ਅਸਲੀ ਇਨਸਾਨ ਦੀ ਕਹਾਣੀ – ਬੋਰਿਸ ਪੋਲੇਵੋਈ

ਇਸ ਕਿਤਾਬ ਦੇ ਲੇਖਕ ਬਾਰੇ

ਅਲੈਕਸੇਈ ਮਾਰੇਸੇਯੇਵ, ਸੋਵੀਅਤ ਯੂਨੀਅਨ ਦਾ ਹੀਰੋ

ਬੋਰਿਸ ਪੋਲੇਵੋਈ ਨਾਲ਼ ਮੇਰੀ ਜਾਣ-ਪਛਾਣ 1943 ਦੀਆਂ ਗਰਮੀਆਂ ਵਿੱਚ ਹੋਈ। ਉਹਨੀਂ ਦਿਨੀਂ ਕੁਰਸਕ ਦੇ ਇਲਾਕੇ ਵਿੱਚ ਘਮਸਾਨ ਦੀ ਲੜਾਈ ਚੱਲ ਰਹੀ ਸੀ ਤੇ ਸਾਡੀ ਰੈਜਮੈਂਟ ਉਸ ਵਿੱਚ ਬੇਹੱਦ ਸਰਗਰਮ ਹਿੱਸਾ ਲੈ ਰਹੀ ਸੀ। ਹਰ ਰੋਜ਼ ਅਸੀਂ ਕਈ ਕਈ ਉਡਾਨਾਂ ਲਾਉਂਦੇ । ਤੇ ਇੱਕ ਸ਼ਾਮ ਇਸੇ ਤਰ੍ਹਾਂ ਦੀ ਇੱਕ ਉਡਾਨ ਤੋਂ ਮਗਰੋਂ ਮੈਂ ਉਤਰਿਆ। ਹਵਾਈ ਜਹਾਜ਼ ‘ਚੋਂ ਨਿੱਕਲਦਿਆਂ ਹੀ ਮੈਨੂੰ ਪਾਇਲਟਾਂ ਦੇ ਝੁੰਡ ਵਿੱਚ ਇੱਕ ਅਣਜਾਣਾ ਚਿਹਰਾ ਦਿਖਾਈ ਦਿੱਤਾ; ਉਹ ਮੇਰੇ ਵੱਲ ਇਸ਼ਾਰਾ ਕਰਕੇ ਉਸਨੂੰ ਕੁਝ ਦਸ ਰਹੇ ਸਨ। “ਸੋ, ਫਿਰ ਆ ਗਿਆ ਕੋਈ ਪੱਤਰ-ਪ੍ਰੇਰਕ”, ਮੈਂ ਪ੍ਰੇਸ਼ਾਨ ਹੁੰਦਿਆਂ ਠੰਡਾ ਸਾਹ ਭਰਿਆ ਤੇ ਜਲਦੀ ਐੱਸ ਵੱਲ ਚੱਲ ਪਿਆ।
ਅਣਜਾਣਾ ਵਿਅਕਤੀ ਝੱਟ ਹੀ ਮੇਰੇ ਨਾਲ ਆ ਰਲਿਆ ਤੇ ਆਪਣੀ ਜਾਣ-ਪਛਾਣ ਕਰਾਉਣ ਲੱਗ ਪਿਆ: “ਬੋਰਿਸ ਪੋਲੇਵੋਈ, “ਪਰਾਵਦਾ” ਦਾ ਜੰਗੀ ਪੱਤਰ ਪ੍ਰੇਰਕ ।” ਪੋਲੇਵੋਈ… ਮੈਨੂੰ ਲੱਗਾ ਕਿ ਇਹ ਨਾਂ “ਪਰਾਵਦਾ” ਦੇ ਸਫ਼ਿਆ ਉੱਤੇ ਦੇਖਿਆ ਤਾਂ ਜ਼ਰੂਰ ਹੋਇਐ, ਪਰ ਉਹ ਲਿਖਦਾ ਕਿਸ ਤਰ੍ਹਾਂ ਦਾ ਹੈ ਤੇ ਕਾਹਦੇ ਬਾਰੇ, ਸਹੁੰ ਰੱਬ ਦੀ ਮੈਨੂੰ ਨਹੀਂ ਸੀ ਪਤਾ । ਪਰ ਮੈਨੂੰ ਇੱਕਦਮ ਹੀ ਚੰਗਾ ਚੰਗਾ ਲੱਗਣ ਲੱਗ ਪਿਆ: ਚੁਸਤ-ਫੁਰਤ, ਸਿੱਧਾ- ਸਾਦਾ ਤੇ ਹਸਮੁਖ ਵਿਅਕਤੀ । ਮੈਂ ਉਸਨੂੰ ਆਪਣੇ ਭੋਰੇ ਵਿੱਚ ਆਉਣ ਦਾ ਸੱਦਾ ਦਿੱਤਾ, ਤੇ ਅਸੀਂ ਕਿੰਨਾਂ ਹੀ ਚਿਰ ਬੈਠੇ ਗੱਲਾਂ ਕਰਦੇ ਰਹੇ । ਚਾਨਣਾ ਹੋ ਚੁੱਕਾ ਸੀ, ਜਦੋਂ ਅਸੀਂ ਇੱਕ ਦੂਜੇ ਤੋਂ ਵਿਦਾ ਹੋਏ।
ਸਵੇਰੇ ਫਿਰ ਲੜਾਈ। ਤੇ ਇੰਝ ਹੀ ਚੱਲਦਾ ਰਿਹਾ । ਮਤਲਬ ਕੀ, ਕਿ ਹਰ ਰੋਜ਼ ਦੇ ਇਸ ਲੜਾਈ ਦੇ ਜੀਵਨ ਵਿੱਚ ਮੈਨੂੰ “ਪਰਾਵਦਾ” ਦਾ ਪੱਤਰ ਪ੍ਰੇਰਕ ਬਿਲਕੁਲ ਹੀ ਭੁੱਲ-ਭੁਲਾ ਗਿਆ । ਤਾਂ ਵੀ, ਪਹਿਲਾਂ ਵਾਂਗ ਹੀ ਅਖ਼ਬਾਰ ਦੇ ਸਫ਼ਿਆਂ ਉੱਤੇ ਉਸਦਾ ਨਾਂ ਮੈਨੂੰ ਦਿਖਾਈ ਦੇ ਜਾਂਦਾ ਸੀ । ਤੇ ਮੈਨੂੰ ਉਹ ਲੋਕ ਵੀ ਬੜੇ ਪਸੰਦ ਆਏ, ਜਿਨ੍ਹਾਂ ਬਾਰੇ ਉਸਨੇ ਲਿਖਿਆ ਹੁੰਦਾ ਸੀ । ਪਰ ਇਹ ਮਿਲਣੀਆਂ ਸਿਰਫ਼ ਅਖ਼ਬਾਰ ਦੇ ਸਫ਼ਿਆਂ ਉੱਤੇ ਹੀ ਹੁੰਦੀਆਂ ਰਹੀਆਂ।
1947 ਵਿਚ, ਮੈਨੂੰ ਪੂਰੀ ਤਰ੍ਹਾਂ ਯਾਦ ਨਹੀਂ ਕਿ ਠੀਕ ਠਾਕ ਕਦੋਂ, ਮੈਂ ਰੇਡੀਓ ਚਲਾਇਆ ਤਾਂ ਅਨਾਊਂਸਰ ਕੋਈ ਲੜੀਵਾਰ ਪ੍ਰੋਗਰਾਮ ਸਮਾਪਤ ਕਰਦਾ ਕਹਿ ਰਿਹਾ ਸੀ: “ਬੋਰਿਸ ਪੋਲੇਵੋਈ ਦੀ ਰਚਨਾ ‘ਅਸਲੀ ਇਨਸਾਨ ਦੀ ਕਹਾਣੀ’ ਦਾ ਅਗਲਾ ਭਾਗ ਅਸੀਂ ਕੱਲ੍ਹ ਨੌਂ ਵਜੇ ਤੁਹਾਡੀ ਸੇਵਾ ਵਿਚ ਪੇਸ਼ ਕਰਾਂਗੇ।” ਮੈਨੂੰ ਇੱਕਦਮ ਕਾਲੇ ਵਾਲਾਂ ਵਾਲਾ ਪੱਤਰ ਪ੍ਰੇਰਕ ਯਾਦ ਆ ਗਿਆ, ਜਿਹੜਾ ਇੱਕ ਰਾਤ ਮੇਰੇ ਕੋਲ ਮੇਰੇ ਭੋਰੇ ਵਿੱਚ ਰਿਹਾ ਸੀ। ਤੇ ਅਗਲੇ ਦਿਨ ਸਵੇਰੇ ਨੌਂ ਵਜੇ ਮੈਂ ਰੇਡੀਓ ਲਾਇਆ। ਰੇਡੀਓ ਲਾਇਆ ਤੇ ਆਪਣੇ ਕੰਨਾਂ ਉਤੇ ਇਤਬਾਰ ਨਹੀਂ ਸੀ ਆ ਰਿਹਾ। ਪੋਲੇਵੋਈ ਮੇਰੀ ਕਹਾਣੀ ਦੱਸ ਰਿਹਾ ਸੀ।
ਉਸੇ ਸ਼ਾਮ ਮੈਂ ਉਸ ਦੇ ਘਰ ਸਾਂ, ਤੇ ਲੇਖਕ ਨੇ ਮੈਨੂੰ ਦੱਸਿਆ ਕਿ ਕਿਵੇਂ ਕਿੰਨਾ ਚਿਰ ਉਹ ਜੰਗ ਦੇ ਦਿਨਾਂ ਵਿਚ ਮੈਨੂੰ ਲੱਭਦਾ ਰਿਹਾ ਸੀ, ਪਰ ਲੱਭ ਨਹੀਂ ਸੀ ਸਕਿਆ । ਵੱਖੋ ਵੱਖਰੇ ਰਾਹਾਂ ਥਾਣੀਂ ਅਸੀਂ ਜਿੱਤ ਤਕ ਪੁੱਜੇ ਸਾਂ । ਕਿਵੇਂ ਮਗਰੋਂ ਉਸਨੇ ਕਿੰਨੇ ਸਾਰੇ ਜੰਗੀ ਮੁਹਾਫ਼ਜ਼ਖਾਨਿਆਂ ਨੂੰ ਛਾਣਿਆ, ਕਿਵੇਂ ਜਲਦੀ ਜਲਦੀ ਝਰੀਟੀਆਂ ਨੋਟਬੁੱਕਾਂ ਅਨੁਸਾਰ ਉਸਨੇ ਸਾਡੀ ਉਦੋਂ ਹੋਈ ਗੱਲਬਾਤ ਨੂੰ ਮੁੜ ਕੇ ਉਸੇ ਰੂਪ ਵਿਚ ਉਜਾਗਰ ਕੀਤਾ।
ਸੋ ਇਸੇ ਸ਼ਾਮ ਤੋਂ ਹੀ ਲੇਖਕ ਬੋਰਿਸ ਪੋਲੇਵੋਈ ਨਾਲ ਮੇਰੀ ਦੋਸਤੀ ਦਾ ਜਨਮ ਹੋਇਆ। ਅਫ਼ਸੋਸ ਦੀ ਗੱਲ ਇਹ ਹੈ ਕਿ ਅਸੀਂ ਇੱਕ ਦੂਜੇ ਨੂੰ ਬਹੁਤ ਘੱਟ ਮਿਲਦੇ ਹਾਂ, ਸਗੋਂ ਸਿਰਫ਼ ਕਾਨਫ਼ਰੰਸਾਂ, ਮੀਟਿੰਗਾਂ ਤੇ ਕਦੇ-ਕਦਾਈਂ ਘਰ ਵਿੱਚ ਵੀ। ਪਰ ਇਹ ਮਿਲਣੀਆਂ ਮੇਰੇ ਲਈ ਸਦਾ ਯਾਦਗਾਰੀ ਰਹੀਆਂ ਹਨ, ਕਿਉਂਕਿ ਪੋਲੇਵੋਈ ਤਾਂ ਵਿਚਾਰਾਂ ਤੇ ਨਿਰੀਖਣਾਂ ਦਾ ਅਮੁੱਕ ਖਜ਼ਾਨਾ ਹੈ। ਤੁਸੀਂ ਇਸ ਵਿੱਚੋਂ ਜਿੰਨਾ ਮਰਜ਼ੀ ਕੱਢੀ ਜਾਓ, ਇਹ ਖ਼ਜ਼ਾਨਾ ਮੁੱਕਣ ਵਿੱਚ ਨਹੀਂ ਆਉਂਦਾ।
ਤੇ ਸਿਰਫ਼ ਇੱਕ ਵਾਰੀ ਅਸੀਂ ਕਿੰਨੇਂ ਦਿਨ ਇੱਕ ਦੂਜੇ ਦੇ ਨਾਲ ਰਹੇ-ਅਮਰੀਕਾ ਵਿਚ, ਜਿੱਥੇ ਅਸੀਂ ਜੰਗ ਵਿੱਚ ਹਿੱਸਾ ਲੈ ਚੁੱਕੇ ਅਮਰੀਕਣਾਂ ਦੇ ਸੱਦੇ ਉੱਤੇ ਗਏ ਸਾਂ । ਪੋਲੇਵੋਈ ਦਾ ਇਹ ਅਮਰੀਕਾ ਦਾ ਦੂਜਾ ਚੱਕਰ ਸੀ । ਪੋਲੇਵੋਈ ਦੀ ਪਹਿਲੀ ਅਮਰੀਕੀ ਯਾਤਰਾ ਦੇ ਸਮੇਂ ਹੀ ਉੱਥੋਂ ਦੇ ਇੱਕ ਪ੍ਰਸਿੱਧ ਪੱਤਰਕਾਰ ਨੇ ਹਵਾਈ ਜਹਾਜ਼ਾਂ ਦੇ ਨਿੱਜੀ ਤਜ਼ਰਬੇ ਦੇ ਅਧਾਰ ਉੱਤੇ ਇਹ ਦਾਅਵਾ ਕੀਤਾ ਸੀ ਅਲੈਕਸੇਈ ਮਰੇਸੇਯੋਵ ਦੀ ਸਾਰੀ ਕਹਾਣੀ ਮਨਘੜਤ ਹੈ। ਇਸ ਵਾਰੀ ਪੋਲੇਵੋਈ ਨੇ ਮੈਨੂੰ ਜਿਊਂਦੀ ਜਾਗਦੀ ਮਿਸਾਲ ਵੱਜੋਂ ਪੇਸ਼ ਕੀਤਾ ਹੈ । ਪਰ ਲੱਗਦਾ ਹੈ ਕਿ ਉਸ ਅਮਰੀਕੀ ਪੱਤਰਕਾਰ ਨੂੰ ਫਿਰ ਵੀ ਵਿਸ਼ਵਾਸ ਨਾ ਆਇਆ।
ਪੋਲੇਵੋਈ ਨੂੰ ਇਸ ਵੇਲੇ ਸੱਤਵਾਂ ਦਹਾਕਾ ਲੱਗਾ ਹੋਇਆ ਹੈ । ਚਾਲ੍ਹੀ ਤੋਂ ਵੱਧ ਸਾਲਾਂ ਤੋਂ ਉਹ ਸੋਵੀਅਤ ਸਾਹਿਤ ਦੀ ਸੇਵਾ ਕਰ ਰਿਹਾ ਹੈ । ਹੁਣ ਤੱਕ ਉਹ ਚਾਰ ਵੱਡੇ ਵੱਡੇ ਨਾਵਲ, ਤੇ ਕਹਾਣੀਆਂ ਤੇ ਲੇਖਾਂ ਦੀਆਂ ਵੀਹ ਕਿਤਾਬਾਂ ਦੇ ਚੁੱਕਾ ਹੈ । ਤੇ ਚੈਨ ਤਾਂ ਉਸਨੂੰ ਸੁਪਨੇ ਵਿੱਚ ਵੀ ਨਹੀਂ ਆਉਂਦਾ, ਕਿਉਂਕਿ ਉਸਨੇ ਜਿਹੜਾ ਪੇਸ਼ਾ ਆਪਣੇ ਲਈ ਚੁਣਿਆ ਹੋਇਆ ਹੈ, ਉਸ ਵਿਚ ਤਾਂ ਚੈਨ ਮਿਲਦਾ ਨਹੀਂ – ਪੱਤਰਕਾਰ ਦੇ ਪੇਸ਼ੇ ਵਿੱਚ। ਮੈਂ ਕੋਈ ਗ਼ਲਤ ਗੱਲ ਨਹੀਂ ਕਹੀਂ — ਉਹ ਲੇਖਕ ਹੈ, ਪਰ ਰਹਿੰਦਾ ਪੱਤਰਕਾਰ ਵਾਂਗ ਹੈ। ਹਮੇਸ਼ਾ ਪੈਂਡੇ ਪਏ ਰਹਿਣਾ, ਤਲਾਸ਼ ਕਰਦੇ ਰਹਿਣਾ, ਹਮੇਸ਼ਾ ਲਿਖਣ ਲਈ ਤਿਆਰ ਰਹਿਣਾ।
ਅਫ਼ਸੋਸ ਦੀ ਗੱਲ ਹੈ ਕਿ ਮੈਂ ਸਾਹਿਤਕਾਰ ਨਹੀਂ ਹਾਂ। ਜੇ ਮੈਂ ਸ਼ਬਦਾਂ ਦਾ ਕਲਾਕਾਰ ਹੁੰਦਾ ਤਾਂ ਮੈਂ ਵੀ ਯਕੀਨਨ “ਅਸਲੀ ਇਨਸਾਨ ਦੀ ਕਹਾਣੀ” ਲਿਖਦਾ — ਇਹ ਕਹਾਣੀ ਹੁੰਦੀ ਮਹਾਨ ਦੇਸ਼ਭਗਤਕ ਯੁਧ ਦੇ ਵੀਰ ਸਿਪਾਹੀ ਤੇ “ਜੋਸ਼ੀਲੇ ਪੱਤਰਪ੍ਰੇਰਕ” ਦੀ; ਇਹ ਕਹਾਣੀ ਹੁੰਦੀ ਸ਼ਾਨਦਾਰ ਸੋਵੀਅਤ ਲੇਖਕ, ਰਾਜਕੀ ਇਨਾਮ ਜੇਤੂ, ਅਤਿ ਚੰਗੇ ਦੋਸਤ, ਬੋਰਿਸ ਪੋਲੇਵੋਈ ਦੀ ਕਹਾਣੀ ।

ਭਾਗ ਪਹਿਲਾ

1
ਸਿਤਾਰੇ ਅਜੇ ਵੀ ਝਿਲਮਿਲਾ ਰਹੇ ਸਨ- ਤੇਜ਼ ਤੇ ਸ਼ੀਤਲ; ਪਰ ਪੂਰਬ ਵਿੱਚ ਲੋਅ ਲੱਗਣੀ ਸ਼ੁਰੂ ਹੋ ਚੁੱਕੀ ਸੀ । ਦਰਖਤਾਂ ਦੇ ਆਕਾਰ ਹਨੇਰੇ ਵਿੱਚੋਂ ਜ਼ਰਾ ਜ਼ਰਾ ਉਘੜਣ ਲੱਗ ਪਏ ਸਨ । ਇੱਕਦਮ ਤੇਜ਼ ਸੱਜਰੀ ਹਵਾ ਉਹਨਾਂ ਦੀਆਂ ਸਿਖਰਾਂ ਦੇ ਉੱਪਰੋਂ ਦੀ ਵਗਣ ਲਗੀ। ਜੰਗਲ ਵਿੱਚ ਇੱਕਦਮ ਜਾਨ ਪੈ ਗਈ, ਤੇ ਇਹ ਭਰਵੇਂ, ਟੁਣਕਵੇਂ ਸ਼ੋਰ ਨਾਲ ਭਰ ਗਿਆ । ਸੌ ਸੌ ਸਾਲ ਪੁਰਾਣੇ ਦਿਆਰ ਬੇਚੈਨ, ਸਾਂ-ਸਾਂ ਕਰਦੀਆਂ ਅਵਾਜ਼ਾਂ ਵਿੱਚ ਇੱਕ ਦੂਜੇ ਨਾਲ ਘੁਸਰ-ਮੁਸਰ ਕਰਨ ਲੱਗੇ, ਤੇ ਉਹਨਾਂ ਦੀਆਂ ਕੰਬਦੀਆਂ ਟਾਹਣੀਆਂ ਉੱਪਰੋਂ ਕੱਕਰ ਹਲਕੀ ਹਲਕੀ ਸਰਸਰਾਹਟ ਨਾਲ ਕਿਰਨਾ ਸ਼ੁਰੂ ਹੋ ਗਿਆ।
ਹਵਾ ਜਿਸ ਤਰ੍ਹਾਂ ਇੱਕਦਮ ਵਗਣੀ ਸ਼ੁਰੂ ਹੋਈ ਸੀ, ਉਸੇ ਤਰ੍ਹਾਂ ਇੱਕਦਮ ਰੁਕ ਗਈ। ਦਰਖਤ ਫਿਰ ਆਪਣੀ ਯੱਖ ਨੀਂਦਰ ਵਿੱਚ ਬੇਹਰਕਤ ਹੋ ਗਏ। ਫਿਰ ਇੱਕਦਮ ਪ੍ਰਭਾਤ ਤੋਂ ਪਹਿਲਾਂ ਦੀਆਂ ਜੰਗਲ ਦੀਆਂ ਸਾਰੀਆਂ ਅਵਾਜ਼ਾਂ ਸੁਣਾਈ ਦੇਣ ਲੱਗੀਆਂ: ਲਾਗਲੀ ਜੂਹ ਵਿੱਚ ਭੁੱਖੇ ਭੇੜੀਆਂ ਦੀ ਆਪਸੀ ਘੁਰ ਘੁਰ, ਲੂੰਬੜੀਆਂ ਦਾ ਚੌਕਸ ਹੁਆਂਕਣਾ, ਤੇ ਹੁਣੇ ਹੁਣੇ ਉਠੇ ਚੱਕੀਰਾਹੇ ਦੀ ਪਹਿਲੀ, ਅਨਿਸ਼ਚਿਤ ਠਕ-ਠਕ, ਜਿਹੜੀ ਸ਼ਾਂਤ ਜੰਗਲ ਵਿੱਚ ਏਨੀ ਸੰਗੀਤਕ ਅਵਾਜ ਪੈਦਾ ਕਰ ਰਹੀ ਸੀ ਕਿ ਇੰਝ ਲੱਗਦਾ ਸੀ ਜਿਵੇਂ ਉਹ ਦਰਖਤ ਦੇ ਤਣੇ ਨੂੰ ਨਹੀਂ ਸਗੋਂ ਵਾਇਲਨ ਨੂੰ ਠਕੋਰ ਰਿਹਾ ਹੋਵੇ।
ਦਿਆਰਾਂ ਦੀਆਂ ਬੋਝਲ ਟੀਸੀਆਂ ਉੱਪਰੋਂ ਦੀ ਹਵਾ ਫਿਰ ਸ਼ੋਰ ਮਚਾਉਂਦੇ ਹੋਏ ਬੁੱਲ੍ਹੇ ਬਣ ਕੇ ਵਗਣ ਲੱਗੀ। ਇਸ ਵੇਲੇ ਰੋਸ਼ਨ ਹੋ ਚੁੱਕੇ ਅਕਾਸ਼ ਵਿੱਚ ਆਖ਼ਰੀ ਸਿਤਾਰੇ ਮਲਕੜੇ ਜਿਹੇ ਬੁਝ ਗਏ; ਅਕਾਸ਼ ਖ਼ੁਦ ਵੀ ਸੁੰਗੜ ਗਿਆ ਤੇ ਸੰਘਣਾ ਹੋ ਗਿਆ ਲੱਗਦਾ ਸੀ। ਰਾਤ ਦੇ ਹਨੇਰੇ ਦੇ ਬਾਕੀ ਨਿਸ਼ਾਨ ਵੀ ਲਾਹ ਮਾਰਦਾ ਹੋਇਆ ਜੰਗਲ ਆਪਣੀ ਸਾਰੀ ਤਾਜ਼ਾ ਸ਼ਾਨ ਨਾਲ ਉੱਤਰ ਆਇਆ। ਦਿਆਰਾਂ ਦੇ ਘੁੰਗਰਾਲੇ ਸਿਰਾਂ ਤੇ ਫਰ ਦੇ ਦਰਖਤਾਂ ਦੀਆਂ ਨੁਕੀਲੀਆਂ ਟੀਸੀਆਂ ਨੂੰ ਛੁਹ ਰਹੀ ਗੁਲਾਬੀ ਭਾਹ ਤੋਂ ਇਹ ਦੱਸਿਆ ਜਾ ਸਕਦਾ ਸੀ ਕਿ ਸੂਰਜ ਚੜ੍ਹ ਆਇਆ ਹੈ ਤੇ ਦਿਨ ਸਾਫ ਹੋਵੇਗਾ, ਸਰਦੀ ਖੂਬ ਪਵੇਗੀ ਤੇ ਕੱਕਰ ਵੀ ਪਵੇਗਾ।
ਹੁਣ ਤੱਕ ਬਿਲਕੁਲ ਚਾਨਣ ਹੋ ਚੁੱਕਾ ਸੀ । ਰਾਤ ਦੇ ਸ਼ਿਕਾਰ ਨੂੰ ਹਜ਼ਮ ਕਰਨ ਲਈ ਭੇੜੀਏ ਜੰਗਲ ਦੇ ਅੰਦਰ ਜਾ ਵੜੇ ਸਨ, ਤੇ ਲੂੰਬੜੀਆਂ ਵੀ ਬਰਫ਼ ਉੱਤੇ ਚਲਾਕੀ ਨਾਲ ਵਾਹੇ ਗਏ ਟੇਢੇ-ਮੇਢੇ ਨਿਸ਼ਾਨ ਛੱਡ ਕੇ ਮੈਦਾਨ ਵਿੱਚੋਂ ਜਾ ਚੁੱਕੀਆਂ ਸਨ। ਪੁਰਾਤਨ ਜੰਗਲ ਹੁਣ ਇਕਸਾਰ ਲਗਾਤਾਰ ਅਵਾਜ਼ ਨਾਲ ਗੂੰਜ ਰਿਹਾ ਸੀ । ਸਿਰਫ਼ ਪੰਛੀਆਂ ਦਾ ਚਹਿਚਹਾਉਂਣਾ ਤੇ ਚੱਕੀਰਾਹੇ ਦੀ ਠਕ-ਠਕ, ਟਾਹਣੀਓ-ਟਾਹਣੀ ਫੁਦਕਦੀਆਂ ਫਿਰਦੀਆਂ ਪੀਲੀਆਂ ਪਿੰਦੀਆਂ ਦੀ ਖੁਸ਼ ਚੀਂ-ਚੀਂ, ਤੇ ਨੀਲ-ਕੰਠਾਂ ਦੀ ਖੁਸ਼ਕ ਤੇ ਭੁੱਖੀ ਟਰਾਂ-ਟਰਾਂ ਜੰਗਲ ਦੇ ਵਿੱਚੋਂ ਦੀ ਹਲਕੀਆਂ ਹਲਕੀਆਂ ਲਹਿਰਾਂ ਦੇ ਰੂਪ ਵਿੱਚ ਵਹਿ ਰਹੀ ਇਸ ਸੋਗੀ, ਉਤਸੁਕ, ਤੇ ਲਮਕਵੀਂ ਅਵਾਜ਼ ਨੂੰ ਕੋਈ ਵੱਖਰਾ ਰੰਗ ਦੇ ਰਹੀ ਸੀ।
ਆਲਡਰ ਦੇ ਰੁੱਖ ਦੀ ਟਾਹਣ ਉੱਤੇ ਆਪਣੀ ਤੇਜ਼, ਕਾਲੀ ਚੁੰਝ ਨੂੰ ਤਿੱਖੀ ਕਰਦਿਆਂ ਕਾਲਕੂਟ ਨੇ ਆਪਣਾ ਸਿਰ ਖੜਾ ਕਰ ਲਿਆ, ਜ਼ਰਾ ਕੁ ਕੰਨ ਲਾ ਕੇ ਸੁਣਿਆ ਤੇ ਉੱਡਣ ਲਈ ਤਿਆਰ ਹਾਲਤ ਵਿੱਚ ਆ ਗਈ। ਟਾਹਣੀਆਂ ਅਵਾਜ਼ ਦੇਣ ਲੱਗੀਆਂ, ਜਿਵੇਂ ਖਤਰੇ ਦੀ ਸੂਚਨਾ ਦੇ ਰਹੀਆਂ ਹੋਣ । ਕੋਈ ਵੱਡਾ ਸਾਰਾ ਤੇ ਮਜ਼ਬੂਤ ਜੀਵ ਹੇਠਾਂ ਉੱਗੀਆਂ ਝਾੜੀਆਂ ਦੇ ਵਿੱਚੋਂ ਦੀ ਪੈਰ ਧਰੂੰਹਦਾ ਲੰਘ ਰਿਹਾ ਸੀ । ਝਾੜੀਆਂ ਸਰਸਰ ਕਰਨ ਲੱਗੀਆਂ, ਛੋਟੇ ਛੋਟੇ ਦਿਆਰਾਂ ਦੀਆਂ ਟੀਸੀਆਂ ਬੇਚੈਨੀ ਨਾਲ ਝੂਲਣ ਲੱਗੀਆਂ, ਖਸਤਾ ਬਰਫ਼ ਦੀ ਕਿਰਚ- ਕਿਰਚ ਸੁਣਾਈ ਦੇਣ ਲੱਗੀ । ਕਾਲਕੂਟ ਨੇ ਚੀਕ ਮਾਰੀ ਤੇ ਆਪਣੀ ਤੀਰ ਵਰਗੀ ਪੂਛ ਨੂੰ ਸਿੱਧਾ ਕਰਦੀ ਹੋਈ ਉੱਥੋਂ ਉੱਡ ਗਈ।
ਬਰਫ਼-ਢਕੇ ਦਿਆਰਾਂ ਦੇ ਵਿੱਚੋਂ ਇੱਕ ਲੰਮੀ ਭੂਰੀ ਜਿਹੀ ਥੂਥਣੀ ਨਜ਼ਰ ਆਈ, ਜਿਸਦੇ ਸਿਰ ਉੱਤੇ ਭਾਰੀ-ਭਰਕਮ, ਸ਼ਾਖਦਾਰ ਸਿੰਗ ਸਨ । ਉਸਦੀਆਂ ਡਰਦੀਆਂ ਅੱਖਾਂ ਅਥਾਹ ਵਾਦੀ ਨੂੰ ਘੋਖ ਰਹੀਆਂ ਸਨ । ਗੁਲਾਬੀ, ਮਖਮਲੀ ਨਾਸਾਂ ਜ਼ੋਰ ਜ਼ੋਰ ਦੀ ਫ਼ਰਕ ਰਹੀਆਂ ਸਨ ਤੇ ਗਰਮ, ਭਾਫ਼ਦਾਰ ਸਾਹ ਦੇ ਬੱਦਲ ਛੱਡ ਰਹੀਆਂ ਸਨ।
ਬੁੱਢਾ ਰੋਝ ਦਿਆਰਾਂ ਵਿਚਕਾਰ ਬੁੱਤ ਬਣਿਆ ਖੜਾ ਸੀ । ਸਿਰਫ਼ ਇਸਦੀ ਪਿੱਠ ਦੀ ਚਮੜੀ ਕੰਬ ਰਹੀ ਸੀ। ਇਸਦੇ ਕੰਨ, ਡਰ ਨਾਲ ਖੜੇ, ਹਰ ਅਵਾਜ਼ ਸੁਣ ਰਹੇ ਸਨ ਤੇ ਇਸਦੀ ਸੁਨਣ-ਸ਼ਕਤੀ ਏਨੀਂ ਸੂਖਮ ਸੀ ਕਿ ਇਹ ਕਿਸੇ ਦਿਆਰ ਦੇ ਤਣੇ ਵਿੱਚ ਛੇਕ ਕਰ ਰਹੇ ਕਿਸੇ ਗਬਰੈਲੇ ਦੀ ਅਵਾਜ਼ ਵੀ ਸੁਣ ਸਕਦਾ ਸੀ । ਪਰ ਇਹਨਾਂ ਸੂਖਮ ਕੰਨਾਂ ਨੂੰ ਵੀ ਪੰਛੀਆਂ ਦੀ ਚਾਂ-ਚਾਂ, ਚਾਂ-ਚਾਂ, ਚੱਕੀਰਾਹੇ ਦੀ ਠਕ-ਠਕ ਤੇ ਦਿਆਰਾਂ ਦੀਆਂ ਟੀਸੀਆਂ ਦੀ ਇਕਸਾਰ ਸਰਸਰ ਤੋਂ ਛੁੱਟ ਕੁਝ ਨਹੀਂ ਸੀ ਸੁਣਾਈ ਦੇ ਰਿਹਾ।
ਰੋਝ ਦੀ ਸੁਨਣ-ਸ਼ਕਤੀ ਉਸਨੂੰ ਧਰਵਾਸ ਦੇਂਦੀ ਲੱਗਦੀ ਸੀ, ਪਰ ਉਸਦੀ ਸੁੰਘਣ- ਸ਼ਕਤੀ ਉਸਨੂੰ ਖ਼ਤਰੇ ਦੀ ਚੇਤਾਵਨੀ ਦੇ ਰਹੀ ਸੀ । ਪਿਘਲਦੀ ਬਰਫ਼ ਦੀ ਸੱਜਰੀ ਵਾਸ਼ਨਾ ਦੇ ਨਾਲ ਤੇਜ਼, ਭੈੜੀਆਂ ਲੱਗਦੀਆਂ ਤੇ ਮਨਹੂਸ ਜਿਹੀਆਂ ਬੋਆਂ ਰਲੀਆਂ ਹੋਈਆਂ ਸਨ, ਜਿਹੜੀਆਂ ਇਸ ਜੰਗਲ ਲਈ ਓਪਰੀਆਂ ਸਨ । ਪਸ਼ੂ ਦੀਆਂ ਉਦਾਸ, ਕਾਲੀਆਂ ਅੱਖਾਂ ਲਿਸ਼ਕਦੀ ਚਿੱਟੀ ਬਰਫ਼ ਦੀ ਪੇਪੜੀ ਉੱਤੇ ਪਏ ਕਾਲੇ ਜਿਹੇ ਅਕਾਰਾਂ ਉੱਪਰ ਜਾ ਪਈਆਂ। ਬਿਨਾਂ ਹਿਲਿਆਂ ਇਸਨੇ ਹਰ ਪੱਠਾ ਅਕੜਾ ਲਿਆ ਤੇ ਝਾੜੀਆਂ ਵਿੱਚ ਜਾ ਵੜਣ ਲਈ ਤਿਆਰ ਹੋ ਗਿਆ; ਪਰ ਬਰਫ਼ ਉਪਰਲੇ ਅਕਾਰ ਬੇਹਰਕਤ, ਇੱਕ ਦੂਜੇ ਦੇ ਨਾਲ ਲੱਗੇ ਹੋਏ ਤੇ ਇੱਕ ਦੂਜੇ ਦੇ ਉੱਪਰ ਪਏ ਸਨ । ਉਹਨਾਂ ਦੀ ਗਿਣਤੀ ਕਾਫੀ ਸੀ, ਪਰ ਇੱਕ ਵੀ ਹਿਲਜੁੱਲ ਨਹੀਂ ਸੀ ਰਿਹਾ, ਤੇ ਇਸ ਪਵਿੱਤਰ ਸ਼ਾਂਤੀ ਨੂੰ ਭੰਗ ਨਹੀਂ ਸੀ ਕਰ ਰਿਹਾ। ਉਹਨਾਂ ਦੇ ਨੇੜੇ, ਬਰਫ਼ ਦੇ ਢੇਰਾਂ ਵਿੱਚੋਂ ਅਜੀਬ ਦੈਂਤਾਂ ਵਰਗੀਆਂ ਸ਼ਕਲਾਂ ਦਿਖਾਈ ਦੇ ਰਹੀਆਂ ਸਨ। ਇਹਨਾਂ ਵਿੱਚੋਂ ਹੀ ਉਹ ਤੇਜ਼ ਤੇ ਮਨਹੂਸ ਬੋਆਂ ਆ ਰਹੀਆਂ ਸਨ।
ਰੋਝ ਡਰੀਆਂ ਹੋਈਆਂ ਅੱਖਾਂ ਨਾਲ ਦੇਖਦਾ ਵਾਦੀ ਦੇ ਕਿਨਾਰੇ ਉੱਤੇ ਖੜਾ ਸੀ; ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਇਹਨਾਂ ਬੇਹਰਕਤ, ਤੇ ਦੇਖਣ ਨੂੰ ਹਾਨੀ ਰਹਿਤ ਲੱਗਦੇ ਮਨੁੱਖੀ ਅਕਾਰਾਂ ਦੇ ਢੇਰ ਨੂੰ ਕੀ ਹੋ ਗਿਆ ਹੈ।
ਉੱਪਰ ਵੱਲੋਂ ਕਿਸੇ ਅਵਾਜ਼ ਨੇ ਪਸ਼ੂ ਨੂੰ ਤਭਕਾ ਦਿੱਤਾ । ਇਸਦੀ ਪਿੱਠ ਦੀ ਚਮੜੀ ਮੁੜ ਥਰਕਣ ਲੱਗੀ ਤੇ ਇਸਦੀਆਂ ਪਿਛਲੀਆਂ ਲੱਤਾਂ ਦੇ ਪੱਠੇ ਹੋਰ ਤਣ ਗਏ।
ਪਰ ਇਹ ਅਵਾਜ਼ ਵੀ ਹਾਨੀ ਰਹਿਤ ਲੱਗੀ। ਇਹ ਲਵੇ ਲਵੇ ਬਰਚੇ ਦੇ ਦਰਖਤ ਦੇ ਪੱਤਿਆਂ ਵਿਚਕਾਰ ਚੱਕਰ ਕੱਟ ਰਹੇ ਭੌਰਿਆਂ ਦੀ ਮੱਧਮ ਜਿਹੀ ਭੀ-ਭੀ ਵਾਂਗ ਸੀ। ਵਿੱਚ ਵਿੱਚ ਇਸ ਭੋਂ-ਭੋਂ ਦੇ ਨਾਲ ਕੋਈ ਛੋਟੀ ਜਿਹੀ ਤਿੱਖੀ ਅਵਾਜ਼ ਸੁਣਾਈ ਦੇਣ ਲੱਗ ਪੈਂਦੀ ਸੀ, ਜਿਵੇਂ ਸ਼ਾਮ ਨੂੰ ਦਲਦਲ ਵਿੱਚ ਕੋਈ ਡੱਡੂ ਟੱਰਾ ਉਠਦਾ ਹੈ।
ਫਿਰ ਭੌਰ ਵੀ ਦਿਖਾਈ ਦੇਣ ਲੱਗ ਪਏ; ਉਹ ਆਪਣੇ ਚਮਕਦੇ ਪਰਾਂ ਨਾਲ ਨੀਲੇ, ਕਕਰੀਲੇ ਅਕਾਸ਼ ਵਿੱਚ ਨਾਚ ਕਰ ਰਹੇ ਸਨ । ਮੁੜ ਮੁੜ ਕੇ ਉੱਪਰੋਂ ਪੰਛੀ ਦੀ ਟਰਾਉਣ ਦੀ ਅਵਾਜ਼ ਸੁਣਾਈ ਦੇਂਦੀ । ਇੱਕ ਭੌਰਾ ਪਰ੍ਹਾਂ ਨੂੰ ਫੈਲਾਈ ਜ਼ਮੀਨ ਉੱਤੇ ਡਿੱਗਣ ਲੱਗਾ; ਬਾਕੀ ਭੌਰੇ ਨੀਲ਼ੇ ਅਕਾਸ਼ ਵਿੱਚ ਨੱਚਦੇ ਰਹੇ । ਰੋਝ ਨੇ ਆਪਣੇ ਪੱਠੇ ਢਿੱਲੇ ਛੱਡ ਦਿੱਤੇ । ਉਹ ਮੈਦਾਨ ਵੱਲ ਨੂੰ ਵਧਿਆ ਤੇ ਆਕਾਸ਼ ਵੱਲ ਕੈਰੀਆਂ ਨਜ਼ਰਾਂ ਨਾਲ ਤੱਕਦਿਆਂ ਉਸਨੇ ਭਰਭੂਰੀ ਬਰਫ਼ ਨੂੰ ਚੱਟਣਾ ਸ਼ੁਰੂ ਕਰ ਦਿੱਤਾ। ਇੱਕਦਮ ਇਕ ਹੋਰ ਭੌਰਾ ਨਾਚ ਕਰ ਰਹੇ ਝੁੰਡ ਵਿੱਚੋਂ ਵੱਖ ਹੋਇਆ, ਤੇ ਸੰਘਣੀ ਪਛ ਵਰਗੀ ਲਕੀਰ ਪਿੱਛੇ ਛਡਦਾ ਹੋਇਆ ਸਿੱਧਾ ਮੈਦਾਨ ਵੱਲ ਨੂੰ ਟੁਭੀ ਮਾਰ ਗਿਆ । ਇਸਦਾ ਅਕਾਰ ਵੱਡਾ ਹੋਣ ਲੱਗਾ, ਏਨੀਂ ਤੇਜ਼ੀ ਨਾਲ ਵੱਡਾ ਹੋਣ ਲੱਗਾ ਕਿ ਰੋਝ ਅਜੇ ਜੰਗਲ ਵੱਲ ਨੂੰ ਭੱਜਣ ਲਈ ਇੱਕ ਵੀ ਛਲਾਂਗ ਨਹੀਂ ਸੀ ਲਾ ਸਕਿਆ ਕਿ ਭਾਰੀ-ਭਰਕਮ ਤੇ ਪਤਝੜੀ ਤੂਫ਼ਾਨ ਦੇ ਇੱਕਦਮ ਛੁੱਟ ਪੈਣ ਨਾਲੋਂ ਵੀ ਵਧੇਰੇ ਭਿਆਨਕ ਕੋਈ ਚੀਜ਼ ਦਰਖਤਾਂ ਦੀਆਂ ਟੀਸੀਆਂ ਨਾਲ ਆ ਵੱਜੀ ਤੇ ਧਮਾਕੇ ਨਾਲ ਜ਼ਮੀਨ ਉੱਤੇ ਆ ਡਿੱਗੀ ਜਿਸ ਨਾਲ ਸਾਰਾ ਜੰਗਲ ਗੂੰਜ ਉੱਠਿਆ। ਇਹ ਗੂੰਜ ਕਿਸੇ ਕਰਾਹਟ ਵਾਂਗ ਸੀ ਜਿਸਦੀ ਗੂੰਜ ਦਰਖ਼ਤਾਂ ਦੇ ਵਿੱਚੋਂ ਦੀ ਹੁੰਦੀ ਹੋਈ, ਰੋਝ ਤੱਕ ਵੀ ਆ ਗਈ ਜਿਹੜਾ ਸ਼ੂਟ ਵੱਟੀ ਜੰਗਲ ਦੇ ਧੁਰ ਅੰਦਰ ਵੱਲ ਨੂੰ ਨੱਠਾ ਜਾ ਰਿਹਾ ਸੀ।
ਇਹ ਗੂੰਜ ਦਿਆਰਾਂ ਦੀਆਂ ਗਹਿਰਾਈਆਂ ਵਿੱਚ ਡੁੱਬ ਗਈ। ਧੂੜ ਵਰਗਾ ਕੱਕਰ, ਜਿਸਨੂੰ ਡਿੱਗਦੇ ਹਵਾਈ ਜਹਾਜ਼ ਨੇ ਹਿਲਾ ਦਿੱਤਾ ਸੀ, ਲਿਸ਼ਕਾ ਮਾਰਦਾ ਦਰਖਤਾਂ ਦੀਆਂ ਟੀਸੀਆਂ ਤੋਂ ਹੇਠਾਂ ਡਿੱਗ ਰਿਹਾ ਸੀ । ਇੱਕ ਵਾਰੀ ਮੁੜ ਬੋਝਲ ਚੁੱਪ ਨੇ ਸਭ ਕਾਸੇ ਨੂੰ ਆਪਣੀ ਲਪੇਟ ਵਿਚ ਲੈ ਲਿਆ । ਇਸ ਚੁੱਪ ਵਿੱਚ ਇੱਕ ਆਦਮੀ ਦੀ ਕੱਰਾਹਟ ਤੇ ਰਿੱਛ ਦੇ ਪੈਰਾਂ ਹੇਠ ਕਰਚ ਕਰਚ ਕਰਦੀ ਬਰਫ਼ ਦੀ ਅਵਾਜ਼ ਸਾਫ਼ ਸੁਣਾਈ ਦੇਂਦੀ ਸੀ; ਰਿੱਛ ਨੂੰ ਅਸਧਾਰਨ ਅਵਾਜ਼ਾਂ ਨੇ ਜੰਗਲ ਵਿੱਚੋਂ ਕੱਢ ਕੇ ਮੈਦਾਨ ਵਿੱਚ ਲੈ ਆਂਦਾ ਸੀ।
ਰਿੱਛ ਬਹੁਤ ਵੱਡਾ, ਬੁੱਢਾ ਤੇ ਜੱਤਲ ਸੀ । ਇਸਦੀ ਉਗੜ-ਦੁਗੜੀ ਜੱਤ ਇਸਦੀਆਂ ਵਿੱਚ ਵੜੀਆਂ ਵੱਖੀਆਂ ਉਪਰ ਭੂਰੇ ਭੂਰੇ ਗੁੱਛੇ ਬਣਾਈ ਉਭਰੀ ਹੋਈ ਸੀ ਤੇ ਇਸਦੇ ਪਤਲੇ ਜਿਹੇ ਕੂਲ੍ਹੇ ਉੱਤੇ ਲਟਕੀ ਹੋਈ ਸੀ। ਪਤਝੜ ਤੋਂ ਲੈ ਕੇ ਇਹਨਾਂ ਹਿੱਸਿਆਂ ਵਿਚ ਲੜਾਈ ਚਲਦੀ ਰਹੀ ਸੀ ਤੇ ਇਸ ਸੰਘਣੇ ਪੱਛਮੀ ਜੰਗਲ ਤੱਕ ਵੀ ਪੁੱਜ ਗਈ ਸੀ, ਜਿੱਥੇ ਪਹਿਲਾਂ ਸਿਰਫ਼ ਜੰਗਲ ਦੇ ਦਰੋਗੇ ਤੇ ਸ਼ਿਕਾਰੀ ਹੀ ਆਉਂਦੇ ਹੁੰਦੇ ਸਨ, ਤੇ ਉਹ ਵੀ ਕਦੀ ਕਦਾਈਂ। ਪਤਝੜ ਵਿੱਚ ਹੀ ਨੇੜੇ ਹੀ ਜੰਗ ਦੀ ਗਰਜ ਨੇ ਰਿੱਛ ਨੂੰ ਐਸੇ ਸਮੇਂ ਆਪਣੇ ਘੋਰਨੇ ਵਿੱਚੋਂ ਕੱਢ ਦਿੱਤਾ ਸੀ, ਜਦੋਂ ਇਹ ਆਪਣੀ ਸਿਆਲ ਦੀ ਨੀਂਦ ਦੀਆਂ ਤਿਆਰੀਆਂ ਕਰ ਰਿਹਾ ਸੀ, ਤੇ ਹੁਣ ਭੁੱਖ ਨਾਲ ਗੁੱਸੇ ਵਿੱਚ ਆਇਆ, ਇਹ ਜੰਗਲ ਦੇ ਚੱਕਰ ਕੱਟ ਰਿਹਾ ਸੀ ਤੇ ਬਿਲਕੁਲ ਅਰਾਮ ਨਹੀਂ ਸੀ ਕਰਦਾ।
ਰਿੱਛ ਮੈਦਾਨ ਦੇ ਕੰਢੇ ਉਸੇ ਥਾਂ ਆ ਕੇ ਰੁਕ ਗਿਆ, ਜਿਥੇ ਹੁਣੇ ਹੁਣੇ ਰੋਝ ਖੜ੍ਹਾ ਸੀ । ਇਸ ਨੇ ਰੋਝ ਦੀਆਂ ਵੱਡੀਆਂ ਸੱਜਰੀਆਂ, ਸੁਆਦੀ ਵਾਸ਼ਨਾ ਵਾਲੀਆਂ ਪੈੜਾਂ ਨੂੰ ਸੁੰਘਿਆ, ਜ਼ੋਰ ਜ਼ੋਰ ਦੀ ਤੇ ਹਾਬੜਿਆਂ ਹੋਇਆ ਸਾਹ ਲੈਣ ਲੱਗ ਪਿਆ, ਆਪਣੀਆਂ ਪਤਲੀਆਂ ਪਤਲੀਆਂ ਵੱਖੀਆਂ ਨੂੰ ਮਰੋੜਨ ਲੱਗਾ ਤੇ ਸੁਨਣ ਲੱਗ ਪਿਆ । ਰੋਝ ਜਾ ਚੁੱਕਾ ਸੀ, ਪਰ ਜਿੱਥੇ ਇਹ ਖੜ੍ਹਾ ਸੀ, ਉਸਦੇ ਨੇੜੇ ਰਿੱਛ ਨੂੰ ਐਸੀਆਂ ਅਵਾਜ਼ਾਂ ਸੁਣਾਈ ਦਿੱਤੀਆਂ ਜਿਹੜੀਆਂ ਕੋਈ ਜਿਉਂਦਾ-ਜਾਗਦਾ ਤੇ ਸ਼ਾਇਦ ਕਮਜ਼ੋਰ ਜੀਵ ਪੈਦਾ ਕਰਦਾ ਲੱਗਦਾ ਸੀ। ਰਿੱਛ ਦੇ ਰੁੱਖੇ ਲੂੰ ਖੜੇ ਹੋ ਗਏ । ਇਸਨੇ ਆਪਣੀ ਥੂਥਣੀ ਅੱਗੇ ਨੂੰ ਕੀਤੀ । ਤੇ ਫਿਰ ਮੈਦਾਨ ਦੇ ਕਿਨਾਰੇ ਵੱਲੋਂ ਕਰੁਣਾਮਣੀ ਅਵਾਜ਼ ਆਉਣ ਲੱਗੀ ਜਿਹੜੀ ਮਸਾਂ ਹੀ ਸੁਣਾਈ ਦੇਂਦੀ ਸੀ ।
ਹੌਲ਼ੀ ਹੌਲ਼ੀ, ਆਪਣੇ ਨਰਮ ਪੰਜ਼ਿਆਂ ਭਾਰ ਚਲਦਾ, ਜਿੰਨ੍ਹਾਂ ਹੇਠਾਂ ਸਖ਼ਤ, ਖੁਸ਼ਕ ਬਰਫ਼ ਕਰਚ ਕਰਚ ਕਰਨ ਲੱਗ ਪਈ ਸੀ, ਰਿੱਛ ਬੇਹਰਕਤ ਪਏ ਮਨੁੱਖੀ ਅਕਾਰ ਵੱਲ ਤੁਰ ਪਿਆ, ਜਿਹੜਾ ਬਰਫ਼ ਵਿੱਚ ਅੱਧ ਦੱਬਿਆ ਪਿਆ ਸੀ।
2
ਪਾਇਲਟ ਅਲੈਕਸੇਈ ਮਰੇਸੇਯੇਵ ਦੂਹਰੀ “ਕੈਂਚੀ” ਵਿੱਚ ਫਸ ਗਿਆ ਸੀ । ਹਵਾਈ ਲੜਾਈ ਵਿੱਚ ਇਹ ਭੈੜੀ ਤੋਂ ਭੈੜੀ ਚੀਜ਼ ਹੈ ਜਿਹੜੀ ਕਿਸੇ ਨਾਲ ਵਾਪਰ ਸਕਦੀ ਹੈ। ਉਸਦਾ ਸਾਰਾ ਅਸਲਾ ਖ਼ਤਮ ਹੋ ਚੁੱਕਾ ਸੀ ਜਦੋਂ ਜਰਮਨ ਹਵਾਈ ਜਹਾਜ਼ਾਂ ਨੇ ਉਸਨੂੰ ਘੇਰ ਲਿਆ ਤੇ ਬਚ ਨਿਕਲਣ ਜਾਂ ਆਪਣਾ ਰਾਹ ਬਦਲਣ ਦਾ ਕੋਈ ਵੀ ਮੌਕਾ ਦਿੱਤੇ ਬਿਨਾਂ ਉਸਨੂੰ ਆਪਣੇ ਅੱਡੇ ਵੱਲ ਲਿਜਾਣ ਲਈ ਮਜ਼ਬੂਰ ਕਰਨ ਦੀ ਕੋਸ਼ਿਸ਼ ਕਰਨ ਲੱਗੇ ।
ਇਹ ਇੰਝ ਵਾਪਰਿਆ । ਲੈਫ਼ਟੀਨੈਂਟ ਮਰੇਸੇਯੇਵ ਦੀ ਕਮਾਨ ਹੇਠ ਲੜਾਕਾ ਹਵਾਈ ਜਹਾਜ਼ਾਂ ਦਾ ਇੱਕ ਦਸਤਾ “ਇਲ” ਹਵਾਈ ਜਹਾਜ਼ਾਂ ਦੇ ਰਖਵਾਲੇ ਦਸਤੇ ਵੱਜੋਂ ਗਿਆ। ਇਹਨਾਂ “ਇਲ” ਹਵਾਈ ਜਹਾਜ਼ਾਂ ਨੇ ਦੁਸ਼ਮਣ ਦੇ ਹਵਾਈ ਅੱਡੇ ਉੱਤੇ ਹਮਲਾ ਕਰਨਾ ਸੀ।
ਇਹ ਦਲੇਰ ਕਾਰਵਾਈ ਸਫ਼ਲ ਰਹੀ। ਸਤੋਰਮੋਵਿਕ, ਜਿਨ੍ਹਾਂ ਨੂੰ ਕਿ ਪੈਦਲ ਫ਼ੌਜ ਵਿੱਚ “ਉਡਣੇ ਟੈਂਕ” ਕਿਹਾ ਜਾਂਦਾ ਸੀ, ਦਿਆਰ ਦੇ ਦਰਖਤਾਂ ਦੀਆਂ ਟੀਸੀਆਂ ਨੂੰ ਲਗਭਗ ਛੁੰਹਦੇ ਹੋਏ, ਚੁਪ-ਚੁਪ ਬਿਲਕੁਲ ਹਵਾਈ ਅੱਡੇ ਤੱਕ ਚਲੇ ਗਏ, ਜਿੱਥੇ ਕਿੰਨੇ ਸਾਰੇ ਵੱਡੇ ਟਰਾਂਸਪੋਰਟ ਜੁੰਕਰ ਕਤਾਰਾਂ ਵਿੱਚ ਖੜੇ ਸਨ । ਇੱਕਦਮ ਸਲੇਟੀ ਨੀਲੇ ਦਿਆਰਾਂ ਦੇ ਜੰਗਲ ਦੇ ਪਿੱਛੋਂ ਟੁੱਭੀ ਲਾਉਂਦਿਆਂ, ਉਹ ਗਰਜਦੇ ਹੋਏ ਅੱਡੇ ਦੇ ਉੱਪਰ ਟੁੱਟ ਪਏ, ਆਪਣੀਆਂ ਮਸ਼ੀਨ-ਗੰਨਾਂ ਤੇ ਤੋਪਾਂ ਨਾਲ ਭਾਰੀ ਟਰਾਂਸਪੋਰਟ ਹਵਾਈ ਜਹਾਜ਼ਾਂ ਉੱਤੇ ਗੋਲੀਆਂ ਤੇ ਗੋਲੇ ਵਰ੍ਹਾਉਣ ਲੱਗੇ, ਤੇ ਰਾਕਟਾਂ ਚਲਾਉਣ ਲੱਗੇ । ਮਰੇਸੇਯੇਵ ਆਪਣੇ ਚਾਰ ਹਵਾਈ ਜਹਾਜ਼ਾਂ ਦੇ ਦਸਤੇ ਨਾਲ ਹਮਲੇ ਦੇ ਹਲਕੇ ਦੀ ਰਾਖੀ ਕਰ ਰਿਹਾ ਸੀ; ਉਸਨੂੰ ਆਦਮੀਆਂ ਦੇ ਕਾਲ਼ੇ ਅਕਾਰ ਅੱਡੇ ਉੱਤੇ ਦੌੜੇ ਫਿਰਦੇ ਸਪਸ਼ਟ ਦਿਖਾਈ ਦਿੱਤੇ; ਉਸਨੇ ਦੇਖਿਆ ਕਿ ਜੰਮ ਕੇ ਸਖ਼ਤ ਹੋਈ ਬਰਫ਼ ਉੱਤੇ ਟਰਾਂਸਪੋਰਟ ਹਵਾਈ ਜਹਾਜ਼ ਬੋਝਲ ਤਰ੍ਹਾਂ ਨਾਲ ਰੀਂਗ ਰਹੇ ਹਨ; ਉਸਨੇ ਸਤੋਰਮੋਵਿਕਾਂ ਨੂੰ ਮੁੜ ਮੁੜ ਕੇ ਹਮਲੇ ਲਈ ਵਾਪਸ ਆਉਂਦਿਆਂ ਦੇਖਿਆ, ਤੇ ਇਹ ਵੀ ਦੇਖਿਆ ਕਿ ਗੋਲ਼ੀਆਂ ਦੀ ਬੁਛਾੜ ਹੇਠ ਜੁੰਕਰਾਂ ਦੇ ਅਮਲੇ ਆਪਣੇ ਹਵਾਈ ਜਹਾਜ਼ਾਂ ਨੂੰ ਚਲਾ ਕੇ ਰਨ-ਵੇ ਤੱਕ ਲਿਜਾ ਰਹੇ ਹਨ, ਤੇ ਹਵਾ ਵਿੱਚ ਉੱਡਾ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਥਾਂ ਆ ਕੇ ਅਲੈਕਸੇਈ ਮਾਰੂ ਗ਼ਲਤੀ ਕਰ ਬੈਠਾ । ਹਮਲੇ ਦੇ ਹਲਕੇ ਦੀ ਚੌਕਸੀ ਨਾਲ ਰਾਖੀ ਕਰਨ ਦੀ ਥਾਂ ਉਸਨੇ ਆਪਣੇ ਆਪ ਨੂੰ, ਜਿਵੇਂ ਕਿ ਹਵਾਬਾਜ਼ ਕਹਿੰਦੇ ਹਨ, “ਸੌਖੇ ਸ਼ਿਕਾਰ ਦੇ ਝਾਂਸੇ ਵਿਚ” ਆ ਜਾਣ ਦਿੱਤਾ। ਉਸਨੇ ਟੁੱਭੀ ਮਾਰੀ, ਤੇ ਇਕ ਟਰਾਂਸਪੋਰਟ ਜਹਾਜ਼ ਉੱਤੇ, ਜਿਹੜਾ ਅਜੇ ਜ਼ਮੀਨ ਤੋਂ ਥੋਹੜਾ ਹੀ ਉੱਚਾ ਉਠਿਆ ਸੀ, ਆਪਣੇ ਹਵਾਈ ਜਹਾਜ਼ ਨੂੰ ਪੱਥਰ ਵਾਂਗ ਸੁੱਟ ਦਿੱਤਾ ਤੇ ਉਸਦੇ ਬਹਰੰਗੇ, ਚੌਕੋਰ ਤੇ ਲਹਿਰੀਏਦਾਰ ਐਲਮੀਨੀਅਮ ਦੇ ਢਾਂਚੇ ਨੂੰ ਆਪਣੀ ਮਸ਼ੀਨਗਨ ਦੀਆਂ ਗੋਲੀਆਂ ਨਾਲ ਵਿੰਨ੍ਹ ਦਿੱਤਾ। ਉਸਨੂੰ ਆਪਣੇ ਆਪ ਉੱਤੇ ਏਨਾਂ ਯਕੀਨ ਸੀ ਕਿ ਉਸਨੇ ਦੁਸ਼ਮਣ ਦੇ ਹਵਾਈ ਜਹਾਜ਼ ਨੂੰ ਜ਼ਮੀਨ ਉੱਤੇ ਡਿਗਦਿਆਂ ਦੇਖਣ ਦੀ ਵੀ ਪ੍ਰਵਾਹ ਨਾ ਕੀਤੀ। ਅੱਡੇ ਦੇ ਦੂਜੇ ਪਾਸੇ ਇਕ ਹੋਰ ਜੁੰਕਰ ਹਵਾ ਵਿਚ ਉਠਿਆ। ਅਲੈਕਸੇਈ ਉਸਦੇ ਮਗਰ ਗਿਆ। ਉਸਨੇ ਹਮਲਾ ਕੀਤਾ – ਪਰ ਸਫ਼ਲ ਨਾ ਹੋਇਆ। ਉਸ ਵੱਲੋਂ ਚਲਾਈਆਂ ਗਈਆਂ ਗੋਲੀਆਂ ਦੀਆਂ ਬੁਛਾੜਾਂ ਦਸ਼ਮਣ ਦੇ ਹੌਲ਼ੀ ਹੌਲ਼ੀ ਹਵਾ ਵਿੱਚ ਉੱਠ ਰਹੇ ਜਹਾਜ਼ ਦੇ ਉੱਪਰੋਂ ਦੀ ਲੰਘ ਗਈਆਂ। ਉਸਨੇ ਤੇਜ਼ ਮੋੜ ਕੱਟਿਆ ਤੇ ਮੁੜ ਕੇ ਹਮਲਾ ਕਰ ਦਿੱਤਾ, ਪਰ ਫਿਰ ਅਸਫ਼ਲ ਰਿਹਾ, ਮੁੜ ਆਪਣੇ ਸ਼ਿਕਾਰ ਨੂੰ ਆ ਦਬੋਚਿਆ, ਤੇ ਇਸ ਵਾਰੀ ਇਸਦੇ ਚੌੜੇ, ਸਿਗਾਰ ਵਰਗੇ ਢਾਂਚੇ ਵਿੱਚ ਗ਼ਜ਼ਬਨਾਕ ਢੰਗ ਨਾਲ ਦੂਰੋਂ ਕਈ ਵਾਰੀ ਗੋਲੀਆਂ ਵਰ੍ਹਾ ਕੇ ਇਸਨੂੰ ਹੇਠਾਂ ਸੁੱਟ ਦਿੱਤਾ। ਜੁੰਕਰਾਂ ਨੂੰ ਹੇਠਾਂ ਸੁੱਟਣ ਤੇ ਉਸ ਥਾਂ, ਜਿੱਥੇ ਅਨੰਤ ਜੰਗਲ ਦੇ ਲਹਿਰਾ ਰਹੇ, ਹਰੇ ਸਾਗਰ ਵਿੱਚੋਂ ਧੂੰਏਂ ਦਾ ਇੱਕ ਕਾਲ਼ਾ ਥੰਮ੍ਹ ਨਿਕਲ ਰਿਹਾ ਸੀ, ਦੋ ਵਾਰੀ ਜੇਤੂ ਅੰਦਾਜ਼ ਨਾਲ ਚੱਕਰ ਲਾਉਣ ਤੋਂ ਮਗਰੋਂ, ਉਸਨੇ ਆਪਣੇ ਹਵਾਈ ਜਹਾਜ਼ ਨੂੰ ਵਾਪਸ ਦੁਸ਼ਮਣ ਦੇ ਹਵਾਈ ਅੱਡੇ ਵੱਲ ਲੈ ਆਂਦਾ।
ਪਰ ਉਹ ਉੱਥੇ ਨਾ ਪੁੱਜ ਸਕਿਆ। ਉਸਨੇ ਆਪਣੇ ਤਿੰਨ ਹਵਾਈ ਜਹਾਜ਼ਾਂ ਨੂੰ ਨੌਂ “ਮੇਸਰਾਂ” ਨਾਲ ਲੜਦੇ ਦੇਖਿਆ, ਜਿਨ੍ਹਾਂ ਨੂੰ ਪ੍ਰਤੱਖ ਤੌਰ ਉਤੇ ਸਤੋਰਮੋਵਿਕਾ ਦੇ ਹਮਲੇ ਨੂੰ ਪਛਾੜਨ ਲਈ ਜਰਮਨ ਹਵਾਈ ਅੱਡੇ ਦੇ ਕਮਾਂਡਰ ਨੇ ਬੁਲਾ ਲਿਆ ਸੀ । ਜਰਮਨ ਹਵਾਈ ਜਹਾਜ਼ ਉਹਨਾਂ ਨਾਲੋਂ ਤਿੰਨ ਗੁਣਾ ਸਨ, ਪਰ ਤਾਂ ਵੀ ਹਵਾਬਾਜ਼ ਬੜੀ ਦਲੇਰੀ ਨਾਲ ਉਹਨਾਂ ਉੱਤੇ ਟੁੱਟ ਪਏ ਤੇ ਉਹਨਾਂ ਨੂੰ ਸਤੋਰਮੋਵਿਕਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਨ ਲੱਗੇ । ਉਹ ਦੁਸ਼ਮਣ ਨੂੰ ਦੂਰ ਲਿਜਾਈ ਜਾ ਰਹੇ ਸਨ, ਜਿਵੇਂ ਕਿ ਕਾਲੀ ਪਹਾੜੀ ਕੁੱਕੜੀ ਜਖ਼ਮੀ ਹੋਣ ਦਾ ਨਾਟਕ ਕਰਕੇ ਸ਼ਿਕਾਰੀਆਂ ਦਾ ਧਿਆਨ ਖਿੱਚ ਲੈਂਦੀ ਹੈ ਤਾਂ ਕਿ ਉਸਦੇ ਚੂਚੇ ਬਚੇ ਰਹਿਣ।
ਅਲੈਕਸੇਈ ਇਸ ਗੱਲ ਉੱਤੇ, ਕਿ ਉਸਨੇ ਆਪਣੇ ਆਪ ਨੂੰ ਸੌਖੇ ਸ਼ਿਕਾਰ ਦੇ ਲਾਲਚ ਵਿੱਚ ਫਸ ਜਾਣ ਦਿੱਤਾ ਸੀ, ਏਨਾਂ ਸ਼ਰਮਿੰਦਾ ਹੋਇਆ ਕਿ ਉਸਦੀ ਟੋਪੀ ਦੇ ਹੇਠਾਂ ਉਸਦੀਆਂ ਗੱਲ੍ਹਾਂ ਬਲਦੀਆਂ ਮਹਿਸੂਸ ਹੋਣ ਲੱਗੀਆਂ । ਉਸਨੇ ਇੱਕ ਨਿਸ਼ਾਨਾ ਚੁਣਿਆ ਤੇ ਆਪਣੇ ਦੰਦਾਂ ਦੀ ਕਚੀਚੀ ਭਰਦਿਆਂ ਲੜਾਈ ਵਿੱਚ ਜਾ ਕੁੱਦਿਆ। ਉਸਨੇ ਜਿਹੜਾ ਨਿਸ਼ਾਨਾ ਚੁਣਿਆ ਸੀ, ਉਹ ਇੱਕ ਐਸਾ “ਮੇਸ਼ਰ” ਸੀ ਜਿਹੜਾ ਬਾਕੀ ਦਿਆਂ ਨਾਲ਼ੋਂ ਜ਼ਰਾ ਵੱਖ ਹੋ ਗਿਆ ਸੀ, ਤੇ ਪ੍ਰਤੱਖ ਤੌਰ ਉੱਤੇ ਉਹ ਵੀ ਸ਼ਿਕਾਰ ਦੀ ਭਾਲ ਵਿੱਚ ਸੀ । ਆਪਣੇ ਹਵਾਈ ਜਹਾਜ਼ ਨੂੰ, ਜਿੱਥੋਂ ਤੱਕ ਵੱਧ ਤੋਂ ਵੱਧ ਸੰਭਵ ਸੀ, ਰਫ਼ਤਾਰ ਦੇਂਦਿਆ, ਉਸਨੇ ਪਾਸਿਉਂ ਦੀ ਦੁਸ਼ਮਨ ਉੱਤੇ ਹਮਲਾ ਕੀਤਾ। ਉਸਨੇ ਹਮਲੇ ਦੀ ਕਲਾ ਦੇ ਸਾਰੇ ਨਿਯਮਾਂ ਅਨੁਸਾਰ ਜਰਮਨ ਉੱਤੇ ਹਮਲਾ ਕੀਤਾ । ਦੁਸ਼ਮਣ ਦਾ ਹਵਾਈ ਨਿਸ਼ਾਨਾਂ ਬੰਨਣ ਵਾਲੀ ਚੁਕੋਰ ਦੁਆਲੇ ਦੇ ਮੱਕੜੀ ਦੇ ਜਾਲੇ ਵਿਚ ਸਪਸ਼ਟ ਦਿਖਾਈ ਦੇ ਰਿਹਾ ਸੀ, ਜਦੋਂ ਅਲੈਕਸੇਈ ਨੇ ਘੋੜਾ ਦਬਾ ਦਿੱਤਾ, ਪਰ ਦੁਸ਼ਮਣ ਦਾ ਹਵਾਈ ਜਹਾਜ਼ ਅਛੋਹ ਹੀ ਲੰਘ ਗਿਆ। ਇਹ ਨਹੀਂ ਸੀ ਹੋ ਸਕਦਾ ਕਿ ਅਲੈਕਸੇਈ ਦਾ ਨਿਸ਼ਾਨਾ ਖੁੰਝ ਗਿਆ ਹੋਵੇ। ਨਿਸ਼ਾਨਾ ਨੇੜੇ ਹੀ ਸੀ ਤੇ ਸਾਫ਼ ਦਿਖਾਈ ਦੇ ਰਿਹਾ ਸੀ । “ਅਸਲਾ !” ਅਲੈਕਸੇਈ ਨੇ ਅੰਦਾਜ਼ਾ ਲਾਇਆ ਤੇ ਇੱਕਦਮ ਇੱਕ ਠੰਡੀ ਜਿਹੀ ਕੰਬਣੀ ਉਸਦੀ ਰੀੜ੍ਹ ਵਿੱਚ ਦੌੜ ਗਈ। ਉਸਨੇ ਗੰਨਾਂ ਨੂੰ ਅਜ਼ਮਾਉਣ ਲਈ ਇੱਕ ਵਾਰੀ ਫਿਰ ਘੋੜਾ ਦਬਾਇਆ, ਪਰ ਉਸਨੂੰ ਉਹ ਥਰਕਣ ਨਾ ਮਹਿਸੂਸ ਹੋਈ, ਜਿਸ ਥਰਕਣ ਨੂੰ ਹਰ ਪਾਇਲਟ ਆਪਣੇ ਸਾਰੇ ਵਜੂਦ ਨਾਲ ਮਹਿਸੂਸ ਕਰਦਾ ਹੈ, ਜਦੋਂ ਉਹ ਆਪਣੀਆਂ ਮਸ਼ੀਨ-ਗੰਨਾਂ ਚਲਾਉਂਦਾ ਹੈ। ਗੋਲੀਆਂ ਮੁੱਕ ਚੁੱਕੀਆਂ ਸਨ; ਉਸਨੇ ਟਰਾਂਸਪੋਰਟ ਜਹਾਜ਼ਾਂ ਦਾ ਪਿੱਛਾ ਕਰਦਿਆਂ ਸਾਰਾ ਅਸਲਾ ਖ਼ਤਮ ਕਰ ਦਿਤਾ ਸੀ।
ਪਰ ਦੁਸ਼ਮਣ ਨੂੰ ਇਸਦਾ ਪਤਾ ਨਹੀਂ ਸੀ! ਅਲੈਕਸੇਈ ਨੇ ਲੜਾਈ ਵਿੱਚ ਸ਼ਾਮਲ ਹੋ ਜਾਣ ਦਾ ਫੈਸਲਾ ਕੀਤਾ, ਤਾਂ ਕਿ ਘੱਟੋ-ਘੱਟ ਗਿਣਤੀ ਦੀ ਤਨਾਸਬ ਨੂੰ ਹੀ ਠੀਕ ਕੀਤਾ ਜਾ ਸਕੇ । ਪਰ ਉਸਨੂੰ ਗ਼ਲਤੀ ਲੱਗੀ ਸੀ । ਜਿਸ ਲੜਾਕਾ ਹਵਾਈ ਜਹਾਜ਼ ਉੱਪਰ ਉਸਨੇ ਅਸਫ਼ਲ ਹਮਲਾ ਕੀਤਾ ਸੀ, ਉਸਨੂੰ ਕੋਈ ਤਜਰਬੇਕਾਰ ਤੇ ਨਿਗਾਹ ਰੱਖਣ ਵਾਲ਼ਾ ਪਾਇਲਟ ਚਲਾ ਰਿਹਾ ਸੀ! ਜਰਮਨ ਨੇ ਸਮਝ ਲਿਆ ਕਿ ਉਸਦੇ ਦੁਸ਼ਮਣ ਦਾ ਗੋਲੀ-ਸਿੱਕਾ ਖ਼ਤਮ ਹੋ ਗਿਆ ਹੈ ਤੇ ਉਸਨੇ ਆਪਣੇ ਸਾਥੀਆਂ ਨੂੰ ਹੁਕਮ ਦੇ ਦਿੱਤਾ। ਚਾਰ “ਮੇਸਰ” ਬਾਕੀ ਦਿਆਂ ਨਾਲੋਂ ਵੱਖ ਹੋਏ ਤੇ ਉਹਨਾਂ ਨੇ ਅਲੈਕਸੇਈ ਨੂੰ ਘੇਰ ਲਿਆ, ਇੱਕ ਇੱਕ ਪਾਸਿਆਂ ਵੱਲ ਤੇ ਇੱਕ ਇੱਕ ਹੇਠਾਂ ਤੇ ਉੱਪਰ । ਟਰੇਸਰ ਗੋਲੀਆਂ ਚਲਾਉਂਦੇ ਹੋਏ, ਜਿਹੜੀਆਂ ਸਾਫ਼, ਨੀਲੀ ਹਵਾ ਵਿੱਚ ਸਾਫ ਦਿਖਾਈ ਦੇਂਦੀਆਂ ਸਨ, ਉਹਨਾਂ ਨੇ ਉਸਨੂੰ ਰਾਹ ਮਨਵਾਉਣਾ ਸ਼ੁਰੂ ਕਰ ਦਿੱਤਾ, ਤੇ ਦੂਹਰੀ “ਕੈਂਚੀ” ਵਿੱਚ ਘੇਰ ਲਿਆ।
ਕਈ ਦਿਨ ਪਹਿਲਾਂ, ਅਲੈਕਸੇਈ ਨੇ ਸੁਣਿਆ ਸੀ ਕਿ ਪ੍ਰਸਿੱਧ ਜਰਮਨ ਰੀਹਟਹੌਫਨ ਡਵੀਜ਼ਨ ਪੱਛਮ ਵੱਲੋਂ ਇਸ ਹਲਕੇ, ਸਤਾਰਾਯਾ ਰੂਸਾ ਵਿੱਚ ਆ ਲੱਥਾ ਹੈ। ਇਸ ਡਵੀਜ਼ਨ ਵਿਚ ਫਾਸਿਸਟ ਰਾਈਖ ਦੇ ਚੰਗੇ ਤੋਂ ਚੰਗੇ, ਉੱਚ ਕੋਟੀ ਦੇ ਪਾਇਲਟ ਸਨ, ਤੇ ਇਹ ਖ਼ੁਦ ਗੇਰਿੰਗ ਦੀ ਸਰਪ੍ਰਸਤੀ ਹੇਠ ਸੀ । ਅਲੈਕਸੇਈ ਨੇ ਸਮਝ ਲਿਆ ਕਿ ਉਹ ਇਹਨਾਂ ਹਵਾਈ ਭੇੜੀਆਂ ਦੇ ਪੰਜਿਆਂ ਵਿੱਚ ਆ ਗਿਆ ਹੈ, ਤੇ ਪ੍ਰਤੱਖ ਤੌਰ ਉੱਤੇ, ਉਹ ਉਸਨੂੰ ਮਜ਼ਬੂਰ ਕਰਨਾ ਚਾਹੁੰਦੇ ਹਨ ਕਿ ਉਹ ਉਹਨਾਂ ਦੇ ਹਵਾਈ ਅੱਡੇ ਵੱਲ ਉੱਡ ਚਲੇ, ਉੱਥੇ ਉਤਰਨ ਲਈ ਮਜ਼ਬੂਰ ਕਰਨਾ ਤੇ ਉਸਨੂੰ ਕੈਦੀ ਬਨਾਉਣਾ ਚਾਹੁੰਦੇ ਹਨ। ਇਸ ਤਰ੍ਹਾਂ ਦੀਆਂ ਵਾਰਦਾਤਾਂ ਵਾਪਰੀਆਂ ਸਨ। ਅਸੈਕਸੇਈ ਨੇ ਆਪਣੇ ਦੋਸਤ, ਆਂਦਰੇਈ ਦੇਗਤੀਆਰੈਨਕੋ, ਸੋਵੀਅਤ ਯੂਨੀਅਨ ਦੇ ਹੀਰੋ ਦੀ ਕਮਾਨ ਹੇਠਲੀ ਇੱਕ ਲੜਾਕਾ ਜਹਾਜ਼ਾਂ ਦੀ ਉਡਾਨ ਨੂੰ ਇੱਕ ਜਰਮਨ ਹਵਾਈ ਨਿਰੀਖਕ ਨੂੰ ਲਿਆਉਂਦਿਆਂ ਤੇ ਉਸਨੂੰ ਉਤਰਨ ਲਈ ਮਜ਼ਬੂਰ ਕਰਦਿਆਂ ਦੇਖਿਆ ਸੀ।
ਅਲੈਕਸੇਈ ਦੀਆਂ ਨਜ਼ਰਾਂ ਸਾਮ੍ਹਣੇ ਜਰਮਨ ਕੈਦੀ ਦਾ ਲੰਬੂਤਰਾ ਜਿਹਾ, ਸਵਾਹ-ਰੰਗਾ ਚਿਹਰਾ ਤੇ ਉਸਦੇ ਲੜਖੜਾਉਂਦੇ ਕਦਮ ਆ ਗਏ। “ਕੈਦੀ ਬਣਾ ਲਿਆ ਜਾਵਾਂਗਾ? ਕਦੀ ਵੀ ਨਹੀਂ ! ਇਹ ਦਾਅ ਨਹੀਂ ਚਲੇਗਾ!” ਉਸਨੇ ਦ੍ਰਿੜ ਫੈਸਲਾ ਕੀਤਾ।
ਪਰ ਹਰ ਕੋਸ਼ਿਸ਼ ਦੇ ਬਾਵਜ਼ੂਦ ਉਹ ਬਚਕੇ ਨੱਠ ਨਾ ਸਕਿਆ। ਜਿਉਂ ਹੀ ਉਹ ਜਰਮਨਾਂ ਦੇ ਦੱਸੇ ਰਾਹ ਤੋਂ ਲਾਂਭੇ ਜਾਣ ਦੀ ਕੋਸ਼ਿਸ਼ ਕਰਦਾ, ਉਹ ਮਸ਼ੀਨ-ਗੰਨਾਂ ਚਲਾ ਕੇ ਉਸਦਾ ਰਾਹ ਰੋਕ ਲੈਂਦੇ । ਤੇ ਫਿਰ ਜਰਮਨ ਕੈਦੀ ਦੀ ਸ਼ਕਲ, ਉਸਦਾ ਮੁੜਿਆ ਹੋਇਆ ਮੂੰਹ ਤੇ ਕੰਬਦੇ ਜਬਾੜੇ, ਅਲੈਕਸੇਈ ਦੀਆਂ ਅੱਖਾਂ ਸਾਮ੍ਹਣੇ ਆ ਜਾਂਦੇ । ਉਸ ਚਿਹਰੇ ਉੱਤੇ ਹੀਣ ਪਾਸ਼ਵੀ ਡਰ ਉੱਕਰਿਆ ਪਿਆ ਸੀ।
ਮਰੇਸੇਯੇਵ ਨੇ ਘੁੱਟ ਕੇ ਆਪਣੇ ਦੰਦ ਮੀਚੇ ਆਪਣੇ ਇੰਜਣ ਦੀ ਰਫ਼ਤਾਰ ਪੂਰੀ ਤਰ੍ਹਾਂ ਛੱਡ ਦਿੱਤੀ, ਤੇ ਖੜੀ ਹਾਲਤ ਵਿੱਚ ਆ ਕੇ ਉਸ ਹਵਾਈ ਜਹਾਜ਼ ਦੇ ਹੇਠਾਂ ਗੋਤਾ ਲਾਉਣ ਦਾ ਯਤਨ ਕੀਤਾ, ਜਿਹੜਾ ਉਸਨੂੰ ਜ਼ਮੀਨ ਵੱਲ ਦਬਾਅ ਰਿਹਾ ਸੀ। ਦੁਸ਼ਮਣ ਦੇ ਹਵਾਈ ਜਹਾਜ਼ ਦੇ ਹੇਠੋਂ ਉਹ ਨਿਕਲਣ ਵਿੱਚ ਸਫ਼ਲ ਹੋ ਗਿਆ, ਪਰ ਉਸ ਜਰਮਨ ਨੇ ਐਨ ਮੌਕੇ ਸਿਰ ਮਸ਼ੀਨ-ਗੰਨਾਂ ਚਲਾ ਦਿੱਤੀਆਂ। ਅਲੈਕਸੇਈ ਦੇ ਇੰਜਣ ਦਾ ਤੇਲ ਖ਼ਤਮ ਹੋ ਗਿਆ ਤੇ ਵਿੱਚ ਵਿੱਚ ਇਸ ਦੀ ਧੜਕਣ ਰੁਕਣ ਲੱਗ ਪਈ । ਸਾਰਾ ਹਵਾਈ ਜਹਾਜ਼ ਕੰਬਣ ਲੱਗ ਪਿਆ, ਜਿਵੇਂ ਕਿ ਇਸਨੂੰ ਮਾਰੂ ਬੁਖਾਰ ਚੜ੍ਹਿਆ ਹੋਵੇ ।
“ਮੈਂ ਨਿਸ਼ਾਨਾ ਬਣ ਚੁੱਕਾ ਹਾਂ!” ਅਲੈਕਸੇਈ ਇਕ ਚਿੱਟੇ ਸੰਘਣੇ ਬੱਦਲ ਵਿੱਚ ਲੋਪ ਹੋਣ ਵਿੱਚ ਸਫ਼ਲ ਹੋ ਗਿਆ ਤੇ ਇਸ ਤਰ੍ਹਾਂ ਉਸਨੇ ਆਪਣਾ ਪਿੱਛਾ ਕਰਨ ਵਾਲਿਆਂ ਨੂੰ ਮਗਰੋਂ ਲਾਹ ਦਿੱਤਾ । ਪਰ ਅੱਗੋਂ ਕੀ ਕੀਤਾ ਜਾ ਸਕਦਾ ਸੀ ? ਜ਼ਖਮੀ ਹਵਾਈ ਜਹਾਜ਼ ਦੀਆਂ ਥਰਕਣਾਂ ਉਹ ਆਪਣੇ ਸਾਰੇ ਵਜੂਦ ਰਾਹੀਂ ਮਹਿਸੂਸ ਕਰ ਰਿਹਾ ਸੀ, ਜਿਵੇਂ ਕਿ ਇਹ ਉਸਦੇ ਸ਼ਿਕਾਰ ਹੋ ਚੁੱਕੇ ਇੰਜਣ ਦੀਆਂ ਮੌਤ-ਕੜਵੱਲਾਂ ਨਹੀਂ ਸਗੋਂ ਉਸਦੇ ਆਪਣੇ ਸਰੀਰ ਦਾ ਬੁਖਾਰ ਹੈ, ਜਿਹੜਾ ਉਸਨੂੰ ਕਾਂਬਾ ਛੇੜ ਰਿਹਾ ਹੈ।
ਇੰਜਣ ਨੂੰ ਨੁਕਸਾਨ ਕਿੱਥੇ ਪੁੱਜਾ ਹੈ ? ਹਵਾਈ ਜਹਾਜ਼ ਕਿੰਨੀਂ ਦੇਰ ਹਵਾ ਵਿੱਚ ਰਹਿ ਸਕਦਾ ਹੈ ? ਕੀ ਪੈਟਰੋਲ ਦੀ ਟੈਂਕੀ ਫਟ ਜਾਏਗੀ? ਅਲੈਕਸੇਈ ਇਹਨਾਂ ਸਵਾਲਾਂ ਬਾਰੇ ਏਨਾਂ ਸੋਚ ਨਹੀਂ ਸੀ ਰਿਹਾ, ਜਿੰਨਾਂ ਇਹਨਾਂ ਨੂੰ ਮਹਿਸੂਸ ਕਰ ਰਿਹਾ ਸੀ । ਇਸ ਤਰ੍ਹਾਂ ਨਾਲ ਮਹਿਸੂਸ ਕਰਦਿਆਂ ਕਿ ਜਿਵੇਂ ਉਹ ਐਸੇ ਡਾਈਨਾਮਾਈਟ ਉੱਤੇ ਬੈਠਾ ਹੈ, ਜਿਸਦੇ ਤੋੜੇ ਨੂੰ ਪਹਿਲਾਂ ਹੀ ਅੱਗ ਲਾਈ ਜਾ ਚੁੱਕੀ ਹੈ, ਉਸਨੇ ਆਪਣਾ ਹਵਾਈ ਜਹਾਜ਼ ਪਿੱਛੇ ਨੂੰ ਮੋੜਿਆ ਤੇ ਆਪਣੀਆਂ ਸਫਾਂ ਵੱਲ ਨੂੰ ਚੱਲ ਪਿਆ, ਤਾਂ ਕਿ ਉਸਦੀਆਂ ਅਸਥੀਆਂ ਤਾਂ ਉਸਦੇ ਆਪਣੇ ਲੋਕ ਦਬਾਉਣ ।
ਅੰਤ ਜਲਦੀ ਹੀ ਆ ਗਿਆ। ਇੰਜਣ ਰੁਕ ਗਿਆ । ਹਵਾਈ ਜਹਾਜ਼ ਤਿਲ੍ਹਕਦਾ ਹੋਇਆ ਜ਼ਮੀਨ ਵੱਲ ਜਾਣ ਲੱਗ ਪਿਆ, ਜਿਵੇਂ ਕਿ ਇਹ ਪਹਾੜ ਦੇ ਬੇਹੱਦ ਢਾਲਵੇਂ ਪਾਸੇ ਉੱਤੋਂ ਦੀ ਰਿੜ੍ਹਦਾ ਜਾ ਰਿਹਾ ਹੋਵੇ । ਇਸਦੇ ਹੇਠਾਂ ਅਥਾਹ ਸਾਗਰ ਦੀਆਂ ਸਲੇਟੀ-ਹਰੀਆਂ ਲਹਿਰਾਂ ਵਾਂਗ ਜੰਗਲ ਠਾਠਾਂ ਮਾਰ ਰਿਹਾ ਸੀ ।. “ਤਾਂ ਵੀ, ਕੈਦੀ ਤਾਂ ਨਹੀਂ ਬਣਾ ਲਿਆ ਜਾਵਾਂਗਾ”, ਇਹ ਸੀ ਵਿਚਾਰ ਜਿਹੜਾ ਪਾਇਲਟ ਦੇ ਦਿਮਾਗ਼ ਵਿੱਚੋਂ ਲੰਘਿਆ, ਜਦੋਂ ਨੇੜੇ ਤੋਂ ਨੇੜੇ ਦੇ ਦਰਖਤ ਮਿਲ ਕੇ ਇਕ ਇਕਸਾਰ ਰਸਤਾ ਬਣਾਉਂਦੇ ਹੋਏ, ਉਸਦੇ ਹਵਾਈ ਜਹਾਜ਼ ਦੇ ਹੇਠੋਂ ਦੀ ਦੌੜਦੇ ਲੰਘ ਰਹੇ ਸਨ । ਜਦੋਂ ਜੰਗਲ ਕਿਸੇ ਜਾਂਗਲੀ ਪਸ਼ੂ ਵਾਂਗ ਉਸ ਉੱਤੇ ਲਪਕ ਪਿਆ, ਤਾਂ ਉਸਨੇ ਸਹਿਜ-ਸੁਭਾਵਕ ਹੀ ਮੈਗਨੇਟ ਬੰਦ ਕਰ ਦਿੱਤਾ। ਪੀਹ ਸੁੱਟਣ ਵਾਲਾ ਧਮਾਕਾ ਸੁਣਾਈ ਦਿੱਤਾ ਤੇ ਅੱਖ-ਪਲਕਾਰੇ ਵਿੱਚ ਸਭ ਕੁਝ ਅੱਖਾਂ ਅੱਗੋਂ ਲੋਪ ਹੋ ਗਿਆ, ਜਿਵੇਂ ਕਿ ਉਸਨੇ ਤੇ ਉਸਦੀ ਮਸ਼ੀਨ ਨੇ ਹਨੇਰੇ, ਨਿੱਘੇ, ਸੰਘਣੇ ਪਾਣੀ ਵਿੱਚ ਟੁੱਭੀ ਲਾ ਦਿੱਤੀ ਹੋਵੇ।
ਹਵਾਈ ਜਹਾਜ਼ ਹੇਠਾਂ ਆਉਂਦਾ ਹੋਇਆ ਦਿਆਰਾਂ ਦੀਆਂ ਸਿਖਰਾਂ ਨਾਲ ਵੱਜਾ। ਇਸ ਨਾਲ ਡਿੱਗਣ ਦਾ ਜ਼ੋਰ ਘੱਟ ਹੋ ਗਿਆ। ਕਈ ਦਰਖਤਾਂ ਨੂੰ ਡੇਗਦਾ ਹੋਇਆ, ਹਵਾਈ ਜਹਾਜ਼ ਟੋਟੇ-ਟੋਟੇ ਹੋ ਗਿਆ, ਪਰ ਉਸਤੋਂ ਜ਼ਰਾ ਕੁ ਹੀ ਪਹਿਲਾਂ ਅਲੈਕਸੇਈ ਕਾਕਪਿਟ ਵਿੱਚੋਂ ਬਾਹਰ ਜਾ ਪਿਆ, ਤੇ ਚੌੜੀਆਂ ਟਾਹਣਾਂ ਵਾਲੇ, ਸਦੀ ਪੁਰਾਣੇ ਫਰ ਦੇ ਦਰਖਤ ਉੱਪਰ ਡਿੱਗਦਾ ਹੋਇਆ, ਉਹ ਇਸਦੀਆਂ ਟਾਹਣੀਆਂ ਉੱਪਰੋਂ ਤਿਲ੍ਹਕ ਕੇ ਹੇਠਾਂ ਬਰਫ਼ ਦੇ ਵੱਡੇ ਸਾਰੇ ਢੇਰ ਉੱਤੇ ਆ ਡਿੱਗਾ, ਜਿਹੜਾ ਢੇਰ ਹਵਾ ਨੇ ਦਰਖਤ ਦੇ ਪੈਰਾਂ ਵਿੱਚ ਲਿਆ ਇਕੱਠਾ ਕੀਤਾ ਸੀ । ਇਸ ਨਾਲ ਉਸਦੀ ਜਾਨ ਬਚ ਗਈ।
ਅਲੈਕਸੇਈ ਨੂੰ ਨਹੀਂ ਯਾਦ ਕਿ ਉਹ ਕਿੰਨੀ ਦੇਰ ਉਥੇ ਬੇਹੋਸ਼ ਤੇ ਬੇਹਰਕਤ ਪਿਆ ਰਿਹਾ । ਧੁੰਦਲੇ ਜਿਹੇ ਮਨੁੱਖਾ ਪ੍ਰਛਾਵੇਂ, ਇਮਾਰਤਾਂ ਦੀਆਂ ਰੂਪ-ਰੇਖਾਵਾਂ ਤੇ ਯਕੀਨੋਂ ਬਾਹਰੀਆਂ ਮਸ਼ੀਨਾਂ ਉਸਦੇ ਕੋਲੋਂ ਦੀ ਤੇਜ਼ ਤੇਜ਼ ਲੰਘਣ ਲੱਗੀਆ, ਤੇ ਜਿਸ ਵਾ-ਵਰੋਲੇ ਦੀ ਰਫ਼ਤਾਰ ਨਾਲ ਉਹ ਉਸਦੇ ਸਾਮ੍ਹਣਿਉਂ ਤੇਜ਼ ਤੇਜ਼ ਲੰਘੀ ਜਾ ਰਹੀਆਂ ਸਨ, ਉਸਨੇ ਉਸਦੇ ਸਰੀਰ ਵਿੱਚ ਦਬੀ ਜਿਹੀ, ਕੁਤਰਵੀਂ ਪੀੜ ਭਰ ਦਿੱਤੀ। ਫਿਰ ਅਨਿਸ਼ਚਿਤ ਸ਼ਕਲ ਦੀ ਕੋਈ ਵੱਡੀ ਤੇ ਨਿੱਘੀ ਚੀਜ਼ ਉਸ ਸਾਰੇ ਖਿਲਾਰੇ ਵਿੱਚੋਂ ਉਭਰੀ ਤੇ ਗਰਮ, ਬਦਬੂ-ਭਰਿਆ ਸਾਹ ਉਸਦੇ ਮੂੰਹ ਉੱਤੇ ਛੱਡਣ ਲੱਗੀ । ਉਸਨੇ ਰਿੜ ਕੇ ਇਸਤੋਂ ਦੂਰ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਸਦਾ ਸਰੀਰ ਬਰਫ਼ ਵਿੱਚ ਪੱਕੀ ਤਰ੍ਹਾਂ ਗੱਡਿਆ ਗਿਆ ਲੱਗਦਾ ਸੀ ਆਪਣੇ ਦੁਆਲੇ ਮੰਡਲਾ ਰਹੀ ਅਣਜਾਣੀ ਭਿਅੰਕਰਤਾ ਦਾ ਪ੍ਰੇਰਿਆ ਹੋਇਆ, ਉਹ ਇੱਕਦਮ ਯਤਨ ਕਰਨ ਲਗਾ ਤੇ ਇੱਕਦਮ ਉਸਨੂੰ ਮਹਿਸੂਸ ਹੋਇਆ ਕਿ ਕਕਰੀਲੀ ਹਵਾ ਉਸਦੇ ਫੇਫੜਿਆਂ ਵਿੱਚ ਦਾਖ਼ਲ ਹੋ ਰਹੀ ਹੈ, ਉਸਦੀ ਗੱਲ੍ਹ ਠੰਡੀ ਬਰਫ਼ ਨਾਲ ਲੱਗੀ ਹੋਈ ਹੈ ਤੇ ਸਖ਼ਤ ਪੀੜ ਹੁਣ ਉਸਨੂੰ ਆਪਣੇ ਸਰੀਰ ਵਿੱਚ ਨਹੀਂ, ਸਗੋਂ ਆਪਣੇ ਪੈਰਾਂ ਵਿੱਚ ਮਹਿਸੂਸ ਹੋਣ ਲੱਗੀ ।
“ਮੈਂ ਜ਼ਿੰਦਾ ਹਾਂ !” ਉਸਦੇ ਦਿਮਾਗ਼ ਵਿੱਚੋਂ ਇਹ ਖਿਆਲ ਲੰਘ ਗਿਆ। ਉਸਨੇ ਉੱਠਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਆਪਣੇ ਨੇੜੇ ਕਿਸੇ ਦੇ ਪੈਰਾਂ ਹੇਠ ਬਰਫ਼ ਕਿਰਚ-ਕਿਰਚ ਕਰਦੀ, ਤੇ ਉੱਚੀ ਉੱਚੀ ਗੁੱਰਾਹਟ ਨਾਲ ਕਿਸੇ ਦੇ ਸਾਹ ਲੈਣ ਦੀ ਅਵਾਜ਼ ਸੁਣੀ। “ਜਰਮਨ ਨੇ ।” ਉਸਨੂੰ ਇੱਕਦਮ ਖਿਆਲ ਆਇਆ, ਤੇ ਉਸਨੇ ਅੱਖਾਂ ਖੋਹਲਣ ਦੀ, ਉਛਲ ਕੇ ਖੜੇ ਹੋ ਜਾਣ ਤੇ ਆਪਣੀ ਰਾਖੀ ਕਰਨ ਦੀ ਤੀਬਰ ਇੱਛਾ ਨੂੰ ਦਬਾ ਲਿਆ। “ਕੈਦੀ! ਆਖ਼ਰ ਕੈਦੀ ਹੀ ਬਣ ਗਿਆ! ਮੈਂ ਕੀ ਕਰਾਂਗਾ?”
ਉਸਨੂੰ ਯਾਦ ਆਇਆ ਕਿ ਇੱਕ ਦਿਨ ਹੀ ਪਹਿਲਾਂ ਹਰਫ਼ਨਮੌਲਾ ਮਿਸਤਰੀ ਯੂਰਾ ਨੇ ਉਸਦੇ ਪਿਸਤੌਲ ਦੇ ਕੇਸ ਦੀ ਜੀਭੀ ਲਾ ਦੇਣ ਦੀ ਪੇਸ਼ਕਸ਼ ਕੀਤੀ ਸੀ, ਜਿਹੜੀ ਟੁੱਟ ਗਈ ਸੀ, ਪਰ ਉਸ ਨੇ ਇਹ ਪੇਸ਼ਕਸ਼ ਸਵੀਕਾਰ ਨਹੀਂ ਸੀ ਕੀਤੀ। ਇਸ ਦੇ ਸਿੱਟੇ ਵਜੋਂ ਉਸਨੂੰ ਆਪਣੀ ਪਿਸਤੌਲ ਆਪਣੇ ਉਡਾਣ ਵੇਲੇ ਦੇ ਸੂਟ ਦੇ ਪੱਟ ਉਪਰਲੀ ਜੇਬ ਵਿੱਚ ਰੱਖਣੀ ਪਈ ਸੀ। ਇਸ ਤੱਕ ਪਹੁੰਚਣ ਲਈ ਹੁਣ ਉਸਨੂੰ ਪਾਸੇ ਵੱਲ ਨੂੰ ਮੁੜਨਾ ਪੈਣਾ ਸੀ, ਪਰ ਦੁਸ਼ਮਣ ਦਾ ਧਿਆਨ ਖਿੱਚੇ ਬਗੈਰ ਉਹ ਇੰਝ ਨਹੀਂ ਸੀ ਕਰ ਸਕਦਾ; ਉਹ ਮੂੰਹ ਹੇਠਾਂ ਵੱਲ ਕਰਕੇ ਪਿਆ ਸੀ । ਆਪਣੇ ਪੱਟ ਦੇ ਨਾਲ ਉਸਨੂੰ ਪਿਸਤੌਲ ਦੇ ਤੇਜ਼ ਕਿਨਾਰੇ ਮਹਿਸੂਸ ਹੋਏ; ਪਰ ਉਹ ਬੇਹਰਕਤ ਪਿਆ ਰਿਹਾ; ਸ਼ਾਇਦ ਦੁਸ਼ਮਣ ਉਸਨੂੰ ਮੁਰਦਾ ਹੀ ਸਮਝ ਲਵੇ ਤੇ ਉੱਥੋਂ ਚਲਾ ਜਾਏ ।
ਜਰਮਨ ਤੁਰਦਾ ਹੋਇਆ ਉਸਦੇ ਨੇੜੇ ਆਇਆ, ਅਜੀਬ ਜਿਹੀ ਤਰ੍ਹਾਂ ਉਸਨੇ ਹਉਕਾ ਭਰਿਆ, ਤੇ ਫਿਰ ਪੈਰਾਂ ਹੇਠਾਂ ਬਰਫ਼ ਮਿਧਦਾ ਹੋਇਆ ਇੱਕ ਵਾਰੀ ਮੁੜ ਕੇ ਉਸ ਤੱਕ ਆਇਆ । ਅਲੈਕਸੇਈ ਨੂੰ ਇੱਕ ਵਾਰੀ ਫਿਰ ਉਸਦੇ ਮੂੰਹ ਵਿੱਚੋਂ ਬਦਬੂਦਾਰ ਸਾਹ ਆਉਂਦਾ ਮਹਿਸੂਸ ਹੋਇਆ। ਉਸਨੂੰ ਪਤਾ ਸੀ ਕਿ ਜਰਮਨ ਸਿਰਫ਼ ਇੱਕ ਹੈ, ਤੇ ਇਸ ਕਰਕੇ ਉਸਨੂੰ ਬਚ ਨਿਕਲਣ ਦਾ ਮੌਕਾ ਮਿਲ ਸਕਦਾ ਹੈ, ਜੇ ਉਹ ਉਸਦਾ ਖਿਆਲ ਰੱਖੇ, ਇੱਕਦਮ ਉਛਲ ਕੇ ਖੜੋ ਜਾਏ, ਤੇ ਇਸਤੋਂ ਪਹਿਲਾਂ ਕਿ ਉਹ ਆਪਣੀ ਬੰਦੂਕ ਤੱਕ ਹੱਥ ਵਧਾਏ, ਉਸਨੂੰ ਗਲੇ ਤੋਂ ਫੜ ਸਕੇ ।… ਪਰ ਇਹ ਬੜੇ ਧਿਆਨ ਨਾਲ਼ ਤੇ ਬੇਹਦ ਸ਼ੁਧਤਾਈ ਨਾਲ ਕਰਨਾ ਪਵੇਗਾ।
ਆਪਣੀ ਪੁਜ਼ੀਸ਼ਨ ਬਦਲੇ ਬਿਨਾਂ, ਅਲੈਕਸੇਈ ਨੇ ਹੌਲ਼ੀ ਹੌਲ਼ੀ ਆਪਣੀਆਂ ਅੱਖਾਂ ਖੋਹਲੀਆਂ, ਤੇ ਆਪਣੀਆਂ ਅੱਧ-ਮੀਟੀਆਂ ਪਲਕਾਂ ਥਾਣੀ ਉਸਨੂੰ ਜਰਮਨ ਨਹੀਂ ਸਗੋਂ ਭੂਰਾ ਜਿਹਾ, ਜੱਤਲ ਥਾਂ ਦਿਖਾਈ ਦਿੱਤਾ । ਉਸਨੇ ਆਪਣੀਆਂ ਅੱਖਾਂ ਹੋਰ ਚੌੜੀਆਂ ਕਰ ਕੇ ਦੇਖਿਆ ਤੇ ਇੱਕਦਮ ਉਹਨਾਂ ਨੂੰ ਮੁੜ ਬੰਦ ਕਰ ਲਿਆ: ਇਕ ਵੱਡਾ ਸਾਰਾ, ਪਤਲਾ, ਜੱਤਲ ਰਿੱਛ ਉਸਦੇ ਸਾਮ੍ਹਣੇ ਚਿੱਤੜਾਂ-ਭਾਰ ਬੈਠਾ ਸੀ ।
3
ਬੇਹਰਕਤ ਮਨੁੱਖਾ ਆਕਾਰ ਦੇ ਨੇੜੇ, ਜਿਹੜਾ ਧੁੱਪ ਵਿੱਚ ਲਿਸ਼ਕ ਰਹੀ ਨੀਲੀ ਜਿਹੀ ਬਰਫ਼ ਵਿੱਚ ਮਸਾਂ ਹੀ ਉਭਰਦਾ ਦਿਖਾਈ ਦੇਂਦਾ ਸੀ, ਰਿੱਛ ਇੰਝ, ਚੁੱਪ-ਚਾਪ ਬੈਠਾ ਸੀ, ਜਿਵੇਂ ਸਿਰਫ਼ ਕੋਈ ਜੰਗਲੀ ਜਾਨਵਰ ਹੀ ਬੈਠ ਸਕਦਾ ਹੈ।
ਇਸਦੀਆਂ ਗੰਦੀਆਂ ਨਾਸਾਂ ਹੌਲੀ ਹੌਲੀ ਫ਼ਰਕ ਰਹੀਆਂ ਸਨ। ਇਸਦੇ ਅੱਧ-ਖੁੱਲ੍ਹੇ ਜਬਾੜਿਆਂ ਵਿੱਚੋਂ, ਜਿਨ੍ਹਾਂ ਵਿਚ ਪੁਰਾਣੇ, ਪੀਲੇ, ਪਰ ਅਜੇ ਵੀ ਤਗੜੇ ਦੰਦ ਦਿਖਾਈ ਦੇਂਦੇ ਸਨ, ਹਵਾ ਵਿੱਚ ਲਹਿਰਾਉਂਦੀ ਗਾਹੜੇ ਥੁੱਕ ਦੀ ਇੱਕ ਡੋਰ ਲਟਕ ਰਹੀ ਸੀ।
ਜੰਗ ਨੇ ਇਸ ਤੋਂ ਇਸਦੀ ਸਿਆਲੇ ਦੀ ਨੀਂਦ ਖੋਹ ਲਈ ਸੀ, ਤੇ ਇਹ ਹੁਣ ਭੁੱਖਾ ਸੀ ਤੇ ਗੁੱਸੇ ਵਿੱਚ ਸੀ। ਪਰ ਰਿੱਛ ਲਾਸ਼ ਨਹੀਂ ਖਾਂਦੇ। ਬੇਹਰਕਤ ਪਏ ਸਰੀਰ ਨੂੰ ਸੁੰਘਣ ਤੋਂ ਮਗਰੋਂ, ਜਿਸ ਵਿੱਚੋਂ ਪੈਟਰੋਲ ਦੀ ਸਖ਼ਤ ਬੋਅ ਆ ਰਹੀ ਸੀ, ਰਿੱਛ ਨੇ ਸੁਸਤ-ਚਾਲ ਮੈਦਾਨ ਦਾ ਚੱਕਰ ਲਾਇਆ ਜਿਥੇ ਇਹੋ ਜਿਹੀਆਂ ਬਹੁਤ ਸਾਰੀਆਂ ਮਨੁੱਖੀ ਲਾਸ਼ਾਂ ਸੁੱਕੀ ਬਰਫ਼ ਵਿੱਚ ਜੰਮੀਆਂ ਪਈਆਂ ਸਨ; ਪਰ ਸਰਸਰ ਤੇ ਕਰਾਹਟ ਨੇ ਇਸਨੂੰ ਵਾਪਸ ਅਲੈਕਸੇਈ ਵੱਲ ਲੈ ਆਂਦਾ ।
ਤੇ ਇਸ ਲਈ ਹੁਣ ਇਹ ਅਲੈਕਸੇਈ ਦੇ ਕੋਲ ਬੈਠਾ ਸੀ । ਭੁੱਖ ਦੀ ਤੜਪ ਮੁਰਦੇ ਦਾ ਮਾਸ ਖਾਣ ਲਈ ਇਸਦੀ ਘਿਰਣਾ ਨਾਲ ਲੜਾਈ ਕਰ ਰਹੀ ਸੀ । ਭੁੱਖ ਦਾ ਪੱਲਾ ਭਾਰੀ ਹੋਣਾ ਸ਼ੁਰੂ ਹੋ ਗਿਆ ਸੀ । ਜਾਨਵਰ ਨੇ ਹਉਂਕਾ ਭਰਿਆ, ਉਠਿਆ, ਸਰੀਰ ਨੂੰ ਆਪਣੇ ਪੰਜੇ ਨਾਲ ਉਲਟਾਇਆ ਤੇ ਆਪਣੀਆਂ ਨਹੁੰਦਰਾ ਨਾਲ਼ ਉਡਾਣ ਵੇਲੇ ਦਾ ਸੂਟ ਪਾੜਣ ਲੱਗ ਪਿਆ। ਪਰ ਇਹ ਪੱਕਾ ਨਿਕਲਿਆ। ਰਿੱਛ ਮੱਧਮ ਜਿਹੀ ਅਵਾਜ਼ ਵਿੱਚ ਗੁਰਾਇਆ। ਉਸ ਵੇਲੇ ਅਲੈਕਸੇਈ ਨੂੰ ਬੇਹੱਦ ਕੋਸ਼ਿਸ਼ ਕਰਕੇ ਆਪਣੀ ਅੱਖਾਂ ਖੋਹਲਣ, ਪਾਸਾ ਪਰਤਣ, ਚੀਕਾਂ ਮਾਰਨ, ਤੇ ਆਪਣੀ ਛਾਤੀ ਉੱਤੇ ਆ ਪਏ ਭਾਰੀ-ਭਰਕਮ ਵਜ਼ੂਦ ਨੂੰ ਪਰੇ ਧੱਕਣ ਦੀ ਇੱਛਾ ਨੂੰ ਦਬਾਉਣਾ ਪਿਆ। ਉਸਦੀ ਸਾਰੀ ਹੋਂਦ ਉਸਨੂੰ ਸਖ਼ਤ ਤੇ ਜਾਨ-ਹੂਲਵੀਂ ਰਾਖੀ ਕਰਨ ਲਈ ਪ੍ਰੇਰ ਰਹੀ ਸੀ, ਪਰ ਉਸਨੇ ਆਪਣੇ ਆਪ ਨੂੰ ਮਜ਼ਬੂਰ ਕੀਤਾ ਕਿ ਹੌਲ਼ੀ ਹੌਲ਼ੀ ਤੇ ਅਪੋਹ ਢੰਗ ਨਾਲ ਆਪਣਾ ਹੱਥ ਆਪਣੀ ਜੇਬ ਵਿੱਚ ਖਿਸਕਾਏ, ਆਪਣੀ ਪਿਸਤੌਲ ਦੇ ਦਸਤੇ ਨੂੰ ਲੱਭੇ, ਇਸਦਾ ਘੋੜਾ ਧਿਆਨ ਨਾਲ ਚੜ੍ਹਾਏ ਤਾਂ ਕਿ ਜ਼ਰਾ ਵੀ ਅਵਾਜ਼ ਨਾ ਆਏ, ਤੇ ਅਪੋਹ ਢੰਗ ਨਾਲ ਹੀ ਇਸਨੂੰ ਦਬਾ ਦੇਵੇ ।
ਰਿੱਛ ਹੋਰ ਵੀ ਕਰੋਧ ਵਿੱਚ ਆ ਕੇ ਉਸਦਾ ਸੂਟ ਪਾੜਨ ਲੱਗਾ। ਮਜ਼ਬੂਤ ਕੱਪੜਾ ਕਿੜ-ਕਿੜ ਕਰਨ ਲੱਗਾ, ਪਰ ਤਾਂ ਵੀ ਫਟਿਆ ਨਾ। ਰਿੱਛ ਪਾਗ਼ਲ ਹੋ ਕੇ ਗਰਜਣ ਲੱਗਾ; ਉਸਨੇ ਸੂਟ ਨੂੰ ਆਪਣੇ ਦੰਦਾਂ ਵਿੱਚ ਲੈ ਲਿਆ, ਤੇ ਜੱਤ ਤੇ ਰੂੰ ਦੀ ਭਰਤੀ ਦੇ ਵਿੱਚੋਂ ਦੀ ਆਪਣੇ ਦੰਦ ਉਸਦੇ ਪਿੰਡੇ ਵਿੱਚ ਖੋਭ ਦਿੱਤੇ । ਆਪਣੀ ਇੱਛਾ-ਸ਼ਕਤੀ ਦੇ ਆਖ਼ਰੀ ਯਤਨ ਨਾਲ ਅਲੈਕਸੇਈ ਨੇ ਪੀੜ ਕਾਰਨ ਨਿਕਲਦੀ ਕੱਰਾਹਟ ਨੂੰ ਦਬਾਇਆ, ਤੇ ਐਨ ਉਸ ਵੇਲੇ, ਜਦੋਂ ਰਿੱਛ ਨੇ ਉਸਨੂੰ ਬਰਫ਼ ਦੇ ਢੇਰ ਵਿੱਚੋਂ ਕਢਿਆ, ਉਸਨੇ ਪਿਸਤੌਲ ਚੁੱਕੀ ਤੇ ਘੋੜਾ ਦਬਾ ਦਿੱਤਾ।
ਗੋਲੀ ਚੱਲਣ ਦੀ ਤਿੱਖੀ ਤੇ ਗੂੰਜਵੀਂ ਕੜਕ ਸੁਣਾਈ ਦਿੱਤੀ।
ਕਾਲਕੂਟ ਨੇ ਖੰਭ ਫੜਫੜਾਏ ਤੇ ਤੇਜ਼ੀ ਨਾਲ ਉੱਥੋਂ ਉੱਡ ਗਈ। ਹਿੱਲ ਗਈਆਂ ਟਾਹਣਾਂ ਤੋਂ ਖੁਸ਼ਕ ਬਰਫ਼ ਝੜਨ ਲੱਗ ਪਈ। ਰਿੱਛ ਨੇ ਹੌਲੀ ਹੌਲੀ ਆਪਣਾ ਸ਼ਿਕਾਰ ਛੱਡ ਦਿੱਤਾ। ਅਲੈਕਸੇਈ, ਰਿੱਛ ਉੱਤੇ ਨਜ਼ਰਾਂ ਗੱਡੀ, ਮੁੜ ਪਿੱਛੇ ਬਰਫ਼ ਵਿੱਚ ਜਾ ਡਿੱਗਾ। ਰਿੱਛ ਚਿੱਤੜਾਂ-ਭਾਰ ਬੈਠਾ ਸੀ; ਇਸਦੀਆਂ ਕਾਲੀਆਂ ਗਿੱਡ-ਭਰੀਆਂ ਅੱਖਾਂ ਵਿੱਚ ਘਬਰਾਹਟ ਸੀ। ਇਸਦੇ ਦੰਦਾਂ ਦੇ ਵਿੱਚੋਂ ਦੀ ਗਾਹੜੇ, ਮਿਟਿਆਲੇ ਲਾਲ ਲਹੂ ਦੀ ਧਾਰ ਵਹਿ ਕੇ ਬਰਫ਼ ਉੱਤੇ ਡਿੱਗਣ ਲੱਗੀ । ਉਸਨੇ ਬੈਠੀ ਅਵਾਜ਼ ਵਿੱਚ, ਭਿਆਨਕ ਗਰਜ ਛੱਡੀ, ਆਪਣੀਆਂ ਪਿਛਲੀਆਂ ਲੱਤਾਂ ਭਾਰ ਹੌਲ਼ੀ ਹੌਲ਼ੀ ਖੜਾ ਹੋਇਆ, ਤੇ ਇਸ ਤੋਂ ਪਹਿਲਾਂ ਕਿ ਅਲੈਕਸੇਈ ਦੂਜੀ ਗੋਲੀ ਚਲਾਏ, ਢਹਿ-ਢੇਰੀ ਹੋ ਗਿਆ। ਨੀਲੀ ਭਾਹ ਮਾਰਦੀ ਬਰਫ਼ ਹੌਲ਼ੀ ਹੌਲ਼ੀ ਕਿਰਮਚੀ ਹੋ ਗਈ; ਇਹ ਪਿਘਲਣ ਲੱਗੀ, ਤੇ ਰਿੱਛ ਦੇ ਸਿਰ ਦੇ ਕੋਲ ਹਲਕੀ ਹਲਕੀ ਭਾਫ਼ ਉਠਣ ਲੱਗ ਪਈ। ਰਿੱਛ ਮਰ ਚੁੱਕਾ ਸੀ।
ਅਲੈਕਸਈ ਜਿਸ ਤਣਾਅ ਹੇਠ ਆ ਕੇ ਸਭ ਕੁਝ ਕਰ ਰਿਹਾ ਸੀ, ਉਹ ਇਕਦਮ ਢਿੱਲਾ ਪੈ ਗਿਆ । ਫਿਰ ਉਸਨੂੰ ਆਪਣੇ ਪੈਰ ਵਿੱਚ ਤੇਜ਼, ਸਾੜਵੀਂ ਪੀੜ ਮਹਿਸੂਸ ਹੋਣ ਲੱਗੀ। ਪਿੱਛੇ ਬਰਫ਼ ਉੱਤੇ ਡਿਗਦਿਆਂ ਉਹ ਬੇਹੋਸ਼ ਹੋ ਗਿਆ।
ਉਸਨੂੰ ਹੋਸ਼ ਉਦੋਂ ਆਈ, ਜਦੋਂ ਸੂਰਜ ਅਕਾਸ਼ ਵਿੱਚ ਉੱਚਾ ਜਾ ਚੁੱਕਾ ਸੀ । ਦਿਆਰਾਂ ਦੀਆਂ ਸੰਘਣੀਆਂ ਸਿਖਰਾਂ ਦੇ ਵਿੱਚੋਂ ਦੀ ਲੰਘਦੀਆਂ ਇਸਦੀਆਂ ਕਿਰਨਾਂ ਬਰਫ਼ ਉੱਤੇ ਪੈਂਦੀਆਂ ਚਿਲਕੋਰ ਪੈਦਾ ਕਰ ਰਹੀਆਂ ਸਨ । ਪ੍ਰਛਾਵੇਂ ਹੇਠ ਪਈ ਬਰਫ਼ ਹੁਣ ਪੀਲੀ ਨਹੀਂ ਸੀ ਰਹੀ, ਸਗੋਂ ਗੂਹੜੀ ਨੀਲੀ ਹੋ ਗਈ ਸੀ।
“ਰਿੱਛ ਬਾਰੇ ਮੈਨੂੰ ਸੁਪਨਾ ਆਇਆ ਸੀ ?” ਅਲੈਕਸੇਈ ਦੇ ਆਪਣੇ ਮਨ ਵਿੱਚ ਪਹਿਲਾ ਵਿਚਾਰ ਇਹ ਆਇਆ ।
ਭੂਰੀ, ਜੱਤਲ, ਖਰ੍ਹਵੀਂ ਲਾਸ਼ ਕੋਲ ਹੀ ਨੀਲੀ ਬਰਫ਼ ਉੱਤੇ ਪਈ ਸੀ । ਜੰਗਲ ਅਵਾਜ਼ਾਂ ਨਾਲ ਭਰਿਆ ਪਿਆ ਸੀ । ਚੱਕੀਰਾਹਾ ਗੂੰਜਵੀਂ ਤਰ੍ਹਾਂ ਦਰਖਤ ਦੀ ਛਿੱਲ ਨੂੰ ਠਕੋਰ ਰਿਹਾ ਸੀ; ਚੁਸਤ, ਪੀਲ਼ੀ ਛਾਤੀ ਵਾਲ਼ੀਆਂ ਪਿੱਦੀਆਂ ਟਾਹਣੀਉਂ-ਟਾਹਣੀ ਫੁਦਕਦੀਆਂ ਹੋਈਆ ਖੁਸ਼ੀ ਖੁਸ਼ੀ ਚਹਿਚਹਾ ਰਹੀਆਂ ਸਨ।
“ਮੈਂ ਜਿਉਂਦਾ ਹਾਂ, ਜਿਉਂਦਾ, ਜਿਉਂਦਾ ਹਾਂ!” ਅਲੈਕਸੇਈ ਨੇ ਆਪਣੇ ਮਨ ਵਿੱਚ ਦੁਹਰਾਇਆ। ਤੇ ਉਸਦਾ ਸਾਰਾ ਸਰੀਰ, ਰੋਮ ਰੋਮ, ਜਿਉਂਦਾ ਹੋਣ ਦੇ ਐਸੇ ਸ਼ਕਤੀਸ਼ਾਲੀ, ਜਾਦੂਈ, ਨਸ਼ਾ ਚਾੜ੍ਹਨ ਵਾਲੇ ਅਹਿਸਾਸ ਨਾਲ ਹੁਲਾਸ ਵਿੱਚ ਆ ਗਿਆ, ਜਿਹੜਾ ਅਹਿਸਾਸ ਹਰ ਵਾਰੀ ਆਦਮੀ ਉੱਪਰ ਛਾ ਜਾਂਦਾ ਹੈ, ਜਦੋਂ ਉਹ ਕਿਸੇ ਮਾਰੂ ਖ਼ਤਰੇ ਵਿੱਚੋਂ ਬਚ ਨਿੱਕਲਦਾ वै।
ਇਸ ਸ਼ਕਤੀਸ਼ਾਲੀ ਅਹਿਸਾਸ ਦਾ ਪ੍ਰੇਰਿਆ, ਉਹ ਉਛਲ ਕੇ ਖੜੋ ਗਿਆ, ਪਰ ਇੱਕਦਮ ਕਰਾਹੁੰਦਾ ਹੋਇਆ ਰਿੱਛ ਦੀ ਲਾਸ਼ ਉੱਤੇ ਡਿੱਗ ਪਿਆ। ਉਸਦਾ ਸਿਰ ਮਧਮ ਜਿਹੀ, ਗੜ- ਗੜ ਦੀ ਅਵਾਜ਼ ਨਾਲ ਭਰ ਗਿਆ, ਜਿਵੇਂ ਦੋ ਪੁਰਾਣੇ, ਖੁਰਦਰੇ ਚੱਕੀ ਦੇ ਪੁੜ ਫਿਰ ਰਹੇ ਹੋਣ, ਪੀਹ ਰਹੇ ਹੋਣ ਤੇ ਉਸਦੇ ਦਿਮਾਗ਼ ਵਿੱਚ ਕੰਬਣੀਆਂ ਛੇੜ ਰਹੇ ਹੋਣ। ਉਸਦੀਆਂ ਅੱਖਾਂ ਦਰਦ ਕਰ ਰਹੀਆਂ ਸਨ, ਜਿਵੇਂ ਕੋਈ ਉਹਨਾਂ ਨੂੰ ਆਪਣੀਆਂ ਉਂਗਲਾਂ ਨਾਲ ਦਬਾ ਰਿਹਾ ਹੋਵੇ। ਇੱਕ ਵੇਲੇ ਉਸਨੂੰ, ਸੂਰਜ ਦੀਆਂ ਕਿਰਨਾਂ ਦੇ ਠੰਡੇ, ਪੀਲ਼ੇ ਚਾਨਣ ਨਾਲ ਭਰਿਆ, ਆਪਣੇ ਆਲੇ-ਦੁਆਲੇ ਸਭ ਕੁਝ ਸਾਫ਼ ਤੇ ਸਪਸ਼ਟ ਦਿਖਾਈ ਦੇਣ ਲੱਗ ਪੈਂਦਾ; ਦੂਜੀ ਘੜੀ ਸਭ ਕੁਝ ਸਲੇਟੀ, ਚਮਕਦੇ ਪਰਦੇ ਪਿਛੇ ਸਭ ਕੁਝ ਛੁਪ ਜਾਂਦਾ।
“ਬਹੁਤ ਮਾੜੀ ਗੱਲ ਹੈ! ਡਿੱਗਣ ਨਾਲ ਜ਼ਰੂਰ ਮੇਰੇ ਸਿਰ ਵਿੱਚ ਸੱਟ ਲੱਗ ਗਈ ਹੋਵੇਗੀ। ਤੇ ਮੇਰੇ ਪੈਰਾਂ ਨੂੰ ਵੀ ਕੁਝ ਹੋ ਗਿਆ ਹੈ ”, ਅਲੈਕਸੇਈ ਸੋਚਣ ਲੱਗਾ । وو
ਕੂਹਣੀਆਂ ਭਾਰ ਆਪਣੇ ਆਪ ਨੂੰ ਉਤਾਂਹ ਚੁੱਕਦਿਆਂ ਉਸਨੇ ਹੈਰਾਨੀ ਨਾਲ ਵਿਸ਼ਾਲ ਮੈਦਾਨ ਵੱਲ ਦੇਖਿਆ ਜਿਹੜਾ ਜੰਗਲ ਦੇ ਕਿਨਾਰੇ ਤੋਂ ਪਾਰ ਦੁਮੇਲ ਤੱਕ ਫੈਲਿਆ ਹੋਇਆ ਸੀ, ਜਿਥੇ ਸਲੇਟੀ ਅਰਧ-ਚੱਕਰ ਵਿੱਚ ਦੂਰ ਦੂਜਾ ਜੰਗਲ ਦਿਖਾਈ ਦੇਂਦਾ ਸੀ।
ਪ੍ਰਤੱਖ ਤੌਰ ਉੱਤੇ, ਪਤਝੜ ਵਿਚ, ਜਾਂ ਸ਼ਇਦ ਚੜ੍ਹਦੇ ਸਿਆਲ ਵਿੱਚ ਇਸ ਜੰਗਲ ਦੇ ਕਿਨਾਰੇ ਰੱਖਿਆ ਦੀ ਰੇਖਾ ਸੀ, ਜਿਸ ਉੱਤੇ ਸੋਵੀਅਤ ਫ਼ੌਜ ਡਟੀ ਰਹੀ ਸੀ, ਸ਼ਇਦ ਬਹੁਤੀ ਦੇਰ ਨਹੀਂ, ਪਰ ਸਿਰੜ੍ਹ ਨਾਲ, ਮਰਨ ਤੱਕ । ਤੂਫ਼ਾਨਾਂ ਨੇ ਬਰਫ਼ ਦੀ ਨਰਮ ਨਰਮ ਰੂੰ ਦੀ ਤਹਿ ਨਾਲ ਧਰਤੀ ਦੇ ਫੱਟਾਂ ਨੂੰ ਢੱਕ ਦਿੱਤਾ ਸੀ; ਪਰ ਉਸ ਤਹਿ ਦੇ ਹੇਠਾਂ ਨੂੰ, ਅੱਖ ਅਜੇ ਵੀ ਖਾਈਆਂ ਦੀ ਕਤਾਰ ਨੂੰ ਤਬਾਹ ਹੋਈਆਂ ਮਸ਼ੀਨ-ਗੰਨਾਂ ਦੇ ਥੜ੍ਹਿਆਂ ਦੀ ਥਾਂ ਬਣੇ ਟਿਬਿਆਂ ਨੂੰ, ਗੋਲਿਆਂ ਨਾਲ ਬਣੇ ਅਨੇਕ ਵੱਡੇ ਛੋਟੇ ਟੋਇਆਂ ਨੂੰ ਨਿਖੇੜ ਸਕਦੀ ਸੀ, ਜਿਹੜੇ ਜੰਗਲ ਦੇ ਕਿਨਾਰੇ ਉਪਰਲੇ ਕੱਟੇ-ਵਢੇ ਤੇ ਗੋਲਿਆਂ ਨਾਲ ਉਡੇ ਦਰਖਤਾਂ ਦੇ ਪੈਰਾਂ ਤੱਕ ਫੈਲੇ ਹੋਏ ਸਨ। ਇਸ ਛਾਨਣੀ ਛਾਨਣੀ ਹੋਏ ਮੈਦਾਨ ਵਿੱਚ ਟਿਮਕਣਿਆਂ ਵਾਂਗ ਕਿੰਨੇ ਸਾਰੇ ਟੈਂਕ ਦਿਖਾਈ ਦੇਂਦੇ ਸਨ, ਜਿਨ੍ਹਾਂ ਉੱਪਰ ਪਾਈਕ ਮੱਛੀ ਦੇ ਚਾਣਿਆਂ ਵਾਂਗ ਰੰਗ ਬਰੰਗਾ ਰੋਗਨ ਹੋਇਆ ਹੋਇਆ ਸੀ। ਉਹ ਬਰਫ਼ ਉੱਤੇ ਜੰਮੇ ਖੜੇ ਸਨ, ਤੇ ਸਾਰੇ ਦੇ ਸਾਰੇ – ਖਾਸ ਕਰਕੇ ਬਿਲਕੁਲ ਸਿਰੇ ਦਾ ਟੈਂਕ, ਜਿਹੜਾ ਗਰਨੇਡ ਵੱਜਣ ਨਾਲ, ਜਾਂ ਸੁਰੰਗ ਫਟਣ ਨਾਲ ਪਾਸੇ ਪਰਨੇ ਉਲਟ ਗਿਆ ਹੋਵੇਗਾ, ਜਿਸ ਕਰਕੇ ਇਸਦੀ ਲੰਮੀ ਨਾਲ਼ੀ ਜ਼ਮੀਨ ਵੱਲ ਇੰਝ ਲਟਕੀ ਹੋਈ ਸੀ, ਜਿਵੇਂ ਮੂੰਹ ਵਿੱਚੋਂ ਜੀਭ ਲਟਕੀ ਹੁੰਦੀ ਹੈ — ਅਜੀਬ ਜਿਹੇ ਦੈਂਤਾਂ ਦੀਆਂ ਲੋਥਾਂ ਲੱਗਦੇ ਸਨ | ਤੇ ਸਾਰੇ ਮੈਦਾਨ ਉੱਪਰ, ਘੱਟ ਡੂੰਘੀਆਂ ਖਾਈਆਂ ਦੇ ਕੰਢਿਆਂ ਉੱਤੇ, ਟੈਂਕਾਂ ਦੇ ਨੇੜੇ ਤੇ ਜੰਗਲ ਦੇ ਸਿਰੇ ਉੱਤੇ, ਸੋਵੀਅਤ ਤੇ ਜਰਮਨ ਸਿਪਾਹੀਆਂ ਦੀਆਂ ਲਾਸ਼ਾਂ ਵਿਛੀਆ ਹੋਈਆ ਸਨ । ਇਹ ਏਨੀਆਂ ਜ਼ਿਆਦਾ ਸਨ ਕਿ ਕਿਤੇ ਕਿਤੇ ਤਾਂ ਇਹ ਇੱਕ ਦੂਜੇ ਦੇ ਉੱਪਰ ਢੇਰਾਂ ਵਿਚ ਪਈਆ ਸਨ; ਤੇ ਇਹ ਬਿਲਕੁਲ ਉਸੇ ਹੀ ਹਾਲਤ ਵਿੱਚ ਜੰਮੀਆਂ ਹੋਈਆਂ ਸਨ, ਜਿਸ ਹਾਲਤ ਵਿੱਚ ਮੌਤ ਨੇ ਉਹਨਾਂ ਨੂੰ ਕੁਝ ਹੀ ਮਹੀਨੇ ਪਹਿਲਾਂ, ਚੜ੍ਹਦੇ ਸਿਆਲ ਵਿੱਚ, ਲੜਾਈ ਵਿੱਚ ਢਾਹ ਲਿਆ ਸੀ।
ਇਹਨਾਂ ਸਭ ਚੀਜ਼ਾਂ ਤੋਂ ਅਲੈਕਸੇਈ ਨੂੰ ਇੱਥੇ ਲੜੀ ਗਈ ਘਮਸਾਣ ਦੀ ਤੇ ਸਿਰੜ੍ਹੀ ਲੜਾਈ ਦਾ ਪਤਾ ਲੱਗਦਾ ਸੀ, ਪਤਾ ਲੱਗਦਾ ਸੀ ਕਿ ਉਸਦੇ ਜੂਝਾਰ ਸਾਥੀ ਇੱਥੇ ਲੜੇ ਸਨ, ਸਭ ਕੁਝ ਭੁਲਾ-ਭੁਲਾ ਕੇ, ਸਿਵਾਏ ਇੱਕ ਗੱਲ ਦੇ ਕਿ ਉਹਨਾਂ ਨੇ ਦੁਸ਼ਮਣ ਨੂੰ ਰੋਕਣਾ ਸੀ, ਉਸਨੂੰ ਲੰਘਣ ਨਹੀਂ ਸੀ ਦੇਣਾ । ਜ਼ਰਾ ਕੁ ਦੂਰ, ਜੰਗਲ ਦੇ ਸਿਰੇ ਉੱਤੇ, ਇੱਕ ਮੋਟੇ ਦਿਆਰ ਦੇ ਪੈਰਾਂ ਵਿੱਚ, ਜਿਹੜਾ ਗੋਲ਼ੇ ਨਾਲ਼ ਕੱਟਿਆ ਗਿਆ ਸੀ ਤੇ ਜਿਸਦੇ ਲੰਮੇ, ਕੱਟੇ ਹੋਏ ਤਣੇ ਵਿੱਚੋਂ ਪੀਲਾ ਪੀਲਾ ਪਾਰਦਰਸ਼ੀ ਬਰੋਜ਼ਾ ਇਸ ਵੇਲੇ ਟਪਕ ਰਿਹਾ ਸੀ, ਜਰਮਨ ਸਿਪਾਹੀਆਂ ਦੀਆਂ ਲਾਸ਼ਾਂ ਪਈਆਂ ਸਨ, ਜਿਨ੍ਹਾਂ ਦੀਆਂ ਖੋਪਰੀਆਂ ਫਿੱਸੀਆਂ ਹੋਈਆਂ ਤੇ ਚਿਰਹੇ ਕੱਟੇ-ਵੱਢੇ ਸਨ । ਵਿਚਕਾਰ, ਕਿਸੇ ਦੁਸ਼ਮਨ ਦੇ ਸਰੀਰ ਦੇ ਉੱਤੇ ਇਕ ਵੱਡੇ ਸਾਰੇ, ਗੋਲ ਮੂੰਹ ਵਾਲ਼ੇ ਤੇ ਵੱਡੇ ਸਾਰੇ ਸਿਰ ਵਾਲ਼ੇ ਮੁੰਡੇ ਦੀ ਲਾਸ਼ ਚੁਫਾਲ ਢੱਠੀ ਪਈ ਸੀ; ਉਸਨੇ ਓਵਰਕੋਟ ਨਹੀਂ ਸੀ ਪਾਇਆ ਹੋਇਆ, ਸਿਰਫ਼ ਫਟੇ ਕਾਲਰ ਵਾਲ਼ਾ ਛੋਟਾ ਕੋਟ ਹੀ ਪਾਇਆ ਹੋਇਆ ਸੀ; ਤੇ ਉਸਦੇ ਕੋਲ, ਟੁੱਟੀ ਸੰਗੀਨ ਵਾਲੀ ਤੇ ਚੀਨਾ-ਚੀਨਾ ਹੋਏ, ਖੂਨ ਨਾਲ ਲੱਥ-ਪੱਥ ਬੱਟ ਵਾਲ਼ੀ ਬੰਦੂਕ ਪਈ ਸੀ।
ਉਸਤੋਂ ਅੱਗੇ, ਜੰਗਲ ਵੱਲ ਨੂੰ ਜਾਂਦੀ ਸੜਕ ਉੱਤੇ, ਇੱਕ ਛੋਟੇ ਜਿਹੇ, ਰੇਤ ਨਾਲ ਢੱਕੇ ਫ਼ਰ ਦੇ ਦਰਖਤ ਦੇ ਪੈਰਾਂ ਵਿੱਚ ਅੰਡਾਕਾਰ ਮੂੰਹ ਵਾਲ਼ੇ ਸਾਂਵਲੇ ਉਜ਼ਬੇਕ ਦੀ ਲਾਸ਼ ਪਈ ਸੀ; ਉਸਦਾ ਚਿਹਰਾ ਪੁਰਾਣੇ ਹਾਥੀ-ਦੰਦ ਵਿੱਚੋਂ ਘੜਿਆ ਗਿਆ ਲੱਗਦਾ ਸੀ । ਉਸਦੇ ਪਿੱਛੇ, ਫ਼ਰ ਦੇ ਦਰਖਤ ਦੀਆਂ ਟਾਹਣਾਂ ਹੇਠ, ਗਰਨੇਡ ਸੋਹਣੀ ਤਰ੍ਹਾਂ ਢੇਰ ਕਰਕੇ ਰੱਖੇ ਹੋਏ ਸਨ; ਤੇ ਉਜ਼ਬੇਕ ਦੇ ਆਪਣੇ ਮੁਰਦਾ, ਅਣਚੁੱਕੇ ਹੱਥ ਵਿੱਚ ਵੀ ਗਰਨੇਡ ਸੀ, ਜਿਵੇਂ ਇਸਨੂੰ ਸੁੱਟਣ ਤੋਂ ਪਹਿਲਾਂ, ਉਸਨੇ ਅਕਾਸ਼ ਵੱਲ ਇਕ ਨਜ਼ਰ ਸੁੱਟੀ ਹੋਵੇ ਤੇ ਉਸੇ ਹੀ ਮੁਦਰਾ ਵਿਚ ਉਹ ਜੰਮ ਕੇ ਰਹਿ ਗਿਆ ਹੋਵੇ।
ਤੇ ਹੋਰ ਵੀ ਅੱਗੇ, ਜੰਗਲ ਵਾਲੀ ਸੜਕ ਦੇ ਨਾਲ਼ ਨਾਲ਼, ਕੁਝ ਰੰਗ-ਬਰੰਗੇ ਟੈਂਕਾਂ ਦੇ ਨੇੜੇ ਗੋਲਿਆਂ ਨਾਲ਼ ਪਏ ਵੱਡੇ ਵੱਡੇ ਟੋਇਆਂ ਦੇ ਕਿਨਾਰਿਆਂ ਉੱਤੇ, ਕੁਝ ਪੁਰਾਣੇ ਦਰਖਤਾਂ ਦੀਆਂ ਮੁੱਢੀਆਂ ਦੇ ਨੇੜੇ, ਹਰ ਥਾਂ ਲਾਸ਼ਾਂ ਪਈਆਂ ਸਨ – ਰੂੰ ਦੀ ਭਰਤੀ ਵਾਲੀਆਂ ਜਾਕਟਾਂ ਤੇ ਪਜਾਮੇ ਤੇ ਉੱਡੇ ਰੰਗਾਂ ਵਾਲੇ ਹਰੇ ਕੋਟ, ਤੇ ਕੰਨਾਂ ਤੱਕ ਖਿੱਚ ਕੇ ਲਿਆਂਦੀਆਂ ਟੋਪੀਆਂ ਪਾਈ; ਮੁੜੇ ਗੋਡੇ, ਉੱਪਰ ਚੁੱਕੀਆਂ ਠੋਡੀਆਂ ਤੇ ਮੋਮੀ ਚਿਹਰੇ, ਜਿਨ੍ਹਾਂ ਨੂੰ ਲੂੰਮੜੀਆਂ ਨੇ ਦੰਦ ਮਾਰੇ ਹੋਏ ਸਨ ਤੇ ਕਾਲਕੂਟਾਂ ਤੇ ਪਹਾੜੀ ਕਾਵਾਂ ਨੇ ਡੂੰਗੇ ਮਾਰੇ ਹੋਏ ਸਨ, ਬਰਫ਼ਾਂ ਦੇ ਢੇਰਾਂ ਵਿੱਚੋਂ ਬਾਹਰ ਨਿੱਕਲੇ ਦਿਖਾਈ ਦੇਂਦੇ ਸਨ।
ਕਈ ਪਹਾੜੀ ਕਾਂ ਮੈਦਾਨ ਉੱਪਰ ਹੌਲ਼ੀ ਹੌਲ਼ੀ ਚੱਕਰ ਕੱਟ ਰਹੇ ਸਨ ਤੇ ਇਸ ਨਾਲ ਇਕਦਮ ਅਲੈਕਸੇਈ ਨੂੰ “ਈਗੋਰ ਦੀ ਲੜਾਈ” ਨਾਂ ਦੀ ਸੋਗੀ ਪਰ ਗੌਰਵਮਈ ਤਸਵੀਰ ਯਾਦ ਆ ਗਈ। ਮਹਾਨ ਰੂਸੀ ਚਿੱਤਰ ਵਸਨੇਤਸੋਵ ਦੇ ਇਸ ਚਿਤਰ ਦੀ ਨਕਲ ਉਸਦੇ ਸਕੂਲ ਦੀ ਇਤਿਹਾਸ ਦੀ ਕਿਤਾਬ ਵਿੱਚ ਦਿੱਤੀ ਗਈ ਹੋਈ ਸੀ।
“ਮੈਂ ਵੀ ਇਹਨਾਂ ਵਾਂਗ ਕਿਤੇ ਇੱਥੇ ਹੀ ਪਿਆ ਹੋ ਸਕਦਾ ਸਾਂ” ਉਸਨੇ ਸੋਚਿਆ ਤੇ, ਇਕ ਵਾਰੀ ਫਿਰ, ਜਿਊਂਦੇ ਹੋਣ ਦਾ ਅਹਿਸਾਸ ਉਸਦੇ ਸਾਰੇ ਵਜੂਦ ਵਿੱਚ ਭਰ ਗਿਆ। ਉਸਨੇ ਆਪਣੇ ਆਪ ਨੂੰ ਛੱਡਿਆ । ਉਸਦੇ ਸਿਰ ਵਿੱਚ ਅਜੇ ਵੀ ਚੱਕੀ ਦੇ ਖੁਰਦਰੇ ਪੁੜ ਚੱਲ ਰਹੇ ਸਨ, ਉਸਦੇ ਪੈਰ ਪਹਿਲਾਂ ਨਾਲੋਂ ਵੀ ਬੁਰੀ ਤਰ੍ਹਾਂ ਸੜ ਰਹੇ ਸਨ ਤੇ ਦਰਦ ਕਰ ਰਹੇ ਸਨ, ਪਰ ਉਹ ਰਿੱਛ ਦੀ ਲਾਸ਼ ਉੱਤੇ ਬੈਠ ਗਿਆ, ਜਿਹੜੀ ਹੁਣ ਠੰਡੀ ਹੋ ਚੁੱਕੀ ਸੀ ਤੇ ਖੁਸ਼ਕ ਬਰਫ਼ ਡਿੱਗਣ ਨਾਲ ਚਾਂਦੀ ਵਰਗੀ ਲੱਗਦੀ ਸੀ; ਤੇ ਉਹ ਸੋਚਣ ਲੱਗ ਪਿਆ ਕਿ ਹੁਣ ਕੀ ਕੀਤਾ ਜਾਏ, ਕਿੱਥੇ ਜਾਇਆ ਜਾਏ, ਆਪਣੇ ਅਗਲੇ ਮੋਰਚਿਆਂ ਤੱਕ ਕਿਵੇਂ ਪੁੱਜਾ ਜਾਏ।
ਜਦੋਂ ਉਹ ਆਪਣੇ ਜਹਾਜ਼ ਤੋਂ ਬਾਹਰ ਆ ਪਿਆ ਸੀ ਤਾਂ ਉਸਦਾ ਨਕਸ਼ੇ ਵਾਲ਼ਾ ਕੇਸ ਗਵਾਚ ਗਿਆ ਸੀ, ਪਰ ਉਹ ਬੜੀ ਸਪਸ਼ਟਤਾ ਨਾਲ ਉਸ ਰਸਤੇ ਨੂੰ ਚਿੱਤਰ ਕਰਦਾ ਸੀ, ਜਿਹੜਾ ਉਸਨੇ ਲੈਣਾ ਸੀ । ਜਰਮਨ ਹਵਾਈ ਅੱਡਾ ਜਿਸ ਉੱਤੇ ਸਤੋਰਮੋਵਿਕਾਂ ਨੇ ਹਮਲਾ ਕੀਤਾ ਸੀ, ਅਗਲੇ ਮੋਰਚਿਆਂ ਤੋਂ ਲਗਭਗ ਸੱਠ ਕਿਲੋਮੀਟਰ ਪੱਛਮ ਵਿੱਚ ਸੀ । ਹਵਾ ਵਿੱਚ ਹੋਈ ਲੜਾਈ ਦੌਰਾਨ ਉਸਦੇ ਸਾਥੀ ਦੁਸ਼ਮਣ ਨੂੰ ਹਵਾਈ ਅੱਡੇ ਤੋਂ ਲਗਭਗ ਵੀਹ ਕਿਲੋਮੀਟਰ ਪੂਰਬ ਵੱਲ ਧੱਕ ਕੇ ਲੈ ਗਏ ਸਨ, ਤੇ ਦੂਹਰੀ “ਕੈਂਚੀ” ਤੋਂ ਬਚਣ ਤੋਂ ਪਿੱਛੋਂ, ਉਹ ਜ਼ਰੂਰ ਕੁਝ ਹੋਰ ਪੂਰਬ ਨੂੰ ਹੋ ਗਿਆ ਹੋਵੇਗਾ । ਸੋ, ਉਹ ਜ਼ਰੂਰ ਅਗਲੇ ਮੋਰਚਿਆਂ ਤੋਂ ਲਗਭਗ ਪੈਂਤੀ ਕਿਲੋਮੀਟਰ, ਅਗਲੀਆਂ ਜਰਮਨ ਡਵੀਜ਼ਨਾਂ ਤੋਂ ਬਹੁਤ ਪਿੱਛੇ, ਉਸ ਵੱਡੇ ਸਾਰੇ ਜੰਗਲੀ ਇਲਾਕੇ ਵਿੱਚ ਡਿੱਗਾ ਹੋਵੇਗਾ, ਜਿਹੜਾ ਕਾਲ਼ਾ ਜੰਗਲ ਕਰਕੇ ਜਾਣਿਆ ਜਾਂਦਾ ਸੀ, ਜਿਸਦੇ ਉੱਪਰੋਂ ਦੀ ਉਹ ਨੇੜੇ ਦੇ ਜਰਮਨ ਅੱਡਿਆਂ ਉੱਪਰ ਛੋਟੇ ਛੋਟੇ ਹਮਲਿਆਂ ਵਿੱਚ ਬੰਬਰਾਂ ਤੇ ਸਤੋਰਮੋਵਿਕਾਂ ਦੇ ਰੱਖਿਅਕ ਵਜੋਂ ਉਡਦਾ ਕਈ ਵਾਰੀ ਲੰਘ ਚੁੱਕਾ ਸੀ। ਅਕਾਸ਼ ਵਿੱਚੋਂ ਇਹ ਜੰਗਲ ਉਸਨੂੰ ਹਮੇਸ਼ਾ ਹੀ ਬੇਅੰਤ ਵੱਡਾ ਹਰਾ ਸਾਗਰ ਦਿਖਾਈ ਦਿੱਤਾ ਸੀ । ਸਾਫ਼ ਮੌਸਮ ਵਿੱਚ ਇਹ ਦਿਆਰ ਦੇ ਦਰਖਤਾਂ ਦੀਆਂ ਝੂਲਦੀਆਂ ਟੀਸੀਆਂ ਨਾਲ ਲਹਿਰਾਉਂਦਾ ਹੁੰਦਾ ਸੀ; ਪਰ ਭੈੜੇ ਮੌਸਮ ਵਿੱਚ, ਪਤਲੀ ਪਤਲੀ, ਸਲੇਟੀ ਧੁੰਦ ਵਿੱਚ ਲਿਪਟਿਆ, ਇਹ ਪੱਧਰੀ, ਅਕਾਵੀਂ ਪਾਣੀ ਦੀ ਉਜਾੜ ਵਾਂਗ ਲੱਗਦਾ ਸੀ, ਜਿਸਦੀ ਸਤਹ ਉੱਤੇ ਨਿੱਕੀਆਂ ਨਿੱਕੀਆਂ ਲਹਿਰਾਂ ਰਿੜਦੀਆਂ ਜਾ ਰਹੀਆਂ ਹੋਣ।
ਇਸ ਤੱਥ ਦਾ ਚੰਗਾ ਪੱਖ ਵੀ ਸੀ ਤੇ ਮਾੜਾ ਵੀ ਕਿ ਉਹ ਇਸ ਅਥਾਹ ਜੰਗਲ ਦੇ ਵਿਚਕਾਰ ਡਿੱਗਾ ਸੀ । ਚੰਗਾ ਪੱਖ ਇਹ ਸੀ ਕਿ ਇਥੇ ਕਿਸੇ ਜਰਮਨਾਂ ਦੇ ਮਿਲਣ ਦੀ ਸੰਭਾਵਨਾ ਘੱਟ ਸੀ, ਕਿਉਂਕਿ ਉਹ ਆਮ ਕਰਕੇ ਸੜਕਾਂ ਤੇ ਕਸਬਿਆਂ ਦੇ ਨੇੜੇ ਰਹਿੰਦੇ ਸਨ । ਮਾੜਾ ਪੱਖ ਇਹ ਸੀ ਕਿ ਉਸਦਾ ਰਸਤਾ ਭਾਵੇਂ ਲੰਮਾਂ ਨਹੀਂ ਸੀ, ਪਰ ਬੜਾ ਮੁਸ਼ਕਲ ਸੀ; ਉਸਨੂੰ ਸੰਘਣੀਆਂ ਝਾੜੀਆਂ ਦੇ ਵਿਚੋਂ ਦੀ ਲੰਘ ਕੇ ਜਾਣਾ ਪੈਣਾ ਸੀ, ਤੇ ਇਸ ਗੱਲ ਦੀ ਬਹੁਤੀ ਸੰਭਾਵਨਾ ਨਹੀਂ ਸੀ ਕਿ ਉਸਨੂੰ ਕੋਈ ਮਨੁੱਖੀ ਸਹਾਇਤਾ, ਸ਼ਰਨ, ਰੋਟੀ ਦਾ ਸਿੱਕੜ ਜਾਂ ਪੀਣ ਲਈ ਕਿਸੇ ਗਰਮ ਗਰਮ ਚੀਜ਼ ਦਾ ਕੱਪ ਹੀ ਮਿਲ ਜਾਏਗਾ। ਉਸਦੇ ਪੈਰ ਕੀ ਉਹ ਉਸਨੂੰ ਲਿਜਾ ਸਕਣਗੇ? ਕੀ ਉਹ ਤੁਰਨ ਦੇ ਸਮਰਥ ਹੋ ਸਕੇਗਾ?…
ਉਹ ਰਿੱਛ ਦੀ ਲਾਸ਼, ਤੋਂ ਹੌਲ਼ੀ ਹੌਲ਼ੀ ਉਠਿਆ। ਉਸਨੇ ਫਿਰ ਮਹਿਸੂਸ ਕੀਤਾ ਕਿ ਉਹੀ ਸਖ਼ਤ ਪੀੜ ਉਸਦੇ ਪੈਰਾਂ ਤੋਂ ਸ਼ੁਰੂ ਹੋ ਕੇ ਉੱਪਰ ਨੂੰ ਜਾਂਦੀ ਸਾਰੇ ਸਰੀਰ ਵਿੱਚ ਫੈਲ ਗਈ ਹੈ। ਉਸਦੇ ਮੂੰਹ ਵਿੱਚੋਂ ਕਸ਼ਟ ਦੀ ਚੀਕ ਨਿੱਕਲ ਗਈ ਤੇ ਉਹ ਮੁੜ ਬੈਠ ਗਿਆ। ਉਸਨੇ ਆਪਣੇ ਜੱਤ ਦੇ ਬੂਟ ਲਾਹੁਣ ਦੀ ਕੋਸ਼ਿਸ਼ ਕੀਤੀ, ਪਰ ਉਹ ਹਿੱਲਦੇ ਤੱਕ ਨਹੀਂ ਸਨ; ਹਰ ਵਾਰੀ ਜ਼ੋਰ ਲਾਉਂਦਾ ਉਹ ਕਰਾਹ ਪੈਂਦਾ ਸੀ। ਆਪਣੇ ਦੰਦ ਮੀਚਦਿਆਂ ਤੇ ਅੱਖਾਂ ਘੁੱਟ ਕੇ ਬੰਦ ਕਰਦਿਆਂ ਉਸਨੇ ਦੋਹਾਂ ਹੱਥਾਂ ਨਾਲ ਇੱਕ ਬੂਟ ਲਾਹ ਮਾਰਿਆ ਤੇ ਇੱਕਦਮ ਬੇਹੋਸ਼ ਹੋ ਗਿਆ। ਜਦੋਂ ਉਹ ਹੋਸ਼ ਵਿੱਚ ਆਇਆ ਤਾਂ ਉਸਨੇ ਧਿਆਨ ਨਾਲ ਆਪਣੇ ਪੈਰ ਉੱਪਰ ਬੱਝਾ ਕੱਪੜਾ ਖੋਹਲਿਆ। ਪੈਰ ਸੁੱਜਾ ਪਿਆ ਸੀ ਤੇ ਇਹ ਪੂਰੇ ਦਾ ਪੂਰਾ ਇੱਕੋ ਲਾਲ ਸੂਹਾ ਜ਼ਖਮ ਲੱਗਦਾ ਸੀ । ਹਰ ਜੋੜ ਵਿੱਚ ਇਹ ਜਲਣ ਪੈਦਾ ਕਰ ਰਿਹਾ ਤੇ ਦਰਦ ਕਰ ਰਿਹਾ ਸੀ। ਉਸਨੇ ਬਰਫ਼ ਉੱਤੇ ਪੈਰ ਟਿਕਾਇਆ ਤੇ ਦਰਦ ਕੁਝ ਘੱਟ ਗਿਆ। ਇਸੇ ਤਰ੍ਹਾਂ ਜਾਨ-ਹੂਲਵੀਂ ਕੋਸ਼ਿਸ਼ ਕਰਕੇ, ਜਿਵੇਂ ਕਿ ਉਹ ਆਪਣਾ ਹੀ ਕੋਈ ਦੰਦ ਕੱਢ ਰਿਹਾ ਹੋਵੇ, ਉਸਨੇ ਦੂਜਾ ਬੂਟ ਵੀ ਲਾਹ ਮਾਰਿਆ।
ਉਸਦੇ ਦੋਵੇਂ ਪੈਰ ਬੇਕਾਰ ਸਨ । ਪ੍ਰਤੱਖ ਸੀ ਕਿ ਜਦੋਂ ਉਹ ਆਪਣੇ ਹਵਾਈ ਜਹਾਜ਼ ਦੀ ਕਾਕਪਿੱਟ ਵਿੱਚੋਂ ਬਾਹਰ ਆ ਪਿਆ ਸੀ, ਤਾਂ ਉਸਦੇ ਪੈਰ ਜ਼ਰੂਰ ਕਿਸੇ ਚੀਜ਼ ਵਿੱਚ ਅੜ ਗਏ ਹੋਣਗੇ ਤੇ ਇਸ ਤਰ੍ਹਾਂ ਨਾਲ ਉਸਦੇ ਗਿੱਟਿਆਂ ਤੋਂ ਲੈ ਕੇ ਪੱਬਾਂ ਤੱਕ ਦੀਆਂ ਹੱਡੀਆਂ ਚੂਰ- ਚੂਰ ਹੋ ਗਈਆਂ ਹੋਣਗੀਆਂ । ਸਧਾਰਨ ਹਾਲਤਾਂ ਵਿੱਚ, ਬੇਸ਼ਕ, ਉਹ ਇਹੋ ਜਿਹੀ ਭਿਆਨਕ ਹਾਲਤ ਵਿੱਚ ਪੈਰਾਂ ਉੱਤੇ ਖੜੇ ਹੋਣ ਦੀ ਕੋਸ਼ਿਸ਼ ਕਰਨ ਦਾ ਵੀ ਸੁਪਨਾ ਨਾ ਲੈਂਦਾ । ਪਰ ਇਸ ਅਣਗਾਹੇ ਜੰਗਲ ਦੇ ਐਨ ਵਿਚਕਾਰ, ਦੁਸ਼ਮਣ ਦੇ ਪਿਛਵਾੜੇ ਉਹ ਇਕੱਲਾ ਸੀ, ਜਿੱਥੇ ਕਿਸੇ ਆਦਮੀ ਦੇ ਮਿਲਣ ਦਾ ਮਤਲਬ ਕੋਈ ਸਹਾਰਾ ਨਹੀਂ ਸੀ, ਸਗੋਂ ਮੌਤ ਸੀ। ਸੋ ਉਸਨੇ ਪੂਰਬ ਵੱਲ ਨੂੰ, ਜੰਗਲ ਦੇ ਵਿੱਚੋਂ ਦੀ, ਸੌਖੀਆਂ ਸੜਕਾਂ ਜਾਂ ਮਨੁੱਖੀ ਵਸੋਂ ਦੀਆਂ ਥਾਵਾਂ ਲੱਭਣ ਦੀ ਕੋਸ਼ਿਸ਼ ਕੀਤੇ ਤੋਂ ਬਿਨਾਂ ਵਧੀ ਜਾਣ ਦਾ ਨਿਸ਼ਚਾ ਕੀਤਾ: ਹਰ ਹਾਲਤ ਉੱਤੇ ਵਧੀ ਜਾਣ ਦਾ।
ਉਹ ਰਿੱਛ ਦੀ ਲਾਸ਼ ਤੋਂ ਦ੍ਰਿੜ੍ਹਤਾ ਨਾਲ ਉਠਿਆ, ਜ਼ੋਰ ਜ਼ੋਰ ਦੀ ਸਾਹ ਲਿਆ, ਦੰਦ ਪੀਸੇ ਤੇ ਪਹਿਲਾ ਕਦਮ ਪੁੱਟਿਆ। ਉਹ ਘੜੀ ਪਲ ਲਈ ਖੜਾ ਰਿਹਾ, ਦੂਸਰਾ ਪੈਰ ਬਰਫ਼ ਉੱਤੋਂ ਚੁੱਕਿਆ ਤੇ ਫਿਰ ਇੱਕ ਹੋਰ ਕਦਮ ਪੁੱਟਿਆ। ਉਸਦਾ ਦਿਮਾਗ਼ ਅਵਾਜ਼ਾਂ ਨਾਲ ਭਰ ਗਿਆ, ਤੇ ਮੈਦਾਨ ਝੂਲਣ ਲੱਗਾ ਤੇ ਤੁਰਦਾ ਹੋਇਆ ਦੂਰ ਜਾਣ ਲੱਗਾ ।
ਥਕਾਵਟ ਤੇ ਪੀੜ ਨਾਲ ਅਲੈਕਸੇਈ ਕਮਜ਼ੋਰੀ ਵਧਦੀ ਜਾਂਦੀ ਮਹਿਸੂਸ ਕਰ ਰਿਹਾ ਸੀ । ਆਪਣੇ ਬੁੱਲ੍ਹ ਟੁਕਦਿਆਂ, ਉਸਨੇ ਵਧਣਾ ਜਾਰੀ ਰਖਿਆ ਤੇ ਇੱਕ ਜੰਗਲੀ ਪਹੇ ਤੱਕ ਪੁੱਜ ਗਿਆ, ਜਿਹੜਾ ਤਬਾਹ ਹੋਏ ਟੈਂਕ ਦੇ ਕੋਲੋਂ, ਗਰਨੇਡ ਹੱਥ ਵਿੱਚ ਫੜੀ ਮਰੇ ਪਏ ਉਜ਼ਬੇਕ ਦੇ ਕੋਲੋਂ ਦੀ ਹੋ ਕੇ, ਪੂਰਬ ਵੱਲ ਜੰਗਲ ਦੇ ਅੰਦਰ ਵੱਲ ਨੂੰ ਜਾਂਦਾ ਸੀ । ਨਰਮ ਬਰਫ਼ ਉੱਤੇ ਲੰਗੜਾਉਂਦੇ ਚੱਲਣਾ ਏਨਾਂ ਮਾੜਾ ਨਹੀਂ ਸੀ, ਪਰ ਜਿਉਂ ਹੀ ਉਸਨੇ ਹਵਾ ਨਾਲ ਸਖ਼ਤ ਹੋਈ, ਬਰਫ਼ ਨਾਲ ਢਕੀ ਸੜਕ ਦੀ ਉਭਰੀ ਸਤਹ ਉੱਤੇ ਪੈਰ ਧਰਿਆ, ਤਾਂ ਪੀੜ ਏਨੀਂ ਅਸਹਿ ਹੋ ਗਈ ਕਿ ਇੱਕ ਵੀ ਹੋਰ ਕਦਮ ਪੁੱਟਣ ਦੀ ਉਸਦੀ ਹਿੰਮਤ ਨਾ ਪਈ, ਤੇ ਉਹ ਰੁਕ ਗਿਆ। ਆਪਣੇ ਪੈਰਾਂ ਨੂੰ ਕੁਢੱਬੇ ਜਿਹੇ ਢੰਗ ਨਾਲ ਚੌੜਾ ਕਰੀ ਉਹ ਉਥੇ ਖੜਾ ਸੀ, ਤੇ ਉਸਦਾ ਸਰੀਰ ਜਿਵੇਂ ਹਵਾ ਨਾਲ ਝੂਲ ਰਿਹਾ ਸੀ । ਇੱਕਦਮ ਉਸਦੀਆਂ ਅੱਖਾਂ ਅੱਗੇ ਧੁੰਦ ਛਾ ਗਈ । ਸੜਕ, ਦਿਆਰ ਦੇ ਦਰਖਤ, ਦਿਆਰਾਂ ਦੀਆਂ ਸਲੇਟੀ ਜਿਹੀਆਂ ਟੀਸੀਆਂ ਤੇ ਉਹਨਾਂ ਵਿਚਕਾਰ ਅਕਾਸ਼ ਦੇ ਲੰਬੂਤਰੇ ਚਟਾਕ ਅਲੋਪ ਹੋ ਗਏ।… ਉਹ ਆਪਣੇ ਹਵਾਈ ਅੱਡੇ ਵਿੱਚ, ਲੜਾਕਾ ਹਵਾਈ ਜਹਾਜ਼ ਕੋਲ, ਆਪਣੇ ਲੜਾਕਾ ਹਵਾਈ ਜਹਾਜ਼ ਕੋਲ ਖੜਾ ਸੀ, ਤੇ ਉਸਦਾ ਮਕੈਨਿਕ, ਪਤਲਾ ਜਿਹਾ ਯੂਰਾ, ਹਮੇਸ਼ਾ ਵਾਂਗ ਜਿਸਦੇ ਬਿਨਾਂ ਹਜਾਮਤ ਕੀਤੇ ਤੇ ਮੈਲੇ ਚਿਹਰੇ ਉੱਤੇ ਅੱਖਾਂ ਤੇ ਦੰਦ ਚਮਕਦੇ ਰਹਿੰਦੇ ਸਨ, ਉਸਨੂੰ ਕਾਕਪਿਟ ਵੱਲ ਇਸ਼ਾਰਾ ਕਰਕੇ ਬੁਲਾ ਰਿਹਾ ਸੀ, ਜਿਵੇਂ ਕਹਿ ਰਿਹਾ ਹੋਵੇ: “ਇਹ ਤਿਆਰ ਹੈ, ਉੱਡ ਚੱਲ!.।” ਅਲੈਕਸੇਈ ਨੇ ਹਵਾਈ ਜਹਾਜ਼ ਵੱਲ ਕਦਮ ਪੁੱਟਿਆ, ਪਰ ਜ਼ਮੀਨ ਡੋਲ ਰਹੀ ਸੀ ਤੇ ਉਸਦੇ ਪੈਰ ਸੜਨ ਲੱਗ ਪਏ ਜਿਵੇਂ ਕਿ ਉਸਨੇ ਭਖ ਕੇ ਲਾਲ ਹੋਈ ਧਾਤ ਦੀ ਪਲੇਟ ਉੱਤੇ ਪੈਰ ਰੱਖ ਦਿੱਤਾ ਹੋਵੇ। ਉਸਨੇ ਜ਼ਮੀਨ ਦੇ ਬਲ ਰਹੇ ਟੋਟੇ ਨੂੰ ਟੱਪ ਕੇ ਆਪਣੇ ਹਵਾਈ ਜਹਾਜ਼ ਦੇ ਪਰ ਉੱਤੇ ਚੜ੍ਹਨ ਦੀ ਕੋਸ਼ਿਸ਼ ਕੀਤੀ, ਪਰ ਉਸਦੇ ਢਾਂਚੇ ਦੇ ਠੰਡੇ ਪਾਸੇ ਨਾਲ ਟਕਰਾ ਗਿਆ। ਉਸਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਹਵਾਈ ਜਹਾਜ਼ ਦਾ ਪਾਸਾ ਪੱਧਰਾ ਤੇ ਪਾਲਿਸ਼ ਕੀਤਾ ਹੋਇਆ ਨਹੀਂ ਸੀ, ਸਗੋਂ ਖੁਰਦਰਾ ਸੀ, ਜਿਵੇਂ ਇਸ ਨਾਲ ਦਿਆਰਾਂ ਦਾ ਛਿਲਕਾ ਲੱਗਾ ਹੋਵੇ ।… ਪਰ ਲੜਾਕਾ ਹਵਾਈ ਜਹਾਜ਼ ਕਿਤੇ ਨਹੀਂ ਸੀ; ਉਹ ਸੜਕ ਉੱਤੇ ਖੜਾ ਸੀ ਤੇ ਦਰਖਤ ਦੇ ਤਣੇ ਨੂੰ ਥਪਕ ਰਿਹਾ ਸੀ
“ਛਾਇਆ-ਜਾਲ ? ਸੱਟ ਨਾਲ ਮੇਰਾ ਦਿਮਾਗ਼ ਹਿਲਦਾ ਜਾ ਰਿਹਾ ਹੈ !” ਅਲੈਕਸੇਈ ਨੇ ਸੋਚਿਆ। “ਇਸ ਪਹੇ ਉੱਤੇ ਚੱਲਣਾ ਤਸੀਹੇ ਵਾਲੀ ਗੱਲ ਹੋਵੇਗੀ। ਤਾਂ ਕੀ ਮੈਂ ਇਸਤੋਂ ਮੁੜ ਚੱਲਾਂ ? ਪਰ ਉਸ ਨਾਲ਼ ਚਾਲ ਹੌਲ਼ੀ ਹੋ ਜਾਏਗੀ.. ” ਉਹ ਬਰਫ਼ ਉੱਤੇ ਬੈਠ ਗਿਆ ਤੇ ਪਹਿਲਾਂ ਵਾਲੇ ਹੀ ਸੰਖੇਪ, ਪਰ ਤੇਜ਼ ਝਟਕੇ ਨਾਲ ਉਸਨੇ ਆਪਣੇ ਜੱਤ ਦੇ ਬੂਟ ਲਾਹ ਮਾਰੇ ਤੇ, ਉਹਨਾਂ ਨੂੰ ਆਪਣੇ ਟੁੱਟੇ ਹੋਏ ਪੈਰਾਂ ਲਈ ਅਰਾਮਦੇਹ ਬਨਾਉਣ ਲਈ, ਦੰਦਾਂ ਤੇ ਨਹੁੰਆਂ ਨਾਲ ਜ਼ੋਰ ਲਾ ਕੇ ਉਹਨਾਂ ਦੇ ਉਪਰਲੇ ਹਿੱਸੇ ਨੂੰ ਪਾੜ ਕੇ ਉਹਨਾਂ ਦਾ ਮੂੰਹ ਚੌੜਾ ਕਰ ਦਿੱਤਾ, ਫਿਰ ਅੰਗੋਰਾ ਉੱਨ ਦੇ ਬਣੇ ਵੱਡੇ ਗੁਲੂਬੰਦ ਦੇ ਪਾੜ ਕੇ ਦੋ ਹਿੱਸੇ ਕਰ ਦਿੱਤੇ, ਉਹਨਾਂ ਨੂੰ ਪੈਰਾਂ ਉੱਤੇ ਲਪੇਟ ਲਿਆ ਤੇ ਫਿਰ ਬੂਟ ਪਾ ਲਏ।
ਹੁਣ ਚੱਲਣਾ ਸੌਖੇਰਾ ਹੋ ਗਿਆ । ਪਰ ਉਸ ਨੂੰ ‘ਤੁਰਨਾ’ ਕਹਿਣਾ ਸ਼ਾਇਦ ਪੂਰਾ ਠੀਕ ਨਾ ਹੋਵੇ। ਤੁਰਨਾ ਨਹੀਂ ਸਗੋਂ ਅੱਗੇ ਨੂੰ ਵਧਣਾ, ਬੜੇ ਧਿਆਨ ਨਾਲ ਅੱਗੇ ਵਧਣਾ, ਆਪਣੀਆਂ ਅੱਡੀਆਂ ਉੱਤੇ ਭਾਰ ਪਾ ਕੇ ਤੇ ਆਪਣੇ ਪੈਰ ਉਤਾਂਹ ਚੁੱਕ ਕੇ ਜਿਸ ਤਰ੍ਹਾਂ ਬੰਦਾ ਦਲਦਲ ਵਿੱਚ ਚੱਲਦਾ ਹੈ । ਹਰ ਕੁਝ ਕਦਮਾਂ ਪਿੱਛੋਂ ਪੀੜ ਤੇ ਥਕਾਵਟ ਨਾਲ ਉਸਦਾ ਸਿਰ ਘੁੰਮਣ ਲੱਗ ਪੈਂਦਾ । ਉਹ ਰੁਕਣ ਲਈ ਆਪਣੀਆਂ ਅੱਖਾਂ ਬੰਦ ਕਰਨ ਲਈ, ਕਿਸੇ ਦਰਖਤ ਦੇ ਤਣੇ ਨਾਲ ਢਾਸਣਾ ਲਾਉਣ ਲਈ, ਜਾਂ ਅਰਾਮ ਕਰਨ ਵਾਸਤੇ ਕਿਸੇ ਬਰਫ਼ ਦੇ ਢੇਰ ਉੱਤੇ ਬੈਠਣ ਲਈ ਮਜ਼ਬੂਰ ਹੋ ਜਾਂਦਾ, ਤੇ ਉਸਨੂੰ ਆਪਣੀਆਂ ਨਾੜਾਂ ਵਿੱਚ ਖੂਨ ਦੀ ਧੜਕਣ ਸ਼ਿੱਦਤ ਨਾਲ ਮਹਿਸੂਸ ਹੋਣ ਲੱਗ ਪੈਂਦੀ।
ਤੇ ਇਸ ਤਰ੍ਹਾਂ ਉਹ ਕਈ ਘੰਟਿਆਂ ਤੱਕ ਅੱਗੇ ਵਧਦਾ ਗਿਆ । ਪਰ ਜਦੋਂ ਉਸਨੇ ਮੁੜ ਕੇ ਪਿੱਛੇ ਦੇਖਿਆ ਤਾਂ ਉਸਨੂੰ ਅਜੇ ਵੀ ਸੂਰਜ ਦੀਆਂ ਕਿਰਨਾਂ ਨਾਲ ਚਮਕਦੀ ਸੜਕ ਦੇ ਮੋੜ ਉੱਤੇ ਜੰਗਲ ਦੀ ਹੱਦ ਦਿਖਾਈ ਦੇ ਰਹੀ ਸੀ, ਜਿੱਥੇ ਬਰਫ਼ ਉੱਤੇ ਉਸ ਉਜ਼ਬੇਕ ਦੀ ਲਾਸ਼ ਕਾਲੇ ਧੱਬੇ ਵਾਂਗ ਪਈ ਸੀ । ਅਲੈਕਸੇਈ ਨੂੰ ਬੇਹਦ ਨਿਰਾਸ਼ਾ ਹੋਈ। ਨਿਰਾਸ਼ਾ ਹੋਈ, ਪਰ ਉਸਨੂੰ ਭੈ ਨਾ ਆਇਆ। ਇਸ ਨਾਲ ਉਸ ਵਿੱਚ ਹੋਰ ਵੀ ਤੇਜ਼ ਚੱਲਣ ਦੀ ਭਾਵਨਾ ਜਾਗ ਪਈ । ਉਹ ਬਰਫ਼ ਦੇ ਢੇਰ ਤੋਂ ਉਠਿਆ, ਆਪਣੇ ਦੰਦਾਂ ਨੂੰ ਘੁੱਟ ਕੇ ਮੀਚਿਆ, ਤੇ ਨੇੜੇ ਹੀ ਕੋਈ ਨਿਸ਼ਾਨਾ ਚੁਣ ਕੇ, ਉਸ ਉੱਤੇ ਧਿਆਨ ਟਿਕਾਉਂਦਿਆਂ, ਦਿਆਰ ਦੇ ਇੱਕ ਦਰਖਤ ਤੋਂ ਦੂਜੇ ਦਰਖਤ ਤੱਕ, ਇੱਕ ਮੁੱਢੀ ਤੋਂ ਦੂਜੀ ਮੁੱਢੀ ਤੱਕ, ਬਰਫ਼ ਦੇ ਇੱਕ ਢੇਰ ਤੋਂ ਦੂਜੇ ਢੇਰ ਤੱਕ ਉਹ ਲਗਾਤਾਰ ਵਧਦਾ ਗਿਆ। ਤੇ ਜਿਉਂ ਜਿਉਂ ਉਹ ਵਧਦਾ ਜਾ ਰਿਹਾ ਸੀ, ਤਿਉਂ ਤਿਉਂ ਆਪਣੇ ਪਿੱਛੇ ਜੰਗਲ ਦੀ ਉਸ ਸੁੰਨਸਾਨ ਸੜਕ ਉੱਤੇ ਪਈ ਅਛੁਹ ਬਰਫ਼ ਉੱਤੇ ਟੇਢੇ-ਮੇਢੇ, ਵਲ-ਵਲਾਵੇਂ ਵਾਲ਼ੇ ਪੈਰ-ਚਿੰਨ, ਇੰਝ ਛੱਡਦਾ ਜਾ ਰਿਹਾ ਸੀ, ਜਿਸ ਤਰ੍ਹਾਂ ਕੋਈ ਜ਼ਖਮੀ ਜਾਨਵਰ ਛੱਡਦਾ ਹੈ।
4
ਤੇ ਇਸ ਤਰ੍ਹਾਂ ਉਹ ਸ਼ਾਮ ਹੋਣ ਤੱਕ ਚਲਦਾ ਰਿਹਾ। ਜਦੋਂ ਉਸਦੇ ਪਿੱਛੇ ਛੁਪ ਰਹੇ ਸੂਰਜ ਨੇ ਆਪਣੀ ਠੰਡੀ, ਲਾਲ ਚਮਕ ਦਰਖਤਾਂ ਦੀਆਂ ਟੀਸੀਆਂ ਉੱਤੇ ਸੁੱਟੀ ਤੇ ਜੰਗਲ ਵਿੱਚ ਪ੍ਰਛਾਵੇਂ ਸੰਘਣੇ ਹੋਣ ਲੱਗੇ, ਤਾਂ ਉਹ ਜੂਨੀਪਰ ਦੀਆਂ ਝਾੜੀਆਂ ਵਾਲੀ ਵਾਦੀ ਤੱਕ ਪੁੱਜਾ, ਤੇ ਉਥੇ ਉਸਨੂੰ ਐਸਾ ਦ੍ਰਿਸ਼ ਦਿਖਾਈ ਦਿੱਤਾ, ਜਿਸ ਨਾਲ ਉਸਨੂੰ ਇਉਂ ਲੱਗਣ ਲੱਗਾ, ਜਿਵੇਂ ਕਿ ਕੋਈ ਉਸਦੀ ਰੀੜ੍ਹ ਉੱਤੇ ਠੰਡਾ ਗਿੱਲਾ ਤੌਲੀਆਂ ਫੇਰ ਰਿਹਾ ਹੋਵੇ, ਤੇ ਉਸਦੀ ਟੋਪੀ ਹੇਠਾਂ ਉਸਦੇ ਵਾਲ ਖੜੇ ਹੋ ਗਏ।
ਸਪਸ਼ਟ ਤੌਰ ਉੱਤੇ, ਜਦੋਂ ਲੜਾਈ ਚੱਲ ਰਹੀ ਸੀ, ਤਾਂ ਇਸ ਵਾਦੀ ਵਿੱਚ ਕੋਈ ਮੈਡੀਕਲ ਦਸਤਾ ਨਿਯੁਕਤ ਕੀਤਾ ਗਿਆ ਸੀ । ਜ਼ਖਮੀਆਂ ਨੂੰ ਇਥੇ ਲਿਆਂਦਾ ਜਾਂਦਾ ਸੀ ਤੇ ਦਿਆਰਾਂ ਦੀਆਂ ਸੂਈਆਂ ਵਰਗੀਆਂ ਪੱਤੀਆਂ ਉੱਤੇ ਉਹਨਾਂ ਨੂੰ ਲਿਟਾਇਆ ਜਾਂਦਾ ਸੀ । ਤੇ ਇਥੇ ਉਹ ਅਜੇ ਵੀ ਝਾੜੀਆਂ ਦੇ ਹੇਠਾਂ ਪਏ ਸਨ, ਕੋਈ ਬਰਫ਼ ਵਿੱਚ ਅੱਧੇ ਤੇ ਕੋਈ ਪੂਰੇ ਦੱਬੇ ਹੋਏ । ਪਹਿਲੀ ਨਜ਼ਰੇ ਹੀ ਇਹ ਸਪਸ਼ਟ ਹੋ ਜਾਂਦਾ ਸੀ ਕਿ ਉਹ ਆਪਣੇ ਜ਼ਖਮਾਂ ਕਾਰਨ ਨਹੀਂ ਸਨ ਮਰੇ । ਕਿਸੇ ਨੇ ਛੁਰੇ ਦੇ ਮਹਾਰਤ ਵਾਲੇ ਹੱਥਾਂ ਨਾਲ ਵਾਰ ਕਰਕੇ ਉਹਨਾਂ ਦੇ ਗਲ਼ੇ ਕੱਟ ਦਿੱਤੇ ਸਨ, ਤੇ ਉਹ ਸਾਰੇ ਦੇ ਸਾਰੇ ਇੱਕੋ ਹੀ ਢੰਗ ਨਾਲ ਲੰਮੇ ਪਏ ਹੋਏ ਸਨ, ਸਿਰ ਪਿੱਛੇ ਨੂੰ ਸੁੱਟੀ, ਜਿਵੇਂ ਇਹ ਦੇਖਣ ਦੀ ਕੋਸ਼ਿਸ਼ ਕਰ ਰਹੇ ਹੋਣ ਕਿ ਉਹਨਾਂ ਦੇ ਪਿੱਛੇ ਕੀ ਹੋ ਰਿਹਾ ਹੈ। ਤੇ ਇਥੇ ਹੀ ਇਸ ਭਿਆਨਕ ਦ੍ਰਿਸ਼ ਦੀ ਵਿਆਖਿਆ ਵੀ ਹੋ ਜਾਂਦੀ ਸੀ । ਇੱਕ ਸੋਵੀਅਤ ਫ਼ੌਜੀ ਦੀ ਬਰਫ਼ ਨਾਲ ਢਕੀ ਲਾਸ਼ ਦੇ ਕੋਲ, ਦਿਆਰ ਦੇ ਹੇਠਾਂ ਲੱਕ-ਲੱਕ ਤੱਕ ਬਰਫ਼ ਵਿੱਚ ਦੱਬੀ ਇੱਕ ਨਰਸ, ਫ਼ੌਜੀ ਦਾ ਸਿਰ ਆਪਣੀ ਗੋਦ ਵਿੱਚ ਰੱਖੀ ਬੈਠੀ ਸੀ; ਉਹ ਨਿੱਕੀ ਜਿਹੀ, ਨਾਜ਼ੁਕ ਲਗਦੀ ਕੁੜੀ ਸੀ, ਜਿਸਨੇ ਜੱਤ ਦੀ ਟੋਪੀ ਪਾਈ ਹੋਈ ਸੀ, ਜਿਸਦੀਆਂ ਕੰਨ- ਪਟੀਆਂ ਨੂੰ ਉਸਨੇ ਫੀਤੇ ਨਾਲ ਠੋਡੀ ਹੇਠਾਂ ਬੰਨ੍ਹਿਆ ਹੋਇਆ ਸੀ । ਉਸਦੀਆਂ ਮੌਰਾਂ ਦੇ ਵਿਚਕਾਰ ਕਰਕੇ ਕਿਸੇ ਛੁਰੇ ਦੀ ਬੇਹਦ ਚਮਕੀਲੀ ਮੁੱਠ ਬਾਹਰ ਦਿਖਾਈ ਦੇ ਰਹੀ ਸੀ। ਨੇੜੇ ਹੀ ਐਸ: ਐਸ: ਦੀ ਕਾਲ਼ੀ ਵਰਦੀ ਪਾਈ ਇੱਕ ਫਾਸਿਸਟ ਦੀ, ਤੇ ਇੱਕ ਸੋਵੀਅਤ ਫੌਜੀ ਦੀ ਲਾਸ਼ ਸੀ, ਜਿਸਦੇ ਸਿਰ ਉੱਤੇ ਖੂਨ ਨਾਲ ਲਿੱਬੜੀ ਪੱਟੀ ਬੱਝੀ ਹੋਈ ਸੀ । ਦੋਹਾਂ ਨੇ ਆਪਣੇ ਆਖ਼ਰੀ ਮਾਰੂ ਘੋਲ ਵਿੱਚ ਇੱਕ ਦੂਜੇ ਦਾ ਗਲ਼ਾ ਫੜਿਆ ਹੋਇਆ ਸੀ । ਅਲੈਕਸੇਈ ਨੇ ਇੱਕਦਮ ਅੰਦਾਜ਼ਾ ਲਾ ਲਿਆ ਕਿ ਕਾਲੇ ਕੱਪੜਿਆਂ ਵਾਲੇ ਨੇ ਜ਼ਖਮੀਆਂ ਨੂੰ ਕਤਲ ਕੀਤਾ ਸੀ, ਤੇ ਸੋਵੀਅਤ ਫ਼ੌਜੀ, ਜਿਹੜਾ ਅਜੇ ਜਿਉਂਦਾ ਸੀ, ਐਨ ਉਸ ਵੇਲੇ ਕਾਤਲ ਉਪਰ ਟੁੱਟ ਪਿਆ ਸੀ, ਜਿਸ ਵੇਲੇ ਉਹ ਨਰਸ ਨੂੰ ਛੁਰਾ ਮਾਰ ਰਿਹਾ ਸੀ । ਤੇ ਉਸਨੇ ਦੁਸ਼ਮਣ ਨੂੰ ਆਪਣੀਆਂ ਉਂਗਲਾਂ ਵਿੱਚ ਰਹਿ ਗਈ ਬਾਕੀ ਸਾਰੀ ਤਾਕਤ ਨਾਲ ਗਲ਼ੇ ਤੋਂ ਫੜ ਲਿਆ ਸੀ। ਤੇ ਇਸ ਤਰ੍ਹਾਂ, ਬਰਫ਼ ਦੇ ਤੂਫ਼ਾਨ ਨੇ ਉਹਨਾਂ ਸਾਰਿਆਂ ਨੂੰ ਦਬਾ ਦਿੱਤਾ ਸੀ — ਜੱਤ ਦੀ ਟੋਪੀ ਵਾਲੀ ਨਾਜ਼ੁਕ ਕੁੜੀ, ਜਿਹੜੀ ਆਪਣੇ ਸਰੀਰ ਨਾਲ ਜ਼ਖਮੀ ਆਦਮੀ ਨੂੰ ਬਚਾ ਰਹੀ ਸੀ; ਕਾਤਲ ਤੇ ਉਸ ਤੋਂ ਬਦਲਾ ਲੈਣ ਵਾਲਾ, ਇੱਕ ਦੂਜੇ ਨੂੰ ਗਲੇ ਤੋਂ ਫੜੀ, ਉਸਦੇ ਪੈਰਾਂ ਵਿੱਚ ਡਿਗੇ ਹੋਏ ਸਨ, ਜਿਨ੍ਹਾਂ ਵਿੱਚ ਕਿ ਉਸਨੇ ਖੁੱਲ੍ਹੀਆਂ ਲੱਤਾਂ ਵਾਲ਼ੇ ਪੁਰਾਣੇ ਫ਼ੌਜੀ ਬੂਟ ਪਾਏ ਹੋਏ ਸਨ।
ਅਲੈਕਸੇਈ ਕੁਝ ਪਲ ਉਥੇ ਮੂਰਤੀ ਬਣਿਆ ਖੜਾ ਰਿਹਾ, ਫਿਰ ਲੰਗੜਾਉਂਦਾ ਹੋਇਆ ਨਰਸ ਤੱਕ ਗਿਆ ਤੇ ਉਸਦੀ ਪਿੱਠ ਵਿੱਚੋਂ ਛੁਰਾ ਕੱਢ ਲਿਆ। ਇਹ ਐਸ: ਐਸ: ਛੁਰਾ ਸੀ, ਜਿਹੜਾ ਪੁਰਾਣੀ ਜਰਮਨ ਤਲਵਾਰ ਦੀ ਸ਼ਕਲ ਦਾ ਬਣਾਇਆ ਗਿਆ ਸੀ, ਜਿਸਦੀ ਮਾਹੋਜਨੀ ਲੱਕੜੀ ਦੀ ਮੁੱਠ ਉੱਤੇ ਚਾਂਦੀ ਨਾਲ ਐਸ. ਐਸ. ਦਾ ਨਿਸ਼ਾਨ ਬਣਿਆ ਹੋਇਆ ਸੀ। ਜੰਗਾਲ ਲੱਗੇ ਫਲ ਉੱਤੇ ਉਕਰਿਆ ਹੋਇਆ ਸੀ: (Alles fiir Deutschland ) (ਸਭ ਕੁਝ ਜਰਮਨੀ ਲਈ) ਅਜੇ ਵੀ ਪੜ੍ਹਿਆ ਜਾ ਸਕਦਾ ਸੀ । ਅਲੈਕਸੇਈ ਨੇ ਜਰਮਨ ਦੀ ਲਾਸ਼ ਨਾਲੋਂ ਛੁਰੇ ਦਾ ਚਮੜੇ ਦਾ ਮਿਆਨ ਲਾਹਿਆ; ਆਪਣੇ ਸਫਰ ਦੌਰਾਨ ਉਸਨੂੰ ਇਸ ਹਥਿਆਰ ਦੀ ਲੋੜ ਪਵੇਗੀ। ਫਿਰ ਉਸਨੇ ਬਰਫ਼ ਦੇ ਹੇਠੋਂ ਜ਼ਮੀਨ ਤੋਂ ਇੱਕ ਚਾਦਰ ਪੁੱਟੀ, ਨਰਸ ਦੀ ਲਾਸ਼ ਨੂੰ ਇਸ ਨਾਲ ਢੱਕ ਦਿੱਤਾ ਤੇ ਦਿਆਰ ਦੀਆਂ ਕੁਝ ਟਾਹਣੀਆਂ ਇਸ ਉੱਤੇ ਰੱਖ ਦਿੱਤੀਆਂ।
ਉਦੋਂ ਤੱਕ ਸੰਧਿਆ ਹੋ ਚੁੱਕੀ ਸੀ। ਦਰਖਤਾਂ ਵਿਚਕਾਰ ਚਾਨਣ ਦੀਆਂ ਪੱਟੀਆਂ ਬੁਝ ਗਈਆਂ । ਸੰਘਣੇ ਤੇ ਕੱਕਰੀਲੇ ਹਨੇਰੇ ਨੇ ਵਾਦੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਥੇ ਚੁੱਪ-ਚਾਂ ਸੀ, ਪਰ ਸ਼ਾਮ ਦੀ ਹਵਾ ਦਰਖਤਾਂ ਦੀਆਂ ਟੀਸੀਆਂ ਵਿੱਚੋਂ ਬੁੱਲ੍ਹੇ ਬਣ ਕੇ ਲੰਘਦੀ ਸੀ ਤੇ ਜੰਗਲ ਗਾਉਣ ਲੱਗ ਪੈਂਦਾ ਸੀ, ਕਦੀ ਸਹਿਲਾਵੀ ਲੋਰੀ, ਤੇ ਕਦੀ ਫਿਕਰ ਤੇ ਖ਼ਤਰੇ ਦੀ ਧੁਨ। ਧੂੜ ਵਰਗੀ ਖੁਸ਼ਕ ਬਰਫ਼, ਜਿਹੜੀ ਹੁਣ ਦਿਖਾਈ ਨਹੀਂ ਸੀ ਦੇਂਦੀ, ਪਰ ਹੌਲੀ ਹੌਲੀ ਪੈ ਰਹੀ ਤੇ ਚਿਹਰੇ ਨੂੰ ਚੁਭ ਰਹੀ ਸੀ, ਹੁਣ ਵਾਦੀ ਵਿੱਚ ਉਡਦੀ ਆ ਰਹੀ ਸੀ।
ਵੋਲਗਾ ਸਤੇਪੀ ਵਿੱਚ ਕਾਮੀਸ਼ਿਨ ਕਸਬੇ ਦੇ ਜੰਮਪਲ ਇੱਕ ਸ਼ਹਿਰੀ ਆਦਮੀ, ਜਿਸਨੂੰ ਜੰਗਲ ਦੇ ਜੀਵਨ ਦਾ ਕੋਈ ਤਜਰਬਾ ਨਹੀਂ ਸੀ, ਅਲੈਕਸੇਈ ਨੇ ਰਾਤ ਲਈ ਤਿਆਰੀ ਕਰਨ ਦੀ, ਜਾਂ ਅੱਗ ਬਾਲਣ ਦੀ ਕੋਈ ਤਕਲੀਫ਼ ਨਹੀਂ ਸੀ ਕੀਤੀ। ਸੰਘਣੇ ਹਨੇਰੇ ਵਿਚ ਘਿਰ ਜਾਣ ਕਰਕੇ ਤੇ ਆਪਣੇ ਟੁੱਟੇ ਹੋਏ ਤੇ ਥੱਕੇ ਪੈਰਾਂ ਵਿੱਚ ਪੀੜ ਨਾਲ ਪੈ ਰਹੀਆਂ ਚੀਸਾਂ ਤੋਂ ਚੇਤੰਨ, ਹੁਣ ਉਸ ਵਿੱਚ ਲੱਕੜਾਂ ਇਕੱਠੀਆਂ ਕਰਨ ਦੀ ਹਿੰਮਤ ਨਹੀਂ ਸੀ; ਉਹ ਰੀਂਗਦਾ ਹੋਇਆ ਇੱਕ ਲਵੇ ਦਿਆਰ ਹੇਠਲੀਆਂ ਸੰਘਣੀਆਂ ਝਾੜੀਆਂ ਵਿੱਚ ਚਲਾ ਗਿਆ, ਦਰਖਤ ਹੇਠਾਂ ਬੈਠ ਗਿਆ, ਆਪਣੇ ਮੋਢੇ ਸੁੰਗੇੜ ਲਏ, ਸਿਰ ਨੂੰ ਗੋਡਿਆਂ ਉੱਤੇ ਟਿਕਾ ਲਿਆ, ਜਿਨ੍ਹਾਂ ਦੁਆਲੇ ਉਸਨੇ ਆਪਣੀਆਂ ਬਾਹਵਾਂ ਵਲੀਆਂ ਹੋਈਆਂ ਸਨ ਤੇ ਆਪਣੇ ਹੀ ਸਾਹ ਨਾਲ ਆਪਣੇ ਆਪ ਨੂੰ ਗਰਮ ਕਰਦਿਆਂ, ਬਿਲਕੁਲ ਅਹਿੱਲ ਬੈਠ ਗਿਆ ਤੇ ਸਾਂਤੀ ਤੇ ਟਿਕਾਅ ਨੂੰ ਮਾਨਣ ਲੱਗਾ।
ਉਸਨੇ ਆਪਣੀ ਪਿਸਤੌਲ ਦਾ ਘੋੜਾ ਚੜ੍ਹਾ ਰੱਖਿਆ ਸੀ, ਪਰ ਇਹ ਗੱਲ ਸੰਦੇਹ ਵਾਲੀ ਸੀ ਕਿ ਜੰਗਲ ਵਿੱਚ ਗੁਜ਼ਾਰੀ ਉਸ ਪਹਿਲੀ ਰਾਤ ਨੂੰ ਉਹ ਇਸਨੂੰ ਵਰਤਣ ਦੇ ਸਮਰਥ ਹੁੰਦਾ ਜਾਂ ਨਾ । ਉਹ ਘੂਕ ਸੁੱਤਾ, ਲੱਕੜ ਵਾਂਗ ਪਿਆ ਰਿਹਾ; ਉਸਨੂੰ ਨਾ ਤਾਂ ਦਿਆਰਾਂ ਦੀ ਸਰਸਰ ਸੁਣਾਈ ਦੇ ਰਹੀ ਸੀ, ਨਾ ਉੱਲੂ ਦੀ ਹੂਕ ਤੇ ਨਾ ਹੀ ਦੂਰੋਂ ਆ ਰਹੀ ਭੇੜੀਆਂ ਦੀ ਹੁਆਂਕਣ ਦੀ ਅਵਾਜ਼ ਜੰਗਲ ਦੀਆਂ ਅਵਾਜ਼ਾਂ ਵਿੱਚੋਂ ਕੋਈ ਵੀ ਅਵਾਜ਼ ਨਹੀਂ ਸੀ ਸੁਣਾਈ ਦੇ ਰਹੀ, ਜਿਨ੍ਹਾਂ ਨੇ ਉਸ ਸੰਘਣੇ ਅੰਧਕਾਰ ਨੂੰ ਭਰਿਆ ਹੋਇਆ ਸੀ, ਜਿਸ ਅੰਧਕਾਰ ਨੇ ਉਸਨੂੰ ਚੰਗੀ ਤਰ੍ਹਾਂ ਆਪਣੀ ਲਪੇਟ ਵਿੱਚ ਲੈ ਰਖਿਆ ਸੀ।
ਉਹ ਤ੍ਰਭਕ ਕੇ ਉਠਿਆ, ਜਿਵੇਂ ਕਿ ਕਿਸੇ ਨੇ ਉਸਨੂੰ ਝੰਜੋੜ ਦਿੱਤਾ ਹੋਵੇ; ਪਹੁਫੁਟਾਲੇ ਦੀਆਂ ਪਹਿਲੀਆਂ ਰਿਸ਼ਮਾਂ ਅਜੇ ਦਿਖਾਈ ਦਿੱਤੀਆਂ ਹੀ ਸਨ ਤੇ ਕੱਕਰੀਲੇ ਹਨੇਰੇ ਵਿੱਚ ਦਰਖਤਾਂ ਦੇ ਧੁੰਦਲੇ ਜਿਹੇ ਕਾਲੇ ਅਕਾਰ ਦਿਸਣ ਲੱਗ ਪਏ ਸਨ । ਜਾਗਦਿਆਂ ਹੀ ਉਸਨੂੰ ਯਾਦ ਆਇਆ ਕਿ ਉਸ ਨਾਲ ਕੀ ਵਾਪਰਿਆ ਸੀ, ਤੇ ਉਹ ਕਿੱਥੇ ਸੀ, ਤੇ ਜਿਸ ਲਾਪ੍ਰਵਾਹੀ ਨਾਲ ਉਹ ਰਾਤੀਂ ਜੰਗਲ ਵਿੱਚ ਪਿਆ ਰਿਹਾ ਸੀ, ਇਸਨੂੰ ਯਾਦ ਕਰਕੇ ਉਹ ਡਰ ਗਿਆ। ਸਖਤ ਪਾਲਾ ਉਸਦੇ ਜੱਤ ਦੇ ਅੰਦਰਸ ਵਾਲ਼ੇ ਉਡਾਣ ਵੇਲੇ ਦੇ ਸੂਟ ਨੂੰ ਚੀਰ ਕੇ ਲੰਘ ਗਿਆ ਸੀ ਤੇ ਹੱਡੀਆਂ ਵਿੱਚ ਜਾ ਵੜਿਆ ਸੀ । ਉਹ ਕੰਬਣ ਲੱਗਾ, ਜਿਵੇਂ ਬੁਖਾਰ ਚੜ੍ਹਿਆ ਹੋਵੇ । ਪਰ ਸਭ ਤੋਂ ਭੈੜੀ ਹਾਲਤ ਉਸਦੇ ਪੈਰਾਂ ਦੀ ਸੀ; ਪੀੜ ਪਹਿਲਾਂ ਨਾਲੋਂ ਵੀ ਤੀਖਣ ਸੀ,ਉਸ ਵੇਲੇ ਵੀ ਜਦੋਂ ਕਿ ਉਹ ਅਰਾਮ ਕਰ ਰਿਹਾ ਸੀ । ਖੜੋਣ ਦਾ ਖਿਆਲ ਕਰਕੇ ਹੀ ਉਸਦਾ ਤ੍ਰਾਹ ਨਿੱਕਲ ਜਾਂਦਾ । ਪਰ ਉਹ ਦ੍ਰਿੜ੍ਹਤਾ ਨਾਲ ਝਟਕਾ ਮਾਰ ਕੇ ਉਠਿਆ, ਜਿਸ ਤਰ੍ਹਾਂ ਇੱਕ ਦਿਨ ਪਹਿਲਾਂ ਉਸਨੇ ਦ੍ਰਿੜ੍ਹ ਝਟਕੇ ਨਾਲ ਆਪਣੇ ਬੂਟ ਲਾਹ ਮਾਰੇ ਸਨ । ਵਕਤ ਕੀਮਤੀ ਸੀ।
ਅਲੈਕਸੇਈ ਜਿਹੜੇ ਤਸੀਹੇ ਭੋਗ ਰਿਹਾ ਸੀ, ਉਸ ਵਿੱਚ ਭੁੱਖ ਦਾ ਤਸੀਹਾ ਵੀ ਰਲ ਗਿਆ। ਇੱਕ ਦਿਨ ਪਹਿਲਾਂ ਜਦੋਂ ਉਸਨੇ ਨਰਸ ਦੀ ਲਾਸ਼ ਨੂੰ ਚਾਦਰ ਨਾਲ ਢੱਕਿਆ ਸੀ, ਤਾਂ ਉਸਨੇ ਕੈਨਵਸ ਦਾ ਰੈਡ ਕਰਾਸ ਦਾ ਬਸਤਾ ਉਸਦੇ ਕੋਲ ਪਿਆ ਦੇਖਿਆ ਸੀ । ਕੋਈ ਛੋਟਾ ਜਾਨਵਰ ਪਹਿਲਾਂ ਹੀ ਇਸ ਵਾਲਾ ਕੰਮ ਕਰ ਚੁੱਕਾ ਸੀ। ਤੇ ਜ਼ਮੀਨ ਉੱਤੇ ਜਾਨਵਰ ਵੱਲੋਂ ਬਣਾਏ ਗਏ ਛੇਕਾਂ ਦੇ ਨੇੜੇ ਬਰਫ਼ ਉੱਤੇ ਕੁਝ ਟੋਟੇ ਪਏ ਹੋਏ ਸਨ । ਇੱਕ ਦਿਨ ਪਹਿਲਾਂ ਅਲੈਕਸੇਈ ਦਾ ਇਸ ਵੱਲ ਧਿਆਨ ਹੀ ਨਹੀਂ ਸੀ ਗਿਆ, ਪਰ ਹੁਣ ਉਸਨੇ ਬਸਤਾ ਚੁੱਕਿਆ ਤੇ ਇਸ ਵਿਚ ਉਸਨੂੰ ਕਈ ਪੱਟੀਆਂ, ਮਾਸ ਦਾ ਇੱਕ ਵੱਡਾ ਡੱਬਾ, ਚਿੱਠੀਆਂ ਦਾ ਇੱਕ ਪੈਕਟ ਤੇ ਇੱਕ ਛੋਟਾ ਜਿਹਾ ਸ਼ੀਸ਼ਾ ਮਿਲਿਆ, ਜਿਸਦੇ ਪਿਛਲੇ ਪਾਸੇ ਇਕ ਪਤਲੇ ਜਿਹੇ ਚਿਹਰੇ ਵਾਲੀ ਬੁੱਢੀ ਔਰਤ ਦੀ ਤਸਵੀਰ ਲੱਗੀ ਹੋਈ ਸੀ । ਪ੍ਰਤੱਖ ਤੌਰ ਉੱਤੇ, ਬਸਤੇ ਵਿੱਚ ਕੁਝ ਰੋਟੀ ਵੀ ਸੀ, ਪਰ ਪੰਛੀ ਤੇ ਪਸ਼ੂ ਉਸਨੂੰ ਚਟਮ ਕਰ ਚੁੱਕੇ ਸਨ । ਅਲੈਕਸੇਈ ਨੇ ਡੱਬੇ ਤੇ ਪੱਟੀਆਂ ਨੂੰ ਆਪਣੇ ਸੂਟ ਦੀਆਂ ਜੇਬਾਂ ਵਿੱਚ ਪਾਇਆ ਤੇ ਆਪਣੇ ਆਪ ਨੂੰ ਕਹਿਣ ਲੱਗਾ “ਸ਼ੁਕਰੀਆ, ਪਿਆਰੇ”, ਚਾਦਰ ਨੂੰ ਠੀਕ ਠਾਕ ਕੀਤਾ ਜਿਸਨੂੰ ਹਵਾ ਨੇ ਕੁੜੀ ਦੇ ਪੈਰਾਂ ਉੱਤੋਂ ਉਡਾ ਦਿੱਤਾ ਸੀ, ਤੇ ਹੌਲ਼ੀ ਹੌਲ਼ੀ ਪੂਰਬ ਵੱਲ ਨੂੰ ਤੁਰ ਪਿਆ, ਜਿਹੜਾ ਪਹਿਲਾਂ ਹੀ ਦਰਖਤ ਦੀਆਂ ਟਾਹਣਾਂ ਦੇ ਜਾਲ ਦੇ ਪਿੱਛੇ ਸੰਗਤਰੀ ਲਾਟਾਂ ਨਾਲ ਬਲ ਉਠਿਆ ਸੀ।
ਹੁਣ ਉਸ ਕੋਲ ਇੱਕ ਕਿਲੋਗਰਾਮ ਮਾਸ ਸੀ, ਤੇ ਉਸਨੇ ਦਿਹਾੜੀ ਵਿੱਚ ਇੱਕ ਵਾਰੀ, ਦੁਪਹਿਰ ਵੇਲੇ, ਖਾਣ ਦਾ ਫੈਸਲਾ ਕੀਤਾ।
5
ਹਰ ਕਦਮ ਚੁੱਕਣ ਨਾਲ ਹੁੰਦੀ ਪੀੜ ਤੇ ਆਪਣਾ ਮਨ ਲਾਂਭੇ ਲਿਜਾਣ ਲਈ ਅਲੈਕਸੇਈ ਨੇ ਆਪਣੇ ਰਸਤੇ ਬਾਰੇ ਸੋਚਣਾ ਤੇ ਹਿਸਾਬ ਲਾਉਣਾ ਸ਼ੁਰੂ ਕਰ ਦਿੱਤਾ । ਜੇ ਉਹ ਹਰ ਰੋਜ਼ ਦਸ ਜਾਂ ਬਾਰ੍ਹਾਂ ਕਿਲੋਮੀਟਰ ਕਰੇ, ਤਾਂ ਉਹ ਤਿੰਨ, ਜਾਂ ਹੱਦ ਚਾਰ ਦਿਨਾਂ ਵਿੱਚ ਆਪਣੀ ਮੰਜ਼ਿਲ ਤੱਕ ਪੁੱਜ ਜਾਏਗਾ।
“ਠੀਕ ਹੈ! ਸੋ, ਦਸ ਜਾਂ ਬਾਰ੍ਹਾਂ ਕਿਲੋਮੀਟਰ ਦਾ ਮਤਲਬ ਕੀ ਹੈ। ਕਿਲੋਮੀਟਰ ਦਾ ਮਤਲਬ ਹੈ ਦੋ ਹਜ਼ਾਰ ਕਦਮ; ਸੋ, ਦਸ ਕਿਲੋਮੀਟਰ ਬਣੇ ਵੀਹ ਹਜ਼ਾਰ ਕਦਮ, ਪਰ ਇਹ ਤਾਂ ਬਹੁਤ ਨੇ, ਜੇ ਮੈਂ ਇਹ ਵੀ ਖਿਆਲ ਰਖਾਂ ਕਿ ਹਰ ਪੰਜ ਸੌ ਜਾਂ ਛੇ ਸੌ ਕਦਮਾਂ ਤੋਂ ਪਿੱਛੋਂ ਮੈਨੂੰ ਅਰਾਮ ਕਰਨਾ ਪਵੇਗਾ।… ” وو
ਇੱਕ ਦਿਨ ਪਹਿਲਾਂ, ਤੁਰਨਾ ਸੌਖਾ ਬਨਾਉਣ ਲਈ, ਅਲੈਕਸੇਈ ਆਪਣੇ ਸਾਮ੍ਹਣੇ ਕੁਝ ਦਿਸਦੇ ਟੀਚੇ ਰੱਖ ਲੈਂਦਾ ਸੀ; ਦਿਆਰ ਦਾ ਦਰਖਤ, ਕੋਈ ਮੁੱਢ, ਜਾਂ ਸੜਕ ਉੱਤੇ ਕੋਈ ਗੜਾ, ਤੇ ਹਰ ਇੱਕ ਵੱਲ ਅਰਾਮ ਕਰਨ ਦੀ ਥਾਂ ਵਜੋਂ ਵਧਣ ਦੀ ਕੋਸ਼ਿਸ਼ ਕਰਦਾ ਸੀ। ਹੁਣ ਉਹਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅੰਕਾਂ ਵਿੱਚ ਬਦਲ ਲਿਆ- ਕਦਮਾਂ ਦੀ ਨਿਸ਼ਚਿਤ ਗਿਣਤੀ ਵਿੱਚ। ਉਸਨੇ ਹਰ ਪੜਾਅ ਨੂੰ ਇੱਕ ਹਜ਼ਾਰ ਕਦਮਾਂ ਦਾ, ਭਾਵ, ਅੱਧੇ ਕਿਲੋਮੀਟਰ ਦਾ ਬਨਾਉਣ ਦੀ ਕੋਸ਼ਿਸ਼ ਕੀਤੀ, ਤੇ ਘੜੀ ਦੇ ਹਿਸਾਬ ਨਾਲ ਅਰਾਮ ਕਰਨ ਲੱਗਾ – ਪੰਜ ਮਿੰਟ ਤੋਂ ਵੱਧ ਨਹੀਂ । ਉਸਨੇ ਹਿਸਾਬ ਲਾਇਆ ਕਿ ਬੜੀ ਮੁਸ਼ਕਲ ਨਾਲ, ਉਹ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਡੁੱਬਣ ਤੱਕ ਦਸ ਕਿਲੋਮੀਟਰ ਕਰ ਸਕਦਾ ਸੀ।
ਪਰ ਪਹਿਲੇ ਇੱਕ ਹਜ਼ਾਰ ਕਦਮ ਕਿੰਨੇ ਮੁਸ਼ਕਲ ਸਨ ! ਉਸਨੇ ਪੀੜ ਤੋਂ ਮਨ ਲਾਂਭੇ ਹਟਾਉਣ ਲਈ ਉਹਨਾਂ ਨੂੰ ਗਿਣਨਾ ਸ਼ੁਰੂ ਕਰ ਦਿੱਤਾ, ਪਰ ਪੰਜ ਸੌ ਤੱਕ ਗਿਣਨ ਤੋਂ ਮਗਰੋਂ ਉਹ ਗਿਣਤੀ ਭੁੱਲ ਗਿਆ, ਤੇ ਉਸਤੋਂ ਮਗਰੋਂ ਜਲਣਭਰੀ, ਧੜਕਦੀ ਪੀੜ ਤੋਂ ਛੁੱਟ ਹੋਰ ਕੁਝ ਉਸਦੇ ਦਿਮਾਗ਼ ਵਿੱਚ ਹੀ ਨਹੀਂ ਸੀ ਆਉਂਦਾ। ਤਾਂ ਵੀ, ਉਸਨੇ ਉਹ ਹਜ਼ਾਰ ਕਦਮ ਪੂਰੇ ਕੀਤੇ । ਬੈਠਣ ਦੀ ਹਿੰਮਤ ਨਾ ਹੋਣ ਕਰਕੇ, ਉਹ ਮੂੰਹ ਹੇਠਾਂ ਕਰਕੇ ਬਰਫ਼ ਉੱਤੇ ਢਹਿ ਪਿਆ ਤੇ ਬੜੀ ਪਿਆਸ ਨਾਲ ਇਸਨੂੰ ਚੂਸਣ ਲੱਗਾ, ਆਪਣਾ ਮੱਥਾ ਤੇ ਸੜਦੀਆਂ ਪੁੜਪੁੜੀਆਂ ਇਸਦੇ ਨਾਲ ਘੁੱਟ ਕੇ ਲਾਉਣ ਲੱਗਾ, ਤੇ ਬਰਫ਼ ਦੀ ਛੁਹ ਤੋਂ ਅਕਹਿ ਆਨੰਦ ਮਹਿਸੂਸ ਕਰਨ ਲੱਗਾ।
ਉਹ ਕੰਬ ਗਿਆ ਤੇ ਆਪਣੀ ਘੜੀ ਵੱਲ ਦੇਖਣ ਲੱਗਾ । ਸਕਿੰਟਾਂ ਵਾਲੀ ਸੂਈ ਮਿਥੇ ਗਏ ਪੰਜਾਂ ਮਿੰਟਾਂ ਦੇ ਆਖ਼ਰੀ ਸਕਿੰਟ ਕੱਛ ਰਹੀ ਸੀ । ਉਹ ਹਿੱਲ ਰਹੀ ਸੂਈ ਵੱਲ ਡਰ ਨਾਲ ਦੇਖਣ ਲੱਗਾ, ਜਿਵੇਂ ਕਿ ਇਸਦਾ ਗੇੜਾ ਪੂਰਾ ਹੋਣ ਉੱਤੇ ਕਿਸੇ ਭਿਆਨਕ ਚੀਜ਼ ਦੇ ਵਾਪਰਣ ਦੀ ਆਸ ਹੋਵੇ; ਪਰ ਜਿਉਂ ਹੀ ਇਸਨੇ ਸੱਠ ਸਕਿੰਟ ਪੂਰੇ ਕੀਤੇ, ਉਹ ਕਰਾਹੁੰਦਾ ਹੋਇਆ ਉਛਲ ਕੇ ਖੜੋ ਗਿਆ ਤੇ ਅੱਗੇ ਵੱਲ ਨੂੰ ਵਧਣ ਲੱਗਾ।
ਦੁਪਹਿਰ ਹੋਣ ਤੱਕ, ਜਦੋਂ ਦਿਆਰਾਂ ਦੀਆਂ ਸੰਘਣੀਆਂ ਟਾਹਣਾਂ ਦੇ ਵਿੱਚੋਂ ਲੰਘਦੀਆਂ ਸੂਰਜ ਦੀਆਂ ਕਿਰਨਾਂ ਦੇ ਪਤਲੇ ਪਤਲੇ ਧਾਗੇ ਜੰਗਲ ਦੇ ਅਰਧ-ਹਨੇਰੇ ਨੂੰ ਚਮਕਾ ਰਹੇ ਸਨ, ਤੇ ਜਦੋਂ ਬਰੋਜ਼ੇ ਤੇ ਢਲਦੀ ਬਰਫ਼ ਦੀ ਤੇਜ਼ ਵਾਸ਼ਨਾ ਨਾਲ ਜੰਗਲ ਭਰਿਆ ਪਿਆ ਸੀ, ਉਹ ਸਿਰਫ਼ ਚਾਰ ਇਸ ਤਰ੍ਹਾਂ ਦੇ ਪੜਾਅ ਮੁਕਾ ਸਕਿਆ। ਆਖ਼ਰੀ ਪੜਾਅ ਤੋਂ ਮਗਰੋਂ ਉਹ ਬਰਫ਼ ਉੱਤੇ ਢਹਿ ਪਿਆ; ਉਸ ਵਿੱਚ ਏਨੀਂ ਤਾਕਤ ਵੀ ਨਹੀਂ ਸੀ ਕਿ ਬਿਲਕੁੱਲ ਨੇੜੇ ਦੇ ਹੀ ਵੱਡੇ ਸਾਰੇ ਬਰਚੇ ਦੇ ਦਰਖਤ ਦੇ ਤਣੇ ਤੱਕ ਰੀਂਗ ਕੇ ਜਾ ਸਕੇ । ਉਥੇ ਉਹ ਕਿੰਨਾਂ ਚਿਰ ਬੈਠਾ ਰਿਹਾ; ਸਿਰ ਨੂੰ ਛਾਤੀ ਉੱਤੇ ਸੁੱਟੀ, ਉਹ ਕੁਝ ਨਹੀਂ ਸੀ ਸੋਚ ਰਿਹਾ, ਕੁਝ ਨਹੀਂ ਸੀ ਦੇਖ ਅਤੇ ਸੁਣ ਰਿਹਾ, ਨਾ ਹੀ ਭੁੱਖ ਦੀਆਂ ਕੁੜੱਲਾਂ ਮਹਿਸੂਸ ਕਰ ਰਿਹਾ ਸੀ।
ਉਸਨੇ ਇੱਕ ਲੰਮਾਂ ਸਾਹ ਖਿੱਚਿਆ, ਜ਼ਰਾ ਕੁ ਬਰਫ਼ ਮੂੰਹ ਵਿੱਚ ਸੁੱਟੀ, ਤੇ ਨੀਮਬੇਹੋਸ਼ੀ ਵਿੱਚੋਂ ਨਿਕਲਦਿਆਂ, ਜਿਸਨੇ ਉਸਦੇ ਸਰੀਰ ਨੂੰ ਜਕੜਿਆ ਹੋਇਆ ਸੀ, ਉਸਨੇ ਡੱਬੇਬੰਦ ਖੁਰਾਕ ਦਾ ਜੰਗਾਲ ਲੱਗਾ ਡੱਬਾ ਆਪਣੀ ਜੇਬ ਵਿੱਚੋਂ ਕੱਢਿਆ, ਤੇ ਜਰਮਨ ਛੁਰੇ ਨਾਲ ਇਸਨੂੰ ਖੋਹਲਿਆ। ਉਸਨੇ ਜੰਮੀ ਹੋਈ, ਬੇਸੁਆਦੀ ਚਰਬੀ ਮੂੰਹ ਵਿੱਚ ਪਾਈ ਤੇ ਇਸਨੂੰ ਅੰਦਰ ਲੰਘਾਉਣ ਦੀ ਕੋਸ਼ਿਸ਼ ਕੀਤੀ, ਪਰ ਚਰਬੀ ਪਿਘਲ ਗਈ । ਇੱਕਦਮ ਉਸ ਉੱਤੇ ਐਸਾ ਭੋਖੜਾ ਛਾ ਗਿਆ ਕਿ ਉਸ ਲਈ ਆਪਣੇ ਆਪ ਨੂੰ ਡੱਬੇ ਨਾਲੋਂ ਵੱਖ ਕਰਨਾ ਮੁਸ਼ਕਲ ਹੋ ਗਿਆ, ਤੇ ਕੁਝ ਅੰਦਰ ਲੰਘਾਉਣ ਦੀ ਖਾਤਰ ਹੀ ਉਸਨੇ ਬਰਫ਼ ਖਾਣੀ ਸ਼ੁਰੂ ਕਰ ਦਿੱਤੀ।
ਅੱਗੇ ਤੁਰਨ ਤੋਂ ਪਹਿਲਾਂ, ਉਸਨੇ ਜੂਨੀਪਰ ਦੇ ਬੂਟੇ ਨਾਲੋਂ ਕੱਟ ਕੇ ਦੋ ਸੋਟੀਆਂ ਬਣਾਈਆਂ। ਉਹ ਇਹਨਾਂ ਸੋਟੀਆਂ ਉੱਤੇ ਝੁਕ ਗਿਆ, ਪਰ ਹਰ ਕਦਮ ਉੱਤੇ ਉਸਨੂੰ ਤੁਰਨਾ ਹੋਰ ਵੀ ਮੁਹਾਲ ਹੁੰਦਾ ਜਾਂਦਾ ਲੱਗ ਰਿਹਾ ਸੀ।
6
ਸੰਘਣੇ ਜੰਗਲ ਦੇ ਵਿੱਚੋਂ ਦੀ, ਜਿਸ ਵਿੱਚ ਉਸਨੂੰ ਇੱਕ ਵੀ ਮਨੁੱਖੀ ਨਿਸ਼ਾਨ ਨਹੀਂ ਸੀ ਮਿਲਿਆ, ਅਲੈਕਸੇਈ ਦੇ ਦੁਖਦਾਈ ਸਫ਼ਰ ਦੇ ਤੀਜੇ ਦਿਨ ਇੱਕ ਐਸੀਂ ਘਟਨਾ ਵਾਪਰੀ ਜਿਸਦੀ ਆਸ ਨਹੀਂ ਸੀ ਕੀਤੀ ਜਾ ਸਕਦੀ।
ਠੰਡ ਤੇ ਕਿਸੇ ਅੰਦਰਲੇ ਬੁਖਾਰ ਨਾਲ ਕੰਬਦਾ ਹੋਇਆ ਉਹ ਸੂਰਜ ਦੀਆਂ ਪਹਿਲੀਆਂ ਕਿਰਨਾਂ ਨਾਲ ਹੀ ਉੱਠ ਪਿਆ । ਆਪਣੇ ਉਡਾਣ ਵੇਲੇ ਦੇ ਸੂਟ ਦੀ ਜੇਬ ਵਿੱਚ ਉਸਨੂੰ ਇੱਕ ਸਿਗਰਟ ਬਾਲਣ ਵਾਲਾ ਲਾਈਟਰ ਮਿਲਿਆ, ਜਿਹੜਾ ਉਸਦੇ ਮਕੈਨਿਕ ਨੇ ਬੰਦੂਕ ਦੇ ਖਾਲੀ ਕਾਰਤੂਸ ਤੋਂ ਬਣਾਇਆ ਸੀ ਤੇ ਉਸਨੂੰ ਯਾਦ-ਨਿਸ਼ਾਨੀ ਵਜੋਂ ਦਿੱਤਾ ਸੀ। ਉਹ ਇਸਨੂੰ ਬਿਲਕੁਲ ਭੁੱਲ-ਭੁਲਾ ਗਿਆ ਸੀ, ਨਹੀਂ ਤਾਂ ਉਹ ਇਸ ਨਾਲ ਅੱਗ ਹੀ ਬਾਲ ਸਕਦਾ ਸੀ, ਜਾਂ ਉਸਨੂੰ ਅੱਗ ਬਾਲ ਲੈਣੀ ਚਾਹੀਦੀ ਸੀ । ਜਿਸ ਦਿਆਰ ਹੇਠ ਉਹ ਸੁੱਤਾ ਸੀ, ਉਸ ਨਾਲੋਂ ਕੁਝ ਖੁਸ਼ਕ, ਉੱਲੀ ਲੱਗੀਆਂ ਟਾਹਣਾਂ ਤੋੜ ਕੇ ਉਸਨੇ ਉਹਨਾਂ ਨੂੰ ਦਿਆਰ ਦੀਆਂ ਸੂਈਆਂ ਨਾਲ ਢੱਕ ਦਿੱਤਾ ਤੇ ਅੱਗ ਲਾ ਦਿੱਤੀ । ਖੁਸ਼ਕ, ਬਰੋਜ਼ੇ ਵਾਲੀ ਲੱਕੜ ਜਲਦੀ ਜਲਦੀ ਤੇ ਖੁਸ਼ੀ ਦੇਂਦੀ ਬਲਣ ਲੱਗੀ । ਲਾਟਾਂ ਦਿਆਰਾਂ ਦੀਆਂ ਸੂਈਆਂ ਤੱਕ ਪੁੱਜ ਗਈਆਂ; ਹਵਾ ਉਹਨਾਂ ਨੂੰ ਪੱਖਾ ਝੱਲ ਰਹੀ ਸੀ, ਜਿਸ ਨਾਲ ਉਹ ਸੁਰ-ਸੁਰ ਤੇ ਕਿੜ-ਕਿੜ ਕਰਦਿਆਂ ਮੱਚ ਪਈਆਂ।
ਅੱਗ ਸੁਰ-ਸੁਰ ਤੇ ਕਿੜ-ਕਿੜ ਕਰਦੀ ਖੁਸ਼ਕ, ਸੁਖਦਾਈ ਗਰਮੀ ਛੱਡ ਰਹੀ ਸੀ। ਅਲੈਕਸੇਈ ਨੂੰ ਨਿੱਘ ਮਹਿਸੂਸ ਹੋਣ ਲੱਗਾ । ਉਸਨੇ ਆਪਣੇ ਉਡਾਣ ਵੇਲੇ ਦੇ ਸੂਟ ਦੀ ਜ਼ਿੱਪ ਖੋਹਲ ਲਈ ਤੇ ਆਪਣੇ ਕੋਟ ਦੀ ਜੇਬ ਵਿੱਚੋਂ ਕੁਝ ਖਸਤਾ-ਹਾਲ ਚਿੱਠੀਆਂ ਕੱਢ ਲਈਆਂ, ਜਿਹੜੀਆਂ ਸਾਰੀਆਂ ਦੀਆਂ ਸਾਰੀਆਂ ਇਕੋ ਹੀ ਹੱਥ-ਲਿਖਤ ਵਿੱਚ ਸਨ। ਇੱਕ ਚਿੱਠੀ ਵਿੱਚ, ਪਲਾਸਟਿਕ ਵਿੱਚ ਲਪੇਟੀ ਹੋਈ ਉਸਨੂੰ ਇੱਕ ਪਤਲੀ ਜਿਹੀ ਕੁੜੀ ਦੀ ਤਸਵੀਰ ਮਿਲੀ ਜਿਸਨੇ ਫੁੱਲਾਂ ਵਾਲੀ ਫ਼ਰਾਕ ਪਾਈ ਹੋਈ ਸੀ ਤੇ ਉਹ ਲੱਤਾਂ ਸੁੰਗੇੜੀ ਘਾਹ ਉੱਤੇ ਬੈਠੀ ਸੀ । ਉਹ ਕੁਝ ਦੇਰ ਤਸਵੀਰ ਵੱਲ ਦੇਖਦਾ ਰਿਹਾ, ਤੇ ਫਿਰ ਮੁੜ ਕੇ ਉਸਨੂੰ ਪਲਾਸਟਿਕ ਵਿੱਚ ਲਪੇਟ ਲਿਆ, ਵਾਪਸ ਲਿਫ਼ਾਫ਼ੇ ਵਿੱਚ ਪਾਇਆ, ਕੁਝ ਦੇਰ ਸੋਚਦਿਆਂ ਇਸਨੂੰ ਹੱਥ ਵਿੱਚ ਫੜੀ ਰੱਖਿਆ, ਤੇ ਫਿਰ ਵਾਪਸ ਜੇਬ ਵਿਚ ਪਾ ਲਿਆ।
“ਕੋਈ ਗੱਲ ਨਹੀਂ, ਸਭ ਕੁਝ ਠੀਕ-ਠਾਕ ਹੋ ਜਾਇਗਾ”, ਉਹ ਕਹਿਣ ਲੱਗਾ – ਆਪਣੇ ਆਪ ਨੂੰ, ਕਿ ਕੁੜੀ ਨੂੰ, ਇਹ ਕਹਿਣਾ ਮੁਸ਼ਕਲ ਹੈ। ਤੇ ਸੋਚਦੇ ਹੋਏ ਨੇ ਮੁੜ ਦੁਹਰਾਇਆ: “ਕੋਈ ਗੱਲ ਨਹੀਂ…”
ਹੁਣ, ਆਦਤ ਬਣ ਚੁਕੀ ਹਰਕਤ ਨਾਲ ਉਸਨੇ ਆਪਣੇ ਜੱਤ ਦੇ ਬੂਟ ਲਾਹੇ, ਊਨੀ ਗੁਲੂਬੰਦ ਦੀਆਂ ਪੱਟੀਆਂ ਖੋਹਲੀਆਂ ਤੇ ਪੈਰਾਂ ਨੂੰ ਦੇਖਣ ਲੱਗਾ। ਉਹ ਸੁੱਜੇ ਪਏ ਸਨ, ਪੱਬ ਸਭ ਪਾਸੇ ਫੈਲੇ ਹੋਏ ਸਨ: ਪੈਰ ਰਬੜ ਦੇ ਫੁੱਲੇ ਹੋਏ ਬਲੈਡਰ ਵਾਂਗ ਲੱਗ ਰਹੇ ਸਨ, ਤੇ ਇੱਕ ਦਿਨ ਪਹਿਲਾਂ ਨਾਲੋਂ ਵੀ ਵਧੇਰੇ ਗੂਹੜੇ ਰੰਗ ਦੇ ਹੋ ਚੁਕੇ ਸਨ ।
ਅਲੈਕਸੇਈ ਨੇ ਹਉਂਕਾ ਭਰਿਆ, ਬੁਝ ਰਹੀ ਅੱਗ ਉੱਤੇ ਅਲਵਿਦਾਈ ਨਜ਼ਰ ਸੁੱਟੀ ਤੇ ਫਿਰ ਯਤਨ ਕਰਕੇ ਅੱਗੇ ਵਧਣ ਲੱਗਾ; ਉਸਦੀਆਂ ਸੋਟੀਆਂ ਜੰਮ ਕੇ ਸਖ਼ਤ ਹੋਈ ਬਰਫ਼ ਨੂੰ ਤੋੜੀ ਜਾ ਰਹੀਆਂ ਸਨ । ਉਹ ਬੁੱਲ੍ਹ ਟੁੱਕਦਾ ਤੇ ਕਦੀ ਕਦੀ ਲਗਭਗ ਬੇਹੋਸ਼ੀ ਦੀ ਹਾਲਤ ਵਿੱਚ ਆਉਂਦਾ, ਅੱਗੇ ਵਧੀ ਗਿਆ। ਇੱਕਦਮ, ਜੰਗਲ ਦੀਆਂ ਸਧਾਰਨ ਅਵਾਜ਼ਾਂ ਦੇ ਵਿਚਕਾਰ, ਜਿਨ੍ਹਾਂ ਤੋਂ ਉਸਦੇ ਕੰਨ ਏਨੇ ਆਦੀ ਹੋ ਚੁਕੇ ਸਨ ਕਿ ਹੁਣ ਉਹ ਉਹਨਾਂ ਨੂੰ ਸੁਣਦੇ ਹੀ ਨਹੀਂ ਸਨ ਲੱਗਦੇ, ਉਸਨੂੰ ਦੂਰੋਂ ਕਿਤੇ ਮੋਟਰਾਂ ਦੇ ਇੰਜਣ ਚੱਲਣ ਦੀ ਅਵਾਜ਼ ਆਈ। ਪਹਿਲਾਂ ਤਾਂ ਉਸ ਨੇ ਸਮਝਿਆਂ ਕਿ ਥਕੇਵੇਂ ਕਾਰਨ ਇਹ ਸਿਰਫ਼ ਛਾਇਆ-ਜਾਲ ਹੀ ਹੈ, ਪਰ ਅਵਾਜ਼ਾਂ ਉੱਚੀਆਂ ਹੁੰਦੀਆਂ ਗਈਆਂ; ਕਦੀ ਕਦੀ ਇਹ ਹੇਠਲੇ ਗੀਅਰ ਉੱਤੇ ਚੱਲਣ ਲੱਗ ਪੈਦੀਆਂ, ਕਦੀ ਮੱਧਮ ਪੈ ਜਾਂਦੀਆਂ । ਪ੍ਰਤੱਖ ਤੌਰ ਉੱਤੇ ਉਹ ਜਰਮਨ ਸਨ, ਤੇ ਉਸੇ ਪਾਸੇ ਜਾ ਰਹੇ ਸਨ, ਜਿਸ ਪਾਸੇ ਉਹ ਆਪ ਜਾ ਰਿਹਾ ਸੀ । ਅਲੈਕਸੇਈ ਨੂੰ ਇੱਕਦਮ ਡਰ ਮਹਿਸੂਸ ਹੋਣ ਲੱਗਾ।
ਡਰ ਨੇ ਉਸਨੂੰ ਬਲ ਬਖਸ਼ਿਆ । ਥਕਾਵਟ ਤੇ ਪੈਰਾਂ ਵਿੱਚ ਹੋ ਰਹੀ ਪੀੜ ਨੂੰ ਭੁੱਲਦਿਆਂ, ਉਹ ਸੜਕ ਤੋਂ ਲਾਂਭੇ ਚਲਾ ਗਿਆ ਤੇ ਫ਼ਰ ਦੀਆਂ ਝਾੜੀਆਂ ਵੱਲ ਹੋ ਪਿਆ । ਉਹ ਇਹਨਾਂ ਦੇ ਵਿਚਕਾਰ ਚਲਾ ਗਿਆ ਤੇ ਬਰਫ਼ ਉੱਤੇ ਲੰਮਾ ਪੈ ਗਿਆ । ਬੇਸ਼ਕ, ਸੜਕ ਤੋਂ ਉਸ ਨੂੰ ਦੇਖ ਸਕਣਾ ਮੁਸ਼ਕਲ ਸੀ, ਪਰ ਉਹ ਸੜਕ ਨੂੰ ਸਾਫ਼ ਸਾਫ਼ ਦੇਖ ਸਕਦਾ ਸੀ, ਜਿਸਨੂੰ ਦੁਪਹਿਰ ਦਾ ਸੂਰਜ ਰੁਸ਼ਨਾ ਰਿਹਾ ਸੀ, ਜਿਹੜਾ ਫ਼ਰ ਦੇ ਦਰਖਤਾਂ ਦੀਆਂ ਟੀਸੀਆਂ ਤੋਂ ਬਣੀ ਬਰਛਿਆਂ ਵਰਗੀ ਵਾੜ ਦੇ ਉਪਰ ਚਮਕ ਰਿਹਾ ਸੀ।
ਅਵਾਜ਼ਾਂ ਨੇੜੇ ਆਉਂਦੀਆਂ ਗਈਆਂ। ਅਲੈਕਸੇਈ ਨੂੰ ਯਾਦ ਆਇਆ ਕਿ ਜਿਸ ਸੜਕ ਨੂੰ ਉਹ ਛੱਡ ਆਇਆ ਸੀ, ਉਸ ਉਤੇ ਉਸਦੀ ਇਕ ਇਕ ਪੈੜ ਬੜੀ ਸਪਸ਼ਟ ਦਿਖਾਈ ਦੇਂਦੀ ਸੀ, ਪਰ ਹੋਰ ਦੂਰ ਜਾਣ ਦੀ ਕੋਸ਼ਿਸ਼ ਕਰਨ ਲਈ ਹੁਣ ਸਮਾਂ ਨਹੀਂ ਸੀ, ਅਗਲੀ ਗੱਡੀ ਦੇ ਇੰਜਣ ਦੀ ਅਵਾਜ਼ ਹੁਣ ਬਿਲਕੁਲ ਨੇੜਿਉਂ ਆ ਰਹੀ ਸੀ। ਅਲੈਕਸੇਈ ਹੋਰ ਬਰਫ਼ ਨਾਲ ਲੱਗ ਗਿਆ । ਟਾਹਣੀਆਂ ਦੇ ਵਿੱਚੋਂ ਦੀ ਉਸਨੂੰ ਇੱਕ ਪੱਧਰੀ ਜਿਹੀ, ਕਲ਼ੀ ਕੀਤੀ ਬਖਤਰਬੰਦ ਕਾਰ ਦਿਖਾਈ ਦਿੱਤੀ । ਝੂਲਦੀ ਹੋਈ, ਖੜਕਦੀਆਂ ਜ਼ੰਜੀਰਾਂ ਨਾਲ ਇਹ ਉਸ ਥਾਂ ਦੇ ਨੇੜੇ ਪੁੱਜ ਗਈ, ਜਿੱਥੋਂ ਅਲੈਕਸੇਈ ਨੇ ਉਸ ਰਾਹ ਨੂੰ ਛਡਿਆ ਸੀ । ਅਲੈਕਸੇਈ ਨੇ ਸਾਹ ਰੋਕ ਲਿਆ। ਬਖਤਰਬੰਦ ਕਾਰ ਅੱਗੇ ਤੁਰਦੀ ਗਈ। ਇਸਦੇ ਪਿੱਛੇ ਇੱਕ ਆਮ ਮੰਤਵ ਲਈ ਵਰਤੀ ਜਾਣ ਵਾਲੀ ਕਾਰ ਸੀ । ਉੱਚੀ ਪੀ-ਕੈਪ ਪਾਈ ਤੇ ਆਪਣਾ ਨੱਕ ਆਪਣੇ ਜੱਤ ਦੇ ਭੂਰੇ ਕਾਲਰ ਵਿੱਚ ਪੂਰੀ ਤਰ੍ਹਾਂ ਵਾੜੀ, ਕੋਈ ਡਰਾਈਵਰ ਦੇ ਨਾਲ ਦੀ ਸੀਟ ਉੱਤੇ ਬੈਠਾ ਸੀ ਤੇ ਉਸਦੇ ਪਿੱਛੇ ਲੜਾਈ ਵੇਲੇ ਦੇ ਮੂੰਗੀਆ ਓਵਰਕੋਟ ਤੇ ਲੋਹੇ ਦੀਆਂ ਟੋਪੀਆਂ ਪਾਈ ਕੁਝ ਮਸ਼ੀਨ-ਗੰਨਰ ਉੱਚੇ ਬੈਂਚਾਂ ਉੱਤੇ ਬੈਠੇ ਸਨ ਤੇ ਕਾਰ ਦੀ ਚਾਲ ਦੇ ਨਾਲ ਹੀ ਝੂਲਦੇ ਜਾ ਰਹੇ ਸਨ। ਇੱਕ ਵੱਡੀ ਆਮ ਵਰਤੋਂ ਦੀ ਕਾਰ ਮਗਰ ਮਗਰ ਆ ਰਹੀ ਸੀ, ਇਸਦੀ ਮੋਟਰ ਗਰਜ ਰਹੀ ਸੀ ਤੇ ਇਸਦੀਆਂ ਮਾਹਲਾਂ ਖੜ-ਖੜ ਕਰ ਰਹੀਆਂ ਸਨ। ਇਸ ਅੰਦਰ ਕੋਈ ਪੰਦਰ੍ਹਾਂ ਕੁ ਜਰਮਨ ਕਤਾਰਾਂ ਵਿੱਚ ਬੈਠੇ ਹੋਏ ਸਨ ।
ਅਲੈਕਸੇਈ ਹੋਰ ਵਧੇਰੇ ਬਰਫ਼ ਨਾਲ ਚੰਬੜ ਗਿਆ । ਗੱਡੀਆਂ ਏਨੀਂ ਨੇੜੇ ਆ ਗਈਆਂ ਸਨ ਕਿ ਉਹਨਾਂ ਤੋਂ ਨਿੱਕਲਦਾ ਧੂੰਆਂ ਉਸਦੇ ਮੂੰਹ ਉੱਤੇ ਪੈ ਰਿਹਾ ਸੀ । ਉਸਨੇ ਆਪਣੀ ਧੌਣ ਦੇ ਪਿਛਲੇ ਪਾਸੇ ਦੇ ਲੂੰ-ਕੰਢੇ ਖੜੇ ਹੁੰਦੇ ਮਹਿਸੂਸ ਕੀਤੇ, ਤੇ ਉਸਦੇ ਪੱਠੇ ਸੁੰਗੜ ਕੇ ਗੇਂਦ ਵਾਂਗ ਬਣ ਗਏ। ਪਰ ਗੱਡੀਆਂ ਕੋਲੋਂ ਲੰਘ ਗਈਆਂ, ਧੂਏਂ ਦੀ ਬੋ ਖ਼ਤਮ ਹੋ ਗਈ, ਤੇ ਜਲਦੀ ਹੀ ਇੰਜਣਾਂ ਦੀ ਅਵਾਜ਼ ਵੀ ਬਹੁਤ ਘੱਟ ਸੁਣਾਈ ਦੇ ਰਹੀ ਸੀ।
ਜਦੋਂ ਚੁੱਪ-ਚਾਂ ਹੋ ਗਈ, ਤਾਂ ਐਲਕਸੇਈ ਮੁੜ ਉਸ ਰਸਤੇ ਉੱਤੇ ਆ ਗਿਆ, ਜਿਸ ਉੱਤੇ ਕਾਰਾਂ ਦੇ ਛੱਡੇ ਨਿਸ਼ਾਨ ਸਾਫ਼ ਦਿਸਦੇ ਸਨ, ਤੇ ਇਹਨਾਂ ਨਿਸ਼ਾਨਾਂ ਦੇ ਮਗਰ ਮਗਰ ਚੱਲਦਾ ਹੀ ਉਹ ਪੂਰਬ ਵੱਲ ਨੂੰ ਤੁਰ ਪਿਆ । ਉਹ ਉਸੇ ਤਰ੍ਹਾਂ ਮਾਪੇ-ਤੋਲੇ ਪੜਾਅ ਬਣਾ ਕੇ ਤੁਰਦਾ ਰਿਹਾ, ਓਨਾ ਹੀ ਅਰਾਮ ਕਰਦਾ ਰਿਹਾ ਤੇ ਪਹਿਲਾ ਵਾਂਗ ਹੀ ਅੱਧੇ ਦਿਨ ਦਾ ਪੰਧ ਮੁਕਾ ਕੇ ਕੁਝ ਖਾ ਲੈਂਦਾ । ਪਰ ਹੁਣ ਉਹ ਜੰਗਲੀ ਜਾਨਵਰ ਵਾਂਗ ਚਲਦਾ ਸੀ, ਬੇਹੱਦ ਚੌਕਸੀ ਨਾਲ। ਉਸਦੇ ਚੌਕਸ ਕੰਨ ਜ਼ਰਾ ਕੁ ਜਿੰਨੀ ਸਰ-ਸਰ ਵੀ ਸੁਣ ਲੈਂਦੇ, ਉਸਦੀਆਂ ਅੱਖਾਂ ਇਧਰ ਉਧਰ ਘੁੰਮਦੀਆਂ ਰਹਿੰਦੀਆਂ, ਜਿਵੇਂ ਕਿ ਉਸਨੂੰ ਇਹ ਧਿਆਨ ਹੋਵੇ ਕਿ ਕੋਈ ਵੱਡਾ ਸਾਰਾ, ਖ਼ਤਰਨਾਕ ਜਾਨਵਰ ਨੇੜੇ ਹੀ ਕਿਤੇ ਪਿਆ ਫਿਰਦਾ ਹੈ।
ਪਾਇਲਟ ਹੋਣ ਕਰਕੇ ਉਹ ਹਵਾ ਵਿੱਚ ਲੜਾਈ ਦਾ ਆਦੀ ਸੀ, ਤੇ ਇਹ ਪਹਿਲੀ ਵਾਰੀ ਸੀ ਕਿ ਉਸਨੇ ਜ਼ਮੀਨ ਉੱਤੇ ਦੁਸ਼ਮਣ ਨੂੰ ਦੇਖਿਆ ਸੀ । ਹੁਣ ਉਹ ਉਹਨਾਂ ਦੀਆਂ ਪੈੜਾਂ ਉੱਤੇ ਚੱਲ ਰਿਹਾ ਸੀ, ਤੇ ਉਹ ਬਦਲੇ ਵਾਲ਼ੇ ਢੰਗ ਨਾਲ ਹੱਸਿਆ। ਉਹਨਾਂ ਨਾਲ ਇਥੇ ਕੋਈ ਚੰਗੀ ਨਹੀਂ ਸੀ ਬੀਤ ਰਹੀ: ਆਪਣੀ ਹਥਿਆਈ ਧਰਤੀ ਉੱਤੇ ਉਹਨਾਂ ਨੂੰ ਸੁਖ-ਚੈਨ, ਕੋਈ ਪ੍ਰਾਹੁਣਾਚਾਰੀ ਨਹੀਂ ਸੀ ਮਿਲ ਰਹੀ ! ਇਸ ਅਛੋਹ ਜੰਗਲ ਵਿੱਚ ਵੀ ਜਿਥੇ ਤਿੰਨ ਦਿਨ ਤੋਂ ਉਸਨੂੰ ਇੱਕ ਵੀ ਮਨੁੱਖ ਦੇ ਨਿਸ਼ਾਨ ਨਹੀਂ ਸਨ ਮਿਲੇ, ਉਹਨਾਂ ਦੇ ਅਫ਼ਸਰ ਇਹੋ ਜਿਹੇ ਵੱਡੇ ਅੰਗ-ਰਖਿਅਕ ਦਲ ਨਾਲ ਚੱਲਣ ਲਈ ਮਜ਼ਬੂਰ ਸਨ !
