂੰ ਪ੍ਰਵਾਨ ਨਾ ਕੀਤਾ …. ਜੇ ਤੇਰੀ ਮਾਂ ਨਿਰਾਸ ਮੁੜੀ ….. ਜੇ … ਜੇ…. ਜੇ..’ ਪਰ ਉਹ ਵੀਣਾ ਪਾਸੋਂ ਕੁਝ ਵੀ ਨਾ ਪੁਛ ਸਕਿਆ।
ਜਾਣ ਲਗਿਆਂ ਵੀਣਾ ਬੋਲੀ, “ਚੰਗਾ, ਤੁਸੀਂ ਨਹਾ ਧੋ ਕੇ ਤਿਆਰ ਹੋਵੋ, ਤੇ ਮੈਂ ਚਾਹ ਬਣਾ ਕੇ ਵਿੱਦੋ ਹੱਥ ਭੇਜਨੀ ਆਂ। ਚਾਹ ਪੀਣ ਨਾਲ ਤਬੀਅਤ ਠੀਕ ਹੈ ਜਾਵੇਗੀ। ਬਹੁਤੀ ਤਬੀਅਤ ਖ਼ਰਾਬ ਜੇ ਤਾਂ ਅੱਜ ਕੰਮ ਤੇ ਨਾ ਜਾਓ। ਕਹੋ ਤਾਂ ਬਸੰਤ ਹੱਥ ਸੁਨੇਹਾ ਭੇਜ ਦੇਨੀ ਆਂ ਹੱਟੀ ਤੇ।”
“ਨਹੀਂ, ਇਨੀ ਬਹੁਤੀ ਖ਼ਰਾਬ ਨਹੀਂ। ਹਾਂ, ਚਾਹ ਦਾ ਇਕ ਪਿਆਲ ਭੇਜ ਦਈ” ਕਹਿ ਕੇ ਕਿਦਾਰ ਗੁਸਲਖ਼ਾਨੇ ਵਿਚ ਚਲਾ ਗਿਆ, ਤੇ ਵੀਣਾ ਕਿਤਾਬ ਸਮੇਟ ਕੇ ਨਿਕਲ ਗਈ।
ਨਹਾਣ ਤੋਂ ਬਾਅਦ ਜਦ ਉਸ ਨੇ ਬਾਹਰ ਨਿਕਲ ਕੇ ਸ਼ੀਸ਼ੇ ਵਿਚ ਆਪਣਾ ਚਿਹਰਾ ਵੇਖਿਆ ਤਾਂ ਉਸਨੂੰ ਡਰ ਆਉਣ ਲਗ ਪਿਆ। ਉਸ ਨੂੰ ਮਲੂਮ ਹੋਇਆ ਜਿਵੇਂ ਉਹ ਕਿਸੇ ਮੁਰਦੇ ਦੀ ਸ਼ਕਲ ਵੇਖ ਰਿਹਾ ਹੈ। ਉਸਨੇ ਝਟਪਟ ਸ਼ੀਸ਼ੇ ਵਲੋਂ ਮੂੰਹ ਮੋੜ ਲਿਆ ਤੇ ਜਲਦੀ ਜਲਦੀ ਕਪੜੇ ਪਾ ਕੇ ਬਾਹਰ ਨਿਕਲ ਗਿਆ। ਬੂਹਾ ਉਸੇ ਤਰ੍ਹਾਂ ਚੌੜ ਚੁਪੱਟ ਖੁਲ੍ਹਾ ਰਹਿ ਗਿਆ। ਬੰਦ ਕਰਨ ਦਾ ਉਸ ਨੂੰ ਚੇਤਾ ਨਹੀਂ ਰਿਹਾ।
ਦੁਕਾਨ ਤੇ ਪਹੁੰਚ ਕੇ ਉਸ ਨੇ ਖ਼ਿਆਲ ਕੀਤਾ ਕਿ ਕੰਮਕਾਰ ਵਿਚ ਰੁਝ ਕੇ ਉਸ ਦਾ ਮਨ ਕੁਝ ਸ਼ਾਂਤ ਤੇ ਸਥਿਰ ਹੋ ਜਾਵੇਗਾ, ਪਰ ਜਿਉਂ ਜਿਉਂ ਵਕਤ ਬੀਤਦਾ ਆ, ਉਸ ਦੀ ਬੇ-ਆਰਮੀ ਵਧਦੀ ਗਈ। ਉਹ ਮੁਰੰਮਤ ਵਾਲੇ ਕੇਸ ਅੱਗੇ ਬੈਠਾ ਸੀ । ਇਕ ਘੜੀ ਖੋਲ੍ਹ ਕੇ ਉਸਨੇ ਉਹਦੇ ਪੁਰਜ਼ੇ ਸਾਫ਼ ਕੀਤੇ, ਪਰ ਫਿੱਟ ਕਰਨ ਤੋਂ ਪਹਿਲੋਂ ਹੀ ਉਸਦੇ ਮਨ ਦੇ ਪੁਰਜ਼ੇ ਖਿਲਰਨੇ ਰੂ ਹੋ ਗਈ। ਉਹ ਆਪਣੇ ਆਪ ਦੀ ਇਸ ਤਰ੍ਹਾਂ ਪੜਚੋਲ ਕਰ ਰਿਹਾ ਸੀ – ‘ਕੀ ਮੈ ਪਾਪੀ ਨਹੀਂ ?’ ਪਾਪੀ ਤੋਂ ਛੁਟ ਵਿਸ਼ਵਾਸਘਾਤੀ, ਖ਼ੁਦਗਰਜ਼ ਵੀ ਤੇ ਗੱਦਾਰ ਵੀ ? ਕੀ ਜਿਸ ਨੂੰ ਮੈਂ ਆਪਣੀ ਧਰਮ ਦੀ ਮਾਂ ਕਹਿ ਚੁਕਾ ਹਾਂ, ਉਸ ਦੀ ਲੜਕੀ ਮੇਰੇ ਲਈ ਭੈਣ ਤੋਂ ਬਿਨਾਂ ਕੁਝ ਹੋਰ ਵੀ ਹੋ ਸਕਦੀ ਹੈ ? ਕੀ ਮੈਂ ਇਸ ਘਰ ਵਿਚ ਔਰ ਬਣ ਕੇ ਵੜਿਆ ਸਾਂ – ਡਾਕਾਜ਼ਨੀ ਕਰਨ ਲਈ ? ਕਿਸੇ ਦੀ ਜ਼ਿੰਦਗੀ ਬਰਬਾਦ ਕਰਨ ਲਈ?
‘ਵੀਣਾ, ਕਿਉਂ ਇਹ ਇਤਨੀ ਛੇਤੀ ਛੇਤੀ ਮੇਰੇ ਖ਼ਿਆਲਾਂ ਵਿਚ ਫੈਲਦੀ ਜਾ ਰਹੀ ਹੈ ? ਕੀ ਮੈਂ ਉਸ ਨੂੰ ਚਾਹੁੰਦਾ ਹਾਂ ? -— ਉਸਨੂੰ ਪਿਆਰ ਕਰਦਾ ਹਾਂ ? ਪਰ — ਇਹ ਪਿਆਰ ਕਿਹੋ ਜਿਹਾ ਅਸਰ ਕਰ ਰਿਹਾ ਹੈ ਮੇਰੇ ਉਤੇ ? ਕੀ ਪਿਆਰ ਵਿਚ ਅੱਗ ਹੁੰਦੀ ਹੈ ? ਜੇ ਨਹੀਂ ਤਾਂ ਵੀਣਾ ਦਾ ਖ਼ਿਆਲ ਆਉਂਦਿਆਂ ਹੀ ਮੇਰੀ ਨਾੜ ਨਾੜ ਵਿਚ ਕੋਈ ਤਲਖ਼ ਜਿਹਾ ਸੁਆਦ – ਮਿੱਠਾ, ਪਰ ਹਲਕਾਇਆ ਜਿਹਾ ਜਨੂੰਨ — ਲੂਹਣ ਵਾਲੀ ਜਲਣ — ਇਹ ਕਿਉਂ ? ਕੀ ਇਹ ਪਿਆਰ ਦਾ ਅਸਰ ਹੈ ? ਤਾਂ ਤੇ ਪਿਆਰ ਬਹੁਤ ਛੇਤੀ ਆਦਮੀ ਨੂੰ ਸਾੜ ਸੁਟਦਾ ਹੋਵੇਗਾ। ਉਛ, ਕੋਈ ਸਮਝਾਏ ਮੈਨੂੰ ਇਹ ਘੁੰਡੀ ! ਜੇ ਇਹ ਪਿਆਰ ਹੈ ਤਾਂ ਇਹ ਬੜੀ ਜਲਦੀ ਮੈਨੂੰ ਖ਼ਤਮ ਕਰ ਦੇਵੇਗਾ। ਕਹਿੰਦੇ ਹਨ ਕਿ ਪਿਆਰ ਰੱਬ ਹੈ ? ਕੀ ਰੱਬ ਸਾੜਦਾ ਹੈ ? ਕੀ ਰੱਬ ਤਪਾਂਦਾ ਹੈ ? ਜਿਥੇ ਰੱਬ ਹੋਵੇ ਕੀ ਉਸ ਥਾਂ ਤੇ ਕਾਲੇ ਧੱਬੇ ਪੈ ਜਾਂਦੇ ਹਨ — ਸੜੀ ਹੋਈ ਥਾਂ ਵਰਗੇ ? ਨਹੀਂ, ਇਹ ਨਹੀਂ ਹੋ ਸਕਦਾ – ਜਾਂ ਤੇ ਪਿਆਰ ਰੱਬ ਨਹੀਂ ਹੋਣਾ, ਤੇ ਜੇ ਪਿਆਰ ਸਚ ਮੁਚ ਰੱਬ ਹੈ, ਤੇ ਇਹ, ਜਿਸ ਨੂੰ ਮੈਂ ਪਿਆਰ ਸਮਝ ਰਿਹਾ ਹਾਂ, ਅਸਲ ਵਿਚ ਪਿਆਰ ਨਹੀਂ ਕੋਈ ਹੋਰ ਚੀਜ਼ ਹੋਵੇਗੀ’ ਇਹਨਾਂ ਗੱਲਾਂ ਨੂੰ ਸੋਚਦਿਆਂ ਸੋਚਦਿਆਂ ਅਚਿੰਤੇ ਹੀ ਉਸ ਦੇ ਅੰਦਰ ਹਵਾ ਦੇ ਛੋਟੇ ਛੋਟੇ ਬੁੱਲਿਆਂ ਵਾਂਗ ਕਈ ਹੋਰ ਤਰ੍ਹਾਂ ਦੇ ਭਾਵ ਰੁਮਕਣ ਲੱਗ ਪੈਂਦੇ, ਜਿਹੜੇ ਅੱਖ ਦੇ ਫੋਰ ਵਿਚ ਹੀ ਵਧਦੇ ਵਧਦੇ ਖ਼ਤਰਨਾਕ ਹਨੇਰੀ ਦੇ ਰੂਪ ਵਿਚ ਵਟ ਜਾਂਦੇ, ਜਿਨ੍ਹਾਂ ਦੇ ਅਸਰ ਨਾਲ ਕਿਦਾਰ ਦੇ ਮਨ ਵਿਚ ਉਪਰੋਕਤ ਖ਼ਿਆਲ ਛਿੰਨ ਭਿੰਨ ਹੋ ਕੇ ਉੱਡਦੇ ਵਿਖਾਈ ਦੇਂਦੇ ਤੇ ਕਿਸੇ ਅਚੰਭਿਤ ਜਿਹੀ ਤਾਕਤ ਦਾ ਖਿਚਿਆ ਹੋਇਆ ਕਿਦਾਰ ਕਿਤੇ ਤੋਂ ਕਿਤੇ ਜਾ ਪਹੁੰਚਦਾ। ਉਹ ਦੂਰ ਨਿਕਲ ਗਿਆ — ਬਿਨਾਂ ਸਮਝਿਆਂ ਹੀ ਇਤਨੀ ਦੂਰ ਕਿ ਆਪਣੇ ਕਾਬੂ ਤੋਂ ਹੀ ਪਰੇ — ਜਿਥੇ ਉਹ ਆਪਣੇ ਆਪ ਨੂੰ ਨਾ ਕੇਵਲ ਫੜ ਹੀ ਨਹੀਂ ਸਕਦ ਸਗੋਂ ਫੜਨ ਲੱਗਿਆਂ ਉਸ ਨੂੰ ਡਰ ਲਗਦਾ, ਜਿਸ ਤਰ੍ਹਾਂ ਹਲਕਾਏ ਕੁੱਤੇ ਤੋਂ। ਉਸ ਨੇ ਕਈ ਵਾਰੀ ਆਪਣੇ ਆਪ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਨਹੀਂ ਫੜ ਸਕਿਆ ਸਚ ਮੁਚ ਉਹ ਉਥੇ ਪਹੁੰਚ ਚੁਕਾ ਸੀ, ਜਿਥੋਂ ਮੁੜਨਾ ਜਾਂ ਮੋੜਨਾ ਅਣਹੋਣੀ ਦੇ ਲਗਭਗ ਸੀ। ਕਈ ਘੰਟੇ ਉਸ ਨੇ ਇਸੇ ਹਾਲਤ ਵਿਚ ਬਿਤਾ ਦਿਤੇ।
ਇਸ ਤੋਂ ਬਾਅਦ ਕਿਦਾਰ ਦਾ ਕੰਮ ਵਿਚ ਦਿਲ ਨਾ ਲੱਗ ਸਕਿਆ। ਉਹ ਘੜੀਆਂ ਦਾ ਖਿੱਲਰ ਖਿਲੇਰਾ ਸਮੇਟ ਕੇ ਉਠ ਖੜੋਤਾ ਤੇ ਮਾਲਕ ਪਾਸ ‘ਤਬੀਅਤ ਠੀਕ ਨਹੀਂ ਦਾ ਬਹਾਨਾ ਕਰ ਕੇ ਘਰ ਵਲ ਤੁਰ ਪਿਆ। ਮਾਲਕ ਨੂੰ ਉਸ ਦੀ ਤਬੀਅਤ ਦੀ ਖ਼ਰਾਬੀ ਬਾਰੇ ਪੜਚੋਲ ਕਰਨ ਦੀ ਲੋੜ ਹੀ ਨਹੀਂ ਜਾਪੀ। ਕਿਦਾਰ ਦਾ ਚਿਹਰਾ ਤੇ ਉਸ ਦਾ ਰੰਗ ਢੰਗ ਜਿਉਂਦੀ ਜਾਗਦੀ ਗਵਾਹੀ ਸੀ।
ਗਲੀ ਵਿਚ ਪਹੁੰਚ ਕੇ ਜਦ ਉਹ ਆਪਣੇ ਘਰ ਵਲ ਦਾ ਮੋੜ ਮੁੜਿਆ ਤਾਂ ਉਸਨੇ ਇਕ ਵਾਰੀ ਫੇਰ ਆਪਣੀ ਹਾਲਤ ਨੂੰ ਘੋਖਿਆ। ਉਸਨੂੰ ਜਾਪਦਾ ਸੀ ਜਿਵੇਂ ਉਹ ਸਿਰ ਤੋਂ ਪੈਰਾਂ ਤੀਕ ਬਲ ਰਿਹਾ ਸੀ— ਜ਼ਮੀਨ ਦੇ ਜਿਸ ਜਿਸ ਹਿੱਸੇ ਉਤੇ ਪੈਰ ਧਰਦਾ ਹੈ, ਉਹ ਹਿੱਸਾ ਉਸ ਦੇ ਪੈਰਾਂ ਦੇ ਸੇਕ ਨਾਲ ਖਿੰਘਰ ਬਣਦਾ ਜਾ ਰਿਹਾ ਹੈ। ਕੋਈ ਸੋਚ ਵਿਚਾਰ, ਕੋਈ ਤਰਕ ਵਿਤਰਕ ਜਾਂ ਕੋਈ ਫੁਰਨਾ ਤਕ ਇਸ ਵੇਲੇ ਛੁਟ ਇਸ ਤੋਂ ਉਹਦੇ ਦਿਲ ਦਿਮਾਗ ਵਿਚ ਨਹੀਂ ਸੀ ਕਿ ‘ਵੀਣਾ ਅੱਜ ਘਰ ਵਿਚ ਇਕੱਲੀ ਹੈ।’
ਹੁਣ ਉਹ ਆਪਣੇ ਘਰ ਦੇ ਬੂਹੇ ਅੱਗੇ ਸੀ। ਜਿਸ ਕਮਰੇ ਨੂੰ ਉਹ ਸਵੇਰੇ ਖੁਲ੍ਹਾ ਛਡ ਗਿਆ ਸੀ, ਇਸ ਵੇਲੇ ਉਸਦਾ ਬੂਹਾ ਵੱਜਾ ਹੋਇਆ ਸੀ। ਪਲ ਦੀ ਪਲ ਉਸਦੇ ਕਦਮ ਮੁੜ ਅਗਾਂਹ ਵਧੇ ਤੇ ਅਗਲੇ ਘਰ ਅਗੇ ਜਾ ਰੁਕੇ – ਵੀਣਾ ਦੇ ਘਰ ਅੱਗ। ਸਿਖਰ ਦੁਪਹਿਰਾਂ ਦਾ ਵੇਲਾ ਸੀ, ਪਰ ਕਿਦਾਰ ਦਾ ਅੰਦਰ ਇਸ ਤਰ੍ਹਾਂ ਕੰਬ ਰਿਹਾ ਸੀ, ਜਿਵੇਂ ਕਿਸੇ ਨੇ ਉਹਨੂੰ ਬਰਫ਼ ‘ਚੋਂ ਕਢਿਆ ਹੋਵੇ।
ਬੂਹੇ ਅੱਗੇ ਟਾਹਲੀ ਦੀ ਛਾਵੇਂ ਬੈਠੀ ਵਿਦਿਆ ਆਪਣੇ ਹਾਣ ਦੀਆਂ ਦੋਂਹ ਤਿੰਨਾਂ ਕੁੜਿਆਂ ਨਾਲ ਖੇਡ ਰਹੀ ਸੀ। ਕਿਦਾਰ ਨੂੰ ਵੇਖਦਿਆਂ ਹੀ ਉਹ ਖੇਡ ਨੂੰ ਵਿਚ ਛਡਕੇ ਉਸ ਵਲ ਭੱਜੀ ਆਈ ਤੇ ਆਉਂਦੀ ਹੀ ਬੋਲੀ, “ਭਰਾ ਜੀ, ਤੁਸੀਂ ਵਡੇ ਵੇਲੇ ਚਾਹ ਪੀਤੇ ਬਗੈਰ ਈ ਚਲੇ ਗਏ, ਨਾਲੇ ਬੂਹਾ ਖੁਲ੍ਹਾ ਛਡ ਗਏ!”
ਪਰ ਕਿਦਾਰ ਨੇ ਸ਼ਾਇਦ ਉਸਦੀ ਗੱਲ ਨਹੀਂ ਸੁਣੀ। ਉਹ ਥਿੜਕਦੀ ਅਵਾਜ਼ ਵਿਚ ਬੋਲਿਆ, “ਵੀਣਾ ਕਿਥੇ ਐ?”
“ਰਸੋਈ ਵਿਚ”
“ਕੀ ਕਰਦੀ ਏ !”
“ਭਾਂਡੇ ਮਾਂਜਦੀ ਹੋਵੇਗੀ! ਚਲੋ ਰੋਟੀ ਖਾ ਲਓ ਚਲ ਕੇ।”
“ਨਹੀਂ ਭੁੱਖ ਨਹੀਂ”
ਵਿਦਿਆ ਫੇਰ ਜਾ ਕੇ ਖੇਡੇ ਰੁਝ ਗਈ, ਤੇ ਕਿਦਾਰ ਸੋਚਣ ਲੱਗਾ, ‘ਮੈਂ ਕਿਧਰ ਜਾ ਰਿਹਾ ਹਾਂ? ਜੇ ਰੋਟੀ ਨਹੀਂ ਖਾਣੀ—ਤਬੀਅਤ ਠੀਕ ਨਹੀਂ ਤਾਂ ਫਿਰ ਮੈਂ ਕਿਸ ਕੰਮ ਲਈ ਵੀਣਾ ਦੇ ਘਰ ਵਲ ਆਇਆ ਹਾਂ?’ ਇਸ ਖ਼ਿਆਲ ਦੇ ਆਉਂਦਿਆਂ ਹੀ ਉਸ ਦੀ ਤਰਕ ਤੇ ਵਿਚਾਰ ਦੀ, ਉਹ ਕਦੇ ਦੀ ਦੱਬ ਚੁਕੀ ਅਵਾਜ਼ ਚਿਤੰਨ ਹੋ ਉਠੀ ਤੇ ਉਸ ਦੇ ਸਾਰੇ ਅੰਦਰ ਗੂੰਜਣ ਲੱਗੀ ‘ਮੈਂ ਕਿਧਰ ਜਾ ਰਿਹਾ ਹਾਂ – ਕਿਉਂ ਜਾ ਰਿਹਾ ਹਾਂ—ਕਿਸ ਕੰਮ?’ ਇਸ ਦੇ ਨਾਲ ਹੀ ਉਸਦੇ ਕਦਮਾਂ ਨੇ ਮੋੜਾ ਖਾਧਾ।
ਉਹ ਫੇਰ ਆਪਣੇ ਬੂਹੇ ਅੱਗੇ ਸੀ। ਉਸ ਨੇ ਬੂਹਾ ਖੋਲ੍ਹਿਆ ਬੜੀ ਕਾਹਲੀ ਕਾਹਲੀ, ਸ਼ਇਦ ਇਸ ਡਰੋਂ ਕਿ ਮਤੇ ਉਹ ਅੰਦਰ ਪੁਹੰਚਣ ਤੋਂ ਪਹਿਲਾਂ ਹੀ ਡਿਗ ਨਾ ਪਏ। ਇਸ ਵੇਲੇ ਉਸ ਦੇ ਸਿਰ ਨੂੰ ਚੱਕਰ ਆ ਰਹੇ ਸਨ, ਅੱਖਾਂ ਅੱਗੇ ਧੁੰਦ ਛਾਈ ਹੋਈ ਸੀ।
ਮੇਜ਼ ਉਤੇ ਚਾਹਦਾਨੀ ਤੇ ਉਸ ਦੇ ਲਾਗੇ ਪਿਰਚ ਪਿਆਲੀ ਪਈ ਹੋਈ ਸੀ। ਉਸ ਨੇ ਝਟ ਪਟ ਠੰਡੀ ਚਾਹ ਦਾ ਪਿਆਲਾ ਭਰਿਆ ਤੇ ਗਟ ਗਟ ਪੀ ਗਿਆ ਤੇ ਬੂਹੇ ਦਾ ਕੁੰਡਾ ਅੜਾ ਕੇ ਬੂਟਾਂ ਸਮੇਤ ਮੰਜੇ ਤੇ ਲੇਟ ਗਿਆ। ਤੇ ਲੰਮਾ ਪੈਂਦਾ ਹੀ ਜਿਵੇਂ ਕੁਝ ਚਿਰ ਲਈ ਉਹ ਅਚੇਤ ਹੋ ਗਿਆ। ਬੇਹੋਸ਼ੀ ਜਾਂ ਕੋਈ ਇਹੋ ਜਿਹੀ ਚੀਜ਼ ਉਸ ਦੀ ਸੁਰਤ ਦੁਆਲੇ ਲਿਪਟ ਗਈ। ਉਹ ਕੁਝ ਚਿਰ ਲਈ ਆਪਣੇ ਆਪ ਨੂੰ ਤੇ ਆਪਣੀ ਹਾਲਤ ਨੂੰ ਭੁਲ ਗਿਆ। ਪਰ ਉਸ ਦੀ ਇਹ ਆਪਾ-ਭੁਲਾਊ ਹਾਲਤ ਬਹੁਤਾ ਚਿਰ ਨਾ ਰਹੀ। ਕੁਝ ਚਿਰ ਬਾਅਦ ਉਹ ਮਹਿਸੂਸ ਕਰਨ ਲੱਗਾ ਜਿਵੇਂ ਉਸ ਦੇ ਦਿਲ ਤੇ ਦਿਮਾਗ ਨੇ ਆਪਣੀ ਥਾਂ ਬਦਲ ਲਈ।
ਇਸ ਵੇਲੇ ਉਸਦੀ ਅਜੀਬ ਜਿਹੀ ਹਾਲਤ ਸੀ। ਪਾਪ ਤੇ ਪੁੰਨ, ਧਰਮ ਤੇ ਅਧਰਮ ਅਥਵਾ ਸ਼ਾਂਤੀ ਤੇ ਅਸ਼ਾਂਤੀ ਦੀਆਂ ਹੱਦਾਂ ਜਿਥੇ ਮਿਲਦੀਆਂ ਹਨ, ਕਿਦਾਰ ਇਸ ਵੇਲੇ ਉਥੇ ਪਹੁੰਚ ਚੁੱਕਾ ਸੀ । ਉਹ ਇਸ ਵੇਲੇ ਦੁਚਿੱਤੀ ਦੀ ਪਤਲੀ ਕੰਧ ਦੇ ਉਸ ਬਨੇਰੇ ਤੇ ਖੜਾ ਡਗਮਗਾ ਰਿਹਾ ਸੀ, ਜਿਸ ਨੂੰ ਹਵਾ ਦਾ ਮਾੜਾ ਜਿਹਾ ਝੋਕਾ ਵੀ ਕਦੀ ਇਕ ਪਾਸੇ ਉਲਾਰ ਦੇਂਦਾ ਹੈ।
ਨੇਕੀ ਅਤੇ ਬਦੀ ਦੀਆਂ ਦੋਵੇਂ ਸੜਕਾਂ ਇਕ ਦੂਜੀ ਤੋਂ ਵਿਰੁਧ ਜਾਂਦੀਆਂ ਹਨ। ਦੁਹਾਂ ਉਤੇ ਬੇ-ਓੜਕ ਰਾਹੀ ਆਪੋ ਆਪਣੀ ਸੇਧੇ ਤੁਰੇ ਜਾਂਦੇ ਹਨ – ਨੇਕ ਵੀ ਬਦ ਵੀ, ਪਰ ਉਸ ਮਨੁੱਖ ਦੀ ਹਾਲਤ ਕਿਹੋ ਜਿਹੀ ਹੁੰਦੀ ਹੋਵੇਗੀ, ਜਿਸ ਦਾ ਇਕ ਪੈਰ ਨੇਕੀ ਵਲ ਤੇ ਦੂਜਾ ਬਦੀ ਵਲ ਵਧਣ ਲਈ ਜ਼ੋਰ ਲਾ ਰਿਹਾ ਹੋਵੇ, ਕਿਦਾਰ ਇਸ ਵਲੇ ਇਸੇ ਹਾਲਤ ਵਿਚ ਸੀ।
ਵੀਣਾ ਦੀ ਸ਼ਕਲ ਜਿੰਨੀ ਵੇਰਾਂ ਉਸ ਦੇ ਸਾਹਮਣੇ ਆਉਂਦੀ, ਜਿੰਨੀ ਵਾਰੀ ਵੀਣਾ ਦਾ ਖ਼ਿਆਲ ਉਸ ਦੇ ਦਿਮਾਗ ਵਿਚ ਘੁੰਮਦਾ, ਤੇ ਜਿੰਨੀ ਵਾਰੀ ਉਸ ਦੇ ਕੰਨਾਂ ਦੇ ਪਰਦੇ ਉਤੇ ਵੀਣਾ ਦੀ ਅਵਾਜ਼ ਗੂੰਜਦੀ, ਕਿਦਾਰ ਓਨੀ ਵੇਰਾਂ ਹੀ ਗੁਆਚ ਜਿਹਾ ਜਾਂਦਾ – ਕਦੀ ਅੰਮ੍ਰਿਤ ਦੇ ਸੋਮੇਂ ਵਿਚ, ਤੇ ਕਦੀ ਜ਼ਹਿਰ ਦੇ ਚਲ੍ਹੇ ਵਿਚ।
ਹੌਲੀ ਹੌਲੀ ਉਸ ਦੇ ਅੰਦਰ ਕੁਝ ਇਸ ਤਰ੍ਹਾਂ ਦੇ ਖ਼ਿਆਲ ਉੱਠਣ ਲਗੇ, ਜਿਨ੍ਹਾਂ ਨੂੰ ਅਸੀਂ ਪਾਗਲਪਣੇ ਦਾ ਨਾਂ ਹੀ ਦੇ ਸਕਦੇ ਹਾਂ। ਕਦੇ ਤਾਂ ਉਹ ਮਾਦਕਤਾ ਦੇ ਰੰਗ ਵਿਚ ਇਤਨਾ ਗੂੜ੍ਹਾ ਰੰਗਿਆ ਜਾਂਦਾ ਕਿ ਉਸਦੀ ਰਗ ਰਗ ਵਿਚ ਬਿਜਲੀਆਂ ਧੜਕਣ ਲਗ ਪੈਂਦੀਆਂ। ਕਦੇ ਆਪਣੀ ਗਿਰਾਵਟ ਨੂੰ ਉਹ ਆਪਣੀ ਕਾਇਰਤਾ ਤੋਂ ਬੁਜ਼ਦਿਲੀ ਦਾ ਸਿੱਟਾ ਸਮਝਣ ਲਗਦਾ। ਪਰ ਇਸ ਦੇ ਨਾਲ ਹੀ ਉਸ ਦਾ ਦਿਲ ਪੁਕਾਰ ਕੇ ਕਹਿ ਉਠਦਾ, ‘ਵੀਣਾ ਤੋਂ ਬਿਨਾਂ ਮੈਂ ਜੀਉਂਦਾ ਨਹੀਂ ਰਹਿ ਸਕਦਾ—ਉਸਦੀ ਪ੍ਰਾਪਤੀ ਹੀ ਮੈਨੂੰ ਬਚਾ ਸਕਦੀ ਹੈ।’ ਤੇ ਇਸ ਦੀ ਪ੍ਰੋੜ੍ਹਤਾ ਵਿਚ ਖ਼ਿਆਲਾਂ ਦੀ ਇਕ ਹੋਰ ਲੜੀ ਆ ਜੁੜੀ-ਵੀਣਾ ਦੀ ਮਾਂ ਜਿਸ ਕੰਮ ਲਈ ਗੁਜਰਖ਼ਾਨ ਗਈ ਹੋਈ ਹੈ, ਰੱਬ ਕਰੇ ਉਹ ਕੰਮ ਤੋੜ ਨਾ ਚੜ੍ਹੇ ਜਿਸਦੇ ਫਲਰੂਪ ‘ ਤੇ ਇਥੇ ਪਹੁੰਚ ਕੇ ਉਸਦਾ ਇਹ ਅੰਨ੍ਹਾਂ ਵਹਿਣ ਇਕ ਦਮ ਰੁਕ ਕੇ ਵਿਰੁੱਧ ਹੋ ਤੁਰਦਾ। ਵੀਣਾ ਦੀ ਉਹ ਵੀਰ ਪਿਆਰ-ਰੱਤੀ ਸੇਵਾ, ਕਿਦਾਰ ਦੀ ਚਿੰਤਾ ਵਿਚ ਵੀਣਾ ਦੀ ਡੂੰਘੀ ਬਿਹਾਲਤਾ, ਇਹ ਸਭ ਕੁਝ ਸਾਮ੍ਹਣੇ ਆਉਂਦਿਆਂ ਹੀ ਜਿਵੇਂ ਕਿਦਾਰ ਸਾਰੇ ਦਾ ਸਾਰਾ ਵਟ ਜਾਂਦਾ। ਉਸ ਦੀਆਂ ਅੱਖਾਂ ਵਿਚ ਮਿਠਾ ਸਰੂਰ ਆਉਣ ਲਗਦਾ ਤੇ ਫਿਰ ਆਪਣੇ ਕੁਕਰਮੀ ਮਨ ਦੇ ਢੀਠਪੁਣੇ ਤੋਂ ਛਿੱਥਾ ਪੈ ਕੇ ਉਹ ਛਟਪਟਾਉਣ ਲਗ ਪੈਂਦਾ| ਅੱਖ ਫ਼ਰੱਕੇ ਦੀ ਢਿੱਲ ਵਿਚ ਉਹ ਉਡਕੇ ਕਿਸੇ ਐਸੀ ਦੁਨੀਆਂ ਵਿਚ ਚਲਾ ਜਾਣਾ ਚਾਹੁੰਦਾ ਸੀ, ਜਿਥੇ ਵੀਣਾ ਵਰਗੀ ਪਵਿੱਤਰ ਹਸਤੀ ਉਤੇ ਉਸ ਦਾ ਇਹ ਪਾਪ ਲਿਬੜਿਆ ਪਰਛਾਵਾਂ ਵੀ ਨਾ यै मरे।
‘ਕੀ ਵੀਣਾ ਮੈਨੂੰ ਮੁਆਫ਼ ਕਰ ਦੇਵੇਗੀ ਜੇ ਉਸ ਨੂੰ ਮੇਰੇ ਅਸਲ ਇਰਾਦੇ ਦਾ ਪਤਾ ਲਗੇ?’ ਇਹੋ ਪ੍ਰਸ਼ਨ ਸੀ, ਜਿਹੜਾ ਮੁੜ ਮੁੜ ਉਸ ਦੇ ਅੰਦਰ ਉਠ ਰਿਹਾ ਸੀ, ਤੇ ਇਥੋਂ ਅੱਗੇ ਜਾਕੇ ਫਿਰ ਓਹੀ ਦੋ ਤਰ੍ਹਾਂ ਦੇ ਪਰਸਪਰ ਵਿਰੋਧੀ ਚੜ੍ਹਾਓ ਦਾ ਰੂਪ ਧਾਰ ਲੈਂਦਾ, ‘ਜੇ ਪਤਾ ਲਗ ਜਾਵੇ ਤਾਂ? ਕੀ ਉਹ ਮੈਨੂੰ ਫਿਟਕਾਰਾਂ ਨਾ ਪਾਵੇਗੀ? ਅਥਵਾ ਕੀ ਉਹ ਮੇਰੀ ਵਾਸ਼ਨਾ ਦੀ ਖ਼ੁਰਾਕ ਬਣਨ ਨੂੰ ਤਿਆਰ ਹੋ ਜਾਵੇਗੀ? ਤੇ ਜੇ ਨਾ ਹੋਵੇ ਫੇਰ ‘ਤਰਕ ਤੇ ਵਾਸ਼ਨਾ’ ਦੋਵੇਂ ਚੀਜ਼ਾਂ ਵਾਰੋ ਵਾਰੀ ਉਸ ਦੇ ਮਨ ਵਿਚ ਉਠ ਉਠ ਤੇ ਆਪੋ ਆਪਣਾ ਲੈਕਚਰ ਦੇਂਦੀਆਂ ਜਾ ਰਹੀਆਂ ਸਨ ਤੇ ਕਿਦਾਰ ਕਦੇ ਇਕ ਵਲ ਪਿੱਠ ਤੇ ਦੂਜੇ ਵਲ ਮੂੰਹ ਕਦੇ ਇਕ ਵਲ ਮੂੰਹ ਤੇ ਦੂਜੇ ਵਲ ਪਿਠ ਕਰਦਾ ਹੋਇਆ ਇਨ੍ਹਾਂ ਲੈਕਚਰਾਂ ਨੂੰ ਸੁਣ ਰਿਹਾ ਸੀ।
ਦੁਹਾਂ ਤਾਕਤਾਂ ਦੀ ਲੈਕਚਰਬਾਜ਼ੀ ਨੇ ਕਿਦਾਰ ਨੂੰ ਇਤਨਾ ਬੇ-ਆਰਾਮ ਤੇ ਪ੍ਰੇਸ਼ਾਨ ਕਰ ਦਿਤਾ, ਕਿ ਉਹ ਕਿਸੇ ਪਾਸੇ ਕਰਵਟ ਵੀ ਨਹੀਂ ਸੀ ਲੈ ਸਕਦਾ, ਨਾ ਹੀ ਬੈਠ ਸਕਦਾ ਸੀ।
ਕਿਦਾਰ ਦੀ ਹਾਲਤ ਇਸ ਵੇਲੇ ਪਾਗਲਪਣੇ ਤੋਂ ਘਟ ਨਹੀਂ ਸੀ। ਉਸਦੇ ਸਿਰ ਵਿਚ ਵਦਾਨ ਵਜ ਰਹੇ ਸਨ ਤੇ ਦਿਲ ਵਿਚ ਡੰਗ। ਉਹ ਇਸ ਵੇਲੇ ਆਪਣੇ ਆਪ ਤੇ ਸਾਰੀ ਦੁਨਿਆਂ ਨੂੰ ਪੀਹ ਸੁਟਣਾ ਚਾਹੁੰਦਾ ਸੀ। ਹਿੰਸਕ ਪਸ਼ੂ ਵਾਂਗ ਉਸ ਦੀਆਂ ਅੱਖਾਂ ਵਿਚੋਂ ਚੰਗਿਆੜੇ ਤਿੜਕ ਰਹੇ ਸਨ। ਉਸ ਨੂੰ ਸੋਲ੍ਹਾਂ ਆਨੇ ਯਕੀਨ ਹੋ ਚੁਕਾ ਸੀ ਕਿ ਉਹ ਪਾਗਲ ਹੋ ਗਿਆ ਹੈ। ਉਸ ਦੇ ਅੰਦਰ ਕੁਝ ਇਸ ਤਰ੍ਹਾਂ ਦੀ ਖ਼ਾਹਸ਼ ਉਠਣ ਲਗੀ ਕਿ ਉਠਕੇ ਬਾਹਰ ਦੌੜ ਜਾਵੇ, ਕਪੜੇ ਪਾੜਕੇ ਲੀਰ ਲੀਰ ਕਰ ਸੁਟੇ ਤੇ ਜੋ ਵੀ ਰਸਤੇ ਵਿਚ ਮਿਲੇ, ਉਸ ਨਾਲ ਟਕਰਾ ਕੇ ਆਪਣੇ ਆਪ ਨੂੰ ਤੇ ਉਸਨੂੰ ਚੂਰ ਚੂਰ ਕਰਦਾ ਜਾਵੇ।
ਅਚਾਨਕ ਬਾਹਰ ਕਿਸੇ ਨੇ ਬੂਹਾ ਖੜਕਾਇਆ। ਕਿਦਾਰ ਬਿਜਲੀ ਵਾਂਗ ਕੜਕਿਆ, “ਕੌਣ ਹੈ ਬੂਹੇ ਨਾਲ ?”
“ਮੈਂ ਜੀ ਵੀਣਾ” ਕਿਦਾਰ ਦੀ ਛਾਤੀ ਵਿਚ ਜਿਵੇਂ ਬੰਬ ਫਟ ਗਿਆ। ਉਹ ਉਠ ਖੜੋਤਾ, ਪਰ ਕੁਝ ਅੰਦਰ ਦੇ ਹਨੇਰੇ ਤੇ ਕੁਝ ਆਤਮਾਂ ਦੀਆਂ ਬੱਤੀਆਂ ਨਿੰਮ੍ਹੀਆਂ ਹੋ ਜਾਣ ਕਰ ਕੇ ਉਸ ਨੂੰ ਪਤਾ ਨਾ ਲਗ ਸਕਿਆ ਕਿ ਆਵਾਜ਼ ਕਿਧਰੋਂ ਆ ਰਹੀ ਹੈ ਪਰ ਆਵਾਜ਼ ਕਿਸ ਦੀ ਹੈ? ਇਹ ਜਾਣਨ ਵਿਚ ਉਸ ਨੂੰ ਦੇਰ ਨਾ ਲੱਗੀ।
ਰੁਕ ਰੁਕ ਕੇ ਦੋ ਤਿੰਨ ਵਾਰੀ ਮੁੜ ਆਵਾਜ਼ਾਂ ਆਈਆਂ। ਏਧਰ ਕਿਦਾਰ ਹੁਣ ਬੂਹੇ ਦੇ ਲਾਗੇ ਪਹੁੰਚ ਚੁਕਾ ਸੀ। ਸਾਰਾ ਕਮਰਾ ਉਸ ਲਈ ਵਿਸ਼ਾਲ ਭੱਠ ਦੇ ਰੂਪ ਵਿਚ ਬਦਲਿਆ ਹੋਇਆ ਸੀ। ਉਸ ਵੇਲੇ ਉਹ ਅੱਡੀ ਤੋਂ ਚੋਟੀ ਤਕ ਪਾਗਲਪਣੇ ਦੀ ਮੂਰਤ ਬਣਿਆ ਹੋਇਆ ਸੀ, ਮਾਨੋਂ ਸਾਰੀ ਦੁਨੀਆਂ ਨੂੰ ਪੈਰਾਂ ਹੇਠ ਲਿਤਾੜ ਕੇ ਮਸਲ ਸੁਟਣਾ ਚਾਹੁੰਦਾ ਹੋਵੇ।
“ਬੂਹਾ ਖੋਲ੍ਹੋ ਨਾ ਭਰਾ ਜੀ” ਮਿਠੀ ਤੇ ਤਰਲੇ ਭਰੀ ਆਵਾਜ਼ ਆਈ।
“ਨੱਸ ਜਾ ਇਥੋਂ — ਮੈਂ ਕੋਈ ਨਹੀਂ ਕਿਸੇ ਦਾ ਭਰਾ ਭਰੂ” ਕਿਦਾਰ ਇਸ
ਵੇਲੇ ਬਿਲਕੁਲ ਆਪੇ ਤੋਂ ਬਾਹਰ ਹੋ ਚੁਕਾ ਸੀ।
“ਭਰਾ ਜੀ, ਭਰਾ ਜੀ।”
“ਮਰ ਜਾ — ਦਫ਼ਾ ਹੋ ਜਾ ਤੈਨੂੰ ਕਹਿਨਾਂ ਵਾਂ।”
“ਭਰਾ ਜੀ, ਤੁਹਾਨੂੰ . ਤੁਹਾਨੂੰ … ਤੁਹਾਨੂੰ।”
“ਤੁਹਾਨੂੰ ਤੁਹਾਨੂੰ ਦੀ ਬੱਚੀ, ਮੈਂ ਕਹਿਨਾਂ ਦਫ਼ਾ ਹੋ ਜਾਹ ਇਥੋਂ” ਐਤਕੀਂ ਕਿਦਾਰ ਇਤਨੇ ਜ਼ੋਰ ਨਾਲ ਚਿੱਲਾਇਆ ਕਿ ਉਸ ਦੀ ਘੰਡੀ ਘਰਕਣ ਲੱਗੀ।
ਕਿਦਾਰ ਨੇ ਆਪਣੇ ਆਪ ਨੂੰ ਪੰਡ ਵਾਂਗ ਫੇਰ ਮੰਜੇ ਤੇ ਜਾ ਸੁਟਿਆ, ਪਰ ਉਸ ਦੇ ਕੰਨ ਬਰਾਬਰ ਬਾਹਰ ਵਲ ਲਗੇ ਰਹੇ, ਮਤੇ ਫੇਰ ਓਹੀ ਆਵਾਜ਼ ਸੁਣਾਈ ਦੇਵੇ, ਪਰ ਮੁੜ ਕੋਈ ਬਿੜਕ ਤਕ ਵੀ ਉਸ ਨੂੰ ਸੁਣਾਈ ਨਾ ਦਿੱਤੀ ।
ਉਹ ਵੀਣਾ ਦੀ ਆਵਾਜ਼ ਨੂੰ ਇਕ ਵਾਰੀ ਫੇਰ ਸੁਣਨ ਲਈ ਤਰਸਣ ਲੱਗਾ, ਜਿਸ ਨੂੰ ਉਹਨੇ ਅੱਜੇ ਹੁਣੇ ਦੁਰਕਾਰਿਆ ਸੀ। ਉਸ ਨੇ ਸੋਚਿਆ, ‘ਵੀਣਾ ਰੋਟੀ ਲਈ ਕਹਿਣ ਆਈ ਹੋਵੇਗੀ, ਪਰ ਮੈਂ ਇਹ ਕੀ ਕੀਤਾ ? ਆਹ ! ਕਿਤਨਾ ਨਿਰਾਦਰ !”
ਇਸ ਵੇਲੇ ਕਿਦਾਰ ਦੀ ਹਾਲਤ ਪਾਣੀ ਦੀ ਸਤਾਹ ਥੱਲੇ ਡੁੱਬੇ ਹੋਏ ਉਸ ਆਦਮੀ ਵਰਗੀ ਸੀ, ਜਿਸ ਦਾ ਸਾਹ ਘੁਟ ਰਿਹਾ ਹੋਵੇ, ਤੇ ਜਿਹੜਾ ਜਿਊਣ ਦੀ ਆਸ ਟੁੱਟ ਜਾਣ ਤੋਂ ਬਾਅਦ ਮਰਨਾ ਚਾਹੁੰਦਾ ਹੋਵੇ, ਪਰ ਜਿਸ ਦੀ ਜਾਨ ਨਾ ਨਿਕਲਦੀ ਹੋਵੇ।
ਉਸ ਨੇ ਦਿਨ ਦੇ ਸਾਰੇ ਮਿੰਟ ਸਕਿੰਟ ਇਸੇ ਹਾਲਤ ਵਿਚ ਬਿਤਾ ਦਿਤੇ। ਥੋੜ੍ਹੀ ਦੇਰ ਬਾਅਦ ਫੇਰ ਬੂਹਾ ਖੜਕਿਆ, ਆਵਾਜ਼ਾਂ ਵੀ ਆਈਆਂ “ਭਰਾ ਜੀ, ਭਰਾ ਜੀ, ਬੂਹਾ ਖੋਲ੍ਹੋ,” ਪਰ ਕਿਦਾਰ ਦੜ ਵੱਟੀ ਪਿਆ ਰਿਹਾ – ਬਸੰਤ ਦੀ ਆਂਵਾਜ਼ ਉਸ ਨੇ ਪਛਾਣ ਲਈ ਸੀ।
ਦਿਨ ਬੀਤ ਗਿਆ, ਤੇ ਰਾਤ ਨੇ ਆਪਣੇ ਕਾਲੇ ਕੰਬਲ ਹੇਠ ਸਾਰੀ ਦੁਨੀਆਂ ਨੂੰ ਲੁਕਾ ਲਿਆ। ਜਿਉਂ ਜਿਉਂ ਵਕਤ ਬੀਤਦਾ ਜਾ ਰਿਹਾ ਸੀ, ਕਿਦਾਰ ਦੇ ਅੰਦਰ ਦੀ ਕਸ਼ਮਕਸ਼ ਵਧਦੀ ਜਾਂਦੀ ਸੀ। ਹੁਣ ਕਮਰੇ ਵਿਚਲੀ ਕੋਈ ਚੀਜ਼ ਉਸ ਨੂੰ ਵਿਖਾਈ ਨਹੀਂ ਸੀ ਦੇ ਰਹੀ। ਉਸ ਦੇ ਮਨ ਦੀ ਹਾਲਤ ਦਰਿਆ ਦੀ ਘੁੰਮਣ ਘੇਰੀ ਹਾਲਤ ਵਿਚ ਚੱਕਰ ਖਾਂਦੇ ਹੋਏ ਤੀਲੇ ਵਰਗੀ ਸੀ। ਕਿਸੇ ਤੇਜ਼ ਤੇ ਅਰੁਕਵੇਂ ਵਹਾਉ ਵਿਚ ਉਹ ਘੰਟਿਆਂ ਬੱਧੀ ਵਹਿੰਦਾ ਚਲਾ ਗਿਆ, ਤੇ ਅਖ਼ੀਰ ਉਥੇ ਜਾ ਪਹੁੰਚਾ ਜਿਥੇ ਨਾ ਬੁਧ ਦੀ ਪਹੁੰਚ ਹੁੰਦੀ ਹੈ ਨਾ ਵਿਚਾਰ ਦੀ, ਜਿਥੇ ਅੰਨ੍ਹਾ ਵੇਗ, ਮਨੁੱਖ ਦੀਆਂ ਸਾਰੀਆਂ ਉਤਾਰੂ ਰੁਚੀਆਂ ਦਾ ਗੱਲ ਨੱਪ ਕੇ ਉਨ੍ਹਾਂ ਨੂੰ ਬੇਹਿੱਸ ਜਾਂ ਅਧਮੋਇਆ ਕਰ ਦੇਂਦਾ ਹੈ, ਸ਼ਾਇਦ ਜਿਥੇ ਇਨਸਾਨੀਅਤ ਤੇ ਹੈਵਾਨੀਅਤ ਦੀਆਂ ਸਰਹੱਦਾਂ ਆਪੋ ਵਿਚ ਮਿਲ ਜਾਂਦੀਆਂ ਹਨ, ਆਪਣੇ ਬਿਗਾਨੇ ਜਾਂ ਸੱਤ ਅਸੱਤ ਦੀ ਤਮੀਜ਼ ਜਿਥੇ ਅਲੋਪ ਹੋਣੀ ਸ਼ੁਰੂ ਹੋ ਜਾਂਦੀ ਹੈ।
ਰਾਤ ਦਾ ਅੱਧਾ ਹਿਸਾ ਉਸਨੇ ਏਸ ਹਾਲਤ ਵਿਚ ਬਿਤਾ ਦਿਤਾ। ਅਚਾਨਕ ਹੀ ਪਤਾ ਨਹੀਂ, ਉਸ ਦੇ ਦਿਲ ਵਿਚ ਕੀ ਆਈ, ਉਹ ਹੰਭਲਾ ਮਾਰ ਕੇ ਮੰਜੇ ਤੋਂ ਉਠਿਆ, ਕਮਰੇ ‘ਚੋਂ ਬਾਹਰ ਨਿਕਲਿਆ ਤੇ ਕੋਠੇ ਜਾ ਚੜ੍ਹਿਆ। ਕਿਉਂ ਤੇ ਕਿਸ ਮਤਲਬ ਲਈ ? ਸ਼ਾਇਦ ਉਹ ਜਾਣਦਾ ਹੋਇਆ ਵੀ ਨਹੀਂ ਸੀ ਜਾਣਦਾ।
ਅੱਧੀ ਰਾਤ ਦੇ ਵੇਲੇ, ਤੇ ਇਸ ਘੁਪ ਹਨੇਰੇ ਵਿਚ ਕਿਦਾਰ ਛੱਤ ‘ਤੇ ਫਿਰ ਰਿਹਾ ਸੀ। ਦੂਰ ਸਾਰੇ ਇਕ ਉੱਚੇ ਮਕਾਨ ਦੀ ਬਾਰੀ ਵਿਚੋਂ ਨਿਕਲਦੀ ਚਾਨਣ ਦੀ ਪਤਲੀ ਜਿਹੀ ਸ਼ੁਆ ਨੇ ਹਨੇਰੇ ਵਿਚ ਧੁੰਦਲੀ ਜਿਹੀ ਲੀਕ ਖਿੱਚੀ ਹੋਈ ਸੀ। ਕਿਦਾਰ ਦੀ ਨਜ਼ਰ ਫਿਰਦੀ ਫਿਰਦੀ ਪੰਨਾ ਲਾਲ ਦੇ ਮਕਾਨ ਤੇ ਜਾ ਕੇ ਰੁਕ ਗਈ, ਤੇ ਕਲਪਨਾ ਦੁਆਰਾ ਹੀ ਉਹ ਵੇਖ ਰਿਹਾ ਸੀ, ਛੱਤ ਉਤੇ ਸੁੱਤੀ ਹੋਈ ਵੀਣਾ ਦੇ ਅਚੇਤ ਸਰੀਰ ਨੂੰ। ਉਸ ਦਾ ਦਿਲ ਕੰਬਿਆ, ਉਸ ਦੇ ਸੀਨੇ ਵਿਚਲੀ ਧੜਕਣ ਵਦਾਨ ਦੀਆਂ ਚੋਟਾਂ ਵਿਚ ਬਦਲੀ, ਉਸ ਦੀਆਂ ਅੱਖਾਂ ਵਿਚੋਂ ਸੇਕ ਨਿਕਲਣ ਲੱਗਾ। ਤੇ ਜਿਉਂ ਹੀ ਉਸ ਨੂੰ ਮੁੜ ਖ਼ਿਆਲ ਆਇਆ ਕਿ ਅੱਜ ਵੀਣਾ ਦੀ ਮਾਂ ਘਰ ਨਹੀਂ, ਉਹ ਡੋਲਦੀਆਂ ਲੱਤਾਂ ਨਾਲ ਪੰਨਾ ਲਾਲ ਦੇ ਕੋਠੇ ਵਲ ਤੁਰ ਪਿਆ।
ਪੰਨਾ ਲਾਲ ਦਾ ਮਕਾਨ ਇਸ ਘਰ ਦੇ ਬਿਲਕੁਲ ਨਾਲ ਲਗਦਾ ਸੀ, ਕੇਵਲ ਇਕ ਉਚੇ ਬਨੇਰੇ ਦਾ ਰੋਕਾ ਸੀ, ਜਿਸ ਨੂੰ ਕਿਦਾਰ ਪੋਲੀ ਜਿਹੀ ਛਲਾਂਗ ਨਾਲ ਟੱਪ ਗਿਆ। ਹੁਣ ਉਹ ਪੰਨਾ ਲਾਲ ਦੀ ਛੱਤ ਉਤੇ ਸੀ। ਉਸ ਦੇ ਸਾਰੇ ਅੰਗ ਇਸ ਵੇਲੇ ਥਰਥਰਾ ਰਹੇ ਸਨ।
ਸਾਹਮਣੇ ਉਸ ਨੇ ਦੋ ਮੰਜੇ ਵੇਖੇ, ਜਿਨ੍ਹਾਂ ਵਿਚੋਂ ਇਕ ਉੱਤੇ ਵੀਣਾ ਸੁੱਤੀ ਹੋਈ ਸੀ ਤੇ ਦੂਸਰੇ ਉੱਤੇ ਵੀਣਾ ਦੇ ਦੋਵੇਂ ਛੋਟੇ ਭੈਣ ਭਰਾ। ਕੁਝ ਚਿਰ ਉਹ ਉਨ੍ਹਾਂ ਹੀ ਕਦਮਾਂ ਤੇ ਗੱਡਿਆ ਰਿਹਾ। ਕੋਸ਼ਸ਼ ਕਰ ਕੇ ਵੀ ਉਹ ਲੱਤਾਂ ਨੂੰ ਹਿਲਾ ਨਹੀਂ ਸੀ ਸਕਦਾ। ਉਸ ਦੇ ਅੰਦਰੋਂ ਕਿਸੇ ਨੇ ਪੁਕਾਰ ਕੇ ਕਿਹਾ, ‘ਕਿਦਾਰ ! ਇਹ ਤੂੰ ਕੀ ਕਰ ਰਿਹਾ ਹੈਂ— ਕਿਹੜੇ ਪਾਸੇ ਜਾ ਰਿਹਾ ਹੈਂ ?’ ਤੇ ਉਹ ਝਟ ਪਟ ਪਿਛਾਂਹ ਪਰਤਿਆ। ਪਰ ਫੇਰ ਰੁਕ ਗਿਆ। ਕਿਸੇ ਵਿਰੋਧੀ ਤਾਕਤ ਨੇ ਉਸ ਨੂੰ ਖਿਚਦਿਆਂ ਹੋਇਆਂ ਪੁਕਾਰਿਆ ‘ਮੂਰਖਾ ! ਇਤਨਾ ਨੇੜੇ ਪਹੁੰਚ ਕੇ ਹੁਣ ਪਿਛੇ ਹਟਣ ਦਾ ਕੀ ਕੰਮ? ਹਸਤੀ ਨੂੰ ਕਿਉਂ ਤਰਸਾ ਤਰਸਾ ਕੇ ਮਾਰਦਾ ਹੈਂ — ਵਧ ਅਗਾਂਹ।’
ਉਸਦੇ ਕਦਮ ਫੇਰ ਅਗਾਂਹ ਵਲ ਵਧੇ। ਇਸ ਵੇਲੇ ਗਲੀ ਵਿਚੋਂ ਕਿਸੇ ਕੁੱਤੇ ਦੇ ਭੌਂਕਣ ਦੀ ਆਵਾਜ਼ ਸੁਣਾਈ ਦਿਤੀ। ਉਸਨੂੰ ਜਾਪਿਆ, ਜਿਵੇਂ ਕੋਈ ਪਿਛੇ ਖੜੋਤਾ ਉਸ ਦੀਆਂ ਹਰਕਤਾਂ ਨੂੰ ਵੇਖ ਰਿਹਾ ਹੈ। ਪੋਲੇ ਕਦਮਾਂ ਨਾਲ ਜਿਵੇਂ ਕੋਈ ਉਸਦੇ ਮਗਰ ਮਗਰ ਤੁਰਿਆ ਆ ਰਿਹਾ ਹੈ, ਜਿਸ ਦੇ ਸਵਾਸਾਂ ਤਕ ਦੀ ਆਵਾਜ਼ ਉਸ ਨੂੰ ਸੁਣਾਈ ਦੇ ਰਹੀ ਸੀ।
ਡਰ ਨਾਲ ਕਿਦਾਰ ਨੂੰ ਉੱਤਰਸਾਹੀ ਲਗ ਗਈ। ਉਸ ਨੇ ਭਉਂ ਕੇ ਪਿਛਾਂਹ ਤੱਕਿਆ, ਕੋਈ ਨਹੀਂ ਸੀ, ਕੇਵਲ ਉਸ ਦਾ ਭਰਮ। ਅਸਲ ਵਿਚ ਇਹ ਉਸ ਦੇ ਆਪਣੇ ਹੀ ਪੈਰਾਂ ਦੀ ਬਿੜਕ ਸੀ, ਆਪਣੇ ਹੀ ਸੁਆਸਾਂ ਦੀ ਸਾਂ ਸਾਂ ।
ਉਸ ਨੂੰ ਇਸ ਵੇਲੇ ਕੁਝ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਆਕਾਸ਼ ਵਿਚੋਂ ਭੁਆਂਟਣੀਆਂ ਖਾਂਦਾ ਹੋਇਆ ਉਹ ਕਿਸੇ ਅੱਤ ਡੂੰਘੀ ਖੱਡ ਵਲ ਨੂੰ ਜਾ ਰਿਹਾ ਹੈ। ਉਸ ਨੇ ਡਰ ਕੇ ਅੱਖਾਂ ਬੰਦ ਕਰ ਲਈਆਂ, ਪਰ ਝਟ ਹੀ ਉਸ ਦੇ ਅੰਦਰੋਂ ਕੋਈ ਉਭਾਰੂ ਪਰੇਰਨਾ ਉਠੀ, ਤੇ ਉਹ ਫੇਰ ਵੀਣਾ ਦੇ ਮੰਜੇ ਵਲ ਤੁਰਿਆ।
ਗੰਡੋਏ ਦੀ ਤੋਰੇ ਹੌਲੀ ਹੌਲੀ ਤੁਰਦਾ ਹੋਇਆ ਉਹ ਵੀਣਾ ਦੀ ਸਰ੍ਹਾਂਦੀ ਵਲ ਜਾ ਖਲੋਤਾ। ਕਿਦਾਰ ਇਸ ਵੇਲੇ ਸਾਰੇ ਦਾ ਸਾਰਾ ਅੱਗ ਦੀ ਲਾਟ ਬਣਿਆ ਹੋਇਆ ਸੀ। ਇਸ ਵੇਲੇ ਉਸ ਦੀ ਨਜ਼ਰ ਵੀਣਾ ਦੇ ਨਿਸਲ ਸਰੀਰ ਉਤੇ ਗੱਡੀ ਹੋਈ ਸੀ, ਜਿਹੜੀ ਮੂੰਹ ਉਤਾਣੇ ਸੁੱਤੀ ਪਈ ਸੀ, ਜਿਸ ਦਾ ਇਕ ਹੱਥ ਛਾਤੀ ਉਤੇ ਤੇ ਦੂਜਾ ਸਿਰ ਲਾਗੇ ਸੀ। ਮੰਜੇ ਤੋਂ ਹੇਠਾਂ ਲਮਕਦੀ ਹੋਈ ਮੂੰਗੀ ਰੰਗ ਦੀ ਪਤਲੀ ਚੁੰਨੀ ਹਨੇਰੇ ਕਰ ਕੇ ਕਾਲੀ ਜਾਪਦੀ ਸੀ, ਤੇ ਇਸ ਕਾਲੇ ਕੱਜਣ ਹੇਠ ਉਸ ਦੇ ਗੋਰੇ ਅੰਗ ਇਉਂ ਲਿਸ਼ਕ ਰਹੇ ਸਨ ਜਿਵੇਂ ਸਚਮੁਚ ਕੋਈ ਧਰਤੀ ਦਾ ਚੰਨ ਹੋਵੇ।
ਜਾਣ ਕੇ ਜਾਂ ਅਨਜਾਣੇ ਹੀ, ਕਿਦਾਰ ਉਸ ਦੀ ਸਰ੍ਹਾਂਦੀ ਵਲ — ਜਿਥੇ ਉਹ ਖੜੋਤਾ ਸੀ — ਬੈਠ ਗਿਆ। ਹੁਣ ਉਸ ਦਾ ਹੱਥ ਵੀਣਾ ਦੀ ਗੁੱਤ ਉਤੇ ਬੜੀ ਮੁਲਾਇਮੀ ਨਾਲ ਫਿਰ ਰਿਹਾ ਸੀ।
ਇਸ ਵੇਲੇ ਇਕ ਵਾਰੀ ਫੇਰ ਉਸ ਦੇ ਅੰਦਰੋਂ ਕੁਝ ਬੋਲਿਆ, ‘ਕਿਦਾਰ ! ਕਿਦਾਰ !! ਇਹ ਤੂੰ ਕੀ ਕਰ ਰਿਹਾ ਹੈਂ ?’ ਪਰ ਸੁਣ ਕੇ ਵੀ ਸ਼ਾਇਦ ਕਿਦਾਰ ਇਸ ਆਵਾਜ਼ ਨੂੰ ਸੁਣ ਨਹੀਂ ਸਕਿਆ।
ਉਹ ਉਠ ਖੜੋਤਾ ਤੇ ਹੌਲੀ ਹੌਲੀ ਸਰਕਦਾ ਸਰਕਦਾ ਅਛੋਪਲੇ ਮੰਜੇ ਦੀ ਬਾਹੀ ਉੱਤੋ ਜਾ ਬੈਠਾ। ਇਸ ਵੇਲੇ ਉਸ ਦੀ ਨਜ਼ਰ ਵੀਣਾ ਦੇ ਚਿਹਰੇ ਉਤੇ ਗੱਡੀ ਹੋਈ ਸੀ, ਜਿਸ ਦੇ ਹਰ ਇਕ ਨਕਸ਼ ਨੂੰ ਉਸ ਦੀਆਂ ਅੱਖਾਂ ਜਿਵੇਂ ਡੀਕ ਲਾ ਕੇ ਪੀ ਜਾਣ ਲਈ ਉਤਾਵਲੀਆਂ ਹੋ ਰਹੀਆਂ ਸਨ। ਝਟ ਕੁ ਇਸੇ ਤਰ੍ਹਾਂ ਬੇ-ਹਰਕਤ ਤੇ ਸਾਹ ਰੋਕੀ ਬੈਠੇ ਰਹਿਣ ਤੋਂ ਬਾਅਦ ਕਿਦਾਰ ਨੇ ਵੀਣਾ ਦੇ ਸਰੀਰ ਨੂੰ ਹਰਕਤ ਵਿਚ ਆਉਂਦਿਆਂ ਤੱਕਿਆ। ਇਕ ਹੌਲੀ ਜਿਹੀ ਅੰਗੜਾਈ ਲੈ ਕੇ ਵੀਣਾ ਦੂਜੇ ਰੁਖ਼ ਹੋ ਗਈ। ਕਿਦਾਰ ਵਲ ਹੁਣ ਉਸ ਦੀ ਪਿੱਠ ਸੀ।
ਥੋੜ੍ਹੀ ਦੇਰ ਬਾਅਦ ਕਿਦਾਰ ਉਠਿਆ, ਤੇ ਉਸੇ ਤਰ੍ਹਾਂ ਦਬਵੇਂ ਪੈਰੀਂ ਦੂਜੀ ਬਾਹੀ ਵਲ ਵਧਿਆ। ਐਤਕੀਂ ਉਸ ਦੀ ਦਲੇਰੀ ਕਾਫ਼ੀ ਵਧ ਚੁਕੀ ਸੀ। ਉਹ ਵੀਣਾ ਦੇ ਬਿਲਕੁਲ ਨਾਲ ਲੱਗ ਕੇ ਬੈਠ ਗਿਆ । ਪਰ ਇਤਨੇ ਨਾਲ ਵੀ ਜਦ ਉਸ ਦੀ ਤਸੱਲੀ ਨਾ ਹੋਈ ਤਾਂ ਉਸ ਨੇ ਆਪਣਾ ਕੰਬਦਾ ਹੱਥ ਵੀਣਾ ਦੇ ਮੋਢੇ ਤੇ ਰਖ ਦਿਤਾ, ਤੇ ਝਟ ਹੀ ਮੁੜ ਚੁਕ ਲਿਆ। ਉਸ ਨੂੰ ਸ਼ੱਕ ਪਿਆ ਮਤੇ ਵੀਣਾ ਉਸ ਦੀਆਂ ਹਰਕਤਾਂ ਨੂੰ ਭਾਂਪ ਗਈ ਹੋਵੇ, ਕਿਉਂਕਿ ਹੱਥ ਦੇ ਸਪਰਸ਼ ਨਾਲ ਉਸ ਨੂੰ ਮੋਢੇ ਵਿਚ ਕੁਝ ਕਾਂਬਾ ਜਿਹਾ ਮਹਿਸੂਸ ਹੋਇਆ ਸੀ, ਪਰ ਉਸ ਨੂੰ ਪਤਾ ਲੱਗਾ ਕਿ ਇਹ ਉਸ ਦਾ ਵਹਿਮ ਸੀ — ਹੱਥ ਉਸ ਦਾ ਆਪਣਾ ਕੰਬ ਰਿਹਾ ਸੀ।
ਵੀਣਾ ਇਕ ਵਾਰੀ ਫੇਰ ਹਿੱਲੀ। ਐਤਕੀਂ ਉਸ ਦੀ ਬਾਂਹ, ਜਿਹੜੀ ਉਸ ਦੀ ਵੱਖੀ ਨਾਲ ਟਿਕੀ ਹੋਈ ਸੀ, ਉੱਠ ਕੇ ਕਿਦਾਰ ਦੇ ਗੋਡੇ ਤੇ ਆ ਪਈ ਕਿਦਾਰ ਸਾਰੇ ਦਾ ਸਾਰਾ ਧੜਕ ਗਿਆ, ਉਸ ਦੇ ਖੂਨ ਵਿਚੋਂ ਅੱਗ ਦੀਆਂ ਲਾਟਾਂ ਉਠ ਉਠਕੇ ਸਿਰ ਵਲ ਨੂੰ ਜਾ ਰਹੀਆਂ ਸਨ।
ਹੌਲੀ ਹੌਲੀ ਉਸ ਨੇ ਆਪਣਾ ਹੱਥ ਵੀਣਾ ਦੇ ਹਥ ਉਤੇ ਰਖ ਦਿਤਾ। ਤੇ ਹੋਰ ਇਕ ਅੱਧ ਮਿੰਟ ਬਾਅਦ ਵੀਣਾ ਦਾ ਹੱਥ ਉਸ ਦੇ ਹੱਥ ਵਿਚ ਸੀ, ਜਿਸ ਨੂੰ ਉਹ ਸਹਿੰਦਾ ਸਹਿੰਦਾ ਪਲੋਸ ਰਿਹਾ ਸੀ, ਜਿਸ ਨੂੰ ਵੀਣਾ ਨੇ ਇਕ ਝਟਕੇ ਨਾਲ ਉਸ ਦੇ ਹੱਥੋਂ ਛੁੜਾ ਲਿਆ।
ਵੀਣਾ ਦੀਆਂ ਪਲਕਾਂ ਵਿਚ ਹਕਰਤ ਪੈਦਾ ਹੋਈ ਤੇ ਸਹਿਜੇ ਸਹਿਜੇ ਉਸ ਨੇ ਅੱਖਾਂ ਖੋਲ੍ਹੀਆਂ। ਇਸ ਵਾਰੀ ਹੈਰਾਨ ਨਜ਼ਰ ਨਾਲ ਅੱਖਾਂ ਨੂੰ ਛੇਤੀ ਛੇਤੀ ਝਮਕਦੀ ਹੋਈ ਉਹ ਕਿਦਾਰ ਵਲ ਤੱਕੀ ਤੇ ਉਸਦੇ ਮੂੰਹੋਂ ਨਿਕਲਿਆ, “ਭਰਾ ਜੀ ਤੁਸੀਂ ?”
10
ਜ਼ੋਰ ਨਾਲ ਘੁੰਮ ਰਿਹਾ ਲਾਟੂ ਜਿਸ ਤਰ੍ਹਾਂ ਖੜੋਤਾ ਵਿਖਾਈ ਦੇਂਦਾ ਹੈ, ਏਸੇ ਤਰ੍ਹਾਂ ਵੀਣਾ ਦਾ ਮਨ ਇਸ ਵੇਲੇ ਬੇ-ਓੜਕ ਸੋਚਾਂ ਵਿਚ ਚੱਕਰ ਲਾਂਦਾ ਹੋਇਆ ਵੀ ਉਸ ਨੂੰ ਰੁਕਿਆ ਜਾਪਦਾ ਸੀ। ਉਸ ਦੇ ਖ਼ਿਆਲਾਂ ਦੀ ਦੌੜ ਇਸ ਵੇਲੇ ਇਤਨੀ ਤੇਜ਼ ਸੀ ਕਿ ਜਿਸ ਤੇਜ਼ੀ ਨੂੰ ਉਹ ਖਲੋਤ ਦੇ ਰੂਪ ਵਿਚ ਅਨੁਭਵ ਕਰ ਰਹੀ ਸੀ – ਸਿਨੇਮਾ ਦੀਆਂ ਤਸਵੀਰਾਂ ਵਾਂਗ। ਰਾਤ ਕਿੰਨੀ ਕੁ ਚਲੀ ਗਈ ਹੈ ? ਉਸ ਨੂੰ ਕੋਈ ਖ਼ਬਰ ਨਹੀਂ ਸੀ। ਉਹ ਮੰਜੇ ਤੇ ਉਤਾਣੇ ਮੂੰਹ ਪਈ, ਆਕਾਸ਼ ਵਲ ਤੱਕਦੀ ਹੋਈ ਅੱਜ ਦੀ ਘਟਨਾ ਨੂੰ ਬਰਾਬਰ ਸੋਚ ਰਹੀ ਸੀ।
ਸਵੇਰੇ ਜਦ ਉਸ ਨੇ ਕਿਦਾਰ ਦੇ ਕਮਰੇ ਵਿਚ ਜਾ ਕੇ ਸਦਾ ਤੋਂ ਉਲਟ ਉਸਨੂੰ ਚਦਰ ਵਲ੍ਹੇਟੀ ਪਿਆ ਵੇਖਿਆ ਸੀ, ਤਾਂ ਉਸਨੇ ਖ਼ਿਆਲ ਕੀਤਾ ਕਿ ਅਕਸਰ ਕਿਦਾਰ ਸਿਰ ਦਰਦ ਦੀ ਸ਼ਿਕਾਇਤ ਕੀਤਾ ਕਰਦਾ ਹੈ। ਸ਼ਾਇਦ ਅੱਜ ਵੀ ਇਸ ਦਾ ਇਹੋ ਕਾਰਨ ਹੋਵੇ। ਪਰ ਕਿਦਾਰ ਦੀਆਂ ਗੱਲਾਂ ਕਥਾਂ, ਪੜ੍ਹਾਣ ਵਿਚ ਬੇ-ਰੁਖ਼ੀ ਤੇ ਚਿਹਰੇ ਤੇ ਉਤਾਰ ਚੜ੍ਹਾਉ ਤੋਂ ਉਸ ਨੂੰ ਸ਼ੱਕ ਪਿਆ, ਜਿਵੇਂ ਸਰੀਰ ਤੋਂ ਛੁਟ ਕਿਦਾਰ ਦੇ ਮਨ ਨੂੰ ਵੀ ਅੱਜ ਕਿਸੇ ਤਰ੍ਹਾਂ ਦੀ ਪੀੜ ਸਤਾ ਰਹੀ ਹੈ। ਉਸ ਨੇ ਚਾਹਿਆ ਕਿ ਕਿਸੇ ਤਰ੍ਹਾਂ ਕਿਦਾਰ ਆਪਣੇ ਦਿਲ ਦੀ ਘੁੰਡੀ ਉਸ ਅੱਗੇ ਖੋਲ੍ਹ ਦੇਵੇ, ਕੋਈ ਵੀ ਗੱਲ ਉਸ ਪਾਸੋਂ ਲੁਕਾ ਕੇ ਨਾ ਰਖੇ, ਪਰ ਜਿਉਂ ਹੀ ਕਿਦਾਰ ਨੇ ਉਸ ਉਤੇ ਅਜਿਹੇ ਪ੍ਰਸ਼ਨ ਕਰਨੇ ਸ਼ੁਰੂ ਕੀਤੇ, ਜਿਨ੍ਹਾਂ ਦਾ ਇਸ਼ਾਰਾ ਵੀਣਾ ਦੇ ਵਿਆਹ ਵਲ ਸੀ, ਉਹ ਕੁਝ ਸ਼ਰਮਾ ਗਈ। ਤਾਂ ਵੀ ਉਹ ਇਹ ਸੋਚਣੋਂ ਨਾ ਰੁਕ ਸਕੀ ਕਿ ਕਿਦਾਰ ਨੇ ਇਹ ਪ੍ਰਸ਼ਨ ਉਸ ਉਤੇ ਕਿਉਂ ਕੀਤੇ ਹਨ, ਤੇ ਫਿਰ ਕੁਝ ਕਹਿੰਦਾ ਕਹਿੰਦਾ ਉਹ ਰੁਕ ਕਿਉਂ ਗਿਆ, ਪਰ ਪੁਛਣ ਲਈ ਉਤਸੁਕ ਹੁੰਦੀ ਹੋਈ ਵੀ ਉਹ ਉਸ ਪਾਸੋਂ ਕੁਝ ਨਾ ਪੁਛ ਸਕੀ।
ਜਦ ਕਿਦਾਰ ਉਸਨੂੰ ਚਾਹ ਲਈ ਕਹਿਣ ਤੋਂ ਬਾਦ ਕੰਮ ਤੇ ਜਾਣ ਨੂੰ ਤਿਆਰ ਹੋਇਆ, ਤਾਂ ਵੀਣਾ ਦੀ ਇਕ ਵਾਰੀ ਫੇਰ ਸਲਾਹ ਹੋਈ ਕਿ ਉਸਦਾ ਅੰਦਰਲਾ ਫੈਲੇ, ਪਰ ਉਸ ਨੇ ਵੇਖਿਆ ਕਿਦਾਰ ਨੂੰ ਦੁਕਾਨ ਤੇ ਜਾਣ ਦੀ ਕਾਹਲੀ ਸੀ ਤੇ ਉਸ ਨੇ ਵੀ ਸਕੂਲ ਜਾਣਾ ਸੀ। ਇਹੋ ਸੋਚਕੇ ਉਸਨੇ ਇਸ ਮਾਮਲੇ ਨੂੰ ਕਿਸੇ ਹੋਰ ਵੇਲੇ ਲਈ ਛਡ ਦਿਤਾ, ਤੇ ਮੁੜ ਰਸੋਈ ਵਿਚ ਜਾਕੇ ਕਿਦਾਰ ਲਈ ਚਾਹ ਬਣਾਨੀ ਸ਼ੁਰੂ ਕੀਤੀ। ਜਿੰਨਾ ਚਿਰ ਉਹ ਚੁਲ੍ਹੇ ਅੱਗੇ ਬੈਠੀ ਰਹੀ, ਉਸਦੇ ਅੰਦਰ ਇਹੋ ਜਿਹੇ ਖ਼ਿਆਲ ਚੱਕਰ ਲਾਂਦੇ ਰਹੇ। ਅਖੀਰ ਵਿਦਿਆ ਹੱਥ ਉਸਨੇ ਚਾਹ ਪਾਕੇ ਭੇਜ ਦਿਤੀ। ਤੇ ਜਦ ਵਿਦਿਆ ਨੇ ਉਹਨੂੰ ਆ ਕੇ ਦਸਿਆ ਕਿ ਕਿਦਾਰ ਬਿਨਾਂ ਚਾਹ ਪੀਤਿਆਂ ਹੀ ਚਲਾ ਗਿਆ ਹੈ, ਤਾਂ ਉਸ ਦੀ ਹੈਰਾਨੀ ਹੋਰ ਵਧ ਗਈ।
ਇਸ ਤੋਂ ਬਾਅਦ ਜਿਉਂ ਹੀ ਪਤੀਲੇ ਵਿਚ ਬਚੀ ਹੋਈ ਚਾਹ ਨੂੰ ਪਿਆਲੀ ਵਿਚ ਪਾ ਕੇ ਪਹਿਲਾਂ ਘਟ ਭਰਿਆ, ਉਹ ਹੱਕੀ ਬੱਕੀ ਰਹਿ ਗਈ। ਚਾਹ ਵਿਚ ਮਿੱਠਾ ਪਾਣਾ ਉਸ ਨੂੰ ਭੁਲ ਗਿਆ ਸੀ। ਉਸ ਨੂੰ ਸਮਝਣ ਵਿਚ ਚਿਰ ਨਾ ਲਗਾ ਕਿ ਕਿਦਾਰ ਇਸੇ ਕਰਕੇ ਚਾਹ ਵਿਚੇ ਛੱਡ ਗਿਆ ਹੈ। ਉਹ ਬੜੀ ਬੇ-ਸਬਰੀ ਨਾਲ ਕਿਦਾਰ ਦੇ ਆਉਣ ਦੀ ਉਡੀਕ ਕਰਨ ਲਗੀ। ਏਸੇ ਉਡੀਕ ਨੇ ਉਸ ਨੂੰ ਅੱਜ ਸਕੂਲੋਂ ਵੀ ਗੈਰ-ਹਾਜ਼ਰ ਰਖਿਆ।
ਸਵੇਰ ਤੋਂ ਲੈ ਕੇ ਦੁਪਹਿਰਾਂ ਤੀਕ ਵੀਣਾ ਦਾ ਮਨ ਸਿਰਫ਼ ਦੋਂਹ ਹੀ ਗੱਲਾਂ ਵਿਚ ਪਲਚਿਆ ਰਿਹਾ – ਕਿਦਾਰ ਬਾਬਤ, ਤੇ ਜਾਂ ਸਹੁਰੇ ਘਰ ਬਾਬਤ । ਉਸ ਦੀ ਮਾਂ ਗੁਜਰਖ਼ਾਨ ਜਿਸ ਕੰਮ ਲਈ ਗਈ ਸੀ, ਇਸ ਕੰਮੇਂ ਵੀਣਾ ਨਾ ਸਿਰਫ਼ ਜਾਣੂ ਸੀ, ਬਲਕਿ ਉਸ ਨੂੰ ਆਪਣੇ ਭਵਿਖਤ ਜੀਵਨ ਦਾ ਇਕ ਸੁਨਹਿਰੀ ਸੁਪਨਾ ਵੀ ਇਸ ਦੇ ਪਿਛੇ ਲੁਕਿਆ ਹੋਇਆ ਮਹਿਸੂਸ ਹੋ ਰਿਹਾ ਸੀ।
‘ਮਤੇ ਉਹ ਇਨਕਾਰ ਕਰ ਦੇਣ ਜਿਉਂ ਹੀ ਇਹ ਛੋਟਾ ਜਿਹਾ ਪ੍ਰਸ਼ਨ ਵੀਣਾ ਦੇ ਅੰਦਰ ਉਠਦਾ ਆਪਣਾ ਦਿਲ ਉਸ ਨੂੰ ਢਹਿੰਦਾ ਢਹਿੰਦਾ ਮਲੂਮ ਹੁੰਦਾ, ਪਰ ਜਦੋਂ ਹੀ ਮੁੜ ਉਸ ਨੂੰ ਅਹਿਸਾਸ ਹੁੰਦਾ ਕਿ ਇਨਕਾਰ ਦਾ ਕੋਈ ਕਾਰਨ ਨਹੀਂ ਜਦ ਕਿ ਉਹਨਾਂ ਦੀ ਮੰਗ ਪੂਰੀ ਕਰਨ ਦੀ ਜ਼ਿੰਮੇਵਾਰੀ ਕਿਦਾਰ ਨੇ ਆਪਣੇ ਸਿਰ ਲੈ ਲਈ ਹੈ, ਤਾਂ ਉਹ ਆਪਣੇ ਆਪ ਨੂੰ ਕਿਸੇ ਨਵ ਉਤਸ਼ਾਹੀ ਵੇਗ ਦੇ ਅਕਾਸ਼ ਵਿਚ ਉਡਦੀ ਉਡਦੀ ਮਹਿਸੂਸ ਕਰਦੀ। ਚੰਨੋਂ ਦੀਆਂ ਦਰਸਾਈਆਂ ਹੋਈਆਂ ਉਹ ਸਾਰੀਆਂ ਕਲਪਿਤ ਤਸਵੀਰਾਂ ਉਸ ਦੀਆਂ ਅੱਖਾਂ ਅਗੇ ਫਿਰਨ ਲਗਦੀਆਂ, ‘ਉਹ ਬੜਾ ਸੋਹਣਾ ਹੈ ….. ਬੜਾ ਚੰਗਾ ਗਾਉਂਦਾ ਹੈ ….. ਉਨ੍ਹਾਂ ਦੇ ਖੂਹ ….. ਬਾਗ ਹਵੇਲੀਆਂ ……..।’
‘ਕਿਦਾਰ ਇਤਨਾ ਰੁਪਿਆ ਕਿਥੋਂ ਲਵੇਗਾ ?’ ਇਸ ਪ੍ਰਸ਼ਨ ਨੇ ਵਿਚ ਵਿਚ ਕਈ ਵਾਰੀ ਉਸ ਨੂੰ ਉਲਝਣ ਜਿਹੀ ਵਿਚ ਪਾਇਆ, ਪਰ ਇਹ ਸੋਚ ਕੇ ਕਿ ਉਹ ਜ਼ਰੂਰ ਕਰ ਲਵੇਗਾ — ਤਸੱਲੀ ਜੁ ਦਿੱਤੀ ਸੂ’ ਆਪਣੇ ਆਪ ਹੀ ਉਸ ਦੀ ਉਲਝਣ ਸੁਲਝ ਜਾਂਦੀ, ਤੇ ਇਸਦੇ ਨਾਲ ਹੀ ਆਪਣੇ ਉਪਕਾਰੀ ਤੇ ਮਿੱਠੇ ਕਿਦਾਰ ਦੇ ਪਿਆਰ ਵਿਚ ਉਸ ਦਾ ਸਾਰਾ ਮਨ ਗੜੂੰਦ ਹੋ ਜਾਂਦਾ।
ਦੁਪਹਿਰ ਦੀ ਰੋਟੀ ਦਾ ਵਕਤ ਬੀਤ ਜਾਣ ਤੇ ਵੀ ਜਦ ਕਿਦਾਰ ਨਾ ਮੁੜਿਆ ਤਾਂ ਵੀਣਾ ਸੋਚਣ ਲਗੀ, ਮਤੇ ਜ਼ਿਆਦਾ ਬੀਮਾਰ ਹੋ ਗਿਆ ਹੋਵੇ। ਭੈਣਾਂ ਭਰਾਵਾਂ ਨੂੰ ਰੋਟੀ ਖਵਾ ਕੇ ਤੇ ਚੌਂਕਾ ਭਾਂਡਾ ਸਾਂਭ ਕੇ ਉਹ ਵੇਹਲੀ ਹੋ ਗਈ ਤੇ ਉਸੇ ਤਰ੍ਹਾਂ ਸਵੇ ਰ ਦੀ ਭੁਖੀ ਭਾਣੀ ਜਾ ਕੇ ਲੰਮੀ ਪੈ ਗਈ। ਕਈ ਵਾਰੀ ਉਸ ਨੇ ਆਪ ਜਾ ਕੇ ਵੇਖਿਆ, ਤੇ ਕਈ ਵਾਰੀ ਮੁੰਡੇ ਕੁੜੀ ਨੂੰ ਭੇਜਿਆ, ਪਰ ਹਰ ਵਾਰ ਕਿਦਾਰ ਦਾ ਕੁੰਡਾ ਵੱਜਾ ਹੋਇਆ ਹੁੰਦਾ। ਉਸ ਨੇ ਵਿਦਿਆ ਨੂੰ ਕਹਿ ਛਡਿਆ ਸੀ ਕਿ ਬਾਹਰ ਟਾਹਲੀ ਹੇਠ ਬੈਠਕੇ ਕਿਦਾਰ ਦੇ ਆਉਣ ਦਾ ਧਿਆਨ ਰਖੇ| ਅਖ਼ੀਰ ਚੋਖੀ ਉਡੀਕ ਤੋਂ ਬਾਅਦ ਉਸ ਨੂੰ ਵਿਦਿਆ ਪਾਸੋਂ ਪਤਾ ਲਗਾ ਕਿ ਕਿਦਾਰ ਆਇਆ ਸੀ, ਤੇ ਪੁੱਛ ਕੇ ਬੂਹੇ ਅਗੋਂ ਹੀ ਮੁੜ ਗਿਆ ਹੈ। ਵੀਣਾ ਨੇ ਉਠ ਕੇ ਝਟ ਪਟ ਕਪੜੇ ਬਦਲੇ, ਕੰਘੀ ਵਾਹੀ ਤੇ ਬਾਹਰ ਨਿਕਲ ਕੇ ਕਿਦਾਰ ਦੇ ਘਰ ਵਲ ਤੁਰ ਪਈ।
ਅੰਦਰੋਂ ਬੂਹਾ ਬੰਦ ਵੇਖ ਕੇ ਪਹਿਲਾਂ ਉਸ ਨੇ ਖੜਾਕ ਕੀਤਾ, ਫਿਰ ਆਵਾਜ਼ਾਂ ਦਿਤੀਆਂ, ਪਰ ਇਸ ਦੇ ਉੱਤਰ ਵਿਚ ਵੀਣਾ ਨੇ ਜੋ ਕੁਝ ਸੁਣਿਆ, ਇਹ ਉਸ ਦੀ ਆਸ ਉਮੀਦ ਤੋਂ ਉੱਕਾ ਹੀ ਉਲਟ ਸੀ। ਇਤਨੀ ਕੜਕਵੀਂ ਆਵਾਜ਼ ਤੇ ਇਤਨੀ ਨਿਰਾਦਰ ਭਰਪੂਰ ! ਉਸ ਨੂੰ ਆਪਣੇ ਕੰਨਾਂ ਉੱਤੇ ਇਤਬਾਰ ਕਰਨਾ ਔਖਾ ਹੋ ਗਿਆ।
ਵੀਣਾ ਦਾ ਦਿਲ ਜਿੰਨਾ ਹੀ ਕੋਮਲ ਸੀ, ਉਨੀ ਕਰੜੀ ਸੱਟ ਉੱਤੇ ਵੱਜੀ। ਉਹ ਘਬਰਾ ਉਠੀ | ਯਕੀਨ ਕਰਨ ਲਈ ਕਿ ਇਹ ਆਵਾਜ਼ ਕੀ ਸਚਮੁਚ ਕਿਦਾਰ ਦੀ ਹੈ ? ਵੀਣਾ ਨੇ ਇਕ ਦੋ ਵਾਰੀ ਫੇਰ ਆਵਾਜ਼ਾਂ ਦਿਤੀਆਂ, ਪਰ ਜਦ ਫੇਰ ਵੀ ਅੰਦਰੋਂ ਉਸੇ ਸੁਰ ਤਾਲ ਵਿਚ ਜਵਾਬ ਮਿਲਿਆ ਤਾਂ ਵੀਣਾ ਉਥੇ ਖੜੀ ਨਾ ਰਹਿ ਸਕੀ। ਇਕ ਵਾਰੀ ਉਸ ਦੇ ਦਿਲ ਵਿਚ ਆਇਆ ਕਿ ਉਹ ਗਿੜਗਿੜਾ ਕੇ ਤਰਲੇ ਭਰੀ ਆਵਾਜ਼ ਵਿਚ ਕਿਦਾਰ ਪਾਸੋਂ ਇਸ ਕਰੋਧ ਦਾ ਕਾਰਨ ਪੁੱਛੇ, ਨਾਲ ਹੀ ਉਹ ਆਪਣੀ ਨਿਰਦੋਸ਼ਤਾ ਦਾ ਹਰ ਇਕ ਸਬੂਤ ਪੇਸ਼ ਕਰੇ, ਪਰ ਝਟ ਹੀ ਉਸ ਦਾ ਸਵੈਮਾਨ ਪੁਕਾਰਿਆ, ‘ਇਹ ਕੌਣ ਹੈ ਮੇਰਾ ਅਪਮਾਨ ਕਰਨ ਵਾਲਾ ? ਕੀ ਮੈਂ ਛੋਟੀ ਜਿਹੀ ਬਾਲੜੀ ਸਾਂ ਜੁ ਇਸ ਨੇ ਮੈਨੂੰ ਇਸ ਤਰ੍ਹਾਂ ਝਿੜਕ ਸੁਟਿਆ ? ਮੈਂ ਕਿਉਂ ਇਸ ਅੱਗੇ ਰਹਿਮ ਦੀ ਅਪੀਲ ਕਰਾਂ, ਤੇ ਫਿਰ ਕਿਹੜੇ ਕਸੂਰ ਬਦਲੇ ?’
