ਬਿਜੈ ਸਿੰਘ ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ | Bijay Singh Bhai Vir Singh Sahitya Sadan

ਪ੍ਰਵੇਸ਼ਕਾ

ਬਿਜੈ ਸਿੰਘ ਸਾਹਿਤ ਸਦਨ  ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ | Bijay Singh Bhai Vir Singh Sahitya Sadan

ਕਹਿੰਦੇ ਹਨ ਜੇ ਕਿਸੇ ਕੌਮ ਨੂੰ ਨਿਰਬਲ ਕਰਨਾ ਹੋਵੇ ਤਾਂ ਸਭ ਤੋਂ ਸੌਖਾ ਤਰੀਕਾ ਉਸ ਦੀ ਜ਼ਬਾਨ ਤੇ ਸੰਸਕ੍ਰਿਤੀ ਨੂੰ ਖ਼ਤਮ ਕਰਨਾ ਹੈ। ਠੀਕ ਇਹੋ ਹੀ ਹਾਲ ਸਿੱਖ ਰਾਜ ਦੇ ਪਤਨ ਪਿਛੋਂ ਸਿੱਖਾਂ ਦਾ ਹੋਇਆ। ਦਰਅਸਲ ਕੌਮ ਵਿਚ ਕਮਜ਼ੋਰੀ ਦੀਆਂ ਨਿਸ਼ਾਨੀਆਂ ਮਹਾਰਾਜਾ : ਰਣਜੀਤ ਸਿੰਘ ਦੇ ਸਮੇਂ ਤੋਂ ਆ ਗਈਆਂ ਸਨ। ਰਾਜ ਭਾਗ ਨਾਲ ਸੰਬੰਧਿਤ ਉਹ ਸਾਰੇ ਰੀਤੀ- ਰਿਵਾਜ ਜਿਨ੍ਹਾਂ ਨੂੰ ਗੁਰੂ ਸਾਹਿਬਾਂ ਨੇ ਭੰਡਿਆ ਸੀ, ਮੁੜ ਸਿੱਖ ਸਮਾਜ ਵਿਚ ਹਾਵੀ ਹੋ ਗਏ।

ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ੧੦ ਵਰ੍ਹੇ ਬਾਦ ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਸ਼ਾਮਲ ਕਰ ਲਿਆ ਗਿਆ ਤੇ ਸਿੱਖ ਰਾਜ ਦੀ ਆਖ਼ਰੀ ਨਿਸ਼ਾਨੀ ਮਹਾਰਾਜਾ ਦਲੀਪ ਸਿੰਘ ਨੂੰ ਇਸਾਈ • ਬਣਾ ਕੇ ਇੰਗਲੈਂਡ ਭੇਜ ਦਿੱਤਾ ਗਿਆ। ਸਿੱਖਾਂ ਦਾ ਸਭ ਤੋਂ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਗੁਰੂਧਾਮਾਂ ਦੇ ਪ੍ਰਬੰਧ ਲਈ ਅੰਗਰੇਜ਼ਾਂ ਨੇ ਸਰਬਰ੍ਹਾ ਨਿਯੁਕਤ ਕਰਕੇ ਅਸਿੱਧੇ ਤੌਰ ਉਤੇ ਆਪਣਾ ਕਬਜ਼ਾ ਕਰ ਲਿਆ। ਇਸਾਈ ਮਿਸ਼ਨਰੀਆਂ ਤੇ ਆਰੀਆ ਸਮਾਜੀ ਪ੍ਰਚਾਰਕਾਂ ਨੇ ਸਿੱਖ ਧਰਮ ਉਤੇ ਕਈ ਤਰ੍ਹਾਂ ਦੇ ਮਾਰੂ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਸਿੱਖ ਕੌਮ ਨੂੰ ਸੰਗਠਿਤ ਕਰਕੇ, ਉਸ ਵਿਚ ਮੁੜ ਰੂਹ ਭਰਨ ਲਈ ਸਿੰਘ ਸਭਾ ਲਹਿਰ ਦੀ ਸਥਾਪਨਾ ਹੋਈ ; ਜਿਸ ਦੇ ਮੋਢੀ ਭਾਈ ਸਾਹਿਬ ਭਾਈ ਵੀਰ ਸਿੰਘ ਸਨ। ਭਾਈ ਸਾਹਿਬ ਨੇ ਮਹਿਸੂਸ ਕੀਤਾ ਕਿ ਕੌਮ ਨੂੰ ਆਪਣੇ ਵਿਰਸੇ ਦੀ ਪਹਿਚਾਨ ਕਰਵਾਉਣ ਲਈ ਪੰਜਾਬੀ ਜ਼ੁਬਾਨ ਤੇ ਸਿੱਖ ਇਤਿਹਾਸ ਵੱਲ ਲਿਜਾਣਾ ਜ਼ਰੂਰੀ ਹੈ। ਆਪਣੀ ਲੇਖਣੀ ਰਾਹੀਂ ਭਾਈ ਸਾਹਿਬ ਨੇ ਨਾ ਕੇਵਲ ਪੰਜਾਬੀ ਜ਼ੁਬਾਨ ਨੂੰ ਇਕ ਮਾਣਯੋਗ ਸਥਾਨ ਦਿਤਾ ਸਗੋਂ ਸਿਖ ਇਤਿਹਾਸ ਤੇ ਸਿਖ ਰਵਾਇਤਾਂ ਨੂੰ ਵੀ ਸੁਰਜੀਤ ਕੀਤਾ। ਭਾਈ ਸਾਹਿਬ ਨੇ ਬਹੁਤ ਸਾਰੀਆਂ ਸਿੱਖ ਇਤਿਹਾਸਕ ਜੀਵਨੀਆਂ ਨੂੰ ਵੀ ਆਪਣੇ ਲੇਖਣ ਦਾ ਵਿਸ਼ਾ ਬਣਾਇਆ। ਇਨ੍ਹਾਂ ਇਤਿਹਾਸਕ ਪਾਤਰਾਂ ਦੇ ਆਦਰਸ਼ਾਂ ਨੂੰ ਮੁਖ ਰਖਦਿਆਂ ਹੋਇਆਂ ਭਾਈ ਸਾਹਿਬ ਨੇ ‘ਬਿਜੈ ਸਿੰਘ, ਸੁੰਦਰੀ’, ‘ਸਤਵੰਤ ਕੌਰ’ ਤੇ ‘ਬਾਬਾ ਨੌਧ ਸਿੰਘ’ ਆਦਿ ਜੀਵਨੀਆਂ ਦੀ ਰਚਨਾ ਕੀਤੀ। ‘ਬਿਜੈ ਸਿੰਘ ਜਿਥੇ ਇਕ ਪਾਸੇ ਵਧੀਆ ਕਦਰਾਂ- ਕੀਮਤਾਂ ਦਾ ਨਮੂਨਾ ਹੈ, ਉਥੇ ਦੂਜੇ ਪਾਸੇ ਸਿੱਖ ਆਦਰਸ਼ਾਂ ਦਾ ਜਿਊਂਦਾ ਜਾਗਦਾ ਸਬੂਤ ਹੈ। ਸਿਖ ਕਦਰਾਂ ਕੀਮਤਾਂ ਸਨਮੁਖ ਬਿਜੈ ਸਿੰਘ ਗੁਰੂ ਸਾਹਿਬਾਂ ਦੇ ਦਿਖਾਏ ਹੋਏ ਮਾਰਗ ਤੇ ਚਲਦੇ ਹੋਏ ਵੀਰਗਤੀ ਨੂੰ ਪ੍ਰਾਪਤ ਹੋਇਆ। ਭਾਈ ਸਾਹਿਬ ਦੀਆਂ ਬਹੁਤ ਸਾਰੀਆਂ ਰਚਨਾਵਾਂ ਅਸੀਂ ਕਈ ਐਡੀਸ਼ਨਾਂ ਵਿਚ ਛਾਪ ਚੁੱਕੇ ਹਾਂ। ਪਾਠਕਾਂ ਦੀ ਮੰਗ ਤੇ ‘ਬਿਜੈ ਸਿੰਘ’ ਦੀ ਨਵੀਂ ਐਡੀਸ਼ਨ ਛਾਪਣ ਦੀ ਖੁਸ਼ੀ ਲੈ ਰਹੇ ਹਾਂ।

ਡਾ: ਜਸਵੰਤ ਸਿੰਘ ਨੇਕੀ

ਆਨਰੇਰੀ ਜਨਰਲ ਸਕੱਤਰ

ਭਾਈ ਵੀਰ ਸਿੰਘ ਸਾਹਿਤ ਸਦਨ

ਭੂਮਿਕਾ

ਪੰਜਾਬ ਦਾ ਇਤਿਹਾਸ ਕਿਸੇ ਕਿਸੇ ਨੇ ਲਿਖਿਆ ਹੈ, ਪਰ ਸਿੱਖਾਂ ਬਾਬਤ ਸਾਰੇ ਹਾਲਾਤ ਅਜੇ ਸਹੀ ਕਰ ਕੇ ਨਹੀਂ ਲਿਖੇ ਗਏ ; ਇਸ ਕਰਕੇ ਇਨ੍ਹਾਂ ਦੇ ਹਾਲਾਤ ਅਜੇ ਘੱਟ ਰੌਸ਼ਨੀ ਵਿਚ ਆਏ ਹਨ। ਜੋ ਆਏ ਹਨ ਥੋੜ੍ਹੇ ਹਨ, ਬਹੁਤ ਕੁਝ ਬਾਕੀ ਰਹਿ ਗਿਆ ਹੈ ਅਤੇ ਬਹੁਤ ਕੁਛ ਨਾ-ਠੀਕ ਪ੍ਰਗਟ ਹੋਇਆ ਹੈ, ਉਸ ਦੀ ਪੜਤਾਲ ਬੜਾ ਵੱਡਾ ਕੰਮ ਹੈ। ਇਸ ਪੋਥੀ ਵਿਚ ਕਿਸੇ ਇਕ ਸਮੇਂ ਦੇ ਕੁਛ ਹਾਲਾਤ ਸਿਲੇ ਚੁਗਣ ਵਾਂਙੂ ਕੱਠੇ ਕੀਤੇ ਗਏ ਹਨ। ਕੌਮ ਦੀ ਹਾਲਤ ਗਿਰਾਵਟ ਵਿਚ ਹੈ ਤੇ ਇਹ ਇਕ ਤਰਲਾ ਹੈ ਕਿ ਕਿਤੇ ਪੁਰਾਤਨ ਹਾਲਾਤ ਵਾਚ ਕੇ ਕੌਮ ਵਿਚ ਉਤਸ਼ਾਹ ਭਰੇ ਤੇ ਇਸ ਵਿਚ ਜੀਵਨ ਦੀ ਰੌ ਰੁਮਕ ਪਵੇ।

ਪੁਸਤਕ ਲਿਖਣੇ ਦਾ ਪ੍ਰਯੋਜਨ ਕੋਈ ਸੁਆਰਥ ਨਹੀਂ ; ਨਾ ਕੋਈ ਵਿਦ੍ਯਕ ਦਿਖਾਵਾ ਹੈ, ਪੰਥਕ ਢੱਠੀ ਪਈ ਇਮਾਰਤ ਦੀ ਉਸਾਰੀ ਵਿਚ ਰਾਮ ਚੰਦ੍ਰ ਜੀ ਦੇ ਪੁਲ ਪੁਰ ਗਾਲ੍ਹੜਾਂ ਦੇ ਮਿੱਟੀ ਪਾਉਣ ਦੇ ਜਤਨ ਵਾਂਙੂ ਸੇਵਾ ਵਿਚ ਇਕ ਨਿੱਕਾ ਜਿਹਾ ਫ਼ਰਜ਼ ਅਦਾ ਕਰਨ ਦਾ ਇਕ ਤਰਲਾ ਹੈ। ਸਗੋਂ ਪੰਥਕ ਤਰੱਕੀ ਦੇ ਪੁਲ ਬੰਨ੍ਹਣ ਵਿਚ ਇਸ ਪੁਸਤਕ ਲਿਖਣੇ ਦਾ ਉੱਦਮ ਉਸ ਗਾਲ੍ਹੜ ਦੀ ਹਿੰਮਤ ਨਾਲੋਂ ਬੀ ਥੋੜ੍ਹਾ ਤੇ ਸੇਵਾ ਉਸ ਦੀ ਸੇਵਾ ਨਾਲੋਂ ਐਉਂ ਨਿੱਕੀ ਹੈ ਜਿੱਕੁਰ ਗਣਿਤ ਵਿਦ੍ਯਾ ਵਿਚ ਸੁਨ ‘o’ ਦੀ ਕੀਮਤ ਹੁੰਦੀ ਹੈ, ਜੋ ਸ਼ਕਲ ਵਿਚ ਤਾਂ ਦਿੱਸਦੀ ਹੈ, ਪਰ ਮੁੱਲ ਕੁਝ ਨਹੀਂ ਪਾਉਂਦੀ। ਹਾਂ, ਜੇਕਰ ਕਲਗੀਧਰ ਜੀ ਦੀ ਕ੍ਰਿਪਾ ਰੂਪ ਏਕਾ ‘੧’ ਉਸ ਨਾਲ ਮਿਲ ਜਾਵੇ ਤਾਂ ‘o’ ਬੀ ਦੂਸਰੇ ਅੰਗਾਂ ਨਾਲ ਮਿਲ ਕੇ ਕੀਮਤ ਵਾਲੀ ਹੋ ਜਾਂਦੀ ਹੈ।

ਇਸ ਪੁਸਤਕ ਦੇ ਲਿਖਣ ਵਿਚ ਇਸ ਸੰਸਾਰ ਤੋਂ ਕੂਚ ਕਰ ਗਏ ਬਜ਼ੁਰਗਾਂ ਤੋਂ ਸੁਣੇ ਸਮਾਚਾਰ, ਦੋਵੇਂ ਪੰਥ ਪ੍ਰਕਾਸ਼, ਖ਼ਾਲਸਾ ਤਵਾਰੀਖ, ਪ੍ਰਿੰਸਪ, ਕਨਿੰਘਮ, ਮੁਹੰਮਦ ਲਤੀਫ, ਮੈਲਕਮ, ਮੈਗਰੇਗਰ ਅਰ ਹੋਰਨਾਂ ਦੇ ਪੁਸਤਕਾਂ ਤੋਂ ਸਹਾਇਤਾ ਲਈ ਹੈ, ਜਿਨ੍ਹਾਂ ਦਾ ਦਿਲੀ ਧੰਨਵਾਦ ਹੈ। ਕਈ ਸਮਾਚਾਰ ਸ਼੍ਰੋਤਾਂ, ਕਈ ਗੀਤਾਂ ਤੋਂ ਲਏ ਹਨ ਅਰ ਅਨਮਿਲਦੀ ਥਾਂਈਂ ਸੰਗਲੀਆਂ ਆਪ ਮੇਲੀਆਂ ਹਨ। ਹੋਰ ਸੋਮੇ ਇਤਿਹਾਸ ਦੇ ਖੋਜਣ ਦਾ ਸਮਾਂ ਨਹੀਂ ਪੰਥਕ ਲੋੜ ਡਾਢੀ ਤੇ ਕਾਹਲੀ ਦੀ ਹੈ, ਇਸ ਕਰਕੇ ਇਤਿਹਾਸ ਤੇ ਰਵਾਇਤਾਂ ਆਦਿਕ ਦੇ ਮੇਲ ਤੋਂ ਇਹ ਸਾਜਨਾ ਸਾਜੀ ਗਈ ਹੈ, ਕਿਤੇ ਕਿਤੇ ਕਾਵ੍ਯ ਦੇ ਅਲੰਕਾਰ ਇਸ ਕਰਕੇ ਦਿਖਾਏ ਹਨ ਕਿ ਬਹੁਤ ਲੋਕ ਪੰਜਾਬੀ ਨੂੰ ਜਟਕੀ ਬੋਲੀ ਕਹਿਕੇ ਉਲ੍ਹਾਮਾ ਦੇਂਦੇ ਹਨ ਕਿ ਰਚਨਾਂ ਦੇ ਭੂਸ਼ਨ ਇਸ ਬੋਲੀ ਵਿਚ ਨਹੀਂ ਪਹਿਰਾਏ ¨ ਜਾ ਸਕਦੇ, ਦੂਸਰੇ ਇਹ ਕਿ ਪੰਜਾਬੀ ਦੀ ਤਰੱਕੀ ਬੀ ਦੇਸ਼ ਤੇ ਪੰਥ ਦੀ ਤਰੱਕੀ ਦਾ ਇਕ ਅੰਗ ਹੈ।

ਪੰਥ ਦੀ ਮੌਜੂਦਾ ਹਾਲਤ ਪਿਛਲਿਆਂ ਕਾਰਨਾਮਿਆਂ ਨੂੰ ਭੁਲਾ ਕੇ ਵਿਗਾੜ ਵੱਲ ਦੌੜਨ ਦੀ ਦਿੱਸਦੀ ਹੈ, ਇਸ ਪੁਸਤਕ ਵਿਚ ਇਹੋ ਜ਼ੋਰ ਦਿੱਤਾ ਹੈ ਅਰ ਲਿਖਣੇ ਦਾ ਪ੍ਰਯੋਜਨ ਭੀ ਕੇਵਲ ਇਤਨਾ ਹੈ ਕਿ ਕਿਸੇ ਤਰ੍ਹਾਂ ਭਰਾਵਾਂ ਨੂੰ ਆਪਣੇ ਪੈਰਾਂ ਤੇ ਸੰਭਲਣ ਦਾ ਵੱਲ ਆ ਜਾਵੇ, ਉਹ ਉੱਚਾ ਆਦਰਸ਼ ਇਨਸਾਨੀਅਤ ਦਾ, ਉਹ ਨਮੂਨੇ ਦਾ ਬੰਦਾ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਜਗਤ ਵਿਚ ਰਚ ਕੇ ਦੱਸਿਆ, ਉਹ ਆਪਣੇ ਸੁੱਚੇ ਤੇ ਪਵਿੱਤ੍ਰ ਅਸਲੀ ਰੂਪ ਵਿਚ ਕਾਇਮ ਰਹਵੇ। ਖ਼ਾਲਸਾ ਇਕ ਮੁਕਤ ਪੁਰਖ ਹਰੀਜਨ ਹੈ, ਆਪ ਅੰਦਰੋਂ ਬਾਹਰੋਂ ਸੁਖੀ ਹੈ ਤੇ ਸਰਬੱਤ ਲਈ ਸੁਖਦਾਈ ਹੈ। ਅਭੈ ਹੈ, ਅਜਿੱਤ ਹੈ, ਪਰ ਭੈ ਨਹੀਂ ਦੇਂਣਾਂ? ਧੱਥਾਂ ਨਹੀਂ ਕਰਦਾ। ਕੀਕੂੰ ਦੁੱਖਾਂ ਵਿਚ ਖ਼ਾਲਸਾ ਆਪਣੇ ਅਸੂਲਾਂ ਤੇ ਕਾਇਮ ਰਿਹਾ, ਇਹ ਪੋਥੀ ਉਸ ਦੀਆਂ ਤਸਵੀਰਾਂ ਦੱਸੇਗੀ। ਇਸ ਵਿਚ ਦੱਸੇ ਸਮਾਚਾਰ ਸਾਨੂੰ ਸਿਖਾਲਦੇ ਹਨ ਕਿ ਆਪਣੇ ਵੱਡਿਆਂ ਵਾਂਗੂੰ ਅਸੀਂ ਨਿੰਮ੍ਰਤਾ, ਸਹਾਰਾ ਅਰ ਸਾਰੇ ਦੈਵੀ ਗੁਣਾਂ ਦਾ ਪੁੰਜ ਬਣ ਕੇ ਚੜ੍ਹਦੀ ਕਲਾ ਵਾਲੇ ਇਨਸਾਨ ਬਣੇ ਰਹੀਏ। ਗੁਣੀ-ਜਨ ਗੁਣ ਗ੍ਰਹਿਣ ਕਰਕੇ ਔਗੁਣਾਂ ਦੀ ਇਤਲਾਹ ਬਖ਼ਸ਼ਣ।

ਬਿਜੈ ਸਿੰਘ

ਬਿਜੈ ਸਿੰਘ ਸਾਹਿਤ ਸਦਨ  ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ | Bijay Singh Bhai Vir Singh Sahitya Sadan

1 ਕਾਂਡ

ਲਾਹੌਰ ਸ਼ਹਿਰ ਜੁੱਗਾਂ ਦਾ ਇਕ ਭਾਰੀ ਪਿੜ ਰਹਿ ਚੁਕਾ ਹੈ, ਜਿਨ੍ਹਾਂ ਦਾ ਪੂਰਾ ਵੇਰਵਾ ਲਿਖਣੇ ਲਈ ਬਹੁਤ ਸਮਾਂ ਤੇ ਵਡੇਰੀ ਪੁਸਤਕ ਚਾਹੀਏ। ਅਸੀਂ ਏਥੇ ਸੰਮਤ ੧੮੦੮ ਤੇ ੧੮੦੯ ਬਿਕ੍ਰਮੀ ਦੇ ਲਗਪਗ ਦੇ ਕੁਝ ਭੋਰਾ ਕੁ ਸਮਾਚਾਰ ਦੱਸਦੇ ਹਾਂ ।

ਮੀਰ ਮੰਨੂੰ* ਨੇ ਕਾਬਲ ਦੇ ਪਾਤਸ਼ਾਹ, ਅਹਿਮਦਸ਼ਾਹ ਦੁੱਰਾਨਾ ਪਾਸੋਂ ਹਾਰ ਖਾ ਕੇ ਸੁਲਹ ਦੀ ਬੇਨਤੀ ਕੀਤੀ, ਜੋ ੫੦ ਲੱਖ ਰੁਯਾ ਤੇ ਹੋਰ ਮਾਲ ਮਤਾ ਦੇ ਕੇ ਪ੍ਰਵਾਨ ਹੋਈ ਅਰ ਮੀਰ ਮੰਨੂੰ ਲਾਹੌਰ ਦੀ ਹਾਕਮ ਪਿਛੇ ਵਾਂਗੂੰ ਦ੍ਰਿੜ੍ਹ ਰਿਹਾ। ਮਹਾਰਾਜਾ ਕੌੜਾ ਮੱਲ; ਖਾਲਸੇ ਦਾ ਸੱਚਾ ਮਿੱਤਰ, ਅਰ ਦੀਵਾਨ ਲਖਪਤ ਪੱਕਾ ਵੈਰੀ, ਦੋਵੇਂ ਇਸ ਸੰਸਾਰ ਦੀ ਖੇਡ ਵਿੱਚੋਂ ਆਪੋ ਆਪਣਾ ਹਿੱਸਾ ਖੇਡ ਕੇ, ਅਕਾਲ ਪੁਰਖ ਦੇ ਹਜ਼ੂਰ ਵਡਿਆਈ ਤੇ ਅਨਾਦਰ ਦੇ ਸੁਆਦ ਚੱਖ ਰਹੇ ਸਨ । ਖਾਲਸੇ ਦਾ ਸਰਕਾਰ ਵਿਚ ਕੋਈ ਮਿੱਤਰ ਨਹੀਂ ਸੀ । ਮੀਰ ਮੰਨੂੰ ਭਾਵੇਂ ਸਿੱਖਾਂ ਤੋਂ ਕਈ ਵੇਰ ਮਦਦ ਲੈ ਚੁਕਾ ਸੀ, ਪਰ ਉਹ ‘ਗੌ ਭੁਨਾਵੇ ਜੌ’ ਵਾਲੀ ਗੱਲ ਸੀ, ਉਸ ਦੇ ਕੁਟਿਲ ਹਿਰਦੇ ਵਿਚ ਵੈਰ ਵਿਰੋਧ ਨੇ ਸੱਪ ਦੇ ਜ਼ਹਿਰ ਦੀਆਂ ਕੁਚਲੀਆਂ ਵਾਂਗ ਡੂੰਘੇ ਥੈਲੇ ਭਰ ਰਖੇ ਸਨ, ਜੋ ਫਿਰ ਹਾਕਮ ਬਣ ਕੇ ਅਰ ਸਿਰ ਪਈ ਬਲਾ ਦੇ ਮੂੰਹੋਂ ਸੁੱਕਾ ਬਚ ਜਾਣ ਕਰਕੇ ਉਹ ਅਜਿਹਾ ਨਿਡਰ ਹੋ ਗਿਆ ਕਿ ਅੱਗੇ ਤੋਂ ਵਧ ਕੇ ਜ਼ੁਲਮ ਕਰਨ ਲੱਗਾ।

ਇਸ ਸਮੇਂ ਲਾਹੌਰ ਵਿਚ ਇਕ ਚੂਹੜ ਮੱਲ ਨਾਮੀ ਵੱਡਾ ਸ਼ਾਹੂਕਾਰ ਅਰ ਸਰਕਾਰੀ ਹੁੱਦੇਦਾਰ, ਵੱਢੀਆਂ ਦਾ ਘਾਉ ਘੱਪ ਭੰਡਾਰ ਜ਼ੁਲਮ ਤੇ ਤਅੱਦੀ ਦਾ ਅਵਤਾਰ ਵੱਸਦਾ ਸੀ । ਇਸ ਦਾ ਪੁੱਤ ਰਾਮ ਲਾਲ ਅੰਮ੍ਰਿਤਸਰ ਦੇ ਇਲਾਕੇ ਮਾਝੇ ਵਿਚ ਕਿਸੇ ਅਸਾਮੀ ਤੇ ਸਰਕਾਰੀ ਨੌਕਰ ਸੀ ।

ਇਕ ਦਿਨ ਦੀ ਗੱਲ ਹੈ ਕਿ ਸੰਝ ਕੁ ਵੇਲੇ ਦੀਵਾਨ ਸਾਹਿਬ ਦੇ ਘਰ ਜ਼ਨਾਨੇਖਾਨੇ ਵਿਚ ਬੜੀ ਗਹਿਮਾ ਗਹਿਮ ਹੋ ਰਹੀ ਸੀ; ਦੀਵਾਨ ਸਾਹਿਬ ਇਕ ਈਰਾਨੀ ਗਲੀਚੇ ਪੁਰ ਗਾਉਦਮ ਤਕੀਏ ਦੀ ਢੋ ਲਾ ਕੇ ਬੈਠੇ ਹੋਏ ਸਨ, ਸਾਹਮਣੇ ਪਾਸੇ ਇਨ੍ਹਾਂ ਦੀ ਇਸਤ੍ਰੀ ਢਲਦੀ ਅਵਸਥਾ ਦੀ, ਇਕ ਸੁਨਹਿਰੀ ਪੀੜ੍ਹੀ ਪਰ ਬੈਠੀ ਪੋਤਰੇ ਦੀ ਕੁੜਮਾਈ ਦਾ ਸਮਾਚਾਰ ਕਹਿ ਰਹੀ ਸੀ । ਧੀ ਕੋਲ ਬੈਠੀ ਕਸੀਦਾ ਕੱਢ ਰਹੀ ਸੀ ਅਰ ਨੂੰਹ ਦਲੀਜਾਂ ਦੇ ਨਾਲ ਚੰਬੇਲੀ ਵਾਂਗ ਸਿਰ ਝੁਕਾਈ ਸਰੂ ਬਾਗ ਦੀ ਬੁੱਕਲ ਵਿਚ ਬਿੱਜੜੇ ਦੇ ਆਲ੍ਹਣੇ ਵਰਗਾ ਘੁੰਡ ਕੱਢੀ ਧਰਤੀ ਨਾਲ ਗੱਲਾਂ ਕਰ ਰਹੀ ਸੀ ਕਿ ਇਕ ਟਹਿਲਣ ਨੇ ਆ ਕੇ ਖ਼ਬਰ ਦਿੱਤੀ ਜੋ ਪ੍ਰੋਹਤ ਹੁਰੀਂ ਆਏ ਹਨ ਅਰ ਆਖਦੇ ਹਨ ਬੜਾ ਜ਼ਰੂਰੀ ਕੰਮ ਹੈ’। ਦੀਵਾਨ ਸਾਹਿਬ ਨੇ ਕਿਹਾ ਕਿ ‘ਉਨ੍ਹਾਂ ਨੂੰ ਐਥੇ ਹੀ ਲੈ ਆਓ’ ਤੇ ਦੂਜੀ ਗੋਲੀ ਨੂੰ ਇਕ ਸੈੱਨਤ ਕੀਤੀ; ਜਿਸ ਨੇ ਝਟ ਪਟ ਇਕ ਚੰਨਣ ਦੀ ਚੌਂਕੀ ਡਾਹ ਕੇ ਉਪਰ ਗਲੀਚਾ ਵਿਛਾ ਕੇ ਤਕੀਆ ਰੱਖ ਦਿੱਤਾ । ਮਿਸਰ ਜੀ ਅੰਦਰ ਆਏ । ਸਰੀਰ ਪਤਲਾ, ਰੰਗ ਪਿੱਲਾ, ਨੁਹਾਰ ਤ੍ਰਿਖੀ ਤੇ ਵਿਚ ਵਿਚ ਐਸੇ ਚਿੰਨ੍ਹ ਚਿਹਰੇ ਪੁਰ ਦਿੱਸਦੇ ਸਨ ਜੋ ਦਿਲ ਦੀ ਪੇਚਦਾਰ ਬਨਾਵਟ ਦਾ ਕੁਝ ਕੁਝ ਪਤਾ ਦੇਂਦੇ ਸਨ। ਆਪ ਆ ਕੇ ਚੌਂਕੀ ਪਰ ਸਜ ਗਏ। ਦੀਵਾਨ ਸਾਹਿਬ ਅਰ ਸਾਰੇ ਪਰਵਾਰ ਨੇ ਮੱਥਾ ਟੇਕਿਆ, ਪੰਡਤ ਜੀ ਨੇ ਅਸ਼ੀਰਵਾਦ ਦਿੱਤੀ ਅਰ ਹੱਥ ਨਾਲ ਸਭ ਨੂੰ ਬੈਠਣ ਦੀ ਸੈਨਤ ਕੀਤੀ, ਫੇਰ ਬੋਲੇ : ‘ਦੀਵਾਨ ਸਾਹਿਬ ! ਬੜੇ ਅਸਚਰਜ ਦੀ ਗੱਲ ਹੈ । (ਕੰਠ ਰੁਕ ਗਿਆ, ਸਿਰ ਫੇਰ ਕੇ) ਹੇ ਰਾਮ ਕਲਿਯੁਗ ਆ ਗਿਆ; ਸ਼ਾਸਤ੍ਰ ਵੇਦ ਸੱਚ ਲਿਖ ਗਏ ਹਨ ਕਿ ਕਲਿਯੁਗ ਵਿਚ ਬੜੇ ਅਨਰਥ ਹੋਣਗੇ, ਸੋ ਪ੍ਰਤੱਖ ਦੇਖ ਲਿਆ, ਕਲਿਯੁਗ ਆ ਗਿਆ, ਘੋਰ ਕਲਿਯੁਗ !’

ਦੀਵਾਨ (ਅਸਚਰਜ ਹੋ ਕੇ) -ਪੰਡਤ ਜੀ! ਕੀ ਹੋ ਗਿਆ ਹੈ ?

ਮਿਸਰ-ਕੀ ਕਹਾਂ ? ਹੋਸ਼ ਟਿਕਾਣੇ ਨਹੀਂ, ਜਿਸ ਵੇਲੇ ਗੱਲ ਸੁਣੀ ਹੱਥਾਂ ਦੇ ਤੋਤੇ ਉੱਡ ਗਏ ਹਨ । ਬੜਾ ਅਨਰਥ ਹੋਇਆ, ਭਗਵਾਨ ! ਭਗਵਾਨ !!

ਦੀਵਾਨ-ਮਿਸਰ ਜੀ!ਵਾਸਤੇ ਨਰੈਣ ਦੇ ਛੇਤੀ ਦੱਸੋ ਕਿ ਕੀ ਹੋਇਆ?

ਪੰਡਤ ਜੀ ਦੀ ਇਸ ਘਬਰਾਹਟ ਦਾ ਅਸਰ ਤ੍ਰੀਮਤਾਂ ਪੁਰ ਐਸਾ ਪਿਆ ਕਿ ਹਥੌੜੀ ਵੱਜੇ ਘੜਿਆਲ ਵਾਂਗੂੰ ਥਰਬਰ ਕੰਬਣ ਲਗ ਗਈਆਂ।

ਮਿਸਰ-ਮਹਾਰਾਜ ਕੀ ਕਹਾਂ ? ਹੌਂਸਲਾ ਨਹੀਂ ਪੈਂਦਾ ਕਿ ਐਸੀ ਖ਼ਬਰ ਆਪ ਮੇਰੇ ਮੂੰਹੋਂ ਸੁਣੋਂ; ਪਰ ਕੀ ਕਰਾਂ ਆਪ ਦਾ ਬਚਾਉ ਇਸੇ ਵਿਚ ਹੀ ਹੈ।

ਦੀਵਾਨ-ਮਿਸਰ ਜੀ ! ਫਿਰ ਛੇਤੀ ਦੱਸੋ ?

ਮਿਸਰ ਦੀਆਂ ਅੱਖਾਂ ਵਿਚ ਜਲ ਭਰ ਆਇਆ ਅਰ ਰੁਕੀ ਹੋਈ ਅਵਾਜ਼ ਵਿਚ ਬੋਲਿਆ : ਜਜਮਾਨ ਭਗਵਾਨ ! ਰਾਮ ਲਾਲ, ਰਾਮ ਲਾਲ ਰਾਮ ਲਾ ਆ ਘਘ (ਅਵਾਜ਼ ਰੁਕ ਗਈ) !!

ਦੀਵਾਨ-ਹਾਇ! ਪਿਆਰੇ ਰਾਮਲਾਲ ਨੂੰ ਕੀ ਹੋਇਆ, ਝਬਦੇ ਦੱਸੋ ?

ਮਿਸਰ-ਰਾਮ ਲਾਲ ਸਿੱਖ ਹੋ ਗਿਆ !!

ਇਹ ਖ਼ਬਰ ਬਿਜਲੀ ਵਾਂਗ ਪਈ । ਇਕਦਮ ਸਾਰੇ ਟੱਬਰ ਦੀਆਂ ਚੀਕਾਂ ਨਿਕਲ ਗਈਆਂ, ਹਾਇ ਹਾਇ ਨਾਲ ਕਮਰਾ ਗੂੰਜ ਉਠਿਆ, ਨੇਤ੍ਰਾਂ ਨੇ ਜਲ ਦਾ ਪ੍ਰਵਾਹ ਬਰਖਾ ਰੁੱਤ ਦੇ ਮੀਂਹ ਵਾਂਗ ਵਹਾਇਆ, ਸਾਰੇ ਘਰ ਵਿਚ ਕਾਵਾਂ ਰੌਲੀ ਪੈ ਗਈ। ਮਾਲਕਾਂ ਨੂੰ ਵੇਖ ਕੇ ਪਾਸ ਖਲੋਤੀਆਂ ਦਾਸੀਆਂ ਬੀ ਨਾ ਰੁਕ ਸਕੀਆਂ, ਉਹ ਬੀ ਫੁਹਾਰਿਆਂ ਵਾਂਗ ਫੁਟ ਫੁਟ ਕੇ ਰੋਈਆਂ ।

ਪਹਿਲੇ ਤਾਂ ਮਿਸਰ ਜੀ ਚੁੱਪ ਬੈਠੇ ਰਹੇ, ਫੇਰ ਕੁਝ ਸੋਚ ਕੇ ਉਠੇ ਅਰ ਦੀਵਾਨ ਸਾਹਿਬ ਨੂੰ ਥਾਪੀ ਦੇ ਕੇ ਕਹਿਣ ਲੱਗੇ-ਦੀਵਾਨ ਸਾਹਿਬ ਜ਼ਰਾ ਹੋਸ਼ ਕਰੋ, ਇਸ ਤਰ੍ਹਾਂ ਬੇਵਸ ਹੋਇਆਂ ਭਾਰੀ ਕਲੇਸ਼ ਨਿਕਲੇਗਾ; ਬਾਹਰ ਰੌਲਾ ਪੈ ਗਿਆ ਤਾਂ ਨਵਾਬ ਸਾਹਿਬ ਨੂੰ ਖ਼ਬਰ ਹੋ ਜਾਊ ਫੇਰ ਤੁਸੀਂ ਜਾਣਦੇ ਹੋ ਕਿ ਘਾਣ ਬਚਾ ਪੀੜਿਆ ਜਾਣ ਦਾ ਡਰ ਹੈ । ਹੁਣ ਤਾਂ ਬਾਨ੍ਹਣੂ ਬੰਨ੍ਹਣ ਦਾ ਵੇਲਾ ਹੈ, ਰੋਣ ਦਾ ਨਹੀਂ ਹੈ । ਇਹ ਸੁਣ ਕੇ ਚੁੱਪ ਹੋ ਗਏ ਗੋਲੀਆਂ ਕਿਸੇ ਬਹਾਨੇ ਬਾਹਰ ਘੱਲੀਆਂ ਤੇ ਸਲਾਹ ਲੱਗੀ ਹੋਣ।

ਦੀਵਾਨ-ਮਿਸਰ ਜੀ! ਪਹਿਲੇ ਇਹ ਦੱਸੋ ਕਿ ਇਹ ਉਪੱਦਰ ਹੋਇਆ ਕੀਕੂੰ ?

ਮਿਸਰ-ਜੀ ਹੋਣਾ ਕਿਕੁਰ ਸੀ? ਸੰਗਤ ਨਾਲ, ਪੱਟਿਆ ਇਸ ਸੰਗਤ ਨੇ । ਤੁਹਾਨੂੰ ਮੈਂ ਅੱਗੇ ਵੀ ਹਟਕਿਆ ਸੀ ਕਿ ਅੰਬਰਸਰ ਲਾਗੇ ਨਾ ਘੱਲੋ, ਮੁੰਡਾ ਵਿਗੜ ਜਾਏਗਾ। ਉਹ ਤਾਂ ਐਥੇ ਹੀ ਸਿੱਖਾਂ ਦਾ ਮੇਲੀ ਸੀ; ਉਥੇ ਜਾ ਕੇ ਕਦ ਬਚਿਆ ! ਤੁਹਾਨੂੰ ਪਤਾ ਹੈ ਕਿ ਨਹੀਂ ਕਿ ਪਿਛਲੀ ਕਤਲਾਮ ਵੇਲੇ ਸਿੱਖਾਂ ਪਰ ਕਿੱਡਾ ਤਰਸ ਕਰਦਾ ਰਿਹਾ ਹੈ ? ਮੈਂ ਤੁਸਾਂ ਨੂੰ ਓਦੋਂ ਬੀ ਹੋੜਦਾ ਸੀ,ਪਰ ਤੁਸੀਂ ਕਿਹਾ ਵੱਡਾ ਹੋਕੇਆਪੇ ਸਮਝ ਜਾਏਗਾ*।

ਦੀਵਾਨ-ਹੁਣ ਕੀ ਕਰੀਏ ਵਖਤ ਵਿਹਾਣੇ ਨੂੰ ? ਹਾਇ ਪੁੱਤ੍ਰ !

ਤੈਂ ਕੀ ਕੀਤਾ ?

ਮਿਸਰ-ਹੁਣ ਉਪਰਾਲਾ ਕਰੋ ਕੁਝ, ਪਹਿਲਾਂ ਤਾਂ ਨਵਾਬ ਸਾਹਿਬ ਤਕ ਖ਼ਬਰ ਨਾ ਹੋਵੇ ।

ਦੀਵਾਨ-ਮੇਰੀ ਤਾਂ ਹੋਸ਼ ਟਿਕਾਣੇ ਨਹੀਂ, ਤੁਸੀਂ ਹੀ ਕੁਛ ਕਰੋ ।

ਦੀਵਾਨਣੀ-ਹਾਂ ਤੁਸੀਂ ਹੀ ਬਹੁੜੋ ਪੰਡਤ ਜੀ! ਸਾਡੇ ਤਾਂ ਲੇਖ ਸੜ ਗਏ !

ਧੀ-ਮਿਸਰ ਜੀ ! ਕਿਵੇਂ ਮੇਰੇ ਵੀਰ ਦੀ ਜਿੰਦ ਬਚਾਓ !

ਮਿਸਰ-ਫ਼ਿਕਰ ਨਾ ਕਰੋ । ਦੀਵਾਨ ਜੀ ! ਹੁਣੇ ਇਕ ਇਤਬਾਰੀ ਆਦਮੀ ਬੁਲਾਓ ਜੋ ਰਾਮ ਲਾਲ ਨੂੰ ਕੱਲ੍ਹ ਹੀ ਮੋੜ ਕੇ ਐਥੇ ਲੈ ਆਵੇ, ਤੇ ਅੰਦਰ ਵਾੜ ਕੇ ਸਮਝਾ ਬੁਝਾ ਲਓ ! ਐਉਂ ਗੱਲ ਬਾਹਰ ਨਾ ਨਿਕਲੇਗੀ ਅਜੇ ਵੇਲਾ ਹੈ ਭਲਾ ਜੇ ਸਮਝ ਜਾਏ । ਜੇ ਹੋਰ ਕੁਛ ਚਿਰ ਸਿੱਖਾਂ ਦੀ ਸੰਗਤ ਰਹੀ ਤਾਂ ਫੇਰ ਉਸ ਨੂੰ ਸਮਝਾਏ ਤੇ ਵੀ ਅਸਰ ਨਹੀਂ ਹੋਣਾ।

ਦੀਵਾਨ-ਮਿਸਰ ਜੀ ! ਸਭ ਨੌਕਰ ਆਪ ਦੇ ਹਾਜ਼ਰ ਹਨ, ਜੋ ਕੁਝ ਕਰਨਾ ਹੈ ਕਰੋ, ਮੇਰੀ ਹੋਸ਼ ਟਿਕਾਣੇ ਨਹੀਂ ।

ਮਿਸਰ ਜੀ ਉਠੇ ਅਰ ਉਸੇ ਵੇਲੇ ਘਰ ਦੇ ਇਤਬਾਰੀ ਆਦਮੀ ਏਹ ਸੁਨੇਹਾ ਦੇ ਕੇ ਤੋਰੇ ਕਿ ਦੀਵਾਨ ਸਾਹਿਬ ਸਖ਼ਤ ਬੀਮਾਰ ਹਨ ਰਾਮ ਲਾਲ ਨੂੰ ਯਾਦ ਕਰਦੇ ਹਨ, ਬੈਠਾ ਸੁੱਤਾ ਛੇਤੀ ਅੱਪੜੇ ।

ਪੰਡਤ ਜੀ ਇਹ ਕੰਮ ਕਰਕੇ ਮੁੜ ਅੰਦਰ ਆਏ । ਦੀਵਾਨਣੀ ਨੇ ਕੁਝ ਮੋਹਰਾਂ ਆਪ ਦੀ ਨਜ਼ਰ ਕੀਤੀਆਂ ਅਰ ਪੈਰਾਂ ਤੇ ਡਿਗ ਕੇ ਵਾਸਤੇ ਪਾਏ ਕਿ ਕਿਵੇਂ ਮੇਰਾ ਲਾਲ ਮੇਰੇ ਘਰ ਇਕ ਵਾਰੀ ਪਹੁੰਚ ਪਵੇ । ਸਾਰੇ ਟੱਬਰ ਨੂੰ ਪਿਆਰ ਦਿਲਾਸੇ ਦੇ ਕੇ ਪੰਡਤ ਜੀ ਤਾਂ ਘਰ ਨੂੰ ਵਿਦਾ ਹੋਏ ਤੇ ਮਗਰੋਂ ਦੀਫਾਨ ਦੇ ਵੱਡੇ ਪੁਤ ਨੇ ਆ ਕੇ ਹਾਲ ਸੁਣਿਆ, ਉਹ ਬੀ ਉਦਾਸ ਹੋ ਕੇ ਟੁਰ ਗਿਆ । ਮਾਪਿਆਂ ਦੇ ਸਾਮ੍ਹਣੇ ਤਾਂ ਰੋਇਆ ਸ਼ੀ, ਪਰ ਆਪਣੀ ਵਹੁਟੀ ਦੇ ਪਾਸ ਜਾ ਕੇ ਖਿੜ ਖਿੜ ਹੱਸਿਆ ਕਿ ਹੁਣ ਸਾਰੀ ਜਾਇਦਾਦ ਦੇ ਅਸੀਂ ਵਾਰਸ ਹੋਵਾਂਗੇ । ਇਕ ਭਰਾ ਅੱਗੇ ਹੀ ਨਲੈਕ ਹੈ, ਇਕ ਇਹ ਗਿਆ ਗੁਜ਼ਰਿਆ ਹੋ ਗਿਆ, ਬਸ ਹੁਣ ਚਾਰੇ ਚੱਕ ਜਗੀਰ ਸਾਡੀ ਹੈ।

2 ਕਾਂਡ

ਚਾਰ ਕੁ ਦਿਨ ਮਗਰੋਂ ਦੀ ਗੱਲ ਹੈ ਕਿ ਦੀਵਾਨ ਸਾਹਿਬ ਘਰ ਦੇ ਵਿਹੜੇ ਵਿਚ ਪਰਵਾਰ ਸਮੇਤ ਬੈਠੇ ਹੋਏ ਸਨ ਆਪ ਇਸ ਵਿਹੜੇ ਵਿਚ ਆਪਣੇ ਪ੍ਰਵਾਰ ਦੇ ਗੱਭੇ ਬੈਠੇ ਹੋਏ ਐਸੇ ਭਾਸਦੇ ਸਨ, ਜਿਵੇਂ ਗ੍ਰਹਿਣਿਆਂ ਹੋਇਆ ਚੰਦ੍ਰਮਾ ਬੱਦਲਾਂ ਹੇਠ ਆਏ ਹੋਏ ਤਾਰਾ ਮੰਡਲ ਦੇ ਵਿਚਕਾਰ ਹੋਵੇ । ਸਭਨਾਂ ਦੇ ਦਿਲ ਰਾਮ ਲਾਲ ਦੇ ਸਿੱਖ ਹੋ ਜਾਣ ਕਰਕੇ ਅਜਿਹੇ ਕੁਮਲਾ ਗਏ ਸਨ ਜਿਵੇਂ ਕੱਕਰ ਪਏ ਤੇ ਕੌਲ ਫੁੱਲ । ਤਿੰਨ ਦਿਨ ਕਲੇਜੇ ਮੁੱਠਾਂ ਵਿਚ ਲੀਤਿਆਂ ਸੁੱਖਣਾਂ ਸੁਖਦਿਆਂ ਬੀਤੇ ਸਨ । ਪਲ ਪਲ ਵਿਚ ਭੈ ਉਠਦਾ ਸੀ ਕਿ ਹੁਣ ਬੀ ਨਵਾਬ ਸਾਹਿਬ ਪਾਸ ਕੋਈ ਚੁਗਲੀ ਨਾ ਵੱਟ ਵੇਵੇ । ਦੀਵਾਨ ਸਾਹਿਬ ਬੀਮਾਰੀ ਦਾ ਬਹਾਨਾ ਬਣਾ ਕੇ ਹੀ ਨਹੀਂ ਸਨ ਨਿਕਲੇ । ਰਾਮ ਲਾਲ ਦੀ ਮਾਂ ਦਾ ਹਿਰਦਾ ਦੀਵਾਨ ਨਾਲੋਂ ਅਧਿਕ ਦੁਖੀ ਸੀ । ਇਕ ਤਾਂ ਰਾਮ ਲਾਲ ਛੋਟਾ ਪੁੱਤਰ ਹੋਣ ਕਰਕੇ ਸਭ ਨਾਲੋਂ ਪਿਆਰਾ ਸੀ । ਦੂਸਰੇ ਇਸ ਦੀ ਵਹੁਟੀ, ਜੋ ਇਕ ਸਹਿਜਧਾਰੀ ਸਿੱਖ ਦੀ ਧੀ ਤੇ ਗੁਰਬਾਣੀ ਦੀ ਪਿਆਰੀ ਸੀ, ਸੱਸ ਦੀ ਬਹੁਤ ਸੇਵਾ ਕਰਦੀ ਹੁੰਦੀ ਸੀ। ਜਿਥੇ ਹੋਰ ਨੂੰਹਾਂ ਸੱਸ ਨਾਲ ਉਪਰਲਾ ਢੰਗ ਨਿਬਾਹੁੰਦੀਆਂ ਸਨ, ਉਥੇ ਇਹ ਸੱਸ ਨੂੰ ਮਾਵਾਂ ਨਾਲੋਂ ਵਧੀਕ ਪਿਆਰ ਕਰਦੀ ਸੀ, ਇਨ੍ਹਾਂ ਕਾਰਨਾਂ ਕਰ ਕੇ ਰਾਮ ਲਾਲ ਵਹੁਟੀ ਸਮੇਤ ਮਾਂ ਨੂੰ ਸਾਰੇ ਟੱਬਰ ਨਾਲੋਂ ਵਧੀਕ ਪਿਆਰਾ ਸੀ।

ਇਸ ਵੇਲੇ ਦੀਵਾਨ ਸਾਹਿਬ ਤਾਂ ਬੈਠੇ ਬੈਠੇ ਤਕੀਏ ਤੇ ਸਿਰ ਰੱਖ ਕੇ ਕੁਝ ਨੀਂਦ ਵਿਚ ਗੁੱਟ ਹੋ ਗਏ, ਓਧਰੋਂ ਰਾਮ ਲਾਲ ਉਸਦੀ ਵਹੁਟੀ ਤੇ ਪੋਤਰਾ ਆ ਪਹੁੰਚੇ। ਰਾਮ ਲਾਲ ਪਿਤਾ ਨੂੰ ਸੁਸਤੀ ਵਿਚ ਅੱਖਾਂ ਮੀਟਕੇ ਲੇਟਿਆ ਹੋਇਆ ਦੇਖ ਕੇ ਅੱਗੇ ਵਧਿਆ, ਆਹਟ ਪਾ ਕੇ ਦੀਵਾਨ ਦੀਆਂ ਅੱਖਾਂ ਖੁਲ੍ਹ ਗਈਆਂ । ਪੁਤ੍ਰ ਦਾ ਰੂਪ ਰੰਗ ਵੇਖ ਕੇ ਕਲੇਜੇ ਨੂੰ ਅੱਗ ਲੱਗ ਗਈ । ਕਿਥੇ ਉਹ ਪਤਲਾ ਸੁਕੜੀ ਰਾਮ ਲਾਲ, ਕਿਥੇ ਇਹ ਬਲੀ ਸ਼ੇਰ ਰੂਪ ਸਿੰਘ ਬਹਾਦਰ, ਸੱਚ ਮੁੱਚ ਕਾਂਇਆਂ ਪਲਟ ਹੋ ਗਈ, ਸਰੀਰ ਦੀ ਮੋਟਾਈ ਤੇ ਚਿਹਰੇ ਦੇ ਪ੍ਰਤਾਪ ਕਰ ਕੇ ਤਾਂ ਪਛਾਤਾ ਨਾ ਗਿਆ ਪਰ ਉਸ ਦੀਆਂ ਗਰੀਬੀ ਨਾਲ ਪੂਰਤ ਅੱਖਾਂ ਨੇ ਦੀਵਾਨ ਨੂੰ ਪਤਾ ਦੇ ਦਿੱਤਾ ਕਿ ਇਹੋ ਨਲੈਕ ਪੁੱਤਰ ਹੈ, ਜਿਸ ਨੇ ਸਿੱਖ ਬਣ ਕੇ ਸਾਰੇ ਟੱਬਰ ਨੂੰ ਖ਼ਤਰੇ ਵਿਚ ਪਾਯਾ ਹੈ । ਮੋਹ ਦਾ ਜੋਸ਼ ਉਠਣ ਦੀ ਥਾਂ ਕ੍ਰੋਧ ਨੇ ਦੀਵਾਨ ਜੀ ਦੇ ਸਿਰ ਚੜ੍ਹ ਕੇ ਇਉਂ ਬੁਲਾਇਆ:-‘ਦੁਸ਼ਟਾ! ਨਿੱਜ ਜੰਮਦੋਂ, ਔਤ ਮਰ ਜਾਂਦੀ ਤੇਰੀ ਮਾਂ ਜਾਂ ਤੇਰੇ ਹੋਣ ਤੋਂ ਪਹਿਲੋਂ ਮਰ ਜਾਂਦਾ ਮੈਂ ਐਸ ਉਮਰਾ ਵਿਚ ਮੈਨੂੰ ਇਹ ਸੱਲ ਦਿਖਾਇਆ ਹਈ।ਤੇਰਾ ਸੱਯਾਨਾਸ !’

ਦੀਵਾਨ ਜੀ ਨੇ ਅਜੇ ਖ਼ਬਰ ਨਹੀਂ ਕਿੰਨਾ ਕੁ ਜ਼ਹਿਰ ਉਗਲਨਾ ਸੀ ਕਿ ਅਚਾਨਕ ਨਵਾਬ ਸਾਹਿਬ ਦਾ ਸੱਦਾ ਆ ਗਿਆ। ਬੜੀ ਛੇਤੀ ਉਠੇ ਦੀਵਾਨਖਾਨੇ ਵਿਚ ਜਾ ਕੇ ਕਪੜੇ ਪਹਿਨ ਕੇ ਨਵਾਬ ਸਾਹਿਬ ਵਲ ਗਏ । ਏਧਰ ਮਮਤਾ ਦੀ ਮਾਰੀ ਮਾਂ ਨੇ ਉਠਕੇ ਪੁੱਤਰ ਨੂੰ ਗਲ ਲਾਇਆ ਅਰ ਛਾਤੀ ਨਾਲ ਸਿਰ ਲਾ ਕੇ ਬਹਿ ਗਈ ਤੇ ਫੁੱਟ ਫੁੱਟ ਕੇ ਰੋਈ। ਭੈਣਾਂ ਬੀ ਆ ਚੰਬੜੀਆਂ ਤੇ ਰੋਣ ਲਗ ਪਈਆਂ । ਸਿੰਘ ਹੁਰਾਂ ਦੇ ਹਿਰਦੇ ਵਿਚ ਜਿਥੇ ਪਿਉ ਦੇ ਗੁੱਸੇ ਦਾ ਕੋਈ ਅਸਰ ਨਾ ਸੀ ਹੋਇਆ ਉਥੇ ਮਾਤਾ ਤੇ ਭੈਣ ਭਰਾਵਾਂ ਦਾ ਪਿਆਰ ਪੂਰੇ ਜ਼ੋਰ ਨਾਲ ਅਸਰ ਕਰਦਾ ਸੀ, ਪਰ ਸੱਚੇ ਧਰਮ ਨਾਲ ਪੂਰਤ ਹਿਰਦੇ ਵਿਚ ਇਸ ਮੋਹ ਦੇ ਜਾਦੂ ਨੇ ਠੱਗ ਲੈਣ ਵਾਲਾ ਅਸਰ ਨ ਪੈਦਾ ਕੀਤਾ। ਕੁਛ ਚਿਰ ਮਗਰੋਂ ਪੁੱਛਣ ਲੱਗੇ, ‘ਮਾਂ ਜੀ ! ਤੁਸੀਂ ਕਿਉਂ ਵਿਰਲਾਪ ਕਰਦੇ ਹੋ ?

‘ਮਾਂ–ਬੱਚਾ ! ਤੇਰੇ ਸਿੱਖ ਹੋ ਜਾਣ ਕਰ ਕੇ ।

ਪੁੱਤ-ਕੀ ਸਿੱਖ ਹੋਣਾ ਪਾਪ ਹੈ ?

ਮਾਂ-ਨਹੀਂ ਕਾਕਾ ਪਾਪ ਕਾਹਦਾ ਹੈ, ਸਗੋਂ ਭਲੀ ਗੱਲ ਹੈ ।

ਪੁੱਤ੍ਰ-ਹੋਰ ਕੁਛ ਐਬ ਹੈ ?

ਮਾਂ-ਨਹੀਂ ਕਾਕਾ ! ਉਤਮ ਗੱਲ ਹੈ,ਜੋ ਗੁਣ ਤੇਰੇ ਵਿਚ ਗੁਰੂ ਮਹਾਰਾਜ ਦੀ ਬਾਣੀ ਪੜ੍ਹ ਕੇ ਪੈ ਗਏ ਹਨ ਉਹ ਸਾਰੇ ਟੱਬਰ ਵਿੱਚੋਂ ਕਿਸੇ ਵਿਚ ਭੀ ਨਹੀਂ ਹਨ । ਤੂੰ ਜਦ ਪਾਠ ਕਰਦਾ ਹੁੰਦਾ ਸੈਂ ਤਾਂ ਮੇਰੇ ਮਨ ਨੂੰ ਬੜਾ ਪਿਆਰਾ ਲੱਗਦਾ ਸੈਂ। ਮੈਂ ਤਾਂ ਜਾਣਦੀ ਹਾਂ ਕਿ ਇਸ ਘਰ ਵਿਚ ਜੋ ਭਾਗ ਹੈ ਤੇਰੇ ਹੀ ਚਰਨਾਂ ਦੀ ਖ਼ੈਰ ਖ਼ਰੈਤ ਹੈ। ਜਿਸ ਦਿਨ ਦਾ ਤੂੰ ਜੰਮਿਆ ਹੈ ਉਸ ਦਿਨ ਦੀ ਚਹਿਲ ਪਹਿਲ ਹੈ ਤੇ (ਇਹ ਕਹਿ ਕੇ ਨੂੰਹ ਨੂੰ ਗਲ ਲਾ ਲਿਆ) ਜਿਸ ਦਿਨ ਦੀ ਇਹ ਪਿਆਰੀ ਸੁਘੜ ਸਾਡੇ ਘਰ ਆਈ ਹੈ। ਤਦ ਦੇ ਤਾਂ ਅਸੀਂ ਬੜੇ ਭਾਗਾਂ ਵਾਲੇ ਹੋ ਗਏ ਹਾਂ (ਫਿਰ ਪੋਤਰੇ ਨੂੰ ਗੋਦੀ ਵਿਚ ਲੈ ਕੇ ਤੇ ਪਿਆਰ ਕਰਕੇ) ਤੇ ਐਸ ਲਾਲ ਨੇ ਤਾਂ ਨਿਹਾਲ ਹੀ ਕਰ ਦਿੱਤਾ ਹੈ।

ਪੁੱਤ੍ਰ-ਮਾਂ ਜੀ! ਫੇਰ ਐਡਾ ਦੁੱਖ ਕਿਉਂ ਮਨਾਉਂਦੇ ਹੋ?

ਮਾਂ-ਬੱਚਾ! ਸਮਾਂ ਵੇਖਕੇ ਤੁਰਨਾ ਲੋੜੀਏ। ਇਕ ਵੇਰ ਇਕ ਸ਼ੇਰ ਨੇ ਬਘਿਆੜ ਨੂੰ ਪੁੱਛਿਆ ਸੀ ਕਿ ਭਾਈ ਮੇਰੇ ਮੂੰਹ ਵਿੱਚੋਂ ਮੁਸ਼ਕ ਆਉਂਦੀ ਹੈ ਕਿ ਨਹੀਂ? ਬਘਿਆੜ ਨੇ ਕਿਹਾ ਕਿ ‘ਹਾਂ ਮਹਾਰਾਜ!’ ਸ਼ੇਰ ਨੇ ਉਸਨੂੰ ਘੁਰਕ ਕੇ ਕਿਹਾ ‘ਹੇ ਦੁਸ਼ਟ! ਪਾਤਸ਼ਾਹ ਨੂੰ ਐਸੇ ਵਾਕ ਬੋਲਦਾ ਹੈਂ?’ ਅਰ ਹੱਲਾ ਕਰਕੇ ਉਸ ਨੂੰ ਮਾਰ ਸਿੱਟਿਆ, ਫੇਰ ਇਕ ਖੋਤੇ ਨੂੰ ਪੁੱਛਣ ਲੱਗਾ : ‘ਕਿਉਂ ਬਈ ਮੇਰੇ ਮੂੰਹ ਵਿੱਚੋਂ ਮੁਸ਼ਕ ਆਉਂਦੀ ਹੈ? ਖੋਤੇ ਨੇ ਕਿਹਾ : ‘ਹਰੇ ਹਰੇ ਮਹਾਰਾਜ! ਆਪਦੇ ਮੂੰਹੋਂ ਤਾਂ ਖੁਸ਼ਬੋ ਆਉਂਦੀ ਹੈ।’ ਸ਼ੇਰ ਨੇ ਕਿਹਾ: ‘ਓ ਗਧੇ! ਸਾਡੇ ਪਾਤਸ਼ਾਹਾਂ ਦੇ ਸਾਹਮਣੇ ਝੂਠ ਬੋਲਦਾ ਹੈਂ, ਜਿੰਦ ਨਹੀਂ ਲੋੜੀਂਦੀ?’ ਇਹ ਕਹਿਕੇ ਉਸ ਨੂੰ ਵੀ ਚਿੱਤ ਕਰ ਦਿੱਤਾ। ਫੇਰ ਲੂੰਬੜੀ ਦੀ ਵਾਰੀ ਆਈ, ਉਸ ਨੂੰ ਭੀ ਸ਼ੇਰ ਨੇ ਇਹ ਗੱਲ ਪੁੱਛੀ। ਲੂੰਬੜੀ ਬੋਲੀ ਮਹਾਰਾਜ! ਜਗਤ ਦੇ ਸਿਰਤਾਜ। ਮੈਨੂੰ ਕੁਛ ਦਿਨ ਤੋਂ ਰੇਜ਼ਸ਼ ਹੋ ਗਈ ਹੈ, ਨਿੱਛਾਂ ਤੇ ਨਜ਼ਲੇ ਨਾਲ ਨੱਕ ਪੱਕ ਗਿਆ ਹੈ ਮੈਨੂੰ ਮੁਸ਼ਕ ਨਹੀਂ ਆਉਂਦੀ ਜੇਕਰ ਕੁਝ ਬੀ ਮਗਜ਼ ਠੀਕ ਹੁੰਦਾ ਤਾਂ ਜ਼ਰੂਰ ਦੱਸ ਦੇਂਦੀ। ਸ਼ੇਰ ਨੇ ਹੱਸ ਕੇ ਕਿਹਾ। ਤੈਨੂੰ ਇਹ ਅਕਲ ਕਿਨ੍ਹੇ ਦੱਸੀ ਹੈ।’ ਉਹ ਬੋਲੀ ਕਿ ਔਹਨਾਂ (ਬਘਿਆੜ ਤੇ ਖੋਤੇ ਵੱਲ ਸੈਨਤ ਕਰ ਕੇ) ਲੋਥਾਂ ਨੇ ਸਿਖਾਈ ਹੈਂ। ਸੋ ਬੱਚਾ! ਇਹੋ ਗੱਲ ਆ ਬਣੀ ਹੈ। ਸਿੱਖ ਤਾਂ ਤੁਰਕ ਰਾਜਿਆਂ ਨਾਲ ਸੱਚ ਧਰਮ ਵਰਤਦੇ ਹਨ ਸੋ ਬੀ ਮੂੰਹ ਦੀ ਖਾਂਦੇ ਹਨ ਤੇ ਜਿਹੜੇ ਹਿੰਦੂ ‘ਖ਼ੁਸ਼ਾਮਦ’ ਕਰਦੇ ਹਨ ਉਹ ਬੀ ਪਿਛੇ ਗਿੱਚੀ ਪਰਨੇ ਡਿੱਗਦੇ ਹਨ, ਪਰ ਤੇਰੇ ਪਿਤਾ ਵਰਗੇ ਦਾਨੇ ਵਿਚ ਵਿਚਾਲੇ ਤੁਰ ਕੇ ਸੁਖੀ ਰਹਿੰਦੇ ਹਨ।

ਪੁਤ੍ਰ-ਮਾਤਾ ਜੀ! ਆਪ ਦਾ ਕਹਿਣਾ ਭਾਰੇ ਦਨਾਵਾਂ ਵਰਗਾ ਹੈ; ਅਰ ਅਕਲ ਇਹੋ ਸਲਾਹ ਦਿੰਦੀ ਹੈ ਪ੍ਰੰਤੂ ਮੈਨੂੰ ਤਾਂ ਤੁਰਕਾਂ ਨਾਲ ਨਾ ਸਿੱਖਾਂ ਵਾਲੇ ਹਠ ਤੇ ਨਾ ਕੁਸ਼ਾਮਤੀਆਂ ਵਾਲੀ ਕੁਸ਼ਾਮਤ ਦਾ ਸਮਾਂ ਆਯਾ ਹੈ।

ਮਾਂ-ਬੱਚਾ! ਆਹ ਜਿਹੜੇ ਕੇਸ ਰੱਖ ਲਏ ਨੀ ਇਹ ਭਾਰੀ ਦੁਖਦਾਈ ਗੱਲ ਹੈ ਨਾ। ਤੈਂ ਸੁਣਿਆ ਨਹੀਂ ਕਿ ਇਕ ਵਾਰੀ ਇਕ ਨਵੇਂ ਬੀਜੇ ਖੇਤ ਵਿਚ ਕਈ ਪੰਛੀ ਚੁਗ ਚੁਗ ਖਾ ਰਹੇ ਸਨ, ਕ੍ਰਿਸਾਨ ਨੇ ਓਹ ਸਾਰੇ ਫੜ ਲਏ। ਜਦ ਛੁਰੀ ਫੇਰ ਕੇ ਸਭ ਨੂੰ ਮਾਰਨ ਲੱਗਾ, ਤਦ ਇਕ ਪੰਛੀ ਨੇ ਕਿਹਾ ਕਿ ਮੈਂ ਨਾ ਤਾਂ ਚਿੜੀ ਹਾਂ, ਨਾ ਤੋਤਾ, ਨਾ ਮੈਂ ਖੇਤਾਂ ਦੇ ਬੀਜ ਚੁਗਣ ਵਾਲਾ ਪੰਛੀ, ਮੈਂ ਤਾਂ ਗਰੀਬ ਸਾਰਸ ਹਾਂ, ਮੇਰਾ ਭੋਜਨ ਜਲ ਵਿਚ ਹੁੰਦਾ ਹੈ, ਮੈਂ ਤਾਂ ਇਨ੍ਹਾਂ ਪੰਛੀਆਂ ਨਾਲ ਐਵੇਂ ਖੇਡ ਰਿਹਾ ਸਾਂ। ਕ੍ਰਿਸਾਨ ਨੇ ਕਿਹਾ ‘ਤੂੰ ਸੱਚ, ਕਹਿੰਦਾ ਹੈਂ ਪਰ ਇਨ੍ਹਾਂ ਦੀ ਸੰਗਤ ਵਿਚ ਵੜਨ ਕਰਕੇ ਮੈਂ ਤੈਨੂੰ ਬੀ ਚੋਰ ਹੀ ਸਮਝਦਾ ਹਾਂ। ਸੋ ਬੱਚਾ! ਤੁਰਕ ਹਾਕਮ ਤਾਂ ਉਸ ਕ੍ਰਿਸਾਨ ਵਰਗੇ ਹਨ ਜੋ ਕਿਸੇ ਦੀ ਨਹੀਂ ਮੰਨਦੇ। ਤੂੰ ਦੱਸ ਖਾਂ, ਸਦਕੇ ਜਾਈਏ ਅੰਬਰਸਰ ਦੇ, ਭਾਈ ਮਨੀ ਸਿੰਘ ਹੁਰਾਂ ਤੁਰਕਾਂ ਦਾ ਕੀ ਲੀਤਾ ਸੀ? ਐਸੇ ਸਮਦ੍ਰਿਸ਼ਟੇ ਕਿੱਥੇ ਮਿਲਦੇ ਹਨ, ਜੋ ਆਏ ਗਏ ਹਿੰਦੂ ਮੁਸਲਮਾਨ ਸਭ ਨੂੰ ਇਕ ਨਜ਼ਰ ਦੇਖਦੇ ਸਨ, ਫੇਰ ਤੁਰਕਾਂ ਨੇ ਕਿਸ ਬੇਦਰਦੀ ਨਾਲ ਕੋਹੇ? ਤਿਵੇਂ ਬੱਚਾ! ਮੈਂ ਡਰਦੀ ਹਾਂ ਕਿ ਤੇਰੇ ਨਾਲ ਖ਼ਬਰੇ ਕੀ ਵਰਤੇ? ਘਰ ਵਿਚ ਜਦ ਤੂੰ ਸਭ ਧਰਮ ਕਰਮ ਸਿੱਖਾਂ ਵਾਂਗ ਕਰਦਾ ਸੈਂ, ਕੌਣ ਤੈਨੂੰ ਹਟਕਦਾ ਸੀ? ਢੱਕੀ ਰਿੱਝੇ ਕੋਈ ਨ ਬੁੱਝੇ ਵਾਲੀ ਗੱਲ ਤੁਰੀ ਜਾਂਦੀ ਸੀ।

ਪੁਤ੍ਰ-ਮਾਂ ਜੀ! ਤੁਹਾਡੀਆਂ ਮੱਤਾਂ ਬੜੀਆਂ ਉੱਤਮ ਹਨ, ਪਰ-

‘ਕਬੀਰ ਲਾਗੀ ਪ੍ਰੀਤਿ ਸੁਜਾਨ ਸਿਉ ਬਰਜੈ ਲੋਗੁ ਅਜਾਨੁ॥

ਤਾ ਸਿਉ ਟੂਟੀ ਕਿਉ ਬਨੈ ਜਾਕੇ ਜੀਅ ਪਰਾਨ॥੧੨੭॥

ਨੱਚਣ ਲੱਗੀ ਤਾਂ ਘੁੰਡ ਕੇਹਾ? ਮਾਤਾ ਜੀ! (ਲੰਮਾ ਹਾਹੁਕਾ ਲੈਕੇ) ਮੇਰੇ ਹਿਰਦੇ ਵਿਚ ਗੁਰੂ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਦੀ ਪ੍ਰੀਤ ਘਰ ਕਰ ਗਈ ਹੈ, ਰੋਮ ਰੋਮ ਵਿਚ ਪ੍ਰੇਮ ਸਮਾ ਗਿਆ ਹੈ ਤੇ ਹਰ ਪਾਸੇ ਮੈਨੂੰ ਉਨ੍ਹਾਂ ਦਾ ਸ਼ਬਦ ਸੁਣਾਈ ਦੇਂਦਾ ਹੈ। ਉਹ ਪਿਆਰਾ ਸੁੰਦਰ ਤੇ ਤੇਜੱਸ੍ਰੀ ਚਿਹਰਾ ਹਰ ਪੱਤੇ, ਹਰ ਫੁੱਲ, ਹਰ ਰੰਗ ਵਿਚੋਂ ਚਮਕਦਾ ਦਿੱਸਦਾ ਤੇ ਮੈਨੂੰ ਆਪਣੀ ਵੱਲ ਖਿਚਦਾ ਹੈ । ਮੇਰਾ ਆਪਣਾ ਆਪ ਮੇਰੇ ਵੱਸ ਨਹੀਂ ਮੈਂ ਸਿੱਖ ਹੋਣ ਕਰਕੇ ਸੰਸਾਰਕ ਦੁੱਖਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹਾਂ, ਤੁਹਾਡੇ ਸੰਤਾਪ ਤੇ ਪਿਤਾ ਜੀ ਦੀ ਮੁਸ਼ਕਲ ਨੂੰ ਭੀ ਸਮਝਦਾ ਹਾਂ । ਪਰ ਹਾਇ ਕੀ ਕਰਾਂ ? ਪਿਆਰੇ ਦਾ ਪਿਆਰ ਘੁੰਮਣ ਘੇਰ ਵਿਚ ਫਸੇ

ਜੀਵ ਵਾਂਗੂ ਮੈਨੂੰ ਆਪਣੀ ਕਲਾਈ ਵਿੱਚੋਂ ਨਿਕਲਣ ਨਹੀਂ ਦਿੰਦਾ । ਤੁਸਾਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਸੁਣਿਆ ਮੈਨੂੰ ਅੰਗ ਸੰਗ ਦਿੱਸਦੇ ਹਨ । ਮਾਂ ਜੀ :

“ਕਮਲ ਨੈਨ ਅੰਜਨ ਸਿਆਮ ਚੰਦ ਬਦਨ ਚਿਤ ਚਾਰ ॥

ਮੂਸਨ ਮਗਨ ਮਰੰਮ ਸਿਉ ਖੰਡ ਖੰਡ ਕਰਿ ਹਾਰ*” ॥੧੦॥

ਮਾਂ (ਹਾਹੁਕਾ ਲੈ ਕੇ) -ਬੱਚਾ ਸੱਚ ਹੈ, ਜਿਨ੍ਹਾਂ ਪ੍ਰੇਮ ਪਿਆਲੇ ਪੀਤੇ ਸੋ ਘਰ ਦੇ ਕੰਮੋਂ ਗਈਆਂ; ਪਰ ਫੇਰ ਬੀ ਐਸਾ ਕੰਮ ਕਰੀਏ ਕਿ ਸੱਪ ਬੀ ਮਰ ਜਾਏ ਤੇ ਲਾਠੀ ਬੀ ਬਚ ਜਾਏ ।

ਪੁੱਤ੍ਰ-ਮਾਂ ਜੀ ! ਦੱਸੋ, ਜ਼ਰੂਰ ਐਸੀ ਗੱਲ ਦੱਸੋ ਕਿ ਮੇਰੀ ਸਿੱਖੀ ਬੀ ਕੇਸਾਂ ਸ੍ਵਾਸਾਂ ਨਾਲ ਨਿਭ ਜਾਏ ਤੇ ਆਪ ਬੀ ਔਖੇ ਨਾ ਹੋਵੋ ।

ਮਾਂ-ਬੱਚਾ ਕੇਸ ਛੱਡ ਦੇਹ, ਸਿੱਖਾਂ ਦੀ ਸੰਗਤ ਛੱਡ ਦੇਹ,

ਸ਼ਕਲ ਪਿਤਾ ਵਾਲੀ ਰੱਖ; ਚਿਤੋਂ ਜੋ ਤੈਨੂੰ ਭਾਵੇ ਸੋ ਕਰ ਤੇ ਘਰ ਬੈਠਾ ਰਹੁ।

ਪੁੱਤ੍ਰ-ਮਾਂ ਜੀ ! ਤੁਸਾਂ ਮੇਰਾ ਕਲੇਜਾ ਵਿੰਨ੍ਹ ਦਿੱਤਾ ਹੈ। ਮੈਂ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋਵਾਂ ? ਕੇਸ ! ਪਿਆਰੇ ਕੇਸ ! ਜਿੰਦੋਂ ਪਿਆਰੇ ਕੇਸ ! ਤਿਆਗਾਂ ? ਗੁਰੂ ਕਾ ਤਾਜ ਬਖ਼ਸ਼ਿਆ ਭੋਇੰ ਤੇ ਪਟਕਾਂ ? ਪਿਆਰੇ ਦੀ ਨਿਸ਼ਾਨੀ; ਪਿਆਰੇ ਦੀ ਪ੍ਰੇਮ-ਭਰੀ ਯਾਦ ਸੱਟ ਦਿਆਂ ? ਹਾਇ! ਮੌਤ ਆਵੇ ਪਰ ਇਹ ਨਾ ਹੋਵੇ ! ਉਹ ਪਿਆਰਾ ਮੇਰੀ ਜਿੰਦ ਦੀ ਬੀ ਜਿੰਦ ਮੇਰੇ ਆਤਮਾਂ ਦੀ ਬੀ ਆਤਮਾਂ, ਗੁਰੂ ਗੋਬਿੰਦ ਸਿੰਘ, ਮੈਂ ਉਨ੍ਹਾਂ ਦੇ ਹੁਕਮ ਨੂੰ ਨਾ ਮੰਨਾਂ ? ਮਾਂ ਜੀ ! ਮੌਤ ਆਵੇ, ਪਰ ਇਹ ਦਿਨ ਨਾ ਆਵੇ (ਠੰਢਾ ਸਾਹ ਤੇ ਅੱਖਾਂ ਤਰ-ਬਤਰ) ।

ਮਾਂ-ਬੱਚਾ ! ਮੈਂ ਪੱਥਰਚਿੱਤ ਤੇਰੇ ਕੋਮਲ ਹਿਰਦੇ ਦੀਆਂਬ੍ਰੀਕ ਗੱਲਾਂ ਕਿੱਥੋਂ ਸਮਝਾਂ ? ਪਰ ਧਰਮ ਤਾਂ ਹਿਰਦੇ ਵਿਚ ਹੈ ਦਿਖਾਵੇ ਨਾਲ ਕੀ ਬਣਦਾ ਹੈ?

ਪੁੱਤ੍ਰ-ਮਾਂ ਧਰਮ ਉਸ ਵਸਤੂ ਦਾ ਨਾਮ ਹੈ ਜੋ ਪਰਮੇਸ਼ਰ ਆਪਣੇ ਪਿਆਰਿਆਂ ਦੀ ਰਾਹੀਂ ਸੰਸਾਰ ਨੂੰ ਦੱਸਦਾ ਹੈ । ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਜੋ ਨਿਕਲਿਆ ਸੋ ਮੇਰਾ ਧਰਮ ਹੈ ।

ਮਾਂ-ਬੱਚਾ ! ਕੀ ਕੇਸ ਹੀਨ ਸਾਰੇ ਨਰਕਾਂ ਨੂੰ ਜਾਣਗੇ ?

ਪੁੱਤ-ਮਾਂ ਜੀ,ਇਹ ਤਾਂ ਪਤਾ ਨਹੀਂ, ਪਰ ਮੇਰੇ ਸਤਿਗੁਰਾਂ ਦਾ ਹੁਕਮ ਇਹੋ ਹੈ। ਮੇਰੇ ਪਿਆਰੇ ਸਤਿਗੁਰੂ ਆਪ ਕੇਸ਼ਾਧਾਰੀ ਸਨ, ਮੈਂ ਕਿੱਕੁਰ ਉਹਨਾਂ ਦੇ ਪੂਰਨਿਆਂ ਤੇ ਨਾ ਤੁਰਾਂ ? ‘ਤੂੰ ਸਾਹਿਬ ਹਉ ਸਾਂਗੀ ਤੇਰਾ । ਕੇਸ ਤਨ ਦੀ ਸ਼ੋਭਾ ਹਨ ਤੇ ਮਨ ਦੀਆਂ ਆਤਮ ਸ਼ਕਤੀਆਂ ਦੇ ਰਾਖੇ ਤੇਦਿਮਾਗੀ ਤਾਕਤਾਂ ਦੇ ਰਖਵਾਲੇ ਮੇਰੇ ਪਿਆਰੇ ਦੀ ਦਾਤ ਹਨ, ਮੇਰੇ ਗੁਰੂ ਕੇ ਪਰਿਵਾਰ ਦੀ ਨੁਹਾਰ ਹਨ। ਮਾਤਾ ਜੀ ! ਸੱਚੇ ਧਰਮੀ ਹੋਣਾ ਤਾਂ. ਵੱਡੀ ਦੂਰ ਹੈ, ਹਾਲੇ ਤਾਂ ਮੈਂ ਸਤਿਗੁਰਾਂ ਦਾ ਸਾਂਗੀ ਬਣਨ ਦਾ ਯਤਨ ਕਰਦਾ ਹਾਂ, ਪਰ ਆਹ ! ਸਾਂਗੀ ਬਣਨੇ ਦਾ ਬੀ ਐਸਾ ਸੁਖ ਹੈ, ਜੋ ਜਗਤ ਦੇ ਸਮੱਗਰ ਸੁਖਾਂ ਥੀਂ ਵੱਡਾ ਹੈ : ਸੋਚੋ ਮਾਂ ਜੀ ! ਜੇ ਸਾਰਾ ਧਰਮ ਸਾਨੂੰ ਲੱਭ ਜਾਵੇ ਤਾਂ ਫੇਰ ਕਿੱਡਾ ਆਨੰਦ ਹੋ ਜਾਵੇ?

ਮਾਂ-ਤਾਂ ਬੱਚਾ ! ਅਜੇ ਤੂੰ ਸਿੱਖ ਬੀ ਨਹੀਂ ?

ਪੁੱਤ੍ਰ-ਮਾਂ ਜੀ ! ਸਿੱਖ, ਮੈਂ ਤਾਂ ਸਿੱਖਾਂ ਦੇ ਜੋੜੇ-ਬਰਦਾਰ ਹੋਣ ਦੇ ਲਾਇਕ ਬੀ ਨਹੀਂ । ਮਾਂ ਜੀ ਸਿੱਖੀ ਬੜੀ ਉੱਚੀ ਪਦਵੀ ਹੈ । ਸਿੱਖ ਦੇ ਦਰਸ਼ਨ ਨੂੰ ਤਾਂ ਤਿੰਨਾਂ ਲੋਕਾਂ ਦੇ ਵਡੱਕੇ ਤਰਸਦੇ ਹਨ।

ਮਾਂ-ਤੇ ਫੇਰ ਹੋਇਆ ਕੀ ?

ਪੁੱਤ੍ਰ-‘ਪ੍ਰੀਤਿ ਪ੍ਰੇਮ ਤਨੁ ਖਚਿ ਰਹਿਆ ਬੀਚੁ ਨ ਰਾਈ ਹੋਤ ॥

ਚਰਨਕਮਲ ਮਨੁ ਬੇਧਿਓ ਬੂਝਨੁ ਸੁਰਤਿ ਸੰਜੋਗ’* ॥੨॥

ਮਾਂ-ਬੱਚਾ ! ਕੀ ਕਹਾਂ? ਕੀ ਕਰਾਂ ? ਅਤੇ ਕੀ ਨਾ ਕਰਾਂ ? ਤੂੰ ਤਾਂ ਗੱਲਾਂ ਕੁਝ ਬਾਵਰਿਆਂ ਵਾਂਗੂੰ ਲੈ ਤੁਰਿਓਂ ।

ਪੁਤ੍ਰ-ਮੂਸਨ ਮਰਮੁ ਨ ਜਾਨਈ ਮਰਤ ਹਿਰਤ ਸੰਸਾਰ ॥

ਪ੍ਰੇਮ ਪਿਰੰਮ ਨ ਬੇਧਿਓ ਉਰਝਿਓ ਮਿਥ ਬਿਉਹਾਰ॥੬॥

ਮਾਂ-ਸੱਚ ਹੈ ਜੀਉਣ ਜੋਗਿਆ ! ਤੇਰੇ ਭੇਤਾਂ ਨੂੰ ਮੈਂ ਕੀ ਜਾਣਾ ।

(ਹਾਹਕਾ ਲੈ ਕੇ) -ਬੱਚਾ ! ਹੈਂ ਤੇਰੀ ਸੁੰਦਰ ਦੇਹੀ, ਤੇਰਾ ਪਿਆਰਾ ਚਿਹਰਾ ਜ਼ਾਲਮ ਮੁਗ਼ਲ ਹਾਕਮਾਂ ਦੇ ਢਹੇ ਚੜ੍ਹ ਜਾਵੇਗਾ, (ਰੋ ਕੇ) ਮੇਰੇ ਲਾਲ ! ਉਹ ਖ਼ਬਰੇ ਤੇਰੇ ਨਾਲ ਕੀਹ ਕਰਨਗੇ ? ਪਿਆਰੇ ਲਾਲ ? ਬੁੱਢੀ ਮਾਂ ਤੇ ਤਰਸ ਕਰ, ਬਖ਼ਸ਼ ਲੈ! ਹਾਇ ਮਮਤਾ ! ਲਾਲ ! ਤੂੰ ਪੁੰਨ ਦਾਨ ਕਰ, ਗ੍ਰੰਥੀਆਂ ਨੂੰ ਪਾਲ, ਸਿੱਖਾਂ ਨੂੰ ਰੁਪਏ ਦੇਹ, ਜੋ ਤੇਰਾ ਜੀ ਆਵੇ ਧਰਮ ਦੇ ਕੰਮ ਕਰ । ਜੇ ਤੂੰ ਧਰਮ ਅਰਥ ਲਾਵੇਂ ਤਾਂ ਕੀ ਗੁਰੂ ਸਾਹਿਬ ਜੀ ਪ੍ਰਸੰਨ ਨਾ ਹੋਣਗੇ ?

ਪੁਤ੍ਰ-ਕਿਉਂ ਨਹੀਂ, ਪਰ ਮਾਂ ਜੀ !..

‘ਸੰਮਨ ਜਉ ਇਸ ਪ੍ਰੇਮ ਕੀ ਦਮ ਕਿਹੁ ਹੋਤੀ ਸਾਂਟ ॥

ਰਾਵਨ ਹੁਤੇ ਸੁ ਰੰਕ ਨਹਿ ਜਿਨਿ ਸਿਰ ਦੀਨੇ ਕਾਟਿ ॥੧॥

ਮਾਤਾ-ਹਾਇ ਮੇਰੇ ਭਾਗ ! ਮੈਂ ਪਹਿਲੋਂ ਕਿਉਂ ਨਾ ਮਰ ਗਈ,

ਬੱਚਾ ਤੇਰੇ ਸਿਰ ਦੀਆਂ ਖ਼ੈਰਾਂ ਮਨਾਉਂਦਿਆਂ ਸੁਖਣਾ ਦੇਂਦਿਆਂ ਤੇ ਮੰਨਤਾਂ ਚੜ੍ਹਾਉਂਦਿਆਂ ਐਹ ਦਿਨ ਆਏ, ਤੂੰ ਸਿਰ-ਧੜ ਦੀ ਬਾਜ਼ੀ ਲਾ ਬੈਠਾ ਹੈਂ । ਬੱਚਾ ! ਇਹ ਬਾਜ਼ੀ ਨਾ ਖੇਡ, ਜਿਸ ਰਸਤੇ ਤੂੰ ਚੜ੍ਹਿਆ ਹੈਂ ਧਰੂ ਪ੍ਰਹਿਲਾਦ ਆਦਿਕਾਂ ਵੱਲ ਵੇਖ, ਭਾਈ ਮਨੀ ਸਿੰਘ ਜੀ ਆਦਿਕਾਂ ਨੂੰ ਅੱਖੀਂ ਡਿੱਠਾ ਹਈ । ਹਾਇ, ਤਾਰੂ ਸਿੰਘ ਦੀ ਮਾਂ ਦਾ ਦਰਦਨਾਕ ਹਾਲ ਮੇਰਾ ਕਲੇਜਾ ਧੂਹ ਲਿਜਾਂਦਾ ਹੈ : ਬੱਚਾ ! ਇਹ ਬੜਾ ਕਠਨ ਪੈਂਡਾ ਹੈ ।

ਪੁੱਤ੍ਰ-ਮਾਂ ਜੀ ! ਮਹਾਰਾਜ ਜੀ ਕਹਿੰਦੇ ਹਨ :-

‘ਸਾਗਰ ਮੇਰੁ ਉਦਿਆਨ ਬਨ ਨਵਖੰਡ ਬਸੁਧਾ ਭਰਮ ॥ ਮੂਸਨ ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ*” ॥੩॥

ਮਾਂ-ਪੁਤ੍ਰ ! ਤੈਨੂੰ ਇਹ ਸ਼ੁਦਾ ਕਿਥੋਂ ਚੰਬੜ ਗਿਆ? ਮੈਂ ਤੈਨੂੰ ਭਲੇ ਪਾਸਿਓਂ ਤਾਂ ਨਹੀਂ ਰੋਕਦੀ। ਦੇਖ: ਪੁੰਨ ਦਾਨ, ਜਪ ਤਪ ਆਦਿਕ ਥੋੜੇ ਕੰਮ ਹਨ, ਜਿਨ੍ਹਾਂ ਨਾਲ ਖ਼ੁਸ਼ੀ ਹੁੰਦੀ ਅਰ ਜਸ ਫੈਲਦਾ ਹੈ ? ਮੈਂ ਤਾਂ ਨਿਰਾ ਏਸ ਗਲੋਂ ਰੋਕਦੀ ਹਾਂ, ਕਿ ਵੱਜ ਵਜਾ ਕੇ ਸਿੱਖ ਨਾ ਬਣ, ਆਪਣੇ ਧਰਮ ਦਾ ਰੌਲਾ ਨਾ ਪਾ।

ਪੁਤ੍ਰ (ਠੰਢਾ ਸਾਹ ਭਰਕੇ)-ਮਾਂ ਜੀ !

‘ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰੁ ਗਰਬ ॥

ਮੂਸਨ ਨਿਮਖਕ ਪ੍ਰੇਮ ਪਰਿ ਵਾਰਿ ਵਾਰਿ ਦੇਉਂ ਸਰਬ ॥੫॥

ਮਾਂ (ਨਿਰਾਸ ਹੋ ਕੇ)-ਬੱਚਾ ! ਖ਼ਬਰੇ ਤੈਨੂੰ ਪ੍ਰੇਮ ਵਿਚ ਕੀ ਮਿੱਠਾ ਲੱਗਾ ਹੈ, ਮੈਂ ਤਾਂ ਸਭ ਨੂੰ ਦੁਖੀ ਹੁੰਦਾ ਡਿਠਾ ਸੁਣਿਆ ਹੈ ।

ਪੁਤ੍ਰ-‘ਮੁਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰੁ ਛਾਇ ॥

ਬੀਧੈ ਬਾਂਧੇ ਕਮਲ ਮਹਿ ਭਵਰ ਰਹੇ ਲਪਟਾਇ* ॥੪॥ ਮਾਂ-ਸ਼ਰਾਬੀ ਨੂੰ ਨਸ਼ੇ ਦੀ ਚੇਟਕ ਵਾਂਗੂੰ ਇਹ ਭੀ ਚੇਟਕ ਹੀ ਜਾਪਦੀ ਹੈ । ਸਾਨੂੰ ਕਿਉਂ ਨਹੀਂ ਇਸ ਦੀ ਚਾਹ ਹੁੰਦੀ ? -ਹਾਇ ਪੁਤ੍ਰ! ਤੈਨੂੰ ਕੀ ਸ਼ੁਦਾ ਹੋ ਗਿਆ ? ਮਾਂ ਵਾਰੀ ! ਆ ਕੁਛ ਸਮਝ ਕਰ ।

ਪੁਤ੍ਰ-ਮਾਂ ਜੀ ! ਲਿਖਿਆ ਤਾਂ ਐਉਂ ਹੈ :-

‘ਘਬੁ ਦਬੁ ਜਬ ਜਾਰੀਐ ਬਿਛੁਰਤ ਪ੍ਰੇਮ ਬਿਹਾਲ ॥

ਮੁਸਨ ਤਬ ਹੀ ਮੂਸੀਐ ਬਿਸਰਤ ਪੁਰਖ ਦਇਆਲ ॥੭॥ ਇਹ ਸੁਆਦ ਐਵੇਂ ਕਿਥੋਂ ਆ ਸਕਦਾ ਹੈ : ਆਪਣਾ ਆਪ ਜਦ ਤੀਕ ਨਾ ਜਾਣੇ ਤੇ ਸਤਿਗੁਰ ਕਲਗੀਧਰ ਦੀ ਕਿਰਪਾ ਨਾ ਹੋਵੇ ? ਜੀਓ ਜੀ ਹਾਂ :-

‘ਜਾਕੇ ਪ੍ਰੇਮ ਸੁਆਉ ਹੈ ਚਰਨ ਚਿਤਵ ਮਨ ਮਾਹਿ ॥ ਨਾਨਕ ਬਿਰਹੀ ਬ੍ਰਹਮ ਕੇ ਆਨ ਨ ਕਤਹੂ ਜਾਹਿ ॥੮॥ ਮਾਂ-ਮੈਂ ਸਮਝਾ ਰਹੀ, ਕੁਛ ਨਾ ਪੋਹਿਆ, ਹਾਇ ਪਿਆਰੇ ਪੁਤ੍ਰ ! ਇਹ ਉੱਚੀਆਂ ਘਾਟੀਆਂ ਬਿਖੜੇ ਰਸਤੇ ਨਾ ਫੜ; ਆਪਣੇ ਅੰਦਰ ਵੜਕੇ ਸਤਿਗੁਰਾਂ ਨੂੰ ਧਿਆ ਲੈ । ਨਿੱਕੀ ਜਿਹੀ ਤੇਰੀ ਜਿੰਦ ਹੈ, ਇਕ ਭਾਰੀ ਪਰਬਤ ਸਿਰ ਤੇ ਪੈਣ ਦਾ ਡਰ ਹੈ, ਮੇਰੇ ਲਾਲ ! ਕੀਕਰ ਬਚੇਂਗਾ ?

ਪੁਤ੍ਰ-ਮਾਂ ਜੀ ! ਹੈ ਤਾਂ ਇਸੇ ਤਰ੍ਹਾਂ ।

‘ਲਖ ਘਾਟੀਂ ਊਚੌ ਘਨੌ ਚੰਚਲ ਚੀਤ ਬਿਹਾਲ’ ॥

ਪਰ ਸਤਿਗੁਰਾਂ ਦੀ ਕ੍ਰਿਪਾ ਹੋਵੇ ਤਾਂ :-

‘ਨੀਚ ਕੀਚ ਨਿਮ੍ਰਿਤ ਘਨੀ ਕਰਨੀ ਕਮਲ ਜਮਾਲ* ॥੯॥

ਭੈਣ-ਵੀਰ ਜੀ ! ਮਾਂ ਨੇ ਐਤਨਾ ਸਮਝਾਇਆ ਤੁਸਾਂ ਇਕ ਨਹੀਂ ਮੰਨੀ; ਕੀ ਸਬੱਬ ਹੈ ? ਜਿੱਕਰ ਥਿੰਧੇ ਘੜੇ ਤੇ ਪਾਣੀ ਪੈਂਦਾ ਹੈ ਸਭ ਵਗ ਗਿਆ ਤੁਸੀਂ ਤਾਂ ਡਾਢੇ ਕੂਲੇ ਹੁੰਦੇ ਸਾਓ !

ਭਰਾ-ਭੈਣ ਜੀ ! ਮੇਰੇ ਵੱਸ ਨਹੀਂ :–

‘ਮਗਨੁ ਭਇਓ ਪ੍ਰਿਅ ਪ੍ਰੇਮ ਸਿਉ ਸੂਧ ਨ ਸਿਮਰਤ ਅੰਗ ॥

3 ਕਾਂਡ ।

ਹੁਣ ਤਾਂ ਮਾਂ ਬੇਵੱਸ ਹੋ ਫੇਰ ਪੁੱਤ੍ਰ ਨੂੰ ਗਲ ਨਾਲ ਲਾ ਅਰ ਬੜੇ ਪ੍ਰੇਮ ਨਾਲ ਘੁੱਟ ਕੇ ਸਾਵਣ ਦੇ ਮੀਂਹ ਵਾਂਗੂ ਐਸਾ ਰੋਈ ਕਿ ਇਕਤਾਰ ਬੱਝ ਗਈ । ‘ਪਿਆਰੇ ਪੁਤ੍ਰ ! ਬੁੱਢੀ ਮਾਂ ਤੇ ਤਰਸ ਕਰ । ਬੱਚਾ ! ਤਰਸ ਕਰ।’

ਐਤਕੀਂ ਸਿੰਘ ਸਾਹਿਬ ਬੀ ਨਾ ਰੁਕ ਸਕੇ, ਅੱਖਾਂ ਵਿਚ ਜਲ ਭਰ

ਆਇਆ ਤੇ ਬੋਲੇ :-

ਮਾਂ ਜੀ ! ਤੁਹਾਡੀ ਖ਼ਾਤਰ ਮੈਂ ਇੰਨਾ ਕਰ ਸਕਦਾ ਹਾਂ ਕਿ ਇਸ ਘਰ ਵਿਚ ਚੁਬਾਰਾ ਮੈਨੂੰ ਦੇ ਛੱਡੋ, ਮੈਂ ਜੀਵਨ ਦੇ ਦਿਨ ਉਥੇ ਕੱਟ ਲਵਾਂਗਾ। ਬਾਹਰ ਨਿਕਲਣਾ, ਕਿਸੇ ਦੇ ਮੱਥੇ ਲੱਗਣਾ ਸਭ ਤਿਆਗ ਦਿਆਂਗਾ । ਨਾ ਕਿਸੇ ਨੂੰ ਪਤਾ ਲੱਗੇ ਨਾ ਆਪ ਨੂੰ ਔਖ ਹੋਵੇ, ਪਰ ਮੈਂ ਇਹ ਨਹੀਂ ਕਰ ਸਕਦਾ ਕਿ ਥੋੜੇ ਦਿਨਾਂ ਦੇ ਜੀਵਨ ਖ਼ਾਤਰ ਸਦਾ ਅੰਗ ਸੰਗ ਰਹਿਣੇ ਵਾਲੇ ਧਰਮ ਦਾ ਤਿਆਗ ਕਰਦਿਆਂ।

ਮਾਂ-ਬੱਚਾ ! ਜੇ ਇੰਨਾ ਬੀ ਮੰਨ ਲਵੇਂ ਤਾਂ ਲੱਖ ਸ਼ੁਕਰ ਹੈ, ਪਰ ਤੇਰਾ ਜੀ ਨਾ ਅਕੁਲਾਵੇਗਾ ?

ਪੁਤ੍ਰ-ਨਹੀਂ ਮਾਂ ਜੀ ! ਮੈਨੂੰ ਏਕਾਂਤ ਸੁਖਦਾਈ ਹੈ । ਮੇਰੇ ਸਤਿਗੁਰ ਹਰ ਵੇਲੇ ਅੰਗ ਸੰਗ ਹਨ ।

ਇਸ ਨਬੇੜੇ ਨਾਲ ਸਭ ਨੂੰ ਤਸੱਲੀ ਹੋ ਗਈ। ਏਨੇ ਪਰ ਦੀਵਾਨ ਸਾਹਿਬ ਪੰਡਿਤ ਸਾਹਿਬ ਤੇ ਵੱਡਾ ਪੁਤ੍ਰ ਆ ਗਏ, ਆਉਂਦੇ ਸਾਰ ਹੀ

ਦੀਵਾਨ ਸਾਹਿਬ ਬੋਲੇ :-

‘ਦੁਸ਼ਟ ਰਾਮ ਲਾਲ ! ਨਿਕਲ ਜਾਓ, ਮੇਰੀ ਹਵੇਲੀਓਂ ਬਾਹਰ ਅਰ ਜੀਉਂਦੇ ਜੀ ਮੇਰੇ ਕਦੀ ਮੱਥੇ ਨਾ ਲੱਗੋ ।

ਪੰਡਿਤ-ਰਾਮ ਲਾਲ ! ਤੇਰੀ ਬੁੱਧੀ ਕੋ ਕਿਆ ਹੋ ਗਿਆ ? ਮਲੇਛ ! ਰਾਜ ਘਰਾਣੇ ਮੇਂ ਹੋ ਕੇ ਕਿਆ ਕੀਆ ? ਅਬ ਬੀ ਸਮਝ !

ਮਾਂ-ਪੰਡਤ ਜੀ, ਲਹੂ ਨਾਲ ਲਹੂ ਧੋਤਿਆਂ ਪੂਰੀ ਨਹੀਂ ਪੈਂਦੀ, ਕੁਝ ਨਰਮੀ ਤੇ ਪਿਆਰ ਤੋਂ ਕੰਮ ਲੈਣਾ ਚੰਗਾ ਹੁੰਦਾ ਹੈ । ਰਾਮ ਲਾਲ ਘਰ ਵਿਚ ਗੁਪ ਛੁਪ ਰਹਿਣਾ ਮੰਨਦਾ ਹੈ, ਇਹ ਪ੍ਰਬੰਧ ਮੈਂ ਕਰ ਲਵਾਂਗੀ ਘਰੋਂ ਬਾਹਰ ਸੋ ਨਾ ਨਿਕਲੇ । ਘਰੋਂ ਕੱਢਕੇ ਤਾਂ ਆਪ ਮੌਤ ਦੇ ਮੂੰਹ ਪਾ ਦੇਣਾ ਹੋਵੇਗਾ, ਕੁਛ ਸੋਚ ਕਰ ਲਓ।

ਪੰਡਤ-ਮਾਈ ! ਸੱਚ ਹੈ, ਹੁਣ ਲੁਕਾਉ ਦਾ ਵੇਲਾ ਲੰਘ ਗਿਆ। ਨਵਾਬ ਨੂੰ ਮਾਲੂਮ ਹੋ ਗਿਆ ਹੈ, ਹੁਣ ਦੀਵਾਨ ਸਾਹਿਬ ਓਥੋਂ ਹੋ ਕੇ ਆਏ ਹਨ। ਨਵਾਬ ਸਾਹਿਬ ਕਹਿੰਦੇ ਹਨ ਸਿੱਖ ਨਾ ਰਹੇ, ਜੇ ਨਾ ਮੰਨੇ ਤਾਂ ਸਾਡੇ ਹਵਾਲੇ ਕਰੋ । ਬੜੀ ਮੁਸ਼ਕਲ ਨਾਲ ਇਹ ਮਨਾਇਆ ਹੈ ਕਿ ਜੇ ਸਾਡੇ ਆਖੇ ਨਾ ਲੱਗਾ ਤਾਂ ਘਰੋਂ ਕੱਢ ਦਿਆਂਗੇ ।

ਮਾਂ-ਹਾਇ ਮੈਂ ਮਰ ਗਈ ! ਪੰਡਤ ਜੀ ! ਤੁਸੀਂ ਹੀ ਕੁਝ ਦਇਆ ਕਰਦੇ । ਮੇਰਾ ਲਾਲ ! ਹਾਇ ਹਾਇ, ਮੇਰਾ ਬਾਲ, ਦਰ-ਬ-ਦਰ ਰੁਲੇਗਾ ਹਾਇ ਰੱਬਾ ! ਮੈਂ ਕੀ ਕਰਾਂ ?

ਦੀਵਾਨ-ਬਾਉਲੀ ਹੋ ਗਈ ਏਂ ! ਜਿਆਣੇ ਕਹਿੰਦੇ ਹਨ ਕਿ ਜ ਉਂਗਲ ਸੱਪ ਥੀਂ ਡੰਗੀ ਜਾਏ ਸੋ ਵੱਢ ਦਿਓ, ਜੋ ਕਿਵੇਂ ਬਾਕੀ ਦਾ ਸਰੀਰ ਬਚ ਜਾਏ । ਸਾਰੇ ਟੱਬਰ ਨੂੰ, ਪਿਉ ਦਾਦੇ ਦੀ ਇੱਜ਼ਤ ਨੂੰ ਤੇ ਇਸ ਮਾਲ ਦੌਲਤ ਨੂੰ ਬਚਾਉਣ ਲਈ ਰਾਮ ਲਾਲ ਨੂੰ ਗੰਦੀ ਉਂਗਲ ਜਾਣ ਕੇ ਵੱਢ ਦੇਣਾ ਭਲੀ ਗੱਲ ਹੈ ।

ਮਾਂ-ਹਾਇ ਰਾਮ ! ਪਵਿੱਤਰ ਆਤਮਾ ਪੁਤ੍ਰ ਗੰਦੀ ਉਂਗਲ !! ਪ੍ਰਲੋਕ ਵਿਚ ਸਹਾਈ ਹੋਣ ਵਾਲਾ ਦੁਲਾਰਾ ਜ਼ਹਿਰ ਦੇ ਸਮਾਨ !! ਸਾਰੇ ਟੱਬਰ ਦਾ ਚੰਦ ! ਹੈਂ, ਮੇਰਾ ਲਾਡਲਾ ਬਾਲ !

ਦੀਵਾਨ-ਤੂੰ ਨਾਲ ਹੀ ਪੱਟੀ ਗਈ, ਸਿਰ ਮੁੰਨ ਕੇ ਏਸੇ ਨਾਲ ਹੀ ਕੱਢ ਦਿਆਂਗਾ ।

ਪੁੱਤ੍ਰ (ਮਾਂ ਦੇ ਪੈਰ ਫੜਕੇ) -ਪਿਆਰੀ ਮਾਂ! ਮੇਰੇ ਪਿੱਛੇ ਆਪਣੀ ਪਤ ਨਾ ਗੁਆ, ਮੇਰੇ ਭਾਗ ਮੇਰੇ ਨਾਲ ਹਨ, ਤੂੰ ਫਿਕਰ ਨਾ ਕਰ, ਦੋ ਪੁੱਤ ਤੇਰੇ ਘਰ ਹੋਰ ਹਨ; ਉਨ੍ਹਾਂ ਵਲ ਚਿੱਤ ਲਾ ਮੈਨੂੰ ਸਮਝ ਕਿ ਮਰ ਗਿਆ ਹੈ, ਜਿਨ੍ਹਾਂ ਦੇ ਪੁੱਤ੍ਰ ਮਰ ਜਾਂਦੇ ਹਨ, ਉਹ ਮਾਵਾਂ ਬੀ ਸਬਰ ਕਰਦੀਆਂ ਹੀ ਹਨ ਨਾ !

ਮਾਂ-ਬੱਚਾ ! ਜੀਉਣ ਉਹ ਬੀ, ਪਰ ਤੇਰੇ ਬਿਨਾਂ ਜੀਉ ਕਿਵੇਂ ਪਰਚਾਵਾਂ ? ਬੱਚਾ ! ਮੈਂ ਕੀਕੁਰ ਜੀਵਾਂਗੀ ? ਤੂੰ ਮੇਰੀ ਜਿੰਦ ਦਾ ਟੁਕੜਾ, ਮੇਰਾ ਲਾਲ, ਮੇਰੇ ਲਾਡਲੇ ਦੁਲਾਰੇ !

ਵੱਡਾ ਪੁਤ੍ਰ-ਮਾਂ ! ਹੋਸ਼ ਕਰ, ਸੱਚ ਮੁਚ ਤੀਵੀਂ ਦੀ ਅਕਲ ਗੁੱਤ ਪਿੱਛੇ ! ਸਮਾਂ ਵੇਖ ਕੇ ਬਾਕੀ ਟੱਬਰ ਦੀ ਸੁਖ ਮੰਗ ।

ਮਾਂ-ਵੇ ਰਾਮ ਲਾਲ ! ਮੈਨੂੰ ਤਿੰਨ ਪੁੱਤ ਹੁੰਦਿਆਂ ਨਿਪੁੱਤੀ ਕਰ ਚੱਲਿਓਂ ! ਮੈਨੂੰ ਨਿੱਤ ਦੀ ਚਿਖ਼ਾ ਵਿਚ ਪਾ ਚੱਲਿਓਂ ! ਨਾ ਮਰਾਂਗੀ ਨਾ ਜੀਵਾਂਗੀ, ਬੱਚਾ ! ਦਿਨ ਰਾਤ ਵੈਣ ਕਰਾਂਗੀ।

ਦੀਵਾਨ-ਬਾ ਮਾਰੀ ਹੋਈ, ਅਕਲ, ਹੋਸ਼ ਕਰ, ਕਿਤੇ ਇਸ ਦੇ ਨਾਲ ਨਾ ਸੂਲੀ ਚੜੀਂ ਤੂੰ ਬੀ !

ਸਿੰਘ ਜੀ ਦੀਆਂ ਭੈਣਾਂ ਬਿਹਬਲ ਹੋਈਆਂ ਜ਼ਾਰੋ ਜ਼ਾਰ ਰੋਂਦੀਆਂ ਤੇ ਵੀਰ ਦੇ ਹੱਥ ਫੜ ਫੜ ਕਹਿਂਦੀਆਂ ਸਨ : ਵੇ ਵੀਰ ! ਅਸਾਂ ਗਊਆਂ ਤੇ ਦਇਆ ਕਰ; ਵੀਰ ਵੇ ! ਗਊਆਂ ਨੂੰ ਘਾਹ ਪਾ, ਲਾਲੇ ਜੀ ਦਾ ਕਿਹਾ ਮੰਨ ਵੀਰ ਵੇ ! ਸਦਾ ਦੇ ਸੱਲ ਨਾ ਦੇਹ ! ਬਾਕੀ ਸਾਰਾ ਟੱਬਰ ਰੋ ਰੋ ਕੇ ਫਾਹਵਾ ਹੋ ਰਿਹਾ ਸੀ; ਬਾਂਦੀਆਂ ਗੋਲੀਆਂ ਟਹਿਲਣਾਂ ਜੋ ਸਭ ਸਿੰਘ ਜੀ ਦੀ ਦਇਆ ਦਾ ਪਾਤ੍ਰ ਸਨ ਰੋਂਦੀਆਂ ਸਨ । ਦੀਵਾਨ ਸਾਹਿਬ ਲੋਹੇ ਲਾਖੇ ਹੋ ਰਹੇ ਸਨ । ਪੰਡਤ ਜੀ ਉਤੋਂ ਕੋਮਲ ਅੱਖਾਂ ਜਲ ਨਾਲ ਪੂਰਤ ਤੇ ਅੰਦਰੋਂ ਥਿੰਧੇ ਘੜੇ ਹੋ ਰਹੇ ਸੇ । ਵੱਡਾ ਭਿਰਾਉ ਹੈਰਾਨੀ ਤੇ ਗੁੱਸੇ ਵਿਚ ਗੁੱਟਿਆ ਹੋਇਆ ਘੂਰ ਰਿਹਾ ਸੀ ।

ਮਾਂ-ਬੱਚਾ ! ਉਸ ਕਲਗੀਆਂ ਵਾਲੇ ਗੁਰੂ ਦੇ ਚਰਨਾਂ ਦੀ ਖ਼ਰੈਤ ਮੇਰਾ ਬਚਨ ਮੰਨ; ਤੈਨੂੰ ਉਸੇ ਦਾ ਵਾਸਤਾ ਹਈ।

ਕਲਗੀਆਂ ਵਾਲੇ ਦਾ ਵਾਸਤਾ ਸੁਣਦੇ ਹੀ ਸਿੰਘ ਜੀ ਨੇ ਇਕ ਘੇਰਨੀ ਖਾਧੀ । ਹਾਇ ! ਕੈਸੀ ਕੋਮਲ ਦਸ਼ਾ ਹੈ, ਜੇ ਗੁਰੂ ਦਾ ਵਾਸਤਾ ਮੋੜੇ ਤਦ ਬੇਮੁਖ, ਜੇ ਮੰਨੇ ਤਦ ਸਿੱਖੀ ਹਾਰ ਕੇ ਬੇਮੁਖ, ਕਰੇ ਤਾਂ ਕੀ ਕਰੇ ? ਮਾਂ ਦੇ ਅਤਿ ਪਿਆਰ, ਭੈਣਾਂ ਦੇ ਅਤਿ ਸਨੇਹ ਆਦਿ ਨੇ ਦਿਮਾਗ਼ ਨੂੰ ਚਕਰਾ ਦਿੱਤਾ ਅਰ ਮੂਰਛਾ ਜਿਹੀ ਹੋ ਗਈ ।

ਐਸੀਆਂ ਕਸ਼ਟ ਭਰੀਆਂ ਦਸ਼ਾ ਵਿਚ ਸਾਡੇ ਬਜ਼ੁਰਗਾਂ ਨੇ ਖਾਲਸਾ ਧਰਮ ਗ੍ਰਹਿਣ ਕੀਤਾ ਸੀ ਜੋ ਅੱਜ ਕਲ੍ਹ ਮਾਇਆ ਦੇ ਝਲਕੇ ਤੇ ਵਿਸ਼ਿਆਂ ਦੇ ਮੋਹ ਅੱਗੇ ਮੁਫ਼ਤ ਦਿੱਤਾ ਜਾ ਰਿਹਾ ਹੈ; ਗੁਰੂ ਰੱਖਿਆ ਕਰੇ ।

ਗੋਲੀਆਂ ਦੌੜੀਆਂ, ਗੁਲਾਬ ਕਿਉੜੇ ਦੇ ਛੱਟੇ ਮਾਰ ਕੇ ਹੋਸ਼ ਲਿਆਂਦੀ । ਮਾਂ, ਮਮਤਾ ਦੀ ਮਾਰੀ ਮਾਂ, ਪੁੱਤ ਦਾ ਹੱਥ ਹੱਥਾਂ ਵਿਚ ਲੈ ਕੇ ਤੇ ਪਲੋਸ ਕੇ ਬੋਲੀ, ਮੇਰੇ ਲਾਲ ! ਹੋਸ਼ ਕਰ, ਮੈਂ ਗੁਰੂ ਦਾ ਵਾਸਤਾ ਛੱਡਿਆ; ਤੂੰ ਤਕੜਾ ਹੋ । ਜਾਂ ਰਾਮ ਲਾਲ ਉਠਿਆ, ਦੀਵਾਨ ਨੇ ਬਾਂਹ ਫੜ ਕੇ ਕਿਹਾ ! ਜਾਓ ਨਿਕਲੋ; ਢਿੱਲ ਨਾ ਕਰੋ ।

ਰਾਮ ਲਾਲ ਨੇ ਕਦਮ ਚੁੱਕਿਆ ਤਾਂ ਉਸ ਦੀ ਸਿੱਖਣੀ ਤੇ ਪੁਤ੍ਰ ਬੀ ਮਗਰ । ਦੀਵਾਨ ਨੇ ਨੂੰਹ ਦੀ ਬਾਂਹ ਫੜ ਕੇ ਕਿਹਾ, ਤੈਂ ਨਹੀਂ ਜਾਣਾ। ਪਰ ਬਾਂਹ ਛੁਡਾ ਕੇ ਪਤੀਬਤਾ ਪਤੀ ਦੇ ਮਗਰ । ਤਦ ਮਾਂ ਨੇ ਕਿਹਾ : ਬੱਚਾ ! ਜ਼ਰਾ ਠਹਿਰ ਜਾ। ਬਾਹੋਂ ਫੜ ਕੇ ਪੁਤ੍ਰ ਨੂੰ ਪਾਸ ਬਹਾਲ ਲਿਆ । ਤੇ ਰੋ ਰੋ ਕੇ ਬੋਲੀ : ਕਾਕਾ! ਮੈਨੂੰ ਮਾਰ ਕੇ ਜਾਂਦੋਂ, ਤੇਰਾ ਹੱਥ ਲੱਗਦਾ ਤਾਂ ਮੇਰਾ ਅੱਗਾ ਸੌਰਦਾ ਤੇ ਤੂੰ ਤਾਂ ਹੁਣ ਵਹੁਟੀ ਬੀ ਨਾਲ ਲੈ ਚੱਲਿਓਂ! ਮੇਰੇ ਪੋਤਰੇ ਤੇ ਨੂੰਹ ਨੂੰ ਤਾਂ ਛੱਡ ਜਾਹ!

ਪੁੱਤ੍ਰ-ਮਾਂ ਜੀ ਇਹ ਸਭ ਤੁਹਾਡੀ ਦੌਲਤ ਹਨ, ਇਨ੍ਹਾਂ ਨੂੰ ਰੱਖੋ, ਮੈਂ ਨਾਲ ਨਹੀਂ ਲਿਜਾਂਦਾ।

ਸਿੱਖਣੀ (ਸੱਸ ਅੱਗੇ ਹੱਥ ਜੋੜ ਕੇ)-ਮਾਂ ਜੀ! ਬਖਸ਼ੋ, ਮੈਨੂੰ ਆਯਾ ਦਿਓ! ਜਿੱਥੇ ਇਹ ਜਾਣਗੇ ਓਥੇ ਹੀ ਮੈਂ ਜਾਵਾਂਗੀ। ਇਨ੍ਹਾਂ ਨਾਲੋਂ ਮੈਂ ਅੱਡ ਨਹੀਂ ਰਹਿ ਸਕਦੀ।

ਮਾਂ-ਧੀਏ! ਮੇਰਾ ਕੌਣ?

ਨੂੰਹ-ਤੇ ਮਾਂ ਜੀ ਸ੍ਵਾਮੀ ਬਾਝ ਮੇਰਾ ਕੌਣ? ਆਪ ਵੱਡੇ ਸਿਰ ਮੱਥੇ ਤੇ; ਪਰ ਸ੍ਵਾਮੀ ਦੇ ਚਰਨਾਂ ਦੀ ਦਾਸੀ ਹੋਣ ਕਰਕੇ ਉਨ੍ਹਾਂ ਦੀ ਸੇਵਾ ਤੋਂ ਕਿੱਕੁਰ ਮੂੰਹ ਮੋੜਾਂ? ਘਰ ਦੇ ਸੁਖ ਭੋਗਾਂ ਤੇ ਪਤੀ ਦੇ ਦੁੱਖਾਂ ਦਾ ਹਿੱਸਾ ਨਾ ਵੰਡਾਵਾਂ? ਅੱਧਾ ਅੰਗ ਸਾਰੇ ਤੋਂ ਕੀਕੂੰ ਵਿਛੜੇ? ਲੋਕ ਪ੍ਰਲੋਕ, ਦੁੱਖ ਸੁੱਖ, ਏਹ ਮੇਰਾ ਹਰ ਥਾਂ, ਹਰ ਹਾਲ, ਆਸਰਾ ਪਰਨਾ, ਮੇਰਾ ਆਪਣਾ ਆਪ, ਮੈਂ ਆਪਣੇ ਆਸਰੇ ਤੋਂ ਆਪਣੇ ਆਪੇ ਤੋਂ ਕੀਕੂ ਵਿਛੁੜਾਂ?

ਦੀਵਾਨ-ਬਈ, ਸਿੱਖਾਂ ਦੀ ਸੰਗਤ ਬੀ ਬੁਰੀ ਇਕ ਛੁਰੀ ਹੈ। ਇਹ ਕੁੜੀ ਬੀ ਗਿਆਨ ਸਾੜਨ ਲੱਗੀ ਜੇ। ਹੱਛਾ ਪਰਾਲਬਧ! ਇਸ ਕੋ ਭੀ ਨਿਕਾਲ ਦਿਓ। ਲੜਕੇ ਨੂੰ ਰੱਖ ਲਓ।

ਬਾਲਕ-ਨਾ ਬਾਬਾ! ਮੈਂ ਨਹੀਂ ਰਹਿੰਦਾ, ਜਿੱਥੇ ਮੇਰੇ ਬਾਪੂ ਜੀ ਤੇ ਮਾਂ ਜੀ ਰਹਿਣਗੇ, ਓਥੇ ਹੀ ਮੈਂ ਰਹਾਂਗਾ।

ਦੀਵਾਨ-ਕਿਉਂ ਬੱਚੂ?

ਬਾਲਕ-ਇਨ੍ਹਾਂ ਦੇ ਪਿੱਛੇ ਮੈਂ ਰੋਟੀ ਕਿਥੋਂ ਖਾਉਂ?

ਪੰਡਤ-ਮੂਰਖ! ਦੀਵਾਨ ਸਾਹਿਬ ਦੇ ਘਰ ਰੋਟੀ ਨਹੀਂ ਹੈ?

ਬਾਲਕ-ਪਰ ਏਥੇ ਸਾਰੇ ਹੁੱਕੇ ਪੀਂਦੇ ਹਨ, ਮੈਂ ਰੋਟੀ ਕੀਕੂੰ ਖਾਊਂ? ਮੈਨੂੰ ਸ਼ਬਦ ਕੌਣ ਸੁਣਾਊ? ਮੈਨੂੰ ਕਲਗੀਆਂ ਵਾਲੇ ਦੇ ਪਿਆਰ ਦੀਆਂ ਗੱਲਾਂ ਕੌਣ ਸਮਝਾਊ?

ਦੀਵਾਨ (ਮੱਥੇ ਤੇ ਹੱਥ ਮਾਰਕੇ)-ਇਕ ਨੂੰ ਕੀ ਰੋਨੀਏਂ ਊਤ ਗਿਆ ਈ ਆਵਾ ।

ਦੀਵਾਨਣੀ (ਪੋਤਰੇ ਨੂੰ ਕੁੱਛੜ ਲੈ ਕੇ ਤੇ ਪਿਆਰ ਦੇ ਕੇ)-ਮੇਰੇ ਅੱਖਾਂ ਦੇ ਤਾਰੇ ! ਰੋਟੀ ਮੈਂ ਪਕਾਉਂ, ਵੱਖਰਾ ਚੌਂਕਾ ਬਣਾਉਂ, ਤੂੰ ਤਾਂ ਮੇਰੇ ਪਾਸ ਰਹ ਨਾ; ਲਾਲ !

ਬਾਲਕ-ਪਰ ਫੇਰ ਮੈਨੂੰ ਵੀ ਆਖੋਗੇ ਕੇਸ ਨਾ ਰੱਖ। ਮੈਂ ਕੇਸ ਰੱਖਣੇ ਹੋਏ, ਨਾਲੇ ਬਾਪੂ ਜੀ ਤੋਂ ਕੌਣ ਛੁਡਾਵੇ, ਇਹ ਕਲਗੀਆਂ ਵਾਲੇ ਦੇ ਪਿਆਰੇ ਹਨ। ਮਾਂ ਜੀ ਨੂੰ ਕੌਣ ਛੱਡੇ, ਨਿੱਤ ਗੁਰੂ ਨਾਨਕ ਜੀ ਦੇ ਪ੍ਰੇਮ ਦੀ ਕਥਾ ਕਰਦੇ ਹਨ।

ਦੀਵਾਨਣੀ-ਵੇ ਦੇਵਤਿਆਂ ਦੇ ਉਤਾਰੋ ਮੈਂ ਔਗੁਣਹਾਰੀ ਨੂੰ ਨਾਲ ਲੈ ਚੱਲੋ,ਵੇ ਪ੍ਰਮੇਸ਼ੁਰ ਦੇ ਸਵਾਰਿਓ ! ਦਯਾ ਕਰੋ, ਵੇ ਮੈਨੂੰ ਵੀ ਨਾਲ ਲੈ ਚੱਲੋ !

ਦੀਵਾਨ (ਦੀਵਾਨਣੀ ਦਾ ਹੱਥ ਹੁਜਕ ਕੇ ਤੇ ਪਰੇ ਪਟਕਾਕੇ, – ਚੱਲ ਸੁਸਰੀ ! (ਪੁਤ ਨੂੰਹ ਵੱਲ) ਨਿਕਲ ਜਾਓ !

ਦੀਵਾਨਣੀ (ਪਾਸ ਪਈ ਕਟਾਰ ਚੁੱਕ ਕੇ) -ਵੇ ਬੱਚਾ ! ਮੈਨੂੰ ਮੁਕਾ ਕੇ ਜਾਵੀਂ (ਦੌੜ ਕੇ ਸਿੰਘ ਜੀ ਨੂੰ ਬੂਹੇ ਵਿਚੋਂ ਫੜ ਲਿਆ ਬੱਚਾ ! ਮੇਰਾ ਕੰਮ ਪੂਰਾ ਕਰ ਜਾਹ (ਕਟਾਰ ਉਸਦੇ ਹੱਥ ਵਿਚ ਦੇਵੇ) ਮੈਨੂੰ ਮਾਰ ਜਾਹ ਮੈਂ ਕਿੱਕਰ ਜੀਵਾਂਗੀ? ਹਾਇ ਵੇ ਲੋਕੋ, ਮੇਰਾ ਸਰਬੰਸ ਲੁਟ ਗਿਆ। ਕੋਈ ਬਚਾਓ ਵੇ । ਕੋਈ ਰੁੜ੍ਹਦੀ ਬੇੜੀ ਬੰਨੇ ਲਾਓ ਵੇ ! ਇਉਂ ਬਿਹਬਲ ਹੋਈ ਨੇ ਕਟਾਰ ਆਪਣੇ ਪੋਟ ਵਿਚ ਮਾਰੀ, ਲਹੂ ਚੱਲ ਪਿਆ ਤੇ ਭੁਆਟਣੀ ਖਾਕੇ ਡਿੱਗ ਪਈ। ਵਡੇ ਭਰਾ ਨੇ ਧੱਕਾ ਮਾਰ ਕੇ ਸਿੰਘ, ਸਿੰਘਣੀ ਤੇ ਭੁਝੰਗੀ ਨੂੰ ਬਾਹਰ ਕੱਢ ਦਿੱਤਾ ਤੇ ਬੂਹਾ ਅੰਦਰੋਂ ਭੀੜ ਲਿਆ।

 4 ਕਾਂਡ ।

ਮਾਪਿਆਂ ਦੇ ਰਾਮ ਲਾਲ ਤੇ ਖਾਲਸੇ ਜੀ ਦੇ ਬਿਜੈ ਸਿੰਘ ਜੀ ਘਰ ਤੋਂ ਨਿਕਲ ਕੇ ਆਪਣੀ ਸਿੰਘਣੀ ਅਰ ਭੁਝੰਗੀ ਸਮੇਤ ਲਾਹੌਰ ਸ਼ਹਿਰ ਦੇ ਉਜਾੜ ਬਜ਼ਾਰਾਂ ਥਾਣੀਂ ਹੁੰਦੇ ਹੋਏ ਇਕ ਐਸੇ ਆਦਮੀ ਦੇ ਘਰ ਪਹੁੰਚੇ ਜੋ ਸਿੰਘ ਤਾਂ ਨਹੀਂ ਸੀ, ਪਰ ਜਿਸ ਦੇ ਜੀਵਨ ਦਾ ਸਾਰਾ ਵਤੀਰਾ ਸਿੱਖਾਂ ਵਾਲਾ ਸੀ,ਕੇਵਲ ਕੇਸਾਧਾਰੀ ਨਹੀਂ ਸੀ । ਇਸ ਪੁਰਖ ਨੇ ਆਪਣਾ ਧਰਮ ਇਹ ਬਣਾਇਆ ਹੋਇਆ ਸੀ ਕਿ ਵੇਲੇ ਕੁਵੇਲੇ ਸਿੰਘਾਂ ਨੂੰ ਘਰ ਵਿਚ ਲੁਕਾ ਛੁਪਾ ਕੇ ਆਸਰਾ ਦੇਵੇ । ਭਾਵੇਂ ਇਸ ਦਾ ਜੀ ਤਾਂ ਬਹੁਤ ਚਾਹੁੰਦਾ ਸੀ ਕਿ ਕੇਸਾਧਾਰੀ ਸਿੰਘ ਸਜੇ, ਪ੍ਰੰਤੂ ਪਰਉਪਕਾਰ ਦੀ ਖ਼ਾਤਰ ਤਕਲੀਫ ਝੱਲ ਕੇ ਬੀ ਤੇ ਇਹ ਖ਼ਿਆਲ ਕਰਕੇ ਕਿ ਭਾਵੇਂ ਹੋਰ ਜਨਮ ਵੀ ਧਾਰਨਾ ਪਵੇ ਪਰ ਸਿੰਘਾਂ ਦੀ ਸਹਾਇਤਾ ਜ਼ਰੂਰ ਕਰਨੀ ਹੈ, ਇਸ ਨੇ ਆਪਣੇ ਆਪ ਨੂੰ ਸਹਿਜਧਾਰੀ ਦੀ ਸ਼ਕਲ ਵਿਚ ਹੀ ਰੱਖਿਆ ਹੋਇਆ ਸੀ । ਉਸ ਸਮੇਂ ਐਸੇ ਕਈ ਹੋਰ ਪਰਉਪਕਾਰੀ ਭੀ ਸਨ ਜੋ ਆਪਣੇ ਅਸੂਲਾਂ ਕਰਕੇ ਤਾਂ ਸਿੱਖ ਸਨ, ਪਰ ਸ਼ਕਲ ਸੂਰਤ ਸਿੱਖਾਂ ਵਾਲੀ ਨਹੀਂ ਰੱਖਦੇ ਸਨ; ਸਗੋਂ ਬਾਹਰਲੀ ਵਰਤੋਂ ਭੀ ਐਸੀ ਰੱਖਦੇ ਸਨ ਕਿ ਜਿਸ ਤੋਂ ਪੱਕੇ ਹਿੰਦੂ ਜਾਪਣ, ਸਿੱਖਾਂ ਨੂੰ ਬਿਪਤਾ ਪਈ ਪਰ ਇਹ ਲੋਕ ਬਹੁਤ ਮਦਦ ਕਰਦੇ ਹੁੰਦੇ ਸਨ* । ਪੰਥ ਦੇ ਦੀਵਾਨਾਂ ਵਿਚ ਭੁੱਲਾਂ ਦੀਆਂ ਤਨਖਾਹਾਂ ਭੀ ਬਖਸ਼ਾਇਆ ਕਰਦੇ ਸਨ।

ਬਿਜੈ ਸਿੰਘ ਜੀ ਜਦ ਇਸ ਘਰ ਪਹੁੰਚੇ ਤਦ ਲਾਲਾ ਲੀਲਾ ਰਾਮ ਨੇ-ਜੋ ਘਰ ਦਾ ਮਾਲਕ ਸੀ-ਇਨ੍ਹਾਂ ਦੀ ਖ਼ਾਤਰ ਕੀਤੀ ਅਰ ਆਪਣੀ ਹਵੇਲੀ ਦੇ ਉਸ ਅਸਥਾਨ ਵਿਚ ਉਤਾਰਾ ਦਿੱਤਾ ਕਿ ਜਿਥੇ ਕੋਈ ਨਹੀਂ ਪਹੁੰਚ ਸਕਦਾ ਸੀ ਅਰ ਨਾ ਢੂੰਡ ਕਰਨ ਤੇ ਹੀ ਪਤਾ ਲੱਗ ਸਕਦਾ ਸੀ । ਇਸ਼ਨਾਨ ਪਾਣੀ ਕਰਕੇ ਸਭ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ ਤੇ ਫੇਰ ਪ੍ਰਸ਼ਾਦ ਛਕਿਆ। ਰਾਤ ਦੇ ਵੇਲੇ ਪੰਥ ਦੀ ਉਖਿਆਈਂ ਦਾ ਵਰਣਨ ਚੱਲ ਪਿਆ ਕਿ ਅੰਮ੍ਰਿਤਸਰ ਵਿੱਚੋਂ ਸਿੰਘ ਕੱਢ ਦਿੱਤੇ ਜਾਣ ਦਾ ਹੁਕਮ ਚਲਾ ਗਿਆ ਹੈ, ਗੁਰਦਾਸਪੁਰ ਤੀਕ, ਜਿਥੇ ਸਿੰਘਾਂ ਨੇ ਕਬਜ਼ੇ ਕੀਤੇ ਸਨ, ਸਭ ਖੋਹੇ ਜਾ ਰਹੇ ਹਨ। ਗਸ਼ਤੀ ਫ਼ੌਜ ਸਾਰੇ ਪੰਜਾਬ ਵਿਚ ਫਿਰ ਰਹੀ ਹੈ ਅਰ ਥਾਂ ਥਾਂ ਪੁਰ ਕੱਚੇ ਕੋਠੇ ਪਾ ਕੇ ਚੌਂਕੀਆਂ ਪਹਿਰੇ ਬੈਠ ਰਹੇ ਹਨ। ਖਾਲਸੇ ਦੇ ਸਾਰੇ ਜੱਥੇ, ਜਿਨ੍ਹਾਂ ਨੇ ਸਿਰ ਕੱਢੇ ਸਨ, ਕਿਤੇ ਕਿਤੇ ਕੁਛ ਡਟੇ ਹਨ, ਪਰ ਕਈ ਬਾਰਾਂ, ਬਨਾਂ, ਪਹਾੜਾਂ ਦੀਆਂ ਕੁੱਖਾਂ ਵਿਚ ਜਾ ਲੁਕੇ ਹਨ, ਪਰ ਵਿਚਾਰੇ ਗਰੀਬ ਗ੍ਰਿਹਸਥੀ ਕੀ ਕਰਨ; ਮਾਰੇ ਜਾ ਰਹੇ ਹਨ।

ਗੱਜਣ ਸਿੰਘ-ਖਾਲਸਾ ਜੀ! ਆਪਨੇ ਅੱਜ ਦਾ ਸਾਕਾ ਨਹੀਂ ਸੁਣਿਆ ? ਮੱਜਾ ਸਿੰਘ-ਨਹੀਂ ਜੀ ਕੀ ਹੋਇਆ?

ਗੱਜਣ ਸਿੰਘ-ਸ੍ਰੀ ਵਾਹਿਗੁਰੂ! ਸੱਜਣ ਸਿੰਘ ਜੀ ਸ਼ਹੀਦ ਹੋ ਗਏ।

ਸਾਰੇ ਸਿੰਘ-ਹੈਂ! ਕੀ ਭਾਈ ਸਾਹਿਬ ਸਾਨੂੰ ਛੱਡ ਗਏ?