“ਕੋਈ ਗੱਲ ਨਹੀਂ, ਸਭ ਕੁਝ ਠੀਕ-ਠਾਕ ਹੋ ਜਾਏਗਾ!” ਅਲੈਕਸੇਈ ਨੇ ਆਪਣੇ ਆਪ ਨੂੰ ਚੰਗੇ ਰੌਂ ਵਿੱਚ ਲਿਆਉਣ ਲਈ ਕਿਹਾ, ਤੇ ਕਦਮ ਕਦਮ ਕਰਕੇ ਉਹ ਅੱਗੇ ਵਧਦਾ ਗਿਆ, ਇਸ ਗੱਲ ਨੂੰ ਭੁੱਲਣ ਦੀ ਕੋਸ਼ਿਸ਼ ਕਰਦਾ ਕਿ ਉਸਦੇ ਪੈਰਾਂ ਵਿਚਲੀ ਪੀੜ ਵਧੇਰੇ ਤੀਖਣ ਹੁੰਦੀ ਜਾ ਰਹੀ ਹੈ ਤੇ ਉਸਦੀ ਆਪਣੀ ਤਾਕਤ ਵੀ ਖ਼ਤਮ ਹੁੰਦੀ ਮਹਿਸੂਸ ਹੋ ਰਹੀ ਹੈ। ਲਵੇ ਫ਼ਰ ਦੇ ਦਰਖਤ ਦੇ ਛਿਲਕੇ ਨੂੰ ਚਬਾ ਕੇ ਤੇ ਨਿਗਲ ਕੇ, ਤੇ ਬਰਚੇ ਦੀਆਂ ਕੌੜੀਆਂ ਕਲੀਆਂ ਖਾ ਕੇ ਜਾਂ ਲਾਈਮ ਦੇ ਦਰਖਤ ਦੀ ਨਰਮ ਤੇ ਚਮਕਵੀਂ ਛਿਲ ਚੂਸ ਕੇ, ਜਿਹੜੀ ਮੂੰਹ ਵਿੱਚ ਪਈ ਚਿਊਇੰਗ-ਗਮ ਵਰਗੀ ਲੱਗਦੀ ਸੀ, ਉਸ ਲਈ ਆਪਣੇ ਪੇਟ ਨੂੰ ਧੋਖਾ ਦੇਣਾ ਹੁਣ ਸੰਭਵ ਨਹੀਂ ਸੀ।
ਸ਼ਾਮ ਹੋਣ ਤੱਕ ਉਹ ਮਸਾਂ ਪੰਜ ਪੜਾਅ ਪੂਰੇ ਕਰ ਸਕਿਆ । ਰਾਤ ਨੂੰ ਉਸਨੇ ਬਰਚੇ ਦੇ ਅੱਧ-ਸੜੇ, ਬੜੇ ਭਾਰੀ ਤਣੇ ਦੇ ਚਾਰੇ ਪਾਸੇ, ਜਿਹੜਾ ਉਸਨੂੰ ਜ਼ਮੀਨ ਉੱਤੇ ਪਿਆ ਮਿਲ ਗਿਆ ਸੀ, ਬਹੁਤ ਭਾਰੀ ਮਾਤਰਾ ਵਿੱਚ ਦਿਆਰ ਦੀਆਂ ਟਾਹਣੀਆਂ ਤੇ ਸੁੱਕੀਆਂ ਝਾੜੀਆਂ ਇਕੱਠੀਆਂ ਕਰਕੇ ਅੱਗ ਬਾਲੀ । ਦਰਖਤ ਦਾ ਇਹ ਤਣਾ ਸੁਖਦਾਈ ਨਿੱਘ ਦੇਂਦਾ ਹੋਇਆ ਹਲਕੀ ਹਲਕੀ ਲੋਅ ਛੱਡਦਾ ਧੁਖ ਰਿਹਾ ਸੀ, ਤਾਂ ਉਹ ਇਸ ਜੀਵਨ-ਦਾਤਾ ਨਿੱਘ ਤੇ ਚੇਤੰਨ ਜ਼ਮੀਨ ਉੱਤੇ ਨਿੱਸਲ ਪਿਆ ਸੁੱਤਾ ਰਿਹਾ; ਉਹ ਸਹਿਜ-ਸੁਭਾਅ ਹੀ ਸੁੱਤਾ ਸੁੱਤਾ ਪਾਸਾ ਬਦਲਦਾ ਤੇ ਲਾਟਾਂ ਨੂੰ ਮੁੜ ਤੇਜ਼ ਕਰਨ ਲਈ, ਜਿਹੜੀਆਂ ਤਣੇ ਦੇ ਪਾਸਿਆਂ ਨੂੰ ਅਲਸਾਈਆਂ ਜਿਹੀਆਂ ਚੱਟ ਰਹੀਆਂ ਹੁੰਦੀਆਂ, ਕੁਝ ਝਾੜੀਆਂ ਅੱਗ ਵਿੱਚ ਪਾਉਣ ਲਈ ਜਾਗ ਪੈਂਦਾ।
ਅੱਧੀ ਰਾਤ ਨੂੰ ਬਰਫ਼ ਦਾ ਤੂਫ਼ਾਨ ਆ ਗਿਆ। ਸਿਰ ਉਪਰਲੇ ਦਿਆਰ ਦੇ ਦਰਖਤ ਝੂਲਣ ਲੱਗੇ, ਸਰ-ਸਰ, ਕਿੜ-ਕਿੜ ਕਰਨ ਲੱਗੇ ਤੇ ਖ਼ਤਰੇ ਦੇ ਅਹਿਸਾਸ ਨਾਲ ਕਰਾਹੁਣ ਲੱਗੇ । ਚੁਭਵੀਂ ਬਰਫ਼ ਦੇ ਬੱਦਲ ਜ਼ਮੀਨ ਨੂੰ ਹੂੰਝਦੇ ਲੰਘ ਜਾਂਦੇ । ਸਰ-ਸਰ ਕਰਦਾ ਹਨੇਰਾ ਸੁਰ-ਸੁਰ ਕਰਦੀ ਤੇ ਚੰਗਿਆੜੇ ਛੱਡਦੀ ਅੱਗ ਦੇ ਦੁਆਲੇ ਮੰਡਲਾਉਣ ਲੱਗਾ। ਪਰ ਬਰਫ਼ ਦੇ ਤੂਫ਼ਾਨ ਨੇ ਅਲੈਕਸੇਈ ਦੀ ਨੀਂਦ ਨੂੰ ਭੰਗ ਨਾ ਕੀਤਾ; ਉਹ ਘੂਕ, ਗੂਹੜੀ ਨੀਂਦ ਸੁੱਤਾ ਹੋਇਆ ਸੀ ਤੇ ਅੱਗ ਦਾ ਨਿੱਘ ਉਸਦੀ ਰਾਖੀ ਕਰ ਰਿਹਾ ਸੀ।
ਅੱਗ ਜੰਗਲ ਦੇ ਜਾਨਵਰਾਂ ਤੋਂ ਉਸਦਾ ਬਚਾਅ ਕਰ ਰਹੀ ਸੀ। ਜਿਥੋਂ ਤੱਕ ਜਰਮਨਾਂ ਦਾ ਸਵਾਲ ਸੀ, ਇਹੋ ਜਿਹੀ ਰਾਤ ਉਹਨਾਂ ਦਾ ਫਿਕਰ ਕਰਨ ਦੀ ਕੋਈ ਲੋੜ ਨਹੀਂ ਸੀ । ਬਰਫ਼ ਦੇ ਤੂਫ਼ਾਨ ਵੇਲੇ ਉਹ ਜੰਗਲ ਦੇ ਧੁਰ ਅੰਦਰ ਆਉਣ ਦੀ ਹਿੰਮਤ ਨਹੀਂ ਕਰਨਗੇ । ਤਾਂ ਵੀ, ਜਦ ਕਿ ਉਸਦਾ ਥੱਕਿਆ ਸਰੀਰ ਧੂੰਏਂ ਵਾਲ਼ੇ ਨਿੱਘ ਵਿੱਚ ਪਿਆ ਅਰਾਮ ਕਰ ਰਿਹਾ ਸੀ, ਉਸਦੇ ਕੰਨ, ਜਿਹੜੇ ਬਨ ਵਿਚ ਰਹਿਣ ਵਾਲਿਆਂ ਵਾਲੀ ਚੌਕਸੀ ਦੇ ਆਦੀ ਹੋ ਚੁਕੇ ਸਨ, ਹਰ ਅਵਾਜ਼ ਸੁਣ ਰਹੇ ਸਨ । ਪਹੁ-ਫੁਟਾਲੇ ਤੋਂ ਜ਼ਰਾ ਹੀ ਪਹਿਲਾਂ, ਜਦੋਂ ਬਰਫ਼ ਦਾ ਤੂਫਾਨ ਮੱਠਾ ਪੈ ਚੁੱਕਾ ਸੀ ਤੇ ਹੁਣ ਚੁੱਪ ਪਈ ਧਰਤੀ ਉੱਤੇ ਸੰਘਣੀ, ਚਿੱਟੀ ਧੁੰਦ ਫੈਲੀ ਹੋਈ ਸੀ, ਅਲੈਕਸੇਈ ਨੂੰ ਲੱਗਾ ਕਿ ਦਿਆਰ ਦੇ ਦਰਖਤਾਂ ਦੇ ਝੂਲਣ ਤੋਂ ਤੇ ਡਿਗਦੀ ਬਰਫ਼ ਤੋਂ ਪੈਦਾ ਹੁੰਦੀ ਅਵਾਜ਼ ਤੋਂ ਛੁੱਟ ਉਸਨੂੰ ਲੜਾਈ, ਵਿਸਫੋਟਾਂ, ਮਸ਼ੀਨ-ਗੰਨਾਂ ਦੀਆਂ ਬੁਛਾੜਾਂ ਤੇ ਬੰਦੂਕਾਂ ਦੀਆਂ ਗੋਲੀਆਂ ਦੀਆਂ ਅਵਾਜ਼ਾਂ ਸੁਣਾਈ ਦਿੱਤੀਆਂ ਹੋਣ।
“ਕੀ ਮਹਾਜ਼ ਰੇਖਾ ਏਨੀਂ ਨੇੜੇ ਹੋ ਸਕਦੀ ਹੈ ? ਏਨੀਂ ਜਲਦੀ ?”
7
ਪਰ ਜਦੋਂ ਸਵੇਰੇ ਹਵਾ ਨੇ ਧੁੰਦ ਨੂੰ ਖਿੰਡਾ ਦਿੱਤਾ, ਤੇ ਜੰਗਲ, ਜਿਹੜਾ ਰਾਤ ਨੂੰ ਚਾਂਦੀ- ਰੰਗਾ ਹੋ ਗਿਆ ਸੀ, ਧੁੱਪ ਵਿੱਚ ਤੇਜ਼ ਤੇ ਕਕਰੀਲੀ ਚਮਕ ਛੱਡਣ ਲੱਗ ਪਿਆ, ਤੇ ਜਿਵੇਂ ਕਿ ਇਸ ਅਚਨਚੇਤੀ ਤਬਦੀਲੀ ਉੱਤੇ ਖੁਸ਼ੀਆਂ ਮਨਾਉਂਦਾ, ਬਨ-ਪੰਖੇਰੂਆਂ ਦਾ ਭਾਈਚਾਰਾ ਆ ਰਹੀ ਬਸੰਤ ਦੀ ਆਸ ਵਿੱਚ ਚਹਿਚਹਾ ਤੇ ਗਾ ਰਿਹਾ ਸੀ, ਤਾਂ ਵੀ ਅਲੈਕਸੇਈ ਨੂੰ ਲੜਾਈ ਦੀ ਕੋਈ ਅਵਾਜ਼ ਸੁਣਾਈ ਨਹੀਂ ਸੀ ਦੇ ਰਹੀ, ਨਾ ਹੀ ਬੰਦੂਕਾਂ ਦੇ ਚੱਲਣ ਦੀ, ਨਾ ਹੀ ਤੋਪਖਾਨੇ ਦੀ ਗਰਜ ਦੀ ਹੀ, ਭਾਵੇਂ ਉਹ ਕਿੰਨਾਂ ਵੀ ਜ਼ਿਆਦਾ ਕੰਨ ਲਾ ਕੇ ਕਿਉਂ ਨਾ ਸੁਣਦਾ।
ਧੁੱਪ ਵਿੱਚ ਚਮਕਦੇ ਬਰਫ਼ ਦੇ ਫੰਬੇ ਚਿੱਟੇ, ਧੂਏਂ ਵਰਗੇ ਝਰਨੇ ਵਾਂਗ ਦਰਖਤਾਂ ਤੋਂ ਝਰਨ ਲੱਗੇ। ਕਿਤੇ ਕਿਤੇ ਹਲਕਾ ਜਿਹਾ ਖੜਾਕ ਦੇਂਦੇ, ਪਾਣੀ ਦੇ ਭਾਰੀ ਤੁਪਕੇ ਬਰਫ਼ ਉੱਤੇ ਆ ਡਿੱਗਦੇ । ਬਸੰਤ ਆ ਗਈ ਸੀ। ਇਹ ਪਹਿਲੀ ਵਾਰੀ ਸੀ ਕਿ ਇਸਨੇ ਆਪਣੀ ਆਮਦ ਦਾ ਏਨੇਂ ਜ਼ੋਰਦਾਰ ਤੇ ਦ੍ਰਿੜ ਢੰਗ ਨਾਲ ਐਲਾਨ ਕੀਤਾ ਸੀ।
ਅਲੈਕਸੇਈ ਨੇ ਡੱਬੇ ਬੰਦ ਮਾਸ ਦੀ ਮਾੜੀ-ਮੋਟੀ ਰਹਿੰਦ-ਖੂੰਹਦ-ਸੁਆਦੀ ਚਰਬੀ ਨਾਲ ਲਿੱਬੜੇ ਮਾਸ ਦੇ ਕੁਝ ਧਾਗਿਆਂ ਨੂੰ ਸਵੇਰ ਵੇਲੇ ਖਾ ਲੈਣ ਦਾ ਫੈਸਲਾ ਕੀਤਾ, ਕਿਉਂਕਿ ਉਸਨੂੰ ਮਹਿਸੂਸ ਹੋਣ ਲੱਗਾ ਕਿ ਜੇ ਉਸ ਨੇ ਇੰਝ ਨਾ ਕੀਤਾ, ਤਾਂ ਉਸ ਵਿੱਚ ਉੱਠਣ ਦੀ ਵੀ ਹਿੰਮਤ ਨਹੀਂ ਹੋਣ ਲੱਗੀ। ਉਸਨੇ ਆਪਣੀ ਅੰਗੂਠੇ ਨਾਲ ਦੀ ਉਂਗਲੀ ਨਾਲ ਡੱਬੇ ਨੂੰ ਅੰਦਰੋਂ ਚੰਗੀ ਤਰ੍ਹਾਂ ਸਾਫ ਕੀਤਾ, ਇਸਦੇ ਦੰਦੇਦਾਰ ਮੂੰਹ ਨਾਲ ਹੱਥ ਨੂੰ ਵੀ ਕਿਤੇ ਕਿਤੇ ਫੱਟੜ ਕਰ ਲਿਆ, ਪਰ ਉਸਨੂੰ ਲੱਗਦਾ ਕਿ ਅਜੇ ਵੀ ਚਰਬੀ ਕਿਤੇ ਨਾ ਕਿਤੇ ਅੜੀ ਰਹਿ ਗਈ ਹੈ। ਉਸਨੇ ਡੱਬਾ ਬਰਫ਼ ਨਾਲ ਭਰ ਲਿਆ, ਬੁਝ ਰਹੀ ਅੱਗ ਨਾਲ਼ੋਂ ਸੁਆਹ ਝਾੜ ਦਿੱਤੀ ਤੇ ਡੱਬਾ ਬਲਦੇ ਅੰਗਾਰਿਆਂ ਉੱਤੇ ਰੱਖ ਦਿੱਤਾ । ਮਗਰੋਂ ਉਸਨੇ ਜ਼ਰਾ ਜ਼ਰਾ ਮਾਸ ਦੀ ਪੁੱਠ ਵਾਲ਼ਾ ਨਿੱਘਾ ਪਾਣੀ ਬੜੇ ਸੁਆਦ ਨਾਲ ਘੁੱਟ ਘੁੱਟ ਕਰਕੇ ਪੀਤਾ। ਜਦੋਂ ਮੁਕਾ ਲਿਆ, ਤਾਂ ਉਸਨੇ ਡੱਬੇ ਨੂੰ ਆਪਣੀ ਜੇਬ ਵਿੱਚ ਪਾ ਲਿਆ, ਤਾਂ ਕਿ ਉਸਨੂੰ ਚਾਹ ਬਣਾਉਣ ਲਈ ਵਰਤ ਸਕੇ। ਆਹ, ਗਰਮ ਗਰਮ ਚਾਹ ! ਇਹ ਇੱਕ ਖੁਸ਼ੀ ਦੇਣ ਵਾਲ਼ੀ ਲੱਭਤ ਸੀ। ਤੇ ਉਸਨੇ ਉਸਨੂੰ ਜ਼ਰਾ ਕੁ ਚੜ੍ਹਦੀਆਂ ਕਲਾਂ ਵਿੱਚ ਲੈ ਆਂਦਾ, ਜਦੋਂ ਉਹ ਮੁੜ ਕੇ ਆਪਣੇ ਰਾਹ ਪਿਆ।
ਪਰ ਇਥੇ ਭਾਰੀ ਨਿਰਾਸ਼ਾ ਉਸਦੀ ਉਡੀਕ ਕਰ ਰਹੀ ਸੀ । ਬਰਫ਼ ਦੇ ਤੂਫ਼ਾਨ ਨੇ ਰਸਤੇ ਦਾ ਨਾਂ-ਨਿਸ਼ਾਨ ਮਿਟਾ ਦਿੱਤਾ ਸੀ, ਤੇ ਇਸਨੂੰ ਢਾਲਵੇਂ ਤੇ ਨੋਕਦਾਰ ਬਰਫੀਲੇ ਢੇਰਾਂ ਨਾਲ ਅੱਟ ਦਿੱਤਾ ਸੀ। ਇੱਕੋ ਜਿਹੀ, ਨੀਲੀ ਭਾਹ ਮਾਰਦੀ ਲਿਸ਼ਕ ਨਾਲ ਅਲੈਕਸੇਈ ਦੀਆਂ ਅੱਖਾਂ ਦੁਖਣ ਲੱਗੀਆਂ । ਉਸਦੇ ਪੈਰ ਗੁਦਗੁਦੀ, ਅਜੇ ਤੱਕ ਅਣਜੰਮੀ ਬਰਫ਼ ਵਿੱਚ ਖੁਭ ਖੁਭ ਜਾਂਦੇ ਤੇ ਉਹ ਬਹੁਤ ਮੁਸ਼ਕਲ ਨਾਲ ਹੀ ਉਹਨਾਂ ਨੂੰ ਬਾਹਰ ਖਿੱਚ ਸਕਦਾ ਸੀ । ਉਸਦੀਆਂ ਸੋਟੀਆਂ ਕਿਸੇ ਕੰਮ ਨਹੀਂ ਸਨ ਆ ਰਹੀਆਂ, ਕਿਉਂਕਿ ਉਹ ਵੀ ਬਰਫ਼ ਵਿੱਚ ਧਸ ਜਾਂਦੀਆਂ ਸਨ।
ਦੁਪਹਿਰ ਵੇਲੇ, ਜਦੋਂ ਦਰਖਤਾਂ ਹੇਠਲੇ ਪ੍ਰਛਾਵੇ ਗੂਹੜੇ ਹੋ ਗਏ ਤੇ ਸੂਰਜ ਜੰਗਲ ਵਿਚਲੇ ਰਾਹ ਉਪਰ ਦਰਖਤਾਂ ਦੀਆਂ ਟੀਸੀਆਂ ਦੇ ਉੱਪਰੋਂ ਦੀ ਪੈ ਰਿਹਾ ਸੀ, ਤਾਂ ਅਲੈਕਸੇਈ ਨੇ ਅਜੇ ਤੱਕ ਸਿਰਫ਼ ਪੰਦਰਾਂ ਕੁ ਸੌ ਕਦਮ ਪੁੱਟੇ ਸਨ, ਤੇ ਉਹ ਏਨਾਂ ਥੱਕ ਚੁੱਕਾ ਸੀ ਕਿ ਹਰ ਨਵਾਂ ਕਦਮ ਪੁੱਟਣ ਲਈ ਉਸਨੂੰ ਪੂਰੀ ਦ੍ਰਿੜ੍ਹਤਾ ਨੂੰ ਅਮਲ ਵਿੱਚ ਲਿਆਉਣਾ ਪੈਂਦਾ ਸੀ । ਉਸਦਾ ਸਿਰ ਚਕਰਾਉਣ ਲੱਗਾ। ਪੈਰਾਂ ਹੇਠੋਂ ਜ਼ਮੀਨ ਤਿਲ੍ਹਕਦੀ ਲੱਗੀ । ਘੜੀ ਘੜੀ ਉਹ ਡਿੱਗ ਪੈਂਦਾ, ਕਿਸੇ ਬਰਫ਼ ਦੇ ਢੇਰ ਉੱਤੇ ਘੜੀ-ਪਲ ਲਈ ਬੇਹਰਕਤ ਪਿਆ ਰਹਿੰਦਾ, ਆਪਣਾ ਮੱਥਾ ਧੂੜ ਵਰਗੀ ਬਰਫ਼ ਨਾਲ ਲਾਉਂਦਾ, ਤੇ ਫਿਰ ਖੜਾ ਹੋ ਕੇ ਕੁਝ ਕਦਮ ਹੋਰ ਤੁਰ ਲੈਂਦਾ । ਉਸ ਨੂੰ ਸੌਣ ਦੀ, ਲੰਮੇ ਪੈ ਜਾਣ ਤੇ ਸਭ ਕੁਝ ਭੁੱਲ ਜਾਣ ਦੀ ਅਰੁਕ ਇੱਛਾ ਮਹਿਸੂਸ ਹੋਈ, ਜਦ ਉਸਨੂੰ ਇਕ ਵੀ ਅੰਗ ਹਿਲਾਉਣਾ ਨਾ ਪਵੇ | ਜੋ ਹੁੰਦਾ ਹੈ, ਹੋਵੇ । ਉਹ ਰੁਕ ਗਿਆ, ਸੁੰਨ ਹੋਇਆ, ਪਾਸਿਆਂ ਵੱਲ ਨੂੰ ਝੂਲਦਾ ਹੋਇਆ ਖੜਾ ਰਿਹਾ, ਤੇ ਫਿਰ, ਬੁਲ੍ਹਾਂ ਨੂੰ ਇੰਝ ਜ਼ੋਰ ਦੀ ਦੰਦਾਂ ਹੇਠ ਦਬਾਉਂਦਿਆਂ ਕਿ ਉਹ ਪੀੜ ਕਰਨ ਲੱਗ ਪਏ, ਉਸਨੇ ਆਪਣੇ ਆਪ ਨੂੰ ਸਾਵਧਾਨ ਕੀਤਾ ਤੇ ਮਸਾਂ ਹੀ ਪੈਰ ਘਸੀਟਣ ਦੀ ਹਿੰਮਤ ਕਰਦਿਆਂ ਕੁਝ ਕਦਮ ਚੱਲਿਆ।
ਆਖ਼ਰ ਉਸਨੂੰ ਮਹਿਸੂਸ ਹੋਣ ਲੱਗਾ ਕਿ ਉਹ ਹੋਰ ਨਹੀਂ ਸੀ ਚੱਲ ਸਕਦਾ, ਕਿ ਧਰਤੀ ਉਪਰਲੀ ਕੋਈ ਤਾਕਤ ਵੀ ਉਸਨੂੰ ਉਸ ਨੁਕਤੇ ਤੋਂ ਨਹੀਂ ਸੀ ਹਿਲਾ ਸਕਦੀ, ਕਿ ਜੇ ਉਹ ਹੁਣ ਬੈਠ ਗਿਆ, ਤਾਂ ਮੁੜ ਕਦੀ ਵੀ ਨਹੀਂ ਉੱਠ ਸਕੇਗਾ। ਉਸਨੇ ਬੜੀ ਸਿੱਕ ਨਾਲ ਆਲੇ- ਦੁਆਲੇ ਨਜ਼ਰ ਮਾਰੀ । ਸੜਕ ਕੰਢੇ ਇੱਕ ਲਵਾ, ਘੁੰਗਰਾਲਾ ਜਿਹਾ ਦਿਆਰ ਦਾ ਦਰਖਤ ਖੜਾ ਸੀ । ਆਪਣੀ ਤਾਕਤ ਦਾ ਆਖਰੀ ਟੇਪਾ ਹਰਕਤ ਵਿੱਚ ਲਿਆਂਦਿਆਂ, ਅਲੈਕਸੇਈ ਨੇ ਉਸ ਵੱਲ ਕਦਮ ਪੁੱਟਿਆ ਤੇ ਇਸ ਉੱਤੇ ਜਾ ਡਿੱਗਾ। ਉਸਦੀ ਠੋਡੀ ਦੋ ਟਾਹਣੀਆਂ ਦੇ ਜੋੜ ਦੇ ਵਿਚਕਾਰ ਟਿਕੀ ਹੋਈ ਸੀ। ਇਸ ਨਾਲ ਉਸਦੇ ਟੁੱਟੇ ਪੈਰਾਂ ਤੋਂ ਕੁਝ ਕੁ ਭਾਰ ਹੌਲਾ ਹੋ ਗਿਆ ਤੇ ਉਸਨੂੰ ਜ਼ਰਾ ਕੁ ਅਰਾਮ ਮਹਿਸੂਸ ਹੋਣ ਲੱਗਾ । ਉਸਨੇ ਝੂਮਦੀਆਂ ਸ਼ਾਖਾਂ ਨਾਲ ਢੋਹ ਲਾ ਲਈ, ਤੇ ਇਸ ਅਵਸਥਾ ਦਾ ਅਨੰਦ ਮਾਨਣ ਲੱਗਾ । ਆਪਣੇ ਆਪ ਨੂੰ ਵਧੇਰੇ ਅਰਾਮ ਦੀ ਹਾਲਤ ਵਿੱਚ ਲਿਆਉਣ ਲਈ, ਉਸਨੇ ਪਹਿਲਾਂ ਇੱਕ ਲੱਤ ਫੈਲਾਈ, ਤੇ ਫਿਰ ਦੂਜੀ ਲੱਤ ਫੈਲਾਈ, ਜਦ ਕਿ ਆਪਣੀ ਠੋਡੀ ਉਸਨੇ ਅਜੇ ਵੀ ਉਸੇ ਤਰ੍ਹਾਂ ਟਿਕਾ ਰੱਖੀ ਸੀ, ਤੇ ਉਸਦੇ ਪੈਰਾਂ ਤੋਂ ਉਸਦੇ ਸਰੀਰ ਦਾ ਭਾਰ ਪੂਰੀ ਤਰ੍ਹਾਂ ਹਟ ਜਾਣ ਕਰਕੇ, ਹੁਣ ਉਹ ਉਹਨਾਂ ਨੂੰ ਸੌਖੀ ਤਰ੍ਹਾਂ ਬਰਫ਼ ਦੇ ਢੇਰ ਵਿੱਚੋਂ ਕੱਢ ਸਕਦਾ ਸੀ । ਉਸਨੂੰ ਇੱਕ ਸ਼ਾਨਦਾਰ ਫੁਰਨਾ ਫੁਰਿਆ।
“ਕਿਉਂ, ਠੀਕ ਤਾਂ ਹੈ! ਇਸ ਛੋਟੇ ਜਿਹੇ ਦਰਖਤ ਨੂੰ ਕੱਟਣਾ, ਇਸ ਕਾਂਟੇ ਵਰਗੇ ਟਾਹਣਾਂ ਦੇ ਜੋੜ ਨੂੰ ਛੱਡ ਕੇ ਬਾਕੀ ਸਾਰੀਆਂ ਟਾਹਣਾਂ ਕੱਟ ਸੁੱਟਣਾ, ਇਸ ਤਰ੍ਹਾਂ ਸਰੀਰ ਦਾ ਸਾਰਾ ਭਾਰ ਇਸ ਉੱਤੇ ਪਾਉਣਾ, ਤੇ ਫਿਰ ਆਪਣੇ ਪੈਰ ਅੱਗੇ ਵੱਲ ਸੁੱਟਣਾ, ਜਿਵੇਂ ਕਿ ਮੈਂ ਹੁਣ ਕਰ ਰਿਹਾ ਹਾਂ, ਸੌਖਾ ਰਹੇਗਾ! ਚਾਲ ਜ਼ਰਾ ਧੀਮੀ ਪੈ ਜਾਏਗੀ । ਹਾਂ ਬੇਸ਼ਕ, ਧੀਮੀ, ਪਰ ਮੈਂ ਏਨਾਂ ਥੱਕਾਂਗਾ ਨਹੀਂ, ਤੇ ਮੈਂ ਅੱਗੇ ਵਧ ਸਕਾਂਗਾ, ਬਿਨਾਂ ਇਸ ਗੱਲ ਦੀ ਉਡੀਕ ਕੀਤਿਆਂ ਕਿ ਕਦੋਂ ਬਰਫ਼ ਦੇ ਢੇਰ ਸਖ਼ਤ ਹੁੰਦੇ ਹਨ।”
ਉਹ ਗੋਡਿਆਂ ਭਾਰ ਹੋ ਗਿਆ, ਆਪਣੇ ਛੁਰੇ ਨਾਲ ਉਸ ਲਵੇ ਬੂਟੇ ਨੂੰ ਕੱਟ ਲਿਆ, ਟਾਹਣਾਂ ਛਾਂਗ ਸੁੱਟੀਆਂ, ਜੇਬ ਵਿਚਲਾ ਰੁਮਾਲ ਤੇ ਪੱਟੀਆਂ ਉਸ ਦੁਆਲੇ ਲਪੇਟੀਆਂ ਤੇ ਇੱਕਦਮ ਤੁਰ ਪਿਆ । ਉਸਨੇ ਸੋਟੇ ਨੂੰ ਅੱਗੇ ਵੱਲ ਸੁੱਟਿਆ, ਆਪਣੇ ਹੱਥਾਂ ਤੇ ਠੋਡੀ ਨੂੰ ਇਸਦੇ ਕਾਂਟੇ ਉੱਤੇ ਟਿਕਾਇਆ, ਪਹਿਲਾਂ ਇੱਕ ਤੇ ਫਿਰ ਦੂਜਾ ਪੈਰ ਅੱਗੇ ਸੁੱਟਿਆ, ਮੁੜਕੇ ਸੋਟਾ ਅੱਗੇ ਸੁੱਟਿਆ, ਤੇ ਫਿਰ ਕਦਮ ਅੱਗੇ ਵੱਲ ਪੁੱਟੇ। ਤੇ ਇਸ ਤਰ੍ਹਾਂ ਉਹ ਚਲਦਾ ਗਿਆ, ਆਪਣੇ ਕਦਮ ਗਿਣਦਾ ਹੋਇਆ ਤੇ ਆਪਣੇ ਆਪ ਲਈ ਵਾਧੇ ਦੀ ਨਵੀਂ ਗਤੀ ਨਿਸ਼ਚਿਤ ਕਰਦਾ ਹੋਇਆ।
ਬੇਸ਼ਕ ਦੇਖਣ ਵਾਲ਼ੇ ਨੂੰ ਇਹ ਦੇਖਣਾ ਬੜਾ ਅਜੀਬ ਲੱਗਦਾ ਕਿ ਸੰਘਣੇ ਜੰਗਲ ਦੇ ਵਿੱਚੋਂ ਦੀ ਕੋਈ ਆਦਮੀ ਇਸ ਅਜੀਬ ਅੰਦਾਜ਼ ਵਿੱਚ ਲੰਘ ਰਿਹਾ ਹੈ, ਘੋਗੇ ਦੀ ਚਾਲ ਨਾਲ ਡੂੰਘੇ ਬਰਫ਼ ਦੇ ਢੇਰਾਂ ਨੂੰ ਪਾਰ ਕਰ ਰਿਹਾ ਹੈ, ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਚਲਦਾ ਜਾ ਰਿਹਾ ਹੈ ਤੇ ਵੱਧ ਤੋਂ ਵੱਧ ਪੰਜ ਕਿਲੋਮੀਟਰ ਤੈਅ ਕਰ ਰਿਹਾ ਹੈ। ਪਰ ਸਿਰਫ਼ ਕਾਲਕੂਟਾਂ ਹੀ ਸਨ, ਜਿਹੜੀਆਂ ਇਸ ਸਾਰੀ ਘਾਲਣਾ ਨੂੰ ਦੇਖ ਰਹੀਆਂ ਸਨ; ਤੇ ਇਸ ਅਜੀਬ ਤਿੰਨ- ਟੰਗੇ, ਕੁਢੱਬੇ ਪਸ਼ੂ ਦੇ ਬਿਲਕੁਲ ਹਾਨੀਰਹਿਤ ਹੋਣ ਬਾਰੇ ਆਪਣੇ ਆਪ ਨੂੰ ਯਕੀਨ ਕਰਾ ਲੈਣ ਮਗਰੋਂ, ਉਹ ਉਸਦੇ ਨੇੜੇ ਆਉਣ ਉੱਤੇ ਉੱਡ ਕੇ ਦੂਰ ਨਾ ਜਾਂਦੀਆਂ, ਸਗੋਂ ਫੁਦਕਦੀਆਂ ਹੋਈਆਂ ਉਸਦੇ ਰਸਤੇ ਵਿੱਚੋਂ ਹਟਣਾ ਨਾ ਚਾਹੁੰਦੀਆਂ ਵੀ ਹਟ ਜਾਂਦੀਆਂ, ਆਪਣੀ ਧੌਣ ਅਕੜਾਉਂਦੀਆਂ ਤੇ ਆਪਣੀਆਂ ਕਾਲੀਆਂ, ਘੋਖੀ, ਮੋਤੀਆਂ ਵਰਗੀਆਂ ਅੱਖਾਂ ਨਾਲ ਉਸ ਵੱਲ ਮਜ਼ਾਕ ਉਡਾਉਂਦੇ ਢੰਗ ਨਾਲ ਦੇਖਣ ਲੱਗ ਪੈਂਦੀਆਂ ।
8
ਤੇ ਇਸ ਤਰ੍ਹਾਂ ਉਹ ਦੋ ਦਿਨ ਬਰਫ਼-ਢਕੇ ਰਸਤੇ ਉਪਰ ਲੰਗੜਾਉਂਦਾ ਹੋਇਆ ਵਧਦਾ ਰਿਹਾ; ਉਹ ਆਪਣੀ ਲੱਠ ਅੱਗੇ ਨੂੰ ਸੁੱਟ ਦੇਂਦਾ, ਇਸ ਉੱਤੇ ਟਿਕਦਾ ਤੇ ਆਪਣੇ ਪੈਰ ਅੱਗੇ ਨੂੰ ਸੁੱਟ ਦੇਂਦਾ। ਹੁਣ ਤੱਕ ਉਸਦੇ ਪੈਰ ਬਿਲਕੁਲ ਸੁੰਨ ਹੋ ਚੁਕੇ ਸਨ ਤੇ ਕੁਝ ਨਹੀਂ ਸਨ ਮਹਿਸੂਸ ਕਰ ਰਹੇ, ਪਰ ਹਰ ਕਦਮ ਉੱਤੇ ਉਸਦੇ ਸਰੀਰ ਨੂੰ ਪੀੜ ਨਾਲ ਕੜਵੱਲਾਂ ਪੈਂਦੀਆਂ ਸਨ । ਉਸਦੇ ਪੇਟ ਦੇ ਮਰੋੜ ਤੇ ਕਾਟਵੀਂ ਪੀੜ ਹੁਣ ਨਿੰਮਾ, ਨਿੰਮ੍ਹਾ ਲਗਾਤਾਰ ਦਰਦ ਬਣ ਕੇ ਰਹਿ ਗਈ ਸੀ, ਜਿਵੇਂ ਕਿ ਉਸਦਾ ਖਾਲੀ ਮਿਆਦਾ ਸਖ਼ਤ ਹੋ ਗਿਆ ਤੇ ਉਲਟਾ ਹੋ ਗਿਆ ਹੋਵੇ, ਤੇ ਉਸਨੂੰ ਅੰਦਰੋਂ ਦਬਾ ਰਿਹਾ ਹੋਵੇ ।
ਅਲੈਕਸੇਈ ਦੀ ਖੁਰਾਕ ਸੀ— ਲਵੇ ਦਿਆਰਾਂ ਦੇ ਛਿਲਕੇ, ਜਿਨ੍ਹਾਂ ਨੂੰ ਉਹ ਅਰਾਮ ਦੇ ਵਕਫਿਆਂ ਵਿੱਚ ਆਪਣੇ ਛੁਰੇ ਨਾਲ ਦਰਖਤਾਂ ਤੋਂ ਲਾਹ ਲੈਂਦਾ, ਬਰਚੇ ਤੇ ਲਾਈਮ ਦੇ ਦਰਖਤਾਂ ਦੀਆਂ ਕਲੀਆਂ ਤੇ ਨਾਲੇ ਨਰਮ, ਹਰੀ ਕਾਈ ਜਿਸਨੂੰ ਉਹ ਬਰਫ਼ ਦੇ ਹੇਠੋਂ ਪੁੱਟ ਲੈਂਦਾ ਤੇ ਰਾਤ ਦੇ ਪੜਾਵਾਂ ਦੇ ਵੇਲੇ ਪਾਣੀ ਵਿੱਚ ਉਬਾਲ ਲੈਂਦਾ । ਖੁਸ਼ੀ ਦੇਣ ਵਾਲੀ ਚੀਜ਼ ਸੀ, ਉਹ “ਚਾਹ” ਜਿਹੜੀ ਉਹ ਬਿਲਬੈਰੀ ਦੇ ਰੋਗਨਦਾਰ ਪੱਤਿਆਂ ਨੂੰ ਉਬਾਲ ਕੇ ਬਣਾਉਂਦਾ ਸੀ, ਜਿਹੜੇ ਪੱਤੇ ਕਿ ਉਹ ਜ਼ਮੀਨ ਦੇ ਉਹਨਾਂ ਟੋਟਿਆਂ ਤੋਂ ਇਕੱਠੇ ਕਰ ਲੈਂਦਾ ਸੀ, ਜਿਨ੍ਹਾਂ ਤੋਂ ਬਰਫ਼ ਢਲ ਚੁੱਕੀ ਹੁੰਦੀ ਸੀ। ਇਹ ਗਰਮ ਗਰਮ ਚੀਜ਼ ਉਸਦੇ ਸਾਰੇ ਸਰੀਰ ਵਿੱਚ ਗਰਮੀ ਜਿਹੀ ਲੈ ਆਉਂਦੀ, ਸਗੋਂ ਢਿੱਡ ਭਰ ਗਿਆ ਹੋਣ ਦਾ ਝਾਵਲਾ ਵੀ ਪੈਦਾ ਕਰ ਦੇਂਦੀ । ਧੂੰਏ ਤੇ ਪੱਤਿਆ ਦੀ ਵਾਸ਼ਨਾ ਵਾਲ਼ੀ ਇਸ ਚਾਹ ਦੇ ਘੁੱਟ ਭਰਦਿਆਂ, ਉਹ ਅਰਾਮ ਜਿਹਾ ਮਹਿਸੂਸ ਕਰਦਾ ਤੇ ਉਸਦਾ ਸਫ਼ਰ ਏਨਾਂ ਅਨੰਤ ਤੇ ਭਿਆਨਕ ਨਾ ਲੱਗਦਾ।
ਆਪਣੇ ਛੇਵੇਂ ਪੜਾਅ ਵੇਲੇ ਉਹ ਫਿਰ ਇੱਕ ਫੈਲੇ ਹੋਏ ਫ਼ਰ ਦੇ ਦਰਖਤ ਦੇ ਹਰੇ ਜਿਹੇ ਤੰਬੂ ਹੇਠ ਲੇਟ ਗਿਆ ਤੇ ਇੱਕ ਪੁਰਾਣੀ, ਬਰੋਜ਼ੇ ਵਾਲੀ ਦਰਖਤ ਦੀ ਮੁੱਢੀ ਦੇ ਦੁਆਲੇ ਅੱਗ ਬਾਲ ਲਈ, ਜਿਸ ਬਾਰੇ ਉਸਨੇ ਹਿਸਾਬ ਲਾਇਆ ਕਿ ਸਾਰੀ ਰਾਤ ਧੁਖਦੀ ਤੇ ਗਰਮੀ ਦੇਂਦੀ ਰਹੇਗੀ। ਅਜੇ ਚਾਨਣ ਸੀ। ਸਿਰ ਉੱਪਰ, ਕੋਈ ਅਣਦਿਸਦਾ ਗਾਲ੍ਹੜ ਫ਼ਰ ਦੇ ਦਰਖਤ ਦੀਆਂ ਧੁਰ ਉੱਪਰਲੀਆਂ ਟਾਹਣਾਂ ਵਿੱਚ ਰੁਝਾ ਹੋਇਆ ਸੀ, ਫ਼ਰ ਦੀਆਂ ਕੋਨਾਂ ਦੇ ਛਿਲਕੇ ਲਾਹ ਰਿਹਾ ਸੀ, ਤੇ ਖਾਲੀ ਤੇ ਟੁੱਕੀਆਂ ਹੋਈਆਂ ਕੋਨਾਂ ਜ਼ਮੀਨ ਉੱਤੇ ਸੁੱਟੀ ਜਾ ਰਿਹਾ ਸੀ। ਅਲੈਕਸੇਈ ਦਾ ਦਿਮਾਗ਼ ਹੁਣ ਲਗਾਤਾਰ ਖ਼ੁਰਾਕ ਉੱਤੇ ਕੇਂਦਰਿਤ ਹੋਇਆ ਰਹਿੰਦਾ ਸੀ; ਉਹ ਹੈਰਾਨ ਹੋ ਰਿਹਾ ਸੀ ਕਿ ਕੋਨਾਂ ਵਿੱਚੋਂ ਗਾਲ੍ਹੜ ਨੂੰ ਵੀ ਲੱਭਦਾ ਹੈ। ਉਸਨੇ ਇੱਕ ਕੋਨ ਚੁੱਕੀ, ਇਸਦਾ ਇੱਕ ਦਾਣਾ ਲਾਹਿਆ ਤੇ ਇਸ ਵਿੱਚ ਉਸਨੂੰ ਬਾਜ਼ਰੇ ਦੇ ਦਾਣੇ ਦੇ ਬਰਾਬਰ ਇੱਕ ਗਿਰੀ ਦਿਖਾਈ ਦਿੱਤੀ। ਦੇਖਣ ਨੂੰ ਇਹ ਸਾਇਬੇਰੀਆਈ ਚੀੜ੍ਹ ਦਾ ਇਕ ਛੋਟਾ ਜਿਹਾ ਬੀ ਲੱਗਦਾ ਸੀ । ਉਸਨੇ ਇਸ ਬੀ ਨੂੰ ਮੂੰਹ ਵਿੱਚ ਸੁੱਟਿਆ, ਦੰਦਾਂ ਹੇਠ ਦਬਾਇਆ ਤੇ ਉਸਨੂੰ ਚੀੜ੍ਹ ਦੇ ਤੇਲ ਦਾ ਚੰਗਾ ਚੰਗਾ ਸਵਾਦ ਆਉਣ ਲੱਗਾ।
ਉਸਨੇ ਆਪਣੇ ਆਲੇ-ਦੁਆਲੇ ਪਈਆਂ ਫ਼ਰ ਦੀਆਂ ਕੋਨਾਂ ਇਕੱਠੀਆਂ ਕਰ ਲਈਆਂ, ਉਹਨਾਂ ਨੂੰ ਅੱਗ ਉਪਰ ਰੱਖ ਦਿੱਤਾ, ਮੁੱਠੀ ਕੁ ਭਰ ਸੁੱਕੀਆਂ ਝਾੜੀਆਂ ਸੁੱਟੀਆਂ, ਤੇ ਜਦੋਂ ਗਰਮੀ ਨਾਲ ਕੋਨਾਂ ਤਿੜਕ ਤੇ ਖੁੱਲ ਗਈਆਂ ਤਾਂ ਉਸਨੇ ਉਹਨਾਂ ਵਿਚੋਂ ਬੀ ਆਪਣੇ ਹੱਥ ਉੱਤੇ ਕੱਢ ਲਏ, ਆਪਣੀਆਂ ਤਲੀਆਂ ਵਿੱਚ ਮਸਲੇ, ਛਿਲਕੇ ਫੂਕ ਨਾਲ ਉਡਾਏ ਤੇ ਨਿੱਕੀਆਂ ਨਿੱਕੀਆਂ ਗਿਰੀਆਂ ਆਪਣੇ ਮੂੰਹ ਵਿੱਚ ਸੁੱਟ ਲਈਆਂ।
ਜੰਗਲ ਹਲਕੀਆਂ ਹਲਕੀਆਂ ਅਵਾਜ਼ਾਂ ਨਾਲ ਗੂੰਜ ਰਿਹਾ ਸੀ। ਦਰਖਤ ਦੀ ਬਰੋਜੇਦਾਰ ਮੁੱਢੀ ਧੁਖ ਰਹੀ ਸੀ ਤੇ ਹਲਕਾ ਹਲਕਾ, ਸੁਗੰਧੀ ਵਾਲ਼ਾ ਧੂਆਂ ਛੱਡ ਰਹੀ ਸੀ, ਜਿਸਤੋਂ ਅਲੈਕਸੇਈ ਨੂੰ ਧੂਫ ਯਾਦ ਆ ਗਈ। ਛੋਟੀਆਂ ਛੋਟੀਆਂ ਲਾਟਾਂ ਹਿਲਜੁਲ ਰਹੀਆਂ ਸਨ, ਕਦੀ ਤੇਜ਼ ਬਲਣ ਲੱਗ ਪੈਂਦੀਆਂ, ਕਦੀ ਬੁਝ ਜਾਂਦੀਆਂ, ਜਿਸ ਨਾਲ ਸੁਨਹਿਰੀ ਦਿਆਰਾਂ ਤੇ ਚਾਂਦੀ-ਰੰਗੇ ਬਰਚਿਆਂ ਦੇ ਤਣੇ ਚਾਨਣ ਦੇ ਹਲਕੇ ਵਿੱਚ ਉਘੜ ਆਉਂਦੇ ਤੇ ਮੁੜ ਕੇ ਬੁੜਬੁੜ ਕਰਦੇ ਹਨੇਰੇ ਵਿੱਚ ਲੋਪ ਹੋ ਜਾਂਦੇ।
ਅਲੈਕਸੇਈ ਨੇ ਅੱਗ ਉੱਤੇ ਕੁਝ ਹੋਰ ਸੁੱਕੀਆਂ ਝਾੜੀਆਂ ਸੁੱਟ ਦਿੱਤੀਆਂ ਤੇ ਕੁਝ ਹੋਰ ਕੋਨਾਂ ਦੇ ਛਿਲਕੇ ਲਾਹੇ। ਚੀੜ੍ਹ ਦੇ ਤੇਲ ਦੀ ਵਾਸ਼ਨਾ ਤੋਂ ਉਸਨੂੰ ਬਚਪਨ ਦੇ ਕਦੋਂ ਦੇ ਭੁੱਲੇ- ਵਿਸਰੇ ਦ੍ਰਿਸ਼ ਯਾਦ ਆ ਗਏ।… ਜਾਣੀਆਂ-ਪਛਾਣੀਆਂ ਚੀਜ਼ਾਂ ਨਾਲ ਭਰਿਆ ਹੋਇਆ ਵੱਡਾ ਸਾਰਾ ਕਮਰਾ। ਛੱਤ ਨਾਲ ਲਟਕ ਰਹੀ ਬੱਤੀ ਹੇਠਾਂ ਪਿਆ ਮੇਜ਼। ਆਪਣੇ ਦਿਨ- ਦਿਹਾਰ ਉੱਤੇ ਪਾਉਣ ਵਾਲ਼ੇ ਕੱਪੜਿਆਂ ਵਿੱਚ ਉਸਦੀ ਮਾਂ, ਜੋ ਹੁਣੇ ਹੁਣੇ ਗਿਰਜੇ ਤੋਂ ਪ੍ਰਾਰਥਨਾ ਕਰਕੇ ਮੁੜੀ ਹੈ, ਸੰਦੂਕ ਵਿੱਚੋਂ ਇਕ ਲਿਫ਼ਾਫ਼ਾ ਕੱਢਦੀ ਹੈ ਤੇ ਉਸ ਵਿੱਚੋਂ ਚੀੜ੍ਹ ਦੇ ਬੀ ਇੱਕ ਭਾਂਡੇ ਵਿੱਚ ਉਲਟਾ ਦੇਂਦੀ ਹੈ । ਸਾਰਾ ਪਰਿਵਾਰ – ਮਾਂ, ਦਾਦੀ, ਉਸਦੇ ਦੋ ਭਰਾ ਤੇ ਉਹ ਆਪ, ਸਭ ਤੋਂ ਛੋਟਾ — ਮੇਜ਼ ਦੁਆਲੇ ਬੈਠਾ ਹੈ ਤੇ ਗਿਰੀਆਂ ਕੱਢਣ ਦਾ ਗੰਭੀਰ ਕਾਰਜ, ਛੁੱਟੀ ਵਾਲੇ ਦਿਨ ਦੀ ਐਸ਼, ਸ਼ੁਰੂ ਹੋਈ। ਕੋਈ ਇਕ ਲਫ਼ਜ਼ ਨਹੀਂ ਬੋਲ ਰਿਹਾ। ਦਾਦੀ ਵਾਲਾਂ ਵਾਲੀ ਸੂਈ ਨਾਲ ਗਿਰੀਆਂ ਕੱਢਣ ਲੱਗੀ, ਮਾਂ ਨੇ ਵੀ ਇਸੇ ਤਰ੍ਹਾਂ ਸ਼ੁਰੂ ਕੀਤਾ । ਉਹ ਬੜੀ ਸੁਚੱਜੀ ਤਰ੍ਹਾਂ ਆਪਣੇ ਦੰਦਾਂ ਨਾਲ ਬੀ ਭੰਨਦੀ, ਗਿਰੀਆਂ ਕੱਢਦੀ ਤੇ ਮੇਜ਼ ਉੱਤੇ ਇਕੱਠੀਆਂ ਕਰੀ ਜਾਂਦੀ; ਤੇ ਜਦੋਂ ਉਹਨਾਂ ਦੀ ਢੇਰੀ ਬਣ ਜਾਂਦੀ, ਤਾਂ ਉਹਨਾਂ ਨੂੰ ਹੂੰਝ ਕੇ ਆਪਣੇ ਹਥੇਲੀ ਉੱਤੇ ਰੱਖਦੀ ਤੇ ਬੱਚਿਆਂ ਵਿੱਚੋਂ ਕਿਸੇ ਇੱਕ ਦੇ ਖੁੱਲ੍ਹੇ ਮੂੰਹ ਵਿਚ ਸੁੱਟ ਦਿੰਦੀ; ਤੇ ਖੁਸ਼ ਕਿਸਮਤ ਬੱਚਾ ਬੁੱਲ੍ਹਾਂ ਨਾਲ ਉਸਦੇ ਹੱਥ ਦੀ ਛੋਹ ਮਹਿਸੂਸ ਕਰਦਾ; ਇਹ ਹੱਥ ਖੁਰਦਰਾ ਤੇ ਕੰਮ-ਕਾਜ ਨਾਲ ਫਟਿਆ ਹੁੰਦਾ, ਪਰ ਉਹ ਦਿਨ ਕਿਉਂਕਿ ਛੁੱਟੀ ਦਾ ਦਿਨ ਹੁੰਦਾ ਸੀ, ਇਸ ਲਈ ਇਸ ਵਿੱਚੋਂ ਖੁਸ਼ਬੂਦਾਰ ਸਾਬਣ ਦੀ ਵਾਸ਼ਨਾ ਆਉਂਦੀ ਸੀ।
ਕਾਮੀਸ਼ਿਨ… ਬਚਪਨ! ਸ਼ਹਿਰ ਦੇ ਬਾਹਰਵਾਰ ਉਸ ਨਿੱਕੇ ਜਿਹੇ ਘਰ ਵਿੱਚ ਜੀਵਨ ਬੜਾ ਸੁਖਦਾਈ ਸੀ !…
ਪਰ ਇਥੇ, ਜੰਗਲ ਦੀਆਂ ਅਵਾਜ਼ਾਂ ਵਿਚਕਾਰ, ਤੁਹਾਡਾ ਚਿਹਰਾ ਸੇਕ ਨਾਲ ਗਰਮ ਹੋ ਰਿਹਾ ਹੈ, ਜਦ ਕਿ ਪਿੱਠ ਵਿੱਚ ਠੰਡ ਵੜਦੀ ਜਾ ਰਹੀ ਹੈ । ਹਨੇਰੇ ਵਿਚ ਕੋਈ ਉੱਲੂ ਸੀਟੀਆਂ ਮਾਰ ਰਿਹਾ ਹੈ, ਲੂੰਮੜੀ ਦਾ ਹੁਆਂਕਣਾ ਸੁਣਾਈ ਦੇ ਰਿਹਾ ਹੈ। ਅੱਗ ਦੇ ਨੇੜੇ ਢੁਕ ਕੇ ਬੈਠਾ ਤੇ ਸੋਚਾਂ ਵਿੱਚ ਡੁੱਬਾ ਬੁਝ ਰਹੇ, ਕੰਬਦੀ ਲੋਅ ਵਾਲ਼ੇ ਅੰਗਿਆਰਾਂ ਵੱਲ ਦੇਖਦਾ ਹੋਇਆ, ਕੋਈ ਭੁੱਖਾ, ਜ਼ਖਮੀ ਤੇ ਥੱਕ ਕੇ ਚੂਰ ਚੂਰ ਹੋਇਆ ਆਦਮੀ, ਇਸ ਵਿਸ਼ਾਲ, ਸੰਘਣੇ ਜੰਗਲ ਵਿੱਚ ਇਕੱਲਾ ਬੈਠਾ ਹੈ; ਤੇ ਉਸਦੇ ਸਾਮ੍ਹਣੇ, ਹਨੇਰੇ ਵਿੱਚ ਕੋਈ ਅਣਜਾਣਾ ਰਾਹ ਪਿਆ ਹੈ, ਜਿਹੜਾ ਅਚਨਚੇਤੀ ਖ਼ਤਰਿਆਂ ਤੇ ਅਜ਼ਮਾਇਸ਼ਾਂ ਨਾਲ ਭਰਿਆ ਪਿਆ ਹੈ।
“ਕੋਈ ਗੱਲ ਨਹੀਂ, ਸਭ ਕੁਝ ਠੀਕ-ਠਾਕ ਹੋ ਜਾਇਗਾ !” ਇੱਕਦਮ ਆਦਮੀ ਦੇ ਮੂੰਹ ਵਿੱਚੋਂ ਨਿੱਕਲ ਗਿਆ ਤੇ ਅੱਗ ਦੀ ਆਖਰੀ ਲਾਲ ਲਾਟ ਦੇ ਚਾਨਣ ਵਿੱਚ ਦੇਖਿਆ ਜਾ ਸਕਦਾ ਸੀ ਕਿ ਉਸਦੇ ਫਟੇ ਹੋਏ ਬੁੱਲ੍ਹਾਂ ਉੱਪਰ ਕਿਸੇ ਦੂਰ ਦੇ ਖਿਆਲ ਉੱਤੇ ਮੁਸਕਾਣ ਆ ਗਈ ਹੈ। ਸੱਤਵੇਂ ਦਿਨ ਅਲੈਕਸੇਈ ਨੂੰ ਪਤਾ ਲੱਗਾ ਕਿ ਹਨੇਰੀ ਵਾਲੀ ਉਸ ਰਾਤ ਨੂੰ ਦੂਰੋਂ ਆ ਰਹੀ ਲੜਾਈ ਦੀ ਅਵਾਜ਼ ਕਿਥੋਂ ਆ ਰਹੀ ਸੀ।
ਬਿਲਕੁਲ ਥੱਕਿਆ ਹੋਇਆ, ਹਰ ਘੜੀ ਅਰਾਮ ਕਰਨ ਲਈ ਰੁਕਦਾ ਹੋਇਆ, ਉਹ ਜੰਗਲੀ ਰਾਤ ਉਪਰੋਂ ਦੀ ਜਿਸਤੋਂ ਬਰਫ਼ ਪਿਘਲ ਰਹੀ ਸੀ, ਆਪਣੇ ਆਪ ਨੂੰ ਘਸੀਟਦਾ ਜਾ ਰਿਹਾ ਸੀ। ਬਸੰਤ ਦੂਰ ਖੜੋਤੀ ਨਹੀਂ ਸੀ ਮੁਸਕਰਾ ਰਹੀ, ਇਹ ਅਣਗਾਹੇ ਜੰਗਲ ਵਿੱਚ ਆਪਣੇ ਨਿੱਘ, ਤੂਫ਼ਾਨੀ ਬੁਲ੍ਹਿਆਂ ਨਾਲ, ਤੇ ਸੂਰਜ ਦੀਆਂ ਚਮਕੀਲੀਆਂ ਕਿਰਨਾਂ ਨਾਲ ਪੁੱਜ ਗਈ ਸੀ, ਜਿਹੜੀਆਂ ਟਾਹਣੀਆਂ ਦੇ ਵਿੱਚੋਂ ਦੀ ਪੈ ਰਹੀਆਂ ਸਨ ਤੇ ਢੇਰਾਂ ਤੇ ਟਿੱਬਿਆਂ ਤੋਂ ਬਰਫ਼ ਹੂੰਝ ਰਹੀਆਂ ਸਨ; ਸ਼ਾਮਾਂ ਨੂੰ ਪਹਾੜੀ-ਕਾਵਾਂ ਦੀ ਸੋਗੀ ਕਾਂ-ਕਾਂ ਸੁਣਾਈ ਦੇਂਦੀ ਸੀ ਤੇ ਸੜਕ ਦੀ ਹੁਣ ਭੂਰੀ ਜਿਹੀ ਹੋਈ ਪਿੱਠ ਉੱਤੇ ਗੰਭੀਰਤਾ ਨਾਲ ਪਏ ਫਿਰਦੇ ਢੋਡਰ- ਕਾਂ ਦਿਖਾਈ ਦੇਂਦੇ ਸਨ; ਗਿੱਲੀ ਬਰਫ਼ ਹੁਣ ਸ਼ਹਿਦ ਦੇ ਛੱਜੇ ਵਾਂਗ ਮੁਸਾਮਦਾਰ ਹੋਈ ਹੋਈ ਸੀ; ਪਿਘਲਦੀ ਬਰਫ਼ ਨਾਲ ਨੀਵੀਆਂ ਥਾਵਾਂ ਉੱਤੇ ਚਮਕਦੇ ਛੱਪੜ ਬਣ ਗਏ ਸਨ, ਤੇ ਉਹ ਜ਼ੋਰਦਾਰ, ਨਸ਼ੀਲੀ ਵਾਸ਼ਨਾ ਆ ਰਹੀ ਸੀ, ਜਿਸ ਨਾਲ ਹਰ ਜਿਊਂਦੀ ਜਾਗਦੀ ਚੀਜ਼ ਨੂੰ ਖੁਸ਼ੀ ਦਾ ਖੁਮਾਰ ਚੜ੍ਹ ਜਾਂਦਾ ਹੈ।
ਅਲੈਕਸੇਈ ਨੂੰ ਬਚਪਨ ਤੋਂ ਹੀ ਸਾਲ ਦਾ ਇਹ ਸਮਾਂ ਚੰਗਾ ਲੱਗਦਾ ਸੀ ਤੇ ਹੁਣ ਵੀ, ਜਦੋਂ ਉਹ ਭੁੱਖ ਦਾ ਦੁੱਖ ਸਹਿ ਰਿਹਾ, ਪੀੜ ਤੇ ਥਕਾਣ ਨਾਲ ਬੋਹੇਸ਼ ਹੁੰਦਾ ਹੋਇਆ ਉਹ ਛੱਪੜਾਂ ਦੇ ਵਿੱਚੋਂ ਦੀ ਆਪਣੇ ਭਾਰੇ ਹੋਏ ਹੋਏ ਤੇ ਭਿੱਜੇ ਹੋਏ ਬੂਟਾਂ ਵਿੱਚ ਬੰਨ੍ਹੇ ਦੁਖਦੇ ਪੈਰਾਂ ਨੂੰ ਘਸੀਟ ਰਿਹਾ ਸੀ ਤੇ ਛੱਪੜਾਂ, ਪਿਘਲੀ ਹੋਈ ਬਰਫ਼ ਤੇ ਜਲਦੀ ਹੋ ਗਏ ਚਿੱਕੜ ਨੂੰ ਕੋਸਦਾ ਜਾ ਰਿਹਾ ਸੀ, ਤਾਂ ਵੀ ਉਹ ਇਸ ਸਿੱਲ੍ਹੀ, ਨਸ਼ੀਲੀ ਸੁਗੰਧੀ ਨੂੰ ਵੱਡੇ ਵੱਡੇ ਸਾਹਵਾਂ ਨਾਲ ਅੰਦਰ ਖਿੱਚ ਰਿਹਾ ਸੀ । ਉਹ ਹੁਣ ਛਪੜਾਂ ਦੇ ਵਿੱਚੋਂ ਦਾ ਆਪਣਾ ਰਾਹ ਨਹੀਂ ਸੀ ਬਣਾ ਰਿਹਾ, ਸਗੋਂ ਠੋਕਰਾਂ ਖਾਂਦਾ, ਡਿੱਗਦਾ, ਉੱਠਦਾ, ਆਪਣੀ ਲੱਠ ਉੱਤੇ ਭਾਰ ਪਾਉਂਦਾ, ਝੂਲਦਾ ਤੇ ਸਾਰੀ ਤਾਕਤ ਇਕੱਠੀ ਕਰਦਾ, ਫਿਰ ਲੱਠ ਨੂੰ ਜਿਥੋਂ ਤੱਕ ਹੁੰਦਾ ਅੱਗੇ ਵੱਲ ਨੂੰ ਸੁੱਟਦਾ, ਤੇ ਪੂਰਬ ਵੱਲ ਨੂੰ ਹੌਲੀ ਹੌਲੀ ਵਧਦਾ ਜਾਂਦਾ ।
ਇੱਕਦਮ, ਉਸ ਥਾਂ ਜਿਥੇ ਜੰਗਲੀ ਰਾਹ ਇੱਕਦਮ ਖੱਬੇ ਨੂੰ ਮੁੜ ਜਾਂਦਾ ਸੀ, ਉਹ ਰੁਕ ਗਿਆ ਤੇ ਅਚੰਭਿਤ ਹੋਇਆ ਖੜੋਤਾ ਰਿਹਾ। ਐਸੇ ਨੁਕਤੇ ਉੱਤੇ, ਜਿਥੇ ਸੜਕ ਅਸਧਾਰਨ ਤੌਰ ਉੱਤੇ ਤੰਗ ਸੀ ਤੇ ਇਸਦੇ ਦੋਵੇਂ ਪਾਸੇ ਜਿਵੇਂ ਵਾੜ ਬਣਾਈ ਲਵੇ ਦਿਆਰ ਸੰਘਣੀ ਤਰ੍ਹਾਂ ਉੱਗੇ ਖੜੇ ਸਨ, ਉਸ ਨੇ ਕੁਝ ਦਿਨ ਪਹਿਲਾਂ ਆਪਣੇ ਕੋਲੋਂ ਲੰਘੀਆਂ ਜਰਮਨ ਗੱਡੀਆਂ ਨੂੰ ਦੇਖਿਆ। ਦੋ ਵੱਡੇ ਵੱਡੇ ਦਿਆਰਾਂ ਨੇ ਉਹਨਾਂ ਦਾ ਰਾਹ ਰੋਕਿਆ ਹੋਇਆ ਸੀ। ਇਹਨਾਂ ਦਰਖਤਾਂ ਦੇ ਕੋਲ ਫਾਨੇ ਵਰਗੀ ਬਖਤਰਬੰਦ ਕਾਰ ਖੜੀ ਸੀ; ਇਸਦਾ ਰੇਡੀਏਟਰ ਉਹਨਾਂ ਦੇ ਵਿਚਕਾਰ ਫਸਿਆ ਹੋਇਆ ਸੀ, ਤੇ ਹੁਣ ਇਹ ਚਿੱਟੀ ਨਹੀਂ ਸੀ ਸਗੋਂ ਜੰਗਾਲੀ ਹੋਈ ਲਾਲ ਸੀ, ਤੇ ਇਹ ਆਪਣੇ ਪਹੀਆਂ ਦੇ ਰਿਮਾਂ ਦੇ ਉੱਤੇ ਹੇਠਾਂ ਹੋ ਕੇ ਟਿਕੀ ਹੋਈ ਸੀ, ਕਿਉਂਕਿ ਇਸਦੇ ਟਾਇਰ ਸੜ ਚੁੱਕੇ ਸਨ । ਇਸਦੀ ਛੱਤ ਕਿਸੇ ਵੱਡੀ ਸਾਰੀ ਖੁੰਬ ਵਾਂਗ ਦਰਖਤ ਹੇਠਾਂ ਬਰਫ਼ ਉੱਤੇ ਪਈ ਸੀ । ਬਖਤਰਬੰਦ ਗੱਡੀ ਦੇ ਨੇੜੇ ਤਿੰਨ ਲਾਸ਼ਾਂ ਪਈਆਂ ਸਨ, ਇਸਦੇ ਅਮਲੇ ਦੀਆਂ, ਛੋਟੀਆਂ, ਕਾਲੀਆਂ, ਮੈਲੀਆਂ, ਜੈਕਟਾਂ ਤੇ ਕੱਪੜੇ ਦੀਆਂ ਟੋਪੀਆਂ ਪਾਈ।
ਦੋ ਸਧਾਰਨ ਗੱਡੀਆਂ – ਇਹ ਵੀ ਜੰਗਾਲ ਦੇ ਰੰਗ ਦੀਆਂ ਲਾਲ ਤੇ ਸੜੀਆਂ ਹੋਈਆਂ ਸਨ ਬਖਤਰਬੰਦ ਗੱਡੀ ਦੇ ਪਿੱਛੇ ਖੜੀਆਂ ਸਨ, ਪਿਘਲਦੀ ਬਰਫ਼ ਵਿੱਚ, ਜਿਹੜੀ ਧੂਏਂ, ਸਵਾਹ ਤੇ ਸੜੀ ਲੱਕੜ ਨਾਲ ਕਾਲੀ ਹੋਈ ਪਈ ਸੀ । ਚਾਰੇ ਪਾਸੇ, ਸੜਕ ਦੇ ਨਾਲ ਨਾਲ, ਝਾੜੀਆਂ ਦੇ ਹੇਠਾਂ ਤੇ ਟੋਇਆਂ ਵਿੱਚ, ਜਰਮਨ ਸਿਪਾਹੀਆਂ ਦੀਆਂ ਲਾਸ਼ਾਂ ਪਈਆਂ ਸਨ। ਇਹ ਪ੍ਰਤੱਖ ਸੀ ਕਿ ਉਹ ਤ੍ਰਾਹ ਕੇ ਉੱਠ ਨੱਠੇ ਸਨ, ਕਿ ਤੂਫਾਨ ਵਲੋਂ ਫੈਲਾਏ ਗਏ ਬਰਫ਼ੀਲੇ ਪਰਦੇ ਨਾਲ ਕੱਜੇ ਹਰ ਦਰਖਤ ਦੇ, ਹਰ ਝਾੜੀ ਦੇ ਪਿਛੋਂ ਮੌਤ ਉਹਨਾਂ ਉਪਰ ਟੁੱਟ ਪਈ ਸੀ, ਤੇ ਉਹਨਾਂ ਨੂੰ ਇਹ ਪਤਾ ਵੀ ਨਹੀਂ ਸੀ ਲੱਗਾ ਕਿ ਕੀ ਵਾਪਰ ਗਿਆ ਹੈ, ਤੇ ਉਹ ਮਾਰੇ ਗਏ ਸਨ। ਪੈਂਟ ਤੋਂ ਬਿਨਾਂ ਅਫ਼ਸਰ ਦੀ ਲਾਸ਼ ਇੱਕ ਦਰਖਤ ਨਾਲ ਬੱਝੀ ਹੋਈ ਸੀ। ਕਾਲੇ ਕਾਲਰ ਵਾਲ਼ੇ ਉਸਦੇ ਹਰੇ ਕੋਟ ਨਾਲ ਇੱਕ ਕਾਗਜ਼ ਦਾ ਟੋਟਾ ਪਿੰਨ ਲਾ ਦੇ ਜੋੜ ਦਿੱਤਾ ਗਿਆ ਸੀ, ਜਿਸ ਉੱਤੇ ਲਿਖਿਆ ਹੋਇਆ ਸੀ: “ਜਿਹੜੀ ਚੀਜ਼ ਲੈਣ ਆਇਆ ਸੈਂ, ਉਹ ਤੈਨੂੰ ਮਿਲ ਗਈ ਹੈ,” ਤੇ ਇਸਦੇ ਹੇਠਾਂ ਕਿਸੇ ਹੱਥ ਨਾਲ, ਪੱਕੀ ਸਿਆਹੀ ਵਿੱਚ ਲਿਖਿਆ ਹੋਇਆ ਸੀ: “ਕੁੱਤਾ।”
ਅਲੈਕਸੇਈ ਨੇ ਕੁਝ ਖਾਣ ਲਈ ਲੱਭਦਿਆਂ ਲੜਾਈ ਦੀ ਇਸ ਥਾਂ ਦੀ ਖੋਜ ਕੀਤੀ। ਉਸਨੂੰ ਜੋ ਲੱਭਾ, ਉਹ ਸੀ ਬਾਸੀ, ਢਿੱਲਾ ਜਿਹਾ ਰਸ, ਜਿਹੜਾ ਬਰਫ਼ ਵਿੱਚ ਮਧੋਲਿਆ ਪਿਆ ਸੀ ਤੇ ਪੰਛੀਆਂ ਨੇ ਜਿਸਨੂੰ ਨੂੰਗੇ ਮਾਰੇ ਹੋਏ ਸਨ । ਉਸਨੇ ਇੱਕਦਮ ਇਸਨੂੰ ਮੂੰਹ ਵਿਚ ਪਾ ਲਿਆ ਤੇ ਰਾਈ ਦੀ ਰੋਟੀ ਦੀ ਖੱਟੀ ਜਿਹੀ ਵਾਸ਼ਨਾ ਨੂੰ ਹਾਬੜਿਆਂ ਵਾਂਗ ਸਾਹ ਨਾਲ ਅੰਦਰ ਖਿੱਚਣ ਲੱਗਾ। ਉਹ ਸਾਰਾ ਰਸ ਆਪਣੇ ਮੂੰਹ ਵਿੱਚ ਸੁੱਟ ਲੈਣਾ ਚਾਹੁੰਦਾ ਸੀ ਤੇ ਸੁਗੰਧੀ ਭਰੀ, ਗੁੱਦਾ ਬਣੀ ਰੋਟੀ ਨੂੰ ਚਿੱਥਣਾ, ਚਿੱਥਣਾ ਤੇ ਹੋਰ ਚਿੱਥਣਾ ਚਾਹੁੰਦਾ ਸੀ, ਪਰ ਉਸਨੇ ਆਪਣੀ ਇੱਛਾ ਨੂੰ ਦਬਾ ਲਿਆ, ਤੇ ਰਸ ਦੇ ਤਿੰਨੇ ਟੋਟੇ ਕਰਕੇ ਦੋ ਟੋਟਿਆਂ ਨੂੰ ਆਪਣੇ ਪੱਟਾਂ ਉਪਰਲੀਆਂ ਜੇਬਾਂ ਹੇਠਾਂ ਕਰਕੇ ਤੁੰਨ ਲਿਆ ਤੇ ਤੀਜੇ ਨੂੰ ਭੋਰਨ ਲੱਗ ਪਿਆ, ਤੇ ਭੋਰ ਨੂੰ ਇੰਝ ਚੂਸਣ ਲੱਗ ਪਿਆ, ਜਿਵੇਂ ਕਿ ਇਹ ਮਠਿਆਈ ਹੋਵੇ, ਤਾਂ ਕਿ ਜਿਥੋਂ ਤੱਕ ਹੋ ਸਕੇ, ਵੱਧ ਤੋਂ ਵੱਧ ਸਮਾਂ ਇਸਤੋਂ ਖੁਸ਼ੀ ਲੈ ਸਕੇ ।
ਇੱਕ ਵਾਰੀ ਫਿਰ ਉਸਨੇ ਲੜਾਈ ਦੇ ਦ੍ਰਿਸ਼ ਨੂੰ ਦੇਖਿਆ, ਤੇ ਇਥੇ ਉਸਨੂੰ ਇੱਕ ਖਿਆਲ ਆਇਆ: “ਇਥੇ ਕਿਤੇ ਨੇੜੇ ਹੀ ਜ਼ਰੂਰ ਛਾਪੇਮਾਰ ਹੋਣਗੇ! ਉਹਨਾਂ ਨੇ ਜ਼ਰੂਰ ਝਾੜੀਆਂ ਵਿਚਲੀ ਤੇ ਦਰਖਤਾਂ ਦੇ ਦੁਆਲੇ ਦੀ ਬਰਫ਼ ਨੂੰ ਪੈਰਾਂ ਹੇਠ ਲਿਤਾੜਿਆਂ ਹੋਵੇਗਾ!” ਹੋ ਸਕਦਾ ਹੈ ਉਹਨਾਂ ਨੇ ਪਹਿਲਾਂ ਹੀ ਉਸਨੂੰ ਲਾਸ਼ਾਂ ਵਿਚਕਾਰ ਪਏ ਫਿਰਦੇ ਨੂੰ ਦੇਖ ਲਿਆ ਸੀ ਤੇ ਕਿਤੋਂ ਫ਼ਰ ਦੇ ਦਰਖਤ ਦੀ ਟੀਸੀ ਤੋਂ, ਜਾਂ ਕਿਸੇ ਝਾੜੀ ਪਿੱਛੋਂ, ਕੋਈ ਛਾਪੇਮਾਰ ਸੂਹੀਆ ਉਸਨੂੰ ਦੇਖ ਰਿਹਾ ਹੋਵੇ! ਉਸਨੇ ਆਪਣੇ ਮੂੰਹ ਦੁਆਲੇ ਆਪਣੇ ਹੱਥਾਂ ਦਾ ਬੁੱਕ ਬਣਾਇਆ ਤੇ
ਆਪਣੀ ਸਾਰੀ ਤਾਕਤ ਨਾਲ ਚੀਕਿਆ:
“ਹੇ-ਹੇ! ਛਾਪੇਮਾਰੋ ! ਛਾਪੇਮਾਰੋ”
ਉਸਨੂੰ ਹੈਰਾਨੀ ਹੋਈ ਕਿ ਉਸਦੀ ਅਵਾਜ਼ ਏਨੀਂ ਹੌਲ਼ੀ ਤੇ ਕਮਜ਼ੋਰ ਸੁਣਾਈ ਦੇਂਦੀ ਸੀ । ਇਥੋਂ ਤੱਕ ਕਿ ਜੰਗਲ ਦੀਆਂ ਡੂੰਘਾਣਾਂ ਵਿੱਚੋਂ ਪਰਤ ਕੇ ਆਈ ਗੂੰਜ ਵੀ, ਦਰਖਤਾਂ ਦੇ ਤਣਿਆਂ ਵਲੋਂ ਮੁੜ-ਪਰਤਾਈ ਹੋਈ, ਵਧੇਰੇ ਉੱਚੀ ਲੱਗਦੀ ਸੀ ।
“ਛਾਪੇਮਾਰੋ ! ਛਾਪੇਮਾਰੋ! ਹੇ-ਹੇ!” ਉਸਨੇ ਦੁਸ਼ਮਣਾਂ ਦੀਆਂ ਚੁੱਪ ਲਾਸ਼ਾਂ ਵਿਚਕਾਰ ਕਾਲੀ, ਗੰਦੀ ਬਰਫ਼ ਉੱਤੇ ਬੈਠੇ ਨੇ ਮੁੜ ਮੁੜ ਕੇ ਹਾਕਾਂ ਲਾਈਆਂ।
ਉਸਨੇ ਕਿਸੇ ਜਵਾਬ ਨੂੰ ਸੁਨਣ ਲਈ ਕੰਨ ਲਾ ਲਏ । ਉਸਦੀ ਅਵਾਜ਼ ਬੈਠੀ ਹੋਈ ਤੇ ਫਟੀ ਹੋਈ ਸੀ । ਹੁਣ ਉਸਨੂੰ ਸਮਝ ਆਈ ਕਿ ਆਪਣਾ ਕੰਮ ਮੁਕਾ ਕੇ ਤੇ ਆਪਣੀਆਂ ਮਾਲੀਆਂ ਇਕੱਠੀਆਂ ਕਰ ਕੇ, ਛਾਪੇਮਾਰ ਮੁੱਦਤਾਂ ਦੇ ਉਥੋਂ ਜਾ ਚੁਕੇ ਸਨ ਸੱਚਮੁਚ, ਇਸ ਸੁੰਨਸਾਨ ਜੰਗਲ ਵਿਚ ਠਹਿਰਣ ਦਾ ਕੀ ਲਾਭ ਸੀ? ਪਰ ਤਾਂ ਵੀ ਉਸਨੇ ਹਾਕਾਂ ਲਾਉਣੀਆਂ ਜਾਰੀ ਰੱਖੀਆਂ, ਇਸ ਆਸ ਵਿਚ ਕਿ ਸ਼ਾਇਦ ਕੋਈ ਕਰਾਮਤ ਵਾਪਰ ਜਾਏ, ਇਸ ਆਸ ਵਿਚ ਕਿ ਦਾਹੜੀਆਂ ਵਾਲੇ ਲੋਕ, ਜਿਨ੍ਹਾਂ ਬਾਰੇ ਉਸਨੇ ਏਨਾਂ ਸੁਣ ਰੱਖਿਆ ਸੀ, ਇੱਕਦਮ ਝਾੜੀਆਂ ਵਿੱਚੋਂ ਨਿਕਲ ਆਉਂਣਗੇ, ਉਸਨੂੰ ਚੁੱਕ ਲੈਣਗੇ ਤੇ ਐਸੀਂ ਥਾਂ ਲੈ ਜਾਣਗੇ ਜਿਥੇ ਉਹ ਦਿਹਾੜੀ ਭਰ ਲਈ ਸਗੋਂ ਘੰਟੇ ਭਰ ਲਈ ਹੀ, ਅਰਾਮ ਕਰ ਸਕੇ, ਬਿਨਾਂ ਕਿਸੇ ਚੀਜ਼ ਦਾ ਫ਼ਿਕਰ ਕੀਤਿਆਂ, ਜਾਂ ਬਿਨਾਂ ਕਿਤੇ ਜਾਣ ਦੀ ਕੋਸ਼ਿਸ਼ ਕੀਤਿਆਂ।
ਉਸਦਾ ਜਵਾਬ ਸਿਰਫ਼ ਜੰਗਲ ਨੇ ਹੀ ਆਪਣੀ ਲਰਜ਼ਦੀ, ਥਰਕਦੀ ਗੂੰਜ ਨਾਲ ਦਿੱਤਾ । ਪਰ ਅਚਨਚੇਤ, ਦਿਆਰਾਂ ਦੀ ਡੂੰਘੀ ਤੇ ਸੰਗੀਤਕ ਸਰਸਰਾਹਟ ਤੋਂ ਉੱਪਰ ਉਸਨੂੰ ਦੱਬੀਆਂ ਦੱਬੀਆਂ ਤੇ ਤੇਜ਼ ਧਮਾਕਿਆਂ ਦੀ ਅਵਾਜ਼ਾਂ ਸੁਣਾਈ ਦਿੱਤੀਆਂ — ਜਾਂ ਜਿਸ ਇਕਾਗਰਤਾ ਨਾਲ ਉਹ ਸੁਣ ਰਿਹਾ ਸੀ, ਉਸ ਵਿੱਚ ਉਸਨੂੰ ਲੱਗਾ ਕਿ ਉਸਨੂੰ ਸੁਣਾਈ ਦਿੱਤੀਆਂ ਸਨ। ਕਦੀ ਬਿਲਕੁਲ ਸਪਸ਼ਟ, ਤੇ ਕਦੀ ਮੱਧਮ ਤੇ ਅਸਪਸ਼ਟ। ਉਹ ਚੌਂਕ ਉਠਿਆ, ਜਿਵੇਂ ਕਿ ਇਸ ਜੰਗਲ ਵਿੱਚ ਕਿਤੋਂ ਦੂਰੋਂ ਕੋਈ ਦੋਸਤਾਨਾ ਸੱਦ ਉਸ ਤੱਕ ਪੁੱਜੀ ਹੋਵੇ । ਉਸਨੂੰ ਆਪਣੇ ਕੰਨਾਂ ਉੱਤੇ ਯਕੀਨ ਨਹੀਂ ਸੀ ਆਉਂਦਾ, ਤੇ ਕਿੰਨਾਂ ਚਿਰ ਉਹ ਧੌਣ ਅੱਗੇ ਵਲ ਨੂੰ ਕਰੀ ਬੜੇ ਧਿਆਨ ਨਾਲ ਸੁਣਦਾ ਬੈਠਾ ਰਿਹਾ।
ਨਹੀਂ ! ਉਸਨੂੰ ਗ਼ਲਤੀ ਨਹੀਂ ਸੀ ਲੱਗੀ! ਪੂਰਬ ਵਲੋਂ ਸਿਲ੍ਹੀ ਜਿਹੀ ਹਵਾ ਆਈ ਤੇ ਦੂਰੋਂ ਕਿਤੋਂ ਤੋਪਾਂ ਦੇ ਚੱਲਣ ਦੀ ਅਵਾਜ਼ ਨਾਲ ਲੈ ਆਈ; ਤੇ ਇਹ ਅਵਾਜ਼ ਉਹਨਾਂ ਅਵਾਜ਼ਾਂ ਵਾਂਗ ਹੌਲ਼ੀ ਤੇ ਰੁਕ ਰੁਕ ਕੇ ਨਹੀਂ ਸੀ ਆ ਰਹੀ, ਜਿਹੜੀਆਂ ਉਸਨੇ ਪਿਛਲੇ ਮਹੀਨੇ ਸੁਣੀਆਂ ਸਨ ਜਦੋਂ ਲੜ ਰਹੀਆਂ ਧਿਰਾਂ, ਖਾਈਆਂ ਵਿੱਚ ਡਟ ਜਾਣ ਤੇ ਪੱਕੀਆਂ ਰੱਖਿਆ ਰੇਖਾਵਾਂ ਉੱਤੇ ਆਪਣੇ ਮੋਰਚੇ ਬਣਾ ਲੈਣ ਪਿੱਛੋਂ, ਇੱਕ ਦੂਜੇ ਨੂੰ ਜ਼ਿੱਚ ਕਰਨ ਲਈ ਬਿਨਾਂ ਸਾਵਧਾਨੀ ਦੇ ਗੋਲੀਆਂ ਚਲਾਉਂਦੀਆਂ ਹਨ। ਇਹ ਅਵਾਜ਼ ਤੇਜ਼ ਤੇ ਤੀਖਣ ਸੀ, ਤੇ ਇੰਞ ਲਗਦਾ ਸੀ ਜਿਵੇਂ ਕੋਈ ਪੱਥਰ-ਗੀਟਿਆਂ ਨੂੰ ਟਰੱਕ ਤੋਂ ਲਾਹ ਰਿਹਾ ਹੋਵੇ, ਜਾਂ ਬਲੂਤ ਦੇ ਉਲਟ ਕੀਤੇ ਡਰੱਮ ਦੇ ਥੱਲੇ ਉੱਤੇ ਮੁੱਕਿਆਂ ਨਾਲ ਢੋਲ ਵਜਾ ਰਿਹਾ ਹੋਵੇ।
ਬੇਸ਼ਕ ! ਇਹ ਸਖ਼ਤ ਤੋਪਖਾਨੇ ਦੀ ਲੜਾਈ ਸੀ । ਅਵਾਜ਼ਾਂ ਤੋਂ ਅੰਦਾਜ਼ਾ ਲਾਇਆ, ਮਹਾਜ਼-ਰੇਖਾ ਜ਼ਰੂਰ ਦਸ ਕੁ ਕਿਲੋਮੀਟਰ ਦੂਰ ਹੋਵੇਗੀ, ਤੇ ਉਥੇ ਕੋਈ ਗੰਭੀਰ ਗੱਲ ਵਾਪਰ ਰਹੀ ਸੀ, ਕੋਈ ਹਮਲਾ ਕਰ ਰਿਹਾ ਸੀ ਤੇ ਕੋਈ ਪੂਰੇ ਜ਼ੋਰ ਨਾਲ ਰਾਖੀ ਕਰ ਰਿਹਾ ਸੀ । ਖੁਸ਼ੀ ਦੇ ਅੱਥਰੂ ਅਲੈਕਸੇਈ ਦੀਆਂ ਗੱਲ੍ਹਾਂ ਉੱਤੇ ਤਿਲ੍ਹਕ ਆਏ ।
ਉਸਨੇ ਆਪਣੀਆਂ ਅੱਖਾਂ ਪੂਰਬ ਵੱਲ ਲਾ ਰੱਖੀਆਂ। ਠੀਕ ਹੈ, ਜਿਸ ਥਾਂ ਉਹ ਸੀ ਉਥੋਂ ਸੜਕ ਤਿੱਖੀ ਤਰ੍ਹਾਂ ਉਲਟੇ ਪਾਸੇ ਨੂੰ ਮੁੜਦੀ ਸੀ, ਤੇ ਉਸਦੇ ਸਾਮ੍ਹਣੇ ਬਰਫ਼ ਦੀ ਦਰੀ ਵਿਛੀ ਪਈ ਸੀ; ਪਰ ਇਹ ਸੱਦਾ ਦੇ ਰਹੀਆਂ ਅਵਾਜ਼ਾਂ ਪੂਰਬ ਵੱਲੋਂ ਆ ਰਹੀਆਂ ਸਨ; ਉਧਰ ਨੂੰ ਹੀ ਛਾਪੇਮਾਰਾਂ ਦੀਆਂ ਕਾਲੀਆਂ ਪੈੜਾਂ ਜਾ ਰਹੀਆਂ ਸਨ; ਉਥੇ ਕਿਤੇ ਜੰਗਲ ਵਿੱਚ ਹੀ, ਇਹ ਦਲੇਰ ਜੰਗਲ-ਵਾਸੀ ਕਿਸੇ ਥਾਂ ਰਹਿੰਦੇ ਸਨ।
ਤੇ ਅਲੈਕਸੇਈ ਬੁੜਬੁੜਾਇਆ: “ਕੋਈ ਗੱਲ ਨਹੀਂ, ਸਭ ਠੀਕ ਹੈ, ਸਾਥੀਓ, ਸਭ ਕੁਝ ਠੀਕ ਠਾਕ ਹੋ ਜਾਇਗਾ।” ਉਸਨੇ ਜ਼ੋਰਦਾਰ ਢੰਗ ਨਾਲ ਆਪਣੀ ਲੱਠ ਅੱਗੇ ਨੂੰ ਸੁੱਟੀ, ਇਸ ਉੱਪਰ ਆਪਣੀ ਠੋਡੀ ਟਿਕਾਈ ਤੇ ਇਸ ਉੱਪਰ ਆਪਣੇ ਸਰੀਰ ਦਾ ਸਾਰਾ ਭਾਰ ਸੁਟਦਿਆਂ ਉਸਨੇ ਇੱਕ ਕਦਮ, ਤੇ ਫਿਰ ਦੂਜਾ ਕਦਮ ਅੱਗੇ ਬਰਫ਼ ਉੱਪਰ ਸੁਟਿਆ ਤੇ ਮੁਸ਼ਕਲ ਨਾਲ ਪਰ ਦ੍ਰਿੜ੍ਹਤਾ ਨਾਲ ਅੱਗੇ ਵਧਦਾ ਹੋਇਆ, ਸੜਕ ਤੋਂ ਲਾਂਭੇ ਤੁਰ ਪਿਆ।
10
ਉਸ ਦਿਨ ਉਹ ਬਰਫ਼ ਉੱਤੇ ਡੇਢ ਸੌ ਕਦਮ ਵੀ ਪੂਰੇ ਨਾ ਪੁੱਟ ਸਕਿਆ । ਸੰਧਿਆ ਨੇ ਉਸਨੂੰ ਰੁਕਣ ਲਈ ਮਜ਼ਬੂਰ ਕਰ ਦਿੱਤਾ। ਉਸਨੇ ਫਿਰ ਇੱਕ ਪੁਰਾਣੀ ਦਰਖਤ ਦੀ ਮੁੱਢੀ ਚੁੱਕੀ, ਇਸਦੇ ਦੁਆਲੇ ਸੁੱਕੀਆਂ ਝਾੜੀਆਂ ਢੇਰ ਕੀਤੀਆਂ, ਗੋਲ਼ੀ ਦੇ ਖੋਲ ਤੋਂ ਬਣਿਆ ਆਪਣਾ ਸਿਗਰਟ ਖੋਹਲਿਆ, ਇਸਦੀ ਫੌਲਾਦ ਦੀ ਚੱਕਰੀ ਨੂੰ ਘੁਮਾਇਆ, ਮੁੜ ਕੇ ਘੁਮਾਇਆ ਤੇ ਉਹ ਠੰਡਾ-ਯੱਖ ਹੋ ਗਿਆ; ਲਾਈਟਰ ਵਿੱਚੋਂ ਪੈਟਰੋਲ ਖ਼ਤਮ ਹੋ ਚੁੱਕਾ ਸੀ । ਉਸਨੇ ਇਸਨੂੰ ਹਿਲਾਇਆ, ਗੈਸ ਦੀ ਆਖ਼ਰੀ ਰਹਿੰਦ-ਖੂਹੰਦ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਵਿੱਚ ਇਸ ਵਿੱਚ ਫੂਕਾਂ ਮਾਰੀਆਂ ਪਰ ਵਿਅਰਥ । ਰਾਤ ਪੈ ਗਈ। ਉਸਦੇ ਲਾਈਟਰ ਵਿੱਚੋਂ ਨਿਕਲਦੇ ਛੋਟੇ ਛੋਟੇ ਚੰਗਿਆੜੇ ਅੱਖ-ਪਲਕਾਰੇ ਲਈ ਉਸਦੇ ਚਿਹਰੇ ਦੁਆਲਿਉਂ ਹਨੇਰਾ ਦੂਰ ਕਰ ਦੇਂਦੇ ਸਨ । ਉਸਨੇ ਚੱਕਰੀ ਨੂੰ ਉਦੋਂ ਤੱਕ ਘੁਮਾਉਣਾ ਜਾਰੀ ਰੱਖਿਆ ਜਦੋਂ ਤੱਕ ਚਕਮਾਕ ਬਿਲਕੁਲ ਨਾ ਘਸ ਗਿਆ, ਪਰ ਅੱਗ ਤਾਂ ਵੀ ਨਾ ਬਲੀ ।
ਉਸਨੂੰ ਆਖ਼ਰ ਰਾਹ ਟਟੋਲਦਿਆਂ ਦਿਆਰ ਦੇ ਲਵੇ ਬੂਟਿਆ ਦੇ ਝੁੰਡ ਤੱਕ ਜਾਣਾ ਪਿਆ। ਉੱਥੇ ਉਹ ਗੁੱਛਾ-ਮੁੱਛਾ ਹੋ ਕੇ ਬੈਠ ਗਿਆ, ਆਪਣੀ ਠੋਡੀ ਨੂੰ ਆਪਣੇ ਗੋਡਿਆਂ ਉੱਪਰ ਰੱਖ ਲਿਆ, ਗੋਡਿਆਂ ਦੁਆਲੇ ਬਾਹਵਾਂ ਨਾਲ ਕਰਿੰਗੜੀ ਪਾ ਲਈ ਤੇ ਜੰਗਲ ਦੀ ਸਰਸਰ ਨੂੰ ਸੁਣਦਾ ਚੁੱਪ-ਚਾਪ ਬੈਠਾ ਰਿਹਾ। ਉਸ ਰਾਤ ਉਹ ਮਾਯੂਸੀ ਦਾ ਸ਼ਿਕਾਰ ਹੋ ਸਕਦਾ ਸੀ, ਪਰ ਸੁੱਤ-ਉਨੀਂਦੇ ਜੰਗਲ ਵਿੱਚ ਤੋਪਾਂ ਚੱਲਣ ਦੀ ਅਵਾਜ਼ ਹੋਰ ਵੀ ਜ਼ਿਆਦਾ ਸਪਸ਼ਟ ਸੀ, ਤੇ ਉਸਨੂੰ ਲੱਗਦਾ ਸੀ ਕਿ ਹੁਣ ਉਹ ਗੋਲ਼ਿਆਂ ਦੇ ਛੁੱਟਣ ਦੀ ਤਿੱਖੀ ਅਵਾਜ਼ ਤੇ ਉਹਨਾਂ ਦੇ ਦੂਰ ਜਾ ਕੇ ਡਿੱਗਣ ਤੇ ਫਟਣ ਦੀ ਅਵਾਜ਼ ਵਿਚਕਾਰ ਨਿਖੇੜ ਕਰ ਸਕਦਾ ਸੀ।
ਉਹ ਸਵੇਰੇ ਖ਼ਤਰੇ ਤੇ ਦੁੱਖ ਦੀ ਅਕਾਰਨ ਭਾਵਨਾ ਨਾਲ ਜਾਗਿਆ। ਇੱਕਦਮ ਉਹ ਆਪਣੇ ਮਨ ਤੋਂ ਪੁੱਛਣ ਲੱਗ ਪਿਆ: “ਕੀ ਸੀ ਇਹ? ਭੈੜਾ ਸੁਪਨਾ ?” ਉਸਨੂੰ ਯਾਦ ਆਇਆ: ਸਿਗਰਟ-ਲਾਈਟਰ । ਪਰ ਸੂਰਜ ਦੀਆਂ ਸਖੀ ਕਿਰਨਾਂ ਦੇ ਨਿੱਘ ਵਿਚ, ਜਦ ਕਿ ਆਸ-ਪਾਸ ਦੀ ਹਰ ਚੀਜ਼ – ਪਿਘਲਦੀ ਬਰਫ਼, ਦਰਖਤਾਂ ਦੇ ਤਣੇ, ਤੇ ਇਥੋਂ ਤੱਕ ਕਿ ਦਿਆਰਾਂ ਦੀਆਂ ਸੂਈਆਂ ਵੀ— ਲਿਸ਼ਕ ਰਹੀ ਤੇ ਚਮਕਾਂ ਮਾਰ ਰਹੀ ਸੀ, ਉਸਨੇ ਆਪਣੀ ਬਦਕਿਸਮਤੀ ਨੂੰ ਬਹੁਤਾ ਗੰਭੀਰਤਾ ਨਾਲ ਨਾ ਲਿਆ । ਪਰ ਇਸਤੋਂ ਵੀ ਭੈੜੀ ਕੋਈ ਚੀਜ਼ ਵਾਪਰ ਗਈ। ਆਪਣੇ ਸੁੰਨ ਹੋਏ ਹੱਥਾਂ ਦੀ ਕਰਿੰਗੜੀ ਨੂੰ ਖੋਹਲਦਿਆਂ ਉਸਨੂੰ ਪਤਾ ਲੱਗਾ ਕਿ ਉਹ ਖੜਾ ਹੀ ਨਹੀਂ ਸੀ ਹੋ ਸਕਦਾ। ਉੱਠਣ ਦੇ ਕਈ ਯਤਨਾਂ ਪਿੱਛੋਂ, ਉਸਦੀ ਕਾਂਟੇ ਵਰਗੀ ਲੱਠ ਟੁੱਟ ਗਈ ਤੇ ਉਹ ਬੋਰੀ ਵਾਂਗ ਢੇਰ ਹੋ ਗਿਆ। ਆਪਣੇ ਸੁੱਜੇ ਅੰਗਾਂ ਨੂੰ ਅਰਾਮ ਦੇਣ ਲਈ ਉਹ ਪਿੱਠ ਭਾਰ ਹੋ ਗਿਆ ਤੇ ਦਿਆਰਾਂ ਦੀਆਂ ਟਾਹਣਾਂ ਦੇ ਵਿੱਚੋਂ ਦੀ ਅਥਾਹ ਨੀਲੇ ਅਕਾਸ਼ ਵੱਲ ਦੇਖਣ ਲੱਗਾ, ਜਿਸਦੇ ਆਰ-ਪਾਰ ਸੁਨਹਿਰੇ ਘੁੰਗਰਲੇ ਕਿੰਗਰਿਆਂ ਵਾਲੇ ਚਿੱਟੇ, ਫੰਬਿਆਂ ਵਰਗੇ ਬੱਦਲ ਦੌੜੀ ਜਾ ਰਹੇ ਸਨ। ਹੌਲ਼ੀ ਹੌਲ਼ੀ ਉਸਦਾ ਸਰੀਰ ਠੀਕ ਮਹਿਸੂਸ ਕਰਨ ਲੱਗਾ, ਪਰ ਉਸਦੀਆਂ ਲੱਤਾਂ ਨੂੰ ਕੁਝ ਹੋ ਗਿਆ ਸੀ । ਉਹ ਘੜੀ-ਪਲ ਲਈ ਵੀ ਉਸਦਾ ਭਾਰ ਨਹੀਂ ਸਨ ਸਹਿ ਸਕਦੀਆਂ।
ਦਿਆਰ ਦੇ ਦਰਖਤ ਨੂੰ ਫੜਦਿਆਂ ਉਸਨੇ ਇੱਕ ਵਾਰੀ ਫਿਰ ਉੱਠਣ ਦੀ ਕੋਸ਼ਿਸ਼ ਕੀਤੀ ਤੇ ਆਖ਼ਰ ਸਫ਼ਲ ਹੋ ਗਿਆ, ਪਰ ਜਿਉਂ ਹੀ ਉਸਨੇ ਆਪਣੀਆਂ ਲੱਤਾਂ ਨੂੰ ਦਰਖਤ ਤੱਕ ਲਿਆਉਣ ਦੀ ਕੋਸ਼ਿਸ਼ ਕੀਤੀ, ਉਹ ਕਮਜ਼ੋਰੀ ਨਾਲ, ਤੇ ਪੈਰਾਂ ਵਿੱਚ ਕਿਸੇ ਭਿਆਨਕ, ਨਵੀਂ ਤਰ੍ਹਾਂ ਦੀ ਖੁਰਕ ਕਰਦੀ ਪੀੜ ਨਾਲ ਢੇਰੀ ਹੋ ਗਿਆ।
ਕੀ ਅੰਤ ਆ ਗਿਆ ਹੈ? ਕੀ ਉਸਦਾ ਇਥੇ ਹੀ, ਦਿਆਰ ਦੇ ਦਰਖਤਾਂ ਹੇਠ ਨਾਸ਼ ਹੋ ਜਾਇਗਾ ਜਿਥੇ ਜੰਗਲ ਦੇ ਜਾਨਵਰਾਂ ਵੱਲੋਂ ਸਾਫ਼ ਕੀਤੀਆਂ ਉਸਦੀਆਂ ਹੱਡੀਆਂ ਨੂੰ ਵੀ ਕੋਈ ਲੱਭਣ ਤੇ ਦਫਨਾਉਣ ਵਾਲਾ ਸ਼ਾਇਦ ਨਹੀਂ ਹੋਵੇਗਾ? ਦਬਾ ਲੈਣ ਵਾਲੀ ਕਮਜ਼ੋਰੀ ਉਸਨੂੰ ਹੇਠਾਂ ਜ਼ਮੀਨ ਨਾਲ ਲਾਈ ਜਾ ਰਹੀ ਸੀ । ਪਰ ਦੂਰੋਂ ਤੋਪਾਂ ਦੀ ਗਰਜ ਸੁਣਾਈ ਦੇ ਰਹੀ ਸੀ । ਉਥੇ ਲੜਾਈ ਚੱਲ ਰਹੀ ਸੀ, ਤੇ ਉਸਦੇ ਆਪਣੇ ਲੋਕ ਵੀ ਉਥੇ ਸਨ। ਕੀ ਇਹ ਆਖ਼ਰੀ ਅੱਠ ਜਾਂ ਦਸ ਕਿਲੋਮੀਟਰ ਤੈਅ ਕਰਨ ਲਈ ਕਾਫੀ ਸ਼ਕਤੀ ਪੈਦਾ ਕਰਨ ਤੋਂ ਉਹ ਅਸਮਰਥ ਰਹੇਗਾ ?
ਤੋਪਾਂ ਦੀ ਗਰਜ ਨੇ ਉਸ ਵਿੱਚ ਨਵੀਂ ਹਿੰਮਤ ਫੂਕ ਦਿੱਤੀ; ਇਹ ਗਰਜ ਉਸਨੂੰ ਸਿਰੜ ਨਾਲ ਸੱਦਾ ਦੇ ਰਹੀ ਸੀ, ਤੇ ਉਸਨੇ ਇਸ ਸੱਦੇ ਨੂੰ ਹੁੰਗਾਰਾ ਭਰਿਆ। ਉਹ ਆਪਣੇ ਹੱਥਾਂ ਤੇ ਗੋਡਿਆਂ ਭਾਰ ਹੋ ਗਿਆ ਤੇ ਪਸ਼ੂਆਂ ਵਾਂਗ ਚੱਲਣ ਲੱਗਾ, ਪਹਿਲਾਂ ਪਹਿਲਾਂ ਦੂਰ ਚੱਲ ਰਹੀ ਲੜਾਈ ਦੀਆਂ ਅਵਾਜ਼ਾਂ ਨਾਲ ਮੁਗਧ ਹੋਇਆ ਹੋਇਆ, ਕਿਸੇ ਅੰਤਰਪ੍ਰੇਰਨਾ ਨਾਲ, ਤੇ ਮਗਰੋਂ ਚੇਤੰਨ ਤੌਰ ਉੱਤੇ ਤੇ ਜਾਣ-ਬੁੱਝ ਕੇ, ਇਹ ਸਮਝਿਆ ਕਿ ਲੱਠ ਦੀ ਸਹਾਇਤਾ ਲੈਣ ਨਾਲੋਂ ਇਸ ਤਰ੍ਹਾਂ ਨਾਲ ਜੰਗਲ ਦੇ ਵਿੱਚੋਂ ਦੀ ਜਾਣਾ ਵਧੇਰੇ ਸੌਖਾ ਹੈ। ਕਿਉਂਕਿ ਹੁਣ ਉਸਦੇ ਪੈਰਾਂ ਉੱਤੇ ਕੋਈ ਭਾਰ ਨਹੀਂ ਸੀ ਪੈ ਰਿਹਾ, ਇਸ ਲਈ ਇਹ ਘੱਟ ਦੁਖ ਰਹੇ ਸਨ, ਤੇ ਹੱਥਾਂ ਤੇ ਗੋਡਿਆਂ ਦੇ ਸਹਾਰੇ ਉਹ ਵਧੇਰੇ ਤੇਜ਼ ਚੱਲ ਸਕਦਾ ਸੀ । ਤੇ ਮੁੜ ਨਿਰੋਲ ਖੁਸ਼ੀ ਕਰਕੇ ਉਸਨੂੰ ਗੱਚ ਭਰਦਾ ਮਹਿਸੂਸ ਹੋਇਆ। ਜਿਵੇਂ ਕਿ ਉਹ ਕਿਸੇ ਦੂਜੇ ਬੰਦੇ ਦੀ ਹੌਂਸਲਾ ਅਫ਼ਜਾਈ ਕਰ ਰਿਹਾ ਹੋਵੇ, ਜਿਹੜਾ ਦਿਲ ਢਾਹ ਬੈਠਾ ਸੀ ਤੇ ਇਸ ਯਕੀਨੋਂ-ਬਾਹਰੇ ਢੰਗ ਨਾਲ ਅੱਗੇ ਵਧਣ ਦੀ ਸੰਭਾਵਨਾ ਬਾਰੇ ਸ਼ੱਕ ਕਰ ਰਿਹਾ ਸੀ, ਉਹ ਉੱਚੀ ਸਾਰੀ ਬੋਲਿਆ:
“ਕੋਈ ਗੱਲ ਨਹੀਂ, ਦੋਸਤ, ਹੁਣ ਸਭ ਠੀਕ-ਠਾਕ ਹੋ ਜਾਏਗਾ!”
ਆਪਣਾ ਇੱਕ ਪੜਾਅ ਤੈਅ ਕਰਨ ਪਿੱਛੋਂ ਅਲੈਕਸੇਈ ਨੇ ਆਪਣੇ ਸੁੰਨ ਹੋਏ ਹੱਥਾਂ ਨੂੰ ਆਪਣੀਆਂ ਕੱਛਾਂ ਵਿੱਚ ਰੱਖ ਕੇ ਸੇਕਿਆ, ਫਿਰ ਰੀਂਗਦਾ ਹੋਇਆ ਇੱਕ ਲਵੇ ਜਿਹੇ ਫ਼ਰ ਦੇ ਰੁੱਖ ਕੋਲ ਪੁੱਜਾ, ਇਸਦੇ ਛਿਲਕੇ ਦੇ ਦੋ ਚੌਰਸ ਟੋਟੇ ਕੱਟੇ ਤੇ ਫਿਰ ਤਣੇ ਨਾਲ਼ੋਂ ਛਿਲਕੇ ਦੀਆਂ ਕਈ ਲੰਮੀਆਂ ਲੰਮੀਆਂ ਪੱਟੀਆਂ ਪਾੜੀਆਂ, ਤੇ ਇੰਝ ਕਰਦਿਆਂ ਕਰਦਿਆਂ ਆਪਣੇ ਨਹੂੰ ਤੁੜਵਾ ਬੈਠਾ। ਫਿਰ ਇਸ ਨੇ ਊਨੀ ਗੁਲੂਬੰਦ ਦੀਆਂ ਪੱਟੀਆਂ ਨੂੰ ਆਪਣੇ ਜੱਤ ਦੇ ਬੂਟਾਂ ਵਿੱਚੋਂ ਕੱਢਿਆ ਤੇ ਉਹਨਾਂ ਨੂੰ ਆਪਣੇ ਹੱਥਾਂ ਦੁਆਲੇ ਵਲ ਲਿਆ; ਆਪਣੀਆਂ ਉਂਗਲਾਂ ਦੀਆਂ ਗੰਢਾਂ ਉਪਰ ਉਸਨੇ ਛਿਲਕੇ ਦੇ ਟੋਟੇ ਰੱਖੇ, ਉਹਨਾਂ ਨੂੰ ਛਿਲਕੇ ਦੇ ਰੇਸ਼ਿਆਂ ਦੀਆਂ ਪੱਟੀਆਂ ਲਪੇਟ ਦਿੱਤੀਆਂ ਤੇ ਫਿਰ ਸਾਰੇ ਹੱਥ ਉੱਪਰ ਮਰਹਮ ਪੱਟੀ ਕਰਨ ਵਾਲੀ ਇੱਕ ਪੱਟੀ ਬੰਨ੍ਹ ਦਿਤੀ। ਇਸ ਤਰ੍ਹਾਂ ਨਾਲ ਉਸਦੇ ਸੱਜੇ ਹੱਥ ਉੱਤੇ ਤਾਂ ਇੱਕ ਚੌੜਾ ਜਿਹਾ ਤੇ ਬੜਾ ਸੁਖਾਵਾਂ ਦਸਤਾਨਾ ਚੜ੍ਹ ਗਿਆ । ਪਰ ਖੱਬੇ ਹੱਥ ਨਾਲ ਉਹ ਵਧੇਰੇ ਸਫ਼ਲ ਨਾ ਰਿਹਾ, ਤੇ ਇਸ ਉਪਰ ਪੱਟੀਆਂ ਬੰਨ੍ਹਣ ਲਈ ਉਸਨੂੰ ਦੰਦਾਂ ਦਾ ਆਸਰਾ ਲੈਣਾ ਪਿਆ। ਪਰ ਤਾਂ ਵੀ ਹੁਣ ਉਸਦੇ ਹੱਥਾਂ ਉੱਪਰ “ਬੂਟ” ਪਏ ਹੋਏ ਸਨ, ਤੇ ਅਲੈਕਸੇਈ ਆਪਣੇ ਰਾਹ ਤੁਰ ਪਿਆ । ਹੁਣ ਉਸਨੂੰ ਸੌਖਾ ਲੱਗ ਰਿਹਾ ਸੀ । ਅਗਲੇ ਪੜਾਅ ਉੱਤੇ ਉਸਨੇ ਆਪਣੇ ਗੋਡਿਆਂ ਉੱਪਰ ਵੀ ਛਿਲਕੇ ਦੇ ਟੋਟੇ ਬੰਨ੍ਹ ਲਏ।
ਦੁਪਹਿਰ ਹੋਣ ਤੱਕ, ਜਦੋਂ ਕਾਫ਼ੀ ਗਰਮੀ ਹੋ ਗਈ ਸੀ, ਉਹ ਆਪਣੇ ਹੱਥਾਂ ਆਸਰੇ ਕਾਫੀ ਗਿਣਤੀ ਵਿੱਚ “ਕਦਮ” ਪੁੱਟ ਚੁੱਕਾ ਸੀ । ਪਤਾ ਨਹੀਂ ਇਸ ਤੱਥ ਕਰਕੇ ਕਿ ਉਹ ਉਸ ਥਾਂ ਦੇ ਨੇੜੇ ਪੁੱਜ ਰਿਹਾ ਸੀ ਜਿਥੋਂ ਤੋਪਾਂ ਚੱਲਣ ਦੀ ਆਵਾਜ਼ ਆ ਰਹੀ ਸੀ, ਜਾਂ ਕਿਸੇ ਸੁਣਨ ਦੇ ਝਾਵਲੇ ਕਰਕੇ, ਹੁਣ ਅਵਾਜ਼ਾਂ ਉਚੇਰੀਆਂ ਹੋ ਗਈਆਂ ਸਨ । ਹੁਣ ਗਰਮੀ ਏਨੀਂ ਹੋ ਗਈ ਸੀ ਕਿ ਅਲੈਕਸੇਈ ਨੇ ਆਪਣੇ ਉਡਾਣ ਵੇਲੇ ਪਾਉਣ ਵਾਲੇ ਸੂਟ ਦੀ ਸ਼ਿੱਪ ਖੋਹਲ ਦਿੱਤੀ।
ਜਦੋਂ ਉਹ ਰੀਂਗਦਾ ਹੋਇਆ ਕਾਈ ਨਾਲ ਢਕੀ ਹੋਈ ਦਲਦਲ ਨੂੰ ਪਾਰ ਕਰ ਰਿਹਾ ਸੀ, ਜਿਥੇ ਪਿਘਲਦੀ ਹੋਈ ਬਰਫ਼ ਦੇ ਹੇਠੋਂ ਹਰੇ ਹਰੇ ਝਾੜ ਨਿੱਕਲਣ ਲਗ ਪਏ ਸਨ, ਤਾਂ ਉਸਦੇ ਭਾਗਾਂ ਵਿੱਚ ਇੱਕ ਹੋਰ ਸੁਗਾਤ ਲਿਖੀ ਹੋਈ ਸੀ: ਭੂਰੀ ਜਿਹੀ ਨਰਮ ਤੇ ਸਿਲ੍ਹੀ ਕਾਈ ਉੱਪਰ ਉਸਨੂੰ ਦੁਰਲਭ, ਨੁਕੀਲੀਆਂ, ਲਿਸ਼ਕਦੀਆਂ ਪੱਤੀਆਂ ਵਾਲੇ ਬੂਟੇ ਦੀਆਂ ਪਤਲੀਆਂ ਪਤਲੀਆਂ ਡੰਡੀਆਂ ਦਿਸੀਆਂ, ਜਿਨ੍ਹਾਂ ਵਿਚਕਾਰ, ਬਿਲਕੁਲ ਝਾੜੀਆਂ ਦੇ ਉੱਪਰ ਲਾਲ ਸੂਹੀਆਂ, ਜ਼ਰਾ ਕੁ ਫਿੱਸੀਆਂ ਹੋਈਆਂ, ਪਰ ਅਜੇ ਰਸ ਨਾਲ ਭਰੀਆਂ ਕਰੇਨਬੈਰੀਆਂ ਪਈਆਂ ਸਨ । ਅਲੈਕਸੇਈ ਨੇ ਝਾੜੀਆਂ ਤੱਕ ਆਪਣਾ ਸਿਰ ਹੇਠਾਂ ਖੜਿਆ, ਤੇ ਨਿੱਘੀ ਮਖਮਲੀ ਕਾਈ ਤੋਂ, ਜਿਸਤੋਂ ਦਲਦਲ ਦੀ ਸਿਲ੍ਹੀ ਵਾਸ਼ਨਾ ਆ ਰਹੀ ਸੀ, ਆਪਣੇ ਬੁਲ੍ਹਾਂ ਨਾਲ ਇੱਕ ਇੱਕ ਕਰਕੇ ਕਰੇਨਬੈਰੀਆਂ ਚੁਗਣ ਲਗਾ। ਕਰੇਨਬੈਰੀਆਂ ਪਹਿਲਾਂ ਅਸਲੀ ਭੋਜਨ ਸੀ ਜਿਹੜਾ ਉਸਨੇ ਪਿਛਲੇ ਕੁਝ ਦਿਨਾਂ ਵਿੱਚ ਖਾਧਾ ਸੀ, ਤੇ ਉਹਨਾਂ ਦੇ ਸੁਖਾਵੇਂ ਖਟ-ਮਿਠੇ ਸੁਆਦ ਨਾਲ ਉਸਦੇ ਢਿੱਡ ਵਿੱਚ ਵੱਟ ਫਿਰਨ ਲਗ ਪਏ। ਪਰ ਉਸ ਵਿਚ ਮਨ ਦੀ ਏਨੀਂ ਸ਼ਕਤੀ ਨਹੀਂ ਸੀ ਰਹਿ ਗਈ ਕਿ ਉਹ ਉਦੋਂ ਤੱਕ ਉਡੀਕੇ ਜਦੋਂ ਤੱਕ ਇਹ ਵੱਟ ਰੁਕ ਨਹੀਂ ਜਾਂਦੇ । ਉਹ ਝਾੜੀਓ-ਝਾੜੀ ਰੀਂਗਦਾ ਗਿਆ ਤੇ ਰਿੱਛ ਵਾਂਗ ਆਪਣੀ ਜੀਭ ਦੇ ਬੁਲਾਂ ਨਾਲ ਖਟ-ਮਿੱਠੀਆਂ ਕਰੇਨਬੈਰੀਆਂ ਚੁਗਦਾ ਗਿਆ। ਇਸ ਤਰ੍ਹਾਂ ਨਾਲ ਉਸਨੇ ਕਈ ਝਾੜੀਆਂ ਖਾਲੀ ਕਰ ਦਿੱਤੀਆਂ; ਉਸਨੂੰ ਆਪਣੇ ਗੜੁੱਚ ਹੋਏ ਬੂਟਾਂ ਵਿਚ ਨਾ ਤਾਂ ਬਸੰਤ ਦਾ ਪਾਣੀ ਤਰ ਗਿਆ ਮਹਿਸੂਸ ਹੋ ਰਿਹਾ ਸੀ, ਤੇ ਨਾ ਹੀ ਥਕਾਵਟ ਮਹਿਸੂਸ ਹੋ ਰਹੀ ਸੀ – ਮੂੰਹ ਵਿੱਚ ਖਟ ਮਿਠੇ ਸੁਆਦ ਤੇ ਪੇਟ ਵਿੱਚ ਸੁਖਦਾਈ ਜਿਹੇ ਭਾਰੀਪਨ ਤੋਂ ਸਿਵਾ ਉਸਨੂੰ ਕੁਝ ਨਹੀਂ ਸੀ ਮਹਿਸੂਸ ਹੋ ਰਿਹਾ।
ਉਸਨੂੰ ਉਲਟੀ ਆ ਗਈ, ਪਰ ਤਾਂ ਵੀ ਉਹ ਆਪਣੇ ਆਪ ਨੂੰ ਰੋਕ ਨਾ ਸਕਿਆ ਤੇ ਮੁੜ ਕਰੇਨਬੈਰੀਆਂ ਚੁਗਣ ਲਗ ਪਿਆ । ਉਸਨੇ ਆਪਣੇ ਹੱਥਾਂ ਤੋਂ ਆਪਣੇ ਬਣਾਏ “ਬੂਟ” ਉਤਾਰੇ ਤੇ ਮੀਟ ਦੇ ਆਪਣੇ ਪੁਰਾਣੇ ਡੱਬੇ ਨੂੰ ਬੈਰੀਆਂ ਨਾਲ ਭਰ ਲਿਆ; ਉਸਨੇ ਆਪਣੀ ਟੋਪੀ ਨੂੰ ਵੀ ਇਹਨਾਂ ਨਾਲ ਭਰ ਲਿਆ ਤੇ ਇਸਨੂੰ ਫੀਤੇ ਨਾਲ ਆਪਣੀ ਪੇਟੀ ਨਾਲ ਬੰਨ੍ਹ ਲਿਆ ਤੇ ਰੀਂਗਦਾ ਹੋਇਆ ਅੱਗੇ ਵਧ ਗਿਆ । ਉਹ ਉਸ ਅਲਸਾਹਟ ਉੱਪਰ ਬੜੀ ਮੁਸ਼ਕਲ ਨਾਲ ਕਾਬੂ ਪਾ ਰਿਹਾ ਸੀ, ਜਿਹੜੀ ਉਸਦੇ ਸਾਰੇ ਸਰੀਰ ਉਤੇ ਫੈਲਦੀ ਜਾ ਰਹੀ ਸੀ।
ਉਸ ਰਾਤ, ਰੀਂਗਕੇ ਇੱਕ ਪੁਰਾਣੇ ਫ਼ਰ ਦੇ ਦਰਖਤ ਦੀ ਓਟ ਨੇ ਹੇਠ ਜਾਣ ਤੋਂ ਪਿਛੋਂ, ਉਸਨੇ ਬੈਰੀਆਂ ਖਾਧੀਆਂ, ਛਿਲਕਾ ਤੇ ਫ਼ਰ ਦੀਆਂ ਕੋਨਾਂ ਦੇ ਬੀ ਚੂਸੇ । ਫਿਰ ਉਸਦੀ ਅੱਖ ਲੱਗ ਗਈ, ਪਰ ਉਸਦੀ ਨੀਂਦ ਇੱਕ ਫ਼ਿਕਰਮੰਦ ਚੌਂਕੀਦਾਰ ਵਾਲੀ ਸੀ । ਕਈ ਵਾਰੀ ਉਸਨੂੰ ਲੱਗਾ ਕਿ ਕੋਈ ਚੁੱਪ-ਚਾਪ ਰੀਂਗਦਾ ਹੋਇਆ ਹਨੇਰੇ ਵਿਚ ਉਸ ਤੱਕ ਆ ਪੁੱਜਾ ਹੈ। ਉਹ ਆਪਣੀਆਂ ਅੱਖਾਂ ਖੋਹਲਦਾ ਤੇ ਏਨੀਂ ਤੀਖਣਤਾ ਨਾਲ ਆਪਣੇ ਕੰਨ ਖੜੇ ਕਰ ਲੈਂਦਾ ਕਿ ਉਹ ਘੂੰ-ਘੂੰ ਕਰਨ ਲੱਗ ਪੈਂਦੇ, ਉਹ ਆਪਣੀ ਪਿਸਤੌਲ ਕੱਢ ਲੈਂਦਾ ਤੇ ਅਹਿੱਲ ਹੋ ਕੇ ਬੈਠ ਜਾਂਦਾ, ਡਿਗਦੀ ਕੋਨ ਦੀ ਅਵਾਜ਼ ਨਾਲ, ਰਾਤ ਨੂੰ ਸਖ਼ਤ ਹੋ ਚੁੱਕੀ ਬਰਫ਼ ਦੇ ਚੁਰ-ਚੂਰ ਕਰਨ ਨਾਲ, ਤੇ ਬਰਫ਼ ਦੇ ਹੇਠੋਂ ਲੰਘ ਰਹੇ ਨਿੱਕੇ ਨਿੱਕੇ ਝਰਨਿਆਂ ਦੀ ਮੱਧਮ ਜਿਹੀ ਸਾਂ-ਸਾਂ ਨਾਲ ਉਹ ਤ੍ਰਭਕ ਪੈਂਦਾ ।
ਸਿਰਫ਼ ਪਹੁ-ਫੁੱਟਣ ਤੋਂ ਪਹਿਲਾਂ ਕਿਤੇ ਉਸਨੂੰ ਨੀਂਦ ਆਈ। ਉਹ ਉਠਿਆ ਤਾਂ ਕਾਫ਼ੀ ਚਾਨਣ ਹੋ ਚੁੱਕਾ ਸੀ, ਤੇ ਜਿਸ ਦਰਖਤ ਹੇਠ ਉਹ ਪਿਆ ਹੋਇਆ ਸੀ, ਉਸਦੇ ਦੁਆਲੇ ਉਸਨੂੰ ਲੂੰਮੜੀ ਦੇ ਪੈਰਾਂ ਦੇ ਵਲ ਖਾਂਦੇ ਨਿਸ਼ਾਨ ਦਿਖਾਈ ਦਿੱਤੇ, ਜਿਨ੍ਹਾਂ ਦੇ ਵਿੱਚੋਂ ਦੀ ਉਸਦੀ ਪਿੱਛੇ ਪਿੱਛੇ ਲਮਕਦੀ ਪੂਛਲ ਦੀ ਲਕੀਰ ਜਾ ਰਹੀ ਸੀ।
“ਸੋ ਇਹ ਚੀਜ਼ ਸੀ ਜਿਹੜੀ ਮੇਰੀ ਨੀਂਦ ਉਖਾੜਦੀ ਰਹੀ ਹੈ!” ਪੈਰਾਂ ਦੇ ਨਿਸ਼ਾਨ ਤੋਂ ਇਹ ਪ੍ਰਤੱਖ ਸੀ ਕਿ ਲੂੰਮੜੀ ਦੁਆਲੇ ਚੱਕਰ ਕੱਟਦੀ ਰਹੀ ਸੀ, ਬੈਠ ਜਾਂਦੀ ਸੀ ਤੇ ਮੁੜ ਉਸਦੇ ਚੱਕਰ ਕੱਟਣ ਲੱਗ ਪੈਂਦੀ ਸੀ । ਅਲੈਕਸੇਈ ਦੇ ਮਨ ਵਿੱਚ ਬੜਾ ਭੈੜਾ ਜਿਹਾ ਖਿਆਲ ਆ ਗਿਆ। ਸ਼ਿਕਾਰੀਆਂ ਦਾ ਕਹਿਣਾ ਹੈ ਕਿ ਇਹ ਮੱਕਾਰ ਜਾਨਵਰ ਕਿਸੇ ਬੰਦੇ ਦੀ ਆਉਂਦੀ ਮੌਤ ਨੂੰ ਭਾਂਪ ਜਾਂਦਾ ਹੈ ਤੇ ਉਸਦੇ ਮਗਰ ਮਗਰ ਹੋ ਪੈਂਦਾ ਹੈ । ਕੀ ਇਸੇ ਹੀ ਅਗੇਤੀ ਸੂਝ ਕਰਕੇ ਇਹ ਡਰੂ ਜਾਨਵਰ ਉਸ ਵੱਲ ਖਿੱਚਿਆ ਗਿਆ ਸੀ ?
“ਫਜ਼ੂਲ ! ਕਿੰਨੀ ਬੇਹੂਦਾ ਗੱਲ ਹੈ ! ਸਭ ਕੁਝ ਠੀਕ-ਠਾਕ ਹੋ ਜਾਏਗਾ,” ਉਸਨੇ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਲਿਆਉਣ ਲਈ ਕਿਹਾ, ਤੇ ਫਿਰ ਹੱਥਾਂ ਤੇ ਗੋਡਿਆਂ ਭਾਰ ਹੁੰਦਾ ਹੋਇਆ ਉਹ ਰੀਂਗਦਾ ਗਿਆ, ਰੀਂਗਦਾ ਗਿਆ, ਤੇ ਇਸ ਮਨਹੂਸ ਥਾਂ ਤੋਂ ਜਿੰਨੀਂ ਜਲਦੀ ਹੋ ਸਕੇ, ਦੂਰ ਜਾਣ ਦੀ ਕੋਸ਼ਿਸ਼ ਕਰਨ ਲੱਗਾ ।
ਉਸ ਦਿਨ ਉਸਦੀ ਕਿਸਮਤ ਇੱਕ ਵਾਰੀ ਫਿਰ ਜਾਗ ਪਈ । ਇੱਕ ਮਹਿਕਦਾਰ ਜੂਨੀਪਰ ਦੀ ਝਾੜੀ ਵਿੱਚ, ਜਿਸਦੀਆਂ ਹਲਕੀਆਂ ਭੂਰੀਆਂ ਬੈਰੀਆਂ ਨੂੰ ਉਹ ਆਪਣੇ ਬੁਲ੍ਹਾਂ ਨਾਲ ਚੁਗਦਾ ਰਿਹਾ ਸੀ, ਉਸਨੂੰ ਡਿੱਗੇ ਪੱਤਿਆਂ ਦਾ ਅਜੀਬ ਜਿਹਾ ਢੇਰ ਦਿਖਾਈ ਦਿੱਤਾ । ਉਸਨੇ ਇਸ ਢੇਰ ਨੂੰ ਆਪਣੇ ਹੱਥਾਂ ਨਾਲ ਛੂਹਿਆ, ਪਰ ਇਹ ਉਥੇ ਪੱਕੀ ਤਰ੍ਹਾਂ ਜੰਮਿਆ ਰਿਹਾ। ਉਸਨੇ ਪੱਤੇ ਲਾਹੁਣੇ ਸ਼ੁਰੂ ਕਰ ਦਿੱਤੇ, ਤੇ ਇਕਦਮ ਉਸਦੀ ਉਂਗਲ ਵਿੱਚ ਕੋਈ ਚੀਜ਼ ਆ ਚੁਭੀ । ਉਸਨੇ ਇਕਦਮ ਅੰਦਾਜ਼ਾ ਲਾ ਲਿਆ ਕਿ ਇਹ ਕੰਡਿਆਲਾ ਸੀ । ਇਹ ਇੱਕ ਵੱਡਾ ਸਾਰਾ, ਬੁੱਢਾ ਕੰਡਿਆਲਾ ਸੀ ਜਿਹੜਾ ਸਰਦੀਆਂ ਦੀ ਨੀਂਦ ਪੂਰੀ ਕਰਨ ਝਾੜੀਆਂ ਵਿੱਚ ਆ ਵੜਿਆ ਸੀ ਤੇ ਗਰਮ ਰਹਿਣ ਲਈ ਉਸਨੇ ਆਪਣੇ ਆਪ ਨੂੰ ਪਤਝੜ ਦੇ ਡਿੱਗੇ ਪੱਤਿਆਂ ਵਿੱਚ ਲਪੇਟ ਲਿਆ ਸੀ । ਅਲੈਕਸੇਈ ਉੱਤੇ ਖੁਸ਼ੀ ਦਾ ਝੱਲ ਸਵਾਰ ਹੋ ਗਿਆ। ਆਪਣੇ ਸਾਰੇ ਦੁਖਦਾਈ ਸਫ਼ਰ ਦੇ ਦੌਰਾਨ ਉਹ ਕਿਸੇ ਜਾਨਵਰ ਜਾਂ ਪੰਛੀ ਨੂੰ ਮਾਰਨ ਦੇ ਸੁਪਨੇ ਲੈਂਦਾ ਰਿਹਾ ਸੀ। ਕਿੰਨੀ ਵਾਰੀ ਉਸਨੇ ਆਪਣਾ ਪਿਸਤੌਲ ਕੱਢਿਆ ਸੀ ਤੇ ਕਿਸੇ ਨੀਲਕੰਠ, ਸੋਇਕਾ ਜਾਂ ਖਰਗੋਸ਼ ਦਾ ਨਿਸ਼ਾਨਾ ਬਣਾਇਆ ਸੀ, ਤੇ ਹਰ ਵਾਰੀ ਬੜੀ ਮੁਸ਼ਕਲ ਨਾਲ ਉਹ ਗੋਲੀ ਚਲਾਉਣ ਦੀ ਆਪਣੀ ਇੱਛਾ ਨੂੰ ਦਬਾ ਸਕਿਆ ਸੀ; ਕਿਉਂਕਿ ਉਸ ਕੋਲ ਸਿਰਫ਼ ਤਿੰਨ ਗੋਲੀਆਂ ਰਹਿ ਗਈਆਂ ਸਨ— ਦੋ ਦੁਸ਼ਮਣ ਲਈ ਤੇ ਤੀਜੀ ਲੋੜ ਪੈਣ ਉੱਤੇ ਆਪਣੇ ਲਈ । ਹਰ ਵਾਰੀ ਉਸਨੇ ਪਿਸਤੌਲ ਲਾਂਭੇ ਰੱਖ ਦੇਣ ਲਈ ਆਪਣੇ ਆਪ ਨੂੰ ਮਜ਼ਬੂਰ ਕੀਤਾ ਸੀ; ਉਹ ਖ਼ਤਰਾ ਨਹੀਂ ਸੀ ਸਹੇੜ ਸਕਦਾ।
ਤੇ ਇਥੇ ਮਾਸ ਸੱਚਮੁਚ ਉਸਦੇ ਹੱਥਾਂ ਵਿੱਚ ਆ ਗਿਆ ਸੀ! ਇਹ ਯਾਦ ਕਰਨ ਲਈ ਰੁਕੇ ਬਿਨਾਂ ਕਿ ਆਮ ਵਿਸ਼ਵਾਸ ਅਨੁਸਾਰ ਕੰਡਿਆਲਾ ਇੱਕ ਗੰਦਾ ਜਾਨਵਰ ਹੈ, ਉਸਨੇ ਜਲਦੀ ਜਲਦੀ ਬਾਕੀ ਦੇ ਪੱਤੇ ਵੀ ਹਟਾ ਦਿੱਤੇ। ਜਾਨਵਰ ਗੁੱਛਾ-ਮੁੱਛਾ ਹੋਇਆ ਸੁੱਤਾ ਰਿਹਾ; ਉਹ ਕੰਡਿਆਂ ਵਾਲ਼ੀ ਵੱਡੀ ਜਿਹੀ ਅਜੀਬ ਫਲੀ ਵਾਂਗ ਲੱਗ ਰਿਹਾ ਸੀ। ਅਲੈਕਸੇਈ ਨੇ ਆਪਣੇ ਛੁਰੇ ਨਾਲ ਉਸਨੂੰ ਮਾਰਿਆ, ਸਿੱਧਾ ਕੀਤਾ, ਭੱਦੀ ਤਰ੍ਹਾਂ ਨਾਲ ਇਸਦਾ ਜ਼ੱਰਾਬਕਤਰ ਲਾਹਿਆ, ਇਸਦੇ ਹੇਠਲੇ ਹਿੱਸੇ ਦੀ ਪੀਲ਼ੀ ਜਿਹੀ ਚਮੜੀ ਉਤਾਰੀ, ਇਸਨੂੰ ਟੋਟੇ-ਟੋਟੇ ਕੀਤਾ ਤੇ ਇਸਦੇ ਨਿੱਘੇ, ਭੂਰੇ, ਪੱਠੇਦਾਰ ਮਾਸ ਨੂੰ, ਜਿਹੜਾ ਪੱਕੀ ਤਰ੍ਹਾਂ ਹੱਡੀਆਂ ਨਾਲ ਚੰਬੜਿਆ ਹੋਇਆ ਸੀ । ਦੰਦਾਂ ਨਾਲ ਹਾਬੜਿਆਂ ਵਾਂਗ ਤੋੜਨ ਲੱਗ ਪਿਆ। ਉਸਨੇ ਜਾਨਵਰ ਨੂੰ ਪੂਰੇ ਦਾ ਪੂਰਾ ਖਾ ਲਿਆ। ਛੋਟੀਆਂ ਛੋਟੀਆਂ ਹੱਡੀਆਂ ਨੂੰ ਵੀ ਉਹ ਚਬਾ ਕੇ ਅੰਦਰ ਲੰਘਾ ਗਿਆ, ਤੇ ਸਿਰਫ਼ ਤਾਂ ਕਿਤੇ ਜਾ ਕੇ ਉਸਨੂੰ ਮਾਸ ਦੇ ਕੁੱਤੇ ਵਾਲ਼ੇ ਘਿਣਾਉਂਣੇ ਸਵਾਦ ਦਾ ਅਹਿਸਾਸ ਹੋਇਆ । ਪਰ ਇਹ ਬਦਬੂ ਕੀ ਸੀ ਭਰੇ ਹੋਏ ਪੇਟ ਦੇ ਮੁਕਾਬਲੇ ਉੱਤੇ, ਜਿਹੜਾ ਸੰਤੁਸ਼ਟਤਾ, ਨਿੱਘ ਤੇ ਅਲਸਾਹਟ ਦਾ ਅਹਿਸਾਸ ਉਸਦੇ ਸਾਰੇ ਸਰੀਰ ਵਿੱਚ ਭਰ ਰਿਹਾ ਸੀ ?