ਇਹ ਸੋਚਦੀ ਹੋਈ ਵੀਣਾ ਪਿਛਾਂਹ ਮੁੜ ਗਈ ਤੇ ਓਵੇਂ ਹੀ ਘਰ ਅੰਦਰ ਜਾ ਕੇ ਮੰਜੇ ਤੇ ਮੂੰਹ ਭਾਰ ਲੇਟ ਗਈ। ਕਿੰਨਾ ਕੁ ਚਿਰ ਉਹ ਅੱਥਰੂਆਂ ਨਾਲ ਸਰ੍ਹਾਣਾ ਭਿਉਂਦੀ ਰਹੀ ? ਉਸ ਨੂੰ ਕੁਝ ਪਤਾ ਨਹੀਂ ਸੀ।
ਪੀੜ ਪਹੁੰਚਾਣ ਵਾਲੀਆਂ ਚੀਜ਼ਾਂ ਵਿਚੋਂ ਸਭ ਤੋਂ ਮਾਰੂ ਤੇ ਅਸਹਿ ਚੀਜ਼ ਅਪਮਾਨ ਹੈ — ਖ਼ਾਸ ਕਰਕੇ ਉਸ ਦਿਲ ਦਾ ਅਪਮਾਨ, ਜਿਹੜਾ ਕਿਸੇ ਪਿਆਰ ਸਾਗਰ ਵਿਚ ਤਰ ਰਿਹਾ ਹੋਵੇ। ਵੀਣਾ ਦੇ ਹਟਕੋਰਿਆਂ ਵਿਚ ਮੁੜ ਮੁੜ ਇਹੋ ਪ੍ਰਸ਼ਨ ਉਠਦਾ, ‘ਉਸ ਨੇ ਮੈਨੂੰ ਕਿਉਂ ਦੁਰਕਾਰਿਆ — ਮੈਂ ਉਸ ਦਾ ਕੀ ਵਿਗਾੜਿਆ ਸੀ ? ਤੇ ਇਸ ਦੇ ਨਾਲ- ਹੀ ਉਸ ਦੇ ਅੰਦਰ ਇਕ ਹੋਰ ਸੋਚ ਉਠਦੀ, ‘ਕਿਤੇ ਉਸ ਦਾ ਦਿਮਾਗ ਤੇ ਖ਼ਰਾਬ ਨਹੀਂ ਹੋ ਗਿਆ ? ਮਤੇ ਉਹ ਬੇ-ਹੋਸ਼ੀ ਜਾਂ ਅੱਧ-ਹੋਸ਼ੀ ਦੀ ਹਾਲਤ ਵਿਚ ਬੜਬੜਾਇਆ ਹੋਵੇ –ਮਤੇ ਉਸ ਨੂੰ ਸਖ਼ਤ ਕਿਸਮ ਦਾ ਬੁਖ਼ਾਰ ਜਾਂ ਸਰਸਾਮ ਹੋ ਗਿਆ ਹੋਵੇ। ਨਹੀਂ ਤੇ ਭਲਾ ਕਿਦਾਰ ਕੀ ਆਖ ਤੇ ਇਤਨਾ ਗੁੱਸਾ ਕੀ ਆਖ। ਉਸ ਦੇ ਮੱਥੇ ਉਤੇ ਤਾਂ ਕਦੀ ਵੱਟ ਤੀਕ ਨਹੀਂ ਸੀ ਵੇਖਿਆ। ਜ਼ਰੂਰ ਕੋਈ ਖ਼ਾਸ ਗੱਲ ਹੈ, ਨਹੀਂ ਤੇ …..’ ਉਹ ਇਨ੍ਹਾਂ ਵਿਚਾਰਾਂ ਨੂੰ ਅਧੂਰੇ ਹੀ ਛੱਡ ਕੇ ਇਕ ਵਾਰੀ ਫੇਰ ਮੰਜੇ ਤੋਂ ਉਠੀ – ਨਿਰਾਦਰ ਦਾ ਜਿਹੜਾ ਚੰਗਿਆੜਾ ਉਸ ਦੇ ਅੰਦਰ ਮਘ ਰਿਹਾ ਸੀ, ਆਪਣੇ ਆਪ ਠੰਡਾ ਹੋ ਗਿਆ। ਬਾਹਰ ਜਾ ਕੇ ਉਸ ਨੇ ਬਸੰਤ ਨੂੰ ਸਦਿਆ ਤੇ ਇਹ ਪਤਾ ਕਰਨ ਲਈ ਕਿਦਾਰ ਦਾ ਬੂਹਾ ਖੁਲ੍ਹਾ ਹੈ ਕਿ ਬੰਦ, ਉਸ ਨੂੰ ਕਿਦਾਰ ਦੇ ਘਰ ਵਲ ਭੇਜਿਆ।
ਬਸੰਤ ਨੇ ਆ ਕੇ ਦਸਿਆ, “ਬੂਹਾ ਅੰਦਰੋਂ ਬੰਦ ਹੈ। ਮੈਂ ਆਵਾਜ਼ਾਂ ਮਾਰੀਆਂ, ਬੂਹਾ ਵੀ ਖੜਕਾਇਆ, ਪਰ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ।”
“ਭਾਵੇਂ ਬੇਹਸ਼ ਪਿਆ ਹੋਵੇ” ਇਹੋ ਸੋਚਦੀ ਹੋਈ ਵੀਣਾ ਆਪ ਉਸ ਦੇ ਘਰ ਵਲ ਗੁਰ ਪਈ, ਪਰ ਕਿਦਾਰ ਦੇ ਘਰ ਲਾਗੇ ਖੜੀਆਂ ਦੋ ਤਿੰਨ ਜ਼ਨਾਨੀਆਂ ਨੂੰ ਆਪੋ ਵਿਚ ਗੋਲਾ ਕਰਦਿਆਂ ਵੇਖ ਕੇ ਵੀਣਾ ਅਗਾਂਹ ਨਾ ਜਾ ਸਕੀ । ਉਹ ਸੋਚਣ ਲਗੀ, ‘ਆਂਦੀ ਗੁਆਂਢੀ ਕੀ ਕਹਿੰਦੇ ਹੋਣਗੇ — ਮਾਂ ਘਰ ਨਹੀਂ ਸੂ, ਤੇ ਇਹ ਘੜੀ ਮੁੜੀ ਉਹ ਦਾ ਪਰਾ ਭੰਨਣ ਤੇ ਸੰਘ ਪਾੜਨ ਡਹੀ ਹੋਈ ਏ।’ ਉਹ ਫੇਰ ਪਿਛਾਂਹ ਮੁੜ ਪਈ।
ਸ਼ਾਮ ਨੂੰ ਵੀਣਾ ਨੇ ਕੁਝ ਨਹੀਂ ਖਾਧਾ।
ਸੰਧਿਆ ਪੈ ਗਈ, ਫੇਰ ਰਾਤ ਤੇ ਇਸ ਤੋਂ ਬਾਅਤ ਸੋਤਾ। ਵੀਣਾ ਨੇ ਕੋਠੇ ਜਾ ਕੇ ਦਹਾਂ ਮੰਜਿਆਂ ਤੇ ਵਿਛਾਈਆਂ ਕੀਤੀਆਂ। ਇਕ ਉੱਤੇ ਉਸ ਨੇ ਭੈਣ ਭਰਾ ਨੂੰ ਸੁੰਆ ਦਿੱਤਾ ਤੇ ਦੂਜੇ ਉਤੇ ਆਪ ਲੰਮੀ ਪੈ ਗਈ। ਪਰ ਅੱਜ ਉਸ ਦੀਆਂ ਅੱਖਾਂ ਵਿਚ ਨੀਂਦਰ ਦਾ ਨਾਂ ਨਿਸ਼ਾਨ ਨਹੀਂ ਸੀ। ਅੱਗੇ ਮੰਜੀ ਤੇ ਪੈਂਦੀ ਹੀ ਉਹ ਸੌਂ ਜਾਇਆ ਕਰਦੀ ਸੀ। ਇਕ ਗਰਮੀ ਦੀ ਰੁੱਤ, ਤੇ ਦੂਜਾ ਅੱਜ ਹਵਾ ਬਿਲਕੁਲ ਬੰਦ ਸੀ। ਪਲ ਪਲ ਪਿਛੋਂ ਉਹ ਸੋਚਦੀ, ‘ਕਿਸ ਤਰ੍ਹਾਂ ਏਡੇ ਹੁੱਸੜ ਵਿਚ ਅੰਦਰ ਵੜ ਕੇ ਸੁੱਤਾ ਹੋਇਆ ਹੈ ? ਅਤੇ …… ਕਿਤੇ ਅਜਿਹਾ ਨਾ ਹੋਵੇ ਕਿ ….’ ਤੇ ਇਸ ਸੋਚ ਦੇ ਫਲ ਰੂਪ ਉਹ ਭੁੜਕ ਕੇ ਮੰਜੇ ਤੋਂ ਹੇਠਾਂ ਉਤਰ ਖਲੋਂਦੀ ਤੇ ਉਸ ਦੇ ਪੈਰ ਬਦੋਬਦੀ ਪੌੜੀਆਂ ਵਲ ਹੋ ਕਰਦੇ, ਪਰ ਦੋ ਚਾਰ ਪੌੜੀਆਂ ਉਤਰਨ ਤੋਂ ਬਾਅਦ ਮੁੜ ਓਹ ਖ਼ਿਆਲ ਉਸ ਨੂੰ ਮੋੜ ਲਿਆਉਂਦਾ, ‘ਕੋਈ ਕੀ ਕਹੇਗਾ …. ਰਾਤ ਦੇ ਇਸ ਘੁਪ ਹਨੇਰੇ ਵਿਚ ………. ਤੇ ਉਹ ਫਿਰ ਮੰਜੇ ਤੇ ਆ ਲੰਮੀ ਪੈਂਦੀ।
ਅਕਾਸ਼ੀਂ ਝਿਲਮਿਲ ਕਰਦੇ ਤਾਰਿਆਂ ਉੱਤੇ ਨਜ਼ਰ ਗੱਡੀ ਵੀਣਾ ਉਤਾਣੇ ਮੂੰਹ ਲਟੀ ਸੀ । ਧੁੰਦਲੀ ਤੇ ਉਘੜ ਦੁੱਗੜੀ ਤਾਰਿਆਂ ਦੀ ਸੜਕ ਉੱਤੇ, ਜਿਸ ਦਾ ਛੇਕੜਲਾ ਸਿਰਾ ਫੈਲਦਾ ਫੈਲਦਾ ਅਖ਼ੀਰ ਤਾਰਿਆਂ ਦੀ ਭੀੜ ਵਿਚ ਹੀ ਗੁੰਮ ਹੋ ਗਿਆ ਸੀ, ਵੀਣਾ ਦੀਆਂ ਅੱਖਾਂ ਟਿਕੀਆਂ ਹੋਈਆਂ ਸਨ, ਤੇ ਉਹ ਬਰਾਬਰ ਪੜਚੋਲ ਰਹੀ ਸੀ, ‘ਇਹ ਇਤਨੇ ਬੇਸ਼ੁਮਾਰ ਤਾਰੇ ਕਿਸ ਤਰ੍ਹਾਂ ਅਕਾਸ਼ ਵਿਚ ਸਮਾਏ ਹੋਏ ਨੇ ? ਤੇ ਇਹ ਲੰਮੀ ਚੌੜੀ ਸੜਕ ਕਿਧਰ ਨੂੰ ਜਾਂਦੀ ਹੈ …….?’ ਇਸ ਵੇਲੇ ਉਸਦੇ ਕੰਨਾਂ ਵਿਚ ਗੱਡੀ ਦੇ ਚੀਕ ਮਾਰਨ ਦੀ ਆਵਾਜ਼ ਪਈ। ਉਹ ਸੋਚਣ ਲੱਗੀ, ‘ਬੇ ਜੀ ਇਸ ਵੇਲੇ ਕਿਥੇ ਹੋਣਗੇ ? ਸ਼ਾਇਦ ਉਨ੍ਹਾਂ ਦੇ ਘਰ। ਨਹੀਂ, ਉਨ੍ਹਾਂ ਦੇ ਘਰ ਉਹ ਕਿਵੇਂ ਸੌਂ ਸਕਦੀ ਹੈ। ਕਚਾ ਕੁਆਰਾ ਸਾਕ, ਕਦੀ ਹੋ ਸਕਦਾ ਹੈ? ਉਹ ਜ਼ਰੂਰ ਕਿਸੇ ਹੋਰ ਰਿਸ਼ਤੇਦਾਰ ਦੇ ਘਰ ਚਲੀ ਗਈ ਹੋਵੇਗੀ ? ਮੇਰੇ ਤਾਏ ਦੇ ਪੁੱਤਰ ਵੀ ਤਾਂ ਉਸੇ ਸ਼ਹਿਰ ਰਹਿੰਦੇ ਨੇ, ਜ਼ਰੂਰ ਉਨ੍ਹਾਂ ਦੇ ਘਰ ਚਲੀ ਗਈ ਹੋਵੇਗੀ। ਕੁੜਮਾਂ ਦੇ ਘਰ ਭਲਾ ਕੀਕਣ ਸਉਂ ਸਕਦੀ ਸੀ ? ਪਰ ਉਹ ਗਈ ਕਿਉਂ ਉਨ੍ਹਾਂ ਦੇ ਘਰ ? ਕੀ ਰਹਿਮ ਦੀ ਦਰਖ਼ਾਸਤ ਕਰਨ ਲਈ ? ਕੀ ਇਹ ਬੇਨਤੀ ਕਰਨ ਲਈ ਕਿ ਉਹ ਜ਼ਰੂਰ ਉਸ ਦੀ ਧੀ ਨੂੰ ਕਬੂਲ ਲੈਣ ? ਉਫ਼ ! ਕੀ ਲੋੜ ਸੀ ਉਸ ਨੂੰ ਇਤਨਾ ਜ਼ਲੀਲ ਹੋਣ ਦੀ ? ਆਪਣੀ ਅਣਖ ਗੁਆ ਕੇ, ਆਪਣਾ ਸਵੈ-ਮਾਨ ਰੋਲ ਕੇ ਜੇ ਉਸ ਨੇ ਉਨ੍ਹਾਂ ਨੂੰ ਰਾਜ਼ੀ ਕਰ ਵੀ ਲਿਆ ਤਾਂ ਕਿਹੜੀ ਬਹਾਦਰੀ ਹੋਈ ? ਕੀ ਲਿਖਿਆ ਸੀ ਉਨ੍ਹਾਂ ਦੇ ਖ਼ਤ ਵਿਚ — ‘ਸਾਡਾ ਲੜਕਾ ਹਾਲੇ ਵਿਆਹ ਨਹੀਂ ਕਰਾਣਾ ਚਾਹੁੰਦਾ। ਤਾਂ ਕੀ ਵੀਣਾ ਹੀ ਇਤਨੀ ਬੇਕਰਾਰ ਹੈ ਵਿਆਹ ਲਈ? ਕਾਸ਼ ! ਕਦੀ ਮੇਰੀ ਮਾਂ ਇਸ ਬਾਰੇ ਮੇਰੀ ਵੀ ਸਲਾਹ ਪੁੱਛ ਲੈਂਦੀ। ਮੈਂ ਤੇ ਸਾਫ਼ ਕਹਿ ਦੇਂਦੀ ‘ਏਡੇ ਹੰਕਾਰੀਆਂ ਦੀ ਮੈਂ ਕੱਖ ਜਿੰਨੀ ਪਰਵਾਹ ਨਹੀਂ ਕਰਦੀ। ਮੈਂ ਸਾਰੀ ਉਮਰ ਕੁਆਰੀ ਰਹਿਣਾ ਮਨਜ਼ੂਰ ਕਰਾਂਗੀ, ਪਰ ……. ‘
ਇਨ੍ਹਾਂ ਗੱਲਾਂ ਨੂੰ ਸੋਚਦਿਆਂ ਸੋਚਦਿਆਂ ਵੀਣਾ ਨੂੰ ਇਕ ਵਾਰੀ ਫੇਰ ਚੰਨੋਂ ਦੀਆਂ ਕਹੀਆਂ ਗੱਲਾਂ ਚੇਤੇ ਆਈਆਂ, ‘ਉਹ ਤੈਨੂੰ ਬੜਾ ਪਿਆਰ ਕਰਦਾ ਹੈ …. ਹਰ ਵੇਲੇ ਮੈਥੋਂ ਤੇਰੀਆਂ ਹੀ ਗੱਲਾਂ ਪੁੱਛਦਾ ਰਹਿੰਦਾ ਹੈ ….. ਤੇ ਇਨ੍ਹਾਂ ਗੱਲਾਂ ਨੇ ਵੀਣਾ ਦੇ ਉਪਰੋਕਤ ਖ਼ਿਆਲਾਂ ਦਾ ਰਸਤਾ ਇਕਦਮ ਮੋੜ ਦਿਤਾ, ‘ਨਹੀਂ ਇਹ ਸਭ ਚਾਲਾਕੀ ਉਸ ਦੇ ਮਾਪਿਆਂ ਦੀ ਹੈ, ਜਿਹੜੇ ਆਪਣੇ ਪੁੱਤਰ ਦੀ ਵਧ ਤੋਂ ਵਧ ਕੀਮਤ ਵਟਣੀ ਚਾਹੁੰਦੇ ਨੇ। ਉਸ ਵਿਚਾਰੇ ਦਾ ਕੀ ਕਸੂਰ ਇਸ ਮਾਮਲੇ ਵਿਚ’ਇਸ ਵੇਲੇ ਵੀਣਾ ਆਪਣੇ ਆਪ ਨੂੰ ਕਿਸੇ ਨਵੀਂ ਦੁਨੀਆਂ ਵਿਚ ਅਨੁਭਵ ਕਰ ਰਹੀ ਸੀ – ਜੜਾਉ ਗਹਿਣਿਆਂ ਵਿਚ ਮੜ੍ਹੀ ਤੇ ਸਿਲਮੇ ਸਤਾਰਿਆਂ ਵਿਚ ਲਪੇਟੀ ਮਹਿਸੂਸ ਕਰ ਰਹੀ ਸੀ। ਉਸ ਨੂੰ ਜਾਪਦਾ ਸੀ, ਜਿਵੇਂ ਉਸ ਦੇ ਹੱਥਾਂ ਉਤੇ ਮਹਿੰਦੀ ਦਾ ਗੂੜਾ ਰੰਗ, ਬਾਹਾਂ ਵਿਚ ਅਰਕਾਂ ਤੀਕ ਹਾਥੀ ਦੰਦ ਦਾ ਚੂੜਾ ਤੇ ਨੱਕ ਵਿਚ ਸ਼ਿਕਾਰਪੁਰੀ ਨੱਥ ਮੌਜੂਦ ਹੈ।
ਉਸ ਨੇ ਅੱਖਾਂ ਝਮਕੀਆਂ। ਤਾਰਿਆਂ ਦੀ ਉਹ ਸੜਕ ਅੱਗੇ ਨਾਲੋਂ ਸਾਫ ਹੈ ਗਈ ਸੀ, ਕਿਉਂਕਿ ਚੰਦ੍ਰਮਾ ਦਾ ਦਾਤਰੀ ਨੁਮਾ ਟੁਕੜਾ, ਜਿਹੜਾ ਹੁਣ ਤੀਕ ਤਾਰਿਆਂ ਦੀ ਲੋਅ ਨੂੰ ਫਿੱਕੀ ਕਰ ਰਿਹਾ ਸੀ ਆਪਣੀ ਨੌਕਰੀ ਖ਼ਤਮ ਕਰਕੇ ਵਾਪਸ ਜਾ ਚੁਕਾ ਸੀ। ਹਰ ਪਾਸੇ ਸੰਘਣਾ ਹਨੇਰਾ ਸੀ । ਅੱਖਾਂ ਝਪਕਦਿਆਂ ਹੀ ਵੀਣਾ ਦੀਆਂ ਅੱਖਾਂ ਅਗੋਂ ਸਾਰੀ ਦੀ ਸਾਰੀ ਕਲਪਿਤ ਦੁਨੀਆਂ ਅਲੋਪ ਹੋ ਗਈ। ਉਸ ਨੇ ਆਪਣੇ ਹੱਥਾਂ ਤੇ ਬਾਹਾਂ ਨੂੰ ਕੁਝ ਇਸ ਤਰ੍ਹਾਂ ਵੇਖਿਆ, ਜਿਵੇਂ ਸੱਚ ਮੁਚ ਇਨ੍ਹਾਂ ਉਤੇ ਹੁਣੇ ਹੁਣੇ ਕੁਝ ਹੈ ਸੀ। ਉਸ ਨੇ ਸੱਜੇ ਖੱਬੇ ਨਜ਼ਰ ਦੁੜਾਈ ਤੇ ਹਨੇਰੇ ਵਿਚ ਹੀ ਕਿਦਾਰ ਦਾ ਕਮਰਾ ਉਸਦੇ ਸਾਮ੍ਹਣੇ ਫਿਰਨ ਲਗਾ। ਕੋਠੜੀ ਵਿਚ, ਮੰਜੇ ਉਤੇ ਚੱਦਰ ਵਿਚ ਲਪੇਟਿਆ ਹੋਇਆ ਕਿਦਾਰ ਦਾ ਮੁੜ੍ਹਕੇ ਵਿਚ ਬੋੜਿਆ ਸਰੀਰ, ਉਸ ਨੂੰ ਜਿਵੇਂ ਕੋਈ ਵਰ੍ਹਿਆਂ ਦੀ ਭੁੱਲੀ ਹੋਈ ਗੋਲ ਯਾਦ ਹੋ ਆਈ, ‘ਹੈਂ ! ਉਹ ਅੱਜੇ ਤੀਕ ਅੰਦਰ ਹੈ – ਇਸ ਕਹਿਰਾਂ ਦੀ ਗਰਮੀ ਵਿਚ ?’ ਤੇ ਉਹ ਇਕ ਵਾਰੀ ਫਿਰ ਉਠ ਕੇ ਬੈਠ ਗਈ, ਪਰ ਮੰਜਿਉਂ ਉਤਰਨ ਤੋਂ ਪਹਿਲਾਂ ਹੀ ਫੇਰ ਲੰਮੀ ਪੈ ਗਈ । ਦੂਰ ਕਿਸੇ ਘੜਿਆਲ ਉਤੇ ਉਪਰੋਂ ਥੱਲੀ ਬਾਰ੍ਹਾਂ ਚੈਟਾਂ ਵੱਜੀਆਂ| ਵੀਣਾਂ ਨੇ ਮਹਿਸੂਸ ਕੀਤਾ, ਜਿਵੇਂ ਉਸ ਦੇ ਕਲੇਜੇ ਨੂੰ ਖੋਹ ਪੈ ਰਹੀ ਹੈ ਸ਼ਾਇਦ ਭੁੱਖ ਨਾਲ । ਤੇ ਇਸ ਤੋਂ ਬਾਅਦ ਸਵੇਰ ਤੋਂ ਲੈਕੇ ਹੁਣ ਤੀਕ ਸਾਰਾ ਸਮਾਂ ਇਕ ਵਾਰੀ ਫੇਰ ਉਸ ਦੇ ਸਾਹਮਣਿਓਂ ਲੰਘਣ ਲੱਗਾ। ਉਹ ਸਵੇਰ ਤੋਂ ਲੈ ਕੇ ਹੁਣ ਤਕ ਨਿਰਾਹਾਰ ਸੀ। ਉਸ ਨੇ ਦੋਬਾਰਾ ਅਸਮਾਨ ਵਲ ਨਜ਼ਰ ਫੇਰੀ, ਪਰ ਐਤਕੀਂ ਉਸ ਦੀ ਨਜ਼ਰ ਟਿਕੀ ਨਹੀਂ, ਨਾ ਤਾਰਿਆਂ ਭਰੇ ਆਕਾਸ਼ ਉਤੇ ਤੇ ਨਾ ਉਸ ਮੋਕਲੀ ਸੜਕ ਉਤੇ। ਤਾਰਿਆਂ ਦੀ ਚਮਕ ਪਾਸੋਂ ਉਸ ਨੂੰ ਡਰ ਜਿਹਾ ਭਾਸਣ ਲਗਾ। ਉਸ ਨੇ ਨਜ਼ਰ ਨੀਵੀਂ ਕਰ ਲਈ, ਹੌਲੀ ਹੌਲੀ ਉਸ ਦੀਆਂ ਪਲਕਾਂ ਭਾਰੀਆਂ ਹੋਣ ਲਗੀਆਂ।
ਵੀਣਾ ਦੀ ਅੰਤਰ ਆਤਮਾ ਸੁਪਨ ਮੰਡਲ ਵਿਚ ਉਡਾਰੀਆਂ ਲਾਂਦੀ ਹੋਈ ਉਥੇ ਜਾ ਪਹੁੰਚੀ, ਜਿਥੇ ਉਸ ਦੇ ਜੀਵਨ ਦੀਆਂ ਸਾਰੀਆਂ ਰੀਝਾਂ ਸਦੀਵ ਰੂਪ ਧਾਰ ਕੇ – ਇਕ ਸੁਹਣੇ ਸਡੌਲ ਤੇ ਪਿਆਰ ਰੱਤੇ ਗਭਰੂ ਦੇ ਰੂਪ ਵਿਚ ਉਸ ਦੇ ਸਾਹਮਣੇ ਮੌਜੂਦ ਸਨ। ਸ਼ਾਇਦ ਇਹ ਉਹ ਦੁਨੀਆਂ ਸੀ, ਜਿਹੜੀ ਕੁਆਰ-ਪਨ ਤੇ ਵਿਆਹਤ ਜੀਵਨ ਦੀ ਸਰਹਦ ਉਤੇ ਵਰਤਮਾਨ ਹੁੰਦੀ ਹੈ, ਜਿਸ ਨੂੰ ਸੁਹਾਗ ਰਾਤ ਦੇ ਨਾਂ ਨਾਲ ਪੁਕਾਰਿਆ ਜਾਂਦਾ ਹੈ। ਵੀਣਾ ਦੀਆਂ ਬਾਹਾਂ ਵਿਚ ਦੰਦ ਖੰਡ ਦਾ ਚੂੜਾ ਛਣੱਕ ਰਿਹਾ ਸੀ, ਨੱਕ ਵਿਚ ਸ਼ਿਕਾਰਪੁਰੀ ਨੱਥ, ਤੇ ਹੱਥਾਂ ਉਤੇ ਮਹਿੰਦੀ ਦਾ ਗੂੜਾ ਰੰਗ। ਉਸ ਦੇ ਸਾਹਮਣੇ ਵੰਨ ਸੁਵੰਨੀਆਂ ਮਠਿਆਈਆਂ ਤੇ ਸੁਆਦਲੇ ਖਾਣਿਆਂ ਦਾ ਭਰਪੂਰ ਥਾਲ ਪਰੋਸਿਆ ਪਿਆ ਸੀ ਤੇ ਮਨ-ਭਾਉਂਦੀਆਂ ਚੀਜ਼ਾਂ ਨੂੰ ਉਹ ਬੜੇ ਸੁਆਦ ਨਾਲ ਖਾ ਰਹੀ ਸੀ, ਨਾਲੇ ਕਿਸੇ ਨੂੰ ਖੁਆ ਰਹੀ ਸੀ। ਫਿਰ ਉਸ ਨੇ ਆਪਣੇ ਆਪ ਨੂੰ ਫਲਾਂ ਲੱਦੇ ਬੂਟਿਆਂ ਨਾਲ ਭਰਪੂਰ ਬਾਗ ਵਿਚ ਵੇਖਿਆ, ਜਿਸ ਦੇ ਲਾਗੇ ਹੀ ਇਕ ਖੂਹ ਵਗ ਰਿਹਾ ਸੀ, ਜਿਸ ਦਾ ਚਾਂਦੀ ਰੰਗਾ ਪਾਣੀ ਆਡਾਂ ਥਾਣੀਂ ਵਲਾਵੇ ਖਾਂਦਾ ਹੋਇਆ ਫੁੱਲਾਂ ਬੂਟਿਆਂ ਨੂੰ ਸਿੰਜਦਾ ਚਲਾ ਜਾ ਰਿਹਾ ਸੀ। ਇਕ ਅੰਬ ਦੇ ਦਰਖ਼ਤ ਹੇਠਾਂ ਵੀਣਾ ਕਿਸੇ ਦੇ ਨਾਲ ਪੀਂਘ ਝੂਟ ਰਹੀ ਸੀ। ਪੀਂਘ ਜਿਉਂ ਹੀ ਹੁਲਾਰੇ ਚੜ੍ਹਦੀ ਉਸ ਦਾ ਸਾਥੀ ਉੱਚੀਆਂ ਟਹਿਣੀਆਂ ਨਾਲੋਂ ਅੰਬ ਤੋੜ ਕੇ ਵੀਣਾ ਨੂੰ ਭੇਟ ਕਰਦਾ, ਤੇ ਵੀਣਾ ਬੜੇ ਸੁਆਦ ਨਾਲ ਉਨ੍ਹਾਂ ਨੂੰ ਖਾ ਰਹੀ ਸੀ।
ਪੀਂਘ ਦੇ ਹੁਲਾਰੇ ਖ਼ਤਮ ਹੋ ਗਏ ਤੇ ਹੁਣ ਵੀਣਾ ਇਕ ਫੁਲਵਾੜੀ ਵਿਚ ਬੈਠੀ ਸੀ। ਉਸ ਦਾ ਉਹ ਸਾਥੀ ਫੁੱਲ ਤੋੜ ਕੇ ਉਸ ਦੀ ਗੁੱਤ ਵਿਚ ਅਤੁੰਗ ਰਿਹਾ ਸੀ। ਸਾਹਮਣੇ ਜ਼ਰਾ ਦੁਰੇਡੇ ਕਰਕੇ ਉਸ ਅੰਬ ਦੇ ਤਣੇ ਪਿਛੇ ਉਸ ਦੀ ਸਹੇਲੀ ਚੰਨੋ ਲੁਕੀ ਹੋਈ ਸੀ, ਜਿਹੜੀ ਕਿਸੇ ਕਿਸੇ ਵੇਲੇ ਸਿਰ ਕਢ ਕੇ ਉਸ ਵਲ ਭੇਤ ਭਰੀ ਨਜ਼ਰ ਨਾਲ ਤੱਕਦੀ ਹੋਈ ਮੁਸਕ੍ਰਾਂਦੀ ਤੇ ਫੇਰ ਦਰਖ਼ਤ ਪਿਛੇ ਲੁੱਕ ਜਾਂਦੀ । ਵੀਣਾ ਨੂੰ ਉਸ ਦੀ ਇਸ ਦਖ਼ਲ-ਅੰਦਾਜ਼ੀ ਵਿਚੋਂ ਸੁਆਦ ਵੀ ਆ ਰਿਹਾ ਸੀ ਤੇ ਗੁੱਸਾ ਵੀ।
ਵੀਣਾ ਦਾ ਸਾਥੀ ਉਸ ਦੇ ਨਾਲ ਬੈਠਾ ਸੀ, ਤੇ ਉਸ ਦੇ ਘੁੰਡ ਨੂੰ ਸਰਕਾ ਕੇ ਉਸ ਦੀਆਂ ਅੱਖਾਂ ਵਿਚ ਅੱਖਾਂ ਗਡੀ ਕਹਿ ਰਿਹਾ ਸੀ, “ਕੀ ਇਹ ਚੰਦਰਮਾ ਹਮੇਸ਼ਾਂ ਬਦਲਾਂ ਹੇਠ ਲੁਕਿਆ ਰਹੇਗਾ ?” ਤੇ ਇਸ ਦੇ ਉੱਤਰ ਵਿਚ ਵੀਣਾ ਸ਼ਰਮਾ ਕੇ ਕਹਿੰਦੀ, “ਛਡੋ, ਬੇ ਜੀ ਮੈਨੂੰ ਉਡੀਕ ਰਹੇ ਹੋਣਗੇ, ਮੇਰੇ ਪਿਛੇ ਬੇ ਜੀ ਨੇ ਰੋਟੀ ਵੀ ਨਹੀਂ ਖਾਧੀ ਹੋਣੀ। ਨਾਲੇ ਮੈਨੂੰ ਵੀ ਭੁੱਖ ਲਗੀ ਹੋਈ ਏ।”
“ਮੈਂ ਤੁਹਾਨੂੰ ਜਾਣ ਨਹੀਂ ਦਿਆਂਗਾ, ਜਦ ਤਕ ਇਸ ਘੁੰਡ ਨੂੰ ਨਹੀਂ ਚੁਕੋਗੇ” ਕਹਿੰਦਿਆਂ ਕਹਿੰਦਿਆਂ ਉਸ ਨੇ ਵੀਣਾ ਦਾ ਹੱਥ ਫੜ ਲਿਆ, ਜਿਸ ਨੂੰ ਛੁੜਾਨ ਲਈ ਵੀਣਾ ਖੋਹਾ ਖਿੰਜੀ ਕਰਨ ਲਗੀ। ਏਸੇ ਹੱਥੋ ਪਾਈ ਵਿਚ ਵੀਣਾ ਦੀ ਜਾਗ ਖੁਲ੍ਹ ਗਈ। ਹੁਣੇ ਹੁਣੇ ਉਹ ਜੋ ਕੁਝ ਵੇਖ ਰਹੀ ਸੀ, ਉਸ ਵਿਚੋਂ ਕੁਝ ਵੀ ਬਾਕੀ ਨਹੀਂ ਸੀ। ਸਿਰਫ਼ ਇਤਨਾ ਕਿ ਉਸ ਦਾ ਹੱਥ ਕਿਸੇ ਦੇ ਹੱਥ ਵਿਚ ਸੀ। ਉਸ ਨੇ ਹੋਰ ਚੰਗੀ ਤਰ੍ਹਾਂ ਅੱਖਾਂ ਉਘੇੜ ਕੇ ਪਾਸ ਬੈਠੇ ਵਲ ਤੱਕਿਆ, ਤੱਕ ਕੇ ਪਛਾਣਿਆਂ ਤੇ ਪਛਾਣ ਕੇ ਉਸ ਦੇ ਮੂੰਹੋਂ ਨਿਕਲਿਆ, “ਭਰਾ ਤੁਸੀਂ- ਸੀ ?”
ਇਸ ਛੋਟੇ ਜਿਹੇ ਵਾਕ ਨੇ ਜਿਵੇਂ ਕਿਦਾਰ ਦੇ ਮਘ ਰਹੇ ਸਰੀਰ ਉੱਤੇ ਠੰਡੇ ਪਾਣੀ ਦਾ ਛਿੱਟਾ ਮਾਰ ਦਿਤਾ, ਜਿਵੇਂ ਉਸ ਨੂੰ ਕਿਸੇ ਗੂੜ੍ਹੀ ਨੀਂਦ ਤੋਂ ਜਗਾ ਦਿਤਾ। ਉਸ ਨੇ ਆਪਣੇ ਆਪ ਨੂੰ ਤੇ ਆਪਣੀ ਕਰਤੂਤ ਨੂੰ ਅਨੁਭਵ ਕੀਤਾ। ਵੀਣਾ ਅੱਖਾਂ ਪਾੜ ਪਾੜ ਅੱਜੇ ਤੀਕ ਉਸ ਵਲ ਤਕ ਰਹੀ ਸੀ। ਉਹ ਝਟ ਪਟ ਮੰਜੇ ਤੋਂ ਉਠ ਖੜੋਤਾ ਤੇ ਉਸ ਨੇ ਚਾਹਿਆ ਕਿ ਇਕੋ ਛੂਟ ਵਟ ਕੇ ਦੌੜ ਜਾਵੇ, ਪਰ ਵੀਣਾ ਕੀ ਖ਼ਿਆਲ ਕਰੇਗੀ ? ਇਹੋ ਸੋਚ ਕੇ ਉਹ ਰੁਕਿਆ ਰਿਹਾ।
ਵੀਣਾ ਵੀ ਉਠ ਬੈਠੀ ਤੇ ਉਸ ਦਾ ਹੱਥ ਫੜ ਕੇ ਹਿਲਾਂਦੀ ਹੋਈ ਪੁੱਛਣ ਲਗੀ, “ਕੀ ਗੱਲ ਏ ਭਰਾ ਜੀ, ਤੁਹਾਡੀ ਤਬੀਅਤ ਠੀਕ ਤੇ ਏ ? ਤੁਸੀਂ ਇਸ ਤਰ੍ਹਾਂ ਕਿਉਂ ਹੁੰਦੇ ਜਾਂਦੇ ਜੇ ?”
“ਸਿਰ ਨੂੰ ਚੱਕਰ ਆ ਰਹੇ ਨੇ” ਕਿਦਰ ਨੇ ਮੱਥੇ ਨੂੰ ਦੁਹਾਂ ਹੱਥਾਂ ਵਿਚ ਘੁਟਦਿਆਂ ਘਬਰਾਈ ਆਵਾਜ਼ ਵਿਚ ਕਿਹਾ। ਉਸ ਦੀਆਂ ਅੱਖਾਂ ਝੁਕੀਆਂ ਹੋਈਆਂ ਸਨ।
“ਚੱਕਰ ਆ ਰਹੇ ਨੇ ?” ਵੀਣਾ ਡਰ ਕੇ ਬੋਲੀ, “ਤਾਂ ਚਲੋ, ਤੁਹਾਨੂੰ ਹੇਠਾਂ ਲੈ ਚਲਾਂ ।” ਤੇ ਉਸ ਦੇ ਲੱਕ ਵਿਚ ਬਾਂਹ ਪਾ ਕੇ, ਉਸ ਨੂੰ ਚੰਗੀ ਤਰ੍ਹਾਂ ਥੰਮ੍ਹ ਕੇ ਉਹ ਪੌੜੀਆਂ ਉਤਰਨ ਲਗੀ।
“ਲੇਟ ਜਾਓ ਜ਼ਰਾ” ਕਮਰੇ ਵਿਚ ਦਾਖ਼ਲ ਹੋ ਕੇ ਉਸ ਨੂੰ ਮੰਜੇ ਤੇ ਬਿਠਾਂਦੀ ਹੋਈ ਵੀਣਾ ਬੋਲੀ, “ਕੁਝ ਅਰਾਸਤੀ ਜੇ ਤਬੀਅਤ ?” ਵੀਣਾ ਨੇ ਬੱਤੀ ਜਗਾ ਕੇ ਚਾਨਣ ਕੀਤਾ ।”
“ਨਹੀਂ” ਕਿਦਾਰ ਨੇ ਉਸੇ ਤਰ੍ਹਾਂ ਹੱਥਾਂ ਵਿਚ ਸਿਰ ਘੁਟੀ ਕਿਹਾ। ਵੀਣਾ ਨੇ ਉਸ ਨੂੰ ਮੋਢਿਆਂ ਤੋਂ ਫੜ ਕੇ ਮੰਜੇ ਤੇ ਲਿਟਾ ਦਿਤਾ ਤੇ ਆਪ ਕੋਲ ਬੈਠ ਕੇ ਉਸ ਦਾ ਮੱਥਾ ਘੁੱਟਣ ਲਗੀ। ਕਿਦਾਰ ਨੂੰ ਤਰੇਲੀਆਂ ਆ ਰਹੀਆਂ ਵੇਖ ਕੇ ਉਹ ਘਬਰਾ ਗਈ। ਉਹ ਝਟ ਪਟ ਮੰਜੇ ਤੋਂ ਉੱਠੀ ਤੇ ਬੌਂਦਲਿਆਂ ਵਾਂਗ ਕਮਰੇ ਵਿਚ ਏਧਰ ਓਧਰ ਫਿਰਨ ਲਗੀ । ਉਸ ਨੂੰ ਆਪਣੇ ਆਪ ਨੂੰ ਵੀ ਪਤਾ ਨਹੀਂ ਸੀ ਲਗਦਾ ਕਿ ਉਹ ਕੀ ਦੰਡ ਰਹੀ ਹੈ।
ਝਟ ਕੁ ਫਿਰ ਫਿਰਾ ਕੇ ਉਹ ਫੇਰ ਕਿਦਾਰ ਦੀ ਸਰ੍ਹਾਂਦੀ ਆ ਬੈਠੀ, ਸਖ਼ਤ ਘਬਰਾਈ ਹਾਲਤ ਵਿਚ ਉਸ ਨੇ ਇਕ ਵਾਰੀ ਗਹੁ ਨਾਲ ਕਿਦਾਹ ਵਲ ਤੱਕਿਆ। ਕਿਦਾਰ ਦਾ ਸਵਾਸ ਤੇਜ਼ ਚਲ ਰਿਹਾ ਸੀ, ਤੇ ਇਸ ਤੋਂ ਵੀ ਤੇਜ਼ੀ ਨਾਲ ਉਸ ਦਾ ਦਿਲ ਧੜਕ ਰਿਹਾ ਸੀ। ਉਸ ਦੀਆਂ ਅੱਖਾਂ ਬੰਦ ਸਨ ਤੇ ਹੋਠ ਕੁਝ ਕੁਝ ਖੁਲ੍ਹੇ। ਮੁੜ੍ਹਕਾ ਬਰਾਬਰ ਉਸ ਦੇ ਸਰੀਰ ਵਿਚੋਂ ਚੋ ਰਿਹਾ ਸੀ, ਜਿਸ ਨੂੰ ਵੀਣਾ ਦੇ ਹੱਥ ਵਿਚ ਫੜੀ ਹੋਈ ਪੱਖੀ ਸਾਰੇ ਜ਼ੋਰ ਨਾਲ ਸੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਉਸਦਾ ਦੂਜਾ ਹੱਥ ਬਰਾਬਰ ਕਿਦਾਰ ਦੇ ਮੱਥੇ ਤੇ ਫਿਰ ਰਿਹਾ ਸੀ।
“ਕਿਉਂ ਭਰਾ ਜੀ” ਵੀਣਾ ਨੇ ਉਸ ਨੂੰ ਫੇਰ ਪੁੱਛਿਆ, ਤੇ ਉਹ ਹੈਰਾਨੀ ਨਾਲ ਕਿਦਾਰ ਦੇ ਮੂੰਹ ਵਲ ਤੱਕਣ ਲਗੀ। ਪਰ ਕਿਦਾਰ ਦੀ ਜ਼ਬਾਨ ਬੇ-ਸ਼ਬਦ ਸੀ, ਕੇ ਵਲ ਉਸ ਦੇ ਗੱਲੇ ਵਿਚੋਂ ‘ਹੂੰ’ ਜਾਂ ‘ਊ ਹੂੰ’ ਦੀ ਆਵਾਜ਼ ਨਿਕਲਦੀ ਸੀ।
ਵੀਣਾ ਦੀ ਘਬਰਾਹਟ ਹੋਰ ਵਧ ਗਈ। ਉਹ ਉਸ ਦੇ ਮੱਥੇ ਤੇ, ਮੂੰਹ ਤੇ ਅਤੇ ਬਾਹਾਂ ਤੇ ਹੱਥ ਫੇਰਦੀ ਹੋਈ ਬਰਾਬਰ ਪੁਕਾਰ ਰਹੀ ਸੀ, “ਭਰਾ ਜੀ – ਭਰਾ ਜੀ ਬੋਲੋ – ਤਬੀਅਤ ਕੁਝ ਠੀਕ ਹੋਈ ਜੇ ? ਮੈਨੂੰ ਅੱਗੇ ਈ ਖ਼ਿਆਲ ਸੀ, ਅੱਜ ਤੁਹਾਡੀ ਤਬੀਅਤ ਠੀਕ ਨਹੀਂ। ਹਾਏ ਕੇਡੀ ਭੁੱਲ ਹੋ ਗਈ, ਮੈਂ ਮੁੜ ਕੇ, ਤੁਹਾਡੀ ਖ਼ਬਰ ਹੀ ਨਾ ਲਈ।”
ਚੋਖੇ ਚਿਰ ਮਗਰੋਂ ਕਿਦਾਰ ਨੇ ਅੱਖਾਂ ਖੋਲ੍ਹੀਆਂ। ਵੀਣਾ ਉਸ ਦੀਆਂ ਲੱਤਾਂ ਨੂੰ ਬਾਹਾਂ, ਮੋਢਿਆਂ ਤੇ ਲੱਕ ਨੂੰ ਦਬਾ ਦਬ ਘੁਟ ਰਹੀ ਸੀ।
“ਮੈਨੂੰ ਫਿਟ ਆ ਗਿਆ ਸੀ ਵੀਣੀ।” ਕਿਦਾਰ ਨੇ ਉਸ ਵਲ ਤੱਕ ਕੇ ਕਿਹਾ। “ਫਿਟ ਆ ਗਿਆ ਸੀ ?” ਸਹਿਮੀ ਹੋਈ ਨਜ਼ਰ ਨਾਲ ਉਸ ਵਲ ਤੱਕਦੀ ਹੋਈ ਵੀਣਾ ਇਕ ਦਮ ਕਿਦਾਰ ਦੇ ਉਤੇ ਜਿਵੇਂ ਵਿਛ ਗਈ, “ਹਾਏ ਮੈਂ ਮਰ ਗਈ ! ਤਾਹੀਏਂ ਤੁਸਾਂ ਬੂਹਾ ਨਹੀਂ ਸੀ ਖੋਲ੍ਹਿਆ ?”
ਕਿਦਾਰ ਨਿਰੁੱਤਰ ਸੀ। ਉਸ ਦੀ ਜ਼ਬਾਨ ਉੱਤੇ ਸ਼ਬਦ ਆ ਆ ਕੇ ਮੁੜ ਜਾਂਦੇ ਸਨ। ਉਹ ਬਿੱਤਰ ਬਿੱਤਰ ਵੀਣਾ ਦੀਆਂ ਅੱਖਾਂ ਵਿਚ ਤੱਕ ਰਿਹਾ ਸੀ । ਵੀਣਾ ਕਹਿੰਦੀ ਗਈ, “ਤੁਸੀਂ ਕੇਡੇ ਬੇਪਰਵਾਹ ਓ, ਆਪਣੀ ਸਿਹਤ ਵਲੋਂ। ਵੇਖੋ ਖਾਂ ਕੋਈ ਹਾਲ ਰਹਿ ਗਿਆ ਏ ਤੁਹਾਡਾ ?” ਤੇ ਉਹ ਕਿਦਾਰ ਦੇ ਸੁੱਕੇ ਮੁਰਝਾਏ ਸਰੀਰ ਉਤੇ ਹੱਥ ਫੇਰਨ ਲਗੀ।
ਕਿਦਾਰ ਅੱਜੇ ਵੀ ਚੁਪ ਸੀ। ਵੀਣਾ ਕਹਿੰਦੀ ਗਈ, “ਤਾਹੀਏਂ ਮੈਂ ਆਖਾਂ, ਭਰਾ ਹੋਰਾਂ ਦੇ ਮੂੰਹੋਂ ਤੇ ਕਦੀ ਕੌੜੀ ਕਸੈਲੀ ਗੱਲ ਨਿਕਲੀ ਹੀ ਨਹੀਂ ਸੀ, ਅੱਜ ਕਿਉਂ ਇਸ ਤਰ੍ਹਾਂ ਬੋਲ ਰਹੇ ਨੇ। ਉਤੋਂ ਆਖ਼ਰਾਂ ਦੀ ਗਰਮੀ ! ਚੰਗੇ ਭਲੇ ਆਦਮੀ ਦਾ ਦਿਲ ਪਿਆ ਘਾਬਰਦਾ ਵੇ। ਤੇ ਤੁਸੀਂ ਅੰਦਰ ਬੂਹਾ ਮਾਰ ਕੇ …” ਕਹਿੰਦਿਆਂ ਕਹਿੰਦਿਆਂ ਵੀਣਾ ਦਾ ਦਿਲ ਗਲਾ ਭਰ ਆਇਆ।
ਕਿਦਾਰ ਅਜੇ ਵੀ ਚੁੱਪ ਸੀ ਉਸ ਦੀਆਂ ਅੱਖਾਂ ਤਾੜੇ ਲਗੀਆਂ ਹੋਈਆਂ ਸਨ। “ਭਰਾ ਜੀ” ਵੀਣਾ ਨੇ ਉਸ ਦੇ ਦੋਵੇਂ ਮੋਢੇ ਫੜ ਕੇ ਹਿਲਾਂਦਿਆਂ ਪੁਛਿਆ, “ਤੁਸੀਂ ਇਸ ਤਰ੍ਹਾਂ ਕਿਉਂ ਤੱਕੀ ਜਾਂਦੇ ਜੇ – ਬੋਲਦੇ ਕਿਉਂ ਨਹੀਂ ?”
“ਕੀ ਬੋਲਾਂ ਵੀਣਾ” ਉਸ ਦੇ ਹੋਠਾਂ ਵਿਚੋਂ ਐਵੇਂ ਫਰਕਵੀਂ ਜਿਹੀ ਮਸੇ ਏਨੀ ਹੀ ਗੱਲ ਨਿਕਲੀ ਤੇ ਉਸ ਦੇ ਹੱਥ ਨੂੰ ਫੜ ਕੇ ਮੱਥੇ ਤੇ ਰੱਖ ਲਿਆ।
“ਕਿਉਂ ?” ਵੀਣਾ ਨੇ ਕੁਝ ਤ੍ਰਭਕ ਕੇ ਪੁੱਛਿਆ, “ਕੀ ਬੋਲਾਂ ਦਾ ਕੀ ਮਤਲਬ ?”
ਕਿਦਾਰ ਦੇ ਚੁੱਪ ਰਹਿਣ ਤੇ ਵੀਣਾ ਨੇ ਜਦ ਉਸ ਨੂੰ ਬੁਲਾਣ ਲਈ ਤਰਲੇ ਭਰੇ ਵਾਸਤੇ ਪਾਣੇ ਸ਼ੁਰੂ ਕੀਤੇ, ਤਾਂ ਕਿਦਾਰ ਇਤਨਾ ਕੁ ਬੋਲਿਆ, “ਵੀਣੀ ਰੱਬ ਦੇ ਵਾਸਤੇ ਮੈਥੋਂ ਕੁਝ ਨਾ ਪੁੱਛ।”
“ਕੁਝ ਨਾ ਪੁੱਛਾਂ।” ਵੀਣਾ ਉਸ ਦੇ ਸਿਰ ਨੂੰ ਆਪਣੇ ਗੋਡੇ ਉਤੇ ਰਖ ਕੇ ਉਸ ਨੂੰ ਘੁਟਦੀ ਹੋਈ ਬੋਲੀ, “ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਜੇ ਭਰਾ ਜੀ ? ਮੇਰਾ ਤੁਹਾਡੇ ਉਤੇ ਕੋਈ ਦਾਈਆ ਨਹੀਂ ?”
“ਨਹੀਂ।”
“ਕਿਉਂ ?”
“ਇਸ ਲਈ ਕਿ ਮੈਂ ਪਾਪੀ ਹਾਂ।”
“ਪਾਪੀ ਹੋਣ ਤੁਹਾਡੇ ਦੁਸ਼ਮਣ। ਮੇਰੇ ਵੀਰ ਵਰਗਾ ਕੋਈ ਹੋ ਕੇ ਦੱਸੇ।” ਤੇ ਉਸ ਨੇ ਕਿਦਾਰ ਦੇ ਸਿਰ ਨੂੰ ਸਰਕਾਂਦਿਆਂ ਬਿਲਕੁਲ ਆਪਣੀ ਗੋਦ ਵਿਚ ਰੱਖ ਲਿਆ।
“ਵੀਣਾ, ਮੈਂ ਸਚਮੁਚ ਪਾਪੀ ਹਾਂ।”
“ਜਾਓ, ਮੈਂ ਨਹੀਂ ਬੋਲਣਾ ਤੁਹਾਡੇ ਨਾਲ।”
“ਪਾਪੀ ਤੋਂ ਛੁਟ ਵਿਸ਼ਵਾਸਘਾਤੀ ਵੀ, ਵੀਣੀ।”
“ਤੁਸੀਂ ਚੁਪ ਨਹੀਂ ਕਰੋਗੇ ?”
“ਚੁਪ ਵੀ ਤੇ ਤੂੰ ਨਹੀਂ ਰਹਿਣ ਦੇਂਦੀ।”
“ਇਹੋ ਜਿਹੀਆਂ ਗੱਲਾਂ ਕਰਨੀਆਂ ਜੇ ਤਾਂ ਬੇਸ਼ਕ ਨਾ ਬੋਲੋ।”
“ਮੈਨੂੰ ਫਿਟ ਕੋਈ ਨਹੀਂ ਸੀ ਆਇਆ, ਵੀਣੀ।”
“ਫਿਟ ਨਹੀਂ ਸੀ ਆਇਆ।”
“ਨਹੀਂ।”
“ਤੇ ਤੁਸਾਂ ……….।”
“ਮੈਂ ਬਹਾਨਾ ਕੀਤਾ ਸੀ — ਬਿਲਕੁਲ ਝੂਠਾ ਬਹਾਨਾ।”
“ਕਿਉਂ ?”
“ਏਸੇ ਲਈ ਕਿ
“ਦਸੋ ਦਸੋ।”
ਕਿਦਾਰ ਚੁਪ ਸੀ।
“ਦਸਦੇ ਕਿਉਂ ਨਹੀਂ ?”
“ਵੀਣਾ ! ਗੱਲ ਦਸਣ ਵਾਲੀ ਨਹੀਂ ਸੀ।”
“ਤਾਂ ਮੈਂ ਜ਼ਰੂਰ ਪੁੱਛ ਕੇ ਛੱਡਾਂਗੀ।”
ਕਿਦਾਰ ਉੱਤੇ ਖ਼ਾਮੋਸ਼ੀ ਛਾ ਗਈ। ਉਸ ਦੇ ਹੱਥ ਪੈਰ ਇਕ ਦਮ ਠੰਢ ਹੁੰਦੇ ਜਾ ਰਹੇ ਸਨ, ਜਿਨ੍ਹਾਂ ਨੂੰ ਵੀਣਾ ਨੇ ਹੋਰ ਜ਼ੋਰ ਜ਼ੋਰ ਦੀ ਘੁਟਣਾ ਸ਼ੁਰੂ ਕਰ ਦਿਤਾ ਤੇ ਨਾਲੋ ਨਾਲ ਉਸ ਦੇ ਦਿਲ ਦਾ ਭੇਤ ਪੁਛਣ ਲਈ ਵਾਸਤੇ ਪਾਂਦੀ ਹੋਈ ਅਖ਼ੀਰ ਬੋਲੀ, “ਮੇਰੀ ਮੋਈ ਦਾ ਮੂੰਹ ਵੇਖੋ ਜੇ ਨਾ ਦਸੋ।”
“ਵੀਣੀ, ਨਾ ਪੁੱਛ, ਮੈਂ ਤੇਰੀ ਮਿੰਨਤ ਕਰਦਾ ਹਾਂ।”
“ਤੁਸੀਂ ਜਿਉਂ ਜਿਉਂ ਇਹੋ ਜਿਹੀਆਂ ਗਲਾਂ ਕਰਦੇ ਓ, ਮੈਨੂੰ ਪੱਝਤਰੀ ਲੱਗਦੀ ਜਾਂਦੀ ਏ। ਛੇਤੀ ਦਸੋ।”
“ਤਾਂ ਤੂੰ ਜ਼ਰੂਰ ਪੁੱਛ ਕੇ ਛੱਡੇਂਗੀ ?”
“ਜ਼ਰੂਰ ”
“ਪਰ ਮੇਰਾ ਖ਼ਿਆਲ ਏ, ਤੂੰ ਮੈਨੂੰ ਨਫ਼ਰਤ ਕਰਨ ਲਗ ਪਵੇਂਗੀ !”
ਵੀਣਾ ਸੋਚਣ ਲਗੀ, ਆਖ਼ਰ ਇਹੋ ਜਿਹੀ ਕੀ ਗੱਲ ਹੋ ਸਕਦੀ ਹੈ, ਜਿਸ ਦੇ
ਪ੍ਰਗਟ ਹੁੰਦਿਆਂ ਹੀ ਮੈਂ ਉਸ ਨੂੰ ਨਫ਼ਰਤ ਕਰਨ ਲਗ ਪਵਾਂਗੀ। ਸ਼ਾਇਦ ਇਸ ਪਾਸੋਂ ਕੋਈ ਬੜੀ ਭਾਰੀ ਭੁਲ ਹੋ ਗਈ ਹੋਵੇ — ਭਾਵੇਂ ਕਿਦਾਰ ਪਾਸੋਂ ਕਿਸੇ ਦਾ ਖੂਨ ਈ ਕਿਉਂ ਨਾ ਹੋ ਗਿਆ ਹੋਵੇ, ਕੀ ਮੈਂ ਇਸ ਨੂੰ ਨਫ਼ਰਤ ਕਰ ਸਕਦੀ ਹਾਂ ? ਤੇ ਉਹ ਪੂਰੀ
ਦ੍ਰਿੜਤਾ ਵਿਚ ਬੋਲੀ, “ਇਸ ਗੱਲ ਦਾ ਖ਼ਿਆਲ ਤੁਸੀਂ ਉੱਕਾ ਹੀ ਦਿਲੋਂ ਕਢ ਛਡੋ।
“ਵੀਣਾ” ਕਿਦਾਰ ਨੇ ਆਪਣੇ ਆਪ ਨੂੰ ਦਰੁਸਤ ਕਰਦਿਆਂ ਕਿਹਾ, “ਇਸ ਰਾਜ ਦਾ ਤਅੱਲਕ ਜੋ ਸਿਰਫ਼ ਮੇਰੇ ਨਾਲ ਹੀ ਹੁੰਦਾ ਤਾਂ ਮੈਂ ਨਿਰਸੰਕੋਚ ਦਸ ਦੇਂਦਾ।”
“ਤਾਂ ਹੋਰ ਕਿਸੇ ਨਾਲ ਵੀ ਇਸ ਗੱਲ ਦਾ ਤਅੱਲਕ ਹੈ ?”
“ ਹਾਂ ”
“ਕਿਸ ਨਾਲ ?”
“ਤੇਰੇ ਨਾਲ ?”
“ਤੇਰੇ ਨਾਲ” ਕਹਿੰਦਿਆਂ ਕਹਿੰਦਿਆਂ ਕਿਦਾਰ ਦੀਆਂ ਅੱਖਾਂ ਝੁਕ ਗਈਆਂ। ਏਧਰ ਵੀਣਾ ਦੇ ਹੱਥ, ਜਿਹੜੇ ਕਿਦਾਰ ਦੇ ਠੰਢੇ ਸਰੀਰ ਨੂੰ ਨਿੱਘਿਆਂ ਕਰਨ ਲਈ ਉਹਨੂੰ ਘੁਟ ਰਹੇ ਸਨ, ਇਕ ਵਾਰਗੀ ਰੁਕ ਗਏ, ਪਰ ਝਟ ਹੀ ਉਸ ਨੇ ਫੇਰ ਆਪਣਾ ਕੰਮ ਜਾਰੀ ਕਰਦਿਆਂ ਕਿਹਾ, “ਕੋਈ ਨਹੀਂ, ਤੁਸੀਂ ਦਸੋ” ਐਤਕੀਂ ਵੀਣਾ ਦੀ ਜ਼ਬਾਨ ਕੁਝ ਕੁਝ ਥਥਿਆ ਗਈ।
“ਵੀਣਾ” ਆਪਣੀ ਛਾਤੀ ਵਿਚੋਂ ਉੱਚੀ ਉੱਚੀ ਧੜਕਣ ਨੂੰ ਮਹਿਸੂਸ ਕਰਦਿਆਂ ਕਿਦਾਰ ਨੇ ਕਿਹਾ, “ਮੈਨੂੰ ਨਹੀਂ ਸੀ ਪਤਾ ਕਿ ਤੂੰ ਮੇਰੀ ਜ਼ਿੰਦਗੀ ਵਿਚ ਇਤਨੀ ਛੇ ਤੀ ਦਾਖ਼ਲ ਹੋ ਕੇ ਮੇਰੇ ਦਿਲ ਦਾ ਅਮਨ ਲੁਟ ਲਵੇਂਗੀ ! ਮੈਂ. मैं……..” टिम ਵੇਲੇ ਜੋ ਕੁਝ ਕਿਦਾਰ ਦੀ ਜ਼ਬਾਨੋਂ ਨਿਕਲਿਆ, ਉਸ ਨੂੰ ਉਸ ਦਾ ਅੰਗ ਅੰਗ ਪ੍ਰਗਟ ਕਰ ਰਿਹਾ ਸੀ। ਉਸਦਾ ਸਰੀਰ, ਜਿਸ ਨੂੰ ਵੀਣਾ ਦੀ ਮਿਹਨਤ ਨੇ ਕੁਝ ਕੁਝ ਗਰਮਾਇਆ ਸੀ, ਇਕ ਦਮ ਗੜੇ ਵਰਗਾ ਹੋ ਗਿਆ।
ਗੱਲ ਸੁਣਦਿਆਂ ਹੀ ਇਕ ਵਾਰੀ ਵੀਣਾ ਦੀਆਂ ਅੱਖਾਂ ਦੀ ਹਰਕਤ ਰੁਕ ਗਈ। ਉਸ ਦੀ ਨਜ਼ਰ ਬਰਾਬਰ ਕਿਦਾਰ ਦੇ ਚਿਹਰੇ ਉਤੇ ਗੱਡੀ ਹੋਈ ਸੀ। ਉਸ ਦੀ ਗੱਲ ਦਾ ਮਤਲਬ ਸਮਝ ਜਾਣ ਤੇ ਵੀ ਉਸ ਦੇ ਅੰਦਰ ਇਕ ਤਰ੍ਹਾਂ ਦੀ ਸ਼ੰਕਾ ਉਠੀ, ‘ਸ਼ਾਇਦ ਇਸ ਦਾ ਅਰਥ ਕੁਝ ਹੋਰ ਹੋਵੇ।’ ਉਸ ਦੇ ਹੱਥ, ਜਿਹੜੇ ਕਿਦਾਰ ਦੀਆਂ ਲੱਤਾਂ ਨੂੰ ਘੁਟ ਰਹੇ ਸਨ ਆਪਣੇ ਆਪ ਉਸ ਦੇ ਸਰੀਰ ਨਾਲੋਂ ਵੱਖ ਹੋ ਗਏ।
“ਕੀ ਕਿਹਾ ਜੇ ?” ਵੀਣਾ ਦੇ ਮੂੰਹੋਂ ਇਸ ਛੋਟੇ ਜਿਹੇ ਵਾਕ ਨੂੰ ਸੁਣ ਕੇ ਕਿਦਾਰ ਡਰ ਨਾਲ ਕੰਬ ਉਠਿਆ, ਪਰ ਗੱਲ ਕੱਥ ਕਰਨ ਦਾ ਸਿਲਸਿਲਾ ਹੁਣ ਆਪਣੇ ਆਪ ਹੀ ਐਸੀ ਥਾਂ ਤੇ ਜਾ ਪੁੱਜਾ ਸੀ ਕਿ ਜਿਸ ਦੀ ਛੇਕੜਲੀ ਹੱਦ ਨੂੰ ਛੋਹੇ ਬਿਨਾਂ ਪਿਛੇ ਮੁੜਨਾ ਕਿਦਾਰ ਲਈ ਮੁਸ਼ਕਲ ਸੀ। ਉਸ ਨੇ ਆਪਣੀ ਖਿਚੀਂਦੀ ਜਾਂਦੀ ਜ਼ਬਾਨ ਨੂੰ ਹਿਲਾ ਕੇ ਇਤਨਾ ਹੋਰ ਮੂੰਹੋਂ ਕਢਿਆ, “ਵੀਣੀ ! ਇਸੇ ਕਰਕੇ ਮੈਂ ਤੈਨੂੰ ਕਹਿੰਦਾ ਸਾਂ ਕਿ ਇਹ ਗੱਲ ਨਾ ਪੁਛ। ਪਰ ਜਦ ਹੁਣ ਤੂੰ ਮਜਬੂਰ ਕੀਤਾ ਹੈ, ਤੇ ਮੈਂ ਦਸਣ ਲਈ ਤਿਆਰ ਹੋ ਗਿਆ ਹਾਂ, ਤਾਂ ਗੱਲ ਨੂੰ ਅਧੂਰੀ ਨਹੀਂ ਛੱਡਾਂਗਾ। ਵੀਣੀ! ਇਸ ਕੰਨੋਂ ਸੁਣ ਭਾਵੇਂ ਉਸ ਕੰਨੋਂ ! ਤੇਰੇ ਪਿਆਰ ਨੇ ਮੈਨੂੰ ਜਿਥੇ ਲੈ ਜਾ ਸੁਟਿਆ ਹੈ, ਉਥੋਂ ਦੋ ਹੀ ਚੀਜਾਂ ਮੈਨੂੰ ਬਚਾ ਸਕਦੀਆਂ ਨੇ ?”
“ਕੀ, ਕੀ ?” ਵੀਣਾ ਦੇ ਮੂੰਹੋਂ ਜਿਵੇਂ ਉਸ ਦੀ ਜ਼ਬਾਨ ਨੂੰ ਛੇਕ ਕਰਕੇ ਇਹ ਦੇ ਕੱਕੇ ਨਿਕਲ ਗਏ ਤੇ ਉਸ ਨੇ ਕਿਦਾਰ ਦੇ ਨਾਲ ਜੁੜੇ ਹੋਏ ਆਪਣੇ ਸਰੀਰ ਨੂੰ ਕੁਝ ਉਰੇ ਕਰ ਲਿਆ।
“ਜਾਂ ਮੌਤ ਤੇ ਜਾਂ
“ਜਾਂ ?” ਵੀਣਾ ਘਬਰਾ ਉਠੀ।
“ਜਾਂ ਵੀਣਾ ! ਤੂੰ ।”
”ਹੈ……ਇਹ …” ਕਹਿੰਦੀ ਹੋਈ ਵੀਣਾ ਉਸ ਦੇ ਮੰਜੇ ਤੋਂ ਉਠ ਖੜੋਤੀ। ਕਿਦਾਰ ਵੀ ਉਠ ਕੇ ਬੈਠ ਗਿਆ।
“ਵੀਣੀ” ਕਿਦਾਰ ਨੇ ਉਠ ਕੇ, ਖੜੋਤੀ ਹੋਈ ਵੀਣਾ ਦਾ ਹੱਥ ਫੜ ਕੇ ਕਿਹਾ, “ਜੇ ਤੂੰ ਚਾਹੇਂ ਤਾਂ ਮੈਨੂੰ ਅਜੇ ਵੀ ਬਚਾ ਸਕਦੀ ਹੈਂ।”
ਵੀਣਾ ਦਾ ਦਿਲ ਧੜਕ ਰਿਹਾ ਸੀ। ਮਾਨੋਂ ਉਹ ਇਥੋਂ ਉਠ ਜਾਣਾ ਚਾਹੁੰਦੀ ਹੋਵੇ। ਕਿਦਾਰ ਨੇ ਉਸ ਨੂੰ ਖਿਚ ਕੇ ਫੇਰ ਬਿਠਾਲ ਲਿਆ। ਵੀਣਾ ਬੈਠ ਗਈ, ਪਰ ਅੱਗੇ ਵਾਂਗ ਨਿਝੱਕ ਹੋ ਕੇ ਨਹੀਂ — ਮੰਜੇ ਦੀ ਬਾਹੀ ਉਤੇ। ਉਸ ਨੂੰ ਜਾਪਦਾ ਸੀ ਜਿਵੇਂ ਕਿਦਾਰ ਉਸ ਲਈ ਪਲ ਪਲ ਬਦਲਦਾ ਜਾ ਰਿਹਾ ਹੈ – ਇਕ ਬਿਲਕੁਲ ਓਪਰੇ ਆਦਮੀ ਦੇ ਰੂਪ ਵਿਚ। ਆਪਣੇ ਘਰ ਵਿਚ ਇਕ ਓਪਰੇ ਆਦਮੀ ਨੂੰ ਬੈਠਾ ਮਹਿਸੂਸ ਕਰਕੇ ਵੀਣਾ ਦੇ ਅੰਦਰ ਕਈ ਤਰ੍ਹਾਂ ਦੇ ਤੌਖਲੇ ਸਿਰ ਉਠਾ ਰਹੇ ਸਨ।
“ਬੋਲ ਵੀਣੀ” ਕਿਦਾਰ ਨੇ ਇਕ ਵਾਰੀ, ਦੋ ਵਾਰੀ, ਚਾਰ ਵਾਰੀ ਇਸ ਵਾਕ ਨੂੰ ਦੁਹਰਾਇਆ, ਪਰ ਵੀਣਾ ਨਹੀਂ ਬੋਲੀ — ਬੋਲਣਾ ਚਾਹੁੰਦੀ ਹੋਈ ਵੀ ਨਹੀਂ ਬੋਲ ਸਕੀ, ਉਸ ਨੂੰ ਕਿਦਾਰ ਦੀਆਂ ਕਹੀਆਂ ਹੋਈਆਂ ਗੱਲਾਂ ਇਤਨੀਆਂ ਅਨਹੋਣੀਆਂ ਜਾਪੀਆਂ ਕਿ ਇਨ੍ਹਾਂ ਦਾ ਜਵਾਬ ਦੇਣਾ ਤਾਂ ਦੂਰ ਦੀ ਗੱਲ ਹੈ, ਇਹੋ ਜਿਹੇ ਸ਼ਬਦਾਂ ਦਾ ਕਿਸੇ ਇਨਸਾਨ ਦੇ ਮੂੰਹੋਂ ਨਿਕਲਣਾ ਹੀ ਜਿਵੇਂ ਉਸ ਦੇ ਭਾਣੇ ਅਸੰਭਵ ਸੀ। ਅਖ਼ੀਰ ਕਿਦਾਰ ਦੇ ਬਹੁਤਾ ਜ਼ਿਦ ਕਰਨ ਤੇ ਉਸ ਨੇ ਕਿਹਾ, “ਇਹ ਤੁਸੀਂ ਕੀ ਕਹਿ ਰਹੇ ਹੋ ਭਰਾ ਜੀ — ਕਦੀ ਭੈਣ ਭਰਾ ਵੀ …” ਤੇ ਉਹ ਇਸ ਤੋਂ ਅੱਗੇ ਨਾ ਬੋਲ ਸਕੀ, ਫੇਰ ਮੰਜੇ ਤੋਂ ਉਠ ਖੜੋਤੀ।
“ਵੀਣੀ” ਐਤਕੀਂ ਕਿਦਾਰ ਦੀ ਆਵਾਜ਼ ਵਿਚ ਤੇਜ਼ੀ ਸੀ, “ਮੈਂ ਸਭ ਕੁਝ ਸਮਝਦਾ ਹਾਂ, ਪਰ …..” ਤੇ ਅਗਾਂਹ ਵਧ ਕੇ ਫੇਰ ਵੀਣਾ ਦੀ ਬਾਂਹ ਫੜ ਲਈ ਤੇ ਮੁੜ ਉਸ ਨੂੰ ਮੰਜੇ ਤੇ ਬਿਠਾਲਦਾ ਹੋਇਆ ਬੋਲਿਆ, “ਵੀਣੀ ਕੌਣ ਕਹਿੰਦਾ ਹੈ, ਅਸੀਂ ਭੈਣ ਭਰਾ ਹਾਂ ?”
“ਧਰਮ ਕਹਿੰਦਾ ਹੈ।” ਵੀਣਾ ਦੀਆਂ ਅੱਖਾਂ ਵਿਚ ਕੁਝ ਕੁਝ ਤਲਖ਼ ਜਿਹੀ ਚਮਕ ਪੈਦਾ ਹੋ ਰਹੀ ਸੀ।
“ਬੇਸ਼ਕ” ਕਿਦਾਰ ਨੇ ਜ਼ਰਾ ਹੋਰ ਦਲੇਰ ਆਵਾਜ਼ ਵਿਚ ਕਿਹਾ, “ਬੇਸ਼ਕ ਧਰਮ ਇਹੋ ਕਹਿੰਦਾ ਹੈ, ਪਰ ਇਸ ਦੇ ਹੁੰਦਿਆਂ ਵੀ ਜੇ ਮੈਂ ਤੈਨੂੰ ਕਹਾਂ ਕਿ ਵੀਣੀ ਮੈਨੂੰ ਜ਼ਿੰਦਗੀ ਦਾ ਦਾਨ ਦੇਹ, ਤਾਂ ਕੀ ਤੂੰ ਇਸ ਤੋਂ ਇਨਕਾਰ ਕਰੇਂਗੀ ? ਧਰਮ ਇਹ ਵੀ ਤਾਂ ਨਹੀਂ ਕਹਿੰਦਾ ਕਿ ਵੀਣੀ ਕਿਸੇ ਦੇ ਖੂਨ ਵਿਚ ਹੱਥ ਰੰਗੋ। ਮੰਨਿਆ, ਮੈਂ ਪਾਪੀ ਸਹੀ, ਦੁਰਾਚਾਰੀ ਸਹੀ, ਪਰ ਕੀ ਇਸ ਪਾਪੀ ਦੀ ਮੌਤ ਵੇਖ ਕੇ ਤੇਰੇ ਦਿਲ ਨੂੰ ਸ਼ਾਂਤੀ ਆ ਸਕੇਗੀ ? ਜੇ ਇਸ ਨੂੰ ਤੂੰ ਬਰਦਾਸ਼ਤ ਕਰਨ ਲਈ ਤਿਆਰ ਏਂ ਤਾਂ ਏਵੇਂ ਸਹੀ। ਮੇਰੇ ਲਈ ਇਤਨੀ ਹੀ ਤਸੱਲੀ ਕਾਫ਼ੀ ਹੈ ਕਿ ਮੇਰੀ ਮੌਤ ਨਾਲ ਮੇਰੀ ਵੀਣਾ ਨੂੰ ਖੁਸ਼ੀ ਹੋਵੇਗੀ” ਕਹਿੰਦਾ ਕਹਿੰਦਾ ਕਿਦਾਰ ਉਠਕੇ ਬਾਹਰ ਵਲ ਤੁਰ ਪਿਆ, ਪਰ ਉਹ ਅੱਜੇ ਬੂਹੇ ਤਕ ਹੀ ਪਹੁੰਚਾ ਸੀ ਕਿ ਮਗਰੋਂ ਜਾਕੇ ਵੀਣਾ ਨੇ ਉਸ ਨੂੰ ਫੜ ਲਿਆ। ਕਿਦਾਰ ਨੇ ਮੁੜ ਵੇਖਿਆ ਵੀਣਾ ਦੀਆਂ ਅੱਖਾਂ ਨੇ ਅੱਥਰੂਆਂ ਦੀ ਝੜੀ ਲਾਈ ਹੋਈ ਸੀ। ਮੁੜ ਦੋਵੇਂ ਮੰਜੇ ਤੇ ਆ ਬੈਠੇ, ਪਰ ਦੋਹਾਂ ਵਿਚੋਂ ਕੋਈ ਵੀ ਬੋਲਿਆ ਨਹੀਂ। ਸ਼ਾਇਦ ਕੁਝ ਚਿਰ ਲਈ ਦੋਹਾਂ ਦੀਆਂ ਜ਼ਬਾਨਾਂ ਗੁੰਗੀਆਂ ਹੋ ਚੁਕੀਆਂ ਸਨ।
ਵੀਣਾ ਦੇ ਅੰਦਰ ਹੁਣੇ ਹੁਣੇ ਜਿਹੜਾ ਉਪਰਾਮਤਾ ਦਾ ਭਾਵ ਪੈਦਾ ਹੋਇਆ ਸੀ, ਹਮਦਰਦੀ ਦੇ ਜਜ਼ਬੇ ਨੇ ਉਸ ਉਤੇ ਕਾਬੂ ਪਾ ਲਿਆ, ਤੇ ਇਸ ਵੇਲੇ ਵੀਣਾ ਸਾਰੀ ਦੀ ਸਾਰੀ ਜਿਵੇਂ ਹਮਦਰਦੀ ਦੇ ਸੰਚੇ ਵਿਚ ਢਲ ਚੁਕੀ ਸੀ। ਅਖੀਰ ਉਸਨੇ ਬੋਲਣ ਵਿਚ ਪਹਿਲ ਕੀਤੀ, “ਤੁਸੀਂ ਕੀ ਚਾਹੁੰਦੇ ਓ ?”
“ਕੀ ਤੂੰ ਅੱਜੇ ਤਕ ਨਹੀਂ ਸਮਝੀ ?”
“ਨਹੀਂ” ਸ਼ਾਇਦ ਵੀਣਾ ਨੇ ਸਭ ਕੁਝ ਸਮਝਦਿਆਂ ਹੋਇਆਂ ਕਿਹਾ।
“ਤਾਂ ਸੁਣ” ਕਿਦਾਰ ਨੇ ਆਪਣੇ ਦਿਲ ਦੀ ਗੰਢ-ਜਿਹੜੀ ਅੱਗੇ ਹੀ ਲਗਭਗ ਖੋਲ੍ਹ ਚੁਕਾ ਸੀ— ਹੋਰ ਖੋਲ੍ਹਣੀ ਸ਼ੁਰੂ ਕੀਤੀ, “ਵੀਣੀ ! ਜ਼ਰਾ ਧਿਆਨ ਨਾਲ ਸੁਣ, ਛੱਤ ਵਲ ਕੀ ਤੱਕ ਰਹੀ ਏਂ, ਮੇਰੇ ਵਲ ਤੱਕ। ਮੇਰੇ ਅੰਦਰ ਪਿਆਰ ਦੀ ਬੜੀ ਭੁਖ ਹੈ। ਮੈਨੂੰ ਆਪਣੀ ਮਾਂ ਪਾਸੋਂ ਰੱਜਵਾਂ ਪਿਆਰ ਮਿਲਿਆ ਸੀ, ਪਰ ਉਮਰ ਨੇ ਉਸਦਾ ਸਾਥ ਨਾ ਦਿਤਾ। ਇਸ ਤੋਂ ਬਾਅਦ ਬੇ ਜੀ ਨੇ ਮੇਰੀ ਇਹ ਘਾਟ ਪੂਰੀ ਕੀਤੀ, ਪਰ ਜਿਹੜਾ ਪਿਆਰ ਮੈਨੂੰ ਤੂੰ ਦਿਤਾ ਹੈ, ਇਸ ਨੇ ਮੇਰੀ ਜ਼ਿੰਦਗੀ ਦਾ ਢਾਂਚਾ ਇਕ ਦੰਮ ਬਦਲ ਦਿਤਾ। ਮੈਨੂੰ ਕੁਝ ਇਸ ਤਰ੍ਹਾਂ ਜਾਪਣ ਲੱਗਾ, ਜਿਵੇਂ ਮੇਰੇ ਖੂਨ ਦਾ ਦੌਰਾ ਤੇ ਮੇਰੇ ਸ਼ਾਸਾਂ ਦੀ ਰੋਅ, ਇਹ ਸਭ ਕੁਝ ਤੇਰੀ ਹੀ ਹੋਂਦ ਦਾ ਸਦਕਾ ਜਾਰੀ ਹੈ, ਨਹੀਂ ਤੇ ਇਹ ਦੋਵੇਂ ਚੀਜ਼ਾਂ ਰੁਕ ਜਾਣਗੀਆਂ। ਮੈਂ ਆਪਣੇ ਦਿਲ ਵਿਚ ਪੱਕੀ ਧਾਰਨਾ ਧਾਰ ਬੈਠਾ ਸਾਂ ਕਿ ਕਿਸੇ ਦਿਨ ਮੈਂ ਤੇਰੀ ਮਾਤਾ ਪਾਸੋਂ ਤੇਰੀ ਮੰਗ ਕਰਾਂਗਾ, ਤੇ ਮੈਨੂੰ ਯਕੀਨ ਸੀ ਕਿ ਮੇਰੀ ਮੰਗ ਨੂੰ ਉਹ ਠੁਕਰਾਏਗੀ ਨਹੀਂ, ਪਰ ਜਿਉਂ ਹੀ ਪਤਾ ਲਗਾ ਕਿ ਤੂੰ ਕਿਸੇ ਹੋਰ ਦੀ ਬਣ ਚੁਕੀ ਏਂ, ਤਾਂ ਮੇਰੇ ਸਬਰ ਦਾ ਬੰਨ੍ਹ ਰੁੜ੍ਹ ਗਿਆ। ਮੈਂ ਹਜ਼ਾਰ ਕੋਸ਼ਸ਼ਾਂ ਕਰਦਾ ਹੋਇਆ ਵੀ ਆਪਣੇ ਜਜ਼ਬਿਆਂ ਉਤੇ ਕਾਬੂ ਨਾ ਰਖ ਸਕਿਆ। ਕਲ੍ਹ ਦਾ ਦਿਨ ਮੇਰੇ ਲਈ ਕਿਆਮਤ ਦਾ ਵਕਤ ਸੀ। ਵੀਣੀ ! ਮੈਂ ਆਪਣੇ ਆਪ ਨਾਲ ਬੜਾ ਘੋਲ ਕੀਤਾ, ਮੈਂ ਬੜੀ ਕੋਸ਼ਿਸ਼ ਕੀਤੀ ਕਿ ਆਪਣੇ ਅੰਦਰੋਂ ਤੈਨੂੰ ਕਢ ਸੂਟਾਂ, ਪਰ ਮੇਰੀ ਕੋਸ਼ਿਸ਼ ਸਗੋਂ ਉਲਟਾ ਹੀ ਅਸਰ ਕਰਦੀ ਗਈ।
“ਦੁਪਹਿਰੇ ਜਦ ਤੂੰ ਆਈ ਮੈਂ ਓਦੋਂ ਜਾਣਦੀ ਹੈਂ, ਮੇਰੀ ਕੀ ਹਾਲਤ ਸੀ ? ਉਦੋਂ ਮੈਂ ਸਾਰਾ ਜ਼ੋਰ ਇਸੇ ਗੱਲ ਲਈ ਲਾ ਰਿਹਾ ਸਾਂ ਕਿ ਕਿਵੇਂ ਤੈਨੂੰ ਭੁਲਾ ਸਕਾਂ, ਤੇ ਇਹੋ ਵਜ੍ਹਾ ਹੈ ਕਿ ਮੇਰੇ ਮੂੰਹੋਂ ਤੇਰੀ ਸ਼ਾਨ ਵਿਚ ਕਈ ਗੁਸਤਾਖ਼ੀ ਭਰੇ ਲਫ਼ਜ਼ ਨਿਕਲ ਗਏ, ਜਿਨ੍ਹਾਂ ਦਾ ਮੈਨੂੰ ਬੜਾ ਦੁਖ ਹੈ।
“ਇਸ ਅੱਧੀ ਰਾਤ ਵੇਲੇ ਮੈਨੂੰ ਕੌਣ ਤੇਰੇ ਕੋਲ ਲਿਆਇਆ ਹੈ ? ਇਸਨੂੰ ਮੈਂ ਨਹੀਂ ਜਾਣਦਾ, ਪਰ ਮਲੂਮ ਹੁੰਦਾ ਹੈ ਜਿਵੇਂ ਬਿਨਾ ਮੇਰੀ ਮਰਜ਼ੀ ਤੋਂ ਕੋਈ ਮੈਨੂੰ ਇਥੇ ਖਿੱਚ ਲਿਆਇਆ ਹੈ। ਵੀਣਾ ! ਮੈਂ ਆਪਣੀ ਕਮਜ਼ੋਰੀ ਨੂੰ ਮਹਿਸੂਸ ਕਰਦਾ ਹਾਂ, ਮੈਂ ਇਹ ਵੀ ਜਾਣਦਾ ਹਾਂ ਕਿ ਇਸ ਵੇਲੇ ਜਦ ਕਿ ਤੂੰ ਕਿਸੇ ਹੋਰ ਦੀ ਅਮਾਨਤ ਹੈ, ਖ਼ਿਆਨਤ ਦਾ ਜੁਰਮ ਕਰ ਰਿਹਾ ਹਾਂ, ਪਰ ਇਹ ਸਭ ਕੁਝ ਜਾਣਦਾ ਹੋਇਆ ਵੀ ਮੈਂ ….” ਕਹਿੰਦਾ ਕਹਿੰਦਾ ਕਿਦਾਰ ਵੀਣਾ ਦੇ ਪੈਰਾਂ ਉਤੇ ਝੁਕ ਗਿਆ।
ਵੀਣਾ ਦੇ ਮਨ ਦੀ ਇਸ ਵੇਲੇ ਕੀ ਹਾਲਤ ਸੀ ? ਉਪਰਾਮਤਾ ਉਤੇ ਹਮਦਰਦੀ ਦਾ ਗਲਬਾ ਤੇ ਫੇਰ ਇਸ ਹਮਦਰਦੀ ਦੇ ਨਾਲ ਆ ਰਲਿਆ ‘ਤਰਸ’। ਇਨ੍ਹਾਂ ਦੋਹਾਂ ਨੇ ਰਲ ਕੇ ਮੁੜ ਪਿਆਰ ਦੀ ਸ਼ਕਲ ਧਾਰਨ ਕਰ ਲਈ। ਵੀਣਾ ਦਾ ਦਿਲ ਇਕ ਵਾਰੀ ਫੇਰ ਪਿਆਰ ਦੇ ਜਜ਼ਬੇ ਨਾਲ ਲਬਰੇਜ਼ ਹੋ ਉਠਿਆ। ਉਸ ਨੇ ਕਿਦਾਰ ਨੂੰ ਆਪਣੇ ਪੈਰਾਂ ਤੋਂ ਉਠਾਇਆ ਤੇ ਆਪਣੇ ਨਾਲ ਬਿਠਾਂਦੀ ਹੋਈ ਬੋਲੀ, “ਪਰ ਇਹ ਤੇ ਸੋਚੋ ਜਿਹੜੀ ਗੱਲ ਇਕਦਮ ਨਾ-ਮੁਮਕਿਨ ਹੈ ਉਸ ਨੂੰ ਨਾ ਤੁਸੀਂ ਮੁਮਕਿਨ ਬਣਾ ਸਕਦੇ ਹੋ ਨਾ ਮੈਂ।”
ਆਪਣੇ ਆਪ ਨੂੰ ਸਫ਼ਲਤਾ ਦੇ ਕੁਝ ਨੇੜੇ ਪਹੁੰਚਿਆ ਮਹਿਸੂਸ ਕਰਕੇ ਕਿਦਾਰ ਨੇ ਐਤਕੀਂ ਖੁਲ੍ਹ ਕੇ ਕਹਿਣਾ ਸ਼ੁਰੂ ਕੀਤਾ, “ਤੇਰਾ ਮਤਲਬ ਮੰਗੀ ਹੋਈ ਹੋਣ ਤੋ ਹੈ ?”
“ਹਾਂ ”
“ਪਰ ਅੱਜੇ ਕੀ ਪਤਾ ਤੇਰੇ ਸਹੁਰੇ ਮਨਜ਼ੂਰ ਕਰਨ ਕਿ ਨਾ । ਭਲਾ ਜੇ ਉਨ੍ਹਾਂ ਨੇ ਅਜੇ ਵੀ ਬੇ ਜੀ ਦੀ ਗੱਲ ਪਰਵਾਨ ਨਾ ਕੀਤੀ ਫੇਰ ?”