ਗੱਜਣ ਸਿੰਘ-ਮੈਂ ਤੁਹਾਨੂੰ ਉਨ੍ਹਾਂ ਦੀ ਵਿਥਿਆ ਸੁਣਾਵਾਂ। ਪੰਜ ਦਿਨ ਤੀਕ ਭਾਈ ਹੁਰੀਂ ਸਿੰਘਣੀ ਤੇ ਪੁਤ੍ਰਾਂ ਸਮੇਤ ਕੈਦ ਰਹੇ ਹਨ; ਅੰਨ ਤਕ ਉਹਨਾਂ ਨੂੰ ਨਹੀਂ ਦਿੱਤਾ ਗਿਆ।

ਪੰਜ ਦਿਨ ਉਨ੍ਹਾਂ ਨੇ ਭੁੱਖ ਤੇ ਕਸ਼ਟ ਵਿਚ ਸਹਾਰੇ, ਉਨ੍ਹਾਂ ਦੇ ਨਿਆਣੇ ਬਾਲ ਭੀ ਹਾਏ! ਭੁੱਖ ਦੇ ਦੁਖ ਕਿਸ ਤਰ੍ਹਾਂ ਬਿਤਾਉਂਦੇ ਰਹੇ ਹਨ, ਅਡੋਲ ਤੇ ਜੇਰੇ ਵਿਚ ਰਹੇ ਹਨ। ਬੰਦੀਖਾਨੇ ਦਾ ਦਰੋਗਾ ਮਹਿਮਾ ਕਰਦਾ ਨਹੀਂ ਰੱਜਦਾ।

ਅੱਜ ਸਵੇਰੇ ਸਭਨਾਂ ਨੂੰ ਮੰਡੀ ਵਿਚ ਲਿਆਕੇ ਪਹਿਲੇ ਤਾਂ ਉਨ੍ਹਾਂ ਦੇ ਦੁਹਾਂ ਪੁਤ੍ਰਾਂ ਨੂੰ ਉਨ੍ਹਾਂ ਦੇ ਸਾਮ੍ਹਣੇ ਮਾਰਿਆ, ਫੇਰ ਉਨ੍ਹਾਂ ਦੀ ਸਿੰਘਣੀ ਨੂੰ ਸ਼ਹੀਦ ਕੀਤਾ ਅਰ ਸਭ ਤੋਂ ਮਗਰੋਂ ਸਿੰਘ ਹੁਰਾਂ ਨੂੰ ਅਤਿ ਬੇਦਰਦੀ ਨਾਲ ਸ਼ਹੀਦ ਕੀਤਾ। ਹੱਥ ਪੈਰ ਉਨ੍ਹਾਂ ਦੇ ਰੁੱਖ ਨਾਲ ਕੱਸ ਦਿੱਤੇ ਸਨ, ਹਿੱਲਣ ਜੋਗੇ ਤਾਂ ਸਨ ਹੀ ਨਹੀਂ। ਹੇ ਕਰਤਾਰ! ਖਲਕਤ ਤ੍ਰਾਸ ਤ੍ਰਾਸ ਕਰ ਉਠੀ ਅਰ ਜਣਾ ਖਣਾਂ ਇਹੋ ਕਹਿ ਰਿਹਾ ਸੀ ਕਿ ਹੁਣ ਮੁਗਲਾਂ ਦਾ ਰਾਜ ਕੋਈ ਦਿਨ ਦਾ ਪੁਰਾਹੁਣਾ ਹੈ। ਬਹੁਤ ਸਾਰੇ ਲੋਕ ਤਾਂ ਵੇਖ ਨਹੀਂ ਸਕੇ, ਨੱਸ ਗਏ; ਪਰ ਭਾਈ ਜੀ ਕਿਸ ਪ੍ਰੇਮ ਨਾਲ ਪਾਠ ਕਰਦੇ ਸਨ? ਛੇਕੜ ਨੂੰ ਅਵਾਜ਼ ਚੁੱਪ ਹੋ ਗਈ, ਸਿੱਖੀ ਸਿਦਕ ਕੇਸਾਂ ਸੁਆਸਾਂ ਨਾਲ ਨਿਭ ਗਿਆ।

ਇਹ ਦਰਦਨਾਕ ਸਮਾਚਾਰ ਸੁਣ ਕੇ ਸਭ ਦੇ ਕਲੇਜੇ ਕੰਬ ਗਏ, ਅੱਖਾਂਵਿਚ ਜਲ ਤੇ ਦਿਲਾਂ ਵਿਚ ਰੋਹ ਭਰ ਗਿਆ,ਆ ਬਣੀ ਦਾ ਕੀ ਦਾਰੂ?

ਮੱਜਾ ਸਿੰਘ-ਸਿੰਘ ਜੀ ! ਭਾਈ ਸਾਹਿਬ ਫੜੇ ਕਿੱਕੁਰ ਗਏ ?

ਗੱਜਣ ਸਿੰਘ-ਉਹ ਸੁਕੜੀ ਪ੍ਰੇਤ, ਉਸਨੇ ਵਿਸਾਹਘਾਤ ਕੀਤਾ ਹੈ ।

ਬਿਜੈ ਸਿੰਘ-ਉਹੋ ! ਕੀ ਉਹ ਐਸਾ ਦੁਸ਼ਟ ਹੈ? ਮੈਨੂੰ ਸੰਸਾ ਤਾਂ ਫੁਰਿਆ ਕਰਦਾ ਸੀ ਕਿ ਇਹ ਕੋਈ ਸਾਫ਼ ਦਿਲ ਪੁਰਖ ਨਹੀਂ ਹੈ; ਪਰ ਅੱਜ ਪੂਰਾ ਪਤਾ ਲੱਗਾ। ਹੇ ਕਰਤਾਰ ! ਕਿਹੇ ਕਿਹੇ ਬਘਿਆੜ ਗਊਆਂ ਦੀ ਸੂਰਤ ਵਿਚ ਫਿਰ ਰਹੇ ਹਨ।

ਦਿੱਲੀ ਭੰਨ ਸਿੰਘ-ਖਾਲਸਾ ਜੀ ! ਕੀ ਕਰੀਏ, ਗੁਰੂ ਦਾ ਭਾਣਾ ਹੀ ਐਸਾ ਹੈ ? ਕਿਸੇ ਦਾ ਕਸੂਰ ਨਹੀਂ। ਮਹਾਰਾਜ ਨੂੰ ਇਹੋ ਮੰਨਜ਼ੂਰ ਹੈ ਕਿ ਮੇਰੇ ਪਿਆਰੇ ਸ਼ਹੀਦ ਹੋਣ, ਪਾਪ ਮੁਗ਼ਲਾਂ ਦੇ ਜ਼ਿੰਮੇ ਰਹੇ ਉਨ੍ਹਾਂ ਦਾ ਬੇੜਾ ਗ਼ਰਕ ਹੋਵੇ, ਰਾਜ ਝਬਦੇ ਨਸ਼ਟ ਹੋਵੇ ।

ਮੁਗਲ ਦਮਨ ਸਿੰਘ-ਜੀ ਸੱਚ ਹੈ, ਹੁਣ ਦੱਸੋ ਕਿ ਕੀ ਇਹ ਹਾਲ ਇੱਦਾਂ ਹੀ ਰਹੂ ? ਲਾਹੌਰ ਵਿਚ ਸਿੰਘ ਸ਼ਹੀਦ ਹੁੰਦੇ ਹਨ, ਅਰ ਸਿੰਘਾਂ ਦੇ ਘਾਣ ਬੱਚੇ ਪੀੜੀਂਦੇ ਹਨ । ਖਾਲਸਾ ਤਾਂ ਬਨ ਵਿਚ ਲੁਕ ਰਿਹਾ ਹੈ ਤੇ ਇਨ੍ਹਾਂ ਪਿਛਲਿਆਂ ਦਾ ਕੀ ਹਾਲ ?

ਬਿਜੈ ਸਿੰਘ-ਫੇਰ ਹੁਣ ਐਉਂ ਕਰੀਏ ਕਿ ਕੋਈ ਢਬ ਪੰਥ ਨੂੰ ਕੱਠੇ ਕਰਨ ਦਾ ਕੱਢੀਏ !

ਠੱਕ-ਠੱਕ-ਠੱਕ !

ਹੈਂ ਇਹ ਕੀ ਹੋਇਆ? ਹਵੇਲੀ ਦੇ ਬੂਹੇ ਖੜਕੇ ! ਪਲੋ ਪਲੀ ਵਿਚ ਲਾਲਾ ਲੀਲਾ ਰਾਮ ਦਮ ਚੜ੍ਹੇ ਹੋਏ ਆ ਪਹੁੰਚੇ ਤੇ ਬੋਲੇ :- ‘ਖਾਲਸਾ ਜੀ ! ਕੂਚ ਕਰੋ, ਅੱਜ ਮਾਰੇ ਗਏ; ਸਰਕਾਰੇ ਖ਼ਬਰ ਹੋ ਗਈ ਹੈ ਪਿਆਦੇ ਸੁਆਰ ਬਾਹਰ ਆ ਰਹੇ ਹਨ।’

ਰਾਘੋ ਸਿੰਘ-ਫੇਰ ਕੀ ਡਰ ਹੈ, ਹੁਣੇ ਜੰਗ ਕਰਦੇ ਹਾਂ ।

ਲਾਲਾ ਜੀ-ਸੱਚ ਹੈ; ਪਰ ਇਸ ਠਾਹਰ ਨੂੰ ਬਣੀ ਰਹਿਣ ਦਿਓ !

ਕਈ ਵੇਲੇ ਖਾਲਸੇ ਦੇ ਕੰਮ ਆਵੇਗੀ, ਨਹੀਂ ਤਾਂ ਤੁਸੀਂ ਲਾਹੌਰ ਵਿਚ ਆਸਰਾ ਗੁਆ ਬੈਠੋਗੇ ।

ਬਿਜੈ ਸਿੰਘ-ਫੇਰ ਪਰਉਪਕਾਰੀ ਮਹਾਰਾਜ ਜੀ ! ਕੋਈ ਪਿਛਵਾੜੇ ਦਾ ਰਾਹ ਦੱਸੋ ਹਰਨ ਹੋ ਜਾਈਏ ।

ਲਾਲਾ ਜੀ ਇਕ ਗਹਿਰੀ ਸੋਚ ਅਰ ਧੀਰਜ ਨਾਲ ਪੌੜੀਆਂ ਦੀ ਬੁਖਾਰਚੀ ਵਲ ਗਏ* ਟੁੱਟਾ ਖੁੱਥਾ ਅਸਬਾਬ ਅਰ ਬੋਰੀਆਂ ਤੇ ਜੁੱਲੇ ਜੋ ਬੁਖਾਂਰਚੀ ਵਿਚ ਪਏ ਸਨ ਕੱਢੇ ਅਰ ਇਕ ਮਿੱਟੀ ਰੰਗੀ ਪੱਥਰ ਦੀ ਸਿਲ ਜੋ ਬੁਖਾਰਚੀ ਦੇ ਲੰਬਾ ਚੂੜਾ ਦੇ ਬਰਾਬਰ ਵਿਛੀ ਪਈ ਧਰਤੀ ਨਾਲ ਇਕ ਜਿੰਦ ਹੋਈ ਪਈ ਜਾਪਦੀ ਸੀ ਘੱਟੇ ਨਾਲੋਂ ਸਾਫ ਕੀਤੀ। ਕੰਧ ਦੇ ਵਿਚ ਇਕ ਨਿਕਾ ਜਿਹਾ ਛੇਕ ਸੀ । ਉਸ ਛੇਕ ਵਿਚ ਇਕ ਸੀਖ ਪਾ ਕੇ ਠੋਕੀ ਤਾਂ ਹੇਠਲੀ ਸਿਲ ਉੱਚੀ ਹੋ ਆਈ, ਦੋ ਸਰੀਰਾਂ ਨੇ ਹੱਥ ਪਾਕੇ ਸਿਲ ਚੁਕ ਲਈ। ਹੇਠਾਂ ਇਕ ਲੋਹੇ ਦੀ ਚੱਦਰ ਵਿਛੀ ਹੋਈ ਸੀ, ਇਸਦੇ ਵਿਚ ਫਿਰ ਇਕ ਨਿਕਾ ਜਿਹਾ ਛੇਕ ਸੀ ਜਿਸ ਵਿਚ ਸਲਾਈ ਫੇਰਨ ਨਾਲ ਹੇਠ ਦੀ ਚੱਦਰ ਵਿਚੋਂ ਦੋ ਤਖਤੇ ਹੋ ਗਏ । ਏਹ ਬੂਹਿਆਂ ਵਾਂਙ ਹੇਠਾਂ ਖਿਸਕ ਕੇ ਕੰਧ ਨਾਲ ਜਾ ਲਗੇ ਅਰ ਖੂਹ ਜਿਹਾ ਪ੍ਰਤੀਤ ਹੋਣ ਲੱਗਾ।ਬੜੀ ਫੁਰਤੀ ਨਾਲ ਖਾਲਸੇਜੀ ਨੂੰ ਸੈਨਤ ਕਰਕੇ ਲਾਲਾ ਜੀ ਨੇ ਹੇਠ ਉਤਾਰਿਆ ਅਰ ਇਹ ਸੁਗੰਦ ਦਿੱਤੀ ਕਿ ਕਦੀ ਜੀਉਂਦੇ ਜੀ ਇਸ ਸੁਰੰਗ ਦਾ ਨਾਮ ਨਹੀਂ ਲੈਣਾ।ਅਰ ਦੋ ਦੀਵੇਂ ਦੇ ਕੇ ਕਿਹਾ ਸਿੱਧੇ ਤੁਰੀ ਜਾਇਓ।ਸੱਜੇ ਹੱਥ ਨਾ ਮੁੜਨਾ ਓਧਰ ਕਿਲ੍ਹੇ ਵਾਲੇ ਪਾਸੇ ਨੂੰ ਰਸਤਾ ਹੈ ਅਰ ਬਾਹਰੋਂ ਬੰਦ ਕੀਤਾ ਹੋਇਆ ਹੈ, ਪਰ ਸਿੱਧੇ ਤੁਰੇ ਜਾਣਾ, ਕੁਝ ਵਾਟ ਲੰਘਕੇ ਇਕ ਪੱਥਰ ਆਵੇਗਾ, ਉਸ ਦੇ ਅੱਧ ਵਿਚ ਇਕ ਛੇਕ ਹੋਵੇਗਾ, ਸੀਖ ਪਾ ਕੇ ਦਬੋਗੇ ਤਾਂ ਉਹ ਕੰਧ ਵਿਚ ਸਰਕ ਜਾਵੇਗਾ ਅਰ ਕਚੀ ਮਿੱਟੀ ਦਾ ਢੇਰ ਦਿਸੇਗਾ। ਇਸ ਨੂੰ ਧੱਕੇ ਨਾਲ ਡੇਗਕੇ ਬਾਹਰ ਨਿਕਲਕੇ ਸਾਰੇ ਜੀ ਸੰਭਾਲ ਲੈਣੇ । ਫੇਰ ਉਸ ਸਿਲ ਨੂੰ ਜੋ ਕੰਧ ਵਿਚ ਸਰਕੀ ਹੋਈ ਹੋਵੇਗੀ, ਉਸਦੇ ਬਾਹਰਲੇ ਉਭਾਰ ਤੋਂ ਫੜਕੇ ਖਿੱਚਣਾ, ਉਹ ਤੁਰ ਪਵੇਗੀ, ਜਦ ਕੰਧ ਨਾਲ ਮਿਲਕੇ ਇਕ ‘ਪਟੱਕ’ ਦੀ ਅਵਾਜ਼ ਆਵੇ ਤਾ ਸਮਝਣਾ ਕਿ ਬੂਹਾ ਮੀਟਿਆ ਗਿਆ ਹੈ । ਫੇਰ ਮਿੱਟੀ ਨਾਲ ਸਿਲਾ ਨੂੰ ਕੱਜ ਕੇ, ਜਿਧਰ ਰਾਹ ਮਿਲੇ ਪਧਾਰ ਜਾਣਾ। ਫਤੇ ਗਜਾ ਕੇ ਖ਼ਾਲਸਾ ਸੁਰੰਗ ਵਿਚ ਲੋਪ ਹੋ ਗਿਆ ਤੇ ਲਾਲਾ ਜੀ ਨੇ ਉਨ੍ਹਾਂ ਹਿਕਮਤਾਂ ਨਾਲ ਫੇਰ ਮੋਘਾ ਬੰਦ ਕੀਤਾ, ਮਾਨੋਂ ਏਥੇ ਕੁਝ ਹੈ ਹੀ ਨਹੀਂ ਸੀ ਅਰ ਮੈਲਾ ਕੁਚੈਲਾ ਅਸਬਾਬ ਉਤੇ ਸਿੱਟਕੇ ਆਪਣੇ ਕਮਰੇ ਵਿਚ ਅੰਦਰਲੇ ਰਸਤੇ ਜਾ ਕੇ ਲੇਟ ਗਏ । ਇਹ ਸਾਰਾ ਕੰਮ ਲਾਲਾ ਜੀ ਬੜੀ ਫੁਰਤੀ ਵਿਚ ਭੁਗਤਾ ਗਏ ਸਨ ਅਰ ਬਾਹਰਲੀ ਫ਼ੌਜ ਨੂੰ, ਜੋ ਇਸ ਹਵੇਲੀ ਦੀ ਇੱਟ ਇੱਟ ਖੜਕਾਉਣ ਨੂੰ ਆਈ ਸੀ, ਸ਼ੱਕ ਫੁਰਨੇ ਦਾ ਸਮਾਂ ਬੀ ਨਾ ਲੱਝਾ ਕਿ ਅੰਦਰ ਇੰਨੇ ਚਿਰ ਵਿਚ ਕੀ ਸਿਤਮ ਹੋ ਗਿਆ ਹੈ ? ਪਰ ਤਦ ਬੀ ਬਾਹਰਲਾ ਬੂਹਾ ਖੁੱਲ੍ਹ ਚੁੱਕਾ ਸੀ ਅਰ ਸਿਪਾਹੀ ਬਾਹਰਲੇ ਵਿਹੜੇ ਵਿਚ ਆ ਪਹੁੰਚੇ ਸਨ ਕਿਉਂਕਿ ਲਾਲਾ ਜੀ ਦੇ ਇਕ ਨਵੇਂ ਨੌਕਰ ਨੇ, ਜੋ ਇਸ ਦੁਸ਼ਟ ਮਨਸੂਬੇ ਵਿਚ ਮੁਖ਼ਬਰੀ ਦਾ ਇਕ ਚਲਦਾ ਪੁਰਜ਼ਾ ਅਰ ਇਸੇ ਕੰਮ ਲਈ ਨੌਕਰ ਰਖਾ- ਇਆ ਗਿਆ ਸੀ ਬੂਹਾ ਖੋਲ੍ਹ ਦਿਤਾ ਸੀ, ਪਰ ਲਾਲਾ ਜੀ ਬੀ ਇਕ ਭਾਰੇ ਅਕਲੱਯੇ ਤੇ ਜਾਣਕਾਰ ਸਨ । ਆਪ ਨੂੰ ਵੇਲੇ ਸਿਰ ਖ਼ਬਰ ਮਿਲ ਗਈ ਸੀ, ਪਰ ਪਹਿਲੀ ਅਵਾਜ਼ ਤੋਂ ਹੀ ਪਛਾਣ ਗਏ ਸਨ ਕਿ ਤੁਰਕਾਂ ਦੀ ਫ਼ੌਜ ਆ ਗਈ ਹੈ, ਇਸੇ ਲਈ ਤੁਰਤ ਫੁਰਤ ਬਾਨ੍ਹਣੂ ਬੰਨ੍ਹ ਲਿਆ । ਜੇ ਕਦੀ ਇਕ ਘੜੀ ਦੀ ਢਿੱਲ ਕਰਦੇ ਤਦ ਕੁਝ ਬੀ ਨਾ ਬਣਦਾ ।

ਹੁਣ ਲੀਲ੍ਹਾ ਰਾਮ ਦਾ ਨੌਕਰ,ਜੋ ਬਾਹਰੋਂ ਸਿਪਾਹੀਆਂ ਦੇ ਨਾਲ ਆਯਾ ਸੀ ਤੇ ਦੋ ਸਿਪਾਹੀ ਲਾਲਾ ਜੀ ਦੇ ਸੌਣ ਦੇ ਕੋਠੇ ਦਾ ਬੂਹਾ ਭੰਨ ਰਹੇ ਸਨ ਅਰ ਟਾਂਹਰਾਂ ਮਾਰ ਰਹੇ ਸਨ ‘ਲਾਲਾ ਜੀ ! ਬੂਹਾ ਖੋਲ੍ਹੋ।’ ਇਸ ਵੇਲੇ ਲਾਲਾ ਜੀ ਦਾ ਇਕ ਸੱਚਾ ਸੇਵਕ ਸਿਪਾਹੀਆਂ ਨੂੰ ਕਹਿੰਦਾ ਸੁਣਾਈ ਦੇਂਦਾ ਸੀ ਕਿ ਲਾਲਾ ਜੀ ਦਾ ਚਿੱਤ ਕੁਝ ਸੁਖਾਲਾ ਨਹੀਂ ਹੈ ਤੇ ਇਸ ਵੇਲੇ ਜ਼ਰਾ ਅੱਖ ਲੱਗ ਗਈ ਹੋਣੀ ਹੈ, ਪਰ ਉਨ੍ਹਾਂ ਦੇ ਜ਼ੋਰ ਦੇਣ ਤੇ ਇਸਨੇ ਵੀ ਆਵਾਜ਼ਾਂ ਮਾਰੀਆਂ ਤਾਂ ਲਾਲਾ ਜੀ ਨੇ ਅਵਾਜ਼ ਦਿੱਤੀ ਅਰ ਬੂਹਾ ਖੋਲ੍ਹ ਕੇ ਅੱਖਾਂ ਮਲਦੇ ਮਲਦੇ ਅੱਧੀ ਧੋਤੀ ਤੇੜ ਤੇ ਅੱਧੀ ਸਿਰ ਪੁਰ ਕੀਤੇ ਬਾਹਰ ਨਿਕਲੇ । ਸਿਪਾਹੀਆਂ ਨੂੰ ਦੇਖਕੇ ਅਚਰਜਤਾ ਵਿਚ ਪੁੱਛਣ ਲੱਗੇ ਕਿ ਕੀ ਹੋਯਾ ? ਇਕ ਸਿਪਾਹੀ ਨੇ ਕਹਿ ਸੁਣਾਇਆ ਕਿ ਆਪ ਦੇ ਘਰ ਬਹੁਤ ਸਾਰੇ ਸਿੱਖਾਂ ਦੇ ਲੁਕਣੇ ਦੀ ਸੂੰਹ ਪਾ ਕੇ ਇਹ ਲਯ ਗਾਰ* ਆਈ ਹੈ ਸੋ ਚਲੋ ਬਾਹਰਲੇ ਵਿਹੜੇ ਵਿਚ ਕੁਤਵਾੜ ਸਾਹਿਬ ਬੈਠੇ ਯਾਦ ਕਰਦੇ ਹਨ ।

ਲੀਲਾ-ਝੂਠ, ਝੂਠ, ਝੂਠ, ਮੈਂ ਤੇ ਮੇਰੇ ਘਰ ਸਿਖ ਹੈਨ ! ਪਰ ਹੱਛਾ ਸੱਚ ਨੂੰ ਕਾਹਦਾ ਡਰ ਹੈ ! ਮੈਂ ਕਪੜੇ ਪਾ ਲਵਾਂ ।

ਸਿਪਾਹੀ-ਨਹੀਂ ਇਸੇ ਤਰ੍ਹਾਂ ਹੀ ਹੁਕਮ ਹੈ ਚਲਣੇ ਦਾ।

ਲੀਲਾ-ਬਹੁਤ ਭਲਾ । ਅਰ ਚੁੱਪ ਕਰ ਕੇ ਉਸ ਦੇ ਨਾਲ ਹੋ ਟੁਰੇ ।

ਵਿਹੜੇ ਵਿਚ ਪਹੁੰਚੇ ਤੇ ਕੁਤਵਾਲ ਸਾਹਿਬ ਨੂੰ ਸਲਾਮ ਕਰਕੇ ਅਦਬ ਨਾਲ ਜਾ ਖੜੇ ਹੋਏ ਅਰ ਚਾਰ ਚੁਫੇਰੇ ਦੱਬੀ ਨਜ਼ਰ ਕਰਕੇ ਤਾੜ ਗਏ ਕਿ ਮੇਰੇ ਘਰ ਦੇ ਹਰ ਛਜੇ, ਹਰ ਅਟਾਰੀ, ਹਰ ਬੂਹੇ ਅੱਗੇ ਪਹਿਰਾ ਲਗ ਗਿਆ ਹੈ, ਕੁਤਵਾਲ ਸਾਹਿਬ ਭੀ ਪਛਾਣੇ, ਜੋ ਲੀਲਾ ਰਾਮ ਦੇ ਪਰਮ ਮਿੱਤ੍ਰ ਸਨ, ਪਰ ਐਸ ਵੇਲੇ ਢਾਹ ਲਾਉਣ ਵਾਲੇ ਦਰਯਾ ਦੀ ਤਰ੍ਹਾਂ ਐਉਂ ਕਰੜੇ ਤੀਉੜ ਅਤੇ ਵੱਟ ਮੱਥੇ ਤੇ ਪਾਏ ਹੋਏ ਸਨ ਕਿ ਮਾਨੋਂ ਸਾਰੀ ਹਵੇਲੀ ਨੂੰ ਨਿਗਲ ਜਾਣਗੇ ।

ਕੁਤਵਾਲ-ਆਪ ਮੇਰੇ ਮਿੱਤਰ ਹੋ ਪਰ ਰਾਜਸੀ ਮਾਮਲੇ ਬੜੇ ਬੁਰੇ ਹਨ, ਹੁਣ ਮੈਂ ਸਖਤੀ ਕਰਨੇ ਲਈ ਪਰ-ਵੱਸ ਹਾਂ, ਆਪ ਝਬਦੇ ਸਿਖਾਂ ਨੂੰ ਫੜਾ ਦਿਓ ।

ਲੀਲਾ-ਆਪ ਪਾਤਸ਼ਾਹ ਮੈਂ ਪਰਜਾ ਹਾਂ ਅਰ ਮੇਰਾ ਘਰ ਆਪ ਦੇ ਹਾਜ਼ਰ ਹੈ,ਪੱਤਾ ਪੱਤਾ ਢੂੰਡ ਲਵੋ, ਜੋ ਥਾਂ ਜੋ ਜਗ੍ਹਾ ਆਖੋ ਵਿਖਾ ਦੇਂਦਾ ਹਾਂ, ਜਿੱਥੇ ਸਿਖ ਮਿਲੇ, ਫੜ ਲਵੋ,ਜੇ ਮੇਰੀ ਹਵੇਲੀ ਵਿਚੋਂ ਇਕ ਵੀ ਸਿੱਖਨਿਕਲ ਪਵੇ ਤਦ ਮੇਰੇ ਨਾਲ ਜੋ ਚਾਹੋ ਕਰੋ, ਮੈਨੂੰ ਉਜ਼ਰ ਨਹੀਂ ਮੈਂ ਤਾਂ ਆਪਦਾ ਦਾਸ ਹਾਂ, ਕਿਸੇ ਗੱਲ ਦਾ ਉਜ਼ਰ ਨਹੀਂ ਕਰ ਸਕਦਾ । ਕਿਸੇ ਦੁਸ਼ਟ ਨੇ ਮਲੂਮ ਹੁੰਦਾ ਹੈ ਕਿ ਮੈਨੂੰ ਦੁੱਖ ਦੇਣ ਲਈ ਇਹ ਖ਼ਬਰ ਦਿੱਤੀ ਹੈ, ਪਰ ਹੱਛਾ ! ਖ਼ੁਦਾਵੰਦ ਕਰੀਮ ਜਿਸ ਦੀ ਰੱਖੇ ਉਸ ਦੀ ਰਹੇ।

ਕੁਤਵਾਲ-ਤਲਾਸ਼ੀ ਦੀ ਕੀ ਲੋੜ ਹੈ ? ਆਪ ਹੀ ਕੱਢ ਦਿਓ, ਇਸ ਤਰ੍ਹਾਂ ਮੈਂ ਕੁਛ ਰਿਆਇਤ ਕਰ ਦੇਵਾਂਗਾ ਤੇ ਦੂਜੀ ਤਰ੍ਹਾਂ ਨਿਕਲੇ ਤਾਂ ਫੇਰ ਰਈ ਹੋਣੀ ਔਖੀ ਹੈ, ਸਾਨੂੰ ਖਬਰ ਬੜੀ ਪੱਕੀ ਮਿਲੀ ਹੈ।

ਲੀਲਾ-ਜੇ ਮੇਰੇ ਅੰਦਰ ਹੋਣ ਅਰ ਮੈਂ ਲੁਕਾਉ ਕਰਾਂ ਤਾਂ ਦੇਣਦਾਰ ਪਰ ਜਦ ਹਨ ਹੀ ਨਹੀਂ ਤਾਂ ਕੀ ਕਰਾਂ ? ਆਪ ਦੇਖ ਲਵੋ, ਬਿਨਾਂ ਦੇਖੇ ਤਸੱਲੀ ਨਹੀਂ ਆਉਣੀ।

ਗੱਲ ਕੀ ਇਸ ਤਰ੍ਹਾਂ ਬਹਿਸ ਮਗਰੋਂ ਤਲਾਸ਼ੀ ਸ਼ੁਰੂ ਹੋਈ, ਘਰ ਦਾ ਪੱਤਾ ਪੱਤਾ ਡਿੱਠਾ ਗਿਆ, ਜ਼ਨਾਨੇ ਮਰਦਾਨੇ ਕਮਰੇ ਟੋਲੇ ਗਏ, ਭੋਰੇ ਤਹਿਖਾਨੇ ਸਰਦਖਾਨੇ ਸਭ ਤਲਾਸ਼ੇ ਗਏ, ਮੋਰੀਆਂ ਤੇ ਆਲੇ ਤਕ ਢੂੰਡੇ ਗਏ ਪਰ ਸਿੱਖ ਦਾ ਮੁਸ਼ਕ ਵੀ ਨਾ ਲੱਭਾ । ਕੁਤਵਾਲ ਸਾਹਿਬ ਦੀ ਪੂਰੀ ਤਸੱਲੀ ਹੋ ਗਈ ਪਰ ਐਸੇ ਅਮੀਰ ਘਰ ਵਿੱਚੋਂ ਖਾਲੀ ਹੱਥ ਕੌਣ ਜਾਵੇ ? ਇਕ ਦਿੱਲੀ ਵਲ ਦੇ ਦਫੇਦਾਰ ਜੀ ਲੀਲਾ ਰਾਮ ਨੂੰ ਕਹਿਣ ਲੱਗੇ ਕਿ ਆਪ ਕੀ ਇੱਜ਼ਤ ਖ਼ੁਦਾ ਨੇ ਬਚਾਈ ਹੈ ਪਰ ਕੁਛ ਨਜ਼ਰਾਨਾ ਸਿਪਾਹੀਓ .. ਕੋ ਇਸ ਰਾਤ ਕੇ ਵਕਤ ਮੇਂ ਤਕਲੀਫ ਕਰਨੇ ਕਾ ਦੇ ਦੋ ਤੁਮ ਕੋ ਫਿਰ ਕਭੀ ਤਕਲੀਫ ਨਾ ਹੋਗੀ, ਛੋਟੀ ਮੋਤੀ ਬਾਤ ਰਫਾ ਦਫਾ ਹੋ ਜਾਇਆ ਕਰੇਗੀ ਔਰ ਅਬ ਪੂਰੀ ਸਫਾਈ ਸਰਕਾਰ ਮੇਂ ਹੋ ਜਾਏਗੀ।

ਲੀਲਾ ਨੇ ਸੁਣਦੇ ਸਾਰ ਹੀ ਇਕ ਤਸ਼ਤਰੀ ਮੋਹਰਾਂ ਦੀ ਮੰਗਵਾ ਕੇ ਕੁਤਵਾਲ ਦੇ ਅੱਗੇ ਰੱਖੀ । ਕੁਤਵਾਲ ਸਾਹਿਬ ਲਾਹੌਲ ਲਾਹੌਲ ਕਰਨ ਲੱਗ ਗਏ ਕਿ ਮੈਂ ਔਰ ਰਿਸ਼ਵਤ,ਫਿਰ ਆਪ ਸੇ ? ਆਪ ਮੇਰੇ ਦਿਲੀ ਦੋਸਤ ਹੈਂ ।

ਲੀਲਾ-ਵੱਢੀ ਤਦ ਹੁੰਦੀ ਜੇ ਮੈਨੂੰ ਆਪ ਅਪਰਾਧੀ ਪਾ ਲੈਂ ਦੇ ਤਾਂ, ਇਹ ਕੇਵਲ ਆਪ ਦੇ ਸਿਪਾਹੀਆਂ ਦੇ ਦੁਧ ਪਾਣੀ ਲਈ ਹੈ। ਗੱਲ ਕੀ ਹਕੀਮਾਂ ਵਾਂਙ ਨਾਂਹ ਨਾਂਹ ਕਰਦੇ ਕੁਤਵਾਲ ਜੀ ਨੇ ਮੋਹਰਾਂ ਸਿਪਾਹੀਆਂ ਦੇ ਜਲ ਪਾਣੀ ਵਾਸਤੇ ਦਫੇਦਾਰ ਦੀ ਝੋਲੀ ਪਵਾਈਆਂ ਅਰ ਹਨੇਰੀ ਵਾਂਗ ਇਕ ਚਹਿਲ ਪਹਿਲ ਕਰਦੇ ਘਰ ਨੂੰ ਵੈਰਾਨੀ ਤੇ ਬੇ-ਤਰਤੀਬੀ ਵਿਚ ਸਿੱਟ ਕੇ ਟੁਰਦੇ ਹੋਏ। ਸਰਕਾਰੇ ਇਤਲਾਹ ਕਰ ਦਿੱਤੀ ਕਿ ਲੀਲਾ ਰਾਮ ਦਾ ਘਰ ਸਾਫ਼ ਹੈ ਅਰ ਕੋਈ ਸ਼ੱਕ ਵਾਲੀ ਗੱਲ ਨਹੀਂ, ਮੁਖ਼ਬਰ ਨੇ ਝੂਠੀ ਖ਼ਬਰ ਦਿੱਤੀ ਹੈ। ਹੁਣ ਮੁਖ਼ਬਰ ਨੂੰ ਸਜ਼ਾ ਦੇਣ ਦੀ ਥਾਂ ਸਰਕਾਰੋਂ ਥੋੜਾ ਜਿਹਾ ਇਨਾਮ ਮਿਲਿਆ ਇਸ ਕਰਕੇ ਕਿ ਮਤਾਂ ਅੱਗੋਂ ਨੂੰ ਖਬਰ ਦੇਣੋਂ ਹਟ ਨਾ ਜਾਵੇ ।

5 ਕਾਂਡ ।

ਹੁਣ ਉਧਰ ਦਾ ਹਾਲ ਸੁਣੋ ! ਖਾਲਸੇ ਜੀ ਨੂੰ ਜ਼ਮੀਨ ਦੇ ਹੇਠੋਂ ਹੇਠ ਇਕ ਬੜੀ ਪੁਰਾਣੀ ਸੁਰੰਗ ਥਾਣੀ ਲੰਘਣਾ ਪਿਆ, ਰਸਤਾ ਤੰਗ, ਪੁਰਾਣੀ ਹਵਾ ਅਰ ਦੋਹੀਂ ਪਾਸੀਂ ਬੰਦ, ਜੀ ਘਬਰਾਣ ਲੱਗ ਗਏ, ਪਰ ਜਿੰਦ ਪਿਆਰੀ ਨੇ ਕਾਹਲੀ ਕਾਹਲੀ ਦੂਜੇ ਸਿਰੇ ਪੁਚਾਇਆ ਅਰ ਲੀਲਾ ਦੇ ਕਹੇ ਅਨੁਸਾਰ ਕੰਮ ਕਰਨ ਨਾਲ ਰਸਤਾ ਖੁਲ੍ਹ ਗਿਆ । ਸਾਰੇ ਜਣੇ ਇਕ ਸੁੰਞ ਉਜਾੜ ਜਿਹੀ ਵਿਚ ਪਹੁੰਚ ਪਏ । ਪੱਥਰ ਟਿਕਾਕੇ ਸੁਰੰਗ ਦਾ ਰਸਤਾ ਤਾਂ ਬੰਦ ਕਰ ਲਿਆ, ਹੁਣ ਇਹ ਫ਼ਿਕਰ ਪਿਆ ਕਿ ਕਿੱਧਰ ਦਾ ਰੁਖ਼ ਕਰੀਏ । ਥੋੜੇ ਕਦਮ ਤੇ ਜਾ ਕੇ ਇਕ ਥਾਂ ਤੇ ਬੈਠ ਗਏ ਅਰ ਸੋਚਣ ਲੱਗੇ । ਕਿਸੇ ਨੂੰ ਰਸਤੇ ਦੀ ਕੁਛ ਖਬਰ ਨਹੀਂ ਸੀ ਅਰ ਨਾ ਇਹ ਪਤਾ ਸੀ ਕਿ ਅਸੀਂ ਕਿਥੇ ਹਾਂ, ਛੇਕੜ ਗੁਰੂ ਤੇ ਭਰੋਸਾ ਰੱਖਕੇ ਇਕ ਪਾਸੇ ਵੱਲ ‘ ਤੁਰ ਪਏ । ਓਥੋਂ ਕੁਝ ਕੁ ਵਾਟ ਗਏ ਹੋਣਗੇ ਤਾਂ ਚੰਦ ਦਾ ਚਾਨਣਾ : ਹੋ ਗਿਆ ਅਰ ਸਾਮ੍ਹਣੇ-ਪਾਸੇ ਇਕੁ ਕੱਚੀ ਹਵੇਲੀ* ਦਿੱਸੀ । ਇਸ ਦੇ ਅੱਗੇ ਪਹਿਰਾ ਲੱਗਾ ਹੋਇਆ ਸੀ, ਪਹਿਰੇ ਵਾਲੇ ਆਹਟ ਪਾ ਕੇ ਹਾਕ ਲਾਈ। ਹਵੇਲੀ ਵਿਚੋਂ ਤੇ ਉਸ ਦੇ ਮਗਰਲੇ ਪਾਸਿਓਂ ਦੇਖਦੇ ਦੇਖਦੇ ਬਹੁਤ ਸਾਰੇ ਸਿਪਾਹੀ ਸਨੱਧਬੱਧ ਨਿਕਲ ਪਏ ਅਰ ‘ਸਿੱਖ ਆ ਪਏ; ਸਿੱਖ ਆ ਪਏ’ ਕਹਿੰਦੇ ਹੋਏ ਖਾਲਸੇ ਦੇ ਵੱਲ ਉਲਟ ਪਏ। ਸਿੱਖ ਵਿਚਾਰੇ ਅਚਾਨਕ ਬਲਾ ਦੇ ਮੂੰਹ ਫਸ ਗਏ; ਪਰ ਹੌਸਲਾ ਇਨਾਂ ਪਾਸ ਇਕ ਐਸੀ ਦਾਤ ਹੈ ਜੋ ਇਸ ਬਹਾਦਰ ਕੌਮ ਨੂੰ ਕਦੀ ਹਾਰ ਨਹੀਂ ਦਿੰਦਾ, ਝੱਟ ਪੱਟ ਤਲਵਾਰਾਂ ਧੂਹ ਕੇ ਡਟ ਗਏ । ਹੁਣ ਇਕ ਘਮਸਾਨ ਮਚ ਗਿਆ, ਦਾਉ ਬਾਜ਼ੀ ਤੇ ਹੱਥ-ਪਲੱਥਾ ਆਰੰਭ ਹੋ ਗਿਆ। ਕਿਥੇ ਪੰਜਾਹ ਤੇ ਕਿਥੇ ਦੋ ਸੌ, ਪਰ ਤਦ ਵੀ ਟਾਕਰਾ ਕਰਨੋਂ ਕਦੀ ਨਾ ਮੁੜਨ ਵਾਲੇ ਸਿੱਖਾਂ ਨੇ ਕਰਾਰੇ ਹੱਥ ਦਿਖਾਏ । ਅਨੇਕ ਸਿਪਾਹੀ ਤਲਵਾਰ ਦੇ ਘਾਟ ਉਤਾਰੇ । ਛੇਕੜ ਸਿਪਾਹੀ ਕੁਛ ਠਿਠੰਬਰ ਕੇ ਇਕ ਪਾਸੇ ਵੱਲ ਟਲੇ । ਸਿੱਖ ਲੜਦੇ ਘੁਲਦੇ ਆਪਣੇ ਰਾਹ ਵੱਲ ਬੀ ਵਧ ਰਹੇ ਸਨ, ਸੋ ਇਨ੍ਹਾਂ ਨੇ ਹੋਰ ਕਦਮ ਅਗੇਰੇ ਕੀਤੇ, ਇਧਰ ਸਿਪਾਹੀਆ ਨੇ ਪਿਛਲੇ ਪਾਸੇ ਰੁਖ਼ ਕੀਤਾ। ਐਉਂ ਦੋਵੇਂ ਧਿਰਾਂ ਪਿੱਛਾ . ਛੁਡਾਉਂਦੀਆਂ ਨੇ, ਦੂਜੀ ਧਿਰ ਭੱਜੀ ਸਮਝ ਕੇ ਮੈਦਾਨ ਖਾਲੀ ਛੱਡ ਕੇ ਨੱਸਣ ਦੀ ਕੀਤੀ, ਪਰ ਸਾਡੇ ਬਿਜੈ ਸਿੰਘ ਹੁਰੀਂ ਨਾਲ ਨਾ ਦੌੜ ਸਕੇ, ਕਿਉਂਕਿ ਉਨ੍ਹਾਂ ਦੀ ਸਿੰਘਣੀ ਨੂੰ ਪੇਟ ਵਿਚ ਸੱਟ ਲੱਗਣ ਕਰ ਕੇ ਗਸ਼ ਆ ਗਈ ਸੀ, ਅਰ ਸਿੰਘ ਜੀ ਇਕਲਵੰਜੇ ਲਿਜਾ ਉਸ ਦੀ ਸੇਵਾ ਕਰ ਰਹੇ ਸਨ । ਰਾਜ ਭਾਗ ਵਿਚ ਪਲੀ ਸੁਹਲਤਾ ਤੇ ਕੋਮਲਤਾ ਦੀ ਪੁਤਲੀ ਸ਼ੀਲ ਕੌਰ ਲਈ ਇਹ ਦਿਨ ਸਾਰੀ ਅਵਸਥਾ ਵਿਚ ਪਹਿਲਾ ਦੁੱਖਾਂ ਦਾ ਦਿਨ ਸੀ ਅਰ ਅਡੋਲ ਸਮੁੰਦਰ ਵਿਚ ਭਰੇ ਤੂਫ਼ਾਨ ਦੇ ਅਚਾਨਕ ਆ ਜਾਣ ਵਾਂਗ ਬਿਪਤਾ ਦਾ ਦਿਹਾੜਾ ਸੀ । ਪਹਿਲੇ ਸਫ਼ਰ ਦਾ ਥਕੇਵਾਂ, ਫੇਰ ਘਰਦਿਆਂ ਦਾ ਦਿਲ ਹਿਲਾ ਦੇਣ ਵਾਲਾ ਸਲੂਕ ਤੇ ਘਰੋਂ ਨਿਕਾਲਾ, ਫੇਰ ਰਾਤ ਦੀ ਬਿਪਤਾ ਅਰ ਹੁਣ ਵੈਰੀਆਂ ਦੇ ਢਹੇ ਚੜ੍ਹ ਕੇ ਮਸਾਂ ਜਿਹੇ ਬਚਣਾ; ਕੋਈ ਮਾਮੂਲੀ ਗੱਲਾਂ ਨਹੀਂ ਸਨ। ਇਕ ਸੁਹਲ ਇਸਤ੍ਰੀ ਲਈ ਇਸ ਤੋਂ ਵੱਧ ਹੋਰ ਕੀ ਬਿਪਤਾ ਹੋ ਸਕਦੀ ਹੈ ? ਪਰ ਧਰਮ ਦੀ ਟੇਕ ਸੀ ਜੋ ਇਨ੍ਹਾਂ ਦੇ ਦਿਲ ਨੂੰ ਤਾਕਤ ਦੇਂਦੀ ਸੀ । ਹੁਣ ਪਤੀ ਜੀ ਦੇ ਯਤਨਾਂ ਨਾਲ ਬੀਬੀ ਨੂੰ ਹੋਸ਼ ਆ ਗਈ ।

ਜ਼ਖ਼ਮ ਤਾਂ ਐਵੇਂ ਮਾਮੂਲੀ ਸੀ, ਪਰ ਇਕ ਬੰਦੂਕ ਦੀ ਹੁੱਝ ਨਾਲ ਧਬੱਕ ਖਾ ਕੇ ਵਿਚਾਰੀ ਬਉਰਾਨੀ ਹੋ ਕੇ ਢੱਠੀ ਹੋਈ ਸੀ । ਹੋਸ਼ ਸੰਭਾਲੀ ਤਦ ਦੰਪਤੀ* ਨੇ ਕੀ ਡਿੱਠਾ ਕਿ ਮੈਦਾਨ ਖਾਲੀ ਪਿਆ ਹੈ, ਕਈ ਸਿੰਘ ਤੇ ਤੁਰਕ ਮਾਰੇ ਗਏ ਹਨ। ਇਸ ਵਿਹਲ ਨੂੰ ਵੇਖ ਕੇ ਅਕਲ ਦੇ ਪੁਤਲੇ ਬਿਜੈ ਸਿੰਘ ਨੇ ਇਕ ਦੋ ਤਲਵਾਰਾਂ ਤੇ ਇਕ ਦੋ ਖੰਜਰ ਅਰ ਇਕ ਬੰਦੂਕ ਤੇ ਕੁਝ ਥੋੜਾ ਗੋਲੀ ਸਿੱਕਾ ਉਥੋਂ ਲੈ ਲਿਆ ਅਰ ਉੱਤਰ ਪਿੱਛੋਂ ਦੀ ਦਿਸ਼ਾ ਨੂੰ ਝਬਦੇ ਤੁਰ ਪਿਆ । ਭਾਵੇਂ ਵਹੁਟੀ ਅੱਛੀ ਤਰ੍ਹਾਂ ਤੁਰ ਨਹੀਂ ਸਕਦੀ ਸੀ, ਪਰ ਜਿੰਦ ਰੱਖਣ ਦੀ ਇੱਛਾ ਉਨ੍ਹਾਂ ਦੇ ਥੱਕੇ ਸਰੀਰਾਂ ਵਿਚ ਮੁਮਿਆਈ ਦਾ ਕੰਮ ਕਰ ਰਹੀ ਸੀ । ਤੜਕਸਾਰ ਦੇ ਵੇਲੇ ਤੱਕ ਕੋਈ ਸੱਤ ਕੋਹ ਪੈਂਡਾ ਲੰਘ ਗਏ । ਪਿੰਡ ਰਾਹ ਵਿਚ ਦਿੱਸੇ ਸਭ ਤੋਂ ਲਾਂਭੇ ਰਹਿ ਰਹਿ ਕੇ ਨਿਕਲ ਜਾਂਦੇ ਰਹੇ । ਹੁਣ ਸੂਰਜ ਚੜ੍ਹ ਪਿਆ ਤੇ ਇਕ ਘਣਾਂ ਜੰਗਲ ਆ ਗਿਆ, ਉਸ ਨੂੰ ਕਿਲ੍ਹਾ ਸਮਝ ਕੇ ਬਨ ਵਿਚ ਆ ਵੜੇ ਅਰ ਇਕ ਘਣੇ ਛਾਏ ਵਾਲੀ ਥਾਂ ਪੁਰ ਜਾ ਕੇ ਹਰੇ ਹਰੇ ਘਾਹਾ ਪੁਰ ਲੇਟ ਗਏ । ਲੇਟੇ ਐਸੇ ਕਿ ਸੱਤੇ ਸੁਧਾਂ ਭੁੱਲ ਗਈਆਂ, ਜਿਵੇਂ ਕੋਈ ਸੌਦਾਗਰ ਘੋੜੇ ਵੇਚ ਕੇ ਜਾਂ ਕੋਈ ਪਿਓ ਧੀ ਦਾ ਡੋਲਾ ਤੋਰ ਕੇ ਸੌਂਦਾ ਹੈ । ਥਕਾਨ ਭਾਵੇਂ ਅੱਚਵੀ ਤੱਕ ਪਹੁੰਚ ਗਿਆ ਸੀ ਅਰ ਇਹ ਉਮੈਦ ਨਹੀਂ ਸੀ ਕਿ ਨੀਂਦ ਇਨ੍ਹਾਂ ਦੀਆਂ ਹੱਟੀਆਂ ਹੋਈਆਂ ਅੱਖਾਂ ਵਿਚ ਬਿਸਰਾਮ ਕਰੇਗੀ ਪਰ ਸ਼ਬਦ ਦੇ ਪ੍ਰੇਮੀ ਹੋਣ ਕਰਕੇ ਸੁਰਤ ਇਨ੍ਹਾਂ ਦੇ ਵੱਸ ਵਿਚ ਸੀ, ਸੁਰਤ ਨੂੰ ਟਿਕਾਉ ਦੇ ਰਸਤੇ ਪਾਉਂਦੇ ਨਿੰਦਰਾ ਵਿਚ ਲੈ ਗਏ ਅਰ ਘਾਹ ਪੁਰ ਸੌਂ ਗਏ, ਜਿਵੇਂ ਇੰਦਰ ਤਖ਼ਤ ਤੇ ਸੌਂ ਜਾਵੇ । ਇਸ ਵੇਲੇ ਠੰਢਕ ਇਨ੍ਹਾਂ ਨੂੰ ਮੁੱਠੀਆਂ ਭਰਨ ਲੱਗ ਗਈ ਅਰ ਪਿਆਰੀ ਪਿਆਰੀ ਪੌਣ ਪੱਖਾ ਕਰਨ ਲੱਗ ਗਈ।

ਮੁਨ੍ਹੇਰੇ ਦੇ ਸੁਤੇ ਲੌਢੇ ਪਹਿਰ ਉਠੇ । ਬਨ ਦੇ ਵਿਚ ਇਕ ਛੰਭ ਜਿਹਾ ਲੱਭ ਕੇ ਇਸ਼ਨਾਨ ਪਾਣੀ ਕੀਤਾ ਅਰ ਇਕ ਬੇਰੀ ਦੇ ਬੇਰ ਖਾ ਕੇ ਇਸ ਮੁੱਢ ਕਦੀਮਾਂ ਦੇ ਵੈਰੀ ਢਿਡ ਦਾ ਲਾਂਘਾ ਲੰਘਾਇਆ । ਬਿਜੈ ਸਿੰਘ ਦਾ ਸੰਕਲਪ ਇਸ ਬਨ ਵਿਚ ਕੁਝ ਦਿਨ ਕੱਟਣੇ ਦਾ ਸੀ, ਪਰ ਬਨ ਵਿਚੋਂ ਕਈ ਵੈਰੀ ਤੁਰਕ ਸਿਪਾਹੀ ਦੂਰ ਸੜਕ ਪੁਰ ਤੁਰੇ ਜਾਂਦੇ ਵੇਖ ਕੇ ਇਹ ਥਾਂ ਸਲਾਮਤ ਨਾ ਜਾਣੀ ਤੇ ਘੁਸਮੁਸੇ ਹੋਣੇ ਤੋਂ ਰਤਾ ਕੁ ਪਹਿਲੋਂ ਕੂਚ ਕਰ ਦਿੱਤਾ । ਸੰਝ ਹੋਣੇ ਦੇ ਵੇਲੇ ਕੀ ਦੇਖਦੇ ਹਨ ਕਿ ਦਰਯਾ ਕੰਢੇ ਆ ਨਿਕਲੇ ਹਾਂ । ਸੂਰਜ ਦਾ ਡੁਬਾਉ, ਨਦੀ ਦਾ ਚੜਾਉ, ਰਾਤ ਦਾ ਉਤਰਾਉ ਇਕ ਐਸਾ ਭੈ-ਭੀਤ ਸਮੇਂ ਦਾ ਕਾਰਨ ਹੋ ਰਿਹਾ ਸੀ ਕਿ ਜਿਸ ਵਿਚ ਮਨ ਸਹਿਮਦਾ, ਦੇਹਿ ਸੰਕੁਚਦੀ ਤੇ ਨਿਰਾਸਤਾ ਵਧਦੀ ਚਲੀ ਗਈ । ਪਾਰ ਹੋ ਸਕਣ ਦੀ ਆਸ ਆਸ਼ਾ ਤੋਂ ਹੱਥ ਧੋ ਬੈਠੀ ਸੀ ਜਿਵੇਂ ਗ੍ਯਾਨਵਾਨ ਦੇ ਕਰਮ ਪੁੰਗਰਨ ਦੀ ਆਸ ਛੱਡ ਬੈਠਦੇ ਹਨ । ਪਰ ਥੋੜਾ ਚਿਰ ਹੋਰ ਉੱਤਰ ਰੁਖ਼ ਕਦਮ ਮਾਰਨ ਤੇ ਹੋ ਚੁਕੀ ਨਿਰਾਸਾ ਫੇਰ ਆਸਾ ਵਿਚ ਪਲਟ ਖਲੋਤੀ ਕਿ ਇਕ ਪਤਣ ਨਜ਼ਰੀਂ ਆ ਗਿਆ ਤੇ ਇਕ ਬੇੜੀ ਦਿੱਸ ਪਈ, ਜਿਸ ਦਾ ਪੂਰ ਕੁਝ ਊਣਾ ਸੀ, ਪਰ ਉਹ ਬੇੜੀ ਨੂੰ ਉਣਿਆਂ ਹੀ ਠੇਲ੍ਹਣ ਲੱਗੇ ਸੀ। ਬਿਜੈ ਸਿੰਘ ਦੀ ਅਵਾਜ਼ ਸੁਣ ਕੇ ਮਲਾਹਾਂ ਨੇ ਉਡੀਕ ਕੀਤੀ ਅਰ ਤਿੰਨਾਂ ਨੂੰ ਚੜਾ ਕੇ ਪਾਰ ਲੈ ਗਏ ਪੈਸੇ ਦੇਣ ਵਾਸਤੇ •ਤਾਂ ਉਨ੍ਹਾਂ ਦੇ ਪਾਸ ਕੋਈ ਦਮੜਾ ਸੀ ਹੀ ਨਹੀਂ, ਮਲਾਹਾਂ ਨੂੰ ਇਕਲਵੰਜੇ ਲਿਜਾਕੇ ਇਕ ਮੋਹਰ ਦੇ ਦਿਤੀ ਜੋ ਸ਼ੀਲ ਕੌਰ ਦੇ ਪਾਸ ਕੁਝ ਕੁ ਵਾਂਸਲੀ ਵਿਚ ਪਈਆਂ ਲੱਕ ਨਾਲ ਬੱਧੀਆਂ ਸਨ । ਜਾਂ ਕੁਝ ਕਦਮ ਤੁਰੇ ਤਦ ਕੀ ਦੇਖਦੇ ਹਨ ਕਿ ਪੱਤਣ ਜਗਾਤੀਆਂ ਨੇ ਆ ਘੇਰਿਆ ਅਰ ਪਲੋਪਲੀ ਵਿਚ ਦਸ ਪੰਜ ਸਿਪਾਹੀ ਬੀ ਗਿਰਦੇ ਆ ਗਏ : “ਮਰਦੂਦ ਸਿੱਖ ਮਰਦੂਦ ਸਿੱਖ” ਆਖਦੇ ਮੂੰਹ ਬਣਾਉਂਦੇ ਉਨ੍ਹਾਂ ਨੂੰ ਫੜ ਕੇ ਲੈ ਗਏ, ਅਰ ਤਲਾਸ਼ੀ ਲੈ ਕੇ ਮੋਹਰਾਂ ਗਹਿਣੇ, ਜੋ ਉਨ੍ਹਾਂ ਪਾਸ ਸੀ, ਖੋਹ ਲਿਆ । ਕੋਈ ਦੋ ਕੁ ਸੋਨੇ ਦੀਆਂ ਛਾਪਾਂ ਉਨ੍ਹਾਂ ਦੀਆਂ ਚੋਰ ਨਜ਼ਰਾਂ ਤੋਂ ਬਚ ਗਈਆਂ; ਯਾ ਕ੍ਰਿਪਾਨਾਂ ਕਿਸੇ ਨੇ ਨਾ ਖੋਹੀਆਂ । ਪਰੇ ਲਿਜਾ ਕੇ ਇਕ ਕੋਠੇ ਵਿਚ ਦੇ ਕੇ ਕੁੰਡਾ ਮਾਰ ਦਿੱਤਾ। ਉਸ ਡਰਾਉਣੀ ਕੁਟੀਆ ਵਿਚ ਕਾਲੀ ਬੋਲੀ ਰਾਤ ਆਪਣੇ ਭਯੰਕਰ ਅਸਰ ਨੂੰ ਲੈ ਕੇ ਆ ਪਹੁੰਚੀ । ਸਾਰੇ ਸੰਸਾਰ ਵਿਚ ਚੁਪ-ਚਾਂ ਵਰਤ ਗਈ, ਪਾਪਾਂ ਦੇ ਕਰਨੇ ਵਾਲੀ ਅਰ ਅਪਰਾਧਾਂ ਦੇ ਫੈਲਾਣੇ ਵਾਲੀ ਸ੍ਰਿਸ਼ਟੀ ਅਨੰਦ ਦੀ ਨੀਂਦ ਸੁਤੀ ਘੁਰਾੜੇ ਮਾਰ ਰਹੀ ਹੈ ਜ਼ਾਲਮਾਂ ਤੇ ਜਰਵਾਣਿਆਂ ਦੇ ਘਰੀਂ ਸੰਸਾਰ ਦੀ ਸਾਰੀ ਖੁਸ਼ੀ ਕੱਠੀ ਹੋ ਰਹੀ ਹੈ; ਪਰ ਹਾਇ ! ਧਰਮ ਦੇ, ਸੱਚ ਦੇ ਪੁਤਲੇ ! ਦੁਖੀਆਂ ਦੀਨਾਂ ਦੇ ਰੱਖ੍ਯਕ ਕਿਸ ਤਰ੍ਹਾਂ ਮੁਸੀਬਤਾਂ ਵਿਚ ਰਾਤਾਂ ਕੱਟ ਰਹੇ ਹਨ ! ਮੁਸੀਬਤ ਦੀ ਰਾਤ ਕਿਸ ਤਰ੍ਹਾਂ ਬੀਤੇ? ਦੁਖੀ ਲੋਕ ਤਾਰੇ ਗਿਣਦਿਆਂ ਹੀ ਕੱਟ ਲੈਂਦੇ ਹਨ, ਪਰ ਹੇ ਗੁਰੂ ਗੋਬਿੰਦ ਸਿੰਘ ਜੀ ! ਤੇਰੇ ਸ਼ੇਰਾਂ ਤੇ ਵਿਪਤਾਂ ਵੀ ਐਸੀਆਂ ਕਾਲੀਆਂ ਕੁਟੀਆਂ ਵਿਚ ਆਉਂਦੀਆਂ ਹਨ ਕਿ ਜਿਥੇ ਤਾਰੇ ਗਿਣ ਸਕਣ ਦਾ ਸਮਾਂ ਕੱਟਣੇ ਵਾਲਾ ਪਰਚਾਵਾ ਵੀ ਨਸੀਬ ਨਹੀਂ ਹੁੰਦਾ ।

ਪਰ ਨਹੀਂ ਤੇਰੀ ਸਦਾ ਜਗਾਣੇ ਵਾਲੀ ਬਾਣੀ ਭਗਤਾਂ ਦਾ ਆਸਰਾ ਹੈ ਅਰ ਸਹਾਰਾ ਦੇਣ ਲਈ ਸੱਚੀ ਮਦਦਗਾਰ ਤੇ ਜ਼ਖ਼ਮੀਂ ਦਿਲਾਂ ਦੀ ਮਲ੍ਹਮ ਹੈ । ਭਾਵੇਂ ਬਿਜੈਸਿੰਘ ਜੀ ਕੈਦ ਹੋ ਗਏ ਹਨ । ਪਰ ਅੱਧੀ ਰਾਤ ਦਾ ਵੇਲਾ ਹੋਇਆ ਤਾਂ ਖਬਰ ਨਹੀਂ ਬਾਣੀ ਦੇ ਪਾਠ ਨੇ ਕੀ ਅਸਰ ਕੀਤਾ ਕਿ ਉਸ ਕਮਰੇ ਵਿਚ ਗੁਰੂ ਗੁਰੂ ਦੀ ਦਰਦਨਾਕ ਅਵਾਜ਼ ਹਾਹੁਕਿਆਂ ਨਾਲ ਭਰੀ ਹੋਈ ਆਉਣ ਲੱਗ ਪਈ । ਦੰਪਤੀ ਨੇ ਤਬੂਕ ਕੇ ਅੱਖਾਂ ਖੋਹਲੀਆਂ ਪਰ ਹਨੇਰੇ ਵਿਚ ਕੀ ਦਿੱਸੇ ? ਇੰਨੇ ਨੂੰ ਪਿੱਠ ਫੇਰਕੇ ਵੇਖਣ ਤੇ ਮਲੂਮ ਹੋਇਆ ਕਿ ਬੂਹਾ ਖੁਲ੍ਹਾ ਹੈ ਅਰ ਦੀਵਾ ਆ ਰਿਹਾ ਹੈ। ਦੀਵੇ ਵਾਲਾ ਕੌਣ ਹੈ ? ਸਾਡਾ ਭੁਜੰਗੀ ਵਰਿਆਮ ਸਿੰਘ ਹੈ। ਜਦ ਦੰਪਤੀ ਪਾਠ ਵਿਚ ਮਗਨ ਸਨ : ਤਦ ਇਹ ਮਹਾਤਮਾ ਆਪਣੀਆਂ ਪਤਲੀਆਂ ਵੀਣੀਆਂ ਬੂਹਿਆਂ ਦੀ ਵਿੱਥ ਵਿਚ ਦੇ ਕੇ ਕੁੰਡਾ ਖੋਲ੍ਹਣ ਦਾ ਜਤਨ ਕਰ ਰਿਹਾ ਸੀ । ਭਾਵੇਂ ਬਾਂਹ ਛਿਲੀ ਗਈ ਸੀ ਪਰ ਓਸ ਨੇ ਕੁੰਡਾ ਖੋਲ੍ਹ ਬੂਹਾ ਚੁਪੱਟ ਕਰ ਲਿਆ ਸੀ । ਦੰਪਤੀ ਨੂੰ ਇਸ ਕਾਰ ਦੀ ਕੁਝ ਖਬਰ ਨਾ ਸੀ ਅਰ ਨਾ ਗੁਰੂ ਦਾ ਸ਼ਬਦ ਇਨ੍ਹਾਂ ਨੇ ਪਹਿਲੇ ਸੁਣਿਆ ਸੀ : ਭੁਜੰਗੀ ਇਹ ਅਵਾਜ਼ ਸੁਣ ਕੇ ਅਰ ਬੂਹੇ ਦੇ ਬਾਹਰਲੇ ਪਹਿਰੇਦਾਰਾਂ ਨੂੰ, ਜੋ ਸ਼ਰਾਬ ਵਿਚ ਬੋਹੋਸ਼ ਸੁਤੇ ਪਏ ਸਨ, ਬੇਖ਼ਬਰ ਪਾ ਕੇ ਉਨ੍ਹਾਂ ਦੇ ਪਿੱਤਲ ਦੇ ਸ਼ਮ੍ਹਾਦਾਨ ਪਾਸ ਜਾ ਪੁੱਜਾ ਸੀ ਤੇ ਉਸ ਤੋਂ ਜਗਦੇ ਦੀਵੇ ਨੂੰ ਚੁੱਕ ਲਿਆਇਆ ਸੀ । ਇਹ ਸਿੰਘਾਂ ਵਾਲੀ ਦਲੇਰੀ ਦਾ ਲੱਛਣ ਦੇਖ ਕੇ ਪਿਤਾ ਨੇ ਮੱਥਾ ਚੁੰਮਿਆ ਅਰ ਦੀਵੇ ਨਾਲ ਕੀ ਡਿੱਠਾ ਕਿ ਕੋਲਵਾਰ ਇਕ ਬਾਲਕ ਮੋਇਆ ਪਿਆ ਹੈ ਅਰ ਪਾਸ ਇਕ ਜ਼ਖ਼ਮੀਂ ਤੀਵੀਂ ਦਮ ਤੋੜ ਰਹੀ ਹੈ, ਪਰ ਅੱਧਾ ਕੋਠਾ ਲਹੂ ਲੁਹਾਨ ਹੋ ਰਿਹਾ ਹੈ । ਉਹ ਸਹਿਕਦੀ ਲੋਥ ਕਿਸੇ ਵੇਲੇ ਤਾਂ ਬੁਝਦੇ ਦੀਵੇ ਵਾਂਙੂ ਟਹਿਕ ਜਾਂਦੀ ਅਤੇ ‘ਧੰਨ ਗੁਰੂ ਧੰਨ ਗੁਰੂ ਕਹਿ ਉਠਦੀ, ਪਰ ਫੇਰ ਇਸ ਤਰ੍ਹਾਂ ਨਿਢਾਲ ਹੋ ਜਾਂਦੀ ਕਿ ਮਾਨੋਂ ਮਰ ਗਈ ਹੈ। ਭੁਜੰਗੀ ਨੇ ਹੁਣ ਇਕ ਕਟੋਰੇ ਵਿਚ ਪਾਣੀ ਲਿਆ ਕੇ ਪਿਤਾ ਦੇ ਹੱਥ ਦਿੱਤਾ । ਉਨ੍ਹਾਂ ਨੇ ਜਪੁ ਸਾਹਿਬ ਦਾ ਪਹਿਲਾ ਪੌੜਾ ਪੜ੍ਹ ਕਰਦ ਭੇਟ ਕਰ ਸਤਿਨਾਮ ਕਹਿਕੇ ਉਸ ਕੂਚ ਕਰਨ ਵਾਲੀ ਸਹਿਕਦੀ ਲੋਥ ਦੇ ਮੂੰਹ ਵਿਚ ਪਾਇਆ। ਜਿਉਂ ਜਿਉਂ ਪਾਣੀ ਹੇਠ ਉਤਰਿਆ ਹੋਸ਼ ਨੇ ਮੋੜਾ ਖਾਧਾ ਅਰ ਇਕ ਵੇਰੀ ਅੱਖਾਂ ਨੂੰ ਖੋਲ੍ਹ ਕੇ ਐਸੀ ਸ਼ੁਕਰ- ਗੁਜ਼ਾਰੀ ਨਾਲ ਸਿੰਘ ਜੀ ਵੱਲ ਦੇਖਿਆ ਕਿ ਮਾਨੋਂ ਜੀਭ ਨਾਲ ਵਖਿਆਨ ਦਿੱਤਾ ਹੈ । ਦੂਜੀ ਵਾਰੀ ਖ਼ਬਰ ਨਹੀਂ ਕੀ ਹੋਇਆ ਸਿੰਘਾਂ ਵਾਲਾ ਹੌਸਲਾ ਆ ਕੇ ਉਸ ਮਰਦੀ ਸਿੰਘਣੀ ਨੂੰ ਮਾਨੋਂ ਜੀਉਂਦਿਆਂ ਕਰ ਗਿਆ ਅਰ ਡਾਢੀ ਨਿੰਮੀ ਪਰ ਹੋਸ਼ ਵਾਲੀ ਆਵਾਜ਼ ਵਿਚ ਬੋਲੀ:- ‘ਧੰਨ ਗੁਰੂ ਗੋਬਿੰਦ ਸਿੰਘ ਜੋ ਅੰਤ ਵੇਲੇ ਆਪਣੇ ਪਿਆਰੇ ਮੇਰੇ ਵਰਗੇ ਭੁੱਲੇ ਹੋਇਆਂ ਦਾ ਅੰਤ ਸਵਾਰਨ ਲਈ ਘੱਲਦਾ ਹੈ ।’ ਸ਼ੀਲਾ ਜੋ ਕਲੇਜਾ ਮੁੱਠ ਵਿਚ ਲਈ ਇਸ ਦਰਦਨਾਕ ਸਮੇਂ ਨੂੰ ਦੇਖ ਰਹੀ ਸੀ, ਪੁੱਛਣ ਲੱਗੀ : ਮਾਤਾ ! ਇਹ ਕੀ ਹੋਇਆ ?’

ਇਸਤ੍ਰੀ-ਬੱਚੀ ! ਸਿੰਘ ਜੀ ਤੇ ਮੈਂ ਦਰਿਆਓਂ ਪਾਰ ਉਤਰੇ ਸਾਂ, ਤੁਰਕਾਂ ਆ ਘੇਰਿਆ, ਪਤੀ ਜੀ ਨੇ ਜੁੱਧ ਕੀਤਾ ਪੰਜ ਤੁਰਕ ਮਾਰੇ, ਏਹ ਬਹੁਤ ਸਨ, ਇਨ੍ਹਾਂ ਨੇ ਉਨ੍ਹਾਂ ਨੂੰ ਚੁੱਕ ਨਦੀ ਵਿਚ ਸਿੱਟ ਦਿੱਤਾ, ਮੈਂ ਬੀ ਦੋ ਇਕ ਤੁਰਕ ਮਾਰੇ ਸਨ, ਮੇਰੇ ਪੁਤ੍ਰ ਨੇ ਵੀ ਇਕ ਨੂੰ ਕਾਰੀ ਵਾਰ ਲਾਇਆ ਸੀ । ਇਨ੍ਹਾਂ ਨਿਰਦਈਆਂ ਨੇ ਮੇਰਾ ਗਹਿਣਾ ਲਾਹ ਪੁਤ੍ਰ ਮਾਰ ਸਿੱਟਿਆ ਤੇ ਮੈਨੂੰ ਘਾਉ ਖਾਧੀ ਨੂੰ ਇਥੇ ਸਿੱਟ ਗਏ। ਘੜੀ ਦਿਨ ਰਹਿੰਦੇ ਤੋਂ ਜਿੰਦ ਤੋੜ ਰਹੀ ਹਾਂ, ਨਾ ਮਰਦੀ ਹਾਂ, ਨਾ ਜੀਉਂਦੀ ਹਾਂ-ਕਦੇ ਬੇਹੋਸ਼ ਹੋ ਜਾਂਦੀ ਹਾਂ ਕਦੇ ਹੋਸ਼ ਪਰਤਦੀ ਹੈ, ਪਰ ਗੁਰੂ, ਧੰਨ ਗੁਰੂ!ਗੁਰੂ ਅੰਗ ਸੰਗ ਹੈ ਵਾਹਿਗੁਰੂ ਬੜਾ ਦਿਆਲ ਹੈ। ਮੈਂ ਤ੍ਰਿਖਾ ਨਾਲ ਭੁੱਜ ਗਈ ਸਾਂ, ਉਸ ਨੇ ਤੁਹਾਨੂੰ ਘੱਲਿਆ । ਬੱਚਿਓ ! ਮੈਂ ਚਲੀ, ਔਹ ਸੱਦਾ ਆਇਆ, ਔਹ ਕੁਚ ਦੀ ਤੁਰੀ ਵੱਜੀ, ਔਹ ਪ੍ਰਕਾਸ਼, ਸੱਚਾ ਪ੍ਰਕਾਸ਼ ਦਿੱਸਦਾ ਹੈ । ਬੱਚਿਓ! ਮਰ ਜਾਈਓ; ਪਰ ਧਰਮ ਨਾ ਹਾਰਿਓ, ਨਾ ਹਾਰਿਓ, ਧੰਨ ਗੁਰੂ ! ਧੰਨ ਗੁਰੂ !!

ਇਉ ਕਹਿਂਦੀ ਉਹ ਸਿੰਘਣੀ ਸੱਚੇ ਵਿਸ਼ਵਾਸ ਵਿਚ ਚੜ੍ਹ ਗਈ, ਜਿੰਦ ਦਾ ਟਿਮ-ਟਿਮਾਉਂਦਾ ਦੀਵਾ ਇਕੋ ਵਾਰੀ ਟਿਮਕ ਕੇ ਬੁਝ ਗਿਆ ।

ਬੋਲਣ ਦੇ ਜ਼ੋਰ ਨਾਲ ਵੱਖੀ ਦੇ ਘਾਉ ਵਿਚੋਂ ਲਹੂ ਦੀ ਧਾਰ ਹੋਰ ਵਹਿ ਤੁਰੀ ਸੀ, ਜਿਸ ਨੇ ਪਿੰਜਰੇ ਵਿਚੋਂ ਪੰਛੀ ਨੂੰ ਉਡਾ ਦਿਤਾ । ਸਿੰਘ ਜੀ ਨੂੰ ਆਪਣੀ ਬਿਪਤਾ ਭੁੱਲ ਚੁਕੀ ਸੀ, ਇਸ ਗੱਲ ਦੀ ਪ੍ਰਵਾਹ ਹੀ ਨਹੀਂ ਸੀ ਕਿ ਬੂਹਾ ਖੁਲ੍ਹਾ ਹੈ ਅਰ ਭੱਜ ਜਾਣ ਦਾ ਵੇਲਾ ਹੈ, ਪਰ ਇਕ ਸਿੰਘਣੀ ਦਾ ਅੰਤ ਸ਼ੁਆਰਨ ਦਾ ਖ਼ਿਆਲ ਸੀ । ਹੁਣ ਤਾਂ ਉਹ ਚੜ੍ਹ ਗਈ ਸੀ, ਪਰ ਬਿਜੈ ਸਿੰਘ ਇਸ ਫਿਕਰ ਵਿਚ ਹੈ ਕਿ ਕਿਸੇ ਪ੍ਰਕਾਰ ਇਸ ਦਾ ਦਾਹ ਹੋ ਜਾਏ, ਐਸਾ ਨਾ ਹੋਵੇ ਕਿ ਲੋਥ ਪਈ ਰੁਲੇ । ਇਸ ਕਮਰੇ ਦਾ ਅੰਦਰਲਾ ਕੁਝ ਬਾਲਣ ਅਰ ਕੋਠੇ ਨਾਲ ਪਏ ਤਿੰਨ ਚਾਰ ਮੰਜੇ ਤੇ ਕਖ ਕਾਨ ਕੱਠਾ ਕਰਕੇ ਲੋਥਾਂ ਦੇ ਦੁਆਲੇ ਪਾ ਕੇ ਦੀਵੇ ਨਾਲ ਅੱਗ ਲਾ ਦਿੱਤੀ ਅਰ ਤਿੰਨੇ ਜਣੇ ਹੌਲੇ ਜਿਹੇ ਫਤੇ ਗਜਾ ਕੇ ਦਬੇ ਪੈਰ ਤੁਰਦੇ, ਮੱਖਣ ਵਿਚੋਂ ਵਾਲ ਵਾਂਗ; ਤਿਲਕ ਗਏ। ਪਹਿਰੇ ਦੇ ਸਿਪਾਹੀ ਤਾਂ ਮਸਤੀ ਵਿਚ ਪਏ ਸਨ, ਤੜਕਸਾਰ ਜਦ ਅੱਖ ਖੁਲ੍ਹੀ ਤਾਂ ਕੀ ਦੇਖਦੇ ਹਨ ਕਿ ਸਾਰਾ ਕੋਠਾ ਬਲ ਰਿਹਾ ਹੈ । ਅਰ ਦੂਰ ਦੇ ਸੇਕ ਨੇ ਇਨ੍ਹਾਂ ਦੇ ਮੰਜਿਆਂ ਨੂੰ ਤਪਾਉਣਾ ਸ਼ੁਰੂ ਕਰ ਦਿਤਾ ਹੈ । ਘਾਬਰ ਕੇ ਉਠੇ । ਸਾਰੇ ਦੂਰ ਖੜੋ ਕੇ ਬਿਤਰ ਬਿਤਰ ਦੇਖਣ ਅਰ ਸਿਖਾਂ ਨੂੰ ਗਾਲ੍ਹਾਂ ਕੱਢਣ ਲਗ ਗਏ । ਅੱਗ ਬੁਝਾਉਣ ਦੀ ਕਿਸੇ ਨਾ ਕੀਤੀ ਅਰ ਕਰਦੇ ਭੀ ਕੀ? ਸਰਕਾਰੀ ਅਸਬਾਬ ਸੀ, ਸੜ ਗਿਆ ਤਾਂ ਸੜ ਗਿਆ। ਅਜ ਦੀ ਲੁੱਟ ਕੁਝ ਥੋੜ੍ਹੀ ਨਹੀਂ ਸੀ ਜੋ ਆਪਣੇ ਖੀਸੇ ਭਰਕੇ ਫੇਰ ਐਤਨੀ ਸੀ ਕਿ ਆਪਣੇ ਜਮਾਂਦਾਰ ਨੂੰ ਵੱਢੀ ਦੇ ਕੇ ਖ਼ੁਸ਼ ਕਰ ਲਵੇ । ਇੰਨੇ ਨੂੰ ਲਾਗੇ ਦੀ ਗੜ੍ਹੀ ਦੇ ਕੁਝ ਸਿਪਾਹੀ ਆ ਗਏ ਅਰ ਸਾਰੇ ਜਣੇ ਸਿਖ ਦੀ ਕਾਰ ਨੂੰ ਦੇਖ ਦੇਖ ਅਚੰਭਾ ਹੁੰਦੇ ਸਨ ਤੇ ਕਹਿਂਦੇ ਸਨ ਵਾਹ ਸਿਖੋ ਵਾਹ ! ਤੁਹਾਡੀ ਮਰਦਾਨਗੀ ਨੂੰ ਸ਼ਾਬਾਸ਼ ਹੈ।

6 ਕਾਂਡ  ।

ਜਦ ਬਿਜੈ ਸਿੰਘ ਘਰੋਂ ਨਿਕਲਿਆ ਸੀ, ਤਦ ਉਸਦੀ ਮਾਂ ਛੁਰੀ ਖਾ ਕੇ ਡਿੱਗ ਪਈ ਸੀ । ਘਾਉ ਲੱਗਾ ਤਾਂ ਪੇਟ ਵਿਚ ਸੀ, ਪਰ ਉਹ ਕਾਰੀ ਨਹੀਂ ਸੀ । ਚੂਹੜ ਮਲ ਵਹੁਟੀ ਤੇ ਗੁਸੇ ਤਾਂ ਬਹੁਤ ਸੀ; ਪਰ ਉਸ ਦੀ ਅਕਲ ਦੇ ਕਾਰਨ ਉਹ ਇਕ ਤਰ੍ਹਾਂ ਉਸ ਦੇ ਹੇਠ ਵਗਦਾ ਸੀ, ਉਂਞ ਕਈ ਭਬਕਾਂ ਬੜ੍ਹਕਾਂ ਭਾਵੇਂ ਮਾਰ ਲੈਂਦਾ ਸੀ ਤੇ ਉਸ ਨੂੰ ਗੁੱਸੇ ਵੀ ਹੋ ਲੈਂਦਾ ਸੀ ਪਰ ਇਹ ਤ੍ਰੀਮਤ ਐਸੀ ਦਾਨੀ ਸੀ ਕਿ ਰਾਜਸੀ ਮਾਮਲਿਆਂ ਵਿਚ ਬੀ ਪਤੀ ਨੂੰ ਕਈ ਵੇਰ ਸਿਖ੍ਯਾ ਦਿੰਦੀ ਹੁੰਦੀ ਸੀ ਅਰ ਇਸ ਦੀ ਵਡਿਆਈ ਬਨਾਉਣ ਦਾ ਕਾਰਨ ਹੁੰਦੀ, ਇਸ ਕਰ ਕੇ ਘਰ ਵਿਚ ਬੜੀ ਲੋੜੀਦੀਂ ਦਾਨੀ ਤ੍ਰੀਮਤ ਸਮਝੀ ਜਾਂਦੀ ਸੀ । ਇਸ ਦੇ ਘਾਇਲ ਹੋਣ ਪਰ ਬੜੇ ਹਕੀਮ ਸੱਦੇ ਗਏ, ਮਹੀਨੇ ਕੁ ਵਿਚ ਜ਼ਖ਼ਮ ਠੀਕ ਹੋ ਕੇ ਰਾਜ਼ੀ ਹੋ ਗਏ, ਪਰ ਪਿਆਰੇ ਪੁਤ੍ਰ ਦਾ ਵਿਛੋੜਾ ਮਾਂ ਨੂੰ ਇਕ ਨਿੱਤ ਦਾ ਸੱਲ ਦੇ ਗਿਆ, ਮਾਨੋਂ ਇਸ ਦੇ ਦਿਲ ਵਿਚ ਸਦਾ ਬਲਣੇ ਵਾਲੀ ਚਿਖ਼ਾ ਬਾਲ ਗਿਆ । ਮਾਈ ਘਰ ਦੇ ਕੰਮ ਕਾਜ ਕਰਦੀ, ਪਰ ਪੁਤ੍ਰ ਨੂੰ ਯਾਦ ਕਰਕੇ ਹਾਉਕੇ ਲੈਂਦੀ ਰਹਿੰਦੀ । ਉਸਦੇ ਪਾਠ ਕਰਨੇ ਦੀ ਵੈਰਾਗ- ਮਈਂ ਧਾਰਨਾ ਉਸ ਦੇ ਕੰਨਾਂ ਵਿਚ ਹਰ ਵੇਲੇ ਗੂੰਜਦੀ ਜਾਪਦੀ । ਗੁਆਂਢ . ਵਿਚ ਇਕ ਬਾਲਕ ਜਪੁਜੀ ਦਾ ਪਾਠ ਠੀਕ ਬਿਜੈ ਸਿੰਘ ਵਾਂਙ ਕਰਦਾ ਹੁੰਦਾ ਸਾਂ, ਉਸ ਦੀ ਆਵਾਜ਼ ਐਸੀ ਪਿਆਰੀ ਲੱਗੀ ਕਿ ਇਸ ਨੇ ਚੋਰੀ ਚੋਰੀ ਲਿਖਤ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਾਰੀ ਨੂੰ ਚੋਖੀ ਮਾਯਾ ਭੇਟਾ ਦੇ ਕੇ ਆਪਣੇ ਘਰ ਲੁਕਵੇਂ ਥਾਂ ਸਥਾਪਨ ਕੀਤਾ ਅਰ ਉਸ ਬਾਲਕ ਦੀ ਪਾਲਣਾ ਆਪਣੇ ਜ਼ਿੰਮੇ ਲੈ ਕੇ ਉਸ ਤੋਂ ਪਾਠ ਸੁਣਨੇ ਦਾ ਨੇਮ ਕਰ ਲਿਆ । ਇਸ ਪ੍ਰਕਾਰ ਰੋਜ਼ ਦੇ ਪਾਠ ਸੁਣਨ ਨੇ ਇਸ ਦੇ ਮਨ ਨੂੰ ਸੰਸਾਰਕ ਬੁੱਧੀ ਤੋਂ ਪ੍ਰੇਰਕੇ ਧਾਰਮਕ ਚੱਕਰ ਫੇਰਿਆ, ਅਰ ਬਿਜੈ ਸਿੰਘ ਅਗੇ ਤੋਂ ਬੀ ਵਧੀਕ ਪਿਆਰਾ ਲੱਗਣ ਲੱਗਾ, ਅਰ ਉਸਦੇ ਕੇਸ ਰੱਖਣੇ, ਜਿਨ੍ਹਾਂ ਨੂੰ ਪਹਿਲੇ ਇਸ ਨੇ ਮੂਰਖਤਾ ਜਾਤਾ ਸੀ, ਹੁਣ ਚੰਗੇ ਲੱਗਣ ਲੱਗ ਪਏ ।

ਆਪਣੇ ਮਨ ਦੀ ਸਫਾਈ ਨੇ ਰੰਗ ਦਿਖਾਇਆ। ਹੁਣ ਦਿਨ ਰਾਤ ਇਹ ਸੋਚਾਂ ਰਹਿਣ ਲੱਗੀਆਂ ਕਿ ਕਿਵੇਂ ਪੁੱਤਰ ਦੀ ਖ਼ਬਰ ਮਿਲੇ ? ਬਹੁਤ ‘ ਸੋਚ ਫਿਕਰ ਦੇ ਮਗਰੋਂ ਘਰ ਦਾ ਪਰੋਹਤ ਹੀ ਇਸ ਨੂੰ ਯੋਗ ਪੁਰਖ ਮਲੂਮ ਹੋਇਆ। ਭਾਵੇਂ ਉਸ ਦੀਆਂ ਚਲਾਕੀਆਂ ਜਾਣਦੀ ਸੀ, ਪਰ ਇਸ ਐਬ ਨੂੰ ਧਨ ਦੇ ਲਾਲਚ ਨਾਲ ਜਿੱਤ ਲੈਣਾ ਉਸ ਦੇ ਨਿਸਚੇ ਵਿਚ ਸੀ, ਸੋ ਪੁਰੋਹਤ ਜੀ ਨੂੰ ਸੱਦ ਕੇ ਆਨੇ ਬਹਾਨੇ ਬਹੁਤ ਸਾਰਾ ਧਨ ਦਿੱਤਾ। ਛੇਕੜ ਇਹ ਗੱਲ ਸੁਣਾਈ ਕਿ ਤੁਸੀਂ ਮੇਰੇ ਪੁਤ੍ਰ ਦਾ ਪਤਾ ਕੱਢ ਦਿਓ ਅਰ ਉਸ ਨੂੰ ਕੁਝ ਧਨ ਜੋ ਮੈਂ ਦੇਵਾਂ ਪੁਚਾ ਦੇਵੋ ਅਰ ਕਹੋ ਕਿ ਕਿਸੇ ਪਹਾੜ ਵਿਚ ਬੈਠ ਕੇ ਗੁਜ਼ਾਰਾ ਕਰ ਲਵੇ, ਜਦ ਇਹ ਤੂਫਾਨ ਹਟ ਜਾਣਗੇ ਤਾਂ ਫੇਰ ਮੈਂ ਦੇਸ ਸਦਵਾ ਲਵਾਂਗੀ।

ਪੰਡਤ ਜੀ ਨੇ ਪਹਿਲੇ ਬੜੇ ਲੰਮੇ ਚੌੜੇ ਵਖ੍ਯਾਨ ਦੇ ਕੇ ਉਸਦੇ ਪਤੇ ਕੱਢਣ ਦੀਆਂ ਔਕੜਾਂ ਦੱਸੀਆਂ, ਪਰ ਛੇਕੜ ਕਰਾਰ ਕੀਤਾ ਕਿ ਮੈਂ ਸਿਰੋਂ ਪਰੇ ਯਤਨ ਕਰਾਂਗਾ ਅਰ ਆਸ਼ਾ ਹੈ ਕਿ ਪਤਾ ਲਾ ਲਵਾਂਗਾ । ਸੁਆਣੀ ਜੀ ਨੇ ਕੋਈ ਦੋ ਹਜ਼ਾਰ ਰੁਪੱਯਾ ਪੰਡਤ ਜੀ ਨੂੰ ਇਸ ਸੇਵਾ ਲਈ ਪੇਸ਼ਗੀ ਦਿੱਤਾ। ਕੋਈ ਪੰਦਰਾਂ ਕੁ ਦਿਨ ਮਗਰੋਂ ਪੰਡਤ ਜੀ ਨੇ ਸੁਆਣੀ ਜੀ ਨੂੰ ਕਿਹਾ ਕਿ ਮੈਂ ਬਿਜੈ ਸਿੰਘ ਦਾ ਪਤਾ ਕੱਢ ਲਿਆ ਹੈ । ਮਮਤਾ ਦੀ ਮਾਰੀ ਮਾਂ ਨੇ ਕੁਛ ਜਵਾਹਰ ਤੇ ਹਜ਼ਾਰ ਕੁ ਮੋਹਰ ਪੰਡਤ ਹੁਰਾਂ ਦੇ ਹਵਾਲੇ ਕੀਤੀ ਅਰ ਪੈਰਾਂ ਪੁਰ ਸਿਰ ਧਰ ਕੇ ਵਾਸਤਾ ਪਾ ਕੇ ਕਿਹਾ ਭਗਵਾਨ ਦਾ ਵਾਸਤਾ ਜੇ ਕਿ ਇਹ ਪਦਾਰਥ ਮੇਰੇ ਪੁਤ੍ਰ ਨੂੰ ਪੁਚਾ ਦਿਓ । ਪੰਡਤ ਜੀ ਨੇ ਉਸ ਦੀ ਚੰਗੀ ਤਰ੍ਹਾਂ ਤਸੱਲੀ ਬਨ੍ਹਾਈ । ਗਊ ਮਾਤਾ ਜ਼ਾਮਨ ਦਿੱਤੀ, ਸ਼ਾਸਤਰ ਵੇਦ ਦੀ ਸਹੁੰ ਖਾਧੀ ਤੇ ਗੱਫਾ ਲੈ ਕੇ ਘਰ ਪਹੁੰਚੇ । ਇਕ ਡੂੰਘਾ ਜਿਹਾ ਟੋਆ ਪੁੱਟ ਕੇ ਧਨ ਦੱਬ ਦਿਤਾ ਅਰ ਦੂਸਰੇ ਦਿਨ ਢੂੰਡ ਵਿਚ ਟੁਰ ਪਏ।

ਦੇਸ਼ ਵਿਚ ਸਿੱਖਾਂ ਨੇ ਸਿਰ ਹਿਲਾਇਆ ਸੀ, ਖ਼ਾਸ ਕਰ ਬਾਰੀ ਦੁਆਬ ਵਿਚ ਪਰ ਮੰਨੂੰ ਵੱਲੋਂ ਬੀ ਬੜੀ ਸਖ਼ਤੀ ਤੇ ਕਤਲ ਹੋ ਰਹੀ ਸੀ । ਲਾਹੌਰ ਵਿਚ ਆਏ ਦਿਨ ਸਿਖ ਮਾਰੇ ਜਾਂਦੇ ਸਨ। ਘਰ ਘਰ ਇਨ੍ਹਾਂ ਗੱਲਾਂ ਦਾ ਚਰਚਾ ਸੀ । ਮੰਨੂੰ ਨੂੰ ਅਦੀਨਾਬੇਗ ਤੇ ਸ਼ੱਕ ਸੀ ਕਿ ਉਹ ਸਿੱਖਾਂ ਨੂੰ ਚੁੱਕਦਾ ਹੈ ਸੋ ਉਸ ਨੂੰ ਹੁਕਮ ਗਿਆ ਸੀ ਕਿ ਤੂੰ ਇਨ੍ਹਾਂ ਦਾ ਖੁਰਾ ਖੋਜ ਮਿਟਾ ਦੇ । ਬਿਜੈ ਸਿੰਘ ਦੀ ਮਾਂ ਇਹਨਾਂ ਗੱਲਾਂ ਨੂੰ ਬੜੇ ਗਹੁ ਨਾਲ ਸੁਣਦੀ ਹੁੰਦੀ ਸੀ। ਕਿਉਂਕਿ ਪਿਆਰੇ ਪੁਤ੍ਰ ਦੀ ਲਿਵ ਉਸਦੇ ਜੀ ਵਿਚ ਹਰ ਵੇਲੇ ਲੱਗੀ ਰਹਿੰਦੀ ਸੀ, ਇਸ ਦੀ ਇਹ ਦਸ਼ਾ ਵੇਖਕੇ ਗੋਲੀਆਂ ਬਾਂਦੀਆਂ ਇਸ ਨੂੰ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਲਿਆ ਲਿਆ ਕੇ ਸੁਣਾਉਂਦੀਆਂ ਸਨ। ਉਹ ਖਬਰਾਂ ਫੇਰ ਸੁਆਣੀ ਦੀਵਾਨ ਨੂੰ ਸੁਣਾ ਕੇ ਪੱਕਾ ਪਤਾ ਲੈਂਦੀ ਸੀ । ਕਿ ਏਹ ਸੱਚ ਹਨ ਕਿ ਨਹੀਂ ? ਕੁਝ ਕੁ ਸਮਾਚਾਰ ਜੋ ਰੇਤ ਥੱਲੇ ਵਿਚੋਂ ਕਿਣਕਾ ਮਾਤ੍ਰ ਹਨ, ਇਥੇ ਲਿਖਦੇ ਹਾਂ :-

ਗੋਲੀ-ਸੁਆਣੀ ਜੀ ! ਅਜ ਬੜਾ ਉਪੱਦਰ ਹੋਇਆ।

ਸੁਆਣੀ-ਹੈਂ ! ਕੀ ਹੋਇਆ ?

ਗੋਲੀ-ਸ਼ਾਲਾਮਾਰ ਬਾਗ ਦੇ ਧੁਰ ਹੇਠਲੇ ਤਖਤੇ ਪੁਰ ਦੋ ਭੁਖੇ ਬਾਘ ਛਡੇ ਗਏ,ਅਰ ਦੋ ਸਿਖ, ਜੋ ਨਵੇਂ ਫੜੇ ਆਏ ਸਨ ਮੁਸ਼ਕਾਂ ਬੰਨ੍ਹਕੇ ਖੜੇ ਕੀਤੇ ਗਏ । ਬਾਘਿਆਂ ਨੇ ਐਉਂ ਹਾਬੜ ਹਾਬੜਕੇ ਉਨ੍ਹਾਂ ਦੀ ਬੋਟੀ ਬੋਟੀ ਉਡਾਈ ਕਿ ਸੁਣੇ ਵੇਖੇ ਦਾ ਫਰਕ ਹੈ; ਪਰ ਬੇਬੇ ਜੀ ! ਆਖਦੇ ਹਨ ਕਿ ਕਿਸੇ ਨੇ ਹਾਇ ਤੀਕ ਨਹੀਂ ਕੀਤੀ, ਸੀ ਵਾਹਿਗੁਰੂ ਹੀ ਉਚਾਰਦੇ ਚਲ ਬਸੇ ।

ਸੁਆਣੀ-ਤੇ ਓਥੇ ਹੋਰ ਕੋਈ ਨਹੀਂ ਸੀ ?

ਗੋਲੀ-ਨਵਾਬ ਸਾਹਿਬ ਆਪ ਸਾਰੇ ਦਰਬਾਰੀ ਤੇ ਆਪਣੇ ਦੀਵਾਨ ਸਾਹਿਬ ਭੀ ਸਨ । ਸਾਰੇ ਉਪਰਲੇ ਤਖਤੇ ਪੁਰ ਬੈਠ ਕੇ ਤਮਾਸ਼ਾ ਵੇਖਦੇ ਤੇ ਖਿੜ ਖਿੜਾਕੇ ਹੱਸਦੇ ਸਨ ।

ਸੁਆਣੀ (ਠੰਢਾ ਸਾਹ ਭਰਕੇ) -ਵਿਨਾਸ਼ ਕਾਲੇਚ ਵਿਪ੍ਰੀਤ ਬੁਧੇ* ਮੁਗਲਾਂ ਦਾ ਰਾਜ ਹੁਣ ਨਾਸ਼ ਹੋਣ ਤੇ ਆ ਗਿਆ ਹੈ । ਨਾਰਾਇਣ ! ਮੇਰੇ ਪੁਤ੍ਰ ਨੂੰ ਪ੍ਰਹਿਲਾਦ ਵਾਂਗ ਬਚਾ ਦੇਹ । ਲਾਲ ! ਤੈਨੂੰ ਤੱਤੀ ਵਾ ਨਾ ਲੱਗੇ ।

ਗੋਲੀ-ਉਸ ਦਾ ਰਾਮ ਸਹਾਈ ਹੈ, ਤੁਸੀਂ ਰਤੀ ਫਿਕਰ ਨਾ ਕਰੋ ।

ਸੁਆਣੀ-ਭਲਾ ਉਨ੍ਹਾਂ ਸਿੱਖਾਂ ਵਿਚ ਕੋਈ ਖੱਤਰੀ ਭੀ ਸੀ ?

ਗੋਲੀ-ਨਹੀਂ ਜੀ, ਪਰ ਸਿਖਾਂ ਵਿਚ ਤਾਂ ਸਾਰੇ ਇਕੋ ਜਿਹੇ ਲਗਦੇ ਹਨ, ਕੋਈ ਜੱਟ ਕੋਈ ਖੱਤਰੀ ਦਾ ਵੇਰਵਾ ਤਾਂ ਨਹੀਂ ਦਿੱਸਦਾ, ਸਾਰੇ ਲੰਮੇ, ਚੌੜੇ ਤੇ ਸੱਚੇ ਹੁੰਦੇ ਹਨ ਅਰ ਡਾਢੇ ਬਹਾਦਰ ! ਖਬਰੇ ਇਨ੍ਹਾਂ ਦੀ ਕੋਈ ਜਾਤ ਭੀ ਹੁੰਦੀ ਹੈ ਕਿ ਨਹੀਂ ?

ਸੁਆਣੀ-ਜਾਤ ਹੁੰਦੀ ਤਾਂ ਬਹਾਦਰੀ ਨਾ ਹੁੰਦੀ ਇਹ ਸਾਰਾ ਮੈਤ੍ਰੀ ਦਾ ਹੀ ਫਲ ਹੈ, ਕਦੀ ਪਾਟੀਆਂ ਕੰਧਾਂ ਪੁਰ ਭੀ ਛੱਤ ਟਿਕੀ ਹੈ ? ਮਿਲੀਆਂ ਕੰਧਾਂ ਦੇ ਹੀ ਮਹਿਲ ਬਣਦੇ ਹਨ ।

ਇਕ ਦਿਨ ਸੁਆਣੀ ਕੋਠੇ ਤੇ ਬੈਠੀ ਵਾਲ ਸੁਕਾਉਂਦੀ ਸੀ ਤੇ ਇਹ ਗੀਤ ਗਾਉਂਦੀ ਸੀ :-

‘ਲਾਡਾਂ ਪਾਲਿਆ ਲਾਲ ਦੁਲਾਰਾ ਛੱਡ ਸਿਧਾਯਾ ਮੈਨੂੰ । ਟੁਕੜੇ ਟੁਕੜੇ ਹਿਰਦਾ ਹੋਇਆ ਖੋਲ੍ਹ ਦੱਸਾਂ ਕੀ ਤੈਨੂੰ ।’

ਇੰਨੇ ਨੂੰ ਕੁਲਪਤ ਰਾਇ ਨਾਜ਼ਮ ਦੀ ਵਹੁਟੀ ਦੀ ਡੋਲੀ ਆ ਗਈ ਦੋਵੇਂ ਸਹੇਲੀਆਂ ਵੱਡੇ ਪਿਆਰ ਨਾਲ ਮਿਲੀਆਂ। ਨਾਜ਼ਮ ਦੀ ਵਹੁਟੀ ਨੇ ਰਾਮ ਲਾਲ ਦੇ ਸਿੱਖ ਹੋ ਜਾਣ ਦੀ ਬੜੀ ਪਰਚਾਉਣੀ ਕੀਤੀ ਅਰ ਦਰਦ ਵੰਡਿਆ, ਜਿਵੇਂ ਅੱਜ ਕੱਲ ਕਿਸੇ ਦੇ ਪੁਤ੍ਰ ਮਰਨੇ ਪਰ ਪਰਚਾਉਣੀ ਕਰੀਦੀ ਹੈ । ਗੱਲਾਂ ਹੁੰਦਿਆਂ ਹਵਾਂਦਿਆਂ ਕੁਲਪਤ ਦੀ ਵਹੁਟੀ ਨੇ ਮਾਖੋਵਾਲ* ਦੇ ਜੁੱਧ ਦੀ ਭਯਾਨਕ ਕਹਾਣੀ ਐਉਂ ਦਿੱਤੀ :-

ਨਾਜ਼ਮਣੀ-ਭੈਣ ਜੀ ! ਸਿੱਖਾਂ ਵਿਚਾਰਿਆਂ ਦੇ ਭਾ ਦੀ ਡਾਢੀ ਆ ਬਣੀ ਹੈ । ਹੈਨ ਤਾਂ ਚੰਗੇ ਪਰ ਸਮੇਂ ਦੇ ਪਾਤਸ਼ਾਹ ਇਨ੍ਹਾਂ ਦੇ ਵੈਰੀ ਹੋ ਰਹੇ ਹਨ। ਕੱਲ੍ਹ ਰਾਤੀਂ ਪਤੀ ਜੀ ਨੇ ਮੈਨੂੰ ਮਾਖੋਵਾਲ ਦਾ ਹਾਲ ਸੁਣਾਇਆ, ਲੂੰ ਕੰਡੇ ਖੜੇ ਹੋ ਗਏ । ਇਹ ਤਾਂ ਤੈਨੂੰ ਪਤਾ ਹੀ ਹੈ ਕਿ ਪਿਛਲੇ ਪਠਾਣੀ ਜੁੱਧ ਵਿਚ ਸਿੱਖਾਂ ਨੇ ਅੰਮ੍ਰਿਤਸਰ ਤੋਂ ਲੈ ਕੇ ਪਹਾੜਾਂ ਤਕ ਦਾ ਇਲਾਕਾ ਮੱਲ ਲਿਆ ਸੀ ਤੇ ਫੇਰ ਗਸ਼ਤੀ ਫ਼ੌਜ ਨੇ ਉਨ੍ਹਾਂ ਨੂੰ ਨਸਾ ਕੇ ਜੰਗਲੀ ਵਾੜ ਦਿੱਤਾ ਅਰ ਸ਼ਹਿਰਾਂ ਦੇ ਵਾਸੀ ਡਰਾਉਣੀਆਂ ਮੌਤਾਂ ਮੋਏ ਜਾਂ ਲੁਕ ਛੁਪ ਕੇ ਨਿਕਲ ਗਏ ਤੇ ਬਨੀਂ ਪਹਾੜੀਂ ਜਾ ਵੱਸੇ । ਜੋ ਗਸ਼ਤੀ ਫੌਜ ਦੀ ਦੁਰਦਸ਼ਾ ਸਿੱਖਾਂ ਨੇ ਛਾਪੇ ਮਾਰ ਮਾਰਕੇ, ਰਾਤਾਂ ਚੀਰ ਚੀਰਕੇ ਕੀਤੀ ਹੈ ਉਹ ਹੀ ਜਾਣਦੇ ਹਨ, ਜਿਨ੍ਹਾਂ ਦੇ ਸਿਰ ਬੀਤੀ ਹੈ । ਬੁੱਢੇ ਕੋਟ ਲਾਗੇ ਸਤਲੁਜ ਦੀ ਬੇਟ ਵਿਚ ਸਿੰਘਾਂ ਦਾ ਮੋਮਨ ਖਾਂ ਨਾਲ ਭਾਰੀ ਘਮਸਾਨ ਮੱਚਿਆ ਸੀ, ਜਿਸ ਵਿਚ ਚੰਗੇ ਚੰਗੇ ਤੁਰਕ ਜੋਧੇ ਖੇਤ ਹੋਏ ਪਰ ਛੇਕੜ ਸਿੰਘ ਇਨ੍ਹਾਂ ਦਾ ਨਾਸ਼ ਕਰਕੇ ਚੁਪ ਕੀਤੇ ਹੱਥ ਵਿਚੋਂ ਸਾਬਣ ਦੀ ਚੱਕੀ ਵਾਂਗ ਤਿਲਕ ਗਏ। ਇਸ ਤੋਂ ਮਗਰੋਂ ਕਈ ਉਪੱਦਰ ਹੋਏ। ਸੁਣਿਆ ਹੈ ਕਿ ਜਲੰਧਰ ਦੇ ਨਵਾਬ ਆਦੀਨਾ ਬੇਗ ਨੇ ਆਪਣੇ ਉਨ੍ਹਾਂ ਸ਼ੱਕਾਂ ਦੇ ਦੂਰ ਕਰਨੇ ਲਈ, ਜੋ ਲਾਹੌਰ ਦੀ ਸਰਕਾਰ ਨੂੰ ਉਸ ਪੁਰ ਸਨ, ਸਿਖਾਂ ਨਾਲ ਵਡਾ ਧਰੋਹ ਕੀਤਾ ਹੈ। ਉਤੋਂ ਦੀ ਉਨ੍ਹਾਂ ਨਾਲ ਮਿੱਠਾ ਬਣਿਆ ਰਿਹਾ ਹੈ ਤੇ ਵਿਚੋਂ ਦਾਉ ਤੱਕਦਾ ਰਿਹਾ ਹੈ । ਮਾਖੋਵਾਲ ਵਿਚ, ਜੋ ਉਸ ਦੇ ਲਾਗੇ ਹੀ ਹੈ, ਸਿੱਖਾਂ ਦਾ ਇਕ ਭਾਰੀ ਮੇਲਾ* ਸੀ, ਹਜ਼ਾਰਾਂ ਲੋਕ ਕੱਠੇ ਹੋ ਰਹੇ ਸਨ, ਕਿਤੇ ਭਜਨ ਸਿਮਰਨ ਤੇ ਬਾਣੀਆਂ ਦੇ ਉਚਾਰ ਹੋ ਰਹੇ ਸਨ, ਅਰ ਸਿੱਖ ਬੇਚਿੰਤ ਢਾਣੀਆਂ ਲਾਈ ਬੈਠੇ ਢਾਡੀਆਂ ਤੋਂ ਵਾਰਾਂ ਸੁਣ ਰਹੇ ਸਨ । ਕਿਤੇ ਬੀਰ-ਰਸ ਦੇ ਨਕਸ਼ੇ ਬੱਝ ਰਹੇ ਸਨ, ਕਿਤੇ ਬਹਾਦਰੀ ਤੇ ਮੈਦਾਨੇ-ਜੰਗ ਦੀ ਕੱਟ ਵੱਢ ਦੇ ਗੀਤ ਅਲਾਪੇ ਜਾ ਰਹੇ ਸਨ, ਕਿ ਆਦੀਨਾ ਬੇਗ ਚੁਪ ਚਾਪ ਫੌਜ ਲੈ ਕੇ ਜਾ ਪਿਆ । ਸਿਖ ਲੋਕ ਬੇਖਬਰੇ ਸਨ-ਅਚਾਨਕ ਚਾਰ ਚੁਫੇਰਿਓਂ ਬਲਾ ਵਿਚ ਘਿਰ ਗਏ । ਬੜੀ ਫੁਰਤੀ ਕੀਤੀ, ਬੜੀ ਚਲਾਕੀ ਤੋਂ ਕੰਮ ਲਿਆ, ਪਰ ਫੇਰ ਭੀ ਕੀ ਬਣਦਾ ਸੀ ? ਹਜ਼ਾਰਾਂ ਹੀ ਖੇਤ ਹੋਏ. ਲੋਥਾਂ ਦੇ ਢੇਰ ਲੱਗ ਗਏ, ਧਰਤੀ ਲਹੂ ਨਾਲ ਸੂਹੀ ਹੋ ਗਈ ਅਰ ਚਾਰ ਚੁਫੇਰੇ ਭੈਦਾਇਕ ਸਮਾਂ ਬੱਝ ਗਿਆ। ਪਰ ਜੋਧੇ ਸਿਖ ਸੰਭਲਦੇ ਸੰਭਾਲਦੇ ਛੇਕੜ ਡਟ ਗਏ, ਆਪਣੇ ਕੁਦਰਤੀ ਸੁਭਾਉ ਮੂਜਬ ਏਨੀ ਕੱਟ ਵੱਢ ਵੇਖ ਕੇ ਭੀ ਦਿਲ ਨਾ ਹਾਰਿਓ ਨੇ। ਮੇਲੇ ਵਿਚ ਸਾਰੇ ਜੋਧੇ ਨਹੀਂ ਸਨ. ਸੋ ਸਾਰੀ ਭੀੜ ਵਿਚ ਜੋਧਿਆਂ ਦੇ ਲੜਦਿਅ, ਬੀ ਹਲਚਲੀ ਮਚ ਗਈ ਤੇ ਸਿੰਘ ਤਿਤਰ ਬਿਤਰ ਹੋ ਗਏ । ਇਧਰ ਤਾਂ ਆਦੀਨਾ ਬੇਗ ਨੇ ਖਬਰ ਘੱਲੀ ਹੈ ਕਿ ਮੈਂ ਫਤੇ ਪਾਈ ਤੇ ਭਾਰੀ ਕਤਲ ਕਰ ਦਿੱਤੀ ਹੈ, ਹੁਣ ਸਿੱਖ ਉਠਣ ਜੋਗੇ ਨਹੀਂ ਰਹੇ, ਪਰ ਮੇਰੇ ਪਤੀ ਜੀ ਮੈਨੂੰ ਦੱਸਦੇ ਸੀ ਕਿ ਉਸ ਨੇ ਅੰਦਰਖਾਨੇ ਆਪਣੇ ਮਿਤਰ ਸਦੀਕ ਬੇਗ ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਪਾਸ ਘੱਲ ਦਿਤਾ ਹੈ ਕਿ ਮੈਂ ਲਾਹੌਰ ਦੇ ਹੁਕਮ ਕਰਕੇ ਤੁਸਾਂ ਤੇ ਆ ਪਿਆ ਸਾਂ, ਜੋ ਹੋਣਾ ਸੀ ਹੋ ਚੁਕਾ ਹੁਣ ਆਓ ਸੁਲਹ ਕਰ ਲਈਏ। ਸਰਦਾਰ ਜੱਸਾ ਸਿੰਘ ਨੇ ਇਸ ਵੇਲੇ ਬੜੀ ਦੂਰੰਦੇਸ਼ੀ ਕਰਕੇ ਸੁਲਹ ਮੰਨ ਲਈ ਸੀ ਕਿ ਸੁਲਹ ਨਾਲ ਖਾਲਸਾ ਅਨੰਦਪੁਰ ਦੇ ਪਹਾੜੀ ਇਲਾਕੇ ਵਿਚ ਆਰਾਮ ਨਾਲ ਰਹਿ ਸਕੇਗਾ ਤੇ ਦੇਸ਼ ਵਿਚ ਮੀਰ ਮੰਨੂੰ ਦੀ ਵਸ ਰਹੀ ਅੱਗ ਤੋਂ ਬਚਕੇ ਟੱਬਰਦਾਰ ਸਿਖ ਏਥੇ ਦਿਨ-ਕਟੀ ਕਰ ਲੈਣਗੇ । ਸੋ ਇਉਂ ਉਨ੍ਹਾਂ ਨਾਲ ਉਸ ਦੀ ਸੁਲਹ ਹੋ ਗਈ ਹੈ ਤੇ ਸਿਖ ਹੁਣ ਫੇਰ ਆਨੰਦਪੁਰ ਵਿਚ ਸਿਰ ਲੁਕਾਉਣ ਲਈ ਜਾ ਰਹੇ ਹਨ। ਮੇਰੇ ਪਤੀ ਜੀ ਦੱਸਦੇ ਸੀ ਕਿ ਮੇਰੀ ਰਾਇ ਵਿਚ ਆਦੀਨਾ ਬੇਗ ਬੜਾ ਚਾਲਾਕ ਹੈ । ਉਹ ਸੋਚਦਾ ਹੈ ਕਿ ਜੇ ਮੈਂ ਸਿਖਾਂ ਨੂੰ ਮੂਲੋਂ ਹੀ ਮਾਰ ਲਿਆ ਤਦ ਲਾਹੌਰ ਦੀ ਸਰਕਾਰ ਮੈਨੂੰ ਮਾਰ ਲਵੇਗੀ; ਕਿਉਂਕਿ ਹੁਣ ਮੇਰਾ ਡਰ ਬਣਿਆ ਹੋਇਆ ਹੈ ਕਿ ਇਹ ਸਿਖਾਂ ਦਾ ਬੰਦੋਬਸਤ ਚੰਗਾ ਕਰਦਾ ਹੈ। ਇਹ ਸੋਚ ਕੇ ਉਸ ਨੇ ਸਿਖਾਂ ਨਾਲ ਅੰਦਰਖਾਨੇ ਸੁਲਹ ਕਰ ਲਈ ਹੈ ਕਿ ਤੁਸੀਂ ਆਰਾਮ ਨਾਲ ਟਿਕ ਜਾਓ ਤੇ ਮੈਂ ਤੁਹਾਨੂੰ ਤੰਗ ਨਹੀਂ ਕਰਾਂਗਾ । ਇਧਰ ਸਿਖਾਂ ਤੇ ਛਾਪਾ ਮਾਰ ਤੇ ਸ਼ਹਿਰੀ ਵਸੋਂ ਨੂੰ ਕਤਲ ਕਰਕੇ ਲਾਹੌਰਪਤਬਣਾਲਈ ਸੂ ਕਿ ਮੈਂ ਸਿਖ ਯੋਧੇ ਖੂਬ ਮੁਕਾਏਹਨ।

ਦੀਵਾਨਣੀ-ਭੈਣ ਜੀ ! ਤੁਹਾਨੂੰ ਇਹ ਕਿਥੋਂ ਪਤੇ ਲਗੇ ?

ਨਾਜ਼ਮਣੀ-ਕੱਲ ਦਰਬਾਰ ਵਿਚ ਏਸੇ ਗੱਲ ਦੀ ਚਰਚਾ ਰਹੀ। ਰਾਤ ਪਤੀ ਜੀ ਤੇ ਇਕ ਮਿਤ੍ਰ ਸਾਡੇ ਘਰ ਗੱਲਾਂ ਕਰਦੇ ਰਹੇ ਸਨ ਕਿ ਨਵਾਬ ਆਦੀਨਾ ਬੇਗ ਬੜਾ ਚਲਾਕ ਹੈ, ਲਾਹੌਰ ਦੇ ਥੱਲੇ ਭੀ ਨਹੀਂ ਲਗਦਾ, ਵਿਗੜਦਾ ਭੀ ਨਹੀਂ, ਸਿਖਾਂ ਨਾਲ ਲੜ ਭੀ ਪੈਂਦਾ ਹੈ ਤੇ ਫੇਰ ਸੁਲਹ ਭੀ ਕਰ ਲੈਂਦਾ ਹੈ। ਦਿਖਾਵਾ ਇਹ ਕਰਦਾ ਹੈ ਕਿ ਮੈਂ ਸਿਖਾਂ ਦੇ ਫਸਾਦ ਦੂਰ ਕਰਦਾ ਹਾਂ ਅਰ ਫੇਰ ਆਪਣੀ ਲੱਤ ਉਚੀ ਰੱਖਣ ਲਈ ਥੋੜੇ ਬਹੁਤ ਫਸਾਦ ਸਿੱਖਾਂ ਦੇ ਹੋਣ ਭੀ ਦਿੰਦਾ ਹੈ। ਮੈਂ ਇਹ ਸਾਰੇ ਪ੍ਰਸੰਗ ਅੰਦਰ ਬੈਠੀ ਸੁਣਦੀ ਰਹੀ ਸਾਂ, ਪਰ ਭੈਣ ਜੀ ਐਤਕਾਂ ਇਕ ਗੱਲ ਬੜੀ ਮਾੜੀ ਹੋਈ ਹੈ । ਸਿੱਖਾਂ ਦਾ ਇਕ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨਾਮੇ ਅਦੀਨਾ ਬੇਗ ਪਾਸ ਨੌਕਰ ਹੋ ਗਿਆ ਹੈ ।

ਦੀਵਾਨਣੀ-ਚੁਪ ਕਰ ਰਹ ਭੈਣ ! ਹੋ ਗਿਆ ਹੋਊ । ਕੋਈ ਕਾਰਣ ਵਰਤਿਆ ਹੋਉ । ਚਿਰ ਨਹੀਓਂ ਰਹਿਣ ਲੱਗਾ, ਸਿੱਖਾਂ ਦਾ ਲਹੂ ਡਾਢਾ ਸੰਘਣਾ ਹੈ। ਇਸਨੇ ਕਿਸੇ ਵੇਲੇ ਤੜੱਕਆਪਣੇ ਭਰਾਵਾਂ ਨਾਲਜਾ ਰਲਣਾਹੈ।

7 ਕਾਂਡ ।

ਲਾਹੌਰੋਂ ਤੁਰ ਰਾਵੀ ਪਾਰ ਹੋ ਕੇ ਫੇਰ ਝਨਾਂ ਨਦੀ ਆਉਂਦੀ ਹੈ। ਜਿਸ ਦਾ ਪਾੜ ਅਰ ਵਹਿਣ ਐਡਾ ਭਾਰੀ ਹੈ ਕਿ ਪੰਜਾਬੀ ਵਿਚ ਕਹਾਵਤਾਂ ਵਿਚ ਵਰਤੀਂਦਾ ਹੈ, ਯਥਾ-‘ਨਹੀਓਂ ਅੰਤ ਝਨਾਂ ਦਾ ਜਿਥੇ ਬੇੜੇ ਲੱਖ ਡੁਬੰਨ’ ! ਇਸ ਨਦੀ ਦੇ ਦੋਹੀਂ ਪਾਸੀਂ ਕਿਸੇ ਸਮੇਂ ਭਾਰੀ ਬੇਲੇ ਹੁੰਦੇ ਸਨ, ਜਿਨ੍ਹਾਂ ਵਿਚ ਰਕਮ ਰਕਮ ਦੇ ਬ੍ਰਿਛ ਅਰ ਭਾਂਤ ਭਾਂਤ ਦੇ ਜੀਵ-ਜੰਤੂ ਰਹਿੰਦੇ ਸਨ। ਅੱਜ ਕੱਲ ਭੀ ਇਹ ਬੇਲਾ ਕਈ ਥਾਈਂ ਦਿੱਸਦਾ ਹੈ, ਪਰ ਉਸ ਸਮੇਂ ਤਾਂ ਲਗ ਪਗ ਸਾਰੇ ਹੁੰਦਾ ਸੀ ਅਰ ਵਿੱਥਾਂ ਘੱਟ ਹੁੰਦੀਆਂ ਸਨ । ਲਾਹੌਰ ਜਾਂਦਿਆਂ ਉੱਤਰ ਪੱਛੋਂ ਰੁਖ਼ ਨੂੰ ਪਹਿਲੇ ਹੀ ਕੰਢੇ ਭਾਰੀ ਸੰਘਣਾ ਬੇਲਾ ਸੀ । ਜਿਥੇ ਕੁ ਵਜ਼ੀਰਾਬਾਦ ਹੈ, ਇਹ ਇਸ ਤੋਂ ਕੁਝ ਮੀਲ ਪੱਛਮ ਉੱਤਰ ਰੁਖ਼ ਨੂੰ ਸੀਗਾ। ਇਹ ਬਨ ਕੇਵਲ ਕੰਢੇ ਹੀ ਨਹੀਂ, ਸਗੋਂ ਕੁਝ ਕੁ ਮੀਲ ਉਤੇ ਤੀਕ ਪਸਰਿਆ ਹੋਇਆ ਸੀ । ਸੰਘਣੇ ਬ੍ਰਿਛਾਂ ਅਰ ਕੰਡੇਦਾਰ ਝਾੜੀਆਂ ਨੇ ਇਸ ਨੂੰ ਕਠਨ ਬਨ ਬਣਾ ਦਿੱਤਾ ਹੋਯਾ ਸੀ । ਇਸ ਦੇ ਅੰਦਰ ਜਾਣਾ ਤਾਂ ਔਖਾ ਸੀ, ਪਰ ਵਿਚ ਵਿਚਾਲੇ ਜਾ ਕੇ ਕਈ ਥਾਈਂ ਖੁੱਲ੍ਹੇ ਪੱਧਰ ਅਰ ਵਿਰਲੇਥਾਂ ਹੁੰਦੇ ਸਨ, ਪਰ ਤਦ ਭੀ ਬ੍ਰਿਛਾਂ ਦੀ ਛਾਯਾ ਸਾਰੇ ਸਹਾਰਾ ਦਿੰਦੀ ਸੀ।ਜਿਨ੍ਹਾਂ ਸਮਿਆਂ ਦੇ ਅਸੀਂ ਦੁੱਖ ਭਰੇ ਸਮਾਚਾਰ ਲਿਖਦੇ ਹਾਂ, ਇਹੋ ਦੁਸ਼ਤਰ ਜੰਗਲ ਹੀ ਖਾਲਸੇ ਦਾ ਸ੍ਵਰਗ ਤੇ ਇੰਦ੍ਰਪੁਰੀਆਂ ਹੁੰਦੇ ਸਨ । ਕੋਈ ਜੰਗਲ, ਬਨ, ਬੇਲਾ, ਐਸਾ ਨਹੀਂ ਹੁੰਦਾ ਸੀ ਕਿ ਜਿਸ ਵਿਚ ਦਸ, ਪੰਜ ਯਾ ਸੌ ਸਿੱਖ ਸਿਰ ਲੁਕਾਈ ਦਿਨ-ਕਟੀ ਨਾ ਕਰ ਰਹੇ ਹੋਣ । ਜਿਸ ਵੇਲੇ ਦਾ ਅਸੀਂ ਉਤੇ ਸਮਾਚਾਰ ਦੱਸਿਆ ਹੈ, ਉਸ ਵਿਚ ਇਕ ਖੁਲ੍ਹੇ ਥਾਂ ਪੁਰ ਬਨ ਦੇ ਕੱਖ ਕੰਡਿਆਂ ਦੀ ਬਣੀ ਹੋਈ ਇਕ ਕੁੱਲੀ ਹੈ, ਜਿਸ ਦੇ ਉਦਾਲੇ ਕੰਡਿਆਂ ਦੀ ਵਾੜ ਦੇ ਕੇ ਝਿੜੀ ਜਿਹੀ ਬਣਾਈ ਹੋਈ ਹੈ, ਕੁੱਲੀ ਦੇ ਅੱਗੇ ਤੇ ਝਿੜੀ ਦੇ ਵਿਚ ਇਕ ਵਿਹੜਾ ਬੀ ਹੈ। ਇਹ ਝਿੜੀ ਬਨ-ਪਸ਼ੂਆਂ ਤੋਂ ਬਚਾਉ ਦੀ ਇਕ ਚੰਗੀ ਸੂਰਤ ਦੇ ਕੇ ਰਚੀ ਹੋਈ ਹੈ ਅਰ ਕੁੱਲੀ ਦੇ ਦੁਆਲੇ ਕਈ ਵੇਲਾਂ ਲਾਈਆਂ ਹੋਈਆਂ ਹਨ । ਥੋੜ੍ਹੀ ਦੂਰ ਪਰੇ ਇਕ ਛੰਭ ਹੈ ਜੋ ਮੀਂਹ ਦੇ ਜਲ ਨਾਲ ਅਥਵਾ ਦਰਿਯਾ ਦੇ ਉੱਛਲਣੇ ਨਾਲ ਭਰਪੂਰ ਰਹਿੰਦਾ ਹੈ । ਇਸ ਦਾ ਜਲ ਚੰਗਾ, ਮਿੱਠਾ ਤੇ ਸੁਥਰਾ ਰਹਿੰਦਾ ਹੈ । ਇਕ ਕੁਟੀਆ ਵਿਚ ਇਕ ਸਿੰਘ ਟੱਬਰ ਸਮੇਤ ਜਿੰਦ ਬਚਾਈ ਦਿਨ ਬਿਤਾ ਰਿਹਾ ਹੈ। ਸੂਰਜ ਦੇਉਤਾ ਧਰਤੀ ਦੇ ਉਹਲੇ ਹੁੰਦਾ ਜਾਂਦਾ ਆਪਣੀਆਂ ਛੇਕੜਲੀਆਂ ਲਾਸਾਂ ਦਿਖਾ ਰਿਹਾ ਹੈ। ਚਾਰ ਚੁਫੇਰੇ ਸੁਹਾਉ ਵਾਲਾ ਚਾਨਣਾ, ਜੋ ਧੁੱਪ ਦੀ ਤੇਜ਼ੀ ਤੋਂ ਮੱਧਮ ਹੋ ਕੇ ਚਾਨਣੇ ਦੇ ਵਿਚਕਾਰ ਹੁੰਦਾ ਹੈ, ਆਪਣੀ ਅਚਰਜ ਰੌਣਕ ਨੂੰ ਬਨ ਦੀ ਸਾਦਗੀ ਵਾਂਗ ਇਕ ਟਿਕਾਉ ਵਾਲਾ ਤੇ ਸਾਦਾ ਸਮਾਂ ਬਣਾ ਰਿਹਾ ਹੈ । ਸੰਘਣੇ ਬਨਾਂ ਵਿਚ ਦਿਨ ਵੇਲੇ ਹੀ ਸੂਰਜ ਕਿਸੇ ਘੁੰਢ ਕੱਢੀ ਦੁਲਹਨ ਦੀ ਨਜ਼ਰ ਵਾਂਗੂ ਧੁੱਪ ਦੇ ਬਾਣ ਪੱਤਿਆਂ ਦੀਆਂ ਵਿੱਥਾਂ ਵਿਚੋਂ ਭੇਜਿਆ ਕਰਦਾ ਹੈ ਤੇ ਹੁਣ ਤਾਂ ਵੇਲਾ ਹੀ ਉਹ ਹੋ ਗਿਆ ਹੈ ਕਿ ਜਿਸ ਵੇਲੇ ਬੜੇ ਬੜੇ ਪਹਾੜਾਂ ਪਰ ਹੀ ਧੁਪ ਦੇ ਪਿੱਲੇ ਰੰਗ ਦਾ ਪ੍ਰਕਾਸ਼ ਕਿਸੇ ਦੇ ਘਟਦੇ ਪ੍ਰਤਾਪ ਵਾਂਗ ਦ੍ਰਿਸ਼ਟੀ ਪੈਂਦਾ ਹੈ । ਉਸ ਕੁੱਲੀ ਦੇ ਅੱਗੇ ਵਾੜ ਦੇ ਅੰਦਰ ਇਕ ਜਵਾਨ ਸੁੰਦਰ ਇਸਤ੍ਰੀ ਬੈਠੀ ਹੈ, ਜਿਸ ਦੀ ਸੁੰਦਰਤਾ ਨੂੰ ਦੇਖ ਕੇ ਸੁੰਦਰਤਾ ਬੀ ਦੰਗ ਰਹਿ ਜਾਏ। ਇਸਦੇ ਸੁੰਦਰ ਚਿਹਰੇ ਨੂੰ ਧਰਮ, ਸਹਿਨ ਸ਼ੀਲਤਾ, ਪਤਿਬਤਾ ਭਾਵ ਤੇ ਭਜਨ ਨੇ ਐਸੀ ਅਚਰਜ ਰੰਗਤ ਦਿੱਤੀ ਹੈ ਕਿ ਸ਼ਰਈ ਮੁਸਲਮਾਨ ਦਾ ਜੀ ਵੀ ਸਿਜਦੇ ਵਿਚ ਝੁਕ ਜਾਵੇ । ਪਾਪ ਜਿਸ ਦੇ ਨੇੜੇ ਨਹੀਂ ਕਦੇ ਆਇਆ, ਛਲ ਕਪਟ ਦੀ ਇਹ ਕਦੇ ਜਾਣੂ ਨਹੀਂ ਹੋਈ। ਕਬੂਤਰ ਵਰਗਾ ਭੋਲਾ ਪਨ ਉਸ ਦੇ ਮਨਮੋਹਨ ਚਿਹਰੇ ਨੂੰ ਐਸਾ ਪ੍ਰਭਾਵ ਦੇ ਰਿਹਾ ਹੈ ਕਿ ਕਵੀਆਂ ਦੀ ਕਲਮ ਇਸ ਨੂੰ ਵਰਣਨ ਕਰਨ ਤੇ ਚਿੱਤਕਾਰ ਦੀ ਕਲਮ ਇਸ ਨੂੰ ਅੰਕਿਤ ਕਰਨ ਵੈਲੇ ਡੂੰਘੀਆਂ ਸੋਚਾਂ ਵਿਚ ਪੈ ਪੈ ਜਾਂਦੀਆਂ । ਹਾਂ ਕੋਈ ਈਸ਼ਵਰ ਭਗਤ ਹੀ ਉਸ ਧਰਮਾਵਤਾਰ ਇਸਤ੍ਰੀ ਦੀ ਦੈਵੀ ਸੁੰਦਰਤਾ ਨੂੰ ਸਮਝ ਸਕਦਾ ਹੈ ਕਿ ਆਤਮਾ ਦੀ ਨਿਰਮਲਤਾਈ ਇਨਸਾਨ ਦੇ ਚਿਹਰੇ ਵਿਚ ਕੋਈ ਅਚਰਜ ਤਰ੍ਹਾਂ ਦੀ ਸਤੋਗੁਣੀ ਰੌਣਕ ਭਰ ਦਿਆ ਕਰਦੀ ਹੈ । ਇਸ ਦੇ ਪਾਸ ਇਕ ਸੁੰਦਰ ਬਾਲਕ ਬੈਠਾ ਹੈ ਜੋ ਗਮਲੇ ਵਿਚ ਲੱਗੇ ਹੋਏ ਸਰੂ ਦੀ ਤਰ੍ਹਾਂ ਲੰਮਾਂ, ਪਤਲਾ ਤੇ ਸਡੋਲ ਹੈ। ਇਸਦਾ ਚਿਹਰਾ ਸੁੰਦਰ, ਭਲਾ ਤੇ ਦੂਰ ਦੀ ਸੋਝੀ ਵਾਲਾ ਜਾਪਦਾ ਹੈ, ਧਰਮ ਅਰ ਪਾਪ ਦੀ ਘ੍ਰਿਣਾਂ ਦਾ ਸੁਭਾਵ ਚਿਹਰੇ ਤੋਂ ਇੰਝ ਪ੍ਰਤੀਤ ਹੋ ਰਿਹਾ ਹੈ ਜਿਵੇਂ ਤਰਬੂਜ਼ ਦੀ ਅੰਦਰਲੀ ਲਾਲੀ ਬਾਹਰਲੇ ਸਾਵੇ ਛਿੱਲੜ ਦੇ ਵਿਚ ਦੀ ਪ੍ਰਤੀਤ ਹੋ ਜਾਂਦੀ ਹੈ ।

ਇਹ ਦੋਵੇਂ ਮਾਂ ਪੁੱਤ੍ਰ ਬੈਠੇ ਪਿਲਛੀ ਦੀਆਂ ਟੋਕਰੀਆਂ ਬਣਾ ਰਹੇ ਸਨ ਕਿ ਸੰਝ ਨੂੰ ਸਿਰ ਤੇ ਪਹੁੰਚਾ ਵੇਖਕੇ ਇਨ੍ਹਾਂ ਨੇ ਆਪਣੇ ਕੰਮ ਨੂੰ ਚੁੱਕ ਦਿੱਤਾ ਅਰ ਮੂੰਹ ਹੱਥ ਧੋ ਕੇ ਚੌਂਕੜੀ ਮਾਰ ਰਹਰਾਸ ਦਾ ਪਾਠ ਕਰਨ ਲਈ ਬੈਠ ਗਏ । ਪਰ ਪਾਠ ਕਰਨ ਦੀ ਥਾਵੇਂ ਚੁਪ ਚਾਪ ਬੈਠ ਜਾਣ ਥੀਂ ਮਲੂਮ ਹੁੰਦਾ ਹੈ ਕਿ ਕਿਸੇ ਤੀਸਰੇ ਦੀ ਉਡੀਕ ਕਰ ਰਹੇ ਹਨ ਜੋ ਥੋੜੇ ਹੀ ਚਿਰ ਵਿਚ ਪੂਰੀ ਹੋ ਗਈ ਕਿ ਇਕ ਸੂਰਜ ਵਰਗੇ ਖਿੜੇ ਤੇ ਚੰਦ ਵਰਗੇ ਹਸਮੁੱਖ ਚਿਹਰੇ ਵਾਲੇ ਸੱਜਣ ਆ ਪਹੁੰਚੇ ਅਰ ਆਪਣੀ ਝੁੱਗੀ ਦੀ ਵਾੜ ਦੇ ਵਿਹੜੇ ਵਿਚ ਆਕੇ ਕੁਝ ਪੈਸੇ ਇਸਤ੍ਰੀ ਦੇ ਹੱਥ ਧਰੇ ਤੇ ਕਪੜੇ ਲਾਹ ਮੁੰਹ ਹੱਥ ਧੋ ਕੇ ਪਾਠ ਕਰਨ ਬੈਠ ਗਏ। ਬੀਬੀ ਨੇ ਪਾਠ ਕੀਤਾ ਅਰ ਦੋਵੇਂ ਜਣੇ ਪ੍ਰੇਮ ਨਾਲ ਉਸ ਦੇ ਮਧੁਰ ਪਾਠ ਨੂੰ ਸੁਣਦੇ ਰਹੇ । ਜਦ ਭੋਗ ਪਾ ਕੇ ਅਰਦਾਸਾ ਸੋਧ ਚੁਕੇ, ਤਦ ਬੀਬੀ ਨੇ ਲੂਣ ਪਾ ਕੇ ਸਾਦੇ ਪ੍ਰਸ਼ਾਦੇ ਤਿਆਰ ਕਰ ਲਏ, ਨਾ ਹੀ ਘਿਉ ਲੱਗਾ ਰੋਟੀਆਂ ਨੂੰ ਤੇ ਨਾ ਹੀ ਸਲੂਣਾ ਬਣਿਆ ਕੋਈ ।

ਇਹ ਪਰਵਾਰ ਸਾਡੇ ਬਿਜੈ ਸਿੰਘ ਜੀ ਸ਼ੀਲ ਕੌਰ ਤੇ ਭੁਜੰਗੀ ਜੀ ਦਾ ਹੈ । ਇਸ ਵੇਲੇ ਚੰਦ ਦੀ ਮਿੱਠੀ ਚਾਨਣੀ ਬ੍ਰਿਛਾਂ ਨੂੰ ਚਾਂਦਨੀ ਦੀ ਰੁਪਹਿਲੀ ਚੱਦਰ ਪਹਿਨਾ ਰਹੀ ਸੀ ਅਰ ਪੱਤਿਆਂ ਵਿਚੋਂ ਛਣ ਛਣ ਕੇ ਚਾਂਦਨੀ ਹੇਠਾਂ ਬੀ ਪੈ ਰਹੀ ਸੀ । ਬਨ ਪਸ਼ੁਆਂ ਦੇ ਘੁਰਾਉਣ ਦੇ ਸ਼ਬਦ ਕਿਸੇ ਕਿਸੇ ਵੇਲੇ ਇਕ ਭਯੰਕਰ ਸੁਰ ਵਿਚ ਗੂੰਜ ਪੈਂਦੇ ਸਨ ਕਿ ਇੰਨੇ ਚਿਰ ਵਿਚ ਇਕ ਮਾਨੁਖੀ ਆਵਾਜ਼ ‘ਹਾਇ! ਹਾਇ ! ਹਾਇ !’ ਦੀ ਆਉਣ ਲੱਗ ਪਈ, ਜਿਸਦੀ ਚੋਭ ਹਿਰਦਿਆਂ ਨੂੰ ਨੇਜੇ ਵਾਂਗ ਪੁਰੋ ਰਹੀ ਸੀ । ਬਿਜੈ ਸਿੰਘ ਦਾ ਦਯਾ ਪੂਰਤ ਹਿਰਦਾ ਰਹਿ ਨਾ ਸਕਿਆ, ਇਕ ਦੀਣੀ* ਬਾਲ ਕੇ ਆਵਾਜ਼ ਦੀ ਸੇਧ ਪੁਰ ਤੁਰਿਆ; ਨਾਲ ਵਹੁਟੀ ਤੇ ਪੁਤ੍ਰ ਭੀ ਹੋ ਲਏ। ਲਭਦੇ ਲਭਦੇ ਇਕ ਬ੍ਰਿਛ ਦੇ ਹੇਠ ਇਕ ਲੁੱਛਦੇ ਆਦਮੀ ਨੂੰ ਡਿੱਠਾ ਜੋ ਹਾਇ ਹਾਇ ਕਰ ਰਿਹਾ ਸੀ, ਅਰ ਜਿਸ ਦੇ ਬਦਨ ਨੂੰ ਐਸੀਆਂ ਝਰੀਟਾਂ ਲਗ ਰਹੀਆਂ ਸਨ ਕਿ ਜਿਨ੍ਹਾਂ ਕਰਕੇ ਕਈ ਥਾਵਾਂ ਤੋਂ ਲਹੂ ਸਿੰਮ ਰਿਹਾ ਸੀ । ਅੱਖਾਂ ਦੀ ਰੰਗਤ ਐਸੀ ਪਲਟੀ ਹੋਈ ਸੀ ਕਿ ਆਦਮੀ ਵਹਿਸ਼ੀ ਹੋਇਆ ਜਾਪਦਾ ਸੀ । ਬਿਜੈ ਸਿੰਘ ਨੇ ਸਹਿਜ ਨਾਲ ਉਸਨੂੰ ਚੁਕਿਆ ਅਰ ਸੰਭਾਲ ਕੇ ਆਪਣੇ ਸ਼ੀਸ਼ ਮਹਿਲ ਵਿਚ ਲਿਆ ਪਾਇਆ, ਪਾਣੀ ਉਸ ਦੇ ਮੂੰਹ ਵਿਚ ਚੋਇਆ ਅਰ ਘਾਉ ਧੋ ਕੇ ਲਾਲ ਤੇਲ ਲਾ ਕੇ ਸ਼ੀਲ ਕੌਰ ਦਾ ਕਪੜਾ ਪਾੜ ਕੇ ਪੱਟੀ ਬੱਧੀ । ਹੁਣ ਜ਼ਰਾ ਉਸ ਨੂੰ ਆਸੰਙ ਹੋ ਆਈ ਅਰ ਲੱਗਾ ਅਸੀਸਾਂ ਦੇਣ । ਅਸੀਸਾ ਤੋਂ ਝੱਟ ਪਛਾਣਿਆ ਗਿਆ ਕਿ ਇਹ ਤਾਂ ਪਿਤਾ ਜੀ ਦਾ ਪ੍ਰੋਹਿਤ ਹੈ । ਅਚੰਭਾ ਹੋ ਕੇ ਬਿਜੈ ਸਿੰਘ ਨੇ ਉਸ ਨੂੰ ਪੁਛਿਆ ਕਿ ਤੁਸੀਂ ਪ੍ਰੋਹਿਤ ਜੀ ਕਿਵੇਂ ਇਸ ਬਨ ਵਿਚ ਆ ਫਾਥੇ ? ਪੰਡਤ ਜੀ ਭੁਖੇ ਸਨ ਤੇ ਆਪ ਨੂੰ ਦੁਖੀ ਦੱਸਦੇ ਸਨ । ਕੁਛ ਖਾਧੇ ਬਿਨਾਂ ਗਲਬਾਤ ਕਰ ਸਕਣੀ ਔਖੀ ਸੀ।

ਇਹ ਗੱਲ ਸਮਝ ਕੇ ਕਿ ਆਪ ਭੁੱਖੇ ਹਨ ਤੇ ਭੋਜਨ ਦੀ ਲੋੜ ਹੈ, ਬੀਬੀ ਨੇ, ਜੋ ਹਾਜ਼ਰ ਸੀ, ਅਗੇ ਲਿਆ ਧਰਿਆ । ਤ੍ਰੈ ਸੰਤੋਖੀ ਜੀਆਂ ਦਾ ਭੋਜਨ ਪੰਡਤ ਜੀ ਛਕ ਕੇ ਝੱਟ ਲੰਘਾਉਣ ਜੋਗੇ ਹੋ ਗਏ, ਪੂਰੇ ਤ੍ਰਿਪਤ ਨਹੀਂ ਹੋਏ। ਕੁੱਲੀ ਵਿਚ ਆਟਾ ਮੁਕ ਚੁਕਾ ਹੋਇਆ ਸੀ, ਲੌਢੇ ਵੇਲੇ ਹੋਰ ਆਟਾ ਬਿਜੈ ਸਿੰਘ ਨੇ ਆਂਦਾ ਸੀ, ਪਰ ਰਸਤੇ ਵਿਚ ਕਿਸੇ ਭੁਖਾਤੁਰ ਪੁਰਖ ਨੂੰ ਦੇ ਆਇਆ ਸੀ, ਭਈ ਮੈਂ ਸਵੇਰੇ ਹੋਰ ਲੈ ਆਵਾਂਗਾ ਤੇ ਰਾਤ ਦੇ ਨਿਰਬਾਹ ਜੋਗਾ ਘਰ ਵਿਚ ਹੈ ਹੀ। ਪਰ ਪਤਾ ਨਹੀਂ ਸੀ ਕਿ ਘਰ ਪ੍ਰਾਹੁਣਾ ਪੈਣਾ ਹੈ, ਜਿਸ ਨੇ ਸਾਰਾ ਖਾ ਕੇ ਬੀ ਰਜਣਾ ਨਹੀਂ। ਜਦੋਂ ਪੰਡਤ ਜੀ ਛਕ ਛਕਾ ਕੇ ਤਾਕਤ ਵਿਚ ਆਏ ਤਾਂ ਹੁਣ ਆਪਣੀ ਵਿਧ੍ਯਾ ਸੁਨਾਉਣ ਲਗੇ ਕਿ ਮੈਨੂੰ ਆਪ ਦੀ ਮਾਂ ਨੇ ਧਨ ਦੇ ਕੇ ਆਪ ਦੀ ਭਾਲ ਵਿਚ ਤੋਰਿਆ ਸੀ ਕਿ ਜਿਥੇ ਹੋ ਸਕੇ ਤੁਹਾਨੂੰ ਮਿਲਕੇ ਪਦਾਰਥ ਪੁਚਾਵਾਂ। ਤੁਹਾਡੀ ਮਾਂ ਦੀ ਮਰਜ਼ੀ ਹੈ ਕਿ ਕਿਸੇ ਪਹਾੜ ਵਿਚ ਜਾ ਰਹੋ । ਅਜ ਕਲ੍ਹ ਮਾਖੋਵਾਲ ਦੇ ਪਹਾੜੀਂ ਜਾਣਾ ਚੰਗਾ ਹੈ । ਜਦੋਂ ਠਹਿਰ ਨਰਮਾ ਹੋਵੇਗਾ ਅਰ ਇਹ ਪਰਲੋ ਮੀਰ ਮੰਨੂੰ ਦੇ ਗੁਸੇ ਦੀ ਲੰਘ ਗਈ ਹੋਵੇਗੀ ਤਦੋਂ ਤੁਹਾਨੂੰ ਪਾਸ ਬੁਲਾ ਲਵੇਗੀ ।

ਬਿਜੈ ਸਿੰਘ-ਪੰਡਤ ਜੀ ! ਆਪ ਨੇ ਮੈਨੂੰ ਲੱਭਾ ਕਿੱਕੁਰ ?