ਉਸਨੇ ਹਰ ਹੱਡੀ ਨੂੰ ਮੁੜ ਕੇ ਦੇਖਿਆ-ਚਾਖਿਆ ਤੇ ਚੂਸਿਆ ਤੇ ਨਿੱਘ ਤੇ ਅਰਾਮ ਨੂੰ ਮਾਣਦਾ ਹੋਇਆ ਬਰਫ਼ ਉੱਤੇ ਲੇਟ ਗਿਆ। ਉਸਨੂੰ ਨੀਂਦ ਹੀ ਆ ਜਾਂਦੀ ਜੇ ਝਾੜੀਆਂ ਵਿੱਚੋਂ ਆਉਂਦੀ ਲੂੰਮੜੀ ਦੀ ਚੌਕਸ ਗੁੱਰਾਹਟ ਉਸਨੂੰ ਚੌਕੰਨਿਆਂ ਨਾ ਕਰ ਦੇਂਦੀ । ਅਲੈਕਸੇਈ ਨੇ ਕੰਨ ਖੜੇ ਕਰ ਲਏ, ਤੇ ਇੱਕਦਮ ਤੋਪਾਂ ਦੀ ਦੂਰੋਂ ਆਉਂਦੀ ਅਵਾਜ਼ ਤੋਂ ਜਿਸਨੂੰ ਉਹ ਪੂਰਬ ਵੱਲੋਂ ਆਉਂਦਿਆਂ ਲਗਾਤਾਰ ਸੁਣਦਾ ਰਿਹਾ ਸੀ, ਉੱਚੀ ਅਵਾਜ਼ ਵਿਚ ਉਸਨੂੰ ਮਸ਼ੀਨ- ਗੱਨ ਦੇ ਚੱਲਣ ਦੀ ਅਵਾਜ਼ ਸਾਫ਼ ਸਾਫ਼ ਸੁਣਾਈ ਦਿੱਤੀ।
ਸਾਰੀ ਥਕਾਵਟ ਇੱਕ ਪਾਸੇ ਸੁੱਟਦਿਆਂ, ਲੂੰਮੜੀ ਨੂੰ ਤੇ ਅਰਾਮ ਕਰਨ ਦੀ ਲੋੜ ਨੂੰ ਭੁੱਲਦਾ ਹੋਇਆ, ਉਹ ਮੁੜ ਰੀਂਗਦਾ ਹੋਇਆ ਜੰਗਲ ਦੇ ਅੰਦਰ ਅੱਗੇ ਵੱਲ ਨੂੰ ਤੁਰ ਪਿਆ ।
11
ਜਿਸ ਦਲਦਲ ਵਿੱਚੋਂ ਉਹ ਰੀਂਗਦਾ ਆਇਆ ਸੀ, ਉਸਤੋਂ ਪਾਰ ਇੱਕ ਵਾਦੀ ਸੀ ਜਿਸਦੇ ਵਿੱਚੋਂ ਦੀ ਮੌਸਮ ਨਾਲ ਖਰਾਬ ਹੋਏ ਬਾਂਸਾਂ ਦੀ ਦੂਹਰੀ ਵਾੜ ਲੰਘਦੀ ਸੀ, ਜਿਨ੍ਹਾਂ ਨੂੰ ਬੈਂਤ ਤੇ ਛਿਲਕੇ ਤੋਂ ਬਣਾਈਆਂ ਰੱਸੀਆਂ ਨਾਲ ਜ਼ਮੀਨ ਵਿੱਚ ਗੱਡੀਆਂ ਕਿੱਲੀਆਂ ਨਾਲ ਬੰਨ੍ਹਿਆਂ ਹੋਇਆ ਸੀ।
ਬਾਂਸਾਂ ਦੇ ਵਿਚਕਾਰ ਕਿਤੇ ਕਿਤੇ ਬਰਫ਼ ਦੇ ਹੇਠੋਂ ਛੁੱਟੜ ਪਏ, ਅਣਗਾਹੇ ਪਹੇ ਦੇ ਨਿਸ਼ਾਨ ਝਾਤੀਆਂ ਮਾਰਦੇ ਸਨ । ਨੇੜੇ ਹੀ ਜ਼ਰੂਰ ਆਦਮੀ ਵੱਸਦੇ ਹੋਣਗੇ ! ਅਲੈਕਸੇਈ ਦਾ ਦਿਲ ਖੁਸ਼ੀ ਨਾਲ ਉਛਲ ਪਿਆ। ਇਹ ਨਹੀਂ ਸੀ ਹੋ ਸਕਦਾ ਕਿ ਇਸ ਦੂਰ-ਦੁਰਾਡੀ ਥਾਂ ਤੱਕ ਜਰਮਨ ਪੁੱਜ ਗਏ ਹੋਣ । ਪਰ ਜੇ ਪੁੱਜ ਵੀ ਗਏ ਹੋਣ ਤਾਂ ਨੇੜੇ ਹੀ ਕਿਤੇ ਉਸਦੇ ਆਪਣੇ ਲੋਕ ਵੀ ਹੋਣਗੇ ਤੇ ਉਹ ਬੇਸ਼ਕ, ਇੱਕ ਜ਼ਖਮੀ ਆਦਮੀ ਨੂੰ ਸ਼ਰਨ ਦੇਣਗੇ ਤੇ ਹਰ ਸੰਭਵ ਤਰੀਕੇ ਨਾਲ ਉਸਦੀ ਸਹਾਇਤਾ ਕਰਨਗੇ।
ਆਪਣੇ ਭਟਕਦੇ ਫਿਰਨ ਦਾ ਅੰਤ ਨੇੜੇ ਹੀ ਆਇਆ ਮਹਿਸੂਸ ਕਰਦਿਆਂ, ਅਲੈਕਸੇਈ ਪੂਰਾ ਜ਼ੋਰ ਲਾ ਕੇ, ਬਿਨਾਂ ਅਰਾਮ ਕੀਤਿਆਂ ਅੱਗੇ ਨੂੰ ਵਧਿਆ । ਉਹ ਰੀਂਗਦਾ ਸਾਹੋ-ਸਾਹ ਹੋ ਜਾਂਦਾ, ਮੂੰਹ ਹੇਠਾਂ ਨੂੰ ਕਰੀ ਬਰਫ਼ ਵਿੱਚ ਡਿੱਗ ਪੈਂਦਾ, ਥਕਾਵਟ ਨਾਲ ਬੇਹੋਸ਼ ਹੋ ਜਾਂਦਾ, ਉਹ ਇੱਕ ਟਿੱਲੇ ਦੀ ਚੋਟੀ ਤੱਕ ਪੁੱਜਣ ਲਈ ਤੇਜ਼ ਤੇਜ਼ ਰੀਂਗ ਰਿਹਾ ਸੀ ਜਿਥੋਂ, ਉਸਨੂੰ ਯਕੀਨ ਸੀ, ਉਹ ਪਿੰਡ ਦੇਖ ਸਕੇਗਾ, ਜਿਹੜਾ ਉਸ ਲਈ ਸ਼ਰਨ ਦੀ ਠਾਹਰ ਬਣੇਗਾ । ਵੱਸੋਂ ਵਾਲ਼ੀ ਥਾਂ ਤੱਕ ਪੁੱਜਣ ਲਈ ਪੂਰੀ ਵਾਹ ਲਾਉਂਦਿਆਂ, ਉਹ ਇਹ ਦੇਖਣ ਤੋਂ ਅਸਮਰਥ ਰਿਹਾ ਕਿ ਇਸ ਵਾੜ ਤੇ ਪਹੇ ਦੇ ਨਿਸ਼ਾਨ ਤੋਂ ਛੁੱਟ, ਜਿਹੜਾ ਵਧਦੀ ਸਪਸ਼ਟਤਾ ਨਾਲ ਬਰਫ਼ ਵਿੱਚੋਂ ਉਘੜਦਾ ਆ ਰਿਹਾ ਸੀ, ਹੋਰ ਕੁਝ ਵੀ ਨਹੀਂ ਜਿਸਤੋਂ ਮਨੁੱਖਾਂ ਦੇ ਨੇੜੇ ਹੋਣ ਦਾ ਕੋਈ ਸੰਕੇਤ ਮਿਲਦਾ ।
ਆਖ਼ਰ ਉਹ ਟਿੱਲੇ ਦੀ ਚੋਟੀ ਉੱਤੇ ਪੁੱਜ ਗਿਆ । ਸਾਹੋ-ਸਾਹ ਹੋਏ ਨੇ, ਉਸਨੇ ਅੱਖਾਂ ਉੱਪਰ ਚੁੱਕੀਆਂ ਤੇ ਇੱਕਦਮ ਮੁੜ ਹੇਠਾਂ ਸੁੱਟ ਲਈਆਂ, ਏਨਾਂ ਭਿਆਨਕ ਸੀ ਉਹ ਦ੍ਰਿਸ਼ ਜਿਹੜਾ ਉਸਨੂੰ ਨਜ਼ਰੀ ਪਿਆ।
ਇਸ ਲਈ ਕੋਈ ਸ਼ੱਕ ਨਹੀਂ ਸੀ ਹੋ ਸਕਦਾ ਕਿ ਅਜੇ ਕੁਝ ਹੀ ਸਮਾਂ ਪਹਿਲਾਂ ਇਥੇ ਜੰਗਲ ਵਿੱਚ ਕੋਈ ਛੋਟਾ ਜਿਹਾ ਪਿੰਡ ਹੁੰਦਾ ਹੋਵੇਗਾ । ਸੜੇ ਹੋਏ ਘਰਾਂ ਦੇ ਬਰਫ਼-ਢਕੇ ਖੰਡਰਾਂ ਦੇ ਉੱਪਰ ਉਠਦੇ ਧੂਕਸ਼ਾਂ ਦੀਆਂ ਉਗੜ-ਦੁਗੜੀਆਂ ਦੋ ਕਤਾਰਾਂ ਤੋਂ ਇਸ ਪਿੰਡ ਦੀ ਰੂਪ- ਰੇਖਾ ਸੌਖੀ ਤਰ੍ਹਾਂ ਦੇਖੀ ਜਾ ਸਕਦੀ ਸੀ । ਜੋ ਕੁਝ ਉਸਦੀ ਨਜ਼ਰੀ ਪਿਆ ਉਹ ਸੀ ਕੁਝ ਕੁ ਬਗ਼ੀਚੇ, ਬੈਂਤ ਦੀਆਂ ਵਾੜਾਂ ਤੇ ਐਸ਼ ਦਾ ਇੱਕ ਦਰਖਤ ਜਿਹੜਾ ਕਿਸੇ ਦੀ ਬਾਰੀ ਦੇ ਬਾਹਰ ਉਗਿਆ ਹੋਇਆ ਸੀ । ਹੁਣ ਇਹ ਸਭ ਕੁਝ ਅੱਗ ਨਾਲ ਮਰਿਆ ਤੇ ਝੁਲਸਿਆ ਹੋਇਆ ਬਰਫ਼ ਵਿੱਚੋਂ ਬਾਹਰ ਨਿਕਲਿਆ ਹੋਇਆ ਸੀ । ਇਹ ਇੱਕ ਖਾਲੀ, ਬਰਫ਼-ਢਕਿਆ ਹੋਇਆ ਮੈਦਾਨ ਸੀ ਜਿਸ ਉਪਰ ਧੂਕਸ਼ ਇੰਝ ਬਾਹਰ ਨਿਕਲੇ ਹੋਏ ਸਨ, ਜਿਵੇਂ ਜੰਗਲ ਸਾਫ਼ ਕਰਨ ਪਿੱਛੋਂ ਦਰਖਤਾਂ ਦੀਆਂ ਮੁੱਢੀਆਂ ਹੁੰਦੀਆਂ ਹਨ, ਤੇ ਵਿਚਕਾਰ ਕਰਕੇ, ਬਿਲਕੁਲ ਬੇਮੇਲ ਲੱਗਦੀ, ਇੱਕ ਖੂਹ ਦੀ ਚਰਖੜੀ ਉੱਭਰੀ ਹੋਈ ਸੀ, ਜਿਸ ਨਾਲ ਲੋਹੇ ਦੀਆਂ ਪਤਰੀਆਂ ਨਾਲ ਮੜ੍ਹਿਆ ਹੋਇਆ ਇੱਕ ਲੱਕੜੀ ਦਾ ਪੁਰਾਣਾ ਡੋਲ ਲਟਕ ਰਿਹਾ ਸੀ, ਜਿਹੜਾ ਆਪਣੀ ਜੰਗਾਲ-ਲੱਗੀ ਜ਼ੰਜੀਰੀ ਨਾਲ ਬੁਝਾ ਹਵਾ ਨਾਲ ਹੌਲ਼ੀ ਹੌਲ਼ੀ ਝੂਲ ਰਿਹਾ ਸੀ, ਪਿੰਡ ਦੇ ਅੰਦਰ ਜਾਣ ਵਾਲੀ ਥਾਂ, ਹਰੀ ਵਾੜ ਨਾਲ ਘਿਰੇ ਇੱਕ ਬਗ਼ੀਚੇ ਦੇ ਨੇੜੇ ਇਕ ਸੁੰਦਰ ਮਹਿਰਾਬ ਖੜੀ ਸੀ, ਜਿਸ ਹੇਠਾਂ ਆਪਣੀਆਂ ਜੰਗਾਲ-ਲੱਗੀਆਂ ਚੂਲਾਂ ਉੱਪਰ ਦਰਵਾਜ਼ਾ ਝੂਲਦਾ ਹੋਇਆ ਚੀਂ-ਚੀਂ ਕਰ ਰਿਹਾ ਸੀ।
ਕੋਈ ਜੀਵ ਨਹੀਂ ਸੀ ਕੋਈ ਅਵਾਜ਼ ਨਹੀਂ ਸੀ, ਧੂਏਂ ਦਾ ਨਿਸ਼ਾਨ ਤੱਕ ਕਿਤੇ ਨਹੀਂ ਸੀ। ਉਜਾੜ! ਕਿਤੇ ਵੀ ਕਿਸੇ ਜਿਊਂਦੇ-ਜਾਗਦੇ ਜੀਵ ਹੋਣ ਦੀ ਕੋਈ ਨਿਸ਼ਾਨੀ ਨਹੀਂ ਸੀ । ਇੱਕ ਖਰਗੋਸ਼, ਜਿਸਨੂੰ ਅਲੈਕਸੇਈ ਨੇ ਤ੍ਰਾਹ ਕੇ ਝਾੜੀਆਂ ਵਿੱਚੋਂ ਭਜਾ ਦਿੱਤਾ ਸੀ, ਦੁੜੰਗੇ ਲਾਉਂਦਾ ਸਿੱਧਾ ਪਿੰਡ ਵੱਲ ਨੂੰ ਭੱਜ ਉਠਿਆ; ਇਹ ਆਪਣੀਆਂ ਪਿਛਲੀਆਂ ਲੱਤਾਂ ਨੂੰ ਬੜੀ ਹੀ ਅਜੀਬ ਤਰ੍ਹਾਂ ਨਾਲ ਉਛਾਲ ਰਿਹਾ ਸੀ। ਉਹ ਦਰਵਾਜ਼ੇ ਕੋਲ ਰੁਕਿਆ, ਆਪਣੇ ਅਗਲੇ ਪੌਂਚੇ ਚੁੱਕ ਕੇ ਬੈਠ ਗਿਆ ਤੇ ਆਪਣਾ ਇੱਕ ਕੰਨ ਖੜਾ ਕਰ ਲਿਆ; ਪਰ ਉਸ ਵੱਡੇ ਸਾਰੇ, ਅਜੀਬ ਜੀਵ ਨੂੰ ਆਪਣੀਆਂ ਪੈੜਾਂ ਉੱਤੇ ਰੀਂਗਦਾ ਆਉਂਦਾ ਦੇਖਕੇ, ਇਹ ਮੁੜ ਸੜੇ ਹੋਏ ਤੇ ਵੀਰਾਨ ਪਏ ਬਗ਼ੀਚੇ ਦੇ ਨਾਲ ਨਾਲ ਕਿਤੇ ਅਲੋਪ ਹੋ ਗਿਆ।
ਅਲੈਕਸੇਈ ਨੇ ਮਸ਼ੀਨੀ ਢੰਗ ਨਾਲ ਵਧਣਾ ਜਾਰੀ ਰੱਖਿਆ। ਉਸਦੀਆਂ ਵਧੀ ਦਾੜ੍ਹੀ ਵਾਲੀਆਂ ਗੱਲ੍ਹਾਂ ਉਪਰੋਂ ਵੱਡੇ ਵੱਡੇ ਅੱਥਰੂ ਵਹਿ ਕੇ ਬਰਫ਼ ਵਿੱਚ ਡਿੱਗਣ ਲੱਗੇ । ਉਹ ਦਰਵਾਜ਼ੇ ਕੋਲ ਰੁਕਿਆ, ਜਿਥੇ ਕੁਝ ਸਮਾਂ ਪਹਿਲਾਂ ਖਰਗੋਸ਼ ਰੁਕਿਆ ਸੀ। ਦਰਵਾਜ਼ੇ ਉੱਪਰ ਇੱਕ ਫੱਟੇ ਦਾ ਬਾਕੀ ਬਚਿਆ ਹਿੱਸਾ ਸੀ, ਜਿਸ ਉੱਤੇ ਹਰਫ਼ “ਕਿੰਡ” ਪੜ੍ਹੇ ਜਾ ਸਕਦੇ ਸਨ। ਇਹ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ ਸੀ ਕਿ ਇਸ ਹਰੀ ਵਾੜ ਦੇ ਪਿਛਲੇ ਪਾਸੇ ਕਦੀ ਕਿਸੇ ਕਿੰਡਰਗਾਰਟਨ ਦੀ ਸਾਫ਼-ਸੁਥਰੀ ਇਮਾਰਤ ਖੜੀ ਸੀ । ਸਗੋਂ ਕੁਝ ਕੁ ਨੀਵੇਂ ਬੈਂਚ ਵੀ ਪਏ ਸਨ। ਜਿਹੜੇ ਪਿੰਡ ਦੇ ਤਰਖਾਣ ਨੇ ਬਣਾਏ ਸਨ ਤੇ ਬੱਚਿਆਂ ਲਈ ਆਪਣੇ ਪਿਆਰ ਕਾਰਨ, ਰੰਦਾ ਫੇਰ ਕੇ ਤੇ ਸ਼ੀਸ਼ੇ ਨਾਲ ਰਗੜ ਕੇ ਇਹਨਾਂ ਨੂੰ ਮੁਲਾਇਮ ਬਣਾਇਆ ਹੋਇਆ ਸੀ । ਅਲੈਕਸੇਈ ਨੇ ਧੱਕਾ ਮਾਰ ਕੇ ਦਰਵਾਜ਼ਾ ਖੋਹਲਿਆ, ਰਿੜ੍ਹਦਾ ਹੋਇਆ ਇੱਕ ਬੈਂਚ ਤੱਕ ਗਿਆ ਤੇ ਇਸ ਉੱਤੇ ਬੈਠਣਾ ਚਾਹਿਆ, ਪਰ ਉਸਦਾ ਸਰੀਰ ਆਡੀ ਪੁਜ਼ੀਸ਼ਨ ਦਾ ਏਨਾ ਆਦੀ ਹੋ ਚੁੱਕਾ ਸੀ ਕਿ ਉਹ ਆਪਣੇ ਆਪ ਨੂੰ ਸਿੱਧਾ ਨਾ ਕਰ ਸਕਿਆ। ਜਦੋਂ ਆਖ਼ਰ ਉਹ ਬੈਠ ਹੀ ਗਿਆ ਤਾਂ ਉਸਦੀ ਸਾਰੀ ਰੀੜ੍ਹ ਦੀ ਹੱਡੀ ਪੀੜ ਕਰਨ ਲੱਗੀ। ਅਰਾਮ ਕਰਨ ਲਈ ਉਹ ਬਰਫ਼ ਉੱਤੇ ਲੇਟ ਗਿਆ ਤੇ ਅੱਧਾ ਕੁ ਗੁੱਛਾ-ਮੁੱਛਾ ਹੋ ਗਿਆ, ਜਿਵੇਂ ਕੋਈ ਥੱਕਿਆ ਜਾਨਵਰ ਹੋ ਜਾਂਦਾ ਹੈ ।
ਉਸਦਾ ਦਿਲ ਭਾਰੀ ਤੇ ਉਦਾਸ ਸੀ ।
ਬੈਂਚ ਦੇ ਦੁਆਲੇ ਬਰਫ਼ ਪਿਘਲ ਰਹੀ ਸੀ, ਜਿਸ ਨਾਲ ਕਾਲੀ ਜ਼ਮੀਨ ਨਿੱਕਲਦੀ ਆ ਰਹੀ ਸੀ, ਜਿਸਤੋਂ ਨਿੱਘੀ ਭਾਫ਼ ਉੱਠਦੀ, ਵੱਲ ਖਾਂਦੀ ਤੇ ਹਵਾ ਵਿੱਚ ਥਰਕਦੀ ਸਾਫ਼ ਦਿਖਾਈ ਦੇ ਰਹੀ ਸੀ। ਅਲੈਕਸੇਈ ਨੇ ਨਿੱਘੀ, ਤੇ ਨਰਮ ਮਿੱਟੀ ਦੀ ਮੁੱਠ ਭਰੀ; ਇਹ ਉਸਦੀਆਂ ਉਂਗਲਾਂ ਵਿਚੋਂ ਗਰੀਜ਼ ਵਾਂਗ ਵਗਣ ਲੱਗੀ ਤੇ ਇਸ ਵਿੱਚੋਂ ਸਲ੍ਹਾਬੇ ਤੇ ਗੋਹੇ ਦੀ, ਗਊਆਂ ਦੇ ਵਾੜੇ ਦੀ ਤੇ ਘਰ ਦੀ ਵਾਸ਼ਨਾ ਆ ਰਹੀ ਸੀ।
ਲੋਕ ਇਥੇ ਰਹਿੰਦੇ ਰਹੇ ਸਨ, ਕਦੀ ਬਹੁਤ ਬਹੁਤ ਸਮਾਂ ਪਹਿਲਾਂ ਜ਼ਮੀਨ ਦਾ ਇਹ ਟੋਟਾ ਉਹਨਾਂ ਨੇ ਕਾਲ਼ੇ ਜੰਗਲ ਤੋਂ ਜਿੱਤਿਆ ਸੀ, ਹਲ ਨਾਲ ਇਸ ਉੱਤੇ ਸਿਆੜ ਪਾਏ ਸਨ, ਲੱਕੜੀ ਦੇ ਕਰਾਹੇ ਨਾਲ ਇਸਨੂੰ ਫਰੋਲਿਆ ਸੀ, ਇਸ ਵਿੱਚ ਖਾਦ ਪਾਈ ਸੀ ਤੇ ਇਸਦਾ ਖਿਆਲ ਰੱਖਿਆ ਸੀ । ਜੰਗਲ ਤੇ ਜੰਗਲ ਦੇ ਜਾਨਵਰਾਂ ਦੇ ਖਿਲਾਫ਼ ਨਿਰੰਤਰ ਘੋਲ਼ ਦਾ, ਅਗਲੀ ਫ਼ਸਲ ਤੱਕ ਗੁਜ਼ਾਰਾ ਚਲਾਉਣ ਦੇ ਲਗਾਤਾਰ ਫ਼ਿਕਰ ਦਾ ਇਹ ਮੁਸ਼ਕਲ ਜੀਵਨ ਸੀ । ਸੋਵੀਅਤ ਹਕੂਮਤ ਹੇਠ ਇਥੇ ਇੱਕ ਸਾਂਝਾ ਫਾਰਮ ਕਾਇਮ ਕੀਤਾ ਗਿਆ ਸੀ ਤੇ ਉਹਨਾਂ ਨੇ ਚੰਗੇਰੇ ਜੀਵਨ ਦੇ ਸੁਪਨੇ ਦੇਖਣੇ ਸ਼ੁਰੂ ਕਰ ਦਿੱਤੇ ਸਨ; ਖੇਤੀ ਦੀਆਂ ਮਸ਼ੀਨਾਂ ਆ ਗਈਆਂ ਤੇ ਉਹਨਾਂ ਦੇ ਨਾਲ ਹੀ ਸਵੈਨਿਰਭਰਤਾ ਵੀ। ਪਿੰਡ ਦੇ ਤਰਖਾਣਾਂ ਨੇ ਕਿੰਡਰਗਾਰਟਨ ਬਣਾ ਦਿੱਤਾ ਤੇ ਸ਼ਾਮਾਂ ਨੂੰ, ਇਸੇ ਹੀ ਬਗ਼ੀਚੇ ਵਿਚ ਗੁਲਾਬੀ ਗੱਲ੍ਹਾਂ ਵਾਲੇ ਬੱਚਿਆਂ ਨੂੰ ਨੱਚਦਿਆਂ- ਟਪਦਿਆਂ ਦੇਖ ਕੇ, ਪਿੰਡ ਦੇ ਆਦਮੀਆਂ ਨੇ ਜ਼ਰੂਰ ਸੋਚਿਆ ਹੋਵੇਗਾ ਕਿ ਕਲੱਬ ਤੇ ਰੀਡਿੰਗ ਰੂਮ ਲਈ ਕੋਈ ਇਮਾਰਤ, ਖੜੀ ਕਰਨ ਦਾ ਸਮਾਂ ਆ ਗਿਆ ਹੈ ਜਿਥੇ ਅਰਾਮ ਨਾਲ ਤੇ ਨਿੱਘ ਵਿੱਚ ਉਹ ਸਿਆਲ ਦੀ ਸ਼ਾਮ ਕੱਟ ਸਕਣਗੇ, ਜਦ ਕਿ ਬਾਹਰ ਬਰਫ਼ ਦਾ ਤੂਫ਼ਾਨ ਆਇਆ ਹੋਵੇਗਾ; ਇਥੇ, ਜੰਗਲ ਦੇ ਧੁਰ-ਅੰਦਰ ਤੱਕ ਉਹਨਾਂ ਨੇ ਬਿਜਲੀ ਲਿਆਉਣ ਦੇ ਸੁਪਨੇ ਲਏ ਹੋਣਗੇ। ਹੁਣ ਇਥੇ ਕੁਝ ਨਹੀਂ ਸੀ ਸਿਵਾਏ ਇਕ ਬੀਆਬਾਨ ਦੇ, ਆਪਣੀ ਸਦੀਵੀਂ, ਅਭੰਗ ਚੁੱਪ ਵਾਲੇ ਜੰਗਲ ਦੇ ਹੋਰ ਕੁਝ ਨਹੀਂ ਸੀ।
ਇਸ ਬਾਰੇ ਅਲੈਕਸੇਈ ਜਿੰਨਾ ਜ਼ਿਆਦਾ ਸੋਚਦਾ, ਉਸਦਾ ਦਿਮਾਗ਼ ਓਨਾ ਹੀ ਜ਼ਿਆਦਾ ਸਰਗਰਮ ਹੁੰਦਾ ਜਾਂਦਾ । ਉਸਦੀਆਂ ਅੱਖਾਂ ਸਾਮ੍ਹਣੇ ਪੱਧਰੀ, ਬੰਜਰ ਸਤੇਪੀ ਵਿਚਲੇ ਵੋਲਗਾ ਕੰਢੇ ਦੇ ਛੋਟੇ ਜਿਹੇ, ਧੂੜ ਵਾਲੇ ਕਸਬੇ ਦੀ ਤਸਵੀਰ ਆ ਗਈ। ਗਰਮੀਆਂ ਤੇ ਪਤਝੜ ਵਿੱਚ ਸਤੇਪੀ ਦੀਆਂ ਤੇਜ਼ ਹਵਾਵਾਂ ਕਸਬੇ ਦੇ ਵਿੱਚੋਂ ਦੀ ਵਗਦੀਆਂ ਲੰਘਦੀਆਂ ਸਨ ਤੇ ਧੂੜ ਤੇ ਰੇਤ ਦੇ ਬੱਦਲ ਆਪਣੇ ਨਾਲ ਲਿਆਉਂਦੀਆਂ ਸਨ, ਜਿਹੜੇ ਚਿਹਰੇ ਤੇ ਹੱਥਾਂ ਨੂੰ ਸੂਈਆਂ ਵਾਂਗ ਚੁਭਦੇ ਸਨ, ਘਰਾਂ ਦੇ ਅੰਦਰ ਜਾ ਵੜਦੇ ਸਨ, ਬੰਦ ਬਾਰੀਆਂ ਦੇ ਵਿੱਚੋਂ ਦੀ ਘੁਸ ਜਾਂਦੇ ਸਨ, ਅੱਖਾਂ ਨੂੰ ਅੰਨ੍ਹਿਆਂ ਕਰ ਦੇਂਦੇ ਸਨ ਤੇ ਦੰਦਾਂ ਵਿੱਚ ਕਿਰਚ-ਕਿਰਚ ਹੋਣ ਲੱਗ ਪੈਂਦੀ ਸੀ । ਸਤੇਪੀ ਤੋਂ ਆਉਂਦੇ ਇਹਨਾਂ ਰੇਤ ਦੇ ਬੱਦਲਾਂ ਨੂੰ “ਕਾਮੀਸ਼ਿਨ ਬਰਸਾਤ” ਦਾ ਨਾਂ ਦਿੱਤਾ ਗਿਆ ਹੋਇਆ ਸੀ, ਤੇ ਕਈ ਪੁਸ਼ਤਾ ਤੋਂ ਕਾਮੀਸ਼ਿਨ ਦੇ ਲੋਕ ਇਸ ਰੇਤ ਨੂੰ ਰੋਕਣ ਦੇ ਤੇ ਜੀਅ ਭਰ ਕੇ ਸ਼ੁੱਧ, ਸੱਜਰੀ ਹਵਾ ਵਿੱਚ ਸਾਹ ਲੈਣ ਦੇ ਸੁਪਨੇ ਲੈਂਦੇ ਆਏ ਸਨ। ਪਰ ਇਹ ਸੁਪਨਾ ਸਿਰਫ਼ ਸੋਸ਼ਲਿਸਟ ਦੇਸ਼ ਵਿੱਚ ਹੀ ਸਾਕਾਰ ਹੋਇਆ। ਲੋਕਾਂ ਨੇ ਮਿਲਕੇ ਵਿਚਾਰ ਕੀਤੀ ਤੇ ਹਵਾ ਤੇ ਰੇਤ ਦੇ ਖਿਲਾਫ਼ ਮੁਹਿੰਮ ਸ਼ੁਰੂ ਕਰ ਦਿੱਤੀ । ਹਰ ਸ਼ਨਿਚਰਵਾਰ ਸਮੁੱਚੀ ਵੱਸੋਂ ਸਲੰਗਾਂ ਤੇ ਬੇਲਚੇ ਤੇ ਕੁਹਾੜੀਆਂ ਲੈ ਕੇ ਨਿਕਲ ਪੈਂਦੀ ਤੇ ਕੁਝ ਹੀ ਸਮੇਂ ਵਿਚ ਸ਼ਹਿਰ ਦੇ ਪਹਿਲਾਂ ਖਾਲੀ ਪਏ ਚੌਕ ਵਿੱਚ ਇੱਕ ਪਾਰਕ ਉਠ ਖੜਾ ਹੋਇਆ ਤੇ ਤੰਗ ਗਲੀਆਂ ਬਾਜ਼ਰਾਂ ਦੇ ਨਾਲ ਨਾਲ ਲਵੇ, ਪਤਲੇ ਪਤਲੇ ਪੋਪਲਰ ਦੇ ਰੁੱਖ ਦਿਖਾਈ ਦੇਣ ਲੱਗੇ । ਲੋਕ ਇਹਨਾਂ ਦਰਖਤਾਂ ਨੂੰ ਬੜੇ ਧਿਆਨ ਨਾਲ ਪਾਣੀ ਦੇਂਦੇ ਤੇ ਛਾਂਗਦੇ ਜਿਵੇਂ ਕਿ ਇਹ ਫੁੱਲ ਹੋਣ ਜਿਹੜੇ ਉਹਨਾਂ ਦੀਆਂ ਆਪਣੀਆਂ ਬਾਰੀਆਂ ਦੀਆਂ ਸਿਲਾਂ ਉੱਤੇ ਉੱਗ ਰਹੇ ਹੋਣ । ਅਲੈਕਸੇਈ ਨੂੰ ਯਾਦ ਆਇਆ ਕਿ ਕਿਵੇਂ ਬਸੰਤ ਵਿੱਚ ਸਾਰੇ ਵਾਸੀ, ਜਵਾਨ ਤੇ ਬੁੱਢੇ, ਖੁਸ਼ ਹੁੰਦੇ ਸਨ ਜਦੋਂ ਪਤਲੀਆਂ ਰੁੰਡ-ਮਰੁੰਡ ਟਾਹਣਾਂ ਖਿਲ ਉਠਦੀਆਂ ਸਨ ਤੇ ਹਰਾ ਵੇਸ ਪਾ ਲੈਂਦੀਆਂ ਸਨ ।… ਇੱਕਦਮ ਉਸਨੇ ਕਲਪਨਾ ਕੀਤੀ ਕਿ ਉਸਦੇ ਜਨਮ-ਸਥਾਨ ਕਾਮੀਸ਼ਿਨ ਦੀਆਂ ਗਲ਼ੀਆਂ ਵਿੱਚ ਜਰਮਨ ਆ ਵੜੇ ਹਨ। ਉਹ ਦਰਖਤਾਂ ਨੂੰ, ਜਿਨ੍ਹਾਂ ਨੂੰ ਲੋਕਾਂ ਨੇ ਏਨੇਂ ਧਿਆਨ ਨਾਲ਼ ਪਾਲਿਆ ਸੀ, ਬਾਲਣ ਵਜੋਂ ਵਰਤਣ ਲਈ ਕੱਟ ਰਹੇ ਹਨ। ਉਸਦਾ ਜਨਮ ਸਥਾਨ ਧੂੰਏਂ ਵਿੱਚ ਲਪੇਟਿਆ ਹੋਇਆ ਹੈ, ਤੇ ਜਿਸ ਥਾਂ ਉਸ ਦਾ ਘਰ ਹੁੰਦਾ ਸੀ, ਜਿਥੇ ਉਹ ਵੱਡਾ ਹੋਇਆ ਸੀ ਤੇ ਜਿਥੇ ਉਸਦੀ ਮਾਂ ਰਹਿੰਦੀ ਸੀ, ਉਥੋਂ ਇੱਕ ਨੰਗ-ਮੁਨੰਗ, ਧੁਆਂਖਿਆ ਹੋਇਆ, ਵੱਡਾ ਸਾਰਾ ਧੰਕਸ਼ ਉੱਠ ਰਿਹਾ ਸੀ, ਬਿਲਕੁਲ ਆਹ ਇਸ ਧੂਕਸ਼ ਵਰਗਾ।
ਉਸਦਾ ਦਿਲ ਪੀੜ ਤੇ ਸੰਤਾਪ ਨਾਲ ਫਟਣ ਲੱਗਾ ।
“ਉਹਨਾਂ ਨੂੰ ਹੋਰ ਅੱਗੇ ਨਹੀਂ ਵਧਣ ਦੇਣਾ ਚਾਹੀਦਾ! ਜਦੋਂ ਤੱਕ ਸਾਡੇ ਵਿੱਚ ਸਾਹ ਬਾਕੀ ਹੈ, ਸਾਨੂੰ ਉਹਨਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ, ਜਿਵੇਂ ਉਸ ਰੂਸੀ ਸਿਪਾਹੀ ਨੇ ਕੀਤਾ ਸੀ, ਜਿਹੜਾ ਜੰਗਲ ਵਿਚਲੇ ਉਸ ਮੈਦਾਨ ਵਿੱਚ ਦੁਸ਼ਮਨ ਦੀਆਂ ਲਾਸ਼ਾਂ ਦੇ ਉਪਰ ਪਿਆ ਸੀ।”
ਸੂਰਜ ਪਹਿਲਾਂ ਹੀ ਦਰਖਤਾਂ ਦੀਆਂ ਸਲੇਟੀ ਜਿਹੀਆਂ ਸਿਖਰਾਂ ਨੂੰ ਛੁਹ ਰਿਹਾ ਸੀ।
ਅਲੈਕਸੇਈ ਉਥੋਂ ਦੀ ਰੀਂਗਦਾ ਲੰਘ ਰਿਹਾ ਸੀ, ਜਿਹੜੀ ਕਦੀ ਪਿੰਡ ਦੀ ਗਲ਼ੀ ਹੁੰਦੀ ਸੀ। ਸੁਆਹ ਦੇ ਢੇਰਾਂ ਤੋਂ ਲਾਸ਼ਾਂ ਦੀ ਬੋ ਆ ਰਹੀ ਸੀ । ਪਿੰਡ ਜੰਗਲ ਨਾਲ਼ੋਂ ਵੀ ਵਧੇਰੇ ਵੀਰਾਨ ਲੱਗ ਰਿਹਾ ਸੀ । ਇੱਕਦਮ ਇੱਕ ਅਜੀਬ ਜਿਹੀ ਅਵਾਜ਼ ਨੇ ਉਸਨੂੰ ਚੌਕੰਨਿਆਂ ਕਰ ਦਿੱਤਾ। ਗਲੀ ਦੇ ਬਿਲਕੁਲ ਸਿਰੇ ਉੱਤੇ ਸਵਾਹ ਦੇ ਢੇਰ ਦੇ ਨੇੜੇ ਉਸਨੂੰ ਇਕ ਕੁੱਤਾ ਦਿਖਾਈ ਦਿੱਤਾ । ਇਹ ਜੱਤਲ ਜਿਹਾ, ਲਟਕੇ ਹੋਏ ਕੰਨਾਂ ਵਾਲ਼ਾ ਪਾਲਤੂ ਕੁੱਤਾ ਸੀ, ਸਧਾਰਨ ਜਿਹਾ ਬਾਬਿਕ ਜਾਂ ਜ਼ੁਚਕਾ। ਹੌਲ਼ੀ ਹੌਲ਼ੀ ਗੁਰਾਉਂਦਾ ਹੋਇਆ ਇਹ ਢਿਲਕਦੇ ਜਿਹੇ ਮਾਸ ਦੇ ਟੁਕੜੇ ਨੂੰ ਲੱਗਾ ਹੋਇਆ ਸੀ, ਜਿਹੜਾ ਉਸਨੇ ਆਪਣੇ ਪੰਜਿਆਂ ਵਿੱਚ ਫੜਿਆ ਹੋਇਆ ਸੀ। ਅਲੈਕਸੇਈ ਉੱਤੇ ਨਜ਼ਰ ਪੈਂਦਿਆਂ ਇਹ ਕੁੱਤਾ, ਜਿਹੜਾ ਜਾਨਵਰਾਂ ਵਿੱਚ ਸਭ ਤੋਂ ਵਧ ਸਨਿਮਰ ਸਮਝਿਆ ਜਾਂਦਾ ਹੈ, ਜਿਸਨੂੰ ਘਰਾਂ ਦੀਆਂ ਸੁਆਣੀਆਂ ਲਗਾਤਾਰ ਡਾਂਟਦੀਆਂ ਰਹਿੰਦੀਆਂ ਹਨ ਤੇ ਜਿਹੜਾ ਮੁੰਡਿਆਂ ਦਾ ਚਹੇਤਾ ਹੁੰਦਾ ਹੈ, ਇੱਕਦਮ ਗੁਰਾਇਆ ਤੇ ਦੰਦ ਕਢ ਲਏ। ਉਸਦੀਆਂ ਅੱਖਾਂ ਇੰਝ ਗੁੱਸੇ ਵਿੱਚ ਚਮਕ ਰਹੀਆਂ ਸਨ ਕਿ ਅਲੈਕਸੇਈ ਦੀ ਕੰਗਰੋੜ ਵਿੱਚੋਂ ਕੰਬਣੀ ਦੌੜ ਗਈ। ਉਸਨੇ ਆਪਣਾ “ਦਸਤਾਨਾ” ਲਾਅ ਮਾਰਿਆ ਤੇ ਪਿਸਤੌਲ ਕੱਢ ਲਿਆ! ਕਿੰਨਾਂ ਚਿਰ ਆਦਮੀ ਤੇ ਕੁੱਤਾ, ਜਿਹੜਾ ਜੰਗਲੀ ਜਾਨਵਰ ਬਣ ਚੁੱਕਾ ਸੀ, ਇੱਕ ਦੂਜੇ ਵੱਲ ਦੇਖਦੇ ਖੜੇ ਰਹੇ; ਤੇ ਫਿਰ ਕੁੱਤੇ ਨੂੰ ਜ਼ਰੂਰ ਕੋਈ ਖਿਆਲ ਆ ਗਿਆ ਹੋਵੇਗਾ, ਕਿਉਂਕਿ ਉਸਨੇ ਆਪਣੀ ਥੂਥਣੀ ਹੇਠਾਂ ਕੀਤੀ, ਦੋਸ਼ੀਆਂ ਵਾਂਗ ਪੂਛਲ ਹਿਲਾਉਣ ਲੱਗਾ, ਝਪਟ ਕੇ ਮਾਸ ਦਾ ਟੋਟਾ ਫੜਿਆ ਤੇ ਲੱਤਾਂ ਵਿਚ ਪੂਛਲ ਦਬਾਈ ਸਵਾਹ ਦੇ ਢੇਰ ਦੇ ਪਿੱਛੇ ਦੌੜ ਗਿਆ।
ਦੌੜੋ! ਜਿੰਨਾਂ ਜਲਦੀ ਤੋਂ ਜਲਦੀ ਹੋ ਸਕੇ ਇਥੋਂ ਦੂਰ ਚੱਲ! ਚਾਨਣ ਦੀਆਂ ਆਖ਼ਰੀ ਰਿਸ਼ਮਾਂ ਤੋਂ ਲਾਭ ਉਠਾਉਂਦਿਆਂ, ਕੋਈ ਰਸਤਾ ਨਾ ਚੁਣਦਿਆਂ ਸਗੋਂ ਸਿੱਧਾ ਬਰਫ਼ ਦੇ ਵਿੱਚੋਂ ਦੀ ਜਾਂਦਿਆਂ, ਅਲੈਕਸੇਈ ਰੀਂਗਦਾ ਹੋਇਆ ਜੰਗਲ ਵਿੱਚ ਜਾ ਪੁੱਜਾ ਲਗਭਗ ਸੁੱਤੇ-ਸਿਧ ਹੀ ਉਹ ਉਸ ਪਾਸੇ ਵੱਲ ਜਾ ਰਿਹਾ ਸੀ, ਜਿਸ ਪਾਸੇ ਵੱਲੋਂ ਹੁਣ ਤੋਪਾਂ ਚੱਲਣ ਦੀਆਂ ਅਵਾਜ਼ਾਂ ਸਪਸ਼ਟ ਆ ਰਹੀਆਂ ਸਨ । ਉਹ ਚੁੰਬਕ ਵਾਂਗ ਉਸਨੂੰ ਖਿੱਚ ਰਹੀਆਂ ਸਨ, ਤੇ ਜਿਉਂ ਜਿਉਂ ਉਹ ਉਹਨਾਂ ਦੇ ਨੇੜੇ ਜਾਈ ਜਾਂਦਾ ਸੀ, ਉਹਨਾਂ ਦੀ ਖਿੱਚ-ਸ਼ਕਤੀ ਓਨੀ ਵਧਦੀ ਜਾਂਦੀ ਸੀ।
12
ਤੇ ਇਸ ਤਰ੍ਹਾਂ ਅਲੈਕਸੇਈ ਦੋ ਤਿੰਨ ਦਿਨ ਹੋਰ ਰੀਂਗਦਾ ਗਿਆ। ਉਸਨੂੰ ਸਮੇਂ ਦਾ ਹਿਸਾਬ ਨਹੀਂ ਸੀ ਰਿਹਾ; ਸਾਰਾ ਕੁਝ ਸਵੈਕਾਰ ਯਤਨ ਦੀ ਇੱਕ ਲਗਾਤਾਰ ਜ਼ੰਜੀਰੀ ਵਿੱਚ ਜੁੜ ਗਿਆ ਸੀ । ਕਦੀ ਕਦੀ ਨੀਂਦ, ਜਾਂ ਸ਼ਾਇਦ, ਮੂਰਛਾ ਉਸ ਉਤੇ ਛਾ ਜਾਂਦੀ । ਉਹ ਰੀਂਗਦਾ ਰੀਂਗਦਾ ਸੌਂ ਜਾਂਦਾ, ਪਰ ਉਸਨੂੰ ਪੂਰਬ ਵੱਲ ਨੂੰ ਖਿੱਚਣ ਵਾਲੀ ਸ਼ਕਤੀ ਏਨੀਂ ਤਗੜੀ ਸੀ ਕਿ ਮੂਰਛਾ ਦੀ ਇਸ ਹਾਲਤ ਵਿੱਚ ਵੀ ਹੌਲੀ ਹੌਲੀ ਰੀਂਗਣਾਂ ਜਾਰੀ ਰੱਖਦਾ, ਜਦੋਂ ਤੱਕ ਕਿ ਉਹ ਕਿਸੇ ਦਰਖਤ ਜਾਂ ਝਾੜੀ ਨਾਲ ਨਾ ਜਾ ਵਜਦਾ, ਜਾਂ ਜਦੋਂ ਤੱਕ ਉਸਦਾ ਹੱਥ ਨਾ ਤਿਲਕ ਪੈਂਦਾ ਤੇ ਉਹ ਚਿਹਰਾ ਹੇਠਾਂ ਵੱਲ ਕਰੀ ਪਿਘਲ ਰਹੀ ਬਰਫ਼ ਵਿੱਚ ਨਾ ਜਾ ਪੈਂਦਾ । ਉਸਦੀ ਸਾਰੀ ਇੱਛਾ-ਸ਼ਕਤੀ, ਉਸਦੇ ਸਾਰੇ ਧੁੰਦਲੇ ਵਿਚਾਰ ਬੱਝਵੇਂ ਚਾਨਣ ਵਾਂਗ ਇੱਕੋਂ ਨੁਕਤੇ ਉੱਪਰ ਕੇਂਦਰਿਤ ਸਨ: ਰਿੜ੍ਹਦੇ ਜਾਣਾ ਚੱਲਦੇ ਜਾਣਾ, ਅੱਗੇ ਵੱਲ ਚਲਦੇ ਜਾਣਾ, ਹਰ ਕੀਮਤ ਉੱਤੇ।
ਰਸਤੇ ਵਿੱਚ ਉਹ ਕੋਈ ਹੋਰ ਕੰਡਿਆਲਾ ਲੱਭਣ ਦੀ ਆਸ ਵਿੱਚ ਹਰ ਝਾੜੀ ਨੂੰ ਘੋਖਦਾ। ਬੈਰੀਆਂ, ਜਿਹੜੀਆਂ ਉਸਨੂੰ ਬਰਫ਼ ਹੇਠਾਂ ਮਿਲ ਜਾਂਦੀਆਂ ਸਨ, ਤੇ ਕਾਈ ਉਸਦੀ ਖ਼ੁਰਾਕ ਸਨ । ਇਕ ਵਾਰੀ ਉਸ ਨੂੰ ਕੀੜੀਆਂ ਦਾ ਇੱਕ ਵੱਡਾ ਸਾਰਾ ਭਉਣ ਮਿਲ ਗਿਆ ਜਿਹੜਾ ਮੀਂਹ ਨਾਲ ਧੋਤੇ ਤੇ ਸਵਾਰੇ ਤੂੜੀ ਦੇ ਮੂਸਲ ਵਾਂਗ ਜੰਗਲ ਵਿੱਚ ਖੜਾ ਸੀ। ਕੀੜੀਆਂ ਅਜੇ ਸੁੱਤੀਆਂ ਪਈਆਂ ਸਨ, ਉਹਨਾਂ ਦੀ ਬਸਤੀ ਸੁੰਝੀ ਲੱਗਦੀ ਸੀ । ਅਲੈਕਸੇਈ ਨੇ ਇਸ ਨਰਮ ਢੇਰ ਵਿੱਚ ਆਪਣਾ ਹੱਥ ਖੁਭੋਇਆ ਤੇ ਵਾਪਸ ਖਿੱਚਿਆ ਤਾਂ ਇਹ ਕੀੜੀਆਂ ਨਾਲ ਭਰਿਆ ਪਿਆ ਸੀ, ਜਿਹੜੀਆਂ ਉਸਦੀ ਚਮੜੀ ਨਾਲ ਘੁੱਟ ਕੇ ਚੰਬੜੀਆਂ ਹੋਈਆਂ ਸਨ। ਉਸਨੇ ਬੜੇ ਸਵਾਦ ਨਾਲ ਇਹਨਾਂ ਕੀੜੀਆਂ ਨੂੰ ਖਾਣਾ ਸ਼ੁਰੂ ਕਰ ਦਿੱਤਾ; ਆਪਣੇ ਖੁਸ਼ਕ, ਫਟੇ ਮੂੰਹ ਵਿੱਚ ਉਸਨੂੰ ਫਾਰਮਿਕ ਤੇਜ਼ਾਬ ਦਾ ਮਸਾਲੇਦਾਰ, ਖੱਟਾ ਸਵਾਦ ਮਹਿਸੂਸ ਹੋ ਰਿਹਾ ਸੀ । ਉਸਨੇ ਮੁੜ ਮੁੜ ਕੇ ਆਪਣਾ ਹੱਥ ਭਉਣ ਦੇ ਵਿੱਚ ਵਾੜਿਆ, ਜਦੋਂ ਤੱਕ ਕਿ ਇਸ ਅਚਨਚੇਤੀ ਹਮਲੇ ਨਾਲ ਕੀੜੀਆਂ ਦੀ ਸਾਰੀ ਵੱਸੋਂ ਨਾ ਜਾਗ ਪਈ।
ਨਿੱਕੀਆਂ ਨਿੱਕੀਆਂ ਕੀੜੀਆਂ ਪੂਰੇ ਜ਼ੋਰ ਨਾਲ ਆਪਣੀ ਰਾਖੀ ਕਰ ਰਹੀਆਂ ਸਨ; ਉਹ ਅਲੈਕਸੇਈ ਦੇ ਹੱਥ ਨੂੰ, ਬੁਲ੍ਹਾਂ ਨੂੰ, ਜੀਭ ਨੂੰ ਕੱਟ ਰਹੀਆਂ ਸਨ, ਉਹ ਉਸਦੇ ਉਡਾਣ ਵੇਲੇ ਦੇ ਸੂਟ ਦੇ ਅੰਦਰ ਵੜ ਗਈਆਂ ਤੇ ਉਸਦੇ ਪਿੰਡੇ ਨੂੰ ਕੱਟਣ ਲੱਗ ਪਈਆਂ। ਪਰ ਇਹ ਜਲਣ ਦਾ ਅਹਿਸਾਸ ਉਸ ਲਈ ਜੇ ਸੀ ਤਾਂ ਸਿਰਫ਼ ਸੁਖਦਾਈ ਸੀ, ਫਾਰਮਿਕ ਤੇਜ਼ਾਬ ਦਾ ਕੱਟਣਾ ਉਸ ਲਈ ਸ਼ਕਤੀਵਰਧਕ ਸਿੱਧ ਹੋਇਆ । ਉਸਨੂੰ ਪਿਆਸ ਲੱਗ ਗਈ। ਝਾੜੀਆਂ ਦੇ ਵਿਚਕਾਰ ਉਸਨੂੰ ਭੂਰੇ ਜਿਹੇ ਜੰਗਲੀ ਪਾਣੀ ਦਾ ਇੱਕ ਛੋਟਾ ਜਿਹਾ ਛੱਪੜ ਦਿਖਾਈ ਦਿਤਾ ਤੇ ਉਹ ਪਾਣੀ ਪੀਣ ਲਈ ਉਸ ਵੱਲ ਵਧਿਆ, ਪਰ ਇੱਕਦਮ ਪਿੱਛੇ ਹਟ ਗਿਆ – ਉਸ ਮੈਲੇ ਪਾਣੀ ਵਿੱਚੋਂ, ਇਸ ਵਿੱਚੋਂ ਝਲਕਦੇ ਨੀਲ਼ੇ ਜਿਹੇ ਅਕਾਸ਼ ਦੇ ਪਿਛੋਕੜ ਵਿਚ ਇਕ ਅਜੀਬ ਜਿਹਾ ਭਿਆਨਕ ਚਿਹਰਾ ਉਸ ਵੱਲ ਅੱਖਾਂ ਪਾੜ ਪਾੜ ਦੇਖ ਰਿਹਾ ਸੀ । ਇਹ ਕਾਲੀ ਚਮੜੀ ਨਾਲ ਢਕੇ ਪਿੰਜਰ ਜਿਹੇ ਦਾ ਚਿਹਰਾ ਸੀ, ਜਿਸ ਉਪਰ ਗੰਦੇ ਤੇ ਘੁੰਗਰਾਲੇ ਵਾਲ ਉੱਗੇ ਹੋਏ ਸਨ । ਵੱਡੀਆਂ ਵੱਡੀਆਂ ਗੋਲ, ਭਿਆਨਕ, ਤਰ੍ਹਾਂ ਨਾਲ ਚਮਕਦੀਆਂ ਅੱਖਾਂ ਡੂੰਘੇ ਟੋਇਆਂ ਵਿਚੋਂ ਦੇਖ ਰਹੀਆਂ, ਤੇ ਅਣਸੰਵਰੇ ਵਾਲ ਗੰਦੀਆਂ ਜਿਹੀਆਂ ਲਿਟਾਂ ਬਣੀ ਮੱਥੇ ਉੱਤੇ ਪਏ ਸਨ।
“ਕੀ ਇਹ ਮੈਂ ਹੀ ਹਾਂ ?” ਅਲੈਕਸੇਈ ਨੇ ਆਪਣੇ ਆਪ ਤੋਂ ਪੁੱਛਿਆ, ਤੇ ਮੁੜ ਕੇ ਦੇਖਣ ਤੋਂ ਡਰਦਿਆਂ ਉਸਨੇ ਪਾਣੀ ਨਾ ਪੀਤਾ ਸਗੋਂ ਕੁਝ ਬਰਫ਼ ਮੂੰਹ ਵਿੱਚ ਪਾ ਲਈ ਤੇ ਉਸੇ ਸ਼ਕਤੀਸ਼ਾਲੀ ਚੁੰਬਕ ਦਾ ਖਿੱਚਿਆ ਹੋਇਆ ਪੂਰਬ ਵੱਲ ਨੂੰ ਰੀਂਗਣ ਲੱਗਾ।
ਉਸ ਰਾਤ ਉਸਨੇ ਬੰਬ ਨਾਲ ਬਣੇ ਇੱਕ ਵੱਡੇ ਸਾਰੇ ਟੋਏ ਨੂੰ ਆਪਣਾ ਟਿਕਾਣਾ ਬਣਾਇਆ, ਜਿਹੜਾ ਵਿਸਫੋਟ ਨਾਲ ਉਡੀ ਪੀਲੀ ਰੇਤ ਦੀ ਕੰਧ ਨਾਲ ਘਿਰਿਆ ਹੋਇਆ ਸੀ । ਟੋਏ ਦੀ ਤਹਿ ਉਸਨੂੰ ਸ਼ਾਂਤ ਤੇ ਆਰਾਮਦੇਹ ਲੱਗੀ । ਹਵਾ ਇਥੇ ਨਹੀਂ ਸੀ ਲੱਗਦੀ, ਇਸ ਨਾਲ ਸਿਰਫ਼ ਰੇਤ ਹੀ ਸਰ-ਸਰ ਕਰਦੀ ਸੀ ਤੇ ਪਾਸਿਆਂ ਤੋਂ ਤਿਲਕ ਕੇ ਅੰਦਰ ਆ ਡਿਗਦੀ ਸੀ। ਇੱਥੋਂ ਸਿਤਾਰੇ ਅਸਧਾਰਨ ਤੌਰ ਉੱਤੇ ਵੱਡੇ ਤੇ ਹੇਠਾਂ ਕਰਕੇ ਉਸਦੇ ਸਿਰ ਉੱਤੇ ਲਟਕੇ ਲੱਗਦੇ ਸਨ। ਦਿਆਰ ਦੇ ਦਰਖਤ ਦੀ ਬੁਰਦਾਰ ਟਾਹਣੀ, ਜਿਹੜੀ ਸਿਤਾਰਿਆਂ ਦੇ ਹੇਠਾਂ ਇਧਰ ਉਧਰ ਝੂਲ ਰਹੀ ਸੀ, ਐਸੇ ਹੱਥ ਵਾਂਗ ਲੱਗ ਰਹੀ ਸੀ ਜਿਹੜਾ ਕੱਪੜਾ ਫੜੀ ਉਹਨਾਂ ਚਮਕਦੀਆਂ ਰੌਸ਼ਨੀਆਂ ਨੂੰ ਸਾਫ਼ ਕਰ ਰਿਹਾ ਤੇ ਲਿਸ਼ਕਾ ਰਿਹਾ ਹੋਵੇ । ਪਹੁ ਫੁਟਾਲੇ ਤੋਂ ਪਹਿਲਾਂ ਠੰਡ ਹੋ ਗਈ । ਜੰਗਲ ਉਪਰ ਧੁੰਦ ਫੈਲੀ ਹੋਈ ਸੀ । ਹਵਾ ਦਾ ਰੁਖ ਬਦਲ ਗਿਆ ਸੀ । ਹੁਣ ਇਹ ਉੱਤਰ ਵੱਲੋਂ ਆ ਰਹੀ ਸੀ ਤੇ ਧੁੰਦ ਨੂੰ ਬਰਫ਼ ਵਿੱਚ ਬਦਲ ਰਹੀ ਸੀ। ਜਦੋਂ ਧੁੰਦਲਾ ਜਿਹਾ, ਦੇਰ ਨਾਲ ਹੋਇਆ ਚਾਨਣ ਆਖ਼ਰ ਟਾਹਣੀਆਂ ਵਿੱਚੋਂ ਆਉਣਾ ਸ਼ੁਰੂ ਹੋ ਗਿਆ, ਤਾਂ ਸੰਘਣੀ ਧੁੰਦ ਨੀਵੀਂ ਹੋ ਗਈ ਤੇ ਹੌਲੀ ਹੌਲੀ ਛੁਟ ਗਈ। ਆਲੇ-ਦੁਆਲੇ ਦੀ ਸਾਰੀ ਜ਼ਮੀਨ ਤਿਲਕਵੀਂ ਜਿਹੀ, ਬਰਫ਼ ਦੀ ਪੇਪੜੀ ਨਾਲ ਢਕੀ ਦਿਖਾਈ ਦਿਤੀ। ਸਿਰ ਉੱਪਰਲੀ ਟਾਹਣੀ ਹੁਣ ਕੱਪੜਾ ਫੜੀ ਹੱਥ ਵਰਗੀ ਨਹੀਂ ਸੀ ਲੱਗ ਰਹੀ, ਸਗੋਂ ਅਦਭੁਤ ਬਿਲੌਰੀ ਮੋਮਬੱਤੀਦਾਨ ਵਰਗੀ ਲੱਗ ਰਹੀ ਸੀ, ਜਿਸ ਨਾਲ ਲਟਕਦੀਆਂ ਨਿੱਕੀਆਂ ਪਰਿਜ਼ਮਾਂ ਹਵਾ ਵਿੱਚ ਹੌਲ਼ੀ ਹੌਲ਼ੀ ਟਣਕ ਰਹੀਆਂ ਸਨ।
ਅਲੈਕਸੇਈ ਜਾਗਿਆ ਤਾਂ ਪਹਿਲਾਂ ਨਾਲੋਂ ਵੀ ਕਮਜ਼ੋਰ ਮਹਿਸੂਸ ਕਰ ਰਿਹਾ ਸੀ। ਉਸਨੇ ਦਿਆਰ ਦੇ ਛਿਲਕੇ ਨੂੰ ਵੀ ਨਾ ਚੂਸਿਆ, ਜਿਸਦਾ ਉਹ ਆਪਣੀ ਵਰਦੀ ਦੀ ਜੇਬ ਵਿੱਚ ਭੰਡਾਰ ਰੱਖਦਾ ਸੀ । ਉਹ ਬੜੀ ਮੁਸ਼ਕਲ ਨਾਲ ਜ਼ਮੀਨ ਤੋ ਉੱਠਿਆ, ਜਿਵੇਂ ਕਿ ਰਾਤ ਦੇ ਦੌਰਾਨ ਉਸਦਾ ਸਰੀਰ ਕਿਸੇ ਨੇ ਇਸ ਨਾਲ ਗੂੰਦ ਲਾ ਕੇ ਚਿਪਕਾ ਦਿੱਤਾ ਹੋਵੇ । ਆਪਣੇ ਕੱਪੜਿਆਂ, ਦਾਹੜੀ ਤੇ ਮੁੱਛਾ ਤੋਂ ਬਰਫ਼ ਝਾੜਨ ਤੋਂ ਬਿਨਾਂ, ਉਸਨੇ ਟੋਏ ਦੇ ਪਾਸੇ ਉੱਤੇ ਚੜ੍ਹਨ ਦੀ ਕੋਸ਼ਿਸ਼ ਕੀਤੀ, ਪਰ ਉਸਦੇ ਹੱਥ ਰੇਤ ਉਤੇ ਤਿਲ੍ਹਕ ਪਏ, ਜਿਹੜੀ ਰਾਤ ਦੇ ਦੌਰਾਨ ਜੰਮ ਗਈ ਸੀ । ਮੁੜ ਮੁੜ ਕੇ ਉਸਨੇ ਬਾਹਰ ਨਿੱਕਲਣ ਦੀ ਕੋਸ਼ਿਸ਼ ਕੀਤੀ, ਪਰ ਹਰ ਵਾਰੀ ਉਹ ਤਿਲਕ ਕੇ ਵਾਪਸ ਹੇਠਾਂ ਆ ਡਿੱਗਦਾ । ਉਸਦੇ ਯਤਨਾਂ ਵਿੱਚੋਂ ਜ਼ੋਰ ਘਟਦਾ ਗਿਆ। ਆਖ਼ਰ ਉਹ ਇਹ ਮਹਿਸੂਸ ਕਰਦਿਆਂ ਘਬਰਾ ਉਠਿਆ ਕਿ ਉਹ ਬਿਨਾਂ ਸਹਾਇਤਾ ਦੇ ਬਾਹਰ ਨਹੀਂ ਨਿੱਕਲ ਸਕੇਗਾ। ਇਸ ਖਿਆਲ ਨੇ ਉਸਨੂੰ ਤਿਲਕਵੇਂ ਪਾਸੇ ਉਪਰ ਚੜ੍ਹਨ ਦਾ ਇੱਕ ਵਾਰੀ ਹੋਰ ਯਤਨ ਕਰਨ ਲਈ ਪ੍ਰੇਰਿਆ, ਪਰ ਉਹ ਆਪਣੇ ਆਪ ਨੂੰ ਜ਼ਰਾ ਕੁ ਹੀ ਉਤਾਂਹ ਚੁੱਕਣ ਵਿੱਚ ਸਫ਼ਲ ਹੋਇਆ ਸੀ ਕਿ ਮੁੜ ਤਿਲਕ ਕੇ ਹੇਠਾਂ ਆ ਪਿਆ – ਨਿਸੱਤਾ ਤੇ ਬੇਵੱਸ।
“ਅੰਤ ਆ ਗਿਆ ਹੈ ! ਹੁਣ ਕੋਈ ਫ਼ਰਕ ਨਹੀਂ ਪੈਂਦਾ!”
ਉਹ ਟੋਏ ਦੀ ਤਹਿ ਵਿੱਚ ਗੁੱਛਾ-ਗੁੱਛਾ ਹੋ ਕੇ ਪੈ ਗਿਆ, ਅਰਾਮ ਦੇ ਡਰਾਉਣੇ ਅਹਿਸਾਸ ਤੋਂ ਚੇਤੰਨ, ਜਿਹੜਾ ਸਾਰੇ ਸਰੀਰ ਉਤੇ ਰੀਂਗਦਾ ਹੋਇਆ ਛਾ ਰਿਹਾ ਸੀ ਤੇ ਉਸਦੀ ਇੱਛਾ- ਸ਼ਕਤੀ ਦੀ ਚੁੰਬਕੀ ਖਿੱਚ ਨੂੰ ਖ਼ਤਮ ਕਰ ਰਿਹਾ ਤੇ ਉਸਨੂੰ ਨਿਕੰਮਾ ਕਰ ਰਿਹਾ ਸੀ। ਹੌਲ਼ੀ ਹੌਲ਼ੀ ਉਸਨੇ ਆਪਣੀ ਵਰਦੀ ਦੀ ਜੇਬ ਵਿਚੋਂ ਪਾਟੀਆਂ ਹੋਈਆਂ ਚਿੱਠੀਆਂ ਕੱਢੀਆਂ, ਪਰ ਉਹਨਾਂ ਨੂੰ ਪੜ੍ਹਨ ਦੀ ਉਸ ਵਿੱਚ ਤਾਕਤ ਨਹੀਂ ਸੀ । ਉਸਨੇ ਪਲਾਸਟਿਕ ਦੇ ਉਛਾੜ ਵਿਚੋਂ ਛਾਪੇ ਵਾਲ਼ੀ ਫਰਾਕ ਪਾਈ ਮੈਦਾਨ ਵਿਚ ਘਾਹ ਉਤੇ ਬੈਠੀ ਕੁੜੀ ਦੀ ਫੋਟੋ ਕੱਢੀ। ਉਦਾਸ
ਜਿਹੀ ਮੁਸਕਾਣ ਨਾਲ ਉਹ ਉਸਨੂੰ ਪੁੱਛਣ ਲੱਗਾ:
“ਕੀ ਇਹ ਸੱਚਮੁਚ ਅਲਵਿਦਾ ਹੈ?” — ਤੇ ਇੱਕਦਮ ਉਹ ਤ੍ਰਭਕ ਪਿਆ ਤੇ ਫੋਟੋ ਨੂੰ ਆਪਣੇ ਹੱਥ ਵਿੱਚ ਹੀ ਫੜੀ ਜਿਵੇਂ ਸੀ ਉਵੇਂ ਹੀ ਬੁੱਤ ਬਣਿਆ ਬੈਠਾ ਰਿਹਾ । ਉਸਨੂੰ ਲੱਗਾ ਕਿ ਉਸਨੇ ਉਪਰ ਠੰਡੀ, ਕਕਰੀਲੀ ਹਵਾ ਵਿੱਚ, ਜੰਗਲ ਦੇ ਉਪਰ ਉੱਚੀ ਕਿਤੇ ਕੋਈ ਜਾਣੀ-ਪਛਾਣੀ ਅਵਾਜ਼ ਸੁਣੀ ਹੈ।
ਉਸਨੇ ਇੱਕਦਮ ਆਪਣੀ ਸੁਸਤੀ ਲਾਹ ਮਾਰੀ । ਇਸ ਅਵਾਜ਼ ਵਿੱਚ ਕੋਈ ਖਾਸ ਗੱਲ ਨਹੀਂ ਸੀ । ਇਹ ਏਨੀਂ ਮੱਧਮ ਸੀ ਕਿ ਜੰਗਲੀ ਜਾਨਵਰ ਦੇ ਅਤਿ ਸੂਖਮ ਕੰਨ ਵੀ ਇਸਨੂੰ ਬਰਫ਼-ਢੱਕੀਆਂ ਦਰਖਤਾਂ ਦੀਆਂ ਟੀਸੀਆਂ ਦੀ ਇਕਸਾਰ ਸਰਸਰ ਨਾਲੋਂ ਨਿਖੇੜਨ ਤੋਂ ਅਸਮਰਥ ਰਹਿੰਦੀ। ਪਰ ਇਸ ਵਿਚਲੀ ਇੱਕ ਖਾਸ ਤਰ੍ਹਾਂ ਦੀ ਸੀਟੀਂ ਦੀ ਅਵਾਜ਼ ਤੋਂ ਅਲੈਕਸੇਈ ਨੇ ਬਿਲਕੁਲ ਠੀਕ ਠੀਕ ਅੰਦਾਜ਼ਾ ਲਾ ਲਿਆ ਕਿ ਇਹ “ਇਲ-16” ਹਵਾਈ ਜਹਾਜ਼ ਦੀ ਆਵਾਜ਼ ਸੀ, ਜਿਸ ਤਰ੍ਹਾਂ ਦਾ ਹਵਾਈ ਜਹਾਜ਼ ਕਿ ਉਹ ਉਡਾਉਂਦਾ ਰਿਹਾ ਹੈ।
ਇੰਜਣ ਦਾ ਭਿਣਕਵੀਂ ਆਵਾਜ਼ ਨੇੜੇ ਆਉਂਦੀ ਗਈ, ਉੱਚੀ ਹੁੰਦੀ ਗਈ ਤੇ ਹਵਾਈ ਜਹਾਜ਼ ਦੇ ਹਵਾ ਵਿਚ ਮੋੜ ਕੱਟਣ ਦੇ ਨਾਲ ਕਦੀ ਇਹ ਸੀਟੀਂ ਵਿੱਚ ਬਦਲ ਜਾਂਦੀ ਕਦੀ ਕੱਰਾਹਟ ਵਿਚ, ਤੇ ਆਖ਼ਰ ਉਪਰ ਭੂਰੇ ਜਿਹੇ ਅਕਾਸ਼ ਵਿੱਚ ਅਲੈਕਸੇਈ ਨੂੰ ਛੋਟੀ ਜਿਹੀ, ਹੌਲ਼ੀ ਹੌਲ਼ੀ ਚੱਲਦੀ ਸਲੀਬ ਜਿਹੀ ਦਿਖਾਈ ਦਿੱਤੀ, ਜਿਹੜੀ ਸਲੇਟੀ ਜਿਹੇ, ਧੁੰਦਲੇ ਬੱਦਲਾਂ ਵਿਚ ਜਾ ਲੁਕਦੀ ਤੇ ਫਿਰ ਨਿੱਕਲ ਆਉਂਦੀ ਸੀ । ਉਸਨੂੰ ਇਸਦੇ ਪਰ੍ਹਾਂ ਉੱਤੇ ਲਾਲ ਸਿਤਾਰੇ ਵੀ ਦਿਖਾਈ ਦੇਣ ਲੱਗ ਪਏ, ਤੇ ਉਸਦੇ ਬਿਲਕੁਲ ਸਿਰ ਉਪਰ ਉਸਨੇ ਚੱਕਰ ਕੱਟਿਆ, ਤੇ ਇਸ ਤਰਾਂ ਕਰਦਾ ਹੋਇਆ ਇਹ ਧੁੱਪ ਵਿੱਚ ਲਿਸ਼ਕਾਂ ਮਾਰਨ ਲੱਗਾ, ਫਿਰ ਇਹ ਟੇਢਾ ਹੋਇਆ ਤੇ ਉਡਦਾ ਹੋਇਆ ਉਥੋਂ ਚਲਾ ਗਿਆ। ਜਲਦੀ ਹੀ ਇਸਦੇ ਇੰਜਣ ਦੀ ਭਿਣਕਵੀਂ ਜਿਹੀ ਅਵਾਜ਼ ਵੀ ਆਉਣੀ ਬੰਦ ਹੋ ਗਈ, ਤੇ ਹਵਾ ਵਿੱਚ ਝੂਲ ਰਹੀਆਂ ਬਰਫ਼-ਢਕੀਆਂ ਟਾਹਣੀਆਂ ਦੀ ਹਲਕੀ ਜਿਹੀ ਖੜ-ਖੜ ਵਿੱਚ ਗੁੰਮ ਗਈ, ਪਰ ਕਿੰਨਾਂ ਚਿਰ ਮਗਰੋਂ ਤਕ ਅਲੈਕਸੇਈ ਨੂੰ ਲੱਗਦਾ ਰਿਹਾ ਕਿ ਜਿਵੇਂ ਉਸਨੂੰ ਅਜੇ ਵੀ ਹਲਕੀ ਜਿਹੀ, ਸੀਟੀ ਵਰਗੀ ਅਵਾਜ਼ ਸੁਣਾਈ ਦੇ ਰਹੀ ਹੋਵੇ।
ਉਸਨੇ ਆਪਣੇ ਆਪ ਦੀ ਕਾਕਪਿਟ ਵਿੱਚ ਬੈਠਿਆਂ ਕਲਪਨਾ ਕੀਤੀ। ਅੱਖ-ਪਲਕਾਰੇ ਵਿੱਚ, ਬੰਦੇ ਦੇ ਸਿਗਰਟ ਸੁਲਗਾਉਣ ਤੋਂ ਵੀ ਪਹਿਲਾਂ, ਉਹ ਜੰਗਲ ਵਿੱਚ ਸਥਿਤ ਆਪਣੇ ਹਵਾਈ ਅੱਡੇ ਉੱਤੇ ਵਾਪਸ ਪੁੱਜ ਸਕਦਾ ਸੀ। ਉਸ ਹਵਾਈ ਜਹਾਜ਼ ਵਿੱਚ ਕੌਣ ਸੀ ? ਸ਼ਾਇਦ ਆਂਦਰੇਈ ਦੇਗਤੀਆਰੈਨਕੋ, ਸਵੇਰ ਦੀ ਗਸ਼ਤ ਲਾ ਰਿਹਾ ਸੀ । ਉਹ ਉਹਨਾਂ ਉਡਾਣਾਂ ਲਈ ਉੱਪਰ ਜਾਇਆ ਕਰਦਾ ਸੀ, ਮਨ ਵਿੱਚ ਇਹ ਲੁਕਵੀਂ ਆਸ ਲੈ ਕੇ ਕਿ ਉਸਦਾ ਟਾਕਰਾ ਦੁਸ਼ਮਣ ਨਾਲ ਹੋ ਜਾਇਗਾ। ਦੇਗਤੀਆਰੈਨਕੋ ਹਵਾਈ ਜਹਾਜ਼ ਦੋਸਤ ਮੁੰਡੇ…
ਤਾਜ਼ਾ ਸ਼ਕਤੀ ਤੋਂ ਪ੍ਰੇਰਿਤ ਹੁੰਦਿਆਂ, ਅਲੈਕਸੇਈ ਨੇ ਟੋਏ ਦੇ ਬਰਫ਼ ਵਾਲ਼ੇ ਪਾਸੇ ਧਿਆਨ ਮਾਰਿਆ। “ਇਸ ਤਰ੍ਹਾਂ ਤਾਂ ਮੈਂ ਕਦੀ ਵੀ ਬਾਹਰ ਨਹੀਂ ਨਿੱਕਲ ਸਕਾਂਗਾ”, ਉਸਨੇ ਮਨ ਹੀ ਮਨ ਵਿਚ ਕਿਹਾ।“ਪਰ ਮੈਂ ਇਥੇ ਪਿਆ ਪਿਆ ਮੌਤ ਦੀ ਉਡੀਕ ਨਹੀਂ ਕਰ ਸਕਦਾ!” ਉਸਨੇ ਮਿਆਨ ਵਿੱਚੋਂ ਆਪਣਾ ਛੁਰਾ ਕੱਢਿਆ ਤੇ ਸਿੱਥਲ ਜਿਹੇ ਕਮਜ਼ੋਰ ਵਾਰਾਂ ਨਾਲ ਬਰਫ਼ੀਲੇ ਪਾਸੇ ਵਿੱਚ ਪੈਰ ਅੜਾਉਣ ਲਈ ਥਾਂ ਬਣਾਉਣ ਲੱਗਾ; ਜੰਮੀ ਹੋਈ ਬਰਫ਼ ਨੂੰ ਉਹ ਆਪਣੀਆਂ ਉਂਗਲਾਂ ਦੇ ਨਹੁੰਆਂ ਨਾਲ ਖੁਰਚ ਕੇ ਹਟਾਉਂਦਾ। ਉਹ ਉਦੋਂ ਤੱਕ ਖੁਰਚਦਾ ਰਿਹਾ, ਜਦੋਂ ਤੱਕ ਕਿ ਉਸਦੇ ਨਹੁੰ ਟੁੱਟ ਨਾ ਗਏ ਤੇ ਉਂਗਲਾਂ ਵਿੱਚੋਂ ਖੂਨ ਨਾ ਨਿੱਕਲਣ ਲੱਗ ਪਿਆ, ਪਰ ਉਸਨੇ ਬਿਨਾਂ ਢਿੱਲੇ ਪੈਣ ਦੇ, ਪੂਰੇ ਜੋਸ਼ ਨਾਲ ਆਪਣਾ ਖੰਜਰ ਚਲਾਉਣਾ ਜਾਰੀ ਰੱਖਿਆ। ਫਿਰ ਕੀਤੇ ਮਘੋਰਿਆਂ ਨੂੰ ਆਪਣੇ ਹੱਥਾਂ ਤੇ ਗੋਡਿਆਂ ਨਾਲ ਚੰਬੜਦਿਆਂ ਉਹ ਹੌਲ਼ੀ ਹੌਲ਼ੀ ਪਾਸੇ ਵੱਲੋਂ ਉਤਾਂਹ ਚੜਿਆ ਤੇ ਬੰਨੇ ਤੱਕ ਪਹੁੰਚ ਗਿਆ । ਬੰਨੇ ਦੇ ਉਪਰੋਂ ਦੀ ਹੋਣ ਤੇ ਬਾਹਰ ਨੂੰ ਰਿੜਣ ਲਈ ਇੱਕ ਹੋਰ ਹੰਭਲਾ, ਤੇ ਉਸਦੀ ਜ਼ਿੰਦਗੀ ਬਚ ਜਾਇਗੀ, ਪਰ ਉਸਦੇ ਪੈਰ ਤਿਲਕ ਗਏ ਤੇ ਉਹ ਰਿੜ੍ਹ ਕੇ ਹੇਠਾਂ ਜਾ ਡਿੱਗਾ ਤੇ ਉਸਦਾ ਮੂੰਹ ਜ਼ੋਰ ਦੀ ਬਰਫ਼ ਨਾਲ ਜਾ ਵੱਜਾ। ਉਸਨੂੰ ਸਖ਼ਤ ਸੱਟ ਲੱਗੀ, ਪਰ ਹਵਾਈ ਜਹਾਜ਼ ਦੀ ਭਿਣਕ ਅਜੇ ਵੀ ਉਸਦੇ ਕੰਨਾਂ ਵਿੱਚ ਗੂੰਜ ਰਹੀ ਸੀ। ਉਹ ਮੁੜ ਕੇ ਪਾਸੇ ਵੱਲ ਉਤਾਂਹ ਚੜ੍ਹਿਆ ਤੇ ਫਿਰ ਤਿਲਕ ਕੇ ਹੇਠਾਂ ਆ ਡਿੱਗਾ। ਫਿਰ ਕੀਤੇ ਮਘੋਰਿਆਂ ਨੂੰ ਗਹੁ ਨਾਲ ਦੇਖਦਿਆਂ ਉਸਨੇ ਉਹਨਾਂ ਨੂੰ ਹੋਰ ਡੂੰਘਾ ਕਰਨਾ ਸ਼ੁਰੂ ਕਰ ਦਿੱਤਾ ਤੇ ਉਪਰਲਿਆਂ ਦੇ ਸਿਰਿਆਂ ਨੂੰ ਹੋਰ ਤਿੱਖੇ ਕਰ ਦਿੱਤਾ । ਇਹ ਕੰਮ ਖ਼ਤਮ ਕਰਨ ਮਗਰੋਂ ਉਸਨੇ ਆਪਣੀ ਖ਼ਤਮ ਹੁੰਦੀ ਜਾ ਰਹੀ ਤਾਕਤ ਨੂੰ ਚੌਕਸੀ ਨਾਲ ਵਰਤਦਿਆਂ ਮੁੜਕੇ ਚੜ੍ਹਨਾ ਸ਼ੁਰੂ ਕਰ ਦਿੱਤਾ ।
ਬੇਹੱਦ ਮੁਸ਼ਕਲ ਨਾਲ ਉਸਨੇ ਰੇਤਲੇ ਬੰਨੇ ਤੋਂ ਆਪਣੇ ਆਪ ਨੂੰ ਪਾਰ ਸੁੱਟਿਆ ਤੇ ਬੇਬਸੀ ਨਾਲ ਰਿੜ੍ਹਦਾ ਰਿੜ੍ਹਦਾ ਹੇਠਾਂ ਜ਼ਮੀਨ ਤੱਕ ਆ ਗਿਆ। ਫਿਰ ਉਹ ਉਸ ਪਾਸੇ ਵੱਲ ਰਿੜ੍ਹਨ ਲੱਗਾ ਜਿਧਰ ਨੂੰ ਹਵਾਈ ਜਹਾਜ਼ ਗਿਆ ਸੀ, ਤੇ ਜਿਸ ਪਾਸੇ ਵੱਲੋਂ ਸੂਰਜ ਚੜ੍ਹ ਕੇ ਜੰਗਲ ਦੇ ਉੱਪਰ ਆ ਗਿਆ ਸੀ, ਜਿਸ ਨਾਲ ਬਰਫ਼-ਖਾਣੀ ਧੁੰਦ ਦੂਰ ਹੋ ਗਈ ਸੀ ਤੇ ਬਰਫ਼ ਦੀ ਪੇਪੜੀ ਬਲੌਰ ਵਾਂਗ ਲਿਸ਼ਕਣ ਲੱਗ ਪਈ ਸੀ।
13
ਪਰ ਰਿੜ੍ਹਨਾ ਉਸਨੂੰ ਬੇਹੱਦ ਮੁਸ਼ਕਲ ਲੱਗ ਰਿਹਾ ਸੀ । ਉਸਦੀਆਂ ਬਾਹਵਾਂ ਕੰਬ ਰਹੀਆਂ ਸਨ ਤੇ, ਉਸਦੇ ਸਰੀਰ ਦਾ ਬੋਝ ਚੁੱਕਣ ਤੋਂ ਅਸਮਰੱਥ, ਲੁੜਕਦੀਆਂ ਜਾ ਰਹੀਆਂ ਸਨ। ਕਈ ਵਾਰੀ ਉਸਦਾ ਮੂੰਹ ਢਲਦੀ ਬਰਫ਼ ਨਾਲ ਵੱਜਾ। ਇੰਝ ਲੱਗਦਾ ਸੀ ਜਿਵੇਂ ਧਰਤੀ ਦੀ ਨਾਭ-ਖਿੱਚ ਵਿੱਚ ਅਥਾਹ ਵਾਧਾ ਹੋ ਗਿਆ ਹੈ, ਤੇ ਇਸਦਾ ਮੁਕਾਬਲਾ ਕਰ ਸਕਣਾ ਅਸੰਭਵ ਹੈ। ਅਲੈਕਸੇਈ ਦਾ ਬੜਾ ਜੀਅ ਕਰਦਾ ਸੀ, ਕਿ ਲੇਟ ਜਾਏ ਤੇ ਅਰਾਮ ਕਰੇ, ਭਾਵੇਂ ਅੱਧਾ ਘੰਟਾਂ ਹੀ ਸਹੀ, ਪਰ ਅੱਗੇ ਵੱਧੀ ਜਾਣ ਦੀ ਦ੍ਰਿੜ੍ਹਤਾ ਅੱਜ ਝੱਲ ਦਾ ਰੂਪ ਧਾਰਨ ਕਰ ਗਈ ਸੀ; ਸੋ ਉਹ ਰੀਂਗਦਾ ਗਿਆ, ਰੀਂਗਦਾ ਗਿਆ; ਉਹ ਡਿੱਗ ਪੈਂਦਾ, ਫਿਰ ਉੱਠ ਪੈਂਦਾ ਤੇ ਰਿੜ੍ਹਨ ਲੱਗ ਪੈਂਦਾ; ਉਸਨੂੰ ਨਾ ਪੀੜ ਦੀ ਸੁਰਤ ਸੀ, ਨਾ ਭੁੱਖ ਦੀ, ਉਸਨੂੰ ਕੁਝ ਨਹੀਂ ਸੀ ਦਿਖਾਈ ਦੇ ਰਿਹਾ, ਕੁਝ ਨਹੀਂ ਸੀ ਸੁਣਾਈ ਦੇ ਰਿਹਾ, ਸਿਵਾਏ ਤੋਪਾਂ ਦੇ ਤੇ ਮਸ਼ੀਨ-ਗੰਨਾਂ ਦੇ ਚੱਲਣ ਦੀ ਅਵਾਜ਼ ਦੇ।
ਜਦੋਂ ਉਸ ਦੀਆਂ ਬਾਹਵਾਂ ਨੇ ਉਸਨੂੰ ਆਸਰਾ ਦੇਣਾ ਛੱਡ ਦਿੱਤਾ, ਤਾਂ ਉਸਨੇ ਰੀਂਗਣ ਦੀ ਕੋਸ਼ਿਸ਼ ਕੀਤੀ, ਪਰ ਇਹ ਬੜਾ ਅਜੀਬ ਲੱਗਦਾ ਸੀ, ਜਿਸ ਕਰਕੇ ਉਹ ਲੇਟ ਗਿਆ ਤੇ ਆਪਣੀਆਂ ਅਰਕਾਂ ਨੂੰ ਲੀਵਰਾਂ ਵਜੋਂ ਵਰਤਦਿਆਂ, ਪਾਸਿਆਂ ਵੱਲ ਰਿੜ੍ਹਨ ਦੀ ਕੋਸ਼ਿਸ਼ ਕਰਨ ਲੱਗਾ । ਉਸਨੂੰ ਲੱਗਾ ਕਿ ਇੰਝ ਉਹ ਕਰ ਸਕਦਾ ਸੀ, ਮੁੜ ਮੁੜ ਕੇ ਪਾਸਿਆਂ ਵੱਲ ਨੂੰ ਰਿੜੀ ਜਾਣਾ ਰੀਂਗਣ ਨਾਲੋਂ ਵਧੇਰੇ ਸੌਖਾ ਸੀ ਤੇ ਇਸ ਵਾਸਤੇ ਬਹੁਤਾ ਜ਼ੋਰ ਲਾਉਣ ਦੀ ਵੀ ਲੋੜ ਨਹੀਂ ਸੀ। ਪਰ ਇਸ ਨਾਲ ਉਸਦੇ ਸਿਰ ਨੂੰ ਭੌਂ ਆਉਣ ਲੱਗ ਪਏ ਤੇ ਮੁੜ ਮੁੜ ਕੇ ਉਹ ਬੇਹੋਸ਼ ਹੋਣ ਲੱਗ ਪਿਆ । ਉਸਨੂੰ ਅਕਸਰ ਰੁਕਣਾ ਪੈਂਦਾ; ਉਹ ਉੱਠ ਬੈਠਦਾ ਤੇ ਉਡੀਕਣ ਲੱਗ ਪੈਂਦਾ ਜਦੋਂ ਤੱਕ ਜ਼ਮੀਨ, ਜੰਗਲ ਤੇ ਅਕਾਸ਼ ਚੱਕਰ ਕਟਣੋਂ ਨਾ ਰੁਕ ਜਾਂਦੇ ।
ਦਰਖਤ ਵਿਰਲੇ ਹੋਣੇ ਸ਼ੁਰੂ ਹੋ ਗਏ ਤੇ ਵਿੱਚ ਵਿੱਚ ਖੁੱਲ੍ਹੀ ਥਾਂ ਵੀ ਆ ਜਾਂਦੀ ਜਿਥੋਂ ਦਰਖਤ ਡੇਗੇ ਜਾ ਚੁੱਕੇ ਸਨ । ਸਿਆਲੀ ਸੜਕਾਂ ਦੇ ਨਿਸ਼ਾਨ ਸਾਮ੍ਹਣੇ ਆਉਣ ਲੱਗ ਪਏ। ਅਲੈਕਸੇਈ ਹੁਣ ਹੋਰ ਇਹ ਨਹੀਂ ਸੀ ਸੋਚ ਰਿਹਾ ਕਿ ਉਹ ਆਪਣੇ ਲੋਕਾਂ ਤੱਕ ਪਹੁੰਚ ਸਕੇਗਾ ਕਿ ਨਹੀਂ, ਸਗੋਂ ਉਹ ਰਿੜੀ ਜਾਣ ਲਈ ਦ੍ਰਿੜ੍ਹ ਸੀ, ਜਦੋਂ ਤੱਕ ਉਸ ਵਿੱਚ ਰਿੜ੍ਹੀ ਜਾਣ ਦੀ ਤਾਕਤ ਸੀ। ਜਦੋਂ ਉਸ ਭਿਆਨਕ ਬੋਝ ਕਾਰਨ, ਜਿਹੜਾ ਉਸਦੇ ਸਾਰੇ ਕਮਜ਼ੋਰ ਹੋਏ ਹੋਏ ਪੱਠਿਆਂ ਉੱਪਰ ਪੈ ਰਿਹਾ ਸੀ, ਉਹ ਬੇਹੋਸ਼ ਹੋ ਜਾਂਦਾ, ਤਾਂ ਉਸਦੀਆਂ ਬਾਹਵਾਂ ਤੇ ਉਸਦਾ ਸਾਰਾ ਸਰੀਰ ਆਪਣੇ ਆਪ ਇਹ ਗੁੰਝਲਦਾਰ ਹਰਕਤਾਂ ਕਰੀ ਜਾਂਦਾ ਤੇ ਉਹ ਬਰਫ਼ ਵਿੱਚ ਰਿੜ੍ਹੀ ਗਿਆ – ਉਸ ਪਾਸੇ ਵੱਲ, ਜਿਧਰੋਂ ਤੋਪਾਂ ਚੱਲਣ ਦੀ ਅਵਾਜ਼ ਆ ਰਹੀ ਸੀ – ਪੂਰਬ ਵੱਲ।
ਅਲੈਕਸੇਈ ਨੂੰ ਯਾਦ ਨਹੀਂ ਸੀ ਕਿ ਉਹ ਰਾਤ ਉਸਨੇ ਕਿਵੇਂ ਕੱਟੀ ਸੀ, ਜਾਂ ਅਗਲੀ ਸਵੇਰ ਉਹ ਕਾਫੀ ਅੱਗੇ ਵਧ ਗਿਆ ਸੀ ਜਾਂ ਨਹੀਂ । ਸਭ ਕੁਝ ਅਰਧ-ਮੂਰਛਾ ਦੇ ਹਨੇਰੇ ਵਿੱਚ ਡੁੱਬਾ ਹੋਇਆ ਸੀ । ਉਸ ਨੂੰ ਆਪਣੇ ਰਾਹ ਵਿੱਚ ਆਈਆਂ ਰੁਕਵਟਾਂ ਬਾਰੇ ਕੁਝ ਕੁਝ ਯਾਦ ਸੀ: ਡੇਗੇ ਹੋਏ ਦਿਆਰ ਦੇ ਦਰਖਤ ਦਾ ਸੁਨਹਿਰੀ ਤਣਾ, ਜਿਸ ਵਿੱਚੋਂ ਅੰਬਰ ਦੇ ਰੰਗ ਦਾ ਬਰੋਜ਼ਾ ਨਿੱਕਲ ਰਿਹਾ ਸੀ, ਛਤੀਰੀਆਂ ਦਾ ਇੱਕ ਢੇਰ, ਆਲੇ ਦੁਆਲੇ ਹਰ ਥਾਂ ਪਿਆ ਬੂਰਾ ਤੇ ਸੱਕ, ਦਰਖਤ ਦੀ ਇੱਕ ਮੁੱਢੀ, ਜਿਸਦੇ ਕੱਟੇ ਹੋਏ ਸਿਰੇ ਉੱਤੇ ਉਸਦੀ ਉਮਰ ਦੇ ਇੱਕ ਇੱਕ ਸਾਲ ਦਾ ਇੱਕ ਇੱਕ ਛੱਲਾ ਪਿਆ ਹੋਇਆ ਸੀ।
ਕਿਸੇ ਅਸਧਾਰਨ ਅਵਾਜ਼ ਨੇ ਉਸਨੂੰ ਉਸਦੀ ਅਰਧ-ਮੂਰਛਾ ਦੀ ਹਾਲਤ ਵਿੱਚੋਂ ਕੱਢ ਲਿਆ, ਪੂਰੀ ਤਰਾਂ ਹੋਸ਼ ਵਿੱਚ ਲੈ ਆਂਦਾ ਤੇ ਉਸਨੂੰ ਉੱਠ ਕੇ ਬੈਠਣ ਤੇ ਚਾਰ ਚੁਫੇਰੇ ਦੇਖਣ ਲਈ ਮਜ਼ਬੂਰ ਕਰ ਦਿੱਤਾ। ਉਸਨੇ ਦੇਖਿਆ ਕਿ ਉਹ ਇੱਕ ਖੁੱਲੀ ਥਾਂ ਉੱਤੇ ਸੀ ਜਿੱਥੋਂ ਜੰਗਲ ਸਾਫ਼ ਕੀਤਾ ਜਾ ਚੁੱਕਾ ਸੀ; ਉਥੇ ਧੁੱਪ ਦਾ ਹੜ੍ਹ ਆਇਆ ਹੋਇਆ ਸੀ, ਤੇ ਜਿੱਥੇ ਡੇਗੇ ਜਾ ਚੁਕੇ ਤੇ ਅਜੇ ਤੱਕ ਅਣਛਾਂਗੇ ਦਰਖਤ ਤੇ ਗੇਲੀਆਂ ਖਿਲਰੀਆਂ ਪਈਆਂ ਹਨ । ਬਾਲਣ ਵਾਲੀਆਂ ਲੱਕੜਾਂ ਦੇ ਢੇਰ ਸਾਫ-ਸੁਥਰੀ ਤਰ੍ਹਾਂ ਵੱਖ ਵੱਖ ਕਰਕੇ ਲਾਏ ਹੋਏ ਸਨ। ਦੁਪਹਿਰ ਦਾ ਸੂਰਜ ਸਿਰ ਉੱਤੇ ਖੜਾ ਸੀ । ਬਰੋਜ਼ੇ, ਗਰਮ ਹੋਏ ਕੋਨੀਫਰਾਂ ਤੇ ਬਰਫ਼ ਦੇ ਸਲ੍ਹਾਬੇ ਦੀ ਵਾਸ਼ਨਾ ਨਾਲ ਹਵਾ ਭਰੀ ਪਈ ਸੀ, ਤੇ ਜ਼ਮੀਨ ਤੋਂ, ਜਿਸ ਤੋਂ ਅਜੇ ਤੱਕ ਬਰਫ਼ ਨਹੀਂ ਸੀ ਪਿਘਲੀ ਬਹੁਤ ਉੱਪਰ ਇੱਕ ਚੰਡੋਲ ਗਾ ਰਹੀ ਸੀ ਤੇ ਆਪਣੀ ਸਾਰੀ ਰੂਹ ਆਪਣੀ ਸਾਦੀ ਜਿਹੀ ਧੁਨ ਵਿਚ ਪਾ ਰਹੀ ਸੀ ।
ਅਸਪੱਸ਼ਟ ਜਿਹੇ ਖਤਰੇ ਦੀ ਭਾਵਨਾ ਨਾਲ ਭਰੇ ਹੋਏ ਅਲੈਕਸੇਈ ਨੇ ਸਾਫ਼ ਕੀਤੇ ਮੈਦਾਨ ਦੇ ਚਾਰ-ਚੁਫੇਰੇ ਨਜ਼ਰਾਂ ਫੇਰੀਆਂ। ਇਹ ਸੱਜਰਾ ਲੱਗਦਾ ਸੀ; ਇੰਝ ਨਹੀਂ ਸੀ ਲੱਗਦਾ ਕਿ ਜਿਵੇਂ ਇਹ ਛੁੱਟਣ-ਛੱਡਿਆ ਹੋਵੇ। ਦਰਖਤ ਅਜੇ ਕੁਝ ਹੀ ਸਮਾਂ ਪਹਿਲਾਂ ਡੇਗੇ ਗਏ ਸਨ, ਕਿਉਂਕਿ ਇਹਨਾਂ ਦੀਆਂ ਟਾਹਣੀਆਂ ਅਜੇ ਵੀ ਸੱਜਰੀਆਂ ਤੇ ਹਰੀਆਂ ਸਨ, ਸ਼ਹਿਦ ਵਰਗਾ ਬਰੋਜ਼ਾ ਅਜੇ ਵੀ ਵੱਢਾਂ ਵਿਚੋਂ ਚੋ ਰਿਹਾ ਸੀ ਤੇ ਸੱਕਾਂ ਵਿਚੋਂ ਤੇ ਆਸੇ ਪਾਸੇ ਖਿਲਰੇ ਛਿਲਕਿਆਂ ਵਿਚੋਂ ਸੱਜਰੀ ਸੱਜਰੀ ਵਾਸ਼ਨਾ ਅਜੇ ਆ ਰਹੀ ਸੀ। ਸੋ ਇਹ ਮੈਦਾਨ ਜਿਊਂ ਰਿਹਾ ਸੀ। ਸ਼ਾਇਦ ਜਰਮਨ ਆਪਣੇ ਭੌਰਿਆਂ ਲਈ ਤੇ ਥੜ੍ਹਿਆਂ ਲਈ ਇਥੋਂ ਗੇਲੀਆਂ ਤਿਆਰ ਕਰ ਰਹੇ ਸਨ ? ਇਸ ਸੂਰਤ ਵਿੱਚ ਚੰਗਾ ਇਹ ਹੋਵੇਗਾ ਕਿ ਉਹ ਜਿੰਨੀ ਜਲਦੀ ਤੋਂ ਜਲਦੀ ਹੋ ਸਕੇ, ਇਥੋਂ ਚਲਾ ਜਾਏ, ਕਿਉਂਕਿ ਲੱਕੜਹਾਰੇ ਕਿਸ ਵੇਲੇ ਵੀ ਵਾਪਸ ਆ ਸਕਦੇ ਹਨ। ਪਰ ਉਸਦਾ ਸਰੀਰ ਪੱਥਰ ਹੁੰਦਾ ਜਾਂਦਾ ਲੱਗਦਾ ਸੀ, ਕੋਈ ਹਲਕੀ ਹਲਕੀ, ਬੋਝਲ ਪੀੜ ਉਸਨੂੰ ਜਕੜ ਰਹੀ ਸੀ ਤੇ ਉਸ ਵਿੱਚ ਹਿੱਲਣ ਦੀ ਸੱਤਾ ਨਹੀਂ ਸੀ।
ਕੀ ਉਹ ਰੀਂਗਦਾ ਜਾਏ? ਜੰਗਲ ਵਿੱਚ ਬਿਤਾਈ ਜ਼ਿੰਦਗੀ ਦੇ ਇਨ੍ਹਾਂ ਦਿਨਾਂ ਨਾਲ ਜਿਹੜੀ ਉਸ ਵਿੱਚ ਅੰਤਰ-ਪ੍ਰੇਰਨਾ ਪੈਦਾ ਹੋਈ ਸੀ, ਉਸਨੇ ਉਸਨੂੰ ਖ਼ਬਰਦਾਰ ਕਰ ਦਿੱਤਾ । ਉਸਨੂੰ ਦਿਸਿਆ ਤਾਂ ਨਾ, ਪਰ ਉਹ ਮਹਿਸੂਸ ਕਰ ਸਕਦਾ ਸੀ ਕਿ ਕੋਈ ਲਗਾਤਾਰ ਉਸਨੂੰ ਨੇੜਿਉਂ ਹੀ ਕਿਤੋਂ ਦੇਖ ਰਿਹਾ ਸੀ। ਇਹ ਕੌਣ ਸੀ ? ਜੰਗਲ ਵਿੱਚ ਚੁਪ ਚਾਂ ਸੀ, ਸਾਫ ਕੀਤੇ ਮੈਦਾਨ ਉਪਰਲੇ ਅਕਾਸ਼ ਵਿੱਚ ਚੰਡੋਲ ਗਾ ਰਹੀ ਸੀ, ਕਿਸੇ ਚੱਕੀਰਾਹੇ ਦੀ ਖੋਖਲੀ ਠਕ- ਠਕ ਸੁਣਾਈ ਦੇ ਰਹੀ ਸੀ, ਤੇ ਡੇਗੇ ਗਏ ਦਰਖਤਾਂ ਦੀਆਂ ਝੁਕੀਆਂ ਟਾਹਣਾਂ ਵਿਚਕਾਰ ਤੇਜ਼ ਤੇਜ਼ ਆ ਰਹੀਆਂ ਪਿੱਦੀਆਂ ਇੱਕ ਦੂਜੀ ਨੂੰ ਗੁੱਸੇ ਨਾਲ ਚੀਂ-ਚੀਂ ਕਰ ਰਹੀਆਂ ਸਨ। ਪਰ ਸਭ ਕਾਸੇ ਦੇ ਬਾਵਜੂਦ ਅਲੈਕਸੇਈ ਆਪਣੇ ਸਰੀਰ ਦੀ ਨਸ ਨਸ ਰਾਹੀਂ ਮਹਿਸੂਸ ਕਰ ਰਿਹਾ ਸੀ ਕਿ ਉਸਨੂੰ ਤਾੜਿਆ ਜਾ ਰਿਹਾ ਹੈ ।
ਇੱਕ ਟਾਹਣ ਤਿੜ-ਤਿੜ ਕੀਤੀ । ਉਸਨੇ ਮੁੜ ਕੇ ਦੇਖਿਆ ਤੇ ਦਿਆਰ ਦੇ ਲਵੇ ਦਰਖਤਾਂ ਦੇ ਸਲੇਟੀ ਝੁੰਡਾ ਵਿਚਕਾਰ, ਜਿਨ੍ਹਾਂ ਦੀਆਂ ਘੁੰਗਰਾਲੀਆਂ ਟੀਸੀਆਂ ਹਵਾ ਵਿੱਚ ਝੂਲ ਰਹੀਆਂ ਸਨ, ਉਸਨੂੰ ਕਈ ਟਾਹਣੀਆਂ ਦਿਸੀਆਂ ਜਿਹੜੀਆਂ ਸਵੈਧੀਨ ਤੌਰ ਉੱਤੇ ਕਾਰਜ ਕਰ ਰਹੀਆਂ ਲੱਗਦੀਆਂ ਸਨ, ਉਹ ਬਾਕੀ ਦੀਆਂ ਦੇ ਨਾਲ ਮਿਲ ਕੇ ਨਹੀਂ ਸਨ ਹਿੱਲ ਰਹੀਆਂ । ਤੇ ਉਸਨੂੰ ਲੱਗਦਾ ਸੀ ਕਿ ਉਸਨੂੰ ਉਪਰੋਂ ਆਉਂਦੀ ਮਧਮ, ਉਤੇਜਿਤ ਘੁਸਰ-ਮੁਸਰ ਸੁਣਾਈ ਦੇ ਰਹੀ ਹੈ: ਮਨੁੱਖੀ ਜੀਵਾਂ ਦੀ ਘੁਸਰ ਮੁਸਰ । ਇੱਕ ਵਾਰੀ ਫਿਰ ਉਸਦੀ ਕੰਗਰੋੜ ਵਿੱਚ ਕੰਬਣੀ ਦੌੜ ਗਈ, ਜਿਵੇਂ ਕਿ ਕੁੱਤੇ ਨੂੰ ਵੇਖ ਹੋਇਆ ਸੀ।
ਉਸਨੇ ਆਪਣੀ ਵਰਦੀ ਦੀ ਛਾਤੀ ਵਾਲੀ ਜੇਬ ਵਿਚੋਂ ਜਲਦੀ ਨਾਲ਼ ਪਿਸਤੌਲ ਕੱਢਿਆ। ਪਿਸਤੌਲ ਨੂੰ ਪਹਿਲਾਂ ਹੀ ਜੰਗਾਲ ਲੱਗ ਚੁਕਾ ਸੀ ਤੇ ਘੋੜਾ ਚੜਾਉਣ ਲਈ ਉਸਨੂੰ ਦੋਵੇਂ ਹੱਥ ਵਰਤਣੇ ਪਏ। ਇਸ ਨਾਲ ਹੋਏ ਖੜਾਕ ਨਾਲ ਦਿਆਰਾਂ ਵਿਚਕਾਰ ਛੁਪਿਆ ਕੋਈ ਭਕ ਗਿਆ ਲੱਗਦਾ ਸੀ । ਦਰਖਤਾਂ ਦੀਆਂ ਕਈ ਟੀਸੀਆਂ ਬੋਝਲ ਢੰਗ ਨਾਲ ਝੂਲੀਆਂ, ਜਿਵੇਂ ਕੋਈ ਉਹਨਾਂ ਨਾਲ ਜਾ ਵੱਜਾ ਹੋਵੇ, ਪਰ ਜਲਦੀ ਹੀ ਸਭ ਪਾਸੇ ਮੁੜ ਚੁੱਪ-ਚਾਂ ਹੋ ਗਈ।
“ਕੌਣ ਹੈ ਇਹ, ਕੋਈ ਆਦਮੀ ਜਾਂ ਜਾਨਵਰ? ਅਲੈਕਸੇਈ ਨੇ ਆਪਣੇ ਆਪ ਤੋਂ ਪੁੱਛਿਆਂ ਤੇ ਉਸਨੂੰ ਲੱਗਾ ਜਿਵੇਂ ਉਸਨੂੰ ਦਰਖਤਾਂ ਦੇ ਝੁੰਡ ਵਿੱਚੋਂ ਕਿਸੇ ਦੀ ਇਹ ਪੁੱਛਦੇ ਦੀ ਆਵਾਜ਼ ਸੁਣਾਈ ਦਿੱਤੀ ਹੋਵੇ: “ਕੀ ਇਹ ਆਦਮੀ ਹੈ ?” ਇਹ ਉਸਦੀ ਕਲਪਨਾ ਸੀ ? ਜਾਂ ਉਸਨੂੰ ਸੱਚਮੁਚ ਕਿਸੇ ਦੀ ਝੁੰਡ ਵਿੱਚ ਰੂਸੀ ਬੋਲਦੇ ਦੀ ਅਵਾਜ਼ ਸੁਣਾਈ ਦਿੱਤੀ ਸੀ ? ਕਿਉਂ, ਲੈ, ਰੂਸੀ! ਤੇ ਕਿਉਂਕਿ ਇਹ ਰੂਸੀ ਸੀ, ਇਸ ਲਈ ਉਸ ਉਤੇ ਇੱਕਦਮ ਖੁਸ਼ੀ ਦਾ ਐਸਾ ਝੱਲ ਤਾਰੀ ਹੋ ਗਿਆ ਕਿ, ਇਹ ਸੋਚਣ ਲਈ ਰੁਕੇ ਤੋਂ ਬਿਨਾਂ ਕਿ ਇਹ ਕੋਈ ਦੋਸਤ ਸੀ ਜਾਂ ਦੁਸਮਣ, ਉਸਨੇ ਇੱਕ ਜੇਤੂ ਕੁਕ ਛੱਡੀ, ਉੱਛਲ ਕੇ ਪੈਰਾਂ-ਭਾਰ ਖੜੋ ਗਿਆ, ਉਸ ਥਾਂ ਵੱਲ ਦੌੜਿਆਂ ਜਿਧਰੋਂ ਅਵਾਜ਼ ਆਈ ਸੀ ਤੇ ਇੱਕਦਮ ਢਹਿ-ਢੇਰੀ ਹੋ ਗਿਆ ਜਿਵੇਂ ਉਸਨੂੰ ਕਿਸੇ ਨੇ ਦਰਖਤ ਵਾਂਗ ਡੇਗ ਦਿੱਤਾ ਹੋਵੇ, ਤੇ ਉਸਦਾ ਪਿਸਤੌਲ ਬਰਫ਼ ਵਿੱਚ ਡਿੱਗ ਪਿਆ…
14
ਉੱਠਣ ਦੇ ਅਸਫ਼ਲ ਯਤਨ ਪਿੱਛੋਂ ਡਿੱਗਦਿਆਂ ਅਲੈਕਸੇਈ ਬੇਹੋਸ਼ ਹੋ ਗਿਆ, ਪਰ ਸਿਰ ਉੱਤੇ ਖੜੇ ਖਤਰੇ ਦੀ ਭਾਵਨਾ ਨੇ ਉਸਨੂੰ ਤੁਰੰਤ ਹੋਸ਼ ਵਿੱਚ ਲੈ ਆਂਦਾ। ਨਿਰਸੰਦੇਹ ਦਿਆਰਾਂ ਵਿੱਚ ਲੋਕ ਲੁਕੇ ਹੋਏ ਸਨ, ਉਸਨੂੰ ਦੇਖ ਰਹੇ ਤੇ ਇਕ ਦੂਜੇ ਨਾਲ ਘੁਸਰ-ਮੁਸਰ ਕਰ ਰਹੇ ਸਨ।
ਉਹ ਬਾਹਾਂ-ਭਾਰ ਉਤਾਂਹ ਉਠਿਆ, ਬਰਫ਼ ਵਿੱਚੋਂ ਆਪਣਾ ਪਿਸਤੌਲ ਚੁੱਕਿਆ, ਇਸਨੂੰ ਨਜ਼ਰੋਂ ਉਹਲੇ, ਜ਼ਮੀਨ ਦੇ ਨੇੜੇ ਰਖਦਿਆਂ, ਦੇਖਣ ਲੱਗ ਪਿਆ। ਖਤਰੇ ਨੇ ਉਸਨੂੰ ਮੂਰਛਾ ਦੀ ਅਵਸਥਾ ਵਿੱਚੋਂ ਪੂਰੀ ਤਰ੍ਹਾਂ ਕੱਢ ਲਿਆਂਦਾ ਸੀ । ਉਸਦਾ ਦਿਮਾਗ਼ ਸ਼ੁਧਤਾਈ ਨਾਲ ਕੰਮ ਕਰ ਰਿਹਾ ਸੀ। ਇਹ ਲੋਕ ਕੋਣ ਸਨ ? ਸ਼ਾਇਦ ਲੱਕੜਹਾਰੇ, ਜਿਨਾਂ ਨੂੰ ਜਰਮਨਾਂ ਨੇ ਆਪਣੇ ਲਈ ਲੱਕੜਾਂ ਕੱਟਣ ਲਈ ਇੱਥੇ ਆਉਣ ਵਾਸਤੇ ਮਜ਼ਬੂਰ ਕੀਤਾ ਸੀ ? ਸ਼ਇਦ ਉਹ ਕੋਈ ਰੂਸੀ ਸਨ, ਜਿਹੜੇ ਉਸ ਵਾਂਗ ਹੀ ਘੇਰੇ ਵਿੱਚ ਆਏ ਹੋਏ ਸਨ ਤੇ ਹੁਣ ਜਰਮਨ ਸਫਾਂ ਵਿੱਚੋਂ ਦੀ ਲੰਘ ਕੇ ਆਪਣੇ ਲੋਕਾਂ ਤੱਕ ਪੁੱਜਣ ਦੀ ਕੋਸ਼ਿਸ਼ ਕਰ ਰਹੇ ਸਨ? ਜਾਂ ਸ਼ਾਇਦ, ਨੇੜੇ ਹੀ ਕਿਤੇ ਰਹਿੰਦੇ ਕਿਸਾਨ ਸਨ? ਆਖ਼ਰ ਉਸਨੇ ਕਿਸੇ ਨੂੰ ਇਹ ਸਾਫ਼ ਸਾਫ਼ ਕਹਿੰਦਿਆਂ ਤਾਂ ਸੁਣਿਆ ਹੀ ਸੀ:
“ਆਦਮੀ!”
ਰੀਂਗਣ ਨਾਲ ਸੁੰਨ ਹੋਏ ਉਸਦੇ ਹੱਥ ਵਿੱਚ ਪਿਸਤੌਲ ਕੰਬ ਰਿਹਾ ਸੀ; ਪਰ ਉਹ ਲੜਾਈ ਕਰਨ ਲਈ ਤੇ ਆਪਣੀਆਂ ਬਾਕੀ ਬਚੀਆਂ ਤਿੰਨ ਗੋਲੀਆਂ ਦੀ ਚੰਗੀ ਵਰਤੋਂ ਕਰਨ ਲਈ ਤਿਆਰ ਸੀ…
ਐਨ ਉਸ ਵੇਲੇ ਉਤੇਜਿਤ ਹੋਈ ਹੋਈ ਬੱਚੇ ਵਰਗੀ ਅਵਾਜ਼ ਦਰਖਤਾਂ ਦੇ ਝੁੰਡ ਵੱਲੋਂ ਸੁਣਾਈ ਦਿੱਤੀ:
“ਹੇ! ਤੂੰ ਕੋਣ ਹੈ ? ਦੋਇਚ ? ਫਰਸ਼ਤੇਹ ?”
ਇਹਨਾਂ ਅਜੀਬ ਲਫਜ਼ਾਂ ਨੇ ਅਲੈਕਸੇਈ ਨੂੰ ਚੌਕਸ ਕਰ ਦਿੱਤਾ, ਪਰ ਨਿਰਸੰਦੇਹ ਇਹ ਕੋਈ ਰੂਸੀ ਸੀ ਜਿਹੜਾ ਅਵਾਜ਼ ਦੇ ਰਿਹਾ ਸੀ ਤੇ ਨਿਰਸੰਦੇਹ ਕੋਈ ਬੱਚਾ।
“ਇਥੇ ਕੀ ਕਰ ਰਿਹਾ ਹੈ ?” ਇੱਕ ਹੋਰ ਬੱਚੇ ਦੀ ਅਵਾਜ਼ ਨੇ ਪੁੱਛਿਆ।
“ਤੇ ਤੁਸੀਂ ਕੋਣ ਹੋ ?” ਅਲੈਕਸੇਈ ਨੇ ਜਵਾਬ ਵਿਚ ਸਵਾਲ ਕੀਤਾ ਤੇ ਰੁਕ ਗਿਆ; ਉਹ ਆਪਣੀ ਅਵਾਜ਼ ਦੇ ਏਨੇ ਮੱਧਮ ਤੇ ਕਮਜ਼ੋਰ ਹੋਣ ਉੱਤੇ ਹੈਰਾਨ ਰਿਹਾ ਸੀ ।
ਇਸ ਸਵਾਲ ਨੇ ਦਰਖਤਾਂ ਵਿਚਕਾਰ ਜ਼ਰੂਰ ਸਨਸਨੀ ਪੈਦਾ ਕਰ ਦਿੱਤੀ ਹੋਵੇਗੀ, ਕਿਉਂਕਿ ਉਥੇ ਜਿਹੜੇ ਵੀ ਕੋਈ ਸਨ, ਉਹ ਕਿੰਨਾ ਚਿਰ ਆਪਸ ਵਿੱਚ ਘੁਸਰ ਮੁਸਰ ਕਰਦੇ ਸਲਾਹ ਮਸਵਰਾ ਕਰਦੇ ਰਹੇ; ਪ੍ਰਤੱਖ ਤੌਰ ਉੱਤੇ ਉਹ ਨਾਲ ਹੀ ਜੋਸ਼ ਵਿੱਚ ਹੱਥ ਮਾਰ ਰਹੇ ਸਨ, ਕਿਉਕਿ ਟਾਹਣਾ ਜ਼ੋਰ ਜ਼ੋਰ ਦੀ ਹਿੱਲ ਰਹੀਆਂ ਸਨ।
“ਗੱਲਾਂ ਨਾ ਬਣਾ, ਤੂੰ ਸਾਨੂੰ ਉੱਲੂ ਨਹੀਂ ਬਣਾ ਸਕਦਾ! ਮੈਂ ਤਾਂ ਮੀਲਾਂ ਤੋਂ ਹੀ ਜਰਮਨ ਨੂੰ ਪਛਾਣ ਲੈਂਦਾ ਹਾਂ । ਤੂੰ ਦੋਇਚ ਹੈ?”
“ਤੂੰ ਕੋਣ ਹੈ ?”
“ਤੈਨੂੰ ਇਹ ਜਾਨਣ ਦੀ ਕੀ ਲੋੜ ਹੈ ? ਨੀਖਤ ਫਰਸ਼ਤੇਹ…”
“ਮੈਂ ਰੂਸੀ ਹਾਂ।”
“ਤੂੰ ਝੂਠ ਬੋਲ ਰਿਹਾ ਹੈ। ਮੇਰੀਆਂ ਅੱਖਾਂ ਫੁੱਟ ਜਾਣ ਜੇ ਤੂੰ ਝੂਠ ਨਾ ਬੋਲ ਰਿਹਾ ਹੋਵੇਂ । ਤੂੰ ਫਾਸਿਸਟ ਹੈ!”
“ਮੈਂ ਰੂਸੀ ਹਾਂ, ਰੂਸੀ! ਪਾਇਲਟ । ਜਰਮਨਾਂ ਨੇ ਮੈਨੂੰ ਸੁੱਟ ਲਿਆ ਸੀ ।”
ਅਲੈਕਸੇਈ ਨੇ ਸਭ ਚੌਕਸੀ ਹੁਣ ਲਾਹ ਮਾਰੀ । ਉਸਨੂੰ ਯਕੀਨ ਸੀ ਕਿ ਉਸਦੇ ਆਪਣੇ ਲੋਕ, ਰੂਸੀ, ਸੋਵੀਅਤ ਲੋਕ ਉਹਨਾਂ ਦਰਖਤਾਂ ਪਿੱਛੇ ਸਨ । ਉਹਨਾਂ ਨੂੰ ਉਸ ਉੱਪਰ ਯਕੀਨ ਨਹੀਂ ਆ ਰਿਹਾ ਸੀ। ਇਹ ਕੁਦਰਤੀ ਸੀ। ਜੰਗ ਬੰਦੇ ਨੂੰ ਚੌਕਸ ਰਹਿਣਾ ਸਿਖਾ ਦੇਂਦੀ ਹੈ। ਤੇ ਹੁਣ, ਆਪਣੇ ਸਫ਼ਰ ਦੇ ਸ਼ੁਰੂ ਹੋਣ ਤੋਂ ਮਗਰੋਂ ਪਹਿਲੀ ਵਾਰੀ ਉਹ ਬਿਲਕੁਲ ਬੇਜਾਨ ਹੋ ਗਿਆ ਮਹਿਸੂਸ ਕਰ ਰਿਹਾ ਸੀ, ਉਹ ਮਹਿਸੂਸ ਕਰ ਰਿਹਾ ਸੀ ਕਿ ਉਹ ਨਾ ਹੱਥ ਹਿਲਾ ਸਕਦਾ ਸੀ, ਨਾ ਪੈਰ, ਨਾ ਹਿਲਜੁਲ ਸਕਦਾ ਸੀ, ਨਾ ਆਪਣੇ ਆਪ ਦੀ ਰੱਖਿਆ ਕਰ ਸਕਦਾ ਸੀ । ਉਸਦੀਆਂ ਗੱਲ੍ਹਾਂ ਉਪਰਲੇ ਡੂੰਘੇ ਟੋਇਆਂ ਵਿਚੋਂ ਅੱਥਰੂ ਵਗ ਵਗ ਡਿੱਗਣ ਲੱਗੇ।
“ਦੇਖ, ਉਹ ਰੋ ਰਿਹਾ ਈ!” ਦਰਖਤ ਦੇ ਮਗਰੋਂ ਕੋਈ ਅਵਾਜ਼ ਆਈ।
“ਹੇ-ਏ! ਤੂੰ ਕਿਉਂ ਰੋ ਰਿਹਾ ਹੈ?”
“ਮੈਂ ਇਕ ਰੂਸੀ ਹਾਂ, ਰੂਸੀ ਤੁਹਾਡੇ ਵਰਗਾ, ਇੱਕ ਪਾਇਲਟ।”
“ਕਿਹੜੇ ਹਵਾਈ ਅੱਡੇ ਤੋਂ ?”
“ਪਰ ਤੁਸੀਂ ਕੌਣ ਹੋ?”
“ਤੈਨੂੰ ਇਹ ਜਾਨਣ ਦੀ ਕੀ ਲੋੜ ਹੈ? ਜਵਾਬ ਦੇਹ!”
“ਮੋਨਚਾਲੋਵ ਹਵਾਈ ਅੱਡੇ ਤੋਂ । ਤੁਸੀਂ ਮੇਰੀ ਮਦਦ ਕਿਉਂ ਨਹੀਂ ਕਰਦੇ ? ਬਾਹਰ ਆਓ! ਕਿਆ ਮੁਸੀਬਤ ਹੈ…”
ਦਰਖਤਾਂ ਦੇ ਪਿੱਛੇ ਇੱਕ ਹੋਰ ਵਧੇਰੇ ਪੁਰਜੋਸ਼ ਘੁਸਰ ਮੁਸਰ ਵਿੱਚ ਸਲਾਹ ਮਸ਼ਵਰਾ ਹੋਣ ਲੱਗ ਪਿਆ । ਅਲੈਕਸੇਈ ਨੂੰ ਇਹ ਲਫ਼ਜ਼ ਸਾਫ਼ ਸਾਫ਼ ਸੁਣਾਈ ਦਿੱਤੇ:
“ਤੂੰ ਸੁਣਦਾ ਨਹੀਂ ? ਉਹ ਕਹਿੰਦਾ ਹੈ ਕਿ ਉਹ ਮੋਨਚਾਲੋਵ ਹਵਾਈ ਅੱਡੇ ਤੋਂ ਹੈ।… ਕੀ ਪਤਾ ਉਹ ਸੱਚ ਹੀ ਬੋਲਦਾ ਹੋਵੇ। ਤੇ ਉਹ ਰੋਂਦਾ ਪਿਐ।” ਫਿਰ ਕੋਈ ਉੱਚੀ ਸਾਰੀ ਕੂਕਿਆ: “ਹੇ-ਏ ਪਾਇਲਟਾ! ਆਪਣਾ ਪਿਸਤੌਲ ਵਗਾਂਹ ਮਾਰ ! ਇਸਨੂੰ ਸੁੱਟ ਦੇਹ, ਨਹੀਂ ਤਾਂ ਅਸੀਂ ਨਹੀਂ ਬਾਹਰ ਆਉਣਾ ! ਅਸੀਂ ਦੌੜ ਜਾਵਾਂਗੇ!”
ਅਲੈਕਸੇਈ ਨੇ ਆਪਣਾ ਪਿਸਤੌਲ ਸੁੱਟ ਦਿੱਤਾ । ਟਾਹਣਾਂ ਵੱਖ ਵੱਖ ਹੋਈਆਂ ਤੇ ਦੋ ਮੁੰਡੇ ਖ਼ਬਰਦਾਰ, ਦੋ ਘੋਖੀ ਪਿੱਦੀਆਂ ਵਾਂਗ ਅੱਖ-ਪਲਕਾਰੇ ਵਿੱਚ ਉੱਡ ਜਾਣ ਲਈ ਤਿਆਰ, ਚੌਕਸੀ ਨਾਲ ਹੱਥ ਵਿੱਚ ਹੱਥ ਫੜੀ ਅਲੈਕਸੇਈ ਤੱਕ ਆਏ। ਵੱਡੇ ਕੋਲ, ਜਿਹੜਾ ਪਤਲਾ ਜਿਹਾ, ਨੀਲੀਆਂ ਅੱਖਾਂ ਵਾਲਾ ਤੇ ਕੱਕੇ ਵਾਲਾਂ ਵਾਲਾ ਸੀ, ਇੱਕ ਕੁਹਾੜੀ ਸੀ । ਛੋਟੇ ਮੁੰਡੇ ਨੇ, ਜਿਹੜਾ ਲਾਲ ਵਾਲਾਂ ਵਾਲ਼ਾ ਤੇ ਛਾਈਆਂ ਭਰੇ ਚਿਹਰੇ ਵਾਲ਼ਾ ਛੋਟਾ ਜਿਹਾ ਜੀਵ ਸੀ, ਜਿਸ ਦੀਆਂ ਅੱਖਾਂ ਨਾ ਦਬਾਈ ਜਾ ਸਕਣ ਵਾਲੀ ਉਤਸੁਕਤਾ ਨਾਲ ਲਿਸ਼ਕ ਰਹੀਆਂ ਸਨ ਤੇ ਜਿਹੜਾ ਪਹਿਲੇ ਦੇ ਇੱਕ ਕਦਮ ਪਿੱਛੇ ਪਿੱਛੇ ਆ ਰਿਹਾ ਸੀ, ਘੁਸਰ ਮੁਸਰ ਕਰਦੀ ਅਵਾਜ਼ ਵਿਚ ਬੋਲਿਆ:
“ਉਹ ਰੋ ਰਿਹਾ ਹੈ। ਉਹ ਸੱਚਮੁਚ ਰੋ ਰਿਹਾ ਹੈ। ਤੇ ਸੁਕੜ ਜਿਹਾ! ਦੇਖ ਕਿਵੇਂ ਸੁਕੜ ਜਿਹਾ ਹੈ!”
ਵੱਡਾ ਮੁੰਡਾ, ਅਜੇ ਵੀ ਕੁਹਾੜੀ ਫੜੀ, ਅਲੈਕਸੇਈ ਤੱਕ ਪੁੱਜਾ, ਆਪਣੇ ਵੱਡੇ ਸਾਰੇ ਨਮਦੇ ਦੇ ਬੂਟ ਨਾਲ, ਜਿਹੜੇ ਸ਼ਇਦ ਉਸਨੇ ਆਪਣੇ ਪਿਓ ਦੇ ਪਾ ਰੱਖੇ ਸਨ, ਠੁੱਡਾ ਮਾਰਦਿਆਂ
ਪਿਸਤੌਲ ਨੂੰ ਹੋਰ ਦੂਰ ਸੁੱਟ ਦਿੱਤਾ, ਤੇ ਬੋਲਿਆ:
“ਤੂੰ ਕਹਿੰਦਾ ਹੈ ਕਿ ਤੂੰ ਪਾਇਲਟ ਹੈ। ਤੇਰੇ ਕੋਲ ਕੋਈ ਕਾਗਜ਼ ਹਨ ? ਲਿਆ ਜ਼ਰਾ ਦੇਖੀਏ!”
“ਇਥੇ ਕੌਣ ਹੈ, ਸਾਡੇ ਲੋਕ ਜਾਂ ਜਰਮਨ?” ਅਲੈਕਸੇਈ ਨੇ ਹੌਲ਼ੀ ਜਿਹੀ ਪੁੱਛਿਆ ਤੇ ਨਾ ਚਾਹੁੰਦਾ ਵੀ ਮੁਸਕ੍ਰਾ ਪਿਆ ।
“ਮੈਨੂੰ ਕੀ ਪਤਾ? ਮੈਂ ਤਾਂ ਇਥੇ ਜੰਗਲ ਵਿੱਚ ਰਹਿੰਦਾ ਹਾਂ । ਮੈਨੂੰ ਕੋਈ ਆ ਕੇ ਰਿਪੋਰਟ ਨਹੀ ਦੇਂਦਾ”, ਵੱਡੇ ਮੁੰਡੇ ਨੇ ਡਿਪਲੋਮੈਟਿਕ ਤਰੀਕੇ ਨਾਲ ਜਵਾਬ ਦਿੱਤਾ।
ਅਲੈਕਸੇਈ ਕੋਲ ਹੋਰ ਕੋਈ ਚਾਰਾ ਨਹੀਂ ਸੀ, ਸਿਵਾਏ ਇਸਦੇ ਕਿ ਆਪਣੀ ਵਰਦੀ ਦੀ ਜੇਬ ਵਿੱਚ ਹੱਥ ਮਾਰੇ ਤੇ ਆਪਣਾ ਪ੍ਰਮਾਣ-ਪੱਤਰ ਕੱਢੇ । ਅਫਸਰਾਂ ਵਾਲ਼ਾ ਲਾਲ ਕਾਰਡ ਦੇਖਦਿਆਂ ਹੀ, ਜਿਸ ਉੱਤੇ ਸਿਤਾਰਾ ਸੀ, ਮੁੰਡਿਆਂ ਉੱਪਰ ਜਾਦੂਈ ਅਸਰ ਹੋਇਆ। ਇੰਝ ਲੱਗਦਾ ਸੀ ਕਿ ਉਹਨਾਂ ਦਾ ਬਚਪਨ, ਜਿਹੜਾ ਜਰਮਨ ਕਬਜ਼ੇ ਦੇ ਦੌਰਾਨ ਉਹ ਗੁਆ ਬੈਠੇ ਸਨ ਉਹਨਾਂ ਦੇ ਆਪਣੇ ਪਿਆਰੇ ਸੋਵੀਅਤ ਪਾਇਲਟ ਦੇ ਆਉਣ ਨਾਲ ਉਹਨਾਂ ਕੋਲ ਇੱਕਦਮ ਮੁੜ ਆਇਆ ਹੋਵੇ ।
“ਹਾਂ, ਹਾਂ, ਸਾਡੇ ਲੋਕ ਹੀ ਨੇ ਏਥੇ । ਤਿੰਨ ਦਿਨਾਂ ਦੇ ਉਹ ਇੱਥੇ ਨੇ।”
“ਤੇਰੀਆਂ ਹੱਡੀਆਂ ਕਿਉਂ ਨਿਕਲੀਆਂ ਹੋਈਐਂ ?”
“. ਸਾਡੇ ਬੰਦਿਆਂ ਨੇ ਉਹਨਾਂ ਨੂੰ ਉਹ ਮਜ਼ਾ ਚਖਾਇਆ! ਕਿਉਂ, ਨਹੀਂ ਸੀ ਚਖਾਇਆ, ਹੈ! ਇੱਥੇ ਘਮਸਾਨ ਦੀ ਲੜਾਈ ਹੋਈ ! ਤੇ ਉਹ ਕਿੰਨੇਂ ਹੀ ਸਾਰੇ ਮਾਰੇ ਗਏ ਸਨ। ਕਿੰਨੇਂ ਹੀ ਸਾਰੇ !”
“ ਤੇ ਕਿੰਝ ਦੌੜੇ ਸਨ ਉਹ ! ਉਹਨਾਂ ਨੂੰ ਦੌੜਦਿਆਂ ਦੇਖ ਕੇ ਕਿਆ ਮਜ਼ਾ ਆਉਂਦਾ 66 ਸੀ। ਉਹਨਾਂ ਵਿੱਚੋਂ ਇੱਕ ਨੇ ਇੱਕ ਟੱਪ ਅੱਗੇ ਘੋੜਾ ਜੋਤ ਲਿਆ ਤੇ ਇਸ ਵਿੱਚ ਬੈਠ ਕੇ ਦੌੜ ਗਿਆ। ਦੋ ਜਣਿਆ ਨੇ, ਦੋਵੇਂ ਜ਼ਖਮੀ ਸਨ, ਇੱਕ ਘੋੜੇ ਦੀ ਪੂਛਲ ਨੂੰ ਫੜ ਲਿਆ ਤੇ ਇੱਕ ਜਣਾ ਹੋਰ ਇਸਦੀ ਪਿੱਠ ਉੱਤੇ ਚੜ ਬੈਠਾ, ਨਵਾਬਾਂ ਵਾਂਗ। ਕਿਤੇ ਤੂੰ ਵੀ ਦੇਖ ਲੈਂਦਾ ਤਾਂ !… ਉਹਨਾਂ ਤੈਨੂੰ ਕਿਵੇਂ ਫੁੰਡਿਆ ?”
ਜ਼ਰਾ ਕੁ ਗੱਲਾਂ ਮਾਰਨ ਤੋਂ ਮਗਰੋਂ ਮੁੰਡੇ ਕੰਮ ਵਿੱਚ ਰੁਝ ਗਏ। ਉਹਨਾਂ ਦੱਸਿਆ ਕਿ ਉਹ ਪੰਜ ਕੁ ਕਿਲੋਮੀਟਰ ਦੂਰ ਰਹਿੰਦੇ ਹਨ। ਅਲੈਕਸੇਈ ਏਨਾਂ ਕਮਜ਼ੋਰ ਸੀ ਕਿ ਉਹ ਵਧੇਰੇ ਸੁਖਦਾਈ ਤਰ੍ਹਾਂ ਪਿੱਠ ਭਾਰ ਪੈਣ ਲਈ ਪਾਸਾ ਵੀ ਨਹੀਂ ਸੀ ਮੋੜ ਸਕਦਾ। “ਜਰਮਨ ਲੱਕੜ ਭੰਡਾਰ ਤੋਂ,” ਜਿਵੇਂ ਕਿ, ਉਹਨਾਂ ਨੇ ਇਸ ਥਾਂ ਨੂੰ ਨਾਂ ਦੇ ਰੱਖਿਆ ਸੀ, ਬਾਲਣ ਲਈ ਲੱਕੜਾ ਲਿਜਾਣ ਵਾਸਤੇ ਉਹਨਾਂ ਨੇ ਜਿਹੜੀ ਬਰਫ਼-ਗੱਡੀ ਲਿਆਂਦੀ ਹੋਈ ਸੀ, ਉਹ ਅਲੈਕਸੇਈ ਨੂੰ ਲਿਜਾਣ ਲਈ ਬਹੁਤ ਛੋਟੀ ਸੀ। ਇਸ ਤੋਂ ਛੁੱਟ, ਅਣਗਾਹੀ ਬਰਫ਼ ਉੱਤੇ ਘਸੀਟ ਕੇ ਲਿਜਾਣ ਲਈ ਉਹਨਾਂ ਵਾਸਤੇ ਬਹੁਤ ਭਾਰੀ ਹੁੰਦਾ। ਵੱਡੇ ਮੁੰਡੇ ਨੇ, ਜਿਸਦਾ ਨਾਂ ਸੇਰਿਓਨਕਾ ਸੀ, ਆਪਣੇ ਭਰਾ ਫੇਦਕਾ ਨੂੰ ਕਿਹਾ ਕਿ ਉਹ ਜਿੰਨੀ ਤੇਜ਼ ਤੋਂ ਤੇਜ਼ ਹੋ ਸਕੇ, ਦੌੜ ਕੇ ਪਿੰਡ ਸਹਾਇਤਾ ਲਈ ਜਾਏ, ਜਦ ਕਿ ਉਹ ਅਲੈਕਸੇਈ ਦੀ ਜਰਮਨਾਂ ਤੋਂ ਰਾਖੀ ਕਰਨ ਲਈ ਉੱਥੇ ਹੀ ਰਹੇਗਾ। ਉਸਨੇ ਇਹ ਗੱਲ ਸਿਰਫ਼ ਕਹਿਣ ਨੂੰ ਹੀ ਕਹੀ, ਪਰ ਅਸਲ ਵਿੱਚ ਉਹ ਦਿਲੋਂ ਯਕੀਨ ਨਹੀਂ ਸੀ ਕਰ ਰਿਹਾ। “ਕੌਣ ਜਾਣੇ !” ਉਹ ਆਪਣੇ ਮਨ ਵਿੱਚ ਸੋਚਣ ਲੱਗਾ। “ਇਹ ਫਾਸਿਸਟ ਬੜੀ ਮੀਸਣੀ ਚੀਜ਼ ਹੁੰਦੇ ਹਨ — ਇਹ ਮਰ ਰਹੇ ਹੋਣ ਦਾ ਬਹਾਨਾ ਵੀ ਕਰ ਸਕਦੇ ਹਨ, ਤੇ ਸੋਵੀਅਤ ਫ਼ੌਜ ਦੇ ਕਾਗਜ਼ ਵੀ ਪ੍ਰਾਪਤ ਕਰ ਸਕਦੇ ਹਨ.” ਹੌਲ਼ੀ ਹੌਲ਼ੀ ਉਸਦੇ ਡਰ ਦੂਰ ਹੋ ਗਏ ਤੇ ਉਸਨੇ ਖੁਲੀ ਤਰ੍ਹਾਂ ਗੱਲਾਂ ਕਰਨੀਆਂ ਸੁਰੂ ਕਰ ਦਿੱਤੀਆਂ।
ਦਿਆਰ ਦੀਆਂ ਸੂਈਆਂ ਦੇ ਨਰਮ ਵਿਛਾਉਂਣੇ ਉੱਤੇ ਊਂਘਦਾ ਹੋਇਆ ਅਲੈਕਸੇਈ ਅੱਧੀਆਂ ਅੱਖਾਂ ਖੋਹਲੀ, ਬੇਧਿਆਨਾ ਜਿਹਾ ਮੁੰਡੇ ਦੀਆਂ ਗੱਲਾਂ ਸੁਣਦਾ ਉਥੇ ਪਿਆ ਰਿਹਾ।
ਅਰਾਮਭਰੀ ਅਲਸਾਹਟ ਦੀ ਧੁੰਦ ਦੇ ਵਿੱਚੋਂ ਦੀ ਜਿਹੜੀ ਉਸਦੇ ਸਾਰੇ ਸਰੀਰ ਉਪਰ ਇੱਕਦਮ ਫੈਲ ਗਈ ਸੀ, ਉਸਦੇ ਦਿਮਾਗ਼ ਤੱਕ ਕੁਝ ਕੁ ਉਗੜ ਦੁਗੜੇ ਲਫ਼ਜ਼ ਪੁੱਜ ਰਹੇ ਸਨ; ਤੇ ਭਾਵੇਂ ਉਸਨੂੰ ਸਮਝ ਨਹੀਂ ਸੀ ਆ ਰਹੀ ਕਿ ਇਹਨਾਂ ਲਫ਼ਜ਼ਾਂ ਦਾ ਕੀ ਮਤਲਬ ਹੈ, ਆਪਣੀ ਮਾਤ ਬੋਲੀ ਦੀਆਂ ਧੁਨਾਂ ਉਸਨੂੰ ਬੇਹੱਦ ਖੁਸ਼ੀ ਦੇ ਰਹੀਆਂ ਸਨ । ਸਿਰਫ਼ ਮਗਰੋਂ ਕਿਤੇ ਜਾ ਕੇ ਉਸਨੇ ਉਸ ਮੁਸੀਬਤ ਦੀ ਕਹਾਣੀ ਸੁਣੀ ਜਿਹੜੀ ਪਲਾਵਨੀ ਪਿੰਡ ਦੇ ਵਾਸੀਆਂ ਉੱਤੇ ਆ ਪਈ मी।
ਜਰਮਨ ਇਸ ਜੰਗਲ ਤੇ ਝੀਲ ਦੇ ਖੰਡ ਵਿੱਚ ਅਕੂਤਬਰ ਵਿੱਚ ਹੀ ਆ ਪੁੱਜੇ ਸਨ, ਜਦੋਂ ਬਰਚੇ ਪੀਲ਼ੇ ਪੱਤਿਆਂ ਨਾਲ ਚਮਕ ਰਹੇ ਸਨ ਤੇ ਅਸਪ ਦੇ ਦਰਖਤ ਕੁਸ਼ਗਨੀ ਜਿਹੀ ਲਾਲ ਅੱਗ ਨਾਲ ਸੜ ਰਹੇ ਲੱਗਦੇ ਸਨ । ਪਲਾਵਨੀ ਦੇ ਬਿਲਕੁਲ ਆਸ ਪਾਸ ਕੋਈ ਲੜਾਈ ਨਹੀਂ ਸੀ ਹੋਈ। ਪਿੰਡ ਦੇ ਤੀਹ ਕੁ ਕਿਲੋਮੀਟਰ ਪੱਛਮ ਵੱਲ ਟੈਂਕਾਂ ਦੇ ਸ਼ਕਤੀਸ਼ਾਲੀ ਹਰਾਵਲ ਦਸਤੇ ਦੀ ਅਗਵਾਈ ਹੇਠ ਜਰਮਨ ਫ਼ੌਜਾਂ ਨੇ ਸੋਵੀਅਤ ਫ਼ੌਜਾਂ ਦੇ ਇੱਕ ਦਸਤੇ ਦਾ ਸਫਾਇਆ ਕਰਨ ਪਿਛੋਂ, ਜਿਸਦੇ ਕਾਹਲੀ ਨਾਲ ਬਣਾਈ ਰੱਖਿਆ ਰੇਖਾ ਉੱਤੇ ਮੁਕਾਬਲਾ ਕੀਤਾ ਸੀ, ਪਲਾਵਨੀ ਦੇ ਦੁਆਲੇ ਆ ਡੇਰਾ ਲਾਇਆ, ਜਿਹੜਾ ਸੜਕ ਤੋਂ ਦੂਰ ਝੀਲ ਦੇ ਕੰਢੇ ਲੁਕਿਆ ਹੋਇਆ ਸੀ, ਤੇ ਪੂਰਬ ਵੱਲ ਨੂੰ ਵਧ ਗਈਆਂ। ਉਹ ਇੱਕ ਵੱਡੇ ਸਾਰੇ ਰੇਲਵੇ ਜੰਕਸ਼ਨ, ਬੋਲੋਗੋਯੇ ਤੱਕ ਪੁੱਜਣ, ਇਸ ਉੱਤੇ ਕਬਜ਼ਾ ਕਰਨ ਤੇ ਇਸ ਤਰਾਂ ਪੱਛਮੀ ਤੇ ਉੱਤਰ ਪੱਛਮੀ ਮਹਾਜ਼ਾਂ ਨੂੰ ਕੱਟਣ ਲਈ ਕਾਹਲੀਆਂ ਸਨ । ਇੱਥੇ ਇਸ ਕਬਜ਼ੇ ਤੋਂ ਦੂਰ ਰਾਹਾਂ ਉੱਤੇ ਕਾਲੀਨਿਨ ਖੰਡ ਦੇ ਵਾਸੀ, ਸ਼ਹਿਰਾਂ ਦੇ ਲੋਕ, ਕਿਸਾਨ, ਔਰਤਾਂ, ਬੁੱਢੇ ਤੇ ਬੱਚੇ, ਹਰ ਉਮਰ ਦੇ ਹਰ ਪੇਸ਼ੇ ਦੇ ਲੋਕ ਦਿਨ ਰਾਤ ਮੀਂਹ ਵਿੱਚ, ਧੁੱਪ ਵਿੱਚ, ਮੱਛਰਾਂ, ਦਲਦਲ ਦੀ ਸਿਲ੍ਹ ਤੇ ਭੈੜੇ ਪੀਣ ਵਾਲ਼ੇ ਪਾਣੀ ਦੇ ਦੁੱਖ ਸਹਿੰਦੇ ਕੰਮ ਕਰਦੇ ਰਹੇ ਸਨ, ਖਾਈਆਂ ਪੁੱਟਦੇ ਤੇ ਮੋਰਚੇ ਬਣਾਉਂਦੇ ਰਹੇ ਸਨ। ਮੋਰਚੇਬੰਦੀਆਂ ਸੈਂਕੜੇ ਕਿਲੋਮੀਟਰ ਤੱਕ ਦੱਖਣ ਤੋਂ ਉੱਤਰ ਵੱਲ ਨੂੰ ਜਾਂਦੀਆਂ ਸਨ ਤੇ ਜੰਗਲ ਤੇ ਦਲਦਲ ਵਿੱਚੋਂ ਝੀਲਾਂ ਦੇ ਕੰਢਿਆਂ ਦੁਆਲਿਉਂ, ਤੇ ਛੋਟੇ ਦਰਿਆਵਾਂ ਤੇ ਨਦੀਆਂ ਦੇ ਕੰਢਿਆਂ ਦੇ ਨਾਲ਼ ਨਾਲ਼ ਲੰਘਦੀਆਂ ਸਨ।
ਉਸਰੱਈਆਂ ਨੇ ਖੂਬ ਕਸ਼ਟ ਝੱਲੇ, ਪਰ ਉਹਨਾਂ ਦੀ ਮਿਹਨਤ ਵਿਅਰਥ ਨਾ ਗਈ। ਜਰਮਨਾਂ ਨੇ ਵਧਦਿਆਂ ਹੋਇਆਂ ਕੁਝ ਮੋਰਚਾਬੰਦੀਆਂ ਤੋੜ ਦਿੱਤੀਆਂ, ਪਰ ਆਖ਼ਰੀ ਮੋਰਚਾਬੰਦੀ ਉੱਤੇ ਉਹਨਾਂ ਨੂੰ ਰੋਕ ਲਿਆ ਗਿਆ । ਲੜਾਈ ਖੁੰਦਕਾ ਦੇ ਯੁੱਧ ਵਿੱਚ ਬਦਲ ਗਈ। ਜਰਮਨ ਬੋਲੋਗੋਯੇ ਤਕ ਪੁੱਜਣ ਤੋਂ ਅਸਫ਼ਲ ਰਹੇ; ਉਹਨਾਂ ਨੂੰ ਆਪਣੇ ਹਮਲੇ ਦਾ ਦਬਾਅ ਬਦਲ ਕੇ ਹੋਰ ਦੱਖਣ ਵੱਲ ਲਿਜਾਣਾ ਪਿਆ, ਤੇ ਇਸ ਖੇਤਰ ਵਿੱਚ ਰਖਿਆ ਉੱਤੇ ਆਉਣਾ ਪਿਆ।
ਪਲਾਵਨੀ ਦੇ ਕਿਸਾਨ ਰੇਤੇ ਤੇ ਕੱਲਰ ਵਾਲ਼ੀ ਜ਼ਮੀਨ ਤੋਂ ਹੁੰਦੀਆਂ ਆਮ ਕਰਕੇ ਮਾੜੀਆਂ ਫਸਲਾਂ ਨੂੰ ਜੰਗਲੀ ਝੀਲਾਂ ਵਿੱਚ ਸਫ਼ਲ ਮਾਹੀਗੀਰੀ ਨਾਲ ਪੂਰਦੇ ਸਨ । ਉਹ ਪਹਿਲਾਂ ਹੀ ਖੁਸ਼ ਹੋ ਰਹੇ ਸਨ ਕਿ ਜੰਗ ਉਹਨਾਂ ਦੇ ਕੋਲੋਂ ਦੀ ਲੰਘ ਗਈ ਹੈ। ਜਰਮਨਾਂ ਦੇ ਹੁਕਮਾਂ ਦੀ ਪਾਲਣਾ ਕਰਦਿਆਂ, ਉਹਨਾਂ ਨੇ ਆਪਣੇ ਸਾਂਝੇ ਫ਼ਾਰਮ ਦੇ ਪ੍ਰਧਾਨ ਨੂੰ ਬਦਲ ਕੇ ਪਿੰਡ ਦਾ ਮੁਖੀ ਬਣਾ ਦਿੱਤਾ, ਪਰ ਸਾਂਝੇ ਫ਼ਾਰਮ ਵਜੋਂ ਹੀ ਆਪਣਾ ਕੰਮ ਚਲਾਉਂਦੇ ਰਹੇ। ਇਸ ਆਸ ਵਿਚ ਕਿ ਫਾਸਿਸਟ ਸਦਾ ਹੀ ਨਹੀਂ ਸੋਵੀਅਤ ਧਰਤੀ ਨੂੰ ਰੌਂਦਦੇ ਰਹਿਣਗੇ, ਤੇ ਪਿੰਡ ਵਾਲ਼ੇ ਉਦੋਂ ਤੱਕ ਆਪਣੇ ਦੂਰ ਦੁਰਾਡੇ ਦੀ ਥਾਂ ਉੱਤੇ ਸ਼ਾਤੀ ਨਾਲ ਰਹਿ ਸਕਣਗੇ, ਜਦੋਂ ਤੱਕ ਹਨੇਰੀ ਲੰਘ ਨਹੀਂ ਜਾਂਦੀ। ਪਰ ਹਰੀਆਂ ਵਰਦੀਆਂ ਵਾਲ਼ੇ ਜਰਮਨਾਂ ਦੇ ਮਗਰ ਮਗਰ ਕਾਲੀਆਂ ਵਰਦੀਆਂ ਵਾਲੇ ਜਰਮਨ ਆ ਗਏ ਜਿਨ੍ਹਾਂ ਦੀਆਂ ਟੋਪੀਆਂ ਉੱਪਰ ਖੋਪਰੀ ਤੇ ਇਕ ਦੂਜੀ ਨੂੰ ਕਟਦੀਆਂ ਹੱਡੀਆਂ ਦਾ ਨਿਸ਼ਾਨ ਬਣਿਆ ਹੋਇਆ ਸੀ । ਪਲਾਵਨੀ ਦੇ ਵਾਸੀਆਂ ਨੂੰ ਹੁਕਮ ਦਿੱਤਾ ਕਿ ਉਹ ਜਰਮਨੀ ਵਿੱਚ ਸਥਾਈ ਕੰਮ ਲਈ ਚਵੀਂ ਘੰਟਿਆਂ ਦੇ ਅੰਦਰ ਅੰਦਰ ਪੰਦਰਾਂ ਵਾਲੰਟੀਅਰ ਦੇਣ, ਨਹੀਂ ਤਾਂ ਉਹਨਾਂ ਨੂੰ ਸਖ਼ਤ ਸਜਾ ਦਿੱਤੀ ਜਾਇਗੀ। ਇਹਨਾਂ ਵਾਲੰਟੀਅਰਾਂ ਨੇ ਪਿੰਡ ਦੇ ਸਿਰੇ ਉਪਰਲੀ ਇੱਕ ਇਮਾਰਤ ਵਿੱਚ ਇਕੱਠੇ ਹੋਣਾ ਸੀ, ਜਿਹੜੀ ਸਾਂਝੇ ਫ਼ਾਰਮ ਦੇ ਦਫਤਰ ਦਾ ਤੇ ਮੱਛੀਆਂ ਲਈ ਸ਼ੈੱਡ ਦਾ ਕੰਮ ਕਰਦੀ ਸੀ, ਤੇ ਉਹਨਾਂ ਦੇ ਕੋਲ ਹੇਠੋਂ ਪਾਉਣ ਵਾਲੇ ਵਾਧੂ ਕੱਪੜੇ, ਇੱਕ ਇੱਕ ਚਿਮਚਾ, ਚਾਕੂ ਤੇ ਕਾਟਾਂ ਤੇ ਦਸਾ ਦਿਨਾਂ ਲਈ ਰਾਸ਼ਨ ਹੋਣਾ ਚਾਹੀਦਾ ਸੀ । ਪਰ ਮਿਥੇ ਸਮੇਂ ਉਥੇ ਕੋਈ ਵੀ ਨਾ ਪੁੱਜਾ। ਇਥੇ ਇਹ ਕਹਿਣਾ ਜ਼ਰੂਰੀ ਹੈ ਕਿ ਤਜਰਬੇ ਦੇ ਸਿਖਾਏ ਹੋਏ ਕਾਲ਼ੀਆਂ ਵਰਦੀਆਂ ਵਾਲੇ ਜਰਮਨਾਂ ਨੂੰ, ਪ੍ਰਤੱਖ ਤੌਰ ਉੱਤੇ ਬਹੁਤੀ ਆਸ ਨਹੀਂ ਸੀ ਕਿ ਕੋਈ ਆਇਗਾ । ਪਿੰਡ ਵਾਲਿਆ ਨੂੰ ਸਬਕ ਸਿਖਾਉਣ ਲਈ, ਉਹਨਾਂ ਦੇ ਸਾਂਝੇ ਫ਼ਾਰਮ ਦੇ ਪ੍ਰਧਾਨ ਭਾਵ ਪਿੰਡ ਦੇ ਮੁੱਖੀਏ ਨੂੰ, ਕਿੰਡਰਗਾਰਟਨ ਦੀ ਇੱਕ ਸਿਆਣੀ ਉਮਰ ਦੀ ਮੇਟਰਨ ਵੇਰੋਨੀਕਾ ਗਰਿਗੋਰੀਏਵਨਾ ਨੂੰ, ਸਾਂਝੇ ਫ਼ਾਰਮ ਦੀਆਂ ਦੋ ਟੀਮਾਂ ਦੇ ਆਗੂਆਂ ਨੂੰ ਤੇ ਹੋਰ ਦਸ ਕਿਸਾਨਾਂ ਨੂੰ, ਜਿਹੜੇ ਵੀ ਉਹਨਾਂ ਦੇ ਹੱਥ ਲੱਗੇ, ਫੜ ਲਿਆ ਤੇ ਗੋਲੀ ਨਾਲ ਉਡਾ ਦਿੱਤਾ। ਉਹਨਾਂ ਹੁਕਮ ਦਿੱਤਾ ਕਿ ਉਹਨਾਂ ਦੀਆਂ ਲਾਸ਼ਾਂ ਨੂੰ ਦਫ਼ਨਾਇਆਂ ਨਾ ਜਾਏ, ਤੇ ਕਿਹਾ ਕਿ ਸਾਰੇ ਪਿੰਡ ਦਾ ਇਹੀ ਹਸ਼ਰ ਹੋਵੇਗਾ ਜੇ ਅਗਲੇ ਦਿਨ ਮਿਥੇ ਸਮੇਂ ਉੱਤੇ ਵਾਲੰਟੀਅਰ ਨਾ ਪੁੱਜੇ ।
ਮੁੜ ਕੋਈ ਨਾ ਪੁੱਜਾ। ਅਗਲੀ ਸਵੇਰ ਜਦੋਂ ਐਸ. ਐਸ. ਸੌਂਦਰ ਕਮਾਂਡੋ ਦੇ ਹਿਟਲਰੀਏ ਪਿੰਡ ਦੇ ਵਿੱਚੋਂ ਦੀ ਲੰਘੇ, ਤਾਂ ਉਹਨਾਂ ਦੇਖਿਆ ਕਿ ਹਰ ਇੱਕ ਘਰ ਖਾਲੀ ਪਿਆ ਹੈ। ਇੱਕ ਵੀ ਬੰਦਾ ਉਥੇ ਨਹੀਂ ਸੀ, ਨਾ ਜਵਾਨ, ਨਾ ਬੁੱਢਾ। ਆਪਣੇ ਘਰਾਂ, ਆਪਣੀ ਜ਼ਮੀਨ, ਸਾਲਾਂ ਦੀ ਮੁਸ਼ੱਕਤ ਨਾਲ ਇਕੱਠੀਆਂ ਕੀਤੀਆਂ ਆਪਣੀਆਂ ਸਾਰੀਆਂ ਚੀਜ਼ਾਂ ਨੂੰ, ਤੇ ਆਪਣੇ ਲਗਭਗ ਸਾਰੇ ਡੰਗਰਾ ਨੂੰ ਉੱਥੇ ਛੱਡ ਕੇ, ਰਾਤ ਦੀ ਧੁੰਦ ਦੇ ਪਰਦੇ ਹੇਠ, ਜਿਹੜੀ ਇਹਨਾਂ ਪਾਸਿਆਂ ਵੱਲ ਆਮ ਹੁੰਦੀ ਹੈ, ਕੋਈ ਵੀ ਨਿਸ਼ਾਨ ਛੱਡੇ ਬਿਨਾਂ ਲੋਪ ਹੋ ਗਏ ਹਨ। ਸਾਰੇ ਦਾ ਸਾਰਾ ਪਿੰਡ, ਆਖ਼ਰੀ ਬੰਦੇ ਤੱਕ ਜੰਗਲ ਦੇ ਧੁਰ ਅੰਦਰ, ਅਠਾਰਾਂ ਕਿਲੋਮੀਟਰ ਦੂਰ ਚਲਾ ਗਿਆ ਜਿੱਥੋਂ ਬਹੁਤ ਦੇਰ ਪਹਿਲਾਂ ਦਰਖਤ ਕੱਟੇ ਗਏ ਸਨ। ਆਪਣੇ ਰਹਿਣ ਲਈ ਭੋਰੇ ਬਣਾ ਕੇ, ਆਦਮੀ ਤਾਂ ਛਾਪੇਮਾਰਾਂ ਵਿੱਚ ਰਲਣ ਲਈ ਚਲੇ ਗਏ, ਜਦ ਕਿ ਔਰਤਾਂ ਤੇ ਬੱਚੇ ਬਸੰਤ ਤੱਕ ਇਸਨੂੰ ਬਰਦਾਸ਼ਤ ਕਰਨ ਲਈ ਪਿੱਛੇ ਰਹਿ ਗਏ । ਸੌਂਦਰ ਕਮਾਂਡੋ ਨੇ ਇਸ ਹਠੀ ਪਿੰਡ ਨੂੰ ਸਾੜ ਕੇ ਸਵਾਹ ਕਰ ਦਿੱਤਾ, ਜਿਸ ਤਰ੍ਹਾਂ ਕਿ ਉਹਨਾਂ ਨੇ ਇਸ ਖੰਡ ਦੇ ਜਿਸਨੂੰ ਉਹ ਮੁਰਦਾ ਖੰਡ ਕਹਿੰਦੇ ਸਨ, ਦੇ ਬਹੁਤੇ ਪਿੰਡਾਂ ਨਾਲ ਕੀਤਾ।
“ਮੇਰਾ ਪਿਤਾ ਸਾਂਝੇ ਫਾਰਮ ਦਾ ਪ੍ਰਧਾਨ ਸੀ, ਉਹ ਉਸਨੂੰ ਪਿੰਡ ਦਾ ਮੁਖੀਆਂ ਕਹਿੰਦੇ ਸਨ”, ਸੇਰਿਓਨਕਾ ਬੋਲਿਆ । ਉਸਦੇ ਲਫ਼ਜ਼ ਅਲੈਕਸੇਈ ਦੇ ਮਨ ਵਿੱਚ ਇੰਝ ਪੁੱਜ ਰਹੇ ਸਨ ਜਿਵੇਂ ਉਹ ਕੰਧ ਪਾਰੋਂ ਆ ਰਹੇ ਹੋਣ। “ਉਹਨਾਂ ਉਸਨੂੰ ਮਾਰ ਦਿੱਤਾ । ਤੇ ਉਹਨਾਂ ਮੇਰੇ ਵੱਡੇ ਭਰਾ ਨੂੰ ਮਾਰ ਦਿੱਤਾ । ਉਹ ਲੁੰਝਾ ਆਦਮੀ ਸੀ । ਉਸਦੀ ਇੱਕ ਬਾਂਹ ਸੀ । ਗਹਾਈ ਵੇਲੇ ਉਸਦੀ ਇਕ ਬਾਂਹ ਕੁਚਲੀ ਗਈ ਸੀ ਤੇ ਮਗਰੋਂ ਕਟਵਾਉਂਣੀ ਪਈ ਸੀ । ਸੋਲ੍ਹਾਂ ਉਹਨਾਂ ਨੇ ਮਾਰ ਦਿੱਤੇ ।… ਮੈਂ ਆਪ ਦੇਖਿਆ । ਜਰਮਨਾਂ ਨੇ ਸਾਨੂੰ ਸਭ ਨੂੰ ਮਜ਼ਬੂਰ ਕੀਤਾ ਕਿ ਅਸੀਂ ਆ ਕੇ ਦੇਖੀਏ। ਮੇਰਾ ਪਿਓ ਕੂਕਦਾ ਤੇ ਉਹਨਾਂ ਨੂੰ ਗਾਹਲਾਂ ਕੱਢਦਾ ਰਿਹਾ। ‘ਤੁਹਾਨੂੰ ਇਸਦੀ ਸਜ਼ਾ ਭੁਗਤਣੀ ਪਵੇਗੀ, ਬਦਮਾਸ਼ੋ! ਇਸਦੇ ਬਦਲੇ ਤੁਸੀਂ ਖੂਨ ਦੇ ਅੱਥਰੂ ਰੋਵੋਗੇ!” ਉਹ ਬੋਲਿਆ ।”
ਇਸ ਵੱਡੀਆ, ਉਦਾਸ, ਥੱਕੀਆ ਅੱਖਾਂ ਵਾਲ਼ੇ ਤੇ ਕੱਕੇ ਵਾਲਾਂ ਵਾਲੇ ਮੁੰਡੇ ਨੂੰ ਸੁਣਦਿਆਂ ਅਲੈਕਸੇਈ ਨੂੰ ਲੱਗਾ ਜਿਵੇਂ ਅਜੀਬ ਜਿਹੀ ਸਨਸਨੀ ਉਸਦੇ ਸਾਰੇ ਸਰੀਰ ਵਿਚ ਦੌੜ ਗਈ ਹੋਵੇ । ਉਹ ਸੰਘਣੀ ਧੁੰਦ ਵਿੱਚ ਤਰ ਰਿਹਾ ਲੱਗਦਾ ਸੀ। ਅਜਿੱਤ ਥਕਾਵਟ ਨੇ ਉਸਦੇ ਸਾਰੇ ਸਰੀਰ ਨੂੰ, ਜਿਹੜਾ ਏਨੇ ਪਰਾ ਮਨੁੱਖੀ ਦਬਾਅ ਦਾ ਸ਼ਿਕਾਰ ਹੋਇਆ ਰਿਹਾ ਸੀ, ਨੂੜ ਲਿਆ ਸੀ । ਉਹ ਇੱਕ ਉਂਗਲ ਹਿਲਾਉਣ ਤੋਂ ਵੀ ਅਸਮਰਥ ਸੀ, ਤੇ ਉਸਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਸੀ ਕਿ ਅਜੇ ਦੋ ਘੰਟੇ ਪਹਿਲਾਂ ਉਹ ਚੱਲਦਾ ਰਿਹਾ ਸੀ।
“ਸੋ ਤੁਸੀਂ ਜੰਗਲ ਵਿੱਚ ਰਹਿੰਦੇ ਹੋ ?” ਉਸ ਨੇ ਆਪਣੇ ਆਪ ਨੂੰ ਬੜੀ ਮੁਸ਼ਕਲ ਨਾਲ ਨੀਂਦ ਦੇ ਸ਼ਿਕੰਜ਼ੇ ਵਿੱਚੋਂ ਕੱਢਦਿਆਂ, ਲਗਭਗ ਅਣਸੁਣੀਂਦੀ ਅਵਾਜ਼ ਵਿੱਚ ਕਿਹਾ।
“ਹਾਂ, ਬੇਸ਼ਕ! ਹੁਣ ਅਸੀਂ ਤਿੰਨ ਜਣੇ ਹਾਂ । ਫੇਦਕਾ, ਮਾਂ ਤੇ ਮੈਂ । ਮੇਰੀ ਇੱਕ ਭੈਣ ਹੁੰਦੀ ਸੀ, ਨਿਊਸ਼ਕਾ ਉਸਦਾ ਨਾਂ ਸੀ । ਉਹ ਸਰਦੀਆਂ ਵਿੱਚ ਮਰ ਗਈ । ਉਹ ਸਾਰੀ ਸੁੱਜ ਗਈ ਤੇ ਮਰ ਗਈ। ਤੇ ਮੇਰਾ ਛੋਟਾ ਜਿਹਾ ਭਰਾ ਵੀ ਮਰ ਗਿਆ। ਸੋ ਅਸੀਂ ਤਿੰਨ ਜਣੇ ਰਹਿ ਗਏ ਹਾਂ । … ਜਰਮਨ ਹੁਣ ਵਾਪਸ ਨਹੀਂ ਆ ਰਹੇ, ਹੈ ਨਾ? ਤੇਰਾ ਕੀ ਖਿਆਲ ਹੈ ? ਮੇਰਾ ਨਾਨਾ ਹੁਣ ਸਾਡਾ ਪ੍ਰਧਾਨ ਹੈ; ਉਹ ਕਹਿੰਦਾ ਹੈ ਕਿ ਉਹ ਹੁਣ ਨਹੀਂ ਆਉਣਗੇ; ਉਹ ਕਹਿੰਦਾ ਹੈ: ‘ਮੁਰਦੇ ਕਦੀ ਕਬਰਾਂ ਤੋਂ ਨਹੀਂ ਮੁੜਦੇ ।’ ਪਰ ਮਾਂ ਡਰੀ ਹੋਈ ਹੈ । ਉਹ ਦੌੜ ਜਾਣਾ ਚਾਹੁੰਦੀ ਹੈ। ਹੋ ਸਕਦੈ ਉਹ ਮੁੜ ਆਉਣ, ਉਹ ਕਹਿੰਦੀ ਹੈ। ਦੇਖ! ਔਹ ਨਾਨਾ ਤੇ ਫੇਦਕਾ ਆ ਗਏ ठे।”
ਦਰਖਤਾਂ ਤੋਂ ਸਾਫ਼ ਕੀਤੇ ਮੈਦਾਨ ਦੇ ਕਿਨਾਰੇ ਅਲੈਕਸੇਈ ਵੱਲ ਇਸ਼ਾਰਾ ਕਰ ਰਿਹਾ ਲਾਲ ਵਾਲਾਂ ਵਾਲ਼ਾ ਫੇਦਕਾ ਸੀ; ਤੇ ਉਸਦੇ ਨਾਲ ਇੱਕ ਉੱਚਾ-ਲੰਮਾ ਝੁਕੇ ਮੋਢਿਆਂ ਵਾਲਾ ਬੁੱਢਾ ਸੀ, ਜਿਸਨੇ ਫਟਿਆ ਪੁਰਾਣਾ ਘਰ ਉਣਿਆ ਕੋਟ ਪਾਇਆ ਹੋਇਆ ਸੀ, ਜਿਸਨੂੰ ਲੱਕ ਦੁਆਲੇ ਇੱਕ ਰੱਸੀ ਨਾਲ ਬੰਨਿਆ ਹੋਇਆ ਸੀ ਤੇ ਉਸਨੇ ਉੱਚੀ ਸਾਰੀ ਜਰਮਨ ਅਫਸਰਾਂ ਵਾਲੀ ਪੀ-ਕੈਪ ਪਾਈ ਹੋਈ ਸੀ।
ਇਹ ਸੀ ਬਾਬਾ ਮਿਖਾਇਲ, ਜਿਵੇਂ ਕਿ ਮੁੰਡੇ ਉਸਨੂੰ ਬੁਲਾਉਂਦੇ ਸਨ । ਉਸਦਾ ਚਿਹਰਾ ਸਾਦਾ ਜਿਹੀਆਂ ਪੇਂਡੂ ਮੂਰਤਾਂ ਵਿੱਚ ਚਿਤਰੇ ਸੰਤ ਨਿਕੋਲਾਸ ਦੇ ਸਖੀ ਚਿਹਰੇ ਨਾਲ ਮਿਲਦਾ ਸੀ, ਉਸਦੀਆਂ ਇੱਕ ਬੱਚੇ ਵਰਗੀਆਂ ਸਾਫ, ਲਿਸ਼ਕਦੀਆਂ ਅੱਖਾਂ ਸਨ ਤੇ ਨਰਮ ਜਿਹੀ ਪਤਲੀ ਤਰ ਰਹੀ ਦਾਹੜੀ ਸੀ ਜਿਹੜੀ ਬਿਲਕੁਲ ਚਾਂਦੀ ਵਰਗੀ ਸੀ । ਉਸਨੇ ਅਲੈਕਸੇਈ ਨੂੰ ਭੇਡ ਦੀ ਜੱਤ ਦੇ ਇੱਕ ਪੁਰਾਣੇ ਕੋਟ ਵਿੱਚ ਲਪੇਟ ਲਿਆ, ਜਿਸ ਉੱਤੇ ਹਰ ਥਾਂ ਰੰਗ ਬਰੰਗੀਆਂ ਟਾਕੀਆਂ ਲੱਗੀਆਂ ਹੋਈਆਂ ਸਨ, ਤੇ ਉਸਦੇ ਹਲਕੇ ਮਾੜੂਏ ਜਿਹੇ ਸਰੀਰ ਨੂੰ ਚੁੱਕਦਿਆਂ ਤੇ ਲਪੇਟਦਿਆਂ ਉਹ ਸਿੱਧੜਾ ਵਾਲੀ ਹੈਰਾਨੀ ਨਾਲ ਕਹੀ ਜਾ ਰਿਹਾ ਸੀ:
“ਵਿਚਾਰਾ, ਵਿਚਾਰਾ ਮੁੰਡਾ ! ਕਿਉਂ, ਤੇਰੇ ਵਿੱਚ ਤਾਂ ਬਾਕੀ ਕੁਝ ਰਿਹਾ ਹੀ ਨਹੀਂ ! ਉਫ਼ ਪ੍ਰਮਾਤਮਾ, ਤੂੰ ਤਾਂ ਨਿਰਾ ਪਿੰਜ਼ਰ ਹੀ ਰਹਿ ਗਿਆ ਹੈ! ਉਫ਼, ਇਹ ਜੰਗ ਵੀ ਲੋਕਾਂ ਦਾ ਕੀ ਹਾਲ ਕਰ ਰਹੀ ਹੈ! ਉਫ਼ !”
ਬੜੇ ਧਿਆਨ ਨਾਲ, ਜਿਵੇਂ ਕਿ ਉਹ ਕਿਸੇ ਨਵਜਨਮੇ ਬੱਚੇ ਨੂੰ ਚੁੱਕ ਰਿਹਾ ਹੋਵੇ, ਉਸਨੇ ਅਲੈਕਸੇਈ ਨੂੰ ਬਰਫ਼ ਗੱਡੀ ਉੱਤੇ ਪਾ ਲਿਆ, ਇੱਕ ਰੱਸੇ ਨਾਲ ਉਸਨੂੰ ਬੰਨ ਲਿਆ, ਜ਼ਰਾ ਕੁ ਸੋਚਿਆ, ਆਪਣਾ ਕੋਟ ਲਾਹਿਆ, ਇਸਨੂੰ ਲੇਪਟਿਆਂ ਤੇ ਅਲੈਕਸੇਈ ਦੇ ਸਿਰ ਹੇਠਾਂ ਦੇ ਦਿੱਤਾ। ਫਿਰ, ਬਰਫ਼ ਗੱਡੀ ਦੇ ਅੱਗੇ ਅੱਗੇ ਜਾਂਦਿਆਂ, ਉਸਨੇ ਆਪਣੇ ਆਪ ਨੂੰ ਬੋਰੇ ਤੋਂ ਬਣੀ ਪੱਟੀ ਹੇਠ ਜੋਤ ਲਿਆ, ਤੇ ਫਿਰ ਦੋਹਾਂ ਮੁੰਡਿਆਂ ਨੂੰ ਇੱਕ ਇੱਕ ਰਾਸ ਫੜਾਉਂਦਿਆਂ ਉਹ ਬੋਲਿਆ: “ਰੱਬ ਅੰਗ ਸੰਗ ਹੋਵੇ !” ਤੇ ਉਹ ਤਿੰਨੇ ਜਣੇ ਬਰਫ਼ ਗੱਡੀ ਨੂੰ ਪਿਘਲਦੀ ਬਰਫ਼ ਦੇ ਉੱਪਰੋਂ ਦੀ ਖਿੱਚਣ ਲੱਗੇ, ਜਿਹੜੀ ਗੱਡੀ ਦੇ ਹੇਠਲੀਆਂ ਪੱਤਰੀਆਂ ਨੂੰ ਚੰਬੜਦੀ ਜਾ ਰਹੀ ਸੀ, ਚੀਂ-ਚੀਂ ਕਰਦੀ ਸੀ ਤੇ ਪੈਰਾਂ ਹੇਠ ਪਿਘਲ ਜਾਂਦੀ ਸੀ ।
15
ਅਗਲੇ ਦੋ ਤਿੰਨ ਦਿਨ ਅਲੈਕਸੇਈ ਨੇ ਮਹਿਸੂਸ ਕੀਤਾ ਕਿ ਜਿਵੇਂ ਉਹ ਸੰਘਣੀ, ਗਰਮ ਧੁੰਦ ਵਿੱਚ ਲਪੇਟਿਆ ਹੋਵੇ, ਜਿਸਦੇ ਵਿੱਚੋਂ ਦੀ ਉਹ ਆਲੇ ਦੁਆਲੇ ਵਾਪਰ ਰਹੀਆਂ ਚੀਜ਼ਾਂ ਦੀ ਧੁੰਦਲੀ ਜਿਹੀ ਤਸਵੀਰ ਹੀ ਦੇਖ ਸਕਦਾ ਹੈ । ਹਕੀਕਤ ਊਲ ਜਲੂਲ ਕਲਪਣਾ- ਚਿੱਤਰਾਂ ਨਾਲ ਘੁਲ ਮਿਲ ਗਈ ਤੇ ਬਹੁਤ ਦੇਰ ਮਗਰੋਂ ਹੀ ਉਹ ਇਸ ਅਵਸਥਾ ਵਿੱਚ ਹੋ ਸਕਿਆ ਕਿ ਹਕੀਕੀ ਘਟਨਾਵਾਂ ਨੂੰ ਉਹਨਾਂ ਦੀ ਅਸਲੀ ਤਰਤੀਬ ਵਿੱਚ ਰੱਖ ਕੇ ਦੇਖ ਸਕੇ।
ਭੱਜੇ ਹੋਏ ਲੋਕ ਅਛੋਹ ਜੰਗਲ ਦੀਆਂ ਡੂੰਘਾਣਾਂ ਵਿੱਚ ਰਹਿੰਦੇ ਸਨ । ਉਹਨਾਂ ਦੇ ਜ਼ਮੀਨ ਵਿੱਚ ਬਣਾਏ ਭੋਰੇ, ਜਿਨ੍ਹਾਂ ਉਪਰ ਦਿਆਰਾਂ ਦੀਆਂ ਟਾਹਣੀਆਂ ਦੀਆਂ ਛੱਤਾਂ ਪਈਆਂ ਹੋਈਆਂ ਸਨ, ਅਜੇ ਵੀ ਬਰਫ਼ ਨਾਲ ਢੱਕੇ ਪਏ ਸਨ ਤੇ ਮੁਸ਼ਕਲ ਨਾਲ ਹੀ ਨਜ਼ਰ ਆਉਂਦੇ ਸਨ । ਉਹਨਾਂ ਤੋਂ ਨਿੱਕਲਦਾ ਧੂੰਆਂ ਸਿੱਧਾ ਜ਼ਮੀਨ ਵਿੱਚੋਂ ਆਉਂਦਾ ਲੱਗਦਾ ਸੀ । ਜਿਸ ਦਿਨ ਅਲੈਕਸੇਈ ਉੱਥੇ ਪੁੱਜਾ, ਉਸ ਦਿਨ ਹਵਾ ਨਹੀਂ ਸੀ ਚੱਲ ਰਹੀ ਤੇ ਸਿਲ੍ਹ ਸੀ, ਤੇ ਧੂੰਆਂ ਕਾਈ ਦੇ ਨਾਲ ਚੰਬੜਿਆਂ ਹੋਇਆ ਸੀ ਤੇ ਦਰਖਤਾਂ ਵਿੱਚ ਗੇੜੇ ਲਾ ਰਿਹਾ ਸੀ, ਜਿਸ ਕਰਕੇ ਅਲੈਕਸੇਈ ਨੂੰ ਲੱਗਾ ਜਿਵੇਂ ਇਹ ਥਾਂ ਬੁਝ ਰਹੀ ਅੱਗ ਨਾਲ ਘਿਰੀ ਹੋਵੇ।
ਸਾਰੇ ਹੀ ਵਾਸੀ — ਮੁੱਖ ਕਰਕੇ ਔਰਤਾਂ ਤੇ ਬੱਚੇ ਤੇ ਕੁਝ ਕੁ ਬੁੱਢੇ – ਇਹ ਪਤਾ ਲੱਗਦਿਆਂ ਕਿ ਮਿਖਾਇਲ ਕਿਸੇ ਸੋਵੀਅਤ ਪਾਇਲਟ ਨੂੰ ਲੈਣ ਗਿਆ ਹੈ ਜਿਹੜਾ ਕਿਸੇ ਨੂੰ ਨਹੀਂ ਸੀ ਪਤਾ ਇਥੇ ਕਿਵੇਂ ਪੁੱਜ ਗਿਆ ਹੈ, ਤੇ ਜਿਹੜਾ, ਫੇਦਕਾ ਦੇ ਕਹਿਣ ਅਨੁਸਾਰ “ਅਸਲੀ ਪਿੰਜਰ” ਵਰਗਾ ਲੱਗਦਾ ਹੈ, ਉਹਨਾਂ ਨੂੰ ਅੱਗੋਂ ਦੀ ਹੋਕੇ ਮਿਲਣ ਲਈ ਬਾਹਰ ਆ ਗਏ। ਜਦੋਂ ਦਰਖਤਾਂ ਵਿੱਚੋਂ ਦੀ “ਤ੍ਰਿਕੜੀ” ਦਿਖਾਈ ਦਿਤੀ, ਤਾਂ ਔਰਤਾ ਇਸ ਵੱਲ ਦੌੜੀਆਂ, ਤੇ ਬੱਚਿਆ ਨੂੰ ਉੱਥੋਂ ਨਠਾਉਂਦਿਆਂ ਜਿਹੜੇ ਉਹਨਾਂ ਦੇ ਨਾਲ ਹੀ ਦੌੜਦੇ ਆ ਗਏ ਸਨ, ਉਹਨਾਂ ਨੇ ਬਰਫ਼ ਗੱਡੀ ਨੂੰ ਘੇਰ ਲਿਆ, ਤੇ ਰੋਂਦੀਆਂ ਤੇ ਵਿਰਲਾਪ ਕਰਦੀਆਂ ਭੌਰਿਆਂ ਤੱਕ ਉਸਦੇ ਨਾਲ ਗਈਆਂ । ਉਹਨਾਂ ਸਾਰੀਆਂ ਨੇ ਲੀਰਾਂ ਪਾਈਆਂ ਹੋਈਆਂ ਸਨ, ਤੇ ਸਾਰੀਆਂ ਹੀ ਇੱਕੋ ਜਿਹੀਆਂ ਬੁੱਢੀ ਉਮਰ ਦੀਆਂ ਲੱਗਦੀਆਂ ਸਨ । ਭੋਰਿਆਂ ਵਿਚਲੇ ਚੁਲ੍ਹਿਆਂ ‘ਚੋਂ ਆਉਦੇ ਧੂੰਏਂ ਤੇ ਧੁਆਂਖ ਨੇ ਉਹਨਾਂ ਦੇ ਚਿਹਰੇ ਕਾਲੇ ਕਰ ਦਿੱਤੇ ਸਨ ਤੇ ਸਿਰਫ਼ ਆਪਣੀਆਂ ਲਿਸ਼ਕਦੀਆਂ ਅੱਖਾਂ ਤੇ ਦੰਦਾਂ ਤੋਂ ਹੀ, ਜਿਹੜੇ ਉਹਨਾਂ ਦੀਆਂ ਸਾਂਵਲੀਆਂ ਚਮੜੀਆਂ ਦੇ ਪਿਛੋਕੜ ਵਿੱਚ ਚਿੱਟੇ ਲਿਸ਼ਕ ਰਹੇ ਸਨ, ਇਹ ਦੱਸਣਾ ਸੰਭਵ ਸੀ ਕਿ ਜਵਾਨ ਕਿਹੜੀ ਹੈ ਤੇ ਬੁੱਢੀ ਕਿਹੜੀ।
“ਜ਼ਨਾਨੀਆਂ, ਉਫ਼, ਜ਼ਨਾਨੀਆਂ! ਇੱਥੇ ਕਾਹਦੇ ਲਈ ਤੁਸੀਂ ਝੁਰਮਟ ਪਾ ਲਿਐ? ਇਹ ਕੋਈ ਤਮਾਸ਼ਾ ਤਾਂ ਨਹੀਂ!” ਬਾਬਾ ਮਿਖਾਇਲ ਆਪਣੇ ਜੋਤਰੇ ਨੂੰ ਹੋਰ ਜ਼ੋਰ ਦੀ ਖਿੱਚਦਾ ਹੋਇਆ, ਗੁੱਸੇ ਨਾਲ ਕੂਕਿਆ। “ਰਾਹ ‘ਚੋਂ ਹਟ ਜਾਓ, ਰੱਬ ਦੇ ਵਾਸਤੇ! ਹੇ ਪ੍ਰਮਾਤਮਾ, ਭੇਡਾਂ ਵਾਂਗ ਨੇ ਇਹ ਤਾਂ ! ਜਾਹਲ !”
ਤੇ ਔਰਤਾਂ ਦੀ ਭੀੜ ਵਿੱਚੋਂ ਅਲੈਕਸੇਈ ਨੂੰ ਇਸ ਤਰ੍ਹਾਂ ਦੀਆਂ ਅਵਾਜ਼ਾਂ ਸੁਣਾਈ ਦਿੱਤੀਆਂ:
“ਉਫ਼, ਕਿੰਨਾਂ ਮਾੜੂਆ ਹੈ! ਇਹ ਤਾਂ ਪਿੰਜਰ ਵਾਂਗ ਲੱਗਦੈ । ਇਹ ਤਾਂ ਹਿਲਜੁਲ ਹੀ ਨਹੀਂ ਰਿਹਾ। ਜਿਉਂਦਾ ਤਾਂ ਹੈ ?”
“ਇਹ ਤਾਂ ਬੇਹੋਸ਼ ਹੋਇਆ ਪਿਐ। ਗੱਲ ਕੀ ਹੈ ਇਹਨੂੰ ? ਉਫ਼, ਕਿੰਨਾਂ ਮਾੜੂਆ ਜਿਹਾ ਹੈ, ਕਿੰਨਾਂ ਮਾੜੂਆ!”
ਫਿਰ ਅਸਚਰਜਤਾ ਦੀਆਂ ਕੂਕਾਂ ਰੁਕ ਗਈਆਂ। ਅਣਜਾਣੇ ਪਰ ਭਿਆਨਕ ਤਜਰਬਿਆਂ ਤੋਂ, ਜਿਨਾਂ ਵਿੱਚੋਂ ਦੀ ਪਾਇਲਟ ਲੰਘਿਆ ਹੋਵੇਗਾ, ਇਹ ਔਰਤਾ ਡੂੰਘੀ ਤਰਾਂ ਪ੍ਰਭਾਵਤ ਹੋਈਆ, ਤੇ ਅਜੇ ਬਰਫ਼ ਗੱਡੀ ਜੰਗਲ ਦੇ ਕਿਨਾਰੇ ਕਿਨਾਰੇ ਹੀ ਖਿੱਚੀ ਜਾ ਰਹੀ ਸੀ ਤੇ ਧਰਤ ਹੇਠਲਾ ਪਿੰਡ ਨੇੜੇ ਆ ਰਿਹਾ ਸੀ ਤਾਂ ਉਹਨਾਂ ਵਿਚਕਾਰ ਝਗੜਾ ਉਠ ਖੜਾ ਹੋਇਆ ਕਿ ਉਹਨਾਂ ਵਿੱਚੋਂ ਕੋਣ ਅਲੈਕਸੇਈ ਨੂੰ ਆਪਣੇ ਭੋਰੇ ਵਿੱਚ ਲੈ ਜਾਇਗੀ।
“ਮੇਰੀ ਥਾਂ ਖੁਸ਼ਕ ਏ । ਰੇਤ ਏ, ਸਾਰੀ ਰੇਤ, ਤੇ ਬਹੁਤ ਹਵਾ ਆਉਂਦੀ ਏ।… ਤੇ ਮੇਰੇ ਕੋਲ ਅੰਗੀਠੀ ਵੀ ਹੈ,” ਖੁਸ਼ ਅੱਖਾਂ ਵਾਲੀ, ਜਿਨ੍ਹਾਂ ਦੇ ਚਿੱਟੇ ਜਵਾਨ ਨੀਗਰੋ ਦੀਆਂ ਅੱਖਾਂ ਦੇ ਚਿੱਟਿਆਂ ਵਾਂਗ ਚਮਕ ਰਹੇ ਸਨ, ਇੱਕ ਮਧਰੀ ਜਿਹੀ, ਗੋਲ ਮੂੰਹ ਵਾਲੀ ਔਰਤ ਨੇ ਦਲੀਲ हिँडी।
“ਅੰਗੀਠੀ ! ਪਰ ਤੁਸੀਂ ਕਿੰਨੇ ਸਾਰੇ ਉੱਥੇ ਰਹਿ ਰਹੇ ਹੋ? ਸਿਰਫ਼ ਹਵਾੜ ਹੀ ਤੁਹਾਨੂੰ ਅਗਲੇ ਜਹਾਨ ਭੇਜਣ ਲਈ ਕਾਫ਼ੀ ਹੈ! ਇਹਨੂੰ ਮੇਰੇ ਘਰ ਲੈ ਚੱਲ, ਮਿਖਾਇਲ। ਸੋਵੀਅਤ ਫ਼ੌਜ ਵਿੱਚ ਮੇਰੇ ਤਿੰਨ ਪੁੱਤ ਨੇ, ਤੇ ਮੇਰੇ ਕੋਲ ਕੁਝ ਆਟਾ ਵੀ ਹੈ ਬਚਿਆ ਹੋਇਆ । ਮੈਂ ਇਹਨੂੰ ਕੁਝ ਚਪਾਤੀਆਂ ਬਣਾ ਕੇ ਖੁਆਵਾਂਗੀ।”
“ਨਹੀਂ, ਨਹੀਂ! ਇਹਨੂੰ ਮੇਰੇ ਘਰ ਲੈ ਚੱਲ । ਮੇਰੇ ਕੋਲ ਬਹੁਤ ਥਾਂ ਹੈ। ਅਸੀਂ ਸਿਰਫ਼ ਦੋ ਜਣੇ ਹੀ ਹਾਂ, ਤੇ ਥਾਂ ਸਾਡੇ ਕੋਲ ਬਹੁਤ ਹੈ। ਆਪਣੀਆਂ ਚਪਾਤੀਆਂ ਤੂੰ ਮੇਰੇ ਘਰ ਲੈ ਆਈ, ਇਹਨੂੰ ਕੋਈ ਫ਼ਰਕ ਨਹੀਂ ਪੈਂਦਾ ਇਹ ਕਿੱਥੇ ਖਾਂਦਾ ਹੈ। ਮੈਂ ਤੇ ਕਸੀਊਸ਼ਾ ਇਸਦਾ ਧਿਆਨ ਰੱਖ ਲਵਾਂਗੇ, ਯਕੀਨ ਰੱਖ। ਮੇਰੇ ਕੋਲ ਕੁਝ? ਜਮਾਈਆਂ ਮੱਛੀਆਂ ਤੇ ਖੁੰਬਾਂ ਵੀ ਨੇ।… ਮੈਂ ਇਹਨੂੰ ਕੁਝ ਮੱਛੀਆਂ ਤੇ ਖੁੰਬਾ ਦਾ ਸ਼ੋਰਬਾ ਬਣਾ ਦਿਆਂਗੀ।…”
“ਸ਼ੋਰਬੇ ਦਾ ਇਹਨੂੰ ਕੀ ਫ਼ਾਇਦਾ ਹੋਊ, ਇਹਦਾ ਤਾਂ ਅੱਗੇ ਇੱਕ ਪੈਰ ਕਬਰ ਵਿੱਚ ਏ ?
ਇਹਨੂੰ ਮੇਰੇ ਲੈ ਚੱਲ, ਬਾਬਾ, ਸਾਡੇ ਕੋਲ ਗਾਂ ਹੈ, ਤੇ ਇਹਨੂੰ ਅਸੀਂ ਦੁੱਧ ਪਿਆ ਸਕਦੇ ਹਾਂ” ਪਰ ਮਿਖਾਇਲ ਬਰਫ਼ ਗੱਡੀ ਨੂੰ ਧੂਹ ਕੇ ਆਪਣੇ ਭੋਰੇ ਵੱਲ ਲੈ ਗਿਆ, ਜਿਹੜਾ ਇਸ ਧਰਤ ਹੇਠਲੇ ਪਿੰਡ ਦੇ ਅੱਧ ਵਿਚਕਾਰ ਸੀ।
…ਅਲੈਕਸੇਈ ਨੂੰ ਯਾਦ ਹੈ ਕਿ ਉਸਨੂੰ ਜ਼ਮੀਨ ਵਿੱਚ ਖੋਦ ਕੇ ਬਣਾਈ ਗਈ ਛੋਟੀ ਜਿਹੀ ਹਨੇਰੀ ਗੁਫ਼ਾ ਵਿਚ ਇੱਕ ਚਟਾਈ ਉੱਤੇ ਲਿਟਾ ਦਿੱਤਾ ਗਿਆ ਸੀ, ਜਿੱਥੇ ਚਾਨਣ ਦੇ ਨਾਂ ਉੱਤੇ ਇੱਕ ਧੂੰਆਂ ਉਂਗਲਦੀ ਭਬਕਦੀ ਹੋਈ ਬੱਤੀ ਜਿਹੀ ਸੀ, ਜਿਸਨੂੰ ਕੰਧ ਵਿੱਚ ਠੋਸ ਦਿੱਤਾ ਗਿਆ ਸੀ ਤੇ ਜਿਹੜੀ ਚੰਗਿਆੜੀਆਂ ਛੱਡ ਰਹੀ ਸੀ । ਉਸ ਦੇ ਚਾਨਣ ਵਿੱਚ ਉਸਨੂੰ ਇੱਕ ਮੇਜ਼ ਦਿਖਾਈ ਦਿੱਤਾ ਜਿਹੜਾ ਜਰਮਨਾਂ ਦੇ ਸੁਰੰਗਾ ਵਾਲ਼ੇ ਬਕਸੇ ਨੂੰ ਤੋੜ ਕੇ ਉਸਦੀਆਂ ਫੱਟੀਆਂ ਨੂੰ ਜ਼ਮੀਨ ਵਿੱਚ ਗੱਡੇ ਮੁਢ ਉਤੇ ਟਿਕਾ ਕੇ ਬਣਾਇਆ ਗਿਆ ਸੀ; ਉਸਦੇ ਚਾਰੇ ਪਾਸੇ ਗੇਲੀਆਂ ਦੇ ਚੀਰ ਕੇ ਬਣਾਏ ਕਈ ਟੋਟੇ ਪਏ ਸਨ, ਜਿਹੜੇ ਸਟੂਲਾਂ ਦਾ ਕੰਮ ਦੇਂਦੇ ਸਨ ਇੱਕ ਪਤਲਾ ਜਿਹਾ ਅਕਾਰ, ਕਾਲ਼ਾ ਰੁਮਾਲ ਲਈ ਤੇ ਬੁੱਢੀ ਔਰਤ ਵਾਲੇ ਕੱਪੜੇ ਪਾਈ, ਮੇਜ਼ ਉੱਤੇ ਝੁਕਿਆ ਹੋਇਆ ਸੀ – ਇਹ ਵਾਰਵਾਰਾ ਸੀ, ਬਾਬੇ ਮਿਖਾਇਲ ਦੀ ਸਭ ਤੋਂ ਛੋਟੀ ਨੂੰਹ ਅਤੇ ਮਿਖਾਇਲ ਦਾ ਸਿਰ ਦਿਖਾਈ ਦੇਂਦੇ ਸੀ, ਜਿਸ ਉੱਤੇ ਪਤਲੀਆਂ ਪਤਲੀਆਂ ਧੌਲੀਆਂ ਲਿਟਾਂ ਸਨ।
ਅਲੈਕਸੇਈ ਧਾਰੀਦਾਰ ਤੀਲੀਆਂ ਦੀ ਚਟਾਈ ਉੱਤੇ ਪਿਆ ਸੀ; ਅਜੇ ਵੀ ਟਾਕੀਆਂ ਵਾਲ਼ਾ ਭੇਡ ਦੀ ਜੱਤ ਵਾਲ਼ਾ ਕੋਟ ਉਸ ਉੱਤੇ ਪਿਆ ਸੀ, ਜਿਸ ਵਿੱਚੋਂ ਸੁਖਾਵੀਂ, ਖੱਟੀ ਖੱਟੀ, ਘਰ ਵਰਗੀ ਵਾਸ਼ਨਾ ਆ ਰਹੀ ਸੀ । ਤੇ ਭਾਵੇਂ ਉਸਦਾ ਸਰੀਰ ਇੰਝ ਦੁਖ ਰਿਹਾ ਸੀ, ਜਿਵੇਂ ਉਸਨੂੰ ਕਿਸੇ ਨੇ ਵੱਟੇ ਮਾਰੇ ਹੋਣ, ਤੇ ਪੈਰ ਇੰਝ ਸੜ ਰਹੇ ਸਨ ਜਿਵੇਂ ਉਹਨਾਂ ਉੱਪਰ ਕਿਸੇ ਨੇ ਸੜਦੀਆਂ ਸੜਦੀਆਂ ਇੱਟਾਂ ਰੱਖ ਦਿਤੀਆਂ ਹੋਣ, ਤਾਂ ਵੀ ਇਸ ਤਰ੍ਹਾਂ ਬੇਹਰਕਤ ਪਏ ਰਹਿਣਾ ਸੁਖਾਵਾਂ ਸੀ, ਇਸ ਗਿਆਨ ਨਾਲ ਕਿ ਉਹ ਮਹਿਫੂਜ਼ ਹੈ, ਕਿ ਉਸਨੂੰ ਹੁਣ ਤੁਰਦੇ ਜਾਣ ਦੀ ਜਾਂ ਸੋਚਣ ਦੀ ਜਾਂ ਲਗਾਤਾਰ ਸਾਵਧਾਨ ਰਹਿਣ ਦੀ ਕੋਈ ਮਜ਼ਬੂਰੀ ਨਹੀਂ।
ਭੋਰੇ ਦੇ ਕੋਨੇ ਵਿਚਲੇ ਚੁਲ੍ਹੇ ਦੀ ਅੱਗ ਦਾ ਧੂੰਆਂ ਦੁਧੀਆਂ ਜਿਹੀਆਂ, ਚੰਚਲ, ਇੱਕ ਦੂਜੀ ਵਿੱਚ ਘੁਲ ਮਿਲ ਜਾ ਰਹੀਆਂ ਤਹਿਆ ਬਣਾਉਂਦਾ ਛੱਤ ਵੱਲ ਜਾ ਰਿਹਾ ਸੀ, ਤੇ ਅਲੈਕਸੇਈ ਨੂੰ ਲੱਗ ਰਿਹਾ ਸੀ ਜਿਵੇਂ ਨਿਰਾ ਧੂੰਆਂ ਹੀ ਨਹੀਂ, ਸਗੋਂ ਮੇਜ਼, ਬਾਬੇ ਮਿਖਾਇਲ ਦਾ, ਜਿਹੜਾ ਕਿ ਹਮੇਸ਼ਾਂ ਕਿਸੇ ਨਾ ਕਿਸੇ ਕੰਮ ਵਿੱਚ ਰੁਝਾ ਰਹਿੰਦਾ ਸੀ, ਧੌਲਾ ਸਿਰ ਤੇ ਵਾਰਵਾਰਾ ਦਾ ਪਤਲਾ ਜਿਹਾ ਸਰੀਰ ਵੀ ਤਰ ਰਿਹਾ ਸੀ, ਝੂਲ ਰਿਹਾ ਸੀ ਤੇ ਘੁਲ਼ਦਾ ਜਾਂ ਰਿਹਾ ਸੀ । ਉਸਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ । ਉਸਨੇ ਅੱਖਾਂ ਉਦੋਂ ਹੀ ਖੋਹਲੀਆਂ ਜਦੋਂ ਬੋਰੀਆਂ ਨਾਲ ਬੰਦ ਕੀਤੇ ਦਰਵਾਜ਼ੇ ਵਿੱਚੋਂ ਆਉਂਦੀ ਠੰਡੀ ਹਵਾ ਦੇ ਬੁਲ੍ਹੇ ਨੇ ਉਸਨੂੰ ਜਗਾ ਦਿੱਤਾ । ਮੇਜ਼ ਕੋਲ ਇਕ ਔਰਤ ਖੜ੍ਹੀ ਸੀ । ਉਸਨੇ ਮੇਜ਼ ਉੱਤੇ ਇੱਕ ਝੋਲਾ ਲਿਆ ਰੱਖਿਆ ਸੀ ਤੇ ਇਸ ਉੱਤੇ ਆਪਣੇ ਹੱਥ ਰੱਖੇ ਹੋਏ ਸਨ ਜਿਵੇਂ ਸੋਚ ਰਹੀ ਹੋਵੇ ਕਿ ਉਸਨੂੰ ਇਹ ਵਾਪਸ ਲੈ ਜਾਣਾ ਚਾਹੀਦਾ ਹੈ ਜਾਂ ਨਹੀਂ । ਉਸਨੇ ਹਉਂਕਾ ਭਰਿਆ ਤੇ ਵਾਰਵਾਰਾ ਨੂੰ ਕਹਿਣ ਲੱਗੀ:
“ਇਹ ਕੁਝ ਸੂਜੀ ਹੈ ਜਿਹੜੀ ਲੜਾਈ ਤੋਂ ਪਹਿਲਾਂ ਦੀ ਮੇਰੇ ਕੋਲ ਪਈ ਸੀ । ਮੈਂ ਇਸਨੂੰ ਆਪਣੇ ਕੌਸਤੀਊਨਕਾ ਲਈ ਬਚਾ ਕੇ ਰਖਿਆ ਹੋਇਆ ਸੀ, ਪਰ ਹੁਣ ਉਸਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਇਹ ਲੈ ਲੈ ਤੇ ਆਪਣੇ ਪਰਾਹੁਣੇ ਲਈ ਕੁਝ ਬਣਾ ਦੇਹ। ਇਹ ਬੱਚਿਆਂ ਲਈ ਏ, ਤੇ ਇਹਨੂੰ ਇਸ ਵੇਲੇ ਬਿਲਕੁਲ ਇਹੋ ਜਿਹੀਆਂ ਚੀਜਾਂ ਦੀ ਲੋੜ ਏ।”
ਉਹ ਮੁੜੀ ਤੇ ਬਾਹਰ ਚਲੀ ਗਈ, ਤੇ ਭੋਰੇ ਵਿਚਲੇ ਸਾਰਿਆਂ ਉੱਤੇ ਆਪਣੇ ਗਮ ਦਾ ਅਸਰ ਛੱਡ ਗਈ। ਕਿਸੇ ਹੋਰ ਨੇ ਕੁਝ ਬਰਫ਼ ਵਿੱਚ ਜਮਾਈ ਬਰੀਮ ਮੱਛੀ ਲੈ ਆਂਦੀ, ਕਿਸੇ ਦੂਜੀ ਨੇ ਤੰਦੂਰ ਵਿੱਚ ਪਕਾਈਆਂ ਚਪਾਤੀਆਂ ਲੈ ਆਂਦੀਆਂ, ਜਿਸ ਨਾਲ ਭੋਰਾ ਸੱਜਰੀ ਪੱਕੀ ਰੋਟੀ ਦੀ ਖੱਟੀ ਖੱਟੀ, ਨਿੱਘੀ ਵਾਸ਼ਨਾ ਨਾਲ ਭਰ ਗਿਆ।
ਸੇਰਿਓਨਕਾ ਤੇ ਫੇਦਕਾ ਆ ਗਏ । ਕਿਸਾਨਾਂ ਵਰਗੀ ਗੰਭੀਰਤਾ ਨਾਲ ਆਪਣੀ ਫ਼ੌਜੀ ਟੋਪੀ ਲਾਹੁੰਦਿਆਂ ਸੇਰਿਓਨਕਾ ਬੋਲਿਆ: “ਸ਼ੁਭ ਪ੍ਰਭਾਤ”, ਤੇ ਮੇਜ਼ ਉੱਤੇ ਖੰਡ ਦੀਆਂ ਦੋ ਡਲੀਆਂ ਰੱਖ ਦਿੱਤੀਆਂ ਜਿਨਾਂ ਉੱਪਰ ਤਮਾਕੂ ਦੇ ਰੇਸ਼ੇ ਤੇ ਸੂਹੜੀ ਚੰਬੜੀ ਹੋਈ ਸੀ ।
“ਮਾਂ ਨੇ ਇਹ ਭੇਜੀਆਂ ਨੇ । ਖੰਡ ਤੁਹਾਡੇ ਲਈ ਚੰਗੀ ਏ, ਇਹ ਖਾ ਲੈਣਾ,” ਉਹ ਬੋਲਿਆ, ਤੇ ਮਿਖਾਇਲ ਵੱਲ ਮੁੜਦਿਆਂ ਉਸਨੇ ਕਾਰੋਬਾਰੀ ਅੰਦਾਜ਼ ਵਿੱਚ ਕਿਹਾ: “ਅਸੀਂ ਫਿਰ ਪੁਰਾਣੀ ਥਾਂ ਗਏ ਸਾਂ । ਸਾਨੂੰ ਇੱਕ ਲੋਹੇ ਦੀ ਕੇਤਲੀ, ਦੋ ਕਹੀਆਂ, ਬਿਲਕੁਲ ਠੀਕ ਠਾਕ, ਤੇ ਇੱਕ ਕੁਹਾੜੀ ਦਾ ਫਲ ਮਿਲਿਐ। ਇਹ ਸਭ ਚੀਜ਼ਾਂ ਕਿਸੇ ਕੰਮ ਆ ਸਕਦੀਆਂ ठे।”
ਇੱਧਰ ਫੇਦਕਾ, ਆਪਣੇ ਭਰਾ ਦੇ ਪਿੱਛੇ ਖੜ੍ਹਾ ਲਲਚਾਈਆਂ ਅੱਖਾਂ ਨਾਲ ਮੇਜ਼ ਉੱਤੇ ਪਈ ਖੰਡ ਵੱਲ ਦੇਖ ਰਿਹਾ ਸੀ, ਤੇ ਜ਼ੋਰ ਜ਼ੋਰ ਦੀ ਸਾਹ ਖਿੱਚ ਰਿਹਾ ਸੀ, ਕਿਉਂਕਿ ਉਸਦੇ ਮੂੰਹ ਵਿੱਚ ਪਾਣੀ ਆ ਰਿਹਾ ਸੀ ।
ਮਗਰੋਂ ਜਦੋਂ ਅਲੈਕਸੇਈ ਨੇ ਇਸ ਸਭ ਕਾਸੇ ਬਾਰੇ ਸੋਚਿਆ, ਤਾਂ ਉਸਨੂੰ ਇਹਨਾਂ ਸਾਰੀਆਂ ਸੁਗਾਤਾਂ ਦੀ ਕੀਮਤ ਦਾ ਅਹਿਸਾਸ ਹੋਇਆ, ਜਿਹੜੀਆਂ ਸੁਗਾਤਾਂ ਉਸਨੂੰ ਐਸੇ ਪਿੰਡ ਵਿੱਚ ਲਿਆ ਕੇ ਦਿੱਤੀਆਂ ਗਈਆਂ ਸਨ, ਜਿਸਦੇ ਲਗਭਗ ਇੱਕ ਤਿਹਾਈ ਵਾਸੀ ਉਸ ਸਿਆਲ ਭੁੱਖ ਨਾਲ ਮਾਰੇ ਗਏ ਸਨ, ਜਿਥੇ ਇੱਕ ਵੀ ਐਸਾ ਟੱਬਰ ਨਹੀਂ ਸੀ ਜਿਹੜਾ ਆਪਣੇ ਇੱਕ ਜਾਂ ਸਗੋਂ ਦੋ ਦੋ ਜੀਆਂ ਦਾ ਵੀ ਸੋਗ ਨਾ ਮਨਾ ਰਿਹਾ ਹੋਵੇ ।
“ਉਫ਼, ਔਰਤੋ, ਔਰਤੋ, ਤੁਸੀਂ ਅਣਮੋਲ ਹੋ ! ਤੂੰ ਸੁਣਦਾ ਏਂ, ਅਲੈਕਸੇਈ, ਮੈਂ ਕੀ ਕਹਿ
ਰਿਹਾ ਹਾਂ ? ਮੈਂ ਕਹਿੰਦਾ ਹਾਂ ਕਿ ਰੂਸੀ ਔਰਤ ਅਣਮੋਲ ਹੈ । ਤੁਹਾਨੂੰ ਸਿਰਫ਼ ਉਸਦੇ ਦਿਲ ਨੂੰ ਛੁਹਣ ਦੀ ਲੋੜ ਹੈ, ਤੇ ਉਹ ਆਪਣੀ ਆਖ਼ਰੀ ਰੱਖੀ ਰਖਾਈ ਚੀਜ਼ ਵੀ ਦੇ ਦੇਵੇਗੀ, ਤੇ ਜੇ ਲੋੜ ਪਵੇ ਤਾਂ ਆਪਣਾ ਸਿਰ ਤੱਕ ਵਾਰ ਦੇਵੇਗੀ। ਇਸ ਤਰ੍ਹਾਂ ਦੀਆਂ ਨੇ ਸਾਡੀਆਂ ਔਰਤਾਂ। ਕਿਉਂ, ਮੈਂ ਠੀਕ ਨਹੀਂ?” ਅਲੈਕਸੇਈ ਵੱਲੋਂ ਇਹ ਸੁਗਾਤਾਂ ਪ੍ਰਵਾਨ ਕਰਦਾ ਹੋਇਆ ਬਾਬਾ ਮਿਖਾਇਲ ਕਹਿੰਦਾ ਤੇ ਫਿਰ ਆਪਣੇ ਕੰਮ ਵੱਲ ਮੁੜ ਪੈਂਦਾ, ਜਿਹੜਾ ਹਮੇਸ਼ਾ ਉਹ ਕਰ ਰਿਹਾ ਹੁੰਦਾ ਸੀ — ਘੋੜੇ ਦੇ ਸਾਜ, ਪਟੇ ਜਾਂ ਨਮਦੇ ਦੇ ਘਸੇ ਹੋਏ ਬੂਟਾ ਦੀ ਮੁਰੰਮਤ ਕਰਨਾ। “ਤੇ ਕੰਮ ਵਿੱਚ ਵੀ ਸਾਡੀਆਂ ਔਰਤਾਂ ਅਸਾਂ ਆਦਮੀਆਂ ਤੋਂ ਪਿੱਛੇਂ ਨਹੀਂ ਰਹੀਆਂ। ਉਹ ਸਗੋਂ ਸਾਨੂੰ ਦੋ ਚਾਰ ਗੱਲਾਂ ਸਿਖਾ ਸਕਦੀਆਂ ਹਨ ! ਉਹਨਾਂ ਦੀਆਂ ਜ਼ੁਬਾਨਾਂ ਨੇ, ਜਿਹੜੀਆਂ ਮੈਨੂੰ ਪਸੰਦ ਨਹੀਂ! ਇਹ ਮੇਰੀ ਜਾਨ ਲੈ ਕੇ ਛੱਡਣਗੀਆਂ, ਇਹ ਔਰਤਾਂ ਮੇਰੀ ਜਾਨ ਲੈ ਕੇ ਛੱਡਣਗੀਆਂ, ਮੈਂ ਤੈਨੂੰ ਦਸ ਦਿਆਂ। ਜਦੋਂ ਮੇਰੀ ਅਨੀਸੀਆ ਮਰੀ, ਤਾਂ ਮੈਂ ਆਪਣੇ ਮਨ ਵਿੱਚ ਸੋਚਿਆ: ‘ਸ਼ੁਕਰ ਹੈ ਪ੍ਰਮਾਤਮਾ ਦਾ, ਹੁਣ ਜ਼ਰਾ ਮੈਂ ਸ਼ਾਂਤ ਜ਼ਿੰਦਗੀ ਬਿਤਾ ਸਕਾਂਗਾ!’ ਪਰ ਦੇਖ, ਰੱਬ ਨੇ ਮੈਨੂੰ ਇਸ ਗੱਲ ਦੀ ਸਜ਼ਾ ਦਿੱਤੀ। ਸਾਡੇ ਜਿਨ੍ਹਾਂ ਆਦਮੀਆਂ ਨੂੰ ਫੌਜ ਵਿੱਚ ਨਹੀਂ ਸੀ ਲਿਆ ਗਿਆ, ਉਹ ਸਾਰੇ ਜਰਮਨਾਂ ਨਾਲ ਲੜਨ ਲਈ ਛਾਪੇਮਾਰਾਂ ਵਿੱਚ ਸ਼ਾਮਲ ਹੋ ਗਏ ਤੇ ਮੈਂ, ਆਪਣੇ ਗੁਨਾਹ ਕਰਕੇ, ਔਰਤਾਂ ਦਾ ਕਮਾਂਡਰ ਬਣ ਗਿਆ, ਜਿਸ ਤਰ੍ਹਾਂ ਭੇਡਾਂ ਦੇ ਝੁੰਡ ਵਿੱਚ ਬੱਕਰਾ ਹੁੰਦਾ ਹੈ।… ਓ-ਹੋ-ਹੋ!”