“ਪਰ ਜੇ ਉਨ੍ਹਾਂ ਨੇ ਬੇ ਜੀ ਦੀ ਗੱਲ ਮੰਨ ਲਈ ਫੇਰ ?”
“ਉਸ ਸੂਰਤ ਵਿਚ ਵੀ ਇਕ ਇਲਾਜ ਹੈ।”
“ਮੈਂ ਜਿਹੜਾ ਰੁਪਿਆ ਬੇ ਜੀ ਨੂੰ ਲਿਆ ਦੇਣ ਦਾ ਇਕਰਾਰ ਕੀਤਾ ਹੈ, ਉਹ ਆਪਣਾ ਮਕਾਨ ਵੇਚ ਕੇ ਲਿਆਉਣ ਦਾ ਮੇਰਾ ਇਰਾਦਾ ਸੀ। ਮੈਂ ਬੇ ਜੀ ਨੂੰ ਕਹਿ ਦਿਆਂਗਾ ਕਿ ਉਸ ਰੁਪਏ ਦਾ ਇੰਤਜ਼ਾਮ ਮੈਂ ਨਹੀਂ ਕਰ ਸਕਿਆ। ਬਸ, ਨਾ ਸੌ ਮਣ ਤੇਲ ਹੋਵੇਗਾ, ਨਾ ਰਾਧਾ ਨੱਚੇਗੀ।”
ਕਿਦਾਰ ਦੀ ਇਹ ਕੋਝੀ ਤਜਵੀਜ਼ ਸੁਣ ਕੇ ਵੀਣਾ ਨੂੰ ਗੁੱਸਾ ਆ ਗਿਆ। ਉਹ ਬੋਲੀ ‘ਤਾਂ ਇਸ ਦਾ ਮਤਲਬ ਇਹ ਹੋਇਆ ਕਿ ਤੁਸੀਂ ਬੇ ਜੀ ਨੂੰ ਧੋਖਾ ਦਿਓਗੇ।”
ਧੋਖਾ ਨਹੀਂ, ਇਸ ਵਿਚ ਤੇ ਸਗੋਂ ਉਨ੍ਹਾਂ ਦੀ ਹੀ ਭਲਾਈ ਹੈ। ਕਿਹੜਾ ਹਜ਼ਾਰ ਰੁਪਿਆ ਉਨ੍ਹਾਂ ਤੇਰੇ ਵਿਆਹ ਤੇ ਮੁਫ਼ਤ ਵਿਚ ਗੁਆਣਾ ਹੈ, ਉਹ ਬਚ ਜਾਵੇਗਾ।”
“ਪਰ ਜਾਣਦੇ ਹੋ ਬਿਰਾਦਰੀ ਵਿਚ ਅਸੀਂ ਕਿਤੇ ਖਲੋਣ ਜੋਗੇ ਨਹੀਂ ਰਹਾਂਗੇ।”
“ਇਹ ਵੀਣਾ, ਐਵੇਂ ਫ਼ਜ਼ੂਲ ਗੱਲਾਂ ਨੇ। ਬਿਰਾਦਰੀ ਕਿਸੇ ਨੂੰ ਮੂੰਹ ਵਿਚ ਨਹੀਂ ਪਾ ਲੈਂਦੀ। ਬਿਰਾਦਰੀ ਤਾਂ ਲੋਕਾਂ ਦੇ ਘਰ ਫੂਕ ਕੇ ਤਮਾਸ਼ਾ ਵੇਖਦੀ ਹੈ। ਚਾਰ ਦਿਨ ਲੋਕੀਂ ਕੰਨ ਘੁਰਕੀ ਕਰਨਗੇ, ਫਿਰ ਆਪੇ ਚੁੱਪ ਕਰ ਜਾਣਗੇ।”
ਪਤਾ ਨਹੀਂ ਵੀਣਾ ਨੂੰ ਕਿਦਾਰ ਦੀ ਇਹ ਤਜਵੀਜ਼ ਜਚੀ ਕਿ ਨਹੀਂ, ਪਰ ਉਸ ਦੇ ਚਿਹਰੇ ਦਾ ਰੰਗ ਉੱਡਿਆ ਹੋਇਆ ਵੇਖ ਕੇ ਕਿਦਾਰ ਨੂੰ ਘਬਰਾਹਟ ਪੈਦਾ ਹੋ ਰਹੀ ਸੀ। ਇਸ ਤੋਂ ਬਾਅਦ ਫਿਰ ਦੁਹਾਂ ਵਿਚ ਚੁੱਪ ਛਾ ਗਈ।
“ਵੀਣੀ” ਕਿਦਾਰ ਨੇ ਐਤਕੀਂ ਦ੍ਰਿੜ੍ਹ ਆਵਾਜ਼ ਵਿਚ ਕਿਹਾ, “ਸ਼ਾਇਦ ਮੈਂ ਤੇਰੇ ਉੱਤੇ ਜਬਰ ਕਰ ਰਿਹਾ ਹਾਂ। ਕੀ ਮੇਰੀ ਗੱਲ ਤੇਰੇ ਦਿਲ ਨਹੀਂ ਲਗੀ ?”
ਵੀਣਾ ਨੇ ਕੋਈ ਉੱਤਰ ਨਾ ਦਿਤਾ।
“ਵੀਣਾ” ਕਿਦਾਰ ਨੇ ਉਸ ਦੇ ਮੋਢੇ ਤੇ ਹੱਥ ਰਖ ਕੇ ਕਿਹਾ, “ਤੂੰ ਮੇਰੀ ਗੱਲ ਦਾ ਗੁੱਸਾ ਕੀਤਾ ਹੈ ?”
“ਨਹੀਂ” ਵੀਣਾ ਨੇ ਬਿਨਾਂ ਉਸ ਵਲ ਨਜ਼ਰ ਮੋੜਨ ਤੋਂ ਉੱਤਰ ਦਿਤਾ। “ਤਾਂ ਕੀ ਤੈਨੂੰ ਮੇਰੀ ਤਜਵੀਜ਼ ਮਨਜ਼ੂਰ ਹੈ ?”
ਵੀਣਾ ਪਹਿਲਾਂ ਖਾਮੋਸ਼ ਰਹੀ, ਫਿਰ ਉਸ ਨੇ ਬੇਦਿਲਾ ਜਿਹਾ ‘ਹਾਂ’ ਵਿਚ ਸਿਰ ਹਿਲਾਇਆ।
ਵੀਣਾ ਦੇ ਸਿਰ ਦੀ ਇਸ ਜ਼ਰਾ ਜਿੰਨੀ ਹਰਕਤ ਨਾਲ ਕਿਦਾਰ ਦੇ ਅੰਦਰ ਉਤਸ਼ਾਹ ਤੇ ਖ਼ੁਸ਼ੀ ਦੀਆਂ ਨਦੀਆਂ ਉਮਡ ਆਈਆਂ । ਭਾਵੇਂ ਵੀਣਾ ਦੀਆਂ ਅੱਖਾਂ ਵਿਚੋਂ ਬਰਾਬਰ ਉਪਰਾਮਤਾ ਝਲਕ ਰਹੀ ਸੀ, ਪਰ ਕਿਦਾਰ ਨੇ ਇਸ ਪਾਸੇ ਬਹੁਤਾ ਧਿਆਨ ਨਹੀਂ ਦਿਤਾ।
“ਵੀਣੀ” ਕਿਦਾਰ ਨੇ ਉਸ ਨੂੰ ਹੋਰ ਉਰੇ ਖਿੱਚ ਕੇ ਆਪਣੇ ਨਾਲ ਲਾਂਦਿਆਂ ਕਿਹਾ, “ਕੀ ਮੈਂ ਸਮਝ ਲਵਾਂ ਕਿ ਅੱਜ ਤੋਂ ਤੂੰ ਮੇਰੀ ਹੈਂ ?”
ਉਸ ਦੀ ਖ਼ਾਮੋਸ਼ੀ ਨੂੰ ਨੀਮ ਰਜ਼ਾ ਸਮਝ ਕੇ ਕਿਦਾਰ ਉਸ ਦੇ ਗੱਲ ਵਿਚ ਬਾਂਹ ਪਾ ਕੇ ਬੋਲਿਆ, “ਤੂੰ ਇਸ ਤਰ੍ਹਾਂ ਕਿਉਂ ਹੈਂ – ਪਰੇਸ਼ਾਨ ਜਿਹੀ ?”
“ਕੁਝ ‘ ਨਹੀਂ ਮੈਂ ਠੀਕ ਹਾਂ” ਵੀਣਾ ਨੇ ਬਿਨਾਂ ਉਸ ਵਲ ਤਕਿਆਂ ਉੱਤਰ ਦਿਤਾ। ਕਿਦਾਰ ਨੂੰ ਜਾਪਿਆ ਜਿਵੇਂ ਉਹ ਇਕ ਬੇ-ਜ਼ਬਾਨ ਚੀਜ਼ ਨਾਲ — ਇਕ ਗੁੱਡੀ ਨਾਲ ਖੇਡ ਰਿਹਾ ਹੈ, ਜਿਸ ਵਿਚ ਨਾ ਹਰਕਤ ਹੈ ਨਾ ਹਰਾਰਤ।
ਇਸ ਵੇਲੇ ਬਾਹਰੋਂ ਕਿਸੇ ਨੇ ਬੂਹਾ ਖੜਕਾਇਆ, ਨਾਲ ਹੀ ਆਵਾਜ਼ ਆਈ, “ਵੀਣਾ ! ਬੂਹਾ ਖੋਲ !”
“ਬੇ ਜੀ ਆ ਗਏ” ਕਹਿੰਦੀ ਹੋਈ ਵੀਣਾ ਬੂਹਾ ਖੋਲ੍ਹਣ ਦੌੜੀ। ਏਧਰ ਕਿਦਾਰ ਮੰਜੇ ਤੇ ਲੰਮਾ ਪੈ ਗਿਆ। ਉਸ ਦੇ ਦਿਲ ਨੂੰ ਹੌਲ ਪੈ ਰਹੇ ਸਨ।
ਦੋਵੇਂ ਮਾਵਾਂ ਧੀਆਂ ਜਦ ਕਮਰੇ ਵਿਚ ਆ ਰਹੀਆਂ ਸਨ, ਤਾਂ ਕਿਦਾਰ ਨੇ ਸੁਣਿਆ ਵੀਣਾ ਕਹਿ ਰਹੀ ਸੀ, “ਬੇ ਜੀ ! ਭਰਾ ਹੋਰਾਂ ਦੀ ਅੱਜ ਬੁਰੀ ਹਾਲਤ ਹੋਈ। ਫਿਟ ਆ ਗਿਆ ਸੀ।”
ਅੰਦਰ ਆ ਕੇ ਮਾਇਆ ਨੇ ਕਿਦਾਰ ਨੂੰ ਪਿਆਰਿਆ, ਪਲੋਸਿਆ ਤੇ ਇਹ ਜਾਣ ਕੇ ਕਿ ਹੁਣ ਉਸ ਦੀ ਹਾਲਤ ਕੁਝ ਠੀਕ ਹੈ, ਖ਼ੁਸ਼ੀ ਨਾਲ ਉਸ ਦੇ ਮੂੰਹੋਂ ਨਿਕਲਿਆ, “ਸ਼ੁਕਰ ਏ ! ਪਰਮਾਤਮਾ ਦਾ ਭਲਾ ਹੋਵੇ।” ਮਾਇਆ ਨੇ ਆਉਂਦਿਆਂ ਹੀ ਕਿਦਾਰ ਨੂੰ ਘੁਟਣਾ ਪਿਆਰਨਾ ਸ਼ੁਰੂ ਕਰ ਦਿਤਾ ਤੇ ਕਿਵੇਂ ਫਿਟ ਆਇਆ, ਤੇ ਕਿਉਂ ਆਇਆ ਆਦਿ ਸੁਆਲਾਂ ਦੀ ਬੁਛਾੜ ਕਰ ਦਿਤੀ।
ਵੀਣਾ ਨੂੰ ਪਤਾ ਸੀ ਕਿ ਉਸ ਦੀ ਮਾਂ ਉਤੇ ਸਭ ਤੋਂ ਪਹਿਲਾ ਸਵਾਲ ਕਿਦਾਰ ਵਲੋਂ ਕੀ ਹੋਵੇਗਾ। ਉਹ ਜਾਣ ਬੁਝ ਕੇ ਕੋਠੇ ਉਤੇ ਜਾਣ ਦੇ ਬਹਾਨੇ ਪੌੜੀਆਂ ਵਿਚ ਜਾ ਲੁਕੀ, ਜਿਥੇ ਖਲੋਤਿਆਂ ਉਸ ਨੇ ਕਿਦਾਰ ਦਾ ਪ੍ਰਸ਼ਨ ਸੁਣਿਆ, “ਸੁਣਾਓ ਬੇ ਜੀ, ਹੋ ਗਿਆ ਕੰਮ ?” ਤੇ ਫਿਰ ਇਸ ਦਾ ਉੱਤਰ, “ਹਾਂ ਬੜੀ ਸੁਹਣੀ ਤਰ੍ਹਾਂ।”
ਹੋਰ ਕੁਝ ਸੁਣਨ ਦੀ ਵੀਣਾ ਨੂੰ ਲੋੜ ਨਾ ਜਾਪੀ। ਉਹ ਕੋਠੇ ਤੇ ਜਾ ਚੜ੍ਹੀ। ਤੇ ਮਾਂ ਤੀ ਵਿਛਾਈ ਕਰਨ ਤੋਂ ਬਾਅਦ ਉਹ ਮੰਜੇ ਤੇ ਲੇਟ ਗਈ।
ਥੋੜ੍ਹੀ ਦੇਰ ਬਾਅਦ ਉਸਨੂੰ ਫਿਰ ਹੇਠਲਾ ਬੂਹਾ ਖੁਲ੍ਹਣ ਦੀ ਆਵਾਜ਼ ਆਈ। ਉਸ ਨੇ ਬਨੇਰੇ ਪਾਸ ਜਾਕੇ ਹੇਠਾਂ ਝਾਤੀ ਮਾਰੀ। ਕਿਦਾਰ ਅੰਦਰੋਂ ਨਿਕਲ ਕੇ ਆਪਣੇ ਘਰ ਜਾ ਰਿਹਾ ਸੀ ।
11
ਦੂਰ ਕਿਸੇ ਕਾਰਖ਼ਾਨੇ ਦਾ ਘੁੱਗੂ ਵੱਜਿਆ, ਜਿਸ ਨੂੰ ਸੁਣਦਿਆਂ ਹੀ ਕਿਦਾਰ ਹੈਰਾਨੀ ਨਾਲ ਸੋਚਣ ਲੱਗਾ, “ਹੈਂ ਪੰਜ ਵਜ ਗਏ ? ਤਾਂ ਕੀ ਅੱਜ ਸਾਰੀ ਰਾਤ ਮੈਂ ਜਾਗਦਿਆਂ ਹੀ ਕੱਟੀ ਹੈ ? ‘ਤੇ ਇਸ ਨਾਲ ਹੀ ਕਲ੍ਹ ਸਵੇਰ ਤੋਂ ਲੈ ਕੇ ਰਾਤੀਂ ਮਾਇਆ ਦੇ ਘਰੋਂ ਵਾਪਸ ਆਉਣ ਤਕ ਦੇ ਸਾਰੇ ਦ੍ਰਿਸ਼ ਉਸ ਦੇ ਸਾਹਮਣਿਓਂ ਲੰਘ ਗਏ। ਇਸ ਤੋਂ ਬਾਅਦ ਕਈ ਉਹ ਤਸਵੀਰਾਂ ਵੀ ਉਸ ਦੇ ਮਨ-ਪਰਦੇ ਉਤੇ ਚਿੱਤ੍ਰੀਆਂ ਜਾਣ ਲੱਗੀਆਂ ਜਿਹੜੀਆਂ ਅੱਜੇ ਤੀਕ ਭਵਿਸ਼ ਦੇ ਓਹਲੇ ਲੁਕੀਆਂ ਹੋਈਆਂ ਸਨ।
ਰਾਤ ਦੇ ਤੀਜੇ ਪਹਿਰ ਜਦ ਮਾਇਆ ਘਰ ਪਹੁੰਚੀ ਸੀ ਤਾਂ ਉਸਨੂੰ ਤੱਕਦਿਆਂ ਹੀ ਕਿਦਾਰ ਦੇ ਮਨ ਵਿਚ ਸਭ ਤੋਂ ਪਹਿਲੀ ਭਾਵਨਾ ਪੈਦਾ ਹੋਈ, ਰੱਬ ਕਰੇ ਇਹ ਅਸਫ਼ਲ ਮੁੜੀ ਹੋਵੇ, ਪਰ ਉਸ ਦੀ ਇਹ ਭਾਵਨਾ ਕਲਰੀ ਕੰਧ ਵਾਂਗ ਢਹਿ ਢੇਰੀ ਹੋ ਗਈ, ਜਦ ਮਾਇਆ ਨੇ ਉਸ ਨੂੰ ਆਪਣੀ ਸਫ਼ਲਤਾ ਦੀ ਖ਼ਬਰ ਸੁਣਾਈ। ਕਿਦਾਰ ਨੇ ਉਸ ਵੇਲੇ ਮਾਇਆ ਦੇ ਚਿਹਰੇ ਉਤੇ ਸਫ਼ਲਤਾ ਤੇ ਹੁਲਾਸ ਦੀ ਲਾਲੀ ਚਮਕਦੀ ਵੇਖੀ, ਤੇ ਇਸ ਤੋਂ ਬਾਅਦ ਉਥੇ ਠਹਿਰਨਾ ਉਸ ਲਈ ਮੁਸ਼ਕਲ ਹੋ ਗਿਆ। ਸ਼ਾਇਦ ਉਹ ਇਕਲਵਾਂਜੇ ਜਾ ਕੇ ਅਗਲਾ ਕਦਮ ਚੁੱਕਣ ਲਈ ਸੋਚਣਾ ਚਾਹੁੰਦਾ ਸੀ। ਮਾਇਆ ਨੇ ਬੜੀ ਕੋਸ਼ਿਸ਼ ਕੀਤੀ ਕਿ ਰਾਤ ਦਾ ਬਾਕੀ ਹਿੱਸਾ ਕਿਦਾਰ ਉਸ ਦੇ ਘਰ ਗੁਜ਼ਾਰੇ, ਪਰ ਕਿਦਾਰ ਨੇ ਉਸ ਦੀ ਪੂਰੀ ਤਸੱਲੀ ਕਰਾ ਦਿੱਤੀ ਕਿ ਉਹ ਬਿਲਕੁਲ ਰਾਜ਼ੀ ਹੈ। ਉਹ ਆਪਣੇ ਮਕਾਨ ਤੇ ਪਹੁੰਚ ਕੇ ਮੰਜੇ ਤੇ ਲੇਟ ਗਿਆ। ਕਿੰਨਾ ਕੁ ਚਿਰ ਤੇ ਕਿਨ੍ਹਾਂ ਕਿਨ੍ਹਾਂ ਸੋਚਾਂ ਵਿਚ ਉਸ ਦਾ ਮਨ ਉੱਡਦਾ ਫਿਰਿਆ ? ਕਿਦਾਰ ਨੂੰ ਪਤਾ ਨਹੀਂ ਸੀ। ਕਿਦਾਰ ਦਾ ਆਪਾ ਜਿਵੇਂ ਉਸ ਤੋਂ ਵਖ ਹੋ ਕੇ ਕਿਤੇ ਫਿਰ ਰਿਹਾ ਸੀ।
ਜਦ ਪ੍ਰਭਾਤ ਦੀ ਸੀਤਲ ਹਵਾ ਨੇ ਰੌਸ਼ਨਦਾਨ ਵਿਚੋਂ ਦਾਖ਼ਲ ਹੋ ਕੇ ਉਸ ਦਾ ਮੁੜ੍ਹਕਾ ਸੁਕਾਣਾ ਸ਼ੁਰੂ ਕੀਤਾ, ਤਾਂ ਕਿਦਾਰ ਨੂੰ ਝਪਕੀ ਜਿਹੀ ਆ ਗਈ, ਪਰ ਝਟ ਹੀ ਕਾਰਖ਼ਾਨੇ ਦੇ ਘੁੱਗੂ ਨੇ ਉਸ ਨੂੰ ਜਗਾ ਦਿਤਾ।
ਇਕ ਵਾਰੀ ਫਿਰ ਉਹ ਸਾਰੀਆਂ ਸੋਚਾਂ ਵਿਚਾਰਾਂ ਉਸਦੇ ਦਿਮਾਗ ਵਿਚ ਫਿਰਨ ਲੱਗੀਆਂ, ਜਿਹੜੀਆਂ ਇਹਨਾਂ ਕਈਆਂ ਘੰਟਿਆਂ ਵਿਚ ਉਸ ਦੇ ਅੰਦਰ ਫੁਰਦੀਆਂ ਰਹੀਆਂ ਸਨ, ਜਿਨ੍ਹਾਂ ਦੀ ਹਰ ਸਮਾਪਤੀ ਉਤੇ ਇਕੋ ਹੀ ਗੱਲ ਮੁੜ ਮੁੜ ਉਸ ਦੇ ਸਾਹਮਣੇ ਆਉਂਦੀ ਰਹੀ ਸੀ, ਬੇਸ਼ਕ ਉਹ ਤਜਵੀਜ਼ – ਰੁਪਿਆਂ ਵਲੋਂ ਇਨਕਾਰ ਬਸ। ਫੇਰ ਤਾਂ ਵੀਣਾ ਸਦਾ ਲਈ ਮੇਰੀ ਹੋਵੇਗੀ। ਪਰ ਸੋਲਾਂ ਆਨੇ ਸਫ਼ਲਤਾ ਦੀ ਉਮੀਦ ਹੁੰਦਿਆਂ ਹੋਇਆਂ ਵੀ ਇਕ ਹੋਰ ਸ਼ੰਕਾ ਉਸ ਦੇ ਸਾਹਮਣੇ ਆ ਖਲੋਂਦੀ, ‘ਜੇ ਵੀਣਾ ਦੀ ਮਾਂ ਨੂੰ ਇਹ ਚਾਲ ਪਸੰਦ ਨਾ ਆਈ ? ਮੇਰੇ ਨਾਲ ਉਸ ਦਾ ਮਾਵਾਂ ਵਾਲਾ ਪਿਆਰ ਹੈ, ਇਸ ਵਿਚ ਕੋਈ ਸ਼ਕ ਨਹੀਂ, ਪਰ ਇਸ ਗੱਲ ਦਾ ਕਿਵੇਂ ਯਕੀਨ ਕੀਤਾ ਜਾ ਸਕਦਾ ਹੈ ਕਿ ਉਹ ਮੈਨੂੰ ਜੁਆਈ ਦੇ ਰੂਪ ਵਿਚ ਵੀ ਪ੍ਰਵਾਨ ਕਰ ਲਵੇਗੀ — ਨਹੀਂ ਕਰੇਗੀ ਤਾਂ ਆਖ਼ਰ ਹੋਰ ਕਰੇਗੀ ਕੀ ? – ਜੇ ਚਾਰੇ ਬੰਨੇ ਨਾ ਹੀ ਮੰਨੇਗੀ ਤਾਂ ਵੀਣਾ ਹੀ ਉਸਨੂੰ ਮੂੰਹ ਪਾੜ ਕੇ ਕਹਿ ਦੇਵੇਗੀ — ਖ਼ੈਰ, ਉਹ ਵਕਤ ਤਾਂ ਜਦੋਂ ਆਵੇਗਾ ਵੇਖਿਆ ਜਾਵੇਗਾ, ਪਹਿਲੀ ਗੱਲ ਤਾਂ ਇਹੋ ਸਭ ਤੋਂ ਔਖੀ ਹੈ ਕਿ ਮੈਂ ਹੀ ਆਪਣਾ ਮਤਲਬ ਉਸ ਪਾਸ ਕਿਵੇਂ ਪ੍ਰਗਟ ਕਰਾਂਗਾ — ਇਸ ਬਾਬਤ ਵੀਣਾ ਨਾਲ ਸਲਾਹ ਕਰਨੀ ਹੋਵੇਗੀ – ਉਸਨੇ ਹੁਣੇ ਥੋੜ੍ਹੀ ਦੇਰ ਤਕ ਪੜ੍ਹਾਈ ਕਰਨ ਲਈ ਆਉਣਾ ਹੈ।’
ਉਹ ਬੜੀ ਬੇਚੈਨੀ ਨਾਲ ਵੀਣਾ ਨੂੰ ਉਡੀਕਣ ਲੱਗਾ। ਹੌਲੀ ਹੌਲੀ ਪ੍ਰਭਾਤ ਦੀ ਧੁੰਦ ਵਿਚੋਂ ਚਿਟਿਆਈ ਨਿਕਲ ਕੇ ਫੈਲਣੀ ਸ਼ੁਰੂ ਹੋਈ, ਤੇ ਇਸ ਤੋਂ ਬਾਅਦ ਸੂਰਜ ਦੀਆਂ ਪੀਲੀਆਂ ਕਿਰਨਾਂ ਨੇ ਬੂਹੇ ਦੀਆਂ ਝੀਥਾਂ ਵਿਚੋਂ ਝਾਤੀ ਪਾਈ।
ਕਿਦਾਰ ਉਠਿਆ, ਤੇ ਜਲਦੀ ਨਿੱਤ ਕ੍ਰਿਆ ਤੋਂ ਵਿਹਲਾ ਹੋ ਕੇ ਕਪੜੇ ਬਦਲਣ ਲੱਗਾ। ਕਈਆਂ ਦਿਨਾਂ ਤੋਂ ਸਿਰ ਦੇ ਵਾਲਾਂ ਨੂੰ ਉਸਨੇ ਨਾ ਤੇਲ ਛੋਹਿਆ ਸੀ ਨਾ ਕੰਘੀ, ਪਰ ਅੱਜ ਸ਼ਾਇਦ ਉਸ ਨੇ ਪਿਛਲੇ ਸਾਰੇ ਦਿਨਾਂ ਦੀ ਕਸਰ ਕਢਣੀ ਸੀ। ਸੋਫ਼ਟੀ ਦੀ ਮਦਦ ਨਾਲ ਸ਼ੇਵ ਕਰਨੀ ਸ਼ੁਰੂ ਕਰਨੀ ਸ਼ੁਰੂ ਕੀਤੀ, ਫਿਰ ਬੂਟਾਂ ਦੀ ਪਾਲਸ਼।
ਵੀਣਾ ਰੋਜ਼ ਜਿਸ ਵੇਲੇ ਆਇਆ ਕਰਦੀ ਸੀ, ਉਹ ਵਕਤ ਆਇਆ ਤੇ ਆ ਕੇ ਲੰਘ ਗਿਆ, ਪਰ ਵੀਣਾ ਨਹੀਂ ਆਈ। ਜਿਉਂ ਜਿਉਂ ਵਕਤ ਬੀਤਦਾ ਜਾਂਦਾ ਸੀ, ਕਿਦਾਰ ਦੇ ਅੰਦਰ ਕੁਝ ਨਿੰਮੋਝੂਣਤਾ ਜਿਹੀ ਛਾਈ ਜਾਂਦੀ ਸੀ। ਉਸ ਦਾ ਉਤਸ਼ਾਹ ਕਿਰਕਿਰ ਹੋਈ ਜਾ ਰਿਹਾ ਸੀ।
ਇਸ ਵੇਲੇ ਕਈ ਦਿਲ-ਢਾਹੂ ਸੋਚਾਂ ਉਸਨੂੰ ਬੇ-ਆਰਾਮ ਕਰ ਰਹੀਆਂ ਸਨ, ‘ਮਤੇ ਵੀਣਾ ਨੇ ਮੇਰੀ ਗੱਲ ਦਾ ਬੁਰਾ ਮੰਨਿਆ ਹੋਵੇ – ਮਤੇ ਉਸ ਨੇ ਸਭ ਕੁਝ ਆਪਣੀ ਮਾਂ ਨੂੰ ਦਸ ਦਿਤਾ ਹੋਵੇ ਇਕ ਵਾਰੀ ਫੇਰ ਉਸ ਰਾਤ ਵਾਲੇ ਸਮੇਂ ਨੂੰ — ਜਦ ਉਸ ਨੇ ਵੀਣਾ ਪਾਸ ਆਪਣਾ ਭਾਵ ਪ੍ਰਗਟ ਕੀਤਾ ਸੀ — ਅੱਖਾਂ ਅੱਗੋਂ ਲਿਆ ਕੇ ਇਸ ਗੱਲ ਦੀ ਪੜਚੋਲ ਕਰਨ ਲੱਗਾ, ‘ਕੀ ਮੇਰੀਆਂ ਗੱਲਾਂ ਸੁਣਕੇ ਵੀਣਾ ਦੇ ਮੱਥੇ ਤੇ ਕੋਈ ਵੱਟ ਪਿਆ ਸੀ ? ਉਸ ਦੇ ਵਰਤਾਉ ਵਿਚ ਕੁਝ ਫ਼ਰਕ ਆਇਆ ਸੀ ? ਜਿਉਂ ਜਿਉਂ ਮੈਂ ਆਪਣੇ ਮਤਲਬ ਦੇ ਨੇੜੇ ਆਈ ਜਾਂਦਾ ਸਾਂ, ਕੀ ਵੀਣਾ ਦੇ ਚਿਹਰੇ ਤੋਂ ਉਹ ਪਿਆਰ ਦੀ ਮਿੱਠੀ ਮਿੱਠੀ ਤੇ ਸੁਖਦਾਈ ਜਿਹੀ ਝਲਕ ਉਡਦੀ ਨਹੀਂ ਸੀ ਜਾਂਦੀ 1″
ਕਿਦਾਰ ਲਈ ਹੋਰ ਉਡੀਕਣਾ ਮੁਸ਼ਕਲ ਹੋ ਗਿਆ। ਉਸਦਾ ਸਾਹ ਜਿਵੇਂ ਗਲੇ ਵਿਚੋਂ ਨਹੀਂ ਵੱਖੀ ਵਿਚੋਂ ਛੇਕ ਕਰ ਕੇ ਨਿਕਲ ਰਿਹਾ ਸ਼ੀ। ਕੁਝ ਚਿਰ ਉਸਨੇ ਹੋਰ ਉਡੀਕ ਵਿਚ ਬਿਤਾਇਆ, ਪਰ ਜਿਨ੍ਹਾਂ ਪੈਰਾਂ ਦੀ ਬਿੜਕ ਨੂੰ ਉਸ ਦੇ ਕੰਨ ਉਡੀਕ ਰਹੇ ਸਨ, ਉਹ ਸੁਣਾਈ ਨਾ ਦਿਤੀ।
ਅਖ਼ੀਰ ਉਸ ਦੀ ਸਲਾਹ ਹੋਈ ਕਿ ਆਪ ਹੀ ਕਿਉਂ ਨਾ ਵੀਣਾ ਦੇ ਘਰ ਚਲਾ ਜਾਵੇ, ਪਰ ਮਾਇਆ ਨੂੰ ਮਿਲਣ ਤੋਂ ਪਹਿਲਾਂ ਇਕ ਵਾਰੀ ਉਹ ਵੀਣਾ ਨੂੰ ਇਕਾਂਤ ਵਿਚ ਮਿਲ ਲੈਣਾ ਚਾਹੁੰਦਾ ਸੀ, ਇਸੇ ਕਰ ਕੇ ਉਸ ਨੇ ਹੋਰ ਕੁਝ ਚਿਰ ਉਡੀਕ ਕੀਤੀ। ਜਦ ਫੇਰ ਵੀ ਉਸ ਦੀ ਆਸ ਪੂਰੀ ਹੁੰਦੀ ਨਾ ਦਿਸੀ, ਤਾਂ ਉਹ ਆਪ ਹੀ ਉਠ ਕੇ ਜਾਣ ਲਈ ਤਿਆਰ ਹੋ ਪਿਆ।
ਜਾਣ ਲਗਿਆਂ ਉਹ ਨੇ ਆਪਣੇ ਪਾਲਸ਼ ਕੀਤੇ ਬੂਟਾਂ ਤੇ ਇਕ ਵਾਰੀ ਫਿਰ ਬੁਰਸ਼ ਫੇਰਿਆ, ਤੇ ਇਸੇ ਤਰ੍ਹਾਂ ਵਾਹੇ ਹੋਏ ਵਾਲਾਂ ਉਤੇ ਦੁਬਾਰਾ ਕੰਘੀ। ਇਹ ਕੰਮ ਕਰਦਾ ਹੋਇਆ ਉਹ ਨਾਲੋ ਨਾਲ ਸੋਚ ਰਿਹਾ ਸੀ, ‘ਇਹ ਕਿਸ ਤਰ੍ਹਾਂ ਦੀ ਧੜਕਣ ਹੋ ਰਹੀ ਹੈ ਮੇਰੇ ਦਿਲ ਵਿਚ, ਬੜੀ ਔਖੇਰੀ ਜਿਹੀ — ਜਿਵੇਂ ਆਪਣੇ ਥਾਂ ਤੋਂ ਛੁੜਕ ਕੇ ਦਿਲ ਏਧਰ ਓਧਰ ਫਿਰ ਰਿਹਾ ਹੋਵੇ।
ਉਹ ਕਮਰੇ ਵਿਚੋਂ ਨਿਕਲਿਆ ਹੀ ਸੀ ਕਿ ਸਾਹਮਣਿਓਂ ਉਸ ਨੂੰ ਵਿਦਿਆ ਏਧਰ ਆਉਂਦੀ ਦਿਸੀ, ਜਿਹੜੀ ਝਟਪਟ ਉਸ ਕੋਲ ਆ ਕੇ ਉਸ ਦਾ ਹੱਥ ਫੜਕੇ ਖਿੱਚਦੀ ਹੋਈ ਬੋਲੀ, “ਚਲੋ ਤੁਹਾਨੂੰ ਬੇ ਜੀ ਸੱਦਦੇ ਨੇ।” ਸੁਣਦਿਆਂ ਹੀ ਕਿਦਾਰ ਦੀਆਂ ਲੱਤਾਂ ਬਾਹਾਂ ਕਿਰਨ ਲੱਗੀਆਂ, ‘ਮਤੇ ਵੀਣਾ ਨੇ ਰਾਤ ਵਾਲੀ ਸਾਰੀ ਗੱਲ ਉਸ ਨੂੰ ਦਸ ਦਿਤੀ ਹੋਵੇ — ਪਰ ਕੀ ਵੀਣਾ ਦੇ ਰੰਗ ਢੰਗ ਤੋਂ ਕੁਝ ਇਹੋ ਜਿਹਾ ਜਾਪਦਾ ਸੀ ? – ਸ਼ਾਇਦ ਨਹੀਂ। ਤਾਂ ਫਿਰ ਇਤਨੀ ਸਵੇਰੇ ਸੱਦ ਘੱਲਣ ਦਾ ਕਾਰਨ ?’ ਓਵੇਂ ਹੀ ਬਾਹੋਂ ਖਿੱਚਦੀ ਹੋਈ ਵਿਦਿਆ ਉਸ ਨੂੰ ਘਰ ਵਲ ਲੈ ਤੁਰੀ।
ਘਰ ਅੰਦਰ ਜਾ ਕੇ ਕਿਦਾਰ ਨੇ ਵੇਖਿਆ, ਉਸੇ ਕਮਰੇ ਵਿਚ ਤੇ ਉਸੇ ਮੰਜੇ ਉਤੇ ਵੀਣਾ ਲੇਟੀ ਹੋਈ ਸੀ, ਤੇ ਮਾਇਆ ਉਸ ਦੀ ਨਬਜ਼ ਫੜੀ ਸਰ੍ਹਾਂਦੀ ਵਲ ਬੈਠੀ । ਕਿਦਾਰ ਦਾ ਦਿਲ ਬੈਠਣ ਲੱਗਾ!
“ਕਿਉਂ ਬੇ ਜੀ — ਵੀਣਾ ਨੂੰ ਕੀ ਹੋ ਗਿਆ ਹੈ ?” ਕਿਦਾਰ ਨੇ ਕਾਹਲੀ ਨਾਲ ਅਗਾਂਹ ਵਧ ਕੇ ਵੀਣਾ ਦਾ ਹੱਥ ਫੜਦਿਆਂ ਪੁੱਛਿਆ। ਮਾਇਆ ਬੋਲੀ, “ਪਤਾ ਨਹੀਂ ਚੰਗੀ ਭਲੀ ਸੁੱਤੀ ਸੀ, ਵੱਡੇ ਵੇਲੇ ਉਠ ਕੇ ਵੇਖਿਆ ਤੇ ਪੰਜ ਭੱਠ ਬੁਖ਼ਾਰ ਚੜ੍ਹਿਆ ਹੋਇਆ ਸੂ।”
“ਵੀਣੀ!ਕਿਦਾਰ ਨੇ ਮੰਜੇ ਤੇ ਬੈਠਦਿਆਂ ਉਸ ਦਾ ਹੱਥ ਫੜ ਕੇ ਪੁੱਛਿਆ, “ਕਿਉਂ ਬੁਖ਼ਾਰ ਕਿਉਂ ਚੜ੍ਹ ਗਿਆ ? ਰਾਤੀਂ ਤੇ ਮੈਂ ਤੈਨੂੰ ਚੰਗੀ ਭਲੀ ਛੱਡ ਕੇ ਗਿਆ ਸਾਂ।”
ਪਰ ਵੀਣਾ ਨੇ ਕੋਈ ਜਵਾਬ ਨਹੀਂ ਦਿਤਾ। ਕਿਦਾਰ ਨੂੰ ਵੇਖਦਿਆਂ ਹੀ ਉਸਨੇ ਮੂੰਹ ਦੂਜੇ ਪਾਸੇ ਫੇਰ ਲਿਆ। ਇਸ ਤੋਂ ਛੁਟ ਕਿਦਾਰ ਨੇ ਇਹ ਵੀ ਮਹਿਸੂਸ ਕੀਤਾ ਜਿਵੇਂ ਉਸ ਦੇ ਹੱਥ ਦੀ ਛੁਹ ਨੂੰ ਵੀਣਾ ਬਰਦਾਸ਼ਤ ਨਹੀਂ ਕਰ ਰਹੀ – ਕਿਦਾਰ ਜਿਉਂ ਹੀ ਮੰਜੇ ਤੇ ਬੈਠਾ, ਵੀਣਾ ਸਰਕ ਕੇ ਪਰੇ ਹੋ ਗਈ। ਕਿਦਾਰ ਦਾ ਦਿਲ ਹੋਰ ਧੜਕਣ ਲੱਗਾ।
“ਕੋਈ ਡਰ ਨਹੀਂ” ਮੰਜੇ ਤੋਂ ਉਠਦੀ ਹੋਈ ਮਾਇਆ ਕਿਦਾਰ ਨੂੰ ਸੰਬੋਧਨ ਕਰ ਕੇ ਬੋਲੀ, “ਅੱਜ ਕਲ੍ਹ ਮਲੇਰੀਏ ਦੇ ਦਿਨ ਨੇ, ਆਰਾਮ ਆ ਜਾਵੇਗਾ ਸੂ। ਆ, ਮੈਂ ਤੇਰੇ ਨਾਲ ਕੁਝ ਗੱਲਾਂ ਕਰਨੀਆਂ ਨੇ” ਤੇ ਦੋਵੇਂ ਅੱਗੜ ਪਿੱਛੜ ਬਾਹਰ ਬਰਾਂਡੇ ਵਿਚ ਆ ਪਹੁੰਚੇ। ਇਥੇ ਕੰਧ ਨਾਲ ਇਕ ਛੋਟੀ ਮੰਜੀ ਖੜੀ ਕੀਤੀ ਸੀ, ਜਿਸ ਨੂੰ ਮਾਇਆ ਨੇ ਡਾਹ ਲਿਆ, ਤੇ ਦੋਵੇਂ ਬੈਠ ਗਏ।
“ਤੇਰੀ ਤਬੀਅਤ ਦਾ ਕੀ ਹਾਲ ਏ ਹੁਣ ?” ਮਾਇਆ ਨੇ ਬੈਠਦਿਆਂ ਉਸ ਪਾਸੋਂ ਪੁੱਛਿਆ, ਜਿਸ ਦੇ ਉੱਤਰ ਵਿਚ ਕਿਦਾਰ ਨੇ ਉਸ ਨੂੰ ਆਪਣੇ ਠੀਕ ਠਾਕ ਹੋਣ ਦਾ ਯਕੀਨ ਕਰਾ ਦਿਤਾ।
“ਬੇ ਜੀ” ਕਿਦਾਰ ਨੇ ਛੇਤੀ ਛੇਤੀ ਗੱਲ ਸ਼ੁਰੂ ਕਰਨ ਦੇ ਇਰਾਦੇ ਨਾਲ ਪੁੱਛਿਆ, “ਤੁਸੀਂ ਸਵੇਰ ਦੀ ਗੱਡੀ ਆ ਜਾਂਦੇ। ਰਾਤੀਂ ਏਡੇ ਔਖੇ ਹੋਏ ਹੋਵੋਗੇ।”
ਮਾਇਆ ਦਾ ਅੰਗ ਅੰਗ ਵਿਚੋਂ ਇਸ ਵੇਲੇ ਖ਼ੁਸ਼ੀ ਉਛਲ ਰਹੀ ਸੀ। ਉਮ ਨੇ ਮੁਸਕ੍ਰਾਉਂਦਿਆਂ ਕਿਹਾ, “ਕੰਮ, ਜਿਸ ਲਈ ਗਈ ਸਾਂ, ਉਹ ਤੇ ਜਾਂਦਿਆਂ ਈ ਹੋ ਗਿਆ, ਫੇਰ ਮੈਂ ਆਖਿਆ ਕਾਹਦੇ ਲਈ ਅਟਕਣਾ ਵੇਂ। ਨਾਲੇ ਬਾਲਾਂ ਨੂੰ ਪਿਛੇ ਇਕੱਲਿਆਂ ਛਡ ਗਈ ਸਾਂ।”
“ਹੱਛਾ, ਕਿਸ ਤਰ੍ਹਾਂ ਫਿਰ ਗੱਲ ਕੱਥ ਹੋਈ ?” ਕਿਦਾਰ ਨੇ ਟੁੱਟਦੇ ਦਿਲ ਵਿਚੋਂ ਪੁੱਛਿਆ।
ਮਾਇਆ ਨੇ ਦੱਸਣਾ ਸ਼ੁਰੂ ਕੀਤਾ, “ਗੱਲ ਕੱਥ ਕੀ ਹੋਣੀ ਸੀ, ਬਸ ਓਹੀਓ ਮੇਰੀ ਗੱਲ ਸੱਚ ਨਿਕਲੀ। ਉਨ੍ਹਾਂ ਨੂੰ ਕਿਸੇ ਜਾ ਤੁਖਣੀ ਦਿਤੀ, ਅਖੇ ਉਨ੍ਹਾਂ ਦੇ ਪੱਲੇ ਤੇ ਮਹੁਰਾ ਖਾਣ ਨੂੰ ਵੀ ਪੈਸਾ ਨਹੀਂ, ਬੁਚੀ ਬਾਂਦਰੀ ਕੁੜੀ ਤੁਹਾਡੇ ਹਵਾਲੇ ਕਰਨਗੇ। ਬਸ ਸੁਣ ਕੇ ਸੱਪ ਸੁੰਘ ਗਿਓ ਨੇ। ਉਹ ਜਿਹੜੀ ਮੇਰੀ ਕੁੜਮਣੀ ਏਂ, ਉਹ ਤੇ ਸਮਝ ਲੈ, ਮੁਰਦਿਆਂ ਦੇ ਖੱਫਣ ਲਾਹ ਲੈਣ ਵਾਲੀ ਏ। ਪਹਿਲਾਂ ਤੇ ਚੁਪ ਕੀਤੀ ਰਹੀ, ਫੇਰ ਲੱਗੀ ਹੀਲੇ ਬਹਾਨੇ ਸਾੜਨ। ਕਦੇ ਆਖੇ ਸਾਡਾ ਮੁੰਡਾ ਨਹੀਂ ਮੰਨਦਾ, ਕਦੀ ਕਹੇ ਸਾਡਾ ਹੱਥ ਤੰਗ ਏ । ਪਰ ਮੈਂ ਸਮਝ ਗਈ ਕਿ ਅੰਬਾਂ ਦੀ ਭੁਖ ਅੰਬਾਕੜੀਆਂ ਨਾਲ ਨਹੀਂ ਮਿਟਣੀ। ਮੈਂ ਉਸ ਨੂੰ ਖੋਲ੍ਹ ਕੇ ਆਖ ਦਿਤਾ ਪਈ ਬੀਬੀ ਰਾਣੀ, ਧੀਆਂ ਪੁੱਤਰਾਂ ਨਾਲੋਂ ਕੋਈ ਚੰਗੀ ਚੀਜ਼ ਨਹੀਂ ਹੁੰਦੀ, ਤੇ ਇੱਜ਼ਤ ਆਬਰੋ ਇਨ੍ਹਾਂ ਨਾਲੋਂ ਵੀ ਵੱਡੀ ਚੀਜ਼ ਏ। ਤੂੰ ਮਾਸਾ ਫ਼ਿਕਰ ਨਾ ਕਰ। ਮੈਂ ਚੋਰ ਨੂੰ ਲੁੱਟਾਂ, ਸਾਧ ਨੂੰ ਭੰਨਾਂ, ਤੇਰਾ ਘਰ ਪੂਰਾ ਕਰ ਦਿਆਂਗੀ। ਜੋ ਕੁਝ ਕਰਾਂਗੀ ਸੁਹਣਾ ਸੁਥਰਾ ਕਰਕੇ। ਕੀ ਹੋਇਆ ਜੇ ਸਾਡੇ ਤੇ ਗਰੀਬੀ ਆ ਗਈ ਏ, ਪਰ ਸਿਆਣੇ ਕਹਿੰਦੇ ਹੁੰਦੇ ਨੇ ਵੱਡੇ ਘਰਾਂ ਦੀਆਂ ਘਰੋੜੀਆਂ ਨਹੀਂ ਮਾਣ ਹੁੰਦੀਆਂ। ਏਨੇ ਗਏ ਗੁਆਚੇ ਤੇ ਅਸੀਂ ਨਹੀਂ ਹੋ ਗਏ ਕਿ ਅਣਕੱਜੀ ਕੁੜੀ ਤੁਹਾਨੂੰ ਦਿਆਂਗੇ। ਪ੍ਰਮਾਤਮਾ ਸੁਖ ਰਹੀ ਤਾਂ ਲੱਦ ਪੱਥਕੇ ਭੇਜਾਂਗੇ – ਸਤਾਂ ਸਗਨਾਂ ਨਾਲ ।”
“ਫੇਰ ਕੀ ਆਖਿਓ ਸੁ” ਕਿਦਾਰ ਦੇ ਮੂੰਹ ਤੇ ਹਵਾਈਆਂ ਉਡ ਰਹੀਆਂ ਸਨ ਤੇ ਉਹ ਚਿਹਰੇ ਉਤੇ ਬਨਾਉਟੀ ਜਿਹੀ ਖ਼ੁਸ਼ੀ ਲਿਆ ਕੇ ਅੰਦਰਲੇ ਤੂਫ਼ਾਨ ਨੂੰ ਲੁਕਾਉਣ ਦੀ ਕੋਸ਼ਸ਼ ਕਰ ਰਿਹਾ ਸੀ।
“ਫੇਰ ਕੀ” ਮਾਇਆ ਦਾ ਉਤਸ਼ਾਹ ਬਰਾਬਰ ਚੜ੍ਹਦਾ ਜਾ ਰਿਹਾ ਸੀ” ਸੁਣ ਕੇ ਪਹਿਲਾਂ ਤੇ ਚੁਪ ਦੀ ਚੁਪ ਹੋ ਗਈ, ਫੇਰ ਆਖਣ ਲੱਗੀ, “ਹੱਛਾ ਭੈਣ, ਤੂੰ ਹੁਣ ਉਚੇ ਚੀ ਤੁਰ ਕੇ ਆਈ ਏਂ, ਉਹ ਜਾਣੇ ਜਿਸ ਤਰ੍ਹਾਂ ਹੋ ਸਕੇਗਾ, ਸੌੜ ਭੀੜ ਕਰਕੇ ਕਰ ਲਵਾਂਗੇ। ਮੁੰਡੇ ਨੂੰ ਵੀ ਜਿਵੇਂ ਹੋਵੇਗਾ, ਸਮਝਾ ਲਵਾਂਗੀ। ਸਾਕ ਤੇ ਵਡੇ ਵਡੇ ਘਰਾਂ ਦੇ ਆਉਂਦੇ ਨੇ, ਪਰ ਤੇਰਾ ਆਖਿਆ ਮੈਂ ਨਹੀਂ ਮੋੜ ਸਕਦੀ।” ਉਸ ਫ਼ਫੇ ਕੁਟਣੀ ਦੀਆਂ ਗੱਲਾਂ ਤੋਂ ਇਹ ਪਤਾ ਲਗਦਾ ਸੀ ਕਿ ਉਸ ਨੂੰ ਸਾੜਾ ਏਸ ਗੱਲ ਦਾ ਵੇ ਕਿ ਮਤੇ ਦਿੱਤ ਦਾਤ ਕੁਝ ਨਾ ਦੇਣ। ਮੈਂ ਵੀ ਸ਼ੁਕਰ ਕੀਤਾ ਪਈ ਹਾਂ ਤੇ ਕੀਤੀ ਸੂ। ਜੇ ਨੰਨਾ ਫੜ ਬਹਿੰਦੀ ਤਾਂ ਮੈਂ ਕਿਹੜੀ ਲੱਤ ਤੋੜ ਦੇਣੀ ਸੀ ਉਸ ਦੀ । ਇੱਜ਼ਤ ਨਾ ਲੱਖੀਂ ਨਾ ਕਰੋੜੀਂ। ਧੀ ਧਿਆਣੀ ਦੀ ਗੱਲ ਹੋਈ। ਪੁੱਤਰ ਦੀ ਕੁੜਮਾਈ ਭਾਵੇਂ ਸੌ ਵਾਰੀ ਛੁਟ ਜਾਏ, ਕੋਈ ਨਮੋਸ਼ੀ ਨਹੀਂ — ਇਕ ਦਰ ਬੱਧਾ ਤੇ ਸੌ ਦਰ ਖੁੱਲ੍ਹੇ । ਪਰ ਧੀ ਦਾ ਸਾਕ ਮੁੜ ਜਾਣਾ ਕੋਈ ਥੋੜ੍ਹੀ ਜਿਹੀ ਗੱਲ ਨਹੀਂ ਹੁੰਦੀ। ਮੈਂ ਤੇ ਆਹਨੀ ਆਂ, ਸ਼ੁਕਰੇ, ਭਲਾ ਹੋਵੇ ਨੇ ਫੇਰ ਵੀ ਮੰਨ ਗਏ ਨੇ । ਨਾ ਮੰਨਦੇ ਤਾਂ ਮੈਂ ਕੀ ਕਰ ਲੈਣਾ ਸੀ। ਕਿਤੇ ਖਲੋਣ ਜੋਗੀ ਨਹੀਂ ਸੀ ਰਹਿਣਾ।”
ਮਾਇਆ ਬੜੇ ਜੋਸ਼ ਤੇ ਉਮਾਹ ਵਿਚ ਗੱਲਾਂ ਕਰੀ ਜਾਂਦੀ ਸੀ, ਪਰ ਛੁਟ ਹੁੰਗਾਰਾ ਭਰਨ ਤੋਂ ਕਿਦਾਰ ਦਾ ਧਿਆਨ ਉਕਾ ਹੀ ਏਸ ਪਾਸੇ ਨਹੀਂ ਸੀ। ਉਸ ਦਾ ਦਿਲ ਇਸ ਵੇਲੇ ਕਈ ਲੰਮੇ ਚੌੜੇ ਮਨਸੂਬੇ ਬੰਨ੍ਹ ਰਿਹਾ ਸੀ।
ਮਾਇਆ ਨੇ ਜਦ ਗੱਲ ਖ਼ਤਮ ਕੀਤੀ ਤਾਂ ਕਿਦਾਰ ਦਾ ਧਿਆਨ ਮੁੜਿਆ, ਪਰ ਉਸ ਨੂੰ ਕੋਈ ਪਤਾ ਨਹੀਂ ਸੀ ਕਿ ਕਿਹੜੀ ਗੱਲ ਉਤੇ ਜਾ ਕੇ ਮਾਇਆ ਨੇ ਆਪਣਾ ਬਿਆਨ ਖ਼ਤਮ ਕੀਤਾ। ਮਾਇਆ ਕਿੰਨਾ ਚਿਰ ਚੁਪ ਕੀਤੀ ਰਹੀ। ਉਸ ਦਾ ਖ਼ਿਆਲ ਸੀ ਕਿ ਕਿਦਾਰ ਕੁਝ ਬੋਲੇਗਾ ਪਰ ਕਿਦਾਰ ਦੇ ਬੁਲ੍ਹ ਛੱਡ ਕੇ ਜਦ ਅੱਖਾਂ ਵੀ ਨਾ ਹਿੱਲੀਆਂ, ਤਾਂ ਉਸ ਨੇ ਆਪ ਹੀ ਪੁੱਛਿਆ, “ਕਿਦਾਰ ! ਕਿਹੜੀਆਂ ਸੋਚਾਂ ਵਿਚ ਪੈ ਗਿਆ ਵੇਂ ਤੂੰ ?” ਤੇ ਮਾਇਆ ਦੇ ਆਪਣੇ ਹੀ ਦਿਲ ਨੇ ਉੱਤਰ ਦਿਤਾ, ‘ਹੋਰ ਕਿਹੜੀਆਂ ਸੋਚਾਂ ਸੋਚਦਾ ਹੋਵੇਗਾ – ਏਸੇ ਕੰਮ ਨੂੰ ਸਿਰੇ ਚੜ੍ਹਾਣ ਬਾਰੇ ਚਿੰਤਾ ਕਰ ਰਿਹਾ ਹੋਵੇਗਾ, ਜਿਸ ਦੀ ਲਗਭਗ ਸਾਰੀ ਜ਼ਿੰਮੇਂਵਾਰੀ ਇਸ ਨੇ ਆਪਣੇ ਉਤੇ ਲੈ ਲਈ ਹੈ।’
ਕਿਦਾਰ ਨੂੰ ਜਿਵੇਂ ਨੀਂਦਰ ਤੋਂ ਜਾਗ ਆ ਗਈ ਹੋਵੇ। ਉਹ ਜੋ ਕੁਝ ਸੋਚ ਰਿਹਾ ਸੀ, ਉਸਨੂੰ ਅਧੂਰਾ ਹੀ ਛਡਕੇ ਬੋਲਿਆ, “ਬੜੀ ਖੁਸ਼ੀ ਦੀ ਗੱਲ ਹੈ ਇਹ ।”
ਮਾਇਆ ਕਿਦਾਰ ਦੇ ਮੂੰਹੋਂ ਕੁਝ ਇਸ ਤਰ੍ਹਾਂ ਦੇ ਵਾਕ ਸੁਣਨ ਲਈ ਬੇਕਰਾਰ ਹੋ ਰਹੀ ਸੀ, ‘ਬੇਜੀ, ਸਭ ਕੁਝ ਠੀਕ ਹੋ ਜਾਵੇਗਾ। ਮੈਂ ਬੜੀ ਜਲਦੀ ਰੁਪਿਆਂ ਦਾ ਪ੍ਰਬੰਧ ਕਰ ਲਵਾਂਗਾ’, ਆਦਿ, ਪਰ ਜਦ ਉਸ ਦੀ ਉਮੀਦ ਪੂਰੀ ਨਾ ਹੋਈ ਤਾਂ ਉਸ ਨੇ ਆਪ ਹੀ ਗਲ ਕਥ ਦਾ ਸਿਲਸਿਲਾ ਏਸ ਪਾਸੇ ਮੋੜਿਆ, “ਮੇਰੀ ਸਲਾਹ ਏ, ਅੱਸੂ ਦਾ ਵਿਆਹ ਦੇ ਦੇਈਏ। ਰੁੱਤ ਵੀ ਚੰਗੀ ਹੁੰਦੀ ਏ – ਨਾ ਬਹੁਤੀ ਸਰਦੀ ਨਾ ਬਹੁਤੀ ਗਰਮੀ, ਨਾਲੇ ਵੀਣਾ ਦੀ ਸੱਸ ਵੀ ਕਹਿੰਦੀ ਸੀ ਕਿ ਅੱਸੂ ਵਿਚ ਕੋਈ ਸਾਹਾ ਨਿਕਲ ਆਵੇ ਤਾਂ ਚੰਗਾ ਵੇ, ਕਿਉਂਕਿ ਕੱਤਕ ਵਿਚ ਕੁਨੇਤਰ ਸ਼ੁਰੂ ਹੋ ਜਾਣਾ ਏਂ, ਏਸ ਹਿਸਾਬ ਫੇਰ ਵਰ੍ਹੇ ਛਿਮਾਹੀ ਉਤੇ ਗੱਲ ਜਾ ਪਵੇਗੀ। ਜਿੰਨੀ ਛੇਤੀ ਸਿਰੋਂ ਭਾਰਾ ਲੱਥ ਜਾਵੇ ਚੰਗਾ ਏ। ਉਹ ਨਾ ਹੋਵੇ ਜੁ ਫੇਰ ਕੋਈ ਲੱਤ ਜਾ ਮਾਰੇ – ਸੌ ਸੱਜਣ ਸੌ ਦੁਸ਼ਮਣ ਹੁੰਦੇ ਨੇ।”
“ਬੜੀ ਚੰਗੀ ਗੱਲ ਏ।” ਸਿਰਫ਼ ਇਤਨਾ ਹੀ ਕਹਿਕੇ ਚੁਪ ਹੋ ਗਿਆ, ਮਾਇਆ ਕੁਝ ਹੋਰ ਵੀ ਸੁਣਨਾ ਚਾਹੁੰਦੀ ਸੀ। ਉਹ ਫੇਰ ਬੋਲੀ, “ਮੇਰੀ ਸਲਾਹ ਏ ਜਿਹੜਾ ਰਤੀ ਮਾਸਾ ਛਿੱਲ ਪਤਾਣ ਬਣਾਣਾ ਵੇਂ, ਹੁਣ ਤੋਂ ਹੀ ਫ਼ਿਕਰ ਕਰਨਾ ਚਾਹੀਦਾ ਏ। ਨਿੱਕਾ ਨਿੱਕਾ ਕਰਦਿਆਂ ਵੀ ਬਥੇਰਾ ਹੋ ਜਾਂਦਾ ਏ।”
“ਹਾਂ ਹੁਣ ਤੋਂ ਹੀ ਕੀਤਾ ਜਾਵੇ ਤਾਂ ਹੀ ਕੁਝ ਬਣੇਗਾ। ਮਹੀਨੇ ਤੇ ਸਾਰੇ ਦੋ ਹੀ ਬਾਕੀ ਨੇ।” ਕਿਦਾਰ ਨੇ ਬੇਦਿਲਾ ਹੋ ਕਿਹਾ।
ਮਾਇਆ ਨੂੰ ਕੁਝ ਤੌਖ਼ਲਾ ਜਿਹਾ ਪੈਦਾ ਹੋ ਰਿਹਾ ਸੀ। ਉਹ ਸਾਫ਼ ਹੋ ਕੇ ਬੋਲੀ
“ਪਰ ਇਹ ਤੇ ਹੁਣ ਸਾਰਾ ਤੇਰੇ ਈ ਹੱਥ ਏ। ਤੂੰ ਕਿਹਾ ….. ਤੇ ਉਹ ਸ਼ਾਇਦ ਇਹ ਯੋਦ ਕੇ ਦਬਕ ਗਈ ਕਿ ਇਸ ਉਤੇ ਮੇਰਾ ਕੀ ਦਾਈਆ ਹੈ ਜੋ ਇਤਨਾ ਜ਼ੋਰ ਪਾ ਰਹੀ ਹਾਂ ? ਤੇ ਉਹ ਝਟ ਗੱਲ ਦਾ ਰੁਖ ਪਲਟ ਕੇ ਬੋਲੀ, “ਮੇਰੀ ਸਲਾਹ ਏ ਅੱਜ ਇਕ ਚਿੱਠੀ ਤੂੰ ਵੀਣਾ ਦੇ ਭਾਪੇ ਨੂੰ ਲਿਖ ਦੇ। ਨਾਲੇ ਸਰਦਾਰ ਵਲੋਂ ਵੀ ਅਖਵਾ ਭੇਜ ਸੂ ਪਈ ਦੋ ਮਹੀਨਿਆਂ ਲਈ ਜਿਵੇਂ ਕਿਵੇਂ ਹੋ ਸਕੇ ਆ ਜਾਵੇ। ਅਕਸਰ ਕਰਨਾ ਕਤਰਨਾ ਤੇ ਓਸੇ ਈ ਸਭ ਕੁਝ ਹੋਇਆ ਨਾ। ਘਰ ਦਾ ਹੀਜ ਪਿਆਜ ਤੇ ਤੈਥੋਂ ਲੁਕਿਆ ਨਹੀਂ। ਆ ਕੇ ਕਿਤੋਂ ਆਹਰ ਪਾਹਰ ਕਰੇਗਾ, ਤਾਂ ਈ ਕੰਮ ਸਿਰੇ ਚੜ੍ਹੇਗਾ ਨਾ। ਕੁਝ ਸਰਦਾਰ ਨੂੰ ਆਖ ਵੇਖ ਕੇ ਮਨਾਵੇਗਾ।”
ਪਾਣੀ ਚੜ੍ਹਦਾ ਚੜ੍ਹਦਾ ਜਦ ਆਦਮੀ ਦੇ ਗਲ ਗਲ ਪਹੁੰਚਦਾ ਹੈ ਤਾਂ ਉਸ ਨੂੰ ਬਚਣ ਲਈ ਹੱਥ ਪੈਰ ਮਾਰਨੇ ਹੀ ਪੈਂਦੇ ਨੇ । ਕਿਦਾਰ ਲਈ ਹੁਣ ਘੇਸਲਾ ਬਣਿਆ ਰਹਿਣਾ ਮੁਸ਼ਕਲ ਸੀ। ਮੰਜੀ ਨਾਲੋਂ ਲਮਕ ਰਹੀ ਇਕ ਰੱਸੀ ਨੂੰ ਉਂਗਲ ਤੇ ਲਪੇਟਦਾ ਹੋਇਆ ਉਹ ਬੋਲਿਆ, “ਸਰਦਾਰ ਹੁਰਾਂ ਨੂੰ ਮੈਂ ਕਲ੍ਹ ਕਿਹਾ ਤੇ ਸੀ, ਪਰ —” ਇਸ ਵਾਕ ਦਾ ਬਾਕੀ ਹਿੱਸਾ ਪੂਰਾ ਕਰਨ ਲਈ ਕਿਦਾਰ ਨੂੰ ਇਕ ਵਾਰੀ ਫੇਰ ਰੁਕਣਾ ਪਿਆ।
“ਹੱਛਾ !” ਮਾਇਆ ਕਾਹਲੀ ਹੋ ਕੇ ਬੋਲੀ, “ਫਿਰ ਕੀ ਜਵਾਬ ਦਿਤਾ ਸੀ ਉਨ੍ਹਾਂ ?”
“ਉਨ੍ਹਾਂ ? — ਉਨ੍ਹਾਂ ਕਿਹਾ ਸੀ –” ਤੇ ਬੋਲਦਿਆਂ ਬੋਲਦਿਆਂ ਜਿਵੇਂ ਉਸ ਦੀ ਜ਼ਬਾਨ ਅਗੇ ਡੱਕਾ ਆ ਗਿਆ। ਮਾਇਆ ਨੇ ਬਿਨਾਂ ਉਸਦੇ ਬੋਲਣ ਤੋਂ ਹੀ ਸਭ ਕੁਝ ਸਮਝ ਲਿਆ। ਵੇਖਦਿਆਂ ਹੀ ਵੇਖਦਿਆਂ ਉਸ ਦੇ ਚਿਹਰੇ ਤੋਂ ਉਹ ਭਖ਼ਦੀ ਲਾਲੀ ਉੱਡ ਪੁੱਡ ਗਈ। ਸੱਜੇ ਹੱਥ ਦੀ ਉਂਗਲ ਨੂੰ ਉਹ ਹੌਲੀ ਹੌਲੀ ਦੰਦਾਂ ਹੇਠ ਦਬਾ ਰਿਹਾ ਸੀ।
“ਤਾਂ ਤੇ ਬੜੀ —” ਮਾਇਆ ਰੁਕ ਕੇ ਬੋਲੀ, “ਹੱਛਾ ਕੋਈ ਗੱਲ ਨਹੀਂ, ਤੂੰ ਅੱਜ ਚਿੱਠੀ ਤੇ ਲਿਖ ਛੱਡ ਵੀਣਾ ਦੇ ਭਾਪੇ ਨੂੰ। ਆਪੇ ਆ ਕੇ ਕੋਈ ਨਾ ਕੋਈ ਬੰਦੋਬਸਤ ਕਰ ਲਵੇਗਾ। ਚਾਰੇ ਬੰਨੇ ਹੋਰ ਕੁਝ ਨਾ ਸਰਿਆ ਤਾਂ ਆਹ ਮਕਾਨ ਗਹਿਣੇ ਧਰ ਕੇ ਕੰਮ ਸਾਰ ਲਵਾਂਗੇ। ਦਮ ਸਲਾਮਤ ਰਹਿਣ, ਫੇਰ ਛੁਡਾ ਲਵਾਂਗੇ। ਵੇਲਾ ਤੇ ਕਿਸੇ ਤਰ੍ਹਾਂ ਸਾਰਨਾ ਈ ਹੋਇਆ।”
ਕਿਦਾਰ ਨੇ ਸਿਰ ਚੁਕਿਆ। ਉਸ ਨੇ ਵੇਖਿਆ ਜਿਵੇਂ ਮਾਇਆ ਦੀਆਂ ਅੱਖਾਂ ਦੀ ਨਿਰਾਸ ਤੱਕਣੀ ਉਸਨੂੰ ਲਾਨ੍ਹਤਾ ਪਾਂਦੀ ਹੋਈ ਵੰਗਾਰ ਰਹੀ ਸੀ, ‘ਤੂੰ ਜੁ ਹਾਮੀ ਭਰੀ ਸੀ’ ਤੇ ਸ਼ਾਇਦ ਇਹ ਆਵਾਜ਼ ਸਚਮੁਚ ਮਾਇਆ ਦੇ ਅੰਦਰੋਂ ਉਠ ਰਹੀ ਹੋਵੇਗੀ, ਜ਼ਬਾਨ ਤਕ ਉਹ ਨਾ ਲਿਆ ਸਕੀ।
ਕਿਦਾਰ ਲਈ ਹੁਣ ਇਥੇ ਹੋਰ ਬੈਠਣਾ ਮੁਸ਼ਕਲ ਹੋ ਗਿਆ। ਉਹ ‘ਜਾਵਾਂ ਦੇਰ ਹੋ ਰਹੀ ਏ” ਕਹਿ ਕੇ ਉਠਿਆ, ਤੇ ਉਠਣ ਲਗਿਆਂ ਉਸ ਦੀ ਨਜ਼ਰ ਇਕ ਵਾਰੀ ਪਰ ਅੰਦਰ ਵੀਣਾ ਦੇ ਮੰਜੇ ਤੇ ਜਾ ਪਈ। ਵੀਣਾ ਦਾ ਮੰਜਾ ਇਤਨਾ ਦੂਰ ਨਹੀਂ ਸੀ ਕਿ ਉਹ ਇਹਨਾਂ ਦੁਹਾਂ ਦੀ ਗੱਲ ਕੱਥ ਨਾ ਸੁਣ ਸਕਦੀ। ਕਿਦਾਰ ਨੇ ਵੇਖਿਆ, ਉਹ ਉਸੇ ਤਰ੍ਹਾਂ ਪਰਲੇ ਪਾਸੇ ਮੂੰਹ ਕੀਤੀ ਪਈ ਸੀ।
ਜੁੱਤੀ ਪਾ ਕੇ ਜਦ ਉਹ ਬਾਹਰ ਨਿਕਲਣ ਲੱਗਾ ਤਾਂ ਉਸ ਨੂੰ ਪਿਛਲੇ ਬੰਨਿਓਂ ਕਿਸੇ ਦੇ ਠੰਢਾ ਸਾਹ ਭਰਨ ਦੀ ਆਵਾਜ਼ ਸੁਣਾਈ ਦਿਤੀ। ਕੋਸ਼ਿਸ਼ ਕਰਨ ਤੇ ਵੀ ਉਹ ਸਮਝ ਨਾ ਸਕਿਆ ਕਿ ਆਵਾਜ਼ ਮਾਇਆ ਦੀ ਸੀ ਕਿ ਵੀਣਾ ਦੀ।
ਦਲ਼ੀਜ਼ਾਂ ‘ਚੋਂ ਨਿਕਲਣ ਲਗਿਆਂ ਉਸ ਨੇ ਇਕ ਵਾਰੀ ਫੇਰ ਪਿਛਾਂਹ ਤਕਿਆ ਮਾਇਆ ਹੱਥ ਉਤੇ ਠੋਡੀ ਟਿਕਾ ਕੇ, ਉਸੇ ਤਰ੍ਹਾਂ ਗਿੱਚੀ ਸੁਟੀ ਬੈਠੀ ਸੀ। ਵੀਣਾ ਨੇ ਉਰ੍ਹਾਂ ਪਾਸਾ ਪਰਤਿਆ ਹੋਇਆ ਸੀ । ਸ਼ਾਇਦ ਉਹ ਬਾਹਰਲੇ ਬੂਹੇ ਵਲ ਤੱਕ ਰਹੀ ਸੀ, ਪਰ ਜਿਉਂ ਹੀ ਆਪਣੇ ਉਤੇ ਉਸ ਨੇ ਕਿਦਾਰ ਦੀ ਨਜ਼ਰ ਪੈਂਦੀ ਤੱਕੀ, ਝਟ ਹੀ ਉਸ ਮੂੰਹ ਦੂਜੇ ਪਾਸੇ ਕਰ ਲਿਆ।
ਕਿਦਾਰ ਇਸ ਵੇਲੇ ਬਾਜ਼ਾਰ ਵਿਚ ਤੁਰਿਆ ਜਾ ਰਿਹਾ ਸੀ। ਉਸ ਨੂੰ ਮਲੂਮ ਹੁੰਦਾ ਸੀ ਜਿਵੇਂ ਦੁਕਾਨ ਤੇ ਪਹੁੰਚਣ ਤੀਕ ਉਸਦੇ ਸਿਰ ਵਿਚ ਸਿੰਗ ਉਗ ਆਉਣਗੇ, ਅਥਵਾ ਹੋਰ ਕੋਈ ਅਚੰਭਾ ਜਿਹੀ ਸ਼ਕਲ ਉਸ ਦੀ ਬਣ ਜਾਏਗੀ, ਜਿਸ ਨੂੰ ਨਾ ਉਸ ਦਾ ਮਾਲਕ ਪਛਾਣ ਸਕੇਗਾ, ਨਾ ਕੋਈ ਹੋਰ ਤੇ ਨਾ ਉਹ ਆਪ।
ਵਿਤੋਂ ਵਧ ਚੌੜੀ ਖਾਲ ਨੂੰ ਟੱਪਣ ਲਗਿਆਂ, ਡਿੱਗ ਪੈਣ ਦਾ ਸਹਿਮ ਜਿਸ ਤਰ੍ਹਾਂ ਆਦਮੀ ਦੇ ਕਦਮ ਰੋਕ ਲੈਂਦਾ ਹੈ, ਕੁਝ ਏਸੇ ਤਰ੍ਹਾਂ ਦੀ ਕਿਦਾਰ ਦੇ ਮਨ ਦੀ ਅਵਸਥਾ मी।
ਸਚਮੁਚ ਦੁਕਾਨ ਤੇ ਪਹੁੰਚਣ ਤੀਕ ਉਹ ਆਪਣੇ ਆਪ ਨੂੰ ਬਿਲਕੁਲ ਵਟਿਆ ਹੋਇਆ ਮਹਿਸੂਸ ਕਰਨ ਲਗਾ। ਮਾਲਕ ਨੇ ਤਾਂ ਉਸ ਨੂੰ ਪਛਾਣ ਲਿਆ, ਪਰ ਸ਼ਾਇਦ ਉਹ ਆਪਣੇ ਆਪ ਨੂੰ ਨਹੀਂ ਪਛਾਣ ਸਕਿਆ। ਉਹ ਇਸ ਵੇਲੇ ਏਸੇ ਗੱਲ ਨੂੰ ਸੋਚ ਰਿਹਾ ਸੀ, ‘ਕੀ ਮੈਂ ਓਹੀ ਹਾਂ ਜਿਹੜਾ ਕੱਲ੍ਹ ਸਾਂ ? ਸਚਮੁਚ ਮੇਰੇ ਸਿਰ ਉਤੇ ਸਿੰਗ ਉੱਗ ਆਏ ਜਾਂ ਉੱਗਣ ਵਾਲੇ ਨੇ।’
12
ਸੋਹਲ ਦਿਲ ਬਾਲੜੀ ਲਈ ਇਹ ਬਿਲਕੁਲ ਅਨ-ਸਮਝੀ ਤੇ ਅਨੋਖੀ ਉਲਝਣ ਸੀ। ਉਸ ਨੂੰ ਜਾਪਦਾ ਸੀ ਜਿਵੇਂ ਏਸ ਇਕੋ ਰਾਤ ਵਿਚ ਉਸ ਦੀ ਉਮਰ ਦਸ ਵਰ੍ਹੇ ਵਡੇਰੀ ਹੋ ਗਈ। ਜਿਸ ਵੀਣਾ ਨੂੰ ਖੇਡਣ ਕੁੱਦਣ ਤੋਂ ਛੁਟ ਹੋਰ ਕੋਈ ਫ਼ਿਕਰ ਫਾਕਾ ਨਹੀਂ ਸੀ, ਜਿਹੜੀ ਆਪਣੇ ਆਪ ਨੂੰ ਤਿੱਤਲੀ ਨਾਲੋਂ ਵੀ ਹੌਲੀ ਸਮਝ ਕੇ ਸੁਖ- ਸੁਪਨਿਆਂ ਦੇ ਮੰਡਲਾਂ ਵਿਚ ਉਡਦੀ ਫਿਰਦੀ, ਉਹ ਵੀਣਾ ਇਸ ਇੱਕੋ ਰਾਤ ਦੇ ਅਸਰਾਂ ਨਾਲ ਆਪਣੇ ਆਪ ਨੂੰ ਇਤਨੀ ਬੋਝਲ ਮਹਿਸੂਸ ਕਰ ਰਹੀ ਸੀ ਜਿਵੇਂ ਆਪਣੇ ਭਾਰ ਨਾਲ ਆਪ ਹੀ ਪੀਠੀ ਜਾ ਰਹੀ ਹੋਵੇ।
ਉਸ ਨੇ ਸਾਰੀ ਰਾਤ ਅੱਖਾਂ ਵਿਚ ਕੱਟੀ, ਤੇ ਏਸੇ ਬੇ-ਆਰਾਮੀ ਤੇ ਅਣੀਂਦੇ ਦਾ ਰੂਪ ਦਿਨ ਚੜ੍ਹਦੇ ਨੂੰ ਉਹ ਬੁਖ਼ਾਰ ਨਾਲ ਭੁਜ ਰਹੀ ਸੀ।
ਸਵੇਰੇ ਕਿਦਾਰ ਆਇਆ ਤੇ ਆਕੇ ਚਲਾ ਗਿਆ। ਵੀਣਾ ਨੇ ਉਸਨੂੰ ਵੇਖਿਆ ਤੇ ਵੇਖ ਕੇ ਮੂੰਹ ਮੋੜ ਲਿਆ, ਜਿੰਨਾ ਚਿਰ ਉਹ ਬੈਠਾ ਰਿਹਾ ਇਹ ਆਪਣੇ ਆਪ ਤੋਂ ਪੁਛਦੀ ਰਹੀ, ‘ਇਹ ਕਿਉਂ ?’ ਤੇ ਉਸ ਦੀ ਅੰਤਰ-ਆਤਮਾ ਉੱਤਰ ਦੇਂਦੀ ‘ਇਸ ਲਈ ਕਿ ਇਹ ਉਹ ਨਹੀਂ।’ਫੇਰ ਅੰਦਰੋਂ ਸਵਾਲ ਉਠਦਾ, ਪਰ ਕਿਉਂ ?” ਉੱਤਰ ਮਿਲਦਾ, ‘ਕਿਉਂਕਿ ਇਹ ਵੀਰ ਨਹੀਂ ਰਿਹਾ – ਵੀਰ ਦੇ ਥਾਂ ਕੁਝ ਹੋਰ ਬਣ ਗਿਆ ਜਾਂ ਬਣਨਾ ਚਾਹੁੰਦਾ ਹੈ।’ ਤੇ ਜਿਉਂ ਹੀ ਇਸ ‘ਕੁਝ ਹੋਰ’ ਦੀ ਸੰਭਾਵਨਾ ਵੀਣਾ ਦੇ ਦਿਲ ਅਗੋਂ ਲੰਘਦੀ, ਵੀਣਾ ਨੂੰ ਜਾਪਦਾ ਜਿਵੇਂ ਉਸ ਦੀ ਕੋਈ ਕੀਮਤੀ ਚੀਜ਼ ਗੁਆਚ ਗਈ ਹੈ, ਜਿਹੜੀ ਸ਼ਾਇਦ ਕਦੇ ਨਹੀਂ ਲੱਭੇਗੀ। ਘੜੀ ਮੁੜੀ ਤੇ ਵਾਰੋ ਵਾਰੀ ਇਹ ਦੋ ਚੀਜ਼ਾਂ- ਰੇਲ ਦੀ ਸਾਵੀ ਲਾਲ ਝੰਡੀ ਵਾਂਗ ਵੀਣਾ ਦੇ ਸਾਹਮਣੇ ਆ ਜਾ ਰਹੀਆਂ ਸਨ, ‘ਵੀਰ’ ‘ਕੁਝ ਹੋਰ’ – ‘ਵੀਰ’ — ‘ਕੁਝ ਹੋਰ’ ਪਹਿਲੇ ਸ਼ਬਦ ਦਾ ਅਨੁਭਵ ਉਸ ਦੀ ਰਗ ਰਗ ਵਿਚ ਮਿੱਠਾਂਸ ਭਰ ਦੇਂਦਾ, ਦੂਸਰੇ ਸ਼ਬਦ ਦਾ ਅਹਿਸਾਸ ਪੈਦਾ ਹੁੰਦਿਆਂ ਵੀਣਾ ਦੇ ਦਿਲ ਵਿਚੋਂ ਕੋਈ ਅੱਗ ਦੀ ਲਾਟ ਉੱਠਦੀ, ਜਿਹੜੀ ਉਸ ਦੀਆਂ ਹੱਡੀਆਂ ਪਸੌਲੀਆਂ ਨੂੰ ਲੂਹ ਜਾਂਦੀ।
ਕਿਦਾਰ ਘਰ ਵਲ ਆਇਆ— ਵੀਣਾ ਨੇ ਉਸ ਨੂੰ ਵੇਖਿਆ ਕਿਦਾਰ ਨੇ ਉਸ ਦੀ ਨਬਜ਼ ਫੜੀ – ਵੀਣਾ ਨੇ ਉਸਦੀ ਛੋਹ ਮਹਿਸੂਸ ਕੀਤੀ। ਕਿਦਾਰ ਬੋਲਿਆ – ਵੀਣਾ ਦੇ ਕੰਨਾਂ ਨੇ ਉਸ ਦੀ ਆਵਾਜ਼ ਸੁਣੀ, ਪਰ ਇਹ ਸਭ ਕੁਝ ਉਸ ਨੂੰ ਇਉਂ ਜਾਪਿਆ ਜਿਵੇਂ ਕਿਸੇ ਮਦਾਰੀ ਦਾ ਤਮਾਸ਼ਾ ਹੋ ਰਿਹਾ ਹੋਵੇ, ਕਦੇ ਮਿੱਟੀ ਦੀ ਚੁਟਕੀ ਤੋਂ ਰੁਪਿਆ ਬਣ ਜਾਂਦਾ ਹੈ, ਤੇ ਕਦੇ ਰੁਪਏ ਤੋਂ ਮਿੱਟੀ। ਵਿਚ ਵਿਚ ਉਸ ਨੂੰ ਮਲੂਮ ਹੁੰਦਾ ਸੀ ਜਿਵੇਂ ਇਕ ਦੇ ਥਾਂ ਦੋ ਕਿਦਾਰ ਇਸ ਘਰ ਵਿਚ ਮੌਜੂਦ ਹਨ — ਇਕ ‘ਵੀਰ’ ਤੇ ਦੂਜਾ ‘ਕੁਝ ਹੋਰ’ — ਇਕ ਅੰਮ੍ਰਿਤ ਦਾ ਸੋਮਾ, ਤੇ ਦੂਜਾ ਜ਼ਹਿਰ ਦਾ ਪਿਆਲਾ। ਇਸ ਵੇਲੇ ਵੀਣਾ ਦੀ ਰੂਹ ਪੁਕਾਰ ਪੁਕਾਰ ਕੇ ਕਹਿ ਰਹੀ ਸੀ,
ਕਿਦਾਰ — ਓ ਮਿੱਠੇ ਵੀਰ ! ਇਹ ਤੂੰ ਕੀ ਅਨਰਥ ਮਾਰਿਆ ! ਕਾਸ਼ ! ਮੈਂ ਹਮੇਸ਼ਾ ਤੇਰੇ ਵਿਚੋਂ ਵੀਰ ਦਾ ਸੁਆਦ ਮਾਣ ਸਕਦੀ।’
ਕਿਦਾਰ ਤੇ ਮਾਇਆ ਵਿਚਾਲੇ ਜੋ ਜੋ ਗੱਲਾਂ ਹੋਈਆਂ ਵੀਣਾ ਨੇ ਲਗਭਗ ਸਭ ਸੁਣੀਆਂ— ਉਸ ਦਾ ਮੂੰਹ ਭਾਵੇਂ ਪਰਲੇ ਪਾਸੇ ਸੀ, ਪਰ ਕੰਨ ਉਰਲੇ ਪਾਸੇ। ਮਾਇਆ ਦੇ ਉੱਤਰ ਵਿਚ ਕਿਦਾਰ ਨੇ ਜੋ ਕੁਝ ਕਿਹਾ, ਵੀਣਾ ਨੂੰ ਏਸੇ ਤਰ੍ਹਾਂ ਦੇ ਉੱਤਰ ਦੀ ਆਸ ਸੀ, ਸਗੋਂ ਏਦੂੰ ਵੀ ਵਧ ਰੁਪਿਆਂ ਵਲੋਂ ਸਾਫ ਇਨਕਾਰ ਦੀ, ਜਿਹੜਾ ਹਾਲੇ ਕਿਦਾਰ ਨੇ ਸਪੱਸ਼ਟ ਸ਼ਬਦਾਂ ਵਿਚ ਨਹੀਂ ਸੀ ਕੀਤਾ। ਪਰ ਵੀਣਾ ਸਮਝ ਗਈ ਕਿ ਹੁਣ ਨਹੀਂ ਸ਼ਾਮ ਤਕ ਸਹੀ, ਕਿਦਾਰ ਦੇ ਮੂੰਹੋਂ ਸਾਫ਼ ਨਿਕਲੇਗਾ ਕਿ ‘ਬੇ ਜੀ, ਰੁਪਏ ਦਾ ਕੋਈ ਬੰਦੋਬਸਤ ਮੈਂ ਨਹੀਂ ਕਰ ਸਕਿਆ।’ ਤੇ ਇਸ ਤੋਂ ਬਾਅਦ ? ਜਦ ਬੇਜੀ ਨੂੰ ਨਿਰਾਸਤਾ ਦੇ ਖੋਭੇ ਵਿਚ ਗੱਲ ਗੱਲ ਤੀਕ ਖੁਭੀ ਵੇਖੇਗਾ ਫਿਰ ਕੀ ਹੋਵੇਗਾ ? ਫਿਰ …. ਉਫ਼ ! ਵੀਰ ਕਿਦਾਰ …..ਆਹ ! ਕੁਝ ਹੋਰ ….. !’
‘ਤੇ ਜੇ ਭਾਪਾ ਜੀ ਨੇ ਬੰਬਈਓਂ ਆ ਕੇ ਰੁਪਏ ਦਾ ਪ੍ਰਬੰਧ ਕਰ ਲਿਆ ਦਾਜ ਦਾ ਸਾਰਾ ਮੁਕੰਮਲ ਕੰਮ ਕਰ ਲਿਆ — ਭਾਵੇਂ ਮਕਾਨ ਗਹਿਣੇ ਧਰ ਕੇ ਹੀ — ਫਿਰ ਕਿਦਾਰ ਦਾ ਕੀ ਬਣੇਗਾ ? ਕੀ ਫੇਰ ਉਹ ਸਭ ਕੁਝ ਸਚਮੁਚ ਕਰ ਵਿਖਾਏਗਾ ਜੋ ਰਾਤੀਂ ਕਹਿੰਦਾ ਸੀ ? ਕਿ ਮੇਰੀ ਅਪ੍ਰਾਪਤੀ ਦਾ ਸਦਮਾ ਉਸ ਨੂੰ ਸਦਾ ਲਈ ਖ਼ਤਮ ਕਰ ਦੇ ਵਗਾ ? ਕੀ ਮੇਰਾ ਵੀਰ ਸਦਾ ਲਈ ਮਿੱਟ ਜਾਵੇਗਾ ? ਉਫ਼ !
ਤੇ ਜਦ ਕਿਦਾਰ ਉਠ ਤੁਰਿਆ, ਵੀਣਾ ਨੇ ਝਟ ਪਾਸਾ ਮੋੜ ਕੇ ਉਸ ਵਲ ਤੱਕਿਆ, ਪਰ ਜਿਉਂ ਹੀ ਬਾਹਰ ਜਾਂਦੇ ਕਿਦਾਰ ਦੀ ਨਜ਼ਰ ਉਸ ਉਤੇ ਪਈ, ਮਾਨੋਂ ਉਸ ਦੀਆਂ ਅੱਖਾਂ ਵਿਚ ਦੋ ਤੀਰ ਆ ਖੁਭੇ, ਕਿਉਂਕਿ ਇਹ ਨਜ਼ਰ ‘ਵੀਰ’ ਕਿਦਾਰ ਦੀ ਨਹੀਂ ‘ਕਿਸੇ ਹੋਰ’ ਦੀ ਸੀ। ਇਸ ਕਰਕੇ ਉਸ ਨੇ ਝਟ ਮੂੰਹ ਮੋੜ ਲਿਆ।
ਕਿਦਾਰ ਚਲਾ ਗਿਆ ਤੇ ਵੀਣਾ ਬਰਾਬਰ ਸੋਚ ਰਹੀ ਸੀ –
‘ਕੀ ਮੈਂ ਉਸਨੂੰ ਨਫ਼ਰਤ ਕਰਨ ਲਗ ਪਈ ਹਾਂ ? ਨਹੀਂ, ਬਿਲਕੁਲ ਨਹੀਂ, ਕੌਣ ਕਹਿੰਦਾ ਹੈ, ਪਰ ਉਸਦੀ ਨਜ਼ਰ ਆਪਣੇ ਉਤੇ ਪੈਂਦਿਆਂ ਹੀ ਕਿਉਂ ਮੇਰੇ ਦਿਲ ਨੂੰ ਕੁਝ ਕੁਝ ਇਸੇ ਤਰ੍ਹਾਂ ਜਾਪਿਆ ਸੀ, ਜਿਵੇਂ ਉਸਨੂੰ ਨਫ਼ਰਤ ਕਰਦੀ ਹਾਂ ? ….. ਨਹੀਂ, ਮੈਂ ਕਿਦਾਰ ਨੂੰ ਨਫ਼ਰਤ ਕਰਾਂਗੀ ? ਕਿਦਾਰ ਨੂੰ ? ਵੀਰ ਨੂੰ ?”