ਪੰਡਤ-ਵੱਡਾ ਅੱਖਾ, ਕਈ ਸੂਹੀਏਂ ਛਡੇ, ਕਈਆਂ ਨੂੰ ਸੁੰਧਕਾਂ ਕੱਢਣ ਤੇ ਨੌਕਰ ਰਖਿਆ, ਕਿਸੇ ਡਾਢੇ ਸਿਆਣੇ ਨੇ ਸਿਖੀ ਭੇਖ ਧਾਰ ਕੇ ਸਿਖਾਂ ਵਿਚੋਂ ਸੂੰਹ ਕਢੀ ਕਿ ਤੁਸੀਂ ਏਸ ਬਨ ਵਿਚ ਹੋ । ਜਿਥੇ ਮੈਂ ਕਈ ਚਿਰਾਂ ਤੌਂ ਆਇਆ ਤੁਹਾਨੂੰ ਲੱਭ ਰਿਹਾ ਸੀ । ਅਜ ਅਚਾਨਕ ਆਪ ਟੋਕਰੀਆਂ ਵੇਚਦੇ ਮਿਲ ਗਏ। ਚਾਹੇ ਤੁਸੀਂ ਚੰਗੜ ਦੇ ਭੇਸ ਵਿਚ ਸੋ, ਪਰ ਮੈਂ ਸਿਆਣ ਲਿਆ ਸੀ ਤੇ ਤੁਹਾਡੇ ਮਗਰ ਆਇਆ ਸੀ । ਤੁਹਾਨੂੰ ਮੈ ਕਿੰਨੀਆਂ ਵਾਜਾਂ ਦਿੱਤੀਆਂ ਪਰ ਤੁਸੀਂ ਨਾ ਬੋਲੇ, ਛੇਕੜ ਮੈਂ ਤੁਹਾਡੇ ਮਗਰ ਬਨ ਵਿਚ ਵੜਿਆ, ਜਿਥੇ ਮੈਨੂੰ ਚੋਰਾਂ ਨੇ ਘੇਰ ਲਿਆ ਅਰ ਘਾਇਲ ਕਰਕੇ ਸੁਟ ਦਿੱਤਾ ਤੇ ਸਭ ਕੁਝ ਲੁਟ ਪੁਟ ਕੇ ਲੈ ਗਏ ਅਰ ਤੜਫ਼ਦੇ ਨੂੰ ਸਿੱਟ ਗਏ ।

ਬਿਜੈ ਸਿੰਘ-ਪੰਡਤ ਜੀ ! ਬੜਾ ਸ਼ੌਕ ਹੈ, ਮੇਰੇ ਪਿਛੇ ਆਪ ਨੂੰ ਇੱਡਾ ਕਸ਼ਟ ਹੋਇਆ, ਮੈਂ ਅਨਜਾਣੇ ਤੁਹਾਡੇ ਦੁਖਾਂ ਦਾ ਕਾਰਣ ਹੋਇਆ ਹਾਂ ।

ਮਿਸਰ-ਮੈਂ ਆਪਣੀ ਥਾਂ ਸ਼ਰਮ ਵਿਚ ਮਰਦਾ ਜਾਂਦਾ ਹਾਂ ਕਿ ਤੁਹਾਡੀ ਮਾਂ ਦੀ ਮਰਜ਼ੀ ਪੂਰੀ ਕਰਨੇ ਦੀ ਥਾਂ ਮੈਂ ਸਗੋਂ ਨੁਕਸਾਨ ਕੀਤਾ ਅਰ ਤੁਹਾਨੂੰ ਭੀ ਦੁੱਖ ਦਿੱਤਾ ।

ਬਿਜੈ ਸਿੰਘ-ਨਹੀਂ ਨਹੀਂ, ਆਪ ਮੇਰੀ ਵਲੋਂ ਫਿਕਰ ਨਾ ਕਰੋ, ਧਨ ਸਹੁਰੇ ਦਾ ਕੀ ਹੈ, ਜਿਸ ਦੇ ਭਾਗਾਂ ਦਾ ਸੀ ਸੋ ਲੈ ਗਿਆ ! ਮੈਨੂੰ ਸ਼ੋਕ ਹੈ ਕਿ ਮੈਂ ਤੁਹਾਡੀ ਅਵਾਜ਼ ਨਾ ਸੁਣੀ ।

ਮਿਸਰ-ਮੈਂ ਤੁਹਾਡੀ ਮਾਤਾ ਨੂੰ ਕੀ ਮੂੰਹ ਦੇਵਾਂਗਾ?ਹੇ ਧਰਤੀ ਮਾਤਾ ਤੂੰਹੋਂ ਵੇਹਲ ਦੇਹ ਮੈਂ ਗਰਕੁ ਜਾਵਾਂ । ਓਹੋ ! ਚੋਰ ਸਹੁਰੇ ਮੈਨੂੰ ਜੀਉਂਦਾ ਕਿਉਂ ਛਡ ਗਏ ? ਮਾਰ ਜਾਂਦੇ ਤਾਂ ਲੱਜ੍ਯਾਵਾਨ ਤਾਂ ਨਾ ਹੋਣਾ ਪੈਂਦਾ ।

ਬਿਜੈ ਸਿੰਘ–ਪੰਡਤ ਜੀ ! ਆਪ ਕਿਉਂ ਫਿਕਰ ਕਰਦੇ ਹੋ ? ਮੇਰੀ ਮਾਤਾ ਕਦੇ ਗੁੱਸੇ ਨਹੀਂ ਹੋਵੇਗੀ, ਉਹ ਤੁਹਾਡੇ ਬਚਨ ਤੇ ਅਮੰਨਾ ਕਰ ਲਵੇਗੀ, ਤੁਸੀਂ ਜਿਹੇ ਕਿਹੇ ਆਦਮੀ ਥੋੜੇ ਹੋ ?

ਮਿਸਰ-ਤੁਸੀਂ ਜੇ ਲਾਜ ਰੱਖੋ ਤਾਂ ਰਹਿ ਜਾਵੇਗੀ।

ਬਿਜੈ ਸਿੰਘ–ਕਿੱਕੁਰ ? ਮੈਂ ਸੁਖ ਦੇਣ ਨੂੰ ਹਾਜ਼ਰ ਹਾਂ ।

ਮਿਸਰ–ਦੋ ਅੱਖਰ ਲਿਖ ਦੇਣੇ ਕਿ ਧਨ ਪਹੁੰਚ ਗਿਆ ਹੈ ।

ਬਿਜੈ ਸਿੰਘ-ਇਹ ਤਾਂ ਝੂਠ ਹੈ ਜੋ ਮੈਂ ਲਿਖ ਨਹੀਂ ਸਕਦਾ; ਤੁਹਾਡੀ ਮਿਹਨਤ ਅਰ ਦੁੱਖ ਪਾਉਣ ਦਾ ਸਾਰਾ ਸਮਾਚਾਰ ਜੋ ਤੁਸਾਂ ਦੱਸਿਆ ਹੈ ਲਿਖ ਦਿਆਂਗਾ ।

ਇਸ ਪ੍ਰਕਾਰ ਦੀਆਂ ਗੱਲਾਂ ਬਾਤਾਂ ਅਰ ਸੰਤੋਖੀ ਟੱਬਰ ਨੇ, ਜਲ ਦੇ ਦੋ ਦੋ ਸ਼ੁਕਰ ਕੀਤਾ ਅਰ ਸੌਂ ਰਹੇ । ਕਰਕੇ ਪੰਡਤ ਹੁਰੀਂ ਸੁੱਤੇ ਬੁੱਕ ਪੀ ਕੇ ਕਰਤਾਰ ਦਾ

ਸਵੇਰੇ ਉੱਠੇ, ਪੰਡਤ ਹੁਰੀਂ ਮਾਂਦੇ ਤਾਂ ਸਨ ਹੀ ਨਹੀਂ; ਨਾ ਕਿਤੇ ਚੋਰ ਮਿਲੇ ਸਨ, ਨਾ ਕਿਸੇ ਕੁੱਟਿਆ ਸੀ, ਨਾ ਉਨ੍ਹਾਂ ਬਿਜੈ ਸਿੰਘ ਨੂੰ ਹਾਕ ਮਾਰੀ ਸੀ। ਚੋਰ ਸੀ ਤਾਂ ਪੰਡਤ ਜੀ ਦਾ ਆਪਣਾ ਮਨ ਸੀ, ਜ਼ਖਮ ਜਿਹੜੇ ਸਨ ਸੋ ਕੰਡਿਆਲੀਆਂ ਝਾੜੀਆਂ ਦੀਆਂ ਝਰੀਟਾਂ ਦੇ ਸਨ ਜੋ ਆਪਣੀਆਂ ਸੂਲਾਂ ਤੇ ਕੰਡਿਆਂ ਨਾਲ ਉਸ ਦੇ ਕਪੜਿਆਂ ਨਾਲ ਅੜ ਅੜਕੇ, ਮਾਨੋਂ ਉਸ ਨੂੰ ਫੜ ਫੜ ਕੇ ਰੋਕਦੇ ਸਨ ਕਿ ਐਸੇ ਅਪਵਿਤ੍ਰ ਸਰੀਰ ਨੂੰ ਮਹਾਤਮਾਂ ਦੇ ਆਸ਼ਰਮ ਵਿਚ ਨਾ ਲਿਜਾ । ਜੜ੍ਹ ਵਸਤੂਆਂ ਦੀ ਮਾਰ ਪੰਡਤ ਜੀ -ਦੇ ਪਿੰਡੇ ਪੁਰ ਉਹਨਾਂ ਦੇ ਮਾੜੇ ਮਨਸੂਬੇ ਦੀ ਰੋਕ ਲਈ ਚਾਬਕ ਵਾਂਗੂ ਪਈ ਸੀ, ਜਿਸ ਨੂੰ ਉਹਨਾਂ ਨੇ ਚੋਰਾਂ ਦੀ ਮਾਰ ਦੱਸਕੇ ਸਿੰਘ ਜੀ ਨੂੰ ਧੋਖਾ ਦਿੱਤਾ । ਪੰਡਤ ਜੀ ਚਾਹੁੰਦੇ ਸਨ ਕਿ ਕਿਵੇਂ ਛੇਤੀ ਘਰ ਅੱਪੜੀਏ, ਸੋ ਸਵੇਰੇ ਉਠ ਜਜਮਾਨ ਦੇ ਗਿਰਦੇ ਹੋ ਗਏ ਕਿ ਸਾਨੂੰ ਤੋਰੋ ।

ਬਿਜੈ ਸਿੰਘ–ਸਤਿ ਬਚਨ ।

ਪੰਡਤ-ਪਰ ਮੇਰੇ ਪਾਸ ਤਾਂ ਖਰਚ ਭੀ ਨਹੀਂ ਹੈ, ਦੁਖੀ ਹਾਂ, ਜ਼ਖਮੀ ਹਾਂ ਅਰ ਪ੍ਰਦੇਸੀ ਹਾਂ, ਕੀ ਕਰਾਂ?

ਬਿਜੈ ਸਿੰਘ-ਪਿਆਰੀ ਸ਼ੀਲ ਕੌਰਾਂ ! ਕੁਛ ਹੈ ?

ਸ਼ੀਲਾ-ਸੁਆਮੀ ਜੀ ! ਰਾਤ ਵਾਲੇ ਪੈਸੇ ਹਨ ਜੋ ਆਪ ਨੇ ਟੋਕਰੀਆਂ ਦੇ ਵੇਚ ਕੇ ਆਂਦੇ ਹਨ ।

ਪੰਡਤ-ਹੂੰ ! ਜਜਮਾਨ ਭਗਵਾਨ ! ਇਨ੍ਹਾਂ ਨਾਲ ਕੀਹ ਬਣੇਗਾ। ਮੇਰੇ ਅੱਗੇ ਤਾਂ ਬੜੀ ਪੰਧ ਹੈ।

ਬਿਜੈ ਸਿੰਘ-ਪ੍ਰਿਯਾ ! ਕੋਈ ਰੱਖੀ ਰਖਾਈ ਚੀਜ ਕੱਢੋ, ਪ੍ਰਦੇਸੀਆਂ ਤੇ ਦੁਖੀਆਂ ਦੀ ਮਦਦ ਕਰਨੀ ਲੋੜੀਏ?

ਸ਼ੀਲਾ-ਮਹਾਰਾਜ ਜੀ ! ਆਪ ਦੀ ਬਖਸ਼ੀ ਹੋਈ ਵਿਵਾਹ ਗੰਢ ਦੀ ਮੁੰਦਰੀ ਹੈ, ਜਿਸ ਤੋਂ ਮੇਰਾ ਉਮਰ ਭਰ ਅੱਡ ਹੋਣ ਨੂੰ ਜੀ ਨਹੀਂ ਕਰਦਾ, ਪਰ ਜਿਵੇਂ ਆਪ ਦੀ ਆਗਿਆ ਹੋਵੇ ।

ਬਿਜੈ ਸਿੰਘ-ਸੱਚ ਹੈ, ਮੈਂ ਬੀ ਨਹੀਂ ਚਾਹੁੰਦਾ ਕਿ ਆਪ ਦੀ ਐਸੀ ਪਿਆਰੀ ਸ਼ੈ ਆਪ ਤੋਂ ਖੋਹਾਂ; ਪਰ ਪਿਆਰੀ ! ਅੰਤ ਵੇਲੇ ਸਭ ਕੁਛ ਛੱਡਣਾ ਪੈਂਦਾ ਹੈ, ਸੋ ਜੇ ਹੁਣ ਛੱਡ ਦਿੱਤਾ ਜਾਵੇ ਅਰ ਕਰਤਾਰ ਦੇ ਨਾਮ ਪੁਰ ਛੱਡਿਆ ਜਾਵੇ ਤਾਂ ਕੀ ਘਾਟਾ ਹੈ ?

ਸ਼ੀਲਾ–ਸੁਆਮੀ ਜੀ ! ਆਪ ਦੀ ਪ੍ਰਸੰਨਤਾ ਲਈ ਸਿਰ ਹਾਜ਼ਰ ਹੈ ਅਰ ਗੁਰੂ ਦੇ ਰਸਤੇ ਦੇਣਾ ਮਹਾਂ ਸੁਖਦਾਈ ਹੈ ! ਫੇਰ ਮੈਂ ਇਸ ਮਿਟੀ ਦੇ ਪੁਤਰ ਦੀ ਮੁੰਦਰੀ ਨੂੰ ਕਿਉਂ ਆਪ ਦੀ ਪ੍ਰਸੰਨਤਾ ਦਾ ਕਾਰਨ ਜਾਣ ਕੇ ਖ਼ੁਸ਼ੀ ਨਾਲ ਨਾ ਦੇਵਾਂ ?

ਇਹ ਕਹਿ ਮੁੰਦਰੀ ਲਾਹ ਦਿਤੀ; ਜੋ ਪੰਡਤ ਹੁਰਾਂ ਨੂੰ ਦਿਤੀ ਗਈ। ਪੰਡਤ ਜੀ ਨੇ ਇਕ ਵੇਰੀ ਵੀ ਨਾਂਹ ਨਾ ਕੀਤੀ, ਸਗੋਂ ਅਸੀਸ ਦੇ ਕੇ ਲੈ ਲਈ ਅਰ ਤੁਰ ਪਿਆ! ਰਾਹ ਵਿਚ ਨਖਰੇ ਕਰ ਕਰ ਕੇ ਤੁਰੇ ਇਹ ਬਹਾਨਾ ਬਣਾਵੇ ਕਿ ਤੁਰ ਨਹੀਂ ਹੁੰਦਾ। ਸੋ ਬਿਜੈ ਸਿੰਘ ਜੀ ਨੇ ਕਈ ਥਾਂ ਚੁਕ ਚੁਕ ਕੇ ਉਸ ਨੂੰ ਜੰਗਲੋਂ ਪਾਰ ਪੁਚਾਇਆ। ਫੇਰ ਸ਼ਹਿਰੋਂ ਆਟਾ ਮੁੱਲ ਲੈ ਕੇ ਆਪਣੇ ਆਸ਼ਰਮ ਵਿਚ ਪਹੁੰਚੇ ।

ਆਪਣਾ ਕੰਮ ਸਿਰੇ ਚੜ੍ਹਾ ਕੇ ਪੰਡਤ ਹੁਰੀਂ ਜਿਸ ਗਿਰਾਂ ਉਤਰੇ ਹੋਏ ਸੇ ਓਥੇ ਆਪਣੇ ਡੇਰੇ ਅੱਪੜੇ, ਲਗੇ ਹੁਣ ਸੋਚਾਂ ਦੇ ਘੋੜੇ ਦੁੜਾਉਣ ਕਿ ਬਹੁਤ ਹੱਛਾ ਕੰਮ ਭੁਗਤ ਗਿਆ, ਸਾਰਾ ਰੁਪੱਯਾ ਪਚ ਗਿਆ ਅਰ ਪਤ ਬੀ ਬਣੀ ਰਹੀ। ਸੁਆਣੀ ਜਜਮਾਨਣੀ ਨੂੰ ਚੱਲ ਕੇ ਇਹ ਮੁੰਦਰੀ ਦਿਖਾ ਕੇ ਨਿਸਚਾ ਕਰਾ ਦਿਆਂਗੇ ਕਿ ਮੈਂ ਰਾਮ ਲਾਲ ਨੂੰ ਮਿਲ ਆਯਾ ਹਾਂ ਤੇ ਧਨ ਪੁਚਾ ਦਿੱਤਾ ਹੈ। ਇਹ ਉਨ੍ਹਾਂ ਦੀ ਨਿਸ਼ਾਨੀ ਹੈ । ਵਾਹ ਵਾਹ, ਖ਼ੂਬ ਸੱਪ ਮਾਰਿਆ ਤੇ ਲਾਠੀ ਭੀ ਬਚਾਈ । ਪਰ ਨਹੀਂ, ਭੁੱਲ ਕਰਦਾ ਹਾਂ, ਇਹ ਸਿਖ ਬੜੇ ਅਫ਼ਲਾਤੂਨ ਹਨ, ਕੀ ਪਤਾ ਹੈ ਮੀਰ ਮੰਨੂੰ ਦਾ ਅੰਨ੍ਹਾਈਂ ਤੇ ਕਰੜਾ ਰਾਜ ਇਨ੍ਹਾਂ ਦੇ ਹੱਥੀਂ ਝਬਦੇ ਮੁੱਕ ਜਾਵੇ, ਇਹ ਲੋਕ ਰਾਜੇ ਬਣ ਜਾਣ, ਫੇਰ ਬਿਜੈ ਸਿੰਘ ਮਾਂ ਨੂੰ ਮਿਲੇ ਤੇ ਮੇਰਾ ਪੋਲ ਖੁਲ੍ਹ ਜਾਏ? ਉਸ ਵੇਲੇ ਤਾ ਕਿਤੇ ਹਡੀ ਬੋਟੀ ਬੀ ਨਾ ਲੱਭੇਗੀ। ਮੈਂ ਵਰਮੀ ਮਾਰ ਚਲਿਆ ਹਾਂ, ਸੱਪ ਭੀ ਮਰੇ ਤਦ ਆਨੰਦ ਹੈ, ਇਸ ਧਨ ਦੀ ਮੌਜ ਤਾਂ ਤਦੇ ਹੀ ਹੈ ਜੇ ਨਿਸਚਿੰਤ ਹੋ ਜਾਈਏ, ਜੇ ਮਨ ਨੂੰ ਖੁਤ-ਖੁਤੀ ਲਗੀ ਰਹੀ ਤਦ ਕੁਝ ਲਾਭ ਨਹੀਂ ਹੋਵੇਗਾ। ਹੁਣ ਹੇ ਮੇਰੇ ਸਿਆਣੇ ਮਨ ! ਕੋਈ ਹੋਰ ਜੁਗਤਿ ਕੱਢ ਜਿਸ ਕਰ ਕੇ ਨਿਸਚਿੰਤ ਹੋ ਜਾਈਏ (ਅੱਖਾਂ ਬੰਦ ਸਿਰ ਨੀਵਾਂ ਪਾ ਲਿਆ) ਆਹ ! ਕਿਹੀ ਦੂਰ ਦੀ ਸੁਝੀ ਹੈ ! ਏਕ ਪੰਥ ਦੋ ਕਾਜ ! ਏਸ ਗਿਰਾਂ ਇਕ ਤੁਰਕ ਸਿਰਕਰਦਾ ਵੱਸਦਾ ਹੈ। ਅੱਸੀ ਰੁਪਏ ਸਿੱਖ ਦੇ ਸਿਰ ਦਾ ਮੁੱਲ ਮਿਲਦਾ ਹੈ । ਇਥੇ ਤਿੰਨ ਸਿੱਖ ਹਨ, ਅੱਸੀ ਤਿਆਂ ਦੋ ਸੌ ਚਾਲੀ, ਵਾਹ ਵਾਹ ਨਾਲੇ ਗੱਫਾ ਹੱਥ ਲੱਗੇਗਾ। ਨਾਲੇ ਮੇਰੇ ਜੀ ਦੀ ਖੁਤਖੁਤੀ ਮਿਟ ਜਾਵੇਗੀ ਹੇ ਮਰੇ ਦਿਲ ਇਹ ਕੀ ਫੁਰਨਾ ਹੈ?ਪਾਪ ਬੁਰਾ; ਇਕ ਕਰੋ ਤਾਂ ਉਸ ਨੂੰ ਠੱਲ੍ਹਣ ਲਈ ਇਕ ਹੋਰ ਦੀ ਲੋੜ ਪੈਂਦੀ ਹੈ। ਉਸ ਨੂੰ ਠੱਲ੍ਹਣ ਲਈ ਫੇਰ ਇਕ ਹੋਰ ਦੀ, ਐਉਂ ਇਕ ਪਾਪ ਲੜੀ ਬਣ ਜਾਂਦੀ ਹੈ ਪਾਪਾਂ ਦੀ, ਜਿਸ ਦੀ ਅੰਤਲੀ ਸੰਗਲੀ ਫੇਰ ਬੇਆਸਰਾ ਹੀ ਰਹਿੰਦੀ ਹੈ । ਹਾਂ ਹਾਂ ਪਰ ਸਿੱਖ ਤਾਂ ਸਿਖ ਹੁੰਦੇ ਸਾਰ ਹੀ ਮਰਨਾ ਮੰਗਦੇ ਹਨ । ਏਹ ਤਾਂ ਆਪ ਮੌਤ ਨੂੰ ਵਾਜਾਂ ਮਾਰਦੇ ਫਿਰਦੇ ਹਨ, ਮੁਰਾਦ ਮਿਲਣੀ ਹੈ । ਇਨ੍ਹਾਂ ਦਾ ਮਾਰਿਆ ਇਸ ਵਿਚ ਦੋਸ਼ ਤਾਂ ਜਾਣਾ ਇਨ੍ਹਾਂ ਨੂੰ ਮੂੰਹ ਮੰਗੀ ਨਹੀਂ ਇਹ ਤਾਂ ਪੁੰਨ ਹੀ ਹੈ। ਮੈਂ ਬੀ ਕੈਸਾ ਦਾਨਾ ਹਾਂ ਲੋਕ ਏਕ ਪੰਥ ਦੋ ਕਾਜ ਕਰਦੇ ਹਨ, ਮੈਂ ਇਕ ਪੰਥ ਤਿੰਨ ਕਾਜ ਕਰਨ ਲੱਗਾ ਹਾਂ । ਇਕ ਤਾਂ ਗੱਫਾ ਹੋਰ ਲੱਝੇਗਾ, ਇਕ ਮੇਰੇ ਮਨ ਦਾ ਕੰਟਕ ਮਰੇਗਾ; ਇਕ ਪੁੰਨ ਹੋਵੇਗਾ। ਹਾ ਹਾ ਹਾ, ਖਿੜ ਖਿੜ ਹੱਸ ਪਏ ।

8  ਕਾਂਡ ।

ਭਾਈ ਬਿਜੈ ਸਿੰਘ ਜੀ ਉਸ ਬਨ ਵਿਚ ਭਜਨ ਸਿਮਰਨ ਵਿਚ ਸਮਾਂ ਬਿਤਾ ਰਹੇ ਸਨ ਕਿ ਜਿੱਥੇ ਪੰਡਤ ਜੀ ਨੇ ਉਨ੍ਹਾਂ ਦੇ ਅਡੋਲ ਵਸੇਬੇ ਵਿਚ ਜਾ ਪੱਥਰ ਸਿੱਟਿਆ, ਪਰ ਦਿਲ ਦਾ ਪੱਕਾ ਮਰਦ ਐਸੀਆਂ ਗੱਲਾਂ ਨੂੰ ਬਿਦਨੇ ਵਾਲਾ ਨਹੀਂ ਸੀ । ਪ੍ਰੋਹਿਤ ਨੂੰ ਤੋਰ ਕੇ ਆਟਾ ਮੁੱਲ ਲਿਆ ਕੇ ਪ੍ਰਸ਼ਾਦ ਪਕਵਾਇਆ ਤੇ ਛਕਿਆ ਅਰ ਫੇਰ ਸਾਰਾ ਟੱਬਰ ਆਪਣੀ ਕਿਰਤੇ ਲੱਗਾ । ਉਹ ਇਹ ਸੀ ਕਿ ਦਿਨ ਭਰ ਤਿੰਨੇ ਜਣੇ ਪਿਲਛੀ ਦੇ ਟੋਕਰੇ ਟੋਕਰੀਆਂ ਬਣਾਉਂਦੇ । ਦੂਏ ਤੀਏ ਦਿਨ ਬਿਜੈ ਸਿੰਘ ਰੰਘੜਾਂ ਦੇ ਵੇਸ ਵਿਚ ਨਗਰ ਜਾ ਕੇ ਵੇਚਦਾ-ਅਰ ਪੈਸੇ ਵੱਟ ਕੇ ਟੱਬਰ ਦਾ ਗੁਜ਼ਾਰਾ ਤੋਰਦਾ ਸੀ । ਤ੍ਰੈ ਚਾਰ ਆਨੇ ਦੀ ਕਾਰ ਰੋਜ਼ ਹੋ ਜਾਂਦੀ ਸੀ, ਜੋ ਉਨ੍ਹਾਂ ਸੰਤੋਖੀਆਂ ਲਈ ਬੜੀ ਹੁੰਦੀ ਸੀ । ਕੈਸੀ ਅਚਰਜ ਦਸ਼ਾ ਹੈ ਕਿ ਸਿਖ ਉਸ ਸਮੇਂ ਰਾਜ ਭਾਗਾਂ ਨੂੰ ਛਡ ਕੇ ਕੰਗਾਲਤਾਈ ਅਰ ਕੈਦਾਂ, ਦੇਸ਼ ਨਿਕਾਲੇ ਤੇ ਡਾਢੇ ਕਸ਼ਟਾਂ ਵਿਚ ਪੈਕੇ ਸਿੱਖੀ ਧਰਮ ਦਾ ਨਿਰਬਾਹ ਕਰਦੇ ਸਨ ? ਉਨ੍ਹਾਂ ਦੇ ਪੂਰਨਿਆਂ ਤੇ ਸਭ ਸਿੱਖਾਂ ਨੂੰ ਟੁਰਨਾ ਚਾਹੀਏ । ਸਿੱਖੀ ਧਾਰਨ ਤੇ ਨਿਬਾਹੁਣ ਵਿਚ ਹੀ ਆਪਣੀ ਕਲ੍ਯਾਣ ਤੇ ਪੰਥ ਦੀ ਤਾਕਤ ਹੈ ।

ਪ੍ਰੋਹਿਤ ਦੇ ਵਿਦਾ ਹੋਣ ਤੋਂ ਤੀਸਰੇ ਦਿਨ ਸੂਰਜ ਢਲੇ ਸਿੰਘ ਜੀ ਸ਼ਹਿਰ ਵਿਚ ਟੋਕਰੀਆਂ ਵੇਚਣ ਗਏ, ਪਿੱਛੇ ਸ਼ੀਲ ਕੌਰ ਤੇ ਭੁਜੰਗੀ ਆਪਣੀ ਕਾਰੇ ਲੱਗੇ ਹੋਏ ਨਿੱਕੀਆਂ ਨਿੱਕੀਆਂ ਗੱਲਾਂ ਕਰ ਰਹੇ ਹਨ :-

ਪੁੱਤ੍ਰ ਮਾਂ ਜੀ ! ਇਹ ਬ੍ਰਾਹਮਣ ਮੈਨੂੰ ਚੰਗਾ ਨਹੀਂ ਲੱਗਾ ।

ਮਾਂ-ਕਾਕਾ ਜੀ ! ਕਿਉਂ ?

ਪੁੱਤ੍ਰ-ਮਾਂ ਜੀ!ਇਹ ਪਤਾ ਨਹੀਂ ਕਿਉਂਪਰ ਅੱਖਾਂ ਨੂੰ ਭਾਇਆ ਨਹੀਂ ।

ਮਾਂ-ਬਰਖ਼ੁਰਦਾਰ ! ਕਲ੍ਹ ਤੇਰੇ ਪਿਤਾ ਜੀ ਨੇ ਕਥਾ ਕੀਤੀ ਸੀ ਅਰ ਇਹ ਦੱਸਿਆ ਸੀ ਕਿ ਜਾਤ ਕਰਕੇ ਕਿਸੇ ਨੂੰ ਭਲਾ ਬੁਰਾ ਜਾਣਨਾ ਸਾਡੇ ਧਰਮ ਵਿਚ ਠੀਕ ਨਹੀਂ ਅਰ ਨਾ ਹੀ ਰੂਪ ਕਰਕੇ ਕਿਸੇ ਨੂੰ ਚੰਗਾ ਮੰਦਾ ਸਮਝਣਾ ਭਲੀ ਗੱਲ ਹੈ । ਚੰਗਿਆਈ ਤੇ ਮੰਦਿਆਈ ਕਰਮਾਂ ਕਰ ਕੇ ਹੁੰਦੀ ਹੈ; ਜਿਸ ਦੇ ਕਰਮ ਨੀਚ ਉਹ ਆਪ ਭੀ ਨੀਚ ।

ਪੁੱਤ-ਫੇਰ ਮਾਂ ਜੀ ! ਤੁਰਕਾਂ ਨਾਲ ਕਿਉਂ ਸਿੰਘ ਲੜਦੇ ਹਨ ?

ਮਾਂ-ਕਾਕਾ ਜੀ ! ਇਸ ਲਈ ਨਹੀਂ ਕਿ ਓਹ ਤੁਰਕ ਹਨ, ਜਾਂ ਉਹ ਧਰਮ ਕਰਕੇ ਮੁਸਲਮਾਨ ਹਨ ਜਾਂ ਰੰਗ ਦੇ ਕਾਲੇ ਚਿੱਟੇ ਜਾਂ ਸੂਰਤ ਦੇ ਕੋਝੇ ਕਿ ਸੋਝੇ ਹਨ, ਪਰ ਇਸ ਲਈ ਕਿ ਇਸ ਵੇਲੇ ਰਾਜਤੁਰਕਾਂ (ਮੁਗਲਾਂ) ਦਾ ਹੈ, ਉਨ੍ਹਾਂ ਦੇ ਕਰਮ ਮੰਦੇ ਹਨ। ਕਰਤਾਰ ਨੇ ਉਨ੍ਹਾਂ ਨੂੰ ਰਾਜ ਦਿੱਤਾ ਹੈ ਅਰ ਉਹ ਰਾਜ ਅੰਨ੍ਯਾਯ ਦਾ ਕਰਦੇ ਹਨ, ਧਰਮ ਅਰ ਨਿਆਂ ਦਾ ਰਾਜ ਨਹੀਂ ਕਰਦੇ । ਬਿਨਦੋਸ਼ਿਆਂ ਨੂੰ ਮਾਰਦੇ ਅਰ ਅਨਾਥਾਂ ਪੁਰ ਜ਼ੁਲਮ ਕਰਦੇ ਹਨ ।

ਪੁੱਤ੍ਰ-ਠੀਕ ਹੈ, ਪਰ ਮਾਂ ਜੀ ! ਫੇਰ ਭੀ ਮੈਨੂੰ ਬ੍ਰਾਹਮਣ ਚੰਗਾ ਨਹੀਂ ਲੱਗਾ-ਖਬਰੇ; ਮਾਂ ਜੀ ! ਉਸ ਦੇ ਕਰਮ ਖੋਟੇ ਹੀ ਹੋਣ ?

ਮਾਂ-ਤੂੰ ਕੋਈ ਖੋਟਾ ਕਰਮ ਕਰਦੇ ਉਸ ਨੂੰ ਡਿੱਠਾ ਹੈ ?

ਪੁੱਤ੍ਰ- ਨਹੀਂ ਜੀ !

ਮਾਂ-ਫੇਰ ਕਿਉਂ ਉਸਨੂੰ ਬੁਰਾ ਸਮਝਦੇ ਹੋ; ਲਾਲ ਜੀ ! ਨਿਰਾ ਸ਼ੱਕ ਕਰਨਾ ਚੰਗਾ ਨਹੀਂ, ਪੱਕੀ ਖ਼ਬਰ ਬਿਨਾਂ ਕਿਸੇ ਨੂੰ ਬੁਰਾ ਕਹਿਣਾ ਭਲਿਆਂ ਦਾ ਕੰਮ ਨਹੀਂ ਹੈ ।

ਪੁੱਤ੍ਰ-ਮਾਂ ਜੀ ! ਮੇਰੇ ਜੀ ਵਿਚ ਪੱਕੀ ਗੱਲ ਬਹਿ ਗਈ ਹੈ, ਕਿਸੇ ਤਰ੍ਹਾਂ ਨਹੀਂ ਉੱਠਦੀ ।

ਮਾਂ (ਨਿਮੋਝੂਣੀ ਹੋ ਕੇ)-ਮੇਰੇ ਲਾਲ ਤੇਰੇ ਜੀ ਵਿਚ ਸ਼ੱਕ ਵੜ ਗਿਆ ਹੈ, ਇਹ ਮਨੁੱਖ ਦਾ ਭਾਰਾ ਵੈਰੀ ਹੈ, ਹਿਰਦੇ ਨੂੰ ਖ਼ਰਾਬ ਕਰ ਦਿੰਦਾ ਹੈ ! ਹਿਰਦੇ ਦੇ ਸਿੰਘਾਸਨ ਨੂੰ ਪਰਮੇਸ਼ੁਰ ਦੇ ਬਿਰਾਜਮਾਨ ਹੋਣ ਦੇ ਲਾਇਕ ਨਹੀਂ ਰਹਿਣ ਦਿੰਦਾ ! ਬੱਚਾ ਜੀਓ ! ਇਹ ਆਤਮਕ ਰੋਗ ਹੈ, ਆ ਗੁਰੂ ਸਾਹਿਬ ਅੱਗੇ ਪ੍ਰਾਰਥਨਾ ਕਰੀਏ ਜੋ ਰੋਗ ਕੱਟਿਆ ਜਾਏ ।

ਕੰਮ ਛੱਡਕੇ ਮਾਂ ਪੁੱਤ੍ਰ ਕੁਟੀਆ ਦੇ ਅੰਦਰ ਗਏ, ਅਰ ਹੱਥ ਜੋੜਕੇ ਮਾਂ ਨੇ ਬੱਚੇ ਵਾਸਤੇ ਬੇਨਤੀ ਕੀਤੀ :-‘ਹੇ ਅਕਾਲ ਪੁਰਖ ਕਰੁਣਾਮਯ ਜਗਦੀਸ਼੍ਵਰ ! ਇਹ ਤੇਰਾ ਨਿਆਣਾ ਬਾਲਕ ਹੈ, ਇਸਦੇ ਹਿਰਦੇ ਵਿਚ. ‘ਸ਼ੱਕ’ ਵੜ ਗਿਆ ਹੈ, ਸਾਨੂੰ ਨਿਮਾਣਿਆਂ ਨੂੰ ਕੋਈ ਚਾਰਾ ਨਹੀਂ ਲੱਭਦਾ ਕਿ ਜਿਸ ਕਰਕੇ ਇਸ ਦੁੱਖ ਦਾ ਇਲਾਜ ਕੀਤਾ ਜਾਵੇ, ਤੇਰੀ ਸ਼ਰਨ ਪਏ ਹਾਂ, ਸੋ ਕਿਰਪਾ ਕਰਕੇ ਆਪਣੀ ਮਿਹਰ ਦੇ ਜਲ ਨਾਲ ਇਸ ਦਾਸ ਦੇ ਹਿਰਦੇ ਨੂੰ ਸ਼ੱਕ ਤੇ ਸੂਗ ਤੋਂ ਧੋ ਦੇਵੋ ਅਰ ਨਿਰਮਲ ਕਰ ਦਿਓ। ਸਾਡੇ ਨਿਆਸਰਿਆਂ ਦਾ ਤੂੰ ਆਸਰਾ ਹੈਂ, ਤੇਰੇ ਬਾਝ ਸਾਡਾ ਕੋਈ ਨਹੀਂ । ਜਿੱਕੁਰ ਭਿਆਨਕ ਬਨਾਂ ਵਿਚ ਡਰਾਉਣੇ ਪਸ਼ੂਆਂ ਤੋਂ ਸਾਡੀ ਰੱਖਿਆ ਕਰਦੇ ਹੋ, ਸੰਸਾਰ ਦੇ ਸਾਰੇ ਪਾਪਾਂ ਤੋਂ ਇਵੇਂ ਸਾਡੇ ਮਨ ਦੀ ਰੱਖਿਆ ਕਰੋ, ਅਰ ਸਾਡੇ ਮਨਾਂ ਨੂੰ ਸੁਥਰਾ ਕਰ ਕੇ ਆਪਣੇ ਚਰਨਾਂ ਦੇ ਲਾਇਕ ਸਿੰਘਾਸਣ ਬਣਾਓ ।

ਇਸ ਪਰਕਾਰ ਦੀ ਪ੍ਰਾਰਥਨਾ ਕਰ ਕੇ ਜਾਂ ਸਿੰਘਣੀ ਨੇ ਨੇਤਰ ਖੋਲ੍ਹੇ ਤਦ ਕੰਨਾਂ ਵਿਚ ਇਕ ਰੌਲੇ ਦੀ ਅਵਾਜ਼ ਪਈ ।

‘ਹਾ ! ਨਾ; ਮਾਰ ਮੈਂ ਝੂਠਾ ਨਹੀਂ ਹਾਂ, ਹਾ ! ਤਰਸ ਕਰ, ਤਰਸ; ਹੁਣ ਨੇੜੇ ਹੈ, ਊਈ ਹਾਏ ਨੇੜੇ ! ਹਾ ਨੇੜੇ ! ਹਾਇ ਨਾ ਮਾਰ ! ਮਰ ਗਿਆ, ਗਰੀਬ ਮਰ ਗਿਆ, ਹਾ ਰਾਮ ! ਹਾ ਰਾਮ !! ਹਾ ਰਾਮ !!!

ਝੁੱਗੀ ਦੀ ਇਕ ਝੀਤ ਥਾਣੀ ਸਿੰਘਣੀ ਨੇ ਨਜ਼ਰ ਭਰ ਕੇ ਡਿੱਠਾ, ਤਾਂ ਕੀ ਨਜ਼ਰ ਪਿਆ, ਇਕ ਪਤਲੇ ਜਿਹੇ ਮਨੁੱਖ ਨੂੰ ਇਕ ਤੁਰਕ ਪਿਆਦੇ ਨੇ ਫੜਿਆ ਹੈ, ਦੋਂਹ ਨੇ ਬਾਹਾਂ ਫੜ ਰੱਖੀਆਂ ਹਨ ਅਰ ਇਕ ਜਣਾ ਚੁਪੇੜਾਂ ਮਾਰਦਾ ਤੇ ਕਹਿੰਦਾ ਹੈ : ‘ਮਰਦੂਦ ਕੰਡਿਆਂ ਵਿਚ ਘਸੀਟ ਕੇ ਸਾਨੂੰ ਖਰਾਬ ਕੀਤਾ, ਸਾਰਾ ਬਦਨ ਸਾਡਾ ਛਿਲ ਗਿਆ।’ ਜਿਸ ਨੂੰ ਮਾਰ ਪੈਂਦੀ ਹੈ ਉਹ ਵਾਸਤੇ ਪਾਉਂਦਾ ਹੈ ਕਿ ਮੈਨੂੰ ਛੱਡੋ ਤਾਂ ਤੁਹਾਨੂੰ ਪਤਾ ਦੱਸਾਂ, ਮੈਨੂੰ ਨਿਸ਼ਾਨੀਆਂ ਮਿਲ ਗਈਆਂ ਹਨ : ਕੋਈ ਕਦਮਾਂ ਦੀ ਕਸਰ ਹੈ । ਪਰ ਓਹ ਇਕ ਨਹੀਂ ਸੁਣਦੇ । ਸਿੰਘਣੀ ਦੇ ਨੂਰੀ ਚਿਹਰੇ ਤੇ ਵੱਟ ਤੇ ਵੱਟ ਪੈਣ ਤੇ ਬਦਲਣ ਲੱਗੇ, ਜਿੱਕਰ ਅਡੋਲ ਸਮੁੰਦਰ ਦੀ ਠਹਿਰੀ ਹੋਈ ਤਲ ਪਰ ਝੱਖੜ ਝੁਲਣ ਤੋਂ ਪਹਿਲੇ ਲਹਿਰਾਂ ਦੀਆਂ ਤੀਉੜੀਆਂ ਪੈਣੀਆਂ ਆਰੰਭ ਹੁੰਦੀਆਂ ਹਨ। ਡੂੰਘੀ ਨੀਝ ਲਾਉਣ ਅਰ ਸਾਹ ਵੱਟ ਕੇ ਸੁਣਨ ਤੋਂ ਬਹਾਦਰ ਇਸਤਰੀ ਆਉਣ ਵਾਲੀ ਹੋਣੀ ਨੂੰ ਸਮਝ ਗਈ, ਅਰ ਪੁੱਤ੍ਰ ਨੂੰ ਛਾਤੀ ਨਾਲ ਲਾ ਕੇ ਬੋਲੀ:-ਪੁੱਤ੍ਰ ! ਬ੍ਰਾਹਮਣ ਸੱਚ ਮੁਚ ਦੁਸ਼ਟ ਹੈ, ਦਿਲ ਤਾਂ ਮੇਰਾ ਬੀ ਘਾਬਰਦਾ ਰਿਹਾ ਹੈ ਪਰ ਮੈਂ ਆਪਾ ਸੰਭਾਲਦੀ ਰਹੀ ਹਾਂ, ਤੂੰ ਸੱਚਾ ਹੈਂ, ਲੈ ਹੁਣ ਤਕੜਾ ਹੋ । ਹੁਣ ਬਹਾਦਰੀ ਦਾ ਵੇਲਾ ਅਰ ਪਿਤਾ ਦੇ ਉਪਦੇਸ਼ਾਂ ਨੂੰ ਸਫਲ ਕਰਨ ਦਾ ਸਮਾਂ ਹੈ। ਪਰ ਆ ਪਹਿਲੇ ਅਰਦਾਸ ਕਰੀਏ । ਝੱਟ ਦੋਵੇਂ ਹੱਥ ਜੋੜ ਖਲੋਤੇ: ‘ਹੇ ਕਲਗੀਧਰ ਫੌਜਾਂ ਦੇ ਵਾਲੀ ਗੁਰੂ ! ਹੇ ਦੀਨਾਂ ਬੰਧੂ ਅਕਾਲ ਪੁਰਖ ! ਇਸ ਵੇਲੇ ਆਪ ਦੇ ਭਾਣੇ ਵਿਚ ਸ਼ਤਰੂ ਦਲ ਸਿਰ ਚੜ੍ਹ ਆਇਆ ਹੈ, ਅਰ ਹੱਥੋ ਹੱਥ ਟਾਕਰਾ ਆ ਪਿਆ ਹੈ, ਮੈਂ ਨਿਰਬਲ ਤੀਵੀਂ ਤੇ ਇਹ ਅਞਾਣਾ ਬਾਲ ਹੈ, ਮੁਕਾਬਲਾ ਬੁਰਛਿਆਂ ਦਾ ਹੈ । ਤੂੰ ਪਤਿਤ ਪਾਵਨ ਤੇ ਗ਼ਰੀਬਾਂ ਦਾ ਸਹਾਈ ਹੈਂ, ਇਸ ਵੇਲੇ ਆਪਣਾ ਬਲ ਬਖ਼ਸ਼ ਜੋ ਵੈਰੀ ਦਲ ਦਾ ਟਾਕਰਾ ਕਰੀਏ ਜਿੰਦ ਜਾਏ ਤਾਂ ਜਾਏ ਡਰ ਨਹੀਂ, ਪਰ ਧਰਮ ਬਚਾਈਏ, ਮਰ ਜਾਈਏ, ਪਰ ਧਰਮ ਨਾ ਹਾਰੀਏ !’’

ਅਰਦਾਸ ਕਰ ਹਟੀ ਤਦ ਪਤਾ ਲੱਗਾ ਕਿ ਵੈਰੀਆਂ ਨੇ ਝੁੱਗੀ ਲੱਭ ਲਈ ਹੈ । ਪੁਤ੍ਰ ਨੂੰ ਬੋਲੀ : ‘ਕਾਕਾ ! ਝੱਬਦੇ ਹੋ ਕੋਈ ਸ਼ਸਤ੍ਰ ਫੜ ਲੈ, ਅਰ ਤਕੜਾ ਹੋ, ਤੁਰਕਾਂ ਨੂੰ ਵੇਖ ਕੇ ਡਰ ਨਾ ਜਾਵੀਂ, ਦਿਲ ਖੋਲ੍ਹ ਕੇ ਲੜੀਂ, ਜੇ ਮੈਂ ਮਰ ਵੀ ਗਈ ਤਾਂ ਹੌਂਸਲਾ ਨਾ ਛੱਡੀਂ ਪ੍ਰਾਣ ਦੇ ਦੇਈਂ ਪਰ ਸ਼ਸਤ੍ਰ ਨਾ ਦੇਵੀਂ, ਸੁਲਹ ਨਾ ਮੰਨੀਂ, ਸਾਡੀ ਮਦਦ ਤੇ ਗੁਰੂ ਜੀ ਹਨ ।’ ‘ਸ਼ੇਰ ਦਿਲ ਬਾਲਕ ਨੇ ਪਹਿਲੇ ਉਹ ਬੰਦੂਕ ਚੁਕੀ ਜੋ ਹਰ ਵੇਲੇ ਭਰੀ ਹੋਈ ਘਰ ਪਈ ਰਹਿਂਦੀ ਸੀ ਕਿ ਮਤਾਂ ਕੋਈ ਲੋੜ ਪੈ ਜਾਏ ਤਾਂ ਭਰਦਿਆਂ ਚਿਰ ਨਾ ਲੱਗੇ ਅਰ ਨਾਲ ਕਟਾਰ ਤੇ ਢਾਲ ਫੜ ਲਈ। ਮਾਤਾ ਨੇ ਤਲਵਾਰ ਤੇ ਢ ਲ ਲੈ ਲਈ ਅਰ ਦੋਵੇਂ ਵਿਹੜੇ ਵਿਚ ਆ ਖਲੋਤੇ । ਇਸ ਵੇਲੇ ਵੈਰੀ ਵੀ ਪਹੁੰਚ ਪਏ ਸਨ, ਉਹਨਾਂ ਨੂੰ ਦੇਖਦੇ ਹੀ ਸਿੰ ਘਣੀ ਨੇ ਠਰਮੇ, ਪਰ ਬਲ ਨਾਲ ਪੁੱਛਿਆ, ਕੌਣ ਹੋ ?’

ਉੱਤਰ-ਅਸੀਂ ਸਿਪਾਹੀ ਹਾਂ, ਤੁਹਾਨੂੰ ਪਕੜਨ ਲਈ ਆਏ ਹਾਂ, ਖ਼ੁਸ਼ੀ ਨਾਲ ਆ ਜਾਓ ਤਾਂ ਵਾਹ ਵਾਹ; ਨਹੀਂ ਤਾਂ ਜਬਰਨ ਪਕੜ “ਪਕੜ” ਅਜੇ ਸਿਪਾਹੀ ਦੇ ਮੂੰਹ ਵਿਚ ਹੀ ਸੀ ਕਿ ਭੁਜੰਗੀ ਦੀ ਬੰਦੂਕ ਦਾ ਘੋੜਾ ਦਬੀਜਿਆ ਅਰ ਮੱਥੇ ਦੇ ਵਿਚ ਨਿਸ਼ਾਨਾ ਵੱਜਾ, ਫੜਕਦੀ ਲੋਥ ਹੇਠ ਡਿੱਗੀ । ਪ੍ਰੌਹਤ ਹੁਰੀਂ ਤਾਂ ਦੂਰ ਜਾ ਲੁਕੇ ਤੇ ਬਾਕੀ ਦੇ ਚਾਰ ਸਿਪਾਹੀ ਹੁਣ ਰੋਹ ਨਾਲ ਭਰਕੇ ਅੱਗੇ ਵਧੇ । ਇਨ੍ਹਾਂ ਸਿਪਾਹੀਆਂ ਪਾਸ ਕੇਵਲ ਤਲਵਾਰਾਂ ਹੀ ਸਨ ਕਿਉਂਕਿ ਬ੍ਰਾਹਮਣ ਦੇ ਖ਼ਬਰ ਦੇਣ ਪਰ ਕਿ ਉਹ ਸਾਧੂ ਲੋਕ ਹਨ; ਕਿਸੇ ਨੂੰ ਇਸ ਟਾਕਰੇ ਦੀ ਆਸ ਨਹੀਂ ਸੀ ।

ਹੁਣ ਸਿਪਾਹੀ ਵਾੜ ਟੱਪਣ ਲੱਗਾ ਤਦ ਕੌਰਾਂ ਦੇ ਸ਼ੇਰ ਹੱਥ ਨੇ ਵਧਕੇ ਤਲਵਾਰ ਦਾ ਅਜਿਹਾ ਵਾਰ ਕੀਤਾ ਕਿ ਉਸਦੇ ਮੋਢੇ ਪੁਰ ਲੱਗਾ ਅਰ ਮੂਧਾ ਹੋ ਕੇ ਵਾੜ ਤੇ ਡਿੱਗਾ, ਅਗੋਂ ਹੁਜਕ ਕੇ ਕੌਤਾਂ ਦੀ ਤਲਵਾਰ ਫੇਰ ਵੱਜੀ ਅਰ ਗਰਦਨ ਨੂੰ ਚੀਰ ਗਈ । ਬਾਕੀ ਦੇ ਤਿੰਨ ਸਿਪਾਹੀ ਖਿੜਕਾ ਭੰਨ ਕੇ ਅੰਦਰ ਵੜੇ ਅਰ ਸਾਡੀ ਸ਼ੇਰਨੀ ਪਰ ਹਾਥੀ ਵਾਂਗ ਭੱਜ ਕੇ ਪਏ ।

ਇੰਨੇ ਚਿਰ ਵਿਚ ਭੁਜੰਗੀ ਨੇ ਦੂਜੀ ਵੇਰ ਬੰਦੂਕ ਭਰ ਲਈ ਸੀ । ਫੁਰਤੀ ਨਾਲ ਅੰਦਰਵਾਰ ਉਹਲੇ ਵਿਚੋਂ ਹੀ ਸਰ ਕੀਤੀ, ਤਾਂ ਇਕ ਹੋਰ ਦੀ ਛਾਤੀ ਵਿਚ ਲੱਗੀ ਅਰ ਬੰਦੂਕ ਸੁੱਟ ਕੇ ਬਹਾਦਰ ਬੱਚੇ ਨੇ ਆਪਣੀ ਘਿਰੀ ਹੋਈ ਮਾਤਾ ਦੇ ਇਕ ਹੋਰ ਵੈਰੀ ਦੀ ਲੱਤ ਤੇ ਕਟਾਰ ਮਾਰੀ, ਜਿਸ ਦੀ ਸੱਟ ਨਾਲ ਉਹ ਢਹਿ ਪਿਆ। ਇਸ ਪੁਰਖ ਦੀ ਸਿੱਖੀ ਹੋਈ ਤਲਵਾਰ ਦੀ ਪੜਤ ਅਰ ਪੈਰਾਂ ਦੀ ਚੌਂਕੜੀ ਐਸੀ ਬਲ ਵਾਲੀ ਸੀ ਕਿ ਸ਼ੀਲ ਕੌਰ ਦੇ ਬਚਣ ਦੀ ਸੂਰਤ ਨਾ ਸੀ; ਪਰ ਇਹ ਸਿਪਾਹੀ ਜਦ ਡਿੱਗਾ ਹੈ, ਉਹ ਦੂਜੇ ਜੁਆਨ ਦੀ ਤਲਵਾਰ ਸ਼ੀਲ ਕੌਰ ਪੁਰ ਤੁਲਵੇਂ ਹੱਥ ਦੀ ਪਈ; ਤਲਵਾਰ ਅੱਗੇ ਕਰਕੇ ਬੀਰਾ ਨੇ ਵਾਰ ਤਾਂ ਰੋਕਿਆ ਪਰ ਆਪਣੀ ਤਲਵਾਰ ਟੁੱਟ ਗਈ, ਭੱਜ ਕੇ ਅੰਦਰ ਗਈ ਤਾਂ ਬੰਦੂਕ ਚੁੱਕ ਕੇ ਡਾਂਗ ਵਾਂਗ ਹੀ ਉਲਾਰ ਕੇ ਪਈ, ਪਰ ਇਸ ਫੁਰਤੀ ਦੇ ਹੁੰਦਿਆਂ ਬੀ ਸਿਪਾਹੀ ਨੇ ਭੁਜੰਗੀ ਨੂੰ ਘਾਇਲ ਕਰ ਲਿਆ ਸੀ । ਜੇ ਕਦੀ ਦੂਜਾ ਵਾਰ ਪੈਂਦਾ ਤਾਂ ਸ਼ੇਰ ਬੱਚਾ ਗੁਰਪੁਰੀ ਸਿਧਾਰਦਾ, ਪਰ ਨਹੀਂ, ਭੂਏ ਹੋਈ ਹੋਈ ਸਿੰਘਣੀ ਦਾ ਬੰਦੂਕ ਦਾ ਕੁੰਦਾ ਉਸਦੇ ਹੱਥ ਪਰ ਐਸਾ ਪਿਆ ਕਿ ਤਲਵਾਰ ਢਹਿ ਪਈ ਅਰ ਉਹ ਇਸ ਅਚਾਨਕ ਸੱਟ ਦੇ ਸਦਮੇਂ ਤੋਂ ਘਾਬਰਕੇ ਪਿੱਛੇ ਗਿੱਚੀ ਮਰੋੜ ਕੇ ਫੁਰਤੀ ਨਾਲ ਤਲਵਾਰ ਫੜਨ ਦੇ ਯਤਨ ਵਿਚ ਲਪਕਿਆ ਹੀ ਸੀ ਕਿ ਘਾਇਲ ਬਾਲਕ ਨੇ ਸੱਜੇ ਪਾਸਿਓਂ ਕਟਾਰ ਅਰ ਖੱਬੇ ਪਾਸਿਓਂ ਜ਼ਖ਼ਮੀ ਸਿੰਘਣੀ ਨੇ ਬੰਦੂਕ ਦਾ ਇਕ ਭਰਵਾਂ ਵਾਰ । ਕੀਤਾ; ਜਿਸ ਨਾਲ ਉਹ ਧੋਂ ਕਰਦਾ ਧਰਤੀ ਪੁਰ ਡਿੱਗਾ । ਲਹੂ ਦੇ ਫੁਹਾਰੇ ਛੁੱਟ ਪਏ। ਹੁਣ ਪੰਜੇ ਵੈਰੀ ਲੈ ਲਏ । ਤਿੰਨ ਤਾਂ ਮਰ ਚੁਕੇ ਸਨ, ਚੋਥਾ, ਜਿਸ ਨੂੰ ਗੋਲੀ ਛਾਤੀ ਵਿਚ ਲੱਗੀ ਸੀ; ਹਟਕੋਰੇ ਲੈ ਲੈ ਜਿੰਦ ਤੋੜ ਰਿਹਾ ਸੀ ਤੇ ਜਿਸ ਦੀ ਟੰਗ ਟੁੱਟੀ ਸੀ, ਉਹ ਜੀਉਂਦਾ ਸੀ, ਤੁਰਨ ਜੋਗਾ ਤਾਂ ਨਹੀਂ ਸੀ, ਪਰ ਦਾਉ ਤਕਾਉਂਦਾ ਸੀ ਕਿ ਕਿਸੇ ਤਰ੍ਹਾਂ ਇਹਨਾਂ ਨੂੰ ਲਵਾਂ ? ਛੇਕੜ ਹੀਲਾ ਕੀਤਾ; ਰੋ ਰੋ ਕੇ ਪਾਣੀ ਮੰਗਣ ਲੱਗ ਗਿਆ। ਸਿੱਖਾਂ ਦਾ ਹਿਰਦਾ ਹਰ ਵੇਲੇ ਸੱਚੀ ਦਇਆ ਨੂੰ ਤਿਆਰ ਰਹਿੰਦਾ ਹੈ । ਉਸ ਨੂੰ ਲਾਚਾਰ ਜਾਣ ਕੇ ਸ਼ੀਲ ਕੌਰ ਨੇ ਅੰਦਰੋਂ ਜਲ ਲਿਆਂਦਾ, ਜਲ ਉਸ ਦੇ ਮੂੰਹ ਵਿਚ ਪਾਉਣ ਲੱਗੀ ਤਦ ਉਸ ਨੇ ਸੱਜਾ ਹਥ ਆਪਣੀ ਕਬਾ ਦੇ ਅੰਦਰ ਛੁਰੀ ਪੁਰ ਪੁਚਾਯਾ। ਸ਼ੀਲ ਕੌਰ ਦੀ ਖਿੜਕੇ ਵੱਲ ਪਿੱਠ ਸੀ ਪਰ ਉਸ ਦਾ ਪਤੀ ਹੁਣ ਪਹੁੰਚ ਪਿਆ ਸੀ, ਉਸ ਨੇ ਘਰ ਜੋ ਹੋਣੀ ਵਰਤ ਰਹੀ ਸੀ, ਇਸ ਦੀ ਸੁੰਧਕ ਸ਼ਹਿਰੋਂ ਹੀ ਸੁਣ ਪਾਈ ਸੀ ਤੇ ਛੇਤੀ ਛੇਤੀ ਘਰ ਆਯਾ ਸੀ ਅਰ ਵਾੜ ਪੁਰ ਮੁਰਦੇ ਪਏ ਦੇਖ ਕੇ ਜਾਣ ਲਿਆ ਸਾਸੂ ਕਿ ਭਾਣਾ ਵਰਤ ਗਿਆ ਹੈ।

ਹੁਣ ਸਾਹ ਵੱਟ ਕੇ ਅੰਦਰ ਤਕ ਰਿਹਾ ਸੀ ਕਿ ਉਸ ਨੂੰ ਵਹੁਟੀ ਅਰ ਪੁੱਤ੍ਰ ਦੁਸ਼ਟ ਨੂੰ ਜਲ ਦੇਂਦੇ ਦਿੱਸ ਪਏ, ਅਰ ਵੈਰੀ ਦਾ ਸੱਜਾ ਹੱਥ ਝੱਗੇ ਦੇ ਅੰਦਰ ਦੇਖਕੇ ਸਿੰਘ ਜੀ ਦਾ ਤਜਰਬੇਕਾਰ ਮਨ ਸਾਰੀ ਗੱਲ ਸਮਝ ਗਿਆ। ਇਹ ਕੰਮ ਸਾਰਾ ਅੱਧੇ ਮਿੰਟ ਦਾ ਭੀ ਨਹੀਂ ਸੀ, ਹਰਨ ਦੀ ਫੁਰਤੀ ਵਾਂਗੂੰ ਛਾਲ ਮਾਰਕੇ ਸਿੰਘ ਜੀ ਨੇ ਸਿਪਾਹੀ ਦਾ ਨਿਕਲਦਾ ਹੱਥ ਇਸ ਜ਼ੋਰ ਨਾਲ ਨੱਪਿਆ ਕਿ ਛੁਰੀ ਦੀ ਨੋਕ ਦੇ ਸਿਵਾ ਕੌਰਾਂ ਨੂੰ ਹੋਰ ਰਤਾ ਨਾ ਛੁਹਿਆ। ਉਧਰ ਭੁਜੰਗੀ ਨੇ ਸਿਪਾਹੀ ਦੇ ਹੱਥ ਕਟਾਰ (ਅਰ ਉਸਦੇ ਉਸ ਹੱਥ ਨੂੰ ਪਿਤਾ ਦੇ ਹੱਥ ਵਿਚ ਕੈਦੀ) ਅਰ ਮਾਤਾ ਨੂੰ ਨੋਕ ਲੱਗਣ ਤੇ ਲਹੂ ਵੱਗਣ ਦਾ ਹਾਲ ਵੇਖਕੇ ਆਪਣੀ ਕਟਾਰ ਚਲਾਈ ਅਰ ਉਸਦੇ ਮੋਢੇ ਵਿਚ ਕਾਰੀ ਘਾਉ ਲਾ ਦਿੱਤਾ। ਹੁਣ ਸਿੰਘ ਜੀ ਨੇ ਸਾਰੇ ਮੁਰਦੇ ਚੰਗੀ ਤਰ੍ਹਾਂ ਡਿੱਠੇ ਅਰ ਸਭ ਜਿੰਦ ਹੀਨ ਪਾਏ, ਛੱਕੜਲੇ ਦੀ ਮੌਤ ਅਜੇ ਨਹੀਂ ਸੀ ਆਈ, ਸਿੰਘ ਜੀ ਨੇ ਉਸ ਦੀ ਤਲਾਸ਼ੀ ਲੈ ਕੇ ਉਸਦੀ ਮਲ੍ਹਮ-ਪੱਟੀ ਕੀਤੀ । ਫਿਰ ਜਲ ਪਿਲਾ ਕੇ ਕਿਹਾ ਕਿ ਬਈ ਮਿੱਤਾ ! ਸਾਨੂੰ ਸਾਰਾ ਹਾਲ ਸੱਚੋ ਸੱਚ ਸੁਣਾ ਦੇਹ ।

ਇਸ ਸਿਪਾਹੀ ਨੇ, ਜੋ ਜਾਤ ਦਾ ਮੁਗ਼ਲ ਅਰ ਮਸ਼ਹੂਰ ਬਲੀ ਸੀ, ਐਸੇ ਵੈਰੀਆਂ ਨੂੰ ਦੇਖਕੇ, ਜਿਨ੍ਹਾਂ ਦੇ ਬੱਚੇ ਤੇ ਤ੍ਰੀਮਤਾਂ ਪੰਜ ਸਿਪਾਹੀਆਂ ਤੇ ਭਾਰੂ ਹੋ ਪੈਣ, ਫੇਰ ਦਿਆਲ ਐਸੇ ਹੋਣ ਕਿ ਵੈਰੀ ਜ਼ਖਮੀ ਨੂੰ ਕਤਲ ਕਰਨ ਦੀ ਥਾਂ ਜਲ ਦੇਣ ਤੇ ਮਲ੍ਹਮ ਪੱਟੀਆਂ ਕਰਨ ਦਿਲ ਵਿਚ ਉਨ੍ਹਾਂ ਦਾ ਧੰਨਵਾਦ ਮੰਨਿਆ ਅਰ ਇਉਂ ਹਾਲ ਕਹਿ ਸੁਣਾਇਆ:-

“ਇਕ ਸੂੰਹੀਏਂ ਨੇ ਜੋ ਲਾਹੌਰ ਦਾ ਵਾਸੀ ਹੈ, ਅੱਜ ਸਾਡੇ ਹਾਕਮ ਸਾਹਿਬ ਨੂੰ ਪਤਾ ਦਿੱਤਾ ਸੀ ਕਿ ਫਲਾਣੇ ਜੰਗਲ ਵਿਚ ਸਿਖ ਰਹਿੰਦੇ ਹਨ ! ਉਸਦੀ ਤਕਰੀਰ (ਗੱਲਬਾਤ) ਐਸੀ ਸੀ ਕਿ ਹਾਕਮ ਸਾਹਿਬ ਨੂੰ ਯਕੀਨ ਆ ਗਿਆ । ਸਾਨੂੰ ਹੁਕਮ ਦਿੱਤੋਸੁ ਕਿ ਜਾਓ ਨਾਲ ਤੇ ਉਨ੍ਹਾਂ ਨੂੰ ਪਕੜ ਲਿਆਓ। ਅਸੀਂ ਪੰਜ ਜਣੇ ਉਸ ਸੂੰਹੀਏ ਦੇ ਨਾਲ ਆਏ।

ਦੁਪਹਿਰ ਤੋਂ ਟੱਕਰਾਂ ਮਾਰ ਮਾਰ ਅਰ ਜੰਗਲ ਦੇ ਕੰਡਿਆਂ ਨਾਲ ਘਿਸਟੀਜ ਕੇ ਐਸੇ ਥੱਕੇ ਕਿ ਅਸਾਂ ਸੂੰਹੀਏ ਨੂੰ ਝੂਠਾ ਜਾਣਕੇ ਉਸਨੂੰ ਮਾਰਨ ਦਾ ਮਨਸੂਬਾ ਕੀਤਾ । ਪਰ ਉਸ ਦੀ ਜੀਭ ਕੁਝ ਐਸੀ ਚਿਕਨੀ ਅਰ ਚੋਪੜੀ ਹੋਈ ਹੈ ਕਿ ਆਦਮੀ ਦੇ ਜੀ ਵਿਚ ਐਵੇਂ ਤਰਸ ਆ ਜਾਂਦਾ ਹੈ। ਸੋ ਕਿੰਨਾ ਚਿਰ ਟੱਕਰਾਂ ਮਾਰ ਮਾਰ ਕੇ ਅਸਾਂ ਇਹ ਥਾਂ ਲੱਭਾ। ਅਸੀਂ ਤਾਂ ਜਾਣਦੇ ਸਾਂ ਕਿ ਮਾਲਕ ਐਸ ਵੇਲੇ ਪਿੰਡ ਗਿਆ ਹੈ, ਇਕ ਤੀਵੀਂ ਤੇ ਮੁੰਡੇ ਦਾ ਫੜ ਲੈਣਾ ਕੋਈ ਭਾਰੀ ਗੱਲ ਨਹੀਂ, ਇਸ ਲਈ ਅਵੇਸਲੇ ਆਏ ਸਾਂ, ਪਰ ਆਪਦੀ ਵਹੁਟੀ ਤੇ ਪੁਤ੍ਰ ਐਸੇ ਕਮਰਕੱਸੇ ਕਰਕੇ ਸਾਨੂੰ ਮਿਲੇ ਕਿ ਲੈਣੇ ਦੇ ਦੇਣੇ ਪੈ ਗਏ । ਮਰਨਾ ਤੇ ਜ਼ਖਮੀ ਹੋਣਾ ਤਾਂ ਖ਼ੈਰ ਸਿਪਾਹੀਆਂ ਲਈ ਕੋਈ ਮਾੜੀ ਗੱਲ ਨਹੀਂ, ਪਰ ਇਕ ਤ੍ਰੀਮਤ ਅਰ ਬਾਲਕ ਦੇ ਹੱਥੋਂ ਪੰਜ ਸਿਪਾਹੀਆਂ ਦਾ ਇਸ ਤਰ੍ਹਾਂ ਘਾਇਲ ਹੋ ਜਾਣਾ ਇਕ ਭਾਰੀ ਕਲੰਕ ਅਰ ਸ਼ਰਮ ਦੀ ਗੱਲ ਹੈ । ਹੁਣ ਜੀ ਵਿਚ ਨਿਸ਼ਚਾ ਹੋ ਗਿਆ ਕਿ ਅਸੀਂ ਚੰਦ ਦਿਨਾਂ ਦੇ ਪ੍ਰਾਹੁਣੇ ਹਾਂ ! ਜਿਨ੍ਹਾਂ ਲੋਕਾਂ ਦੇ ਬੱਚੇ ਤੇ ਤ੍ਰੀਮਤਾਂ ਐਸੇ ਹੌਂਸਲੇ ਵਾਲੇ ਹੋਣ ਉਹ ਜ਼ਰੂਰ ਰਾਜ ਲੈ ਲੈਣਗੇ । ਮੈਂ ਤਾਂ ਕਦੇ ਸਿੱਖਾਂ ਨਾਲ ਟਾਕਰਾ ਨਹੀਂ ਕਰਾਂਗਾ, ਅਰ ਜੇ ਬਚ ਰਿਹਾ ਤਾਂ ਤੁਹਾਡੀ ਬਹਾਦਰੀ ਦੀ ਸਦਾ ਦਾਦ ਦਿਆਂਗਾ ।

ਸਿੰਘ ਜੀ-ਸ਼ਾਬਾਸ਼ ਆਪ ਦੇ ! ਉਹ ਸੂੰਹੀਆਂ ਕਿੱਥੇ ਹੈ ?

ਮੁਗਲ-ਉਹ ਤਾਂ ਤੁਹਾਡੇ ਬਹਾਦਰ ਪੁਤ੍ਰਦੀ ਪਹਿਲੀ ਗੋਲੀ ਸੁਣਦਾ ਹੀ ਨੱਠ ਗਿਆ ਸੀ। ਸਿੰਘ ਜੀ! ਤੁਸੀਂ ਇਹ ਤਾਂ ਦੱਸੋ ਕਿ ਇਸ ਸ਼ੀਰਖੋਰ ਬੱਚੇ ਨੂੰ ਤਲਵਾਰ ਦੇ ਪਲੱਥੇ ਅਰ ਬੰਦੂਕ ਦੀ ਨਿਸ਼ਾਨੇਬਾਜ਼ੀ ਕਦ ਸਿਖਾਈ ਸਾ ਜੇ?

ਸਿੰਘ ਜੀ-ਸਿੰਘਾਂ ਦੀ ਗੁੜ੍ਹਤੀ ਹੀ ਸ਼ਸਤ੍ਰ ਵਿਯਾ ਹੈ । ਦਿਨ ਰਾਤ ਇਹੋ ਤਾਂ ਸਾਡਾ ਵਿਹਾਰ ਹੈ।

ਫੇਰ ਸਿੰਘ ਜੀ ਨੇ ਵਹੁਟੀ ਪੁੱਤ੍ਰ ਦੇ ਘਾਉ ਡਿੱਠੇ ਜੋ ਐਵੇਂ ਚੋਭਾਂ ਮਾਤਰ ਸਨ, ਕੋਈ ਖ਼ਤਰੇ ਵਾਲਾ ਜ਼ਖ਼ਮ ਨਹੀਂ ਸੀ । ਵਾਹ ਵਾਹੁ ਗੁਰੂ ਗੋਬਿੰਦ ਸਿੰਘ ਜੀ ਦੇ ਸ਼ੇਰ ! ਕਦੀ ਮੁਰਦਿਆਂ ਵੱਲ, ਉਨ੍ਹਾਂ ਕਾਇਰਾਂ ਵਲ ਜੋ ਬੇਗੁਨਾਹਾਂ ਤੇ ਚੜ੍ਹ ਆਏ ਤੇ ਤ੍ਰੀਮਤਾਂ ਅਤੇ ਬੱਚੇ ਉਤੇ ਸ਼ਸਤਰ ਚੁਕ ਖਲੋਤੇ, ਤੱਕਦੇ ਸਨ, ਕਦੀ ਪ੍ਯਾਰੀ ਵਹੁਟੀ ਤੇ ਪੁਤ੍ਰ ਵਲ ਤੱਕਦੇ ਅਰ ਦੋਹਾਂ ਨੂੰ ਗਲ ਨਾਲ ਲਾ ਲਾ ਕੇ ਕਹਿੰਦੇ ਸਨ :-ਸ਼ਾਬਾਸ਼ ! ਖਾਲਸਈ ਤਲਵਾਰ ਦੇ ਜੌਹਰ ਖ਼ੂਬ ਦਿਖਾਏ; ਅਰ ਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ੇ ਅੰਮ੍ਰਿਤ ਦਾ ਤੇਜ ਖੂਬ ਰੌਸ਼ਨ ਕੀਤਾ। ਨਿਸ਼ਚਾ ਹੋਵੇ ਤਾਂ ਐਸਾ । ਧੰਨ ਗੁਰੂ ਜੀ ਹਨ ਜੋ ਆਪ ਹੱਥ ਦੇ ਕੇ ਰੱਖਦੇ ਤੇ ਆਪਣੇ ਸੇਵਕ ਨੂੰ ਸੁਰਖਰੂ ਕਰਾਉਂਦੇ ਹਨ !

ਸਿੰਘਣੀ ਤੇ ਭੁਜੰਗੀ ਨੂੰ ਉਹ ਮਲ੍ਹਮ, ਜੋ ਖਾਲਸੇ ਵਿਚ ‘ਜੀਉਣ ਬੂਟੀ’ ਕਰਕੇ ਸਦਾਉਂਦੀ ਸੀ, ਅਰ ਹਰ ਸਿੰਘ ਦੇ ਪਾਸ ਥੋੜੀ ਬਹੁਤ ਰਹਿਂਦੀ ਸੀ, ਲਾਈ ਗਈ ਅਰ ਜਲ ਪਾਣੀ ਛਕ ਕੇ ਸਿੰਘ ਜੀ ਨੇ ਕਿਹਾ ਕਿਹੂਣ ਇਥੇ ਦਾ ਵਸੇਬਾ ਮਾੜਾ ਹੈ, ਅੱਜ ਤਾਂ ਬਚ ਰਹੇ, ਪਰ ਕੱਲ੍ਹ ਨਹੀਂ ਬਚਾਂਗੇ । ਹੁਣ ਰਾਜਨੀਤਿ ਇਥੋਂ ਹਰਨ ਹੋਣਾ ਹੈ ।

ਪੁੱਤਰ-ਪਿਤਾ ਜੀ ! ਚੱਲਾਂਗੇ ਕਿੱਧਰ ?

ਪਿਤਾ-ਕਾਕਾ ਜੀ ! ਕਿਸੇ ਦਲ ਨਾਲ ਚੱਲ ਰਲਾਂਗੇ ।

ਪੁੱਤ-ਵਾਹ ! ਵਾਹ ! ਤੇ ਪਿਤਾ ਜੀ ਅੱਗੇ ਹੀ ਉਹਨਾਂ ਵਿਚ ਚੱਲੈ ਰਹਿੰਦੇ, ਮੈਂ ਬੰਦੂਕ ਚਲਾਉਣੀ ਤਾਂ ਚੰਗੀ ਸਿੱਖ ਲੈਂਦਾ ।

ਪਿਤਾ-ਤੁਹਾਡੇ ਕਰਕੇ ਹੀ ਮੈਂ ਇਸ ਥਾਂ ਨੂੰ ਲੱਭਿਆ ਸੀ ਕਿ ਦਲਾਂ ਵਿਚ ਇਸਤ੍ਰੀਆਂ ਤੇ ਬਾਲਾਂ ਦਾ ਨਿਭਣਾ ਔਖਾ ਹੈ। ਐਵੇਂ ਕਿਤੇ ਪੰਥ ਦੀ ਸੇਵਾ ਕਰਦੇ ਕਰਦੇ ਫਸ ਜਾਣ ਕਰਕੇ ਪੰਥ ਨੂੰ ਉਲਟੀ ਖੇਚਲ ਨਾਂ ਪੈ ਜਾਵੇ ।

ਵਹੁਟੀ-ਕੀ ਇਸਤ੍ਰੀਆਂ ਦਾ ਪੰਥ ਵਿਚ ਨਿਰਬਾਹ ਨਹੀਂ ਹੁੰਦਾ ? ਸਗੋਂ ਸੇਵਾ ਦਾ ਕੰਮ ਤਾਂ ਅਸੀਂ ਚੰਗਾ ਕਰ ਸਕਦੀਆਂ ਹਾਂ, ਹੁਣ ਜ਼ਰੂਰ ਚੱਲੋ ।

ਪਤੀ-ਸਤਿ ਬਚਨ ! ਪੰਥ ਦੇ ਜਥਿਆਂ ਵਿਚ ਕੋਈ ਕੋਈ ਸ਼ੇਰ ਦਿਲ ਤ੍ਰੀਮਤਾਂ ਸੇਵਾ ਕਰਦੀਆਂ ਹਨ। ਮੈਨੂੰ ਤੁਹਾਡੇ ਉਤੇ ਇੰਨੀ ਆਸ ਨਾ ਸੀ ਪਰ ਅੱਜ ਨਿਸ਼ਚਾ ਹੋ ਗਿਆ ਹੈ ਕਿ ਤੁਸੀਂ ਦੁੱਖ ਸੁਖ ਝੱਲ ਗੁਜ਼ਰੋਗੇ । ਹੁਣ ਕੂਚ ਕਰਦੇ ਹਾਂ, ਦਿਹੁੰ ਆਥਣ ਲੱਗਾ ਹੈ,ਪਰ ਉਮੈਦ ਹੈ ਕਿ ਦੋ ਘੜੀ ਰਾਤ ਗਈ ਤੱਕ ਕ੍ਰੋੜਾ ਸਿੰਘ ਦੇ ਜਥੇ ਵਿਚ ਚੱਲ ਰਲਾਂਗੇ, ਜਿਨ੍ਹਾਂ ਦੇ ਦਲ ਦੇ ਸੂਰਮਿਆਂ ਦਾ ਇਕ ਟੋਲਾ ਐਥੋਂ ਚਾਰ ਕੁ ਕੋਹ ਪੁਰ ਉੱਤਰਿਆ ਪਿਆ ਹੈ ।

ਇਹ ਸਲਾਹ ਗੁੰਦਕੇ ਤੁਰ ਪਏ, ਤੁਰਕ ਜ਼ਖਮੀ ਬੇਸੁੱਧ ਪਿਆ ਸੀ, ਆਪ ਜੰਗਲ ਵਿਚ ਚਾਰ ਚੁਫੇਰੇ ਨਜ਼ਰ ਮਾਰਕੇ ਬੇਖਟਕੇ ਹੋ ਦੱਖਣ ਪੂਰਬ ਰੁਖ਼ ਨੂੰ ਹੋ ਟੁਰੇ । ਸ਼ਸਤ੍ਰ ਅਰ ਕੁਝ ਕੁ ਜ਼ਰੂਰੀ ਲਟਾ-ਪਟਾ ਨਾਲ ਚੁੱਕ ਲਿਆ। ਘੁਸਮੁਸੇ ਵੇਲੇ ਬਨ ਤੋਂ ਪਾਰ ਹੋਏ। ਏਥੇ ਇਕ ਮਾਤਬਰ ਆਦਮੀ ਨੂੰ ਪੁੱਛਿਆ ਤਾਂ ਪਤਾ ਲੱਗਾ ਕਿ ਖਾਲਸੇ ਦਾ ਦਲ ਅਜੇ ਚਾਰ ਕੋਹ ਪਰੇ ਹੈ ।

ਹੁਣ ਸੋਚ ਇਹ ਪਈ ਕਿ ਚਾਰ ਕੋਹ ਦਾ ਪੈਂਡਾ ਇਸ ਹਨੇਰੇ ਵਿਚ ਕਿੱਕਰ ਕੱਟਿਆ ਜਾਵੇ ? ਤੀਮੀਂ ਤੇ ਬੱਚਾ, ਉਹ ਭੀ ਕੁਛ ਕੁ ਜ਼ਖਮੀ ਤੇ ਥੱਕੇ ਹੋਏ ਅਰ ਕਦੇ ਨਾ ਭੋਗੇ ਹੋਏ ਸਦਮੇਂ ਦੇ ਵਿਚ ਦੀ ਲੰਘੇ ਹੋਏ । ਸਿੰਘ ਜੀ ਸੋਚ ਦੀ ਬਾਉਲੀ ਵਿਚ ਸਹਿਜੇ ਸਹਿਜੇ ਉਤਰਦੇ ਉਤਰਦੇ ਚਿੰਤਾ ਦੇ ਜਲ ਵਿਚ ਡੁਬ ਗਏ । ਇਹ ਨਿਰਨੇ ਕਰਨਾ ਕਿ ਰਾਤ ਕਿੱਥੇ ਕੱਟੀਏ ਤਾਂ ਕਿਤੇ ਰਿਹਾ ਸਿੰਘ ਜੀ ਨੂੰ ਇਹ ਭੀ ਭੁੱਲ ਗਿਆ ਕਿ ਮੈਂ ਸੋਚਣ ਕੀ ਲੱਗਾ ਸਾਂ ? ਜਿੱਕੁਰ ਕਿਸੇ ਪੋਥੀ ਨੂੰ ਪੜ੍ਹਦਿਆਂ ਨੇੜੇ ਕਰਦਿਆਂ : ਕਰਦਿਆਂ ਅੱਖਾਂ ਦੇ ਨਾਲ ਹੀ ਲਾ ਦੇਈਏ ਤਾਂ ਉੱਕਾ ਕੁਝ ਨਹੀਂ ਦਿੱਸਦਾ। ਜਿਵੇਂ ਅਤਿ ਤਿੱਖਾ ਭੌਂਦਾ ਲਾਟੂ ਖਲੋਤਾ ਹੋਇਆ ਦਿੱਸਦਾ ਹੈ। ਜਿਵੇਂ ਧਰਤੀ ਦੀ ਡਾਢੀ ਤਿੱਖੀ ਚਾਲ ਅੱਖਾਂ ਨੂੰ ਨਹੀਂ ਦਿੱਸਦੀ ਤੇ ਖਲੋਤੀ ਭਾਸਦੀ ਹੈ; ਕੁਝ ਚਿਰ ਸਿੰਘ ਜੀ ਦੀ ਸੋਚ ਇਸ ਪ੍ਰਕਾਰ ਦੀ ਸੁੰਨ ਦਸ਼ਾ ਵਿਚ ਪਹੁੰਚੀ ਹੋਈ ਇਉਂ ਫੇਰ ਆਪਣੇ ਆਪ ਵਿਚ ਆਈ, ਜਿੱਕੁਰ ਪਾਣੀ ਵਿਚ ਡਿੱਗਾ ਪੁਰਖ ਪਹਿਲੇ ਤਾਂ ਥੱਲੇ ਨੂੰ ਜਾਂਦਾ ਹੈ ਪਰ ਪਾਣੀ ਦਾ ਸੁਭਾਵ ਫੇਰ ਉਸ ਨੂੰ ਉਤੇ ਲੈ ਆਉਂਦਾ ਹੈ, ਫਿਰ ਥੱਲੇ ਜਾਂਦਾ ਹੈ ਤੇ ਫੇਰ ਉੱਪਰ ਆਉਂਦਾ ਹੈ; ਇੱਕੁਰ ਦੀ ਹਿਚ ਪਿਚ ਵਿਚੋਂ ਤਾਰੂ ਤਾਂ ਤਰ ਨਿਕਲਦਾ ਹੈ, ਪਰ ਅਨਜਾਣ ਦਸ ਬਾਰਾਂ ਗੋਤੇ ਖਾ ਕੇ ਜਲ ਵਿਚ ਸਮਾਧ ਬਣਾ ਲੈਂਦਾ ਹੈ, ਸੋ ਸਿੰਘ ਜੀ ਮਨ ਦੀ ਪਾਣੀ ਵਰਗੀ ਤੈਰਾਉਣ ਵਾਲੀ ਸ਼ਕਤੀ ਕਰ ਕੇ ਫੇਰ ਹੋਸ਼ ਵਿਚ ਆਏ । ਇਹ ਉਹ ਸ਼ਕਤੀ ਹੈ ਜੋ ਯੋਗੀਆਂ ਦੀ ਸਮਾਧ ਨਹੀਂ ਲੱਗਣ’ ਦੇਂਦੀ ਅਰ ਧਿਆਨੀਆਂ ਦਾ ਧਿਆਨ ਨਹੀਂ ਟਿਕਣ ਦਿੰਦੀ ਪਰ ਇਸ ਵੇਲੇ ਤਾਂ ਸਿੰਘ ਜੀ ਨੂੰ ਇਹ ਸ਼ਕਤੀ ਐਸੀ ਗੁਣਦਾਇਕ ਹੋ ਗਈ ਜਿੱਕੁਰ ਸਿਆਲ ਦਾ ਮੀਂਹ ਖ਼ਲਕਤ ਨੂੰ ਪਾਲੇ ਦਾ ਦੁੱਖ ਦਿੰਦਾ ਹੈ, ਪਰ ਖੇਤੀ ਲਈ ਗੁਣਕਾਰ ਹੁੰਦਾ ਹੈ !

ਹੁਣ ਸਿੰਘ ਜੀ ਹੋਸ਼ ਵਿਚ ਆਏ, ਚਾਰ ਚੁਫੇਰੇ ਨਜ਼ਰ ਦੇ ਦੂਤ ਦੁੜਾਉਣ ਲੱਗੇ, ਇਕ ਪਾਸੇ ਇਕ ਕੰਧ ਜਿਹੀ ਰੁੱਖਾਂ ਦੇ ਲਾਂਭੇ ਜਿਹੇ ਦਿੱਸੀ । ਆਪ ਦੇ ਪੈਰ ਉਸ ਰੁੱਖ ਟੱਬਰ ਸਮੇਤ ਚਲੇ ਗਏ, ਜਾ ਕੇ ਕੀ ਡਿੱਠਾ ਕਿ ਕੋਈ ਪੁਰਾਣਾ ਢੱਠਾ ਹੋਇਆ ਮਕਾਨ ਹੈ ਅਰ ਇਕ ਰਾਤ ਕੱਟਣ ਲਈ ਸਿਰ ਲੁਕਾਉਣ ਦੀ ਜਗ੍ਹਾ ਬਥੇਰੀ ਹੈ । ਇਕ ਉਚੇਰੀ ਥਾਂ ਤੇ ਖੜੋ ਕੇ ਚਾਰ ਚੁਫੇਰੇ ਨਜ਼ਰ ਦੁੜਾਈ; ਤਸੱਲੀ ਕਰ ਕੇ ਆਪ ਨੇ ਉਤਾਰਾ ਕਰ ਦਿੱਤਾ।

ਜਿਵੇਂ ਸੂਰਜ ਦੇ ਸਿਰ ਲੁਕਾਉਂਦੇ ਹੀ ਰਾਤ ਆ ਪਹੁੰਚਦੀ ਹੈ, ਤਿਵੇਂ ਸਿੰਘ ਜੀ ਦੇ ਉਹਲੇ ਹੁੰਦੇ ਹੀ ਪਿਛੇ ਉਨ੍ਹਾਂ ਦੇ ਸ੍ਰੀ ਪ੍ਰੋਹਤ ਜੀ ਮਹਾਰਾਜ ਕਿਸੇ ਰੁੱਖ ਹੇਠੋਂ ਇੱਕੁਰ ਨਿਕਲ ਪਏ ਜਿੱਕੁਰ ਪੱਤਿਆਂ ਦੇ ਢੇਰ ਹੇਠੋਂ ਫਨੀਅਰ ਨਿਕਲ ਆਏ। ਸੁੱਕੀ ਹੋਈ ਗੋਗੜ ਪੁਰ ਹੱਥ ਫੇਰਕੇ ਕਹਿਣ ਲੱਗੇ: ਵਾਹ ਬਈ ਉਸਤਾਦ ! ਮੈਂ ਤਾਂ ਸੂਰਜ ਨੂੰ ਬੁਤਕੇ ਵਿਚ ਨੱਪ ਲਿਆ । ਇਹ ਚਲਾਕ ਸਿਖ ਕਿੱਡੇ ਪੇਚ ਨਾਲ ਜਿੰਦ ਬਚਾਉਂਦਾ ਹੈ, ਪਰ ਮੈਂ ਬੀ ਕਿਹਾ ਕੁ ਪਿੱਛਾ ਕੀਤਾ ਹੈ। ਘੋੜਾ ਕਿੱਡਾ ਸਰਪਟ ਦੌੜੇ ਮੱਖੀ ਪਿਛੇ ਹਟ ਨਹੀਂ ਸਕਦੀ, ਭਾਵੇਂ ਸ਼ੇਰ ਕਿੱਡਾ ਭੂਏ ਹੋਵੇ ਮੱਛਰ ਖਹਿੜਾ ਨਹੀਂ ਛੱਡਦਾ । ਹੁਣ ਹੇ ਪੰਡਤ ਜੀ ਮਹਾਰਾਜ ! ਰਿਖੀ ਰਾਜ ਜੀ ! ਕੋਈ ਢੰਗ ਐਸਾ ਕਰੋ ਕਿ ਸੱਪ ਕੁੱਜੇ ਵਿਚ ਪਿਆ ਹੀ ਮਾਰਿਆ ਜਾਵੇ ਜੇ ਇਹ ਜੀਉਂਦਾ ਨਿਕਲ ਗਿਆ ਤਾਂ ਮੇਰੇ ਮਨ ਨੂੰ ਸ਼ਾਂਤ ਨਹੀਂ ਹੋਵੇਗੀ,ਧਨ ਦੀ ਮੌਜ ਲੁੱਟਣੀ ਐਸੀ ਕਿਰ ਕਿਰੀ ਹੋ ਜਾਏਗੀ ਜਿਕੁਰ ਖੀਰ ਖਾਂਦਿਆਂ ਵਿਚ ਵਾਲ ਆ ਜਾਵੇ, ਜਾਂ ਲੱਡੂ ਖਾਂਦਿਆਂ ਕਿਰਕ ਆ ਜਾਵੇ ।

ਹੱਛਾ ਹੁਣ ਪਿਛੇ ਮੁੜੀਏ ਪੱਕੀਆਂ ਨਿਸ਼ਾਨੀਆਂ ਰੱਖ ਲਈਏ, ਮਤਾ ਫ਼ੇਰ ਕੁਪੱਤੇ ਅਹਿਦੀਆਂ ਤੋਂ ਦੁੱਖ ਮਿਲੇ । ਚਲ ਮਨਾ ਚੱਲੀਏ, ਲੱਤਾਂ ਪਤਲੀਆਂ ਹਨ, ਛੇਤੀ ਕਿੱਕੁਰ ਪੁੱਜੀਏ ? ਹੌਂਸਲਾ ਕਰ ਹੇ ਮਨ ! ਦੇਖ ਸਹੇ ਦੀਆਂ ਲੱਤਾਂ ਪਤਲੀਆਂ, ਬਾਰਾਂ ਸਿੰਗੇ ਦੀਆਂ ਲੱਤਾਂ ਪਤਲੀਆਂ, ਕਿਹੇ ਭੱਜਦੇ ਹਨ ? ਪਰ ਨਹੀਂ (ਪੱਟਾਂ ਤੇ ਹੱਥ ਮਾਰ ਕੇ) ਮੈਂ ਤਾਂ ਅਲੰਕਾਰ ਰਚਨਾ ਵੀ ਭੁੱਲ ਗਿਆ, ਮੈਂ ਆਪਣੀਆਂ ਲੱਤਾਂ ਨੂੰ ਸ਼ਿਕਾਰਾਂ ਨਾਲ ਉਪਮਾ ਦਿੱਤੀ ਹੈ, ਮੈਂ ਕੋਈ ਸ਼ਿਕਾਰ ਹਾਂ ? ਮੈਂ ਤਾਂ ਸ਼ਿਕਾਰੀ ਹਾਂ ਹੱਛਾ ਹੁਣ ਸ਼ਿਕਾਰੀ ਬਣੀਏ। ਪੜ੍ਹਿਆ ਤਾਂ ਸੀ ਕਿ ਅਹਿੰਸਾ ਹਿ ਪਰਮੋਂ ਧਰਮਾ* ਤੇ ਮੈਂ ਬਣ ਗਿਆ ਸ਼ਿਕਾਰੀ । ਪਰ ਕੀ ਡਰ ਹੈ, ਜੇ ਸ਼ਿਕਾਰੀ ਨਾ ਹੁੰਦੇ ਤਾਂ ਮਹਾਤਮਾ ਦੇ ਬੈਠਣ ਵਾਸਤੇ ਮ੍ਰਿਗ ਛਾਲਾ ਕਿਥੋਂ ਆਉਂ ਦੀਆਂ ? ਕਸਤੂਰੀ ਕਿਥੋਂ ਬਣਦੀ ? ਇਹ ਪਰਉਪਕਾਰ ਹੈ। ਇਹ ਮਨ ਸਹੁਰਾ ਬਹੁਤ ਖੋਟਾ ਹੈ, ਕਹਿੰਦਾ ਹੈ ਤੂੰ ਮਾੜਾ ਕਰਨ ਲੱਗਾ ਹੈਂ । ਮਨਾਂ ! ਤਕੜਾ ਹੋ, ਤੈਨੂੰ ਕਿੰਨੀ ਰਾਜਨੀਤਿ ਪੜ੍ਹਾਈ, ਪਰ ਤੂੰ ਕੋਈ ਕੋਈ ਆਵਾਜ਼ ਅੰਦਰੋਂ ਕੱਢ ਹੀ ਮਾਰਦਾ ਹੈ । ਹੈ ਮੇਰੇ ਹੰਭਲੇ ਉੱਦਮ ਕਰ ਅਰ ਇਸ ਘਰ ਦੇ ਵੈਰੀ ਆਪਣੇ ਮਨ ਨੂੰ ਨੱਪ ਲੈ। ਦੇਖ, ਇਹ ਰਾਜਨੀਤੀ ਤੇ ਸੂਰਬੀਰਤਾ ਦੇ ਉਲਟ ਚਲਦਾ ਹੈ। ਉਠ ਤਕੜਾ ਹੋਹੁ, ਉਠ ਹੋਂਸਲੇ ਉਠ ! ਦੇਖ ਮੇਰਾ ਆਪਣਾ ਹੀ ਮਨ ਮੇਰਾ ਪ੍ਰਣ ਛੁਡਾਉਂਦਾ ਹੈ । ਆਹਾ ਆਹਾ, ਵਾਹ ਵਾਹ, ਮਨ ਬੀ ਮੰਨ ਪਿਆ, ਹੁਣ ਮੌਜ ਹੋਈ ਜਿਸ ਘਰ ਏਕਾ ਨਹੀਂ ਉਸ ਦਾ ਸਤ੍ਯਾਨਾਸ ਹੋ ਜਾਂਦਾ ਹੈ । ਹੰਭਲੇ ਭਈ ਹੰਭਲੇ, ਚੱਲ ਛੂਟ ਕਰ ਚਲੋ, ਮੇਰੀਓ ਟੰਗੋ ਟੁਰੋ । ਮਨਾ ! ਦੇਖ ਪਰਸਰਾਮ ਬ੍ਰਾਹਮਣ ਸੀ ਪਰ ਕੈਸਾ ਸੂਰਬੀਰ ਹੋਇਆ, ਤੂੰ ਬੀ ਬ੍ਰਾਹਮਣ ਹੈਂ, ਤਕੜਾ ਹੋ । ਇਹ ਸੋਚ ਕਰਦਿਆਂ ਅੰਤਹਕਰਣ ਤੋਂ ਫੇਰ ਕੁਛ ਸੋਚ ਫੁਰੀ ਕਿ ਮੈਂ ਕੀਹ ਪਿਆ ਕਰਦਾ ਹਾਂ । ਫਿਰ ਉਸ ਆਵਾਜ਼ ਨੂੰ ਠੰਢਿਆਂ ਕਰਨ ਲਈ ਆਪ ਮਨ ਨੂੰ ਕਹਿਣ ਲੱਗੇ :-ਮੈਂ ਸਰਵਣ ਪੁਤ੍ਰ ਹਾਂ, ਮੇਰਾ ਪਿਤਾਮਾ ਪਰਸ ਰਾਮ ਮੈਨੂੰ ਬਚਾਵੇਗਾ, ਪਿਤ੍ਰੀ ਭਗਤਾਂ ਦੀ ਬੀ ਬੜੀ ਉੱਤਮ ਗਤੀ ਹੁੰਦੀ ਹੈ, ਫੇਰ ਕੀ ਅੱਗੇ ਦਾ ਡਰ ਹੈ ? .ਹੁਣ ਬਈ ਧਾਈ ਕਰੀਏ, ਰਾਤ ਬਹੁਤ ਬੀਤ ਗਈ ਤਾਂ ਕਲੇਸ਼ ਹੋਵੇਗਾ ਤੇ ਦਿਨੁ ਚੜ੍ਹਦੇ ਸਾਰ ਹੀ ਮੈਨੂੰ ਆਸ ਹੈ ਕਿ ਇਹ ਤਿੰਨੇ ਸਿੱਖ ਤਾਰਿਆਂ ਵਾਂਗੂੰ ਲੋਪ ਹੋ ਜਾਣਗੇ।

ਇਸ ਤਰ੍ਹਾਂ ਦੇ ਮਨੋਵਾਦ ਕਰਦਿਆਂ ਆਪ ਜੀ ਦਾ ਮਨ ਕਦੇ ਹੌਂਸਲੇ ਵਿਚ ਤੇ ਕਦੇ ਸੋਚਾਂ ਵਿਚ ਹੀ ਰਿਹਾ, ਐਸੇ ਮਨੁੱਖਾਂ ਨੂੰ ਡਰ, ਭੈਦਾਇਕ ਸਮਿਆਂ ਦੇ ਵਿਚ ਦੀ ਲੈ ਨਿਕਲਦਾ ਹੈ। ਕ੍ਰੋੜ ਹੌਂਸਲਾ ਕਰਦੇ ਪਰ ਆਪ ਜੀ ਕਦੇ ਉਸ ਡਰਾਉਣੇ ਬਨ ਨੂੰ ਨਾ ਝਾਗ ਸਕਦੇ, ਪਰ ਦੂਰ ਤੋਂ ਆਦਮੀਆਂ ਦੇ ਗੱਲ ਕਰਨ ਦੀ ਆਵਾਜ਼ ਕੰਨੀ ਪਈ ਅਰ ਘੋੜਿਆਂ ਦੀਆਂ ਟਾਪਾਂ ਸੁਣ ਕੇ ਆਪ ਡਰੇ ਕਿ ਮਤਾਂ ਕੋਈ ਸਿੱਖ ਆਉਂਦੇ ਹੋਣ, ਇਸ ਡਰ ਹੇਠਾਂ ਆਪ ਬੇਵਸੇ ਹੋ ਨੱਠ ਤੁਰੇ ।

9 ਕਾਂਡ ।

ਧਰਤੀ ਦੇ ਟੋਇਆਂ ਤੇ ਨਿਵਾਣਾਂ ਵਿਚ ਰਹਿਣ ਵਾਲਾ ਨੀਵੀਂ ਜਾਤ ਰੱਖਣ ਵਾਲਾ ਜਲ ਸਮੁੰਦਰ ਵਿਚ ਬੈਠਾ ਭਾਵੇਂ ਕਿੱਡੇ ਜੋਸ਼, ਉੱਦਮ ਤੇ ਬਹਾਦਰੀ ਨਾਲ ਸੂਰਜ-ਵੰਨੇ ਘੂਰਦਾ ਹੈ, ਪਰ ਉਸ ਦਾ ਕੁਝ ਨਹੀਂ ਵਿਗਾੜ ਸਕਦਾ। ਸਗੋਂ ਸੂਰਜ ਉਸ ਨੂੰ ਸਮੁੰਦਰ ਤੋਂ ਵਿਛੋੜ ਦਿੰਦਾ ਹੈ। ਇਸ ਗੁੱਸੇ ਵਿਚ ਕਦੀ ਅਣਦਿੱਸਦੇ ਰੂਪ ਵਿਚ ਸੂਰਜ ਦੀਆਂ ਕਿਰਨਾਂ ਦਾ ਤੇਜ ਘਟਾਉਣਾ ਚਾਹੁੰਦਾ ਹੈ ਕਦੇ ਦਿੱਸਦੇ ਰੂਪ ਧਾਰ ਕੇ (ਬੱਦਲ ਬਣ ਕੇ) ਸੂਤਜ ਦੀ ਧੁੱਪ ਦਾ ਮੂੰਹ ਮੋੜ ਦਿੰਦਾ ਹੈ ਤੇ ਕਦੇ ਸੂਰਜ ਨਾਲ ਮੁੱਠ ਭੇੜ ਕਰਨ ਲਈ ਉੱਚਾ ਚੜ੍ਹਦਾ ਮੀਂਹ ਬਰਫ ਗੜੇ ਬਣ ਕੇ ਡਿੱਗ ਪੈਂਦਾ ਹੈ । ਵਿਚਾਰਾ ਵਤਨ ਦੇ ਵਿਛੋੜੇ ਵਿਚ ਸਿਰ ਧੁਨਦਾ ਫਿਰਦਾ ਹੈ । ਸੁਰਜ ਦੀ ਚਲਾਈ ਹੋਈ ਤਿੱਖੀ ਪੌਣ ਉਸ ਨੂੰ ਅੱਗੇ ਲਾਈ ਫਿਰਦੀ ਹੈ । ਜਦ ਕਦੇ ਉਹ ਬੱਦਲ ਬਣ ਪਹਾੜਾਂ ਤੇ ਜਾ ਚੜ੍ਹਦਾ ਹੈ ਤਾਂ ਉਹਨਾਂ ਦੀਆਂ ਡਰਾਉਣੀਆਂ ਸ਼ਕਲਾਂ, ਭੈਦਾਇਕ ਚੋਟੀਆਂ, ਸਹਿਮ ਦੇਣ ਵਾਲੀਆਂ ਘਾਟੀਆਂ ਤੇ ਤਹਕਾ ਦੇਣ ਵਾਲੇ ਸੰਘਣੇ ਬ੍ਰਿਛਾਂ ਦੀਆਂ ਪੰਕਤੀਆਂ ਤੇ ਮੌਸਮ ਦੀ ਡਾਢੀ ਠੰਢ ਨਾਲ ਸਹਿਮ ਖਾ ਕੇ ਰੋ ਪੈਂਦਾ ਹੈ ਤਾਂ ਖੱਡਾਂ ਵਿਚ ਸਿਰ ਟਕਰਾਂਦਾ, ਹੇਠਾਂ ਡਿੱਗਦਾ ਢਹਿੰਦਾ ਮੈਦਾਨਾਂ ਵਿਚ ਅੱਪੜਦਾ ਹੈ । ਇਥੋਂ ਮਿੱਟੀ ਖੇਹ ਵਿਚ ਲੇਟਦਾ ਵਤਨ ਨੂੰ ਢੂੰਡਦਾ ਫਿਰਦਾ ਕਦੇ ਸਮੁੰਦਰ ਵਿਚ ਜਾ ਪਹੁੰਚਦਾ ਹੈ। ਉਥੇ ਸਾਰੀਆਂ ਮੈਲਾਂ ਤੇ ਸਾਰੇ ਥਕੇਵੇਂ ਦੂਰ ਹੁੰਦੇ ਹਨ। ਜਿੱਕੁਰ ਡਰਾਕੁਲ ਜਲ ਪਹਾੜਾਂ ਦੇ ਭੈ ਨਾਲ ਟਿਕਾਣੇ ਜਾ ਪੁਜਦਾ ਹੈ ਤਿਵੇਂ ਡਰਪੋਕ ਜੀਵ ਭੈ-ਭੀਤ ਹੋਏ ਕਦੀ ਕਦੀ ਆਪਣੇ ਮਨਸੂਬੇ ਵਿਚ ਕਾਮਯਾਬ ਹੋ ਜਾਂਦੇ ਹਨ। ਇਸ ਪ੍ਰਕਾਰ ਭੈ ਦੀ ਖਰੈਤ ਪੰਡਤ ਜੀ ਦੌੜਦੇ ਦੌੜਦੇ ਨਗਰ ਅੱਪੜੇ, ਸਿੱਧੇ ਸਰਦਾਰ ਦੇ ਮਹਿਲਾਂ ਨੂੰ ਪਧਾਰੇ । ਉੱਥੇ ਭਲਾ ਐਸ ਵੇਲੇ ਕੌਣ ਕੰਨ ਖੜੇ ਕਰਕੇ ਬੈਠਾ ਸੀ, ਜੋ ਪ੍ਰੋਹਤ ਜੀ ਦੀ ਗੱਲ ਸੁਣ ਲੈਂਦਾ ? ਦਰਬਾਨ ਦੀ ਸਖਤੀ ਵੇਖ ਕੇ ਆਪ ਲਿਫ ਗਏ। ਕੁਝ ਚਾਪਲੋਸੀ ਕੀਤੀ, ਕੁਝ ਮਾਇਆ ਦੇ ਕੇ ਹੱਥ ਤਰ ਕੀਤੇ। ਤਮਾ ਤੇਲ ਨਾਲ ਨਰਮ ਹੋ ਕੇ ਦਰਬਾਨ ਨੇ ਜਾ ਖ਼ਬਰ ਕੀਤੀ ਤੇ ਲੱਲੋ ਪੱਤੋ ਦੀਆਂ ਹੁਣ ਐਸੀਆਂ ਸੁਣਾਈਆਂ ਕਿ ਹੁਸ਼ਿਆਰਬੇਗ ਜਮਾਂਦਾਰ ਦੇ ਨਾਮ ਹੁਕਮ ਚੜ੍ਹ ਗਿਆ ਕਿ ਕੁਛ ਸਵਾਰ ਮੁਸੱਲਹ (ਸ਼ਸਤ੍ਰਧਾਰੀ) ਨਾਲ ਲੈ ਕੇ ਤੇ ਪੰਡਤ ਜੀ ਨੂੰ ਡੋਲੇ ਵਿਚ ਬਿਠਾ ਕੇ ਇਸੀ ਦਮ ਕੂਚ ਕਰ ਦੇਣ । ਸੋ ਤਿਆਰੀ ਹੋ ਹਵਾਕੇ ਕੂਚ ਹੋਈ। ਹਨੇਰੀ ਰਾਤ; ਬਨ ਦਾ ਰਸਤਾ, ਪੰਡਤ ਜੀ ਦਾ ਚੇਤਾ ਰਸਤਾ ਭੁੱਲ ਗਿਆ, ਸਿਪਾਹੀ ਝੁੰਜਲਾਉਂਦੇ ਹਨ, ਉਸ ਨੂੰ ਡੋਲੇ ਵਿਚ ਵੇਖ ਕੇ ਸੜਦੇ ਹਨ ਪਰ ਵੱਢੀ ਨੇ ਸੂੰਹੀਏਂ ਜੀ ਦਾ ਕੰਮ ਬਣਾਯਾ ਹੋਯਾ ਸੀ; ਕੌਣ ਉਲਟਾ ਸਕਦਾ ਸੀ? ਇਸ ਤਰ੍ਹਾਂ ਖਿਝਦੇ ਖੁਝਦੇ ਭੁੱਲਦੇ ਲੱਭਦੇ ਤ੍ਰਿਪਹਿਰੇ ਦੇ ਮਗਰੋਂ ਉਥੇ ਜਾ ਹੀ ਪੁੱਜੇ । ਮਾਂ ਪੁੱਤ ਤਾਂ ਸੁੱਤੇ ਹੋਏ ਸਨ ਤੇ ਸਿੰਘ ਜੀ ਆਸਾ ਦੀ ਵਾਰ ਦਾ ਪਾਠ ਕਰ ਰਹੇ ਸਨ । ਉਨ੍ਹਾਂ ਦੀ ਮਧੁਰ ਬਾਣੀ ਨੇ ਸੂੰਹੀਆਂ ਦੇ ਕੰਨਾਂ ਵਿਚ ਪੈ ਕੇ ਉਹਨਾਂ ਨੂੰ ਰਸਤੇ ਦਾ ਪਤਾ ਲਾ ਦਿਤਾ। ਹੁਣ ਤਾਂ ਝੱਟ ਪਟ ਸਾਰੇ ਪਹੁੰਚ ਪਏ । ਚੰਦ ਦਾ ਪ੍ਰਕਾਸ਼ ਹੋ ਪਿਆ ਸੀ । ਸਿੰਘ ਜੀ ਨੇ ਉਠਕੇ ਰੋਕ ਕੀਤੀ ਤਲਵਾਰ ਚੱਲੀ, ਇਕ ਸਿਪਾਹੀ ਦਾ ਸਿਰ ਲਹਿ ਗਿਆ । ਬਾਕੀਆਂ ਨੇ ਹੁਮ-ਹੁਮਾ ਕੇ ਆਪ ਨੂੰ ਪਕੜ ਲਿਆ। ਮਾਂ ਪੁੱਤ ਡੂੰਘੀ ਨੀਂਦਰ ਤੋਂ ਜਾਗਦੇ ਹੀ ਸਿਰ ਪੁੱਟਦੀ ਖੁੰਬ ਵਾਂਙ ਫੜੇ ਗਏ, ਹੱਥਾਂ ਦੇ ਜ਼ੋਰ ਦੀ ਕੋਈ ਪੇਸ਼ ਨਾ ਗਈ, ਤਿੰਨਾਂ ਦੀਆਂ ਮੁਸ਼ਕਾਂ ਕੱਸੀਆਂ ਗਈਆਂ, ਅਰ ਕੂਚ ਬੋਲੀ ।

ਤੁਰਕ ਸਵਾਰ ਥੱਕ ਰਹੇ ਸਨ, ਅਰ ਛੇਤੀ ਪਹੁੰਚਣਾ ਚਾਹੁੰਦੇ ਸਨ; ਸਿਪਾਹੀ ਕੁਝ ਬਹੁਤ ਪ੍ਰਸੰਨ ਨਹੀਂ ਸਨ ਹੋਏ ਅਰ ਜੀ ਵਿਚ ਕਚੀਚੀਆਂ ਵੱਟ ਰਹੇ ਸਨ ਕਿਉਂਕਿ ਇਕ ਸਾਥੀ ਮਰਵਾ ਆਏ ਤੇ ਫੜ ਕੇ ਸਭ ਇਕੋ ਮਰਦ ਲਿਆਏ, ਨਾਲ ਇਕ ਬੱਚਾ ਤੇ ਇਕ ਤੀਵੀਂ । ਹੁਸ਼ਿਆਰ ਬੇਗ ਨੇ ਸੋਚ ਸੋਚ ਕੇ ਛੇਤੀ ਪਹੁੰਚਣ ਦੀ ਇਹ ਵਿਉਂਤ ਕੱਢੀ ਕਿ ਸੁਹੀਏ ਨੂੰ ਪਾਲਕੀ ਵਿਚੋਂ ਉਤਾਰ ਕੇ ਬੀਬੀ ਤੇ ਬੱਚੇ ਨੂੰ ਬਿਠਾ ਦਿੱਤਾ ਜਾਵੇ ਤੇ ਕਹਾਰ ਪੀਨਸ ਚੱਕੀ ਜਾਣ ਤੇ ਇਕ ਇਕ ਕਹਾਰ ਨੂੰ ਅੱਧ ਅੱਧ ਮੀਲ ਤੇ ਸਾਹ ਕੱਢਣ ਵਾਸਤੇ ਛੱਡਿਆ ਜਾਵੇ ਤੇ ਸੂਹੀਏਂ ਨੂੰ ਉਸ ਦੀ ਥਾਂ ਲਾਇਆ ਜਾਵੇ । ਇਸ ਹੁਕਮ ਦੇ ਹੁੰਦੇ ਹੀ ਪਹਾੜਾਂ ਦੀਆਂ ਚੋਟੀਆਂ ਪੁਰ ਪਈ ਬਰਫ ਵਾਂਗੂੰ ਸੂੰਹੀਏਂ ਜੀ ਨੂੰ ਹੇਠਾਂ ਆਉਣਾ ਪਿਆ ਅਰ ਉਸ ਘਾਹ ਵਾਂਗੂ ਜੋ ਘੋੜੇ ਉੱਤੇ ਲੱਦਿਆ ਹੋਇਆ ਹੋ ਕੇ ਬੀ ਉਸੇ ਦਾ ਚਾਰਾ ਬਣਦਾ ਹੈ, ਪੰਡਤ ਜੀ ਨੂੰ ਪਾਲਕੀ ਦੀ ਸਵਾਰੀ ਕਰਨ ਤੋਂ ਸਵਾਰੀ ਬਣਨਾ* ਪਿਆ। ਪਰ ਫੇਰ ਹੁਸ਼ਿਆਰ ਬੇਗ ਨੂੰ ਮਾਲਕ ਦਾ ਡਰ ਉਪਜ ਪਿਆ ਕਿ ਮਤਾਂ ਨਵਾਬ ਸਾਹਿਬ ਸੁਹੀਏਂ ਦੀ ਬੇਪਤੀ ਪਰ ਗੁੱਸੇ ਹੋ ਪੈਣ ਫੇਰ ਕੀ ਕਰਾਂਗੇ ? ਫੇਰ ਉਸ ਨੂੰ ਪਾਲਕੀ ਵਿਚ ਬਿਠਾਕੇ ਆਪਣੀ ਜਾਨ ਤੇ ਚਿਰਕ ਦਾ ਦੁੱਖ ਸਹਿ ਕੇ ਬੁਰੇ ਹਾਲ ਤੇ ਮੰਦੀ ਚਾਲ ਪੈਂਡਾ ਮੁਕਾਇਆ ਤੇ ਸਿੰਘ ਜੀ ਨੂੰ ਕੈਦਖਾਨੇ ਪੁਚਾਇਆ ਜਿਥੇ ਇਕ ਕੋਠੀ ਵਿਚ ਆਪ ਬੰਦ ਕੀਤੇ ਗਏ ।

ਐਸੇ ਐਸੇ ਮਹਾਤਮਾਂ ਦੇ ਨਾਲ ਐਸੇ ਉਪਦਰ ਹੁੰਦੇ ਦੇਖ ਕੇ ਮਾਨੋਂ ਰਾਤ ਦਾ ਕਲੇਜਾ ਬੀ ਪਾਟ ਗਿਆ। ਰਾਤ ਦੇ ਉਹਲੇ ਵਿਚ ਹੋਏ ਪਾਪਾਂ ਨੂੰ ਦੇਖਣ ਲਈ ਸੂਰਜ ਦੇਉਤਾ ਨਿਕਲ ਆਯਾ ਪਰ ਸ਼ਰਮ ਦੀ ਮਾਰੀ ਰਾਤ ਪੂਰਬ ਦੀ ਦਿਸ਼ਾ ਵਿਚ ਐਸੀ ਧੁੰਦ ਛਡ ਗਈ ਕਿ ਜਿਸ ਕਰਕੇ ਸੂਰਜ ਬੀ ਕੁਛ ਚਿਰ ਲਹੂ ਰੰਗੇ ਬੱਦਲਾ ਵਿਚੋਂ ਜਤਨਾਂ ਨਾਲ ਸਿਰ ਕੱਢਦਾ ਦਿੱਸਦਾ ਸੀ । ਕੋਈ ਪਹਿਰ ਦਿਨ ਚੜ੍ਹੇ ਹਾਕਮ ਦੀ ਕਚਹਿਰੀ ਲੱਗੀ ਅਰ ਕੈਦੀ ਆਪ ਸਾਹਿਬ ਦੇ ਰੂ-ਬਰੂ ਹਾਜ਼ਰ ਕੀਤੇ ਗਏ । ਤ੍ਰਿਖੀ ਰੌਸ਼ਨੀ ਦੇ ਸਾਹਮਣੇ ਜਿੱਕੁਰ ਅੱਖਾਂ ਮਿਟ ਜਾਂਦੀਆਂ ਹਨ, ਤਿਵੇਂ ਸਿੰਘ ਜੀ ਦੇ ਤੇਜ ਅੱਗੇ ਹਾਕਮ ਜੀ ਸੰਕੁਚ ਗਏ ਅਰ ਅਚਰਜ ਹੋ ਹੋ ਤਿੰਨਾਂ ਬੰਧੂਆਂ ਨੂੰ ਦੇਖਦੇ ਰਹੇ। ਇਸ ਚੁਪ ਨੂੰ ਤੋੜਨੇ ਲਈ ਇਕ ਮੁੱਲਾਂ ਸਾਹਿਬ ਜੀ,

ਜੋ ਸਭਾ ਵਿਚ ਸਨ, ਬੋਲੇ :-

ਹਜ਼ੂਰ ! ਆਪ ਨੇ ਦੇਖਿਆ ਇਸ਼ਕ ਕਾਫਰ ਹੈ, ਇਸ਼ਕ ਦਾ ਮੁਤਾਅ (ਦੌਲਤ) ਹੁਸਨ (ਸੁੰਦਰਤਾ) ਹੈ ਸੋ ਕਾਫਰ ਨੇ ਕਾਫਰਾਂ ਨੂੰ ਦੇ ਛੱਡੀ ਹੈ ।

ਕੈਸੇ ਸੁੰਦਰ ਤਿੰਨੇ ਚਿਹਰੇ ਮਾਨੋਂ ਸੂਰਜ ਦੇ ਤਿੰਨ ਟੁਕੜੇ ਹੋ ਗਏ ਹਨ, ਜਾਂ ਕੋਈ ਟੁੱਟਦੇ ਤਾਰੇ ਰੂਪ ਧਾਰ ਕੇ ਆ ਖਲੋਤੇ ਹਨ। ਕੈਸੇ ਸੁਕਮਨਂ ਬੁਕਮਨ (ਚੁਪਚਾਪ) ਦੰਦ ਖੰਦ ਦੀਆਂ ਪੁਤਲੀਆਂ ਵਾਂਗ ਖੜੇ ਹਨ, ਕੋਈ ਜਾਣੇ ਕਿਸੇ ਕਾਰੀਗਰ ਨੇ ਪਾਰੇ ਦੇ ਖਿਡੌਣੇ ਬਣਾਏ ਹਨ, ਜਾਂ ਸਾਨਿਆ ਕੁਦਰਤ (ਪਰਮੇਸ਼ਰ) ਨੇ ਬਿਜਲੀ ਨੂੰ ਮੁਜੱਸਮ (ਦੇਹਧਾਰੀ) ਕਰ ਦਿੱਤਾ ਹੈ । ਬਹਿਸ਼ਤ (ਸ੍ਵਰਗ) ਵਿਚ ਜ਼ਰੂਰ ਐਸੇ ਹੀ (ਸੁੰਦਰ) ਰਹਿੰਦੇ ਹੋਣਗੇ? ਹਾਇ ਅਫਸੋਸ!ਕਿਆ ਐਸੀ ਸੁੰਦਰਤਾ ਦੇ ਪੁਤਲੇ ਕਾਫਰ ਰਹਿਣਗੇ ? ਅਰ ਮਰਕੇ ਦੋਜ਼ਖ (ਨਰਕ) ਦੀ ਅੱਗ ਭਰਨਗੇ ? ਕਾਸ਼! ਏਹ ਮੋਮਨ ਹੁੰਦੇ ਅਰ ਬਹਿਸ਼ਤ ਵਿਚ ਪਹੁੰਚਕੇ ਉਥੋਂ ਦੀ ਰੌਣਕ ਵਧਾਉਂਦੇ। ਜੁਨਾਬ, ਇਹਨਾਂ ਸੁਹਣਿਆਂ ਨੂੰ ਦੀਨ ਵਿਚ ਲਿਆਵੋ, ਇਨ੍ਹਾਂ ਨੂੰ ਬਹਿਸ਼ਤ ਦੀ ਜ਼ੀਨਤ (ਸਜਾਵਟ) ਬਣਾਓ, ਆਪ ਦੇ ਸਾਰੇ ਗੁਨਾਹ ਮਾਫ ਹੋ ਜਾਣਗੇ । ਕਿਆ ਇਨ੍ਹਾਂ ਦੇ ਬਹਿਸ਼ਤ ਵਿਚ ਗਿਆਂ ਰੌਸ਼ਨੀ ਦੀ ਲੋੜ ਰਹਿ ਜਾਏਗੀ? ਹਾਂ, ਜੁਨਾਬ ਮੇਰੀ ਰਾਇ ਇਹ ਹੈ ਕਿ ਇਨ੍ਹਾਂ ਦੀ ਜਾਨ ਬਖਸ਼ੀ ਕੀਤੀ ਜਾਵੇ, ਮਾਰਿਆ ਨਾ ਜਾਵੇ, ਦੀਨ ਵਿਚ ਲੈ ਆਂਦਾ ਜਾਵੇ । ਮਰਦ ਸਿਆਣਾ ਦਿੱਸਦਾ ਹੈ, ਜਾਨ ਬਚਣ ਦੀ ਕਦਰ ਕਰੇਗਾ ਤੇ ਦੀਨ ਕਬੂਲ ਕਰੇਗਾ।

ਇਹ ਦੀਨੀ ਜੋਸ਼ ਭੜਕਾ ਦੇਣ ਵਾਲੇ ਸ਼ਬਦ ਐਸ ਤਰ੍ਹਾਂ ਦੇ ਪਏ ਜਿੱਕਰ ਕੋਈ ਦੋ ਪਦਾਰਥ ਰਗੜਿਆਂ ਗਰਮੀ ਉਤਪਤ ਹੁੰਦੀ ਹੈ ਤਿਵੇਂ ਮੁੱਲਾਂ ਦੇ ਬਚਨਾ ਦੇ ਸਰੋਤਿਆਂ ਦੇ ਦਿਲਾਂ ਦੀ ਰਗੜ ਨੇ ਗਰਮਾ ਗਰਮ ਜੋਸ਼ ਭਰਿਆ ਅਰ ਸਭ ਬੋਲ ਪਏ ਕਿ’ਹਾਂ, ਇਨ੍ਹਾਂ ਨੂੰ ਜ਼ਰੂਰ ਦੀਨ ਵਿਚ ਲਿਆਓ’।

ਮੁੱਲਾਂ-ਹਾਂ ਜੀ, ਨੇਕੀ ਤੇ ਫਿਰ ਪੁੱਛ ਪੁੱਛ, ਜਿੰਨੀਆਂ ਪਲਾਂ ਇਨ੍ਹਾਂ ਦੀਆਂ ਕੁਫ਼ਰ ਵਿਚ ਬੀਤ ਰਹੀਆਂ ਹਨ, ਸਭ ਬਿਅਰਥ ਅਰ ਸਾਡੇ ਸਿਰ ਦੋਸ਼ ਹੈ। ਜਲਦੀ ਦੀਨ ਦਾ ਜਾਮਾ ਪਹਿਨਾਓ ! ਆਹਾ! ਕੈਸਾ ਭਾਗਾਂ ਵਾਲੇ ਜੀਵ ਹਨ? ਜੀਵ ਨਹੀਂ; ਹੁਸਨ ਨੇ ਰੂਪ ਧਾਰਿਆ ਹੋਇਆ ਹੈ, ਭਲਾ ਹੋਇਆ ਜੋ ਹੁਸਨ ਇਸ ਤਰ੍ਹਾਂ ਕਾਬੂ ਆ ਗਿਆ । ਹੁਣ ਤਾਂ ਸਾਰੀ ਕੌਮ ਨੂੰ ਲਾਭ ਪਹੁੰਚ ਜਾਏਗਾ। ਕਿਉਂਕਿ ਭਾਈ ਮੋਮਨੋਂ ! ਜਦ ਹੁਸਨ ਹੀ ਮੁਸਲ- ਮਾਨ ਹੋਗਿਆ ਫਿਰ ਪਿਛੇ ਕੀ ਰਿਹਾ? ਅੱਗੇ ਬਹਾਦਰੀ ਵੀ ਤਾਂ ਅਸਾਂ ਮੋਮਨ ਬਣਾ ਹੀ ਲਈ ਹੈ। ਕਾਫਰਾਂ ਦੇ ਘਰ ਬਹਾਦਰੀ ਹੁੰਦੀ ਸੀ ਸੋ ਅਸਾਂ ਦੀਨੀ ਜੋਸ਼’ ਦੀ ਹਿਕਮਤ ਨਾਲ ਆਪਣੇ ਦੀਨ ਵਿਚ ਲੈ ਆਂਦੀ ਹੈ। ਕਿਆ ਅੱਛਾ . ਹੋਵੇ ਜੇ ਦੁਨੀਆਂ ਦੇ ਸਭ ਉੱਤਮ ਪਦਾਰਥ ਮੋਮਨਾਂ ਦੇ ਹੀ ਪਾਸ ਆ ਜਾਣ ।

ਇਸ ਤੁਰਕ ਹਾਕਮ ਦਾ ਇਕ ਮੂੰਹ ਚੜ੍ਹਿਆ ਮੁਸਾਹਿਬ ਬੜਾ ਮਖ਼ੌਲੀਆ ਸੀ ਅਰ ਜੋ ਅਜੋਗ ਕੁਝ ਕਹਿ ਬੈਠੇ ਤਾਂ ਹਾਕਮ ਨੂੰ ਬੁਰਾ ਨਹੀਂ ਲੱਗਦਾ ਸੀ ਤੇ ਸਾਰੇ ਅਹਿਲਕਾਰਾਂ ਨੂੰ ਸਹਿਣਾ ਪੈਂਦਾ ਸੀ, ਮੁੱਲਾਂ

ਦੀ ਗੱਲ ਸੁਣ ਕੇ ਝੱਟ ਬੋਲ ਉਠਿਆ :-

ਠੀਕ ਹੈ ਹਜ਼ਰਤ ! ਠੀਕ, ਪਰ (ਮੂੰਹ ਮਾੜਾ ਕਰ ਕੇ) ਹੁਣ ਉਹ ‘ਬਹਾਦਰੀ’ ਕੜਾਹ ਪ੍ਰਸਾਦ ਤੇ ਮੋਹਿਤ ਹੋ ਗਈ ਹੈ । ਸੋ ਤੁਸੀਂ ਉਸ ਦੀਆਂ ਟੰਗਾਂ ਬਾਹਾਂ ਬੰਨ੍ਹੇ ਜੋ ਲੰਗੜੀ ਲੂਲੀ ਹੋ ਕੇ ਤੁਹਾਡੇ ਘਰ ਹੀ ਪਈ ਰਹੇ, ਬਾਹਰ ਨਾ ਜਾ ਸਕੇ, ਨਹੀਂ ਤਾਂ ਅੰਮ੍ਰਿਤ ਪੀ ਕੇ ਤੁਹਾਡੇ ਹੀ ਆਹੂ ਲਾਹੁਣ ਲੱਗ ਜਾਵੇਗੀ।

ਮੁੱਲਾਂ-ਠੀਕ ਹੈ, ਹੁਣ ਅੱਜ ਸਿੱਖ ਕਾਬੂ ਆ ਗਏ ਹਨ ਇਥੋਂ ਹੀ ਕੰਮ ਸ਼ੁਰੂ ਕਰਦੇ ਹਾਂ । ਦੇਖੋ ਐਸੇ ਕੰਮ ਅੱਲਾ ਨੇ ਰਾਸ ਕੀਤੇ ਹਨ, ਮੀਆਂ ਆਰਫ ਖਾਂ ਦੇ ਘਰ ਔਲਾਦ ਨਹੀਂ ਹੈ, ਇਹ ਗੁਲਾਬ ਦਾ ਬੂਟਾ (ਬਾਲ) ਮੋਮਨ ਬਣਾ ਕੇ ਉਨ੍ਹਾਂ ਨੂੰ ਬਖਸ਼ ਦਿਓ, ਜੋ ਘਰ ਵਿਚ ਚਰਾਗ਼ ਰੋਸ਼ਨ ਹੋ ਜਾਏ ਅਰ ਚਾਰ ਸੁੱਕੀਆਂ ਗੋਦੀਆਂ ਹਰੀਆਂ ਭਰੀਆਂ ਹੋ ਜਾਣ । ਆਪਦੇ ਕਬਜ਼ੁਲ ਵਸੂਲੀ* ਦੇ ਮੁਨੀਮ ਦੀ ਜਗ੍ਹਾ ਖਾਲੀ ਹੈ, ਇਹ ਸਿੱਖ ਬਸ਼ਰੇ (ਚਿਹਰੇ) ਤੋਂ ਪੜ੍ਹਿਆ ਹੋਇਆ ਜਾਪਦਾ ਹੈ, ਇਸਨੂੰ ਉਥੇ ਨੌਕਰ ਕਰਕੇ ਮੀਆਂ ਦੀਨ ਦੀ ਲੜਕੀ ਨਾਲ ਨਿਕਾਹ (ਵਿਆਹ) ਕਰ ਦਿਓ ਮੇਰਾ ਘਰ ਬੀਵੀ ਦੀ ਮੌਤ ਨੇ ਵੈਰਾਨ ਕਰ ਦਿੱਤਾ ਹੈ, ਸੋ ਇਹ ਬੀਵੀ ਉਸ ਉੱਜੜੇ ਘਰ ਨੂੰ ਵਸਾਕੇ ਤੁਹਾਡੀ ਨਾਮਵਰੀ ਕਰੇਗੀ ਕਿ ਐਸੇ ਦੀਨਦਾਰ ਨਵਾਬ ਸਾਹਿਬ ਹਨ ਜੋ ਮੁਲਾਣੇ ਕਾਜ਼ੀਆਂ ਪੁਰ ਐਸੀਆਂ ਸੁਹਣੀਆਂ ਬਖਸ਼ਿਸ਼ਾਂ ਕਰਦੇ ਹਨ।

ਨਵਾਬ ਸਾਹਿਬ ਮੁਸਕਾਏ । ਮਖੌਲੀਏ ਨੇ ਤਾੜ ਲਿਆ ਕਿ ਬੀਬੀ ਨੂੰ ਨਵਾਬ ਸਾਹਿਬ ਬੋਚਿਆ ਚਾਹੁੰਦੇ ਹਨ ਤੇ ਮੁੱਲਾਂ ਹੋਰੀਂ ਕੁਝ ਆਪਣਾ ਹੱਕ ਜਮਾ ਰਹੇ ਹਨ, ਨਵਾਬ ਸਾਹਿਬ ਨੂੰ ਸੈਨਤ ਕਰਕੇ ਬੋਲ ਉਠੇ :-

“ਪੰਡਤ ਪਾਂਧੇ ਕਾਜ਼ੀ ਮੁੱਲਾਂ ਚੌਹਾਂ ਤੋਂ ਖ਼ਬਰਦਾਰ !”