ਇਸ ਜੰਗਲ ਵਿੱਚ ਵਸੀ ਬਸਤੀ ਵਿੱਚ ਅਲੈਕਸੇਈ ਨੂੰ ਕਈ ਚੀਜ਼ਾਂ ਦਿਖਾਈ ਦਿੱਤੀਆਂ ਜਿਹੜੀਆਂ ਉਸਨੂੰ ਬਹੁਤ ਹੈਰਾਨ ਕਰਨ ਵਾਲੀਆਂ ਸਨ। ਜਰਮਨਾਂ ਨੇ ਪਲਾਵਨੀ ਦੇ ਵਾਸੀਆਂ ਤੋਂ ਉਹਨਾਂ ਦੇ ਘਰ ਖੋਹ ਲਏ ਸਨ, ਉਹਨਾਂ ਦੀਆਂ ਚੀਜ਼ਾਂ, ਉਹਨਾਂ ਦੇ ਖੇਤੀ ਦੇ ਸੰਦ, ਡੰਗਰ-ਢੋਰ, ਘਰੇਲੂ ਬਰਤਨ ਤੇ ਕੱਪੜੇ ਖੋਹ ਲਏ ਸਨ, ਸਭ ਕੁਝ ਖੋਹ ਲਿਆ ਸੀ । ਜੋ ਕੁਝ ਪੁਸ਼ਤਾਂ ਦੀ ਮੁਸ਼ੱਕਤ ਦੇ ਨਾਲ ਉਹਨਾਂ ਨੇ ਇਕੱਠਾ ਕੀਤਾ ਸੀ, ਤੇ ਇਸ ਵੇਲੇ ਲੋਕ ਭਾਰੀ ਮੁਸੀਬਤਾਂ ਝਾਗਦੇ ਜੰਗਲ ਵਿੱਚ ਰਹਿ ਰਹੇ ਸਨ, ਲਗਾਤਾਰ ਇਸ ਖਤਰੇ ਵਿੱਚ ਕਿ ਜਰਮਨ ਉਹਨਾਂ ਨੂੰ ਕਿਤੇ ਲੱਭ ਨਾ ਲੈਣ। ਉਹ ਭੁੱਖੇ ਰਹਿੰਦੇ ਤੇ ਠੰਡ ਝਾਗਦੇ ਸਨ ਪਰ ਸਾਂਝਾ ਫਾਰਮ ਖੇਰੂੰ ਖੇਰੂੰ ਨਹੀਂ ਸੀ ਹੋਇਆ; ਇਸਦੇ ਉਲਟ, ਜੰਗ ਦੀ ਭਾਰੀ ਬਿਪਤਾ ਨੇ ਲੋਕਾਂ ਨੂੰ ਸਗੋਂ ਇੱਕ ਦੂਜੇ ਦੇ ਹੋਰ ਨੇੜੇ ਲੈ ਆਂਦਾ ਸੀ । ਇਥੋਂ ਤੱਕ ਕਿ ਉਹਨਾਂ ਨੇ ਭੋਰੇ ਵੀ ਮਿਲ ਕੇ ਖੋਦੇ ਸਨ ਤੇ ਉਹਨਾਂ ਵਿੱਚ ਜਾ ਕੇ ਟਿਕਾਣਾ ਕੀਤਾ ਸੀ, ਬੇਤਰਤੀਬੀ ਨਾਲ ਨਹੀ, ਸਗੋਂ ਉਹਨਾਂ ਟੀਮਾਂ ਦੇ ਹਿਸਾਬ ਨਾਲ ਜਿਨਾਂ ਅਨੁਸਾਰ ਉਹ ਫਾਰਮ ਉੱਤੇ ਕੰਮ ਕਰਦੇ ਰਹੇ ਸਨ। ਜਦੋਂ ਬਾਬੇ ਮਿਖਾਇਲ ਦਾ ਜਵਾਈ ਮਾਰਿਆ ਗਿਆ ਸੀ, ਤਾਂ ਉਸਨੇ ਸਾਂਝੇ ਫਾਰਮ ਦੇ ਪ੍ਰਧਾਨ ਦੇ ਫਰਜ਼ ਆਪਣੇ ਜ਼ਿੰਮੇ ਲੈ ਲਏ ਸਨ, ਤੇ ਜੰਗਲ ਵਿੱਚ ਉਹ ਸਾਂਝੇ ਫਾਰਮ ਦੀਆਂ ਸਾਰੀਆਂ ਰੀਤਾਂ ਦੀ ਪਵਿੱਤਰ ਚੀਜ ਵਾਂਗ ਪਾਲਣਾ ਕਰ ਰਿਹਾ ਸੀ। ਤੇ ਹੁਣ, ਉਸਦੇ ਨਿਰਦੇਸ਼ਨ ਹੇਠ, ਅਛੋਹ ਜੰਗਲ ਦੇ ਧੁਰ ਅੰਦਰ, ਗੁਫਾਵਾਂ ਵਿੱਚ ਰਹਿ ਰਿਹਾ ਪਿੰਡ ਬ੍ਰਿਗੇਡ ਤੇ ਟੀਮਾਂ ਬਣਾ ਕੇ ਬਸੰਤ ਲਈ ਤਿਆਰ ਹੋ ਰਿਹਾ ਸੀ।
ਭਾਵੇਂ ਆਪ ਭੁੱਖੀਆਂ ਮਰ ਰਹੀਆਂ ਸਨ, ਤਾਂ ਵੀ ਕਿਸਾਨ ਔਰਤਾਂ ਉਹ ਸਾਰਾ ਅਨਾਜ ਸਾਂਝੀ ਗੁਫ਼ਾ ਵਿੱਚ ਲੈ ਆਈਆਂ ਜਿਹੜਾ ਵੀ ਉਹ ਉਸ ਵੇਲੇ ਬਚਾ ਸਕੀਆਂ ਸਨ, ਜਦੋਂ ਉਹ ਆਪਣੇ ਪਿੰਡ ਤੋਂ ਦੌੜੀਆਂ ਸਨ – ਸਾਰਾ ਹੀ, ਆਖ਼ਰੀ ਦਾਣੇ ਤੱਕ । ਜਰਮਨਾਂ ਤੋਂ ਬਚਾਈਆਂ ਗਾਈਆਂ ਤੋਂ ਜੰਮੇ ਵੱਛਿਆਂ ਦਾ ਸਭ ਤੋਂ ਵੱਧ ਧਿਆਨ ਰੱਖਿਆ ਗਿਆ ਸੀ । ਇਹ ਲੋਕ ਭੁੱਖੇ ਮਰ ਰਹੇ ਸਨ, ਪਰ ਸਾਂਝੀ ਮਾਲਕੀ ਹੇਠਲੇ ਡੰਗਰਾਂ ਨੂੰ ਉਹ ਨਹੀਂ ਸਨ ਝਟਕਾ ਰਹੇ । ਆਪਣੀਆਂ ਜਾਨਾਂ ਖ਼ਤਰੇ ਵਿੱਚ ਪਾ ਕੇ ਪਿੰਡ ਦੇ ਮੁੰਡੇ ਪੁਰਾਣੇ, ਸੜੇ ਹੋਏ ਪਿੰਡ ਜਾਂਦੇ ਸਨ ਤੇ ਸਵਾਹ ਦੇ ਢੇਰਾਂ ਨੂੰ ਫਰੋਲਦੇ ਹੋਏ ਹਲਾਂ ਦੇ ਫਲ ਲੱਭ ਲਿਆਉਂਦੇ ਸਨ, ਜਿਹੜੇ ਤਪਣ ਕਰਕੇ ਨੀਲ਼ੇ ਪਏ ਹੁੰਦੇ ਸਨ । ਇਹ ਫਲ ਉਹ ਧਰਤ-ਹੇਠਲੇ ਇਸ ਪਿੰਡ ਵਿੱਚ ਲੈ ਆਉਂਦੇ ਤੇ ਵਰਤੋਂ ਲਈ ਸਭ ਤੋਂ ਵਧੇਰੇ ਠੀਕ ਫਲਾਂ ਨੂੰ ਲੱਕੜ ਦੀਆਂ ਮੁੱਠੀਆਂ ਲਾ ਲੈਂਦੇ । ਬਸੰਤ ਦੀ ਵਾਹੀ ਲਈ ਗਾਈਆਂ ਨੂੰ ਜੋਤਣ ਲਈ ਔਰਤਾਂ ਨੇ ਬੋਰਿਆਂ ਤੋਂ ਜੂਲੇ ਬਣਾ ਲਏ । ਝੀਲ ਵਿੱਚੋਂ ਮੱਛੀਆਂ ਫੜਨ ਲਈ ਔਰਤਾਂ ਦੀਆਂ ਟੀਮਾਂ ਵਾਰੀ ਬੰਨ੍ਹ ਕੇ ਜਾਂਦੀਆਂ ਰਹੀਆਂ ਸਨ ਤੇ ਇਸ ਤਰ੍ਹਾਂ ਸਿਆਲ ਵਿੱਚ ਸਾਰੇ ਪਿੰਡ ਲਈ ਖੁਰਾਕ ਮੁਹੱਈਆ ਕਰਦੀਆਂ ਰਹੀਆਂ ਸਨ।
ਭਾਵੇਂ ਬਾਬਾ ਮਿਖਾਇਲ “ਆਪਣੀਆਂ ਔਰਤਾਂ” ਬਾਰੇ ਬੁੜਬੁੜ ਤੇ ਸੁੜਸੁੜ ਕਰਦਾ ਰਹਿੰਦਾ ਸੀ, ਤੇ ਆਪਣੇ ਕੰਨਾਂ ਉੱਤੇ ਹੱਥ ਰੱਖ ਲੈਂਦਾ ਸੀ, ਜਦੋਂ ਉਹ ਸਾਂਝੇ ਫਾਰਮ ਨਾਲ ਸੰਬੰਧਤ ਕਿਸੇ ਮਾਮਲੇ ਬਾਰੇ, ਜਿਸਦੀ ਮਹੱਹਤਾ ਦੀ ਅਲੈਕਸੇਈ ਨੂੰ ਸਮਝ ਨਹੀਂ ਸੀ ਆਉਂਦੀ, ਉਸਦੇ ਭੋਰੇ ਵਿੱਚ ਕਿੰਨੀਂ ਦੇਰ ਤੱਕ ਤੇ ਗੁੱਸੇ ਨਾਲ ਝਗੜਣ ਲੱਗ ਪੈਂਦੀਆਂ ਤੇ ਭਾਵੇਂ ਜਦੋਂ ਉਸਦੀ ਸਹਿਣ ਸ਼ਕਤੀ ਖ਼ਤਮ ਹੋ ਜਾਂਦੀ, ਉਹ ਆਪਣੀ ਉੱਚੀ, ਤਿੱਖੀ ਅਵਾਜ਼ ਵਿੱਚ ਉਹਨਾਂ ਨੂੰ ਬੁਰਾ ਭਲਾ ਕਹਿਣ ਲੱਗ ਪੈਂਦਾ, ਤਾਂ ਵੀ ਉਹ ਉਹਨਾਂ ਦੀ ਕਦਰ ਜਾਣਦਾ ਸੀ ਤੇ ਆਪਣੇ ਚੁੱਪ ਸਰੋਤੇ ਦੀ ਸਹਿਮਤੀ ਤੋਂ ਲਾਭ ਉਠਾਉਂਦਿਆਂ, ਉਹ “ਜਨਾਨੀ ਜਾਤ” ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹਦਾ ਰਹਿੰਦਾ ਸੀ ।
“ਪਰ ਦੇਖ ਹੋਇਆ ਕੀ ਹੈ, ਮੇਰੇ ਪਿਆਰੇ ਅਲੈਕਸੇਈ,” ਉਹ ਬੋਲਿਆ।
“ਔਰਤ ਆਪਣੇ ਦੋਹਾਂ ਹੱਥਾਂ ਨਾਲ ਕਿਸੇ ਚੀਜ਼ ਨੂੰ ਚੰਬੜੀ ਰਹੇਗੀ। ਕਿਉਂ, ਮੈਂ ਠੀਕ ਨਹੀਂ ? ਉਹ ਇੰਝ ਕਿਉਂ ਕਰਦੀ ਹੈ? ਕਿਉਂਕਿ ਉਹ ਸ਼ੂਮ ਹੈ? ਬਿਲਕੁਲ ਨਹੀਂ। ਉਹ ਇੰਝ ਇਸ ਲਈ ਕਰਦੀ ਹੈ, ਕਿਉਂਕਿ ਇਹ ਚੀਜ਼ ਉਸ ਲਈ ਪਿਆਰੀ ਹੈ। ਉਹੀ ਹੈ ਜਿਹੜੀ ਬੱਚਿਆਂ ਨੂੰ ਖੁਆਉਂਦੀ-ਪਿਆਉਂਦੀ ਹੈ; ਤੁਸੀਂ ਭਾਵੇਂ ਜੋ ਮਰਜ਼ੀ ਹੈ ਕਹਿ ਲਵੋ, ਉਹੀ ਹੈ ਜਿਹੜੀ ਘਰ ਚਲਾਉਂਦੀ ਹੈ । ਹੁਣ ਸੁਣ ਜ਼ਰਾ ਇੱਥੇ ਕੀ ਹੋਇਆ ਹੈ । ਤੂੰ ਦੇਖ ਸਕਦਾ ਹੈ ਕਿ ਅਸੀਂ ਕਿਵੇਂ ਰਹਿ ਰਹੇ ਹਾਂ; ਅਸੀਂ ਹਰ ਸਿੱਕੜ ਦਾ ਹਿਸਾਬ ਰੱਖ ਰਹੇ ਹਾਂ । ਹਾਂ, ਅਸੀਂ ਭੁੱਖੇ ਮਰ ਰਹੇ ਹਾਂ । ਖੈਰ, ਇਹ ਜਨਵਰੀ ਦੀ ਗੱਲ ਹੈ। ਛਾਪੇਮਾਰਾਂ ਦੀ ਇੱਕ ਟੋਲੀ ਇੱਕਦਮ ਕਿਤੋਂ ਆ ਨਿੱਕਲੀ। ਨਹੀਂ, ਸਾਡਿਆ ਦੀ ਨਹੀਂ। ਸਾਡੇ ਆਦਮੀ ਤਾਂ, ਸਾਨੂੰ ਪਤਾ ਲਗੈ, ਕਿਤੇ ਓਲੇਨਿਨ ਦੇ ਨੇੜੇ ਲੜ ਰਹੇ ਨੇ। ਇਹ ਆਦਮੀ ਸਾਡੇ ਲਈ ਓਪਰੇ ਸਨ, ਰੇਲਵੇ ‘ਚੋਂ ਸਨ। ਉਹ ਸਾਡੇ ਆ ਧਮਕੇ ਤੇ ਬੋਲੇ: ‘ਅਸੀਂ ਭੁੱਖ ਨਾਲ ਮਰ ਰਹੇ ਹਾਂ। ਖੈਰ, ਤੇਰਾ ਕੀ ਖਿਆਲ ਹੈ? ਅਗਲੇ ਦਿਨ ਇਹਨਾਂ ਔਰਤਾਂ ਨੇ ਉਹਨਾਂ ਆਦਮੀਆਂ ਦੇ ਝੋਲੇ ਖਾਣ ਵਾਲੀਆਂ ਚੀਜ਼ਾਂ ਨਾਲ ਭਰ ਦਿੱਤੇ, ਹਾਲਾਂਕਿ ਇਹਨਾਂ ਦੇ ਆਪਣੇ ਬੱਚੇ ਭੋਖੇ ਨਾਲ ਸੁੱਜੇ ਪਏ ਸਨ, ਏਨੇ ਕਮਜ਼ੋਰ ਕਿ ਤੁਰ ਵੀ ਨਹੀਂ ਸਨ ਸਕਦੇ । ਸੋ ? ਮੈਂ ਠੀਕ ਕਿਹਾ ਹੈ ਨਾ ? ਮੇਰਾ ਖਿਆਲ ਵੀ ਇਹੀ ਏ ! ਜੇ ਮੈਂ ਕੋਈ ਵੱਡਾ ਕਮਾਂਡਰ ਹੋਵਾ, ਤਾਂ ਜਰਮਨਾਂ ਨੂੰ ਠੁੱਡਿਆਂ ਨਾਲ ਬਾਹਰ ਕੱਢਣ ਤੋਂ ਮਗਰੋਂ, ਮੈਂ ਆਪਣੀਆਂ ਚੰਗੀਆਂ ਤੋਂ ਚੰਗੀਆਂ ਸਾਰੀਆਂ ਫ਼ੌਜਾਂ ਇਕੱਠੀਆਂ ਕਰ ਲਵਾਂ, ਉਹਨਾਂ ਨੂੰ ਇੱਕ ਔਰਤ ਸਾਮ੍ਹਣੇ ਕਤਾਰ ਵਿੱਚ ਖੜਿਆ ਕਰ ਦੇਵਾਂ ਤੇ ਉਹਨਾਂ ਨੂੰ ਹੁਕਮ ਦੇਵਾਂ ਕਿ ਉਸ ਰੂਸੀ ਔਰਤ ਦੇ ਕੋਲ਼ੋਂ ਦੀ ਮਾਰਚ ਕਰਦੇ ਲੰਘਣ ਤੇ ਉਸਨੂੰ ਸਲਾਮੀ ਦੇਣ। ਇਹ ਹੈ ਜੋ ਮੈਂ ਕਰਾਂਗਾ !…”
ਬੁੱਢੇ ਦੀ ਬੜਬੜ ਦਾ ਅਲੈਕਸੇਈ ਉੱਪਰ ਲੋਰੀ ਵਰਗਾ ਅਸਰ ਹੁੰਦਾ ਤੇ ਅਕਸਰ ਜਦੋਂ ਬੁੱਢਾ ਬੋਲ ਰਿਹਾ ਹੁੰਦਾ ਤਾਂ ਉਹ ਜ਼ਰਾ ਕੁ ਚੌਂਕਾ ਲਾ ਲੈਂਦਾ। ਪਰ ਕਦੀ ਕਦੀ ਆਪਣੀ ਜੇਬ ਵਿੱਚੋਂ ਚਿੱਠੀਆਂ ਤੇ ਕੁੜੀ ਦੀ ਫੋਟੋ ਕੱਢਣ ਦੀ ਤੇ ਉਸਨੂੰ ਉਹ ਦਿਖਾਉਣ ਦੀ ਤੀਬਰ ਇੱਛਾ ਮਹਿਸੂਸ ਕਰਦਾ, ਪਰ ਉਸ ਵਿੱਚ ਹਿਲਣ-ਜੁੱਲਣ ਜੋਗੀ ਤਾਕਤ ਨਹੀਂ ਸੀ । ਪਰ ਜਦੋਂ ਬਾਬੇ ਮਿਖਾਇਲ ਨੇ ਆਪਣੀਆਂ ਔਰਤਾਂ ਦੀਆਂ ਸਿਫਤਾਂ ਸ਼ੁਰੂ ਕੀਤੀਆਂ ਤਾਂ ਅਲੈਕਸੇਈ ਨੂੰ ਲੱਗਾ ਕਿ ਉਹ ਆਪਣੀ ਵਰਦੀ ਦੇ ਕਪੜੇ ਦੇ ਵਿੱਚੋਂ ਦੀ ਉਹਨਾਂ ਚਿੱਠੀਆਂ ਦਾ ਨਿੱਘ ਮਹਿਸੂਸ ਕਰ ਸਕਦਾ ਹੈ।
ਮੇਜ਼ ਕੋਲ ਬਾਬੇ ਮਿਖਾਇਲ ਦੀ ਚੁੱਪ ਕੀਤੀ ਨੂੰਹ ਵੀ ਬੈਠੀ ਰਹਿੰਦੀ ਸੀ; ਉਹ ਵੀ ਹਮੇਸ਼ਾ ਕਿਸੇ ਨਾ ਕਿਸੇ ਚੀਜ਼ ਵਿੱਚ ਰੁੱਝੀ ਰਹਿੰਦੀ।
ਸ਼ੁਰੂ ਸ਼ੁਰੂ ਵਿਚ ਅਲੈਕਸੇਈ ਉਸਨੂੰ ਬੁੱਢੀ ਜ਼ਨਾਨੀ, ਬਾਬੇ ਦੀ ਵਹੁਟੀ ਸਮਝਦਾ ਰਿਹਾ ਸੀ, ਪਰ ਮਗਰੋਂ ਉਸਨੇ ਦੇਖਿਆ ਕਿ ਉਹ ਵੀਹਾਂ ਜਾਂ ਬਾਈਆਂ ਤੋਂ ਜ਼ਿਆਦਾ ਨਹੀਂ ਹੋ ਸਕਦੀ, ਕਿ ਉਹ ਛੁਹਲੀ, ਛੱਬ ਵਾਲੀ ਤੇ ਸੋਹਣੀ ਸੀ, ਤੇ ਉਸਨੇ ਦੇਖਿਆ ਕਿ ਉਹ ਜਦੋਂ ਵੀ ਉਸ ਵੱਲ ਆਪਣੇ ਡਰੇ ਹੋਏ, ਫਿਕਰਮੰਦ ਅੰਦਾਜ਼ ਵਿਚ ਦੇਖਦੀ ਸੀ, ਤਾਂ ਹਮੇਸ਼ਾ ਹੀ ਉਹ ਕੰਬਦਾ ਜਿਹਾ ਹਉਂਕਾ ਭਰਦੀ ਸੀ, ਜਿਵੇਂ ਉਹ ਗੱਚ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇ । ਕਦੀ ਕਦੀ ਰਾਤ ਨੂੰ, ਜਦੋਂ ਬੱਤੀ ਪੂਰੀ ਜਗ ਕੇ ਬੁਝ ਚੁੱਕੀ ਹੁੰਦੀ, ਤੇ ਭੋਰੇ ਦੇ ਧੂੰਏ ਭਰੇ ਹਨੇਰੇ ਵਿਚ ਬੀਂਡਾ ਟੱਰਾਉਣ ਲੱਗ ਪੈਂਦਾ, ਜਿਸਨੂੰ ਬਾਬੇ ਮਿਖਾਇਲ ਨੇ ਸੜੇ ਹੋਏ ਪਿੰਡ ਵਿੱਚ ਲੱਭਿਆ ਸੀ ਤੇ ਕਿਸੇ ਸੜੇ ਹੋਏ ਭਾਂਡੇ ਦੇ ਨਾਲ ਇਸਨੂੰ ਬਾਂਹ ਵਿੱਚ ਪਾ ਕੇ “ਘਰ ਵਰਗਾ ਮਾਹੌਲ ਬਨਾਉਣ ਲਈ” ਲੈ ਆਇਆ ਸੀ, ਤਾਂ ਅਲੈਕਸੇਈ ਨੂੰ ਲੱਗਦਾ ਕਿ ਉਸਨੂੰ ਦੂਜੇ ਤਖਤਪੋਸ਼ ਉੱਤੇ ਕਿਸੇ ਦੇ ਹੌਲ਼ੀ ਹੌਲ਼ੀ ਰੋਣ ਦੀ, ਤੇ ਸਿਰਹਾਣੇ ਨੂੰ ਚੱਕ ਮਾਰ ਕੇ ਆਪਣੀ ਰੋਣ ਦੀ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਦੀ ਅਵਾਜ਼ ਆ ਰਹੀ ਹੈ।
16
ਬਾਬੇ ਮਿਖਾਇਲ ਨਾਲ ਰਹਿਣ ਦੇ ਤੀਜੇ ਦਿਨ ਸਵੇਰੇ ਸਵੇਰੇ ਬੁੱਢਾ ਉਸਨੂੰ ਜ਼ੋਰਦਾਰ ਲਫ਼ਜ਼ਾ ਵਿਚ ਕਹਿਣ ਲੱਗਾ:
“ਤੈਨੂੰ ਜੂੰਆਂ ਪਈਆਂ ਹੋਈਆਂ ਨੇ, ਅਲੈਕਸੇਈ, ਜੂੰਆਂ! ਤੇ ਇਹ ਕੀੜਿਆਂ ਨਾਲ਼ੋਂ ਵੀ ਭੈੜੀਆਂ ਹੁੰਦੀਐਂ। ਤੇ ਤੂੰ ਇਹਨਾਂ ਨੂੰ ਆਪੇ ਸਾਫ਼ ਵੀ ਨਹੀ ਕਰ ਸਕਦਾ। ਮੈਂ ਤੈਨੂੰ ਕਰਾਵਾਂਗਾ ਅਸ਼ਨਾਨ। ਕੀ ਖਿਆਲ ਹੈ? ਭਾਫ਼-ਅਸ਼ਨਾਨ। ਇਹ ਬੜਾ ਚੰਗਾ ਰਹੇਗਾ ! ਮੈਂ ਤੈਨੂੰ ਨੁਹਾਵਾਂਗਾ ਤੇ ਤੇਰੀਆਂ ਹੱਡੀਆਂ ਨੂੰ ਜ਼ਰਾ ਕੁ ਦਿਆਂਗਾ ਭਾਫ਼ । ਜੋ ਕੁਝ ਤੈਨੂੰ ਸਹਿਣਾ ਪਿਆ ਹੈ, ਉਸਤੋਂ ਮਗਰੋਂ ਇਸ ਨਾਲ ਤੈਨੂੰ ਫ਼ਾਇਦਾ ਹੋਵੇਗਾ। ਤੇਰਾ ਕੀ ਖਿਆਲ ਹੈ? ਮੈਂ ਠੀਕ ਨਹੀਂ ?
ਤੇ ਉਹ ਅਸ਼ਨਾਨ ਦਾ ਪ੍ਰਬੰਧ ਕਰਨ ਵਿੱਚ ਜੁੱਟ ਗਿਆ। ਉਸਨੇ ਕੋਨੇ ਵਿਚਲੇ ਚੁਲ੍ਹੇ ਵਿੱਚ ਅੱਗ ਏਨੀਂ ਤੇਜ਼ ਕਰ ਦਿੱਤੀ ਕਿ ਚੁਲ੍ਹੇ ਦੀਆਂ ਇੱਟਾਂ ਵੀ ਉੱਚੀ ਉੱਚੀ ਤਿੜ ਤਿੜ ਕਰਨ ਲੱਗ ਪਈਆਂ । ਭੋਰੇ ਤੋਂ ਬਾਹਰ ਇੱਕ ਹੋਰ ਬਹੁਤ ਵੱਡੀ ਅੱਗ ਬਾਲੀ ਗਈ, ਤੇ ਜਿਵੇਂ ਕਿ ਅਲੈਕਸੇਈ ਨੂੰ ਦੱਸਿਆ ਗਿਆ, ਇਕ ਵੱਡਾ ਸਾਰਾ ਪੱਥਰ ਗਰਮ ਕੀਤਾ ਗਿਆ । ਵਾਰੀਆ ਨੇ ਇੱਕ ਪੁਰਾਣਾ ਲੱਕੜੀ ਦਾ ਟੱਪ ਪਾਣੀ ਨਾਲ ਭਰ ਦਿੱਤਾ। ਫਰਸ਼ ਉੱਤੇ ਸੁਨਹਿਰੀ ਘਾਹ ਵਿਛਾ ਦਿੱਤਾ ਗਿਆ। ਇਸਤੋਂ ਮਗਰੋਂ ਬਾਬੇ ਮਿਖਾਇਲ ਨੇ ਕੱਪੜੇ ਲਾਹ ਲਏ, ਤੇ ਸਿਰਫ਼ ਕੱਛ ਹੀ ਰਹਿਣ ਦਿੱਤੀ, ਜਲਦੀ ਨਾਲ ਕੁਝ ਖਾਰ ਛੋਟੀ ਜਿਹੀ ਲੱਕੜ ਦੀ ਬਾਲਟੀ ਵਿੱਚ ਘੋਲੀ ਤੇ ਨਹਾਉਣ ਵਾਲ਼ਾ ਸਪੰਜ ਬਣਾਉਣ ਲਈ ਦਰਖਤ ਦੀ ਛਿੱਲ ਦੀ ਬਣੀ ਚਟਾਈ ਦਾ ਇੱਕ ਟੋਟਾ ਤੋੜਿਆ । ਜਦੋਂ ਭੋਰਾ ਏਨਾਂ ਗਰਮ ਹੋ ਗਿਆ ਕਿ ਪਾਣੀ ਦੇ ਠੰਡੇ ਤੁਪਕੇ ਛੱਤ ਤੋਂ ਡਿੱਗਣ ਲੱਗ ਪਏ, ਤਾਂ ਬੁੱਢਾ ਜਲਦੀ ਜਲਦੀ ਬਾਹਰ ਗਿਆ ਤੇ ਲੋਹੇ ਦੀ ਚਾਦਰ ਉੱਤੇ ਲਾਲ ਸੁਰਖ ਪੱਥਰ ਲੈ ਕੇ ਜਲਦੀ ਹੀ ਵਾਪਸ ਆ ਗਿਆ। ਉਸਨੇ ਉਹ ਪੱਥਰ ਟੱਪ ਵਿੱਚ ਸੁੱਟ ਦਿੱਤਾ । ਭਾਫ਼ ਦਾ ਇੱਕ ਭਾਰੀ ਬੱਦਲ ਜਲਦੀ ਨਾਲ ਛੱਤ ਵੱਲ ਉਠਿਆ, ਇਸਦੇ ਹੇਠਾਂ ਫੈਲ ਗਿਆ ਤੇ ਫਿਰ ਘੁੰਘਰਾਲੀ ਉੱਨ ਵਿੱਚ ਵੱਟ ਗਿਆ । ਧੁੰਦ ਵਿੱਚੋਂ ਕੁਝ ਨਹੀਂ ਸੀ ਦੇਖਿਆ ਜਾ ਸਕਦਾ, ਪਰ ਅਲੈਕਸੇਈ ਨੇ ਮਹਿਸੂਸ ਕੀਤਾ ਕਿ ਬੁੱਢੇ ਦੇ ਛੋਹਲੇ ਹੱਥ ਉਸਦੇ ਕੱਪੜੇ ਲਾਹ ਰਹੇ ਹਨ।
ਵਾਰੀਆ ਆਪਣੇ ਸਹੁਰੇ ਦੀ ਮਦਦ ਕਰ ਰਹੀ ਸੀ। ਗਰਮੀ ਹੋ ਜਾਣ ਕਰਕੇ ਉਸਨੇ ਆਪਣਾ ਰੂੰ ਦੀ ਭਰਤੀ ਵਾਲ਼ਾ ਕੋਟ ਤੇ ਰੁਮਾਲ ਲਾਹ ਮਾਰਿਆ । ਉਸਦੀਆਂ ਭਾਰੀ ਲਿਟਾਂ, ਜਿਨ੍ਹਾਂ ਦੀ ਹੋਂਦ ਦਾ ਉਸਦੇ ਫਟੇ ਰੁਮਾਲ ਹੇਠ ਸ਼ੱਕ ਵੀ ਨਹੀਂ ਸੀ ਕੀਤਾ ਜਾ ਸਕਦਾ ਉਸਦੇ ਲੱਕ ਉੱਤੇ ਡਿੱਗ ਪਈਆਂ ਤੇ ਇੱਕਦਮ, ਪਤਲੀ ਜਿਹੀ, ਵੱਡੀਆਂ ਵੱਡੀਆਂ ਅੱਖਾਂ ਤੇ ਛੁਹਲੇ ਪੈਰਾਂ ਵਾਲੀ, ਉਹ ਇੱਕ ਧਾਰਮਿਕ ਜਿਹੀ ਬੁੱਢੀ ਜ਼ਨਾਨੀ ਤੋਂ ਜਵਾਨ ਮੁਟਿਆਰ ਵਿਚ ਬਦਲ ਗਈ । ਇਹ ਤਬਦੀਲੀ ਏਨੀਂ ਅਚਨਚੇਤ ਸੀ ਕਿ ਅਲੈਕਸੇਈ, ਜਿਸਨੇ ਹੁਣ ਤੱਕ ਉਸ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ, ਆਪਣੇ ਨੰਗੇਜ਼ ਉੱਤੇ ਸ਼ਰਮਿੰਦਾ ਹੋ ਗਿਆ।
“ਪ੍ਰਵਾਹ ਨਾ ਕਰ, ਅਲੈਕਸੇਈ ਬੱਚੇ, ਕੋਈ ਗੱਲ ਨਹੀਂ,” ਬਾਬੇ ਮਿਖਾਇਲ ਨੇ ਉਸਨੂੰ ਧੀਰਜ ਦੇਂਦਿਆਂ ਕਿਹਾ। “ਇਸ ਤੋਂ ਬਿਨ੍ਹਾਂ ਗੁਜ਼ਾਰਾ ਨਹੀਂ। ਸਾਨੂੰ ਤੇਰੇ ਨਾਲ ਇਹ ਕੰਮ ਕਰਨਾ ਹੀ ਪੈਣਾ ਹੈ। ਮੈਂ ਸੁਣਿਐ ਕਿ ਫਿਨਲੈਂਡ ਵਿੱਚ ਔਰਤਾਂ ਤੇ ਆਦਮੀ ਇਕੱਠੇ ਹੀ ਨਹਾਉਂਦੇ ਨੇ। ਕੀ ? ਇਹ ਸੱਚ ਨਹੀਂ? ਸ਼ਾਇਦ, ਹੋ ਸਕਦੈ ਉਹਨਾਂ ਮੈਨੂੰ ਝੂਠ ਹੀ ਦੱਸਿਆ ਹੋਵੇ। ਪਰ ਆਹ ਵਾਰੀਆ ਤਾਂ ਹੁਣ ਹਸਪਤਾਲ ਦੀ ਨਰਸ ਵਾਂਗ ਹੈ, ਜਿਹੜੀ ਜ਼ਖਮੀ ਸਿਪਾਹੀ ਦਾ ਖਿਆਲ ਰੱਖ ਰਹੀ ਹੈ, ਸੋ ਸ਼ਰਮ ਵਾਲੀ ਕੋਈ ਗੱਲ ਨਹੀਂ। ਫੜ ਕੇ ਰੱਖ ਇਹਨੂੰ, ਵਾਰੀਆ, ਤੇ ਮੈਂ ਇਹਦੀ ਕਮੀਜ਼ ਲਾਹੁੰਦਾ ਹਾਂ । ਹੇ ਪ੍ਰਮਾਤਮਾ, ਇਹ ਤਾਂ ਬਿਲਕੁਲ ਗਲ ਚੁੱਕੀ ਹੈ! ਲੀਰਾਂ ਲੀਰਾਂ ਹੋ ਰਹੀ ਹੈ!”
ਅਲੈਕਸੇਈ ਨੂੰ ਜਵਾਨ ਔਰਤ ਦੀਆਂ ਵੱਡੀਆਂ ਵੱਡੀਆਂ, ਕਾਲੀਆਂ ਅੱਖਾਂ ਵਿੱਚ ਤ੍ਰਾਹਭਰੀ ਤੱਕਣੀ ਦਿਖਾਈ ਦਿੱਤੀ । ਭਾਫ਼ ਦੇ ਝੂਲਦੇ ਪਰਦੇ ਥਾਣੀਂ ਉਸਨੇ ਆਪਣੇ ਨਾਲ ਵਾਪਰੀ ਦੁਰਘਟਨਾ ਤੋਂ ਮਗਰੋਂ ਪਹਿਲੀ ਵਾਰੀ ਆਪਣਾ ਸਰੀਰ ਦੇਖਿਆ। ਸੁਨਹਿਰੀ ਘਾਹ ਉੱਤੇ ਇੱਕ ਇਨਸਾਨ ਪਿਆ ਸੀ, ਚਮੜੀ ਨਾਲ ਢੱਕਿਆ ਪਿੰਜਰ, ਗੋਡਿਆਂ ਦੀਆਂ ਚੱਪਣੀਆਂ ਨਿੱਕਲੀਆਂ ਹੋਈਆਂ, ਪੇਡੂ ਦੀਆਂ ਨੁਕਰਾਂ, ਬਿਲਕੁਲ ਖੋਖਲਾ ਢਿਡ ਤੇ ਪੱਸਲੀਆਂ ਵੱਖ ਵੱਖ ਦਿਖਾਈ ਦੇ ਰਹੀਆਂ ਸਨ।
ਬੁੱਢੇ ਨੇ ਬਾਲਟੀ ਵਿੱਚ ਖਾਰ ਵਾਲਾ ਪਾਣੀ ਹਿਲਾਇਆ, ਭੂਰੇ, ਤੇਲ ਵਰਗੇ ਘੋਲ ਵਿੱਚ ਚਟਾਈ ਤੋਂ ਬਣਾਇਆ ਸਪੰਜ ਇਸ ਵਿੱਚ ਡੁਬੋਇਆ ਤੇ ਚੁੱਕ ਕੇ ਅਲੈਕਸੇਈ ਦੇ ਪਿੰਡੇ ਦੇ ਉੱਪਰ ਲੈ ਆਂਦਾ । ਭਾਫ਼ ਦੇ ਵਿੱਚੋਂ ਦੀ ਉਸਨੂੰ ਘਾਹ ਉੱਪਰ ਪਿਆ ਸੂਤਿਆ ਹੋਇਆ ਸਰੀਰ ਦਿਖਾਈ ਦਿੱਤਾ ਤੇ ਉਸਦਾ ਸਪੰਜ ਵਾਲ਼ਾ ਹੱਥ ਜਿਥੇ ਸੀ, ਉਥੇ ਦਾ ਉਥੇ ਰਹਿ ਗਿਆ।
“ਹੇ ਪ੍ਰਮਾਤਮਾ!” ਉਹ ਕੂਕ ਉਠਿਆ। “ਤੇਰੀ ਤਾਂ ਬੁਰੀ ਹਾਲਤ ਹੈ, ਅਲੈਕਸੇਈ ! ਮੈਂ ਤੈਨੂੰ ਦੱਸਾਂ, ਤੇਰਾ ਤਾਂ ਭੈੜਾ ਹਾਲ ਹੈ। ਕੀ ? ਜਰਮਨਾਂ ਤੋਂ ਤਾਂ ਤੂੰ ਬਚ ਨਿਕਲਿਆ ਹੈ, ਪਰ ਕੀ ਤੂੰ ਉਸਤੋਂ ਬਚ ਸਕੇਗਾ ਤੇ ਇਕਦਮ ਉਹ ਗੁੱਸੇ ਨਾਲ ਵਾਰੀਆ ਵੱਲ ਮੁੜਿਆ, ਜਿਸਨੇ ਅਲੈਕਸੇਈ ਦੀ ਪਿੱਠ ਨੂੰ ਆਸਰਾ ਦਿੱਤਾ ਹੋਇਆ ਸੀ । “ਕੀ ਤੂੰ ਨੰਗੇ ਆਦਮੀ ਵੱਲ ਅੱਖਾਂ ਪਾੜ ਪਾੜੇ ਦੇਖਣ ਡਹੀ ਏ, ਕਮਜਾਤ? ਕਾਹਦੇ ਲਈ ਆਪਣੇ ਬੁਲ ਟੁੱਕਣ ਡਹੀ ਏ ? ਤੁਸੀਂ ਔਰਤਾਂ, ਤੁਸੀਂ ਸਭ ਇੱਕੋ ਜਿਹੀਆਂ ਹੋ! ਤੇ ਤੂੰ, ਅਲੈਕਸੇਈ, ਤੂੰ ਕੋਈ ਖਿਆਲ ਨਾ ਮਨ ਵਿੱਚ ਲਿਆ ਫ਼ਿਕਰ ਨਾ ਕਰ ਅਸੀਂ ਤੈਨੂੰ ਉਸ ਦਾਤਰੀ ਵਾਲੇ ਯਮਦੂਤ ਦੇ ਕਾਬੂ ਨਹੀਂ ਆਉਣ ਦਿਆਂਗੇ । ਏਨਾਂ ਅਸੀਂ ਕਰ ਲਾਂਗੇ ! ਅਸੀਂ ਤੇਰੀ ਸੇਵਾ ਕਰਕੇ ਮੁੜ ਸਿਹਤਮੰਦ ਬਣਾ ਦਿਆਂਗੇ, ਆਪਣੇ ਪੈਰਾਂ ਉੱਤੇ ਖੜਾ ਹੋਣ ਜੋਗਾ ਕਰ ਦਿਆਂਗੇ। ਯਕੀਨ ਜਾਣ !”
ਬੜੇ ਧਿਆਨ ਤੇ ਹੁਸ਼ਿਆਰੀ ਨਾਲ, ਜਿਵੇਂ ਕਿ ਉਹ ਕਿਸੇ ਦੁੱਧ ਪੀਂਦੇ ਬਾਲ ਨੂੰ ਫੜ ਰਿਹਾ ਹੋਵੇ, ਉਸਨੇ ਅਲੈਕਸੇਈ ਨੂੰ ਖਾਰ ਵਾਲੇ ਪਾਣੀ ਨਾਲ ਨੁਹਾਇਆ, ਉਸ ਉੱਪਰ ਪਾਣੀ ਪਾਉਂਦਿਆਂ ਉਸਦੇ ਪਾਸੇ ਪਰਤੇ, ਤੇ ਇੰਝ ਜ਼ੋਰ ਜ਼ੋਰ ਦੀ ਰਗੜਿਆ ਕਿ ਉਸਦੀਆਂ ਬਾਹਰ ਨਿਕਲੀਆਂ ਪੱਸਲੀਆਂ ਉੱਪਰ ਤਿਲਕਦੇ ਉਸਦੇ ਹੱਥ ਕਿਚ ਕਿਚ ਕਰਦੇ ਸਨ।
ਵਾਰੀਆ ਚੁੱਪ ਚਾਪ ਉਸਦੀ ਸਹਾਇਤਾ ਕਰਦੀ ਰਹੀ।
ਪਰ ਉਸਨੂੰ ਬੁੱਢੇ ਨੇ ਐਵੇਂ ਹੀ ਝਾੜ ਦਿੱਤਾ ਸੀ। ਉਹ ਉਸ ਡਰਾਉਣੇ, ਪਤਲੇ ਸਰੀਰ ਵੱਲ ਨਹੀਂ ਸੀ ਦੇਖ ਰਹੀ, ਜਿਹੜਾ ਬੇਵੱਸ ਉਸਦੀਆਂ ਬਾਹਵਾਂ ਵਿੱਚ ਪਿਆ ਸੀ। ਉਹ ਆਪਣੀਆਂ ਅੱਖਾਂ ਉਸ ਤੋਂ ਪਰੇ ਰੱਖਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਜਦੋਂ ਭਾਫ਼ ਥਾਣੀ ਉਹ ਸੁਭਾਵਕੀ ਹੀ ਅਲੈਕਸੇਈ ਦੀ ਲੱਤ, ਜਾਂ ਬਾਂਹ ਉੱਤੇ ਪੈ ਜਾਂਦੀਆਂ, ਤਾਂ ਉਹਨਾਂ ਵਿੱਚ ਭੈ ਦੀ ਲਿਸ਼ਕ ਆ ਜਾਂਦੀ। ਉਹ ਕਲਪਨਾ ਕਰਨ ਲਗ ਪੈਂਦੀ ਕਿ ਇਹ ਪਾਇਲਟ ਕੋਈ ਓਪਰਾ ਬੰਦਾ ਨਹੀਂ ਸੀ ਜਿਹੜਾ ਪਤਾ ਨਹੀਂ ਕਿਵੇਂ ਉਹਨਾਂ ਦੇ ਘਰ ਆ ਗਿਆ ਸੀ, ਸਗੋਂ ਉਸਦਾ ਆਪਣਾ ਮੀਸ਼ਾ ਸੀ; ਕਿ ਇਹ ਕੋਈ ਅਚਨਚੇਤੀ ਪ੍ਰਾਹੁਣਾ ਨਹੀਂ ਸੀ, ਸਗੋਂ ਉਸਦਾ ਆਪਣਾ ਪਤੀ ਸੀ, ਜਿਸ ਨਾਲ ਉਸਨੇ ਸਿਰਫ਼ ਇੱਕ ਬਸੰਤ ਹੀ ਕੱਟੀ ਸੀ ਚੌੜੀ ਛਾਤੀ ਵਾਲਾ ਆਦਮੀ ਜਿਸ ਦੇ ਮੂੰਹ ਉੱਤੇ ਵੱਡੀਆਂ ਵੱਡੀਆਂ ਚਮਕੀਲੀਆਂ ਛਾਈਆਂ ਸਨ, ਤੇ ਭਵਾਂ ਦਾ ਰੰਗ ਏਨਾਂ ਚਿੱਟਾ ਸੀ ਕਿ ਇੰਝ ਲੱਗਦਾ ਸੀ ਜਿਵੇਂ ਉਸਦੇ ਭਵਾਂ ਹੁੰਦੀਆਂ ਹੀ ਨਹੀਂ, ਜਿਸਦੇ ਵੱਡੇ ਵੱਡੇ, ਸ਼ਕਤੀਸ਼ਾਲੀ ਹੱਥ ਸਨ ਤੇ ਜਿਸ ਦਾ ਫਾਸਿਸਟ ਦੈਂਤਾਂ ਨੇ ਇਹ ਹਾਲ ਕਰ ਦਿੱਤਾ ਸੀ। ਕਿ ਇਹ ਉਸਦੇ ਮੀਸ਼ਾ ਦਾ ਬੇਜਾਨ ਲੱਗਦਾ ਸਰੀਰ ਸੀ ਜਿਸਨੂੰ ਉਸਨੇ ਆਪਣੀਆਂ ਬਾਹਵਾਂ ਵਿੱਚ ਫੜਿਆ ਹੋਇਆ ਸੀ । ਤੇ ਉਸ ਉੱਤੇ ਭੈ ਤਾਰੀ ਹੋ ਜਾਂਦਾ, ਉਸਦਾ ਸਿਰ ਘੁੰਮਣ ਲੱਗ ਪੈਂਦਾ, ਤੇ ਸਿਰਫ ਆਪਣੇ ਬੁਲ੍ਹਾਂ ਨੂੰ ਟੁੱਕ ਕੇ ਹੀ ਉਹ ਆਪਣੇ ਆਪ ਨੂੰ ਬੇਹੋਸ਼ ਹੋਣ ਤੋਂ ਰੋਕ ਸਕਦੀ ਸੀ … ਮਗਰੋਂ, ਅਲੈਕਸੇਈ ਦੇ ਲੰਮੀ ਸਾਰੀ ਤੇ ਕਿੰਨੀਆਂ ਸਾਰੀਆਂ ਟਾਕੀਆਂ ਵਾਲ਼ੀ ਪਰ ਸਾਫ ਸੁਥਰੀ ਤੇ ਨਰਮ ਜਿਹੀ ਕਮੀਜ਼ ਪਾਈ, ਜਿਹੜੀ ਬਾਬੇ ਮਿਖਾਇਲ ਦੀ ਸੀ, ਆਪਣੇ ਸਾਰੇ ਸਰੀਰ ਵਿੱਚ ਤਾਜ਼ਗੀ ਤੇ ਸ਼ਕਤੀ ਦੇ ਅਹਿਸਾਸ ਤੋਂ ਚੇਤੰਨ, ਪਤਲੀ ਜਿਹੀ ਧਾਰੀਦਾਰ ਚਟਾਈ ਉੱਤੇ ਪਿਆ ਸੀ। ਅਸ਼ਨਾਨ ਤੋਂ ਮਗਰੋਂ ਜਦੋਂ ਚੁਲ੍ਹੇ ਦੇ ਉੱਪਰ ਛੱਤ ਵਿੱਚ ਕੀਤੇ ਛੇਕ ਵਿੱਚੋਂ ਸਾਰੀ ਭਾਫ਼ ਉੱਡ ਚੁੱਕੀ ਸੀ, ਤਾਂ ਵਾਰੀਆ ਨੇ ਉਸਨੂੰ ਕੁਝ ਗਰਮ ਗਰਮ, ਧੂੰਏ ਦੀ ਹਵਾੜ ਵਾਲੀ ਬਿਲਬੈਰੀ ਦੀ ਚਾਹ ਦਿੱਤੀ। ਉਸਨੇ ਖੰਡ ਦੀਆਂ ਦੋ ਛੋਟੀਆਂ ਛੋਟੀਆਂ ਡਲੀਆਂ ਨਾਲ, ਜਿਹੜੀਆਂ ਮੁੰਡੇ ਉਸ ਲਈ ਦੇ ਗਏ ਸਨ, ਤੇ ਜਿਨਾਂ ਨੂੰ ਵਾਰੀਆ ਨੇ ਤੋੜਿਆ ਸੀ ਤੇ ਬਰਚੇ ਦੇ ਚਿੱਟੇ ਛਿਲਕੇ ਦੀ ਕਾਤਰ ਉੱਤੇ ਰੱਖ ਕੇ ਉਸਨੂੰ ਦਿੱਤਾ ਸੀ, ਉਸਨੇ ਚਾਹ ਦੀਆਂ ਚੁਸਕੀਆਂ ਭਰੀਆਂ। ਫਿਰ ਉਸਨੂੰ ਨੀਂਦ ਆ ਗਈ ਉਸ ਨਾਲ ਵਾਪਰੀ ਦੁਰਘਟਨਾ ਤੋਂ ਪਿੱਛੋਂ ਪਹਿਲੀ ਡੂੰਘੀ ਸੁਪਨਿਆਂ ਤੋਂ ਬਿਨਾਂ ਨੀਂਦ।
ਉੱਚੀ ਉੱਚੀ ਗੱਲਬਾਤ ਨਾਲ ਉਸਦੀ ਨੀਂਦ ਖੁੱਲ ਗਈ। ਭੋਰੇ ਵਿੱਚ ਲਗਭਗ ਹਨੇਰਾ ਸੀ, ਬੱਤੀ ਮਸਾਂ ਹੀ ਧੁਖ ਰਹੀ ਸੀ । ਇਸ ਧੂਏ ਭਰੇ ਹਨੇਰੇ ਵਿੱਚ ਉਸਨੇ ਬਾਬੇ ਮਿਖਾਇਲ ਦੀ ਫਟੀ ਹੋਈ, ਉੱਚੀ ਸਾਰੀ ਆਵਾਜ਼ ਸੁਣੀ:
“ਬਿਲਕੁਲ ਜ਼ਨਾਨੀਆਂ ਵਾਂਗ ਕਰਦੀ ਏ ਤੂੰ! ਤੇਰਾ ਦਿਮਾਗ਼ ਕਿੱਥੇ ਗਿਐ? ਯਾਰ੍ਹਾਂ ਦਿਨਾਂ ਤੋਂ ਬੰਦੇ ਦੇ ਮੂੰਹ ਵਿੱਚ ਜੌਆਂ ਦਾ ਦਾਣਾ ਤੱਕ ਨਹੀਂ ਗਿਆ, ਤੇ ਤੂੰ ਇਹਨਾਂ ਨੂੰ ਉਬਾਲ ਕੇ ਸਖ਼ਤ ਕਰ ਲਿਆਂਦੀ ਏਂ! ਇਹ ਸਖ਼ਤ ਉਬਲੇ ਆਂਡੇ ਖਾ ਕੇ ਤਾਂ ਉਹ ਮਰ ਜਾਇਗਾ !” ਫਿਰ ਉਸਦੀ ਅਵਾਜ਼ ਨੇ ਵਾਸਤਾ ਪਾਉਣ ਵਾਲ਼ਾ ਅੰਦਾਜ਼ ਧਾਰਨ ਕਰ ਲਿਆ: “ਹੁਣ ਉਸਨੂੰ ਲੋੜ ਆਂਡਿਆਂ ਦੀ ਨਹੀਂ । ਤੈਨੂੰ ਪਤੈ, ਵਾਸੀਲਿਸਾ, ਉਸ ਲਈ ਗੁਣਕਾਰੀ ਚੀਜ਼ ਇਸ ਵੇਲੇ ਕਿਹੜੀ ਹੋਵੇਗੀ ? ਮੁਰਗੇ ਦਾ ਕੁਝ ਸੋਹਣਾ ਜਿਹਾ ਸ਼ੋਰਬਾ ! ਹਾਂ ! ਇਸ ਨਾਲ ਉਸਨੂੰ ਨਵੀਂ ਜ਼ਿੰਦਗੀ ਮਿਲ ਜਾਇਗੀ । ਸੋ, ਜੇ ਤੂੰ ਕਿਤੇ ਸਾਨੂੰ ਆਪਣੀ ਪਾਰਟੀਜ਼ਾਨਕਾ ਲਿਆਦੇਵੇਂਤਾਂ …ਹੈ ?”
ਪਰ ਡਰੀ ਹੋਈ ਬੁੱਢੀ ਜ਼ਨਾਨੀ ਦੀ ਚੱਕੀ ਵਰਗੀ ਅਵਾਜ਼ ਨੇ ਉਸਨੂੰ ਵਿਚੋਂ ਟੋਕਿਆ:
“ਮੈਂ ਨਹੀਂ ਲਿਆਵਾਂਗੀ! ਨਹੀਂ ਲਿਆਵਾਂਗੀ ਨਹੀਂ ਲਿਆਵਾਂਗੀ ! ਬੁੱਢੇ ਸ਼ੈਤਾਨ, ਉਸਨੂੰ ਤਾਂ ਤੂੰ ਮੰਗ ਹੀ ਨਾ, ਕੁਝ ਨਹੀਂ ਮਿਲਣ ਲੱਗਾ ! ਮੁੜ ਇਹੋ ਜਿਹੀ ਗੱਲ ਨਾ ਕਰੀ! ਪਾਰਟੀਜ਼ਾਨਕਾ ਲਿਆ ਦਿਆਂ? ਮੁਰਗੇ ਦਾ ਸੋਰਬਾ! ਦੇਖ, ਪਹਿਲਾਂ ਹੀ ਉਹਨੂੰ ਕਿੰਨਾਂ ਕੁਝ ਲਿਆ ਦਿੱਤੈ। ਪੂਰੀ ਜੰਝ ਨੂੰ ਖੁਆਇਆ ਜਾ ਸਕਦੈ ! ਅੱਗੋਂ ਹੁਣ ਪਤਾ ਨਹੀਂ ਕੀ ਮੰਗਣ ਦਾ ਤੈਨੂੰ ਸੁੱਝ ਪਵੇ !”
“ਵਾਸੀਲਿਸਾ, ਇੰਝ ਜ਼ਨਾਨੀਆਂ ਵਾਂਗ ਗੱਲਾਂ ਕਰਦਿਆਂ ਤੈਨੂੰ ਆਪਣੇ ਆਪ ਉੱਤੇ ਸ਼ਰਮ ਆਉਣੀ ਚਾਹੀਦੀ ਹੈ!” ਬੁੱਢੇ ਦੀ ਭਰੜਾਉਂਦੀ ਅਵਾਜ਼ ਮੁੜ ਕੇ ਆਈ। “ਤੇਰੇ ਆਪਣੇ ਦੋ ਮੁੰਡੇ ਮਹਾਜ਼ ਉੱਤੇ ਨੇ, ਤਾਂ ਵੀ ਤੂੰ ਇੰਝ ਬੇਵਕੂਫਾਂ ਵਾਲੀਆਂ ਮਾਰੀ ਜਾ ਰਹੀ ਏ ! ਇਸ ਆਦਮੀ ਨੇ, ਸਗੋਂ ਕਹਿਣਾ ਚਾਹੀਦੈ, ਸਾਡੇ ਲਈ ਆਪਣੇ ਆਪ ਨੂੰ ਅਪਾਹਜ ਬਣਾ ਲਿਐ, ਸਾਡੇ ਲਈ ਆਪਣਾ ਖੂਨ ਡੋਹਲਿਐ…”
“ਮੈਨੂੰ ਇਹਦੇ ਖੂਨ ਦੀ ਲੋੜ ਨਹੀਂ। ਮੇਰੇ ਲਈ ਮੇਰੇ ਮੁੰਡੇ ਆਪਣਾ ਖੂਨ ਡੋਲ੍ਹ ਰਹੇ ਨੇ ! ਤੂੰ ਗੱਲ ਹੀ ਨਾ ਕਰ! ਮੈਂ ਜੁ ਤੈਨੂੰ ਕਹਿ ਦਿੱਤੈ, ਮੈਂ ਨਹੀਂ ਲਿਆ ਕੇ ਦਿਆਂਗੀ!”
ਇੱਕ ਬੁੱਢੇ ਜਿਹੇ ਸਰੀਰ ਦਾ ਕਾਲਾ ਪ੍ਰਛਾਵਾਂ ਦਰਵਾਜ਼ੇ ਵੱਲ ਨੂੰ ਹਿਲਿਆ ਤੇ ਦਰਵਾਜ਼ੇ ਦੇ ਖੁੱਲ੍ਹਣ ਨਾਲ ਭੋਰੇ ਵਿੱਚ ਬਸੰਤ ਦੇ ਚਾਨਣ ਦਾ ਹੜ੍ਹ ਆ ਗਿਆ, ਜਿਹੜਾ ਏਨਾਂ ਚੁੰਧਿਆਵਾਂ ਸੀ ਕਿ ਅਲੈਕਸੇਈ ਨੇ ਆਪਣੀਆਂ ਅੱਖਾਂ ਘੁੱਟ ਕੇ ਬੰਦ ਕਰ ਲਈਆਂ ਤੇ ਕੱਰਾਹੁਣ ਲੱਗਾ।
ਬੁੱਢਾ ਕਾਹਲੀ ਕਾਹਲੀ ਉਸ ਕੋਲ ਆਇਆ:
“ਤੂੰ ਸੁੱਤਾ ਨਹੀਂ ਸੀ ਹੋਇਆ, ਅਲੈਕਸੇਈ ? ਤੂੰ ਉਸ ਦੀਆਂ ਗੱਲਾਂ ਸੁਣੀਆਂ ? ਸੁਣਿਐ ਤੂੰ ? ਪਰ ਉਸਨੂੰ ਨਿੰਦੀ ਨਾ, ਅਲੈਕਸੇਈ, ਉਸਦੇ ਲਫ਼ਜਾਂ ਕਰਕੇ ਉਸਦੀ ਨਿਖੇਧੀ ਨਾ ਕਰੀ।
ਲਫ਼ਜ਼ ਤਾਂ ਐਵੇਂ ਛਿਲਕਾ ਨੇ, ਉਹਨਾਂ ਵਿਚਲੀ ਗਿਰੀ ਬੜੀ ਸਵਸਥ ਏ । ਤੇਰਾ ਖਿਆਲ ਏ ਉਸਨੂੰ ਮੁਰਗੀ ਦੇਂਦਿਆਂ ਕੋਈ ਸੰਕੋਚ ਆਉਂਦੈ ? ਬਿਲਕੁਲ ਨਹੀਂ, ਅਲਿਓਸ਼ਾ ! ਜਰਮਨਾਂ ਨੇ ਉਸਦੇ ਸਾਰੇ ਪ੍ਰਵਾਰ ਦਾ ਸਫਾਇਆ ਕਰ ਦਿੱਤਾ, ਤੇ ਪ੍ਰਵਾਰ ਇਹ ਸਬਰਕਤਾ ਸੀ, ਦਸ ਜੀਅ ਸਨ। ਉਸਦਾ ਸਭ ਤੋਂ ਵੱਡਾ ਮੁੰਡਾ ਕਰਨੈਲ ਸੀ। ਜਰਮਨਾਂ ਨੇ ਇਸ ਗੱਲ ਦਾ ਪਤਾ ਲਾ ਲਿਆ ਤੇ ਵਾਸੀਲਿਸਾ ਨੂੰ ਛੱਡ ਕੇ ਕਰਨੈਲ ਦੇ ਸਾਰੇ ਪ੍ਰਵਾਰ ਨੂੰ ਇੱਕੋ ਵੇਲੇ ਹੀ ਖਾਈ ਵਿੱਚ ਲੈ ਗਏ । ਤੇ ਉਹਨਾਂ ਉਹਦਾ ਘਰ ਸਾੜ ਦਿੱਤਾ । ਤੂੰ ਖਿਆਲ ਕਰ ਸਕਦੈਂ ਕਿ ਇਸ ਉਮਰੇ ਕਿਸੇ ਜ਼ਨਾਨੀ ਲਈ ਬਿਨਾਂ ਅੰਗਾਂ-ਸਾਕਾਂ ਦੇ ਰਹਿ ਜਾਣ ਦਾ ਕੀ ਮਤਲਬ ਹੈ ! ਉਸ ਕੋਲ ਬੱਸ ਇੱਕ ਮੁਰਗੀ ਰਹਿ ਗਈ ਹੈ। ਇਹ ਇੱਕ ਚਤੁਰ ਪੰਛੀ ਹੈ, ਮੈਂ ਤੈਨੂੰ ਦਸਾਂ, ਅਲਿਓਸ਼ਾ! ਬਿਲਕੁਲ ਪਹਿਲੇ ਹਫਤੇ ਹੀ ਜਰਮਨਾਂ ਨੇ ਸਭ ਮੁਰਗੀਆਂ ਤੇ ਬੱਤਖਾਂ ਸਾਫ ਕਰ ਦਿੱਤੀਆਂ। ਉਹ ਬੜੇ ਸ਼ੁਕੀਨ ਨੇ ਮੁਰਗੀਆਂ ਤੇ ਬੱਤਖਾਂ ਦੇ, ਇਹ ਜਰਮਨ! ਤੁਹਾਨੂੰ ਸਿਰਫ ਇਹੀ ਗੱਲ ਸੁਣਾਈ ਦੇਂਦੀ ਸੀ: ‘ਮੁਰਗੀ, ਮਾਂ, ਮੁਰਗੀ!’ ਪਰ ਇਹ ਮੁਰਗੀ ਬਚ ਨਿਕਲੀ! ਇਹ ਕੋਈ ਸਧਾਰਨ ਮੁਰਗੀ ਨਹੀਂ, ਮੈਂ ਤੈਨੂੰ ਦਸਾਂ! ਇਹ ਤਾਂ ਸਰਕਸ ਵਿੱਚ ਕੰਮ ਕਰ ਸਕਦੀ ਹੈ! ਜਦੋਂ ਫਾਸਿਸਟ ਵਿਹੜੇ ਵਿੱਚ ਆਉਂਦੇ, ਤਾਂ ਇਹ ਉਪਰ ਅਟਾਰੀ ਵਿੱਚ ਜਾ ਵੜਦੀ ਤੇ ਦਬਕ ਕੇ ਬੈਠੀ ਰਹਿੰਦੀ, ਜਿਵੇਂ ਕਿ ਇਹ ਉਥੇ ਹੁੰਦੀ ਹੀ ਨਹੀਂ। ਪਰ ਜਦੋਂ ਕਦੀ ਸਾਡਾ ਕੋਈ ਆਦਮੀ ਵਿਹੜੇ ਵਿੱਚ ਆਉਂਦਾ, ਤਾਂ ਇਹ ਜ਼ਰਾ ਵੀ ਨਾ ਪ੍ਰਵਾਹ ਕਰਦੀ। ਰੱਬ ਹੀ ਜਾਣੇ, ਇਸਨੂੰ ਇਸ ਫਰਕ ਦਾ ਕਿਵੇਂ ਪਤਾ ਲੱਗਦਾ ਸੀ! ਤੇ ਇਸ ਤਰ੍ਹਾਂ ਇਹ ਇੱਕੋ ਇੱਕ ਮੁਰਗੀ ਸੀ ਜਿਹੜੀ ਸਾਰੇ ਪਿੰਡ ਵਿੱਚ ਬਚੀ। ਤੇ ਇਹਦੀ ਚਤੁਰਾਈ ਲਈ ਅਸੀਂ ਇਹਦਾ ਨਾਂ ਪਾਰਟੀਜ਼ਾਨਕਾ ਪਾ ਦਿੱਤਾ ।”
ਮਰੇਸੇਯੇਵ ਖੁੱਲੀਆਂ ਅੱਖਾਂ ਨਾਲ ਹੀ ਊਂਘਣ ਲੱਗ ਪਿਆ; ਜੰਗਲ ਵਿੱਚ ਉਹ ਇਸਦਾ ਆਦੀ ਹੋ ਗਿਆ ਸੀ । ਉਸਦੀ ਚੁੱਪ ਤੋਂ ਬਾਬਾ ਮਿਖਾਇਲ ਜ਼ਰੂਰ ਚਿੰਤਤ ਹੋਇਆ ਹੋਵੇਗਾ।
ਭੋਰੇ ਵਿੱਚ ਹੱਥ ਪੈਰ ਮਾਰਦਿਆਂ ਤੇ ਮੇਜ਼ ਕੋਲ ਬੈਠ ਕੇ ਕੁਝ ਕਰਦਿਆਂ, ਉਸਨੇ ਉਹ ਵਿਸ਼ਾ ਮੁੜ ਛੇੜ ਲਿਆ ਜਿਸ ਬਾਰੇ ਉਹ ਗੱਲਾਂ ਕਰਦਾ ਰਿਹਾ ਸੀ:
“ਇਸ ਔਰਤ ਨੂੰ ਬੁਰਾ ਨਾ ਕਹੀ, ਅਲੈਕਸੇਈ ! ਉਸਨੂੰ ਸਮਝਣ ਦੀ ਕੋਸ਼ਿਸ਼ ਕਰ, ਮੇਰੇ ਦੋਸਤ ! ਉਹ ਇੱਕ ਜੰਗਲ ਵਿਚ ਬਰਚੇ ਦੇ ਪੁਰਾਣੇ ਦਰਖਤ ਵਾਂਗ ਸੀ, ਜਿਹੜੀ ਚਾਰੇ ਪਾਸਿਉਂ ਹਵਾਵਾਂ ਤੋਂ ਸੁਰਖਿਅਤ ਸੀ । ਪਰ ਹੁਣ ਉਹ ਉਸ ਥਾਂ, ਜਿੱਥੋਂ ਜੰਗਲ ਸਾਫ਼ ਕੀਤਾ ਜਾ ਚੁੱਕੈ, ਇੱਕ ਪੁਰਾਣੀ, ਗਲੀ ਹੋਈ ਮੁੱਢੀ ਵਾਂਗ ਹੈ, ਤੇ ਉਸਦਾ ਇੱਕੋ ਇੱਕ ਆਸਰਾ ਉਹ ਮੁਰਗੀ ਹੈ। ਤੂੰ ਕੁਝ ਕਹਿੰਦਾ ਕਿਉਂ ਨਹੀ । ਤੂੰ ਸੌਂ ਗਿਐਂ ? ਅੱਛਾ, ਸੌਂ ਜਾਹ, ਸੌਂ ਜਾਹ ।”
ਅਲੈਕਸੇਈ ਸੁੱਤਾ ਹੋਇਆ ਵੀ ਸੀ ਤੇ ਨਾ ਸੁੱਤਾ ਹੋਇਆ ਵੀ ਸੀ । ਉਹ ਭੇਡ ਦੀ ਜੱਤ ਦੇ ਕੋਟ ਹੇਠਾਂ ਪਿਆ ਸੀ ਜਿਹੜਾ ਰੋਟੀ ਦੀ ਖੱਟੀ ਖੱਟੀ ਵਾਸ਼ਨਾ ਨਾਲ ਭਰਿਆ ਪਿਆ ਸੀ, ਪੁਰਾਣੇ ਕਿਸਾਨ ਘਰ ਦੀ ਵਾਸ਼ਨਾ ਨਾਲ; ਉਸਨੂੰ ਬੀਂਡੇ ਦਾ ਸਹਿਲਾਵਾ ਟਰਾਉਣਾ ਸੁਣਾਈ ਦੇ ਰਿਹਾ ਸੀ ਤੇ ਉਹ ਇੱਕ ਉਂਗਲ ਹਿਲਾਉਣ ਤੇ ਵੀ ਝਿਜਕਦਾ ਸੀ । ਉਸਨੂੰ ਲੱਗਾ ਜਿਵੇਂ ਉਸਦੇ ਸਰੀਰ ਵਿੱਚ ਕੋਈ ਹੱਡੀ ਨਹੀਂ ਸੀ, ਸਗੋਂ ਇਹ ਨਿਘੇ ਰੂੰ ਨਾਲ ਭਰਿਆ ਹੋਇਆ ਸੀ, ਜਿਸਦੇ ਵਿੱਚੋਂ ਦੀ ਖੂਨ ਵਹਿ ਰਿਹਾ ਤੇ ਫੜਕ ਰਿਹਾ ਸੀ । ਉਸਦੇ ਟੁੱਟੇ ਹੋਏ, ਸੁੱਜੇ ਹੋਏ ਪੈਰ ਸੜ ਰਹੇ ਸਨ, ਸਖ਼ਤ, ਕਤਰਵੀਂ ਪੀੜ ਨਾਲ ਦਰਦ ਕਰ ਰਹੇ ਸਨ, ਪਰ ਉਸ ਵਿੱਚ ਪਾਸਾ ਮੋੜਨ ਦੀ ਤਾਂ ਕੀ, ਹਿੱਲ ਸਕਣ ਦੀ ਵੀ ਹਿੰਮਤ ਨਹੀਂ ਸੀ।
ਉਸ ਅਰਧ-ਮੂਰਛਾ ਦੀ ਹਾਲਤ ਵਿੱਚ, ਅਲੈਕਸੇਈ ਨੂੰ ਬਾਹਰੀ ਦੁਨੀਆਂ ਦਾ ਗਿਆਨ ਝਟਕਿਆਂ ਨਾਲ ਹੁੰਦਾ ਸੀ, ਜਿਵੇਂ ਕਿ ਉਹ ਅਸਲ ਜ਼ਿੰਦਗੀ ਨਾ ਹੋਵੇ ਸਗੋਂ ਕਿਸੇ ਸਿਨਮੇ ਦੇ ਪਰਦੇ ਉੱਤੇ ਅਜੀਬੋ-ਗਰੀਬ, ਇੱਕ ਦੂਜੇ ਨਾਲ ਸਬੰਧ ਨਾ ਰੱਖਦੇ ਦ੍ਰਿਸ਼ਾਂ ਦੀ ਲੜੀ ਦਾ ਟਿਮਟਿਮਾਉਣਾ ਹੋਵੇ।
ਬਸੰਤ ਆ ਗਈ ਸੀ। ਆਪਣੇ ਘਰਾਂ ਤੋਂ ਦੌੜੇ ਹੋਏ ਲੋਕਾ ਦਾ ਪਿੰਡ ਸਭ ਤੋਂ ਮੁਸ਼ਕਲ ਸਮੇਂ ਵਿੱਚੋਂ ਲੰਘ ਰਿਹਾ ਸੀ । ਇਸਦੇ ਵਾਸੀ ਆਪਣੀ ਰਸਦ ਦਾ ਆਖ਼ਰੀ ਹਿੱਸਾ ਖਾ ਰਹੇ ਸਨ, ਜਿਸਨੂੰ ਉਹ ਜ਼ਮੀਨ ਵਿੱਚ ਲੁਕਾ ਕੇ ਰੱਖਣ ਵਿਚ ਸਫ਼ਲ ਹੋ ਸਕੇ ਸਨ ਤੇ ਜਿਸਨੂੰ ਉਹਨਾਂ ਨੇ ਸੜੇ ਹੋਏ ਪਿੰਡ ਵਿੱਚੋਂ ਰਾਤ ਨੂੰ ਚੋਰੀ ਚੋਰੀ ਜਾ ਕੇ ਪੁਟਿਆ ਸੀ ਤੇ ਜੰਗਲ ਵਿੱਚ ਲੈ ਆਏ ਸਨ। ਜ਼ਮੀਨ ਤੋਂ ਬਰਫ਼ ਪਿਘਲ ਰਹੀ ਸੀ । ਕਾਹਲੀ ਨਾਲ ਬਣਾਏ ਗਏ ਭੋਰੇ “ਅੱਥਰੂ ਵਹਾ ਰਹੇ ਸਨ”; ਕੰਧਾਂ ਤੇ ਛੱਤਾਂ ਤੋਂ ਪਾਣੀ ਚੋਂਦਾ ਸੀ। ਧਰਤ-ਹੇਠਲੇ ਇਸ ਪਿੰਡ ਦੇ ਪੱਛਮ ਵੱਲ ਓਲੇਨਿਨ ਜੰਗਲ ਵਿੱਚ ਛਾਪਾਮਾਰ ਲੜਾਈ ਲੜ ਰਹੇ ਉਹਨਾਂ ਦੇ ਆਦਮੀ ਇਕੱਲੇ ਇਕੱਲੇ ਤੇ ਰਾਤਾਂ ਨੂੰ ਉੱਥੇ ਆਇਆ ਕਰਦੇ ਸਨ; ਪਰ ਹੁਣ ਮਹਾਜ ਰੇਖਾ ਨੇ ਉਹਨਾਂ ਦਾ ਸਬੰਧ ਤੋੜ ਦਿੱਤਾ ਸੀ । ਉਹਨਾਂ ਦੀ ਕੋਈ ਖ਼ਬਰ ਨਹੀਂ ਸੀ । ਇਸ ਨਾਲ ਔਰਤਾਂ ਦਾ ਪਹਿਲਾਂ ਹੀ ਕਠਿਨ ਜੀਵਨ ਹੋਰ ਵੀ ਭੈੜਾ ਹੋ ਗਿਆ । ਤੇ ਹੁਣ ਬਸੰਤ ਆ ਗਈ ਸੀ, ਬਰਫ਼ ਪਿਘਲ ਰਹੀ ਸੀ ਤੇ ਉਹਨਾਂ ਨੂੰ ਫ਼ਸਲਾਂ ਬੀਜਣ ਤੇ ਸਬਜ਼ੀਆਂ ਦੇ ਬਾਗ਼ ਲਾਉਣ ਬਾਰੇ ਸੋਚਣਾ ਪੈਣਾ ਸੀ ।
ਔਰਤਾਂ ਫਿਕਰਾਂ ਮਾਰੀਆਂ ਤੇ ਖਿਝੀਆਂ ਖਿਝੀਆਂ ਪਈਆਂ ਫਿਰਦੀਆਂ ਸਨ। ਬਾਬੇ ਦੇ ਭੋਰੇ ਵਿੱਚ ਅਕਸਰ ਹੀ ਉੱਚੀ ਉੱਚੀ ਝਗੜਾ ਸ਼ੁਰੂ ਹੋ ਜਾਂਦਾ ਤੇ ਆਪਸੀ ਤੂੰ-ਤੂੰ ਮੈਂ-ਮੈਂ ਹੋਣ ਲੱਗ ਪੈਂਦੀ ਜਿਸਦੇ ਦੌਰਾਨ ਔਰਤਾਂ ਆਪਣੇ ਸਾਰੇ ਪੁਰਾਣੇ ਤੇ ਨਵੇਂ ਅਸਲੀ ਤੇ ਹਵਾਈ ਦੁਖੜੇ ਗਿਣਵਾਉਣ ਲੱਗ ਪੈਂਦੀਆਂ। ਕਦੀ ਕਦੀ ਤਾਂ ਸੱਚਮੁਚ ਚੀਖ ਚਿਹਾੜਾ ਪੈ ਜਾਂਦਾ; ਪਰ ਖਚਰੇ ਬੁੱਢੇ ਲਈ ਏਨਾਂ ਹੀ ਕਾਫੀ ਹੁੰਦਾ ਸੀ ਕਿ ਉਹ ਗੁੱਸੇ ਵਿੱਚ ਆਈਆਂ ਔਰਤਾਂ ਦੀਆਂ ਅਵਾਜ਼ਾਂ ਦੇ ਇਸ ਝੱਖੜ ਵਿੱਚ ਆਪਣੇ ਸਾਂਝੇ ਫ਼ਾਰਮ ਦੇ ਮਾਮਲਿਆਂ ਸਬੰਧੀ ਕੋਈ ਅਮਲੀ ਸੁਝਾਅ ਸੁੱਟ ਦੇਵੇਂ, ਜਿਵੇਂ ਕਿ: “ਕੀ ਸਮਾਂ ਨਹੀਂ ਹੋ ਗਿਆ ਕਿ ਕੋਈ ਪੁਰਾਣੇ ਪਿੰਡ ਜਾ ਕੇ ਤੇ ਦੇਖੇ ਕਿ ਜ਼ਮੀਨ ਤੋਂ ਬਰਫ਼ ਪਿਘਲ ਗਈ ਜਾਂ ਨਹੀਂ ?” ਜਾਂ “ਇਸ ਵੇਲੇ ਸੋਹਣੀ ਹਵਾ ਚੱਲ ਰਹੀ ਹੈ। ਕੀ ਖਿਆਲ ਜੇ ਅਸੀਂ ਬੀਆਂ ਨੂੰ ਹਵਾ ਲਵਾ ਲਈਏ ਤਾਂ ! ਧਰਤ- ਹੇਠਲੇ ਖੱਤੇ ਵਿਚਲੀ ਸਿਲ੍ਹੀ ਮਿੱਟੀ ਕਾਰਨ ਇਹ ਸਿਲ੍ਹੇ ਹੋ ਗਏ ਨੇ!” ਤੇ ਲੜਾਈ ਇੱਕਦਮ ਰੁੱਕ ਜਾਂਦੀ ।
ਇੱਕ ਦਿਨ ਬਾਬਾ ਭੋਰੇ ਵਿੱਚ ਆਇਆ ਤਾਂ ਉਹ ਖੁਸ਼ ਵੀ ਸੀ ਤੇ ਪ੍ਰੇਸ਼ਾਨ ਵੀ। ਉਹ ਘਾਹ ਦਾ ਇੱਕ ਹਰਾ ਤਿਣ ਲੈ ਕੇ ਆਇਆ ਸੀ । ਇਸਨੂੰ ਉਸਨੇ ਆਪਣੀ ਖੁਰਦਰੀ ਹਥੇਲੀ ਉੱਤੇ ਹੌਲ਼ੀ ਜਿਹੀ ਟਿਕਾ ਲਿਆ ਤੇ ਅਲੈਕਸੇਈ ਨੂੰ ਦਿਖਾਉਣ ਲਗਾ:
“ਇਸ ਵੱਲ ਦੇਖ,” ਉਹ ਬੋਲਿਆ। “ਮੈਂ ਹੁਣੇ ਖੇਤਾਂ ਤੋਂ ਆ ਰਿਹਾ ਹਾਂ। ਜ਼ਮੀਨ ਤੋਂ ਬਰਫ਼ ਪਿਘਲ ਰਹੀ ਹੈ, ਤੇ ਸ਼ੁਕਰ ਹੈ ਪ੍ਰਮਾਤਮਾ ਦਾ ਸਿਆਲੀ ਫ਼ਸਲ ਉੱਗਣ ਲੱਗ ਪਈ ਹੈ। ਜੇ ਅਸੀਂ ਬਸੰਤ ਦੀ ਫਸਲ ਨਾ ਵੀ ਇਕੱਠੀ ਕਰ ਸਕੀਏ, ਤਾਂ ਸਿਆਲੀ ਤੋਂ ਹੀ ਸਾਨੂੰ ਰੋਟੀ ਮਿਲਦੀ ਹੋ ਜਾਇਗੀ। ਮੈਂ ਜਾ ਕੇ ਜ਼ਨਾਨੀਆਂ ਨੂੰ ਬੁਲਾਉਂਦਾ ਹਾਂ । ਇਸ ਨਾਲ ਉਹਨਾਂ ਦੇ ਦਿਲ ਖੁਸ਼ ਹੋਣਗੇ, ਵਿਚਾਰੀਆਂ।”
ਭੋਰੇ ਤੋਂ ਬਾਹਰ ਔਰਤਾਂ ਨੇ ਚਿੜੀਆਂ ਦੇ ਝੁਰਮਟ ਵਾਂਗ ਚੀਂ-ਚੀਂ ਲਾਈ ਹੋਈ ਸੀ; ਖੇਤਾਂ ਤੋਂ ਲਿਆਂਦੇ ਗਏ ਘਾਹ ਦੇ ਹਰੇ ਤਿਣ ਨੇ ਉਹਨਾਂ ਨੂੰ ਸੱਜਰੀ ਆਸ ਦੁਆਈ । ਸ਼ਾਮ ਨੂੰ ਬਾਬਾ ਮਿਖਾਇਲ ਹੱਥ ਮਲਦਾ ਹੋਇਆ ਅੰਦਰ ਆਇਆ ਤੇ ਬੋਲਿਆ:
“ਤੂੰ ਕੀ ਖਿਆਲ ਕਰਦੈਂ, ਅਲੈਕਸੇਈ, ਕਿ ਮੇਰੇ ਲੰਮੇ ਵਾਲਾਂ ਵਾਲੇ ਮੰਤਰੀ ਮੰਡਲ ਦੇ ਮੈਂਬਰਾਂ ਨੇ ਕੀ ਫੈਸਲਾ ਕੀਤੈ? ਕੋਈ ਮਾੜਾ ਨਹੀਂ, ਮੈਂ ਤੈਨੂੰ ਦੱਸਾਂ। ਇੱਕ ਟੀਮ ਤਾਂ ਢਲਾਣ ਵਾਲੀ ਜ਼ਮੀਨ ਉੱਤੇ ਵਾਹੀ ਕਰੇਗੀ, ਜਿਥੇ ਕੰਮ ਜ਼ਰਾ ਮੁਸ਼ਕਲ ਹੈ। ਉਹ ਗਾਈਆਂ ਨੂੰ ਜੋਤਣਗੀਆਂ। ਗੱਲ ਇਹ ਨਹੀਂ ਕਿ ਸਾਡੇ ਕੋਲ ਗਾਈਆਂ ਬਹੁਤ ਨੇ। ਪੂਰੇ ਇੱਜੜ ਵਿੱਚੋਂ ਸਾਡੇ ਕੋਲ ਸਿਰਫ਼ ਛੇ ਰਹਿ ਗਈਆਂ ਨੇ ! ਦੂਜੀ ਟੀਮ ਉਚਾਈ ਉਪਰਲੇ ਖੇਤਾਂ ਨੂੰ ਲਵੇਗੀ ਜਿਹੜੇ ਵਧੇਰੇ ਸੁੱਕੇ ਨੇ । ਉਹ ਕਹੀਆਂ ਤੇ ਫਹੁੜਿਆਂ ਨਾਲ ਪੁੱਟਣਗੀਆਂ। ਸਬਜ਼ੀਆਂ ਦੀਆਂ ਕਿਆਰੀਆਂ ਤਾਂ ਅਸੀਂ ਇੰਝ ਹੀ ਖੋਦਦੇ ਹਾਂ, ਨਾ ਕਿਉਂ ਨਹੀਂ? ਤੀਜੀ ਟੀਮ ਉੱਪਰ ਪਹਾੜੀ ਉੱਪਰ ਜਾਇਗੀ। ਉਥੇ ਜ਼ਮੀਨ ਰੇਤਲੀ ਹੈ; ਅਸੀਂ ਇਸ ਨੂੰ ਆਲੂਆਂ ਲਈ ਤਿਆਰ ਕਰਾਂਗੇ। ਇਹ ਸੌਖਾ ਕੰਮ ਹੈ। ਇਸ ਕੰਮ ਉੱਤੇ ਅਸੀਂ ਨਿੱਕੇ ਮੁੰਡਿਆਂ ਨੂੰ ਤੇ ਕਮਜ਼ੋਰ ਔਰਤਾਂ ਨੂੰ ਲਾਵਾਂਗੇ। ਤੇ ਜਲਦੀ ਹੀ ਸਾਨੂੰ ਸਰਕਾਰ ਵੱਲੋਂ ਸਹਾਇਤਾ ਵੀ ਮਿਲ ਜਾਇਗੀ । ਪਰ ਜੇ ਇਹ ਨਾ ਵੀ ਮਿਲੀ, ਤਾਂ ਵੀ ਅਸੀਂ ਸਾਰ ਲਵਾਂਗੇ । ਅਸੀਂ ਆਪ ਇਹ ਕੰਮ ਕਰਾਂਗੇ, ਤੇ ਕਿਸੇ ਵੀ ਜ਼ਮੀਨ ਨੂੰ ਜਾਇਆ ਨਹੀਂ ਜਾਣ ਦਿਆਂਗੇ, ਇਹ ਮੈਂ ਤੈਨੂੰ ਯਕੀਨ ਦੁਆਉਂਦਾ ਹਾਂ । ਸ਼ੁਕਰ ਹੈ ਸਾਡੇ ਆਦਮੀਆਂ ਦਾ ਜਿਨ੍ਹਾਂ ਨੇ ਫਾਸਿਸਟਾਂ ਨੂੰ ਇਥੋਂ ਭਜਾ ਦਿੱਤਾ ਹੈ; ਹੁਣ ਅਸੀਂ ਜਿਊਂ ਸਕਾਂਗੇ। ਅਸੀਂ ਕਰੜੀ ਨਸਲ ਦੇ ਲੋਕ ਹਾਂ, ਤੇ ਕੁਝ ਵੀ ਸਹਿ ਸਕਦੇ ਹਾਂ, ਭਾਵੇਂ ਇਹ ਕਿੰਨੀਂ ਵੀ ਮੁਸ਼ਕਲ ਕਿਉਂ ਨਾ ਹੋਵੇ!”
ਬਹੁਤ ਦੇਰ ਤੱਕ ਬਾਬਾ ਸੌਂ ਨਾ ਸਕਿਆ । ਉਹ ਘਾਹ ਦੇ ਆਪਣੇ ਬਿਸਤਰੇ ਉੱਤੇ ਪਾਸੇ ਮਾਰਦਾ ਰਿਹਾ, ਖੰਘਦਾ ਰਿਹਾ, ਆਪਣੇ ਆਪ ਨੂੰ ਖੁਰਕਦਾ ਤੇ ਹੂੰਗਰਦਾ ਰਿਹਾ: “ਹੇ ਪ੍ਰਮਾਤਮਾ! ਹੇ ਮਾਲਕ!” ਕਈ ਵਾਰੀ ਉਹ ਉਠਿਆ, ਪਾਣੀ ਦੀ ਬਾਲਟੀ ਤੱਕ ਗਿਆ, ਗੜਗੜ ਦੀ ਅਵਾਜ਼ ਨਾਲ ਡੱਬਾ ਭਰਿਆ, ਤੇ ਸਾਹੋ ਸਾਹ ਘੋੜੇ ਵਾਂਗ ਵੱਡੇ ਵੱਡੇ, ਤਿਹਾਏ ਘੁੱਟ ਭਰਦਾ ਪਾਣੀ ਪੀ ਗਿਆ। ਆਖ਼ਰ ਉਸ ਲਈ ਇਸਨੂੰ ਹੋਰ ਸਹਿਣਾ ਮੁਸ਼ਕਲ ਹੋ ਗਿਆ। ਉਹ ਉਠਿਆ, ਬੱਤੀ ਜਗਾਈ, ਅਲੈਕਸੇਈ ਨੂੰ ਟੋਹਿਆ, ਜਿਹੜਾ ਅਰਧ ਚੇਤਨਤਾ ਦੀ ਹਾਲਤ ਵਿੱਚ ਅੱਖਾਂ ਖੋਹਲੀ ਪਿਆ ਸੀ ਤੇ ਬੋਲਿਆ:
“ਤੂੰ ਸੁੱਤਾ ਪਿਐਂ, ਅਲੈਕਸੇਈ ? ਮੈਂ ਇਥੇ ਪਿਆ ਪਿਆ ਸੋਚੀ ਜਾ ਰਿਹਾਂ। ਪਿਆ ਪਿਆ ਸੋਚੀ ਜਾ ਰਿਹਾਂ, ਮੈਂ ਕਿਹਾ। ਪੁਰਾਣੇ ਪਿੰਡ ਵਿੱਚ, ਉੱਥੇ, ਚੌਕ ਵਿੱਚ ਇੱਕ ਬਲੂਤ ਦਾ ਦਰਖਤ ਖੜਾ ਹੈ। ਲਗਭਗ ਤੀਹ ਸਾਲ ਪਹਿਲਾਂ ਪਹਿਲੀ ਵੱਡੀ ਜੰਗ ਦੇ ਦੌਰਾਨ, ਜਦੋਂ ਨਿਕੋਲਸ ਰਾਜ ਕਰਦਾ ਸੀ, ਇਸ ਬਲੂਤ ਉੱਤੇ ਬਿਜਲੀ ਆ ਡਿੱਗੀ ਸੀ, ਜਿਸ ਨਾਲ ਇਸਦੀ ਟੀਸੀ ਸੜ ਗਈ ਸੀ । ਪਰ ਇਹ ਮਜ਼ਬੂਤ ਦਰਖਤ ਸੀ, ਸ਼ਕਤੀਸ਼ਾਲੀ ਜੜ੍ਹਾਂ ਤੇ ਬਹੁਤ ਸਾਰਾ ਰਸ । ਰਸ ਲਈ ਹੁਣ ਉੱਪਰ ਨੂੰ ਜਾਣ ਲਈ ਕੋਈ ਥਾਂ ਨਹੀਂ ਸੀ, ਸੋ ਇਸਨੇ ਇੱਕ ਨਾਲ ਲਗਦੀ ਲਗਰ ਕੱਢੀ, ਤੇ ਜੇ ਕਿਤੇ ਤੂੰ ਦੇਖੇਂ ਕਿ ਇਸਦੀ ਕਿਆ ਸੋਹਣੀ, ਨਵੀਂ ਘੁੰਘਰਾਲੀ ਟੀਸੀ ਹੈ। ਸਾਡੇ ਪਲਾਵਨੀ ਦਾ ਵੀ ਇਹੀ ਹਾਲ ਹੈ। ਸਿਰਫ਼ ਜੇ ਧੁੱਪ ਨਿੱਕਲੀ ਰਹੇ ਤੇ ਜ਼ਮੀਨ ਜ਼ਰਖੇਜ਼ ਹੋਵੇ ਤਾਂ ਆਪਣੀ, ਸੋਵੀਅਤ ਸਰਕਾਰ ਨਾਲ, ਭਾ ਅਲੈਕਸੇਈ, ਅਸੀਂ ਸਭ ਕੁਝ ਪੰਜਾਂ ਕੁ ਸਾਲਾਂ ਵਿੱਚ ਮੁੜ ਖੜਾ ਕਰ ਲਵਾਂਗੇ। ਅਸੀਂ ਤਾਂ ਪੱਕੇ ਇਰਾਦੇ ਵਾਲੇ ਲੋਕ ਹਾਂ, ਇਸ ਬਾਰੇ ਕੋਈ ਸ਼ੱਕ ਨਹੀਂ ਹੋ ਸਕਦਾ! ਸਿਰਫ ਜੇ ਕਿਤੇ ਜੰਗ ਜਲਦੀ ਖ਼ਤਮ ਹੋ ਜਾਏ ! ਅਸੀਂ ਉਹਨਾਂ ਨੂੰ ਭੰਨ ਕੇ ਰੱਖ ਦਿਆਂਗੇ, ਤੇ ਫਿਰ ਕੰਮ ਵਿੱਚ ਜੁੱਟ ਜਾਵਾਂਗੇ, ਸਾਰੇ ਮਿਲ ਕੇ। ਤੇਰਾ ਕੀ ਖਿਆਲ ਹੈ।”
ਉਸ ਰਾਤ ਅਲੈਕਸੇਈ ਦੀ ਹਾਲਤ ਹੋਰ ਭੈੜੀ ਹੋ ਗਈ।
ਬਾਬੇ ਮਿਖਾਇਲ ਦੇ ਅਸ਼ਨਾਨ ਨੇ ਅਲੈਕਸੇਈ ਲਈ ਉਤੇਜਕ ਦਾ ਕੰਮ ਕੀਤਾ ਤੇ ਉਸਨੂੰ ਉਸਦੀ ਮੂਰਛਤ ਜਿਹੀ ਹਾਲਤ ਵਿੱਚੋਂ ਜਗਾ ਦਿੱਤਾ। ਉਹ ਆਪਣੀ ਪੂਰਨ ਖੀਣਤਾ ਤੇ ਥਕਾਵਟ ਬਾਰੇ, ਤੇ ਆਪਣੇ ਪੈਰਾਂ ਵਿਚਲੀ ਪੀੜ ਬਾਰੇ ਏਨਾਂ ਚੇਤੰਨ ਹੋ ਗਿਆ, ਜਿੰਨਾਂ ਪਹਿਲਾਂ ਕਦੀ ਨਹੀਂ ਸੀ ਹੋਇਆ। ਉਹ ਜ਼ੋਰ ਜ਼ੋਰ ਦੀ ਆਪਣੀ ਚਟਾਈ ਉੱਪਰ ਪਾਸੇ ਮਾਰ ਰਿਹਾ ਸੀ, ਕਰਾਹ ਰਿਹਾ ਸੀ, ਆਪਣੇ ਦੰਦ ਕਰੀਚ ਰਿਹਾ ਸੀ, ਕਿਸੇ ਨੂੰ ਬੁਲਾ ਰਿਹਾ ਸੀ, ਕਿਸੇ ਨੂੰ ਬੁਰਾ ਭਲਾ ਕਹਿ ਰਿਹਾ ਸੀ, ਕੁਝ ਮੰਗੀ ਜਾ ਰਿਹਾ ਸੀ।
ਵਾਰੀਆ ਸਾਰੀ ਰਾਤ, ਲੱਤਾਂ ਸੁੰਗੇੜੀ, ਠੋਡੀ ਆਪਣੇ ਗੋਡਿਆਂ ਉੱਤੇ ਟਿਕਾਈ, ਤੇ ਆਪਣੀਆਂ ਵੱਡੀਆਂ ਵੱਡੀਆਂ, ਗੋਲ, ਉਦਾਸ ਅੱਖਾਂ ਨਾਲ ਇੱਕ ਟੱਕ ਆਪਣੇ ਸਾਮ੍ਹਣੇ ਗੱਡੀ ਉਸ ਕੋਲ ਬੈਠੀ ਰਹੀ। ਕੁਝ ਕੁਝ ਦੇਰ ਪਿੱਛੋਂ ਉਹ ਅਲੈਕਸੇਈ ਦੇ ਸਿਰ ਤੇ ਛਾਤੀ ਉੱਤੇ ਠੰਡਾ ਭਿੱਜਾ ਕੱਪੜਾ ਰੱਖ ਦੇਂਦੀ, ਜਾਂ ਭੇਡ ਦੀ ਜੱਤ ਨੂੰ ਠੀਕ ਠਾਕ ਕਰ ਦੇਂਦੀ ਜਿਸਨੂੰ ਉਹ ਮੁੜ ਮੁੜ ਕੇ ਲਾਹ ਦੇਂਦਾ ਸੀ, ਤੇ ਸਾਰਾ ਸਮਾਂ ਉਹ ਆਪਣੇ ਪਤੀ ਬਾਰੇ ਸੋਚ ਰਹੀ ਸੀ ਜਿਹੜਾ ਦੂਰ ਕਿਤੇ ਸੀ, ਜਿਸਨੂੰ ਜੰਗ ਦੀ ਹਵਾ ਉਡਾ ਕੇ ਇਧਰ ਉਧਰ ਲਿਜਾ ਰਹੀ ਸੀ।
ਪ੍ਰਭਾਤ ਦੀ ਪਹਿਲੀ ਕਿਰਨ ਨਾਲ ਹੀ ਬੁੱਢਾ ਜਾਗ ਪਿਆ, ਅਲੈਕਸੇਈ ਵੱਲ ਨਜ਼ਰ ਮਾਰੀ, ਜਿਹੜਾ ਹੁਣ ਚੁੱਪ ਸੀ ਤੇ ਉਂਘਲਾ ਰਿਹਾ ਸੀ, ਤੇ ਵਾਰੀਆਂ ਨੂੰ ਕੰਨ ਵਿੱਚ ਕੁਝ ਕਹਿੰਦਾ ਹੋਇਆ ਸਫ਼ਰ ਲਈ ਤਿਆਰ ਹੋ ਪਿਆ। ਉਸਨੇ ਨਮਦੇ ਦੇ ਬੂਟਾਂ ਵਾਲੇ ਆਪਣੇ ਪੈਰਾਂ ਨੂੰ ਗਾਲੋਸ਼ਿਆਂ ਵਿੱਚ ਧੁਸ ਦਿੱਤਾ, ਜਿਹੜੇ ਉਸਨੇ ਆਪ ਕਿਸੇ ਬੱਸ ਦੇ ਟਾਇਰ ਤੋਂ ਬਣਾਏ ਸਨ, ਦਰਖਤ ਦੇ ਛਿਲਕੇ ਦੇ ਰੇਸ਼ਿਆਂ ਤੋਂ ਬਣਾਈ ਪੇਟੀ ਆਪਣੇ ਕੋਟ ਦੁਆਲੇ ਘੁੱਟ ਕੇ ਬੰਨ੍ਹ ਲਈ ਤੇ ਜੂਨੀਪਰ ਦੀ ਸੋਟੀ ਫੜ ਲਈ ਜਿਸਨੂੰ ਉਸਨੇ ਆਪ ਪਾਲਿਸ਼ ਕੀਤਾ ਸੀ ਤੇ ਜਿਹੜੀ ਲੰਮੇ ਸਫਰਾਂ ਵੇਲੇ ਹਮੇਸ਼ਾਂ ਉਹਦੇ ਨਾਲ਼ ਹੁੰਦੀ ਸੀ।
ਉਹ ਅਲੈਕਸੇਈ ਨੂੰ ਇੱਕ ਵੀ ਲਫ਼ਜ਼ ਕਹੇ ਤੋਂ ਬਿਨ੍ਹਾਂ ਬਾਹਰ ਚਲਾ ਗਿਆ।
17
ਮਰੇਸੇਯੇਵ ਐਸੀਂ ਹਾਲਤ ਵਿੱਚ ਸੀ ਕਿ ਆਪਣੇ ਮੇਜ਼ਬਾਨ ਦੇ ਜਾਣ ਵੱਲ ਉਸਦਾ ਧਿਆਨ ਹੀ ਨਾ ਗਿਆ। ਅਗਲਾ ਸਾਰਾ ਦਿਨ ਉਹ ਬੇਹੋਸ਼ ਪਿਆ ਰਿਹਾ, ਤੇ ਤੀਜੇ ਦਿਨ ਜਾ ਕੇ ਕਿਤੇ ਉਸਨੂੰ ਹੋਸ਼ ਆਈ, ਜਦੋਂ ਸੂਰਜ ਸਿਰ ਉੱਤੇ ਆ ਚੁੱਕਾ ਸੀ ਤੇ ਧੁੱਪ ਦੀ ਇੱਕ ਤੇਜ਼ ਤੇ ਤਗੜੀ ਕਿਰਨ, ਚੁਲ੍ਹੇ ਦੇ ਦੂਧੀਆਂ, ਤਹਿਦਾਰ ਧੂੰਏਂ ਨੂੰ ਚੀਰਦੀ ਹੋਈ ਝਰੋਖੇ ਤੋਂ ਲੈ ਕੇ ਅਲੈਕਸੇਈ ਦੇ ਪੈਰਾਂ ਤੱਕ ਫੈਲੀ ਹੋਈ ਸੀ ਤੇ ਹਨੇਰੇ ਨੂੰ ਦੂਰ ਕਰਨ ਦੀ ਥਾਂ ਇਸਨੂੰ ਸੰਘਣਾ ਬਣਾ ਰਹੀ ਸੀ।
ਭੋਰੇ ਵਿੱਚ ਕੋਈ ਨਹੀਂ ਸੀ। ਵਾਰੀਆਂ ਦੀ ਮੱਧਮ, ਬੈਠੀ ਜਿਹੀ ਅਵਾਜ਼ ਦਰਵਾਜ਼ੇ ਥਾਣੀ ਆ ਰਹੀ ਸੀ। ਪ੍ਰਤੱਖ ਤੌਰ ਉੱਤੇ, ਕਿਸੇ ਚੀਜ਼ ਵਿੱਚ ਰੁਝੀ ਹੋਈ ਉਹ ਪੁਰਾਣਾ ਕੋਈ ਗੀਤ ਗਾ ਰਹੀ ਸੀ, ਜਿਹੜਾ ਇਸ ਜੰਗਲ ਦੇ ਇਲਾਕੇ ਵਿੱਚ ਪ੍ਰਚੱਲਤ ਸੀ। ਇਹ ਇਕੱਲੇ ਕਾਰੇ ਐਸ਼ ਦੇ ਦਰਖਤ ਬਾਰੇ ਗੀਤ ਸੀ ਜਿਹੜਾ ਬਲੂਤ ਵੱਲ ਜਾਣ ਲਈ ਤਾਂਘ ਰਿਹਾ ਸੀ; ਇਹ ਬਲੂਤ ਵੀ ਕੁਝ ਫਾਸਲੇ ਉੱਤੇ ਇਕੱਲਾ ਕਾਰਾ ਖੜ੍ਹਾ ਸੀ ।
ਅਲੈਕਸੇਈ ਪਹਿਲਾਂ ਵੀ ਇਸ ਗੀਤ ਨੂੰ ਕਈ ਵਾਰੀ ਸੁਣ ਚੁੱਕਾ ਸੀ; ਇਹ ਗੀਤ ਉਹ ਕੁੜੀਆਂ ਗਾਇਆ ਕਰਦੀਆਂ ਸਨ ਜਿਹੜੀਆਂ ਹਵਾਈ ਅੱਡੇ ਨੂੰ ਪੱਧਰਾ ਤੇ ਸਾਫ਼ ਕਰਨ ਲਈ ਲਾਂਭ ਚਾਂਭ ਦੇ ਪਿੰਡਾ ਨੂੰ ਪ੍ਰਸੰਨ ਟੋਲੀਆਂ ਬਣਾ ਕੇ ਆਇਆ ਕਰਦੀਆਂ ਸਨ। ਉਸਨੂੰ ਇਸਦੀ ਮੱਧਮ ਚਾਲ ਤੇ ਸੋਗੀ ਧੁਨ ਪਸੰਦ ਸੀ । ਪਰ ਪਹਿਲਾਂ ਉਸਨੇ ਕਦੀ ਇਸਦੇ ਲਫ਼ਜ਼ਾਂ ਵੱਲ ਧਿਆਨ ਨਹੀਂ ਸੀ ਦਿੱਤਾ, ਤੇ ਫ਼ੌਜੀ ਜ਼ਿੰਦਗੀ ਦੇ ਰੁਝੇਵੇਂ ਵਿੱਚ ਇਹ ਬਿਨਾਂ ਕੋਈ ਪ੍ਰਭਾਵ ਛੱਡਿਆ ਉਸਦੇ ਮਨ ਵਿਚੋਂ ਗਾਇਬ ਹੋ ਗਏ ਸਨ । ਪਰ ਹੁਣ ਉਹ ਇਸ ਜਵਾਨ, ਵੱਡੀਆਂ ਵੱਡੀਆਂ ਅੱਖਾਂ ਵਾਲ਼ੀ ਤੇ ਏਨੇ ਨਿੱਘੇ ਜਜ਼ਬਿਆਂ ਨਾਲ ਭਰੀ ਔਰਤ ਦੇ ਮੂੰਹ ਤੋਂ ਨਿੱਕਲ ਰਹੇ ਸਨ, ਤੇ ਉਹ ਇਸਤਰੀ ਦੇ ਮਨ ਦੀ ਏਨੀਂ ਅਸਲੀ, ਨਾ ਕਿ ਸਿਰਫ ਭਾਵਿਕ ਹੀ, ਸਿੱਕ ਪ੍ਰਗਟ ਕਰਦੇ ਸਨ ਕਿ ਅਲੈਕਸੇਈ ਇੱਕਦਮ ਇਸ ਧੁਨ ਦੀ ਪੂਰੀ ਡੂੰਘਾਈ ਮਹਿਸੂਸ ਕਰਨ ਲੱਗ ਪਿਆ ਤੇ ਸਮਝ ਗਿਆ ਕਿ ਐਸ਼ ਦਾ ਰੁੱਖ ਵਾਰੀਆ ਆਪਣੇ ਬਲੂਤ ਲਈ ਕਿਵੇਂ ਤਰਸ ਰਹੀ ਹੈ।
ਪਰ ਐਸ਼ ਦੇ ਭਾਗਾਂ ‘ਚ ਨਹੀਂ ਸੀ
ਕਿ ਬਲੂਤ ਦੇ ਸੰਗ ਮਿਲੇ ਇਕੱਲਾ ਹੀ ਜੁਗਾਂ ਜੁਗਾਂ ਤੱਕ
ਹਵਾ ‘ਚ ਹੁਣ ਉਹ ਹਿਲੇ..
ਵਾਰੀਆ ਗਾ ਰਹੀ ਸੀ ਤੇ ਉਸਦੀ ਅਵਾਜ਼ ਵਿੱਚ ਸੱਚਮੁਚ ਦੇ ਹੰਝੂਆਂ ਦੀ ਕੁੜੱਤਣ ਮਹਿਸੂਸ ਕੀਤੀ ਜਾ ਸਕਦੀ ਸੀ । ਜਦੋਂ ਉਸਨੇ ਗਾਉਣਾ ਬੰਦ ਕੀਤਾ, ਤਾਂ ਅਲੈਕਸੇਈ ਉਸਦੀ ਬਾਹਰ ਬਸੰਤ ਦੀ ਧੁੱਪ ਨਾਲ ਰੌਸ਼ਨ ਦਰਖਤਾਂ ਹੇਠ ਬੈਠੀ ਦੀ, ਤੇ ਉਸਦੀਆਂ ਹੰਝੂਆਂ ਨਾਲ ਭਰੀਆਂ ਵੱਡੀਆਂ ਵੱਡੀਆਂ, ਗੋਲ, ਸਿੱਕਦੀਆਂ ਅੱਖਾਂ ਦੀ ਤਸਵੀਰ ਆਪਣੇ ਮਨ ਵਿੱਚ ਲਿਆ ਸਕਦਾ ਸੀ । ਉਸਨੂੰ ਆਪਣੇ ਗਲੇ ਵਿੱਚ ਵੀ ਗੱਚ ਭਰਦਾ ਮਹਿਸੂਸ ਹੋਇਆ ਤੇ ਨਾ ਦਬਾਈ ਜਾ ਸਕਣ ਵਾਲੀ ਇੱਛਾ ਮਹਿਸੂਸ ਹੋਈ ਕਿ ਉਹ ਆਪਣੀ ਵਰਦੀ ਦੀ ਜੇਬ ਵਿੱਚ ਪਈਆਂ ਉਹਨਾਂ ਪੁਰਾਣੀਆਂ ਚਿੱਠੀਆਂ ਨੂੰ, ਜਿਨਾਂ ਦੇ ਵਸਤੂ ਨੂੰ ਉਹ ਮੂੰਹ ਜ਼ਬਾਨੀ ਜਾਣਦਾ ਸੀ, ਪੜੇ ਨਹੀਂ, ਦੇਖੇ, ਸਬਜ਼ਾਜ਼ਾਰ ਵਿੱਚ ਬੈਠੀ ਪਤਲੀ ਜਿਹੀ ਕੁੜੀ ਦੀ ਫੋਟੋ ਉੱਤੇ ਇੱਕ ਨਜ਼ਰ ਮਾਰੇ। ਉਸਨੇ ਆਪਣੀ ਜੈਕਟ ਤੱਕ ਹੱਥ ਵਧਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਦੀ ਬਾਂਹ ਬੇਵੱਸ ਚਟਾਈ ਉੱਤੇ ਆ ਡਿੱਗੀ। ਮੁੜ ਕੇ ਸਾਰਾ ਕੁਝ ਉਸ ਦੁਧੀਆ ਹਨੇਰੇ ਵਿੱਚ ਤਰਨ ਲੱਗਾ, ਜਿਸ ਵਿੱਚ ਕਿਤੇ ਕਿਤੇ ਸਤਰੰਗੀ ਪੀਂਘ ਦੇ ਰੰਗਾਂ ਦੇ ਹਲਕਿਆਂ ਦੇ ਧੱਬੇ ਸਨ। ਮਗਰੋਂ, ਉਸ ਹਨੇਰੇ ਵਿੱਚ, ਜਿਸ ਵਿੱਚੋਂ ਅਜੀਬ ਜਿਹੀ ਦਿਲ-ਚੀਰਵੀਂ ਸਰਸਰ ਆ ਰਹੀ ਸੀ, ਉਸਨੂੰ ਦੋ ਅਵਾਜ਼ਾ ਸੁਣਾਈ ਦਿੱਤੀਆਂ ਇੱਕ ਵਾਰੀਆ ਦੀ ਤੇ ਦੂਜੀ ਕਿਸੇ ਬੁੱਢੀ ਔਰਤ ਦੀ; ਇਹ ਦੂਜੀ ਅਵਾਜ਼ ਵੀ ਉਸਦੀ ਜਾਣੀ ਪਛਾਣੀ ਸੀ । ਉਹ ਘੁਸਰ ਮੁਸਰ ਕਰ ਰਹੀਆਂ ਸਨ।
“ਉਹ ਖਾਂਦਾ ਨਹੀਂ ?”
“ਨਹੀਂ, ਉਹ ਖਾ ਹੀ ਨਹੀਂ ਸਕਦਾ। ਕੱਲ ਉਸਨੇ ਚਪਾਤੀ ਦੀ ਇੱਕ ਬੁਰਕੀ ਚਬਾਈ ਬਹੁਤ ਛੋਟੀ ਜਿਹੀ — ਤੇ ਉਸ ਨਾਲ ਵੀ ਉਹਨੂੰ ਉਲਟੀ ਆ ਗਈ। ਇਹ ਵੀ ਕੋਈ ਖਾਣਾ ਹੈ! ਉਹ ਜ਼ਰਾ ਕੁ ਦੁੱਧ ਪੀਂਦਾ ਹੈ, ਸੋ ਅਸੀਂ ਉਸਨੂੰ ਥੋਹੜਾ ਜਿਹਾ ਦੇ ਦੇਂਦੇ ਹਾਂ।”
“ਦੇਖ, ਮੈਂ ਥੋਹੜਾ ਜਿਹਾ ਸ਼ੋਰਬਾ ਲੈ ਕੇ ਆਈ ਹਾਂ।… ਸ਼ਾਇਦ ਵਿਚਾਰੇ ਨੂੰ ਜ਼ਰਾ ਕੁ ਸ਼ੋਰਬਾ ਚੰਗਾ ਲੱਗੇ।”
“ਚਾਚੀ ਵਾਸੀਲਿਸਾ!” ਵਾਰੀਆਂ ਕੂਕ ਉਠੀ । “ਕੀ ਤੂੰ ਸੱਚਮੁਚ”
“ਹਾਂ, ਇਹ ਮੁਰਗੀ ਦਾ ਸ਼ੋਰਬਾ ਹੈ । ਤੂੰ ਕਾਹਦੇ ਤੇ ਹੈਰਾਨ ਹੋਣ ਡਹੀ ਏਂ ? ਏਸ ਵਿੱਚ ਕਿਹੜੀ ਕੋਈ ਖਾਸ ਗੱਲ ਏ । ਜਗਾ ਉਹਨੂੰ, ਕੀ ਪਤਾ ਜ਼ਰਾ ਕੁ ਲੈ ਹੀ ਲਵੇ।”
ਅਲੈਕਸੇਈ ਨੇ ਇਹ ਗੱਲਬਾਤ ਸੁਣ ਲਈ ਸੀ, ਤੇ ਇਸਤੋਂ ਪਹਿਲਾਂ ਕਿ ਉਹ ਅੱਖਾਂ ਖੋਹਲ ਸਕਦਾ, ਵਾਰੀਆ ਨੇ ਉਸਨੂੰ ਜ਼ੋਰ ਜ਼ੋਰ ਦੀ, ਬਿਨਾਂ ਕਿਸੇ ਸੰਗ ਸਲੀਕੇ ਦੇ ਹਿਲਾਉਣਾ ਸ਼ੁਰੂ ਕਰ ਦਿੱਤਾ ਤੇ ਖੁਸ਼ੀ ਨਾਲ ਉੱਚੀ ਸਾਰੀ ਕੂਕੀ:
“ਅਲੈਕਸੇਈ ਪਿਤਰੋਵਿਚ ! ਅਲੈਕਸੇਈ ਪਿਤਰੋਵਿਚ! ਉੱਠੋ ! ਚਾਚੀ ਵਾਸੀਲਿਸਾ ਤੁਹਾਡੇ ਲਈ ਕੁਝ ਮੁਰਗੀ ਦਾ ਸ਼ੋਰਬਾ ਲੈ ਕੇ ਆਈ ਹੈ ! ਉਠੋ! ਮੈ ਕਿਹਾ!”
ਦਰਵਾਜ਼ੇ ਦੇ ਨੇੜੇ ਕੰਧ ਵਿੱਚ ਲਾਈ ਬੱਤੀ ਨੇ ਤਿੜ ਤਿੜ ਕੀਤਾ ਤੇ ਤੇਜ਼ ਤੇਜ਼ ਬਲਣ ਲੱਗੀ । ਡੋਲਦੀ, ਧੂਏਂ ਵਾਲੀ ਰੌਸ਼ਨੀ ਵਿੱਚ ਅਲੈਕਸੇਈ ਨੂੰ ਇੱਕ ਮਧਰੀ ਜਿਹੀ ਕੁੱਬੀ ਔਰਤ ਦਿਖਾਈ ਦਿੱਤੀ ਜਿਸ ਦਾ ਤੋਤੇ ਦੀ ਚੁੰਝ ਵਰਗਾ ਨੱਕ ਸੀ ਤੇ ਚਿਹਰਾ ਝੁਰੜੀਆਂ ਵਾਲ਼ਾ ਤੇ ਕੁਪੱਤੀਆਂ ਜਿਹੀਆਂ ਔਰਤਾਂ ਵਾਲਾ ਸੀ। ਉਹ ਕਿਸੇ ਵੱਡੀ ਸਾਰੀ ਚੀਜ਼ ਦੀ ਗੰਢੜੀ ਖੋਹਲਣ ਵਿੱਚ ਰੁਝੀ ਹੋਈ ਸੀ; ਪਹਿਲਾਂ ਉਸਨੇ ਇੱਕ ਬੋਰੀ ਦਾ ਟੋਟਾ ਹਟਾਇਆ, ਫਿਰ ਇੱਕ ਪੁਰਾਣਾ ਬੁੱਢੀਆਂ ਵਾਲ਼ਾ ਕੋਟ, ਫਿਰ ਕਾਗਜ਼ ਦਾ ਵਰਕਾ, ਤੇ ਅਖ਼ੀਰ ਇੱਕ ਲੋਹੇ ਦਾ ਪਤੀਲਾ ਦਿਖਾਈ ਦਿੱਤਾ ਜਿਸਨੇ ਭੋਰੇ ਨੂੰ ਚਰਬੀ ਵਾਲ਼ੇ ਮੁਰਗੇ ਦੇ ਸ਼ੋਰਬੇ ਦੀ ਇਹੋ ਜਿਹੀ ਸੁਆਦੀ ਵਾਸ਼ਨਾ ਨਾਲ ਭਰ ਦਿੱਤਾ ਕਿ ਅਲੈਕਸੇਈ ਦੇ ਖਾਲੀ ਢਿਡ ਵਿੱਚ ਵੱਟ ਪੈਣ ਲੱਗ ਪਏ।
ਦਾਦੀ ਵਾਸੀਲਿਸਾ ਦੇ ਝੁਰੜੀਆਂ ਭਰੇ ਚਿਹਰੇ ਉੱਤੇ ਉਸੇ ਤਰ੍ਹਾਂ ਕਰੜਾਈ ਤੇ ਕੁਪੱਤਿਆ ਵਾਲ਼ਾ ਪ੍ਰਗਟਾਅ ਕਾਇਮ ਰਿਹਾ।
“ਆਹ ਲੈ, ਮੈਂ ਤੇਰੇ ਲਈ ਲਿਆਦੈਂ,” ਉਹ ਬੋਲੀ । “ਕਿਰਪਾ ਕਰਕੇ, ਇਹਨੂੰ ਨਾਂਹ ਨਾ ਕਰੀਂ । ਇਹ ਖਾ ਲੈ ਤੇ ਰਾਜ਼ੀ ਹੋ ਜਾ। ਕੀ ਪਤਾ, ਰੱਬ ਦੀ ਮਰਜ਼ੀ ਹੋਈ ਤੇ ਇਸ ਨਾਲ ਤੈਨੂੰ ਕੁਝ ਫਾਇਦਾ ਹੋ ਜਾਏ।”
ਤੇ ਅਲੈਕਸੇਈ ਨੂੰ ਇਸ ਬੁੱਢੀ ਦੇ ਪਰਿਵਾਰ ਬਾਰੇ ਦੁਖਦਾਈ ਕਹਾਣੀ ਯਾਦ ਆ ਗਈ, ਤੇ ਉਸ ਮੁਰਗੀ ਦੀ ਕਹਾਣੀ ਵੀ, ਜਿਸਨੂੰ ਪਾਰਟੀਨਕਾ ਦਾ ਨਾਂ ਦਿੱਤਾ ਗਿਆ ਸੀ, ਤੇ ਸਾਰਾ ਕੁਝ – ਉਹ ਬੁੱਢੀ, ਵਾਰੀਆਂ ਤੇ ਸੁਆਦੀ ਵਾਸ਼ਨਾ ਫੈਲਾ ਰਿਹਾ ਮੇਜ਼ ਉੱਤੇ ਪਿਆ ਭਾਫ਼ ਛੱਡਦਾ ਲੋਹੇ ਦਾ ਪਤੀਲਾ- ਹੰਝੂਆਂ ਦੀਆਂ ਨਦੀਆਂ ਵਿੱਚ ਤਰਨ ਲੱਗਾ, ਜਿਨ੍ਹਾਂ ਵਿੱਚੋਂ ਉਸਨੇ ਦੇਖਿਆ ਕਿ ਬੁੱਢੀ ਦੀਆਂ ਗੁਸੈਲ ਅੱਖਾਂ ਉਸ ਵੱਲ ਅਥਾਹ ਤਰਸ ਦੀ ਭਾਵਨਾਂ ਨਾਲ ਦੇਖ ਰਹੀਆਂ ਸਨ।
“ਸ਼ੁਕਰੀਆ, ਬੇਬੇ,” ਅਲੈਕਸੇਈ ਬੱਸ ਏਨੀਂ ਕੁ ਗੱਲ ਹੀ ਕਹਿ ਸਕਿਆ, ਜਦ ਕਿ ਬੁੱਢੀ ਦਰਵਾਜ਼ੇ ਵੱਲ ਜਾ ਰਹੀ ਸੀ।
ਤੇ ਜਦੋਂ ਉਹ ਦਰਵਾਜ਼ੇ ਕੋਲ ਪੁੱਜੀ ਤੇ ਅਲੈਕਸੇਈ ਨੇ ਉਸਨੂੰ ਇਹ ਕਹਿੰਦਿਆਂ ਸੁਣਿਆ: “ਸ਼ੁਕਰੀਆ ਕਾਹਦਾ । ਇਹਦੇ ਵਿੱਚ ਸ਼ੁਕਰੀਏ ਵਾਲ਼ੀ ਕਿਹੜੀ ਗੱਲ ਏ ? ਮੇਰੇ ਪੁੱਤ ਵੀ ਜੰਗ ਵਿੱਚ ਗਏ ਹੋਏ ਨੇ । ਕੀ ਪਤਾ ਉਹਨਾਂ ਨੂੰ ਵੀ ਕੋਈ ਸ਼ੋਰਬਾ ਦੇ ਦੇਵੇ ! ਖਾ ਲੈ । ਤੈਨੂੰ ਇਹਦੇ ਨਾਲ ਕੋਈ ਫਾਇਦਾ ਪਹੁੰਚੇ। ਰਾਜੀ ਹੋ ਜਾ ।”
“ਬੇਬੇ! ਬੇਬੇ!” ਅਲੈਕਸੇਈ ਨੇ ਉੱਠਣ ਦੀ ਕੋਸ਼ਿਸ਼ ਕੀਤੀ, ਪਰ ਵਾਰੀਆ ਨੇ ਉਸਨੂੰ ਰੋਕ ਲਿਆ ਤੇ ਹੌਲ਼ੀ ਜਿਹੀ ਦਬਾਉਂਦੀ ਨੇ ਉਸਨੂੰ ਵਾਪਸ ਚਟਾਈ ਉੱਤੇ ਪਾ ਦਿੱਤਾ।
“ਲੇਟ ਜਾਓ, ਲੇਟ ਜਾਓ! ਆਹ ਲਵੋ, ਕੁਝ ਸ਼ੋਰਬਾ ਲਵੋ ।” ਉਸਨੇ ਉਸਨੂੰ ਜਰਮਨ ਫ਼ੌਜੀ ਡੱਬੇ ਦਾ ਐਲਮੀਨੀਅਮ ਦਾ ਢੱਕਣ ਦਿੱਤਾ, ਜਿਸ ਵਿੱਚੋਂ ਸੁਆਦੀ ਵਾਸ਼ਨਾ ਵਾਲੀ ਭਾਫ਼ ਉੱਠ ਰਹੀ ਸੀ, ਤੇ ਆਪਣਾ ਮੂੰਹ ਪਰੇ ਕਰ ਲਿਆ; ਪ੍ਰਤੱਖ ਤੌਰ ਉੱਤੇ, ਉਹ ਹੰਝੂ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ ਜਿਹੜੇ ਬਿਨ ਬੁਲਾਏ ਉਸਦੀਆਂ ਅੱਖਾਂ ਵਿਚ ਆ ਗਏ ਸਨ। “ਲਵੋ ਜ਼ਰਾ ਕੁ”, ਉਸਨੇ ਦੁਹਰਾਇਆ।
“ਬਾਬਾ ਮਿਖਾਇਲ ਕਿੱਥੇ ਹੈ?”
“ਉਹ ਬਾਹਰ ਗਏ ਨੇ, ਕਿਸੇ ਕੰਮ। ਪਤਾ ਕਰਨ ਕਿ ਜ਼ਿਲ੍ਹਾ ਕਮੇਟੀ ਕਿੱਥੇ ਹੈ। ਉਹ ਜਲਦੀ ਨਹੀਂ ਮੁੜਨ ਲੱਗੇ । ਪਰ ਤੁਸੀਂ ਲਵੋ, ਆਹ, ਲਵੋ।”
ਆਪਣੇ ਬਿਲਕੁਲ ਨੱਕ ਹੇਠ ਅਲੈਕਸੇਈ ਨੂੰ ਇੱਕ ਵੱਡਾ ਸਾਰਾ ਲਕੜੀ ਦਾ ਜ਼ਰਾ ਕੁ ਟੁੱਟਾ ਹੋਇਆ ਚਿਮਚਾ ਦਿਖਾਈ ਦਿੱਤਾ, ਜਿਹੜਾ ਸਮੇਂ ਦੇ ਨਾਲ ਕਾਲ਼ਾ ਪੈ ਚੁੱਕਾ ਸੀ, ਤੇ ਉਸ ਵਿੱਚ ਅੰਬਰ ਦੇ ਰੰਗ ਦਾ ਸ਼ੋਰਬਾ ਸੀ।
ਪਹਿਲੇ ਚਿਮਚੇ ਨੇ ਉਸਦੀ ਭੁੱਖ ਨੂੰ ਖੂਬ ਚਮਕਾ ਦਿੱਤਾ; ਉਹ ਏਨਾਂ ਹਾਬੜ ਗਿਆ ਕਿ ਉਸਨੂੰ ਆਪਣੇ ਪੇਟ ਵਿੱਚ ਵੱਟ ਪੈਂਦੇ ਲੱਗੇ; ਪਰ ਉਸਨੇ ਸਿਰਫ਼ ਦਸ ਚਿਮਚੇ ਪੀਤੇ ਤੇ ਮੁਰਗੀ ਦੇ ਚਿੱਟੇ ਮਾਸ ਦੇ ਕੁਝ ਰੇਸ਼ੇ ਲਏ । ਭਾਵੇਂ ਉਸਦਾ ਪੇਟ ਹੋਰ ਖਾਣੇ ਦੀ ਜ਼ੋਰਦਾਰ ਮੰਗ ਕਰ ਰਿਹਾ ਸੀ, ਤਾਂ ਵੀ ਉਸਨੇ ਖਾਣਾ ਲਾਂਭੇ ਧੱਕ ਦਿੱਤਾ; ਉਸਨੂੰ ਪਤਾ ਸੀ ਕਿ ਉਸਦੀ ਮੌਜੂਦਾ ਹਾਲਤ ਵਿੱਚ ਇੱਕ ਵੀ ਵਾਧੂ ਚਿਮਚਾ ਉਸ ਲਈ ਜਹਿਰ ਦਾ ਕੰਮ ਕਰ ਸਕਦਾ ਹੈ।
ਬੇਬੇ ਦੇ ਬਣਾਏ ਸ਼ੋਰਬੇ ਨੇ ਕਰਾਮਾਤ ਕਰ ਦਿਖਾਈ । ਅਲੈਕਸੇਈ ਨੂੰ ਨੀਂਦ ਆ ਗਈ, ਬੇਹੋਸ਼ੀ ਵਾਲੀ ਨਹੀ, ਸਗੋਂ ਅਸਲੀ, ਘੂਕ, ਸਿਹਤਬਖਸ਼ ਨੀਂਦ। ਉਹ ਉਠਿਆ, ਕੁਝ ਹੋਰ ਸ਼ੋਰਬਾ ਲਿਆ ਤੇ ਮੁੜ ਸੌਂ ਗਿਆ, ਤੇ ਕਿਸੇ ਚੀਜ਼ ਨਾਲ ਵੀ ਉਸਦੀ ਨੀਂਦ ਨਹੀਂ ਸੀ ਉਖੜ ਰਹੀ, ਨਾ ਚੁਲ੍ਹੇ ਦੇ ਧੂੰਏਂ ਨਾਲ, ਨਾ ਔਰਤਾਂ ਦੀਆਂ ਗੱਲਾਂ ਨਾਲ, ਨਾ ਹੀ ਵਾਰੀਆਂ ਦਾ ਹੱਥ ਲੱਗਣ ਨਾਲ਼ – ਕਿਉਂਕਿ ਇਸ ਗੱਲ ਤੋਂ ਡਰਦਿਆਂ ਕਿ ਉਹ ਕਿਤੇ ਮਰ ਹੀ ਨਾ ਗਿਆ ਹੋਵੇ, ਉਹ ਮੁੜ ਮੁੜ ਕੇ ਉਸ ਉੱਤੇ ਝੁਕਦੀ, ਇਹ ਮਹਿਸੂਸ ਕਰਨ ਲਈ ਕਿ ਉਸਦਾ ਦਿਲ ਧੜਕ ਰਿਹਾ ਹੈ ਜਾਂ ਨਹੀਂ।
ਉਹ ਜਿਊਂਦਾ ਸੀ; ਉਹ ਬਾਕਾਇਦਾ, ਡੂੰਘੇ ਸਾਹ ਲੈ ਰਿਹਾ ਸੀ । ਉਹ ਬਾਕੀ ਦਾ ਸਾਰਾ ਦਿਨ, ਸਾਰੀ ਰਾਤ ਸੁੱਤਾ ਰਿਹਾ, ਤੇ ਇੰਝ ਸੁੱਤਾ ਰਿਹਾ ਜਿਵੇਂ ਧਰਤੀ ਉੱਪਰਲੀ ਕੋਈ ਤਾਕਤ ਉਸਨੂੰ ਜਗਾ ਨਹੀਂ ਸੀ ਸਕਦੀ।
ਅਗਲੇ ਦਿਨ ਸਵੇਰੇ ਸਵੇਰੇ ਜੰਗਲ ਨੂੰ ਭਰ ਰਹੀਆਂ ਅਵਾਜ਼ਾਂ ਤੋ ਉੱਚੀ, ਦੂਰੋਂ ਕਿਤੋਂ ਆ ਰਹੀ ਇਕਸਾਰ ਭਿਣਕ ਦੀ ਅਵਾਜ਼ ਅਸਪੱਸ਼ਟ ਜਿਹੀ ਸੁਣੀ ਜਾ ਸਕਦੀ ਸੀ। ਅਲੈਕਸੇਈ ਤ੍ਰਭਕ ਪਿਆ, ਉਸਨੇ ਸਿਰਹਾਣੇ ਤੋਂ ਆਪਣਾ ਸਿਰ ਚੁੱਕਿਆ ਤੇ ਪੂਰਾ ਜ਼ੋਰ ਲਾ ਕੇ ਸੁਨਣ ਲੱਗਾ।
ਝੱਲਿਆ ਵਾਲ਼ੀ, ਨਾ ਦਬਾਈ ਜਾ ਸਕਣ ਵਾਲ਼ੀ ਖੁਸ਼ੀ ਉਸਦੇ ਸਾਰੇ ਸਰੀਰ ਵਿੱਚ ਭਰ ਗਈ। ਉਹ ਬੇਹਰਕਤ ਪਿਆ ਰਿਹਾ; ਉਸ ਦੀਆਂ ਅੱਖਾਂ ਉਤੇਜਨਾ ਨਾਲ ਚਮਕਣ ਲੱਗੀਆਂ। ਉਹ ਚੁਲ੍ਹੇ ਠੰਡੇ ਹੋ ਰਹੇ ਪੱਥਰਾਂ ਦੀ ਉੱਚੀ ਉੱਚੀ ਤਿੜ-ਤਿੜ, ਆਪਣੇ ਰਾਤ ਭਰ ਦੇ ਕੰਮ ਪਿੱਛੋਂ ਥੱਕੇ ਬੀਂਡੇ ਦੀ ਮੱਧਮ ਜਿਹੀ ਟਰਾਂ-ਟਰਾਂ, ਭੋਰੇ ਦੇ ਦੁਆਲੇ ਉੱਗੇ ਪੁਰਾਣੇ ਦਿਆਰ ਦੇ ਦਰਖਤਾਂ ਦੇ ਝੂਲਣ ਦਾ ਬਾਕਾਇਦਾ ਤਾਲ, ਤੇ ਇਥੋਂ ਤੱਕ ਕਿ ਦਰਵਾਜ਼ੇ ਦੇ ਬਾਹਰ ਬਸੰਤ ਦੀ ਸਿਲ੍ਹ ਦੇ ਵੱਡੇ ਵੱਡੇ ਤੁਪਕੇ ਡਿੱਗਣ ਦਾ ਖੜਾਕ ਵੀ ਸੁਣ ਸਕਦਾ ਸੀ। ਪਰ ਇਹਨਾਂ ਸਾਰੀਆਂ ਅਵਾਜ਼ਾਂ ਤੋਂ ਉੱਪਰ ਭਿਣਕ ਵਰਗੀ ਕੋਈ ਅਵਾਜ਼ ਸਪੱਸ਼ਟ ਸੁਣੀ ਜਾ ਸਕਦੀ ਸੀ । ਅਲੈਕਸੇਈ ਨੇ ਅੰਦਾਜਾ ਲਾਇਆ ਕਿ ਇਹ ਅਵਾਜ਼ “ਊ-2” ਹਵਾਈ ਜਹਾਜ਼ ਦੇ ਇੰਜਣ ਦੀ ਹੈ। ਅਵਾਜ਼ ਕਦੀ ਉੱਚੀ ਹੋ ਜਾਂਦੀ, ਕਦੀ ਮਧਮ ਪੈ ਜਾਂਦੀ, ਪਰ ਪੂਰੀ ਤਰ੍ਹਾਂ ਇਹ ਕਦੀ ਵੀ ਖ਼ਤਮ ਨਾ ਹੁੰਦੀ। ਅਲੈਕਸੇਈ ਨੇ ਆਪਣਾ ਸਾਹ ਰੋਕ ਲਿਆ। ਇਹ ਸਪੱਸ਼ਟ ਸੀ ਕਿ ਹਵਾਈ ਜਹਾਜ਼ ਕਿਤੇ ਆਸਪਾਸ ਹੀ ਸੀ, ਕਿ ਇਹ ਜੰਗਲ ਉੱਤੇ ਕਿਤੇ ਚੱਕਰ ਕੱਟ ਰਿਹਾ ਸੀ, ਜਾਂ ਤਾਂ ਸੂਹ ਲਾ ਰਿਹਾ ਸੀ, ਜਾਂ ਉਤਰਨ ਲਈ ਕੋਈ ਟਿਕਾਣਾ ਲੱਭ ਰਿਹਾ ਸੀ।
“ਵਾਰੀਆ, ਵਾਰੀਆ!” ਅਲੈਕਸੇਈ ਨੇ ਇੱਕ ਅਰਕ ਦੇ ਭਾਰ ਆਪਣੇ ਆਪ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰਦਿਆਂ ਅਵਾਜ਼ ਦਿੱਤੀ।
ਪਰ ਵਾਰੀਆ ਭੋਰੇ ਵਿੱਚ ਨਹੀਂ ਸੀ। ਬਾਹਰ ਔਰਤਾਂ ਦੀਆਂ ਉਤੇਜਿਤ ਅਵਾਜ਼ਾਂ ਤੇ ਕਹਾਲੇ ਕਹਾਲੇ ਕਦਮ ਸੁਣਾਈ ਦੇ ਰਹੇ ਸਨ।
ਭੋਰੇ ਦਾ ਦਰਵਾਜ਼ਾ ਘੜੀ-ਪਲ ਲਈ ਖੁਲ੍ਹਿਆ ਤੇ ਫੇਦਕਾ ਦਾ ਛਾਈਆਂ ਨਾਲ ਭਰਿਆ ਚਿਹਰਾ ਦਿਸਣ ਲੱਗਾ ।
“ਮਾਮੀ ਵਾਰੀਆ! ਮਾਮੀ ਵਾਰੀਆ!” ਮੁੰਡਾ ਕੂਕਿਆ ਤੇ ਫਿਰ ਉਤੇਜਿਤ ਅਵਾਜ਼ ਵਿੱਚ ਬੋਲਿਆ: “ਹਵਾਈ ਜਹਾਜ਼ ! ਇਹ ਸਾਡੇ ਸਿਰਾਂ ਉੱਤੇ ਚੱਕਰ ਕੱਟ ਰਿਹੈ!” ਤੇ ਇਸਤੋਂ ਪਹਿਲਾਂ ਕਿ ਅਲੈਕਸੇਈ ਇੱਕ ਲਫ਼ਜ਼ ਵੀ ਬੋਲ ਸਕਦਾ, ਉਹ ਗਾਇਬ ਹੋ ਗਿਆ।
ਬੜੇ ਯਤਨ ਨਾਲ ਅਲੈਕਸੇਈ ਉਠ ਕੇ ਬੈਠ ਗਿਆ। ਉਸਦੇ ਦਿਲ ਦੀ ਧਕ-ਧਕ, ਪੁੜਪੁੜੀਆਂ ਵਿਚ ਉਸਦੇ ਖੂਨ ਦੇ ਉਛਾਲੇ ਖਾਣ ਤੇ ਜ਼ਖਮੀ ਪੈਰਾਂ ਵਿਚਲੀ ਪੀੜ ਉਸਦੇ ਸਾਰੇ ਸਰੀਰ ਵਿੱਚ ਕੰਬਣੀ ਪੈਦਾ ਕਰ ਰਹੀ ਸੀ । ਉਸਨੇ ਉਹ ਚੱਕਰ ਗਿਣਨੇ ਸ਼ੁਰੂ ਕਰ ਦਿੱਤੇ ਜਿਹੜੇ ਉਪਰ ਹਵਾਈ ਜਹਾਜ਼ ਲਾ ਰਿਹਾ ਸੀ: ਇੱਕ, ਦੋ, ਤਿੰਨ, ਤੇ ਉਤੇਜਨਾ ਦੇ ਅਸਰ ਹੇਠ ਉਹ ਫਿਰ ਚਟਾਈ ਉੱਤੇ ਢਹਿ ਪਿਆ ਤੇ ਮੁੜ ਤੇਜ਼ੀ ਨਾਲ ਤੇ ਅਰੁਕ ਤੌਰ ਉੱਤੇ ਘੂਕ, ਸਿਹਤਬਖ਼ਸ਼ ਨੀਂਦ ਵਿੱਚ ਜਾ ਲੱਥਾ।
ਜਵਾਨ, ਗੂੰਜਵੀ, ਗਰਜਵੀਂ ਖਰਜ ਅਵਾਜ਼ ਨੇ ਉਸਨੂੰ ਉਠਾ ਦਿੱਤਾ। ਉਹ ਕਿਸੇ ਸਮੂਹਗਾਣ ਵਿੱਚੋਂ ਵੀ ਉਸ ਅਵਾਜ਼ ਨੂੰ ਪਛਾਣ ਸਕਦਾ ਸੀ । ਲੜਾਕਾ ਜਹਾਜ਼ ਦੇ ਵਿੰਗ ਵਿੱਚ ਇਹੋ ਜਿਹੀ ਅਵਾਜ਼ ਵਾਲ਼ਾ ਇੱਕੋ ਇੱਕ ਬੰਦਾ ਸੁਕਾਡਰਨ ਕਮਾਂਡਰ ਆਂਦਰੇਈ ਦੇਗਤੀਆਰੈਨਕੋ ਸੀ।
ਅਲੈਕਸੇਈ ਨੇ ਅੱਖਾਂ ਖੋਹਲੀਆਂ, ਪਰ ਉਸਨੇ ਸਮਝਿਆ ਕਿ ਉਹ ਅਜੇ ਸੁੱਤਾ ਹੋਇਆ ਹੈ ਤੇ ਸੁਪਨੇ ਵਿੱਚ ਉਹ ਆਪਣੇ ਦੋਸਤ ਦਾ ਚੌੜਾ, ਉੱਚੇ ਜਬਾੜਿਆਂ ਵਾਲ਼ਾ, ਖੁਰਦਰਾ, ਚੰਗੇ ਸੁਭਾਅ ਵਾਲਾ ਚਿਹਰਾ ਦੇਖ ਰਿਹਾ ਹੈ, ਜਿਸਦੇ ਮੱਥੇ ਉੱਤੇ ਕਿਸੇ ਜ਼ਖਮ ਦਾ ਲਾਲ ਦਾਗ ਸੀ, ਉਸ ਦੀਆਂ ਅੱਖਾਂ ਹਲਕੇ ਰੰਗ ਦੀਆਂ ਤੇ ਓਨੀਆਂ ਹੀ ਹਲਕੀਆਂ ਤੇ ਬਿਨਾਂ ਕਿਸੇ ਰੰਗ ਦੇ ਉਸ ਦੀਆਂ ਲੰਮੀਆਂ ਝਿੱਮਣੀਆਂ ਸਨ, ਜਿਨ੍ਹਾਂ ਨੂੰ ਆਂਦਰੇਈ ਦੇ ਦੁਸ਼ਮਣ “ਸੂਰ ਦੀਆਂ ਝਿੱਮਣੀਆਂ” ਕਹਿੰਦੇ ਹੁੰਦੇ ਸਨ । ਧੂੰਏਂ-ਭਰੇ ਅਰਧ-ਹਨੇਰੇ ਵਿੱਚੋਂ ਕਾਸ਼ਨੀ ਅੱਖਾਂ ਦਾ ਇੱਕ ਜੋੜਾ ਸਵਾਲੀਆਂ ਅੰਦਾਜ਼ ਨਾਲ ਉਸ ਵੱਲ ਝਾਕ ਰਿਹਾ ਸੀ।
“ਹੁਣ, ਬਾਬਾ, ਮੈਨੂੰ ਆਪਣੀ ਮਾਲੀ ਦਿਖਾ,” ਆਪਣੇ ਉੱਘੜਵੇਂ ਯੂਕਰੇਨੀ ਲਹਿਜੇ ਵਿਚ ਦੇਗਤੀਆਰੈਨਕੋ ਗੁਰਾਇਆ।
ਇਹ ਦ੍ਰਿਸ਼ ਅੱਖਾਂ ਅੱਗੋਂ ਦੂਰ ਨਾ ਹੋਇਆ। ਇਹ ਸੱਚਮੁਚ ਦੇਗਤੀਆਰੈਨਕੋ ਸੀ, ਭਾਵੇਂ ਇਹ ਬਿਲਕੁਲ ਯਕੀਨੋ-ਬਾਹਰੀ ਗੱਲ ਲਗਦੀ ਸੀ ਕਿ ਉਸਦਾ ਦੋਸਤ ਉੱਥੇ ਹੋਵੇ, ਜੰਗਲ ਦੇ ਧੁਰ ਅੰਦਰ ਧਰਤ-ਹੇਠਲੇ ਇਸ ਪਿੰਡ ਵਿੱਚ । ਉਹ ਉੱਥੇ ਖੜ੍ਹਾ ਸੀ, ਉੱਚਾ ਲੰਮਾ ਚੌੜੀ ਛਾਤੀ ਵਾਲ਼ਾ, ਆਪਣੀ ਜੈਕਟ ਦਾ ਕਾਲਰ ਹਮੇਸ਼ਾ ਵਾਂਗ ਖੋਹਲਿਆ ਹੋਇਆ। ਉਸਨੇ ਆਪਣੀ ਟੋਪੀ ਹੱਥ ਵਿੱਚ ਫੜੀ ਹੋਈ ਸੀ ਜਿਸਦੇ ਨਾਲ ਉਸਦੇ ਰੇਡੀਓਫ਼ੋਨ ਦੀਆਂ ਤਾਰਾਂ ਲਟਕ ਰਹੀਆਂ ਸਨ, ਤੇ ਨਾਲ ਕੁਝ ਪੈਕਟ ਤੇ ਕੁਝ ਪਾਰਸਲ ਫੜੇ ਹੋਏ ਸਨ। ਬੱਤੀ ਉਸਦੇ ਪਿੱਛੇ ਬਲ ਰਹੀ ਸੀ, ਤੇ ਉਸਦੇ ਸੁਨਹਿਰੀ, ਕੱਟਕੇ ਨਿੱਕੇ ਨਿੱਕੇ ਕੀਤੇ, ਖੜੇ ਵਾਲ ਪਰਿਵਾਰ ਵਾਂਗ ਚਮਕ ਰਹੇ ਸਨ।
ਦੇਗਤੀਆਰੈਨਕੋ ਦੇ ਪਿੱਛੋਂ ਬਾਬੇ ਮਿਖਾਇਲ ਦਾ ਪੀਲ਼ਾ, ਥੱਕਿਆ ਹੋਇਆ ਚਿਹਰਾ ਦਿਖਾਈ ਦਿੱਤਾ; ਉਸਦੀਆਂ ਅੱਖਾਂ ਉਤੇਜਨਾ ਨਾਲ ਬਾਹਰ ਨੂੰ ਨਿੱਕਲੀਆਂ ਪਈਆਂ ਸਨ; ਤੇ ਉਸਦੇ ਨਾਲ ਹਸਪਤਾਲ ਦੀ ਨਰਸ ਖੜ੍ਹੀ ਸੀ; ਇਹ ਚਪਟੇ ਜਿਹੇ ਨੱਕ ਵਾਲ਼ੀ, ਮੂੰਹ-ਫਟ ਲੋਨੋਚਕਾ ਸੀ, ਜਿਹੜੀ ਬੜੀ ਉਤਸੁਕਤਾ ਨਾਲ ਹਨੇਰੇ ਵਿੱਚ ਝਾਕ ਰਹੀ ਸੀ। ਉਸਨੇ ਆਪਣੀ ਬਾਂਹ ਹੇਠ ਕੈਨਵਸ ਦਾ ਰੈਡ ਕਰਾਸ ਦਾ ਝੋਲਾ ਫੜਿਆ ਹੋਇਆ ਸੀ ਤੇ ਆਪਣੀ ਛਾਤੀ ਨਾਲ ਅਜੀਬ ਜਿਹੇ ਦਿਖਾਈ ਦੇਂਦੇ ਫੁੱਲ ਘੁੱਟ ਕੇ ਲਾਏ ਹੋਏ ਸਨ।
ਸਾਰੇ ਚੁੱਪ ਸਨ। ਦੇਗਤੀਆਰੈਨਕੋ ਨੇ ਉਲਝਣ ਜਿਹੀ ਨਾਲ ਚਾਰੇ ਪਾਸੇ ਦੇਖਿਆ; ਪ੍ਰਤੱਖ ਤੌਰ ਉੱਤੇ, ਹਨੇਰੇ ਕਾਰਨ ਉਸਨੂੰ ਕੁਝ ਨਹੀ ਸੀ ਦਿਖਾਈ ਦੇ ਰਿਹਾ। ਇੱਕ ਦੋ ਵਾਰੀ ਉਸਦੀਆਂ ਨਜ਼ਰਾਂ ਬੇਧਿਆਨੀਆਂ ਅਲੈਕਸੇਈ ਦੇ ਚਿਹਰੇ ਕੋਲੋਂ ਲੰਘ ਗਈਆਂ; ਨਾ ਹੀ ਅਲੈਕਸੇਈ ਨੂੰ ਇਸ ਵਿਚਾਰ ਉੱਤੇ ਯਕੀਨ ਆ ਰਿਹਾ ਸੀ ਕਿ ਉਸਦਾ ਦੋਸਤ ਅਚਨਚੇਤ ਇਸ ਥਾਂ ਆ ਦਿਖਾਈ ਦਿੱਤਾ ਹੈ, ਤੇ ਉਹ ਕੰਬ ਰਿਹਾ ਸੀ, ਮਤਾਂ ਕਿਤੇ ਇਹ ਸਾਰਾ ਕੁਝ ਬੁਖਾਰ ਕਾਰਨ ਆ ਰਿਹਾ ਕੋਈ ਸੁਪਨਾ ਹੀ ਸਾਬਤ ਹੋਵੇ ।
“ਹੇ ਪ੍ਰਮਾਤਮਾ, ਤੁਸੀਂ ਉਸਨੂੰ ਦੇਖ ਵੀ ਨਹੀਂ ਸਕਦੇ? ਆਹ ਦੇਖੋ,” ਵਾਰੀਆ ਮਰੇਸੇਯੇਵ ਤੋਂ ਭੇਡ ਦੀ ਜੱਤ ਲਾਹੁੰਦੀ ਹੌਲ਼ੀ ਜਿਹੀ ਬੋਲੀ।
ਫਿਰ ਦੇਗਤੀਆਰੈਨਕੋ ਨੇ ਅਲੈਕਸੇਈ ਦੇ ਚਿਹਰੇ ਉੱਤੇ ਪ੍ਰੇਸ਼ਾਨ ਜਿਹੀ ਨਜ਼ਰ ਸੁੱਟੀ।
“ਆਂਦਰੇਈ!” ਮਰੇਸੇਯੇਵ ਨੇ ਆਪਣੇ ਆਪ ਨੂੰ ਅਰਕਾਂ ਭਾਰ ਉਤਾਂਹ ਚੁੱਕਣ ਦੀ ਕੋਸ਼ਿਸ਼ ਕਰਦਿਆਂ ਹੌਲ਼ੀ ਜਿਹਾ ਕਿਹਾ।
ਆਂਦਰੇਈ ਅਚੰਭਿਤ ਹੋਇਆ ਹੋਇਆ ਉਸ ਵੱਲ ਦੇਖਣ ਲੱਗ ਪਿਆ; ਉਸ ਲਈ ਆਪਣਾ ਭੈ ਲੁਕਾਉਣਾ ਵੀ ਮੁਸ਼ਕਲ ਸੀ।
“ਆਂਦਰੇਈ! ਤੂੰ ਮੈਨੂੰ ਪਛਾਣਦਾ ਨਹੀਂ।” ਮਰੇਸੇਯੇਵ ਹੌਲੀ ਜਿਹਾ ਫੁਸਫਸਾਇਆ; ਉਹ ਮਹਿਸੂਸ ਕਰ ਰਿਹਾ ਸੀ ਕਿ ਉਸਨੇ ਫਿਰ ਸਾਰਾ ਕੰਬਣਾ ਸ਼ੁਰੂ ਕਰ ਦਿੱਤਾ ਹੈ।
ਆਂਦਰੇਈ ਨੇ ਉਸ ਜਿਊਂਦੇ-ਜਾਗਦੇ ਪਿੰਜਰ ਵੱਲ ਇੱਕ ਪਲ ਹੋਰ ਦੇਖਿਆ, ਜਿਹੜਾ ਕਾਲੀ, ਦੇਖਣ ਨੂੰ ਸੜੀ ਹੋਈ ਲੱਗਦੀ ਚਮੜੀ ਨਾਲ ਢੱਕਿਆ ਹੋਇਆ ਸੀ, ਤੇ ਉਸ ਵਿਚ ਆਪਣੇ ਦੋਸਤ ਦੇ ਪ੍ਰਸੰਨ ਨੈਨ-ਨਕਸ਼ ਲੱਭਣ ਦੀ ਕੋਸ਼ਿਸ਼ ਕਰਨ ਲੱਗਾ; ਤੇ ਸਿਰਫ਼ ਉਸਦੀਆਂ ਵੱਡੀਆਂ ਵੱਡੀਆਂ ਤੇ ਲਗਭਗ ਗੋਲ ਅੱਖਾਂ ਵਿੱਚ ਹੀ ਉਸਨੂੰ ਮਰੇਸੇਯੇਵ ਵਾਲ਼ਾ ਸਾਫ਼ ਦਿਲ ਤੇ ਦ੍ਰਿੜ੍ਹ ਪ੍ਰਗਟਾਅ ਮਿਲਿਆ, ਜਿਸ ਤੋਂ ਉਹ ਜਾਣੂ ਸੀ । ਉਸਦੀ ਟੋਪੀ ਫਰਸ਼ ਉੱਤੇ ਡਿੱਗ ਪਈ, ਪੈਕਟ ਤੇ ਪਾਰਸਲ ਡਿੱਗ ਕੇ ਖੁੱਲ੍ਹ ਗਏ, ਤੇ ਸੇਬ, ਸੰਤਰੇ ਤੇ ਬਿਸਕੁਟ ਫਰਸ਼ ਉੱਤੇ ਖਿੱਲਰ ਗਏ।
“ਲਿਓਸ਼ਕਾ! ਇਹ ਤੂੰ ਹੈ ?” ਉਸਦੀ ਅਵਾਜ਼ ਭਾਵਕਤਾ ਨਾਲ ਭਰੜਾ ਰਹੀ ਸੀ ਤੇ ਉਸਦੀਆਂ ਲੰਮੀਆਂ, ਬੇਰੰਗ ਝਿਮਣੀਆਂ ਡਿੱਗ ਪਈਆਂ। “ਲਿਓਸ਼ਕਾ! ਲਿਓਸ਼ਕਾ!” ਉਹ ਮੁੜ ਕੇ ਕੂਕਿਆ । ਉਸਨੇ ਕਮਜ਼ੋਰ ਸਰੀਰ ਨੂੰ ਉਸਦੇ ਬਿਸਤਰੇ ਤੇ ਇੰਝ ਹੌਲ਼ੀ ਜਿਹੀ ਚੁੱਕ ਲਿਆ, ਜਿਵੇਂ ਇਹ ਕਿਸੇ ਦੁੱਧ-ਪੀਂਦੇ ਬੱਚੇ ਦਾ ਹੋਵੇ, ਉਸਨੂੰ ਆਪਣੀ ਛਾਤੀ ਨਾਲ ਲਾਇਆ ਤੇ ਦੁਹਰਾਈ ਗਿਆ: “ਲਿਓਸ਼ਕਾ! ਲਿਓਸ਼ਕਾ!”
ਉਸਨੇ ਅਲੈਕਸੇਈ ਨੂੰ ਘੜੀ-ਪਲ ਲਈ ਆਪਣੀਆਂ ਬਾਹਵਾਂ ਵਿੱਚ ਫੜਿਆ ਤੇ ਉਸ ਵੱਲ ਦੇਖਣ ਲੱਗਾ, ਜਿਵੇਂ ਆਪਣੇ ਆਪ ਨੂੰ ਯਕੀਨ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਕਿ ਇਹ ਸੱਚਮੁਚ ਉਸਦਾ ਦੋਸਤ ਹੀ ਸੀ, ਤੇ ਮੁੜ ਕੇ ਉਸਨੂੰ ਛਾਤੀ ਨਾਲ ਲਾ ਲਿਆ ।
“ਹਾਂ, ਇਹ ਤੂੰ ਹੀ ਹੈ! ਲਿਓਸ਼ਕਾ! ਤੂੰ ਸ਼ੈਤਾਨ!”
ਵਾਰੀਆ ਤੇ ਨਰਸ ਨੇ ਕਮਜ਼ੋਰ ਸਰੀਰ ਨੂੰ ਉਸਦੀ ਸ਼ਕਤੀਸ਼ਾਲੀ, ਰਿੱਛ ਵਰਗੀ ਪਕੜ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ।
“ਰੱਬ ਦੇ ਵਾਸਤੇ, ਇਹਨਾਂ ਨੂੰ ਛੱਡ ਦਿਓ, ਇਹਨਾਂ ਵਿਚ ਤਾਂ ਉਂਝ ਹੀ ਜਾਨ ਨਹੀਂ ਹੈਗੀ!” ਵਾਰੀਆ ਗੁੱਸੇ ਨਾਲ ਫੁਸਫਸਾਈ।
“ਇਸ ਲਈ ਭਾਵਕ ਹੋਣਾ ਮਾੜੀ ਗੱਲ ਹੈ। ਰੱਖ ਦਿਓ ਇਸਨੂੰ !” ਤੇਜ਼ ਤੇਜ਼ ਬੋਲਦਿਆਂ ਨਰਸ ਨੇ ਕਿਹਾ।
ਪਰ ਆਂਦਰੇਈ ਨੇ, ਆਖ਼ਰ ਇਸ ਗੱਲ ਦਾ ਯਕੀਨ ਹੋ ਜਾਣ ਪਿੱਛੋਂ ਕਿ ਇਹ ਕਾਲ਼ਾ ਪਿਆ ਹੋਇਆ, ਸੁੰਗੜਿਆ ਹੋਇਆ, ਹਲਕਾ ਜਿਹਾ ਸਰੀਰ ਸੱਚਮੁਚ ਉਸਦੇ ਜੂਝਾਰ ਸਾਥੀ, ਉਸਦੇ ਦੋਸਤ ਅਲੈਕਸੇਈ ਮਰੇਸੇਯੇਵ ਦਾ ਹੀ ਸੀ, ਜਿਸਨੂੰ ਸਾਰਾ ਵਿੰਗ ਹੀ ਮਰ ਗਿਆ ਸਮਝ ਬੈਠਾ ਹੋਇਆ ਸੀ, ਅਲੈਕਸੇਈ ਨੂੰ ਬਿਸਤਰੇ ਉੱਤੇ ਲਿਟਾ ਦਿੱਤਾ, ਆਪਣੇ ਸਿਰ ਨੂੰ ਦੋਹਾਂ ਹੱਥਾਂ ਨਾਲ ਫੜਿਆ ਤੇ ਜਿੱਤ ਦੀ ਕੂਕ ਛੱਡੀ, ਫਿਰ ਅਲੈਕਸੇਈ ਨੂੰ ਮੋਢਿਆਂ ਤੋਂ ਫੜਿਆ, ਉਸਦੀਆਂ ਕਾਲੀਆਂ ਅੱਖਾਂ ਵਿੱਚ ਝਾਕਿਆ, ਜਿਹੜਾ ਆਪਣੀਆਂ ਡੂੰਘੀਆਂ ਖੋੜਾ ਵਿੱਚ ਖੁਸ਼ੀ ਨਾਲ ਚਮਕ ਰਹੀਆਂ ਸਨ ਤੇ ਕੂਕਿਆ:
“ਤੂੰ ਜ਼ਿੰਦਾ ਹੈ! ਹੇ ਪਾਵਨ ਮਾਤਾ! ਜ਼ਿੰਦਾ ਹੈ, ਤੂੰ ਸ਼ੈਤਾਨ ! ਇਹ ਸਾਰੇ ਦਿਨ ਤੂੰ ਕਿਥੇ ਰਿਹੈ ? ਕੀ ਹੋ ਗਿਆ ਸੀ ਤੈਨੂੰ ?”
ਪਰ ਚਪਟੇ ਨੱਕ ਵਾਲੀ ਗੋਲ-ਮਟੋਲ ਜਿਹੀ ਠਿਗਣੀ ਨਰਸ ਨੇ — ਜਿਸ ਨੂੰ ਵਿੰਗ ਵਿਚ ਹਰ ਕੋਈ, ਉਸਦੇ ਲੈਫਟੀਨੈਂਟ ਦੇ ਰੈਂਕ ਨੂੰ ਅੱਖੋਂ ਉਹਲੇ ਕਰਦਿਆਂ, ਲੇਨਚਕਾ, ਜਾਂ “ਚਿਕਿਤਸਾ ਵਿਗਿਆਨ ਦੀ ਸਿਸਟਰ”, ਜਿਨ੍ਹਾਂ ਲਫ਼ਜ਼ਾਂ ਵਿੱਚ ਕਿ ਉਸਨੇ ਆਪਣੇ ਤੋਂ ਉਪਰਲੇ ਅਫ਼ਸਰ ਨਾਲ ਆਪਣੀ ਜਾਣ-ਪਛਾਣ ਕਰਾਈ ਸੀ ਤੇ ਇਸ ਤਰ੍ਹਾਂ ਆਪਣੇ ਆਪ ਨੂੰ ਮਜ਼ਾਕ ਦਾ ਕਾਰਨ ਬਣਾ ਲਿਆ ਸੀ, ਕਹਿੰਦਾ ਸੀ, ਜਿਹੜੀ ਹਰ ਵੇਲੇ ਗਾਉਂਦੀ ਤੇ ਹੱਸਦੀ ਰਹਿੰਦੀ ਸੀ, ਜਿਹੜੀ ਇੱਕੋ ਵੇਲ਼ੇ ਸਾਰੇ ਲੈਫ਼ਟੀਨੈਂਟਾਂ ਨਾਲ ਪਿਆਰ ਕਰਦੀ ਸੀ ਦ੍ਰਿੜ੍ਹਤਾ ਨਾਲ ਪਾਇਲਟ ਨੂੰ ਬਿਸਤਰੇ ਤੋਂ ਪਰੇ ਧੱਕ ਦਿੱਤਾ ਤੇ ਕਰੜਾਈ ਨਾਲ ਬੋਲੀ:
“ਸਾਥੀ ਕੈਪਟਨ, ਮਰੀਜ਼ ਨੂੰ ਇਕੱਲਿਆਂ ਛੱਡ ਦਿਓ!”
ਗੁਲਦਸਤੇ ਨੂੰ ਜਿਸਦੇ ਵਾਸਤੇ ਉਹ ਇੱਕ ਦਿਨ ਪਹਿਲਾ ਖਾਸ ਕਰਕੇ ਹਵਾਈ ਜਹਾਜ਼ ਰਾਹੀਂ ਰੈਜਮੈਂਟਲ ਸੈਂਟਰ ਗਈ ਸੀ, ਮੇਜ਼ ਉੱਤੇ ਸੁੱਟਦਿਆਂ, ਤੇ ਜਿਹੜੇ ਹੁਣ ਬਿਲਕੁਲ ਵਾਧੂ ਸਨ, ਉਸਨੇ ਕੈਨਵਸ ਦਾ ਝੋਲਾ ਖੋਹਲਿਆ, ਤੇ ਬਿਲਕੁਲ ਕਾਰੋਬਾਰੀ ਅੰਦਾਜ਼ ਵਿੱਚ, ਮਰੀਜ ਦਾ ਮੁਆਇਨਾ ਕਰਨ ਲੱਗ ਪਈ। ਉਸਨੇ ਹੁਸ਼ਿਆਰੀ ਨਾਲ ਆਪਣੀਆਂ ਮੁੱਢ ਜਿਹੀਆਂ ਉਂਗਲਾਂ ਨਾਲ ਉਸਦੀਆਂ ਲੱਤਾਂ ਨੂੰ ਠਕੋਰਿਆ ਤੇ ਬੋਲੀ:
“ਇੱਥੇ ਪੀੜ ਹੁੰਦੀ ਹੈ? ਇੱਥੇ ? ਤੇ ਇੱਥੇ ?”
ਪਹਿਲੀ ਵਾਰੀ ਅਲੈਕਸੇਈ ਨੇ ਆਪਣੀਆਂ ਲੱਤਾਂ ਵੱਲ ਚੰਗੀ ਤਰ੍ਹਾਂ ਦੇਖਿਆ। ਪੈਰ ਭਿਆਨਕ ਤਰ੍ਹਾਂ ਨਾਲ ਸੁੱਜੇ ਹੋਏ ਸਨ ਤੇ ਲਗਭਗ ਕਾਲੇ ਸਨ । ਜ਼ਰਾ ਕੁ ਛੁਹ ਨਾਲ ਉਸਦੇ ਸਾਰੇ ਸਰੀਰ ਵਿੱਚ ਬਿਜਲੀ ਦੇ ਕਰੰਟ ਵਾਂਗ ਚੀਸਾਂ ਦੌੜ ਜਾਂਦੀਆਂ ਸਨ । ਪੱਬਾਂ ਦਾ ਅਗਲਾ ਹਿੱਸਾ ਲੇਨਚਕਾ ਨੂੰ ਸਭ ਤੋਂ ਵੱਧ ਫਿਕਰ ਲਾ ਰਿਹਾ ਸੀ। ਇਹ ਬਿਲਕੁਲ ਕਾਲ਼ਾ ਪੈ ਚੁੱਕਾ ਸੀ ਤੇ ਇਸ ਵਿੱਚ ਮਹਿਸੂਸ ਕਰਨ ਦੀ ਸ਼ਕਤੀ ਬਿਲਕੁਲ ਨਹੀਂ ਸੀ ਰਹੀ।
ਬਾਬਾ ਮਿਖਾਇਲ ਤੇ ਦੇਗਤੀਆਰੈਨਕੋ ਮੇਜ਼ ਕੋਲ ਜਾ ਬੈਠੇ । ਇਸ ਮੌਕੇ ਨੂੰ ਮਨਾਉਣ ਲਈ ਪਾਇਲਟ ਦੀ ਬੋਤਲ ਵਿੱਚੋਂ ਚੋਰੀ ਚੋਰੀ ਦੋ ਦੋ ਘੁੱਟ ਪੀ ਕੇ, ਉਹ ਜੋਸ਼ ਨਾਲ ਗੱਲਬਾਤ ਵਿੱਚ ਜੁੱਟ ਗਏ। ਆਪਣੀ ਭਰੜਾਉਂਦੀ ਤਿੱਖੀ ਜਿਹੀ ਅਵਾਜ਼ ਵਿੱਚ ਬਾਬਾ ਮਿਖਾਇਲ ਨੇ ਦੱਸਣਾ ਸ਼ੁਰੂ ਕਰ ਦਿੱਤਾ, ਜੋ ਕਿ ਪ੍ਰਤੱਖ ਤੌਰ ਉੱਤੇ ਪਹਿਲੀ ਵਾਰੀ ਨਹੀਂ ਸੀ, ਕਿ ਅਲੈਕਸੇਈ ਨੂੰ ਕਿਵੇਂ ਲਭਿਆ।
“ਸੋ, ਸਾਡੇ ਮੁੰਡਿਆਂ ਨੇ ਉਸਨੂੰ ਕੱਟੇ ਹੋਏ ਜੰਗਲ ਵਿੱਚ ਦੇਖਿਆ। ਜਰਮਨਾਂ ਨੇ ਆਪਣੇ ਭੋਰੇ ਬਣਾਉਣ ਲਈ ਛਤੀਰੀਆਂ ਕੱਟੀਆਂ ਸਨ, ਤੇ ਮੁੰਡਿਆਂ ਦੀ ਮਾਂ ਨੇ, ਮੇਰਾ ਮਤਲਬ ਮੇਰੀ ਧੀ ਨੇ, ਉਹਨਾਂ ਨੂੰ ਉਥੇ ਸੱਕ ਇਕੱਠੇ ਕਰਨ ਭੇਜਿਆ ਸੀ । ਇਸ ਤਰ੍ਹਾਂ ਨਾਲ ਇਹ ਉਹਨਾਂ ਨੂੰ ਮਿਲਿਆ ! ‘ਆਹਾ! ਕਿਆ ਅਜੀਬ ਚੀਜ਼ ਹੈ ਔਹ?’ ਪਹਿਲਾਂ ਉਹਨਾਂ ਸਮਝਿਆ ਕਿ ਇਹ ਕੋਈ ਜ਼ਖਮੀ ਰਿੱਛ ਹੈ ਜਿਹੜਾ ਲੇਟਣੀਆਂ ਲੈਂਦਾ ਆ ਰਿਹਾ ਹੈ, ਤੇ ਇੱਕਦਮ ਉਥੋਂ ਦੌੜ ਪਏ । ਪਰ ਉਤਸੁਕਤਾ ਨੇ ਉਹਨਾਂ ਨੂੰ ਦੌੜਨ ਨਾ ਦਿੱਤਾ ਤੇ ਉਹ ਵਾਪਸ ਚਲੇ ਗਏ। ‘ਕਿਸ ਤਰ੍ਹਾਂ ਦਾ ਰਿੱਛ ਹੈ ਇਹ? ਇਹ ਲੇਟਣੀਆਂ ਕਿਉਂ ਲੈ ਰਿਹੈ ? ਇਸ ਵਿੱਚ ਕੁਝ ਅਜੀਬ ਜਿਹਾ ਹੈ!’ ਉਹ ਮੁੜ ਪਏ ਤੇ ਉਹਨਾਂ ਦੇਖਿਆ ਕਿ ਇਹ ਚੀਜ਼ ਲੇਟਣੀਆਂ ਲੈਂਦੀ ਆ ਰਹੀ ਹੈ ਤੇ ਕੱਰਾਹ ਹੀ ਹੈ।”
“ਲੇਟਣੀਆਂ ਲੈਣ ਤੋਂ ਤੁਹਾਡਾ ਕੀ ਮਤਲਬ ਹੈ ?” ਦੇਗਤੀਆਰੈਨਕੋ ਨੇ ਬੇਵਿਸ਼ਵਾਸੀ ਨਾਲ ਪੁੱਛਿਆ, ਤੇ ਬਾਬੇ ਮਿਖਾਇਲ ਵੱਲ ਆਪਣਾ ਸਿਗਰਟ ਕੇਸ ਵਧਾਇਆ। “ਤੁਸੀਂ ਸਿਗਰਟ ਪੀਂਦੇ ਹੋ ?”
ਬਾਬੇ ਨੇ ਕੇਸ ਵਿੱਚੋਂ ਸਿਗਰਟ ਲਈ, ਆਪਣੀ ਜੇਬ ਵਿੱਚੋਂ ਅਖ਼ਬਾਰ ਦਾ ਇੱਕ ਜੋੜਿਆ ਹੋਇਆ ਟੋਟਾ ਕੱਢਿਆ, ਸਿਗਰਟ ਦਾ ਤਮਾਕੂ ਇਸ ਉਪਰ ਉਲਟਾ ਦਿੱਤਾ, ਇਸਨੂੰ ਵਲ੍ਹੇਟਿਆ ਤੇ ਸੁਲਗਾਉਣ ਪਿੱਛੋਂ ਪੂਰੇ ਸਵਾਦ ਨਾਲ ਇੱਕ ਕਸ਼ ਭਰਿਆ।
“ਸਿਗਰਟ ਪੀਂਦਾ ਹਾਂ ? ਬੇਸ਼ਕ, ਮੈਂ ਸਿਗਰਟ ਪੀਂਦਾ ਹਾਂ,” ਉਸਨੇ ਇੱਕ ਹੋਰ ਕਸ਼ ਭਰਨ ਪਿੱਛੋਂ ਕਿਹਾ। “ਹਾਂ, ਹਾਂ! ਸਿਰਫ ਜਦੋਂ ਦੇ ਜਰਮਨ ਆਏ ਨੇ ਉਦੋਂ ਦਾ ਮੈਨੂੰ ਕੋਈ ਦੇਖਣ ਨੂੰ ਵੀ ਤਮਾਕੂ ਨਹੀਂ ਮਿਲਿਆ। ਮੈਂ ਕਾਈ ਪੀਂਦਾ ਹਾਂ ਤੇ ਸਪਰਜ ਦੀਆਂ ਸੁੱਕੀਆਂ ਪੱਤੀਆਂ ਵੀ, ਹਾਂ!… ਤੇ ਜਿਥੋਂ ਤੱਕ ਉਹਦੇ ਲੇਟਣੀਆਂ ਲੈਣ ਦਾ ਸਵਾਲ ਹੈ, ਇਹ ਉਸੇ ਨੂੰ ਪੁੱਛੋ ਕਿ ਕਿਵੇਂ ਲੈਂਦਾ ਰਿਹਾ। ਮੈਂ ਨਹੀਂ ਦੇਖਿਆ। ਮੁੰਡੇ ਕਹਿੰਦੇ ਨੇ ਕਿ ਉਹ ਪਿੱਠ ਤੋਂ ਢਿੱਡ ਦੇ ਭਾਰ ਤੇ ਫਿਰ ਢਿੱਡ ਤੋਂ ਲੇਟਣੀ ਲੈਂਦਾ ਪਿੱਠ ਭਾਰ ਹੋ ਜਾਂਦਾ ਸੀ । ਦੇਖੋ ਨਾ, ਉਸ ਵਿੱਚ ਆਪਣੇ ਹੱਥਾਂ ਤੇ ਗੋਡਿਆਂ ਭਾਰ ਰਿੜ੍ਹਨ ਦੀ ਵੀ ਤਾਕਤ ਨਹੀਂ ਸੀ ਰਹਿ ਗਈ। ਇਸ ਤਰ੍ਹਾਂ ਦਾ ਆਦਮੀ ਹੈ ਇਹ !”
ਵਿੱਚ ਵਿੱਚ ਦੇਗਤੀਆਰੈਨਕੋ ਆਪਣੇ ਦੋਸਤ ਨੂੰ ਦੇਖਣ ਲਈ ਉਠ ਖੜ੍ਹਾ ਹੁੰਦਾ, ਜਿਸਨੂੰ ਔਰਤਾਂ ਭੂਰੇ ਫ਼ੌਜੀ ਕੰਬਲਾਂ ਵਿੱਚ ਲਪੇਟ ਰਹੀਆਂ ਸਨ। ਇਹ ਕੰਬਲ ਨਰਸ ਆਪਣੇ ਨਾਲ ਲੈ ਕੇ ਆਈ ਸੀ।
“ਬੈਠਾ ਰਹੁ, ਬਰਖੁਰਦਾਰ, ਬੈਠਾ ਰਹੁ ਚੁੱਪ ਕਰ ਕੇ। ਇਹ ਲਪੇਟਣ ਦਾ ਕੰਮ ਅਸਾ ਆਦਮੀਆਂ ਦਾ ਨਹੀਂ!” ਬਾਬਾ ਬੋਲਿਆ। “ਸੁਣ ਜੋ ਤੈਨੂੰ ਮੈਂ ਸੁਣਾ ਰਿਹਾ ਹਾਂ। ਤੇ ਆਪਣੇ ਉੱਪਰਲਿਆਂ ਵਿੱਚੋਂ ਕਿਸੇ ਨੂੰ ਇਹ ਦੱਸਣਾ ਨਾ ਭੁੱਲੀ । ਇਸ ਆਦਮੀ ਨੇ ਬਹੁਤ ਵੱਡਾ ਕੰਮ ਕੀਤੈ। ਦੇਖ ਹੁਣ ਇਹ ਕਿਸ ਤਰ੍ਹਾਂ ਦਾ ਲਗਦੈ। ਅਸੀਂ ਸਾਰੇ ਹੀ, ਸਾਰਾ ਸਾਂਝਾ ਫਾਰਮ ਇੱਕ ਹਫਤੇ ਤੋਂ ਇਸਦੀ ਸੇਵਾ ਕਰ ਰਿਹਾ ਹੈ, ਤਾਂ ਵੀ ਇਹ ਹਿੱਲ ਨਹੀਂ ਸਕਦਾ । ਪਰ ਸਾਡੇ ਜੰਗਲ ਤੇ ਦਲਦਲਾਂ ਵਿੱਚੋਂ ਰੀਂਗਣ ਦੀ ਇਸੇ ਵਿੱਚ ਹੀ ਹਿੰਮਤ ਸੀ। ਬਹੁਤੇ ਬੰਦੇ ਨਹੀਂ ਜਿਹੜੇ ਇਸ ਤਰ੍ਹਾਂ ਦੀ ਗੱਲ ਕਰ ਸਕਦੇ ਨੇ । ਸਾਧੂ ਮਹਾਤਮਾਵਾਂ ਨੇ ਵੀ ਇਹੋ ਜਿਹਾ ਕਾਰਨਾਮਾ ਆਪਣੀ ਜ਼ਿੰਦਗੀ ਵਿੱਚ ਨਹੀਂ ਕੀਤਾ ਹੋਣਾ। ਇਹ ਕਿਹੜੀ ਕੋਈ ਵੱਡੀ ਗੱਲ ਏ, ਖੰਭੇ ਉੱਤੇ ਖੜੇ ਰਹਿਣਾ ? ਕਿਉਂ, ਮੈਂ ਠੀਕ ਕਿਹੈ? ਕਿ ਨਹੀਂ? ਪਰ ਤੂੰ, ਬਰਖੁਰਦਾਰ, ਸੁਣ ਮੇਰੀ ਗੱਲ!.”
ਬੁੱਢਾ ਝੁਕ ਕੇ ਦੇਗਤੀਆਰੈਨਕੋ ਦੇ ਕੰਨ ਕੋਲ ਹੋਇਆ, ਆਪਣੀ ਨਰਮ, ਖਿਲਰੀ ਦਾਹੜੀ ਨਾਲ ਉਸਨੂੰ ਜਲੂਣ ਕਰਦਾ ਹੋਇਆ ਲਗਭਗ ਕਾਨਾਫੂਸੀ ਦੇ ਅੰਦਾਜ਼ ਵਿੱਚ ਬੋਲਿਆ:
“ਤਾਂ ਵੀ, ਮੈਨੂੰ ਆਸ ਹੈ ਕਿ ਇਹ ਮਰਨ ਨਹੀਂ ਲੱਗਾ, ਹੈ? ਤੇਰਾ ਕੀ ਖਿਆਲ ਹੈ ? ਜਰਮਨਾਂ ਤੋਂ ਤਾਂ ਇਹ ਬਚ ਨਿਕਲਿਐ, ਪਰ ਉਸ ਦਾਤਰੀ ਵਾਲੇ ਜਮਦੂਤ ਤੋਂ ਉਹ ਬਚ ਸਕਦੈਂ ? ਨਿਰੀ ਹੱਡੀਆਂ ਦੀ ਮੁੱਠ, ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਇਹ ਰੀਂਗਦਾ ਕਿਵੇਂ ਰਿਹੈ ! ਉਹ ਜ਼ਰੂਰ ਆਪਣੇ ਲੋਕਾਂ ਤੱਕ ਪੁੱਜਣ ਦੀ ਬੁਰੀ ਤਰ੍ਹਾਂ ਇੱਛਾ ਰੱਖਦਾ ਹੋਵੇਗਾ, ਹੈਂ? ਜਦੋਂ ਉਹ ਬੇਹੋਸ਼ ਹੁੰਦਾ ਸੀ ਤਾਂ ਸਾਰਾ ਸਮਾਂ ਕਹਿੰਦਾ ਰਹਿੰਦਾ ਸੀ : ‘ਹਵਾਈ ਅੱਡਾ,’ ‘ਹਵਾਈ ਅੱਡਾ,’ ਤੇ ਹੋਰ ਲਫ਼ਜ਼, ਤੇ ਨਾਲੇ ਉਹ ਓਲਿਆ ਦਾ ਨਾਂ ਵੀ ਲੈਂਦਾ ਸੀ । ਤੁਹਾਡੇ ਕੋਈ ਇਸ ਨਾਂ ਦੀ ਕੁੜੀ ਹੈ ? ਸ਼ਾਇਦ ਇਹ ਉਹਦੀ ਵਹੁਟੀ ਹੋਵੇ। ਮੈਨੂੰ ਸੁਣਦੈਂ ? ਸੁਣਿਐ ਮੈਂ ਕੀ ਕਿਹੈ ? ਹੇ, ਪਾਇਲਟ!”
ਪਰ ਦੇਗਤੀਆਰੈਨਕੋ ਸੁਣ ਨਹੀਂ ਸੀ ਰਿਹਾ। ਉਹ ਆਪਣੇ ਮਨ ਵਿੱਚ ਕਲਪਨਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਕਿਵੇਂ ਇਹ ਆਦਮੀ, ਉਸਦਾ ਸਾਥੀ, ਜਿਹੜਾ ਵਿੰਗ ਵਿੱਚ ਬੜਾ ਆਮ ਜਿਹਾ ਮੁੰਡਾ ਲੱਗਦਾ ਹੁੰਦਾ ਸੀ, ਯਖ ਹੋਈਆਂ ਤੇ ਟੁੱਟੀਆਂ ਲੱਤਾਂ ਨਾਲ ਪਿਘਲਦੀ ਬਰਫ ਉੱਪਰੋਂ ਦੀ, ਜੰਗਲ ਤੇ ਦਲਦਲਾਂ ਦੇ ਵਿੱਚੋਂ ਦੀ, ਦੁਸ਼ਮਣ ਤੋਂ ਦੂਰ ਨੱਠਣ ਲਈ ਤੇ ਆਪਣੇ ਲੋਕਾਂ ਤੱਕ ਪੁੱਜਣ ਲਈ ਰਿੜ੍ਹਦਾ ਰਿਹਾ ਹੋਵੇਗਾ, ਰਿੜ੍ਹਦਾ ਤੇ ਲੇਟਣੀਆਂ ਲੈਂਦਾ ਰਿਹਾ ਹੋਵੇਗਾ। ਲੜਾਕਾ ਹਵਾਈ ਜਹਾਜ਼ ਦੇ ਪਾਇਲਟ ਵਜੋਂ ਉਸਦੇ ਆਪਣੇ ਤਜਰਬੇ ਨੇ ਉਸਨੂੰ ਖਤਰੇ ਤੋਂ ਜਾਣੂ ਕਰਾਇਆ ਹੋਇਆ ਸੀ । ਜਦੋਂ ਉਹ ਲੜਾਈ ਵਿੱਚ ਆਪਣੇ ਆਪ ਨੂੰ ਸੁੱਟ ਦੇਂਦਾ ਸੀ ਤਾਂ ਉਹ ਕਦੀ ਮੌਤ ਬਾਰੇ ਨਹੀਂ ਸੀ ਸੋਚਦਾ, ਸਗੋਂ ਇੱਕ ਖੁਸ਼ੀ ਭਰੀ ਭਾਵਕ ਝੁਣਝੁਣੀ ਹੀ ਮਹਿਸੂਸ ਕਰਦਾ ਸੀ । ਪਰ ਇਸ ਤਰ੍ਹਾਂ, ਜੰਗਲ ਵਿੱਚ ਇਕੱਲੇ-ਕਾਰੇ ਕਿਸੇ ਆਦਮੀ ਲਈ ਇਹੋ ਜਿਹੀ ਚੀਜ਼ ਕਰ ਗੁਜਰਨਾ…
“ਤੁਹਾਨੂੰ ਕਦੋਂ ਇਹ ਮਿਲਿਆ ਸੀ?”
“ਕਦੋਂ ?” ਬੁੱਢੇ ਨੇ ਆਪਣੇ ਬੁੱਲ੍ਹ ਹਿਲਾਏ ਤੇ ਖੁੱਲ੍ਹੇ ਕੇਸ ਵਿੱਚੋਂ ਇੱਕ ਹੋਰ ਸਿਗਰਟ ਲੈ ਲਈ । “ਅੱਛਾ, ਤਾਂ ਕਦੋਂ ਸੀ ਇਹ? ਕਿਉਂ, ਬੇਸ਼ਕ, ਇੱਕ ਹਫਤਾ ਹੀ ਤਾਂ ਹੋਇਐ।”
ਦੇਗਤੀਆਰੈਨਕੋ ਨੇ ਮਨ ਹੀ ਮਨ ਵਿੱਚ ਤਰੀਕਾਂ ਗਿਣੀਆਂ ਤੇ ਹਿਸਾਬ ਲਾਇਆ ਕਿ ਅਲੈਕਸੇਈ ਮਰੇਸੇਯੇਵ ਅਠਾਰ੍ਹਾਂ ਦਿਨ ਰੀਂਗਦਾ ਰਿਹਾ ਸੀ । ਜ਼ਖਮੀ ਆਦਮੀ ਲਈ ਏਨਾਂ ਚਿਰ ਰੀਂਗਦੇ ਰਹਿਣਾ, ਤੇ ਉਹ ਵੀ ਬਿਨਾਂ ਖੁਰਾਕ ਦੇ – ਇਹ ਯਕੀਨੋ-ਬਾਹਰੀ ਗੱਲ ਲੱਗਦੀ ਸੀ।
“ਅੱਛਾ, ਬਾਬਾ, ਸ਼ੁਕਰੀਆ ਬਹੁਤ ਬਹੁਤ!” ਪਾਇਲਟ ਨੇ ਬੁੱਢੇ ਨੂੰ ਘੁੱਟ ਕੇ ਜੱਫੀ ਪਾਈ ਤੇ ਆਪਣੇ ਨਾਲ ਲਾ ਲਿਆ। “ਸ਼ੁਕਰੀਆ ਭਰਾ !”
“ਸ਼ੁਕਰੀਆ ਕਾਹਦਾ। ਇਹਦੇ ਵਿੱਚ ਸ਼ੁਕਰੀਏ ਵਾਲੀ ਗੱਲ ਹੀ ਕਿਹੜੀ ਹੈ? ‘ਸ਼ੁਕਰੀਆਂ,’ ਕਹਿੰਦੈ! ਮੈਂ ਕੌਣ ਹਾਂ ? ਕੋਈ ਅਜਨਬੀ ਬਦੇਸ਼ੀ, ਜਾਂ ਕੀ?” ਤੇ ਫਿਰ ਗੁੱਸੇ ਨਾਲ ਉਹ ਆਪਣੀ ਨੂੰਹ ਨੂੰ ਕੂਕਿਆ, ਜਿਹੜੀ ਆਪਣੇ ਹੱਥ ਉੱਤੇ ਆਪਣੀ ਗੱਲ੍ਹ ਟਿਕਾਈ ਆਪਣੀਆਂ ਕੌੜੀਆਂ ਸੋਚਾਂ ਵਿੱਚ ਡੁੱਬੀ ਹੋਈ ਸੀ । “ਇਹ ਚੀਜ਼ਾਂ ਫਰਸ਼ ਤੋਂ ਚੁੱਕ ਲੈ ! ਦੇਖੋ ਜ਼ਰਾ, ਕਿਵੇਂ ਇਹੋ ਜਿਹੀਆਂ ਕੀਮਤੀ ਚੀਜ਼ਾਂ ਇਧਰ ਉਧਰ ਸੁੱਟੀਐਂ! ‘ਸ਼ੁਕਰੀਆ,’ ਕਹਿੰਦੈ!”
ਏਨੇਂ ਨੂੰ, ਲੇਨਚਕਾ ਨੇ ਮਰੇਸੇਯੇਵ ਦੀ ਸਫ਼ਰ ਲਈ ਤਿਆਰੀ ਮੁਕੰਮਲ ਕਰ ਲਈ ਸੀ। “ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਸਾਥੀ ਸੀਨੀਅਰ ਲੈਫ਼ਟੀਨੈਂਟ,” ਉਹ ਚੂਹਕ ਰਹੀ ਸੀ, ਤੇ ਉਸਦੇ ਮੂੰਹ ਵਿੱਚੋਂ ਤੇਜ਼ ਤੇਜ਼ ਲਫ਼ਜ਼ ਨਿੱਕਲ ਰਹੇ ਸਨ, ਜਿਵੇਂ ਲਿਫ਼ਾਫ਼ੇ ਵਿੱਚੋਂ ਦਾਣੇ ਡਿੱਗ ਰਹੇ ਹੋਣ। “ਮਾਸਕੋ ਵਿੱਚ ਉਹਨਾਂ ਨੇ ਅੱਖ ਫੋਰੇ ਵਿੱਚ ਤੁਹਾਨੂੰ ਪੈਰਾਂ ‘ਤੇ ਖੜ੍ਹਿਆ ਕਰ ਦੇਣਾ ਹੈ। ਮਾਸਕੋ ਇੱਕ ਵੱਡਾ ਸ਼ਹਿਰ ਹੈ, ਕਿਉਂ, ਨਹੀਂ ? ਉਹ ਤਾਂ ਤੁਹਾਡੇ ਨਾਲੋਂ ਵੀ ਭੈੜੇ ਕੇਸ ਰਾਜ਼ੀ ਕਰ ਦੇਂਦੇ ਨੇ !”
ਉਸਦੇ ਵਧਾਏ-ਚੜ੍ਹਾਏ ਉਤਸ਼ਾਹ ਤੋਂ ਤੇ ਜਿਸ ਤਰੀਕੇ ਨਾਲ ਉਹ ਦੁਹਰਾਈ ਜਾ ਰਹੀ ਸੀ ਕਿ ਮਰੇਸੇਯੇਵ ਨੂੰ ਅੱਖ ਫੋਰੇ ਵਿੱਚ ਪੈਰਾਂ ਉੱਤੇ ਖੜ੍ਹਾ ਕਰ ਦਿੱਤਾ ਜਾਇਗਾ, ਉਸਤੋਂ ਦੇਗਤੀਆਰੈਨਕੋ ਨੇ ਅੰਦਾਜ਼ਾ ਲਾਇਆ ਕਿ ਉਸਦੇ ਮੁਆਇਨੇ ਤੋਂ ਪਤਾ ਲੱਗਾ ਹੈ ਕਿ ਕੇਸ ਗੰਭੀਰ ਹੈ ਤੇ ਉਸਦੇ ਦੋਸਤ ਦੀ ਹਾਲਤ ਭੈੜੀ ਸੀ। “ਕਿਆ ਚਿੜੀ ਵਾਂਗ ਚੀਂ-ਚੀਂ ਕਰ ਰਹੀ ਹੈ,” ਉਹ “ਚਿਕਿਤਸਾ ਵਿਗਿਆਨ ਦੀ ਸਿਸਟਰ” ਵੱਲ ਮੂੰਹ ਚਿੜਾਉਂਦਾ ਹੋਇਆ ਮਨ ਹੀ ਮਨ ਵਿੱਚ ਬੋਲਿਆ । ਇੱਕਦਮ ਉਸਨੂੰ ਯਾਦ ਆਇਆ ਕਿ ਵਿੰਗ ਵਿੱਚ ਕੋਈ ਵੀ ਕੁੜੀ ਨੂੰ ਗੰਭੀਰਤਾ ਨਾਲ ਨਹੀਂ ਸੀ ਲੈਂਦਾ, ਤੇ ਸਾਰੇ ਮਜ਼ਾਕ ਕਰਿਆ ਕਰਦੇ ਹਨ ਕਿ ਉਹ ਜੇ ਕਿਸੇ ਚੀਜ਼ ਦਾ ਇਲਾਜ਼ ਕਰ ਸਕਦੀ ਹੈ, ਤਾਂ ਉਹ ਹੈ ਮੁਹੱਬਤ ਤੇ ਇਸ ਚੀਜ਼ ਨੇ ਦੇਗਤੀਆਰੈਨਕੋ ਨੂੰ ਕੁਝ ਢਾਰਸ ਬੰਧਾਈ ।
ਕੰਬਲਾਂ ਵਿੱਚ ਲਪੇਟੇ ਅਲੈਕਸੇਈ ਦਾ ਸਿਰਫ ਸਿਰ ਹੀ ਦਿਖਾਈ ਦੇ ਰਿਹਾ ਸੀ; ਉਸਨੂੰ ਦੇਖ ਕੇ ਦੇਗਤੀਆਰੈਨਕੋ ਨੂੰ ਫਰਊਨ ਦੀ ਮੱਮੀ ਯਾਦ ਆ ਗਈ, ਜਿਸਦੀ ਤਸਵੀਰ ਉਸਨੇ ਪੁਰਾਤਨ ਇਤਿਹਾਸ ਬਾਰੇ ਆਪਣੀ ਸਕੂਲ ਦੀ ਪਾਠ-ਪੁਸਤਕ ਵਿੱਚ ਦੇਖੀ ਸੀ । ਉਸਨੇ ਆਪਣਾ ਵੱਡਾ ਸਾਰਾ ਹੱਥ ਆਪਣੇ ਦੋਸਤ ਦੀਆ ਗੱਲ੍ਹਾਂ ਉੱਤੇ ਫੇਰਿਆ, ਜਿਹੜੀਆਂ ਸਖ਼ਤ, ਮੋਟੇ, ਲਾਲ ਖੜ੍ਹੇ ਵਾਲਾਂ ਨਾਲ ਢੱਕੀਆਂ ਪਈਆਂ ਸਨ।
“ਕੋਈ ਗੱਲ ਨਹੀ, ਅਲੈਕਸੇਈ ! ਤੂੰ ਆਪਣੇ ਪੈਰਾਂ ਉੱਤੇ ਖੜ੍ਹਾ ਹੋ ਜਾਏਂਗਾ! ਤੈਨੂੰ ਮਾਸਕੋ ਕਿਸੇ ਚੰਗੇ ਹਸਪਤਾਲ ਵਿੱਚ ਭੇਜਣ ਦਾ ਸਾਨੂੰ ਹੁਕਮ ਮਿਲ ਚੁੱਕੈ । ਸਾਰੇ ਪ੍ਰੋਫ਼ੈਸਰ ਨੇ ਉਥੇ! ਤੇ ਜਿਥੋਂ ਤੱਕ ਨਰਸਾਂ ਦਾ ਸਵਾਲ ਹੈ” — ਉਸਨੇ ਲੇਨਚਕਾ ਨੂੰ ਅੱਖ ਮਾਰਦਿਆਂ ਜ਼ਬਾਨ ਨਾਲ ਚਟਖਾਰਾ ਲਾ ਕੇ ਕਿਹਾ- “ਉਹ ਤਾਂ ਮੁਰਦਿਆਂ ਨੂੰ ਵੀ ਤੁਰਾ ਦੇਂਦੀਐ! ਅਸੀਂ ਅਜੇ ਵੀ ਹਵਾ ਵਿੱਚ ਇੱਕ ਦੂਜੇ ਦੀ ਅਵਾਜ਼ ਸੁਣਨੀ ਹੈ” ਤੇ ਇਥੇ ਆ ਕੇ ਦੇਗਤੀਆਰੈਨਕੋ ਨੇ ਮਹਿਸੂਸ ਕੀਤਾ ਕਿ ਉਹ ਉਸੇ ਹੀ ਬਣਾਵਟੀ, ਬੇਜਾਨ ਖੁਸ਼ੀ ਵਾਲੇ ਅੰਦਾਜ਼ ਨਾਲ ਬੋਲ ਰਿਹਾ ਹੈ, ਜਿਵੇਂ ਲੇਨਚਕਾ ਬੋਲ ਰਹੀ ਸੀ । ਆਪਣੇ ਦੋਸਤ ਦੀਆਂ ਗੱਲ੍ਹਾਂ ਨੂੰ ਥਪਕਦਿਆਂ ਉਸਨੇ ਇੱਕਦਮ ਆਪਣੇ ਹੱਥਾਂ ਵਿੱਚ ਸਿਲ੍ਹ ਮਹਿਸੂਸ ਕੀਤੀ। “ਸਟਰੈਚਰ ਕਿੱਥੇ ਹੈ ? ਉਸਨੇ ਗ਼ੁੱਸੇ ਵਿੱਚ ਪੁੱਛਿਆ। “ਚੱਲੋ ਇਸਨੂੰ ਬਾਹਰ ਲੈ ਚੱਲੀਏ। ਢਿੱਲ ਕਰਨ ਦਾ ਕੀ ਫ਼ਾਇਦੈ ?”