ਇਸ ਵੇਲੇ ਵੀਣਾ ਦੇ ਸਿਰ ਨੂੰ ਇਤਨੇ ਚੱਕਰ ਆ ਰਹੇ ਸਨ ਕਿ ਉਹ ਚੰਗੀ ਤਰ੍ਹਾਂ ਸੋਚ ਵੀ ਨਹੀਂ ਸੀ ਸਕਦੀ। ਸ਼ਾਇਦ ਉਸ ਦਾ ਬੁਖ਼ਾਰ ਵੀ ਤੇਜ਼ ਹੋ ਰਿਹਾ ਸੀ, ਪਰ ਤਾਂ ਵੀ ਉਸ ਨੂੰ ਧੁੰਦਲਾ ਜਿਹਾ ਜਾਪਦਾ, ਜਿਵੇਂ ਅਜੇ ਵੀ ਉਹ ਸੋਚ ਰਹੀ ਹੈ। ਉਸਨੇ ਫੇਰ ਆਪਣੇ ਉਤੇ ਪ੍ਰਸ਼ਨ ਕੀਤਾ, ‘ਮੈਂ ਉਸ ਨਾਲ ਬੋਲੀ ਕਿਉਂ ਨਹੀਂ ਸਾਂ ?
ਉਸ ਪਾਸੋਂ ਡਰੀ ਕਿਉਂ ਸਾਂ ? ਕੀ ਉਹ ਕੋਈ ਓਪਰਾ ਸੀ ? ਬੇਸ਼ਕ ਓਪਰਾ ਨਹੀਂ, ਬਿਲਕੁਲ ਓਪਰਾ ਸੀ — ਕਿਦਾਰ ਭਾਵੇਂ ਕੁਝ ਵੀ ਸੀ, ਪਰ ਉਹ ਮੇਰਾ ਕਿਦਾਰ ਸੀ – ਮੇਰਾ ਵੀਰ ਕਿਦਾਰ।’
‘ਤਾਂ ਕੀ ਵੀਰ ਨਾਲ ਇਹੋ ਸਲੂਕ ਕਰੀਦਾ ਹੈ ?’
‘ਨਹੀਂ।’
‘ਫਿਰ ਮੈਂ ਕਿਉਂ ਅਜਿਹੀ ਕੀਤਾ ?’
‘ਗਲਤੀ ਕੀਤੀ – ਬੜੀ ਭਾਰੀ ਗਲਤੀ।’
‘ਤੇ ਇਸ ਦੀ ਮੁਆਫ਼ੀ ?’
‘ਹਾਂ ਜ਼ਰੂਰੀ – ਤੇ ਅੱਜ ਹੀ, ਜਦੋਂ ਦੁਕਾਨੋਂ ਮੁੜ ਕੇ ਆਵੇਗਾ। ਜੇ ਨਾ ਮੰਗੀ ਤਾਂ ਵਿਚਾਰੇ ਦਾ ਦਿਲ ਹੀ ਟੁੱਟ ਜਾਵੇਗਾ। ਕਿਤਨਾ ਕੋਮਲ ਦਿਲ ਹੈ ਉਸ ਦਾ ਇਕ ਤੱਤੀ ਫੂਕ ਵੀ ਸ਼ਾਇਦ ਨਹੀਂ ਸਹਾਰ ਸਕਦਾ।’
‘ਤੇ ਉਸ ਰਾਤ ਵਾਲਾ ਵਰਤਾਓ ?’
‘ਨਿਹਾਇਤ ਭੈੜਾ – ਅੱਤ ਗਿਰਿਆ ਹੋਇਆ।’
‘ठेठ ?’
‘ਖ਼ੈਰ ਦੇਖੀ ਜਾਏਗੀ ?’
ਇਹੋ ਜਿਹੇ ਅਨੇਕਾਂ ਪ੍ਰਸ਼ਨ-ਉੱਤਰ ਵੀਣਾ ਦੇ ਅੰਦਰ ਕਿੰਨਾ ਹੀ ਚਿਰ ਜਾਰੀ ਰਹੇ — ਹਨੇਰੀ ਦੇ ਵਲੋਹਣੇ ਵਾਂਗ ਉਹ ਆਪਣੇ ਦੁਆਲੇ ਆਪ ਹੀ ਚੱਕਰ ਖਾਂਦੀ ਰਹੀ।
ਸ਼ਾਮ ਤਕ ਵੀਣਾ ਦਾ ਬੁਖ਼ਾਰ ਉਤਰ ਗਿਆ। ਪਰ ਇਕੋ ਦਿਨ ਦੀ ਬੀਮਾਰੀ ਨੇ ਉਸਦੇ ਲਹੂ ਦਾ ਕਾਫ਼ੀ ਹਿੱਸਾ ਚੂਸ ਲਿਆ ਸੀ, ਜਿਸ ਨਾਲ ਉਸਦਾ ਚਿਹਰਾ ਹੋਰ ਵੀ ਸੁਹਣਾ ਤੇ ਅੱਖਾਂ ਪਹਿਲਾਂ ਨਾਲੋਂ ਵੀ ਮੋਟੀਆਂ ਜਾਪਣ ਲੱਗ ਪਈਆਂ ਸਨ।
ਕਿਦਾਰ ਨਾ ਦੁਪਹਿਰੇ ਘਰ ਆਇਆ, ਤੇ ਨਾ ਹੀ ਸ਼ਾਮ ਨੂੰ। ਵੀਣਾ ਦਾ ਸਾਹ ਸਕਦਾ ਜਾ ਰਿਹਾ ਸੀ — ਮਤੇ ਕੋਈ ਕਾਰਾ ਕਰ ਬਹੇ। ਮਾਇਆ ਵੀ ਘਬਰਾ ਰਹੀ ਸੀ। ਬਸੰਤ ਦੁਕਾਨ ਤੋਂ ਏਨਾ ਹੀ ਪਤਾ ਲਿਆਇਆ ਕਿ ਉਹ ਕਿਸੇ ਜ਼ਰੂਰੀ ਕੰਮ ਗਿਆ ਹੈ।
ਰਾਤ ਵੀ ਲੰਘ ਗਈ, ਕਿਦਾਰ ਨਹੀਂ ਮੁੜਿਆ। ਦੂਜਾ ਦਿਨ ਵੀ ਇਸ ਤੋਂ ਬਾਅਦ ਤੀਜਾ ਦਿਨ ਵੀ। ਵੀਣਾ ਦਾ ਦਿਲ ਘਟਦਾ ਜਾ ਰਿਹਾ ਸੀ — ਮਾਇਆ ਦੀ ਕੋਠੀ ਕੰਬ ਰਹੀ ਸੀ।
ਜਿਉਂ ਜਿਉਂ ਵਕਤ ਬੀਤਦਾ ਗਿਆ, ਵੀਣਾ ਦੇ ਦਿਲੋਂ ਉਸ ਦੇ ਮੁੜਨ ਦੀ ਉਮੀਦ ਮੁਕਦੀ ਗਈ — ਨਾਲ ਹੀ ਉਸ ਦੇ ਦਿਲ ਦਾ ਸਬਰ ਕਰਾਰ ਵੀ। ਵੀਣਾ ਰੋਣ ਹਾਕੀ ਹੋ ਉਠਦੀ — ‘ਮੈਂ ਇਹ ਕੀ ਕੀਤਾ ! ਭਾਵੇਂ ਮੇਰੀ ਬਦ-ਸਲੂਕੀ ਨੇ ਹੀ ਵਿਚਾਰੇ ਦੀ ਜਾਨ ਲੈ ਲਈ ਹੋਵੇ।’
ਇਸ ਘਬਰਾਹਟ ਨੇ ਵੀਣਾ ਦੀ ਭੁੱਖ ਤੇ ਨੀਂਦਰ ਖ਼ਤਮ ਕਰ ਦਿਤੀ। ਹਰ ਘੜੀ ਉਸ ਦਾ ਦਿਲ ਪੁਕਾਰ ਪੁਕਾਰ ਉਠਦਾ, ‘ਵੀਣਾ, ਭਾਵੇਂ’ ਤੂੰਹੀਓ’ ਉਸ ਦੇ ਲਹੂ ਵਿਚ ਹੱਥ ਰੰਗ ਬੈਠੀ ਹੈਂ।
ਕਿਦਾਰ ਨੂੰ ਘਰ ਵੜਿਆਂ ਅੱਜ ਚੌਥਾ ਦਿਨ ਸੀ। ਵੀਣਾ ਨੇ ਹੁਣ ਤੀਕ ਕਿਸੇ ਤਰ੍ਹਾਂ ਆਪਣੇ ਦਿਲ ਦੇ ਬੋਝ ਨੂੰ ਦਿਲ ਉਤੇ ਲੱਦੀ ਰਖਿਆ ਸੀ ਪਰ ਹੁਣ ਇਹ ਉਸ ਲਈ ਅਸਹਿ ਹੋ ਚੁਕਾ ਸੀ। ਉਸ ਦਾ ਮਨ, ਉਸ ਦੀ ਆਤਮਾ ਤੇ ਉਸ ਦਾ ਹਰ ਇਕ ਫੁਰਨਾ ਪੁਕਾਰ ਪੁਕਾਰ ਕੇ ਕਹਿ ਰਿਹਾ ਸੀ, ‘ਕਿਦਾਰ ! ਜੇ ਤੂੰ ਇਕ ਵਾਰੀ ਜੀਉਂਦਾ ਜਾਗਦਾ ਆ ਜਾਵੇਂ, ਤੇ ਮੈਂ ਤੇਰੀ ਹਰ ਇਕ ਈਨ ਖਿੜੇ ਮੱਥੇ ਮੰਨਾਂਗੀ, ਤੂੰ ਜੋ ਕਹੇਂਗਾ ਕਰਾਂਗੀ। ਜੇ ਮੈਂ ਭੈਣ ਨਾਲੋਂ ਵਹੁਟੀ ਬਣ ਕੇ ਤੈਨੂੰ ਵਧੇਰੇ ਸੁਖੀ ਕਰ ਸਕਦੀ ਹਾਂ ਤਾਂ ਇਹੋ ਕਰਾਂਗੀ, ਤੂੰ ਇਕ ਵਾਰੀ ਆ ਜਾ ਕਿਦਾਰ। ਕਿਸੇ ਤਰ੍ਹਾਂ ਇਕ ਵਾਰੀ ਸਹੀ ਸਲਾਮਤ ਆ ਜਾ !’
ਦੁਪਹਿਰ ਦੇ ਰੋਟੀ ਟੁਕ ਤੋਂ ਵਿਹਲੀ ਹੋ ਕੇ ਮਾਇਆ ਵੀਣਾ ਕੋਲ ਆ ਬੈਠੀ ਤੇ ਉਸਨੂੰ ਕਹਿਣ ਲਗੀ, “ਵੀਣੀ ! ਤੂੰਹੀਓਂ ਆਪਣੇ ਭਾਪਾ ਜੀ ਨੂੰ ਇਕ ਖ਼ਤ ਲਿਖ ਛਡਦੀਉਂ, ਕਿਦਾਰ ਤੇ ਚੌਥੇ ਦਿਨ ਦਾ ਬਹੁੜਿਆ ਈ ਨਹੀਂ। ਚਲ ਨਾ ਸਹੀ। ਬਿਗਾਨੇ
ਪੁੱਤਰਾਂ ਉਤੇ ਜ਼ੋਰ ਥੋੜਾ ਹੁੰਦਾ ਏ। ਸੱਚ ਕਹਿੰਦੇ ਨੇ ਲਹੂ ਸੋ ਲਹੂ, ਪਾਣੀ ਸੋ ਪਾਣੀ ।” “ਪਰ ਬੇ ਜੀ” ਵੀਣਾ ਨੇ ਉਦਾਸ ਅੱਖਾਂ ਬੇ ਵਲ ਚੁਕ ਕੇ ਕਿਹਾ, “ਮੈਨੂੰ ਤੇ ਭਾਪਾ ਜੀ ਦੇ ਐਡਰੈੱਸ ਦਾ ਵੀ ਨਹੀਂ ਪਤਾ !”
ਗੁੱਸੇ ਨਾਲ ਖਿੱਝ ਕੇ ਮਾਇਆ ਬੋਲੀ, “ਤੂੰ ਵੀ ਤੇ ਨਿਰਾਪੁਰਾ ਬੁੱਥਾ ਈ ਏਂ ! ਭਲਾ ਪਤਾ ਵੀ ਤੈਥੋਂ ਨਹੀਂ ਸੀ ਲਿਖਾ ਲਈਦਾ ?”
“ਕੱਲ੍ਹ ਦੁਕਾਨ ਤੋਂ ਬਸੰਤ ਨੂੰ ਭੇਜ ਕੇ ਪਤਾ ਮੰਗਾ ਲਵਾਂਗੀ, ਪਰ ਬੇ ਜੀ ਪਤਾ ਤੇ ਕਰਨਾ ਸੀ, ਭਰਾ ਹੋਣੀ ਗਏ ਕਿਥੇ ?”
ਮਾਇਆ ਨੂੰ ਸ਼ਾਇਦ ਇਹ ਪ੍ਰਸ਼ਨ ਚੰਗਾ ਨਹੀਂ ਲੱਗਾ — ਉਹ ਫੇਰ ਕੁਝ ਖਿਝ ਕੇ ਬੋਲੀ — “ਉਸ ਨੂੰ ਆਪ ਨਹੀਂ ਸੀ ਚਾਹੀਦਾ ਪਈ ਦਸ ਕੇ ਜਾਂਦਾ ? ਪਰ ਕਿਹੜੀ ਗੋਲ ਦਾ ਦਾਈਆ ਬੰਨ੍ਹਣਾ ਹੋਇਆ ਬਿਗਾਨੇ ਪੁੱਤਰ ਉਤੇ। ਓਹ ਜਾਣੇ, ਉਸ ਦੀ ਮਰਜ਼ੀ ! ਹੱਛਾ ਵਡੇ ਵੇਲੇ ਪਤਾ ਜ਼ਰੂਰ ਮੰਗਾ ਲਈਂ, ਬਸੰਤ ਨੂੰ ਭੇਜ ਕੇ ਤੇ ਖ਼ਤ ਵਿਚ ਸਾਰੀਆਂ ਗੱਲਾਂ ਖੋਲ੍ਹ ਕੇ ਲਿਖ ਦਈਂ।”
ਵੀਣਾ ਜਾਣਦੀ ਹੋਈ ਵੀ ਕਿ ਉਸ ਦੀ ਮਾਂ ਕਿਹੜੀ ਗੱਲ ਖੋਲ੍ਹ ਕੇ ਲਿਖਵਾਣਾ ਚਾਹੁੰਦੀ ਹੈ, ਬੋਲੀ, “ਕਿਹੜੀਆਂ ਗੱਲਾਂ ?”
“ਤੇਰੇ ਸਾਕ ਬਾਰੇ, ਹੋਰ ਕਿਹੜੀਆਂ। ਲਿਖ ਦਈਂ ਪਈ ਉਨ੍ਹਾਂ ਨੇ ਸਾਕ ਲੈਣਾ ਮੰਨ ਲਿਆ ਵੇ| ਅੱਸੂ ਦਾ ਵਿਆਹ ਮੰਗਦੇ ਨੇ। ਖ਼ਤ ਵੇਖਦਿਆਂ ਸਾਰ ਚਲੇ ਆਣ — ਹੱਛਾ ?”
“ਮੇਰੇ ਕੋਲੋਂ ਨਹੀਂ ਲਿਖਿਆ ਜਾਂਦਾ” ਵੀਣਾ ਚਿੜ੍ਹਕੇ ਬੋਲੀ, “ਹਰ ਵੇਲੇ ਬਸ ਵਿਆਹ, ਵਿਆਹ, ਵਿਆਹ।”
“ਸ਼ੁਦੈਣ ਨਾ ਹੋਵੇ ਤੇ” ਤੇ ਮਾਇਆ ਬੋਲੀ, “ਅੱਜੇ ਕਿਤੇ ਇਆਣੀ ਬਾਲੜੀ ਏਂ ਤੂੰ ? ਸੋਲ੍ਹਵਾਂ ਵਰ੍ਹਾ ਲਗ ਪਿਆ ਈ, ਹੋਰ ਕਿੰਨਾ ਕੁ ਚਿਰ ਬਿਠਾਈ ਰਖਾਂਗੇ ਤੈਨੂੰ ਲੌਂਠੇ ਨੂੰ ?”
ਵੀਣਾ ਨੇ ਸਿਰ ਧਰਤੀ ਵਿਚ ਦੇ ਲਿਆ। ਮਾਇਆ ਨਹੀਂ ਵੇਖ ਸਕੀ ਕਿ ਇਸ ਵੇਲੇ ਵੀਣਾ ਦੀਆਂ ਅੱਖਾਂ ਵਿਚ ਕੀ ਕੁਝ ਸੀ । ਸ਼ਾਇਦ ਕੋਈ ਮਾਂ, ਜਿਸ ਦੇ ਹਿਰਦੇ ਵਿਚ ਬੱਚੀ ਦੀ ਮਾਂ ਦੀ ਮੁਰਾਦ ਮਚਲ ਰਹੀ ਹੋਵੇ, ਅਜਿਹੇ ਵੇਲੇ ਬਹੁਤੀਆਂ ਬਰੀਕ ਚੀਜ਼ਾਂ ਨੂੰ ਨਹੀਂ ਵੇਖ ਸਕਦੀ।
“ਸੁਣਿਆ ਈ — ਜ਼ਰੂਰ ਚੇਤੇ ਨਾਲ ਬੀਬੀ ਰਾਣੀ।” ਮਾਇਆ ਨੇ ਏਨਾ ਹੀ ਕਿਹਾ ਸੀ ਕਿ ਬਾਹਰਲੇ ਬੂਹੇ ਦਾ ਤਾਕ ਭੰਵਿਆਂ, ਤੇ ਇਸ ਦੇ ਨਾਲ ਹੀ ਕਿਦਾਰ ਨੇ ਪ੍ਰਵੇਸ਼ ਕੀਤਾ।
“ਕਿਦਾਰ ?”
“ਭ ….!”
ਦੋਵੇਂ ਸ਼ਬਦ – ਇਕ ਪੂਰਾ ਤੇ ਇਕ ਅਧੂਰਾ – ਇਕੱਠੇ ਹੀ ਮਾਵਾਂ ਧੀਆਂ ਦੇ ਮੂੰਹੋਂ ਨਿਕਲੇ।
“ਕਿਥੇ ਰਿਹੋਂ ਏਨੇ ਦਿਨ?” ਕਿਦਾਰ ਨੂੰ ਪੈਰਾਂ ਤੋਂ ਉਠਾ ਕੇ ਛਾਤੀ ਨਾਲ ਲਾਂਦੀ ਹੋਈ ਮਾਇਆ ਬੋਲੀ, “ਉਡੀਕ ਉਡੀਕ ਕੇ ਅੱਖਾਂ ਵੀ ਥੱਕ ਗਈਆਂ ਨੇ।”
“ਸਰਦਾਰ ਹੋਰਾਂ ਕਿਸੇ ਜ਼ਰੂਰੀ ਕੰਮ ਲਈ ਬਾਹਰ ਭੇਜਿਆ ਸੀ। ਕਹਿੰਦਿਆਂ ਕਿਦਾਰ ਨੇ ਵੀਣਾ ਵਲ ਤੱਕਿਆ ਤੇ ਬਦੋਬਦੀ ਉਸ ਦੀਆਂ ਅੱਖਾਂ ਝੁਕ ਗਈਆਂ। ਅਗਾਂਹ ਵਧ ਕੇ ਕਿਦਾਰ ਦੇ ਗਲ ਵਿਚ ਪੈਣ ਲਈ ਵੀਣਾ ਦੀਆਂ ਬਾਹਾਂ ਫਰਕਦੀਆਂ ਹੀ ਰਹਿ ਗਈਆਂ।
“ਐਹ ਲਓ” ਕਹਿ ਕੇ ਕਿਦਾਰ ਨੇ ਜ਼ੇਬ ‘ਚੋਂ ਕੱਢ ਕੇ ਸੌ ਸੌ ਦੇ ਅੱਠ ਨੋਟ ਮਾਇਆ ਦੇ ਹੱਥ ਵਿਚ ਫੜਾ ਦਿਤੇ।
“ਇਹ, ਇਹ ਕਿਥੋਂ ਲਿਆਂਦੇ ਈ ਕਿਦਾਰ !” ਮਾਇਆ ਦੀ ਜ਼ਬਾਨ, ਖ਼ੁਸ਼ੀ ਦੇ ਵੇਗ ਵਿਚ ਥਥਿਆ ਗਈ।
“ਸਰਦਾਰ ਹੋਰਾਂ ਦਿਤੇ ਨੇ।”
“ਹੱਲਾ ! ਉਨ੍ਹਾਂ ਏਨੀ ਦਲੇਰੀ ਕਰ ਵਿਖਾਈ ? ਉਮੀਦ ਤੇ ਕੋਈ ਨਹੀਂ ਸੀ।”
“ਬੜੇ ਚੰਗੇ ਦਿਲ ਵਾਲੇ ਆਦਮੀ ਨੇ ਬੇ ਜੀ।”
“ਸ਼ੁਕਰ ਏ ! ਪਰਮਾਤਮਾ ਭਲਾ ਕਰੇ ਸੂ, ਸਾਡੇ ਗਰੀਬਾਂ ਲਈ ਮੋਢਾ ਡਾਹਿਆ ਸੂ।”
“ਤਾਂ ਫਿਰ ਹੁਣ ਵਿਆਹ ਦੀ ਤਿਆਰੀ ਕਰਨੀ ਚਾਹੀਦੀ ਏ, ਬੇ ਜੀ।”
“ਬਸ ਹੋਈ ਸਮਝ। ਏਸੇ ਕੰਮ ਦੀ ਢਿੱਲ ਸੀ ! ਹਾਂ ਸੱਚ, ਵੀਣਾ ਦੇ ਭਾਪੇ ਨੂੰ ਚਿੱਠੀ ਲਿਖੀ ਸੀ ਤੂੰ ?”
“ਆਹੋ ਲਿਖ ਦਿਤੀ ਸੀ।”
“ਕੀ ਲਿਖਿਆ ਸੀ ?”
“ਜੋ ਤੁਸਾਂ ਕਿਹਾ ਸੀ।”
“ਆਉਣ ਦੀ ਤਾਕੀਦ ਚੰਗੀ ਤਰ੍ਹਾਂ ਕੀਤੀ ਸੀ ਨਾ ?”
“ਜੀ ਹਾਂ।”
“ਤੇਰਾ ਕੀ ਖ਼ਿਆਲ ਏ, ਕਦੋਂ ਤਕ ਆ ਜਾਣਗੇ ?”
“ਵੇਖੋ।”
“ਹੱਛਾਂ ਫਿਰ ਕੱਲ੍ਹ ਮੇਰੇ ਨਾਲ ਕਿਸੇ ਵੇਲੇ ਬਾਜ਼ਾਰ ਚਲੀਂ । ਕੁਝ ਕਪੜਾ ਤੇ ਥੋੜ੍ਹੀ ਗੋਟਾ ਕਨਾਰੀ ਲੈ ਆਵਾਂਗੇ । ਕੁਝ ਹੌਲੀ ਹੌਲੀ ਮੈਂ ਕਰਾਂਗੀ ਕੁਝ ਵੀਣੀ ਕਰ ਲਵੇਗੀ। ਮੋਟਾ ਮੋਟਾ ਕੰਮ ਹੱਥੀਂ ਮੁਕਾ ਕੇ ਵਿਆਹ ਦੇ ਨੇੜੇ ਦਰਜ਼ੀ ਬਿਠਾ ਲਵਾਂਗੇ, ਮੇਰੀ ਸਲਾਹ ਏ ਵੀਣੀ ਦੀ ਪੜ੍ਹਾਈ ਛੁਡਾ ਦਈਏ। ਨਾਲੇ ਹੁਣ ਦੂੰਹ ਮਹੀਨਿਆਂ ਵਿਚ ਕਿੰਨਾ ਕੁ ਪੜ੍ਹ ਲੈਣਾ ਸੂ।”
“ਚੰਗਾ ਜਿਵੇਂ ਤੁਹਾਡੀ ਮਰਜ਼ੀ।” ਕਹਿ ਕੇ ਕਿਦਾਰ ਕਪੜੇ ਬਦਲਣ ਲਈ ਆਪਣੇ ਘਰ ਚਲਾ ਗਿਆ। ਮਾਇਆ ਨੇ ਪਾਣੀ ਧਾਣੀ ਪੀਣ ਲਈ ਉਸ ਨੂੰ ਰੋਕਣ ਦੀ ਬੜੀ ਕੋਸ਼ਸ਼ ਕੀਤੀ, ਪਰ ਉਹ ਨਹੀਂ ਰੁਕਿਆ।
“ਵੀਣੀ” ਉਸ ਦੇ ਚਲੇ ਜਾਣ ਤੋਂ ਬਾਅਦ ਮਾਇਆ ਨੇ ਵੀਣਾ ਨੂੰ ਕਿਹਾ “ਜਾਹ ਉਠ ਕੇ ਸ਼ਕੰਜਵੀ ਦਾ ਗਲਾਸ ਬਣਾ ਕੇ ਭਰਾ ਨੂੰ ਦੇ ਆ, ਵਿਚਾਰਾ ਸੜਦੀ ਧੁਪੇ ਆਇਆ ਵੇ ।”
ਉੱਤਰ ਵਿਚ ਬਿਨਾਂ ਕੁਝ ਬੋਲਿਆਂ ਵੀਣਾ ਰਸੋਈ ਵਲ ਚਲੀ ਗਈ।
13
ਬੂਹਾ ਬੰਦ ਸੀ।
“ਛੇਤੀ ਖੋਲ੍ਹੋ ਸ਼ਕੰਜਵੀ ਖ਼ਰਾਬ ਹੋ ਜਾਏਗੀ।”
“ ਹੱਛਾ ”
ਬੂਹਾ ਖੁਲ੍ਹਿਆ। ਕਿਦਾਰ ਨੇ ਗਲਾਸ ਫੜਨ ਲਈ ਜਦ ਹੱਥ ਵਧਾਇਆ ਤਾਂ ਵੀਣਾ ਨੇ ਵੇਖਿਆ, ਜਿਵੇਂ ਮੁਰਦੇ ਦਾ ਹੱਥ ਹੁੰਦਾ ਹੈ – ਪੀਲਾ ਭੂਕ ਜਿਹਾ। ਵੀਣਾ ਉਤਾਂਹ ਤੱਕੀ – ਅੱਖਾਂ ਤੇ ਚਿਹਰਾ ਓਦੂੰ ਵੀ ਵਧ।
ਕਿਦਾਰ ਨੇ ਗਟ ਗਟ ਪੀ ਕੇ ਗਲਾਸ ਖ਼ਾਲੀ ਕਰ ਦਿਤਾ ਤੇ ਮੁੜ ਮੰਜੇ ਤੇ ਲੇਟ ਗਿਆ।
“ਤੁਸਾਂ ਕਪੜੇ ਨਹੀਂ ਬਦਲੇ” ਵੀਣਾ ਨੇ ਉਸ ਦੇ ਕੋਲ ਬੈਠ ਕੇ ਪੁਛਿਆ। ਹੁਣ ਕਿਦਾਰ ਉਸ ਨੂੰ ਓਪਰਾ ਨਹੀਂ ਸੀ ਜਾਪ ਰਿਹਾ।
ਕਿਦਾਰ ਦੇ ਨਿਰੁਤਰ ਰਹਿਣ ਤੇ ਉਸ ਨੇ ਉਸ ਦੇ ਮੱਥੇ ਤੇ ਹੱਥ ਫੇਰਦਿਆਂ ਪੁਛਿਆ, “ਅੱਜ ਤੇ ਫਿੱਕੀ ਨਹੀਂ ਸੀ ਨਾ ਸ਼ਕੰਜਵੀ ਵਾਂਗ ?” ਓਦਣ ਦੀ ਚਾਹ
ਕਿਦਾਰ ਨੇ ਉਸ ਵਲ ਅੱਖਾਂ ਚੁਕੀਆਂ, “ਕਦੋਂ ਦੀ ?”
“ਜਿਹੜੀ ਤੁਸੀਂ ਓਦਨ ਛੱਡ ਗਏ ਸਾਓ।”
“ਨਹੀਂ, ਫਿੱਕੀ ਕਦੋਂ ਸੀ ?”
“ਤੁਸਾਂ ਪੀਤੀ ਸੀ ?”
“ਹਾਂ — ਇਕ ਪਿਆਲਾ।”
“ਮਿੱਠਾ ਸੀ ?”
“ਹੋਵੇਗਾ ਤਾਹੀਏਂ ਪੀਤੀ ਸੀ ਨਾ !”
“ਨਹੀਂ ਸੀ।”
“ਤਾਂ ਮੈਂ ਖ਼ਿਆਲ ਨਹੀਂ ਸੀ ਕੀਤਾ।”
“ਤੁਹਾਨੂੰ ਇਤਨੀ ਵੀ ਹੋਸ਼ ਨਹੀਂ ਸੀ ? ਮੇਰੀ ਅਕਲ ਮਾਰੀ ਗਈ — ਮਿੱਠਾ ਪਾਣਾ ਭੁਲ ਗਈ ਸਾਂ …. ਪਰ ਤੁਸੀਂ ਬੋਲਦੇ ਕਿਉਂ ਨਹੀਂ ਚੰਗੀ ਤਰ੍ਹਾਂ ?” ਵੀਣਾ ਨੇ ਥੋੜ੍ਹਾ ਚਿਰ ਰੁਕ ਕੇ ਪੁੱਛਿਆ।
“ਬੋਲ ਤੇ ਰਿਹਾ ਵਾਂ” ਕਿਦਾਰ ਨੇ ਉਸ ਵਲ ਤੱਕੇ ਬਿਨਾਂ ਉੱਤਰ ਦਿਤਾ। ਵੀਣਾ ਇਸ ਵੇਲੇ ਆਪਣੇ ਅੰਦਰ ਇਕ ਸੁਆਦ ਜਿਹਾ ਮਹਿਸੂਸ ਕਰ ਰਹੀ ਸੀ, ਪਰ ਨਾਲ ਹੀ ਕਿਦਾਰ ਦੀ ਹਾਲਤ ਨੂੰ ਵੇਖ ਕੇ ਉਸ ਦਾ ਦਿਲ ਡੁਬਦਾ ਜਾ ਰਿਹਾ ਸੀ, ਥੋੜ੍ਹਾ ਚਿਰ ਕਮਰੇ ਵਿਚ ਚੁਪ ਛਾਈ ਰਹੀ।
ਜਿਉਂ ਜਿਉਂ ਵੀਣਾ ਉਸ ਦੇ ਨਾਲ ਜੁੜਦੀ ਜਾਂਦੀ ਸੀ, ਕਿਦਾਰ ਪਰ੍ਹੇ ਪਰ ਸਰਕਦਾ ਜਾ ਰਿਹਾ ਸੀ। ਆਪਣੇ ਮੱਥੇ ਉਤੇ ਫਿਰ ਰਹੇ ਵੀਣਾ ਦੇ ਹੱਥ ਨੂੰ ਉਹ ਆਪਣੀ ਸੜ ਰਹੀ ਖੱਲੜੀ ਉਤੇ ਬਰਫ਼ ਦੀ ਡਲੀ ਫਿਰਦੀ ਅਨੁਭਵ ਕਰ ਰਿਹਾ ਸੀ, ਜਿਸ ਦੀ ਠੰਡਕ ਸ਼ਾਇਦ ਉਸ ਨੂੰ ਜ਼ਿਆਦਾ ਮਹਿਸੂਸ ਹੋ ਰਹੀ ਸੀ, ਤੇ ਜਿਹੜੀ ਇਸ ਵੇਲੇ ਕਿਦਾਰ ਲਈ ਠਾਰਨ ਦੇ ਥਾਂ ਸਾੜਨ ਦਾ ਕੰਮ ਕਰ ਰਹੀ ਸੀ।
“ਤੁਸੀਂ ਤੱਕਦੇ ਕਿਉਂ ਨਹੀਂ ਮੇਰੇ ਵਲ ?” ਵੀਣਾ ਨੇ ਉਸ ਦੇ ਸਿਰ ਨੂੰ ਆਪਣੇ ਗੋਡੇ ਤੇ ਰਖ ਕੇ ਪੁੱਛਿਆ।
ਕਿਦਾਰ ਉਠ ਕੇ ਬੈਠ ਗਿਆ, ਵੀਣਾ ਪਾਸੋਂ ਕੁਝ ਵਿੱਥ ਤੇ – ਵੀਣਾ ਸਰਕ ਕੇ ਫੇਰ ਉਸ ਦੇ ਨਾਲ ਹੋ ਗਈ। ਉਹ ਹਟਿਆ — ਵੀਣਾ ਫੇਰ ਨਾਲ ਹੋ ਗਈ। ਉਹ ਉਠ ਕੇ ਖੜਾ ਹੋ ਗਿਆ, ਤੇ ਵੀਣਾ ਨੇ ਬਾਹੋਂ ਖਿਚ ਕੇ ਫੇਰ ਉਸ ਨੂੰ ਆਪਣੇ ਨਾਲ ਬਿਠਾ ਲਿਆ।
ਇਹ ਸਾਧਾਰਨ ਹਰਕਤਾਂ ਸਨ, ਪਰ ਇਹਨਾਂ ਦੇ ਓਹਲੇ ਸ਼ਾਇਦ ਕੋਈ ਬਹੁਤ ਗੰਭੀਰ ਵਾਦ ਵਿਵਾਦ ਚਲ ਰਿਹਾ ਸੀ—ਕੋਈ ਗੁੰਝਲਦਾਰ ਬਹਿਸ-ਮੁਬਾਇਸਾ ਬੜੇ ਲੰਮੇ ਚੌੜੇ ਉੱਤਰ ਪ੍ਰਸ਼ਨ।
“ਵੀਣਾ !” ਕਿਦਾਰ ਨੇ ਇਕ ਵਾਰੀ ਉਸ ਵਲ ਤੱਕ ਕੇ ਫਿਰ ਅੱਖਾਂ ਨੀਵੀਆਂ ਕਰਦਿਆਂ ਕਿਹਾ, “ਤੂੰ ਮੇਰੀ ਗਲਤੀ ਮੁਆਫ਼ ਨਹੀਂ ਕਰ ਸਕਦੀ ?”
“ਮੈਂ ਕਿ ਤੁਸੀਂ ?” ਵੀਣਾ ਨੇ ਉਸ ਦੀ ਗਰਦਨ ਵਿਚ ਬਾਂਹ ਪਾਕੇ ਕਿਹਾ, “ਮੈਂ ਤੁਹਾਨੂੰ ਦੁਖੀ ਕੀਤਾ।”
“ਅੱਗੇ ਤੇ ਨਹੀਂ, ਪਰ ਹੁਣ ਜ਼ਰੂਰ ਕਰ ਰਹੀ ਏਂ,” ਕਿਦਾਰ ਨੇ ਆਪਣੀ ਹਿਕ ਅੱਗੇ ਪਲਮਦੀਆਂ ਉਸ ਦੀਆਂ ਦੋਹਾਂ ਉਂਗਲਾਂ ਨੂੰ ਫੜ ਕੇ ਕਿਹਾ।
“ਹੁਣ ?” ਵੀਣਾ ਤਬਕੀ।
“ਤੂੰ ਜਿੰਨੀ ਵਾਰੀ ਵੀ ਮੈਨੂੰ ਸੰਬੋਧਨ ਕੀਤੈ ਇਕ ਵਾਰੀ ਵੀ ਉਹ ਲਫ਼ਜ਼ ਤੇਰੀ ਜ਼ਬਾਨੇਂ ਨਹੀਂ ਨਿਕਲਿਆ।”
“ਕਿਹੜਾ ?”
“ਭਰਾ ਜੀ ?”
ਵੀਣਾ ਕੰਬ ਉਠੀ। ਉਸ ਦੀਆਂ ਅੱਖਾਂ ਵਿਚ ਅੱਥਰੂ ਆ ਗਏ, ਉਸ ਨੇ ਕੁਝ ਬੋਲਣ ਲਈ ਹੋਠ ਫਰਕੇ, ਪਰ ਇਕ ਵੀ ਸ਼ਬਦ ਮੂੰਹੋਂ ਨਾ ਕਢ ਸਕੀ। ਉਸ ਨੇ ਕਿਦਾਰ ਦੀਆਂ ਅੱਖਾਂ ਵਿਚ- ਅੱਖਾਂ ਥਾਣੀ ਦਿਲ ਦਾ ਜਿਵੇਂ ਸਾਰਾ ਪਿਆਰ ਉਲੱਦਣਾ ਸ਼ੁਰੂ ਕਰ ਦਿਤਾ। ਬਦੋਬਦੀ ਉਸ ਦੀਆਂ ਬਾਹਾਂ ਕਿਦਾਰ ਲਈ ਖੁਲ੍ਹ ਗਈਆਂ।
ਕਿਦਾਰ ਨਹੀਂ ਬੋਲਿਆ— ਨਾ ਹੀ ਹਿਲਿਆ। ਉਸਦਾ ਇਕ ਹੱਥ ਵੀਣਾ ਦੀ ਪਿੱਠ ਤੇ ਦੂਜਾ ਉਸ ਦੇ ਸਿਰ ਤੇ ਫਿਰ ਰਿਹਾ ਸੀ। ਉਸ ਦੀਆਂ ਅੱਖਾਂ ‘ਚੋਂ ਦੋ ਤਿੰਨ ਗਰਮ ਪਾਣੀ ਦੇ ਤੁਪਕੇ ਨਿਕਲ ਕੇ ਵੀਣਾ ਦੀ ਚੁੰਨੀ ਤੇ ਜਾ ਡਿਗੇ ਤੇ ਵੀਣਾ ਨੇ ਏਸੇ ਚੁੰਨੀ ਦੀ ਕੰਨੀ ਨਾਲ ਉਸ ਦੀਆਂ ਅੱਖਾਂ ਦਾ ਬਾਕੀ ਪਾਣੀ ਵੀ ਚੂਸ ਲਿਆ।
ਬਾਹਾਂ ਢਿੱਲੀਆਂ ਹੋਈਆਂ।
“दीटी !”
“ਹਾਂ ਜੀ !”
“ਨਹੀਂ ਕਹੇਂਗੀ ?”
ਵੀਣਾ ਚੁੱਪ ਸੀ।
“ਕਹੁ ਵੀਣੀ ਇਕ ਵਾਰੀ ‘ਭਰਾ ਜੀ’ ਕਹਿ ਕੁ ਬੁਲਾ ਮੈਨੂੰ ।”
“ਬੋਲ ਵੀਣੀ – ਮੇਰੀਆਂ ਅੱਖਾਂ ਵਿਚ ਕੀ ਤੱਕ ਰਹੀ ਏਂ ?”
“ਮੇਰੀ ਭੈਣ ਨਹੀਂ ਤੂੰ ?”
“ਵੀਣੀ — ਵੀਣੀ !”
“ਉਫ਼ ! ਛੇਤੀ ਬੋਲ ਵੀਣੀ … ਮੇਰਾ ਦਿਲ..” ਤੇ ਉਸ ਨੇ ਸਜੇ ਹੱਥ ਨਾਲ ਆਪਣੀ ਹਿੱਕ ਦਾ ਖੱਬਾ ਪਾਸਾ ਦਬਾਣਾ ਸ਼ੁਰੂ ਕੀਤਾ।
ਵੀਣਾ ਦੀਆਂ ਅੱਖਾਂ ਵਿਚੋਂ ਬਲੌਰੀ ਬੂੰਦਾਂ ਕਿਰ ਰਹੀਆਂ ਸਨ। ਉਸ ਦੀ ਨਜ਼ਰ ਕਿਦਾਰ ਦੇ ਚਿਹਰੇ ਉਤੇ ਇਸ ਤਰ੍ਹਾਂ ਅਟਕੀ ਹੋਈ ਸੀ ਜਿਵੇਂ ਕਿਸੇ ਨੇ ਮੰਤਰ ਨਾਲ ਕੀਲ ਦਿਤੀ ਹੋਵੇ। ਜਦ ਕਿਦਾਰ ਉਸ ਨੂੰ ਬੁਲਾ ਬੁਲਾ ਕੇ ਥੱਕ ਗਿਆ, ਤਾਂ ਵੀਣਾ ਆਪ ਬੋਲ ਉਠੀ, “ਮੈਨੂੰ ਡਰ ਲੱਗ ਰਿਹਾ ਏ ਭਰਾ …..”
“ਮੇਰੇ ਕੋਲੋਂ ?”
“ਨਹੀਂ।”
“ਹੋਰ ?”
“ਮੈਂ …. ਮੈਂ ਤੁਹਾਡੇ ਨਾਲ ਵਿਆਹ ਕ ……”
“ਵੀਣੀ ਵੀਣੀ।” ਬਿਜਲੀ ਦੀ ਫੁਰਤੀ ਨਾਲ ਉਸ ਦੇ ਮੂੰਹ ਅੱਗੇ ਹੱਥ ਦੇ ਕੇ ਕਿਦਾਰ ਕੜਕਿਆ, “ਬਸ ! ਖ਼ਬਰਦਾਰ !”
ਵੀਣਾ ਦੇ ਹੋਠ ਫ਼ਰਕ ਰਹੇ ਸਨ, ਜਿਨ੍ਹਾਂ ਉਤੇ ਅੱਥਰੂ ਆ ਇਕੱਠੇ ਹੋਏ, ਜਿਹੜੇ ਕਿਦਾਰ ਦੀਆਂ ਉਂਗਲਾਂ ਨੇ ਖਿੰਡਾ ਦਿਤੇ !
“ਮੈਂ …. ਮੈਂ ਤੁਹਾਡੀ ਜਾਨ ਲੈਣ ਲਈ ਨਹੀਂ ਪੈਦਾ ਹੋਈ” ਤੇ ਵੀਣਾ ਦੇ ਹਟਕੋਰਿਆਂ ਨਾਲ ਕਮਰਾ ਗੂੰਜ ਉਠਿਆ।
“ਵੀਣੀ ਕੋਈ ਵੇਖੇਗਾ, ਤਾਂ ਕੀ ਕਹੇਗਾ ?”
“ਪਿਆ ਕਹੇ ਜੋ ਕਿਸੇ ਦਾ ਜੀ ਆਵੇ ।”
“ਵੀਣੀ ! ਮੈਂ ਐਵੇਂ ਕਿਹਾ ਸੀ — ਮਰਦਾ ਨਹੀਂ।”
“ਨਹੀਂ “ਵੀਣਾ ਦੀ ਆਵਾਜ਼ ਵਿਚੋਂ ਕਰੁਣਾ ਦੀ ਨਦੀ ਉਮਡ ਰਹੀ ਸੀ, “ਤੁਹਾਨੂੰ ਆਪਣਾ ਇਕਰਾਰ ਪੂਰਾ ਕਰਨਾ ਪਵੇਗਾ। ਨਾਲੇ ਦਸੋ ਤੁਸਾਂ ਰੁਪਏ ਕਿਥੋਂ ਲਿਆਂਦੇ ਨੇ — ਸੱਚ ਦਸੋ।”
ਕਿਦਾਰ ਚੁਪ ਸੀ।
“ਤੁਸੀਂ ਜਾਨ ਉਤੇ ਖੇਡ ਜਾਣ ਲਈ ਤਿਆਰ ਬੈਠੇ ਓ, ਮੈਂ ਜਾਣਦੀ ਹਾਂ। ਮੈਂ ਇਕਰਾਰ ਪੂਰਾ ਕਰਾਂਗੀ – ਮੈਂ ਤੁਹਾਨੂੰ ਬਚਾਵਾਂਗੀ, ਮੈਂ ਤੁਹਾਡੀ ਵਹੁਟੀ ਬ ……”
“ਵੀਣੀ !” ਅੱਗੇ ਵਾਂਗ ਉਸਦਾ ਮੂੰਹ ਬੰਦ ਕਰਕੇ ਕਿਦਾਰ ਚਿੱਲਾਇਆ, “ਬੰਦ ਕਰ ਜ਼ਬਾਨ। ਮੁੜਕੇ ਇਹੋ ਜਿਹਾ ਕੋਈ ਲਫ਼ਜ਼ ਤੂੰ ਮੂੰਹੋਂ ਕਢਿਆ ਤਾਂ ਮੈਨੂੰ ਜੀਉਂਦਾ ਨਹੀਂ ਵੇਖੇਂਗੀ, ਮੈਂ ਤੇਰੇ ਸਾਹਮਣੇ ਆਪਣੇ ਆਪ ਨੂੰ ਹਲਾਕ ਕਰ ਲਵਾਂਗਾ।”
ਫੇਰ ਖ਼ਾਮੋਸ਼ੀ ਛਾ ਗਈ।
“ਕਹੁ ਵੀਣੀ – ਮੇਰੀ ਚੰਗੀ ਭੈਣ, ਇਕ ਵਾਰੀ ਕਹੁ ਭਰਾ ਜੀ ।” ਕਿਦਾਰ ਨੇ ਉਸ ਨੂੰ ਇਕ ਵਾਰੀ ਫੇਰ ਆਪਣੇ ਨਾਲ ਘੁਟ ਲਿਆ।
“ਤੂੰ ਹੱਸਦੀ ਕਿਉਂ ਨਹੀਂ ਵੀਣੀ ?” ਕਿਦਾਰ ਨੇ ਉਸ ਦੀ ਠੋਡੀ ਉੱਚੀ ਕਰ ਕੇ ਕਿਹਾ, “ਇਕ ਵਾਰੀ — ਬੀਬੀ ਭੈਣ !”
ਵੀਣਾ ਹੱਸੀ। ਪਰ ਕੀ ਇਹ ਅਸਲੀ ਹਾਸਾ ਸੀ ?
“ਜਾਹ ਵੀਣੀ ! ਪਰਮਾਤਮਾ ਤੇਰਾ ਸੁਹਾਗ ਅਟੱਲ ਰਖੇ” ਕਹਿ ਕੇ ਕਿਦਾਰ ਨੇ ਆਪਣੀਆਂ ਬਾਹਾਂ ਖਿੱਚ ਲਈਆਂ।
ਕਮਰਿਓਂ ਬਾਹਰ ਨਿਕਲ ਕੇ ਵੀਣਾ ਕੁਝ ਹੀ ਕਦਮ ਗਈ ਸੀ ਕਿ ਪਿਛੋਂ ਬੂਹਾ ਵੱਜਣ, ਤੇ ਫੇਰ ਕੁੰਡਾ ਵੱਜਣ ਦੀ ਆਵਾਜ਼ ਉਸ ਨੂੰ ਸੁਣਾਈ ਦਿਤੀ।
ਘਰ ਵੜਨ ਤੋਂ ਪਹਿਲਾਂ ਵੀਣਾ ਨੇ ਸੜਕ ਵਾਲੇ ਨਲਕੇ ਤੋਂ ਬੁੱਕ ਪਾਣੀ ਲੈ ਕੇ ਮੂੰਹ ਧੋ ਲਿਆ, ਸ਼ਾਇਦ ਰੁੰਨੀਆਂ ਅੱਖਾਂ ਦਾ ਭੇਦ ਲੁਕਾਉਣ ਲਈ।
14
ਵੀਣਾ ਦੇ ਮਨ ਦੀਆਂ ਬੇਸਰੀਆਂ ਤਾਰਾਂ ਇਕ ਵਾਰੀ ਫੇਰ ਸੁਰ ਹੋ ਕੇ ਸੰਗੀਤਕ ਗੁਜਾਰ ਵਿਚ ਥਰਕਣ ਲਗੀਆਂ। ਉਸ ਕੁਲੱਛਣੀ ਰਾਤੇ ਜਿਹੜਾ ਭੌਜਲ ਉਸ ਦੀ ਜ਼ਿੰਦਗੀ ਵਿਚ ਆਇਆ ਸੀ, ਜਿਸ ਦੇ ਅਸਰ ਨਾਲ ਵੀਣਾ ਮਰਨ ਮਰਾਂਦੇ ਹੋ ਗਈ ਸੀ, ਉਹ ਭੌਜਲ ਲੰਘ ਗਿਆ, ਹੌਲੀ-ਹੌਲੀ ਉਸਦਾ ਦੁਖਾਵਾਂ ਅਸਰ ਵੀ ਮਿਟ ਗਿਆ। ਵੀਣਾ ਫੇਰ ਉਸੇ ਤਰ੍ਹਾਂ ਹੱਸਦੀ ਗੁਟਕਦੀ ਤੇ ਕੁੜੀਆਂ ਚਿੜੀਆਂ ਨਾਲ ਖੇਡਦੀ ਵਿਖਾਈ ਦੇਣ ਲਗੀ । ਪਰ ਅਜੇ ਵੀ ਇਕ ਚਿੰਤਾ ਬਰਾਬਰ ਪਰਛਾਵੇਂ ਵਾਂਗ ਉਸ ਉਤੇ ਛਾਈ ਰਹਿੰਦੀ ਸੀ।
ਵੀਣਾ ਦੇ ਵਿਆਹ ਦੀਆਂ ਤਿਆਰੀਆਂ ਮੁਕੰਮਲ ਹੋ ਚੁਕੀਆਂ ਸਨ । ਗਿਣਤੀ ਦੇ ਦਿਨ ਬਾਕੀ ਸਨ। ਜਿਉਂ ਜਿਉਂ ਵਿਆਹ ਦਾ ਦਿਨ ਨੇੜੇ ਆਈ ਜਾਂਦਾ, ਵੀਣਾ ਦੇ ਅੰਦਰ ਇਕ ਪਾਸੇ ਨਵ-ਜੀਵਨ ਦੀਆਂ ਸੁਨਹਿਰੀ ਖ਼ਾਬਾਂ, ਨਦੀ ਦੇ ਹੜ੍ਹ ਵਾਂਗ ਠਾਠਾਂ ਮਾਰ ਰਹੀਆਂ ਸਨ, ਦੂਜੇ ਪਾਸੇ ਉਸਦਾ ਦਿਲ ਕਿਦਾਰ ਦੀ ਚਿੰਤਾ ਵਿਚ ਡੁੱਬਦਾ ਜਾਂਦਾ ਸੀ, ਕਿਉਂਕਿ ਕਿਦਾਰ ਦਾ ਸਰੀਰ ਦਿਨੋ ਦਿਨ ਨਿੱਘਰਦਾ ਜਾ ਰਿਹਾ ਸੀ।
ਸਭ ਤੋਂ ਦੁਖਦਾਈ ਗੱਲ ਇਹ ਕਿ ਕਿਦਾਰ ਹੁਣ ਉਸ ਦੇ ਸਾਹਮਣੇ ਬਹੁਤ ਘਟ ਹੁੰਦਾ ਸੀ, ਜਿਥੇ ਹੀ ਉਹ ਵੀਣਾ ਨੂੰ ਵੇਖ ਲੈਂਦਾ, ਕਿਸੇ ਨਾ ਕਿਸੇ ਬਹਾਨੇ ਤਿਲਕਣ ਦੀ ਕਰਦਾ।
ਵੀਣਾ ਹੁਣ ਵੀ ਉਸ ਦੇ ਕਮਰੇ ਵਿਚ ਜਾਂਦੀ ਸੀ, ਸਗੋਂ ਪਹਿਲਾਂ ਨਾਲੋਂ ਵੀ ਬਹੁਤੀ ਵਾਰੀ,ਇਸ ਲਈ ਕਿ ਸਹੁਰੇ ਜਾਣ ਤੋਂ ਪਹਿਲਾਂ ਕਿਦਾਰ ਦੇ ਪਿਆਰ-ਤਿਹਾਏ ਦਿਲ ਨੂੰ ਉਹ ਕੰਢਿਆਂ ਤੀਕ ਭਰ ਦੇਵੇ, ਪਰ ਅਕਸਰ ਉਸ ਨੂੰ ਨਿਰਾਸ ਹੀ ਮੁੜਨਾ ਪੈਂਦਾ, ਦਿਲ ਦੀਆਂ ਹਸਰਤਾਂ ਨੂੰ ਦਿਲ ਵਿਚ ਹੀ ਨੱਪ ਕੇ।
ਕੰਮ ਤੋਂ ਛੁਟ ਜਿੰਨਾ ਸਮਾਂ ਕਿਦਾਰ ਪਾਸ ਬਢਦਾ ਇਹ ਲਗਭਗ ਸਾਰਾ ਹੀ ਉਹ ਮੰਜੇ ਤੇ ਗੁਜ਼ਾਰਦਾ ਸੀ। ਕਿਸੇ ਨਾਲ ਵੀ ਬਹੁਤਾ ਨਹੀਂ ਸੀ ਬੋਲਦਾ। ਜਿਉਂ ਹੀ ਵੀਣਾ ਉਸ ਦੇ ਸਾਹਮਣੇ ਆਉਂਦੀ, ਕਿਦਾਰ ਜਿਵੇਂ ਲੁਕਣ ਲਈ ਥਾਂ ਲੱਭਣ ਲਗ ਪੈਂਦਾ ਸੀ। ਇਸ ਉਤੇ ਮੁਸੀਬਤ ਇਹ ਕਿ ਜਿਉਂ ਜਿਉਂ ਉਹ ਪਿਛੇ ਹਟਣ ਦੀ ਕੋਸ਼ਸ਼ ਕਰਦਾ ਵੀਣਾ ਅੱਗੇ ਹੀ ਅੱਗੇ ਵਧਦੀ ਚਲੀ ਆ ਰਹੀ ਸੀ। ਕਿਦਾਰ ਨੂੰ ਇਸ ਮੁਸੀਬਤ ਤੋਂ ਛੁਟਕਾਰੇ ਦਾ ਕੋਈ ਰਾਹ ਨਹੀਂ ਸੀ ਨਜ਼ਰ ਆਉਂਦਾ।
ਉਸ ਨੂੰ ਚੇਤਾ ਆਇਆ ਕਿ ਵੀਣਾ ਸਿਗਰਟ ਤਮਾਕੂ ਤੋਂ ਨਫ਼ਰਤ ਕਰਦੀ ਹੈ। ਇਕ ਦਿਨ ਗੱਲਾਂ ਕਰਦਿਆਂ ਵੀਣਾ ਨੇ ਉਸ ਨੂੰ ਦਸਿਆ ਸੀ ਕਿ ਜਦ ਕਦੇ ਉਸ ਦੇ ਭਾਪਾ ਜੀ ਉਸ ਨੂੰ ਸਿਨਮੇ ਜਾਣ ਲਈ ਕਹਿੰਦੇ ਸਨ ਤਾਂ ਉਹ ਇਸੇ ਕਰਕੇ ਜਾਣੋਂ ਇਨਕਾਰ ਕਰ ਦੇਂਦੀ ਸੀ ਕਿ ਉਥੇ ਸਿਗਰਟਾਂ ਦਾ ਧੂੰਆਂ ਹੁੰਦਾ ਹੈ, ਜਿਸ ਨਾਲ ਉਸ ਦੇ ਸਿਰ ਪੀੜ ਚੜ੍ਹ ਜਾਂਦੀ ਤੇ ਦਿਲ ਮਿਚਲਾਣ ਲਗ ਪੈਂਦਾ ਹੈ। ਕਿਦਾਰ ਨੇ ਸਿਗਰਟ ਪੀਣੇ ਸ਼ੁਰੂ ਕਰ ਦਿਤੇ। ਖ਼ਾਸ ਕਰਕੇ ਜਦੋਂ ਵੀਣਾ ਉਸ ਦੇ ਕਮਰੇ ਵਿਚ ਆਉਂਦੀ ਉਹ ਜ਼ਰੂਰ ਸਿਗਰਟ ਧੁਖਾ ਬਹਿੰਦਾ, ਜਿਸ ਤੋਂ ਅੱਕ ਕੇ ਵੀਣਾ ਨੂੰ ਛੇਤੀ ਹੀ ਵਾਪਸ ਮੁੜਨਾ ਪੈਂਦਾ।
ਕਈ ਵਾਰੀ ਵੀਣਾ ਨੇ ਕਿਦਾਰ ਦੇ ਹੱਥ ‘ਚੋਂ ਧੁਖਦੀ ਸਿਗਰਟ ਫੜ ਕੇ ਬਾਹਰ ਸੁਟ ਦਿਤੀ, ਉਸ ਦੀ ਜ਼ੇਬ ‘ਚੋਂ ਡੱਬੀ ਕਢ ਕੇ ਨਾਲੀ ਵਿਚ ਵਗਾਹ ਮਾਰੀ, ਪਰ ਕਿਦਾਰ ਸੀ ਕਿ ਉਸ ਦੀ ਆਦਤ ਵਿਚ ਤਿਲ ਮਾਤਰ ਫ਼ਰਕ ਨਹੀਂ ਸੀ ਆਉਂਦਾ। ਕਈ ਵਾਰੀ ਵੀਣਾ ਨੇ ਉਸ ਨਾਲ ਕਦੀ ਨ ਬੋਲਣ ਦੀਆਂ ਧਮਕੀਆਂ ਵੀ ਦਿਤੀਆਂ, ਪਰ ਸਭ ਵਿਅਰਥ। ਕਦੀ ਕਦੀ ਤਾਂ ਵੀਣਾ ਇਥੋਂ ਤਕ ਖਿਝ ਜਾਂਦੀ ਕਿ ਉਹ ਸਹੁੰ ਖਾ ਕੇ, ਪ੍ਰਣ ਕਰਕੇ ਕਮਰੇ ‘ਚੋਂ ਨਿਕਲਦੀ ਕਿ ਜਦ ਤਕ ਉਹ ਸਿਗਰਟ ਪੀਣ ਦੀ ਆਦਤ ਨਹੀਂ ਛਡੇਗਾ, ਉਸ ਨਾਲ ਨਹੀਂ ਬੋਲੇਗੀ। ਪਰ ਹਰ ਵਾਰੀ ਉਸਨੂੰ ਬਾਵਜੂਦ ਗੁੱਸੇ ਨਾਲ ਭਰੀ ਪੀਤੀ ਦੇ, ਆਪਣੇ ਪ੍ਰਣ ਨੂੰ ਤੋੜਨਾ ਹੀ ਪਿਆ।
ਇਸ ਤਰ੍ਹਾਂ ਦੇ ਬਹੁਤ ਵਾਰੀ ਦੇ ਰੁਸੇਵੇਂ ਮਨੇਵੇਂ ਤੋਂ ਬਾਅਦ ਇਕ ਦਿਨ ਵੀਣਾ ਦਾ ਦਿਲ ਡਾਢਾ ਹੁੱਸੜ ਗਿਆ। ਉਹ ਸ਼ਾਮ ਨੂੰ ਜਦ ਕਿਦਾਰ ਦੇ ਕਮਰੇ ਵਿਚ ਆਈ ਤਾਂ ਕਿਦਾਰ ਚਾਦਰ ਵਲ੍ਹੇਟ ਕੇ ਸੁੱਤਾ ਹੋਇਆ ਸੀ। ਉਸ ਨੇ ਇਤਨੇ ਗੁੱਸੇ ਨਾਲ ਉਸ ਉਤੋਂ ਚਾਦਰ ਖਿੱਚੀ ਕਿ ਉਹ ਵਿਚਕਾਰੋਂ ਕਿੰਨੀ ਸਾਰੀ ਪਾਟ ਗਈ, “ਤੁਹਾਨੂੰ ਕੀ ਹੁੰਦਾ ਜਾਂਦਾ ਵੇ ਭਰਾ ਜੀ, ਦਿਨੋ ਦਿਨ ? ਹਰ ਵੇਲੇ ਪਏ ਰਹਿੰਦੇ ਓ ਮੁਹਾਣੇ ਬੇੜੀ ਰੋੜ੍ਹ वे।”
ਕਿਦਾਰ ਉਠ ਬੈਠਾ, ਤੇ ਬੈਠਦਿਆਂ ਹੀ ਉਸ ਦਾ ਹੱਥ ਮੇਜ਼ ਵਲ ਵਧਿਆ, ਜਿਥੇ ਸਿਗਰਟ ਤੇ ਮਾਚਸ ਵਾਲੀਆਂ ਡੱਬੀਆਂ ਪਈਆਂ ਸਨ । ਵੀਣਾ ਨੇ ਝਟਕੇ ਨਾਲ ਉਸ ਦਾ ਹੱਥ ਫੜ ਕੇ ਮੇਜ਼ੇ ਤੇ ਪਹੁੰਚਣ ਤੋਂ ਪਹਿਲਾਂ ਹੀ ਵਾਪਸ ਲੈ ਆਂਦਾ, ਤੇ ਖਿੱਝ ਕੇ ਬੋਲੀ, “ਇਹ ਚੰਦਰੀ ਆਦਤ ਕਿਉਂ ਪਾ ਲਈ ਜੇ ?”
ਕਿਦਾਰ ਕੁਝ ਨਹੀਂ ਬੋਲਿਆ।
“ਹੱਛਾ ਦਸੋ, ਤੁਹਾਨੂੰ ਕੀ ਹੁੰਦਾ ਜਾਂਦਾ ਵੇ ਦਿਨੋ ਦਿਨ ?”
“ਮੈਨੂੰ ? ਕੁਝ ਵੀ ਨਹੀਂ।”
“ਝੂਠ ਬੋਲਦੇ ਹੋ ?”
“ਬਿਲਕੁਲ ਨਹੀਂ।”
“ਫਿਰ ਹੱਸਦੇ ਕਿਉਂ ਨਹੀਂ ?”
“ਹੱਸਦਾ ਹਾਂ।”
“ਹੱਸੋ ਫਿਰ।”
“ਲੈ” ਕਿਦਾਰ ਨੇ ਥੋੜ੍ਹਾ ਜਿਹਾ ਹੱਸਣ ਦੀ ਕੋਸ਼ਿਸ਼ ਕੀਤੀ।
“ਜ਼ੋਰ ਦੀ ਹੱਸੋ।”
ਕਿਦਾਰ ਹੋਰ ਉੱਚੀ ਹੱਸਿਆ।
“ਨਹੀਂ ਹੋਰ ਉੱਚੀ।”
ਕਿਦਾਰ ਨੇ ਜ਼ੋਰ ਦੀ ਕਹਿਕਾ ਮਾਰਿਆ — ਕਮਰਾ ਗੂੰਜ ਪਿਆ।
“ਹਾਂ ਇਸ ਤਰ੍ਹਾਂ” ਵੀਣਾ ਨੇ ਉਸ ਦੀ ਪਿੱਠ ਥਾਪੜਦਿਆਂ ਕਿਹਾ, “ਇਕਰਾਰ ਕਰੋ ਕਿ ਏਸੇ ਤਰ੍ਹਾਂ ਹੱਸਿਆ ਕਰੋਗੇ ਹਮੇਸ਼ਾ।”
“ਇਕਰਾਰ ਕਰਦਾ ਹਾਂ।”
“ਨਾਲੇ ਇਕ ਹੋਰ ਇਕਰਾਰ ।”
“वरी ?”
“ਘੁੱਟੇ ਵੱਟੇ ਨਹੀਂ ਰਿਹਾ ਕਰੋਗੇ।”
“ਵੀਣੀ !” ਇਕ ਠੰਢਾ ਸਾਹ ਭਰਕੇ ਉਹ ਬੋਲਿਆ, “ਸਭ ਕੁਝ ਤਾਂ ਆਦਮੀ ਦੇ ਆਪਣੇ ਵੱਸ ਨਹੀਂ ਹੁੰਦਾ।”
ਕਿਦਾਰ ਦੇ ਇਹ ਸ਼ਬਦ ਕਿਸੇ ਅਸਹਿ ਪੀੜ ਨਾਲ ਵਿੰਨ੍ਹੇ ਹੋਏ ਸਨ। ਵੀਣਾ ਨੇ ਇਸ ਮਜ਼ਮੂਨ ਨੂੰ ਸ਼ਾਇਦ ਹੋਰ ਲੰਮਾ ਕਰਨਾ ਮੁਨਾਸਬ ਨਹੀਂ ਸਮਝਿਆ। ਉਹ ਬੋਲੀ, “ਭਾਪਾ ਜੀ ਦੀ ਕੋਈ ਚਿੱਠੀ ਨਹੀਂ ਆਈ ਅਜੇ ਤੋੜੀ ?”
“ਨਹੀਂ” ਕਿਦਾਰ ਦਾ ਸਿਰ ਇਕ ਵਾਰਗੀ ਝੁਕ ਗਿਆ।
“ਕਿੰਨੇ ਦਿਨ ਹੋ ਗਏ ਨੇ ਚਿੱਠੀ ਪਾਇਆਂ ?”
“ਅੱਠ ਦਸ ਦਿਨ।”
“ਹੋਰ ਪਾ ਦੇਣੀ ਸੀ।”
“ਹੋਰ ਵੀ ਪਾਈ ਸੀ।”
“ਬੇ ਜੀ ਬੜਾ ਫ਼ਿਕਰ ਕਰ ਰਹੇ ਨੇ। ਆਖਦੇ ਨੇ ਰੋਜ਼ ਭੈੜੇ ਭੈੜੇ ਸੁਪਨੇ ਆਉਂਦੇ ਨੇ ਸੁਖ ਹੋਵੇ ਸਹੀ।”
“ਸੁਖ ਸਾਂਦ ਏ ਵੀਣੀ, ਫ਼ਿਕਰ ਵਾਲੀ ਕੋਈ ਗੱਲ ਨਹੀਂ” ਕਿਦਾਰ ਨੇ ਭਾਵੇਂ ਇਹ ਵਾਕ ਬੜੀ ਦਲੇਰੀ ਨਾਲ ਕਿਹਾ, ਪਰ ਵੀਣਾ ਨੇ ਵੇਖਿਆ ਜਿਵੇਂ ਕਿਦਾਰ ਦੀਆਂ ਅੱਖਾਂ ਕੁਝ ਹੋਰ ਕਹਿ ਰਹੀਆਂ ਹੋਣ।
“ਕਿਉਂ — ਕੀ ਸੋਚਦੇ ਓ ?” ਵੀਣਾ ਨੇ ਮੋਢਾ ਹਿਲਾ ਕੇ ਪੁਛਿਆ।
“ਕੁਝ ਨਹੀਂ।”
“ਦਸਦੇ ਕਿਉਂ ਨਹੀਂ ?” ਵੀਣਾ ਦਾ ਦਿਲ ਗਿੱਠ ਗਿੱਠ ਉੱਛਲ ਰਿਹਾ
“- “ਤਾਂ ਜ਼ਰੂਰ ਕੋਈ ਚਿੱਠੀ ਆਈ ਹੋਵੇਗੀ ਭਾਪਾ ਜੀ ਦੀ। ਸੱਚ ਦਸੋ ਭਰਾ ਜੀ, ਉਹ ਰਾਜ਼ੀ ਖ਼ੁਸ਼ੀ ਨੇ ?” ਵੀਣਾ ਉਸ ਨੂੰ ਝੰਜੋੜਨ ਲੱਗੀ।
” ਵੀਣਾ ! ਚਿੱਠੀ ਆਈ ਸੀ। ਉਹ ਹਾਲੇ ਨਹੀਂ ਆ ਸਕਦੇ।”
“ਨਹੀਂ ਆ ਸਕਦੇ ?” ਵੀਣਾ ਬੈਠੀ ਨਾ ਰਹਿ ਸਕੀ — ਉੱਠ ਕੇ ਖੜੋ ਗਈ, ਕਿਉਂ ਪਰ ?”
“ਉਨ੍ਹਾਂ ਦੀ ਤਬੀਅਤ ਠੀਕ ਨਹੀਂ।”
“ਹੈ ?”
“ਹਾਂ ”
“ਤੇ ਤੁਸਾਂ ਦਸਿਆ ਕਿਉਂ ਨਹੀਂ— ਕਦੋਂ ਆਈ ਸੀ ਚਿੱਠੀ – ਕੀ ਤਕਲੀਫ਼ * ਉਨ੍ਹਾਂ ਨੂੰ ?” ਵੀਣਾ ਇਕੋ ਸਾਹ ਕਈ ਸੁਆਲ ਕਰ ਗਈ।
“ਖ਼ਤਰੇ ਵਾਲੀ ਕੋਈ ਗੱਲ ਨਹੀਂ, ਬੁਖ਼ਾਰ ਹੋ ਗਿਐ ਉਹਨਾਂ ਨੂੰ।”
“ਬੁਖ਼ਾਰ ?” ਉਂਗਲ ਮੂੰਹ ਵਿਚ ਪਾਈ ਵੀਣਾ ਕਾਫ਼ੀ ਚਿਰ ਕੁਝ ਸੋਚਦੀ ਰਹੀ, 3 ਫਿਰ ਬੋਲੀ “ਕਿਥੇ ਜੇ ਉਹਨਾਂ ਦੀ ਚਿੱਠੀ ?”
“ਦੁਕਾਨ ਤੇ।”
“ਕਦੋਂ ਆਈ ਸੀ ?”
“ਪਰਸੋਂ।”
“ਤੇ ਤੁਸਾਂ ਦਸਿਆ ਕਿਉ ਨਹੀਂ ਹੁਣ ਤਕ ?”
“ਮੈਂ — ਮੈਂ ਆਖਿਆ — ਬੇ ਜੀ ਐਵੇਂ ਫ਼ਿਕਰ ਪਏ ਕਰਨਗੇ ।”
ਵੀਣਾ ਦੇ ਚਿਹਰੇ ਉਤੇ ਹਵਾਈਆਂ ਉਡ ਰਹੀਆਂ ਸਨ। ਕਿਸੇ ਅਸ਼ੁਭ ਹੋਣੀ ਦੀ ਸ਼ੰਕਾ ਨੇ ਉਸ ਦਾ ਅੰਗ ਅੰਗ ਜੂੜ ਦਿਤਾ।
ਏਧਰ ਕਿਦਾਰ ਨੂੰ ਧਰਤੀ ਵੇਹਲ ਨਹੀਂ ਸੀ ਦੇ ਰਹੀ। ਉਹ ਪਛਤਾ ਰਿਹਾ
ਸੀ ਕਿ ਇਹ ਕੀ ਬੇਵਕੂਫ਼ੀ ਵਾਲੀ ਗੱਲ ਉਸ ਦੇ ਮੂੰਹੋਂ ਨਿਕਲ ਗਈ। ਉਹ ਘੜੀ ਮੁੜੀ ਇਹ ਸੋਚ ਰਿਹਾ ਸੀ ਕਿ ਇਹ ਉਗਲੀ ਹੋਈ ਗੱਲ ਕਿਸੇ ਤਰ੍ਹਾਂ ਨਿਗਲੀ ਨਹੀਂ ਜਾ ਸਕਦੀ ?
“ਵੀਣਾ !” ਉਸ ਨੇ ਦਿਲ ਪਕੇਰਾ ਕਰਕੇ ਕਿਹਾ।
“ਹਾਂ ਜੀ !”
“ਇਕ ਗੱਲ ਮੰਨੇਂਗੀ ?”
“ਦਸੋ” ਤੇ ਵੀਣਾ ਨੇ ਸਹਿਮ ਤੇ ਸ਼ੰਕਾ ਭਰੀ ਨਜ਼ਰ ਨਾਲ ਇਕ ਵਾਰੀ ਹੋਰ ਉਸ ਦੇ ਮੂੰਹ ਵਲ ਤੱਕਿਆ।
“ਇਕਰਾਰ ਕਰ ਵੀਣੀ।”
“ਕਿਸ ਗੱਲ ਦਾ ਇਕਰਾਰ ?”
“ਭਾਪਾ ਜੀ ਦੀ ਬੀਮਾਰੀ ਦਾ ਹਾਲ ਅੱਜੇ ਬੇ ਜੀ ਨੂੰ ਨਹੀਂ ਦਸੇਂਗੀ।”
“ਕਿਉਂ ?”
“ਉਹਨਾਂ ਦੇ ਸਿਰ ਤੇਰੇ ਵਿਆਹ ਦੇ ਕੰਮਾਂ ਦੀ ਬੜੀ ਭਾਰੀ ਜ਼ਿੰਮੇਵਾਰੀ ਏ। ਜੇ ਉਹਨਾਂ ਨੂੰ ਦਸ ਦਿਤਾ, ਤਾਂ ਸਭ ਕੁਝ ਛੱਡ ਕੇ ਬਹਿ ਜਾਣਗੇ।”
“ਚੰਗਾ ਨਹੀਂ ਦਸਦੀ।” ਵੀਣਾ ਦਾ ਗਲਾ ਸੁੱਕਦਾ ਜਾ ਰਿਹਾ ਸੀ।
ਇਸ ਤੋਂ ਬਾਅਦ ਵੀਣਾ ਨੇ ਆਪਣੇ ਪਿਉ ਬਾਰੇ ਹੋਰ ਅਨੇਕਾਂ ਸਵਾਲ ਕਿਦਾਰ ਉਤੇ ਕੀਤੇ, ਜਿਨ੍ਹਾਂ ਦਾ ਲਗਦੀ ਵਾਹ ਉਹ ਤਸੱਲੀ ਭਰਪੂਰ ਜਵਾਬ ਘੜ ਘੜ ਕੇ ਦੇਂਦਾ ਗਿਆ।
ਦਿਲ ਉਤੇ ਇਕ ਨਵੀਂ ਚਿੰਤਾ ਦਾ ਬੋਝ ਲਦ ਕੇ ਵੀਣਾ ਕਮਰੇ ‘ਚੋਂ ਬਾਹਰ ਨਿਕਲੀ। ਉਸ ਦੀਆਂ ਲੱਤਾਂ ਡੋਲ ਰਹੀਆਂ ਸਨ।
15
ਵਿਆਹ ਦਾ ਦਿਨ ਛੇਕੜ ਆ ਪਹੁੰਚਾ, ਪਰ ਜਿਸ ਮਨੁੱਖ ਦੀ ਸਾਰੇ ਟੱਬਰ ਨੂੰ ਉਡੀਕ ਸੀ, ਉਹ ਨਹੀਂ ਆਇਆ। ਆਂਢੀ ਗੁਆਂਢੀ ਮੂੰਹ ਜੋੜ ਜੋੜਕੇ ਗੱਲਾਂ ਕਰ ਰਹੇ ਸਨ ‘ਕਿਡੇ ਹਨੇਰ ਦੀ ਗੱਲ ਹੈ ਕਿ ਧੀ ਦਾ ਵਿਆਹ ਰਚਿਆ ਹੋਇਆ ਹੈ, ਤੇ ਪਿਓ ਨੂੰ ਖਟਣ ਦੀ ਪਈ ਹੋਈ ਹੈ ! ਭਲਾ ਚਹੁੰ ਦਿਨਾਂ ਲਈ ਆ ਨਹੀਂ ਸੀ ਸਕਦਾ ? ਬੰਬਈ ਕੋਈ ਸਮੁੰਦਰੋਂ ਪਾਰ ਤਾਂ ਨਹੀਂ ਸੀ।
ਏਧਰ ਕਿਦਾਰ ਦੇ ਹੀਲੇ ਬਹਾਨੇ-ਜਿੰਨੇ ਕੁ ਉਹ ਕਰ ਸਕਦਾ ਸੀ, ਸਭ ਖ਼ਤਮ ਹੋ ਚੁਕੇ ਸਨ। ਕਈ ਵਾਰੀ ਉਹ ਬੈਠਾ ਬੈਠਾ ਆਪਣੇ ਆਪ ਉਤੇ ਝੁੰਜਲਾ ਉਠਦਾ, ਮੈਂ ਇਹ ਕੀ ਮੁਸੀਬਤ ਸਹੇੜ ਲਈ ਮੁਫ਼ਤ ਦੀ – ਰਾਹ ਜਾਂਦੀਏ ਬਲਾਏ ਗੱਲ ਲਗ।- ਪਰ ਹੁਣ ਕੀ ਬਣੇਗਾ ? ਕੀ ਸਾਰਾ ਭੇਤ ਖੋਲ੍ਹ ਦਿਆਂ ? ਪਰ ਅਜਿਹਾ ਕਰਨ ਨਾਲ ਮੇਰੀ ਪੁਜ਼ੀਸ਼ਨ ਕੀ ਰਹੇਗੀ ? ਜਿਸਨੂੰ ਮੈਂ ਧਰਮ ਦੀ ਮਾਤਾ ਪ੍ਰਵਾਨ ਕਰ ਚੁਕਾ ਹਾਂ. ਕੀ ਉਸਦਾ ਰੋਮ ਰੋਮ ਮੈਨੂੰ ਨਫ਼ਰਤ ਨਹੀਂ ਕਰਨ ਲਗ ਪਵੇਗਾ ? ਕੀ ਪੁੱਤਰ ਦੋ ਥਾਂ ਉਹ ਮੈਨੂੰ ਬੁੱਕਲ ਦਾ ਸੱਪ ਕਹਿ ਕੇ ਨਹੀਂ ਤ੍ਰਿਸਕਾਰੇਗੀ ?’
ਕਿਦਾਰ ਦੇ ਦਿਲ ਨੂੰ ਹਰ ਵੇਲੇ ਚੂੰਡਣ ਵਾਲੀ ਇਹੋ ਹੀ ਚਿੰਤਾ ਨਹੀਂ ਸੀ, ਇਕ ਹੋਰ ਵੀ, ਤੇ ਏਦੂੰ ਵੀ ਕਿਤੇ ਵਧ ਚੜ੍ਹਕੇ ਖ਼ਤਰਨਾਕ, ਜਿਸ ਦਾ ਅਸਰ ਉਸ ਦੇ ਮਨ ਤੋਂ ਛੁਟ ਸਰੀਰ ਉਤੇ ਵੀ ਪੈ ਰਿਹਾ ਸੀ। ਵੀਣਾ ਦਾ, ਸਹੁਰੇ ਜਾਣ ਦਾ ਦਿਨ ਹੁਣ ਬਹੁਤ ਦੂਰ ਨਹੀਂ ਸੀ। ਕਿਦਾਰ ਜਾਣਦਾ ਸੀ ਕਿ ਵੀਣਾ ਨਾਲ ਉਸਦਾ ਕੀ ਰਿਸ਼ਤਾ ਹੈ, ਪਰ ਇਹ ਜਾਣਦਾ ਹੋਇਆ ਵੀ ਉਹ ਸਮਝ ਨਹੀਂ ਸੀ ਸਕਦਾ ਕਿ ਉਸਦੇ ਅੰਦਰ ਕੀ ਹੈ ਰਿਹਾ ਹੈ। ਭੈਣ ਨੂੰ ਸਹੁਰੇ ਤੋਰਨ ਵਿਚ ਜਿਹੜੀ ਖ਼ੁਸ਼ੀ ਕਿਸੇ ਵੀਰ ਨੂੰ ਹੋ ਸਕਦੀ ਹੈ, ਉਹ ਕਿਦਾਰ ਨੂੰ ਵੀ ਸੀ— ਵੀਣਾ ਸੁਹਾਗ ਦਾ ਸੁਖ ਰਜ ਰਜ ਕੇ ਮਾਣੇ, ਇਹ ਕਾਮਨਾ ਵੀ ਉਸ ਦੇ ਦਿਲ ਵਿਚ ਕੋਈ ਘਟ ਨਹੀਂ ਸੀ। ਕੋਈ ਵੀ ਖ਼ੁਦਗਰਜ਼ ਲਾਲਸਾ ਉਸ ਨੂੰ ਆਪਣੇ ਅੰਦਰ ਪ੍ਰਗਟ ਰੂਪ ਵਿਚ ਵਿਖਾਈ ਨਹੀਂ ਸੀ ਦੇਂਦੀ, ਪਰ ਇਹ ਸਭ ਕੁਝ ਹੁੰਦਿਆਂ ਵੀ ਕਿਦਾਰ ਔਖਾ ਸੀ — ਪੀੜਤ ਤੇ ਡਾਢਾ ਤਰਸ ਯੋਗ।
ਕਈ ਵਾਰੀ ਉਹ ਆਪਣੇ ਅੰਦਰੋਂ ਇਸ ਤਕਲੀਫ਼ ਦਾ ਕਾਰਨ ਲੱਭਣ ਦੀ ਕੋਸ਼ਿਸ਼ ਕਰਦਾ — ਦਿਲ ਦਾ ਕੋਨਾ ਕੋਨਾ ਟਟੋਲਦਾ, ਮਤੇ ਕਿਤੇ ਕੋਈ ਚੰਗਿਆੜੀ ਲੁਕੀ ਹੋਈ ਹੋਵੇ, ਪਰ ਕੁਝ ਵੀ ਨਾ। ਫਿਰ ਇਹ ਕੀ ਹੈ, ਕਿਉਂ ਹੈ — ਕਿਸ ਤਰ੍ਹਾਂ ਦੀ ਹੈ ਇਹ ਚੀਸ ਜਹੀ, ਜਿਹੜੀ ਜਦ ਉਠਦੀ ਹੈ, ਕਿਆਮਤ ਹੀਂ ਲਿਆ ਦੇਂਦੀ ਹੈ ? ਕਿਦਾਰ ਨੂੰ ਕੁਝ ਪਤਾ ਨਹੀਂ ਸੀ ਲਗਦਾ।
ਮਰਜ਼ ਹੀ ਜਦ ਨਹੀਂ ਲੱਭਦੀ ਤਾਂ ਉਸ ਦਾ ਇਲਾਜ ਕਿਵੇਂ ਲੱਭ ਸਕੇ। ਇਹ ਚੀਸ, ਜਿਉਂ ਜਿਉਂ ਵੀਣਾ ਦਾ ਵਿਆਹ ਨੇੜੇ ਆਉਂਦਾ ਗਿਆ, ਬਰਾਬਰ ਵਧਦੀ ਗਈ। ਤੇ ਅਖ਼ੀਰ ਹਾਲਤ ਇਥੋਂ ਤਕ ਪਹੁੰਚ ਗਈ ਕਿ ਕਿਦਾਰ ਦੇ ਹਰ ਸ੍ਵਾਸ ਨਾਲ, ਦਿਲ ਦੀ ਹਰ ਧੜਕਣ ਨਾਲ ਉਸਨੂੰ ਇਹ ਚੀਸ ਉਠਦੀ ਮਹਿਸੂਸ ਹੁੰਦੀ। ਖ਼ਾਸ ਕਰ ਕੇ ਜਦੋਂ ਵੀ ਵੀਣਾ ਦਾ ਜ਼ਿਕਰ ਆਉਂਦਾ ਜਾਂ ਵੀਣਾ ਦੀ ਸ਼ਕਲ ਸਾਹਮਣੇ ਆਉਂਦੀ, ਉਸਦਾ ਸਾਰਾ ਅੰਦਰਲਾ ਇਨ੍ਹਾਂ ਚੀਸਾਂ ਨਾਲ ਭਰ ਜਾਂਦਾ, ਉਹ ਤੜਪ ਉਠਦਾ, ਉਡ ਕੇ ਕਿਸੇ ਅਜਿਹੀ ਥਾਵੇਂ ਚਲੇ ਜਾਣ ਲਈ ਉਸਦੇ ਕਦਮ ਉਠ ਉਠ ਪੈਂਦੇ, ਜਿਥੇ ਉਸਨੂੰ ਵੀਣਾ ਭੁਲ ਸਕੇ – ਜਿਸ ਦੁਨੀਆ ਵਿਚ ‘ਵੀਣਾ’ ਸ਼ਬਦ ਦੀ ਹੋਂਦ ਨਾ ਹੋਵੇ।
ਵੀਣਾ ਨੇ ਅਜੇ ਤੀਕ ਆਪਣੀ ਮਾਂ ਨੂੰ ਨਹੀਂ ਸੀ ਦਸਿਆ ਕਿ ਕਿਦਾਰ ਦੇ ਕਹੇ ਅਨੁਸਾਰ ਉਸਦਾ ਪਿਤਾ ਬੀਮਾਰ ਹੈ। ਜੋ ਕੁਝ ਕਿਦਾਰ ਨੇ ਉਸ ਨੂੰ ਸਿਖਾਇਆ ਵੀਣਾ ਨੇ ਓਹੀ ਕੁਝ ਕਿਹਾ, ‘ਕੰਮ ਦਾ ਬਹੁਤ ਜ਼ੋਰ ਹੈ, ਕੋਸ਼ਸ਼ ਤਾਂ ਕਰਨਗੇ, ਪਰ ਸ਼ਾਇਦ ਵਿਆਹ ਤੇ ਨਾ ਪਹੁੰਚ ਸਕਣ …. ਆਦਿ।’ ਪਰ ਪਿਓ ਦੀ ਬੀਮਾਰੀ ਦੀ ਚਿੰਤਾ ਤੇ ਉਸ ਦੇ ਨਾ ਆ ਸਕਣ ਦੀ ਹਸਰਤ, ਇਹ ਵੀਣਾ ਲਈ ਘਟ ਦੁਖਦਾਈ ਨਹੀਂ ਸੀ। ਜੇ ਏਨੇ ਵਿਚ ਹੀ ਬਸ ਹੁੰਦੀ ਤਾਂ ਵੀਣਾ ਦੇ ਦੁਖ ਦਾ ਪਿਆਲਾ ਖ਼ਬਰੇ ਨਾ ਹੀ ਛਲਕ ਪਰ ਏਧਰ ਕਿਦਾਰ ਦੀ ਹਾਲਤ ਨੂੰ ਉਹ ਜਿਉਂ ਜਿਉਂ ਵੇਖਦੀ, ਤੇ ਅਨੁਭਵ ਕਰਦੀ ਉਸ ਨੂੰ ਕਿਸੇ ਭਿਆਨਕ ਤੌਖਲੇ ਦੇ ਮਾਰੂ ਪਰਛਾਵੇਂ ਵਿਖਾਈ ਦੇਣ ਲਗ ਪੈਂਦੇ।
ਵੀਣਾ ਇਤਨੀ ਬਾਲੜੀ ਨਹੀਂ ਸੀ ਕਿ ਕਿਦਾਰ ਦੀ ਮਾਨਸਿਕ ਅਵਸਥਾ ਨੂੰ ਸਮਝ ਨਾ ਸਕਦੀ ਹੋਵੇ, ਬਲਕਿ ਕਈਆਂ ਹਾਲਤਾਂ ਵਿਚ ਤਾਂ ਉਹ ਕਿਦਾਰ ਨਾਲ ਵੀ ਵਧੇਰੇ ਸਮਝ ਲੈਂਦੀ ਸੀ, ਜਦ ਉਹ ਵੇਖਦੀ ਕਿ ਕਿਦਾਰ ਹੁਣ ਉਸਦੇ ਸਾਹਮਣ ਹੋਣ ਤੋਂ ਕਿਵੇਂ ਕੰਨੀ ਕਤਰਾਂਦਾ ਹੈ ਤੇ ਕਿਵੇਂ ਉਹ ਕੰਮ ਤੋਂ ਵਾਪਸ ਆ ਕੇ ਝਿੱਕੀ ਮੰਜੀ ਲਈ ਅੰਦਰੋਂ ਬੂਹਾ ਮਾਰ ਕੇ ਪਿਆ ਰਹਿੰਦਾ ਹੈ।
ਕਿਦਾਰ ਦੀ ਧੀਰਜ ਬੰਨ੍ਹਣ ਲਈ ਵੀਣਾ ਕਈ ਉਪਰਾਲੇ ਕਰਦੀ, ਕਿਸੇ ਨਾ ਕਿਸੇ ਬਹਾਨੇ — ਖਾਸ ਕਰ ਕੇ ਚਾਹ ਪਿਆਣ ਦੇ ਬਹਾਨੇ ਉਹ ਉਸ ਨਾਲ ਇਕਾਂਤ ਵਿਚ ਕੁਝ ਗੱਲਾਂ ਕਰਨੀਆਂ ਚਾਹੁੰਦੀ, ਪਰ ਕਿਦਾਰ ਸੀ ਕਿ ਉਸ ਨੂੰ ਕਦੇ ਵੀ ਮੌਕਾ ਨਹੀਂ ਸੀ ਦੇਂਦਾ। ਜਦ ਕਦੇ ਵੀਣਾ ਉਸ ਨੂੰ ਬਹੁਤਾ ਜਿੱਦ ਕਰਦੀ ਤਾਂ ਉਹ ਖਿੱਝ ਕੇ ਕਹਿੰਦਾ, “ਵੀਣਾ, ਜੇ ਤੂੰ ਮੈਨੂੰ ਬਹੁਤ ਤੰਗ ਕਰੇਂਗੀ ਤਾਂ ਮੈਂ ਕਿਤੇ ਬਾਹਰ ਚਲਾ ਜਾਵਾਂਗਾ” ਵੀਣਾ ਨਿਰਾਸ ਤੇ ਦੁਖੀ ਹੋ ਕੇ ਮੁੜ ਆਉਂਦੀ।
ਵੀਣਾ ਪ੍ਰਤੱਖ ਵੇਖ ਰਹੀ ਸੀ ਕਿ ਕਿਦਾਰ ਇਸ ਵੇਲੇ ਇਕ ਭਾਰੀ ਤਪੱਸਿਆ ਜਾਂ ਤਿਆਗ, ਅਥਵਾ ਕੋਈ ਕਠਨ ਕੁਰਬਾਨੀ — ਇਹੋ ਜਿਹਾ ਹੀ ਕੁਝ ਕਰ ਰਿਹਾ ਹੈ, ਜਿਸ ਦਾ ਫਲ ਰੂਪ ਉਸਦੀ ਅਰੋਗਤਾ, ਉਸ ਦੇ ਦਿਲ ਦਾ ਅਮਨ ਤੇ ਉਸ ਦੀ ਜਵਾਨੀ ਆਦਿ ਸਭ ਕੁਝ ਰਸਾਤਲ ਵਲ ਜਾ ਰਿਹਾ ਹੈ। ਪਰ ਕੀ ਵੀਣਾ ਪਾਸ ਇਸ ਦਾ ਕੋਈ ਇਲਾਜ ਹੈ ਸੀ ? ਸ਼ਾਇਦ ਇਕੋ, ਜਿਸ ਨੂੰ ਉਸ ਨੇ ਆਪਣੇ ਭਾਣੇ ਇਲਾਜ ਸਮਝਿਆ ਸੀ ਤੇ ਇਹ ਇਲਾਜ ਉਸ ਨੇ ਕਰਨਾ ਵੀ ਚਾਹਿਆ, ਪਰ ਕਿਦਾਰ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ, ਜਦ ਕਿ ਕਿਦਾਰ ਨਾਲ ਵਿਆਹ ਕਰਾਉਣ ਦਾ ਸ਼ਬਦ ਵੀਣਾ ਦੀ ਜ਼ਬਾਨ ਤੇ ਆਉਂਦਾ ਹੀ ਉਸ ਨੇ ਰੋਕ ਦਿਤਾ ਸੀ।
‘ਇਕ ਵਾਰੀ ਫੇਰ ਆਖ ਵੇਖਾਂ ਮਤੇ ਇਸ ਨਾਲ ਕਿਦਾਰ ਦੀ ਜਾਨ ਬਚ ਸਕਦੀ ਹੋਵੇ’ ਇਹ ਖ਼ਿਆਲ ਕਈ ਵਾਰੀ ਵੀਣਾ ਦੇ ਦਿਲ ਵਿਚ ਉਠਿਆ, ਜਿਹੜਾ ਹੁਣ ਤਕ ਵੀ ਉਠ ਰਿਹਾ ਸੀ, ਪਰ ਕਿਦਾਰ ਨੇ ਉਹਨੂੰ ਗੱਲ ਕੱਥ ਕਰਨ ਦਾ ਉਸ ਤੋਂ ਬਾਅਦ ਕਦੀ ਮੌਕਾ ਨਹੀਂ ਦਿਤਾ।
ਵੀਣਾ ਮਾਂਈਏਂ ਪਈ, ਮੇਲ ਸਦਿਆ ਗਿਆ, ਘਰ ਵਿਚ ਹਲਵਾਈ ਬਿਠਾਇਆ ਗਿਆ, ਦਰਜ਼ੀ ਬਿਠਾਇਆ ਗਿਆ, ਗਾਉਣ ਲਈ ਕੁੜੀਆਂ ਦਾ ਝੁੰਡ ਇਕੱਠਾ ਹੋਇਆ। ਕਿਦਾਰ ਨੂੰ ਵੀ ਦੁਕਾਨ ਤੋਂ ਕੁਝ ਦਿਨਾਂ ਲਈ ਛੁੱਟੀ ਲੈਣੀ ਪਈ। ਕੰਮ ਕਾਰ ਦਾ ਭਾਰ ਉਸ ਦੇ ਸਿਰ ਸੀ। ਉਹ ਰਾਤ ਦਿਨ ਕੰਮ ਵਿਚ ਜੁਟਿਆ ਰਹਿੰਦਾ। ਕਿਸੇ ਵੇਲੇ ਉਹ ਵੀ ਵੇਹਲਾ ਬੈਠਣਾ ਨਹੀਂ ਸੀ ਚਾਹੁੰਦਾ। ਇਹ ਸ਼ਾਇਦ ਇਸ ਲਈ ਕਿ ਰੁਝੇਵੇਂ ਵਿਚ ਪੈ ਕੇ ਉਸ ਦੀਆਂ ਚੀਸਾਂ ਕੁਝ ਕੁ ਪਤਲੇਰੀਆਂ ਹੋ ਜਾਂਦੀਆਂ ਸਨ।
ਇਧਰ ਕਈਆਂ ਦਿਨਾਂ ਤੋਂ ਵੀਣਾ ਨੇ ਕਿਦਾਰ ਦੀ ਸ਼ਕਲ ਨਹੀਂ ਵੇਖੀ। ਕਿਸੇ ਮਾਂਈਏਂ ਪਈ ਕੁੜੀ ਲਈ ਆਪਣੇ ਕਮਰੇ ‘ਚੋਂ ਤੇ ਕੁੜੀਆਂ ਦੇ ਘੇਰੇ ‘ਚੋਂ ਬਾਹਰ ਨਿਕਲਣਾ ਜੁਰਮ ਖ਼ਿਆਲ ਕੀਤਾ ਜਾਂਦਾ ਹੈ। ਉਸ ਦਾ ਦਿਲ ਚਾਹ ਰਿਹਾ ਸੀ ਕਿ ਕਿਦਾਰ ਕਿਤੋਂ ਆਉਂਦਾ ਜਾਂਦਾ ਹੀ ਉਸ ਵਲ ਝਾਤੀ ਮਾਰ ਜਾਵੇ, ਪਰ ਉਸ ਦੀ ਆਸ ਸਫਲ ਨਾ ਹੋਈ। ਕਿਦਾਰ ਨੇ ਜਿਵੇਂ ਇਸ ਕਮਰੇ ਦਾ ਰਸਤਾ ਹੀ ਛੱਡ ਦਿਤਾ ਸੀ।
ਮਨ ਮੰਗੀ ਚੀਜ਼ ਦੀ ਅਣਹੋਂਦ ਜਿਉਂ ਜਿਉਂ ਵਧਦੀ ਜਾਵੇ, ਸਾਡੀ ਮੰਗ ਵੀ ਉਸ ਦੇ ਨਾਲ ਹੀ ਵਾਧੇ ਤੇ ਹੁੰਦੀ ਜਾਂਦੀ ਹੈ। ਕਿਦਾਰ ਨੂੰ ਇਕ ਵਾਰੀ ਮਿਲ ਕੇ ਉਸਨੂੰ ਆਪਣੇ ਅਮਿਟ ਪਿਆਰ ਦਾ ਯਕੀਨ ਕਰਾਉਣ ਅਤੇ ਉਸ ਨੂੰ ਜੀਉਂਦੇ ਰਹਿਣ ਦੀ ਪਰੇਰਨਾ ਕਰਨ ਲਈ ਵੀਣਾ ਦਾ ਦਿਲ ਕਾਹਲਾ ਹੋ ਰਿਹਾ ਸੀ, ਤੇ ਇਸ ਕੰਮ ਵਿਚ ਜਿਉਂ ਜਿਉਂ ਢਿਲ ਪੈਂਦੀ ਗਈ, ਵੀਣਾ ਦੀ ਮਿਲਣ-ਤੀਬਰਤਾ ਹੋਰ ਚਮਕਦੀ ਗਈ, ਪਰ ਉਸ ਨੂੰ ਮੌਕਾ ਨਾ ਹੀ ਲਭ ਸਕਿਆ। ਅਖ਼ੀਰ ਜਦ ਉਸਦੇ ਵਿਆਹ ਵਿਚ ਸਿਰਫ਼ ਦੋ ਦਿਨ ਬਾਕੀ ਰਹਿ ਗਏ, ਤੇ ਅਜੇ ਵੀ ਉਸ ਦੀ ਰੀਝ ਪੂਰੀ ਨਾ ਹੋਈ ਤਾਂ ਵੀਣਾ ਘਬਰਾ ਉਠੀ।
ਅਜ ਸਵੇਰ ਤੋਂ ਵੀਣਾ ਦਾ ਮਨ ਡਾਢਾ ਪਰੇਸ਼ਾਨ ਹੈ। ਕੁੜੀਆਂ ਨੇ ਵੀ ਬਥੇਰੀ ਕੋਸ਼ਿਸ਼ ਕੀਤੀ, ਮਾਂ ਨੇ ਵੀ ਤਰਲੇ ਕੀਤੇ ਪਰ ਵੀਣਾ ਨੇ ਰੋਟੀ ਨਾ ਖਾਧੀ। ਸਾਰੀ ਦਿਹਾੜੀ ਉਸ ਨੇ ਇਹਨਾਂ ਸੋਚਾਂ ਵਿਚ ਗੁਆ ਦਿਤੀ, ‘ਸਿਰਫ ਅਜ ਦਾ ਦਿਨ ਬਾਕੀ ਹੈ, ਦਿਨ ਚੜ੍ਹਦੇ ਹੀ ਮੈਂ ਕਿਸੇ ਹੋਰ ਘਰ ਵਲ ਜਾ ਰਹੀ ਹੋਵਾਂਗੀ, ਕੀ ਇਕ ਵਾਰੀ ਪਹਿਲਾਂ ਕਿਦਾਰ ਨੂੰ ਨਹੀਂ ਮਿਲ ਸਕਾਂਗੀ ?’