ਇਸ ਵੇਲੇ ਇਕ ਆਦਮੀ ਆਯਾ ਜਿਸ ਨੇ ਦੱਸਿਆ ਕਿ ਅਮਕੇ ਗਿਰਾਂ ਦੇ ਸਿਰਕਰਦੇ ਦੇ ਚਾਰ ਪੰਜ ਆਦਮੀ ਜੋ ਇਨ੍ਹਾਂ ਨੂੰ ਫੜਨ ਪਹਿਲੋਂ ਜੰਗਲ ਵਿਚ ਗਏ ਸਨ, ਇਹ ਉਨ੍ਹਾਂ ਨੂੰ ਘਾਇਲ ਕਰਕੇ ਸੁੱਟ ਆਏ ਹਨ, ਤਦ ਸਾਰੇ ਦਰਬਾਰੀਆਂ ਦੇ ਚਿਹਰੇ ਲਾਲ ਹੋ ਗਏ, ਅਰ ਕ੍ਰੋਧ ਨਾਲ ਕੰਬ ਉਠੇ । ਕਿਸੇ ਨੂੰ ਤ੍ਰੀਮਤ ਤੇ ਬੱਚੇ ਦੀ ਬਹਾਦਰੀ ਪੁਰ ਸ਼ਲਾਘਾ ਕਰਨ ਦਾ ਉੱਤਮ ਖਿਆਲ ਨਾ ਪੈਦਾ ਹੋਯਾ, ਕ੍ਰੋਧ ਹੀ ਛਾ ਗਿਆ । ਹਾਕਮ ਸਾਹਿਬ ਨੂੰ ਬੀ ਗੁੱਸਾ ਆਯਾ ਪਰ ਸ਼ੀਲ ਕੌਰ ਦਾ ਸੁੰਦਰ ਰੂਪ ਦੇਖਕੇ ਆਪ ਨੇ ਹੁਕਮ ਦਿੱਤਾ: ਲੈ ਜਾਓ ਮਰਦੂਦਾਂ ਨੂੰ ਕੈਦ ਵਿਚ । ਦੂਸਰਾ ਹੁਕਮਿ ਦੁਪਹਿਰ ਨੂੰ ਦਿਆਂਗੇ । ਦਰਬਾਰ ਬਰਖਾਸਤ ਹੋਯਾ, ਹੋਰ ਸਾਰੇ ਆਪਣੇ ਆਪਣੇ ਟਿਕਾਣੇ ਨੂੰ ਚਲੇ ਗਏ; ਹਾਕਮ ਸਾਹਿਬ ਤੇ ਮਸ਼ਖਰਾ ਮਹਿਲ ਨੂੰ ਚਲੇ ਗਏ। ਸ਼ਰਾਬ ਪੀਣ ਤੋਂ ਪਹਿਲਾਂ ਮਸਖਰੇ ਨੇ ਹਾਕਮ ਨੂੰ ਪੱਕਿਆਂ ਕਰ ਦਿੱਤਾ ਕਿ ਇਨ੍ਹਾਂ ਨੂੰ ਮੁਸਲਮਾਨ ਬਣਾ ਲਓ ਅਰ ਹੋਰ ਜ਼ੁਲਮ ਨਾ ਕਰੋ ਤੇ ਤ੍ਰੀਮਤ ਨੂੰ ਮਹਿਲੀਂ ਦਾਖ਼ਲ ਕਰ ਲਵੋ, ਐਸੀ ਬੇਗਮ ਮਿਲ ਸਕਣੀ ਅਸੰਭਵ ਹੈ। ਉਧਰ ਆਪ ਮਸਖ਼ਰਾ ਸਾਹਿਬ ਜਿਹਲਖਾਨੇ ਪਹੁੰਚੇ ਅਰ ਸਿੰਘ ਜੀ ਨੂੰ ਸਮਝਾਉਣ ਦਾ ਯਤਨ ਕਰਦੇ ਰਹੇ, ਪਰ ਉੱਥੇ ਕੁਝ ਪੇਸ਼ ਨਾ ਗਈ। ਫਿਰ ਸੰਝ ਵੇਲੇ ਸਿੰਘ ਜੀ ਨੂੰ ਮਹਿਲਾਂ ਵਿਚ ਬੁਲਾ ਕੇ ਸਮਝਾਇਆ, ਧਮਕਾਇਆ, ਲਲਚਾਇਆ ਤੋਂ ਡਰਾਇਆ ਗਿਆ; ਪਰ “ਪੱਥਰ ਮੂਲ ਨ ਭਿੱਜਈ ਸੈ ਵਰਿਹਾਂ ਜਲ ਅੰਦਰਿ ਵਸੈ”। ਹੁਣ ਵਹੁਟੀ ਪੁੱਤ੍ਰ ਇਕ ਕੋਠੜੀ ਵਿਚ ਤੇ ਸਿੰਘ ਜੀ ਇਕ ਕੋਠੜੀ ਵਿਚ ਅੱਡੋ ਅੱਡ ਬੰਦ ਕੀਤੇ ਗਏ ।

10 ਕਾਂਡ

ਦਿਨ ਹੁਨਾਲੇ ਦੀ ਬਰਫ਼ ਵਾਂਙ ਢਲ ਗਿਆ ਸੀ ਕਿ ਨਵਾਬ ਸਾਹਿਬ ਮੁੱਲਾਂ, ਮਸਖ਼ਰਾ ਤੇ ਹੋਰ ਮੁਸਾਹਿਬ ਇਕ ਖੁਲ੍ਹੇ ਮੈਦਾਨ ਵਿਚ ਪਹੁੰਚੇ ਅਰ ਸਫ ਬੰਨ੍ਹ ਕੇ ਬੈਠ ਗਏ। ਭੁਜੰਗੀ ਤੇ ਸਿੰਘਣੀ ਮੁਸ਼ਕਾਂ ਕੱਸੇ ਹੋਏ ਇਕ ਪਾਸੇ ਨੰਗੀ ਤਲਵਾਰ ਦੇ ਪਹਿਰੇ ਹੇਠ ਕੀਤੇ ਗਏ, ਦੁਹਾਂ ਦੇ ਪੈਰ ਕਿੱਲਿਆਂ ਨਾਲ ਕੱਸੇ ਗਏ ! ਸਾਹਮਣੇ ਪਾਸੇ ਇਕ ਟਿਕਟਿਕੀ ਲਗਾਈ ਗਈ ਅਰ ਸਿੰਘ ਜੀ ਦੇ ਹੱਥ ਪੈਰ ਤੇ ਲੱਤਾਂ ਉਸ ਨਾਲ ਜਕੜੇ ਗਏ। ਮੁੱਲਾਂ ਜੀ ਨੇ ਪੁੱਛਿਆ: ‘ਐ ਸ਼ੇਰ ! ਸ਼ੇਰ ਬਣ, ਕਿਉਂ ਆਪਣੀ ਜਿੰਦ ਨੂੰ ਦੁੱਖਾਂ ਦੇ ਹਵਾਲੇ ਕਰਦਾ ਹੈ!ਅਜੇ ਬੀ ਸਮਝ ਤੇ ਛੱਡਿਆ ਜਾਵੇਂ !”

ਸਿੰਘ-ਹੇ ਰਾਜ ਮਦ ਵਾਲਿਓ ! ਜੋ ਜੀ ਚਾਹੇ ਕਰੋ ਪ੍ਰਵਾਹ ਨਹੀਂ, ਕੌਣ ਚਮੜੇ ਨੂੰ ਪਿਆਰ ਕਰਕੇ ਜਿੰਦ ਨੂੰ ਪਤਿਤ ਕਰੇ! ਕੌਣ ਸੋਨੇ ਦੇ ਬਦਲੇ ਕੌਡੀ ਲੈਂਦਾ ਹੈ? ਇਹ ਸਰੀਰ ਸਦਾ ਨਹੀਂ,ਅੰਤ ਮਰੇਗਾ, ਮਰਨੇ ਦਿਓ ।

ਸਿੰਘ ਦਾ ਬਚਨ ਸੁਣਦੇ ਹੀ ਇਕ ਕਾਲੇ ਬੰਬ ਰੰਗ ਵਾਲਾ, ਰਾਤ ਦਾ ਬੀ ਬਾਬਾ, ਜਿਸ ਦੀ ਸੂਰਤ ਨੂੰ ਵੇਖਕੇ ਭੈ ਆਵੇ, ਨਿਕਲਿਆ ਅਰ ਪੂਰੇ ਬਲ ਨਾਲ ਸੂਤ ਕੇ ਸਿੰਘ ਜੀ ਦੀ ਪਿੱਠ ਪੁਰ ਕੋਟੜੇ ਮਾਰਨ ਲੱਗਾ । ਕੋਟੜਾ ਕੀ ਵੱਜਦਾ ਹੈ ? ਛਵੀ ਵਾਂਗ ਖੱਲ ਨਾਲ ਉਡਾ ਲਿਜਾਂਦਾ ਹੈ, ਧੋਬੀ ਪਟੜੇ ਪੁਰ ਕੁਝ ਤਰਸ ਕਰਦਾ ਹੈਪਰ ਹੈਂਸਿਆਰੇ ਜੱਲਾਦ ਨੇ ਸਿੰਘ ਜੀ ਦੀ ਪਿੱਠ ਪਰ ਮਾਂ ਦਾ ਸਾਰਾ ਪੀਤਾ ਹੋਇਆ ਦੁਧ ਕੱਢ ਲਿਆਂਦਾ । ਪਿੱਠ ਪਹਿਲੇ ਲਾਲ ਹੋਈ, ਫੇਰ ਉਪਟੀ, ਫੇਰ ਛਾਲੇ ਉਭਰੇ ਤੇ ਕਿਤੇ ਕਿਤੇ ਚਰਬੀ ਨਿਕਲ ਪਈ । ਲਾਡਾਂ ਤੇ ਸੁਖਾਂ ਪਲੇ ਬਹਾਦਰ ਨੇ, ਜਿਸ ਨੇ ਕਦੇ ਓਇ ਨਹੀਂ ਸਹਾਰੀ ਸੀ; ਇਸ ਬਹਾਦਰੀ ਨਾਲ ਸਹਾਰਿਆ ਕਿ ਇਕ ਸਹਾਰਨ ਦੇ ਯਤਨ ਅਰ ਦੂਜੀ ਅਸਹਿ ਪੀੜਾ ਨੇ ਬੇਹੋਸ਼ ਕਰ ਦਿਤਾ ਸਿੰਘਣੀ ਇਸ ਕਸ਼ਟ ਨੂੰ ਦੇਖਕੇ ਪਿੰਜਰੇ ਪਏ ਸ਼ੇਰ ਵਾਂਗ ਤੜਪ ਰਹੀ ਸੀ । ਹਰ ਕੋਟੜੇ ਦੇ ਵੱਜਿਆਂ ਕਲੇਜਾ ਉਭਰਕੇ ਮੂੰਹ ਨੂੰ ਆ ਜਾਂਦਾ ਹੈ, ਪਰ ਕੋਈ ਪੇਸ਼ ਨਹੀਂ ਚਲਦੀ । ਚਾਹੁੰਦੀ ਹੈ ਕਿ ਅੱਖਾਂ ਮੀਟ ਲਏ ਅਰ. ਕੰਨਾਂ ਵਿਚ ਉਂਗਲਾਂ ਦੇ ਲਏ, ਪਰ ਹਾਏ ਕਿਸਮਤ ! ਹੱਥ ਭੀ ਬੱਧੇ ਹੋਏ ਹਨ, ਕੰਨ ਕੌਣ ਮੁੰਦੇ ? ਅੱਖਾਂ ਮੀਟਦੀ ਹੈ, ਪਰ ਕੋਟੜੇ ਦੇ ਕੜਾਕੇ ਨਾਲ ਉਬਾਲ ਜਿਹਾ ਸਿਰ ਨੂੰ ਚੜ੍ਹਦਾ ਹੈ ਕਿ ਅੱਖਾਂ ਤਹਕ ਕੇ ਬੰਦ ਨਹੀਂ ਰਹਿੰਦੀਆਂ । ਸੰਗਮਰਮਰ ਪਰ ਕਣੀਆਂ ਪੈਣ ਵਾਂਗੂੰ ਗਲ੍ਹਾਂ ਪਰ ਹੰਝੂ ਵਗ ਰਹੇ ਹਨ; ਮਾਨੋ ਸਾਰੇ ਸਰੀਰ ਦਾ ਲਹੂ ਦੇਹ ਤੋਂ ਦੁਖੀ ਹੋ ਕੇ ਅੱਖਾਂ ਦੇ ਰਸਤੇ ਵਹਿ ਚਲਿਆ ਹੈ । ਆਹ ਕੇਹੀ ਔਖੀ ਬਿਪਤਾ ਵਿਚ ਗ੍ਰਸੀ ਗਈ ਹੈ ।

ਭੁਜੰਗੀ ਵਲ ਦੇਖੋ, ਹਿਲਦੇ ਜਲ ਵਿਚ ਚੰਦ ਦੀ ਮੂਰਤੀ ਵਾਂਗ ਥਰ ਥਰ ਕੰਬ ਰਿਹਾ ਹੈ, ਅੱਖਾਂ ਵਿਚੋਂ ਹੰਝੂਆਂ ਦਾ ਹੜ੍ਹ ਜਾਰੀ ਹੈ, ਅਰ ‘ਹੇ ਗੁਰੂ ! ਪਿਤਾ ਦੀ ਰੱਖਿਆ ਕਰ’ ਦਾ ਦਰਦਨਾਕ ਸ਼ਬਦ ਐਸਾ ਕਲੇਜਾ ਪਾੜ ਕੇ ਨਿਕਲਦਾ ਹੈ, ਕਿ ਵਿਚਾਰੇ ਦੀ ਮਿੱਘੀ ਬੱਝ ਗਈ ਹੈ, ਸੰਘ ਬੈਠ ਗਿਆ ਹੈ, ਪਿਆਰਾ ਚਿਹਰਾ ਘਟਾਂ ਹੇਠ ਆਏ ਚੰਦ ਵਾਂਗੂੰ ਮੱਧਮ ਪੈ ਗਿਆ ਹੈ, ਪਰ ਰਾਜਮਦ ਵਾਲੇ ਜਰਵਾਣਿਆਂ ਦੇ ਹਿਰਦੇ ਵਿਚ ਰਤਾ ਤਰਸ ਨਹੀਂ ਪੈਂਦਾ, ਬੇਹੋਸ਼ ਹੁੰਦੇ ਹੀ ਕੋਰੜੇ ਬੰਦ ਕੀਤੇ ਗਏ, ਮੂੰਹ ਵਿਚ ਪਾਣੀ ਚੋਇਆ ਗਿਆ । ਪਰ ਬੇਸੁਧੀ ਜੇਹੀ ਸੀ ਤੇਹੀ ਰਹੀ। ਇਸ ਤਰ੍ਹਾਂ, ਹੀ ਚੁਕਕੇ ਲੈਗਏ ਤੇ ਤਿੰਨੇ ਅਡੋ ਅੱਡ ਕੋਠੜੀਆਂ ਵਿਚ ਬੰਦ ਕੀਤੇ ਗਏ । ਜਦ ਰਾਤ ਥੋੜ੍ਹੀ ਜਿਹੀ ਬੀਤੀ ਤਾਂ ਸਿੰਘ ਜੀ ਘੱਟੇ ਵਿਚ ਪੁਠੇ ਦਾਉ ਬੇਹੋਸ਼ ਪਏ ਕੁਝ ਕੁਝ ਹੋਸ਼ ਵਿਚ ਆਏ; ਅੱਖਾਂ ਪੱਟ ਕੇ ਦੇਖਦੇ ਹਨ ਤਾਂ ਕੁਝ ਦਿੱਸਦਾ ਨਹੀਂ, ਸਰੀਰ ਆਕੜ ਗਿਆ ਹੈ, ਕਿਸੇ ਪਾਸੇ ਮੁੜਦਾ ਨਹੀਂ ਕੰਡ ਚੀਸਾਂ ਮਾਰਦੀ ਹੈ, ਡਾਢੀ ਘਬਰਾਹਟ ਹੁੰਦੀ ਹੈ। ਪਾਸ ਕੋਈ. ਅੜ੍ਹਾ ਨਹੀਂ, ਤਰਸ ਵਾਲਾ ਕੋਈ ਨੇੜੇ ਨਹੀਂ। ਹਾਂ ਮਾਂ ਦੇ ਰਾਮ ਤੇ ਲਾਲ ! ਤੈਨੂੰ ਮਾਂ ਹਟਕ ਰਹੀ ਸੀ ਬੱਚਾ! ਸਮਝ ਕੇ ਕਦਮ ਰੱਖ, ਪਰ ਤੂੰ ਆਖਦਾ ਸੈਂ ਕਿ ਨਹੀਂ ਪ੍ਰੇਮ ਦਾ ਰਸਤਾ ਹੀ ਐਸਾ ਹੈ, ਹੁਣ ਦੇਖ ਪ੍ਰੇਮ ਨੇ ਕੀ ਰੰਗ ਜਮਾਇਆ ਹੈ, ਖੱਲ ਤੱਕ ਉਧੇੜ ਦਿੱਤੀ ਹੈ। ਦੱਸ ਐਸ ਵੇਲੇ ਤੇਰਾ ਕੌਣ ਹੈ? ਠੀਕ ਹੈ, ਅਸੀਂ ਤਾਂ ਸਿੰਘ ਜੀ ਦੇ ਕਲੇਸ਼ਾਂ ਨੂੰ ਵੇਖਕੇ ਬਿਲਬਿਲਾ ਉਠੇ ਹਾਂ ਪਰ ਉਹਨਾਂ ਦੇ ਅੱਯਾਸੀ ਮਨ ਵਿਚ 4 ਗੁਰੂ ਦੀ ਮੂਰਤਿ ਬਿਰਾਜਮਾਨ ਹੈ, ਜੋ ਇਸ ਕਸ਼ਟ ਨੂੰ ਸਹਾਰਾ ਦੇ ਰਹੀ ਹੈ, ਅਰ ਦੁੱਖਾਂ ਤੇ ਪੀੜਾਂ ਵਲੋਂ ਹਟਾ ਕੇ ਮਨ ਨੂੰ ਆਪਣੀ ਵੱਲ ਖਿੱਚ ਰਹੀ ਹੈ ਪੀੜਾ ਭਰੋਸੇ ਨੂੰ ਢਿੱਲਿਆਂ ਨਹੀਂ ਕਰ ਰਹੀ, ਸਗੋਂ ਸੁਰਤ ਕੱਠੀ ਹੋ ਹੋ ਵਧੇਰੇ ਅੰਦਰ ਵਾਰ ਨੂੰ ਹੋ ਕੇ ਜੁੜਦੀ ਹੈ।

  • ਹੁਣ ਕੁਝ ਕੁਝ ਅਵਾਜ਼ ਕੰਨੀਂ ਪੈਣ ਲੱਗ ਗਈ, ਬੂਹੇ ਦੇ ਖੜਕਣ ਦੀ, ਆਵਾਜ਼ ਆਈ। ਪਲੋਪਲੀ ਵਿਚ ਬੂਹੇ ਖੁਲ੍ਹੇ ਅਰ ਇਕ ਲੰਮਾਂ ਜਵਾਨ ਸਿੱਧੇ ਦਾੜ੍ਹੇ ਵਾਲਾ ਫਰਿਸ਼ਤਿਆਂ ਵਰਗੇ ਚਿਹਰੇ ਵਾਲਾ ਅੰਦਰ ਆਇਆ । ਪੰਜ ਸੱਤ ਸੇਵਕ ਉਸ ਦੇ ਨਾਲ ਸਨ । ਮਸ਼ਾਲ ਬਲ ਰਹੀ ਸੀ। ਇਨ੍ਹਾਂ ਕੈਦੀਆਂ ਦਾ ਦਰੋਗਾ ਤੇ ਹੋਰ ਮੁਲਾਜ਼ਮ ਸਹਿਮੇ ਤੇ ਕੰਬਦੇ ਹੋਏ ਮਗਰ ਮਗਰ ਸਨ । ਸਿੰਘ ਜੀ ਦੀ ਦਸ਼ਾ ਵੇਖਕੇ ਉਹ ਭਲਾ ਪੁਰਖ ਅੱਖਾਂ ਵਿਚ ਜਲਭਰ ਲਿਆਇਆ ਅਰ ਦਰੋਗੇ ਵਲ ਤਕਕੇ ਬੋਲਿਆ :-

‘ਕਾਫ਼ਰ ਮਲਉਨ;ਗਾਰਤ ਕਰੇ ਖ਼ੁਦਾ ਤੈਨੂੰ ਅਰ ਤੇਰੇ ਮਾਲਕ ਨੂੰ ! ਬੇਕਸਾਂ ਪੁਰ ਇਹ ਵਹਿਸ਼ੀਆਨਾ ਜ਼ੁਲਮ ! ਖ਼ੁਦਾ ਦੇ ਅੱਗੇ ਦਿਓਗੇ ਜਾ ਕੇ ਕੀ ਜਵਾਬ? ਮੂੰਹ ਕਾਲਾ ਹੋਉ ਤੇਰਾ ਅਰ ਜਲੇਂਗਾ ਦੋਜ਼ਖ਼ ਦੀ ਅੱਗ ਵਿਚ । ਆਪਣੇ ਸੇਵਕ ਨੂੰ ਬੋਲਿਆ :-‘ਚਾਰਪਾਈ ਉਰੇ ਲਿਆਓ।’ ਝੱਟ ਮੰਜੀ ਹਾਜ਼ਰ ਹੋਈ, ਆਪ ਨੇ ਸਿੰਘ ਜੀ ਦੇ ਚਰਨ ਚੁੰਮੇ, ਅਰ ਫਰਨ ਫਰਨ ਰੋਂਦਿਆਂ ਬੜੇ ਸਹਾਰੇ ਨਾਲ ਸਿੰਘ ਜੀ ਨੂੰ ਚੁਕ ਕੇ ਚਾਰਪਾਈ ਪੁਰ ਪੁਠਾ ਲਿਟਾਇਆ ਤੇ ਚੁਕਵਾ ਕੇ ਲੈ ਤੁਰੇ । ਦਰੋਗਾ ਕੁਝ ਉਜ਼ਰ ਕਰਨੇ ਲੱਗਾ ਕਿ ਹਾਕਮ ਦਾ ਹੁਕਮ ਨਹੀਂ ਮਿਲਿਆ, ਮੈਂ ਮਾਰਿਆ ਜਾਵਾਂਗਾ, ਤੁਸੀਂ ‘ਮੁਸਲਮਾਨ ਹੋ ਕੇ’ ਇਹ ਕੀ ਕਰ ਰਹੇ ਹੋ ?

ਭਲਾ ਪੁਰਖ (ਲਾਲ ਅੱਖਾਂ ਕਰਕੇ) —‘ਚਲ ਦੂਰ ਹੋ ਨਾਮਾਕੂਲ। ਮੁਸਲਮਾਨ ਹੋ ਕੇ ? ਕਿਆ ਮੁਸਲਮਾਨ ਨਾਮ ਜ਼ਾਲਮ ਦਾ ਹੈ? ਹੈਂ, ਮੁਸਲਮਾਨ ਨਾਮ ਖ਼ੁਦਾ ਤੇ ਈਮਾਨ ਰੱਖਣ ਵਾਲੇ ਬੰਦੇ ਦਾ ਹੈ, ਜੋ ਬਨੀ ਨੌਅ ਇਨਸਾਨ ਨੂੰ ਖ਼ੁਦਾ ਦੇ ਜਾਣ ਕੇ ਪ੍ਯਾਰ ਕਰੇ। ਮੁਸਲਮਾਨ ਦਾ ਫ਼ਰਜ਼ ਇਨਸਾਫ਼ ਹੈ, ਰਹਿਮ ਹੈ, ਜ਼ੁਲਮ ਨਹੀਂ । ਇਉਂ ਕਹਿੰਦੇ ਇਹ. ਮੁਸਲਮਾਨ ਫਕੀਰ ਜੀ ਸਿੰਘ ਜੀ ਨੂੰ ਲੈ ਕੇ ਪੱਤਰਾ ਹੋ ਗਏ ! ਸ਼ੋਕ ! ਇਨ੍ਹਾਂ ਨੂੰ ਪਤਾ ਨਹੀਂ ਸੀ ਕਿ ਸਿੰਘ ਜੀ ਦੀ ਵਹੁਟੀ ਤੇ ਪੁੱਤਰ ਨਾਲ ਦੀਆਂ ਹੀ ਕੋਠੜੀਆਂ ਵਿਚ ਤੜਫ ਰਹੇ ਸਨ ।

ਇਸ ਭਲੇ ਪੁਰਖ ਦਾ ਡੇਰਾ ਸ਼ਹਿਰੋਂ ਬਾਹਰ ਕੁਛ ਵਾਟ ਤੇ ਸੀ,ਇਕ ਬਨ ਵਿਚ ਕੁਟੀਆ ਪਾ ਕੇ ਰਹਿੰਦੇ ਸਨ। ਜ਼ਾਤ ਦੇ ਇਹ ਸੱਯਦ ਸਨ ਤੇ ਅੱਲਾ ਵਾਲੇ ਫ਼ਕੀਰ ਸਨ । ਆਪ ਭਾਈ ਮਨੀ ਸਿੰਘ ਜੀ ਦੇ ਪਾਸ ਬਹੁਤ ਮੁੱਦਤ ਰਹੇ ਸਨ ਅਰ ਉਨ੍ਹਾਂ ਦੀ ਕਿਰਪਾ ਕਰਕੇ ਹੀ ਇਹ ਫ਼ਕੀਰੀ ਨੂੰ ਪ੍ਰਾਪਤ ਹੋਏ ਸੇ । ਅਜੇ ਛੋਟੀ ਅਵਸਥਾ ਹੀ ਸੀ ਕਿ ਸਿੰਘ ਜੀ ਸ਼ਹੀਦ ਹੋ ਗਏ । ਵੈਰਾਗੀ ਹੋ ਕੇ ਆਪ ਨੇ ਇਥੇ ਬਨ ਵਿਚ ਡੇਰਾ ਕੀਤਾ ਤੇ ਤਪੱਸਿਆ ਕਰਦੇ ਰਹੇ। ਇਨ੍ਹਾਂ ਦੀ ਕਰਾਮਾਤ ਦੀ ਐਡੀ ਧੁੰਮ ਸੀ ਕਿ ਸਾਰੇ ਇਲਾਕੇ ਦੇ ਲੋਕ ਡਰਦੇ ਸਨ । ਕੀ ਹਾਕਮ ਕੀ ਪਿਆਦਾ ਕੋਈ ਚੂੰ ਨਹੀਂ ਸੀ ਕਰ ਸਕਦਾ । ਅੱਜ ਰਾਤ ਜਾਂ ਆਪ ਨੂੰ ਸਿੰਘ ਜੀ ਦੀ ਕਸ਼ਟਣੀ ਦੀ ਖਬਰ ਪਹੁੰਚੀ ਤਦ ਦੌੜੇ ਆਏ ਅਰ ਕਿਸੇ ਦੀ ਪਰਵਾਹ ਨਾ ਕਰਕੇ ਉਨ੍ਹਾਂ ਨੂੰ ਮੱਲੋਮੱਲੀ ਕਢਵਾ ਲੈ ਗਏ। ਉਸ ਵੇਲੇ ਜਦ ਤੁਰਕ ਹਾਕਮ ਬੇਨਿਆਈਆਂ ਕਰ ਰਹੇ ਸਨ ਸਾਬਰ ਸ਼ਾਹ ਵਰਗੇ ਸੱਯਦ ਮੌਜੂਦ ਸਨ ਜੋ ਪੁੱਜਕੇ ਨੇਕੀ ਕਰਦੇ ਸਨ । ਸੱਯਦ ਸਾਹਿਬ ਜਦੋਂ ਬਿਜੈ ਸਿੰਘ ਨੂੰ ਲੈ ਕੇ ਘਰ ਅੱਪੜੇ ਤਾਂ ਸਿੰਘ ਜੀ ਦੀ ਸੂਰਤ ਦੇਖ ਕੇ ਭਾਈ ਮਨੀ ਸਿੰਘ ਜੀ ਯਾਦ ਆ ਗਏ, ਅਰ ਕਲੇਜੇ ਐਸੀ ਧੂਹ ਪਈ ਕਿ ਢੇਰ ਚਿਰ ਤੱਕ ਰੋਏ । ਅਪਣੇ ਮੁਰਸ਼ਿਦ ਦੇ ਤਾਂ ਅੰਤਲੇ ਦਰਸ਼ਨ ਨਸੀਬ ਨਹੀਂ ਸਨ ਹੋਏ, ਪਰ ਇਨ੍ਹਾਂ ਨੂੰ ਉਨ੍ਹਾਂ ਦਾ ਰੂਪ ਜਾਣ ਕੇ ਖ਼ਿਦਮਤ ਕਰਨ ਲੱਗੇ । ਅਰ ਐਸੀ ਸੇਵਾ ਕੀਤੀ ਕਿ ਕੁਝ ਚਿਰ ਪਾ ਕੇ ਸਿੰਘ ਜੀ ਨੌ-ਬਰ-ਨੌ ਹੋ ਗਏ ।

ਉਧਰ ਦਾ ਹਾਲ ਸੁਣੋ-ਹਾਕਮ ਨੂੰ ਜਦ ਖ਼ਬਰ ਹੋਈ ਸਾਬਰ ਸ਼ਾਹ ਜੀ ਸਿੰਘ ਜੀ ਨੂੰ ਕੱਢ ਲਿਗਏ ਹਨ, ਤਦ ਸੱਪ ਵਾਂਙੂ ਵੱਲ ਖਾ ਕੇ ਰਹਿ ਗਿਆ । ਬਤੇਰਾ ਚਾਹਿਆ ਕਿ ਕੁਝ ਕਰਾਂ, ਪਰ ਮੁਸਲਮਾਨ ਫਕੀਰ ਦਾ ਡਰ ਇੱਡਾ ਬੈਠਾ ਹੋਇਆ ਸੀ ਕਿ ਕੋਈ ਅੱਖਾਂ ਸਾਹਮਣੇ ਨਹੀਂ ਸੀ ਕਰ ਸਕਦਾ। ਹੋਰ ਤਾਂ ਕੁਝ ਪੇਸ਼ ਨਾ ਗਈ, ਪਰ ਸ਼ੀਲ ਕੌਰ ਤੇ ਵਰਿਆਮ ਸਿੰਘ ਨੂੰ ਮਹਿਲੀਂ ਲੈ ਗਿਆ ਅਰ ਉਨ੍ਹਾਂ ਨੂੰ ਡਰਾਵੇ ਦੇਣੇ ਸ਼ੁਰੂ ਕੀਤੇ ਕਿ ਕਿਵੇਂ ਏਹ ਆਪਣਾ ਧਰਮ ਛੱਡ ਦੇਣ, ਪਰ ਕਿਸੇ ਨੇ ਇਕ ਨਾ ਮੰਨੀ।

ਇਕ ਦਿਨ ਸ਼ੀਲ ਕੌਰ ਨੂੰ ਚੱਕੀ ਪੀਹਣ ਲਾ ਦਿੱਤਾ ਅਰ ਮੁੰਡੇ ਨੂੰ ਬੀ ਹਲਕੇ ਹਲਕੇ ਕੋਟੜੇ ਮਰਵਾਏ । ਉਧਰ ਸਾਬਰ ਸ਼ਾਹ ਜੀ ਨੂੰ ਸਿੰਘ ਹੁਰਾਂ ਤੋਂ ਪੁੱਤਰ ਤੇ ਵਹੁਟੀ ਦੇ ਕੈਦ ਹੋਣ ਦਾ ਪਤਾ ਲੱਗ ਗਿਆ ਸੀ । ਸਿੰਘ ਜੀ ਤਾਂ ਉਨ੍ਹਾਂ ਦੀ ਸੇਵਾ ਨਾਲ ਰਾਜ਼ੀ ਹੋ ਰਹੇ ਸਨ ਤੇ ਫ਼ਕੀਰ ਜੀ ਸ਼ੀਲ ਕੌਰ ਦੇ ਛੁਡਾਉਣ ਦਾ ਉਪਾਉ ਬੀ ਸੋਚਦੇ ਸਨ, ਪਰ ਲੱਝਦਾ ਨਹੀਂ ਸੀ । ਕਿਉਂਕਿ ਭਾਵੇਂ ਫ਼ਕੀਰ ਜੀ ਦਾ ਡਰ ਸਭ ਮੰਨਦੇ ਸਨ, ਪਰ ਖਾਸ ਮਹੱਲ ਵਿਚ ਜਾ ਕੇ ਬਹੁਤ ਵੱਜ ਵਜਾ ਕੇ ਹੱਥ ਪਾਉਣੋਂ ਫ਼ਕੀਰ ਹੁਰੀਂ ਵੀ ਰੁਕ ਰਹੇ ਸਨ : ਕਈ ਦਿਨ ਫ਼ਕੀਰ ਨੇ ਸੋਚਾਂ ਦੇ ਘੋੜੇ ਦੁੜਾਏ; ਛੇਕੜ ਇਹ ਸੋਚ ਕੇ ਕਿ ਮਹਿਲ ਵਿਚ ਚੱਲ ਹੀ ਵੜੀਏ ਤੇ ਅਚਾਨਕ ਜਾ ਕੇ ਉਨ੍ਹਾਂ ਨੂੰ ਵੀ ਛੁਡਾ ਲਿਆਈਏ; ਜੋ ਹੋਊ ਸੋ ਦੇਖੀ ਜਾਊ, ਸਿੰਘ ਜੀ ਅਤੇ ਮੁਰੀਦਾਂ ਨੂੰ ਨਾਲ ਲੈ ਕੇ ਆ ਗਏ । ਦਲਾਨ ਵਿਚ ਵੜੇ ਸਨ ਤਦ ਉਪਰੋਂ ਆਪਣੀ ਕੋਠੜੀ ਵਿਚੋਂ ਸਿੰਘਣੀ ਤੇ ਭੁਜੰਗੀ ਨੇ ਬਿਜੈ ਸਿੰਘ ਦੇ ਦਰਸ਼ਨ ਕੀਤੇ, ਉਨ੍ਹਾਂ ਨੂੰ ਤੰਦਰੁਸਤ ਵੇਖ ਕੇ ਜੀ ਪ੍ਰਸੰਨ ਹੋ ਗਿਆ, ਸਭ ਦੁਖੜੇ ਭੁੱਲ ਗਏ । ਸ਼ੁਕਰ ਹੈ ਕਰਤਾਰ ਦਾ ਕਿ ਸਿੰਘ ਜੀ ਸਹੀ ਸਲਾਮਤ ਨਜ਼ਰ ਆਏ ਪਰ ਅਫ਼ਸੋਸ! ਮੇਲ ਹੋਣ ਦੀ ਥਾਂ ਲੰਮਾ ਵਿਛੋੜਾ ਪੈ ਗਿਆ।

ਫ਼ਕੀਰ ਜੀ ਅਜੇ ਪੌੜੀਆਂ ਵਿਚ ਹੀ ਸਨ ਕਿ ਹਾਕਮ ਨੇ ਉਤੋਂ ਪਤਾ ਪਾ ਕੇ ਉਨ੍ਹਾਂ ਨੂੰ ਝੱਟ ਦੂਸਰੇ ਰਸਤਿਉਂ ਬਾਹਰ ਕੱਢ ਦਿੱਤਾ ਤੇ ਹੁਕਮ ਦਿੱਤਾ ਕਿ ਸਵਾਰਾਂ ਦਾ ਦਸਤਾ ਨਾਲ ਕਰਕੇ ਲਾਹੌਰ ਤੋਰ ਦਿਓ । ਆਪ ਹੇਠਾਂ ਆਕੇ ਉਨ੍ਹਾਂ ਨੂੰ ਅੱਗਲਵਾਂਢੀ ਸਤਿਕਾਰ ਨਾਲ ਮਿਲ ਪਿਆ। ਜਦੋਂ ਫ਼ਕੀਰ ਨੇ ਪੁਛ ਭਾਲ ਕੀਤੀ ਤਾਂ ਪਤਾ ਲੱਗਾ ਕਿ ਦੋਵੇਂ ਲਾਹੌਰ ਘੱਲੇ ਜਾ ਚੁਕੇ ਹਨ : ਇਹ ਪਤਾ ਪਾ ਕੇ ਆਪ ਨਿਰਾਸ ਮੁੜ ਆਏ। ਜਦੋਂ ਸਿੰਘ ਜੀ ਨੂੰ ਪਤਾ ਲੱਗਾ ਤਾਂ ਓਹ ਬੜੇ ਉਦਾਸ ਹੋਏ ਅਰ ਫਕੀਰ ਜੀ ਤੋਂ ਆਯਾ ਮੰਗਣ ਲੱਗੇ ਕਿ ਲਾਹੌਰ ਜਾ ਕੇ ਸਿੰਘਣੀ ਦੀ ਭਾਲ ਤੇ ਰੱਖ੍ਯਾ ਕਰੀਏ ।

11  ਕਾਂਡ ।

“ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ ॥ ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ ॥”

ਸਤ ਧਰਮ ਕਾਇਮ ਰੱਖਣ ਵਾਲਿਆਂ ਨੂੰ ਦੁਨੀਆਂ ਦੁੱਖ ਦਿੰਦੀ ਹੈ; ਨਾਮ ਸਿਮਰਨ ਵਾਲਿਆਂ ਦੀ ਬਦਨਾਮੀ ਹੁੰਦੀ ਹੈ ਤੇ ਘਰ ਘਰ ਵਾਰਾਂ ਤੁਰਦੀਆਂ ਹਨ, ਅੰਤ ਇਥੋਂ ਤਕ ਹੁੰਦਾ ਹੈ ਕਿ ਦੁਨੀਆਂ ਉਹਨਾਂ ਦੀਆਂ ਜਿੰਦਾਂ ਨੂੰ ਭੀ ਨਹੀਂ ਛੱਡਦੀ; ਪਰ ਵਾਹ ਧਰਮੀਓ ! ਤੁਸੀਂ ਜਿੰਦਾਂ ਦੇਂਦੇ ਭੀ ਹੱਸਦੇ ਹੋ । ਕਾਰਨ ਇਹ ਹੈ ਕਿ ਇਨ੍ਹਾਂ ਲੋਕਾਂ ਦੇ ਹਿਰਦੇ ਵਿਚ ਸਾਰੇ ਕਾਰਣਾਂ ਦਾ ਕਾਰਣ ਪਰਮਾਤਮਾ ਐਉਂ ਪ੍ਰਕਾਸ਼ਤ ਹੁੰਦਾ ਹੈ ਜਿੱਕਰ ਦਿਨ ਨੂੰ ਸੂਰਜ । ਜਿੱਕੁਰ ਚਾਨਣ ਵਿਚ ਜੀਵ ਨਹੀਂ ਘਾਬਰਦੇ, ਤਿਵੇਂ ਧਰਮੀ ਜੀਵ ਪਰਮਾਤਮਾ ਦੇ ਮਿਲਾਪ ਹੋਏ ਤੇ ਉਸ ਦੇ ਪਿਆਰ ਤੇ ਚਾਨਣੇ ਵਿਚ ਨਹੀਂ ਡੋਲਦੇ ।

ਸ਼ੀਲਕੌਰ ਤੇ ਭੁਜੰਗੀ ਲਾਹੌਰ ਨੂੰ ਤੋਰੇ ਗਏ । ਜਿਸ ਜਥੇ ਵਿਚ ਧਰਮੀ ਜੀਵ ਤੁਰੇ ਸਨ ਸੋ ਪੰਜ ਸੱਤ ਹੋਰ ਸਿੱਖਾਂ ਕੈਦੀਆਂ ਦੀ ਮੰਡਲੀ ਸੀ ਅਰ ਕੁਛ ਬਾਦਸ਼ਾਹੀ ਖੁਨਾਮੀਆਂ ਕਰਨ ਵਾਲੇ ਹੋਰ ਕੈਦੀ ਬੀ ਸਨ । ਪੰਝੀ ਤੀਹ ਕੁ ਆਦਮੀ ਇਸਤ੍ਰੀਆਂ ਦੀ ਭੀੜ ਭਾੜ ਸੀ, ਅਰ ਇਕ ਦਸਤਾ ਸਿਪਾਹੀਆਂ ਦਾ, ਦੋ ਹਵਾਲਦਾਰ ਤੇ ਇਕ ਜਮਾਂਦਾਰ ਨਾਲ ਸਨ । ਏਹ ਅਹਿਦੀਏ* ਕਠੋਰਤਾ ਦਾ ਕੰਮ ਕਰਦਿਆਂ ਕਰਦਿਆਂ ਪੱਥਰ ਚਿੱਤ ਹੋਏ ਹੋਏ ਸਨ ਅਰ ਇਨ੍ਹਾਂ ਦੇ ਜਮਾਂਦਾਰ ਦਾ ਡਾਕੂ ਟੋਲਿਆਂ ਨਾਲ ਸੰਬੰਧ ਸੀ, ਜਿਨ੍ਹਾਂ ਦੀ ਲੁੱਟ ਦੀ ਪੱਤੀ ਨਾਲ ਇਹ ਮਾਲਾ ਮਾਲ ਹੋ ਰਿਹਾ ਸੀ ਅਰ ਆਪਣਾ ਪਿੰਡ ਵਸਾ ਲਿਆ ਸਾਸੁ । ਨੌਕਰੀ ਇਸ ਵਾਸਤੇ ਕਰੀ ਜਾਂਦਾ ਸੀ ਕਿ ਜਦ ਕਦੇ ਉਸ ਦੇ ਧਾੜਵੀ ਮਿੱਤ੍ਰ ਫੜੇ ਜਾਂਦੇ ਤਦ ਕਿਸੇ ਨਾ ਕਿਸੇ ਹੀਲੇ ਨਾਲ ਉਨ੍ਹਾਂ ਨੂੰ ਛੁਡਵਾ ਦਿੰਦਾ ਸੀ । ਉਸ ਹਨੇਰੇ ਸਮੇਂ ਕਈ ਐਸੇ ਹਾਕਮ ਹੁੰਦੇ ਸੇ ਜੋ ਉਪਰੋਂ ਤਾਂ ਸਰਕਾਰੀ ਨੌਕਰ ਬਣੇ ਰਹਿੰਦੇ ਤੇ ਅੰਦਰੋਂ ਪਰਜਾ ਦਾ ਘਾਤ ਕਰਵਾਉਂਦੇ ਰਹਿੰਦੇ। ਜਦ ਪਾਤਸ਼ਾਹਾਂ ਤਕ ਖ਼ਬਰਾਂ ਪਹੁੰਚ ਜਾਂਦੀਆਂ ਤਦ ਸਿੱਖਾਂ ਦੇ ਮੱਥੇ ਮੱਲ ਕੇ ਛੁਟਕਾਰਾ ਪਾ ਜਾਂਦੇ ਅਰ ਬਹੁਤ ਵੇਰੀ ਬੇਗੁਨਾਹ ਸਿੱਖਾਂ ਨੂੰ ਫੜਕੇ ਅਗੇ ਢੋ ਦੇਂਦੇ ਕਿ ਇਨ੍ਹਾਂ ਨੇ ਡਾਕੇ ਮਾਰੇ ਹਨ ਅਰ ਦੇਸ਼ ਨੂੰ ਲੁੱਟਿਆ ਹੈ । ਇਕੁਰ ਅਨੇਕਾਂ ਬੇਗੁਨਾਹ ਪਰਮੇਸ਼ਰ ਦੇ ਪਿਆਰੇ ਸਿੱਖ, ਜੋ ਬੇਗੁਨਾਹਾਂ ਨੂੰ ਮਾਰਨ ਦਾ ਵੱਲ ਵੀ ਨਹੀਂ ਜਾਣਦੇ ਸੇ ਅਰ ਧਰਮ ਦੀ ਕੌਡੀ ਬਿਨਾਂ ਫੁੱਲੀ ਦਾ ਡੋਡਾ ਬੀ ਅੰਗੀਕਾਰ ਨਹੀਂ ਕਰਦੇ ਸੇ ਜਿੰਦਾਂ ਗੁਆ ਬੈਠਦੇ ਸੇ । ਜੇ ਤਾਂ ਵੱਡੇ ਹਾਕਮ ਕੁਝ ਦਿਲ ਦੇਣ ਵਾਲੇ ਹੁੰਦੇ ਤਾਂ ਸੱਚ ਝੂਠ ਦੇ ਨਿਤਾਰੇ ਹੁੰਦੇ, ਪਰ ਉਹ ਤਾਂ ਅੱਗੇ ਹੀ ਸਿਖ ਨਾਂਮ ਤੋਂ ਗੁੱਸੇ ਵਿਚ ਭਰੇ ਪੀਤੇ ਰਹਿੰਦੇ ਸਨ । ਜਦ ਛੋਟੇ ਹਾਕਮ ਉਜ ਸਿਖਾਂ ਨੂੰ ਲਾਉਂਦੇ ਤਾਂ ਓਹ ਝੱਟ ਅਮੰਨਾਂ ਕਰ ਲੈਂਦੇ, ਸੱਚ ਝੂਠ ਦੇ ਨਿਤਾਰੇ ਦਾ ਜਤਨ ਨਾ ਕਰਦੇ । ਜਿੱਕੁਰ ਅੱਜ ਕੱਲ ਅਦਾਲਤਾਂ ਬਣੀਆਂ ਹੋਈਆਂ ਹਨ, ਪੁਲਸ ਜੁਦਾ ਹੈ, ਅਦਾਲਤਾਂ ਵੱਖ ਹਨ, ਫਿਰ ਇਕ ਤੋਂ ਦੁਈ ਤੇ ਦੁਈ ਤੋਂ ਅੱਗੇ ਸੂਬੇ ਦੀਆਂ ਵੱਡੀਆਂ ਅਦਾਲਤਾਂ ਹਨ, ਕਾਨੂੰਨ ਬਣੇ ਹੋਏ ਹਨ ਤੇ ਕਾਨੂੰਨ ਦੀ ਰਹਿਬਰੀ ਵਿਚ ਟੁਰਨ ਲਈ ਬੀ ਕਾਨੂੰਨ ਲਿਖੇ ਹੋਏ ਹਨ ਤੇ ਵਕੀਲ ਮਦਦ ਲਈ ਹਨ, ਆਦਿਕ । ਚਾਹੇ ਮਾੜੇ ਹਾਕਮ ਇਸ ਸਿਲਸਿਲੇ ਵਿਚ ਬੀ ਮਾੜਾਪਨ ਕਰ ਸਕਦੇ ਤੇ ਕਰ ਜਾਂਦੇ ਹਨ ਪਰ ਕੋਈ ਤਰੀਕਾ ਤਾਂ ਹੈ ਤੇ ਇਸ ਤਰ੍ਹਾਂ ਸੱਚ ਝੂਠ ਦੇ ਨਿੱਤਰ ਪੈਣ ਦਾ ਵਧੇਰੇ ਮੌਕਿਆ ਬੀ ਹੁੰਦਾ ਹੈ। ਨਾ ਤਾਂ ਇਸ ਪ੍ਰਕਾਰ ਦੇ ਕੋਈ ਤਰੀਕੇ ਉਸ ਸਮੇਂ ਹੈਸਨ ਤੇ ਨਾ ਹੀ ਅਕਬਰ ਵਾਲੀ ਚੋਣ ਹਾਕਮਾਂ ਦੀ ਸੀ ਕਿ ਨੇਕ ਧਰਮੀ ਢੂੰਡ ਢੂੰਡ ਕੇ ਰੱਖੇ ਜਾਣ ਤੇ ਨਿਆਂ ਕਰਨ ਦਾ ਪੂਰਾ ਪੂਰਾ ਜਤਨ ਹੋਵੇ ।

ਨਾ ਹੀ ਮਹਾਰਾਜਾ ਰਣਜੀਤ ਸਿੰਘ ਵਾਲੇ ਕੰਮ: ਚੰਗੀ ਚੋਣ, ਆਪਣੀ ਨਿਗਰਾਨੀ ਤੇ ਅਦਲ ਵੱਲ ਖ਼ਾਸ ਤਵੱਜੋ ਦਾ ਤਰੀਕਾ ਸੀ। ਇਸ ਸਮੇਂ ਤਾਂ ਅਨ੍ਯਾਯ ਕਈ ਢੰਗਾਂ ਨਾਲ ਪਰਵਿਰਤ ਸੀ, ਜਿਵੇਂ ਪਠਾਣਾਂ ਦੇ ਅੰਤ ਸਮੇਂ ਅੰਧਕਾਰ ਸੀ, ਜਿਸ ਬਾਬਤ ਸਤਿਗੁਰ ਨਾਨਕ ਦੇਵ ਜੀ ਨੇ ਡਿੱਠਾ

ਹਾਲ ਦੱਸਿਆ ਹੈ :-

“ਰਾਜੇ ਸੀਂਹ ਮੁਕਦਮ ਕੁਤੇ ॥ ਜਾਇ ਜਗਾਇਨਿ ਬੈਠੇ ਸੁਤੇ ॥” ਤੇ ਭਾਈ ਗੁਰਦਾਸ ਜੀ ਨੇ ਦੱਸਿਆ ਹੈ :-

“ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ॥” ਉਸੇ ਤਰ੍ਹਾਂ ਇਸ ਮੁਗਲਾਂ ਦੇ ਅਖੀਰਲੇ ਸਮੇਂ ਬੀ ਧੱਕੇਸ਼ਾਹੀ ਪ੍ਰਧਾਨ ਸੀ*।

ਜਦ ਏਹ ਕੈਦੀ ਤੁਰੇ ਤਦ ਇਕ ਇਕ ਕੈਦੀ ਦੇ ਨਾਲ ਦੋ ਦੋ ਸਿਪਾਹੀ ਕੀਤੇ ਗਏ, ਕੈਦੀਆਂ ਦੇ ਹਥ ਬੀ ਬੰਨ੍ਹੇ ਹੋਏ ਸੇ । ਇਸ ਪ੍ਰਕਾਰ ਦੁੱਖਾਂ ਦੇ ਪੈਂਡੇ ਮੁਕਾਉਂਦਿਆਂ ਜਦ ਦੋ ਕੁ ਦਿਨ ਬੀਤੇ ਤਦ ਜਮਾਂਦਾਰ ਸਾਹਿਬ ਦੀ ਸਵੇਰ ਸਾਰ ਸ਼ੀਲ ਕੌਰ ਪੁਰ ਨਜ਼ਰ ਪੈ ਗਈ ਉਸਦੇ ਸੁਹਲ ਹੱਥਾਂ ਨੂੰ ਨੀਲ ਪਏ ਤੇ ਘਾਸਾਂ ਲੱਗ ਕੇ ਜੀਕਾਂ ਪੈ ਰਹੀਆਂ ਦੇ ਕਲੇਸ਼ ਨੂੰ ਦੇਖਕੇ ਇਸ ਦਾ ਕਰੜਾ ਹਿਰਦਾ ਬੀ ਪੰਘਰ ਪਿਆ। ਜਮਾਂਦਾਰ ਨੇ ਮਾਂ ਪੁੱਤਰ ਦੀਆਂ ਹੱਥ-ਕੜੀਆਂ ਉਤਾਰਨ ਦਾ ਹੁਕਮ ਦਿੱਤਾ ਅਰ ਸਿਪਾਹੀ ਇਕ ਹੋਰ ਉਹਨਾਂ ਦੇ ਨਾਲ ਕਰ ਦਿੱਤਾ ।

ਰਾਤ ਆ ਗਈ, ਇਕ ਸਰਾਂ ਵਿਚ ਡੇਰਾ ਹੋਇਆ, ਸਭ ਕੈਦੀ ਉਸੇ ਤਰ੍ਹਾਂ ਦੁੱਖਾਂ ਦੇ ਵਿਚ ਪਏ ਰਾਤ ਬਿਤਾਉਣ ਲੱਗੇ, ਪਰ ਸ਼ੀਲ ਕੌਰ ਤੇ ਭੁਜੰਗੀ ਨੂੰ ਅੱਜ ਉਲਟਾ ਕੰਮ ਆ ਪਿਆ, ਚੰਗੇ ਸੁਥਰੇ ਕੋਠੇ ਵਿਚ ਉਤਾਰਾ ਮਿਲਿਆ, ਪੱਕੇ ਪਕਾਏ ਚੰਗੇ ਪ੍ਰਸ਼ਾਦੇ ਖਾਣ ਨੂੰ ਆਏ, ਸੌਣ ਵਾਸਤੇ ਕੁਝ ਬਿਸਤਰੇ ਆਦਿ ਸਮਾਨ ਬੀ ਆ ਮੌਜੂਦ ਹੋਏ ।

ਸ਼ੀਲ ਕੌਰ ਦਾ ਸਿਆਣਾ ਮਨ ਸੋਚਦਾ ਸੀ ਕਿ ਕੀ ਕਾਰਨ ਹੈ ਜੋ ਐਸ ਤਰ੍ਹਾਂ ਕਿਸਮਤ ਪਲਟਾ ਖਾ ਰਹੀ ਹੈ ? ਜੀ ਵਿਚ ਲਖਦੀ ਸੀ ਕਿ ਕੋਈ ਹੋਰ ਬਲਾ ਆ ਰਹੀ ਜਾਪਦੀ ਹੈ। ਜਿੱਕਰ ਹਨੇਰੀ ਵਗਣ ਤੋਂ ਪਹਿਲੇ ਪੌਣ ਹਿੱਲਣੋਂ ਬਿਲਕੁਲ ਬੰਦ ਹੋ ਜਾਂਦੀ ਹੈ, ਮਾਨੋਂ ਹੈ ਹੀ ਨਹੀਂ ਤਿਵੇਂ ਜਦ ਜਦ ਵਿਚਾਰੀ ਤੇ ਬਿਪਤਾ ਪਈ, ਪਹਿਲੇ ਪੂਰਨ ਚੁੱਪ ਚਾਪ ਜੇਹੀ ਨੇ ਮੂੰਹ ਦਿਖਾਇਆ ਤੇ ਫੇਰ ਬਿਪਤਾ ਨੇ ਆ ਦਬਾਇਆ । ਐਸੀਆਂ ਸੋਚਾਂ ਨੂੰ ਸੋਚਦੀ ਨੇ ਜਿਗਰ ਦੇ ਟੁਕੜੇ ਨੂੰ ਤਾਂ ਸੁਆ ਦਿੱਤਾ, ਪਰ ਆਪ ਬੈਠੀ ਪਾਠ ਲੱਗੀ ਕਰਨ। ਅੱਧੀ ਕੁ ਰਾਤ ਬੀਤ ਗਈ । ਬਾਣੀ ਦੇ ਪਾਠ ਦੀ ਮਧੁਰ ਸੁਰ ਨੇ ਬੈਕੁੰਠ ਦਾ ਪ੍ਰਭਾਉ ਬੰਨ੍ਹ ਦਿੱਤਾ ਅਰ ਉੱਚੜ ਚਿੱਤੀ ਲਾਉਣੇ ਵਾਲੀਆਂ ਘੜੀਆਂ ਆਨੰਦ ਵਿਚ ਬਿਤੀਤ ਹੋ ਗਈਆਂ । ਫਿਰ, ਸ਼ੀਲ ਕੌਰ ਨਾਮ ਸਿਮਰਦੀ ਅੰਦਰ ਜੁੜਦੀ ਗਈ, ਇੰਨਾ ਜੁੜੀ ਕਿ ਅੰਗ ਬੀ ਹਿੱਲਣੋਂ ਰਹਿ ਗਏ। ਅੰਦਰਲੇ ਦਾ ਸ਼ਹਿਜ ਰੌ ਵਾਹਿਗੁਰੂ ਜੀ ਵਿਚ ਲੱਗ ਕੇ ਜੁੜ ਗਿਆ । ਜਦ ਸਭ ਦੁਨੀਆਂ ਸੌਂ ਗਈ ਅਰ ਕੋਈ ਜਾਗਦਾ ਨਾ ਰਿਹਾ, ਬਿਨਾ ਰੋਗੀ ਤੇ ਜੋਗੀ ਦੇ, ਅਥਵਾ ਇਸ ਸਾਰੇ ਪਸਾਰੇ ਦੀ ਅੰਮਾਂ ਕੁਦਰਤ ਦੇ, ਤਦ ਸ਼ੀਲ ਕੌਰ ਦਾ ਬੂਹਾ ਖੜਕਿਆ ਪਰ ਉਹ ਹਿੱਲੀ ਨਾ । ਘੜੀ ਕੁ ਮਗਰੋਂ ਚੂਥੀ ਪੁੱਟੀ ਗਈ ਅਰ ਇਕ ਸਿਪਾਹੀ ਨੇ ਸੁਨਾਉਣੀ ਸੁਣਾਈ ਕਿ ‘ਜਮਾਂਦਾਰ ਸਾਹਿਬ ਯਾਦ ਕਰਦੇ ਹਨ । ਪਰ ਸ਼ੀਲ ਕੌਰ ਅਡੋਲ ਟਿਕੀ ਰਹੀ, ਉੱਤਰ ਤੱਕ ਨਹੀਂ ਮੂੰਹੋਂ ਨਿਕਲਿਆ, ਮਾਨੋ ਕੋਈ ਪੱਥਰ ਦੀ ਮੂਰਤੀ ਧਰੀ ਹੈ। ਜਿਉਂ ਜਿਉਂ ਉਹ ਬੁਲਾਵੇ ਉਸ ਭਜਨ ਮੂਰਤਿ ਦੀ ਅੰਦਰਲੀ ਬ੍ਰਿਤੀ ਕੱਠੀ ਹੀ ਹੋਈ ਰਹੀ। ਸਿਪਾਹੀ ਨੂੰ ਉਸ ਵੱਲ ਤੱਕ ਕੇ ਕੁਛ ਭੈ ਆਇਆ, ਭੈ ਖਾ ਕੇ ਹੱਕਾ ਬੱਕਾ ਹੋ ਪਿਛੇ ਮੁੜ ਗਿਆ ਅਰ ਜਾ ਖ਼ਬਰ ਸੁਣਾਈਓਸੁ ਕਿ ਉਹ ਤਾਂ ਪੱਥਰ ਹੋਈ ਹੈ ਤੇ ਉਸ ਵਲ ਤਕਦਿਆਂ ਹੌਲ ਪੈਂਦਾ ਹੈ। ਇਸ ਵੇਲੇ ਝੱਖੜ ਝੁੱਲ ਰਿਹਾ ਸੀ । ਓਥੋਂ ਹੋਰ ਆਦਮੀ ਆਏ, ਜਾਂ ਉਨ੍ਹਾਂ ਨੇ ਆ ਕੇ ਅੰਦਰ ਝਾਤ ਪਾਈ ਤਾਂ ਉਹ ਵੀ ਸਹਿਮੇ । ਇਕ ਦਾ ਸਿਰ ਘਬਰਾਇਆ ਤੇ ਦੂਸਰੇ ਦਾ ਕਲੇਜਾ ਤਬਕਿਆ। ਜਿੱਕਰ ਸੱਪ ਨਿਕਲੇ ਤੇ ਲੋਕ ਦੂਰੋਂ ਦੀਵਾ ਅੱਗੇ ਕਰ ਕਰ ਦੇਖਦੇ ਹਨ, ਪਰ ਅੱਗੇ ਕਦਮ ਇਕ ਨਹੀਂ ਪੁੱਟਦੇ ਤਿਵੇਂ ਇਹ ਸਿਪਾਹੀ ਦੀਵਾ ਅੱਗੇ ਅੱਗੇ ਕਰ ਕੇ ਦੇਖਣ ਦਾ ਯਤਨ ਕਰਨ, ਪਰ ਪੈਰ ਦਲ੍ਹੀ ਅੰਦਰ ਨਾ ਪਾਉਣ, ਛੇਕੜ ਇਹ ਭੀ ਹੌਲ ਖਾ ਖਾ ਕੇ ਮੁੜ ਗਏ । ਸ਼ੀਲ ਕੌਰ ਐਸੀ ਨਿਮਗਨ ਸੀ ਕਿ ਉਸ ਵੇਲੇ ਕੋਈ ਸਿਰ ਕੱਟ ਦੇਂਦਾ ਤਦ ਬੀ ਉਸ ਨੂੰ ਪਤਾ ਨਾ ਲਗਦਾ । ਸ਼ੀਲ ਕੌਰ ਬਿਹੋਸ਼ ਨਹੀਂ ਸੀ, ਪਰ ਆਪਣੇ ਆਪ ਵਿਚ ਨਿਮਗਨ ਐਸੀ ਜੁੜੀ ਹੋਈ ਸੀ ਕਿ ਮਾਨੋ ਬੇਸੁਧ ਹੀ ਸੀ, ਪਰ ਉਹ ਸੀ ਲਿਵ ਦੀ ਅੰਤਰਮੁਖ ਜੁੜ ਵਿਚ ।

ਜਦ ਜਮਾਂਦਾਰ ਨੇ ਸੁਣਿਆ ਕਿ ਉਹ ਬੀਬੀ ਪੱਥਰ ਹੋਈ ਬੈਠੀ ਹੈ ਤੇ ਉਸ ਕੋਲ ਜਾਂਦਿਆਂ ਹੌਲ ਉਠਦਾ ਹੈ ਤੇ ਇਕ ਤੋਂ ਵਧੀਕ ਆਦਮੀ ਸਾਖ ਭਰਦੇ ਹਨ, ਤਦ ਉਸਦਾ ਦਿਲ ਬੀ ਕੁਛ ਸਹਿਮਿਆਂ। ਪਾਪ ਕਰਨ ਵੇਲੇ ਦਿਲ ਭਾਵੇਂ ਕਰੜਾ ਹੁੰਦਾ ਹੈ, ਪਰ ਜੇ ਕਦੇ ਭੈ ਦੀ ਨੋਕ ਉਸ ਵੇਲੇ ਹਿਰਦੇ ਵਿਚ ਚੁਭ ਜਾਵੇ ਤਦ ਕਾਇਰਤਾ ਜ਼ੋਰ ਪਾ ਲੈਂਦੀ ਹੈ।

ਜਮਾਂਦਾਰ ਜੀ ਸਨ ਇਕ ਕੁਲੀਨ ਪੁਰਖ ਇਖ਼ਲਾਕੀ ਸਾਹਿਤ ਬੀ ਪੜ੍ਹੇ ਹੋਏ ਸਨ,ਦਿਲ ਦੇ ਬੀ ਕਠੋਰ ਨਹੀਂ ਸਨ। ਸੀ ਤਾਂ ਕੁਸੰਗ ਦਾ ਅਸਰ ਸੀ ਤੇ ਆਪਣੇ ਮਹਿਕਮੇ ਦੇ ਮਾੜੇ ਲੋਕਾਂ ਦੀ ਰੀਸੋ-ਰੀਸੀ ਮਾੜਾ ਅਸਰ ਲੈ ਲੈ ਮਾੜੇ ਹੋ ਰਹੇ ਸੇ । ਹੁਣ ਜਦ ਸਹਿਮ ਛਾਇਆ ਤਾਂ ਆਪਣੇ ਧਰਮ ਵਿਚ, ਜੋ ਸਮਾਚਾਰ ਭਲੇ ਪੁਰਸ਼ਾਂ ਦੇ ਪੜ੍ਹੇ ਹੋਏ ਸਨ ਅਰ ਦੁਸ਼ਟਾਂ ਦੇ ਤਸੀਹਿਆਂ ਹੇਠ ਖ਼ੁਦਾ ਦੀ ਓਹਨਾਂ ਨਾਲ ਮੈਤ੍ਰੀ ਦੇ ਸਮਾਚਾਰ ਸੁਣੇ ਹੋਏ ਸਨ, ਸਾਰੇ ਚੇਤੇ ਆ ਗਏ । ਦਾਨੀਆਲ ਦਾ ਸ਼ੇਰਾਂ ਅੱਗੇ ਸਿੱਟੇ ਜਾਣਾ ਤੇ ਸ਼ੇਰਾਂ ਦਾ ਉਸ ਦੇ ਪੈਰ ਚੁੰਮਣੇ, ਫਰਉਨ ਦੇ ਜ਼ੁਲਮਾਂ ਹੇਠ ਮੂਸਾ ਦਾ ਵਾਲ ਵਿੰਗਾ ਨਾ ਹੋਣਾ, ਸਭ ਮਾਜਰੇ ਅੱਖਾਂ ਅਗੇ ਆ ਖਲੋਤੇ । ਦਿਲ ਵਿਚ ਟੋਏ ਪੈਂਦੇ ਜਾਣ, ਓਹਨਾਂ ਟੋਇਆਂ ਵਿਚ ਕੀਤੇ ਕੁਕਰਮਾਂ ਦੇ ਡੰਗ ਵਜਦੇ ਜਾਣ, ਪਰ ਆਪਣੇ ਸਿਪਾਹੀਆਂ ਵਿਚ ਪਤਾ ਨਾ ਲੱਗ ਜਾਏ ਕਿ ਇਹ ਬੀ ਡਰ ਗਿਆ ਹੈ, ਇਸ ਲਈ ਹੌਸਲੇ ਦੀਆਂ ਗੱਲਾਂ ਕਰੀ ਜਾਵੇ।

ਇੱਕੁਰ ਹੌਸਲਾ ਕਰਦਿਆਂ ਬੀ ਰੰਗ ਉਡਣ ਲੱਗ ਗਿਆ, ਧੀਰਜ ਵਾਲੀ ਸੂਰਤ ਬਣਾਵੇ ਪਰ ਬਣੇ ਨਾ । ਹੌਸਲੇ ਦਾ ਦਿਖਾਵਾ ਦੱਸਣ ਲਈ ਆਪ ਉਠੇ ਅਰ ਤੁਰੇ ਕਿ ਚਲੋ ਦੇਖੀਏ ਕੀ ਹੈ? ਜਾਂ ਆਪ ਬਾਹਰ ਨਿਕਲੇ ਤਾਂ ਇਕ ਬੁੱਲੇ ਨਾਲ ਦੀਵਾ ਬੁੱਝ ਗਿਆ, ਘਨਘੋਰ ਘਟਾ ਨਾਲ ਘਿਰੀ ਤੇ ਕਾਲੀ ਬੋਲੀ ਰਾਤ ਨੇ ਹੋਰ ਡਰ ਦਾ ਸਮਾਂ ਬੰਨ੍ਹ ਦਿੱਤਾ, ਕਿਸੇ ਪਾਸਿਓਂ ਉੱਲੂ ਦੀ ਆਵਾਜ਼ ਆਈ, ਕਲੇਜਾ ਹੋਰ ਸਹਿਮ ਗਿਆ । ਝੱਖੜ ਤਾਂ ਝੁੱਲ ਹੀ ਰਿਹਾ ਸੀ ਹੁਣ ਖੇਉਂਦਾ ਬੀ ਸੀ ਤੇ ਗੱਜਦਾ ਬੀ ਸੀ । ਹਨੇਰੇ ਵਿਚ ਗੋਲ ਗੋਲ ਛੱਲੇ ਅੱਖਾਂ ਅੱਗੇ ਆਉਣ, ਜੋ ਵੱਡੇ ਵੱਡੇ ਹੁੰਦੇ ਮੂੰਹ ਪਾੜ ਪਾੜ ਡਰਾਉਣ ਅਰ ਉੱਡਦੇ ਜਾਣ ਅਰ ਹੋਰ ਉਨ੍ਹਾਂ ਦੀ ਥਾਂ ਆਉਂਦੇ ਜਾਣ । ਛੇਕੜ ਫੇਰ ਕੱਜ ਕਜਾ ਕੇ ਦੀਵਾ ਆਇਆ ਫੇਰ ਤੁਰੇ, ਜਦ ਕੋਠੜੀ ਦੇ ਕੋਲ ਪਹੁੰਚੇ ਤਦ ਦੀਵੇ ਵਾਲੇ ਨੂੰ ਠੁੱਡਾ ਲੱਗਾ, ਦੀਵਾ ਡਿੱਗ ਪਿਆ ਤੇ ਚੁੱਕਣ ਵਾਲਾ ਢਹਿ ਪਿਆ । ਜਮਾਂਦਾਰ ਨੇ ਕੋਠੜੀ ਦੇ ਅੰਦਰ ਝਾਤ ਪਾਈ ਤਾਂ ਕੀ ਝਾਉਲਾ ਪਿਆ ਕਿ ਮਾਨੋਂ ਅੱਗ ਬਲ ਰਹੀ ਹੈ, ਪਰ ਬੀਬੀ ਤੇ ਉਸ ਦੇ ਪੁੱਤਰ ਨੂੰ ਸਾੜਦੀ ਨਹੀਂ । ਜਮਾਂਦਾਰ ਨੇ ਦਲੀਜਾਂ ਤੇ ਪੈਰ ਰੱਖਿਆ ਤਾਂ ਸੇਕ ਲੱਗਾ, ਡਰਕੇ ਪਿੱਛੇ ਹਟ ਖਲੋਤਾ । ਇਸ ਦੇ ਨਾਲ ਦਾ ਇਕ ਸਿਪਾਹੀ ਕੀ ਦੇਖਦਾ ਹੈ ਕਿ ਇਕ ਸ਼ੇਰ ਮਾਂ ਪੁੱਤਾਂ ਦੇ ਦੁਆਲੇ ਪਰਕ੍ਰਮਾਂ ਕਰ ਰਿਹਾ ਹੈ ਅਰ ਘੂਰ ਕੇ ਇਨ੍ਹਾਂ ਵੱਲ ਤੱਕਦਾ ਹੈ । ਫੇਰ ਉਸ ਨੂੰ ਐਉਂ ਲੱਗਾ ਕਿ ਸ਼ੇਰ ਗੱਜਿਆ ਅਰ ਸਿਪਾਹੀ ਡਰਕੇ ਡਿੱਗ ਪਿਆ। ਬਾਹਰ ਬਿਜਲੀ ਕੜਕ ਰਹੀ ਸੀ; ਅੰਦਰ ਬਿਜਲੀ ਦੀ ਲਿਸ਼ਕ ਨਾਲ ਭਰ ਗਿਆ ਸੀ; ਹੁਣ ਫੇਰ ਬਾਹਰੋਂ ਕੜਕਵੀਂ ਗਰਜ ਉੱਠੀ, ਝਾਉਲਾ ਪਿਆ ਕਿ ਇਕ ਕੋਈ ਅੱਲਾ ਵਾਲੇ ਸਾਹਿਬ ਖੜੇ ਹਨ, ਅਰ ਅਜ਼ਰਾਈਲ ਫ਼ਰਿਸ਼ਤੇ ਨੂੰ ਕੁਝ ਐਉਂ ਦਾ ਕਹਿ ਰਹੇ ਹਨ, “ਇਨ ਸਿਪਾਹੀਓਂ ਕੋ ਔਰ ਜਮਾਂਦਾਰ ਕੋ ਗੰਧਕ ਕੇ ਜਲਤੇ ਹੂਏ ਦੋਜ਼ਖ ਮੇਂ ਡਾਲ ਦੋ’। ਮੀਂਹ ਹੁਣ ਮੋਲ੍ਹੇਧਾਰ ਵੱਸ ਰਿਹਾ ਸੀ ਤੇ ਹਨੇਰੀ ਜ਼ੋਰ ਦੀ ਵਗ ਰਹੀ ਸੀ; ਸਿਪਾਹੀ ਨੂੰ ਕੀ ਝਾਂਵਲਾ ਪਿਆ ਕਿ ਫਰਿਸ਼ਤਾ ਗੁਰਜ ਉਲਾਰਦਾ ਹੈ, ਸਹਿਮ ਖਾ ਕੇ ਇਸ ਦਾ ਸਿਰ ਚਕਰਾਇਆ ਤੇ ਡਿੱਗ ਪਿਆ । ਜਮਾਂਦਾਰ ਭੈ ਭੀਤ ਹੋ ਰਿਹਾ ਸੀ, ਸੋਚ ਬੀ ਰਿਹਾ ਸੀ ਕਿ ਇਹ ਕੀਕੂੰ ਭੈ ਹਟੇ, ਤਾਂ ਹੁਣ ਦੂਜੇ ਸਿਪਾਹੀ ਨੂੰ ਮੁਫ਼ਤੀ ਰੁਕਨਦੀਨ ਵੱਲ ਤੋਰਿਆ ਕਿ ਜਾ ਕੇ ਉਸ ਨੂੰ ਜਗਾ ਲਿਆਵੇ, ਜੋ ਓਹੋ ਕੋਈ ਕਲਾਮ ਪੜ੍ਹ ਕੇ ਇਸ ਭੈ ਨੂੰ ਦੂਰ ਕਰੇ । ਕੰਬਦੇ ਦਿਲ ਸਿਪਾਹੀ ਉਧਰ ਗਿਆ। ਜਮਾਂਦਾਰ ਭਾਰੀ ਸਹਿਮ ਵਿਚ ਸੀ । ਬਾਬੇ ਬੰਦੇ ਦੇ ਵੇਲੇ ਤੋਂ ਆਮ ਮੁਸਲਮਾਨਾਂ ਵਿਚ ਪੱਕਾ ਖਿਆਲ ਬੈਠਾ ਹੋਇਆ ਸੀ ਕਿ ਸਿੱਖਾਂ ਕੋਲ ਕੋਈ ਕਲਾਮ ਹੈ ਜੋ ਬੜੀ ਤਾਸੀਰ ਵਾਲੀ ਹੈ। ਜਮਾਂਦਾਰ ਸੋਚਦਾ ਸੀ ਕਿ ਇਹ ਤ੍ਰੀਮਤ ਭੀ ਉਹਨਾਂ ਕਲਾਮਾਂ ਤੋਂ ਵਾਕਫ਼ ਹੋਣੀ ਹੈ ਜੋ ਲੋਕੀ ਦੱਸਦੇ ਹਨ ਕਿ ਸਿਖ ਲੋਕ ਪੜ੍ਹ ਕੇ ਆਪਣਾ ਆਪ ਬਚਾ ਲੈਂਦੇ ਹਨ । ਠੀਕ ਹੈ, ਅਜ ਸਾਰਾ ਦਿਨ ਜਦ ਮੈਂ ਇਸ ਨੂੰ ਦੇਖਣ ਆਉਂਦਾ ਰਿਹਾ ਹਾਂ ਤਾਂ ਇਸ ਦੇ ਬੁਲ੍ਹ ਫ਼ਰਕਦੇ ਹੀ ਦਿੱਸਦੇ ਰਹੇ । ਇਹ ਜ਼ਰੂਰ ਕੋਈ ਕਲਾਮ ਪੜ੍ਹਦੀ ਪਈ ਸੀ, ਕੀ ਕੀਤਾ ਜਾਵੇ ? ਹੁਣ ਮੁਫ਼ਤੀ ਸਾਹਿਬ ਆ ਗਏ । ਆਏ ਤਾਂ ਸਹੀ ਪਰ ਸਹਿਮੇ ਹੋਏ ਕੋਠੜੀ ਦਾ ਜੋ ਸਮਾਚਾਰ ਸੁਣ ਚੁਕੇ ਸਨ ਐਸਾ ਜੀ ਪਰ ਬੈਠਾ ਸੀ ਕਿ ਆਪ ਆਕੇ ਹੌਂਸਲੇ ਦੇ ਖੰਘੂਰੇ ਤਾਂ ਮਾਰਨ ਪਰ ਉਧਰ ਤੱਕਣ ਹੀ ਨਾ । ਜਮਾਂਦਾਰ ਨੇ ਕਿਹਾ, ‘ਮੁਫ਼ਤੀ ਜੀ ! ਕੋਈ ਕਲਾਮ ਪੜ੍ਹੋ, ਮੁਫ਼ਤੀ ਜੀ ਆਇਤ ਕਰੀਮਾ ਪੜ੍ਹਨ ਲੱਗ ਗਏ ਪਰ ਸੁਰ ਥਿਬਕਵੀਂ ਨਿਕਲੇ ।

ਹੁਣ ਜ਼ਮੀਨ ਭੁਚਾਲ ਨਾਲ ਕੰਬੀ, ਉਤੋਂ ਬੱਦਲਾਂ ਦੀ ਗੜ ਗੜ ਦਾ ਸ਼ਬਦ ਉਠਿਆ ਪਰ ਭਾਸਿਆ ਐਉਂ ਕਿ ਜ਼ਮੀਨ ਦੇ ਅੰਦਰੋਂ ਕੋਈ ਵਾਜ ਆਈ ਹੈ । ਉਹਨਾਂ ਜਾਤਾ ਕਿ ਜ਼ਮੀਨ ਪਾਟ ਚੱਲੀ ਹੈ। ਮੁਫ਼ਤੀ ਤੇ ਸਿਪਾਹੀ ਤਾਂ ਇਕ ਰੁਖ਼ ਨੱਠੇ, ਪਰ ਪੱਲਾ ਇਕ ਬ੍ਰਿਛ ਦੇ ਖੁੰਘੇ ਨਾਲ ਅੜ ਗਿਆ ਉਹਨਾਂ ਜਾਤਾ ਕਿਸੇ ਭੂਤ ਨੇ ਫੜ ਲਿਆ ਹੈ ਡਡਿਆ ਕੇ ਡਿੱਗੇ । ਜਮਾਂਦਾਰ ਸਾਹਿਬ ਨੇ ਕਈ ਸ਼ਕਲਾਂ ਵੇਖੀਆਂ ਪਰ ਫੇਰ ਨੱਠੇ ਕੀ ਦੇਖਦੇ ਹਨ ਕਿ ਕੋਠੜੀ ਦੀ ਅੱਗ ਵਿਚੋਂ ਬਿਜਲੀ ਉੱਠੀ ਅਰ ਕੜਕ ਕੇ ਅੱਗੇ ਤੁਰ ਪਈ ਅਰ ਐਸੇ ਜ਼ੋਰ ਦੀ ਵੱਜਦੀ ਭਾਸੀ ਕਿ ਧਬੱਕ ਖਾ ਕੇ ਡਿੱਗੇ, ਕਪੜਿਆਂ ਨੂੰ ਅੱਗ ਲੱਗ ਗਈ ਜਾਪੀ, ਅਸਹਿ ਪੀੜਾ ਨੇ ਵਿਆਕੁਲ ਕਰ ਦਿੱਤਾ । ਫੇਰ ਕੀ ਦੇਖਦੇ ਹਨ ਕਿ ਅਜ਼ਰਾਈਲ ਨੇ ਫੜ ਕੇ ਅੱਗ ਦੇ ਨਰਕ ਵਿਚ ਪਾ ਦਿੱਤਾ ਹੈ ਅਰ ਉੱਥੇ ਚੁੜ ਰਿਹਾ ਹਾਂ, ਪਰ ਜਿੰਦ ਨਹੀਂ ਮਰਦੀ*।

12 ਕਾਂਡ ।

ਪਿਛਲੇ ਕਾਂਡ ਦੀ ਵਾਰਤਾ ਕੀਹ ਸੀ ? ਇਹ ਸ਼ੀਲਾ ਦੇ ਦ੍ਰਿੜ੍ਹ ਵਿਸ਼ਵਾਸ ਤੇ ਕਰਤਾਰ ਦੀ ਭਗਤ-ਵੱਛਲਤਾ ਸੀ । ਸ਼ੀਲਾ ਨੇ ਤਾਂ ਸਿੰਘਾਂ ਵਾਲਾ ਹੱਠ ਧਾਰ ਲਿਆ ਸੀ ਕਿ ਕਰਤਾਰ ਦੇ ਧਿਆਨ ਵਿਚ ਮਗਨ ਬੈਠੇ ਰਹਿਣਾ ਹੈ, ਹਿੱਲਣਾ ਤੱਕ ਨਹੀਂ ਅਰ ਇਥੇ ਹੀ ਇਸੇ ਰੰਗ ਵਿਚ ਪ੍ਰਾਣਾਂ ਦਾ ਤਿਆਗ ਕਰ ਦੇਣਾ ਹੈ, ਅਕਾਲ ਪੁਰਖ ਨੂੰ ਸਦੀਵ ਤੋਂ ਭਗਤਾਂ ਦੀ ਲਾਜ ਹੈ ਅਰ ਜੁਗ ਜੁਗ ਸਦਾ ਭਗਤਾਂ ਦੀ ਰੱਖਦਾ ਆਇਆ ਹੈ :-

‘ਹਰਿ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ ਰਾਮਰਾਜੇ ॥ ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ ॥

ਯੋਗੀ ਲੋਕ ਭੀ ਦੱਸਦੇ ਹਨ ਕਿ ਏਕਾਗਰ ਚਿਤ ਪ੍ਰਾਣੀ ਸ਼ਕਤੀ ਵਾਲਾ ਹੋ ਜਾਂਦਾ ਹੈ ਤੇ ਉਸ ਦੀ ਜੁੜੀ ਹੋਈ ਧਿਆਨ ਸ਼ਕਤੀ ਬੜੇ ਕਰਤੱਬ ਕਰ ਲੈਂਦੀ ਹੈ । ਸੋ ਸ਼ੀਲ ਕੌਰ ਦੇ ਵਾਹਿਗੁਰੂ ਵਿਚ ਲਿਵਲੀਨ ਧਿਆਨ ਪਰ ਮਹਾਰਾਜ ਦੀ ਕ੍ਰਿਪਾ ਨੇ ਉਸ ਦੀ ਰਖ੍ਯਾ ਕੀਤੀ। ਉਹ ਤਾਂ ਮਰਨਾ ਮੰਡਕੇ ਬੈਠੀ ਹੀ ਸੀ ਅਰ ਕਿਸੇ ਸਹਾਇਤਾ ਦੀ ਆਸ ਵਿਚ ਨਹੀਂ ਸੀ, ਸਾਂਈਂ ਵਿਚ ਜੁੜੀ ਸੀ ਕਿ ਮਰਨ ਲੱਗਿਆ ਜੁੜੀ ਹੀ ਮਰ ਜਾਵਾਂ ਜੋ ਮਾਲਕ ਤੋਂ ਅੰਤਰ ਆਤਮੇ ਵਿਥ ਨਾ ਪਵੇ, ਪਰ ਉਸ ਭਗਤਾਂ ਦੇ ਪਿਆਰੇ ਨੇ ਮੀਂਹ; ਹਨੇਰੀ, ਗੜੇ, ਬਿਜਲੀ ਭੁਚਾਲ ਸਾਰੀਆਂ ਡਰਾਉਣੀਆਂ ਤਾਕਤਾਂ ਛੇੜ ਦਿੱਤੀਆਂ। ਮੁਸਲਮਾਨ ਕਲਾਮਾਂ ਦੇ ਬੜੇ ਬੜੇ ਅਸਰ ਆਪ ਮੰਨਦੇ ਹਨ। ਉਹਨਾਂ ਦੀਆਂ ਪੁਸਤਕਾਂ ਵਿਚ ਬੜੇ ਬੜੇ ਅਚਰਜ ਸਮਾਚਾਰ ਹਨ। ਉਥੇ ਜਾਬਰਾਂ ਦੇ ਜ਼ੁਲਮ ਤੇ ਰੱਬ ਦੇ ਬਾਹੁੜੀ ਕਰਨ ਦੇ ਕਈ ਸਮਾਚਾਰ ਬੀ ਆਉਂਦੇ ਹਨ। ਉਸ ਦਿਨ ਸ਼ਾਮ ਨੂੰ ਜਮਾਂਦਾਰ ਸਾਹਿਬ ਤੇ ਸਿਪਾਹੀਆਂ ਵਿਚ ਐਸੇ ਹੀ ਜ਼ਿਕਰ ਚਲਦੇ ਰਹੇ ਸਨ । ਉਤੋਂ ਸ਼ਰਾਬ ਮਿਲ ਗਈ ਤੇ ਸਾਰੇ ਸਿਪਾਹੀਆਂ ਪੀਤੀ ਸੀ ਅਰ ਬਹੁਤੀ ਵਾਲੇ ਬਹੁਤ ਬਾਉਲੇ ਹੋ ਰਹੇ ਸਨ । ਹਨੇਰੀ ਰਾਤ ਬੱਦਲ ਮੀਂਹ ਬਿਜਲੀ, ਝੱਖੜ ਤੇ ਤੂਫ਼ਾਨ ਨੇ ਭੈਦਾਇਕ ਸਮਾਂ ਬੰਨ੍ਹ ਦਿੱਤਾ, ਇਸ ਸਾਰੀ ਦਸ਼ਾ ਨੂੰ ਭੁਚਾਲ ਦੇ ਆਉਣ ਨੇ ਚੌਗੁਣਾਂ ਡਰਾਉਣਾ ਕਰ ਦਿੱਤਾ । ਜਦ ਮੁਫ਼ਤੀ ਅਰ ਜਮਾਂਦਾਰ ਨੱਸੇ ਹਨ ਤਦ ਬ੍ਰਿਛ ਦੇ ਹੇਠ ਨੂੰ ਦੌੜੇ ਬਿਜਲੀ ਕੜਕ ਰਹੀ ਸੀ,ਬਿਜਲੀ ਬ੍ਰਿਛਾਂ ਪੁਰ ਅਕਸਰ ਕਰਕੇ ਪੈਂਦੀ ਹੈ, ਸੋ ਸਮਾਂ ਸੰਜੋਗ ਐਸਾ ਲੱਗਾ ਕਿ ਬਿਜਲੀ ਪਈ, ਜਮਾਂਦਾਰ ਮੁਫ਼ਤੀ ਤੇ ਦੋ ਸਿਪਾਹੀ ਮਾਰੇ ਗਏ । ਜੋ ਅੰਦਰੀਂ ਵੜੇ ਹੋਏ ਸਨ ਮਾਰੇ ਡਰ ਦੇ ਹਿੱਲੇ ਹੀ ਨਾ, ਉਹਨਾਂ ਨੂੰ ਕੀ ਪਤਾ ਕਿ ਬਾਹਰ ਜੋ ਜਲ, ਪੌਣ, ਬਿਜਲੀ ਦਾ ਦੰਗਲ ਮਚ ਰਿਹਾ ਹੈ,ਉਸ ਵਿਚ ਸਾਡੇ ਜਮਾਂਦਾਰ ਸਾਹਿਬ ਭੀ ਹਿੱਸਾ ਲੈ ਰਹੇ ਹਨ।

ਇਕ ਪਾਸੇ ਤਾਂ ਸ਼ੀਲ ਕੌਰ ਦੀ ਪਵਿਤ੍ਰਤਾ ਤੇ ਲਿਵਲੀਨਤਾ, ਉਤੋਂ ਰੱਬ ਜੀ ਦਾ ਪਿਆਰ ਕੌਤਕ ਕਰ ਰਿਹਾ ਸੀ, ਦੂਜੇ ਪਾਸੇ ਨਿਤਾਣੇ ਨਸ਼ਈ ਦਿਲ ਭੈਭੀਤ ਹੋਕੇ ਡਰ ਰਹੇ ਸਨ, ਤੀਜੇ ਬਿਜਲੀ ਨੇ ਸੱਚਮੁਚ ਹੀ ਜਾਨਾਂ, ਖੈ ਕੀਤੀਆਂ । ਜਦੋਂ ਸਵੇਰੇ ਕੋਠੜੀਆਂ ਵਿਚੋਂ ਬਾਕੀ ਦੇ ਸਿਪਾਹੀ ਤੇ ਕੈਦੀ ਨਿਕਲੇ ਤਾਂ ਚਾਰ ਆਦਮੀ ਤਾਂ ਬਿਜਲੀ ਨਾਲ ਮਰੇ ਦੇਖੇ ਤੇ ਇਕ ਦੋ ਭੈ ਮਾਰੇ ਨਿਰਬਲ ਜਿਹੇ ਪਏ ਨਜ਼ਰ ਆਏ । ਉਨ੍ਹਾਂ ਦੋਹਾਂ ਸਿਪਾਹੀਆਂ ਨੇ ਜੋ ਬਾਹਰ ਨਹੀਂ ਨਿਕਲੇ ਸੇ; ਉਨ੍ਹਾਂ ਨੇ ਰਾਤ ਦਾ ਹਾਲ ਕਹਿ ਸੁਣਾਇਆ। ਸਿਪਾਹੀਆਂ ਦਾ ਟੋਲਾ ਸੁਣ ਕੇ ਹੱਕਾ ਬੱਕਾ ਰਹਿ ਗਿਆ।ਇਕ ਹਵਾਲਦਾਰ ਨੂੰ ਜਮਾਂਦਾਰ ਦੀ ਥਾਂ ਮੰਨ ਕੇ ਕੰਮ ਆਰੰਭਿਆ । ਮੁਰਦਿਆਂ ਨੂੰ ਦਫ਼ਨ ਕੀਤਾ ਅਰ ਅਗਲੇ ਭਲਕ ਅੱਗੇ ਕੂਚ ਕੀਤੀ । ਸ਼ੀਲ ਕੌਰ ਵਲੋਂ ਉਹਨਾਂ ਨੂੰ ਸਹਿਮ ਬੈਠ ਗਿਆ । ਨਾ ਤਾਂ ਡਰਦੇ ਕੁਝ ਕਹਿ ਸਕਣ ਅਰ ਨਾ –

ਹੀ ਦਿਲ ਵਿਚ ਬੜੇ ਰੰਜ ਕਰਕੇ ਉਨ੍ਹਾਂ ਪੁਰ ਦਇਆ ਹੀ ਕਰ ਸਕਣ । ਇਸ ਤਰ੍ਹਾਂ ਕੁਝ ਡਰ, ਕੁਝ ਵੈਰ ਨਾਲ ਭਰੇ ਪੀਤੇ ਲਾਹੌਰ ਤੱਕ ਗਏ। ਪਹਿਲੋਂ ਤਾਂ ਸਲਾਹ ਸ਼ਾਨੇ ਕਿ ਸਾਰਾ ਹਾਲ ਕਹਾਂਗੇ, ਪਰ ਸੋਚਿਆ ਕਿ ਸਾਰੇ ਲੋਕੀਂ ਕਾਇਰ ਤੇ ਡਰਾਕੁਲ ਕਹਿਣਗੇ, ਇਸ ਲਈ ਕੇਵਲ ਬਿਜਲੀ ਪੈਣ ਦਾ ਪ੍ਰਸੰਗ ਹੀ ਕਿਹਾ ਗਿਆ ਅਰ ਹੋਰ ਕੋਈ ਗੱਲ ਨਾ ਕਹੀ।

ਸ਼ੀਲ ਕੌਰ ਨੇ ਉਸ ਰਾਤ ਦਾ ਸਾਰਾ ਪ੍ਰਸੰਗ ਸਿਪਾਹੀਆਂ ਨੂੰ ਆਪੋ ਵਿਚ ਗੱਲਾਂ ਕਰਦਿਆਂ ਸੁਣਕੇ ਸਮਝ ਲਿਆ ਸੀ । ਉਹ ਆਪਣੇ ਦਿਲ ਵਿਚ ਕਰਤਾਰ ਦਾ ਹਜ਼ਾਰ ਹਜ਼ਾਰ ਸ਼ੁਕਰ ਕਰਦੀ ਸੀ ਕਿ ਮੈਂ ਜਿਹੀ ਨਿਮਾਣੀ ਦਾ ਸਤ ਤੇ ਜਿੰਦ ਦੁਏ ਬਚਾ ਲਏ। ਇਹ ਕੇਵਲ ਦੀਨ ਦਿਆਲ ਦੀ ਮਿਹਰ ਹੈ; ਹੋਰ ਮੇਰਾ ਕੁਛ ਨਹੀਂ ।

ਉਧਰ ਮੀਰਮੰਨੂੰ ਦੇ ਜ਼ੁਲਮ ਪੰਜਾਬ ਵਿਚ ਹੁਣ ਹਾੜ ਦੀ ਦੁਪਹਿਰ ਦੇ ਸੂਰਜ ਵਾਂਗੂ ਸਿਖ਼ਰ ਤੇ ਪਹੁੰਚ ਪਏ ਸਨ, ਕੋਈ ਐਸਾ ਸ਼ਹਿਰ ਪਿੰਡ ਨਹੀਂ ਸੀ ਕਿ ਜਿਥੇ ਸਿੰਘਾਂ ਨੂੰ ਟਿਕਾਣਾ ਮਿਲਦਾ। ਸਾਰੇ ਬਨਾਂ ਪਹਾੜਾਂ ਵਿਚ ਜਾ ਵੜੇ ਸਨ । ਜੋ ਹੱਥ ਆਏ ਬੁਰੀ ਤਰ੍ਹਾਂ ਮਾਰੇ ਗਏ, ਹੁਣ ਜਿਥੋਂ ਕਿਥੋਂ ਦੇ ਫੜੇ ਹੋਏ ਕੁਛ ਸਿਖ ਲਾਹੌਰ ਪੁਚਾਏ ਗਏ ਕਿ ਸ਼ਰਹ ਦੇ ਹੁਕਮ ਅਨੁਸਾਰ ਮਾਰੇ ਜਾਣ ।

ਕਿਸੇ ਕੌਮ ਵਿਚੋਂ ਜਦ ਧਰਮ ਦੀ ਅੰਸ਼ ਉਡ ਜਾਵੇ ਤਦ ਓਹ ਲੋਕ ਧਰਮ ਨੂੰ ਇਕ ਪੜਦਾ ਬਣਾ ਲੈਂਦੇ ਹਨ, ਜਿਸਦੇ ਉਹਲੇ ਅਨੇਕ ਤਰ੍ਹਾਂ ਦੇ ਅਧਰਮ ਕਮਾਉਂਦੇ ਹਨ । ਧਰਮੀ ਲੋਕਾਂ ਦਾ ਬਾਹਰ ਤਾਂ ਸਾਧਾਰਣ ਹੁੰਦਾ ਹੈ ਪਰ ਅਧਰਮੀਆਂ ਦਾ ਬਾਹਰ ਬਹੁਤ ਚਿਲਕਦਾ ਤੇ ਧਰਮ ਦੀ ਦਮਕ ਮਾਰਦਾ ਹੈ। ਮੁਗਲ ਪਾਤਸ਼ਾਹ ਦੇ ਅੰਤਲੇ ਸਮੇਂ ਪੰਜਾਬ ਵਿਚ ਅਕਸਰ ਜ਼ਾਲਮ ਹਾਕਮ ਐਸੇ ਸਨ ਜੋ ਧਰਮ ਨੂੰ ਕੇਵਲ ਅਧਰਮ ਦੇ ਨਿਰ- ਬਾਹ ਵਾਸਤੇ ਮੁਲੰਮੇ ਵਾਂਗ ਵਰਤਦੇ ਸਨ, ਉਪਰਲੇ ਕੰਮ ਤਾਂ ਦੀਨਦਾਰਾਂ ਦੇ ਤੇ ਅੰਦਰੋਂ ਛੁਰੀ ਫੇਰਨ ਵਾਲਿਆਂ ਦੇ ਨਮੂਨਿਆਂ ਦੇ ਹੁੰਦੇ ਸਨ । ਕੁਸ਼ਾ- ਮਤੀ ਤੇ ਪੇਟਪਾਲੂ ਜੋ ਬਾਹਰੋਂ ਦੀਨਦਾਰ ਤੇ ਅੰਦਰੋਂ ਕੇਵਲ ਆਪਣੇ ਦੀਨ ਦੇ ਉਨ੍ਹਾਂ ਹੁਕਮਾਂ ਦੇ ਮੰਨਣਵਾਲੇ,ਜਿਨ੍ਹਾਂਕਰਕੇ ਆਪਣੀਆਂ ਗਰਜਾਂ ਪੂਰੀਆਂ ਹੋਣ, ਚਾਹੋ ਜ਼ੁਲਮ ਤੇ ਤੱਦੀ ਫੈਲੇ ਮੀਰ ਮੰਨੂੰ ਨਾਲ ਰਲਕੇ ਇਕ ਮੈਦਾਨ ਵਿਚ ਨਮਾਜ਼ ਪੜ੍ਹਨੇ ਲਈ ਖੜੇ ਹੋਏ । ਨਮਾਜ਼ਾਂ ਪੜ੍ਹਕੇ ਚਾਹੀਦਾ ਸੀ ਕਿ ਜਿੱਕਰ ਪਰਮੇਸ਼ਰ ਤੋਂ ਆਪਣੇ ਲਈ ਦਯਾ ਮੰਗੀ ਸੀ ਹੋਰਨਾਂ ਪੁਰ ਦਯਾ ਕਰਦੇ ਪਰ ਕਿੱਥੋਂ ? ਨਮਾਜ਼ ਜੀਭ ਉਤੇ ਸੀ, ਜ਼ੁਲਮ ਦਿਲ ਵਿਚ ਸੀ, ਰੱਬ ਤੱਕ ਕਿਥੋਂ ਪਹੁੰਚ ਹੁੰਦੀ । ਭਾਵੇਂ ਦਿਖਾਵੇ-ਮਾਤ੍ਰ ਲਈ ਤਾਂ ਰੱਬ ਨਾਲ ਹੀ ਗੱਲਾਂ ਕਰਕੇ ਹਟੇ ਸਨ ਅਰ ਓਸ ਦੇ ਪਵਿੱਤ੍ਰ ਹੁਕਮ ਅਨੁਸਾਰ ਪੁੰਨ ਕਰਨ ਲੱਗੇ ਜਾਪਦੇ ਸਨ ਅਰ ਖ਼ੁਸ਼ ਹੁੰਦੇ ਸਨ ਕਿ ਕਾਫਰਾਂ ਨੂੰ ਦੁੱਖ ਦੇਣ ਲੱਗੇ ਹਾਂ, ਪਰ ਅਸਲੀ ਦੀਨ ਦੀ ਗਤਿ ਨਿਆਰੀ ਹੈ।

ਇਕ ਖੁੱਲ੍ਹੇ ਮੈਦਾਨ ਵਿਚ ਵੀਹ ਕੁ ਸੂਰੇ ਸਿੰਘ, ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰ, ਪਿੰਜਰੇ ਪਏ ਸ਼ੇਰਾਂ ਵਾਂਗ ਹੱਥ ਪੈਰ ਬੱਧੇ ਕਤਾਰ ਵਿਚ ਖੜੇ ਕੀਤੇ ਗਏ। ਇਕ ਲੰਮੀ ਚਿੱਟੀ ਦਾੜ੍ਹੀ ਵਾਲੇ ਦੀਨਦਾਰ ਸਾਹਿਬ : ਜੋ ਆਪਣੇ ਖਿਆਲ ਵਿਚ ਸ਼ਾਇਦ ਤਰਸ ਵਾਲੇ ਹੀ ਹੋਣਗੇ, ਬੜੀ ਸੁਰੀਲੀ ਸੁਰ ਵਿਚ ਉਪਦੇਸ਼ ਦੇ ਕੇ ਉਨ੍ਹਾਂ ਨੂੰ ਮੁਸਲਮਾਨ ਹੋਣ ਲਈ ਪ੍ਰੇਰਨ ਲੱਗੇ । ਪਰ ਸਮੁੰਦਰ ਵਿਚ ਖੜੇ ਚਿਟਾਨ ਵਾਂਗੂੰ ਇਨ੍ਹਾਂ ਦੀਆਂ ਮਿੱਠੇ ਬਚਨਾਂ ਰੂਪੀ ਲਹਿਰਾਂ ਅਰ ਧਮਕੀਆਂ ਰੂਪ ਤੂਫਾਨਾਂ ਨਾਲ ਸਿੱਖਾਂ ਪੁਰ ਕੁਝ ਅਸਰ ਨਾ ਹੋਯਾ । ਜਿੱਕੁਰ ਹੀਰਾ ਚਿੱਕੜ ਮਿੱਟੀ ਮੈਲ ਵਿਚ ਕਿਤੇ ਸਿੱਟਿਆ ਜਾਵੇ ਹੀਰਾ ਹੀ ਰਹਿੰਦਾ ਹੈ, ਤਿਵੇਂ ਸੱਚੇ ਸਿੰਘ ਭਾਵੇਂ ਕਿਸੇ ਸੰਗਤ, ਸੁਹਬਤ, ਦਬਾਉ ਵਿਚ ਚਲੇ ਜਾਣ ਸਦਾ ਸਿੰਘ ਹਨ । ਜਾਂ ਧਰਮ ਛੱਡਣ ਤੇ ਉਪਦੇਸ਼ਾਂ ਦੀ ਕੋਈ ਪੇਸ਼ ਨਾ ਗਈ ਤਦ ਮੰਨੂੰ ਨੇ ਅੱਖ ਨਾਲ ਇਕ ਮੁਸਾਹਿਬ ਨੂੰ ਕੁਛ ਸੈਨਤ ਕੀਤੀ, ਉਸੇ ਵੇਲੇ ਤਿੰਨ ਚਾਰ ਆਦਮੀ ਐਕੁਰ ਆ ਖਲੋਤੇ, ਜਿਵੇਂ ਰਾਤ ਨੇ ਰੂਪ ਧਾਰਿਆ ਹੁੰਦਾ ਹੈ, ਜਾਂ ਮਾਨੋਂ ਸੂਰਜ ਦੇ ਚੱਪਣ ਹਨ। ਕਾਲੀ ਹਨੇਰੀ ਨਾਲ ਜਿਵੇਂ ਕਦੇ ਕਦੇ ਚਿੱਟੇ ਚਿੱਟੇ ਬੱਦਲ ਆ ਜਾਂਦੇ ਹਨ, ਤਿਵੇਂ ਚਿੱਟੀ ਚਿੱਟੀ ਰੂੰ ਦੇ ਬੋਰੇ ਤੇ ਤੇਲ ਦੇ ਚਾਟੇ ਆਂਦੇ ਗਏ ਅਰ ਉਨ੍ਹਾਂ ਜੱਲਾਦਾਂ ਨੇ ਸਿੰਘਾਂ ਦੇ ਬਦਨ ਉਤੇ ਰੂੰ ਐਉਂ ਬੰਨ੍ਹ ਦਿੱਤੀ ਜਿਕੁਰ ਪੂਰਬੀਏ ਹੋਲੀਆਂ ਵਿਚ ਹਨੂੰਮਾਨ ਬਨਾਯਾ ਕਰਦੇ ਹਨ। ਹੁਣ ਸਿੰਘਾਂ ਦੇ ਪੈਰਾਂ ਤੇ ਹੱਥਾਂ ਨੂੰ ਸੰਗਲ ਪਾਕੇ ਦੂਰ ਦੂਰ ਕਿੱਲਿਆਂ ਨਾਲ ਐਸਾ ਕੱਸ ਦਿੱਤ ਕਿ ਹਿੱਲਣ ਜੱਗੇ ਨਾ ਰਹਿਣ, ਫੇਰ ਉਨ੍ਹਾਂ ਨੂੰ ਤੇਲ ਨਾਲ ਤਰ ਕੀਤਾ, ਜਿੱਕਰ ਲਾੜੇ ਨੂੰ ਘੋੜੀ ਚਾੜ੍ਹਨ ਤੋਂ ਪਹਿਲਾਂ ਤੇਲ ਚੜ੍ਹਾਉਂਦੇ ਹਨ। ਚਿੱਟੀ ਰੂੰ ਤੇਲ ਨਾਲ ਪੀਲੀ ਹੋਈ ਹੋਈ ਕ੍ਰਿਸ਼ਨ ਜੀ ਦੇ ਪੀਲੇ ਬਸਤ੍ਰਾਂ ਵਾਂਗ ਗੁਰੂ ਕੇ ਦੁਲਾਰਿਆਂ ਨੂੰ ਸੱਚੇ ਲਾੜੇ ਦੇ ਰੂਪ ਵਿਚ ਲੈ ਆਈ । ਧਰਤੀ ਰੂਪੀ ਘੋੜੀ ਤੇ ਸਵਾਰੀ ਕਰਨੀ ਮਿਲੀ, ਸਿਹਰਿਆਂ ਦੀ ਥਾਂ ਸੰਗਲ ਬੱਧੇ ਗਏ । ਕੈਸੀ ਅਦਭੁਤ ਜੰਞ ਬਣੀ ਹੈ ? ਗੀਤ ਐਸ ਵੇਲੇ ਕੌਣ ਗਾਵੇ ? ਘੋੜੀਆਂ ਕੌਣ ਪੜ੍ਹੇ? ਖਾਲਸਾ ਜੀ ਆਪ ਹੀ ਸ਼ਬਦ ਗਾਉਣ ਲੱਗ ਪਏ :- ‘ਤੇਰਾ ਕੀਆ ਮੀਠਾ ਲਾਗੈ ॥ ਹਰਿਨਾਮੁ ਪਦਾਰਥੁ ਨਾਨਕ ਮਾਂਗੈ ॥ ‘

ਇਹ ਦੇਖ ਕੇ ਤਮਾਸ਼ਾ ਦੇਖਣ ਵਾਲੇ ਹੱਕੇ ਬੱਕੇ ਰਹਿ ਗਏ, ਓਹ ਸੋਚਦੇ ਸਨ ਕਿ ਏਹ ਲੋਕ ਇਸ ਯਾਨਕ ਮੌਤ ਦਾ ਸਾਮ੍ਹਣਾ ਕਰਨੋਂ ਡਰਕੇ ਸ਼ਰਨ ਮੰਗਣਗੇ, ਪਰ ਨਹੀਂ ਜਾਣਦੇ ਸਨ ਕਿ ਏਹ ਗੁਰੂ ਗੋਬਿੰਦ ਸਿੰਘ ਜੀ ਦੇ ਸੂਰੇ ਹਨ, ਭੈ ਕੌਣ ਖਾਏ? ਤੇ ਕੌਣ ਸ਼ਰਨ ਮੰਗੇ ।

ਖਾਲਸਾ ਜੀ ! ਕਿਆ ਆਪ ਦੇ ਹਿਰਦੇ ਵਿਚ ਆਪਣੇ ਵੱਡਿਆਂ ਦੀ ਇਸ ਨਿਡੱਰ ਬਹਾਦਰੀ ਅਰ ਨਿਸਚੇ ਵੱਲ ਵੇਖ ਕੇ ਕੁਝ ਪ੍ਰੇਮ ਨਹੀਂ ਪੈਦਾ ਹੁੰਦਾ ? ਕਿਆ ਬੇਪਰਵਾਹੀ ਰੂਪੀ ਜਿੱਲ੍ਹਣ ਨਾਲ ਦੱਬੇ ਹੋਏ ਹੰਝੂਆਂ ਦੇ ਖੂਹ ਦਾ ਕੜ ਪਾਟਕੇ ਅੱਖਾਂ ਥੀਂ ਪ੍ਰਵਾਹ ਨਹੀਂ ਚਲਦਾ? ਦੇਖੋ ਏਹ ਬਹਾਦਰ ਜੋ ਕਿ ਧੀਰਜ ਤੇ ਨਿਸ਼ਚੇ ਵਿਚ ਗੁੱਤੇ ਹੋਏ, ਪਤਿਬਤਾ ਇਸਤ੍ਰੀ ਵਾਂਗੂੰ ਸੱਚ ਨਾਲ ਸਤੀ ਹੋਣ ਲਈ ਤਿਆਰ ਸਨ, ਕੈਸੇ ਪੱਕੇ ਸਿੰਘ ਹਨ, ਘਰ ਬਾਰ ਦੌਲਤ ਸਭ ਨੂੰ ਛੱਡਕੇ ਮੌਤਾਂ ਕਬੂਲ ਰਹੇ ਹਨ । ਇਨ੍ਹਾਂ ਦਾ ਇਸ ਬਹਾਦਰੀ ਨਾਲ ਜਿੰਦ ਦੇਣਾ ਬਾਕੀ ਦੇ ਸਾਰੇ ਪੰਥ ਲਈ ਹੌਸਲੇ ਦਾ ਕਾਰਨ ਹੁੰਦਾ ਸੀ ਅਰ ਸਾਰੇ ਜੀਉਂਦੇ ਭਰਾਵਾਂ ਦੇ ਹੌਸਲੇ ਨੂੰ ਹੋਰ ਪੱਕਿਆਂ ਕਰਕੇ ਧਰਮਹਿਤ ਸਿਰ ਦੇਣ ਲਈ ਵਧੀਕ ਤਿਆਰ ਕਰਦਾ ਸੀ।ਇਨ੍ਹਾਂ ਕਦੀਪਿੱਠ ਨਾ ਦੇਣ ਵਾਲੇ ਹੱਠੀਆਂ ਦੇ ਜੋਸ਼ ਨੇ ਭਾਰਤ ਵਰਸ਼ ਨੂੰ ਮੁਗਲਾਂ ਦੇ ਅੰਤਲੇ ਜ਼ੁਲਮ ਰਾਜ ਤੋਂ ਛੁਡਾਇਆ। ਧੰਨਸਨ ਏਹ ਸਿੰਘ ਬਹਾਦਰ! ਸਤਾਏ ਜਾਂਦੇ, ਪਰ ਹੋਰ ਕਰੜੇ ਹੁੰਦੇ ਸਨ । ਵੱਢੀਦੇ ਸਨ,ਅਰ ਹੋਰ ਵਧਦੇ ਸਨ । ਮੁਕਾਏ ਜਾਂਦੇ ਸਨ ਅਰ ਅਮੁੱਕ ਹੁੰਦੇ ਸਨ । ਮੌਤ ਇਨ੍ਹਾਂ ਪੁਰ ਅੰਮ੍ਰਿਤ ਦਾ ਅਸਰ ਕਰਦੀ ਸੀ । ਤਲਵਾਰ ਦੀ ਆਬਦਾਰ ਧਾਰ ਪੁਰ ਖੇਡਣਾ ਇਨ੍ਹਾਂ ਲਈ ਆਬੇਹਯਾਤ ਦਾ ਪੀਣਾ ਹੁੰਦਾ ਸੀ । ਜਿਉਂ ਜਿਉਂ ਅਕਾਏ ਤੇ ਦੁਖਾਏ ਜਾਂਦੇ ਸਨ ਉਹ ਨਰ ਸ਼ੇਰ ਵਾਂਙ ਤਿਉਂ ਤਿਉਂ ਭੂਏ ਹੁੰਦੇ ਸਨ । ਆਤਮ ਵਿਯਾ ਦੇ ਕਥਨ ਮੂਜਬ ਮੌਤ ਇਨ੍ਹਾਂ ਲਈ ਨਵਾਂ ਜਨਮ ਹੁੰਦੀ ਸੀ।

ਹੁਣ ਦੇਖੋ ਸਿੰਘਾਂ ਨਾਲ ਕੀ ਭਾਣਾ ਵਰਤਦਾ ਹੈ । ਅੱਗ ਆਂਦੀ ਗਈ ਤੇ ਪਹਿਲੋਂ ਜੋ ਕੁਛ ਦੁਆਲੇ ਦੁਆਲੇ ਲੱਕੜਾਂ, ਪੱਛੀਆਂ, ਕੱਖ, ਪਲਾਹ ਰੱਖੇ ਗਏ ਸੇ ਓਨ੍ਹਾਂ ਵਿਚ ਅੱਗ ਦੂਰ ਦੂਰ ਧਰੀ ਗਈ । ਚੁਫੇਰਿਓਂ ਡਾਢਾ ਕਰੜਾ ਧੂਆਂ ਉਠਿਆ, ਜਿਸ ਨਾਲ ਘਬਰਾ ਕੇ ਇਨ੍ਹਾਂ ਦੇ ਸ਼ਰਨ ਮੰਨ ਲੈਣ ਦੀ ਆਸ ਸੀ । ਧੂੰਆਂ ਪਹਿਲੇ ਚੜ੍ਹੇ ਤਾਂ ਸਿਰ ਚਕਰਾਉਂਦਾ ਤੇ ਬਿਹਬਲਤਾ ਤੇ ਬੇਸੁਧੀ ਪੈਦਾ ਕਰਦਾ ਹੈ* ! ਸਿੰਘਾਂ ਦੇ ਮੂੰਹੋਂ ਇਸ ਸ਼ੁਰੂ ਘਬਰਾ ਵੇਲੇ ਪਹਿਲੋਂ ਵਾਹਿਗੁਰੂ ਦੀ ਧੁਨਿ ਨਿਕਲੀ । ਸ਼ੋਕ ! ਉਸ ਭੇਤ ਨੂੰ ਕੋਣ ਸਮਝੇ ਜੋ ਗੁਰੂ ਨੇ ਇਨ੍ਹਾਂ ਦੇ ਹਿਰਦੇ ਵਿਚ ਪਾ ਦਿਤਾ ਹੈ ? ਇਸ ਚੜ੍ਹਦੇ ਘਬਰਾ ਨੇ ਬੀ ਸਿੰਘਾਂ ਦੇ ਸਿਦਕ ਨੂੰ ਡੋਲਣ ਨਹੀਂ ਦਿਤਾ । ਥੋੜੀ ਦੇਰ ਤਕ ਹੋਸ਼ ਰਹੀ, ‘ਵਾਹਿਗੁਰੂ’ ਦੀ ਧੁਨਿ ਭਰੀ ਹੋਈ ਅਵਾਜ਼ ਨਾਲ ਨਿਕਲਦੀ ਰਹੀ; ਫੇਰ ਚੁਪ ਹੋ ਗਈ, ਸਹਿਜੇ ਸਹਿਜੇ ਅੱਗ ਬਲ ਉਠੀ ਤੇ ਸਹਿਜੇ ਸਾਰੇ ਫੈਲ ਗਈ।

ਲੈ ਅਗਨੀ ਦੇਉਤਾ ! ਜੋ ਜੀ ਕਰੇ ਸੋ ਕਾਰ ਕਰ ਲੈ, ਜਿੰਨੇ ਹੱਲੇ ਕਰਨੇ ਹਈ ਕਰ ਤੇ ਕੁੱਦ ਕੁੱਦਕੇ ਪਵਿਤ ਸਰੀਰਾਂ ਨੂੰ ਭੱਖ, ਝਈਆਂ ਲੈ ਲੈ ਕੇ ਕੌਮ ਤੇ ਧਰਮ ਦੇ ਹਿਤੈਸ਼ੀਆਂ ਦੀ ਦੇਹ ਨੂੰ ਧੋ, ਪਰ ਹੁਣ ਤੇਰੀ ਕੁਝ ਵਾਹ ਨਹੀਂ ਚੱਲਣੀ। ਉਹ ਚੀਜ਼ ਤਾਂ ਸਰੀਰਾਂ ਵਿਚੋਂ ਸਹੀ ਸਲਾਮਤ ਨਿਕਲ ਗਈ ਹੈ, ਜਿਸ ਪਿਛੇ ਤੈਥੋਂ ਅੱਜ ਜੱਲਾਦਾਂ ਦਾ ਕੰਮ ਲਿਆ ਗਿਆ। ਉਹ ਪਦਾਰਥ ਉਡ ਗਿਆ ਜਿਸ ਪਿਛੇ ਤੂੰ ਬੇਗੁਨਾਹਾਂ ਨੂੰ ਝੋਪਿਆ, ਉਹ ਸੂਖਮ ਅਜਰ ਅਮਰ ‘ਅਗਨੀ ਅਰ ਜਲ ਦੇ ਅਸਰ ਤੋਂ ਅਤ੍ਰਿਕਤ ਰਹਿਣੇ ਵਾਲੀ’ ਆਤਮਾਂ ਸੱਚੇ ਪਿਤਾ ਦੇ ਚਰਨਾਂ ਵਿਚ ਪਹੁੰਚ ਚੁੱਕੀ ਹੈ। ਅੰਤ ਅੱਗ ਹਾਰ ਗਈ, ਮੱਧਮ ਪੈ ਗਈ, ਕੀਤੇ ਪਰ ਮਾਨੋ ਪਛੁਤਾਈ, ਪੀਲੀ ਭੂਕ ਹੋ ਗਈ। ਛੇਕੜ ਐਸੀ ਸਿਰ ਸੁਆਹ ਪਈਓਸ ਕਿ ਹੱਡੀਆਂ ਦੇ ਢੇਰ ਪਰ ਸੁਆਹ ਦਾ ਢੇਰ ਹੋ ਕੇ ਬਹਿ ਗਈ ਅਰ ਹਨ੍ਹੇਰੀ ਦੇ ਬੁੱਲਿਆਂ ਨਾਲ ਆਪਣੇ ਸਿਰ ਉਡ ਉਡਕੇ ਆਪ ਪੈਣ ਲੱਗੀ ।

13 ਕਾਂਡ ।

ਲਖਪਤ ਦਾ ਬਲ ਉਡ ਜਾਣ ਮਗਰੋਂ ਜਦ ਦੀਵਾਨ ਕੌੜਾ ਮਲ ਨੇ ਸਿੰਘਾਂ ਦੀ ਤੇ ਮੀਰ ਮੰਨੂੰ ਦੀ ਸੁਲਾਹ ਕਰਾ ਦਿਤੀ ਸੀ ਤੇ ਇਲਾਕਾ ਪੱਟੀ ਜਾਗੀਰ ਵਿਚ ਦੇ ਦਿੱਤਾ ਸੀ ਤਾਂ ਖਾਲਸਾ ਜੀ ਤ੍ਰੈ ਸਾਲ ਕੁਛ ਸੁਖੀ ਰਹੇ ਤੇ ਵਧੇ ਸਨ। ੧੮੦੮ ਵਿਚ ਅਹਿਮਦ ਸ਼ਾਹ ਪੰਜਾਬ ਤੇ ਫੇਰ ਚੜ੍ਹ ਆਯਾ । ਤਦੋਂ ਤੀਹ ਹਜ਼ਾਰ ਖਾਲਸਾ ਮੰਨੂੰ ਦੀ ਮਦਦ ਤੇ ਆਯਾ ਤੇ ਦੁਰਾਨੀ ਨਾਲ ਕਈ ਮਹੀਨੇ ਲੜਦਾ ਰਿਹਾ ਸੀ । ਜੰਗ ਵਿਚ ਦੀਵਾਨ ਕੌੜਾਮਲ ਜੀ ਸ਼ਹੀਦ ਹੋ ਗਏ ਤੇ ਦੁਰਾਨੀ ਮੀਰ ਮੰਨੂੰ ਨੂੰ ਆਪਣਾ ਨਾਇਬ- ਲਾਹੌਰ ਦਾ ਸੂਬਾ-ਥਾਪ ਕੇ ੧੮੦੯ ਵਿਚ ਕੰਧਾਰ ਟੁਰ ਗਿਆ । ਹੁਣ ਸਿੰਘਾਂ ਨਾਲ ਕੀਤੇ ਕਰਾਰ ਸਾਰੇ ਭੰਨ ਕੇ ਅਚਾਨਕ ਮੀਰ ਮੰਨੂੰ ਸਿੱਖਾਂ ਦੇ ਮਗਰ ਗਿਆ ਸੀ । ਬਾਬੇ ਬੰਦੇ ਤੋਂ ਬਾਦ ਲੜਨ ਵਾਲੇ ਸਿੰਘਾਂ ਦਾ ਵਤੀਰਾ ਇਹ ਸੀ ਕਿ ਓਹ ਵ੍ਯਾਹ ਨਹੀਂ ਸਨ ਕਰਦੇ, ਇਨ੍ਹਾਂ ਨੂੰ ਤਦੋਂ ਭੁਜੰਗੀ ਕਹਿੰਦੇ ਸਨ । ਸੋ ਭੁਜੰਗੀ ਤਾਂ ਝਟ ਪਟ ਬਨਾਂ ਝੱਲਾਂ ਨੂੰ ਟੁਰ ਗਏ ਪਰ ਜਿਨ੍ਹਾਂ ਨੇ ਵ੍ਯਾਹ ਕਰ ਲਏ ਸੇ ਤੇ ਹੋਰ ਟੱਬਰਦਾਰ ਸਿੰਘ ਬਹੁਤ ਫੜੇ ਗਏ ਤੇ ਲਾਹੌਰ ਨਖਾਸ ਵਿਚ ਲਿਜਾਕੇ ਭਾਂਤਿ ਭਾਂਤਿ ਦੇ ਤ੍ਰੀਕਿਆਂ ਨਾਲ ਮਾਰੇ ਗਏ, ਜਿਨ੍ਹਾਂ ਦੇ ਟਾਵੇਂ ਹਾਲ ਉਪਰ ਦਿੰਦੇ ਆ ਰਹੇ ਹਾਂ; ਪਰ ਮੀਰ ਮੰਨੂੰ ਨੂੰ ਖਾਲਸੇ ਦੇ ਦੋਖੀ ਧਰੋਹੀਆਂ ਨੇ ਹੁਣ ਭੈੜੀ ਪੱਟੀ ਸਿੰਘਾਂ ਦੇ ਟੱਬਰਾਂ ਨੂੰ ਫੜਨ ਤੇ ਦੁੱਖ ਦੇਣ ਦੀ ਪੜ੍ਹਾਈ, ਸੋ ਹੁਣ ਪਰਵਾਰਾਂ ਤੇ ਕਸ਼ਟ ਟੁੱਟ ਪਏ ਤੇ ਸਿੰਘਾਂ ਦੀਆਂ ਇਸਤ੍ਰੀਆਂ ਬੀ ਉਸ ਵੇਲੇ ਦੇ ਜ਼ੁਲਮਾਂ ਤੋਂ ਨਾ ਬਚੀਆਂ* । ਇਕ ਟੋਲਾ ਸਿੰਘਣੀਆਂ ਦਾ ਤੁਰਕਾਂ ਦੇ ਢਹੇ ਚੜ੍ਹ ਗਿਆ ਸੀ, ਜੋ ਮੀਰ ਮੰਨੂੰ ਦੇ ਹੁਕਮ ਅਨੁਸਾਰ ਉਸ ਥਾਂ ਤੇ ਮਸੀਤ ਦੇ ਲਾਗੇ ਕੈਦ ਕੀਤਾ ਗਿਆ ਸੀ ਕਿ ਜਿਥੇ ਭਾਈ ਤਾਰੂ ਸਿੰਘ ਜੀ ਸ਼ਹੀਦ ਹੋਏ ਸੇ । ਹੋਰ ਭੀ ਕਈ ਤ੍ਰੀਮਤਾਂ ਥਾਂ ਥਾਂ ਤੋਂ ਫੜੀਆਂ ਇਥੇ ਲਿਆ ਕੇ ਕੈਦ ਕੀਤੀਆਂ ਗਈਆਂ ਅਰ ਇਸ ਟੋਲੇ ਵਿਚ ਸਾਡੀ ਸ਼ੀਲਾ ਤੇ ਭੁਜੰਗੀ; ਜੋ ਹਾਕਮ ਨੇ ਪੀਰ ਤੋਂ ਡਰਦੇ ਲਾਹੌਰ ਘੱਲੇ ਸਨ, ਦਾਖ਼ਲ ਕੀਤੇ ਗਏ। ਇਹ ਤ੍ਰੀਮਤਾਂ ਪਿੱਲੀਆਂ ਭੂਕ ਵਹਿਮਣਾਂ; ਭਰਮਣਾਂ, ਡਰ ਦੀਆਂ ਪੁਤਲੀਆਂ, ਮਨਮਤਣਾਂ ਅਤੇ ਗਰੂ ਤੋਂ ਬੇਖਬਰੀਆਂ ਨਹੀਂ ਸਨ। ਇਹਨਾਂ ਦੇ ਹਿਰਦੇ ਵਿਚ ਧਰਮ ਦਾ ਪੂਰਾ ਅਸਰ ਸੀ ।

ਇਹ ਇਕ ਪਰਮੇਸ਼ੁਰ ਤੋਂ ਬਿਨਾਂ ਕਿਸੇ ਪਰ ਨਿਸ਼ਚਾ ਨਹੀਂ ਰਖਦੀਆਂ ਸਨ । ਸਿਵਾ ਪਰਮੇਸ਼ੁਰ ਨਾਲ ਪਿਆਰ ਕਰਨ ਦੇ ਕਿਸੇ ਫੋਕਟ ਕਰਮ ਵਿਚ ਨਹੀਂ ਲੱਗਦੀਆਂ ਸਨ। ਇਨ੍ਹਾਂ ਲਈ ਇਹ ਧਰਮ ਸੱਚੀ ਖ਼ੁਸ਼ੀ ਦਾ ਕਾਰਨ ਸੀ । ਇਹ ਸੰਸਾਰਕ ਸੁੱਖਾਂ ਦੀ ਖ਼ਾਤਰ ਧਰਮ ਤੋਂ ਮੂੰਹ ਮੋੜਨ ਦਾ ਸੁਪਨੇ ਵਿਚ ਵੀ ਧਿਆਨ ਨਹੀਂ ਕਰਦੀਆਂ ਸਨ । ਇਹ ਉਹ ਮਾਂਵਾਂ ਨਹੀਂ ਸਨ ਜੋ ਪੁੱਤ ਲੈਣ ਪਿੱਛੇ ਮੜ੍ਹੀਆਂ, ਮਸਾਣਾਂ, ਜਾਦੂਆਂ ਦੇ ਮਗਰ ਫਿਰਨ । ਇਹ ਓਹ ਮਾਂਵਾਂ ਸਨ ਜੋ ਪੁਤ੍ਰਾਂ ਦੇ ਕਮਰਕੱਸੇ ਕਰਾਕੇ ਜੰਗਾਂ ਵਿਚ ਭੇਜਿਆ ਕਰਦੀਆਂ ਸਨ। ਇਹ ਉਹ ਵਹੁਟੀਆਂ ਨਹੀਂ ਸਨ ਜੋ ਫੈਸ਼ਨਾਂ ਦੇ ਮਗਰ ਲੱਗ ਕੇ ਆਪਣੇ ਆਪ ਨੂੰ ਸ਼ਿੰਗਾਰਾਂ ਵਿਚ ਸੁੱਟ ਕੇ ਖਿਡਾਉਣਿਆਂ ਵਰਗੀ ਫਬਨ ਨੂੰ ਆਪਣਾ ਜੀਵਨ ਬਣਾ ਲੈਣ, ਸਗੋਂ ਇਹ ਉਹ ਵਹੁਟੀਆਂ ਸਨ ਜੋ ਭਾਜ ਖਾਕੇ ਨੱਸੇ ਹੋਏ ਜੀਉਂਦੇ ਪਤੀ ਨੂੰ ਦੇਖਣ ਨਾਲੋਂ ਬਹਾਦਰੀ ਵਿਚ ਸ਼ਹੀਦ ਹੋਏ ਹੋਏ ਨੂੰ ਦੇਖ ਕੇ ਖ਼ੁਸ਼ ਹੁੰਦੀਆਂ ਸਨ ਤੇ ਜੰਗ ਵਿਚ ਤੁਰਨ ਲੱਗਿਆਂ ਨੂੰ ਕਿਹਾ ਕਰਦੀਆਂ ਸਨ:-

ਬੀਰਾ* ! ਰਣ ਮੇਂ ਜਾਇਕੈ ਲੋਹਾ ਕਰੋ ਨਿਸ਼ੰਕ ।

ਨਾ ਮੁਹਿ ਚੜ੍ਹੇ ਰੰਡੇਪੜਾ ਨਾ ਤੁਹਿ ਲੱਗੇ ਕਲੰਕ ।

ਇਹ ਉਹ ਭੈਣਾਂ ਸਨ ਜੋ ਵੀਰਾਂ ਨੂੰ ਰਣਭੂਮੀ ਵਿਚ ਤੋਰ ਕੇ ਅਸੀਸ ਦਿੰਦੀਆਂ ਸਨ:

‘ਵੀਰ ! ਚਲੇ ਹੋ ਰਣ ਵਿਖੇ, ਸਨਮੁਖ ਜੰਗ ਜੁੜੋ ।

ਸਿਰ ਦੇਵੋ ਜਾਂ ਸਿਰ ਲਵੋ, ਪਿਠ ਦੇ ਨਾਹਿ ਮੁਡ਼ੋ ।’

ਇਹ ਉਹ ਧੀਆਂ ਸਨ ਜੋ ਪਿਤਾ ਦੀ ਸ਼ਹੀਦੀ ਦੀ ਖਬਰ ਸੁਣ ਕੇ ਕਿਹਾ ਕਰਦੀਆਂ ਸਨ :-

‘ਅਮਰ ਭਏ ਹੁਣ ਪਿਤਾ ਜੀ ਜਨਮ ਨ ਮਰਨ ਕਦੀ ।

ਮੈਂ ਨ ਮਹਿੱਟਰ* ਬਣਾਂ ਹੁਣ, ਬਾਪੂ ! ਜੁਗ ਜੁਗ ਜੀ ।’

ਹੁਣ ਕਰਨੀ ਕਰਤਾਰ ਦੀ ਐਸੀ ਆ ਹੋਈ, ਵਿਚਾਰੀਆਂ ਸਿੰਘਣੀਆਂ ਆਪ ਫਸ ਗਈਆਂ, ਨਿਸਚੇ ਤੇ ਪਰਤਾਵੇ ਦਾ ਵੇਲਾ ਆ ਗਿਆ। ਜੋ ਕਿਹਾ ਕਰਦੀਆਂ ਸਨ ਆਪ ਕਰਕੇ ਦਿਖਲਾਉਣਾ ਪਿਆ।

ਪਹਿਲੇ ਤਾਂ ਪਤੀਆਂ ਦੇ ਵਿਛੋੜਿਆਂ ਦਾ ਦੁਖ, ਉੱਤੋਂ ਡਾਢਿਆਂ ਦੀ ਕੈਦ ਭੁਗਤਣੀ ਪਈ ! ਕਈ ਦਿਨ ਕਿਸੇ ਨੇ ਵਾਤ ਨਾ ਪੁਛੀ। ਅੱਠੀ ਂਪਹਿਰੀ ਛੋਲਿਆਂ ਦੀ ਰੋਟੀ ਤੇ ਛੰਨਾਂ ਪਾਣੀ ਦਾ ਮਿਲੇ, ਨਾ ਨ੍ਹਾਉਣਾ ਨਾ ਧੋਣਾ ਨਾ ਹੱਸਣਾ ਨਾਂ ਖੇਡਣਾ ਨਾ ਕੋਈ ਸਫਾਈ ਨਾ ਸੁਖ; ਨਰਕ ਦੇ ਵਾਸੀਆਂ ਵਾਂਗ ਮੈਲੀ ਦਸ਼ਾ ਹੋ ਗਈ। ਅੰਞਾਣੇ ਬਾਲ ਭੁਖ ਦੇ ਹੋਏ ਵਿਲੂੰ ਵਿਲੂੰ ਪਏ ਕਰਨ; ਪਰ ਵਾਹ ਸਿੰਘਣੀਆਂ ਦੇ ਆਪੋ ਵਿਚ ਦੇ ਪਿਆਰ ! ਜਿਨ੍ਹਾਂ ਦੇ ਕੁਛੜ ਬਾਲ ਨਹੀਂ ਸਨ: ਓਹ ਚੱਪਾ ਚੱਪਾ ਰੋਟੀ ਘੱਟ ਖਾਂਦੀਆਂ ਅਰ ਉਹ ਟੁਕੜੇ ਬਾਲਾਂ ਵਾਲੀਆਂ ਨੂੰ ਜਾਂ ਬਾਲਾਂ ਨੂੰ ਖੁਆਲਦੀਆਂ ਤੇ ਉਸ ਕਸ਼ਟ ਨੂੰ ਆਪੋ ਵਿਚ ਵੰਡ ਕੇ ਭੋਗਦੀਆਂ । ਬਾਣੀ ਦਾ ਪਾਠ ਕਰਦੀਆਂ ਗੁਰੂ ਪਰਮੇਸ਼ੁਰ ਨੂੰ ਧਿਆਉਂਦੀਆਂ, ਇਕੁਰ ਦੁੱਖ ਦੇ ਦਿਨ ਕੱਟਦੀਆਂ । ਹੁਣ ਮੀਰ ਮੰਨੂੰ ਨੇ ਹੁਕਮ ਦਿੱਤਾ ਕਿ ‘ਸਭਨਾ ਨੂੰ ਤੁਰਕ ਬਣਾਓ, ਜਿਹੜੀ ਨਾ ਮੰਨੇ ਉਸ ਨੂੰ ਸਵਾ ਮਣ* ਦਾਣੇ ਦੇ ਕੇ ਚੱਕੀ ਤੇ ਲਾਓ, ਜੋ ਨਾ ਪੀਹੇ ਤਦ ਕੋਟੜੇ ਮਾਰੋ । ਇਹ ਹੁਕਮ ਸਾਰੇ ਸੁਣਾਇਆ ਗਿਆ। ਹੁਣ ਵਿਚਾਰੀਆਂ ਦੇ ਅੱਗੇ ਚੱਕੀਆਂ ਲਾਈਆਂ ਗਈਆਂ ਤੇ ਦਾਣੇ ਧਰੇ ਗਏ । ਕਰਤਾਰ ਦਾ ਭਾਣਾ ਸਿਰ ਮੱਥੇ ਤੇ ਮੰਨਕੇ ਅਰਦਾਸਾ ਸੋਧਕੇ ਸਿਰ ਪਈ ਤੇ ਕੱਟਣ ਨੂੰ ਤਿਆਰ ਹੋ ਗਈਆਂ। ਜਿਨ੍ਹਾਂ ਦੇ ਨਿਆਣੇ ਨਾ ਸੇ ਤੇ ਪਿੰਡਾਂ ਦੀਆਂ ਸਨ ਉਹ ਤਾਂ ਦਿਨ ਚੜ੍ਹਦੇ ਤਕ ਔਖੀਆਂ ਹੋ ਹਵਾ ਕੇ ਪੀਹਣ ਪੀਹ ਬੈਠੀਆਂ, ਪਰ ਹਾਇ ! ਸ਼ਹਿਰਾਂ ਤੇ ਅਮੀਰ ਘਰਾਂ ਦੀਆਂ ਸਿੰਘਣੀਆਂ ਲਈ ਇਹ ਬੜਾ ਔਖਾ ਸੀ । ਇਹ ਵਿਚਾਰੀਆਂ ਚੱਕੀ ਪੀਂਹਦੀਆਂ ਹਨ, ਬਾਣੀ ਪੜ੍ਹਦੀਆਂ ਹਨ, ਗੁਰੂ ਗੋਬਿੰਦ ਸਿੰਘ ਜੀ ਦੇ ਕਸ਼ਟਾਂ ਨੂੰ ਸੋਚਦੀਆਂ ਹਨ, ਗੁਰੂ ਤੇਗ ਬਹਾਦਰ ਜੀ, ਗੁਰੂ ਅਰਜਨ ਦੇਵ ਜੀ ਦੇ ਅਸਹਿ ਖੇਦਾਂ ਦੇ ਨਕਸ਼ੇ ਅੱਖਾਂ ਅੱਗੇ ਲਿਆ ਕੇ ਆਪਣੇ ਦੁਖਾਂ ਨੂੰ ਸੁਖ ਸਮਝਕੇ ਸਿਰ ਪਈ ਨੂੰ ਬਿਤਾਉਂਦੀਆਂ ਹਨ, ਪਰ ਹਾਇ ਡਾਢੇ ਦੀ ਵਗਾਰ ! ਹੱਥਾਂ ਨੂੰ ਛਾਲੇ ਬਾਹਾਂ ਵਿਚ ਪਿੰਨ ਪੈ ਰਹੇ ਹਨ, ਮਣ ਮਣ ਦੀ ਬਾਂਹ ਹੋ ਰਹੀ ਹੈ, ਮਾਨੋ ਸਾਰੇ ਸਰੀਰ ਦਾ ਲਹੂ ਇਨ੍ਹਾਂ ਵਿਚ ਆ ਵੜਿਆ ਹੈ। ਲੱਕ ਥੱਕਕੇ ਸਰੀਰ ਦਾ ਭਾਰ ਚੁੱਕਣੋਂ ਨਾਂਹ ਕਰ ਰਿਹਾਹੈ। ਸੁਹਲ ਸ਼ੀਲ ਕੌਰ ਵਲ ਦੇਖੋ, ਰਾਜ ਘਰ ਦੀ ਪਲੀ ਗੋਲੀਆਂ ਜਿਸ ਦੇ ਅੱਗੇ ਹੱਥ ਬੰਨ੍ਹ ਖੜਦੀਆਂ ਸਨ, ਧਰਮ ਪਿੱਛੇ ਕਿਸ ਅਪਦਾ ਦੇ ਮੂੰਹ ਆ ਗਈ ਹੈ ! ਗੋਰੀਆਂ ਗੋਰੀਆਂ ਬਾਹਾਂ ਲਾਲ ਹੋ ਗਈਆਂ ਹਨ, ਚਿਹਰਾ ਮੁਰਝਾ ਗਿਆ । ਜਦੋਂ ਪਿਆਰਾ ਲਾਲ ਮਾਂ ਦੇ ਹੱਥ ਫੜ ਕੇ ਵਾਸਤੇ ਪਾਉਂਦਾ ਹੈ, ‘ਅੰਮਾਂ ਜੀ ! ਤੁਸੀਂ ਸਾਹ ਕੱਢ ਲਵੋ ਪਲ ਭਰ, ਮੈਂ ਚੱਕੀ ਫੇਰਦਾ ਹਾਂ ।’ ਮਾਂ, ਮਮਤਾ ਦੀ ਮਾਰੀ ਮਾਂ, ਐਡਾ ਕਰੜਾ ਕੰਮ ਪੁਤ੍ਰ ਨੂੰ ਕਿੱਕੁਰ ਦੇਵੇ ? ਸਰੀਰ ਬੀ ਥੱਕ ਕੇ ਚੂਰ ਹੋ ਗਿਆ ਹੈ, ਪੁੱਤ੍ਰ ਭੀ ਖਹਿੜਾ ਨਹੀਂ ਛੱਡਦਾ, ਹਾਰ ਕੇ ਹੱਥ ਚੁੱਕ ਲੈਂਦੀ ਹੈ । ਗੁਲਾਬ ਵਰਗਾ ਬਾਲਕ ਮਾਂ ਦੇ ਦੁਖੜੇ ਵੰਡਾਉਂਦਾ ਹੈ, ਪਰ ਹਫ ਹਫ ਜਾਂਦਾ ਹੈ । ਇਸ ਬਿਪਤਾ ਵਿਚ ਇਨ੍ਹਾਂ ਗੁਰੂ ਦੀਆਂ ਪਿਆਰੀਆਂ ਸਿੰਘਣੀਆਂ ਦਾ ਹਾਲ ਦੇਖੇ ਸੁਣੇ ਦਾ ਬੜਾ ਫਰਕ ਹੈ। ਜੋ ਤ੍ਰੀਮਤ ਤਕੜੀ ਹੈ ਅਰ ਆਪਣੀ ਬਿਪਤਾ ਪੂਰੀ ਕਰ ਚੁੱਕੀ ਹੈ, ਉਹ ਭਾਵੇਂ ਕਿੱਡੀ ਥੱਕ ਗਈ ਹੋਵੇ ਕਿਸੇ ਨਿਰਬਲ ਨੂੰ ਦੁਖੀ ਦੇਖਕੇ ਉਸਦਾ ਹੱਥ ਵਟਾ ਰਹੀ ਹੈ, ਕਿਤੇ ਦੋ ਦੋ ਲੱਗ ਰਹੀਆਂ ਹਨ। ਇਕ ਧੰਮੌ ਨਾਮੇ ਤਕੜੀ ਸਿੰਘਣੀ ਨੇ ਸ਼ੀਲਾ ਨੂੰ ਡਿੱਠਾ ਤੇ ਰੋ ਕੇ ਬੋਲੀ; ‘ਪਿਆਰੀ ! ਤੂੰ ਤਾਂ ਸੁੰਦਰੀ ਵਰਗੀ ਜਾਪਦੀ ਹੈਂ, ਹਾਇ ! ਉਸ ਧਰਮ ਦੀ ਮੂਰਤੀ ਨੇ ਬੀ ਬੜੇ ਖੇਦ ਪਾਏ ਸਨ ਪਰ ਅੰਤ ਤਕ ਕਦੇ ਨਹੀਂ ਸੀ ਡੋਲੀ । ਉਸ ਨੇ ਕੁਛ ਚਿਰ ਹੋਇਆ ਕਿ ਸਰੀਰ ਤਿਆਗਿਆ ਹੈ ।’ ਸ਼ੀਲ ਕੌਰ ਦਾ ਨਾਲੇ ਇਸਨੇ ਹੱਥ ਵਟਾਇਆ, ਨਾਲੇ ਸੁੰਦਰੀ ਦੀ ਕਥਾ ਸੁਣਾਈ*। ਇਸ ਪ੍ਰਕਾਰ ਸਿੰਘਣੀਆਂ ਨੇ ਆਪਣੀ ਮੁਸ਼ੱਕਤ ਤੋਂ ਵਿਹਲੀਆਂ ਹੋ ਕਰਤਾਰ ਅੱਗੇ ਅਰਦਾਸੇ ਸੋਧੇ:-

‘ਹੇ ਅਕਾਲ ਪੁਰਖ ਸੁਆਮੀ ! ਸਾਨੂੰ ਸਿਦਕ ਬਖਸ਼ਿਓ, ਭਾਵੇਂ ਅਸੀਂ ਸਰੀਰਾਂ ਕਰਕੇ ਅਬਲਾ ਹਾਂ ਪਰ ਮਨ ਸਾਡੇ ਤੁਸਾਂ ਬਲਵਾਨ ਕੀਤੇ ਹਨ ਤੇ ਪਵਿੱਤ੍ਰ ਸਤਿ ਧਰਮ ਬਖਸ਼ਿਆ ਹੈ । ਤੂੰ ਬਿਰਦ ਦੀ ਲਾਜ ਰੱਖੀਂ । ਅਸੀਂ ਤਸੀਹੇ ਭੋਗੀਏ, ਪਰ ਧਰਮ ਨਾ ਹਾਰੀਏ, ਟੁਕ ਟੁਕ ਵੱਢੀਆਂ ਜਾਈਏ ਪਰ ਮਨੀ ਸਿੰਘ ਵਾਂਗ ਸਿਦਕੋਂ ਮੂੰਹ ਨਾ ਮੋੜੀਏ । ਤੂੰ ਸੱਚ ਅਰ ਪ੍ਰੇਮ ਹੈਂ ਤੇਰੇ ਬਲ ਨਾਲ ਤੇਰੇ ਨਾਮ ਤੋਂ ਸਦਕੇ ਹੋ ਜਾਈਏ । ਜਿੰਦ ਵਾਰੀਏ, ਪਰ ਆਪਣੇ ਇਸ਼ਟ ਤੋਂ ਮੁੰਹ ਨਾ ਮੋੜੀਏ । ਸਭ ਕੁਝ ਜਾਏ ਹੇ ਕਰਤਾਰ ! ਸ਼ੀਲ ਧਰਮ ਨਾਂ ਜਾਏ । ਤਲਵਾਰਾਂ ਦੇ ਜੌਹਰ ਚੱਖੀਏ; ਪਰ ਕੱਚ ਤੇ ਝੂਠ ਨਾ ਵਿਹਾਝੀਏ ।’ ਐਸੀਆਂ ਬੇਨਤੀਆਂ ਕਰ ਕਰ ਕਸ਼ਟਾਂ ਨੂੰ ਬਿਤਾਉਂਦੀਆਂ । ਕਦੀ ਤੁਰਕ ਆ ਕੇ ਕੁਝ ਭਰਮਾਉਣ ਦਾ ਜਤਨ ਕਰਦੇ ਜਾਂ ਦਾਬੇ ਧੌਂਸੇ ਦੇਂਦੇ; ਤਦ ਸ਼ੇਰ ਵਾਂਗ ਭਬਕ ਕੇ ਸਿੰਘਣੀਆਂ ਉੱਤਰ ਦਿੰਦੀਆਂ । ਇਸ ਤਰ੍ਹਾਂ ਇਕ ਦਿਨ ਪਰਤਾਵੇ ਲਈ ਇਕ ਡੰਗ ਰੋਟੀ ਬੀ ਬੰਦ ਕਰ ਦਿਤੀ ਗਈ । ਮੁਸ਼ੱਕਤਾਂ ਕਰਨੀਆਂ ਤੇ ਕੈਦਾਂ ਭੋਗਣੀਆਂ, ਉਤੋਂ ਰੋਟੀ ਨਾ ਲੱਝਣੀ !