ਬੁੱਢੇ ਦੀ ਸਹਾਇਤਾ ਨਾਲ ਉਹਨਾਂ ਨੇ ਮਲਕੜੇ ਜਿਹੇ ਕੰਬਲਾਂ ਵਿੱਚ ਲਪੇਟੇ ਅਲੈਕਸੇਈ ਨੂੰ ਸਟਰੈਚਰ ਉੱਤੇ ਪਾਇਆ । ਵਾਰੀਆ ਨੇ ਉਸਦੀਆਂ ਚੀਜ਼ਾਂ ਇਕੱਠੀਆਂ ਕੀਤੀਆਂ ਤੇ ਉਹਨਾਂ ਦੀ ਇੱਕ ਗਠੜੀ ਬਣਾ ਲਈ।
“ਬਾਬਾ!” ਵਾਰਵਾਰਾ ਨੂੰ ਜਰਮਨ ਛੁਰਾ ਗਠੜੀ ਵਿੱਚ ਪਾਉਣ ਤੋਂ ਰੋਕਦਾ ਹੋਇਆ ਅਲੈਕਸੇਈ ਬੋਲਿਆ। ਆਪਣੀਆਂ ਸੰਜਮੀ ਆਦਤਾਂ ਦਾ ਪ੍ਰੇਰਿਆ, ਬਾਬਾ ਮਿਖਾਇਲ ਅਕਸਰ ਹੀ ਉਤਸੁਕਤਾ ਨਾਲ ਛੁਰੇ ਦਾ ਮੁਆਇਨਾ ਕਰਦਾ ਹੁੰਦਾ ਸੀ, ਉਸਨੇ ਇਹਨੂੰ ਸਾਫ਼ ਕੀਤਾ ਸੀ, ਤੇਜ਼ ਕੀਤਾ ਸੀ ਤੇ ਇਸਨੂੰ ਆਪਣੇ ਅੰਗੂਠੇ ਉੱਤੇ ਲਾ ਕੇ ਦੇਖਿਆ ਸੀ। “ਇਹ ਯਾਦ- ਨਿਸ਼ਾਨੀ ਵਜੋਂ ਰੱਖ ਲੈ।”
“ਸ਼ੁਕਰੀਆ, ਅਲੈਕਸੇਈ, ਸ਼ੁਕਰੀਆ!” ਇਹ ਵਧੀਆਂ ਫ਼ੌਲਾਦ ਦੀ ਚੀਜ਼ ਹੈ। ਤੇ ਦੇਖ ਇਸ ਉੱਤੇ ਕੁਝ ਲਿਖਿਆ ਹੋਇਐ, ਪਰ ਸਾਡੀ ਬੋਲੀ ਵਿੱਚ ਨਹੀਂ,” ਉਸਨੇ ਛੁਰਾ ਦੇਗਤੀਆਰੈਨਕੋ ਨੂੰ ਦਿਖਾਉਂਦਿਆਂ ਕਿਹਾ। ਦੇਗਤੀਆਰੈਨਕੋ ਨੇ ਫਲ ਉੱਪਰਲੀ ਉਕਰਾਈ ਪੜ੍ਹੀ ਤੇ ਇਸਦਾ ਅਨੁਵਾਦ ਕੀਤਾ: Alles fur Deutschland “ਸਭ ਕੁਝ ਜਰਮਨੀ ਲਈ।”
“ਸਭ ਕੁਝ ਜਰਮਨੀ ਲਈ,” ਇਹ ਯਾਦ ਕਰਦਿਆਂ ਕਿ ਛੁਰਾ ਉਸਨੇ ਕਿਵੇਂ ਪ੍ਰਾਪਤ ਕੀਤਾ ਸੀ, ਅਲੈਕਸੇਈ ਨੇ ਦੁਹਰਾਇਆ।
“ਅੱਛਾ ਫਿਰ, ਬਜ਼ੁਰਗਵਾਰ, ਚੁੱਕੋ ਜ਼ਰਾ ਇਹਨੂੰ, ਚੁੱਕੋ!” ਦੇਗਤੀਆਰੈਨਕੋ ਸਟਰੈਚਰ ਦੇ ਇੱਕ ਪਾਸਿਉਂ ਦਸਤੇ ਫੜਦਿਆਂ ਬੋਲਿਆ।
ਸਟਰੈਚਰ ਝੂਲ ਰਿਹਾ ਸੀ ਤੇ ਬੜੀ ਮੁਸ਼ਕਲ ਨਾਲ, ਕੰਧ ਤੋਂ ਮਿੱਟੀ ਲਾਹੁੰਦਾ ਹੋਇਆ, ਇਹ ਭੋਰੇ ਦੇ ਤੰਗ ਦਰਵਾਜ਼ੇ ਵਿਚੋਂ ਲੰਘਿਆ।
ਭੋਰੇ ਵਿੱਚ ਇਕੱਠੇ ਹੋਏ ਸਾਰੇ ਲੋਕ ਇਸ ਬੇਸਹਾਰਾ ਜੀਵ ਨੂੰ ਅਲਵਿਦਾ ਕਹਿਣ ਲਈ ਬਾਹਰ ਨਿੱਕਲ ਆਏ। ਸਿਰਫ ਵਾਰੀਆ ਅੰਦਰ ਰਹਿ ਗਈ। ਉਸਨੇ ਹੌਲ਼ੀ ਹੌਲ਼ੀ ਬੱਤੀ ਦਾ ਗੁੱਲ ਝਾੜਿਆ, ਧਾਰੀਦਾਰ ਚਟਾਈ ਕੋਲ ਗਈ ਜਿਸ ਉੱਤੇ ਅਜੇ ਵੀ ਉਸ ਸਰੀਰ ਦਾ ਨਕਸ਼ਾ ਕਾਇਮ ਸੀ, ਜਿਹੜਾ ਇਸ ਉੱਤੇ ਪਿਆ ਹੋਇਆ ਸੀ, ਤੇ ਇਸਨੂੰ ਆਪਣੇ ਹੱਥ ਨਾਲ ਥਪਕਿਆ। ਉਸਦੀਆਂ ਨਜ਼ਰਾਂ ਗੁਲਦਸਤੇ ਉੱਤੇ ਪਈਆਂ, ਜਿਸਨੂੰ ਉਹ ਕਾਹਲੀ ਵਿੱਚ ਭੁੱਲ ਗਏ ਸਨ । ਪੌਦਘਰ ਵਿੱਚ ਉਗਾਏ ਲਿਲਾਕ ਦੀਆਂ ਕਈ ਡਾਲੀਆਂ ਜਿਹੜੀਆਂ ਪੀਲੀਆਂ ਪਈਆਂ ਤੇ ਮੁਰਝਾਈਆਂ ਹੋਈਆਂ ਸਨ, ਇਸ ਭਗੌੜੇ ਪਿੰਡ ਦੇ ਵਾਸੀਆਂ ਵਾਂਗ, ਜਿਨ੍ਹਾਂ ਨੇ ਠੰਡੇ, ਸਿਲ੍ਹੇ ਭੋਰਿਆਂ ਵਿੱਚ ਸਿਆਲ ਕੱਟਿਆ ਸੀ । ਜਵਾਨ ਔਰਤ ਨੇ ਫੁੱਲ ਚੁੱਕ ਲਏ, ਬਸੰਤ ਦੀ ਮੱਧਮ ਵਾਸ਼ਨਾ ਨੂੰ ਸੁੰਘਿਆ, ਜਿਹੜੀ ਏਨੀਂ ਹਲਕੀ ਸੀ ਕਿ ਧੂੰਏ ਤੇ ਕਾਲਖ ਵਿੱਚ ਇਸਨੂੰ ਮਸਾਂ ਹੀ ਮਹਿਸੂਸ ਕੀਤਾ ਜਾ ਸਕਦਾ ਸੀ; ਉਹ ਇੱਕ ਤਖਤਪੋਸ਼ ਉੱਤੇ ਜਾ ਢੱਠੀ ਤੇ ਉਸਦੀਆਂ ਅੱਖਾਂ ਵਿੱਚੋ ਇੱਕ ਔਰਤ ਦੇ ਕੌੜੇ ਅੱਥਰੂਆਂ ਦੀ ਧਾਰਾ ਫੁੱਟ ਨਿੱਕਲੀ ।
18
ਪਲਾਵਨੀ ਪਿੰਡ ਦੀ ਉਸ ਵੇਲੇ ਹਾਜ਼ਰ ਸਾਰੀ ਵੱਸੋਂ ਇਸ ਅਚਨਚੇਤੀ ਦੇ ਪ੍ਰਾਹੁਣੇ ਨੂੰ ਵਿਦਾ ਕਰਨ ਆਈ । ਹਵਾਈ ਜਹਾਜ਼ ਜੰਗਲ ਦੇ ਪਿੱਛੋਂ ਛੋਟੀ ਜਿਹੀ, ਲੰਬੂਤਰੀ ਝੀਲ ਉੱਤੇ ਉਤਰਿਆ ਸੀ, ਜਿਸਦੀ ਬਰਫ਼ ਭਾਵੇਂ ਕੰਢਿਆਂ ਤੋਂ ਪਿਘਲ ਰਹੀ ਸੀ, ਤਾਂ ਵੀ ਅਜੇ ਸਖਤ ਤੇ ਮਜ਼ਬੂਤ ਸੀ, ਇਸ ਝੀਲ ਨੂੰ ਜਾਂਦੀਆਂ ਕੋਈ ਸੜਕਾਂ ਨਹੀਂ ਸਨ। ਇੱਕ ਪਹਿਆ ਜਾਂਦਾ ਸੀ, ਜਿਸ ਉੱਪਰੋਂ ਇੱਕ ਘੰਟਾ ਪਹਿਲਾਂ ਨਰਮ, ਤਿੜਕਦੀ ਬਰਫ਼ ਥਾਣੀ ਬਾਬਾ ਮਿਖਾਇਲ, ਦੇਗਤੀਆਰੈਨਕੋ ਤੇ ਲੇਨਚਕਾ ਲੰਘੇ ਸਨ। ਇਸ ਪਹੇ ਉੱਤੇ ਲੋਕਾਂ ਦਾ ਝੁੰਡ ਝੀਲ ਵੱਲ ਨੂੰ ਵਧ ਰਿਹਾ ਸੀ, ਜਿਸਦੇ ਅੱਗੇ ਅੱਗੇ ਮੁੰਡੇ ਸਨ, ਤੇ ਗਹਿਰ-ਗੰਭੀਰ ਸੇਰਿਓਨਕਾ, ਤੇ ਉਤਸ਼ਾਹ ਨਾਲ ਉਛਲ ਰਿਹਾ ਫੇਦਕਾ ਸਭ ਤੋ ਅੱਗੇ ਸਨ । ਇੱਕ ਪੁਰਾਣੇ ਦੋਸਤ ਵਜੋਂ, ਜਿਸਨੇ ਪਾਇਲਟ ਨੂੰ ਜੰਗਲ ਵਿਚ ਲੱਭਾ ਸੀ, ਸੇਰਿਓਨਕਾ ਇਸ ਗੱਲ ਨੂੰ ਆਪਣਾ ਹੱਕ ਸਮਝਦਾ ਹੋਇਆ, ਗੰਭੀਰਤਾ ਨਾਲ ਸਟਰੈਚਰ ਦੇ ਅੱਗੇ ਅੱਗੇ ਜਾ ਰਿਹਾ ਸੀ, ਬੜਾ ਜ਼ੋਰ ਲਾ ਕੇ ਆਪਣੇ ਪੈਰਾਂ ਨੂੰ, ਜਿਨ੍ਹਾਂ ਉੱਤੇ ਉਸਦੇ ਮਰਹੂਮ ਪਿਉ ਵੱਲੋਂ ਛੱਡੇ ਗਏ ਵੱਡੇ ਵੱਡੇ ਨਮਦੇ ਦੇ ਬੂਟ ਚੜ੍ਹੇ ਹੋਏ ਸਨ, ਬਰਫ਼ ਵਿੱਚੋਂ ਕੱਢ ਰਿਹਾ ਸੀ, ਤੇ ਦੂਜੇ ਚਿੱਟੇ ਦੰਦਾਂ ਵਾਲੇ, ਮੈਲੇ ਮੂੰਹਾਂ ਵਾਲੇ, ਬੇਹੱਦ ਪਾਟੇ ਕੱਪੜਿਆਂ ਵਾਲੇ ਮੁੰਡਿਆਂ ਦੀ ਕਰੜਾਈ ਨਾਲ ਡਾਂਟ-ਡਪਟ ਕਰ ਰਿਹਾ ਸੀ। ਦੇਗਤੀਆਰੈਨਕੋ ਤੇ ਬਾਬਾ ਕਦਮ ਮਿਲਾ ਕੇ ਚਲਦੇ ਹੋਏ ਸਟਰੈਚਰ ਲਿਜਾ ਰਹੇ ਸਨ, ਜਦ ਕਿ ਲੇਨਚਕਾ ਪਾਸੇ ਵੱਲ ਅਣਮਧੋਲੀ ਬਰਫ਼ ਉਪਰ ਚੱਲ ਰਹੀ ਸੀ, ਕਦੀ ਅਲੈਕਸੇਈ ਦੇ ਕੰਬਲਾਂ ਨੂੰ ਠੀਕ ਠਾਕ ਕਰਦੀ, ਤੇ ਕਦੀ ਆਪਣਾ ਸਕਾਰਫ ਉਸਦੇ ਸਿਰ ਦੁਆਲੇ ਬੰਨ੍ਹਦੀ । ਮਗਰ ਮਗਰ ਔਰਤਾਂ, ਕੁੜੀਆਂ, ਤੇ ਬੁੱਢੀਆਂ ਆ ਰਹੀਆਂ ਸਨ; ਸਭ ਤੁਰਦੀਆਂ ਤੁਰਦੀਆਂ ਗੱਲਾਂ ਵੀ ਮਾਰੀ ਜਾ ਰਹੀਆਂ ਸਨ।
ਪਹਿਲਾਂ ਪਹਿਲਾਂ ਤਾਂ ਬਰਫ਼ ਦੀ ਪਰਤਾਈ ਤੇਜ਼ ਰੋਸ਼ਨੀ ਨੇ ਅਲੈਕਸੇਈ ਨੂੰ ਚੁੰਧਿਆ ਦਿੱਤਾ । ਸੋਹਣਾ ਬਸੰਤ ਦਾ ਦਿਨ ਉਸਦੀਆਂ ਅੱਖਾਂ ਵਿੱਚ ਇੰਝ ਜ਼ੋਰ ਦੀ ਵੱਜਾ ਕਿ ਉਸਨੂੰ ਅਪਣੀਆਂ ਅੱਖਾਂ ਬੰਦ ਕਰਨੀਆਂ ਪਈਆਂ, ਤੇ ਉਹ ਲਗਭਗ ਬੇਹੋਸ਼ ਹੋ ਗਿਆ । ਪਲਕਾਂ ਨੂੰ ਜ਼ਰਾ ਜ਼ਰਾ ਚੁਕਦਿਆਂ ਉਸਨੇ ਆਪਣੀਆਂ ਅੱਖਾਂ ਨੂੰ ਚਾਨਣ ਦੀਆਂ ਆਦੀ ਹੋਣ ਦਿੱਤਾ ਤੇ ਫਿਰ ਚੁਫੇਰੇ ਨਜ਼ਰ ਮਾਰੀ । ਇਕ ਲੁਕੇ ਹੋਏ ਪਿੰਡ ਦੀ ਤਸਵੀਰ ਉਸਦੀਆਂ ਅੱਖਾਂ ਸਾਹਮਣੇ मी।
ਜਿਧਰ ਵੀ ਤੁਹਾਡੀ ਨਜ਼ਰ ਪੈਂਦੀ ਸੀ, ਪੁਰਾਣਾ ਜੰਗਲ ਕੰਧ ਬਣਾਈ ਖੜ੍ਹਾ ਸੀ । ਉੱਪਰ ਦਰਖਤਾਂ ਦੀਆਂ ਟੀਸੀਆਂ ਲਗਭਗ ਮਿਲੀਆ ਹੋਈਆਂ ਸਨ ਤੇ ਹੇਠਾਂ ਜ਼ਮੀਨ ਨੂੰ ਅਰਧ ਹਨੇਰੇ ਵਿੱਚ ਸੁੱਟ ਰਹੀਆਂ ਸਨ। ਇਹ ਮਿਲਿਆ-ਜੁਲਿਆ ਜੰਗਲ ਸੀ। ਅਜੇ ਤੱਕ ਸੱਖਣੇ ਬਰਚੇ ਦੇ ਦਰਖਤਾਂ ਦੇ ਤਣੇ, ਜਿਨ੍ਹਾਂ ਦੀਆਂ ਟੀਸੀਆਂ ਹਵਾ ਵਿੱਚ ਜੰਮੇ ਹੋਏ ਧੁੰਏਂ ਵਾਂਗ ਲੱਗਦੀਆਂ ਸਨ, ਦਿਆਰ ਦੇ ਦਰਖਤਾਂ ਦੇ ਸੁਨਹਿਰੀ ਤਣਿਆਂ ਦੇ ਨਾਲ ਨਾਲ ਖੜ੍ਹੇ ਸਨ, ਤੇ ਉਹਨਾਂ ਦੇ ਵਿੱਚ ਵਿੱਚ ਕਿਤੇ ਕਿਤੇ ਫਰ ਦੇ ਦਰਖਤਾਂ ਦੀਆਂ ਕਾਲੀਆਂ, ਨੋਕਦਾਰ ਟੀਸੀਆਂ ਦਿਖਾਈ ਦੇਂਦੀਆਂ ਸਨ।
ਦਰਖਤਾਂ ਦੇ ਹੇਠਾਂ ਐਸੀ ਥਾਂ, ਜਿਥੇ ਚੱਲਦੇ ਸੈਂਕੜੇ ਪੈਰਾਂ ਨੇ ਬਰਫ਼ ਮਧੋਲ ਦਿੱਤੀ ਹੋਈ ਸੀ, ਭੋਰੇ ਸਨ। ਇਹ ਦਰਖਤ ਉਹਨਾਂ ਨੂੰ ਧਰਤੀ ਤੋਂ ਵੀ ਤੇ ਅਕਾਸ਼ ਤੋਂ ਵੀ ਦੁਸ਼ਮਣ ਦੀਆਂ ਨਜ਼ਰਾਂ ਤੋਂ ਬਚਾ ਕੇ ਰੱਖਦੇ ਸਨ । ਸੌ ਸੌ ਸਾਲ ਪੁਰਾਣੇ ਫਰ ਦੇ ਦਰਖਤਾਂ ਦੀਆਂ ਟਾਹਣੀਆਂ ਉੱਤੇ ਬਾਲਾਂ ਦੇ ਪੋਤੜੇ ਸੁੱਕਣੇ ਪਏ ਹੋਏ ਸਨ, ਭਾਂਡਿਆਂ ਤੇ ਘੜਿਆਂ ਨੂੰ ਦਿਆਰਾਂ ਦੀਆਂ ਮੁੱਢੀਆਂ ਉੱਤੇ ਰੱਖ ਕੇ ਹਵਾ ਲਵਾਈ ਜਾ ਰਹੀ ਸੀ, ਤੇ ਫਰ ਦੇ ਇੱਕ, ਪੁਰਾਣੇ ਦਰਖਤ ਹੇਠ ਜਿਸਦੇ ਤਣੇ ਨਾਲੋਂ ਤੁਰੀ ਕਾਈ ਦੀ ਦਾਹੜੀ ਲਟਕ ਰਹੀ ਸੀ, ਇਸਦੀਆਂ ਰੰਗਦਾਰ ਜੜ੍ਹਾਂ ਵਿਚਕਾਰ, ਸਾਰੇ ਨਿਯਮਾਂ ਦੇ ਮੁਤਾਬਕ, ਸ਼ਿਕਾਰ ਕੀਤਾ ਜਾਨਵਰ ਪਿਆ ਹੋਣਾ ਚਾਹੀਦਾ ਸੀ, ਇਕ ਗੰਦੀ ਹੋਈ ਹੋਈ ਟਾਕੀਆਂ ਤੋਂ ਬਣੀ ਗੁੱਡੀ ਪਈ ਸੀ, ਜਿਸ ਦਾ ਚਪਟਾ, ਮਾਸੂਮ ਜਿਹਾ ਚਿਹਰਾ ਸਿਆਹੀ ਨਾਲ ਵਾਹਿਆ ਗਿਆ ਸੀ।
ਸਟਰੈਚਰ ਦੇ ਮਗਰ ਮਗਰ ਭੀੜ ਮਧੋਲੀ ਹੋਈ ਕਾਈ ਦੇ ਕਾਲੀਨ ਵਾਲੀ “ਗਲੀ” ਵਿੱਚੋਂ ਦੀ ਹੌਲ਼ੀ ਹੌਲ਼ੀ ਜਾ ਰਹੀ ਸੀ।
ਖੁਲ੍ਹੀ ਹਵਾ ਵਿੱਚ ਅਲੈਕਸੇਈ ਨੇ ਪਹਿਲਾਂ ਤਾਂ ਸੁਭਾਵਕੀ, ਪਾਸ਼ਵੀ ਖੁਸ਼ੀ ਦਾ ਹੜ੍ਹ ਉਮੜਦਾ ਮਹਿਸੂਸ ਕੀਤਾ, ਪਰ ਜਲਦੀ ਹੀ ਇਸ ਦੀ ਥਾਂ ਮਿੱਠੀ, ਮੂਕ ਉਦਾਸੀ ਨੇ ਲੈ ਲਈ।
ਲੇਨਚਕਾ ਨੇ ਨਿੱਕੇ ਜਿਹੇ ਜੇਬੀ ਰੁਮਾਲ ਨਾਲ ਉਸਦੇ ਚਿਹਰੇ ਤੋਂ ਹੰਝੂ ਪੂੰਝੇ ਤੇ ਆਪਣੇ ਹੀ ਤਰੀਕੇ ਨਾਲ ਇਹਨਾਂ ਹੰਝੂਆਂ ਦਾ ਅਰਥ ਕੱਢਦਿਆਂ, ਸਟਰੈਚਰ ਲਿਜਾਣ ਵਾਲਿਆਂ ਨੂੰ ਹੌਲੀ ਤੁਰਨ ਲਈ ਕਹਿਣ ਲੱਗੀ।
“ਨਹੀਂ, ਨਹੀਂ, ਹੋਰ ਤੇਜ਼! ਹੋਰ ਤੇਜ਼ ਚੱਲੋ!” ਮਰੇਸੇਯੇਵ ਨੇ ਉਹਨਾਂ ਨੂੰ ਕਿਹਾ।
ਉਸਨੂੰ ਲੱਗਦਾ ਸੀ ਕਿ ਉਹ ਬਹੁਤ ਹੌਲ਼ੀ ਜਾ ਰਹੇ ਹਨ। ਉਸਨੂੰ ਡਰ ਲੱਗਣ ਲੱਗ ਪਿਆ ਕਿ ਉਹ ਇੱਥੋਂ ਜਾ ਨਹੀਂ ਸਕੇਗਾ, ਕਿ ਮਾਸਕੋ ਤੋਂ ਆਇਆ ਹਵਾਈ ਜਹਾਜ਼ ਉਸਦੀ ਉਡੀਕ ਕੀਤੇ ਬਿਨਾਂ ਚਲਾ ਜਾਵੇਗਾ ਤੇ ਉਹ ਕਦੀ ਵੀ ਕਲੀਨਿਕ ਨਹੀਂ ਪਹੁੰਚ ਸਕੇਗਾ। ਸਟਰੈਚਰ ਲਿਜਾਣ ਵਾਲਿਆਂ ਦੀ ਤੇਜ਼ ਚਾਲ ਨਾਲ ਹੁੰਦੀ ਪੀੜ ਕਾਰਨ ਉਹ ਹੌਲ਼ੀ ਹੌਲ਼ੀ ਕੱਰਾਹਉਂਦਾ, ਪਰ ਉਹ ਦੁਹਰਾਈ ਗਿਆ: “ਤੇਜ਼ ਚੱਲੋ, ਕਿਰਪਾ ਕਰਕੇ ਤੇਜ਼ ਚੱਲੋ !” ਉਹ ਉਹਨਾਂ ਨੂੰ ਤੇਜ਼ੀ ਕਰਨ ਲਈ ਕਹੀ ਗਿਆ, ਬਾਵਜ਼ੂਦ ਇਸ ਤੱਥ ਦੇ ਕਿ ਉਸਨੂੰ ਬਾਬੇ ਮਿਖਾਇਲ ਦੀ ਸਾਹੋ ਸਾਹ ਹੋਏ ਦੀ ਅਵਾਜ਼ ਸੁਣਦੀ ਸੀ ਤੇ ਉਸਨੂੰ ਤਿਲਕਦਾ ਤੇ ਠੇਡੇ ਖਾਦਾ ਉਹ ਦੇਖਦਾ ਸੀ । ਦੋ ਔਰਤਾਂ ਨੇ ਬੁੱਢੇ ਤੋਂ ਸਟਰੈਚਰ ਫੜ ਲਿਆ ਤੇ ਉਹ ਲੇਨਚਕਾ ਤੋਂ ਦੂਜੇ ਪਾਸੇ ਸਟਰੈਚਰ ਦੇ ਨਾਲ ਨਾਲ ਤੁਰਦਾ ਗਿਆ। ਆਪਣੀ ਅਫ਼ਸਰਾਂ ਵਾਲੀ ਟੋਪੀ ਨਾਲ ਅਪਣੇ ਗੰਜੇ ਸਿਰ, ਲਾਲ ਹੋਏ ਮੂੰਹ ਤੇ ਝੁਰੜੀਆਂ ਵਾਲੀ ਧੌਣ ਨੂੰ ਪੂੰਝਦਿਆਂ ਉਹ ਸੰਤੁਸ਼ਟਤਾ ਨਾਲ ਬੁੜਬੁੜਾਇਆ:
“ਸਾਨੂੰ ਅੱਡੀ ਲਾ ਰਿਹੈਂ, ਹੈਂ? ਕਾਹਲੀ ਵਿੱਚ ਹੈ! ਬਿਲਕੁਲ ਠੀਕ ਹੈ, ਅਲੈਕਸੇਈ ਤੂੰ ਬਿਲਕੁਲ ਠੀਕ ਹੈ, ਇਹਨਾਂ ਨੂੰ ਤੇਜ਼ ਕਰੋ! ਜਦੋਂ ਆਦਮੀ ਕਾਹਲੀ ਕਰ ਰਿਹਾ ਹੋਵੇ ਤਾਂ ਇਸਦਾ ਮਤਲਬ ਹੁੰਦੈ ਕਿ ਉਸ ਵਿੱਚ ਜ਼ਿੰਦਗੀ ਹੈ, ਤੇ ਇਹ ਜ਼ੋਰ ਜ਼ੋਰ ਦੀ ਧੜਕ ਰਹੀ ਹੈ। ਮੈਂ ਠੀਕ ਨਹੀਂ, ਪਿਆਰੇ-ਦੁਲਾਰੇ ਬੇਟੇ?… ਸਾਨੂੰ ਹਸਪਤਾਲ ਤੋਂ ਲਿਖੀਂ। ਸਿਰਨਾਵਾਂ ਯਾਦ ਰੱਖੀ: ਕਾਲਿਨਿਨ ਖੰਡ, ਬੋਲੋਗੋਯੇ ਜ਼ਿਲ੍ਹਾ, ਭਵਿੱਖ ਦਾ ਪਲਾਵਨੀ ਪਿੰਡ, ਕੀ? ਮੈਂ ਕਿਹਾ, ਭਵਿੱਖ ਦਾ । ਡਰੀਂ ਨਾ, ਇਹ ਸਾਨੂੰ ਪਹੁੰਚ ਜਾਇਗੀ। ਭੁਲੀਂ ਨਾ । ਸਿਰਨਾਵਾਂ ਠੀਕ ਹੈ!”
ਜਦੋਂ ਸਟਰੈਚਰ ਨੂੰ ਚੁੱਕ ਕੇ ਹਵਾਈ ਜਹਾਜ਼ ਵਿੱਚ ਰੱਖਿਆ ਗਿਆ ਤੇ ਹਵਾਈ ਜਹਾਜ਼ ਦੇ ਪੈਟਰੋਲ ਦੀ ਸਖ਼ਤ ਵਾਸ਼ਨਾ ਅਲੈਕਸੇਈ ਦੀਆਂ ਨਾਸਾਂ ਨੂੰ ਚੜ੍ਹੀ, ਤਾਂ ਉਸਨੂੰ ਆਪਣੇ ਅੰਦਰ ਖੁਸ਼ੀ ਦਾ ਇੱਕ ਹੋਰ ਹੜ੍ਹ ਆਉਂਦਾ ਮਹਿਸੂਸ ਹੋਇਆ । ਸਿਲੋਲਾਇਡ ਦੀ ਹੁੱਡ ਖਿੱਚ ਕੇ ਉਸਦੇ ਸਿਰ ਉੱਤੇ ਕਰ ਦਿੱਤੀ ਗਈ। ਉਸਨੇ ਵਿਦਾ ਕਹਿਣ ਆਏ ਲੋਕਾਂ ਨੂੰ ਹੱਥ ਹਿਲਾਉਂਦਿਆਂ ਨਾ ਦੇਖਿਆ; ਉਸਨੇ ਨਾ ਦੇਖਿਆ ਕਿ ਤੋਤੇ ਦੀ ਚੁੰਝ ਵਰਗੇ ਨੱਕ ਵਾਲ਼ੀ ਮੱਧਰੀ ਜਿਹੀ ਬੁੱਢੀ ਔਰਤ, ਜਿਹੜੀ ਸਲੇਟੀ ਜਿਹਾ ਰੁਮਾਲ ਬੰਨ੍ਹੀ ਕ੍ਰੋਧ ਵਿੱਚ ਆਏ ਕਾਂ ਵਰਗੀ ਲੱਗ ਰਹੀ ਸੀ, ਪ੍ਰੋਪੈੱਲਰ ਵੱਲੋਂ ਪੈਦਾ ਕੀਤੀ ਹਵਾ ਤੇ ਡਰ ਦਾ ਮੁਕਾਬਲਾ ਕਰਦੀ ਦੇਗਤੀਆਰੈਨਕੋ ਤੱਕ ਆਈ, ਜਿਹੜਾ ਪਹਿਲਾਂ ਹੀ ਕਾਕਪਿੱਟ ਵਿੱਚ ਬੈਠ ਚੁੱਕਾ ਸੀ, ਤੇ ਉਸਨੂੰ ਬਾਕੀ ਬਚੀ ਮੁਰਗੀ ਵਾਲਾ ਪੈਕਟ ਫੜਾ ਦਿੱਤਾ; ਉਸਨੇ ਬਾਬੇ ਮਿਖਾਇਲ ਨੂੰ ਨਾ ਦੇਖਿਆ, ਜਿਹੜਾ ਹਵਾਈ ਜਹਾਜ਼ ਦੇ ਦੁਆਲੇ ਪਿਆ ਫਿਰਦਾ ਸੀ, ਔਰਤਾਂ ਨੂੰ ਗੁੱਸੇ ਹੋ ਰਿਹਾ ਸੀ ਤੇ ਬੱਚਿਆਂ ਨੂੰ ਉਥੋਂ ਭਜਾ ਰਿਹਾ ਸੀ; ਤੇ ਕਿਵੇਂ, ਜਦੋਂ ਹਵਾ ਉਸਦੇ ਸਿਰ ਤੋਂ ਟੋਪੀ ਲਾਹ ਕੇ ਲੈ ਗਈ ਤੇ ਇਸਨੂੰ ਬਰਫ਼ ਉੱਤੇ ਜਾ ਸੁੱਟਿਆ, ਤਾਂ ਉਹ ਚਮਕਦੇ ਗੰਜ ‘ਤੇ ਚਾਂਦੀ ਰੰਗੀਆਂ ਲਿਟਾਂ ਨਾਲ਼ ਨੰਗੇ ਸਿਰ ਖੜ੍ਹਾ ਰਿਹਾ; ਉਸ ਵੇਲੇ ਉਹ ਸਾਦਾ ਪੇਂਡੂ ਪਵਿੱਤਰ ਮੂਰਤੀਆਂ ਵਿਚਲੇ ਸੰਤ ਨਿਕੋਲਸ ਵਾਂਗ ਲਗ ਰਿਹਾ ਸੀ । ਉਹ ਤੁਰ ਰਹੇ ਹਵਾਈ ਜਹਾਜ਼ ਨੂੰ ਹੱਥ ਹਿਲਾਉਂਦਾ ਉਥੇ ਖੜ੍ਹਾ ਰਿਹਾ – ਔਰਤਾਂ ਦੀ ਰੰਗ ਬਰੰਗੀ ਭੀੜ ਵਿੱਚ ਇੱਕੋ ਇੱਕ ਆਦਮੀ ।
ਝੀਲ ਦੀ ਬਰਫੀਲੀ ਸਤਹ ਤੋਂ ਉਠਦਾ ਦੇਗਤੀਆਰੈਨਕੋ ਹਵਾਈ ਜਹਾਜ਼ ਨੂੰ ਭੀੜ ਦੇ ਸਿਰਾਂ ਦੇ ਉਪਰੋਂ ਦੀ ਉਡਾ ਕੇ ਲੈ ਗਿਆ ਤੇ ਚੌਕਸੀ ਨਾਲ ਝੀਲ ਦੇ ਉੱਚੇ, ਡੂੰਘੇ ਕੰਢਿਆਂ ਦੀ ਆੜ ਵਿੱਚ ਝੀਲ ਦੇ ਨਾਲ ਨਾਲ ਉੱਡਣ ਲੱਗਾ, ਜਦ ਕਿ ਉਸਦੇ ਪਹੀਏ ਲਗਭਗ ਬਰਫ ਨੂੰ ਛੂਹ ਰਹੇ ਸਨ, ਤੇ ਜੰਗਲਾਂ ਵਾਲ਼ੇ ਟਾਪੂ ਦੇ ਪਿੱਛੇ ਲੋਪ ਹੋ ਗਿਆ । ਇਸ ਵਾਰੀ ਇਹ ਵਿੰਗ ਦਾ ਸਭ ਤੋਂ ਨਿਧੜਕ ਪਾਇਲਟ, ਜਿਹੜਾ ਹਵਾ ਵਿੱਚ ਅੰਧਾਧੁੰਦ ਹੋਣ ਕਰਕੇ ਆਪਣੇ ਉਪਰਲਿਆਂ ਤੋਂ ਕਈ ਵਾਰੀ ਝਾੜ ਖਾ ਚੁੱਕਾ ਸੀ, ਬੜੀ ਚੌਕਸੀ ਨਾਲ ਹਵਾਈ ਜਹਾਜ ਚਲਾ ਰਿਹਾ ਸੀ, ਉਹ ਉੱਡ ਨਹੀਂ ਸੀ ਰਿਹਾ, ਰੀਂਗ ਰਿਹਾ ਸੀ, ਜ਼ਮੀਨ ਨੂੰ ਛੂੰਹਦਾ ਹੋਇਆ, ਨਿੱਕੀਆਂ ਨਿੱਕੀਆਂ ਨਦੀਆਂ ਦੇ ਵਹਿਣਾਂ ਦੇ ਉਪਰੋਂ ਦੀ ਤੇ ਝੀਲਾਂ ਦੇ ਕੰਢਿਆਂ ਦੀ ਆੜ ਵਿੱਚ।
ਅਲੈਕਸੇਈ ਕੁਝ ਨਹੀਂ ਸੀ ਦੇਖ ਰਿਹਾ, ਕੁਝ ਨਹੀਂ ਸੀ ਸੁਣ ਰਿਹਾ। ਪੈਟਰੋਲ ਤੇ ਤੇਲ ਦੀ ਜਾਣੀ ਪਛਾਣੀ ਵਾਸ਼ਨਾਂ, ਤੇ ਉੱਡਣ ਦੇ ਅਹਿਸਾਸ ਦੀ ਖੁਸ਼ੀ ਨੇ ਉਸਨੂੰ ਬੇਹੋਸ਼ ਕਰ ਦਿੱਤਾ । ਉਹ ਸਿਰਫ ਉਦੋਂ ਹੋਸ਼ ਵਿੱਚ ਆਇਆ ਜਦੋਂ ਹਵਾਈ ਅੱਡੇ ਉੱਤੇ ਪੁੱਜ ਚੁੱਕਾ ਸੀ, ਜਦੋਂ ਉਸਦੇ ਸਟਰੈਚਰ ਨੂੰ ਹਵਾਈ ਜਹਾਜ਼ ਤੋਂ ਉਤਾਰਿਆ ਜਾ ਰਿਹਾ ਸੀ, ਤਾਂ ਕਿ ਇਸ ਨੂੰ ਰੈਡ ਕਰਾਸ ਦੇ ਤੇਜ਼-ਚਾਲ ਹਵਾਈ ਜਹਾਜ਼ ਵਿੱਚ ਲਿਜਾਇਆ ਜਾਏ, ਜਿਹੜਾ ਮਾਸਕੋ ਤੋਂ ਪਹੁੰਚ ਵੀ ਚੁੱਕਾ ਸੀ।
19
ਉਹ ਆਪਣੇ ਹਵਾਈ ਅੱਡੇ ਉੱਤੇ ਦਿਨ ਦੇ ਸਭ ਤੋਂ ਵੱਧ ਰੁਝੇਵੇਂ ਵਾਲੇ ਸਮੇਂ ਪੁੱਜਾ, ਜਿਸ ਵੇਲੇ ਇਹ ਆਪਣੀ ਪੂਰੀ ਸਮਰਥਾ ਅਨੁਸਾਰ ਕੰਮ ਕਰ ਰਿਹਾ ਸੀ, ਜਿਵੇਂ ਕਿ ਬਸੰਤ ਦੇ ਉਹਨਾਂ ਦਿਨਾਂ ਵਿਚ ਹਰ ਰੋਜ਼ ਹੀ ਹੁੰਦਾ ਸੀ।
ਇੰਜਣਾਂ ਦੀ ਗੜਗੜਾਹਟ ਇੱਕ ਘੜੀ ਲਈ ਵੀ ਨਹੀਂ ਸੀ ਰੁਕਦੀ। ਇੱਕ ਸੁਕਾਡਰਨ ਮੁੜ ਪੈਟਰੋਲ ਲੈਣ ਲਈ ਉੱਤਰਦਾ ਤਾਂ ਉਸਦੀ ਥਾਂ ਦੂਜਾ ਸੁਕਾਡਰਨ ਹਵਾ ਵਿੱਚ ਉੱਡ ਪੈਂਦਾ, ਤੇ ਫਿਰ ਉਸਦੀ ਥਾਂ ਤੀਜਾ ਸੁਕਾਡਰਨ ਲੈ ਲੈਂਦਾ । ਹਰ ਕੋਈ, ਪਾਇਲਟਾਂ ਤੋਂ ਲੈ ਕੇ ਪੈਟਰੋਲ ਦੀਆਂ ਟੈਂਕੀਆਂ ਦੇ ਡਰਾਈਵਰਾਂ ਤੇ ਸਟੋਰ ਕੀਪਰਾਂ ਤੱਕ, ਉਦੋਂ ਤੱਕ ਕੰਮ ਕਰਦੇ ਰਹਿੰਦੇ ਜਦੋਂ ਤੱਕ ਕਿ ਉਹ ਡਿੱਗ ਨਾ ਪੈਂਦੇ। ਚੀਫ ਆਫ ਸਟਾਫ ਦੀ ਅਵਾਜ਼ ਜਾਂਦੀ ਰਹੀ ਸੀ ਤੇ ਹੁਣ ਉਹ ਬੈਠੀ ਅਵਾਜ਼ ਵਿੱਚ ਬਸ ਫੁਸਫੁਸਾਉਂਦਾ ਹੀ ਸੀ ।
ਪਰ ਸਖ਼ਤ ਸਰਗਰਮੀ ਤੇ ਆਮ ਤਣਾਅ ਦੇ ਬਾਵਜੂਦ, ਸਾਰੇ ਹੀ ਬੜੀ ਤੀਬਰਤਾ ਨਾਲ ਮਰੇਸੇਯੇਵ ਦੇ ਪਹੁੰਚਣ ਦੀ ਤਾਂਘ ਲਾਈ ਬੈਠੇ ਸਨ।
“ਉਹ ਅਜੇ ਆਇਆ ਨਹੀ ?” ਆਪਣੇ ਹਵਾਈ ਜਹਾਜ਼ਾਂ ਨੂੰ ਉਹਨਾਂ ਦੀ ਓਟ ਤੱਕ ਲਿਜਾਣ ਤੋਂ ਵੀ ਪਹਿਲਾਂ, ਇੰਜਣਾਂ ਦੀ ਗੜਗੜਾਹਟ ਤੋਂ ਉੱਚਾ ਕੂਕਦੇ ਪਾਇਲਟ ਮਕੈਨਕਾਂ ਨੂੰ ਪੁੱਛਦੇ ।
“ਕੋਈ ਖ਼ਬਰ ਉਸਦੀ?” ਧਰਤੀ ਹੇਠ ਦੱਬੇ ਟੈਂਕਾਂ ਤੱਕ ਆਪਣੀਆਂ ਪੈਟਰੋਲ ਗੱਡੀਆਂ ਲਿਆਉਂਦੇ ਹੋਏ “ਪੈਟਰੋਲ ਮਾਲਕ” ਪੁੱਛਦੇ।
ਤੇ ਹਰ ਕਿਸੇ ਨੇ ਆਪਣੇ ਕੰਨ ਖੜ੍ਹੇ ਕੀਤੇ ਹੋਏ ਸਨ, ਇਹ ਸੁਣਨ ਲਈ ਕਿ ਵਿੰਗ ਦੇ ਜਾਣੇ ਪਛਾਣੇ ਰੈਡ ਕਰਾਸ ਹਵਾਈ ਜਹਾਜ਼ ਦੀ ਅਵਾਜ਼ ਜੰਗਲ ਦੇ ਉੱਪਰ ਦੀ ਆ ਰਹੀ ਹੈ ਜਾਂ ਨਹੀਂ।
ਜਦੋਂ ਅਲੈਕਸੇਈ ਹੋਸ਼ ਵਿੱਚ ਆਇਆ ਤੇ ਉਸਨੇ ਆਪਣੇ ਆਪ ਨੂੰ ਝੂਲਦੇ, ਸਪਰਿੰਗਦਾਰ ਸਟਰੈਚਰ ਉੱਤੇ ਦੇਖਿਆ, ਤਾਂ ਆਪਣੇ ਆਲੇ-ਦੁਆਲੇ ਉਸਨੂੰ ਵਾਕਫ ਚਿਹਰਿਆਂ ਦਾ ਤੰਗ ਘੇਰਾ ਦਿਖਾਈ ਦਿੱਤਾ। ਉਸਨੇ ਅੱਖਾਂ ਖੋਹਲੀਆਂ। ਭੀੜ ਵਿੱਚੋਂ ਖੁਸ਼ੀ ਦੀਆਂ ਕੂਕਾਂ ਸੁਣਾਈ ਦਿਤੀਆਂ। ਬਿਲਕੁਲ ਸਟਰੈਚਰ ਦੇ ਕੋਲ ਉਸਨੂੰ ਵਿੰਗ ਕਮਾਂਡਰ ਦਾ ਜਵਾਨ, ਕੱਸਿਆ ਹੋਇਆ ਮੂੰਹ, ਤੇ ਦੱਬੀ-ਘੁੱਟੀ ਮੁਸਕ੍ਰਾਹਟ ਦਿਖਾਈ ਦਿੱਤੀ । ਉਸਦੇ ਨਾਲ ਉਸਨੂੰ ਚੀਫ ਆਫ਼ ਸਟਾਫ਼ ਦਾ ਲਾਲ ਤੇ ਪਸੀਨੋ ਪਸੀਨਾ ਹੋਇਆ ਚਿਹਰਾ ਤੇ ਹਵਾਈ ਅੱਡੇ ਦੀ ਸੰਭਾਲ ਸੇਵਾ ਲਈ ਬਟਾਲੀਅਨ ਦੇ ਕਮਾਂਡਰ ਦਾ ਗੋਲ, ਭਰਵਾਂ ਪੀਲ਼ਾ ਪਿਆ ਹੋਇਆ ਚਿਹਰਾ ਦਿਖਾਈ ਦਿੱਤਾ, ਜਿਸਦੀ ਨਿਯਮਾਂ ਦੀ ਪਾਬੰਦੀ ਤੇ ਕੰਜੂਸੀ ਕਰਕੇ ਅਲੈਕਸੇਈ ਉਸਨੂੰ ਬਰਦਾਸ਼ਤ ਨਹੀਂ ਸੀ ਕਰ ਸਕਦਾ। ਕਿੰਨੇਂ ਜਾਣੇ ਪਛਾਣੇ ਚਿਹਰੇ ! ਸਟਰੈਚਰ ਨੂੰ ਅੱਗੋਂ ਯੂਰਾ ਨੇ ਚੁੱਕਿਆ ਹੋਇਆ ਸੀ, ਜਿਹੜਾ ਹਰ ਵਾਰੀ ਠੋਕਰ ਖਾ ਜਾਂਦਾ ਸੀ ਜਦੋਂ ਉਹ ਭੌਂ ਕੇ ਅਲੈਕਸੇਈ ਨੂੰ ਦੇਖਣ ਦੀ ਕੋਸ਼ਿਸ਼ ਕਰਦਾ ਸੀ। ਉਸਦੇ ਨਾਲ ਨਾਲ ਇੱਕ ਛੋਟੀ ਜਿਹੀ ਲਾਲ ਵਾਲਾਂ ਵਾਲੀ ਕੁੜੀ, ਰੁੱਤ-ਵਿਗਿਆਨਕ ਸਟੇਸ਼ਨ ਦੀ ਸਾਰਜੰਟ, ਕਾਹਲੀ ਕਾਹਲੀ ਜਾ ਰਹੀ ਸੀ। ਪਹਿਲਾ ਅਲੈਕਸੇਈ ਖਿਆਲ ਕਰਦਾ ਹੁੰਦਾ ਸੀ ਕਿ ਉਹ ਕਿਸੇ ਕਾਰਨ ਉਸਨੂੰ ਪਸੰਦ ਨਹੀਂ ਕਰਦੀ; ਉਹ ਉਸਦੀਆਂ ਨਜ਼ਰਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੀ ਹੁੰਦੀ ਸੀ, ਤੇ ਅਜੀਬ ਜਿਹੀਆਂ ਨਜ਼ਰਾਂ ਨਾਲ ਉਸਨੂੰ ਚੋਰੀ ਚੋਰੀ ਦੇਖਦੀ ਹੁੰਦੀ ਸੀ । ਉਹ ਮਜ਼ਾਕ ਨਾਲ ਉਸਨੂੰ “ਰੁੱਤ-ਵਿਗਿਆਨਕ ਸਾਰਜੰਟ” ਕਹਿੰਦਾ ਹੁੰਦਾ ਸੀ। ਉਸਦੇ ਨਾਲ ਨਾਲ ਹੌਲ਼ੀ ਹੌਲ਼ੀ ਕੁਕੁਸ਼ਕਿਨ ਚੱਲ ਰਿਹਾ ਸੀ, ਜਿਹੜਾ ਕਿ ਮਧਰਾ ਜਿਹਾ, ਅਣਭਾਉਂਦੇ, ਯਰਕਾਕ- ਮਾਰੇ ਚਿਹਰੇ ਵਾਲ਼ਾ ਆਦਮੀ ਸੀ, ਜਿਸ ਦੀਆਂ ਗ਼ੈਰ-ਮਿਲਣਸਾਰ ਆਦਤਾਂ ਕਰਕੇ ਸੁਕਾਡਰਨ ਵਿੱਚ ਉਸਨੂੰ ਕੋਈ ਵੀ ਪਸੰਦ ਨਹੀਂ ਸੀ ਕਰਦਾ। ਉਹ ਵੀ ਮੁਸਕਰਾ ਰਿਹਾ ਸੀ ਤੇ ਯੂਰਾ ਦੇ ਵੱਡੇ ਵੱਡੇ ਕਦਮਾਂ ਨਾਲ ਕਦਮ ਮਿਲਾ ਕੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਸੀ । ਮਰੇਸੇਯੇਵ ਨੂੰ ਯਾਦ ਆਇਆ ਕਿ ਆਪਣੀ ਆਖ਼ਰੀ ਉਡਾਣ ਤੋਂ ਪਹਿਲਾਂ, ਬਹੁਤ ਸਾਰੇ ਸਾਥੀਆਂ ਵਿਚਕਾਰ, ਉਸਨੇ ਕੁਕੂਸ਼ਕਿਨ ਨੂੰ ਤਾਅਨਾ ਮਾਰਿਆ ਸੀ ਕਿ ਉਸਨੇ ਉਸਦਾ ਕਰਜ਼ਾ ਵਾਪਸ ਨਹੀਂ ਸੀ ਕੀਤਾ, ਤੇ ਉਸਨੂੰ ਯਕੀਨ ਸੀ ਕਿ ਇਹ ਬਦਲਾਖੋਰ ਆਦਮੀ ਉਸਨੂੰ ਕਦੀ ਮੁਆਫ਼ ਨਹੀਂ ਕਰੇਗਾ। ਪਰ ਹੁਣ ਉਹ ਸਟਰੈਚਰ ਦੇ ਨਾਲ ਨਾਲ ਚੱਲ ਰਿਹਾ ਸੀ, ਬੜੇ ਧਿਆਨ ਨਾਲ ਇਸਨੂੰ ਸਹਾਰਾ ਦੇ ਰਿਹਾ ਸੀ, ਤੇ ਪਾਸਿਆਂ ਉੱਤੇ ਖੜ੍ਹੇ ਲੋਕਾਂ ਨੂੰ ਅਰਕਾਂ ਨਾਲ ਲਾਂਭੇ ਕਰ ਰਿਹਾ ਸੀ, ਤਾਂ ਕਿ ਉਹ ਕਿਤੇ ਧੱਕਾ ਨਾ ਮਾਰਨ।
ਅਲੈਕਸੇਈ ਨੂੰ ਕਦੀ ਸ਼ੱਕ ਵੀ ਨਹੀਂ ਸੀ ਹੋਇਆ ਕਿ ਉਸਦੇ ਏਨੇ ਸਾਰੇ ਦੋਸਤ ਹਨ। ਇਹੋ ਜਿਹੇ ਹੁੰਦੇ ਹਨ ਲੋਕ, ਜਦੋਂ ਉਹ ਸੱਚਮੁਚ ਆਪਣਾ ਅਸਲੀ ਰੂਪ ਦਿਖਾਉਂਦੇ ਹਨ ! ਹੁਣ ਉਸਨੂੰ “ਰੁੱਤ-ਵਿਗਿਆਨਕ ਸਾਰਜੰਟ” ਉੱਤੇ ਤਰਸ ਆ ਰਿਹਾ ਸੀ, ਜਿਹੜੀ ਪਤਾ ਨਹੀਂ ਕਿਉਂ ਉਸਤੋਂ ਡਰਦੀ ਰਹਿੰਦੀ ਸੀ; ਉਹ ਹਵਾਈ ਅੱਡੇ ਦੀ ਸੰਭਾਲ ਸੇਵਾ ਦੇ ਕਮਾਂਡਰ ਦੀ ਹਾਜ਼ਰੀ ਵਿੱਚ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰ ਰਿਹਾ ਸੀ, ਜਿਸਦੇ ਕੰਜੂਸਪੁਣੇ ਬਾਰੇ ਉਸਨੇ ਏਨੇਂ ਮਜ਼ਾਕ ਤੇ ਕਿੱਸੇ ਡਵੀਜ਼ਨ ਵਿੱਚ ਫੈਲਾਏ ਸਨ, ਤੇ ਉਸਨੂੰ ਮਹਿਸੂਸ ਹੋਇਆ ਕਿ ਜਿਵੇਂ ਉਹ ਕੁਕੁਸ਼ਕਿਨ ਤੋਂ ਮੁਆਫ਼ੀ ਮੰਗਣਾ ਚਾਹੁੰਦਾ ਹੋਵੇ ਤੇ ਮੁੰਡਿਆਂ ਨੂੰ ਇਹ ਦੱਸਣਾ ਚਾਹੁੰਦਾ ਹੋਵੇ ਕਿ ਉਹ ਆਖ਼ਰ ਏਨਾਂ ਅਣਭਾਉਂਦਾ ਤੇ ਗੈਰ ਮਿਲਣਸਾਰ ਆਦਮੀ ਨਹੀਂ ਹੈ। ਅਲੈਕਸੇਈ ਨੇ ਮਹਿਸੂਸ ਕੀਤਾ ਕਿ ਸਾਰੇ ਤਸੀਹਿਆਂ ਤੋਂ ਮਗਰੋਂ, ਜਿਹੜੇ ਉਸਨੇ ਝੱਲੇ ਸਨ, ਉਹ ਆਖ਼ਰ ਖ਼ੁਦ ਆਪਣੇ ਪਰਿਵਾਰ ਵਿੱਚ ਆ ਗਿਆ ਸੀ, ਜਿੱਥੇ ਹਰ ਕੋਈ ਉਸਦੀ ਵਾਪਸੀ ਉੱਤੇ ਸੱਚੇ ਦਿਲੋ ਖੁਸ਼ੀ ਮਨਾ ਰਿਹਾ ਸੀ ।
“ਸਾਥੀ ਮੇਜਰ,” ਮਰੇਸੇਯੇਵ ਨੇ ਜਿੱਥੋਂ ਤੱਕ ਹੋ ਸਕਦਾ ਸੀ ਉੱਚਾ ਤੇ ਵਿਸ਼ਵਾਸ ਨਾਲ ਬੋਲਦਿਆਂ ਅਚਨਚੇਤ ਵਿੰਗ ਕਮਾਂਡਰ ਨੂੰ ਸੰਬੋਧਨ ਕੀਤਾ।
ਵਿੰਗ ਕਮਾਂਡਰ ਆਪਣੀ ਰਵਾਇਤੀ ਚੁੱਪ, ਬੁਝਾਰਤੀ ਮੁਸਕਾਨ ਨਾਲ ਅਲੈਕਸੇਈ ਉੱਪਰ ਝੁਕਿਆ।
“ਸਾਥੀ ਮੇਜਰ ਮੈਨੂੰ ਆਗਿਆ ਦਿਓ ਕਿ ਮੈਂ ਮਾਸਕੋ ਨਾ ਜਾਵਾਂ ਸਗੋਂ ਇਥੇ ਹੀ ਰਹਾਂ, ਤੁਹਾਡੇ ਕੋਲ…”
ਕਮਾਂਡਰ ਨੇ ਆਪਣੀ ਟੋਪੀ ਲਾਹ ਲਈ ਜਿਹੜੀ ਉਸਦੇ ਸੁਣਨ ਵਿੱਚ ਵਿਘਨ ਪਾ ਰਹੀ मी।
“ਮੈਂ ਮਾਸਕੋ ਨਹੀ ਜਾਣਾ ਚਾਹੁੰਦਾ। ਮੈਂ ਇੱਥੇ ਰਹਿਣਾ ਚਾਹੁੰਦਾ ਹਾਂ, ਮੈਡੀਕਲ ਬਟਾਲੀਅਨ ਵਿੱਚ…”
ਮੇਜਰ ਨੇ ਆਪਣਾ ਜੱਤ ਦਾ ਦਸਤਾਨਾ ਲਾਹਿਆ, ਕੰਬਲ ਦੇ ਹੇਠਾਂ ਅਲੈਕਸੇਈ ਦਾ ਹੱਥ ਟੋਲਿਆ ਤੇ ਇਸਨੂੰ ਦਬਾਉਂਦਿਆਂ ਬੋਲਿਆ:
“ਤੂੰ ਅਜੀਬ ਆਦਮੀ ਏ ! ਤੈਨੂੰ ਸੱਚਮੁਚ ਦੇ, ਗੰਭੀਰ ਇਲਾਜ ਦੀ ਲੋੜ ਏ।”
ਅਲੈਕਸੇਈ ਨੇ ਸਿਰ ਮਾਰਿਆ। ਇਥੇ ਏਨਾਂ ਚੰਗਾ ਤੇ ਅਰਾਮਦੇਹ ਲੱਗਦਾ ਸੀ । ਹੁਣ ਨਾ ਉਹ ਸਾਰਾ ਕੁਝ, ਜਿਸ ਥਾਣੀਂ ਉਹ ਲੰਘਿਆ ਸੀ, ਨਾ ਹੀ ਆਪਣੇ ਪੈਰਾਂ ਵਿਚਲੀ ਪੀੜ ਉਸਨੂੰ ਭਿਆਨਕ ਲੱਗ ਰਹੀ ਸੀ।
“ਇਹ ਕੀ ਕਹਿ ਰਿਹਾ ਹੈ ?” ਚੀਫ ਆਫ਼ ਸਟਾਫ਼ ਨੇ ਆਪਣੀ ਬੈਠੀ ਅਵਾਜ਼ ਵਿੱਚ ਪੁੱਛਿਆ।
“ਇਹ ਇਥੇ ਸਾਡੇ ਕੋਲ ਰਹਿਣਾ ਚਾਹੁੰਦੈ,” ਕਮਾਂਡਰ ਨੇ ਮੁਸਕ੍ਰਾਉਂਦਿਆਂ ਕਿਹਾ।
ਤੇ ਉਸ ਵੇਲੇ ਉਸਦੀ ਮੁਸਕਾਨ ਬੁਝਾਰਤੀ ਨਹੀਂ ਸੀ, ਜਿਵੇਂ ਕਿ ਇਹ ਹਮੇਸ਼ਾ ਹੁੰਦੀ ਸੀ, ਸਗੋਂ ਦੋਸਤਾਨਾ ਤੇ ਉਦਾਸ ਸੀ।
“ਮੂਰਖ! ਰੋਮਾਂਟਿਕ! ‘ਪਾਇਨੀਅਰਸਕਾਯਾ ਪਰਾਵਦਾ’ ਲਈ ਇੱਕ ਮਿਸਾਲ,” ਚੀਫ ਆਫ ਸਟਾਫ਼ ਬੋਲਿਆ। “ਉਹ ਖ਼ੁਦ ਫੌਜ ਦੇ ਕਮਾਂਡਰ ਦੇ ਹੁਕਮ ਨਾਲ ਇਸ ਲਈ ਮਾਸਕੋ ਤੋਂ ਹਵਾਈ ਜਹਾਜ਼ ਭੇਜਣ ਦਾ ਇਸਨੂੰ ਮਾਣ ਦੇ ਰਹੇ ਨੇ, ਤੇ ਇਹ ਤੁਹਾਡਾ ਇਸ ਬਾਰੇ ਕੀ ਖਿਆਲ ਹੈ?…”
ਮਰੇਸੇਯੇਵ ਜਵਾਬ ਦੇਣਾ ਤੇ ਕਹਿਣਾ ਚਾਹੁੰਦਾ ਸੀ ਕਿ ਉਹ ਰੋਮਾਂਟਿਕ ਨਹੀਂ, ਕਿ ਉਸਨੂੰ ਸਿਰਫ ਇਸ ਗੱਲ ਦਾ ਯਕੀਨ ਹੈ ਕਿ ਇਥੇ, ਡਾਕਟਰੀ ਕੈਂਪ ਵਿੱਚ, ਜਿਥੇ ਨੁਕਸਾਨ ਪੁੱਜੇ ਹਵਾਈ ਜਹਾਜ਼ ਨਾਲ ਸੰਕਟ ਦੀਆਂ ਹਾਲਤਾਂ ਵਿਚ ਉਤਰਨ ਪਿੱਛੋਂ ਮਚਕੋੜੇ ਗਿੱਟੇ ਨਾਲ ਉਸਨੇ ਕੁਝ ਦਿਨ ਕੱਟੇ ਸਨ, ਇਥੇ ਜਾਣੇ-ਪਛਾਣੇ ਮਾਹੌਲ ਵਿੱਚ, ਉਹ ਮਾਸਕੋ ਦੇ ਕਲੀਨਿਕ ਦੀਆਂ ਅਣਜਾਣੀਆਂ ਮੁਸ਼ਕਲਾਂ ਵਿੱਚ ਰਹਿਣ ਨਾਲ਼ੋਂ ਕਿਤੇ ਜਲਦੀ ਰਾਜ਼ੀ ਹੋਵੇਗਾ। ਉਸਨੇ ਉਹ ਲਫ਼ਜ਼ ਵੀ ਸੋਚ ਲਏ ਹੋਏ ਸਨ ਜਿਨਾਂ ਨਾਲ ਚੀਫ ਆਫ ਸਟਾਫ ਨੂੰ ਕਾਟਵਾਂ ਜਵਾਬ ਦਿੱਤਾ ਜਾ ਸਕਦਾ ਸੀ, ਪਰ ਇਸਤੋਂ ਪਹਿਲਾਂ ਕਿ ਉਹ ਉਹਨਾਂ ਲਫਜ਼ਾਂ ਨੂੰ ਮੂੰਹੋਂ ਕੱਢ ਸਕਦਾ, ਖ਼ਤਰੇ ਦਾ ਧੂਤੂ ਆਪਣੀ ਵਿਰਲਾਪੀ ਅਵਾਜ਼ ਵਿੱਚ ਬੋਲ ਉਠਿਆ।
ਹਰ ਚਿਹਰੇ ਉੱਤੇ ਇੱਕਦਮ ਕਾਰੋਬਾਰੀ, ਫਰਜ਼ ਪਾਲਣਾ ਦਾ ਹਾਵਭਾਵ ਆ ਗਿਆ। ਮੇਜਰ ਨੇ ਕਈ ਸੰਖੇਪ ਹੁਕਮ ਦਿੱਤੇ ਤੇ ਆਦਮੀ ਕੀੜੀਆਂ ਵਾਂਗ ਇੱਧਰ-ਉਧਰ ਜਾਣ ਲੱਗ ਪਏ; ਕੁਝ ਬੰਦੇ ਜੰਗਲ ਦੇ ਕਿਨਾਰੇ ਓਟ ਵਿੱਚ ਖੜ੍ਹੇ ਹਵਾਈ ਜਹਾਜ਼ਾਂ ਵੱਲ ਦੌੜੇ, ਤੇ ਕੁਝ ਬੰਦੇ ਉਸ ਭੋਰੇ ਕੋਲ਼ ਚਲੇ ਗਏ ਜਿਥੇ ਕਮਾਨ ਪੋਸਟ ਦਾ ਟਿਕਾਣਾ ਸੀ, ਤੇ ਜਿਹੜਾ ਮੈਦਾਨ ਦੇ ਸਿਰੇ ਉੱਤੇ ਟਿੱਲੇ ਦੇ ਰੂਪ ਵਿੱਚ ਦਿਖਾਈ ਦੇ ਰਿਹਾ ਸੀ, ਤੇ ਕੁਝ ਬੰਦੇ ਜੰਗਲ ਵਿੱਚ ਲੁਕੀਆਂ ਗੱਡੀਆਂ ਤੱਕ ਪਹੁੰਚ ਗਏ । ਅਲੈਕਸੇਈ ਨੂੰ ਅਕਾਸ਼ ਵਿੱਚ ਧੂਏਂ ਦੀ ਇੱਕ ਸਪਸ਼ਟ ਲਕੀਰ ਦਿਖਾਈ ਦਿੱਤੀ ਤੇ ਬਹੁਪੂਛੀ ਰਾਕਟ ਦਾ ਦੁਧੀਆ ਜਿਹਾ, ਹੌਲ਼ੀ ਹੌਲ਼ੀ ਮਿਟਦਾ ਨਿਸ਼ਾਨ ਨਜ਼ਰੀ ਪਿਆ। ਉਸਨੇ ਸਮਝ ਲਿਆ ਕਿ ਇਸਦਾ ਮਤਲਬ ਹੈ: “ਖ਼ਬਰਦਾਰ।”
ਉਸਦਾ ਦਿਲ ਧਕ-ਧਕ ਕਰਨ ਲੱਗਾ, ਉਸਦੀਆਂ ਨਾਸਾਂ ਫਰਕਣ ਲੱਗੀਆਂ, ਤੇ ਉਸਨੂੰ ਆਪਣੀ ਕੰਗਰੋੜ ਵਿੱਚ ਠੰਡੀ ਜਿਹੀ ਕੰਬਣੀ ਦੌੜਦੀ ਮਹਿਸੂਸ ਹੋਈ ਜਿਵੇਂ ਕਿ ਖ਼ਤਰੇ ਦੀਆਂ ਘੜੀਆਂ ਵਿੱਚ ਉਹ ਹਮੇਸ਼ਾਂ ਮਹਿਸੂਸ ਕਰਦਾ ਸੀ । ਲੇਨਚਕਾ, ਮਕੈਨਿਕ ਯੂਰਾ ਤੇ “ਰੁੱਤ-ਵਿਗਿਆਨਕ ਸਾਰਜੰਟ ਨੇ, ਜਿਨ੍ਹਾਂ ਕੋਲ ਕਿ ਖ਼ਤਰੇ ਦਾ ਧੂਤੂ ਵੱਜਣ ਪਿੱਛੋਂ ਹਵਾਈ ਅੱਡੇ ਉੱਪਰ ਪੈਦਾ ਹੋਈ ਤੇਜ਼ ਭੱਜ-ਦੌੜ ਵਿੱਚ ਕਰਨ ਵਾਲ਼ਾ ਕੋਈ ਖਾਸ ਕੰਮ ਨਹੀਂ ਸੀ, ਸਟਰੈਚਰ ਨੂੰ ਕਾਹਲੀ ਨਾਲ ਫੜਿਆ ਤੇ ਤਿੰਨੇ ਹੀ ਜੰਗਲ ਦੇ ਕਿਨਾਰੇ ਦੀ ਨੇੜੇ ਤੋਂ ਨੇੜੇ ਦੀ ਥਾਂ ਵੱਲ ਨੂੰ ਦੌੜ ਪਏ; ਉਹ ਕਦਮ ਮਿਲਾ ਕੇ ਦੌੜਨ ਦੀ ਕੋਸ਼ਿਸ਼ ਕਰ ਰਹੇ ਸਨ ਪਰ, ਬੇਸ਼ਕ, ਉਤੇਜਨਾ ਕਾਰਨ ਸਫਲ ਨਹੀਂ ਸਨ ਹੋ ਰਹੇ।
ਅਲੈਕਸੇਈ ਕੱਰਾਹੁਣ ਲੱਗਾ । ਉਹ ਤੁਰਨ ਲੱਗ ਪਏ । ਦੂਰ ਸਵੈਕਾਰ ਹਵਾਮਾਰ ਤੋਪਾਂ ਪਹਿਲਾਂ ਹੀ ਤੇਜ਼ ਤੇਜ਼ ਚੱਲਣ ਲੱਗ ਪਈਆਂ ਸਨ । ਹਵਾਈ ਜਹਾਜ਼ਾਂ ਦੇ ਦਸਤੇ ਇੱਕ ਇੱਕ ਕਰਕੇ ਰੀਂਗਦੇ ਹੋਏ ਰੱਨ-ਵੇ ਤੱਕ ਆਉਂਦੇ ਤੇ ਉੱਡ ਪੈਂਦੇ। ਉਹਨਾਂ ਦੇ ਇੰਜਨਾਂ ਦੀਆਂ ਜਾਣੀਆਂ ਪਛਾਣੀਆਂ ਅਵਾਜ਼ਾਂ ਤੋਂ ਉੱਚੀ ਉਸਨੂੰ ਜੰਗਲ ਵੱਲੋਂ ਆਉਂਦੀ ਬੇਕਾਇਦਾ, ਉੱਚੀ ਨੀਵੀਂ ਹੁੰਦੀ ਭਿਣਕਵੀਂ ਅਵਾਜ਼ ਸੁਣਾਈ ਦਿੱਤੀ ਜਿਸ ਨਾਲ ਉਸਦੇ ਪੱਠੇ ਆਪਣੇ ਆਪ ਕੱਸੇ ਹੋਏ ਸਪਰਿੰਗ ਵਾਂਗ ਤਣ ਗਏ । ਤੇ ਸਟਰੈਚਰ ਨਾਲ਼ ਬੱਝਾ ਇਹ ਆਦਮੀ ਕਲਪਨਾ ਕਰਨ ਲੱਗਾ ਕਿ ਉਹ ਦੁਸ਼ਮਨ ਦਾ ਟਾਕਰਾ ਕਰਨ ਜਾ ਰਹੇ ਲੜਾਕਾ ਹਵਾਈ ਜਹਾਜ਼ ਦੀ ਕਾਕਪਿੱਟ ਵਿੱਚ ਹੈ।
ਸਟਰੈਚਰ ਤੰਗ ਖਾਈ ਵਿੱਚ ਨਹੀਂ ਸੀ ਜਾਂਦਾ । ਯੂਰਾ ਤੇ ਕੁੜੀਆਂ ਉਸਨੂੰ ਆਪਣੀਆਂ ਬਾਹਵਾਂ ਵਿਚ ਚੁੱਕ ਕੇ ਖਾਈ ਵਿੱਚ ਲਿਜਾਣਾ ਚਾਹੁੰਦੇ ਸਨ, ਪਰ ਅਲੈਕਸੇਈ ਨੇ ਰੋਸ ਪ੍ਰਗਟ ਕੀਤਾ ਤੇ ਮੰਗ ਕੀਤੀ ਕਿ ਸਟਰੈਚਰ ਨੂੰ ਇੱਕ ਵੱਡੇ ਸਾਰੇ, ਤਗੜੇ ਬਰਚੇ ਦੇ ਦਰਖਤ ਹੇਠਾਂ ਜੰਗਲ ਦੇ ਕਿਨਾਰੇ ਉੱਤੇ ਰੱਖ ਦਿੱਤਾ ਜਾਏ। ਉਥੇ ਪਏ ਨੇ ਉਸਨੇ ਉਹ ਘਟਨਾਵਾਂ ਦੇਖੀਆਂ ਜਿਹੜੀਆਂ ਡੂੰਘੇ ਸੁਪਨੇ ਦੀ ਤੇਜ਼ੀ ਨਾਲ ਵਾਪਰ ਰਹੀਆਂ ਸਨ । ਪਾਇਲਟਾਂ ਨੂੰ ਜ਼ਮੀਨ ਤੋਂ ਹਵਾਈ ਲੜਾਈ ਦੇਖਣ ਦੇ ਮੌਕੇ ਬਹੁਤ ਘੱਟ ਮਿਲਦੇ ਹਨ। ਮਰੇਸੇਯੇਵ ਜੰਗ ਦੇ ਪਹਿਲੇ ਦਿਨ ਤੋਂ ਹੀ ਵਾਯੂ ਸੈਨਾ ਵਿਚ ਰਹਿ ਕੇ ਲੜਦਾ ਰਿਹਾ ਸੀ, ਪਰ ਉਸਨੇ ਜ਼ਮੀਨ ਤੋਂ ਹਵਾਈ ਲੜਾਈ ਕਦੀ ਨਹੀਂ ਸੀ ਦੇਖੀ। ਤੇ ਹੁਣ ਜਦ ਕਿ ਉਹ ਹਵਾਈ ਜਹਾਜ਼ ਵਿੱਚ ਬਿਜਲੀ ਦੀ ਰਫਤਾਰ ਦਾ ਆਦੀ ਹੋ ਚੁੱਕਾ ਸੀ, ਉਹ ਹੈਰਾਨ ਰਹਿ ਗਿਆ ਕਿ ਜ਼ਮੀਨ ਤੋਂ ਦੇਖਿਆ ਹਵਾਈ ਲੜਾਈ ਕਿੰਨੀ ਮੱਧਮ-ਚਾਲ ਤੇ ਨਿਰਹਾਨੀ ਲਗਦੀ ਹੈ, ਪੁਰਾਣੇ, ਫੀਨ੍ਹੇ ਨੱਕਾਂ ਵਾਲੇ ਲੜਾਕਾ ਹਵਾਈ ਜਹਾਜ਼ਾਂ ਦੀਆਂ ਹਰਕਤਾਂ ਕਿੰਨੀਆਂ ਢਿੱਲੀਆਂ-ਮੱਠੀਆਂ ਲੱਗਦੀਆਂ ਹਨ ਤੇ ਉੱਪਰੋ ਆ ਰਹੀ ਉਹਨਾਂ ਦੀਆਂ ਮਸ਼ੀਨ-ਗੰਨਾਂ ਦੀ ਤੜ-ਤੜ ਕਿੰਨੀ ਹਾਨੀਰਹਿਤ ਲੱਗਦੀ ਹੈ, ਜਿਸਤੋਂ ਉਸਨੂੰ ਕਿਸੇ ਘਰੇਲੂ ਚੀਜ਼ ਦੀ ਯਾਦ ਆ ਗਈ- ਕੱਪੜੇ ਸਿਊਣ ਵਾਲ਼ੀ ਮਸ਼ੀਨ ਦੇ ਚੱਲਣ ਦੀ, ਜਾਂ ਕੱਪੜੇ ਪਾੜਨ ਵੇਲੇ ਆਉਂਦੀ ਅਵਾਜ਼ ਦੀ।
ਸਾਰਸਾਂ ਵਾਂਗ ਕਤਾਰ ਬਣਾਈ ਬਾਰ੍ਹਾਂ ਜਰਮਨ ਬੰਬਰ ਹਵਾਈ ਅੱਡੇ ਦੇ ਕੋਲ਼ੋਂ ਦੀ ਲੰਘੇ ਤੇ ਸੂਰਜ ਦੀਆਂ ਤੇਜ਼ ਕਿਰਨਾਂ ਵਿੱਚ ਲੋਪ ਹੋ ਗਏ, ਜੋ ਕਿ ਹੁਣ ਸਿਰ ਉੱਤੇ ਆ ਚੁੱਕਾ ਸੀ । ਬੱਦਲਾਂ ਦੇ ਪਿੱਛੋਂ, ਜਿਨ੍ਹਾਂ ਦੇ ਕਿਨਾਰੇ ਧੁੱਪ ਨਾਲ ਏਨੇਂ ਚੁੰਧਿਆਉਣ ਵਾਲ਼ੇ ਹੋਏ ਹੋਏ ਸਨ ਕਿ ਉਹਨਾਂ ਵੱਲ ਦੇਖਿਆ ਅੱਖਾਂ ਦੁਖਣ ਲੱਗ ਪੈਂਦੀਆਂ ਸਨ, ਭੌਰਿਆਂ ਦੀ ਭਿਣਕ ਵਰਗੀ ਇੰਜਣਾਂ ਦੀ ਗੂੰਜਾਰ ਸੁਣਾਈ ਦੇ ਰਹੀ ਸੀ।
ਜੰਗਲ ਵਿੱਚ ਸਵੈਕਾਰ ਹਵਾਮਾਰ ਤੋਪਾਂ ਪਹਿਲਾਂ ਨਾਲੋਂ ਵਧੇਰੇ ਕ੍ਰੋਧ ਵਿੱਚ ਆ ਕੇ ਗਰਜ਼ ਤੇ ਗੁੱਰਾ ਰਹੀਆਂ ਸਨ। ਉਹਨਾਂ ਦੇ ਫਟ ਰਹੇ ਗੋਲਿਆਂ ਦਾ ਧੂੰਆਂ ਅਕਾਸ਼ ਵਿਚ ਡੈਂਡੇਲੀਅਨ ਦੇ ਲੂੰ ਦਾਰ ਬੀਆਂ ਵਾਂਗ ਤਰ ਰਿਹਾ ਸੀ । ਪਰ ਲੜਾਕਾ ਹਵਾਈ ਜਹਾਜ਼ ਦੇ ਪਰਾਂ ਦੇ ਕਦੀ ਕਦੀ ਪੈਂਦੇ ਲਿਸ਼ਕਾਰੇ ਤੋਂ ਛੁੱਟ ਕੁਝ ਨਹੀਂ ਸੀ ਦਿਖਾਈ ਦੇ ਰਿਹਾ।
ਹੁਣ ਵਧੇਰੇ ਵਾਰੀ ਭੌਰਿਆਂ ਦੀ ਭਿਣਕ ਵਿਚਕਾਰ ਕੱਪੜੇ ਪਾੜਨ ਦੀ ਅਵਾਜ਼ ਆ ਰਹੀ ਸੀ : ਰ-ਰ-ਰਿ-ਪ, ਰ-ਰ-ਰਿ-ਪ, ਰ-ਰ-ਰਿਪ! ਅੱਖਾਂ ਚੁੰਧਿਆਉਂਦੀਆਂ ਕਿਰਨਾਂ ਵਿਚਕਾਰ ਜ਼ੋਰ-ਜ਼ੋਰ ਨਾਲ ਲੜਾਈ ਚੱਲ ਰਹੀ ਸੀ, ਪਰ ਜ਼ਮੀਨ ਤੋਂ ਇਹ ਉਸਤੋਂ ਏਨੀਂ ਵੱਖਰੀ ਲੱਗਦੀ ਸੀ, ਜਿਸ ਤਰ੍ਹਾਂ ਦੀ ਕਿ ਲੜਾਈ ਵਿੱਚ ਸ਼ਾਮਲ ਬੰਦੇ ਦੇਖਦੇ ਹਨ, ਤੇ ਏਨੀਂ ਤੁੱਛ ਤੇ ਗੈਰ-ਦਿਲਚਸਪ ਲੱਗਦੀ ਸੀ ਕਿ ਅਲੈਕਸਈ ਬਿਲਕੁਲ ਉਤੇਜਨਾ ਤੋਂ ਬਿਨਾਂ ਇਹ ਦੇਖਦਾ ਰਿਹਾ।
ਇਥੋਂ ਤੱਕ ਕਿ ਜਦੋਂ ਉਪਰੋਂ ਲਗਾਤਾਰ ਉੱਚੀ ਹੁੰਦੀ ਜਾਂਦੀ ਤਿੱਖੀ ਕਰੀਚਵੀਂ ਅਵਾਜ਼ ਸੁਣਾਈ ਦਿੱਤੀ ਤੇ ਬੜੀ ਤੇਜ਼ੀ ਨਾਲ਼ ਵੱਡੇ ਹੁੰਦੇ ਜਾਂਦੇ ਬੰਬਾਂ ਦੀ ਕਤਾਰ ਬਰੁਸ਼ ਵਿੱਚੋਂ ਡਿੱਗਦੇ ਕਾਲੇ ਤੁਪਕਿਆਂ ਵਾਂਗ ਹੇਠਾਂ ਨੂੰ ਆਈ, ਤਾਂ ਵੀ ਅਲੈਕਸੇਈ ਨਾ ਡਰਿਆ ਤੇ ਇਹ ਦੇਖਣ ਲਈ ਉਸਨੇ ਆਪਣਾ ਸਿਰ ਜ਼ਰਾ ਕੁ ਚੁੱਕ ਲਿਆ ਕਿ ਉਹ ਕਿਥੇ ਡਿੱਗਦੇ ਹਨ ।
ਇਸ ਘੜੀ “ਰੁੱਤ-ਵਿਗਿਆਨਕ ਸਾਰਜੰਟ” ਦੇ ਵਿਹਾਰ ਨੇ ਅਲੈਕਸੇਈ ਨੂੰ ਹੈਰਾਨ ਕਰ ਦਿੱਤਾ। ਜਦੋਂ ਬੰਬਾਂ ਦੀ ਚੀਕਵੀਂ ਅਵਾਜ ਸਿਖਰ ਉੱਤੇ ਪੁੱਜੀ ਤਾਂ ਇਹ ਕੁੜੀ, ਜਿਹੜੀ ਲੱਕ ਤੱਕ ਖਾਈ ਵਿੱਚ ਖੜ੍ਹੀ ਸੀ ਤੇ ਹਮੇਸ਼ਾ ਵਾਂਗ ਚੋਰੀ ਚੋਰੀ ਉਸ ਵੱਲ ਦੇਖ ਰਹੀ ਸੀ, ਦੌੜਦੀ ਹੋਈ ਸਟਰੈਚਰ ਵੱਲ ਆਈ, ਜ਼ਮੀਨ ਉੱਤੇ ਡਿੱਗ ਪਈ ਤੇ, ਡਰ ਤੇ ਘਬਰਾਹਟ ਨਾਲ ਕੰਬਦੀ ਨੇ, ਅਲੈਕਸੇਈ ਨੂੰ ਆਪਣੇ ਸਰੀਰ ਨਾਲ ਢੱਕ ਲਿਆ।
ਘੜੀ ਪਲ ਲਈ ਅਲੈਕਸੇਈ ਨੂੰ ਖ਼ੁਦ ਆਪਣੀਆਂ ਅੱਖਾਂ ਦੇ ਨੇੜੇ ਇੱਕ ਸੰਵਲਾਇਆ ਹੋਇਆ, ਬਿਲਕੁਲ ਬਚਗਾਨਾ ਚਿਹਰਾ, ਲਾਲ ਬੁੱਲ੍ਹ ਤੇ ਚਪਟਾ ਜਿਹਾ ਨੱਕ ਦਿਖਾਈ ਦਿੱਤਾ। ਵਿਸਫੋਟ ਦੀ ਗੂੰਜ ਜੰਗਲ ਵਿੱਚੋਂ ਕਿਤੋਂ ਆਈ, ਤੇ ਇਸਦੇ ਇੱਕਦਮ ਮਗਰੋਂ ਦੂਜੇ, ਤੀਜੇ, ਚੌਥੇ ਵਿਸਫੋਟ ਦੀ ਗੂੰਜ ਸੁਣਾਈ ਦਿੱਤੀ । ਪੰਜਵੇਂ ਦੀ ਗੂੰਜ ਏਨੀ ਭਿਆਨਕ ਸੀ ਕਿ ਧਰਤੀ ਕੰਬ ਗਈ ਤੇ ਝੂਲਣ ਲੱਗੀ। ਜਿਸ ਦਰਖਤ ਹੇਠ ਅਲੈਕਸੇਈ ਪਿਆ ਸੀ, ਉਸਦੀ ਟੀਸੀ ਬੰਬ ਦੀ ਪਚਰ ਨਾਲ਼ ਕੱਟੀ ਹੋਈ ਧੜਮ ਕਰਕੇ ਹੇਠਾਂ ਜ਼ਮੀਨ ਉੱਤੇ ਆ ਪਈ। ਉਸਨੇ ਫਿਰ ਕੁੜੀ ਦਾ ਪੀਲ਼ਾ, ਭੈ-ਭੀਤ ਹੋਇਆ ਚਿਹਰਾ ਦੇਖਿਆ ਤੇ ਆਪਣੀ ਗੱਲ੍ਹ ਦੇ ਨਾਲ ਉਸਦੀ ਠੰਡੀ ਗੱਲ੍ਹ ਮਹਿਸੂਸ ਕੀਤੀ; ਤੇ ਬੰਬਾਂ ਦੀਆਂ ਦੋ ਲੜੀਆਂ ਦੇ ਵਿਸਫੋਟਾਂ ਵਿਚਲੇ ਵਕਫੇ ਦੇ ਦੌਰਾਨ ਇਹ ਡਰੀ ਹੋਈ ਕੁੜੀ ਫੁਸਫਸਾਉਂਦੀ ਬੋਲ ਰਹੀ ਸੀ:
“ਪਿਆਰੇ !…ਪਿਆਰੇ !”
ਬੰਬਾਂ ਦੀ ਇਕ ਹੋਰ ਲੜੀ ਨੇ ਭਿਆਨਕ ਗਰਜ ਨਾਲ ਧਰਤੀ ਹਿਲਾ ਦਿੱਤੀ, ਤੇ ਇੰਝ ਲੱਗਦਾ ਸੀ ਜਿਵੇਂ ਸਾਰੇ ਦਰਖ਼ਤ ਜ਼ਮੀਨ ਵਿੱਚੋਂ ਨਿਕਲ ਕੇ ਹਵਾਈ ਅੱਡੇ ਉਪਰਲੇ ਅਕਾਸ਼ ਵਿੱਚ ਉੱਡ ਗਏ ਹੋਣ, ਉਹਨਾਂ ਦੀਆਂ ਟੀਸੀਆਂ ਟੁੱਟ ਕੇ ਵੱਖ ਹੋ ਗਈਆਂ, ਤੇ ਫਿਰ ਜੰਮੀ ਹੋਈ ਮਿੱਟੀ ਦੇ ਢੇਲੇ ਗੂੰਜਵੀਂ ਗੜਗੜ ਨਾਲ ਹੇਠਾਂ ਜ਼ਮੀਨ ਉੱਤੇ ਆ ਡਿੱਗੇ, ਤੇ ਹਵਾ ਵਿੱਚ ਸਿਰਫ ਭੂਰੇ ਜਿਹੇ, ਤੇਜ਼ ਧੂੰਏਂ ਦੀ ਲਕੀਰ ਰਹਿ ਗਈ, ਜਿਸਤੋਂ ਲਸਣ ਦੀ ਵਾਸ਼ਨਾ ਆ ਰਹੀ मी।
ਜਦੋਂ ਧੂੰਆਂ ਖਿੰਡ ਗਿਆ, ਤਾਂ ਚਾਰ ਚੁਫੇਰੇ ਪਹਿਲਾਂ ਹੀ ਚੁੱਪ ਵਾਪਰ ਚੁੱਕੀ ਸੀ । ਹਵਾਈ ਲੜਾਈ ਦੀਆਂ ਅਵਾਜ਼ਾਂ ਜੰਗਲ ਤੋਂ ਪਿੱਛੋਂ ਕਿਤੋਂ ਮਸਾਂ ਹੀ ਸੁਣਾਈ ਦੇਂਦੀਆਂ ਸਨ । ਕੁੜੀ ਪਹਿਲਾਂ ਹੀ ਉੱਛਲ ਕੇ ਆਪਣੇ ਪੈਰਾਂ ਉੱਤੇ ਖੜ੍ਹੀ ਹੋ ਚੁੱਕੀ ਸੀ; ਹੁਣ ਉਸਦੀਆਂ ਗੱਲ੍ਹਾਂ ਪੀਲੀਆਂ ਨਹੀਂ ਸਨ, ਸਗੋਂ ਲਾਲ ਹੋ ਗਈਆਂ ਸਨ । ਸ਼ਰਮ ਨਾਲ ਲਾਲ-ਸੂਹੀ ਹੁੰਦਿਆ ਤੇ ਰੋਣ ਲਈ ਬਿਲਕੁਲ ਤਿਆਰ ਲੱਗਦੀ ਨੇ, ਆਪਣੀਆਂ ਅੱਖਾਂ ਅਲੈਕਸੇਈ ਤੋਂ ਦੂਰ ਰੱਖਦਿਆਂ, ਉਸ ਮੁਆਫ਼ੀ ਮੰਗਦੇ ਅੰਦਾਜ਼ ਨਾਲ ਕਿਹਾ:
“ਮੈਂ ਤੁਹਾਨੂੰ ਤਕਲੀਫ ਤਾਂ ਨਹੀਂ ਪੁਚਾਈ ? ਮੈਂ ਵੀ ਕਿਆ ਮੂਰਖ ਹਾਂ, ਹੇ ਪ੍ਰਮਾਤਮਾ, ਕਿਆ ਮੂਰਖ ਹਾਂ ਮੈਂ ! ਮੁਆਫ਼ ਕਰਨਾ!”
“ਹੁਣ ਮੁਆਫ਼ੀ ਮੰਗਣ ਦਾ ਕੀ ਫ਼ਾਇਦੈ” ਯੂਰਾ ਗੁਰਾਇਆ; ਉਸਨੂੰ ਸ਼ਰਮ ਆ ਰਹੀ ਸੀ ਕਿ ਉਹ ਆਪ ਨਹੀਂ, ਸਗੋਂ ਰੁੱਤ-ਵਿਗਿਆਨਕ ਸਟੇਸ਼ਨ ਦੀ ਕੁੜੀ ਸੀ ਜਿਹੜੀ ਉਸਦੇ ਦੋਸਤ ਨੂੰ ਬਚਾਉਣ ਲਈ ਦੌੜੀ ਗਈ ਸੀ।
ਬੁੜਬੁੜ ਕਰਦਿਆਂ, ਉਸਨੇ ਆਪਣੇ ਓਵਰਾਲ ਤੋਂ ਮਿੱਟੀ ਝਾੜੀ, ਆਪਣੇ ਸਿਰ ਦੇ ਪਿੱਛੇ ਕਰਕੇ ਖੁਰਕਣ ਲੱਗਾ ਤੇ ਹੈਰਾਨ ਹੁੰਦਾ ਹੋਇਆ ਕੱਟੇ ਸਿਰ ਵਾਲ਼ੇ ਬਰਚੇ ਦੇ ਦਰਖਤ ਦੇ ਦੰਦੇਦਾਰ ਮੁੱਢ ਨੂੰ ਦੇਖਣ ਲੱਗਾ, ਜਿਸਦੇ ਤਣੇ ਤੋਂ ਪਾਰਦਰਸ਼ੀ ਰਸਾ ਕਾਫ਼ੀ ਮਾਤਰਾ ਵਿੱਚ ਸਿੰਮ ਰਿਹਾ ਸੀ। ਜ਼ਖਮੀ ਦਰਖਤ ਦਾ ਇਹ ਰਸਾ, ਸੂਰਜ ਵਿਚ ਚਮਕਦਾ ਹੋਇਆ, ਕਾਈ ਲੱਗੇ ਤਣੇ ਦੇ ਉਪਰੋਂ ਦੀ ਵਗਦਾ ਹੋਇਆ ਚੋਅ ਚੋਅ ਕੇ ਜ਼ਮੀਨ ਉੱਤੇ ਡਿੱਗ ਰਿਹਾ ਸੀ, ਸਾਫ਼ ਤੇ ਪਾਰਦਰਸ਼ੀ ਹੰਝੂਆਂ ਵਾਂਗ।
“ਦੇਖੋ! ਦਰਖਤ ਰੋ ਰਿਹਾ ਹੈ!” ਲੇਨਚਕਾ ਬੋਲੀ; ਖਤਰੇ ਦੇ ਦਰਮਿਆਨ ਵੀ ਉਸਨੇ ਆਪਣੀ ਪਰਜੋਸ਼ ਉਤਸੁਕਤਾ ਕਾਇਮ ਰੱਖੀ ਹੋਈ ਸੀ ।
“ਤੂੰ ਵੀ ਰੋਵੇਂਗੀ !” ਯੂਰਾ ਨੇ ਗਮਗੀਨ ਜਿਹੇ ਹੋਏ ਨੇ ਜਵਾਬ ਦਿੱਤਾ। “ਸੋ, ਤਮਾਸ਼ਾ ਖ਼ਤਮ ਹੋਇਆ। ਚੱਲੋ-ਚੋਲੀਏ ! ਐਮਬੂਲੈਂਸ ਦਾ ਜਹਾਜ਼ ਤਾਂ ਸਾਬਤ ਏ, ਉਸਨੂੰ ਤਾਂ ਕੋਈ ਨੁਕਸਾਨ ਨਹੀਂ ਪੁੱਜਾ?”
“ਬਸੰਤ!” — ਕੱਟੇ ਹੋਏ ਦਰਖਤ ਦੇ ਤਣੇ ਵੱਲ, ਇਸਤੋਂ ਵਗ ਕੇ ਜ਼ਮੀਨ ਉੱਤੇ ਡਿਗਦੇ ਲਿਸ਼ਕਦੇ, ਪਾਰਦਰਸੀ ਰਸ ਵੱਲ, ਤੇ ਆਪਣੇ ਨਾਲੋਂ ਕਿਤੇ ਵੱਡਾ ਓਵਰਕੋਟ ਪਾਈ ਚਪਟੀ ਨੱਕ ਵਾਲ਼ੀ “ਰੁੱਤ-ਵਿਗਿਆਨਕ ਸਾਰਜੰਟ” ਵੱਲ, ਜਿਸਦਾ ਉਹ ਨਾਂ ਤੱਕ ਵੀ ਨਹੀਂ ਸੀ ਜਾਣਦਾ ਦੇਖਦਿਆਂ ਹੋਇਆ ਮਰੇਸੇਯੇਵ ਬੋਲਿਆ।
ਜਿਸ ਵੇਲੇ ਉਹ ਤਿੰਨੇ ਜਣੇ, ਅੱਗੋਂ ਯੂਰਾ ਤੇ ਮਗਰੋਂ ਦੋਵੇਂ ਕੁੜੀਆਂ, ਉਸਨੂੰ ਚੁੱਕ ਕੇ ਹਵਾਈ ਜਹਾਜ਼ ਤੱਕ ਲਿਜਾ ਰਹੇ ਸਨ ਤੇ ਬੰਬਾਂ ਦੇ ਬਣਾਏ ਟੋਇਆ ਵਿੱਚੋਂ ਦੀ, ਜਿਨ੍ਹਾਂ ਤੋਂ ਅਜੇ ਵੀ ਧੂੰਆਂ ਨਿੱਕਲ ਰਿਹਾ ਸੀ, ਤੇ ਪਿਘਲਦੀ ਬਰਫ਼ ਦਾ ਪਾਣੀ ਜਿਨ੍ਹਾਂ ਵਿੱਚ ਚੋਅ ਕੇ ਪੈ ਰਿਹਾ ਸੀ, ਵਲ-ਵਲੇਵੇਂ ਖਾਂਦੇ ਜਾ ਰਹੇ ਸਨ, ਤਾਂ ਅਲੈਕਸੇਈ ਨੇ ਟੇਢੀਆਂ ਅੱਖਾਂ ਨਾਲ਼ ਛੋਟੇ ਜਿਹੇ, ਮਜ਼ਬੂਤ ਹੱਥ ਵੱਲ ਦੇਖਿਆ ਜਿਹੜਾ ਓਵਰਕੋਟ ਦੇ ਖੁਰਦਰੇ ਜਿਹੇ ਕਫ਼ ਵਿੱਚੋਂ ਬਾਹਰ ਆਇਆ ਹੋਇਆ ਸੀ ਤੇ ਜਿਸ ਨੇ ਸਟਰੈਚਰ ਦਾ ਹੱਥ ਪੱਕੀ ਤਰ੍ਹਾਂ ਫੜਿਆ ਹੋਇਆ ਸੀ । ਇਸਨੂੰ ਗੱਲ ਕੀ ਸੀ? ਜਾਂ ਕਿ ਡਰ ਦੀ ਅਵਸਥਾ ਵਿੱਚ ਅਲੈਕਸੇਈ ਨੂੰ ਭਰਮ ਹੋ ਗਿਆ ਸੀ ਕਿ ਉਸਨੇ ਉਹ ਲਫ਼ਜ਼ ਸੁਣੇ ਹਨ?
ਉਸ ਦਿਨ, ਜਿਹੜਾ ਅਲੈਕਸੇਈ ਲਈ ਯਾਦਗਾਰੀ ਸੀ, ਉਸਨੇ ਇੱਕ ਹੋਰ ਘਟਨਾ ਵੀ ਦੇਖੀ। ਚਾਂਦੀ-ਰੰਗਾ ਰੈਡ ਕਰਾਸ ਦਾ ਜਹਾਜ ਤੇ ਫਲਾਈਟ ਮਕੈਨਿਕ, ਜਿਹੜਾ ਸਿਰ ਮਾਰਦਾ ਹੋਇਆ ਤੇ ਇਹ ਦੇਖਦਾ ਹੋਇਆ ਇਸਦੇ ਦੁਆਲੇ ਫਿਰ ਰਿਹਾ ਸੀ ਕਿ ਇਸਨੂੰ ਕਿਸੇ ਚਿੱਪਰ ਨਾਲ ਜਾਂ ਧਮਾਕੇ ਨਾਲ ਨੁਕਸਾਨ ਤਾਂ ਨਹੀਂ ਪੁੱਜਾ, ਪਹਿਲਾਂ ਹੀ ਦਿੱਸਣੇ ਸ਼ੁਰੂ ਹੋ ਚੁੱਕੇ ਸਨ ਜਦੋਂ ਇੱਕ ਇੱਕ ਕਰਕੇ ਲੜਾਕਾ ਹਵਾਈ ਜਹਾਜ਼ ਮੁੜੇ ਤੇ ਉੱਤਰਨ ਲੱਗੇ । ਉਹ ਜੰਗਲ ਦੇ ਉਪਰੋਂ ਦੀ ਸਿੱਧੇ ਆਉਂਦੇ, ਬਿਨ੍ਹਾਂ ਸਧਾਰਨ ਜਹਾਜ਼ ਵਾਂਗ ਚੱਕਰ ਕੱਟਿਆਂ ਉਤਰਦੇ ਤੇ ਜੰਗਲ ਦੇ ਕਿਨਾਰੇ ਆਪੋ ਆਪਣੀਆਂ ਓਟਾਂ ਵਿੱਚ ਜਾ ਖੜ੍ਹੇ ਹੁੰਦੇ।
ਜਲਦੀ ਹੀ ਅਕਾਸ਼ ਵਿੱਚ ਚੁੱਪ ਵਾਪਰ ਗਈ । ਹਵਾਈ ਅੱਡਾ ਸਾਫ਼ ਹੋ ਗਿਆ, ਜੰਗਲ ਵਿੱਚ ਇੰਜਣਾਂ ਦੀ ਗਰਜ ਖ਼ਤਮ ਹੋ ਗਈ । ਪਰ ਆਦਮੀ ਅਜੇ ਵੀ ਕਮਾਨ ਚੌਂਕੀ ਉੱਤੇ ਖੜ੍ਹੇ, ਆਪਣੇ ਹੱਥਾਂ ਨਾਲ਼ ਧੁੱਪ ਤੋਂ ਆਪਣੀਆਂ ਅੱਖਾਂ ਬਚਾਉਂਦੇ ਹੋਏ, ਅਕਾਸ਼ ਦਾ ਨਿਰੀਖਣ ਕਰ ਰਹੇ ਸਨ।
“ਨੰਬਰ ਨੌਂ ਅਜੇ ਨਹੀ ਆਇਆ। ਕੁਕੁਸ਼ਕਿਨ ਕਿਤੇ ਫ਼ਸ ਗਿਆ ਹੈ,” ਯੂਰਾ ਬੋਲਿਆ।
ਅਲੈਕਸੇਈ ਨੂੰ ਕੁਕੂਸ਼ਕਿਨ ਦਾ ਛੋਟਾ ਜਿਹਾ, ਯਰਕਾਨ-ਮਾਰਿਆ ਮੂੰਹ ਯਾਦ ਆਇਆ, ਜਿਸ ਉੱਤੇ ਹਮੇਸ਼ਾ ਹੀ ਅਸੰਤੋਖ ਵਸਿਆ ਰਹਿੰਦਾ ਸੀ, ਤੇ ਯਾਦ ਆਇਆ ਕਿ ਉਸ ਸਵੇਰ ਉਸਨੇ ਕਿੰਨੇ ਧਿਆਨ ਨਾਲ ਉਸਦੇ ਸਟਰੈਚਰ ਨੂੰ ਚੁੱਕਿਆ ਹੋਇਆ ਸੀ । ਕੀ ਉਹ ਸੱਚਮੁਚ ਤਾਂ ਨਹੀਂ…? ਇਸ ਖਿਆਲ ਨੇ, ਜਿਹੜਾ ਕਿਸੇ ਪਾਇਲਟ ਲਈ ਕਿਸੇ ਸਰਗਰਮੀ-ਭਰੇ ਦਿਨ ਏਨਾਂ ਸਧਾਰਨ ਹੁੰਦਾ ਹੈ, ਅੱਜ ਉਸਨੂੰ ਕੰਬਾ ਦਿੱਤਾ, ਜਦੋਂ ਕਿ ਹਵਾਈ ਅੱਡੇ ਦੇ ਜੀਵਨ ਤੋਂ ਉਹ ਬਾਹਰ ਸੀ।
ਉਸੇ ਘੜੀ ਉਹਨਾਂ ਨੂੰ ਇੱਕ ਇੰਜਣ ਦੀ ਭਿਣਕ ਸੁਣਾਈ ਦਿੱਤੀ।
ਯੂਰਾ ਖੁਸ਼ੀ ਨਾਲ ਕੂਕਦਾ ਉਠ ਪਿਆ:
“ਉਹੀ ਏ!”
ਕਮਾਨ ਚੌਂਕੀ ਉੱਪਰਲੇ ਆਦਮੀਆਂ ਵਿੱਚ ਉਤਸ਼ਾਹ ਦੌੜ ਗਿਆ। ਕੋਈ ਗੱਲ ਵਾਪਰ ਗਈ ਸੀ। “ਨੰਬਰ ਨੌਂ” ਉੱਤਰ ਨਹੀਂ ਸੀ ਰਿਹਾ, ਸਗੋਂ ਹਵਾਈ ਅੱਡੇ ਉੱਤੇ ਚੌੜਾ ਚੱਕਰ ਕੱਟਣ ਲੱਗ ਪਿਆ, ਤੇ ਜਿਸ ਵੇਲੇ ਇਹ ਉੱਡਦਾ ਹੋਇਆ ਅਲੈਕਸੇਈ ਦੇ ਸਿਰ ਉਪਰੋਂ ਲੰਘਿਆ ਤਾਂ ਉਸਨੇ ਦੇਖਿਆ ਕਿ ਉਸਦੇ ਪੜ੍ਹ ਦਾ ਇੱਕ ਹਿੱਸਾ ਡਿੱਗ ਚੁੱਕਾ ਹੋਇਆ ਸੀ, ਤੇ ਜਿਹੜੀ ਚੀਜ਼ ਇਸਤੋਂ ਵੀ ਭੈੜੀ ਸੀ, ਇਸਦੇ ਢਾਂਚੇ ਦੇ ਹੇਠਾਂ ਸਿਰਫ ਇੱਕ “ਲੱਤ” ਦਿਖਾਈ ਦੇ ਰਹੀ ਸੀ। ਇੱਕ ਇੱਕ ਕਰਕੇ ਦੋ ਲਾਲ ਰਾਕਟਾਂ ਹਵਾ ਵਿੱਚ ਉਡੀਆਂ। ਕੁਕੁਸ਼ਕਿਨ ਨੇ ਇੱਕ ਹੋਰ ਚੱਕਰ ਕੱਢਿਆ। ਉਸਦਾ ਹਵਾਈ ਜਹਾਜ਼ ਐਸੇ ਪੰਛੀ ਵਾਂਗ ਲੱਗ ਰਿਹਾ ਸੀ ਜਿਹੜਾ ਆਪਣੇ ਤਬਾਹ ਹੋਏ ਆਲ੍ਹਣੇ ਉੱਤੇ ਚੱਕਰ ਕੱਟ ਰਿਹਾ ਹੋਵੇ, ਤੇ ਜਿਸਨੂੰ ਪਤਾ ਨਾ ਲੱਗ ਰਿਹਾ ਹੋਵੇ ਕਿ ਇਹ ਕਿਥੇ ਜਾ ਕੇ ਬੈਠੇ । ਉਸਨੇ ਤੀਜਾ ਚੱਕਰ ਕੱਟਣਾ ਸ਼ੁਰੂ ਕਰ ਦਿੱਤਾ ।
“ਇਕ ਮਿੰਟ ਦੇ ਅੰਦਰ ਅੰਦਰ ਇਹ ਛਲਾਂਗ ਲਾ ਦੇਵੇਗਾ। ਇਸਦਾ ਪੈਟਰੋਲ ਖ਼ਤਮ ਹੋ ਚੁੱਕੈ । ਉਹ ਆਖ਼ਰੀ ਤੁਪਕੇ ਮੁਕਾ ਰਿਹੈ!” ਯੂਰਾ ਨੇ ਘੁਸਰ-ਮੁਸਰ ਕੀਤਾ; ਉਸਦੀਆਂ ਅੱਖਾਂ ਆਪਣੀ ਘੜੀ ਉੱਤੇ ਗੱਡੀਆਂ ਹੋਈਆਂ ਸਨ।
ਇਹੋ ਜਿਹੀਆਂ ਹਾਲਤਾਂ ਵਿੱਚ, ਜਦੋਂ ਉਤਰਨਾ ਅਸੰਭਵ ਹੋਵੇ, ਤਾਂ ਪਾਇਲਟਾਂ ਨੂੰ ਉਚਾਈ ਉੱਤੇ ਜਾ ਕੇ ਛਲਾਂਗ ਲਾ ਦੇਣ ਦੀ ਆਗਿਆ ਹੁੰਦੀ ਹੈ । ਸ਼ਾਇਦ “ਨੰਬਰ ਨੌਂ” ਨੂੰ ਇਸ ਤਰ੍ਹਾਂ ਕਰਨ ਦਾ ਹੁਕਮ ਪਹਿਲਾਂ ਹੀ ਮਿਲ ਚੁੱਕਾ ਹੋਵੇ, ਪਰ ਇਹ ਹੱਠ ਨਾਲ ਚੱਕਰ ਕੱਟੀ ਗਿਆ।
ਯੂਰਾ ਹਵਾਈ ਜਹਾਜ਼ ਵੱਲ ਤੇ ਆਪਣੀ ਘੜੀ ਵੱਲ ਦੇਖੀ ਜਾ ਰਿਹਾ ਸੀ । ਜਦੋਂ ਉਸਨੂੰ ਲੱਗਾ ਕਿ ਇੰਜਣ ਹੌਲ਼ੀ ਹੋ ਗਿਆ ਹੈ ਤਾਂ ਉਹ ਚੌਕੜੀ ਮਾਰ ਕੇ ਬੈਠ ਗਿਆ ਤੇ ਆਪਣਾ ਮੂੰਹ ਦੂਜੇ ਪਾਸੇ ਮੋੜ ਲਿਆ। “ਕੀ ਇਹ ਹਵਾਈ ਜਹਾਜ਼ ਨੂੰ ਬਚਾਉਣ ਦੀ ਸੋਚ ਰਿਹੈ?” ਉਥੇ ਹਾਜ਼ਰ ਹਰ ਕੋਈ ਸੋਚ ਰਿਹਾ ਸੀ: “ਛਲਾਂਗ ਲਾ ਦੇਹ, ਲਾ ਵੀ ਦੇਹ ਛਲਾਂਗ!”
ਇੱਕ ਲੜਾਕਾ ਹਵਾਈ ਜਹਾਜ਼, ਜਿਸਦੀ ਪੂਛਲ ਉੱਤੇ “1” ਲਿਖਿਆ ਹੋਇਆ ਸੀ, ਹਵਾ ਵਿੱਚ ਉਡਿਆ ਤੇ ਹੁਸ਼ਿਆਰੀ ਨਾਲ ਪਹਿਲਾਂ ਹੀ ਮੋੜ ਕੱਟਦਿਆਂ ਜ਼ਖਮੀ “ਨੰਬਰ ਨੌਂ” ਦੇ ਨਾਲ ਨਾਲ ਹੋ ਗਿਆ। ਜਿਸ ਸ਼ਾਂਤੀ ਤੇ ਹੁਸ਼ਿਆਰੀ ਨਾਲ ਹਵਾਈ ਜਹਾਜ਼ ਉਡਾਇਆ ਜਾ ਰਿਹਾ ਸੀ, ਉਸਤੋਂ ਅਲੈਕਸਈ ਨੇ ਅੰਦਾਜ਼ਾ ਲਾ ਲਿਆ ਕਿ ਵਿੰਗ ਕਮਾਂਡਰ ਆਪ ਇਸਨੂੰ ਚਲਾ ਰਿਹਾ ਹੈ। ਪ੍ਰਤੱਖ ਤੌਰ ਉਤੇ, ਇਹ ਫ਼ੈਸਲਾ ਕਰਦਿਆਂ ਕਿ ਕੁਕੁਸ਼ਕਿਨ ਦਾ ਰੇਡੀਓ ਸੈੱਟ ਕੰਮ ਨਹੀਂ ਕਰ ਰਿਹਾ, ਜਾਂ ਪਾਇਲਟ ਦਾ ਦਿਮਾਗ਼ ਟਿਕਾਣੇ ਨਹੀ ਰਿਹਾ, ਉਹ ਕਾਹਲੀ ਨਾਲ ਉਸਦੀ ਸਹਾਇਤਾ ਲਈ ਗਿਆ। ਆਪਣੇ ਪਰ੍ਹਾਂ ਨਾਲ ਸੰਕੇਤ ਦਿੰਦਿਆ : “ਜਿਵੇਂ ਮੈਂ ਕਰਦਾ ਹਾਂ, ਕਰੋ,” ਉਸਨੇ ਹਵਾਈ ਜਹਾਜ਼ ਪਾਸੇ ਵੱਲ ਕਰ ਲਿਆ ਤੇ ਉੱਚਾ ਉੱਠਣ ਲੱਗ ਪਿਆ। ਉਸਨੇ ਕੁਕੁਸ਼ਕਿਨ ਨੂੰ ਪਾਸੇ ਵੱਲ ਹੋਣ ਦਾ ਤੇ ਛਲਾਂਗ ਲਾਉਣ ਦਾ ਹੁਕਮ ਦਿੱਤਾ । ਪਰ ਉਸ ਘੜੀ ਕੁਕੁਸ਼ਕਿਨ ਨੇ ਆਪਣੀ ਗੈਸ ਘੱਟ ਕਰ ਦਿੱਤੀ ਤੇ ਉਤਰਨ ਲਈ ਤਿਆਰ ਹੋ ਗਿਆ । ਉਸਦਾ ਟੁੱਟੇ ਪਰ ਵਾਲਾ ਜਹਾਜ਼ ਅਲੈਕਸੇਈ ਦੇ ਸਿਰ ਦੇ ਉਪਰੋਂ ਦੀ ਲੰਘਿਆ ਤੇ ਤੇਜ਼ੀ ਨਾਲ ਜ਼ਮੀਨ ਦੇ ਨੇੜੇ ਹੋ ਗਿਆ। ਉਹ ਇੱਕਦਮ ਖੱਬੇ ਪਾਸੇ ਨੂੰ ਹੋਇਆ, ਆਪਣੀ ਸਵਸਥ “ਲੱਤ” ਦੇ ਭਾਰ ਉਤਰਿਆ, ਇਕੋ ਪਹੀਏ ਨਾਲ ਜ਼ਰਾ ਕੁ ਦੌੜਿਆ, ਰਫ਼ਤਾਰ ਘਟਾਈ, ਫਿਰ ਸੱਜੇ ਪਾਸੇ ਨੂੰ ਝੁਕਿਆ ਤੇ ਆਪਣੇ ਠੀਕ ਪੜ੍ਹ ਨੂੰ ਜ਼ਮੀਨ ਨਾਲ ਲਾਉਂਦਿਆਂ, ਉੱਥੇ ਹੀ ਚੱਕਰ ਕੱਟਣ ਲੱਗਾ ਤੇ ਬਰਫ਼ ਦੇ ਬੱਦਲ ਉਡਾਉਣ ਲੱਗਾ ।
ਜਦੋਂ ਬਰਫ਼ ਦੇ ਬੱਦਲ ਛਟੇ ਤਾਂ ਅਪਾਹਜ ਹੋਏ ਜਹਾਜ਼ ਦੇ ਕੋਲ ਕੋਈ ਕਾਲੀ ਜਿਹੀ ਚੀਜ਼ ਪਈ ਦਿਖਾਈ ਦਿੱਤੀ। ਆਦਮੀ ਇਸ ਕਾਲੀ ਚੀਜ਼ ਵੱਲ ਦੌੜਦੇ ਹੋਏ ਆਏ, ਤੇ ਆਪਣਾ ਧੂਤੂ ਵਜਾਉਂਦੀ ਹੋਈ, ਇਕ ਐਮਬੂਲੈਂਸ ਕਾਰ ਇਸ ਵੱਲ ਦੌੜੀ।
“ਉਸਨੇ ਆਪਣਾ ਹਵਾਈ ਜਹਾਜ਼ ਬਚਾ ਲਿਐ! ਸੋ, ਇਸ ਤਰ੍ਹਾਂ ਦਾ ਬੰਦਾ ਹੈ ਕੁਕੂਸ਼ਕਿਨ ! ਉਸਨੇ ਇਹ ਚੀਜ਼ ਕਦੋਂ ਸਿੱਖੀ ਹੈ ?” ਆਪਣੇ ਸਟਰੈਚਰ ਉੱਤੇ ਪਿਆ ਮਰੇਸੇਯੇਵ ਸੋਚ ਰਿਹਾ ਸੀ । ਉਸਨੂੰ ਆਪਣੇ ਸਾਥੀ ਉੱਤੇ ਰਸ਼ਕ ਆ ਰਿਹਾ ਸੀ।
ਉਸਨੂੰ ਆਪਣੀ ਸਾਰੀ ਤਾਕਤ ਨਾਲ ਦੌੜ ਕੇ ਉਸ ਥਾਂ ਜਾਣ ਦੀ ਤੀਬਰ ਇੱਛਾ ਮਹਿਸੂਸ ਹੋਈ, ਜਿੱਥੇ ਇਹ ਛੋਟਾ ਜਿਹਾ, ਸਾਰਿਆਂ ਵੱਲੋਂ ਨਾ ਪਸੰਦ ਕੀਤਾ ਜਾਂਦਾ ਆਦਮੀ ਪਿਆ ਸੀ, ਜਿਹੜਾ ਏਨਾਂ ਬਹਾਦਰ ਤੇ ਹੁਸ਼ਿਆਰ ਪਾਇਲਟ ਸਾਬਤ ਹੋਇਆ ਸੀ । ਪਰ ਉਹ ਤਾਂ ਸਟਰੈਚਰ ਨਾਲ ਬੱਝਾ ਹੋਇਆ ਸੀ ਤੇ ਸਖਤ ਪੀੜ ਨੇ ਉਸਨੂੰ ਜਕੜਿਆ ਹੋਇਆ ਸੀ, ਜਿਸਨੇ, ਉਸਨੂੰ ਮੁੜ ਦਬਾ ਲਿਆ ਸੀ, ਜਿਉ ਹੀ ਤੰਤੂ-ਤਣਾਅ ਢਿੱਲਾ ਪਿਆ ਸੀ ।
ਇਹ ਸਾਰੀਆਂ ਘਟਨਾਵਾਂ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਵਾਪਰੀਆਂ, ਪਰ ਇਹ ਏਨੀਆਂ ਜ਼ਿਆਦਾ ਸਨ ਕਿ ਅਲੈਕਸੇਈ ਇਕਦਮ ਆਪਣੇ ਮਨ ਵਿੱਚ ਉਹਨਾਂ ਦਾ ਵਿਸ਼ਲੇਸ਼ਣ ਨਾ ਕਰ ਸਕਿਆ। ਜਦੋਂ ਉਸਦੇ ਸਟਰੈਚਰ ਨੂੰ ਰੈਡ ਕਰਾਸ ਵਾਲੇ ਹਵਾਈ ਜਹਾਜ਼ ਵਿਚਲੀਆਂ ਵਿਸ਼ੇਸ਼ ਖੋੜਾ ਵਿੱਚ ਫਿੱਟ ਕਰ ਦਿੱਤਾ ਗਿਆ ਤੇ ਜਦੋਂ ਉਸਦਾ “ਰੁੱਤ-ਵਿਗਿਆਨਕ ਸਾਰਜੰਟ”ਦੀ ਗੱਡੀ ਹੋਈ ਨਜ਼ਰ ਵੱਲ ਧਿਆਨ ਗਿਆ, ਸਿਰਫ ਉਦੋਂ ਕਿਤੇ ਜਾ ਕੇ ਉਸਨੂੰ ਉਹਨਾਂ ਲਫ਼ਜ਼ਾਂ ਦੀ ਅਹਿਮੀਅਤ ਦਾ ਪਤਾ ਲੱਗਾ ਜਿਹੜੇ ਬੰਬਰੀ ਦੇ ਦੌਰਾਨ ਕੁੜੀ ਦੇ ਪੀਲ਼ੇ ਪਏ ਹੋਏ ਬੁਲ੍ਹਾਂ ਵਿੱਚੋਂ ਨਿੱਕਲ ਗਏ ਸਨ । ਉਸਨੂੰ ਇਹ ਸੋਚ ਕੇ ਸ਼ਰਮ ਆਈ ਕਿ ਉਸਨੂੰ ਏਨੀਂ ਚੰਗੀ, ਆਪਾਵਾਰੂ ਕੁੜੀ ਦੇ ਨਾਂ ਦਾ ਵੀ ਨਹੀਂ ਸੀ ਪਤਾ।
“ਸਾਥੀ ਸਾਰਜੰਟ,” ਉਸਨੇ ਕ੍ਰਿਤੱਗ ਅੱਖਾਂ ਨਾਲ ਉਸ ਵੱਲ ਦੇਖਦਿਆਂ ਹੌਲੀ ਜਿਹਾ ਕਿਹਾ।
ਪਤਾ ਨਹੀਂ ਇੰਜਣ ਦੀ ਗਰਜ ਵਿੱਚ ਉਸਦੀ ਅਵਾਜ਼ ਕੁੜੀ ਤੱਕ ਪਹੁੰਚੀ ਜਾਂ ਨਾ, ਪਰ ਉਹ ਅੱਗੇ ਆਈ ਤੇ ਇੱਕ ਛੋਟਾ ਜਿਹਾ ਪੈਕਟ ਉਸ ਵੱਲ ਵਧਾਉਂਦੀ ਹੋਈ ਬੋਲੀ:
“ਸਾਥੀ ਸੀਨੀਅਰ ਲੈਫ਼ਟੀਨੈਂਟ, ਇਹ ਚਿੱਠੀਆਂ ਤੁਹਾਡੇ ਲਈ ਨੇ । ਮੈਂ ਇਹਨਾਂ ਨੂੰ ਸਾਂਭ ਕੇ ਰੱਖ ਛੱਡਿਆ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਤੁਸੀਂ ਜਿਊਂਦੇ ਹੋ ਤੇ ਤੁਸੀਂ ਮੁੜ ਆਓਗੇ। ਮੈਨੂੰ ਪਤਾ ਸੀ, ਮੈਂ ਮਹਿਸੂਸ ਕਰਦੀ ਸਾਂ।
ਉਸਨੇ ਛੋਟਾ ਜਿਹਾ ਪੈਕਟ ਉਸਦੀ ਛਾਤੀ ਉੱਤੇ ਰੱਖ ਦਿੱਤਾ। ਉਹਨਾਂ ਵਿੱਚੋਂ ਕਈ ਉਸਨੂੰ ਆਪਣੀ ਮਾਂ ਦੀਆਂ ਚਿੱਠੀਆਂ ਦਿਖਾਈ ਦਿੱਤੀਆਂ, ਤਿਕੋਨਾ ਵਿੱਚ ਭੰਨੀਆਂ ਹੋਈਆਂ, ਤੇ ਵਿੰਗ-ਤੜਿੰਗੀ, ਬੁੱਢੇ ਹੱਥਾਂ ਦੀ ਲਿਖਤ ਵਿੱਚ ਸਿਰਨਾਵਾਂ ਕੀਤਾ ਹੋਇਆ ਤੇ ਕੁਝ ਚਿੱਠੀਆਂ ਜਾਣੇ-ਪਛਾਣੇ ਲਫ਼ਾਫ਼ਿਆਂ ਵਿੱਚ ਸਨ, ਜਿਸ ਤਰ੍ਹਾਂ ਦੇ ਉਹ ਹਮੇਸਾਂ ਆਪਣੀ ਜੇਬ ਵਿੱਚ ਰੱਖਦਾ ਹੁੰਦਾ ਸੀ। ਉਸਦਾ ਚਿਹਰਾ ਖਿੜ ਗਿਆ ਜਦੋਂ ਉਸਨੇ ਉਹ ਚਿੱਠੀਆਂ ਦੇਖੀਆਂ ਤੇ ਉਸਨੇ ਕੰਬਲ ਵਿੱਚੋਂ ਆਪਣਾ ਹੱਥ ਕੱਢਣ ਲਈ ਹਿਲਜੁਲ ਕੀਤੀ।
“ਇਹ ਕਿਸੇ ਕੁੜੀ ਵੱਲੋਂ ਨੇ?” “ਰੁੱਤ-ਵਿਗਿਆਨਕ ਸਾਰਜੰਟ” ਨੇ ਉਦਾਸੀ ਵਿੱਚ, ਮੁੜ ਸ਼ਰਮ ਨਾਲ ਲਾਲ ਸੂਹੀ ਹੁੰਦਿਆਂ ਪੁੱਛਿਆ, ਜਦ ਕਿ ਉਸਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਤੇ ਉਹਨਾਂ ਨੇ ਉਸਦੀਆਂ ਲੰਮੀਆਂ, ਕਹਿੰ-ਰੰਗੀਆਂ ਝਿਮਣੀਆਂ ਨੂੰ ਜੋੜ ਦਿਤਾ।
ਮਰੇਸੇਯੇਵ ਨੇ ਸਮਝ ਲਿਆ ਕਿ ਵਿਸਫੋਟਾਂ ਦੇ ਦੌਰਾਨ ਕਹੇ ਗਏ ਉਹਨਾਂ ਲਫ਼ਜ਼ਾਂ ਦੀ ਉਸਨੇ ਕਲਪਨਾ ਨਹੀਂ ਸੀ ਕੀਤੀ, ਤੇ ਇਹ ਸਮਝ ਜਾਣ ਪਿੱਛੋਂ, ਸੱਚ ਦੱਸਣ ਦੀ ਉਸਦੀ ਹਿੰਮਤ ਨਾ ਪਈ।
“ਮੇਰੀ ਵਿਆਹੀ ਭੈਣ ਵੱਲੋਂ । ਹੁਣ ਉਸਦਾ ਪਰਿਵਾਰਕ ਨਾਂ ਦੂਸਰਾ ਹੈ,” ਉਸਨੇ ਆਪਣੇ ਆਪ ਨਾਲ ਘਿਣ ਮਹਿਸੂਸ ਕਰਦਿਆਂ ਜਵਾਬ ਦਿੱਤਾ।
ਇੰਜਣ ਦੀ ਗਰਜ ਥਾਣੀਂ ਅਵਾਜ਼ਾਂ ਸੁਣਾਈ ਦੇ ਰਹੀਆਂ ਸਨ । ਪਾਸੇ ਦਾ ਦਰਵਾਜ਼ਾ ਖੁੱਲ੍ਹਿਆ ਤੇ ਇੱਕ ਸਰਜਨ, ਇੱਕ ਓਪਰਾ ਆਦਮੀ ਜਿਸਨੇ ਆਪਣੇ ਓਵਰਕੋਟ ਉੱਤੇ ਚਿੱਟਾ ਚੋਗਾ ਪਾਇਆ ਹੋਇਆ ਸੀ, ਹਵਾਈ ਜਹਾਜ਼ ਵਿੱਚ ਆ ਚੜ੍ਹਿਆ।
“ਇੱਕ ਮਰੀਜ਼ ਪਹਿਲਾਂ ਹੀ ਆ ਚੁੱਕਾ ਹੈ ?” ਉਸਨੇ ਮਰੇਸੇਯੇਵ ਵੱਲ ਦੇਖਦਿਆਂ ਪੁੱਛਿਆ। “ਬਹੁਤ ਖੂਬ । ਦੂਜੇ ਨੂੰ ਵੀ ਲੈ ਆਓ । ਅਸੀਂ ਇੱਕ ਮਿੰਟ ਦੇ ਅੰਦਰ ਅੰਦਰ ਉਡ ਪਵਾਂਗੇ । ਤੇ ਤੁਸੀਂ ਇੱਥੇ ਕੀ ਕਰ ਰਹੇ ਹੋ, ਮੈਡਮ ?” ਉਸਨੇ ਭਾਫ਼ ਨਾਲ ਮੱਧਮ ਪੈ ਚੁੱਕੀਆਂ ਐਨਕਾਂ ਦੇ ਵਿੱਚੋਂ ਦੀ “ਰੁੱਤ-ਵਿਗਿਆਨਕ ਸਾਰਜੰਟ” ਵੱਲ ਦੇਖਦਿਆਂ ਪੁੱਛਿਆ, ਜਿਹੜੀ ਯੂਰਾ ਪਿੱਛੇ ਲੁਕਣ ਦੀ ਕੋਸ਼ਿਸ਼ ਕਰ ਰਹੀ ਸੀ। “ਜਾਓ, ਕਿਰਪਾ ਕਰਕੇ, ਅਸੀਂ ਹੋਰ ਇੱਕ ਮਿੰਟ ਨੂੰ ਉੱਡ ਜਾਵਾਂਗੇ। ਹੇ-ਏ! ਸਟਰੈਚਰ ਅੰਦਰ ਲੈ ਆਓ !”
“ਚਿੱਠੀ ਲਿਖਣਾ, ਰੱਬ ਦੇ ਵਾਸਤੇ, ਚਿੱਠੀ ਲਿਖਣਾ, ਮੈਂ ਉਡੀਕ ਕਰਾਂਗੀ !” ਅਲੈਕਸੇਈ ਨੇ ਕੁੜੀ ਨੂੰ ਕੰਨ ਵਿੱਚ ਕਹਿੰਦਿਆਂ ਸੁਣਿਆ।
ਯੂਰਾ ਦੀ ਸਹਾਇਤਾ ਨਾਲ ਸਰਜਨ ਨੇ ਇੱਕ ਸਟਰੈਚਰ ਹਵਾਈ ਜਹਾਜ਼ ਉੱਪਰ ਚੜ੍ਹਾਇਆ, ਜਿਸ ਉੱਤੇ ਕੋਈ ਹੌਲ਼ੀ ਹੌਲ਼ੀ ਕੱਰਾਹ ਰਿਹਾ ਸੀ । ਜਦੋਂ ਇਸਨੂੰ ਖੋੜਾ ਵਿੱਚ ਫਿੱਟ ਕੀਤਾ ਜਾ ਰਿਹਾ ਸੀ, ਤਾਂ ਜਿਸ ਚਾਦਰ ਨਾਲ ਇਸਨੂੰ ਢੱਕਿਆ ਗਿਆ ਸੀ, ਉਹ ਹੇਠਾਂ ਖਿਸਕ ਗਈ ਤੇ ਮਰੇਸੇਯੇਵ ਨੂੰ ਕੁਕੁਸ਼ਕਿਨ ਦਾ ਚਿਹਰਾ ਦਿਖਾਈ ਦਿੱਤਾ, ਜਿਹੜਾ ਪੀੜ ਨਾਲ ਵਿੰਗਾ ਹੋਇਆ ਪਿਆ ਸੀ । ਸਰਜਨ ਨੇ ਆਪਣੇ ਹੱਥ ਮਲੇ, ਕੈਬਿਨ ਵਿੱਚ ਚਾਰੇ ਪਾਸੇ ਦੇਖਿਆ, ਤੇ ਮਰੇਸੇਯੇਵ ਨੂੰ ਢਿੱਡ ਉੱਪਰ ਥਾਪੜਦਾ ਬੋਲਿਆ:
“ਬਹੁਤ ਚੰਗਾ, ਸ਼ਾਨਦਾਰ ! ਤੇਰੇ ਸਾਥ ਲਈ ਇੱਕ ਹੋਰ ਸਵਾਰੀ ਹੈ, ਨੌਜਵਾਨ, ਤਾਂ ਕਿ ਰਾਹ ਵਿੱਚ ਬੋਰ ਨਾ ਹੋਵੇ। ਹੈਂ? ਤੇ ਹੁਣ, ਜਿਹੜੇ ਨਾਲ ਨਹੀਂ ਜਾ ਰਹੇ, ਉਹ ਸਾਰੇ ਕ੍ਰਿਪਾ ਕਰਕੇ ਜਹਾਜ਼ ਤੋਂ ਉੱਤਰ ਜਾਣ ! ਸੋ, ਸਾਰਜੰਟ ਦੇ ਬਿੱਲੇ ਵਾਲ਼ੀ ਉਹ ਲਾਰੇਲੇਈ ਲੋਪ ਹੋ ਗਈ ਕਿ ਨਹੀਂ ? ਬਹੁਤ ਖੂਬ ! ਸੋ ਚੱਲੋ, ਚੱਲੀਏ!…”
ਯੂਰਾ ਹਿਚਕਿਚਾ ਰਿਹਾ ਸੀ, ਸੋ ਸਰਜਨ ਨੇ ਉਸਨੂੰ ਫੜ ਕੇ ਬਾਹਰ ਕਰ ਦਿੱਤਾ । ਦਰਵਾਜ਼ਾ ਬੰਦ ਕਰ ਦਿੱਤਾ ਗਿਆ, ਹਵਾਈ ਜਹਾਜ ਕੰਬਣ ਲੱਗਾ, ਤੁਰ ਪਿਆ, ਜ਼ਮੀਨ ਤੋਂ ਉਠਿਆ ਤੇ ਫਿਰ ਚੁੱਪ-ਚਾਪ ਤੇ ਇਕਸਾਰ, ਇੰਜਣਾਂ ਦੀ ਬਾਕਾਇਦਾ ਧੜਕਣ ਦੇ ਸਾਥ ਵਿਚ, ਆਪਣੇ ਜਮਾਂਦਰੂ ਸੁਭਾਅ ਨਾਲ ਉੱਚਾ ਚੜ੍ਹ ਗਿਆ। ਕੰਧ ਦਾ ਆਸਰਾ ਲੈਂਦਾ ਹੋਇਆ, ਸਰਜਨ ਮਰੇਸੇਯੇਵ ਤੱਕ ਆਇਆ।
“ਕੀ ਹਾਲ ਹੈ ?” ਉਸਨੇ ਪੁੱਛਿਆ। “ਲਿਆਓ ਜ਼ਰਾ ਨਬਜ਼ ਦੇਖਾਂ।” ਉਸਨੇ ਘੋਖਵੀਂ ਤਰ੍ਹਾਂ ਨਾਲ ਮਰੇਸੇਯੇਵ ਵੱਲ ਦੇਖਿਆ, ਸਿਰ ਹਿਲਾਇਆ ਤੇ ਬੁੜਬੁੜਾਇਆ: “ਹੂੰ ! ਤਗੜਾ ਆਚਰਨ ਹੈ!” ਤੇ ਫਿਰ ਮਰੇਸੇਯੇਵ ਨੂੰ ਸੰਬੋਧਨ ਕਰਦਾ ਬੋਲਿਆ: “ਤੁਹਾਡੇ ਮਾਅਰਕਿਆਂ ਬਾਰੇ ਤੁਹਾਡੇ ਦੋਸਤ ਐਸੀਆਂ ਕਹਾਣੀਆਂ ਸੁਣਾਉਂਦੇ ਨੇ ਜਿਨ੍ਹਾਂ ਉੱਤੇ ਬਿਲਕੁਲ ਯਕੀਨ ਨਹੀਂ ਆਉਂਦਾ, ਬਿਲਕੁਲ ਜੈਕ ਲੰਡਨ ਦੀਆਂ ਕਹਾਣੀਆਂ ਵਾਂਗ।”
ਉਹ ਆਪਣੀ ਸੀਟ ਵਿੱਚ ਢਹਿ ਪਿਆ, ਵਧੇਰੇ ਅਰਾਮ ਨਾਲ ਬੈਠ ਗਿਆ, ਇੱਕਦਮ ਢਿੱਲਾ ਪੈ ਗਿਆ ਤੇ ਉਂਘਲਾਉਣ ਲਗਾ । ਪ੍ਰਤੱਖ ਸੀ ਕਿ ਇਹ ਪੀਲ਼ੇ ਪਏ ਚਿਹਰੇ ਵਾਲ਼ਾ ਆਦਮੀ, ਜਿਹੜਾ ਹੁਣ ਜਵਾਨ ਨਹੀਂ ਸੀ ਰਿਹਾ, ਸਖਤ ਥੱਕਿਆ ਹੋਇਆ ਸੀ।
“ਜੈਕ ਲੰਡਨ ਦੀਆਂ ਕਹਾਣੀਆਂ ਵਾਂਗ,” ਮਰੇਸੇਯੇਵ ਸੋਚਣ ਲੱਗਾ ਤੇ ਉਸਨੂੰ ਆਪਣੇ ਬਚਪਨ ਦੀ ਇੱਕ ਬੜੀ ਦੇਰ ਦੀ ਯਾਦ ਆ ਗਈ, ਕੱਕਰ ਨਾਲ ਜੰਮੀਆਂ ਲੱਤਾਂ ਵਾਲ਼ੇ ਆਦਮੀ ਦੀ ਕਹਾਣੀ, ਜਿਹੜਾ ਮਾਰੂਥਲ ਵਿੱਚੋਂ ਦੀ ਰੀਂਗ ਰਿਹਾ ਹੈ ਤੇ ਜਿਸਦੇ ਮਗਰ ਇੱਕ ਬੀਮਾਰ ਤੇ ਭੁੱਖਾ ਭੇੜੀਆਂ ਲੱਗਾ ਹੋਇਆ ਹੈ। ਇੰਜਣਾਂ ਦੀ ਇਕਸਾਰ ਭਿਣਕਵੀਂ ਅਵਾਜ਼ ਦੀ ਲੋਰੀ ਨਾਲ, ਸਭ ਕੁਝ ਤਰਨ ਲੱਗ ਪਿਆ, ਆਪਣੀ ਅਕਾਰ ਰੇਖਾ ਗੁਆਉਣ ਲੱਗ ਪਿਆ, ਦੂਧੀਆ ਜਿਹੇ ਹਨੇਰੇ ਵਿੱਚ ਘੁਲਣ ਲੱਗ ਪਿਆ, ਤੇ ਸੌਣ ਤੋਂ ਪਹਿਲਾਂ ਆਖਰੀ ਅਜੀਬ ਖਿਆਲ ਜਿਹੜਾ ਅਲੈਕਸੇਈ ਦੇ ਮਨ ਵਿੱਚ ਆਇਆ, ਉਹ ਇਹ ਸੀ ਕਿ ਕੋਈ ਜੰਗ, ਕੋਈ ਬੰਬਾਰੀ ਨਹੀਂ, ਪੈਰਾਂ ਵਿਚ ਕੋਈ ਲਗਾਤਾਰ ਕੁਤਰਵੀ ਪੀੜ ਨਹੀਂ ਹੋ ਰਹੀ, ਕੋਈ ਹਵਾਈ ਜਹਾਜ਼ ਨਹੀਂ ਜਿਹੜਾ ਮਾਸਕੋ ਵੱਲ ਉੱਡਦਾ ਜਾ ਰਿਹਾ ਹੋਵੇ, ਕਿ ਇਹ ਸਾਰਾ ਕੁਝ ਕਿਸੇ ਅਦਭੁਤ ਕਿਤਾਬ ਵਿੱਚੋਂ ਸੀ ਜਿਹੜੀ ਉਸਨੇ ਦੂਰ-ਦੁਰਾਡੇ ਦੇ ਸ਼ਹਿਰ ਕਾਮੀਸ਼ਿਨ ਵਿੱਚ ਆਪਣੇ ਬਚਪਨ ਵਿੱਚ ਕਦੀ ਪੜ੍ਹੀ ਸੀ ।

ਅਸਲੀ ਇਨਸਾਨ ਦੀ ਕਹਾਣੀ - ਬੋਰਿਸ ਪੋਲੇਵੋਈ

ਭਾਗ ਦੂਜਾ

1
ਆਂਦਰੇਈ ਦੇਗਤੀਆਰੈਨਕੋ ਤੇ ਲੇਨਚਕਾ ਅਤਿਕਥਨੀ ਨਹੀਂ ਸਨ ਕਰ ਰਹੇ ਜਦੋਂ ਉਹਨਾਂ ਨੇ ਆਪਣੇ ਦੋਸਤ ਨੂੰ ਰਾਜਧਾਨੀ ਵਿਚਲੇ ਉਸ ਹਸਪਤਾਲ ਦੀ ਠਾਠ ਬਾਰੇ ਦੱਸਿਆ ਸੀ ਜਿਸ ਵਿੱਚ ਫ਼ੌਜ ਦੇ ਕਮਾਂਡਰ ਦੇ ਕਹਿਣ ਉੱਤੇ ਮਰੇਸੇਯੇਵ ਨੂੰ ਦਾਖ਼ਲ ਕਰਾਇਆ ਗਿਆ ਸੀ, ਤੇ ਸਾਥ ਲਈ ਲੈਫ਼ਟੀਨੈਂਟ ਕੋਨਸਤਨਤੀਨ ਕੁਕੁਸ਼ਕਿਨ ਨੂੰ ਵੀ ਉਸਦੇ ਨਾਲ ਮਾਸਕੋ ਭੇਜਿਆ ਗਿਆ ਸੀ।
ਜੰਗ ਤੋਂ ਪਹਿਲਾਂ ਇਹ ਐਸੇ ਇੰਸਟੀਚਿਊਟ ਦਾ ਕਲੀਨਿਕ ਹੁੰਦਾ ਸੀ, ਜਿੱਥੇ ਇੱਕ ਉੱਘਾ ਸੋਵੀਅਤ ਵਿਗਿਆਨੀ ਬੀਮਾਰੀ ਤੇ ਸੱਟ-ਫੇਟ ਤੋਂ ਮਗਰੋਂ ਮਨੁੱਖਾ ਸਰੀਰ ਨੂੰ ਜਲਦੀ ਤੋਂ ਜਲਦੀ ਨੌਂ-ਬਰ-ਨੌਂ ਕਰਨ ਦੇ ਨਵੇਂ ਢੰਗ ਲੱਭਣ ਲਈ ਖੋਜ ਕਰਦਾ ਹੁੰਦਾ ਸੀ। ਇਸ ਇੰਸਟੀਚਿਊਟ ਦੀਆਂ ਪੱਕੀ ਤਰ੍ਹਾਂ ਸਥਾਪਿਤ ਪ੍ਰੰਪਰਾਵਾਂ ਹੁੰਦੀਆਂ ਸਨ ਤੇ ਇਹ ਸੰਸਾਰ ਪ੍ਰਸਿੱਧੀ ਰੱਖਦਾ ਸੀ।
ਜੰਗ ਦੇ ਦਿਨਾਂ ਵਿਚ ਉਸ ਵਿਗਿਆਨੀ ਨੇ ਆਪਣੇ ਇੰਸਟੀਚਿਊਟ ਦੇ ਇਸ ਕਲੀਨਿਕ ਨੂੰ ਅਫ਼ਸਰਾਂ ਲਈ ਹਸਪਤਾਲ ਵਿੱਚ ਬਦਲ ਦਿੱਤਾ। ਹਸਪਤਾਲ ਵਿੱਚ ਪਹਿਲਾਂ ਵਾਂਗ ਹੀ ਮਰੀਜ਼ਾਂ ਦਾ ਹਰ ਤਰ੍ਹਾਂ ਦਾ ਇਲਾਜ ਹੁੰਦਾ ਰਿਹਾ, ਜਿਸ ਇਲਾਜ ਦਾ ਵੀ ਉਸ ਸਮੇਂ ਉੱਨਤ ਵਿਗਿਆਨ ਨੂੰ ਪਤਾ ਸੀ । ਜੰਗ ਰਾਜਧਾਨੀ ਤੋਂ ਕੁਝ ਹੀ ਦੂਰ ਚੱਲ ਰਹੀ ਸੀ, ਤੇ ਇਸ ਨਾਲ ਜ਼ਖਮੀਆਂ ਦਾ ਇਸ ਤਰ੍ਹਾਂ ਹੜ੍ਹ ਆ ਰਿਹਾ ਸੀ ਕਿ ਹਸਪਤਾਲ ਵਿੱਚ ਥਾਵਾਂ ਦੀ ਗਿਣਤੀ ਨੂੰ ਵਧਾ ਕੇ ਉਸ ਨਾਲ਼ੋਂ ਚਾਰ ਗੁਣਾ ਕਰਨਾ ਪਿਆ, ਜਿੰਨੀ ਗਿਣਤੀ ਲਈ ਕਿ ਇਹ ਬਣਾਇਆ ਗਿਆ ਸੀ । ਹਸਪਤਾਲ ਦੇ ਨਾਲ ਲੱਗਦੀਆਂ ਸਾਰੀਆਂ ਥਾਵਾਂ ਮਿਲਣ ਆਉਣ ਵਾਲਿਆਂ ਲਈ ਕਮਰੇ, ਪੜ੍ਹਨ ਦੇ ਮਨਪ੍ਰਚਾਵੇ ਲਈ ਕਮਰੇ, ਡਾਕਟਰੀ ਅਮਲੇ ਲਈ ਕਮਰੇ ਤੇ ਰਾਜ਼ੀ ਹੋ ਰਿਹਾਂ ਲਈ ਭੋਜਨ ਕਮਰੇ ਵਾਰਡਾਂ ਵਿੱਚ ਬਦਲ ਦਿੱਤੀਆਂ ਗਈਆਂ ਸਨ। ਵਿਗਿਆਨੀ ਨੇ ਆਪਣੀ ਪ੍ਰਯੋਗਸ਼ਾਲਾ ਦੇ ਨਾਲ ਲੱਗਦਾ ਖ਼ੁਦ ਆਪਣਾ ਪੜ੍ਹਨ ਕਮਰਾ ਵੀ ਜ਼ਖਮੀਆਂ ਲਈ ਛੱਡ ਦਿੱਤਾ ਸੀ ਤੇ ਆਪ ਆਪਣੀਆਂ ਕਿਤਾਬਾਂ ਤੇ ਨਿੱਜੀ ਵਰਤੋਂ ਦੀਆਂ ਚੀਜ਼ਾਂ ਚੁੱਕ ਕੇ ਇੱਕ ਨਿੱਕੇ ਜਿਹੇ ਕਮਰੇ ਵਿੱਚ ਚਲਾ ਗਿਆ ਸੀ, ਜਿੱਥੇ ਪਹਿਲਾਂ ਡਿਊਟੀ ਨਰਸ ਰਹਿੰਦੀ ਸੀ। ਤਾਂ ਵੀ ਅਕਸਰ ਹੀ ਬਰਾਮਦਿਆਂ ਵਿੱਚ ਬਿਸਤਰੇ ਕਰਨੇ ਪੈ ਜਾਂਦੇ ਸਨ।
ਚਿੱਟੀਆਂ ਚਮਕਦੀਆਂ ਕੰਧਾਂ ਪਿੱਛੋਂ, ਜਿਹੜੀਆਂ ਇੰਝ ਲੱਗਦਾ ਸੀ ਕਿ ਚਿਕਿਸਤਾ ਦੇ ਇਸ ਮੰਦਰ ਦੀ ਗੰਭੀਰ ਚੁੱਪ ਨੂੰ ਮੁੱਖ ਰੱਖਦਿਆ ਬਣਾਈਆਂ ਗਈਆਂ ਸਨ, ਕੱਰਾਹਟਾਂ, ਆਹਵਾਂ, ਸੁੱਤਿਆਂ ਦੇ ਘੁਰਾੜਿਆਂ ਤੇ ਸਖ਼ਤ ਬੀਮਾਰ ਬੰਦਿਆਂ ਦੇ ਬਕੜਵਾਹ ਦੀਆਂ ਅਵਾਜਾਂ ਸੁਣਾਈ ਦੇਂਦੀਆਂ ਸਨ । ਸਾਰੀ ਥਾਂ ਜੰਗ ਦੀ ਬੋਝਲ ਸਾਹ ਘੁਟਵੀਂ ਮੁਸ਼ਕ ਨਾਲ ਭਰੀ ਪਈ ਸੀ
ਖੂਨ ਨਾਲ ਲਥ-ਪੱਥ ਪੱਟੀਆਂ, ਸੁੱਜੇ ਹੋਏ ਜ਼ਖਮ, ਜਿਉਂਦੇ-ਜਾਗਦੇ ਬੰਦਿਆਂ ਦੀ ਸੜਿਹਾਂਦ ਮਾਰਦੀ ਚਮੜੀ – ਜਿਸ ਮੁਸ਼ਕ ਨੂੰ ਕਿੰਨੀਂ ਵੀ ਹਵਾ-ਲਵਾਈ ਦੂਰ ਨਹੀਂ ਸੀ ਕਰ ਸਕਦੀ।
ਖ਼ੁਦ ਵਿਗਿਆਨੀ ਦੇ ਡਿਜ਼ਾਈਨ ਅਨੁਸਾਰ ਬਣੇ ਸੁਖਦਾਈ ਮੰਜਿਆਂ ਦੇ ਨਾਲ ਨਾਲ ਫੋਲਡਿੰਗ ਸਫ਼ਰੀ ਮੰਜੇ ਪਏ ਸਨ। ਬਰਤਨ ਕਾਫ਼ੀ ਨਹੀਂ ਸਨ। ਕਲੀਨਿਕ ਦੇ ਸੁੰਦਰ ਚੀਨੀ ਦੇ ਬਰਤਨਾਂ ਦੇ ਨਾਲ ਚਿੱਬਾਂ ਵਾਲੇ ਐਲਮੀਨੀਅਮ ਦੇ ਭਾਂਡੇ ਪਏ ਸਨ। ਨੇੜੇ ਹੀ ਫਟੇ ਬੰਬ ਦੇ ਧਮਾਕੇ ਨਾਲ ਵੱਡੀਆਂ ਵੱਡੀਆਂ ਇਤਾਲਵੀ ਬਾਰੀਆਂ ਦੇ ਸ਼ੀਸ਼ੇ ਟੁੱਟ ਗਏ ਸਨ ਤੇ ਉਹਨਾਂ ਉੱਤੇ ਪਲਾਈਵੁੱਡ ਦੇ ਫੱਟੇ ਲਾਉਣੇ ਪਏ ਸਨ । ਪਾਣੀ ਦੀ ਵੀ ਕਿੱਲਤ ਸੀ; ਵਿੱਚ ਵਿੱਚ ਗੈਸ ਵੀ ਬੰਦ ਹੋ ਜਾਂਦੀ ਸੀ ਤੇ ਔਜ਼ਾਰਾਂ ਨੂੰ ਪੁਰਾਣੇ ਸਪਿਰਿਟ ਸਟੋਵ ਵਰਤ ਕੇ ਜਰਮ-ਰਹਿਤ ਕਰਨਾ ਪੈਂਦਾ ਸੀ । ਪਰ ਜ਼ਖਮੀ ਆਈ ਚਲੀ ਜਾ ਰਹੇ ਸਨ । ਉਹਨਾਂ ਨੂੰ ਵਧਦੀ ਗਿਣਤੀ ਵਿੱਚ ਲਿਆਂਦਾ ਜਾ ਰਿਹਾ ਸੀ — ਹਵਾਈ ਜਹਾਜ਼ਾਂ ਉੱਪਰ, ਮੋਟਰਾਂ ਵਿੱਚ, ਗੱਡੀਆਂ ਵਿੱਚ। ਤੇ ਜਿਸ ਹਿਸਾਬ ਨਾਲ ਸਾਡੀ ਚੜ੍ਹਾਈ ਜ਼ੋਰ ਫੜਦੀ ਗਈ ਉਸੇ ਹਿਸਾਬ ਨਾਲ ਉਹਨਾਂ ਦੀ ਗਿਣਤੀ ਵਧਦੀ ਗਈ।
ਤਾਂ ਵੀ ਹਸਪਤਾਲ ਦਾ ਅਮਲਾ ਸਾਰੇ ਦਾ ਸਾਰਾ, ਇਸਦੇ ਮੁਖੀ ਤੋਂ ਲੈ ਕੇ, ਜਿਹੜਾ ਕਿ ਸਨਮਾਨਿਤ ਵਿਗਿਆਨੀ ਦੇ ਸੁਪ੍ਰੀਮ ਸੋਵੀਅਤ ਦਾ ਮੈਂਬਰ ਸੀ, ਸਾਰੀਆਂ ਵਾਰਡ ਨੌਕਰਾਣੀਆਂ, ਕਲੋਕ-ਰੂਮ ਦਾ ਖਿਆਲ ਰੱਖਣ ਵਾਲੀਆਂ ਤੇ ਦਰਬਾਨਾਂ ਤੱਕ — ਇਹ ਸਾਰੇ ਥੱਕੇ ਹੋਏ, ਕਦੀ ਕਦੀ ਅੱਧ-ਭੁੱਖੇ ਲੋਕ, ਜਿਨ੍ਹਾਂ ਦੀਆਂ ਤਲੀਆਂ ਹੇਠ ਨਹੀਂ ਸਨ ਲੱਗਦੀਆਂ, ਤੇ ਰਾਤਾਂ ਨੂੰ ਪੂਰਾ ਸੌਣਾ ਵੀ ਨਹੀਂ ਸੀ ਮਿਲਦਾ, ਪੂਰੇ ਹਠ ਨਾਲ ਆਪਣੇ ਇੰਸਟੀਚਿਊਟ ਦੇ ਸਥਾਪਤ ਨਿਯਮਾਂ ਦੀ ਪਾਲਣਾ ਜਾਰੀ ਰੱਖ ਰਹੇ ਸਨ । ਵਾਰਡ ਨੌਕਰਾਣੀਆਂ, ਜਿਹੜੀਆਂ ਕਈ ਵਾਰੀ ਬਿਨਾਂ ਅਰਾਮ ਕੀਤਿਆਂ ਦੋ ਤਿੰਨ ਡਿਊਟੀਆਂ ਉਤੋੜਿਤੀ ਦੇਂਦੀਆਂ ਸਨ, ਹਰ ਵਾਧੂ ਘੜੀ ਦਾ ਲਾਭ ਉਠਾਉਂਦਿਆਂ ਸਫ਼ਾਈ, ਧੁਆਈ ਤੇ ਰਗੜਾਈ ਕਰਨ ਲੱਗ ਪੈਂਦੀਆਂ ਸਨ। ਨਰਸਾਂ, ਮਾੜੀਆਂ ਮਾੜੀਆਂ ਬੁੱਢੀਆਂ ਲੱਗਦੀਆਂ, ਥਕਾਵਟ ਨਾਲ ਡੋਲਦੇ ਪੈਰਾਂ ਨਾਲ, ਪਹਿਲਾਂ ਵਾਂਗ ਹੀ, ਚਿੱਟੇ ਮਾਇਆ ਲੱਗੇ ਕੱਪੜੇ ਪਾਈ ਡਿਊਟੀ ਉੱਤੇ ਆਉਂਦੀਆਂ ਰਹੀਆਂ, ਤੇ ਡਾਕਟਰਾਂ ਦੀਆਂ ਹਿਦਾਇਤਾਂ ਦੀ ਪਾਲਣਾ ਕਰਨ ਵੱਲ ਉਸੇ ਤਰ੍ਹਾਂ ਪੂਰਾ ਧਿਆਨ ਦੇਂਦੀਆਂ ਰਹੀਆਂ। ਹਾਊਸ ਸਰਜਨ, ਪਹਿਲਾਂ ਵਾਂਗ ਹੀ ਮੰਜਿਆਂ ਉੱਪਰ ਵਿਛੇ ਕੱਪੜਿਆਂ ਉੱਪਰ ਮਾੜਾ ਜਿਹਾ ਦਾਗ ਦੇਖ ਕੇ ਵੀ ਨਰਾਜ਼ ਹੁੰਦੇ ਤੇ ਆਪਣਾ ਰੁਮਾਲਾਂ ਨਾਲ ਕੰਧਾਂ, ਪੌੜੀਆਂ ਦੀਆਂ ਰੇਲਾਂ ਤੇ ਦਰਵਾਜ਼ਿਆਂ ਦੀਆਂ ਹੱਥੀਆਂ ਨੂੰ ਰਗੜ ਰਗੜ ਕੇ ਵੇਖਦੇ ਕਿ ਉਹ ਬਿਲਕੁਲ ਸਾਫ਼ ਹਨ ਜਾਂ ਨਹੀਂ। ਤੇ ਖੁਦ ਮੁਖੀ, ਉਚਾ-ਲੰਮਾ ਲਾਲ-ਸੂਹੇ ਮੂੰਹ ਵਾਲ਼ਾ ਬਜ਼ੁਰਗ, ਜਿਸਦੇ ਚੌੜੇ ਮੱਥੇ ਉੱਪਰਲੇ ਵਾਲ ਚਿੱਟੇ ਹੋ ਰਹੇ ਸਨ, ਕਾਲੀਆਂ ਮੁੱਛਾਂ ਵਾਲ਼ਾ, ਤੇ ਚਾਂਦੀ ਦੀਆਂ ਧਾਰੀਆਂ ਵਾਲ਼ੀ ਠਾਠ ਦਾਰ ਦਾੜ੍ਹੀ ਵਾਲਾ, ਲਗਾਤਾਰ ਡਾਂਟ-ਡਪਟ ਕਰਨ ਵਾਲਾ ਆਦਮੀ ਚਿੱਟੇ ਚੋਗੇ ਪਾਈ ਹਾਊਸ ਸਰਜਨਾਂ ਤੇ ਸਹਾਇਕਾਂ ਦੇ ਨਾਲ, ਦਿਹਾੜੀ ਵਿੱਚ ਦੋ ਵਾਰੀ ਵਾਰਡ ਦਾ ਦੌਰਾ ਕਰਦਾ ਸੀ, ਜਿਵੇਂ ਜੰਗ ਤੋਂ ਪਹਿਲਾਂ ਕਰਦਾ ਹੁੰਦਾ ਸੀ, ਨਵੇਂ ਮਰੀਜ਼ਾਂ ਦੀ ਤਸ਼ਖੀਸ ਵਾਲੇ ਕਾਰਡ ਦੇਖਦਾ, ਤੇ ਗੰਭੀਰ ਮਰੀਜ਼ਾਂ ਬਾਰੇ ਸਲਾਹ ਦੇਂਦਾ ।
ਉਹਨਾਂ ਬੇਹੱਦ ਸਰਗਰਮੀਆਂ ਦੇ ਦਿਨਾਂ ਵਿੱਚ ਉਸਨੂੰ ਹਸਪਤਾਲ ਤੋਂ ਬਾਹਰ ਵੀ ਬਹੁਤ ਕੰਮ ਕਰਨਾ ਪੈਂਦਾ ਸੀ, ਪਰ ਉਹ ਆਪਣੇ ਅਰਾਮ ਤੇ ਨੀਂਦ ਦੀ ਕੀਮਤ ਉੱਤੇ ਆਪਣੀ ਪਿਆਰੀ ਸਿਰਜਣਾ, ਇੰਸਟੀਚਿਊਟ, ਦਾ ਦੌਰਾ ਕਰਨ ਲਈ ਹਮੇਸ਼ਾ ਸਮਾਂ ਕੱਢ ਲੈਂਦਾ ਸੀ । ਜਦੋ ਉਹ ਕਿਸੇ ਸਟਾਫ਼ ਮੈਂਬਰ ਦੀ ਗ਼ਲਤੀ ਲਈ ਉਸਦੀ ਡਾਂਟ-ਡਪਟ ਕਰਦਾ — ਤੇ ਇਹ ਕੰਮ ਉਹ ਬੜਾ ਉੱਚੀ ਉੱਚੀ, ਪੂਰੇ ਜੋਸ਼ ਨਾਲ, ਬਿਲਕੁਲ ਜਿੱਥੇ ਗ਼ਲਤੀ ਕੀਤੀ ਗਈ ਹੁੰਦੀ, ਉਸੇ ਥਾਂ, ਮਰੀਜ਼ਾਂ ਦੀ ਹਾਜ਼ਰੀ ਵਿੱਚ ਹੀ ਕਰਦਾ – ਤਾਂ ਉਹ ਹਮੇਸ਼ਾ ਇਸ ਗੱਲ ਉੱਤੇ ਜ਼ੋਰ ਦੇਂਦਾ ਕਿ ਕਲੀਨਿਕ ਨੂੰ ਇੱਕ ਆਦਰਸ਼ਕ ਸੰਸਥਾ ਵਜੋਂ ਕੰਮ ਕਰਨਾ ਜਾਰੀ ਰੱਖਣਾ ਚਾਹੀਦਾ ਹੈ— ਚੌਕਸ, ਬਲੈਕ-ਆਊਂਟਾਂ ਵਾਲ਼ੇ ਤੇ ਲੜਾਈ ਕਰ ਰਹੇ ਮਾਸਕੋ ਵਿੱਚ ਵੀ; ਉਹ ਕਹਿੰਦਾ ਕਿ ਇਸੇ ਵਿਚ ਹੀ ਇਹਨਾਂ ਸਾਰੇ ਹਿਟਲਰਾਂ ਤੇ ਗਰਿੰਗਾਂ ਨੂੰ ਸਾਡਾ ਜਵਾਬ ਹੈ; ਉਹ ਜੰਗ ਸਮੇਂ ਦੀਆਂ ਮੁਸ਼ਕਲਾਂ ਦੇ ਅਧਾਰ ਉੱਤੇ ਕੋਈ ਵੀ ਬਹਾਨੇ ਸੁਨਣ ਤੋਂ ਇਨਕਾਰ ਕਰ ਦੇਂਦਾ ਤੇ ਕਹਿੰਦਾ ਕਿ ਹੱਡ-ਹਰਾਮੀ ਤੇ ਵਿਹਲੜ ਜਾਣ ਢੱਠੇ ਖੂਹ ਵਿੱਚ, ਤੇ ਬਿਲਕੁਲ ਹੁਣੇ ਹੀ ਵੇਲਾ ਹੈ, ਜਦੋਂ ਸਭ ਕੁਝ ਏਨਾਂ ਮੁਸ਼ਕਲ ਹੈ, ਕਿ ਹਸਪਤਾਲ ਵਿੱਚ ਕਰੜੀ ਨਿਯਮਤਾ ਰੱਖੀ ਜਾਏ। ਉਸਨੇ ਆਪ ਵੀ ਆਪਣੇ ਦੌਰੇ ਏਨੀਂ ਸਮੇਂ ਦੀ ਪਾਬੰਦੀ ਨਾਲ ਕਾਇਮ ਰੱਖੇ ਕਿ ਵਾਰਡ ਨੌਕਰਾਣੀਆਂ, ਪਹਿਲਾਂ ਵਾਂਗ ਹੀ, ਵਾਰਡਾਂ ਵਿਚਲੀਆਂ ਘੜੀਆਂ ਨੂੰ ਉਸਦੇ ਆਉਣ ਨਾਲ ਮਿਲਾਉਂਦੀਆਂ ਸਨ । ਹਵਾਈ ਹਮਲੇ ਵੀ ਇਸ ਆਦਮੀ ਦੀ ਸਮੇਂ ਦੀ ਪਾਬੰਦੀ ਨੂੰ ਨਹੀਂ ਸਨ ਭੰਗ ਕਰਦੇ। ਇਹ ਚੀਜ਼ ਸੀ ਜਿਹੜੀ ਸਟਾਫ਼ ਨੂੰ ਕਰਾਮਾਤਾਂ ਕਰ ਦਿਖਾਉਣ ਤੇ ਅਥਾਹ ਮੁਸ਼ਕਲਾਂ ਵਿੱਚ ਵੀ ਜੰਗ ਤੋਂ ਪਹਿਲਾਂ ਵਾਲ਼ੀ ਨਿਯਮਤਾ ਕਾਇਮ ਰੱਖਣ ਲਈ ਪ੍ਰੇਰਦੀ ਸੀ ।
ਇੱਕ ਦਿਨ ਸਵੇਰ ਦਾ ਰਾਊਂਡ ਆਉਂਦਿਆਂ ਹਸਪਤਾਲ ਦਾ ਮੁਖੀ – ਅਸੀਂ ਉਸਨੂੰ ਵਾਸਿਲੀ ਵਾਸਿਲੀਯੇਵਿਚ ਦੇ ਨਾਂ ਨਾਲ ਬੁਲਾਵਾਂਗੇ – ਦੂਜੀ ਮੰਜ਼ਲ ਉੱਤੇ ਪੌੜੀਆਂ ਕੋਲ ਨਾਲ਼ੋਂ ਨਾਲ ਪਏ ਦੋ ਮੰਜ਼ਿਆਂ ਕੋਲ ਆਇਆ।
“ਇਹ ਕੀ ਨੁਮਾਇਸ਼ ਲਾਈ ਹੋਈ ਹੈ ?” ਉਹ ਕੂਕਿਆ ਤੇ ਆਪਣੇ ਭਾਰੇ ਭਰਵੱਟਿਆਂ ਦੇ ਹੇਠੋਂ ਦੀ ਹਾਊਸ ਸਰਜਨ ਵੱਲ ਉਸਨੇ ਐਸੀ ਕਹਿਰੀ ਨਜ਼ਰ ਸੁੱਟੀ ਕਿ ਉੱਚਾ-ਲੰਮਾ, ਝੁਕੇ ਮੋਢਿਆਂ ਤੇ ਪ੍ਰਭਾਵਸ਼ਾਲੀ ਦਿੱਖ ਵਾਲ਼ਾ ਹਾਊਸ ਸਰਜਨ, ਜਿਹੜਾ ਹੁਣ ਜਵਾਨ ਨਹੀਂ ਸੀ ਲਗਦਾ, ਸਕੂਲ ਦੇ ਮੁੰਡੇ ਵਾਂਗ ਸਿੱਧਾ ਖੜ੍ਹਾ ਹੋ ਗਿਆ ਤੇ ਬੋਲਿਆ:
“ਰਾਤੀਂ ਹੀ ਇਹਨਾਂ ਨੂੰ ਲਿਆਏ ਹਨ… ਪਾਇਲਟ ਨੇ । ਇਸਦੀ ਪੱਟ ਦੀ ਹੱਡੀ ਤੇ ਸੱਜੀ ਬਾਂਹ ਟੁੱਟੀ ਹੋਈ ਹੈ । ਆਮ ਹਾਲਤ ਠੀਕ ਹੈ, ਤੇ ਔਹ” — ਉਸਨੇ ਸੁੱਕ ਕੇ ਤੀਲ੍ਹਾ ਹੋਏ ਆਦਮੀ ਵੱਲ ਹੱਥ ਨਾਲ ਇਸ਼ਾਰਾ ਕੀਤਾ, ਜਿਸਦੀ ਉਮਰ ਦਾ ਅੰਦਾਜ਼ਾ ਨਹੀਂ ਸੀ ਲਾਇਆ ਜਾ ਸਕਦਾ, ਤੇ ਜਿਹੜਾ ਅੱਖਾਂ ਮੀਟੀ ਮੰਜੇ ਉੱਤੇ ਅਹਿੱਲ ਪਿਆ ਸੀ — “ਗੰਭੀਰ ਕੇਸ ਹੈ। ਪੈਰਾਂ ਦੀਆਂ ਹੱਡੀਆਂ ਕਈ ਥਾਵਾਂ ਤੋਂ ਟੁੱਟੀਆਂ ਹੋਈਆ ਨੇ, ਦੋਹਾ ਪੈਰਾਂ ਨੂੰ ਗੈਂਗਰੀਨ ਹੋਈ ਹੋਈ ਹੈ, ਪਰ ਵੱਡੀ ਗੱਲ ਇਹ ਹੈ ਕਿ ਸਾਹ ਸਤ ਬਿਲਕੁਲ ਨਹੀਂ। ਮੈਨੂੰ ਸੱਚਮੁਚ, ਯਕੀਨ ਨਹੀਂ ਆਉਂਦਾ ਪਰ ਇਹਨਾਂ ਨੂੰ ਇੱਥੇ ਛੱਡ ਕੇ ਜਾਣ ਵਾਲ਼ਾ ਲੈਫ਼ਟੀਨੈਂਟ ਫ਼ੌਜੀ ਡਾਕਟਰ ਲਿਖਦਾ ਹੈ ਕਿ ਇਹ ਮਰੀਜ਼, ਜਿਸਦੇ ਪੈਰਾਂ ਦੀਆਂ ਹੱਡੀਆਂ ਟੁੱਟੀਆਂ ਹੋਈਆ ਨੇ, ਅਠਾਰਾਂ ਦਿਨ ਤੱਕ ਜਰਮਨ ਸਫ਼ਾ ਦੇ ਪਿੱਛੇ ਰੀਂਗਦਾ ਰਿਹਾ ਹੈ। ਬੇਸ਼ਕ, ਇਹ ਅਤਿਕਥਨੀ ਹੈ.”
ਹਾਊਸ ਸਰਜਨ ਨੂੰ ਸੁਣਿਆ-ਅਣਸੁਣਿਆ ਕਰਦਿਆਂ, ਵਾਸਿਲੀ ਵਾਸਿਲੀਯੇਵਿਚ ਨੇ ਕੰਬਲ ਚੁੱਕਿਆ। ਅਲੈਕਸੇਈ ਮਰੇਸੇਯੇਵ ਛਾਤੀ ਉੱਤੇ ਹੱਥ ਰੱਖੀ ਪਿਆ ਸੀ। ਇਹਨਾਂ ਸੰਵਲਾਈ ਚਮੜੀ ਵਾਲੀਆਂ ਬਾਂਹਾ ਤੋਂ, ਜਿਹੜੀ ਸੱਜਰੀ ਚਿੱਟੀ ਕਮੀਜ਼ ਤੇ ਚੱਦਰਾਂ ਦੇ ਉੱਤੇ ਹੋਰ ਵੀ ਉੱਘੜ ਰਹੀਆਂ ਸਨ, ਕੋਈ ਆਦਮੀ ਦੀਆਂ ਹੱਡੀਆਂ ਦੀ ਬਣਤਰ ਦਾ ਅਧਿਐਨ ਕਰ ਸਕਦਾ ਸੀ । ਪ੍ਰੋਫ਼ੈਸਰ ਨੇ ਆਹਿਸਤਾ ਜਿਹੇ ਪਾਇਲਟ ਉੱਤੇ ਕੰਬਲ ਦੇ ਦਿੱਤਾ ਤੇ ਘੂਰਦਿਆਂ
ਹੋਇਆ ਹਾਊਸ ਸਰਜਨ ਨੂੰ ਟੋਕਿਆ:
“ਇੱਥੇ ਕਿਉਂ ਪਏ ਨੇ ?”
“ਬਰਾਮਦੇ ਵਿੱਚ ਹੋਰ ਥਾਂ ਨਹੀਂ। ਤੁਸੀਂ ਆਪ ਹੀ..”
“ ‘ਤੁਸੀਂ ਆਪ’, ‘ਤੁਸੀਂ ਆਪ’ ਕੀ ? ਬਤਾਲੀ ਨੰਬਰ ਵਿੱਚ ਕਿਉਂ ਨਹੀਂ ਟਿਕਾਇਆ ?”
“ਉਹ ਕਰਨੈਲਾਂ ਦਾ ਵਾਰਡ ਹੈ।”
“ਕਰਨੈਲਾਂ ਦਾ ਵਾਰਡ?” ਪ੍ਰੋਫ਼ੈਸਰ ਇੱਕਦਮ ਭੜਕ ਉੱਠਿਆ। ਕਿਸ ਉੱਲੂ ਦੇ ਦਿਮਾਗ਼ ਦੀ ਇਹ ਕਾਢ ਹੈ? ਕਰਨੈਲਾਂ ਦਾ ਵਾਰਡ ! ਬੇਵਕੂਫ਼!”
“ਪਰ ਸਾਨੂੰ ਕਿਹਾ ਗਿਆ ਸੀ: ਸੋਵੀਅਤ ਯੂਨੀਅਨ ਦੇ ਯੋਧਿਆਂ ਲਈ ਵਾਰਡ ਰਿਜ਼ਰਵ ਰੱਖੋ !”
“ਯੋਧਿਆ ਲਈ’, ‘ਯੋਧਿਆ ਲਈ’ ਇਸ ਜੰਗ ਵਿੱਚ ਸਾਰੇ ਯੋਧੇ ਨੇ । ਮੈਨੂੰ ਤੁਸੀਂ ਕਾਹਦੀ ਸਿੱਖਿਆ ਦੇ ਰਹੇ ਹੋ ? ਇਥੋਂ ਦਾ ਇੰਚਾਰਜ ਕੌਣ ਹੈ? ਜਿਸਨੂੰ ਮੇਰੀਆਂ ਹਿਦਾਇਤਾਂ ਚੰਗੀਆਂ ਨਹੀਂ ਲੱਗਦੀਆਂ, ਉਹ ਬੇਸ਼ਕ ਹੁਣੇ ਇੱਥੋਂ ਚੱਲਦਾ ਹੋਵੇ। ਹੁਣੇ ਪਾਇਲਟਾਂ ਨੂੰ ਬਤਾਲੀ ਨੰਬਰ ਵਿੱਚ ਭੇਜੋ ! ਕਿਆ ਅਹਿਮਕਾਂ ਵਾਲੀਆਂ ਸੁਝਦੀਐ: ‘ਕਰਨੈਲਾਂ ਦਾ ਵਾਰਡ’।”
ਉਹ ਆਪਣੇ ਨਾਲ ਦਿਆਂ ਸਮੇਤ, ਜਿਹੜੇ ਹੁਣ ਹਲਕੇ ਪੈ ਚੁੱਕੇ ਸਨ, ਉੱਥੋਂ ਤੁਰ ਪਿਆ, ਪਰ ਇੱਕਦਮ ਮੁੜਿਆ, ਮਰੇਸੇਯੇਵ ਉੱਪਰ ਜ਼ਰਾ ਝੁਕਿਆ ਤੇ ਉਸਦੇ ਮੋਢਿਆਂ ਉੱਪਰ ਆਪਣਾ ਗੁਦਗੁਦਾ ਹੱਥ ਰੱਖਦਿਆ, ਜਿਸਦੀ ਚਮੜੀ ਲਗਾਤਾਰ ਕਿਰਮ-ਨਾਸ਼ਕ ਦਵਾਈਆਂ ਨਾਲ ਧੋਂਦੇ ਰਹਿਣ ਕਰਕੇ ਉੱਚੜ ਰਹੀ ਸੀ, ਪੁੱਛਣ ਲੱਗਾ:
“ਕੀ ਇਹ ਸੱਚਮੁਚ ਠੀਕ ਹੈ ਕਿ ਤੂੰ ਦੋ ਹਫ਼ਤੇ ਤੋਂ ਬਹੁਤਾ ਸਮਾਂ ਜਰਮਨ ਸਫਾਂ ਦੇ ਪਿੱਛੇ ਰੀਂਗਦਾ ਰਿਹਾ ਹੈ?”
“ਕੀ ਮੈਨੂੰ ਸੱਚਮੁਚ ਗੈਂਗਰੀਨ ਹੋਈ ਹੋਈ ਹੈ ?” ਜਵਾਬ ਦੇਣ ਦੀ ਥਾਂ ਮਰੇਸੇਯੇਵ ਨੇ ਢੱਠੀ ਹੋਈ ਅਵਾਜ਼ ਨਾਲ ਪੁੱਛਿਆ।
ਪ੍ਰੋਫ਼ੈਸਰ ਨੇ ਆਪਣੇ ਨਾਲ ਦਿਆ ਵੱਲ ਘੂਰੀ ਵੱਟ ਕੇ ਤੱਕਿਆ ਜਿਹੜੇ ਦਰਵਾਜ਼ੇ ਵਿੱਚ ਖੜ੍ਹੋ ਗਏ ਸਨ, ਫਿਰ ਸਿੱਧਾ ਪਾਇਲਟ ਦੀਆਂ ਵੱਡੀਆਂ ਵੱਡੀਆਂ ਕਾਲੀਆਂ ਅੱਖਾਂ ਵਿੱਚ ਦੇਖਦਿਆਂ, ਜਿਨ੍ਹਾਂ ਵਿੱਚੋਂ ਗਮ ਤੇ ਫ਼ਿਕਰ ਝਲਕ ਰਿਹਾ ਸੀ, ਇੱਕਦਮ ਬੋਲਿਆ:
“ਤੇਰੇ ਵਰਗਿਆਂ ਨੂੰ ਧੋਖਾ ਦੇਣਾ ਪਾਪ ਹੈ । ਹਾਂ, ਗੈਂਗਰੀਨ ਹੈ। ਪਰ ਚੜ੍ਹਦੀਆਂ ਕਲਾਂ ਰੱਖ । ਦੁਨੀਆਂ ਵਿੱਚ ਕੋਈ ਬੀਮਾਰੀ ਨਹੀਂ ਜਿਸਦਾ ਇਲਾਜ਼ ਨਾ ਹੋ ਸਕਦਾ ਹੋਵੇ, ਜਿਸ ਤਰ੍ਹਾਂ ਕੋਈ ਮੁਸ਼ਕਲ ਨਹੀਂ ਜਿਸਦਾ ਹੱਲ ਨਾ ਹੋਵੇ। ਸਮਝਿਆ ? ਹਾਂ !”