ਰਾਤ ਪੈ ਗਈ। ਸਾਰਾ ਮੇਲ ਰੋਟੀ ਟੁੱਕ ਖਾ ਕੇ ਆਪੋ ਆਪਣੇ ਟਿਕਾਣੇ ਜਾ ਲੱਗਾ, ਪਰ ਕੁੜੀਆਂ ਦੀ ਢੋਲਕੀ ਪੂਰੇ ਜ਼ੋਰ ਵਿਚ ਵੱਜ ਰਹੀ ਸੀ। ਗਾਉਂਦਿਆਂ ਗਾਉਂਦਿਆਂ ਉਨ੍ਹਾਂ ਦੀਆਂ ਘੁੱਗਾਂ ਮਿਲ ਗਈਆਂ, ਢੋਲਕੀ ਵਜਾਣ ਵਾਲੀ ਦੀ ਬਾਂਹ ਥੱਕ ਗਈ, ਪਰ ਅਜੇ ਤਕ ਹਟਣ ਦਾ ਨਾਂ ਨਹੀਂ ਸਨ ਲੈਂਦੀਆਂ। ਇਕ ਗੀਤ ਖ਼ਤਮ ਹੁੰਦਾ ਤੇ ਝਟ ਦੂਜਾ ਸ਼ੁਰੂ ਹੋ ਜਾਂਦਾ ।
ਉਸ ਛੋਟੇ ਕਮਰੇ ਵਿਚ ਦਰੀ ਵਿਛੀ ਹੋਈ ਸੀ, ਜਿਸ ਉਤੇ ਪੰਦਰਾਂ ਵੀਹ ਕੁੜੀਆਂ ਬੈਠੀਆਂ ਗਾ ਰਹੀਆਂ ਸਨ। ਬਾਰਾਂ ਵਜ ਗਏ ਤੇ ਇਸ ਤੋਂ ਬਾਅਦ ਇਕ, ਪਲ ਗਾਣੇ ਦੀ ਮਹਿਫਲ ਵਿਚ ਜ਼ਰਾ ਜਿੰਨੀ ਸਿੱਥਲਤਾ ਨਾ ਆਈ। ਛੇਕੜਲਾ ਦਿਨ ਜੁ ਸੀ। ਅਖ਼ੀਰ ਵੱਡੀਆਂ ਬੁੱਢੀਆਂ ਨੇ ਗੁੱਸੇ ਹੋਣਾ ਸ਼ੁਰੂ ਕਰ ਦਿਤਾ ਜਿਨ੍ਹਾਂ ਦੀ ਨੀਂਦਰ ਵਿਚ ਵਿਘਨ ਪੈ ਰਿਹਾ ਸੀ — ਤਾਂ ਕਿਤੇ ਜਾ ਕੇ ਇਹ ਸਿਲਸਿਲਾ ਬੰਦ ਹੋਇਆ। ਕਈ ਜਿਹੜੀਆਂ ਗਾਉਣ ਦੀਆਂ ਬਹੁਤੀਆਂ ਸ਼ੌਕੀਨ ਸਨ, ਉਨ੍ਹਾਂ ਨੇ ਤਾਂ ਅਜ ਦੀ ਸਾਰੀ ਰਾਤ ਇਸੇ ਤਰ੍ਹਾਂ ਬਿਤਾ ਦੇਣ ਦਾ ਫੈਸਲਾ ਕਰ ਲਿਆ ਸੀ, ਪਰ ਦੂਜੇ ਕਮਰੇ ਚੋਂ ਆ ਰਹੀਆਂ ਝਿੜਕਾਂ ਨੇ ਉਨ੍ਹਾਂ ਦੀ ਕੋਈ ਪੇਸ਼ ਨਾ ਜਾਣ ਦਿਤੀ।
ਆਂਢੋਂ ਗੁਆਢੋਂ ਜਿਹੜੀਆਂ ਪੰਜ ਸਤ ਆਈਆਂ ਹੋਈਆਂ ਸਨ, ਉਹ ਘਰੋ ਘਰੀ ਚਲੀਆਂ ਗਈਆਂ, ਬਾਕੀ ਮੇਲ ਵਾਲੀਆਂ ਕੁੜੀਆਂ ਥਾਉਂ ਥਾਈਂ ਲੇਟ ਗਈਆਂ।
ਕੁੜੀਆਂ ਦੇ ਘੇਰੇ ਵਿਚ ਸੁੱਤੀ ਹੋਈ ਵੀਣਾ ਇਸ ਵੇਲੇ ਆਪਣੇ ਭਵਿਸ਼ ਨੂੰ ਸ਼ਾਇਦ ਕਲਪਨਾ ਦੀਆਂ ਅੱਖਾਂ ਨਾਲ ਵੇਖ ਰਹੀ ਸੀ। ਹੌਲੀ ਹੌਲੀ ਸਭ ਕੁੜੀਆਂ ਨੀਂਦਰ ਦੀ ਮਿੱਠੀ ਗੋਦ ਵਿਚ ਘੂਕ ਸੌਂ ਗਈਆਂ, ਪਰ ਵੀਣਾ ਅਜੇ ਤਕ ਜਾਗਦੀ ਸੀ। ਉਸ ਦੇ ਸਾਹਮਣੇ ਜਾਲੇ ਵਿਚ ਨਿੰਮ੍ਹੀ ਨਿੰਮ੍ਹੀ ਲਾਲਟੈਣ ਜਗ ਰਹੀ ਸੀ, ਜਿਸ ਦੀ ਬੱਤੀ ਸੌਣ ਤੋਂ ਪਹਿਲਾਂ ਕਿਸੇ ਕੁੜੀ ਨੇ ਨੀਵੀਂ ਕਰ ਦਿਤੀ ਸੀ। ਵੀਣਾ ਦੀ ਨਜ਼ਰ ਇਸ ਵੇਲੇ ਏਸ ਨਿੰਮ੍ਹੀ ਲਾਟ ਉਤੇ ਜੰਮੀ ਹੋਈ ਸੀ। ਸਾਰੇ ਕਮਰੇ ਵਿਚ ਹਨੇਰਾ ਸੀ, ਸਿਰਫ ਇਸ ਲਾਲਟੈਨ ਦੁਆਲੇ ਹੀ ਪਤਲਾ ਜਿਹਾ ਚਾਨਣ ਦਾ ਘੇਰਾ ਵਿਖਾਈ ਦੇ ਰਿਹਾ ਸੀ।
ਸੁੱਤਿਆਂ ਸੁਤਿਆਂ ਉਸਨੂੰ ਕੁਝ ਖ਼ਿਆਲ ਆਇਆ, ਉਹ ਉਠ ਕੇ ਬੈਠ ਗਈ ਤੇ ਫ਼ਿਰਤੂ ਜਿਹੀ ਨਜ਼ਰ ਨਾਲ ਉਸਨੇ ਸਾਰੀਆਂ ਸੁੱਤੀਆਂ ਹੋਈਆਂ ਵਲ ਤੱਕਿਆ ! ਫਿਰ ਉਸਨੇ ਆਪਣੇ ਸੱਜੇ ਪਾਸੇ ਲੇਟੀ ਹੋਈ ਵਿਦਿਆ ਵਲ ਨਜ਼ਰ ਫੇਰੀ, ਜਿਹੜੀ ਸ਼ਾਇਦ ਮੱਛਰ ਲੜਨ ਕਰਕੇ ਗਲ੍ਹ ਨੂੰ ਖੁਰਕਦੀ ਹੋਈ ਪਾਸਾ ਪਰਤ ਰਹੀ ਸੀ। ਵੀਣਾ ਨੇ ਉਸ ਦਾ ਹੱਥ ਫੜਕੇ ਇਕ ਦੋ ਵਾਰੀ ਹਿਲਾਇਆ, ਉਹ ਅੱਖਾਂ ਖੋਲ੍ਹ ਕੇ ਵੀਣਾ ਵਲ ਤੱਕੀ। ਵੀਣਾ ਨੇ ਉਸ ਨੂੰ ਉਠਾਲ ਕੇ ਇਸ਼ਾਰੇ ਨਾਲ ਆਪਣੇ ਮਗਰ ਆਉਣ ਨੂੰ ਕਿਹਾ ਤੇ ਲਾਲਟੈਨ ਚੁੱਕ ਕੇ ਕਮਰੇ ਵਿਚੋਂ ਬਾਹਰ ਨਿਕਲੀ। ਚੁੱਪ ਚਪਾਤੀ ਵਿਦਿਆ ਵੀ ਉਸਦੇ ਪਿਛੇ ਤੁਰ ਗਈ। ਬਾਹਰ ਪੌੜੀਆਂ ਕੋਲ ਜਾ ਕੇ ਉਸਨੇ ਵਿਦਿਆ ਦੇ ਕੰਨ ਵਿਚ ਕਿਹਾ “ਮੈਂ ਉਪਰ ਜਾਕੇ ਬਰਸਾਤੀ ਵਿਚ ਬੈਠਨੀ ਆਂ, ਤੂੰ ਜਾਕੇ ਭਰਾ ਜੀ ਨੂੰ ਸੱਦ ਲਿਆ।”
ਜਦ ਵਿਦਿਆ ਜਾਣ ਲੱਗੀ ਤਾਂ ਇਤਨਾ ਵੀਣਾ ਨੇ ਹੋਰ ਕਹਿ ਦਿਤਾ, “ਮੇਰਾ ਨਾਂ ਨਾ ਲਈਂ! ਆਖੀਂ ਬੇ ਜੀ ਬੁਲਾਂਦੇ ਨੇ।”
ਵੀਣਾ ਬਰਸਾਤੀ ਵਿਚ ਜਾ ਪਹੁੰਚੀ। ਉਥੇ ਇਕ ਢਿੱਲੜ ਜਿਹਾ ਮੰਜਾ ਖੜਾ ਕੀਤਾ ਹੋਇਆ ਸੀ, ਜਿਸ ਨੂੰ ਡਾਹ ਕੇ ਬੈਠ ਗਈ। ਥੋੜ੍ਹੀ ਦੇਰ ਬਾਅਦ ਉਸ ਨੂੰ ਕਿਸੇ ਦੇ ਪੈਰਾਂ ਦਾ ਖੜਾਕ ਸੁਣਾਈ ਦਿਤਾ।
‘ਕਿਥੇ ਨੇ ਬੇ ਜੀ ?’ ਕਿਦਾਰ ਨੇ ਜਦ ਉਮੀਦ ਤੋਂ ਉਲਟ ਮਾਇਆ ਦੀ ਥਾਂ ਵੀਣਾ ਨੂੰ ਵੇਖਿਆ ਤਾਂ ਉਸ ਨੂੰ ਇਹ ਸੁਆਲ ਕੀਤਾ।
“ਬੇ ਜੀ ਨੇ ਨਹੀਂ, ਮੈਂ ਸੱਦਿਆ ਸੀ – ਬੈਠ ਜਾਓ ਜ਼ਰਾ।”
“ਪਰ ਵਿਦਿਆ ਤੇ ਕਹਿੰਦੀ ਸੀ
“ਮੈਂ ਹੀ ਉਸ ਨੂੰ ਕਿਹਾ ਸੀ ਮੇਰਾ ਨਾਂ ਨਾ ਲਵੋ | ਜੇ ਮੇਰਾ ਨਾਂ ਲੈਂਦੀ ਤਾਂ ਮੈਨੂੰ ਪਤਾ ਸੀ ਤੁਸਾਂ ਨਹੀਂ ਸੀ ਆਉਣਾ।”
ਕਿਦਾਰ, ਵੀਣਾ ਤੋਂ ਜ਼ਰਾ ਪਰੇ ਮੰਜੇ ਦੀ ਨੀਂਹ ਤੇ ਬੈਠ ਗਿਆ। ਉਸਨੇ ਪੁਛਣਾ ਚਾਹਿਆ ਰਾਤ ਦੇ ਦੋ ਵਜੇ ਇਹੋ ਜਿਹਾ ਕਿਹੜਾ ਕੰਮ ਆ ਪਿਆ ਸੀ, ਪਰ ਕੁਝ ਵੀ ਉਸ ਦੇ ਮੂੰਹੋਂ ਨਾ ਨਿਕਲ ਸਕਿਆ। ਜੋ ਕੁਝ ਉਹ ਆਪਣੇ ਸਾਹਮਣੇ ਵੇਖ ਰਿਹਾ ਸੀ, ਇਸ ਦ੍ਰਿਸ਼ ਨੇ ਸ਼ਾਇਦ ਉਸ ਦੀ ਜ਼ਬਾਨ ਫੜ ਲਈ। ਵੀਣਾ ਨੇ ਸੂਹਾ ਸਾਲੂ ਲਿਆ ਹੋਇਆ ਸੀ, ਉਸ ਦੇ ਗੋਰੇ ਕੋਮਲ ਹੱਥਾਂ ਉਤੇ ਮਹਿੰਦੀ ਦਾ ਗੂੜਾ ਰੰਗ ਲਾਲਟੈਨ ਦੀ ਰੌਸ਼ਨੀ ਵਿਚ ਲਿਸ਼ਕ ਰਿਹਾ ਸੀ। ਜਦ ਉਹ ਬਾਂਹ ਨੂੰ ਹਿਲਾਂਦੀ, ਤਾਂ ਉਸ ਦੇ ਗੁਟ ਨਾਲ ਬੰਨ੍ਹੇ ਗਾਨੇ ਦੀਆਂ ਕੌਡੀਆਂ ਹਿਲਦੀਆਂ, ਤੇ ਨਾਲ ਹੀ ਅਰਕਾਂ ਤੱਕ ਰੱਤਾ ਚੂੜਾ ਵੱਜ ਉਠਦਾ। ਸਿਰ ਤੇ ਫੁੱਲ ਚੌਂਕ ਹੋਣ ਕਰਕੇ ਉਸ ਦਾ ਕੱਦ ਪਹਿਲਾਂ ਨਾਲੋਂ ਉਚੇਰਾ ਹੋ ਗਿਆ ਜਾਪਦਾ ਸੀ | ਵੀਣਾ ਨੇ ਲਾਲਟੈਨ ਬੁਝਾ ਦਿਤੀ ਮਤੇ ਕੋਈ ਵੇਖ ਨਾ ਲਵੇ।
“ਤੁਹਾਨੂੰ ਗੁੱਸਾ ਤੇ ਨਹੀਂ ਲੱਗਾ, ਕੁਵੇਲੇ ਮੈਂ ਤੁਹਾਡੀ ਨੀਂਦਰ ਖ਼ਰਾਬ ਕੀਤੀ ਏ ?” ਵੀਣਾ ਨੇ ਉਸ ਦੇ ਮੁਰਝਾਏ ਚਿਹਰੇ ਉਤੇ ਨਜ਼ਰ ਗੱਡ ਕੇ ਪੁੱਛਿਆ। ਇਸ ਦੇ ਉੱਤਰ ਵਿਚ ਕਿਦਾਰ ਦਾ ਦਿਲ ਕਹਿ ਰਿਹਾ ਸੀ, “ਨੀਂਦਰ ਆਈ ਹੀ ਕਿਸ ਨੂੰ ਸੀ” ਪਰ ਉਸਦੇ ਹੋਠਾਂ ਵਿਚੋਂ ਕੁਝ ਨਾ ਨਿਕਲਿਆ।
“ਬੋਲਣਾ ਨਹੀਂ ਭਰਾ ਜੀ ?” ਐਤਕੀਂ ਵੀਣਾ ਦੀ ਜ਼ਬਾਨ ਵਿਚ, ਉਸ ਦੇ ਗਲੇ ਵਿਚ ਤੇ ਉਸ ਦੀਆਂ ਅੱਖਾਂ ਵਿਚ ਇਕੋ ਚੀਜ਼ ਸੀ — ਪਿਆਰ ਦਾ ਗੂੜ੍ਹਾ ਰੰਗ – ਉਸਦੇ ਹੱਥਾਂ ਉਤੇ ਲੱਗੀ ਹੋਈ ਮਹਿੰਦੀ ਨਾਲੋਂ ਵੀ ਗੂੜ੍ਹਾ । ਕਈ ਦਿਨਾਂ ਤੋਂ ਇਸਤ੍ਰੀ- ਸੁਭਾਉ ਨੇ ਉਸ ਦੇ ਦਿਲ ਅਗੇ ਸੰਗ ਦੀ ਜਿਹੜੀ ਕੰਧ ਉਸਾਰੀ ਹੋਈ ਸੀ, ਪਿਆਰ ਦੇ ਤੇਜ਼ ਹੜ੍ਹ ਅਗੇ ਉਹ ਕੰਧ ਇਕ ਦਮ ਰੁੜ੍ਹ ਪੁੜ੍ਹ ਗਈ। ਕਿਦਾਰ ਦੀ ਜ਼ਬਾਨ ਜਦ ਫੇਰ ਵੀ ਨਾ ਖੁਲ੍ਹੀ, ਤਾਂ ਵੀਣਾ ਸਰਕ ਕੇ ਉਸ ਦੇ ਨਾਲ ਜਾ ਲੱਗੀ ਤੇ ਉਸ ਦਾ ਹੱਥ ਆਪਣੇ ਦੋਹਾਂ ਹੱਥਾਂ ਵਿਚ ਫੜ ਕੇ ਤਰਲੇ ਭਰੀ ਆਵਾਜ਼ ਵਿਚ ਬੋਲੀ — “ਭਰਾ ਜੀ ਹੁਣ ਤੇ ਬੋਲੋ — ਹੁਣ ਤੇ ਮੈਂ ਚਲੀ ਜਾਣਾ ਏਂ।” ਤੇ ਉਸ ਦੀਆਂ ਅੱਖਾਂ ਵਿਚ ਅੱਥਰੂ ਆ ਗਏ। ਕਿਦਾਰ ਨੇ ਇਸ ਤਰ੍ਹਾਂ ਅੱਖਾਂ ਝਪਕੀਆਂ, ਜਿਵੇਂ ਕਿਸੇ ਨੇ ਠੰਡੇ ਪਾਣੀ ਦਾ ਛਿੱਟਾਂ ਮਾਰ ਕੇ ਉਸਨੂੰ ਨੀਂਦਰ ਤੋਂ ਜਗਾ ਦਿਤਾ ਹੋਵੇ। ਉਹ ਬੋਲਿਆ, “ਕੀ ਪੁੱਛਨੀ ਏਂ ਵੀਣੀ ?”
“ਤੁਸੀਂ ਕਿਹੜੀ ਗੱਲੋਂ ਗੁੱਸੇ ਓ ਮੇਰੇ ਨਾਲ ?”
ਇਕ ਵਾਰੀ ਫੇਰ ਕਿਦਾਰ ਉਤੇ ਖਾਮੋਸ਼ੀ ਛਾ ਗਈ। ਵੀਣਾ ਦੇ ਇਸ ਛੋਟੇ ਜਿਹੇ ਪ੍ਰਸ਼ਨ ਦਾ ਉੱਤਰ ਜੇ ਕੋਈ ਉਸ ਪਾਸ ਹੈ ਸੀ ਤਾਂ ਇਹੋ ਜੋ ਕੁਝ ਉਸ ਨੇ ਕਿਹਾ, “ਕੌਣ ਕਹਿੰਦੈ ਵੀਣੀ ?”
“ਛੱਡੋ ਵੀ ਮੂੰਹ ਰੱਖਣੀਆਂ ਗੱਲਾਂ” ਵੀਣਾ ਦੇ ਤਰਲੇ ਵਿਚ ਐਤਕੀਂ ਪੱਥਰ- ਗਾਲ ਸ਼ਕਤੀ ਸੀ, “ਮੈਂ ਏਡੀ ਅੰਞਾਣੀ ਤੇ ਨਹੀਂ।”
ਵੀਣਾ ਦੇ ਚੇਹਰੇ ਉਤੇ ਅੱਜ ਬਾਲ-ਸਰਲਤਾ ਦੇ ਥਾਂ ਡੂੰਘੀ ਗੰਭੀਰਤਾ ਸੀ। ਉਸਦੇ ਉਪਰੋਕਤ ਵਾਕ ਨਾਲ ਕਿਦਾਰ ਦਾ ਦਿਲ, ਜਿਹੜਾ ਉਸ ਨੇ ਸਬਰ ਤੇ ਧੀਰਜ ਦੇ ਬੰਨ੍ਹ ਮਾਰ ਕੇ ਰੋਕਿਆ ਹੋਇਆ ਸੀ, ਸਚ ਮੁਚ ਪੰਘਰ ਕੇ ਵਹਿ ਤੁਰਿਆ। ਸ਼ਾਇਦ ਉਹ ਜੋ ਕੁਝ ਜੀਊਂਦੇ ਜੀਅ ਆਪਣੇ ਸੀਨੇ ਵਿਚੋਂ ਨਹੀਂ ਸੀ ਕਢਣਾ ਚਾਹੁੰਦਾ, ਉਹ ਕਿਸੇ ਅਮੋੜ ਤਾਕਤ ਨੇ ਉਸ ਦੀ ਜ਼ਬਾਨੋਂ ਕਢਾ ਦਿਤਾ, “ਵੀਣੀ ! ਮੈਂ ਨਹੀਂ ਦਸ ਸਕਦਾ। ਮੇਰੀ ਚੰਗੀ ਵੀਣੀ, ਇਸ ਬਾਰੇ ਮੇਰੇ ਕੋਲੋਂ ਕੁਝ ਨਾ ਪੁੱਛ ਮੈਂ ਤੇਰੇ ਅਗੇ ਵਾਸਤਾ ਪਾ ਕੇ ਕਹਿਨਾਂ।”
“ਨਾ ਪੁੱਛਾਂ ? ਇਹ ਜਾਣਦੀ ਹੋਈ ਵੀ ਕਿ ਤੁਹਾਡੇ ਦਿਲ ਵਿਚ ਕੁਝ ਹੈ, ਕੀਕਣ ਨਾ ਪੁੱਛਾਂ ਪਰ ….. ਪਰ ਭਰਾ ਜੀ ….. ਇਹ ਕੀ।” ਵੀਣਾ ਉਸ ਦੇ ਹੋਰ ਨੇੜੇ ਹੋ ਕੇ, ਇਥੋਂ ਤਕ ਕਿ ਉਸ ਦੇ ਮੂੰਹ ਪਾਸ ਮੂੰਹ ਲੈ ਜਾ ਕੇ ਬੋਲੀ, “ਤੁਸੀਂ ਸ਼ਰਾਬ ਪੀਤੀ ਏ ? ਤੁਹਾਡੇ ਮੂੰਹ ‘ਚੋਂ ……..” ਤੁਸਾਂ
ਵਿਚੋਂ ਹੀ ਕਿਦਾਰ ਬੋਲਿਆ, “ਬੇਸ਼ਕ ਵੀਣੀ, ਮੈਂ ਸ਼ਰਾਬ ਪੀਤੀ ਏ।”
‘ਪਰ ਕਿਉਂ ?”
“ਇਸ ਲਈ ਕਿ ਮੈਂ ਤੈਨੂੰ ਭੁੱਲ ਸਕਾਂ, ਤੇ ਤੂੰ ਮੈਨੂੰ ਨਫ਼ਰਤ ਕਰ ਸਕੇਂ।”
“ਭਰਾ ਜੀ, ਤੁਸੀਂ ਇਹ ਕੀ ਕਹਿ ਰਹੇ ਓ ?”
“ਕੁਝ ਨਹੀਂ ਵੀਣੀ ਮੈਂ ਤੇਰੇ ਕੋਲੋਂ ਮੁਆਫ਼ੀ ਮੰਗਨਾਂ ਜੇ ਮੇਰੇ ਮੂੰਹੋਂ ਕੁਝ …..” ਤੇ ਗੱਲ ਖ਼ਤਮ ਕਰਨ ਤੋਂ ਪਹਿਲਾਂ ਹੀ ਉਠ ਕੇ ਬਾਹਰ ਵਲ ਤੁਰ ਪਿਆ, ਪਰ ਵੀਣਾ ਨੇ ਉਸਦੀ ਬਾਂਹ ਫੜ ਕੇ ਫੇਰ ਉਥੇ ਹੀ ਬਿਠਾ ਲਿਆ “ਕੀ ਕਿਹਾ ਜੇ, ਮੈਂ ਤੁਹਾਨੂੰ ਨਫ਼ਰਤ ਕਰਾਂ ?” ਤੇ ਰੋਕਦਿਆਂ ਰੋਕਦਿਆਂ ਵੀ ਵੀਣਾ ਦੀ ਹਿੱਕ ਚੋਂ ਗਰਮ ਹਵਾ ਦਾ ਇਕ ਬੁੱਲ੍ਹਾ ਨਿਕਲ ਕੇ ਬਰਸਾਤੀ ਦੀ ਖ਼ਾਮੋਸ਼ੀ ਵਿਚ ਰਲ ਗਿਆ।
“ਹਾਂ, ਤੇ ਮੈਂ ਸਿਗਰਟ ਪੀਣੇ ਵੀ ਏਸੇ ਕਰ ਕੇ ਸ਼ੁਰੂ ਕੀਤੇ ਸਨ । ਜਾਹ ਵੀਣੀ ਰੱਬ ਦੇ ਵਾਸਤੇ ਮੇਰੇ ਕੋਲੋਂ ਹੋਰ ਕੁਝ ਨਾ ਪੁੱਛੀਂ ਨਹੀਂ ਤੇ ਮੇਰਾ ਦਿਲ ਪਾਟ ਜਾਏਗਾ। ਵੀਣੀ, ਰੋ ਨਾ ਮੇਰੀ ਚੰਗੀ ਵੀਣੀ, ਅੱਥਰੂ ਵਿਖਾ ਕੇ ਮੇਰਾ ……” ਕਿਦਾਰ ਦੀ ਆਵਾਜ਼ ਰੁਕ ਗਈ। ਉਹ ਵੀਣਾ ਪਾਸੋਂ ਹੱਥ ਛੁਡਾ ਕੇ ਪਰਲੀ ਨੁੱਕਰ ਨਾਲ ਜਾ ਲੱਗਾ। ਵੀਣਾ ਭੱਜ ਕੇ ਉਸ ਪਾਸ ਪਹੁੰਚੀ ਤੇ ਐਤਕੀਂ ਉਸ ਨੂੰ ਜੱਫੀ ਭਰ ਕੇ ਕੁਝ ਬੋਲਣ ਲਈ ਉਸ ਨੇ ਸਿਰ ਚੁੱਕਿਆ, ਪਰ ਆਵਾਜ਼ ਸ਼ਾਇਦ ਉਸ ਦੇ ਬੁਲ੍ਹਾਂ ਨਾਲ ਟਕਰਾ ਕੇ ਫੇਰ ਪਿਛਾਂਹ ਮੁੜ ਗਈ।
ਕਿਦਾਰ ਨੇ ਉਸ ਦੇ ਸਿਰ ਨੂੰ ਬਾਂਹ ਵਿਚ ਘੁੱਟ ਲਿਆ ਤੇ ਰੱਜਵਾਂ ਪਿਆਰ ਦੇਂਦਿਆਂ ਕਿਹਾ, “ਵੀਣੀ, ਪਰਮਾਤਮਾ ਤੇਰਾ ਸੁਹਾਗ ਅਟੱਲ ਰੱਖੇ, ਤੇਰੇ ਵਲੋਂ ਠੰਡੀ ਵਾ ਆਉਂਦੀ ਰਹੇ, ਮੇਰੇ ਲਈ ਇਤਨਾ ਹੀ ਕਾਫੀ ਏ ।” ਉਹ ਵੀਣਾ ਨੂੰ ਆਪਣੇ ਸਰੀਰ ਨਾਲੋਂ ਪਰ੍ਹੇ ਹਟਾਣ ਦੀ ਕੋਸ਼ਿਸ਼ ਕਰਨ ਲੱਗਾ, ਪਰ ਵੀਣਾ ਨੇ ਉਸ ਦੇ ਲੱਕ ਦੁਆਲੇ ਬਾਹਾਂ ਪਾ ਕੇ ਹੱਥਾਂ ਦੀ ਕੰਘੜੀ ਇਤਨੀ ਮਜ਼ਬੂਤ ਕੀਤੀ ਹੋਈ ਸੀ ਕਿ ਉਸ ਨੂੰ ਛੁੜਾ ਨਾ ਸਕਿਆ। ਵੀਣਾ ਇਸ ਵੇਲੇ ਨਿਰਵਾਕ ਸੀ, ਭਾਵੇਂ ਉਸ ਦਾ ਦਿਲ ਅੱਥਰੂਆਂ ਦੀ ਬੋਲੀ ਵਿਚ ਬਹੁਤ ਕੁਝ ਕਹਿ ਰਿਹਾ ਸੀ।
“ਤੇਰੇ ਹਟਕੋਰਿਆਂ ਦੀ ਆਵਾਜ਼ ਦੂਰ ਤਕ ਸੁਣਾਈ ਦੇ ਰਹੀ ਏਂ ਵੀਣੀ – ਬਸ ਕਰ। ਮੈਂ ਜਿੱਚਰ ਜੀਆਂਗਾ, ਸਿਰਫ਼ ਤੇਰੇ ਲਈ ਜੀਆਂਗਾ, ਮੈਂ ਕੋਸ਼ਿਸ਼ ਕਰਾਂਗਾ ਕਿ ਜਿਉਂਦਾ ਰਹਾਂ।”
“ਤੁਹਾਡੀ ਹਾਲਤ ਵੇਖ ਕੇ ਮੈਨੂੰ ਡਰ ਲਗ ਰਿਹਾ ਏ।” ਵੀਣਾ ਨੇ ਦਰਦ ਵਿਚ ਗੜੂੰਦ ਹੋ ਕੇ ਕਿਹਾ।
“ਡਰ ?” ਕਿਦਾਰ ਦੇ ਸ਼ਬਦਾਂ ਵਿਚ ਤਸੱਲੀ ਦਾ ਰੰਗ ਸੀ, “ਕਿਸ ਗੱਲ ਦਾ ਡਰ ਵੀਣੀ ?”
ਵੀਣਾ ਜੋ ਕੁਝ ਇਸ ਦੇ ਉੱਤਰ ਵਿਚ ਕਹਿਣ ਲੱਗੀ ਸੀ, ਕਹਿ ਨਾ ਸਕੀ, ਪਰ ਉਸ ਦਾ ਦਿਲ ਪੁਕਾਰ ਰਿਹਾ ਸੀ, ‘ਤੁਸੀਂ ਪੈਰੋ ਪੈਰ ਮੌਤ ਵਲ ਜਾ ਰਹੇ ਹੋ ਭਰਾ ਜੀ।’ ਪਤਾ ਨਹੀਂ ਕਿਦਾਰ ਨੇ ਉਸਦੇ ਦਿਲ ਦੀ ਆਵਾਜ਼ ਸੁਣੀ ਕਿ ਨਹੀਂ, ਸ਼ਾਇਦ ਸੁਣ ਹੀ ਲਈ ਹੋਵੇਗੀ। ਜੇ ਨਾ ਸੁਣਦਾ ਤਾਂ ਉਹ ਇਹ ਕਿਉਂ ਕਹਿੰਦਾ, “ਵੀਣੀ, ਮੈਂ ਕੋਸ਼ਿਸ਼ ਕਰਾਂਗਾ ਕਿ ਜਿਉਂਦਾ ਰਹਾਂ।”
“ਭਰਾ ਜੀ” ਵੀਣਾ ਚਿੱਲਾਈ।
“ਛੱਡ ਦੇ ਚੰਗੀ ਵੀਣੀ, ਤੇਰੀ ਆਵਾਜ਼ ਦੂਰ ਤਕ ਸੁਣਾਈ ਦੇਂਦੀ ਹੈ।”
ਨਹੀਂ।”
“ਵੀਣੀ, ਛੱਡ ਦੇ ਮੈਨੂੰ।”
ਵੀਣਾ ਦੀਆਂ ਬਾਹਾਂ ਸਿਥਲ ਹੋ ਕੇ ਪਾਸਿਆਂ ਨਾਲ ਲਮਕ ਗਈਆਂ। ਬਰਸਾਤੀ ਦੀ ਕੰਧ ਨਾਲ ਸਿਰ ਜੋੜਕੇ ਵੀਣਾ ਰੋ ਰਹੀ ਸੀ। ਰੋਂਦਿਆਂ ਰੋਂਦਿਆਂ ਅਚਾਨਕ ਉਸਨੇ ਸਿਰ ਚੁੱਕਿਆ, ਸ਼ਾਇਦ ਦਿਲ ਵਿਚ ਕੋਈ ਦ੍ਰਿੜ੍ਹ ਫੈਸਲਾ ਕਰ ਕੇ – ਸ਼ਾਇਦ ਅੰਤਮ ਫੈਸਲਾ ਕਰ ਕੇ — ਉਹ ਬੋਲ ਉਠੀ, “ਮੈਂ ਉਹ ਲਫ਼ਜ਼ ਵਾਪਸ ਲੈਂਦੀ ਹਾਂ ਜਿਹੜਾ ਤੁਸਾਂ ਓਦਨ ਕਹਾਇਆ ਸੀ ‘ਭਰਾ ਜੀ’ ਕਹਿ ਕੇ ਸੱਦਾਂ। ਮੈਨੂੰ ਇਸ ਚੂੜੇ ਦੀ, ਇਸ ਗਾਨੇ ਦੀ ਕੋਈ ਪਰਵਾਹ ਨਹੀਂ। ਮੈਂ .. ਮੈਂ ਤੁਹਾਡੇ ਨਾਲ ….” ਕਹਿੰਦੀ ਕਹਿੰਦੀ ਵੀਣਾ ਆਪਣੇ ਚੌਹੀਂ ਪਾਸੀਂ ਤੱਕੀ। ਉਸ ਦੇ ਅੰਦਰੋਂ ਕੁਝ ਬੋਲ ਉਠਿਆ, ‘ਝੱਲੀ ਵੀਣਾ ! ਕਿਸ ਨੂੰ ਕਹਿ ਰਹੀ ਹੈਂ ?’ ਤੇ ਉਸਨੇ ਇਸ ਹਨੇਰੀ ਬਰਸਾਤੀ ਵਿਚ ਹੋਰ ਚੰਗੀ ਤਰ੍ਹਾਂ ਅੱਖਾਂ ਗੱਡ ਕੇ ਚੁਪਾਸੀਂ ਤੱਕਿਆ, ਪਰ ਕਿਦਾਰ ਕਿਤੇ ਨਹੀਂ ਸੀ — ਉਹ ਵਾਪਸ ਜਾ ਚੁਕਾ मी।
ਵੀਣਾ ਦੀਆਂ ਲੱਤਾਂ ਵਿਚ ਇਸ ਵੇਲੇ ਇਤਨਾ ਵੀ ਸਾਹ ਸੱਤ ਨਹੀਂ ਸੀ ਕਿ ਪੌੜੀਆਂ ਉਤਰ ਸਕਦੀ। ਕੰਧ ਨੂੰ ਫੜਕੇ ਉਹ ਹੇਠਾਂ ਉਤਰੀ। ਜਿਥੋਂ ਉਠਕੇ ਗਈ ਸੀ, ਉਥੇ ਹੀ ਜਾ ਕੇ ਲੇਟ ਗਈ। ਹੇਠਾਂ ਗਲੀ ਵਿਚ ਹੂ ਹੂ ਕਰ ਕੇ ਇਕ ਦੋ ਕੁੱਤੇ ਰੋ ਰਹੇ ਸਨ। ਇਸ ਬਦ-ਸ਼ਗਣੀ ਆਵਾਜ਼ ਤੋਂ ਬਚਣ ਲਈ ਵੀਣਾ ਨੇ ਕੰਨਾਂ ਵਿਚ ਉਂਗਲਾਂ ਦੇ ਲਈਆਂ, ਪਰ ਫੇਰ ਵੀ ਉਹ ਨਹਿਸ਼ ਆਵਾਜ਼ ਉਸਨੂੰ ਸੁਣਾਈ ਦੇਣੋਂ ਨਹੀਂ ਰੁਕੀ।
16
ਵੀਣਾ ਦੇ ਵਿਆਹ ਤੋਂ ਤੀਜੇ ਦਿਨ ਬਾਅਦ ਕਿਦਾਰ ਦੁਕਾਨ ਤੇ ਗਿਆ। ਦੁਕਾਨ ਦੇ ਤਾਕ ਭੀੜੇ ਹੋਏ ਸਨ। ਅੰਦਰ ਲੰਘ ਕੇ ਉਹ ਪੌੜੀਆਂ ਥਾਣੀਂ ਉਪਰ ਚੜ੍ਹ ਗਿਆ – ਸੰਦੂਕੜੀ (ਗੱਲੇ) ਦੀਆਂ ਚਾਬੀਆਂ ਲੈਣ ਲਈ।
ਜਦ ਉਹ ਉੱਪਰ ਪੁੱਜਾ ਤਾ ਅਤਰ ਸਿੰਘ ਉਸ ਨੂੰ ਵੇਖ ਕੇ ਹੱਕਾ ਬੱਕਾ ਰਹਿ ਗਿਆ। ਉਸਨੇ ਕਿਦਾਰ ਨੂੰ ਵੇਖਦਿਆਂ ਹੀ ਪਹਿਲਾ ਸੁਆਲ ਉਸ ਉੱਤੇ ਇਹੋ ਕੀਤਾ, “ਕਿਉਂ ਕਿਦਾਰ, ਕੁਝ ਬੀਮਾਰ ਹੋ ਗਿਆ ਸੈਂ ?”
“ਜੀ ਹਾਂ” ਕਿਦਾਰ ਨੇ ਸੁਸਤ ਜਿਹੀ ਆਵਾਜ਼ ਵਿੱਚ ਉੱਤਰ ਦਿਤਾ, “ਬੁਖਾਰ ਹੋ ਗਿਆ ਸੀ।”
“ਤਾਂ ਇਕ ਦੋ ਦਿਨ ਹੋਰ ਆਰਾਮ ਕਰ ਲੈਣਾ ਸੀ” ਮਾਲਕ ਨੇ ਖੁਲ੍ਹ-ਦਿਲੀ ਨਾਲ ਕਿਹਾ, “ਤੇਰਾ ਚਿਹਰਾ ਤੇ ਇਕ ਦਮ ਉਤਰ ਗਿਐ ਜਿਸ ਤਰ੍ਹਾਂ ਕੋਈ ਮਹੀਨਿਆਂ ਦਾ ਬੀਮਾਰ ਹੁੰਦੈ।”
“ਨਹੀਂ ਜੀ, ਹੁਣ ਮੈਂ ਬਿਲਕੁਲ ਠੀਕ ਹਾਂ। ਐਵੇਂ ਜ਼ਰਾ ਮਾਸਾ ਕਮਜ਼ੋਰੀ ਹੈ, ਜਿਹੜੀ ਦੋ ਚਾਰ ਦਿਨਾਂ ਵਿਚ ਠੀਕ ਹੋ ਜਾਵੇਗੀ।”
“ਚੰਗਾ ਤੇਰੀ ਮਰਜ਼ੀ” ਚਾਬੀਆਂ ਦਾ ਗੁੱਛਾ ਉਸ ਨੂੰ ਫੜਾ ਕੇ ਅਤਰ ਸਿੰਘ ਨੇ ਕਿਹਾ, “ਕਰਾਚੀ ਤੋਂ ਘੜੀਆਂ ਦਾ ਇਕ ਪਾਰਸਲ ਸੈਂਟਰਲ ਬੈਂਕ ਦੀ ਮਾਰਫਤ ਆਇਆ ਪਿਐ, ਅਜ ਕਿਸੇ ਵੇਲੇ ਜਾ ਕੇ ਉਹ ਲੈ ਆਵੀਂ, ਮੈਂ ਰਤਾ ਚਿਰਾਕਾ ਹੇਠਾਂ ਉਤਰਾਂਗਾ, ਪੇਟ ਵਿਚ ਕਲ੍ਹ ਦੀ ਕੁਝ ਤਕਲੀਫ ਏ।”
“ਕਿੰਨੀ ਪੈਮੇਂਟ ਕਰਨ ਏਂ ਜੀ ?
“ਸੋਲ੍ਹਾਂ ਸੌ। ਪੇਟੀ ਦੇ ਹੇਠਲੇ ਖ਼ਾਨੇ ਵਿਚ ਉਸਦੇ ਛੋਟੇ ਡੱਬੇ ਵਿਚ ਸੌ ਸੌ ਦੇ ਨੋਟ ਪਏ ਨੇ — ਲੈ ਜਾਈਂ।’
“ਚੰਗਾ ਜੀ” ਕਹਿ ਕੇ ਉਹ ਹੇਠਾਂ ਉਤਰਿਆ, ਤੇ ਦੁਕਾਨ ਖੋਲ੍ਹ ਕੇ ਬਹੁਕਰ ਬੁਹਾਰੀ ਕਰਨ ਲਗਾ।
ਕੰਮ ਬਹੁਤ ਸਾਰਾ ਇਕੱਠਾ ਹੋਇਆ ਪਿਆ ਸੀ। ਹਿਸਾਬ ਕਿਤਾਬ ਤੋਂ ਛੂਟ ਬਹੁਤ ਸਾਰੀਆਂ ਘੜੀਆਂ ਤੇ ਦੋ ਤਿੰਨ ਵੱਡੇ ਕਾਲਾਕ ਵੀ ਮੁਰੰਮਤ ਲਈ ਆਏ ਪਏ ਸਨ। ਉਹ ਕੰਮ ਵਿਚ ਰੁੱਝ ਗਿਆ। ਉਸ ਦੀ ਸਲਾਹ ਸੀ ਕਿ ਸ਼ਾਮ ਤਕ ਬਹੁਤ ਸਾਰਾ ਕੰਮ ਮੁਕਾ ਲਵੇਗਾ, ਇਸ ਲਈ ਉਸ ਨੇ ਦੁਪਹਿਰਾਂ ਦੀ ਰੋਟੀ ਵੀ ਨਾ ਖਾਧੀ। ਪਰ ਬੈਂਕ ਵਿਚ ਜਾਣਾ ਜ਼ਰੂਰੀ ਸੀ । ਦੁਪਹਿਰ ਦੇ ਕੋਈ ਡੇਢ ਕੁ ਵਜੇ ਉਸ ਨੇ ਪੇਟੀ ਖੋਲ੍ਹਕੇ ਰੁਪਏ ਕੱਢੇ, ਤੇ ਮਾਲਕ ਨੂੰ ਦੁਕਾਨ ਤੇ ਬਿਠਾਣ ਲਈ ਉਪਰ ਚੜ੍ਹਿਆ, ਪਰ ਉਸ ਨੂੰ ਦੁਕਾਨ ਬੰਦ ਕਰਨੀ ਪਈ – ਅਤਰ ਸਿੰਘ ਨੂੰ ਤਕਲੀਫ਼ ਕੁਝ ਜ਼ਿਆਦਾ ਸੀ।
ਦੁਕਾਨ ਦੇ ਤਾਕ ਭੀੜ ਕੇ ਉਹ ਬੈਂਕ ਵਲ ਜਾ ਰਿਹਾ ਸੀ ਕਿ ਰਸਤੇ ਵਿਚ ਉਸ ਨੂੰ ਵਿਦਿਆ ਤੇ ਬਸੰਤ ਦੋਵੇਂ ਭੈਣ ਭਰਾ ਆਉਂਦੇ ਦਿੱਸੇ।
“ਭਰਾ ਜੀ” ਵਿਦਿਆ ਨੇ ਆਉਂਦਿਆਂ ਹੀ ਉਸ ਦੇ ਲੱਕ ਨੂੰ ਜੱਫੀ ਪਾ ਕੇ ਪੁੱਛਿਆ, “ਤੁਸੀਂ ਕਿਥੇ ਚਲੇ ਗਏ ਸਾਓ ?”
“ਇਕ ਕੰਮ ਪੈ ਗਿਆ ਸੀ ਵਿੱਦੋ” ਕਿਦਾਰ ਨੇ ਉਸ ਦੇ ਸਿਰ ਤੇ ਹੱਥ ਫੇਰਦਿਆਂ ਕਿਹਾ।
“ਵੀਣੀ ਭੈਣ ਤੁਹਾਨੂੰ ਬਹੁਤ ਯਾਦ ਕਰਦੀ ਗਈ” ਬਸੰਤ ਨੇ ਉਸ ਦਾ ਹੱਥ ਫੜ ਕੇ ਕਿਹਾ।
“ਡੋਲੀ ਚੜ੍ਹਦਿਆਂ ਤੋੜੀ ਵਿਚਾਰੀ ਪੁੱਛਦੀ ਰਹੀ ਸੀ” ਵਿਦਿਆ ਨੇ ਬਸੰਤ ਦੀ ਪੁਸ਼ਟੀ ਵਿਚ ਕਿਹਾ। ਕਿਦਾਰ ਦਾ ਜਿਵੇਂ ਇਨ੍ਹਾਂ ਗੱਲਾਂ ਵਲ ਧਿਆਨ ਹੀ ਨਹੀਂ ਸੀ।
ਉਸ ਨੇ ਵਿਦਿਆ ਨੂੰ ਪੁੱਛਿਆ, “ਕਿਥੇ ਚੱਲੇ ਜੇ ਤੁਸੀਂ ?”
“ਤੁਹਾਨੂੰ ਸੱਦਣ, ਬੇ ਜੀ ਬੜੇ ਉਦਾਸ ਨੇ” ਵਿੱਦਿਆ ਨੇ ਗੰਭੀਰ ਆਵਾਜ਼ ਵਿਚ ਕਿਹਾ।
“ਚੰਗਾ ਚਲੋ ਤੁਸੀਂ, ਮੈਂ ਬੈਂਕ ‘ਚੋਂ ਹੋ ਕੇ ਆਉਨਾ ਵਾਂ।”
“ਨਾ ਨਾ, ਬੇ ਜੀ ਕਹਿੰਦੇ ਸਨ ਜ਼ਰੂਰ ਨਾਲ ਲੈ ਕੇ ਆਉਣਾ।”
“ਪਰ ਵਿੱਦੋ, ਬੈਂਕ ਬੰਦ ਹੋ ਜਾਏਗਾ।”
“ਉਹ ਜਾਣੇ ਮੈਂ ਨਹੀਂ ਜਾਣ ਦੇਣਾ। ਬੇ ਜੀ ਰੋਂਦੇ ਪਏ ਨੇ।”
“ਰੋਂਦੇ ਪਏ ਨੇ ? ਕਿਉਂ ?”
“ਪਤਾ ਨਹੀਂ। ਇਕ ਲਾਲਾ ਜਿਹਾ ਕਿਹੜੇ ਵੇਲੇ ਦਾ ਆ ਕੇ ਬੈਠਾ ਹੋਇਆ ਵੇ । ਉਹ ਬੇ ਜੀ ਨੂੰ ਬੜਾ ਗੁੱਸਾ ਹੋਣ ਡਿਹਾ ਹੋਇਆ ਵੇ ।”
“ਲਾਲਾ ਜਿਹਾ ? ਕੌਣ ਏ ਉਹ ?”
“ਪਤਾ ਨਹੀਂ। ਬੇ ਜੀ ਨੂੰ ਕਹਿੰਦਾ ਸੀ, ਮੈਂ ਕੁਰਕੀ ਕਰਾ ਦਿਆਂਗਾ।” ਤੇ ਬੋਲਦੀ ਬੋਲਦੀ ਵਿੱਦਿਆ ਬੁਸਕਣ ਲਗ ਪਈ।
“ਕੁਰਕੀ” ਦਾ ਲਫ਼ਜ਼ ਸੁਣ ਕੇ ਕਿਦਾਰ ਨੂੰ ਬੈਂਕ ਦਾ ਚੇਤਾ ਭੁੱਲ ਗਿਆ, ਤੇ ਉਹ ਬਿਨਾਂ ਹੋਰ ਕੁਝ ਸੁਣਿਆਂ ਦੁਹਾਂ ਬਾਲਾਂ ਨਾਲ ਘਰ ਵਲ ਤੁਰ ਪਿਆ।
ਘਰ ਜਾ ਕੇ ਉਸ ਵੇਖਿਆ, ਮਾਇਆ ਸਚ ਮੁੱਚ ਰੋ ਰਹੀ ਸੀ।
“ਕਿਉਂ ਬੇ ਜੀ” ਕਿਦਾਰ ਉਸ ਦੀਆਂ ਅੱਖਾਂ ਅੱਗੋਂ ਦੁਪੱਟੇ ਦਾ ਪੱਲਾ- ਜਿਹੜਾ ਅੱਥਰੂਆਂ ਨਾਲ ਭਿੱਜਾ ਹੋਇਆ ਸੀ – ਹਟਾਂਦਾ ਹੋਇਆ ਬੋਲਿਆ, “ਕੀ ਗੱਲ मी ?”
ਕਿਦਾਰ ਨੂੰ ਵੇਖਦਿਆਂ ਹੀ ਮਾਇਆ ਦੇ ਅੱਥਰੂ ਖੁਸ਼ਕ ਹੋ ਗਏ ਉੱਤਰ ਦੇਣ ਦੀ ਥਾਂ ਸਗੋਂ ਉਸ ਨੇ ਪ੍ਰਸ਼ਨ ਕੀਤਾ, “ਤੂੰ ਕਿਥੇ ਚਲਾ ਗਿਆ ਸੈਂ ?”
“ਪਿੱਛੋਂ ਦੱਸਾਂਗਾ, ਪਹਿਲਾਂ ਤੁਸੀਂ ਦੱਸੋ। ਕੌਣ ਸੀ, ਉਹ ਜਿਹੜਾ ਕਹਿੰਦਾ 1″ नी
ਮਾਇਆ ਨੇ ਗਲਾ ਸਾਫ਼ ਕਰ ਕੇ ਕਹਿਣਾ ਸ਼ੁਰੂ ਕੀਤਾ, “ਕੀ ਦੱਸਾਂ ਕਿਦਾਰ, ਇਕ ਬਿਪਤਾ ਟਲਦੀ ਨਹੀਂ, ਦੂਜੀ ਹੋਰ ਆ ਪੈਂਦੀ ਏ। ਮੇਰੇ ਅੱਗੇ ਤਾਂ ਵੀਣੀ ਦੇ ਭਾਪੇ ਨੇ ਕਦੀ ਜ਼ਿਕਰ ਹੀ ਨਹੀਂ ਕੀਤਾ।”
“ਪਰ ਗੱਲ ਕੀ ਸੀ ?”
“ਗੋਲੜੇ ਦਾ ਉਹ ਜਿਹੜਾ ਕੋਈ ਸ਼ਾਹੂਕਾਰ ਏ, ਸ਼ਾਮੂਸ਼ਾਹ ਕਿ ਖਬਰੇ ਕੀ ਨਾਂ ਸੂ, ਉਸ ਦਾ ਮੁਨਸ਼ੀ ਆਇਆ ਸੀ ।”
“ਕੀ ਕਹਿੰਦਾ ਸੀ ?”
“ਕਹਿੰਦਾ ਸੀ ਅਖੇ ਤੁਸਾਂ ਸਾਡਾ ਕਰਜ਼ ਦੇਣਾ ਵੇ।”
“ਕਰਜ਼ ? ਕਿਸ ਗੱਲ ਦਾ ਕਰਜ਼ ? ਕਿਥੇ ਐ ਉਹ ?”
“ਹੁਣੇ ਫੇਰ ਆਵੇਗਾ।”
‘ਕਿੰਨਾ ਕੁ ਕਰਜ਼ ਦਸਦਾ ਸੀ ?”
“ਥੋੜ੍ਹਾ ਥਿਕੜਾ ਵੀ ਤੇ ਨਹੀਂ ਦਸਦਾ – ਢਾਈ ਹਜ਼ਾਰ ।”
“ਢਾਈ ਹਜ਼ਾਰ !” ਕਿਦਾਰ ਦੇ ਜੁੱਸੇ ‘ਚੋਂ ਜਿਵੇਂ ਕਿਸੇ ਨੇ ਸਾਰੀ ਰੱਤ ਚੂਸ ਲਈ।
ਅਜੇ ਇਹੋ ਗੱਲਾਂ ਹੋ ਰਹੀਆਂ ਸਨ ਕਿ ਇਕ ਮਧਰਾ ਚੁਸਤ ਜਿਹਾ ਆਦਮੀ ਇਕ ਮੋਟੀ ਸਾਰੀ ਵਹੀ ਕੱਛੇ ਮਾਰੀ ਅੰਦਰ ਦਾਖ਼ਲ ਹੋਇਆ। ਮਾਇਆ ਨੇ ਅੱਖ ਦੇ ਇਸ਼ਾਰੇ ਨਾਲ ਕਿਦਾਰ ਨੂੰ ਸਮਝਾ ਦਿਤਾ ਕਿ ਇਹੋ ਹੈ।
“ਆਓ ਲਾਲਾ ਜੀ, ਕੀ ਗੱਲ ਏ ?” ਕਿਦਾਰ ਨੇ ਡਰੀ ਹੋਈ ਨਜ਼ਰ ਨਾਲ ਉਸ ਵੱਲ ਤੱਕ ਕੇ ਪੁੱਛਿਆ।
“ਇਨ੍ਹਾਂ ਨੂੰ ਹੀ ਉਡੀਕਦੇ ਸਾਓ ?” ਕਿਦਾਰ ਦੀ ਗੱਲ ਦਾ ਉੱਤਰ ਦੇਣ ਦੀ ਥਾਂ ਉਸ ਓਪਰੇ ਆਦਮੀ ਨੇ ਮਾਇਆ ਵਲ ਤੱਕ ਕੇ ਪੁੱਛਿਆ। ਤੇ ਮਾਇਆ ਦਾ ‘ਹਾਂ’ ਵਿਚ ਉੱਤਰ ਸੁਣ ਕੇ ਉਹ ਕਿਦਾਰ ਨੂੰ ਕਹਿਣ ਲੱਗਾ, “ਬਾਬੂ ਸਾਹਬ, ਵੇਖੋ ਨਾ, ਤੁਸੀਂ ਆਪ ਸਿਆਣੇ ਜੇ । ਵਿਹਾਰ ਹੋਰ ਚੀਜ਼ ਹੁੰਦੀ ਏ ਤੇ ਲਿਹਾਜ਼ ਹੋਰ ਚੀਜ਼। ਸਾਡੀ ਦੁਕਾਨ ਨਾਲ ਲਾਲਾ ਪੰਨਾ ਲਾਲ ਹੋਰਾਂ ਦੀ ਥੋੜੇ ਚਿਰ ਦੀ ਸਾਂਝ ਨਹੀਂ, ਦਸ ਬਾਰਾਂ ਵਰ੍ਹੇ ਤੋਂ ਬੜੀ ਚੰਗੀ ਨਿਭਦੀ ਆਈ ਐ। ਉਨ੍ਹਾਂ ਦੀ ਪਿੱਠ ਪਈ ਸੁਣਦੀ ਏ, ਆਦਮੀ ਉਹ ਨਿਰਾ ਪਾਸੇ ਦਾ ਸੋਨਾ ਏ। ਪਰ ਤੁਸੀਂ ਜਾਣਦੇ ਓ, ਗਰੀਬੀ ਸਰੀਬੀ ਹਰ ਕਿਸੇ ਤੇ ਆਉਂਦੀ ਏ, ਹੋਣੀ ਰਾਜਿਆਂ ਰਾਣਿਆਂ ਤੇ ਨਹੀਂ ਟਲਦੀ। ਨਹੀਂ ਤੇ ਇਹ ਦੋ ਢਾਈ ਹਜ਼ਾਰ ਦੀ ਰਕਮ ਵੀ ਕੋਈ ਰਕਮ ਸੀ ? ਸ਼ਾਹ ਜੀ, ਤੁਸਾਂ ਇਤਬਾਰ ਨਹੀਂ ਕਰਨਾ, ਹਜ਼ਾਰਾਂ ਰੁਪਈਏ ਅੰਦਰ ਵੜ ਕੇ ਦਿਤੇ, ਅੰਦਰ ਵੜ ਕੇ ਲਏ। ਕਦੀ ਕਿਸੇ ਦੂਜੇ ਕੰਨ ਭਿਣਕ ਤਕ ਨਹੀਂ ਸੀ ਪਈ। ਵਿਚਾਰੇ ਦੀ ਕਿਸਮਤ ਜੁ ਹਾਰ ਗਈ, ਵਪਾਰ ਤੇ ਹੈ ਈ ਜੂਆ — ਦਾਅ ਸਿੱਧਾ ਪੈ ਗਿਆ ਤੇ ਪਉਂ ਬਾਰਾਂ, ਜੇ ਉਲਟਾ ਪੈ ਗਿਆ ਤਾਂ ਤਿੰਨੇ ਕਾਣੇ। ਪਰ ਵੇਖੋ ਨਾ, ਤੁਸੀਂ ਦਾਨਾ ਹੋ, ਸਿਆਣਿਆਂ ਦਾ ਆਖਣਾ ਏ ਸਾਜਨ ਛੇੜੀਏ ਰੰਗ ਸਿਉਂ, ਫਿਰ ਵੀ ਆਵੇ ਕਾਮ। ਸਾਡੇ ਮਾਲਕ ਨਾਲ ਪੰਨਾ ਲਾਲ ਹੋਰਾਂ ਦੀ ਚਿਰੋਕੀ ਸਾਂਝ ਏ। ਇਤਨੀ ਨਿੱਕੀ ਜਿਹੀ ਰਕਮ ਬਦਲੇ ਤੇ ਕਦੇ ਵਹੀ ਉਤੇ ਲੀਕ ਨਹੀਂ ਸੀ ਪਾਈ — ਹੱਥ ਰੋਕੀ ਲੈ ਜਾਣੇ ਹੱਥ ਰੋਕੀ ਦੇ ਜਾਣੇ, ਪਰ ਕੰਮ ਖਲੋ ਜਾਣ ਕਰਕੇ ਰਹਿੰਦੀ ਰਹਿ ਗਈ। ਅਜੇ ਵੀ ਤੌਖਲੇ ਵਾਲੀ ਗੱਲ ਤੇ ਨਹੀਂ ਸੀ, ਵਡੇ ਘਰਾਂ ਦੀਆਂ ਘਰੋੜੀਆਂ ਵੀ ਮਾਣ ਨਹੀਂ ਹੁੰਦੀਆਂ, ਪਰ ਤੁਸੀਂ ਜਾਣਦੇ ਓ ਜਦ ਰਕਮ ਦੀ ਮਿਆਦ ਪੁਗਣ ਲਗੇ ਤਾਂ ਕੁਝ ਨਾ ਕੁਝ ਕਰਨਾ ਈ ਪੈਂਦਾ ਏ।”
ਮੁਨਸ਼ੀ ਦੀਆਂ ਗੱਲਾਂ ਸੁਣਕੇ ਮਾਮਲਾ ਕਿਦਾਰ ਦੀ ਸਮਝ ਵਿਚ ਆ ਗਿਆ — ਖ਼ਾਸ ਕਰਕੇ ਉਸ ਦੀ ਛੇਕੜਲੀ ਗਲ ‘ਕੁਝ ਨਾ ਕੁਝ ਤੇ ਕਰਨਾ ਹੀ ਪੈਂਦਾ ਹੈ’ ਦਾ ਮਤਲਬ ਤਾਂ ਸਾਫ਼ ਸੀ — ਕਾਨੂੰਨੀ ਚਾਰਾਚੋਈ ਦੀ ਧਮਕੀ।
ਇਸ ਤੋਂ ਬਾਅਦ ਮੁਨਸ਼ੀ ਨੇ ਵਹੀ ਫੋਲ ਕੇ ਸਾਰੀ ਰਕਮ ਵੇਰਵੇ ਨਾਲ ਸੁਣਾ ਦਿਤੀ — ਇਤਨਾ ਅਸਲ ਤੇ ਇਤਨਾ ਸੂਦ — ਕੁਲ ਮਿਲਾ ਕੇ ਬਣੇ ਪੰਝੀ ਸੌ ਬਾਰਾਂ ਰੁਪਏ ਨੌ ਆਨੇ । ਰਕਮ ਦੇ ਹੇਠਾਂ ਪੰਨਾ ਲਾਲ ਦੇ ਦਸਤਖਤ ਮੌਜੂਦ ਸਨ। ਹੀਲ ਹੁੱਜਤ ਦੀ ਰਤੀ ਭਰ ਗੁੰਜਾਇਸ਼ ਨਹੀਂ ਸੀ।
“ਤੁਹਾਨੂੰ ਇਸ ਬਾਰੇ ਕੁਝ ਵੀ ਇਲਮ ਨਹੀਂ ਬੇ ਜੀ ?” ਕਿਦਾਰ ਨੇ ਚਿੰਤਾਤੁਰ ਹੋ ਕੇ ਮਾਇਆ ਨੂੰ ਪੁਛਿਆ। ਉਹ ਬੋਲੀ, “ਮੇਰੇ ਅਗੇ ਤੇ ਉਨ੍ਹਾਂ ਕਦੀ ਜ਼ਿਕਰ ਤਕ ਨਹੀਂ ਕੀਤਾ। ਘਰ ਦੀ ਹੋਵੇ ਭਾਵੇਂ ਬਾਹਰ ਦੀ ਰਤੀ ਰਵਾਲ ਗੱਲ ਉਹ ਮੇਰੇ ਅਗੇ ਕਰ ਦੇਂਦੇ ਸਨ, ਪਰ ਇਸ ਬਾਰੇ ਤੇ ਉਨ੍ਹਾਂ ਕਦੀ ਕੁਝ ਦਸਿਆ ਨਹੀਂ ਸੀ।”
“ਚੰਗਾ ਲਾਲਾ ਜੀ” ਕਿਦਾਰ ਨੇ ਨਰਮ ਸ਼ਬਦਾਂ ਵਿਚ ਮੁਨਸ਼ੀ ਨੂੰ ਕਹਿਣਾ ਸ਼ੁਰੂ ਕੀਤਾ, “ਸਾਨੂੰ ਚਿੱਠੀ ਪਾ ਕੇ ਇਕ ਵਾਰੀ ਪੁਛ ਲੈਣ ਦਿਓ। ਅੱਜ ਤੋਂ ਪੰਜਵੇਂ ਛੀਵੇਂ ‘ਦਿਨ ਬੰਬਈਓਂ ਜੁਆਬ ਆ ਜਾਵੇਗਾ, ਫੇਰ ਜਿਵੇਂ ਤੁਸੀਂ
ਉਸ ਦੀ ਗੱਲ ਟੋਕ ਕੇ ਮੁਨਸ਼ੀ ਬੋਲਿਆ, “ਵੇਖੋ ਸ਼ਾਹ ਜੀ, ਸਿਆਣਿਆਂ ਦਾ ਅਖਾਣ ਏਂ, ਅਖੇ ਸਖੀ ਨਾਲੋਂ ਸੂਮ ਭਲਾ ਜਿਹੜਾ ਤੁਰਤ ਦੇਵੇ ਜੁਆਬ। ਰਕਮ ਦੀ ਮਿਆਦ ਜੇ ਪੁਗੀ ਹੋਈ, ਦਿਨ ਸਿਰਫ਼ ਤਿੰਨ ਬਾਕੀ ਨੇ, ਤੇ ਅਗੋਂ ਆ ਜਾਣੀਆਂ ਨੇ ਤਤੀਲਾਂ। ਜੇ ਹਿਸਾਬ ਵਿਚ ਕੱਚੀ ਕੌਡੀ ਦਾ ਫ਼ਰਕ ਨਿਕਲੇ ਤਾਂ ਸੌ ਸਾਲ ਬਾਅਦ ਵੀ ਲੈਣੀ ਦੇਣੀ। ਬਾਕੀ ਜੇ ਤੁਸੀਂ ਕਹੋ ਸਹਾਰੇ ਵਾਲੀ ਗੱਲ, ਤਾਂ ਇਹ ਕਿਸੇ ਨਹੀਂ ਜੇ ਮੰਨਣੀ।”
“ਪਰ ਮੁਨਸ਼ੀ ਜੀ, ਆਖਰ ਪੁਛਣਾ ਤੇ ਜ਼ਰੂਰੀ ਏ ਨਾ, ਮੰਨ ਲਿਆ ਕਿ ਤੁਹਾਡਾ ਹਿਸਾਬ ਬਿਲਕੁਲ ਠੀਕ ਹੋਵੇਗਾ, ਫਿਰ ਵੀ ਤਸੱਲੀ ਕਰਨ ਵਿਚ ਕੋਈ ਹਰਜ ਨਹੀਂ।”
“ਤਸੱਲੀ ਜੰਮ ਜੰਮ ਕਰੋ। ਐਹ ਵੇਖੋ ਪੰਨਾ ਲਾਲ ਹੋਰਾਂ ਦੇ ਦਸਖਤ। ਏਦੂੰ ਵਧ ਤਸੱਲੀ ਹੋਰ ਕੀ ਹੋ ਸਕਦੀ ਏ। ਬਾਕੀ ਜੇ ਤੁਸਾਂ ਉਨ੍ਹਾਂ ਨੂੰ ਪੁਛਣਾ ਏਂ ਤਾਂ ਜੰਮ ਜੰਮ ਪੁਛੋ, ਪਰ ਗੁਸਾ ਨਾ ਕਰਨਾ ਦਾਹਵਾ ਭਲਕੇ ਜ਼ਰੂਰ ਹੋ ਜਾਣਾ ਜੇ । ਰੁਪਈਆ ਦੋ ਢਾਈ ਸੌ ਹੋਰ ਚੜ੍ਹ ਜਾਵੇਗਾ ਮੇਰਾ ਤੇ ਕੋਈ ਹਰਜ ਨਹੀਂ।”
ਐਤਕੀਂ ਮੁਨਸ਼ੀ ਦੀ ਆਵਾਜ਼ ਵਿਚ ਤੇਜ਼ੀ, ਤੇ ਰਵੱਈਏ ਵਿਚ ਰੋਅਬ ਸੀ।
ਕਿਦਾਰ ਡੂੰਘੀ ਸੋਚ ਵਿਚ ਪੈ ਗਿਆ। ਉਧਰ ਮਾਇਆ ਦਾ ਦਿਲ ਘੇਰਨੀਆਂ ਖਾ ਰਿਹਾ ਸੀ। ਬਹੁਤ ਸਾਰਾ ਸੋਚਣ ਤੋਂ ਬਾਅਦ ਕਿਦਾਰ ਬੋਲਿਆ, “ਚੰਗਾ ਫਿਰ ਐਉਂ ਕਰੋ, ਰਕਮ ਤੁਸੀਂ ਨਵੀਂ ਕਰ ਲਉ। ਇਸ ਤਰ੍ਹਾਂ ਤੁਹਾਡੀ ਮਿਆਦ ਨੂੰ ਵੀ ਕੋਈ ਖ਼ਤਰਾ ਨਹੀਂ ਰਹੇਗਾ।”
ਹਾਕਮਾਨਾ ਜਿਹਾ ਹਾਸਾ ਹੱਸ ਕੇ ਮੁਨਸ਼ੀ ਬੋਲਿਆ, “ਲਾਲਾ ਜੀ, ਕੀ ਭੋਲੀਆਂ ਗੱਲਾਂ ਕਰਦੇ ਜੇ। ਅਖੇ ਇਆਣਾ ਗੱਲ ਕਰੇ ਤੇ ਸਿਆਣਾ ਕਿਆਸ ਕਰੇ। ਭਲਾ ਥੁਕੀਂ ਵੜੇ ਵੀ ਪਕਦੇ ਹੁੰਦੇ ਨੇ ਕਦੀ ?”
“ਕੀ ਮਤਲਬ ਏ ਤੁਹਾਡਾ ?”
“ਮਤਲਬ ਇਹੋ ਕਿ ਜੇ ਅਸੀਂ ਲੋਕ ਬਿਨਾਂ ਵਸੂਲੀ ਤੋਂ ਸਿਰਫ ਰਕਮਾਂ ਹੀ ਨਵੀਆਂ ਕਰਾਂਦੇ ਚਲੇ ਜਾਈਏ ਤਾਂ ਫੇਰ ਪੂਰੀਆਂ ਪੈ ਗਈਆਂ। ਨਾਲੇ ਵੇਖੋ ਨਾ ਸ਼ਾਹ ਜੀ, ਬੀਜ ਆਦਮੀ ਉਥੇ ਹੀ ਸੁੱਟਦਾ ਏ, ਜਿਥੇ ਉੱਗਣ ਦੀ ਉਮੀਦ ਹੋਵੇ। ਏਡਾ ਅਕਲ ਦਾ ਅੰਨ੍ਹਾ ਕਿਹੜਾ ਏ ਜਿਹੜਾ ਬੰਜਰ ਵਿਚ ਸੁਟੀ ਜਾਏਗਾ। ਅਗੇ ਤੇ ਭਲਾ ਆਖਿਆ ਕਾਰੋਬਾਰ ਚਲਦਾ ਸੀ। ਵਗਦੇ ਦਰਿਆ ਵਿਚੋਂ ਭਾਂਡਾ ਭਰਿਆ ਜਾਂਦਾ ਏ, ਪਰ ਹੁਣ ਤੁਸੀਂ ਜਾਣਦੇ ਹੋ, ਪੰਨਾ ਲਾਲ ਆਪ, ਸਮਝੋ ਮਾਮੂਲੀ ਤਨਖਾਹ ਉਤੇ ਦੇਸੀਂ ਪ੍ਰਦੇਸ਼ੀਂ ਰੁਲਦੇ ਫਿਰਦੇ ਨੇ। ਵੇਖੋ ਜੀ, ਬੇਅਦਬੀ ਮਾਫ, ਜੇ ਕਲ੍ਹ ਕਲੋਤਰ ਨੂੰ ਇਹ ਬੀਬੀ ਛੰਨ ਛੱਪਰੀ ਬਿਲੇ ਲਾ ਕੇ ਤੁਰਦੀ ਬਣੇ ਤਾਂ ਅਸੀਂ ਤੇ ਫਿਰ ਰਹਿ ਗਏ ਨਾ ਭਰੇ ਘਰੋਂ ਸੱਖਣੇ।”
ਕਿਦਾਰ ਨੇ ਵੇਖਿਆ, ਮੁਨਸ਼ੀ ਕੱਚੀਆਂ ਗੋਲੀਆਂ ਨਹੀਂ ਖੇਡਿਆ ਹੋਇਆ। ਉਸ ਨੂੰ ਰਕਮ ਦੀ ਵਸੂਲੀ ਦਾ ਇਤਨਾ ਫ਼ਿਕਰ ਨਹੀਂ ਜਿੰਨਾ ਇਸ ਦੇ ਡੁਬਣ ਦਾ ਤੌਖਲਾ। ਤੇ ਸ਼ਾਇਦ ਇਹੋ ਕਾਰਨ ਹੈ ਕਿ ਉਸਨੇ ਜਾਣ ਬੁਝ ਕੇ ਉਦੋਂ ਆਣ ਸ਼ਕਲ ਵਿਖਾਈ ਹੈ ਜਦੋਂ ਰਕਮ ਦੀ ਮਿਆਦ ਐਨ ਪੁਗਣ ਵਾਲੀ ਹੋ ਗਈ ਸੀ।
“ਤਾਂ ਹੁਣ ਤੁਸੀਂ ਚਾਹੁੰਦੇ ਕੀ ਹੋ ?” ਕਿਦਾਰ ਨੇ ਪੁਛਿਆ। ਮਾਇਆ ਦੀ ਤਾਂ ਜਿਵੇਂ ਹੋਸ਼ ਹੀ ਟਿਕਾਣੇ ਨਹੀਂ ਸੀ।
“ਸ਼ਾਹ ਜੀ” ਮੁਨਸ਼ੀ ਨੇ ਹੋਰ ਪਕੇਰਾ ਹੋ ਕੇ ਕਿਹਾ, “ਐਸ ਕੰਨੋਂ ਸੁਣੋ ਭਾਵੇਂ ਓਸ ਕੰਨੋਂ। ਹੁਣ ਨਰਦ ਦੇ ਥਾਂ ਕੋਲਾ ਰਖਿਆਂ ਕੰਮ ਨਹੀਂ ਜੋ ਸਰਨਾ। ਔਖੇ ਹੋਵੇ ਭਾਵੇਂ ਸੁਖਾਲੇ, ਰਕਮ ਦਾ ਭੁਗਤਾਨ ਤੁਹਾਨੂੰ ਕਰਨਾ ਈ ਪਵੇਗਾ। ਨਹੀਂ ……”
“ਨਹੀਂ ਤੇ ਕੀ ?”