ਜਿਨ੍ਹਾਂ ਨੇ ਚਾਰ ਚਾਰ ਵੇਲੇ ਰੱਜ ਖਾਧੀਆਂ ਹੋਣ ਅਰ ਹਾਜ਼ਮਿਆਂ ਦੇ ਚੂਰਨ ਤੇ ਸੋਡਾ ਵਾਟਰਾਂ ਨਾਲ ਮਠਿਆਈਆਂ ਨੂੰ ਪਚਾਇਆ ਹੋਵੇ, ਉਨ੍ਹਾਂ ਨੂੰ ਇਨ੍ਹਾਂ ਪੀੜਾਂ ਦਾ ਹਾਲ ਕੀ ਮਲੂਮ? ਜਿਨ੍ਹਾਂ ਨੇ ਵਰਤ ਰੱਖ ਰੱਖ ਕੇ ਬੀ ਫਲੋਹਾਰਾਂ ਤੇ ਪੇੜਿਆਂ ਦੀਆਂ ਟੋਕਰੀਆਂ ਤੇ ਸ਼ਰਬਤਾਂ ਦੇ ਘੜਿਆਂ ਨੂੰ ਹੱਥ ਫੇਰੇ ਹੋਣ ਓਹ ਮੁਸ਼ੱਕਤਾਂ ਤੇ ਭੁੱਖ ਨੂੰ ਕੀ ਜਾਨਣ ? ਹਾਂ ਜਿਨ੍ਹਾਂ ਨੈ ਭੁੱਖ ਦੇ ਦੁੱਖ ਡਿੱਠੇ ਹਨ ਉਹ ਰੋ ਰੋ ਕੇ ਇਹ ਕਹਿੰਦੇ ਹਨ :- ‘ਬਾਬਾ! ਮੌਤੋਂ ਭੁੱਖ ਬੁਰੀ ।’

ਇਕ ਦਿਨ ਸਿੰਘਣੀਆਂ ਨੂੰ ਚਾਬਕ ਬੀ ਮਰਵਾਏ ਗਏ । ਸ੍ਰੀ ਗੁਰੂ ਗਰੰਥ ਸਾਹਿਬ ਜੀ ਤੋਂ ਸਿਖਿਆ ਪਾ ਕੇ ਸੱਚ ਉਤੇ ਦ੍ਰਿੜ੍ਹ ਹੋਈਆਂ ਨੇ ਸਰੀਰਕ ਕਸ਼ਟਾਂ ਨੂੰ ਝੱਲਿਆ । ਉਨ੍ਹਾਂ ਨੇ ਧਰਮ ਨੂੰ ਆਪਣੇ ਦੁਖੀ ਸਰੀਰ ਦੇ ਅੰਦਰਲੇ ਕਸ਼ਟਾਤਰ ਮਨ ਤੋਂ ਬੀ ਅੰਦਰਲੇ ਆਪੇ ਦੇ ਡੱਬੇ ਵਿਚ ਸੰਭਾਲ ਰਖਿਆ ਹੋਇਆ ਸੀ, ਕੌਣ ਓਥੋਂ ਉਸ ਲਾਲ ਨੂੰ ਹਿਲਾਉਂਦਾ ?

ਇਨ੍ਹਾਂ ਜਲਾਦਣੀਆਂ ਵਿਚੋਂ ਇਕ ਸ਼ੀਲ ਕੌਰ ਦੇ ਪੇਕੇ ਦੀ ਸੀ । ਉਸ ਨੂੰ ਸ਼ੀਲ ਕੌਰ ਦੇ ਪਿਤਾ ਦਾ ਹਾਲ ਮਲੂਮ ਸੀ ਕਿ ਤਾਰਾ ਸਿੰਘ ਵਾਂਈਂਏ ਦੇ ਨਾਲ ਉਹ ਕਿਸ ਬਹਾਦਰੀ ਨਾਲ ਸ਼ਹੀਦ ਹੋਇਆ ਸੀ* ਅਰ ਕੇਵਲ ਇਕੋ ਧੀ ਬਾਕੀ ਛੱਡ ਗਿਆ ਸੀ; ਜਿਸ ਨੂੰ ਉਸ ਦੇ ਚਾਚੇ ਨੇ ਇਕ ਮੁਕੱਦਮਾ ਜਿੱਤਣ ਦੀ ਖ਼ਾਤਰ ਚੂਹੜ ਮਲ ਦੇ ਪੁੱਤਰ ਨਾਲ ਵਿਆਹ ਦਿੱਤਾ ਸੀ । ਅਜ ਉਸ ਨੂੰ ਸਿੰਘਣੀਆਂ ਵਿਚ ਖੇਦ ਪਾਉਂਦੀ ਦੇਖ ਕੇ ਨਾ ਰਹਿ ਸਕੀ ਅਰ ਬੋਲ ਉਠੀ :-

‘ਪਿਤਾ ਪਰ ਪੂਤ ਜਾਤ ਪੁਰ ਘੋੜਾ । ਬਹੁਤਾ ਨਹੀਂ ਤਾਂ ਥੋੜਾ ਥੋੜਾ।’ ਬੱਚੀਏ ! ਤੂੰ ਕਿਥੋਂ ਚੂਹੜ ਮੱਲ ਵਰਗੇ ਦੇ ਘਰ ਰਹਿਣ ਜੋਗੀ ਸੈਂ ਤੂੰ ਤਾਂ ਪਤੀ ਨੂੰ ਵੀ ਸਿੱਖ ਬਣਾਕੇ ਸ਼ਹੀਦ ਕਰਵਾਇਆ ਹੋਣਾ ਹੈ । ਤੇਰੀ ਮਾਂ ਵੀ ਖੇਦ ਸਹਿਕੇ ਚੜ੍ਹੀ ਸੀ, ਤੂੰ ਬੀ ਮਾਪਿਆਂ ਵਾਂਙ ਆ ਫਸੀ । ਸਿੰਘ ਦੀ ਉਲਾਦ ਭਾਵੇਂ ਕਿਤੇ ਚਲੀ ਜਾਏ, ਜ਼ਰੂਰ ਆਪਣੇ ਜੌਹਰ ਦੱਸੇ ਪਰ ਦੱਸੇ ।’

ਭਾਵੇਂ ਇਹ ਕਰੜਾਈ ਕਰਨ ਵਾਸਤੇ ਆਈ ਸੀ ਪਰ ਇਨਸਾਨੀ ਦਿਲ ਆਖ਼ਰ ਦਿਲ ਹੈ, ਇਹ ਤ੍ਰੀਮਤ ਸ਼ੀਲਾ ਤੇ ਤਰਸ ਖਾ ਕੇ ਚੂਹੜ ਮੱਲ ਦੇ ਘਰ ਪਹੁੰਚੀ ਅਰ ਸ਼ੀਲਾ ਦੀ ਸੱਸ ਨੂੰ ਸਾਰਾ ਹਾਲ ਕਹਿ ਆਈ। ਉਹ ਦੁਖਿਆਰਨ ਅੱਗੇ ਹੀ ਗ਼ਮਾਂ ਵਿਚ ਡੁਬੀ ਰਹਿੰਦੀ ਸੀ, ਹੋਰ ਬੀ ਵਹਿਣਾਂ ਵਿਚ ਗ਼ਰਕ ਹੋ ਗਈ । ਪਰ ਤੀਮੀ ਅਕਲ ਵਾਲੀ ਸੀ, ਇਸ ਜਰਵਾਣੀ ਨੂੰ ਰੁਪਏ ਦੇ ਕੇ ਬੋਲੀ ਕਿ ਕਿਵੇਂ ਮੇਰੀ ਨੂੰਹ ਤੇ ਪੋਤਰੇ ਨੂੰ ਕੱਢ ਕੇ ਮੇਰੇ ਪਾਸ ਪੁਚਾ ਦੇਹ। ਇਸ ਚਲਾਕ ਤੀਂਵੀਂ ਨੇ ਲਾਲਚ ਵਿਚ ਆ ਕੇ ਉਨ੍ਹਾਂ ਦੋਹਾਂ ਨੂੰ ਕੱਢਣੇ ਦੇ ਜਤਨ ਕੀਤੇ, ਪਰ ਪੇਸ਼ ਕੋਈ ਨ ਗਈ ।

ਮੀਰ ਮੰਨੂੰ ਸਿੰਘਣੀਆਂ ਦੇ ਹੱਠ ਤੋਂ ਬਹੁਤ ਅਸਚਰਜ ਹੋ ਕੇ ਇਕ ਦਿਨ ਆਪ ਉਥੇ ਪਹੁੰਚਾ ਅਰ ਉਹਨਾਂ ਨੂੰ ਧਰਮ ਛੱਡਣ ਲਈ ਪ੍ਰੇਰਨਾ ਕਰਵਾਈ । ਪਰ ਉਹਨਾਂ ਨੇ ਨਾਂਹ ਵਿਚ ਉੱਤਰ ਦਿੱਤੇ ।

ਸਿੰਘਣੀਆਂ ਕੋ ਕਯੋ. ਮੰਨੂੰ : ਤੁਮ ਦੀਨ ਕਬੂਲੋ।

ਮਨ ਵਾਂਛਤ ਸੁਖ ਭੁਗੋ ਬੈਠੀਆਂ ਪਲਣੇ ਝੂਲੋ ।… ਸੁਣ ਸਿੰਘਣੀਆਂ ਕਹਯੋ, ਦੀਨ ਹਮ ਸਾਚਾ ਲੀਓ । ਹੇਤ ਤਾਰਨੇ ਸੁਤ ਅਕਾਲ ਨੇ ਹਮ ਕੋ ਦੀਓ । ਔਰ ਮਜ੍ਹਬ ਹੈਂ ਜਿਤਕ ਸਭੀ ਬੰਯੋ ਨੇ ਕੀਏ। ਰਚ ਬਨਾਵਟੀ ਕੂਰ ਪ੍ਰਭੁ ਤੇ ਬੇਮੁਖ ਥੀਏ । ਗੁਰਮਤ ਸਚਾ ਲਾਲ ਛੋਡ ਕਚ ਕ੍ਯੋਂ ਗਹਿ ਥਾਰਾ ? ਬੇਈਮਾਨ ਬਨ ਜੀਐਂ ਕਹੋ ਕਬ ਲੌ ਸੰਸਾਰਾ ? ਰੋਗ, ਸੋਗ, ਭੁਖ, ਦੁਖ, ਕਾਲ ਕਰਮਨ ਕਾ ਲੇਖੋ । ਭੋਗਨ ਪੜ ਹੈ ਸਰਬ ਮਜ਼ਹਬ ਮੈਂ ਇਕ ਸਮ ਦੇਖੋ ॥੧੬॥

(ਪੰਥ ਪ੍ਰਕਾਸ਼ ਭਾ: ਗਿਆਨ ਸਿੰਘ, ਨਿਵਾਸ ੮੨)

ਇਹ ਉੱਤਰ ਸੁਣਕੇ ਮੀਰ ਮੰਨੂੰ ਅੱਗ ਭਬੂਕਾ ਹੋ ਗਿਆ ਅਰ ਕਹਿਰਵਾਨ ਹੋ ਕੇ ਬੋਲਿਆ: ‘ਇਨ੍ਹਾਂ ਕਾਫਰਾਂ ਦੀ ਜਿੰਦ ਤੇ ਦੀਨ ਜਦ ਦੇਖੇ ਕਰੜੇ ਹੀ ਦੇਖੇ ।’

ਗੱਲ ਕੀਹ ਹੁਣ ਕਹਿਰਵਾਨ ਮੰਨੂੰ ਦੇ ਕ੍ਰੋਧ ਨਾਲ ਭੜਕੇ ਹਿਰਦੇ ਨੇ ਹੁਕਮ ਦਿੱਤਾ । ਪੰਜ ਸੱਤ ਸਵਾਰ ਨਿਕਲ, ਸਿਪਾਹੀ ਘੇਰਾ ਪਾ ਖਲੋਤੇ। ਮਾਵਾਂ ਦੇ ਕੁੱਛੜਾਂ ਤੋਂ ਨਿਆਣੇ ਪੁਤ੍ਰ ਖੋਹ ਕੇ ਉਛਾਲ ਕੇ ਖਿਦੂ ਵਾਂਗ ਅਸਮਾਨ ਤੇ ਸਿੱਟਦੇ ਹਨ, ਡਿੱਗਦੇ ਹੇਠ ਨੇਜ਼ੇ ਧਰਕੇ ਉਨ੍ਹਾਂ ਨੂੰ ਪਰੋਂਦੇ ਹਨ ਜੋ ਅਤਿ ਚਿਚਲਾ ਚਿਚਲਾ ਤੇ ਲੁੱਛ ਲੁੱਛ ਕੇ ਜਿੰਦ ਤੋੜਦੇ ਹਨ ।

ਸਿੰਘਣੀਆਂ ਕੇ ਬੱਚੇ ਲੈ ਕੇ । ਉਨ ਕੇ ਸਨਮੁਖ ਉਨ੍ਹੇ ਦਿਖੈ ਕੇ । ਊਪਰ ਕੋ ਉਛਾਲ ਕੱਟ ਸੁੱਣ ਹੈਂ; ਕਰ ਅਤਿ ਜ਼ੁਲਮ ਜੜ੍ਹਾਂ ਨਿਜ ਪੁਟ ਹੈਂ । ਬਰਛਿਆਂ ਮਾਹਿ ਅਨੇਕ ਪੁਰੋਏ । ਸ਼ੀਰਖੋਰ* ਤੜਫਾ ਇਮ ਕੋਹੇ ।

(ਪੰਥ ਪ੍ਰਕਾਸ਼ ਪੰਨਾ ੭੧੦)

ਮਾਵਾਂ ! ਹਾਇ ਪੁੱਤਾਂ ਦੀਆਂ ਪਿਆਰੀਆਂ ਮਾਵਾਂ, ਆਪਣੇ ਬੱਚਿਆਂ ਦੀ ਡਰਾਉਣੀ ਮੌਤ ਵੱਲ ਮੁਸ਼ਕਾਂ ਕੱਸੀਆਂ ਬੈਠੀਆਂ ਕਿਸ ਬੇ-ਬਸੀ ਨਾਲ ਦੇਖ ਰਹੀਆਂ ਹਨ । ਐਡੇ ਕਰੜੇ ਦੁੱਖ ਨੂੰ ਦੇਖ ਕੇ ਪਾਣੀ ਵੀ ਅੱਖਾਂ ਵਿਚ ਪੱਥਰ ਹੋ ਜਾਂਦਾ ਹੈ, ਪਰ ਬਹਾਦਰ ਸਿੰਘਣੀਆਂ ਦੇਖਦੀਆਂ ਹਨ ਤੇ ਆਖਦੀਆਂ ਹਨ : “ਵਾਹਿਗੁਰੂ ! ਤੇਰੀ ਗੋਦ ਸਦਾ ਹਰੀ, ਸਦਾ ਹਰੀ ਗੋਦ ਵਿਚ ਲੈ ਲਓ ਆਪਣੇ ਬਾਲ ।”

ਜਦ ਸ਼ੀਲ ਕੌਰ ਦੇ ਦੁਲਾਰੇ ਦੀ ਵਾਰੀ ਆਈ, ਤਦ ਮੀਰ ਮੰਨੂੰ ਉਸਦੀ ਸੁੰਦਰ ਸ਼ਕਲ ਵੇਖਕੇ ਐਦਾਂ ਚਕ੍ਰਿਤ ਹੋ ਕੇ ਠਿਠਰਿਆ ਕਿ ਜਿਵੇਂ ਅੱਗ ਦਾ ਭਬਾਕਾ ਠੰਢੇ ਜਲ ਦੇ ਪੈਣ ਤੇ ਠਰ ਜਾਂਦਾ ਹੈ । ਉਹ ਜਰਵਾਣੀ ਬੀ ਵੱਢੀ ਖਾਕੇ,ਜਿਸਦਾ ਹਾਲ ਪਿੱਛੇ ਕਿਹਾ ਹੈ, ਉਨ੍ਹਾਂ ਦੇ ਬਚਾਓ ਵਿਚ ਤਿਆਰ ਹੋਈ ਹੋਈ ਕਈ ਹੀਲੇ ਕਰਦੀ ਰਹੀ ਸੀ ਅਰ ਹੁਣ ਤੀਕ ਬਚਾਈ ਰੱਖਿਆ ਸਾ ਸੂ: ਪਰ ਸ਼ੋਕ ! ਜ਼ਾਲਮ ਦੀ ਤਿੱਖੀ ਨਜ਼ਰ ਤੋਂ ਸੁਹਜ ਵਿਚ ਚਮਕਦੇ ਧਰਮੀਆਂ ਨੂੰ ਛਲਦੇ ਪਤਲੇ ਪਰਦੇ ਨਾਲ ਕੱਜ ਨਾ ਸਕੀ । ਦੇਖੀਏ ਮੰਨੂੰ ਇਨ੍ਹਾਂ ਨਾਲ ਕੀ ਕਰਦਾ ਹੈ ? ਕੀ ਇਸਦੇ ਅੰਦਰ ਸਿਖਾਂ ਨਾਲ ਸਖਤੀ ਕਰਦੇ ਕਰਦੇ ਸਖਤੀ ਦੇ ਪਦਾਰਥ ਭਰ ਗਏ ਹਨ, ਅਰ ਸਾਰੇ ਔਗੁਣਾਂ ਵਿਚ ਬਦਲ ਗਏ ਹਨ ? ਦਯਾ, ਤਰਸ, ਹਮਦਰਦੀ, ਜੀਵ ਰੱਖਿਆ ਕੋਈ ਉਸ ਅਪਾਹਜ ਹਿਰਦੇ ਵਿਚ ਬਾਕੀ ਨਹੀਂ ਜੋ ਸਾਡੀ ਦੁਯਾਰਨ ਸ਼ੀਲ ਲਈ ਸਿਫਾਰਸ਼ ਕਰੇ ? ਪਰ ਸਿਆਣੇ ਆਖਦੇ ਹਨ ਕਿ ਬਾਜ਼ੇ ਵੇਲੇ ਬੁਰੇ ਕਾਰਨਾਂ ਤੋਂ ਭੀ ਭਲੇ ਕਾਰਜ ਨਿਕਲ ਪੈਂਦੇ ਹਨ, ਜੋ ਕਰਨੇ ਵਾਲੇ ਦੀ ਨਿਯਤ ਵਿਚ ਨਹੀਂ ਹੁੰਦੇ । ਸ਼ੀਲਾ ਦੀ ਸੁੰਦਰਤਾ ਦੇਖ ਕੇ ਕ੍ਰੋਧਾਤਰ ਹਿਰਦੇ ਵਿਚ ਭੈੜੀ ਵਾਸ਼ਨਾ ਉਪਜੀ ਅਰ ਸਿੰਘਣੀ ਨੂੰ ਬੇਗਮ ਬਨਾਉਣੇ ਦਾ ਸ਼ੌਕ ਪੈਦਾ ਹੋਇਆ; ਝੱਟ ਹੁਕਮ ਦੇ ਦਿੱਤਾ ਕਿ ਇਸ ਨੂੰ ਬੱਚੇ ਸਮੇਤ ਮਹਿਲਾਂ ਵਿਚ ਭੇਜ ਦਿਓ।

ਵਜ਼ੀਰ-ਹਜ਼ੂਰ ! ਇਤਨੀ ਸਖ਼ਤੀ ਇਨ੍ਹਾਂ ਨਾਲ ਕੀਤੀ, ਪੁੱਤ੍ਰ ਮਾਰੇ, ਕਿਸੇ ਨੇ ਦੀਨ ਕਬੂਲ ਨਹੀਂ ਕੀਤਾ, ਇਹ ਕਿੱਕੁਰ ਕਬੂਲ ਕਰੇਗੀ?

ਮੰਨੂੰ-ਤੈਨੂੰ ਕੀ ਖ਼ਬਰ, ਇਹ ਤ੍ਰੀਮਤਾਂ ਤੂੰ ਜਾਣਦਾ ਹੈਂ ਕਿ ਆਪਣਾ ਦੀਨ ਛੱਡਣੋਂ ਬਚ ਰਹਿਣਗੀਆਂ। ਮੈਂ ਤਾਂ ਨਿਰਾ ਇਹ ਚਾਹੁੰਦਾ ਸਾਂ ਕਿ ਇਹ ਆਪਣੇ ਮੂੰਹੋਂ ਆਪ ਹੀ ਕਹਿ ਦੇਣ। ਥੋੜੇ ਦਿਨ ਹੋਰ ਸੂਲਾਂ ਚੋਭਾਂਗਾ, ਜੇ ਫੇਰ ਵੀ ਹਠ ਰਿਹਾ, ਤਦ ਬਦੋਬਦੀ ਢਾਹ ਕੇ ਜੂਠੇ ਪਾਣੀ ਮੂੰਹ ਵਿਚ ਪਾਕੇ ਮੋਮਨਾਂ ਨਾਲ ਵਿਆਹ ਦਿਆਂਗਾ, ਪਰ ਇਸ ਚਾਂਦ ਬੀਬੀ ਨਾਲ ਅੱਜੋ ਹੀ ਇਹ ਸਲੂਕ ਹੋਵੇਗਾ। ਇਸ ਨੂੰ ਮਹਿਲੀਂ ਦਾਖਲ ਕੀਤਾ ਜਾਏਗਾ ।

ਅੱਛਾ ਹੁਣ ਚਲੋ ਇਨ੍ਹਾਂ ਤ੍ਰੀਮਤਾਂ ਦੇ ਬੱਚਿਆਂ ਦੇ ਟੋਟੇ ਇਨ੍ਹਾਂ ਦੀ ਝੋਲੀ ਪਾਓ ਅਰ ਰਾਤ ਭਰ ਭੁੱਖਿਆਂ ਰੱਖੋ, ਫੇਰ ਮੇਰੇ ਪਾਸ ਖਬਰ ਕਰੋ ।

14 ਕਾਂਡ ।

ਸ਼ੀਲ ਕੌਰ ਤੇ ਭੁਜੰਗੀ ਮੁਸ਼ਕਾਂ ਕੱਸੀਆਂ ਹੋਦੀਆਂ ਵਿਚ ਮਹਿਲੀਂ ਪਹੁੰਚੇ। ਪਾਤਸ਼ਾਹੀ ਸਜਾਉਟਾਂ ਵਾਲੇ ਮਕਾਨ ਵਿਚ ਉਤਾਰਾ ਮਿਲਿਆ। ਮੁਸ਼ਕਾਂ ਖੋਹਲੀਆਂ ਗਈਆਂ, ਗੋਲੀਆਂ ਬਾਂਦੀਆਂ ਹਾਜ਼ਰ ਹੋ ਗਈਆਂ, ਸੁਖ ਭੋਗਣ ਦੇ ਸਾਰੇ ਸਾਮਾਨ ਮੌਜੂਦ ਹੋ ਗਏ। ਰੇਸ਼ਮੀ ਪੁਸ਼ਾਕਾਂ ਹਾਜ਼ਰ ਹੋਈਆਂ ਗਹਿਣਿਆਂ ਦੇ ਡੱਬੇ ਅੱਗੇ ਧਰੇ ਗਏ । ਕਈ ਸਿਆਣੀਆਂ ਤਰੀਮਤਾਂ ਸਮਝਾਉਣ ਵਾਸਤੇ ਹਾਜ਼ਰ ਹੋਈਆਂ ਕਿ ਹੁਣ ਹਠ ਛੱਡ ਕੇ ਪੰਜਾਬ ਦੀ ਮਹਾਰਾਣੀ ਬਣੋਂ, ਅਟਕ ਤੋਂ ਲੈ ਕੇ ਸਤਲੁਜ ਤੋੜੀ ਤੁਹਾਡਾ ਸਿੱਕਾ ਚੱਲੇ ਅਰ ਤੁਹਾਡੇ ਨਾਉਂ ਤੋਂ ਦੇਸ਼ ਥਰ ਥਰ ਕੰਬੇ । ਸ਼ੀਲ ਕੌਰ ਇਉਂ ਸਿਰ ਨਿਹੁੜਾਏ ਦਿਲ ਵਿਚ ਕੰਡਿਆਂ ਦੀਆਂ ਚੋਭਾਂ ਵਰਗੇ ਸੱਲ ਭੋਗਦੀ ਬੈਠੀ ਹੈ ਜਿੱਕਰ ਬੇਰੀਆਂ ਦੇ ਵਿਚਕਾਰ ਚੰਬੇਲੀ ਹੁੰਦੀ ਹੈ । ਜਿਸਦੇ ਅੰਦਰ ਬੇਰੀਆਂ ਦੇ ਕੰਡੇ ਡਿੱਗ ਡਿੱਗ ਕੇ ਕੱਠੇ ਹੋ ਜਾਂਦੇ ਅਰ ਚੀਰ ਪਾ ਦੇਂਦੇ ਹਨ

ਤੇ ਉਤੋਂ ਬਾਗ਼ ਦਾ ਮਾਲੀ ਸਾਰੇ ਕੰਡੇ ਤੇ ਕੰਡੈਲੇ ਤਾਂ ਚੁੱਕ ਦਿੰਦਾ ਹੈ, ਪਰ ਅੰਦਰਲੇ ਕੰਡਿਆਂ ਨੂੰ ਨਹੀਂ ਕੱਢ ਸਕਦਾ।

ਬਿਨ ਸੱਦੀਆਂ ਸਹੇਲੀਆਂ ਸਮਝਾਉਂਦੀਆਂ ਹਨ, ਉਹ ਸ਼ਰਮਾਉਂਦੀ ਹੈ। ਅਣ ਬੁਲਾਈਆਂ ਸਖੀਆਂ ਸਿਖ੍ਯਾ ਦੇਂਦੀਆਂ ਹਨ, ਉਹ ਤਪ-ਤਪ ਹੰਝੂ ਕੇਰਦੀ ਹੈ; ਧਿਙਾਣੀਆਂ ਬੁਲਾਵੀਆਂ ਲਾਲਚ ਤੇ ਐਸ਼ਰਜ ਦੇ ਨਕਸ਼ੇ ਬੰਨ੍ਹਕੇ ਭੁਲਾਉਂਦੀਆਂ ਹਨ, ਸ਼ੀਲਾ ਦਾ ਰੰਜ ਹਟਕੋਰੇ ਬਣ ਬਣ ਉਸਦਾ ਗਲ ਘੁੱਟਣ ਨੂੰ ਪੈਂਦਾ ਹੈ ਕਿ ਮਾਰ ਹੀ ਦਿਆਂ । ਬਿਪਤਾ ਨੇ ਸ਼ੀਲਾ ਨੂੰ ਨਹੀਂ ਘਬਰਾਇਆ, ਅਪਦਾ ਨੇ ਨਹੀਂ ਡੋਲਣੁ ਦਿੱਤਾ, ਤਸੀਹਿਆਂ ਨੇ ਹੌਸਲਾ ਨਹੀਂ ਹਾਰਨ ਦਿੱਤਾ, ਕਸ਼ਟਾਂ ਨੇ ਦਿਲ ਨੂੰ ਨਹੀਂ ਛੱਡਣ ਦਿੱਤਾ, ਪਰ ਇਸ ਐਸੂਰਜ ਧਨ ਦੌਲਤ ਨੇ ਇਸ ਖੁਸ਼ਾਮਦ ਤੇ ਅਮੀਰੀ ਨੇ, ਹੱਥ ਬੰਨ੍ਹਕੇ ਸਾਹਮਣੇ ਖੜੋਣੇ ਨੇ, ਇਸ ਮਹਾਰਾਣੀ ਬਣਨ ਦੀ ਪ੍ਰੇਰਨਾ ਨੇ ਘਬਰਾਇਆ ਹੈ। ਹਾਂ, ਪਰ ਡੁਲਾਇਆ ਨਹੀਂ, ਭੈ-ਭੀਤ ਵਧੇਰੇ ਕੀਤਾ ਹੈ, ਪਰ ਇਸ ਭੈ ਨੇ ਇਸ ਨਵੇਂ ਆ ਬਣੇ ਸਮੇਂ ਦਾ ਵਧੀਕ ਬਲਵਾਨ ਹੋ ਕੇ ਟਾਕਰਾ ਕਰਨ ਦਾ ਹਠ ਪੈਦਾ ਕਰ ਦਿੱਤਾ ਹੈ । ਪਹਿਲੇ ਤਾਂ ਪੈਰਾਂ ਹੇਠੋਂ ਮਿੱਟੀ ਨਿਕਲਦੀ ਜਾ ਰਹੀ ਸੀ, ਸਿਰ ਵਿਚੋਂ ਮਗਜ਼ ਦੇ ਤੋਰਨੇ ਵਾਲੀ ਸੂਖਮ ਪਰ ਬਲਵਾਨ ਸਤ੍ਯਾ ਗੁੰਮ ਹੋ ਰਹੀ ਸੀ । ਨਿਰਾਸਤਾ ਤੇ ਨਾ ਉਮੈਦੀ ਇਸ ਤਰ੍ਹਾਂ ਸਰੀਰ ਨੂੰ ਸੱਖਣਾ ਕਰੀ ਤੁਰੀ ਜਾਂਦੀ ਦਿੱਸਦੀ ਸੀ ਕਿ ਜਿਵੇਂ ਦੇਹ ਨੂੰ ਆਤਮਾ ਛੱਡ ਕੇ ਸੁੰਝਿਆਂ ਕਰ ਜਾਂਦੀ ਹੈ । ਇਹ ਨਹੀਂ ਕਿ ਸ਼ੀਲਾ ਤੇ ਲਾਲਚ ਅਸਰ ਕਰ ਗਿਆ ਸੀ, ਕਦੇ ਨਹੀਂ ਸ਼ੀਲਾ ਇਸ ਡੂੰਘੀ ਸੋਚ ਵਿਚ ਪੈਂਦੀ ਹੀ ਨਿਰਾਸਤਾ ਵਿਚ ਡੁੱਬ ਗਈ ਸੀ ਕਿ ਹਾਇ! ਵੈਰੀਆਂ ਦੇ ਜ਼ੁਲਮਾਂ ਦਾ ਅਸਰ ਤਾਂ ਸਰੀਰਕ ਮੌਤ ਹੋਇਆ ਕਰਦਾ ਹੈ, ਜੋ ਬੰਦਾ ਸਹਿ ਗੁਜ਼ਰਦਾ ਹੈ, ਪਰ ਵੈਰੀ ਦਾ ਪਿਆਰ ਮਨ ਨੂੰ ਵਿਹੁ ਹੈ । ਹਾਂ ਜੀ ਸ਼ੀਲਾ ਸ਼ਸਤ੍ਰਾਂ ਤੋਂ ਨਹੀਂ ਡਰੀ, ਸ਼ੀਲਾ ਵੈਰੀਆਂ ਦੇ ਤੋਪਖਾਨੇ ਤੋਂ ਨਹੀਂ ਕੰਬੀ । ਸ਼ੀਲਾ ਉਨ੍ਹਾਂ ਦੇ ਪਿਆਰ ਤੋਂ ਬੀ ਡੋਲੀ ਨਹੀਂ, ਪਰ ‘ਕੰਬੀ ਹੈ ਤੇ ਸੋਚਾਂ ਦੇ ਖੂਹ ਵਿਚ ਲਹਿ ਗਈ ਹੈ ਅਰ ਸੋਚ ਕਰ ਰਹੀ ਹੈ ਬਚਾਉ ਦੀ । ਸ਼ੀਲਾ ਉਨ੍ਹਾਂ ਦੀ ਦਯਾ ਦ੍ਰਿਸ਼ਟੀ ਤੋਂ ਬਚਣੇ ਦੇ ਉਪਾਉ ਲੱਭ ਰਹੀ ਹੈ, ਉਨ੍ਹਾਂ ਦੀ ਮਿੱਠਤ ਨੂੰ ਮਿੱਠੀ ਛੁਰੀ-ਆਤਮਾ ਨੂੰ ਘਾਇਲ ਕਰਨੇ ਵਾਲੀ ਜਾਣਕੇ ਉਸ ਅਯਾਸੀ ਵਾਂਗੂੰ ਸੋਚ ਵਿਚ ਗੁੰਮ ਹੁੰਦੀ ਜਾਂਦੀ ਹੈ ਜੋ ‘ਓਅਮ’ ਨੂੰ ਲੰਮਾ ਕਰਕੇ ਉਚਾਰਦਾ ਤੇ ਸ੍ਵਾਸ ਨੂੰ ਚਿੱਤ ਬ੍ਰਿਤੀ ਵਿਖੇ ਪ੍ਰੋ ਕੇ ਚੜਾਂਦਾ ‘ਮ’ ਤੇ ਪਹੁੰਚ ਐਉਂ ਗੁੰਮ ਹੋ ਜਾਂਦਾ ਹੈ ਜਿੱਕਰ ਟੋਭਾ ਨਵੇਂ ਖੂਹ ਦੀ ਗਾਰ ਕੱਢਦਾ ‘ਅਹੋਮ’ ਦੀ ਅਵਾਜ਼ ਦੇ ਕੇ ਚੁੱਭੀ ਲਾ , ਜਾਂਦਾ ਹੈ । ਕਦੇ ਤਾਂ ਮਲੂਮ ਹੁੰਦਾ ਸੀ ਕਿ ਮੈਂ ਜੀਉਂਦੀ ਹਾਂ । ਕਦੇ ਨਿਰਾਸਤਾ ਵਿਚ ਬੇਸੁਧ ਹੋ ਜਾਂਦੀ ਸੀ, ਮਾਨੋਂ ਉਸ ਦੇ ਮਨ ਤੋਂ ਸੰਕਲਪਾਂ ਵਿਕਲਪਾਂ ਦੀ ਸਾਰੀ ਲਿਖਤ ਧੋਤੀ ਜਾ ਕੇ ਕੋਰੇ ਕਾਗਤ ਵਾਂਗੂ, ਸੱਖਣਾਪਨ ਹੀ ਭਾਸਦੀ ਸੀ ।

ਅੱਜ ਕਲ ਦੇ ਸਿੰਘਾਂ ਸਿੰਘਣੀਆਂ ਨੂੰ ਸ਼ੀਲਾ ਦੀ ਇਸ ਦਸ਼ਾ ਤੋਂ ਸਿਖ੍ਯਾ ਲੈਣੀ ਚਾਹੀਏ । ਤੁਰਕਾਂ ਦੇ ਵੈਰ ਤੋਂ ਸਿਖਾਂ ਦਾ ਉਸ ਸਮੇਂ ਕੁਝ ਨਹੀਂ ਵਿਗੜਿਆ, ਪਰ ਹੁਣ ਅੱਜ ਕੱਲ ਹੋਰ ਤਰ੍ਹਾਂ ਦੇ ਧਰਮ ਆਏ ਹਨ, ਜੋ ਮਿੱਠਤ ਨਾਲ, ਲੋਭ ਨਾਲ ਧਰਮ ਹਾਨ ਕਰਨ ਦੀ ਕਰ ਰਹੇ ਹਨ, ਇਨ੍ਹਾਂ ਤੋਂ ਡਰੋ, ਇਹ ਬੁਰਾ ਅਸਰ ਕਰਦੇ ਹਨ। ਉਨ੍ਹਾਂ ਦੇ ਪਿਆਰ ਪੁਰ ਨਾ ਭੁੱਲੋ, ਉਹਨਾਂ ਦੇ ਤੋਹਫੇ, ਉਨ੍ਹਾਂ ਦੇ ਮਿੱਠੇ ਬਚਨ, ਉਨ੍ਹਾਂ ਦੇ ਆਦਰ ਤੁਹਾਨੂੰ ਖਾ ਜਾਣਗੇ । ਸਤਵੰਤੀ ਸ਼ੀਲਾ ਨੇ ਸੌ ਵਰ੍ਹੇ ਤੋਂ ਬੀ ਪਹਿਲੇ ਜੋ ਸੋਚਿਆ ਅਰ ਸਮਝਿਆ ਸੀ ਸੋ ਅੱਜ ਸਾਰੇ ਪੰਥ ਲਈ ਗੁਣਕਾਰ ਹੈ। ਉਸ ‘ਸੱਚੀ ਸਿੰਘਣੀ ਦੇ ਪੂਰਨਿਆਂ ਤੇ ਧਰਮ ਦੀ ਮੁਹਾਰਨੀ ਸਿੱਖੋ ਅਰ ਧਰਮ ਵਿਚ ਪੱਕੇ ਰਹੋ, ਲਾਲਚ, ਪਿਆਰ, ਧੱਕਾ, ਮਾਰ ਆਪ ਉਤੇ ਕਿਸੇ ਪ੍ਰਕਾਰ ਦਾ ਧਰਮ ਖੀਣ ਕਰਨ ਦਾ ਕੋਈ ਅਸਰ ਨਾ ਕਰੇ ।*

ਪਿਆਰੀਓ ਸਿੰਘਣੀਓ ! ਅਰ ਦੁਖੀ ਵਿਧਵਾ ਸਿੰਘ ਇਸਤ੍ਰੀਓ ! ਅਰ ਡਾਢੇ ਪਤੀਆਂ ਦੀਓ ਵਹੁਟੀਓ ! ਇਸ ਸੰਸਾਰ ਵਿਚ (ਜੋ ਛਲਾਂ ਅਰ ਦਗਿਆਂ ਨਾਲ ਪੂਰਤ ਹੈ) ਤੁਹਾਨੂੰ ਬੜਾ ਸੰਭਲ ਕੇ ਚਲਣਾ ਚਾਹੀਦਾ ਹੈ ।

ਸੁੰਦਰੀ ਅਰ ਹੋਰ ਪੁਸਤਕ ਪੜ੍ਹਕੇ ਤੁਸੀਂ ਕਸ਼ਟਾਂ ਵਿਚ ਧਰਮ ਬਚਾਉਣ ਦਾ ਹੌਸਲਾ ਕਰਨਾ ਤਾਂ ਸਿੱਖਸੋ, ਪਰ ਮਿੱਠੀਆਂ ਛੁਰੀਆਂ ਤੋਂ ਬਚਣਾ ਬੀ ਸਿਖ ਲੈਣਾ ਚਾਹੀਦਾ ਹੈ । ਇਹ ਮਨੁਖਾ ਜਨਮ ਬੜਾ ਦੁਰਲੱਭ ਹੈ, ਇਸ ਵਿਚ ਧਰਮ ਦਾ ਬਚਾਉਣਾ ਹੀ ਸਾਡਾ ਭਾਰੀ ਕੰਮ ਹੈ । ਹੇ ਨਰਮ ਚਿਤ ਵਾਲੀਓ ਬੀਬੀਓ ! ਠੱਗ ਪੁਰਸ਼ ਸੁਹਣੀਆਂ ਸੂਰਤਾਂ ਬਣਾ ਕੇ ਕਈ ਪ੍ਰਕਾਰ ਦੇ ਦਾਓ ਪੇਚ ਖੇਡਦੇ ਹਨ; ਮਿਠੇ ਬਣਕੇ ਸਤਿਕਾਰ ਦੇ ਕੇ ਬਿਪਤਾ ਵਿਚ ਸਹੈਤਾ ਕਰ ਕਰ ਕੇ ਧਰਮੋਂ ਡੇਗਣ ਦਾ ਯਤਨ ਕਰਦੇ ਹਨ, ਪਰ ਸ਼ੀਲ ਕੌਰ ਵੱਲ ਦੇਖਕੇ ਤੁਸੀਂ ਧਰਮ ਵਿਚ ਪੱਕੀਆਂ ਰਹਿਣ ਦਾ ਯਤਨ ਕਰਨਾ। ਇਹ ਨਾ ਸਮਝਣਾ ਕਿ ਨਿਰੇ ਪਖੰਡੀ ਲੋਕ ਅਰ ਓਪਰੇ ਏਹ ਜਤਨ ਕਰਦੇ ਹਨ : ਨੇੜੇ ਦੇ ਸਾਕ, ਹੱਥਾਂ ਦੇ ਖਿਡਾਏ, ਘਰ ਦੇ ਲਾਗੀ, ਘਰਾਂ ਦੇ ਕਾਮੇ ਤੇ ਨੇੜੇ ਤੇੜੇ ਦੇ ਸੰਬੰਧੀ ਇਕੁਰ ਦੇ ਰੰਗ ਖੇਡਦੇ ਹਨ । ਪਰ ਖ਼ਬਰਦਾਰ ! ਇਸ ਕਲੂ ਕਾਲ ਵਿਚ ਕਿਸੇ ਗੱਲੇ ਧਰਮ ਨਹੀਂ ਹਾਰਨਾ । ਸੰਸਾਰਕ ਸੁਖ ਛਿਨ ਭੰਗਰ ਹਨ, ਸੰਸਾਰਕ ਸੁਖਾਂ ਦਾ ਅੰਤ ਕੌੜਾ ਹੈ, ਸੰਸਾਰ ਦੇ ਆਨੰਦ ਭੋਗਣ ਨਾਲ ਕਲੇਸ਼ ਹੁੰਦਾ ਹੈ, ਪਰ ਧਰਮ ਲੋਕ-ਪਰਲੋਕ ਦੇ ਸੁਖ ਦੇਣ ਵਾਲਾ ਹੈ, ਤਾਂ ਤੇ ਧਰਮ ਨੂੰ ਪਾਲੋ, ਧਰਮ ਦੀਆਂ ਖੁਸ਼ੀਆਂ ਭੋਗੋ, ਧਰਮ ਦਾ ਸੁਖ ਮਾਣੋ ! ਅਧਰਮ ਭਾਵੇਂ ਦੁਸ਼ਮਨ ਬਣ ਕੇ ਆਵੇ ਭਾਵੇਂ ਸੱਜਣ ਬਣ ਕੇ ਆਵੇ ਉਸ ਤੋਂ ਐਉਂ ਬਚੋ ਜਿਕੁਰ ਜ਼ਹਿਰੀ ਸੱਪ ਤੋਂ, ਚਾਹੇ ਉਹ ਘਰੋਂ ਨਿਕਲੇ ਚਾਹੇ ਉਹ ਬਾਹਰੋਂ ਆਵੇ, ਬਚਣੇ ਦਾ ਜਤਨ ਕਰੀਦਾ ਹੈ। ਇਹ ਨਾ ਸਮਝਣਾ ਕਿ ਸ਼ੀਲ ਕੌਰ ਡਰ ਗਈ. ਜਾਂ ਭਰਮ ਗਈ, ਉਹ ਸ਼ੇਰ ਦਿਲ ਐਸੀ ਨਹੀਂ ਸੀ ਪਰ ਉਸ ਦੇ ਹਿਰਦੇ ਦੇ ਕੋਮਲ ਤੇ ਬੁੱਧੀਮਾਨ ਹਿੱਸੇ ਨੇ ਝੱਟ ਸਮਝ ਲਿਆ ਸੀ ਕਿ ਮਿੱਠੀ ਛੁਰੀ ਅਗੇ ਕਾਇਮ ਰਹਿਣਾ ਨਿਰੇ ਬਲ ਦਾ ਕੰਮ ਨਹੀਂ, ਪਰ ਨਾਲ ਅਕਲ ਦੀ ਬੀ ਬਹੁਤ ਲੋੜ ਰਖਦਾ ਹੈ, ਇਸੇ ਲਈ ਚਾਹੀਦਾ ਹੈ ਕਿ ਸਭ ਦਾ ਮਨ ਸ਼ੀਲ ਕੌਰ ਵਰਗਾ ਬਹਾਦਰ ਤੇ ਦਾਨਾ ਹੋਵੇ ਜੋ ਵੈਰ ਜਾਂ ਪਿਆਰ, ਕਿਸੇ ਹੀ ਉਪਾਉ ਨਾਲ, ਵੈਰੀ ਦੇ ਕਾਬੂ ਨਾ ਚੜ੍ਹੇ ।

ਸੋਚ ਕਰਨ ਨਾਲ ਸ਼ੀਲ ਕੌਰ ਨੂੰ ਇਸ ਮਹਿਲ ਵਿਚੋਂ ਨਿਕਲਣਾ ਅਸੰਭਵ ਜਾਪਦਾ ਸੀ, ਵੈਰੀਆਂ ਤੋਂ ਛੁਟਕਾਰਾ ਕਠਨ ਦਿੱਸਦਾ ਸੀ । ਸੋਚਾਂ ਸੋਚਦੀ ਸੀ ਕਿਕੁਰ ਬੰਦਖ਼ਲਾਸ ਹੋਊ, ਅਕਲ ਕੋਈ ਰਸਤਾ ਨਹੀਂ ਦੇਂਦੀ ਸੀ । ਪਿਆਰਾ ਪੁਤ੍ਰ, ਮਾਂ ਦਾ ਦੁੱਖਾਂ ਸੁੱਖਾਂ ਦਾ ਸਹਾਰਾ ਬੈਠਾ ਹੈ, ਭਾਵੇਂ ਬਿਪਤਾ ਨੂੰ ਜਾਣਦਾ ਹੈ, ਇਹ ਭੀ ਸਮਝਦਾ ਹੈ ਕਿ ਵੈਰੀਆਂ ਵਿਚ ਬੈਠੇ ਹਾਂ,ਪਰ ਮਾਤਾਦੀ ਇਸ ਔਕੜ ਨੂੰ ਨਹੀਂ ਸਮਝ ਸਕਦਾ,ਪਿਆਰਦੇ ਸਾਮਾਨ ਦੇਖ ਦੇਖ ਤੇ ਮਾਂ ਦੀ ਉਦਾਸੀ ਤਾੜਕੇ ਹੈਰਾਨ ਹੁੰਦਾ ਹੈ । ਛੇਕੜ ਗਲੱਕੜੀ ਪਾਕੇ ਬੜੇ ਪਿਆਰ ਨਾਲ ਕਹਿੰਦਾ ਹੈ: ‘ਮਾਂ ਜੀ ! ਕਿਉਂ ਉਦਾਸ ਹੋ? ਗੁਰੂ ਦਾ ਸ਼ੁਕਰ ਕਰੋ ਜਿਸਨੇ ਬਿਪਤਾ ਵਿਚ ਸੁੱਖ ਦਿਖਲਾਇਆ ਹੈ ।’ ਇਸ ਧੰਨਵਾਦ ਅਰ ਇਸ ਭੋਲਾਪਨ ਨੇ ਮਾਂ ਦੇ ਹਿਰਦੇ ਵਿਚ ਮੋਹ ਸੋਮਾ ਖੋਲ੍ਹ ਦਿੱਤਾ,ਰੋਂਦੀ ਰੋਂਦੀ ਨੇ ਪਿਆਰੇ ਨੂੰ ਛਾਤੀ ਨਾਲ ਲਾਇਆ, ਅਰ ਸਿਰ ਉਸ ਦੀ ਛਾਤੀ ਧਰਕੇ ਉਸਦੇ ਚਿੱਤ ਨੂੰ ਪ੍ਰਸੰਨ ਕਰਨ ਵਾਲੀ ਚੀਜ਼ ਨੂੰ, ਜੋ ਮੋਟੀ “ਬੋਲੀ ਵਿਚ ਦਿਲਾਸਾ ਕਹਾਉਂਦੀ ਹੈ, ਲੱਭਣ ਲੱਗ ਪਈ । ਐਸੀ ਦਰਦ- ਨਾਕ ਦਸ਼ਾ ਦੇਖ ਕੇ ਸਭ ਬਾਂਦੀਆਂ ਉਠ ਗਈਆਂ ਅਰ ਨਵਾਬ ਪਾਸ ਜਾ ਦੱਸਿਆ। ਉਨ੍ਹਾਂ ਦੇ ਦੂਰ ਹੁੰਦੇ ਹੀ ਸ਼ੀਲ ਕੌਰ ਦੀ ਦੂਰੰਦੇਸ਼ੀ ਤੇ ਹੌਸਲਾ ਐਸਾ ਉੱਮਲ ਪਿਆ ਜਿਵੇਂ ਪਾਣੀ ਵਿਚ ਲੋਹੇ ਨਾਲ ਦੱਬੇ ਕਾਠ ਤੋਂ ਲੋਹਾ ਲਾਹੀਏ ਤਾਂ ਕਾਠ ਉੱਪਰ ਨੂੰ ਚੜ੍ਹ ਜਾਂਦਾ ਹੈ। ਮਾਂ ਪੁੱਤ ਨੇ ਬੂਹੇ ਮਾਰ ਲਏ, ਵੇਲਾ ਸੰਝ ਦਾ ਹੋ ਗਿਆ ਸੀ, ਅੰਦਰ ਬੈਠਕੇ ਬੜੇ ਪ੍ਰੇਮ ਨਾਲ ਰਹਰਾਸ ਦਾ ਪਾਠ ਕੀਤਾ, ਅਰਦਾਸਾ ਸੋਧਿਆ । ਆਹਾ, ਧੰਨ ਅਕਾਲ ਪੁਰਖ ਹੈ, ਜਿਸਦੇ ਅੱਗੇ ਪ੍ਰਾਰਥਨਾ ਕਰਨੇ ਨੇ ਐਸਾ ਅਚਰਜ ਅਸਰ ਕੀਤਾ ਕਿ ਉਹ ਨਿਰਾਸ ਹੋ ਰਹੀ ਸ਼ੀਲਾ ਆਪਣੇ ਖ਼ਾਲਸਈ ਜੌਹਰਾਂ ਵਿਚ ਦਮਕ ਉੱਠੀ। ਜਿਸ ਦਿਲ ਵਿਚੋਂ ਭਾਜੜ ਪਏ ਪਿੰਡ ਵਾਂਗ ਸੋਚ ਵਿਵੇਚਨਾ, ਅੱਗੋਂ ਕੀ ਕਰਨਾ ਹੈ, ਗੱਲ ਕੀ ਸਭ ਕੁਝ ਨੱਸ ਗਿਆ ਸੀ, ਹੁਣ ਐਦਾਂ ਦਾ ਹੋ ਗਿਆ,ਜਿੱਦਾਂ ਕਿਸੇ ਟੱਬਰ ਮੋਏ ਪੁਰਖ ਦਾ ਦਿਲ ਕਿਸੇ ਗੁਆਚੇ ਹੋਏ ਭਰਾ ਦੇ ਅਚਾਨਕ ਮਿਲ ਪੈਣ ਤੇ ਉਸਰੱਗੀ ਫੜ ਜਾਂਦਾ ਹੈ । ਹੁਣ ਸ਼ੀਲਾ ਨੂੰ ਚਾਰ ਚੁਫੇਰੇ ਪਰਮੇਸ਼ੁਰ ਦਿੱਸਦਾ ਹੈ, ਉਸਦੀ ਸੱਤਾ ਆਪਣੀ ਸਹਿਚਾਰ ਸਹੇਲੀ ਜਾਪਦੀ ਹੈ । ਹੁਣ ਸ਼ੀਲਾ ਐਸੀ ਪੱਕੀ ਉਮੈਦ ਵਿਚ ਆਨੰਦ ਹੋਈ ਹੈ ਕਿ ਕਰਤਾਰ ਕਦੇ ਮੈਨੂੰ ਨਹੀਂ ਛੱਡੇਗਾ ਅਰ ਕਦੇ ਪਾਪ ਵਿਚ ਡੁੱਬਣ ਨਹੀਂ ਦਏਗਾ।ਉਸਨੂੰ ਧਰਮਪਿਆਰਾ ਹੈ, ਉਹ ਮੇਰੇ ਧਰਮ ਨੂੰ ਜ਼ਰੂਰ ਬਚਾਵੇਗਾ । ਭਾਵੇਂ ਮੈਨੂੰ ਕੋਈ ਬਿਧੀ ਨਹੀਂ ਦਿੱਸਦੀ ਪਰ ਉਹ ਜ਼ਰੂਰ ਕੋਈ ਰਸਤਾ ਕੱਢੇਗਾ । ਸ਼ੁਕਰ ਅਰ ਭਰੋਸਾ ਪੂਰੀ ਨਿੰਮ੍ਰਤਾ ਨਾਲ ਸ਼ੀਲਾ ਦੇ ਹਿਰਦੇ ਵਿਚ ਕਰਤਾਰ ਦੇਘੱਲੇ ਹੋਏ ਸਿਪਾਹੀ ਬਣ ਕੇ ਆ ਖਲੋਤੇ ਹਨ। ਸ਼ੀਲਾ ਨੇ ਸੱਭੇ ਆਸਰੇ ਟੁੱਟੇ ਡਿੱਠੇ, ਸ਼ੀਲਾ ਨਿਰਾਸ ਹੋ ਗਈ,ਸ਼ੀਲਾ ਨੇ ਪ੍ਰਾਰਥਨਾ ਕੀਤੀ, ਸ਼ੀਲਾ ਦਾ ਵਾਲੀ ਕਰਤਾਰ ਹੋ ਗਿਆ।

“ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ ॥

ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ ॥

ਪਲ ਪਲ ਮਗਰੋਂ ਸ਼ੁਕਰ ਕਰਦੀ ਹੈ;

ਅਰ ਐਸੀ ਮਗਨ ਹੋਈ ਹੈ ਕਿ ਖੁਸ਼ੀ ਅਰ ਵੈਰਾਗ ਮਿਲਕੇ ਹੰਝੂਆਂ ਦਾ ਪ੍ਰਵਾਹ ਤੋਰ ਦਿੰਦੇ ਹਨ।

ਇਸ ਤਰ੍ਹਾਂ ਪ੍ਰਾਰਥਨਾ ਤੇ ਸ਼ੁਕਰ ਕਰਦਿਆਂ ਸ਼ੀਲਾ ਦੀ ਸਾਰੀ ਰਾਤ ਬੀਤੀ । ਦੁਨੀਆਂ ਦੇ ਲੋਕ ਬਿਪਤਾ ਦੀ ਰਾਤ ਤਾਰੇ ਗਿਣ ਗਿਣ ਕੱਟਦੇ ਹਨ ਸ਼ੀਲਾ ਨੇ ਉਨ੍ਹਾਂ ਪੱਥਰਾਂ ਤੇ ਅੱਗਾਂ ਵੱਲ ਤੱਕਣਾ ਛੱਡ ਕੇ ਉਨ੍ਹਾਂ ਨੂੰ ਪ੍ਰਕਾਸ਼ ਦੇਣੇ ਵਾਲੇ ਜਾਣਕੇ ਅਕਾਲ ਪੁਰਖ ਵੱਲ ਲਿਵ ਲਾਈ; ਉਸ ਨੇ ਈਸ਼੍ਵਰ ਗੁਣ ਗਿਣ ਗਿਣ ਕੇ ਰਾਤ ਕੱਟੀ ਤੇ ਉਸ ਦੀ ਬਿਰਦ ਦੀ ਪੈਜ ਰੱਖਣੇ ਵਾਲੀ ਸੱਤਾ ਦੀ ਅਰਾਧਨਾ ਕੀਤੀ । ਧੰਨ ਕਰਤਾਰ, ਜਿਸ ਨੇ ਉਸ ਦੀ ਟੇਕ ਰੱਖੀ। ਜਦੋਂ ਦਿਲ ਐਉਂ ਸਾਫ ਹੋ ਗਿਆ, ਰਬ ਦਾ ਆਸਰਾ ਜੀਉਂਦੀ ਸੱਯਾ ਹੋਕੇ ਅੰਦਰ ਭਰ ਗਿਆ ਤਾਂ ਬੁੱਧਿ ਬੀ ਸ਼ਫਾ ਹੋ ਕੇ ਕੰਮ ਕਰਨ ਲੱਗ ਪਈ ਤੇ ਉਸ ਨੂੰ ਆਪਣੀ ਖਲਾਸੀ ਦੀਆਂ ਸੋਝੀਆਂ ਸੁਝਾਉਣ ਲੱਗ ਪਈ ।

15  ਕਾਂਡ ।

ਮੀਰ ਮੰਨੂੰ ਦੀ ਬੇਗਮ ਮੁਰਾਦ ਬੇਗਮ ਜਿਸਨੂੰ ਕਈ ਇਤਿਹਾਸਕਾਰਾਂ ਨੇ ‘ਮੁਗਲਾਣੀ ਬੇਗਮ’ ਕਰਕੇ ਬੀ ਲਿਖਿਆ ਹੈ, ਬੜੀ ਚਲਾਕ ਅਰ ਸੁੰਦਰ ਇਸਤ੍ਰੀ ਸੀ । ਇਸ ਨੇ ਪਤੀ ਨੂੰ ਬੀ ਵੱਸ ਕਰ ਰਖਿਆ ਸੀ ਅਰ ਆਪਣੀ ਚਤੁਰਾਈ ਕਰ ਕੇ ਪਟਰਾਣੀ ਬਣ ਰਹੀ ਸੀ । ਉੱਪਰ ਲਿਖੀ ਰਾਤ ਮੰਨੂੰ ਨੇ ਉਸ ਦੇ ਚੁਬਾਰੇ ਸ਼ਰਾਬ ਬਹੁਤ ਪੀਤੀ ਸੀ ਅਰ ਨਸ਼ੇ ਦੇ ਸਰੂਰ ਵਿਚ ਬੇਗਮ ਨੇ ਉਸ ਨੂੰ ਐਉਂ ਉਂਗਲਾਂ ਤੇ ਨਚਾਇਆ ਕਿ ਸ਼ੀਲ ਕੌਰ ਨੂੰ ਸਿਖ ਕੈਦਣਾਂ ਵਿਚੋਂ ਕੱਢ ਲਿਆਉਣ ਦਾ ਅਰ ਉਸ ਨੂੰ ਬੇਗਮ ਬਨਾਉਣ ਦਾ ਸਾਰਾ ਕੱਚਾ ਚਿੱਠਾ ਕਹਿ ਬੈਠਾ। ਬੇਗਮ ਇਹ ਸੁਣ ਕੇ ਸੜ ਉੱਠੀ ਤੇ ਕਈ ਵਲਾਂ ਛਲਾਂ ਨਾਲ ਉਸ ਨੂੰ ਪੀਤੀ ਉਤੇ ਹੋਰ ਪਿਲਾਈ ਗਈ, ਜਦ ਪਤੀ ਬੇਸੁਧ ਹੋ ਗਿਆ ਤੇ ਰਾਤ ਵੀ ਅੱਧੀ ਬੀਤ ਗਈ ਤਾਂ ਬਾਹਰਲੇ ਛੱਜੇ ਪੁਰ ਆ ਬੈਠੀ ਤੇ ਮਨ ਨਾਲ ਗੋਂਦ ਗੁੰਦਣ ਲੱਗੀ ਕਿ ਇਸ ਨਵੀਂ ਸਿਰ ਤੇ ਪੈਣ ਵਾਲੀ ਬਲਾ ਤੋਂ ਕੀਕੂੰ ਬਚਾਂ ? ਬਹੁਤ ਵਿਚਾਰ ਕਰਕੇ ਚੁਪ ਕੀਤੀ ਦਬੇ ਪੈਰ ਕਬੂਤਰ ਫੜਨ ਵਾਲੀ ਬਿੱਲੀ ਵਾਂਗੂ ਮਹੱਲ ਦੇ ਉਸ ਹਿੱਸੇ ਵਿਚ ਗਈ, ਜਿਥੇ ਸ਼ੀਲਾ ਸੀ । ਬੂਹੇ ਤਾਂ ਬੰਦ ਸਨ, ਪਰ ਝੀਤਾਂ ਵਿਚੋਂ ਕੀ ਦੇਖਦੀ ਹੈ ਕਿ ਦੀਵਾ ਬਲ ਰਿਹਾ ਹੈ ਅਰ ਸ਼ੀਲਾ ਪ੍ਰਾਰਥਨਾ ਕਰ ਰਹੀ ਹੈ। ਕਿਸੇ ਵੇਲੇ ਕੋਈ ਮਤਲਬ ਬੀ ਸਮਝ ਆ ਜਾਵੇ। ਇਹ ਦੇਖ ਕੇ ਉਸ ਦਾ ਕਲੇਜਾ ਠੰਢਾ ਹੋ ਗਿਆ ਅਰ ਮਨ ਨੇ ਤਸੱਲੀ ਦਿਤੀ ਕਿ ਇਹ ਤਾਂ ਗ਼ਰੀਬ ਗਉ ਹੈ ਅਰ ਆਪਣੇ ਅੱਗੇ ਆਈ ਵਡਿਆਈ ਨੂੰ ਬਿਪਤਾ ਸਮਝ ਕੇ ਬਚਣੇ ਲਈ ਵਾਸਤੇ ਪਾ ਰਹੀ ਹੈ, ਇਸ ਨੂੰ ਨਜਿੱਠ ਲੈਣਾ ਸੌਖੀ ਗਲ ਹੈ। ਇਹ ਸੋਚ ਕੇ ਨਿਸਚਿੰਤ ਹੋ ਗਈ ਤੇ ਜਾ ਕੇ ਸੌਂ ਰਹੀ ।

ਉਧਰ ਸੂਰਜ ਨੇ ਸ਼ੁਕਰ ਵਰਗੀ ਆਪਣੀ ਇਕੋ ਅੱਖ ਖੋਲ੍ਹੀ, ਅਰ ਪਲਸੇਟੇ ਮਾਰਦੇ ਉਂਘਲਾਉਂਦੇ ਲੋਕਾਂ ਵੱਲ ਤਿੱਖੀ ਨਜ਼ਰ ਪਾਈ, ਉਧਰ ਮੁਰਾਦ ਬੇਗਮ ਨੇ ਦੋਵੇਂ ਅੱਖਾਂ, ਜੋ ਸੂਰਜ ਨਾਲੋਂ ਬੀ ਤਿੱਖੀਆਂ ਸਨ, ਖੋਲ੍ਹੀਆਂ ਅਰ ਟੋਟ ਤੇ ਨੀਂਦ ਦੀ ਹੁੱਟ ਵਿਚ ਅਕੜਾਉਂਦੇ ਪਤੀ ਵੱਲ ਘੂਰ ਕੇ ਡਿੱਠਾ, ਪਲੰਘ ਤੋਂ ਉੱਠੀ, ਅਰ ਪਤੀ ਨੂੰ ਪੱਖਾ ਕਰ ਕੇ ਸੁਆ ਦਿਤਾ, ਆਪ ਨਹਾ ਧੋ ਸੋਲਾਂ ਸ਼ਿੰਗਾਰ ਕਰ ਕੇ ਪਤੀ ਨੂੰ ਫੇਰ ਜਗਾਇਆ ਅਰ ਤਿਆਰ ਕਰਕੇ ਕੁਛ ਖੁਆ ਪਿਆ ਕੇ ਦੋ ਗੋਲੀਆਂ ਪਹਿਰੇਦਾਰ ਨਾਲ ਕਰਕੇ ਰਾਜ ਦਰਬਾਰ ਦੇ ਜ਼ਰੂਰੀ ਕੰਮਾਂ ਦੇ ਪੱਜ ਡਿਉਢੀਓਂ ਬਾਹਰ ਕੀਤਾ। ਅੱਗੋਂ ਦੋ ਬੇਗਮ ਦੇ ਭੇਤੀ ਅੜਦਲੀ ਨਾਲ ਹੋ ਤੁਰੇ । ਹਾਕਮ ਸਾਹਿਬ ਤਾਂ ਦਰਬਾਰ ਵਿਚ ਜਾ ਬੈਠੇ ਅਰ ਪੰਜਾਬ ਵਰਗੇ ਮੁਸ਼ਕਲਾਂ ਨਾਲ ਭਰੇ ਦੇਸ ਦੇ ਇੰਤਜ਼ਾਮ ਵਿਚ ਰੁੱਝ ਗਏ । ਉਧਰ ਬੇਗਮ ਸਾਡੀ ਸ਼ੀਲ ਕੌਰ ਪਾਸ ਪਹੁੰਚੀ ਤੇ ਉਸ ਨੂੰ ਗੱਲੀਂ ਬਾਤੀਂ ਛੇਤੀ ਪਰਚਾ ਲਿਆ।

ਬੇਗਮ-ਮੇਰੀ ਪਿਛਲੇ ਜਨਮ ਦੀ ਭੈਣ ! ਕਿੰਨੇ ਚਿਰਾਂ ਦੇ ਵਿਛੜੇ ਮਿਲੇ ਹਾਂ । ਅਸੀਂ ਪਿਛੋਂ ਇਕੋ ਹੀ ਹਾਂ । ਘਬਰਾ ਕੇ ਨਾ ਨਾ ਤੱਕੋ, ਮੈਂ ਸਚ ਕਹਿੰਦੀ ਹਾਂ। ਅਸੀਂ ਪਿਛੋਂ ਭੈਣਾਂ ਹਾਂ । ਮੈਂ ਖ਼ਬਰੇ ਕੀ ਖੋਟੇ ਕਰਮ ਕਰ ਬੈਠੀ ਜੋ ਤੁਰਕਾਂ ਦੇ ਘਰ ਜੰਮ ਪਈ, ਸੋ ਹੁਣ ਨਿਰਬਾਹ ਕਰਨਾ ਹੀ ਹੋਇਆ ਨਾ ? ਕੱਲ ਸੰਝ ਨੂੰ ਜਦ ਮੈਂ ਸੁਣਿਆ ਸੀ ਕਿ ਤੂੰ ਏਥੇ ਫਾਥੀ ਆਈ ਹੈਂ, ਮੇਰੇ ਪੈਰਾਂ ਹੇਠੋਂ ਮਿਟੀ ਨਿਕਲ ਗਈ । ਆਖਾਂ ਹਾਇ ਹਾਇ ! ਕੀ ਬਣੇਗਾ ! ਸਿਖਾਂ ਦੀਆਂ ਧੀਆਂ ਤਾਂ ਕਦੇ ਧਰਮ ਨਹੀਂ ਹਾਰਦੀਆਂ; ਕਿਤੇ ਵਿਚਾਰੀ ਨੂੰ ਜਿੰਦ ਨਾ ਦੇਣੀ ਪਵੇ । ਇਨ੍ਹਾਂ ਵਿਚਾਰਾਂ ਵਿਚ ਹੀ ਡੁਬਦੀ ਚਲੀ ਗਈ। ਫੇਰ ਮੈਂ ਲੁਕ ਕੇ ਤੈਨੂੰ ਵੇਖਣ ਆਈ । ਵੇਖਦਿਆਂ ਸਾਰ ਭੈਣੇ ! ਮੇਰੀਆਂ ਆਂਦਰਾਂ ਫੁਟ ਪਈਆਂ। ਕੋਈ ਅੰਦਰਲਾ ਮੋਹ ਜਾਗ ਪਿਆ, ਨਿਰੀ ਭੈਣ ਹੋ ਲੱਗੀਓਂ । ਮੈਂ ਓਸੇ ਵੇਲੇ ਜੀ ਵਿਚ ਠਾਣ ਲਈ ਭਈ ਮੇਰੀ ਜਿੰਦ ਜਾਏ, ਪਰ ਜਾਏ, ਐਪਰ ਇਸ ਧਰਮਾਤਮਾ ਦਾ ਸਤਿ ਧਰਮ ਜ਼ਰੂਰ ਬਚਾ ਦੇਣਾ ਹੈ । ਸੋ ਮੈਂ ਬਹਾਨੇ ਪਾ ਪਾ ਕੇ ਮਾਲਕ ਨੂੰ ਬਹੁਤੀ ਸ਼ਰਾਬ ਪਿਲਾ ਕੇ ਐਸਾ ਬੇਹੋਸ਼ ਕੀਤਾ ਕਿ ਤੁਹਾਨੂੰ ਉਹ ਭੁਲ ਹੀ ਗਿਆ।

ਸ਼ੀਲਾ (ਬੜੀ ਨਿੰਮ੍ਰਤਾ ਨਾਲ) —ਤੁਹਾਨੂੰ ਕਰਤਾਰ ਭਾਗ ਲਾਵੇ ਅਰ ਪ੍ਰਤਾਪ ਵਧਾਵੇ ਤੁਹਾਡਾ ਹੁਕਮ ਚੱਲੇ*, ਤੁਸੀਂ ਜੋ ਕੁਛ ਆਖਿਆਂ ਹੈ ਮੈਂ ਅਨਾਥਣੀ ਤੇ ਵੱਡੀ ਦਇਆ ਕੀਤੀ ਹੈ।

ਬੇਗਮ-ਬੀਬੀ ਕਾਹਦੀ ਦਇਆ ? ਪਰ ਦੇਖੋ ਨਾ, ਕੀ ਕਰੀਏ?

ਸਮਾਂ ਬੜਾ ਕਰੜਾ ਆ ਗਿਆ ਹੈ। ਅੱਜ ਕੱਲ ਸਿੱਧੇ ਮਾਰੇ ਜਾਂਦੇ ਹਨ, ਛਲ ਨਾਲ ਹੀ ਸੁਖ ਪਾਈਦਾ ਹੈ । ਤੁਸੀਂ ਤਾਂ ਖੁਦਾ ਦੇ ਪਿਆਰੇ ਲੱਗਦੇ ਹੋ, ਤੁਹਾਨੂੰ ਇਨ੍ਹਾਂ ਗੱਲਾਂ ਨਾਲ ਕੀ? ਪਰ ਅਸੀਂ ਦੁਨੀਆਂਦਾਰ ਲੋਕ ਤਾਂ ਐਉਂ ਹੀ ਜੀਉਂਦੇ ਹਾਂ-ਰੋਟੀ ਖਾਈਏ ਸ਼ੱਕਰ ਸਿਉਂ, ਦੁਨੀਆਂ ਖਾਈਏ ਮਕਰ ਸਿਉਂ । ਤੁਸੀਂ ਤਾਂ ਪਵਿੱਤ੍ਰ ਦੇਵੀ ਹੋ, ਮੇਰਾ ਜੀ ਕਰਦਾ ਹੈ ਕਿ ਤੁਹਾਡੇ ਚਰਨ ਚੁੰਮ ਲਵਾਂ ।

ਸ਼ੀਲਾ-ਸ੍ਰੀ ਵਾਹਿਗੁਰੂ ! ਬੇਗਮ ਜੀ ! ਤੁਸੀਂ ਤਾਂ ਹੋ ਦੇਸ਼ ਦੇ ਰਾਜੇ; ਅਸੀਂ ਭਾਵੇਂ ਹਾਂ ਤਾਂ ਸ਼ੇਰ ਸੁਭਾਉ ਵਾਲੇ ਪਰ ਇਸ ਵੇਲੇ ਹਾਂ ਤੁਹਾਡੇ ਕੈਦੀ, ਪਰ ਵੱਸ ਪਏ ਹੋਏ। ਉਤੋਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਮੇਰੇ ਧਰਮ ਦੀ ਰਾਖੀ ਕਰੋਗੇ, ਇਹ ਮੇਰੇ ਤੇ ਹਿਸਾਨ ਚਾੜ੍ਹ ਰਹੇ ਹੋ।

ਮੈਨੂੰ ਕੋਈ ਸੇਵਾ ਦੱਸੋ ?

ਬੇਗਮ-ਸੇਵਾ ਕੀ ਤੁਸੀਂ ਮੈਨੂੰ ਭੈਣ ਬਣਾ ਲਵੋ ਨਾ ।

ਸ਼ੀਲਾ-ਭੈਣਾਂ ਬਣਨਾ ਤਾਂ ਦੁਵੱਲੀ ਖੁੱਲ੍ਹ ਵਿਚ ਵਸਦਿਆਂ ਹੋ ਸਕਦਾ ਹੈ ਨਾਲੇ ਹੈਂਸੀਅਤ ਇਕੋ ਜੇਹੀ ਹੋਵੇ । ਹੁਣ ਤੁਸੀਂ ਬੇਗਮ ਤੇ ਮੈਂ ਕੈਦਣ !

ਬੇਗਮ-ਨਾ ਭੈਣ ! ਇਹ ਗੱਲਾਂ ਛੱਡ ਦਿਓ । ਤੁਸਾਂ ਦਾ ਅਸਲਾ ਸ਼ਰੀਫ ਹੈ, ਤੁਸੀਂ ਸੱਚੇ ਤੇ ਉੱਚੇ ਲਹੂ ਵਾਲੇ ਦਿੱਸ ਰਹੇ ਹੋ, ਕੈਦ ਤੁਹਾਡੀ ਮੁੱਕ ਚੁੱਕੀ ਹੈ । ਹੁਣ ਤੁਸੀਂ ਖੁਲ੍ਹ ਦੇ ਘਰ ਹੋ । ਹੁਣ ਮੈਨੂੰ ਭੈਣ ਬਣਾ ਲਓ । ਤੁਸੀਂ ਗੁਣਾਂ ਦੀ ਖਾਣ ਹੋ । ਤੁਹਾਡੇ ਆਸਰੇ ਕੁਝ ਮੈਂ ਵੀ ਸਿੱਖ ਮੱਤ ਪਾ ਲਵਾਂਗੀ ।

ਸ਼ੀਲਾ-ਮੈਂ ਕੌਣ ਵਿਚਾਰੀ ਹਾਂ ?

ਬੇਗਮ-ਹਠ ਛੱਡੋ, ਇਕ ਵੇਰੀ ਭੈਣ ਆਖੋ; ਨਹੀਂ ਤਾਂ ਤੁਹਾਡੇ ਸਿਰ ਦੀ ਸਹੁੰ ਮੈਨੂੰ ਪਾਣੀ ਪੀਣਾ ਹਰਾਮ ਜੇ ।

ਸ਼ੀਲਾ-ਸ੍ਰੀ ਵਾਹਿਗੁਰੂ ! ਮੈਥੋਂ ਇਹ ਨਾ ਅਖਵਾਓ, ਉਂਞ ਜੋ ਸੇਵਾ ਚਾਹੋ, ਜੇ ਉਹ ਖਰੀ ਹੋਵੇ ਤਾਂ ਮੈਂ ਨਾਬਰ ਨਹੀਂ ।

ਬੇਗਮ-ਆਓ ਫੇਰ ਜੇ ਨਹੀਂ ਕਹਿੰਦੇ, ਤਾਂ ਮੈਂ ਮੈਂ (ਹੱਥ ਕਟਾਰ ਦੇ ਦਸਤੇ ਤੇ ਜਾ ਪੁੱਜਾ) ।

  • ਸ਼ੀਲਾ-ਵਾਹਿਗੁਰੂ ਜੀ! ਹੈਂ ਇਹ ਕੀ ? (ਹੱਥ ਫੜ ਕੇ) ਭੈਣ ਕਹਿਣ ਵਿਚ ਮੈਨੂੰ ਕੋਈ ਉਜ਼ਰ ਨਹੀਂ, ਤੁਸੀਂ ਸਮਰੱਥ ਤੇ ਸੁਤੰਤਰ ਹੋ, ਨਿਬਾਹ ਸਕਦੇ ਹੋ, ਮੈਂ ਬੰਦੀ ਵਿਚ ਹਾਂ ਮੇਰਾ ਨਿਭਣਾ ਭੈਣ ਬਣ ਕੇ ਬਹੁਤ ਕਠਨ ਹੈ। ਮਿਤ੍ਰਤਾ ਬਰੱਬਰ ਦਿਆਂ ਵਿਚ ਤੇ ਖੁਲ੍ਹ ਵਿਚ ਪੁਗਦੀ ਹੈ । ਮੈਂ ਤੁਹਾਡੀ ਸੁਭਿਛਕ ਹਾਂ, ਪਰ ਭੈਣ ਮੂੰਹੋਂ ਨਾ ਕਢਵਾਓ ।

ਬੇਗਮ (ਕਟਾਰ ਕੱਢਕੇ)-ਐਹ ਲਓ, ਜੇ ਨਹੀਂ ਮੰਨਦੇ ਤਾਂ ਮੈਂ । ਸ਼ੀਲਾ (ਹੱਥ ਫੜ ਕੇ)-ਨਾ ਭੈਣ ! ਇਹ ਕੰਮ ਨਾ ਕਰ, ਮੈਨੂੰ ਜੋ

ਕਹੋ ਹਾਜ਼ਰ ਹਾਂ। ‘ਭੈਣ’ ਪਦ ਮੂੰਹੋਂ ਨਿਕਲਣ ਦੀ ਢਿੱਲ ਸੀ ਕਿ ਬੇਗਮ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ ਅਰ ਰੋ ਪਈ । ਪਿਆਰੀ ਭੈਣ ! ਮੇਰੇ ਦਿਲ ਦਾ ਦੁਖ ਵੰਡਣ ਵਾਲੀ ਦਰਦਣ ਮੇਰੇ ਪਾਸ ਕੋਈ ਨਹੀਂ ! ਮੇਰੇ ਉਦਾਲੇ ਨੌਕਰਾਣੀਆਂ ਤੇ ਮਤਲਬ ਨੂੰ ਪ੍ਯਾਰ ਕਰਨ ਵਾਲੀਆਂ ਬਤੇਰੀਆਂ ਹਨ, ਪਰ ਅੱਜ ਖੁਦਾ ਨੇ ਤੂੰ ਮੇਲੀ ਹੈਂ ਸ਼ੁਕਰ ਹੈ ਉਸ ਦੀ ਦਰਗਾਹ ਦਾ ਜਿਨ੍ਹ ਮੇਰੇ ਹਾਲ ਤੇ ਰਹਿਮ ਕੀਤਾ ਹੈ ।

ਸ਼ੀਲਾ-ਸ਼ੁਕਰ ਦੀ ਥਾਂ ਤਾਂ ਮੈਨੂੰ ਹੈ ਜਿਸ ਦਾ ਐਸ ਵੇਲੇ ਅਕਾਲ ਪੁਰਖ ਤੌਂ ਛੁੱਟ ਕੋਈ ਦਰਦੀ ਨਹੀਂ, ਸੋ ਉਸ ਮਿਹਰਾਂ ਵਾਲੇ ਸਾਂਈਂ ਨੇ ਐਸੀ ਔਕੜ ਦੇ ਵੇਲੇ ਤੁਹਾਨੂੰ ਮੇਰਾ ਸੱਜਣ ਬਣਾਇਆ ਹੈ ਕਿ ਜਿਸ ਵੇਲੇ ਕੋਈ ਕਿਸੇ ਦਾ ਨਹੀਂ ਬਣਦਾ। ਇਸ ਭਾਰੀ ਪ੍ਰਣ ਨੂੰ ਜੋ ਅੱਜ ਮੈਂ ਧਾਰ ਲਿਆ ਹੈ ਕਰਤਾਰ ਸਿਰੇ ਚੜ੍ਹਾਵੇ, ਮੇਰੇ ਵਿਚ ਸਮਰੱਥਾ ਨਹੀਂ, ਪਰ ਗੁਰੂ ਮੇਰੀ ਟੇਕ ਰੱਖੇ। ਹਾਂ, ਇਕ ਧਰਮ ਤੁਸੀਂ ਬੀ ਮੇਰੇ ਨਾਲ ਪਾਲਣ ਦਾ ਕੌਲ ਕਰੋ !

ਬੇਗਮ-ਦੱਸੋ ਭੈਣ ਜੀ ! ਮੈਂ ਤੁਸਾਂ ਦੇ ਸੁਖ ਵਿਚ ਸੁਖ ਮਨਾਵਾਂਗੀ। ਸ਼ੀਲਾ-ਇਸ ਕੈਦ ਵਿਚ, ਜਿਸ ਵਿਚ ਮੈਂ ਹਾਂ, ਮੇਰੇ ਸਤਿ ਧਰਮ ਦੀ ਰਾਖੀ ਤੁਸੀਂ ਕਰਨੀ ਹੋਵੇਗੀ। ਮੇਰੀ ਜਿੰਦ ਤਾਂ ਤੂੰ ਮੇਰੀ ਭੈਣਾਂ ਵਾਂਙੂ ਸਹਾਇਤਾ ਕਰੇਂਗੀ । ਜਾ ਕੇ ਬੀ ਜੇ ਧਰਮ ਬਚੇ

ਬੇਗਮ-ਅੱਲਾ ਮੇਰਾ ਜ਼ਾਮਨ । ਤੈਨੂੰ ਤੇ ਤੇਰੇ ਧਰਮ ਨੂੰ, ਜਦ ਤਾਂਈਂ ਮੇਰੇ ਦਮ ਵਿਚ ਦਮ ਹੈ ਤੱਤੀ ਵਾ ਨਾ ਲੱਗਣ ਦਿਆਂਗੀ ।

ਸ਼ੀਲਾ (ਅੱਖਾਂ ਮੀਟ ਕੇ)-ਸ਼ੁਕਰ ਹੈ ਮੇਰੇ ਸਿਰਜਣਹਾਰ ਅਕਾਲ ਪੁਰਖ ! ਤੂੰ ਧੰਨ ਹੈਂ, ਤੂੰ ਧੰਨ ਹੈਂ, ਤੂੰ ਬੰਦੀ ਛੋੜ, ਰਹਿਮ ਕਰ, ਮੇਰੇ ਸਾਂਈਆਂ ਜੀ ਨੂੰ ਬੀ ਹੱਥ ਦੇ ਕੇ ਰੱਖ ਤੇ ਮੈਨੂੰ ਮਿਲਾ ।

ਬੇਗਮ-ਭੈਣ ! ਤੇਰਾ ਪਤੀ ਕਿੱਥੇ ਹੈ ਤੇ ਕੀਕੂ ਵਿਛੁੜਿਆ ਸੀ ?

ਸ਼ੀਲਾ-ਝਨਾਂ ਦੇ ਕੰਢੇ ਇਕ ਨਗਰ ਦੇ ਹਾਕਮ ਨੇ ਮਾਰ ਮਾਰ ਕੇ ਮਰਨਾਉ ਕਰਕੇ ਕੈਦ ਪਾ ਦਿਤੇ ਸਨ, ਪਤਾ ਨਹੀਂ ਫੇਰ ਕੀ ਹੋਇਆ ? ਹਾਂ ! ਆਉਂਦੀ ਵੇਰ ਜੀਉਂਦੇ ਦਿੱਸ ਪਏ ਸਨ, ਪਰ ਗੱਲ ਬਾਤ ਨਹੀਂ ਹੋ ਸਕੀ (ਨੈਣ ਭਰ ਆਏ) ।

ਬੇਗਮ (ਅੱਖਾਂ ਪੂੰਝ ਕੋ)-ਭੈਣ ! ਰੋ ਨਾ, ਤੇਰਾ ਪਤੀ ਮੈਂ ਸਦਵਾ ਦਿਆਂਗੀ ਅਰ ਉਸ ਦਾ ਵਾਲ ਵਿੰਗਾ ਨਹੀਂ ਹੋਵੇਗਾ, ਹੁਣ ਸਮਝ ਕਿ ਸਭ ਬਿਪਤਾ ਦੂਰ ਹੋ ਗਈ।

ਸ਼ੀਲਾ-ਤੁਸੀਂ ਕਿੰਨਾ ਪਿਆਰ ਕਰਦੇ ਹੋ, ਪਰ ਇਕ ਰਾਤ ਤਾਂ ਤੁਹਾਡੀ ਕਿਰਪਾ ਨਾਲ ਬੀਤੀ, ਇਸ ਮਕਾਨ ਵਿਚ ਰਹਿ ਕੇ ਕਦ ਤਕ ਬੱਕਰੇ ਦੀ ਮਾਂ ਸੁਖਣਾ ਸੁਖ ਕੇ ਲੰਘਾਵੇਗੀ?

ਬੇਗਮ-ਪਿਆਰੀ ਭੈਣ ! ਜਦ ਤਕ ਮੇਰੇ ਦਮ ਵਿਚ ਦਮ ਹੈ ਕਿਸੇ ਦੀ ਮਜਾਲ ਹੈ ਕਿ ਤੁਹਾਡੀ ਵਾ ਵੱਲ ਬੀ ਤੱਕ ਸਕੇ ।

ਸ਼ੀਲਾ-ਕਰਤਾਰ ਤੈਨੂੰ ਭਾਗ ਲਾਵੇ ਤੇ ਆਪਣਾ ਭਉ ਬਖਸ਼ੇ ।

ਬੇਗਮ-ਭੈਣ ਜੀ!ਮੇਰੇ ਕਹੇ ਤੁਰੀ ਚੱਲਣਾ ਫੇਰ ਕੋਈ ਤੌਖਲਾ ਨਹੀਂ ।

ਇਸ ਪ੍ਰਕਾਰ ਗੱਲਾਂ ਬਾਤਾਂ ਕਰਕੇ ਬੇਗਮ ਵਿਦਾ ਹੋਈ। ਬੇਗਮ ਦੇ ਹੁਕਮ ਮੂਜਬ ਦੋ ਇਕ ਖਤ੍ਰਾਣੀਆਂ ਟਹਿਲਣਾਂ ਸੇਵਾ ਲਈ ਆ ਗਈਆਂ। ਮਾਂ ਪੁਤ ਨੇ ਇਸ਼ਨਾਨ ਕੀਤਾ, ਪ੍ਰਸ਼ਾਦ ਛਕਿਆ, ਕਪੜੇ ਵਟਾਏ। ਮੈਲੇ ਬਸਤਰ ਟਹਿਲਣਾਂ ਧੌਣ ਦੇ ਬਹਾਨੇ ਬੇਗਮ ਪਾਸ ਲੈ ਗਈਆਂ । ਮਾਂ ਪੁੱਤ੍ਰ ਨੇ ਸਾਰਾ ਦਿਨ ਸ਼ੁਕਰ ਕਰਕੇ ਬਿਤਾਇਆ। ਸੰਝ ਹੁੰਦੇ ਹੀ ਬੇਗਮ ਦੇ ਹੁਕਮ ਅਨੁਸਾਰ ਸ਼ੀਲ ਕੌਰ ਉਸ ਦਾਲਾਨ ਤੋਂ ਟਹਿਲਣਾਂ ਸਣੇ ਕਿਸੇ ਦੁਰਾਡੇ ਚੁਬਾਰੇ ਵਿਚ ਬਦਲੀ ਗਈ ।

ਸੰਝ ਹੋ ਗਈ, ਹਨੇਰਾ ਛਾ ਗਿਆ ਹਾਕਮ ਸਾਹਿਬ ਨੇ ਚੋਰ ਕੋਠੜੀ ਵਿਚ ਵੜ ਕੇ ਥੋੜੀ ਜਿਹੀ ਪੀਤੀ ਜਿਸ ਵੇਲੇ ਸਰੂਰ ਆਯਾ ਅਰ ਮਗ਼ਜ਼ ਨੇ ਗਰਮ ਹੋ ਕੇ ਆਤਸ਼ਬਾਜ਼ੀ ਦੇ ਚੱਕਰ ਵਾਂਗ ਚੱਕਰ ਖਾਧਾ, ਬਾਕੀ ਰਹੀ ਅਕਲ ਤੇ ਅਧ-ਮੋਈ ਦਇਆ ਉਸ ਗੇੜੇ ਵਿਚ ਗੇੜੇ ਖਾਣ ਲੱਗੀ, ਥਿੜਕਦੇ ਪੈਰੀਂ ਆਪ ਉਸ ਕਮਰੇ ਵੱਲ ਤੁਰੇ ਜਿੱਥੇ ਸ਼ੀਲਾ ਕੈਦ ਕਰਵਾਈ ਹੋਈ ਸੀ । ਜਾਂ ਅੰਦਰ ਵੜੇ ਤਦ ਕੀ ਦੇਖਦੇ ਹਨ ਕਿ ਉਨ੍ਹਾਂ ਹੀ ਮੈਲੇ ਬਸਤਰਾਂ ਵਿਚ ਉਹ ਘੁੰਡ ਕੱਢੀ ਬੈਠੀ ਹੈ । ਆਪ ਨੂੰ ਬੜਾ ਗੁੱਸਾ ਆਇਆ, ਗੋਲੀਆਂ ਨੂੰ ਮਾਰਿਆ ਕੁੱਟਿਆ, ਗਾਲ੍ਹਾਂ ਕੱਢੀਆਂ, ਕਮਰਿਓਂ ਕੱਢ ਦਿੱਤਾ। ਫੇਰ ਆਪ ਉਸ ਨੂੰ ਥਿੜਕਦੇ ਥਥਲਾਉਂਦੇ ਬੁਲਾਉਣ ਲੱਗੇ। ਘੁੰਡ ਵਿਚ ਲੁਕੀ ਤੇ ਸ਼ਰਮ ਵਿਖੇ ਡੁਬੀ ਤੇ ਕੰਬਦੀ ਨੇ ਇਕ ਨਾ ਮੰਨੀ। ਹਾਕਮ ਸਾਹਿਬ ਨੇ ਤਲਵਾਰ ਧੂ ਲਈ । ਹੁਣ ਉਹ ਹੱਥ ਜੋੜ ਕੇ ਪੈਰਾਂ ਤੇ ਡਿੱਗ ਪਈ, ਨਵਾਬ ਸਾਹਿਬ ਜਿੱਤੇ ਹੋਏ ਕੁਕੜ ਵਾਂਗ ਟੱਰਾ ਉਠੇ : ਦੇਖਾ ਹਮ ਨੇ ਅਪਨਾ ਹੁਕਮ ਪੂਰਾ ਕੀਆ-ਸਿਖ ਕੀ ਬੀਵੀ ਕੋ ਮਨਾ ਲੀਆ (ਥਿੜਕ ਕੇ ਝੋਕਾ ਖਾ ਕੇ) ਅਬ ਬੇਗਮ ਬਨਾਏਂਗੇ ਪੰਜਾਬ ਕੀ ਮਲਕਾ ਕਹਾਏਂਗੀ… । ਤੇ ਇਸ ਤਰ੍ਹਾਂ ਦੇ ਬਕਵਾਸ ਤੇ ਝੋਕਿਆਂ ਤੇ ਨਸ਼ੀਲੀਆਂ ਊਂਘਾਂ ਵਿਚ ਸੀ ਨਵਾਬ ਕਿ ਬੀਬੀ ਨੂੰ ਕਪੜੇ ਬਦਲਣੇ ਪਏ, ਅਰ ਸ਼ਿੰਗਾਰ ਲਾਉਣੇ ਪਏ, ਪਰ ਪਹਿਲੋਂ ਕਿਸੇ ਲੁਕਵੇਂ ਹੱਥ ਨੇ ਸ਼ਮਾ (ਦੀਵੇ) ਨੂੰ ਵੱਡਾ ਕਰ ਦਿੱਤਾ ਸੀ । ਹੁਣ ਰਾਤ ਇਸ ਤਰ੍ਹਾਂ ਬੀਤ ਗਈ ਜਿੱਕੁਰ ਕੋਈ ਕਾਲੇ ਰੰਗ ਦੀ ਬਿਜਲੀ ਦੁਪਹਿਰ ਵੇਲੇ ਧੁੱਪ ਰੂਪੀ ਬੱਦਲਾਂ ਵਿਚੋਂ ਦੌੜਕੇ ਐਉਂ ਗੁੰਮ ਹੋ ਜਾਵੇ ਜਿੱਕੁਰ ਯੋਗੀ ਪੁਰਖ ਦੇ ਹਿਰਦੇ ਵਿਚੋਂ ਸੰਗ ਦੋਖ ਕਰਕੇ ਮੰਦ ਵਾਸ਼ਨਾ ਇਕ ਝਲਕਾ ਦੇ ਕੇ ਕੁਸੰਗ ਦੂਰ ਹੋਏ ਤੇ-ਗੁੰਮ ਹੋ ਜਾਂਦੀਆਂ ਹਨ; ਮਾਨੋਂ ਕਮੀਲੇ ਦੀ ਅੱਗ ਭਬਾਕਾ ਦੇ ਕੇ ਸੁਆਹ ਹੋ ਗਈ, ਪਰ ਸੜਿਆ ਕੁਝ ਬੀ ਨਾਂ ।

ਜਾਂ ਦਿਨ ਹੋਇਆ ਬੇਗਮ ਵੈਸਾਖ ਦੇ ਨਵੇਂ ਚੜ੍ਹਦੇ ਸੂਰਜ ਵਾਂਗ ਚਮਕਦੀ ਸ਼ੀਲ ਕੌਰ ਦੇ ਕਮਰੇ ਵਿਚ ਗਈ, ਜੋ ਇਸ ਵੇਲੇ ਜਪੁਜੀ ਸਾਹਿਬ ਦੇ ਭੋਗ ਪਾਕੇ ਅਰਦਾਸਾ ਸੋਧ ਰਹੀ ਸੀ। ਦੋਵੇਂ ਸਹੇਲੀਆਂ ਪ੍ਰੇਮ ਨਾਲ ਮਿਲੀਆਂ, ਬੇਗਮ ਨੇ ਵਧਾਈ ਦਿੱਤੀ ਕਿ ਆਪ ਦੀ ਇਹ ਰਾਤ ਮੈਂ ਪੂਰੇ ਬਚਾਉ ਵਿਚ ਲੰਘਾ ਦਿੱਤੀ ਹੈ ਤੇ ਅੱਗੋਂ ਨੂੰ ਹੁਣ ਐਸਾ ਬਾਨ੍ਹਣੂ ਬੱਝ ਗਿਆ ਹੈ ਕਿ ਆਪ ਦਾ ਸ਼ੀਲ ਧਰਮ ਸਦਾ ਲਈ ਬਚ ਗਿਆ, ਆਪ ਜਲ ਵਿਚ ਕੌਲ ਫੁੱਲ ਦੀ ਤਰ੍ਹਾਂ ਰਹੋਗੇ, ਕੋਈ ਤੁਹਾਡੀ ਵਾ ਵੱਲ ਮੈਲੀ ਅੱਖ ਨਹੀਂ ਕਰ ਸਕੇਗਾ।

ਸ਼ੀਲਾ-ਭੈਣ ਜੀ ! ਮੈਂ ਆਪ ਦੀਆਂ ਦੇਣੀਆਂ ਕਿੱਥੋਂ ਦੇ ਸਕਦੀ ਹਾਂ ? ਆਪ ਤਾਂ ਕੋਈ ਮੈਨੂੰ ਮਾਂ ਮਿਲ ਪਏ ਹੋ । ਸ਼ੁਕਰ ਹੈ ਕਲਗੀਧਰ ਜੀ ਦਾ, ਜਿਨ੍ਹਾਂ ਤੁਹਾਡੇ ਹਿਰਦੇ ਵਿਚ ਮਿਹਰ ਪਾਈ, ਪਰ ਭੈਣ ਜੀ! ਮੈਨੂੰ ਦੱਸੋ ਤਾਂ ਸਹੀ ਕਿ ਤੁਸਾਂ ਕੀਕੂੰ ਮੇਰੀ ਰਾਖੀ ਕੀਤੀ?

ਬੇਗਮ-ਇਹ ਗੱਲ ਦੱਸਣ ਦੀ ਨਹੀਂ।

ਸ਼ੀਲਾ-ਮੈਂ ਹਠ ਨਹੀਂ ਕਰਦੀ, ਪਰ ਜੇ ਹਰਜ ਨਹੀਂ ਤਾਂ ਚਾ ਦੱਸੋ ।

ਬੇਗਮ-ਭੈਣ! ਤੇਰਾ ਮੇਰਾ ਹੁਣ ਇਕ ਭੇਤ ਹੈ,ਤੈਥੋਂ ਕੀ ਲੁਕਾਉ ਕਰਾਂ! ਮੇਰੇ ਪਤੀ ਦੇ ਭਾਣੇ ਤਾਂ ਉਹ ਤੁਹਾਨੂੰ ਰਾਣੀ ਬਣਾ ਬੈਠਾ ਹੈ, ਪਰ ਮੈਂ ਉਸ ਨਾਲ ਹੱਥ ਖੇਡਿਆ ਹੈ । ਆਪ ਦੇ ਕਪੜੇ ਪਹਿਨ ਗਮਰੁੱਠ ਬਣਕੇ, ਆਪ ਵਾਂਙੂ ਗੱਲਾਂ ਕਰਕੇ ਫਿਰ ਹਨੇਰੇ ਦੀ ਮੱਦਦ ਨਾਲ ਇਹ ਧੋਖਾ ਬਨਾਇਆ ਕਿ ਹੋਵਾਂ ਮੈਂ ਤੇ ਉਹ ਸਮਝੇ ਤੁਸੀਂ ਹੋ, ਸੋ ਪਤੀ ਨਸ਼ੇ ਵਿਚ ਮੈਨੂੰ ਨਹੀਂ ਪਛਾਣ ਸਕਿਆ। ਉਮੈਦ ਹੈ ਇਸ ਨਸ਼ੇ ਤੇ ਹਨੇਰੇ ਦੀ ਤੁਫੈਲ ਕੁਛ ਚਿਰ ਤਾਂ ਨਿਭ ਜਾਏਗੀ ਫੇਰ ਹੋਰ ਤਜਵੀਜ਼ ਸੋਚ ਰਹੀ ਹਾਂ, ਹਨੇਰਾ ਸਾਰੇ ਸੰਸਾਰ ਦਾ ਪਰਦੇ ਢੱਕ ਹੈ, ਜੋ ਲੋਕਾਂ ਦੇ ਕਰਮਾਂ ਤੇ ਪਰਦੇ ਪਾ ਕੇ ਭਲੇ ਬੁਰੇ ਨੂੰ ਇਕ ਸਮਾਨ ਕਰਨੇ ਵਾਲਾ ਹੈ । ਹਾਂ ਹਨੇਰਾ ਸਹਨਸ਼ੀਲਤਾ ਦਾ ਘਰ, ਮਹਿੰ ਵਰਗੇ ਜਿਗਰੇ ਵਾਲਾ ਹੈ। ਕੋਈ ਉਸ ਵਿਚ ਖੂਨ ਕਰੇ, ਡਾਕੇ ਮਾਰੇ, ਚੋਰੀ ਕਰੇ, ਕੋਈ ਭਜਨ ਕਰੇ, ਸਮਾਧੀ ਲਾਵੇ, ਕਿਸੇ ਨੂੰ ਨਿੰਦਦਾ ਸਲਾਹੁੰਦਾ ਨਹੀਂ, ਕਿਸੇ ਦਾ ਪਾਜ ਨਹੀਂ ਉਘੇੜਦਾ । ਸੂਰਜ ਅਰ ਚੰਦ ਦੀਆਂ ਨਜ਼ਰਾਂ ਪੜਦੇ ਪਾੜ ਹਨ, ਜੋ ਨਾ ਕੇਵਲ ਆਪ ਲੋਕਾਂ ਦੇ ਐਬ ਦੇਖਦੀਆਂ ਹਨ, ਸਗੋਂ ਬੜਬੋਲੇ ਦੀ ਜੀਭ ਵਾਂਙੂ ਸਾਰੇ ਜਹਾਨ ਵਿਚ ਨਸ਼ਰ ਕਰ ਦੇਂਦੀਆਂ ਹਨ । ਤਾਰਿਆਂ ਦੀਆਂ ਚੋਰ ਅੱਖਾਂ ਹਨ ਜੋ ਕੰਨਾਂ ਵਿਚ ਫੂਕਾਂ ਮਾਰਨ ਵਾਂਗ ਲੋਕਾਂ ਦੇ ਪਾਜ ਮਲਕੜੇ ਉਘੇੜ ਦਿੰਦੀਆਂ ਹਨ, ਪਰ ਹਨੇਰਾ ਬੜਾ ਬੀਬਾ ਰਾਣਾ ਹੈ, ਸਭ ਦੇ ਪੜਦੇ ਢਕ ਦੇਂਦਾ ਹੈ।

ਹਨੇਰਾ ਤਾਂ ਦੇਖਕੇ ਅਣਡਿੱਠ ਕਰਦਾ ਹੈ, ਪਰ ਹੋਰਨਾਂ ਦੀਆਂ ਨਜ਼ਰਾਂ ਤੋਂ ਬੀ ਪੜਦੇ ਪਾਉਂਦਾ ਹੈ। ਨਾ ਆਪ ਕਿਸੇ ਦੇ ਐਬ ਦੇਖਦਾ ਹੈ, ਨਾ ਕਿਸੇ ਨੂੰ ਦੇਖਣ ਦਿੰਦਾ ਹੈ। ਜਿਸ ਤਰ੍ਹਾਂ ਕੋਈ ਭਲਾ ਪੁਰਸ਼ ਕਿਸੇ ਨੂੰ ਨੰਗਾ ਉਘਾੜਾ ਦੇਖਕੇ ਆਪਣੀਆਂ ਅੱਖਾਂ ਨੀਵੀਆਂ ਕਰ ਲੈਂਦਾ ਹੈ; ਤਿਵੇਂ ਹਨੇਰਾ ਬੀਬੇ ਪੁਰਖ ਵਾਂਗ ਅੱਖਾਂ ਮੀਟ ਕੇ ਆਪਣੇ ਕਾਲੇ ਰਥ ਦੇ ਪਹੀਏ ਰੇੜ੍ਹੀ ਤੁਰਿਆ ਚਲਿਆ ਜਾਂਦਾ ਹੈ ਤੇ ਕਿਸੇ ਦੇ ਪਾਪ ਪੁੰਨ ਨੂੰ ਨਹੀਂ ਵੇਖਦਾ ਹਨੇਰਾ ਬੀਬਾ ਰਾਣਾ ਹੈ, ਭੈਣ ! ਏਸੇ ਹਨੇਰੇ ਨੇ ਤੇਰਾ ਧਰਮ ਬਚਾਇਆ । ਮੇਰੀ ਜਾਚੇ ਤਾਂ ਹਨੇਰਾ ਆਰਫ ਕਾਮਲ (ਬ੍ਰਹਮ ਗਿਆਨੀ) ਹੈ,ਨਹੀਂਨਹੀਂ ਹਨੇਰੇ ਵਿਚ ਤਾਂ ਉਹ ਗੁਣ ਹੈ। ਜੋ ਖੁਦਾ ਵਿਚ ਹੈ, ਖੁਦਾ ਸਭ ਦੇ ਪਾਪ ਪੁੰਨ ਨੂੰ ਜਾਣਦਾ ਹੈ ਪਰ ਪੜਚੌਲਦਾ ਨਹੀਂ, ਦੇਖਦਾ ਹੈ ਪਰ ਭੰਡਦਾ ਨਹੀਂ। ਪਾਪੀ ਪੁੰਨੀ ਸਭ ਦੇ ਖੇਤ ਤੇ ਇਕੋ ਜਿਹਾ ਮੀਂਹ ਵਸਾਉਂਦਾ ਹੈ। ਤਿਵੇਂ ਹਨੇਰਾ ਕਿਸੇ ਦੇ ਸਿਰੇ ਨਹੀਂ ਆਉਂਦਾ । ਹਾਂ, ਹਨੇਰੇ ਵਿਚ ਇਕ ਗੁਣ ਰੱਬ ਤੋਂ ਵੀ ਵਧੀਕ ਹੈ । ਰੱਬ ਦੇਖਦਾ ਹੈ, ਐਸਾ ਦੇਖਦਾ ਹੈ ਕਿ ਹੋਣ ਤੋਂ ਪਹਿਲੇ, ਹੋਣ ਵੇਲੇ ਅਰ ਹੋ ਚੁਕੇ ਤੋਂ ਮਗਰੋਂ ਸਭ ਕੁਝ ਜਾਣਦਾ ਹੈ; ਹਾਂ ਪਰ ਸਹਾਰਾ ਰੱਖਦਾ ਹੈ, ਐਪਰ ਧੰਨ ਹਨੇਰਾ ਜੋ ਲੋਕਾਂ ਦੇ ਪਾਪਾਂ ਨੂੰ ਦੇਖਣੋਂ ਅਰ ਸਮਝਣੋਂ ਬੀ ਨਾਂਹ ਕਰਦਾ ਹੈ, ਕਹਿੰਦਾ ਹੈ ਮੈਂ ਕਿਉਂ ਕਿਸੇ ਦੇ ਪਾਪ ਪੁੰਨ ਦਾ ਦੇਖਣਹਾਰ ਤੇ ਜਾਨਣਹਾਰ ਬਣਾਂ ? ਆਪਣੇ ਕਰਮਾਂ ਦਾ ਫਲ ਸਭ ਕੋਈ ਭੋਗਦਾ ਹੈ ਮੈਂ ਕਿਉਂ ਬੁਰੇ ਭਲੇ ਸਮਾਚਾਰ ਦੇਖਾਂ ਤੇ ਆਪਣੇ ਸਹਿਣ ਸ਼ੀਲਤਾ ਵਾਲੇ ਮਨ ਵਿਚ ਸ਼ੱਕ ਸ਼ੁਭੇ ਪੈਦਾ ਕਰਾਂ ਤੇ ਆਪਣੇ ਦਿਲ ਨੂੰ ਹੋਰਨਾਂ ਦੇ ਪਾਪਾਂ ਪੁੰਨਾਂ ਦਾ ਘਰ ਬਣਾ ਲਵਾਂ ।

ਐਸੀ ਚੰਚਲਤਾ ਅਰ ਪਰਮੇਸ਼ਰ ਦੀ ਬੇਅਦਬੀ ਦੇ ਨਾ ਸਹੇ ਜਾਣ ਵਾਲੇ ਬਚਨ ਸੁਣ ਕੇ ਸ਼ੀਲ ਕੌਰ ਘਬਰਾਈ, ਕੰਬੀ, ਕੁਛ ਬੋਲੀ, ਠਿਠਕੀ ਪਰ ਮਨ ਨੂੰ ਮੁੱਠ ਵਿਚ ਲੈ ਕੇ ਧੀਰਜ ਧਰ ਕੇ ਬੋਲੀ:-ਭੈਣ ਜੀ ! ਤੁਸਾਂ ਭਾਵੇਂ ਕਿਵੇਂ ਕੀਤਾ, ਮੇਰਾ ਭਲਾ ਹੀ ਹੋਇਆ । ਮੈਂ ਤੁਸਾਂ ਦੀਆਂ ਦੇਣੀਆਂ ਕਿਸੇ ਜੁਗ ਨਹੀਂ ਦੇ ਸਕਦੀ; ਪਰ ਭੈਣ ਕਿਹਾ ਜੇ ਤਾਂ ਇਕ ਗੱਲ ਮੇਰੀ ਭੀ ਸੁਣ ਲਵੋ; ਖ਼ੁਦਾ ਦੀ ਸ਼ਾਨ ਵਿਚ ਕਦੇ ਹਲਕੇ ਵਾਕ ਨਹੀਂ ਕਹੀਦੇ ।

ਬੇਗਮ-ਸੱਚ ਕਿਹਾ ਹਈ,ਸਾਡੇ ਵਿਚ ਬੀ ਇਹ ਗੱਲ ਮਨ੍ਹੇ ਲਿਖੀ ਹੈ।

ਇਸ ਪ੍ਰਕਾਰ ਦੀ ਚਲਾਕੀ ਤੇ ਵਲ ਛਲ ਦੀਆਂ ਗੱਲਾਂ ਕਰ ਕੇ ਬੇਗਮ ਚਲੀ ਗਈ ਤੇ ਸ਼ੀਲਾ ਪੁਤ੍ਰ ਸਮੇਤ ਹੱਥ ਜੋੜ ਕਰਤਾ ਪੁਰਖ ਅੱਗੇ ਪਰਮ ਅਧੀਨਗੀ ਨਾਲ ਬੇਨਤੀ ਕਰਨ ਲੱਗੀ ਕਿ “ਹੇ ਧਰਮ ਪੁੰਜ ਪਿਤਾ ! ਤੇਰੀ ਨਿੰਦਾ ਮੇਰੇ ਕੰਨਾਂ ਥਾਣੀਂ ਮੇਰੇ ਅੰਦਰ ਗਈ ਹੈ, ਸੋ ਆਪਣੀ ਪਰਮ ਕਿਰਪਾ ਨਾਲ ਮੇਰਾ ਹਿਰਦਾ ਸ਼ੁਧ ਕਰੋ, ਅਰ ਮੇਰੇ ਔਗੁਣ ਬਖਸ਼ੋ ? ਮੈਂ ਬੇਵਸ ਹੀ ਨਹੀਂ ਸਗੋਂ ਮੈਂ ਪਰਵਸ ਹਾਂ, ਮੇਰੇ ਤੇ ਆਪਣੀ ਮਿਹਰ ਕਰੋ ! ਅਤੇ ਕਿਸੇ ਖੁੱਲ੍ਹ ਵਿਚ ਵਾਸਾ ਦਿਓ ।”

ਉਧਰ ਦਰਬਾਰ ਦਾ ਹਾਲ ਸੁਣੋ, ਮੀਰ ਮੰਨੂੰ ਜਦੋਂ ਆਪਣੀ ਕਚਹਿਰੀ ਵਿਚ ਬੈਠਾ ਸੀ, ਤਦ ਸੂੰਹੀਆਂ ਵਿਚੋਂ ਇਕ ਨੇ ਆ ਪਤਾ ਦਿਤਾ ਕਿ ਮਾਝੇ ਵਿਚ ਸਿਖਾਂ ਦਾ ਇਕ ਟੋਲਾ ਇਕ ਥਾਵੇਂ ਲੁਕਿਆ ਹੋਇਆ ਹੈ। ਉਸ ਵੇਲੇ ਕੁਝ ਸੈਨਾਂ ਅਰ ਦਰਬਾਰੀ ਤਿਆਰ ਹੋ ਗਏ, ਉਧਰ ਨੂੰ ਕੁਚ ਬੋਲ ਗਿਆ । ਬੇਗਮ ਸਾਹਿਬ ਨੂੰ ਖ਼ਬਰ ਗਈ ਕਿ ਚਾਰ ਪੰਜ ਦਿਨ ਨਵਾਬ ਸਾਹਿਬ ਦੀ ਉਡੀਕ ਨਾ ਰੱਖਣ । ਇਹ ਖ਼ਬਰ ਸੁਣ ਕੇ ਬੇਗਮ ਤੇ ਸ਼ੀਲ ਕੌਰ ਅਚਿੰਤ ਹੋ ਗਈਆਂ।

ਨਵਾਬ ਸਾਹਿਬ ਰਸਤੇ ਵਿਚ ਸੈਰ ਤੇ ਸ਼ਿਕਾਰ ਕਰਦੇ ਗਏ, ਛੇਕੜ ਉਥੇ ਪਹੁੰਚੇ ਜਿਥੇ ਆਦਮੀਆਂ ਦਾ ਸ਼ਿਕਾਰ ਕਰਨਾ ਸੀ । ਪੰਡੋਰੀ ਪਿੰਡ ਦੇ ਲਾਗੇ ਇਕ ਕਮਾਦ ਦਾ ਭਾਰੀ ਖੇਤ ਸੀ, ਸਿੰਘ ਬਾਲ ਬਿਰਧ ਜੁਆਨ ਇਸ ਵਿਚ ਲੁਕੇ ਹੋਏ ਸੇ । ਇਹ ਵਿਚਾਰੇ ਝੱਲਾਂ ਰੁੱਖਾਂ ਵਿਚ ਛਿਪ ਕੇ ਸਮਾਂ ਕੱਟ ਰਹੇ ਸੇ । ਖਾਣੋਂ ਪੀਣੋਂ ਵੀ ਵਿਰਵੇ ਰਹਿ ਜਾਂਦੇ ਸਨ । ਕੰਡਿਆਂ ਤੇ ਮੌਸਮ ਦੀਆਂ ਕਰੜਾਈਆਂ ਨਾਲ ਕਪੜਿਆਂ ਦੀਆਂ ਲੀਰਾਂ, ਲਾੜੇ ਦੇ ਛਤਰ ਦੀਆਂ ਕਤਾਰਾਂ ਵਾਂਙ ਸ਼ੋਭ ਰਹੀਆਂ ਸਨ, ਹੁਣ ਏਥੇ ਆ ਲੁਕੇ ਸਨ ਅਰ ਗੁਰੂ ਮਹਾਰਾਜ ਜੀ ਦੇ ਅਰਦਾਸਿਆਂ ਵੱਲ ਝੁਕ ਰਹੇ ਸਨ ਕਿ ਅਚਾਨਕ ਇਨ੍ਹਾਂ ਦੇ ਸ਼ਿਕਾਰੀ ਪਹੁੰਚ ਪਏ। ਪਿੰਡ ਵਾਲੇ ਕੱਠੇ ਹੋ ਗਏ । ਸਾਰੇ ਹਾਹਾਕਾਰ ਕਰ ਰਹੇ ਸਨ। ਕਮਾਦ ਵਿਚ ਲੁਕਿਆਂ ਦੀਆਂ ਮਾਵਾਂ ਭੈਣਾਂ ਵਿਰਲਾਪ ਕਰ ਰਹੀਆਂ ਸਨ । ਕੁਛ ਸਿੰਘਣੀਆਂ ਸਣੇ ਰਤਨ ਸਿੰਘ ਭੰਗੂ ਜੀ ਦੀ ਮਾਤਾ ਦਾਦੀ ਦੇ, ਬੈਰਾਗੀ ਮਹੰਤ ਦਾਦੂ ਰਾਮ ਦੇ ਪੋਤਰੇ ਨੇ ਭਗਵੇਂ ਕਪੜੇ ਪੁਆ ਕੇ ਘਰ ਲੁਕਾ ਰੱਖੀਆਂ ਸਨ* । ਦੁਖੀਆਂ ਦੀ ਪੁਕਾਰ ਤੇ ਪਿੰਡ ਵਾਲਿਆਂ ਦੀ ਹਾਹਾਕਾਰ ਕੁਛ ਐਸੀ ਪਈ ਕਿ ਮੰਨੂੰ ਦਾ ਘੋੜਾ ਸੀਖ ਪਾ ਹੋ ਗਿਆ । ਮੰਨੂੰ ਡਿੱਗ ਪਿਆ ਅਰ ਇਕ ਪੈਰ ਰਕਾਬ ਵਿਚ ਫਸਿਆ ਰਿਹਾ ਤੇ ਘੋੜਾ ਉਠ ਭੱਜਾ* । ਟਿੱਬ ਖੜਿੱਬੀਆਂ ਥਾਵਾਂ ਵਿਚ ਪੱਕੇ ਹੋਏ ਹਦਵਾਣੇ ਵਾਂਗ ਮੋਟਾ * ਸਿਰ ਖਹਿ ਖਹਿ ਵੱਜਦਾ ਅਰ ਠਹਿਕਦਾ ਠਹਿਕਦਾ ਪਾਟਦਾ ਗਿਆ, • ਇੱਥੋਂ ਤੱਕ ਕਿ ਨੱਕ ਮੂੰਹ ਤੱਕ ਫਿਸ ਗਏ ਅਰ ਲਹੂ ਦੀ ਲੀਕ ਸਾਰੀ ਘਸੀਟ ਵਾਲੀ ਥਾਂ ਤੇ ਲੱਗਦੀ ਸ਼ਿੰਗਰਫ ਦੀ ਲਕੀਰ ਵਾਂਗ ਮੰਨੂੰ ਦੀ ਕਰਮ ਪੱਤ੍ਰੀ ਦੀ ਲੰਮਾਈ ਦੀ ਖ਼ਬਰ ਸੰਸਾਰੀਆਂ ਨੂੰ ਦੇ ਗਈ।

ਜਿੰਦੜੀ ਤਾਂ ਮੀਰ ਮੰਨੂੰ ਦੀ ਇਕੁਰ ਗਈ, ਹੁਣ ਦੇਹ ਦਾ ਹਾਲ ਸੁਣੋ :-ਜਦ ਸਾਥੀ ਉਸ ਮੁਰਦਾ ਲੋਥ ਨੂੰ ਲੈਕੇ ਸ਼ਹਿਰ ਪਹੁੰਚੇ ਅਰ ਮੌਤ ਦੀ ਸੋ ਪਾਣੀ ਤੇ ਪਏ ਤੇਲ ਵਾਂਙੂ ਫੈਲ ਗਈ, ਤਦ ਸਾਰੀਆਂ ਫੌਜਾਂ ਜੋ ਕਈ ਮਹੀਨੇ ਤੋਂ ਤਨਖਾਹ ਨੂੰ ਉਡੀਕ ਰਹੀਆਂ ਸਨ ਘੇਰਾ ਪਾ ਖਲੋਤੀਆਂ ਅਰ ਲੋਥ ਖੋਹ ਲਈ। ਮੁਰਾਦ ਬੇਗਮ ਨੂੰ ਕਹਾ ਭੇਜਿਆ ਕਿ ਤਿੰਨ ਲੱਖ ਰੁਪਯਾ ਤਨਖ਼ਾਹ ਦਾ ਸਾਡਾ ਤਾਰ ਦੇਵੇ ਤਾਂ ਲੋਥ ਮਿਲੇਗੀ । ਵਿਚਾਰੀ ਬੇਗਮ ਸਾਰੀ ਰਾਤ ਜੋੜ ਤੋੜ ਕਰਦੀ ਰਹੀ । ਜਦ ਦਿਨ ਨੂੰ ਬੇਗਮ ਨੇ ਤਿੰਨ ਲੱਖ ਰੁਪੱਯਾ ਦਿਤਾ* ਤਦ ਲੋਥ ਮਿਲੀ, ਜੋ ਫਿਰ ਪਾਤਸ਼ਾਹੀ ਧੂਮ ਧਾਮ ਨਾਲ ਦੱਬੀ ਗਈ।

16  ਕਾਂਡ ।

ਹੁਣ ਸਾਡੇ ਬਿਜੈ ਸਿੰਘ ਦੀ ਦਸ਼ਾ ਕੀ ਹੋਈ?