ਤੇ ਉਹ ਉੱਥੋਂ ਚਲਾ ਗਿਆ, ਉੱਚਾ ਲੰਮਾਂ, ਡੰਡ ਪਾਉਣਾ; ਤੇ ਹੁਣ ਦੂਰੋਂ ਕਿਤੋਂ ਬਰਾਮਦੇ ਦੇ ਸ਼ੀਸ਼ਿਆ ਵਾਲ਼ੇ ਦਰਵਾਜ਼ਿਆਂ ਤੋਂ ਪਰਲੇ ਪਾਸਿਉਂ, ਉਸਦੀ ਭਾਰੀ ਜਿਹੀ ਅਵਾਜ਼ ਸੁਣੀ ਜਾ ਸਕਦੀ ਸੀ ।
“ਚੰਗਾ ਦਿਲ ਰੱਖਣ ਵਾਲ਼ਾ ਆਦਮੀ ਏ”, ਆਪਣੀਆਂ ਬੋਝਲ ਅੱਖਾਂ ਨਾਲ ਉਸਨੂੰ ਜਾਂਦੇ ਨੂੰ ਦੇਖਦਿਆ ਮਰੇਸੇਯੇਵ ਬੋਲਿਆ।
“ਕੋਈ ਪੇਚ ਢਿੱਲਾ ਲੱਗਦੈ । ਦੇਖਿਆ ਸੀ ? ਸਾਨੂੰ ਬਣਾਉਂਦਾ ਸੀ । ਜਾਣਦੇ ਹਾਂ ਇਹੋ ਜਿਹੇ ਸਿੱਧੜਾਂ ਨੂੰ”, ਮੀਸਣਿਆਂ ਵਾਂਗ ਮੁਸਕ੍ਰਾਉਦਾਂ ਹੋਇਆ ਕੁਕੁਸ਼ਕਿਨ ਆਪਣੀ ਮੰਜੀ ਤੋਂ ਬੋਲਿਆ । “ਸੋ ਹੁਣ ਸਾਨੂੰ ਕਰਨੈਲਾਂ ਦੇ ਵਾਰਡ ਵਿੱਚ ਜਾਣ ਦਾ ਮਾਣ ਮਿਲੇਗਾ।”
“ਗੈਂਗਰੀਨ,” ਮਰੇਸੇਯੇਵ ਨੇ ਹੌਲ਼ੀ ਜਿਹੀ ਕਿਹਾ ਤੇ ਗਮਭਰੀ ਅਵਾਜ਼ ਵਿੱਚ ਦੁਹਰਾਇਆ: “ਗੈਂਗਰੀਨ।”
2
ਜਿਸਨੂੰ “ਕਰਨੈਲਾਂ ਦਾ ਵਾਰਡ” ਕਹਿੰਦੇ ਸਨ, ਉਹ ਦੂਜੀ ਮੰਜ਼ਲ ਉੱਤੇ ਬਰਾਮਦੇ ਦੇ ਅਖ਼ੀਰ ਉੱਤੇ ਸੀ। ਇਸਦੀਆਂ ਬਾਰੀਆਂ ਪੂਰਬ ਤੇ ਦੱਖਣ ਵੱਲ ਖੁੱਲ੍ਹਦੀਆਂ ਸਨ, ਜਿਸ ਕਰਕੇ ਧੁੱਪ ਸਾਰੀ ਦਿਹਾੜੀ, ਇੱਕ ਮੰਜੇ ਤੋਂ ਦੂਜੇ ਮੰਜੇ ਉੱਪਰ ਜਾਂਦੀ, ਕਮਰੇ ਵਿਚ ਲਗਾਤਾਰ ਫਿਰਦੀ ਰਹਿੰਦੀ ਸੀ। ਇਹ ਮੁਕਾਬਲਤਨ ਛੋਟਾ ਕਮਰਾ ਸੀ। ਲੱਕੜ ਦੇ ਫਰਸ਼ ਉੱਤੇ ਬਚੇ ਰਹਿ ਗਏ ਕਾਲੇ ਧੱਬਿਆ ਤੋਂ ਪਤਾ ਲਗਦਾ ਸੀ ਕਿ ਜੰਗ ਤੋਂ ਪਹਿਲਾਂ ਇਸ ਕਮਰੇ ਵਿੱਚ ਦੋ ਮੰਜੇ ਹੁੰਦੇ ਸਨ, ਦੋ ਕਪਬੋਰਡ ਤੇ ਵਿਚਕਾਰ ਇੱਕ ਗੋਲ ਮੇਜ਼ ਹੁੰਦਾ ਸੀ, ਹੁਣ ਇੱਥੇ ਚਾਰ ਮੰਜੀਆਂ ਡਾਹੀਆਂ ਗਈਆਂ ਸਨ। ਇੱਕ ਉੱਤੇ ਸਾਰਾ ਪੱਟੀਆਂ ਵਿੱਚ ਲਪੇਟਿਆ ਹੋਇਆ ਜ਼ਖਮੀ ਬੰਦਾ ਪਿਆ ਸੀ, ਜਿਹੜਾ ਚੰਗੀ ਤਰ੍ਹਾਂ ਕੱਜੇ ਲਪੇਟੇ ਨਵਜਨਮੇ ਬਾਲ ਵਾਂਗ ਲੱਗਦਾ ਸੀ । ਉਹ ਸਦਾ ਸਿੱਧਾ ਪਿਆ ਰਹਿੰਦਾ ਸੀ ਤੇ ਪੱਟੀਆਂ ਵਿਚਲੀਆਂ ਵਿਰਲਾਂ ਥਾਣੀ ਖਾਲੀ, ਅਹਿੱਲ ਅੱਖਾਂ ਨਾਲ ਛੱਤ ਵੱਲ ਦੇਖਦਾ ਰਹਿੰਦਾ ਸੀ । ਦੂਜੇ ਮੰਜੇ ਉੱਤੇ, ਅਲੈਕਸੇਈ ਦੇ ਨਾਲ ਕਰਕੇ, ਝੁਰੜੀਆਂ ਦੇ ਦਾਗਾਂ ਵਾਲ਼ੇ ਚਿਹਰੇ ਵਾਲ਼ਾ, ਜਿਸ ਉੱਤੇ ਪਤਲੀਆਂ ਪਤਲੀਆਂ ਧੌਲੀਆਂ ਮੁੱਛਾਂ ਸਨ, ਤੇ ਮਦਦਗਾਰ ਖੁਸ਼ ਰਹਿਣੇ ਸੁਭਾਅ ਵਾਲਾ ਬੰਦਾ ਪਿਆ ਸੀ ।
ਹਸਪਤਾਲ ਵਿੱਚ ਬੰਦੇ ਜਲਦੀ ਹੀ ਰਚਮਿਚ ਜਾਂਦੇ ਹਨ। ਸ਼ਾਮ ਤੱਕ ਅਲੈਕਸੇਈ ਨੂੰ ਪਤਾ ਲੱਗ ਚੁੱਕਾ ਸੀ ਕਿ ਦਾਗਾਂ ਵਾਲ਼ੇ ਚਿਹਰੇ ਵਾਲਾ ਆਦਮੀ ਸਾਇਬੇਰੀਆ ਦਾ ਰਹਿਣ ਵਾਲਾ, ਸਾਂਝੇ ਫਾਰਮ ਦਾ ਪ੍ਰਧਾਨ, ਸ਼ਿਕਾਰੀ ਹੈ, ਜਿਹੜਾ ਫ਼ੌਜ ਵਿੱਚ ਸਨਾਈਪਰ, ਤੇ ਕਾਮਯਾਬ ਸਨਾਈਪਰ ਹੈ। ਯੋਲਨਾ ਦੇ ਨੇੜੇ ਹੋਈਆਂ ਪ੍ਰਸਿੱਧ ਲੜਾਈਆਂ ਤੋਂ ਸ਼ੁਰੂ ਹੋ ਕੇ, ਜਦੋਂ ਉਹ ਸਾਇਬੇਰੀਆਈ ਡਿਵੀਜ਼ਨ ਨਾਲ ਰਲ ਕੇ ਲੜਾਈ ਵਿੱਚ ਸ਼ਾਮਲ ਹੋਇਆ ਸੀ, ਉਸਨੇ ਸੱਤਰ ਫਾਸਿਸਟ, ਜਿਵੇਂ ਕਿ ਉਹ ਕਿਹਾ ਕਰਦਾ ਸੀ, “ਫੁੰਡੇ ਸਨ।” ਇਸੇ ਡਿਵੀਜ਼ਨ ਵਿਚ ਹੀ ਉਸਦੇ ਦੋ ਬੇਟੇ ਤੇ ਜਵਾਈ ਵੀ ਸੀ । ਉਸਨੂੰ ਸੋਵੀਅਤ ਯੂਨੀਅਨ ਦੇ ਯੋਧੇ ਦਾ ਖਿਤਾਬ ਮਿਲਿਆ ਹੋਇਆ ਸੀ, ਤੇ ਜਦੋਂ ਉਸਨੇ ਅਲੈਕਸੇਈ ਨੂੰ ਆਪਣਾ ਨਾਂ ਦੱਸਿਆ, ਤਾਂ ਅਲੈਕਸੇਈ ਹੈਰਾਨੀ ਨਾਲ ਉਸਦੀ ਬੇਢੱਬ ਸ਼ਕਲ ਵੱਲ ਦੇਖਣ ਲੱਗਾ । ਇਹ ਨਾਂ ਉਦੋਂ ਫ਼ੌਜ ਵਿੱਚ ਹਰ ਥਾਂ ਪ੍ਰਸਿੱਧ ਸੀ। ਵੱਡੇ ਵੱਡੇ ਅਖ਼ਬਾਰਾਂ ਨੇ ਇਸ ਸਨਾਈਪਰ ਬਾਰੇ ਸਗੋਂ ਸੰਪਾਦਕੀ ਵੀ ਲਿਖੇ ਸਨ । ਹਸਪਤਾਲ ਵਿਚਲੇ ਸਾਰੇ ਬੰਦੇ – ਕੀ ਨਰਸਾਂ ਤੇ ਕੀ ਹਾਊਸ ਸਰਜਨ, ਸਗੋਂ ਖ਼ੁਦ ਵਾਸਿਲੀ ਵਾਸਿਲੀਯੇਵਿਚ ਵੀ — ਉਸਨੂੰ ਸਤਿਕਾਰ ਨਾਲ ਸਤੇਪਾਨ ਈਵਾਨੋਵਿਚ ਕਹਿ ਕੇ ਬੁਲਾਉਂਦੇ ਸਨ।
ਵਾਰਡ ਵਿਚਲੇ ਚੌਥੇ ਬੰਦੇ ਨੇ, ਜਿਹੜਾ ਸਾਰਾ ਪੱਟੀਆਂ ਵਿੱਚ ਲਪੇਟਿਆ ਹੋਇਆ ਸੀ, ਸਾਰਾ ਦਿਨ ਆਪਣੇ ਬਾਰੇ ਕੁਝ ਨਹੀਂ ਸੀ ਦੱਸਿਆ; ਅਸਲ ਵਿੱਚ, ਉਸਨੇ ਇੱਕ ਲਫਜ਼ ਵੀ ਮੂੰਹੋਂ ਨਹੀਂ ਸੀ ਕੱਢਿਆ। ਪਰ ਸਤੇਪਾਨ ਈਵਾਨੋਵਿਚ ਨੇ, ਜਿਹੜਾ ਸਾਰੀ ਦੁਨੀਆਂ ਦਾ ਗਿਆਨ ਰੱਖਦਾ ਸੀ, ਮਰੇਸੇਯੇਵ ਨੂੰ ਉਸ ਬਾਰੇ ਹੌਲੀ ਜਿਹੀ ਦਸ ਦਿੱਤਾ ਸੀ । ਉਸਦਾ ਨਾਂ ਗਰਿਗੋਰੀ ਗਵੋਜ਼ਦਿਓਵ ਸੀ । ਉਹ ਟੈਂਕ ਬਟਾਲੀਅਨ ਵਿੱਚ ਲੈਫ਼ਟੀਨੈਂਟ ਸੀ ਤੇ ਉਸਨੂੰ ਵੀ ਸੋਵੀਅਤ ਯੂਨੀਅਨ ਦੇ ਯੋਧੇ ਦਾ ਖਿਤਾਬ ਮਿਲ ਚੁੱਕਾ ਸੀ । ਉਹ ਟੈਂਕ ਸਿਖਲਾਈ ਦੇ ਸਕੂਲ ਵਿੱਚੋਂ ਪੜ੍ਹ ਕੇ ਫੌਜ ਵਿੱਚ ਆਇਆ ਸੀ ਤੇ ਬਿਲਕੁਲ ਪਹਿਲੇ ਦਿਨ ਤੋਂ ਹੀ ਜੰਗ ਵਿੱਚ ਹਿੱਸਾ ਲੈ ਰਿਹਾ ਸੀ। ਪਹਿਲੀ ਲੜਾਈ ਉਸਨੇ ਬਰੇਸਤ-ਲਿਤੋਵਸਕ ਦੇ ਨੇੜੇ ਕਿਤੇ ਸਰੱਹਦਾਂ ਉੱਤੇ ਲੜੀ ਸੀ । ਬੇਲਾਸਤੋਕ ਦੇ ਨੇੜੇ ਹੋਈ ਪ੍ਰਸਿੱਧ ਟੈਂਕ ਲੜਾਈ ਵਿੱਚ ਉਸਦਾ ਟੈਂਕ ਨਕਾਰਾ ਹੋ ਗਿਆ, ਪਰ ਉਹ ਇੱਕ ਦਮ ਇੱਕ ਹੋਰ ਟੈਂਕ ਵਿੱਚ ਚਲਾ ਗਿਆ, ਜਿਸਦਾ ਕਮਾਂਡਰ ਮਾਰਿਆ ਗਿਆ ਸੀ, ਤੇ ਟੈਂਕ ਡਿਵੀਜ਼ਨ ਦੇ ਬਾਕੀ ਬਚੇ ਟੈਂਕਾਂ ਨਾਲ ਉਸਨੇ ਮਿੰਸਕ ਵੱਲ ਪਿੱਛੇ ਹਟ ਰਹੀ ਫ਼ੌਜ ਨੂੰ ਉਹਲਾ ਦੇਈ ਰੱਖਿਆ । ਬੂਗ ਵਿੱਚ ਹੋਈ ਲੜਾਈ ਵਿੱਚ ਉਸਦਾ ਦੂਜਾ ਟੈਂਕ ਵੀ ਨਕਾਰਾ ਹੋ ਗਿਆ, ਉਹ ਜ਼ਖ਼ਮੀ ਹੋ ਗਿਆ ਤੇ ਤੀਜੇ ਟੈਂਕ ਵਿੱਚ ਚਲਾ ਗਿਆ ਜਿਸ ਦਾ ਕਮਾਂਡਰ ਮਰ ਗਿਆ ਸੀ; ਤੇ ਉਸਨੇ ਟੈਂਕ ਕੰਪਨੀ ਦੀ ਕਮਾਨ ਆਪਣੇ ਹੱਥ ਲੈ ਲਈ। ਫੇਰ, ਆਪਣੇ ਆਪ ਨੂੰ ਜਰਮਨ ਸਫਾ ਦੇ ਪਿੱਛੇ ਦੇਖਦਿਆਂ, ਉਸਨੇ ਤਿੰਨ ਟੈਂਕਾਂ ਦਾ ਇੱਕ ਭੌਂਦਾ ਫਿਰਦਾ ਗਰੁੱਪ ਬਣਾ ਲਿਆ; ਉਹ ਕਈ ਮਹੀਨੇ ਇਹਨਾਂ ਨਾਲ ਜਰਮਨ ਸਫਾਂ ਦੇ ਬਹੁਤ ਪਿੱਛੇ ਘੁੰਮਦਾ ਰਿਹਾ ਤੇ ਜਰਮਨ ਗੱਡੀਆਂ ਤੇ ਫ਼ੌਜਾਂ ਨੂੰ ਭੜਥੂ ਪਾ ਛੱਡਿਆ। ਉਹ ਸੱਜਰੀਆਂ ਹੋਈਆਂ ਲੜਾਈਆਂ ਵਾਲੀਆਂ ਥਾਵਾਂ ਤੋਂ ਬਾਲਣ, ਗੋਲੀ-ਸਿੱਕੇ ਤੇ ਵਾਧੂ ਪੁਰਜ਼ਿਆਂ ਦੀ ਘਾਟ ਪੂਰੀ ਕਰਦਾ । ਜਰਨੈਲੀ ਸੜਕਾਂ ਦੇ ਆਸ-ਪਾਸ ਹਰੀਆਂ ਘਾਟੀਆਂ ਵਿੱਚ, ਜੰਗਲਾਂ ਤੇ ਦਲਦਲਾਂ ਵਿੱਚ ਹਰ ਤਰ੍ਹਾਂ ਦੀਆਂ ਮਸ਼ੀਨਾਂ ਨਕਾਰਾ ਹੋਈਆਂ ਮਿਲ ਸਕਦੀਆਂ ਸਨ।
ਰਹਿਣ ਵਾਲ਼ਾ ਉਹ ਦੋਰੋਗੋਬੂਜ਼ ਦਾ ਸੀ । ਜਦੋਂ ਸੋਵੀਅਤ ਸੂਚਨਾ ਵਿਭਾਗ ਦੇ ਐਲਾਨਾਂ ਤੋਂ ਜਿਨ੍ਹਾਂ ਨੂੰ ਟੈਂਕਾਂ ਵਾਲ਼ੇ ਆਪਣੇ ਕਮਾਂਡਰ ਦੇ ਟੈਂਕ ਵਿੱਚ ਲੱਗੇ ਵਾਇਰਲੈਸ ਸੈਟ ਉੱਪਰ ਬਕਾਇਦਾ ਸੁਣਦੇ ਸਨ, ਗਵੋਜ਼ਦਿਓਵ ਨੂੰ ਪਤਾ ਲੱਗਾ ਕਿ ਜੰਗ ਰੇਖਾ ਉਸਦੇ ਜਨਮ ਸਥਾਨ ਦੇ ਨੇੜੇ ਪੁੱਜ ਰਹੀ ਹੈ, ਤਾਂ ਉਸਤੋਂ ਹੋਰ ਨਾ ਰਿਹਾ ਗਿਆ; ਉਸਨੇ ਆਪਣੇ ਤਿੰਨੇ ਟੈਂਕ ਉਡਾ ਦਿੱਤੇ ਤੇ ਆਪਣੇ ਬਾਕੀ ਬਚੇ ਅੱਠ ਸਾਥੀਆਂ ਨਾਲ, ਜੰਗਲਾਂ ਦੇ ਵਿੱਚੋਂ ਦੀ ਨਿੱਕਲ ਤੁਰਿਆ।
ਜੰਗ ਸ਼ੁਰੂ ਹੋਣ ਤੋਂ ਜ਼ਰਾ ਹੀ ਪਹਿਲਾਂ ਉਸਨੂੰ ਘਰ ਜਾਣ ਦਾ ਮੌਕਾ ਮਿਲਿਆ ਸੀ, ਜਿਹੜਾ ਚਰਾਗਾਹਾਂ ਦੇ ਵਿੱਚੋਂ ਦੀ ਵਲ ਵਲੇਵੇ ਖਾ ਕੇ ਲੰਘਦੀ ਇੱਕ ਛੋਟੀ ਜਿਹੀ ਨਦੀ ਦੇ ਕੰਢੇ ਉੱਪਰ ਸੀ। ਉਸਦੀ ਮਾਂ, ਪਿੰਡ ਦੀ ਮਾਸਟਰਾਨੀ, ਸਖ਼ਤ ਬੀਮਾਰ ਹੋ ਗਈ ਸੀ, ਤੇ ਉਸਦੇ ਪਿਉ ਨੇ, ਜਿਹੜਾ ਵੱਡਾ ਜ਼ਰਈ-ਵਿਗਿਆਨੀ ਤੇ ਇਲਾਕੇ ਦੀ ਸੋਵੀਅਤ ਦਾ ਮੈਂਬਰ ਸੀ, ਉਸਨੂੰ ਘਰ ਬੁਲਾ ਭੇਜਿਆ ਸੀ।
ਗਵੋਜ਼ਦਿਓਵ ਨੂੰ ਸਕੂਲ ਦੇ ਨੇੜੇ ਇੱਕ ਨੀਵੀਂ ਜਿਹੀ ਲੱਕੜ ਦੀ ਕੁਟੀਆ ਯਾਦ ਆਈ, ਤੇ ਆਪਣੀ ਮਾਂ ਛੋਟੀ ਜਿਹੀ, ਸੂਤੀ ਪਈ ਔਰਤ ਯਾਦ ਆਈ, ਜਿਹੜੀ ਪੁਰਾਣੇ ਦੀਵਾਨ ਉੱਪਰ ਬੇਵੱਸ ਪਈ ਸੀ; ਪੁਰਾਣੇ ਢੰਗ ਦੀ ਸੰਟੂਨ ਦੀ ਜਾਕਟ ਪਾਈ ਉਸਦੀ ਮਾਂ ਦੇ ਦੀਵਾਨ ਦੇ ਨੇੜੇ ਖੜ੍ਹੋਤਾ ਆਪਣਾ ਪਿਉ ਯਾਦ ਆਇਆ, ਖੰਘਦਾ ਹੋਇਆ ਤੇ ਆਪਣੀ ਛੋਟੀ ਛੋਟੀ, ਧਾਉਲੀ ਦਾੜ੍ਹੀ ਨੂੰ ਪੁੱਟ ਰਿਹਾ; ਤੇ ਕਾਲੇ ਕਾਲੇ ਵਾਲਾਂ ਵਾਲੀਆਂ ਆਪਣੀ ਛੋਟੀਆਂ ਤਿੰਨ ਭੈਣਾਂ ਯਾਦ ਆਈਆਂ ਜਿਹੜੀਆਂ ਆਪਣੀ ਮਾਂ ਨਾਲ ਬਹੁਤ ਮਿਲਦੀਆਂ ਸਨ । ਉਸਨੂੰ ਪਿੰਡ ਦੀ ਡਾਕਟਰ, ਪਤਲੀ ਜਿਹੀ, ਕਾਸ਼ਨੀ ਅੱਖਾਂ ਵਾਲੀ ਜੈਨੀਆ ਯਾਦ ਆਈ ਜਿਹੜੀ ਉਸਦੇ ਨਾਲ ਗੱਡੇ ਉੱਤੇ ਬੈਠ ਕੇ ਸਟੇਸ਼ਨ ਤੱਕ ਉਸਨੂੰ ਛੱਡਣ ਆਈ ਸੀ, ਤੇ ਜਿਸ ਨੂੰ ਇਸਨੇ ਹਰ ਰੋਜ਼ ਚਿੱਠੀ ਲਿਖਣ ਦਾ ਵਚਨ ਦਿੱਤਾ ਸੀ । ਬੇਲਾਰੂਸ ਦੇ ਰੌਂਦੇ ਹੋਏ ਖੇਤਾਂ ਤੇ ਸੜੇ ਹੋਏ, ਵੀਰਾਨ ਪਿੰਡਾ ਦੇ ਵਿੱਚੋਂ ਦੀ ਜੰਗਲੀ ਜਾਨਵਰਾਂ ਵਾਂਗ ਲੰਘਦਿਆਂ, ਸ਼ਹਿਰਾਂ ਦੇ ਕੋਲ਼ੋਂ ਵੱਲ ਕੇ ਲੰਘਦਿਆਂ ਤੇ ਜਰਨੈਲੀ ਸੜਕਾਂ ਤੋਂ ਦੂਰ ਰਹਿੰਦਿਆਂ ਉਸਨੇ ਆਪਣੇ ਦੁਖਦੇ ਦਿਲ ਨਾਲ ਇਹ ਅੰਦਾਜ਼ਾਂ ਲਾਉਣ ਦੀ ਕੋਸ਼ਿਸ਼ ਕੀਤੀ ਕਿ ਆਪਣੇ ਛੋਟੇ ਜਿਹੇ ਘਰ ਵਿੱਚ ਉਸਨੂੰ ਕੀ ਨਜ਼ਰ ਪਵੇਗਾ, ਕੀ ਉਸਦੇ ਨਿਕਟੀ ਉੱਥੋ ਨਿਕਲਣ ਵਿਚ ਕਾਮਯਾਬ ਹੋ ਸਕੇ ਹੋਣਗੇ ਜਾਂ ਨਹੀਂ ਤੇ ਜੇ ਉਹ ਨਹੀਂ ਨਿੱਕਲ ਸਕੇ ਹੋਣਗੇ ਤਾਂ ਉਹਨਾਂ ਨਾਲ ਕੀ ਵਾਪਰਿਆ ਹੋਵੇਗਾ।
ਉਸਨੇ ਜੋ ਕੁਝ ਸੱਚਮੁਚ ਦੇਖਿਆ, ਉਹ ਉਸ ਵੱਲੋਂ ਕੀਤੀ ਗਈ ਮਾੜੀ ਤੋਂ ਮਾੜੀ ਕਲਪਨਾ ਤੋਂ ਵੀ ਭੈੜਾ ਸੀ । ਉਸਨੂੰ ਨਾ ਆਪਣਾ ਘਰ ਲੱਭਾ, ਨਾ ਰਿਸ਼ਤੇਦਾਰ, ਨਾ ਹੀ ਜੈਨੀਆ ਤੇ ਨਾ ਹੀ ਪਿੰਡ। ਅੱਧ-ਕਮਲੀ ਬੁੱਢੀ ਤੋਂ, ਜਿਹੜੀ ਆਪਣੇ ਪੈਰ ਇੰਝ ਬਦਲ ਰਹੀ ਸੀ ਜਿਵੇਂ ਨੱਚ ਰਹੀ ਹੋਵੇ ਕੁਝ ਗੁਣਗੁਣਾਈ ਜਾ ਰਹੀ ਸੀ ਤੇ ਧੁਆਂਖੇ ਖੰਡਰਾਂ ਵਿਚਕਾਰ ਚੁੱਲ੍ਹੇ ਉੱਤੇ ਕੁਝ ਰਿੰਨ੍ਹ-ਪਕਾ ਰਹੀ ਸੀ, ਉਸਨੂੰ ਪਤਾ ਲਗਾ ਕਿ ਜਦੋਂ ਜਰਮਨ ਚੜ੍ਹਦੇ ਆ ਰਹੇ ਸਨ ਤਾਂ ਮਾਸਟਰਾਨੀ ਏਨੀਂ ਬੀਮਾਰ ਸੀ ਕਿ ਜ਼ਰਈ-ਵਿਗਿਆਨੀ ਤੇ ਉਸਦੀਆਂ ਧੀਆਂ ਫ਼ੈਸਲਾ ਨਾ ਕਰ ਸਕੀਆਂ ਕਿ ਉਸਨੂੰ ਉੱਥੇ ਹੀ ਛੱਡ ਜਾਇਆ ਜਾਏ ਜਾਂ ਨਾਲ ਲੈ ਜਾਇਆ ਜਾਏ।
ਜਰਮਨਾਂ ਨੂੰ ਪਤਾ ਲੱਗ ਗਿਆ ਕਿ ਇਲਾਕਾਈ ਸੋਵੀਅਤ ਦਾ ਇੱਕ ਮੈਂਬਰ ਤੇ ਉਸਦੇ ਪਰਵਾਰ ਦੇ ਜੀਅ ਪਿੰਡ ਵਿੱਚ ਰਹਿ ਗਏ ਹਨ । ਉਹਨਾਂ ਨੇ ਸਾਰੇ ਪਰਵਾਰ ਨੂੰ ਫੜ ਲਿਆ, ਉਹਨਾਂ ਨੂੰ ਉਸੇ ਹੀ ਰਾਤ ਘਰ ਤੋਂ ਬਾਹਰ ਬਰਚੇ ਦੇ ਰੁੱਖ ਨਾਲ ਫਾਹੇ ਲਾ ਦਿੱਤਾ ਤੇ ਘਰ ਨੂੰ ਸਾੜ ਕੇ ਸੁਆਹ ਕਰ ਦਿੱਤਾ। ਬੁੱਢੀ ਨੇ ਇਹ ਵੀ ਦੱਸਿਆ ਕਿ ਜੈਨੀਆਂ ਗਵੋਜ਼ਦਿਓਵ ਪਰਵਾਰ ਲਈ ਵਾਸਤਾ ਪਾਉਣ ਸਭ ਤੋਂ ਵੱਡੇ ਜਰਮਨ ਅਫ਼ਸਰ ਕੋਲ ਗਈ ਸੀ, ਪਰ ਅਫਸਰ ਉਸਨੂੰ ਆਪਣਾ ਆਪ ਉਸਦੇ ਹਵਾਲੇ ਕਰ ਦੇਣ ਲਈ ਮਜ਼ਬੂਰ ਕਰਨ ਵਾਸਤੇ ਕਿੰਨਾਂ ਚਿਰ ਤਸੀਹੇ ਦੇਂਦਾ ਰਿਹਾ। ਉੱਥੇ ਹੋਇਆ ਕੀ, ਬੁੱਢੀ ਨੂੰ ਇਸਦਾ ਨਹੀਂ ਸੀ ਪਤਾ, ਪਰ ਅਗਲੇ ਦਿਨ ਮੋਈ ਹੋਈ ਕੁੜੀ ਨੂੰ ਉਸ ਘਰ ਵਿੱਚੋਂ ਬਾਹਰ ਲਿਆਂਦਾ ਗਿਆ, ਜਿਸ ਵਿੱਚ ਅਫ਼ਸਰ ਰਹਿੰਦਾ ਸੀ, ਤੇ ਦੋ ਦਿਨ ਤਕ ਉਸਦੀ ਲਾਸ਼ ਨਦੀ ਦੇ ਕੰਢੇ ਪਈ ਰਹੀ। ਤੇ ਅਜੇ ਪੰਜ ਹੀ ਦਿਨ ਹੋਏ, ਜਰਮਨਾਂ ਨੇ ਸਾਰੇ ਪਿੰਡ ਨੂੰ ਇਸ ਲਈ ਸਾੜ ਕੇ ਸੁਆਹ ਕਰ ਦਿੱਤਾ ਸੀ ਕਿ ਕਿਸੇ ਨੇ ਸਾਂਝੇ ਫਾਰਮ ਦੇ ਅਸਤਬਲ ਵਿੱਚ ਖੜ੍ਹੇ ਉਹਨਾਂ ਦੇ ਪੈਟਰੋਲ ਦੇ ਟੈਂਕਾਂ ਨੂੰ ਅੱਗ ਲਾ ਦਿੱਤੀ मी।
ਬੁੱਢੀ ਫਿਰ ਉਸਨੂੰ ਸੜੇ ਘਰ ਦੇ ਖੰਡਰਾਂ ਕੋਲ ਲੈ ਗਈ ਤੇ ਨਾਲ਼ੇ ਉਸਨੂੰ ਬਰਚੇ ਦਾ ਉਹ ਰੁੱਖ ਦਿਖਾਇਆ । ਬਚਪਨ ਵਿੱਚ ਇਸ ਦਰਖਤ ਦੀ ਇੱਕ ਮੋਟੀ ਜਿਹੀ ਟਾਹਣੀ ਨਾਲ ਉਸਦੀ ਪੀਂਘ ਲਟਕਦੀ ਹੁੰਦੀ ਸੀ । ਹੁਣ ਦਰਖਤ ਸੁੱਕ ਚੁੱਕਾ ਸੀ ਤੇ ਹਵਾ ਵਿੱਚ ਝੂਲ ਰਹੀ ਸੜੀ ਹੋਈ ਟਾਹਣ ਦੇ ਨਾਲ ਪੰਜ ਰੱਸੀਆਂ ਦੇ ਸਿਰੇ ਲਟਕੇ ਹੋਏ ਸਨ । ਆਪਣੇ ਪੈਰ ਬਦਲਦੀ ਤੇ ਮੂੰਹ ਵਿੱਚ ਪ੍ਰਾਰਥਨਾ ਬੁੜਬੁੜਾਉਂਦੀ ਹੋਈ ਬੁੱਢੀ ਗਵੋਜ਼ਦਿਓਵ ਨੂੰ ਨਦੀ ਵੱਲ ਲੈ ਗਈ ਤੇ ਉਸਨੂੰ ਉਹ ਥਾਂ ਦਿਖਾਈ ਜਿੱਥੇ ਉਹ ਕੁੜੀ ਦੀ ਲਾਸ਼ ਪਈ ਰਹੀ ਸੀ, ਜਿਸ ਕੁੜੀ ਨੂੰ ਉਸਨੇ ਰੋਜ਼ ਚਿੱਠੀ ਲਿਖਣ ਦਾ ਵਚਨ ਦਿੱਤਾ ਸੀ, ਜਿਸ ਲਈ ਉਹ ਕਦੀ ਵਕਤ ਨਹੀਂ ਸੀ ਕੱਢ ਸਕਿਆ। ਉਹ ਕੁਝ ਦੇਰ ਸਰਸਰਾਉਂਦੀ ਕਾਈ ਵਿਚਕਾਰ ਖੜ੍ਹਾ ਰਿਹਾ ਤੇ ਫਿਰ ਜੰਗਲ ਵਿੱਚ ਵਾਪਸ ਮੁੜ ਆਇਆ ਜਿਥੇ ਫ਼ੌਜੀ ਉਸਦੀ ਉਡੀਕ ਕਰ ਰਹੇ ਸਨ। ਉਸਨੇ ਇੱਕ ਲਫ਼ਜ਼ ਨਾ ਮੂੰਹੋਂ ਕੱਢਿਆ, ਨਾ ਹੀ ਇੱਕ ਵੀ ਅੱਥਰੂ ਕੇਰਿਆ।
ਜੂਨ ਦੇ ਅਖ਼ੀਰ ਵਿੱਚ, ਪੱਛਮੀ ਮਹਾਜ਼ ਉੱਤੇ ਜਰਨੈਲ ਕੋਨੀਵ ਦੀ ਫ਼ੌਜ ਦੇ ਹੱਲੇ ਵੇਲ਼ੇ, ਗਰਿਗੋਰੀ ਗਵੋਜ਼ਦਿਓਵ ਤੇ ਉਸਦੇ ਫ਼ੌਜੀ ਜਰਮਨ ਮਹਾਜ਼ ਨੂੰ ਤੋੜ ਕੇ ਲੰਘ ਗਏ । ਅਗਸਤ ਵਿੱਚ ਉਸਨੂੰ ਨਵਾਂ ਟੈਂਕ ਦਿੱਤਾ ਗਿਆ, “ਟੀ-38″ ਤੇ ਸਰਦੀਆਂ ਤੋਂ ਪਹਿਲਾਂ ਪਹਿਲਾਂ ਹੀ ਉਹ ਬਟਾਲੀਅਨ ਵਿੱਚ ਐਸੇ ਆਦਮੀ ਵਜੋਂ ਪ੍ਰਸਿੱਧ ਹੋ ਗਿਆ ਜਿਸ ਲਈ ਕੋਈ ਹੱਦ-ਬੰਨਾਂ ਨਹੀਂ ਸੀ। ਉਸ ਬਾਰੇ ਕਹਾਣੀਆਂ ਸੁਣਾਈਆਂ ਤੇ ਲਿਖੀਆਂ ਜਾਂ ਰਹੀਆਂ ਸਨ ਜਿਨ੍ਹਾਂ ਉਪਰ ਯਕੀਨ ਨਹੀਂ ਸੀ ਆਉਂਦਾ, ਪਰ ਤਾਂ ਵੀ ਜਿਹੜੀਆਂ ਹੈ ਸੱਚੀਆਂ ਸਨ। ਇੱਕ ਰਾਤ ਉਸਨੂੰ ਸੂਹ ਲੈਣ ਲਈ ਭੇਜਿਆ ਗਿਆ; ਉਹ ਪੂਰੀ ਰਫ਼ਤਾਰ ਨਾਲ ਜਰਮਨ ਮੋਰਚਿਆਂ ਦੇ ਵਿੱਚੋਂ ਦੀ ਲੰਘ ਗਿਆ, ਸਫ਼ਲਤਾ ਨਾਲ ਸੁਰੰਗਾਂ-ਵਿਛਾਏ ਖੇਤਾਂ ਨੂੰ ਪਾਰ ਕਰ ਗਿਆ ਤੇ, ਗੋਲ਼ੇ ਚਲਾਉਂਦਾ ਤੇ ਹਫੜਾ-ਦਫੜੀ ਮਚਾਉਂਦਾ ਹੋਇਆ, ਉਹ ਜਰਮਨਾਂ ਦੇ ਕਬਜ਼ੇ ਹੇਠ ਆਏ ਇਕ ਕਸਬੇ ਤੱਕ ਪੁੱਜ ਗਿਆ, ਜਿਸਨੂੰ ਲਾਲ ਫ਼ੌਜ ਨੇ ਅੱਧਾ ਘੇਰਿਆ ਹੋਇਆ ਸੀ, ਤੇ ਦੁਸ਼ਮਣ ਦੀਆਂ ਸਫਾਂ ਵਿੱਚ ਕਾਫ਼ੀ ਖਲਬਲੀ ਮਚਾਉਂਦਾ ਹੋਇਆ, ਦੂਜੇ ਸਿਰੇ ਉੱਤੇ ਮੁੜ ਆਪਣੀਆਂ ਫ਼ੌਜਾਂ ਨਾਲ ਜਾ ਰਲਿਆ। ਇੱਕ ਹੋਰ ਸਮੇਂ, ਜਰਮਨ ਸਫਾਂ ਦੇ ਪਿੱਛੇ ਇੱਕ ਫਿਰਤੂ ਟੋਲੀ ਨਾਲ ਕੰਮ ਕਰਦਿਆਂ, ਉਹ ਲੁਕਵੀਂ ਥਾਂ ਤੋਂ ਤੇਜ਼ੀ ਨਾਲ ਨਿਕਲਿਆਂ, ਤੇ ਸਿਪਾਹੀਆਂ, ਘੋੜਿਆਂ ਤੇ ਗੱਡਿਆ ਨੂੰ ਰੌਂਦਾ ਹੋਇਆ ਗੱਡੀਆਂ ਦੀ ਕਤਾਰ ਉੱਤੇ ਜਾ ਝਪਟਿਆ।
ਸਰਦੀਆਂ ਵਿੱਚ ਟੈਂਕਾਂ ਦੀ ਇੱਕ ਛੋਟੀ ਜਿਹੀ ਟੁਕੜੀ ਦੀ ਅਗਵਾਈ ਕਰਦਿਆਂ ਉਸਨੇ ਰਜੇਵ ਦੇ ਨੇੜੇ ਇੱਕ ਮੋਰਚੇਬੰਦ ਪਿੰਡ ਦੇ ਗੈਰੀਜ਼ਨ ਉੱਤੇ ਧਾਵਾ ਬੋਲ ਦਿੱਤਾ; ਦੁਸ਼ਮਣ ਦੇ ਇੱਕ ਛੋਟੇ ਜਿਹੇ ਕਾਰਜਕਾਰੀ ਸਟਾਫ਼ ਦਾ ਉੱਥੇ ਸਦਰ ਸੀ। ਪਿੰਡ ਦੇ ਬਾਹਰਵਾਰ, ਜਿਸ ਵੇਲੇ ਉਸਦਾ ਟੈਂਕ ਰੱਖਿਆ ਦੇ ਹਲਕੇ ਨੂੰ ਪਾਰ ਕਰ ਰਿਹਾ ਸੀ, ਤਾਂ ਇੱਕ ਅੱਗ-ਲਾਊ ਮਸਾਲੇ ਵਾਲੀ ਬੋਤਲ ਉਸਦੇ ਟੈਂਕ ਵਿੱਚ ਆ ਵੱਜੀ। ਧੂਏਂ ਭਰੇ, ਸਾਹਘੁਟਵੇਂ ਸ਼ੁਅਲਿਆਂ ਨੇ ਟੈਂਕ ਨੂੰ ਆਪਣੀ ਲਪੇਟ ਵਿਚ ਲੈ ਲਿਆ, ਪਰ ਅਮਲੇ ਨੇ ਲੜਨਾ ਜਾਰੀ ਰਖਿਆ। ਟੈਂਕ ਆਪਣੇ ਸਾਰੇ ਹਥਿਆਰ ਚਲਾਉਂਦਾ ਹੋਇਆ, ਵਲ-ਵਿੰਗ ਕੱਟਦਾ ਹੋਇਆ ਇੱਕ ਵੱਡੀ ਸਾਰੀ ਮਿਸ਼ਾਲ ਵਾਂਗ ਪਿੰਡ ਦੇ ਵਿਚੋਂ ਦੀ ਲੰਘ ਰਿਹਾ ਸੀ ਤੇ ਭੱਜਦੇ ਜਾ ਰਹੇ ਜਰਮਨ ਸਿਪਾਹੀਆਂ ਦਾ ਪਿੱਛਾ ਕਰ ਰਿਹਾ ਤੇ ਉਹਨਾਂ ਨੂੰ ਕੁਚਲੀ ਜਾ ਰਿਹਾ ਸੀ। ਗਵੋਜ਼ਦਿਓਵ ਤੇ ਉਸਦੇ ਅਮਲੇ ਦੇ ਬੰਦੇ, ਜਿਹੜੇ ਉਸਨੇ ਉਹਨਾਂ ਬੰਦਿਆਂ ਵਿੱਚੋਂ ਚੁਣੇ ਸਨ ਜਿਹੜੇ ਦੁਸ਼ਮਣ ਦੇ ਪਿਛਵਾੜੇ ਉਸ ਦੇ ਨਾਲ ਮਿਲ ਕੇ ਕਾਰਵਾਈ ਕਰਦੇ ਰਹੇ ਸਨ, ਇਸ ਗੱਲ ਤੋਂ ਚੇਤਨ ਸਨ ਕਿ ਪੈਟਰੋਲ ਦੀ ਟੈਂਕੀ ਜਾਂ ਗੋਲਾ-ਬਾਰੂਦ ਫਟਣ ਨਾਲ ਉਹ ਕਿਸੇ ਵੀ ਘੜੀ ਉੱਡ ਸਕਦੇ ਸਨ; ਧੂਏਂ ਨਾਲ ਉਹਨਾਂ ਦੇ ਸਾਹ ਘੁੱਟ ਰਹੇ ਸਨ, ਟੈਂਕ ਦੇ ਅੱਗ ਵਾਂਗ ਲਾਲ ਹੋਏ ਖੋਲ ਨਾਲ਼ ਲੱਗ ਲੱਗ ਕੇ ਉਹ ਸੜ ਰਹੇ ਸਨ, ਉਹਨਾਂ ਦੇ ਕੱਪੜਿਆ ਵਿੱਚੋਂ ਪਹਿਲਾਂ ਹੀ ਧੂੰਆਂ ਨਿੱਕਲ ਰਿਹਾ ਸੀ, ਪਰ ਉਹ ਲੜਦੇ ਗਏ । ਇੱਕ ਭਾਰੀ ਗੋਲਾ ਟੈਂਕ ਦੀ ਮਾਹਲ ਦੇ ਹੇਠਾਂ ਆ ਕੇ ਫਟ ਗਿਆ ਸੀ ਜਿਸ ਨਾਲ ਟੈਂਕ ਉਲਟ ਗਿਆ, ਤੇ ਜਾਂ ਤਾਂ ਵਿਸਫੋਟ ਦੇ ਜ਼ੋਰ ਨਾਲ ਜਾਂ ਇਸ ਨਾਲ ਉੱਠੇ ਰੇਤੇ ਤੇ ਬਰਫ਼ ਦੇ ਬੱਦਲਾਂ ਨਾਲ ਲਾਟਾਂ ਬੁਝ ਗਈਆਂ । ਗਵੋਜ਼ਦਿਓਵ ਨੂੰ ਝੁਲਸੇ ਹੋਏ ਨੂੰ ਬਾਹਰ ਕੱਢਿਆ ਗਿਆ। ਉਹ ਮਸ਼ੀਨ-ਗੱਨ ਵਾਲ਼ੇ ਦੀ ਲਾਸ਼ ਕੋਲ, ਜਿਸ ਦੀ ਉਸਨੇ ਥਾਂ ਲਈ ਸੀ, ਟੈਂਕ ਦੇ ਬੁਰਜ ਵਿੱਚ ਬੈਠਾ ਹੋਇਆ ਸੀ।
ਦੋ ਮਹੀਨੇ ਉਹ ਜ਼ਿੰਦਗੀ ਤੇ ਮੌਤ ਦੇ ਵਿਚਕਾਰ ਲਟਕਦਾ ਰਿਹਾ ਸੀ; ਉਸਦੇ ਠੀਕ ਹੋਣ ਦੀ ਕੋਈ ਆਸ ਨਹੀਂ ਸੀ, ਤੇ ਉਹ ਕਿਸੇ ਚੀਜ਼ ਵਿੱਚ ਦਿਲਚਸਪੀ ਨਹੀਂ ਸੀ ਲੈਂਦਾ, ਤੇ ਕਦੀ ਕਦੀ ਦਿਨਾਂ-ਬੱਧੀ ਮੂੰਹੋਂ ਕੋਈ ਲਫ਼ਜ਼ ਨਹੀਂ ਸੀ ਕੱਢਦਾ।
ਸਖ਼ਤ ਜ਼ਖਮੀ ਹੋਏ ਬੰਦਿਆ ਦੀ ਦੁਨੀਆਂ ਆਮ ਕਰਕੇ ਉਹਨਾਂ ਦੇ ਹਸਪਤਾਲ ਦੇ ਵਾਰਡ ਦੀਆਂ ਚਾਰ ਕੰਧਾਂ ਤੱਕ ਸੀਮਤ ਹੁੰਦੀ ਹੈ । ਉਹਨਾਂ ਕੰਧਾਂ ਤੋਂ ਪਰੇ ਕਿਤੇ ਜੰਗ ਹੋ ਰਹੀ ਹੁੰਦੀ ਹੈ, ਵੱਧ ਜਾਂ ਘੱਟ ਮਹੱਤਤਾ ਵਾਲੀਆਂ ਘਟਨਾਵਾਂ ਵਾਪਰ ਰਹੀਆਂ ਹੁੰਦੀਆਂ ਹਨ, ਜੋਸ਼ ਸਿਖਰਾਂ ਉੱਤੇ ਹੁੰਦਾ ਹੈ, ਤੇ ਹਰ ਦਿਹਾੜੀ ਹਰ ਬੰਦੇ ਦੇ ਮਨ ਉੱਤੇ ਕੋਈ ਸੱਜਰਾ ਨਿਸ਼ਾਨ ਛੱਡ ਜਾਂਦੀ ਹੈ। ਪਰ ਬਾਹਰਲੀ ਦੁਨੀਆਂ ਦੀ ਜ਼ਿੰਦਗੀ ਨੂੰ “ਸਖ਼ਤ ਜ਼ਖਮੀ ਹੋਇਆਂ” ਦੇ ਵਾਰਡ ਵਿੱਚ ਦਾਖ਼ਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਂਦੀ, ਤੇ ਹਸਪਤਾਲ ਦੀਆਂ ਕੰਧਾਂ ਤੋਂ ਪਰੇ ਝੁੱਲ ਰਹੇ ਝੱਖੜ ਦੀਆਂ ਬੁਝੀਆਂ ਬੁਝੀਆਂ ਪ੍ਰਤਿਧੁਨੀਆਂ ਹੀ ਇਸ ਤੱਕ ਪੁੱਜਦੀਆਂ ਹਨ। ਵਾਰਡ ਦੀ ਜ਼ਿੰਦਗੀ ਆਪਣੀ ਹੀ, ਛੋਟੀਆਂ ਛੋਟੀਆਂ ਦਿਲਚਸਪੀਆਂ ਤੱਕ ਸੀਮਤ ਹੁੰਦੀ ਹੈ। ਬਾਰੀ ਦੇ ਸ਼ੀਸ਼ੇ ਉੱਤੇ ਸੁੱਤ-ਉਨੀਂਦੀ ਧੂੜ-ਭਰੀ ਮੱਖੀ ਦਾ ਦਿਸਣਾ ਵੀ ਇੱਕ ਘਟਣਾ ਹੁੰਦੀ ਹੈ। ਵਾਰਡ ਦੀ ਨਰਸ ਕਲਾਵਦੀਆ, ਮਿਖਾਇਲੋਵਨਾ ਵੱਲੋਂ, ਜਿਹੜੀ ਹਸਪਤਾਲ ਤੋਂ ਸਿੱਧੀ ਅੱਜ ਸ਼ਾਮੀ ਥੇਟਰ ਜਾ ਰਹੀ ਹੈ, ਪਾਈ ਗਈ ਉੱਚੀ ਅੱਡੀ ਵਾਲੀ ਗੁਰਗਾਬੀ ਵੀ ਇੱਕ ਖ਼ਬਰ ਹੈ, ਖਾਣੇ ਵੇਲੇ ਖੁਰਮਾਨੀਆਂ ਦੀ ਜੈਲੀ ਦੀ ਥਾਂ, ਜਿਸ ਤੋਂ ਸਾਰੇ ਅੱਕੇ ਪਏ ਹਨ, ਸੁੱਕੇ ਅਲੂਚਿਆਂ ਦੇ ਸ਼ਰਬਤ ਦਾ ਦਿੱਤਾ ਜਾਣਾ ਗੱਲਬਾਤ ਦਾ ਇੱਕ ਵਿਸ਼ਾ ਹੈ।
ਪਰ “ਸਖ਼ਤ ਜ਼ਖਮੀ” ਆਦਮੀ ਦੇ ਤਸੀਹੇ ਦੀ ਹੱਦ ਤੱਕ ਲੰਮੇ ਹਸਪਤਾਲੀ ਦਿਨ ਜਿਸ ਚੀਜ਼ ਨਾਲ ਭਰੇ ਹੁੰਦੇ ਹਨ, ਜਿਸ ਚੀਜ਼ ਉੱਤੇ ਉਸਦੀਆਂ ਸਾਰੀਆਂ ਸੋਚਾਂ ਕੇਂਦਰਿਤ ਹੁੰਦੀਆਂ ਹਨ, ਉਹ ਹੁੰਦੀ ਹੈ ਉਸਦਾ ਜ਼ਖਮ, ਜਿਸਨੇ ਉਸਨੂੰ ਜੂਝਣ ਵਾਲਿਆਂ ਦੀਆਂ ਸਫਾਂ ਵਿੱਚੋਂ, ਜੰਗ ਦੇ ਸਖ਼ਤ ਮੁਸ਼ਕਲ ਜੀਵਨ ਵਿੱਚੋਂ ਕੱਢ ਮਾਰਿਆ ਹੁੰਦਾ ਹੈ, ਤੇ ਉਸਨੂੰ ਇਸ ਨਰਮ ਤੇ ਅਰਾਮ-ਦਿਹ ਮੰਜੇ ਉੱਤੇ ਲਿਆ ਸੁਟਿਆ ਹੁੰਦਾ ਹੈ, ਜਿਸਨੂੰ ਉਹ ਇਸ ਉੱਤੇ ਪਾਸਾ ਲੱਗਣ ਦੀ ਘੜੀ ਤੋਂ ਹੀ ਨਫ਼ਰਤ ਕਰਨ ਲੱਗ ਪੈਂਦਾ ਹੈ । ਉਹ ਇਸ ਜ਼ਖਮ, ਸੋਜ ਜਾਂ ਟੁੱਟੀ ਹੱਡੀ ਬਾਰੇ ਸੋਚਦਾ ਸੌਂ ਜਾਂਦਾ ਹੈ, ਉਹ ਆਪਣੀ ਨੀਂਦ ਵਿੱਚ ਇਸਨੂੰ ਦੇਖਦਾ ਹੈ, ਤੇ ਜਿਉਂ ਹੀ ਉਸਦੀ ਅੱਖ ਖੁੱਲ੍ਹਦੀ ਹੈ, ਉਹ ਜਾਨਣਾ ਚਾਹੁੰਦਾ ਹੈ ਕਿ ਸੋਜ ਘਟੀ ਹੈ ਜਾਂ ਨਹੀਂ, ਲਾਲੀ ਦੂਰ ਹੋਈ ਜਾਂ ਨਹੀਂ, ਬੁਖਾਰ ਘਟਿਆ ਹੈ ਜਾਂ ਵਧਿਆ ਹੈ। ਤੇ ਜਿਸ ਤਰ੍ਹਾਂ ਖੜ੍ਹੇ ਕੰਨ ਰਾਤ ਨੂੰ ਸਰਸਰਾਹਟ ਵਧਾ-ਚੜਾਅ ਕੇ ਸਮਝਣ ਦੀ ਰੁਚੀ ਰੱਖਦੇ ਹਨ, ਇਸੇ ਤਰ੍ਹਾਂ ਇੱਥੇ, ਆਪਣੀ ਬੀਮਾਰੀ ਉੱਤੇ ਲਗਾਤਾਰ ਧਿਆਨ ਟਿਕਿਆ ਰਹਿਣਾ ਜ਼ਖਮ ਦੀ ਪੀੜ ਨੂੰ ਹੋਰ ਵੀ ਤੀਖਣ ਬਣਾ ਦੇਂਦਾ ਹੈ, ਤੇ ਸਖ਼ਤ ਤੋਂ ਸਖ਼ਤ ਜਾਨ ਵਾਲ਼ੇ ਤੇ ਦ੍ਰਿੜ੍ਹ ਤੋਂ ਦ੍ਰਿੜ੍ਹ ਇਰਾਦੇ ਵਾਲੇ ਬੰਦੇ ਨੂੰ, ਜਿਹੜਾ ਜੰਗ ਵਿੱਚ ਬੜੀ ਸ਼ਾਂਤੀ ਨਾਲ ਮੌਤ ਨੂੰ ਵੀ ਟਿੱਚ ਸਮਝਦਾ ਰਿਹਾ ਹੁੰਦਾ ਹੈ, ਮਜਬੂਰ ਕਰ ਦੇਂਦਾ ਹੈ ਕਿ ਉਹ ਪ੍ਰੋਫ਼ੈਸਰ ਦੀ ਅਵਾਜ਼ ਵਿਚਲੇ ਉਤਾਰ-ਚੜ੍ਹਾਅ ਨੂੰ ਡਰਦਿਆਂ ਡਰਦਿਆਂ ਸੁਣੇ ਤੇ ਧੱਕ-ਧੱਕ ਕਰਦੇ ਦਿਲ ਨਾਲ ਉਸਦੇ ਚਿਹਰੇ ਦੇ ਹਾਵ-ਭਾਵ ਤੋਂ ਅੰਦਾਜ਼ਾਂ ਲਾਵੇ ਕਿ ਬੀਮਾਰੀ ਕੀ ਰੁਖ ਫੜ ਰਹੀ ਹੈ।
ਕੁਕੁਸ਼ਕਿਨ ਬੜਾ ਜ਼ਿਆਦਾ ਤੇ ਗੁੱਸੇ ਵਿੱਚ ਕੁੜ ਕੁੜ ਕਰਦਾ ਰਹਿੰਦਾ ਸੀ । ਉਸਦਾ ਖਿਆਲ ਸੀ ਕਿ ਉਸਦੀਆਂ ਫੱਟੀਆਂ ਠੀਕ ਨਹੀ ਰੱਖੀਆਂ ਗਈਆਂ, ਕਿ ਉਹਨਾਂ ਨੂੰ ਬਹੁਤ ਕੱਸਿਆ ਹੋਇਆ ਸੀ ਤੇ, ਇਸਦੇ ਸਿੱਟੇ ਵਜੋਂ, ਹੱਡੀਆਂ ਠੀਕ ਨਹੀਂ ਜੁੜਨਗੀਆਂ ਤੇ ਉਹਨਾਂ ਨੂੰ ਮੁੜ ਕੇ ਤੋੜਨਾ ਪਵੇਗਾ। ਗਰੀਸ਼ਾ ਗਵੋਜ਼ਦਿਓਵ, ਮਾਯੂਸੀ ਭਰੀ ਅਰਧ ਚੇਤਨਤਾ ਵਿੱਚ ਡੁੱਬਾ ਹੋਇਆ, ਕੁਝ ਨਹੀਂ ਸੀ ਬੋਲਦਾ । ਪਰ ਇਹ ਸੌਖੀ ਤਰ੍ਹਾਂ ਨਾਲ ਦੇਖਿਆ ਜਾ ਸਕਦਾ ਸੀ ਕਿ ਉਹ ਆਪਣੇ ਲਾਲ-ਸੁਰਖ ਹੋਏ ਸਰੀਰ ਤੇ ਫਟੀ ਹੋਈ ਚਮੜੀ ਨੂੰ ਕਿਸ ਬੇਸਬਰੀ ਨਾਲ ਦੇਖਦਾ ਸੀ ਜਦੋਂ ਕਲਾਵਦੀਆ ਮਿਖਾਇਲੋਵਨਾ ਉਸਦੀਆਂ ਪੱਟੀਆਂ ਬਦਲਦੀ ਹੋਈ ਮੁੱਠੀਆਂ ਭਰ ਭਰ ਕੇ ਵੈਸਲੀਨ ਉਸਦੇ ਜ਼ਖਮਾਂ ਵਿੱਚ ਸੁੱਟਦੀ ਹੁੰਦੀ ਸੀ, ਤੇ ਉਹ ਸਰਜਨਾਂ ਵਿਚਲੀ ਗੱਲਬਾਤ ਨੂੰ ਕਿੰਨਾਂ ਧਿਆਨ ਨਾਲ ਸੁਣਦਾ ਸੀ । ਇਸ ਵਾਰਡ ਵਿੱਚ ਸਤੇਪਾਨ ਈਵਾਨੋਵਿਚ ਇੱਕੋ ਇੱਕ ਆਦਮੀ ਸੀ ਜਿਹੜਾ ਫਿਰ-ਤੁਰ ਸਕਦਾ ਸੀ ਭਾਵੇਂ, ਠੀਕ ਹੈ ਝੁਕ ਕੇ ਦੂਹਰਾ ਹੋਇਆ ਹੋਇਆ ਤੇ ਮੰਜੇ ਦੀਆਂ ਬਾਹੀਆਂ ਨੂੰ ਫੜ ਫੜ ਕੇ ਹੀ, ਤੇ ਹਮੇਸ਼ਾ ਉਸ “ਉੱਲੂ ਦੇ ਪੱਠੇ ਬੰਬ” ਨੂੰ, ਜਿਹੜਾ ਉਸਨੂੰ ਆ ਲੱਗਾ ਸੀ, ਤੇ ਫੱਟ ਕਾਰਨ ਸ਼ੁਰੂ ਹੋ ਗਈ “ਲਾਹਣਤੀ ਰੀੜ ਦੀ ਪੀੜ” ਨੂੰ ਕੋਸਦਾ ਰਹਿੰਦਾ ਸੀ ।
ਮਰੇਸੇਯੇਵ ਆਪਣੀਆਂ ਭਾਵਨਾਵਾਂ ਨੂੰ ਲੁਕਾਉਣ ਲਈ ਪੂਰੀ ਵਾਹ ਲਾਉਂਦਾ ਸੀ ਤੇ ਇੰਝ ਜ਼ਾਹਿਰ ਕਰਦਾ ਸੀ ਜਿਵੇਂ ਕਿ ਡਾਕਟਰਾਂ ਦੀ ਗੱਲਬਾਤ ਵਿੱਚ ਉਸਦੀ ਕੋਈ ਦਿਲਚਸਪੀ ਨਹੀਂ ਸੀ। ਪਰ ਹਰ ਵਾਰੀ ਜਦੋਂ ਬਿਜਲੀ ਰਾਹੀਂ ਇਲਾਜ ਵਾਸਤੇ ਉਸਦੀਆਂ ਪੱਟੀਆਂ ਖੋਹਲੀਆਂ ਜਾਂਦੀਆਂ, ਤੇ ਉਹ ਦੇਖਦਾ ਕਿ ਕਿਵੇਂ ਹੌਲ਼ੀ ਹੌਲ਼ੀ ਪਰ ਲਗਾਤਾਰ ਇਹ ਘਿਨਾਉਂਣੀ ਲਾਲੀ ਪੈਰਾਂ ਤੋਂ ਉਪਰ ਨੂੰ ਵਧਦੀ ਆ ਰਹੀ ਹੈ ? ਤਾਂ ਉਸਦੀਆਂ ਅੱਖਾਂ ਭੈਅ ਨਾਲ ਟੱਡੀਆਂ ਜਾਂਦੀਆਂ।
ਉਹ ਬੇਚੈਨ ਤੇ ਸੋਗੀ ਤਬੀਅਤ ਦਾ ਹੋ ਗਿਆ। ਕਿਸੇ ਸਾਥੀ ਮਰੀਜ਼ ਦੇ ਭੈੜੇ ਜਿਹੇ ਮਜ਼ਾਕ ਉੱਤੇ, ਬਿਸਤਰੇ ਦੀ ਚਾਦਰ ਵਿੱਚ ਪਏ ਵੱਟ ਉਤੇ, ਬੁੱਢੀ ਵਾਰਡ-ਨੌਕਰਾਣੀ ਦੇ ਹੱਥੋਂ ਝਾੜੂ ਡਿੱਗਣ ਉੱਤੇ ਉਹ ਲੋਹਾ-ਲਾਖਾ ਹੋ ਜਾਂਦਾ, ਤੇ ਬੜੀ ਮੁਸ਼ਕਲ ਨਾਲ ਆਪਣੇ ਰੋਹ ਨੂੰ ਦਬਾ ਕੇ ਰੱਖਦਾ ਹੈ। ਠੀਕ ਹੈ ਕਿ ਸ਼ਾਨਦਾਰ ਹਸਪਤਾਲੀ ਖ਼ੁਰਾਕ ਦੇ ਬੱਝਵੇਂ, ਹੌਲ਼ੀ ਹੌਲ਼ੀ ਵੱਧ ਰਹੇ ਰਾਸ਼ਨ ਨੇ ਉਸਦੀ ਤਾਕਤ ਵਿੱਚ ਜਲਦੀ ਹੀ ਮੋੜਾ ਲੈ ਆਂਦਾ ਤੇ ਪੱਟੀਆਂ ਬਦਲਨ ਵੇਲੇ ਜਾਂ ਬਿਜਲੀ ਨਾਲ ਇਲਾਜ ਵੇਲੇ ਉਸਦਾ ਪਤਲਾਪਣ ਦੇਖ ਕੇ ਹੁਣ ਜਵਾਨ ਮੈਡੀਕਲ ਵਿਦਿਆਰਥਣਾਂ ਦੀਆਂ ਅੱਖਾਂ ਵਿੱਚ ਭੈਅ ਨਹੀਂ ਸੀ ਪੈਦਾ ਕਰਦਾ। ਪਰ ਉਸਦਾ ਸਰੀਰ ਜਿਉਂ ਤਿਉਂ ਤਗੜਾ ਹੁੰਦਾ ਜਾਂਦਾ ਸੀ, ਉਸੇ ਤੇਜ਼ੀ ਨਾਲ ਉਸਦੇ ਪੈਰ ਖ਼ਰਾਬ ਹੁੰਦੇ ਜਾਂਦੇ ਸਨ। ਲਾਲੀ ਹੁਣ ਸਾਰੇ ਪੈਰ ਨੂੰ ਢੱਕ ਚੁੱਕੀ ਸੀ ਤੇ ਗਿੱਟਿਆਂ ਤੋਂ ਉਤਾਂਹ ਆ ਰਹੀ ਸੀ ਉਂਗਲੀਆਂ ਬਿਲਕੁਲ ਸੁੰਨ ਹੋ ਚੁੱਕੀਆਂ ਸਨ; ਉਹਨਾਂ ਵਿੱਚ ਸੂਈਆਂ ਖੁਭੋਈਆਂ ਜਾਂਦੀਆਂ ਤੇ ਸੂਈਆਂ ਚਮੜੀ ਦੇ ਵਿੱਚ ਧਸ ਜਾਂਦੀਆਂ, ਪਰ ਪੀੜ ਕੋਈ ਨਾ ਹੁੰਦੀ। ਉਹਨਾਂ ਨੇ ਅਜੀਬ ਜਿਹੇ ਨਾਂਅ ਵਾਲਾ ਢੰਗ “ਬਲਾਕੇਡ” ਵਰਤ ਕੇ ਸੋਜ ਨੂੰ ਤਾਂ ਰੋਕ ਲਿਆ ਸੀ ਪਰ ਪੈਰਾਂ ਵਿੱਚ ਪੀੜ ਵਧ ਗਈ ਸੀ। ਇਹ ਬਿਲਕੁਲ ਅਸਹਿ ਹੋ ਗਈ ਸੀ । ਦਿਨ ਵੇਲੇ ਅਲੈਕਸੇਈ ਆਪਣਾ ਮੂੰਹ ਸਿਰਹਾਣੇ ਵਿੱਚ ਤੁੰਨੀ ਚੁੱਪ ਚਾਪ ਲੇਟਿਆ ਰਹਿੰਦਾ। ਰਾਤ ਵੇਲੇ, ਕਲਾਵਦੀਆ ਮਿਖਾਇਲੋਵਨਾ ਉਸਨੂੰ ਮਾਰਫੀਆ ਦੇ ਦੇਂਦੀ ।
ਡਾਕਟਰਾਂ ਦੀ ਗੱਲਬਾਤ ਵਿਚ “ਕੱਟ ਦੇਣ” ਦਾ ਭਿਆਨਕ ਸ਼ਬਦ ਹੁਣ ਦਿਨੋਂ ਦਿਨ ਵਧੇਰੇ ਵਾਰੀ ਸੁਣਾਈ ਦੇਣ ਲੱਗਾ । ਵਾਸਿਲੀ ਵਾਸਿਲੀਏਵਿਚ ਕਦੀ ਕਦੀ ਮਰੇਸੇਯੇਵ ਦੇ ਮੰਜੇ ਕੋਲ ਰੁੱਕ ਜਾਂਦਾ ਤੇ ਪੁੱਛਦਾ :
“ਕਿਉਂ, ਰੀਂਗੂ ਕਿਵੇਂ ਹੈ ਅੱਜ ? ਸ਼ਾਇਦ, ਕੱਟਣਾ ਹੀ ਪਵੇ, ਹੈਂ? ਚਿੱਕ-ਤੇ ਔਹ ਗਿਆ।”
ਅਲੈਕਸੇਈ ਦੇ ਹੱਥ ਪੈਰ ਠੰਡੇ ਹੋ ਜਾਂਦੇ ਤੇ ਉਸਨੂੰ ਕੰਬਣੀ ਆ ਜਾਂਦੀ। ਆਪਣੇ ਆਪ ਨੂੰ ਚੀਕਣ ਤੋਂ ਰੋਕੀ ਰੱਖਣ ਲਈ ਆਪਣੇ ਦੰਦਾਂ ਨੂੰ ਉਹ ਘੁੱਟ ਕੇ ਮੀਚ ਲੈਂਦਾ ਤੇ ਸਿਰਫ਼ ਆਪਣਾ ਸਿਰ ਮਾਰ ਛੱਡਦਾ; ਤੇ ਪ੍ਰੋਫੈਸਰ ਨਰਾਜ਼ਗੀ ਵਿੱਚ ਗੁਰਾਉਂਦਾ:
“ਕੋਈ ਨਹੀਂ, ਸਹੀ ਜਾ, ਸਹੀ ਜਾ— ਤੂੰ ਜਾਣ, ਤੇਰਾ ਕੰਮ ਜਾਣੇ। ਅਸੀਂ ਆਹ ਹੋਰ ਇਲਾਜ ਅਜ਼ਮਾ ਕੇ ਦੇਖ ਲੈਂਦੇ ਹਾਂ,” ਤੇ ਉਹ ਕੋਈ ਨਵਾਂ ਇਲਾਜ ਦੱਸ ਜਾਂਦਾ ।
ਦਰਵਾਜ਼ਾ ਉਸਦੇ ਮਗਰ ਬੰਦ ਹੁੰਦਾ, ਉਸਦੇ ਤੁਰਨ ਦੀ ਅਵਾਜ਼ ਬਰਾਮਦੇ ਵਿੱਚ ਮੱਧਮ ਪੈਂਦੀ ਜਾਂਦੀ, ਪਰ ਮਰੇਸੇਯੇਵ ਅੱਖਾਂ ਬੰਦ ਕਰੀ ਆਪਣੇ ਮੰਜੇ ਉੱਤੇ ਪਿਆ ਰਹਿੰਦਾ। “ਮੇਰੇ ਪੈਰ, ਪੈਰ ਮੇਰੇ!” ਕੀ ਸੱਚਮੁਚ ਉਸਨੂੰ ਬਿਨਾਂ ਪੈਰਾਂ ਦੇ ਰਹਿਣਾ ਪਵੇਗਾ, ਲੱਕੜ ਦੀਆਂ ਮੁੱਢੀਆਂ ਵਾਲਾ ਅਪਾਹਜ ਬਣ ਕੇ, ਆਪਣੇ ਕਸਬੇ ਕਾਮੀਸ਼ਿਨ ਦੇ ਬੇੜੀ ਚਲਾਉਣ ਵਾਲੇ ਬੁੱਢੇ ਚਾਚੇ ਅਰਕਾਸ਼ੇ ਵਾਂਗ? ਤਾਂ ਕਿ ਨਹਾਉਣ ਲਈ ਪਾਣੀ ਵਿੱਚ ਜਾਣ ਤੋਂ ਪਹਿਲਾਂ ਆਪਣੇ ਪੈਰ ਲਾਹ ਕੇ ਕੰਢੇ ਉੱਤੇ ਛੱਡ ਜਾਓ ਤੇ ਆਪ ਬਾਂਦਰਾਂ ਵਾਂਗ ਹੱਥਾਂ ਭਾਰ ਪਾਣੀ ਵਿੱਚ ਉੱਤਰ ਜਾਓ !
ਇੱਕ ਹੋਰ ਵੀ ਗੱਲ ਸੀ ਜਿਸਨੇ ਉਸਦੀਆਂ ਇਹਨਾਂ ਸੋਚਣੀਆਂ ਨੂੰ ਹੋਰ ਵੀ ਗੰਭੀਰ ਬਣਾ ਦਿਤਾ ਸੀ। ਹਸਪਤਾਲ ਵਿੱਚ ਆਉਣ ਦੇ ਪਹਿਲੇ ਹੀ ਦਿਨ ਉਸਨੇ ਕਾਮੀਸ਼ਿਨ ਤੋਂ ਆਈਆਂ ਚਿੱਠੀਆਂ ਪੜ੍ਹੀਆਂ । ਉਸਦੀ ਮਾਂ ਦੀਆਂ ਛੋਟੀਆਂ ਛੋਟੀਆਂ, ਤਿਕੋਨਾਂ ਵਿੱਚ ਜੋੜੀਆਂ ਚਿੱਠੀਆਂ, ਹਮੇਸ਼ਾ ਵਾਂਗ ਸੰਖੇਪ ਸਨ ਤੇ ਅੱਧੀਆਂ ਰਿਸ਼ਤੇਦਾਰਾਂ ਦੀਆਂ ਸ਼ੁਭ- ਇੱਛਾਵਾਂ ਨਾਲ਼ ਤੇ ਇਹਨਾਂ ਯਕੀਨ-ਦਹਾਨੀਆਂ ਨਾਲ ਭਰੀਆਂ ਹੁੰਦੀਆਂ ਸਨ ਕਿ, ਸ਼ੁਕਰ ਹੈ ਰੱਬ ਦਾ, ਉਹ ਸਭ ਠੀਕ ਠਾਕ ਸਨ ਤੇ ਉਸਨੂੰ, ਅਲਿਉਸ਼ਾ ਨੂੰ, ਉਸ ਬਾਰੇ ਕੋਈ ਫਿਕਰ ਕਰਨ ਦੀ ਲੋੜ ਨਹੀਂ ਸੀ, ਤੇ ਅੱਧੀਆਂ ਵਿੱਚ ਵਾਸਤੇ ਪਾਏ ਗਏ ਹੁੰਦੇ ਸਨ ਕਿ ਉਹ ਆਪਣਾ ਖਿਆਲ ਰਖੇ, ਸਰਦੀ ਤੋਂ ਬਚੇ, ਪੈਰ ਗਿੱਲੇ ਨਾ ਹੋਣ ਦੇਵੇ, ਖ਼ਤਰੇ ਵਿੱਚ ਨਾ ਪਵੇ, ਜਰਮਨਾਂ ਦੀ ਮੱਕਾਰੀ ਤੋਂ ਬਚ ਕੇ ਰਹੇ ਜਿਸ ਬਾਰੇ ਉਸਨੇ ਆਪਣੇ ਗੁਆਂਢੀਆਂ ਤੋਂ ਕਾਫ਼ੀ ਸੁਣ ਰੱਖਿਆ ਸੀ। ਇਹਨਾਂ ਸਾਰੀਆਂ ਚਿੱਠੀਆਂ ਵਿੱਚ ਉਹੋ ਕੁਝ ਲਿਖਿਆ ਹੁੰਦਾ ਸੀ, ਸਿਵਾਏ ਇਸਦੇ ਕਿ ਇੱਕ ਵਿੱਚ ਉਸਨੇ ਦੱਸਿਆ ਹੋਇਆ ਸੀ ਕਿ ਉਸਨੇ ਆਪਣੀ ਗੁਆਂਢਣ ਨੂੰ ਕਿਹਾ ਸੀ ਕਿ ਉਹ ਅਲੈਕਸੇਈ ਲਈ ਪ੍ਰਾਰਥਨਾ ਕਰੇ, ਇਸ ਲਈ ਨਹੀਂ ਕਿ ਉਹ ਆਪ ਰੱਬ ਵਿੱਚ ਯਕੀਨ ਰੱਖਦੀ ਸੀ, ਸਗੋਂ ਇਸ ਲਈ ਕਿ ਜੇ ਕੋਈ ਇਹੋ ਚੀਜ਼ ਹੋਵੇ ਹੀ ਤਾਂ; ਇਕ ਹੋਰ ਚਿੱਠੀ ਵਿਚ ਉਸਨੇ ਲਿਖਿਆ ਸੀ ਕਿ ਉਸਨੂੰ ਉਸਦੇ ਵੱਡੇ ਭਰਾਵਾਂ ਦਾ ਫਿਕਰ ਲੱਗਾ ਹੋਇਆ ਹੈ ਜਿਹੜੇ ਕਿਤੇ ਦੱਖਣ ਵਿੱਚ ਲੜ ਰਹੇ ਸਨ ਤੇ ਜਿਨ੍ਹਾਂ ਦੀ ਕਿੰਨੇ ਚਿਰ ਤੋਂ ਕੋਈ ਚਿੱਠੀ ਨਹੀਂ ਸੀ ਆਈ; ਤੇ ਆਖ਼ਰੀ ਚਿੱਠੀ ਵਿੱਚ ਉਸਨੇ ਲਿਖਿਆ ਸੀ ਕਿ ਉਸਨੂੰ ਸੁਪਨਾ ਆਇਆ ਸੀ ਕਿ ਵੋਲਗਾ ਵਿੱਚ ਬਸੰਤ ਦੇ ਹੜ੍ਹ ਸਮੇਂ ਉਸਦੇ ਸਾਰੇ ਬੇਟੇ ਉਸ ਕੋਲ ਮੁੜ ਆਏ ਸਨ; ਕਿ ਉਹ ਆਪਣੇ ਪਿਤਾ ਨਾਲ ਰਲ਼ ਕੇ ਜਿਸਦੀ ਮੌਤ ਹੋ ਚੁੱਕੀ ਸੀ ਸਫ਼ਲਤਾ ਨਾਲ ਮੁਹਿੰਮ ਖ਼ਤਮ ਕਰਕੇ ਮੁੜੇ ਸਨ ਤੇ ਉਸਨੇ ਉਹਨਾਂ ਲਈ ਉਹਨਾਂ ਦੀ ਮਨਭਾਉਂਦੀ ਸੁਆਦੀ ਚੀਜ਼, ਵਿਆਜ਼ੀਗਾ ਸਮੋਸੇ, ਬਣਾਏ ਸਨ ਤੇ ਗੁਆਂਢਣਾਂ ਨੇ ਇਸ ਸੁਪਨੇ ਦਾ ਮਤਲਬ ਇਹ ਕੱਢਿਆ ਸੀ ਕਿ ਉਸਦੇ ਇੱਕ ਪੁੱਤਰ ਨੂੰ ਯਕੀਕਨ ਮੁਹਾਜ਼ ਤੋਂ ਘਰ ਆਉਣਾ ਚਾਹੀਦਾ ਹੈ। ਇਸ ਲਈ ਉਸਨੇ ਅਲੈਕਸੇਈ ਨੂੰ ਕਿਹਾ ਹੋਇਆ ਸੀ ਕਿ ਉਹ ਆਪਣੇ ਅਫ਼ਸਰ ਨੂੰ ਕਹਿ ਕੇ ਦੇਖੇ, ਸ਼ਾਇਦ ਉਹ ਉਸਨੂੰ ਘਰ ਜਾਣ ਦੀ ਆਗਿਆ ਦੇ ਦੇਵੇ, ਭਾਵੇਂ ਇੱਕ ਦਿਨ ਲਈ ਹੀ ਕਿਉਂ ਨਾ ਹੋਵੇ ।
ਨੀਲੇ ਲਫਾਫਿਆ ਵਿੱਚ, ਜਿਨਾਂ ਉੱਤੇ ਵੱਡੀ ਵੱਡੀ, ਗੋਲ ਗੋਲ, ਸਕੂਲੀ ਕੁੜੀਆਂ ਵਰਗੀ ਲਿਖਤ ਵਿੱਚ ਸਿਰਨਾਵਾਂ ਲਿਖਿਆ ਹੋਇਆ ਸੀ, ਇੱਕ ਕੁੜੀ ਦੀਆਂ ਚਿੱਠੀਆਂ ਸਨ, ਜਿਹੜੀ ਫੈਕਟਰੀ ਦੇ ਸਿਖਲਾਈ ਸਕੂਲ ਵਿੱਚ ਅਲੈਕਸੇਈ ਦੇ ਨਾਲ ਕੰਮ ਸਿਖਦੀ ਰਹੀ ਸੀ। ਉਸਦਾ ਨਾਂ ਓਲਿਆ ਸੀ । ਹੁਣ ਉਹ ਕਾਮੀਸ਼ਿਨ ਆਰਾ ਫੈਕਟਰੀ ਵਿੱਚ ਟੈਕਨੀਸ਼ਨ ਸੀ, ਜਿੱਥੇ ਉਹ ਆਪ ਵੀ ਖਰਾਦੀਏ ਵਜੋਂ ਕੰਮ ਕਰਦਾ ਰਿਹਾ ਸੀ। ਇਹ ਕੁੜੀ ਨਿਰੀ ਬਚਪਨ ਦੀ ਦੋਸਤ ਨਹੀਂ ਸੀ। ਤੇ ਉਸਦੀਆਂ ਚਿੱਠੀਆਂ ਅਸਾਧਾਰਨ ਖਾਸ ਕਿਸਮ ਦੀਆਂ ਹੁੰਦੀਆਂ ਸਨ । ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ ਕਿ ਉਹ ਹਰ ਇੱਕ ਨੂੰ ਕਈ ਕਈ ਵਾਰੀ ਪੜ੍ਹਦਾ ਸੀ, ਮੁੜ ਮੁੜ ਕੇ ਉਹਨਾਂ ਨੂੰ ਚੁੱਕਦਾ ਤੇ ਅਤਿ ਤੇ ਅਤਿ ਸਾਦੀਆਂ ਸਤਰਾਂ ਵਿੱਚੋਂ ਕੋਈ ਹੋਰ, ਖੁਸ਼ੀ-ਭਰਿਆ, ਲੁਕਿਆ ਹੋਇਆ ਅਰਥ ਕੱਢਣ ਲਈ ਉਹਨਾਂ ਨੂੰ ਪੜ੍ਹਦਾ, ਭਾਵੇਂ ਕਿ ਉਸਨੂੰ ਆਪ ਨੂੰ ਵੀ ਪੂਰੀ ਤਰ੍ਹਾਂ ਨਹੀਂ ਸੀ ਪਤਾ ਕਿ ਉਹ ਉਹਨਾਂ ਵਿੱਚ ਕੀ ਲੱਭਦਾ वै।
ਉਸਨੇ ਲਿਖਿਆ ਸੀ ਕਿ ਉਹ ਸਾਰੀ ਕੰਮ ਵਿੱਚ ਖੁੱਭੀ ਹੋਈ ਹੈ, ਕਿ ਉਹ ਰਾਤ ਨੂੰ ਵੀ ਘਰ ਨਹੀਂ ਜਾਂਦੀ ਤੇ ਦਫ਼ਤਰ ਵਿੱਚ ਹੀ ਸੌਂਦੀ ਹੈ ਤਾਂ ਕਿ ਆਉਣ ਜਾਣ ਉੱਤੇ ਵਕਤ ਜਾਇਆ ਨਾ ਹੋਵੇ, ਕਿ ਅਲੈਕਸੇਈ ਸ਼ਾਇਦ ਹੁਣ ਆਰਾ ਫੈਕਟਰੀ ਨੂੰ ਪਛਾਣ ਹੀ ਨਾ ਸਕੇ, ਤੇ ਉਹ ਹੈਰਾਨ ਹੋ ਜਾਏਗਾ, ਖੁਸ਼ੀ ਨਾਲ ਬੱਸ ਝੱਲਾ ਹੋ ਜਾਏਗਾ; ਜੇ ਉਸਨੂੰ ਪਤਾ ਲੱਗ ਜਾਏ ਕਿ ਉੱਥੇ ਹੁਣ ਕੀ ਬਣਦਾ ਸੀ । ਵੈਸੇ, ਉਸਨੇ ਲਿਖਿਆ ਹੋਇਆ ਸੀ ਕਿ ਕਦੀ ਕਦਾਈ ਹੁੰਦੀ ਛੁੱਟੀ ਵਾਲੇ ਦਿਨ, ਮਹੀਨੇ ਵਿੱਚ ਇੱਕ ਵਾਰੀ, ਉਹ ਉਸਦੀ ਮਾਂ ਨੂੰ ਮਿਲਣ ਜਾਂਦੀ ਸੀ; ਕਿ ਬਜ਼ੁਰਗ ਔਰਤ ਬਡ਼ੀ ਫਿਕਰਮੰਦ ਸੀ ਕਿ ਵੱਡੇ ਭਰਾਵਾਂ ਤੋਂ ਉਸਨੂੰ ਕੋਈ ਚਿੱਠੀ ਨਹੀਂ ਸੀ ਆਈ; ਕਿ ਉਹ ਬੜਾ ਮੁਸ਼ਕਲ ਸਮਾਂ ਕੱਟ ਰਹੀ ਹੈ ਤੇ ਕੁਝ ਸਮੇਂ ਤੋਂ ਉਸਦੀ ਸਿਹਤ ਜਵਾਬ ਦੇ ਰਹੀ ਹੈ। ਕੁੜੀ ਨੇ ਅਲੈਕਸੇਈ ਨੂੰ ਵਾਸਤਾ ਪਾਇਆ ਹੋਇਆ ਸੀ ਕਿ ਉਹ ਆਪਣੀ ਮਾਂ ਨੂੰ ਵਧੇਰੇ ਵਾਰੀ ਤੇ ਵਧੇਰੇ ਵਿਸਥਾਰ ਨਾਲ ਚਿੱਠੀ ਲਿਖਿਆ ਕਰੇ ਤੇ ਆਪਣੇ ਬਾਰੇ ਭੈੜੀਆਂ ਖ਼ਬਰਾਂ ਲਿਖ ਕੇ ਉਸਨੂੰ ਕਸ਼ਟ ਨਾ ਦਿਆ ਕਰੇ ਕਿਉਂਕਿ ਉਹ ਹੁਣ, ਸ਼ਾਇਦ ਉਸਦੀ ਇੱਕੋ ਇੱਕ ਖੁਸ਼ੀ ਹੈ।
ਓਲਿਆ ਦੀਆਂ ਚਿੱਠੀਆਂ ਨੂੰ ਮੁੜ੍ਹ ਮੁੜ੍ਹ ਕੇ ਪੜ੍ਹਦਿਆਂ, ਅਲੈਕਸੇਈ ਮਾਂ ਦੀ ਸੁਪਨੇ ਦੀ ਗੱਲ ਕਰਨ ਵਾਲ਼ੀ ਚਲਾਕੀ ਨੂੰ ਸਮਝ ਗਿਆ । ਉਹ ਸਮਝ ਗਿਆ ਕਿ ਮਾਂ ਉਸਦੀ ਕਿਵੇਂ ਉਡੀਕ ਕਰ ਰਹੀ ਹੈ, ਆਪਣੀਆਂ ਸਾਰੀਆਂ ਆਸਾਂ ਉਸ ਉੱਤੇ ਲਾਈ ਬੈਠੀ ਹੈ ਤੇ ਉਹ ਇਹ ਵੀ ਸਮਝ ਗਿਆ ਕਿ ਉਸਨੂੰ ਤੇ ਓਲਿਆ ਨੂੰ ਕਿੰਨਾਂ ਭਾਰੀ ਸਦਮਾ ਪੁੱਜੇਗਾ ਜੇ ਉਸਨੇ ਆਪਣੀਆਂ ਲੱਤਾਂ ਬਾਰੇ ਉਹਨਾਂ ਨੂੰ ਲਿਖ ਦਿੱਤਾ। ਉਹ ਕਿੰਨਾਂ ਚਿਰ ਸੋਚਦਾ ਰਿਹਾ ਕਿ ਕੀ ਕੀਤਾ ਜਾਏ, ਤੇ ਸੱਚ ਲਿਖਣ ਤੇ ਦੱਸਣ ਦੀ ਉਸਦੀ ਹਿੰਮਤ ਨਾ ਪਈ। ਉਸਨੇ ਕੁਝ ਦੇਰ ਉਡੀਕ ਕਰ ਲੈਣ ਦਾ ਫ਼ੈਸਲਾ ਕੀਤਾ ਤੇ ਦੋਹਾਂ ਨੂੰ ਲਿਖ ਦਿੱਤਾ ਕਿ ਮੈਂ ਠੀਕ ਠਾਕ ਹਾਂ, ਕਿ ਮੈਨੂੰ ਕਿਸੇ ਸ਼ਾਂਤ ਹਲਕੇ ਵਿੱਚ ਭੇਜ ਦਿੱਤਾ ਗਿਆ ਹੈ; ਆਪਣੇ ਸਿਰਨਾਵੇਂ ਦੀ ਬਦਲੀ ਦਾ ਕਾਰਨ ਦੱਸਣ ਲਈ ਤੇ ਇਸਨੂੰ ਮੰਨਣਯੋਗ ਬਨਾਉਣ ਲਈ ਉਸਨੇ ਲਿਖਿਆ ਕਿ ਉਹ ਮਹਾਜ਼ ਤੋਂ ਪਿੱਛੇ ਕਿਤੇ ਇੱਕ ਯੂਨਿਟ ਨਾਲ ਵਿਸ਼ੇਸ਼ ਡਿਊਟੀ ਉੱਤੇ ਹੈ ਤੇ ਕਾਫ਼ੀ ਦੇਰ ਤੱਕ ਉੱਥੇ ਰਹੇਗਾ।
ਤੇ ਹੁਣ ਜਦੋਂ ਡਾਕਟਰਾਂ ਦੀ ਗੱਲਬਾਤ ਵਿੱਚ “ਕੱਟ ਸੁੱਟਣ” ਦਾ ਲਫ਼ਜ਼ ਵਧੇਰੇ ਵਾਰੀ ਸੁਣਾਈ ਦੇਣ ਲੱਗ ਪਿਆ ਤਾਂ ਉਹ ਤ੍ਰਾਹ ਗਿਆ । ਉਹ ਕਿਵੇਂ ਲੂਲ੍ਹਾ ਬਣ ਕੇ ਕਾਮੀਸ਼ਿਨ ਆਪਣੇ ਘਰ ਮੁੜ ਸਕਦਾ ਸੀ? ਉਹ ਓਲਿਆ ਨੂੰ ਆਪਣੀਆਂ ਲੱਤਾਂ ਦੇ ਡੱਡ ਕਿਸ ਤਰ੍ਹਾਂ ਦਿਖਾਇਗਾ ? ਉਸਦੀ ਮਾਂ ਨੂੰ ਕਿੰਨਾਂ ਭਿਆਨਕ ਧੱਕਾ ਲੱਗੇਗਾ, ਜਿਸਦੇ ਦੂਜੇ ਬੇਟੇ ਮਹਾਜ਼ ਉੱਤੇ ਮਾਰੇ ਗਏ ਸਨ ਤੇ ਜਿਹੜੀ ਉਸਦੇ ਆਪਣੇ ਆਖ਼ਰੀ ਬੇਟੇ ਦੇ, ਵਾਪਸ ਆਉਣ ਦੀ ਉਡੀਕ ਲਾਈ ਬੈਠੀ ਸੀ । ਇਹੋ ਜਿਹੀਆਂ ਸਨ ਸੋਚਾਂ ਜਿਹੜੀਆਂ ਉਸਦੇ ਮਨ ਵਿੱਚ ਆ ਰਹੀਆਂ ਸਨ, ਜਦ ਕਿ ਉਹ ਕੁਕੁਸ਼ਕਿਨ ਦੇ ਬੇਚੈਨ ਸਰੀਰ ਹੇਠ ਮੰਜੇ ਦੇ ਸਪਰਿੰਗ ਦੀ ਗੁਸੈਲ ਚੀਂ-ਚੀਂ, ਚੁੱਪ ਪਏ ਟੈਂਕ ਵਾਲੇ ਦੇ ਹਉਂਕੇ, ਤੇ ਬਾਰੀ ਕੋਲ ਖੜੋਤੇ, ਝੁਕ ਕੇ ਲਗਭਗ ਦੂਹਰਾ ਹੋਏ ਹੋਏ ਸਤੇਪਾਨ ਈਵਾਨੋਵਿਚ ਨੂੰ ਸੁਣਦਾ ਹੋਇਆ ਵਾਰਡ ਦੀ ਸੋਗੀ, ਉਕਤਾ ਦੇਣ ਵਾਲੀ ਚੁੱਪ ਵਿੱਚ ਪਿਆ ਸੀ; ਸਤੇਪਾਨ ਈਵਾਨੋਵਿਚ ਦਿਨ ਦਾ ਬਹੁਤ ਸਮਾਂ ਬਾਰੀ ਵਿੱਚ ਖੜ੍ਹਾ ਰਹਿੰਦਾ ਤੇ ਆਪਣੀਆਂ ਉਂਗਲਾਂ ਨਾਲ ਬਾਰੀ ਦੇ ਸ਼ੀਸ਼ੇ ਨੂੰ ਵਜਾਉਂਦਾ ਰਹਿੰਦਾ।
“ਕੱਟ ਦੇਣਾ ? ਨਹੀਂ ਇਹ ਨਹੀਂ, ਹੋਰ ਮਰਜ਼ੀ ਹੋਵੇ! ਇਸ ਨਾਲੋਂ ਮਰਨਾ ਕਿਤੇ ਚੰਗਾ ਹੈ… ਕਿੰਨਾਂ ਠੰਡਾ-ਯੱਖ, ਭਿਆਨਕ ਲਫਜ਼ ਹੈ ! ਕੱਟ ਦੇਣਾ! ਕਦੀ ਨਹੀਂ, ਇੰਝ ਨਹੀਂ ਹੋਣਾ ਚਾਹੀਦਾ !” ਅਲੈਕਸੇਈ ਸੋਚਣ ਲੱਗਾ। ਇਹ ਭਿਆਨਕ ਲਫ਼ਜ਼ ਇੱਕ ਵੱਡੀ ਸਾਰੀ ਫ਼ੌਲਾਦੀ ਮੱਕੜੀ ਦੇ ਰੂਪ ਵਿੱਚ ਉਸਨੂੰ ਸੁਪਨੇ ਵਿੱਚ ਵੀ ਆਇਆ, ਜਿਹੜੀ ਆਪਦੇ ਤਿੱਖੇ, ਮੁੜੇ ਹੋਏ ਪੌਂਚਿਆਂ ਨਾਲ ਉਸਦੀ ਚਮੜੀ ਦੀਆਂ ਬੋਟੀਆਂ ਲਾਹ ਰਹੀ ਸੀ।
3
ਇੱਕ ਹਫਤੇ ਤੱਕ ਵਾਰਡ ਨੰਬਰ ਬਤਾਲੀ ਵਿੱਚ ਚਾਰ ਜਣੇ ਹੀ ਰਹਿੰਦੇ ਰਹੇ । ਪਰ ਇੱਕ ਦਿਨ ਪ੍ਰੇਸ਼ਾਨ ਪ੍ਰੇਸ਼ਾਨ ਕਲਾਵਦੀਆ ਮਿਖਾਇਲੋਵਨਾ ਦੋ ਅਰਦਲੀਆਂ ਨੂੰ ਨਾਲ ਲੈ ਕੇ ਆ ਗਈ ਤੇ ਉਹਨਾਂ ਨੂੰ ਕਹਿਣ ਲੱਗੀ ਕਿ ਉਹਨਾਂ ਨੂੰ ਕੁਝ ਸੁੰਗੜਨਾ ਪਵੇਗਾ। ਸਤੇਪਾਨ ਈਵਾਨੋਵਿਚ ਦਾ ਬਿਸਤਰਾ ਬਾਰੀ ਦੇ ਬਿਲਕੁਲ ਨੇੜੇ ਕਰ ਦਿੱਤਾ ਗਿਆ, ਜਿਸ ਉੱਤੇ ਉਹ ਬਹੁਤ ਖੁਸ਼ ਹੋਇਆ । ਕੁਕੁਸ਼ਕਿਨ ਦਾ ਮੰਜਾ ਕੋਨੇ ਵਿੱਚ ਸਤੇਪਾਨ ਈਵਾਨੋਵਿਚ ਦੇ ਬਿਸਤਰੇ ਦੇ ਨਾਲ ਕਰ ਦਿੱਤਾ ਗਿਆ, ਤੇ ਖਾਲ਼ੀ ਹੋਈ ਥਾਂ ਉੱਤੇ ਇਕ ਸੋਹਣਾ ਨੀਵਾਂ ਮੰਜਾ ਲਿਆ ਰੱਖਿਆ, ਜਿਸ ਉੱਤੇ ਨਰਮ ਨਰਮ ਸਪਰਿੰਗਦਾਨ ਗਦੈਲਾ ਸੀ।
ਇਸ ਉੱਤੇ ਕੁਕੁਸ਼ਕਿਨ ਲੋਹਾ-ਲਾਖਾ ਹੋ ਗਿਆ। ਉਸਦਾ ਮੂੰਹ ਪੀਲ਼ਾ ਪੈ ਗਿਆ, ਉਸਨੇ ਮੰਜੇ ਦੇ ਕੋਲ ਪਈ ਛੋਟੀ ਜਿਹੀ ਅਲਮਾਰੀ ਉੱਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਉੱਚੀ, ਚੀਕਵੀਂ ਅਵਾਜ਼ ਵਿਚ ਨਰਸ ਨੂੰ, ਹਸਪਤਾਲ ਨੂੰ ਤੇ ਇੱਥੋਂ ਤੱਕ ਕਿ ਵਾਸਿਲੀ ਵਾਸਿਲੀਯੇਵਿਚ ਨੂੰ ਵੀ ਗਾਲ੍ਹਾਂ ਕੱਢਣ ਲੱਗ ਪਿਆ, ਕਿਸੇ ਨਾ ਕਿਸੇ ਕੋਲ ਸ਼ਿਕਾਇਤ ਕਰਨ ਦੇ ਡਰਾਵੇ ਦੇਣ ਲੱਗ ਪਿਆ ਤੇ ਇਸ ਹੱਦ ਤੱਕ ਚਲਾ ਗਿਆ ਕਿ ਵਿਚਾਰੀ ਕਲਾਵਦੀਆ ਮਿਖਾਇਲੋਵਨਾ ਨੂੰ ਮੱਗ ਮਾਰਨ ਨੂੰ ਪਿਆ ਤੇ ਮਾਰ ਹੀ ਦਿੰਦਾ ਜੇ ਅਲੈਕਸੇਈ ਆਪਣੀਆਂ ਗਜ਼ਬ ਵਿੱਚ ਆਈਆਂ, ਚਮਕਦੀਆਂ, ਜਿਪਸੀਆਂ ਵਰਗੀਆਂ ਅੱਖਾਂ ਨਾਲ, ਗਰਜ ਕੇ ਉਹਨੂੰ ਡਾਂਟ ਨਾ ਦੇਦਾ।
ਬਿਲਕੁਲ ਇਸ ਸਮੇਂ ਪੰਜਵਾਂ ਬੰਦਾ ਅੰਦਰ ਲਿਆਂਦਾ ਗਿਆ।
ਉਸਦਾ ਭਾਰ ਜ਼ਰੂਰ ਬਹੁਤ ਹੋਵੇਗਾ ਕਿਉਂਕਿ ਸਟਰੈਚਰ ਉਸਨੂੰ ਲਿਆਉਣ ਵਾਲਿਆਂ ਦੇ ਕਦਮਾਂ ਦੇ ਤਾਲ ਨਾਲ ਚੀਂ ਚੀਂ ਕਰ ਰਿਹਾ ਤੇ ਹੇਠਾਂ ਉੱਪਰ ਹੋ ਰਿਹਾ ਸੀ। ਗੋਲ, ਮੁੰਨ ਕੇ ਸਾਫ਼ ਕੀਤਾ ਹੋਇਆ ਸਿਰ ਸਿਰਹਾਣੇ ਉੱਪਰ ਬੇਬਸ ਇੱਧਰ ਉਧਰ ਹਿੱਲ ਰਿਹਾ ਸੀ। ਚੌੜਾ, ਫੁੱਲਿਆ ਹੋਇਆ ਮੋਮ ਵਰਗਾ ਚਿਹਰਾ ਬੇਜਾਨ ਲੱਗਦਾ ਸੀ । ਮੋਟੇ ਮੋਟੇ, ਪੀਲੇ ਹੋਏ ਬੁੱਲ੍ਹਾਂ ਉੱਤੇ ਕਸ਼ਟ ਦਾ ਹਾਵ-ਭਾਵ ਜੰਮਿਆ ਹੋਇਆ ਸੀ।
ਲਗਦਾ ਸੀ ਕਿ ਨਵਾਂ ਮਰੀਜ਼ ਬੇਹੋਸ਼ ਹੈ; ਪਰ ਜਿਉਂ ਹੀ ਸਟਰੈਚਰ ਜ਼ਮੀਨ ਉੱਤੇ ਰੱਖਿਆ ਗਿਆ, ਉਸਨੇ ਅੱਖਾਂ ਖੋਹਲੀਆਂ, ਕੂਹਣੀਆਂ ਦੇ ਭਾਰ ਉਤਾਂਹ ਹੋਇਆ ਆਸੇ ਪਾਸੇ ਉਤਸੁਕਤਾ ਨਾਲ ਦੇਖਿਆ, ਪਤਾ ਨਹੀਂ ਕਿਉਂ ਸਤੇਪਾਨ ਈਵਾਨੋਵਿਚ ਨੂੰ ਅੱਖ ਮਾਰੀ, ਜਿਵੇਂ ਕਹਿ ਰਿਹਾ ਹੋਵੇ: “ਕਿਉਂ, ਕੈਸੀ ਹੈ ਜ਼ਿੰਦਗੀ, ਮਾੜੀ ਤਾਂ ਨਹੀਂ ਨਾ ?” ਤੇ ਮੋਟੀ ਜਿਹੀ ਅਵਾਜ਼ ਵਿਚ ਖੰਘਿਆ। ਪ੍ਰਤੱਖ ਸੀ ਕਿ ਉਸਦਾ ਭਾਰੀ-ਭਰਕਮ ਸਰੀਰ ਸਖ਼ਤ ਜ਼ਖਮੀ ਹੋਇਆ ਹੋਇਆ ਸੀ ਤੇ ਉਸਨੂੰ ਕਾਫ਼ੀ ਤਕਲੀਫ ਸੀ । ਪਹਿਲੇ ਨਜ਼ਰੇ ਪਤਾ ਨਹੀਂ ਕਿਉਂ, ਮਰੇਸੇਯੇਵ ਨੂੰ ਵੱਡੇ ਸਾਰੇ ਫੁੱਲੇ ਸਰੀਰ ਵਾਲ਼ਾ ਬੰਦਾ ਚੰਗਾ ਨਾ ਲੱਗਾ, ਤੇ ਉਸਨੇ ਬੜੀਆਂ ਗ਼ੈਰ-ਦੋਸਤਾਨਾ ਨਜ਼ਰਾਂ ਨਾਲ ਦੋ ਅਰਦਲੀਆਂ, ਦੋ ਵਾਰਡ ਨੌਕਰਾਣੀਆਂ ਤੇ ਇੱਕ ਨਰਸ ਵੱਲ ਵੇਖਿਆ, ਜਦੋਂ ਉਹ ਸਾਰੇ ਉਸਨੂੰ ਸਟਰੈਚਰ ਤੋਂ ਚੁੱਕ ਕੇ ਮੰਜੇ ਉੱਤੇ ਲਿਟਾ ਰਹੇ ਸਨ। ਉਹਨਾਂ ਨੇ ਅਜੀਬ ਤਰ੍ਹਾਂ ਨਾਲ ਉਸਦੀਆਂ ਆਕੜੀਆਂ ਹੋਈਆਂ, ਲੱਕੜ ਵਰਗੀਆਂ ਲੱਤਾਂ ਨੂੰ ਚੁੱਕ ਕੇ ਰੱਖਿਆ ਤੇ ਅਲੈਕਸੇਈ ਨੇ ਦੇਖਿਆ ਕਿ ਉਸਦਾ ਚਿਹਰਾ ਇੱਕਦਮ ਪੀਲਾ ਪੈ ਗਿਆ । ਤੇ ਉਸਨੂੰ ਤੇਲੀ ਆ ਗਈ ਤੇ ਉਸਦੇ ਬੁਲ੍ਹ ਚੀਸ ਨਾਲ ਮੁੜ ਗਏ। ਪਰ ਮਰੀਜ਼ ਨੇ ਅਵਾਜ਼ ਤੱਕ ਨਾ ਕੱਢੀ। ਸਿਰਫ਼ ਆਪਣੇ ਦੰਦ ਹੀ ਉਹ ਕਰੀਚਦਾ ਰਿਹਾ।
ਜਿਉਂ ਹੀ ਉਹ ਬਿਸਤਰੇ ਉੱਤੇ ਪਿਆ, ਉਸਨੇ ਆਪਣੇ ਕੰਬਲ ਉੱਪਰਲੀ ਚਾਦਰ ਦੇ ਕੋਨੇ ਸਿੱਧੇ ਕੀਤੇ, ਆਪਣੇ ਨਾਲ ਲਿਆਂਦੀਆਂ ਕਿਤਾਬਾਂ ਤੇ ਕਾਪੀਆਂ ਨੂੰ ਮੰਜੇ ਦੇ ਨਾਲ ਪਏ ਕੱਪਬੋਰਡ ਦੇ ਉੱਤੇ ਸੁਥਰੇ ਢੰਗ ਨਾਲ ਸਜਾਇਆ, ਬੜੇ ਧਿਆਨ ਨਾਲ ਆਪਣਾ ਟੁੱਥ- ਪੇਸਟ ਤੇ ਬੁਰਸ਼, ਊਦੀਕਲਾਂ, ਹਜ਼ਾਮਤ ਕਰਨ ਦਾ ਸਮਾਨ ਤੇ ਸਾਬਨਦਾਨੀ ਨੂੰ ਹੇਠਲੇ ਖਾਨੇ ਵਿੱਚ ਰੱਖਿਆ, ਫਿਰ ਆਪਣੇ ਇਸ ਸਾਰੇ ਉੱਤੇ ਇੱਕ ਜਾਂਚਵੀਂ ਜਿਹੀ ਨਜ਼ਰ ਸੁੱਟੀ ਤੇ ਫਿਰ, ਇੱਕਦਮ ਘਰ ਵਾਂਗ ਹੀ ਮਹਿਸੂਸ ਕਰਦਾ ਹੋਇਆ, ਭਾਰੀ, ਗੂੰਜਵੀਂ ਅਵਾਜ ਵਿੱਚ ਬੋਲਿਆ:
“ਸੋ, ਜਾਣ-ਪਛਾਣ ਹੋ ਜਾਏ। ਰੈਜਮੈਂਟ ਦਾ ਕੋਮੀਸਾਰ ਸਿਮਿਓਨ ਵੋਰੋਬਿਊਵ। ਚੁੱਪ- ਰਹਿਣਾ। ਸਿਗਰਟ ਨਾ ਪੀਣ ਵਾਲਾ ਆਦਮੀ ਹਾਂ । ਕਿਰਪਾ ਕਰਕੇ ਮੈਨੂੰ ਆਪਣੇ ਸੰਗ ਵਿੱਚ ਸ਼ਾਮਲ ਕਰ ਲਵੋ।”
ਉਸਨੇ ਸ਼ਾਂਤ ਉਤਸੁਕਤਾ ਨਾਲ ਆਪਣੇ ਆਸਪਾਸ ਦੇ ਵਾਰਡ-ਸਾਥੀਆਂ ਵੱਲ ਦੇਖਿਆ ਤੇ ਮਰੇਸੇਯੇਵ ਉਸਦੀਆਂ ਘਟੀਆ ਹੋਈਆਂ, ਸੁਨਹਿਰੀ, ਬਹੁਤ ਤੀਖਣ ਅੱਖਾਂ ਵਿੱਚ ਤੇਜ਼, ਆਲੋਚਨਾਮਈ ਨਜ਼ਰ ਦੇਖ ਸਕਿਆ।
“ਮੈਂ ਬਹੁਤਾ ਸਮਾਂ ਤੁਹਾਡੇ ਕੋਲ ਨਹੀਂ ਰਹਾਂਗਾ। ਦੂਜਿਆਂ ਦਾ ਮੈਨੂੰ ਨਹੀਂ ਪਤਾ, ਪਰ ਏਥੇ ਪਏ ਰਹਿਣ ਲਈ ਮੇਰੇ ਕੋਲ ਕਾਫ਼ੀ ਸਮਾਂ ਨਹੀ। ਮੇਰੇ ਘੋੜ-ਸਵਾਰ ਮੇਰੀ ਉਡੀਕ ਕਰ ਰਹੇ ਨੇ । ਜਦੋਂ ਬਰਫ਼ਾਂ ਢਲ ਗਈਆਂ ਤੇ ਸੜਕਾਂ ਸੁੱਕ ਗਈਆਂ ਤਾਂ ਮੈਂ ਗਿਆ ਸਮਝੋ ! ‘ਅਸੀਂ ਹਾਂ ਲਾਲ ਰਸਾਲਾ ਫ਼ੌਜ ਕਿਉਂ ?” ਉਹ ਆਪਣੀ ਖੁਸ਼ੀ ਭਰੀ, ਮੋਟੀ, ਗੁੰਜਵੀਂ ਅਵਾਜ਼ ਨਾਲ ਕਮਰੇ ਨੂੰ ਭਰਦਾ ਹੋਇਆ ਬੋਲਿਆ।
“ਸਾਡੇ ਵਿੱਚੋਂ ਕੋਈ ਵੀ ਇੱਥੇ ਬਹੁਤੇ ਚਿਰ ਲਈ ਨਹੀਂ। ਜਿਉਂ ਹੀ ਬਰਫ਼ ਢਲੀ ਅਸੀਂ ਸਾਰੇ ਤੁਰ ਜਾਵਾਂਗੇ – ਪੈਰ ਪਹਿਲਾਂ, ਵਾਰਡ ਨੰਬਰ ਪੰਜਾਹ ਵਿੱਚ” ਕੁਕੂਸ਼ਕਿਨ ਨੇ ਜਵਾਬ ਦਿੱਤਾ ਤੇ ਕਾਹਲੀ ਨਾਲ ਆਪਣਾ ਮੂੰਹ ਕੰਧ ਵੱਲ ਕਰ ਲਿਆ।
ਹਸਪਤਾਲ ਵਿੱਚ ਵਾਰਡ ਨੰਬਰ ਪੰਜਾਹ ਕੋਈ ਨਹੀਂ ਸੀ । ਇਹ ਨਾਂ ਮਰੀਜ਼ਾਂ ਨੇ ਮੁਰਦਾਘਰ ਨੂੰ ਦੇ ਰੱਖਿਆ ਸੀ । ਕੋਮੀਸਾਰ ਨੇ ਪਹਿਲਾਂ ਹੀ ਇਸ ਬਾਰੇ ਸੁਣ ਰੱਖਿਆ ਸੀ ਜਾਂ ਨਹੀਂ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਉਸਨੇ ਇਸ ਮਜ਼ਾਕ ਦੇ ਭੈੜੇ ਅਰਥ ਨੂੰ ਇੱਕਦਮ ਸਮਝ ਲਿਆ। ਪਰ ਉਸਨੇ ਬੁਰਾ ਨਾ ਮਨਾਇਆ; ਉਸਨੇ ਸਿਰਫ਼ ਹੈਰਾਨੀ ਨਾਲ ਕੁਕੁਸ਼ਕਿਨ ਵੱਲ ਵੇਖਿਆ ਤੇ ਪੁੱਛਣ ਲੱਗਾ:
“ਤੇ ਕਿੰਨੇ ਸਾਲ ਦੇ ਹੋ ਪਿਆਰੇ ਦੋਸਤ, ਤੁਸੀਂ ? ਦੇਖ, ਦਾਹੜੀ ਵਾਲ਼ੇ, ਦਾਹੜੀ ਵਾਲ਼ੇ । ਉਮਰੋਂ ਪਹਿਲਾਂ ਬੁੱਢੇ ਹੋ ਗਏ ਲੱਗਦੇ ਹੋ।”
4
ਵਾਰਡ ਨੰਬਰ ਬਤਾਲੀ ਵਿੱਚ ਨਵੇਂ ਮਰੀਜ਼ ਦੀ ਆਮਦ ਨੇ, ਜਿਸਨੂੰ ਉਹ ਆਪਸ ਵਿਚ ਕੋਮੀਸਾਰ ਕਿਹਾ ਕਰਦੇ ਸਨ, ਵਾਰਡ ਦੇ ਸਾਰੇ ਜੀਵਨ ਨੂੰ ਬਦਲ ਕੇ ਰੱਖ ਦਿੱਤਾ । ਆਉਣ ਤੋਂ ਅਗਲੇ ਦਿਨ ਤੱਕ, ਇਹ ਭਾਰੀ ਭਰਕਮ ਤੇ ਸਖ਼ਤ ਜ਼ਖਮੀ ਆਦਮੀ ਉਹਨਾਂ ਸਭ ਦਾ ਮਿੱਤਰ ਬਣ ਚੁੱਕਾ ਸੀ ਤੇ ਜਿਵੇਂ ਕਿ ਸਤੇਪਾਨ ਈਵਾਨੋਵਿਚ ਨੇ ਮਗਰੋਂ ਦਸਿਆ, “ਹਰ ਇੱਕ ਦੇ ਦਿਲ ਵਿੱਚ ਫਿੱਟ ਹੋਣ ਵਾਲੀ ਕੁੰਜੀ” ਲੱਭ ਚੁੱਕਾ ਸੀ ।
ਸਤੇਪਾਨ ਈਵਾਨੋਵਿਚ ਨਾਲ ਉਹ ਦਿਲ ਭਰ ਕੇ ਘੋੜਿਆਂ ਤੇ ਸ਼ਿਕਾਰ ਬਾਰੇ ਗੱਲਾਂ ਕਰਦਾ, ਜਿਸਦੇ ਦੋਵੇਂ ਬੜੇ ਸ਼ੁਕੀਨ ਸਨ ਤੇ ਜਿਸ ਵਿੱਚ ਦੋਵੇਂ ਮਾਹਰ ਸਨ । ਮਰੇਸੇਯੇਵ ਨਾਲ਼, ਜਿਹੜਾ ਜੰਗ ਬਾਰੇ ਫਿਲਾਸਫੀ ਝਾੜਨ ਦਾ ਸ਼ੁਕੀਨ ਸੀ, ਉਹ ਹਵਾਈ ਜਹਾਜ਼, ਟੈਂਕ ਤੇ ਰਸਾਲਾ ਫ਼ੌਜ ਨੂੰ ਵਰਤਣ ਦੇ ਅਜੋਕੇ ਢੰਗਾਂ ਬਾਰੇ ਜ਼ੋਰ-ਸ਼ੋਰ ਨਾਲ ਬਹਿਸ ਕਰਦਾ, ਤੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦਾ, ਬੇਸ਼ੱਕ ਜੋਸ਼ ਵਿੱਚ ਆਏ ਬਿਨਾਂ ਨਹੀਂ, ਕਿ ਜਦਕਿ ਹਵਾਈ ਜਹਾਜ਼ ਤੇ ਟੈਂਕ ਬੜੀਆਂ ਲਾਭਕਾਰੀ ਚੀਜ਼ਾਂ ਸਨ, ਪਰ ਘੋੜੇ ਵੀ ਆਪਣਾ ਸਮਾਂ ਨਹੀਂ ਵਿਹਾਅ ਚੁੱਕੇ, ਤੇ ਅਜੇ ਆਪਣਾ ਲਾਹੇਵੰਦਾ ਹੋਣਾ ਦਿਖਾਉਂਣਗੇ, ਤੇ ਜੇ ਰਸਾਲਾ ਫੌਜ ਨੂੰ ਜ਼ਰਾ ਕੁ ਠੀਕ ਠਾਕ ਕਰ ਦਿੱਤਾ ਜਾਏ, ਤੇ ਇਸਦੀ ਪਿੱਠ ਉੱਤੇ ਟੈਂਕ ਤੇ ਤੋਪਖਾਨਾ ਹੋਵੇ, ਤੇ ਜੇ ਪੁਰਾਣੇ ਤਜ਼ਰਬਾਕਾਰ ਕਮਾਂਡਰਾਂ ਦੀ ਸਹਾਇਤਾ ਕਰਨ ਲਈ ਭਾਰੀ ਗਿਣਤੀ ਵਿੱਚ ਦਲੇਰ ਤੇ ਸਿਆਣੇ ਨੌਜਵਾਨ ਅਫ਼ਸਰਾਂ ਨੂੰ ਸਿਖਲਾਈ ਦਿੱਤੀ ਜਾਏ, ਤਾਂ ਸਾਡੀ ਰਸਾਲਾ ਫ਼ੌਜ ਅਜੇ ਵੀ ਦੁਨੀਆਂ ਨੂੰ ਚਕ੍ਰਿਤ ਕਰ ਸਕਦੀ ਹੈ। ਚੁੱਪੀਤੇ ਟੈਂਕਮੈਨ ਨਾਲ ਗੱਲਾਂ ਕਰਨ ਲਈ ਵੀ ਉਸਨੇ ਵਿਸ਼ੇ ਲਭ ਲਏ । ਨਿਕਲਿਆ ਇਹ ਕਿ ਜਿਸ ਡਵੀਜ਼ਨ ਵਿੱਚ ਉਹ ਕੋਮੀਸਾਰ ਵਜੋ ਕੰਮ ਕਰਦਾ ਰਿਹਾ, ਉਹ ਯਾਰਤਸੇਵੋ ਵਿੱਚ ਲੜਿਆ ਸੀ ਤੇ ਮਗਰੋਂ ਉਸਨੇ ਦੁਖੋਵਛੀਨਾ ਵਿੱਚ ਜਰਨੈਲ ਕੋਨੀਵ ਵੱਲੋਂ ਕੀਤੇ ਗਏ ਜਵਾਬੀ ਹਮਲੇ ਵਿੱਚ ਹਿੱਸਾ ਲਿਆ ਸੀ, ਜਿੱਥੇ ਇਹ ਟੈਂਕਮੈਨ ਤੇ ਉਸਦੀ ਟੋਲੀ ਜਰਮਨ ਸਫਾਂ ਨੂੰ ਚੀਰ ਕੇ ਲੰਘ ਗਏ ਸਨ । ਤੇ ਕੋਮੀਸਾਰ ਨੇ ਬੜੇ ਉਤਸ਼ਾਹ ਨਾਲ ਉਹ ਪਿੰਡ ਗਿਣਵਾਏ ਜਿਨ੍ਹਾਂ ਨੂੰ ਉਹ ਦੋਵੇਂ ਜਾਣਦੇ ਸਨ, ਇਹ ਦੱਸਿਆ ਕਿ ਉਹਨਾਂ ਨੇ ਜਰਮਨਾਂ ਨੂੰ ਕਿਵੇਂ ਮੁਸੀਬਤ ਪਾ ਰੱਖੀ ਸੀ, ਤੇ ਕਿੱਥੇ ਕਿੱਥੇ । ਟੈਂਕਮੈਨ ਹਮੇਸ਼ਾ ਵਾਂਗ ਚੁੱਪ ਰਿਹਾ ਪਰ ਹੁਣ ਉਹ ਸਿਰ ਨਹੀਂ ਸੀ ਮੋੜ ਲੈਂਦਾ ਜਦੋਂ ਉਸ ਨਾਲ ਗੱਲਾਂ ਹੋ ਰਹੀਆਂ ਹੁੰਦੀਆਂ ਸਨ, ਜਿਵੇਂ ਕਿ ਉਹ ਹੁਣ ਤੱਕ ਕਰਦਾ ਹੁੰਦਾ ਸੀ । ਪੱਟੀਆਂ ਕਾਰਨ ਉਸਦਾ ਚਿਹਰਾ ਨਹੀਂ ਸੀ ਦੇਖਿਆ ਜਾ ਸਕਦਾ ਪਰ ਉਹ ਸਹਿਮਤੀ ਵਿੱਚ ਸਿਰ ਮਾਰ ਦੇਂਦਾ ਸੀ । ਕੁਕੁਸ਼ਕਿਨ ਦਾ ਗੁੱਸਾ ਇੱਕਦਮ ਪਿਆਰ ਵਿਚ ਬਦਲ ਗਿਆ, ਜਿਉਂ ਹੀ ਕੋਮੀਸਾਰ ਨੇ ਉਸਨੂੰ ਸ਼ਤਰੰਜ ਦੀ ਬਾਜ਼ੀ ਲਾਉਣ ਦਾ ਸੱਦਾ ਦਿੱਤਾ। ਸ਼ਤਰੰਜ ਦਾ ਫੱਟਾ ਕੁਕੁਸ਼ਕਿਨ ਦੇ ਮੰਜੇ ਉੱਤੇ ਹੁੰਦਾ ਸੀ ਤੇ ਕੋਮੀਸਾਰ, ਆਪਣੇ ਮੰਜੇ ਉੱਤੇ ਅੱਖਾਂ ਬੰਦ ਕਰਕੇ ਪਿਆ, “ਬਿਨਾਂ ਦੇਖੇ” ਖੇਡਦਾ ਹੁੰਦਾ ਸੀ । ਉਹ ਬੁੜਬੁੜ ਤੇ ਸੜੂੰ-ਸ# ਕਰਦੇ ਲਫਟੈਨ ਨੂੰ ਹਰਾ ਦੇਂਦਾ, ਜਿਸ ਨਾਲ ਉਸਦੀ ਆਪਣੇ ਨਾਲ ਉਸਨੇ ਪੱਕੀ ਤਰ੍ਹਾਂ ਸੁਲਹ-ਸਫਾਈ ਕਰਾ ਲਈ।
ਵਾਰਡ ਵਿੱਚ ਕੋਮੀਸਾਰ ਦੇ ਆਉਣ ਦਾ ਅਸਰ ਮਾਸਕੋ ਦੀ ਸ਼ੁਰੂ ਬਸੰਤ ਦੀ ਸੱਜਰੀ, ਤਰ ਹਵਾ ਵਰਗਾ ਸੀ, ਜਿਹੜੀ ਉਸ ਸਵੇਰ ਕਮਰੇ ਵਿਚ ਆ ਗਈ ਜਦੋਂ ਨੌਕਰਾਨੀ ਨੇ ਬਾਰੀਆਂ ਖੋਹਲੀਆਂ ਤੇ ਜਦੋਂ ਬੀਮਾਰਾਂ ਦੇ ਕਮਰੇ ਦੀ ਘੁਟਵੀ ਚੁੱਪ ਨੂੰ ਬਜ਼ਾਰ ਵਿੱਚੋਂ ਆਉਂਦੀਆਂ ਕਈ ਅਵਾਜ਼ਾਂ ਦੇ ਰੌਲੇ-ਰੱਪੇ ਦੇ ਹਮਲੇ ਨੇ ਤੋੜ ਦਿੱਤਾ । ਕੋਮੀਸਾਰ ਨੂੰ ਹਾਸਾ ਪੈਦਾ ਕਰਨ ਲਈ ਕੋਈ ਜ਼ੋਰ ਨਹੀਂ ਸੀ ਲਾਉਣਾ ਪੈਂਦਾ । ਉਹ ਤਾਂ ਬੱਸ ਜਿਊਂਦਾ ਸੀ, ਗਰਮਜੋਸ਼ੀ ਤੇ ਭਰਪੂਰਤਾ ਵਾਲਾ ਜੀਵਨ, ਤਸੀਹੇ ਦੇਣ ਵਾਲੇ ਕਸ਼ਟਾਂ ਨੂੰ ਭੁੱਲਦਾ ਹੋਇਆ ਜਾਂ ਭੁੱਲਣ ਲਈ ਆਪਣੇ ਆਪ ਨੂੰ ਮਜ਼ਬੂਰ ਕਰਦਾ ਹੋਇਆ।
ਜਦੋਂ ਉਹ ਸਵੇਰੇ ਜਾਗਦਾ ਤਾਂ ਉਹ ਉੱਠ ਕੇ ਆਪਣੇ ਬਿਸਤਰੇ ਵਿੱਚ ਬੈਠ ਜਾਂਦਾ ਤੇ ਆਪਣੀਆਂ ਬਾਹਵਾਂ ਨੂੰ ਉਤਾਂਹ ਕਰਦਾ, ਆਪਣਾ ਸਰੀਰ ਪਹਿਲਾ ਇੱਕ ਪਾਸੇ ਝੁਕਾਉਂਦਾ, ਫਿਰ ਦੂਜੇ ਪਾਸੇ, ਤਾਲ ਵਿੱਚ ਆਪਣਾ ਸਰੀਰ ਅੱਗੇ ਪਿੱਛੇ ਤੇ ਪਾਸਿਆ ਵੱਲ ਕਰਦਾ ਭਾਵ, ਜਿਮਨਾਸਟਿਕ ਕਰਦਾ । ਜਦੋਂ ਮੂੰਹ ਹੱਥ ਧੋਣ ਲਈ ਪਾਣੀ ਲਿਆਉਂਦੇ, ਉਹ ਜ਼ੋਰ ਦੇਂਦਾ ਕਿ ਉਸਨੂੰ ਜਿੰਨਾਂ ਵੱਧ ਤੋਂ ਵੱਧ ਹੋ ਸਕਦਾ ਸੀ, ਠੰਡਾ ਪਾਣੀ ਦਿੱਤਾ ਜਾਏ, ਕਿੰਨਾਂ ਚਿਰ ਤਸੱਲੀ ਦੇ ਉੱਤੇ ਹੋ ਕੇ ਛਿੱਟੇ ਮਾਰਦਾ ਤੇ ਫੁੱਰਾਟੇ ਮਾਰਦਾ ਰਹਿੰਦਾ ਤੇ ਫਿਰ ਆਪਣੇ ਤੌਲੀਏ ਨਾਲ ਆਪਣੇ ਆਪ ਨੂੰ ਏਨੀਂ ਜ਼ੋਰ ਜ਼ੋਰ ਦੀ ਰਗੜਦਾ ਕਿ ਉਸਦਾ ਫੁੱਲਿਆ ਹੋਇਆ ਸਰੀਰ ਲਾਲ-ਸੂਹਾ ਹੋ ਜਾਂਦਾ; ਤੇ ਉਸਨੂੰ ਦੇਖਦਿਆਂ, ਦੂਜੇ ਮਰੀਜ਼ ਵੀ ਉਹੋ ਕੁਝ ਹੀ ਕਰਨ ਲਈ ਸਿੱਕਦੇ। ਜਦੋਂ ਅਖ਼ਬਾਰ ਲਿਆਂਦੇ ਜਾਂਦੇ ਤਾਂ ਉਹ ਬੜੀ ਬੇਸਬਰੀ ਨਾਲ ਉਹਨਾਂ ਨੂੰ ਨਰਸ ਦੇ ਹੱਥਾਂ ਵਿੱਚੋਂ ਖੋਹਦਾ ਤੇ ਜਲਦੀ ਜਲਦੀ ਨਾਲ ਸੋਵੀਅਤ ਸੂਚਨਾ ਵਿਭਾਗ ਦੇ ਐਲਾਨ ਪੜ੍ਹਦਾ, ਤੇ ਮਗਰੋਂ ਉਹ ਸ਼ਾਂਤੀ ਨਾਲ ਤੇ ਹੌਲ਼ੀ ਹੌਲ਼ੀ ਵਖੋ ਵੱਖਰੇ ਮਹਾਜ਼ਾਂ ਤੋਂ ਜੰਗ ਵਿਚਲੇ ਪੱਤਰਪ੍ਰੇਰਕਾ ਵੱਲੋਂ ਆਈਆ ਰਿਪੋਰਟਾਂ ਪੜ੍ਹਦਾ । ਪੜ੍ਹਨ ਦਾ ਉਸਦਾ ਆਪਣਾ ਹੀ ਤਰੀਕਾ ਸੀ, ਜਿਸਨੂੰ ਸਰਗਰਮ ਤਰੀਕਾ ਕਿਹਾ ਜਾ ਸਕਦਾ ਸੀ; ਇੱਕ ਵੇਲੇ ਉਹ ਕਿਸੇ ਰਿਪੋਰਟ ਵਿੱਚੋਂ, ਜਿਹੜੀ ਉਸਨੂੰ ਚੰਗੀ ਲੱਗੀ ਹੁੰਦੀ, ਕੋਈ ਪੈਰਾ ਆਪਣੇ ਮੂੰਹ ਵਿੱਚ ਹੀ ਦੁਹਰਾਉਂਦਾ ਤੇ ਬੁੜਬੁੜਾਉਂਦਾ “ਇਹ ਠੀਕ ਹੈ,” ਤੇ ਉਸਦੇ ਹੇਠਾਂ ਲਕੀਰ ਫੇਰ ਦੇਂਦਾ; ਜਾਂ ਇੱਕਦਮ ਹੀ ਉਹ ਕਹਿ ਉਠਦਾ: “ਝੂਠ ਬੋਲਦੈ, ਕੁੱਤਾ ! ਮੈਂ ਇਕ ਬੀਅਰ ਦੀ ਬੋਤਲ ਬਦਲੇ ਆਪਣੇ ਸਿਰ ਦੀ ਸ਼ਰਤ ਲਾ ਸਕਦਾ ਹਾਂ, ਕਿ ਉਹ ਮੁਹਾਜ਼ ਉੱਤੇ ਨਹੀਂ ਸੀ। ਬਦਮਾਸ਼ ! ਤੇ ਫਿਰ ਵੀ ਲਿਖ ਰਿਹੈ!” ਇੱਕ ਵਾਰੀ ਉਹ ਕਿਸੇ ਚੀਜ਼ ਉੱਤੇ, ਜਿਹੜੀ ਕਿਸੇ ਬੇਹੱਦ ਕਲਪਨਾ ਵਾਲੇ ਜੰਗ ਵਿਚਲੇ ਪੱਤਰ ਪ੍ਰੇਰਕ ਨੇ ਲਿਖੀ ਸੀ, ਏਨਾਂ ਗੁੱਸੇ ਵਿੱਚ ਆ ਗਿਆ ਕਿ ਉਸਨੇ ਅਖ਼ਬਾਰ ਨੂੰ ਉਸੇ ਵੇਲ਼ੇ ਇੱਕ ਬੜੇ ਗੁੱਸੇ ਵਾਲਾ ਕਾਰਡ ਲਿਖ ਦਿੱਤਾ ਜਿਸ ਵਿਚ ਸਿੱਧ ਕੀਤਾ ਕਿ ਇਹੋ ਜਿਹੀਆਂ ਚੀਜ਼ਾਂ ਜੰਗ ਵਿਚ ਨਹੀਂ ਵਾਪਰਦੀਆਂ ਤੇ ਨਹੀਂ ਵਾਪਰ ਸਕਦੀਆਂ ਤੇ ਬੇਨਤੀ ਕੀਤੀ ਕਿ ਇਹੋ ਜਿਹੇ ਸਿੱਧਾ ਸਿੱਧਾ ਝੂਠ ਬੋਲਣ ਵਾਲੇ ਨੂੰ ਨਕੇਲ ਪਾਈ ਜਾਏ । ਕਿਸੇ ਹੋਰ ਸਮੇਂ, ਕੋਈ ਰਿਪੋਰਟ ਉਸਨੂੰ ਸੋਚਾਂ ਵਿੱਚ ਪਾ ਦੇਂਦੀ; ਉਹ ਅੱਖਾਂ ਖੋਹਲੀ, ਸੋਚਾਂ ਵਿਚ ਡੁੱਬਾ, ਪਿੱਛੇ ਆਪਣੇ ਸਿਰਹਾਣੇ ਨਾਲ ਢੋਹ ਲਾ ਲੈਂਦਾ; ਜਾਂ ਆਪਣੀ ਰਸਾਲਾ ਫ਼ੌਜ ਦੀ ਟੁਕੜੀ ਬਾਰੇ ਕੋਈ ਦਿਲਚਸਪ ਕਹਾਣੀ ਦੱਸਣ ਲੱਗ ਪੈਂਦਾ, ਜਿਸ ਟੁਕੜੀ ਦਾ ਹਰ ਸਿਪਾਹੀ, ਜੇ ਉਸਦੇ ਕਹੇ ਉੱਤੇ ਯਕੀਨ ਕੀਤਾ ਜਾਂਦਾ ਤਾਂ, ਇੱਕ ਯੋਧਾ ਸੀ, ਬਿਲਕੁਲ ਬਹਾਦਰ, ਸਿਰ ਤੋਂ ਪੈਰਾਂ ਤੱਕ । ਤੇ ਫਿਰ ਉਹ ਮੁੜ ਕੇ ਪੜ੍ਹਨ ਲੱਗ ਪੈਂਦਾ । ਤੇ ਭਾਵੇਂ ਇਹ ਅਜੀਬ ਹੀ ਲੱਗੇ, ਉਸਦੀਆਂ ਇਹ ਟਿੱਪਣੀਆਂ, ਇਹ ਵਿਸ਼ੇ ਤੋਂ ਲਾਂਭੇ ਦੀਆਂ ਸਰੋਧੀ ਗੱਲਾਂ, ਉਸਦੇ ਸਰੋਤਿਆਂ ਦਾ ਧਿਆਨ ਨਹੀਂ ਸਨ ਉਚਾਟ ਕਰਦੀਆਂ ਸਗੋਂ, ਉਸਦੇ ਉਲਟ, ਉਹਨਾਂ ਦੀ ਸਹਾਇਤਾ ਕਰਦੀਆਂ ਸਨ ਉਹ ਸਭ ਕੁਝ ਸਮਝਣ ਵਿੱਚ, ਜੋ ਕੁਝ ਉਹ ਪੜ੍ਹ ਰਿਹਾ ਹੁੰਦਾ ਸੀ।
ਦਿਹਾੜੀ ਵਿੱਚ ਦੋ ਘੰਟੇ, ਦੁਪਹਿਰ ਦੇ ਖਾਣੇ ਤੇ ਡਾਕਟਰੀ ਇਲਾਜ ਦੇ ਦਰਮਿਆਨ, ਉਹ ਜਰਮਨ ਸਿੱਖਦਾ ਸੀ, ਲਫ਼ਜ਼ ਜ਼ਬਾਨੀ ਯਾਦ ਕਰਦਾ ਸੀ, ਵਾਕ ਬਣਾਉਂਦਾ ਸੀ ਤੇ ਕਦੀ ਕਦੀ, ਇਕਦਮ ਕਿਸੇ ਬਦੇਸ਼ੀ ਲਫ਼ਜ਼ ਦੀ ਧੁਨ ਬਾਰੇ ਸੋਚਦਾ ਹੋਇਆ ਉਹ ਕਹਿੰਦਾ :
“ਪਤਾ ਜੇ ਮੁੰਡਿਓ, ਚੂਚੇ ਨੂੰ ਜਰਮਨ ਵਿੱਚ ਕੀ ਕਹਿੰਦੇ ਨੇ ? ‘ਕਿਊਖੇਲਖੇਨ’। ਇਹ ਚੰਗੇ! ਕਿਊਖੇਲਖੇਨ; ਲਗਦੈ ਜਿਵੇਂ ਕੋਈ ਛੋਟੀ ਛੋਟੀ ਜਿਹੀ, ਗੁਦਗੁਦੀ ਜਿਹੀ ਤੇ ਨਰਮ ਜਿਹੀ ਚੀਜ਼ ਹੋਵੇ। ਤੇ ਛੋਟੀ ਟੱਲੀ ਨੂੰ ਪਤਾ ਜੇ ਕੀ ਕਹਿੰਦੇ ਨੇ ? ‘ਗਲਿਓਕਲਿੰਗ’। ਸੱਚਮੁਚ ਲਫਜ਼ ਦੇ ਵਿੱਚ ਟੁਣਕਾਰ ਹੈ, ਨਹੀਂ ?”
ਇੱਕ ਦਿਨ ਸਤੇਪਾਨ ਈਵਾਨੋਵਿਚ ਆਪਣੇ ਆਪ ਨੂੰ ਨਾ ਰੋਕ ਸਕਿਆ ਤੇ ਪੁੱਛਣ ਲੱਗਾ :
“ਸਾਥੀ ਕੋਮੀਸਾਰ, ਜਰਮਨ ਤੁਸੀਂ ਕਾਹਦੇ ਲਈ ਸਿੱਖ ਰਹੇ ਹੋ ? ਐਵੇਂ ਆਪਣੇ ਆਪ ਨੂੰ ਥਕਾ ਰਹੇ ਹੋ । ਤੁਹਾਨੂੰ ਆਪਣੀਆਂ ਸ਼ਕਤੀਆਂ ਸੰਭਾਲ ਕੇ ਰੱਖਣੀਆਂ ਚਾਹੀਦੀਆਂ…”
ਕੋਮੀਸਾਰ ਖਚਰਿਆਂ ਵਾਂਗ ਬੁੱਢੇ ਸਿਪਾਹੀ ਵੱਲ ਦੇਖਣ ਲੱਗ ਪਿਆ: “ਦੇਖ ਦਾੜ੍ਹੀ ਵਾਲਿਆ, ਇਹ ਕੋਈ ਰੂਸੀ ਲਈ ਜ਼ਿੰਦਗੀ ਥੋਹੜਾ ਈ ਏ ! ਬਰਲਿਨ ਵਿੱਚ ਮੈਂ ਜਰਮਨ ਕੁੜੀਆਂ ਨਾਲ ਕਿਸ ਬੋਲੀ ਵਿੱਚ ਗੱਲ ਕਰਾਂਗਾ, ਜਦੋਂ ਅਸੀਂ ਉੱਥੇ ਪੁੱਜ ਗਏ ? ਰੂਸੀ ਵਿੱਚ? नैं?”
ਕੋਮੀਸਾਰ ਦੇ ਮੰਜੇ ਦੇ ਸਿਰੇ ਉੱਤੇ ਬੈਠਾ ਹੋਇਆ, ਸਤੇਪਾਨ ਈਵਾਨੋਵਿਚ, ਬਿਲਕੁਲ ਉਚਿਤ ਤੌਰ ਉੱਤੇ, ਜਵਾਬ ਦੇਣਾ ਚਾਹੁੰਦਾ ਸੀ ਕਿ ਹਾਲ ਦੀ ਘੜੀ ਤਾਂ ਲੜਾਈ ਦੀ ਰੇਖਾ ਮਾਸਕੋ ਤੋਂ ਕੋਈ ਬਹੁਤੀ ਦੂਰ ਨਹੀਂ ਸੀ ਤੇ ਜਰਮਨ ਕੁੜੀਆਂ ਤੱਕ ਪੁੱਜਣ ਨੂੰ ਅਜੇ ਬਹੁਤ ਵੇਲ਼ਾ ਸੀ, ਪਰ ਕੋਮੀਸਾਰ ਦੀ ਅਵਾਜ਼ ਵਿਚ ਵਿਸ਼ਵਾਸ ਦੀ ਐਸੀ ਖੁਸ਼ੀਭਰੀ ਟੁਣਕਾਰ ਸੀ ਕਿ ਬੁੱਢੇ ਸਿਪਾਹੀ ਨੇ ਖੁੰਘਾਰਾ ਮਾਰਿਆ ਤੇ ਗੰਭੀਰਤਾ ਨਾਲ ਜਵਾਬ ਦਿੱਤਾ:
“ਨਹੀਂ, ਬੇਸ਼ਕ, ਰੂਸੀ ਵਿੱਚ ਨਹੀਂ। ਤਾਂ ਵੀ, ਸਾਥੀ ਕੋਮੀਸਾਰ, ਇਹੋ ਜਿਹੇ ਫੱਟਾਂ ਤੋਂ ਮਗਰੋਂ ਤੁਹਾਨੂੰ ਆਪਣੇ ਆਪ ਦਾ ਖਿਆਲ ਰੱਖਣਾ ਚਾਹੀਦਾ ਹੈ।”
“ਸੰਭਾਲ ਕੇ ਰੱਖਿਆ ਘੋੜਾ ਪਹਿਲਾਂ ਉਲਟਦਾ ਹੈ। ਸੁਣਿਆ ਨਹੀਂ ਹੋਇਆ ? ਚੰਗੀ ਗੱਲ ਨਹੀਂ, ਦਾੜ੍ਹੀ ਵਾਲੇ !”
ਵਾਰਡ ਵਿਚਲੇ ਕਿਸੇ ਵੀ ਮਰੀਜ਼ ਨੇ ਦਾੜ੍ਹੀ ਨਹੀਂ ਸੀ ਵਧਾਈ ਹੋਈ, ਪਰ ਪਤਾ ਨਹੀਂ ਕਿਉਂ ਕੋਮੀਸਾਰ ਉਹਨਾਂ ਸਾਰਿਆ ਨੂੰ “ਦਾੜ੍ਹੀਆਂ ਵਾਲ਼ੇ” ਕਹਿੰਦਾ ਸੀ । ਤੇ ਸਾਰੇ ਇਸਦਾ ਕੋਈ ਬੁਰਾ ਨਾ ਮਨਾਉਂਦੇ, ਸਗੋਂ ਖੁਸ਼ ਹੁੰਦੇ ਤੇ ਇਸ ਮਜ਼ਾਕ ਵਾਲੇ ਨਾਂ ਉੱਤੇ ਸਗੋਂ ਸਾਰਿਆ ਦੇ ਦਿਲ ਹੌਲ਼ੇ ਹੋ ਜਾਂਦੇ।
ਅਲੈਕਸੇਈ ਕੋਮੀਸਾਰ ਦੀ ਅਮੁੱਕ ਹਸਮੁਖਤਾ ਦੇ ਸੋਮੇ ਦੀ ਥਾਹ ਪਾਉਣ ਦੀ ਕੋਸ਼ਿਸ਼ ਵਿੱਚ ਕਈ ਦਿਨਾਂ ਤੱਕ ਉਸਨੂੰ ਦੇਖਦਾ ਰਿਹਾ। ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਉਹ ਭਿਆਣਕ ਕਸ਼ਟ ਸਹਿ ਰਿਹਾ ਸੀ। ਜਿਉਂ ਹੀ ਉਸਨੂੰ ਨੀਂਦ ਆਉਂਦੀ ਤੇ ਉਸਦਾ ਆਪਣੇ ਆਪ ਉੱਤੇ ਕਾਬੂ ਜਾਂਦਾ ਰਹਿੰਦਾ, ਉਹ ਕੱਰਾਹੁਣ ਲੱਗ ਪੈਂਦਾ, ਉੱਸਲਵੱਟੇ ਭੰਣਦਾ ਤੇ ਦੰਦੀਆਂ ਕਰੀਚਦਾ, ਜਦੋਂ ਕਿ ਉਸਦਾ ਮੂੰਹ ਪੀੜ ਨਾਲ ਮਰੋੜਿਆ ਜਾਂਦਾ । ਪ੍ਰਤੱਖ ਸੀ ਕਿ ਉਹ ਇਸਤੋਂ ਚੇਤੰਨ ਸੀ ਤੇ ਕੋਸ਼ਿਸ਼ ਕਰਦਾ ਸੀ ਕਿ ਦਿਨ ਵੇਲੇ ਨਾ ਸੌਵੇ; ਉਹ ਹਮੇਸ਼ਾ ਹੀ ਕਰਨ ਲਈ ਕੁਝ ਨਾ ਕੁਝ ਲਭ ਲੈਂਦਾ। ਪਰ ਜਾਗਦਿਆਂ, ਉਹ ਹਮੇਸ਼ਾ ਹੀ ਸ਼ਾਂਤ ਤੇ ਸਹਿਜ ਸੁਭਾਅ ਵਾਲਾ ਹੁੰਦਾ ਸੀ, ਜਿਵੇਂ ਕਿ ਉਸਨੂੰ ਕੋਈ ਪੀੜ ਨਹੀਂ ਹੋ ਰਹੀ ਹੁੰਦੀ। ਡਾਕਟਰਾਂ ਨਾਲ ਉਹ ਅਰਾਮ ਨਾਲ ਗੱਲ ਕਰਦਾ, ਜਦੋਂ ਉਹ ਠਕੋਰ-ਠਕਾਰ ਕੇ ਦੇਖਦੇ ਤੇ ਉਸਦੇ ਸਰੀਰ ਦੇ ਜ਼ਖਮੀ ਅੰਗਾਂ ਦਾ ਮੁਆਇਨਾ ਕਰਦੇ ਤਾਂ ਉਹਨਾਂ ਨੂੰ ਮਜ਼ਾਕ ਕਰਦਾ, ਤੇ ਜਿਸ ਤਰ੍ਹਾਂ ਨਾਲ ਉਸਦਾ ਹੱਥ ਬਿਸਤਰੇ ਦੀ ਚਾਦਰ ਨੂੰ ਮਰੋੜਦਾ ਤੇ ਜਿਸ ਤਰ੍ਹਾਂ ਉਸਦੇ ਨੱਕ ਦੀ ਘੋੜੀ ਉੱਤੇ ਤੇਲੀ ਆ ਜਾਂਦੀ, ਸਿਰਫ਼ ਉਸਤੋਂ ਹੀ ਇਹ ਅੰਦਾਜ਼ਾ ਲਾਉਣਾ ਸੰਭਵ ਹੁੰਦਾ ਸੀ ਕਿ ਉਸ ਲਈ ਆਪਣੇ ਆਪ ਨੂੰ ਵੱਸ ਵਿੱਚ ਰੱਖਣਾ ਕਿੰਨਾਂ ਮੁਸ਼ਕਲ ਹੈ । ਪਾਇਲਟ ਨੂੰ ਸਮਝ ਨਹੀਂ ਸੀ ਆਉਂਦਾ ਕਿ ਇਹ ਆਦਮੀ ਏਨੀਂ ਭਿਆਣਕ ਪੀੜ ਨੂੰ ਕਿਵੇਂ ਪੀ ਜਾਂਦਾ ਸੀ, ਤੇ ਉਸ ਵਿੱਚ ਏਨੀਂ ਸ਼ਕਤੀ, ਹਸਮੁਖਤਾ, ਜ਼ਿੰਦਾਦਿਲੀ ਕਿੱਥੋਂ ਆਉਂਦੀ ਸੀ । ਅਲੈਕਸੇਈ ਇਸ ਅੜਾਉਣੀ ਨੂੰ ਹਲ ਕਰਨ ਲਈ ਹੋਰ ਵੀ ਵਧੇਰੇ ਉਤਸੁਕ ਹੋ ਰਿਹਾ ਸੀ ਕਿਉਂਕਿ ਦਵਾਈ ਦੀ ਵਧੀ ਖੁਰਾਕ ਦੇ ਬਾਵਜੂਦ ਉਹ ਰਾਤ ਨੂੰ ਸੌਂ ਨਹੀਂ ਸਕਦਾ, ਤੇ ਕਈ ਵਾਰੀ ਸਵੇਰ ਤੱਕ ਅੱਖਾਂ ਖੋਹਲੀ, ਆਪਣੀ ਹਾਏ-ਹਾਏ ਨੂੰ ਦਬਾਉਣ ਲਈ ਕੰਬਲ ਨੂੰ ਚਿੱਥਦਾ ਹੋਇਆ, ਪਿਆ ਰਹਿੰਦਾ ਸੀ।
ਦਿਨੋਂ ਦਿਨ ਵਧੇਰੇ ਤੇ ਲਗਾਤਾਰ ਡਾਕਟਰਾਂ ਵੱਲੋਂ ਮੁਆਇਨੇ ਸਮੇਂ “ਕੱਟ ਦੇਣ” ਦਾ ਘਿਨਾਉਣਾ ਲਫ਼ਜ਼ ਉਸਨੂੰ ਸੁਣਾਈ ਦੇਣ ਲਗਾ। ਇਹ ਮਹਿਸੂਸ ਕਰਦਿਆਂ ਕਿ ਉਹ ਭਿਆਨਕ ਦਿਨ ਨੇੜੇ ਆ ਰਿਹਾ ਹੈ, ਅਲੈਕਸੇਈ ਨੇ ਫ਼ੈਸਲਾ ਕੀਤਾ ਕਿ ਪੈਰਾਂ ਤੋਂ ਬਿਨਾਂ ਜਿਊਣ ਦਾ ਕੋਈ ਹੱਜ ਨਹੀਂ ਹੋਵੇਗਾ।
5
ਤੇ ਉਹ ਦਿਨ ਆ ਪੁੱਜਾ। ਦੌਰੇ ਸਮੇਂ ਵਾਸਿਲੀ ਵਾਸਿਲੀਯੇਵਿਚ ਕਿੰਨਾਂ ਚਿਰ ਖੜ੍ਹਾ ਅਲੈਕਸੇਈ ਦੇ ਕਾਲ਼ੇ ਪੈ ਚੁੱਕੇ ਤੇ ਬਿਲਕੁਲ ਸੁੰਨ ਹੋ ਚੁੱਕੇ ਪੈਰਾਂ ਨੂੰ ਠਕੋਰਦਾ ਰਿਹਾ ਤੇ ਫਿਰ, ਇੱਕਦਮ ਸਿੱਧਾ ਹੁੰਦਾ ਹੋਇਆ ਤੇ ਸਿੱਧਾ ਅਲੈਕਸੇਈ ਦੀਆਂ ਅੱਖਾਂ ਵਿਚ ਦੇਖਦਾ ਹੋਇਆ, ਉਹ ਬੋਲਿਆ: “ਇਹ ਕੱਟਣੇ ਪੈਣਗੇ !” ਤੇ ਅਜੇ ਪੀਲਾ ਪੈ ਗਿਆ ਪਾਇਲਟ ਜਵਾਬ ਵਿਚ ਕੁਝ ਵੀ ਨਹੀਂ ਸੀ ਕਹਿ ਸਕਿਆ ਕਿ ਪ੍ਰੋਫ਼ੈਸਰ ਕਰੜੀ ਤਰ੍ਹਾਂ ਫਿਰ ਬੋਲਿਆ: “ਇਹ ਕੱਟਣੇ ਪੈਣਗੇ !” ਤੇ ਕੁਝ ਵੀ ਕਹਿਣ ਦੀ ਲੋੜ ਨਹੀਂ, ਸੁਣਿਆ? ਨਹੀਂ ਤਾਂ ਤੇਰੇ ਵਾਲ਼ਾ ਕੰਮ ਹੋ ਗਿਆ ! ਸਮਝਦੈਂ?”
ਉਹ ਆਪਣੇ ਨਾਲ ਦਿਆਂ ਵੱਲ ਇੱਕ ਵੀ ਨਜ਼ਰ ਸੁੱਟੇ ਬਿਨਾਂ ਕਮਰੇ ਵਿੱਚੋਂ ਚਲਾ ਗਿਆ। ਇੱਕ ਬੋਝਲ ਜਿਹੀ ਚੁੱਪ ਕਮਰੇ ਉਪਰ ਛਾ ਗਈ। ਮਰੇਸੇਯੇਵ ਪੱਥਰ ਬਣੇ ਚਿਹਰੇ ਤੇ ਖੁੱਲ੍ਹੀਆਂ ਅੱਖਾਂ ਨਾਲ ਪਿਆ ਸੀ । ਉਸਦੀਆਂ ਅੱਖਾਂ ਸਾਮ੍ਹਣੇ, ਜਿਵੇਂ ਧੁੰਦ ਵਿੱਚ, ਢੇ ਬੇੜੀ ਵਾਲ਼ੇ ਦੀਆਂ ਨੀਲੀਆਂ ਪਈਆਂ ਹੋਈਆਂ, ਬਦਸੂਰਤ ਮੁੱਢੀਆਂ ਘੁੰਮ ਰਹੀਆਂ ਸਨ, ਤੇ ਫਿਰ ਉਸਨੇ ਉਸਨੂੰ, ਬਾਂਦਰ ਵਾਂਗ, ਹੱਥਾਂ ਭਾਰ ਚੱਲ ਕੇ ਗਿੱਲੀ ਰੇਤ ਉੱਤੇ ਤੇ ਫਿਰ ਪਾਣੀ ਵਿੱਚ ਜਾਂਦਿਆ ਦੇਖਿਆ।
“ਲਿਓਸ਼ਾ”, ਕੋਮੀਸਾਰ ਨੇ ਹੌਲੀ ਜਿਹੀ ਅਵਾਜ਼ ਦਿੱਤੀ।
“ਕੀ ?” ਅਲੈਕਸੇਈ ਨੇ ਬੈਠੀ ਹੋਈ ਅਵਾਜ਼ ਵਿੱਚ ਜਿਵੇਂ ਕਿ ਇਹ ਕਿਤੋਂ ਦੂਰੋਂ ਆ ਰਹੀ ਹੋਵੇ, ਜਵਾਬ ਦਿੱਤਾ।
“ਇਹ ਜ਼ਰੂਰੀ ਏ, ਲਿਓਸ਼ਾ।”
ਉਸ ਘੜੀ ਅਲੈਕਸੇਈ ਨੂੰ ਲੱਗਾ ਕਿ ਜਿਵੇਂ ਬੇੜੀ ਵਾਲਾ ਨਹੀਂ, ਸਗੋਂ ਉਹ ਖ਼ੁਦ ਮੁੱਢੀਆਂ ਉਪਰ ਰਿੜ੍ਹ ਰਿਹਾ ਸੀ, ਤੇ ਉਸਦੀ ਕੁੜੀ, ਉਸਦੀ ਓਲਿਆ, ਸ਼ੋਖ ਰੰਗਾ ਵਾਲ਼ੀ ਫ਼ਰਾਕ ਪਾਈ, ਜਿਸਨੂੰ ਹਵਾ ਉਡਾ ਰਹੀ ਸੀ, ਦਰਿਆ ਦੇ ਰੇਤਲੇ ਕੰਢੇ ਉੱਤੇ ਖੜ੍ਹੀ ਸੀ, ਹਲਕੀ-ਫੁਲਕੀ, ਧੁੱਪ ਦਾ ਇੱਕ ਟੋਟਾ; ਸੁੰਦਰ, ਤੇ ਬੁਲ੍ਹਾਂ ਨੂੰ ਟੁੱਕਦੀ ਹੋਈ, ਉਸ ਵੱਲ ਇੱਕ ਟੱਕ ਦੇਖੀ ਜਾ ਰਹੀ ਸੀ। ਇੰਝ ਹੀ ਹੋਵੇਗਾ! ਤੇ ਉਹ ਸਿਰਹਾਣੇ ਵਿਚ ਆਪਣਾ ਮੂੰਹ ਦੇ ਕੇ, ਚੁੱਪ-ਚਾਪ, ਫੁੱਟ ਫੁੱਟ ਕੇ ਰੋਣ ਲੱਗ ਪਿਆ। ਸਾਰੇ ਹਰਾਸੇ ਗਏ। ਸਤੇਪਾਨ ਈਵਾਨੋਵਿਚ, ਕੱਰਾਹੁੰਦਾ ਹੋਇਆ, ਆਪਣੇ ਕੰਬਲ ਵਿੱਚੋਂ ਨਿਕਲਿਆ, ਆਪਣਾ ਚੋਗਾ ਪਾਇਆ, ਤੇ ਆਪਣੇ ਸਲੀਪਰਾਂ ਵਾਲ਼ੇ ਪੈਰਾਂ ਨੂੰ ਬਦਲਦਾ ਹੋਇਆ ਤੇ ਮੰਜੇ ਦੀਆਂ ਬਾਹੀਆਂ ਨੂੰ ਫੜਦਾ ਹੋਇਆ, ਹੌਲ਼ੀ ਹੌਲ਼ੀ ਅਲੈਕਸੇਈ ਦੇ ਮੰਜੇ ਵੱਲ ਤੁਰ ਪਿਆ, ਪਰ ਕੋਮੀਸਾਰ ਨੇ ਉਸ ਵੱਲ ਤਾੜਨਾ ਕਰਦੀ ਉਂਗਲੀ ਕੀਤੀ, ਜਿਵੇਂ ਕਹਿ ਰਿਹਾ ਹੋਵੇ: “ਟੰਗ ਨਾ ਅੜਾ । ਰੋ ਲੈਣ ਦੇ ਸੂ, ਜੀਅ ਭਰ ਕੇ।”
ਤੇ ਸੱਚਮੁਚ ਉਸਤੋਂ ਪਿਛੋਂ ਅਲੈਕਸੇਈ ਚੰਗਾ ਚੰਗਾ ਮਹਿਸੂਸ ਕਰਨ ਲੱਗਾ । ਜਲਦੀ ਹੀ ਉਹ ਸ਼ਾਂਤ ਹੋ ਗਿਆ ਸਗੋਂ ਦਿਲ ਵਿੱਚ ਹੌਲ਼ਾ ਹੌਲ਼ਾ ਮਹਿਸੂਸ ਕਰਨ ਲੱਗਾ, ਜਿਵੇਂ ਕੋਈ ਐਸਾ ਆਦਮੀ ਕਰਦਾ ਹੈ ਜਦੋਂ ਆਖ਼ਰ ਉਹ ਐਸੇ ਸਵਾਲ ਦਾ ਫ਼ੈਸਲਾ ਕਰ ਚੁਕਦਾ ਹੈ, ਜਿਹੜਾ ਸਵਾਲ ਮੁੱਦਤਾਂ ਤੋਂ ਉਸਨੂੰ ਕਸ਼ਟ ਦੇ ਰਿਹਾ ਹੋਵੇ । ਸ਼ਾਮ ਤੱਕ ਉਸਨੇ ਇੱਕ ਲਫ਼ਜ਼ ਮੂੰਹੋਂ ਨਾ ਕੱਢਿਆ, ਜਦੋਂ ਅਰਦਲੀ ਉਸਨੂੰ ਅਪਰੇਸ਼ਨ ਰੂਮ ਲਈ ਲਿਜਾਣ ਵਾਸਤੇ ਆਏ। ਨਾ ਹੀ ਉਸਨੇ ਚੁੰਧਿਆ ਦੇਣ ਵਾਲੇ ਚਿੱਟੇ ਕਮਰੇ ਵਿੱਚ ਹੀ ਕੋਈ ਲਫਜ਼ ਬੋਲਿਆ। ਜਦੋਂ ਉਸਨੂੰ ਦਸਿਆ ਗਿਆ ਕਿ ਉਸਦੇ ਦਿਲ ਦੀ ਹਾਲਤ ਇਹ ਆਗਿਆ ਨਹੀਂ ਦੇਵੇਂਗੀ ਕਿ ਉਸਨੂੰ ਨੀਂਦਰ ਦੀ ਅਵਸਥਾ ਵਿੱਚ ਲੈ ਆਂਦਾ ਜਾਏ, ਤੇ ਅਪਰੇਸ਼ਨ ਸਿਰਫ਼ ਉਸ ਥਾਂ ਨੂੰ ਸੁੰਨ ਕਰਕੇ ਹੀ ਕਰਨਾ ਪਵੇਗਾ, ਉਦੋਂ ਵੀ ਉਸਨੇ ਸਿਰਫ਼ ਸਿਰ ਹੀ ਹਿਲਾਇਆ । ਅਪਰੇਸ਼ਨ ਦੇ ਦੌਰਾਨ ਨਾ ਉਹ ਕੱਰਾਹਿਆ, ਨਾ ਹੀ ਚੀਕਿਆ। ਵਾਸਿਲੀ ਵਾਸਿਲੀਯੇਵਿਚ ਇਹ ਸਾਦਾ ਜਿਹਾ ਅਪਰੇਸ਼ਨ ਆਪ ਕਰ ਰਿਹਾ ਸੀ ਤੇ, ਹਮੇਸ਼ਾ ਵਾਂਗ, ਨਰਸਾਂ ਤੇ ਸਹਾਇਕਾਂ ਨੂੰ ਘੁਰਕ ਘੁਰਕ ਕੇ ਪੈ ਰਿਹਾ ਸੀ; ਉਸਨੇ ਸਹਾਇਕ ਨੂੰ ਕਈ ਵਾਰੀ ਇਹ ਦੇਖਣ ਲਈ ਕਿਹਾ ਕਿ ਕਿਤੇ ਮਰੀਜ਼ ਮਰ ਤਾਂ ਨਹੀਂ ਸੀ ਗਿਆ।
ਜਦੋਂ ਹੱਡੀਆਂ ਕੱਟੀਆਂ ਗਈਆਂ ਤਾਂ ਪੀੜ ਭਿਆਨਕ ਸੀ; ਪਰ ਅਲੈਕਸੇਈ ਹੁਣ ਪੀੜ ਸਹਿਣ ਦਾ ਆਦੀ ਹੋ ਚੁੱਕਾ ਸੀ, ਤੇ ਉਸਨੂੰ ਸਗੋਂ ਸਮਝ ਵੀ ਨਹੀਂ ਸੀ ਆ ਰਹੀ ਕਿ ਚਿੱਟੇ ਚੋਗੇ ਪਾਈ ਤੇ ਮੂੰਹਾਂ ਅੱਗੇ ਚਿੱਟੀ ਜਾਲੀ ਬੰਨ੍ਹੀ ਇਹ ਲੋਕ ਉਸਦੇ ਪੈਰਾਂ ਨਾਲ ਕੀ ਕਰ ਰਹੇ ਸਨ।
ਜਦੋਂ ਉਹ ਹੋਸ਼ ਵਿੱਚ ਆਇਆ ਤਾਂ ਪਹਿਲੀ ਚੀਜ਼ ਜਿਹੜੀ ਉਸਦੀ ਨਜ਼ਰੀਂ ਪਈ, ਉਹ ਸੀ ਕਲਾਵਦੀਆ ਮਿਖਾਇਲੋਵਨਾ ਦਾ ਹਮਦਰਦੀ ਭਰਿਆ ਚਿਹਰਾ। ਅਜੀਬ ਗੱਲ ਇਹ ਸੀ ਕਿ ਉਸਨੂੰ ਕੁਝ ਯਾਦ ਨਹੀਂ ਸੀ, ਤੇ ਉਹ ਸਗੋਂ ਹੈਰਾਨ ਹੋ ਰਿਹਾ ਸੀ ਕਿ ਇਸ ਸੋਹਣੀ, ਮਿਹਰਬਾਨ, ਸੁਨਹਿਰੇ ਵਾਲਾਂ ਵਾਲੀ ਔਰਤ ਦਾ ਚਿਹਰਾ ਕਿਉਂ ਫਿਕਰਮੰਦ ਤੇ ਕੁਝ ਜਾਨਣ ਲਈ ਉਤਾਵਲਾ ਲੱਗ ਰਿਹਾ ਸੀ। ਇਹ ਦੇਖਦਿਆਂ ਕਿ ਉਸਨੇ ਅੱਖਾਂ ਖੋਹਲ ਲਈਆਂ ਹਨ, ਉਸਦਾ ਚਿਹਰਾ ਖਿੜ ਉੱਠਿਆ ਤੇ ਉਸਨੇ ਕੰਬਲ ਦੇ ਹੇਠਾਂ ਅਲੈਕਸੇਈ ਦੇ ਹੱਥ ਨੂੰ ਮਲਕੜੇ ਜਿਹੇ ਘੁਟਿਆ।
“ਤੁਸੀਂ ਕਿੱਡੇ ਕਮਾਲ ਦੇ ਬੰਦੇ ਹੋ!” ਉਹ ਬੋਲੀ ਤੇ ਇੱਕਦਮ ਉਸਦੀ ਨਬਜ਼ ਦੇਖਣ ਲਈ ਉਸਦੀ ਵੀਣੀ ਫ਼ੜ ਲਈ।
“ਇਹ ਕੀ ਗੱਲਾਂ ਕਰ ਰਹੀ ਹੈ?” ਅਲੈਕਸੇਈ ਹੈਰਾਨ ਹੋ ਰਿਹਾ ਸੀ। ਫਿਰ ਉਸਨੇ ਪਹਿਲਾਂ ਨਾਲੋਂ ਉਤਾਂਹ ਕਰਕੇ ਲੱਤ ਵਿੱਚ ਪੀੜ ਮਹਿਸੂਸ ਕੀਤੀ, ਤੇ ਇਹ ਪਹਿਲਾਂ ਵਾਲੀ ਸਾੜਵੀਂ, ਨੋਚਵੀਂ, ਫੜਕਦੀ ਪੀੜ ਨਹੀਂ ਸੀ, ਸਗੋਂ ਮਧਮ ਜਿਹੀ ਪੀੜ ਸੀ, ਜਿਵੇਂ ਕਿ ਉਸਨੇ ਗੋਡਿਆਂ ਤੋਂ ਹੇਠਾਂ ਕੱਸ ਕੇ ਰੱਸੀਆਂ ਬੰਨ੍ਹੀਆਂ ਹੁੰਦੀਆਂ ਹਨ। ਇੱਕਦਮ ਉਸਨੇ ਕੰਬਲ ਦੇ ਮੋੜਾਂ ਤੋਂ ਦੇਖਿਆ ਕਿ ਉਸਦਾ ਸਰੀਰ ਪਹਿਲਾਂ ਨਾਲੋਂ ਛੋਟਾ ਹੋ ਗਿਆ ਹੈ ਤੇ ਤੁਰੰਤ ਹੀ ਉਸਨੂੰ ਯਾਦ ਆ ਗਿਆ: ਚੁੰਧਿਆ ਦੇਣ ਵਾਲ਼ਾ ਚਮਕਦਾ ਚਿੱਟਾ ਕਮਰਾ, ਗੁੱਸੇ ਵਿੱਚ ਗੁਰਾਉਦਾ ਹੋਇਆ ਵਾਸਿਲੀ ਵਾਸਿਲੀਯੇਵਿਚ, ਇਨੈਮਲ ਦੀ ਬਾਲਟੀ ਵਿੱਚ ਕੁਝ ਡਿੱਗਣ ਦੀ ਹਲਕੀ ਹਲਕੀ ਅਵਾਜ਼। “ਸੋ ਹੋ ਵੀ ਚੁੱਕੈ ?” ਉਹ ਬੇਦਿਲੀ ਜਿਹੀ ਨਾਲ ਹੈਰਾਨ ਹੋਇਆ ਤੇ ਜ਼ਬਰਦਸਤੀ ਮੁਸਕਾਨ ਮੂੰਹ ਉੱਤੇ ਲਿਆਉਂਦਾ ਹੋਇਆ ਨਰਸ ਨੂੰ ਕਹਿਣ ਲੱਗਾ:
“ਲਗਦੈ ਕਿ ਮੈਂ ਮਧਰਾ ਹੋ ਗਿਆ ਹਾਂ।”
ਉਹ ਚੰਗੀ ਤਰ੍ਹਾਂ ਮੁਸਕਾ ਨਾ ਸਕਿਆ, ਤੇ ਮੁਸਕ੍ਰਾਹਟ ਵਧੇਰੇ ਮੂੰਹ ਚਿੜਾਉਣ ਵਾਂਗ ਲੱਗਦੀ ਸੀ। ਕਲਾਵਦੀਆ ਮਿਖਾਇਲੋਵਨਾ ਨੇ ਉਸਦੇ ਵਾਲਾਂ ਉੱਤੇ ਹਲਕਾ ਹਲਕਾ ਹੱਥ
ਫੇਰਿਆ ਤੇ ਬੋਲੀ:
“ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਹੁਣ ਆਰਾਮ ਮਹਿਸੂਸ ਕਰੋਗੇ ।”
“ਹਾਂ, ਯਕੀਨਨ, ਅਰਾਮ । ਕਿੰਨੇ ਕਿਲੋਗ੍ਰਾਮ ਘੱਟ ਹੋਣਗੇ ?”
“ਇੰਝ ਨਾ ਕਹੋ ! ਪਰ ਤੁਸੀਂ ਹੋ ਕਮਾਲ ਦੇ ਆਦਮੀ । ਕਈ ਲੋਕ ਚੀਕਦੇ ਨੇ, ਕਈਆਂ ਨੂੰ ਸਗੋਂ ਬੰਨਣਾ ਪੈਂਦਾ ਹੈ । ਪਰ ਤੁਸੀਂ ਅਵਾਜ਼ ਤੱਕ ਨਹੀਂ ਕੱਢੀ। ਉਫ਼, ਇਹ ਜੰਗ, ਜੰਗ।”
ਇੱਥੇ ਜਾ ਕੇ ਕਮਰੇ ਵਿੱਚੋਂ ਸੰਧਿਆ ਦੇ ਅਰਧ-ਹਨੇਰੇ ਵਿੱਚੋਂ ਕੋਮੀਸਾਰ ਦੀ ਗੁੱਸੇ ਵਾਲ਼ੀ ਅਵਾਜ਼ ਸੁਣਾਈ ਦਿਤੀ:
“ਕਾਹਦੇ ਲਈ ਇੱਥੇ ਹੁਣ ਰੋਣਾ-ਧੋਣਾ ਸ਼ੁਰੂ ਕਰ ਦਿੱਤੈ? ਆਹ ਲੈ, ਸਿਸਟਰ, ਚਿੱਠੀਆਂ ਫੜਾ ਇਹਨੂੰ । ਕੁਝ ਲੋਕ ਖੁਸ਼ਕਿਸਮਤ ਹੁੰਦੇ ਨੇ; ਸਗੋਂ ਮੈਨੂੰ ਵੀ ਈਰਖਾ ਹੋ ਰਹੀ ਏ । ਇੱਕਦਮ ਕਿੰਨੀਆਂ ਚਿੱਠੀਆਂ ਆ ਗਈਐਂ!”
ਕੋਮੀਸਾਰ ਨੇ ਚਿੱਠੀਆਂ ਦਾ ਇੱਕ ਪੈਕਟ ਮਰੇਸੇਯੇਵ ਨੂੰ ਫੜਾਇਆ । ਇਹ ਅਲੈਕਸੇਈ ਦੀ ਰੈਜਮੈਂਟ ਤੋਂ ਸਨ। ਇਹ ਵੱਖੋ-ਵੱਖਰੀਆਂ ਤਰੀਕਾਂ ਦੀਆਂ ਲਿਖੀਆਂ ਹੋਈਆਂ ਸਨ, ਪਰ ਪਤਾ ਨਹੀਂ ਕਿਉਂ ਇੱਕੋ ਵੇਲੇ ਮਿਲੀਆ ਸਨ । ਤੇ ਹੁਣ ਪੈਰ ਕਟਾ ਕੇ ਪਏ ਅਲੈਕਸੇਈ ਨੇ ਇਹ ਦੋਸਤਾਨਾ ਸੰਦੇਸ਼ੇ ਪੜ੍ਹੇ ਜਿਨ੍ਹਾਂ ਵਿਚ ਉਸਨੂੰ ਦੂਰ ਦੇ ਜੀਵਨ ਬਾਰੇ ਦੱਸਿਆ ਗਿਆ ਸੀ, ਸਖ਼ਤ ਮਿਹਨਤ, ਮੁਸ਼ਕਲਾਂ ਤੇ ਖ਼ਤਰਿਆਂ ਨਾਲ ਭਰੇ ਜੀਵਨ ਬਾਰੇ, ਜਿਸਨੇ ਕਦੀਂ ਉਸਨੂੰ ਮਿਕਨਾਤੀਸ ਵਾਂਗ ਖਿੱਚਿਆ ਸੀ, ਪਰ ਜਿਹੜਾ ਹੁਣ ਉਹ ਸਦਾ ਲਈ ਖੋਹ ਚੁੱਕਾ ਸੀ। ਉਸਨੇ ਬੜੀ ਉਤਸੁਕਤਾ ਨਾਲ ਵੱਡੀਆਂ ਵੱਡੀਆਂ ਖ਼ਬਰਾਂ ਤੇ ਨਿੱਕੀਆਂ ਨਿੱਕੀਆਂ ਘਟਨਾਵਾਂ ਬਾਰੇ ਪੜ੍ਹਿਆ, ਜਿਨ੍ਹਾਂ ਬਾਰੇ ਰੈਜਮੈਂਟ ਵਾਲਿਆ ਨੇ ਉਸਨੂੰ ਲਿਖਿਆ ਹੋਇਆ ਸੀ: ਕਿ ਕੋਰ ਦੇ ਰਾਜਸੀ ਅਫ਼ਸਰ ਦੇ ਮੂੰਹੋਂ ਇਹ ਸੁਣਿਆ ਗਿਆ ਸੀ ਕਿ ਰੈਜਮੈਂਟ ਦੇ ਨਾਂ ਦੀ ਲਾਲ ਝੰਡੇ ਦੇ ਪੁਰਸਕਾਰ ਲਈ ਸਿਫਾਰਸ਼ ਕੀਤੀ ਗਈ ਹੈ; ਕਿ ਈਵਾਨਚੁਕ ਨੂੰ ਦੋ ਪੁਰਸਕਾਰ ਇੱਕੋ ਵੇਲੇ ਮਿਲੇ ਹਨ; ਕਿ ਯਾਸ਼ੀਨ ਸ਼ਿਕਾਰ ਖੇਡਣ ਗਿਆ ਸੀ ਤੇ ਲੂੰਮੜੀ ਮਾਰ ਕੇ ਲਿਆਇਆ ਸੀ, ਜਿਸਦੀ ਪਤਾ ਨਹੀਂ ਕਿਉਂ ਪੂਛ ਹੀ ਨਹੀਂ ਸੀ ਤੇ ਸਤਿਉਪਾ ਰੋਸਤੋਵ ਦੀ ਦਾੜ੍ਹ ਸੁੱਜ ਗਈ ਸੀ ਜਿਸ ਕਰਕੇ ਨਰਸ ਲੇਨਾ ਨਾਲ ਉਸਦੇ ਰੋਮਾਂਸ ਵਿੱਚ ਵਿਘਨ ਪੈ ਗਿਆ ਹੈ। ਘੜੀ ਪਲ ਲਈ ਉਸਦੀਆਂ ਸੋਚਾਂ ਉਸਨੂੰ ਜੰਗਲਾਂ ਵਿੱਚ ਲੁਕੇ ਹਵਾਈ ਅੱਡੇ ਵੱਲ ਲੈ ਗਈਆਂ, ਜਿਸ ਦੀ ਧੋਖੇਬਾਜ਼ ਜ਼ਮੀਨ ਹੋਣ ਕਰਕੇ ਪਾਇਲਟ ਉਸਨੂੰ ਅਕਸਰ ਲਾਅਣਤਾਂ ਪਾਉਂਦੇ ਸਨ, ਪਰ ਜਿਹੜਾ ਹੁਣ ਉਸਨੂੰ ਇਸ ਧਰਤੀ ਉਪਰ ਸਭ ਤੋਂ ਚੰਗਾ ਟੋਟਾ ਲੱਗਦਾ ਸੀ।
ਉਹ ਚਿੱਠੀਆਂ ਵਿੱਚ ਇੰਝ ਖੁੱਭ ਗਿਆ, ਕਿ ਤਰੀਕਾਂ ਦੇ ਵੱਖ ਵੱਖ ਹੋਣ ਵੱਲ ਉਸਦਾ ਧਿਆਨ ਹੀ ਨਾ ਗਿਆ, ਤੇ ਨਾ ਹੀ ਉਸਨੇ ਇਹ ਦੇਖਿਆ ਕਿ ਕੋਮੀਸਾਰ ਕਿਵੇਂ ਨਰਸ ਨੂੰ ਅੱਖ ਮਾਰ ਕੇ ਉਸਦਾ ਉਸ ਵੱਲ ਧਿਆਨ ਦੁਆਉਂਦਾ ਹੋਇਆ ਹੌਲ਼ੀ ਜਿਹੀ ਉਸਨੂੰ ਕਹਿ ਰਿਹਾ ਸੀ: “ਮੇਰੀ ਦਵਾਈ ਤੁਹਾਡੀਆਂ ਸਾਰੀਆਂ ਬਾਰਬੀਤਾਲਾਂ ਤੇ ਵੇਰੋਨਾਲਾਂ ਨਾਲੋਂ ਚੰਗੀ ਹੈ।” ਅਲੈਕਸੇਈ ਨੂੰ ਇਹ ਕਦੀ ਪਤਾ ਨਾ ਲੱਗਾ ਕਿ ਇਸ ਘਟਨਾ ਨੂੰ ਅਗੇਤੇ ਹੀ ਦੇਖਦਿਆ, ਕੋਮੀਸਾਰ ਉਸਦੀਆਂ ਕੁਝ ਚਿੱਠੀਆਂ ਰੋਕ ਕੇ ਰੱਖਦਾ ਸੀ ਤਾਂ ਕਿ ਮਰੇਸੇਯੇਵ ਲਈ ਭਿਆਨਕ ਦਿਨ ਨੂੰ, ਇਸ ਭਿਆਨਕ ਸੱਟ ਦੇ ਕਸ਼ਟ ਨੂੰ ਘੱਟ ਕਰਨ ਲਈ ਉਹ ਉਸਦੇ ਹਵਾਈ ਅੱਡੇ ਤੋਂ ਦੋਸਤਾਨਾ ਸ਼ੁਭ-ਇਛਾਵਾਂ ਤੇ ਖ਼ਬਰਾਂ ਵਾਲੀਆਂ ਇਹ ਚਿੱਠੀਆਂ ਪੜ੍ਹਨ ਲਈ ਦੇਵੇਗਾ। ਕੋਮੀਸਾਰ ਹੰਢਿਆ ਵਰਤਿਆ ਸਿਪਾਹੀ ਸੀ। ਉਸਨੂੰ ਇਹਨਾਂ ਤੇਜ਼ ਤੇਜ਼ ਤੇ ਬੇਧਿਆਨੀ ਨਾਲ ਲਿਖੇ ਕਾਗਜ਼ ਦੇ ਪੁਰਜ਼ਿਆਂ ਦੀ ਕੀਮਤ ਦਾ ਪਤਾ ਸੀ ਜਿਹੜੇ, ਮਹਾਜ਼ ਉੱਤੇ, ਕਈ ਵਾਰੀ ਦਵਾਈ ਜਾਂ ਰੋਟੀ ਨਾਲੋ ਵੀ ਵਧੇਰੇ ਕੀਮਤੀ ਹੁੰਦੇ ਸਨ।
ਆਂਦਰੇਈ ਦੇਗਤਿਆਰੈਨਕੋ ਦੀ ਚਿੱਠੀ ਸਿੱਧੀ-ਸਾਧੀ ਤੇ ਖਰ੍ਹਵੀਂ ਸੀ, ਜਿਸ ਤਰ੍ਹਾਂ ਦਾ ਉਹ ਆਪ ਸੀ। ਉਸਦੀ ਚਿੱਠੀ ਵਿੱਚ ਇੱਕ ਛੋਟਾ ਜਿਹਾ ਨੋਟ ਸੀ, ਗੋਲ ਗੋਲ ਲਿਖਤ ਵਿੱਚ ਤੇ ਜਿਸ ਵਿੱਚ ਕਿੰਨੇ ਹੀ ਵਿਸਰਾਮ ਚਿੰਨ੍ਹ ਭਰੇ ਪਏ ਸਨ। ਇਸ ਵਿਚ ਲਿਖਿਆ ਸੀ:
“ਸਾਥੀ ਸੀਨੀਅਰ ਲੈਫਟੀਨੈਂਟ! ਇਹ ਚੰਗੀ ਗੱਲ ਨਹੀਂ ਕਿ ਤੁਸੀਂ ਆਪਣਾ ਵਚਨ ਨਹੀਂ ਪੂਰਾ ਕਰਦੇ !!! ਰੈਜਮੈਂਟ ਵਿੱਚ ਤੁਹਾਨੂੰ ਅਕਸਰ ਯਾਦ ਕੀਤਾ ਜਾਂਦੈ, ਤੇ ਮੈਂ ਤੁਹਾਨੂੰ ਝੂਠ ਨਹੀਂ ਕਹਿੰਦੀ, ਗੱਲਾਂ ਹੀ ਸਿਰਫ਼ ਤੁਹਾਡੇ ਬਾਰੇ ਹੁੰਦੀਆਂ ਨੇ । ਬਹੁਤਾ ਸਮਾਂ ਨਹੀ ਹੋਇਆ ਕਿ ਸਾਥੀ ਵਿੰਗ ਕਮਾਂਡਰ ਮੈੱਸ ਵਿਚ ਕਹਿਣ ਲੱਗਾ: ‘ਅਲੈਕਸੇਈ ਮਰੇਸੇਯੇਵ ਹੋਇਆ ਨਾ ਆਦਮੀ !!!’ ਤੁਸੀਂ ਆਪ ਹੀ ਜਾਣਦੇ ਹੋ ਕਿ ਉਹ ਸਿਰਫ਼ ਸਭ ਤੋਂ ਚੰਗੇ ਬੰਦਿਆਂ ਬਾਰੇ ਹੀ ਇੰਝ ਗੱਲ ਕਰਦੈ। ਜਲਦੀ ਵਾਪਸ ਆ ਜਾਓ, ਹਰ ਕੋਈ ਤੁਹਾਨੂੰ ਉਡੀਕ ਰਿਹਾ ਹੈ!!! ਮੈੱਸ ਦੀ ਵੱਡੀ ਲਿਓਲਾ ਨੇ ਮੈਨੂੰ ਇਹ ਲਿਖਣ ਲਈ ਕਿਹਾ ਹੈ ਕਿ ਉਹ ਹੁਣ ਹੋਰ ਬਹਿਸਾਂ ਨਹੀਂ ਕਰਿਆ ਕਰੇਗੀ, ਤੇ ਖਾਣੇ ਵੇਲੇ ਦੂਜੀ ਡਿਸ਼ ਤਿੰਨ ਵਾਰੀ ਦਿਆ ਕਰੇਗੀ, ਭਾਵੇਂ ਉਸਨੂੰ ਇਸ ਵਾਸਤੇ ਨੌਕਰੀ ਤੋਂ ਹੀ ਕਿਉਂ ਨਾ ਹੱਥ ਧੋਣੇ ਪੈਣ। ਭਾਵੇਂ ਕਿ ਇਹ ਬੜੀ ਮਾੜੀ ਗੱਲ ਹੈ ਕਿ ਤੁਸੀ ਵਚਨ ਨਹੀਂ ਪਾਲਦੇ !!! ਤੁਸੀਂ ਦੂਜਿਆਂ ਨੂੰ ਚਿੱਠੀਆਂ ਲਿਖੀਆਂ ਨੇ, ਪਰ ਮੈਨੂੰ ਨਹੀਂ ਲਿਖੀ। ਮੈਨੂੰ ਇਸਦਾ ਬੜਾ ਰੰਜ ਹੈ, ਤੇ ਇਸੇ ਲਈ ਮੈਂ ਤੁਹਾਨੂੰ ਵੱਖਰੀ ਚਿੱਠੀ ਨਹੀਂ ਲਿਖ ਰਹੀ । ਕਿਰਪਾ ਕਰਕੇ, ਮੈਨੂੰ ਵੱਖਰੀ ਚਿੱਠੀ ਲਿਖੋ ਕਿ ਤੁਸੀਂ ਕਿਵੇਂ ਰਹਿ ਰਹੇ ਹੋ, ਕਿਵੇਂ ਮਹਿਸੂਸ ਕਰਦੇ ਹੋ!…”
ਇਸ ਹਾਸੋਹੀਣੀ ਚਿੱਠੀ ਦੇ ਅਖ਼ੀਰ ਉੱਤੇ ਦਸਖਤ ਸਨ: “ਰੁੱਤ-ਵਿਗਿਆਨਕ ਸਾਰਜੰਟ”। ਮਰੇਸੇਯੇਵ ਮੁਸਕ੍ਰਾਇਆ, ਪਰ ਉਸਦੀਆਂ ਨਜ਼ਰਾਂ ਫਿਰ ਇਹਨਾਂ ਲਫ਼ਜ਼ਾਂ ਵੱਲ ਚਲੀਆਂ ਗਈਆਂ: ਜਲਦੀ ਵਾਪਸ ਆ ਜਾਓ, ਹਰ ਕੋਈ ਤੁਹਾਨੂੰ ਉਡੀਕ ਰਿਹਾ ਹੈ, ਜਿਨ੍ਹਾਂ ਦੇ ਹੇਠਾਂ ਲਕੀਰ ਫੇਰੀ ਗਈ ਸੀ । ਉਹ ਆਪਣੀ ਮੰਜੀ ਉਤੇ ਉਠ ਬੈਠਾ ਤੇ ਐਸੇ ਆਦਮੀ ਵਾਂਗ ਲੱਗਦਿਆਂ ਜਿਹੜਾ ਆਪਣੀਆਂ ਜੇਬਾਂ ਫੋਲ ਰਿਹਾ ਹੋਵੇ ਤੇ ਉਸਨੂੰ ਪਤਾ ਲੱਗੇ ਕਿ ਉਸਦਾ ਕੋਈ ਮਹੱਤਵਪੂਰਨ ਦਸਤਾਵੇਜ਼ ਗੁਆਚ ਗਿਆ ਹੈ, ਉਹ ਕਾਹਲੀ ਕਾਹਲੀ ਉਸ ਥਾਂ ਨੂੰ ਟੋਹਣ ਲੱਗਾ ਜਿੱਥੇ ਉਸਦੇ ਪੈਰ ਹੋਇਆ ਕਰਦੇ ਸਨ । ਉਸਦਾ ਹੱਥ ਖਾਲੀ ਥਾਂ ਉੱਤੇ ਜਾ ਪਿਆ ।
ਸਿਰਫ਼ ਉਸ ਘੜੀ ਅਲੈਕਸੇਈ ਨੂੰ ਆਪਣੇ ਹੋਏ ਨੁਕਸਾਨ ਦੀ ਗੰਭੀਰਤਾ ਦਾ ਪੂਰੀ ਤਰ੍ਹਾਂ ਅਹਿਸਾਸ ਹੋਇਆ। ਉਹ ਹੁਣ ਕਦੀ ਆਪਣੀ ਰੈਜਮੈਂਟ ਵਿੱਚ, ਵਾਯੂ ਸੈਨਾ ਵਿੱਚ, ਆਮ ਕਰਕੇ ਮਹਾਜ਼ ਉੱਤੇ ਨਹੀਂ ਜਾ ਸਕੇਗਾ। ਉਹ ਹੁਣ ਕਦੀ ਵੀ ਹਵਾਈ ਜਹਾਜ਼ ਉਡਾ ਕੇ ਨਹੀਂ ਲਿਜਾ ਸਕੇਗਾ ਤੇ ਆਪਣੇ ਆਪ ਨੂੰ ਕਦੀ ਵੀ ਲੜਾਈ ਵਿੱਚ ਨਹੀਂ ਸੁੱਟ ਸਕੇਗਾ, ਕਦੀ ਵੀ ਨਹੀਂ ! ਹੁਣ ਉਹ ਅਪਾਹਜ ਸੀ, ਆਪਣੇ ਪਿਆਰੇ ਕਿੱਤੇ ਤੋਂ ਵੰਚਿਤ ਕੀਤਾ ਗਿਆ, ਇਕੋ ਥਾਂ ਨਾਲ਼ ਬੱਝਾ ਹੋਇਆ, ਘਰ ਵਿੱਚ ਇੱਕ ਬੋਝ, ਜ਼ਿੰਦਗੀ ਵਿੱਚ ਬੇਲੋੜਾ। ਤੇ ਇਸ ਘਾਟ ਨੂੰ ਦੂਰ ਨਹੀਂ ਸੀ ਕੀਤਾ ਜਾ ਸਕਦਾ, ਮੌਤ ਤੱਕ ਇਹ ਨਾਲ ਚੱਲੇਗੀ।
6
ਅਪਰੇਸ਼ਨ ਤੋਂ ਮਗਰੋਂ ਜੋ ਇਹੋ ਜਿਹੀਆਂ ਹਾਲਤਾਂ ਵਿਚ ਭੈੜੇ ਤੋਂ ਭੈੜੇ ਕਿਸੇ ਆਦਮੀ ਨਾਲ ਵਾਪਰ ਸਕਦਾ ਹੈ, ਉਹ ਅਲੈਕਸੇਈ ਮਰੇਸੇਯੇਵ ਨਾਲ ਵਾਪਰ ਗਿਆ — ਉਹ ਆਪਣੇ ਆਪ ਵਿੱਚ ਗੁੰਮ-ਸੁੰਮ ਹੋ ਗਿਆ। ਉਸਨੇ ਸ਼ਿਕਾਇਤ ਨਾ ਕੀਤੀ, ਉਹ ਰੋਇਆ ਨਾ, ਉਹ ਕਦੀ ਵੀ ਖਿਝੂੰ-ਖਿਝੂੰ ਨਹੀਂ ਸੀ ਕਰਦਾ। ਉਹ ਬੱਸ ਚੁੱਪ ਰਹਿੰਦਾ ਸੀ।
ਸਾਰਾ ਸਾਰਾ ਦਿਨ ਉਹ ਛੱਤ ਵਿਚਲੀ ਗੋਲ ਤੇੜ ਉੱਤੇ ਨਜ਼ਰਾਂ ਟਿਕਾਈ ਸਿੱਧਾ ਬੇਹਰਕਤ ਪਿਆ ਰਹਿੰਦਾ। ਜਦੋਂ ਉਸਦੇ ਵਾਰਡ ਵਿਚਲੇ ਸਾਥੀ ਉਸ ਨਾਲ ਕੋਈ ਗੱਲ ਕਰਦੇ, ਉਹ “ਹਾਂ” ਜਾਂ “ਨਾਂਹ” ਵਿੱਚ, ਅਕਸਰ ਗ਼ਲਤ ਜਵਾਬ ਦੇ ਛੱਡਦਾ, ਤੇ ਫਿਰ ਚੁੱਪ ਹੋ ਜਾਂਦਾ, ਪਲਸਤਰ ਵਿਚਲੀ ਕਾਲੀ ਤ੍ਰੇੜ ਵੱਲ ਇੱਕ-ਟੁੱਕ ਦੇਖਦਾ ਹੋਇਆ ਜਿਵੇਂ ਕਿ ਇਹ ਕੋਈ ਚਿਤਰ-ਲਿਪੀ ਹੋਵੇ, ਜਿਸਦੇ ਅਰਥ ਕੱਢਣ ਵਿੱਚ ਹੀ ਉਸਦੀ ਮੁਕਤੀ ਲਿਖੀ ਹੋਵੇ । ਉਹ ਆਗਿਆਕਾਰੀ ਢੰਗ ਨਾਲ ਡਾਕਟਰ ਦੀਆਂ ਹਿਦਾਇਤਾਂ ਉੱਤੇ ਅਮਲ ਕਰਦਾ, ਉਸਦੀਆਂ ਦੱਸੀਆਂ ਸਭ ਚੀਜ਼ਾਂ ਲੈਂਦਾ, ਬੇਦਿਲ ਜਿਹੀ ਨਾਲ ਖਾਣਾ ਖਾਂਦਾ, ਬਿਨਾਂ ਉਤਸ਼ਾਹ ਦੇ, ਤੇ ਮੁੜ ਕੇ ਸਿੱਧਾ ਲੇਟ ਜਾਂਦਾ ।
“ਹੇ, ਦਾੜ੍ਹੀ ਵਾਲੇ, ਕੀ ਸੋਚਦਾ ਪਿਐ ?” ਕੋਮੀਸਾਰ ਨੇ ਉਸਨੂੰ ਕੂਕ ਕੇ ਕਿਹਾ। ਅਲੈਕਸੇਈ ਨੇ ਉਸ ਵੱਲ ਸਿਰ ਮੋੜਿਆ ਤੇ ਖਾਲੀ ਖਾਲੀ ਨਜ਼ਰਾਂ ਨਾਲ ਉਸ ਵੱਲ ਦੇਖਣ ਲੱਗਾ, ਜਿਵੇਂ ਕਿ ਉਹ ਉਸਨੂੰ ਦੇਖ ਨਾ ਰਿਹਾ ਹੋਵੇ ।
“ਮੈਂ ਪੁੱਛਦਾ ਹਾਂ ਕੀ ਸੋਚਦਾ ਪਿਐਂ ?”
“ਕੁਝ ਵੀ ਨਹੀਂ।”
ਇੱਕ ਦਿਨ ਵਾਸਿਲੀ ਵਾਸਿਲੀਏਵਿਚ ਵਾਰਡ ਵਿੱਚ ਆਇਆ ।
“ਕਿਉਂ, ਰੀਂਗੂ, ਜਿਊਂਦੈ ? ਕੀ ਹਾਲ ਹੈ? ਤੂੰ ਯੋਧਾ ਏਂ ਯੋਧਾ । ਅਵਾਜ ਤੱਕ ਨਹੀਂ ਸੀ ਕੱਢੀ। ਹੁਣ, ਭਰਾ, ਮੈਂ ਯਕੀਨ ਕਰ ਸਕਦਾ ਹਾਂ ਕਿ ਹੱਥਾਂ ਪੈਰਾਂ ਦੇ ਭਾਰ ਅਠਾਰ੍ਹਾਂ ਦਿਨ ਤੱਕ ਰਿੜ੍ਹਦਾ ਰਿਹਾ ਸੈਂ, ਜਰਮਨਾਂ ਤੋਂ ਦੂਰ ਹੋਣ ਲਈ, ਏਨੇ ਤੂੰ ਹੁਣ ਤੱਕ ਆਲੂ ਨਹੀਂ ਖਾਧੇ ਹੋਣੇ ਜਿੰਨੇ ਮੈਂ ਹੁਣ ਤੱਕ ਆਪਣੀ ਉਮਰ ਵਿੱਚ ਤੇਰੇ ਭਰਾ ਦੇਖ ਚੁੱਕਾ ਹਾਂ, ਪਰ ਤੇਰੇ ਵਾਂਗ ਅੰਗ ਕਿਸੇ ਨੇ ਨਹੀਂ ਕੱਟਣ ਦਿੱਤਾ।” ਪ੍ਰੋਫ਼ੈਸਰ ਨੇ ਆਪਣੇ ਹੱਥ ਮਲੇ; ਉਹ ਲਾਲ ਹੋਏ ਹੋਏ ਤੇ ਛਿੱਲੇ ਹੋਏ ਸਨ ਤੇ ਉਂਗਲਾਂ ਦੇ ਨਹੂੰ ਦੁਆਈਆਂ ਨਾਲ ਰੰਗੇ ਪਏ ਸਨ । “ਤੂੰ ਕਾਹਦੇ ਲਈ ਘੂਰੀਆਂ ਵੱਟਦਾ ਪਿਐਂ ? ਮੈਂ ਇਸਦੀ ਸਿਫਤ ਕਰ ਰਿਹਾਂ, ਹਾਂ ਤੇ ਇਹ ਘੂਰੀਆਂ ਵੱਟੀ ਜਾਂਦੈ। ਮੈਂ ਮੈਡੀਕਲ ਕੋਰ ਦਾ ਲੈਫ਼ਟੀਨੈਂਟ-ਜਰਨਲ ਹਾਂ। ਮੈਂ ਹੁਕਮ ਦੇਂਦਾ ਹਾਂ, ਮੁਸਕਰਾ!”
ਆਪਣੇ ਬੁਲ੍ਹਾਂ ਨੂੰ ਮੁਸ਼ਕਲ ਨਾਲ ਖਾਲੀ ਖਾਲੀ ਰਬੜ ਵਰਗੀ ਮੁਸਕਾਨ ਵਿੱਚ ਫੈਲਾਉਂਦਾ ਹੋਇਆ, ਮਰੇਸੇਯੇਵ ਸੋਚ ਰਿਹਾ ਸੀ: “ਜੇ ਮੈਨੂੰ ਪਤਾ ਹੁੰਦਾ ਕਿ ਇਸਦਾ ਅੰਤ ਇਹ ਹੋਣਾ ਹੈ, ਤਾਂ ਮੈਂ ਰੀਂਗਣ ਦਾ ਕਸ਼ਟ ਹੀ ਨਾ ਕਰਦਾ। ਮੇਰੀ ਪਿਸਤੋਲ ਵਿੱਚ ਅਜੇ ਤਿੰਨ ਗੋਲੀਆਂ ਹੋਰ ਪਈਆਂ ਸਨ।”
ਇੱਕ ਅਖ਼ਬਾਰ ਵਿੱਚ ਕੋਮੀਸਾਰ ਨੇ ਇੱਕ ਜੰਗ ਵਿਚਲੇ ਪੱਤਰਪ੍ਰੇਰਕ ਵੱਲੋਂ ਇੱਕ ਦਿਲਚਸਪ ਲੜਾਈ ਦਾ ਵਰਨਣ ਪੜ੍ਹਿਆ । ਸਾਡੇ ਛੇ ਲੜਾਕਾ ਹਵਾਈ ਜਹਾਜ਼ਾਂ ਨੇ ਬਾਈ ਜਰਮਨ ਜਹਾਜ਼ਾਂ ਦੇ ਨਾਲ ਲੜਾਈ ਕੀਤੀ, ਅੱਠ ਡੇਗੇ ਤੇ ਆਪਣਾ ਸਿਰਫ਼ ਇੱਕ ਗੁਆਇਆ । ਕੋਮੀਸਾਰ ਇਸ ਕਹਾਣੀ ਨੂੰ ਇੰਝ ਜੋਸ਼ ਨਾਲ ਪੜ੍ਹ ਰਿਹਾ ਸੀ ਜਿਵੇਂ ਕਿ ਪਾਇਲਟਾਂ ਨੇ ਨਹੀਂ, ਜਿਨ੍ਹਾਂ ਬਾਰੇ ਉਹ ਕੁਝ ਨਹੀਂ ਸੀ ਜਾਣਦਾ, ਸਗੋਂ ਉਸਦੀ ਰਸਾਲਾ ਫ਼ੌਜ ਦੇ ਸਿਪਾਹੀਆਂ ਨੇ ਇਹ ਨਾਮਣਾ ਖੱਟਿਆ ਹੁੰਦਾ ਹੈ। ਇਥੋਂ ਤੱਕ ਕਿ ਇਸਤੋਂ ਮਗਰੋਂ ਛਿੜੀ ਬਹਿਸ ਵਿੱਚ ਕੁਕੁਸ਼ਕਿਨ ਨੇ ਵੀ ਉਤਸ਼ਾਹ ਦਿਖਾਇਆ, ਜਦੋਂ ਸਾਰਿਆ ਨੇ ਇਹ ਖਾਕਾ ਬੰਨ੍ਹਣ ਦੀ ਕੋਸ਼ਿਸ਼ ਕੀਤੀ ਕਿ ਇਹ ਸਾਰਾ ਕੁਝ ਕਿਵੇਂ ਹੋਇਆ ਹੋਵੇਗਾ । ਪਰ ਅਲੈਕਸੇਈ ਪਿਆ ਸੋਚ ਰਿਹਾ ਸੀ: “ਖੁਸ਼ਕਿਸਮਤ ਨੇ ! ਉਡਾਰੀਆਂ ਲਾਉਂਦੇ ਨੇ, ਪਰ ਮੈਂ ਕਦੀ ਵੀ ਨਹੀਂ ਹੁਣ ਉਡ ਸਕਾਂਗਾ।”
ਸੋਵੀਅਤ ਸੂਚਨਾ ਵਿਭਾਗ ਦੇ ਐਲਾਨਨਾਮੇ ਦਿਨੋ ਦਿਨ ਵਧੇਰੇ ਸੰਖੇਪ ਹੁੰਦੇ ਗਏ। ਸਾਰੀਆਂ ਨਿਸ਼ਾਨੀਆਂ ਇਸ ਚੀਜ਼ ਦੀਆਂ ਸੂਚਕ ਸਨ ਕਿ ਸੋਵੀਅਤ ਫ਼ੌਜ ਦੇ ਪਿੱਛੇ ਕਿਤੇ ਨਵੇਂ ਧਾਵੇ ਲਈ ਸ਼ਕਤੀਸਾਲੀ ਤਾਕਤ ਇੱਕਠੀ ਕੀਤੀ ਜਾ ਰਹੀ ਹੈ। ਕੋਮੀਸਾਰ ਤੇ ਸਤੇਪਾਨ ਈਵਾਨੋਵਿਚ ਸਰਗਰਮ ਬਹਿਸ ਕਰਦੇ ਹੁੰਦੇ ਸਨ ਕਿ ਇਹ ਧਾਵਾ ਕਿਥੋਂ ਬੋਲਿਆ ਜਾਏਗਾ ਤੇ ਜਰਮਨਾਂ ਉੱਪਰ ਇਸਦਾ ਕੀ ਅਸਰ ਹੋਵੇਗਾ। ਅਜੇ ਕੁਝ ਹੀ ਸਮਾਂ ਪਹਿਲਾਂ ਤੱਕ ਅਲੈਕਸੇਈ ਇਹੋ ਜਿਹੀ ਗੱਲਬਾਤ ਦਾ ਅਰੰਭ ਕਰਦਾ ਹੁੰਦਾ ਸੀ । ਪਰ ਹੁਣ ਉਹ ਕੋਸ਼ਿਸ਼ ਕਰਦਾ ਸੀ ਕਿ ਉਹਨਾਂ ਨੂੰ ਸੁਣੇ ਹੀ ਨਾ। ਉਹ ਵੀ ਘਟਨਾਵਾਂ ਦੇ ਇਹੋ ਜਿਹਾ ਰੂਪ ਧਾਰਨ ਬਾਰੇ ਅੰਦਾਜ਼ਾ ਲਾ ਰਿਹਾ ਸੀ ਤੇ ਮਹਿਸੂਸ ਕਰ ਰਿਹਾ ਸੀ ਕਿ ਭਾਰੀ, ਤੇ ਸ਼ਾਇਦ ਫੈਸਲਾਕੁੰਨ ਲੜਾਈਆਂ ਹੋਣ ਵਾਲੀਆਂ ਹਨ। ਪਰ ਇਹ ਖਿਆਲ ਕਿ ਉਸਦੇ ਸਾਥੀ, ਸ਼ਾਇਦ ਕੁਕੁਸ਼ਕਿਨ ਵੀ, ਜਿਹੜਾ ਬੜੀ ਜਲਦੀ ਜਲਦੀ ਰਾਜ਼ੀ ਹੋ ਰਿਹਾ ਸੀ, ਇਹਨਾਂ ਲੜਾਈਆਂ ਵਿੱਚ ਸ਼ਾਮਲ ਹੋ ਸਕਣਗੇ, ਜਦ ਕਿ ਪਿੱਛੇ ਕਿਤੇ ਬੇਮਕਸਦ ਜ਼ਿੰਦਗੀ ਕੱਟਣਾ ਉਸਦੇ ਭਾਗਾਂ ਵਿੱਚ ਲਿਖਿਆ ਗਿਆ ਹੈ, ਤੇ ਇਸਨੂੰ ਕੋਈ ਚੀਜ਼ ਮਿਟਾ ਨਹੀਂ ਸੀ ਸਕਦੀ, ਉਸ ਲਈ ਏਨਾਂ ਕੁੜੱਤਣ ਭਰਿਆ ਗਿਆ ਸੀ ਕਿ ਜਦੋਂ ਕੋਮੀਸਾਰ ਅਖ਼ਬਾਰ ਪੜ੍ਹਦਾ ਜਾਂ ਜਦੋਂ ਜੰਗ ਬਾਰੇ ਕੋਈ ਗੱਲਬਾਤ ਛਿੜਦੀ, ਅਲੈਕਸੇਈ ਆਪਣੇ ਕੰਬਲ ਨਾਲ ਆਪਣਾ ਸਿਰ ਢੱਕ ਲੈਂਦਾ ਤੇ ਆਪਣੇ ਸਿਰਹਾਣੇ ਉੱਤੇ ਆਪਣੀਆਂ ਗਲ੍ਹਾਂ ਰਗੜਨ ਲਗ ਪੈਂਦਾ ਤਾਂ ਕਿ ਉਹ ਨਾ ਕੁਝ ਦੇਖ ਸਕੇ, ਨਾ ਸੁਣ ਸਕੇ। ਤੇ ਪਤਾ ਨਹੀਂ ਕਿਉਂ ਉਸਦੇ ਦਿਮਾਗ਼ ਵਿੱਚ ਇਹ ਲਫਜ਼ ਘੁੰਮਦੇ ਰਹਿੰਦੇ: “ਜਿਹੜੇ ਰੀਂਗਣ ਲਈ ਜੰਮੇਂ ਨੇਂ, ਉਹ ਉੱਡ ਨਹੀ ਸਕਦੇ । *
ਕਲਾਵਦੀਆ ਮਿਖਾਈਲੋਵਨਾ ਲੂੰਦਾਰ ਬੈਂਤ ਦੀਆਂ ਕੁਝ ਟਾਹਣੀਆਂ ਲੈ ਆਈ, ਜਿਹੜੀਆਂ ਪਤਾ ਨਹੀਂ ਇਸ ਕਰੜੇ, ਜੰਗ ਸਮੇਂ ਦੇ, ਬੈਰੀਕੇਡਾ ਵਾਲੇ ਮਾਸਕੋ ਵਿੱਚ ਕਿਥੋਂ ਆ ਗਈਆਂ ਸਨ ਤੇ ਇੱਕ ਇੱਕ ਟਾਹਣ ਹਰ ਇੱਕ ਦੇ ਮੰਜੇ ਕੋਲ ਗਲਾਸ ਵਿੱਚ ਰੱਖ ਦਿੱਤੀ। ਲਾਲ ਟਾਹਣੀਆਂ ਦੇ ਚਿੱਟੇ ਗੁਦਗੁਦੇ ਗੋਹੜਿਆਂ ਵਿੱਚੋਂ ਏਨੀ ਸੱਜਰੀ ਸੱਜਰੀ ਵਾਸ਼ਨਾ ਆ ਰਹੀ ਸੀ ਕਿ ਇੰਝ ਲੱਗਦਾ ਸੀ ਜਿਵੇਂ ਬਸੰਤ ਆਪ ਚੱਲ ਕੇ ਬਤਾਲੀ ਨੰਬਰ ਵਾਰਡ ਵਿੱਚ ਆ ਗਈ ਹੋਵੇ । ਹਰ ਕੋਈ ਉਸ ਦਿਨ ਖੁਸ਼ੀਭਰੇ ਉਤਸ਼ਾਹ ਨਾਲ ਭਰਿਆ ਰਿਹਾ। ਇੱਥੋਂ ਤੱਕ ਕਿ ਚੁਪੀਤੇ ਟੈਂਕਮੈਨ ਨੇ ਵੀ ਆਪਣੀਆਂ ਪੱਟੀਆਂ ਦੇ ਵਿੱਚੋਂ ਦੀ ਕੁਝ ਲਫ਼ਜ਼ ਬੁੜਬੁੜਾਏ।
ਅਲੈਕਸੇਈ ਪਿਆ ਪਿਆ ਸੋਚ ਰਿਹਾ ਸੀ: ਕਾਮੀਸ਼ਿਨ ਵਿੱਚ ਉਛਲਦੀਆਂ ਹੋਈਆਂ ਨਦੀਆਂ ਚਿੱਕੜ ਵਾਲੇ ਪਹਿਆ ਦੇ ਨਾਲ ਨਾਲ ਲਿਸ਼ਕਦੇ ਪੱਥਰ ਗੀਟਿਆ ਵਾਲੀਆਂ ਸੜਕਾਂ ਦੇ ਉਪਰੋਂ ਦੀ ਵਹਿ ਰਹੀਆਂ ਹੋਣਗੀਆਂ, ਨਿੱਘੀ ਹੋਈ ਹੋਈ ਜ਼ਮੀਨ ਦੀ, ਸੱਜਰੀ ਸਿਲ੍ਹ ਤੇ ਘੋੜੇ ਦੀ ਲਿੱਦ ਦੀ ਵਾਸ਼ਨਾ ਆ ਰਹੀ ਹੈ। ਇਹੋ ਜਿਹਾ ਹੀ ਇੱਕ ਦਿਨ ਸੀ ਜਦੋਂ ਉਹ ਤੇ ਓਲਿਆ ਵੋਲਗਾ ਦੇ ਡੂੰਘੇ ਕੰਢੇ ਉਤੇ ਖੜੇ ਸਨ ਤੇ ਗੰਭੀਰ ਚੁੱਪ ਵਿਚਕਾਰ, ਜਿਸਨੂੰ ਚੰਡੂਲਾਂ ਦੀਆਂ ਚਾਂਦੀ ਦੀ ਟੱਲੀ ਵਰਗੀਆਂ ਅਵਾਜ਼ਾਂ ਹੀ ਤੋੜਦੀਆਂ ਸਨ, ਦਰਿਆ ਦੀ ਅਸੀਮ ਵਿਸ਼ਾਲਤਾ ਦੇ ਉਪਰੋਂ ਬਰਫ਼ ਅਰਾਮ ਨਾਲ ਤਰਦੀ ਹੋਈ ਉਹਨਾਂ ਦੇ ਕੋਲੋਂ ਦੀ ਲੰਘ ਰਹੀ ਸੀ। ਤੇ ਇੰਝ ਲੱਗਦਾ ਸੀ ਜਿਵੇਂ ਰੌਂਅ ਦੇ ਨਾਲ ਬਰਫ਼ ਨਹੀਂ ਸੀ ਤਰਦੀ ਜਾ ਰਹੀ, ਸਗੋਂ ਉਹ ਤੇ ਓਲਿਆ ਕਿਸੇ ਤੂਫ਼ਾਨੀ, ਉਛਾਲੇ ਖਾਂਦੇ ਦਰਿਆ ਨੂੰ ਮਿਲਣ ਲਈ ਚੁੱਪ-ਚਾਪ ਤਰਦੇ ਜਾ ਰਹੇ ਸਨ । ਉਹ ਬਿਨਾਂ ਇੱਕ ਲਫ਼ਜ਼ ਵੀ ਬੋਲਿਆ ਉਥੇ ਖੜ੍ਹੇ ਰਹੇ ਸਨ, ਇਹੋ ਜਿਹੀ ਭਵਿੱਖੀ ਖੁਸ਼ੀ ਦੇ ਸੁਪਨੇ ਲੈਂਦੇ ਹੋਏ ਕਿ ਵੋਲਗਾ ਦੀ ਵਿਸ਼ਾਲ ਚੁੜੱਤਣ ਤੋਂ ਉਪਰਲੀ ਉਸ ਥਾਂ, ਬਸੰਤ ਦੀ ਖੁੱਲ੍ਹੀ ਵਗਦੀ ਹਵਾ ਵੀ, ਜਿਵੇਂ ਉਹਨਾਂ ਦੇ ਸਾਹ ਲੈਣ ਲਈ ਕਾਫ਼ੀ ਨਹੀਂ ਸੀ।
ਹੁਣ ਉਹ ਸੁਪਨੇ ਕਦੀ ਵੀ ਸੱਚੇ ਨਹੀਂ ਹੋਣਗੇ । ਹੁਣ ਉਹ ਉਸ ਤੋਂ ਮੂੰਹ ਫੇਰ ਲਵੇਗੀ। ਤੇ ਜੇ ਉਹ ਨਾ ਵੀ ਫੇਰੇ, ਤਾਂ ਕੀ ਉਹ ਇਸ ਕੁਰਬਾਨੀ ਨੂੰ ਪ੍ਰਵਾਨ ਕਰ ਸਕਦਾ ਹੈ, ਕੀ ਉਹ ਉਸਨੂੰ,
ਮਹਾਨ ਰੂਸੀ ਲੇਖਕ, ਅ. ਮੈਕਸਿਮ ਗੋਰਕੀ (1868-1936) ਦੀ ਰਚਨਾ “ਬਾਜ਼ ਦਾ ਗੀਤ” ਵਿੱਚੋਂ। –ਅਨੁ। ਏਨੀਂ ਉਜਲੀ ਤੇ ਸੋਹਣੀ ਤੇ ਛਬਦਾਰ ਕੁੜੀ ਨੂੰ, ਆਪਣੇ ਨਾਲ ਤੁਰਨ ਦੀ ਆਗਿਆ ਦੇ ਸਕਦਾ ਹੈ, ਜਦ ਕਿ ਆਪ ਉਹ ਮੁੱਢੀਆਂ ਉੱਪਰ ਉਛਲਦਾ ਹੋਇਆ ਜਾ ਰਿਹਾ ਹੋਵੇਗਾ ?… ਤੇ ਉਸਨੇ ਨਰਸ ਨੂੰ ਵਾਸਤਾ ਪਾਇਆ ਕਿ ਉਹ ਬਸੰਤ ਦੀ ਇਸ ਮੂਰਖ ਜਿਹੀ ਯਾਦ ਨੂੰ ਉਸਨੇ ਮੇਜ ਤੋਂ ਚੁੱਕ ਲਵੇ।
ਬੈਂਤ ਦੀ ਟਾਹਣੀ ਚੁੱਕ ਲਈ ਗਈ, ਪਰ ਉਹ ਆਪਣੀਆਂ ਕੌੜੀਆਂ ਸੋਚਾਂ ਤੋਂ ਏਨੀਂ ਸੌਖੀ ਤਰ੍ਹਾਂ ਛੁਟਕਾਰਾ ਨਾ ਪਾ ਸਕਿਆ: ਓਲਿਆ ਕੀ ਕਹੇਗੀ ਜਦੋਂ ਉਸਨੂੰ ਪਤਾ ਲੱਗਾ ਕਿ ਉਸਦੇ ਪੈਰ ਜਾਂਦੇ ਰਹੇ ਹਨ? ਕੀ ਉਹ ਉਸਨੂੰ ਛੱਡ ਜਾਏਗੀ, ਭੁੱਲ ਜਾਏਗੀ, ਆਪਣੀ ਜ਼ਿੰਦਗੀ ਵਿੱਚੋਂ ਉਸਨੂੰ ਕੱਢ ਛੱਡੇਗੀ? ਅਲੈਕਸੇਈ ਦੀ ਸਾਰੀ ਹੋਂਦ ਇਸਦੇ ਖਿਲਾਫ਼ ਰੋਸ ਪ੍ਰਗਟ ਕਰ ਰਹੀ ਸੀ। ਨਹੀਂ! ਉਹ ਇਸ ਤਰ੍ਹਾਂ ਦੀ ਨਹੀਂ! ਉਹ ਉਸਨੂੰ ਨਹੀਂ ਛੱਡੇਗੀ, ਉਸਤੋਂ ਮੂੰਹ ਮੋੜੇਗੀ! ਪਰ ਇਹ ਗੱਲ ਹੋਰ ਵੀ ਮਾੜੀ ਹੋਵੇਗੀ । ਉਸਨੇ ਆਪਣੀਆਂ ਅੱਖਾਂ ਸਾਮ੍ਹਣੇ ਇਹ ਚਿਤਾਰਿਆ ਕਿ ਕਿਵੇਂ ਉਹ ਆਪਣੀ ਸਖਾਵਤ ਕਰਕੇ ਉਸ ਨਾਲ, ਬਿਨ੍ਹਾਂ ਪੈਰਾਂ ਦੇ ਆਦਮੀ ਨਾਲ਼, ਵਿਆਹ ਕਰਾ ਲੈਂਦੀ ਹੈ, ਕਿਵੇਂ ਇਸ ਕਰਕੇ ਉਹ ਉਚੇਰੀ ਟੈਕਨੀਕਲ ਵਿੱਦਿਆ ਲੈਣ ਦੇ ਸਾਰੇ ਸੁਪਨੇ ਸੁੱਟ ਪਾਉਂਦੀ ਹੈ, ਕਿਵੇਂ ਉਹ ਦਫ਼ਤਰੀ ਨਿੱਤ ਕਿਰਿਆ ਦਾ ਜੂਲਾ ਆਪਣੇ ਗਲ ਪਾ ਲੈਂਦੀ ਹੈ, ਤਾਂ ਕਿ ਉਹ ਆਪਣੇ ਆਪ ਨੂੰ, ਆਪਣੇ ਅਪਾਹਜ ਪਤੀ, ਤੇ ਕੌਣ ਜਾਣੇ, ਹੋ ਸਕਦਾ ਹੈ ਬੱਚਿਆਂ ਨੂੰ, ਪਾਲ ਸਕੇ ।
ਕੀ ਇਹ ਕੁਰਬਾਨੀ ਕਬੂਲ ਕਰਨ ਦਾ ਉਸਨੂੰ ਕੋਈ ਹੱਕ ਹੈ? ਉਹ ਅਜੇ ਇੱਕ ਦੂਜੇ ਨਾਲ ਬੱਝੇ ਹੋਏ ਨਹੀਂ, ਉਹਨਾਂ ਦੀ ਮੰਗਣੀ ਹੋ ਚੁੱਕੀ ਹੈ, ਪਰ ਅਜੇ ਉਹ ਪਤੀ ਪਤਨੀ ਨਹੀਂ। ਉਹ ਉਸਨੂੰ ਪਿਆਰ ਕਰਦਾ ਸੀ, ਤੇ ਬਹੁਤ ਪਿਆਰ ਕਰਦਾ ਸੀ, ਇਸ ਲਈ ਉਸਨੇ ਫੈਸਲਾ ਕੀਤਾ ਕਿ ਉਸਨੂੰ ਐਸਾ ਕੋਈ ਹੱਕ ਨਹੀਂ ਸੀ, ਕਿ ਉਸਨੂੰ ਖ਼ੁਦ ਆਪਣੇ ਇਹ ਸੰਬੰਧ ਤੋੜ ਲੈਣੇ ਚਾਹੀਦੇ ਹਨ, ਇੱਕਦਮ, ਇੱਕੋ ਝਟਕੇ ਨਾਲ, ਤਾਂ ਕਿ ਨਾ ਸਿਰਫ਼ ਬੋਝਲ ਭਵਿੱਖ ਤੋਂ ਹੀ ਸਗੋਂ ਦੁਚਿੱਤੀਆਂ ਦੇ ਵਰਤਮਾਨ ਕਸ਼ਟ ਤੋਂ ਵੀ ਉਸਦਾ ਛੁਟਕਾਰਾ ਕਰਾਇਆ ਜਾ ਸਕੇ ।
ਪਰ ਫਿਰ ਕਾਮੀਸ਼ਿਨ ਦੀ ਮੋਹਰ ਵਾਲੀਆਂ ਚਿੱਠੀਆਂ ਮਿਲੀਆਂ ਜਿਨਾਂ ਨੇ ਸਾਰੇ ਫੈਸਲਿਆਂ ਉਤੇ ਲਕੀਰ ਫੇਰ ਦਿੱਤੀ। ਓਲਿਆ ਦੀ ਚਿੱਠੀ ਕਿਸੇ ਭਾਵੀ ਡਰ ਦੇ ਅਹਿਸਾਸ ਨਾਲ ਭਰੀ ਪਈ ਸੀ। ਕਿਸੇ ਮਾੜੀ ਘਟਨਾ ਨੂੰ ਅਗੇਤੇ ਹੀ ਮਹਿਸੂਸ ਕਰਦਿਆਂ, ਉਸਨੇ ਲਿਖਿਆ ਸੀ ਕਿ ਉਹ ਹਮੇਸ਼ਾ ਹਮੇਸ਼ਾ ਲਈ ਉਸ ਨਾਲ ਰਹੇਗੀ, ਭਾਵੇਂ ਉਸ ਨਾਲ ਕੁਝ ਵੀ ਕਿਉਂ ਨਾ ਵਾਪਰ ਜਾਏ, ਕਿ ਉਹ ਸਿਰਫ਼ ਉਸੇ ਲਈ ਜਿਊਂਦੀ ਸੀ, ਕਿ ਹਰ ਵਿਹਲੀ ਘੜੀ ਉਹੀ ਉਸਦੀਆਂ ਸੋਚਾਂ ਵਿੱਚ ਹੁੰਦਾ ਹੈ, ਤੇ ਇਹ ਸੋਚਾਂ ਜੰਗ-ਸਮੇਂ ਦੇ ਇਹ ਕਸ਼ਟ ਸਹਿਣ ਵਿੱਚ ਉਸਦੀ ਸਹਾਇਤਾ ਕਰਦੀਆਂ ਹਨ ਆਰਾ ਮਿੱਲ ਦੀਆਂ ਉਨੀਂਦੀਆਂ ਰਾਤਾਂ, ਛੁੱਟੀ ਵਾਲੇ ਦਿਨਾਂ ਤੇ ਰਾਤਾਂ ਨੂੰ ਖਾਈਆਂ ਖੋਦਣੀਆਂ ਤੇ ਟੈਕਾਂ ਲਈ ਟੋਏ ਪੁੱਟਣੇ ਤੇ, ਇਸ ਵਿੱਚ ਲੁਕਾਉਣ ਵਾਲੀ ਕਿਹੜੀ ਗੱਲ ਸੀ, ਅਰਧ-ਭੁੱਖੇ ਰਹਿਣ ਵਾਲੀ ਇਸ ਹੋਂਦ ਨੂੰ, “ਉਹ ਆਖ਼ਰੀ ਛੋਟੀ ਜਿਹੀ ਫੋਟੋ, ਜਿਹੜੀ ਤੂੰ ਦਰਖਤ ਦੀ ਮੁੱਢ ਉਤੇ ਕੁੱਤੇ ਨੂੰ ਲੈ ਕੇ ਬੈਠੇ ਦੀ ਖਿੱਚੀ ਸੀ, ਹਮੇਸ਼ਾ ਮੇਰੇ ਕੋਲ ਰਹਿੰਦੀ ਹੈ। ਮੈਂ ਇਹ ਮਾਂ ਵਾਲੇ ਲਾਕਟ ਵਿੱਚ ਜੜਾ ਲਈ ਹੈ ਤੇ ਹਮੇਸ਼ਾ ਗਲ ਵਿੱਚ ਪਾਉਂਦੀ ਹਾਂ। ਜਦੋਂ ਮੇਰਾ ਦਿਲ ਉਦਾਸ ਹੁੰਦਾ ਹੈ ਤਾਂ ਮੈਂ ਲਾਕਟ ਖੋਹਲ ਲੈਂਦੀ ਹਾਂ ਤੇ ਤੇਰੇ ਵੱਲ ਦੇਖਦੀ ਹਾਂ। ਮੈਨੂੰ ਯਕੀਨ ਹੈ ਕਿ ਜਦੋਂ ਤੱਕ ਅਸੀਂ ਇਕ ਦੂਜੇ ਨੂੰ ਪਿਆਰ ਕਰਦੇ ਹਾਂ, ਸਾਨੂੰ ਕਿਸੇ ਚੀਜ਼ ਤੋਂ ਡਰਨ ਦੀ ਲੋੜ ਨਹੀ।” ਉਸਨੇ ਇਹ ਵੀ ਲਿਖਿਆ ਹੋਇਆ ਸੀ ਕਿ ਪਿਛਲੇ ਕੁਝ ਸਮੇਂ ਤੋਂ ਉਸਦੀ ਮਾਂ ਉਸ ਬਾਰੇ ਬੜੀ ਫਿਕਰਮੰਦ ਰਹਿੰਦੀ ਹੈ, ਤੇ ਫਿਰ ਉਸਨੂੰ ਜ਼ੋਰ ਦਿੱਤਾ ਹੋਇਆ ਸੀ ਉਹ ਬਜ਼ੁਰਗ ਸੁਆਣੀ ਨੂੰ ਵਧੇਰੇ ਵਾਰੀ ਲਿਖਿਆ ਕਰੇ, ਪਰ ਕਿਸੇ ਭੈੜੀ ਖ਼ਬਰ ਨਾਲ ਉਸਨੂੰ ਬੇਚੈਨ ਨਾ ਕਰੇ।
ਆਪਣੇ ਸ਼ਹਿਰ ਤੋਂ ਆਉਂਦੀਆਂ ਇਹ ਚਿੱਠੀਆਂ ਹਮੇਸ਼ਾ ਹੀ ਇਕ ਖੁਸ਼ੀਭਰੀ ਘਟਨਾ ਹੁੰਦੀਆਂ ਸਨ, ਐਸੀ ਘਟਨਾ ਜਿਹੜੀ ਮਹਾਜ ਉੱਪਰਲੇ ਜੀਵਨ ਦੀਆਂ ਮੁਸੀਬਤਾਂ ਵਿਚਕਾਰ ਉਸਦੇ ਦਿਲ ਨੂੰ ਨਿੱਘ ਦੇਂਦੀ ਸੀ; ਪਰ ਹੁਣ, ਪਹਿਲੀ ਵਾਰੀ, ਉਹਨਾਂ ਤੋਂ ਕੋਈ ਖੁਸ਼ੀ ਨਾ ਮਿਲੀ । ਉਹਨਾਂ ਨੇ ਸਗੋਂ ਉਸਦਾ ਦਿਲ ਅੱਗੇ ਨਾਲੋਂ ਵੀ ਭਾਰੀ ਕਰ ਦਿਤਾ ਤੇ ਉਹ ਐਸੀ ਗ਼ਲਤੀ ਕਰ ਬੈਠਾ ਜਿਹੜੀ ਮਗਰੋਂ ਜਾ ਕੇ ਉਸ ਲਈ ਏਡਾ ਵੱਡਾ ਤਸੀਹਾ ਬਣੀ ਰਹੀ: ਉਸਨੂੰ ਘਰ ਇਹ ਲਿਖਣ ਦੀ ਹਿੰਮਤ ਨਾ ਪਈ ਕਿ ਉਸਦੇ ਪੈਰ ਕੱਟ ਦਿਤੇ ਗਏ ਹਨ।
ਇੱਕੋ ਇੱਕ ਜੀਵ, ਜਿਸਨੂੰ ਉਸਨੇ ਆਪਣੀ ਬਦਕਿਸਮਤੀ ਬਾਰੇ ਤੇ ਆਪਣੀਆਂ ਖੁਸ਼ੀਹੀਣ ਸੋਚਾਂ ਬਾਰੇ ਵਿਸਥਾਰ ਨਾਲ ਦੱਸਿਆ, ਉਹ ਸੀ ਰੁੱਤ-ਵਿਗਿਆਨਕ ਸਟੇਸ਼ਨ ਦੀ ਉਹ ਕੁੜੀ। ਉਹ ਇੱਕ ਦੂਜੇ ਨੂੰ ਬਹੁਤ ਘੱਟ ਜਾਣਦੇ ਸਨ, ਇਸ ਲਈ ਉਸਨੂੰ ਇਹਨਾਂ ਚੀਜ਼ਾਂ ਬਾਰੇ ਦੱਸਣਾ ਵਧੇਰੇ ਸੌਖਾ ਸੀ । ਉਸਦੇ ਨਾਂ ਦਾ ਪਤਾ ਨਾ ਹੋਣ ਕਰਕੇ ਉਸਨੇ ਚਿੱਠੀ ਉਤੇ ਇਸ ਤਰ੍ਹਾਂ ਸਿਰਨਾਵਾਂ ਲਿਖਿਆ: “ਐਫ. ਪੀ.ਓ. ਫਲਾਣਾ ਰੁੱਤ-ਵਿਗਿਆਨਕ ਸਟੇਸ਼ਨ, ਮਿਲੇ ‘ਰੁੱਤ-ਵਿਗਿਆਨਕ ਸਟੇਸ਼ਨ ਸਾਰਜੰਟ ਨੂੰ ।” ਉਸਨੂੰ ਪਤਾ ਸੀ ਕਿ ਮਹਾਜ਼ ਉੱਤੇ ਚਿੱਠੀਆਂ ਨੂੰ ਕਿਵੇਂ ਕੀਮਤੀ ਸਮਝਿਆ ਜਾਂਦਾ ਹੈ, ਤੇ ਉਸਨੂੰ ਆਸ ਸੀ ਕਿ ਇਸ ਅਜ਼ੀਬੋ-ਗਰੀਬ ਸਿਰਨਾਵੇਂ ਨਾਲ਼ ਵੀ ਜਲਦੀ ਜਾਂ ਸਮਾਂ ਪਾ ਕੇ ਇਹ ਚਿੱਠੀ ਟਿਕਾਣੇ ਪੁੱਜ ਹੀ ਜਾਏਗੀ । ਤੇ ਇਹ ਉਸ ਲਈ ਕੋਈ ਮਹੱਤਤਾ ਵਾਲੀ ਗੱਲ ਵੀ ਨਹੀਂ ਸੀ। ਉਹ ਤਾਂ ਸਿਰਫ਼ ਕਿਸੇ ਸਾਮ੍ਹਣੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਨਾ ਚਾਹੁੰਦਾ ਸੀ ।
ਇਸ ਤਰ੍ਹਾਂ ਕੌੜੀਆਂ ਸੋਚਾਂ ਨਾਲ ਅਲੈਕਸੇਈ ਲਈ ਹਸਪਤਾਲ ਦੇ ਇੱਕੋ ਜਿਹੇ ਅਕਾਵੇਂ ਦਿਨ ਲੰਘਦੇ ਗਏ । ਤੇ ਭਾਵੇਂ ਉਸਦਾ ਫੌਲਾਦੀ ਸਰੀਰ ਬੜੀ ਨਿਪੁੰਨਤਾ ਨਾਲ ਕੀਤੇ ਗਏ ਅੰਗ ਕੱਟਣ ਦੇ ਅਪਰੇਸ਼ਨ ਨੂੰ ਸੌਖੀ ਤਰ੍ਹਾਂ ਸਹਿ ਗਿਆ ਸੀ ਤੇ ਜ਼ਖਮ ਬੜੀ ਜਲਦੀ ਨਾਲ ਭਰ ਗਏ ਸਨ, ਪਰ ਉਹ ਪ੍ਰਤੱਖ ਤੌਰ ਉੱਤੇ ਕਮਜ਼ੋਰ ਹੋ ਗਿਆ, ਤੇ ਇਸਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਦੇ ਬਾਵਜ਼ੂਦ, ਹਰ ਕੋਈ ਦੇਖ ਸਕਦਾ ਸੀ ਕਿ ਉਹ ਸੁੱਕਦਾ ਤੇ ਮੁਰਝਾਉਂਦਾ ਜਾ ਰਿਹਾ ਸੀ ।
7
ਤੇ ਇੱਧਰ ਬਾਹਰ ਬਸੰਤ ਪੂਰੇ ਜ਼ੋਬਨ ਉੱਤੇ ਸੀ ।
ਇਸ ਨੇ ਵਾਰਡ ਨੰਬਰ ਬਤਾਲੀ ਵਿੱਚ ਵੀ ਆਪਣਾ ਰਾਹ ਬਣਾ ਲਿਆ, ਇਸ ਕਮਰੇ ਵਿੱਚ ਜਿਹੜਾ ਆਇਓਡੋਫਾਰਮ ਦੀ ਵਾਸ਼ਨਾ ਨਾਲ ਭਰਿਆ ਪਿਆ ਸੀ। ਪਿਘਲਦੀ ਬਰਫ਼ ਦਾ ਠੰਡਾ, ਸਿਲ੍ਹਾ ਸਾਹ, ਚਿੜੀਆਂ ਦੀ ਉਤੇਜਿਤ ਚੀਂ-ਚੀਂ, ਮੋੜ ਮੁੜ ਰਹੀਆਂ ਟਰਾਮਾਂ ਦੀ ਖੁਸ਼ੀਭਰੀ ਤੇ ਟੁਣਕਵੀਂ ਖੜਕਾਰ, ਹੁਣ ਬਰਫ਼ ਤੋਂ ਖਾਲੀ ਪੱਕੀਆਂ ਸੜਕਾਂ ਉਪਰ ਪੈਂਦੇ ਕਦਮਾਂ ਦੀ ਗੂੰਜਵੀਂ ਚਾਪ ਤੇ ਸ਼ਾਮ ਨੂੰ ਕਿਸੇ ਅਕਾਰਡੀਅਨ ਦੀ ਨੀਵੀਂ, ਇੱਕੋ ਤਰ੍ਹਾਂ ਦੀ ਧੁਨ ਨੂੰ ਨਾਲ ਲੈ ਕੇ ਇਹ ਬਸੰਤ ਬਾਰੀਆਂ ਥਾਣੀਂ ਆ ਜਾ ਰਹੀ ਸੀ । ਇਹ ਪਾਸੇ ਦੀ ਬਾਰੀ ਥਾਣੀਂ ਝਾਕਦੀ ਜਿਸ ਵਿੱਚੋਂ ਪੋਪਲਰ ਦੇ ਦਰਖਤ ਦੀ ਧੁਪ-ਰੁਸ਼ਨਾਈ ਟਾਹਣੀ ਦੇਖੀ ਜਾ ਸਕਦੀ ਸੀ ਜਿਸ ਉੱਤੇ ਪੀਲੀ ਜਿਹੀ ਮੋਮ ਨਾਲ ਢੱਕੀਆਂ ਲੰਮੀਆਂ ਲੰਮੀਆਂ ਕਲੀਆਂ ਭਰਮਾਰ ਲਾ ਰਹੀਆਂ ਸਨ। ਇਹ ਉਹਨਾਂ ਸੁਨਹਿਰੀ ਛਾਈਆਂ ਦੇ ਰੂਪ ਵਿੱਚ ਕਮਰੇ ਵਿੱਚ ਆ ਵੜਦੀ, ਜਿਨ੍ਹਾਂ ਨੇ ਕਲਾਵਦੀਆ ਮਿਖਾਇਲੋਵਨਾ ਦਾ ਪੀਲ਼ਾ ਪਿਆ ਹੋਇਆ, ਮਿਹਰਬਾਨ ਚਿਹਰਾ ਢੱਕ ਦਿੱਤਾ ਸੀ ਤੇ ਜਿਹੜੀਆਂ ਕਿਸੇ ਵੀ ਪਾਊਡਰ ਨਾਲ ਨਹੀਂ ਸੀ ਢਕੀਆਂ ਜਾਂਦੀਆਂ ਜਿਸ ਉਤੇ ਨਰਸ ਨੂੰ ਕੋਈ ਘੱਟ ਗੁੱਸਾ ਨਹੀਂ ਸੀ ਆਉਂਦਾ। ਬਾਰੀ ਦੀ ਸਿਲ੍ਹ ਦੇ ਬਾਹਰਲੇ ਟੀਨ ਦੇ ਵਧਾਣ ਉੱਪਰ ਡਿਗਦੇ ਮੋਟੇ ਮੋਟੇ ਟੇਪਿਆ ਵੱਲੋਂ ਖੁਸ਼ੀ ਨਾਲ਼ ਵਜਾਏ ਜਾਂਦੇ ਢੋਲ ਦੇ ਰੂਪ ਵਿੱਚ ਲਗਾਤਾਰ ਆਪਣੇ ਵੱਲ ਧਿਆਨ ਖਿੱਚਦੀ ਸੀ।
ਜਿਸ ਤਰ੍ਹਾਂ ਇਹ ਸਦਾ ਕਰਦੀ ਹੀ ਹੈ, ਬਸੰਤ ਨੇ ਦਿਲਾਂ ਨੂੰ ਹੌਲਿਆਂ ਫੁੱਲ ਕਰ ਦਿੱਤਾ ਤੇ ਸੁਪਨਿਆਂ ਨੂੰ ਜਗਾ ਦਿਤਾ।
“ਆਹ! ਇਸ ਵੇਲੇ ਕਿਤੇ ਬੰਦੂਕਾਂ ਨਾਲ ਜੰਗਲਾਂ ਦੀ ਸਫ਼ਾਈ ਕਰਨਾ ਕਿੰਨਾਂ ਚੰਗਾ ਲੱਗੇ ! ਕਿਉਂ, ਨਹੀਂ, ਸਤੇਪਾਨ ਈਵਾਨੋਵਿਚ? ਸਵੇਰ ਵੇਲੇ, ਕਿਸੇ ਛੱਪਰ ਹੇਠ ਸ਼ਿਕਾਰ ਦੀ ਤਾੜ ਵਿੱਚ ਬੈਠਣਾ… ਇਸ ਤੋਂ ਚੰਗੀ ਵੀ ਕੋਈ ਚੀਜ਼ ਹੋ ਸਕਦੀ ਹੈ ? ਪਤੈ, ਉਹ ਗੁਲਾਬੀ ਗੁਲਾਬੀ ਸਵੇਰ, ਕੋਹਰੇ ਨਾਲ ਤਾਜ਼ਗੀ ਦੇਣ ਵਾਲ਼ੀ, ਤੇ ਤੁਸੀਂ ਬੈਠੇ ਹੋ । ਇੱਕਦਮ ਗਲ਼- ਗਲ-ਗਲ, ਤੇ ਫਿਰ ਪਰ੍ਹਾਂ ਦੀ ਫੜਫੜਾਹਟ – ਫਿਊ-ਫਿਊ-ਫਿਊ ਤੇ ਇਹ ਆ ਕੇ ਤੁਹਾਡੇ ਸਿਰ ਉਤੇ ਬੈਠ ਜਾਂਦਾ ਹੈ— ਪੂਛ ਪੱਖੇ ਵਾਂਗ ਫੈਲਾਈ, ਤੇ ਫਿਰ ਇੱਕ ਹੋਰ ਤੇ ਫਿਰ ਇੱਕ ਹੋਰ…” وو
ਸਤੇਪਾਨ ਈਵਾਨੋਵਿਚ ਨੇ ਠੰਡਾ ਸਾਹ ਭਰਿਆ ਤੇ ਮੂੰਹ ਨਾਲ ਕੁਝ ਚੂਸਣ ਦੀ ਅਵਾਜ਼ ਕਢੀ ਜਿਵੇਂ ਉਸਦੇ ਮੂੰਹ ਵਿੱਚ ਪਾਣੀ ਆ ਰਿਹਾ ਹੋਵੇ, ਪਰ ਕੋਮੀਸਾਰ ਬਿਨਾਂ ਰੁਕੇ ਬੋਲੀ ਗਿਆ:
“ਤੇ ਫਿਰ ਤੁਸੀਂ ਅੱਗ ਬਾਲਦੇ ਹੋ, ਆਪਣਾ ਓਵਰਕੋਟ ਵਿਛਾਉਂਦੇ ਹੋ, ਤੇ ਫਿਰ ਖੁਸ਼ਬੂਦਾਰ ਚਾਹ ਬਣਾਉਂਦੇ ਹੋ ਧੂੰਏਂ ਦੀ ਮਿਸ ਵਾਲੀ, ਤੇ ਆਪਣੇ ਸਰੀਰ ਦੇ ਹਰ ਪੱਠੇ ਨੂੰ ਗਰਮਾਉਣ ਲਈ ਵਿੱਚ ਵੋਦਕਾ ਦੇ ਕੁਝ ਤੁਪਕੇ ਪਾਉਦੇ ਹੋ, ਹੈਂ ? ਆਪਣੀ ਸੱਚੀ ਮਿਹਨਤ ਤੋਂ ਮਗਰੋਂ.”