“ਮਾਮਲਾ ਅਦਾਲਤ ਵਿਚ ਜਾਏਗਾ।”
“ਇਸ ਦਾ ਮਤਲਬ ਇਹ ਹੋਇਆ ਕਿ ਜਿਸ ਆਦਮੀ ਨਾਲ ਤੁਹਾਡਾ ਇਤਨਾ ਪੁਰਾਣਾ ਵਿਹਾਰ ਸੀ — ਜਿਸ ਪਾਸੋਂ ਤੁਸਾਂ ਹਜ਼ਾਰਾਂ ਰੁਪਏ ਕਮਾਏ ਹੋਣਗੇ, ਅਜ ਤੁਸੀਂ ਉਸ ਦੀ ਘਰਵਾਲੀ ਨੂੰ ਅਦਾਲਤ ਵਿਚ ਘਸੀਟ ਕੇ ਉਸਦੀ ਇੱਜ਼ਤ ਬਰਬਾਦ ਕਰਨ ਤੇ ਉਤਾਰੂ ਹੋ ਗਏ ਹੋ।” ਕਿਦਾਰ ਦੇ ਸ਼ਬਦਾਂ ਵਿਚ ਤਲਖ਼ੀ ਆ ਰਹੀ ਸੀ।
“ਜੋਸ਼ ਵਿਚ ਆਉਣ ਦੀ ਲੋੜ ਨਹੀਂ ਸ਼ਾਹ ਜੀ।” ਮੁਨਸ਼ੀ ਹੋਰ ਰੋਹਬ ਨਾਲ ਬੋਲਿਆ, “ਇਸ ਵਿਚ ਇੱਜ਼ਤ ਬੇਇੱਜ਼ਤੀ ਦਾ ਕੋਈ ਸੁਆਲ ਨਹੀਂ। ਇਹ ਤੇ ਵਪਾਰ ਹੈ। ਨਾਲੇ ਤੁਸੀਂ ਚੰਗੇ ਭਲੇ ਸਿਆਣੇ ਹੋ । ਸਭ ਕੁਝ ਸਮਝਦੇ ਹੋ। ਚਲਤੀ ਕਾ ਨਾਮ ਗਾੜੀ ਹੈ ਬਾਬੂ ਜੀ। ਅਸੀਂ ਲੋਕ ਜੋ ਹਜ਼ਾਰਾਂ ਰੁਪਈਏ ਅੱਖਾਂ ਮੀਟ ਕੇ ਸੁਟ ਛਡਨੇ ਆਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਉਤੇ ਅਹਿਸਾਨ ਕਰਨੇ ਆਂ, ਨਾ ਹੀ ਵਸੂਲ ਕਰਨ ਲਗਿਆਂ ਅਸੀਂ ਖ਼ਿਆਲ ਕਰਦੇ ਆਂ ਕਿ ਕੋਈ ਪੁੰਨ ਕਰ ਕੇ ਸਾਨੂੰ ਦੇ ਰਿਹੈ। ਚਲਦੇ ਕੰਮੀਂ ਹਰ ਗਲ ਦੀ ਗੁੰਜਾਇਸ਼ ਹੁੰਦੀ ਏ, ਪਰ ਜਿਸ ਦਾ ਕੰਮ ਖੜੋ ਜਾਵੇ ਉਸ ਲਈ ਕੋਈ ਗੁੰਜਾਇਸ਼ ਬਾਕੀ ਨਹੀਂ ਰਹਿੰਦੀ। ਲਿਹਾਜ਼ ਕੌਣ ਕਿਸੇ ਦਾ ਕਰਦੈ ਸ਼ਾਹ ਜੀ, ਲਿਹਾਜ਼ ਸਾਰੇ ਹੁੰਦੇ ਨੇ ਚਲਦੇ ਕੰਮਾਂ ਦੇ। ਹੁਣ ਤੇ ‘ਜਿਧਰ ਗਈਆਂ ਬੇੜੀਆਂ ਉਘਰ ਗਏ ਮਲਾਹ’, ਸਮਝੋ ਜਿਸਦੇ ਵਪਾਰ ਦਾ ਗੱਡਾ ਖੜੋ ਗਿਆ, ਉਸ ਲਈ ਸਾਰੇ ਲਿਹਾਜ਼ ਮੁਕ ਗਏ।”
ਉਸ ਦੀਆਂ ਕੋਰੀਆਂ ਤੇ ਬੇ-ਮੁਰੱਵਤ ਗਲਾਂ ਸੁਣ ਸੁਣ ਕੇ ਕਿਦਾਰ ਦੇ ਜੁੱਸੇ ਨੂੰ ਅੱਗ ਲੱਗਦੀ ਜਾ ਰਹੀ ਸੀ। ਉਸ ਦੀ ਅਣਖ ਉਸ ਨੂੰ ਟੁੰਬ ਰਹੀ ਸੀ। ਉਹ ਇਕ ਮਿੰਟ ਲਈ ਵੀ ਇਹੋ ਜਿਹੀਆਂ ਬੇਲਿਹਾਜ਼ ਗੱਲਾਂ ਸੁਣਨ ਨੂੰ ਤਿਆਰ ਨਹੀਂ ਸੀ। ਖ਼ਾਸ ਕਰਕੇ ਮਾਇਆ ਦੇ ਸਾਹਮਣੇ, ਜਿਸ ਨੂੰ ਉਹ ਧਰਮ ਦੀ ਮਾਂ ਸਮਝ ਕੇ ਪੂਜਦਾ ਸੀ, ਇਹੋ ਜਿਹੇ ਆਦਮੀ ਦਾ ਕੁਝ ਕਹਿਣਾ ਤਾਂ ਕਿਤੇ ਰਿਹਾ, ਸਾਹਮਣੇ ਬੈਠਣਾ ਵੀ ਉਸ ਲਈ ਅਸਿਹ ਸੀ। ਨਾਲ ਹੁਣ ਜਦ ਕਿ ਉਹ ਵੇਖ ਚੁਕਾ ਸੀ ਕਿ ਇਨ੍ਹਾਂ ਤਿਲਾਂ ਵਿਚ ਤੇਲ ਕੋਈ ਨਹੀਂ, ਉਸ ਨੇ ਅਣਖ ਭਰੀ ਆਵਾਜ਼ ਵਿਚ ਕਿਹਾ, “ਮੁਨਸ਼ੀ ਜੀ, ਜੇ ਤੁਹਾਨੂੰ ਇਤਨੀ ਬੇ-ਵਿਸਾਹੀ ਏ ਤਾਂ ਇਉਂ ਕਰੋ ਕਿ ਅੱਧੀ ਰਕਮ ਤੁਸੀਂ ਨਕਦ ਲੈ ਲਓ, ਤੇ ਬਾਕੀ ਲਈ ਨਵਾਂ ਅਸ਼ਟਾਮ ਲਿਖਾ ਦਿਓ ।”
ਮੁਨਸ਼ੀ ਨੇ ਜਦ ਅੱਧੀ ਰਕਮ ਦਾ ਨਾਂ ਸੁਣਿਆ, ਤਾਂ ਉਹ ਸਮਝ ਗਿਆ ਕਿ ਉਸ ਦਾ ਦਾਅ ਖ਼ਾਲੀ ਨਹੀਂ ਗਿਆ, ਤੇ ਇਹੋ ਵੇਲਾ ਸੀ, ਜਦ ਉਹ ਇਸ ‘ਅੱਧੀ’ ਨੂੰ ‘ਸਾਰੀ’ ਦੇ ਰੂਪ ਵਿਚ ਬਦਲ ਸਕਦਾ ਸੀ। ਉਧਰ ਮਾਇਆ ਨੇ ਜਦ ਕਿਦਾਰ ਦੇ ਮੂੰਹੋਂ ਇਹ ਗਲ ਸੁਣੀ ਤਾਂ ਸਹਿਮ ਨਾਲ ਕੰਬ ਉਠੀ। ਉਹ ਜਾਣਦੀ ਸੀ ਕਿ ਵੀਣਾ ਦੇ
ਵਿਆਹ ਤੋਂ ਬਾਅਦ ਉਸ ਪਾਸ ਇਕ ਪਾਈ ਵੀ ਨਹੀਂ ਬਚੀ, ਸਗੋਂ ਕੁਝ ਕਰਜ਼ਾ ਹੀ ਉਸ ਦੇ ਸਿਰ ਤੇ ਚੜ੍ਹ ਗਿਆ ਹੈ। ਉਹ ਡਰ ਰਹੀ ਸੀ ਕਿ ਜੇ ਮੁਨਸ਼ੀ ਨੇ ਕਿਦਾਰ ਦੀ ਤਜਵੀਜ਼ ਮਨਜ਼ੂਰ ਕਰ ਲਈ, ਤਾਂ ਇਹ ਅੱਧੀ ਰਕਮ ਵੀ ਕਿਥੋਂ ਆਵੇਗੀ। ਉਸ ਪਾਸ ਜੇ ਕੋਈ ਅਖ਼ੀਰੀ ਚਾਰਾ ਸੀ, ਤਾਂ ਇਹੋ ਕਿ ਇਸ ਮਕਾਨ ਨੂੰ ਵੇਚ ਵੱਟ ਕੇ ਕੁਝ ਨਿਪਟਾਰਾ ਭਾਵੇਂ ਹੋ ਸਕੇ।
ਮੁਨਸ਼ੀ ਬੋਲਿਆ, “ਭਲਾ ਸ਼ਾਹ ਜੀ, ਤੁਹਾਨੂੰ ਪਰਵਾਹ ਏ ਕਿਸੇ ਗੱਲ ਦੀ ? ਅੱਧੀ ਕੀ ਤੇ ਸਾਰੀ ਕੀ। ਜਿਥੇ ਅੱਧੀ ਦਾ ਬੰਦੋਬਸਤ ਕਰੋਗੇ ਉਥੇ ਇਕ ਹੰਭਲਾ ਹੋਰ ਮਾਰ ਛਡਣਾ।”
ਕਿਦਾਰ ਨੇ ਇਥੋਂ ਤਕ ਵੀ ਕਹਿ ਦਿਤਾ ਕਿ ਮੁਨਸ਼ੀ ਪੰਦਰਾਂ ਸੌ ਨਕਦ ਲੈ ਕੇ ਇਕ ਹਜ਼ਾਰ ਦਾ ਵਖਰਾ ਪਰਨੋਟ ਲਿਖਵਾ ਲਵੇ, ਪਰ ਮੁਨਸ਼ੀ ਸੀ ਕਿ ਉਸਨੇ ਪੈਰਾਂ ਤੋਂ ਪਾਣੀ ਹੀ ਨਾ ਪੈਣ ਦਿਤਾ। ਅਖੀਰ ਬਹੁਤ ਕਹਿਣ ਸੁਣਨ ਤੋਂ ਬਾਅਦ ਫ਼ੈਸਲਾ ਇਸ ਗੱਲ ਤੇ ਪੱਕਾ ਹੋਇਆ, ਕਿ ਪੰਦਰਾਂ ਸੌ ਨਕਦ ਦਿਤਾ ਜਾਵੇ, ਤੇ ਬਾਕੀ ਇਕ ਹਜ਼ਾਰ ਵਿਚ ਇਹ ਮਕਾਨ ਗਹਿਣੇ ਰੱਖਿਆ ਜਾਵੇ, ਜਿਸ ਦੀ ਵਸੂਲੀ ਦੀ ਮਿਆਦ ਦੋ ਸਾਲ ਹੋਵੇਗੀ।
ਇਸ ਫੈਸਲੇ ਅਨੁਸਾਰ ਉਸੇ ਵੇਲੇ ਕਿਦਾਰ ਨੇ ਜੇਬ ‘ਚੋਂ ਪੰਦਰਾਂ ਸੌ ਦੇ ਨੋਟ ਕੱਢ ਕੇ ਮੁਨਸ਼ੀ ਨੂੰ ਦੇ ਦਿਤੇ ਉਸ ਦੀ ਵਹੀ ਵਿਚ ਇਹ ਰਕਮ ਵਸੂਲੀ ਕਰਾ ਦਿਤੀ ਗਈ। ਬਾਕੀ ਹਜ਼ਾਰ ਰੁਪਏ ਵਿਚ ਮਕਾਨ ਗਹਿਣੇ ਰੱਖਿਆ ਜਾਣਾ ਸੀ । ਸਭਿਆਰੇ ਮਕਾਨ ਦੀ ਰਜਿਸਟਰੀ ਮਾਇਆ ਦੇ ਨਾਂ ਹੋਈ ਹੋਈ ਸੀ, ਜਿਸ ਕਰਕੇ ਕੰਮ ਵਿਚ ਕਿਸੇ ਕਿਸਮ ਦੀ ਅੜਿੱਚਣ ਪੈਦਾ ਹੋਣ ਦਾ ਅੰਦੇਸ਼ਾ ਨਹੀਂ ਸੀ। ਮੁਨਸ਼ੀ ਨੇ ਕਾਹਲੀ ਮਚਾਈ ਹੋਈ ਸੀ। ਤੇ ਕਿਦਾਰ ਉਸ ਨਾਲੋਂ ਵੀ ਕਾਹਲਾ ਸੀ। ਉਹ ਜਦ ਕਿ ਹੁਣ ਮਾਲਕ ਦੇ ਪੰਦਰਾਂ ਸੌ ਰੁਪਏ ਖੁਰਦ ਬੁਰਦ ਕਰ ਚੁਕਾ ਸੀ, ਤਾਂ ਬਚਾਉ ਦਾ ਉਸ ਨੇ ਇਹੋ ਢੰਗ ਸੋਚਿਆ ਕਿ ਝਟ ਪਟ ਏਸ ਕੰਮੋਂ ਵਿਹਲਾ ਹੋ ਕੇ ਕਿਤੇ ਖਿਸਕਦਾ ਬਣੇ।
ਸੋ ਛੇਤੀ ਨਾਲ ਰਹਿਨਨਾਮੇ ਦਾ ਕਾਗਜ਼ ਖ਼ਰੀਦਿਆ ਗਿਆ, ਨਾਲ ਹੀ ਵਸੀਕਾ ਨਵੀਸ ਨੂੰ ਘਰ ਸੱਦ ਕੇ ਰਹਿਨਨਾਮਾ ਲਿਖਵਾ ਲਿਆ ਗਿਆ, ਜਿਸ ਉੱਤੇ ਇਕ ਗੁਆਹੀ ਕਿਦਾਰ ਨੇ ਪਾ ਦਿਤੀ ਤੇ ਦੂਸਰੀ ਇਕ ਹੋਰ ਹਮਸਾਏ ਨੇ।
ਹੁਣ ਕੇਵਲ ਰਹਿਨਨਾਮਾ ਤਸਦੀਕ ਕਰਵਾਣ ਦਾ ਕੰਮ ਬਾਕੀ ਸੀ, ਜਿਸ ਲਈ ਭਲਕੇ ਮਾਇਆ ਨੂੰ ਕਚਹਿਰੀ ਜਾਣਾ ਪਵੇਗਾ, ਤੇ ਬਸ ਕੰਮ ਖ਼ਤਮ ਹੋ ਜਾਏਗਾ।
ਸਾਰਾ ਕੰਮ ਖ਼ਤਮ ਹੋ ਜਾਣ ਤੋਂ ਬਾਅਦ ਮੁਨਸ਼ੀ ਭਲਕੇ ਆਉਣ ਦਾ ਇਕਰਾਰ ਕਰ ਕੇ ਤੇ ਵਹੀ ਕੱਛੇ ਮਾਰ ਕੇ ਤੁਰਦਾ ਬਣਿਆ। ਇਧਰ ਕਿਦਾਰ ਨੇ ਲੱਗਦੇ ਹੱਥ ਇਕ ਹੋਰ ਕੰਮ ਵੀ ਕਰ ਸੁਟਿਆ। ਉਸ ਨੇ ਆਪਣੇ ਮਾਲਕ ਦੇ ਨਾਉਂ ਇਕ ਚਿੱਠੀ ਲਿਖੀ, ਤੇ ਫਿਰ ਚਿੱਠੀ ਤੇ ਚਾਬੀਆਂ ਦਾ ਗੁੱਛਾ ਮਾਇਆ ਤੋਂ ਵਖਰਿਆਂ ਹੋ ਕੇ ਬਸੰਤ ਨੂੰ ਦੇ ਕੇ ਕਹਿਣ ਲੱਗਾ — “ਲੈ ਕਾਕਾ, ਇਹ ਦੋਵੇਂ ਚੀਜ਼ਾਂ ਦੌੜ ਕੇ ਸਰਦਾਰ ਦੀ ਹੱਟੀ ਦੇ ਆ। ਬੂਹਾ ਖੋਲ੍ਹ ਕੇ ਅੰਦਰ ਲੰਘ ਜਾਈਂ ਤੇ ਉੱਪਰ ਪੌੜੀਆਂ ਚੜ੍ਹ ਜਾਈਂ। ਤੇ ਆਪਣਾ ਨਾ ਪਤਾ ਜਾਂ ਮੇਰੀ ਬਾਬਤ ਕੁਝ ਨਾ ਦੱਸੀ।” ਬਸੰਤ ਚਲਾ ਗਿਆ।
ਮਾਇਆ ਇਸ ਸਾਰੇ ਕੰਮ ਨੂੰ ਜਾਦੂ ਦਾ ਖੇਲ੍ਹ ਜਾਂ ਸੁਪਨਾ ਜਿਹਾ ਸਮਝਦੀ ਹੋਈ, ਜਿਵੇਂ ਜਿਵੇਂ ਕਿਦਾਰ ਕਹਿੰਦਾ ਗਿਆ, ਕਰਦੀ ਗਈ।
17
ਵੀਣਾ ਸਹੁਰੇ ਚਲੀ ਗਈ। ਵਿਆਹ ਹੱਛੀ ਖਾਸੀ ਰੌਣਕ ਨਾਲ ਹੋਇਆ। ਦੇਣ ਦਿਵਾਣ ਦੇ ਕੰਮ ਵਿਚ ਮਾਇਆ ਨੇ ਕੋਈ ਕਸਰ ਨਹੀਂ ਰਖੀ — ਸਭ ਕੁਝ ਚੰਗਾ ਕਰ ਛਡਿਆ। ਕੁੜਮਾਂ ਦੀ ਆਸ ਨਾਲੋਂ ਜੇ ਉਹ ਵਧੀਕ ਨਹੀਂ ਦੇ ਸਕੀ ਤਾਂ ਘੱਟ ਵੀ ਨਹੀਂ ਦਿਤਾ। ਉਸ ਦੀ ਛਾਤੀ ਤੋਂ ਇਕ ਭਾਰੀ ਬੋਝ ਉਤਰ ਗਿਆ। ਵਿਚਾਰੀ ਨੂੰ ਸੁਖ ਦਾ ਸਾਹ ਆਉਣ ਹੀ ਲੱਗਾ ਸੀ ਕਿ ਇਕ ਆਫ਼ਤ ਉਸ ਦੇ ਸਿਰ ਤੇ ਹੋਰ ਆ ਟੁੱਟੀ, ਜਿਸ ਦਾ ਉਸ ਨੂੰ ਚਿਤ ਚੇਤਾ ਵੀ ਨਹੀਂ ਸੀ।
ਐਨ ਵੇਲੇ ਸਿਰ ਕਿਦਾਰ ਦੇ ਬਹੁੜ ਪੈਣ ਨਾਲ ਉਸ ਦੇ ਸਿਰੋਂ ਇਹ ਬਲਾ ਵੀ ਹਾਲ ਦੀ ਘੜੀ ਟਲ ਹੀ ਗਈ। ਭਲਕੇ ਕਚਹਿਰੀ ਜਾ ਕੇ ਉਸ ਨੇ ਮਕਾਨ ਦਾ ਰਹਿਨਨਾਮਾ ਤਸਦੀਕ ਕਰਾ ਦੇਣਾ ਹੈ ਤੇ ਬਸ। ਕਿਦਾਰ ਦੇ ਅਹਿਸਾਨਾਂ ਦਾ ਬੋਝ ਅਗੇ ਹੀ ਉਸ ਦੇ ਸਿਰ ਕੁਝ ਘਟ ਨਹੀਂ ਸੀ। ਜੇ ਉਹ ਅੱਠ ਸੌ ਦੀ ਇਕ ਮੁਠ ਰਕਮ ਲਿਆ ਕੇ ਨਾ ਦੇਂਦਾ ਤਾਂ ਵਿਆਹ ਦੀ ਮੁਹਿੰਮ ਹੀ ਕਿਥੋਂ ਫਤਹਿ ਹੋਣੀ ਸੀ। ਤੇ ਉਪਰੋਂ ਇਹ ਦੂਸਰਾ ਉਪਕਾਰ – ਪੂਰੇ ਪੰਦਰਾਂ ਸੌ ਦੀ ਰਕਮ। ਮਾਇਆ ਉਸ ਦੀ ਅਹਿਸਾਨਮੰਦੀ ਹੇਠ ਸਾਰੀ ਦੀ ਸਾਰੀ ਦੱਬੀ ਗਈ। ਉਸ ਦਾ ਰੋਮ ਰੋਮ ਕਿਦਾਰ ਨੂੰ ਅਸੀਸਾਂ ਦੇ ਰਿਹਾ ਸੀ।
ਮਾਇਆ ਨੂੰ ਕਿਦਾਰ ਉਤੇ ਇਸ ਗੱਲ ਦਾ ਬਹਤੁ ਭਾਰੀ ਗਿਲਾ ਸੀ — ਸਾਰੀ ਉਮਰ ਦਾ ਗਿਲਾ ਕਿ ਵਿਆਹ ਦੇ ਮੌਕੇ ਉਹ ਪਤਾ ਨਹੀਂ ਕਿਥੇ ਚਲਾ ਗਿਆ ਸੀ। ਅਜਿਹੇ ਵਲੇ, ਜਦ ਕਿ ਉਸ ਦਾ ਪਤੀ ਵੀ ਘਰ ਵਿਚ ਮੌਜੂਦ ਨਹੀਂ ਸੀ, ਤੇ ਜੋ ਕੁਝ ਸੀ ਕਿਦਾਰ ਹੀ ਸੀ। ਕਿਦਾਰ ਦਾ ਦੋ ਦਿਨ ਤੇ ਦੋ ਰਾਤਾਂ ਸ਼ਕਲ ਨਾ ਵਿਖਾਣਾ ਉਸ ਲਈ ਬੜੇ ਅਫ਼ਸੋਸ ਵਾਲੀ ਗੱਲ ਸੀ। ਏਦੂੰ ਵੀ ਵੱਡਾ ਦੁਖ ਉਸ ਨੂੰ ਏਸ ਗੱਲ ਦਾ ਸੀ ਕਿ ਕਿਸ ਤਰ੍ਹਾਂ ਡੋਲੀ ਚੜ੍ਹਦਿਆਂ ਤਕ ਵਿਚਾਰੀ ਵੀਣਾ ‘ਕਿਦਾਰ ਕਿਦਾਰ’ ਕੂਕਦੀ ਰਹੀ।
ਜਿਸ ਵੇਲੇ ਕਿਦਾਰ ਨੇ ਮੁਨਸ਼ੀ ਨੂੰ ਸੌ ਸੌ ਦੇ ਪੰਦਰਾਂ ਨੋਟ ਫੜਾਏ ਤੇ ਇਨ੍ਹਾਂ ਬਾਬਤ ਕੁਝ ਪੁਛਣ ਤੋਂ ਉਸ ਨੇ ਸਹੁੰ ਪਾ ਕੇ ਮਾਇਆ ਨੂੰ ਮਨ੍ਹੇ ਕਰ ਦਿਤਾ, ਤਾਂ ਮਾਇਆ ਨੂੰ ਡਰ ਜਿਹਾ ਮਹਿਸੂਸ ਹੋਣ ਲੱਗਾ, ‘ਮਤੇ ਇਹ ਰੁਪਏ ਦੁਕਾਨ ਦੇ ਹੋਣ। ਤੇ ਜੇ ਇਸ ਨੇ ਦੁਕਾਨ ਤੋਂ ਕਿਸੇ ਕੰਮ ਲਈ ਲਿਆਂਦੇ ਨੇ ਤਾਂ ਮਾਲਕ ਨੂੰ ਕੀ ਜਵਾਬ ਦੇਵੇਗਾ ?’ ਪਰ ਕਿਦਾਰ ਦੀ ਪਾਈ ਹੋਈ ਸਹੁੰ ਦੀ ਫ਼ੌਲਾਦੀ ਕੰਧ ਨੂੰ ਉਹ ਤੋੜ ਨਾ ਸਕੀ। ਜਦ ਮੁਨਸ਼ੀ ਭਲਕੇ ਆਉਣ ਦਾ ਇਕਰਾਰ ਕਰ ਕੇ, ਤੇ ਰੁਪਏ ਲੈ ਕੇ ਚਲਾ ਗਿਆ ਤਾਂ ਕਿਦਾਰ ਕੁਝ ਘਬਰਾਇਆ ਜਿਹਾ ਮੁੜ ਉਸ ਪਾਸ ਆਇਆ, ਤਾਂ ਉਹ ਪੁੱਛਣ ਲੱਗੀ, “ਕਿਦਾਰ ! ਹੱਛਾ ਇਹ ਦਸ ਕਿ ਤੂੰ ਰਿਹਾ ਕਿੱਥੇ ਦੋ ਦਿਨ ?”
ਕਿਦਾਰ ਨੇ ਕੋਈ ਉੱਤਰ ਨਾ ਦਿਤਾ। ਮਾਇਆ ਕਹਿੰਦੀ ਗਈ, “ਤੈਨੂੰ ਇਤਨਾ ਤੇ ਸੋਚਣਾ ਚਾਹੀਦਾ ਸੀ । ਪਈ ਵੀਣਾ ਤੇਰੇ ਨਾਲ ਕਿੰਨਾ ਮੋਹ ਕਰਦੀ ਸੀ । ਡੋਲੀ ਟੁਰਨ ਤੀਕ ਵਿਚਾਰੀ ਤਰਸਦੀ ਰਹੀ ਤੈਨੂੰ ਵੇਖਣ ਲਈ। ਇਸ ਤਰ੍ਹਾਂ ਵੀ ਕੋਈ ਕਰਦਾ ਵੇ ?”
ਕਿਦਾਰ ਖੁਸ਼ਕ ਹੋਠਾਂ ਉਤੇ ਜੀਭ ਫੇਰਦਾ ਹੋਇਆ ਬੋਲਿਆ, “ਕੀ ਦਸਾਂ ਬੇ ਜੀ, ਕੰਮ ਹੀ ਇਹੋ ਜਿਹਾ ਪੈ ਗਿਆ ਸੀ।”
“ਚੁਲ੍ਹੇ ‘ਚ ਪੈ ਗਏ ਕੰਮ, ਕੁੜੀ ਵਿਚਾਰੀ ਰੋ ਰੋ ਕੇ ਫਾਵੀ ਹੋ ਗਈ, ਤੇ ਇਸ ਨੂੰ ਬਸ ਕੰਮਾਂ ਦੀ ਪਈ ਹੋਈ। ਪੁੱਛ ਵਿੱਦੋ ਕੋਲੋਂ ਜਾਂ ਬਸੰਤ ਕੋਲੋਂ, ਕਿਸ ਤਰ੍ਹਾਂ ਬਿਤਾਏ ਸਨ, ਉਸ ਨੇ ਦੋ ਦਿਨ ਤੇ ਦੋ ਰਾਤਾਂ । ਝਟ ਕੁ ਹੋਵੇ ਤੇ ਆਖੇ, ‘ਬੇ ਜੀ, ਭੇਜੋ ਨਾ ਬਸੰਤ ਨੂੰ ਭਰਾ ਹੋਣਾਂ ਨੂੰ ਢੂੰਡ ਲਿਆਵੇ ।’ ਕਦੀ ਵਿੱਦੋ ਦੀਆਂ ਮਿੰਨਤਾਂ ਕਰੋ। ਵਿਚਾਰਿਆਂ ਬਾਲਾਂ ਦੀਆਂ ਲੱਤਾਂ ਰਹਿ ਗਈਆਂ ਭੱਜ ਭੱਜ ਕੇ, ਪਰ ਕਿਦਾਰ ਹੋਰੀਂ ਖ਼ਬਰੇ ਕਿਹੜੀ ਕੁੰਦਰੀਂ ਵੜੇ ਹੋਏ ਸਨ, ਐਹ ਲੈ ਫੜ” ਕਹਿ ਕੇ ਮਾਇਆ ਜਾਲੇ ਵਿਚੋਂ ਇਕ, ਅੱਧੇ ਕੁ ਕਾਰਡ ਜਿੱਡੀ ਬਿਨਾਂ ਗੱਤਿਓਂ ਤਸਵੀਰ ਚੁਕ ਕੇ ਉਸ ਨੂੰ ਫੜਾਂਦੀ ਹੋਈ ਬੋਲੀ, “ਆਖਣ ਲਗੀ, ਬੇ ਜੀ ਇਹ ਮੇਰੀ ਨਿਸ਼ਾਨੀ ਭਰਾ ਜੀ ਨੂੰ ਦੇ ਦੇਣੀ।”
ਕਿਦਾਰ ਨੇ ਤਸਵੀਰ ਫੜ ਲਈ। ਨਿੱਕੀ ਜਿਹੀ ਦਸਾਂ ਯਾਰ੍ਹਾਂ ਵਰ੍ਹਿਆਂ ਦੀ ਬਾਲੜੀ, ਜਿਸ ਦੀਆਂ ਦੁਹਾਂ ਗੁੱਤਾਂ ਉਤੇ ਲਾਲ ਰਿਬਨ ਬੱਧੇ ਹੋਏ ਸਨ, ਅਸਲੋਂ ਹੀ ਦੰਦ ਖੰਡ ਦੀ ਗੁੱਡੀ ਜਿਹੀ ਜਾਪਦੀ ਸੀ ।
ਤਸਵੀਰ ਫੜਨ ਲੱਗਿਆਂ ਕਿਦਾਰ ਦੇ ਹੱਥ ਕੰਬ ਰਹੇ ਸਨ। ਉਸਦੀਆਂ ਅੱਖ ਵਿਚ ਅਰਮਾਨ ਦੇ ਅੱਥਰੂ ਸਨ। ਉਹ ਇਸ ਵੇਲੇ ਆਪਣੀ ਗਲਤੀ ਉਤੇ ਸਖ਼ਤ ਪਛਤਾ ਰਿਹਾ ਸੀ। ਉਸ ਦਾ ਦਿਲ ਉਸ ਨੂੰ ਲਾਨ੍ਹਤਾਂ ਪਾ ਰਿਹਾ ਸੀ, ‘ਜ਼ਾਲਮਾਂ! ਕਿਤਨੀ ਬੇਦਰਦੀ — ਬਾਲੜੀ ਦੇ ਨਾਜ਼ਕ ਦਿਲ ਉਤੇ ਤੂੰ ਇਤਨੀ ਸੱਟ ਲਾਈ ! ਜਾਣ ਲਗੀ ਨੂੰ ਇਕ ਵਾਰੀ ਮਿਲ ਲੈਂਦਿਓਂ ਤਾਂ ਕੀ ਸੀ !
“ਬੇ ਜੀ” ਕਿਦਾਰ ਨੇ, ਜਿਵੇਂ ਕਿਸੇ ਨਵੀਂ ਗੱਲ ਦਾ ਮੁੱਢ ਬੰਨ੍ਹਣਾ ਹੁੰਦਾ ਹੈ, ਮਾਇਆ ਨੂੰ ਕਿਹਾ, “ਮੇਰੀ ਸਿਹਤ ਖ਼ਰਾਬ ਹੁੰਦੀ ਜਾਂਦੀ ਏ ਦਿਨੋ ਦਿਨ !”
“ਇਹ ਤੇ ਦਿਸਦਾ ਈ ਪਿਆ ਵੇ । ਮੈਂ ਤੈਨੂੰ ਕਈ ਵਾਰੀ ਆਖ ਨਹੀਂ ਚੁਕੀ ਕਿਸੇ ਸਿਆਣੇ ਨੂੰ ਹੱਥ ਵਿਖਾ ! ਪਰ ਤੂੰ ਤੇ ਗੱਲਾਂ ਵਿਚ ਈ ਟਾਲ ਛੱਡਣਾ ਵੇਂ।”
“ਮੈਂ ਇਕ ਡਾਕਟਰ ਨੂੰ ਹੱਥ ਵਿਖਾਇਆ ਸੀ।”
“ਫਿਰ ਕੀ ਕਿਹਾ ਸੀ ਉਸ ਨੇ ?”
“ਉਹ ਕਹਿੰਦਾ ਸੀ ਹੋਰ ਕੋਈ ਨੁਕਸ ਨਹੀਂ, ਤੈਨੂੰ ਇਥੋਂ ਦਾ ਪਾਣੀ ਨਹੀਂ ਸੁਖਾਇਆ।”
“ਪਾਣੀ ਨਹੀਂ ਸੁਖਾਇਆ ?”
“ਨਹੀਂ।”
“ढेठ ?”
“ਡਾਕਟਰ ਨੇ ਕਿਹੈ, ਤੈਨੂੰ ਹਵਾ ਪਾਣੀ ਦੀ ਬਦਲੀ ਲਈ ਕਿਸੇ ਪਹਾੜ ਤੇ ਚਲਾ ਜਾਣਾ ਚਾਹੀਦਾ ਵੇ।”
ਮਾਇਆ ਸੋਚੀਂ ਪੈ ਗਈ। ਜਿਸ ਤਰ੍ਹਾਂ ਦੀ ਕਿਦਾਰ ਦੀ ਸਾਂਝ ਇਸ ਘਰ ਨਾਲ ਪੈਦਾ ਹੋ ਗਈ ਸੀ, ਮਾਇਆ ਲਈ ਉਸ ਪਾਸੋਂ ਇਕ ਦਿਨ ਲਈ ਵਿਛੜਨਾ ਔਖਾ ਸੀ। ਉਸ ਨੂੰ ਇਸ ਤਰ੍ਹਾਂ ਫ਼ਿਕਰ ਵਿਚ ਡੁੱਬੀ ਵੇਖ ਕੇ ਕਿਦਾਰ ਬੋਲਿਆ, “ਕੋਈ ਫ਼ਿਕਰ ਨਾ ਕਰੋ ਬੇ ਜੀ, ਮੈਨੂੰ ਆਪਣੇ ਕੋਲ ਹੀ ਸਮਝੋ। ਬਹੁਤ ਜਲਦੀ ਮੈਂ ਵਾਪਸ ਆ ਜਾਵਾਂਗਾ।”
ਮਾਇਆ ਨੇ ਡੂੰਘਾ ਸਾਹ ਭਰਿਆ।
“ਮੇਰੀ ਸਲਾਹ ਵੇ, ਕਲ੍ਹ ਈ ਚਲਾ ਜਾਵਾਂ।”
“ਇਤਨੀ ਜਲਦੀ ? ਵੀਣੀ ਨੂੰ ਤੇ ਆ ਲੈਣ ਦੇਹ। ਪਰਸੋਂ ਨਹੀਂ ਤੇ ਚੌਥ ਬੁਧਵਾਰ ਉਸ ਨੇ ਫੇਰਾ ਪਾ ਕੇ ਆ ਜਾਣਾ ਵੇ।”
“ਇਤਨੇ ਦਿਨ ਰੁਕਣਾ ਠੀਕ ਨਹੀਂ ਬੇ ਜੀ। ਡਾਕਟਰ ਨੇ ਤੇ ਇਥੋਂ ਤਕ ਕਹਿ ਦਿਤਾ ਸੀ ਕਿ ਤੈਨੂੰ ਅੱਜ ਹੀ ਚਲੇ ਜਾਣਾ ਚਾਹੀਦੈ ! ਜ਼ਿੰਦਗੀ ਖ਼ਤਰੇ ਵਿਚ ਏ।”
ਖ਼ਤਰੇ ਦਾ ਨਾਂ ਸੁਣਦਿਆਂ ਹੀ ਮਾਇਆ ਦੇ ਦਿਲ ਨੂੰ ਝਟਕਾ ਜਿਹਾ ਵੱਜਾ। ਉਸ ਦੇ ਰੌਂਗਟੇ ਖੜੇ ਹੋ ਗਏ ਤੇ ਉਸ ਨੇ ਤੌਖਲੇ ਭਰੀ ਨਜ਼ਰ ਨਾਲ ਕਿਦਾਰ ਵਲ ਤੱਕ ਕਿਹਾ, “ਹੈਂ ! ਤਾਂ ਜ਼ਰੂਰ ਚਲਾ ਜਾ, ਮੈਂ ਨਹੀਂ ਰੋਕਦੀ।” ਪਰ ਅੰਦਰੋਂ ਮਾਇਆ ਦਾ ਕਲੇਜਾ ਮੂੰਹ ਵਲ ਆ ਰਿਹਾ ਸੀ। ਉਸ ਦੀਆਂ ਅੱਖਾਂ ਵਿਚ ਮਮਤਾ ਸਹਿਕ ਰਹੀ ਸੀ। ਉਹ ਬੋਲੀ, “ਪਰ ਕਿਹੜੇ ਪਾਸੇ ਜਾਣ ਦੀ ਸਲਾਹ ਵੇ ਤੇਰੀ ?”
“ਨੇੜੇ ਈ ਜਾਵਾਂਗਾ – ਸ਼ਾਇਦ ਕੋਹਮਰੀ।”
“ਤੇ ਖ਼ਰਚ ਲਈ ?”
“ਖ਼ਰਚ ਦਾ ਇੰਤਜ਼ਾਮ ਹੋ ਜਾਏਗਾ”, ਕਿਦਾਰ ਨੇ ਚੀਚੀ ਵਿਚ ਪਈ ਹੋਈ ਮੁੰਦਰੀ ਵਲ ਤੱਕਦਿਆਂ ਕਿਹਾ, ਜਿਹੜੀ ਉਸਨੂੰ ਪਿਛਲੇ ਮਹੀਨੇ ਮਾਲਕ ਨੇ ਖ਼ੁਸ਼ ਹੋ ਕੇ ਇਨਾਮ ਦੇ ਤੌਰ ਤੇ ਦਿਤੀ ਸੀ।
“ਵੀਣੀ ਨੂੰ ਮਿਲੇ ਬਗੈਰ ਚਲਾ ਜਾਵੇਂਗਾ ? ਉਹ ਤੇ ਅਧਮੋਈ ਹੋ ਜਾਏਗੀ ਸੁਣ वे।”
“ਮੈਂ ਉਸ ਨੂੰ ਰਸਤੇ ਵਿਚ ਮਿਲ ਕੇ ਜਾਣ ਦੀ ਕੋਸ਼ਿਸ਼ ਕਰਾਂਗਾ – ਗੁਜਰਖ਼ਾਨ ਕਿਹੜਾ ਦੂਰ ਏ ?”
ਇਹ ਗੱਲਾਂ ਹੋ ਰਹੀਆਂ ਸਨ ਕਿ ਬਾਹਰੋਂ ਕਿਸੇ ਨੇ ਬੂਹਾ ਖੜਕਾਇਆ।
ਕਿਦਾਰ ਨੇ ਝਟ ਆਪਣੇ ਮਾਲਕ ਦੀ ਆਵਾਜ਼ ਪਛਾਣ ਲਈ। ਉਹ ਡਰ ਨਾਲ ਕੰਬ ਉਠਿਆ ਤੇ ਝਟ ਪਟ ਉਠ ਕੇ ਪਿਛਲੀਆਂ ਪੌੜੀਆਂ ਵਲ ਜਾਂਦਾ ਹੋਇਆ ਮਾਇਆ ਦੇ ਕੰਨ ਵਿਚ ਕਹਿੰਦਾ ਗਿਆ, “ਇਹ ਤੇ ਸਾਡਾ ਸਰਦਾਰ ਏ ਬੀ ਜੀ, ਉਸ ਨੂੰ ਮੇਰੀ ਬਾਬਤ ਕੁਛ ਨਾ ਦੱਸਣਾ। ਸਿਰਫ ਇਹੋ ਕਹਿਣਾ ਕਿ ਕਿਦਾਰ ਕਲ੍ਹ ਦਾ ਇਧਰ ਨਹੀਂ ਆਇਆ। ਬਿਲਕੁਲ ਨਾ ਦੱਸਣਾ ਬੇ ਜੀ — ਤੁਹਾਨੂੰ ਮੇਰੀ ਸਹੁੰ ਜੇ।” ਤੇ ਉਹ ਝਟਪਟ ਪੋੜੀਆਂ ਥਾਣੀਂ ਕੋਠੇ ਤੇ ਚੜ੍ਹ ਗਿਆ।
“ਆਓ ਰੱਖ ਸਾਈਂ ਦੀ” ਬੂਹਾ ਖੋਲ੍ਹ ਨੇ ਮਾਇਆ ਨੇ ਕਿਹਾ, ਇਕ ਭਾਰੀ ਦੇਹ ਅੰਦਰ ਆ ਕੇ ਮੰਜੇ ਉਤੇ ਬੈਠ ਗਈ।
“ਤੁਸੀਂ ਪੰਨਾ ਲਾਲ ਹੋਰਾਂ ਦੇ ਘਰੋਂ ਜੇ ?” ਅਤਰ ਸਿੰਘ ਨੇ ਸਭ ਤੋਂ ਪਹਿਲਾ ਸੁਆਲ ਮਾਇਆ ਉਤੇ ਕੀਤਾ।
ਸਿਰ ਦਾ ਪੱਲਾ ਨੀਵਾਂ ਕਰਦੀ ਹੋਈ ਮਾਇਆ ਬੋਲੀ, “ਜੀ ਹਾਂ, ਸੁਣਾਓ ਰਾਜ਼ੀ ਖੁਸ਼ੀ ਓ ? ਸਰਦਾਰਨੀ ਹੋਣੀ ਰਾਜ਼ੀ ਖੁਸ਼ੀ ਨੇ ?” ਮਾਇਆ ਦਾ ਦਿਲ ਧੜਕ ਰਿਹਾ ਸੀ। ਉਹ ਕੁਝ ਸ਼ਰਮਿੰਦੀ ਵੀ ਸੀ ਕਿ ਸਰਦਾਰ ਕੀ ਕਹਿੰਦਾ ਹੋਵੇਗਾ ਕਿ ਉਸ ਦੇ ਇਤਨੇ ਵੱਡੇ ਅਹਿਸਾਨ ਬਦਲੇ ਉਸ ਦੇ ਘਰ ਤੀਕ ਧੰਨਵਾਦ ਕਰਨ ਲਈ ਵੀ ਨਹੀਂ ਜਾ ਸਕੀ ? ਇਸ ਤੋਂ ਛੁਟ ਆਪਣੇ ਪਤੀ ਬਾਬਤ ਸਾਰੀਆਂ ਗੱਲਾਂ ਪੁੱਛਣ ਲਈ ਉਸ ਦਾ ਦਿਲ ਉਤਾਵਲਾ ਹੋ ਰਿਹਾ ਸੀ, ਪਰ ਸਰਦਾਰ ਹੋਰਾਂ ਮਜ਼ਮੂਨ ਹੀ ਹੋਰ ਛੇੜ ਦਿਤਾ।“
“ਸਭ ਸੁੱਖ ਸਾਂਦ ਹੈ” ਕਹਿਣ ਤੋਂ ਬਾਅਦ ਉਹ ਕਮਰੇ ਦੀਆਂ ਚੀਜ਼ਾਂ ਨੂੰ ਓਪਰੀ ਜਿਹੀ ਨਜ਼ਰ ਨਾਲ ਵੇਖਦਾ ਹੋਇਆ ਬੋਲਿਆ, “ਕਿਦਾਰ ਨਾਥ ਦਾ ਪਤਾ ਕਰਨ ਆਇਆ ਸੀ। ਗਲੀ ‘ਚੋਂ ਪਤਾ ਲੱਗਾ ਕਿ ਉਹ ਤੁਹਾਡੇ ਨਾਲ ਦੇ ਮਕਾਨ ਵਿਚ ਰਹਿੰਦੈ। ਮਕਾਨ ਨੂੰ ਜੰਦਰਾ ਵੱਜਾ ਹੋਇਆ ਸੀ, ਮੈਂ ਆਖਿਆ ਤੁਹਾਡੇ ਵਲੋਂ ਪਤਾ ਲੈਂਦਾ ਚਲਾਂ, ਸ਼ਾਇਦ ਤੁਹਾਨੂੰ ਕੁਝ ਮਾਲੂਮ ਹੋਵੇ।”
“ਜੀ ਉਹ ਤੇ ਪਰਸੋਂ ਦਾ ਨਹੀਂ ਵੇਖਿਆ” ਮਾਇਆ ਨੇ ਕਹਿ ਤਾਂ ਦਿਤਾ, ਪਰ ਇਸ ਝੂਠ ਨੇ ਜਿਵੇਂ ਉਸ ਦਾ ਗਲਾ ਘੁੱਟ ਲਿਆ। ਉਹ ਸੋਚਣ ਲਗੀ, ‘ਜੇ ਕਿਦਾਰ ਦੇ ਖੰਘਣ ਨਾਲ – ਜਿਹੜੀ ਅਕਸਰ ਉਹਨੂੰ ਲੱਗੀ ਰਹਿੰਦੀ ਹੈ, ਜਾਂ ਹੋਰ ਕਿਸੇ ਤਰ੍ਹਾਂ ਇਸ ਨੂੰ ਕਿਦਾਰ ਦੇ ਕੋਠੇ ਉੱਤੇ ਹੋਣ ਦਾ ਸ਼ੱਕ ਪੈ ਗਿਆ, ਫੇਰ ਕੀ ਬਣੇਗਾ ?’
“ਹੱਛਾ ?” ਅਤਰ ਸਿੰਘ ਨੇ ਕੁਝ ਸੋਗੀ ਜਿਹੇ ਲਹਿਜੇ ਵਿਚ ਪੁੱਛਿਆ, “ਉਸ ਦੇ ਹੋਰ ਕਿਸੇ ਟਿਕਾਣੇ ਦਾ ਤੁਹਾਨੂੰ ਪਤਾ ਹੋਵੇ, ਜਿਥੇ ਕਿਤੇ ਉਸ ਦਾ ਆਉਣ ਜਾਣ ਹੋਵੇ । ਬੜਾ ਜ਼ਰੂਰੀ ਕੰਮ ਸੀ ਉਸ ਨਾਲ।
“ਜੀ ਹੋਰ ਤੇ ਉਸ ਦੇ ਕਿਸੇ ਟਿਕਾਣੇ ਦਾ ਪਤਾ ਨਹੀਂ।”
“ਹੱਛਾ!” ਅਤਰ ਸਿੰਘ ਦਾ ਰੰਗ ਉੱਡਦਾ ਜਾ ਰਿਹਾ ਸੀ। ਉਹ ਉੱਠਣ ਹੀ ਲੱਗਾ ਸੀ ਕਿ ਮਾਇਆ ਨੇ ਬੜੀ ਮਿੰਨਤ ਦੇ ਰੰਗ ਵਿਚ ਹੱਥ ਜੋੜ ਕੇ ਕਿਹਾ, “ਜੀ ਜ਼ਰਾ ਕੁ ਬਹਿ ਜਾਓ, ਮੈਂ ਇਕ ਦੋ ਗੱਲਾਂ ਪੁਛਣੀਆਂ ਨੇ।”
“ਹਾਂ ਦੱਸੋ” ਕਹਿ ਕੇ ਉਹ ਉੱਠਦਾ ਉੱਠਦਾ ਫਿਰ ਬੈਠ ਗਿਆ। ਉਸ ਨੂੰ ਭੁੱਲਿਆ ਨਹੀਂ ਸੀ ਜਿਹੜੀ ਉਸਨੇ ਅਜ ਤੋਂ ਛੇ ਮਹੀਨੇ ਪਹਿਲਾਂ ਪੰਨਾ ਲਾਲ ਨਾਲ ਬੇ- ਇਨਸਾਫ਼ੀ ਕੀਤੀ ਸੀ, ਤੇ ਉਸ ਤੋਂ ਬਾਅਦ ਅਜ ਤਕ ਉਸ ਨੇ ਪੰਨਾ ਲਾਲ ਦੀ ਸ਼ਕਲ ਨਹੀਂ ਸੀ ਵੇਖੀ। ਉਹ ਪੁੱਛਣ ਲਗਾ, “ਸੁਣਾਓ ਪੰਨਾ ਲਾਲ ਹੋਰੀਂ ਅਜ ਕਲ੍ਹ ਕਿਥੇ ਕੰਮ ਕਰਦੇ ਨੇ …. ਇਥੇ ਈ ਨੇ ਕਿ ਬਾਹਰ ਕਿਤੇ ਗਏ ਹੋਏ ਨੇ ?”
ਇਹ ਅਜੀਬ ਪ੍ਰਸ਼ਨ ਸੁਣ ਕੇ ਮਾਇਆ ਘਬਰਾ ਜਿਹੀ ਗਈ। ਉਹ ਬਿਤਰ ਬਿਤਰ ਉਸ ਦੇ ਮੂੰਹ ਵਲ ਤੱਕਣ ਲੱਗੀ। ਇਹੋ ਗੱਲ ਪੁੱਛਣ ਲਈ ਤਾਂ ਉਸਨੇ ਉਸਨੂੰ ਮੁੜ ਬਿਠਾਇਆ ਸੀ। ਫਿਰ ਉਸ ਨੇ ਖ਼ਿਆਲ ਕੀਤਾ ਖ਼ਬਰੇ ਕਿਸੇ ਹੋਰ ਦੇ ਭੁਲੇਖੇ ਇਹ ਸੁਆਲ ਕਰ ਰਿਹਾ ਹੈ, ਤੇ ਜਾਂ ਆਪਣੀ ਨੇਕੀ ਲੁਕਾਣ ਲਈ। ਉਹ ਬੋਲੀ, “ਜੀ ਇਹ ਗੱਲ ਤੇ ਸਗੋਂ ਮੈਂ ਤੁਹਾਡੇ ਕੋਲੋਂ ਪੁੱਛਣ ਲੱਗੀ ਸਾਂ।”
“ਮੇਰੇ ਕੋਲੋਂ ?” ਅਤਰ ਸਿੰਘ ਨੇ ਹੈਰਾਨੀ ਨਾਲ ਉਸ ਦੇ ਮੂੰਹ ਵਲ ਤੱਕ ਕੇ
ਕਿਹਾ, “ਮੈਨੂੰ ਤੇ ਉਸ ਦਾ ਪਤਾ ਨਹੀਂ।”
“ਜੀ ਤੁਸਾਂ ਉਨ੍ਹਾਂ ਨੂੰ ਬੰਬਈ ਜੁ ਭੇਜਿਆ ਹੋਇਆ ਵੇ । ਮੈਂ ਤੁਹਾਡੇ ਵਲ ਔਣ ਔਣ ਦੀ ਕਰਦੀ ਰਹੀ, ਪਈ ਪਤਾ ਕਰ ਆਵਾਂ, ਪਰ ਕੁੜੀ ਦੇ ਵਿਆਹ ਕਰ ਕੇ ਘਰ ‘ਚੋਂ ਨਿਕਲਣ ਈ ਨਹੀਂ ਹੋ ਸਕਿਆ। ਜੀ ਸੱਚੀ ਗੱਲ ਜੇ, ਮੂੰਹ ਤੇ ਵਡਿਆਈ ਚੰਗੀ ਨਹੀਂ ਹੁੰਦੀ, ਸਾਡਾ ਤੇ ਵਾਲ ਵਾਲ ਤੁਹਾਨੂੰ ਅਸੀਸਾਂ ਦੇਂਦਾ ਰਹਿੰਦਾ ਵੇ। ਸਾਡੇ ਭਾਣੇ ਤੇ ਤੁਸੀਂ ਨਰ ਸਿੰਘ ਅਵਤਾਰ ਬਣਕੇ ਥੰਮ੍ਹ ‘ਚੋਂ ਬਹੁੜੇ ਓ, ਜਿਹੜਾ ਤੁਸਾਂ ਥੁੜੇ ਵੇਲੇ ਸਾਨੂੰ ਅੱਠ ਸੌ ਰੁਪਈਆ ਦੇ ਦਿਤਾ। ਭਲਾ ਏਡਾ ਜ਼ੇਰਾ ਵੀ ਕਿਸੇ ਦਾ ਹੋਵੇਗਾ, ਪ੍ਰਮਾਤਮਾ ਤੁਹਾਨੂੰ ਸਲਾਮਤ ਰਖੇ।”
ਮਾਇਆ ਦੀਆਂ ਗੱਲਾਂ ਨੂੰ ਅਤਰ ਸਿੰਘ ਇਸ ਤਰ੍ਹਾਂ ਸੁਣ ਰਿਹਾ ਸੀ ਜਿਵੇਂ ਉਹ ਕਿਸੇ ਅਜਿਹੀ ਬੋਲੀ ਵਿਚ ਬੋਲ ਰਹੀ ਹੋਵੇ ਜਿਸ ਦਾ ਇਕ ਅੱਖਰ ਵੀ ਉਸਦੀ ਸਮਝ ਵਿਚ ਨਹੀਂ ਆ ਰਿਹਾ। ਮਾਇਆ ਦੇ ਚੁਪ ਹੋ ਜਾਣ ਤੋਂ ਬਾਅਦ ਵੀ ਕਿੰਨਾ ਚਿਰ ਉਸਦੇ ਮੂੰਹੋਂ ਕੋਈ ਜਵਾਬ ਨਾ ਨਿਕਲਿਆ। ਅਖ਼ੀਰ ਉਸ ਨੇ ਪੁੱਛਿਆ, “ਤੂੰ ਬੀਬੀ ਕਿਸ ਦੀ ਗਲ ਕਰ ਰਹੀ ਏਂ ? ਸ਼ਾਇਦ ਤੂੰ ਮੈਨੂੰ ਪਛਾਤਾ ਨਹੀਂ।”
ਗੱਲ ਵਿਚ ਪੱਲਾ ਪਾਕੇ ਹੋਰ ਨਿੰਮ੍ਰਤਾ ਨਾਲ ਮਾਇਆ ਬੋਲੀ, “ਜੀ ਤੁਹਾਨੂੰ ਨਹੀਂ ਪਛਾਣਾਂਗੀ, ਜਿਨ੍ਹਾਂ ਦਾ ਛੇਆਂ ਵਰ੍ਹਿਆਂ ਤੋਂ ਨਿਮਕ ਖਾ ਰਹੇ ਹਾਂ? ਇਕ ਉਹ ਨੇ, ਜਿਹੜੇ ਸਰਸਾਹੀ ਕਰਦੇ ਤੇ ਸੈਰ ਕਰ ਕੇ ਜਤਾਂਦੇ ਨੇ । ਤੇ ਇਕ ਤੁਸੀਂ ਓ ਕਿ ਏਡੀਆਂ ਕਰਨੀਆਂ ਕਰ ਕੇ ਵੀ ਲੁਕਾ ਰਹੇ ਓ । ਇਹ ਧਰਤੀ ਤੁਹਾਡੇ ਵਰਗਿਆਂ ਦੇ ਆਸਰੇ ਹੀ ਤਾਂ ਖਲੋਤੀ ਏ।”
“ਪਰ ਬੀਬੀ, ਮੈਂ ਤੇ ਤੁਹਾਨੂੰ ਕੁਝ ਨਹੀਂ ਦਿਤਾ। ਤੇਰੇ ਆਦਮੀ ਨੂੰ ਮੇਰੋ ਕੋਲੋਂ ਨੌਕਰੀ ਛੱਡਿਆਂ ਤੇ ਸ਼ਾਇਦ ਪੰਜ ਛੇ ਮਹੀਨੇ ਹੋ ਗਏ ਹੋਣੇ ਨੇ।”
ਮਾਇਆ ਚੱਕਰ ਵਿਚ ਪੈ ਗਈ। ਅਜੇ ਵੀ ਉਸ ਦਾ ਖ਼ਿਆਲ ਸੀ ਕਿ ਅਤਰ ਸਿੰਘ ਆਪਣੀ ਸੁਭਾਵਕ ਫ਼ਰਾਖ਼-ਦਿਲੀ ਤੇ ਨਿਰਮਾਣਤਾ ਕਰ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਹੈ। ਉਹ ਬੋਲੀ, “ਜੀ ਉਹ ਕਦੋਂ ਤਕ ਆਉਣਗੇ ? ਛੇ ਮਹੀਨੇ ਹੋ ਗਏ ਨੇ ਗਿਆਂ, ਕੁੜੀ ਦੇ ਵਿਆਹ ਤੇ ਵੀ ਨਹੀਂ ਆ ਸਕੇ । ਲਿਖਿਆ ਸਾਨੇ, ਸਰਦਾਰ ਹੋਰਾਂ ਦਾ ਜਦੋਂ ਹੁਕਮ ਹੋਵੇਗਾ ਓਦੋਂ ਆਵਾਂਗੇ – ਅਜੇ ਕੰਮ ਦਾ ਬੜਾ ਜ਼ੋਰ ਏ । ਜੰਮ ਜੰਮ ਟਿਕੇ ਰਹਿਣ ਜੀ। ਤੁਹਾਡੇ ਹੁੰਦਿਆਂ ਸਾਨੂੰ ਕਾਹਦਾ ਵਿਗੋਚਾ ਵੇ | ਤਨਖ਼ਾਹ ਦੇ ਰੁਪਈਏ ਮਹੀਨੇ ਦੇ ਮਹੀਨੇ ਆ ਜਾਂਦੇ ਨੇ, ਸਾਨੂੰ ਹੋਰ ਕੀ ਚਾਹੀਦਾ ਵੇ। ਪਰ ਵੇਖੋ ਨਾ ਜੀ, ਨਿੱਕੇ ਨਿੱਕੇ ਬਾਲ ਜੁ ਹੋਏ। ਕਦੀ ਇਕ ਰਾਤ ਵੀ ਵਿਛੜ ਕੇ ਨਹੀਂ ਸਨ ਰਹੇ। ਅੱਧਾ ਸਾਲ ਹੋ ਗਿਆ ਨੇ ਸਹਿਕਦਿਆਂ। ਤੁਸੀਂ ਮੇਰੀ ਖ਼ਾਤਰ ਈਇਕ ਅਨੋਵਾਰੀ ਦੀ ਛੁੱਟੀ ਦੇ ਭੇਜੋ ਨੇ। ਬਾਲਾਂ ਨੂੰ ਮਿਲ ਗਿਲ ਜਾਣਗੇ।”
ਅਤਰ ਸਿੰਘ ਜਿਉਂ ਜਿਉਂ ਇਸ ਗੁਥੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦਾ ਤਿਉਂ ਤਿਉਂ ਇਹ ਸਗੋਂ ਵਧੇਰੇ ਉਲਝਦੀ ਜਾਂਦੀ ਸੀ । ਉਹ ਅਚੰਭੇ ਵਿਚ ਕਾਹਲਾ ਪੈ ਕੇ ਬੋਲਿਆ, “ਬੀਬੀ! ਮੈਨੂੰ ਤੇਰੀਆਂ ਗੱਲਾਂ ਦੀ ਸਮਝ ਨਹੀਂ ਆਈ। ਕਿਸ ਨੇ ਉਹਨੂੰ ਬੰਬਈ ਭੇਜਿਆ ਏ, ਤੇ ਕਿਸ ਨੇ ਤੁਹਾਨੂੰ ਲੜਕੀ ਦੇ ਵਿਆਹ ਲਈ ਰੁਪਏ ਦਿਤੇ ਸਨ ? ਬੰਬਈ ਵਿਚ ਮੇਰੀ ਨਾ ਕੋਈ ਦੁਕਾਨ ਏ ਨਾ ਕੋਈ ਏਜੰਸੀ। ਤਾਹੀਏਂ ਤੇ ਮੈਂ ਕਹਿਨਾ ਵਾਂ ਤੁਹਾਨੂੰ ਭੁਲੇਖਾ ਲਗਾ ਹੋਣਾ ਏਂ। ਤੇਰਾ ਆਦਮੀ ਅਜ ਕਲ੍ਹ ਕਿਸੇ ਹੋਰ ਪਾਸ ਨੌਕਰੀ ਕਰਦਾ ਹੋਵੇਗਾ। ਮੇਰੇ ਪਾਸੋਂ ਹਟਿਆਂ ਤੇ ਕਾਫੀ ਚਿਰ ਹੋ ਚੁਕਾ ਏ ।” ਤੇ ਉਹ ਕਾਹਲੀ ਨਾਲ ਉਠ ਕੇ ਜਾਣ ਨੂੰ ਤਿਆਰ ਹੋ ਪਿਆ।
ਮਾਇਆ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ। ਉਹ ਹੈਰਾਨ ਸੀ ਕਿ ਉਹ ਕੀ ਸੁਣ ਰਹੀ ਹੈ। ਘੜੀ ਮੁੜੀ ਸਰਦਾਰ ਦੀ ਗਲ ਦਾ ਵਿਰੋਧ ਕਰਨਾ ਵੀ ਉਹ ਢੀਠਪੁਨਾ ਸਮਝਦੀ ਸੀ, ਤੇ ਅਤਰ ਸਿੰਘ ਦੇ ਰਉਂ ਵਿਚੋਂ ਹੈਰਾਨੀ ਤੇ ਛਿੱਥਾਪਨ ਵੇਖ ਕੇ ਉਹ ਇਹ ਵੀ ਨਹੀਂ ਸੀ ਸਮਝ ਸਕਦੀ ਕਿ ਉਹ ਝੂਠ ਕਹਿ ਰਿਹਾ ਹੈ। ਉਸਦਾ ਸਿਰ ਇਕਦਮ ਚਕਰਾ ਉਠਿਆ। ਫੇਰ ਵੀ ਆਖਰ ਕਿਸੇ ਨਤੀਜੇ ਤੇ ਤਾਂ ਅਪੜਨਾ ਹੀ ਚਾਹੀਦਾ ਹੈ, ਇਹ ਖ਼ਿਆਲ ਕਰਕੇ ਉਹ ਬੋਲੀ, “ਜੀ ਕਿਦਾਰ ਤੁਹਾਡੇ ਕੋਲ ਹੀ ਕੰਮ ਕਰਦਾ ਵੇ ਕਿ ਨਾ ?”
“ਹਾਂ ਮੇਰੇ ਕੋਲ।”
*ਤੇ ਉਸਨੂੰ ਤੁਸਾਂ ਏਜੰਸੀ ਦੇ ਕੰਮ ਤੋਂ ਹਟਾ ਕੇ ਇਥੋਂ ਦੀ ਦੁਕਾਨ ਤੇ ਨਹੀਂ ਸੀ ਰਖਿਆ ਕਿ ਜਦ ਤੋੜੀ ਉਹ (ਪੰਨਾ ਲਾਲ) ਬੰਬਈਉਂ ਨਹੀਂ ਆਉਂਦੇ ਤਦ ਤੀਕ ਕਿਦਾਰ ਉਨ੍ਹਾਂ ਦੀ ਥਾਂ ਕੰਮ ਕਰੇਗਾ ?”
“ਕਿਦਾਰ ਨੂੰ ਮੈਂ ਬੇਸ਼ਕ ਪੰਨਾ ਲਾਲ ਦੀ ਥਾਂ ਰਖਿਆ ਸੀ, ਪਰ ਪੰਨਾ ਲਾਲ ਨੂੰ ਉਸੇ ਦਿਨ ਨੌਕਰੀਓਂ ਅਲਹਿਦਾ ਕਰ ਦਿਤਾ ਸੀ, ਜਿਸ ਦਿਨ ਕਿਦਾਰ ਨੂੰ ਰਖਿਆ ਸੀ। ਉਹ ਖੁਦ ਕਿਦਾਰ ਨੂੰ ਕੰਮ ਦਾ ਚਾਰਜ ਦੇ ਕੇ ਆਪਣੀ ਤਨਖਾਹ ਚੁਕਦੀ ਕਰ ਕੇ ਗਿਆ ਸੀ। ਉਸ ਤੋਂ ਬਾਅਦ ਮੈਨੂੰ ਕੋਈ ਪਤਾ ਨਹੀਂ ਸੀ ਕਿ ਪੰਨਾ ਲਾਲ ਕਿਥੇ ਹੈ ਤੇ ਕਿਥੇ ਨਹੀਂ। ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਆਉਂਦਿਆਂ ਹੀ ਉਸ ਬਾਬਤ ਤੁਹਾਡੇ ਪਾਸੋਂ ਪੁਛਦਾ ਕਿਉਂ ?
“ਤੁਹਾਨੂੰ ਉਹਨਾਂ ਬਾਬਤ ਕੁਝ ਵੀ ਪਤਾ ਨਹੀਂ ?” ਮਾਇਆ ਨੇ ਪਥਰਾਈਆਂ ਅੱਖਾਂ ਉਸ ਉਤੇ ਗੱਡੀ ਇਹ ਵਾਕ ਇਸ ਤਰ੍ਹਾਂ ਮੂੰਹੋਂ ਕਢਿਆ, ਜਿਵੇਂ ਬੇਹੋਸ਼ੀ ਵਿਚ ਬੋਲ ਰਹੀ ਹੋਵੇ ਤੇ ਉਸ ਨੇ ਚਾਹਿਆ ਕਿ ਕੋਠੇ ਤੋਂ ਕਿਦਾਰ ਨੂੰ ਆਵਾਜ਼ ਮਾਰ ਕੇ ਸਾਰਾ ਮਾਮਲਾ ਉਸਦੇ ਸਾਹਮਣੇ ਦੁਹਰਾਵੇ, ਪਰ ਕਿਦਾਰ ਦੀ ਪਾਈ ਹੋਈ ਸਹੁੰ ਨੇ ਉਸਨੂੰ ਅਜਿਹਾ ਨਾ ਕਰਨ ਦਿਤਾ।
“ਪਰ ਬੀਬੀ” ਮਾਇਆ ਨੂੰ ਅੱਤ ਦਰਜੇ ਦੀ ਹੈਰਾਨੀ ਵਿਚ ਡੁੱਬੀ ਤੇ ਉਸ ਦੇ ਚਿਹਰੇ ਤੇ ਹਵਾਈਆਂ ਉਡਦੀਆਂ ਵੇਖ ਕੇ ਅਤਰ ਸਿੰਘ ਨੇ ਪੁਛਿਆ, “ਤੈਨੂੰ ਕਿਸ ਕਿਹਾ ਸੀ ਕਿ ਪੰਨਾ ਲਾਲ ਨੂੰ ਮੈਂ ਬੰਬਈ ਭੇਜਿਆ ਹੋਇਐ ?”
“ਜੀ ਕਿਦਾਰ ਨੇ।”
“ਕਿਦਾਰ ਨੇ ?” ਝਟ ਕੁ ਸੋਚਣ ਤੋਂ ਬਾਅਦ ਅਤਰ ਸਿੰਘ ਨੇ ਪੁਛਿਆ, “ਤੇ ਜਿਹੜੇ ਬੀਬੀ, ਤੂੰ ਕਹਿਨੀ ਏਂ ਹਰ ਮਹੀਨੇ ਤਨਖ਼ਾਹ ਦੇ ਰੁਪਈਏ ਤੁਹਾਨੂੰ ਆਉਂਦੇ ਨੇ, ਉਹ ਮਨੀਆਰਡਰ ਹੋ ਕੇ ਆਉਂਦੇ ਨੇ ?”
“ਨਹੀਂ ਜੀ, ਉਹ ਕਿਦਾਰ ਲਿਆ ਕੇ ਦੇਂਦਾ ਵੇ। ਉਹ ਕਹਿੰਦਾ ਵੇ ਕਿ ਸਰਦਾਰ ਹੋਰੀਂ ਆਪਣੀ ਹੱਥੀਂ ਦੇਂਦੇ ਹੁੰਦੇ ਨੇ ?”
“ਬੜੀ ਹੈਰਾਨੀ ਦੀ ਗਲ ਏ । ਮੈਂ ਤੇ ਉਹਨੂੰ ਇਸ ਮਤਲਬ ਲਈ ਕਦੀ ਇਕ ਪੈਸਾ ਵੀ ਨਹੀਂ ਦਿਤਾ। ਨਾਲੇ ਦੇਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ, ਜਦ ਕਿ ਪੰਨਾ ਲਾਲ ਮੇਰੇ ਕੋਲ ਨੌਕਰ ਹੀ ਨਹੀਂ।”
ਅਤਰ ਸਿੰਘ ਕਿੰਨਾ ਚਿਰ ਸੋਚੀਂ ਪਿਆ ਰਿਹਾ, ਫਿਰ ਬੋਲਿਆ, “ਹਾਂ ਤੇ ਬੀਬੀ, ਤੂੰ ਹੁਣੇ ਕਿਹਾ ਕਿ ਤੇਰੀ ਲੜਕੀ ਦੇ ਵਿਆਹ ਲਈ ਮੈਂ ਕੁਝ ਦਿਤਾ ਸੀ ?”
“ਜੀ ਹਾਂ, ਅੱਠ ਸੌ ਰੁਪਏ ਪਿਛਲੇਰੇ ਮਹੀਨੇ ਕਿਦਾਰ ਨੇ ਤੁਹਾਡੇ ਕੋਲੋਂ ਲਿਆ ਕੇ ਮੈਨੂੰ ਦਿਤੇ ਸਨ। ਉਹ ਰੁਪਈਏ ਤੁਸਾਂ ਨਹੀਂ ਸਨ ਦਿਤੇ ?”
“ਨਹੀਂ, ਮੈਨੂੰ ਤੇ ਇਹ ਵੀ ਪਤਾ ਨਹੀਂ ਕਿ ਕਦੋਂ ਤੁਹਾਡੀ ਲੜਕੀ ਦਾ ਵਿਆਹ ਹੋਣਾ ਏਂ।”
“ਜੀ ਵਿਆਹ ਤੇ ਸੁਖ ਨਾਲ ਹੋ ਚੁਕਾ ਵੇ, ਪਰਸੋਂ ਡੋਲੀ ਤੁਰੀ ਏ।
“ਹੱਛਾ, ਤੇ ਪੰਨਾ ਲਾਲ ਦਾ ਤੁਹਾਨੂੰ ਕਦੀ ਕੋਈ ਖ਼ਤ ਵੀ ਆਇਆ ਸੀ ?”
“ਜੀ ਖ਼ਤ ਤੇ ਕਈ ਆ ਚੁਕੇ ਨੇ । ਇਕ ਖ਼ਤ ਵਿਆਹ ਤੋਂ ਕੁਝ ਦਿਨ ਪਹਿਲਾਂ ਆਇਆ ਸੀ।”
“ਹੱਛਾ, ਕੋਈ ਚਿੱਠੀ ਵਿਖਾਓ ਖਾਂ ਉਸ ਦੀ !”
“ਜੀ ਬਾਕੀ ਤੇ ਸਾਰੀਆਂ ਕਿਦਾਰ ਕੋਲ ਆਉਂਦੀਆਂ ਨੇ, ਉਹ ਮੈਨੂੰ ਸੁਣਾ ਕੇ ਕੋਲ ਈ ਰਖ ਲੈਂਦਾ ਸੀ। ਪਰ ਛੇਕੜਲਾ ਖ਼ਤ ਕਿਤੇ ਡਾਕੀਆ ਉਸ ਨਿਕੇ ਕਾਕੇ ਨੂੰ ਦੇ ਗਿਆ ਸੀ। ਕਿਦਾਰ ਘਰ ਨਹੀਂ ਸੀ ਓਦਣ ।” ਮਾਇਆ ਨੇ ਉਠ ਕੇ ਏਧਰ ਓਧਰ ਵੇਖਿਆ ਤੇ ਇਕ ਨੁੱਕਰੋਂ ਉਸ ਨੂੰ ਖ਼ਤ ਲਭ ਪਿਆ, ਜਿਹੜਾ ਲਿਆ ਕੇ ਉਸ ਨੇ ਅਤਰ ਸਿੰਘ ਦੇ ਹੱਥ ਵਿਚ ਫੜਾ ਦਿਤਾ।
ਪੋਸਟ ਕਾਰਡ ਦੇ ਅੱਖਰਾਂ ਉਤੇ ਨਜ਼ਰ ਪੈਂਦਿਆਂ ਹੀ ਅਤਰ ਸਿੰਘ ਦੇ ਮੂੰਹੋਂ ਨਿਕਲਿਆ, “ਇਹ ਤੇ ਸਾਫ਼ ਕਿਦਾਰ ਦੇ ਹੱਥਾਂ ਦਾ ਲਿਖਿਆ ਹੋਇਐ। ਮੈਂ ਦੁਹਾਂ ਦੇ ਦਸਖ਼ਤ ਚੰਗੀ ਤਰ੍ਹਾਂ ਪਛਾਣਨਾ ਵਾਂ” ਫਿਰ ਉਸ ਨੇ ਡਾਕਖ਼ਾਨੇ ਦੀ ਮੋਹਰ ਨੂੰ ਧਿਆਨ ਨਾਲ ਵੇਖਦਿਆਂ ਕਿਹਾ, “ਮੋਹਰ ਮਿਟਾਣ ਦੀ ਭਾਵੇਂ ਕਾਫ਼ੀ ਕੋਸ਼ਸ਼ ਕੀਤੀ ਗਈ ਏ ਪਰ ਸਾਫ਼ ਲਗਦੈ ਕਿ ਇਹ ਮੋਹਰ ਰਾਵਲਪਿੰਡੀ ਦੇ ਡਾਕਖ਼ਾਨੇ ਦੀ ਏ ਤੇ ਸਿਰਨਾਂਵਾ ਕਿਦਾਰ ਦੀ ਮਾਰਫਤ ਹੈ।”
ਅਤਰ ਸਿੰਘ ਇਕ ਵਾਰੀ ਫੇਰ ਡੂੰਘੀਆਂ ਸੋਚਾਂ ਵਿਚ ਪੈ ਗਿਆ ਤੇ ਉਸਨੇ ਇਕ ਦਮ ਸਿਰ ਚੁੱਕ ਕੇ ਪੁਛਿਆ, “ਹੱਛਾ ਬੀਬੀ, ਕਿਦਾਰ ਨੇ ਅਜ ਵੀ ਤੈਨੂੰ ਕੋਈ ਰਕਮ ਲਿਆ ਕੇ ਦਿਤੀ ਸੀ ?”
ਮਾਇਆ ਠਠੰਬਰ ਕੇ ਰਹਿ ਗਈ। ਉਸ ਦੇ ਮੂੰਹੋਂ ‘ਹਾਂ’ ਅੱਖਰ ਨਿਕਲ ਹੀ ਚਲਿਆ ਸੀ, ਕਿ ਰੱਬ ਸਬੱਬੀ ਇਸ ਦੇ ਥਾਂ ‘ਨਹੀਂ’ ਨਿਕਲ ਗਿਆ। ਉਸ ਨੂੰ ਸਮਝਣ ਵਿਚ ਦੇਰ ਨਾ ਲਗੀ ਕਿ ਭਾਵੇਂ ਇਹ ਰੁਪਿਆ ਕਿਦਾਰ ਨੇ ਦੁਕਾਨ ਤੋਂ ਹੀ ਲਿਆਂਦਾ ਹੋਵੇ, ਤੇ ਇਸ ਦੇ ਦੱਸਣ ਨਾਲ ਵਿਚਾਰੇ ਕਿਦਾਰ ਉਤੇ ਖ਼ਬਰੇ ਕੀ ਆਫ਼ਤ ਆ ਜਾਵੇ।
ਅਤਰ ਸਿੰਘ ਲਈ ਹੁਣ ਇਕ ਮਿੰਟ ਲਈ ਵੀ ਉਥੇ ਠਹਿਰਨਾਂ ਮੁਸ਼ਕਲ ਹੋ ਗਿਆ। ਮਾਇਆ ਅਜੇ ਹੋਰ ਵੀ ਕਈ ਗੱਲਾਂ ਪੁਛਣੀਆਂ ਚਾਹੁੰਦੀ ਸੀ, ਪਰ ਉਹ ਝਟਪਟ ਉਠ ਕੇ ਚਲਦਾ ਬਣਿਆ। ਉਸ ਦੇ ਜਾਣ ਤੋਂ ਬਾਅਦ ਮਾਇਆ ਉਡਦੀ ਹੋਈ ਕੋਠੇ ਤੇ ਚੜ੍ਹੀ ਪਰ, ਕਿਦਾਰ ਦਾ ਕਿਤੇ ਪਤਾ ਨਹੀਂ ਲਗਾ।
18
ਕਿਦਾਰ ਬੈਂਕ ਜਾ ਕੇ ਕਾਫੀ ਦੇਰ ਤਕ ਨਹੀਂ ਮੁੜਿਆ, ਤੇ ਜਿਉਂ ਜਿਉਂ ਵਕਤ ਬੀਤਦਾ ਗਿਆ, ਅਤਰ ਸਿੰਘ ਦੀ ਹੈਰਾਨੀ ਤੌਖਲੇ ਵਿਚ ਬਦਲਦੀ ਜਾ ਰਹੀ ਸੀ। ਤਾਂ ਵੀ ਕਿਦਾਰ ਵਰਗੇ ਨੇਕ ਆਦਮੀ ਦੀ ਨੀਅਤ ਉਤੇ ਸ਼ੱਕ ਕਰਨ ਨੂੰ ਉਸ ਦਾ ਦਿਲ ਨਹੀਂ ਸੀ ਕਰਦਾ।
ਅਖ਼ੀਰ ਜਦ ਚਾਰ ਤੋਂ ਬਾਅਦ ਪੰਜ ਵਜ ਗਏ, ਤੇ ਕਿਦਾਰ ਨੇ ਫੇਰ ਵੀ ਸ਼ਕਲ ਨਾ ਵਿਖਾਈ ਤਾਂ ਅਤਰ ਸਿੰਘ ਦੀ ਘਬਰਾਹਟ ਹੋਰ ਵਧ ਗਈ। ਭਾਵੇਂ ਪੇਟ ਦਰਦ ਦੀ ਤਕਲੀਫ ਕਰਕੇ ਉਹ ਕਾਫ਼ੀ ਔਖਾ ਸੀ ਤਾਂ ਵੀ ਉਸ ਨੂੰ ਟਾਂਗਾ ਕਰ ਕੇ ਬੈਂਕ ਤੀਕ ਜਾਣਾ ਹੀ ਪਿਆ। ਉਥੇ ਜਾ ਕੇ ਜਦ ਉਸ ਨੂੰ ਪਤਾ ਲਗਾ ਕਿ ਕਿਸੇ ਨੇ ਕੋਈ ਰਕਮ ਜਮ੍ਹਾਂ ਨਹੀਂ ਕਰਾਈ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲਗੀ, ‘ਭਾਵੇਂ ਕਿਦਾਰ ਸੋਲ੍ਹਾਂ ਸੌ ਲੈ ਕੇ ਚਲਦਾ ਬਣਿਐ।’ ਉਸ ਦੀ ਸਲਾਹ ਹੋਈ ਕਿ ਥਾਣੇ ਜਾ ਕੇ ਰਿਪੋਰਟ ਦੇਵੇ, ਪਰ ਫੇਰ ਸੋਚ ਕੇ ਉਹ ਉਸੇ ਟਾਂਗੇ ਉਤੇ ਦੁਕਾਨ ਵਲ ਪਰਤਿਆ, ਮਤੇ ਉਹ ਆ ਗਿਆ ਹੋਵੇ।
ਦੁਕਾਨ ਦੇ ਤਾਕ ਉਸੇ ਤਰ੍ਹਾਂ ਬੰਦ ਸਨ। ਉਸ ਦਾ ਦਿਲ ਧੜਕਣ ਲਗਾ। ਉਹ ਥਾਣੇ ਵਲ ਜਾਣ ਲਈ ਸੋਚ ਰਿਹਾ ਸੀ ਕਿ ਉਤੋਂ ਉਸ ਦੀ ਛੋਟੀ ਲੜਕੀ ਨੇ ਆਵਾਜ਼ रिडी।
ਉਪਰ ਜਾ ਕੇ ਉਸ ਨੂੰ ਪਤਾ ਲਗਾ ਕਿ ਕੋਈ ਮੁੰਡਾ ਇਕ ਚਿੱਠੀ ਤੇ ਚਾਬੀਆਂ ਦਾ ਗੁੱਛਾ ਦੇ ਗਿਆ ਹੈ।
ਅਤਰ ਸਿੰਘ ਨੇ ਕਾਹਲੀ ਕਾਹਲੀ ਨਜ਼ਰ ਨਾਲ ਚਿੱਠੀ ਪੜ੍ਹਨੀ ਸ਼ੁਰੂ ਕੀਤੀ। ਲਿਖਿਆ ਹੋਇਆ ਸੀ
ਮੇਰੇ ਅੰਨ ਦਾਤਾ !
ਮੇਰੇ ਵਾਪਸ ਨਾ ਆਉਣ ਕਰਕੇ ਤੁਸੀਂ ਘਬਰਾ ਰਹੇ ਹੋਵੋਗੇ, ਪਰ ਘਬਰਾਣ ਵਾਲੀ ਕੋਈ ਗਲ ਨਹੀਂ। ਹਾਲਾਤ ਕੁਝ ਐਸੇ ਬਣ ਗਏ ਸਨ ਕਿ ਮੈਂ ਆ ਨਹੀਂ ਸਕਿਆ। ਮੇਰੇ ਆਕਾ ! ਮੈਂ ਅਕ੍ਰਿਤਘਣ ਨਹੀਂ ਹਾਂ ਕਿ ਤੁਹਾਡੇ ਉਪਕਾਰਾਂ ਨੂੰ ਇਸ ਜਨਮ ਵਿਚ ਭੁੱਲ ਸਕਾਂ। ਜਿਸ ਤਰ੍ਹਾਂ ਤੁਸਾਂ ਮੈਨੂੰ ਦਰ ਦਰ ਰੁਲਦੋ ਨੂੰ ਨਾ ਕੇਵਲ ਰੋਜ਼ਗਾਰ ਤੇ ਹੀ ਲਾਇਆ ਬਲਕਿ ਮੇਰੀ ਜ਼ਾਤ ਉਤੇ ਇਤਨਾ ਭਰੋਸਾ ਕੀਤਾ ਕਿ ਤੁਸਾਂ ਆਪਣਾ ਸਾਰਾ ਕਾਰੋਬਾਰ ਮੇਰੇ ਹਵਾਲੇ ਕਰ ਦਿਤਾ, ਇਹ ਭੁਲਣ ਵਾਲਾ ਨਹੀਂ।
“ਮੈਂ ਕਿਹੜਾ ਮੂੰਹ ਲੈ ਕੇ ਤੁਹਾਡੇ ਸਾਹਮਣੇ ਆਵਾਂ, ਤੇ ਕਿਸ ਮੂੰਹ ਨਾਲ ਕਹਾਂ ਕਿ ਮੈਂ ਤੁਹਾਡੇ ਸੋਲ੍ਹਾਂ ਸੌ ਰੁਪਏ ਬੈਂਕ ਵਿਚ ਜਮ੍ਹਾਂ ਕਰਾਣ ਦੇ ਥਾਂ ਹੋਰ ਕਿਤੇ ਖ਼ਰਚ ਕਰ ਦਿਤੇ ਨੇ। ਕਿਥੇ ਖ਼ਰਚ ਕੀਤੇ ਨੇ ਤੇ ਕਿਉਂ ? ਇਸ ਦਾ ਜਵਾਬ ਫ਼ਿਲਹਾਲ ਦੇ ਨਹੀਂ ਸਕਦਾ, ਪਰ ਇਤਨਾ ਜ਼ਰੂਰ ਕਹਾਂਗਾ ਕਿ ਇਹ ਕੰਮ ਕਰਕੇ ਮੈਂ ਕਿਸੇ ਪਾਪ ਜਾਂ ਬਦ-ਦਿਆਨਤੀ ਦਾ ਭਾਗੀ ਨਹੀਂ ਬਣਿਆ। ਮੈਨੂੰ ਇਕ ਅਜਿਹੀ ਹਸਤੀ ਲਈ ਇਹ ਰਕਮ ਖ਼ਰਚ ਕਰਨੀ ਪਈ ਹੈ, ਜਿਸ ਦੀ ਇਜ਼ਤ ਆਬਰੂ ਸਖ਼ਤ ਖ਼ਤਰੇ ਵਿਚ ਸੀ।”
“ਸੋ ਜੇ ਤੁਸੀਂ ਇਸ ਗੁਨਾਹ ਬਦਲੇ ਮੇਰੇ ਖ਼ਿਲਾਫ਼ ਕੋਈ ਕਾਨੂੰਨੀ ਚਾਰਾਜੋਈ ਕਰਨਾ ਚਾਹੋਗੇ ਤਾਂ ਮੈਂ ਬਿਨਾ ਹੀਲ ਹੁਜਤ ਅਦਾਲਤ ਵਿਚ ਪੇਸ਼ ਹੋ ਕੇ ਅਪਣੇ ਜੁਰਮ ਦਾ ਇਕਬਾਲ ਕਰਾਂਗਾ ਤੇ ਇਸ ਦੇ ਬਦਲੇ ਮੈਨੂੰ ਜੋ ਸਜ਼ਾ ਹੋਵੇਗੀ, ਆਪਣਾ ਇਖਲਾਕੀ ਫਰਜ਼ ਸਮਝ ਕੇ ਉਸਨੂੰ ਖਿੜੇ ਮਥੇ ਭੁਗਤਾਂਗਾ, ਪਰ ਜੇ ਤੁਸੀਂ ਥੋੜ੍ਹੀ ਜਿਹੀ ਫਰਾਖਦਿਲੀ ਵਿਖਾ ਸਕੋ— ਮੇਰੇ ਖ਼ਿਲਾਫ ਕੋਈ ਚਾਰਾਜੋਈ ਨਾ ਕਰੋ ਤਾਂ ਉਸ ਹਾਲਤ ਵਿਚ ਮੈਂ ਤੁਹਾਨੂੰ ਯਕੀਨ ਦਿਵਾਂਦਾ ਹਾਂ ਕਿ ਤੁਹਾਡੀ ਰਕਮ ਦੀ ਕੌਡੀ ਕੌਡੀ ਚੁਕਦੀ ਕਰ ਦਿਆਂਗਾ। ਮੈਨੂੰ ਪਤਾ ਹੈ ਕਿ ਮੈਂ ਕਮਾਊ ਆਦਮੀ ਹਾਂ, ਤੇ ਇਤਨੀ ਰਕਮ ਨੂੰ ਮੈਂ ਆਸਾਨੀ ਨਾਲ ਬਹੁਤ ਜਲਦੀ ਉਤਾਰ ਸਕਾਂਗਾ।
“ਮੈਨੂੰ ਅਫਸੋਸ ਹੈ ਕਿ ਜਦ ਤੀਕ ਤੁਹਾਡੀ ਸਾਰੀ ਰਕਮ ਮੋੜ ਨਹੀਂ ਦੇਂਦਾ, ਮੈਂ ਤੁਹਾਡੇ ਮੱਥੇ ਨਹੀਂ ਲਗ ਸਕਦਾ। ਉਮੀਦ ਕਰਦਾ ਹਾਂ ਕਿ ਫਿਲਹਾਲ ਤੁਸੀਂ ਮੇਰੀ ਥਾਂ ਕਿਸੇ ਹੋਰ ਆਦਮੀ ਦਾ ਪ੍ਰਬੰਧ ਕਰ ਲਓਗੇ। ਤੁਹਾਡੀ ਰਕਮ ਚੁਕਦੀ ਕਰਨ ਤੋਂ ਬਾਅਦ ਜੇ ਮੈਂ ਜਿਉਂਦਾ ਰਿਹਾ, ਤੇ ਤੁਸਾਂ ਮੇਰਾ ਕਸੂਰ ਮੁਆਫ ਕਰ ਦਿਤਾ ਤਾਂ ਫੇਰ ਤੁਹਾਡੀ ਛਤਰ ਛਾਇਆ ਹੇਠ ਆ ਜਾਵਾਂਗਾ, ਪਰ ਹਾਲੇ ਮੇਰਾ ਕਿਸੇ ਹਾਲਤ ਵਿਚ ਵੀ ਇਥੇ ਰਹਿਣਾ ਮੁਸ਼ਕਿਲ ਜਾਪਦਾ ਹੈ। ਕੇਵਲ ਮੈਂ ਏਸ ਰਕਮ ਬਦਲੇ ਹੀ ਸ਼ਹਿਰ ਛਡ ਕੇ ਨਹੀਂ ਜਾ ਰਿਹਾ, ਇਸ ਦਾ ਇਕ ਹੋਰ ਵੀ ਸਬੱਬ ਹੈ, ਜਿਸ ਕਰਕੇ ਮੈਂ ਇਥੇ ਰਹਿ ਨਹੀਂ ਸਕਦਾ।
“ਕੀ ਮੈਂ ਆਸ ਰਖਾਂ ਕਿ ਤੁਸੀਂ ਮੇਰੇ ਜਜ਼ਬਾਤ ਨੂੰ ਉਨ੍ਹਾਂ ਹੀ ਅਰਥਾਂ ਵਿਚ ਸਮਝਣ ਦੀ ਕੋਸ਼ਿਸ਼ ਕਰੋਗੇ, ਜਿਨ੍ਹਾਂ ਵਿਚ ਮੈਂ ਪੇਸ਼ ਕਰ ਰਿਹਾ ਹਾਂ ? ਜੇ ਅਜਿਹਾ ਹੋਇਆ ਤਾਂ ਮੈਂ ਬਦ-ਕਿਸਮਤ ਹੁੰਦਾ ਹੋਇਆ ਵੀ ਆਪਣੇ ਆਪ ਨੂੰ ਖ਼ੁਸ਼ ਨਸੀਬ ਸਮਝਾਂਗਾ।
ਸਦਾ ਲਈ ਤੁਹਾਡਾ ਖਾਦਮ – “ਕਿਦਾਰ” ਚਿੱਠੀ ਪੜ੍ਹਨ ਤੋਂ ਬਾਅਦ ਅਤਰ ਸਿੰਘ ਕਿੰਨਾ ਹੀ ਚਿਰ ਡੂੰਘੀਆਂ ਸੋਚਾਂ ਦੇ ਘੁੰਮਣ ਘੇਰ ਵਿਚ ਫਸਿਆ ਰਿਹਾ। ਅਖੀਰ ਉਸਨੇ ਟਾਂਗੇ ਵਾਲੇ ਨੂੰ, ਜਿਹੜਾ ਹੇਠਾਂ ਬਾਜ਼ਾਰ ਵਿਚ ਖੜਾ ਉਸਨੂੰ ਉਡੀਕ ਰਿਹਾ ਸੀ, ਆਵਾਜ਼ ਦਿਤੀ, “ਬਈ ਥਾਣੇ ਜਾਣ ਦੀ ਸਲਾਹ ਨਹੀਂ ਰਹੀ” ਤੇ ਕਿਰਾਏ ਦੇ ਪੈਸੇ ਉਸਨੇ ਆਪਣੇ ਲੜਕੇ ਦੇ ਹੱਥ ਭੇਜ ਦਿਤੇ।’
ਇਸ ਤੋਂ ਬਾਅਦ ਉਸ ਨੇ ਹੇਠਾਂ ਜਾ ਕੇ ਦੁਕਾਨ ਖੋਲ੍ਹੀ। ਫਿਰ ਪੇਟੀ ਦਾ ਢੱਕਣ ਖੋਲ੍ਹਿਆ। ਪੇਟੀ ਵਿਚ ਉਸ ਸੋਲ੍ਹਾਂ ਸੌ ਤੋਂ ਛੁੱਟ ਹੋਰ ਚੋਖੀ ਰਕਮ ਤੇ ਕੁਝ ਗਹਿਣਾ ਗੱਟਾ ਵੀ ਸੀ। ਇਹ ਸਭ ਕੁਝ ਜਿਉਂ ਦਾ ਤਿਉਂ ਮੌਜੂਦ ਸੀ — ਇਕ ਪੈਸਾ ਵੀ ਏਧਰ ਓਧਰ ਨਹੀਂ ਸੀ ਹੋਇਆ।
ਚਿੱਠੀ ਪੜ੍ਹ ਕੇ ਉਸ ਦੇ ਦਿਲ ਉਤੇ ਕੁਝ ਐਸਾ ਅਸਰ ਹੋਇਆ ਕਿ ਉਸ ਦਾ ਬਹੁਤ ਸਾਰਾ ਫਿਕਰ ਜਾਂਦਾ ਰਿਹਾ। ਹੁਣ ਜੇ ਕੋਈ ਫਿਕਰ ਉਸਨੂੰ ਸੀ ਤਾਂ ਇਹੋ ਕਿ ਕਿਸੇ ਤਰ੍ਹਾਂ ਉਹ ਕਿਦਾਰ ਨੂੰ ਰੋਕ ਸਕੇ । ਚਿੱਠੀ ਦੇ ਅੱਖਰ ਅੱਖਰ ਉਤੇ ਉਸ ਨੂੰ ਪੂਰਾ ਯਕੀਨ ਬੱਝ ਚੁਕਾ ਸੀ, ਕਿਉਂਕਿ ਇਹਨਾਂ ਛਿਆਂ ਮਹੀਨਿਆਂ ਵਿਚ ਕਿਦਾਰ ਦੇ ਸੁਭਾਉ ਤੇ ਚਾਲ ਚਲਣ ਤੋਂ ਚੰਗੀ ਤਰ੍ਹਾਂ ਵਾਕਫ਼ ਹੋ ਚੁਕਾ ਸੀ । ਉਹ ਇਹ ਵੀ ਜਾਣਦਾ ਸੀ ਕਿਦਾਰ ਵਰਗੇ ਬੇ-ਐਬ ਤੇ ਕਰਿੰਦੇ ਆਦਮੀ ਲਈ ਇਤਨੀ ਰਕਮ ਉਤਾਰਨੀ ਕੁਝ ਵੀ ਮੁਸ਼ਕਲ ਨਹੀਂ, ਪਰ ਉਸ ਲਈ ਇਹ ਸਹਾਰਨਾ ਸੁਖਾਲਾ ਨਹੀਂ ਸੀ ਕਿ ਕਿਦਾਰ ਉਸ ਪਾਸੋਂ ਚਲਾ ਜਾਵੇ। ਕਿਦਾਰ ਨੇ ਜਿਸ ਤਰ੍ਹਾਂ ਉਸਦੇ ਕਾਰੋਬਾਰ ਨੂੰ ਚੁਕਿਆ ਸੀ, ਤੇ ਜਿਵੇਂ ਘੜੀ ਸਾਜ਼ੀ ਦਾ ਕੰਮ ਸਾਂਭ ਕੇ ਉਸ ਦੀ ਆਮਦਨੀ ਵਿਚ ਬਹੁਤ ਸਾਰਾ ਵਾਧਾ ਕਰ ਦਿਤਾ ਸੀ, ਇਸ ਸੂਰਤ ਵਿਚ ਉਸ ਦਾ ਚਲੇ ਜਾਣਾ ਅਤਰ ਸਿੰਘ ਲਈ ਅਸਹਿ ਸੱਟ ਸੀ। ਉਹ ਇਹ ਵੀ ਜਾਣਦਾ ਸੀ ਕਿ ਕਿਦਾਰ ਵਰਗਾ ਆਦਮੀ ਕਿਸਮਤ ਨਾਲ ਹੀ ਕਿਸੇ ਨੂੰ ਲਭ ਸਕਦਾ ਹੈ, ਤੇ ਇਹੋ ਜਿਹੇ ਆਦਮੀ ਦਾ ਲੱਭ ਕੇ ਗੁਆਚਣਾ ਬਦਕਿਸਮਤੀ ਦੀ ਨਿਸ਼ਾਨੀ ਹੈ। ਅਤਰ ਸਿੰਘ ਨੇ ਦਿਲ ਨਾਲ ਫ਼ੈਸਲਾ ਕੀਤਾ ਕਿ ਜਿਸ ਤਰ੍ਹਾਂ ਵੀ ਹੋ ਸਕੇ ਕਿਦਾਰ ਨੂੰ ਢੂੰਡ ਕੇ ਉਸ ਨੂੰ ਜਾਣ ਤੋਂ ਰੋਕਿਆ ਜਾਵੇ ਤੇ ਨਾਲ ਹੀ ਉਸ ਦੀ ਤਸੱਲੀ ਕਰਾਈ ਜਾਵੇ ਕਿ ਇਸ ਰਕਮ ਦਾ ਖ਼ਰਚ ਹੋ ਜਾਣਾ ਉਸ ਲਈ ਜ਼ਰਾ ਵੀ ਦੁਖਦਾਈ ਨਹੀਂ।
ਉਸ ਨੂੰ ਉਸ ਗਲੀ ਦਾ ਪਤਾ ਸੀ, ਜਿਸ ਵਿਚ ਕਿਦਾਰ ਰਹਿੰਦਾ ਸੀ। ਅਤਰ ਸਿੰਘ ਨੇ ਮੁੜ ਦੁਕਾਨ ਬੰਦ ਕਰ ਦਿਤੀ ਤੇ ਰਵਾਂ ਰਵੀਂ ਭਾਵੜਿਆਂ ਵਾਲੀ ਗਲੀ ਵਲ ਤੁਰ ਪਿਆ।
ਗਲੀ ਵਿਚ ਜਾ ਕੇ ਉਸ ਨੂੰ ਕਿਦਾਰ ਬਾਬਤ ਜੋ ਕੁਝ ਪਤਾ ਲਗਾ ਤੇ ਜਿਹੜੇ ਖ਼ਿਆਲ ਉਹ ਉਸ ਬਾਰੇ ਲੈ ਕੇ ਮੁੜਿਆ, ਇਸ ਦਾ ਵਰਨਣ ਉਪਰਲੇ ਕਾਂਡ ਵਿਚ ਅਸੀਂ ਪੜ੍ਹ ਚੁਕੇ ਹਾਂ।
ਗਲੀ ‘ਚੋਂ ਨਿਕਲ ਕੇ ਉਹ ਹੋਰ ਵੀ ਕਈ ਥਾਈਂ ਫਿਰਿਆ, ਰੇਲਵੇ ਸਟੇਸ਼ਨ ਵੀ ਸਾਰਾ ਗਾਹਿਆ, ਪਰ ਕਿਦਾਰ ਉਸ ਨੂੰ ਕਿਤੇ ਨਾ ਲੱਭਾ।
19
ਸਾਰੀ ਰਾਤ ਮਾਇਆ ਨੂੰ ਨੀਂਦਰ ਨਾ ਆਈ। ਉਹ ਸਵੇਰ ਤਕ ਏਸੇ ਗੁੰਝਲ ਨੂੰ ਸੁਲਝਾਉਣ ਲਈ ਛਟਪਟਾਂਦੀ ਰਹੀ। ਉਸ ਦੀ ਹਾਲਤ ਇਸ ਵੇਲੇ ਉਸ ਰਾਹੀ ਵਰਗੀ ਸੀ, ਜਿਹੜੇ ਜੰਗਲ ਵਿਚ ਕਿਸੇ ਸ਼ੋਰ ਦੇ ਕਾਬੂ ਆ ਗਿਆ ਹੋਵੇ, ਪਰ ਅਚਾਨਕ ਹੀ ਕਿਸੇ ਉਪਕਾਰੀ ਹੱਥ ਨੇ ਉਸ ਨੂੰ ਸ਼ੇਰ ਤੋਂ ਬਚਾਉਣ ਲਈ ਚੁਕ ਨਦੀ ਦੀਆਂ ਲਹਿਰਾਂ ਵਿਚ ਸੁਟ ਦਿਤਾ ਹੋਵੇ।
ਉਹ ਰਾਤੀਂ ਕਈ ਵਾਰ ਉਠ ਉਠ ਕੇ ਕਿਦਾਰ ਦੇ ਘਰ ਵਲ ਗਈ, ਪਰ ਬੂਹੇ ਦਾ ਜੰਦਰਾ ਵੱਜਾ ਵੇਖ ਕੇ ਮੁੜ ਆਉਂਦੀ ਰਹੀ। ਸੁਤਿਆਂ ਸੁਤਿਆਂ ਕਦੀ ਤਾਂ ਉਸਨੂੰ ਗੁਸਾ ਆਉਂਦਾ ਕਿ ਉਹ ਦੰਦ ਪੀਂਹਦੀ ਹੋਈ ਉਠ ਬੈਠਦੀ। ਉਹ ਸੋਚਦੀ, ‘ਇਸ ਨੇ ਕਿਉਂ ਹੁਣ ਤਕ ਮੈਨੂੰ ਧੋਖੇ ਵਿਚ ਰਖਿਆ ? ਇਹ ਕਰਨ ਤੋਂ ਉਸਦਾ ਮਤਲਬ ਕੀ ਸੀ ? ਇਤਨਾ ਲੰਮਾ ਚੌੜਾ ਜਾਲ ਰਚਣ ਦੀ ਉਸਨੂੰ ਕੀ ਲੋੜ ਸੀ ? ਕੀ ਇਸ ਤਰ੍ਹਾਂ ਕਿਸੇ ਨੂੰ ਧੋਖਾ ਦੇਣਾ ਸ਼ਰੀਫ ਆਦਮੀ ਦਾ ਕੰਮ ਹੈ ?’ ਪਰ ਜਿਉਂ ਹੀ ਕਿਦਾਰ ਦੇ ਸ਼ੁਰੂ ਤੋਂ ਲੈ ਕੇ ਅਜ ਤਕ ਦੇ ਨਿਰਮਾਣ ਤੇ ਨਿਸ਼ਕਾਮ ਵਰਤਾਉ ਦਾ ਉਸ ਨੂੰ ਖ਼ਿਆਲ ਆਉਂਦਾ, ਉਹ ਕਿਦਾਰ ਉਤੇ ਲਾਏ ਦੂਸ਼ਨਾਂ ਲਈ ਪਛਤਾਉਣ ਲਗ ਪੈਂਦੀ। ਨਾਲ ਹੀ ਉਸ ਨੂੰ ਖ਼ਿਆਲ ਆਉਂਦਾ, “ਕਿਦਾਰ ਦੀ ਮਦਦ ਦਾ ਹੱਥ ਜੇ ਮੇਰੇ ਸਿਰ ਤੇ ਨਾ ਹੁੰਦਾ ਤਾਂ ਅਜ ਮੇਰੀ ਕੀ ਹਾਲਤ ਹੁੰਦੀ — ਮੈਂ ਕਿਸ ਤਰ੍ਹਾਂ ਕੁੜੀ ਦਾ ਵਿਆਹ ਕਰਦੀ, ਕਿਵੇਂ ਘਰ ਦਾ ਖ਼ਰਚ ਤੁਰਦਾ ਤੇ ਕਿਸ ਤਰ੍ਹਾਂ ਇ ਕਰਜ਼ ਦੀ ਬੋਝਲ ਪੰਡ ਮੇਰੇ ਸਿਰੋਂ ਉਤਰਦੀ ?’