ਇਹ ਤਾਂ ਅਸੀਂ ਦੱਸ ਹੀ ਆਏ ਹਾਂ ਕਿ ਸਿੰਘ ਸਾਰੇ ਬਨਾਂ ਝੱਲਾਂ ਪਰਬਤਾਂ ਵਿਖੇ ਖਿੰਡ ਫੁੱਟੇ ਗੁਜ਼ਾਰਾ ਕਰ ਰਹੇ ਸਨ, ਅਰ ਬੈਠੇ ਸਮੇਂ ਵੱਲ ਤੱਕ ਰਹੇ ਸਨ ਕਿ ਕੋਈ ਦਾਉ ਨਿਕਲੇ ਤਾਂ ਦੇਸ਼ ਨੂੰ ਸੰਭਾਲੀਏ। ਇਨ੍ਹਾਂ ਦੇ ਲੁਕ ਜਾਣ ਵਿਚ ਪੰਥ ਦੇ ਕਿਰਤੀਆਂ ਜਾਂ ਗ਼ਰੀਬਾਂ ਦੀ, ਜੋ ਦਲਾਂ ਦੇ ਵਿਚ ਨਹੀਂ ਰਿਹਾ ਕਰਦੇ ਸਨ, ਬੜੀ ਦੁਰਦਸ਼ਾ ਹੋਇਆ ਕਰਦੀ ਸੀ। ਜਦ ਉਨ੍ਹਾਂ ਪਰ ਜ਼ੁਲਮ ਕਹਿਰ ਦੇ ਹੁੰਦੇ ਤਦ ਖਾਲਸੇ ਦੇ ਦਲ ਸਮਾਂ ਤਾੜ ਕੇ ਗੁੱਸਾ ਖਾ ਕੇ ਸ਼ੇਰਾਂ ਵਾਂਙ ਬਨਾਂ ਵਿਚੋਂ ਨਿਕਲ ਪੈਂਦੇ ਸਨ ਅਰ ਵੈਰੀਆਂ ਨਾਲ ਦੋ ਹੱਥ ਕਰ ਜਾਂਦੇ, ਆਪਣਿਆਂ ਨੂੰ ਬਚਾ ਲੈਂਦੇ ਤੇ ਦਰੋਹੀਆਂ ਨੂੰ ਪਛਾੜ ਦੇਂਦੇ। ਹੁਣ ਭੀ ਇਹੋ ਹਾਲ ਹੋਇਆ, ਘੋਰ ਅਕਾਚਾਰਾਂ ਤੇ ਸਿੰਘਣੀਆਂ ਦੇ ਦੁਖੜਿਆਂ ਦੀ ਖ਼ਬਰ ਜਦ ਸਿੰਘਾਂ ਵਿਚ ਫੈਲੀ ਅਰ ਬਿਜਲਾ ਸਿੰਘ ਆਦਿਕ ਨੇ ਦਰਦਨਾਕ ਹੋਣੀਆਂ ਦੇ ਸਮਾਚਾਰ ਕਹਿ ਸੁਣਾਏ ਤਦ ਖਾਲਸੇ ਦੇ ਦਿਲਾਂ ਵਿਚ ਰੋਹ ਉੱਤਰ ਆਇਆ ਅਰ ਹਰ ਜਗ੍ਹਾ ਇਹ ਉੱਦਮ ਹੋਇਆ ਕਿ ਇਕ ਵੇਰ ਲਾਹੌਰ ਪਹੁੰਚਣਾ ਚਾਹੀਏ । ਪਰ ਸਭ ਤੋਂ ਪਹਿਲੇ ਕ੍ਰੋੜਾ ਸਿੰਘ ਦਾ ਜਥਾ ਲਾਹੌਰ ਵੱਲ ਮੂੰਹ ਧਰ ਕੇ ਐਉਂ ਤੁਰਿਆ, ਜਿੱਕੁਰ ਦਰਿਯਾ ਦਾ ਹੜ੍ਹ ਤੁਰਦਾ ਹੈ । ਉਧਰੋਂ ਭਾਈ ਬਿਜੈ ਸਿੰਘ ਨੂੰ ਬੀ ਇਹ ਖ਼ਬਰ ਹੀ ਸਾਬਰਸ਼ਾਹ ਫਕੀਰ ਦੇ ਛੱਡੇ ਹੋਏ ਸੂੰਹੀਆਂ ਨੇ ਕਿ ਸ਼ੀਲ ਕੌਰ ਬੀ ਸਿੰਘਣੀਆਂ ਦੇ ਟੋਲੇ ਵਿਚ ਮਿਲੀ ਔਰ ਨਾਲ ਖਬਰ ਲਿਆ ਦੱਸੀ ਲਾਹੌਰ ਤਸੀਹੇ ਭੋਗ ਰਹੀ ਹੈ । ਹੁਣ ਸਿੰਘ ਹੋਰਾਂ ਪਾਸੋਂ ਸਬਰ ਕਰਨਾ ਕਠਨ ਹੋ ਗਿਆ। ਆਪ ਸਿੰਘਾਂ ਦੇ ਤਿਆਰੇ ਦੀ ਪੱਕੀ ਸੋ ਸੁਣ ਚੁਕੇ ਸਨ । ਸਾਬਰਸ਼ਾਹ ਨੂੰ ਵੈਰਾਗ ਵਿਚ ਛੱਡਕੇ ਸਿੰਘ ਹੋਰੀਂ ਕ੍ਰੋੜਾ ਸਿੰਘ ਦੇ ਦਲ ਵਿਚ ਆਣ ਰਲੇ । ਦਲ ਵਿਚ ਪਹੁੰਚਦੇ ਹੀ ਇਨ੍ਹਾਂ ਦੀ ਬੜੀ ਮਾਨਤਾ ਹੋਈ । ਇਨ੍ਹਾਂ ਦਾ ਜਸ ਤਾਂ ਸਾਰੇ ਵਿੱਦਤ ਹੀ ਸੀ ਅਰ ਸਭ ਸਿੱਖ ਅਮੀਰ ਦੇ ਪੁੱਤ ਦਾ, ਜਿਨ੍ਹਾਂ ਸਰਬ ਸੁੱਖ ਛੱਡ ਕੇ ਕੰਡਿਆਂ ਦੀ ਸੇਜ ਦੁਖੀਆਂ ਦੇ ਹਿੱਤ ਕਬੂਲੀ ਸੀ, ਦਰਸ਼ਨ ਕਰਨ ਦੇ ਅਭਿਲਾਖੀ ਹੋ ਰਹੇ ਸਨ । ਆਪੋ ਵਿਚ ਦੁਵੱਲੀ ਬੜੇ ਪਿਆਰ ਨਾਲ ਮਿਲੇ, ਜਾਣੋਂ ਸੱਕੇ ਵੀਰ ਹੁੰਦੇ ਹਨ। ਅਜ ਕਲ੍ਹ ਸਿੱਖਾਂ ਵੱਲ ਦੇਖੋ ਕਿ ਕੌਮੀ ਮੁਹੱਬਤ ਦਿਲਾਂ ਵਿਚੋਂ ਕੀਕੂੰ ਘਟ ਰਹੀ ਹੈ। ਸਿੱਖ ਦੇ ਕੋਲੋਂ ਸਿੱਖ ਮੋਢਾ ਖਹਿ ਕੇ ਐਉਂ ਆਕੜ ਨੂੰ ਲੰਘ ਜਾਂਦਾ ਹੈ ਜਿੱਕਰ ਕੋਈ ਸਤ ਓਪਰਾ ਹੁੰਦਾ ਹੈ। ਕਿੱਥੇ ਸਿੱਖ ਨੂੰ ਦੇਖਕੇ ਸਿੱਖ ਪ੍ਰਸੰਨ ਹੁੰਦੇ ਸਨ ਅਰ ਬਿਨਾਂ ਵਾਕਫ਼ੀ ਫ਼ਤਹ ਗਜਾ ਕੇ ਮਿਲਦੇ ਸਨ ਤੇ ਜੇ ਮੁਸ਼ਕਲ ਆ ਬਣੇ ਤਾਂ ਇਕ ਦੂਜੇ ਦੀ ਸਹਾਇਤਾ ਕਰਦੇ ਸਨ ।

ਗੱਲ ਕੀ ਹੁਣ ਖਾਲਸੇ ਦੇ ਦਲ ਆ ਨਿਕਲੇ, ਸੇਵਾ ਦਾ ਕੰਮ ਅਰ ਕੁਛ ਕੁ ਸਵਾਰਾਂ ਦੀ ਜਥੇਦਾਰੀ ਬਿਜੈ ਸਿੰਘ ਦੇ ਹੱਥ ਦਿੱਤੀ ਗਈ । ਖਾਲਸਾ ਬੜੇ ਬੜੇ ਬਚਾਵੇਂ ਰਸਤੀਂ ਕੂਚ ਕਰਦਾ ਕਰਦਾ ਇਕ ਦਿਨ ਪਹੁ ਫੁਟਾਲੇ ਤੋਂ ਅੱਗੇ ਹੀ ਲਾਹੌਰ ਦੇ ਲਾਗੇ ਜਾ ਪਹੁੰਚਾ* ਅਰ ਸਾਰੇ ਦੇ ਸਾਰੇ ਬਿਜਲੀ ਦੀ ਤਰ੍ਹਾਂ ਓਸ ਥਾਵੇਂ ਜਾ ਪਏ ਜਿਥੇ ਸਿੰਘਣੀਆਂ ਦੁਖੜੇ ਭਰ ਰਹੀਆਂ ਸਨ ।

ਪਹਿਰੇਦਾਰਾਂ ਵਿਚੋਂ, ਜਿਨ੍ਹਾਂ ਨੇ ਟਾਕਰਾ ਕੀਤਾ,ਇਸਤਰ੍ਹਾਂ ਕੱਟੇ ਗਏ,ਜਿਕੁਰ ਗਾਜਰਾਂ ਤੇ ਬਾਕੀ ਦੇ ਤੱਤ ਫੱਟ ਨੱਸ ਗਏ । ਬਿਜੈਮਾਨ ਖਾਲਸੇ ਦੇ ਸਰਦਾਰ ਉਸ ਦਲਾਨ ਵਿਚ ਇਕ ਨਿੱਕੀ ਕੰਧ ਢਾ ਕੇ ਜਾ ਵੜੇ, ਜੋ ਜਿਮੀਂ ਦੇ ਅੰਦਰ ਭੋਰੇ ਜਿਹੇ ਵਾਂਗ ਸੀ* । ਸਿੰਘਣੀਆਂ ਦੀ ਦਸ਼ਾ ਦੇਖ ਕੇ ਸਭ ਦੀਆਂ ਅੱਖਾਂ ਵਿਚੋਂ ਲਹੂ ਉਤਰ ਆਇਆ। ਬੱਚਿਆਂ ਦੇ ਟੁਕੜੇ ਖਿੱਲਰੇ ਹੋਏ, ਬਦਬੋ ਫੈਲੀ ਹੋਈ, ਇਨ੍ਹਾਂ ਵਿਚਾਰੀਆਂ ਦੀਆਂ ਮੁਸ਼ਕਾਂ ਕੱਸੀਆਂ ਹੋਈਆਂ, ਕਈ ਥੰਮ੍ਹਾਂ ਨਾਲ ਜਕੜੀਆਂ ਹੋਈਆਂ, ਕਈ ਮੋਈਆਂ ਪਈਆਂ, ਕਈ ਸਿਸਕ ਰਹੀਆਂ ਸਨ । ਕਪੜੇ ਵਿਚਾਰੀਆਂ ਦੇ ਲੀਰਾਂ ਨਾਲੋਂ ਬੀ ਪਰਲੇ ਪਾਰ, ਚਿਹਰੇ ਮਜਨੂੰ ਨਾਲੋਂ ਬੀ ਲਿੱਸੇ, ਪਰ ਜਿੱਕੁਰ ਮੋਏ ਸੱਪ ਦੀ ਬੀ ਮਣੀ ਚਮਤਕ੍ਰਿਤ ਰਹਿੰਦੀ ਹੈ, ਤਿਵੇਂ ਵਾਹਿਗੁਰੂ ਸ਼ਬਦ ਦੀ ਧੁਨਿ ਉਹਨਾਂ ਦੇ ਹਿਰਦਿਆਂ ਵਿਚੋਂ ਅਚਰਜ ਪਿਆਰ ਨਾਲ ਲਿਸ਼ਕ ਦੇ ਰਹੀ ਸੀ । ਬਿਜੈ ਸਿੰਘ ਦੀ ਫੁਰਤੀ ਤੇ ਸਾਥੀਆਂ ਦੀ ਚਲਾਕੀ ਨੇ ਝਟਪਟ ਮੁਸ਼ਕਾਂ ਕੱਟਣੀਆਂ ਸ਼ੁਰੂ ਕੀਤੀਆਂ, ਸਦਾਰ ਕ੍ਰੋੜਾ ਸਿੰਘ ਹੁਰੀਂ ਆਪਣੇ ਚਾਦਰੇ ਤੇ ਹੋਰਨਾਂ ਸਾਥੀਆਂ ਦੇ ਵਾਧੂ ਕਪੜੇ ਲੈ ਲੈ ਉਨ੍ਹਾਂ ਨੂੰ ਦੇਈ ਜਾ ਰਹੇ ਹਨ, ਜਿਨ੍ਹਾਂ ਦੇ ਕਪੜੇ ਫਟ ਫਟ ਕੇ ਪਿੰਡੇ ਨੂੰ ਲੁਕਾਉਣ ਜੋਗੇ ਬੀ ਨਹੀਂ ਰਹੇ ਹੋਏ । ਪਿਛਲੇ ਜੱਥੇਦਾਰਾਂ ਦੇ ਏਹ ਪਿਆਰ ਤੇ ਭਾਵਨਾਂ ਹੁੰਦੀਆਂ ਸਨ ਅੱਜ ਕੱਲ ਤਾਂ ਅਨੇਕਾਂ ਘਰਾਣੇ ਸ਼ਰਾਬ ਆਦਿ ਕੁਕਰਮਾਂ ਦੇ ਸ਼ਿਕਾਰ ਹੋ ਗਏ ਹਨ ਤੇ ਫੈਸ਼ਨਾਂ ਤੇ ਦਿਖਾਵਿਆਂ ਮਗਰ ਲੱਗ ਕੇ ਗਿਰ ਰਹੇ ਹਨ। ਕਈ ਅਯਾਸ਼ੀਆਂ ਵਿਚ ਪੈ ਕੇ ਜਗੀਰਾਂ ਤੇ ਵੱਡਿਆਂ ਦੀਆਂ ਕਮਾਈਆਂ ਰੁੜ੍ਹਾ ਰੁੜ੍ਹਾ ਕੇ ਕੰਗਾਲ ਹੋਈ ਜਾਂਦੇ ਹਨ।

ਇਸ ਵੇਲੇ ਸਿੰਘਾਂ ਦੀਆਂ ਅੱਖਾਂ ਦੀ ਪਵਿਤ੍ਰ ਅਰ ਨੀਵੀਂ ਦ੍ਰਿਸ਼ਟੀ ਸਿੰਘਣੀਆਂ ਦੀ ਸ਼ੁਕਰ-ਗੁਜ਼ਾਰੀ ਅਰ ਪ੍ਰਸੰਨਤਾਈ ਦੇਖਣ ਦੇ ਜੋਗ ਸੀ, ‘ਸਤਿ ਸ੍ਰੀ ਅਕਾਲ’ ਤੇ ‘ਵਾਹਿਗੁਰੂ ਜੀ ਕੀ ਫਤੇ’ ਤੇ ‘ਧੰਨ ਸਤਿਗੁਰ’ ਦੇ ਜੈਕਾਰੇ ਗੱਜ ਰਹੇ ਹਨ । ਸਾਰਾ ਕਾਰਜ ਫਤੇ ਹੋ ਗਿਆ। ਭਾਵੇਂ ਲਾਹੌਰ ਵਿਚ ਮੰਨੂੰ ਦੀ ਮੌਤ, ਮੰਨੂੰ ਦੀ ਫ਼ੌਜ ਤੇ ਮੰਨੂੰ ਦੀ ਬੇਗਮ ਤੇ ਉਮਰਾਵਾਂ ਦੇ ਝਗੜੇ ਹੋ ਰਹੇ ਸਨ,ਪਰ ਫੇਰ ਬੀ ਤੁਰਕਾਂ ਦੀ ਪਾਤਸ਼ਾਹੀ ਦੀ ਰਾਜਧਾਨੀ ਦੇ ਪਾਸ ਇਸ ਤਰ੍ਹਾਂ ਪਹੁੰਚ ਕੇ ਕਟਾ-ਵੱਢ ਕਰਨੀ ਭਾਰੀ ਦਲੇਰੀ ਦਾ ਕੰਮ ਸੀ ਅਰ ਚਾਰ-ਚੁਫੇਰੇ ਕਰੜੇ ਖ਼ਤਰੇ ਨਾਲ ਘਿਰੀ ਹੋਈ ਵਿਉਂਤ ਸੀ। ਇਸ ਲਈ ਬੜੀ ਫੁਰਤੀ ਨਾਲ ਇਕਇਕ ਜਣੇ ਨੇ ਇਕਇਕ ਭੈਣਨੂੰ ਘੋੜੇਤੇ ਨਾਲ ਬਿਠਾਲ ਲਿਆ, ਉਸ ਮਕਾਨ ਵਿਚ ਬਾਲਕਾਂ ਦੇ ਲੋਥੜੇ ਕੱਠੇ ਕਰ ਕੇ ਤੇ ਮੋਇਆਂ ਨੂੰ ਵਿਚ ਰੱਖ ਕੇ ਲੱਕੜ ਮੋੜੇ ਪਾ ਕੇ ਅੱਗ ਲਾ ਦਿੱਤੀ* ਅਰ ਝਟਪਟ ਤਿਲਕਦੇ ਹੋਏ । ਦੂਰ ਜਾਕੇ ਜੱਥੇ ਨੇ ਇਕ ਬਨ ਵਿਚ ਜਾ ਦਮ ਲੀਤਾ । ਰਸਤੇ ਵਿਚ ਇਕ ਪਿੰਡ ਵਿਚੋਂ ਰਸਤ ਪਾਣੀ ਲੈ ਗਏ। ਹੁਣ ਇਸ ਬਨ ਵਿਚ ਅੱਪੜਕੇ ਸਿੰਘਾਂ ਨੇ ਕਮਰ-ਕੱਸੇ ਖੋਲ੍ਹੇ ਅਰ ਰਾਵੀ ਦਰਿਯਾ ਵਿਚ, ਜੋ ਨਾਲ ਵਹਿ ਰਿਹਾ ਸੀ, ਇਸ਼ਨਾਨ-ਪਾਣੀ ਕੀਤੇ। ਵਿਚਾਰੀਆਂ ਸਿੰਘਣੀਆਂ ਨੂੰ ਮੁੱਦਤਾਂ ਮਗਰੋਂ ਜਲ ਨਸੀਬ ਹੋਇਆ,ਫੇਰ ਲੰਗਰ ਤਿਆਰ ਕੀਤਾ ਗਿਆ । ਪਹਿਲੇ ਸਿੰਘਣੀਆਂ ਨੂੰ ਛਕਾਇਆ ਗਿਆ, ਫੇਰ ਸਭ ਨੇ ਛਕਿਆ । ਜਦ ਸਭੇ ਪ੍ਰਸੰਨ ਹੋ ਗਏ ਤਦ ਸਰਦਾਰ ਕ੍ਰੋੜਾ ਸਿੰਘ ਅਰ ਬਿਜੈ ਸਿੰਘ ਨੇ ਛਕਿਆ,ਕਿਉਂਕਿ ਇਹ ਦੋਵੇਂ ਭਲੇ ਪੁਰਖ ਲੰਗਰ ਵਰਤਾਉਣ ਦੀ ਸੇਵਾ ਕਰ ਰਹੇ ਸਨ। ਕਿਉਂਕਿ ਸਿੱਖੀ ਦੇ ਅਸੂਲਾਂ ਮੂਜਬ ਜਥੇਦਾਰ ਬੀ ਸੇਵਾ ਨੂੰ ਜੀਵਨ ਸਫਲਤਾ ਸਮਝਦਾ ਹੈ। ਹੁਣ ਐਸਾ ਬਾਨ੍ਹਣੂ ਬੰਨ੍ਹਿਆ ਗਿਆ, ਜਿਸ ਨਾਲ ਹਰੇਕ ਸਿੰਘਣੀ ਨੂੰ ਉਸਦੇ ਪਿੰਡ ਟੱਬਰ ਟੋਰ ਵਿਚ ਪੁਚਾਇਆ ਗਿਆ । ਜਿਸ ਕਿਸੇ ਦੇ ਸੰਬੰਧੀਆਂ ਵਿਚੋਂ ਕੋਈ ਨਹੀਂ ਸੀ ਰਿਹਾ ਓਹ ਜੱਥੇ ਵਿਚ ਹੀ ਸੇਵਾ ਦੇ ਕੰਮ ਪਰ ਰਹੀ, ਅਰ ਆਪਣੇ ਭਰਾਵਾਂ ਦੀ ਬਿਪਤਾ ਵਿਚ ਹੱਥ ਵਟਾ ਕੇ ਜਨਮ ਮਰਨ ਸਵਾਰਦੀ ਰਹੀ । ਬਿਜੈ ਸਿੰਘ ਹੋਰਾਂ ਨੂੰ ਸ਼ੀਲ ਕੌਰ ਦਾ ਠੀਕ ਠੀਕ ਪਤਾ ਨਾ ਲੱਗਾ । ਇਹ ਤਾਂ ਖ਼ਬਰ ਮਿਲ ਗਈ ਸੀ ਕਿ ਮੰਨੂੰ ਉਸ ਨੂੰ ਕੈਦ ਵਿਚੋਂ ਮਹੱਲਾਂ ਵਿਚ ਲੈ ਗਿਆ ਸੀ, ਪਰ ਹੁਣ ਸੁਣਿਆਂ ਕਿ ਉਸ ਨੂੰ ਰਾਣੀ ਬਣਾ ਲਿਆ ਸੂ । ਇਸ ਖ਼ਬਰ ਨੂੰ ਸੁਣ ਕੇ ਕਿਸੇ ਨੂੰ ਨਿਸ਼ਚਾ ਨਾ ਆਇਆ ਕਿ ਇਹ ਗੱਲ ਸੱਚੀ ਹੋਵੇਗੀ। ਬਿਜੈ ਸਿੰਘ ਨੇ ਤਾਂ ਪੁਕਾਰ ਕੇ ਕਹਿ ਦਿੱਤਾ ਸੀ ਕਿ ਜੇ ਮੇਰੀ ਪਤਨੀ ਜੀਉਂਦੀ ਹੈ ਤਦ ਜ਼ਰੂਰ ਸਤਿ ਧਰਮ ਸਮੇਤ ਜੀਉਂਦੀ ਹੈ, ਜੇ ਮਰ ਚੁਕੀ ਹੈ ਤਦ ਧਰਮ ਨੂੰ ਨਾਲ ਲੈ ਕੇ ਗਈ ਹੈ, ਇਹ ਗੱਲ ਅਸੰਭਵ ਹੈ ਕਿ ਸਿੰਘਣੀ ਧਰਮ ਤਿਆਗ ਕੇ ਜੀਵੇ । ਲੋਕੀ ਤਾਂ ਜਿੰਦ ਦੇ ਆਸਰੇ ਜੀਉਂਦੇ ਹਨ ਪਰ ਸਿੰਘਾਂ ਦੀ ਜਿੰਦ ਧਰਮ ਹੈ, ਏਹ ਧਰਮ ਦੇ ਆਸਰੇ ਜੀਉਂਦੇ ਹਨ, ਜਦ ਮਰਦੇ ਹਨ ਤਦ ਧਰਮ ਨੂੰ ਨਾਲ ਲੈ ਜਾਂਦੇ ਹਨ, ਜੀਉਂਦੇ ਹਨ ਤਦ ਧਰਮ ਨੂੰ ਜਿੰਦ ਬਣਾ ਕੇ ਜੀਉਂਦੇ ਹਨ । ਇਹ ਕਦੀ ਨਹੀਂ ਹੋ ਸਕਦਾ ਕਿ ਧਰਮ ਹਾਰ ਕੇ ਕੋਈ ਸਿੰਘ ਜਾਂ ਸਿੰਘਣੀ ਜੀਉਂਦੀ ਰਹੀ ਹੋਵੇ ।

ਇਸ ਦਾ ਕਾਰਨ ਇਹ ਸੀ ਕਿ ਲੋਕ ਨਾਮ ਦੇ ਪਿਆਰੇ ਸਨ, ਬਾਣੀ ਇਨ੍ਹਾਂ ਦਾ ਆਧਾਰ ਸੀ । ਸਤਿਗੁਰਾਂ ਦੇ ਹੁਕਮ ਮੂਜਬ ਬਾਬੇ ਬੰਦੇ ਦੇ ਵੇਲੇ ਤੋਂ ਜਿਵੇਂ ਦਸਮੇਂ ਪਾਤਸ਼ਾਹ ਦੇ ਵੇਲੇ ਸੀ ਤਿਵੇਂ ਸਿੰਘਾਂ ਦੇ ਦਲਾਂ ਵਿਚ ਬਾਣੀ ਦੇ ਪਾਠ ਦਾ ਰੋਜ਼ਾਨਾ ਰਵੱਯਾ ਬੜਾ ਪੱਕਾ ਤੁਰਿਆ ਆ ਰਿਹਾ ਸੀ । ਬਾਣੀ ਨੇ ਆਪਣੀ ਰੰਗਣ ਚਾੜ੍ਹਣੀ ਹੀ ਹੋਈ, ਸੁੱਚਾ ਤੇ ਉੱਚਾ ਜੀਵਨ, ਕੁਰਬਾਨੀ ਤੇ ਪ੍ਯਾਰ ਬਾਣੀ ਨੇ ਭਰ ਹੀ ਦੇਣਾ ਹੋਇਆ।

ਮੀਰ ਮੰਨੂੰ ਦਾ ਮਰਨਾ ਜਾਂ ਸਾਰੇ ਦੇਸ਼ ਵਿਚ ਸੁਣਿਆਂ ਗਿਆ ਤਦ ਸਿੰਘ ਬਨਾਂ ਵਿਚੋਂ ਐਉਂ ਨਿਕਲ ਪਏ, ਜਿੱਕੁਰ ਰਾਤ ਬੀਤੀ ਤੇ ਸੂਰਜ ਨਿਕਲ ਪੈਂਦਾ ਹੈ । ਸਾਰੇ ਦੇਸ਼ ਵਿਚ ਇਕ ਤਰਥੱਲ ਮਚ ਗਿਆ । ਸਿੰਘਾਂ ਪਹਿਲੇ ਹੱਥ ਉਨ੍ਹਾਂ ਲੋਕਾਂ ਨੂੰ ਦੰਡ ਦਿਤੇ ਜਿਨ੍ਹਾਂ ਨੇ ਸ਼ਹਿਰ ਵਾਸੀ ਸਿੰਘਾਂ, ਸਿੰਘਾਂ ਦੇ ਬੱਚੇ ਤੇ ਤੀਵੀਆਂ ਫੜ ਫੜ ਮਾਰੇ ਤੇ ਮਰਵਾਏ ਸਨ, ਯਥਾ :- ਉਨ ਸਭ ਚੁਗਲੋਂ ਤਾਂਈਂ ਚੁਨ ਚੁਨ । ਮਾਯੋ ਲੂਯੋ ਘਰ ਸਿੰਘਨ ਪੁਨ । ਨੂਰ ਦੀਨ ਕੀ ਲੁਟੀ ਸਰਾਇ। ਸਿੰਘ ਕੋਟ ਮਾਸੋ ਫਿਰ ਧਾਇ । ਲੂ ਸਿੰਘਨ ਨਗਰ ਮਜੀਠਾ। ਮਾਯੋ ਜੰਡਿਆਲਾ ਫਿਰ ਨੀਠਾ। ਕਰਮੇ ਛੀਨੇ ਦਾ ਪਰਵਾਰ । ਮਾਰ ਲੂਟ ਕੈ ਕਯੋ ਖੁਆਰ । ਰਾਮੇ ਰੰਧਾਵੇ ਕਾ, ਗ੍ਰਾਮ । ਘਣੀਆਂ ਲੂਯੋ ਐਨ ਤਮਾਮ ‘ ਸੈਦੇ ਵਾਲੇ ਕਾ ਜਟ ਦ੍ਯਾਲਾ। ਪੈਂਚ ਨਿਬਾਹੂ ਭੂਰੇ ਵਾਲਾ। ਇਸਮਾਈਲ ਖਾਂ ਥਾ ਮੰਲੀਆ। ਆਕਲ ਦਾਸ ਮਹੰਤ ਹੰਦਾਲੀਆ। ਰੰਘੜ ਮਾਰੇ ਜਾ ਬੁਤਾਲੀਏ। ਸਿੱਧੇ ਕੀਤੇ ਜੱਟ ਬੁੰਡਾਲੀਏ। ਘੇਰ ਔਲੀਏ ਖਾਂ ਕੋ ਮਾਯੋ। ਹਸਨਾ ਭੱਟੀ ਜਮ ਘਰ ਬਾਰ੍ਯੋ । ਮਾਲ੍ਹ ਪੁਰੀਏ ਗੁਲਾਬੇ ਕੇਰੋ ! ਫਗਵਾੜਾ ਭੀ ਲੁਯੋ ਬਧੇਰੋ । ਇਤਿਆਦਿਕ ਠੌਰਨ ਕੇ ਲੋਗ । ਮੁਖਬਰ ਥੇ ਜੋ ਮਾਰਣ ਜੋਗ । ਸੋ ਮਾਰੇ, ਸਾਜਨ ਬਹੁ ਪਾਰੇ । ਮਾਰੇ ਪੈਂਚ ਨੁਸ਼ਹਿਰੇ ਵਾਰੇ । ਲਏ ਦੁਸ਼ਮਨੋਂ ਤੇ ਬਡ ਬਦਲੇ । ਸਿੰਘਨ ਮਾਰ ਮਚਾਯੋ ਗਦਲੇ ।

[ਪੰਥ ਪ੍ਰਕਾਸ਼ ਟਾਈਪ ਸਫਾ ੭੧੩

ਇਸ ਪ੍ਰਕਾਰ ਸਿੱਖਾਂ ਨੇ ਥਾਂ ਥਾਂ ਆਪਣੇ ਕੈਦੀ ਛੁਡਾਏ,ਅਪਰਾਧੀਆਂ ਨੂੰ ਦੰਡ ਦਿੱਤੇ ਤੇ ਫੇਰ ਦੇਸ਼ ਨੂੰ ਸੰਭਾਲਣ ਵੱਲ ਲੱਗ ਪਏ, ਪਰ ਉਧਰ ਮੁਰਾਦ ਬੇਗਮ ਬੜੀ ਚਲਾਕ ਜਬੇ ਵਾਲੀ ਅਰ ਦਨਾ ਤ੍ਰੀਮਤ ਸੀ । ਉਸ ਨੇ ਪਤੀ ਦੇ ਮਰਦੇ ਹੀ ਸਾਰੇ ਦਰਬਾਰੀਆਂ, ਅਮੀਰਾਂ ਤੇ ਵਜ਼ੀਰਾਂ ਨੂੰ ਆਪਣੇ ਨਾਲ ਗੰਢ ਲਿਆ ਸੀ ਅਰ ਆਪਣੇ ਤਿੰਨ ਵਰ੍ਹੇ ਦੇ ਨਿਆਣੇ ਪੁੱਤ੍ਰ ਨੂੰ ਗੱਦੀ ਉਤੇ ਬਿਠਾਲ ਕੇ ਆਪ ਸਰਬਰਾਹ ਬਣ ਕੇ ਰਾਜ ਕਰਨ ਲੱਗ ਗਈ। ਇਸ ਨੇ ਆਪਣੇ ਵਕੀਲ ਕਾਬੁਲ ਦੁਰਾਨੀ ਪਾਤਸ਼ਾਹ ਵੱਲ ਚੋਰੀ ਚੋਰੀ ਘੱਲ ਦਿੱਤੇ ਕਿ ਆਪ ਪੰਜਾਬ ਦੀ ਨਵਾਬੀ ਮੇਰੇ ਪੁਤ੍ਰ ਦੇ ਹੱਕ ਵਿਚ ਮੇਰੀ ਸਰਬਰਾਹੀ ਹੇਠਾਂ ਕਰ ਦਿਓ । ਇਸੇ ਤਰ੍ਹਾਂ ਇਸ ਨੇ ਦਿੱਲੀ ਦੇ ਪਾਤਸ਼ਾਹ ਵੱਲ ਚੋਰੀ ਵਕੀਲ ਘੱਲ ਦਿਤੇ ਕਿ ਲਾਹੌਰ ਦੀ ਸੂਬੇਦਾਰੀ ਮੇਰੇ ਪੁੱਤ੍ਰ ਦੇ ਨਾਮ ਹੀ ਕਰ ਦਿਓ। ਇਉਂ ਦੋਹਾਂ ਪਾਤਸ਼ਾਹਾਂ ਨੇ ਬੇਗਮ ਦੇ ਪੁੱਤ ‘ਅਮੀਨੁੱਦੀਨ’ ਨੂੰ ਸੂਬੇਦਾਰ ਅਰ ਬੇਗਮ ਨੂੰ ਸਰਬਰਾਹ ਮੰਨ ਕੇ ਖਿਲਅਤ ਤੇ ਪਰਵਾਨੇ ਭੇਜ ਦਿੱਤੇ*।ਕਾਰਨ ਇਹ ਸੀ ਕਿ ਕਾਬਲ ਵਾਲਾ ਲਾਹੌਰ ਨੂੰ ਆਪਣੀ ਰਿਆਸਤ ਅਰ ਦਿੱਲੀ ਵਾਲਾ ਆਪਣੀ ਰਿਆਸਤ ਜਾਣਦੇ ਸਨ । ਸੋ.ਪੰਜਾਬ ਦਾ ਰਾਜ ਉਹ ਕਰ ਸਕਦਾ ਸੀ ਜੋ ਦੋਹਾਂ ਨੂੰ ਪ੍ਰਸੰਨ ਰੱਖ ਸਕੇ ਰਾਜ ਕਾਜ ਸੰਭਾਲ ਕੇ ਬੇਗਮ ਦੇਸ਼ ਦਾ ਬਾਨ੍ਹਣੂ ਬੰਨ੍ਹਣ ਲੱਗੀ । ਸਭ ਤੋਂ ਭਾਰੀ ਦੁੱਖ ਸਿੱਖਾਂ ਦਾ ਸੀ ਸੋ ਮੋਮਨ ਖਾਂ ਨਾਇਬ ਨੂੰ ਫੌਜਾਂ ਦੇਕੇ ਅਮਨ ਕਰਾਉਣ ਵਾਸਤੇ ਲਾਇਆ ਤੇ ਭਿਖਾਰੀ ਖਾਂ ਨੂੰ-ਜਿਸ ਦੀ ਬਣਵਾਈ ਹੋਈ ਸੁਨਹਿਰੀ ਮਸੀਤ ਇਸ ਵੇਲੇ ਤਕ ਲਾਹੌਰ ਵਿਚ ਹੈ-ਵਜ਼ੀਰ ਮੁਕਰਰ ਕੀਤਾ । ਇਹ ਬੜਾ ਭਲਾ ਸੁੰਦਰ ਅਰ ਚਤੁਰ ਪੁਰਖ ਸੀ, ਇਸ ਦੀ ਸਲਾਹ ਨਾਲ ਬੇਗਮ ਦਾ ਰਾਜ ਪਤੀ ਵਾਂਗ ਹੀ ਤੁਰ ਪਿਆ।

ਸ਼ੀਲ ਕੌਰ ਤੇ ਉਸਦਾ ਲਾਲ ਮਹਿਲਾਂ ਵਿਚ ਹੀ ਰਹੇ। ਜਦੋਂ ਮੀਰ ਮੰਨੂੰ ਸ਼ਿਕਾਰ ਗਿਆ ਸੀ ਤਦ ਬੇਗਮ ਨੇ ਪੂਰਾ ਬਾਨ੍ਹਣੂ ਇਸ ਗੱਲ ਦਾ ਬੰਨ੍ਹ ਲਿਆ ਹੋਇਆ ਸੀ ਕਿ ਉਸ ਦੇ ਆਉਣ ਤੋਂ ਮੁਹਰੇ ਹੀ ਮਾਂ ਪੁੱਤਰ ਦਾ ਝਗੜਾ ਪਾਰ ਕਰ ਛੱਡੇ ਪਰ ਉਧਰੋਂ ਮੰਨੂੰ ਦੇ ਮਰ ਜਾਣ ਦੀ ਖ਼ਬਰ ਆ ਗਈ । ਹੁਣ ਬੇਗਮ ਨੂੰ ਆਪਣੀ ਬਨਾਵਟੀ ਭੈਣ ਦਾ ਆਪਣੇ ਪਾਸ ਰਹਿਣਾ ਇਕ ਸੁਖ ਤੇ ਆਸਰਾ ਹੋ ਦਿੱਸਿਆ। ਸ਼ੀਲ ਕੌਰ ਦੀ ਅਕਲ ਤੇ ਭਲਿਆਈ ਉਸ ਨੂੰ ਸਮਝੇ ਪੈ ਚੁਕੀਆਂ ਸਨ । ਸੋ ਹੁਣ ਉਸ ਦੀ ਸਲਾਹ ਮਤ ਵਰਤਣ ਲੱਗ ਪਈ । ਉਸਦੀ ਸੁਥਰੀ ਅਕਲ ਉਸ ਨੂੰ ਕਈ ਔਕੜਾਂ ਵਿਚ ਐਸੀਆਂ ਸਲਾਹਾਂ ਦੇਂਦੀ ਸੀ ਕਿ ਬੇਗਮ ‘ਵਾਹ ਵਾਹ’ ਕਰ ਉਠਦੀ ਸੀ । ਇਸ ਤਰ੍ਹਾਂ ਬੇਗਮ ਦੇ ਜੀ ਵਿਚ ਸ਼ੀਲ ਕੌਰ ਦਾ ਸਤਿਕਾਰ ਵਧਿਆ ਅਰ ਉਸ ਦੀ ਸੱਚੀ ਮੁਚੀ ਦੀ ਦਰਦਣ ਹੋ ਗਈ ! ਭਿਖਾਰੀ ਖਾਂ ਨੂੰ ਦਰਬਾਰੀ ਕੰਮਾਂ ਤੋਂ ਬਾਦ ਬੇਗਮ ਕਈ ਵਾਰ ਮਹਿਲਾਂ ਵਿਚ ਸੱਦ ਲਿਆ ਕਰਦੀ ਸੀ, ਪਰ ਸ਼ੀਲ ਕੌਰ ਨੇ ਸਮਝਾਇਆ ਕਿ ਇਸ ਦਾ ਅੰਤ ਬੁਰਾ ਨਿਕਲੇਗਾ ਅਰ ਰਾਜ ਭਾਗ ਨਹੀਂ ਰਹੇਗਾ। ਬੇਗਮ ਨੇ ਇਹ ਗੱਲ ਔਖੇ ਸੌਖੇ ਹੋ ਕੇ ਮੰਨ ਲਈ ਤਦ ਉਸਨੂੰ ਪਤਾ ਲੱਗਾ ਕਿ ਦਰਬਾਰੀ ਬੀ ਇਸ ਗਲ ਨੂੰ ਚੰਗਾ ਨਹੀਂ ਸਨ ਜਾਣਦੇ। ਇਸ ਪ੍ਰਕਾਰ ਦੀਆਂ ਉੱਤਮ ਸਲਾਹਾਂ ਨੇ ਸ਼ੀਲ ਕੌਰ ਨੂੰ ਕੈਦ ਵਿਚ ਬੀ ਅਮੀਰੀ ਤੇ ਪੁਚਾ ਦਿੱਤਾ ।

ਪਰ ਸ਼ੋਕ ! ਸ਼ੀਲ ਕੌਰ ਕਦੀ ਖਿੜ ਕੇ ਨਹੀਂ ਬੈਠੀ, ਸਦੀਵ ਕੁਮਲਾਈ ਹੋਈ ਰਹਿੰਦੀ। ਪਤੀ ਦਾ ਵਿਯੋਗ ਉਸ ਦੇ ਚਿੱਤ ਪੁਰ ਐਸਾ ਪੱਥਰ ਸੀ, ਜੋ ਹਿਰਦੇ ਨੂੰ ਉਮਗਣ ਨਾ ਦਿੰਦਾ। ਇਹ ਦੁੱਖ ਐਸਾ ਭਾਰਾ ਸੀ ਕਿ ਸ਼ੀਲ ਕੌਰ ਜੇ ਪਰਮੇਸ਼ੁਰ ਦੀ ਪਿਆਰੀ ਨਾ ਹੁੰਦੀ ਤਾਂ ਜ਼ਰੂਰ ਗ਼ਮ ਵਿਚ ਘੁੱਟ ਘੁੱਟ ਕੇ ਮਰ ਜਾਂਦੀ, ਪਰ ਭਾਣੇ ਮੰਨਣ ਦੇ ਜਤਨ ਨੇ ਉਸ ਦੇ ਸਰੀਰ ਤੇ ਆਤਮਾਂ ਦਾ ਵਿਯੋਗ ਨਹੀਂ ਹੋਣ ਦਿੱਤਾ । ਜਿੱਕੁਰ ਟਹਿਣੀਓਂ ਟੁੱਟੇ ਫੁੱਲ ਠੰਢੇ ਮੌਸਮ ਅਰ ਸੀਤਲ ਜਲ ਵਿਚ ਰੱਖੇ ਹੋਏ ਕਈ ਕਈ ਦਿਨ ਸੁਕਦੇ ਤਾਂ ਨਹੀਂ, ਪਰ ਟਾਹਣੀ ਵਾਲੇ ਜੋਬਨ ਤੇ ਖਿੜਾਉ ਵਾਲੇ ਵੀ ਨਹੀਂ ਰਹਿੰਦੇ, ਤਿਵੇਂ ਸ਼ੀਲਾ ਸੋਚਵਾਨ, ਪਰ ਸੁਥਰੇ ਮੱਥੇ ਵਾਲੀ, ਚਿੰਤਾਤੁਰ ਪਰ ਰੋਣਹਾਕੀ ਹੋਣ ਤੋਂ ਦੂਰ ਗ਼ਮ ਵਿਚ ਕੁੱਠੀ ਹੋਈ, ਪਰ ਕੋਲ ਬੈਠਿਆਂ ਨੂੰ ਢੱਠੀ ਹੋਈ ਨਾ ਲੱਗਣ ਵਾਲੀ ਦਸ਼ਾ ਵਿਚ ਰਹਿੰਦੀ ਸੀ । ਬੇਗਮ ਇਸ ਦੁੱਖ ਨੂੰ ਜਾਣਦੀ ਸੀ ਅਰ ਉਪਾਉ ਸੋਚਦੀ ਸੀ ਕਿ ਕਿਵੇਂ ਇਸ ਦਾ ਪਤੀ ਆ ਜਾਵੇ ਤਾਂ ਵਿਚਾਰੀ ਦਾ ਦੁੱਖ ਦੂਰ ਹੋ ਜਾਵੇ ਅਰ ਮੇਰਾ ਸੁਖ ਹੋਰ ਵਧ ਜਾਵੇ, ਕਿਉਂਕਿ ਉਸ ਨੂੰ ਅੰਤ੍ਰਿੰਗ ਸਹੇਲੀ ਤੇ ਸੱਚੀ ਦਰਦਣ ਇਸ ਨਾਲੋਂ ਵਧੀਕ ਸਿਆਣੀ ਅਰ ਪਿਆਰ ਵਾਲੀ ਲੱਭਣੀ ਔਖੀ ਸੀ । ਪਹਿਲਾਂ ਤਾਂ ਬੇਗ਼ਮ ਨੇ ਝਨਾਂ ਦੇ ਹਾਕਮ ਵਲੋਂ ਪਤਾ * ਮੰਗਵਾਇਆ, ਜਿਥੇ ਕਿ ਸਾਬਰ ਸ਼ਾਹ ਦੀ ਦੱਸ ਪਈ ਸੀ । ਉਥੋਂ ਪਤਾ ਲੱਗਾ ਕਿ ਬਿਜੈ ਸਿੰਘ ਕਿਤੇ ਜਥਿਆਂ ਵਿਚ ਚਲਾ ਗਿਆ ਹੈ ਇਸ ਲਈ ਬੇਗਮ ਨੇ ਬਿਜੈ ਸਿੰਘ ਦਾ ਹੁਲੀਆ ਤੇ ਅਤਾ ਪਤਾ ਦੇ ਕੇ ਪੰਜ ਸੱਤ ਸੂਹੀਏ ਛੱਡ ਦਿਤੇ ਜੋ ਸਿੰਘ ਹੁਰਾਂ ਦਾ ਪੂਰਾ ਪੂਰਾ ਪਤਾ ਕੱਢ ਦੇਣ ।

ਇਧਰੋਂ ਸਿੱਖਾਂ ਦੀਆਂ ਮੁੜ ਮੱਲਾਂ ਮਾਰਨ ਦਾ ਬਾਜ਼ਾਰ ‘ਗਰਮ ਹੋ ਰਿਹਾ ਸੀ । ਜੈਸਾ ਕਿ ਅਸੀਂ ਪਿਛੇ ਕਹਿ ਆਏ ਹਾਂ, ਜਿਸ ਲਈ ਬੇਗਮ ਨੇ ਮੋਮਨ ਖਾਂ ਦੇ ਸਪੁਰਦ ਗਸ਼ਤੀ ਫ਼ੌਜ ਕਰਕੇ ਦੇਸ਼ ਵਿਚ ਤੋਰੀ ਹੋਈ ਸੀ । ਕਈ ਥਾਈਂ ਮੁੱਠ ਭੇੜਾਂ ਹੋਈਆਂ, ਕਦੀ ਓਹ ਜਿੱਤੇ ਤੇ ਕਦੀ ਓਹ; ਛੇਕੜ ਸ਼ੇਖੂਪੁਰੇ ਕੋਲ ਮੋਮਨ ਖਾਂ ਦੇ ਭੜਕਾਏ ਹੋਏ ਜੱਟਾਂ ਨਾਲ ਸਿੰਘਾਂ ਦੇ ਇਕ ਟੋਲੇ ਦਾ ਟਾਕਰਾ ਹੋ ਗਿਆ ਜਿਸ ਵਿਚ ਪੰਜ ਚਾਰ ਚੰਗੇ ਸਿੰਘ ਸ਼ਹੀਦ ਹੋਏ । ਪਰ ਖਾਲਸੇ ਦੇ ਹੱਲੇ ਅੱਗੇ ਉਹ ਠਹਿਰ ਨਾ ਸਕੇ, ਪੈਰ ਹਿੱਲ ਗਏ ਅਰ ਮੈਦਾਨ ਖਾਲੀ ਛੱਡ ਕੇ ਨੱਸ ਗਏ। ਭਾਈ ਬਿਜੈ ਸਿੰਘ ਇਸ਼ ਜੰਗ ਵਿਚ ਅੱਗੇ ਵਧ ਵਧ ਕੇ ਲੜਦਾ ਰਿਹਾ ਸੀ । ਜਦ ਹੱਲਾ ਬੋਲਿਆ ਤਦ ਬੀ ਮੁਹਰੇ ਸੀ, ਉਸ ਘਮਸਾਣ ਵਿਚ ਇਕ ਤੁਰਕ ਦੀ ਤਲਵਾਰ ਪੱਟ ਤੇ ਲੱਗੀ; ਇਸ ਮਰਦ ਨੇ ਲੱਤ ਨੂੰ ਬੰਨ੍ਹ ਲਿਆ ਅਰ ਪੀੜ ਨਾ ਜਣਾਈ ਅਰ ਵਧ ਵਧ ਕੇ ਤਲਵਾਰ ਵਾਹੁੰਦਾ ਹੀ ਰਿਹਾ । ਛੇਕੜ ਉਸ ਦਾ ਘੋੜਾ ਘਾਇਲ ਹੋ ਕੇ ਇਕਲਵਾਂਜੇ ਜਿਹੇ ਇਕ ਟੋਏ ਵਿਚ ਢਹਿ ਪਿਆ। ਇਸ ਟੋਏ ਵਿਚ ਇੱਕ ਸਿੱਖ ਤੇ ਦੋ ਮੁਸਲਮਾਨ ਲੜਦੇ ਲੜਦੇ ਅੱਗੇ ਡਿੱਗੇ ਪਏ ਸਨ, ਜਿਨ੍ਹਾਂ ਦਾ ਸਮਾਚਾਰ ਇਹ ਸੀ:-ਸਿੰਘ ਤਾਂ ਪਹਿਲੇ ਕਈਆਂ ਦਾ ਆਹੂ ਲਾਹ ਚੁੱਕਾ ਸੀ, ਫੇਰ ਦੁਹਾਂ ਤੁਰਕਾਂ ਨੇ ਉਸ ਨੂੰ ਘੇਰ ਲਿਆ। ਤਲਵਾਰਾਂ ਤਿੰਨ ਦੀਆਂ ਟੁੱਟ ਜਾਣ ਕਰ ਕੇ ਹੱਥ ਪਲੱਥੇ ਤੇ ਦਾਉ ਘਾਉ ਦਾ ਘੋਲ ਹੀ ਹੁੰਦਾ ਰਿਹਾ। ਘੁਲਦੇ ਘੁਲਦੇ ਇਹ ਹੋਇਆ ਕਿ ਤਿੰਨੇ ਜਣੇ ਇਕ ਦੂਜੇ ਦੀਆਂ ਟੱਕਰਾਂ ਖਾ ਕੇ ਢਹਿ ਪਏ; ਸਿੰਘ ਜੀ ਤਾਂ ਗੁਰਪੁਰੀ ਸਿਧਾਰੇ ਤੇ ਤੁਰਕ ਦੋਵੇਂ ਰੇਤ ਪਰ ਮੱਛੀ ਵਾਂਗੂੰ ਤਿਲ ਬਿਲ ਕਰਦੇ ਪਏ ਸਨ ਕਿ ਜਦੋਂ ਸਾਡੇ ਸਿੰਘ ਹੁਰੀਂ ਘੋੜੇ ਸਣੇ ਆ ਡਿਗੇ । ਡਿੱਗਦੇ ਹੀ ਇਨ੍ਹਾਂ ਦੀ ਵੱਜ ਨੇ ਤੁਰਕਾਂ ਦਾ ਦਮ ਪੂਰ, T ਕਰ ਦਿੱਤਾ ਤੇ ਸਿੰਘ ਹੋਰੀਂ ਬੇਹੋਸ਼ ਹੋ ਗਏ। ਇਸ ਸਮਾਚਾਰ ਨੂੰ ਕਿਸੇ ਨਾ ਡਿੱਠਾ, ਸਿੰਘਾਂ ਦਾ ਟੋਲਾ ਤਾਂ ਤੁਰਕਾਂ ਨੂੰ ਨਸਾ ਭਜਾ ਕੇ ਤੇ ਉਨ੍ਹਾਂ ਦੇ ਗਿਰਾਵਾਂ ਨੂੰ ਜੋਗ ਡੰਡ ਦੇ ਕੇ ਹੋਰ ਪਾਸੇ ਹਰਨ ਹੋ ਗਿਆ ਤੇ ਕਾਹਲੀ ਵਿਚ ਇਸ ਵਿਚਾਰੇ ਦੀ ਕਿਸੇ ਨੂੰ ਸੋਝੀ ਨਾ ਰਹੀ। ਸਾਰੀ ਰਾਤ ਤਿੰਨ ਲੋਥਾਂ ਸਿਰ੍ਹਾਣੇ ਤੇ ਮੋਏ ਘੋੜੇ ਨਾਲ ਲੱਤ ਬੱਧੀ ਹੋਈ ਮੂਧੜੇ ਮੂੰਹ ਪਿਆਂ ਸਿੰਘ ਜੀ ਨੂੰ ਬੇਸੁਧੀ ਵਿਚ ਬੀਤ ਗਈ ।

ਸਿੱਖਾਂ ਦੇ ਸਾਕੇ,ਘਾਲਾਂ ਬਹਾਦਰੀਆਂ ਤੇ ਕਸ਼ਟਾਂ ਦੇ ਸਮਾਚਾਰ ਬਹੁਤ ਤਾਂ ਲਿਖੇ ਨਹੀਂ ਗਏ, ਪਰ ਜੋ ਰੱਤੀ ਰਵਾਲ ਲਿਖੇ ਵੀ ਗਏ ਸੋ ਸਿੱਖਾਂ ਦੀ ਅਨਗਹਿਲੀ ਕਰਕੇ, ਲਿਖਤੀ ਇਤਿਹਾਸਾਂ ਵਿਚ ਲੁਕੇ ਪਏ ਹਨ, ਜੋ ਲੱਭਣੇ ਔਖੇ ਹੋ ਰਹੇ ਹਨ, ਇਸ ਲਈ ਸਿੱਖਾਂ ਨੂੰ ਆਪਣੇ ਪਿੱਛੇ ਦੀ ਖ਼ਬਰ ਨਹੀਂ ਜਿਸ ਪਰ ਫ਼ਖ਼ਰ ਕਰਨ । ਅਨਜਾਣ ਸਿੱਖ ਭੁਲੇਖੇ ਖਾ ਰਹੇ ਹਨ। ਦੇਖੋ ਇਸ ਵੇਲੇ ਸਿੰਘ ਜੀ ਕੀਕੂੰ ਆਪਣੇ ਜਿਗਰ ਦੇ ਲਹੂ ਦੇ ਪਿਆਲੇ ਪੀ ਕੇ ਟੋਇਆਂ ਵਿਚ ਲੋਥਾਂ ਦੀ ਸੋਜਾਂ ਵਿਛਾ ਕੇ ਸੌਂ ਰਹੇ ਹਨ। ਅਮੀਰੀਆਂ ਤੇ ਧਨ ਦੀਆਂ ਬਹਾਰਾਂ ਛੱਡ ਕੇ ਕਿੱਥੇ ਪਏ ਜਿੰਦਾਂ ਨੂੰ ਤੋੜ ਰਹੇ ਹਨ, ਜਿਥੇ ਆਪਣਾ ਯਾ ਪਰਾਇਆ ਕੋਈ ਪਾਸ ਨਹੀਂ ਹੈ । ਕਿਆ ਇਨ੍ਹਾਂ ਸੂਰਮਿਆਂ ਨੂੰ ਲੁਟ ਦਾ ਲਾਲਚ ਘਰਾਂ ਥੀਂ ਕੱਢਕੇ ਟੋਇਆਂ ਵਿਚ ਖਿੱਚ ਲਿਆਇਆ ਹੈ ? ਅਫਸੋਸ!ਸਿੱਖ ਲੋਕ ਇਤਿਹਾਸਕਾਰਾਂ ਦੇ ਪੁਸਤਕ ਪੜ੍ਹੇ ਬਾਝ ਹੀ ਰਾਇਆਂ ਕਾਇਮ ਕਰ ਲੈਂਦੇ ਹਨ। ਜ਼ਰਾ ਐਲਫਿਨਸਟਨ ਦੀ ਤਵਾਰੀਖ ਵਿਚ ਬੰਦੇ ਦੀ ਮੌਤ ਅਰ ੭੪੦ *ਸਿੱਖਾਂ ਦੀ ਸ਼ਹੀਦੀ ਦਾ ਹਾਲ ਹੀ ਪੜ੍ਹੋ ਤਾਂ ਲੂੰ ਕੰਡੇ ਹੋ ਜਾਂਦੇ ਹਨ। ਕੀ ਇਹ ਲੋਕ ਭੰਗਾਂ ਪੀ ਕੇ ਸੌਂ ਰਹਿੰਦੇ ਸਨ, ਜਾਂ ਆਪਣੇ ਡੌਲਿਆਂ ਦੀ ਅਥੱਕ ਤਾਕਤ ਨਾਲ ਨੌਂ ਸਦੀਆਂ ਦੇ ਜ਼ੁਲਮਾਂ ਦਾ ਖੁਰਾ ਖੋਜ ਮਿਟਾ ਕੇ ਇਸ ਵੇਲੇ ਅਨ੍ਯਾਈ ਰਾਜ ਦੀ ਮਿੱਟੀ ਉਡਾ ਰਹੇ ਸਨ? ਬੇਸ਼ਕ ਸਿੱਖਾਂ ਨੇ ਤਦੋਂ ਹਿੰਦੁਸਤਾਨ ਤੋਂ ਬਾਹਰ ਕਦਮ ਨਹੀਂ ਪੁੱਟਿਆ, ਪਰ ਕਦੇ ਕਿਸੇ ਨੇ ਇਹ ਭੀ ਸੋਚਿਆ ਹੈ ਕਿ ਪੰਜਾਬ ਉਸ ਸਮੇਂ ਕੀਹ ਵਸਤੂ ਸੀ ? ਅਹਿਮਦਸ਼ਾਹ ਅਬਦਾਲੀ ਵਰਗਾ ਜ਼ਬਰ- ਦਸਤ ਹਮਲੇ ਕਰਨਵਾਲਾ ਸਾਹਸੀ ਗੁਆਂਢ ਬੈਠਾ ਸੀ । ਇਸਦੇ ਮਾਤਹਿਤ ਬੜੇ ਬੜੇ ਤਕੜੇ ਤਾਕਤਵਾਰ ਪਠਾਣ ਸਨ । ਅਫਗਾਨਿਸਤਾਨ ਤੇ ਸਰਹੱਦ ਇਸ ਦੇ ਕਬਜ਼ੇ ਵਿਚ ਸਨ । ਲੱਖਾਂ ਫੌਜਾਂ ਅਨੇਕਾਂ ਵਾਰ ਲਿਆ ਕੇ ਇਸ ਨੇ ਦੇਸ਼ ਲੁਟਿਆ ਸੀ । ਫੇਰ ਲਾਹੌਰ ਛੱਡ ਕੇ ਇਲਾਕੇ ਇਲਾਕੇ ਪਰ ਜ਼ਬਰਦਸਤ ਹਾਕਮ ਸਨ ਅਰ ਪੱਤਾ ਪੱਤਾ ਸਿੱਖਾਂ ਦਾ ਵੈਰੀ ਸੀ । ਨਾ ਇਲਾਕਾ, ਨਾ ਰਿਆਸਤ, ਨਾ ਖਜ਼ਾਨੇ, ਕੋਈ ਠਾਹਰ ਨਹੀਂ, ਕੋਈ ਸਹਾ- ਇਤਾ ਨਹੀਂ, ਕੋਈ ਮਿੱਤਰ ਨਹੀਂ, ਮੁਸਲਮਾਨ ਹਿੰਦੂ ਸਭ ਵੈਰੀ, ਇਥੋਂ ਤਕ ਕਿ ਘਰ ਦੇ ਸੇਵਕ ਹਿੰਦਾਲੀ ਤੇ ਕਈ ਹੋਰ ਮੁਖ਼ਬਰ ਬਣੇ ਹੋਏ । ਐਸੀਆਂ ਡਰਾਉਣੀਆਂ ਹਾਲਤਾਂ ਵਿਚ ਜਿਸ ਕੌਮ ਨੇ ਅਟਕ ਤੋਂ ਲੈ ਕੇ ਸਹਾਰਨਪੁਰ ਤਕ, ਮੁਲਤਾਨ ਤੇ ਸਿੰਧ ਤੋਂ ਲੈ ਕੇ ਕਾਂਗੜੇ ਜੰਮੂ ਤੇ ਭਿੰਬਰ ਤਕ* ਅਪਣਾ ਸਿੱਕਾ ਜਮਾ ਲਿਆ ਹੋਵੇ ਅਰ ਦਿੱਲੀ, ਪਟੌਦੀ ਦੁਜਨਾ, ਬੀਕਾਨੇਰ ਤੱਕ ਹੱਲੇ ਕੀਤੇ ਹੋਣ, ਉਸ ਨੇ ਮਰਹੱਟਿਆਂ ਤੋਂ ਕਿਤੇ ਵੱਧ ਬਹਾਦਰੀ ਦਿਖਲਾਈ ਹੈ, ਜਿਨ੍ਹਾਂ ਪਾਸ ਪਹਾੜੀ ਕਿਲ੍ਹੇ ਪਹਾੜਾਂ ਵਿਚ ਲੁਕਣ ਦੀ ਥਾਂ, ਸੇਵਾ ਜੀ ਵਰਗੇ ਸਰਦਾਰ ਸਿਰ ਤੇ, ਫੇਰ ਇਕ ਦੂਜੇ ਦੇ ਮਗਰੋਂ ਲਾਇਕ ਪੁਰਖ ਹਾਦੀ ਬਣਦੇ ਰਹੇ ਅਰ ਹਰ ਪ੍ਰਕਾਰ ਦੀ ਸਹਾਇਤਾ ਦੇ ਸਾਮਾਨ ਮੌਜੂਦ ਸਨ । ਜੋ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਦੁਨੀਆਂ ਦੇ ਇਤਿਹਾਸ ਵਿਚ ਸਭ ਤੋਂ ਵਧੀਆ ਹਨ ।

ਜੇ ਕਦੀ ਇਤਿਹਾਸ ਦਾ ਮੁਤਾਲਿਆ ਕਰੋ, ਤਾਂ ਪਤਾ ਲੱਗੇ ਕਿ ਅਹਿਮਦਸ਼ਾਹ ਅਬਦਾਲੀ ਜ਼ਰੂਰ ਹਿੰਦ ਨੂੰ ਸਰ ਕਰ ਕੇ ਮੁੜ ਪਠਾਣ ਰਾਜ ਏਥੇ ਕਾਇਮ ਕਰ ਲੈਂਦਾ, ਪਰ ਪੰਜਾਬ ਵਿਚ ਆਏ ਸਿੱਖ ਉਸ ਨੂੰ ਅਤਿ ਤੰਗ ਕਰਦੇ ਸਨ । ਜਦ ਉਹ ਦਿੱਲੀ ਅੱਪੜਦਾ ਤਾਂ ਸਿੱਖ ਪੰਜਾਬ ਵਿਚ ਉਹ ਊਧਮ ਮਚਾਉਂਦੇ ਕਿ ਉਸ ਨੂੰ ਫੇਰ ਪਿੱਛੇ ਪਰਤਣਾ ਪੈਂਦਾ । ਇਹਨਾਂ ਦੇ ਟਾਕਰੇ ਤੇ ਪਿੱਛੇ ਕਰਨੇ ਐਸੇ ਜ਼ਬਰਦਸਤ ਸਨ ਕਿ ਇਨ੍ਹਾਂ ਨੇ ਉਸ ਜ਼ਾਲਮ ਨੂੰ ਹਿੰਦ ਵਿਚ ਮੁੜ ਬਿਦੇਸ਼ੀ ਪਠਾਣੀ ਰਾਜ ਕਾਇਮ ਕਰਨ ਵਿਚ ਕਾਮਯਾਬ ਨਹੀਂ ਹੋਣ ਦਿੱਤਾ । ਵਡੇ ਘੱਲੂਘਾਰੇ ਦੀ ਬੀਰਤਾ ਨੇ ਅਬਦਾਲੀ ਦੇ ਹੌਸਲੇ ਨੂੰ ਅੰਦਰੋਂ ਭੰਨ ਦਿੱਤਾ ਸੀ। ਫੇਰ ਸਿੰਘਾਂ ਦੇ ਕਾਰਨਾਮੇ ਤੱਕਣੇ ਹੋਣ ਤਾਂ ਕਿਸੇ ਅੰਗਰੇਜ਼ੀ ਇਤਿਹਾਸ* ਵਿਚ ਹੀ ਸਹੀ; ਨੁਸ਼ਹਿਰੇ ਦਾ ਸਿੰਘ ਯੁਧ ਪੜ੍ਹ ਲਈਏ ਤਾਂ ਬੀ ਕੁਛ ਪਤਾਲੱਗ ਜਾਂਦਾ ਹੈ ਕਿ ਸਿਖ ਕਿਸ ਬਹਾਦਰੀ ਦੇ ਬੰਦੇ ਹੋਏ ਹਨ ।

ਅਸੀਂ ਤਾਂ ਹੋਰ ਹੀ ਪਾਸੇ ਚਲੇ ਗਏ, ਆਓ ਆਪਣੀ ਵਿਥਿਆ ਦੀ ਲੜੀ ਨੂੰ ਫੜੀਏ! ਪਿਆਰੇ ਬਿਜੈ ਸਿੰਘ ਦੀ ਲੋਥ ਸਾਰੀ ਰਾਤ ਮੱਧਮ ਸੁਆਸ ਲੈ ਲੈ ਵਕਤ ਗੁਜ਼ਾਰਦੀ ਰਹੀ ਜਿਕੁਰ ਭਾਦਰੋਂ ਦੇ ਵੱਟ ਵਿਚ ਬਹੁਤ ਉੱਚੇ ਪੱਤੇ ਰਤਾ ਰਤਾ ਹਿਲਦੇ ਹਨ । ਸਵੇਰ ਹੋਈ ਤਾਂ ਨੱਸੇ ਭੱਜੇ ਲੋਕ ਆਪਣੇ ਪਿੰਡ ਸੰਭਾਲਣ ਲਈ ਘਰਾਂ ਨੂੰ ਆਏ । ਇਧਰੋਂ ਕਿਸਮਤ ਦੇ ਬਲੀ ਪੰਡਤ ਜੀ, ਚੂਹੜਮੱਲ ਦੇ ਪ੍ਰੋਹਤ ਹੁਰੀਂ; ਜੋ ਲਾਹੌਰ ਦੇ ਸੂਹੀਆਂ * ਵਿਚੋਂ ਇਕ ਸਨ, ਉਧਰ ਆ ਨਿਕਲੇ। ਇਨ੍ਹਾਂ ਦੇ ਨਾਲ ਕੁਝ ਸਿਪਾਹੀ ਬੀ ਸਨ । ਟੋਏ ਦੇ ਪਾਸੋਂ ਲੰਘੇ ਤਾਂ ‘ਸ੍ਰੀ ਵਾਹਿਗੁਰੂ’ ਦੀ ਮੱਧਮ ਆਵਾਜ਼ ਕੰਨੀਂ ਪਈ । ਆਵਾਜ਼ ਸੁਣਦੇ ਹੀ ਆਪ ਹੁਰੀਂ ਠਿਠਕੇ ਤੇ ਕੋਲ ਆ ਕੇ ਦੇਖਣ ਲੱਗੇ । ‘ਓਹੋ ! ਇਹ ਤਾਂ ਬਿਜੈ ਸਿੰਘ ਲੁੱਛ ਰਿਹਾ ਹੈ।’ ਆਪ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਇਹ ਆਪਣੇ ਭਾਣੇ ਉਸ ਨੂੰ ਮਰਵਾ ਚੁਕੇ ਸਨ, ਮੁੱਲ ਵੀ ਵੱਟ ਕੇ ਖਾ ਚੁਕੇ ਸਨ, ਹੁਣ ਅੱਖਾਂ ਅੱਗੇ ਫੇਰ ਜੀਉਂਦਾ ਦਿੱਸਿਆ । ਲਾਹੌਰ ਵਿਚੋਂ ਜਦ ਸੂੰਹੀਏਂ ਤਲਾਸ਼ ਕਰਨ ਨਿਕਲੇ ਸਨ, ਤਦ ਇਸ ਨੂੰ ਪਤਾ ਲੱਗ ਗਿਆ ਸੀ ਕਿ ਬੇਗਮ ਨੂੰ ਸੂੰਹੀਆਂ ਦੀ ਲੋੜ ਹੈ, ਕਿਉਂਕਿ ਸਾਰੇ ਮੁਖ਼ਬਰ ਆਪੋ ਵਿਚ ਭੇਤੀ ਹੁੰਦੇ ਸਨ, ਇਹੋ ਹਾਲ ਇਸਦਾ ਸੀ । ਜਦ ਇਸ ਨੇ ਇਹ ਗੱਲ ਸੁਣੀ, ਤਦ ਬੇਗਮ ਪਾਸ ਦਰਖਾਸਤ ਕਰਕੇ ਆਪ ਭੀ ਇਸ ਕੰਮ ਦਾ ਸੂਹੀਆਂ ਮੁਕੱਰਰ ਹੋ ਗਿਆ ਅਰ ਸਰਕਾਰੀ ਖਰਚ ਉਤੇ ਦੇਸ਼ ਵਿਚ ਫਿਰਨ ਲੱਗਾ । ਇਸ ਦੇ ਭਾਣੇ ਤਾਂ ਬਿਜੈ ਸਿੰਘ ਮਰ ਚੁਕਾ ਸੀ, ਪਰ ਬੇਗਮ ਦੀ ਤਲਾਸ਼ ਤੋਂ ਉਸ ਨੇ ਇਹ ਸਿੱਟਾ ਕੱਢ ਲਿਆ ਸੀ ਕਿ ਬਿਜੈ ਸਿੰਘ ਕੋਈ ਸਰਕਾਰੀ ਖੁਨਾਮੀ ਕਰ ਕੇ ਕੈਦੋਂ ਨਿਕਲ ਗਿਆ ਹੋਣਾ ਹੈ, ਤਾਹੀਓਂ ਬੇਗਮ ਤਾਂਘ ਨਾਲ ਭਾਲ ਕਰਵਾ ਰਹੀ ਹੈ। ਇਹ ਗੱਲ ਸੋਚਣੀ ਕਿ ਬੇਗਮ ਵੈਰ ਨਾਲ ਸਿੰਘ ਨੂੰ ਨਹੀਂ ਲੱਭ ਰਹੀ, ਉਸ ਲਈ ਅਨਹੋਣੀ ਗੱਲ ਸੀ । ਉਸ ਨੇ ਸਮਝਿਆ ਕਿ ਸਜ਼ਾ ਦੇਣ ਲਈ ਬੇਗਮ ਲੱਭਦੀ ਹੈ, ਇਸ ਲਈ ਆਪ ਭੀ ਸੁੰਹੀਆਂ ਬਣ ਫਿਰਿਆ ਸੀ । ਸੋ ਹੁਣ ਉਸ ਨੂੰ ਜੀਉਂਦਾ ਵੇਖ ਕੇ ਚਾਹਿਓਸੁ ਕਿ ਇਸ ਨੂੰ ਮਰਵਾ ਸਿੱਟੇ, ਵੈਰੀ ਵੀ ਮਰ ਜਾਏ, ਕੋਈ ਸੰਸਾ ਭੀ ਨਾ ਰਹੇ; ਮਤਾਂ ਜੀਉਂਦਾ ਦਰਬਾਰ ਵਿਚ ਪਹੁੰਚੇ ਤਾਂ ਕੋਈ ਹੋਰ ਰਾਸ ਨਾ ਪਲਟਾ ਖਾ ਜਾਵੇ । ਇਹ ਸੋਚ ਕੇ ਸਿਪਾਹੀਆਂ ਨੂੰ ਕਾਹਲੀ ਨਾਲ ਬੋਲਿਆ, ਔਹ ਆਦਮੀ ਹੈ, ਜਿਸ ਨੂੰ ਅਸੀਂ ਲੱਭਦੇ ਫਿਰਦੇ ਹਾਂ, ਮਾਰੋ ਗੋਲੀ ਜੀਉਂਦਾ ਭੱਜ ਨਾ ਜਾਏ, ਇਹ ਤਾਂ ਇਕੱਲਾ ਤੁਹਾਨੂੰ ਦੋਹਾਂ ਨੂੰ ਬਥੇਰਾ ਹੈ । ਸਿਪਾਹੀ ਹੱਸ ਪਏ ਅਰ ਸੋਚਣ ਲੱਗੇ ਕਿ ਹੁਕਮ ਹੈ ਫੜ ਕੇ ਲਿਆਓ, ਮਾਰਨ ਦਾ ਹੁਕਮ ਨਹੀਂ, ਸੋ ਖਬਰੇ ਮਾਰ ਕੇ ਲੈ ਗਿਆ ਸਾਡਾ ਇਨਾਮ ਮਾਰਿਆ ਜਾਏ; ਇਸ ਲਈ ਸੂਹੀਏਂ ਦਾ ਕਹਿਆ ਨਾ ਮੰਨ ਕੇ ਟੋਏ ਵਿਚ ਉਤਰੇ । ਬਿਜੈ ਸਿੰਘ ਦੀ ਟੰਗ ਨੂੰ ਘੋੜੇ ਹੇਠੋਂ ਕੱਢਿਆ ਅਰ ਪੱਟ ਨੂੰ ਸਿੱਧਾ ਕਰ ਕੇ ਬੱਧਾ । ਇਕ ਪਾਲਕੀ ਵੰਗਾਰੀ ਫੜ ਮੰਗਾਈ । ਪਾਣੀ ਪਿਲਾ ਕੇ ਹੋਰ ਦਾਰੀ ਕਰ ਕੇ ਉਸ ਨੂੰ ਸੁਰਜੀਤ ਕੀਤਾ। ਸੂਹੀਏਂ ਜੀ ਮਾਰ ਦੇਣ ਦੇ ਹੱਕ ਵਿਚ ਸੇ, ਪਰ ਸਿਪਾਹੀਆਂ ਦੀ ਜ਼ਿਦ ਵੇਖ ਕੇ ਓਸੇ ਪਾਸੇ ਉਲਟ ਪਏ ਤੇ ਸੋਚੇ ਕਿ ਚਲੋ ਲਾਹੌਰ ਚੱਲ ਕੇ ਮਾਰਿਆ ਜਾਏਗਾ, ਸਗੋਂ ਮਾਰਨ ਦਾ ਜ਼ਿੰਮਾ ਬੇਗਮ ਦੇ ਸਿਰ ਰਹੂ। ਇਹ ਬੀ ਸੋਚ ਲਿਆ ਕਿ ਇਨਾਮ ਚੋਖਾ ਮਿਲੇਗਾ ਜੋ ਕੋਈ ਗੱਲ ਸਾਡੀ ਸੋਚੋਂ ਉਲਟ ਹੋਰ ਨਿਕਲ ਪਈ ਤਾਂ ਚਾਰ ਦਿਨ ਲਾਂਭੇ ਹੋ ਜਾਵਾਂਗੇ, ਕਿਹੜਾ ਪੰਜਾਬ ਦਾ ਰਾਜ ਕੋਈ ਪੱਕਾ ਰਾਜ ਹੈ । ਇਸ ਤਰ੍ਹਾਂ ਬਿਜੈ ਸਿੰਘ ਜੀ ਲਾਹੌਰ ਆਏ। ਪੰਡਤ ਜੀ ਤੇ ਸਿਪਾਹੀਆਂ ਨੇ ਇਨਾਮ ਲਿਆ ਅਰ ਬਿਜੈ ਸਿੰਘ ਜੀ ਮੰਜੀ ਪੁਰ ਪਏ ਮਹਿਲਾਂ ਦੇ ਅੰਦਰ ਪੁਚਾਏ ਗਏ । ਬੇਗਮ ਨੇ ਦਰਸ਼ਨ ਨਹੀਂ ਕੀਤਾ, ਕਿਉਂਕਿ ਉਸ ਦੇ ਪੁੱਤਰ ਨੂੰ ਮਾਤਾ ਨਿਕਲੀ ਸੀ, ਅਰ ਉਹ ਉਸ ਦੇ ਇਲਾਜ ਵਿਚ ਰੁੱਝੀ ਹੋਈ ਸੀ ਪਰ ਤਦ ਬੀ ਕਈ ਹਕੀਮ ਸਿੰਘ ਜੀ ਦੇ ਇਲਾਜ ਵਿਚ ਲਾਏ ਗਏ ਅਰ ਸਭ ਬੰਦੋਬਸਤ ਸੁਖ ਦਾ ਹੋ ਗਿਆ । ਇਸ ਵੇਲੇ ਸ਼ੀਲ ਕੋਰ ਭੀ ਮਹਿਲਾਂ ਦੇ ਅੰਦਰ ਕੁਛ ਹੁਕਮ ਹਾਸਲ ਰੱਖਦੀ ਸੀ ।

ਕਿਆ ਅਸਚਰਜ ਹੈ! ਬਿਜੈਸਿੰਘ ਜੋ ਟੋਏ ਵਿਚ ਪਿਆ ਮਾਨੋ ਆਪਣੇ ਛੇਕੜਲੇ ਸ੍ਵਾਸ ਲੈ ਰਿਹਾ ਸੀ, ਫੇਰ ਆਪਣੇ ਪੁਤ੍ਰ ਤੇ ਵਹੁਟੀ ਪਾਸ ਪਹੁੰਚਾ । ਵਹੁਟੀ ਤੇ ਪੁਤ੍ਰ ਦੀ ਖ਼ੁਸ਼ੀ ਦੀ ਐਸ ਵੇਲੇ ਕਿਹੜੀ ਹੱਦ ਸੀ, ਜਿਨ੍ਹਾਂ ਨੂੰ ਪਿਆਰਾਂ ਦਾ ਸਾਂਈਂ ਫੇਰ ਜੀਊਂਦਾ ਜਾਗਦਾ ਮਿਲ ਪਿਆ । ਵਾਹਵਾ, ਧੰਨ ਪਰਮੇਸ਼ੁਰ ਤੇ ਧੰਨ ਪਰਮੇਸ਼ੁਰ ਜੀ ਦੇ ਕਾਰਖਾਨੇ ! ਸ਼ੀਲਾ ਜੀ ਨੇ ਸਿਰ- ਤੋੜ ਪਤੀ ਦੀ ਸੇਵਾ ਕੀਤੀ, ਦਿਨ ਰਾਤ ਪਾਸ ਬੈਠੀ ਟਹਿਲ ਕਰਦੀ ਰਹਿੰਦੀ । ਭਾਵੇਂ ਅਨੇਕਾਂ ਟਹਿਲ ਵਾਲੇ ਇਸ ਵੇਲੇ ਹਾਜ਼ਰ ਸਨ, ਪਰ ਸ਼ੀਲ ਕੌਰ ਆਪ ਸੇਵਾ ਕਰਕੇ ਧੰਨ ਭਾਗ ਸਮਝਦੀ । ਹਕੀਮਾਂ ਦਾ ਇਲਾਜ ਤਾਂ ਸੀ ਹੀ ਪਰ ਵਹੁਟੀ ਦੀ ਪ੍ਰੇਮ ਸੇਵਾ ਸਭ ਕੋਲੋਂ ਚੰਗਾ ਅਸਰ ਰਖਦੀ ਸੀ । ਗੱਲ ਕੀ, ਖ਼ੁਸ਼ੀ ਅਰ ਸੇਵਾ ਨਾਲ ਸਰੀਰ ਫਿਰ ਆਇਆ। ਕੁਛ ਥੋੜੇ ਚਿਰ ਵਿਚ ਸਿੰਘ ਜੀ ਰਾਜੀ ਖ਼ੁਸ਼ੀ ਹੋ ਗਏ । ਕਰੜੇ ਦੰਦਾਂ ਵਿਚ ਜਿਕਰ ਜੀਭ ਰਹਿੰਦੀ ਹੈ ਤਿਵੇਂ ਵੈਰੀਆਂ ਦੇ ਮਹਿਲਾਂ ਵਿਚ ਖਾਲਸੇ ਦਾ ਦੁਖੀ ਟੱਬਰ ਫੇਰ ਸੁਖੀ ਰਹਿਣੇ ਲੱਗਾ । ਕਰਤਾਰ ਨੇ ਦਿਨ ਫੇਰੇ ਤਾਂ ਪੁੱਠੀਆਂ ਸਿੱਧੀਆਂ ਪੈ ਗਈਆਂ । ਕਿੱਥੇ ਬਨਾਂ ਦੀਆਂ ਬਿਪਤਾ ਕਿੱਥੇ ਏਹ ਪਾਤਸ਼ਾਹੀ ਸੁਖ ? ਸ਼ੀਲਾ ਵੱਲ ਦੇਖੋ ਬਸੰਤ ਦੀ ਸਰੋਂ ਦੀ ਗੰਦਲ ਵਾਂਗ ਖਿੜ ਰਹੀ ਹੈ, ਭੁਜੰਗੀ ਵੱਲ ਦੇਖੋ ਤਾਂ ਬਨ ਵਿਖੇ ਹਰਨਾਂ ਦੇ ਬੱਚਿਆਂ ਵਾਂਗ ਚੌਕੜੀਆਂ ਭਰਦਾ ਫਿਰਚਾ ਹੈ, ਬਿਜੈ ਸਿੰਘ ਵੱਲ ਤੱਕੋ ਤਾਂ ਗੁਲਾਬ ਦੇ ਫੁੱਲ ਵਾਂਗ ਕਿਸ ਪ੍ਰਕਾਰ ਲਹਿ ਲਹਿ ਕਰ ਰਿਹਾ ਹੈ, ਪਰ ਇਸ ਆਨੰਦ ਵਿਚ ਖਾਲਸਈ ਟੱਬਰ ਮਸਤ ਨਹੀਂ ਹੋ ਗਿਆ, ਆਪਣੇ ਭਰਾਵਾਂ ਵਿਚ ਪਹੁੰਚ ਕੇ ਪੰਥ ਦੀ ਸੇਵਾ ਕਰਨੇ ਦਾ ਉਪਾਉ ਸੋਚਦੇ ਹੀ ਰਹਿੰਦੇ ਹਨ।

17 ਕਾਂਡ  ।

ਬੇਗਮ ਵਿਚਾਰੀ ਦੇ ਸਿਰ ਹੋਰ ਬਿਪਤਾ ਆ ਪਈ । ਉਸ ਦੀਆਂ ਉਮੈਦਾਂ ਦਾ ਨੌ ਨਿਹਾਲ, ਪੰਜਾਬ ਦਾ ਮਾਲਕ ਤਿੰਨ ਵਰ੍ਹੇ ਦਾ ਨਵਾਬ ਇਕਲੌਤਾ ਬਚੜਾ ‘ਅਮੀਨੁੱਦੀਨ’ ਸੀਤਲਾ ਦੇ ਰੋਗ ਨਾਲ ਲੁੱਛ ਲੁੱਛ ਕੇ ਇਸ ਸੰਸਾਰ ਤੋਂ ਤੁਰਦਾ ਹੋਇਆ । ਵਿਚਾਰੀ ਦੇ ਭਾ ਦੀ ਅਪਦਾ ਆ ਪਈ, ਸਾਰਾ ਸੰਸਾਰ ਅੱਖਾਂ ਅੱਗੇ ਹੋ ਗਿਆ। ਪਤੀ ਮੋਇਆ ਸੀ ਤਾਂ ਰਾਜ ਭਾਗ ਤਾਂ ਨਹੀਂ ਸੀ ਗਿਆ, ਉਹ ਇਸ ਬੱਚੇ ਦੇ ਬਹਾਨੇ ਬਚ ਗਿਆ ਸੀ, ਪਰ ਸ਼ੋਕ ! ਇਸ ਲਾਡਲੇ ਦੀ ਮੌਤ ਨਾਲ ਤਾਂ ਸਭ ਕੁਝ ਉਡ ਗਿਆ ਦਿੱਸਦਾ ਹੈ । ਪਰ ਸ਼ੀਲ ਕੌਰ ਦੀ ਨੇਕ ਸਲਾਹ ਨੇ ਬੇਗਮ ਨੂੰ ਗਮ ਵਿਚ ਵੀ ਉੱਤਮ ਸਹਾਰਾ ਦਿੱਤਾ । ਰਾਤ ਨੂੰ ਬੇਗਮ ਬਿਜੈ ਸਿੰਘ ਦੇ ਪਾਸ ਸਲਾਹ ਲੈਣ ਲਈ ਪਹੁੰਚੀ । ਸਿੰਘ ਦਾ ਸੁੰਦਰ ਚਿਹਰਾ ਬੇਗਮ ਦੇ ਦਿਲ ਵਿਚ ਕੁਛ ਘਰ ਕਰ ਗਿਆ ਹੋਇਆ ਸੀ । ਕਾਹਨੂੰ ਵਿਚਾਰੀ ਨੇ ਕਦੀ ਕਿਸੇ ਸੁਡੌਲ ਸੁਹਣੇ ਸਿੰਘ ਦਾ ਦਰਸ਼ਨ ਕੀਤਾ ਸੀ, ਇਸ ਪੁਰ . ਜਦ ਸਿੰਘ ਹੁਰਾਂ ਨਾਲ ਗੱਲਾਂ ਕੀਤੀਆਂ ਤੇ ਸਲਾਹ ਮਸ਼ਵਰੇ ਪੁਛੇ, ਤਦ ਉਸ ਦੀ ਮਿੱਠੀ ਆਵਾਜ਼ ਤੇ ਲੁਕਮਾਨ ਵਾਲੀ ਦੁਰੰਦੇਸ਼ੀ ਦੀ ਅਕਲ ਦੇਖ ਕੇ ਬੇਗਮ ਦੇ ਜੀ ਵਿਚ ਬੜਾ ਗੁਣੀ ਤੇ ਆਦਰ ਦੇਣ ਜੋਗ ਦਾਨਾ ਭਾਸਣ ਲੱਗ ਪਿਆ। ਬਿਜੈ ਸਿੰਘ ਨੇ ਉਸ ਨੂੰ ਸਮਝਾਇਆ ਕਿ ਦਰਬਾਰੀਆਂ ਨੂੰ ਮੁੱਠ ਵਿਚ ਲੈ ਕੇ ਤੇ ਅੱਗੇ ਵਾਂਙੂ ਨਵਾਬੀ ਆਪਣੇ ਨਾਮ ਕਰਵਾ ਲਵੇ । ਦੋਵੇਂ ਧਿਰਾਂ ਤੇਰੇ ਪ੍ਰਬੰਧ ਨਾਲ ਖ਼ੁਸ਼ ਹਨ । ਇਧਰ ਸਿੱਖਾਂ ਨਾਲ ਲੜਨ ਦੀ ਥਾਵੇਂ ਕੋਈ ਸੁਲਹ ਦਾ ਕਦਮ ਚਾ ਲਓ ਪਿਆਰ ਨਾਲ ਸੁਖ ਵਰਤ ਜਾਏਗਾ । ਸਵੇਰੇ ਹੀ ਬੇਗਮ ਨੇ ਦਰਬਾਰੀਆਂ ਨੂੰ ਸੱਦ ਕੇ ਐਸੀ ਗੱਲ ਬਾਤ ਕੀਤੀ ਕਿ ਸਭ ਨੂੰ ਮੁੱਠ ਵਿਚ ਲੈ ਲਿਆ ਅਰ ਹਕੂਮਤ ਆਪ ਸੰਭਾਲ ਲਈ । ਮਾਤਬਰ ਆਦਮੀ ਦਿੱਲੀ ਤੇ ਕਾਬਲ ਬੀ ਭੇਜ ਦਿੱਤੇ । ਹੁਣ ਬੇਗਮ ਦੇ ਨਾਮ ਦੁਹਾਂ ਪਾਸਿਓਂ ਤੋਂ ਨਵਾਬੀ ਦੇ ਪ੍ਰਵਾਨੇ ਆ ਗਏ ਅਰ ਮੁਰਾਦ ਬੇਗਮ ਸਾਰੇ ਪੰਜਾਬ ਦੀ ਰਾਣੀ ਬਣ ਗਈ । ਥੋੜੇ ਦਿਨਾਂ ਵਿਚ ਹੀ ਬੇਗਮ ਨੇ ਆਪਣਾ ਤਹਿਤ ਜਮਾ ਲਿਆ ਅਰ ਤ੍ਰੀਮਤ ਦਾ ਡੰਕਾ ਬਹਾਦਰਾਂ ਦੇ ਦੇਸ ਵਿਚ ਵੱਜਣ ਲੱਗ ਪਿਆ । ਪਰ ਸਿੱਖਾਂ ਨੂੰ ਮਿਲਣ ਦੀ ਸਲਾਹ ਦਰਬਾਰੀਆਂ ਨੇ ਨਾ ਦਿੱਤੀ । ਸਿੰਘ ਹੁਣ ਕਿਤੇ ਕਿਤੇ ਸਿਰ ਚੁਕਦੇ,ਪਰ ਫੇਰ ਵੀ ਮੋਮਨ ਖਾਂ ਦੀ ਗਸ਼ਤੀ ਫੌਜ ਉਨ੍ਹਾਂ ਨੂੰ ਲੁਕਣ ਪਰ ਮਜਬੂਰ ਕਰ ਦੇਂਦੀ। ਇਕ ਦਿਨ ਸਿੰਘਾਂ ਨੇ ਕਿਹਾ, ਬਈ ਕੋਈ ਮੋਮਨ ਖਾਂ ਦਾ ਸਿਰ ਵੱਢ ਕੇ ਲਿਆਵੇ, ਇਹ ਅਲਖ ਤਾਂ ਮੁੱਕੇ । ਭਾਈ ਮਨੀ ਸਿੰਘ ਜੀ ਦੇ ਭਤੀਜੇ ਅਘੜ ਸਿੰਘ ਜੀ ਨੇ ਭੇਸ ਵਟਾ ਕੇ ਲਾਹੌਰ ਨੂੰ ਕੂਚ ਕੀਤਾ ਅਰ ਦਾਉ ਪਾਕੇ ਮੋਮਨ ਖਾਂ ਨੂੰ, ਜਦ ਉਹ ਦਰਯਾ ਦੇ ਕਿਨਾਰੇ ਬੈਠਾ ਸੀ, ਜਾ ਵੰਗਾਰਿਆ ਤੇ ਆਖਿਆ: ‘ਖਾਂ ਜੀ ! ਕਾਹਨੂੰ ਲੋਕਾਂ ਤੋਂ ਬੇਗੁਨਾਹਾਂ ਨੂੰ ਮਰਵਾਉਂਦੇ ਹੋ, ਆਓ ਮਰਦ ਬਣੋ ਦੋ ਦੋ ਹੱਥ ਕਰੀਏ, ਦੇਖੀਏ ਤੁਸਾਂ ਵਿਚ ਕਿੰਨੀ ਕੁ ਮਰਦਾਨਗੀ ਹੈ।’ ਮੋਮਨ ਖ਼ਾਂ ਘਬਰਾ ਉਠਿਆ, ਤਲਵਾਰ ਤੇ ਢਾਲ ਸੰਭਾਲੀ। ਚੰਗਾ ਟਾਕਰਾ ਕੀਤਾ, ਪਰ ਬੜੇ ਸੰਗ੍ਰਾਮ ਮਗਰੋਂ ਸਿੰਘ ਜੀ ਨੇ ਮੋਮਨ ਖਾਂ ਦਾ ਸਿਰ ਲਾਹ ਲਿਆ ਅਰ ਉਸੇ ਦੀ ਘੋੜੀ ਤੇ ਚੜ੍ਹ ਕੇ ਐਸਾ ਹਵਾ ਹੋਇਆ ਕਿ ਕਿਤੇ ਤੁਰਕਾਂ ਦੇ ਹੱਥ ਨਾ ਆਯਾ ਤੇ ਸਿਰ ਜਾ ਖਾਲਸੇ ਦੇ ਦੀਵਾਨ ਵਿਚ ਪੁਚਾਇਆ* । ਸਰਕਾਰ ਪੰਜਾਬ ਵਿਚ ਹੁਣ ਕੋਈ ਹੋਰ ਐਸਾ ਬਲੀ ਸਰਦਾਰ ਨਾ ਸੀ, ਜੋ ਉਹਨਾਂ ਦਾ ਪਿੱਛਾ ਉਸ ਵਾਂਙੂ ਡੱਟ ਕੇ ਕਰਦਾ; ਸਗੋਂ ਵਿਚ ਵਿਚ ਬੇਗਮ ਦੇ ਟਾਂਵੇਂ ਟਾਂਵੇਂ ਦਰਬਾਰੀ ਹੀ ਸਿਖਾਂ ਨੂੰ ਉਸ਼ਕਲਾਂ ਦੇਣ ਲੱਗੇ ਕਿ ਤੁਸੀਂ ਫ਼ਸਾਦ ਕਰੋ ਅਰ ਰੌਲਾ ਪਾਓ, ਜੋ ਬੇਗਮ ਸਾਡੀ ਕਦਰ ਕਰੇ । ਇਸ ਦਾ ਕਾਰਨ ਇਹ ਸੀ ਕਿ ਸਾਰੇ ਦਰਬਾਰੀ ਬੇਗਮ ਨਾਲ ਅੰਦਰੋ ਅੰਦਰ ਵਿਗੜ ਰਹੇ ਸਨ, ਕਿਉਂਕਿ ਬੇਗਮ ਨੇ ਰਾਜ ਭਾਗ ਨੂੰ ਪਾ ਕੇ ਹੁਣ ਹੈਂਕੜ ਵਧਾ ਲਈ ਸੀ । ਪੰਜਾਬ ਨੂੰ ਆਪਣੇ ਚਰਨਾਂ ਵਿਚ ਵੇਖਕੇ ਅਬਲਾ ਤ੍ਰੀਮਤ ਦੀ ਨਜ਼ਰ ਪਾਟ ਗਈ ਸੀ । ਉਹ ਚਾਹੁੰਦੀ ਸੀ ਕਿ ‘ਕੋਈ ਮੇਰੇ ਹੁਕਮ ਅੱਗੇ ਹੁਤ ਨਾ ਕਰੇ, ਕੋਈ ਕਹਿਆ ਨਾ ਮੋੜੇ ।’

ਲੱਖਾਂ ਕ੍ਰੋੜਾਂ ਰੁਪਏ ਬੇਗਮ। ਦੇ ਹੱਥਾਂ ਵਿਚ, ਅਵਸਥਾ ਖਾਣੇ ਦੀ ਤੇ ਮੌਜਾਂ ਦੀ; ਮੁਫਤ ਖੋਰੇ ਕੁਸ਼ਾਮਤੀ ਚਾਰ ਚੁਫੇਰੇ, ਫੁਲਾਹੁਣੀਆਂ ਦੇ ਦੇ ਲੁੱਟਣ ਵਾਲੇ;ਖਾਨਾ ਖ਼ਰਾਬ ਮੁਸਾਹਿਬ ਦੁਆਲੇ ਸਨ । ਸ਼ਾਲਾਮਾਰ ਵਰਗੇ ਸੋਹਣੇ – ਬਾਗ਼ ਸੈਲਾਂ ਕਰਨ ਨੂੰ, ਸੁੰਦਰ ਜੁਆਨ ਸਖੀਆਂ ਭੈੜੇ ਪਾਸੇ ਲਾਉਣ ਵਾਲੀਆਂ, ਖਾਣ ਪੀਣ ਪਹਿਨਣ ਸੁਖ ਦੇ ਸਾਰੇ ਸਾਧਨ ਕੋਲ । ਭਲਾ ਜੇ ਐਸ ਵੇਲੇ ਮਾਨ, ਹੰਕਾਰ ਤੇ ਸਭ ਨੂੰ ਤੁੱਛ ਜਾਨਣ ਦਾ ਕੀੜਾ ਸਿਰ ਵਿਚ ਨਾ ਵੜੇ ਤਾਂ ਕਿਹੜੇ ਵੇਲੇ ਵੜੇ ? ਬੇਗਮ ਸਭ ਨਾਲ ਆਕੜ ਕੇ ਵਰਤਣ ਲੱਗ ਪਈ। ਦਰਬਾਰੀਆਂ ਤੇ ਉਮਰਾਵਾਂ ਦੇ ਵਸੀਕਾਰ ਘਟਾਉਣੇ ਸ਼ੁਰੂ ਕਰ ਦਿਤੇ, ਜੋ ਕਰੇ ਸੋ ਆਪ, ਜੋ ਹੁਕਮ ਦੇਵੇ ਸੋ ਆਪ। ਇਸ ਪਰ ਇਕ ਭੁੱਲ ਇਹ ਹੋ ਗਈ ਕਿ ਬੇਗਮ ਨੇ ਭਿਖਾਰੀ ਖਾਂ ਦਾ ਮਨਸਬ ਬਹੁਤ ਵਧਾਇਆ ਤੇ ਦਿਲੋਂ ਉਸ ਦੀ ਸੁੰਦਰ ਸ਼ਕਲ ਪਰ ਮਸਤ ਹੋ ਗਈ । ਭਾਵੇਂ ਇਕ ਵਾਰ ਸ਼ੀਲ ਕੌਰ ਦੇ ਕਹੇ ਟਲ ਗਈ ਸੀ । ਪਰ ਇਹ ਅੱਗ ਅੰਦਰ ਧੁਖਦੀ ਰਹੀ। ਇਸ ਅਮੀਰੀ ਦੇ ਠਾਠ ਵਿਚ ਜ਼ਹਿਰ ਦਾ ਬੀਜ ਪੁੰਗਰ ਕੇ ਬ੍ਰਿਛ ਹੋ ਗਿਆ ਅਰ ਫੁੱਲ ਪੈ ਕੇ ਇਹ ਫਲ ਲੱਗਾ ਕਿ ਬੇਗਮ ਨੇ ਇਕ ਦਿਨ ਪੂਰਨ ਦੀ ਮਾਤਾ ਵਾਂਗੂੰ ਅਕਲ ਦੇ ਕੋਟ ਵਜ਼ੀਰ ਨੂੰ ਮਹਿਲਾਂ ਵਿਚ ਸੱਦ ਕੇ ਪੱਲਿਓਂ ਫੜ ਲਿਆ। ਉਸ ਦੇ ਪਤੀ ਦੇ ਲੂਣ ਦੇ ਪਲੇ ਨੇਕ ਵਜ਼ੀਰ ਨੇ ਹੱਥ ਜੋੜੇ, ਪਰ ਵਿਅਰਥ। ਬੇਗਮ ਨੇ ਹੀਲੇ ਕੀਤੇ, ਵਾਸਤੇ ਪਾਏ, ਹੱਥ ਜੋੜੇ, ਲਾਲਚ ਦਿਖਾਯਾ, ਦਾਬੇ ਧੌਂਸੇ ਦਿੱਤੇ ਪਰ ਵਜ਼ੀਰ ਨੇ ਇਕ ਨਾ ਮੰਨੀ । ਹੁਕਮ ਮੋੜਨ ਨੂੰ ਬੇਗਮ ਨੇ ਬੜੀ ਆਪਣੀ ਹੱਤਕ ਸਮਝਿਆ। ਉਸੇ ਵੇਲੇ ਗੋਲੀਆਂ ਨੂੰ ਸੱਦ ਕੇ ਵਜ਼ੀਰ ਹਵਾਲੇ ਕੀਤਾ ਗਿਆ ਅਰ ਤੜਾ ਤੜ ਜੁੱਤੀਆਂ ਦੀ ਮਾਰ ਸ਼ੁਰੂ ਹੋ ਗਈ । ਵਿਚਾਰੇ ਦਾ ਜੁੱਤੀਆਂ ਨਾਲ ਸਿਰ ਖੁਲ੍ਹ ਗਿਆ, ਪਿੰਡੇ ਦੀ ਖੱਲ ਉੱਧੜ ਪਈ ਅਰ ਜਿੰਦ ਸਿਸਕ ਸਿਸਕ ਕੇ ਸੁਹਣੀ ਦੇਹ ਨੂੰ ਛੱਡ ਗਈ* । ਇਹ ਕਾਰਾ ਹੋਇਆ ਤਾਂ ਮਹਿਲਾਂ ਵਿਚ ਸੀ, ਪਰ ਇਸ ਨਕ ਜ਼ੁਲਮ ਦੀ ਖ਼ਬਰ ਦਰਬਾਰੀਆਂ ਤੀਕਰ ਪਹੁੰਚ ਗਈ, ਸਾਰੇ ਘਰ ਬੈਠ ਗਏ, ਦਰਬਾਰ ਵਿਚ ਆਉਣਾ ਛੱਡ ਦਿੱਤਾ, ਅਰ ਅੰਦਰੋਂ ਅੰਦਰ ਸਿੰਘਾਂ ਨੂੰ ਕਹਿ ਦਿੱਤਾ ਕਿ ਮਨ-ਭਾਉਂਦੀਆਂ ਮੌਜਾਂ ਕਰੋ, ਕੋਈ ਭੜੂਆ ਰੋਕਣ ਵਾਲਾ ਨਹੀਂ ਹੈ, ਓਧਰ ਮਤੇ ਏਹ ਮਤਾਏ ਕਿ ਸਾਰਾ ਹਾਲ ਦਿੱਲੀ ਲਿਖ ਘੱਲੀਏ ।

ਬਾਹਰ ਤਾਂ ਬੇਗਮ ਦਾ ਇਹ ਸ਼ੁਕਤ ਨਾਵਾਂ ਘੁਲਿਆ ਤੇ ਅੰਦਰ ਉਸ ਨੂੰ ਸਹਾਰਾ ਦੇਣ ਵਾਲੀ ਸ਼ੀਲ ਕੌਰ ਨਾਲ ਵਿਗੜ ਗਈ । ਉਸ ਦਾ ਸਬੱਬ ਇਹ ਹੋਇਆ ਕਿ ਬਿਜੈ ਸਿੰਘ ਸੰਮਣ ਬੁਰਜ ਦੇ ਸੁੱਖਾਂ ਨੂੰ ਛੱਡ ਕੇ ਆਪਣੇ ਭਰਾਵਾਂ ਵਿਚ ਪਹੁੰਚਿਆ ਚਾਹੁੰਦਾ ਸੀ ਤੇ ਬੇਗਮ ਨੂੰ ਬਿਜੈ ਸਿੰਘ ਦਾ ਜਾਣਾ ਐਉਂ ਭਾਸਦਾ ਸੀ ਜਿਕੁਰ ਸ਼ੀਸ਼ੇ ਵਿਚੋਂ ਕਿਸੇ ਜੜੀ ਹੋਈ ਸੁੰਦਰ ਮੂਰਤ ਨੂੰ ਕੱਢਣਾ ਹੁੰਦਾ ਹੈ। ਜਿਉਂ ਜਿਉਂ ਸਿੰਘ ਟਬਰ ਤੁਰਨ ਨੂੰ ਤਿਆਰ ਹੋਵੇ ਤਿਉਂ ਤਿਉਂ ਬੇਗਮ ਦੀਆਂ ਮਿਹਰਬਾਨੀਆਂ ਵਧਣਲੱਗੀਆਂ ਰੁਪੱਯਾ ਪੈਸਾ ਹਾਜ਼ਰ ਬੱਤੀਆਂ ਦੰਦਾਂ ਵਿਚੋਂ ਜੋ ਨਿਕਲੇ ਸੋ ਹਾਜ਼ਰ ਇਥੋਂ ਤੀਕ ਕਿ ਬੇਗਮ ਸਿੰਘ ਜੀ ਦੇ ਚਿਹਰੇ ਤੋਂ ਪਛਾਣੇ ਕਿ ਇਸ ਦੇ ਚਿਤ ਵਿਚ ਕੀਹ ਹੈ ਤੇ ਉਹ ਝਟ ਪੂਰਾ ਕਰ ਦੇਵੇ, ਬੇਗਮ ਦੇ ਦਿਲ ਦੀ ਲਗਨ ਬਿਜੈ ਸਿੰਘ ਹੁਰਾਂ ਵੱਲ ਉਲਟ ਰਹੀ ਸੀ, ਸੋ ਇਥੋਂ ਤੀਕ ਵਧੀ ਕਿ ਬੇਗਮ ਨੂੰ ਕਿਸੇ ਦੀ ਸੁਹਬਤ ਨਾ ਭਾਵੇ, ਜਦ ਸਿੰਘ ਹੁਰਾਂ ਪਾਸ ਬੈਠੇ ਤਦ ਜੀ ਲੱਗਾ ਰਹੇ। ਕਈ ਵੇਰ ਅੱਧੀ ਅੱਧੀ ਰਾਤ ਤਕ ਬੈਠਿਆਂ ਰਾਜਸੀ ਚਰਚਾ ਹੁੰਦੀਆਂ ਰਹਿੰਦੀਆਂ । ਪਰ ਸ੍ਵਛ ਮਨ ਵਾਲੇ ਸਿੰਘ ਜੀ ਨੂੰ ਕਿਲ੍ਹੇ ਦਾ ਰਹਿਣਾ ਐਉਂ ਬੁਰਾ ਲਗੇ ਜਿਕਰ ਕਿਸੇ ਬੁਲਬੁਲ ਨੂੰ ਹੀਰਿਆਂ ਦਾ ਜੜਤ ਪਿੰਜਰਾ । ਜਦ ਸਭ ਹੀਲੇ ਰਹਿ ਚੁਕੇ ਤਾਂ ਇਕ ਦਿਨ ਮੁਨ੍ਹੇਰੇ ਸਿੰਘ ਹੁਰੀਂ ਟੱਬਰ ਸਣੇ ਚੁਪ ਕੀਤੇ ਉਠ ਤੁਰੇ। ਜਦ ਬੂਹੇ ਕੋਲ ਪਹੁੰਚੇ ਤਦ ਪਹਿਰੇਦਾਰਾਂ ਨੇ ਰੋਕਿਆ ਕਿ ਆਪ ਨੂੰ ਬਾਹਰ ਜਾਣੇ ਦੀ ਆਗਿਆ ਨਹੀਂ ਅਰ ਝੱਟ ਬੇਗਮ ਨੂੰ ਖਬਰ ਪਹੁੰਚੀ। ਬੇਗਮ ਆਪ ਆ ਕੇ ਮੋੜ ਕੇ ਲੈ ਗਈ, ਵੱਖਰਿਆਂ ਬਿਠਾ ਕੇ ਮਿੰਨਤਾਂ ਨਾਲ ਸਮਝਾਯਾ । ਹੁਣ ਸਿੰਘ ਜੀ ਦੁਥੜਫਸੇ ਸੱਪ ਦੇ ਮੂੰਹ ਛਛੂੰਧਰ, ਖਾਏ ਤੇ ਕੋਹੜਾ, ਛੱਡੇ ਤਾਂ ਅੰਨ੍ਹਾਂ, ਕਰਤਾਰ ਦਾ ਭਾਣਾ ਜਾਣ ਕੇ ਚਾਰ ਦਿਨ ਸਸਤਾ ਕੇ ਨਿਕਲਣੇ ਦਾ ਸੰਕਲਪ ਕਰਕੇ ਟਿਕ ਗਏ।

ਸਿੰਘ ਨੂੰ ਤਾਂ ਕੋਈ ਹੋਰ ਸੰਸਾ ਨਾ ਫੁਰਿਆ, ਉਹ ਰਾਜਸੀ ਮੁਸ਼ਕਲਾਂ ਨੂੰ ਹੀ ਬੇਗਮ ਦੇ ਅਟਕਾਉਣ ਦਾ ਕਾਰਨ ਸਮਝਦੇ ਰਹੇ, ਪਰ ਸ਼ੀਲ ਕੌਰ, ਜੋ ਸਾਰੇ ਰੰਗ ਢੰਗ ਨੂੰ ਡੂੰਘੀ ਨਜ਼ਰ ਨਾਲ ਦੇਖਦੀ ਸੀ, ਅੰਦਰੋਂ ਅੰਦਰ ਡੁੱਬਣ ਲੱਗ ਗਈ ਕਿਤੇ ਮੇਰੇ ਪਤੀ ਦੀ ਦਸ਼ਾ ਵੀ ਭਿਖਾਰੀ ਖਾਂ ਵਾਲੀ ਨਾ ਹੋਵੇ । ਉਹ ਵਿਚਾਰੀ ਨਾ ਤਾਂ ਡਰਦੀ ਕੁਛ ਬੇਗਮ ਨੂੰ ਕਹਿ ਸਕੇ ਤੇ ਨਾ ਹੀ ਨਿਕਲ ਚੱਲਣੇ ਦਾ ਉਪਾਉ ਦਿੱਸ ਆਵੇ । ਕਈ ਦਿਨ ਸੋਚਾਂ ਵਿਚ ਰਹੀ ਛੇਕੜ ਪਤੀ ਅੱਗੇ ਰੋਣਾ ਰੋਈ।

ਸਿੰਘ ਜੀ ਨੇ ਸੁਣ ਕੇ ਤੀਉੜੀ ਪਾਈ,ਚੁੱਪ ਹੋ ਗਏ, ਫੇਰ ਦੰਦਾਂ ਵਿਚ ਬੁੱਲ੍ਹ ਘੁੱਟੇ, ਫੇਰ ਸਹਿਜੇ ਸਹਿਜੇ ਸਿਰ ਹਿਲਾ ਕੇ ਬੋਲੇ-ਮੈਂ ਭੀ ਸੋਚਦਾ ਸੀ ਪਰ ਮੈਂ ਇਸ ਸੋਚ ਨੂੰ ਅਪਵਿੱਤ੍ਰ ਜਾਣਕੇ ਆਪਣੇ ਦਿਲ ਵਿਚ ਥਾਂ ਨਹੀਂ ਫੜਨ ਦੇਂਦਾ ਸੀ। ਉਂਞ ਮੈਂ ਇਸੇ ਜਤਨ ਵਿਚ ਰਿਹਾ ਹਾਂ ਕਿ ਕਿਵੇਂ ਇਥੋਂ ਨਿਕਲ ਚੱਲੀਏ, ਏਥੇ ਰਹਿਣਾ ਠੀਕ ਨਹੀਂ, ਭਰਾਵਾਂ ਵਿਚ ਅੱਪੜੀਏ, ਸੇਵਾ ਦਾ ਸਮਾਂ ਫੇਰ ਆ ਰਿਹਾ ਹੈ ਪਰ ਇਸ ਪਾਸੇ ਮੈਂ ਸੋਚਾਂ ਨੂੰ ਵਕਤ ਨਹੀਂ ਦਿੱਤਾ। ਮੇਰਾ ਜੀ ਕਹੇ ਕਿ ਕਿਸੇ ਨੂੰ ਦੋਸ਼ ਦੇਣਾ ਠੀਕ ਨਹੀਂ, ਕਿਸੇ ਦੇ ਦਿਲ ਦਾ ਕੀ ਪਤਾ ਹੈ, ਮੈਂ ਜੇ ਉਸਦੇ ਦਿਲ ਨੂੰ ਖੋਟਾ ਸਮਝਾਂ ਅਰ ਬੁਰੇ ਸੰਕਲਪ ਵਾਲਾ ਜਾਣਾ ਤਦ ਆਪਣੇ ਮਨ ਨੂੰ ਬਿਨਾਂ ਪੱਕੇ ਸਬੂਤ ਦੇ ਬਦੀ ਦੇ ਬਗੀਚੇ ਦੀ ਸੈਰ ਦਾ ਸਮਾ ਦੇਂਦਾ ਹਾਂ, ਇਸ ਕਰਕੇ ਇਸ ਖਿਆਲ ਨੂੰ ਮਨ ਦੀਆਂ ਦਲੀਜਾਂ ਦੇ ਅੰਦਰ ਪੈਰ ਨਹੀਂ: ਧਰਨ ਦਿੱਤਾ । ਅੱਜ ਤੁਹਾਡੇ ਕਹਿਣ ਪਰ ਮੈਨੂੰ ਬੀ ਸੰਸਾ ਹੋ ਗਿਆ ਹੈ ਕਿ ਬੇਗਮ ਦਾ ਖਿਆਲ ਇਸ ਤਰ੍ਹਾਂ ਦਾ ਹੈ । ਤੁਹਾਡੀ ਦਲੀਲ ਠੀਕ ਹੈ ਅਰ ਤੁਹਾਡੇ ਸਬੂਤ ਭਰੋਸਾ ਕਰਨੇ ਯੋਗ ਹਨ, ਪਰ ਮੈਂ ਕੀ ਕਰਾਂ ?

ਬਹੁਤ ਸੋਚਿਆ ਹੈ, ਰਸਤਾ ਨਹੀਂ ਨਿਕਲਦਾ । ਹਾਂ, ਇਕ ਵਿਉਂਤ ਹੈ ਕਿ ਰੱਬ ਦੇ ਆਸਰੇ ਉੱਤਰ ਚੜ੍ਹਦੇ ਪਾਸੇ ਵੱਲੋਂ ਕਿਲ੍ਹੇ ਦੀ ਬਾਹੀ ਟੱਪ ਚਲੀਏ, ਭਲਾ ਜੇ ਸਾਬਤ ਨਿਕਲ ਚੱਲੀਏ। ਸ਼ੀਲ ਕੌਰ ਬੋਲੀ ਕਿ ਸਲਾਹ ਭਲੀ ਹੈ, ਪਰ ਕੋਈ ਉਤਰਨੇ ਦੀ ਹੋਰ ਡੋਲ ਕਰੋ । ਬਿਜੈ ਸਿੰਘ ਬੋਲਿਆ:-ਮੈਂ ਵਿਉਂਤ ਕੀਤੀ ਤਾਂ ਹੈ ਪਰ ਜੇ ਨਿਭ ਜਾਵੇ ਤਾਂ । ਉਹ ਇਉਂ ਹੈ ਕਿ ਇਕ ਰੱਸੇ ਜਾਂ ਇਕ ਸਾਫੇ ਦੇ ਥਾਨ ਨਾਲ ਤੁਹਾਨੂੰ ਬੰਨ੍ਹ ਕੇ ਮੈਂ ਵਾਰੋ ਵਾਰੀ ਹੇਠਾਂ ਲਮਕਾ ਦਿਆਂਗਾ ਥੋੜ੍ਹੀ ਵਿੱਥ ਪੁਰ ਇਕ ਉੱਚਾ ਪਿੱਪਲ ਹੈ, ਤੁਸੀਂ ਉਸ ਪੁਰ ਚੜ੍ਹ ਕੇ, ਦੂਸਰਾ ਸਿਰਾ ਕੱਸ ਕੇ ਪਿੱਪਲ ਦੇ ਉੱਪਰਲੇ ਡਾਲ ਨਾਲ ਬੰਨ੍ਹ ਦੇਣਾ, ਜੋ ਸਿਰਾ ਮੇਰੇ ਹੱਥ ਵਿਚ ਹੋਵੇਗਾ ਉਸ ਦੇ ਆਸਰੇ ਫੇਰ ਮੈਂ ਪਲਮ ਪਵਾਂਗਾ* ।

ਵਹੁਟੀ ਗਭਰੂ ਨੇ ਇਹ ਗੋਂਦ ਗੁੰਦੀ । ਰਾਤ ਨੂੰ ਬਿਜੈ ਸਿੰਘ ਸਮਾਂ ਤਾੜਨ ਲੱਗਾ ਪਰ ਪੇਸ਼ ਨਾ ਗਈ, ਦੂਜੀ ਰਾਤ ਪਹਿਰੇਦਾਰਾਂ ਦੀ ਨਜ਼ਰੋਂ ਨਾ ਬਚ ਸਕੇ, ਤੀਜੇ ਦਿਨ ਸੋਚਿਆ ਕਿ ਪਿਛਲੀ ਰਾਤ ਨਾਲੋਂ ਪਹਿਲੀ ਰਾਤ ਚੰਗੀ ਸੀ, ਕਿਉਂਕਿ ਇਧਰ ਪਹਿਲੇ ਪਹਿਰ ਤੋਂ ਮਗਰੋਂ ਪਹਿਰਾ ਲੱਗਦਾ ਹੈ, ਸੋ ਉਸ ਤੋਂ ਪਹਿਲਾਂ ਹੀ ਨਿਕਲ ਚੱਲੀਏ । ਗੱਲ ਕੀ, ਇਸੇ ਤਰ੍ਹਾਂ ਕੀਤਾ, ਜਦ ਉਥੇ ਪਹੁੰਚੇ ਤਦ ਆਪਣੇ ਆਹਰ ਵਿਚ ਲੱਗੇ । ਪਹਿਲੇ ਸ਼ੀਲ ਕੌਰ ਦੇ ਲੱਕ ਨਾਲ ਕਪੜਾ ਬੱਧਾ, ਤੇ ਉਸੇ ਨੂੰ ਉਸ ਨੇ ਹੱਥ ਪਾ ਲਿਆ ਅਰ ਬਾਹੀ ਪੁਰ ਚੜ੍ਹ ਗਈ । ਬਿਜੈ ਸਿੰਘ ਕੰਧ ਨੂੰ ਪੈਰ ਦਾ ਅੜਿੱਕਾ ਦੇ ਕੇ ਖੜਾ ਹੋ ਗਿਆ ਅਰ ਸ਼ੀਲ ਕੌਰ ਪਲਮਣ ਹੀ ਲੱਗੀ ਸੀ ਕਿ ਕਿਸੇ ਹੱਥ ਨੇ ਅਚਾਨਕ ਬਾਂਹ ਆ ਫੜੀ, ਤੇ ਕਿਹਾ “ਭੈਣ ਜੀ !

ਐਸ ਤਰ੍ਹਾਂ ਛੱਡ ਕੇ ਨੱਸ ਤੁਰੀਦਾ ਹੈ ?” ਤਿੰਨੇ ਵਿਚਾਰੇ ਹੱਕੇ ਬੱਕੇ ਹੋ ਗਏ, ਸਾਰੀ ਸਲਾਹ ਉਥੇ ਦੀ ਉਥੇ ਹੀ ਰਹਿ ਗਈ, ਸ਼ਰਮਿੰਦੇ ਹੋ ਕੇ ਮੁੜ ਤੁਰੇ ਅਰ ਫੇਰ ਆਪਣੇ ਦਲਾਨ ਵਿਚ ਆ ਬੈਠੇ ।

ਬੇਗਮ-ਹੁਣ ਬੋਲੋ ਤਾਂ ਸਹੀ, ਚੁਪ ਕਿਉਂ ਹੋ ਗਏ ? ਮੈਂ ਤੁਹਾਡੇ ਨਾਲ ਗੁੱਸੇ ਤਾਂ ਨਹੀਂ। ਮੈਂ ਜਾਣਦੀ ਹਾਂ, ਤੁਸੀਂ ਪੱਲਾ ਛੁਡਾਉਂਦੇ ਹੋ ਮੈਂ ਤਾਂ ਆਸਰਾ ਪਰਨਾ ਤੁਹਾਨੂੰ ਜਾਤਾ ਹੋਇਆ ਹੈ ਤੇ ਤੁਸੀਂ ਐਉਂ ਖਹਿੜਾ ਛੁਡਾਉਂਦੇ ਹੋ । ਸੱਚ ਹੈ-ਲੋੜ ਵੇਲੇ ਦਾ ਕੋਈ ਬੇਲੀ ਨਹੀਂ ਬਣਦਾ ।

ਸ਼ੀਲ ਕੌਰ-ਤੁਸੀਂ ਕਹਿੰਦੇ ਤਾਂ ਠੀਕ ਹੋ, ਪਰ ਅਸੀਂ ਤਾਂ ਆਪ ਦੇ ਪਾਸੋਂ ਕੰਨੀ ਨਹੀਂ ਕਤਰਾਉਂਦੇ, ਤੁਸੀਂ ਸਾਨੂੰ ਆਪ ਕੱਢਦੇ ਹੋ ।

ਬੇਗਮ-ਉਹ ਕਿੱਕੁਰ ?

ਸ਼ੀਲ ਕੌਰ-ਇਹ ਪਤੀ ਜੀ ਦੱਸਣਗੇ ।

ਬੇਗਮ-ਕਿਉਂ ਮਹਾਰਾਜ (ਠੰਢਾ ਸਾਹ ਭਰਕੇ) ਕਦੀ ਹੋ ਸਕਦਾ ਹੈ ਕਿ ਕੋਈ ਆਪ ਆਪਣੀ ਜਿੰਦ ਨੂੰ ਆਪਣੇ ਤੋਂ ਦੂਰ ਕਰੇ ?

ਬਿਜੈ ਸਿੰਘ-ਸੱਚ ਹੈ, ਪਰ ਕਈ ਹਫ਼ੀਮਾਂ ਖਾ ਹੀ ਲੈਂਦੇ ਹਨ ਨਾ !

ਬੇਗਮ-ਅਕਲ ਵੇਲੇ ਨਹੀਂ, ਕਿਸੇ ਨਿਰਾਸਤਾ ਵਿਚ, ਪਰ ਹਾਂ (ਲੰਮਾ ਸਾਹ ਲੈ ਕੇ) ਕਿਵੇਂ ?

ਬਿਜੈ ਸਿੰਘ-ਆਪ ਜੋ ਸਲਾਹ ਸਾਥੋਂ ਲੈਂਦੇ ਹੋ ਮੰਨਦੇ ਨਹੀਂ, ਆਪਣੀ ਕੀਤੀ ਕਰਦੇ ਹੋ ! ਅਸੀਂ ਚਾਹੁੰਦੇ ਹਾਂ ਕਿ ਆਪ ਭਲੇ ਪੁਰਖਾਂ ਨੂੰ ਪਾਸ ਰੱਖੋ, ਆਪਣੇ ਧਰਮ ਦੇ ਕੰਮ ਪੂਰੇ ਕਰੋ, ਵਜ਼ੀਰਾਂ ਤੇ ਉਮਰਾਵਾਂ ਨਾਲ ਨਾ ਵਿਗਾੜੋ; ਤੁਸੀਂ ਨਹੀਂ ਮੰਨਦੇ, ਨਾ ਮੰਨਣ ਦਾ ਫਲ ਮਾੜਾ ਲੱਗਣਾ ਹੈ, ਇਸ ਕਰ ਕੇ ਫੇਰ ਕਿਨਾਰਾ ਹੀ ਚੰਗਾ ਹੈ।

ਬੇਗਮ-ਹਾਂ ਹੈਂ ਹਾਂ, ਪਰ ਹੁਣ ਜੋ ਕਹੋਗੇ ਹੋਵੇਗਾ। ਕੋਈ ਹੋਰ ਕਾਰਨ ਤਾਂ ਨਹੀਂ ?

ਬਿਜੈ ਸਿੰਘ-ਹੋਰ ਭੀ ਹਨ, ਅਸੀਂ ਨਜ਼ਰਬੰਦ ਹੋ ਕੇ ਨਹੀਂ ਰਹਿਣਾ ਚਾਹੁੰਦੇ, ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਦਲ ਵਿਚ ਚਲੇ ਜਾਈਏ, ਜਦ ਕਦੇ ਤੁਸੀਂ ਚਾਹੋ ਆਪ ਨੂੰ ਮਿਲਦੇ ਗਿਲਦੇ ਰਹੀਏ, ਜੇ ਆਪ ਨੂੰ ਸਾਡੀ ਮਦਦ ਦੀ ਕੋਈ ਮੁਨਾਸਬ ਲੋੜ ਪਵੇ ਉਹ ਪੂਰੀ ਕਰੀਏ ਪਰ ਤਾਂ ਜੇ ਤੁਸੀਂ ਸਿੱਖਾਂ ਨਾਲ ਬੀ ਸੰਵਾਰੋ ।

ਬੇਗਮ-ਮੈਂ ਆਪ ਨੂੰ ਅੱਖੋਂ ਉਹਲੇ ਨਹੀਂ ਕਰ ਸਕਦੀ ਤੇ ਦਲਾਂ ਵਿਚ ਕਿਥੋਂ ਤੋਰਾਂ ? “ਨ੍ਹਾਵਣ ਗਏ ਨ ਬਾਹੁੜੇ ਜੋਗੀ ਕਿਸ ਦੇ ਮਿੱਤ” ਕਿਆ ਅੱਛਾ ਹੋਵੇ ਕਿ ਆਪ ਸਿੱਖਾਂ ਦਾ ਖ਼ਿਆਲ ਛੱਡ ਕੇ ਮੇਰੇ ਨਾਲ ਇੱਕੋ ਮਿੱਕੋ ਹੋ ਜਾਵੋ, ਤੁਸੀਂ ਬੜੇ ਚੰਗੇ ਵਜ਼ੀਰ ਬਣ ਸਕੋਗੇ, ਫੇਰ ਜੋ ਕਰਸੋ ਤੁਸੀਂ ਕਰੋ, ਮੈਂ ਹੁਕਮ ਵੀ ਨਾ ਦਿਆਂਗੀ, ਪਰ ਮੁਸਲਮਾਨ ਹੋਏ ਬਾਝ ਇਹ ਗੱਲ ਕਠਨ ਹੈ, ਕਿਉਂਕਿ ਸਿਰਤੇ ਦੁਰਾਨੀਦਾ ਡੰਡਾ ਹੈ ਤੇ ਦਿੱਲੀ ਦੀ ਝਿੜਕ ਹੈ।

ਬਿਜੈ ਸਿੰਘ-ਵਾਹ ਵਾਹ ! ਤੁਸੀਂ ਸਾਨੂੰ ਮੁਸਲਮਾਨ ਕਰਦੇ ਹੋ । ਆਪ ਤਾਂ ਕਦੇ ਨਿਮਾਜ਼ ਨਹੀਂ ਪੜ੍ਹੀ, ਰੋਜ਼ਾ ਨਹੀਂ ਰੱਖਿਆ, ਸਾਨੂੰ ਕਿਵੇਂ ਬਣਾਓਗੇ ? ਦੂਸਰੇ ਜੇ ਆਪ ਦੀ ਇਹੀ ਮਰਜ਼ੀ ਹੈ, ਤਦ ਸਾਨੂੰ ਬਹੁਤ ਛੇਤੀ ਆਪਣੀਆਂ ਜਿੰਦਾਂ ਪੁਰ ਖੇਡਣਾ ਪਵੇਗਾ।

ਬੇਗਮ-ਤੋਬਾ ਤੋਬਾ ! ਭਲੀ ਅਵਾਜ਼ ਕੱਢੋ ! ਮੈਂ ਤਾਂ ਸਹਿ ਸੁਭਾ ਦੀ ਗੱਲ ਕੀਤੀ ਹੈ, ਤੁਸੀਂ ਕਿਉਂ ਗੁੱਸਾ ਕਰ ਲਿਆ ? ਜੋ ਆਪ ਨੂੰ ਗੱਲ ਨਾ ਭਾਵੇਂ ਮੈਂ ਕਦੇ ਨਹੀਂ ਕਰਾਂਗੀ ।

ਬਿਜੈ ਸਿੰਘ-ਕੀ ਆਪ ਇਹ ਇਕਰਾਰ ਕਰਦੇ ਹੋ ?

ਬੇਗਮ-ਹਾਂ, ਮੈਂ ਇਕਰਾਰ ਕਰਦੀ ਹਾਂ ਜੋ ਤੁਹਾਨੂੰ ਨਾ ਭਾਵੇ ਮੈਂ ਨਹੀਂ ਕਰਾਂਗੀ।

ਬਿਜੈ ਸਿੰਘ-ਬਹੁਤ ਚੰਗਾ !

ਬੇਗਮ-ਪਰ ਤੁਸੀਂ ਭੀ ਇਕਰਾਰ ਕਰੋ ਕਿ ਜਾਵੋਗੇ ਨਹੀਂ ?

ਬਿਜੈ ਸਿੰਘ-ਮੈਂ ਨੇਮ ਕਰਦਾ ਹਾਂ ਕਿ ਜਦ ਤਕ ਤੁਸੀਂ ਨੇਮ ਨਿਬਾਹੋਗੇ ਮੈਂ ਨਿਬਾਹਾਂਗਾ, ਪਰ ਜਦ ਤੁਸੀਂ ਨੇਮ ਤੋੜੋਗੇ ਮੈਂ ਫੇਰ ਨੇਮ ਵਿਚ ਬੱਧਾ ਨਹੀਂ ਰਹਾਂਗਾ।

ਬੇਗਮ-ਬਹੁਤ ਅੱਛਾ ! ਤੁਸੀਂ ਫ਼ਿਕਰ ਨਾ ਕਰੋ, ਮੈਂ ਤਾਂ ਹਰ ਵੇਲੇ ਫ਼ਿਕਰ ਵਿਚ ਹਾਂ ਕਿ ਆਪ ਲਈ ਸਾਰੇ ਸੁਖ ਕੱਠੇ ਕਰਦੀ ਰਹਾਂ । ਆਪ ਦੇ ਦਿਲ ਨੂੰ ਰਤਾ ਠੁਹਕਰ ਲੱਗੇ ਤਾਂ ਮੇਰਾ ਦਿਲ ਸ਼ੀਸ਼ੇ ਵਾਂਗ ਚੂਰ ਹੋ ਜਾਂਦਾ ਹੈ । ਇਸ ਵੇਲੇ ਤੁਹਾਡੇ ਬਾਝ ਮੇਰਾ ਕੌਣ ਹੈ ? ਸਭਨੀਂ ਥੋਕੀਂ ਤੁਸੀਂ ਹੀ ਹੋ । ਤੁਹਾਨੂੰ ਲੜ ਛੁਡਾ ਕੇ ਖਿਸਕਦੇ ਦੇਖ ਕੇ ਮੇਰਾ ਮਨ ਦੁਖੀ ਹੋ ਗਿਆ ਹੈ, ਪਰ ਹੁਣ ਆਪ ਦੇ ਕੌਲ ਦੇਣ ਨਾਲ ਦਿਲ ਸੁਖੀ ਹੋ ਗਿਆ ਹੈ।

ਇਹ ਕਹਿ ਕੇ ਸ਼ੀਲਾ ਦੇ ਗਲ ਮਿਲੀ । ਭੁਜੰਗੀ ਨੂੰ ਗਲ ਲਾਇਆ ਤੇ ਉਸ ਦਾ ਮੂੰਹ ਚੁੰਮ ਕੇ ਸਿੰਘ ਜੀ ਦੇ ਮੋਢੇ ਪਰ ਹੱਥ ਧਰ ਕੇ ਉਠੀ ਅਰ ਰੋਟੀ ਖਾਣ ਚਲੀ ਗਈ।

ਸ਼ੀਲ ਕੌਰ ਤੇ ਬਿਜੈ ਸਿੰਘ ਕੁਝ ਆਪਣੀ ਮੁਸ਼ਕਲ ਪਰ ਘਬਰਾਏ, ਫੇਰ ਹੱਸੇ ਕਿ ਦੇਖੀਏ ਹੁਣ ਕੀ ਬਣਦਾ ਹੈ ? ਸ਼ੀਲ ਕੌਰ ਨੇ ਕਿਹਾ ਕਿ ਆਪ ਨੇ ਜੋ ਨੇਮ ਕੀਤਾ ਹੈ ਸਾਨੂੰ ਫਸਾ ਨਾ ਦੇਵੇ।

ਬਿਜੈ ਸਿੰਘ-ਫਸੇ ਤਾਂ ਪਏ ਹਾਂ, ਨਿਕਲਣੇ ਦੀ ਸੂਰਤ ਹੀ ਅਜੇ ਨਹੀਂ ਅਰ ਅੱਜ ਤੋਂ ਬੇਗਮ ਨੇ ਪਹਿਰਾ ਵੀ ਹੋਰ ਕਰੜਾ ਸਾਡੇ ਮਗਰ ਰੱਖਣਾ ਹੈ। ਨੇਮ ਮੇਰਾ ਨੇਮ ਕੱਚਾ ਨਹੀਂ, ਕਿਉਂਕਿ ਉਸ ਕੋਲੋਂ ਆਪਣਾ ਨਹੀਂ ਨਿਭਣਾ । ਹਾਰਨਾ ਉਸੇ ਨੇ ਹੈ, ਕਿਉਂਕਿ ਉਹ ਅਕਾਲ ਦੇ ਘਰ ਵਿਚ ਨਹੀਂ, ਰਾਜ ਮਦ ਸਿਰ ਨੂੰ ਚੜ੍ਹ ਰਿਹਾ ਹੈ। ਪਰ ਸਾਨੂੰ ਸਦਾ ਤਿਆਰ ਰਹਿਣਾ ਚਾਹੀਏ ਝੱਲਣ ਲਈ, ਕਿਉਂਕਿ ਇਨਸਾਨ ਦੇ ਸਿਰ ਤੇ ਅਝੱਲ ਸੱਟਾਂ ਪੈਂਦੀਆਂ ਹਨ । ਝੱਲਣਾ ਤੇ ਨਾ ਡੋਲਣਾ ਹੀ ਇਨਸਾਨੀ ਤਾਕਤ ਹੈ ।

18 ਕਾਂਡ ।

ਇਕ ਦਿਨ ਤੜਕਸਾਰ ਅਜੇ ਚਾਰ ਨਹੀਂ ਵਜੇ ਸਨ, ਭਾਈ ਬਿਜੈ ਸਿੰਘ ਹੁਰੀਂ ਮਹੱਲਾਂ ਦੇ ਪਿਛਵਾੜੇ ਬਾਗ ਵਿਚ ਬੈਠੇ ਪਰਮੇਸ਼ੁਰ ਦੇ ਧਿਆਨ ਵਿਚ ਮਗਨ ਹੋ ਰਹੇ ਸਨ । ਪਿਛਲੀ ਰਾਤ ਦਾ ਚੰਦ ਪਿਛਲੀ ਅਵਸਥਾ ਦੇ ਦਾੜ੍ਹੇ ਵਾਂਗੂੰ ਧਰਤੀ ਦੇ ਚਿਹਰੇ ਨੂੰ ਨੂਰ ਦੇ ਰਿਹਾ ਸੀ। ਤਾਰਿਆਂ ਦੀ ਛਟਕੀ ਹੋਈ ਰਾਤ ਹੋਰ ਵੀ ਸੁਹਾਉ ਫੈਲਾ ਰਹੀ ਸੀ, ਭਿੰਨੀ ਠੰਢ ਸਰੀਰ ਨੂੰ ਐਸਾ ਆਨੰਦ ਦੇ ਰਹੀ ਸੀ, ਜਿਹਾ ਗੁਲਾਬ ਦੀਆਂ ਖੰਭੜੀਆਂ ਨੂੰ ਤਰੇਲ।

ਬੇਗਮ ਸਾਰੀ ਰਾਤ ਨਹੀਂ ਸੁੱਤੀ, ਕਦੀ ਕੋਠੇ ਕਦੀ ਹੇਠ, ਕਦੀ ਅੰਦਰ ਕਦੀ ਛੱਜੇ ਤੇ ਮੱਛੀ ਵਾਂਗ ਤੜਫਦੀ ਫਿਰੀ। ਤਪ ਵਾਲੇ ਨੂੰ ਜਿੱਕੁਰ ਠੰਢ ਦਾ ਸੁਆਦ ਨਹੀਂ, ਤਿਵੇਂ ਭਿੰਨੀ ਭਿੰਨੀ ਰਾਤ ਤਪਦੇ ਚਿਤ ਲਈ ਠੰਢ ਨਹੀਂ ਸੀ ਵਰਤਾ ਰਹੀ। ਕਦੀ ਰੋਂਦੀ, ਕਦੀ ਹੱਸਦੀ ਕਦੀ ਸਮਝ ਕਰਦੀ, ਕਦੀ ਬੇਵੱਸ ਹੋ ਜਾਂਦੀ। ਕਦੀ ਮਨ ਨਾਲ ਗੱਲੀਂ ਛਿੜ ਪੈਂਦੀ-

“ਹੇ ਮਨ! ਆ ਸਮਝ, ਦੇਖ। ਅੱਗੇ ਦੇਸ਼ ਵਿਚ ਭਿਖਾਰੀ ਖਾਂ ਦੀ ਬਾਬਤ ਕੀ ਹਾਸੋਹੀਣੀ ਹੋਈ, ਤ੍ਰੀਮਤ ਦਾ ਕੀ ਹੈ? ਭਾਵੇਂ ਸੌ ਰਾਜ ਗੱਦੀ ਪਰ ਬੈਠੇ ਫੇਰ ਤੀਵੀਂ, ਰਤਾ ਸ਼ੱਕ ਪਿਆ ਨਹੀਂ ਤੀਵੀਂ ਦਾ ਜਸ ਗਿਆ ਨਹੀਂ।

ਵਿਚਾਰੀ ਰਜ਼ੀਆ ਬੇਗਮ ਦਾ ਹਾਲ ਤੈਨੂੰ ਮਾਲੂਮ ਹੀ ਹੈ ?