“ਓ, ਐਸੀਆਂ ਗੱਲਾਂ ਨਾ ਕਰੋ, ਸਾਥੀ ਕੋਮੀਸਾਰ। ਤੇ ਸਾਡੇ ਪਾਸੇ ਵੱਲ ਇਸ ਸਮੇਂ ਪਤਾ ਜੇ ਕਿਹੜਾ ਸ਼ਿਕਾਰ ਮਿਲਦੈ ? ਪਾਈਕ ਮੱਛਲੀ ! ਤੁਸੀਂ ਯਕੀਨ ਨਹੀਂ ਕਰਨਾ, ਪਰ ਹੈ ਬਿਲਕੁਲ ਸੱਚ। ਤੁਸੀਂ ਸੁਣਿਆ ਨਹੀਂ ਹੋਇਆ ਇਸ ਬਾਰੇ ? ਬੇਸ਼ੱਕ, ਚੰਗਾ ਸ਼ੁਗਲ ਰਹਿੰਦੈ, ਤੇ ਤੁਸੀਂ ਕੁਝ ਕਮਾਈ ਵੀ ਕਰ ਸਕਦੇ ਹੋ । ਜਿਉਂ ਹੀ ਝੀਲ ਉੱਪਰਲੀ ਬਰਫ਼ ਤਿੜਕਦੀ ਹੈ ਤੇ ਦਰਿਆ ਕੰਢਿਆਂ ਉੱਪਰੋਂ ਦੀ ਵਹਿਣ ਲੱਗਦੇ ਹਨ, ਤਾਂ ਉਹ ਸਾਰੀਆਂ ਕੰਢਿਆਂ ਉਤੇ, ਉਥੋਂ ਫਿਰ ਘਾਹ ਤੇ ਕਾਈ ਉਤੇ, ਜਿਨਾਂ ਨੂੰ ਬਸੰਤ ਦੇ ਪਾਣੀਆਂ ਨੇ ਢਕਿਆ ਹੁੰਦਾ ਹੈ, ਆ ਇਕੱਠੀਆਂ ਹੁੰਦੀਆਂ ਹਨ । ਉਹ ਘਾਹ ਵਿੱਚ ਵੜ ਜਾਂਦੀਆਂ ਹਨ ਤੇ ਉਥੇ ਅੰਡੇ ਦੇ ਦੇਂਦੀਆਂ ਹਨ । ਤੁਸੀ ਕੰਢੇ ਦੇ ਨਾਲ ਨਾਲ ਤੁਰੀ ਜਾਓ, ਤੇ ਤੁਹਾਨੂੰ ਕੁਝ ਦਿਖਾਈ ਦੇਵੇਗਾ, ਜੋ ਡੁੱਬੀਆਂ ਹੋਈਆ ਗੇਲੀਆਂ ਵਾਂਗ ਲੱਗੇਗਾ, ਪਰ ਇਹ ਪਾਈਕ ਮੱਛੀਆਂ ਹੋਣਗੀਆਂ! ਤੁਸੀਂ ਬੰਦੂਕ ਚਲਾਓ ! ਕਦੀ ਕਦੀ ਤਾਂ ਤੁਹਾਡੇ ਹੱਥ ਏਨੀਆਂ ਲੱਗ ਜਾਂਦੀਆਂ ਹਨ ਕਿ ਤੁਹਾਡੇ ਝੋਲੇ ਵਿੱਚ ਨਹੀਂ ਸਮਾਉਦੀਆਂ। ਸਹੁੰ ਰੱਬ ਦੀ ! ਤੇ ਫਿਰ…”
ਤੇ ਸ਼ਿਕਾਰੀ ਇੱਕ ਦੂਜੇ ਨੂੰ ਆਪਣੀਆਂ ਯਾਦਾਂ ਦੱਸਣ ਲੱਗ ਪੈਂਦੇ। ਅਪੋਹ ਤਰ੍ਹਾਂ ਨਾਲ ਗੱਲਬਾਤ ਜੰਗ ਵੱਲ ਆ ਜਾਂਦੀ ਤੇ ਉਹ ਹੈਰਾਨ ਹੋ ਕੇ ਸੋਚਦੇ ਕਿ ਇਸ ਵੇਲੇ ਡਿਵੀਜ਼ਨ ਵਿੱਚ, ਜਾਂ ਕੰਪਨੀ ਵਿੱਚ ਕੀ ਹੋ ਰਿਹਾ ਹੋਵੇਗਾ, ਸਰਦੀਆਂ ਵਿੱਚ ਖੋਦ ਕੇ ਬਣਾਏ ਭੋਰੇ “ਰੋ ਰਹੇ” ਹੋਣਗੇ ਜਾਂ ਨਹੀਂ, ਜਾਂ ਮੋਰਚੇਬੰਦੀਆਂ “ਰੀਂਗ” ਰਹੀਆਂ ਹੋਣਗੀਆਂ; ਤੇ ਜਰਮਨਾਂ ਲਈ ਬਸੰਤ ਕੈਸੀ ਰਹੇਗੀ, ਜਿਹੜੇ ਪੱਛਮ ਵਿੱਚ ਪੱਕੀਆਂ ਸੜਕਾਂ ਉੱਤੇ ਤੁਰਨਾ ਗਿੱਝੇ ਹੋਏ ते।
ਖਾਣੇ ਤੋਂ ਮਗਰੋਂ ਉਹ ਚਿੜੀਆਂ ਨੂੰ ਚੋਗਾ ਪਾਉਂਦੇ । ਇਹ ਇੱਕ ਤਰ੍ਹਾਂ ਦਾ ਦਿਲਪ੍ਰਚਾਵਾ ਸੀ ਜਿਹੜਾ ਸਤੇਪਾਨ ਈਵਾਨੋਵਿਚ ਦੀ ਕਾਢ ਸੀ। ਉਹ ਵਿਹਲਾ ਨਹੀਂ ਸੀ ਬੈਠ ਸਕਦਾ ਤੇ ਆਪਣੇ ਪਤਲੇ, ਨਿਚੱਲੇ ਹੱਥਾਂ ਨਾਲ ਹਮੇਸਾ ਕੁਝ ਨਾ ਕੁਝ ਕਰਦਾ ਰਹਿੰਦਾ ਸੀ। ਇੱਕ ਦਿਨ ਉਸਨੇ ਤਜ਼ਵੀਜ ਦਿਤੀ ਕਿ ਖਾਣੇ ਤੋਂ ਬਚੇ ਹੋਏ ਭੋਰੇ ਬਾਰੀ ਦੀ ਸਿਲ੍ਹ ਦੇ ਵਧਾਣ ਉਪਰ ਬਾਹਰ ਪੰਛੀਆਂ ਲਈ ਪਾ ਦਿੱਤੇ ਜਾਣ । ਇਹ ਰਿਵਾਜ਼ ਹੀ ਹੋ ਗਿਆ, ਤੇ ਹੁਣ ਉਹ ਸਿਰਫ਼ ਬਾਕੀ ਬਚੇ ਭੋਰੇ ਹੀ ਬਾਰੀ ਤੋਂ ਬਾਹਰ ਨਹੀਂ ਸਨ ਸੁੱਟਦੇ, ਉਹ ਜਾਣ-ਬੁੱਝ ਕੇ ਡਬਲਰੋਟੀ ਦੇ ਟੁਕੜੇ ਰਹਿਣ ਦਿੰਦੇ ਤੇ ਉਹਨਾਂ ਨੂੰ ਭੋਰ ਲੈਂਦੇ, ਜਿਸ ਨਾਲ ਚਿੜੀਆਂ ਦਾ ਪੂਰਾ ਇੱਜੜ ਹੁਣ “ਰਾਸ਼ਨ ਲਿਸਟ ਉੱਤੇ ਸੀ,” ਜਿਵੇਂ ਕਿ ਸਤੇਪਾਨ ਈਵਨੋਵਿਚ ਕਹਿੰਦਾ ਸੀ । ਛੋਟੇ ਛੋਟੇ, ਰੌਲਾ ਪਾਉਂਦੇ ਜੀਵਾਂ ਨੂੰ ਰੋਟੀ ਦੇ ਵੱਡੇ ਸਾਰੇ ਟੋਟੇ ਨੂੰ ਚੁੰਝਾ ਮਾਰਦਿਆਂ, ਚੀਂ-ਚੀਂ ਕਰਦਿਆਂ ਤੇ ਲੜਦਿਆਂ, ਤੇ ਬਾਰੀ ਦੀ ਸਿੱਲ੍ਹ ਨੂੰ ਸਾਫ਼ ਕਰਨ ਤੋਂ ਮਗਰੋਂ, ਪੋਪਲਰ ਦੀ ਟਾਹਣ ਉੱਤੇ ਬੈਠ ਕੇ ਆਪਣੇ ਪਰ ਸਾਫ਼ ਕਰਦਿਆ ਤੇ ਫਿਰ, ਆਪਣੇ ਖੰਭਾਂ ਦੀ ਫੁਰਰ ਦੇ ਨਾਲ਼ ਆਪੋ ਆਪਣੇ ਮਾਮਲੇ ਨਿਪਟਾਉਣ ਲਈ ਉਡ ਕੇ ਜਾਂਦਿਆਂ ਦੇਖ ਕੇ ਵਾਰਡ ਵਿਚਲੇ ਸਾਰੇ ਬੰਦਿਆਂ ਨੂੰ ਬੇਹੱਦ ਖੁਸ਼ੀ ਹੁੰਦੀ ਸੀ । ਚਿੜੀਆਂ ਨੂੰ ਚੋਗਾ ਪਾਉਂਣਾ ਇੱਕ ਮਨਭਾਉਂਦਾ ਸ਼ੁਗਲ ਬਣ ਗਿਆ । ਮਰੀਜ਼ਾਂ ਨੇ ਕੁਝ ਕੁ ਨੂੰ ਤਾਂ ਪਛਾਨਣਾ ਸ਼ੁਰੂ ਕਰ ਦਿੱਤਾ, ਤੇ ਉਹਨਾਂ ਦੇ ਸਗੋਂ ਨਾਂ ਵੀ ਰੱਖ ਦਿੱਤੇ । ਉਹਨਾਂ ਵਿੱਚੋਂ ਸਭ ਤੋਂ ਚਹੇਤਾ ਇਕ ਕੱਟੀ ਪੂਛਲ ਵਾਲਾ, ਗੁਸਤਾਖ, ਤੇਜ਼ ਛੋਟਾ ਜਿਹਾ ਜੀਵ ਸੀ ਜਿਹੜਾ ਸ਼ਾਇਦ ਆਪਣੀਆਂ ਗੁਸੈਲ ਆਦਤਾਂ ਦੇ ਸਿੱਟੇ ਵਜੋਂ ਆਪਣੀ ਪੂਛ ਖੁਹਾ ਚੁੱਕਾ ਸੀ । ਸਤੇਪਾਨ ਈਵਾਨੋਵਿਚ ਨੇ ਉਸਦਾ ਨਾਂ “ਮਸ਼ੀਨ-ਗੰਨਰ” ਪਾ ਰੱਖਿਆ ਸੀ।
ਦਿਲਚਸਪ ਗੱਲ ਇਹ ਸੀ ਕਿ ਸ਼ੋਰ ਮਚਾਉਣ ਵਾਲੇ ਇਹਨਾਂ ਨਿੱਕੇ ਨਿੱਕੇ ਪੰਛੀਆਂ ਨਾਲ ਮਨਪ੍ਰਚਾਵੇਂ ਨੇ ਹੀ ਟੈਂਕਮੈਨ ਨੂੰ ਉਸਦੀ ਉਦਾਸੀ ਵਿੱਚੋਂ ਬਾਹਰ ਕੱਢਿਆ। ਜਦੋਂ ਉਸਨੇ ਪਹਿਲੀ ਵਾਰੀ ਸਤੇਪਾਨ ਈਵਾਨੋਵਿਚ ਨੂੰ ਆਪਣੀਆਂ ਭੌੜੀਆਂ ਦੇ ਸਹਾਰੇ ਝੁਕ ਕੇ ਲਗਭਗ ਦੂਹਰਾ ਹੋਏ ਨੂੰ ਰੇਡੀਏਟਰਾਂ ਦੇ ਉੱਪਰੋਂ ਦੀ ਬਾਰੀ ਤੱਕ ਅੱਪੜਦਿਆ ਦੇਖਿਆ, ਤਾਂ ਉਹ ਉਸਨੂੰ ਬੇਦਿਲੀ ਜਿਹੀ ਨਾਲ, ਬਿਨਾਂ ਕਿਸੇ ਦਿਲਚਸਪੀ ਦੇ ਦੇਖਦਾ ਰਿਹਾ । ਪਰ ਅਗਲੇ ਦਿਨ, ਜਦੋਂ ਚਿੜੀਆਂ ਉਡ ਕੇ ਬਾਰੀ ਵਿੱਚ ਆ ਬੈਠੀਆਂ ਤਾਂ ਉਹ ਦਰਦ ਕਾਰਨ ਚੀਸਾਂ ਵੱਟਦਾ ਹੋਇਆ ਸਗੋਂ ਇਹਨਾਂ ਨਿੱਕੇ ਨਿੱਕੇ ਖਰੂਦੀ ਪੰਛੀਆਂ ਨੂੰ ਵਧੇਰੇ ਚੰਗੀ ਤਰ੍ਹਾਂ ਦੇਖਣ ਲਈ ਆਪਣੇ ਬਿਸਤਰੇ ਵਿੱਚ ਬੈਠ ਗਿਆ । ਉਸਤੋਂ ਅਗਲੇ ਦਿਨ ਉਸਨੇ ਆਪਣੇ ਖਾਣੇ ਵਿੱਚੋਂ ਸਮੋਸੇ ਦਾ ਇੱਕ ਚੰਗਾ ਟੋਟਾ ਬਚਾ ਰੱਖਿਆ, ਪ੍ਰਤੱਖ ਤੌਰ ਉਤੇ ਇਹ ਯਕੀਨ ਕਰਦਿਆਂ ਕਿ ਹਸਪਤਾਲ ਦੀ ਇਹ ਸਵਾਦਿਸ਼ਟ ਚੀਜ਼ ਗੁੱਸੈਲ ਭੌਂਦੂਆਂ ਨੂੰ ਖਾਸ ਕਰਕੇ ਪਸੰਦ ਆਏਗੀ। ਇਕ ਦਿਨ “ਮਸ਼ੀਨ-ਗੰਨਰ” ਨਾ ਆਇਆ ਤੇ ਕੁਕੂਸ਼ਕਿਨ ਨੇ ਅੰਦਾਜ਼ਾ ਲਾਇਆ ਕਿ ਉਸਨੂੰ ਜ਼ਰੂਰ ਕੋਈ ਬਿੱਲੀ ਹੜੱਪ ਗਈ ਹੋਵੇਗੀ, ਤੇ ਠੀਕ ਹੀ ਹੋਇਆ ਹੈ। ਇਸ ਉਤੇ ਸੋਗੀ ਟੈਂਕਮੈਨ ਨੂੰ ਗੁੱਸਾ ਆ ਗਿਆ ਤੇ ਉਹ ਕੁਕੁਸ਼ਕਿਨ ਨੂੰ ਗੁੱਸੇ ਹੋਣ ਲੱਗ ਪਿਆ ਤੇ “ਦੰਦ-ਪੀਹਣਾ” ਤੱਕ ਕਹਿ ਦਿੱਤਾ, ਤੇ ਜਦੋਂ ਅਗਲੇ ਦਿਨ ਲੰਡਾ ਚਿੜਾ ਫਿਰ ਆ ਗਿਆ ਤੇ ਆਪਣੀ ਧੌਣ ਅਕੜਾਉਂਦਾ ਹੋਇਆ ਤੇ ਆਪਣੀਆਂ ਗੁਸਤਾਖ, ਮੋਤੀਆਂ ਵਰਗੀਆਂ ਅੱਖਾਂ ਨੂੰ ਜੇਤੂ ਅੰਦਾਜ਼ ਵਿੱਚ ਲਿਸ਼ਕਾਉਂਦਾ ਹੋਇਆ ਫਿਰ ਚੀਂ-ਚੀਂ ਕਰਨ ਤੇ ਲੜਨ ਲੱਗ ਪਿਆ, ਤਾਂ ਟੈਂਕਮੈਨ ਦਾ ਹਾਸਾ ਛੁੱਟ ਗਿਆ; ਕਈ ਮਹੀਨਿਆਂ ਵਿੱਚ ਉਹ ਪਹਿਲੀ ਵਾਰੀ ਹੱਸਿਆ ਸੀ।
ਕੁਝ ਸਮੇਂ ਮਗਰੋਂ ਗਵੋਜ਼ਦਿਓਵ ਵਿੱਚ ਪੂਰੀ ਤਰ੍ਹਾਂ ਜਾਨ ਪੈ ਗਈ । ਸਾਰੇ ਹੈਰਾਨ ਹੋ ਗਏ ਜਦੋਂ ਉਹ ਬੜਾ ਖੁਸ਼-ਰਹਿਣਾ, ਗਲਾਧੜੀ ਤੇ ਸੌਖੀ ਤਰ੍ਹਾਂ ਹੀ ਰਚ-ਮਿਚ ਜਾਣ ਵਾਲ਼ਾ ਬੰਦਾ ਹੋ ਨਿਬੜਿਆ। ਇਹ, ਬੇਸ਼ਕ, ਕੋਮੀਸਾਰ ਦਾ ਕੰਮ ਸੀ, ਕਿਉਂਕਿ ਉਹ ਹਰ ਇੱਕ ਦੇ ਦਿਲ ਦੀ ਕੁੰਜੀ ਲੱਭ ਲੈਣ ਵਿੱਚ ਨਿਪੁੰਨ ਸੀ, ਜਿਵੇਂ ਕਿ ਸਤੇਪਾਨ ਈਵਾਨੋਵਿਚ ਕਿਹਾ ਕਰਦਾ ਸੀ। ਤੇ ਉਸਨੇ ਇਹ ਕੰਮ ਇਸ ਤਰ੍ਹਾਂ ਨਾਲ ਕੀਤਾ।
ਵਾਰਡ ਨੰਬਰ ਬਤਾਲੀ ਵਿੱਚ ਸਭ ਤੋਂ ਖੁਸ਼ੀ ਦੀ ਘੜੀ ਉਹ ਹੁੰਦੀ ਸੀ ਜਦੋਂ ਕਲਾਵਦੀਆ ਮਿਖਇਲੋਵਨਾ ਆਪਣੇ ਚਿਹਰੇ ਉਤੇ ਰਹੱਸਮਈ ਹਾਵਭਾਵ ਲੈ ਕੇ ਤੇ ਆਪਣੇ ਹੱਥ ਪਿੱਠ ਪਿੱਛੇਂ ਰੱਖੀ ਦਰਵਾਜ਼ੇ ਵਿੱਚ ਦਿਖਾਈ ਦੇਂਦੀ ਸੀ ਤੇ ਕਮਰੇ ਵਿੱਚ ਬੈਠੇ ਸਾਰਿਆਂ ਉੱਪਰ ਨਜ਼ਰ ਫੇਰਦਿਆ ਕਹਿੰਦੀ ਹੁੰਦੀ ਸੀ:
“ਹੱਛਾ, ਤਾਂ ਫਿਰ ਅੱਜ ਕੌਣ ਨੱਚੇਗਾ?”
ਇਸਦਾ ਮਤਲਬ ਹੁੰਦਾ ਸੀ ਕਿ ਡਾਕ ਆ ਗਈ ਹੈ । ਜਿਸਦੀ ਚਿੱਠੀ ਆਈ ਹੁੰਦੀ ਸੀ, ਉਸ ਲਈ ਆਪਣੀ ਮੰਜੀ ਉਪਰ ਨਾਚ ਨਾਲ ਰਲਦੇ ਮਿਲਦੇ ਪਾਸੇ ਮਾਰਨੇ ਜ਼ਰੂਰੀ ਹੁੰਦੇ ਸਨ, ਭਾਵੇਂ ਕੁਝ ਕੁ ਹੀ । ਬਹੁਤੀ ਵਾਰੀ ਕੋਮੀਸਾਰ ਨੂੰ ਇੰਝ ਕਰਨਾ ਪੈਂਦਾ ਸੀ, ਕਿਉਂਕਿ ਕਦੀ ਕਦੀ ਦਸ ਦਸ ਚਿੱਠੀਆਂ ਉਸਨੂੰ ਇੱਕ ਵੇਲੇ ਮਿਲਦੀਆਂ ਸਨ । ਉਸਨੂੰ ਆਪਣੇ ਡਿਵੀਜ਼ਨ ਤੋਂ, ਪਿਛਵਾੜੇ ਤੋਂ, ਆਪਣੇ ਸਾਥੀ ਅਫਸਰਾਂ ਤੋਂ, ਸਿਪਾਹੀਆਂ ਤੋਂ, ਸਾਥੀ ਅਫ਼ਸਰਾਂ ਦੀਆਂ ਪਤਨੀਆਂ ਤੋਂ ਚਿੱਠੀਆਂ ਆਉਂਦੀਆਂ ਸਨ, ਜਿਹੜੀਆਂ ਪੁਰਾਣੇ ਵੇਲਿਆ ਦੀ ਯਾਦ ਵਿੱਚ ਲਿਖਦੀਆਂ ਸਨ ਜਾਂ ਉਸਨੂੰ ਇਹ ਬੇਨਤੀ ਕਰਨ ਲਈ ਲਿਖਦੀਆਂ ਸਨ ਕਿ ਉਹ ਉਹਨਾਂ ਦੇ ਘਰ ਵਾਲਿਆਂ ਨੂੰ “ਸਿੱਧਾ ਕਰੇ,” ਜਿਹੜੇ ਹੱਥੋਂ ਨਿਕਲ ਗਏ ਹਨ; ਉਸਨੂੰ ਜੰਗ ਵਿੱਚ ਮਾਰੇ ਗਏ ਸਾਥੀ ਅਫ਼ਸਰਾਂ ਦੀਆਂ ਵਿਧਵਾਵਾਂ ਤੋਂ ਚਿੱਠੀਆਂ ਆਉਂਦੀਆਂ, ਜਿਹੜੀਆਂ ਉਸਤੋਂ ਸਲਾਹ ਜਾਂ ਆਪਣੇ ਮਾਮਲੇ ਨਿਪਟਾਉਣ ਦਾ ਪ੍ਰਬੰਧ ਕਰਨ ਵਿੱਚ ਉਸਦੀ ਸਹਾਇਤਾ ਚਾਹੁੰਦੀਆਂ; ਇਥੋਂ ਤੱਕ ਕਿ ਉਸਨੂੰ ਕਜ਼ਾਕਸਤਾਨ ਦੀ ਇੱਕ ਬਾਲ ਪਾਇਨੀਅਰ ਤੋਂ ਵੀ ਚਿੱਠੀ ਆਉਂਦੀ, ਜਿਹੜੀ ਜੰਗ ਵਿੱਚ ਮਾਰੇ ਗਏ ਇੱਕ ਰੈਜਮੈਂਟਲ ਕਮਾਂਡਰ ਦੀ ਧੀ ਸੀ; ਉਸਨੂੰ ਇਸ ਕੁੜੀ ਦਾ ਨਾਂ ਕਦੀ ਨਹੀਂ ਸੀ ਯਾਦ ਰਿਹਾ। ਉਹ ਇਹਨਾਂ ਸਾਰੀਆਂ ਚਿੱਠੀਆਂ ਨੂੰ ਬੇਹੱਦ ਦਿਲਚਸਪੀ ਨਾਲ ਪੜ੍ਹਦਾ ਤੇ ਬੜੇ ਧਿਆਨ ਨਾਲ ਉਹਨਾਂ ਸਾਰਿਆਂ ਦਾ ਜਵਾਬ ਦੇਂਦਾ; ਤੇ ਉਹ ਫਲਾਣੇ ਫਲਾਣੇ ਕਮਾਂਡਰ ਦੀ ਪਤਨੀ ਲਈ ਸਹਾਇਤਾ ਵਾਸਤੇ ਬੇਨਤੀ ਕਰਦਿਆਂ ਉਚਿਤ ਅਧਿਕਾਰੀਆਂ ਨੂੰ ਵੀ ਲਿਖਦਾ, ਉਸ ਪਤੀ ਨੂੰ ਲਿਖਦਾ ਜਿਹੜਾ “ਹੱਥੋਂ ਨਿਕਲ ਗਿਆ ਸੀ” ਤੇ ਉਸਦੀ ਖੂਬ ਮੁਰੰਮਤ ਕਰਦਾ, ਘਰ ਦੇ ਮੈਨੇਜਰ ਨੂੰ ਡਰਾਵਾ ਦੇਂਦਾ ਕਿ ਮੈਂ ਆਪ ਆ ਕੇ ਤੇਰਾ ਸਿਰ ਲਾਹ ਦੇਵਾਂਗਾ ਜੇ ਤੂੰ ਫਲਾਣੇ ਕਮਾਂਡਰ ਦੇ, ਜਿਹੜਾ ਇਸ ਵੇਲੇ ਮਹਾਜ਼ ਉੱਤੇ ਲੜ ਰਿਹਾ ਸੀ, ਪਰਿਵਾਰ ਦੇ ਘਰ ਵਿਚ ਚੁੱਲ੍ਹਾ ਨਾ ਫਿੱਟ ਕੀਤਾ ਤਾਂ; ਤੇ ਉਹ ਕਜ਼ਾਕਸਤਾਨ ਦੀ ਮੁਸ਼ਕਲ ਤੇ ਯਾਦ ਨਾ ਰੱਖੇ ਜਾ ਸਕਣ ਵਾਲੇ ਨਾਂ ਵਾਲੀ ਕੁੜੀ ਨੂੰ ਵੀ ਲਿਖਦਾ, ਤੇ ਦੂਜੀ ਤਿਮਾਹੀ ਵਿੱਚ ਵਿਆਕਰਨ ਵਿੱਚ ਮਾੜੇ ਨੰਬਰ ਲੈਣ ਲਈ ਉਸਨੂੰ ਗੁੱਸੇ ਹੁੰਦਾ।
ਸਤੇਪਾਨ ਈਵਾਨੋਵਿਚ ਵੀ ਮਹਾਜ਼ ਉਪਰਲਿਆਂ ਨਾਲ ਵੀ ਤੇ ਮਗਰਲਿਆਂ ਨਾਲ ਵੀ ਸਰਗਰਮ ਚਿੱਠੀ-ਪੱਤਰ ਕਰਦਾ । ਉਸਨੂੰ ਆਪਣੇ ਪੁੱਤਰਾਂ ਦੀਆਂ ਚਿੱਠੀਆਂ ਆਉਂਦੀਆਂ, ਜਿਹੜੇ ਉਸੇ ਵਾਂਗ ਸਫ਼ਲ ਸਨਾਈਪਰ ਸਨ; ਆਪਣੀ ਧੀ ਤੋਂ ਚਿੱਠੀਆਂ ਆਉਂਦੀਆਂ, ਜਿਹੜੀ ਆਪਣੇ ਸਾਂਝੇ ਫਾਰਮ ਦੀ ਟੀਮ-ਲੀਡਰ ਸੀ, ਜਿਹਨਾਂ ਵਿੱਚ ਸਾਰੇ ਰਿਸ਼ਤੇਦਾਰਾਂ ਤੇ ਜਾਣੂਆਂ ਵਲੋਂ ਅਣਗਿਣਤ ਸ਼ੁਭ-ਇਛਾਵਾਂ ਲਿਖੀਆਂ ਹੁੰਦੀਆਂ ਤੇ ਦਸਿਆ ਹੁੰਦਾ ਕਿ ਭਾਵੇਂ ਸਾਂਝੇ ਫ਼ਾਰਮ ਨੇ ਨਵੇਂ ਉਸਾਰੀ ਕੰਮਾਂ ਉੱਤੇ ਵਧੇਰੇ ਲੋਕ ਭੇਜੇ ਸਨ, ਤਾਂ ਵੀ ਫਲਾਣਾ ਫਲਾਣਾ ਪਲਾਨ ਐਨੇ ਫੀਸਦੀ ਟੀਚੇ ਨਾਲੋਂ ਵੱਧ ਪੂਰਾ ਹੋਇਆ ਹੈ । ਇਹ ਸਾਰੀਆਂ ਚਿੱਠੀਆਂ ਮਿਲਦਿਆਂ ਹੀ ਸਤੇਪਾਨ ਈਵਾਨੋਵਿਚ ਬੜੀ ਖੁਸ਼ੀ ਖੁਸ਼ੀ ਉੱਚੀ ਉੱਚੀ ਪੜ੍ਹ ਕੇ ਸੁਣਾਉਂਦਾ ਤੇ ਸਾਰਾ ਵਾਰਡ, ਵਾਰਡ ਦੀਆਂ ਸਾਰੀਆਂ ਨੌਕਰਾਨੀਆਂ, ਨਰਸਾਂ, ਤੇ ਇਥੋਂ ਤੱਕ ਕਿ ਹਾਊਸ ਸਰਜਨ ਵੀ, ਜਿਹੜਾ ਇੱਕ ਖੁਸ਼ਕ ਜਿਹਾ, ਪੀਲੀਏ ਦਾ ਸ਼ਿਕਾਰ ਆਦਮੀ ਲੱਗਦਾ ਸੀ, ਉਸਦੇ ਪਰਿਵਾਰਕ ਮਾਮਲਿਆਂ ਬਾਰੇ ਪੂਰੀ ਤਰ੍ਹਾਂ ਸੂਚਿਤ ਰਹਿੰਦਾ।
ਇਥੋਂ ਤੱਕ ਕਿ ਕੁਕੁਸ਼ਕਿਨ ਨੂੰ ਵੀ, ਜਿਹੜਾ ਬਿਲਕੁਲ ਮਿਲਣਸਾਰ ਨਹੀਂ ਸੀ ਤੇ ਇੰਝ ਲੱਗਦਾ ਸੀ ਕਿ ਜਿਵੇਂ ਸਾਰੀ ਦੁਨੀਆਂ ਨਾਲ ਉਸਦੀ ਲੜਾਈ ਹੋਵੇ, ਕਿਤੋਂ ਬਰਨਾਊਲ ਤੋਂ ਆਪਣੀ ਮਾਂ ਤੋਂ ਚਿੱਠੀਆਂ ਆਉਦੀਆਂ ਸਨ । ਉਹ ਨਰਸ ਦੇ ਹੱਥ ਵਿੱਚੋਂ ਚਿੱਠੀ ਖੋਹ ਲੈਂਦਾ ਤੇ ਉਡੀਕਦਾ ਰਹਿੰਦਾ, ਜਦੋਂ ਤੱਕ ਕਿ ਵਾਰਡ ਵਿੱਚ ਸਾਰੇ ਸੌਂ ਨਾ ਜਾਂਦੇ ਤੇ ਫਿਰ ਉਹ ਆਪਣੇ ਮੂੰਹ ਵਿੱਚ ਬੋਲਦਾ ਹੋਇਆ ਚਿੱਠੀ ਪੜ੍ਹਦਾ । ਉਸ ਸਮੇਂ ਉਸਦੇ ਛੋਟੇ ਜਿਹੇ ਚਿਹਰੇ ਦੇ ਕੁਰਖਤ ਨੈਨ-ਨਕਸ਼ ਮੁਲਾਇਮ ਹੋ ਜਾਂਦੇ ਤੇ ਉਸਦੇ ਚਿਹਰੇ ਉੱਤੇ ਸ਼ਾਂਤ ਤੇ ਗੰਭੀਰ ਹਾਵਭਾਵ ਆ ਜਾਂਦੇ ਜਿਹੜੇ ਉਸਦੇ ਸੁਭਾਅ ਨਾਲ ਬਿਲਕੁਲ ਮੇਲ ਨਹੀਂ ਸਨ ਖਾਂਦੇ । ਉਹ ਆਪਣੀ ਮਾਂ ਨੂੰ, ਜਿਹੜੀ ਪਿੰਡ ਦੀ ਬਜ਼ੁਰਗ ਡਾਕਟਰ ਸੀ, ਬਹੁਤ ਪਿਆਰ ਕਰਦਾ ਸੀ, ਪਰ ਪਤਾ ਨਹੀਂ ਕਿਉਂ ਉਹ ਆਪਣੀ ਇਸ ਭਾਵਨਾ ਤੋਂ ਸ਼ਰਮਾਉਂਦਾ ਸੀ ਤੇ ਇਸਨੂੰ ਲੁਕਾਉਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਦਾ ਸੀ।
ਟੈਂਕਮੈਨ ਇੱਕੋ ਇੱਕ ਬੰਦਾ ਸੀ ਜਿਹੜਾ ਇਹਨਾਂ ਖੁਸ਼ੀਭਰੀਆਂ ਘੜੀਆਂ ਵਿੱਚ ਭਿਆਲ ਨਹੀਂ ਸੀ ਹੁੰਦਾ ਜਦੋਂ ਵਾਰਡ ਵਿੱਚ ਖਬਰਾਂ ਦਾ ਗਰਮਾ-ਗਰਮ ਵਟਾਂਦਰਾ ਹੋ ਰਿਹਾ ਹੁੰਦਾ ਸੀ। ਉਹ ਪਹਿਲਾਂ ਨਾਲੋਂ ਵੀ ਵਧੇਰੇ ਉਦਾਸ ਹੋ ਜਾਂਦਾ, ਕੰਧ ਵੱਲ ਮੂੰਹ ਫੇਰ ਲੈਂਦਾ ਤੇ ਆਪਣਾ ਕੰਬਲ ਸਿਰ ਦੇ ਉੱਪਰੋਂ ਦੀ ਖਿੱਚ ਲੈਂਦਾ । ਉਸਦਾ ਕੋਈ ਨਹੀਂ ਸੀ ਜੋ ਉਸਨੂੰ ਲਿਖਦਾ । ਵਾਰਡ ਵਾਲਿਆ ਨੂੰ ਜਿੰਨੀਆਂ ਜ਼ਿਆਦਾ ਚਿੱਠੀਆਂ ਆਉਂਦੀਆਂ, ਓਨੀ ਹੀ ਜ਼ਿਆਦਾ ਉਹ ਆਪਣੀ ਇਕੱਲਤਾ ਮਹਿਸੂਸ ਕਰਦਾ। ਪਰ ਇਕ ਦਿਨ ਕਲਾਵਦੀਆ ਮਿਖਾਈਲੋਵਨਾ ਦਰਵਾਜ਼ੇ ਵਿੱਚ ਦਿਖਾਈ ਦਿੱਤੀ ਤਾਂ ਉਸਦਾ ਚਿਹਰਾ ਸਧਾਰਨ ਨਾਲ਼ੋਂ ਵੀ ਵਧੇਰੇ ਭਖਿਆ ਹੋਇਆ ਸੀ। ਕੋਮੀਸਾਰ ਨਾਲ ਅੱਖਾਂ ਨਾ ਮਿਲਾਉਣ ਦੀ ਕੋਸ਼ਿਸ਼ ਕਰਦੀ ਹੋਈ ਉਹ ਕਾਹਲੀ ਕਾਹਲੀ
ਪੁੱਛਣ ਲੱਗੀ:
“ਤਾਂ ਫੇਰ, ਅੱਜ ਕੌਣ ਨਾਚ ਕਰੇਗਾ?”
ਉਸਨੇ ਟੈਂਕਮੈਨ ਦੇ ਬਿਸਤਰੇ ਵੱਲ ਦੇਖਿਆ ਤੇ ਉਸਦਾ ਮਿਹਰਬਾਨ ਚਿਹਰਾ ਵਿਸ਼ਾਲ ਮੁਸਕਾਨ ਨਾਲ ਲਿਸ਼ਕ ਉਠਿਆ । ਹਰ ਕੋਈ ਮਹਿਸੂਸ ਕਰ ਰਿਹਾ ਸੀ ਕਿ ਕੋਈ ਅਸਧਾਰਨ ਗੱਲ ਵਾਪਰ ਗਈ ਹੈ। ਸਾਰਿਆਂ ਦੇ ਕੰਨ ਖੜ੍ਹੇ ਹੋ ਗਏ।
“ਲੈਫ਼ਟੀਨੈਂਟ ਗਵੋਜ਼ਦਿਓਵ, ਹੁਣ ਤੁਸੀਂ ਨੱਚੋ! ਲੈ, ਨੱਚੋ ਵੀ ਨਾ!”
ਮਰੇਸੇਯੇਵ ਨੇ ਦੇਖਿਆ ਕਿ ਕਿਵੇਂ ਗਵੋਜ਼ਦਿਓਵ ਤ੍ਰਭਕ ਪਿਆ ਸੀ, ਕਿਵੇਂ ਉਹ ਝਟਕੇ ਨਾਲ ਮੁੜਿਆ ਸੀ, ਕਿਵੇਂ ਪੱਟੀਆਂ ਦੇ ਵਿੱਚੋਂ ਦੀ ਉਸਦੀਆਂ ਅੱਖਾਂ ਚਮਕ ਰਹੀਆਂ ਸਨ, ਪਰ ਗਵੋਜ਼ਦਿਓਵ ਨੇ ਇੱਕਦਮ ਆਪਣੇ ਆਪ ਨੂੰ ਰੋਕ ਲਿਆ ਤੇ ਕੰਬਦੀ ਅਵਾਜ਼ ਨਾਲ, ਜਿਸ ਵਿਚ ਬੇਪ੍ਰਵਾਹੀ ਦਾ ਅੰਦਾਜ਼ ਭਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਬੋਲਿਆ:
“ਗ਼ਲਤੀ ਲੱਗੀ ਹੈ। ਨਾਲ ਦੇ ਵਾਰਡ ਵਿੱਚ ਕੋਈ ਹੋਰ ਗਵੋਜ਼ਦਿਓਵ ਹੋਵੇਗਾ।” ਪਰ ਉਸਦੀਆਂ ਅੱਖਾਂ ਤੀਬਰਤਾ ਨਾਲ, ਹਾਬੜੀਆਂ ਹੋਈਆਂ, ਉਹਨਾਂ ਤਿੰਨ ਚਿੱਠੀਆਂ ਵੱਲ ਦੇਖ ਰਹੀਆਂ ਸਨ, ਜਿਨਾਂ ਨੂੰ ਨਰਸ ਨੇ ਇਕ ਝੰਡੇ ਵਾਂਗ ਉੱਚਾ ਚੁੱਕ ਕੇ ਰਖਿਆ ਹੋਇਆ ਸੀ ।
“ਨਹੀਂ! ਕੋਈ ਗ਼ਲਤੀ ਨਹੀਂ ਲੱਗੀ,” ਨਰਸ ਬੋਲੀ। “ਦੇਖੋ! ‘ਲੈਫਟੀਨੈਂਟ ਗਿ. ਮ. ਗਵੋਜ਼ਦਿਓਵ’, ਤੇ ਸਗੋਂ ਵਾਰਡ ਨੰਬਰ ਵੀ ਦਿੱਤਾ ਹੋਇਐ: ਬਤਾਲੀ । ਸੋ ?”
ਪੱਟੀਆਂ ਵਾਲਾ ਹੱਥ ਕੰਬਲ ਦੇ ਹੇਠੋਂ ਤੇਜ਼ੀ ਨਾਲ਼ ਨਿੱਕਲਿਆ। ਇਹ ਕੰਬ ਰਿਹਾ ਸੀ ਜਦੋਂ ਲੈਫਟੀਨੈਂਟ ਨੇ ਇਕ ਚਿੱਠੀ ਆਪਣੇ ਮੂੰਹ ਵਿੱਚ ਰੱਖੀ ਤੇ ਬੇਸਬਰੀ ਨਾਲ ਕੱਟਦਿਆਂ ਇਸਨੂੰ ਖੋਹਲਣ ਲੱਗਾ । ਉਸਦੀਆਂ ਅੱਖਾਂ ਪੱਟੀਆਂ ਪਿੱਛੇ ਤੀਬਰਤਾ ਨਾਲ ਲਿਸ਼ਕ ਰਹੀਆਂ ਸਨ। ਅਜੀਬ ਗੱਲ ਸੀ! ਤਿੰਨ ਸਹੇਲੀਆਂ ਨੇ ਜਿਹੜੀਆਂ ਇੱਕੋਂ ਹੀ ਕੋਰਸ ਵਿੱਚ, ਇੱਕੋਂ ਹੀ ਯੂਨੀਵਰਸਿਟੀ ਵਿੱਚ ਪੜ੍ਹਦੀਆਂ ਸਨ, ਤਿੰਨ ਵੱਖੋ ਵੱਖਰੀਆਂ ਲਿਖਤਾਂ ਵਿੱਚ, ਵੱਖੋਂ ਵੱਖਰੇ ਲਫਜ਼ਾਂ ਵਿੱਚ ਲਗਭਗ ਇੱਕੋ ਹੀ ਚੀਜ਼ ਲਿਖੀ ਹੋਈ ਸੀ । ਉਹਨਾਂ ਨੂੰ ਪਤਾ ਲੱਗਾ ਸੀ ਕਿ ਹੀਰੋ ਟੈਂਕਮੈਨ ਲੈਫ਼ਟੀਨੈਂਟ ਗਵੋਜ਼ਦਿਓਵ ਜ਼ਖਮੀ ਹੋਇਆ ਮਾਸਕੋ ਵਿਚ ਪਿਆ ਹੈ, ਸੋ, ਉਹਨਾਂ ਨੇ ਉਸ ਨਾਲ ਚਿੱਠੀ ਪੱਤਰ ਕਰਨ ਦਾ ਫੈਸਲਾ ਕੀਤਾ ਸੀ । ਉਹਨਾਂ ਨੇ ਲਿਖਿਆ ਸੀ ਕਿ ਜੇ ਲੈਫਟੀਨੈਂਟ ਉਹਨਾਂ ਦੇ ਇਸਰਾਰ ਉੱਤੇ ਬੁਰਾ ਨਾ ਮਨਾਏ, ਤਾਂ ਕੀ ਉਹ ਲਿਖੇਗਾ ਕਿ ਉਹ ਕਿਵੇਂ ਰਹਿ ਰਿਹਾ ਹੈ, ਉਸਦੀ ਸਿਹਤ ਕਿਵੇਂ ਹੈ, ਤੇ ਉਹਨਾਂ ਵਿੱਚੋਂ ਇੱਕ ਜਿਸਨੇ ਆਪਣਾ ਨਾਂ “ਅਨਿਊਤਾ” ਦੱਸਿਆ ਸੀ, ਲਿਖਿਆ ਸੀ: “ਕਿ ਮੈਂ ਤੁਹਾਡੀ ਕੋਈ ਸਹਾਇਤਾ ਕਰ ਸਕਦੀ ਹਾਂ; ਜੇ ਤੁਹਾਨੂੰ ਕੋਈ ਚੰਗੀਆਂ ਕਿਤਾਬਾਂ ਚਾਹੀਦੀਆਂ ਹੋਣ, ਜਾਂ ਕਿਸੇ ਹੋਰ ਚੀਜ਼ ਦੀ ਲੋੜ ਹੋਵੇ, ਤਾਂ ਬਿਨਾਂ ਕਿਸੇ ਝਿਜਕ ਦੇ ਮੈਨੂੰ ਲਿਖ ਦੇਣਾ।”
ਲੈਫ਼ਟੀਨੈਂਟ ਸਾਰਾ ਦਿਨ ਇਹਨਾਂ ਚਿੱਠੀਆਂ ਨੂੰ ਉਲਟਾ-ਪਲਟਾ ਕੇ ਦੇਖਦਾ ਰਿਹਾ, ਸਿਰਨਾਵਾਂ ਦੇਖਦਾ ਤੇ ਲਿਖਤ ਪਛਾਣਦਾ ਰਿਹਾ। ਬੇਸ਼ਕ, ਉਸਨੂੰ ਪਤਾ ਸੀ ਕਿ ਇਸ ਤਰ੍ਹਾਂ ਵੀ ਚਿੱਠੀ-ਪੱਤਰ ਹੁੰਦਾ ਹੈ ਤੇ ਇੱਕ ਵਾਰੀ ਆਪ ਉਹ ਕਿਸੇ ਅਣਜਾਣੀ ਕੁੜੀ ਨਾਲ ਚਿੱਠੀ-ਪੱਤਰ ਕਰਦਾ ਰਿਹਾ ਸੀ, ਜਿਸਦੀ ਮਿੱਠੀ ਜਿਹੀ ਚਿੱਠੀ ਉਸਨੂੰ ਉੱਨ ਦੇ ਦਸਤਿਆ ਦੇ ਅੰਗੂਠੇ ਵਿੱਚੋਂ ਮਿਲੀ ਸੀ, ਜਿਹੜੇ ਉਸਨੂੰ ਕਿਸੇ ਤਿਉਹਾਰ ਉੱਤੇ ਸੁਗਾਤ ਵਜੋਂ ਮਿਲੇ ਸਨ । ਪਰ ਇਹ ਚਿੱਠੀ-ਪੱਤਰ ਆਪਣੇ ਆਪ ਖ਼ਤਮ ਹੋ ਗਿਆ ਜਦੋਂ ਉਸਨੂੰ ਚਿੱਠੀਆਂ ਲਿਖਣ ਵਾਲੀ ਨੇ ਮਜਾਕੀਆ ਜਿਹੀ ਚਿੱਠੀ ਦੇ ਨਾਲ ਆਪਣੀ ਫੋਟੋ ਵੀ ਭੇਜੀ ਸੀ; ਉਹ ਇੱਕ ਅਧਖੜ ਜਿਹੀ ਜ਼ਨਾਨੀ ਸੀ, ਜਿਹੜੀ ਆਪਣੇ ਚਾਰ ਬੱਚਿਆ ਦੇ ਵਿਚਕਾਰ ਬੈਠੀ ਸੀ । ਪਰ ਹੁਣ ਗੱਲ ਵੱਖਰੀ ਸੀ। ਇੱਕੋ ਇੱਕ ਚੀਜ਼ ਜਿਹੜੀ ਉਸਨੂੰ ਹੈਰਾਨ ਤੇ ਪ੍ਰੇਸ਼ਾਨ ਕਰ ਰਹੀ ਸੀ, ਉਹ ਇਹ ਕਿ ਉਹ ਚਿੱਠੀਆਂ ਅਚੇਤ ਹੀ ਪੁਜੀਆਂ ਸਨ ਤੇ ਸਾਰੀਆਂ ਇਕੱਠੀਆਂ ਹੀ ਆਈਆਂ ਸਨ । ਤੇ ਇੱਕ ਹੋਰ ਚੀਜ਼ ਸੀ ਜਿਹੜੀ ਉਸਦੀ ਸਮਝ ਵਿੱਚ ਨਹੀਂ ਸੀ ਆ ਰਹੀ: ਇਹਨਾਂ ਡਾਕਟਰੀ ਦੀਆਂ ਵਿਦਿਆਰਥਣਾਂ ਨੂੰ ਇੱਕਦਮ ਇਸਦੀਆਂ ਜੰਗ ਵਿਚਲੀਆਂ ਸਰਗਰਮੀਆਂ ਬਾਰੇ ਕਿਥੋਂ ਪਤਾ ਲੱਗ ਗਿਆ ਸੀ ? ਸਾਰੇ ਵਾਰਡ ਵਾਲ਼ੇ ਇਸ ਉਤੇ ਹੈਰਾਨ ਸਨ, ਤੇ ਸਭ ਤੋਂ ਹੈਰਾਨ ਸੀ ਕੋਮੀਸਾਰ । ਪਰ ਮਰੇਸੇਯੇਵ ਨੇ ਉਹ ਅਰਥ ਭਰਪੂਰ ਤੱਕਣੀ ਦੇਖ ਲਈ ਜਿਹੜੀ ਉਹ, ਸਤੇਪਾਨ ਈਵਾਨੋਵਿਚ ਤੇ ਨਰਸ ਇੱਕ ਦੂਜੇ ਵੱਲ ਸੁੱਟਦੇ ਸਨ, ਤੇ ਸਮਝ ਗਿਆ ਕਿ ਇਹ ਕੋਮੀਸਾਰ ਦਾ ਕੰਮ ਹੈ।
ਜੋ ਵੀ ਹੋਵੇ, ਅਗਲੀ ਸਵੇਰ ਗਵੋਜ਼ਦਓਵ ਨੇ ਕੋਮੀਸਾਰ ਤੋਂ ਕੁਝ ਲਿਖਣ ਵਾਲਾ ਕਾਗਜ਼ ਮੰਗਿਆ, ਤੇ ਆਗਿਆ ਦੀ ਉਡੀਕ ਕਰਨ ਤੋਂ ਬਿਨਾਂ ਹੀ ਆਪਣੇ ਸੱਜੇ ਹੱਥ ਤੋਂ ਪੱਟੀ ਖੋਹਲੀ ਤੇ ਸ਼ਾਮ ਤੱਕ ਬੈਠਾ ਲਿਖਦਾ ਰਿਹਾ; ਕਦੀ ਸਤਰਾਂ ਕੱਟਦਾ, ਕਦੀ ਚਿੱਠੀ ਨੂੰ ਗੁੱਛਾ-ਮੁੱਛਾ ਕਰਕੇ ਸੁੱਟ ਦੇਂਦਾ ਤੇ ਨਵੀਂ ਚਿੱਠੀ ਸ਼ੁਰੂ ਕਰ ਦੇਂਦਾ, ਜਦੋਂ ਤੱਕ ਕਿ ਆਖ਼ਰ ਉਸਨੇ ਆਪਣੀਆਂ ਅਗਿਆਤ ਚਿੱਠੀ-ਪੱਤਰ ਕਰਨ ਵਾਲੀਆਂ ਲਈ ਜਵਾਬ ਨਾ ਲਿਖ ਲਏ ।
ਉਹਨਾਂ ਵਿੱਚੋਂ ਦੋ ਕੁੜੀਆਂ ਨੇ ਆਪੇ ਹੀ ਲਿਖਣਾ ਬੰਦ ਕਰ ਦਿਤਾ, ਪਰ ਮਿਹਰਬਾਨ ਅਨਿਊਤਾ ਨੇ ਉਹਨਾਂ ਤਿੰਨਾਂ ਵੱਲੋਂ ਲਿਖਣਾ ਜਾਰੀ ਰੱਖਿਆ। ਗਵੋਜ਼ਦਿਓਵ ਸਾਫ਼ ਦਿਲ ਦਾ ਬੰਦਾ ਸੀ, ਤੇ ਹੁਣ ਸਾਰੇ ਵਾਰਡ ਨੂੰ ਪਤਾ ਸੀ ਕਿ ਯੂਨੀਵਰਸਿਟੀ ਦੇ ਮੈਡੀਕਲ ਵਿਭਾਗ ਦੇ ਤੀਜੇ ਸਾਲ ਦੇ ਕੋਰਸ ਵਿੱਚ ਕੀ ਚੱਲ ਰਿਹਾ ਹੈ, ਕਿ ਜੀਵ ਵਿਗਿਆਨ ਕਿੰਨਾਂ ਦਿਲਚਸਪ ਮਜ਼ਮੂਨ ਹੈ ਤੇ ਅਵੈਵੀ ਰਸਾਇਣ ਕਿੰਨਾ ਅਕਾਵਾਂ ਮਜ਼ਮੂਨ ਹੈ, ਪ੍ਰੋਫੈਸਰ ਦੀ ਅਵਾਜ਼ ਕਿੰਨੀ ਸੁਰੀਲੀ ਹੈ ਤੇ ਉਹ ਵਿਸ਼ੇ ਨੂੰ ਕਿੰਨੀ ਚੰਗੀ ਤਰ੍ਹਾਂ ਪੇਸ਼ ਕਰਦਾ ਹੈ, ਤੇ ਦੂਜੇ ਪਾਸੇ ਫਲਾਣਾ ਫਲਾਣਾ ਲੈਕਚਰਾਰ ਕਿੰਨਾਂ ਬੋਰ ਹੈ, ਕਿ ਫਲਾਣੇ ਵਾਲੰਟਰੀ ਸੇਵਾ ਵਾਲ਼ੇ ਐਤਵਾਰ ਵਾਲ਼ੇ ਦਿਨ ਵਿਦਿਆਰਥੀਆਂ ਨੇ ਮਾਲ-ਟਰਾਮਾਂ ਉਤੇ ਕਿੰਨੀਆਂ ਲੱਕੜਾ ਲੱਦੀਆਂ ਸਨ; ਕਿ ਪੜ੍ਹਾਈ ਨੂੰ ਹਸਪਤਾਲ ਦੇ ਕੰਮ ਨਾਲ ਮੇਲਣਾ ਕਿੰਨਾਂ ਮੁਸ਼ਕਲ ਹੈ; ਕਿ ਕੋਈ ਮੂਰਖ ਵਿਦਿਆਰਥਣ, ਜਿਹੜੀ ਉਂਝ ਵੀ ਜ਼ਰਾ ਚੰਗੀ ਨਹੀਂ, ਕਿੰਨੀਆਂ ਫੂਕਾਂ ਲੈਂਦੀ ਹੈ।
ਗਵੋਜ਼ਦਿਓਵ ਸਿਰਫ ਗੱਲਾਂ ਹੀ ਨਾ ਕਰਨ ਲੱਗ ਪਿਆ । ਸਗੋਂ ਉਹ ਟਹਿਕ ਪਿਆ। ਤੇ ਉਹ ਜਲਦੀ ਜਲਦੀ ਠੀਕ ਹੋਣ ਵੱਲ ਤੁਰ ਪਿਆ।
ਕੁਕੂਸ਼ਕਿਨ ਦੀਆਂ ਪੱਟੀਆਂ ਹਟਾ ਦਿੱਤੀਆਂ ਗਈਆਂ । ਸਤੇਪਾਨ ਈਵਾਨੋਵਿਚ ਬਿਨਾਂ ਭੌੜੀਆਂ ਦੇ ਚੱਲਣਾ ਸਿੱਖ ਰਿਹਾ ਸੀ ਤੇ ਹੁਣ ਤੱਕ ਕਾਫ਼ੀ ਸਿੱਧਾ ਹੋ ਕੇ ਚੱਲ ਲੈਂਦਾ ਸੀ। ਹੁਣ ਉਹ ਸਾਰਾ ਸਾਰਾ ਦਿਨ ਬਾਰੀ ਕੋਲ ਖੜ੍ਹੋ ਕੇ ਕੱਟਦਾ, ਇਹ ਦੇਖਦਾ ਹੋਇਆ ਕਿ “ਖੁੱਲ੍ਹੀ ਦੁਨੀਆਂ” ਵਿੱਚ ਕੀ ਵਾਪਰ ਰਿਹਾ ਹੈ। ਸਿਰਫ ਕੋਮੀਸਾਰ ਤੇ ਮਰੇਸੇਯੇਵ ਦੀ ਹਾਲਤ ਹੀ ਦਿਨ ਗੁਜਰਨ ਨਾਲ ਨਿੱਘਰ ਰਹੀ ਸੀ । ਕੋਮੀਸਾਰ ਦੀ ਹਾਲਤ ਖਾਸ ਕਰਕੇ ਤੇਜ਼ੀ ਨਾਲ ਖ਼ਰਾਬ ਹੋ ਰਹੀ ਸੀ। ਉਹ ਹੁਣ ਸਵੇਰੇ ਆਪਦੀ ਜਿਮਨਾਸਟਿਕ ਨਹੀਂ ਸੀ ਕਰ ਸਕਦਾ; ਉਸਦਾ ਸਰੀਰ ਘਿਨਾਉਣੇ ਜਿਹੇ, ਪੀਲੇ ਜਿਹੇ, ਲਗਭਗ ਪਾਰਦਰਸ਼ੀ ਮੁਟਾਪੇ ਨਾਲ ਫੁੱਲਦਾ ਜਾ ਰਿਹਾ ਸੀ। ਉਸਦੀ ਬਾਂਹ ਹੁਣ ਮੁਸ਼ਕਲ ਨਾਲ ਹੀ ਮੁੜਦੀ ਸੀ ਤੇ ਉਹ ਹੁਣ ਪੈਨਸਿਲ ਜਾਂ ਚਿਮਚਾ ਨਹੀਂ ਸੀ ਫੜ ਸਕਦਾ।
ਸਵੇਰੇ ਵਾਰਡ ਦੀ ਨੌਕਰਾਣੀ ਉਸਦੀ ਸਫ਼ਾਈ ਕਰਦੀ, ਉਸਨੂੰ ਖਾਣਾ ਖੁਆਉਂਦੀ ਤੇ ਇਹ ਦੇਖਿਆ ਜਾ ਸਕਦਾ ਸੀ ਕਿ ਸਖ਼ਤ ਪੀੜ ਨਹੀਂ, ਸਗੋਂ ਇਹ ਬੇਬਸੀ ਉਸਨੂੰ ਸਭ ਤੋਂ ਵਧ ਉਦਾਸ ਕਰ ਰਹੀ ਤੇ ਤਸੀਹੇ ਦੇ ਰਹੀ ਸੀ। ਉਹ ਗਮਗੀਨ ਨਾ ਹੋਇਆ। ਉਸਦੀ ਮੋਟੀ ਅਵਾਜ ਉਸੇ ਤਰ੍ਹਾਂ ਹੀ ਖੁਸ਼ ਖੁਸ਼ ਗੂੰਜਦੀ ਰਹੀ, ਉਹ ਪਹਿਲਾਂ ਵਾਲੇ ਹੀ ਉਤਸ਼ਾਹ ਨਾਲ ਅਖ਼ਬਾਰ ਪੜ੍ਹਦਾ, ਤੇ ਸਗੋਂ ਉਸਨੇ ਜਰਮਨ ਪੜ੍ਹਨੀ ਵੀ ਜਾਰੀ ਰੱਖੀ; ਪਰ ਹੁਣ ਪੜ੍ਹਨ ਲੱਗਿਆ ਉਹ ਆਪਣੀਆਂ ਕਿਤਾਬਾਂ ਨਹੀਂ ਸੀ ਫੜ ਕੇ ਰੱਖ ਸਕਦਾ, ਸੋ ਸਤੇਪਾਨ ਈਵਾਨੋਵਿਚ ਨੇ ਉਸਨੂੰ ਤਾਰ ਦਾ ਇੱਕ ਸਟੈਂਡ ਬਣਾ ਦਿਤਾ ਤੇ ਉਸਦੇ ਮੰਜੇ ਦੇ ਉਤੇ ਫਿੱਟ ਕਰ ਦਿਤਾ, ਤੇ ਆਪ ਉਹ ਉਸ ਲਈ ਵਰਕੇ ਪਰਤਣ ਵਾਸਤੇ ਮੰਜੇ ਦੀ ਬਾਹੀ ਉੱਤੇ ਬੈਠਾ ਰਹਿੰਦਾ। ਸਵੇਰੇ ਅਖ਼ਬਾਰ ਆਉਣ ਤੋਂ ਪਹਿਲਾਂ, ਕੋਮੀਸਾਰ ਬੜੀ ਉਤਸੁਕਤਾ ਨਾਲ ਨਰਸ ਨੂੰ ਪੁੱਛਦਾ ਕਿ ਆਖ਼ਰੀ ਐਲਾਨ ਕੀ ਹਨ, ਰੇਡੀਓ ਉੱਪਰ ਕੀ ਖ਼ਬਰਾਂ ਹਨ, ਮੌਸਮ ਕਿਸ ਤਰ੍ਹਾਂ ਦਾ ਹੈ, ਤੇ ਮਾਸਕੋ ਵਿੱਚ ਕੀ ਗੱਲਾਂ ਹੋ ਰਹੀਆਂ ਹਨ। ਉਸਨੇ ਆਪਣੇ ਮੰਜੇ ਕੋਲ ਰੇਡੀਓ ਦੀ ਐਕਸਟੈਂਸ਼ਨ ਲਵਾਉਣ ਲਈ ਵਾਸਿਲੀ ਵਾਸਿਲੀਏਵਿਚ ਤੋਂ ਆਗਿਆ ਲੈ ਲਈ।
ਇੰਝ ਲੱਗਦਾ ਸੀ ਕਿ ਉਸਦਾ ਸਰੀਰ ਜਿੰਨਾਂ ਕਮਜ਼ੋਰ ਤੇ ਨਿਰਸ਼ਕਤ ਹੁੰਦਾ ਜਾਂਦਾ ਸੀ, ਉਸਦੀ ਆਤਮਾ ਓਨੀ ਹੀ ਤਗੜੀ ਤੇ ਬਲਵਾਨ ਹੁੰਦੀ ਜਾਂਦੀ ਸੀ । ਉਸਨੇ ਮਿਲਦੀਆਂ ਅਣਗਿਣਤ ਚਿੱਠੀਆਂ ਨੂੰ ਉਸੇ ਹੀ ਦਿਲਚਸਪੀ ਨਾਲ ਪੜ੍ਹਨਾ ਤੇ ਉਹਨਾਂ ਦਾ ਜਵਾਬ ਦੇਣਾ ਜਾਰੀ ਰੱਖਿਆ, ਜਿਹੜਾ ਉਹ ਕੁਕੁਸ਼ਕਿਨ ਤੇ ਗਵੋਜ਼ਦਿਓਵ ਤੋਂ ਵਾਰੀ ਵਾਰੀ ਲਿਖਵਾਉਂਦਾ। ਇੱਕ ਦਿਨ ਕਿਸੇ ਇਲਾਜ਼ ਤੋਂ ਮਗਰੋਂ ਮਰੇਸੇਯੇਵ ਊਂਘ ਰਿਹਾ ਸੀ ਕਿ ਕੋਮੀਸਾਰ ਦੀ ਗਰਜਵੀਂ ਮੋਟੀ ਅਵਾਜ਼ ਨੇ ਉਸਨੂੰ ਜਗਾ ਦਿੱਤਾ।
ਮੰਜੇ ਉਤੇ ਪਏ ਤਾਰ ਦੇ ਬਣੇ ਸਟੈਂਡ ਉੱਤੇ ਇੱਕ ਡਿਵੀਜਨ ਦੇ ਅਖ਼ਬਾਰ ਦੀ ਕਾਪੀ ਪਈ ਸੀ; ਇਸ ਉਤੇ ਭਾਵੇਂ ਮੋਹਰ ਲੱਗੀ ਹੋਈ ਸੀ, “ਇਥੋਂ ਨਾ ਲਿਜਾਇਆ ਜਾਏ,” ਤਾਂ ਵੀ ਕੋਈ ਦੋਸਤਾਂ ਵਿੱਚੋਂ ਲਗਾਤਾਰ ਕੋਮੀਸਾਰ ਨੂੰ ਇਹ ਭੇਜ ਰਿਹਾ ਸੀ।
“ਦਫਤਰਸ਼ਾਹ!” ਉਹ ਰੋਹ ਵਿੱਚ ਗਰਜਿਆ। “ਕੀ ਉਹ ਉਥੇ ਰਾਖੀ ਕਰਦੇ ਹੋਏ ਬੈਠੇ ਪਾਗਲ ਹੋ ਗਏ ਨੇ? ਕਰਾਵਤੋਵ ਦਫਤਰਸ਼ਾਹ ਹੈ ? ! ਫ਼ੌਜ ਦਾ ਸਭ ਤੋਂ ਚੰਗਾ ਡੰਗਰ ਡਾਕਟਰ ਦਫਤਰਸ਼ਾਹ ਹੈ? ਗਰੀਸ਼ਾ, ਲਿਖ, ਹੁਣੇ ਲਿਖ।”
ਤੇ ਉਸਨੇ ਗਵੋਜ਼ਦਿਓਵ ਨੂੰ ਫ਼ੌਜ ਦੀ ਮਿਲਿਟਰੀ ਕੌਂਸਲ ਦੇ ਮੈਂਬਰ ਦੇ ਨਾਂ ਇੱਕ ਗੁੱਸੇ ਭਰੀ ਚਿੱਠੀ ਲਿਖਵਾਈ, ਜਿਸ ਵਿੱਚ ਉਸਨੇ ਬੇਨਤੀ ਕੀਤੀ ਕਿ ਐਸੇ ਪੱਤਰ-ਪ੍ਰੇਰਕਾ ਨੂੰ ਨਕੇਲ ਪਈ ਜਾਏ ਜਿਨ੍ਹਾਂ ਨੇ ਚੰਗੇ ਤੇ ਉਤਸ਼ਾਹੀ ਅਫ਼ਸਰ ਉੱਤੇ ਚਿੱਕੜ ਸੁੱਟਿਆ ਸੀ । ਉਹ ਚਿੱਠੀ ਨਰਸ ਨੂੰ ਪਾਉਣ ਲਈ ਦੇਣ ਤੋਂ ਮਗਰੋਂ ਵੀ ਉਹਨਾਂ “ਕਲਮ-ਘਸੀਆਂ” ਨੂੰ ਝਾੜਾਂ ਪਾਉਂਦਾ ਰਿਹਾ ਤੇ ਐਸੇ ਆਦਮੀ ਦੇ ਮੂੰਹੋਂ, ਜਿਹੜਾ ਆਪਣੇ ਸਿਰਹਾਣੇ ਉੱਤੇ ਆਪਣਾ ਸਿਰ ਵੀ ਨਹੀਂ ਸੀ ਮੋੜ ਸਕਦਾ, ਜੋਸ਼ ਨਾਲ ਭਰੇ ਹੋਏ ਇਹ ਲਫ਼ਜ਼ ਸੁਨਣਾ ਬੜਾ ਅਜੀਬ ਜਿਹਾ ਲੱਗਦਾ ਸੀ।
ਉਸੇ ਸ਼ਾਮ ਇਸ ਨਾਲੋ ਵੀ ਵਧੇਰੇ ਧਿਆਨ ਖਿੱਚਣ ਵਾਲੀ ਘਟਨਾ ਵਾਪਰੀ । ਉਸ ਸ਼ਾਂਤ ਸਮੇਂ, ਜਦੋਂ ਬੱਤੀਆਂ ਨਹੀ ਸਨ ਜਗੀਆਂ ਤੇ ਕਮਰੇ ਦੇ ਕੋਨਿਆਂ ਵਿਚਲੇ ਪ੍ਰਛਾਵੇਂ ਗੂਹੜੇ ਹੋਣੇ ਸ਼ੁਰੂ ਹੋ ਚੁੱਕੇ ਸਨ, ਸਤੇਪਾਨ ਈਵਾਨੋਵਿਚ ਸੋਚਾਂ ਵਿੱਚ ਮਗਨ ਦਰਿਆ ਦੇ ਕੰਢੇ ਵੱਲ ਦੇਖਦਾ ਹੋਇਆ ਬਾਰੀ ਵਿੱਚ ਬੈਠਾ ਸੀ । ਕੈਨਵਸ ਦੀਆਂ ਏਪਰਨਾਂ ਪਾਈ ਕੁਝ ਔਰਤਾਂ ਦਰਿਆ ਉਪਰਲੀ ਬਰਫ਼ ਤੋੜ ਰਹੀਆਂ ਸਨ। ਉਹ ਬਰਫ਼ ਦੇ ਕਾਲ਼ੇ, ਚੌਰਸ ਮਘੋਰੇ ਤੋਂ ਆਪਣੀਆਂ ਸਲ੍ਹੇਗਾਂ ਨਾਲ ਬਰਫ਼ ਦੇ ਵੱਡੇ ਵੱਡੇ ਟੋਟੇ ਤੋੜ ਰਹੀਆਂ ਸਨ, ਫਿਰ ਉਹ ਇੱਕ ਦੋ ਸੱਟਾਂ ਦੇ ਨਾਲ ਇਹਨਾਂ ਨੂੰ ਲੰਮੇ ਲੰਮੇ ਡਲਿਆਂ ਵਿੱਚ ਤੋੜਦੀਆਂ ਤੇ ਫਿਰ ਬੇੜੀਆਂ ਵਾਲੀਆਂ ਹੁੱਕਾਂ ਦੀ ਸਹਾਇਤਾ ਨਾਲ ਇਹਨਾਂ ਡਲਿਆਂ ਨੂੰ ਤਖਤਿਆਂ ਦੇ ਉੱਪਰੋਂ ਦੀ ਖਿਚਦੀਆਂ ਹੋਈਆਂ ਪਾਣੀ ਤੋਂ ਬਾਹਰ ਲੈ ਆਉਂਦੀਆਂ। ਇਹ ਡਲੇ ਕਤਾਰਾਂ ਵਿੱਚ ਪਏ ਸਨ-ਹੇਠੋਂ ਹਰੇ ਹਰੇ ਤੇ ਪਾਰਦਰਸ਼ੀ ਤੇ ਉੱਪਰੋਂ ਪੀਲੇ ਤੇ ਭੁਰਭਰੇ । ਇੱਕ ਦੂਜੀ ਪਿੱਛੇ ਬੱਝੀਆਂ ਬਰਫ਼-ਗੱਡੀਆਂ ਦੀ ਕਤਾਰ ਉਸ ਥਾਂ ਕੰਢੇ ਦੇ ਨਾਲ ਨਾਲ ਚੱਲ ਰਹੀ ਸੀ, ਜਿਥੇ ਬਰਫ਼ ਤੋੜੀ ਜਾ ਰਹੀ ਸੀ। ਕੰਨ- ਪਟੀਆਂ ਵਾਲੀ ਟੋਪੀ ਪਾਈ ਇੱਕ ਬੁੱਢਾ, ਜਿਸਨੇ ਲੋਗੜ ਦੀ ਭਰਤੀ ਵਾਲ਼ਾ ਪਜਾਮਾ ਤੇ ਕੋਟ ਪਾਇਆ ਹੋਇਆ ਸੀ ਜਿਸਦੇ ਉੱਤੇ ਬੰਨ੍ਹੀ ਪੇਟੀ ਵਿੱਚ ਉਸਨੇ ਕੁਹਾੜੀ ਲਟਕਾਈ ਹੋਈ ਸੀ, ਘੋੜਿਆ ਨੂੰ ਉਥੇ ਲੈ ਆਉਂਦਾ ਜਿਥੇ ਬਰਫ਼ ਪਈ ਸੀ, ਤੇ ਔਰਤਾਂ ਬਰਫ਼ ਨੂੰ ਗੱਡੀਆਂ ਵਿੱਚ ਲੱਦੀ ਜਾਂਦੀਆਂ ।
ਪ੍ਰਬੰਧਕ ਤਜ਼ਰਬਾ ਰੱਖਦੇ ਸਤੇਪਾਨ ਈਵਾਨੋਵਿਚ ਨੇ ਸਿੱਟਾ ਕੱਢਿਆ ਕਿ ਉਹ ਕਿਸੇ ਸਾਂਝੇ ਫਾਰਮ ਵਿੱਚ ਕੰਮ ਕਰਦੀਆਂ ਹਨ, ਪਰ ਕੰਮ ਨੂੰ ਭੈੜੀ ਤਰ੍ਹਾਂ ਜਥੇਬੰਦ ਕੀਤਾ ਗਿਆ ਹੈ। ਕੰਮ ਉੱਤੇ ਬਹੁਤ ਜ਼ਿਆਦਾ ਲੋਕ ਲਾਏ ਗਏ ਹਨ ਤੇ ਉਹ ਇੱਕ ਦੂਜੇ ਲਈ ਰੁਕਾਵਟ ਬਣ ਰਹੇ ਹਨ। ਉਸਦੇ ਪ੍ਰਬੰਧਕ ਤਜ਼ਰਬਾ ਰੱਖਦੇ ਦਿਮਾਗ ਵਿੱਚ ਕੰਮ ਦਾ ਇੱਕ ਨਕਸ਼ਾ ਆ ਗਿਆ। ਉਸਨੇ ਮਨ ਹੀ ਮਨ ਵਿਚ ਉਹਨਾਂ ਸਾਰਿਆ ਨੂੰ ਤਿੰਨਾਂ ਤਿੰਨਾਂ ਦੀਆਂ ਟੋਲੀਆਂ ਵਿੱਚ ਵੰਡ ਦਿਤਾ – ਜੋ ਕਿ ਬਿਨਾਂ ਕਿਸੇ ਮੁਸ਼ਕਲ ਦੇ ਬਰਫ਼ ਦੇ ਡਲਿਆ ਨੂੰ ਪਾਣੀ ਵਿੱਚੋਂ ਬਾਹਰ ਖਿੱਚ ਸਕਦੀਆਂ ਸਨ । ਫਿਰ ਉਹਨੇ ਹਰ ਟੋਲੀ ਨੂੰ ਖਾਸ ਭਾਗ ਦੇ ਨਾਲ ਲਾ ਦਿੱਤਾ ਤੇ ਸਾਰੀ ਟੀਮ ਲਈ ਤਨਖਾਹ ਵੱਜੋਂ ਉੱਕੀ-ਪੁੱਕੀ ਰਕਮ ਨਾ ਨਿਸ਼ਚਿਤ ਕੀਤੀ ਸਗੋਂ ਹਰ ਟੋਲੀ ਲਈ ਵੱਖੋ ਵੱਖਰੀ, ਚੁੱਕੇ ਗਏ ਡਲਿਆ ਦੀ ਗਿਣਤੀ ਦੇ ਹਿਸਾਬ ਨਾਲ । ਟੀਮ ਵਿੱਚ ਇੱਕ ਚੁਸਤ-ਫੁਰਤ, ਗੋਲ਼ ਮੂੰਹ ਤੇ ਲਾਲ ਗਲ੍ਹਾਂ ਵਾਲੀ ਮੁਟਿਆਰ ਉਸਦੀ ਨਜ਼ਰੀ ਪਈ ਤੇ ਮਨ ਹੀ ਮਨ ਵਿਚ ਉਸਨੇ ਉਸਨੂੰ ਤਜਵੀਜ਼ ਦਿੱਤੀ ਕਿ ਉਸਨੂੰ ਟੋਲੀਆਂ ਵਿਚਕਾਰ ਸੋਸ਼ਲਿਸਟ ਮੁਕਾਬਲਾ ਸ਼ੁਰੂ ਕਰਨਾ ਚਾਹੀਦਾ ਹੈ ।… ਉਹ ਆਪਣੀਆਂ ਸੋਚਾਂ ਵਿੱਚ ਏਨਾਂ ਖੁਭਿਆ ਹੋਇਆ ਸੀ ਕਿ ਉਸਨੇ ਦੇਖਿਆ ਹੀ ਨਾ ਕਿ ਇੱਕ ਘੋੜਾ ਬਰਫ਼ ਦੇ ਮਘੋਰੇ ਦੇ ਕੰਢੇ ਦੇ ਏਨਾਂ ਨੇੜੇ ਚਲਾ ਗਿਆ ਹੈ ਕਿ ਇਸਦੀਆਂ ਪਿਛਲੀਆਂ ਲੱਤਾਂ ਤਿਲਕੀਆਂ ਤੇ ਇਹ ਪਾਣੀ ਵਿੱਚ ਜਾ ਡਿੱਗਾ। ਬਰਫ਼-ਗੱਡੀ ਦਾ ਭਾਰ ਇਸਨੂੰ ਪਾਣੀ ਦੀ ਸਤਹਿ ਦੇ ਉੱਤੇ ਰੱਖ ਰਿਹਾ ਸੀ, ਪਰ ਪਾਣੀ ਦੀ ਤੇਜ਼ ਰੌਂਅ ਇਸਨੂੰ ਬਰਫ਼ ਹੇਠਾਂ ਖਿੱਚ ਰਹੀ ਸੀ। ਕੁਹਾੜੀ ਵਾਲਾ ਬੁੱਢਾ ਬੇਬਸੀ ਵਿੱਚ ਹੱਥ ਪੈਰ ਮਾਰ ਰਿਹਾ ਸੀ, ਕਦੀ ਬਰਫ਼-ਗੱਡੀ ਨੂੰ ਖਿੱਚਣ ਲੱਗ ਪੈਂਦਾ ਤੇ ਕਦੀ ਘੋੜੇ ਦੀਆਂ ਲਗਾਮਾਂ ਨੂੰ ਖਿੱਚਣ ਲੱਗ ਪੈਂਦਾ ।
“ਘੋੜਾ ਡੁੱਬ ਰਿਹਾ ਹੈ !” ਸਤੇਪਾਨ ਈਵਾਨੋਵਿਚ ਦੀ ਕੂਕ ਨਾਲ ਸਾਰਾ ਕਮਰਾ ਗੂੰਜ ਉਠਿਆ।
ਕੋਮੀਸਾਰ, ਯਕੀਨੋ-ਬਾਹਰੇ ਯਤਨ ਨਾਲ, ਜਿਸ ਕਰਕੇ ਪੀੜ ਨਾਲ ਉਸਦਾ ਚਿਹਰਾ ਵੀ ਸੁਆਹ-ਰੰਗਾ ਹੋ ਗਿਆ, ਆਪਣੀਆਂ ਅਰਕਾਂ-ਭਾਰ ਉਠਿਆ, ਤੇ ਆਪਣੀ ਛਾਤੀ ਨੂੰ ਬਾਰੀ ਦੀ ਸਿਲ੍ਹ ਉਤੇ ਟਿਕਾਉਂਦਿਆ, ਬਾਹਰ ਨੂੰ ਦੇਖਣ ਲੱਗਾ ਤੇ ਫੁਸਫਸਾਇਆ:
“ਮੂਰਖ! ਇਹਨੂੰ ਸਮਝ ਕਿਉਂ ਨਹੀਂ ਆ ਰਹੀ? ਜੋਤਰਾ ਜੋਤਰਾ ਕੱਟਣਾ ਚਾਹੀਦੈ, ਘੋੜਾ ਆਪੇ ਨਿੱਕਲ ਆਏਗਾ।… ਉਫ, ਇਹ ਘੋੜੇ ਨੂੰ ਮਰਵਾ ਦੇਵੇਗਾ!”
ਸਤੇਪਾਨ ਈਵਾਨੋਵਿਚ ਕੋਸ਼ਿਸ਼ ਕਰਕੇ ਬਾਰੀ ਦੀ ਸਿਲ੍ਹ ਉੱਤੇ ਚੜ੍ਹਿਆ। ਘੋੜਾ ਡੁੱਬ ਰਿਹਾ ਸੀ। ਮੈਲਾ ਪਾਣੀ ਪਹਿਲਾਂ ਹੀ ਇਸਦੇ ਉੱਪਰੋਂ ਦੀ ਉਛਾਲੇ ਖਾ ਰਿਹਾ ਸੀ, ਪਰ ਇਹ ਬਾਹਰ ਨਿਕਲਣ ਲਈ ਪੂਰੀ ਵਾਹ ਲਾ ਰਿਹਾ ਸੀ ਤੇ ਆਪਣੇ ਅਗਲੇ ਖੁਰਾਂ ਨੂੰ ਬਰਫ਼ ਵਿੱਚ ਗੱਡਣ ਦੀ ਕੋਸ਼ਿਸ਼ ਕਰ ਰਿਹਾ ਸੀ।
“ਜੋਤਰਾ ਕੱਟ ਦੇਹ !” ਕੋਮੀਸਾਰ ਕੂਕਿਆ, ਜਿਵੇਂ ਕਿ ਦਰਿਆ ਉੱਪਰਲਾ ਬੁੱਢਾ ਉਸਦੀ ਅਵਾਜ਼ ਸੁਣ ਸਕਦਾ ਸੀ ।
ਸਤੇਪਾਨ ਈਵਾਨੋਵਿਚ ਨੇ ਹੱਥਾਂ ਨੂੰ ਧੂਤੂ ਵਾਂਗ ਬਣਾਇਆ ਤੇ ਕੋਮੀਸਾਰ ਦੀ ਸਲਾਹ ਨੂੰ ਬਾਰੀ ਵਿੱਚੋਂ ਦੀ ਗਲੀ ਗਿਚ ਭੇਜ ਦਿੱਤਾ:
“ਹੇਅ, ਬਜ਼ੁਰਗਾ, ਜੋਤਰਾ ਕੱਟ ਦੇਹ ! ਤੇਰੀ ਪੇਟੀ ਵਿੱਚ ਕੁਹਾੜੀ ਟੰਗੀ ਹੋਈ ਹੈ- ਕੱਟ ਦੇਹ !”
ਬੁਢੇ ਨੇ ਇਸਨੂੰ ਇੰਝ ਸੁਣਿਆ ਜਿਵੇਂ ਕੋਈ ਅਰਸ਼ੋ ਸਲਾਹ ਆ ਰਹੀ ਹੋਵੇ। ਉਸਨੇ ਆਪਣੀ ਪੇਟੀ ਨਾਲੋਂ ਕੁਹਾੜੀ ਲਾਹੀ ਤੇ ਇੱਕ ਦੋ ਵਾਰਾਂ ਨਾਲ ਹੀ ਜੋਤਰਾ ਕੱਟ ਦਿੱਤਾ। ਜੋਤਰੇ ਤੋਂ ਛੁੱਟਿਆ ਘੋੜਾ ਇੱਕਦਮ ਬਰਫ਼ ਉੱਤੇ ਚੜ੍ਹ ਆਇਆ, ਤੇ ਸਾਹੋ-ਸਾਹ ਹੋਇਆ ਤੇ ਆਪਣੇ ਆਪ ਨੂੰ ਕੁੱਤੇ ਵਾਂਗ ਛੱਡਦਾ ਹੋਇਆ, ਬਰਫ਼ ਦੇ ਮਘੋਰੇ ਤੋਂ ਪਰੇ ਹੋ ਕੇ ਖੜ੍ਹੋ ਗਿਆ ।
“ਇਸ ਸਭ ਕੁਝ ਦਾ ਕੀ ਮਤਲਬ ਹੈ?” ਐਨ ਇਸੇ ਵੇਲੇ ਇੱਕ ਅਵਾਜ਼ ਕਮਰੇ ਵਿਚ ਗੂੰਜੀ।
ਬਿਨਾਂ ਬਟਨ ਬੰਦ ਕੀਤਿਆਂ ਚੋਗਾ ਪਾਈ ਤੇ ਬਿਨਾਂ ਚਿੱਟੀ ਟੋਪੀ ਦੇ, ਜਿਹੜੀ ਉਹ ਆਮ ਪਾਉਂਦਾ ਸੀ, ਵਾਸਿਲੀ ਵਾਸਿਲੀਏਵਿਚ ਦਰਵਾਜ਼ੇ ਵਿੱਚ ਖੜ੍ਹਾ ਸੀ । ਉਹ ਹੱਦੋ- ਬਾਹਰਾ ਲੋਹਾ-ਲਾਖਾ ਹੋ ਗਿਆ, ਭੁੰਝੇ ਪੈਰ ਮਾਰਨ ਲੱਗਾ ਤੇ ਕਿਸੇ ਦੀ ਵੀ ਕੋਈ ਦਲੀਲ ਸੁਨਣ ਨੂੰ ਤਿਆਰ ਨਹੀਂ ਸੀ। ਉਸਨੇ ਕਿਹਾ ਕਿ ਮੈਂ ਇਸ ਸਾਰੇ ਪਾਗਲਾਂ ਦੇ ਵਾਰਡ ਨੂੰ ਖੱਡੇ ਵਿੱਚ ਸੁਟਵਾ ਦੇਵਾਂਗਾ; ਤੇ ਇਸ ਤਰ੍ਹਾਂ ਝਿੜਕਾ ਦੇਂਦਾ ਹੋਇਆ ਤੇ ਜ਼ੋਰ ਜ਼ੋਰ ਦੀ ਸਾਹ ਲੈਂਦਾ ਹੋਇਆ, ਤੇ ਜੋ ਕੁਝ ਵਾਪਰਿਆ ਸੀ ਉਸਦਾ ਕਾਰਨ ਸਮਝਣ ਤੋਂ ਬਿਨਾਂ ਹੀ ਉਥੋਂ ਚਲਾ ਗਿਆ। ਕੁਝ ਹੀ ਮਿੰਟਾਂ ਪਿੱਛੋਂ ਕਲਾਵਦੀਆ ਮਿਖਾਇਲੋਵਨਾ ਪ੍ਰੇਸ਼ਾਨ ਹੋਈ ਹੋਈ ਤੇ ਰੋ ਕੇ ਹਟੀਆਂ ਅੱਖਾਂ ਨਾਲ ਦੌੜੀ ਦੌੜੀ ਵਾਰਡ ਵਿੱਚ ਆਈ । ਉਸਦੀ ਵਾਸਿਲੀ ਵਾਸਿਲੀਏਵਿਚ ਤੋਂ ਹੁਣੇ ਹੀ ਖੂਬ ਡਾਂਟ-ਡਪਟ ਹੋਈ ਸੀ, ਪਰ ਉਸਨੂੰ ਕੋਮੀਸਾਰ ਦਾ ਸਵਾਹ-ਰੰਗਾ, ਨਿਰਜਿੰਦ ਲੱਗਦਾ ਚਿਹਰਾ ਨਜ਼ਰੀਂ ਪਿਆ, ਜਿਹੜਾ ਖੁਲ੍ਹੀਆਂ ਅੱਖਾਂ ਨਾਲ਼, ਬੇਹਰਕਤ, ਸਿਰਹਾਣੇ ਉਤੇ ਪਿਆ ਸੀ, ਤੇ ਉਹ ਦੌੜ ਕੇ ਉਸ ਕੋਲ ਚਲੀ ਗਈ।
ਸ਼ਾਮ ਨੂੰ ਕੋਮੀਸਾਰ ਦੀ ਹਾਲਤ ਮਾੜੀ ਹੋ ਗਈ। ਉਸਨੂੰ ਕਾਫੂਰ ਦਾ ਟੀਕਾ ਲਾਇਆ ਗਿਆ, ਤੇ ਆਕਸੀਜਨ ਦਿੱਤੀ ਗਈ । ਉਸਨੂੰ ਕਿੰਨਾਂ ਚਿਰ ਹੋਸ਼ ਨਾ ਆਈ । ਪਰ ਜਿਉਂ ਹੀ ਉਸਨੂੰ ਹੋਸ਼ ਆਈ, ਉਸਨੇ ਕਲਾਵਦੀਆ ਮਿਖਾਇਲੋਵਨਾ ਵੱਲ ਦੇਖ ਕੇ, ਜਿਹੜੀ ਆਕਸੀਜਨ ਦਾ ਬੈਗ ਫੜੀ ਉਸ ਉਪਰ ਝੁਕੀ ਹੋਈ ਸੀ, ਮੁਸਕ੍ਰਾਉਣ ਦੀ ਤੇ ਮਜ਼ਾਕ ਕਰਨ ਦੀ ਕੋਸ਼ਿਸ਼ ਕੀਤੀ।
“ਘਬਰਾਓ ਨਹੀਂ, ਸਿਸਟਰ, ਮੈਂ ਨਰਕਾਂ ਤੋਂ ਵੀ ਮੁੜ ਆਵਾਂਗਾ, ਤੇਰੇ ਲਈ ਉਹ ਦਵਾਈ ਲੈ ਕੇ ਜਿਹੜੇ ਸ਼ੈਤਾਨ ਆਪਣੀਆਂ ਛਾਈਆਂ ਦੂਰ ਕਰਨ ਲਈ ਵਰਤਦੇ ਨੇ।”
ਇਸ ਭਾਰੀ-ਭਰਕਮ, ਸ਼ਕਤੀਵਰ ਇਨਸਾਨ ਨੂੰ ਆਪਣੀ ਬੀਮਾਰੀ ਦੇ ਖਿਲਾਫ਼ ਸਖ਼ਤ ਘੋਲ ਕਰਦੇ ਹੋਏ ਦਿਨੋਂ ਦਿਨ ਨਿਘਰਦਿਆਂ ਦੇਖਣਾ ਅਕਹਿ ਤੌਰ ਉੱਤੇ ਦੁਖਦਾਈ ਸੀ ।
8
ਹਰ ਲੰਘਦੇ ਦਿਨ ਨਾਲ ਮਰੇਸੇਯੇਵ ਵੀ ਵਧੇਰੇ ਕਮਜ਼ੋਰ ਹੁੰਦਾ ਗਿਆ। “ਰੁੱਤ ਵਿਗਿਆਨਕ ਸਾਰਜੰਟ” ਨੂੰ, ਜੋ ਕਿ ਇੱਕੋ ਜੀਵ ਸੀ ਜਿਸ ਕੋਲ ਉਹ ਆਪਣਾ ਗਮ ਫੋਲਦਾ ਸੀ, ਪਾਈ ਅਗਲੀ ਚਿੱਠੀ ਵਿੱਚ ਉਸਨੇ ਇਹ ਵੀ ਲਿਖ ਦਿੱਤਾ ਕਿ ਸ਼ਾਇਦ ਮੈਂ ਹੁਣ ਜਿਊਂਦਾ ਹਸਪਤਾਲ ਵਿੱਚੋਂ ਨਾ ਨਿੱਕਲ ਸਕਾ, ਤੇ ਇਹ ਸਗੋਂ ਚੰਗਾ ਹੀ ਹੋਵੇਗਾ, ਕਿਉਂਕਿ ਪੈਰਾਂ ਤੋਂ ਬਿਨਾਂ ਪਾਇਲਟ ਖੰਭਾਂ ਤੋਂ ਬਿਨਾਂ ਪੰਛੀ ਵਾਂਗ ਸੀ, ਜਿਹੜਾ ਅਜੇ ਵੀ ਜਿਊਂ ਸਕਦਾ ਤੇ ਆਪਣਾ ਚੋਗਾ ਖਾ ਸਕਦਾ ਸੀ, ਪਰ ਉੱਡ ਕਦੀ ਨਹੀਂ ਸੀ ਸਕਦਾ ! ਉਹ ਖੰਭਾਂ ਤੋਂ ਬਿਨਾਂ ਪੰਛੀ ਨਹੀ ਬਣਨਾ ਚਾਹੁੰਦਾ, ਤੇ ਭੈੜੀ ਤੋਂ ਭੈੜੀ ਅਵਸਥਾ ਨੂੰ ਸ਼ਾਂਤੀ ਨਾਲ ਅੱਗੋਂ ਮਿਲਣ ਲਈ ਤਿਆਰ ਸੀ, ਸਿਰਫ ਜੇ ਕਿਤੇ ਇਹ ਜਲਦੀ ਆ ਜਾਏ। ਇਸ ਤਰ੍ਹਾਂ ਲਿਖਣਾ ਸ਼ਾਇਦ ਬੜੀ ਜ਼ਾਲਮ ਗੱਲ ਸੀ, ਕਿਉਂਕਿ ਚਿੱਠੀ ਪੱਤਰ ਦੇ ਦੌਰਾਨ ਕੁੜੀ ਨੇ ਮੰਨਿਆ ਸੀ ਕਿ ਢੇਰ ਚਿਰ ਤੋਂ ਹੁਣ ਉਹ “ਸਾਥੀ ਸੀਨੀਅਰ ਲੈਫ਼ਟੀਨੈਂਟ” ਵੱਲ ਬੇਵਾਸਤਾ ਨਹੀਂ ਸੀ ਤੇ ਜੇ ਉਸ ਨਾਲ ਇਹ ਭਾਣਾ ਨਾ ਵਾਪਰ ਜਾਂਦਾ, ਤਾਂ ਕਦੀ ਵੀ ਆਪਣਾ ਭੇਤ ਨਾ ਖੋਹਲਦੀ ।
“ਵਿਆਹ ਕਰਾਉਣਾ ਚਾਹੁੰਦੀ ਹੈ, ਭਾਅ, ਸਾਡਾ ਮੁੱਲ ਵਧਿਆ ਹੋਇਐ। ਪੈਰਾਂ ਦਾ ਕੀ ਹੈ, ਹੋਏ ਕਿ ਨਾ ਹੋਏ, ਜਦੋਂ ਤੱਕ ਪੈਨਸ਼ਨ ਚੰਗੀ ਹੋਏ,” ਕੁਕੁਸ਼ਕਿਨ ਨੇ ਆਪਣੇ ਸੁਭਾਅ ਮੁਤਾਬਕ ਕਾਟਵੀਂ ਟਿੱਪਣੀ ਕੀਤੀ।
ਪਰ ਅਲੈਕਸੇਈ ਨੂੰ ਆਪਣੇ ਮੂੰਹ ਨਾਲ ਜੁੜਿਆ ਉਹ ਪੀਲ਼ਾ ਚਿਹਰਾ ਯਾਦ ਆਇਆ ਜਦੋਂ ਮੌਤ ਉਹਨਾਂ ਦੇ ਸਿਰਾਂ ਉਤੇ ਮੰਡਲਾਂ ਰਹੀ ਸੀ, ਤੇ ਉਸਨੂੰ ਪਤਾ ਸੀ ਕਿ ਗੱਲ ਉਸ ਤਰ੍ਹਾਂ ਨਹੀ, ਜਿਸ ਤਰ੍ਹਾਂ ਕੁਕੁਸ਼ਕਿਨ ਕਹਿੰਦਾ ਹੈ । ਉਸਨੂੰ ਇਹ ਵੀ ਪਤਾ ਸੀ ਕਿ ਉਸਦੀਆਂ ਸੋਗੀ ਸਾਫ-ਬਿਆਨੀਆਂ ਨੂੰ ਦੁਖਦੇ ਦਿਲ ਨਾਲ ਪੜ੍ਹਦੀ ਹੈ। “ਰੁੱਤ ਵਿਗਿਆਨਕ ਸਾਰਜੰਟ’ ਦਾ ਨਾਂ ਤੱਕ ਵੀ ਨਾ ਜਾਣਦਿਆਂ, ਉਸਨੇ ਆਪਣੀਆਂ ਖੁਸ਼ੀਹੀਣ ਸੋਚਾਂ ਉਸ ਸਾਮ੍ਹਣੇ ਰੱਖਣੀਆਂ ਜਾਰੀ ਰੱਖੀਆਂ।
ਕੋਮੀਸਾਰ ਹਰ ਇੱਕ ਦੇ ਦਿਲ ਨੂੰ ਫਿੱਟ ਹੋਣ ਵਾਲੀ ਕੁੰਜੀ ਲੱਭਣ ਦੇ ਸਮਰੱਥ ਸੀ, ਪਰ ਅਜੇ ਤੱਕ ਉਹ ਐਸੀ ਕੁੰਜੀ ਨਹੀ ਸੀ ਲੱਭ ਸਕਿਆ ਜਿਹੜੀ ਮਰੇਸੇਯੇਵ ਦੇ ਦਿਲ ਨੂੰ ਫਿੱਟ ਹੋ ਸਕੇ । ਉਸਦੇ ਅਪਰੇਸ਼ਨ ਤੋਂ ਅਗਲੇ ਦਿਨ, ਵਾਰਡ ਵਿੱਚ ਓਸਤਰੋਵਸਕੀ ਦੀ ਰਚਨਾ “ਕਬਹੂੰ ਨਾ ਛਾਡੈ ਖੇਤੁ” ਆ ਦਿਖਾਈ ਦਿਤੀ। ਕਿਤਾਬ ਉੱਚੀ ਉੱਚੀ ਪੜ੍ਹੀ ਜਾਣ ਲੱਗੀ । ਅਲੈਕਸੇਈ ਸਮਝ ਗਿਆ ਕਿ ਇਹ ਉਸੇ ਵਾਸਤੇ ਪੜ੍ਹਿਆ ਜਾ ਰਿਹਾ ਹੈ, ਪਰ ਉਸਤੋਂ ਉਸਨੂੰ ਚੈਨ ਨਾ ਮਿਲਿਆ। ਪਾਵੇਲ ਕੋਰਚਾਗਿਨ ਦਾ ਉਹ ਬਚਪਨ ਤੋਂ ਹੀ ਸਤਿਕਾਰ ਕਰਦਾ ਸੀ। ਇਹ ਉਸਦੇ ਮਨਭਾਉਂਦੇ ਨਾਇਕਾਂ ਵਿੱਚੋਂ ਇੱਕ ਸੀ। “ਪਰ ਕੋਰਚਾਗਿਨ ਪਾਇਲਟ ਤਾਂ ਨਹੀਂ ਸੀ,” ਅਲੈਕਸੇਈ ਹੁਣ ਸੋਚਣ ਲੱਗਾ । “ਕੀ ਉਸਨੂੰ ਪਤਾ ਸੀ ਕਿ ‘ਹਵਾ ਵਿੱਚ ਉੱਡਣ ਦੀ ਸਿੱਕ, ਕੀ ਹੁੰਦੀ ਹੈ ? ਓਸਤਰੋਵਸਕੀ ਨੇ ਆਪਣੀਆਂ ਕਿਤਾਬਾਂ ਬਿਸਤਰੇ ਵਿੱਚ ਪਏ ਨੇ ਐਸੇ ਸਮੇਂ ਨਹੀਂ ਸਨ ਲਿਖੀਆਂ ਜਦੋਂ ਦੇਸ਼ ਦੇ ਸਾਰੇ ਹੀ ਆਦਮੀ ਤੇ ਬਹੁਤ ਸਾਰੀਆਂ ਔਰਤਾਂ ਲੜ ਰਹੀਆਂ ਸਨ, ਜਦੋਂ ਚੋਂਦੀਆਂ ਨਲੀਆਂ ਵਾਲ਼ੇ ਮੁੰਡੇ ਵੀ ਕਰੇਟਾਂ ਉੱਪਰ ਖੜ੍ਹੇ ਹੋ ਕੇ ਕਿਉਂਕਿ ਉਹ ਐਨੇਂ ਵੱਡੇ ਨਹੀਂ ਸਨ ਕਿ ਉਹਨਾਂ ਦਾ ਹੱਥ ਲੇਥਾਂ ਤੱਕ ਪੁੱਜ ਸਕੇ, ਬੰਬਾਂ ਦੇ ਖੋਲ ਖਰਾਦ ਰਹੇ ਸਨ।”
ਮਤਲਬ ਕੀ ਕਿ ਇਸ ਮੌਕੇ ਉੱਤੇ ਕਿਤਾਬ ਨੂੰ ਸਫ਼ਲਤਾ ਨਾ ਮਿਲੀ। ਤਾਂ ਕੋਮੀਸਾਰ ਨੇ ਪਾਸਿਉਂ ਦੀ ਪੈਣ ਦੀ ਚਾਲ ਚੱਲੀ। ਕਦੀ ਕਦੀ ਸੁਭਾਉਕੀ ਹੀ ਉਹ ਕਿਸੇ ਹੋਰ ਬੰਦੇ ਦੀ ਕਹਾਣੀ ਦੱਸਣ ਲੱਗ ਪਿਆ ਜਿਸ ਦੀਆਂ ਲੱਤਾਂ ਮਰੀਆਂ ਹੋਈਆ ਸਨ, ਤੇ ਜਿਹੜਾ ਇਸਦੇ ਬਾਵਜੂਦ ਵੀ ਕਿਸੇ ਵੱਡੇ ਸਮਾਜਕ ਕੰਮ ਨੂੰ ਨੇਪਰੇ ਚੜ੍ਹਾ ਰਿਹਾ ਸੀ । ਸਤੇਪਾਨ ਈਵਾਨੋਵਿਚ, ਜਿਹੜਾ ਦੁਨੀਆਂ ਵਿੱਚ ਵਾਪਰਦੀ ਹਰ ਗੱਲ ਵਿੱਚ ਦਿਲਚਸਪੀ ਰੱਖਦਾ ਸੀ, ਹੈਰਾਨ ਹੋਇਆ ਹੋਇਆ ਸਾਹ ਖਿੱਚਦਾ । ਉਸਨੂੰ ਯਾਦ ਆ ਗਿਆ ਕਿ ਉਹਨਾਂ ਦੇ ਪਾਸੇ ਵੱਲ ਇਕ ਡਾਕਟਰ ਰਹਿੰਦਾ ਸੀ, ਜਿਸਦੀ ਇੱਕੋ ਹੀ ਬਾਂਹ ਹੁੰਦੀ ਸੀ, ਪਰ ਤਾਂ ਵੀ ਉਹ ਜ਼ਿਲ੍ਹੇ ਵਿੱਚ ਸਭ ਤੋਂ ਚੰਗਾ ਡਾਕਟਰ ਮੰਨਿਆ ਜਾਂਦਾ ਸੀ, ਘੋੜੇ ਦੀ ਸਵਾਰੀ ਕਰਦਾ ਸੀ, ਸ਼ਿਕਾਰ ਖੇਡਣ ਦਾ ਸ਼ੁਕੀਨ ਸੀ ਤੇ ਏਨੀਂ ਮਹਾਰਤ ਨਾਲ ਬੰਦੂਕ ਚਲਾਉਂਦਾ ਸੀ ਕਿ ਗਾਲੜ੍ਹ ਦੀ ਅੱਖ ਤੱਕ ਦਾ ਨਿਸ਼ਾਨਾ ਬਣਾ ਸਕਦਾ ਸੀ । ਇਥੇ ਕੋਮੀਸਾਰ ਨੂੰ ਸਵਰਗੀ ਅਕਾਦਮੀਸ਼ਨ ਵਿਲੀਅਮਜ਼ ਯਾਦ ਆਇਆ, ਜਿਸਨੂੰ ਉਹ ਜਾਤੀ ਤੌਰ ਉੱਤੇ ਜਾਣਦਾ ਸੀ। ਉਹ ਬੰਦਾ ਅੱਧਾ ਅਧਰੰਗ ਦਾ ਮਾਰਿਆ ਹੋਇਆ ਸੀ ਤੇ ਆਪਣੀ ਸਿਰਫ ਇਕ ਬਾਂਹ ਵਰਤ ਸਕਦਾ ਸੀ, ਪਰ ਤਾਂ ਵੀ ਉਹ ਜ਼ਰਾਇਤੀ ਇੰਸਟੀਚਿਊਟ ਦੇ ਮੁਖੀ ਵਜੋਂ ਕੰਮ ਕਰਦਾ ਰਿਹਾ ਤੇ ਵਿਸ਼ਾਲ ਪੈਮਾਨੇ ਉੱਤੇ ਕੰਮ ਚਲਾਉਂਦਾ ਰਿਹਾ।
ਮਰੇਸੇਯੇਵ ਸੁਣਦਾ ਤੇ ਮੁਸਕਰਾ ਛੱਡਦਾ: ਲੱਤਾ ਤੋਂ ਬਿਨ੍ਹਾਂ ਸੋਚਿਆ ਜਾ ਸਕਦਾ ਹੈ,
ਗੱਲਾਂ ਕੀਤੀਆਂ ਜਾ ਸਕਦੀਆਂ ਹਨ, ਲਿਖਿਆ ਜਾ ਸਕਦਾ ਹੈ, ਹੁਕਮ ਜਾਰੀ ਕੀਤੇ ਜਾ ਸਕਦੇ ਹਨ, ਲੋਕਾਂ ਦਾ ਇਲਾਜ ਕੀਤਾ ਜਾ ਸਕਦਾ ਹੈ, ਸ਼ਿਕਾਰ ਵੀ ਖੇਡਿਆ ਜਾ ਸਕਦਾ ਹੈ, ਪਰ ਉਹ ਤਾਂ ਪਾਇਲਟ ਸੀ, ਜਮਾਂਦਰੂ ਪਾਇਲਟ, ਬਚਪਨ ਤੋਂ ਹੀ ਪਾਇਲਟ, ਉਸੇ ਦਿਨ ਤੋਂ ਹੀ, ਜਿਸ ਦਿਨ ਉਸਨੇ ਹਦਵਾਣਿਆ ਦੇ ਖੇਤ ਦੀ ਰਾਖੀ ਕਰਦਿਆਂ, ਜਿਥੇ ਸੁੱਕੀ, ਤਿੜਕੀ ਜ਼ਮੀਨ ਉਤੇ ਮੁਰਝਾਏ ਪੱਤਿਆਂ ਉਪਰ ਧਾਰੀਦਾਰ ਵੱਡੇ ਵੱਡੇ ਹਦਵਾਣੇ ਪਏ ਸਨ, ਜਿਹੜੇ ਸਾਰੇ ਵੋਲਗਾ ਦੇ ਇਲਾਕੇ ਵਿੱਚ ਮਸ਼ਹੂਰ ਸਨ, ਇਸਨੇ ਚਾਂਦੀ ਵਾਂਗ ਚਮਕਦੀ ਛੋਟੀ ਜਿਹੀ ਭੰਬੀਰੀ ਵਰਗੀ ਚੀਜ਼ ਦੀ ਪਹਿਲਾਂ ਅਵਾਜ਼ ਸੁਣੀ ਤੇ ਫਿਰ ਇਸਨੂੰ ਦੇਖਿਆ, ਇਸਦੇ ਦੋ ਪੜ੍ਹ ਧੁੱਪ ਵਿੱਚ ਲਿਸ਼ਕ ਰਹੇ ਸਨ ਤੇ ਇਹ ਧੂੜ ਵਾਲ਼ੀ ਸਤੇਪੀ ਦੇ ਉਪਰੋਂ ਦੀ ਹੌਲ਼ੀ ਹੌਲ਼ੀ ਉੱਡਦੀ ਹੋਈ ਕਿਤੇ ਸਤਾਲਿਨਗਰਾਦ ਦੇ ਪਾਸੇ ਵੱਲ ਜਾ ਰਹੀ ਸੀ।
ਉਸੇ ਘੜੀ ਤੋਂ ਹੀ ਪਾਇਲਟ ਬਨਣ ਦੇ ਸੁਪਨੇ ਨੇ ਉਸਨੂੰ ਮੱਲ ਲਿਆ ਸੀ । ਸਕੂਲੇ ਪੜ੍ਹਦਿਆਂ ਤੇ ਮਗਰੋਂ, ਜਦੋਂ ਉਹ ਫੈਕਟਰੀ ਵਿੱਚ ਲੇਥ ਚਲਾਉਂਦਾ ਸੀ, ਇਸਨੇ ਉਸਨੂੰ ਮੱਲੀ ਰੱਖਿਆ। ਰਾਤ ਨੂੰ ਜਦੋਂ ਹਰ ਕੋਈ ਸੁੱਤਾ ਹੁੰਦਾ ਸੀ, ਤਾਂ ਉਹ ਪ੍ਰਸਿੱਧ ਪਾਇਲਟ ਲੀਆਪੀਦੇਵਸਕੀ ਨਾਲ ਮਿਲ ਕੇ ਚੇਲੀਊਸਕਿਨ ਮੁਹਿੰਮ ਨੂੰ ਲੱਭ ਰਿਹਾ ਤੇ ਬਚਾ ਰਿਹਾ ਹੁੰਦਾ ਸੀ, ਤੇ ਵੋਦੋਪੀਆਨੋਵ ਨਾਲ ਮਿਲਕੇ ਉੱਤਰੀ ਧਰੂ ਉਪਰਲੇ ਇੱਕ ਬਰਫ਼ ਦੇ ਤੋਂਦੇ ਉੱਪਰ ਭਾਰੀ ਹਵਾਈ ਜਹਾਜ਼ ਨੂੰ ਉਤਾਰ ਰਿਹਾ ਹੁੰਦਾ ਸੀ, ਤੇ ਚਕਾਲੋਵ ਨਾਲ ਮਿਲ ਕੇ ਧਰੂ ਦੇ ਆਰ-ਪਾਰ ਅਮਰੀਕਾ ਨੂੰ ਜਾਂਦਾ ਅਣਢੂੰਡਿਆ ਹਵਾਈ ਰਸਤਾ ਖੋਹਲ ਰਿਹਾ ਹੁੰਦਾ ਸੀ ।
ਯੁਵਕ ਕਮਿਊਨਿਸਟ ਲੀਗ ਵੱਲੋਂ ਉਸਨੂੰ ਦੂਰ ਪੂਰਬ ਵੱਲ ਭੇਜਿਆ ਗਿਆ, ਜਿਥੇ ਉਸਨੇ ਤਾਇਗਾ ਵਿੱਚ ਨੌਜਵਾਨਾਂ ਦਾ ਸ਼ਹਿਰ – ਕੋਮਸੋਮੋਲਸਕ-ਨਾ-ਅਮੂਰ— ਉਸਾਰਨ ਵਿੱਚ ਸਹਾਇਤਾ ਕੀਤੀ, ਪਰ ਉਡਾਣ ਭਰਨ ਦਾ ਆਪਣਾ ਸੁਪਨਾ ਉਹ ਉਸ ਦੂਰ-ਦੁਰਾਡੇ ਦੀ ਥਾਂ ਵੀ ਨਾਲ ਲੈ ਗਿਆ ਸੀ । ਸ਼ਹਿਰ ਦੇ ਉਸਰਈਆਂ ਵਿੱਚ ਉਸਨੂੰ ਆਪਣੇ ਵਰਗੇ ਹੀ ਮੁੰਡੇ ਕੁੜੀਆਂ ਮਿਲੇ; ਉਹ ਵੀ ਉਡਾਣ ਦੇ ਸੁਪਨੇ ਲੈਂਦੇ ਸਨ ਤੇ ਇਸ ਗੱਲ ਉਤੇ ਵਿਸ਼ਵਾਸ ਨਹੀਂ ਸੀ ਆਉਂਦਾ ਕਿ ਖੁਦ ਆਪਣੇ ਹੱਥਾਂ ਨਾਲ ਉਹਨਾਂ ਦੇ ਸ਼ਹਿਰ ਵਿਚ, ਜਿਸਦਾ ਅਜੇ ਖਾਕਿਆ ਉਪਰ ਹੀ ਵਜੂਦ ਸੀ, ਆਪਣੇ ਲਈ ਇੱਕ ਸੱਚਮੁਚ ਦੀ ਏਅਰ ਕਲੱਬ ਬਣਾਈ। ਸ਼ਾਮਾਂ ਨੂੰ, ਜਦੋਂ ਧੜਵੈਲ ਉਸਾਰੀ ਪ੍ਰਾਜੈਕਟ ਧੁੰਦ ਵਿੱਚ ਲਪੇਟਿਆ ਜਾਂਦਾ ਸੀ, ਉਸਰਈਏ ਆਪਣੀਆਂ ਬਾਰਕਾਂ ਵਿੱਚ ਚਲੇ ਜਾਂਦੇ, ਬਾਰੀਆਂ ਬੰਦ ਕਰ ਲੈਂਦੇ ਤੇ ਮੱਛਰਾਂ ਦੇ ਝੁੰਡਾਂ ਨੂੰ ਦੂਰ ਰੱਖਣ ਲਈ, ਜਿਹੜੇ ਆਪਣੀ ਬਦਸ਼ਗਣ ਮਹੀਣ ਜਿਹੀ ਭੀ-ਭੀ ਨਾਲ ਹਵਾ ਨੂੰ ਭਰ ਰਹੇ ਹੁੰਦੇ ਸਨ, ਦਰਵਾਜ਼ਿਆਂ ਦੇ ਅੱਗੇ ਸਿਲ੍ਹੀਆਂ ਟਾਹਣੀਆਂ ਦੀਆਂ ਧੂੰਆਂ ਛੱਡਦੀਆਂ ਅੱਗਾਂ ਬਾਲ ਲੈਂਦੇ। ਉਸ ਘੜੀ, ਜਦੋਂ ਦਿਹਾੜੀ ਦੀ ਮਿਹਨਤ ਪਿੱਛੋਂ ਬਾਕੀ ਸਾਰੇ ਉਸਰਈਏ ਅਰਾਮ ਕਰ ਰਹੇ ਹੁੰਦੇ ਸਨ, ਤਾਂ ਅਲੈਕਸੇਈ ਦੀ ਅਗਵਾਈ ਵਿੱਚ ਏਅਰ ਕਲੱਬ ਦੇ ਮੈਂਬਰ, ਆਪਣੇ ਸਰੀਰਾਂ ਨੂੰ ਮਿੱਟੀ ਦਾ ਤੇਲ ਮਲ ਕੇ, ਜਿਸ ਬਾਰੇ ਖਿਆਲ ਕੀਤਾ ਜਾਂਦਾ ਸੀ ਕਿ ਮੱਛਰਾਂ ਨੂੰ ਦੂਰ ਰੱਖਦਾ ਹੈ, ਕੁਹਾੜੀਆਂ, ਗੈਤੀਆਂ, ਆਰੇ, ਕਹੀਆਂ ਤੇ ਤਰਪਾਲਾਂ ਚੁੱਕੀ ਤਾਇਗਾ ਵਿਚ ਚਲੇ ਜਾਂਦੇ ਸਨ । ਉਥੇ ਉਹ ਦਰਖ਼ਤ ਡੇਗਦੇ, ਮੁੱਢਾਂ ਨੂੰ ਉਡਾਉਂਦੇ, ਜ਼ਮੀਨ ਨੂੰ ਪੱਧਰਿਆਂ ਕਰਦੇ ਤੇ ਇੰਝ ਹਵਾਈ ਅੱਡੇ ਲਈ ਤਾਇਗਾ ਤੋਂ ਜ਼ਮੀਨ ਖੋਂਹਦੇ। ਤੇ ਖੁਦ ਆਪਣੇ ਹੱਥਾਂ ਨਾਲ ਕਈ ਕਿਲੋਮੀਟਰ ਉਤੋਂ ਇਸ ਅਣਛੂਹੇ ਜੰਗਲ ਨੂੰ ਸਾਫ ਕਰਕੇ ਇਹ ਥਾਂ ਜਿੱਤ ਲਈ।
ਉਹ ਹਵਾਈ ਅੱਡਾ ਸੀ ਜਿਥੋਂ ਅਲੈਕਸੇਈ ਪਹਿਲੀ ਵਾਰੀ ਇੱਕ ਸਿਖਲਾਈ ਹਵਾਈ ਜਹਾਜ਼ ਵਿੱਚ ਹਵਾ ਵਿੱਚ ਉਡਿਆ, ਤੇ ਆਖ਼ਰ ਆਪਣੇ ਬਚਪਨ ਦੇ ਸੁਪਨੇ ਨੂੰ ਸਾਕਾਰ ਕੀਤਾ ।
ਮਗਰੋਂ ਉਸਨੇ ਹਵਾਈ ਸਿਖਲਾਈ ਦੇ ਸਕੂਲ ਵਿੱਚ ਪੜ੍ਹਾਈ ਕੀਤੀ ਤੇ ਆਪ ਵੀ ਪੜ੍ਹਾਉਣ ਲੱਗ ਪਿਆ । ਉਹ ਇਸ ਸਕੂਲ ਵਿਚ ਸੀ ਜਦੋਂ ਜੰਗ ਛਿੜੀ । ਸਕੂਲ ਦੇ ਪ੍ਰਬੰਧਕਾਂ ਦੀ ਵਿਰੋਧਤਾ ਦੇ ਬਾਵਜੂਦ ਉਸਨੇ ਆਪਣੀ ਨੌਕਰੀ ਛੱਡ ਦਿੱਤੀ ਤੇ ਫ਼ੌਜ ਵਿੱਚ ਭਰਤੀ ਹੋ ਗਿਆ । ਉਸਦੀ ਜ਼ਿੰਦਗੀ ਦਾ ਸਾਰਾ ਨਿਸ਼ਾਨਾ, ਉਸਦੀਆਂ ਸਾਰੀਆਂ ਦਿਲਚਸਪੀਆਂ, ਖੁਸ਼ੀਆਂ, ਭਵਿੱਖ ਦੀਆਂ ਯੋਜਨਾਵਾਂ ਤੇ ਸਾਰੀਆਂ ਸਫ਼ਲਤਾਵਾਂ ਹਵਾਬਾਜ਼ੀ ਨਾਲ ਜੁੜੀਆਂ ਹੋਈਆਂ ਸਨ।
ਤੇ ਫਿਰ ਵੀ ਉਹ ਉਸਨੂੰ ਵਿਲੀਅਮਜ਼ ਦੀਆਂ ਗੱਲਾਂ ਕਰ ਕਰ ਕੇ ਸੁਣਾਉਂਦੇ ਸਨ।
“ਪਰ ਵਿਲੀਅਮਜ਼ ਪਾਇਲਟ ਨਹੀਂ ਸੀ,” ਅਲੈਕਸੇਈ ਨੇ ਕਿਹਾ ਤੇ ਆਪਣਾ ਮੂੰਹ ਕੰਧ ਵੱਲ ਕਰ ਲਿਆ।
ਪਰ ਕੋਮੀਸਰ ਨੇ ਉਸਦੇ“ਦਿਲ ਦਾ ਤਾਲਾ ਖੋਹਲਣ” ਦੇ ਆਪਣੇ ਯਤਨ ਨਾ ਛੱਡੇ । ਇੱਕ ਦਿਨ, ਜਦੋਂ ਅਲੈਕਸੇਈ ਆਪਣੀ ਸਧਾਰਨ ਵਾਲ਼ੀ ਬੇਲਾਗਤਾ ਵਾਲੀ ਮਨੋਵਸਥਾ ਵਿੱਚ ਗੜੂੰਦ ਹੋਇਆ ਹੋਇਆ ਸੀ, ਤਾਂ ਉਸਨੂੰ ਕੋਮੀਸਾਰ ਦੀ ਮੋਟੀ ਅਵਾਜ਼ ਸੁਣਾਈ ਦਿਤੀ:
“ਲਿਓਸ਼ਾ ਦੇਖ, ਆਹ ਤੇਰੇ ਬਾਰੇ ਲਿਖਿਆ ਹੋਇਆ ਈ।”
ਸਤੇਪਾਨ ਈਵਨੋਵਿਚ ਪਹਿਲਾ ਹੀ ਰਸਾਲਾ ਮਰੇਸੇਯੇਵ ਵੱਲ ਲਿਆ ਰਿਹਾ ਸੀ। ਇਸ ਵਿੱਚ ਇੱਕ ਛੋਟਾ ਜਿਹਾ ਲੇਖ ਸੀ ਜਿਸ ਉੱਪਰ ਪੈਨਸਿਲ ਨਾਲ ਨਿਸ਼ਾਨੀ ਲੱਗੀ ਹੋਈ ਸੀ। ਅਲੈਕਸੇਈ ਨੇ ਆਪਣਾ ਨਾਂ ਲੱਭਣ ਲਈ ਸਾਰੇ ਸਫ਼ੇ ਉੱਤੇ ਨਜਰ ਦੁੜਾਈ, ਪਰ ਉਸਨੂੰ ਨਾ ਲੱਭਾ । ਇਹ ਪਹਿਲੀ ਸੰਸਾਰ ਜੰਗ ਵੇਲੇ ਦਾ ਕਿਸੇ ਰੂਸੀ ਪਾਇਲਟ ਬਾਰੇ ਲੇਖ ਸੀ । ਰਸਾਲੇ ਦੇ ਸਫੇ ਤੋਂ ਕਿਸੇ ਅਣਜਾਣੇ ਨੌਜਵਾਨ ਦਾ ਚਿਹਰਾ ਉਸ ਵੱਲ ਝਾਕ ਰਿਹਾ ਸੀ, ਜਿਸਨੇ ਛੋਟੀਆਂ ਛੋਟੀਆਂ ਮੁੱਛਾਂ ਦੇ ਸਿਰਿਆਂ ਨੂੰ ਮਰੋੜਾ ਚਾੜ੍ਹ ਕੇ ਸੂਈਆਂ ਵਾਂਗ ਬਣਾਇਆ ਹੋਇਆ ਸੀ, ਟੋਪੀ ਉੱਤੇ ਚਿੱਟਾ ਬੈਜ ਲੱਗਾ ਸੀ, ਟੋਪੀ ਟੇਢੀ ਕੀਤੀ ਹੋਈ ਸੀ ਤੇ ਕੰਨ ਨੂੰ ਲੱਗ ਰਹੀ ਸੀ।
“ਪੜ੍ਹ, ਪੜ੍ਹ, ਇਹ ਤੇਰੇ ਲਈ ਹੀ ਹੈ,” ਕੋਮੀਸਾਰ ਨੇ ਜ਼ੋਰ ਦਿਤਾ।
ਮਰੇਸੇਯੇਵ ਨੇ ਲੇਖ ਪੜ੍ਹਿਆ । ਇਹ ਰੂਸੀ ਫ਼ੌਜੀ ਪਾਇਲਟ, ਲੈਫ਼ਟੀਨੈਂਟ ਵਾਲੇਰੀਆਨ ਕਾਰਪੋਵਿਚ, ਬਾਰੇ ਸੀ; ਦੁਸ਼ਮਣ ਦੇ ਮੋਰਚਿਆਂ ਉੱਪਰ ਉਡਾਣ ਕਰਦਿਆਂ ਜਰਮਨਾਂ ਦੀ ਡਮ-ਡਮ ਗੋਲ਼ੀ ਉਸਦੇ ਪੈਰ ਵਿੱਚ ਆ ਵੱਜੀ ਸੀ। ਆਪਣੇ ਗੋਲ਼ੀ ਨਾਲ ਉਡੇ ਪੈਰ ਦੇ ਬਾਵਜੂਦ ਉਹ ਆਪਣੇ “ਫਾਰਮਨ” ਨੂੰ ਮੋਰਚਿਆਂ ਤੋਂ ਪਾਰ ਲਿਜਾ ਕੇ ਹਵਾਈ ਅੱਡੇ ਉੱਤੇ ਉਤਾਰਨ ਵਿੱਚ ਸਫ਼ਲ ਹੋ ਗਿਆ। ਪੈਰ ਕੱਟ ਦਿੱਤਾ ਗਿਆ, ਪਰ ਨੌਜਵਾਨ ਅਫ਼ਸਰ ਫ਼ੌਜ ਵਿੱਚ ਰਹਿਣਾ ਚਾਹੁੰਦਾ ਸੀ । ਉਸਨੇ ਬਣਾਵਟੀ ਪੈਰ ਦੀ ਕਾਢ ਕੱਢੀ ਤੇ ਆਪਣੇ ਹੀ ਡੀਜਾਈਨ ਦੇ ਹਿਸਾਬ ਨਾਲ ਇਸਨੂੰ ਬਣਵਾਇਆ । ਉਸਨੇ ਬੜੇ ਸਿਰੜ੍ਹ ਨਾਲ ਲੰਮੇ ਸਮੇਂ ਤੱਕ ਇਸਨੂੰ ਸਾਧਿਆ ਤੇ ਸਿੱਟੇ ਵਜੋਂ, ਜੰਗ ਖਤਮ ਹੋਣ ਤੋਂ ਪਹਿਲਾਂ ਫਿਰ ਫ਼ੌਜ ਵਿੱਚ ਮੁੜ ਆਇਆ। ਉਸਨੂੰ ਇਕ ਫ਼ੌਜੀ ਹਵਾਬਾਜੀ ਦੇ ਸਕੂਲ ਵਿੱਚ ਇੰਸਪੈਕਟਰ ਲਾ ਦਿਤਾ ਗਿਆ ਤੇ, ਜਿਵੇਂ ਕਿ ਲੇਖ ਵਿਚ ਲਿਖਿਆ ਗਿਆ ਸੀ, “ਕਦੀ ਕਦੀ ਆਪਣੇ ਹਵਾਈ ਜਹਾਜ਼ ਵਿੱਚ ਉਡਾਣ ਕਰਨ ਦਾ ਖ਼ਤਰਾ ਵੀ ਮੁੱਲ ਲੈਂਦਾ ਸੀ ।” ਉਸਨੂੰ ਅਫ਼ਸਰਾਂ ਦਾ ਸੇਂਟ ਜਾਰਜ ਕਰਾਸ ਦਿੱਤਾ ਗਿਆ ਤੇ ਉਹ ਵਾਯੂ ਸੈਨਾ ਵਿੱਚ ਸੇਵਾ ਕਰਦਾ ਰਿਹਾ ਜਦੋਂ ਤੱਕ ਕਿ ਉਹ ਇੱਕ ਹਾਦਸੇ ਵਿੱਚ ਮਾਰਿਆ ਨਾ ਗਿਆ।
ਮਰੇਸੇਯੇਵ ਨੇ ਲੇਖ ਨੂੰ ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ ਪੜ੍ਹਿਆ । ਥੱਕੇ ਪਰ ਸਿਰੜ੍ਹੀ ਚਿਹਰੇ ਵਾਲ਼ਾ ਪਤਲਾ ਜਿਹਾ, ਨੌਜਵਾਨ ਲੈਫ਼ਟੀਨੈਂਟ ਕੁਝ ਖਿੱਚੀ ਖਿੱਚੀ, ਪਰ ਸਮੁੱਚੇ ਤੌਰ ਉਤੇ ਦਲੇਰ ਮੁਸਕ੍ਰਾਹਟ ਨਾਲ ਉਸ ਵੱਲ ਦੇਖ ਰਿਹਾ ਸੀ। ਉਸਨੇ ਆਪਣੀਆਂ ਉਂਗਲਾਂ ਨਾਲ ਵਾਲਾਂ ਦੀ ਕੰਘੀ ਕੀਤੀ; ਆਪਣੀਆਂ ਨਜ਼ਰਾਂ ਰਸਾਲੇ ਉਤੇ ਹੀ ਟਿਕਾਈ ਉਹ ਮੰਜੇ ਨਾਲ਼ ਦੇ ਕੱਪਬੋਰਡ ਉੱਪਰੋਂ ਪੈਨਸਿਲ ਟੋਲਣ ਲੱਗ ਪਿਆ, ਤੇ ਧਿਆਨ ਨਾਲ ਉਸਦੇ ਦੁਆਲੇ ਲੀਕਾਂ ਲਾ ਦਿਤੀਆਂ।
“ਪੜ੍ਹ ਲਿਐ ?” ਕੋਮੀਸਾਰ ਨੇ ਖਚਰੀ ਤੱਕਣੀ ਨਾਲ਼ ਉਸਨੂੰ ਪੁੱਛਿਆ। ਅਲੈਕਸੇਈ ਚੁੱਪ ਰਿਹਾ। ਉਸਦੀਆਂ ਨਜ਼ਰਾਂ ਅਜੇ ਵੀ ਲੇਖ ਉਤੇ ਟਿਕੀਆਂ ਹੋਈਆਂ ਸਨ । “ਤਾਂ ਫਿਰ, ਕੀ ਖਿਆਲ ਹੈ?”
“ਪਰ ਉਸਦਾ ਤਾਂ ਸਿਰਫ ਇੱਕ ਪੈਰ ਨਹੀਂ ਸੀ।”
“ਪਰ ਤੂੰ ਤਾਂ ਸੋਵੀਅਤ ਇਨਸਾਨ ਹੈ।”
“ਉਹ ਫਰਮਾਨ’ ਉਡਾਉਂਦਾ ਸੀ । ਇਹ ਕੋਈ ਹਵਾਈ ਜਹਾਜ਼ ਹੁੰਦੈ? ਇਹ ਤਾਂ ਨਿਕਸੁਕ ਰੱਖਣ ਦੀ ਅਲਮਾਰੀ ਹੁੰਦੀ ਹੈ। ਉਸ ਵਿੱਚ ਉਡਾਉਣ ਵਾਲੀ ਕਿਹੜੀ ਗੱਲ ਹੁੰਦੀ ਹੈ? ਉਸ ਵਿਚ ਨਾ ਟੈਕਨੀਕ, ਨਾ ਹੁਸ਼ਿਆਰੀ, ਨਾ ਰਫ਼ਤਾਰ ਦੀ ਹੀ ਲੋੜ ਹੁੰਦੀ ਹੈ।”
“ਪਰ ਤੂੰ ਸੋਵੀਅਤ ਇਨਸਾਨ ਹੈ!” ਕੋਮੀਸਾਰ ਨੇ ਜ਼ੋਰ ਦਿਤਾ।
“ਸੋਵੀਅਤ ਇਨਸਾਨ,” ਅਲੈਕਸੇਈ ਨੇ ਅਜੇ ਵੀ ਨਜ਼ਰਾਂ ਉਸ ਉੱਤੇ ਗੱਡੀ ਮਸ਼ੀਨੀ ਢੰਗ ਨਾਲ ਦੁਹਰਾਇਆ। ਪਰ ਉਸਦਾ ਚਿਹਰਾ ਇੱਕ ਤਰ੍ਹਾਂ ਦੀ ਅੰਦਰਲੀ ਰੌਸ਼ਨੀ ਨਾਲ ਚਮਕ ਪਿਆ ਤੇ ਉਸਨੇ ਖੁਸ਼ੀ ਤੇ ਹੈਰਾਨੀ ਭਰੀਆਂ ਅੱਖਾਂ ਨਾਲ ਵਾਰੋ ਵਾਰੀ ਆਪਣੇ ਸਾਥੀ ਮਰੀਜ਼ਾਂ ਵੱਲ ਦੇਖਿਆ।
ਰਾਤ ਨੂੰ ਅਲੈਕਸੇਈ ਨੇ ਰਸਾਲੇ ਨੂੰ ਆਪਣੇ ਸਿਰਹਾਣੇ ਹੇਠ ਰੱਖ ਲਿਆ ਤੇ ਉਸਨੂੰ ਯਾਦ ਆਇਆ ਕਿ ਬਚਪਨ ਵਿੱਚ ਜਦੋਂ ਉਹ ਆਪਣੇ ਭਰਾਵਾਂ ਨਾਲ ਅੰਗੀਠੀ ਤੋਂ ਉਪਰ ਸੌਣ ਵਾਲ਼ੀ ਥਾਂ ਸੌਂਦਾ ਹੁੰਦਾ ਸੀ, ਤਾਂ ਉਥੇ ਚੜ੍ਹ ਕੇ ਉਹ ਇਸੇ ਤਰ੍ਹਾਂ ਹੀ ਉਸ ਭਾਲੂ ਨੂੰ ਲੁਕਾ ਲੈਂਦਾ ਸੀ ਜਿਹੜਾ ਉਸਦੀ ਮਾਂ ਨੇ ਪੁਰਾਣੀ ਪਲੱਸ਼ ਦੀ ਜਾਕਟ ਤੋਂ ਬਣਾ ਕੇ ਦਿੱਤਾ ਸੀ। ਉਹ ਇਸ ਯਾਦ ਉਤੇ ਹੱਸਣ ਲੱਗ ਪਿਆ, ਤੇ ਉਸਦਾ ਹਾਸਾ ਸਾਰੇ ਕਮਰੇ ਵਿੱਚ ਸੁਣਾਈ ਦੇਂਦਾ ਸੀ।
ਰਾਤ ਨੂੰ ਅਲੈਕਸੇਈ ਦੀ ਬਿਲਕੁਲ ਅੱਖ ਨਾ ਲੱਗੀ । ਸਾਰਾ ਵਾਰਡ ਡੂੰਘੀ ਨੀਂਦ ਸੁੱਤਾ ਪਿਆ ਸੀ । ਗਵੋਜ਼ਦਿਓਵ ਆਪਣੇ ਬਿਸਤਰੇ ਵਿੱਚ ਪਾਸੇ ਮਾਰ ਰਿਹਾ ਸੀ, ਜਿਸ ਨਾਲ ਮੰਜੇ ਦੇ ਸਪਰਿੰਗ ਕਿੜ-ਕਿੜ ਕਰਨ ਲੱਗ ਪੈਂਦੇ ਸਨ । ਸਤੇਪਾਨ ਈਵਾਨੋਵਿਚ ਇੰਝ ਸੀਟੀਆਂ ਨਾਲ ਘੁਰਾੜੇ ਮਾਰ ਰਿਹਾ ਸੀ, ਜਿਵੇਂ ਕਿ ਉਸਦਾ ਅੰਦਰਲਾ ਫਟ ਕੇ ਬਾਹਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ । ਕਦੀ ਕਦੀ ਕੋਮੀਸਾਰ ਵੀ ਪਾਸਾ ਪਰਤਦਾ, ਜਿਸ ਨਾਲ ਉਸਦੇ ਘੁੱਟ ਕੇ ਮੀਟੇ ਦੰਦਾਂ ਵਿੱਚੋਂ ਕੱਰਾਹਟ ਨਿੱਕਲ ਜਾਂਦੀ । ਪਰ ਅਲੈਕਸੇਈ ਨੂੰ ਕੁਝ ਨਹੀਂ ਸੀ ਸੁਣਾਈ ਦੇ ਰਿਹਾ। ਵਿੱਚ ਵਿੱਚ ਉਹ ਆਪਣੇ ਸਿਰਹਾਣੇ ਹੇਠੋਂ ਰਸਾਲਾ ਕੱਢ ਲੈਂਦਾ ਤੇ ਰਾਤ ਦੀ ਬੱਤੀ ਦੇ ਚਾਨਣ ਵਿੱਚ ਲੈਫ਼ਟੀਨੈਂਟ ਦੇ ਮੁਸਕ੍ਰਾਉਂਦੇ ਚਿਹਰੇ ਵੱਲ ਦੇਖ ਲੈਂਦਾ। “ਤੈਨੂੰ ਮੁਸ਼ਕਲ ਆ ਪਈ ਸੀ, ਪਰ ਤੂੰ ਇਸਨੂੰ ਸਰ ਕਰ ਲਿਆ,” ਉਹ ਸੋਚਣ ਲੱਗਾ। “ਮੇਰੀ ਮੁਸ਼ਕਲ ਤੇਰੇ ਨਾਲੋਂ ਦਸ ਗੁਣਾ ਵੱਡੀ ਏ, ਪਰ ਤੂੰ ਦੇਖੀਂ, ਮੈਂ ਵੀ ਪਿੱਛੇ ਨਹੀਂ ਰਹਿਣ ਲੱਗਾ!”
ਅੱਧੀ ਰਾਤ ਨੂੰ ਕੋਮੀਸਾਰ ਇੱਕਦਮ ਅਹਿੱਲ ਹੋ ਗਿਆ। ਅਲੈਕਸੇਈ ਨੇ ਅਰਕਾ ਭਾਰ ਉਤਾਂਹ ਉੱਠ ਕੇ ਦੇਖਿਆ ਕਿ ਉਹ ਪੀਲ਼ਾ ਪਿਆ ਹੋਇਆ ਸੀ, ਸ਼ਾਤ ਸੀ, ਤੇ ਲੱਗਦਾ ਸੀ ਕਿ ਸਾਹ ਨਹੀਂ ਲੈ ਰਿਹਾ। ਪਾਇਲਟ ਘੰਟੀ ਵੱਲ ਲਪਕਿਆ ਤੇ ਜ਼ੋਰ ਜ਼ੋਰ ਦੀ ਵਜਾਉਣ ਲੱਗ ਪਿਆ। ਕਲਾਵਦੀਆ ਮਿਖਾਇਲੋਵਨਾ ਦੌੜੀ ਦੌੜੀ ਵਾਰਡ ਵਿੱਚ ਆਈ, ਪੈਰੋਂ ਨੰਗੀ, ਉਨੀਂਦੀਆਂ ਅੱਖਾਂ ਤੇ ਲਿਟਾਂ ਪਿੱਛੇ ਪਿੱਠ ਉਤੇ ਲਮਕੀਆਂ ਹੋਈਆਂ। ਕੁਝ ਹੀ ਮਿੰਟਾਂ ਮਗਰੋਂ ਹਾਊਸ ਸਰਜਨ ਬੁਲਾ ਲਿਆ ਗਿਆ । ਉਸਨੇ ਕੋਮੀਸਾਰ ਦੀ ਨਬਜ਼ ਦੇਖੀ, ਉਸਨੂੰ ਕਾਫੂਰ ਦਾ ਟੀਕਾ ਲਾਇਆ ਤੇ ਆਕਸੀਜਨ ਦੇ ਥੈਲੇ ਦੀ ਟੂਟੀ ਉਸਦੇ ਮੂੰਹ ਨੂੰ ਲਾ ਦਿੱਤੀ । ਸਰਜਨ ਤੇ ਨਰਸ ਉਸ ਨਾਲ ਇੰਝ ਘੰਟਾ ਕੁ ਰੁਝੇ ਰਹੇ, ਤੇ ਕਦੀ ਕਦੀ ਲੱਗਦਾ ਸੀ ਕਿ ਉਹਨਾਂ ਨੂੰ ਕੋਈ ਆਸ ਨਹੀਂ। ਆਖ਼ਰ ਕੋਮੀਸਾਰ ਨੇ ਅੱਖਾਂ ਖੋਹਲੀਆਂ, ਕਲਾਵਦੀਆ ਮਿਖਾਈਲੋਵਨਾ ਵੱਲ ਦੇਖ ਕੇ ਹਲਕਾ ਜਿਹਾ, ਲਗਭਗ ਅਪੋਹ ਜਿਹਾ ਮੁਸਕ੍ਰਾਇਆ, ਤੇ ਹੌਲੀ ਜਿਹੀ ਬੋਲਿਆ:
“ਮੁਆਫ਼ ਕਰਨਾ, ਮੈਂ ਤੁਹਾਨੂੰ ਕਸ਼ਟ ਦਿਤੈ, ਤੇ ਫਜ਼ੂਲ ਹੀ। ਨਰਕ ਤੱਕ ਮੈਂ ਪੁੱਜ ਨਹੀਂ ਸਕਿਆ, ਜਿਸ ਲਈ ਛਾਈਆਂ ਵਾਸਤੇ ਦਵਾਈ ਮੈਂ ਨਹੀਂ ਲਿਆ ਸਕਿਆ । ਸੋ ਤੁਹਾਨੂੰ ਤਾਂ ਹੁਣ ਇਹਨਾਂ ਨਾਲ ਹੀ ਕੱਟਣੀ ਪਵੇਗੀ; ਕੀ ਕੀਤਾ ਜਾ ਸਕਦੈ!”
ਇਸ ਮਜ਼ਾਕ ਨਾਲ ਸਾਰਿਆਂ ਦੇ ਦਿਲਾਂ ਨੂੰ ਚੈਨ ਆਇਆ । ਇਹ ਆਦਮੀ ਤਾਂ ਬਲੂਤ ਵਾਂਗ ਮਜ਼ਬੂਤ ਹੈ; ਇਹੋ ਜਿਹਾ ਤੂਫਾਨ ਵੀ ਇਹ ਸਹਿ ਜਾਇਗਾ । ਹਾਊਸ ਸਰਜਨ ਵਾਰਡ ਵਿੱਚੋਂ ਚਲਾ ਗਿਆ; ਉਸਦੇ ਬੂਟਾਂ ਦੀ ਚੀਂ-ਚੀਂ ਬਰਾਮਦੇ ਵਿੱਚੋਂ ਹੌਲ਼ੀ ਹੌਲ਼ੀ ਦੂਰ ਜਾਂਦੀ ਸੁਣਾਈ ਦੇਂਦੀ ਸੀ; ਵਾਰਡ ਨੌਕਰਾਨੀਆਂ ਵੀ ਚਲੀਆਂ ਗਈਆਂ, ਤੇ ਸਿਰਫ ਕਲਾਵਦੀਆ ਮਿਖਾਇਲੋਵਨਾ ਹੀ ਰਹਿ ਗਈ। ਉਹ ਕੋਮੀਸਾਰ ਦੇ ਮੰਜੇ ਦੀ ਬਾਹੀ ਉੱਤੇ ਟੇਢੀ ਹੋ ਕੇ ਬੈਠੀ ਹੋਈ ਸੀ । ਮਰੀਜ਼ ਫਿਰ ਸੋ ਗਏ, ਸਿਵਾਏ ਮਰੇਸੇਯੇਵ ਦੇ, ਜਿਹੜਾ ਆਪਣੀਆਂ ਅੱਖਾਂ ਬੰਦ ਕਰੀ, ਐਸੇ ਬਣਾਵਟੀ ਪੈਰ ਬਾਰੇ ਸੋਚਦਾ ਪਿਆ ਸੀ ਜਿਹੜਾ ਉਸਦੇ ਹਵਾਈ ਜਹਾਜ਼ ਦੇ ਪੈਡਲਾਂ ਨਾਲ ਜੋੜਿਆ ਜਾ ਸਕੇ, ਭਾਵੇਂ ਪੇਟੀਆਂ ਦੇ ਨਾਲ ਹੀ ਕਿਉਂ ਨਾ ਹੋਵੇ । ਉਸਨੂੰ ਯਾਦ ਆਇਆ, ਇੱਕ ਵਾਰੀ ਏਅਰ ਕਲੱਬ ਵਿੱਚ ਹੀ ਉਸਨੇ ਸਿਖਲਾਇਕ ਤੋਂ, ਜਿਹੜਾ ਘਰੇਲੂ ਜੰਗ ਦੇ ਸਮੇਂ ਦਾ ਬਜ਼ੁਰਗ ਪਾਇਲਟ ਸੀ, ਇਹ ਸੁਣਿਆ ਸੀ ਕਿ ਇੱਕ ਪਾਇਲਟ ਨੇ, ਜਿਸ ਦੀਆਂ ਲੱਤਾਂ ਛੋਟੀਆਂ ਹੁੰਦੀਆਂ ਸਨ, ਪੈਡਲਾਂ ਨਾਲ ਲੱਕੜਾਂ ਬੰਨ੍ਹਵਾ ਲਈਆਂ ਸਨ।
“ਮੈਂ, ਭਰਾ, ਤੇਰੇ ਨਾਲੋਂ ਮਾੜਾ ਨਹੀਂ ਰਹਿਣ ਲੱਗਾ,” ਉਹ ਕਾਰਪੋਵਿਚ ਨੂੰ ਯਕੀਨ ਦੁਆਉਂਦਾ ਰਿਹਾ। “ਮੈਂ ਉਡਾਗਾਂ, ਮੈਂ ਉਡਾਗਾਂ!” ਦੇ ਲਫ਼ਜ਼ ਉਸਦੇ ਦਿਮਾਗ ਵਿੱਚ ਗੂੰਜਦੇ ਤੇ ਗਾਉਂਦੇ ਰਹੇ, ਤੇ ਨੀਂਦ ਨੂੰ ਬਾਹਰ ਧੱਕਦੇ ਰਹੇ । ਉਹ ਅੱਖਾਂ ਬੰਦ ਕਰੀ ਚੁੱਪ ਚਾਪ ਪਿਆ ਸੀ। ਉਸ ਵੱਲ ਦੇਖਦਿਆਂ ਕੋਈ ਇਹ ਸੋਚ ਸਕਦਾ ਸੀ ਕਿ ਉਹ ਘੂਕ ਸੁੱਤਾ ਪਿਆ ਹੈ ਤੇ ਨੀਂਦ ਵਿਚ ਮੁਸਕ੍ਰਾ ਰਿਹਾ ਹੈ।
ਤੇ ਉਥੇ ਪਿਆ ਪਿਆ, ਉਸਨੂੰ ਗੱਲਬਾਤ ਸੁਣਾਈ ਦਿੱਤੀ, ਜਿਹੜੀ ਮਗਰੋਂ ਮੁਸ਼ਕਲ ਸਮੇਂ ਉਸਨੂੰ ਕਈ ਵਾਰੀ ਯਾਦ ਆਈ।
“ਉਫ, ਤੁਸੀਂ ਕਿਉਂ ਇੰਝ ਕਰਦੇ ਹੋ? ਕਿਉਂ? ਇਹੋ ਜਿਹੀ ਬਿਮਾਰੀ ਦੇ ਹੁੰਦਿਆ ਹੱਸਣਾ, ਮਜ਼ਾਕ ਕਰਨੇ — ਇਹ ਭਿਆਨਕ ਗੱਲ ਹੈ। ਮੇਰਾ ਤਾਂ ਦਿਲ ਕੰਬ ਉਠਦੈ ਜਦੋਂ ਮੈਂ ਖਿਆਲ ਕਰਦੀ ਹਾਂ ਕਿ ਤੁਹਾਨੂੰ ਕਿੰਨੀ ਤਕਲੀਫ ਹੈ । ਤੁਸੀਂ ਵੱਖਰੇ ਵਾਰਡ ਵਿੱਚ ਜਾਣ ਤੋਂ ਕਿਉਂ ਇਨਕਾਰ ਕੀਤਾ ?”
ਲੱਗਦਾ ਸੀ ਕਿ ਇਹ ਵਾਰਡ ਦੀ ਨਰਸ ਕਲਾਵਦੀਆ ਮਿਖਾਇਲੋਵਨਾ ਨਹੀਂ ਬੋਲ ਰਹੀ, ਜਿਹੜੀ ਏਨੀਂ ਚੰਗੀ, ਏਨੀ ਸੋਹਣੀ ਪਰ ਦੇਖਣ ਨੂੰ ਏਨੀਂ ਗ਼ੈਰ-ਜਜ਼ਬਾਤੀ ਸੀ, ਸਗੋਂ ਕੋਈ ਹੋਰ ਔਰਤ ਬੋਲ ਰਹੀ ਸੀ, ਭਾਵਕ ਤੇ ਰੋਸ ਪ੍ਰਗਟ ਕਰਦੀ ਹੋਈ । ਉਸਦੀ ਅਵਾਜ਼ ਵਿੱਚ ਗਮ ਸੀ, ਤੇ ਸ਼ਾਇਦ ਇਸਤੋਂ ਇਲਾਵਾ ਕੁਝ ਹੋਰ। ਮਰੇਸੇਯੇਵ ਨੇ ਅੱਖਾਂ ਖੋਹਲੀਆਂ। ਰਾਤ ਦੀ ਬੱਤੀ ਦੇ ਚਾਨਣ ਵਿੱਚ, ਜਿਸਨੂੰ ਰੁਮਾਲ ਨਾਲ ਢੱਕਿਆ ਹੋਇਆ ਸੀ, ਉਸਨੂੰ ਸਿਰਹਾਣੇ ਦੇ ਉਤੇ ਪਿਆ ਕੋਮੀਸਾਰ ਦਾ ਪੀਲਾ, ਸੁੱਜਿਆ ਚਿਹਰਾ, ਉਸਦੀਆਂ ਮਿਹਰਬਾਨ, ਚਮਕਦੀਆਂ ਅੱਖਾਂ, ਤੇ ਨਰਸ ਦੀ ਮਲੂਕ, ਜ਼ਨਾਨਾ ਪ੍ਰੋਫਾਈਲ ਦਿਖਾਈ ਦਿੱਤੀ । ਨਰਸ ਦੇ ਸਿਰ ਦੇ ਪਿਛਲੇ ਪਾਸੇ ਪੈ ਰਿਹਾ ਚਾਨਣ ਉਸਦੇ ਮੁਲਾਇਮ, ਕੱਕੇ ਵਾਲਾਂ ਨੂੰ ਆਭਾ-ਮੰਡਲ ਵਾਂਗ ਬਣਾ ਰਿਹਾ ਸੀ, ਤੇ ਮਰੇਸੇਯੇਵ ਉਸਤੋਂ ਆਪਣੀਆਂ ਨਜ਼ਰਾਂ ਨਾ ਹਟਾ ਸਕਿਆ, ਭਾਵੇਂ ਉਹ ਚੇਤੰਨ ਸੀ ਕਿ ਇੰਝ ਕਰਨਾ ਠੀਕ ਨਹੀਂ।
“ਅਈ, ਅਈ ਨੰਨ੍ਹੀ ਸਿਸਟਰ ਦੇਖ ਅੱਥਰੂ ਨਾ ਵਹਾਅ। ਸ਼ਇਦ ਤੈਨੂੰ ਕੁਝ ਬਰੋਮਾਈਡ ਦੇਣਾ ਚਾਹੀਦੈ?” ਕੋਮੀਸਾਰ ਬੋਲਿਆ, ਜਿਸ ਤਰ੍ਹਾਂ ਕਿਸੇ ਛੋਟੀ ਕੁੜੀ ਨੂੰ ਕਹਿ ਰਿਹਾ ਹੁੰਦੈ।
“ਫਿਰ ਮਜ਼ਾਕ। ਕੈਸੇ ਆਦਮੀ ਹੋ ਤੁਸੀਂ? ਇਹ ਭਿਆਨਕ ਗੱਲ ਹੈ, ਸਮਝਦੇ ਹੋ, ਭਿਆਨਕ ਗੱਲ: ਹੱਸਣਾ, ਜਦ ਕਿ ਰੋਣਾ ਚਾਹੀਦੈ, ਦੂਜਿਆਂ ਨੂੰ ਤਸੱਲੀਆਂ ਦੇਣੀਆਂ, ਜਦ ਕਿ ਆਪਣੇ ਅੰਗ ਅੰਗ ਨੂੰ ਤਰਾਟਾਂ ਪੈ ਰਹੀਆਂ ਹੋਣ । ਤੁਸੀਂ, ਮੇਰੇ ਪਿਆਰੇ, ਪਿਆਰੇ ਭਲੇ ਆਦਮੀ ! ਤੁਹਾਨੂੰ ਆਪਣੇ ਵੱਲ ਇਸ ਤਰ੍ਹਾਂ ਦਾ ਵਤੀਰਾ ਰੱਖਣ ਦੀ ਹਿੰਮਤ ਨਹੀਂ ਕਰਨੀ ਚਾਹੀਦੀ, ਸੁਣਦੇ ਹੋ ? ਹਿੰਮਤ ਨਹੀਂ ਕਰਨੀ ਚਾਹੀਦੀ!”
ਉਸਨੇ ਆਪਣਾ ਸਿਰ ਹੇਠਾਂ ਕਰ ਲਿਆ ਤੇ ਕਿੰਨਾਂ ਚਿਰ ਚੁੱਪ-ਚਾਪ ਰੋਂਦੀ ਰਹੀ। ਉਦਾਸ, ਮਿਹਰਬਾਨ ਅੱਖਾਂ ਨਾਲ ਕੋਮੀਸਾਰ ਉਸਦੇ ਪਤਲੇ, ਚਿੱਟਾ ਚੋਗਾ ਪਾਈ ਕੰਬਦੇ ਮੋਢਿਆਂ ਵੱਲ ਦੇਖ ਰਿਹਾ ਸੀ।
“ਹੁਣ ਦੇਰ ਹੋ ਚੁੱਕੀ ਏ, ਸਿਸਟਰ, ਦੇਰ ਹੋ ਚੁੱਕੀ ਏ । ਆਪਣੇ ਨਿੱਜੀ ਮਾਮਲਿਆਂ ਵਿਚ ਮੈਂ ਹਮੇਸ਼ਾ ਹੀ ਬੇਸ਼ਰਮੀ ਦੀ ਹੱਦ ਤੱਕ ਦੇਰ ਕਰਦਾ ਰਿਹਾ ਹਾਂ, ਦੂਜੀਆਂ ਚੀਜਾਂ ਨੇ ਹੀ ਕਦੀ ਵਿਹਲ ਨਹੀਂ ਦਿੱਤੀ। ਤੇ ਹੁਣ, ਮੈਨੂੰ ਲੱਗਦੈ, ਬਿਲਕੁਲ ਹੀ ਦੇਰ ਹੋ ਗਈ ਹੈ।”
ਕੋਮੀਸਾਰ ਨੇ ਹਉਂਕਾ ਭਰਿਆ। ਨਰਸ ਨੇ ਸਿਰ ਚੁੱਕਿਆ ਤੇ ਅੱਥਰੂ-ਭਰੀਆਂ ਅੱਖਾਂ ਨਾਲ, ਤਾਂਘ ਭਰੀ ਆਸਵੰਦੀ ਨਾਲ ਉਸ ਵੱਲ ਦੇਖਿਆ। ਉਹ ਮੁਸਕ੍ਰਾਇਆ, ਮੁੜ ਕੇ ਉਸਨੇ ਠੰਡਾ ਸਾਹ ਭਰਿਆ ਤੇ ਆਪਣੇ ਸੁਭਾਉਕੀ ਮਿਹਰਬਾਨ ਤੇ ਹਲਕੇ ਜਿਹੇ ਮਜ਼ਾਕੀਆ ਅੰਦਾਜ਼ ਵਿੱਚ ਕਹਿਣਾ ਜਾਰੀ ਰੱਖਿਆ:
“ਲੈ ਸੁਣ ਇਹ ਕਹਾਣੀ, ਤੂੰ ਸਿਆਣੀ ਕੁੜੀ ਏ । ਮੈਨੂੰ ਹੁਣੇ ਹੀ ਇਹ ਯਾਦ ਆਈ ਏਂ । ਬਹੁਤ ਹੀ ਦੇਰ ਦੀ ਇਹ ਗੱਲ ਏ । ਘਰੇਲੂ ਜੰਗ ਵੇਲੇ ਦੀ, ਤੁਰਕਿਸਤਾਨ ਵਿੱਚ ਵਾਪਰੀ ਸੀ । ਹਾਂ । ਰਸਾਲਾ ਫ਼ੌਜ ਦਾ ਇੱਕ ਸੁਕਾਡਰਨ ਬਸਮਾਚੀ ਦਾ ਪਿੱਛਾ ਕਰਦਾ ਹੋਇਆ ਐਸੇ ਮਾਰੂਥਲ ਵਿੱਚ ਜਾ ਪੁੱਜਾ ਕਿ ਘੋੜੇ ਇੱਕ ਇੱਕ ਕਰਕੇ ਮਰਨ ਲੱਗੇ। ਘੋੜੇ ਰੂਸੀ ਸਨ, ਰੇਤਲੀਆਂ ਥਾਵਾਂ ਦੇ ਆਦੀ ਨਹੀਂ ਸਨ। ਤੇ ਰਸਾਲਾ ਫ਼ੌਜ ਤੋਂ ਅਸੀਂ ਪਿਆਦਾ ਫ਼ੌਜ ਬਣ ਗਏ । ਹਾਂ । ਤੇ ਕਮਾਂਡਰ ਨੇ ਫ਼ੈਸਲਾ ਇਹ ਕੀਤਾ ਕਿ ਸਾਰਾ ਸਾਜ਼-ਸਾਮਾਨ ਸੁੱਟ ਕੇ, ਸਿਰਫ ਹਥਿਆਰ ਲੈ ਕੇ ਪੈਦਲ ਕਿਸੇ ਵੱਡੇ ਸ਼ਹਿਰ ਵੱਲ ਤੁਰ ਪਿਆ ਜਾਏ । ਇਹ ਇੱਕ ਸੌ ਸੱਠ ਕਿਲੋਮੀਟਰ ਦੂਰੀ ਉੱਤੇ ਸੀ, ਤੇ ਰਸਤਾ ਨਿਰੋਲ ਮਾਰੂਥਲੀ ਸੀ । ਮਹਿਸੂਸ ਕਰ ਸਕਦੀ ਹੈ; ਤੂੰ ਨਿੱਕੀ ਜਿਹੀ ਸਿਆਣੀ ਕੁੜੀ ਏਂ ! ਇੱਕ ਦਿਨ ਅਸੀਂ ਤੁਰਦੇ ਗਏ, ਦੂਜਾ ਦਿਨ ਤੁਰਦੇ ਗਏ, ਤੀਜਾ ਦਿਨ ਤੁਰਦੇ ਗਏ। ਸੂਰਜ ਇਹ ਰਿਹਾ ਸੀ । ਪੀਣ ਨੂੰ ਪਾਣੀ ਨਹੀਂ ਸੀ । ਸਾਡੇ ਮੂੰਹ ਏਨੇ ਸੁੱਕੇ ਹੋਏ ਸਨ ਕਿ ਚਮੜੀ ਫੁੱਟ ਰਹੀ ਸੀ। ਤੇ ਹਵਾ ਵਿੱਚ ਗਰਮ ਰੇਤ ਸੀ, ਸਾਡੇ ਪੈਰਾਂ ਹੇਠਾਂ ਰੇਤ ਸਰ-ਸਰ ਕਰਦੀ ਸੀ, ਸਾਡੇ ਦੰਦਾਂ ਹੇਠ ਕਿਰਚ-ਕਿਰਚ ਕਰਦੀ ਸੀ, ਅੱਖਾਂ ਵਿੱਚ ਰੜਕਦੀ ਸੀ, ਸਾਡੇ ਗਲਿਆਂ ਤੋਂ ਹੇਠਾਂ ਜਾ ਰਹੀ ਸੀ। ਅੱਗੇ ਚੱਲਿਆ ਨਹੀਂ ਜਾ ਸਕਦਾ ਸੀ । ਇਹ ਭਿਆਨਕ ਸੀ, ਮੈਂ ਤੁਹਾਨੂੰ ਦਸਾਂ ! ਜੇ ਆਦਮੀ ਠੇਡਾ ਖਾ ਕੇ ਡਿੱਗ ਪੈਂਦਾ, ਤਾਂ ਮੂੰਹ ਵਿੱਚ ਰੇਤ ਵਾੜੀ ਪਿਆ ਰਹਿੰਦਾ। ਸਾਡਾ ਕੋਮੀਸਾਰ ਯਾਕੋਵ ਪਾਵਲੋਵਿਚ ਵੋਲੋਦਿਨ ਨਾਂ ਦਾ ਇੱਕ ਬੰਦਾ ਸੀ । ਦੇਖਣ ਨੂੰ ਪਿਲਪਿਲਾ, ਬੁੱਧੀਮਾਨ— ਉਹ ਇਤਿਹਾਸਕਾਰ ਸੀ ।… ਪਰ ਕਰੜਾ ਬਾਲਸ਼ਵਿਕ ਸੀ ਉਹ। ਲੱਗਦਾ ਸੀ ਕਿ ਉਹ ਸਭ ਤੋਂ ਪਹਿਲਾਂ ਡਿੱਗੇਗਾ, ਪਰ ਉਹ ਤੁਰੀ ਜਾਂਦਾ ਸੀ ਤੇ ਸਾਰੇ ਲੋਕਾਂ ਦੀ ਹੌਂਸਲਾ ਅਫ਼ਜਾਈ ਕਰੀ ਜਾ ਰਿਹਾ ਸੀ: ਚਲੋ ਚਲੋ, ਨੇੜੇ ਹੀ ਹੈ, ਜਲਦੀ ਪੁੱਜ ਜਾਵਾਂਗੇ । ਤੇ ਜੇ ਕੋਈ ਲੇਟ ਜਾਂਦਾ ਤਾਂ ਉਹ ਆਪਣੀ ਪਿਸਤੌਲ ਉਸ ਵੱਲ ਸੇਧ ਲੈਂਦਾ ਤੇ ਕਹਿੰਦਾ: “ਉੱਠ ਪੌ, ਨਹੀ ਤਾਂ ਗੋਲ਼ੀ ਮਾਰ ਦੇਵਾਗਾ”…
“ਚੌਥੇ ਦਿਨ, ਜਦੋਂ ਸ਼ਹਿਰ ਸਾਰਾ ਪੰਦਰ੍ਹਾਂ ਕਿਲੋਮੀਟਰ ਰਹਿ ਗਿਆ ਸੀ, ਤਾਂ ਸਭ ਲੋਕਾਂ ਦਾ ਸਾਹ-ਸਤ ਖ਼ਤਮ ਹੋ ਚੁੱਕਾ ਸੀ। ਅਸੀਂ ਡਿਗਦੇ-ਢਹਿੰਦੇ ਤੁਰੀ ਜਾ ਰਹੇ ਸਾਂ, ਜਿਵੇਂ ਸ਼ਰਾਬੀ ਹੋਈਏ, ਤੇ ਪਿੱਛੇ ਅਸੀਂ ਵਿੰਗੀ-ਟੇਢੀ ਪੈੜ ਛੱਡ ਰਹੇ ਸਾਂ, ਜਿਵੇਂ ਜ਼ਖਮੀ ਜਾਨਵਰ ਦੀ ਹੁੰਦੀ ਹੈ। ਇਕਦਮ ਕੋਮੀਸਾਰ ਨੇ ਇੱਕ ਗੀਤ ਸ਼ੁਰੂ ਕਰ ਦਿੱਤਾ । ਉਸਦੀ ਆਵਾਜ਼ ਬੜੀ ਭੈੜੀ, ਪਤਲੀ ਜਿਹੀ ਸੀ, ਤੇ ਗੀਤ ਜਿਹੜਾ ਉਸਨੇ ਸ਼ੁਰੂ ਕੀਤਾ, ਬੜਾ ਫਜ਼ੂਲ ਜਿਹਾ ਸੀ, ਪੁਰਾਣਾ ਫੌਜੀ ਗੀਤ: “ਚੂਬਾਰਿਕੀ, ਚੂਬਾਰਿਕੀ”- ਪਰ ਅਸੀਂ ਨਾਲ ਅਵਾਜ਼ ਰਲਾਈ ਤੇ ਗਾਉਣ ਲੱਗ ਪਏ। ਮੈਂ ਹੁਕਮ ਦਿੱਤਾ: “ਇੱਕ ਕਤਾਰ ਬਣਾਓ!” ਤੇ ਉਹਨਾਂ ਨੂੰ ਕਦਮ ਮਿਲਾ ਕੇ ਚੱਲਣ ਲਈ ਕਿਹਾ । ਤੁਸੀਂ ਸੱਚ ਨਹੀਂ ਮੰਨਣਾ, ਪਰ ਤੁਰਨਾ ਸੌਖਾ ਹੋ ਗਿਆ।
“ਇਸ ਤੋਂ ਮਗਰੋਂ ਅਸੀਂ ਇੱਕ ਹੋਰ ਸ਼ੁਰੂ ਕੀਤਾ, ਤੇ ਫਿਰ ਇੱਕ ਹੋਰ । ਸਮਝ ਸਕਦੀ ਏਂ, ਛੋਟੀ ਜਿਹੀ ਸਿਸਟਰ ! ਅਸੀ ਖੁਸ਼ਕ, ਫੁੱਟੇ ਹੋਏ ਮੂੰਹਾਂ ਨਾਲ ਗਾ ਰਹੇ ਸਾਂ, ਤੇ ਉਹ ਵੀ ਏਨੀ ਲੂਹ ਸੁੱਟਣ ਵਾਲ਼ੀ ਗਰਮੀ ਵਿੱਚ! ਸਾਨੂੰ ਜਿੰਨੇ ਗੀਤ ਆਉਂਦੇ ਸੀ, ਅਸੀਂ ਸਾਰੇ ਗਾਏ ਤੇ ਆਖਰ ਜਾ ਪੁੱਜੇ, ਇੱਕ ਵੀ ਆਦਮੀ ਨੂੰ ਮਾਰੂਥਲ ਵਿੱਚ ਛੱਡੇ ਤੋਂ ਬਿਨਾਂ ਦੇਖਿਆ, ਇੰਝ ਹੁੰਦੈ।”
“ਤੇ ਕੋਮੀਸਾਰ ਦਾ ਕੀ ਬਣਿਆ ?” ਕਲਾਵਦੀਆ ਮਿਖਾਇਲੋਵਨਾ ਨੇ ਪੁੱਛਿਆ।
“ਕੋਮੀਸਾਰ ਦਾ ਕੀ ਬਨਣਾ ਸੀ? ਜਿਊਂਦਾ-ਜਾਗਦੈ, ਹੁਣ ਵੀ ਸਿਹਤਮੰਦ ਏ । ਪ੍ਰੋਫ਼ੈਸਰ ਹੈ, ਪੁਰਾਤਤਵ ਵਿਗਿਆਨੀ। ਪੂਰਵ-ਇਤਿਹਾਸਕ ਬਸਤੀਆਂ ਨੂੰ ਧਰਤੀ ਵਿੱਚੋਂ ਪੁੱਟ ਕੱਢਦੈ। ਠੀਕ ਹੈ ਕਿ ਉਸਤੋਂ ਮਗਰੋਂ ਉਸਦੀ ਆਵਾਜ਼ ਜਾਂਦੀ ਰਹੀ । ਫੁਸਫਸਾਉਂਦਾ ਹੈ । ਪਰ ਉਸਨੂੰ ਅਵਾਜ਼ ਦੀ ਲੋੜ ਵੀ ਕੀ ਹੈ ?.. ਤੇ ਬੱਸ, ਅੱਜ ਲਈ ਕਹਾਣੀਆਂ ਖ਼ਤਮ । ਹੁਣ ਤੂੰ ਜਾਹ; ਮੈਂ ਵਚਨ ਦਿੰਦਾ ਹਾਂ, ਰਸਾਲਾ ਫ਼ੌਜੀ ਵਾਲ਼ਾ ਕਿ ਅੱਜ ਰਾਤ ਮੈਂ ਹੋਰ ਨਹੀਂ ਮਰਾਂਗਾ।”
ਆਖ਼ਰ ਮਰੇਸੇਯੇਵ ਨੂੰ ਗੂਹੜੀ ਨੀਂਦ ਆ ਗਈ ਤੇ ਸੁਪਨੇ ਵਿੱਚ ਉਸਨੇ ਇਕ ਮਾਰੂਥਲ ਦੇਖਿਆ, ਜਿਹੜਾ ਉਸਨੇ ਕਦੀ ਜ਼ਿੰਦਗੀ ਵਿੱਚ ਨਹੀਂ ਸੀ ਦੇਖਿਆ, ਫੁੱਟੇ ਹੋਏ, ਲਹੂ- ਲੁਹਾਣ ਮੂੰਹ ਦੇਖੇ ਜਿਨ੍ਹਾਂ ਵਿੱਚੋਂ ਗੀਤਾਂ ਦੀਆਂ ਧੁਨਾਂ ਨਿੱਕਲ ਰਹੀਆਂ ਸਨ, ਤੇ ਕੋਮੀਸਾਰ ਵੋਲੋਦੀਨ ਨੂੰ ਦੇਖਿਆ, ਜਿਹੜਾ ਸੁਪਨੇ ਵਿਚ, ਪਤਾ ਨਹੀਂ ਕਿਉਂ, ਕੋਮੀਸਾਰ ਵੋਰੋਬੀਉਵ ਨਾਲ ਮਿਲਦਾ ਸੀ।
ਉਹ ਦੇਰ ਨਾਲ ਉੱਠਿਆ, ਜਦੋਂ ਸੂਰਜ ਦੀਆਂ ਕਿਰਨਾਂ ਵਾਰਡ ਦੇ ਅੱਧ ਤੱਕ ਪੁੱਜ ਚੁੱਕੀਆਂ ਸਨ, ਜਿਸਦਾ ਮਤਲਬ ਹੁੰਦਾ ਸੀ ਕਿ ਦੁਪਹਿਰ ਹੋ ਗਈ ਹੈ; ਤੇ ਜਦੋਂ ਉਹ ਉਠਿਆ ਤਾਂ ਉਸਦੇ ਦਿਲ ਵਿੱਚ ਕੋਈ ਖੁਸ਼ੀ ਦੀ ਭਾਵਨਾ ਸੀ । ਕਿਸੇ ਸੁਪਨੇ ਕਾਰਨ ? ਕਿਹੜੇ ਸੁਪਨੇ ਕਾਰਨ ? ਉਸਦੀ ਨਜ਼ਰ ਰਸਾਲੇ ਉੱਤੇ ਪਈ, ਜਿਸਨੂੰ ਉਸਨੇ ਸੁੱਤੇ ਨੇ ਘੁੱਟ ਕੇ ਫੜ ਰਖਿਆ ਸੀ; ਮਰੋੜੇ ਪਏ ਕਾਗਜ਼ ਉੱਪਰੋਂ ਲੈਫ਼ਟੀਨੈਂਟ ਕਾਰਪੋਵਿਚ ਅਜੇ ਵੀ ਉਹ ਖਿੱਚੀ ਖਿੱਚੀ, ਦਲੇਰ ਮੁਸਕਾਣ ਸੁੱਟ ਰਿਹਾ ਸੀ। ਮਰੇਸੇਯੇਵ ਨੇ ਧਿਆਨ ਨਾਲ ਰਸਾਲੇ ਨੂੰ ਸਿੱਧਿਆਂ ਕੀਤਾ ਤੇ ਲੈਫ਼ਟੀਨੈਂਟ ਨੂੰ ਅੱਖ ਮਾਰੀ ।
ਕੋਮੀਸਾਰ ਪਹਿਲਾਂ ਹੀ ਮੂੰਹ-ਹੱਥ ਧੋ ਕੇ ਤੇ ਵਾਲ-ਸਵਾਰ ਕੇ ਬੈਠਾ ਉਸ ਵੱਲ ਮੁਸਕ੍ਰਾਉਂਦਾ ਹੋਇਆ ਦੇਖ ਰਿਹਾ ਸੀ।
“ਤੂੰ ਇਹਨੂੰ ਕੀ ਅੱਖਾਂ ਮਾਰਨ ਡਿਹੈਂ।” ਉਸਨੇ ਖੁਸ਼ੀ ਮਹਿਸੂਸ ਕਰਦਿਆਂ ਪੁੱਛਿਆ।
“ਉਡਾਂਗੇ,” ਅਲੈਕਸੇਈ ਨੇ ਜਵਾਬ ਦਿੱਤਾ।
“ਤੇ ਕਿੱਦਾਂ ? ਉਸਦਾ ਸਿਰਫ ਇੱਕ ਪੈਰ ਨਹੀਂ ਸੀ, ਪਰ ਤੇਰੇ ਦੋਵੇਂ ਹੀ ਨਹੀਂ।”
“ਪਰ ਮੈਂ ਸੋਵੀਅਤ ਇਨਸਾਨ ਹਾਂ, ਰੂਸੀ!” ਮਰੇਸੇਯੇਵ ਜਵਾਬ ਵਿੱਚ ਬੋਲਿਆ।
ਉਸਨੇ ਇਹ ਲਫ਼ਜ਼ ਐਸੇ ਅੰਦਾਜ਼ ਵਿੱਚ ਕਹੇ, ਜਿਵੇਂ ਕਿ ਇਹ ਇਸ ਗੱਲ ਦੀ ਜਮਾਨਤ ਹੋਣ ਕਿ ਉਹ ਲੈਫ਼ਟੀਨੈਂਟ ਕਾਰਪੋਵਿਚ ਨੂੰ ਜ਼ਰੂਰ ਪਿੱਛੇ ਛੱਡ ਜਾਇਗਾ ਤੇ ਜ਼ਰੂਰ ਉਡਾਣ ਕਰੇਗਾ।
ਨਾਸ਼ਤੇ ਵੇਲੇ ਵਾਰਡ ਦੀ ਨੌਕਰਾਣੀ ਨੇ ਜੋ ਕੁਝ ਵੀ ਲਿਆਂਦਾ, ਉਹ ਸਭ ਖਾ ਗਿਆ, ਬੜਾ ਹੈਰਾਨ ਹੋ ਕੇ ਆਪਣੀ ਖਾਲੀ ਪਲੇਟ ਵੱਲ ਦੇਖਣ ਲੱਗ ਪਿਆ ਤੇ ਹੋਰ ਮੰਗ ਕੀਤੀ: ਉਹ ਬੈਚੈਨ ਉਤੇਜਨਾ ਵਾਲੀ ਅਵਸਥਾ ਵਿੱਚ ਸੀ; ਉਹ ਗਾਉਣ ਲੱਗ ਪੈਂਦਾ, ਸੀਟੀ ਮਾਰਨ ਲੱਗ ਪੈਂਦਾ ਤੇ ਆਪਣੇ ਆਪ ਨਾਲ ਹੀ ਉੱਚੀ ਉੱਚੀ ਦਲੀਲਾਂ ਕਰਨ ਲੱਗ ਪੈਂਦਾ। ਜਦੋਂ ਪ੍ਰੋਫੈਸਰ ਆਪਣੇ ਰਾਊਂਡ ਉੱਤੇ ਆਇਆ, ਤਾਂ ਉਸਦੇ ਰੌਅ ਤੋਂ ਲਾਭ ਉਠਾਉਂਦਿਆਂ, ਉਸਨੇ ਉਸਨੂੰ ਸਵਾਲਾਂ ਨਾਲ ਜਿੱਚ ਕਰਨਾ ਸ਼ੁਰੂ ਕਰ ਦਿੱਤਾ ਕਿ ਜਲਦੀ ਹੀ ਰਾਜ਼ੀ ਹੋਣ ਲਈ ਕੀ ਕਰਨਾ ਜ਼ਰੂਰੀ ਹੈ। ਪ੍ਰੋਫ਼ੈਸਰ ਨੇ ਜਵਾਬ ਦਿੱਤਾ ਕਿ ਉਸਨੂੰ ਵਧੇਰੇ ਖਾਣਾ ਤੇ ਵਧੇਰੇ ਸੌਣਾ ਚਾਹੀਦਾ ਹੈ। ਉਸਤੋਂ ਮਗਰੋਂ, ਦੁਪਹਿਰ ਦੇ ਖਾਣੇ ਵੇਲੇ ਅਲੈਕਸੇਈ ਨੇ ਦੂਜਾ ਕੋਰਸ ਦੋ ਵਾਰੀ ਮੰਗਿਆ ਤੇ ਚਾਰ ਕਤਲੇਤਾਂ ਕੋਸ਼ਿਸ਼ ਕਰਕੇ ਖਾ ਗਿਆ । ਦੁਪਹਿਰੇ ਉਹ ਸੌਂ ਤਾਂ ਨਾ ਸਕਿਆ, ਪਰ ਅੱਖਾਂ ਬੰਦ ਕਰੀ ਡੇਢ ਘੰਟਾ ਉਹ ਲੰਮਾ ਪਿਆ ਰਿਹਾ।
ਖੁਸ਼ੀ ਬੰਦੇ ਨੂੰ ਖੁਦ-ਪਸੰਦ ਬਣਾ ਦੇਂਦੀ ਹੈ। ਜਦੋਂ ਅਲੈਕਸੇਈ ਪ੍ਰੋਫੈਸਰ ਨੂੰ ਸਵਾਲਾਂ ਨਾਲ ਜਿੱਚ ਕਰ ਰਿਹਾ ਸੀ, ਤਾਂ ਉਸਨੇ ਉਸ ਗੱਲ ਵੱਲ ਧਿਆਨ ਨਾ ਦਿੱਤਾ, ਜਿਸ ਵੱਲ ਸਾਰੇ ਵਾਰਡ ਦਾ ਧਿਆਨ ਖਿੱਚਿਆ ਗਿਆ ਸੀ । ਵਾਸਿਲੀ ਵਾਸਿਲੀਏਵਿਚ ਹਮੇਸ਼ਾ ਵਾਂਗ ਪੂਰੇ ਵਕਤ ਸਿਰ ਆਪਣੇ ਰਾਊਂਡ ਉੱਤੇ ਆਇਆ, ਜਦੋਂ ਸੂਰਜ ਦੀਆਂ ਕਿਰਨਾਂ, ਹੌਲ਼ੀ ਹੌਲ਼ੀ ਵਾਰਡ ਦੇ ਸਾਰੇ ਫਰਸ਼ ਦੇ ਉੱਪਰੋਂ ਦੀ ਹੁੰਦੀਆਂ ਹੋਈਆਂ ਉਸ ਥਾਂ ਪੁੱਜ ਗਈਆਂ ਸਨ, ਜਿੱਥੋਂ ਫਰਸ਼ ਦੀ ਲਕੜੀ ਦਾ ਇੱਕ ਟੋਟਾ ਲੱਥਾ ਹੋਇਆ ਸੀ । ਪ੍ਰੋਫ਼ੈਸਰ ਹਮੇਸ਼ਾ ਵਾਂਗ ਦੇਖਣ ਵਿੱਚ ਸਾਵਧਾਨ ਲੱਗਦਾ ਸੀ, ਪਰ ਹਰ ਕਿਸੇ ਨੂੰ ਲੱਗਾ ਕਿ ਜਿਵੇਂ ਅੰਦਰੋਂ ਉਹ ਕੁਝ ਗੁਆਚਾ ਗੁਆਚਾ ਜਿਹਾ ਹੈ, ਜਿਵੇਂ ਕਿ ਉਹ ਪਹਿਲਾਂ ਕਦੀ ਨਹੀਂ ਸੀ ਲੱਗਾ। ਉਹ ਡਾਂਟ-ਡਪਟ ਨਹੀਂ ਸੀ ਕਰ ਰਿਹਾ, ਜਿਵੇਂ ਕਿ ਉਹ ਹਮੇਸ਼ਾ ਕਰਦਾ ਸੀ, ਤੇ ਉਸਦੀਆਂ ਲਾਲ ਹੋਈਆਂ ਅੱਖਾਂ ਦੇ ਕੋਨਿਆਂ ਦੀਆਂ ਨਾੜਾਂ ਲਗਾਤਾਰ ਫ਼ਰਕ ਰਹੀਆਂ ਸਨ । ਸ਼ਾਮ ਦੇ ਰਾਊਂਡ ਵੇਲ਼ੇ ਉਹ ਸੁੰਗੜ ਗਿਆ ਤੇ ਪ੍ਰਤੱਖ ਤੌਰ ਉੱਤੇ ਬੁੱਢਾ ਹੋ ਗਿਆ ਲੱਗਦਾ ਸੀ । ਮੱਧਮ ਅਵਾਜ਼ ਵਿਚ ਉਸਨੇ ਵਾਰਡ ਦੀ ਨੌਕਰਾਣੀ ਨੂੰ ਦਰਵਾਜ਼ੇ ਦੇ ਹੈਂਡਲ ਉੱਤੇ ਝਾੜਨ ਰੱਖ ਦੇਣ ਲਈ ਝਿੜਕਿਆ, ਕੋਮੀਸਾਰ ਦੇ ਬੁਖਾਰ ਦਾ ਚਾਰਟ ਦੇਖਿਆ, ਉਸ ਲਈ ਕੁਝ ਤਜਵੀਜ਼ ਕੀਤਾ ਤੇ ਚੁੱਪ-ਚਾਪ ਬਾਹਰ ਚਲਾ ਗਿਆ: ਉਸਦੇ ਸਾਥੀ ਵੀ ਮਗਰੋਂ ਹੀ ਚਲੇ ਗਏ, ਉਹ ਵੀ ਚੁੱਪ ਤੇ ਬੇਚੈਨ ਲਗਦੇ ਸਨ । ਬਰੂਹਾਂ ਉੱਤੇ ਉਸਨੇ ਠੇਡਾ ਖਾਧਾ, ਤੇ ਡਿੱਗ ਹੀ ਪੈਂਦਾ ਜੇ ਕੋਈ ਉਸਨੂੰ ਅਰਕ ਤੋਂ ਨਾ ਫ਼ੜ ਲੈਂਦਾ। ਇਸ ਉੱਚੇ-ਲੰਮੇ, ਭਾਰੀ-ਭਰਕਮ, ਬੈਠੀ ਅਵਾਜ਼ ਵਾਲੇ ਸਖ਼ਤ ਡਾਂਟ- ਡਪਟ ਕਰਨ ਵਾਲੇ ਬੰਦੇ ਵਾਲ਼ੇ ਲਈ ਏਨਾਂ ਚੁੱਪ ਤੇ ਨਰਮ ਹੋਣਾ ਬਿਲਕੁਲ ਬੇਮੇਲ ਲੱਗਦਾ ਸੀ। ਬਤਾਲੀ ਨੰਬਰ ਵਾਰਡ ਵਾਲਿਆਂ ਨੇ ਹੈਰਾਨੀ ਭਰੀਆਂ ਨਜ਼ਰਾਂ ਨਾਲ ਉਸਨੂੰ ਜਾਂਦੇ ਨੂੰ ਦੇਖਿਆ। ਇਸ ਵੱਡੇ ਸਾਰੇ, ਮਿਹਰਬਾਨ ਬੰਦੇ ਨੂੰ ਸਾਰੇ ਪਿਆਰ ਕਰਨ ਲੱਗ ਪਏ ਸਨ, ਤੇ ਉਸ ਵਿਚਲੀ ਇਹ ਤਬਦੀਲੀ ਸਰਿਆਂ ਨੂੰ ਬੇਚੈਨ ਕਰਨ ਲੱਗੀ।
ਅਗਲੀ ਸਵੇਰ ਉਹਨਾਂ ਨੂੰ ਕਾਰਨ ਦਾ ਵੀ ਪਤਾ ਲੱਗ ਗਿਆ। ਵਾਸਿਲੀ ਵਾਸਿਲੀਏਵਿਚ ਦਾ ਇੱਕੋ ਇੱਕ ਮੁੰਡਾ, ਉਸਦਾ ਨਾਂ ਵੀ ਵਾਸਿਲੀ ਵਾਸਿਲੀਏਵਿਚ ਹੀ ਸੀ, ਤੇ ਉਹ ਵੀ ਡਾਕਟਰ ਤੇ ਚੰਗੀ ਆਸ ਦੁਆਉਂਦਾ ਵਿਗਿਆਨੀ ਸੀ, ਆਪਣੇ ਪਿਉ ਲਈ ਮਾਨ ਤੇ ਖੁਸ਼ੀ ਦਾ ਕਾਰਨ ਸੀ, ਪੱਛਮੀ ਮਹਾਜ਼ ਉੱਤੇ ਮਾਰਿਆ ਗਿਆ ਸੀ। ਆਮ ਸਮੇਂ ਉੱਤੇ ਸਾਰਾ ਹਸਪਤਾਲ ਸਾਹ ਰੋਕੀ ਉਡੀਕ ਰਿਹਾ ਸੀ ਕਿ ਪ੍ਰੋਫ਼ੈਸਰ ਆਪਣੇ ਰੋਜ਼ਾਨਾ ਰਾਊਂਡ ਲਈ ਆਏਗਾ ਜਾਂ ਨਹੀ। ਵਾਰਡ ਨੰਬਰ ਬਤਾਲੀ ਵਿੱਚ ਹਰ ਕੋਈ ਸੂਰਜ ਦੀਆਂ ਕਿਰਨਾਂ ਨੂੰ ਹੌਲੀ ਹੌਲੀ ਤੇ ਅਪੋਹ ਢੰਗ ਨਾਲ ਫਰਸ਼ ਦੇ ਉੱਪਰੋਂ ਦੀ ਜਾਂਦਿਆਂ ਗਹੁ ਨਾਲ ਵੇਖ ਰਿਹਾ ਸੀ। ਆਖ਼ਰ ਇਹ ਉਸ ਥਾਂ ਪੁੱਜ ਗਈਆਂ ਜਿੱਥੋਂ ਫਰਸ਼ ਦੀ ਇੱਕ ਲਕੜੀ ਲੱਥੀ ਹੋਈ ਸੀ ਤੇ ਉਹ ਸਾਰੇ ਇੱਕ ਦੂਜੇ ਵੱਲ ਦੇਖਣ ਲੱਗੇ, ਜਿਵੇਂ ਕਹਿ ਰਹੇ ਹੋਣ ਕਿ ਉਹ ਨਹੀਂ ਆਏਗਾ । ਪਰ ਐਨ ਉਸੇ ਵੇਲੇ ਜਾਤੀ-ਪਛਾਤੀ ਭਾਰੀ-ਭਰਕਮ ਤੋਰ ਤੇ ਕਿੰਨੇਂ ਸਾਰੇ ਨਾਲ ਦੇ ਬੰਦਿਆਂ ਦੇ ਕਦਮਾਂ ਦੀਆਂ ਅਵਾਜ਼ਾਂ ਬਰਾਮਦੇ ਵਿਚ ਸੁਣਾਈ ਦਿੱਤੀਆਂ। ਪ੍ਰੋਫ਼ੈਸਰ ਸਗੋਂ ਅੱਗੇ ਨਾਲੋਂ ਵੀ ਕੁਝ ਚੰਗਾ ਲੱਗਦਾ ਸੀ । ਠੀਕ ਹੈ ਕਿ ਉਸਦੀਆਂ ਅੱਖਾਂ ਲਾਲ ਹੋਈਆਂ ਹੋਈਆਂ ਸਨ ਤੇ ਪਲਕਾਂ ਤੇ ਨੱਕ ਸੁੱਜੇ ਹੋਏ ਸਨ, ਜਿਵੇਂ ਕਿ ਅਕਸਰ ਹੁੰਦਾ ਹੈ ਜਦੋਂ ਕਿਸੇ ਨੂੰ ਸਖ਼ਤ ਜ਼ੁਕਾਮ ਹੋਇਆ ਹੋਵੇ, ਤੇ ਉਸਦੇ ਫੁੱਲੇ ਹੋਏ, ਛਿੱਲੇ ਹੋਏ ਹੱਥ ਪ੍ਰਤੱਖ ਤੌਰ ਉੱਤੇ ਕੰਬ ਰਹੇ ਸਨ, ਜਦੋਂ ਉਸਨੇ ਕੋਮੀਸਾਰ ਦਾ ਬੁਖਾਰ ਦਾ ਚਾਰਟ ਮੇਜ਼ ਉੱਤੋਂ ਚੁੱਕਿਆ; ਪਰ ਉਹ ਹਮੇਸ਼ਾ ਵਾਂਗ ਹੀ ਚੁਸਤ- ਫ਼ੁਰਤ ਸੀ ਤੇ ਸਿਰਫ ਕੰਮ ਦੀ ਗੱਲ ਕਰ ਰਿਹਾ ਸੀ। ਸਿਰਫ ਉਸਦੀ ਡਾਂਟ-ਡਪਟ ਦਾ ਰੌਲਾ ਨਹੀਂ ਸੀ।
ਜਿਵੇਂ ਕਿ ਸਭ ਨੇ ਸਮਝੌਤਾ ਕੀਤਾ ਹੋਵੇ, ਜ਼ਖਮੀ ਤੋਂ ਬੀਮਾਰ ਉਸ ਦਿਨ ਉਸਨੂੰ ਹਰ ਸੰਭਵ ਤਰੀਕੇ ਨਾਲ਼ ਖੁਸ਼ ਕਰਨ ਲਈ ਇੱਕ ਦੂਜੇ ਨਾਲ ਜਿੱਦਣ ਲੱਗੇ । ਸਾਰੇ ਉਸਨੂੰ ਯਕੀਨ ਦੁਆਉਣ ਲੱਗ ਪਏ ਕਿ ਉਹ ਸਾਰੇ ਅੱਗੇ ਨਾਲੋਂ ਬਹੁਤ ਠੀਕ ਹਨ, ਇੱਥੋਂ ਤੱਕ ਕਿ ਸਭ ਤੋਂ ਗੰਭੀਰ ਕੇਸਾਂ ਨੇ ਵੀ ਕੋਈ ਸ਼ਿਕਾਇਤ ਨਾ ਕੀਤੀ ਤੇ ਦੱਸਿਆ ਕਿ ਉਹ ਰਾਜ਼ੀ ਹੋਣ ਵੱਲ ਤੁਰ ਪਏ ਹਨ। ਤੇ ਹਰ ਕੋਈ ਹਸਪਤਾਲ ਵਿਚਲੇ ਪ੍ਰਬੰਧ ਦੀਆਂ ਵਧ ਚੜ੍ਹ ਕੇ ਸਿਫ਼ਤਾਂ ਕਰਨ ਲੱਗਾ ਤੇ ਕੀਤੇ ਜਾਂਦੇ ਕੁਝ ਇਲਾਜਾਂ ਦੇ ਕਰਾਮਾਤੀ ਚੰਗੇ ਅਸਰ ਦੀ ਸ਼ਾਹਦੀ ਭਰਨ ਲੱਗਾ। ਇਹ ਇੱਕ ਮਿੱਤਰ ਪਰਿਵਾਰ ਵਾਂਗ ਸੀ, ਜਿਹੜਾ ਭਾਰੀ ਤੇ ਸਾਂਝੇ ਗ਼ਮ ਕਾਰਨ ਇੱਕਮਿੱਕ ਹੋਇਆ ਹੋਵੇ।
ਵਾਰਡਾਂ ਦਾ ਚੱਕਰ ਲਾਉਂਦਾ ਵਾਸਿਲੀ ਵਾਸਿਲੀਏਵਿਚ ਹੈਰਾਨ ਹੋ ਰਿਹਾ ਸੀ ਕਿ ਉਸ ਸਵੇਰ ਉਸਦੇ ਇਲਾਜਾਂ ਨੂੰ ਏਨੀ ਸਫ਼ਲਤਾ ਕਿਉਂ ਮਿਲ ਰਹੀ ਹੈ?