ਸਾਰੀਆਂ ਸੋਚਾਂ ਵਿਚਾਰਾਂ, ਗਮਾਂ ਦੀ ਹਨੇਰੀ ਫ਼ਿਜਾ ਵਿਚ ਗੁਮ ਹੋ ਜਾਂਦੀਆਂ ਜਦ ਉਸ ਨੂੰ ਪਤੀ ਦਾ ਖ਼ਿਆਲ ਆਉਂਦਾ। ਉਸ ਦੇ ਦਿਲ ਨੂੰ ਚਸਕਾਂ ਪੈਣ ਲਗਦੀਆਂ ਜਦ ਸੋਚਦੀ, “ਜੇ ਸਰਦਾਰ ਜੀ ਨੇ ਸਭ ਕੁਝ ਸੱਚ ਕਿਹਾ ਹੈ ਤਾਂ ਇਸਦਾ ਮਤਲਬ ਸਾਫ ਹੈ ਕਿ ਮੇਰਾ ਪਤੀ ਜਿਹੜਾ ਉਸ ਦਿਨ ਸਰਦਾਰ ਪਾਸੋਂ ਲੜਕੀ ਦੇ ਵਿਆਹ ਲਈ ਮਦਦ ਮੰਗਣ ਗਿਆ ਸੀ – ਅਚਾਨਕ ਨੌਕਰੀ ਛੁਟ ਜਾਣ ਕਰਕੇ ਜ਼ਰੂਰ ਕਿਸੇ ਪਾਸੇ ਨਿਕਲ ਗਿਆ ਹੋਵੇਗਾ ? ਪਰ ਗਿਆ ਕਿਧਰ ? ਤੇ ਜੇ ਦੁਖੀ ਹੋ ਕੇ ਕਾਰਾ ਕਰ ਬੈਠਾ ਹੋਵੇ …. ਕਈ ਵਾਰੀ ਉਹ ਬਦਸ਼ਗਣੀਆਂ ਗੱਲਾਂ ਵੀ ਤਾਂ ਕਰਿਆ ਕਰਦਾ ਸੀ, ਨਾ ਜਾਣੀਏਂ …..” ਇਥੇ ਪਹੁੰਚ ਕੇ ਮਾਇਆ ਦਾ ਸਬਰ, ਉਸ ਦਾ ਧੀਰਜ ਤੇ ਹੌਂਸਲਾ, ਸਭ ਕੁਝ ਖ਼ਤਮ ਹੋ ਜਾਂਦਾ ਤੇ ਉਹ ਬਿਸਤਰੇ ਵਿਚ ਮੂੰਹ ਦੇ ਕੇ ਭੁੱਬੀ ਰੋਣ ਲਗ ਪੈਂਦੀ।
ਇਸ ਤਰ੍ਹਾਂ ਰੋਂਦਿਆਂ ਕਲਪਦਿਆਂ ਤੇ ਸੋਚਾਂ ਦੀਆਂ ਗਹਿਰਾਈਆਂ ਵਿਚ ਭਟਕਦਿਆਂ ਉਸ ਨੇ ਰਾਤ ਦੇ ਚਾਰੇ ਪਹਿਰ ਬਿਤਾ ਦਿਤੇ। ਸਭ ਤੋਂ ਵੱਡੀ ਮੁਸੀਬਤ ਇਹ ਕਿ ਉਹ ਆਪਣੇ ਦਿਲ ਦਾ ਧੂੰਆਂ ਕਿਸੇ ਅਗੇ ਕਢ ਨਹੀਂ ਸੀ ਸਕਦੀ। ਕਿਸੇ ਨੂੰ ਕਹੇ ਤਾਂ ਕੀ ਕਹੇ, ਪੁਛੇ ਤਾਂ ਕੀ ਪੁਛੇ।
ਦਿਨ ਚੜ੍ਹਿਆ, ਮਾਇਆ ਨੂੰ ਅਜ ਉਠਣ ਬੈਠਣ ਦੀ ਹਿੰਮਤ ਜਵਾਬ ਦੇ ਗਈ ਸੀ। ਉਸ ਦੇ ਸਾਰੇ ਅੰਗ ਇਸ ਤਰ੍ਹਾਂ ਸਿੱਥਲ ਹੋਏ ਪਏ ਸਨ ਜਿਵੇਂ ਉਹਨਾਂ ਵਿਚ ਜਾਨ ਹੀ ਨਹੀਂ ਸੀ। ਮਾਇਆ ਬਿਲਕੁਲ ਪੱਥਰ ਹੋਈ ਪਈ ਸੀ। ਉਸ ਦੇ ਅੰਦਰ ਨਾ ਕੋਈ ਸੋਚ ਸੀ, ਨਾ ਕੋਈ ਵਿਚਾਰ। ਉਸ ਨੂੰ ਜਾਪਦਾ ਸੀ ਜਿਵੇਂ ਇਸ ਦੁਨੀਆਂ ਵਿਚ ਉਸ ਦਾ ਕੁਝ ਬਾਕੀ ਨਹੀਂ ਰਿਹਾ।
ਘਰ ਦਾ ਕੰਮ ਧੰਦਾ ਜਿਹੋ ਜਿਹਾ ਮਾੜਾ ਮੋਟਾ ਹੋ ਸਕਿਆ, ਵਿਦਿਆ ਨੇ ਕੀਤਾ। ਵਿਦਿਆ ਨੇ ਕਈ ਵਾਰੀ ਮਾਂ ਨੂੰ ਉਠਾਣ ਦੀ ਕੋਸ਼ਿਸ਼ ਕੀਤੀ, ਪਰ ਹਰ ਵਾਰੀ ਉਸ ਨੇ ਬੀਮਰੀ ਦਾ ਬਹਾਨਾ ਪਾ ਕੇ ਤੇ ਕੰਮ ਕਾਰ ਉਸ ਨੂੰ ਮਾੜਾ ਮੋਟਾ ਸਮਝਾ ਕੇ ਬਾਹਰ ਭੇਜ ਦਿਤਾ, ਉਧਰ ਨਿੱਕਾ ਕਾਕਾ ਤੰਗ ਕਰ ਰਿਹਾ ਸੀ । ਮਾਇਆ ਨੇ ਗੁਸੇ ਵਿਚ ਆ ਕੇ ਉਸਨੂੰ ਇਤਨਾ ਕੁਟਿਆ, ਕਿ ਜੇ ਵਿਦਿਆ ਉਸਨੂੰ ਚੁਕ ਕੇ ਬਾਹਰ ਨਾ ਲੈ ਜਾਂਦੀ ਤਾਂ ਵਿਚਾਰੇ ਦੀ ਖਬਰੇ ਕਿੰਨੀ ਕੁ ਸ਼ਾਮਤ ਆਉਣੀ ਸੀ।
ਅਜੇ ਨੌਂ ਵੀ ਨਹੀਂ ਸਨ ਵਜੇ ਕਿ ਉਹੀ ਕਲ੍ਹ ਵਾਲਾ ਮੁਨਸ਼ੀ ਫੇਰ ਆ ਧਮਕਿਆ। ਮਾਇਆ ਲਈ ਕਚਹਿਰੀ ਜਾਣ ਤੋਂ ਬਿਨਾਂ ਹੁਣ ਤਕ ਕੋਈ ਚਾਰਾ ਨਹੀਂ ਸੀ। ਉਸ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਇਸ ਕੰਮ ਲਈ ਤਿਆਰ ਕੀਤਾ ਤੇ ਬਸੰਤ ਨੂੰ ਨਾਲ ਲੈ ਕੇ ਉਸ ਦੇ ਨਾਲ ਟਾਂਗੇ ਤੇ ਬੈਠ ਕੇ ਕਹਿਚਰੀ ਜਾ ਪਹੁੰਚੀ।
ਉਥੇ ਜਾ ਕੇ ਉਸਨੇ ਰਹਿਨਨਾਮਾ ਤਸਦੀਕ ਕਰਾਇਆ, ਤੇ ਵਹੀ ਉਤੇ ਰਕਮ ਵਸੂਲ ਕਰਾਕੇ ਵਾਪਸ ਘਰ ਨੂੰ ਮੁੜੀ। ਉਸਦੇ ਮਨ ਦੀ ਹਾਲਤ ਇਸ ਵੇਲੇ ਕਹਿਣ ਸੁਣਨ ਤੋਂ ਬਾਹਰ ਸੀ। ਮਾਨਸਕ ਉਲਝਣ ਦੀ ਹਾਲਤ ਵਿਚ ਵਕਤ ਬੀਤਣਾ ਮੁਸ਼ਕਲ ਹੋ ਜਾਂਦਾ ਸੀ। ਆਦਮੀ ਵਡੇ ਤੋਂ ਵਡਾ ਸਦਮਾ ਸਹਾਰ ਸਕਦਾ ਹੈ ਪਰ ਇਹ ਉਲਝਣ ਦੀ ਹਾਲਤ ਐਸੀ ਨਾ-ਮੁਰਾਦ ਹੁੰਦੀ ਹੈ ਕਿ ਆਦਮੀ ਦਾ ਜੀਊਣਾ ਦੂਭਰ ਕਰ ਦੇਂਦੀ ਹੈ। ਇਸ ਵੇਲੇ ਮਾਇਆ ਦੀ ਉਲਝਣ ਨੂੰ ਸੁਲਝਾਉਣ ਵਾਲਾ ਜੇ ਕੋਈ ਸੀ ਤਾਂ ਉਸ ਦੇ ਖ਼ਿਆਲ ਵਿਚ ਕਿਦਾਰ ਹੀ ਸੀ, ਪਰ ਕਿਦਾਰ ਨੂੰ ਕਿਥੇ ਲਭਿਆ ਜਾਵੇ ! ਉਹ ਤਾਂ ਕਲ੍ਹ ਤੋਂ ਹੀ ਲਾਪਤਾ ਸੀ।
20
ਪਹਿਲ ਵੇਰ ਸਹੁਰੇ ਜਾ ਕੇ ਵੀਣਾ ਨੂੰ ਇਕ ਨਵੇਂ ਜੀਵਨ ਦਾ ਅਨੁਭਵ ਹੋਇਆ। ਸਾਰਾ ਘਰ ਖ਼ੁਸ਼ੀਆਂ ਦੇ ਕਹਿਕਿਆਂ ਨਾਲ ਗੂੰਜ ਰਿਹਾ ਸੀ! ਵੀਣਾ ਵਰਗੀ ਚੰਦਰ-ਮੁਖੀ ਦੁਲਹਨ ਨੂੰ ਵੇਖ ਕੇ ਕਿਹੜਾ ਸੀ ਜੋ ਦੰਗ ਨਾ ਰਹਿ ਜਾਂਦਾ। ਦਿਰਾਣੀਆਂ ਜਿਠਾਣੀਆਂ ਤੇ ਸੱਸਾਂ ਨਾਲ ਭਰਿਆ ਹੋਇਆ ਘਰ ਜਿਵੇਂ ਜਿਵੇਂ ਸਿਰਫ ਵਹੁਟੀ ਦੀ ਖ਼ਿਦਮਤਗਾਰੀ ਲਈ ਹੀ ਬਣਾਇਆ ਗਿਆ ਸੀ। ਉਸ ਨੂੰ ਹਸਣ ਖਿਡਾਣ ਤੇ ਖੁਆਣ ਪੁਆਉਣ ਲਈ ਬੇਓੜਕ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਵੀਣਾ ਸੀ ਕਿ ਨਾ ਉਸ ਦੇ ਹੇਠਾਂ ਤੇ ਮੁਸਕ੍ਰਾਹਟ ਆ ਸਕੀ, ਨਾ ਹੀ ਉਸਦੇ ਸੰਘੋਂ ਇਕ ਭੋਰਾ ਉਤਰ ਸਕਿਆ।
ਕੁੜੀਆਂ ਚਿੜੀਆਂ ਨੇ ਖ਼ਿਆਲ ਕੀਤਾ ਕਿ ਇਹੋ ਜਿਹੇ ਨਾਜ਼ ਨਖ਼ਰੇ ਅਕਸਰ ਡੋਲੀਓਂ ਨਿਕਲੀ ਦੁਲਹਨ ਦਾ ਰਿਵਾਜ ਹੈ, ਤੇ ਪਰ ਉਨ੍ਹਾਂ ਦਾ ਖ਼ਿਆਲ ਸੀ ਕਿ ਦਿਹਾੜੀ ਦੋਕਰੇ ਨੂੰ ਆਪੇ ਠੀਕ ਹੋ ਜਾਵੇਗੀ, ਪਰ ਉਨ੍ਹਾਂ ਦੀ ਮੁਰਾਦ ਪੂਰੀ ਨਾ ਹੋਈ, ਨਾ ਹੀ ਉਨ੍ਹਾਂ ਦੀਆਂ ਨਾਜ-ਬਰਦਾਰੀਆਂ ਤੋਂ ਕੁਝ ਸੌਰਿਆ। ਵੀਣਾ ਦੇ ਚਿਹਰੇ ਦੀ ਉਹ ਗੁਲਾਬ-ਪੱਤਿਆਂ ਵਰਗੀ ਲਾਲ, ਸਰ੍ਹੋਂ ਦੇ ਫੁੱਲਾਂ ਵਰਗਾ ਰੰਗ ਫੜਦੀ ਜਾ ਰਹੀ। ਜਿਉਂ ਜਿਉਂ ਕੁੜੀਆਂ ਉਸ ਨਾਲ ਹੱਸਣ ਖੇਡਣ, ਠੱਠੇ ਮਸ਼ਕਰੀ ਕਰਨ ਦੀ ਕੋਸ਼ਿਸ਼ ਕਰਦੀਆਂ, ਤਿਉਂ ਤਿਉਂ ਵੀਣਾ ਦਾ ਦਿਲ ਛਿੱਥਾ ਪੈਂਦਾ ਜਾਂਦਾ।
ਵੀਣਾ ਦਾ ਪਤੀ ਇਕ ਕਾਰੋਬਾਰੀ ਤੇ ਰੱਜੇ ਪੁੱਜੇ ਘਰ ਦਾ ਨੌਜਵਾਨ ਸੀ। ਪਰ ਇਕ ਗੱਭਰੂ ਦਿਲ ਵਿਚ ਸੁਹਾਗ ਦੀ ਪਹਿਲੀ ਰਾਤੇ ਦੁਹਲਨ ਨੂੰ ਵੇਖਣ ਦੀ ਜਿਹੜੀ ਉਤਸੁਕਤਾ ਹੁੰਦੀ ਹੈ, ਉਹ ਬ੍ਰਿਜ ਲਾਲ ਵਿਚ ਆਮ ਨਾਲੋਂ ਕਿਤੋਂ ਵਧੀਕ ਸੀ। ਉਸ ਦੇ ਰਿਸ਼ਤੇਦਾਰ ਦੀ ਕੁੜੀ ਚੰਨੋਂ ਜਿਸ ਤਰ੍ਹਾਂ ਬ੍ਰਿਜ ਲਾਲ ਬਾਬਤ ਕੁਝ ਕਹਿੰਦੀ ਸੁਣਦੀ ਜਾ ਰਹੀ ਸੀ, ਇਸੇ ਤਰ੍ਹਾਂ ਬ੍ਰਿਜ ਲਾਲ ਪਾਸ ਵੀ ਵੀਣਾ ਦੀ ਸੁੰਦਰਤਾ ਤੇ ਉਸਦੇ ਨਿੱਘੇ ਸੁਭਾਉ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਚੁਕੀ ਸੀ । ਬ੍ਰਿਜ ਲਾਲ ਬੜੀ ਬੇਸਬਰੀ ਨਾਲ ਉਸ ਸੁਭਾਗੀ ਘੜੀ ਦੀ ਉਡੀਕ ਕਰਦਾ ਰਿਹਾ ਸੀ, ਜਦ ਉਹ ਦੁਲਹਨ ਦੇ ਮੂੰਹ ਤੋਂ ਪਹਿਲਾਂ ਘੁੰਡ ਚੁਕੇਗਾ।
ਅਖ਼ੀਰ ਉਹ ਸੁਭਾਗਾ ਕਹੋ ਜਾਂ ਅਭਾਗਾ — ਸਮਾਂ ਆ ਹੀ ਪੂਜਾ। ਸਬੱਬ ਨਾਲ
ਸੁਹਾਗ ਕਮਰੇ ਨੂੰ ਸਜਾਉਣ ਦੀ ਪ੍ਰਬੰਧਕਾ ਸੀ ਉਹੀ ਚੰਨੋ, ਜਿਸ ਨੇ ਦੁਹਾਂ ਅਣ- ਵੇਖੀਆਂ ਰੂਹਾਂ ਨੂੰ ਸਮੇਂ ਤੋਂ ਪਹਿਲਾਂ ਹੀ ਇਕ ਦੂਜੇ ਦੇ ਬਹੁਤ ਨੇੜੇ ਲੈ ਆਂਦਾ ਸੀ। ਲਾੜੇ ਨੇ ਸੁਹਾਗ ਕਮਰੇ ਅੰਦਰ ਪ੍ਰਵੇਸ਼ ਕੀਤਾ। ਲਾਵਾਂ ਵੇਲੇ ਤੇ ਇਸ ਤੋਂ ਬਾਅਦ ਰੀਤਾਂ ਵੇਲੇ ਉਸ ਨੇ ਵੀਣਾ ਦੇ ਸਿਰਫ਼ ਹੱਥ ਹੀ ਨੰਗੇ ਵੇਖੇ ਸਨ। ਗੋਰੇ ਹੱਥਾਂ ਉਤੇ ਸੂਹੀ ਮਹਿੰਦੀ ਵੇਖ ਕੇ ਉਸ ਦਾ ਦਿਲ ਖ਼ੁਸ਼ੀ ਨਾਲ ਨੱਚ ਉਠਿਆ। ਆਪਣੇ ਭਾਗਾਂ ਨੂੰ ਸਲਾਹੁੰਦਾ ਹੋਇਆ ਉਹ ਬਰਾਬਰ ਸੋਚ ਰਿਹਾ ਸੀ, ਕਿ ਇਸ ਸ਼ਹਿਰ ਵਿਚ ਇਹੋ ਜਿਹੀ ਸੁਹਣੀ ਵਹੁਟੀ ਕਿਸੇ ਹੋਰ ਦੀ ਹੋਵੇਗੀ?
ਘੁੰਡ ਚੁਕ ਕੇ ਜਦ ਉਸ ਨੇ ਪਹਿਲੀ ਨਜ਼ਰ ਵੀਣ ਦੇ ਚਿਹਰੇ ਤੇ ਸੁਟੀ ਤਾਂ ਉਹ ਕੰਬ ਉਠਿਆ। ਜਿਸ ਸਵਰਗੀ ਫੁੱਲ ਨੂੰ ਵੇਖਣ ਲਈ ਉਸ ਦੀਆਂ ਅੱਖਾਂ ਤਰਸ ਰਹੀਆਂ ਸਨ, ਓਹੀ ਫੁਲ ਇਸ ਵੇਲੇ ਉਸ ਦੇ ਸਾਹਮਣੇ ਮੌਜੂਦ ਸੀ, ਪਰ ਟਹਿਣੀ ਨਾਲੋਂ ਟੁੱਟਾ ਹੋਇਆ – ਮੁਰਝਾਈਆਂ ਪੰਖੜੀਆਂ ਵਾਲਾ। ਵੀਣਾ ਦਾ ਚਿਹਰਾ ਕਿਸੇ ਡੂੰਘੇ ਵਿਖਾਦ ਦੀ ਤਸਵੀਰ ਬਣਿਆ ਹੋਇਆ ਸੀ।
ਵੀਣਾ ਵੀ ਇਸ ਅਣਵੇਖੀ ਚੀਜ਼ (ਪਤੀ) ਨੂੰ ਵੇਖਣ ਲਈ ਕੋਈ ਘਟ ਉਤਾਵਲੀ ਨਹੀਂ ਸੀ। ਚੰਨੋ ਦੀਆਂ ਨਿੱਤ ਏਸੇ ਸੰਬੰਧੀ ਕੀਤੀਆਂ ਹੋਈਆਂ ਗੱਲਾਂ ਉਸ ਦੇ ਦਿਲ ਵਿਚ ਰੋਜ਼ ਨਵੇਂ ਤੋਂ ਨਵਾਂ ਉਤਸ਼ਾਹ ਤੇ ਮਿਲਣ-ਤੀਬਰਤਾ ਜਗਾਂਦੀਆਂ ਰਹੀਆਂ ਸਨ। ਪ੍ਰਾਪਤ ਹੋਣ ਵਾਲੇ ਦੇਵਤਾ ਲਈ ਵੀਣਾ ਨਿਤ ਨਵੇਂ ਤੋਂ ਨਵੇਂ ਰੂਪ ਵਿਚ ਆਪਣੇ ਮਨ ਮੰਦਰ ਨੂੰ ਸਜਾਂਦੀ ਰਹੀ। ਬਚਪਨ ਤੇ ਜਵਾਨੀ ਦੇ ਇਸ ਸਵਰਗੀ ਦੁਮੇਲ ਦੀ ਮੰਜ਼ਲ ਤੇ ਪਹੁੰਚਣ ਤੋਂ ਪਹਿਲਾਂ ਹੀ ਵੀਣਾ ਦਾ ਮਨ ਸਰਪੱਟ ਦੌੜੇ ਨੱਠਾ ਚਲਾ ਆਇਆ ਸੀ ਪਰ ਪਹੁੰਚਣ ਤੋਂ ਪਹਿਲਾਂ ਹੀ ਵੀਣਾ ਦੀਆਂ ਸਾਰੀਆਂ ਮਿਲਣ- ਰੀਝਾਂ ਕਿਸੇ ਅਨਿਸ਼ਟ ਦੀਆਂ ਖੂਨੀ ਦਾਹੜਾਂ ਹੇਠ ਆ ਕੇ ਜਿਵੇਂ ਦਰਾੜੀਆਂ ਜਾ ਚੁਕੀਆਂ ਹਨ। ਵੀਣਾ ਇਸ ਵੇਲੇ ਸਚਮੁਚ ਉਹ ਵੀਣਾ ਸੀ, ਜਿਸ ਦੀਆਂ ਤਾਰਾਂ ਵੱਜਣ ਤੋਂ ਪਹਿਲਾਂ ਹੀ ਟੁਟ ਚੁਕੀਆਂ ਹੋਣ।
ਪਤੀ ਨੇ ਘੁੰਡ ਚੁਕਿਆ, ਉਸ ਦਾ ਖ਼ਿਆਲ ਸੀ ਕਿ ਵੀਣਾ — ਜਿਵੇਂ ਉਸ ਨੇ ਅਕਸਰ ਸੁਣਿਆ ਸੀ — ਆਪਣੀਆਂ ਇਨਕਾਰੀ ਤੇ ਸੰਗਾਊ ਹਰਕਤਾਂ ਨਾਲ ਉਸ ਦੇ ਦਿਲ ਦਾ ਸਾਰਾ ਮਾਲ ਲੁਟ ਲਵੇਗੀ। ਪਰ ਵੀਣਾ ਟੱਸ ਤੋਂ ਮੱਸ ਨਹੀਂ ਹੋਈ, ਜਿਵੇਂ ਉਸ ਵਿਚ ਹਰਕਤ ਨਾਉਂ ਦੀ ਕੋਈ ਚੀਜ਼ ਹੈ ਈ ਨਹੀਂ ਸੀ, ਯਾਰਾਂ ਦੋਸਤਾਂ ਦੀਆਂ ਮਜਲਸਾਂ ਵਿਚੋਂ ਬ੍ਰਿਜ ਲਾਲ ਇਸ ਪ੍ਰਿਥਮ ਮਿਲਣੀ ਬਾਬਤ ਬਹੁਤ ਕੁਝ ਸਿਖਿਆ ਪ੍ਰਾਪਤ ਕਰ ਚੁਕਾ ਸੀ, ਉਸਨੂੰ ਦਸਿਆ ਗਿਆ ਸੀ ਕਿ ਉਹ ਵਸਾਲ ਵਸਾਲ ਹੀ ਨਹੀਂ, ਜਿਹੜਾ ਇਨਕਾਰ ਦੀ ਚਾਸ਼ਨੀ ਵਿਚ ਗਲੇਫ਼ਿਆ ਨਾ ਹੋਵੇ। ਪਰ ਇਥੇ ਉਸਨੇ ਜੋ ਕੁਝ ਵੇਖਿਆ, ਉੱਕਾ ਹੀ ਉਸ ਫ਼ਿਲਾਸਫ਼ੀ ਤੋਂ ਉਲਟ ਸੀ। ਇਕ ਅਮੀਰ ਦਾ ਲੜਕਾ ਜਿਸ ਨੇ ਜਵਾਨੀ ਦੇ ਮੁਢਲੇ ਦਿਨ, ਸਾਰੇ ਦੇ ਸਾਰੇ ਯਾਰਾਂ ਦੋਸਤਾਂ ਦੀਆਂ ਰੰਗੀਨ ਮਹਿਫਲਾਂ ਵਿਚ ਬਿਤਾਏ ਹੋਣ, ਜਿਸ ਦੀਆਂ ਨਜ਼ਰਾਂ ਵਿਚ ਮਾਸ਼ੂਕ ਦਾ ਹੀ ਦੂਸਰਾ ਨਾਮ ‘ਵਹੁਟੀ’ ਹੋਵੇ ਤੇ ਜਿਹੜਾ ਵਿਆਹ ਨੂੰ ਭੋਗ ਬਿਲਾਸ ਦੇ ਸਮਾਜਕ ਲਾਈਸੈਂਸ ਤੋਂ ਵਧ ਕੁਝ ਵੀ ਨਾ ਸਮਝਦਾ ਹੋਵੇ, ਉਸ ਦੇ ਦਿਲ ਉਤੇ ਇਸ ਪਹਿਲੀ ਤੱਕਣੀ ਦਾ ਕੀ ਅਸਰ ਹੋਇਆ ਹੋਵੇਗਾ, ਇਸ ਗੱਲ ਦਾ ਜੁਆਬ ਦੇਣਾ ਮੁਸ਼ਕਲ ਹੈ। ਤਾਂ ਵੀ ਇਤਨਾ ਜ਼ਰੂਰ ਕਹਿਣਾ ਪਵੇਗਾ ਕਿ ਬ੍ਰਿਜ ਲਾਲ ਦੀ ਲਗਭਗ ਅੱਧੀ ਮਿਲਣ-ਤੀਬਰਤਾ ਸਿਲ੍ਹਾਬੀ ਗਈ।
ਉਹ ਪਲੰਘ ਤੇ ਬੈਠ ਗਿਆ। ਫਿਰ ਉਸ ਨੇ ਹੌਲੀ ਜਿਹੇ ਆਪਣਾ ਹੱਥ ਵੀਣਾ ਦੇ ਮੋਢੇ ਤੇ ਰਖ ਦਿਤਾ, ਪਰ ਵੀਣਾ ਓਸੇ ਤਰ੍ਹਾਂ ਅਹਿੱਲ ਸੀ। ਉਸ ਦੀਆਂ ਪਲਕਾਂ ਨਹੀਂ ਸਨ ਝਪਕਦੀਆਂ।
“ਵੀਣਾ !” ਪਤੀ ਨੇ ਉਸ ਦੀ ਚੂੜੇ ਵਾਲੀ ਬਾਂਹ ਫੜ ਕੇ ਕਿਹਾ, “ਇਤਨੀ ਪਰੇਸ਼ਾਨ ਕਿਉਂ ਏਂ ? ਐਧਰ ਤੱਕ”
ਵੀਣਾ ਨੂੰ ਜਿਵੇਂ ਕਿਸੇ ਭੁਲੀ ਹੋਈ ਗੱਲ ਦਾ ਚੇਤਾ ਆ ਗਿਆ — ਜਿਸ ਤਰ੍ਹਾਂ ਉਸ ਨੂੰ ਯਾਦ ਹੀ ਨਹੀਂ ਸੀ ਰਿਹਾ ਕਿ ਉਹ ਕਿਸ ਅਵਸਥਾ ਵਿਚ, ਕਿਸ ਥਾਂ, ਅਤੇ ਕਿਸ ਦੇ ਨਾਲ ਬੈਠੀ ਹੋਈ ਹੈ। ਕਠਪੁਤਲੀ ਵਾਂਗ ਉਸ ਨੇ ਪਤੀ ਵਲ ਤੱਕਿਆ।
“ਮੈਂ ਤੈਨੂੰ ਸ਼ਾਇਦ ਬੇਆਰਾਮ ਕੀਤਾ ਹੈ” — ਪਤੀ ਨੇ ਉਸ ਦੀਆਂ ਮੋਟੀਆਂ – ਅੱਖਾਂ ਵਿਚ ਉਪਰਾਮਤਾ ਵੇਖ ਕੇ ਪੁੱਛਿਆ !
“ਨਹੀਂ” ਵੀਣਾ ਨੇ ਜਿਵੇਂ ਡੂੰਘੀ ਨੀਂਦਰ ਵਿਚੋਂ ਜਾਗ ਕੇ ਇਕ ਸ਼ਬਦ ਕਿਹਾ।
“ਤੈਨੂੰ ਮੇਰਾ ਆਉਣਾ ਚੰਗਾ ਨਹੀਂ ਲੱਗਾ ?”
ਵੀਣਾ ਨੇ ਸਿਰਫ਼ ‘ਹਾਂ’ ਵਿਚ ਸਿਰ ਹਿਲਾਇਆ ਮੂੰਹੋਂ ਕੁਝ ਨਾ ਬੋਲੀ। ਜਿਸ ਤੋਂ ਦੋਵੇਂ ਮਤਲਬ ਕਢੇ ਜਾ ਸਕਦੇ ਸਨ। ਬ੍ਰਿਜ ਲਾਲ ਨੇ ਫਿਰ ਪੁੱਛਿਆ, “ਮੈਂ ਚਲਾ नाहां ?”
“어”
“ਬੈਠਾ ਰਹਾਂ ?”
“ਹਾਂ ”
“ਤੈਨੂੰ ਨੀਂਦਰ ਤੇ ਨਹੀਂ ਆਈ ਹੋਈ ?”
“ਨਹੀਂ।”
“ਤੈਨੂੰ ਪਤਾ ਏ, ਤੂੰ ਮੇਰੀ ਪਤਨੀ ਹੈਂ ?”
“ਹਾਂ ”
ਬ੍ਰਿਜ ਲਾਲ ਇਸ ਇਕ-ਅੱਖਰੀ ‘ਹਾਂ’ ‘ਨਾਂ’ ਦੇ ਜਵਾਬ ਤੋਂ ਤੰਗ ਆ ਗਿਆ। ਆਪਣੀ ਕਲਪਨਾ ਦ੍ਵਾਰਾ ਉਸਨੇ ਵਹੁਟੀ ਦਾ ਜੋ ਵਰਤਾਉ ਮਿਥਿਆ ਹੋਇਆ ਸੀ, ਉਸ ਦਾ ਇਥੇ ਚਿੰਨ ਮਾਤਰ ਵੀ ਉਸ ਨੂੰ ਦਿਖਾਈ ਨਾ ਦਿਤਾ। ਉਸਦੀ ਨਿਰਾਸਤਾ ਵਧਦੀ ਜਾ ਰਹੀ ਸੀ। ਉਹ ਵਹੁਟੀ ਨੂੰ ਹੱਸਦੀ, ਗੁਟਕਦੀ, ਮਛਰਦੀ ਵੇਖਣਾ ਤੇ ਉਸਦੇ ਮੂੰਹੋਂ ‘ਨਾ ਛੇੜੋ, ਹਟੋ, ਪਰੇ ਜਾਓ ਆਦਿ ਸੁਣਨਾ ਚਾਹੁੰਦਾ ਸੀ, ਪਰ ਉਸਨੇ ਵੇਖਿਆ, ਇਨ੍ਹਾਂ ਵਿਚੋਂ ਕੋਈ ਚੀਜ਼ ਵੀ ਵੀਣਾ ਪਾਸ ਨਹੀਂ ਸੀ।
ਉਹ ਨਿਰਾਸ ਹੋ ਕੇ ਮੰਜੇ ਤੋਂ ਇਹ ਕਹਿੰਦਾ ਹੋਇਆ ਉੱਠ ਖੜੋਤਾ, “ਚੰਗਾ ਮੈਂ ਜਾਂਦਾ ਹਾਂ” ਤੇ ਉਸਦਾ ਖ਼ਿਆਲ ਸੀ ਕਿ ਵੀਣਾ ਝਪਟ ਕੇ ਉਸਦੀ ਬਾਂਹ ਫੜ ਲਵੇਗੀ, ਉਸਦੀ ਉਮੀਦ ਦਾ ਕੋਈ ਹਿੱਸਾ ਵੀ ਪੂਰਾ ਨਾ ਹੋਇਆ। ਬੂਹੇ ਪਾਸ ਜਾ ਕੇ ਉਸ ਇਕ ਵਾਰੀ ਪਿਛਾਂਹ ਤੱਕਿਆ ਤੇ ਤੱਕ ਕੇ ਬੋਲਿਆ “ਜਾਵਾਂ ?”
“ਨਾ” ਵੀਣਾ ਨੇ ਉਸ ਵਲ ਤੱਕਿਆ ਸਿਰਫ਼ ਇਤਨਾ ਹੀ ਕਹਿ ਦਿਤਾ। ਬ੍ਰਿਜ ਲਾਲ ਦੀ ਮਰਦਾਨਾ ਅਣਖ ਨੇ ਉਸਨੂੰ ਹੋਰ ਟੁੰਬਿਆ। ਹੁਣ ਇਥੇ ਹੋਰ ਠਹਿਰਨਾ ਉਸ ਨੂੰ ਆਪਣੀ ਹੇਠੀ ਜਾਪ ਰਹੀ ਸੀ। ਚਲੇ ਜਾਣ ਦੇ ਇਰਾਦੇ ਨਾਲ ਉਸ ਨੇ ਬੂਹੇ ਦਾ ਕੁੰਡਾ ਖੋਲ੍ਹਿਆ, ਪਰ ਜਿਉਂ ਹੀ ਤਾਕ ਨੂੰ ਉਸ ਨੇ ਖਿੱਚਣਾ ਚਾਹਿਆ, ਉਸਨੂੰ ਪਤਾ ਲੱਗਾ ਕਿ ਬੂਹਾ ਬਾਹਰੋਂ ਬੰਦ ਹੈ।
ਉਹ ਫੇਰ ਪਿਛਾਂਹ ਮੁੜਿਆ। ਐਤਕੀਂ ਉਸ ਦੇ ਚਿਹਰੇ ਤੇ ਕੁਝ ਕੁਝ ਗੁੱਸੇ ਦੀ ਚਮਕ ਸੀ। ਉਹ ਫੇਰ ਕੁਝ ਨਾ ਬੋਲਿਆ। ਭਾਵੇਂ ਕਮਰੇ ਵਿਚ ਲੱਗਾ ਹੋਇਆ ਕਲਾਕ ਉਸ ਨੂੰ ਘੰਟੇ ਘੰਟੇ ਬਾਅਦ ਇਸ ਸੁਹਾਗ ਰਾਤ ਦਾ ਚੇਤਾ ਕਰਾਂਦਾ ਰਿਹਾ, ਪਰ ਬ੍ਰਿਜ ਲਾਲ ਖ਼ਾਮੋਸ਼ ਸੀ। ਤੇ ਏਸੇ ਖ਼ਾਮੋਸ਼ੀ ਨੂੰ ਘੰਟੇ ਘੰਟੇ ਬਾਅਦ ਤੋੜਦਿਆਂ ਕਲਾਕ ਨੇ ਸਾਰੀ ਰਾਤ ਖ਼ਤਮ ਕਰ ਦਿੱਤੀ।
ਵੀਣਾ ਨੂੰ ਪਤਾ ਨਹੀਂ ਸੀ ਕਿ ਕਿਹੜੇ ਵੇਲੇ ਉਸ ਨੂੰ ਨੀਂਦਰ ਆ ਗਈ। ਜਦ ਉਸ ਦੀ ਜਾਗ ਖੁਲ੍ਹੀ ਤਾਂ ਦਿਨ ਚੜ੍ਹ ਚੁਕਾ ਸੀ ਤੇ ਕਮਰੇ ਵਿਚ ਉਹ ਇਕੱਲੀ ਸੀ।
ਇਸ ਤੋਂ ਬਾਅਦ ਹੋਰ ਤਿੰਨ ਦਿਨ ਤੇ ਤਿੰਨ ਰਾਤਾਂ ਵੀਣਾ ਨੂੰ ਇਸ ਘਰ ਵਿਚ ਬਿਤਾਣੀਆਂ ਪਈਆਂ। ਉਸ ਨੂੰ ਜਾਪਦਾ ਸੀ, ਜਿਵੇਂ ਇਹ ਤਿੰਨ ਦਿਨ ਤਿੰਨਾਂ ਜੁਗਾਂ ਜੇਡੇ ਬਣ ਗਏ ਸਨ। ਚੌਥੇ ਦਿਨ ਜਦ ਉਸ ਨੂੰ ਪਤਾ ਲਗਾ ਕਿ ਅਜ ਉਸਨੇ ਪੇਕੇ ਜਾਣਾ ਹੈ ਤਾਂ ਉਸ ਦਾ ਦਿਲ, ਜਿਹੜਾ ਅਗੇ ਹੀ ਉਦਾਸ ਸੀ, ਖ਼ੁਸ਼ ਹੋਣ ਦੇ ਥਾਂ ਸਗੋਂ ਹੋਰ ਉਦਾਸ ਹੋ ਗਿਆ। ਅਜ ਵੀਣਾ ਫੇਰ ਪੇਕੇ ਜਾ ਰਹੀ ਸੀ।
ਜਿਉਂ ਜਿਉਂ ਵੀਣਾ ਦਾ ਪੇਕਾ ਸ਼ਹਿਰ ਨੇੜੇ ਆ ਰਿਹਾ ਸੀ, ਵੀਣਾ ਦੇ ਦਿਲ ਦੀ ਧੜਕਣ ਵਧਦੀ ਜਾਂਦੀ ਸੀ । ਵਿਆਹ ਤੋਂ ਦੋ ਦਿਨ ਪਹਿਲਾਂ ਵਾਲਾ, ਉਹ ਕਿਦਾਰ ਦੀ ਮੁਲਾਕਾਤ ਦਾ ਦ੍ਰਿਸ਼ ਉਸ ਦੀਆਂ ਅੱਖਾਂ ਅਗੇ ਫਿਰ ਰਿਹਾ ਸੀ ਤੇ ਇਕੋ ਖ਼ਿਆਲ ਦੂੰਹ ਵਿਰੋਧੀ ਸ਼ਕਲਾਂ ਵਿਚ ਉਸ ਦੇ ਦਿਲ ਵਿਚ ਉਠ ਰਿਹਾ ਸੀ। ਪਹਿਲਾ ਇਹ ‘ਰੱਬ ਕਰੇ ਜਾਂਦਿਆਂ ਹੀ ਸਭ ਤੋਂ ਪਹਿਲਾਂ ਉਸਨੂੰ ਕਿਦਾਰ ਦੀ ਸ਼ਕਲ ਦਿਖਾਈ ਦੇਵੇ’ ਤੇ ਦੂਜਾ ਇਹ ਕਿ, ‘ਰੱਬ ਕਰੇ ਕਿਦਾਰ ਦਾ ਮੇਲ ਨਾ ਹੋਵੇ’ ਫਿਰ ਉਹ ਕਿਦਾਰ ਦੇ ਉਸ ਦਿਨ ਦੇ ਕਹੇ ਹੋਏ ਸਾਰੇ ਵਾਕਾਂ ਨੂੰ ਯਾਦ ਕਰਦੀ ਹੋਈ ਤਰਤੀਬਵਾਰ ਦਿਲ ਵਿਚ ਦੁਹਾਰਾਉਣ ਲਗਦੀ।
ਇਹਨਾਂ ਹੀ ਖ਼ਿਆਲਾਂ ਵਿਚ ਦਿਲ ਨੂੰ ਢਾਹੁੰਦਿਆਂ ਉਸਾਰਦਿਆਂ ਉਸਨੇ ਰਸਤੇ ਦਾ ਸਫ਼ਰ ਖ਼ਤਮ ਕੀਤਾ। ਅਖ਼ੀਰ ਪਿੰਡੀ ਦਾ ਸਟੇਸ਼ਨ ਆਇਆ। ਉਸ ਤੋਂ ਬਾਅਦ ਟਾਂਗਾ ਕਈਆਂ ਬਜ਼ਾਰਾਂ ਥਾਣੀਂ ਲੰਘਦਾ ਹੋਇਆ ਉਸ ਦੇ ਘਰ ਵਲ ਜਾ ਰਿਹਾ ਸੀ।
ਸਹੁਰੇ ਹੁੰਦਿਆਂ ਵੀਣਾ ਦਾ ਇਹ ਖ਼ਿਆਲ ਸੀ ਕਿ ਪਿੰਡੀ ਪਹੁੰਚਦਿਆਂ ਹੀ ਉਸ ਦੀ ਸਾਰੀ ਉਦਾਸੀ ਦੂਰ ਹੋ ਜਾਏਗੀ, ਉਸ ਦੇ ਅੰਦਰ ਨਵੀਂ ਤਾਜ਼ਗੀ – ਨਵਾਂ ਖੇੜਾ ਆ ਜਾਏਗਾ, ਪਰ ਉਸ ਨੇ ਵੇਖਿਆ, ਜੋ ਕੁਝ ਹੋ ਰਿਹਾ ਸੀ, ਉਸ ਦੀ ਕਲਪਨਾ ਤੋਂ ਬਿਲਕੁਲ ਉਲਟ। ਉਸ ਦੀ ਉਦਾਸੀ ਉਤਨੇ ਗੁਣਾ ਹੀ ਵਧਦੀ ਗਈ ਜਿੰਨੇ ਕਦਮ ਉਹ ਘਰ ਵਲ ਜਾ ਰਹੀ ਸੀ। ਘੋੜੇ ਦੀਆਂ ਟਾਪਾਂ ਜਿਵੇਂ ਜ਼ਮੀਨ ਤੇ ਨਹੀਂ — ਉਸ ਦੇ ਸੀਨੇ ਤੇ ਵੱਜ ਰਹੀਆਂ ਸਨ। ਤਾਜ਼ਗੀ ਦੇ ਖੇੜੇ ਦੇ ਥਾਂ ਕਿਸੇ ਅਨਸਮਝੀ ਜਿਹੀ ਪੀੜ ਨੇ ਉਸ ਦੇ ਦਿਲ ਨੂੰ ਵਿੰਨ੍ਹਣਾ ਸ਼ੁਰੂ ਕਰ ਦਿਤਾ।
ਜਦ ਟਾਂਗਾ ਗਲੀ ਦੇ ਬੂਹੇ ਅਗੇ ਆਕੇ ਰੁਕਿਆ ਤਾਂ ਵੀਣਾ ਦੇ ਸਾਹਮਣੇ ਇਕੋ ਚੀਜ਼ ਬਾਕੀ ਰਹਿ ਗਈ— ‘ਕਿਦਾਰ’, ਉਸ ਦਾ ਦਿਲ ਚਾਹ ਰਿਹਾ ਸੀ ਕਿ ਆਪਣਿਆਂ ਸੰਬੰਧੀਆਂ ਵਿਚੋਂ ਸਭ ਤੋਂ ਪਹਿਲਾਂ ਉਸ ਨੂੰ ਕਿਦਾਰ ਦੀ ਸ਼ਕਲ ਦਿਖਾਈ ਦੇਵੇ।
ਮਾਂ ਦੇ ਗਲ ਲੱਗ ਕੇ ਵੀਣਾ ਰਜ ਕੇ ਰੋਈ, ਫਿਰ ਭੈਣਾਂ ਭਰਾਵਾਂ ਨੂੰ ਉਸ ਨੇ ਰੱਜਵਾਂ ਪਿਆਰ ਦਿਤਾ ਤੇ ਚੁੰਮਿਆ। ਮਾਂ ਉੱਤੇ ਉਸ ਨੇ ਸਭ ਤੋਂ ਪਹਿਲਾਂ ਸੁਆਲ ਆਪਣੇ ਪਿਤਾ ਬਾਬਤ ਕੀਤਾ, “ਭਾਪਾ ਜੀ ਆਏ ਨੇ ਕਿ ਨਹੀਂ ?” ਪਰ ਇਸ ਦਾ ਜੋ ਉੱਤਰ ਉਸ ਨੂੰ ਮਿਲਣਾ ਸੀ, ਇਸ ਨੂੰ ਉਹ ਪਹਿਲਾਂ ਹੀ ਮਾਂ ਦੇ ਚਿਹਰੇ ਤੇ ਪੜ੍ਹ ਚੁਕੀ ਸੀ। ਤੇ ਜਦ ਉਹਨੂੰ ‘ਨਹੀਂ’ ਵਿਚ ਜਵਾਬ ਮਿਲਿਆ, ਤਾਂ ਉਸ ਦੇ ਦਿਲ ਨੂੰ ਇਕ ਮੁੱਕਾ ਵਜਾ।
ਦੂਜਾ ਸੁਆਲ ਜਿਹੜਾ ਕਿਦਾਰ ਨੂੰ ਘਰ ਵਿਚ ਕਿਤੇ ਨਾ ਵੇਖ ਕੇ ਉਸਦੇ ਦਿਲ ਵਿਚ ਮਚਲ ਰਿਹਾ ਸੀ, ਇਹ ਉਸ ਦੇ ਹੋਠਾਂ ਤਕ ਆ ਕੇ ਪਤਾ ਨਹੀਂ ਕਿਉਂ ਮੁੜ ਜਾਂਦਾ ਸੀ। ਉਹ ਚਾਹੁੰਦੀ ਹੋਈ ਵੀ ਮਾਂ ਪਾਸੋਂ ਕਿਦਾਰ ਬਾਬਤ ਕੁਝ ਨਾ ਪੁਛ ਸਕੀ। ਅਖ਼ੀਰ ਜਦ ਨਿੱਕੀ ਵਿਦਿਆ ਪਾਸੋਂ ਉਸਨੂੰ ਪਤਾ ਲੱਗਾ ਕਿ ‘ਉਹ ਆਇਆ ਸੀ, ਪਰ ਫੇਰ ਚਲਾ ਗਿਆ’, ਤਾਂ ਹੁਣ ਝੁਰਮਟ ਉਸ ਦੇ ਦੁਆਲਿਓਂ ਹਟਿਆ, ਉਸ ਨੇ ਮਾਂ ਪਾਸੋਂ ਕਿਦਾਰ ਬਾਬਤ ਪੁੱਛ ਹੀ ਲਿਆ।
ਉੱਤਰ ਵਿਚ ਮਾਇਆ ਨੇ ਸਾਰਾ ਕਿੱਸਾ ਜਿਉਂ ਦਾ ਤਿਉਂ ਉਸ ਨੂੰ ਸੁਣਾ ਦਿਤਾ। ਵੀਣਾ ਦਾ ਹੇਠਲਾ ਸਾਹ ਹੇਠਾਂ ਤੇ ਉਤਲਾ ਉੱਤੇ ਰਹਿ ਗਿਆ, ‘ਜਾਹ ਜਾਂਦੀਏ ਭਾਵੇਂ ਦੋਵੇਂ ਗਏ।’
ਮਾਇਆ ਨੂੰ ਇਕ ਨਵੀਂ ਚਿੰਤਾ ਨੇ ਆ ਘੇਰਿਆ। ਚਹੁੰ ਦਿਨਾਂ ਵਿਚ ਹੀ ਵੀਣਾ ਦਾ ਰੰਗ ਪੀਲਾ ਭੂਕ ਹੋ ਗਿਆ ਸੀ। ਉਸ ਨੇ ਵੀਣਾ ਪਾਸੋਂ ਇਸ ਦਾ ਕਾਰਨ ਪੁੱਛਣਾ ਚਾਹਿਆ, ਪਰ ਉਸ ਦਾ ਹਿਰਦਾ ਇਸ ਵੇਲੇ ਦੁੱਖਾਂ ਫ਼ਿਕਰਾਂ ਤੇ ਨਿਰਾਸਤਾ ਨਾਲ ਇਤਨਾ ਭਰਿਆ ਹੋਇਆ ਸੀ ਕਿ ਕੁਝ ਪੁਛਣ ਦੀ ਉਸ ਵਿਚ ਹਿੰਮਤ ਹੀ ਬਾਕੀ ਨਹੀਂ ਸੀ।
ਰਾਤ ਪਈ। ਲੰਮੇ ਪਿਆਂ ਵੀਣਾ ਨੂੰ ਪਤਾ ਨਹੀਂ ਕੀ ਸੁੱਝੀ, ਉਹ ਮਾਇਆ ਨੂੰ ਕਹਿਣ ਲੱਗੀ, “ਭਲਾ ਬੇਜੀ, ਭਰਾ ਹੋਰਾਂ ਦਾ ਕਮਰਾ ਖੋਲ੍ਹ ਕੇ ਤੇ ਵੇਖਣਾ ਚਾਹੀਦਾ ਸੀ। ਮਤੇ ਕੋਈ ਚਿੱਠੀ ਹੀ ਲਿਖ ਕੇ ਰੱਖ ਗਏ ਹੋਣ।”
ਮਾਇਆ ਨੇ ਵੀਣਾ ਨੂੰ ਦਸਿਆ ਸੀ ਕਿ ਜਾਣ ਤੋਂ ਕੁਝ ਚਿਰ ਪਹਿਲਾਂ ਹੀ ਉਹ ਕੋਹਮਰੀ ਜਾਂ ਹੋਰ ਕਿਤੇ ਹਵਾ ਪਾਣੀ ਦੀ ਬਦਲੀ ਲਈ ਜਾਣ ਦਾ ਇਰਾਦਾ ਪੱਕਾ ਕਰ ਚੁੱਕਾ ਸੀ। ਪਰ ਵੀਣਾ ਨੂੰ ਕਿਦਾਰ ਦੀ ਸਚਾਈ ਉਤੇ ਸ਼ੱਕ ਸੀ। ਚਲੇ ਜਾਣ ਦੀ ਗੱਲ ਤਾਂ ਉਸ ਦੇ ਦਿਲ ਨੇ ਮੰਨ ਲਈ, ਪਰ ਹਵਾ ਪਾਣੀ ਦੀ ਬਦਲੀ ਲਈ, ਇਹ ਗੱਲ ਤਾਂ ਉਸ ਨੂੰ ਬਿਲਕੁਲ ਬਨਾਵਟੀ ਜਾਪੀ। ਉਹ ਕਿਦਾਰ ਦੇ ਸੁਭਾਉ ਤੋਂ ਕਾਫੀ ਹੱਦ ਤਕ ਵਾਕਫ਼ ਹੋ ਚੁਕੀ ਸੀ। ਉਹ ਜਾਣਦੀ ਸੀ ਕਿ ਕਿਦਾਰ ਨੇ ਆਪਣੀ ਸਿਹਤ ਦੀ ਚਿੰਤਾ ਕਦੀ ਨਹੀਂ ਸੀ ਕੀਤੀ ਕਿ ਇਕ ਦੰਮ ਪਹਾੜ ਜਾਣ ਨੂੰ ਤਿਆਰ ਹੋ ਪੈਂਦਾ। ਖ਼ੁਦ ਕਿੰਨੀ ਵਾਰ ਉਹ ਕਿਦਾਰ ਨੂੰ ਸਿਹਤ ਠੀਕ ਰਖਣ ਲਈ ਕਹਿ ਚੁਕੀ ਸੀ, ਪਰ ਹਰ ਵਾਰੀ ਕਿਦਾਰ ਦਾ ਇਹੋ ਉੱਤਰ ਹੁੰਦਾ – ‘ਮੇਰੀ ਸਿਹਤ ਬਿਲਕੁਲ ਠੀਕ ਹੈ।’
ਮਾਇਆ ਤਾਂ ਨਾਂਹ ਨੁੱਕਰ ਹੀ ਕਰਦੀ ਰਹੀ, ਪਰ ਵੀਣਾ ਕੁੰਜੀਆਂ ਦਾ ਗੁੱਛਾ ਲੈਕੇ ਕਿਦਾਰ ਦੇ ਘਰ ਵਲ ਦੌੜ ਗਈ। ਸ਼ਾਇਦ ਉਸਨੂੰ ਪਤਾ ਸੀ ਕਿ ਗੁੱਛੇ ਵਿਚਲੀ ਇਕ ਅਧ ਕੁੰਜੀ ਕਿਦਾਰ ਦੇ ਜੰਦਰੇ ਨੂੰ ਲੱਗ ਸਕਦੀ ਹੈ। ਮਾਇਆ ਇਸ ਵੇਲੇ ਕਾਕੇ ਨੂੰ ਦੁੱਧ ਪਿਆਲ ਰਹੀ ਸੀ, ਜਿਹੜਾ ਕਿੰਨੇ ਚਿਰ ਤੋਂ ਜਿਦੇ ਪਿਆ ਹੋਇਆ ਸੀ। ਜਦ ਵੀਣਾ ਨੂੰ ਗਿਆਂ ਚੋਖਾ ਚਿਰ ਹੋ ਗਿਆ, ਤਾਂ ਮਾਇਆ ਵੀ ਬੱਚੇ ਨੂੰ ਸੰਵਾ ਕੇ ਉਸ ਦੇ ਮਗਰੇ ਜਾ ਪਹੁੰਚੀ। ਦੂਰੋਂ ਹੀ ਉਸ ਨੇ ਵੇਖਿਆ, ਬੂਹਾ ਖੁਲ੍ਹਾ ਸੀ। ਉਹ ਸਮਝ ਗਈ ਕਿ ਜ਼ਰੂਰ ਕੋਈ ਨਾ ਕੋਈ ਚਾਬੀ ਲੱਗ ਗਈ ਹੋਵੇਗੀ। ਅੰਦਰ ਵੜ ਕੇ ਜੋ ਕੁਝ ਉਸ ਨੇ ਵੇਖਿਆ, ਇਸ ਦੇ ਅਸਰ ਨਾਲ ਮਾਇਆ ਦੀਆਂ ਲੱਤਾਂ ਕੰਬਣ ਲੱਗ ਪਈਆਂ। ਵੀਣਾ ਦੇ ਹੱਥ ਵਿਚ ਕੁਝ ਲਿਖੇ ਹੋਏ ਕਾਗਜ਼ ਸਨ, ਤੇ ਉਹ ਫਰਨ ਫਰਨ ਰੋ ਰਹੀ ਸੀ।
ਭਜ ਕੇ ਮਾਇਆ ਉਸ ਦੇ ਸਿਰ ਤੇ ਜਾ ਪੁਜੀ ਤੇ ਥਥਲਾਉਂਦੀ ਆਵਾਜ਼ ਵਿਚ ਉਸ ਨੇ ਪੁਛਿਆ, “ਕੀ ਗੱਲ ਏ ਵੀਣੀ, ਚਿੱਠੀਆਂ ਕਿਸ ਦੀਆਂ ਨੇ ?”
ਵੀਣਾ ਨੇ ਅੱਖਾਂ ਪੂੰਝੀਆਂ, ਤੇ ਹਟਕੋਰਿਆਂ ਵਿਚ ਬੋਲੀ, “ਇਕ ਭਰਾ ਹੋਰਾਂ ਦੀ ਤੇ ਇਕ ਭਾਪਾ ਜੀ ਦੀ।”
ਤੇ ਇਸ ਤੋਂ ਬਾਅਦ ਉਸ ਨੇ ਮਾਇਆ ਨੂੰ ਪੜ੍ਹ ਕੇ ਸੁਣਾਣੀਆਂ ਸ਼ੁਰੂ ਕਰ ਦਿਤੀ। ਪਹਿਲਾਂ ਉਸ ਨੇ ਉਹ ਚਿੱਠੀ ਸੁਣਾਈ ਜਿਹੜੀ ਜਾਣ ਲਗਿਆ ਕਿਦਾਰ ਲਿਖ ਕੇ ਰਖ ਗਿਆ ਸੀ। ਇਸ ਵਿਚ ਲਿਖਿਆ ਹੋਇਆ ਸੀ : ਮੇਰੀ ਪੁਜਨੀਕ ਮਾਤਾ ਜੀ,
ਪੌੜੀਆਂ ਵਿਚ ਲੁਕ ਕੇ ਮੈਂ ਸਭ ਗਲਾਂ ਸੁਣ ਲਈਆਂ ਸਨ, ਜਿਹੜੀਆਂ ਤੁਹਾਡੇ ਅਤੇ ਸਰਦਾਰ ਹੋਰਾਂ ਦੇ ਵਿਚਾਲੇ ਹੋਈਆਂ ਸਨ, ਤੇ ਉਨ੍ਹਾਂ ਗਲਾਂ ਦੇ ਅਸਰ ਨਾਲ ਤੁਹਾਡੀ ਜਿਹੜੀ ਹਾਲਤ ਹੋਈ ਸੀ, ਉਹ ਵੀ ਮੈਂ ਜਾਂਚ ਲਈ ਸੀ। ਬੇਸ਼ਕ ਤੁਸੀਂ ਮੈਨੂੰ ਧੋਖੇਬਾਜ਼ ਤੇ ਫ਼ਰੇਬੀ ਸਮਝਦੇ ਹੋਵੋਗੇ ਤੇ ਇਸ ਵਿਚ ਸ਼ੱਕ ਵੀ ਕੋਈ ਨਹੀਂ ਕਿ ਅਜ ਤਕ ਮੈਂ ਤੁਹਾਨੂੰ ਬੜੇ ਸਖ਼ਤ ਧੋਖੇ ਵਿਚ ਰਖਿਆ ਹੈ, ਪਰ ਮੇਰੀ ਆਤਮਾ ਵੀ ਕਹਿੰਦੀ ਹੈ ਤੇ ਮੇਰਾ ਪ੍ਰਮਾਤਮਾ ਵੀ ਜਾਣਦਾ ਹੈ ਕਿ ਮੈਂ ਇਹ ਜੋ ਕੁਝ ਵੀ ਕੀਤਾ ਹੈ, ਕਿਸੇ ਭੈੜੀ ਨੀਅਤ ਨਾਲ ਨਹੀਂ ਕੀਤਾ।
“ਮੈਂ ਅਜੇ ਵੀ ਇਸ ਭੇਦ ਨੂੰ ਖੋਲ੍ਹਣਾ ਨਹੀਂ ਸਾਂ ਚਾਹੁੰਦਾ, ਪਰ ਹੁਣ ਜਦ ਸਰਦਾਰ ਹੋਰਾਂ ਦੀ ਜ਼ਬਾਨੀ ਤੁਹਾਨੂੰ ਬਹੁਤ ਕੁਝ ਪਤਾ ਲਗ ਚੁਕਾ ਹੈ, ਤਾਂ ਮੈਂ ਤੁਹਾਨੂੰ ਹਨੇਰੇ ਵਿਚ ਰਖ ਕੇ ਹੋਰ ਪਾਪਾਂ ਦਾ ਭਾਗੀ ਨਹੀਂ ਬਣਾਂਗਾ।
“ਜਿਸ ਦਿਨ ਭਾਪਾ ਜੀ (ਪੰਨਾ ਲਾਲ) ਨੂੰ ਤੁਸਾਂ ਵੀਣੀ ਦੇ ਵਿਆਹ ਬਾਰੇ ਕੁਝ ਕਰਜ਼ ਲੈਣ ਲਈ ਕਹਿ ਭੇਜਿਆ ਸੀ, ਉਸ ਦਿਨ ਉਸ ਤੋਂ ਤਕਰੀਬਨ ਇਕ ਘੰਟਾ ਪਹਿਲਾਂ ਸਰਦਾਰ ਹੋਰਾਂ ਮੈਨੂੰ ਆਪਣੇ ਪਾਸ ਨੌਕਰ ਰਖ ਲਿਆ ਸੀ, ਜੇ ਮੈਨੂੰ ਪਤਾ ਹੁੰਦਾ ਕਿ ਨੌਕਰੀ ਦਾ ਸਿੱਟਾ ਇਹ ਨਿਕਲਣਾ ਹੈ ਤਾਂ ਭਾਵੇਂ ਭੁੱਖਾ ਮਰ ਜਾਂਦਾ, ਭੁੱਲ ਕੇ ਵੀ ਇਹ ਹਰਕਤ ਨਾ ਕਰਦਾ। ਪਰ ਅਫ਼ਸੋਸ ! ਮੈਨੂੰ ਉਦੋਂ ਪਤਾ ਲਗਾ ਜਦ ਭਾਪ ਜੀ ਚਾਰਜ ਦੇ ਕੇ ਚਲੇ ਗਏ, ਹਾਂ ਜਾਣ ਤੋਂ ਕੁਝ ਚਿਰ ਬਾਅਦ ਉਨ੍ਹਾਂ ਮੈਨੂੰ ਕਿਸੇ ਦੇ ਹਥ ਇਕ ਦਸਤੀ ਚਿੱਠੀ ਭੇਜੀ (ਜਿਹੜੀ ਨਾਲ ਸ਼ਾਮਲ ਹੈ) ਚਿੱਠੀ ਪੜ੍ਹਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ । ਮੈਂ ਬੜਾ ਦੁਖੀ ਹੋਇਆ, ਸਟੇਸ਼ਨ ਤੀਕ ਜਾ ਕੇ ਉਨ੍ਹਾਂ ਨੂੰ ਲਭਦਾ ਫਿਰਿਆ, ਪਰ ਉਨ੍ਹਾਂ ਦਾ ਕੋਈ ਪਤਾ ਨਾ ਲੱਗਾ, ਅਖੀਰ ਮੈਂ ਦਿਲ ਨਾਲ ਫੈਸਲਾ ਕੀਤਾ ਕਿ ਮੇਰੇ ਪਾਪ ਦਾ ਪ੍ਰਸ਼ਚਿਤ ਇਹੋ ਹੈ ਕਿ ਉਨ੍ਹਾਂ ਦੇ ਟੱਬਰ ਦੀਆਂ ਸਾਰੀਆਂ ਜ਼ਿੰਮੇਂਵਾਰੀਆਂ ਆਪਣੇ ਸਿਰ ਲੈ ਲਵਾਂ। ਉਸ ਰਾਤ ਵੀਣਾ ਤੇ ਬਸੰਤ, ਭਾਪਾ ਜੀ ਨੂੰ ਲਭਦੇ ਲੰਭਦੇ ਦੁਕਾਨ ਤੇ ਆਏ, ਮੈਂ ਵੀਣਾ ਨੂੰ ਝੂਠੀ ਮੂਠੀ ਕਹਿ ਦਿਤਾ ਕਿ ਭਾਪਾ ਜੀ ਬੰਬਈ ਚਲੇ ਗਏ ਨੇ। ਦੂਜੇ ਦਿਨ ਮੈਂ ਤੁਹਾਡੇ ਪਾਸ ਆਇਆ, ਤਾਂ ਤੁਹਾਨੂੰ ਵੀ ਚਲਾਕੀ ਨਾਲ ਯਕੀਨ ਕਰਾ ਦਿਤਾ ਕਿ ਉਨ੍ਹਾਂ ਨੂੰ ਸਰਦਾਰ ਹੋਰਾਂ ਬੰਬਈ ਭੇਜ ਦਿਤਾ ਹੈ। ਮੈਂ ਭਾਪਾ ਜੀ ਨੂੰ ਢੂੰਡਣ ਵਿਚ ਕੋਈ ਕਸਰ ਨਾ ਛੱਡੀ, ਪਰ ਸਭ ਵਿਅਰਥ।
“ਫੇਰ ਜਦ ਤੁਸਾਂ ਵੀਣੀ ਦੇ ਵਿਆਹ ਲਈ, ਰੁਪਏ ਦੀ ਮੰਗ ਕੀਤੀ ਤਾਂ ਮੈਂ ਐਬਟਾਬਾਦ ਜਾ ਕੇ ਅੱਠ ਸੌ ਤੋਂ ਆਪਣਾ ਮਕਾਨ ਵੇਚ ਆਇਆ ਤੇ ਰੁਪਿਆ ਤੁਹਾਨੂੰ ਇਹ ਕਹਿ ਕੇ ਲਿਆ ਦਿਤਾ ਕਿ ਸਰਦਾਰ ਹੋਰਾਂ ਦਿਤਾ ਹੈ । ਇਸ ਤਰ੍ਹਾਂ ਜਿਹੜੀ ਹਰ ਮਹੀਨੇ ਤਨਖ਼ਾਹ ਭਾਪਾ ਜੀ ਵਲੋਂ ਕਹਿ ਕੇ ਤੁਹਾਨੂੰ ਲਿਆ ਕੇ ਦੇਂਦਾ ਰਿਹਾ ਸੀ, ਉਹ ਵੀ ਅਸਲ ਵਿਚ ਮੇਰੀ ਆਪਣੀ ਤਨਖਾਹ ਹੁੰਦੀ ਸੀ। ਹੋਰ ਵੀ ਸਭ ਕੁਝ ਇਸੇ ਤਰ੍ਹਾਂ ਸਮਝੋ। ਇਹ ਪੰਦਰਾਂ ਸੌ ਜਿਹੜਾ ਅੱਜ ਮੈਂ ਸ਼ਾਮੀ ਤੁਹਾਡੇ ਲਹਿਣੇਦਾਰ ਨੂੰ ਦਿੱਤਾ ਸੀ ਇਹ ਸਰਦਾਰ ਹੋਰਾਂ ਬੈਂਕ ਵਿਚ ਜਮ੍ਹਾਂ ਕਰਾਣ ਲਈ ਭੇਜਿਆ ਸੀ, ਪਰ ਇਧਰ ਤੁਹਾਡੇ ਸਿਰ ਤੇ ਕਰਜ਼ ਦੀ ਇਹ ਇਕ ਨਵੀਂ ਮੁਸੀਬਤ ਵੇਖ ਕੇ ਮੈਂ ਬਰਦਾਸ਼ਤ ਨਾ ਕਰ ਸਕਿਆ। ਪਰ ਇਸ ਬਾਰੇ ਜ਼ਰਾ ਵੀ ਫਿਕਰ ਕਰਨ ਦੀ ਲੋੜ ਨਹੀਂ। ਮੈਂ ਬੜੀ ਛੇਤੀ ਸਰਦਾਰ ਹੋਰਾਂ ਦਾ ਕਰਜ਼ ਉਤਾਰ ਦਿਆਂਗਾ, ਨਾਲ ਹੀ ਜਿਹੜਾ ਤੁਹਾਨੂੰ ਇਕ ਹਜ਼ਾਰ ਤੋਂ ਮਕਾਨ ਗਹਿਣੇ ਧਰਨਾ ਪਿਆ ਹੈ, ਇਹ ਵੀ ਮਿਆਦ ਤੋਂ ਪਹਿਲਾਂ ਮੋੜ ਦਿਆਂਗਾ। ਮੇਰੇ ਵਿਚ ਇਤਨੀ ਸਮਰੱਥਾ ਅਜੇ ਹੈ।
“ਮੈਂ ਅੱਜ ਤੁਹਾਡੇ ਪਾਸੋਂ ਜਿਹੜੀ ਹਵਾ ਪਾਣੀ ਬਦਲੀ ਖ਼ਾਤਰ ਜਾਣ ਦੀ ਆਗਿਆ ਲਈ ਹੈ, ਇਹ ਵੀ ਸਾਰਾ ਝੂਠ ਹੈ। ਹਵਾ ਪਾਣੀ ਬਦਲਣ ਦੀ ਮੈਨੂੰ ਲੋੜ ਕੋਈ ਨਹੀਂ ਜਾਪਦੀ, ਪਰ ਮੈਨੂੰ ਆਪਣੇ ਮਨ ਦੀ ਹਾਲਤ ਬਦਲਣ ਦੀ ਸਖਤ ਲੋੜ ਮਹਿਸੂਸ ਹੋ ਰਹੀ ਹੈ, ਤੇ ਮੇਰਾ ਖ਼ਿਆਲ ਹੈ, ਜੇ ਮੈਂ ਇਸ ਨੂੰ ਬਦਲਣ ਵਿਚ ਕਾਮਯਾਬ ਨਾ ਹੋ ਸਕਿਆ ਤਾਂ ਮੇਰੀ ਜ਼ਿੰਦਗੀ ਬਹੁਤ ਛੇਤੀ ਖ਼ਤਮ ਹੋ ਜਾਵੇਗੀ। ਮੈਂ ਜਾਣਦਾ ਹਾਂ ਕਿ ਮੇਰੀ ਇਸ ਅਨੋਖੀ ਬੀਮਾਰੀ ਨੂੰ ਜਾਣਨ ਲਈ ਤੁਸੀਂ ਬੜੇ ਬੇਚੈਨ ਹੋ ਜਾਓਗੇ ਪਰ ਮੈਂ ਇਸ ਤੋਂ ਵਧ ਕੁਝ ਵੀ ਦਸ ਨਹੀਂ ਸਕਦਾ ਕਿ ਇਸਦਾ ਸੰਬੰਧ ਕਿਸੇ ਦੀ ਯਾਦ ਨਾਲ ਹੈ, ਤੇ ਇਸੇ ਯਾਦ ਨੂੰ ਭੁਲਾਉਣ ਲਈ ਮੈਂ ਇਥੋਂ ਜਾ ਰਿਹਾ ਹਾਂ। ਪ੍ਰਮਾਤਮਾ ਕਰੇ ਮੈਂ ਇਹ ਖੂਨੀ ਯਾਦ ਨੂੰ ਭੁਲਾਣ ਵਿਚ ਕਾਮਯਾਬ ਹੋ ਸਕਾਂ, ਤੇ ਇਕ ਵਾਰ ਫੇਰ ਜੀਊਂਦੇ ਜੀ ਆਪਣੀ ਧਰਮ ਮਾਤਾ ਦੇ ਪਵਿਤਰ ਚਰਨਾਂ ਦੀ ਸੇਵਾ ਕਰ ਸਕਾਂ।
“ਖਰਚ ਆਦਿ ਲਈ ਤੁਹਾਨੂੰ ਕੋਈ ਫਿਕਰ ਨਹੀਂ ਕਰਨਾ ਪਵੇਗਾ ਜਦ ਤੀਕ ਮੇਰੇ ਦਮ ਵਿਚ ਦਮ ਹੈ। ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਸਲਾਮਤ ਰਖੇ।
“ਜਾਣ ਤੋਂ ਪਹਿਲਾਂ ਇਕ ਵਾਰੀ ਵੀਣੀ ਨੂੰ ਮਿਲਣ ਦੀ ਰੀਝ ਸੀ, ਪਰ
ਤੁਹਾਡਾ – ਕਿਦਾਰ”
ਇਹ ਚਿੱਠੀ ਪੜ੍ਹਨ ਤੋਂ ਬਾਅਦ ਵੀਣਾ ਨੇ ਉਹ ਦੂਸਰੀ ਪੰਨਾ ਲਾਲ ਵਾਲੀ ਚਿੱਠੀ ਵੀ ਮਾਇਆ ਨੂੰ ਪੜ੍ਹ ਕੇ ਸੁਣਾਈ।
ਇਸ ਹਾਲਤ ਵਿਚ ਪਤਾ ਨਹੀਂ ਕਿੰਨਾ ਚਿਰ ਦੋਵੇਂ ਮਾਵਾਂ ਧੀਆਂ ਪੱਥਰ ਦੀਆਂ ਮੂਰਤਾਂ ਬਣੀਆਂ ਰਹੀਆਂ। ਵੀਣਾ ਦੇ ਦਿਮਾਗ ਵਿਚ ਇਸ ਵੇਲੇ ਕਿਦਾਰ ਦੀ ਚਿੱਠੀ ਵਾਲੇ ਉਹ ਛੇਕੜਲੇ ਵਾਕ ਗੂੰਜ ਰਹੇ ਸਨ, ‘ਇਕ ਵਾਰੀ ਵੀਣੀ ਨੂੰ ਵੇਖਣ ਪ੍ਰਮਾਤਮਾ ਕਰੇ, ਮੈਂ ਇਸ ਖ਼ੂਨੀ ਯਾਦ ਨੂੰ ……।’
ਇਸ ‘ਯਾਦ’ ਦੇ ਰਾਜ਼ ਨੂੰ ਸ਼ਾਇਦ ਵੀਣਾ ਤੋਂ ਬਿਨਾਂ ਕੋਈ ਨਹੀਂ ਸੀ ਸਮਝ ਸਕਦਾ। ਅੱਥਰੂਆਂ ਨੂੰ ਗੁਆਆਂ ਤੋਂ ਲੁਕਾਣ ਦੀ ਕੋਸ਼ਿਸ਼ ਕਰਦੀਆਂ ਹੋਈਆਂ ਦੋਵੇ ‘ ਮਾਵਾਂ ਧੀਆਂ ਘਰ ਮੁੜੀਆਂ।
21
ਨਦੀ ਦੀਆਂ ਲਹਿਰਾਂ ਉਠਦੀਆਂ ਹਨ ਤੇ ਉਠ ਕੇ ਮਿਟ ਜਾਂਦੀਆਂ ਨੇ — ਉਨ੍ਹਾਂ ਦਾ ਕੋਈ ਨਿਸ਼ਾਨ ਬਾਕੀ ਨਹੀਂ ਰਹਿੰਦਾ। ਪਰ ਜਿਨ੍ਹਾਂ ਕੰਢਿਆਂ ਨੂੰ ਇਹ ਲਹਿਰਾਂ ਕਈ ਵਾਰੀ ਖੋਰ ਕੇ ਢਾਹ ਜਾਂਦੀਆਂ ਹਨ, ਇਹ ਮੁੜ ਕਦੀ ਕਿਸਮਤ ਨਾਲ ਹੀ ਸਾਬਤ ਹੋ ਸਕਦੇ ਨੇ। ਕਿਦਾਰ ਦੀ ਜੀਵਨ-ਨਦੀ ਵਿਚ ਇਹੋ ਜਿਹੀਆਂ ਬੇਅੰਤ ਲਹਿਰਾਂ ਉਠੀਆਂ ਤੇ ਉਠ ਕੇ ਮਿਟ ਗਈਆਂ, ਪਰ ਚਿੰਨ੍ਹ ਰੂਪ ਇਹ ਕਿਦਾਰ ਦੇ ਦਿਲ ਦੇ ਕੰਢਿਆਂ ਨੂੰ ਜਿਹੜੇ ਖੱਪੇ ਪਾ ਗਈਆਂ, ਉਨ੍ਹਾਂ ਹੀ ਖੱਪਿਆਂ ਨੂੰ ਮੁੜ ਭਰਨ ਲਈ ਕਿਦਾਰ ਨੇ ਆਪਣਾ ਨਵਾਂ ਸਫਰ ਸ਼ੁਰੂ ਕੀਤਾ, ਪਰ ਕੀ ਇਸ ਮਨੋਰਥ ਵਿਚ ਉਹ ਕਾਮਯਾਬ ਹੋ ਸਕਿਆ ?
ਉਹ ਰਾਵਲਪਿੰਡੀ ਨੂੰ ਛਡ ਕੇ ਜਿਉਂ ਜਿਉਂ ਦੂਰ ਚਲਾ ਜਾ ਰਿਹਾ ਸੀ, ਉਸ ਦੀ ਉਹ ਯਾਦ ਹੋਰ ਦੂਣੀ ਚੌਣੀ ਹੋ ਕੇ ਉਸ ਦੀ ਜੀਵਨ-ਨਦੀ ਦੇ ਕੰਢੇ ਖੋਰਦੀ ਜਾਂਦੀ ਸੀ, ਪਰ ਸੁਭਾਵਕ ਹਠੀ ਤਬੀਅਤ ਦਾ ਹੋਣ ਕਰਕੇ ਕਿਦਾਰ ਨੇ ਦਮ ਨਹੀਂ ਛਡਿਆ।
ਪਿੰਡੀਉਂ ਤੁਰ ਕੇ ਜਦ ਉਹ ਅੰਮ੍ਰਿਤਸਰ ਪਹੁੰਚਿਆ ਤਾਂ ਉਸ ਨੇ ਖ਼ਿਆਲ ਕੀਤਾ ਕਿ ਜਦ ਤੀਕ ਉਹ ਵੇਹਲਾ ਰਹੇਗਾ, ਉਸ ਦੀ ਮਾਨਸਿਕ ਹਾਲਤ ਖ਼ਰਾਬ ਹੀ ਹੁੰਦੀ ਜਾਵੇਗੀ। ਉਸ ਨੂੰ ਆਪਣੇ ਆਪ ਦਾ ਜੇ ਕੋਈ ਇਲਾਜ ਦਿਸਦਾ ਸੀ ਤਾਂ ਇਹੋ ਕਿ ਉਹ ਕਿਸੇ ਰੁਝੇਵੇਂ ਵਿਚ ਰੁਝ ਜਾਵੇ। ਇਸ ਨਾਲ ਜੇ ਉਹ ਕਿਸੇ ਦੀ ਯਾਦ ਨੂੰ ਨਹੀਂ ਭੁਲ ਸਕਦਾ ਤਾਂ ਘਟੋ ਘਟ ਆਪਣੇ ਆਪ ਨੂੰ ਤਾਂ ਭੁਲ ਸਕੇਗਾ। ਉਹ ਸੋਚਣ ਲੱਗਾ ‘ਕਿਹੜਾ ਤਰੀਕਾ ਹੈ ਜਿਸ ਨਾਲ ਮੈਂ ਆਪਣੇ ਆਪ ਨੂੰ ਤਾਂ ਭੁੱਲ ਦੇ ਅੰਧਕਾਰ ਵਿਚ ਗੁਆ ਸਕਾਂ ?’