“ਦੇਖੋ! ਮੈਂ ਕਿਸ ਸੁਖ ਦੇ ਪਿਛੇ ਪਈ ਹਾਂ। ਸਾਰਾ ਪੰਜਾਬ ਮੇਰੇ ਹੁਕਮ ਵਿਚ ਤੇ ਮੇਰਾ ਆਪਣਾ ਮਨ ਮੇਰੀਆਂ ਵਾਗਾਂ ਤੋਂ ਬਾਹਰ। ਹਾਇ! ਮੇਰੇ ਕਰਤੱਬ ਪੁਸਤਕਾਂ ਵਿਚ ਲਿਖੇ ਜਾਣਗੇ, ਸਦੀਆਂ ਬੀਤ ਜਾਣਗੀਆਂ ਮੇਰੀਆਂ ਹੱਡੀਆਂ ਭੀ ਕਬਰ ਵਿਚ ਮਿੱਟੀ ਹੋ ਜਾਣਗੀਆਂ, ਪਰ ਮੇਰੇ ਨਾਮ ਤੋਂ ਵਜ਼ੀਰ ਵਾਲਾ ਧੱਬਾ ਨਹੀਂ ਧੁਪੇਗਾ। ਜਦ ਕਿਤੇ ਮੇਰਾ ਨਾਮ ਆਵੇਗਾ, ਇਹ ਜ਼ਿਕਰ ਛਿੜੇਗਾ। ਹੁਣ ਤਕ ਬੇਬਸ ਸਿੱਖ ਮੇਰੇ ਫੰਧੇ ਵਿਚ ਹੈ, ਉਹ ਨਿਰਦੋਸ਼ ਹੈ, ਉਹ ਇਥੇ ਕੈਦੀ ਹੈ; ਮੇਰੇ ਹੁਕਮ ਦੇ ਫਾਹੇ ਵਿਚ ਹੈ, ਉਸ ਦਾ ਨਾਮ ਕੀ ਵਿਗੜਨਾ ਹੈ? ਮਰਦ ਸੌ ਬੁਰਿਆਈ ਕਰੇ ਅੰਨ੍ਹੀ ਖ਼ਲਕਤ ਕੁਝ ਨਹੀਂ ਕਹਿੰਦੀ, ਤ੍ਰੀਮਤ ਤੇ ਝੂਠਾ ਸ਼ੱਕ ਭੀ ਪੈ ਜਾਵੇ ਤਾਂ ਤੀਵੀਂ ਦੀ ਮਿੱਟੀ ਉੱਡ ਜਾਂਦੀ ਹੈ। ਤਦੇ ਹੀ ਕਹਿੰਦੇ ਹਨ ਕਿ ਤ੍ਰੀਮਤਾਂ ਨੂੰ ਬੜਾ ਜਤ ਸਤ ਸੰਭਾਲਣਾ ਚਾਹੀਏ; ਤੀਵੀਂ ਨੂੰ ਉੱਚੀ ਅੱਖ ਕਿਸੇ ਵੱਲ ਬੀ ਨਹੀਂ ਤੱਕਦਾ ਚਾਹੀਏ। ਪਰ ਇਸ ਗੱਲ ਲਈ ਮਨ ਕਾਬੂ ਲੋੜੀਏ, ਹੱਛਾ ਠੀਕ ਹੈ! ਪਰ ਖ਼ਬਰੇ ਕੱਲ ਕਿਸੇ ਦਾ ਹੈ? ਅੱਗਾ ਕਿਨ੍ਹ ਡਿਠਾ ਹੈ ? ਮਤਾਂ ਮੈਂ ਮਰ ਹੀ ਜਾਵਾਂ, ਇਹ ਰਾਜ ਭਾਗ ਹੈ, ਪਰ ਇੱਕਲੀ ਹਾਂ, ਹੱਛਾ ਚਲੋ, ਸਿੰਘ ਜੀ ਨਾਲ ਗਲ ਬਾਤ ਤਾਂ ਕਰੀਏ। ਉਸ ਭੋਲੇ ਨੂੰ ਤਾਂ ਖ਼ਬਰ ਹੀ ਨਹੀਂ। ਕੇਡਾ ਨੇਕ ਹੈ, ਦਾਨਾ ਹੈ, ਬੰਦਗੀ ਵਾਲਾ ਹੈ ਤੇ ਚੰਨ ਹੈ ।’

ਐਸ ਤਰ੍ਹਾਂ ਦੇ ਖ਼ਿਆਲਾਂ ਵਿਚ ਬੇਗਮ ਰਾਤ ਬਿਤਾਵੇ, ਪਰ ਬੀਤੇ ਨਾ, ਛੇਕੜ ਇਕ ਉਬਾਲ ਵਿਚ ਉਠ ਕੇ ਉਧਰ ਗਈ, ਜਿਧਰ ਸ਼ੀਲ ਜੀ ਸਨ । ਝੀਤਾਂ ਵਿਚੋਂ ਡਿੱਠਾ ਕਿ ਸ਼ੀਲ ਕੌਰ ਤੇ ਬਾਲਕ ਬੈਠੇ ਪਾਠ ਕਰ ਰਹੇ ਹਨ, ਪਰ ਬਿਜੈ ਸਿੰਘ ਨਹੀਂ ਹੈ। ਹੁਣ ਬੇਗਮ ਪਰਲੇ ਛੱਜੇ ਤੇ ਗਈ, ਬਾਗ਼ ਵੱਲ ਨਜ਼ਰ ਕੀਤੀ ਤਾਂ ਸੰਖਮਰਮਰ ਦੀ ਸ਼ਿਲਾ ਪੁਰ ਚਾਨਣਾ ਚੰਦ ਚਮਕਦਾ ਦਿੱਸਿਆ । ਬੇਗਮ ਝਟ ਉਥੇ ਪਹੁੰਚੀ । ਜਦ ਬੇਗਮ ਨੇ ਸਿੰਘ ਜੀ ਦੇ ਭਜਨੀਕ ਚਿਹਰੇ ਦਾ ਦਰਸ਼ਨ ਕੀਤਾ ਤਾਂ ਠੰਢ ਜਿਹੀ ਪਈ ਕਿ ਸਭ ਘਬਰਾ ਵਾਲੇ ਖ਼ਿਆਲ ਉੱਡ ਗਏ, ਵਾਸ਼ਨਾ ਦੂਰ ਹੋ ਗਈਆਂ ਤੇ ਬੇਵੱਸੇ ਸਿਰ ਨਿਉਂ ਗਿਆ। ਸਿੰਘ ਜੀ ਨੇ ਅੱਖਾਂ ਖੋਲ੍ਹੀਆਂ ਤੇ ਕਿਹਾ : ਆਪ ਸਿਰ ਨਾ ਝੁਕਾਓ, ਬਹਿ ਜਾਓ ।

ਬੇਗਮ-ਤੁਸੀਂ ਮੈਨੂੰ ਐਸ ਵੇਲੇ ਵੇਖਕੇ ਹੈਰਾਨ ਹੋ ਗਏ ਹੋਵੋਗੇ, ਪਰ ਜਿੱਕੁਰ ਪਰਮੇਸ਼ੁਰ ਦੇ ਪਿਆਰ ਨੇ ਤੁਹਾਨੂੰ ਸੌਣ ਨਹੀਂ ਦਿੱਤਾ ਤਿਵੇਂ ਤੁਹਾਡੇ ਪਿਆਰ ਨੇ ਮੈਨੂੰ । ਹੁਣ ਇਕ ਅਰਜ਼ ਸੁਣ ਲਵੋ ! ਮੇਰੇ ਚਿਤ ਵਿਚ ਤੁਹਾਡਾ ਪਿਆਰ ਪੈ ਗਿਆ ਹੈ, ਮੈਂ ਸਾਰੇ ਓੜ੍ਹ ਪੋੜ੍ਹ ਉਸ ਨੂੰ ਕਢਣ ਦੇ ਕੀਤੇ, ਪਰ ਨਹੀਂ ਨਿਕਲਦਾ। ਹੁਣ ਕ੍ਰਿਪਾ ਕਰ ਕੇ ਆਪ ਮੇਰੇ ਨਾਲ ਵਿਆਹ ਕਰ ਲਵੋ, ਤੁਸੀਂ ਮੁਸਲਮਾਨ ਹੋ ਜਾਵੋ ਤਾਂ ਬੜੀ ਖ਼ੁਸ਼ੀ, ਨਹੀਂ ਤਾਂ ਐਵੇਂ ਹੀ ਰਹੋ, ਪਰ ਨਿਕਾਹ ਪੜ੍ਹਾ ਲਓ, ਨਿਕਾਹ … ਪਰ ਜ਼ਰਾ ਲੁਕਵੀਂ ਰਹੇ ਗੱਲ ।

ਸਿੰਘ ਜੀ-ਹੇ ਪ੍ਰਜਾ ਮਾਤਾ ! ਦੂਰੰਦੇਸ਼ੀ ਤੋਂ ਕੰਮ ਲਵੋ । ਮੈਂ ਵਿਆਹਿਆ ਹੋਇਆ ਹਾਂ; ਆਪ ਨੂੰ ਮਲੂਮ ਹੈ। ਫੇਰ ਆਪ ਦੇ ਸਿਰ ਤੇ ਸਾਰੇ ਦੇਸ ਦਾ ਬੰਦੋਬਸਤ ਹੈ; ਆਪ ਨੂੰ ਪ੍ਰਜਾ ਦੀ ਰੱਖ੍ਯਾ ਦਾ ਧਿਆਨ ਚਾਹੀਏ । ਦੇਸ਼ ਦਾ ਭਾਰ ਆਪ ਦੀ ਗਿੱਚੀ ਤੇ ਹੈ, ਇਸ ਦੇ ਨਿਬਾਹ ਲਈ ਭਲਿਆਈ ਤੇ ਪਰਮੇਸ਼ਰ ਦਾ ਭਾਉ ਚਾਹੀਦਾ ਹੈ । ਧਰਮ ਬੜੀ ਸ਼ੈ ਹੈ।

ਬੇਗਮ-ਸਿੰਘ ਜੀ ! ਮੈਂ ਆਪਨੂੰ ਕੋਈ ਗੱਲ ਧਰਮ ਦੇ ਵਿਰੁੱਧ ਨਹੀਂ ਕਹੀ। ਮੈਂ ਤਾਂ ਵਿਆਹ ਵਾਸਤੇ ਕਿਹਾ ਹੈ। ਵਿਆਹ ਤਾਂ ਪਾਕ ਰਿਸ਼ਤਾ ਹੈ ।

ਸਿੰਘ ਜੀ-ਸੱਚ ਹੈ, ਵਿਆਹ ਕੇਵਲ ਮੰਦੀ ਵਾਸ਼ਨਾ ਵਾਸਤੇ ਨਹੀਂ ਹੁੰਦਾ, ਵਿਆਹ ਤਾਂ ਇਸ ਗੱਲ ਦਾ ਨਾਮ ਹੈ ਕਿ ਦੋ ਅਣਵਿਆਹੇ ਜੀਵ ਇਕ ਦੂਜੇ ਦੇ ਦੁਖ ਸੁਖ ਦੇ ਭਾਗੀ ਹੋ ਕੇ ਸੱਚੀ ਮਿਤ੍ਰਤਾ ਅਰ ਪ੍ਰੇਮ ਭਾਵਨਾ ਨਾਲ ਸੰਸਾਰ ਦਾ ਪੈਂਡਾ ਮੁਕਾਉਣ ਦਾ ਧਰਮ ਕਰਦੇ ਹਨ, ਪਰ ਮੈਂ ਤਾਂ ਅੱਗੇ ਵਿਆਹਿਆ ਹੋਇਆ ਹਾਂ । ਫੇਰ ਸੋਚੋ ਤਾਂ ਸਹੀ ਮੇਰੇ ਨਾਲ ਵਿਆਹ ਕਰਕੇ ਤੁਹਾਡਾ ਰਾਜ ਭਾਗ ਬਚ ਸਕਦਾ ਹੈ ? ਮੁਸਲਮਾਨ ਮੈਂ ਹੋਣਾ ਨਹੀਂ ਭਾਵੇਂ ਜ਼ਿਮੀਂ ਅਸਮਾਨ ਟਲ ਜਾਏ। ਹੁਣ ਦੱਸੋ ਇਸ ਵਹਿਣ ਵਿਚੋਂ ਕੀ ਗੁਣ ਨਿਕਲੇਗਾ? ਮੇਰੇ ਕਹੇ ਲੱਗੋ ਤਾਂ ਤੁਸੀਂ ਕੁਰਾਨ ਦੇ ਅਰਥ ਸੁਣਿਆਂ ਕਰੋ, ਜੇ ਚਾਹੋ ਤਾਂ ਮੈਂ ਤੁਹਾਨੂੰ ਗੁਰੂ ਜੀ ਦੀ ਬਾਣੀ ਸੁਣਾਇਆ ਕਰਾਂ ।

ਬੇਗਮ-ਰਾਜ ਭਾਗ ਦੀ ਪਰਵਾਹ ਨਹੀਂ, ਮੈਂ ਜੋ ਆਪ ਤੁਹਾਨੂੰ ਕਿਹਾ ਹੈ ਪ੍ਰੇਮ ਦੀ ਕੋਈ ਡੂੰਘਾਣ ਮੇਰੇ ਚਿੱਤ ਵਿਚ ਬੀ ਹੋਊ ਨਾ ? ਜਿਸ ਨੇ ਮੈਨੂੰ ਐਤਨਾਂ ਹੌਸਲਾ ਦਿੱਤਾ ਹੈ, ਨਹੀਂ ਤਾਂ ਤ੍ਰੀਮਤ ਮਰ ਜਾਵੇ, ਪਰ ਵਿਆਹ ਲਈ ਬੇਨਤੀ ਕਦੇ ਨਾ ਕਰੇ, ਪਾਕ ਮੁਹੱਬਤ ਤਾਂ ਧਰਮ ਹੈ ।

ਸਿੰਘ-ਸ਼ੀਲ ਕੌਰ ਤਾਂ ਤੁਹਾਡੀ ਧਰਮ ਦੀ ਭੈਣ ਹੈ, ਕਿਆ ਇਹ ਧਰਮ ਹੈ ? ਰੱਬ ਤੁਹਾਡਾ ਭਲਾ ਕਰੇ, ਹੇ ਦੇਸ਼ ਦੀ ਰਾਣੀ ਜੀਓ ! ਆਪਣੇ ਰਾਜ ਭਾਗ ਦਾ ਫਿਕਰ ਕਰੋ ।

ਬੇਗਮ-ਬਹੁਤ ਸੋਚ ਚੁਕੀ,ਮੇਰਾ ਕੋਈ ਕੁਛ ਨਹੀਂ ਵਿਗਾੜ ਸਕਦਾ।ਦੇਸ਼ ਕਾਬੂ ਰੱਖਣ ਦੇ ਬਤੇਰੇ ਹਥਕੰਡੇ ਜਾਣਦੀ ਹਾਂ। ਇਕ ਤੁਸੀਂ ਕਿਹਾ ਨਾ ਮੋੜੋ।

ਸਿੰਘ ਜੀ–ਮੈਂ ਇਹ ਸੰਜੋਗ ਨਹੀਂ ਕਰ ਸਕਦਾ, ਮੈਂ ਸਿੰਘ ਹਾਂ ।

ਬੇਗਮ-ਮੈਂ ਤੁਹਾਡੀ ਆਪਣੀ ਬਣਿਆਂ ਚਾਹੁੰਦੀ ਹਾਂ, ਮੈਂ ਪਰਾਈ ਬਣ ਕੇ ਤਾਂ ਕੁਛ ਨਹੀਂ ਕਿਹਾ। ਤੁਸੀਂ ਕਿਉਂ ਹੋਰ ਧੁਨ ਵਿਚ ਚਲੇ ਜਾਂਦੇ ਹੋ ? ਮੈਂ ਵਿਆਹ ਦੀ ਚਾਹਵਾਨ ਹਾਂ, ਵਿਆਹ ਪਾਕ ਰਿਸ਼ਤਾ ਹੈ । ਕੇਵਲ ਚੋਰੀ ਰੱਖਣਾ ਹੈ।

ਸਿੰਘ ਜੀ–ਮੇਰੀ ਇਸਤ੍ਰੀ ਹੈ,ਮੈਂ ਇਕ ਨੂੰ ਆਪਣੀ ਬਣਾ ਚੁਕਾ ਹਾਂ ।

ਬੇਗਮ-ਸਾਡੇ ਵਿਚ ਤਾਂ ਚਾਰ ਤਕ ਦੀ ਆਗ੍ਯਾ ਹੈ ।

ਸਿੰਘ ਜੀ-ਮੈਂ ਇਕ ਤੋਂ ਵਧੀਕ ਨੂੰ ਆਪਣੇ ਲਈ ਚੰਗਾ ਨਹੀਂ ਜਾਣਦਾ । ਪਿਆਰ ਹੈ ਤੇ ਪਵਿੱਤ੍ਰ ਹੈ ਤਾਂ ਤੁਸੀਂ ਮੈਨੂੰ ਪੁੱਤ੍ਰ ਸਮਝ ਲਓ । ਪੁੱਤ੍ਰ ਬਣਾ ਕੇ ਤੁਸੀਂ ਮੇਰੇ ਨਾਲ ਪਿਆਰ ਕਰ ਸਕਦੇ ਹੋ ਤੇ ਮੈਂ ਤੁਹਾਡੀ ਸੇਵਾ ਕਰ ਸਕਦਾ ਹਾਂ । ਪ੍ਰੇਮ ਤਾਂ ਐਉਂ ਬੀ ਨਿਭ ਸਕਦਾ ਹੈ।

ਬੇਗਮ-ਇਨ੍ਹਾਂ ਟਾਲਿਆਂ ਨਾਲ ਕੁਝ ਨਹੀਂ ਬਣਦਾ । ਮੇਰੇ ਮਨ ਨੇ ਬਹੁਤ ਸੋਚ ਲਿਆ ਹੈ, ਬਹੁਤ ਵਿਚਾਰ ਲਿਆ ਹੈ, ਹੁਣ ਮਗਜ਼ ਸੋਚ ਦਾ ਹੋਰ ਭਾਰ ਨਹੀਂ ਚੁੱਕ ਸਕਦਾ ।

ਇਹ ਕਹਿੰਦੇ ਹੀ ਬੇਗਮ ਦੀਆਂ ਅੱਖਾਂ ਲਾਲ ਹੋ ਗਈਆਂ ਤੇ ਦੇਹ ਕੰਬ ਪਈ । ਬਿਜੈ ਸਿੰਘ ਦਾ ਹੱਥ ਫੜ ਕੇ ਘੁੱਟਿਓ ਸੁ, ਕੁਝ ਬੋਲੀ, ਪਰ ਸੰਘੋਂ ਆਵਾਜ਼ ਨਾ ਨਿਕਲੀ । ਬਿਜੈ ਸਿੰਘ ਨੇ ਸਹਿਜੇ ਹੱਥ ਛੁਡਾਉਣਾ ਚਾਹਿਆ ਪਰ ਹੱਥ ਨਾ ਛੁੱਟ ਸਕਿਆ । ਕੁਝ ਚਿਰ ਸਿੰਘ ਜੀ ਅੱਖਾਂ ਮੀਟਕੇ ਬੈਠੇ ਰਹੇ ਪਰ ਫੇਰ ਇਕ ਜੋਸ਼ ਦਾ ਛੜੱਕਾ ਦੇ ਕੇ ਹੱਥ ਛੁਡਾਕੇ ਚਲੇ ਗਏ । ਕੁਝ ਚਿਰ ਨੂੰ ਸੂਰਜ ਬੀ ਚੜ੍ਹ ਪਿਆ, ਉਸ ਦੀਆਂ ਕਿਰਨਾਂ ਬੇਗਮ ਦੇ, ਜੋਸ਼ ਲਹਿ ਜਾਣ ਕਰਕੇ, ਪਿੱਲੇ ਤੇ ਨਿਰਬਲ ਹੋਏ ਚਿਹਰੇ ਤੇ ਪੈ ਕੇ ਉਸ ਦੀ ਇਕ ਵਹਿਸ਼ਤ ਦੀ ਸ਼ਕਲ ਬਨਾਉਣ ਲੱਗ ਪਈਆਂ । ਅੰਤ੍ਰਿੰਗ ਸਖੀਆਂ, ਜੋ ਬੇਗਮ ਨੂੰ ਅੰਦਰ ਨਾ ਪਾਕੇ ਲੱਭ ਰਹੀਆਂ ਸਨ, ਬਾਗ ਵਿਚ ਪਹੁੰਚੀਆਂ ਅਰ ਬੜੀ ਫੁਰਤੀ ਨਾਲ ਚੁਕ ਕੇ ਅੰਦਰ ਲੈ ਗਈਆਂ । ਅੰਦਰ ਪਲੰਘ ਤੇ ਲਿਟਾ ਕੇ ਬਾਂਦੀਆਂ ਨੇ ਗੁਲਾਬ ਤੇ ਕਿਉੜੇ ਦੇ ਛੱਟੇ ਮਾਰਕੇ ਹੋਸ਼ ਆਂਦੀ । ਗੋਲੀਆਂ ਨੇ ਫੇਰ ਪਿੰਡੇ ਤੇ ਚੰਦਨ ਤੇ ਫੁਲੇਲ ਦੀ ਮਾਲਸ਼ ਕਰ ਕੇ ਸਿਰ ਸਮੇਤ ਠੰਢੇ ਜਲ ਦਾ ਇਸ਼ਨਾਨ ਕਰਵਾਇਆ । ਹਨੇਰੀ ਲੰਘ ਗਈ ਤੇ ਮਗਰੋਂ ਮੀਂਹ ਵੱਸ ਚੁਕਣੇ ਪਰ ਬੀ ਜਿੱਕੁਰ ਕੋਈ ਕੋਈ ਬੁੱਲਾ ਤਿੱਖੀ ਪੌਣ ਦਾ ਆ ਜਾਂਦਾ ਹੈ,ਤਿਵੇਂ ਬੇਗਮ ਠੰਢੇ ਹਾਉਕੇ ਕਿਸੇਕਿਸੇ ਵੇਲੇ ਲੈਂਦੀ ਰਹੀ।ਦਰਬਾਰ ਵਿਚ-ਜਿਥੇ ਪਰਦੇ ਵਿਚ ਬੈਠਕੇ ਉਮਰਾਵਾਂ ਨੂੰ ਮਿਲਦੀ ਸੀ-ਅੱਜ ਨਹੀਂ ਗਈ । ਮਹਿਲਾਂ ਵਿਚ ਸਿਰ ਦਰਦ ਦੀ ਖ਼ਬਰ ਸੁਣੀ ਗਈ। ਹਕੀਮ ਹਾਜ਼ਰ ਹੋਏ, ਕਿਸੇ ਸਿਆਣੇ ਨੂੰ ਪਤਾ ਨਾ ਲਗਾ ਕਿ ਬੇਗਮ ਦੇ ਦਿਲ ਨੂੰ ਪੀੜ ਹੈ ਕਿ ਸਿਰ ਨੂੰ । ਕੋਈ ਪਹਿਰ ਦਿਨ ਚੜ੍ਹੇ ਮਗਰੋਂ ਬੇਗਮ ਨੂੰ ਨੀਂਦ ਪੈ ਗਈ । ਸ਼ੁਕਰ ਹੈ ਕਿ ਵਿਚਾਰੀਆਂ ਵਾਸ਼ਨਾ ਜੋ ਇਸ ਦੇ ਤਪਤ ਹਿਰਦੇ ਵਿਚ ਭੱਠੀ ਦੇ ਦਾਣਿਆਂ ਵਾਂਙ ਤੜਫਣੀਆਂ ਲੈ ਰਹੀਆਂ ਸਨ, ਸ਼ਾਂਤਿ ਹੋਈਆਂ ਅਰ ਉਨ੍ਹਾਂ ਨੂੰ ਚਉ ਕਰਕੇ ਬੈਠਣਾ ਮਿਲਿਆ । ਕੋਈ ਲੌਢੇ ਪਹਿਰ ਜਾਗ ਖੁਲ੍ਹੀ । ਬੇਗਮ ਉਂਞ ਤਾਂ ਵੱਲ ਸੀ, ਪਰ ਕਮਜ਼ੋਰ ਹੋ ਗਈ, ਜਿੱਕਰ ਕੋਈ ਤਾਪ ਦੇ ਰੋਗੋਂ ਉਠਦਾ ਹੈ ।

19 ਕਾਂਡ ।

ਬੇਗਮ ਨੂੰ ਆਰਾਮ ਦਾ ਸੌਣਾ, ਬੇਫ਼ਿਕਰੀ ਦਾ ਖਾਣਾ, ਅਚਿੰਤਤਾਈ ਵਿਚ ਹੱਸਣਾ ਸਭ ਭੁੱਲ ਗਿਆ। ਦਿਲ ਦੀ ਹੈਂਕੜ ਤੇ ਆਕੜ ਤਾਂ ਭਿਖਾਰੀ ਖ਼ਾਂ ਵਾਲਾ ਦੰਡ ਦੇਣ ਨੂੰ ਕਦੇ ਉੱਮਲ ਪੈਂਦੀ, ਪਰ ਇਥੇ ਡੂੰਘਾ ਪਿਆਰ ਸੀ, ਜੋ ਉਹ ਜੋਸ਼ ਆਪ ਮੋੜਾ ਖਾ ਜਾਂਦਾ । ਨਾਲੇ ਅੱਗੇ ਭਿਖਾਰੀ ਖਾਂ ਨੂੰ ਮਰਵਾ ਦੇਣ ਨਾਲ ਢੇਰ ਬਦਨਾਮੀ ਹੋ ਚੁਕੀ ਸੀ,ਇਸ ਗੱਲ ਤੋਂ ਬੀ ਡਰਦੀ ਹੁਣਜੋੜਾਂ ਤੋੜਾਂ ਤੇ ਟੇਢੀਆਂ ਚਾਲਾਂ ਦੀ ਸੋਚ ਵਿਚ ਰਹਿੰਦੀ ਸੀ । ਅੰਤ ਬੇਗਮ ਨੇ ਇਹ ਚਾਲ ਚੱਲੀ ਕਿ ਸ਼ੀਲ ਕੌਰ ਨੂੰ ਇਕ ਤੰਗ ਕੋਠੜੀ ਵਿਚ ਚੁਪਾਤੇ ਹੀ ਕੈਦ ਕਰ ਦਿੱਤਾ । ਨਿਆਣਾ ਬਾਲਕ, ਮਾਂ ਦਾ ਵੇਲੇ ਕੁਵੇਲੇ ਦਾ ਸਹਾਈ ਨਾਲ ਕੈਦ ਹੋਇਆ।

ਕੋਠੜੀ ਦੇ ਬਾਹਰ ਪਹਿਰਾ ਰਹਿੰਦਾ ਹੈ। ਇਕ ਦਿਨ ਸਵੇਰੇ ਪਾਠ ਦੇ ਮਗਰੋਂ ਸ਼ੀਲ ਕੌਰ ਦੇ ਕਮਰੇ ਵਿਚ ਇਕ ਗੋਲੀ ਆਈ, ਜਿਸ ਦੇ ਹੱਥ ਵਿਚ ਦੋ ਸੁੰਦਰ ਕੌਲ ਸਨ; ਸ਼ੀਲ ਕੌਰ ਦੇ ਅੱਗੇ ਧਰਕੇ ਬੋਲੀ :- ਕਿ ਇਹ ਦੋਵੇਂ ਆਪ ਦੀ ਨਜ਼ਰ, ਇਕ ਆਪ ਪੀ ਲਓ ਤੇ ਇਕ ਬਰਖ਼ੁਰਦਾਰ ਨੂੰ ਪਿਲਾ ਦਿਓ ।

ਸ਼ੀਲਾ-ਇਸ ਵਿਚ ਕੀ ਹੈ ?

ਗੋਲੀ-ਹੁਕਮ ਤਾਂ ਨਹੀਂ ਦੱਸਾਂ ਪਰ ਤੁਹਾਡੇ ਹਸਾਨਾਂ ਦੀ ਲੱਦੀ ਹੋਈ ਸਿਰ ਪੱਟਣ ਜੋਗੀ ਨਹੀਂ; ਦੱਸਦੀ ਹਾਂ ਤਾਂ ਦੋਸ਼ ਹੈ, ਨਹੀਂ ਦੱਸਦੀ ਤਾਂ ਕ੍ਰਿਤਘਣ ਬਣਦੀ ਹਾਂ । ਹਾਇ ! ਮੈਂ ਦੱਸੇ ਬਿਨਾਂ ਰਹਿ ਵੀ ਨਹੀਂ ਸਕਦੀ ਅਰ ਲੁਕੀ ਰਹਿਣੇ ਵਾਲੀ ਗੱਲ ਵੀ ਨਹੀਂ। ਬੀਬੀ ਜੀ ! ਇਸ ਵਿਚ ਜ਼ਹਿਰ ਹੈ; ਜੋ ਤੁਹਾਡੇ ਵਾਸਤੇ, ਤੁਹਾਡੇ ਪਤੀ ਨੇ ਘੱਲੀ ਹੈ।

ਸ਼ੀਲਾ-ਕਦੀ ਨਹੀਂ, ਪਿਆਰੇ ਪਤੀ ਜੀ ਵੱਲੋਂ ਜੇ ਇਹ ਨਿਆਮਤ ਹੋਵੇ ਤਾਂ ਮੇਰੇ ਧੰਨ ਭਾਗ ! ਪਰ ਪਤੀ ਜੀ ਦੀ ਘੱਲੀ ਹੋਈ ਇਹ ਚੀਜ਼ ਨਹੀਂ ਹੈ । ਮੇਰਾ ਤੇ ਪਤੀ ਦਾ ਆਤਮਕ ਸੰਜੋਗ ਹੈ ਮੇਰਾ ਪਤੀ ਇਹ ਕਦੇ ਨਹੀਂ ਕਰ ਸਕਦਾ, ਉਹ ਸੱਚਾ ਸਿੰਘ ਹੈ, ਸੱਚੇ ਸਿੰਘ ਸਦੀਵ ਸੱਚੇ ਪਤੀ ਹੋਇਆ ਕਰਦੇ ਹਨ ।

ਗੋਲੀ (ਠਿਠਰਕੇ) -ਬੀਬੀ ਜੀ ! ਤੂੰ ਤਾਂ ਡਾਢੀ ਕੋਈ ਦਿਲਾਂ ਦੀ

ਜਾਨਣਹਾਰ ਹੈਂ । ਮੈਂ ਤੈਥੋਂ ਸੱਚ ਨਹੀਂ ਲੁਕਾ ਸਕਦੀ । ਇਹ ਬੇਗਮ ਦੀ ਚਲਾਕੀ ਹੈ, ਤੁਹਾਡੇ ਪਤੀ ਦਾ ਦੋਸ਼ ਨਹੀਂ। ਪਤੀ ਤੁਹਾਡੇ ਨੇ ਅਜੇ ਤਕ ਬੇਗਮ ਦਾ ਹੁਕਮ ਨਹੀਂ ਮੰਨਿਆਂ । ਦੁਨੀਆਂ ਦਾ ਕੋਈ ਲਾਲਚ ਨਹੀਂ ਜੋ ਬੇਗਮ ਨੇ ਉਨ੍ਹਾਂ ਨੂੰ ਨਾ ਦਿਖਾਇਆ ਹੋਵੇ, ਪਰ ਉਨ੍ਹਾਂ ਪੁਰ ਕੁਝ ਅਸਰ ਨਹੀਂ ਹੋਇਆ। ਜਿਸ ਵੇਲੇ ਬੇਗਮ ਨੇ ਤੁਹਾਥੋਂ ਉਨ੍ਹਾਂ ਨੂੰ ਅੱਡ ਕੀਤਾ ਹੈ, ਉਸ ਦਿਨ ਤੋਂ ਅਨੇਕ ਗੋਲੀਆਂ ਹਰ ਵੇਲੇ ਉਨ੍ਹਾਂ ਦੇ ਉਦਾਲੇ ਰਹਿੰਦੀਆਂ ਅਰ ਉਨ੍ਹਾਂ ਨੂੰ ਸਮਝਾਉਂਦੀਆਂ ਹਨ, ਪਰ ਉਨ੍ਹਾਂ ਨੇ ਬੀ ਮਨੋਂ ਧਾਰੀ ਜਾਪਦੀ ਹੈ ਅਰ ਗੰਭੀਰ ਹਾਥੀ ਦੇ ਦੁਆਲੇ ਮੱਖੀਆਂ ਉਡਦੀਆਂ ਵਾਂਙ ਉਨ੍ਹਾਂ ਨੂੰ ਦੇਖਦੇ ਹਨ । ਕੱਲ ਮੈਂ ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆਂ ਸੀ ਕਿ ਹੇ ਬੇਗਮ ! ਤੈਂ ਆਪਣਾ ਪ੍ਰਣ ਤੋੜਿਆ ਹੈ, ਹੁਣ ਅਸੀਂ ਵੀ ਚਲੇ ਜਾਵਾਂਗੇ ਪਰ ਬੇਗਮ ਪੈਰਾਂ ਤੇ ਪਾਣੀ ਨਹੀਂ ਪੈਣ ਦੇਂਦੀ । ਉਹ ਕਹਿੰਦੀ ਹੈ ਕਿ ਤੇਰਾ ਪਿਤਾ ਚੂਹੜ ਮੱਲ ਤੇਰੀ ਵਹੁਟੀ ਨੂੰ ਲੈ ਗਿਆ ਹੈ ਪਰ ਓਹ ਅਮਨਾਂ ਨਹੀਂ ਕਰਦੇ ।

ਸ਼ੀਲਾ-ਹੱਛਾ ਜੋ ਕਰਤਾਰ ਨੂੰ ਭਾਵੇ । ਅਕਾਲ ਪੁਰਖ ਉਹਨਾਂ ਨੂੰ ਤੱਤੀ ਵਾ ਨਾ ਲੱਗਣ ਦੇਵੇ, ਮੈਂ ਤਾਂ ਉਹ ਜਾਣੇ ਸਦਕੇ ਕੀਤੀ ਉਹਨਾਂ ਦੇ ਚਰਨਾਂ ਉਤੋਂ ।

ਗੋਲੀ-ਸ਼ਾਬਾਸ਼ ਤੁਹਾਡੇ ਜਨਮ ਦੇ ਅਰ ਤੁਹਾਡੇ ਧਰਮ ਦੇ, ਪ੍ਰਤਿਬਤਾ ਹੋਣ ਦੇ ! ਤੁਸੀਂ ਤਾਂ ਕੋਈ ਦੇਉਤੇ ਹੋ। ਮੂਰਖ ਬੇਗਮ ਤੁਹਾਡੇ ਅਸਲੇ ਨੂੰ ਨਹੀਂ ਸਮਝਦੀ !

ਭੁਜੰਗੀ-ਭਲਾ ਜੇ ਅਸੀਂ ਨਾ ਪੀਵੀਏ ਤਾਂ !

ਗੋਲੀ-ਫੇਰ ਕਤਲ ਕੀਤੇ ਜਾਓਗੇ।ਇਹ ਬੇਗਮ ਫੈਸਲਾ ਕਰ ਚੁਕੀ ਹੈ ।

ਸ਼ੀਲਾ-ਸਤਿ ਬਚਨ, (ਪੁੱਤ੍ਰ ਵੱਲ) ਬਰਖ਼ੁਰਦਾਰ ! ਇਕ ਦਿਨ ਮਰਨਾ ਹੈ ਅਰ ਮੇਰਾ ਤੇਰਾ ਸਿੰਘ ਹੁਰਾਂ ਦੇ ਨਾਲ ਇਸ ਕਿਲ੍ਹੇ ਵਿਚੋਂ ਜੀਉਂਦੇ ਜੀ ਨਿਕਲਣਾ ਅਨਹੋਣੀ ਗੱਲ ਹੈ, ਤੇਰੇ ਪਿਤਾ ਦਾ ਇਕੱਲਿਆਂ ਨਿਕਲ ਜਾਣਾ ਕੁਛ ਸੌਖਾ ਹੈ । ਉਹ ਸਿੰਘ ਹਨ ਕਿਲ੍ਹੇ ਦੇ ਉਸ ਦਿਨ ਵਾਲੀ ਬਾਹੀ ਤੋਂ ਟੱਪ ਕੇ ਬੀ ਜਾ ਸਕਦੇ ਹਨ, ਪਰ ਮੈਂ ਤੀਵੀਂ ਤੂੰ ਬਾਲਕ, ਸਾਡਾ ਨਿਕਲਣਾ ਔਖਾ ਹੈ । ਦੂਸਰੀ ਗੱਲ ਇਹ ਹੈ ਕਿ ‘ਤੇਰਾ ਪਿਤਾ ਧਰਮ ਹਾਰੇ’ ਇਹ ਬੀ ਹੋਣ ਵਾਲੀ ਗੱਲ ਨਹੀਂ ਹੈ। ਕੋਈ ਐਸੀ ਪ੍ਰੇਰਨਾ ਨਹੀਂ ਹੈ ਜੋ ਉਨ੍ਹਾਂ ਦੇ ਹਿਰਦੇ ਨੂੰ ਪ੍ਰੇਰ ਸਕੇ । ਉਨ੍ਹਾਂ ਨੂੰ ਜੇ ਕੇਵਲ ਆਪਣਾ ਹੀ ਫਿਕਰ ਹੋਵੇ ਤਦ ਜਿੰਦ ਅਰ ਧਰਮ ਦੁਹਾਂ ਦਾ ਬਚਾ ਲੈਣਾ ਉਨ੍ਹਾਂ ਲਈ ਸੌਖੇਰਾ ਹੈ, ਪਰ ਮੇਰਾ ਨਾਲ ਹੋਣਾ ਉਹਨਾਂ ਦੀ ਜਿੰਦ ਨੂੰ ਜ਼ਰੂਰ ਲੈ ਗਲੇਗਾ, ਤਾਂ ਤੇ ਭਲਾ ਹੈ ਕਿ ਮੈਂ ਮਰ ਜਾਵਾਂ ਤੇ ਸੁਆਮੀ ਜੀ ਸੁਤੰਤ ਹੋਕੇ ਆਪਣਾ ਆਪ ਬਚਾ ਲੈਣ । ਤੇਰੇ ਲਈ, ਮੈਂ ਆਂਦਰਾਂ ਵੱਲ ਦੇਖਾਂ ਤਾਂ ਜੀਉਣਾ ਹੀ ਭਲਾ ਹੈ, ਪਰ ਜੇ ਅਕਲ ਦੀ ਗੱਲ ਮੰਨਾਂ ਤਾਂ ਤੇਰਾ ਮੇਰੇ ਨਾਲ, ਮੇਰੇ ਬੱਚੜੇ ! ਚਲਣਾ ਹੀ ਚੰਗਾ ਹੈ। ਕਿਉਂਕਿ ਜਦ ਮੈਂ ਮਰ ਗਈ ਤੇਰੇ ਪਿਤਾ ਪਾਸ ਤੈਨੂੰ ਇਨ੍ਹਾਂ ਨੇ ਅੱਪੜਨ ਨਹੀਂ ਦੇਣਾ, ਅਰ ਕਈ ਤਰ੍ਹਾਂ ਦੇ ਦਾਬੇ ਤੇ ਲਾਲਚ ਤੈਨੂੰ ਦੇਣਗੇ, ਤੇਰੀ ਉਮਰ ਛੋਟੀ ਹੈ, ਮਤਾਂ ਤੇਰਾ ਚਿੱਤ ਡੋਲ ਜਾਵੇ, ਤੂੰ ਕੁਝ ਭੁਲ ਕਰ ਬੈਠੇ ਤੇ ਖ਼ਾਲਸਾ ਸੁਣੇ, ਤਦ ਮੇਰੀ ਕੁੱਖ ਨੂੰ ਸਾਰਾ ਪੰਥ ਧਿਕਾਰ ਦੇਵੇ ਤੇ ਤੇਰੀ ਆਤਮਾ ਸਾਥੋਂ ਵਿਛੁੜ ਜਾਵੇ। ਭਾਵੇਂ ਮੈਂ ਜਾਣਦੀ ਹਾਂ ਕਿ ਤੂੰ ਸ਼ੇਰ ਬੱਚਾ ਡੋਲਣੇ ਵਾਲਾ ਨਹੀਂ, ਤੇਰਾ ਲਹੂ ਪਵਿੱਤ੍ਰ ਤੇ ਦਿਲ ਬਲ ਵਾਲਾ ਹੈ ਪਰ ਅਵਸਥਾ ਛੋਟੀ ਹੋਣ ਕਰਕੇ ਦਿਲ ਤਸੱਲੀ ਨਹੀਂ ਫੜਦਾ। ਇਸ ਲਈ ਪਿਆਰੇ ਲਾਲ ! ਚੱਲ ਹੁਣ ਕਰਤਾਰ ਦੇ ਚਰਨਾਂ ਕੰਵਲਾਂ ਵਿਚ ਪਹੁੰਚੀਏ। ਦੁਨੀਆਂ ਦੇਖ ਲਈ ਗੰਢੇ ਦੇ ਛਿੱਲ ਵਾਂਗ ਹੈ, ਇਸ ਦੇ ਅੰਦਰ ਕੁਝ ਨਹੀਂ ਹੈ ।

ਮਾਂ ਦਾ ਉਪਦੇਸ਼ ਬੱਚੇ ਦੇ ਦਿਲ ਵਿਚ ਘਰ ਕਰ ਗਿਆ। ਗੋਲੀ ਪਾਸ ਬੈਠੀ ਬਿਟਰ ਬਿਟਰ ਤੱਕ ਰਹੀ ਹੈ। ਮਾਂ ਪੁੱਤ ਨੇ ਗਟ-ਗਟ ਕਰਕੇ ਪਿਆਲੇ ਪੀ ਲਏ, ਗੋਲੀ ਦੀ ਚਰਨੀਂ ਹੱਥ ਲਾਕੇ ਕਿਹਾ ਕਿ ਪਤੀ ਜੀ ਨੂੰ ਕਿਸੇ ਤਰ੍ਹਾਂ ਸੁਨੇਹਾ ਪੁਚਾ ਦੇਈਂ ਕਿ ਅਸੀਂ ਹੁਣ ਸੰਸਾਰ ਪਰ ਨਹੀਂ ਹਾਂ ਤੇ ਤੁਸੀਂ ਆਪਣਾ ਆਪ ਲੈ ਕੇ ਤਿਲਕ ਜਾਓ ! ਗੋਲੀ ਹੱਕੀ ਬੱਕੀ ਪੱਥਰ ਮੂਰਤੀ ਹੋਈ ਦੁਹਾਂ ਦੇ ਚਰਨਾਂ ਉਤੇ ਮੱਥਾ ਟੇਕ ਕੇ ਵਿਦਾ ਹੋਈ ਤੇ ਮਾਂ ਪੁੱਤ ਪਾਠ ਕਰਨ ਲੱਗ ਪਏ ।

ਪਲ ਕੁ ਮਗਰੋਂ ਬੇਗਮ ਆ ਪਹੁੰਚੀ । ਸ਼ੀਲਾ ਨੇ ਇਕ ਤੀਲਾ ਅੱਗੇ ਕਰਕੇ ਕਿਹਾ-ਭੈਣ ਜੀ! ਏਥੇ ਹੋਰ ਕੁਝ ਨਹੀਂ ਜੋ ਆਪ ਨੂੰ ਬੈਠਣ ਵਾਸਤੇ ਦੇਵਾਂ । ਬੈਠੀਏ, ਜੀ ਆਇਆਂ ਨੂੰ ਮੇਰੇ ਸਿਰ ਮੱਥੇ, ਧੰਨ ਭਾਗ ਤੁਸਾਂ ਦਰਸ਼ਨ ਦਿੱਤੇ ।

ਬੇਗਮ-ਸ਼ੀਲ ਕੌਰ ! ਤੂੰ ਡਾਢਾ ਠੰਢਾ ਘੜਾ ਹੈਂ, ਮੈਂ ਸੁਣਿਆ ਹੈ’ ਕਿ ਤੇਰੇ ਪਤੀ ਨੇ ਤੈਨੂੰ ਜ਼ਹਿਰ ਦੇ ਦਿੱਤੀ ਹੈ, ਮੇਰੇ ਤੇ ਹੱਥਾਂ ਦੇ ਤੋਤੇ ਉੱਡ ਗਏ ਹਨ। ਦੌੜੀ ਆਈ ਹਾਂ, ਕਿਸ ਗੱਲੇ ਤੇਰੇ ਨਾਲ ਧਰੋਹ ਕੀਤਾ ਸੁ ? ਮੈਨੂੰ ਤਾਂ ਤੇਰੀ ਕੈਦ ਦਾ ਪਤਾ ਬੀ ਹੁਣੇ ਲਗਾ ਹੈ, ਮੇਰੇ ਅੱਗੇ ਬਿਜੈ ਸਿੰਘ ਟਾਲੇ ਕਰਦਾ ਰਿਹਾ ਹੈ, ਮੈਂ ਪੁੱਛਾਂ ਕਿੱਥੇ ਹੈ ਤਦ ਕਹਿ ਛੱਡੇ ਕਿ ਸਹਿਰ ਵਿਚ ਗਈ ਹੈ। ਮੈਂ ਭੋਲੀ ਕੀ ਜਾਣਾਂ ? ਅੱਜ ਪਤਾ ਲੱਗਾ ਜੋ ਉਸ ਦਾ ਦਿਲ ਇਕ ਗੋਲੀ ਨੇ ਭਰਮਾ ਲਿਆ ਹੈ ਤੇ ਉਸਦੇ ਬਦਲੇ ਤੁਹਾਨੂੰ ਮਾਰਦਾ ਹੈ । ਪਰ ਤੂੰ ਘਾਬਰ ਨਹੀਂ, ਮੈਂ ਹਕੀਮ ਨੂੰ ਸੱਦਿਆ ਹੈ; ਹੁਣੇ ਤੁਹਾਡਾ ਇਲਾਜ ਕਰਦਾ ਹੈ । (ਅੱਖਾਂ ਵਿਚ ਹੰਝੂ) ਪਿਆਰੀ ਭੈਣ ! ਤੂੰ ਚਿੰਤਾ ਨਾ ਕਰ, ਮੈਂ ਤੇਰਾ ਵਾਲ ਵਿੰਗਾ ਨਹੀਂ ਹੋਣ ਦੇਣਾ।

ਸ਼ੀਲ ਕੌਰ-ਭੈਣ ਜੀ ! ਹਕੀਮਾਂ ਦੀ ਲੋੜ ਨਹੀਂ, ਨਾ ਹੀ ਪਤੀ ਜੀ ਨੇ ਮੈਨੂੰ ਜ਼ਹਿਰ ਦਿੱਤੀ ਹੈ; ਇਹ ਫਲ ਤਾਂ ਮੇਰੇ ਹੀ ਖੋਟੇ ਕਰਮਾਂ ਦਾ ਹੈ। ਇਹ ਪ੍ਰਭੂ ਦਾ ਭਾਣਾ ਹੈ ਜੋ ਖੁਸ਼ੀ ਨਾਲ ਝੱਲਣਾ ਹੈ । ਤੁਹਾਨੂੰ ਮੈਂ ਭੈਣ ਨੂੰ ਕਿਹਾ ਸੀ, ਸੋ ਸ਼ੁਕਰ ਹੈ ਕਿ ਅੰਤ ਤਕ ਮੇਰੀ ਵਲੋਂ ਨਿਭ ਗਿਆ। ਜੇ ਕੋਈ ਮੇਰੀ ਭੁੱਲ ਚੁੱਕ ਹੋਵੇ ਤਾਂ ਬਖ਼ਸ਼ਣੀ ।

ਬੇਗਮ-ਭੈਣ ਜੀ!ਮੇਰਾ ਕੋਣ ਹੈ (ਅੱਖਾਂ ਵਿਚ ਹੰਝੂ) ਤੂੰ ਮੇਰੀ ਧਿਰ ਸੈਂ, ਤੂੰ ਤੁਰ ਗਈਓਂ ਤਾਂ ਮੈਂ ਕੀ ਕਰਾਂਗੀ? ਮੇਰੀ ਮਾਂ ਤੂੰ ਸੈਂ, ਭੈਣ ਤੂੰ ਸਾਂ, ਦੁੱਖਾਂ ਦੀ ਦਰਦਣ ਤੂੰ ਸੈਂ, ਗਮਾਂ ਦੀ ਵੰਡਣ ਵਾਲੀ ਤੂੰ मैं । (ਹੱਥ ਜੋੜ ਕੇ) ਭੈਣ ! ਮੈਨੂੰ ਵਾਹ ਲਾ ਲੈਣ ਦੇਹ, ਇਲਾਜ ਕਰਾ ਲੈਣ ਦੇਹ ।

ਸ਼ੀਲਾ-ਭੈਣ ਜੀ ! ਤੁਸੀਂ ਆਰਾਮ ਕਰੋ । ਮੇਰਾ ਜੀ ਘਾਬਰਦਾ ਹੈ, ਹੁਣੇ ਜਿੰਦ ਟੁੱਟਣੀ ਲਗਣ ਵਾਲੀ ਹੈ, ਤੁਸੀਂ ਦੇਖਕੇ ਘਾਬਰੋਗੇ, ਮੇਰਾ ਗਿਲਾ ਆਪ ਤੇ ਨਹੀਂ, ਮੇਰੀ ਵਲੋਂ ਚਿੱਤ ਨੂੰ ਠੰਢਿਆਂ ਰਖੋ, ਕਿਸੇ ਪ੍ਰਕਾਰ ਦਾ ਰੰਜ ਮੇਰੇ ਚਿਤ ਵਿਚ ਨਹੀਂ, ਜੇ ਹੁੰਦਾ ਬੀ ਤਾਂ ਮੈਂ ਬਖਸ਼ਦੀ ਤੁਸੀਂ ਜਾਓ, ਮੇਰੇ ਪਤੀ ਤੇ ਕ੍ਰਿਪਾ ਕਰਨੀ ਤੇ ਉਸ ਨੂੰ ਇਸ ਕਿਲ੍ਹੇ ਵਿਚੋਂ ਛੁਟਕਾਰਾ ਬਖ਼ਸ਼ ਦੇਣਾ, ਬਸ! ਇੰਨੀ ਵਾਸ਼ਨਾ ਹੈ ਜੇ ਆਪ ਪੂਰਨ ਕਰੋ ਤਾਂ ਚੰਗਾ । 1

ਇਸ ਵੇਲੇ ਇਕ ਸਿਖਾਈ ਹੋਈ ਗੋਲੀ ਦੌੜੀ ਦੌੜੀ ਆਈ ਅਰ ਘਾਬਰੀ ਹੋਈ ਬੋਲੀ :-

‘ਬੇਗਮ ਜੀ!ਹਨੇਰ ਹੋ ਗਿਆ।’ ਇਹ ਸੁਣਕੇ ਬੇਗਮ ਹਫਲਾਤਫਲੀ ਦੀ ਮਾਰੀ ਚਲੀ ਗਈ। ਉਧਰ ਮਾਂ ਪੁਤ੍ਰ ਨੂੰ ਜ਼ੋਰ ਨਾਲ ਉੱਪਰ-ਛਲਾਂ ਸ਼ੁਰੂ ਹੋ ਗਈਆਂ । ਆਂਦਰਾਂ ਤੋੜ ਤੋੜ ਤੇ ਓਝਰੀ ਨੂੰ ਪੁੱਠੇ ਕਰ ਦੇਣ ਵਾਲੀਆਂ ਕੈਆਂ ਨੇ ਜ਼ਹਿਰ ਦੀ ਬਹੁਤ ਸਾਰੀ ਅੰਸ ਕੱਢ ਦਿੱਤੀ : ਪਰ ਕਮਜ਼ੋਰੀ ਅਰ ਬੇਹੋਸ਼ੀ ਨੇ ਦੁਹਾਂ ਨੂੰ ਐਸਾ ਕਰ ਦਿੱਤਾ ਕਿ ਜਿੱਕੁਰ ਕੋਈ ਜੀਉਂਦਾ ਨਹੀਂ ਹੈ। ਸਾਰਾ ਦਿਨ ਬੇਸੁਧ ਪਿਆਂ ਬੀਤ ਗਈ, ਸੰਝ ਹੋਈ ਤਾਂ ਬੇਗਮ ਦੇ ਹੁਕਮ ਨਾਲ ਲੋਥਾਂ ਦਰਿਯਾ ਵਿਚ ਸੁੱਟਣੇ ਲਈ ਘੱਲੀਆਂ ਗਈਆਂ। ਪਰ ਸੁੱਟਣ ਵਾਲਿਆਂ ਨੇ ਕੁਛ ਦੂਰੋਂ ਰੌਲਾ ਸੁਣ ਕੇ ਤੇ ਡਰ ਕੇ ਕਿ ਮਤੇ ਕੋਈ ਸਿੱਖ ਦਸਤਾ ਨਾ ਆ ਰਿਹਾ ਹੋਵੇ, ਛੇਤੀ ਨਾਲ ਕਿਲ੍ਹੇ ਦੇ ਬਾਹਰ ਉਪਰਲੇ ਪਾਸੇ ਉਜਾੜ ਵਿਚ ਪਵਿੱਤ੍ਰ ਦੇਹੀਆਂ ਮਲਕੜੇ ਰਖ ਦਿੱਤੀਆਂ ਤੇ ਆਪ ਭੱਜ ਆਏ । ਬੇਗਮ ਦੇ ਭਾਣੇ ਉਹ ਮਰ ਚੁਕੇ ਸਨ ਅਰ ਚੁੱਕਣ ਵਾਲਿਆਂ ਨੇ ਬੀ ਧਿਆਨ ਨਹੀਂ ਦਿੱਤਾ ਸੀ । ਬੇ-ਖਿਆਲੇ ਉਹ ਹਨੇਰੀ ਰਾਤ ਵਿਚ ਲੋਥਾਂ ਸਮਝ ਕੇ ਉਜਾੜ ਵਿਚ ਧਰ ਆਏ, ਜਿੱਥੇ ਉਹ ਪਈਆਂ ਅੰਤ ਵਿਚ ਮਾਨੋ ਅੰਤ ਹੋ ਰਹੀਆਂ ਸਨ । ਮਖ਼ਮਲੀ ਸੇਜਾਂ ਉਤੇ ਲੇਟਣ ਵਾਲੇ ਪਿੰਡੇ ਕਰੜੀ ਜ਼ਮੀਨ ਤੇ ਪਏ ਹੋਏ ਸਨ । ਟੱਬਰਾਂ ਤੋਂ ਵਿਛੁੜੇ ਹੋਏ ਧਰਮੀ ਇਕ ਇਕੱਲੇ ਬਨ ਪਸ਼ੂਆਂ ਦੀਆਂ ਲੋਥਾਂ ਵਾਂਙ ਧਰੇ ਪਏ ਹਨ। ਆਕਾਸ਼ ਵਿਚ ਤਾਰਾ ਮੰਡਲ ਡੂੰਘੀ ਨਜ਼ਰ ਲਾਕੇ ਸੱਚੇ ਧਰਮੀਆਂ ਵੱਲ ਤੱਕ ਰਿਹਾ ਹੈ ਕਿ ਮਤੇ ਸਾਡੀ ਜਿੰਦ ਬਖਸ਼ਣ ਵਾਲੀਆਂ ਕਿਰਨਾਂ ਨਾਲ ਜਿੰਦੜੀ ਦੀਆਂ ਤੰਦੀਆਂ ਬੋਲ ਉਠਣ । ਮੱਧਮ ਮੱਧਮ ਪੌਣ ਇਨ੍ਹਾਂ ਸਰੀਰਾਂ ਪੁਰ ਸਾਰੰਗੀ ਦੇ ਗੰਜ ਵਾਂਙ ਫਿਰ ਰਹੀ ਹੈ ਕਿ ਮਤਾਂ ਜੀਵਨ ਦੀਆਂ ਤਾਰਾਂ ਕਿਸੇ ਹੀ ਰਗੜ ਨਾਲ ਆਪਣੀ ਸਰਗਮ ਅਲਾਪਣ ਲਗ ਜਾਣ । ਕੁਦਰਤ ਧਰਮੀਆਂ ਨਾਲ ਦਰਦ ਵੰਡ ਰਹੀ ਹੈ, ਪਰ ਕੋਈ ਜੀਉਂਦਾ ਬੰਦਾ ਰੱਬ ਦਾ ਤਰਸ ਖਾ ਕੇ ਵਿਸਾਹ ਦੀ ਜਗਵੇਦੀ ਪੁਰ ਘਾਤ ਹੋਏ ਜੀਵਾਂ ਦੀ ਬਾਹੁੜੀ ਨਹੀਂ ਕਰ ਰਿਹਾ।

ਕਿਲ੍ਹੇ ਦੇ ਅੰਦਰ ਵੇਖੋ ਤਾਂ ਭਾਵੀ ਹੋਰ ਹੀ ਖੇਲ ਰਚਾਏ ਬੈਠੀ ਹੈ ਪਰ ਸਜੇ ਹੋਏ ਕਮਰੇ ਵਿਚ ਇਕ ਮੋਰ ਪੰਖ ਦੀ ਉਣਤ ਪਲੰਘ ਪੁਰ ਬਿਜੈ ਸਿੰਘ ਜੀ ਬਿਰਾਜਮਾਨ ਸੁੰਦਰ ਗੋਲੀਆਂ ਦੇ ਝੁੰਡ ਵਿਚ ਬੈਠੇ ਐਉਂ ਸਜ ਰਹੇ ਹਨ; ਜਿਵੇਂ ਗਿੱਟੀਆਂ ਵਿਚ ਕੋਈ ਤਾਰਾ । ਇਹ ਬੇਗ਼ਮ ਦੀਆਂ ਅੰਤ੍ਰੰਗ ਸਖੀਆਂ ਹਨ, ਜੋ ਬਿਜੈ ਸਿੰਘ ਨੂੰ ਸਮਝਾ ਰਹੀਆਂ ਹਨ, ਪਰ ਸਭ ਦੀਆਂ ਸਿੱਖ੍ਯਾ ਥਿੰਧੇ ਘੜੇ ਪੁਰ ਪਾਣੀ ਵਰਗਾ ਅਸਰ ਕਰ ਰਹੀਆਂ ਹਨ।

ਕੋਈ ਰਾਤ ਦੇ ਸਵਾ ਪਹਿਰ ਬੀਤੇ ਤਕ ਸਮਝਾ ਬੁਝਾ ਕੇ ਸਖੀਆਂ ਵਿਦਾ ਹੋਈਆਂ । ਹੁਣ ਬੇਗਮ ਆਪ ਆਈ ‘ਸਿੰਘ ਜੀ ਹੁਣ ਤਾਂ ਦਿਲ ਦੀਆਂ ਵਾਗਾਂ ਨੂੰ ਮੋੜੋ । ਜੇਕਰ ਮੁਸਲਮਾਨ ਹੋ ਜਾਓ ਤਾਂ ਤੁਹਾਨੂੰ ਪੰਜਾਬ ਦਾ ਹਾਕਮ ਬਣਾ ਦਿਆਂ, ਇਹ ਮੇਰੇ ਖੱਬੇ ਹੱਥ ਦਾ ਕਰਤਬ ਹੈ। ਆਪਣੇ ਤੇ ਤਰਸ ਕਰੋ, ਇਹ ਸੁੰਦਰਤਾ ਬਨ ਦੇ ਫੁੱਲਾਂ ਵਾਂਙ ਐਵੇਂ ਨਾ ਸੜ ਜਾਵੇ ।

ਰਚਣਹਾਰ ਨੇ ਕਿਨ੍ਹਾਂ ਸੁਲੱਖਣੇ ਹੱਥਾਂ ਨਾਲ ਤੇਰੇ ਸਰੀਰ ਦੀ ਰਚਨਾ ਰਚੀ ਹੈ, ਮੇਰੇ ਭਾਣੇ ਜਦ ਤੋਂ ਸੰਸਾਰ ਰਚਿਆ ਜਾਣ ਲੱਗਾ ਹੈ, ਤਦ ਤੋਂ ਜੋ ਜੋ ਸੂਰਤ ਰਚਣਹਾਰ ਨੇ ਰਚੀ, ਉਸਦੀ ਸੁੰਦਰਤਾ ਦੀ ਰਤਾ ਰਤਾ ਵੰਨਗੀ ਵੱਖਰੀ ਰੱਖਦਾ ਰਿਹਾ ਹੈ, ਉਹ ਸਾਰੀਆਂ ਸਾਂਭ ਕੇ ਰੱਖੀਆਂ ਸੁੰਦਰਤਾ ਦੀਆਂ ਵੰਨਗੀਆਂ ਨੂੰ ਕੱਠਾ ਕਰਕੇ ਉਸਨੇ ਇਕ ਪੁਤਲਾ ਬਣਾ ਕੇ ਬਿਜੈ ਸਿੰਘ ਨਾਮ ਧਰ ਕੇ ਸੰਸਾਰ ਵਿਚ ਘੱਲ ਦਿੱਤਾ ਹੈ । ਹੇ ਆਪਣਾ ਬੁਰਾ ਕਰਨ ਵਾਲੇ ਪੱਥਰ ਚਿਤ ਸ਼ਾਹਜ਼ਾਦੇ ! ਕੁਛ ਬੋਲੋ ਤਾਂ ਸਹੀ ?’

ਸਿੰਘ ਜੀ-ਹੇ ਪ੍ਰਜਾ ਮਾਤਾ ! ਤੇਰੇ ਸੰਕਲਪ ਮ੍ਰਿਗ ਤ੍ਰਿਸ਼ਨਾ ਦੇ ਜਲ ਵਾਂਗੂੰ, ਜਿਥੋਂ ਕੁਝ ਨਹੀਂ ਬਣਨਾ, ਉਥੋਂ ਸੁਖਾਂ ਦੀ ਆਸ ਕਰ ਰਹੇ ਹਨ, ਤੂੰ ਜਿਨ੍ਹਾਂ ਗੱਲਾਂ ਨੂੰ ਸੁਖ ਰੂਪ ਜਾਣਦੀ ਹੈਂ, ਇਹ ਸਭ ਦੁੱਖ ਰੂਪ ਹਨ । ਜਿਹੜਾ ਇਸ ਵੇਲੇ ਮਨ ਨੂੰ ਮੋੜਨਾ ਹੈ ਸੋ ਬੜਾ ਔਖਾ ਤਾਂ ਹੈ ਪਰ ਫਲ ਬਹੁਤ ਮਿਠਾ ਰੱਖਦਾ ਹੈ, ਤੇ ਜਿਹੜਾ ਮਨ ਦੇ ਮਗਰ ਲੱਗਣਾ ਹੈ, ਇਹ ਅਨੇਕਾਂ ਕਸ਼ਟਾਂ ਵਿਚ ਪਾ ਦੇਵੇਗਾ।

‘ਸੁਖੁ ਮਾਗਤ ਦੁਖੁ ਆਗੈ ਆਵੈ ॥ ਸੋ ਸੁਖੁ ਹਮਹੁ ਨਾ ਮਾਂਗਿਆ ਭਾਵੈ ॥”

ਧਤੂਰੇ ਦਾ ਇਕ ਬੀਜ ਬੀਜੀਏ ਤਾਂ ਕੈਸਾ ਸੁੰਦਰ ਬੂਟਾ ਉਗਦਾ ਹੈ, ਕੈਸੇ ਸੁਹਣੇ ਫਲ ਲਗਦੇ ਹਨ। ਪਰ ਹਾਇ ! ਕਿਤਨੇ ਅਨਗਿਣਤ ਜ਼ਹਿਰ ਦੇ ਬੀਜ ਉਸ ਨੂੰ ਪੈਂਦੇ ਹਨ ਅਰ ਕਿਹੀ ਕਰੜੀ ਵਿਹੁ ਉਸ ਵਿਚੋਂ ਫੈਲਦੀ ਹੈ। ਜੜ੍ਹਾਂ, ਪੱਤੇ, ਟਾਹਣੀਆਂ, ਫੁੱਲ ਸਭ ਵਿਚ ਵਿਹੁ ਭਰੀ ਹੁੰਦੀ ਹੈ ਫਿਰ ਇਕ ਵੇਰ ਵੀ ਬੱਸ ਨਹੀਂ, ਹਰ ਵੇਰ ਵਿਹੁ ਦੇ ਫਲ ਲਗਦੇ ਹਨ, ਮਾਨੋਂ ਉਸ ਬੂਟੇ ਦਾ ਇਕ ਸੋਮਾਂ ਬਣ ਜਾਂਦਾ ਹੈ, ਜਿਸ ਵਿਚੋਂ ਸਦਾ ਵਿਹੁ ਦੀ ਨਦੀ ਵਗਦੀ ਰਹਿੰਦੀ ਹੈ ।

ਭੈੜੀਆਂ ਵਾਸ਼ਨਾਂ ਦਾ ਰੂਪ ਮੋਹ ਨਾਲੋਂ ਸੁਹਣਾ ਲੱਗਦਾ ਹੈ, ਪਰ ਉਨ੍ਹਾਂ ਤੇ ਅਮਲ ਕਰਨਾ ਸੱਪ ਦਾ ਵਿਹੁ ਹੁੰਦਾ ਹੈ। ਭੰਬਟ ਦੀਵੇ ਦੀ ਸੁੰਦਰਤਾ ਪਰ ਮੋਹਿਤ ਹੋ ਜਾਂਦਾ ਹੈ, ਦੂਰ ਰਹੇ ਤਾਂ ਖੈਰ, ਜਦ ਵਾਸ਼ਨਾ, ਅਧੀਨ ਹੋ ਨੇੜੇ ਢੁੱਕਦਾ ਹੈ ਤਾਂ ਖੰਭ ਸੜਵਾ ਕੇ ਡਿੱਗਦਾ ਹੈ ਤੇ ਤੜਫ ਤੜਫ ਮਰਦਾ ਹੈ । ਬੇਗਮ ! ਵਾਸ਼ਨਾ ਅਧੀਨ ਹੋ ਕੇ ਟੁਰਨ ਨੇ ਬੜੇ ਬੜੇ ਰਿਸ਼ੀ, ਮੁਨੀ, ਔਲੀਏ ਡੇਗੇ, ਰਾਜਿਆਂ ਦੇ ਰਾਜ ਗੁਆਏ ਹਨ, ਫਕੀਰਾਂ ਦੀਆਂ ਫਕੀਰੀਆਂ ਮਿੱਟੀ ਵਿਚ ਮਿਲਾਈਆਂ, ਤੇਜੱਸ੍ਰੀਆਂ ਦੇ ਤੇਜ ਇਸ ਨੇ ਗੁਆਏ ਹਨ। ਰਾਜ ਭਾਗ ਨੂੰ ਪਾ ਕੇ ਆਪਣੇ ਪੈਰਾਂ ‘ਤੇ ਮਜ਼ਬੂਤ ਹੋ ਕੇ ਖੜੋਵੋ । ਭਿਖਾਰੀ ਖਾਂ ਵਾਲਾ ਤਜਰਬਾ ਉਸਤਾਦ ਬਣਨਾ ਚਾਹੀਏ ।

ਬੇਗਮ-ਹੇ ਕੋਰੜ ਮੋਠ ! ਅਭਿੱਜ ਪੱਥਰ ! ਮੁਲਾਣਿਆਂ ਵਾਂਗ ਵਾਇਜ਼ਾਂ* ਨਾ ਸੁਣਾ; ਏਹ ਦਿਨ ਮੁੜ ਨਹੀਂ ਆਉਣੇ। ਪਿੱਛੋਂ ਇਹੋ ਪਛੁਤਾਵਾ ਪੱਲੇ ਰਹਿ ਜਾਂਦਾ ਹੈ ਕਿ ਜ਼ਿੰਦਗੀ ਦੇ ਸੁਹਣੇ ਸੁਹਣੇ ਦਿਨ ਧਰਮ ਦੇ ਡਰ ਕਰ ਕੇ ਗੁਆ ਲਏ।

ਸਿੰਘ-ਹੇ ਪ੍ਰਜਾ ਦੀ ਮਾਤਾ ! ਕਾਲ ਬਿਤੀਤ ਹੋ ਰਿਹਾ ਹੈ ਜੇ ਧਰਮ ਵਿਚ ਬੀਤੇ ਤਦ ਬੀ ਜੇ ਅਧਰਮ ਵਿਚ ਬੀਤੇ ਤਦ ਬੀ; ਮਨ ਦੀਆਂ ਮੌਜਾਂ ਮਾਣਨ ਵਿਚ ਬੀਤੇ ਤਦ ਬੀ, ਨਾ ਮਾਣਨ ਵਿਚ ਬੀਤੇ ਤਦ ਬੀ; ਹਾਂ ਕਾਲ ਨੇ ਬੇਪ੍ਰਵਾਹ ਆਪਣੇ ਨਿਯਮਾਂ ਵਿਚ ਤੁਰੇ ਜਾਣਾ ਹੈ । ਪਿੱਛੋਂ ਤਾਂ ਭਲੇ ਕਰਮਾਂ ਦੀ ਖੁਸ਼ੀ ਤੇ ਬਲ ਪੱਲੇ ਰਹਿ ਜਾਂਦਾ ਹੈ ਜਾਂ ਮਾੜਿਆਂ ਦਾ ਪਛੁਤਾਵਾ ਤੇ ਕਮਜ਼ੋਰੀ । ਕਾਲ ਦੇ ਰਥ ਨੂੰ ਭਲਾ ਬੁਰਾ ਦੋ ਪਿੰਜ ਹਨ । ਇਨ੍ਹਾਂ ਪਿੰਜਾਂ ਦੀਆਂ ਦੋ ਲੀਹਾਂ ਪੈਂਦੀਆਂ ਜਾਂਦੀਆਂ ਹਨ, ਇਕ ਪਛੁਤਾਵਾ ਇਕ ਪ੍ਰਸੰਨਤਾਈ । ਰਥ ਪਹੀਆਂ ਸਮੇਤ ਲੰਘ ਜਾਂਦਾ ਹੈ, ਪਰ ਲੀਹਾਂ ਰਹਿ ਜਾਂਦੀਆਂ ਹਨ । ਤੁਸੀਂ ਉੱਚੇ ਘਰਾਣੇ ਦੇ ਹੋ । ਮੁਸਲਮਾਨ ਘਰਾਂ ਦਾ ਮੈਨੂੰ ਠੀਕ ਥਹੁ ਨਹੀਂ, ਪਰ ਹਿੰਦੂ ਘਰਾਂ ਵਿਚ ਜਿਨ੍ਹਾਂ ਇਸਤ੍ਰੀਆਂ ਨੂੰ ਰੰਡੇਪੇ ਦਾ ਦੁੱਖ ਪੈ ਜਾਂਦਾ ਹੈ ਓਹ ਸਤਿ ਧਰਮ ਵਿਚ ਬੈਠਕੇ ਉਮਰ ਕੱਟ ਲੈਂਦੀਆਂ ਹਨ; ਉਨ੍ਹਾਂ ਨੂੰ ਬੇਬੇ ਜੀ ਕਰਕੇ ਸਦਦੇ ਹਨ ਅਰ ਚੰਗਾ ਸਤਿਕਾਰ ਕਰਦੇ ਹਨ, ਪਰ ਜੇ ਇਸਤ੍ਰੀਆਂ ਮਨ ਦੀਆਂ ਖੋਟੀਆਂ ਵਾਸ਼ਨਾਂ ਦੇ ਮਗਰ ਲੱਗ ਕੇ ਅੱਗੇ ਪਿੱਛੇ ਦੀ ਸੋਚ ਛੱਡ ਦਿੰਦੀਆਂ ਹਨ, ਉਨ੍ਹਾਂ ਨੂੰ ਕੋਈ ਮੱਥੇ ਨਹੀਂ ਲਾਉਂਦਾ । ਜਿਨ੍ਹਾਂ ਪਾਪੀਆਂ ਨੂੰ ਉਹ ਭੁਲੇਖੇ ਵਿਚ ਫਸ ਕੇ ਸੱਜਣ ਜਾਣ ਬੈਠਦੀਆਂ ਹਨ ਓਹ ਨਾਲ ਨਹੀਂ ਨਿਭਦੇ। ਉਸ ਸਮੇਂ ਉਹਨਾਂ ਵਿਚਾਰੀਆਂ ਨੂੰ ਪਤਾ ਲੱਗਦਾ ਹੈ ਕਿ ਅਸਾਂ ਭੁੱਲ ਕੀਤੀ ਤੇ ਸਿਆਣਿਆਂ ਦੀ ਸਿਖ੍ਯਾ ਨਾ ਮੰਨੀ ਤੇ ਮਨ ਦੇ ਵੇਗ ਦੇ ਮਗਰ ਲੱਗੀਆਂ ‘ਫਿਰ ਪਛੁਤਾਏ ਕਿਆ ਹੋਇ ਜਬ ਚਿੜੀਆਂ ਚੁਗ ਗਈ ਖੇਤ । ਸਿਆਣੇ ਦੇ ਕਹੇ ਤੇ ਆਉਲੇ ਦੇ ਖਾਧੇ ਦਾ ਸੁਆਦ ਪਿੱਛੋਂ ਮਲੂਮ ਹੁੰਦਾ ਹੈ । ਜੇ ਕੋਈ ਅੱਕ ਦੇ ਫਲ ਨੂੰ ਅੰਬ ਸਮਝੇ ਤੇ ਸਿਆਣੇ ਦਾ ਕਿਹਾ ਨਾ ਮੰਨੇ ਤਾਂ ਕੀ ਹੁੰਦਾ ਹੈ ?

ਬੇਗਮ (ਜ਼ਰਾ ਤਿਣਕ ਕੇ)-ਸਿੰਘ ਜੀ ! ਸਿਖ੍ਯਾ ਠੀਕ ਹਨ । ਦੇਣੀਆਂ ਸੁਖਾਲੀਆਂ ਹਨ ਪਰ ਮੈਂ ਕੋਈ ਬਦੀ ਦੀ ਗੱਲ ਨਹੀਂ ਕੀਤੀ ਕੀਹ ਤੁਸਾਂ ਵਿਚ ਵਿਵਾਹ ਤੇ ਵਿਧਵਾ ਵਿਵਾਹ ਮਨ੍ਹੇ ਹੈਨ ?

ਸਿੰਘ ਜੀ-ਸਿੱਖਾਂ ਵਿਚ ਵਿਵਾਹ ਤੇ ਵਿਧਵਾ ਵਿਵਾਹ ਦੀ ਤਾਂ ਖੁੱਲ੍ਹ ਹੈ, ਪਰ ਵਿਵਾਹ ਹੋਵੇ ਤਾਂ। ਵਿਵਾਹ ਇਕ ਪਵਿੱਤ੍ਰ ਸੰਬੰਧ ਹੈ ਜੋ ਪਵਿੱਤ੍ਰ ਨਿਯਮ ਨਾਲ ਜਾਇਜ਼ ਹੈ, ਪਰ ਮੈਂ ਤਾਂ ਵਿਵਾਹਿਤ ਹਾਂ।

ਬੇਗਮ-ਇਸਤ੍ਰੀ ਤਾਂ ਆਪ ਦੀ ਮਰ ਚੁੱਕੀ ਹੈ; (ਹੰਝੂ ਭਰ ਕੇ) ਪ੍ਯਾਰੀ ਸ਼ੀਲ ਕੂਚ ਕਰ ਗਈ।

ਸਿੰਘ ਜੀ-ਅਸੰਭਵ !

ਬੇਗਮ-ਨਹੀਂ ਸੱਚ ! ਚੂੜ੍ਹ ਮਲ ਆਪ ਦਾ ਪਿਤਾ ਉਸ ਨੂੰ ਲੈ ਗਿਆ ਸੀ, ਮੈਂ ਬੀ ਉਸ ਨਾਲ ਤੋਰਨੋਂ ਨਾਂਹ ਨਹੀਂ ਕੀਤੀ ਸੀ, ਤੁਹਾਡੀ ਮਾਤਾ ਬਹੁਤ ਰੋਂਦੀ ਸੀ ਇਸ ਕਰਕੇ ਟੋਰਨਾ ਪਿਆ ਸੀ, ਤੁਹਾਨੂੰ ਮੈਂ ਅੱਗੇ ਬੀ ਦੱਸ ਚੁੱਕੀ ਹਾਂ; ਪਰ ਹੁਣ ਪੱਕੀ ਖਬਰ ਆਈ ਹੈ ਕਿ ਰਾਤ ਛੱਤ ਡਿੱਗ ਪੈਣ ਕਰਕੇ ਤੁਹਾਡੀ ਵਹੁਟੀ ਤੇ ਪੁਤ੍ਰ ਹੇਠ ਦੱਬੇ ਗਏ ਹਨ ਅਰ ਤੁਹਾਡੇ ਭਰਾ ਨੇ ਬੜੀ ਛੇਤੀ ਉਨ੍ਹਾਂ ਦਾ ਦਾਹ ਵੀ ਕਰਵਾ ਦਿੱਤਾ ਹੈ । ਕਾਰਨ ਦਾ ਪਤਾ ਨਹੀਂ, ਪਰ ਇਕ ਮੁਖਬਰ ਨੇ ਖ਼ਬਰ ਦਿੱਤੀ ਹੈ ਕਿ ਤੁਹਾਡੇ ਭਰਾ ਨੇ ਉਨ੍ਹਾਂ ਨੂੰ ਮਰਵਾਇਆ ਹੈ ਛੱਤ ਡਿੱਗਣੀ ਬਹਾਨਾ ਹੈ। ਉਸਦੀ ਨੀਯਤ ਇਹ ਹੈ ਕਿ ਕੋਈ ਵਾਰਸ ਹੋਤ ਬਾਕੀ ਨਾ ਰਹੇ, ਸਾਰਾ ਧਨ ਮੈਂ ਸਾਂਭਾ ।

ਸਿੰਘ ਜੀ-ਮੈਂ ਨਹੀਂ ਮੰਨਦਾ ।

ਬੇਗਮ-ਮੈਂ ਕਸਮ ਖਾ ਕੇ ਕਹਿੰਦੀ ਹਾਂ ਕਿ ਸੱਚ ਹੈ, ਮੈਂ ਤੁਹਾਡੇ ਭਰਾ ਦੀ ਗ੍ਰਿਫ਼ਤਾਰੀ (ਫੜਨ) ਦਾ ਹੁਕਮ ਬੀ ਦੇ ਆਈ ਹਾਂ ।

ਸਿੰਘ ਜੀ ਨੇ ਅੱਖਾਂ ਮੀਟ ਲਈਆਂ, ਪਿਆਰਿਆਂ ਦੇ ਵਿਯੋਗ ਕਰਕੇ ਹਿਰਦੇ ਵਿਚ ਖੋਹ ਪਈ,ਪਰ ਨਿਸਚੇ ਵਾਨ ਹਿਰਦੇ ਵਿਚ ਸਤਿਗੁਰਾਂ ਦੀ ਮੂਰਤੀ ਆ ਖੜੋਤੀ ਅਰ ਸਿੰਘ ਜੀ ਦੇ ਗਿਆਨਵਾਨ ਹਿਰਦੇ ਵਿਚ ਆਤਮਾਂ ਦੇ ਨਿੱਤ ਤੇ ਅਮਰ* ਹੋਣ ਦਾ ਨਕਸ਼ਾ ਬੱਝ ਗਿਆ ਅਰ ਕਰਮਾ ਦੀ ਪ੍ਰਬਲਤਾ ਤੇ ਕਰਤਾਰ ਦੀ ਕ੍ਰਿਪਾ ਨੂੰ ਸੋਚ ਕੇ ਆਤਮਾਂ ਨੂੰ ਪ੍ਰਸੰਨ ਕਰਨੇ ਵਾਲਾ ਸ਼ਾਂਤੀ ਦਾ ਸੋਮਾਂ ਫੁੱਟ ਪਿਆ । ਦਸ ਕੁ ਮਿੰਟ ਮਗਰੋਂ ਅੱਖਾਂ ਖੁੱਲ੍ਹੀਆਂ, ਦੋ ਕੁ ਟੇਪੇ ਡਿੱਗੇ ਅਰ ਸਿੰਘ ਜੀ ਦੇ ਮੂੰਹੋਂ ਸ਼ੁਕਰ ਦਾ ਸ਼ਬਦ ਤਿੰਨ ਵਾਰੀ ਨਿਕਲਿਆ । ਬਿਜੈ ਸਿੰਘ ਨੂੰ ਬੇਗਮ ਪਰ ਪਤੀਆ ਤਾਂ ਨਹੀਂ ਆਯਾ ਪਰ ਉਸ ਨੇ ਇਹ ਜਾਣ ਲਿਆ ਕਿ ਮੇਰੇ ਉਜ਼ਰ ਭੰਨਣ ਲਈ ਦੁਇ ਮਰਵਾ ਦਿਤੇ ਗਏ ਹੋਣ ਤਾਂ ਅਚਰਜ ਨਹੀਂ, ਸੋ ਭਾਣਾ ਜਾਣ ਕੇ ਰਜ਼ਾ ਸਿਰ ਤੇ ਧਰ ਲਈ।

ਬੇਗਮ-ਹੁਣ ਦੱਸੋ ?

ਸਿੰਘ ਜੀ-ਕੀ ਦੱਸਾਂ ? ਮੇਰਾ ਜਨਮ ਇਸ ਲਈ ਨਹੀਂ ਕਿ ਇਕ ਅਮੀਰਜ਼ਾਦੀ ਨਾਲ ਵਿਆਹ ਕਰਕੇ ਆਪਣੇ ਸੁੱਖਾਂ ਵਿਚ ਪੈ ਜਾਵਾਂ, ਮੈਂ ਤਾਂ ਧਰਮ ਤੇ ਪਰਜਾ ਦੀ ਸੇਵਾ ਲਈ ਜਨਮਿਆ ਹਾਂ । ਸੁੰਦਰ ਪਲੰਘ ਮੇਰੇ ਲਈ ਸੂਲਾਂ ਦੀ ਸੇਜਾਂ ਹਨ, ਬਨਾਂ ਵਿਚ ਕੰਡਿਆਂ ਪਰ ਭਰਾਵਾਂ ਨਾਲ ਸੌਣਾਂ ਮੇਰੇ ਲਈ ਮਖ਼ਮਲ ਨਾਲੋਂ ਭਲਾ ਹੈ, ਵੀਰਾਂ ਨਾਲ ਵਣ ਦੇ ਪੱਤੇ ਖਾ ਕੇ ਗੁਜ਼ਾਰਾ ਕਰਨ ਨੂੰ ਮੈਂ ਪਰਮ ਪ੍ਰਸੰਨਤਾ ਸਮਝਦਾ ਹਾਂ । : ਉਹ ਧਰਮ ਹੈ, ਆਪਨੀਆਂ ਮੌਜ ਬਹਾਰਾਂ ਐਸ਼ਾਂ ਅਧਰਮ ਹਨ । ਆਤਮਾਂ * ਨਿੱਤ ਹੈ ਸਰੀਰ ਅਨਿੱਤ । ਅਨਿੱਤ ਦੇ ਦੁੱਖਾਂ ਦੀ ਪਰਵਾਹ ਨਹੀਂ, ਕਿਉਂ ? ਝਬਦੇ ਮੁੱਕ ਜਾਂਦੇ ਹਨ, ਨਿੱਤ ਦੇ ਸੁਖ ਸਦਾ ਰਹਿੰਦੇ ਹਨ, ਉਨ੍ਹਾਂ ਦੀ ਪਰਵਾਹ ਕਰਨੀ ਚਾਹੀਏ । ਫਿਰ ਹੋਰ ਸੋਚੋ ਜੋ ਪੁਰਖ ਜਿਸ ਕੰਮ ਲਈ ਜੰਮਿਆਂ ਹੋਵੇ, ਉਸ ਨੂੰ ਉਹੋ ਕਰਨਾ ਹੀ ਸੁਹਣਾ ਹੈ, ਨਹੀਂ ਤਾਂ ਫੇਰ ਇਉਂ ਦੇ ਉਲਾਂਭੇ ਮਿਲਦੇ ਹਨ:-‘ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥ ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥’

ਬੇਗਮ-ਮੈਂ ਕਦੇ ਕਿਸੇ ਅੱਗੇ ਨਹੀਂ ਨਿਵੀਂ, ਮੈਂ ਸਭ ਨੂੰ ਸਦਾ ਹੁਕਮ ਹੇਠ ਰਖਿਆ ਹੈ, ਏਥੇ ਨਿਵੀਂ ਹਾਂ, ਨਿਵੀਂ ਦੀ ਲਾਜ ਰਖੋ, ਕਿਹਾ ਮੰਨੋ ਕੁਛ ਦੇਰ ਗੁਪਤ ਰਹੋ, ਫੇਰ ਮੈਂ ਤੇਰੇ ਲਈ ਕਾਬਲ ਤੋਂ ਫੁਰਮਾਨ ਸ਼ਾਹੀ ਮੰਗਾ ਦਿਆਂਗੀ । ਦਿੱਲੀ ਵਾਲੇ ਆਪ ਮੋਏ ਪਏ ਹਨ; ਕੋਈ ਤੇਰੀ ਵਾ ਵੱਲ ਨਹੀਂ ਤੱਕੇਗਾ, ਬਿਨਾਂ ਯਤਨ ਪਾਤਸ਼ਾਹ ਬਣ ਜਾਹ । ਤੇਰਾ ਫਰਜ਼ ਬੀ ਪੂਰਾ ਹੋ ਜਾਏਗਾ । ਹੁਣ ਤਾਂ ਸਿੱਖਾਂ ਵਿਚ ਰਹਿ ਕੇ ਕਿਤੇ ਮਰ ਜਾਏਂਗਾ ਅਰ ਰਾਜਾ ਬਣਨ ਦਾ ਵੇਲਾ ਸਿਖਾਂ ਲਈ ਦੂਰ ਹੈ। ਜੇ ਕੋਈ ਜ਼ਾਲਮ ਨਵਾਬ ਆ ਗਿਆ ਤਾਂ ਖਬਰੇ ਸਿਖਾਂ ਦਾ ਖੁਰਾ ਖੋਜ ਹੀ ਮਿਟ ਜਾਵੇ । ਇਸ ਵੇਲੇ ਨੂੰ ਹੱਥੋਂ ਨਾ ਜਾਣ ਦੇਹ । ਪੱਕੀ ਪਕਾਈ ਮਿਲਦੀ ਹੈ, ਬਿਨਾਂ ਲਹੂ ਵੀਟੇ ਹੀ ਰਾਜ ਬੱਝਦਾ ਹੈ ।

ਸਿੰਘ ਜੀ-ਪ੍ਰਜਾ ਮਾਤਾ ! ਆਪ ਦੇ ਰਾਜ-ਭਾਗ ਦੇਣ ਦਾ ਸ਼ੁਕਰੀਆ ਹੈ । ਪਰ ਮੈਂ ਉਸ ਕੌਮ ਵਿਚੋਂ ਹਾਂ, ਜੋ ਆਪਣੇ ਡੌਲਿਆਂ ਪਰ ਬੜਾ ਭਰੋਸਾ ਰੱਖਦੀ ਹੈ । ਉਨ੍ਹਾਂ ਕਦੇ ਨਹੀਂ ਮੰਨਣਾ ਕਿ ਐਉਂ ਰਾਜ ਲਵੀਏ, ਜਦ ਰਾਜ ਲਵਾਂਗੇ ਤਲਵਾਰ ਦੀ ਧਾਰ ਨਾਲ ਲਵਾਂਗੇ । ਦੂਸਰੇ-ਅਬਦਾਲੀ ਐਸਾ ਬੁੱਧੂ ਨਹੀਂ ਜੈਸਾ ਤੁਸੀਂ ਸਮਝਦੇ ਹੋ । ਇਧਰੋਂ ਤੁਸਾਂ ਮੇਰੇ ਨਾਲ ਵਿਆਹ ਕੀਤਾ ਉਧਰੋਂ ਕੁਫਰ ਦਾ ਫਤਵਾ ਤੁਹਾਡੇ ਤੇ ਲਗੇਗਾ ਅਰ ਇਕ 1 ਦਮ ਤਖਤੋਂ ਉਤਾਰੇ ਜਾਓਗੇ । ਅਬਦਾਲੀ ਤਾਂ ਆਉਂਦਾ ਕੁਝ ਚਿਰ ਲਾਉ, ਆਪਦੇ ਉਮਰਾਉ ਹੀ ਕੰਮ ਬਰਾਬਰ ਕਰ ਦੇਣਗੇ । ਕੋਈ ਮੁਸਲਮਾਨ ਇਹ ਗੱਲ ਨਹੀਂ ਸਹੇਗਾ ਕਿ ਤੁਸੀਂ ਇਕ ਨਾ-ਮੁਸਲਿਮ ਨਾਲ ਵਿਆਹ ਕਰੋ । ਹਾਂ ਮੈਂ ਮੁਸਲਮਾਨ ਹੋ ਜਾਵਾਂ ਤਾਂ ਪਰ ਇਹ ਅਸੰਭਵ ਹੈ । ਮੈਂ ਚੌਦਾਂ ਲੋਕਾਂ ਦੀ ਪਾਤਸ਼ਾਹੀ ਨੂੰ ਸਿਖ ਧਰਮ ਤੋਂ ਵਾਰ ਕੇ ਸੁੱਟ ਦਿਆਂ, ਜੇ ਕਹੇਂ ਕਿ ਤੇਰੇ ਸਿੱਖ ਹੋ ਜਾਣ ਨਾਲ ਸਿਖ ਰਾਜ ਹੋ ਜਾਇਗਾ, ਤਾਂ ਮੈਂ ਇੰਨੀ ਰਾਜਨੀਤੀ ਜਾਣਦਾ ਹਾਂ, ਕਿ ਇਹ ਹੋਣ ਨਹੀਂ ਲੱਗਾ। ਤੀਸਰੇ ਦਿੱਲੀ ਵਾਲੇ ਭਾਵੇਂ ਕੁਝ ਨਹੀਂ ਰਹੇ, ਪਰ ਪੰਜਾਬ ਲਈ ਅਜੇ ਕੁਛ ਬਲ ਹੈਨੇ। ਗਾਜ਼ੀਉੱਦੀਨ ਵਜ਼ੀਰ ਦੀ ਅੱਖ ਤੁਸਾਂ ਦੀ ਕਾਕੀ ਪਰ ਹੈ । ਉਸ ਨੇ ਵਿਆਹ ਪਰ ਜ਼ੋਰ ਦੇਣਾ ਹੈ ਤੇ ਆਪ ਦੇ ਸਿਰ ਤੇ ਕੁੰਡਾ ਰੱਖਣਾ ਹੈ, ਸੋ ਇਹ ਸਾਰੇ ਖਿਆਲ ਨੀਤੀ ਵਿਰੁੱਧ ਹਨ।

ਬੇਗਮ-ਕਿਸੇ ਭੁੱਖੇ ਨੂੰ ਰੋਟੀ ਮਿਲੇ ਤਾਂ ਨਾਂਹ ਕਰਦਾ ਹੈ ? ਸਿੱਖਾਂ ਨੂੰ ਪੁੱਛ ਤਾਂ ਵੇਖੋ ।

ਸਿੰਘ ਜੀ-ਸਿੰਘਾਂ ਦੀ ਸੂਰਬੀਰਤਾ ਅਣਖ, ਹਾਂ ਤਾਬੇਦਾਰੀ ਅਰ ਛਲ ਨੂੰ ਓਹ ਬਹੁਤ ਬੁਰਾ ਜਾਣਦੇ ਹਨ। ਰਾਜੇ ਬਣ ਕੇ ਭਾਵੇਂ ਕੁਝ ਕਰਨ, ਪਰ ਐਹ ਵੇਲਾ ਤਾਂ ਧਰਮ ਅਰ ਬਹਾਦਰੀ ਦਾ ਹੈ । ਜਦੋਂ ਨਵਾਬੀ ਦਾ ਖ਼ਿਤਾਬ ਸਿਖਾਂ ਨੂੰ ਘੱਲਿਆ ਗਿਆ ਸੀ ਤਦੋਂ ਕਿੱਦਾਂ ਨੱਕ ਵੱਟ ਕੇ ਨਾਂਹ ਕੀਤੀ ਸਾਨੇ।ਜਦ ਬਹੁਤ ਕਿਹਾ ਤਦ ਪੱਖਾ ਝਲਦੇ ਸੇਵਕ ਵੱਲ ਸੈਨਤ ਕੀਤੀ ਕਿ ਇਸ ਨੂੰ ਦੇ ਦਿਓ। ਕੀ ਤੁਸੀਂ ਪ੍ਰਤੱਖ ਨਹੀਂ ਦੇਖਦੇ ਕਿ ਜਦ ਅਬਦਾਲੀ ਆਉਂਦਾ ਹੈ ਤਾਂ ਸਿਖ ਸਭ ਆਪਣੇ ਇਲਾਕੇ ਛੱਡ ਕੇ ਨੱਸ ਜਾਂਦੇ ਹਨ; ਮਿਹਨਤਾਂ ਨਾਲ ਪ੍ਰਾਪਤ ਕੀਤੇ ਇਲਾਕੇ ਸਰਪ ਕੁੰਜ ਵਾਂਗ ਤਿਆਗ ਜਾਂਦੇ ਹਨ, ਪਰ ਅਬਦਾਲੀ ਨੂੰ ਨਜ਼ਰਾਨੇ ਲੈ ਕੇ ਮਿਲ ਪੈਣ ਅਰ ਤਾਬੇਦਾਰੀ ਕਰ ਲੈਣ, ਇਸ ਗੱਲ ਤੋਂ ਬੜੀ ਸੂਗ ਕਰਦੇ ਹਨ ਅਰ ਆਪਣੀ ਬਹਾਦਰੀ ਨੂੰ ਕਲੰਕ ਸਮਝਦੇ ਹਨ । ਫਿਰ ਦੇਖੋ ਜਾਂਦੇ ਆਉਂਦੇ ਅਬਦਾਲੀ ਦਾ ਪਿਛਾ ਕਰਕੇ ਉਸਦੀ ਨੱਕ ਜਿੰਦ ਕਰ ਦੇਂਦੇ ਹਨ। ਜਦੋਂ ਕਿ ਓਹ ਦਿੱਲੀ ਵੱਲ ਅਗੇ ਵੱਲ ਵਧਦਾ ਹੈ, ਇਹ ਪੰਜਾਬ ਵਿਚ ਰੌਲਾ ਪਾ ਦਿੰਦੇ ਹਨ, ਉਹ ਝੱਟ ਪਿਛੇ ਮੁੜਦਾ ਹੈ ਤਾਂ ਏਹ ਛੁਪ ਜਾਂਦੇ ਹਨ। ਜਦ ਓਹ ਕਾਬਲ ਨੂੰ ਟੁਰਦਾ ਹੈ ਤੇ ਉਸਦਾ ਛੁਪ ਛੁਪ ਕੇ ਪਿਛਾ ਕਰਦੇ ਹਨ ਅਤੇ ਕਾਬਲ ਗਏ ਨੂੰ ਇਨ੍ਹਾਂ ਦੇ ਕਾਰਨਾਮਿਆਂ ਦੀਆਂ ਖਬਰਾਂ ਚਉ ਨਹੀਂ ਲੈਣ ਦੇਂਦੀਆਂ । ਅਬਦਾਲੀ ਨੂੰ ਸਿਖ ਨਿਸਚਿੰਤ ਨਹੀਂ ਹੋਣ ਦੇਂਦੇ ਕਿ ਓਹ ਹਿੰਦ ਵਿਚ ਪਠਾਣੀ ਸਲਤਨਤ ਮੁੜ ਕਾਇਮ ਕਰ ਲਵੇ। ਐਸੇ ਉੱਚੀ ਮਤ ਵਾਲੇ ਇਹ ਬਹਾਦਰ ਜੋਧੇ ਪਸੰਦ ਨਹੀਂ ਕਰਨਗੇ ਕਿ ਜੋ ਕੁਛ ਤੁਸੀਂ ਕਹਿੰਦੇ ਹੋ ਉਹ ਕੁਛ ਮੰਨ ਲੈਣ । ਇਸ ਲਈ ਮੈਂ ਆਪ ਦਾ ਸ਼ੁਕਰ ਕਰਦਾ ਹੋਇਆ ਆਪ ਦੀਆਂ ਸਾਰੀਆਂ ਗੱਲਾਂ ਤੋਂ ਨਾਂਹ ਕਰਦਾ ਹਾਂ।ਮੈਂ ਇਕ ਬਨ ਦਾ ਪੰਛੀ ਹਾਂ, ਸੋਨੇ ਦੇ ਪਿੰਜਰਿਆਂ ਵਿਚ ਰਹਿਕੇ ਮੋਤੀ ਚੁਗਣ ਨਾਲੋਂ ਮੈਨੂੰ ਸੁਤੰਤ੍ਰਤਾ ਵਿਚ ਰਹਿਕੇ ਬਣ ਦੇ ਕੰਕਰਾਂ ਪੁਰ ਗੁਜ਼ਾਰਾ ਕਰਨਾ ਵਧੇਰੇ ਭਾਉਂਦਾ ਹੈ। ਛੁੱਟੀ ।

ਸਿੰਘ ਜੀ ਦੀ ਧਰਮ ਅਰ ਸੁਤੰਤ੍ਰਤਾ ਦੀ ਸੋਚ ਵਲ ਧਿਆਨ ਕੀਤਿਆਂ ਸ਼ਾਬਾਸ਼ ਹੀ ਮੂੰਹੋਂ ਨਿਕਲਦੀ ਹੈ । ਐਤਨੀ ਭਾਰੀ ਲਾਲਚ ਦੀ ਦਸ਼ਾ ਵਿਚ ਦ੍ਰਿੜ੍ਹ ਖੜੇ ਹਨ ਤੇ ਮਤ ਉੱਜਲ ਰੱਖੀ ਹੋਈ ਹੈ । ਨਾਂ ਡੋਲਦੇ ਹਨ, ਨਾ ਬੁੱਧੀ ਦੀਆਂ ਅੱਖਾਂ ਮੀਟਦੇ ਹਨ । ਅੱਜ ਕਲ ਸੁਹਣੀ ਸੂਰਤ ਵੇਖ ਕੇ ਹੀ ਲੋਕੀਂ ਧਰਮ ਹਾਰ ਰਹੇ ਹਨ । ਵਲੈਤ ਦੀ ਸੈਰ ਕਰਨ ਗਏ ਗੋਰੀਆਂ ਨਾਲ ਚਮੋੜ ਲਿਆਉਂਦੇ ਹਨ, ਘਰ ਦੀਆਂ ਪਈਆਂ ਪਿੱਟਦੀਆਂ ਹਨ । ਲਾਲਚ ਤੇ ਡਿੱਗਣਾ ਕੀ ? ਨੀਯਤ ਭੁੱਖੇ ਬਾਲਕ ਵਾਂਙ, ਚਿੱਟੇ ਚਮੜੇ ਪੁਰ ਹੀ ਭਿਬਕੇ ਫਿਰਦੇ ਹਨ। ਸ਼ਾਹੂਕਾਰ ਸਰਦਾਰਾਂ ਵਲ ਦੇਖੋ ਤਾਂ ਕਮਾਈ ਦਾ ਸਾਰਾ ਹਿੱਸਾ ਮਾੜੇ ਥਾਂ ਤੇ ਐਸ਼ਾਂ ਪਰ ਖਰਚ ਕਰ ਕੇ ਗਰੀਬ ਹੁੰਦੇ ਜਾਦੇ ਹਨ ਤੇ ਸਰਦਾਰਾਂ ਤੋਂ ਕਾਮੇ ਬਣ ਰਹੇ ਹਨ। ਇਸ ਕਰਕੇ ਸਿੱਖਾਂ ਵਿਚ ਦਿਨੋ ਦਿਨ ਸਰਦਾਰ ਘੱਟ ਦਿੱਸਦੇ ਹਨ, ਕੁਝ ਮਰ ਗਏ ਕੁਝ ਮਾੜੇ ਕੰਮਾਂ ਦੇ ਸ਼ਿਕਾਰ ਹੋ ਗਏ। ਕਈ ਘਰਾਂ ਵਿਚ ਦੇਖੋ ਸੁੱਖ ਹੈ ਹੀ ਨਹੀਂ । ਉਸ ਦਾ ਕਾਰਣ ਬੀ ਇਹੋ ਹੈ ਕਿ ਪਤੀ ਪਤਨੀ ਦਾ ਪਿਆਰ ਨਹੀਂ ਹੈ, ਘਰ ਦਾ ਸੁੱਖ ਉਡ ਕੇ ਦਰਿਆ ਦੇ ਪੱਥਰਾਂ ਵਾਂਙ ਨਿੱਤ ਦੀ ਰਗੜ ਤੁਰੀ ਚਲਦੀ ਹੈ । ਜਿਸ ਦੰਪਤੀ* ਦਾ ਪਿਆਰ ਨਾ ਹੋਵੇ ਉਨ੍ਹਾਂ ਦੀ ਸੰਤਾਨ ਮਾਤਾ ਪਿਤਾ ਦਾ ਆਦਰ ਕਰਨੇ ਵਾਲੀ ਬਹੁਤ ਘੱਟ ਹੋਇਆ ਕਰਦੀ ਹੈ। ਘਰ ਪਰਮੇਸ਼ੁਰ ਨੇ ਸੁਰਗ ਬਣਾਇਆ ਹੈ, ਪਰ ਮਾੜਿਆਂ ਨੇ ਘਰ ਨੂੰ ਨਰਕ । ਜਿਸ ਪ੍ਰਕਾਰ ਪਤਿਬਤਾ ਇਸਤ੍ਰੀ ਕੁਲ ਦਾ ਚਾਨਣ ਹੁੰਦੀ ਹੈ ਉਸੇ ਤਰ੍ਹਾਂ ਸਤੀ ਬ੍ਰਤ ਪੁਰਖੀ ਕੁਲ ਦਾ ਦੀਪਕ ਹੁੰਦਾ ਹੈ । ਜੈਜੇ ਇਸਤ੍ਰੀ ਲਈ ਪਤਿਬਤ ਵੈਸੇ ਪੁਰਖ ਲਈ ਸਤੀਬ੍ਰਤ ਧਰਮ ਜ਼ਰੂਰੀ ਹੈ। ਦੋਹਾਂ ਨੂੰ ਆਪੋ ਆਪਣਾ ਧਰਮ ਪਾਲਿਆਂ ਸਾਂਝਾ ਸੁਖ ਵਧਦਾ ਹੈ । ਦੋਵੇਂ ਧਰਮ ਪਾਲਣ ਤਾਂ ਦੋਵੇਂ ਸੁਖੀ, ਘਰ ਸ੍ਵਰਗ ਤੇ ਬੱਚੇ ਚੰਗੇ ਉਠਦੇ ਹਨ। ਵਿਚਾਰ ਦਾ ਹੀ ਤਾਂ ਮਨੁੱਖ ਵਿਚ ਪਸ਼ੂਆਂ ਨਾਲੋਂ ਵਾਧਾ ਹੈ । ਜਿਨ੍ਹਾਂ ਨੇ ਧਰਮ ਦੀ ਵਿਚਾਰ ਛੱਡੀ ਹੈ ਉਹਨਾਂ ਨੇ ਮਨੁੱਖ-ਪੁਣੇ ਨੂੰ ਤਿਆਗਿਆ ਹੈ ।

ਹੇ ਖਾਲਸਾ ਜੀ ! ਆਪਣੇ ਵੱਡਿਆਂ ਦੇ ਉੱਤਮ ਜੀਵਨਾਂ ਵੱਲ ਦੇਖਕੇ ਉਹਨਾਂ ਦੇ ਪੂਰਨਿਆਂ ਪਰ ਤੁਰੋ । ਧਰਮ ਪਾਲਣ ਨਾਲ ਹੀ ਸੰਸਾਰ ਦਾ ਸੁਖ ਪ੍ਰਾਪਤ ਹੁੰਦਾ ਹੈ । ਧਰਮ ਨਾਲ ਹੀ ਪ੍ਰਲੋਕ ਦਾ ਸੁਖ ਹੈ । ਦੇਖੋ ਗੁਰੂ ਮਹਾਰਾਜ ਜੀ ਨੇ ਕੈਸੇ ਕੈਸੇ ਉੱਤਮ ਉਪਦੇਸ਼ ਪਤੀਬ੍ਰਤ ਧਰਮ ਲਈ ਕਹੇ ਹਨ-

ਪਲਕ ਦ੍ਰਿਸਟਿ ਦੇਖਿ ਭੂਲੋ ਆਕ ਨੀਮ ਕੋ ਤੂੰਮਰੁ ॥ ਜੈਸਾ ਸੰਗੁ ਬਿਸੀਅਰ* ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ ॥ [ਆਸਾ ਮ: ੫

20  ਕਾਂਡ ।

ਚੰਦ ਵਿਹੂਣੀ ਵਿਧਵਾ ਰਾਤ ਪਤੀ ਹੀਨ ਇਸਤ੍ਰੀ ਦੇ ਦੁਖਿਤ ਹਿਰਦੇ ਵਾਂਙ ਦੁਖੀ ਹੈ ਤੇ ਠੰਢੇ ਸਾਹ ਭਰ ਰਹੀ ਤੇ ਸੰਗ ਦੀ ਨੀਲੀ ਚੱਦਰਤਾਣੀ ਹੋਈ ਸੂ । ਅਣਪੂਰੀਆਂ ਆਸਾਂ ਦੀ ਘਬਰਾਹਟ ਵਰਗਾ ਹਨੇਰਾ ਚਾਰ ਚੁਫੇਰੇ ਫੈਲ ਰਿਹਾ ਹੈ । ਜਿਵੇਂ ਕਿਸੇ ਬਾਲੀ ਦੇ ਹੱਥੋਂ ਫੁੱਲਿਆਂ ਦਾ ਛਿੱਕੂ ਡੁੱਲ੍ਹ ਕੇ ਫੁੱਲਿਆਂ ਨੂੰ ਤਿੱਤਰ ਬਿੱਤਰ ਕਰ ਦਿੰਦਾ ਹੈ ਤਿਵੇਂ ਕੁਦਰਤ ਬਾਲੀ ਦੇ ਫੁੱਲ, ਏਹ ਤਾਰੇ, ਤਿੱਤਰ ਬਿੱਤਰ ਡੁਲ੍ਹੇ ਪਏ ਹਨ । ਪਸੂਪੰਖੀ ਸਹਿਮ ਤੇ ਚੁੱਪਚਾਪ ਸੁੰਨ-ਵੱਟਾ ਹੋਏ ਪਏ ਹਨ । ਬ੍ਰਿਛ ਮਾਨੋਂ ਚਿੰਤਾ ਵਿਚ ਟਾਹਣੇ ਸਿੱਟੀ ਖੜੇ ਹਨ। ਰਾਤ ਦੀ ਸਹੇਲੀ ਕੁਦਰਤ ਬੀ ਸਾਥਣ ਦੇ ਦੁੱਖ ਵਿਚ ਐਸੀ ਦਰਦ ਵੰਡਾ ਰਹੀ ਹੈ ਕਿ ਮਾਨੋਂ ਉਸੇ ਦਾ ਰੂਪ ਹੋ ਰਹੀ ਹੈ।

ਹੁਣੇ ਹਨੇਰੀ ਦੇ ਹੋਰ ਵਧਣ ਨਾਲ ਬੱਦਲ ਆ ਗਏ । ਅੱਗੇ ਤਾਂ ਹਨੇਰੀ ਦੀ ਯਾਨਕ ਆਵਾਜ਼ ਹਾਇ ਹਾਇ ਦਾ ਨਕਸ਼ਾ ਬੰਨ੍ਹ ਰਹੀ ਸੀ ਹੁਣ ਬੱਦਲਾਂ ਦੀ ਕੇਣ ਮੇਣ ਨੇ ਅੱਥਰੂ ਬੀ ਵਹਾਉਣੇ ਸ਼ੁਰੂ ਕਰ ਦਿਤੇ । ਘਟਾ ਦੀ ਗਰਜ ਨਾਲ ਪਿੱਟਣ ਵਾਂਙੂ ਆਵਾਜ਼ ਆ ਰਹੀ ਹੈ, ਇਸ ਦੀ ਧਰਧਕ ਦੀ ਆਵਾਜ਼ ਨਾਲ ਦੁਨੀਆਂ ਕੰਬ ਰਹੀ ਹੈ। ਬ੍ਰਿਛਾਂ ਦੇ ਟਾਹਣ ਹੁਣ ਧਰਤੀ ਪੁਰ ਢੈ ਢੇ ਕੇ ਉੱਡ ਰਹੇ ਹਨ। ਹਾਇ ਦੁਖੀ ਰਾਤ ! ਤੇਰਾ ਤਾਂ ਕਲੇਜਾ ਬੀ ਪਾਟ ਪਿਆ, ਅੰਦਰਲੇ ਜ਼ਖਮ ਐਸੇ ਚਮਕੇ ਕਿ ਚੰਦ ਬੀ ਨਹੀਂ ਕਦੀ ਚਮਕਿਆ । ਹਾਂ ਰਾਤ ਦਾ ਕਲੇਜਾ ਪਾਟਾ, ਲੋਕਾਂ ਦੇ ਭਾਣੇ ਬਿਜਲੀ ਕੜਕਣ ਲੱਗੀ । ਹੇ ਕਾਲੀ ਰਾਤ ! ਪਾਪਾਂ ਦੀ ਮਾਂ ! ਜਹਾਨ ਦੇ ਉਪੱਦ੍ਰਵ ਤੇਰੇ ਵਿਚ ਹੁੰਦੇ ਹਨ । ਆਪਣੇ ਦੁੱਖਾਂ ਨਾਲ ਆਪਣਾ ਆਪ ਜਾਲ, ਗਰੀਬਾਂ ਜੀਵਾਂ ਨੂੰ ਕਿਉਂ ਦੁੱਖ ਦੇਂਦੀ ਹੈਂ ! ਅੱਜ ਤੂੰ ਆਪ ਐਸ ਤਰ੍ਹਾਂ ਪਿੱਟ ਰਹੀ ਹੈਂ, ਕਦੇ ਤੇਰੇ ਕਾਲੇ ਹਿਰਦੇ ਵਿਚ ਓਦੋਂ ਬੀ ਤਰਸ ਆਉਂਦਾ ਹੈ ਜਦੋਂ ਤੇਰੀ ਸ਼ਹਿ ਪਾਕੇ ਚੋਰ ਘਰ ਭੰਨ ਲਿਜਾਂਦੇ ਹਨ ਤੇ ਵਿਚਾਰੇ ਬੇਗੁਨਾਹ ਸੁਤੇ ਪਏ ਖਾਕ ਸ਼ਾਹ ਹੋ ਜਾਂਦੇ ਹਨ । ਹਾਂ, ਗ਼ਰੀਬ ਰਾਹੀ ਲੁੱਟੇ ਜਾਂਦੇ ਹਨ । ਹੇ ਰਾਤ ! ਤੂੰ ਡਾਕੂਆਂ ਨੂੰ ਸਹਾਰਾ ਦੇਂਦੀ ਹੈਂ ।

ਤੂੰ ਖੂੰਨੀ ਨੂੰ ਖੂਨ ਕਰਨ ਵਿਚ ਮਦਦ ਦੇਂਦੀ ਹੈਂ, ਜਿਸ ਵੇਲੇ ਕਿ ਉਹ ਸੱਜੇ ਹਥ ਵਿਚ ਤਲਵਾਰ ਚੁੱਕਦਾ ਹੈ ਤੂੰ ਖੱਬਾ ਹੱਥ ਬਣ ਕੇ ਉਸ ਦੇ ਦੁਸ਼ਟ ਕਰਮ ਵਿਚ ਸਹੈਤਾ ਕਰਦੀ ਹੈਂ । ਕਈ ਸਤਵੰਤੀਆਂ ਦੇ ਸਤ ਦੇ ਖਲਵਾੜੇ ਤੇਰੇ ਕਾਲੇ ਹਨੇਰੇ ਵਿਚ ਦੁਸ਼ਟਾਂ ਦੇ ਹੱਥੋਂ ਫੂਕੇ ਜਾਂਦੇ ਹਨ, ਤੇਰੇ ਹਨੇਰੇ ਵਿਚ ਅਨੇਕਾਂ ਵਿਧਵਾ ਤੇ ਅਨੇਕਾਂ ਅਨਾਥ ਹੋਏ। ਅਜ ਤੈਨੂੰ ਕੁਛ ਪਤਾ ਲੱਗਾ ਹੈ ਕਿ ਕਿਸੇ ਦਾ ਦਿਲ ਦੁਖਾਉਣਾ ਕੀ ਚੀਜ਼ ਹੁੰਦਾ ਹੈ । ਦੇਖ ! ਤੇਰੇ ਬੁਰੇਪਨ ਦਾ ਕੈਸਾ ਸਹਿਮਵਾਂ ਅਸਰ ਹੈ ਕਿ ਜੀਵ ਜੰਤ ਸਭ ਤੋਪ ਦੀ ਅਵਾਜ਼ ਸੁਣਕੇ ਡਰੇ ਹੋਏ ਕਾਇਰ ਵਾਂਗ ਬੇਸੁਧ ਹੋਏ ਪਏ ਹਨ। ਹੇ ਸਾਕਤ ਪੁਰਖ ਦੀ ਕਾਲੀ ਕੰਬਲੀ ਵਰਗੀ ਕਾਲੀ ਰਾਤ ! ਤੈਨੂੰ ਸੰਗਤ ਦਾ ਅਸਰ ਬੀ ਨਹੀਂ ਹੋਇਆ। ਚੰਦਾ ਤੇਰਾ ਪਤੀ ਨੂਰ ਛਹਿਬਰਾਂ ਲਾਉਂਦਾ ਹੈ ਅਰ ਬੇਅੰਤ ਸਮੇਂ ਤੇਰੇ ਨਾਲ ਰਹਿੰਦਾ ਹੈ, ਪਰ ਤੂੰ ਕਾਲੀ ਦੀ ਕਾਲੀ ਰਹੀ । ਪਤੀ ਦੇ ਡਰ ਦੀ ਮਾਰੀ ਉਸ ਦੇ ਸਾਹਮਣੇ ਤੂੰ ਚਿੱਟੀ ਸ਼ਕਲ ਬਣਾਉਂਦੀ ਹੈਂ, ਪਰ ਤੇਰਾ ਹਨੇਰਾ ਖੱਡਾਂ ਕੰਦਾਂ ਬ੍ਰਿਛਾਂ ਅਰ ਲੁਕਵੇਂ ਥਾਵਾਂ ਪੁਰ ਛਿਪਿਆ ਇਸ ਤੱਕ ਵਿਚ ਰਹਿੰਦਾ ਹੈ ਕਿ ਕਦ ਚੰਦ ਜਾਵੇ ਤੇ ਕਦ ਉਹ ਨਿਕਲੇ । ਜੇ ਤੂੰ ਭਲੀ ਹੁੰਦੀ ਤਾਂ ਤੇਰੀ ਕਾਲਖ ਚੰਦ ਦੀ ਚਾਂਦਨੀ ਦੇ ਸੰਗ ਨਾਲ ਦੂਰ ਹੋ ਜਾਂਦੀ । ਪਰ ਤੂੰ ਕਾਲੀ ਦੀ ਕਾਲੀ ਰਹੀ, ਖ਼ਬਰੇ ਤੇਰੀ ਕੁਸਗਤ ਦੇ ਅਸਰ ਨਾਲ ਹੀ ਤਾਂ ਚੰਦ ਵਿਚ ਛਾਈਆਂ ਨਹੀਂ ਪੈ ਗਈਆਂ !

ਇਸ ਰਾਤ ਵਿਚ ਅਸੀਂ ਕੀ ਦੇਖਦੇ ਹਾਂ ਕਿ ਭਾਈ ਬਿਜਲਾ ਸਿੰਘ ਹੁਰੀਂ ਲਾਹੌਰ ਦੇ ਕਿਲ੍ਹੇ ਦੇ ਲਾਗੇ ਫਿਰਦੇ ਫਿਰਦੇ ਬਨ ਵਾਲੇ ਪਾਸੇ ਨਿਕਲ ਗਏ। ਇਕ ਥਾਂ ਤੇ ਪੈਰ ਨੂੰ ਕੁਝ ਨਰਮ ਨਰਮ ਲਗਣ ਕਰ ਕੇ ਠਿਠਕ ਗਏ। ਜਾਂ ਬਿਜਲੀ ਦਾ ਲਿਸ਼ਕਾਰਾ ਵੱਜਾ ਤਾਂ ਇਕ ਸਿੰਘ ਭੁਜੰਗੀ ਅਰ ਇਕ ਸਿੰਘਣੀ ਉਨ੍ਹਾਂ ਦੀ ਦ੍ਰਿਸ਼ਟੀ ਪਈ, ਦੂਜੇ ਚਮਕਾਰੇ ਵਿਚ ਤਸੱਲੀ ਹੋ ਗਈ ਕਿ ਠੀਕ ਇਹ ਕਿਸੇ ਸਿੰਘ ਦਾ ਪਰਵਾਰ ਹੈ।

ਭਾਈ ਜੀ ਨੇ ਹਿਕਮਤ ਨਾਲ ਇਕ ਚੁਕਿਆ ਅਰ ਥੋੜੀ ਦੂਰ ਪੁਰ ਇਕ ਕੱਚੇ ਕੋਠੇ ਦੇ ਅੰਦਰ ਲੈ ਵੜੇ, ਫੇਰ ਦੋ ਜਣੇ ਆ ਕੇ ਸਿੰਘਣੀ ਨੂੰ ਚਾ ਲਿਗਏ । ਇਹ ਉਹ ਅਸਥਾਨ ਸੀ ਜਿਥੇ ਅਜ ਕਲ ਸੁੰਦਰ ਮੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਡੇਹਰਾ ਸਾਹਿਬ ਕਰਕੇ ਸਜ/ਰਿਹਾ ਹੈ।

ਉਨ੍ਹੀਂ ਦਿਨੀ ਦੇਹੁਰੇ ਦੇ ਨਾਲ ਇਕ ਕੱਚਾ ਕੋਠਾ ਤੇ ਵਲਗਣ ਜਿਹੀ ਸੀ ਅਰ ਇਸੇ ਕਰਕੇ ਕਿਸੇ ਦੀ ਨਜ਼ਰ ਘੱਟ ਖਿੱਚ ਹੁੰਦੀ ਸੀ । ਇਕ ਸੂਰਮਾਂ ਸਿਖ ਇਥੇ ਰਹਿੰਦਾ ਸੀ ਅਰ ਪੰਥ ਦੇ ਸੂਹੀਆਂ ਲਈ ਬੜੀ ਸਹਾਇਤਾ ਦਾ ਕਾਰਨ ਸੀ । ਜਾਂ ਬਿਜਲਾ ਸਿੰਘ ਜੀ ਅੰਦਰ ਗਏ ਤਾਂ ਕੀ ਦੇਖਦੇ ਹਨ ਕਿ ਅੱਗੇ ਦੋ ਤਰੈ ਸਿੰਘ ਭੇਸਵਟੇ ਵਿਚ ਹੋਰ ਬੈਠੇ ਹਨ ਜੋ ਕ੍ਰੋੜਾ ਸਿੰਘ ਦੇ ਜਥੇ ਵਿਚੋਂ ਬਿਜੈ ਸਿੰਘ ਦੀ ਭਾਲ ਵਿਚ ਆਏ ਹੋਏ ਸਨ । ਹੁਣ ਚੋਹਾਂ ਸਿੰਘਾਂ ਨੇ ਸਿੰਘਣੀ ਤੇ ਭੁਜੰਗੀ ਸਿੰਘ ਨੂੰ ਦੇਖਿਆ ਅਰ ਪਛਾਣਿਆ ਕਿ ਇਹ ਤਾਂ ਬਿਜੈ ਸਿੰਘ ਦੇ ਪੁਤ੍ਰ ਅਰ ਇਸਤ੍ਰੀ ਹਨ, ਉਹਨਾ ਦੇ ਭਿੱਜੇ ਕਪੜੇ ਲਾਹ ਕੇ ਸੁੱਕੇ ਚਾਦਰੇ ਲਪੇਟ ਦਿੱਤੇ, ਅੱਗ ਬਾਲ ਕੇ ਸੇਕ ਦਿੱਤਾ, ਅਰ ਕੁਛ ਦਾਰੂ ਦਰਮਲ ਤਾਕਤ ਦਾ ਦਿੱਤਾ ।

ਸਾਰੀ ਰਾਤ ਧਰਮੀਆਂ ਦੀ ਮਿਹਨਤ ਨੇ ਦੋਹਾਂ ਅਤਿ ਦੇ ਨਿਰਬਲਾਂ ਨੂੰ, ਫੇਰ ਜੀਉਣ ਜੋਗਾ ਕਰ ਦਿੱਤਾ ਅਰ ਤੰਦਰੁਸਤੀ ਦੇ ਨਰੋਏ ਹੱਥ ਨੇ ਪਿਆਰ ਦੇ ਕੇ ਉਹਨਾਂ ਦੀ ਮੁਰਝਾ ਰਹੀ ਜੀਵਨ-ਰੌ ਨੂੰ ਸੁਰਜੀਤ ਕਰ ਦਿੱਤਾ। ਅਸਲ ਵਿਚ ਪਹਿਲੋਂ ਤਾਂ ਮੀਂਹ ਵਿਚ ਭਿੱਜਣਾ ਹੀ ਉਹਨਾਂ ਦੇ ਕਾਰੇ ਆ ਗਿਆ ਸੀ, ਕਿਉਂਕਿ ਜ਼ਹਿਰ ਦਾ ਕਾਹੜਾ ਜੋ ਉਨ੍ਹਾਂ ਨੂੰ ਪਿਲਾਇਆ ਗਿਆ ਸੀ ਉਸ ਵਿਚ ਕੁਛ ਅਫੀਮ ਦੀ ਚਸ ਬੀ ਸੀ । ਜ਼ਹਿਰ ਪੀਂਦੇ ਸਾਰ ਉਤਾੜਾਂ ਆ ਜਾਣ ਕਰ ਕੇ ਹੋਰ ਜ਼ਹਿਰ ਤਾਂ ਨਿਕਲ ਗਏ ਸਨ, ਅਰ ਕੈਆਂ ਗੁਣਕਾਰ ਪਈਆਂ ਸਨ, ਪਰ ਅਫੀਮ ਦਾ ਕੁਛ ਅੰਸ਼ ਬਾਕੀ ਸੀ, ਜਿਸ ਦੇ ਨਸ਼ੇ ਨੇ ਕੁਛ ਮਸਤ ਕਰ ਰੱਖਿਆ ਸੀ, ਸੋ ਮੋਹਲੇਧਾਰ ਪਾਣੀ ਪੈਣ ਨੇ ਉਸ ਅਸਰ ਨੂੰ ਬੀ ਤੋੜਿਆ; ਸੱਚ ਹੈ-

“ਜਿਸ ਰਾਖੈ ਤਿਸੁ ਕੋਇ ਨ ਮਾਰੈ ॥’

ਦੂਸਰਾ ਦਿਨ ਤੇ ਤੀਸਰਾ ਦਿਨ ਤਾਂ ਦੋਹਾਂ ਨੂੰ ਲੇਟਿਆਂ ਬੀਤਿਆ। ਫੇਰ ਸ਼ੀਲ ਕੌਰ ਕੁਛ ਫਿਰ ਪਈ ਅਰ ਧਰਮੀ ਭਰਾਵਾਂ ਨੂੰ ਸਾਰਾ ਸਮਾਚਾਰ ਆਪਣੀ ਬਿਪਤਾ ਅਰ ਪਤੀ ਦੇ ਕਸ਼ਟਾਂ ਦਾ ਕਹਿ ਸੁਣਾਇਆ । ਹੁਣ ਛੋਟੇ ਜਿਹੇ ਭਾਈਚਾਰੇ ਨੇ ਸਲਾਹ ਕੀਤੀ ਅਰ ਪੱਕੀ ਗੋਂਦ ਗੁੰਦੀ ਕਿ ਸੱਭੇ ਜਣੇ ਕ੍ਰੋੜਾ ਸਿੰਘ ਦੇ ਜੱਥੇ ਵਿਚ ਅੱਪੜੀਏ ਤੇ ਬਿਜੈ ਸਿੰਘ ਦੇ ਛੁਟਕਾਰੇ ਦਾ ਉਪਰਾਲਾ ਕਰੀਏ। ਸੌ ਇਕ ਦਿਨ ਘੁਸਮਸਾਲੇ ਹੋਏ ਵੇਸ ਵਟਿਆਂ ਵਿਚ ਸਾਰੇ ਜਣੇ ਤੁਰਦੇ ਹੋਏ ।

ਹੁਣ ਸਿੱਖਾਂ ਨੂੰ ਉਤਨਾ ਡਰ ਨਹੀਂ ਰਿਹਾ ਸੀ, ਜਿਤਨਾ ਪਹਿਲੇ ਮੀਰ ਮੰਨੂੰ ਦੇ ਵੇਲੇ ਹੋਇਆ ਕਰਦਾ ਸੀ । ਕਾਰਨ ਇਹ ਸੀ ਕਿ ਸਾਰੇ ਦੇਸ਼ ਵਿਚ ਸਿੰਘਾਂ ਨੇ ਆਪਣੇ ਹੱਥ ਪੈਰ ਮਾਰਨੇ ਆਰੰਭ ਦਿੱਤੇ ਸਨ । ਕਿਉਂਕਿ ਬੇਗਮ ਤਾਂ ਅੰਦਰੇ ਅੰਦਰ ਹੋਰ ਝੇੜਿਆਂ ਵਿਚ ਫਸੀ ਬੈਠੀ ਸੀ, ਕੁਝ ਉਮਰਾਵਾਂ ਤੇ ਬੇਗਮ ਦੀ ਵਿਗੜ ਰਹੀ ਸੀ । ਉਂਞ ਬੀ ਅਮੀਰ ਵਜ਼ੀਰ ਐਸੇ ਮੁਹਤਾਣੇ ਹੋ ਰਹੇ ਸਨ ਕਿ ਸਭ ਨੇ ਚੋਰੀ ਚੋਰੀ ਦਿੱਲੀ ਚਿੱਠੀਆਂ ਭੇਜ ਦਿੱਤੀਆਂ ਸਨ ਕਿ ਬੇਗਮ ਦੇਸ਼ ਦਾ ਨਾਸ਼ ਕਰ ਰਹੀ ਹੈ, ਅਰ ਸਿੱਖਾਂ ਨੇ ਇਸ ਘਰ ਦੀ ਫੁੱਟ ਨੂੰ ਤਾੜ ਕੇ ਆਪਣਾ ਸਿੱਕਾ ਬਿਠਾਉਣਾ ਫੇਰ ਆਰੰਭ ਦਿੱਤਾ ਹੈ।

ਉਧਰ ਬਿਜੈ ਸਿੰਘ ਦੀਆਂ ਸਮਝੌਤੀਆਂ ਦਾ ਕੁਝ ਅਸਰ ਨਾ ਹੋਯਾ । ਜਿੰਨੀ ਬਿਜੈ ਸਿੰਘ ਨੇ ਆਪਣੇ ਧਰਮ ਪਰ ਦ੍ਰਿੜਤਾ ਦਿਖਲਾਈ ਉਤਨਾ ਬੇਗਮ ਦਾ ਦਿਲ ਵਧੀਕ ਮੋਹਿਤ ਹੁੰਦਾ ਗਿਆ, ਅਰ ਇਹ ਨਿਸਚਾ ਬੱਝਦਾ ਗਿਆ ਕਿ ਇਸ ਜੈਸਾ ਪੁਰਸ਼ ਇਹ ਆਪ ਹੀ ਹੈ। ਪਿਆਰ ਦੇ ਕਰੜੇ ਹੱਲਿਆਂ ਦੇ ਅੱਗੇ ਬੜੇ ਬੜੇ ਕਰੜੇ ਹੀਏ ਅੰਤ ਸਰ ਹੋ ਜਾਂਦੇ ਹਨ । ਲਿਖ ਦੇਣਾ ਤੇ ਪੜ੍ਹ ਲੈਣਾ ਕੁਝ ਹੋਰ ਗੱਲ ਹੈ, ਪਰ ਹਿਰਦੇ ਦੀਆਂ ਕੋਮਲ ਕੰਧਾਂ ਪੁਰ ਹਿੱਤ ਦੇ ਗੋਲਿਆਂ ਦੀਆਂ ਸੱਟਾਂ ਸਹਿਣੀਆਂ ਕੁਝ ਹੋਰ ਗੱਲ । ਪਰ ਗੁਰੂ ਗੋਬਿੰਦ ਇੰਘ ਜੀ ਦੇ ਸੂਰਮੇ, ਜਿਨ੍ਹਾਂ ਦੇ ਹਿਰਦੇ ਵਿਚ ਓਹ ਕਲਗੀ ਵਾਲਾ ਤੇਜੱਸਵੀ ਰੂਪ ਬੈਠਾ ਹੈ, ਕਿਸੇ ਵੈਰੀ ਦੇ ਅੱਗੇ ਨਹੀਂ ਡਿੱਗਦੇ । ਇਹ ਨਿਰੋਲ ਸੱਚੀ ਗੱਲ ਹੈ ਕਿ ਸਿੱਖ ਸ਼ੱਤਰੂ ਤੋਂ ਸ਼ਰਨ ਮੰਗਣੀ ਜਾਣਦੇ ਹੀ ਨਹੀਂ । ਆਪਣੇ ਭਰਾਵਾਂ ਦੇ ਧਰੋਹ ਦਾ ਸ਼ਿਕਾਰ ਭਾਵੇਂ ਬਣਨ; ਪਰ ਆਪਣਾ ਪਵਿੱਤ੍ਰ ਨਾਮ ਹਾਰ ਮੰਨ ਲੈਣ ਨਾਲ ਜੋੜਕੇ ਸਿੰਘਾਂ ਨੇ ਕਦੇ ਕਲੰਕਤ ਨਹੀਂ ਕੀਤਾ। ਇਸ ਜੰਗ ਵਿਚ ਸਿੰਘ ਹੁਰੀਂ ਹਾਰੇ ਨਹੀਂ ਤੇ ਕੋਈ ਹੀਲਾ ਥਿੰਦੇ ਘੜੇ ਨੂੰ ਨਾ ਪੋਹਿਆ। ਜਾਦੂ ਟੂਨਿਆਂ ਦੀ ਵਾਰੀ ਭੀ ਆਈ । ਚੋਰੀ ਚੋਰੀ ਇਕ ਫਕੀਰ ਅੱਗਾਂ ਬਾਲ ਤੇ ਕਈ ਉਸ਼ਟੰਡ ਰਚ ਕੇ ਚਿੱਲ੍ਹੇ ਬੈਠਾ। ਇਕ ਫਕੀਰ ਨੇ ਬੇਗਮ ਨੂੰ ਇਹ ਢੰਗ ਦੱਸਿਆ ਕਿ ਬਿਜੈ ਸਿੰਘ ਦੀ ਮੂਰਤ ਸਾਹਮਣੇ ਰੱਖ ਕੇ ਤਿੰਨ ਚਾਰ ਘੰਟੇ ਬੈਠਕੇ ਇਕ ਕਲਾਮ ਦਾ ਪਾਠ ਕਰਿਆ ਕਰੇ ਪਰ ਪੇਸ਼ ਕੁਝ ਨਾ ਗਈ ਤੇ ਅਸਰ ਕੁਝ ਨਾ ਹੋਇਆ । ਕੁਝ ਦਿਨ ਬੀਤੇ ਤਾਂ ਇਕ ਰਾਤ ਬਿਜੈ ਸਿੰਘ ਜੀ ਕੀ ਦੇਖਦੇ ਹਨ ਕਿ ਬੇਗਮ ਨੇ ਆਕੇ ਚਰਨ ਪਕੜ ਲਏ ਹਨ; ਅਰ ਬੜਾ ਰੋਈ ਹੈ, ਸਿੰਘ ਜੀ ਦੇ ਹਿਰਦੇ ਵਿਚ ਦਇਆ ਆ ਗਈ ਸੋਚਣ ਲੱਗੇ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੱਸਦੇ ਹਨ ਕਿ ‘ਜੇ ਤਉ ਪਿਰੀਆ ਦੀ ਸਿਕ ਹਿਆਉ ਨਾ ਠਾਹੇ ਕਹੀਦਾ ।’ ਤੇ ਮੈਂ ਇਸ ਵਿਚਾਰੀ ਦਾ ਦਿਲ ਬੜਾ ਦੁਖਾਇਆ ਹੈ । ਓਹ ਨਾ ਹੋਵੇ ਕਿ ਕਿਤੇ ਲੈਣੇ ਦੇ ਦੇਣੇ ਪੈ ਜਾਣ, ਮਤਾਂ ਇਕ ਪਾਪ ਤੋਂ ਬਚਦਾ ਦੂਜੇ ਵਿਚ ਪੈ ਜਾਵਾਂ ਹਿੱਤ ਨਾਲ ਪੁੱਛਣ ਲੱਗੇ ਕਿ ਬੇਗਮ ਜੀ ! ਤੁਸੀਂ ਕੀ ਮੰਗਦੇ ਹੋ ?

ਬੇਗਮ-ਤੁਸੀਂ ਜਾਣਦੇ ਹੀ ਹੋ, ਬਸ ਐਤਨੀ ਗੱਲ ਕਿ ਤੁਸੀਂ ਮੇਰੇ ਨਾਲ ਵਿਆਹ ਕਰਾ ਲਵੋ |

ਸਿੰਘ ਜੀ-ਇਹ ਬੜੀ ਔਖੀ ਗੱਲ ਹੈ।

ਬੇਗਮ (ਛੁਰੀ ਕੱਢ ਕੇ) -ਲਓ ਫੇਰ ਮੈਂ ਆਪਣੀ ਜਾਣ ਤੇ ਖੇਡ ਜਾਂਦੀ ਹਾਂ । ਪਿਆਰ ਦੀ ਜਗਵੇਦੀ ਪਰ ਸਦਕੇ ਹੋਣਾ ਬਿਹਤਰ ਹੈ, ਲਓ ਮੈਂ ਚੱਲੀ ਅਰ ਕਟਾਰੀ ਪੇਟ ਵਿਚ ਮਾਰੀ ।

ਪਰ ਸਿੰਘ ਜੀ ਦੇ ਫੁਰਤੇ ਹੱਥ ਨੇ ਛੁਰੀ ਪੇਟ ਦੇ ਲਾਗੇ ਅੱਪੜਨ ਤੋਂ ਪਹਿਲਾਂ ਹੀ ਬੇਗਮ ਦਾ ਹੱਥ ਫੜ ਲਿਆ ਅਰ ਕਿਹਾ ਕਿ ਤੂੰ ਇਹ ਪਾਪ ਸਾਡੇ ਸਿਰ ਨਾ ਚਾੜ੍ਹ ਤੇ ਅਸੀਂ ਤੇਰੀ ਖ਼ਾਤਰ ਦੁੱਖ ਝੱਲਦੇ ਹਾਂ, ਜਾਹ ਤਿਆਰੀ ਕਰ ਅਸੀਂ ਵਿਆਹ ਕਰ ਲਵਾਂਗੇ । ਉਹ ਤਾਂ ਖੁਸ਼ ਹੋਕੇ ਗਈ, ਉਧਰ ਸਿੰਘ ਹੁਰਾਂ ਦੇ ਸਾਹਮਣੇ ਇਕ ਬਲੀ ਨਿਹੰਗ ਸਿੰਘ-ਜਿਸ ਦਾ ਚਿਹਰਾ ਦੇਖ ਕੇ ਜੀ ਕੰਬ ਜਾਵੇ ਆ ਖੜੋਤਾ ਅਰ ਤਲਵਾਰ ਸੂਤ ਕੇ ਬੋਲਿਆ : ‘ਸਿੰਘਾ ! ਇਹ ਕੀ ਬਚਨ ਦਿੱਤਾ ਹਈ, ਕਰਾਂ ਦੋ ਟੁਕ ?’

ਇਹ ਕਹਿ ਤਲਵਾਰ ਵਾਹੀ, ਇਸ ਧਮੱਕ ਵਿਚ ਸਿੰਘ ਹੋਰਾਂ ਦੀ ਜਾਗ ਖੁਲ੍ਹ ਗਈ ਤੇ ਅੱਖਾਂ ਮਲ ਮਲਕੇ ਚਾਰ ਚੁਫੇਰੇ ਦੇਖਦੇ ਹਨ, ਕਿਤੇ ਬੇਗਮ ਦੀ ਮੁਸ਼ਕ ਨਹੀਂ, ਕਿਤੇ ਨਿਹੰਗ ਸਿੰਘ ਦਾ ਖੋਜ ਨਹੀਂ’, ਕਿਤੇ ਤਲਵਾਰ ਨਹੀਂ, ਇਕੱਲਾ ਬਿਜੈ ਸਿੰਘ ਹੈ। ਕਲੇਜੇ ਨੂੰ ਧਕਧਕੀ ਲੱਗ ਰਹੀ ਹੈ; ਅੱਖਾਂ ਅੱਗੇ ਮੋਮਬੱਤੀ ਦੇ ਜਗ ਮਗ ਕਰਦਿਆਂ ਬੀ ਹਨੇਰੇ ਦੇ ਗੋਲ ਗੋਲ ਚੱਕਰ ਆ ਜਾ ਰਹੇ ਹਨ । ਘਾਬਰ ਘਾਬਰ ਕੇ ਚਾਰ ਚੁਫੇਰੇ ਨਜ਼ਰ ਦੇ ਦੂਤ ਦੌੜ ਰਹੇ ਹਨ, ਪਰ ਥਹੁ ਨਹੀਂ ਲੱਗਦਾ। ਮੱਥਾ ਤਪ ਰਿਹਾ ਹੈ ਸਰੀਰ ਵਿਚੋਂ ਤੱਤੇ ਭਬੂਕੇ ਨਿਕਲ ਰਹੇ ਹਨ ਉਠਕੇ ਬਾਹਰ; ਛੱਜੇ ਤੇ ਜਾ ਬੈਠੇ । ਠੰਢੀ ਠੰਢੀ ਹਵਾ ਨੇ ਆਣਕੇ ਪਿਆਰ ਦਿੱਤਾ ਸੀਤਲਤਾ ਨੇ ਗਰਮੀ ਨੂੰ ਚੂਸਿਆ; ਮਨ ਟਿਕਾਣੇ ਆਯਾ ਅਰ ਬਿਜੈ ਸਿੰਘ ਨੂੰ ਤਸੱਲੀ ਹੋਈ ਕਿ ਇਹ ਸਭ ਸੁਪਨਾ ਸੀ । ਪਰ ਹਾਇ ਕਹਿਰ, ਸਿੰਘ ਜੀ ਨੂੰ ਆਪਣੇ ਆਪ ਤੇ ਗੁੱਸਾ ਆ ਰਿਹਾ ਹੈ, ਕਿ ਮੈਂ ਸੁਪਨੇ ਵਿਚ ਬੀ ਕਿਉਂ ਪਰਾਈ ਇਸਤ੍ਰੀ ਨੂੰ ਵਿਆਹ ਦਾ ਵਚਨ ਦਿੱਤਾ ।

ਅੱਗੇ ਮੇਰਾ ਦਿਲ ਸੱਜਣ ਸੀ ਪਰ ਹੁਣ ਵੈਰੀ ਹੋ ਗਿਆ ਜਾਪਦਾ ਹੈ! ਜਦ ਬਗਲ ਵਿਚ ਰਹਿਣ ਵਾਲਾ ਸੱਜਣ ਹੀ ਵੈਰੀ ਹੋ ਗਿਆ ਹੈ, ਚਾਹੇ ਇਸਨੇ ਸੁਪਨੇ ਵਿਚ ਸਾਥ ਛੱਡਿਆ ਹੈ, ਤਦ ਹੁਣ ਕਿਸਤੇ ਆਸ ਰੱਖੀ ਜਾਏ ਕਿ ਔਕੜ ਵੇਲੇ ਰਖਿਆ ਕਰੇਗਾ ? ਚਾਰ ਚੁਫੇਰੇ ਸਤ ਧਰਮ ਤੋਂ ਡੇਗਣੇ ਵਿਚ ਲੋਕੀ ਹਨ, ਇਕ ਆਪਣਾ ਮਨ ਸੱਜਣ ਸੀ, ਚਾਹੇ ਇਸ ਨੇ ਨੀਂਦ ਵਿਚ ਸਾਥ ਛੱਡਿਆ ਹੈ, ਪਰ ਛੱਡਿਆ ਤਾਂ ਹੈ ਨਾ, ਖਬਰੇ ਜਾਗਤ ਵਿਚ ਬੀ ਨਾ ਕਦੇ ਧੋਖਾ ਦੇ ਜਾਵੇ । ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਹੁਕਮ ਹੈ ਕਿ ਸੁਪਨੇ ਵਿਚ ਬੀ ਨਾਮ ਹੀ ਚਿੱਤ ਆਵੇ ਤਾਂ ਚੰਗਾ ਹੈ । ਹਾਂ ਸੁਪਨੇ ਵਿਚ ਬੀ ਸਾਵਧਾਨੀ ਲੋੜੀਏ। ਇਹ ਕਹਿੰਦਿਆਂ ਆਪ ਨੇ ਆਪਣੇ ਬੁੱਲ੍ਹ ਟੁੱਕੇ ਅਰ ਕਦੀ ਨਾ ਡੋਲੇ ਸਿੰਘ ਜੀ ਨੇ ਦਿਲ ਤਰਬਾਂ ਨੂੰ ਖਿੱਚਿਆ। ਜਿਨ੍ਹਾਂ ਅੱਖਾਂ ਨੇ ਬੜੇ ਬੜੇ ਕਸ਼ਟਾਂ ਵਿਚ ਹੰਝੂਆਂ ਦੀ ਵਾਕਫੀ ਬੀ ਨਹੀਂ ਸੀ ਕੀਤੀ, ਇਸ ਵੇਲੇ ਕੁਛ ਸਜਲ* ਹੋ ਆਈਆਂ ਸਨ ।

ਖਾਲਸਾ ਜੀ ! ਆਪਣੇ ਬਜ਼ੁਰਗਾਂ ਦੇ ਜਤ ਸਤ ਵੱਲ ਧਿਆਨ ਕਰੋ, ਕਿ ਸੁਪਨੇ ਵਿਚ ਨਿਰਾ ਗੱਲਾਂ ਮਾਤ ਦੇ ਕਰਨੇ ਤੇ ਦੁਖੀ ਹੋ ਰਹੇ ਹਨ। ਸਿੱਖਾਂ ਦੇ ਤੇਜ ਪ੍ਰਤਾਪ ਦਾ ਇਹੋ ਭੇਦ ਸੀ, ਜੋ ਸਾਨੂੰ ਮਾਲੂਮ ਨਾ ਰਹਿਣ ਕਰਕੇ ਅਸੀਂ ਔਖੇ ਹੋ ਰਹੇ ਹਾਂ ।

ਜਤ ਸਤ ਦੇ ਪ੍ਰਤਾਪ ਨਾਲ ਸਰੀਰ ਪੁਸ਼ਟ ਤੇ ਜਵਾਨ ਹੁੰਦਾ ਹੈ, ਅਰ ਸੰਤਾਨ ਬਲਵਾਨ ਹੁੰਦੀ ਹੈ, ਆਪਣੀ ਆਤਮਾਂ ਸ੍ਵਛ ਅਰ ਸੰਤਾਨ ਦੀ ਆਤਮਾ ਨਿਰਮਲਤਾਈ ਵੱਲ ਰੁਖ਼ ਕਰਦੀ ਹੈ । ਜੋ ਲੋਕ ਇਸ ਗੁਣ ਨੂੰ ਧਾਰਨ ਕਰਦੇ ਹਨ ਸੋ ਸਦਾ ਸੰਸਾਰ ਪਰ ਵਧਦੇ ਹਨ, ਜੋ ਇਸ ਗੁਣ ਨੂੰ ਛੱਡਦੇ ਹਨ ਆਪਣੇ ਪੈਰੀਂ ਆਪ ਕੁਹਾੜਾ ਮਾਰਦੇ ਹਨ । ਭਰਥਰੀ ਕਹਿੰਦਾ ਹੈ-ਨਾ ਸਮਝੋ ਕਿ ਤੁਸੀਂ ਭੋਗਾਂ ਨੂੰ ਭੋਗਦੇ ਹੋ, ਨਹੀਂ ਭੋਗ ਤੁਹਾਨੂੰ ਭੋਗਦੇ ਹਨ । ਸ਼ਰੀਰ ਬੁੱਢਾ ਹੋ ਜਾਂਦਾ ਹੈ; ਵਾਸ਼ਨਾਂ ਬੁੱਢੀਆਂ ਨਹੀਂ ਹੁੰਦੀਆਂ, ਇਸ ਤੋਂ ਸਮਝ ਲਵੋ ਕਿ ਭੋਗ ਭੋਗਦੇ ਹੋਏ ਜੀਵ ਆਪ ਭੋਗੇ ਜਾਂਦੇ ਹਨ । ਸਰੀਰ ਦੀ ਤਾਕਤ ਤੇ ਅਰੋਗਤਾ ਅਰ ਆਤਮਾ ਦੀ ਸ਼ੁੱਧੀ ਤੇ ਕੌਮੀ ਉੱਨਤੀ ਦਾ ਪਹਿਲਾ ਅਸੂਲ ਉੱਚਾ ਸੁੱਚਾ ਆਚਰਨ ਹੈ ਤੇ ਨਾਲ ਬਾਣੀ ਨਾਮ ਦਾ ਅਯਾਸ ।

ਕੁਝ ਸੌ ਵਰ੍ਹਾ ਬੀਤਿਆ ਤਾਂ ਤੁਹਾਡਾ ਐਸ਼ਰਜ ਸੀ; ਅੱਜ ਨਹੀਂ । ਓਦੋਂ ਭਜਨ ਬੰਦਗੀ ਤੇ ਸੁੱਚੇ ਆਚਰਨ ਨਾਲ ਬਹੁਤ ਪਿਆਰ ਸੀ। ਭਾਵੇਂ ਅਜੇ ਬੀ ਸਿਖ ਬਹਾਦਰ ਹਨ, ਪਰ ਕਿਥੇ ਬਾਬਾ ਦੀਪ ਸਿੰਘ ਤੇ ਬਾਬਾ ਗੁਰਬਖਸ਼ ਸਿੰਘ ਵਾਲੀਆਂ ਰਾਠ ਸੂਰਮਗਤੀਆਂ, ਓਹ ਰਿਸ਼ਟ- ਪੁਸ਼ਟ ਸਰੀਰ, ਉਹ ਸ਼ੇਰਾਂ ਵਰਗੀ ਡੀਲ, ਓਹ ਬਲ, ਓਹ ਪਰਾਕ੍ਰਮ ਉਨ੍ਹਾਂ ਵਰਗਾ ਧਰਮ, ਭਰੋਸਾ, ਸਿੱਖੀ ਸਿੱਦਕ ।

21 ਕਾਂਡ ।

ਜਿਹਾ ਕੁ ਅਸੀਂ ਪਿੱਛੇ ਕਹਿ ਆਏ ਹਾਂ ਦਰਬਾਰ ਦਾ ਕੰਮ ਵਿਗੜਨ ਲੱਗ ਗਿਆ ਸੀ । ਦਰਬਾਰੀ ਵਿਚਾਰੇ ਬੜੀ ਔਕੜ ਵਿਚ ਫਸ ਗਏ । ਜੇ ਬੇਗਮ ਦੇ ਹੁਕਮ ਨੂੰ ਉਡੀਕਦੇ ਤਦ ਕਈ ਕਈ ਦਿਨ ਐਵੇਂ ਬੀਤ ਜਾਂਦੇ ਜੇ ਬਿਨਾਂ ਪੁੱਛੇ ਕਰਦੇ ਤਦ ਬੇਗਮ ਨਾਰਾਜ਼ ਹੁੰਦੀ ਅਰ ਨਾਰਾਜ਼ ਬੀ ਐਸੀ ਕਰੜੀ ਕਿ ਚੰਗੇ ਚੰਗੇ ਅਮੀਰਾਂ ਦੀ ਇੱਜ਼ਤ ਲਾਹ ਸਿਟਦੀ। ਇਕ ਦਿਨ ਇਕ ਦਲੇਰ ਅਮੀਰ ਨੇ ਸਮਝਾਇਆ, ਸਮਝਣਾ ਤੇ ਕਿਤੇ ਰਿਹਾ ਇਸ ਨੇ ਵਿਚਾਰੇ ਦੀ ਚੰਗੀ ਪਤ ਲਾਹੀ । ਭਿਖਾਰੀ ਖਾਂ ਦੀ ਹੋਣੀ ਅਜੇ ਅੱਖਾਂ ਅੱਗੇ ਤਾਜ਼ਾ ਹੀ ਸੀ, ਸਾਰੇ ਦਰਬਾਰੀਆਂ ਨੇ ਕੱਠੇ ਹੋ ਕੇ ਇਕ ਚਿੱਠੀ ਦਿੱਲੀ ਭੇਜ ਦਿੱਤੀ ਅਰ ਘਰੋ ਘਰੀ ਬੈਠ ਗਏ, ਦਰਬਾਰ ਤੇ ਰਿਆਸਤ ਦਾ ਕੰਮ ਛਡ ਦਿੱਤਾ । ਇਹੋ ਜੇਹਾ ਸੁਲੱਖਣਾ ਵੇਲਾ ਸਿੰਘ ਲੱਭਦੇ ਹੀ ਰਹਿੰਦੇ ਸਨ ਸੋ ਓਹ ਕੰਮ ਵਿਚ ਲਗ ਪਏ ਸਨ ਅਰ ਆਪਣਾ ਸਿੱਕਾ ਬਿਠਾਉਣ ਵਿਚ ਤਤਪਰ ਹੋ ਰਹੇ ਸਨ । ਕਰੋੜਾ ਸਿੰਘ ਦੇ ਜਥੇ ਵਿਚ ਇਹ ਵੇਲਾ ਬਿਜੈ ਸਿੰਘ ਦੇ ਛੁਡਾਉਣੇ ਦਾ ਇਕ ਭਾਰੀ ਉੱਤਮ ਸਮਝਿਆ ਗਿਆ । ਇਕ ਦਿਨ ਰੌਣੀ ਰੱਖ ਵਿਚ ਦੀਵਾਨ ਲੱਗਾ ਹੋਇਆ ਸੀ, ਸਰਦਾਰ ਹੁਰਾਂ ਨੇ ਸ਼ੀਲ ਕੌਰ ਨੂੰ ਅਰ ਭੁਜੰਗੀ ਨੂੰ ਪੰਥ ਦੇ ਸਾਹਮਣੇ ਖੜਾ ਕਰ ਕੇ ਸਭ ਨੂੰ ਇਨ੍ਹਾਂ ਦੇ ਦੁੱਖਾਂ ਅਰ ਧਰਮ ਪਾਲਣ ਦਾ ਹਾਲ ਸੁਣਾਯਾ ਅਰ ਨਾਲ ਹੀ ਬਿਜੈ ਸਿੰਘ ਜੀ ਦੇ ਕਿਲ੍ਹੇ ਵਿਚ ਫਸੇ ਹੋਏ ਹੋਣ ਦੇ ਹਾਲ ਦੱਸੇ ਕਿ ਕਿਸ ਕਿਸ ਪ੍ਰਕਾਰ ਦੇ ਲਾਲਚਾਂ ਦੇ ਸਮੁੰਦਰ ਵਿਚ ਅਡੋਲ ਖੜੇ ਹਨ ! ਇਹ ਸਾਰੇ ਸਮਾਚਾਰ ਸੁਣ ਕੇ ਖ਼ਾਲਸਾ ਜੀ ਨੇ ਧੰਨ ਕੀਤੀ ਅਰ ਫੇਰ ਸਭ ਨੇ ਕਿਹਾ ਕਿ ਚਲੋ ਹੁਣ ਉਨ੍ਹਾਂ ਨੂੰ ਕੱਢੀਏ । ਕਰੋੜਾ ਸਿੰਘ ਨੇ ਪੁਛਿਆ : ਕਿ ਕੀਕੂੰ ਕੰਮ ਕੀਤਾ ਜਾਏ, ਕੁਝ ਸਲਾਹ ਦੱਸੋ ? ਉਸ ਵੇਲੇ ਕਈ ਸਿੰਘਾਂ ਨੇ ਸਲਾਹ ਦਸੀ । ਇਕ ਨੇ ਕਿਹਾ-ਇਕ ਦਮ ਕੂਚ ਕਰਕੇ ਜਾ ਪਵੋ । ਇਕ ਨੇ ਕਿਹਾ-ਸਾਰਾ ਪੰਥ ਕੱਠਾ ਕਰਕੇ ਖੂਬ ਜੰਗ ਕਰੋ । ਸਰਦਾਰ ਹੋਰੀਂ ਬੋਲੇ ਕਿ ਭਾਵੇਂ ਪਾਤਸ਼ਾਹੀ ਢਿੱਲੀ ਹੋਈ ਹੈ, ਪਰ ਦਿਨ ਦੀਵੀਂ ਤੇ ਖੁਲ੍ਹਮ ਖੁੱਲੇ ਲਾਹੌਰ ਪਹੁੰਚਣਾ ਕਠਨ ਹੈ । ਭਾਵੇਂ ਵੈਰੀ ਆਪੋ ਵਿਚ ਪਾਟੇ ਪਏ ਹਨ ਪਰ ਸਾਡੇ ਗਿਆਂ ਸਭ ਨੇ ਇਕ ਹੋ ਜਾਣਾ ਹੈ । ਜੇ ਪੰਥ ਕੱਠਾ ਕਰੀਏ ਤਾਂ ਵਕਤ ਨਹੀਂ ਕਿਉਂਕਿ ਪੰਜਾਬ ਦੇ ਦੋ ਦਾਵੇਦਾਰ ਬਣੀ ਬੈਠੇ ਹਨ । ਇਕ ਦਿੱਲੀ ਦੂਜਾ ਕਾਬਲ । ਦੁਹਾਂ ਨੂੰ ਖਬਰਾਂ ਪਹੁੰਚ ਪਈਆਂ ਹੋਣਗੀਆਂ। ਅਰ ਕਿਸੇ ਨਾ ਕਿਸੇ ਨੇ ਉਸ ਵੇਲੇ ਤਕ ਪਹੁੰਚ ਪੈਣਾ ਹੈ, ਕੋਈ ਹੋਰ ਡੋਲ ਕੱਢੋ ਕਿ ਜਿਸ ਕਰ ਕੇ ਸੱਪ ਵੀ ਮਰੇ ਤੇ ਸੋਟਾ ਵੀ ਬਚੇ ।

ਇਹ ਸੁਣਕੇ ਸਾਰੇ ਸਿਆਣੇ ਚੁੱਪ ਹੋ ਗਏ ਅਰ ਡੂੰਘੀ ਸੋਚ ਵਿਚ ਪੈ ਗਏ, ਪਰ ਭੁਜੰਗੀ ਹੱਥ ਜੋੜ ਕੇ ਖਲੋ ਗਿਆ ਤੇ ਬੋਲਿਆ, ‘ਬਾਪੂ ਜੀ ! ਕਿਉਂ ਨਾ ਸਾਰੇ ਸਿੰਘ ਭੇਸ ਵਟਾ ਕੇ ਅੱਡ ਅੱਡ ਰਸਤਿਆਂ ਥਾਣੀਂ ਲਾਹੌਰ ਦੇ ਕੋਲ ਰਾਵੀ ਦੇ ਝੱਲ ਵਿਚ ਜਾ ਕੱਠੇ ਹੋਣ ਅਰ ਹਨੇਰੇ ਹੋਏ ਚਾਣਚੱਕ ਕਿਲ੍ਹੇ ਵਿਚ ਵੜ ਕੇ ਪਿਤਾ ਜੀ ਨੂੰ ਛੁਡਾ ਲਿਆਉਣ।’

ਕ੍ਰੋੜਾ ਸਿੰਘ ਸੁਣ ਕੇ ਹੀ ਮੁਸਕਾ ਪਿਆ। ਮੁੜ ਮੁੜ ਭੁਜੰਗੀ ਦੇ ਚਿਹਰੇ ਵੱਲ ਤੱਕੇ; ਛੇਕੜ ਗਲ ਨਾਲ ਲਾ ਕੇ ਬੋਲਿਆ, ‘ਧੰਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ’ । ਭੁਜੰਗੀ ਦੀ ਸਲਾਹ ਨੂੰ ਮਸਤਾਨ ਸਿੰਘ ਤੇ ਧਰਮ ਸਿੰਘ ਨੇ, ਜੋ ਕ੍ਰੋੜਾ ਸਿੰਘ ਦੇ ਸੱਜੇ ਖੱਬੇ ਸਨ, ਬਹੁਤ ਪਸੰਦ ਕੀਤਾ ਅਰ ਹੋਰ ਸਾਰੇ ਸਿੰਘਾਂ ਨੇ ਵਾਹ ਵਾਹ ਕੀਤੀ।

ਸਿੰਘਾਂ ਨੇ ਅੱਡ ਅੱਡ ਵੇਸ ਕਰ ਲਏ, ਕੋਈ ਪਠਾਣ, ਕੋਈ ਮੁਗਲ, ਕੋਈ ਰਾਜਪੂਤ, ਕੋਈ ਜ਼ਿਮੀਦਾਰ ਬਣ ਗਿਆ ਤੇ ਕੂਚ ਕਰ ਦਿੱਤੀ।

ਇਸ ਤਰ੍ਹਾਂ ਯਕਾ ਦੁਕਾ ਹੋ ਕੇ ਸਾਰੇ ਰਾਵੀ ਦੇ ਝਲ ਵਿਚ ਆ ਕੱਠੇ ਹੋਏ । ਸੂੰਹੀਏ ਭੇਜ ਕੇ ਖ਼ਬਰਾਂ ਲਈਆਂ ਤਾਂ ਪਤਾ ਲੱਗਾ ਕਿ ਫੌਜ ਸਾਰੀ ਮੀਆਂ ਮੀਰ ਫਕੀਰ ਦੇ ਰੋਜ਼ੇ ਲਾਗਲੇ ਮੈਦਾਨ ਵਿਚ ਕਿਸੇ ਤਿਆਰੀ ਲਈ ਇਕੱਠੀ ਹੋ ਰਹੀ ਹੈ। ਕਿਲ੍ਹੇ ਅੱਗੇ ਪਹਿਰਾ ਥੋੜਾ ਹੀ ਹੁੰਦਾ ਹੈ, ਅੰਦਰ ਬੀ ਥੋੜੀ ਜਿਹੀ ਸੈਨਾਂ ਹੈ । ਇਹ ਸਾਰੇ ਭੇਤ ਉਸ ਗੋਲੀ ਨੇ ਦੱਸੇ ਜਿਸ ਨੇ ਸ਼ੀਲ ਕੌਰ ਨੂੰ ਜ਼ਹਿਰ ਪਿਲਾਈ ਸੀ । ਇਹ ਤਦ ਤੋਂ ਮਨ ਵਿਚ ਐਸੀ ਪਛੁਤਾਈ ਸੀ ਕਿ ਬਿਜੈ ਸਿੰਘ ਦੀ ਲੁਕ ਛੁਪ ਕੇ ਸਹਾਇਤਾ ਕਰਦੀ ਤੇ ਬਾਹਰ ਖਬਰਾਂ ਲੈ ਦੇ ਆਉਂਦੀ। ਅੱਜ ਕਿਸੇ ਕੰਮ ਕਿਲ੍ਹਿਓਂ ਬਾਹਰ ਨਿਕਲੀ ਤਾਂ ਪਹਿਲਾਂ ਪੰਜਵੀਂ ਪਾਤਸ਼ਾਹੀ ਦੇ ਡੇਰੇ ਦੇ ਕੱਚੇ ਕੋਠੇ ਵਿਚ ਸੂਰਮਾਂ ਸਿੰਘਾਂ ਹੋਰਾਂ ਪਾਸ ਗਈ। ਉਥੇ ਹੀ ਭਾਈ ਰਮਤਾ ਸਿੰਘ ਜੀ ਸੂੰਹੀਆਂ ਆਇਆ ਬੈਠਾ ਸੀ; ਉਹ ਉਸ ਨੂੰ ਝੱਟ ਸਰਦਾਰ ਪਾਸ ਲੈ ਗਿਆ। ਉਥੇ ਉਸ ਨੇ ਸਾਰਾ ਭੇਦ ਸਰਦਾਰ ਜੀ ਨੂੰ ਜਾ ਦੱਸਿਆ ਅਰ ਭਰੋਸਾ ਦਿਵਾਇਆ ਕਿ ਮੈਂ ਆਪ ਨੂੰ ਸਿੱਧਾ ਬਿਜੈ ਸਿੰਘ ਦੇ ਕੋਠੇ ਵਿਚ ਲੈ ਚੱਲਾਂਗੀ*।

ਜਦ ਘੁਸਮਸਾਲਾ ਹੋਯਾ ਤਦ ਅਚਾਨਕ ਕਿਲ੍ਹੇ ਦੇ ਬੂਹੇ ਅੱਗੇ ਦਸ ਆਦਮੀ ਆ ਨਿਕਲੇ, ਜਿਨ੍ਹਾਂ ਨੇ ਪਹਿਰੇਦਾਰਾਂ ਨਾਲ ਦੋ ਹੱਥ ਕੀਤੇ।ਪਹਿਰੇ ਵਾਲੇ ਆਦਮੀ ਅਚਾਨਕ ਘਿਰੇ ਘਬਰਾਕੇ ਮੁਕਾਬਲਾ ਠੀਕ ਨਾ ਕਰ ਸਕੇ ਤੇ ਜ਼ਖ਼ਮੀ ਹੋ ਕੇ ਡਿਗ ਪਏ । ‘ਬਿਜੈ ਡੰਕ’ ਦਾ ਆਵਾਜ਼ਾ ਹੋਯਾ ਅਰ ਝੱਟ ਪੰਜਾਹ ਕੁ ਜਵਾਨ ਸਨੱਧਬਧ ਯਕਾਯਕ ਪਿਛੋਂ ਨਿਕਲ ਆਏ ਤੇ ਕਿਲ੍ਹੇ ਦੇ ਅੰਦਰ ਵੜ ਗਏ। ਪਿਛੋਂ ਪੰਜਾਹ ਕੁ ਆਦਮੀ ਹੋਰ ਆਏ ਤੇ ਦਰਵਾਜ਼ੇਪੁਰ ਪਹਿਰੇ ਤੇ ਹੋ ਗਏ । ਇੰਨੇ ਕੁ ਹੋਰ ਆਏ ਤੇ ਅੰਦਰ ਵਧੇ ਅਰ ਸੌ ਸੌ ਕਦਮ ਉਤੇ ਜਿਉਂ ਜਿਉਂ ਅੱਗੇ ਵਧਦੇ ਗਏ, ਚਹੁੰ ਚਹੁੰ ਦਾ ਪਹਿਰਾ ਖੜਾ ਕਰੀ ਗਏ । ਪਿਛੇ ਕੁਛ ਵਾਟ ਤੇ ਹੋਰ ਸੈਨਾ ਸੀ, ਸੋ ਸੀਟੀ ਦੀ ਆਵਾਜ਼ ਤੇ ਜੁਆਨ ਹੋਰ ਘੱਲ ਦਿੰਦੀ ਸੀ । ਗੋਲੀ ਰਸਤਾ ਦੱਸਦੀ ਗਈ ਅਰ ਮਸਤਾਨ ਸਿੰਘ ਜੀ ਜੁਆਨਾਂ ਨੂੰ ਅੱਗੇ ਅੱਗੇ ਕਰੀ ਗਏ, ਤਦੇ ਖਬਰ ਜੋ ਬਿਜੈਸਿੰਘ ਦੇ ਕੋਠੇ ਅੱਗੇ ਜਾ ਠਹਿਰੇ । ਬੂਹੇ ਦੀਆਂ ਝੀਤਾਂ ਥਾਣੀਂ ਨਜ਼ਰ ਕੀਤੀ ਤਾਂ ਡਿੱਠਾ-ਅਸਚਰਜ ਕੌਤਕ ਹੈ, ਕਮਰਾ ਹੈ ਕਿ ਸੁਰਗ ਨਾ ਨਮੂਨਾ ਹੈ, ਈਰਾਨੀ ਗਲੀਚੇ ਤੇ ਮਖ਼ਮਲਾਂ ਹੇਠ ਵਿਛੀਆਂ ਹਨ, ਮੋਰਪੰਖ ਦੀ ਉਣਤ ਦੇ ਪਲੰਘ ਲੱਗ ਰਹੇ ਹਨ, ਸੋਨੇ ਚਾਂਦੀ ਦੀਆਂ ਚੌਕੀਆਂ ਸਜ ਰਹੀਆਂ ਹਨ । ਛੱਤ ਸ਼ੀਸ਼ਿਆਂ ਦੀ ਜੜਤ ਵਾਲੀ ਝਿਲਮਿਲ ਝਿਲਮਿਲ ਕਰ ਰਹੀ ਹੈ। ਹਜ਼ਾਰਾਂ ਰੁਪੱਯਾਂ ਦੇ ਝਾੜ ਫਾਨੂਸ ਮੋਮਬੱਤੀਆਂ ਨੂੰ ਲੈ ਕੇ ਜਗਮਗ ਜਗਮਗ ਕਰ ਰਹੇ ਹਨ । ਕੰਧਾਂ ਪੁਰ ਤਰ੍ਹਾਂ ਤਰ੍ਹਾਂ ਦੀਆਂ ਸੁੰਦਰ ਮੂਰਤਾਂ ਲਟਕ ਰਹੀਆਂ ਹਨ । ਖੁਸ਼ਬੋ ਅੰਦਰ ਇੰਨੀ ਹੈ ਕਿ ਕੋਈ ਜਾਣੇ ਚੋਹੇ ਦੇ ਗੁਲਾਬ ਦਾ ਸਾਰਾ ਅਤਰ ਇਥੇ ਆ ਡੁੱਲ੍ਹਿਆ ਹੈ । ਚਾਰ ਅਤਿ ਸੁੰਦਰ ਜੁਆਨ ਮੁਟਿਆਰਾਂ ਬੈਠੀਆਂ ਸਿੰਘ ਹੁਰਾਂ ਨੂੰ ਸਮਝਾ ਰਹੀਆਂ ਹਨ ਕਿ ਅਜੇ ਵੇਲਾ ਹੈ ਸਮਝ ਜਾਓ, ਨਹੀਂ ਤਾਂ ਸਵੇਰੇ ਬੇਗਮ ਕੁਝ ਨਾ ਕੁਝ ਕਰ ਬੈਠੇਗੀ, ਸਿੰਘ ਹੁਰਾਂ ਦੇ ਨਾ ਮੰਨਣ ਅਰ ਕਰੜੇ ਹਠ ਦੇ ਨਾ ਟੁੱਟਣੇ ਪਰ ਏਹ ਗੋਲੀਆਂ ਗੁੰਮ ਹੋ ਗਈਆਂ ਅਰ ਚਾਰ ਕਾਲੇ ਹਬਸ਼ੀਆਂ ਨੇ ਨਿਕਲਕੇ ਸਿੰਘ ਹੁਰਾਂ ਦੇ ਗਿਰਦੇ ਨੰਗੀਆਂ ਤਲਵਾਰਾਂ ਚਮਕਾਈਆਂ, ਦੀਦੇ ਪਾੜ ਪਾੜ ਕੇ ਡਰਾਇਆ ਪਰ ਉਹ ਰੱਬ ਦਾ ਪਿਆਰਾ ਨਾ ਸੁੰਦਰ ਇਸਤ੍ਰੀਆਂ ਕਰ ਕੇ ਖ਼ੁਸ਼ ਸੀ, ਨਾ ਡਰਾਉਣੇ ਹਬਸ਼ੀਆਂ ਦੇ ਭੈ ਕਰਕੇ ਡਰਿਆ। ਇਸ ਕੌਤਕ ਨੂੰ ਦੇਖ ਮਸਤਾਨ ਸਿੰਘ ਨੇ ਸੋਚਿਆ ਕਿ ਜੇ ਕਾਹਲ ਕੀਤੀ ਤਦ ਏਹ ਹਬਸ਼ੀ ਸਾਡੇ ਪਹੁੰਚਣ ਤੋਂ ਪਹਿਲੇ ਪਹਿਲੇ ਤਲਵਾਰ ਚਲਾ ਦੇਣਗੇ, ਉਡੀਕਦੇ ਹਾਂ ਤਾਂ ਵਕਤ ਥੋੜਾ ਹੈ, ਅਸੀਂ ਭਾਰੀ ਦੁਸ਼ਮਨ ਦੇ ਘਰ ਵਿਚ ਖੜੋਤੇ ਹਾਂ । ਜਿੰਨੀ ਛੇਤੀ ਹੋ ਸਕੇ ਨਿਕਲ ਚਲੀਏ ਤਾਂ ਹੀ ਠੀਕ ਹੈ । ਇੰਨੇ ਨੂੰ ਕ੍ਰੋੜਾ ਸਿੰਘ ਆ ਗਿਆ, ਉਸ ਨੇ ਭੀ ਝੀਤਾਂ ਵਿਚੋਂ ਡਿੱਠਾ । ਅਕਲ ਦੇ ਕੋਟ ਨੇ ਝਟਪਟ ਗੋਲੀ ਨੂੰ ਕਿਹਾ:- ਕਿਆ ਕੋਈ ਹੋਰ ਰਸਤਾ ਅੰਦਰ ਜਾਣ ਦਾ ਨਹੀਂ ਹੈ ? ਉਹ ਬੋਲੀ ਕਿ ਹਾਂ, ਹੈ ਮੈਂ ਪਿਛਲੇ ਪਾਸੇ ਦੀ ਬਾਰੀ ਥਾਣੀਂ ਅੰਦਰ ਜਾ ਸਕਦੀ ਹਾਂ ।

ਕੂੜਾ ਸਿੰਘ -ਕੀ ਬੇਗਮ ਨੂੰ ਤੇਰੇ ਪਰ ਸ਼ੱਕ ਤਾਂ ਨਹੀਂ? ਗੋਲੀ-ਜੀ ਨਹੀਂ ।

ਕ੍ਰੋੜਾ ਸਿੰਘ-ਜਾਹ ਫੇਰ ਛੇਤੀ ਕਰ ਅੰਦਰ ਵੜਕੇ ਹਬਸ਼ੀਆਂ ਨੂੰ ਕੋਈ ਹਫਲਾ-ਤਫਲੀ ਦੀ ਗੱਲ ਕਹਿ ਕੇ ਬੇਗਮ ਵੱਲ ਮੋੜ ਘੱਲ । ਗੋਲੀ ਨੇ ਇਸੇ ਤਰ੍ਹਾਂ ਕੀਤਾ, ਅੰਦਰੋਂ ਦੀ ਲੰਘ ਕੇ ਹਬਸ਼ੀਆਂ ਨੂੰ ਹਫਲਾ-ਤਫਲੀ ਪਾ ਦਿੱਤੀ ਛੇਤੀ ਜਾਉ, ਬੇਗਮ ਦੇ ਕਮਰੇ ਵੱਲ ਦੌੜੋ, ਕਿਲ੍ਹੇ ਵਿਚ ਕੋਈ ਓਪਰੇ ਆ ਗਏ ਹਨ।’ ਓਹ ਹਬਸ਼ੀ ਗੋਲੀ ਨੂੰ ਜਾਣਦੇ ਸੇ, ਉੱਠ ਨੱਸੇ । ਉਨ੍ਹਾਂ ਨੇ ਪਿੱਠ ਦਿਤੀ ਸੀ ਕਿ ਮਸਤਾਨ ਸਿੰਘ ਨੇ ਬੰਦੂਕ ਦੇ ਕੁੰਦੇ ਦੀ ਹੁੱਝ ਦੇ ਕੇ ਬੂਹਾ ਤੋੜ ਦਿਤਾ ਅਰ ਦੂਜੀ ਛਿਨ ਵਿਚ ਕੂੜਾ ਸਿੰਘ ਹੁਰੀਂ ਇਹ ਗਾਉਂਦੇ ਹੋਏ: ‘ਜਨ ਨਾਨਕ ਅੰਗੁ ਕੀਆ ਪ੍ਰਭਿ ਕਰਤੈ ਜਾਕੈ ਕੋਟਿ ਐਸੀ ਦਾਸਾਇ ॥’ ਸੰਸਿੰਘ ਹੁਰਾਂ ਦੀ ਜਾ ਜੱਫੀ ਭਰੀ ਅਰ ਕਲਾਈ ਵਿਚ ਲੈ ਬਾਹਰ ਆਏ। ਸਤਿ ਸ੍ਰੀ ਅਕਾਲ ਹੌਲੀ ਹੌਲੀ ਗੱਜਿਆ, ਜਿੱਕੁਰ ਸਿਆਲੇ ਦੀ ਤਰੇਲ ਪੈਂਦੀ ਹੈ । ਮਸਤਾਨ ਸਿੰਘ ਤੇ ਧਰਮ ਸਿੰਘ ਜੱਫੀ ਪਾ ਮਿਲੇ, ਸਿੰਘ ਹੁਰਾਂ ਅਚੰਭੇ ਹੋ ਕੇ ਫਤੇ ਗਜਾਈ, ਪਰ ਸਮੇਂ ਦੇ ਭੀੜੇ ਹੋਣ ਕਰਕੇ ਸਰਦਾਰ ਨੇ ਪਿੱਛੇ ਨੂੰ ਕੁਚ ਦਾ ਬੋਲਾ ਤੁਰੰਤ ਦੇ ਦਿੱਤਾ । ਚੁੱਪ ਚੁਪਾਤੀ ਖ਼ਾਲਸੇ ਦੀ ਫੋੜ ਪਿਛਲੇ ਪਾਸੇ ਮੁੜੀ। ਇਕ ਜਿਹਲ- ਖਾਨੇ ਦੇ ਬੂਹੇ ਅੱਗੇ ਕੁਛ ਸਿਪਾਹੀ ਪਹਿਰਾ ਦੇ ਰਹੇ ਨਜ਼ਰ ਪਏ, ਉਹਨਾਂ ਨੇ ਬੰਦੂਕ ਸਰ ਕੀਤੀ, ਖਾਲਸੇ ਦੀਆਂ ਤਲਵਾਰਾਂ ਨੇ ਹੱਥੋ- ਹੱਥੀ ਨਿਬੇੜਾ ਕੀਤਾ ਤੇ ਆਪ ਅੱਗੇ ਵਧੇ । ਇਹ ਅਜੇ ਕਿਲ੍ਹੇ ਦੇ ਬਾਹਰ ਨਹੀਂ ਹੋਏ ਸਨ, ਕਿਲ੍ਹੇ ਵਿਚੋਂ ਬੜੇ ਘਮਸਾਨ ਤੇ ਰੋਲੇ ਦੀ ਆਵਾਜ਼ ਉਠ ਪਈ । ਤੁਰੀਆਂ ਵਜ ਰਹੀਆਂ ਸਨ ਤੇ ਸੱਜੇ ਖੱਬੇ ਬੇਤੁਕੀਆਂ ਬੰਦੂਕਾਂ ਦੀ ਠਾਹ ਠੂਹ ਹੋ ਰਹੀ ਸੀ, ਅਰ ਵਿਚ ਬੇਗਮ ਦੀ ਕ੍ਰੋਧ ਭਰੀ ਆਵਾਜ਼ ਕੜਕਦੀ ਸੁਣਾਈ ਦਿੰਦੀ ਸੀ । ਸਿੰਘ ਅਜੇ ਕਿਲ੍ਹੇ ਦੇ ਬੂਹੇ ਡਕ ਪਹੁੰਚੇ ਹੀ ਸਨ ਕਿ ਤਿੰਨ ਚਾਰ ਮਤਾਬ ਅਕਾਸ਼ ਵਿਚ ਚੜ੍ਹਾਏ ਮਾਨੋਂ ਦਿਨ ਚੜ੍ਹ-ਗਿਆ, ਤੁਰਕਾਂ ਦੇਖਿਆ ਸਿੱਖਾਂ ਦੀ ਫੌਜ ਹੈ, ਅਤੇ ਦਰਯਾ ਨੂੰ ਜਾ ਰਹੀ ਹੈ, ਇਸ ਹਾਲਤ ਨੂੰ ਕ੍ਰੋੜਾ ਸਿੰਘ ਨੇ ਬੀ ਦੇਖ ਲਿਆ ਅਰ ਸੋਚਿਆ ਕਿ ਇਨ੍ਹਾਂ ਨੇ ਦੋ ਚਾਰ ਤੋਪਾਂ ਸਰ ਕਰ ਦੇਣੀਆਂ ਹਨ, ਅਰ ਸਾਡਾ ਨੁਕਸਾਨ ਬਹੁਤ ਹੋਵੇਗਾ! ਪਰ ਇਹ ਜਾਣਦਾ ਸੀ ਕਿ ਤੋਪਾਂ ਭਰਦਿਆਂ ਭੀ ਇਨ੍ਹਾਂ ਨੂੰ ਚਿਰ ਲਗੇਗਾ, ਇਸ ਕਰਕੇ ਤੁਰਤ ‘ਹਰਨ’ ਦਾ ਹੁਕਮ ਦਿੱਤਾ । ਫੌਜ ਸਰਪੱਟ ਹੋ ਦੌੜੀ। ਸ਼ੁਕਰ ਹੈ ਕਰਤਾਰ ਦਾ, ਅਰ ਸ਼ਾਬਾਸ਼ ਹੈ ਜਥੇਦਾਰ ਦੀ ਅਕਲ ਦੇ ਕਿ ਓਹ ਤੋਪ ਦੇ ਗੋਲੇ ਸਰ ਹੋਣ ਥੋਂ ਪਹਿਲੇ ਗੋਲੇ ਦੀ ਮਾਰ ਤੋਂ ਪਰੇ ਨਿਕਲ ਗਏ। ਇੰਨੇ ਤਾਂਈਂ. ਦਰਯਾ ਦਾ ਗਾੜ੍ਹਾ ਝੱਲ ਆ ਗਿਆ ਅਰ ਸਿੰਘਾਂ ਦਾ ਦਲ ਝੱਲ ਵਿਚ ਵੜ ਕੇ ਰਾਤੋ ਰਾਤ ਕੁਝ ਮੀਲ ਪੈਂਡਾ ਨਿਕਲ ਕੇ ਇਕ ਭਾਰੀ ਰੱਖ ਵਿਚ ਜਾ ਲੁਕਿਆ। ਜਿੱਥੇ ਜਾ ਕੇ ਬਿਸਰਾਮ ਕੀਤਾ; ਵਿਛੁੜੇ ਮਿਲੇ ਦਿਲਾਂ ਦੇ ਦੁੱਖ ਵੰਡੇ ਤੇ ਕਰਤਾਰ ਦਾ ਸ਼ੁਕਰ ਕੀਤਾ।

ਬਿਜੈ ਸਿੰਘ ਹੋਰਾਂ ਫੇਰ ਓਹੋ ਕੰਮ ਸੰਭਾਲਿਆ, ਸ਼ੀਲ ਕੌਰ ਨੇ ਲੰਗਰ ਆਦਿ ਦੀ ਸੇਵਾ ਸਿਰ ਚੁੱਕ ਲਈ, ਪਰ ਹੁਣ ਦਿਨ ਜ਼ਰਾ ਆਰਾਮ ਦੇ ਸਨ, ਇਸ ਲਈ ਕੁਝ ਦਿਹਾੜੇ ਚੰਗੇ ਆਰਾਮ ਦੇ ਬੀਤਣ ਲੱਗੇ ਅਰ ਇਸ ਧਰਮੀ ਟੱਬਰ ਨੇ ਮੁਸੀਬਤਾਂ ਦੇ ਮੂੰਹੋਂ ਛੁਟ ਕੇ ਸੁਖ ਤੇ ਆਰਾਮ ਦੀ ਸ਼ਕਲ ਡਿੱਠੀ ।

22 ਕਾਂਡ ।

ਉਧਰ ਬੇਗਮ ਦਾ ਹਾਲ ਸੁਣੋ । ਜਦ ਸਿੱਖਾਂ ਦੀ ਫੌਜ ਦੇ ਚੁੱਪਚੁਪਾਤੇ ਕਿਲ੍ਹੇ ਵਿਚ ਵੜਨ ਦੀ ਖਬਰ ਹੋਈ ਤਾਂ ਬੜੀ ਕ੍ਰੋਧਵਾਨ ਹੋਈ, ਰੋਹ ਚੜ੍ਹ ਗਿਆ ਅਰ ਕਿਲ੍ਹੇ ਦੇ ਜਮਾਂਦਾਰ ਨੂੰ ਬੁਲਾ ਕੇ ਝਾੜਿਆ । ਉਸ ਨੇ ਬੜੀ ਫੁਰਤੀ ਕੀਤੀ, ਪਰ ਫੁਰਤੀਆਂ ਦੇ ਕਾਰਗਰ ਹੋਣ ਤੋਂ ਪਹਿਲੇ ਸਿੰਘ ਉਨ੍ਹਾਂ ਦੀ ਮਾਰ ਤੋਂ ਪਾਰ ਨਿਕਲ ਗਏ ਸਨ । ਝੁੰਜਲਾਈ ਹੋਈ ਬੇਗਮ ਨੇ ਜਮਾਂਦਾਰ ਨੂੰ ਕੈਦ ਕੀਤਾ ਅਰ ਬਾਕੀ ਫੌਜ ਨੂੰ ਜੋ ਮੀਆਂ ਮੀਰ ਦੇ ਲਾਗੇ ਉਤਰੀ ਪਈ ਸੀ ਤਿਆਰ ਕਰਵਾ ਕੇ ਸਿੱਖਾਂ ਦੇ ਮਗਰ ਤੋਰਿਆ। ਦੋ ਦਿਨ ਟੱਕਰਾਂ ਮਾਰ ਕੇ ਉਹ ਬੀ ਮੁੜ ਆਏ, ਕਿਉਂਕਿ ਉਨ੍ਹਾਂ ਨੂੰ ਸਿਖਾਂ ਦਾ ਖੁਰਾ ਖੋਜ ਬੀ ਨਾ ਲੱਭਿਆ। ਦੋ ਚਾਰ ਦਿਨ ਮਗਰੋਂ ਜਦ ਕ੍ਰੋਧ ਠੰਢਾ ਹੋਇਆ, ਬੇਗਮ ਨੂੰ ਬਿਜੈ ਸਿੰਘ ਦੀ ਗੁਸਤਾਖ਼ੀ ਤੇ ਨਿਕਲ ਜਾਣਾ ਦੁੱਖ ਦੇਣ ਲੱਗਾ, ਸੋ ਵਹਿਣਾਂ ਵਿਚ ਡੁੱਬੀ ਰਹੇ । ਇਸ ਦਸ਼ਾ ਵਿਚ ਇਕ ਹੋਰ ਮੁਸੀਬਤ ਨੇ ਉਸ ਨੂੰ ਆ ਘੇਰਿਆ; ਉਹ ਇਹ ਕਿ ਦਰਬਾਰੀਆਂ ਦਾ ਪਾਤਸ਼ਾਹ ਵਲ ਸ਼ਿਕਾਇਤ ਲਿਖਣੇ ਦਾ ਹਾਲ ਉਸ ਨੂੰ ਮਾਲੂਮ ਹੋ ਗਿਆ, ਹੁਣ ਉਹ ਘਾਬਰੀ ਕਿ ਇਹ ਤਾਂ ਪਾਤਸ਼ਾਹੀ ਬੀ ਚੱਲੀ । ਇਸ ਖ਼ਬਰ ਨੇ ਉਸ ਦੇ ਢਠੇ ਦਿਲ ਵਿਚ ਉਲਟਾ ਜੋਸ਼ ਪੈਦਾ ਕੀਤਾ, ਉਸਦਾ ਨਰ ਸੁਭਾਉ, ਜੋ ਬਿਜੈ ਸਿੰਘ ਦੇ ਰੂਪ ਤੇ ਗੁਣਾਂ ਨੇ ਇਸਤ੍ਰੀ ਕਰ ਦਿੱਤਾ ਸੀ, ਆਪਣੇ ਅਸਲੇ ਤੇ ਆ ਗਿਆ ਅਰ ਰਾਜਸੀ ਮਦ ਨੇ ਜੋਸ਼ ਮਾਰਕੇ ਛਾਤੀ ਠੁਕਰਾਈ ਕਿ ਕੌਣ ਹੈ ਜੋ ਮੇਰੇ ਤੇ ਕੋਈ ਵਾਰ ਕਰ ਸਕੇ? ਹਾਂ ਮੇਰੇ ਤੇ ਵਾਰ ਕਰਕੇ ਮੇਰੇਪੁਰ ਕੋਈ ਫਤਹਿ ਪਾ ਸਕੇ ?ਤੇ ਫੇਰ ਆਪ ਸਲਾਮਤ ਰਹਿ ਸਕੇ? ਅਸੰਭਵ ਹੈ।

ਤੁਰਤ ਬੇਗਮਨੇ ਖਾਸ ਮੁਨਸ਼ੀ ਨੂੰ ਬੁਲਾਇਆ ਅਰ ਅਮੀਰ ਕਾਬਲ ਵਲ ਚਿੱਠੀ ਲਿਖੀ ਕਿ ਮੈਨੂੰ ਤ੍ਰੀਮਤ ਜਾਣਕੇ ਮੇਰੇ ਦਰਬਾਰ ਦੇ ਸਾਰੇ ਅਮੀਰ ਮੇਰੇ ਨਾਲ ਵੈਰ ਕਰਦੇ ਤੇ ਰਾਜ ਆਪਣੇ ਹੱਥ ਵਿਚ ਲੀਤਾ ਚਾਹੁੰਦੇ ਹਨ ਜੋ ਮੈਂ ਹੁਕਮ ਦੇਂਦੀ ਹਾਂ ਉਲਟਾ ਦਿੰਦੇ ਤੇ ਸਭ ਪਾਸੇ ਆਪ-ਹੁਦਰੀਆਂ ਕਰਦੇ ਹਨ, ਪਰਜਾ ਨੂੰ ਲੁੱਟਦੇ ਹਨ ਤੇ ਸਿਖਾਂ ਨਾਲ ਮਿਲ ਗਏ ਹਨ, ਜਿਨ੍ਹਾਂ ਨੇ ਥਾਂ ਥਾਂ ਸ਼ੋਰ ਸ਼ਰਾਬਾ ਪਾ ਦਿਤਾ ਹੈ। ਇਕ ਦਿਨ ਕਿਲ੍ਹੇ ਦੇ ਬੂਹੇ ਖੋਲ੍ਹ ਕੇ ਸਿਖਾਂ ਨੂੰ ਅੰਦਰ ਵਾੜ ਦਿਤੋ ਨੇ । ਕਿਲ੍ਹੇ ਦਾ ਜਮਾਂਦਾਰ ਬੀ ਬੇਈਮਾਨ ਹੋ ਗਿਆ ਹੈ ਜੇ ਮੈਂ ਆਪ ਨੰਗੇ ਧੜ ਸਿਖਾਂ ਨਾਲ ਜੰਗ ਨਾ ਕਰਦੀ ਤਦ ਲਾਹੌਰ ਹੀ ਗਿਆ ਸੀ । ਹੁਣ ਇਹ ਦਿੱਲੀ ਵਾਲਿਆਂ ਨੂੰ ਮੇਰੇ ਤੇ ਹੱਲਾ ਕਰਨ ਲਈ ਉਕਸਾ ਰਹੇ ਹਨ। ਇਸ ਪ੍ਰਕਾਰ ਮੈਂ ਇਨ੍ਹਾਂ ਨਿਮਕ ਹਰਾਮਾਂ ਦੇ ਹੱਥੋਂ ਤੰਗ ਆ ਗਈ ਹਾਂ, ਆਪ ਮਿਹਰਬਾਨੀ ਕਰਕੇ ਕੋਈ ਨੇਕ ਅਫਸਰ ਭੇਜੋ, ਜੋ ਮੇਰੀ ਮਰਜ਼ੀ ਮੁਤਾਬਕ ਮੇਰੇ ਹੇਠ ਕੰਮ ਕਰੇ ।

ਅਬਦਾਲੀ ਇਹ ਖਬਰ ਸੁਣ ਕੇ ਗੁੱਸੇ ਵਿਚ ਆ ਗਿਆ ਅਤੇ ਕੁਛ ਵਿਚਾਰ ਕਰਕੇ ਅਰ ਥੋੜੀ ਫੌਜ ਦੇ ਕੇ ਇਕ ਜਹਾਂਦਾਰ ਖਾਂ ਨਾਮੇ ਅਮੀਰ ਨੂੰ ਲਾਹੌਰ ਨੂੰ ਤੋਰ ਦਿੱਤਾ ।

ਇਸ ਨੇ ਆ ਕੇ ਬੇਗਮ ਦੀ ਨਾਇਬੀ ਕਹੋ ਤਾਂ, ਵਜ਼ੀਰੀ ਕਹੋ ਤਾਂ ਆਪਣੇ ਹੱਥ ਵਿਚ ਲੀਤੀ ਤੇ ਦੇਸ਼ ਦਾ ਇੰਤਜ਼ਾਮ ਕਰਨੇ ਲਗਾ । ਪੁਰਾਣੇ ਅਮੀਰ ਤਾਂ ਮੱਥੇ ਨਾ ਲੱਗਣ ਤੇ ਨਵੇਂ ਕੰਮ ਨਾ ਸੰਭਾਲ ਸਕਣ, ਜਹਾਂਦਾਰ ਕੁੜਿੱਕੀ ਵਿਚ ਫਸ ਗਿਆ; ਬਹੁਤ ਇੰਤਜ਼ਾਮ ਕਰੇ ਪਰ ਪੇਸ਼ ਕੁਝ ਨਾ ਜਾਵੇ । ਉਧਰੋਂ ਸਿੱਖਾਂ ਨੇ ਭੜਥੂ ਪਾ ਦਿਤਾ, ਕਿਸੇ ਥਾਂ ਸੁਖ ਨਾ ਵਰਤੇ ।

ਸਰਕਾਰੀ ਮਾਮਲਾ ਉਘਰਨਾ ਕਈ ਥਾਂ ਬੰਦ ਹੋ ਗਿਆ। ਜੋ ਉਘਰੇ ਸੋ ਰਸਤੇ ਵਿਚ ਸਿੱਖਾਂ ਦੇ ਹੱਥੀਂ ਲੁੱਟਿਆ ਜਾਏ। ਦੂਰ ਦੂਰ ਦੇ ਇਲਾਕੇ ਤਾਂ ਸਾਰੇ ਸਿਖਾਂ ਸਾਂਭ ਲਏ, ਪਰ ਨੇੜੇ ਵੀ ਸਿੱਖਾਂ ਦੇ ਹੱਥ ਵੱਜਣੋਂ ਨਾ ਬਚ ਸਕੇ। ਜਹਾਂਦਾਰ ਖਾਂ ਇਕ ਨਵਾਂ ਦੂਜੇ ਮਦਦ ਕੋਈ ਨਾ ਕਰੇ, ਉਤੋਂ ਬੇਗਮ ਦੇ ਹੁਕਮ ਬੀ ਨੱਕ ਦੀ ਸੋਧੇ ਮੰਨਣੇ ਪੈਣ, ਉਹ ਚੁਪਾਤੇ ਹੀ ਮੁੜ ਗਿਆ* । ਉਸ ਦਾ ਆਉਣਾ ਜਾਣਾ ਇਕ ਸੁਪਨੇ ਵਾਂਙੂ ਲੰਘ: ਗਿਆ। ਗੱਲ ਕੀ ਬਥੇਰਾ ਇੱਟਣ ਪਿੱਟਣ ਹੋਇਆ, ਪਰ ਜਿੱਕੁਰ ਖਈ ਰੋਗ ਦਵਾ ਖਾਂਦਿਆਂ ਵੀ ਵਧਦਾ ਹੀ ਜਾਂਦਾ ਹੈ ਤਿਵੇਂ ਪੰਜਾਬ ਦਾ ਇੰਤਜ਼ਾਮ ਬਾਨ੍ਹਣੂ ਬੰਨ੍ਹਦਿਆਂ ਬੀ ਦਿਨੋਂ ਦਿਨ ਵਿਗੜਦਾ ਗਿਆ । ਪੁਰਾਣੇ ਅਮੀਰ ਸਾਰੇ ਇਸ ਗੱਲ ਨੂੰ ਦੇਖ ਰਹੇ ਸਨ ਅਰ ਕੁਝ ਏਸ ਖ਼ਰਾਬੀ ਦਾ ਆਪ ਭੀ ਕਾਰਣ ਸਨ। ਓਹ ਰੋਜ਼ ਦਿੱਲੀ ਖ਼ਬਰਾਂ ਭੇਜਦੇ ਸਨ । ਗਾਜ਼ੀਉੱਦੀਨ, ਜੋ ਦਿੱਲੀ ਦੇ ਪਾਤਸ਼ਾਹ ਦਾ ਵਜ਼ੀਰ ਸੀ, ਪਰ ਅਸਲ ਵਿਚ ਆਪ ਪਾਤਸ਼ਾਹੀ ਕਰਦਾ ਸੀ ਅਰ ਜਿਸ ਨੇ ਪਾਤਸ਼ਾਹ ਨੂੰ ਕਾਠ ਦੀ ਪੁਤਲੀ ਬਣਾ ਰਖਿਆ ਸੀ, ਇਸ ਸਮੇਂ ਨੂੰ ਤਾੜ ਕੇ ਚੋਖੀ ਫੌਜ ਲੈ ਕੇ ਲਾਹੌਰ ਨੂੰ ਤੁਰ ਪਿਆ ।

ਜਦ ਇਹ ਖਬਰ ਬੇਗਮ ਨੂੰ ਪਹੁੰਚੀ, ਝਟਪਟ ਇਕ ਖਤ ਗ਼ਾਜ਼ੀ- ਉੱਦੀਨ ਵੱਲ ਲਿਖ ਭੇਜਿਆ ਕਿ ਅਮੀਰਾਂ ਨੇ ਆਪ ਨੂੰ ਧੋਖਾ ਦਿੱਤਾ ਹੈ । ਮੈਂ ਦਿੱਲੀ ਦੀ ਤਾਬੇਦਾਰ ਹਾਂ, ਜੇਕਰ ਆਪ ਨੂੰ ਸ਼ੱਕ ਹੋਵੇ ਤਦ ਮੈਂ ਆਪ ਦੇ ਸ਼ੱਕ ਸੁਭੇ ਦੂਰ ਕਰਨ ਲਈ ਤਿਆਰ ਹਾਂ ।

ਮੁਹੰਮਦ ਲਤੀਫ਼ ਲਿਖਦਾ ਹੈ :-ਜਾਪਦਾ ਹੈ ਕਿ ਮੀਰ ਮੰਨੂੰ ਨੇ ਦਿੱਲੀ ਦਰਬਾਰ ਵਿਚ ਆਪਣਾ ਜ਼ੋਰ ਵਧਾਉਣ ਲਈ ਦਿੱਲੀ ਦੇ ਵਜ਼ੀਰ ਗ਼ਾਜ਼ੀ- ਉੱਦੀਨ ਨਾਲ ਆਪਣੀ ਲੜਕੀ ਮੰਗ ਛੱਡੀ ਸੀ, ਪਰ ਮੰਨੂੰ ਦੀ ਮੌਤ ਦੇ ਬਾਦ ਮੁਰਾਦ ਬੇਗਮ ਤੇ ਉਸ ਦੀ ਕਾਕੀ ਦੁਇ ਵਿਆਹ ਕਰਨ ਦੇ ਵਿਰੁਧ ਸਨ, ਪਰ ਗਾਜ਼ੀਉੱਦੀਨ ਨੂੰ ਪੱਕੀ ਆਸ ਸੀ । ਉਸ ਨੇ ਜਦ ਲਾਹੌਰ ਦੇ ਪ੍ਰਬੰਧ ਦੀ ਵੈਰਾਨਗੀ ਸੁਣੀ ਤਾਂ ਪਹਿਲਾਂ ਸੱਯਦ ਜਮੀਲ ਨੂੰ ਘੱਲਿਆ ਕਿ ਬੇਗਮ ਦੀ ਮਦਦ ਕਰੇ । ਜਮੀਲ ਨੇ ਆ ਕੇ ਪ੍ਰਬੰਧ ਸ਼ੁਰੂ ਕਰ ਦਿਤਾ । ਅਮੀਰ ਵਿਚਾਰੇ ਘਾਬਰੇ ਹੋਏ ਸਨ, ਕਿ ਇਹ ਨਵਾਂ ਹਾਕਮ ਖਬਰ ਨਹੀਂ ਕੀ ਕਰੇਗਾ, ਪਰ ਉਹਨਾਂ ਨੇ ਉਸ ਨਾਲ ਮੇਲ ਗੰਢ ਲਿਆ ਅਰ ਅਨੇਕਾਂ ਤਰ੍ਹਾਂ ਨਾਲ ਉਸ ਦਾ ਬੇਗਮ ਵੱਲੋਂ ਦਿਲ ਚੜ੍ਹਾ ਦਿਤਾ । ਜਮੀਲ ਨੇ ਬੇਗਮ ਦੇ ਹੁਕਮਾਂ ਨੂੰ ਛਿੱਕੇ ਪਰ ਧਰ ਦਿਤਾ, ਅਰ ਨਵੇਂ ਨੌਕਰ ਹਟਾ ਕੇ ਸਭ ਪੁਰਾਣੇ ਰੱਖ ਲਏ, ਘਰਾਂ ਤੋਂ ਸੱਦ ਸੱਦ ਕੇ ਉਨ੍ਹਾਂ ਦੇ ਅਹੁਦਿਆਂ ਪੁਰ ਉਨ੍ਹਾਂ ਨੂੰ ਹੀ ਥਾਪ ਦਿਤਾ। ਉਧਰ ਵਜ਼ੀਰ ਗਾਜ਼ੀਉੱਦੀਨ ਨੂੰ ਖਤ ਲਿਖ ਕੇ ਬੇਗਮ ਪੁਰ ਐਸਾ ਸ਼ੱਕੀ ਕਰ ਦਿਤਾ ਕਿ ਉਹ ਮਾਨੋ ਲੋਹੇ ਦਾ ਥਣ ਹੋ ਗਿਆ । ਜਦ ਬੇਗਮ ਨੇ ਆਪਣੀ ਹਕੂਮਤ ਜਾਂਦੀ ਡਿੱਠੀ ਤਦ ਗਾਜ਼ੀਉੱਦੀਨ ਵਲ ਉਲਾਂਭੇ ਲਿਖੇ ਅਰ ਜਮੀਲ ਦੀਆਂ ਗੁਸਤਾਖੀਆਂ ਦੇ ਗਿਲੇ ਕਰ ਭੇਜੇ ਪਰ ਉਸ ਨੇ ਕੰਨੋਂ ਮੁੱਢ ਮਾਰ ਲਈ, ਅਤੇ ਕਿਸੇ ਪਤ੍ਰ ਦਾ ਉੱਤਰ ਨਾ ਦਿਤਾ । ਬੇਗਮ ਬੜੇ ਹੌਸਲੇ ਵਾਲੀ ਅਰ ਨਰ ਮਿਜ਼ਾਜ ਵਾਲੀ ਸੀ, ਇਕ ਹੋਰ ਹੀਲਾ ਕੀਤੋ ਸੁ, ਅੰਦਰਖਾਤੇ ਅਬਦਾਲੀ ਨੂੰ ਸ਼ਿਕਾਇਤ ਲਿਖੀ ਕਿ ਮੇਰੇ ਨਾਲ ਦਿੱਲੀ ਦੇ ਵਜ਼ੀਰ ਨੇ ਸਖਤ ਹੱਤਕ ਦਾ ਸਲੂਕ ਕੀਤਾ ਹੈ* । ਅਬਦਾਲੀ ਅੱਗੇ ਹੀ ਦੰਦ ਪੀਹ ਰਿਹਾ ਸੀ । ਇਧਰ ਬੇਗਮ ਦੀ ਕਾਬਲ ਨਾਲ ਜੋੜ ਤੋੜ ਦਾ ਪਤਾ ਗਾਜ਼ੀਉੱਦੀਨ ਨੂੰ ਲੱਗ ਗਿਆ ਸੀ; ਉਹ ਫੌਜ ਲੈ ਕੇ ਲਾਹੌਰ ਨੂੰ ਤੁਰ ਪਿਆ, ਜੈਸਾ ਕਿ ਅਸੀਂ ਉੱਪਰ ਦੱਸ ਆਏ ਹਾਂ। ਸ਼ਾਹਜ਼ਾਦਾ ਮਿਰਜ਼ਾਅਲੀ ਗੌਹਰ, ਜੋ ਆਲਮਗੀਰ ਪਾਤਸ਼ਾਹ ਦਾ ਵੱਡਾ ਸ਼ਾਹਜ਼ਾਦਾ 8 ਸੀ, ਬੀ ਵਜ਼ੀਰ ਦੇ ਨਾਲ ਸੀ। ਮਾਛੀਵਾੜੇ ਪੁੱਜ ਕੇ ਵਜ਼ੀਰ ਨੇ ਡੇਰੇ ਪਾ ਦਿਤੇ ਤੇ ਬੇਗਮ ਵੱਲ ਹਲਕਾਰੇ ਘੱਲ ਕੇ ਆਪਣੇ ਵਿਆਹ ਦੀ ਗੱਲਬਾਤ ਛੇੜ ਦਿੱਤੀ । ਬੇਗਮ ਇਨ੍ਹਾਂ ਸੁਨੇਹਿਆਂ ਪੱਤਿਆਂ ਵਿਚ ਬੁੱਤੇ ਵਿਚ ਆ ਗਈ । ਉਸ ਜਾਤਾ ਕਿ ਉਹ ਸਚੀ ਮੁਚੀ ਵਿਆਹ ਲੈਣ ਲਈ ਆਇਆ ਹੈ। ਇਕ ਦਿਨ ਵਜ਼ੀਰ ਥੋੜੀ ਜਿਹੀ ਫੌਜ ਲੈ ਕੇ ਮਾਛੀਵਾੜੇ ਤੋਂ ਲਾਹੌਰ ਪਹੁੰਚਾ ਤਾਂ ਵਿਆਹ ਦੇ ਬਹਾਨੇ ਹੀ ਸ਼ਹਿਰ ਜਾ ਵੜਿਆ ਤੇ ਫੋਰਨ ਸ਼ਹਿਰ ਅਤੇ ਕਿਲ੍ਹੇ ਦਾ ਕਬਜ਼ਾ ਕਰਕੇ ਵਾਗ ਡੋਰ ਆਪਣੇ ਹੱਥ ਕਰ ਲਈ । ਬੇਗਮ ਨੂੰ ਤਾਂ ਹੀ ਪਤਾ ਲੱਗਾ ਜਦ ਉਸ ਨੇ ਆਪਣੇ ਆਪ ਨੂੰ ਉਸ ਦੇ ਵੱਸ ਪਾਇਆ।

ਭਾਵੇਂ ਵਜ਼ੀਰ ਕਾਮਯਾਬ ਹੋ ਗਿਆ, ਪਰ ਤਦ ਭੀ ਉਸ ਨੇ ਡਿੱਠਾ ਕਿ ਬੇਗਮ ਖ਼ੁਸ਼ੀ ਨਾਲ ਕਾਕੀ ਦਾ ਵਿਆਹ ਮੇਰੇ ਨਾਲ ਨਹੀਂ ਕਰਦੀ ਤਾਂ ਉਸ ਨੇ ਉਸ ਨੂੰ ਕੈਦ ਕਰ ਲਿਆ, ਨਵਾਬੀ ਦੇ ਮਨਸਬ ਤੋਂ ਹਟਾ ਦਿਤਾ ਤੇ ਸ਼ਾਹੀ ਕੈਦ ਵਿਚ ਪਾ ਕੇ ਦਿੱਲੀ ਆਪਣੇ ਨਾਲ ਹੀ ਲੈ ਟੁਰਿਆ ਤੇ ਬੇਗਮ ਦੀ ਧੀ ਨਾਲ ਮੱਲੋ ਮੱਲੀ ਵਿਆਹ ਕਰ ਲਿਆ* । ਲਾਹੌਰ ਦੀ ਨਵਾਬੀ ਵਜ਼ੀਰ ਨੇ ੩੦ ਲਖ ਦੇ ਮਾਮਲੇ ਪਰ ਅਦੀਨਾ ਬੇਗ ਨੂੰ ਦੇ ਦਿਤੀ। ਮਾਛੀਵਾੜੇ ਪੁੱਜ ਕੇ ਬੇਗਮ ਨੇ ਸ਼ਾਹਜ਼ਾਦਾ ਅਲੀ ਗੋਹਰ ਪਾਸ ਆਪਣੇ ਦੁੱਖੜੇ ਰੋ ਕੇ ਉਸ ਨੂੰ ਆਪਣਾ ਪੱਖੀ ਬਣਾ ਲਿਆ। ਸ਼ਾਹਜ਼ਾਦਾ ਅਲੀ ਗੌਹਰ ਨੇ ਵਜ਼ੀਰ ਨੂੰ ਸਮਝਾਇਆ ਕਿ ਹੁਣ ਮੁਰਾਦ ਬੇਗਮ ਤੇਰੀ ਸੱਸ ਹੈ ਤੇ ਬੜੀ ਦੁਖੀ ਹੈ, ਇਸ ਨੂੰ ਪੰਜਾਬ ਦੀ ਨਵਾਬੀ ਦੇ ਦੇਹ, ਪਰ ਉਸ ਨੇ ਇਕ ਨਾ ਮੰਨੀ, ਸਗੋਂ ਰਸਤੇ ਵਿਚ ਵਜ਼ੀਰ ਸੱਸ ਨੂੰ ਸਖਤ ਤੰਗ ਕਰਦਾ ਗਿਆ ਤੇ ਉਹ ਭੀ ਸਾਰੇ ਰਸਤੇ ਗਾਲ੍ਹੀਆਂ ਤੇ ਸਰਾਪ ਦਿੰਦੀ ਗਈ ਕਿ ਦੇਖਣਾ ਅਬਦਾਲੀ ਆ ਕੇ ਤੁਹਾਡੀ ਸਲਤਨਤ ਤਬਾਹ ਕਰ ਦੇਵੇਗਾ। ਗੱਲ ਕੀ ਸੰਮਤ ੧੮੧੩ ਬਿਕ੍ਰਮੀ, ੧੧੭੦ ਹਿਜਰੀ ਨੂੰ ਅਬਦਾਲੀ ਪਠਾਣਾਂ ਦੀ ਅਣਗਿਣਤ ਫੌਜ ਲੈ ਕੇ ਲੁੱਟ ਚੁੱਕੀ, ਕੰਗਾਲ ਹੋ ਚੁੱਕੀ ਪੰਜਾਬ ਪੁਰ ਫੇਰ ਚੜ੍ਹ ਆਇਆ| ਇਹ ਸੁਣ ਕੇ ਆਦੀਨਾਬੇਗ ਤੇ ਸਯਦ ਜਮੀਲ ਦੁਇ ਨੱਸ ਗਏ । ਆਦੀਨਾ ਬੇਗ ਪਹਾੜੀਂ ਚੜ੍ਹ ਗਿਆ ਤੇ ਪਹਾੜੀ ਰਾਜਿਆਂ ਪਾਸ ਜਾ ਪਨਾਹ ਲਈ । ਸਿੱਖ ਸਰਦਾਰ ਜੋ ਅਬਦਾਲੀ ਦੇ ਰਸਤੇ ਦੇ ਨੇੜੇ ਤੇੜੇ ਸਨ, ਆਪਣੇ ਆਪਣੇ ਇਲਾਕੇ ਛੱਡ ਕੇ ਬਨਾਂ ਵਿਚ ਜਾ ਵੜੇਂ । ਇਕੁਰ ਅਬਦਾਲੀ ਦਾ ਰਸਤਾ ਸਾਫ ਹੋ ਗਿਆ। ਉਸ ਨੇ ਝੱਟ ਲਾਹੌਰ ਆ ਕੇ ਕਬਜ਼ਾ ਕੀਤਾ ਤੇ ਅਮੀਰਾਂ ਨੂੰ ਖੂਬ ਲੁੱਟਿਆ ਚੂੜ੍ਹ ਮੱਲ ਬੀ ਏਸ ਵੇਲੇ ਲੁੱਟਿਆ ਗਿਆ । ਏਥੋਂ ਦੀ ਹਕੂਮਤ ਅਬਦਾਲੀ ਨੇ ਮੀਰ ਮੁਨੱਜ਼ਮ ਦੇ ਹਵਾਲੇ ਕੀਤੀ ਤੋ ਆਪ ਜਲੰਧਰ ਪਹੁੰਚਾ ਉਥੋਂ ਦਾ ਰਾਜ ਨਾਸਰ ਅਲੀ ਖਾਂ* ਨੂੰ ਦਿੱਤਾ ਤੇ ਆਪ ਦਿੱਲੀ ਪਹੁੰਚਾ ।

ਜਦ ਅਬਦਾਲੀ ਦਿੱਲੀ ਪਹੁੰਚਾ ਤਦ ਅੱਗੋਂ ਆਲਮਗੀਰ ਸਾਨੀ ਪਾਤਸ਼ਾਹ ਦਿੱਲੀ ਨੇ ਉਸ ਨੂੰ ਆਦਰ ਨਾਲ ਉਤਾਰਾ ਦਿੱਤਾ ਅਰ ਖਾਤਰ ਕੀਤੀ, ਲੜਾਈ ਕਰਨੀ ਤੇ ਟੋਕਣਾ ਤਾਂ ਕਿਤੇ ਰਿਹਾ।

ਹੁਣ ਗਾਜ਼ੀਉੱਦੀਨ ਨੂੰ ਆਪਣਾ ਪਾਲਾ ਪਿਆ ਕਿ ਮੈਂ ਮੋਇਆ ਪਰ ਆਦਮੀ ਚਾਲਾਕ ਸੀ, ਸ਼ਾਹਜ਼ਾਦਾ ਅਲੀ ਗੋਹਰ ਦੇ ਜਾ ਪੈਰੀਂ ਪਿਆ। ਉਸ ਭਲੇ ਲੋਕ ਨੇ ਵਜ਼ੀਰ ਦੀ ਮੁਰਾਦ ਬੇਗਮ ਨਾਲ ਸੁਲਹ ਕਰਾ ਦਿੱਤੀ । ਹੁਣ ਬੇਗਮ ਨੇ ਵਿਚ ਪੈ ਕੇ ਅਬਦਾਲੀ ਕੋਲੋਂ ਉਸ ਦੀ ਜਾਨ ਬਖਸ਼ੀ ਤਾਂ ਕਰਵਾ ਦਿੱਤੀ, ਪਰ ਵਜ਼ੀਰ ਨੂੰ ਕਈ ਲੱਖ ਰੁਪਯਾ ਜੁਰਮਾਨਾ ਦੇਣਾ ਪਿਆ। ਹੋਰਨਾਂ ਅਮੀਰਾਂ ਬਾਬਤ ਜੋ ਭੇਤ ਬੇਗਮ ਦੱਸ ਚੁੱਕੀ ਸੀ ਸੋ ਉਹਨਾਂ ਤੋਂ ਬਦਲਿਆਂ ਦਾ ਵੇਲਾ ਆਇਆ । ਉਸ ਜ਼ਾਲਮ ਤੇ ਧਨ ਦੇ ਭੁੱਖੇ ਬਾਦਸ਼ਾਹ ਨੇ ਲੁੱਟ ਦਾ ਕਰੜਾ ਹੱਥ ਚੁੱਕਿਆ । ਪਹਿਲੇ ਇੰਤਜ਼ਾਮੁੱਦੌਲਾ ਤੋਂ ਨੱਵੇ ਲੱਖ ਰੁਪੱਯਾ ਮੰਗਿਆ, ਉਸ ਨੇ ਕਿਹਾ ਕਿ ਮੇਰੇ ਪਾਸ ਐਤਨਾ ਰੁਪੱਯਾ ਨਹੀਂ ਹੈ । ਅਬਦਾਲੀ ਨੇ ਉਜ ਦਾ ਘਰ ਫੁਲਵਾਇਆ, ਤਦ ਇਸ ਤੋਂ ਤਿਊਣੀ ਦੌਲਤ ਨਿਕਲੀ, ਫੇਰ ਬੇਗਮ ਨੇ ਕਮਰੁੱਦੀਨ ਦੀ ਵਿਧਵਾ ਸ਼ੇਲਾਪੁਰੀ ਬੇਗਮ ਦਾ ਭੇਤ ਦਿਤਾ, ਉਸ ਦੇ ਘਰੋਂ ਗਹਿਣੇ ਜਵਾਹਰਾਤ ਕਈ ਲੱਖ ਰੁਪਯੇ ਦੇ ਨਿਕਲੇ । ਅਬਦਾਲੀ ਨੂੰ ਜਿਉਂ ਜਿਉਂ ਧਨ ਹੱਥ ਲੱਗੇ ਤਿਉਂ ਤਿਉਂ ਉਸ ਦੀ ਭੁੱਖ ਵਧੇ ਤੇ ਤਿਉਂ ਤਿਉਂ ਉਸ ਨੇ ਸਾਰੇ ਅਮੀਰ ਵਾਰੋ ਵਾਰੀ ਲੁੱਟੇ । ਹੁਣ ਬਦਨਸੀਬ ਸ਼ਹਿਰ ਦੀ ਵਾਰੀ ਆਈ । ਦੋ ਮਹੀਨੇ ਪਾਤਸ਼ਾਹ ਦਿੱਲੀ ਰਿਹਾ ਦੋ ਮਹੀਨੇ ਹੀ ਦਿੱਲੀ ਲੁੱਟੀਂਦੀ ਰਹੀ । ਘਰ ਘਰ ਮਕਾਨ ਮਕਾਨ ਢੂੰਡਿਆ ਤੇ ਪੁੱਟਿਆ ਗਿਆ । ਜਦ ਕਿਸੇ ਪਾਸ ਕਖ ਨਾ ਰਿਹਾ ਤੇ ਕਤਲਾਮ ਬੀ ਹੋ ਚੁੱਕੀ,ਤਦ ਅਬਦਾਲੀ ਨੇ ਜਾ ਬੱਲ੍ਹਬਗੜ੍ਹ ਵਿਚ ਕਤਲਾਮ ਕੀਤੀ। ਫੇਰ ਅਬਦਾਲੀ ਮਥਰਾ ਨੂੰ ਤੁਰਿਆ । ਉਥੇ ਹਿੰਦੂਆਂ ਦਾ ਬੜਾ ਭਾਰੀ ਮੇਲਾ ਲੱਗ ਰਿਹਾ ਸੀ, ਅਰ ਲੱਖਾਂ ਹਿੰਦੂ ਨਾਉਂਦੇ ਪੂਜਾ ਪਾਠ ਵਿਚ ਲਗ ਰਹੇ ਸਨ। ਅਚਾਨਕ ਪਠਾਣ ਜਰਵਾਣੇ ਜਾ ਪਏ, ਬੇਰਹਿਮੀ ਤੇ ਪੱਥਰ-ਦਿਲੀ ਨਾਲ ਕਤਲਾਮ ਹੋਈ, ਅੱਖ ਦੇ ਫੋਰ ਵਿਚ ਪਰਲੋ ਮਚ ਗਈ । ਮਾਂ ਨੂੰ ਪੁੱਤ ਦੀ, ਪੁੱਤ ਨੂੰ ਮਾਂ ਦੀ ਸਾਰ ਨਾ ਰਹੀ, ਬੇਗੁਨਾਹ ਗਾਜਰਾਂ ਮੂਲੀਆਂ ਵਾਂਗ ਵੱਢੇ ਗਏ, ਮੰਦਰ ਲੁੱਟੇ ਗਏ ਤੇ ਢਾਹੇ ਗਏ ਤੇ ਹਜ਼ਾਰਾਂ ਹਿੰਦੂ ਕੈਦ ਕੀਤੇ ਗਏ। ਫੇਰ ਆਗਰੇ ਪਰ ਹੱਲਾ ਹੋਇਆ, ਚਾਰ ਚੁਫੇਰੇ ਹੱਥ ਮਾਰਿਆ। ਅਣਗਿਣਤ ਲੋਕ ਬੇਗੁਨਾਹ ਮਾਰੇ ਗਏ, ਜੱਟਾਂ ਦੀ ਤਬਾਹੀ ਕੀਤੀ ਗਈ; ਚਾਰ ਚੁਫੇਰੇ ਗਰੀਬੀ, ਵਬਾ ਤੇ ਸੁੰਨਸਾਨਤਾ ਫੈਲ ਗਈ। ਗਰੀਬਾਂ ਤੇ ਦੁਖੀ ਅਨਾਥਾਂ ਦੀ ਪੁਕਾਰ ਉਠੀ ਅਰ ਅਕਾਸ਼ ਵਿਚ ਪਸਰੀ । ਕਰਤਾਰ ਦੇ ਜ਼ਬਰਦਸਤ ਹੱਥਾਂ ਨੇ ਦੁਰਾਨੀ ਜ਼ਾਲਮ ਦੀ ਫੌਜ ਵਿਚ ਹੈਜ਼ਾ ਘੱਲਿਆ । ਉਧਰ ਪੰਜਾਬ ਵਿਚੋਂ ਸਿਖਾਂ ਦੇ ਬੜੇ ਰੌਲੇ ਰੱਪੇ ਦੀਆਂ ਖਬਰਾਂ ਪਹੁੰਚ ਪਈਆਂ, ਤਦ ਉਸਨੇ ਭੈ ਖਾ ਕੇ ਵਾਗਾਂ ਮੋੜੀਆਂ। ਦਿੱਲੀ ਆ ਕੇ ਉਸ ਨੇ ਮੁਹੰਮਦ ਸ਼ਾਹ ਪਾਤਸ਼ਾਹ ਦੀ ਪੋਤ੍ਰੀ ਨਾਲ ਆਪਣੇ ਪੁੱਤ੍ਰ ਤੈਮੂਰ ਦਾ ਵਿਆਹ ਕੀਤਾ ਅਰ ਮੁਹੰਮਦ ਸ਼ਾਹ ਦੀ ਛੋਟੀ ਧੀ ਹਜ਼ਰਤ ਬੇਗਮ ਨਾਲ ਆਪਣਾ ਵਿਆਹ ਕੀਤਾ । ਫੇਰ ਪਾਤਸ਼ਾਹ ਤੋਂ ਬਹੁਤ ਰੁਪਯਾ ਲੈ ਕੇ ਉਸ ਨੂੰ ਨਾਮ ਧਰੀਕ ਤਖ਼ਤ ਪੁਰ ਬਿਠਾਇਆ ਅਤੇ ਇੰਤਜ਼ਾਮੁੱਦੌਲਾ ਨੂੰ ਵਜ਼ੀਰ ਤੇ ਨਜੀਬੁੱਦੌਲਾ ਨੂੰ ਸੈਨਾਪਤੀ ਥਾਪਿਆ। ਦਿੱਲੀਓਂ ਟੁਰ ਕੇ ਅਬਦਾਲੀ ਲਾਹੌਰ ਪਹੁੰਚਾ । ਇੱਥੋਂ ਦਾ ਹਾਕਮ ਆਪਣੇ ਪੁਤ੍ਰ ਤੈਮੂਰ ਸ਼ਾਹ ਨੂੰ ਥਾਪਿਆ ਸੁ ।

ਅਬਦਾਲੀ ਨੇ ਹੁਣ ਸਿੱਖਾਂ ਦਾ ਬਾਨ੍ਹਣੂ ਬੰਨ੍ਹਣਾ ਚਾਹਿਆ ਪਰ ਬੰਨ੍ਹ ਨਾ ਸਕਿਆ, ਅਰ ਆਪਣੀ ਲੁੱਟ ਨੂੰ ਸੰਭਾਲ ਕੇ ਝੱਟ ਕੰਧਾਰ ਵੱਲ ਮੂੰਹ ਕਰਕੇ ਤੁਰ ਪਿਆ।ਸਿਖ ਐਹੋ ਜਿਹੇ ਵੇਲੇ ਡਾਹੀ ਨਹੀਂ ਦਿਆ ਕਰਦੇ ਸਨ। ਦੂਜੇ ਉਸਨੂੰ ਖਬਰ ਪਹੁੰਚੀ ਸੀ ਕਿ ਤੁਰਕਿਸਤਾਨ ਵਿਚ ਫਸਾਦ ਹੋ ਗਿਆ ਹੈ, ਉਸ ਨੂੰ ਜਾ ਕੇ ਸੰਭਾਲਣਾ ਸੀ । ਐਲਫਿਨਸਟਨ ਲਿਖਦਾ ਹੈ ਕਿ ਜੋ ਜ਼ੁਲਮ ਨਾਦਰਸ਼ਾਹ ਨੇ ਕੀਤੇ ਸਨ, ਉਹੋ ਦੂਜੀ ਵੇਰ ਕਿਸਮਤ ਦੇ ਮਾਰੇ ਹਿੰਦੁਸਤਾਨ ਨੂੰ ਇਸ ਦੇ ਹੱਥੋਂ ਇਸ ਵੇਰ ਦੇ ਹੱਲੇ ਵਿਚ ਮੁੜ ਝੱਲਣੇ ਪਏ ।

ਮੁਰਾਦ ਬੇਗਮ ਨੇ ਬਦਲੇ ਸਭ ਨਾਲ ਰੱਜ ਰੱਜ ਕੇ ਲਏ ਪਰ ਵੈਰੀਆਂ ਨਾਲ ਬਦਲੇ ਲੈਂਦਿਆਂ ਉਨ੍ਹਾਂ ਲੱਖਾਂ ਬੇਗੁਨਾਹਾਂ ਨਾਲ ਵੀ ਜ਼ੁਲਮ ਹੋ ਗਏ ਕਿ ਜਿਨ੍ਹਾਂ ਨੇ ਇਸ ਦਾ ਵਾਲ ਬੀ ਵਿੰਗਾ ਨਹੀਂ ਕੀਤਾ ਸੀ, ਪਰ ਇਸ ਦਾ ਆਪਣਾ ਅੰਤ ਕੀ ਹੋਇਆ? ਆਮ ਪੁਸਤਕਾਂ ਤੋਂ ਪਤਾ ਨਹੀਂ ਮਿਲਦਾ । ਸ਼ਾਇਦ ਉਹ ਵਬਾ, ਜੋ ਇਸ ਵੇਲੇ ਕਤਲਾਮ ਕਰ ਕੇ ਫੈਲ ਗਈ ਸੀ, ਇਸ ਤਕ ਬੀ ਪਹੁੰਚੀ। ਇਹ ਭੀ ਖ੍ਯਾਲ ਹੈ ਕਿ ਜਿਨ੍ਹਾਂ ਅਮੀਰਾਂ ਨੂੰ ਇਸ ਦੇ ਹੱਥੋਂ ਦੁੱਖ ਪਹੁੰਚਾ ਸੀ ਉਨ੍ਹਾਂ ਨੇ ਚੋਰੀ ਵਿਹੁ ਦਿਵਾਕੇ ਇਸ ਦਾ ਕੰਮ ਪਾਰ ਕੀਤਾ। ਐਉਂ ਮੁਰਾਦਾਂ ਦੀਆਂ ਉਮੰਗਾਂ ਨਾਲ ਭਰੀ ਹੋਈ ਨਾਮੁਰਾਦ ਰਹਿ ਕੇ ਮੁਰਾਦ ਬੇਗਮ ਬੱਸ ਹੋ ਗਈ, ਨਾ ਰੂਪ, ਨਾ ਦੌਲਤ, ਨਾ ਹਕੂਮਤ, ਨਾ ਜੋੜ ਤੋੜ, ਕੋਈ ਨਾਲ ਨਾ ਗਿਆ ।

23 ਕਾਂਡ ।

ਜਦ ਅਹਿਮਦਸ਼ਾਹ ਅਬਦਾਲੀ ਦੇ ਆਉਣ ਦੀ ਹਵਾਈ ਉੱਡੀ ਸੀ ਤਦ ਸੱਯਦ ਜਮੀਲ ਲਾਹੌਰੋਂ ਨੱਸ ਕੇ ਦਿੱਲੀ ਜਾ ਵੜਿਆ ਸੀ। ਰਸਤੇ ਵਿਚ ਸਿਖਾਂ ਨੇ ਇਸਦੀ ਬੁਰੀ ਗਤ ਬਣਾਈ। ਕਈ ਥਾਂਦੀਂ ਲੁੱਟਿਆ ਅਰ ਰੋਕਿਆ, ਪਰ ਰੋਂਦਾ ਪਿੱਟਦਾ ਸ਼ੇਰਾਂ ਦੇ ਬਨ ਵਿਚੋਂ ਲੰਘ ਹੀ ਗਿਆ । ਹੁਣ ਦੇਸ਼ ਬਿਲਕੁਲ ਖਾਲੀ ਹੋ ਗਿਆ ਸੀ, ਸਿੰਘਾਂ ਨੇ ਮਨ ਭਾਉਂਦੇ ਹੱਥ ਪੈਰ ਮਾਰੇ । ਕੂੜਾ ਸਿੰਘ ਦਾ ਜਥਾ ਵੀ ਮੋਹਰੀਆਂ ਵਿਚੋਂ ਸੀ। ਜਿਹਾ ਕਿ ਅਸੀਂ ਪਿੱਛੇ ਦੱਸ ਆਏ ਹਾਂ ਕਿ ਜਦ ਸਿੰਘਾਂ ਨੇ ਅਬਦਾਲੀ ਸੁਣਿਆਂ ਤਾਂ ਮੈਦਾਨ ਛੱਡਕੇ ਜੰਗਲਾਂ, ਬਨਾਂ ਤੇ ਪਹਾੜਾਂ ਨੂੰ ਨੱਸ ਗਏ । ਸੋ ਐਉਂ ਅਬਦਾਲੀ ਬੇਰੋਕ ਟੋਕ ਲਾਹੌਰ ਪਹੁੰਚ ਗਿਆ ਸੀ ਤੇ ਉਥੋਂ ਮਾਲਾ ਮਾਲ ਹੋਕੇ ਦਿੱਲੀ ਜਾ ਵੜਿਆ ਸੀ । ਪਿਛੇ ਨਾਸੁਰੁੱਦੀਨ ਜਿਸਨੂੰ ਉਹ ਜਲੰਧਰ ਦੇ ਗਿਆ ਸੀ, ਸਿੱਖਾਂ ਪਰ ਜ਼ੁਲਮ ਕਰਨ ਲੱਗਾ ਪਿੰਡਾਂ ਗਿਰਾਵਾਂ ਵਿਚੋਂ ਗਰੀਬ ਕਿਰਤੀਆਂ ਨੂੰ ਫੜ ਫੜ ਕੇ ਮੁਕਾਉਣ ਲੱਗ ਪਿਆ। ਇਹ ਦੇਖ ਕੇ ਸਿੰਘ ਕ੍ਰੋਧਾਤੁਰ ਹੋ ਨਿਕਲ ਪਏ, ਅਰ ਕੱਠੇ ਹੋ ਕੇ ਜੰਗ ਪਰ ਆ ਡਟੇ। ਆਦਮ ਵਾਲ ਕੋਲ ਘੋਰ ਜੁੱਧ ਹੋਇਆ; ਯਥਾ :-ਉਤਰੇ ਸਿੰਘ ਪਹਾੜੋਂ ਤੈਥੇ ਇਨ੍ਹ* ਅੱਗਾ ਜਾ ਰੋਕਿਓ । ਜਾਨਾਂ ਤੋੜ ਲੜੇ ਸਿੰਘ ਪੂਰੇ ਤੁਰਕਨ ਕੋਠੋ ਭਲਕਿਓ । ਤਾਰਾ ਸਿੰਘ ਗੈਬਾ ਕੂੜਾ ਸਿੰਘ ਕਰਮ ਸਿੰਘ ਸੋ ਜਾਨਾ । ਜੈ ਸਿੰਘ ਆਦਿਕ ਤੀਨੇਂ ਭਾਈ ਚੜਤ ਸਿੰਘ ਬਲਵਾਨਾ । ਜੱਸਾ ਸਿੰਘ ਲੌ ਚਾਰੋ ਭਾਈ ਥਾ ਬਘੇਲ ਸਿੰਘ ਸੰਗੇ । ਸਿੰਘ ਦੀਵਾਨ ਜੱਸਾ ਸਿੰਘ ਆਹਲੂ ਆਦਿਕ ਲੜੇ ਉਤੰਗੇ । ਖਿਚ ਤੇਗੇ ਸਿੰਘ ਹੱਲਾ ਕਰ ਜਬ ਪਰੇ ਭਗੀ ਤੁਰਕਾਨੀ । ਗੁਰੂ ਕ੍ਰਿਪਾ ਤੇ ਇਕ ਇਕ ਸਿੰਘ ਨੇ ਦਸ ਦਸ ਕੀਨੇ ਫਾਨੀ । ਸੈਦ ਖਾਨ ਜਾਫਰ ਖਾਂ ਆਦਿਕ ਮਰੇ ਰਈਸ ਅਪਾਰੇ । ਲੂਟ ਖਸੋਟ ਦੇਸ਼ ਕੋ ਸਿੰਘ ਸਭ ਹੋਏ ਬ੍ਯਾਸਾ ਪਾਰੇ ॥ ਪੰਥ ਪ੍ਰਕਾਸ਼ ਟੈਪ ਪੰਨਾ ੧੧੨

ਇਸ ਜੰਗ ਵਿਚ ਬਿਜੈਸਿੰਘ ਇਕ ਐਸੇ ਘੇਰੇ ਵਿਚ ਫਸਿਆ ਸੀਕਿ ਦਸ ਤੁਰਕਾਂ ਨੇ ਘੇਰ ਲਿਆ।ਇਹ ਇਕੱਲਾ ਬੀਰ ਸਭ ਨਾਲ ਵਾਰਾ ਲੈਂਦਾ ਰਿਹਾ । ਪੰਜ ਚਾਰ ਤਾਂ ਇਸਨੇ ਡੇਗ ਲਏ, ਪਰ ਆਪਣਾ ਸਰੀਰ ਛੋਟੇ ਛੋਟੇ ਪੱਛਾਂ ਨਾਲ ਪੱਛਿਆ ਗਿਆ । ਇਧਰ ਦਾ ਹਾਲ ਦੇਖ ਕੇ ਨਾਸਰ ਅਲੀ ਆਪ ਇਕ ਦਸਤਾ ਲੈਕੇ ਆ ਪਿਆ । ਬਿਜੈ ਸਿੰਘ ਉਥੇ ਹੀ ਸ਼ਹੀਦ ਹੋ ਜਾਂਦਾ, ਪਰ ਉਧਰੋਂ ਜੱਸਾ ਸਿੰਘ ਦੀ ਨਜ਼ਰ ਪੈ ਗਈ । ਉਹ ਇਕ ਦਮ ਸਿੰਘਾਂ ਦਾ ਟੋਲਾ ਲੈ ਕੇ ਆ ਪਿਆ। ਇਸ ਵੇਲੇ ਐਸੀ ਘਮਸਾਨ ਚੌਦੇਂ ਮਚੀ ਕਿ ਕੁਝ ਕਹੀ ਨਹੀਂ ਜਾਂਦੀ । ਖਟਾਖਟ ਤਲਵਾਰਾਂ ਤੇ ਤਲਵਾਰਾਂ ਵੱਜ ਕੇ ਟੋਟੇ ਹੋਣ ਲੱਗੀਆਂ, ਢਾਲਾਂ ਤੇ ਵਾਰ ਲੈਣ ਦਾ ਸਮਾਂ ਹੀ ਨਾ ਨਿਕਲੇ । ਬੀਰਾਂ ਨੂੰ ਰੋਹ ਐਸਾ ਚੜ੍ਹ ਰਿਹਾ ਸੀ ਕਿ ਫੱਟਾਂ ਤੇ ਫੱਟ ਲਗਦੇ ਜਾਂਦੇ ਸਨ। ਪਰ ਉਹਨਾਂ ਨੂੰ ਪਤਾ ਬੀ ਨਹੀਂ ਲਗਦਾ ਸੀ। ਦਸ ਬਾਰਾਂ ਸਿੰਘ ਤਾਂ ਮੂਲੋਂ ਹੀ ਘਾਇਲ ਹੋ ਕੇ ਡਿੱਗ ਪਏ ਤੇ ਨਾਸਰ ਅਲੀ ਦੇ ਕੇਵਲ ਤਿੰਨ ਸਾਥੀ ਬਾਕੀ ਰਹਿ ਗਏ। ਇਹ ਦੇਖ ਸਿਰਤੋੜ ਘੋੜਾ ਭਜਾ ਕੇ ਉਹ ਆਪ ਨੱਸ ਤੁਰਿਆ। ਉਸ ਦੇ ਪਿੱਠ ਦੇਂਦੇ ਹੀ ਸਾਰੀ ਤੁਰਕ ਸੈਨਾ ਨਸ ਪਈ । ਸਿੰਘਾਂ ਨੇ ਥੋੜਾ ਪਿਛਾ ਕਰਕੇ ਦਰਯਾ ਪਾਰ ਕਰਨ ਦੀ ਕੀਤੀ, ਕਿਉਂਕਿ ਉਨ੍ਹਾਂ ਦਾ ਮਨੋਰਥ ਸੀ ਅਬਦਾਲੀ ਨੂੰ ਦਮ ਨਾ ਲੈਣ ਦੇਣਾ, ਹਫਲਾ-ਤਫਲੀ ਪਾਈ ਰੱਖਣੀ ਤੇ ਆਪਣੇ ਵੀਰਾਂ ਦੀ ਰਾਖੀ ਕਰਨੀ । ਜੱਸਾ ਸਿੰਘ ਨੇ ਘਾਇਲਾਂ ਨੂੰ ਡਿੱਠਾ, ਜਿਨ੍ਹਾਂ ਵਿਚ ਤਾਂ ਜਿੰਦ ਸੀ ਚੁਕਵਾ ਕੇ ਨਾਲ ਲੈ ਗਏ ਤੇ ਬਾਕੀ ਦੀਆਂ ਲੋਥਾਂ ਢੇਰ ਕਰ ਕੇ ਬਨ ਦਿਆਂ ਸੁੱਕਿਆਂ ਬ੍ਰਿਛਾਂ ਨਾਲ ਰਖਕੇ ਅੱਗ ਲਾ ਦਿਤੀ ਅਰ ਆਪ ਬਿਆਸਾ ਪਾਰ ਹੋ ਕੇ ਦਮ ਲੀਤਾ ।

ਹੁਣ ਇਕ ਮੈਦਾਨ ਵਿਚ ਡੇਰਾ ਕਰਕੇ ਘਾਇਲਾਂ ਦੀ ਜਾਂਚ ਹੋਣ ਲੱਗੀ ਸ਼ੀਲ ਕੌਰ ਤੇ ਹੋਰ ਭੈਣਾਂ ਤੇ ਦੋ ਚਾਰ ਸਿੰਘ ਰਲਕੇ ਭਰਾਵਾਂ ਦੀ ਮਲ੍ਹਮ ਪਟੀ ਕਰਨੇ ਵਿਚ ਲਗੇ । ਇਹ ਅਜੇ ਵਿਹਲੇ ਨਹੀਂ ਸਨ ਹੋਏ ਕਿ ਬਿਜੈ ਸਿੰਘ ਹੁ ਂ, ਜੋ ਸਭ ਤੋਂ ਪਿਛੇ ਸਹਿਜੇ ਸਹਿਜੇ ਆ ਰਹੇ ਸਨ; ਆ ਗਏ ।

ਘੋੜੇ ਤੋਂ ਮਸਾਂ ਮਸਾਂ ਉਤਰੇ ਪਰ ਉਤਰਦੇ ਹੀ ਬੇਸੁੱਧ ਜਿਹੇ ਹੋ ਕੇ ਡਿਗ ਪਏ । ਤਬਕਕੇ ਸ਼ੀਲਕੌਰ ਅਰ ਰਘੁਰਾਜ ਸਿੰਘ ਨਾਮੇ ਸਿੰਘ ਨੇ ਸੰਭਾਲਿਆ, ਚੰਗੀ ਥਾਂਵੇਂ ਲਿਟਾਇਆ, ਇਕ ਸਿੰਘ ਪਾਣੀ ਲੈਣ ਦੌੜਿਆ । ਸ਼ੀਲ ਕੌਰ ਰਘੁਰਾਜ ਸਿੰਘ ਘਾਬਰੇ ਹੋਏ ਦੇਖ ਭਾਲ ਕਰ ਰਹੇ ਸਨ ਕਿ ਕੀ ਹੋ ਗਿਆ ਹੈ ? ਚਿਹਰੇ ਦਾ ਰੰਗ ਉਡ ਗਿਆ ਹੈ।ਨਾੜ ਮੱਧਮ ਹੋ ਰਹੀ ਹੈ ਅਰ ਹੋਸ਼ ਨਹੀਂ ਭਾਸਦੀ। ਪਾਣੀ ਦੇ ਛੱਟੇ ਮਾਰੇ । ਇੰਨੇ ਨੂੰ ਕਰੋੜਾ ਸਿੰਘ ਤੇ ਜਸਾ ਸਿੰਘ ਆ ਗਏ, ਬਿਜੈ ਸਿੰਘ ਨੇ ਅੱਖਾਂ ਖੋਲ੍ਹੀਆਂ ਅਰ ‘ਧੰਨ ਕਰਤਾਰ’ ਹੌਲੀ ਜਿਹੀ ਕਿਹਾ । ਜਸਾ ਸਿੰਘ ਨੇ ਕਾਰਨ ਪੁੱਛਿਆ ਤਾਂ ਬਿਜੈ ਸਿੰਘ ਨੇ ਛਾਤੀ ਪੁਰ ਹੱਥ ਰਖਿਆ। ਜਾਮਾ ਚੁੱਕ ਕੇ ਕੀ ਦੇਖਦੇ ਹਨ ਕਿ ਇਕ ਸਾਫਾ ਘੁੱਟ ਕੇ ਬੰਨ੍ਹਿਆ ਹੈ, ਉਸ ਨੂੰ ਖੋਲ੍ਹਿਆ ਤਦ ਹੋਰ ਸਾਫਾ ਅਣਗਿਣਤ ਤੈਹਾਂ ਕਰਕੇ ਧਰਿਆ ਹੋਇਆ* ਦਿੱਸਿਆ, ਇਹ ਚੁਕਿਆ ਤਦ ਇਕ ਡੂੰਘਾ ਘਾਉ ਨਿਕਲਿਆ, ਜਿਸ ਵਿਚੋਂ ਲਹੂ ਦੀ ਧਾਰ ਨਿਕਲੀ ਅਰ ਜੱਸਾ ਸਿੰਘ ਦੇ ਮੂੰਹ ਪਰ ਪਈ । ਜਿਉਂ ਹੀ ਇਹ ਧਾਰ ਨਿਕਲੀ, ਬਿਜੈ ਸਿੰਘ ਨੂੰ ਗਸ਼ ਪੈ ਗਈ । ਇਸ ਵੇਲੇ ਸਭਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ । ਸਾਫਾ ਘਾਉ ਉੱਤੇ ਰਖ ਕੇ ਜ਼ਖ਼ਮ ਨੂੰ ਹਥਾਂ ਨਾਲ ਘੁੱਟਿਆ ਅਰ ਇਕ ਦੋ ਸਿੰਘ ਤੁਰਤ ਨੇੜੇ ਦੇ ਪਿੰਡਾਂ ਨੂੰ ਦੌੜੇ । ਕਿ ਪਿੰਡ ਵਿਚੋਂ ਇਕ ਵੈਦ ਮਿਲਿਆ, ਇਸ ਨੇ ਆ ਕੇ ਘਾਉ ਡਿੱਠਾ, ਦਵਾਵਾਂ ਲਈਆਂ, ਵਿਚ ਦਵਾ ਭਰੀ, ਘੁੱਟ ਕੇ ਬੱਧਾ ਪਰ ਲਹੂ ਨਾ ਠਹਿਰੇ । ਵੈਦ ਜੀ ਨੇ ਦੱਸਿਆ ਪਹਿਲੇ ਜਦ ਜ਼ਖ਼ਮ ਲਗਾ ਹੈ ਤਦੋਂ ਛੋਟਾ ਸੀ ਅਰ ਡੂੰਘਾ ਨਹੀਂ ਸੀ । ਲਗੇ ਜ਼ਖ਼ਮ ਨੂੰ ਬੰਨ੍ਹਕੇ ਬਿਜੈ ਸਿੰਘ ਨੇ ਜੋ ਦੌੜ ਭੱਜ ਤੇ ਹੱਦ ਦਰਜੇ ਦੀ ਖੇਚਲ ਕੀਤੀ ਹੈ, ਉਸ ਨਾਲ ਜ਼ਖ਼ਮ ਵਧ ਗਿਆ ਅਰ ਅੰਦਰੋਂ ਨਾੜਾਂ ਟੁੱਟ ਗਈਆਂ ਹਨ, ਦਿਲ ਬਹੁਤ ਨੇੜੇ ਹੈ; ਜਿਸ ਵਿਚੋਂ ਲਹੂ ਛੇਤੀ ਬਾਹਰ ਨੂੰ ਜੋਸ਼ ਮਾਰਦਾ ਹੈ, ਮੇਰੀ ਜਾਚੇ ਲਹੂ ਬੰਦ ਹੋਣਾ ਕਠਨ ਹੈ ।

ਫੇਰ ਵੈਦ ਜੀ ਨੇ ਸ਼ਿਲਾਜੀਤ ਤੇ ਮੁਮਿਆਈ ਦਿੱਤੀ, ਕੁਝ ਧਾਂਤ ਮਾਰੀ ਹੋਈ ਅੰਦਰ ਲੰਘਾਈ ਜਿਸ ਨਾਲ ਬਿਜੈ ਸਿੰਘ ਨੇ ਅੱਖੀਂ ਖੋਲ੍ਹੀਆਂ, ਲਾਡਲੇ ਪੁੱਤ ਨੂੰ ਗਲ ਨਾਲ ਲਾਇਆ ਅਰ ਐਨੀ ਅਸੀਸ ਦਿੱਤੀ ‘ਬੱਚਾ, ਤੇਰੇ ਧਰਮ ਨੂੰ ਕਦੇ ਲਾਜ ਨਾ ਲੱਗੇ ।’ ਫੇਰ ਉਸ ਦਾ ਮੱਥਾ ਚੁੰਮਿਆ। ਸ਼ੀਲ ਕੌਰ ਇਸ ਵੇਲੇ ਚਰਨ ਘੁੱਟ ਰਹੀ ਸੀ ਅਰ ਫਰਨ ਫਰਨ ਰੋ ਰਹੀ ਸੀ, ਬਦਨ ਵਿਚ ਤਾਕਤ ਨਹੀਂ ਸੀ, ਸਿਰ ਵਿਚ ਜੋਸ਼ ਨਹੀਂ ਸੀ, ਅੱਗਾ ਪਿੱਛਾ ਸਭ ਭੁੱਲ ਗਿਆ, ਹੈਰਾਨੀ ਤੇ ਅਸਚਰਜਤਾਈ ਦੇ ਸਮੁੰਦਰ ਵਿਚ ਡੁੱਬੀ ਹੋਈ ਹੈ। ਪਤੀ ਨੇ ਹੌਲੇ ਜਿਹੇ ਸੈਨਤ ਕਰਕੇ ਗਲ ਨਾਲ ਲਾਇਆ ਅਰ ਕਿਹਾ, ‘ਕਰਤਾਰ ਸ਼ੀਲ ਧਰਮ ਬਖਸ਼ੀ ਰਖੇ’ । ਫੇਰ ਸਾਰੇ ਸਰਦਾਰਾਂ ਨੂੰ ਬਰੀਕੀ ਜਿਹੀ ਫਤੇ ਗਜਾਈ। ਸ਼ੀਲ ਕੌਰ ਦੇ ਮੂੰਹੋਂ ਸ਼ਹਿਜੇ ਜਿਹੇ ਨਿਕਲਿਆਂ, ‘ਹਾਇ ! ਮੈਂ ਇਕੱਲੀ ਕੀ ਕਰਾਂਗੀ?’ ਬਿਜੈ ਸਿੰਘ ਨੇ ਸਮਝ ਲਿਆ, ਬੁਲ੍ਹਾਂ ਵਿਚ ਬੋਲਿਆ:-‘ਗੁਰੂ ਅੰਗ ਸੰਗ’, ‘ਗੁਰੂ ਅੰਗ ਸੰਗ’ 1 ਫੇਰ ਸਿੰਘ ਜੀ ਨੇ ‘ਜਪੁ ਸੁਣਾਓ’ ਕਿਹਾ। ਸ਼ੀਲ ਕੌਰ ਅੱਥਰੂ ਪੂੰਝਕੇ ਭਾਣੇ ਵਲ ਆਈ ਤੇ ਬੜੀ ਮਧੁਰ ਸੁਰ ਨਾਲ ਜਪੁਜੀ ਦਾ ਪਾਠ ਕਰਨ ਲੱਗ ਪਈ । ਬਿਜੈ ਸਿੰਘ ਜੀ ਅੱਖਾਂ ਮੀਟ ਮਧਮ ਮਧਮ ਸੁਆਸ ਲੈਂਦੇ ਪਏ ਹਨ । ਸਾਰੇ ਸਰਦਾਰ ਚੁੱਪ ਵੱਟੀ ਬੈਠੇ ਪਿਆਰੇ ਸੱਜਣ ਦੇ ਚਿਹਰੇ ਵਲ ਤਕਦੇ ਕਰਤਾਰ ਦੇ ਰੰਗਾਂ ਨੂੰ ਦੇਖ ਰਹੇ ਹਨ । ਲਹੂ ਦਾ ਵਹਾਉ ਬੰਦ ਨਹੀਂ ਹੁੰਦਾ, ਕਈ ਕਪੜੇ ਭਰੇ ਜਾ ਚੁਕੇ ਹਨ, ਪਰ ਲਹੂ ਖਲੋਂਦਾ ਨਹੀਂ। ਸ਼ੀਲ ਕੌਰ ਨੇ ਜਦ ਜਪੁ ਸਾਹਿਬ ਦਾ ਛੇਕੜਲਾ ਸਲੋਕ ਆਰੰਭਿਆ ਤਦ ਬਿਜੈ ਸਿੰਘ ਦੀਆਂ ਅੱਖਾਂ ਇਕ ਦਮ ਖੁਲ੍ਹੀਆਂ ਅਰ ਪੂਰੇ ਜ਼ੋਰ ਨਾਲ ਚਾਰ ਚੁਫੇਰੇ ਤੱਕੀਆਂ । ਦੋਹਾਂ ਪਾਸਿਆਂ ਤੋਂ ਹਥ ਉਠ ਕੇ ਜੁੜ ਗਏ । ਫੇਰ ਬੁਲ੍ਹ ਖੁੱਲੇ ਅਰ ਬੜੇ ਜ਼ੋਰ ਨਾਲ ਫਤੇ ਦਾ ਜੈਕਾਰਾ ਗੱਜਿਆ, ਉਧਰ ਸ਼ੀਲ ਕੌਰ ਨੋ- ‘ਜਿਨੀ ਨਾਮ ਧਿਆਇਆ ਗਏ ਮਸਕਤਿ ਘਾਲਿ ॥

ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ’ ॥੧॥

ਉਚਾਰਿਆ, ਉਧਰ ਬਿਜੈ ਸਿੰਘ ਨੇ ‘ਕੇਤੀ ਛੁਟੀ ਨਾਲ’ ਤਿੰਨ ਵੇਰ ਕਿਹਾ ਅਰ ਬੋਲਿਆ ‘ਧੰਨ ਕਲਗੀਆਂ ਵਾਲਾ ਸੱਚਾ ਗੁਰੂ ‘ਧੰਨ ਸਾਧ ਸੰਗਤ ! ਕੇਤੀ ਛੁਟੀ ਨਾਲਿ, ਧੰਨ’।

ਇਹ ਕਹਿੰਦੇ ਹੀ ਲਹੂ ਦਾ ਫੁਹਾਰਾ ਜ਼ੋਰ ਦੇ ਕੇ ਨਿਕਲਿਆ ਹੱਥ ਛਾਤੀ ਪਰ ਡਿੱਗ ਪਏ, ਅੱਖਾਂ ਤੇ ਬੁੱਲ੍ਹ ਮਿਟ ਗਏ ਅਰ ਬਿਜੈ ਸਿੰਘ ਮੌਤ ਬਿਜਈ ਹੋ ਗਿਆ । ਸ਼ੀਲ ਕੌਰ ਉਸ ਦੇ ਚਿਹਰੇ ਵਿਚੋਂ ਜੀਵਨ-ਸੱਤਾ ਨੂੰ ਉਡਦੀ ਜਾਂਦੀ ਦੇਖ ਰਹੀ ਸੀ ‘ਕੇਤੀ ਛੁਟੀ ਨਾਲਿ’ ਖ਼ਬਰ ਨਹੀਂ ਕਿੰਨੀ ਵੇਰ ਕਹਿ ਚੁਕੀ ਹੈ, ਕਹੀ ਜਾਂਦੀ ਹੈ ਤੇ ਅੱਖ ਨਹੀਂ ਝਮਕਦੀ । ਚਿਹਰਾ ਹੋਰ ਤਰ੍ਹਾਂ ਦਾ ਹੁੰਦਾ ਜਾਂਦਾ ਹੈ, ਜਦ ਪਤੀ ਜੀ ਦਾ ਅੰਤਮ ਸੁਆਸ ਨਿਕ- ਲਿਆ, ਸ਼ੀਲ ਕੌਰ ਦਾ ਸਿਰ ‘ਕੇਤੀ ਛੁਟੀ ਨਾਲਿ’ ਦੇ ਨਾਲ ਹੀ ਗੂੰਜਦਾ ਪਤੀ ਦੀ ਛਾਤੀ ਪੁਰ ਧੜਕਦਾ ਡਿੱਗਾ ਅਰ ਸਤਵੰਤੀ ਸ਼ੀਲ ਕੌਰ ਪਤੀ ਦੇ ਨਾਲ ਹੀ ਤੁਰ ਗਈ, ਧਰਮ ਤੇ ਪਿਆਰ ਅੰਤ ਤਕ ਨਿਭ ਗਿਆ।

‘ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ ॥’

ਵਾਹ ਸ਼ੀਲ ! ਪਤਿਬਤਾ ਹੋਵੇ ਤਾਂ ਤੇਰੇ ਜੈਸੀ, ਪਤੀ ਦੀ ਪ੍ਰੇਮਣ ਹੋਵੇ ਤਾਂ ਤੇਰੇ ਵਰਗੀ । ਪਤੀ ਤੇ ਪਤਨੀ ਇਕ ਰੂਪ ਹੁੰਦੇ ਹਨ-ਇਹ ਗੱਲ ਤੂੰ ਨਿਬਾਹ ਕੇ ਦਿਖਾਈ।

ਕ੍ਰੋੜਾ ਸਿੰਘ ਨੇ ਛੇਤੀ ਨਾਲ ਭੈਣ ਦਾ ਸਿਰ ਚੁਕਿਆ, ਪਰ ਭੈਣ ਕਿੱਥੇ ? ਭੈਣ ਤਾਂ ਪਤੀ ਦੇ ਨਾਲ ਹੀ ਚਲੀ ਗਈ ਸੀ। ਉਸ ਵੇਲੇ ਬੜੇ ਬੜੇ ਜੋਧੇ ਤੇ ਬਲੀਆਂ ਦੀਆਂ ਅੱਖਾਂ ਵਿਚ ਪਿਆਰ ਦਾ ਜਲ ਭਰ ਆਇਆ । ਸਾਰਾ ਦਲ ਚੁੱਪ ਚਾਪ ਬੈਠਾ ਹੈ, ਕੋਈ ਆਵਾਜ਼ ਨਹੀਂ ਨਿਕਲਦੀ, ਹਾਂ ਕੋਈ ਟਾਂਵੇਂ ਹੰਝੂਆਂ ਦੇ ਟੇਪੇ ਕਿਰਦੇ ਹਨ। ਨਾ-ਸ਼ੁਕਰੀ ਦੇ ਨਹੀਂ, ਮਨਮੁੱਖਤਾ ਯਾ ਭਾਣੇ ਮੋੜਨ ਦੇ ਨਹੀਂ, ਕੇਵਲ ਬਿਜੈ ਸਿੰਘ ਦੇ ਪ੍ਰੇਮ ਅਰ ਸ਼ੀਲ ਕੌਰ ਦੇ ਸਤੀ ਹੋਣੇ ਪਰ ਤੇ ਖਾਲਸਾ ਧਰਮ ਦੇ ਭਰੋਸੇ ਪਰ । ‘ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ’ । ਬਿਜੈ ਸਿੰਘ ਦਾ ਭੁਜੰਗੀ ਜੋ ਅੱਖ ਦੇ ਫੋਰ ਵਿਚ ਮਾਤਾ ਪਿਤਾ ਤੋਂ ਰਹਿਤ ਹੋ ਗਿਆ ਅੱਥਰੂ ਭਰੇ ਨੈਣਾਂ ਨਾਲ ਹੈਰਾਨੀ ਵਿਚ ਡੁੱਬ ਰਿਹਾ ਹੈ । ਕੂੜਾ ਸਿੰਘ ਝੋਲੀ ਵਿਚ ਲੈਕੇ ਦਿਲਾਸਾ ਦੇਂਦਾ ਪਿਆਰ ਕਰਦਾ ਹੈ। ਭੁਜੰਗੀ ਬੜੇ ਖਖੇੜ ਬਖੇੜ ਦੇਖ ਚੁਕਾ ਹੈ । ਮਾਤਾ ਪਿਤਾ ਤੋਂ ਚੋਖੀ ਸਿਖ੍ਯਾ ਪਾ ਚੁਕਾ ਹੈ, ਪਰ ਅਚਾਨਕ ਦੋਹਾਂ ਦਾ ਵਿਛੋੜਾ ਡੂੰਘੇ ਤੇ ਸੱਚੇ ਪਿਆਰ ਦੀਆਂ ਤਰਬਾਂ ਨੂੰ ਅੰਦਰੋਂ ਹਿਲਾਉਂਦਾ ਹੈ। ਜਥੇਦਾਰ ਦਾ ਪਿਆਰ ਠੱਲ੍ਹਦਾ ਹੈ ਵਿਛੋੜੇ ਤੇ ਹੌਂਸਲੇ ਬੰਨ੍ਹਣ ਦੇ ਅਸਚਰਜ ਰੰਗ ਉਸ ਦੇ ਸੁੱਚੇ ਤੇ ਕੁਮਾਰ ਦਿਲ ਤੇ ਅਸਰ ਕਰਦੇ ਹਨ। ਰੁਕ ਕੇ ਫੇਰ ਹੌਲੇ ਜਿਹੇ ਮਾਂ ਪਿਓ ਦੀ ਛਾਤੀ ਤੇ ਸਿਰ ਰੱਖਦਾ ਹੈ। ਇਕ ਵੇਰ ਇਹ ਗੱਲ ਮੂੰਹੋਂ ਡਾਢੀ ਦਰਦਨਾਕ ਹੋਕੇ ਨਿਕਲੀ, ‘ਅੰਮਾ ਜੀਓ ! ਅੱਜ ਕਿਉਂ ਇਹ ਪਿਆਲਾ ਕੱਲਿਆਂ ਪੀ ਲਿਆ ਜੇ ?’ ਇਸ ਤਰ੍ਹਾਂ ਦੇ ਪਿਆਰ ਦੀ ਪੰਘਰ ਨੂੰ ਜੱਸਾ ਸਿੰਘ ਨੇ ਸੰਭਾਲਿਆ ਤੇ ਭੁਜੰਗੀ ਨੂੰ ਗੋਦ ਵਿਚ ਸੁਆਈ ਰੱਖਿਆ । ਸਾਰੀ ਰਾਤ ਗੁਰਬਾਣੀ ਦਾ ਪਾਠ ਹੁੰਦਾ ਰਿਹਾ। ਦਿਨ ਹੁੰਦੇ ਸਾਰ ਬੜੇ ਸਤਿਕਾਰ ਨਾਲ ਦੋਹਾਂ ਦਾ ਸੰਸਕਾਰ ਕਰਕੇ ਫੁਲ ਤੇ ਭਬੂਤੀ ਬਿਆਸਾ ਵਿਚ ਪਰਵਾਹ ਦਿਤੀ। ਬਿਜੈ ਸਿੰਘ ਦਾ ਬੇਟਾ ਇਕ ਬੜਾ ਸੂਰਮਾ ਹੋਇਆ । ਕ੍ਰੋੜਾ ਸਿੰਘ ਨੇ ਉਸਨੂੰ ਬੱਚਿਆਂ ਵਾਂਙ ਪਾਲਿਆ ਤੇ ਪੰਥ ਦਾ ਇਕ ਲਾਲ ਤਿਆਰ ਕੀਤਾ, ਜਿਸਦਾ ਜੀਵਨ ਨਾਮ ਵਿਚ ਪਵਿੱਤ੍ਰ ਤੇ ਉੱਚਾ ਹੋਇਆ ਤੇ ਪੰਥ ਸੇਵਾ ਵਿਚ ਸਫਲਿਆ। ਅੰਤਮ ਬਿਨਯ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ, ਜੋ ੧੭੬੫ ਵਿਚ ਹੋਇਆ, ਲਗਪਗ ੪੦ ਵਰ੍ਹੇ ਤਾਂ ਬਹੁਤ ਤੇ ਫੇਰ ਥੋੜੇ ਖੇਦ ਖਾਲਸੇ ਨੇ ਝੱਲੇ । ਜੋ ਕੁਰਬਾਨੀਆਂ ਕੀਤੀਆਂ, ਜੋ ਘਾਲਾਂ ਘਾਲਕੇ ਆਪਣੇ ਪੰਥ ਤੇ ਦੇਸ਼ ਨੂੰ ਜ਼ੁਲਮ ਰਾਜ ਤੋਂ ਮੁਕਤ ਕਰਨ ਵਿਚ ਖਰਚ ਕੀਤੀਆਂ, ਓਨ੍ਹਾਂ ਜੇਹੀ ਸ਼ਾਨ ਵਾਲੀ ਆਪਾ ਘਾਲਣ ਦੀ ਮਿਸਾਲ ਤੇ ਉਪਕਾਰ ਦੀ ਖਾਤਰ ਸਦਕੇ ਹੋਣ ਦੀ ਨਜ਼ੀਰ ਜਗਤ ਇਤਿਹਾਸ ਵਿੱਚ ਮਿਲਣੀ ਮੁਸ਼ਕਲ ਹੈ।’ ਜੇ ਕਦੇ ਉਂਸ ਸਦੀ ਕੁ ਦੇ ਹਾਲਾਤ ਸਿਖ ਮਰਦ ਤ੍ਰੀਮਤਾਂ ਬੱਚੇ ਪੜ੍ਹ ਲੈਣ ਤਾਂ ਆਪਣੇ ਜੀਵਨ ਉੱਚੇ ਕਰਨ ਦੇ ਨਾਲ ਆਪਣੇ ਬਜ਼ੁਰਗ ਪਿੱਛੇ ਦੇ ਫ਼ਖ਼ਰ ਵਿਚ ਐਂਤਨੇ ਉੱਚੇ ਉਠਣ ਕਿ ਕੌਮੀ ਪਿਆਰ ਤੇ ਕੌਮ ਲਈ ਸਦਕੇ ਹੋਣ ਤੇ ‘ਸਿੱਖੀ ਸਿਦਕ ਵਿਚ ਵੱਡਿਆਂ ਵਰਗੇ ਹੋ ਜਾਣ। ਉਹਹਾਲਾਤ ਦੇਖਣਹਾਰਾ ਦੇ ਸੀਨਿਆਂ ਵਿਚ ਗੁੰਮ ਹੋ ਗਏ । ਕੁਛ ਫ਼ਾਰਸੀ ਲਿਖਤੀ ਇਤਿਹਾਸਾਂ ‘ਵਿਚ’ ਲਿਖੇ ਪੌਏ, ਕੁਛ ਥਹੁ ਵਾਲੇ ਤੇ ਕੁਛ ਬੇਥਵੇ ਟਿਕਾਣਿਆਂ ਤੇ ਪਏ ਹਨ । ‘ਪੰਥ ਨੇ ਇਧਰ ਧਿਆਨ ਨਹੀਂ ਦਿੱਤਾ, ਇਹ ਗ਼ਫ਼ਲਤ ਇਕ ਖ਼ੁਦਕਸ਼ੀ ਹੈ। ‘ਉੱਪਰ ਲਿਖੇ ਸਮਾਚਾਰ ਕੇਵਲ ਮੀਰ ਮੰਨੂੰ ਦੇ ਸਮੇਂ ਦੇ ਅਤ੍ਯਾਚਾਰ ਤੇ ਸਿਖਾਂ ਦੀਆਂ ਅਨੇਕ ਘਾਲਾਂ ਤੇ ਕਰਨੀਆਂ ਵਿਚੋਂ ਇਕ ਵੰਨਗੀ-ਮਾਤਰ ਦੱਸੇ ਹਨ । ਜੇ ਕੌਮ ਖੋਜ ਵਿਚ ਲੱਗਕੇ ਬਾਬਾ ਬੰਦਾ ਜੀ, ਅਬਦੁਸਮੱਦ ਖਾਨ, ਖਾਨ ਬਹਾਦਰ ਆਦਿਕਾਂ ਦੇ ਸਮਿਆਂ ਦੇ ਅਤਿਆਚਾਰ ਲੱਭੇ ਜਾਣ ਤਾਂ ਅਜੇ ਬਹੁਤ ਕੁਝ ਲੱਭ ਸਕਦਾ ਹੈ, ‘ਜਿਸ ਦੇ ਪ੍ਰਗਟ ਕਰਨ ਨਾਲੋਂਕੌਮ ਵਿਚ ਨਵੀਂ ਜਾਨ ਭਰ ਜਾਵੇ ।

 

Credit – ਭਾਈ ਵੀਰ ਸਿੰਘ

 

 

Leave a comment