ਇਸ ਤੋਂ ਛੁਟ ਕਿਦਾਰ ਜਿਹੜੀ ਜ਼ਿੰਮੇਵਾਰੀਆਂ ਦੀ ਪੰਡ ਸਿਰ ਤੇ ਚੁਕ ਕੇ ਤੁਰਿਆ ਸੀ ਉਸਦਾ ਵੀ ਉਹਨੂੰ ਘਟ ਫ਼ਿਕਰ ਨਹੀਂ ਸੀ। ਉਸ ਨੂੰ ਵਧ ਤੋਂ ਵਧ ਰੁਪਏ ਕਮਾਉਣ ਦੀ ਲੋੜ ਸੀ।
ਤੇ ਅਖੀਰ ਉਸਨੇ ਇਕ ਘੜੀ ਸਾਜ਼ ਦੀ ਦੁਕਾਨ ਤੇ ਨੌਕਰੀ ਕਰ ਲਈ। ਕੰਮ ਵਿਚ ਉਸ ਨੇ ਆਪਣੇ ਆਪ ਨੂੰ ਇਤਨਾ ਗਲਤਾਨ ਕਰ ਦਿਤਾ ਕਿ ਹੱਦਾਂ ਹੀ ਮੁਕਾ ਦਿਤੀਆਂ। ਮਾਲਕ ਦੇ ਮਨ੍ਹੇ ਕਰਦਿਆਂ ਵੀ ਉਹ ਸਿਰ ਸੁਟ ਕੇ ਦਿਨ ਰਾਤ ਕੰਮ ਵਿਚ ਜੁਟਿਆ ਰਹਿੰਦਾ। ਖਾਣ ਪੀਣ ਵਲੋਂ ਉਕਾ ਹੀ ਬੇਸੁਧ ਸੀ, ਉਸ ਦੀ ਖੱਟੀ ਵਿਚੋਂ ਜੇ ਕੁਝ ਖ਼ਰਚ ਹੁੰਦਾ ਸੀ ਤਾਂ ਸਸਤੇ ਮੂਲ ਦੀਆਂ ਸਿਗਰਟਾਂ ਉਤੇ ਜਾਂ ਦੁਧ ਤੋਂ ਸੱਖਣੀ ਚਾਹ ਉਤੇ।
ਪਰ ਇਤਨੇ ਵਿਚ ਵੀ ਉਸ ਦੇ ਦਿਲ ਨੂੰ ਤੱਸਲੀ ਨਹੀਂ ਹੋ ਸਕੀ। ਉਸ ਨੂੰ ਅਜੇ ਵੀ ਆਪਣੀ ਆਮਦਨ ਘਟ ਜਾਪਦੀ ਸੀ। ਇਸ ਦੇ ਫਲਰੂਪ ਉਸ ਨੇ ਮਾਲਕ ਦੇ ਕੰਮ ਵਿਚ ਕਦੇ ਕਦਾਈਂ ਬੇ-ਈਮਾਨੀ ਤੇ ਬਦ-ਦਿਆਨਤੀ ਕਰਨੀ ਸ਼ੁਰੂ ਕਰ ਦਿਤੀ। ਮਾਲਕ ਤੋਂ ਨਜ਼ਰ ਬਚਾ ਕੇ ਉਹ ਕਈਆਂ ਘੜੀਆਂ ਦੀ ਸਮੁੱਚੀ ਜਾਂ ਅੱਧ ਪਚੱਧੀ ਬਣਵਾਈ ਆਪ ਹੀ ਮੁੱਛ ਲੈਂਦਾ ਸੀ, ਪਰ ਫਿਰ ਵੀ ਜਦ ਉਸਨੂੰ ਪੂਰੀ ਪੈਂਦੀ ਨਾ ਜਾਪੀ ਤਾਂ ਛਿਆਂ ਮਹੀਨਿਆਂ ਤੋਂ ਬਾਅਦ ਉਸਨੇ ਨੌਕਰੀ ਛਡ ਕੇ ਆਪਣੀ ਦੁਕਾਨ ਪਾ ਲਈ। ਇਸ ਇਕੋ ਛਿਮਾਹੀ ਵਿਚ ਉਹ ਆਪਣੇ ਕੰਮ ਵਿਚ ਕਾਫ਼ੀ ਮਸ਼ਹੂਰੀ ਪ੍ਰਾਪਤ ਕਰ ਚੁੱਕਾ ਸੀ, ਜਿਸ ਕਰਕੇ ਕੰਮ ਦਾ ਉਸ ਨੂੰ ਕੋਈ ਘਾਟਾ ਨਾ ਰਿਹਾ। ਨਿਕੰਮੀ ਤੋਂ ਨਿਕੰਮੀ ਘੜੀ ਨੂੰ ਉਹ ਐਸੇ ਸੁਚੱਜੇ ਤਰੀਕੇ ਨਾਲ ਮੁਰੰਮਤ ਕਰਦਾ ਕਿ ਹਰ ਵੇਖਣ ਵਾਲਾ ਕਹਿੰਦਾ, ‘ਬਈ ਕਮਾਲ ਕਰ ਦਿਤਾ ਇਸ ਨੇ’ ਤੇ ਹੁੰਦਿਆਂ ਹੁੰਦਿਆਂ ਲੋਕਾਂ ਨੇ ਉਸ ਦਾ ਨਾਂ ਹੀ ‘ਕਮਾਲ’ ਪਾ ਦਿਤਾ। ਚੰਗੇ ਤੋਂ ਚੰਗੇ ਘੜੀ ਸਾਜ਼ ਵੀ ਉਸ ਦੀ ਕਾਬਲੀਅਤ ਦਾ ਲੋਹਾ ਮੰਨਣ ਲਗ ਪਏ ਸਨ।
ਆਪਣੀ ਦੁਕਾਨ ਕਰਨ ਤੋਂ ਬਾਅਦ ਉਸ ਦਾ ਕੰਮ ਕਾਰ ਖੂਬ ਚਮਕਿਆ। ਉਸ ਦੀ ਆਮਦਨ ਦਿਨੋ ਦਿਨ ਵਧਦੀ ਜਾ ਰਹੀ ਸੀ।
ਸਮਾਂ ਪਾ ਕੇ ਉਸ ਦੇ ਚਾਲ ਚਲਨ ਨੂੰ ਲੋਕ ਸ਼ੱਕ ਦੀ ਨਜ਼ਰ ਨਾਲ ਵੇਖਣ ਲਗੇ। ਕੰਜੂਸ ਤੇ ਲਾਲਚੀ ਤਾਂ ਉਸ ਨੂੰ ਹਰ ਕੋਈ ਸਮਝਦਾ ਸੀ, ਪਰ ਬਹੁਤੇ ਲੋਕਾਂ ਦਾ ਇਹ ਵੀ ਖ਼ਿਆਲ ਸੀ ਕਿ ਉਸ ਨੂੰ ਕੋਈ ਭਾਰੀ ਐਬ ਵੀ ਹੈ, ਤੇ ਇਸ ਦੇ ਸਬੂਤ ਲਈ ਉਨ੍ਹਾਂ ਦੀ ਦਲੀਲ ਵੀ ਖਾਸੀ ਵਜ਼ਨਦਾਰ ਸੀ। ਜਿਹੜਾ ਆਦਮੀ ਪੰਜ ਸਤ ਰੁਪਏ ਰੋਜ਼ ਦਾ ਕਮਾਊ ਹੋਵੇ ਪਰ ਹਾਲਤ ਉਸਦੀ ਇਹ ਹੋਵੇ ਕਿ ਕਪੜੇ ਪਾਟੇ ਰੋਟੀ ਸੁਆਦ ਦੀ ਖਾਂਦਿਆਂ ਕਦੀ ਕਿਸੇ ਉਸਨੂੰ ਵੇਖਿਆ ਨਾ ਹੋਵੇ, ਉਸ ਬਾਬਤ ਇਹੋ ਜਿਹੇ ਸ਼ੱਕ ਪੈਦਾ ਹੋਣੇ ਕੁਦਰਤੀ ਗੱਲ ਸੀ। ਸਰੀਰ ਉਸ ਦਾ ਇਤਨਾ ਕਮਜ਼ੋਰ ਸੀ ਕਿ ਤਪਦਿਕ ਦਾ ਬੀਮਾਰ ਕੀ ਹੁੰਦਾ ਹੈ। ਜੇ ਚਾਹ ਪੀਂਦਾ ਤਾਂ ਬਗੈਰ ਦੁੱਧ ਤੋਂ, ਜੇ ਸਿਗਰਟ ਪੀਂਦਾ ਤਾਂ ਉਹ, ਜਿਹੜੇ ਆਨੇ ਦੇ ਘਟੋ ਘਟ ਦਸ ਜ਼ਰੂਰ ਆਉਂਦੇ ਹੋਣ, ਫਿਰ ਮਿਹਨਤ ਇਤਨੀ ਕਿ ਦਿਨ ਛਡ ਕੇ ਰਾਤੀਂ ਵੀ ਕੰਮ ਨੂੰ ਹੱਥੋਂ ਨਹੀਂ ਸੀ ਛਡਦਾ।
ਪਰ ਕਿਦਾਰ ਨੇ ਕਦੀ ਕਿਸੇ ਨੁਕਤਾਚੀਨੀ ਵਲ ਧਿਆਨ ਹੀ ਨਹੀਂ ਦਿਤਾ। ਬਸ ਸਲਾਮਤ ਰਹੇ ਉਸ ਦੀ ਚਾਹ ਵਾਲੀ ਬੇਸੁਰੀ ਕੇਤਲੀ, ਤੇ ਜਾਂ ਸਿਗਰਟਾਂ ਵਾਲੀ ਡੱਬੀ। ਹੋਰ ਕਿਸੇ ਚੀਜ਼ ਨਾਲ ਜਿਵੇਂ ਉਸਨੂੰ ਕੋਈ ਵਾਸਤਾ ਨਹੀਂ ਸੀ। ਕੰਮ ਕਰਦਾ ਹੋਇਆ ਉਹ ਅਕਸਰ ਹੌਲੀ ਹੌਲੀ ਕੋਈ ਨਾ ਕੋਈ ਗੀਤ ਗੁਣ-ਗੁਣਾਂਦਾ ਰਹਿੰਦਾ, ਤੇ ਜੇ ਕਿਸੇ ਨਾਲ ਗੱਲ ਕੱਥ ਕਰਦਾ ਤਾਂ ਬਿਨਾਂ ਕਾਰਨ ਹੀ ਉੱਚੀ ਸਾਰੀ ਕਹਿਕਾ ਮਾਰ ਕੇ ਹੱਸਦਾ ਹੋਇਆ। ਉਸ ਦਾ ਹਾਸਾ ਬੜਾ ਰੁੱਖਾ, ਬਨਾਉਟੀ ਤੇ ਡਰਾਉਣਾ ਜਿਹਾ ਹੁੰਦਾ ਸੀ।
ਉਸ ਦੀ ਦੁਕਾਨ ਦੇ ਪਿਛੇ ਇਕ ਛੋਟੀ ਜਿਹੀ ਕੋਠੜੀ ਸੀ, ਇਹੋ ਉਸ ਦਾ ਨਿਵਾਸ ਅਸਥਾਨ ਸੀ, ਇਸੇ ਦੀ ਇਕ ਨੁੱਕਰੇ ਕੋਲਿਆਂ ਦੀ ਛੋਟੀ ਜਿਹੀ ਢੇਰੀ ਸੀ। ਦਿਨ ਵਿਚ ਉਹ ਕਿੰਨੀ ਕੁ ਵਾਰੀ ਚਾਹ ਪੀਂਦਾ ਤੇ ਕਿੰਨੀ ਵਾਰੀ ਸਿਗਰਟ, ਇਸ ਦੀ ਗਿਣਤੀ ਸ਼ਾਇਦ ਉਸਨੇ ਕਦੇ ਕੀਤੀ ਹੀ ਨਹੀਂ ਸੀ। ਦੁਕਾਨ ਦੀ ਸਫ਼ਾਈ ਵਲ ਵੀ ਕਦੇ ਘਟ ਵਧ ਹੀ ਧਿਆਨ ਦੇਂਦਾ ਸੀ। ਏਸੇ ਕਰ ਕੇ ਉਸ ਦੀ ਹਰ ਇਕ ਚੀਜ਼ ਬੇ-ਤਰਤੀਬੀ ਤੇ ਮਿੱਟੀ ਘੱਟੇ ਵਿਚ ਲੱਥ ਪੱਥ ਰਹਿੰਦੀ ਸੀ।
ਸਿਆਲ ਦੀ ਰੁੱਤ ਸੀ। ਸਵੇਰ ਤੋਂ ਮੀਂਹ ਪੈ ਰਿਹਾ ਸੀ, ਵਾਛੜ ਦੇ ਡਰ ਕਰਕੇ ਕਿਦਾਰ ਨੇ ਦੁਕਾਨ ਦੇ ਦੋਵੇਂ ਤਾਕ ਬੰਦ ਕੀਤੇ ਹੋਏ ਸਨ। ਉਸ ਪਾਸ ਇਕ ਦੋ ਘੜੀਆਂ ਬੜੀ ਛੇਤੀ ਨਾਲ ਮੁਰੰਮਤ ਕਰਨ ਵਾਲੀਆਂ ਸਨ, ਗਾਹਕ ਨਾਲ ਅੱਜ ਸ਼ਾਮੀ ਦੇਣ ਦਾ ਇਕਰਾਰ ਸੀ।
ਸਿਰ ਸੁਟ ਕੇ ਉਹ ਕੰਮ ਵਿਚ ਜੁਟਿਆ ਹੋਇਆ ਸੀ। ਉਸ ਦੇ ਲਾਗੇ ਕਰ ਕੇ ਅੰਗੀਠੀ ਉਤੇ ਕੇਤਲੀ ਕੜ੍ਹ ਰਹੀ ਸੀ। ਥੋੜ੍ਹੀ ਥੋੜ੍ਹੀ ਦੇਰ ਬਾਅਦ ਉਹ ਪੱਥਰ ਦੀ ਪਿਆਲੀ ਨੂੰ ਭਰਦਾ, ਤੇ ਪੀ ਕੇ ਫੇਰ ਕੰਮ ਵਿਚ ਲੱਗ ਜਾਂਦਾ। ਸਿਗਰਟ ਬਰਾਬਰ ਉਸ ਦੇ ਮੂੰਹ ਵਿਚ ਧੁਖ ਰਹੀ ਸੀ।
ਮੀਂਹ ਬੰਦ ਹੋ ਗਿਆ, ਇਥੋਂ ਤਕ ਕਿ ਕੜਾਕੇਦਾਰ ਧੂਪ ਚੜ੍ਹ ਪਈ, ਪਰ ਕਿਦਾਰ ਨੂੰ ਕੋਈ ਸੋਝੀ ਨਹੀਂ ਸੀ । ਉਹ ਉਸੇ ਤਰ੍ਹਾਂ ਬੂਹਾ ਮਾਰੀ ਆਪਣੇ ਕੰਮ ਵਿਚ ਮਸਤ मी।
ਇਕ ਘੜੀ ਦਾ ਕੰਮ ਉਸਨੇ ਖ਼ਤਮ ਕਰ ਲਿਆ ਸੀ, ਤੇ ਦੂਜੀ ਸ਼ੁਰੂ ਕਰਨ ਤੋਂ ਪਹਿਲਾਂ ਉਸ ਨੇ ਫੇਰ ਚਾਹ ਦੀ ਪਿਆਲੀ ਭਰ ਕੇ ਪੀਤੀ। ਫਿਰ ਡੱਬੀ ਵਿਚੋਂ ਸਿਗਰਟ ਕਢ ਕੇ ਧੁਖਾਈ। ਬੂਹੇ ਦੇ ਉਤੋਂ ਕਰ ਕੇ ਧੁਪ ਦੀ ਇਕ ਤੇਜ਼ ਸ਼ੁਆ ਅੰਦਰ ਆ ਰਹੀ ਸੀ ਜਿਹੜੀ ਉਸ ਦੇ ਅੱਗੋਂ ਦੀ ਲੰਘਦੀ ਹੋਈ ਸਿੱਧੀ ਸੜਕ ਵਾਂਗ ਪਿਛਲੀ ਕੰਧ ਤਕ ਚਲੀ ਗਈ ਸੀ।
ਸਿਗਰਟ ਦੇ ਸੂਟੇ ਲਾ ਲਾ ਕੇ ਕਿਦਾਰ ਮੂੰਹ ਉੱਚਾ ਕਰੀ ਧੂੰਆਂ ਛਡ ਰਿਹਾ ਸੀ ਤੇ ਇਹ ਧੂੰਆਂ ਉਸ ਚਾਨਣੀ ਸੜਕ ਵਿਚ ਰਲ ਕੇ ਲਹਿਰਾਂ ਜਿਹੀਆਂ ਪੈਦਾ ਕਰ ਰਿਹਾ ਸੀ। ਇਹ ਲਹਿਰਾਂ ਕਦੀ ਗੋਲ, ਕਦੀ ਲਮੁੰਤਰੇ ਚੱਕਰਾਂ ਦੀਆਂ ਸ਼ਕਲਾਂ ਬਣ ਬਣ ਕੇ ਉ ਸੜਕ ਥਾਣੀਂ ਬੂਹੇ ਵਲ ਜਿਥੋਂ ਇਹ ਚਾਨਣ ਆ ਰਿਹਾ ਸੀ – ਬਾਹਰ ਜਾ ਰਹੀਆਂ ਸਨ। ਕਿਦਾਰ ਦੀ ਨਜ਼ਰ ਬਰਾਬਰ ਇਨ੍ਹਾਂ ਲਹਿਰਾਂ ਉਤੇ ਗੱਡੀ ਹੋਈ ਸੀ। ਉਹ ਵੇਖਦਾ – ਜਿਉਂ ਹੀ ਇਹ ਧੂੰਏਂ ਦੇ ਚੱਕਰ ਬਾਹਰ ਨਿਕਲਣ ਲਈ ਉਸ ਝੀਥ ਵਲ ਜਾਂਦੇ ਕਿ ਬਾਹਰੋਂ ਆਇਆ ਹੋਇਆ ਹਵਾ ਦਾ ਬੁੱਲਾ ਫੇਰ ਉਨ੍ਹਾਂ ਨੂੰ ਪਿਛਾਂਹ ਧੱਕ ਦੇਂਦਾ। ਉਹ ਵੇਖ ਵੇਖ ਕੇ ਸੋਚ ਰਿਹਾ ਸੀ ਕਿ ਇਹ ਧੂੰਆਂ ਅੰਦਰ ਨਹੀਂ ਟਿਕ ਸਕਦਾ ? ਕਿਉਂ ਇਹ ਘੜੀ ਮੁੜੀ ਬਾਹਰ ਨਿਕਲਣ ਲਈ ਕਾਹਲਾ ਪੈ ਰਿਹਾ ਹੈ ? ਕਿਉਂ ਇਹ ਲਹਿਰਾਂ ਬਣ ਬਣ ਕੇ ਉੱਥਲ ਪੁੱਥਲ ਹੋ ਰਿਹਾ ਹੈ। ਤੇ ਉਹ ਫਿਰ ਆਪਣੀ ਤਰਕ ਦੇ ਜੁਆਬ ਵਿਚ ਆਪ ਹੀ ਸੋਚਣ ਲਗ ਪੈਂਦਾ, ‘ਬੇਸ਼ੱਕ, ਬੇਸ਼ੱਕ ਇਹ ਰੁਕਣ ਵਾਲੀ ਚੀਜ਼ ਨਹੀਂ, ਇਸ ਨੂੰ ਬੰਦ ਬੂਹਿਆਂ ਪਿਛੇ ਰੋਕੀ ਰੱਖਣਾ ਨਾਮੁਮਕਿਨ ਹੈ।’
ਇਸ ਵੇਲੇ ਕਿਦਾਰ ਹੌਲੀ ਹੌਲੀ ਇਕ ਤੁਕਾਂ ਗੁਣਗੁਣਾ ਰਿਹਾ ਸੀ – “ਅਲਵਿਦਾ ਐ ਕਾਫ਼ਲੇ ਵਾਲੇ ਮੁਝੇ ਅਬ ਛੋੜ ਦੋ।
ਮੇਰੀ ਕਿਸਮਤ ਮੇਂ ਲਿਖੀ ਥੀਂ ਦਸ਼ਤ ਕੀ ਵੀਰਾਨੀਆਂ।”
ਤੁਕ ਖ਼ਤਮ ਹੋਣ ਤੋਂ ਪਹਿਲਾਂ ਬੂਹੇ ਦਾ ਤਾਕ ਹੌਲੀ ਹੌਲੀ ਖੁਲ੍ਹਣਾ ਸ਼ੁਰੂ ਹੋਇਆ। ਉਸ ਖ਼ਿਆਲ ਕੀਤਾ ਸ਼ਾਇਦ ਹਵਾ ਦੇ ਝੋਕੇ ਨਾਲ ਖੁਲ੍ਹ ਗਿਆ ਹੋਵੇ, ਪਰ ਜਿਉਂ ਹੀ ਬੂਹੇ ਵਿਚ ਉਸ ਨੇ ਇਕ ਓਪਰੇ ਆਦਮੀ ਨੂੰ ਖੜਾ ਵੇਖਿਆ, ਗਾਣੇ ਦੀ ਤੁਕ ਉਸ ਦੇ ਬੁਲ੍ਹਾਂ ਵਿਚ ਹੀ ਗੁੰਮ ਹੋ ਗਈ ਤੇ ਉਸ ਦੀ ਧੂਏਂ ਵਾਲੀ ਫ਼ਿਲਾਸਫੀ ਵੀ ਅਧੂਰੀ ਰਹਿ ਗਈ।
“ਮਿਸਟਰ ਕਿਦਾਰ ਤੁਹਾਡਾ ਹੀ ਨਾਂ ਏ ?” ਆਉਣ ਵਾਲੇ ਨੇ ਸੁਆਲ ਕੀਤਾ। “ਜੀ ਹਾਂ ਹੁਕਮ?” ਕਿਦਾਰ ਨੇ ਸੋਚਿਆ, ਸ਼ਾਇਦ ਕੋਈ ਘੜੀ ਮੁਰੰਮਤ ਕਰਾਣ ਵਾਲਾ ਗਾਹਕ ਆਇਆ ਹੈ, ਪਰ ਆਪਣਾ ਨਾਂ ਸੁਣਦਿਆਂ ਹੀ ਉਹ ਸੋਚਾਂ ਵਿਚ ਪੈ ਗਿਆ — ਮੇਰਾ ਅਸਲ ਨਾਂ ਤੇ ਬਹੁਤ ਘਟ ਲੋਕ ਜਾਣਦੇ ਨੇ । ਅਕਸਰ ਲੋਕੀਂ ਮੈਨੂੰ ‘ਕਮਾਲ’ ਕਹਿ ਕੇ ਸੱਦਦੇ ਨੇ।
ਆਉਣ ਵਾਲਾ ਬੜੀ ਬਤਕੱਲਫ਼ੀ ਨਾਲ ਸ਼ਪਾ ਸ਼ਪ ਅੰਦਰ ਲੰਘ ਆਇਆ ਤੇ ਆਉਂਦਿਆਂ ਹੀ ਉਸ ਨੇ ਕਿਦਾਰ ਦੇ ਦੁਹਾਂ ਪੈਰਾਂ ਤੇ ਹੱਥ ਰੱਖ ਕੇ ਆਪਣੇ ਮੱਥੇ ਨੂੰ ਛੁਹਾਏ।
“ਮਾਫ਼ ਕਰਨਾ, ਮੈਂ ਤੁਹਾਨੂੰ ਪਛਾਤਾ ਨਹੀਂ” ਕਿਦਾਰ ਨੇ ਬੜੀ ਘੋਖ ਨਾਲ ਉਸ ਪਤਲੇ ਲੰਮੇ ਅਧਖੜ ਉਮਰ ਦੇ ਆਦਮੀ ਵਲ ਤੱਕਦਿਆਂ, ਤੇ ਉਸ ਦੇ ਖੱਦਰ ਦੇ ਛ ਪਹਿਰਾਵੇ ਨੂੰ ਵੇਖਦਿਆਂ ਹੋਇਆਂ ਪੁੱਛਿਆ।
“ਮੇਰਾ ਨਾਂ ਪੰਨਾ ਲਾਲ ਏ” ਆਉਣ ਵਾਲੇ ਦੀਆਂ ਅੱਖਾਂ ਵਿਚ ਪਿਆਰ, ਅਹਿਸਾਨਮੰਦੀ ਤੇ ਮਮਤਾ ਦੀ ਗਿੱਲ ਸੀ।
“ਹੈਂ — ਤੁਸੀਂ ?” ਕਿਦਾਰ ਦੇ ਹੱਥੋਂ ਸਿਗਰਟ ਦਾ ਟੋਟਾ ਸ਼ੋ-ਕੇਸ ਉਤੇ ਡਿਗ ਪਿਆ ਤੇ ਉਹ ਅਬੜਵਾਹਿਆ ਉਠ ਕੇ ਉਸ ਦੇ ਪੈਰਾਂ ਤੇ ਡਿੱਗ ਪਿਆ — ਉਸ ਦੇ ਮੂੰਹੋਂ ਇਕ ਸ਼ਬਦ ਵੀ ਨਾ ਨਿਕਲ ਸਕਿਆ।
ਕਿੰਨਾ ਚਿਰ ਪੰਨਾ ਲਾਲ ਨੇ ਉਸ ਨੂੰ ਛਾਤੀ ਨਾਲ ਘੁੱਟੀ ਰਖਿਆ। ਦੋਵੇਂ ਜ਼ਬਾਨਾਂ ਨਿਰਵਾਕ ਸਨ, ਜ਼ਬਾਨਾਂ ਦਾ ਕੰਮ ਸ਼ਾਇਦ ਚੌਹਾਂ ਅੱਖਾਂ ਦੇ ਅੱਥਰੂ ਕਰ ਰਹੇ ਸਨ।
“ਓਹ ਮੇਰੇ …..” ਮਸੇ ਇਤਨਾ ਹੀ ਪੰਨਾ ਲਾਲ ਕਹਿ ਸਕਿਆ। ਉਸ ਨੇ ਕਈ ਵਾਰ ਕਿਦਾਰ ਨੂੰ ਛਾਤੀ ਨਾਲ ਘੁਟਿਆ ਤੇ ਕਈ ਵਾਰੀ ਛਡਿਆ।
“ਤੁਸੀਂ ਆ ਗਏ ? ਸ਼ੁਕਰ ਪ੍ਰਮਾਤਮਾ ਦਾ ।” ਕਿਦਾਰ ਨੇ ਇਹ ਵਾਕ ਇਸ ਤਰ੍ਹਾਂ ਕਹੇ, ਜਿਵੇਂ ਅਜੇ ਵੀ ਉਹ ਸਿਰਫ ਖ਼ਿਆਲੀ ਤੌਰ ਤੇ ਹੀ ਪੰਨਾ ਲਾਲ ਨੂੰ ਵੇਖ ਰਿਹਾ ਹੋਵੇ, ਵਾਸਤਵ ਵਿਚ ਨਹੀਂ।
“ਪਰ ਤੁਸੀਂ ……. ਤੁਸੀਂ ਇਤਨੇ ਦੁਬਲੇ …….” ਪੰਨਾ ਲਾਲ ਨੇ ਕਿਦਾਰ ਦੇ ਹੜਬਾਂ ਨਿਕਲੇ ਚਿਹਰੇ, ਤੇ ਅੰਦਰ ਧੱਸੀਆਂ ਅੱਖਾਂ ਵਲ ਡਰ ਭਰੀ ਨਜ਼ਰ ਨਾਲ ਤਕਦਿਆਂ ਪੁੱਛਿਆ।
“ਮੈਨੂੰ ‘ਤੁਸੀਂ” ਕਹਿ ਕੇ ਨਾ ਬੁਲਾਓ ਭਾਪਾ ਜੀ” ਕਿਦਾਰ ਦੀਆਂ ਅੱਖਾਂ ਵਿਚ ਇਕ ਮਿੱਠੀ ਜਿਹੀ ਉਤਕੰਠਾ ਸੀ, “ਸ਼ਾਇਦ ਤੁਹਾਨੂੰ ਪਤਾ ਨਹੀਂ, ਮੈਂ ਤੁਹਾਡਾ ……..।”
“ਬੇਸ਼ਕ ਤੂੰ ਮੇਰਾ ਪੁੱਤਰ ਏਂ – ਪੁੱਤਰਾਂ ਨਾਲੋਂ ਵੀ ਵਧੀਕ ਮੇਰੇ ਸਰਬੰਸ ਦਾ ਰਾਖਾ।” ਪੰਨਾ ਲਾਲ ਨੇ ਇਹ ਕਹਿ ਕੇ ਉਸ ਦਾ ਵਾਕ ਪੂਰਾ ਕਰ ਦਿਤਾ, “ਪਰ ਕੀ ਤੂੰ ਪੁੱਤਰਾਂ ਵਾਲਾ ਕੰਮ ਕੀਤੈ ਕਿਦਾਰ ?”
ਆਪਣੇ ਉਤੇ ਲਗੇ ਦੂਸ਼ਣ ਦਾ ਉੱਤਰ ਨਾ ਦੇ ਕੇ ਕਿਦਾਰ ਨੇ ਪੁੱਛਿਆ, “ਤੁਸੀਂ ਕਦੋਂ ਆਏ ਹੋ ?” ਤੇ ਇਸ ਦੇ ਨਾਲ ਹੀ ਹੋਰ ਬੇਅੰਤ ਪ੍ਰਸ਼ਨ, “ਤੁਸੀਂ ਕਿਥੇ ਰਹੇ — ਕਿਵੇਂ ਰਹੇ, ਤੁਹਾਡੇ ਨਾਲ ਕੀ ਕੁਝ ਬੀਤੀ” ਆਦਿ ਪ੍ਰਸ਼ਨ ਕਿਦਾਰ ਦੇ ਅੰਦਰੋਂ ਉਮਡਦੇ ਆ ਰਹੇ ਸਨ।
“ਸਭ ਕੁਝ ਦੱਸਾਂਗਾ।” ਪੰਨਾ ਲਾਲ ਦੇ ਹੋਂਠ ਫਰਕ ਰਹੇ ਸਨ — ਉਸ ਦੇ ਮੂੰਹੋਂ ਸਾਫ ਆਵਾਜ਼ ਨਹੀਂ ਸੀ ਨਿਕਲ ਰਹੀ।
“ਪਹਿਲਾਂ ਦੱਸ, ਤੂੰ ਆਪਣਾ ਇਹ ਕੀ ਹਾਲ ਬਣਾ ਰਖਿਐ ?”
“ਇਹ ਉਸ ਪਾਪ ਦਾ ਪ੍ਰਾਸ਼ਚਿਤ ਏ ਭਾਪਾ ਜੀ ?”
“ਕਿਹੜੇ ਪਾਪ ਦਾ ?”
“ਜਿਹੜਾ ਮੈਂ ਕੀਤਾ ਸੀ, ਤੁਹਾਡਾ ਰੋਜ਼ਗਾਰ ਖੋਹ ਕੇ, ਤੁਹਾਨੂੰ ਮੌਤ ਦੇ ਮੂੰਹ ਵਿਚ ਧੱਕਣ ਦਾ।”
“ਉਹ ਤੇ ਕੋਈ ਪਾਪ ਨਹੀਂ ਸੀ— ਨਾ ਹੀ ਇਹ ਉਸ ਦਾ ਪ੍ਰਾਸ਼ਚਿਤ ਹੈ, ਪਰ ਇਕ ਹੋਰ ਪਾਪ ਤੇਰੇ ਕੋਲੋਂ ਜ਼ਰੂਰ ਹੋਇਆ ਹੈ, ਸ਼ਾਇਦ ਇਹ ਉਹਦਾ ਪ੍ਰਾਸ਼ਚਿਤ ਹੋਵੇ ।” ਤੇ ਪੰਨਾ ਲਾਲ ਦੀਆਂ ਅੱਖਾਂ ਤ੍ਰਿਬਡ ਹੋ ਗਈਆਂ।
“ਉਹ ਕਿਹੜਾ ਭਾਪਾ ਜੀ ?” ਕਿਦਾਰ ਦਾ ਦਿਲ ਕੰਬ ਗਿਆ।
“ਫਿਰ ਦੱਸਾਂਗਾ, ਪਹਿਲਾਂ।”
“ਪਰ ਤੁਸੀਂ ਆ ਕਿਥੋਂ ਰਹੇ ਓ ?” ਗੱਲ ਟੋਕ ਕੇ ਕਿਦਾਰ ਨੇ ਪੁੱਛਿਆ।
“ਹੁਣ ਤੇ ਮੈਂ ਪਿੰਡੀਓ ਆ ਰਿਹਾ ਹਾਂ।”
“ਪਿੰਡੀ ਕਿਸ ਦਿਨ ਪਹੁੰਚੇ ਸਾਓ ?”
“ਹਫਤਾ ਕੁ ਹੋ ਗਿਆ ਹੈ।”
“ਪਰ ਇਤਨਾ ਚਿਰ ਕਿਥੇ ਗੁਜ਼ਾਰਿਆ ਤੁਸਾਂ ?”
“ਬੜੀ ਲੰਮੀ ਕਥਾ ਹੈ ਕਿਦਾਰ ਜ਼ਰਾ ਠਹਿਰ ਕੇ ਸੁਣਾਵਾਂਗਾ। ਹਾਲੇ ਸਿਰਫ਼ ਇਤਨਾ ਹੀ ਸਮਝ ਲੈ ਕਿ ਮੈਂ ਮਰਨ ਦਾ ਇਰਾਦਾ ਕਰ ਕੇ ਨਿਕਲਿਆ ਸਾਂ, ਪਰ ਮਰ ਨਾ ਸਕਿਆ। ਕੁਝ ਜਾਨ ਦੇ ਮੋਹ ਨੇ, ਤੇ ਕੁਝ ਨਿੱਕੇ ਨਿੱਕੇ ਬੱਚਿਆਂ ਦੀ ਮਮਤਾ ਨੇ ਮੈਨੂੰ ਮਰਨੋਂ ਰੋਕ ਲਿਆ, ਪਰ ਘਰ ਵਲ ਵੀ ਤਾਂ ਕਦਮ ਨਹੀਂ ਸਨ ਉਠ ਸਕਦੇ। ਘਰ ਦੀ ਹਾਲਤ ਮੌਤ ਨਾਲੋਂ ਵੀ ਵਧ ਸੀ। ਅਖ਼ੀਰ ਦਿਲ ਦੀ ਅਸ਼ਾਂਤੀ ਦੂਰ ਕਰਨ ਲਈ ਹਰਦੁਆਰ ਚਲਾ ਗਿਆ। ਨਿਰਬਾਣ ਹੋ ਕੇ ਸੰਤਾਂ ਮਹਾਤਮਾ ਦੀ ਸੇਵਾ ਸਤਸੰਗ ਵਿਚ ਜ਼ਿੰਦਗੀ ਗੁਜ਼ਾਰਨ ਦਾ ਫੈਸਲਾ ਕਰ ਲਿਆ।
“ਇਸ ਵਿਚ ਕੋਈ ਸ਼ੱਕ ਨਹੀਂ ਕਿ ਕਈਆਂ ਪਹੁੰਚੇ ਹੋਏ ਮਹਾਂਪੁਰਸ਼ਾਂ ਦੀ ਸੰਗਤ ਨਾਲ ਦਿਲ ਦੀ ਜਲਨ ਕਿਸੇ ਹੱਦ ਤਕ ਦੂਰ ਹੋਈ, ਪਰ ਘਰ ਦਾ ਮੌਹ ਅਖ਼ੀਰ ਤਕ ਮੇਰਾ ਪਿੱਛਾ ਨਾ ਛੱਡ ਸਕਿਆ। ਸਾਧੂ ਬਣ ਕੇ ਬਥੇਰੇ ਜਪ ਤਪ ਕੀਤੇ, ਕਠਨ ਤੋਂ ਕਠਨ ਸਾਧਨਾਂ ਕੀਤੀਆਂ, ਪਰ ਦਿਲ ਦੀ ਤਾਰ ਹਰ ਵੇਲੇ ਘਰ ਵਿਚ ਹੀ ਵਜਦੀ ਰਹਿੰਦੀ ਸੀ। ਅਖ਼ੀਰ ਜਦ ਦੋ ਸਾਲਾਂ ਦੀ ਕਮਾਈ ਵੀ ਮੈਨੂੰ ਮੋਹ ਦੇ ਜਾਲ ਚੋਂ ਨਾ ਛੁਡਾ ਸਕੀ, ਤਾਂ ਮੈਂ ਹਾਰ ਕੇ ਘਰ ਵਲ ਰੁਖ਼ ਕੀਤਾ। ਮੇਰਾ ਖ਼ਿਆਲ ਸੀ ਘਰ ਬਾਹਰ ਸਭ ਮਿੱਟੀ ਵਿਚ ਮਿਲ ਚੁਕਾ ਹੋਵੇਗਾ। ਤੇ ਬਾਲ ਬੱਚੇ ਰੋਟੀ ਨੂੰ ਤਰਸਦੇ ਹੁਣ ਤੀਕ ਮੌਤ ਦੇ ਮੂੰਹ ਵਿਚ ਜਾ ਚੁਕੇ ਹੋਣਗੇ। ਫੇਰ ਵੀ ਇਕ ਵਾਰੀ, ਭਾਵੇਂ ਘਰ ਦੀਆਂ ਢੱਠੀਆਂ ਕੰਧਾਂ ਨੂੰ ਹੀ ਸਹੀ, ਵੇਖਣ ਲਈ ਦਿਲ ਹਰ ਵੇਲੇ ਵਿਆਕੁਲ ਰਹਿੰਦਾ ਸੀ, ਅਖੀਰ ਮੈਂ ਦਿਲ ਨਾਲ ਫੈਸਲਾ ਕੀਤਾ ਕਿ ਜੇ ਸਚ ਮੁਚ ਮੇਰੇ ਘਰ ਦੀ ਉਹੀ ਹਾਲਤ ਹੋ ਚੁਕੀ ਹੋਵੇ ਜੋ ਮੇਰਾ ਦਿਲ ਕਹਿ ਰਿਹਾ ਹੈ ਤਾਂ ਵੀ ਮੈਂ ਇਕ ਵਾਰੀ ਜਾਵਾਂਗਾ ਜ਼ਰੂਰ। ਤੇ ਇਸ ਤੋਂ ਬਾਅਦ ਇਸ ਜ਼ਿੰਦਗੀ ਦਾ ਹਮੇਸ਼ਾ ਲਈ ਖ਼ਾਤਮਾ ਕਰ ਦਿਆਂਗਾ, ਪਰ ਘਰ ਪਹੁੰਚ ਕੇ ਜੋ ਕੁਝ ਵੇਖਿਆ ਤੇ ਸੁਣਿਆ ਉਸਨੇ ਮੈਨੂੰ ਹੈਰਾਨੀ ਵਿਚ ਪਾ ਦਿਤਾ, ਮੈਨੂੰ ਨਹੀਂ ਸੀ ਪਤਾ ਕਿ ਮੇਰੇ ਪਿੱਠ ਦੇਂਦਿਆਂ ਹੀ ਪਰਮਾਤਮਾ ਨੇ ਮੇਰੇ ਘਰ ਵਿਚ ਇਕ ਦੇਵਤਾ ਭੇਜ ਦਿਤਾ ਸੀ, ਜਿਸ ਦੀਆਂ ਕੁਰਬਾਨੀਆਂ ਨੇ ……”
ਉਸ ਦੀ ਗਲ ਟੋਕ ਕੇ ਕਿਦਾਰ ਬੋਲਿਆ, “ਬਸ ਭਾਪਾ ਜੀ, ਭੋਗ ਪਾਓ ਇਹਨਾਂ ਗਲਾਂ ਦਾ। ਔਲਾਦ ਜੋ ਮਾਪਿਆਂ ਵਾਸਤੇ ਕੁਝ ਕਰੇ ਤਾਂ ਇਸਨੂੰ ਤੁਸੀਂ ਕੁਰਬਾਨੀ ਕਹੋਗੇ ?”
“ਠੀਕ ਹੈ ਬੇਟਾ, ਪਰ ਚੰਗੀ ਤੋਂ ਚੰਗੀ ਔਲਾਦ ਵੀ ਸ਼ਾਇਦ ਇਥੋਂ ਤਕ ਨਹੀਂ ਪਹੁੰਚ ਸਕਦੀ।”
“ਇਹ ਗਲਾਂ ਕਰ ਕੇ ਮੈਨੂੰ ਸ਼ਰਮਿੰਦਾ ਨਾ ਕਰੋ ਭਾਪਾ ਜੀ । ਪਹਿਲਾਂ ਇਹ ਦੱਸੋ ਘਰ ਵਿਚ ਸਭ ਸੁਖ ਸਾਂਦ ਹੈ ?”
“ਹਾਂ, ਸੁਖ ਸਾਂਦ ਹੀ ਸਮਝੋ।”
“ਸਮਝੋ ਦਾ ਕੀ ਮਤਲਬ ਭਾਪਾ ਜੀ ?”
“ਇਹ ਫਿਰ ਦਸਾਂਗਾ, ਪਹਿਲਾਂ ਆਪਣੀ ਬੇ ਜੀ ਦਾ ਸੁਨੇਹਾ ਸੁਣ ਲੈ।”
‘ ਦੱਸੋ?”
“ਪਹਿਲੀ ਗਡੀ ਤੈਨੂੰ ਮੇਰੇ ਨਾਲ ਪਿੰਡੀ ਚਲਣਾ ਪਵੇਗਾ, ਇਹੋ ਹੈ ਉਸ ਦਾ ਸੁਨੇਹਾ। ਕਿਦਾਰ, ਤੂੰ ਹੱਦ ਕਰ ਦਿਤੀ ਕਿ ਅਜ ਤਕ ਉਸ ਵਿਚਾਰੀ ਨੂੰ ਆਪਣਾ ਪਤਾ ਤੀਕ ਨਾ ਦਸਿਆ, ਹਾਲਾਂ ਕਿ ਤੂੰ ਕਈ ਵਾਰੀ ਲਫ਼ਾਫ਼ੇ ਵਿਚ ਨੋਟ ਪਾ ਕੇ ਭੇਜਦਾ ਰਿਹੋਂ, ਪਰ ਸਿਰਫ਼ ਅੰਮ੍ਰਿਤਸਰ ਦੀ ਮੋਹਰ ਤੋਂ ਵਿਚਾਰੀ ਜ਼ਨਾਨੀ ਨੂੰ ਕੀ ਪਤਾ ਲਗ ਸਕਦਾ ਸੀ।”
“ਮੈਂ ਜਾਣ ਕੇ ਆਪਣੇ ਆਪ ਨੂੰ ਲੁਕਾਈ ਰਖਿਆ ਸੀ ਭਾਪਾ ਜੀ ।” ਕਿਦਾਰ ਦਾ ਦਿਲ ਕਿਸੇ ਹੋਰ ਦਾ ਸੁਖ ਸੁਨੇਖਾ ਸੁਣਨ ਲਈ ਤੜਪ ਰਿਹਾ ਸੀ, ਜਿਸ ਦਾ ਪੰਨਾ ਲਾਲ ਨੇ ਅਜੇ ਤੀਕ ਜ਼ਿਕਰ ਨਹੀਂ ਸੀ ਕੀਤਾ। ਕਈ ਵਾਰੀ ਵੀਣਾ ਦਾ ਨਾਂ ਉਸ ਦੀ ਜ਼ਬਾਨ ਤੇ ਆਉਂਦਾ ਆਉਂਦਾ ਰੁਕ ਗਿਆ।
“ਪਰ ਮੈਂ ਤੇ ਸ਼ਾਇਦ ਅਜੇ ਨਾ ਜਾ ਸਕਾਂ ਭਾਪਾ ਜੀ ?” ਕਿਦਾਰ ਨੇ ਠੰਡਾ ਸਾਹ
ਭਰ ਕੇ ਕਿਹਾ।
“ਕਿਉਂ ?” ਪੰਨਾ ਲਾਲ ਨੇ ਇਹ ਅਜੀਬ ਉੱਤਰ ਸੁਣਕੇ ਹੈਰਾਨੀ ਪ੍ਰਗਟ
“ਅਜੇ ਮੇਰਾ ਫਰਜ਼ ਪੁਰਾ ਨਹੀਂ ਹੋ ਸਕਿਆ।”
“ਅਜੇ ਤੇਰਾ ਫ਼ਰਜ਼ ਪੂਰਾ ਨਹੀਂ ਹੋ ਸਕਿਆ ਜਦ ਕਿ ਹਜ਼ਾਰ ਦੀ ਥਾਂ ਤੂੰ ਤੇਰਾਂ ਸੌਂ ਰੁਪਏ ਭੇਜ ਚੁਕਾ ਹੈਂ ? ਉਹ ਮਕਾਨ ਰਹਿਨ ਦੀ ਕੈਦ ਤੋਂ ਚਿਰਾਕਾ ਆਜ਼ਾਦ ਹੋ ਚੁਕਾ ਏ, ਹੁਣ ਤੈਨੂੰ ਜ਼ਰੂਰ ਮੇਰੇ ਨਾਲ ਚਲਣਾ ਪਵੇਗਾ ਕਿਦਾਰ।”
“ਪਰ ਸਰਦਾਰ ਹੋਰਾਂ ਦੇ ਪੰਦਰਾਂ ਸੌ ਵਿਚੋਂ ਜੁ ਅਜੈ ਚਾਰ ਪੰਜ ਸੌ ਬਾਕੀ ਨੇ।” “ਉਹ ਸਰਦਾਰ ਹੋਰਾਂ ਤੈਨੂੰ ਮੁਆਫ਼ ਕਰ ਦਿਤੇ ਨੇ । ਮੈਨੂੰ ਉਨ੍ਹਾਂ ਫੇਰ ਆਪਣੇ ਕੰਮ ਤੇ ਲਾ ਲਿਆ ਏ !”
“ਪਰ ਇਸ ਰਕਮ ਤੋਂ ਛੁਟ ਮੈਂ ਉਨ੍ਹਾਂ ਦਾ ਅਜੇ ਵੀ ਕੁਝ ਕਰਜ਼ ਦੇਣਾ ਏ।” “ਉਹ ਕੀ ?”
“ਉਨ੍ਹਾਂ ਦੇ ਕੰਮ ਵਿਚ ਬਦਦਿਆਨਤੀ ਕਰ ਕਰ ਕੇ ਮੈਂ ਕੁਝ ਹੋਰ ਰੁਪਏ ਵੀ ਬਚਾਏ ਸਨ।”
“ਕੋਈ ਹਰਜ ਨਹੀਂ ਬੇਟਾ, ਮੈਂ ਜਾਣਦਾ ਹਾਂ ਇਹ ਸਭ ਕੁਝ ਤੂੰ ਉਪਕਾਰ ਦੀ ਖ਼ਾਤਰ ਕੀਤਾ ਸੀ। ਉਸ ਰਕਮ ਨੂੰ ਮੈਂ ਉਤਾਰ ਦਿਆਂਗਾ। ਨਾਲੇ ਸਰਦਾਰ ਹੋਰੀਂ ਤੇਰੇ ਉਤੇ ਬੜੇ ਖੁਸ਼ ਨੇ। ਉਨ੍ਹਾਂ ਦੀ ਬੜੀ ਖਾਹਸ਼ ਹੈ ਤੈਨੂੰ ਰਖਣ ਦੀ।”
“ਅਗੇ ਵਾਂਗ ਤੁਹਾਨੂੰ ਕੱਢ ਕੇ ?”
“ਨਹੀਂ ਨਹੀਂ ਅਸੀਂ ਦੋਵੇਂ ਉਨ੍ਹਾਂ ਦੇ ਹਿੱਸੇਦਾਰ ਬਣ ਕੇ ਰਹਾਂਗੇ।ਉਹ ਪਿਸ਼ਾਵਰ ਵਿਚ ਆਪਣੀ ਬ੍ਰਾਂਚ ਖੋਹਲਣੀ ਚਾਹੁੰਦੇ ਨੇ।”
ਕਿਦਾਰ ਦੁਚਿੱਤੀ ਵਿਚ ਪੈ ਗਿਆ, ਸਗੋਂ ਪੰਨਾ ਲਾਲ ਦੇ ਨਾਲ ਜਾਣ ਲਈ ਕੁਝ ਰਜ਼ਾਮੰਦ ਵੀ ਹੋ ਗਿਆ। ਤੇ ਇਸ ਦੇ ਨਾਲ ਹੀ ਉਸ ਨੂੰ ਪੰਨਾ ਲਾਲ ਦੀ ਕਹੀ ਹੋਈ ‘ਉਹ ਪਾਪ ਤੇ ਪ੍ਰਾਸ਼ਚਿਤ’ ਵਾਲੀ ਗੱਲ ਯਾਦ ਆ ਗਈ। ਉਸ ਨੇ ਪੁੱਛਿਆ, ‘ਹਾਂ, ਤੁਸੀਂ ਕੀ ਕਹਿਣ ਲਗੇ ਸਓ- ਮੇਰੇ ਕੋਲੋਂ ਹੋਰ ਕਿਹੜਾ ਪਾਪ ਹੋ ਗਿਆ ਸੀ ?”
ਵੇਖਦਿਆਂ ਹੀ ਵੇਖਦਿਆਂ ਪੰਨਾ ਲਾਲ ਦਾ ਚਿਹਰਾ ਗੰਭੀਰ ਹੋ ਗਿਆ। ਉਸ ਦੀਆਂ ਅੱਖਾਂ ਵਿਚ ਡੂੰਘੇ ਗਮ ਦੀਆਂ ਸ਼ਾਮਾਂ ਛਾ ਗਈਆਂ। ਕਿੰਨਾ ਹੀ ਚਿਰ ਬੋਲ ਨਾ ਸਕਿਆ ਫਿਰ ਮੱਥੇ ਨੂੰ ਉਂਗਲਾਂ ਵਿਚ ਫੜ ਕੇ ਬੋਲਿਆ, “ਕਿਦਾਰ ! ਤੂੰ ਉਹ ਕੁਝ ਕੀਤਾ ਹੈ, ਜਿਹੜਾ ਇਸ ਦੁਨੀਆਂ ਉਤੇ ਕੋਈ ਨਹੀਂ ਕਰ ਸਕਦਾ। ਤੂੰ ਮੇਰੀ ਜਾਨ ਬਚਾਈ, ਤੂੰ ਮੇਰੇ ਟੱਬਰ ਨੂੰ ਭੁੱਖ ਤੇ ਮੁਸੀਬਤਾਂ ਤੋਂ ਬਚਾਇਆ, ਪਰ ਆਹ ਕਿਦਾਰ ਤੂੰ …..” ਪੰਨਾ ਲਾਲ ਦਾ ਗਲਾ ਭਰੜਾ ਗਿਆ। ਉਸ ਨੂੰ ਹਿਚਕੀ ਆ ਗਈ।
ਇਹ ਵੇਖ ਕੇ ਕਿਦਾਰ ਦਾ ਦਿਲ ਸੀਨੇ ਵਿਚ ਫੜਕਣ ਲੱਗਾ। ਉਸ ਨੇ ਪੰਨਾ ਲਾਲ ਦਾ ਮੋਢਾ ਹਲੂਣਦਿਆਂ ਪੁਛਿਆ, “ਦਸੋ ਭਾਪਾ ਜੀ, ਫਿਰ ਕੀ ਹੋਇਆ ?” ਰੱਬ ਦੇ ਵਾਸਤੇ ਛੇਤੀ ਦਸੋ।”
“ਕਿਦਾਰ !” ਪੰਨਾ ਲਾਲ ਨੇ ਸਾਰੇ ਜ਼ਬਤ ਨਾਲ ਆਪਣੇ ਆਪ ਨੂੰ ਠੱਲ੍ਹ ਕੇ ਕਿਹਾ “ਤੂੰ ਵਿਚਾਰੀ ਵੀਣਾ ਦੀ ਜਾਨ ਲੈ ਲਈ।”
“ਵੀਣਾ …… ਵੀਣਾ …..ਉਸ ਦੀ ਮੌਤ ਹੋ ਚੁਕੀ ਏ ਭਾਪਾ ਜੀ ?” ਕਿਦਾਰ ਦੇ ਅੰਗਾਂ ਤੇ ਮੁਰਦਨੀ ਛਾ ਗਈ, ਉਸ ਦੀਆਂ ਅੱਖਾਂ ਆਪਣੇ ਆਪ ਬੰਦ ਹੋ ਗਈਆਂ, ਤੇ ਕੁਝ ਚਿਰ ਬਾਅਦ ਜਦ ਖੁਲ੍ਹੀਆਂ ਤਾਂ ਉਸ ਨੇ ਵੇਖਿਆ, ਪੰਨਾ ਲਾਲ ਅੱਖਾਂ ਪੂੰਝ ਰਿਹਾ ਸੀ। ਕਿੰਨਾ ਹੀ ਚਿਰ ਕਿਦਾਰ ਨਿਰਵਾਕ ਰਿਹਾ। ਉਸ ਦੀਆਂ ਅੱਖਾਂ ਅਗੇ ਹਨੇਰਾ ਛਾ ਗਿਆ।
‘ਉਸ ਨੂੰ ਕੀ ਹੋ ਗਿਆ ?’ ਇਹ ਪ੍ਰਸ਼ਨ ਕਿਦਾਰ ਦੇ ਅੰਦਰੋਂ ਇਕ ਵਾਰੀ ਨਹੀਂ ਕਈ ਵਾਰੀ ਉਠਿਆ, ਪਰ ਉਹ ਪੰਨਾ ਲਾਲ ਪਾਸੋਂ ਪੁੱਛ ਨਾ ਸਕਿਆ। ਸ਼ਾਇਦ ਉਸ ਦਾ ਅੰਦਰਲਾ ਹੀ ਇਸ ਪ੍ਰਸ਼ਨ ਦਾ ਉੱਤਰ ਉਹਨੂੰ ਦੇ ਰਿਹਾ ਸੀ ‘ਜ਼ਾਲਮਾਂ, ਆਪ ਹੀ ਉਸ ਨੂੰ ਮਾਰ ਕੇ ਆਪ ਹੀ ਪੁੱਛਦਾ ਹੈ ?’
ਉਸ ਦੇ ਪੁੱਛਣ ਤੋਂ ਬਿਨਾਂ ਹੀ ਪੰਨਾ ਲਾਲ ਨੇ ਦੱਸਣਾ ਸ਼ੁਰੂ ਕੀਤਾ, “ਮੇਰੇ ਪਹੁੰਚਣ ਤੋਂ ਦੋ ਹਫ਼ਤੇ ਪਹਿਲਾਂ ਹੀ ਉਸ ਦੀ ਮੌਤ ਹੋ ਚੁਕੀ ਸੀ। ਮਰਨ ਤੋਂ ਪਹਿਲਾਂ ਬੇਹੋਸ਼ੀ ਵਿਚ ਜੋ ਜੋ ਗੱਲਾਂ ਵੀਣੀ ਦੇ ਮੂੰਹੋਂ ਨਿਕਲੀਆਂ ਸਨ, ਉਨ੍ਹਾਂ ਨੇ ਤੇਰੀ ਬੇ ਜੀ ਦਾ ਦਿਲ ਟੋਟੇ ਕਰ ਦਿਤਾ। ਜਿਸ ਦਿਨ ਦੀ ਵੀਣੀ ਮੋਈ ਏ, ਉਸ ਦੇ ਮੂੰਹੋਂ ਹਰ ਵੇਲੇ ਇਹੋ ਨਿਕਲਦਾ ਰਹਿੰਦੈ, ‘ਹਾਏ ਜੇ ਮੈਨੂੰ ਪਤਾ ਹੁੰਦਾ, ਮੈਂ ਵੀਣੀ ਨੂੰ ਕਿਦਾਰ ਨਾਲ ਵਿਆਹ ਦੇਂਦੀ।’
ਕਿਦਾਰ ਦੀ ਜ਼ਬਾਨ ਵਿਚ ਬੋਲਣ ਦੀ ਤਾਕਤ ਨਹੀਂ ਸੀ। ਉਸ ਦੀਆਂ ਅੱਖਾਂ ਖੁਲ੍ਹੀਆਂ ਸਨ, ਪਰ ਸ਼ਾਇਦ ਕੁਝ ਵੀ ਵੇਖ ਨਹੀਂ ਸਨ ਰਹੀਆਂ। ਉਸ ਦੇ ਹੋਂਠ, ਜ਼ਬਾਨ ਤਾਲੂ, ਸਭ ਜਿਵੇਂ ਲੱਕੜ ਦੇ ਬਣ ਚੁਕੇ ਸਨ।
ਚੋਖਾ ਚਿਰ ਦੁਕਾਨ ਵਿਚ ਇਕ ਮਾਰੂ ਜਿਹੀ ਖਾਮੋਸ਼ੀ ਛਾਈ ਰਹੀ, ਜਿਵੇਂ ਕਹਿਣ ਸੁਣਨ ਲਈ ਕੁਝ ਵੀ ਬਾਕੀ ਨਾ ਰਿਹਾ।
“ਹੋਣੀ ਨਾਲ ਕਿਸੇ ਦਾ ਜ਼ੋਰ ਨਹੀਂ ਬੇਟਾ” ਪੰਨਾ ਲਾਲ ਨੇ ਅਖ਼ੀਰ ਇਸ ਚੁੱਪ ਨੂੰ ਤੋੜਦਿਆਂ ਕਿਹਾ, “ਚਲ ਕੇ ਆਪਣੀ ਬੇ ਜੀ ਨੂੰ ਦਿਲਾਸਾ ਦੇਹ। ਉਹ ਮਰਨ ਹਾਕੀ ਹੋ ਰਹੀ ਏ!”
ਕਿਦਾਰ ਉਸ ਤਰ੍ਹਾਂ ਬੁੱਤ ਬਣਿਆਂ ਬੈਠਾ ਰਿਹਾ।
ਪੰਨਾ ਲਾਲ ਫਿਰ ਬੋਲਿਆ, “ਬੇਟਾ, ਮੈਂ ਜਾਣਨਾ ਤੇਰੇ ਦਿਲ ਦੀ ਹਾਲਤ ਨੂੰ । ਓੜਕ ਦੀ ਬਰਦਾਸ਼ਤ ਵਿਖਾਈ ਏ। ਜੇ ਕਦੀ ਤੂੰ ਇਕ ਵਾਰੀ ਵੀ ਆਪਣੀ ਬੇ ਜੀ ਨੂੰ ਦਸ ਦੇਂਦਿਓਂ ਕਿ ਵੀਣੀ ਲਈ ……” ਪੰਨਾ ਲਾਲ ਰੁਕ ਗਿਆ, ਤੇ ਫਿਰ ਬੋਲਿਆ, “ਜਾਂ ਵੀਣੀ ਹੀ ਇਸ ਭੇਦ ਨੂੰ ਮਾਂ ਅੱਗੇ ਖੋਲ੍ਹ ਦੇਂਦੀ, ਪਰ ਹੋਣੀ ਅਮਿੱਟ ਹੈ।”
ਕਿਦਾਰ ਖ਼ਾਮੋਸ਼ ਤੇ ਅਹਿਲ ਸੀ। ਨਾ ਉਸ ਦੇ ਬੁਲ੍ਹ ਹਿੱਲੇ ਨਾ ਅੱਖਾਂ ਦੀਆਂ ਪੁਤਲੀਆਂ ਫਰਕੀਆਂ, ਜਿਵੇਂ ਪੱਥਰ ਦਾ ਪੱਥਰ।
“ਜਾਣਦਾ ਹੈਂ ?” ਪੰਨਾ ਲਾਲ ਬੋਲਦਾ ਗਿਆ, “ਵੀਣੀ ਦੀ ਮਾਂ ਤੈਨੂੰ ਸੱਦਣ ਲਈ ਕਿਉਂ ਇਤਨੀ ਕਾਹਲੀ ਪੈ ਰਹੀ ਏ ?”
ਹੁਣ ਤਕ ਕਿਦਾਰ ਦਾ ਮਨ ਉਹ ਪਹਿਲੀ ਸੱਟ ਦੀ ਪੀੜ ਨੂੰ ਸਹਿ ਕੁਝ ਚੇਤੰਨ ਹੋ ਚੁਕਾ ਸੀ। ਉਸ ਦੀਆਂ ਅੱਖ-ਪੁਤਲੀਆਂ ਥੋੜ੍ਹਾ ਕੁ ਥਰਕੀਆਂ ਤੇ ਉਸਨੇ ਇਕ ਮਾਰਮਿਕ ਨਜ਼ਰ ਨਾਲ ਪੰਨਾ ਲਾਲ ਵੱਲ’ਤੱਕਿਆ।
ਪੰਨਾ ਲਾਲ ਨੇ ਆਪਣੀ ਗੱਲ ਜਾਰੀ ਰਖੀ, “ਉਹ ਵਿਦਿਆ ਨੂੰ ਤੇਰੇ ਨਾਲ ਵਿਆਹ ਕੇ ਤੈਨੂੰ ਅਸਲੀ ਅਰਥਾਂ ਵਿੱਚ ਪੁੱਤਰ ਬਣਾਣਾ ਚਾਹੁੰਦੀ ਏ। ਵਿਦਿਆ ਵੀ ਤੇ ਹੁਣ ਸਿਆਣੀ ਹੋ ਚੁਕੀ ਏ। ਵੀਣੀ ਨਾਲੋਂ ਉਂਜ ਤੇ ਦੋ ਵਰ੍ਹੇ ਛੋਟੀ ਏ, ਪਰ ਕੱਦ ਕਾਠ ਵਲੋਂ ਉਸ ਨਾਲੋਂ ਵੀ ਵੱਡੀ ਜਾਪਦੀ ਏ।
ਪੰਨਾ ਲਾਲ ਦੀ ਗੱਲ ਸੁਣ ਕੇ ਕਿਦਾਰ ਨੇ ਇਕ ਹਉਕਾ ਭਰਿਆ ਤੇ ਥੋੜ੍ਹੀ ਦੇਰ ਬਾਅਦ ਬੋਲਿਆ- “ਭਾਪਾ ਜੀ, ਵੀਣੀ ਚਲੀ ਗਈ, ਮੇਰਾ ਸਭ ਕੁਝ ਚਲਾ ਗਿਆ। ਇਸ ਬਾਰੇ ਫਿਰ ਕਦੀ ਮੈਨੂੰ ਕੁਝ ਨਾ ਕਹਿਣਾ ਭਾਪਾ ਜੀ। ਮੈਂ ……. ਮੈਂ …….” ਤੇ ਬੋਲਣ ਦੇ ਥਾਂ ਕਿਦਾਰ ਉੱਚੀ ਸਾਰੀ ਕਹਿਕਾ ਮਾਰ ਕੇ ਹੱਸ ਪਿਆ, ਪਰ ਪੰਨਾ ਲਾਲ ਵੇਖ ਰਿਹਾ ਸੀ ਕਿ ਇਹ ਹਾਸਾ ਕਿਹੋ ਜਿਹਾ ਹੈ — ਅੱਗ ਦੇ ਭਾਂਬੜ ਨੂੰ ਜਿਵੇਂ ਕੋਈ ਘਾਹ ਦੀ ਪੰਡ ਹੇਠ ਲੁਕਾਣਾ ਚਾਹੁੰਦਾ ਹੋਵੇ।
“ਨਹੀਂ ਕਿਦਾਰ” ਦਾਈਏ ਭਰੇ ਹਠ ਵਿਚ ਪੰਨਾ ਲਾਲ ਬੋਲਿਆ, “ਤੈਨੂੰ ਮੰਨਣਾ ਪਵੇਗਾ। ਮੇਰੀ ਨਾ ਸਹੀ, ਪਰ ਜਿਸ ਨੂੰ ਤੂੰ ‘ਮਾਂ’ ਕਿਹਾ ਸੀ, ਉਸ ਦੀ ਸੱਧਰ ਨੂੰ ਠੁਕਰਾ ਦੇਵੇਂਗਾ, ਇਸ ਦੀ ਮੈਂ ਤੈਥੋਂ ਕਦੀ ਉਮੀਦ ਨਹੀਂ ਰਖ ਸਕਦਾ।”
“ਆਪਣੀ ਧਰਮ-ਮਾਤਾ ਲਈ ਮੈਂ ਸਭ ਕੁਝ ਸਦਕੇ ਕਰਨ ਨੂੰ ਤਿਆਰ ਹਾਂ, ਪਰ ਭਾਪਾ ਜੀ, ਸ਼ਾਇਦ ਉਹਨਾਂ ਨੂੰ ਪਤਾ ਨਹੀਂ ਕਿਦਾਰ ਕਦੇ ਦਾ ਖ਼ਤਮ ਹੋ ਚੁਕਾ ਹੈ। ਕੀ ਉਹ ਕਿਦਾਰ ਦੀ ਲਾਸ਼ ਨੂੰ ਇਸ ਕੰਮ ਲਈ ਵਰਤਣਾ ਚਾਹੁੰਦੇ ਨੇ ? ਇਹ ਨਾਮੁਮਕਿਨ ਹੈ ਭਾਪਾ ਜੀ, ਬਿਲਕੁਲ ਅਸੰਭਵ।’
“ਕਿਦਾਰ ?” ਪੰਨਾ ਲਾਲ ਨੇ ਮਿੰਨਤ ਨਾਲ ਕਿਹਾ, “ਘਰ ਤੇ ਚਲ ਇਕ ਵਾਰੀ, ਜਿਵੇਂ ਤੂੰ ਕਹੇਂਗਾ ਉਦਾਂ ਹੀ ਸਹੀ।”
“ਭਾਪਾ ਜੀ ! ਜੇ ਮੈਂ ਇਸ ਧਕੇ ਨੂੰ ਸੰਭਲ ਸਕਿਆ।” ਕਿਦਾਰ ਨੇ ਹਉਕਾ ਭਰਿਆ।
“ਤੈਨੂੰ ਜਾਣਾ ਪਵੇਗਾ।”
“ਭਾਪਾ ਜੀ, ਕੀ ਤੁਸੀਂ ਮੇਰੀ ਮੌਤ ਚਾਹੁੰਦੇ ਹੋ ?
“ਨਹੀਂ ਬਰਖ਼ੁਰਦਾਰ ਮੈਂ ਤੇਰੀ ਜ਼ਿੰਦਗੀ ਚਾਹੁੰਨਾਂ।”
“ਤਾਂ ਫਿਰ ਆਖੇ ਲਗੋ, ਮੈਨੂੰ ਅਜੇ ਨਾ ਲੈ ਜਾਉ। ਉਥੇ ਜਾ ਕੇ ਮੇਰੇ ਦਿਲ ਦੇ ਜ਼ਖ਼ਮ ਫਿਰ ਤਾਜ਼ੇ ਹੋ ਜਾਣਗੇ। ਮੈਂ ਸ਼ਾਇਦ ਉਥੇ ਜਾ ਕੇ ਅੱਠ ਪਹਿਰ ਵੀ ਜ਼ਿੰਦਾ ਨਹੀਂ ਰਹਿ ਸਕਾਂਗਾ। ਇਹ ਸਮਝਦੇ ਹੋਏ ਵੀ ਜੇ ਤੁਸੀਂ ਮੈਨੂੰ ਲੈ ਜਾਣਾ ਚਾਹੁੰਦੇ ਹੋ ਤਾਂ ਮੈਂ ਚਲਣ ਨੂੰ ਤਿਆਰ ਹਾਂ। ਚਲੋ ਹੁਣੇ ਚਲੋ।”
ਕਿਦਾਰ ਦੀਆਂ ਇਨ੍ਹਾਂ ਗੱਲਾਂ ਵਿਚ, ਤੇ ਇਨ੍ਹਾਂ ਦੇ ਉਚਾਰਨ ਦੇ ਲਹਿਜੇ ਵਿਚ ਪੰਨਾ ਲਾਲ ਨੂੰ ਇਤਨੀ ਸਚਾਈ ਜਾਪੀ ਕਿ ਮੁੜਕੇ ਇਸਦੇ ਸੰਬੰਧ ਵਿਚ ਇੱਕ ਅੱਖਰ ਵੀ ਉਸ ਦੀ ਜ਼ਬਾਨੋਂ ਨਾ ਨਿਕਲ ਸਕਿਆ। ਉਹ ਮਨ ਮਾਰ ਕੇ ਰਹਿ ਗਿਆ।
ਛੇਕੜ ਪੰਨਾ ਲਾਲ ਨੂੰ ਕਿਦਾਰ ਦੀ ਗੱਲ ਹੀ ਮੰਨਣੀ ਪਈ। ਰਾਤ ਕਿਦਾਰ ਕੋਲ ਗੁਜ਼ਾਰ ਕੇ ਦੂਜੇ ਦਿਨ ਉਹ ਰਾਵਲ ਪਿੰਡੀ ਨੂੰ ਤਿਆਰ ਹੋ ਪਿਆ।
22
ਜਾਣ ਤੋਂ ਪਹਿਲਾਂ ਪੰਨਾ ਲਾਲ ਨੇ ਉਸਨੂੰ ਸਭ ਤੋਂ ਬਹੁਤੀ ਚਿਤਾਵਨੀ ਜਿਹੜੀ ਕੀਤੀ, ਇਹ ਸੀ ਉਸ ਦੀ ਸਿਹਤ ਬਾਰੇ, ਤੇ ਉਸ ਦੀਆਂ ਇਹ ਚਿਤਾਵਨੀਆਂ ਤੇ ਤਾਕੀਦਾਂ ਉਸ ਵੇਲੇ ਤਕ ਜਾਰੀ ਰਹੀਆਂ, ਜਦ ਤੀਕ ਕਿ ਗੱਡੀ ਨੇ ਵਿਸਲ ਨਹੀਂ ਦੇ ਦਿਤੀ। ਕਿਦਾਰ ਨੇ ਇਸਦੇ ਉੱਤਰ ਵਿਚ ਹਰ ਵਾਰੀ ਉਸਨੂੰ ਇਹੋ ਯਕੀਨ ਦਿਵਾਣ ਦੀ ਕੋਸ਼ਿਸ਼ ਕੀਤੀ ਕਿ ਉਹ ਅਗੇ ਲਈ ਆਪਣੀ ਸਿਹਤ ਦਾ ਪੂਰਾ ਪੂਰਾ ਧਿਆਨ ਰਖੇਗਾ।
ਗੱਡੀ ਜਦ ਤੁਰਨ ਲਗੀ ਤਾਂ ਕਿਦਾਰ ਨੇ ਜੇਬ ‘ਚੋਂ ਇਕ ਪੋਟਲੀ ਕੱਢ ਕੇ ਪੰਨਾ ਲਾਲ ਦੇ ਹੱਥ ਵਿਚ ਫੜਾਂਦਿਆਂ ਹੋਇਆਂ ਕਿਹਾ, “ਇਹ ਰਕਮ ਸਰਦਾਰ ਹੋਰਾਂ ਨੂੰ ਦੇ ਦੇਣੀ — ਇਸ ਮਹੀਨੇ ਮੈਂ ਬਹੁਤਾ ਨਹੀਂ ਕਮਾ ਸਕਿਆ। ਨਜ਼ਰ ਦੀ ਕਮਜ਼ੋਰੀ ਕਰਕੇ ਹੁਣ ਜ਼ਿਆਦਾ ਕੰਮ ਨਹੀਂ ਹੋ ਸਕਦਾ।”
ਪੰਨਾ ਲਾਲ ਨੇ ਪੋਟਲੀ ਖੋਲ੍ਹਕੇ ਵੇਖੀ- ਕੁਝ ਨੋਟ ਤੇ ਬਾਕੀ ਭੰਨਘੜ ਸੀ। ਉਸ ਨੇ ਪੋਟਲੀ ਬੰਨ੍ਹ ਕੇ ਜਿਉਂ ਦੀ ਤਿਉਂ ਕਿਦਾਰ ਨੂੰ ਮੋੜਦਿਆਂ ਹੋਇਆਂ ਕਿਹਾ, “ਮੈਂ ਤੈਨੂੰ ਯਕੀਨ ਦਿਵਾਂਦਾ ਹਾਂ ਕਿ ਉਨ੍ਹਾਂ ਨੇ ਬਾਕੀ ਰਕਮ ਤੈਨੂੰ ਮੁਆਫ਼ ਕਰ ਦਿਤੀ ਏ।”
“ਤਾਂ ਫੇਰ ਬੇ ਜੀ ਨੂੰ ਦੇ ਦੇਣੀ” ਕਿਦਾਰ ਨੇ ਜ਼ੋਰ ਦੇ ਕੇ ਕਿਹਾ। ਇਸ ਤੋਂ ਬਾਅਦ ਦਹਾਂ ਵਿਚ ਕਾਫੀ ਖਿਚਾ ਖਿਚੀ ਹੁੰਦੀ ਰਹੀ, ਪਰ ਅਖੀਰ ਵਿਚ ਜਿੱਤ ਕਿਦਾਰ ਦੀ ਹੋਈ, ਜਦ ਹੇਠਾਂ ਉਤਰ ਕੇ ਉਸ ਨੇ ਪੋਟਲੀ ਤੁਰਦੀ ਗੱਡੀ ਦੀ ਬਾਰੀ ਵਿਚੋਂ ਅੰਦਰ ਸੁਟ ਦਿਤੀ।
ਪੰਨਾ ਲਾਲ ਨੂੰ ਗੱਡੀ ਚੜ੍ਹਾ ਕੇ ਜਦ ਕਿਦਾਰ ਵਾਪਸ ਆਇਆ ਤਾਂ ਅੰਦਰ ਵੜਕੇ ਉਸ ਨੇ ਬੂਹੇ ਦਾ ਹੋੜਾ ਲਗਾਇਆ, ਫੇਰ ਮੰਜੇ ਤੇ ਜਾ ਢੱਠਾ। ਉਸਨੇ ਦੁਕਾਨ ਨਹੀਂ ਖੋਲ੍ਹੀ, ਨਾ ਹੀ ਮੰਜੇ ਤੋਂ ਉਠਿਆ, ਸ਼ਾਇਦ ਉੱਠ ਹੀ ਨਹੀਂ ਸਕਿਆ। ਸਾਰੀ ਦਿਹਾੜੀ ਉਹ ਦੁਕਾਨ ਦੀ ਉਸ ਕੋਠੜੀ ਵਿਚ ਆਪਣੇ ਮੈਲੇ ਬਿਸਤਰੇ ਵਿਚ ਪਿਆ ਰਿਹਾ। ਮੰਜੇ ਕੋਲ ਅੰਗੀਠੀ ਭਖਦੀ ਰਹੀ, ਉਸ ਉਤੇ ਓਹੀ ਉਸ ਦੀ ਚਿਰ ਸਾਥਣ ਕੇਤਲੀ ਕੜ੍ਹਦੀ ਰਹੀ, ਜਿਸ ਵਿਚੋਂ ਉਹ ਘੰਟੇ ਘੰਟੇ, ਅੱਧੇ ਅੱਧੇ ਘੰਟੇ ਬਾਅਦ ਕਾਲੇ ਕਾਹਵੇ ਦੀ ਪਿਆਲੀ ਭਰ ਕੇ ਪੀ ਲੈਂਦਾ ਤੇ ਸਿਗਰਟ ਦਾ ਧੂੰਆਂ ਛੱਡਦਾ ਹੋਇਆ ਇਨ੍ਹਾਂ ਤੁਕਾਂ ਨੂੰ ਗਾਈ ਜਾਂਦਾ :
“ਅਲਵਿਦਾ ਐ ਕਾਫ਼ਲੇ ਵਾਲੋ ਮੁਝੇ ਅਬ ਛੋੜ ਦੋ,
ਮੇਰੀ ਕਿਸਮਤ ਮੇਂ ਲਿਖੀ ਥੀਂ ਦਸ਼ਤ ਕੀ ਵੀਰਾਨੀਆਂ।”
ਉਸ ਦੀ ਜੀਵਨ-ਸੱਤਾ ਅਜ ਪੈਰੋ-ਪੈਰ ਘਟਦੀ ਜਾ ਰਹੀ ਸੀ, ਤੇ ਇਸ ਦੇ ਨਾਲ ਹੀ ਉਸ ਦੇ ਗਾਣੇ ਦੀ ਆਵਾਜ਼ ਮੱਧਮ ਪੈਂਦੀ ਜਾਂਦੀ ਸੀ।
ਲੰਮਾ ਪਿਆ ਪਿਆ ਇਕ ਵਾਰੀ ਉਹ ਅਚਾਨਕ ਉਠ ਕੇ ਕੰਧ ਦੀ ਢੋਹ ਲਾ ਕੇ ਬੈਠ ਗਿਆ, ਜਿਵੇਂ ਉਸ ਨੂੰ ਕੋਈ ਜ਼ਰੂਰੀ ਕੰਮ ਯਾਦ ਆ ਗਿਆ ਹੋਵੇ। ਉਸਨੇ ਜੇਬ ਫੋਲੀ, ਪਰ ਉਹ ਬਿਲਕੁਲ ਖ਼ਾਲੀ ਸੀ, ਫਿਰ ਏਧਰ ਓਧਰ ਇਸ ਤਰ੍ਹਾਂ ਤੱਕਣ ਲਗਾ, ਜਿਵੇਂ ਡੁਬਣ ਲਗਾ ਆਦਮੀ ਕਿਸੇ ਚੀਜ਼ ਨੂੰ ਹੱਥ ਪਾਣ ਦੀ ਤਲਾਸ਼ ਕਰਦਾ ਹੈ, ਪਰ ਛੁਟ ਨਿਰਾਸਤਾ ਤੋਂ ਉਸ ਨੂੰ ਹੋਰ ਕੁਝ ਨਹੀਂ ਸੀ ਲੱਭਦਾ।
ਉਸ ਨੂੰ ਆਪਣੇ ਗੁਆਂਢੀ ਉਸ ਸਿੱਖ ਦੁਕਾਨਦਾਰ ਦਾ ਖ਼ਿਆਲ ਆਇਆ, ਜਿਹੜਾ ਅਕਸਰ ਵੇਲੇ ਕੁਵੇਲੇ ਦੋ ਘੜੀਆਂ ਉਸ ਪਾਸ ਆ ਬੈਠਿਆ ਕਰਦਾ ਸੀ, ਤੇ ਉਸ ਦੀ ਭੇਤ ਭਰੀ ਜ਼ਿੰਦਗੀ ਬਾਬਤ ਕਈ ਤਰ੍ਹਾਂ ਦੀਆਂ ਪੁੱਛਾਂ ਕਰਿਆ ਕਰਦਾ ਉਹ ਜ਼ੋਰ ਲਾ ਕੇ ਮੰਜੇ ਤੋਂ ਉਤਰਿਆ, ਪਰ ਉਸ ਦੀਆਂ ਲੱਤਾਂ ਲੜਖੜਾ ਗਈਆਂ। ਬਾਹਰ ਤਕ ਜਾਣ ਦੀ ਹਿੰਮਤ ਨਾ ਵੇਖ ਕੇ ਫੇਰ ਮੰਜੇ ਤੇ ਬੈਠ ਗਿਆ, ਝਟ ਕੁ ਏਸੇ ਤਰ੍ਹਾਂ ਬੈਠਾ ਖੰਘਦਾ ਰਿਹਾ। ਖੰਘ ਨਾਲ ਉਸ ਨੂੰ ਲਹੂ ਤਾਂ ਅਗੇ ਹੀ ਆਇਆ ਕਰਦਾ ਸੀ, ਪਰ ਅਜ ਤਾਂ ਜਿਵੇਂ ਉਸ ਦੇ ਅੰਦਰੋਂ ਲਹੂ ਦੇ ਪਰਨਾਲੇ ਹੀ ਚਲ ਰਹੇ ਸਨ। ਉਹ ਸਾਹ ਸੱਤ ਛਡ ਕੇ ਲੰਮਾ ਪੈ ਗਿਆ । ਏਸੇ ਹਾਲਤ ਵਿਚ ਸ਼ਾਮਾਂ ਪੈ ਗਈਆਂ।
ਬਾਹਰੋਂ ਬੂਹਾ ਖੜਕਿਆ ਤੇ ਕਿਸੇ ਨੇ ਉਸ ਦਾ ਨਾਂ ਲੈ ਕੇ ਆਵਾਜ਼ ਮਾਰੀ। ਉਸ ਨੇ ਗੁਆਂਢੀ ਦੀ ਆਵਾਜ਼ ਪਛਾਣ ਲਈ, ਤੇ ਉੱਤਰ ਵਿਚ ਕਈ ਵਾਰੀ ਕਿਹਾ, “ਹੋੜਾ ਖੋਲ੍ਹ ਕੇ ਅੰਦਰ ਆ ਜਾ ।” ਆਵਾਜ਼ ਉਹ ਉੱਚੀ ਨਹੀਂ ਸੀ ਕਢ ਸਕਦਾ, ਜਿਸ ਕਰ ਕੇ ਉਸ ਨੂੰ ਕਈ ਵਾਰੀ ਦੁਹਰਾ ਦੁਹਰਾ ਕੇ ਕਹਿਣਾ ਪਿਆ।
ਅਖ਼ੀਰ ਬੂਹਾ ਖੁਲ੍ਹਿਆ ਤੇ ਉਸ ਦਾ ਗੁਆਂਢੀ ਅੰਦਰ ਦਾਖਲ ਹੋਇਆ। “ਮੈਂ ਤੈਨੂੰ ਹੀ ਯਾਦ ਪਿਆ ਕਰਦਾ ਸਾਂ।” ਉਸ ਨੇ ਗੁਆਂਢੀ ਵਲ ਤੱਕ ਕੇ ਕਿਹਾ, ਕਿਸੇ ਵੇਲੇ ਦੀ ਪੁਕਾਰ ਰੱਬ ਸੁਣ ਲੈਂਦਾ ਹੈ।”
ਇਸਤੋਂ ਬਾਅਦ ਕਿਦਾਰ ਨੇ ਗੁਆਂਢੀ ਨੂੰ ਮਿੰਨਤ ਭਰੇ ਲਹਿਜੇ ਵਿਚ ਕਿਹਾ, “ਇਕ ਟੈਲੀਗ੍ਰਾਮ ਕਰਨਾ ਸੀ, ਜੇ ਤੂੰ ਤਕਲੀਫ ਨਾ ਸਮਝੇਂ।”
ਗੁਆਂਢੀ ਨੇ ਉਸ ਪਾਸੋਂ ਝਟ ਪਤਾ ਨੋਟ ਕੀਤਾ ਤੇ ਡਾਕਖ਼ਾਨੇ ਜਾਕੇ ਐਕਸਪਰੈਸ ਫ਼ੀਸ ਲਾ ਕੇ ਤਾਰ ਦੇ ਆਇਆ। ਡਾਕਖ਼ਾਨਾ ਦੂਰ ਨਹੀਂ ਸੀ।
ਇਸ ਤੋਂ ਬਾਅਦ ਕਿਦਾਰ ਨੇ ਉਸਨੂੰ ਆਦਿ ਤੋਂ ਅੰਤ ਤੀਕਰ ਆਪਣੀ ਜੀਵਨ ਕਥਾ ਸੁਣਾਨੀ ਸ਼ੁਰੂ ਕੀਤੀ, ਜਿਸ ਨੂੰ ਉਸ ਦਾ ਗੁਆਂਢੀ ਬੜੇ ਡੂੰਘੇ ਧਿਆਨ ਨਾਲ ਸੁਣੀ ਗਿਆ, ਤੇ ਜਦ ਇਹ ਕਥਾ ਖ਼ਤਮ ਹੋਈ ਤਾਂ ਰਾਤ ਅਧੀ ਤੋਂ ਵਧ ਬੀਤ ਚੁਕੀ ਸੀ। ਉਸ ਦਾ ਗੁਆਂਢੀ ਉਸ ਨੂੰ ਅਜ ਦੀ ਰਾਤ ਇਕੱਲਿਆਂ ਨਹੀਂ ਸੀ ਛਡਣਾ ਚਾਹੁੰਦਾ, ਕਿਉਂਕਿ ਉਹ ਵੇਖ ਰਿਹਾ ਸੀ ਕਿ ਮਰਜ਼ੀ ਹੁਣ ਕੁਝ ਚਿਰ ਦਾ ਹੀ ਮਹਿਮਾਨ ਹੈ, ਪਰ ਕਿਦਾਰ ਨੇ ਉਸ ਨੂੰ ਬਦੋਬਦੀ ਉਠਾਲ ਕੇ ਘਰ ਭੇਜਿਆ। ਉਹ ਜਾਣਦਾ ਸੀ ਕਿ ਗੁਆਂਢੀ ਨੂੰ ਉਸ ਦੇ ਘਰ ਵਾਲੇ ਉਡੀਕ ਰਹੇ ਹੋਣਗੇ। ਨਾਲੇ ਸ਼ਾਇਦ ਇਸ ਵੇਲੇ ਉਹ ਇਕੱਲਾ ਰਹਿਣਾ ਚਾਹੁੰਦਾ ਸੀ।
ਗੁਆਂਢੀ ਚਲਾ ਗਿਆ। ਕਿਦਾਰ ਨੇ ਕੇਤਲੀ ਵਿਚੋਂ ਕਾਹਵੇ ਦੇ ਕੁਝ ਛੇਕੜਲੇ ਘੁੱਟ ਪਾ ਕੇ ਪੀਤੇ, ਫਿਰ ਸਰ੍ਹਾਣੇ ਹੇਠੋਂ ਡੱਬੀ ਕੱਢੀ, ਜਿਸ ਵਿਚ ਇਕੋ ਇਕ ਸਿਗਰਟ ਬਾਕੀ ਸੀ।
ਸਿਗਰਟ ਖ਼ਤਮ ਕਰਕੇ ਉਹ ਝਟ ਕੁ ਲੰਮਾ ਪਿਆ ਰਿਹਾ। ਇਸ ਵੇਲੇ ਉਹ ਬੜੇ ਔਖੇ ਤੇ ਟੁੱਟਵੇਂ ਸਾਹ ਖਿੱਚ ਰਿਹਾ ਸੀ। ਥੋੜੇ ਚਿਰ ਪਿਛੋਂ ਉਸ ਨੇਂ ਫਿਰ ਕੇਤਲੀ ਵਲ ਬਾਂਹ ਵਧਾਈ, ਪਰ ਉਹ ਠੰਢੀ ਤੇ ਖ਼ਾਲੀ ਸੀ ਉਧਰੋਂ ਹੱਥ ਖਿੱਚ ਕੇ ਉਸ ਨੇ ਸਰ੍ਹਾਣੇ ਹੇਠੋਂ ਟਟੋਲ ਕੇ ਸਿਗਰਟਾਂ ਵਾਲੀ ਡੱਬੀ ਕੱਢੀ, ਉਹ ਵੀ ਖ਼ਾਲੀ ਸੀ।
ਕਿਦਾਰ ਦਾ ਸਵਾਸ ਛੋਟਾ ਹੁੰਦਾ ਜਾ ਰਿਹਾ ਸੀ ਤੇ ਉਸ ਦੀ ਛਾਤੀ ਦਾ ਉਭਾਰ ਉਤਾਰ ਬਰਾਬਰ ਵਧਦਾ ਜਾਂਦਾ ਸੀ।
ਇਸ ਵੇਲੇ ਉਸ ਨੂੰ ਇਕ ਲਹੂ ਦੀ ਕੈ ਆਈ ਤੇ ਇਸ ਤੋਂ ਬਾਅਦ ਕਿਦਾਰ ਬੇ-ਹਰਕਤ ਹੋ ਗਿਆ। ਉਸ ਦਾ ਸਿਰ ਇਕ ਪਾਸੇ ਵਲ ਲਟਕ ਗਿਆ।
ਦਿਨ ਚੜ੍ਹਦੇ ਤੀਕ ਕਿਦਾਰ ਦੀ ਦੁਕਾਨ ਆਦਮੀਆਂ ਨਾਲ ਭਟੀ ਹੋਈ ਸੀ ।
ਉਸ ਦੇ ਓਸੇ ਸਿੱਖ ਗੁਆਂਢੀ ਨੇ ਦੁਪਹਿਰਾਂ ਤੀਕ ਉਸ ਦੀ ਅਰਥੀ ਨਾ ਚੁੱਕੀ ਜਾਣ ਦਿਤੀ। ਸ਼ਾਇਦ ਸਾਢੇ ਬਾਰਾਂ ਦੀ ਗੱਡੀ, ਜਿਹੜੀ ਰਾਵਲਪਿੰਡੀਓਂ ਆਉਂਦੀ ਸੀ, ਉੱਤੋਂ ਉਸ ਨੂੰ ਕਿਦਾਰ ਦੇ ਕਿਸੇ ਸੰਬੰਧੀ ਦੇ ਆਉਣ ਦੀ ਉਡੀਕ ਸੀ।
ਤੇ ਅਖ਼ੀਰ ਇਕ ਵਜੇ ਦੇ ਲਗਭਗ ਇਕ ਜ਼ਨਾਨੀ ਤੇ ਇਕ ਮਰਦ ਟਾਂਗੇ ਤੋਂ ਉਤਰੇ ਭੀੜ ਚੀਰਦੇ ਹੋਏ ਦੋਵੇਂ ਅਰਥੀ ਨੂੰ ਲਿਪਟ ਗਏ। ਜ਼ਨਾਨੀ ਦੇ ਦਰਦਨਾਕ ਕੀਰਨੇ ਪੱਥਰਾਂ ਨੂੰ ਵੀ ਰੁਆ ਰਹੇ ਸਨ। ਹਰ ਵੇਖਣ ਵਾਲੇ ਦਾ ਰੁਮਾਲ ਅੱਖਾਂ ਨਾਲ ਸੀ। ਅਖ਼ੀਰ ਬੜੀ ਮੁਸ਼ਕਲ ਨਾਲ ਦੁਹਾਂ ਦੀਆਂ ਬਾਹਾਂ ਅਰਥੀ ਨਾਲੋਂ ਹਟਾਈਆਂ ਗਈਆਂ ਤੇ ਅਰਥੀ ਸ਼ਮਸ਼ਾਨ ਭੂਮੀ ਵਲ ਲੈ ਜਾਈ ਗਈ।
Credit – ਨਾਨਕ ਸਿੰਘ