ਪਰ ਕੀ ਉਹ ਸੱਚਮੁਚ ਹੈਰਾਨ ਹੋ ਰਿਹਾ ਸੀ? ਸ਼ਾਇਦ ਉਹ ਇਸ ਸਿੱਧੜ ਜਿਹੀ, ਮੂਕ ਸਾਜਸ਼ ਨੂੰ ਸਮਝ ਗਿਆ ਸੀ । ਤੇ ਜੇ ਉਹ ਸਮਝ ਹੀ ਗਿਆ ਸੀ, ਤਾਂ ਵੀ ਸ਼ਾਇਦ ਇਸਨੇ ਉਸਨੂੰ ਇਸ ਗੱਲ ਦੇ ਯੋਗ ਬਣਾਇਆ ਕਿ ਉਹ ਆਪਣੇ ਸਖ਼ਤ, ਕਦੀ ਨਾ ਭਰਨ ਵਾਲ਼ੇ ਜ਼ਖਮ ਨੂੰ ਵਧੇਰੇ ਸੌਖੀ ਤਰ੍ਹਾਂ ਸਹਿ ਸਕੇ।
9
ਪੂਰਬ ਵੱਲ ਨੂੰ ਖੁੱਲਦੀ ਬਾਰੀ ਦੇ ਬਾਹਰ, ਪੋਪਲਰ ਦੇ ਰੁੱਖ ਦੀ ਟਾਹਣ ਛੋਟੇ ਛੋਟੇ, ਹਲਕੇ-ਪੀਲ਼ੇ, ਚਿਪਚਿਪੇ ਪੱਤੇ ਪਹਿਲਾਂ ਹੀ ਝਾੜ ਚੁੱਕੀ ਸੀ, ਜਿਨ੍ਹਾਂ ਦੇ ਹੇਠਾਂ ਮੋਟੀਆਂ ਸੁੰਡੀਆਂ ਵਰਗੀਆਂ ਲਾਲ, ਫੁੱਲੀਆਂ ਹੋਈਆਂ ਫ਼ਲੀਆਂ ਸਨ। ਸਵੇਰੇ ਪੱਤੇ ਧੁੱਪ ਵਿੱਚ ਲਿਸ਼ਕਦੇ ਤੇ ਇੰਝ ਲੱਗਦਾ ਜਿਵੇਂ ਉਹ ਮੋਮੀ ਕਾਗਜ਼ ਦੇ ਬਣੇ ਹੋਣ। ਉਹਨਾਂ ਤੋਂ ਤੇਜ਼ ਤੇ ਤੁਰਸ਼ ਲੂਣੀ ਜਿਹੀ ਸੱਜਰੀ ਮਹਿਕ ਆਉਂਦੀ, ਜਿਹੜੀ ਬਾਰੀ ਦੇ ਹਵਾ ਲਈ ਖੁੱਲ੍ਹੇ ਰੱਖੇ ਝਰੋਖੇ ਵਿੱਚੋਂ ਅੰਦਰ ਆ ਵੜਦੀ ਤੇ ਹਸਪਤਾਲੀ ਵਾਸ਼ਨਾ ਨੂੰ ਕੱਢ ਮਾਰਦੀ ।
ਸਤੇਪਾਨ ਈਵਾਨੋਵਿਚ ਦੀ ਖੁੱਲਦਿਲੀ ਦੇ ਸਿੱਟੇ ਵਜੋਂ ਪਲ਼ ਕੇ ਮੋਟੀਆਂ ਹੋਈਆਂ ਚਿੜੀਆਂ ਦੀ ਗ਼ੁਸਤਾਖੀ ਦਾ ਹੁਣ ਕੋਈ ਟਿਕਾਣਾ ਨਹੀਂ ਸੀ । ਬਸੰਤ ਦੇ ਆਉਣ ਨਾਲ “ਮਸ਼ੀਨਗੰਨਰ” ਦੇ ਨਵੀਂ ਪੂਛ ਨਿੱਕਲ ਆਈ ਸੀ, ਤੇ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਗੁੱਸੈਲ ਤੇ ਲੜਾਕਾ ਹੋ ਗਿਆ ਸੀ। ਸਵੇਰੇ, ਪੰਛੀ ਸਿਲ੍ਹ ਦੇ ਬਾਹਰਲੇ ਵਧਾਣ ਉੱਤੇ ਐਸੀਆਂ ਸ਼ੋਰ – ਭਰੀਆਂ ਮੀਟਿੰਗਾਂ ਕਰਦੇ ਕਿ ਵਾਰਡ ਨੂੰ ਸਾਫ਼ ਕਰਨ ਵਾਲੀ ਨੌਕਰਾਣੀ ਲਈ ਉਹ ਅਸਹਿ ਹੋ ਜਾਂਦੇ, ਉਹ ਬੁੜ ਬੁੜ ਕਰਦੀ ਹੋਈ ਬਾਰੀ ਦੀ ਸਿੱਲ ਉੱਤੇ ਚੜਦੀ ਤੇ ਬਾਰੀ ਦੇ ਝਰੋਖੇ ਵਿੱਚੋ ਦੀ ਬਾਂਹ ਬਾਹਰ ਕੱਢਦੀ ਹੋਈ, ਆਪਣੇ ਝਾੜਨ ਨਾਲ ਉਹਨਾਂ ਨੂੰ ਉਡਾ ਦੇਂਦੀ।
ਮਾਸਕਵਾ ਦਰਿਆ ਉੱਪਰੀ ਬਰਫ਼ ਖ਼ਤਮ ਹੋ ਚੁੱਕੀ ਸੀ । ਉਛਾਲੇ ਮਾਰਨ ਦੇ ਸੰਖੇਪ ਜਿਹੇ ਸਮੇਂ ਪਿੱਛੋਂ, ਦਰਿਆ ਸ਼ਾਂਤ ਹੋ ਗਿਆ, ਆਪਣੇ ਕੰਢਿਆਂ ਅੰਦਰ ਵਾਪਸ ਆ ਗਿਆ ਤੇ ਇਸਨੇ ਆਪਣੀ ਸ਼ਕਤੀਸ਼ਾਲੀ ਪਿੱਠ ਜਹਾਜ਼ਾਂ, ਲਾਦੂ ਬੇੜੀਆਂ ਤੇ ਦਰਿਆਈ ਟਰਾਮਾਂ ਦੀ ਮਰਜ਼ੀ ਉੱਤੇ ਆਗਿਆਕਾਰੀ ਢੰਗ ਨਾਲ ਛੱਡ ਦਿੱਤੀ, ਜਿਹੜੀਆਂ ਉਹਨਾਂ ਮੁਸ਼ਕਲ ਦਿਨਾਂ ਵਿੱਚ ਰਾਜਧਾਨੀ ਦੀ ਪਤਲੀ ਪੈ ਚੁੱਕੀ ਮੋਟਰ ਸਰਵਿਸ ਨੂੰ ਪੂਰਦੀਆਂ ਸਨ । ਕੁਕੁਸ਼ਕਿਨ ਦੀ ਸੋਗੀ ਪੇਸ਼ਗੋਈ ਦੇ ਬਾਵਜੂਦ, ਵਾਰਡ ਨੰਬਰ ਬਤਾਲੀ ਵਿੱਚੋਂ ਕੋਈ ਵੀ ਬਸੰਤ ਦੇ ਹੜ੍ਹ ਨਾਲ ਨਹੀਂ ਸੀ ਧੋਤਾ ਗਿਆ। ਕੋਮੀਸਾਰ ਤੋਂ ਛੁੱਟ ਸਾਰੇ ਹੀ ਚੰਗੇ ਹੋ ਰਹੇ ਸਨ ਤੇ ਵਾਰਡ ਵਿੱਚ ਬਹੁਤੀ ਗੱਲਬਾਤ ਹੁਣ ਹਸਪਤਾਲ ਤੋਂ ਡਿਸਚਾਰਜ ਕੀਤੇ ਜਾਣ ਬਾਰੇ ਹੁੰਦੀ ਸੀ ।
ਸਭ ਤੋਂ ਪਹਿਲਾਂ ਸਤੇਪਾਨ ਈਵਾਨੋਵਿਚ ਨੂੰ ਵਾਰਡ ਤੋਂ ਛੁੱਟੀ ਮਿਲੀ । ਇਸਤੋਂ ਇੱਕ ਦਿਨ ਪਹਿਲਾਂ ਉਹ ਫ਼ਿਕਰ, ਖੁਸ਼ੀ ਤੇ ਉਤਸ਼ਾਹ ਦੀਆਂ ਮਿਲੀਆਂ ਜੁਲੀਆਂ ਭਾਵਨਾਵਾਂ ਨਾਲ ਹਸਪਤਾਲ ਵਿੱਚ ਘੁੰਮਦਾ ਰਿਹਾ। ਉਹ ਘੜੀ ਪਲ ਲਈ ਵੀ ਚੈਨ ਨਾਲ ਨਹੀਂ ਸੀ ਬੈਠ ਸਕਦਾ । ਬਰਾਮਦੇ ਵਿੱਚ ਕੁਝ ਮਰੀਜ਼ਾਂ ਨਾਲ ਗੱਲਾਂ ਮਾਰਨ ਪਿੱਛੋਂ ਉਹ ਵਾਰਡ ਵਿੱਚ ਵਾਪਸ ਆ ਜਾਂਦਾ, ਬਾਰੀ ਕੋਲ ਆ ਬੈਠਦਾ, ਡਬਲਰੋਟੀ ਵਿੱਚੋਂ ਕੁਝ ਬਣਾਉਣਾ ਸ਼ੁਰੂ ਕਰ ਦੇਂਦਾ, ਪਰ ਫਿਰ ਭੁੜਕ ਕੇ ਉੱਠ ਖਲੋਂਦਾ ਤੇ ਵਾਰਡ ਵਿੱਚੋਂ ਨਿੱਕਲ ਜਾਂਦਾ । ਸਿਰਫ਼ ਸ਼ਾਮ ਨੂੰ ਕਿਤੇ ਜਾ ਕੇ, ਜਦੋਂ ਸੰਧਿਆ ਹੋ ਚੁੱਕੀ ਸੀ, ਉਹ ਬਾਰੀ ਉੱਤੇ ਜਾ ਚੜ੍ਹਿਆ ਤੇ ਡੂੰਘੀ ਸੋਚ ਵਿੱਚ ਡੁੱਬਾ, ਠੰਡੇ ਸਾਹ ਤੇ ਹਉਂਕੇ ਭਰਦਾ ਬੈਠਾ ਰਿਹਾ । ਇਹ ਉਹ ਸਮਾਂ ਹੁੰਦਾ ਸੀ ਜਦੋਂ ਮਰੀਜ਼ਾਂ ਦਾ ਵੱਖੋਂ ਵੱਖਰਾ ਇਲਾਜ ਹੋ ਰਿਹਾ ਹੁੰਦਾ ਸੀ, ਤੇ ਵਾਰਡ ਵਿੱਚ ਹੋਰ ਸਿਰਫ਼ ਦੋ ਹੀ ਮਰੀਜ਼ ਸਨ: ਕੋਮੀਸਾਰ, ਜਿਹੜਾ ਚੁੱਪ-ਚਾਪ ਸਤੇਪਾਨ ਈਵਾਨੋਵਿਚ ਨੂੰ ਦੇਖ ਰਿਹਾ ਸੀ, ਤੇ ਮਰੇਸੇਯੇਵ, ਜਿਹੜਾ ਸੌਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ।
ਚੁੱਪ-ਚਾਂ ਸੀ। ਇੱਕਦਮ ਕੋਮੀਸਾਰ ਨੇ ਸਤੇਪਾਨ ਈਵਾਨੋਵਿਚ ਵੱਲ ਮੂੰਹ ਮੋੜਿਆ, ਜਿਸਦੀ ਪ੍ਰੋਫ਼ਾਈਲ ਡੁੱਬਦੇ ਸੂਰਜ ਦੀਆਂ ਆਖ਼ਰੀ ਕਿਰਨਾਂ ਦੇ ਚਾਨਣ ਵਿੱਚ ਸਪਸ਼ਟ ਉੱਘੜ ਰਹੀ ਸੀ, ਤੇ ਮਸਾਂ ਸੁਣੀਂਦੀ ਅਵਾਜ਼ ਵਿੱਚ ਬੋਲਿਆ:
“ਪਿੰਡ ਵਿੱਚ ਇਸ ਵੇਲੇ ਸੰਧਿਆ ਹੈ— ਤੇ ਚੁੱਪ-ਚਾਂ। ਗਰਮ ਹੋ ਰਹੀ ਧਰਤੀ ਦੀ, ਸਿਲ੍ਹੀ ਖਾਦ, ਤੇ ਲਕੜੀ ਦੇ ਧੂੰਏਂ ਦੀ ਵਾਸ਼ਨਾ । ਗਾਂ ਆਪਣੇ ਕੋਠੇ ਵਿੱਚ ਘਾਹ ਦੇ ਵਿਛਾਉਣੇ ਉੱਤੇ ਖ਼ੁਰ ਮਾਰ ਰਹੀ ਹੈ; ਬੇਚੈਨ ਹੈ, ਸੂਣ ਦਾ ਸਮਾਂ ਆ ਗਿਐ। ਬਸੰਤ ਹੈ। ਪਤਾ ਨਹੀਂ ਔਰਤਾਂ ਖੇਤਾਂ ਵਿੱਚ ਖਾਦ ਵਿਛਾ ਵੀ ਸਕੀਆਂ ਹੋਣਗੀਆਂ ਕਿ ਨਹੀਂ ? ਤੇ ਬੀਜ, ਤੇ ਜੋਤਰਾ ਸਭ ਕੁਝ ਠੀਕ-ਠਾਕ ਹੋਵੇਗਾ?”
ਮਰੇਸੇਯੇਵ ਨੂੰ ਲੱਗਾ ਕਿ ਸਤੇਪਾਨ ਈਵਾਨੋਵਿਚ ਮੁਸਕਰਾ ਰਹੇ ਕੋਮੀਸਾਰ ਵੱਲ ਏਨਾਂ ਹੈਰਾਨੀ ਨਾਲ ਨਹੀਂ ਜਿੰਨਾਂ ਡਰ ਨਾਲ ਦੇਖ ਰਿਹਾ ਸੀ, ਜਦੋਂ ਉਹ ਬੋਲਿਆ:
“ਤੁਸੀਂ ਜ਼ਰੂਰ ਕੋਈ ਜਾਣੀ-ਜਾਣ ਹੋ, ਸਾਥੀ ਰੈਜਮੈਂਟਲ ਕੋਮੀਸਾਰ, ਜਿਹੜੇ ਲੋਕਾਂ ਦੇ ਵਿਚਾਰਾਂ ਨੂੰ ਇੰਝ ਪੜ੍ਹ ਲੈਂਦੇ ਹੋ। ਹਾਂ, ਔਰਤਾਂ ਸੱਚਮੁੱਚ ਬੜੀਆਂ ਕਾਮੀਆਂ ਹਨ, ਠੀਕ ਹੈ, ਪਰ ਰੱਬ ਜਾਣੇ ਸਾਡੇ ਤੋਂ ਬਿਨਾਂ ਉਹ ਕਿਵੇਂ ਚਲਾ ਰਹੀਆਂ ਨੇ। ਸੱਚਮੁੱਚ!”
ਫਿਰ ਚੁੱਪ ਛਾ ਗਈ। ਦਰਿਆ ਉੱਪਰ ਇੱਕ ਜਹਾਜ਼ ਦਾ ਘੁੱਗੂ ਵੱਜਾ ਤੇ ਇਸਦੀ ਅਵਾਜ਼ ਪਾਣੀ ਉੱਪਰ ਖੁਸ਼ੀ ਨਾਲ ਰਿੜ੍ਹਣ ਲੱਗੀ ਗਰੇਨਾਈਟ ਦੇ ਕੰਢਿਆਂ ਵਿਚਕਾਰ ਗੂੰਜਣ ਲੱਗੀ ।
“ਤੁਹਾਡਾ ਕੀ ਖਿਆਲ ਹੈ ਕਿ ਜੰਗ ਜਲਦੀ ਖ਼ਤਮ ਹੋ ਜਾਏਗੀ ?” ਪਤਾ ਨਹੀਂ ਕਿਉਂ, ਮਸਾਂ ਸੁਣੀਂਦੀ ਅਵਾਜ਼ ਵਿੱਚ ਬੋਲਦਿਆਂ ਸਤੇਪਾਨ ਈਵਾਨੋਵਿਚ ਨੇ ਕਿਹਾ। “ਗਹਾਈ ਤੱਕ ਖ਼ਤਮ ਨਹੀਂ ਹੋ ਜਾਏਗੀ?”
“ਤੈਨੂੰ ਕੀ ?” ਤੇਰੀ ਉਮਰ ਦਿਆਂ ਨੂੰ ਲੜਾਈ ਲਈ ਨਹੀਂ ਭਰਤੀ ਕੀਤਾ ਗਿਆ; ਤੂੰ ਵਲੰਟੀਅਰ ਏਂ, ਆਪਣੇ ਵੰਡੇ ਦਾ ਲੜ ਚੁਕੈਂ। ਤੂੰ ਅਰਜ਼ੀ ਦੇ, ਤੈਨੂੰ ਛੁੱਟੀ ਮਿਲ ਜਾਏਗੀ, ਤੇ ਫਿਰ ਔਰਤਾਂ ਦੀ ਕਮਾਨ ਸੰਭਾਲ ਲਵੀਂ। ਪਿੱਛੇ ਵੀ ਕਾਰੋਬਾਰ ਚਲਾਉਣ ਵਾਲੇ ਬੰਦਿਆਂ ਦੀ ਲੋੜ ਹੈ, ਹੈ ਨਾ ? ਕੀ ਖਿਆਲ ਹੈ, ਦਾਹੜੀ ਵਾਲ਼ੇ ?”
ਕੋਮੀਸਾਰ ਇਹ ਕਹਿੰਦਾ ਹੋਇਆ ਬੁੱਢੇ ਸਿਪਾਹੀ ਵੱਲ ਇੰਝ ਦਿਆਲਤਾ ਨਾਲ ਦੇਖ ਰਿਹਾ ਸੀ ਕਿ ਉਹ ਛਾਲ ਮਾਰ ਕੇ ਬਾਰੀ ਤੋਂ ਹੇਠਾਂ ਉਤਰਿਆ, ਤੇ ਉਤੇਜਿਤ ਤੇ ਭਾਵਕ ਹੋਇਆ ਹੋਇਆ ਬੋਲਿਆ:
“ਛੁੱਟੀ ਮਿਲ ਜਾਏਗੀ? ਹੈਂ ? ਮੈਂ ਵੀ ਇਸੇ ਬਾਰੇ ਹੀ ਸੋਚ ਰਿਹਾ ਸਾਂ, ਜ਼ਰੂਰ ਛੁੱਟੀ ਦੇ ਦੇਣਗੇ । ਮੈਂ ਆਪਣੇ ਮਨ ਵਿੱਚ ਸੋਚ ਰਿਹਾ ਸਾਂ: ਜੇ ਮੈਂ ਕਮਿਸ਼ਨ ਨੂੰ ਅਰਜ਼ੀ ਦੇ ਦੇਵਾਂ ਤਾਂ? ਆਖ਼ਰ ਮੈਂ ਤਿੰਨ ਜੰਗਾਂ ਲੜ ਚੁੱਕਾ ਹਾਂ: ਸਾਮਰਾਜੀ ਜੰਗ, ਘਰੇਲੂ ਜੰਗ, ਤੇ ਜ਼ਰਾ ਕੁ ਇਹ ਜੰਗ ਵੀ। ਇਹ ਕਾਫ਼ੀ ਨਹੀਂ, ਹੈਂ ? ਤੁਸੀਂ ਕੀ ਸਲਾਹ ਦੇਂਦੇ ਹੋ, ਸਾਥੀ ਰੈਜਮੈਂਟਲ ਕੋਮੀਸਾਰ?”
“ਆਪਣੀ ਅਰਜ਼ੀ ਵਿੱਚ ਲਿਖੀਂ: ਕਿਰਪਾ ਕਰਕੇ ਮੈਨੂੰ ਪਿੱਛੇ ਔਰਤਾਂ ਕੋਲ ਜਾਣ ਦਿਓ, ਤੇ ਜਰਮਨਾਂ ਤੋਂ ਮੇਰੀ ਰਾਖੀ ਕਰਨ ਲਈ ਦੂਜੇ ਹੈਗੇ ਨੇ” ਆਪਣੇ ਆਪ ਨੂੰ ਕਾਬੂ ਵਿੱਚ ਰੱਖਣ ਤੋਂ ਅਸਮਰਥ, ਮਰੇਸੇਯੇਵ ਆਪਣੇ ਮੰਜੇ ਤੋਂ ਬੋਲਿਆ।
ਸਤੇਪਾਨ ਈਵਾਨੋਵਿਚ ਦੋਸ਼ੀਆਂ ਵਾਂਗ ਉਸ ਵੱਲ ਦੇਖਣ ਲੱਗਾ। ਕੋਮੀਸਾਰ ਨੇ ਗੁੱਸੇ ਵਿੱਚ ਭਵਾਂ ਸੁੰਗੇੜੀਆਂ ਤੇ ਬੋਲਿਆ:
“ਮੈਨੂੰ ਨਹੀਂ ਪਤਾ ਤੈਨੂੰ ਕੀ ਸਲਾਹ ਦੇਵਾਂ, ਸਤੇਪਾਨ ਈਵਾਨੋਵਿਚ, ਆਪਣੇ ਦਿਲ ਤੋਂ ਪੁੱਛ ਦੇਖ। ਇਹ ਰੂਸੀ ਦਿਲ ਹੈ, ਇਹ ਤੈਨੂੰ ਦੱਸ ਦੇਵੇਗਾ।”
ਅਗਲੇ ਦਿਨ, ਸਤੇਪਾਨ ਈਵਾਨੋਵਿਚ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ । ਉਹ ਫ਼ੌਜੀ ਵਰਦੀ ਪਾਈ, ਅਲਵਿਦਾ ਕਹਿਣ ਵਾਰਡ ਵਿੱਚ ਆਇਆ। ਛੋਟੇ ਕੱਦ ਦਾ ਬੰਦਾ, ਆਪਣੀ ਪੁਰਾਣੀ, ਉੱਡੇ ਰੰਗ ਵਾਲੀ ਕਮੀਜ਼ ਵਿੱਚ, ਜਿਹੜੀ ਧੋ ਧੋ ਕੇ ਚਿੱਟੀ ਹੋ ਗਈ ਸੀ, ਘੁੱਟ ਕੇ ਪੇਟੀ ਬੰਨ੍ਹੀ ਤੇ ਪਿੱਛੋਂ ਏਨੀਂ ਚੰਗੀ ਤਰ੍ਹਾਂ ਖਿੱਚ ਕੇ ਰੱਖੀ ਹੋਈ ਕਿ ਅਗਲੇ ਪਾਸੇ ਇੱਕ ਵੀ ਵੱਟ ਨਹੀਂ ਸੀ ਦਿਖਾਈ ਦੇਂਦਾ, ਉਹ ਆਪਣੀ ਉਮਰ ਨਾਲ਼ੋਂ ਘੱਟੋ-ਘੱਟ ਪੰਦਰਾਂ ਸਾਲ ਛੋਟਾ ਲੱਗ ਰਿਹਾ ਸੀ। ਉਸਦੀ ਛਾਤੀ ਉੱਤੇ ਚੁੰਧਿਆਉਣ ਦੀ ਹੱਦ ਤੱਕ ਲਿਸ਼ਕਾਇਆ ਗਿਆ ਸੋਵੀਅਤ ਯੂਨੀਅਨ ਦੇ ਯੋਧੇ ਦਾ ਸੁਨਹਿਰੀ ਸਿਤਾਰਾ, ਆਰਡਰ ਆਫ਼ ਲੈਨਿਨ ਤੇ “ਸੂਰਮਗਤੀ ਲਈ” ਤਮਗਾ ਲਟਕ ਰਿਹਾ ਸੀ । ਉਸਨੇ ਹਸਪਤਾਲ ਦਾ ਗਾਉਨ ਚੋਗੇ ਵਾਂਗ ਆਪਣੇ ਮੋਢਿਆਂ ਉੱਤੇ ਸੁੱਟਿਆ ਹੋਇਆ ਸੀ । ਉਸਦੇ ਪੁਰਾਣੇ, ਫ਼ੌਜੀ ਫੁੱਲ-ਬੂਟਾਂ ਦੇ ਪੱਬਾਂ ਤੋਂ ਲੈ ਕੇ ਮਰੋੜ ਕੇ ਸੂਇਆਂ ਵਾਂਗ ਬਣਾਈਆਂ ਉਸਦੀਆਂ ਮੁੱਛਾਂ ਦੇ ਸਿਰਿਆਂ ਤੱਕ, ਸਾਰਾ ਕੁਝ ਉਸ ਤਰ੍ਹਾਂ ਦੇ ਨਿਧੜਕ ਰੂਸੀ ਸਿਪਾਹੀ ਵਾਂਗ ਲੱਗ ਰਿਹਾ ਸੀ, ਜਿਸਦੀ ਤਸਵੀਰ ਪਹਿਲੀ ਸੰਸਾਰ ਜੰਗ ਸਮੇਂ ਕ੍ਰਿਸਮਿਸ ਕਾਰਡਾਂ ਉੱਪਰ ਦਿੱਤੀ ਹੁੰਦੀ ਸੀ।
ਸਿਪਾਹੀ ਵਾਰਡ ਵਿਚਾਲੇ ਆਪਣੇ ਸਾਰੇ ਸਾਥੀਆਂ ਤੱਕ ਗਿਆ ਤੇ ਅਲਵਿਦਾ ਕਹੀ; ਉਹ ਹਰ ਇੱਕ ਨੂੰ ਉਸਦੇ ਫ਼ੌਜੀ ਪਦ ਨਾਲ ਸੰਬੋਧਨ ਕਰਦਾ ਤੇ ਇਸ ਤਰ੍ਹਾਂ ਚੁਸਤੀ ਨਾਲ ਆਪਣੀਆਂ ਅੱਡੀਆਂ ਖੜਕਾਉਂਦਾ ਕਿ ਉਸਨੂੰ ਦੇਖ ਕੇ ਖੁਸ਼ੀ ਹੁੰਦੀ ਸੀ।
“ਅਲਵਿਦਾ ਕਹਿਣ ਦੀ ਆਗਿਆ ਦਿਓ, ਸਾਥੀ ਰੈਜਮੈਂਟਲ ਕੋਮੀਸਾਰ,” ਆਖ਼ਰੀ ਮੰਜੇ ਵੱਲ ਮੁੜਦਾ ਹੋਇਆ ਉਹ ਖਾਸ ਨਿੱਘ ਨਾਲ ਬੋਲਿਆ।
“ਅਲਵਿਦਾ, ਸਤਿਓਪਾ । ਤੇਰਾ ਸੁਖਦਾਈ ਸਫ਼ਰ ਹੋਵੇ,” ਸਿਪਾਹੀ ਵੱਲ ਮੁੜਨ ਨਾਲ ਹੋਈ ਤਕਲੀਫ਼ ਨੂੰ ਦਬਾਉਂਦਾ ਹੋਇਆ, ਕੋਮੀਸਾਰ ਬੋਲਿਆ ।
ਸਿਪਾਹੀ ਗੋਡਿਆਂ ਭਾਰ ਹੋ ਗਿਆ, ਉਸਨੇ ਕੋਮੀਸਾਰ ਦੇ ਵੱਡੇ ਸਾਰੇ ਸਿਰ ਨੂੰ ਆਪਣੇ ਹੱਥਾਂ ਵਿੱਚ ਫੜਿਆ ਤੇ, ਪੁਰਾਣੀ ਰੂਸੀ ਰੀਤ ਅਨੁਸਾਰ, ਤਿੰਨ ਵਾਰੀ ਉਹਨਾਂ ਇੱਕ ਦੂਜੇ ਨੂੰ ਚੁੰਮਿਆਂ।
“ਰਾਜ਼ੀ ਹੋ ਜਾ, ਸੇਮੀਓਨ ਵਾਸੀਲੀਏਵਿਚ । ਰੱਬ ਤੈਨੂੰ ਸਿਹਤ ਤੇ ਲੰਮੀ ਉਮਰ ਦੇਵੇ । ਤੂੰ ਸੋਲ੍ਹਾਂ ਵੰਨੀਂ ਦਾ ਸੋਨਾ ਏਂ । ਪਿਉ ਨੇ ਵੀ ਕਦੀ ਕੀ ਮਹਿਸੂਸ ਕਰਨੈ, ਜਿਹੜਾ ਤੂੰ ਸਾਡੇ ਲਈ ਕਰਦਾ ਰਿਹੈਂ। ਸਾਰੀ ਉਮਰ ਤੈਨੂੰ ਯਾਦ ਰੱਖਾਂਗਾ”, ਸਿਪਾਹੀ ਡੂੰਘੀ ਤਰ੍ਹਾਂ ਭਾਵਕ ਹੁੰਦਾ ਹੋਇਆ ਬੁੜਬੁੜਾਇਆ।
“ਜਾਓ, ਜਾਓ ਹੁਣ, ਸਤੇਪਾਨ ਈਵਾਨੋਵਿਚ ! ਇਹਨਾਂ ਲਈ ਭਾਵਕ ਹੋਣਾ ਠੀਕ ਨਹੀਂ,” ਕਲਾਵਦੀਆ ਮਿਖਾਇਲੋਵਨਾ ਨੇ ਸਿਪਾਹੀ ਦੀ ਬਾਂਹ ਨੂੰ ਖਿੱਚਦਿਆਂ ਕਿਹਾ।
“ਤੇ ਸ਼ੁਕਰੀਆ ਤੁਹਾਡਾ, ਸਿਸਟਰ, ਤੁਹਾਡੀ ਦਿਆਲਤਾ ਤੇ ਧਿਆਨ ਲਈ,” ਸਤੇਪਾਨ ਈਵਾਨੋਵਿਚ ਨੇ ਨਰਸ ਵੱਲ ਮੁੜਦਿਆਂ ਤੇ ਪੂਰੇ ਸਤਿਕਾਰ ਨਾਲ ਝੁਕਦਿਆਂ ਉਸਨੂੰ ਗੰਭੀਰਤਾ ਨਾਲ ਕਿਹਾ: “ਤੂੰ ਸਾਡਾ ਸੋਵੀਅਤ ਫ਼ਰਿਸ਼ਤਾ ਹੈ, ਹਾਂ, ਬਿਲਕੁਲ ਇਹੀ ਹੈਂ ਤੂੰ।”
ਉਸਨੂੰ ਇਹ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਹੋਰ ਕੀ ਕਹੇ, ਸੋ ਬਿਲਕੁਲ ਘਬਰਾਹਟ ਵਿੱਚ ਉਹ ਪਿੱਛੇ ਦਰਵਾਜ਼ੇ ਵੱਲ ਨੂੰ ਮੁੜਿਆ ।
“ਤੈਨੂੰ ਕਿਸ ਪਤੇ ਉੱਤੇ ਚਿੱਠੀ ਲਿਖੀਏ? ਸਾਇਬੇਰੀਆਂ ਵਿੱਚ?” ਕੋਮੀਸਾਰ ਨੇ ਮੁਸਕ੍ਰਾਉਂਦੇ ਨੇ ਪੁੱਛਿਆ।
“ਇਸ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਹੈ, ਸਾਥੀ ਰੈਜਮੈਂਟਲ ਕੋਮੀਸਾਰ ! ਤੁਹਾਨੂੰ ਪਤਾ ਹੀ ਹੈ ਜੰਗ ਵਿੱਚ ਹਿੱਸਾ ਲੈ ਰਹੇ ਸਿਪਾਹੀ ਨੂੰ ਕਿੱਥੇ ਲਿਖੀਦਾ ਹੈ”, ਸਤੇਪਾਨ ਈਵਾਨੋਵਿਚ ਨੇ ਘਬਰਾਹਟ ਵਿੱਚ ਜਵਾਬ ਦਿੱਤਾ, ਤੇ ਇਸ ਵਾਰੀ ਸਾਰਿਆਂ ਨੂੰ ਸਿਰ ਝੁਕਾ ਕੇ ਉਹ ਦਰਵਾਜ਼ੇ ਪਿੱਛੇ ਅਲੋਪ ਹੋ ਗਿਆ।
ਵਾਰਡ ਵਿੱਚ ਇੱਕਦਮ ਚੁੱਪ ਛਾ ਗਈ ਤੇ ਸੱਖਣਾਪਣ ਮਹਿਸੂਸ ਹੋਣ ਲੱਗਾ। ਫਿਰ ਉਹਨਾਂ ਨੇ ਆਪਣੀਆਂ ਰੈਜਮੈਂਟਾਂ ਬਾਰੇ, ਆਪਣੇ ਸਾਥੀਆਂ ਬਾਰੇ ਤੇ ਉਹਨਾਂ ਵੱਡੀਆਂ ਵੱਡੀਆਂ ਲੜਾਈਆਂ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਹੜੀਆਂ ਉਹਨਾਂ ਦੀ ਉਡੀਕ ਕਰ ਰਹੀਆਂ ਸਨ। ਉਹ ਹੁਣ ਸਾਰੇ ਰਾਜ਼ੀ ਹੋ ਚੁੱਕੇ ਸਨ, ਜਿਸ ਕਰਕੇ ਇਹ ਗੱਲਾਂ ਸੁਪਨੇ ਨਹੀਂ ਸਨ ਰਹੀਆਂ, ਸਗੋਂ ਅਮਲੀ ਹਕੀਕਤਾਂ ਬਣ ਗਈਆਂ ਸਨ । ਕੁਕੁਸ਼ਕਿਨ ਪਹਿਲਾਂ ਹੀ ਬਰਾਮਦੇ ਵਿੱਚ ਫਿਰ-ਤੁਰ ਲੈਂਦਾ ਸੀ, ਜਿੱਥੇ ਉਹ ਨਰਸਾਂ ਦੇ ਨੁਕਸ ਕੱਢਦਾ ਰਹਿੰਦਾ, ਦੂਜੇ ਰਾਜ਼ੀ ਹੋ ਰਹੇ ਮਰੀਜ਼ਾਂ ਨੂੰ ਤੰਗ ਕਰਦਾ, ਤੇ ਉਹਨਾਂ ਵਿੱਚੋਂ ਕਈਆਂ ਨਾਲ ਲੜਾਈ ਵੀ ਸਹੇੜ ਬੈਠਾ ਹੋਇਆ ਸੀ। ਟੈਂਕਮੈਨ ਵੀ ਹੁਣ ਮੰਜੇ ਤੋਂ ਉੱਠ ਪਿਆ ਸੀ ਤੇ ਅਕਸਰ ਹੀ ਕਿੰਨਾਂ ਕਿੰਨਾਂ ਚਿਰ ਉਹ ਬਰਾਮਦੇ ਵਿੱਚ ਆਪਣੇ ਚਿਹਰੇ, ਧੌਣ ਤੇ ਮੋਢਿਆਂ ਨੂੰ, ਜਿਨ੍ਹਾਂ ਉੱਤੇ ਹੁਣ ਪੱਟੀਆਂ ਨਹੀਂ ਸਨ ਬੱਝੀਆਂ ਹੋਈਆਂ ਤੇ ਹੁਣ ਉਹ ਰਾਜ਼ੀ ਹੋ ਰਹੇ ਸਨ, ਸ਼ੀਸ਼ੇ ਵਿੱਚ ਦੇਖਦਾ ਖੜ੍ਹਾ ਰਹਿੰਦਾ । ਅਨੀਊਤਾ ਨਾਲ ਉਸਦਾ ਚਿੱਠੀ-ਪੱਤਰ ਜਿੰਨਾਂ ਵਧੇਰੇ ਸਰਗਰਮ ਹੁੰਦਾ ਜਾਂਦਾ, ਜਿੰਨਾਂ ਜ਼ਿਆਦਾ ਉਸਨੂੰ ਉਸਦੇ ਯੂਨੀਵਰਸਿਟੀ ਵਿਚਲੇ ਮਾਮਲਿਆਂ ਬਾਰੇ ਪਤਾ ਲੱਗਦਾ ਜਾਂਦਾ, ਓਨਾਂ ਹੀ ਜ਼ਿਆਦਾ ਗਹੁ ਨਾਲ ਉਹ ਆਪਣੇ ਸੜੇ ਤੇ ਕੁਰੂਪੇ ਚਿਹਰੇ ਨੂੰ ਦੇਖਦਾ। ਸਵੇਰ ਜਾਂ ਸ਼ਾਮ ਦੇ ਘੁਸਮੁਸੇ ਵਿੱਚ ਜਾਂ ਵਾਰਡ ਦੇ ਹਲਕੇ ਜਿਹੇ ਚਾਨਣ ਵਿੱਚ ਏਨਾਂ ਭੈੜਾ ਨਹੀਂ ਸੀ ਲੱਗਦਾ, ਸਗੋਂ ਅਸਲ ਵਿੱਚ, ਚੰਗਾ ਲੱਗਦਾ ਸੀ: ਸੋਹਣੇ ਨੈਣ-ਨਕਸ਼, ਚੌੜਾ ਮੱਥਾ ਤੇ ਛੋਟਾ ਜਿਹਾ, ਜ਼ਰਾ ਕੁ ਤੋਤੇ ਵਰਗਾ ਨੱਕ, ਛੋਟੀਆਂ ਛੋਟੀਆਂ ਕਾਲੀਆਂ ਮੁੱਛਾਂ ਜਿਹੜੀਆਂ ਉਸਨੇ ਵਾਰਡ ਵਿੱਚ ਆ ਕੇ ਵਧਾ ਲਈਆਂ ਸਨ, ਤੇ ਤਾਜ਼ਗੀ ਭਰੇ, ਪੀਂਡੇ, ਜਵਾਨੀ ਵਾਲ਼ੇ ਬੁੱਲ੍ਹ । ਪਰ ਤੇਜ਼ ਚਾਨਣ ਵਿੱਚ ਇਹ ਦੇਖਿਆ ਜਾ ਸਕਦਾ ਸੀ ਕਿ ਉਸਦਾ ਚਿਹਰਾ ਜ਼ਖ਼ਮਾਂ ਦੇ ਨਿਸ਼ਾਨਾਂ ਨਾਲ ਭਰਿਆ ਹੋਇਆ ਹੈ, ਜਿਨ੍ਹਾਂ ਦੇ ਦੁਆਲੇ ਚਮੜੀ ਸੁੰਗੜੀ ਪਈ ਹੈ । ਜਦੋਂ ਵੀ ਉਹ ਕਦੀ ਭਾਵਕ ਹੁੰਦਾ, ਜਾਂ ਆਪਣੇ ਇਸ਼ਨਾਨ ਰਾਹੀਂ ਹੋ ਰਹੇ ਇਲਾਜ਼ ਤੋਂ ਮਗਰੋਂ ਲਾਲ ਸੂਹਾ ਹੋਇਆ ਮੁੜਦਾ, ਤਾਂ ਇਹ ਦਾਗ ਉਸਨੂੰ ਬਿਲਕੁਲ ਕੁਰੂਪ ਬਣਾ ਦੇਂਦੇ, ਤੇ ਇਹੋ ਜਿਹੇ ਸਮੇਂ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖਦਿਆਂ, ਉਸਦਾ ਰੋਣ ਨਿੱਕਲਣ ਵਾਲ਼ਾ ਹੋ ਜਾਂਦਾ ਸੀ ।
“ਛੱਡ, ਕਾਹਨੂੰ ਤੂੰ ਦਿਲ ਨੂੰ ਲਾਉਣ ਡਿਹੈਂ? ਤੂੰ ਕੋਈ ਫ਼ਿਲਮ ਐਕਟਰ ਬਨਦੈਂ ? ਜੇ ਇਹ ਤੇਰੀ ਕੁੜੀ ਸੱਚੇ ਦਿਲੋਂ ਪਿਆਰ ਕਰਦੀ ਹੋਈ, ਤਾਂ ਉਸਨੂੰ ਇਹਦਾ ਕੋਈ ਫ਼ਰਕ ਨਹੀਂ ਪੈਣ ਲੱਗਾ। ਤੇ ਜੇ ਫ਼ਰਕ ਪੈਂਦਾ ਹੋਇਆ, ਤਾਂ ਇਸਦਾ ਮਤਲਬ ਹੋਵੇਗਾ ਕਿ ਉਹ ਮੂਰਖ ਹੈ। ਉਸ ਸੂਰਤ ਵਿੱਚ ਉਹ ਪਵੇ ਢੱਠੇ ਖੂਹ ਵਿੱਚ । ਖਹਿੜਾ ਛੁੱਟੂ । ਤੈਨੂੰ ਕੋਈ ਸੱਚਮੁਚ ਦੀ ਪਿਆਰ ਕਰਨ ਵਾਲੀ ਮਿਲ ਜਾਏਗੀ,” ਮਰੇਸੇਯੇਵ ਨੇ ਧਰਵਾਸ ਦੇਂਦਿਆਂ ਕਿਹਾ।
“ਸਭ ਜ਼ਨਾਨੀਆਂ ਇੱਕੋ ਤਰ੍ਹਾਂ ਦੀਆਂ ਹੁੰਦੀਆਂ ਨੇ” ਕੁਕੂਸ਼ਕਿਨ ਵਿੱਚੋਂ ਟੋਕ ਕੇ ਬੋਲਿਆ ।
“ਤੇ ਤੁਹਾਡਾ ਆਪਣੀ ਮਾਂ ਬਾਰੇ ਕੀ ਖਿਆਲ ਹੈ ?” ਕੋਮੀਸਾਰ ਪੁੱਛਣ ਲੱਗਾ । ਕੁਕੁਸ਼ਕਿਨ ਵਾਰਡ ਵਿੱਚ ਇੱਕੋ ਇੱਕ ਬੰਦਾ ਸੀ, ਜਿਸ ਨਾਲ ਉਹ ਗ਼ੈਰ-ਰਸਮੀ ਨਹੀਂ ਸੀ ਹੋਇਆ।
ਇਸ ਸ਼ਾਂਤ ਜਿਹੇ ਢੰਗ ਨਾਲ ਕੀਤੇ ਸਵਾਲ ਨੇ ਲੈਫ਼ਟੀਨੈਂਟ ਉੱਤੇ ਜਿਹੜਾ ਅਸਰ ਕੀਤਾ, ਉਸ ਬਾਰੇ ਦੱਸ ਸਕਣਾ ਮੁਸ਼ਕਲ ਹੈ। ਕੁਕੁਸ਼ਕਿਨ ਭੁੜਕ ਕੇ ਮੰਜੀ ਉੱਤੇ ਖੜੋ ਗਿਆ, ਉਸ ਦੀਆਂ ਅੱਖਾਂ ਗੁੱਸੇ ਨਾਲ ਲਿਸ਼ਕਣ ਲੱਗੀਆਂ ਤੇ ਉਸਦਾ ਮੂੰਹ ਬਿਸਾਰ ਵਰਗਾ ਹੋ ਗਿਆ।
“ਸੋ, ਦੇਖਿਆ, ਮਤਲਬ ਕੀ ਕਿ ਦੁਨੀਆਂ ਵਿੱਚ ਚੰਗੀਆਂ ਔਰਤਾਂ ਵੀ ਹੈਣ”, ਕੋਮੀਸਾਰ ਨੇ ਸੁਲਾਹ-ਸਫ਼ਾਈ ਵਾਲੇ ਅੰਦਾਜ਼ ਨਾਲ਼ ਕਿਹਾ: “ਤੇ ਗਰੀਸ਼ਾ ਕਿਉਂ ਨਹੀਂ ਖੁਸ਼ਕਿਸਮਤ ਹੋਵੇਗਾ? ਜ਼ਿੰਦਗੀ ਵਿੱਚ ਇਸੇ ਤਰ੍ਹਾਂ ਹੁੰਦਾ ਹੈ: ਜੋ ਢੂੰਡਦਾ ਹੈ, ਉਹ ਪਾ ਲੈਂਦਾ ਹੈ।”
ਮਤਲਬ ਕੀ, ਕਿ ਸਾਰੇ ਵਾਰਡ ਵਿੱਚ ਇੱਕ ਵਾਰੀ ਫਿਰ ਜਾਨ ਪੈ ਗਈ । ਸਿਰਫ਼ ਕੋਮੀਸਾਰ ਹੀ ਸੀ, ਜਿਸਦੀ ਹਾਲਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਸੀ ।
ਮਾਰਫ਼ੀਨ ਤੇ ਕਾਫ਼ੂਰ ਨਾਲ ਉਸਨੂੰ ਜਿਊਂਦਾ ਰੱਖਿਆ ਜਾ ਰਿਹਾ ਸੀ, ਤੇ ਇਸਦੇ ਸਿੱਟੇ ਵਜੋਂ, ਕਦੀ ਕਦੀ ਉਹ ਨੀਂਦ ਲਿਆਉਣ ਵਾਲੀਆਂ ਦੁਆਈਆਂ ਨਾਲ ਪੈਦਾ ਹੋਈ ਅਰਧ- ਬੇਹੋਸ਼ੀ ਦੀ ਹਾਲਤ ਵਿੱਚ ਸਾਰਾ ਸਾਰਾ ਦਿਨ ਬੇਚੈਨੀ ਨਾਲ ਪਾਸੇ ਮਾਰਦਾ ਰਹਿੰਦਾ। ਸਤੇਪਾਨ ਈਵਾਨੋਵਿਚ ਦੇ ਜਾਣ ਮਗਰੋਂ ਉਹ ਹੋਰ ਵੀ ਤੇਜ਼ੀ ਨਾਲ ਨਿੱਘਰਨ ਲੱਗਾ। ਮਰੇਸੇਯੇਵ ਨੇ ਕਹਿ ਕੇ ਆਪਣਾ ਮੰਜਾ ਕੋਮੀਸਾਰ ਦੇ ਮੰਜੇ ਦੇ ਕੋਲ ਕਰਵਾ ਲਿਆ, ਤਾਂ ਕਿ ਲੋੜ ਪੈਣ ਉੱਤੇ ਉਹ ਮਦਦ ਕਰ ਸਕੇ । ਉਹ ਇਸ ਆਦਮੀ ਵੱਲ ਦਿਨੋਂ ਦਿਨ ਵਧੇਰੇ ਖਿੱਚਿਆ ਜਾ ਰਿਹਾ ਸੀ ।
ਅਲੈਕਸੇਈ ਸਮਝਦਾ ਸੀ ਕਿ ਪੈਰਾਂ ਤੋਂ ਬਿਨਾਂ ਉਸ ਲਈ ਜ਼ਿੰਦਗੀ ਦੂਜਿਆ ਨਾਲ਼ੋਂ ਕਿਤੇ ਜ਼ਿਆਦਾ ਮੁਸ਼ਕਲ ਤੇ ਗੁੰਝਲਦਾਰ ਹੋਵੇਗੀ ਤੇ ਉਹ ਅਚੇਤ ਹੀ ਐਸੇ ਆਦਮੀ ਵੱਲ ਖਿੱਚਿਆ ਜਾ ਰਿਹਾ ਸੀ, ਜਿਹੜਾ ਜਿਊਣਾ ਜਾਣਦਾ ਸੀ ਤੇ ਜਿਹੜਾ ਆਪਣੀ ਨਿਰਬਲਤਾ ਦੇ ਬਾਵਜੂਦ, ਲੋਕਾਂ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚਦਾ ਸੀ । ਕੋਮੀਸਾਰ ਹੁਣ ਆਪਣੀ ਨੀਮ-ਬੇਹੋਸ਼ੀ ਦੀ ਹਾਲਤ ਵਿੱਚੋਂ ਘੱਟ ਹੀ ਨਿੱਕਲਦਾ ਸੀ, ਪਰ ਜਦੋਂ ਉਹ ਪੂਰੀ ਤਰ੍ਹਾਂ ਚੇਤੰਨ ਹੁੰਦਾ ਸੀ ਤਾਂ ਉਹ ਪਹਿਲਾਂ ਵਾਂਗ ਹੀ ਹੋ ਜਾਂਦਾ ਸੀ।
ਇੱਕ ਦਿਨ ਸ਼ਾਮ ਨੂੰ ਦੇਰ ਨਾਲ, ਜਦੋਂ ਹਸਪਤਾਲ ਵਿਚਲੀ ਗਾਹੜ-ਮਾਹੜ ਖਤਮ ਹੋਈ ਤੇ ਬੋਝਲ ਜਿਹੀ ਸ਼ਾਂਤੀ ਵਾਪਰ ਗਈ, ਜਿਸਨੂੰ ਵਾਰਡਾਂ ਵਿੱਚੋਂ ਆਉਂਦੇ ਸਿਰਫ਼ ਨੀਵੇਂ, ਮਸਾਂ ਸੁਣੀਂਦੇ ਘੁਰਾੜੇ, ਕੱਰਾਹਟਾਂ ਤੇ ਬੁਖ਼ਾਰ ਵਿੱਚ ਬਕੜਵਾਹ ਕਰਨ ਵਾਲਿਆਂ ਦੀਆਂ ਅਵਾਜ਼ਾਂ ਹੀ ਭੰਗ ਕਰਦੀਆਂ ਸਨ, ਤਾਂ ਬਰਾਮਦੇ ਵਿੱਚ ਜਾਣੇ-ਪਛਾਣੇ, ਭਾਰੇ ਭਾਰੇ ਕਦਮਾਂ ਦੀ ਅਵਾਜ਼ ਸੁਣਾਈ ਦਿੱਤੀ। ਦਰਵਾਜ਼ੇ ਦੇ ਸ਼ੀਸ਼ਿਆਂ ਥਾਣੀਂ ਮਰੇਸੇਯੇਵ ਹਲਕੇ ਜਿਹੇ ਚਾਨਣ ਵਾਲ਼ੇ ਸਾਰੇ ਬਰਾਮਦੇ ਨੂੰ ਦੇਖ ਸਕਦਾ ਸੀ, ਜਿਸਦੇ ਦੂਜੇ ਸਿਰੇ ਉੱਤੇ ਇੱਕ ਮੇਜ ਕੋਲ ਨਰਸ ਬੈਠਦੀ ਸੀ, ਜਿਹੜੀ ਨਿਰੰਤਰ ਇੱਕ ਜੰਪਰ ਉਣੀ ਜਾਂਦੀ ਹੁੰਦੀ ਸੀ । ਬਰਾਮਦੇ ਦੇ ਅਖ਼ੀਰ ਉੱਤੇ ਵਾਸਿਲੀ ਵਾਸਿਲੀਏਵਿਚ ਦਾ ਉੱਚਾ-ਲੰਮਾ ਅਕਾਰ ਨਜ਼ਰ ਆਇਆ; ਉਹ ਆਪਣੇ ਹੱਥ ਪਿੱਛੇ ਵੱਲ ਕਰੀ ਹੌਲ਼ੀ ਹੌਲ਼ੀ ਤੁਰਦਾ ਆ ਰਿਹਾ ਸੀ । ਨਰਸ ਉਸਨੂੰ ਨੇੜੇ ਆਉਂਦਾ ਦੇਖ ਕੇ ਉਠ ਖੜ੍ਹੀ ਹੋਈ, ਪਰ ਉਸਨੇ ਖਿਝ ਨਾਲ ਹੱਥ ਹਿਲਾਉਂਦਿਆਂ ਉਸਨੂੰ ਲਾਂਭੇ ਕਰ ਦਿੱਤਾ ।
ਉਸਦੇ ਚੋਗੇ ਦੇ ਬਟਨ ਖੁੱਲੇ ਸਨ, ਸਿਰ ਉੱਤੇ ਟੋਪੀ ਕੋਈ ਨਹੀਂ ਸੀ, ਤੇ ਉਸਦੇ ਸੰਘਣੇ, ਧੌਲੇ ਵਾਲ਼ਾਂ ਦੀਆਂ ਲਿਟਾਂ ਮੱਥੇ ਉੱਤੇ ਪੈ ਰਹੀਆਂ ਸਨ।
“ਵਾਸਿਆ ਆ ਰਿਹਾ ਹੈ,” ਮਰੇਸੇਯੇਵ ਨੇ ਕੋਮੀਸਾਰ ਦੇ ਕੰਨ ਵਿਚ ਕਿਹਾ; ਅਜੇ ਹੁਣੇ ਹੁਣੇ ਹੀ ਕੋਮੀਸਾਰ ਨੂੰ ਬਣਾਵਟੀ ਪੈਰਾਂ ਦੀ ਖਾਸ ਕਿਸਮ ਲਈ ਆਪਣੇ ਸੱਜਰੇ ਮਨਸੂਬੇ ਖੋਹਲ ਕੇ ਦੱਸ ਰਿਹਾ ਸੀ।
ਵਾਸਿਲੀ ਵਾਸਿਲੀਏਵਿਚ ਜਿਵੇਂ ਠੋਕਰ ਖਾ ਕੇ ਰੁਕ ਗਿਆ, ਕੰਧ ਦਾ ਆਸਰਾ ਲਿਆ, ਮੂੰਹ ਵਿੱਚ ਕੁਝ ਬੁੜਬੁੜਾਇਆ, ਤੇ ਫਿਰ ਆਪਣੇ ਆਪ ਨੂੰ ਕੰਧ ਨਾਲ਼ੋਂ ਹਟਾਇਆ ਤੇ ਵਾਰਡ ਨੰਬਰ ਬਤਾਲੀ ਵਿੱਚ ਆ ਦਾਖਲ ਹੋਇਆ। ਉਹ ਕਮਰੇ ਦੇ ਵਿਚਕਾਰ ਆ ਕੇ ਰੁਕ ਗਿਆ, ਤੇ ਮੱਥੇ ਨੂੰ ਮਲਣ ਲੱਗਾ, ਜਿਵੇਂ ਕੁਝ ਯਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ । ਉਸ ਕੋਲ਼ੋਂ ਸ਼ਰਾਬ ਦੀ ਬੋਅ ਆ ਰਹੀ ਸੀ।
“ਆਓ ਜ਼ਰਾ ਬੈਠ ਜਾਓ, ਵਾਸਿਲੀ ਵਾਸਿਲੀਏਵਿਚ, ਜ਼ਰਾ ਸੰਧਿਆ ਦੀ ਗੱਪਸ਼ੱਪ ਹੋ ਜਾਏ,” ਕੋਮੀਸਾਰ ਬੋਲਿਆ ।
ਪ੍ਰੋਫ਼ੈਸਰ ਆਪਣੇ ਪੈਰ ਘਸੀਟਦਾ ਹੋਇਆ ਮੰਜੇ ਤੱਕ ਗਿਆ, ਇੰਝ ਜ਼ੋਰ ਨਾਲ ਇਸਦੀ ਬਾਹੀ ਉੱਤੇ ਜਾ ਕੇ ਬੈਠਾ ਕਿ ਸਪਰਿੰਗ ਚੀਂ-ਚੀਂ ਕਰ ਉੱਠੇ, ਤੇ ਆਪਣੀਆਂ ਪੁੜਪੜੀਆਂ ਮਲਣ ਲੱਗਾ। ਇਸਤੋਂ ਪਹਿਲਾਂ, ਰਾਊਂਡ ਲਾਉਂਦਿਆਂ, ਉਹ ਜੰਗ ਦੇ ਵਹਿਣ ਬਾਰੇ ਸੰਖੇਪ ਜਿਹੀ ਗੱਲਬਾਤ ਕਰਨ ਲਈ ਕੋਮੀਸਾਰ ਦੇ ਮੰਜੇ ਕੋਲ ਰੁਕ ਜਾਂਦਾ ਹੁੰਦਾ ਸੀ । ਸਾਫ਼ ਸੀ ਕਿ ਉਸਨੇ ਆਪਣੇ ਦੂਜੇ ਮਰੀਜ਼ਾਂ ਵਿੱਚੋਂ ਕੋਮੀਸਾਰ ਨੂੰ ਚੁਣਿਆ ਸੀ, ਸੋ ਉਸਦੇ ਇਸ ਸ਼ਾਮ ਦੇ ਦੌਰੇ ਬਾਰੇ ਕੋਈ ਅਜੀਬ ਲੱਗਣ ਵਾਲ਼ੀ ਗੱਲ ਨਹੀਂ ਸੀ । ਪਰ ਮਰੇਸੇਯੇਵ ਨੂੰ ਐਸਾ ਅਹਿਸਾਸ ਹੋਇਆ ਕਿ ਇਹ ਦੋ ਆਦਮੀ ਕੋਈ ਨਿੱਜੀ ਗੱਲਾਂ ਕਰਨੀਆਂ ਚਾਹੁੰਦੇ ਹਨ, ਜਿਹੜੀਆਂ ਤੀਜੇ ਦੇ ਕੰਨੀਂ ਨਹੀਂ ਪੈਣੀਆਂ ਚਾਹੀਦੀਆਂ । ਸੋ ਉਸਨੇ ਅੱਖਾਂ ਬੰਦ ਕਰ ਲਈਆਂ ਤੇ ਸੁੱਤੇ ਹੋਣ ਦਾ ਦਿਖਾਵਾ ਕਰਨ ਲੱਗਾ।
“ਅੱਜ ਉਨੱਤੀ ਅਪਰੈਲ ਹੈ – ਉਸਦਾ ਜਨਮ ਦਿਨ। ਉਹ ਅੱਜ ਛੱਤੀਆਂ ਦਾ ਹੋਇਐ… ਨਹੀਂ, ਹੋਣਾ ਸੀ, ਪ੍ਰੋਫ਼ੈਸਰ ਨੇ ਮੱਧਮ ਜਿਹੀ ਅਵਾਜ਼ ਵਿੱਚ ਕਿਹਾ।
ਬੜੀ ਮੁਸ਼ਕਲ ਨਾਲ ਕੋਮੀਸਾਰ ਨੇ ਆਪਣਾ ਵੱਡਾ ਸਾਰਾ, ਫੁੱਲਿਆ ਹੋਇਆ ਹੱਥ ਆਪਣੇ ਕੰਬਲ ਦੇ ਹੇਠੋਂ ਕੱਢਿਆ ਤੇ ਇਸਨੂੰ ਵਾਸਿਲੀ ਵਾਸਿਲੀਏਵਿਚ ਦੇ ਹੱਥ ਉੱਤੇ ਰੱਖ ਦਿੱਤਾ। ਤੇ ਐਸੀ ਗੱਲ ਵਾਪਰੀ ਜਿਸ ਉੱਤੇ ਯਕੀਨ ਨਹੀਂ ਸੀ ਆਉਂਦਾ: ਪ੍ਰੋਫ਼ੈਸਰ ਨੇ ਰੋਣਾ ਸ਼ੁਰੂ ਕਰ ਦਿੱਤਾ। ਇਸ ਵੱਡੇ ਸਾਰੇ, ਤਗੜੇ ਆਦਮੀ ਨੂੰ ਰੋਂਦਿਆਂ ਦੇਖਣਾ ਬੜਾ ਦੁਖਦਾਈ ਸੀ । ਅਲੈਕਸੇਈ ਨੇ ਅਚੇਤ ਹੀ ਮੋਢੇ ਸੁੰਗੜੇ ਤੇ ਆਪਣੇ ਸਿਰ ਨੂੰ ਕੰਬਲ ਹੇਠ ਢੱਕ ਲਿਆ।
“ਮਹਾਜ਼ ਉੱਤੇ ਜਾਣ ਤੋਂ ਪਹਿਲਾਂ, ਉਹ ਮੈਨੂੰ ਮਿਲਣ ਆਇਆ,” ਪ੍ਰੋਫੈਸਰ ਨੇ ਗੱਲ ਜਾਰੀ ਰੱਖੀ। “ਉਸਨੇ ਮੈਨੂੰ ਦੱਸਿਆ ਕਿ ਉਹ ਲੋਕ-ਵਲੰਟੀਅਰਾਂ ਵਿੱਚ ਸ਼ਾਮਲ ਹੋ ਗਿਆ ਹੈ ਤੇ ਮੈਨੂੰ ਕਹਿਣ ਲੱਗਾ ਕਿ ਮੈਂ ਉਸਦੀ ਥਾਂ ਉਸਦੇ ਕੰਮ ਉੱਤੇ ਕਿਸੇ ਹੋਰ ਨੂੰ ਲਾ ਦੇਵਾਂ । ਉਹ ਏਥੇ ਮੇਰੇ ਨਾਲ ਕੰਮ ਕਰਦਾ ਸੀ । ਮੈਂ ਏਨਾਂ ਹੈਰਾਨ ਹੋਇਆ ਕਿ ਮੈਂ ਸਗੋਂ ਉਸ ਉੱਤੇ ਚੀਖਿਆ ਵੀ। ਮੈਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਚਿਤਿਕਸਾ ਵਿੱਚ ਡਾਕਟਰੀ ਕਰ ਚੁੱਕਾ ਬੰਦਾ ਤੇ ਏਨਾਂ ਗੁਣੀ ਵਿਗਿਆਨੀ ਬੰਦੂਕ ਕਿਉਂ ਚੁੱਕੇ ! ਪਰ ਉਹ ਕਹਿਣ ਲੱਗਾ — ਮੈਨੂੰ ਉਹਦਾ ਇੱਕ ਇੱਕ ਲਫ਼ਜ਼ ਯਾਦ ਹੈ— ਉਹ ਕਹਿਣ ਲੱਗਾ: ‘ਐਸੇ ਵੀ ਸਮੇਂ ਹੁੰਦੇ ਹਨ, ਪਾਪਾ, ਜਦੋਂ ਚਿਕਿਤਸਾ ਦੇ ਡਾਕਟਰ ਨੂੰ ਵੀ ਬੰਦੂਕ ਚੁੱਕਣੀ ਪੈਂਦੀ ਹੈ। ਉਸਨੇ ਬਿਲਕੁਲ ਇਹੀ ਗੱਲ ਕਹੀ ਤੇ ਮੈਨੂੰ ਮੁੜ ਕੇ ਪੁੱਛਣ ਲੱਗਾ: ‘ਮੇਰੇ ਕੋਲ ਕੌਣ ਚਾਰਜ ਲਵੇਗਾ?’ ਮੇਰੇ ਲਈ ਸਿਰਫ਼ ਟੈਲੀਫੂਨ ਚੁੱਕਣ ਦੀ ਲੋੜ ਸੀ— ਤੇ ਕੁਝ ਨਹੀਂ ਸੀ ਵਾਪਰਨਾ, ਕੁਝ ਨਹੀਂ, ਸਮਝਦੇ ਹੋ! ਉਹ ਮੇਰੇ ਇੱਥੇ ਇੱਕ ਵਿਭਾਗ ਦਾ ਮੁਖੀ ਸੀ, ਉਹ ਫ਼ੌਜੀ ਹਸਪਤਾਲ ਵਿੱਚ ਕੰਮ ਕਰ ਰਿਹਾ ਸੀ। ਕਿਉਂ, ਇਸੇ ਤਰ੍ਹਾਂ ਨਹੀਂ ?
ਵਾਸਿਲੀ ਵਾਸਿਲੀਏਵਿਚ ਚੁੱਪ ਹੋ ਗਿਆ। ਉਸਦਾ ਭਾਰਾ ਤੇ ਘਰਰ-ਘਰਰ ਕਰਦਾ ਸਾਹ ਸੁਣਿਆ ਜਾ ਸਕਦਾ ਸੀ।
“ਰਹਿਣ ਦਿਓ, ਰਹਿਣ ਦਿਓ, ਕੀ ਕਰ ਰਹੇ ਹੋ; ਹੱਥ ਹਟਾ ਲਓ । ਮੈਨੂੰ ਪਤੈ ਤੁਹਾਡੇ ਲਈ ਹਿੱਲਣਾ ਕਿੰਨਾਂ ਤਕਲੀਫ਼ਦੇਹ ਹੈ। ਹਾਂ, ਤੇ ਮੈਂ ਸਾਰੀ ਰਾਤ ਬੈਠਾ ਸੋਚਦਾ ਰਿਹਾ, ਕੀ ਕੀਤਾ ਜਾਏ । ਸਮਝਦੇ ਹੋ, ਮੈਂ ਇੱਕ ਹੋਰ ਆਦਮੀ ਨੂੰ ਜਾਣਦਾ ਸਾਂ — ਤੁਹਾਨੂੰ ਪਤਾ ਹੈ, ਮੇਰਾ ਮਤਲਬ ਕਿਸ ਤੋਂ ਹੈ — ਜਿਸਦਾ ਇੱਕ ਬੇਟਾ ਸੀ, ਅਫ਼ਸਰ, ਤੇ ਉਹ ਜੰਗ ਦੇ ਬਿਲਕੁਲ ਪਹਿਲੇ ਹੀ ਦਿਨੀਂ ਮਾਰਿਆ ਗਿਆ ਸੀ । ਪਤਾ ਜੇ, ਉਸ ਪਿਤਾ ਨੇ ਕੀ ਕੀਤਾ ਸੀ ? ਉਸਨੇ ਆਪਣਾ ਦੂਜਾ ਬੇਟਾ ਜੰਗ ਵਿੱਚ ਭੇਜ ਦਿੱਤਾ, ਲੜਾਕੇ ਜਹਾਜ਼ ਦਾ ਪਾਇਲਟ ਬਣਾ ਕੇ, ਜੋ ਸਭ ਤੋਂ ਵੱਧ ਖ਼ਤਰਨਾਕ ਫ਼ੌਜੀ ਕਿੱਤਾ ਹੈ। ਮੈਨੂੰ ਉਦੋਂ ਉਹ ਆਦਮੀ ਯਾਦ ਆਇਆ ਤੇ ਮੈਨੂੰ ਆਪਣੀਆਂ ਸੋਚਾਂ ਉੱਤੇ ਸ਼ਰਮ ਆਉਣ ਲੱਗ ਪਈ, ਜਿਸ ਕਰਕੇ ਮੈਂ ਟੈਲੀਫੂਨ ਨਾ रोडा…”
“ਤੇ ਤੁਹਾਨੂੰ ਅਫ਼ਸੋਸ ਹੈ ਕਿ ਤੁਸੀਂ ਟੈਲੀਫੂਨ ਨਾ ਕੀਤਾ ?”
“ਨਹੀਂ। ਇਸਨੂੰ ਅਫ਼ਸੋਸ ਕਰਨਾ ਥੋਹੜਾ ਹੀ ਕਿਹਾ ਜਾ ਸਕਦੈ! ਮੈਂ ਤੁਰਦਾ ਫਿਰਦਾ ਆਪਣੇ ਮਨ ਵਿਚ ਸੋਚਦਾ ਹਾਂ: ਕੀ ਮੈਂ ਆਪਣੇ ਇੱਕੋ ਇੱਕ ਬੇਟੇ ਦਾ ਕਾਤਲ ਹਾਂ ? ਹੁਣ ਉਹ ਮੇਰੇ ਕੋਲ਼ ਹੁੰਦਾ, ਤੇ ਅਸੀਂ ਦੋਵੇਂ ਆਪਣੇ ਦੇਸ਼ ਲਈ ਬੜਾ ਲਾਭਕਾਰੀ ਕੰਮ ਕਰ ਰਹੇ ਹੁੰਦੇ। ਉਸ ਵਿਚ ਸੱਚਮੁਚ ਦੀ ਯੋਗਤਾ ਸੀ – ਚੁਸਤ-ਫੁਰਤ, ਹੌਂਸਲੇ ਵਾਲਾ, ਰੌਸ਼ਨ ਦਿਮਾਗ਼। ਉਹ ਸੋਵੀਅਤ ਚਿਕਿਸਤਾ ਦਾ ਮਾਨ ਬਣ ਸਕਦਾ ਸੀ — ਸਿਰਫ਼ ਜੇ ਕਿਤੇ ਮੈਂ ਟੈਲੀਫੂਨ ਕਰ ਦੇਂਦਾ!”
“ਤੁਹਾਨੂੰ ਅਫ਼ਸੋਸ ਹੈ ਕਿ ਤੁਸੀਂ ਟੈਲੀਫੂਨ ਨਹੀਂ ਕੀਤਾ ?”
“ਤੁਹਾਡਾ ਕੀ ਮਤਲਬ ਹੈ? ਆਹ, ਹਾਂ ਪਤਾ ਨਹੀਂ, ਪਤਾ ਨਹੀਂ…।” ..
“ਜੇ ਹੁਣ ਇਹੋ ਗੱਲ ਮੁੜ ਕੇ ਵਾਪਰੇ ਤਾਂ ਤੁਸੀਂ ਉਸ ਨਾਲੋਂ ਵੱਖਰਾ ਵਿਹਾਰ ਕਰੋਗੇ?”
ਕੁਝ ਦੇਰ ਲਈ ਚੁੱਪ ਛਾਅ ਗਈ। ਮਰੀਜ਼ਾਂ ਦਾ ਬਕਾਇਦਾ ਸਾਹ ਸੁਣਾਈ ਦੇ ਰਿਹਾ ਸੀ। ਮੰਜਾ ਤਾਲ ਵਿਚ ਚੀਂ-ਚੀਂ ਕਰ ਰਿਹਾ ਸੀ — ਜ਼ਾਹਰ ਸੀ ਕਿ ਡੂੰਘੀਆਂ ਸੋਚਾਂ ਵਿੱਚ ਡੁੱਬੇ ਪ੍ਰੋਫ਼ੈਸਰ ਦਾ ਸਰੀਰ ਇੱਧਰ ਉੱਧਰ ਝੂਲ ਰਿਹਾ ਸੀ — ਤੇ ਕਮਰੇ ਗਰਮ ਕਰਨ ਵਾਲੀਆਂ ਨਾਲੀਆਂ ਵਿਚ ਪਾਣੀ ਦੇ ਖੜਕਣ ਦੀ ਧੀਮੀ ਧੀਮੀ ਅਵਾਜ਼ ਆ ਰਹੀ ਸੀ।
“ਸੋ ?” ਕੋਮੀਸਾਰ ਨੇ ਪੁੱਛਿਆ। ਉਸਦੀ ਅਵਾਜ਼ ਵਿੱਚ ਅਥਾਹ ਨਿੱਘ ਮਹਿਸੂਸ ਕੀਤਾ ਜਾ ਸਕਦਾ ਸੀ।
“ਪਤਾ ਨਹੀਂ… ਤੁਹਾਡੇ ਸਵਾਲ ਦਾ ਮੇਰੇ ਕੋਲ ਕੋਈ ਫ਼ੌਰੀ ਜਵਾਬ ਨਹੀਂ। ਮੈਨੂੰ ਨਹੀਂ ਪਤਾ । ਪਰ ਮੇਰਾ ਖਿਆਲ ਹੈ ਕਿ ਜੇ ਸਭ ਕੁਝ ਮੁੜ ਤੋਂ ਵਾਪਰੇ, ਤਾਂ ਮੈਂ ਫਿਰ ਉਹੀਂ ਕੁਝ ਮੁੜ ਤੋਂ ਕਰਾਂਗਾ, ਜੋ ਕੁਝ ਮੈਂ ਕੀਤਾ ਸੀ । ਮੈਂ ਦੂਜੇ ਪਿਓਵਾਂ ਤੋਂ ਨਾ ਚੰਗਾ ਹਾਂ, ਨਾ ਮਾੜਾ ਹਾਂ ।… ਜੰਗ ਕਿੰਨੀਂ ਭਿਅੰਕਰ ਚੀਜ਼ ਹੈ…”
“ਤੇ ਯਕੀਨ ਜਾਣੋ, ਤੁਹਾਡੇ ਵਾਂਗ ਹੀ ਦੂਜੇ ਪਿਓਵਾਂ ਲਈ ਵੀ ਐਸੀ ਭਿਆਨਕ ਖ਼ਬਰ ਸਹਿਣੀ ਕੋਈ ਸੌਖੀ ਨਹੀਂ। ਨਹੀਂ, ਸੌਖੀ ਨਹੀਂ।”
ਵਾਸਿਲੀ ਵਾਸਿਲੀਏਵਿਚ ਕਿੰਨਾਂ ਚਿਰ ਚੁੱਪ ਬੈਠਾ ਰਿਹਾ। ਉਹ ਕੀ ਸੋਚ ਰਿਹਾ ਸੀ, ਉਹਨਾਂ ਹੌਲ਼ੀ ਹੌਲ਼ੀ ਬੀਤ ਰਹੀਆਂ ਘੜੀਆਂ ਦੇ ਦੌਰਾਨ ਉਸਦੇ ਚੌੜੇ, ਝੁਰੜੀਆਂ ਵਾਲ਼ੇ ਮੱਥੇ ਦੇ ਪਿੱਛੇ ਕਿਹੜੀਆਂ ਸੋਚਾਂ ਲੰਘ ਰਹੀਆਂ ਸਨ?
“ਹਾਂ, ਤੁਸੀਂ ਠੀਕ ਹੋ। ਉਸ ਲਈ ਕੋਈ ਸੋਖਾ ਨਹੀਂ ਸੀ, ਪਰ ਤਾਂ ਵੀ ਉਸਨੇ ਦੂਜੇ ਬੇਟੇ ਨੂੰ ਭੇਜ ਦਿੱਤਾ। ਸ਼ੁਕਰੀਆ, ਭਲੇ ਲੋਕੋ, ਸ਼ੁਕਰੀਆ। ਦੇਖ ! ਕੁਝ ਨਹੀਂ ਕੀਤਾ ਜਾ ਸਕਦਾ ।”
ਉਹ ਮੰਜੇ ਤੋਂ ਉੱਠ ਪਿਆ, ਹੌਲ਼ੀ ਹੌਲ਼ੀ ਕੋਮੀਸਾਰ ਦਾ ਹੱਥ ਉਸਦੇ ਕੰਬਲ ਹੇਠ ਕੀਤਾ, ਉਸਦੇ ਆਸੇ ਪਾਸੇ ਕੰਬਲ ਨੱਪਿਆ ਤੇ ਚੁੱਪ-ਚਾਪ ਕਮਰੇ ਵਿੱਚੋਂ ਨਿੱਕਲ ਗਿਆ। ਤੇ ਰਾਤ ਨੂੰ ਕੋਮੀਸਾਰ ਦੀ ਹਾਲਤ ਖਰਾਬ ਹੋ ਗਈ। ਬੇਹੋਸ਼ੀ ਵਿੱਚ ਉਸਨੇ ਬਿਸਤਰੇ ਵਿਚ ਪਾਸੇ ਮਾਰਨੇ, ਦੰਦ ਕਰੀਚਣੇ ਤੇ ਉੱਚੀ ਉੱਚੀ ਕਰਾਹੁਣਾ ਸ਼ੁਰੂ ਕਰ ਦਿੱਤਾ । ਫਿਰ ਉਹ ਇੱਕਦਮ ਚੁੱਪ ਕਰ ਗਿਆ, ਬਿਲਕੁਲ ਸਿੱਧਾ ਹੋ ਕੇ ਪੈ ਗਿਆ, ਤੇ ਸਾਰੇ ਸਮਝਣ ਲੱਗ ਪਏ ਕਿ ਅੰਤ ਆ ਗਿਆ ਹੈ। ਉਸਦੀ ਹਾਲਤ ਏਨੀਂ ਖਰਾਬ ਸੀ ਕਿ ਵਾਸਿਲੀ ਵਾਸਿਲੀਏਵਿਚ ਨੇ — ਜਿਹੜਾ ਆਪਣੇ ਬੇਟੇ ਦੀ ਮੌਤ ਪਿੱਛੋ ਆਪਣਾ ਵੱਡਾ ਸਾਰਾ, ਖਾਲੀ ਫ਼ਲੈਟ ਛੱਡ ਕੇ ਹਸਪਤਾਲ ਵਿਚਲੇ ਆਪਣੇ ਛੋਟੇ ਜਿਹੇ ਦਫ਼ਤਰ ਵਿੱਚ ਆ ਟਿਕਿਆ ਸੀ, ਜਿੱਥੇ ਉਹ ਮੋਮਜਾਮੇ ਵਾਲ਼ੇ ਕਾਊਚ ਉੱਤੇ ਸੌਂਦਾ ਸੀ – ਹੁਕਮ ਦਿੱਤਾ ਕਿ ਕੋਮੀਸਾਰ ਦੇ ਮੰਜੇ ਦੁਆਲੇ ਪਰਦਾ ਲਾ ਦਿੱਤਾ ਜਾਏ, ਜੋ ਕਿ, ਜਿਵੇਂ ਸਾਰੇ ਜਾਣਦੇ ਸਨ, ਇਸ ਗੱਲ ਦਾ ਸੰਕੇਤ ਸੀ ਕਿ ਸ਼ਾਇਦ ਮਰੀਜ਼ ਨੂੰ “ਵਾਰਡ ਨੰਬਰ ਪੰਜਾਹ” ਵਿੱਚ ਲੈ ਜਾਇਆ ਜਾਏ।
ਮਗਰੋਂ ਜਦੋਂ ਕਾਫ਼ੂਰ ਤੇ ਆਕਸੀਜਨ ਦੀ ਸਹਾਇਤਾ ਨਾਲ, ਉਸਦੀ ਨਬਜ਼ ਫਿਰ ਚੱਲਣੀ ਸ਼ੁਰੂ ਹੋ ਗਈ ਤਾਂ ਰਾਤ ਦੀ ਡਿਊਟੀ ਵਾਲ਼ਾ ਸਰਜਨ ਤੇ ਵਾਸਿਲੀ ਵਾਸਿਲੀਏਵਿਚ ਚਲੇ ਗਏ, ਤਾਂ ਕਿ ਬਾਕੀ ਰਹਿ ਗਈ ਰਾਤ ਵਿਚ ਜਿੰਨੀ ਕੁ ਨੀਂਦ ਲੈ ਸਕਦੇ ਹਨ, ਲੈ ਲੈਣ। ਅੱਥਰੂਆਂ ਭਿੱਜੇ ਤੇ ਫਿਕਰਮੰਦ ਚਿਹਰੇ ਨਾਲ, ਕਲਾਵਦੀਆ ਮਿਖਾਇਲੋਵਨਾ ਪਰਦੇ ਦੇ ਪਿੱਛੇ ਮਰੀਜ਼ ਦੇ ਸਿਰਹਾਣੇ ਬੈਠੀ ਰਹੀ। ਮਰੇਸੇਯੇਵ ਸੌਂ ਨਾ ਸਕਿਆ। ਉਹ ਦਹਿਸ਼ਤ ਵਿੱਚ ਪਿਆ ਸੋਚਦਾ ਰਿਹਾ: “ਕੀ ਸੱਚਮੁਚ ਇਹ ਅੰਤ ਹੈ?” ਕੋਮੀਸਾਰ ਅਜੇ ਵੀ ਬੇਹੱਦ ਕਸ਼ਟ ਵਿੱਚ ਸੀ। ਉਹ ਬੇਹੋਸ਼ੀ ਵਿੱਚ ਬੁੜਬੁੜਾ ਰਿਹਾ ਸੀ ਤੇ ਲਗਾਤਾਰ ਐਸੇ ਲਫ਼ਜ਼ ਦੁਹਰਾਅ ਰਿਹਾ ਸੀ ਜਿਹੜੇ ਮਰੇਸੇਯੇਵ ਨੂੰ ਇੰਝ ਲੱਗਦਾ ਸੀ ਜਿਵੇਂ ਕਹਿ ਰਿਹਾ ਹੋਵੇ:
“ਪੀਣ ਨੂੰ, ਪੀਣ ਨੂੰ ਦਿਓ!”
ਕਲਾਵਦੀਆ ਮਿਖਾਇਲੋਵਨਾ ਪਰਦੇ ਤੋਂ ਬਾਹਰ ਆਈ ਤੇ ਆਪਣੇ ਕੰਬਦੇ ਹੱਥਾਂ ਨਾਲ ਉਸਨੇ ਗਿਲਾਸ ਵਿੱਚ ਪਾਣੀ ਉਲਟਾਇਆ।
ਪਰ ਮਰੀਜ਼ ਨੇ ਪਾਣੀ ਨਹੀਂ ਲਿਆ, ਗਲਾਸ ਉਸਦੇ ਦੰਦਾਂ ਨਾਲ ਵੱਜਿਆ ਤੇ ਪਾਣੀ ਸਿਰਹਾਣੇ ਉੱਤੇ ਡੁੱਲ੍ਹ ਗਿਆ; ਪਰ ਉਸਨੇ ਕਦੀ ਹੁਕਮ ਦੇਂਦੇ ਢੰਗ ਨਾਲ ਤੇ ਕਦੀ ਮਿੰਨਤ ਕਰਦੇ ਢੰਗ ਨਾਲ ਉਹੀ ਲਫ਼ਜ਼ ਕਹਿਣੇ ਜ਼ਾਰੀ ਰੱਖੇ ਜਿਹੜੇ “ਪੀਣ ਨੂੰ ਦਿਓ” ਵਰਗੇ ਲਗਦੇ ਸਨ । ਇੱਕਦਮ ਮਰੇਸੇਯੇਵ ਨੂੰ ਸਮਝ ਆਈ ਕਿ ਉਹ ਲਫ਼ਜ਼ “ਪੀਣ ਨਹੀਂ” ਬੋਲ ਰਿਹਾ, ਸਗੋਂ “ਜੀਣ” ਬੋਲ ਰਿਹਾ ਹੈ, ਤੇ ਇਹਨਾਂ ਲਫ਼ਜ਼ਾਂ ਨਾਲ ਬੇਹੋਸ਼ੀ ਵਿੱਚ ਵੀ ਇਸ ਸ਼ਕਤੀਸ਼ਾਲੀ ਮਨੁੱਖ ਦੀ ਸਾਰੀ ਹੋਂਦ ਮੌਤ ਦੇ ਖਿਲਾਫ਼ ਬਗਾਵਤ ਕਰ ਰਹੀ ਹੈ।
ਕੁਝ ਦੇਰ ਮਗਰੋਂ, ਕੋਮੀਸਾਰ ਸ਼ਾਂਤ ਹੋ ਗਿਆ ਤੇ ਉਸਨੇ ਆਪਣੀਆਂ ਅੱਖਾਂ ਖੋਹਲ ਲਈਆਂ।
“ਸ਼ੁਕਰ ਹੈ ਰੱਬ ਦਾ !” ਕਲਾਵਦੀਆ ਮਿਖਾਇਲੋਵਨਾ ਨੇ ਬੁੱਲ੍ਹਾਂ ਵਿੱਚ ਕਿਹਾ ਤੇ ਹੌਲ਼ੀ ਹੌਲ਼ੀ ਪਰਦਾ ਇਕੱਠਾ ਕਰਨ ਲੱਗ ਪਈ ।
“ਨਹੀਂ, ਰਹਿਣ ਦਿਓ!” ਕੋਮੀਸਾਰ ਦੀ ਅਵਾਜ਼ ਸੁਣ ਕੇ ਉਹ ਰੁਕ ਗਈ। “ਰਹਿਣ ਦਿਓ, ਸਿਸਟਰ। ਇਸ ਤਰ੍ਹਾਂ ਵਧੇਰੇ ਸੁਖਦਾਈ ਹੈ । ਤੁਹਾਡੇ ਅੱਥਰੂਆਂ ਤੋਂ ਬਿਨਾਂ ਵੀ ਇਸ ਦੁਨੀਆਂ ਵਿੱਚ ਬਥੇਰਾਂ ਸਲ੍ਹਾਬਾ ਹੈ। ਲੈ, ਛੱਡੋ, ਨਾ ਰੋਵੋ, ਮੇਰੇ ਸੋਵੀਅਤ ਫਰਿਸ਼ਤੇ ! ਕਿੰਨੇਂ ਅਫ਼ਸੋਸ ਦੀ ਗੱਲ ਹੈ ਕਿ ਫਰਿਸ਼ਤੇ, ਤੁਹਾਡੇ ਵਰਗੇ ਵੀ, ਸਾਨੂੰ ਸਿਰਫ਼ ਬਰੂਹਾਂ ਉੱਤੇ ਹੀ ਮਿਲਦੇ ਹਨ… ਦੂਜੀ ਦੁਨੀਆਂ ਦੀਆਂ ਬਰੂਹਾਂ ਉੱਤੇ।”
10
ਅਲੈਕਸੇਈ ਅਜੀਬ ਜਿਹੀ ਮਨੋਵਸਥਾ ਵਿੱਚੋਂ ਲੰਘ ਰਿਹਾ ਸੀ।
ਜਿਸ ਘੜੀ ਤੋਂ ਉਸਨੂੰ ਇਹ ਵਿਸ਼ਵਾਸ ਹੋਇਆ ਸੀ ਕਿ ਸਿਖਲਾਈ ਨਾਲ ਪੈਰਾਂ ਤੋਂ ਬਿਨਾਂ ਵੀ ਹਵਾਈ ਜਹਾਜ਼ ਉਡਾਉਣਾ ਸਿੱਖਣਾ ਸੰਭਵ ਹੈ, ਤੇ ਉਹ ਮੁੜ ਕੇ ਪਾਇਲਟ ਬਣ ਸਕਦਾ ਹੈ, ਤਾਂ ਜੀਵਨ ਤੇ ਸਰਗਰਮੀ ਲਈ ਤੀਖਣ ਇੱਛਾ ਉਸ ਉੱਤੇ ਛਾਅ ਗਈ।
ਹੁਣ ਜ਼ਿੰਦਗੀ ਵਿੱਚ ਉਸ ਸਾਮ੍ਹਣੇ ਇੱਕ ਨਿਸ਼ਾਨਾ ਸੀ: ਲੜਾਕਾ ਹਵਾਈ ਜਹਾਜ਼ ਮੁੜ ਉਡਾਉਣਾ; ਤੇ ਉਸਨੇ ਉਸੇ ਹੀ ਜਨੂੰਨੀ ਸਿਰੜ੍ਹ ਨਾਲ ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਯਤਨ ਸ਼ੁਰੂ ਕਰ ਦਿੱਤੇ, ਜਿਹੜਾ ਸਿਰੜ੍ਹ ਉਸਨੇ ਉਦੋਂ ਦਿਖਾਇਆ ਸੀ ਜਦੋਂ ਉਹ ਰਿੜ੍ਹਦਾ ਹੋਇਆ ਗੁਰੀਲਿਆਂ ਤੱਕ ਪੁੱਜਾ ਸੀ । ਆਪਣੀ ਚੜ੍ਹਦੀ ਜਵਾਨੀ ਤੋਂ ਹੀ ਉਹ ਜ਼ਿੰਦਗੀ ਨੂੰ ਸਿਆਣਪ ਨਾਲ਼ ਲੈਣ ਦਾ ਆਦੀ ਸੀ, ਸੋ ਸਭ ਤੋਂ ਪਹਿਲਾਂ ਉਸਨੇ ਠੀਕ ਠੀਕ ਨਿਸ਼ਚਿਤ ਕੀਤਾ ਕਿ ਕੀ ਕਰਨਾ ਜ਼ਰੂਰੀ ਹੈ, ਤਾਂ ਕਿ ਬਿਨਾਂ ਕੀਮਤੀ ਸਮਾਂ ਜ਼ਾਇਆ ਕਰਨ ਦੇ ਆਪਣਾ ਨਿਸ਼ਾਨਾ ਪ੍ਰਾਪਤ ਕੀਤਾ ਜਾ ਸਕੇ ਤੇ ਫ਼ੈਸਲਾ ਕੀਤਾ ਕਿ ਸਭ ਤੋਂ ਪਹਿਲਾਂ ਉਸਨੂੰ ਜਲਦੀ ਜਲਦੀ ਰਾਜ਼ੀ ਹੋਣਾ ਚਾਹੀਦਾ ਹੈ, ਉਹ ਸਿਹਤ ਤੇ ਤਾਕਤ ਮੁੜ ਪ੍ਰਾਪਤ ਕਰਨੀ ਚਾਹੀਦੀ ਹੈ, ਜਿਹੜੀ ਉਹ ਭੁੱਖੇ ਰਹਿਣ ਦੇ ਸਮੇਂ ਗੁਆ ਚੁੱਕਾ ਸੀ, ਤੇ ਇਸ ਲਈ ਉਸਨੂੰ ਵਧੇਰੇ ਖਾਣਾ ਤੇ ਵਧੇਰੇ ਸੌਣਾ ਚਾਹੀਦਾ ਹੈ । ਦੂਜੀ ਗੱਲ, ਉਸਨੂੰ ਇੱਕ ਪਾਇਲਟ ਵਾਲ਼ੇ ਲੜਾਕਾ ਗੁਣ ਮੁੜ ਪ੍ਰਾਪਤ ਕਰਨੇ ਚਾਹੀਦੇ ਹਨ ਤੇ ਇਸ ਵਾਸਤੇ ਜਿਮਨਾਸਟਿਕ ਦੀਆਂ ਐਸੀਆਂ ਵਰਜਸ਼ਾਂ ਨਾਲ, ਜਿਹੜੀਆਂ ਬਿਸਤਰੇ ਵਿੱਚ ਪਿਆ ਬੰਦਾ ਕਰ ਸਕਦਾ ਹੈ, ਆਪਣੇ ਆਪ ਦਾ ਸਰੀਰਕ ਤੌਰ ਉੱਤੇ ਵਿਕਾਸ ਕਰਨਾ ਚਾਹੀਦਾ ਹੈ। ਤੀਜੀ ਗੱਲ, ਤੇ ਇਹ ਸਭ ਤੋਂ ਮਹੱਤਵਪੂਰਨ ਤੇ ਮੁਸ਼ਕਲ ਹਿੱਸਾ ਸੀ, ਉਸਨੂੰ ਚਾਹੀਦਾ ਹੈ ਕਿ ਉਸਦੀਆਂ ਲੱਤਾਂ ਦਾ ਜੋ ਕੁਝ ਬਚਿਆ ਰਿਹਾ ਸੀ, ਉਸਨੂੰ ਸਿਧਾਏ ਤਾਂ ਕਿ ਉਹਨਾਂ ਦੀ ਤਾਕਤ ਤੇ ਫ਼ੁਰਤੀ ਕਾਇਮ ਰੱਖ ਸਕੇ ਤੇ ਮਗਰੋਂ ਜਦੋਂ ਉਸਨੂੰ ਉਸਦੇ ਬਣਾਵਟੀ ਅੰਗ ਮਿਲ ਜਾਂਦੇ ਹਨ, ਉਹਨਾਂ ਨਾਲ ਜਹਾਜ਼ ਨੂੰ ਉਡਾਉਣਾ मिथे।
ਪੈਰਾਂ ਤੋਂ ਹੀਣੇ ਆਦਮੀ ਲਈ ਤੁਰਨਾ ਵੀ ਕੋਈ ਸੌਖੀ ਗੱਲ ਨਹੀਂ। ਪਰ ਮਰੇਸੇਯੇਵ ਹਵਾਈ ਜਹਾਜ਼ ਦਾ, ਤੇ ਉਹ ਵੀ ਲੜਾਕਾ ਜਹਾਜ਼ ਦਾ ਪਾਇਲਟ ਬਨਣ ਲਈ ਦ੍ਰਿੜ ਸੀ।
ਇਹ ਕਰਨ ਲਈ, ਖਾਸ ਕਰਕੇ ਹਵਾਈ ਲੜਾਈ ਦੇ ਦੌਰਾਨ, ਜਦੋਂ ਸਭ ਕੁਝ ਦਾ ਇੱਕ ਸਕਿੰਟ ਦੇ ਵੀ ਸੌਵੇਂ ਹਿੱਸੇ ਤੱਕ ਹਿਸਾਬ ਲਾਇਆ ਜਾਂਦਾ ਹੈ ਤੇ ਹਰਕਤਾਂ ਨੂੰ ਅਣਸਿਧਾਏ ਪ੍ਰਤਿਕਰਮ ਦੀ ਹੱਦ ਤੱਕ ਸੁਮੇਲਿਆ ਜਾਂਦਾ ਹੈ, ਪੈਰਾਂ ਨੂੰ ਵੀ ਉਸੇ ਹੀ ਸ਼ੁੱਧਤਾਈ, ਯੋਗਤਾ ਤੇ, ਸਭ ਤੋਂ ਵੱਧ, ਉਸੇ ਤੇਜ਼ੀ ਨਾਲ ਕਾਰਵਾਈਆਂ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ, ਜਿਸ ਤਰ੍ਹਾਂ ਹੱਥ ਕਰਦੇ ਹਨ। ਉਸਨੂੰ ਆਪਣੇ ਆਪ ਨੂੰ ਇਸ ਹੱਦ ਤੱਕ ਸਿਖਲਾਈ ਦੇਣੀ ਚਾਹੀਦੀ ਹੈ ਕਿ ਉਸਦੀਆਂ ਲੱਤਾਂ ਦੀਆਂ ਮੁੱਢੀਆਂ ਨਾਲ ਲੱਗੇ ਲੱਕੜੀ ਤੇ ਚਮੜੇ ਦੇ ਟੋਟੇ ਵੀ ਉਸੇ ਤਰ੍ਹਾਂ ਕੰਮ ਕਰਨ ਜਿਸ ਤਰ੍ਹਾਂ ਸਰੀਰ ਦੇ ਜੀਵਤ ਅੰਗ ਕਰਦੇ ਹਨ।
ਜਹਾਜ਼ ਉਡਾਉਣ ਦੀ ਤਕਨੀਕ ਤੋਂ ਜਾਣੂ ਬੰਦਾ ਇਸਨੂੰ ਅਸੰਭਵ ਸਮਝੇਗਾ, ਪਰ ਅਲੈਕਸੇਈ ਨੂੰ ਹੁਣ ਯਕੀਨ ਸੀ ਕਿ ਇਹ ਸੰਭਵ ਸੀ, ਤੇ ਜੇ ਇਹ ਸੰਭਵ ਸੀ, ਤਾਂ ਉਹ ਯਕੀਨਨ ਇਸਨੂੰ ਪ੍ਰਾਪਤ ਕਰ ਲਵੇਗਾ। ਸੋ, ਉਸਨੇ ਆਪਣੀਆਂ ਯੋਜਨਾਵਾਂ ਉੱਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਆਪਣੇ ਲਈ ਦੱਸੇ ਗਏ ਸਾਰੇ ਇਲਾਜ ਤੇ ਦਵਾਈਆਂ ਐਸੀਂ ਪਾਬੰਦੀ ਨਾਲ ਲੈਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਉੱਤੇ ਉਹ ਆਪ ਵੀ ਹੈਰਾਨ ਸੀ । ਉਹ ਕਾਫ਼ੀ ਖਾ ਜਾਂਦਾ ਤੇ ਖਾਸ ਭੁੱਖ ਨਾ ਹੋਣ ਉੱਤੇ ਵੀ ਉਹ ਦੂਜੀ ਵਾਰੀ ਮੰਗ ਲੈਂਦਾ। ਭਾਵੇਂ ਹਾਲਾਤ ਕੁਝ ਵੀ ਹੋਣ, ਉਹ ਨਿਸ਼ਚਿਤ ਘੰਟੇ ਨੀਂਦਰ ਲੈਣ ਲਈ ਆਪਣੇ ਆਪ ਨੂੰ ਮਜ਼ਬੂਰ ਕਰਦਾ ਤੇ ਸਗੋਂ ਦੁਪਹਿਰ ਦੇ ਖਾਣੇ ਤੋਂ ਮਗਰੋਂ ਚੌਂਕਾ ਲਾਉਣ ਦੀ ਵੀ ਉਸਨੇ ਆਪਣੇ ਆਪ ਨੂੰ ਆਦਤ ਪਾ ਲਈ, ਜੋ ਕਿ ਉਸਦੇ ਸਰਗਰਮ ਤੇ ਚੁਲਬੁਲੇ ਮਿਜਾਜ਼ ਦੇ ਏਨਾਂ ਉਲਟ ਸੀ।
ਉਸ ਲਈ ਆਪਣੇ ਆਪ ਨੂੰ ਖਾਣ, ਸੌਣ ਤੇ ਦਵਾਈਆਂ ਲੈਣ ਲਈ ਮਜ਼ਬੂਰ ਕਰਨਾ ਕੋਈ ਮੁਸ਼ਕਲ ਨਹੀਂ ਸੀ। ਪਰ ਜਿਮਨਾਸਟਿਕ ਇੱਕ ਵੱਖਰੀ ਗੱਲ ਸੀ। ਸਧਾਰਨ ਵਰਜਸ਼ਾਂ, ਜਿਨ੍ਹਾਂ ਨੂੰ ਉਹ ਪਹਿਲਾਂ ਬਕਾਇਦਾ ਕਰਿਆ ਕਰਦਾ ਸੀ, ਪੈਰਾਂ ਤੋਂ ਹੀਣ ਤੇ ਮੰਜੇ ਨਾਲ ਬੱਝੇ ਆਦਮੀ ਲਈ ਠੀਕ ਨਹੀਂ ਸਨ। ਇਸ ਲਈ ਉਸਨੇ ਆਪਣੀਆਂ ਹੀ ਨਵੀਆਂ ਵਰਜਸ਼ਾਂ ਘੜੀਆਂ; ਕਈ ਕਈ ਘੰਟੇ ਉਹ ਲੱਕ ਉੱਤੇ ਹੱਥ ਰੱਖ ਸਰੀਰ ਨੂੰ ਅੱਗੇ ਝਕਾਉਂਦਾ, ਫਿਰ ਪਿੱਛੇ ਲਿਆਉਂਦਾ, ਸੱਜੇ ਤੋਂ ਖੱਬੇ ਤੇ ਖੱਬੇ ਤੋਂ ਸੱਜੇ ਲਿਜਾਂਦਾ ਰਹਿੰਦਾ, ਤੇ ਆਪਣੇ ਸਿਰ ਨੂੰ ਏਨੇਂ ਜ਼ੋਰ ਦੇ ਜੋਸ਼ ਨਾਲ ਇਧਰ ਉਧਰ ਮੋੜਦਾ ਰਹਿੰਦਾ ਕਿ ਉਸਦੀ ਕੰਗਰੋੜ ਕੜਕਣ ਲੱਗ ਜਾਂਦੀ । ਵਾਰਡ ਵਿਚਲੇ ਉਸਦੇ ਸਾਥੀ ਇਹਨਾਂ ਵਰਜਸ਼ਾਂ ਉੱਤੇ ਉਸਨੂੰ ਸਦਭਾਵੀ ਮਜ਼ਾਕ ਕਰਦੇ, ਤੇ ਕੁਕੂਸ਼ਕਿਨ ਉਸਨੂੰ ਵਿਅੰਗ ਨਾਲ ਵਧਾਈ ਦੇਂਦਾ ਤੇ ਕਦੀ ਜਨਾਮੇਨਸਕੀ ਭਰਾਵਾਂ ਦਾ, ਲਾਦੁਮੇਗ ਦਾ, ਜਾਂ ਦੂਜੇ ਮਸ਼ਹੂਰ ਦੌੜਾਕਾਂ ਦਾ ਉਸਨੂੰ ਨਾਂ ਦੇਂਦਾ। ਕੁਕੁਸ਼ਕਿਨ ਇਹਨਾਂ ਜਿਮਨਾਸਟਿਕ ਵਰਜਸ਼ਾ ਨੂੰ ਦੇਖ ਤੱਕ ਵੀ ਨਹੀਂ ਸੀ ਸਕਦਾ ਤੇ ਇਹਨਾਂ ਨੂੰ ਸਿਰਫ਼ ਇੱਕ ਹੋਰ ਹਸਪਤਾਲੀ ਮੂਰਖਤਾ ਸਮਝਦਾ ਸੀ । ਜਿਉਂ ਹੀ ਅਲੈਕਸੇਈ ਆਪਣੀ ਵਰਜਸ਼ ਸ਼ੁਰੂ ਕਰਦਾ, ਉਹ ਬੁੜ-ਬੁੜ ਤੇ ਸੜੂੰ-ਸੜੂੰ ਕਰਦਾ ਹੋਇਆ ਬਰਾਮਦੇ ਵਿੱਚ ਦੌੜ ਜਾਂਦਾ।
ਜਦੋਂ ਅਲੈਕਸੇਈ ਦੀਆਂ ਲੱਤਾਂ ਤੋਂ ਪੱਟੀਆਂ ਖੋਹਲੀਆਂ ਗਈਆਂ ਤੇ ਉਹ ਆਪਣੇ ਮੰਜੇ ਉੱਤੇ ਵਧੇਰੇ ਖੁੱਲ੍ਹੀ ਤਰ੍ਹਾਂ ਹਿੱਲਣ-ਜੁੱਲਣ ਦੇ ਯੋਗ ਹੋ ਗਿਆ, ਤਾਂ ਉਸਨੇ ਇੱਕ ਹੋਰ ਵਰਜਸ਼ ਨਾਲ ਮਿਲਾ ਲਈ । ਉਹ ਆਪਣੀਆਂ ਲੱਤਾਂ ਦੀਆਂ ਮੁੱਢੀਆਂ ਨੂੰ ਆਪਣੀ ਮੰਜੀ ਦੇ ਪੈਰਾਂ ਵੱਲ ਦੇ ਡੰਡਿਆਂ ਵਿੱਚ ਅੜਾ ਲੈਂਦਾ, ਆਪਣੇ ਹੱਥਾਂ ਨੂੰ ਲੱਕ ਉੱਤੇ ਰੱਖਦਾ ਤੇ ਹੌਲ਼ੀ ਹੌਲ਼ੀ ਆਪਣੇ ਸਰੀਰ ਨੂੰ ਜਿੱਥੋਂ ਤੱਕ ਹੋ ਸਕਦਾ ਪਹਿਲਾਂ ਅੱਗੇ ਨੂੰ ਝਕਾਉਂਦਾ ਤੇ ਫਿਰ ਪਿੱਛੇ ਨੂੰ ਲਿਜਾਂਦਾ । ਹਰ ਲੰਘਦੇ ਦਿਨ ਨਾਲ ਉਹ ਇੰਝ ਝੁਕਣ ਦੀ ਰਫ਼ਤਾਰ ਨੂੰ ਘਟਾਉਂਦਾ ਤੇ ਗਿਣਤੀ ਨੂੰ ਵਧਾਉਂਦਾ ਗਿਆ। ਫਿਰ ਉਸਨੇ ਆਪਣੀਆਂ ਲੱਤਾਂ ਲਈ ਕੁਝ ਵਰਜਸ਼ਾਂ ਘੜੀਆਂ। ਉਹ ਸਿੱਧਾ ਲੰਮਾਂ ਪੈ ਜਾਂਦਾ ਤੇ ਵਾਰੀ ਵਾਰੀ ਆਪਣੀ ਲੱਤ ਨੂੰ ਮੋੜ ਕੇ ਗੋਡਿਆਂ ਨੂੰ ਆਪਣੀ ਛਾਤੀ ਵੱਲ ਲਿਆਉਂਦਾ, ਤੇ ਫਿਰ ਲੱਤ ਨੂੰ ਸਿੱਧਾ ਕਰ ਦੇਂਦਾ। ਜਦੋਂ ਉਸਨੇ ਇਹ ਵਰਜਸ਼ ਪਹਿਲੀ ਵਾਰੀ ਕੀਤੀ, ਤਾਂ ਉਸਨੂੰ ਸਮਝ ਆਈ ਕਿ ਕਿੰਨੀਆਂ ਜ਼ਿਆਦਾ, ਤੇ ਸ਼ਾਇਦ ਨਾ ਸਰ ਹੋਣ ਵਾਲੀਆਂ ਮੁਸ਼ਕਲਾਂ ਉਸਦੇ ਸਾਮ੍ਹਣੇ ਪਈਆਂ ਹਨ । ਲੱਤਾਂ ਨੂੰ, ਜਿਨ੍ਹਾਂ ਨਾਲ਼ੋਂ ਪਿੰਨੀ ਦੀ ਹੱਡੀ ਤੱਕ ਪੈਰਾਂ ਨੂੰ ਕੱਟ ਦਿੱਤਾ ਗਿਆ ਹੋਇਆ ਸੀ, ਫ਼ੈਲਾਉਣ ਨਾਲ ਬੇਹੱਦ ਪੀੜ ਹੁੰਦੀ ਸੀ। ਹਰਕਤਾਂ ਬੇਕਾਇਦਾ ਤੇ ਗੈਰ-ਭਰੋਸੇਯੋਗ ਸਨ। ਉਹਨਾਂ ਦਾ ਹਿਸਾਬ ਲਾਉਣਾ ਓਨਾਂ ਹੀ ਮੁਸ਼ਕਲ ਸੀ, ਜਿੰਨਾਂ ਟੁੱਟੇ ਪਰ ਜਾਂ ਟੁੱਟੀ ਪੂਛ ਵਾਲੇ ਹਵਾਈ ਜਹਾਜ਼ ਨੂੰ ਉਡਾਉਣਾ । ਆਪਣੇ ਮਨ ਵਿੱਚ ਆਪਣੇ ਆਪ ਦੀ ਤੁਲਨਾ ਇੱਕ ਹਵਾਈ ਜਹਾਜ਼ ਨਾਲ ਕਰਦਿਆਂ, ਅਲੈਕਸੇਈ ਨੇ ਮਹਿਸੂਸ ਕੀਤਾ ਕਿ, ਉਸਦੀ ਸੂਰਤ ਵਿੱਚ, ਮਨੁੱਖਾ ਸਰੀਰ ਦੀ ਆਦਰਸ਼ਕ ਹੱਦ ਤੱਕ ਗਿਣਮਿਥ ਕੇ ਬਣਾਈ ਗਈ ਬਣਤਰ ਵਿੱਚ ਵਿਘਨ ਪੈ ਗਿਆ ਸੀ, ਤੇ ਭਾਵੇਂ ਉਸਦਾ ਸਰੀਰ ਅਜੇ ਵੀ ਤਕੜਾ ਤੇ ਸਵਸਥ ਸੀ, ਇਹ ਆਪਣੇ ਵੱਖੋ ਵੱਖਰੇ ਅੰਗਾਂ ਦੇ ਕਾਰਜਾਂ ਦੀ ਉਹ ਇਕਸੁਰਤਾ ਮੁੜ ਕਦੀਂ ਨਹੀਂ ਪ੍ਰਾਪਤ ਕਰ ਸਕੇਗਾ, ਜਿਸਦੀ ਇਸਨੂੰ ਬਚਪਨ ਤੋਂ ਸਿਖਲਾਈ ਦਿੱਤੀ ਗਈ ਸੀ।
ਲੱਤਾਂ ਦੀਆਂ ਵਰਜਸ਼ਾਂ ਨਾਲ ਮਰੇਸੇਯੇਵ ਨੂੰ ਬਹੁਤ ਪੀੜ ਹੁੰਦੀ, ਪਰ ਤਾਂ ਵੀ ਉਹ ਹਰ ਰੋਜ਼ ਪਿਛਲੇ ਦਿਨ ਨਾਲੋਂ ਇੱਕ ਮਿੰਟ ਵਧੇਰੇ ਵਰਜਸ਼ ਕਰਦਾ। ਐਸੀਆਂ ਭਿਆਨਕ ਘੜੀਆਂ ਵੀ ਆਉਂਦੀਆਂ, ਜਦੋਂ ਆਪਣੇ ਆਪ ਹੀ ਅੱਥਰੂ ਉਸਦੀਆਂ ਅੱਖਾਂ ਵਿੱਚ ਭਰ ਆਉਂਦੇ, ਤੇ ਉਹ ਅਣਇੱਛਤ ਕੱਰਾਹਟ ਨੂੰ ਦਬਾਉਣ ਲਈ ਆਪਣੇ ਬੁੱਲ੍ਹਾਂ ਨੂੰ ਇੰਝ ਦੰਦਾਂ ਵਿੱਚ ਲੈ ਲੈਂਦਾ ਕਿ ਉਹਨਾਂ ਵਿੱਚੋਂ ਲਹੂ ਨਿੱਕਲਣ ਲੱਗ ਪੈਂਦਾ। ਪਰ ਉਸਨੇ ਇਹ ਵਰਜਸ਼ਾਂ ਕਰਨ ਲਈ ਆਪਣੇ ਆਪ ਨੂੰ ਮਜ਼ਬੂਰ ਕਰ ਲਿਆ, ਪਹਿਲਾਂ ਦਿਹਾੜੀ ਵਿੱਚ ਇੱਕ ਵਾਰੀ ਤੇ ਫਿਰ ਦੋ ਵਾਰੀ। ਹਰ ਵਾਰੀ ਵਰਜਸ਼ ਕਰਨ ਤੋਂ ਮਗਰੋਂ ਉਹ ਬੇਵੱਸੀ ਦੀ ਹਾਲਤ ਵਿੱਚ ਪਿੱਛੇ ਆਪਣੇ ਸਿਰਹਾਣੇ ਉੱਤੇ ਢਹਿ ਜਾਂਦਾ, ਤੇ ਸੋਚਣ ਲੱਗ ਪੈਂਦਾ: ਕੀ ਮੁੜ ਕੇ ਉਹਨਾਂ ਨੂੰ ਕਰਨ ਦੀ ਉਸ ਵਿੱਚ ਹਿੰਮਤ ਸੀ ? ਪਰ ਜਦੋਂ ਸਮਾਂ ਆਉਂਦਾ, ਉਹ ਮੁੜ ਜੁੱਟ ਜਾਂਦਾ । ਸ਼ਾਮ ਨੂੰ, ਉਹ ਆਪਣੇ ਪੱਟਾਂ ਤੇ ਪਿੰਨੀਆਂ ਦੇ ਪੱਠਿਆਂ ਨੂੰ ਟੋਂਹਦਾ ਤੇ ਤਸੱਲੀ ਨਾਲ ਦੇਖਦਾ ਕਿ ਉਹ ਹੁਣ ਢਿਲਕਵਾਂ ਜਿਹਾ ਮਾਸ ਤੇ ਚਰਬੀ ਨਹੀਂ ਸਨ ਰਹੇ, ਜੋ ਕਿ ਉਹਨੂੰ ਵਰਜਸ਼ਾਂ ਕਰਨ ਤੋਂ ਪਹਿਲਾਂ ਆਪਣੇ ਹੱਥਾਂ ਹੇਠ ਮਹਿਸੂਸ ਹੋਇਆ ਕਰਦਾ ਸੀ, ਸਗੋਂ ਮਜ਼ਬੂਤ ਪੱਠੇ ਬਣ ਗਏ ਸਨ, ਜਿਸ ਤਰ੍ਹਾਂ ਦੇ ਪਹਿਲਾਂ ਉਸਦੇ ਹੁੰਦੇ ਸਨ।
ਮਰੇਸੇਯੇਵ ਦੀਆਂ ਸਾਰੀਆਂ ਸੋਚਾਂ ਉੱਤੇ ਲੱਤਾਂ ਛਾਈਆਂ ਹੋਈਆਂ ਸਨ। ਕਦੀ ਕਦੀ, ਸੋਚਾਂ ਵਿੱਚ ਡੁੱਬਿਆਂ, ਉਸਨੂੰ ਪੈਰਾਂ ਵਿੱਚ ਪੀੜ ਮਹਿਸੂਸ ਹੁੰਦੀ; ਉਹ ਆਪਣੀਆਂ ਲੱਤਾਂ ਦੀ ਪੁਜੀਸ਼ਨ ਬਦਲਦਾ ਤੇ ਫਿਰ ਕਿਤੇ ਜਾ ਕੇ ਉਸਨੂੰ ਯਾਦ ਆਉਂਦਾ ਕਿ ਪੈਰ ਤਾਂ ਉਸਦੇ ਹੈ ਹੀ ਨਹੀਂ ਸਨ। ਬਹੁਤ ਦੇਰ ਤੱਕ, ਕਿਸੇ ਤੱਤਵੀ ਬੇਜੋੜਤਾ ਕਾਰਨ, ਕੱਟੇ ਹੋਏ ਪੈਰ ਅਜੇ ਵੀ ਉਸਦੇ ਸਰੀਰ ਨਾਲ ਰਹਿਣਾ ਜਾਰੀ ਰੱਖਦੇ ਰਹੇ; ਇੱਕਦਮ ਉਹਨਾਂ ਨਾਲ ਖਿਝ ਆਉਣ ਲੱਗ ਪੈਂਦੀ, ਸਿਲ੍ਹੇ ਮੌਸਮ ਵਿਚ ਉਹਨਾਂ ਵਿਚ ਪੀੜ ਹੋਣ ਲੱਗ ਪੈਂਦੀ ਤੇ ਚੀਸਾਂ ਉੱਠਣ ਲੱਗ ਪੈਂਦੀਆਂ । ਆਪਣੇ ਪੈਰਾਂ ਬਾਰੇ ਉਹ ਏਨਾਂ ਜ਼ਿਆਦਾ ਸੋਚਦਾ ਸੀ ਕਿ ਅਕਸਰ ਹੀ ਉਹ ਸੁਪਨੇ ਵਿਚ ਆਪਣੇ ਆਪ ਨੂੰ ਰਿਸ਼ਟ-ਪੁਸ਼ਟ, ਚੁਸਤ-ਫ਼ੁਰਤ ਬੰਦੇ ਵਜੋਂ ਦੇਖਦਾ। ਉਸਨੂੰ ਸੁਪਨਾ ਆਉਂਦਾ ਕਿ ਖ਼ਤਰੇ ਦਾ ਅਲਾਰਮ ਹੋਣ ਉੱਤੇ ਉਹ ਪੂਰੀ ਤੇਜ਼ੀ ਨਾਲ ਆਪਣੇ ਜਹਾਜ਼ ਵੱਲ ਆਉਂਦਾ ਹੈ, ਜਹਾਜ਼ ਦੇ ਪਰ ਉੱਤੇ ਛਾਲ ਮਾਰ ਕੇ ਚੜ੍ਹ ਜਾਂਦਾ ਹੈ ਤੇ ਆਪਣੇ ਕੈਬਿਨ ਵਿੱਚ ਉੱਤਰ ਜਾਂਦਾ ਹੈ ਤੇ ਪੈਰਾਂ ਨਾਲ ਜਹਾਜ਼ ਦੇ ਪੈਡਲ ਨੱਪਣ ਦੀ ਕੋਸ਼ਿਸ਼ ਕਰਦਾ ਹੈ। ਜਦ ਕਿ ਯੂਰਾ ਇੰਜਣ ਤੋਂ ਉਛਾੜ ਲਾਹ ਰਿਹਾ ਹੁੰਦਾ ਹੈ। ਕਿਸੇ ਦੂਜੇ ਵੇਲੇ, ਉਹ ਤੇ ਓਲਿਆ, ਹੱਥ ਵਿਚ ਹੱਥ ਫ਼ੜੀ, ਨਿੱਘੀ ਤੇ ਸਿਲ੍ਹੀ ਧਰਤੀ ਦੀ ਸੁਖਾਵੀਂ ਛੋਹ ਮਾਣਦੇ, ਫੁੱਲਾਂ-ਲੱਦੀ ਸਤੇਪੀ ਵਿਚ ਨੰਗੇ ਪੈਰੀਂ ਦੌੜੇ ਜਾ ਰਹੇ ਹੁੰਦੇ। ਕਿੰਨਾਂ ਚੰਗਾ ਸੀ ਇਹ ! ਪਰ ਕਿੰਨੀ ਮਾਯੂਸ ਕਰਨ ਵਾਲੀ ਗੱਲ ਹੁੰਦੀ ਸੀ – ਜਾਗਣਾ ਤੇ ਦੇਖਣਾ ਕਿ ਉਸਦੇ ਤਾਂ ਪੈਰ ਹੀ ਨਹੀਂ ਹਨ।
ਇਸ ਤਰਾਂ ਦੇ ਸੁਪਨਿਆਂ ਤੋਂ ਮਗਰੋਂ, ਅਲੈਕਸੇਈ ਕਦੀ ਕਦੀ ਮਾਯੂਸ ਹੋ ਜਾਂਦਾ । ਉਸਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਉਹ ਐਵੇਂ ਹੀ ਆਪਣੇ ਆਪ ਨੂੰ ਤਸੀਹੇ ਦੇ ਰਿਹਾ ਹੈ, ਕਿ ਉਹ ਮੁੜ ਕੇ ਕਦੀ ਵੀ ਉਡਾਣ ਲਾ ਸਕੇਗਾ, ਬਿਲਕੁਲ ਜਿਸ ਤਰ੍ਹਾਂ ਉਹ ਕਾਮੀਸ਼ਿਨ ਵਿਚਲੀ ਉਸ ਸੁੰਦਰ ਕੁੜੀ ਨਾਲ ਸਤੇਪੀ ਵਿੱਚ ਨੰਗੇ ਪੈਰੀਂ ਕਦੀ ਵੀ ਨਹੀਂ ਨੱਠ ਸਕੇਗਾ, ਜਿਹੜੀ ਕੁੜੀ ਉਸ ਲਈ ਹੋਰ ਵੀ ਪਿਆਰੀ ਤੇ ਹੋਰ ਵੀ ਇੱਛਾਯੋਗ ਹੁੰਦੀ ਜਾ ਰਹੀ ਸੀ, ਜਿੰਨਾਂ ਵਧੇਰੇ ਉਹਨਾਂ ਨੂੰ ਸਮਾਂ ਦੂਰ ਰੱਖ ਰਿਹਾ ਸੀ।
ਓਲਿਆ ਨਾਲ ਅਲੈਕਸੇਈ ਦੇ ਸੰਬੰਧ ਉਸਨੂੰ ਕੋਈ ਖੁਸ਼ੀ ਨਹੀਂ ਸਨ ਦਿੰਦੇ। ਲਗਭਗ ਹਰ ਹਫ਼ਤੇ ਕਲਾਵਦੀਆ ਮਿਖਾਇਲੋਵਨਾ ਉਸਤੋਂ ਨਾਚ ਕਰਾਉਂਦੀ ਸੀ, ਭਾਵ, ਤਾਲੀਆਂ ਮਾਰਦਿਆਂ ਆਪਣੇ ਸਰੀਰ ਨੂੰ ਭੁੜਕਾਉਣ ਲਈ ਕਹਿੰਦੀ ਸੀ, ਜਿਸ ਨਾਲ ਉਹ ਜਾਣੂ- ਪਛਾਣੂ ਗੋਲ਼, ਸਾਫ਼-ਸੁਥਰੀ ਸਕੂਲ ਦੀ ਕੁੜੀ ਵਰਗੀ ਲਿਖਤ ਵਿਚ ਕੀਤੇ ਸਿਰਨਾਵੇਂ ਵਾਲ਼ੀ ਚਿੱਠੀ ਲੈਣ ਦਾ ਹੱਕਦਾਰ ਹੁੰਦਾ ਸੀ । ਇਹ ਚਿੱਠੀਆਂ ਦਿਨੋਂ ਦਿਨ ਵਧੇਰੇ ਲੰਮੀਆਂ ਤੇ ਵਧੇਰੇ ਪਿਆਰ ਭਰੀਆਂ ਹੁੰਦੀਆਂ ਜਾ ਰਹੀਆਂ ਸਨ, ਜਿਵੇਂ ਕਿ ਕੁੜੀ ਦਾ ਜਵਾਨ ਪਿਆਰ, ਜਿਸ ਵਿੱਚ ਜੰਗ ਨੇ ਰੁਕਾਵਟ ਪਾ ਦਿੱਤੀ ਸੀ, ਦਿਨੋਂ ਦਿਨ ਵਧੇਰੇ ਪਰਪੱਕ ਹੋ ਰਿਹਾ ਸੀ। ਉਹ ਉਹਨਾਂ ਸਤਰਾਂ ਨੂੰ ਸਿੱਕ ਤੇ ਫ਼ਿਕਰਮੰਦੀ ਨਾਲ ਪੜ੍ਹਦਾ, ਇਹ ਜਾਣਦਿਆਂ ਹੋਇਆ ਕਿ ਉਸਨੂੰ ਉਸੇ ਹੀ ਤਰ੍ਹਾਂ ਨਾਲ ਹੁੰਗਾਰਾ ਭਰਨ ਦਾ ਉਸਨੂੰ ਕੋਈ ਹੱਕ ਨਹੀ।
ਸਕੂਲ ਦੇ ਸਾਥੀ, ਜਿਨ੍ਹਾਂ ਨੇ ਆਰਾ ਮਿੱਲ ਵਿਚਲੇ ਸਕੂਲ ਵਿੱਚ ਇੱਕਠਿਆਂ ਹੀ ਸਿਖਲਾਈ ਲਈ, ਉਹ ਉਹਨਾਂ ਰੋਮਾਂਟਿਕ ਭਾਵਨਾਵਾਂ ਨਾਲ ਲਬਰੇਜ਼ ਹੋ ਗਏ ਸਨ, ਜਿਨ੍ਹਾਂ ਨੂੰ ਉਹਨਾਂ ਨੇ ਸਿਆਣਿਆਂ ਦੀ ਨਕਲ ਕਰਦਿਆਂ ਪਿਆਰ ਦਾ ਨਾਂ ਦਿੱਤਾ ਸੀ । ਫਿਰ ਉਹ ਛੇ ਸੱਤ ਸਾਲ ਲਈ ਵਿੱਛੜ ਗਏ ਸਨ । ਪਹਿਲਾਂ ਕੁੜੀ ਟੈਕਨੀਕਲ ਸਕੂਲ ਵਿੱਚ ਪੜ੍ਹਾਈ ਕਰਨ ਚਲੀ ਗਈ। ਜਦੋਂ ਉਹ ਮਕੈਨਿਕ ਬਣ ਕੇ ਆਰਾ ਮਿੱਲ ਵਿੱਚ ਵਾਪਸ ਆਈ ਤਾਂ ਅਲੈਕਸੇਈ ਪਹਿਲਾਂ ਹੀ ਉਥੋਂ ਜਾ ਚੁੱਕਾ ਸੀ ਤੇ ਹਵਾਬਾਜ਼ੀ ਦੇ ਸਕੂਲ ਵਿੱਚ ਪੜ੍ਹਾਈ ਕਰ ਰਿਹਾ ਸੀ। ਜੰਗ ਛਿੜਨ ਤੋਂ ਐਨ ਪਹਿਲਾਂ ਉਹ ਮੁੜ ਕੇ ਮਿਲੇ । ਉਹਨਾਂ ਵਿੱਚੋਂ ਕਿਸੇ ਨੇ ਵੀ ਇਸ ਮਿਲਣੀ ਲਈ ਕੋਈ ਉਚੇਚ ਨਹੀਂ ਸੀ ਕੀਤੀ, ਸਗੋਂ ਸ਼ਇਦ ਉਹ ਇੱਕ ਦੂਜੇ ਨੂੰ ਭੁੱਲ ਵੀ ਚੁੱਕੇ ਸਨ — ਉਹਨਾਂ ਦੇ ਵਿਛੜਨ ਦੇ ਸਮੇਂ ਤੋਂ ਲੈ ਕੇ ਪੁਲਾਂ ਹੇਠੋਂ ਕਿੰਨਾਂ ਪਾਣੀ ਲੰਘ ਚੁੱਕਾ ਸੀ । ਇੱਕ ਸ਼ਾਮ ਅਲੈਕਸੇਈ ਆਪਣੀ ਮਾਂ ਨਾਲ ਕਿਤੇ ਜਾਂਦਾ ਹੋਇਆ ਗਲੀ ਵਿੱਚੋਂ ਲੰਘ ਰਿਹਾ ਸੀ, ਕਿ ਇੱਕ ਕੁੜੀ ਉਹਨਾਂ ਦੇ ਕੋਲੋਂ ਦੀ ਲੰਘੀ। ਉਸਨੇ ਕੁੜੀ ਵੱਲ ਕੋਈ ਧਿਆਨ ਨਾ ਦਿੱਤਾ, ਸਿਵਾਏ ਇਸਦੇ ਕਿ ਉਸਦੀਆਂ ਲੱਤਾਂ ਬੜੀਆਂ ਸੁੰਦਰ ਸਨ।
“ਤੂੰ ਕੁੜੀ ਨੂੰ ਸਲਾਮ-ਕਲਾਮ ਕਿਉਂ ਨਹੀਂ ਕੀਤੀ? ਭੁੱਲ ਗਿਐਂ? ਉਹ ਓਲਿਆ ਸੀ!” ਮਾਂ ਨੇ ਕੁੜੀ ਦਾ ਪਰਿਵਾਰਕ ਨਾਂ ਦੱਸਿਆ।
ਅਲੈਕਸੇਈ ਨੇ ਮੁੜ ਕੇ ਦੇਖਿਆ। ਕੁੜੀ ਵੀ ਦੇਖਣ ਲਈ ਮੁੜੀ ਸੀ । ਉਹਨਾਂ ਦੀਆਂ ਅੱਖਾਂ ਮਿਲੀਆਂ ਤੇ ਅਲੈਕਸੇਈ ਨੇ ਮਹਿਸੂਸ ਕੀਤਾ ਜਿਵੇਂ ਉਸਦਾ ਦਿਲ ਫ਼ੜਕ ਉਠਿਆ ਹੋਵੇ । ਆਪਣੀ ਮਾਂ ਨੂੰ ਛੱਡ ਕੇ ਉਹ ਕੁੜੀ ਵੱਲ ਦੌੜਿਆ, ਜਿਹੜੀ ਰੋਡ-ਮਰੇਡੇ ਪੋਪਲਰ ਹੇਠਾਂ ਖੜੋ ਗਈ ਸੀ।
“ਤੂੰ ?” ਉਹ ਅਚੰਭਿਤ ਹੋਇਆ ਹੋਇਆ ਕੂਕਿਆ, ਉਸ ਵੱਲ ਐਸੀਆਂ ਨਜ਼ਰਾਂ ਨਾਲ ਦੇਖਦਾ ਹੋਇਆ ਜਿਵੇਂ ਕਿ ਉਹ ਸਮੁੰਦਰ ਪਾਰੋਂ ਆਇਆ ਕੋਈ ਦੁਰਲੱਭ ਤੇ ਸੁੰਦਰ ਜੀਵ ਹੋਵੇ, ਜਿਹੜਾ ਅਜੀਬ ਤਰ੍ਹਾਂ ਨਾਲ ਬਸੰਤ ਦੀ ਇਸ ਸ਼ਾਮ ਨੂੰ ਇਸ ਸ਼ਾਂਤ, ਚਿੱਕੜ ਵਾਲੀ ਗਲੀ ਵਿੱਚ ਆ ਦਿਖਾਈ ਦਿੱਤਾ ਹੋਵੇ।
“ਅਲਿਓਸ਼ਾ ?” ਕੁੜੀ ਵੀ ਉਸੇ ਹੀ ਹੈਰਾਨੀ ਭਰੇ ਤੇ ਯਕੀਨ ਨਾ ਆਉਂਦੇ ਅੰਦਾਜ਼ ਵਿੱਚ ਕੂਕੀ।
ਉਹ ਛੇ ਸੱਤ ਸਾਲ ਵੱਖਰੇ ਰਹਿਣ ਤੋਂ ਮਗਰੋਂ ਇੱਕ ਦੂਜੇ ਨੂੰ ਦੇਖ ਰਹੇ ਸਨ । ਅਲੈਕਸੇਈ ਦੇ ਸਾਮ੍ਹਣੇ ਇੱਕ ਛੋਟੇ ਜਿਹੇ ਅਕਾਰ ਵਾਲੀ ਕੁੜੀ ਖੜ੍ਹੀ ਸੀ, ਮਟਕਦਾਰ ਤੇ ਸੋਹਲ, ਸੋਹਣੇ ਲੱਗਦੇ, ਗੋਲ, ਮੁੰਡਿਆਂ ਵਰਗੇ ਚਿਹਰੇ ਵਾਲ਼ੀ, ਜਿਸਦੇ ਨੱਕ ਦੀ ਕਾਠੀ ਉੱਤੇ ਕੁਝ ਸੁਨਹਿਰੀ ਜਿਹੀਆਂ ਛਾਈਆਂ ਸਨ । ਆਪਣੀਆਂ ਹਲਕੀਆਂ ਹਲਕੀਆਂ ਭਵਾਂ ਨੂੰ ਜ਼ਰਾ ਕੁ ਉਤਾਂਹ ਚੁੱਕਦੀ ਹੋਈ, ਜਿਹੜੀਆਂ ਸਿਰਿਆਂ ਉੱਤੇ ਕੁਝ ਸੰਘਣੀਆਂ ਹੋ ਜਾਂਦੀਆਂ ਸਨ, ਉਸਨੇ ਵੱਡੀਆਂ ਵੱਡੀਆਂ, ਬਿੱਲੀਆਂ, ਚਮਕਦੀਆਂ ਅੱਖਾਂ ਨਾਲ ਅਲੈਕਸੇਈ ਵੱਲ ਦੇਖਿਆ। ਇਸ ਤਾਜ਼ਗੀ ਭਰੀ, ਛਬੀਲੀ ਕੁੜੀ ਵਿੱਚ ਉਸ ਮਜ਼ਬੂਤ ਗੋਲ ਚਿਹਰੇ, ਗੁਲਾਬੀ ਗੱਲ੍ਹਾਂ ਵਾਲ਼ੇ, ਕਿਸੇ ਹੱਦ ਤੱਕ ਖਰਵੇਂ ਬੱਚੇ ਵਾਲ਼ਾ ਕੁਝ ਵੀ ਨਹੀਂ ਸੀ, ਜਿਹੜੀ ਆਪਣੇ ਪਿਤਾ ਦੀ ਮੈਲੀ ਜਾਕਟ ਪਾਈ, ਬਾਹਵਾਂ ਟੁੰਗੀ, ਮਾਨ ਨਾਲ ਪਈ ਫ਼ਿਰਦੀ ਹੁੰਦੀ ਸੀ; ਇੰਝ ਦੀ ਉਹ ਉਦੋਂ ਹੁੰਦੀ ਸੀ ਜਦੋਂ ਉਹ ਟੈਕਨੀਕਲ ਸਕੂਲ ਵਿੱਚ ਪਿਛਲੀ ਵਾਰੀ ਮਿਲੇ ਸਨ।
ਆਪਣੀ ਮਾਂ ਬਾਰੇ ਬਿਲਕੁਲ ਭੁੱਲਦਿਆਂ ਹੋਇਆ, ਅਲੈਕਸੇਈ ਕੁੜੀ ਨੂੰ ਸਲਾਹੁੰਦਾ ਹੋਇਆ ਉੱਥੇ ਖੜ੍ਹਾ ਰਿਹਾ, ਤੇ ਉਸਨੂੰ ਲੱਗਾ ਜਿਵੇਂ ਉਹ ਇਹਨਾਂ ਸਾਰੇ ਸਾਲਾਂ ਦੇ ਦੌਰਾਨ ਉਸਨੂੰ ਕਦੀ ਨਹੀਂ ਸੀ ਭੁੱਲਿਆ, ਤੇ ਇਸ ਮਿਲਣੀ ਦੇ ਸੁਪਨੇ ਲੈਂਦਾ ਰਿਹਾ ਸੀ।
“ਸੋ, ਇੰਝ ਦੀ ਹੈਂ ਤੂੰ ਹੁਣ!” ਆਖ਼ਰ ਉਹ ਬੋਲਿਆ।
“ਕਿੰਝ ਦੀ ?” ਉਸਨੇ ਗੂੰਜਵੀਂ, ਗਲੇ ‘ਚੋਂ ਨਿੱਕਲਦੀ ਅਵਾਜ਼ ਨਾਲ ਪੁੱਛਿਆ; ਇਹ ਅਵਾਜ਼ ਵੀ ਉਸ ਅਵਾਜ਼ ਨਾਲ਼ੋਂ ਬਿਲਕੁਲ ਵੱਖਰੀ ਸੀ ਜਿਹੜੀ ਉਸਨੇ ਸਕੂਲ ਦੇ ਸਮੇਂ ਸੁਣੀ ਹੋਈ ਸੀ।
ਮੋੜ ਵੱਲੋਂ ਵੀ ਹਵਾ ਦਾ ਇੱਕ ਬੁੱਲਾ ਆਇਆ ਤੇ ਪੋਪਲਰ ਦੇ ਦਰੱਖਤ ਦੀਆਂ ਖਾਲੀ ਟਾਹਣਾਂ ਦੇ ਵਿੱਚੋਂ ਦੀ ਸੀਟੀਆਂ ਮਾਰਦਾ ਲੰਘ ਗਿਆ । ਕੁੜੀ ਦੀ ਫ਼ਰਾਕ ਉਸਦੀਆਂ ਚੰਗੀਆਂ ਡੌਲੀਆਂ ਹੋਈਆਂ ਲੱਤਾਂ ਨਾਲ ਵੱਜ ਕੇ ਫ਼ੜਫ਼ੜਾਈ । ਉਸਨੇ ਸਾਦੀ ਜਿਹੀ, ਸੁਭਾਵਕ, ਮਟਕਦਾਰ ਹਰਕਤ ਨਾਲ ਫ਼ਰਾਕ ਨੂੰ ਦਬਾਇਆ ਤੇ ਮੁਸਕਾਉਂਦੀ ਹੋਈ ਬੈਠ ਗਈ ।
“ਇੰਝ ਦੀ !” ਅਲੈਕਸੇਈ ਨੇ ਜਵਾਬ ਦਿੱਤਾ। ਹੁਣ ਉਹ ਆਪਣੀ ਪ੍ਰਸ਼ੰਸਾ ਨੂੰ ਲੁਕਾਉਣ ਦੀ ਹੋਰ ਕੋਸ਼ਿਸ਼ ਨਹੀਂ ਸੀ ਕਰ ਰਿਹਾ।
“ਹਾਂ, ਕਿੰਝ ਦੀ? ਕਿੰਝ ਦੀ ?” ਉਹ ਹੱਸਦੀ ਹੋਈ ਬੋਲੀ।
ਮਾਂ ਨੇ ਕੁਝ ਦੇਰ ਦੋ ਜਵਾਨ ਜੀਵਾਂ ਵੱਲ ਦੇਖਿਆ, ਤੇ ਉਦਾਸੀ ਜਿਹੀ ਮੁਸਕ੍ਰਾਹਟ ਨਾਲ, ਆਪਣੇ ਰਾਹ ਪੈ ਗਈ । ਪਰ ਉਹ ਇੱਕ ਦੂਜੇ ਦੀ ਪ੍ਰਸ਼ੰਸਾ ਕਰਦੇ ਉਥੇ ਖੜ੍ਹੇ ਰਹੇ, ਇੱਕ ਦੂਜੇ ਨਾਲ ਜ਼ੋਰ ਜ਼ੋਰ ਦੀ ਗੱਲਾਂ ਕਰਦੇ, ਇੱਕ ਦੂਜੇ ਨੂੰ ਟੋਕਦੇ ਤੇ ਆਪਣੀ ਗੱਲਬਾਤ ਵਿੱਚ ਇਹੋ ਜਿਹੇ ਵਾਕੰਸ਼ਾਂ ਨੂੰ ਫ਼ੈਲਾਉਂਦੇ ਹੋਏ, ਜਿਵੇਂ ਕਿ “ਯਾਦ ਈ ?”… “ਪਤਾ ਈ?….” “ਤੇ وو ਹੁਣ ਕਿੱਥੇ ਹੈ… ” ” ਤੇ ਹੁਣ ਉਸ ਨਾਲ ਕੀ ਵਾਪਰੀ ਹੈ?…”
ਉਹ ਕਿੰਨਾਂ ਚਿਰ ਖੜ੍ਹੇ ਇਸ ਤਰ੍ਹਾਂ ਨਾਲ ਗੱਲਾਂ ਕਰਦੇ ਖੜ੍ਹੇ ਰਹੇ, ਜਦੋਂ ਤੱਕ ਕਿ ਓਲਿਆ ਨੇ ਨੇੜੇ ਦੇ ਘਰਾਂ ਦੀਆਂ ਬਾਰੀਆਂ ਵੱਲ ਉਸਦਾ ਧਿਆਨ ਨਾ ਦੁਆਇਆ, ਜਿਨ੍ਹਾਂ ਵਿੱਚ ਜਿਰੇਨੀਅਮ ਦੇ ਗਮਲਿਆਂ ਤੇ ਫ਼ਰ ਦੀਆਂ ਟਾਹਣਾਂ ਦੇ ਵਿੱਚੋਂ ਦੀ ਘੋਖੀ ਚਿਹਰੇ ਦੇਖੇ ਜਾ ਸਕਦੇ ਸਨ ।
“ਜੇ ਤੇਰੇ ਕੋਲ ਵਕਤ ਹੈ, ਤਾਂ ਆ ਦਰਿਆ ਵੱਲ ਚੱਲੀਏ,” ਓਲਿਆ ਨੇ ਤਜਵੀਜ਼ ਦਿੱਤੀ। ਇੱਕ ਦੂਜੇ ਦੇ ਹੱਥ ਫੜ ਕੇ, ਜਿਸ ਤਰ੍ਹਾਂ ਕਿ ਉਹਨਾਂ ਨੇ ਕਦੀ ਬੱਚੇ ਹੁੰਦਿਆਂ ਵੀ ਨਹੀਂ ਸੀ ਕੀਤਾ, ਤੇ ਸਭ ਕਾਸੇ ਬਾਰੇ ਭੁੱਲਦੇ ਹੋਏ, ਉਹ ਉੱਚੀ ਪਹਾੜੀ ਵੱਲ ਚਲੇ ਗਏ ਜਿਹਦੀ ਡੂੰਘੀ ਢਲਾਣ ਦਰਿਆ ਵਿਚ ਉੱਤਰ ਜਾਂਦੀ ਸੀ, ਤੇ ਜਿੱਥੋਂ ਵੋਲਗਾ ਦੀ ਵਿਸ਼ਾਲ ਚੁੜਿੱਤਣ ਦਾ ਤੇ ਇਸਦੇ ਹੜ੍ਹ ਆਏ ਪਾਣੀਆਂ ਉੱਪਰ ਬਰਫ਼ ਦੇ ਟੋਟਿਆਂ ਦੇ ਜਸ਼ਨੀ ਜਲੂਸ ਦਾ ਸ਼ਾਨਦਾਰ ਨਜ਼ਾਰਾ ਦੇਖਿਆ ਜਾ ਸਕਦਾ ਸੀ।
ਉਸਤੋਂ ਮਗਰੋਂ ਮਾਂ ਨੂੰ ਘੱਟ-ਵੱਧ ਹੀ ਆਪਣਾ ਪਿਆਰਾ ਬੇਟਾ ਘਰ ਵਿੱਚ ਦਿੱਸਦਾ ਸੀ। ਉਹ ਆਮ ਕਰਕੇ ਆਪਣੇ ਕੱਪੜਿਆਂ ਦਾ ਖਿਆਲ ਨਹੀਂ ਸੀ ਰੱਖਦਾ ਹੁੰਦਾ, ਪਰ ਹੁਣ ਉਹ ਹਰ ਰੋਜ਼ ਆਪਣੀ ਪੈਂਟ ਇਸਤਰੀ ਕਰਦਾ ਸੀ, ਆਪਣੀ ਵਰਦੀ ਦੇ ਬਟਨਾਂ ਨੂੰ ਚਾਕ ਨਾਲ ਲਿਸਕਾਉਂਦਾ ਸੀ, ਹਵਾਈ-ਸੈਨਾ ਦੇ ਬੈਜ ਵਾਲ਼ੀ, ਉੱਪਰੋਂ ਚਿੱਟੀ, ਆਪਣੀ ਪੀ-ਕੈਪ ਉਸਨੇ ਕੱਢ ਲਈ, ਆਪਣੀ ਕੰਡਿਆਲੀ ਠੋਡੀ ਦੀ ਰੋਜ਼ ਹਜ਼ਾਮਤ ਕਰਦਾ, ਤੇ ਸ਼ਾਮ ਨੂੰ ਸ਼ੀਸ਼ੇ ਸਾਮ੍ਹਣੇ ਕੁਝ ਦੇਰ ਆਪਣੇ ਆਪ ਨੂੰ ਮੁੜ ਮੁੜ ਕੇ ਦੇਖਣ ਤੋਂ ਪਿੱਛੋਂ ਉਹ ਆਰਾ ਮਿੱਲ ਦੇ ਦਰਵਾਜ਼ੇ ਉੱਤੇ ਓਲਿਆ ਨੂੰ ਮਿਲਣ ਚਲਾ ਜਾਂਦਾ। ਦਿਨ ਵੇਲੇ ਵੀ ਕਦੀ ਕਦੀ ਲੋਪ ਹੋ ਜਾਂਦਾ । ਗੁੰਮਿਆ ਗੁੰਮਿਆ ਰਹਿੰਦਾ, ਤੇ ਪੁੱਛੇ ਗਏ ਸਵਾਲਾਂ ਦੇ ਊਲ-ਜਲੂਲ ਜਵਾਬ ਦੇਂਦਾ। ਆਪਣੀ ਮਾਂ ਵਾਲ਼ੀ ਅੰਤਰ ਸੂਝ ਨਾਲ, ਉਸਦੀ ਬੁੱਢੀ ਮਾਂ ਸਭ ਕੁਝ ਸਮਝ ਗਈ। ਸਮਝ ਗਈ ਤੇ ਕੋਈ ਬੁਰਾ ਨਾ ਮਨਾਇਆ: ਬੁੱਢਿਆਂ ਨੇ ਤਾਂ ਬੁੱਢਿਆਂ ਹੀ ਹੋਣੇਂ, ਜਵਾਨਾਂ ਨੂੰ ਵਧਣ و ਫ਼ੁਲਣ ਦਿਓ।
ਇੱਕ ਵਾਰੀ ਵੀ ਉਹਨਾਂ ਦੋਹਾਂ ਨੇ ਆਪਣੀ ਮੁਹੱਬਤ ਦੀ ਗੱਲ ਨਾ ਕੀਤੀ। ਸ਼ਾਮ ਦੀ ਧੁੱਪ ਵਿੱਚ ਚਮਕ ਰਹੇ ਹੌਲੀ ਹੌਲੀ ਵਹਿੰਦੇ ਵੋਲਗਾ ਦੇ ਉੱਚੇ ਕੰਢੇ ਉੱਤੇ ਸੈਰ ਤੋਂ ਮਗਰੋਂ, ਜਾਂ ਸ਼ਹਿਰ ਦੇ ਆਲੇ ਦੁਆਲੇ, ਜਿੱਥੋਂ ਦੀ ਲੁੱਕ ਵਰਗੀ ਗਾਹੜੀ ਤੇ ਕਾਲ਼ੀ ਜ਼ਮੀਨ ਉੱਤੇ ਪੌਂਚਿਆਂ ਵਰਗੇ ਗੂਹੜੇ ਹਰੇ ਪੱਤਿਆਂ ਵਾਲੀਆਂ ਵੇਲਾਂ ਵਿਛੀਆਂ ਹੋਈਆਂ ਸਨ, ਖਰਬੂਜ਼ਿਆਂ ਦੀਆਂ ਪੈਲੀਆਂ ਵਿੱਚੋਂ ਫਿਰ ਤੁਰ ਕੇ ਹਰ ਵਾਰ ਜਦੋਂ ਅਲੈਕਸੇਈ ਘਰ ਮੁੜਦਾ, ਤਾਂ ਉਹ ਆਪਣੀਆਂ ਜਲਦੀ ਜਲਦੀ ਮੁੱਕ ਰਹੀਆਂ ਬਾਕੀ ਦੀਆਂ ਛੁੱਟੀਆਂ ਗਿਣਦਾ ਤੇ ਫ਼ੈਸਲਾ ਕਰਦਾ ਕਿ ਉਹ ਓਲਿਆ ਸਾਮ੍ਹਣੇ ਆਪਣਾ ਦਿਲ ਖੋਹਲ ਦੇਵੇਗਾ। ਪਰ ਫਿਰ ਸ਼ਾਮ ਆ ਜਾਂਦੀ । ਉਹ ਉਸਨੂੰ ਮਿੱਲ ਦੇ ਦਰਵਾਜ਼ੇ ਉੱਤੇ ਮਿਲਦਾ, ਉਸ ਨਾਲ ਛੋਟੇ ਜਿਹੇ, ਦੁਮੰਜ਼ਲੇ, ਲੱਕੜੀ ਦੇ ਮਕਾਨ ਤੱਕ ਆਉਂਦਾ ਜਿੱਥੇ ਉਸਨੇ ਇੱਕ ਛੋਟਾ ਜਿਹਾ ਕਮਰਾ, ਕਿਰਾਏ ਉੱਤੇ ਲਿਆ ਹੋਇਆ ਸੀ ਸਾਫ਼-ਸੁਥਰਾ ਤੇ ਰੋਸ਼ਨਦਾਰ, ਹਵਾਈ ਜਹਾਜ਼ ਦੇ ਕੈਬਿਨ ਵਰਗਾ । ਉਥੇ ਉਹ ਬੈਠਾ ਸਬਰ ਨਾਲ ਉਡੀਕਦਾ, ਜਦੋਂ ਤੱਕ ਉਹ ਆਪਣੇ ਖੁੱਲ੍ਹੇ ਵਾਰਡਰੋਬ ਦੇ ਦਰਵਾਜ਼ੇ ਦੇ ਮਗਰ ਹੋ ਕੇ ਕੱਪੜੇ ਨਾ ਬਦਲ ਲੈਂਦੀ, ਤੇ ਉਸਦੀਆਂ ਨੰਗੀਆਂ ਅਰਕਾਂ, ਮੋਢਿਆਂ ਤੇ ਲੱਤਾਂ ਵੱਲ ਨਾ ਦੇਖਣ ਦੀ ਕੋਸ਼ਿਸ਼ ਕਰਦਾ ਰਹਿੰਦਾ। ਫਿਰ ਉਹ ਮੂੰਹ-ਹੱਥ ਧੋਣ ਚਲੀ ਜਾਂਦੀ ਤੇ ਸੱਜਰੀ ਸੱਜਰੀ ਹੋ ਕੇ ਮੁੜਦੀ, ਗ਼ੁਲਾਬੀ ਗੱਲ੍ਹਾਂ ਤੇ ਗਿੱਲੇ ਵਾਲਾਂ ਨਾਲ, ਹਮੇਸ਼ਾ ਉਸੇ ਹੀ ਚਿੱਟੇ ਰੇਸ਼ਮੀ ਬਲਾਊਜ਼ ਵਿਚ, ਜਿਹੜਾ ਉਹ ਹਰ ਰੋਜ਼ ਪਾਉਂਦੀ ਸੀ।
ਤੇ ਫਿਰ ਉਹ ਸਿਨਮੇ, ਸਰਕਸ ਜਾਂ ਬਾਗ਼ ਵਿੱਚ ਚਲੇ ਜਾਂਦੇ । ਅਲੈਕਸੇਈ ਨੂੰ ਕੋਈ ਫ਼ਰਕ ਨਹੀਂ ਸੀ ਪੈਂਦਾ ਕਿ ਉਹ ਕਿੱਥੇ ਜਾਂਦੇ ਹਨ। ਉਹ ਪਰਦੇ ਵੱਲ, ਪਿੜ੍ਹ ਵੱਲ ਜਾਂ ਬਾਗ਼ ਵਿੱਚ ਫਿਰ ਤੁਰ ਰਹੇ ਲੋਕਾਂ ਵੱਲ ਨਹੀਂ ਸੀ ਦੇਖਦਾ; ਉਸਦੀਆਂ ਅੱਖਾਂ ਸਿਰਫ ਓਲਿਆ ਲਈ ਸਨ, ਤੇ ਉਸ ਵੱਲ ਦੇਖਦਿਆਂ ਉਹ ਸੋਚਦਾ: “ਹੁਣ ਘਰ ਵਾਪਸ ਜਾਂਦਿਆਂ ਰਾਹ ਵਿਚ ਸਾਰੀ ਗੱਲ ਜ਼ਰੂਰ ਖੋਹਲ ਦੇਵਾਂਗਾ, ਜ਼ਰੂਰ!” ਪਰ ਰਾਹ ਮੁੱਕ ਜਾਂਦਾ ਤੇ ਉਸਦੀ ਫਿਰ ਹਿੰਮਤ ਨਾ पैंरी।
ਇੱਕ ਐਤਵਾਰ ਸਵੇਰੇ ਉਹ ਵੋਲਗਾ ਦੇ ਦੂਜੇ ਪਾਸੇ ਸਬਜ਼ਾਜ਼ਾਰ ਵਿੱਚ ਸੈਰ ਲਈ ਗਏ। ਉਹ ਆਪਣੀ ਸਭ ਤੋਂ ਚੰਗੀ ਚਿੱਟੀ ਪੈਂਟ ਤੇ ਖੁੱਲ੍ਹੇ ਗਲਮੇ ਵਾਲੀ ਕਮੀਜ਼ ਪਾ ਕੇ, ਜਿਹੜੀ, ਉਸਦੀ ਮਾਂ ਦੇ ਕਹਿਣ ਅਨੁਸਾਰ, ਉਸਦੇ ਸੰਵਲਾਏ ਹੋਏ, ਚੌੜੇ ਚਿਹਰੇ ਨਾਲ ਬਹੁਤ ਸੱਜਦੀ ਸੀ, ਓਲਿਆ ਵੱਲ ਗਿਆ । ਉਹ ਅੱਗੇ ਹੀ ਤਿਆਰ ਖੜ੍ਹੀ ਸੀ । ਉਸਨੇ ਅਲੈਕਸੇਈ ਨੂੰ ਨਿੱਕੇ ਤੌਲੀਏ ਵਿੱਚ ਲਪੇਟਿਆ ਇੱਕ ਪਾਰਸਲ ਫ਼ੜਾਇਆ ਤੇ ਉਹ ਦਰਿਆ ਵੱਲ ਚੱਲ ਪਏ । ਬੁੱਢੇ, ਬਿਨਾਂ ਪੈਰਾਂ ਦੇ ਮਾਂਝੀ ਨੇ, ਜਿਹੜਾ ਪਹਿਲੀ ਸੰਸਾਰ ਜੰਗ ਵਿੱਚ ਨਕਾਰਾ ਹੋਇਆ ਸੀ, ਤੇ ਮੁੰਡੇ ਜਿਸਨੂੰ ਬੜਾ ਪਿਆਰ ਕਰਦੇ ਸਨ, ਜਿਸਨੇ ਕਿਸੇ ਵੇਲੇ ਦਰਿਆ ਦੇ ਕੰਢੇ ਦੇ ਨੇੜੇ ਸਫ਼ਰੀ ਮੱਛੀ ਫੜਨਾ ਅਲੈਕਸੇਈ ਨੂੰ ਸਿਖਾਇਆ ਸੀ, ਆਪਣੀਆਂ ਲੱਤਾਂ ਦੀਆਂ ਲੱਕੜ ਦੀਆਂ ਮੁੱਢੀਆਂ ਉੱਪਰ ਫੁਦਕਦੇ ਨੇ ਭਾਰੀ ਜਿਹੀ ਬੇੜੀ ਨੂੰ ਧੱਕਿਆਂ ਤੇ ਹੌਲ਼ੀ ਹੌਲ਼ੀ ਚੱਪੂ ਮਾਰਦਾ ਇਸਨੂੰ ਚਲਾਉਣ ਲੱਗਾ। ਛੋਟੇ ਛੋਟੇ ਧੱਕਿਆਂ ਨਾਲ, ਰੌਅ ਨੂੰ ਇੱਕ ਕੋਣ ਉੱਤੇ ਚੀਰਦੀ ਹੋਈ ਬੇੜੀ ਦਰਿਆ ਪਾਰ ਕਰਦੇ ਦੂਜੇ ਪਾਸੇ ਨੀਵੇਂ, ਸ਼ੋਖ ਹਰੇ ਕੰਢੇ ਉੱਤੇ ਜਾ ਲੱਗੀ ।
ਕੁੜੀ ਬੇੜੀ ਦੇ ਪਿਛਲੇ ਪਾਸੇ ਬੈਠੀ ਸੀ, ਤੇ ਸੋਚਾਂ ਵਿੱਚ ਮਗਨ, ਹੱਥਾਂ ਦੀਆਂ ਉਂਗਲਾਂ ਵਿੱਚੋਂ ਪਾਣੀ ਲੰਘਾ ਰਹੀ ਸੀ।
“ਚਾਚਾ ਅਰਕਾਸ਼ਾ, ਤੈਨੂੰ ਅਸੀਂ ਯਾਦ ਨਹੀਂ?” ਅਲੈਕਸੇਈ ਨੇ ਪੁੱਛਿਆ।
ਮਾਂਝੀ ਨੇ ਬੇਧਿਆਨੀ ਜਿਹੀ ਨਾਲ ਉਹਨਾਂ ਦੇ ਜਵਾਨ ਚਿਹਰਿਆਂ ਵੱਲ ਦੇਖਿਆ।
“ਯਾਦ ਨਹੀਂ,” ਉਹ ਬੋਲਿਆ ।
“ਲੈ, ਇਹ ਕਿੱਦਾਂ, ਮੈਂ ਅਲਿਓਸ਼ਕਾ ਮਰੇਸੇਯੇਵ ਹਾਂ, ਮੈਨੂੰ ਕੰਢੇ ਦੇ ਨੇੜੇ ਨੇਜ਼ੇ ਨਾਲ ਸਫ਼ਰੀ ਮੱਛੀ ਫੜਨੀ ਸਿਖਾਈ ਸੀ।”
“ਇਹ ਕਿਹੜੀ ਗੱਲ ਏ; ਹੋ ਸਕਦੈ ਸਿਖਾਈ ਹੋਵੇ, ਬਥੇਰੇ ਹੁੰਦੇ ਸੀ ਇੱਥੇ ਖਰੂਦੀ, ਹੁਣ ਸਾਰੇ ਯਾਦ ਥੋਹੜਾ ਰਹਿੰਦੇ ਨੇ ।”
ਬੇੜੀ ਪੁਸ਼ਤੇ ਦੇ ਕੋਲੋਂ ਲੰਘੀ ਜਿਸ ਨਾਲ ਇੱਕ ਚੌੜੇ ਮੱਥੇ ਵਾਲ਼ੀ ਮੋਟਰਬੋਟ ਬੱਝੀ ਹੋਈ ਸੀ, ਜਿਸਦੀ ਵੱਖੀ ਉੱਤੇ ਮਾਨ-ਭਰਿਆ ਨਾਂ “ਅਵਰੋਰਾ” ਲਿਖਿਆ ਹੋਇਆ ਸੀ, ਤੇ ਕਰੀਚਵੀਂ ਅਵਾਜ਼ ਨਾਲ ਕੰਢੇ ਦੀ ਰੇਤ ਵਿੱਚ ਧਸ ਗਈ।
“ਹੁਣ ਇਹ ਹੈ ਮੇਰੀ ਥਾਂ । ਹੁਣ ਮੈਂ ਮਿਉਂਸਪਲ ਕਮੇਟੀ ਦਾ ਕੰਮ ਨਹੀਂ ਕਰਦਾ, ਆਪਣਾ, ਮਤਲਬ, ਨਿੱਜੀ ਧੰਦਾ ਕਰਦਾ ਹਾਂ,” ਚਾਚੇ ਅਰਕਾਸ਼ਾ ਨੇ ਸਮਝਾਇਆ ਤੇ ਬੇੜੀ ਨੂੰ ਧੱਕ ਕੇ ਕੰਢੇ ਤੱਕ ਲਿਜਾਣ ਲਈ ਪਾਣੀ ਵਿੱਚ ਉੱਤਰ ਗਿਆ। ਪਰ ਉਸਦੀਆਂ ਲੱਕੜ ਦੀਆਂ ਮੁੱਢੀਆਂ ਰੇਤ ਵਿੱਚ ਖੁੱਭ ਰਹੀਆਂ ਸਨ, ਬੇੜੀ ਭਾਰੀ ਸੀ ਤੇ ਉਸ ਲਈ ਇਸਨੂੰ ਹਿਲਾ ਸਕਣਾ ਮੁਸ਼ਕਲ ਸੀ । “ਤੁਹਾਨੂੰ ਛਾਲ ਮਾਰ ਕੇ ਉਤਰਨਾ ਪਵੇਗਾ,” ਉਸਨੇ ਮੱਠੀ ਜਿਹੀ ਅਵਾਜ਼ ਵਿੱਚ ਕਿਹਾ।
“ਕਿੰਨੇ ਪੈਸੇ ?” ਅਲੈਕਸੇਈ ਪੁੱਛਣ ਲੱਗਾ।
“ਦੇ ਦੇਹ, ਜਿੰਨੇਂ ਖੁਸ਼ੀ ਨਾਲ਼ ਦੇਣੇ ਨੇ । ਤੁਹਾਨੂੰ ਤਾਂ ਕੁਝ ਜ਼ਿਆਦਾ ਹੀ ਦੇਣੇ ਬਣਦੇ ਨੇ, ਕਿੰਨੇ ਖੁਸ਼ ਹੋ ਤੁਸੀਂ! ਸਿਰਫ ਮੈਨੂੰ ਯਾਦ ਨਹੀਂ ਆ ਰਿਹਾ ਤੁਸੀਂ ਕੋਣ ਹੋ, ਨਹੀਂ, ਨਹੀਂ ਯਾਦ ਆਉਂਦਾ ।”
ਬੇੜੀ ਤੋਂ ਛਾਲ ਮਾਰਦਿਆਂ ਉਹਨਾਂ ਦੇ ਪੈਰ ਭਿੱਜ ਗਏ, ਤੇ ਓਲਿਆ ਨੇ ਤਜਵੀਜ਼ ਦਿੱਤੀ ਕਿ ਬੂਟ ਲਾਹ ਲਏ ਜਾਣ । ਉਹਨਾਂ ਨੇ ਬੂਟ ਲਾਹ ਲਏ, ਤੇ ਦਰਿਆ ਦੀ ਸਿਲ੍ਹੀ ਨਿੱਘੀ ਰੇਤ ਨਾਲ ਨੰਗੇ ਪੈਰ ਛੁਹਣ ਉੱਤੇ ਉਹ ਏਨੇਂ ਪ੍ਰਸੰਨ ਤੇ ਅਜ਼ਾਦ ਮਹਿਸੂਸ ਕਰਨ ਲੱਗੇ, ਕਿ ਉਹਨਾਂ ਦਾ ਘਾਹ ਉਪਰ ਬੱਚਿਆਂ ਵਾਂਗ ਦੌੜਨ, ਭੁੜਕਣ ਤੇ ਛੜੱਪੇ ਮਾਰਨ ਉੱਤੇ ਜੀਅ ਕਰ ਆਇਆ।
“ਫੜ ਲੈ!” ਗਿੱਟੇ ਗਿੱਟੇ ਪਾਣੀਆਂ ਵਿੱਚੋਂ ਦੀ ਨੀਵੇਂ, ਹਰੇ ਭਰੇ ਸਬਜ਼ਾਜ਼ਾਰ ਵੱਲ ਦੌੜਦੀ ਹੋਈ ਓਲਿਆ ਬੋਲੀ; ਉਸਦੀਆਂ ਦੌੜਦੀ ਜਾਂਦੀ ਦੀਆਂ ਮਜ਼ਬੂਤ ਧੁੱਪ ਸੰਵਲਾਈਆਂ ਲੱਤਾਂ ਲਿਸ਼ਕ ਰਹੀਆਂ ਸਨ।
ਅਲੈਕਸੇਈ ਉਸਦੇ ਮਗਰ ਪੂਰੇ ਜ਼ੋਰ ਨਾਲ ਦੌੜਿਆ; ਉਸਨੂੰ ਆਪਣੇ ਸਾਮ੍ਹਣੇ ਉਸਦੀ ਹਲਕੀ, ਸੋਖ ਰੰਗਾਂ ਵਾਲੀ ਫ਼ਰਾਕ ਨਾਲ ਬਣਦੇ ਰੰਗ-ਬਰੰਗੇ ਧੱਬਿਆਂ ਤੋਂ ਬਿਨਾਂ ਕੁਝ ਨਹੀਂ ਸੀ ਦਿਖਾਈ ਦੇ ਰਿਹਾ । ਉਹ ਦੌੜ ਰਿਹਾ ਸੀ ਤੇ ਮਹਿਸੂਸ ਕਰ ਰਿਹਾ ਸੀ ਕਿ ਫੁੱਲ ਤੇ ਲੋਨੀ ਦੇ ਕਲਗੇ ਉਸਦੇ ਨੰਗੇ ਪੈਰਾਂ ਨਾਲ ਕਿੰਝ ਜ਼ੋਰ ਦੀ ਵੱਜ ਰਹੇ ਸਨ, ਤੇ ਸਿਲ੍ਹੀ ਧੁੱਪ ਨਾਲ ਨਿੱਘੀ ਹੋਈ ਹੋਈ ਨਰਮ ਜ਼ਮੀਨ ਉਸਦੇ ਪੈਰਾਂ ਦੀਆਂ ਤਲੀਆਂ ਹੇਠ ਦੱਬਦੀ ਜਾ ਰਹੀ ਸੀ । ਉਸਨੂੰ ਲੱਗਾ ਕਿ ਓਲਿਆ ਨੂੰ ਫੜਨਾ ਉਸ ਲਈ ਬੇਹੱਦ ਮਹੱਤਵਪੂਰਨ ਮਾਮਲਾ ਸੀ, ਕਿ ਉਹਨਾਂ ਦੀਆਂ ਭਵਿੱਖ ਦੀਆਂ ਜ਼ਿੰਦਗੀਆਂ ਵਿਚਲਾ ਬਹੁਤ ਕੁਝ ਇਸ ਉੱਤੇ ਨਿਰਭਰ ਕਰਦਾ ਸੀ, ਤੇ ਇਥੇ, ਇਸ ਫੁੱਲਾਂ ਲੱਦੇ ਸਬਜ਼ਾਜ਼ਾਰ ਵਿੱਚ, ਨਸ਼ਿਆਉਂਦੀ ਮਹਿਕ ਦੇ ਦਰਮਿਆਨ, ਉਸ ਲਈ ਓਲਿਆ ਨੂੰ ਉਹ ਸਭ ਕੁਝ ਦੱਸਣਾ ਸੌਖਾ ਹੋਵੇਗਾ, ਜੋ ਕੁਝ ਕਹਿਣ ਦੀ ਉਸਦੀ ਹੁਣ ਤੱਕ ਹਿੰਮਤ ਨਹੀਂ ਸੀ ਪਈ । ਪਰ ਹਰ ਵਾਰੀ ਜਦੋਂ ਉਹ ਉਸਦੇ ਨੇੜੇ ਪੁੱਜਦਾ ਤੇ ਆਪਣੇ ਹੱਥ ਉਸ ਵੱਲ ਵਧਾਉਂਦਾ, ਕੜੀ ਇੱਕਦਮ ਮੁੜ ਪੈਂਦੀ, ਬਿੱਲੀ ਵਾਲੀ ਫ਼ੁਰਤੀ ਨਾਲ ਉਸਦੇ ਕਾਬੂ ਆਉਣ ਤੋਂ ਬਚਦੀ ਤੇ ਟੁਣਕਵਾ ਹਾਸਾ ਖਲੇਰਦੀ ਹੋਈ ਕਿਸੇ ਦੂਜੇ ਪਾਸੇ ਵੱਲ ਦੌੜ ਪੈਂਦੀ।
ਉਹ ਹੱਠੀ ਕੁੜੀ ਸੀ । ਸੋ ਉਹ ਉਸਨੂੰ ਨਾ ਹੀ ਫੜ ਸਕਿਆ। ਉਹ ਆਪ ਹੀ ਸਬਜ਼ਾਜ਼ਾਰ ਤੋਂ ਦਰਿਆਂ ਦੇ ਕੰਢੇ ਵੱਲ ਨੂੰ ਦੌੜੀ ਤੇ ਆਪਣੇ ਆਪ ਨੂੰ ਗਰਮ ਸੁਨਹਿਰੀ ਰੇਤ ਉੱਤੇ ਸੁੱਟ ਦਿੱਤਾ; ਉਸਦਾ ਚਿਹਰਾ ਭਖ ਰਿਹਾ ਸੀ, ਮੂੰਹ ਖੁੱਲ੍ਹਾ ਸੀ, ਉਸਦਾ ਸੀਨਾ ਜਲਦੀ ਜਲਦੀ ਹੇਠਾਂ ਉੱਪਰ ਹੋ ਰਿਹਾ ਸੀ, ਤੇ ਉਹ ਹੱਸਦੀ ਹੋਈ ਜ਼ੋਰ ਜ਼ੋਰ ਦੀ ਸਾਹ ਲੈ ਰਹੀ ਸੀ। ਮਗਰੋਂ ਉਸਨੇ ਫੁੱਲਾਂ ਲੱਦੇ ਸਬਜ਼ਾਜ਼ਾਰ ਵਿੱਚ, ਚਿੱਟੇ, ਸਿਤਾਰਿਆਂ ਵਰਗੇ ਗੁਲਬਹਾਰ ਫੁੱਲਾਂ ਵਿਚਕਾਰ ਉਸਦੀ ਫ਼ੋਟੋ ਲਈ। ਫਿਰ ਉਹ ਨਹਾਤੇ, ਤੇ ਮਗਰੋਂ ਉਹ ਆਗਿਆਕਾਰਾਂ ਵਾਂਗ ਝਾੜੀ ਦੇ ਪਿੱਛੇ ਮੂੰਹ ਦੂਜੇ ਪਾਸੇ ਕਰਕੇ ਖੜੋ ਗਿਆ, ਜਦ ਕਿ ਓਲਿਆ ਨੇ ਆਪਣੇ ਕੱਪੜੇ ਬਦਲੇ, ਤੇ ਨਹਾਉਣ ਵਾਲਾ ਸੂਟ ਨਿਚੋੜਿਆ।
ਜਦੋਂ ਓਲਿਆ ਨੇ ਉਸਨੂੰ ਅਵਾਜ਼ ਦਿੱਤੀ ਤਾਂ ਉਸਨੇ ਦੇਖਿਆ ਕਿ ਉਹ ਰੇਤ ਉੱਤੇ ਬੈਠੀ ਸੀ, ਆਪਣੀਆਂ ਧੁੱਪ ਸੰਵਲਾਈਆਂ ਲੱਤਾਂ ਨੂੰ ਸੁੰਗੇੜੀ, ਆਪਣੀ ਪਤਲੀ ਜਿਹੀ, ਹਲਕੀ ਫਰਾਕ ਪਾਈ ਤੇ ਸਿਰ ਉੱਤੇ ਬੁਰਦਾਰ ਤੌਲੀਆਂ ਬੰਨ੍ਹਿਆ ਹੋਇਆ ਸੀ । ਚਿੱਟਾ ਸਾਫ਼ ਨੇਪਕਿਨ ਘਾਹ ਉੱਤੇ ਵਿਛਾਉਂਦਿਆਂ ਤੇ ਇਸਨੂੰ ਉੱਡਣ ਤੋਂ ਬਚਾਉਣ ਲਈ ਕੋਨਿਆਂ ਉੱਪਰ ਚਾਰ ਗੀਟੇ ਰੱਖਦਿਆਂ, ਉਸਨੇ ਪੈਕਟ ਵਿਚਲੀਆਂ ਚੀਜ਼ਾਂ ਉਸ ਉੱਤੇ ਸਜਾ ਦਿੱਤੀਆਂ। ਸਲਾਦ, ਠੰਡੀ ਮੱਛੀ, ਜਿਹੜੀ ਬੜੇ ਧਿਆਨ ਨਾਲ ਮੋਮੀਕਾਗਜ਼ ਵਿੱਚ ਵਲੇਟੀ ਹੋਈ ਸੀ, ਤੇ ਘਰ ਦੇ ਬਣੇ ਬਿਸਕੁਟਾਂ ਦਾ ਉਹਨਾਂ ਨੇ ਖਾਣਾ ਖਾਧਾ । ਉਹ ਲੂਣ, ਤੋਂ ਸਗੋਂ ਸਰ੍ਹੋਂ ਦੀ ਚਟਣੀ ਤੱਕ ਵੀ ਨਹੀਂ ਸੀ ਭੁੱਲੀ, ਜੋ ਉਹ ਛੋਟੀਆਂ ਕੋਲਡ ਕਰੀਮ ਦੀਆਂ ਸ਼ੀਸ਼ੀਆਂ ਵਿੱਚ ਪਾ ਲਿਆਈ ਸੀ । ਜਿਸ ਤਰ੍ਹਾਂ ਨਾਲ ਇਹ ਹਲਕੀ ਫੁਲਕੀ, ਧੁੱਪ ਦੀ ਕਾਤਰ ਜਿਹੀ ਇਹ ਕੁੜੀ ਗੰਭੀਰਤਾ ਤੇ ਕਲਾ-ਕੌਸ਼ਲਤਾ ਨਾਲ ਮੇਜ਼ਬਾਨ ਦਾ ਕੰਮ ਕਰ ਰਹੀ ਸੀ, ਉਸ ਵਿੱਚ ਕੁਝ ਬੜਾ ਹੀ ਸੁੰਦਰ ਤੇ ਹਿਰਦੇ ਸ਼ਪਰਸ਼ੀ ਸੀ। ਅਲੈਕਸੇਈ ਨੇ ਆਪਣੇ ਆਪ ਮਨ ਵਿੱਚ ਫ਼ੈਸਲਾ ਕੀਤਾ: “ਬਥੇਰੀ ਢਿੱਲ ਮੱਠ ਕਰ ਲਈ ਹੈ । ਬੱਸ ਹੁਣ । ਅੱਜ ਸ਼ਾਮ ਉਸਨੂੰ ਸਭ ਕੁਝ ਸਾਫ਼ ਸਾਫ਼ ਕਹਿ ਦੇਵਾਂਗਾ। ਮੈਂ ਉਸਨੂੰ ਸਾਬਤ ਕਰਾਂਗਾ, ਯਕੀਨ ਦੁਆਵਾਂਗਾ, ਕਿ ਉਸਨੂੰ ਮੇਰੀ ਪਤਨੀ ਬਣ ਜਾਣਾ ਚਾਹੀਦਾ ਹੈ।”
ਉਹਨਾਂ ਨੇ ਰੇਤ ਉੱਤੇ ਪੈ ਕੇ ਧੁੱਪ ਸੇਕੀ, ਇੱਕ ਵਾਰੀ ਹੋਰ ਨਹਾਤੇ, ਤੇ ਸ਼ਾਮ ਨੂੰ ਮੁੜ ਕੇ ਓਲਿਆ ਦੇ ਕਮਰੇ ਵਿੱਚ ਮਿਲਣ ਦਾ ਫੈਸਲਾ ਕਰਕੇ, ਉਹ ਥੱਕੇ ਥੱਕੇ ਤੇ ਖੁਸ਼ ਖੁਸ਼ ਹੌਲ਼ੀ ਹੌਲ਼ੀ ਬੇੜੀ ਵੱਲ ਆਏ। ਪਤਾ ਨਹੀਂ ਕਿਉਂ, ਨਾ ਮੋਟਰਬੋਟ ਤੇ ਨਾ ਹੀ ਬੇੜੀ ਉਥੇ ਸੀ, ਉਹ ਉੱਚੀ ਉੱਚੀ ਕਿੰਨਾਂ ਚਿਰ ਚਾਚਾ ਅਰਕਾਸ਼ਾ ਨੂੰ ਅਵਾਜ਼ਾਂ ਮਾਰਦੇ ਰਹੇ, ਜਦੋਂ ਤੱਕ ਉਹਨਾਂ ਦੇ ਗਲੇ ਨਾ ਬੈਠ ਗਏ । ਸਤੇਪੀ ਵਿੱਚ ਸੂਰਜ ਡੁੱਬ ਰਿਹਾ ਸੀ । ਦਰਿਆ ਦੇ ਦੂਜੇ ਪਾਸੇ ਪਹਾੜੀ ਦੀ ਚੋਟੀ ਉੱਪਰੋਂ ਤਰਦੀ ਆ ਰਹੀ ਤੇਜ਼, ਗੁਲਾਬੀ ਧੁੱਪ ਦੀਆਂ ਰਿਸ਼ਮਾਂ ਘਰਾਂ ਦੀਆਂ ਛੱਤਾਂ ਉੱਤੇ ਤੇ ਸ਼ਹਿਰ ਵਿਚਲੇ ਦਰਖਤਾਂ ਦੀਆਂ, ਇਸ ਵੇਲੇ ਬੇਹਰਕਤ, ਧੂੜ ਵਾਲੀਆਂ ਸਿਖਰਾਂ ਉੱਤੇ ਸੋਨੇ ਦੀ ਝਾਲ ਫੇਰ ਰਹੀਆਂ ਸਨ । ਬਾਰੀਆਂ ਦੇ ਸ਼ੀਸ਼ਿਆਂ ਵਿੱਚ ਖੂਨ ਵਰਗੀ ਸੂਹੀ ਚਮਕ ਸੀ। ਗਰਮੀਆਂ ਦੀ ਇਹ ਸ਼ਾਮ ਨਿੱਘੀ ਤੇ ਸ਼ਾਂਤ ਸੀ। ਪਰ ਸ਼ਹਿਰ ਵਿੱਚ ਕੁਝ ਨਾ ਕੁਝ ਜ਼ਰੂਰ ਵਾਪਰ ਗਿਆ ਹੋਵੇਗਾ। ਗਲੀਆਂ, ਜਿਹੜੀਆਂ ਇਸ ਵੇਲੇ ਆਮ ਕਰਕੇ ਸੁੰਝੀਆਂ ਹੋਈਆਂ ਹੁੰਦੀਆਂ ਸਨ, ਲੋਕਾਂ ਨਾਲ ਭਰੀਆਂ ਪਈਆਂ ਸਨ; ਲੋਕਾਂ ਨਾਲ ਭਰੀਆਂ ਹੋਈਆਂ ਦੋ ਲਾਰੀਆਂ ਕੋਲੋਂ ਦੀ ਲੰਘੀਆਂ; ਇੱਕ ਛੋਟੀ ਜਿਹੀ ਟੋਲੀ ਫ਼ੌਜ ਵਾਂਗ ਕਤਾਰਾਂ ਬਣਾ ਕੇ ਚੱਲ ਰਹੀ ਸੀ।
“ਚਾਚਾ ਅਰਕਾਸ਼ਾ ਕਿਤੇ ਪੀ ਕੇ ਤੇ ਨਹੀਂ ਪਿਆ ਹੋਇਆ?” ਅਲੈਕਸੇਈ ਨੇ ਕਿਆਸ ਲਾਇਆ। “ਤੇ ਕੀ ਖਿਆਲ ਹੈ, ਜੇ ਰਾਤ ਸਾਨੂੰ ਇੱਥੇ ਕੱਟਣੀ ਪੈ ਗਈ ਤਾਂ ?”
“ਤੇਰੇ ਨਾਲ ਹੁੰਦਿਆਂ ਤਾਂ ਮੈਨੂੰ ਕਿਸੇ ਦਾ ਡਰ ਨਹੀ,” ਆਪਣੀਆਂ ਵੱਡੀਆਂ ਵੱਡੀਆਂ, ਚਮਕਦੀਆਂ ਅੱਖਾਂ ਨਾਲ ਉਸ ਵੱਲ ਦੇਖਦੀ ਹੋਈ ਓਲਿਆ ਬੋਲੀ ।
ਅਲੈਕਸੇਈ ਨੇ ਆਪਣੀ ਬਾਂਹ ਉਸਦੇ ਦੁਆਲੇ ਵਲ਼ ਲਈ ਤੇ ਚੁੰਮ ਲਿਆ – ਚੁੰਮ ਲਿਆ – ਚੁੰਮ ਲਿਆ, ਪਹਿਲੀ ਵਾਰੀ ਤੇ ਇੱਕੋ ਇੱਕ ਵਾਰੀ। ਦਰਿਆ ਤੋਂ ਮੱਧਮ ਜਿਹੀ ਚੱਪੂਆਂ ਦੀ ਅਵਾਜ਼ ਆਉਣ ਲੱਗ ਪਈ; ਲੋਕਾਂ ਨਾਲ ਭਰੀ ਹੋਈ ਬੇੜੀ ਦਰਿਆ ਦੇ ਦੂਜੇ ਪਾਸਿਉਂ ਨੇੜੇ ਆ ਰਹੀ ਸੀ । ਹੁਣ ਉਹਨਾਂ ਨੇ ਨੇੜੇ ਆ ਰਹੀ ਬੇੜੀ ਵੱਲ ਇੰਝ ਦੇਖਿਆ ਜਿਵੇਂ ਕੋਈ ਆਪਣੇ ਦੁਸ਼ਮਣ ਵੱਲ ਦੇਖਦਾ ਹੈ, ਪਰ ਤਾਂ ਵੀ ਉਹ ਆਗਿਆਕਾਰੀ ਢੰਗ ਨਾਲ ਇਸਨੂੰ ਅੱਗੋਂ ਦੀ ਮਿਲਣ ਤੁਰ ਪਏ, ਜਿਵੇਂ ਉਹਨਾਂ ਨੂੰ ਪਹਿਲਾਂ ਹੀ ਮਹਿਸੂਸ ਹੋ ਗਿਆ ਹੋਵੇ ਕਿ ਇਹ ਉਹਨਾਂ ਲਈ ਕੀ ਲਿਆ ਰਹੀ ਹੈ।
ਲੋਕ ਚੁੱਪ-ਚਾਪ ਛਾਲਾਂ ਮਾਰ ਕੇ ਬੇੜੀ ਵਿੱਚੋਂ ਉੱਤਰੇ । ਸਾਰਿਆਂ ਨੇ ਛੁੱਟੀ ਵਾਲ਼ੇ ਦਿਨ ਵਾਲੇ ਕੱਪੜੇ ਪਾਏ ਹੋਏ ਸਨ, ਪਰ ਸਭ ਦੇ ਚਿਹਰਿਆਂ ਉੱਤੇ ਪ੍ਰੇਸ਼ਾਨੀ ਤੇ ਉਦਾਸੀ ਸੀ । ਗੰਭੀਰ ਮੂੰਹ ਬਣਾਈ, ਕਾਹਲੀ ਵਿੱਚ ਲੱਗਦੇ ਆਦਮੀ ਤੇ ਰੋ ਰੋ ਕੇ ਲਾਲ ਕੀਤੀਆਂ ਅੱਖਾਂ ਵਾਲੀਆਂ ਔਰਤਾਂ ਇੱਕ ਵੀ ਲਫ਼ਜ਼ ਕਹੇ ਬਿਨਾਂ ਇਸ ਜਵਾਨ ਜੋੜੇ ਕੋਲੋਂ ਲੰਘੀ ਜਾ ਰਹੀਆਂ ਸਨ। ਇਸ ਗੱਲ ਤੋਂ ਅਣਜਾਣ ਕਿ ਕੀ ਵਾਪਰ ਗਿਆ ਹੈ, ਉਹ ਦੋਵੇਂ ਹੀ ਬੇੜੀ ਵਿੱਚ ਕੁੱਦ ਪਏ । ਉਹਨਾਂ ਦੇ ਪ੍ਰਸੰਨ ਚਿਹਰਿਆਂ ਵੱਲ ਦੇਖੇ ਬਿਨਾਂ ਹੀ ਚਾਚਾ ਅਰਕਾਸ਼ਾ ਬੋਲਿਆ:
“ਜੰਗ… ਅੱਜ ਰੇਡਿਓ ਉੱਤੇ ਦੱਸਿਆ ਸੀ।”
ਜੰਗ ? ਕਿਸ ਨਾਲ? ਆਪਣੀ ਥਾਂ ਤੋਂ ਭੁੜਕ ਕੇ ਉੱਠਦਿਆਂ ਅਲੈਕਸੇਈ ਨੇ ਪੁੱਛਿਆ। “
“ਉਹਨਾਂ ਨਾਲ ਹੀ, ਲਾਅਨਤੀ ਫਾਸਿਸਟਾਂ ਨਾਲ, ਹੋਰ ਕਿਸ ਨਾਲ,” ਗੁੱਸੇ ਨਾਲ ਚੱਪੂ ਮਾਰਦਿਆਂ ਚਾਚੇ ਅਰਕਾਸ਼ਾ ਨੇ ਜਵਾਬ ਦਿੱਤਾ। “ਲੋਕੀਂ ਪਹਿਲਾਂ ਹੀ ਜ਼ਿਲ੍ਹਾ ਫ਼ੌਜੀ ਕਮਿਸਰੇਤ ਪੁੱਜੇ ਹੋਏ ਨੇ । ਲਾਮਬੰਦੀ”
ਅਲੈਕਸੇਈ ਘਰ ਜਾਣ ਦੀ ਥਾਂ ਸਿੱਧਾ ਫ਼ੌਜੀ ਕਮਿਸਰੇਤ ਦੇ ਦਫ਼ਤਰ ਗਿਆ । ਰਾਤ ਨੂੰ 12.40 ਉੱਤੇ ਚਲਦੀ ਗੱਡੀ ਵਿੱਚ ਬੈਠ ਕੇ ਉਹ ਉਸ ਹਵਾਈ ਦਸਤੇ ਵੱਲ ਜਾ ਰਿਹਾ ਸੀ, ਜਿਸ ਨਾਲ ਉਸਨੂੰ ਲਾਇਆ ਗਿਆ ਸੀ । ਉਸ ਕੋਲ ਮਸਾਂ ਏਨਾਂ ਹੀ ਸਮਾਂ ਸੀ ਕਿ ਭੱਜ ਕੇ ਘਰੋਂ ਆਪਣਾ ਸੂਟਕੇਸ ਲਿਆ ਸਕੇ । ਓਲਿਆ ਨੂੰ ਵੀ ਉਹ ਅਲਵਿਦਾ ਨਹੀਂ ਸੀ ਕਹਿ ਸਕਿਆ।
ਉਹ ਬਹੁਤ ਘੱਟ ਇੱਕ ਦੂਜੇ ਨੂੰ ਲਿਖਦੇ ਸਨ । ਇਸ ਕਰਕੇ ਨਹੀਂ ਕਿ ਉਹਨਾਂ ਦੇ ਇੱਕ ਦੂਜੇ ਲਈ ਜਜ਼ਬੇ ਠੰਡੇ ਪੈ ਗਏ ਸਨ, ਜਾਂ ਉਹ ਇੱਕ ਦੂਜੇ ਨੂੰ ਭੁੱਲਦੇ ਜਾ ਰਹੇ ਸਨ। ਨਹੀਂ। ਉਹ ਉਸ ਗੋਲ, ਸਕੂਲੀ ਕੁੜੀਆਂ ਵਰਗੀ ਲਿਖਤ ਵਿੱਚ ਲਿਖੀਆਂ ਉਹਨਾਂ ਚਿੱਠੀਆਂ ਦੀ ਬੜੀ ਬੇਸਬਰੀ ਨਾਲ ਉਡੀਕ ਕਰਦਾ ਸੀ, ਉਹਨਾਂ ਨੂੰ ਜੇਬ ਵਿੱਚ ਸਾਂਭ ਕੇ ਰੱਖਦਾ ਸੀ ਤੇ ਜਦੋਂ ਇਕੱਲਾ ਹੁੰਦਾ ਸੀ, ਉਹਨਾਂ ਨੂੰ ਮੁੜ ਮੁੜ ਕੇ ਪੜ੍ਹਦਾ ਸੀ । ਇਹੀ ਚਿੱਠੀਆਂ ਸਨ ਜਿਨ੍ਹਾਂ ਨੂੰ ਉਸਨੇ ਸੀਨੇ ਨਾਲ ਲਾ ਰੱਖਿਆ ਸੀ ਤੇ ਉਸ ਭਿਆਨਕ ਸਮੇਂ ਜਿਨ੍ਹਾਂ ਵੱਲ ਦੇਖਦਾ ਰਿਹਾ ਸੀ, ਜਦੋਂ ਉਹ ਜੰਗਲ ਵਿੱਚ ਰੀਂਗ ਰਿਹਾ ਸੀ। ਪਰ ਇਹਨਾਂ ਦੋ ਨੌਜਵਾਨਾਂ ਵਿਚਲੇ ਸੰਬੰਧ ਏਨੇ ਇੱਕਦਮ ਟੁੱਟ ਗਏ ਸਨ, ਤੇ ਉਹ ਵੀ ਐਸੇ ਅਨਿਸ਼ਚਿਤ ਪੜਾਅ ਉੱਤੇ, ਕਿ ਜਿਹੜੀਆਂ ਚਿੱਠੀਆਂ ਉਹ ਇੱਕ ਦੂਜੇ ਨੂੰ ਲਿਖਦੇ ਸਨ, ਉਹਨਾਂ ਵਿੱਚ ਉਹ ਇੱਕ ਦੂਜੇ ਨਾਲ ਇੰਝ ਵਰਤਦੇ ਜਿਵੇਂ ਉਹ ਪੁਰਾਣੇ ਚੰਗੇ ਜਾਣੂ ਹੋਣ, ਦੋਸਤ ਹੋਣ, ਤੇ ਇਸ ਵਿੱਚ ਕਿਸੇ ਵਡੇਰੀ ਚੀਜ਼ ਨੂੰ ਲਿਆਉਣ ਤੋਂ ਡਰਦੇ ਰਹਿੰਦੇ ਜਿਹੜੀ, ਆਖ਼ਰ ਫ਼ਿਰ ਵੀ, ਅਣਕਹੀ ਰਹਿ ਗਈ ਹੋਈ ਸੀ।
ਤੇ ਹੁਣ, ਹਸਪਤਾਲ ਵਿੱਚ ਪਿਆ, ਅਲੈਕਸੇਈ ਬੜੀ ਬੇਚੈਨੀ ਨਾਲ ਨੋਟ ਕਰ ਰਿਹਾ ਸੀ— ਤੇ ਇਹ ਬੇਚੈਨੀ ਹਰ ਚਿੱਠੀ ਨਾਲ ਵਧਦੀ ਜੀ ਰਹੀ ਸੀ – ਕਿ ਓਲਿਆ ਆਪ ਹੀ ਅਚਾਨਕ ਉਸਨੂੰ ਅੱਗੋਂ ਦੀ ਹੋ ਕੇ ਮਿਲੀ ਸੀ, ਬਿਨਾਂ ਝਿਜਕ ਦੇ ਹੁਣ ਉਹ ਆਪਣੀਆਂ ਚਿੱਠੀਆਂ ਵਿੱਚ ਆਪਣੀ ਦਿਲਗੀਰੀ ਬਾਰੇ ਲਿਖਦੀ ਸੀ, ਅਫ਼ਸੋਸ ਪ੍ਰਗਟ ਕਰਦੀ ਸੀ ਕਿ ਕੈਸੇ ਵੇਲੇ ਉਸ ਸ਼ਾਮ ਚਾਚਾ ਅਰਕਾਸ਼ਾ ਉਹਨਾ ਨੂੰ ਲੈਣ ਆ ਗਿਆ ਸੀ, ਉਸਨੂੰ ਯਕੀਨ ਦੁਆਉਂਦੀ ਸੀ ਕਿ ਉਸ ਨਾਲ ਭਾਵੇਂ ਕੁਝ ਵੀ ਵਾਪਰ ਜਾਏ, ਉਸਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਬੰਦਾ ਐਸਾ ਹੈ ਜਿਸ ਉੱਤੇ ਉਹ ਹਮੇਸ਼ਾ ਹੀ ਭਰੋਸਾ ਕਰ ਸਕਦਾ ਹੈ; ਉਹ ਭਾਵੇਂ ਕਿਸੇ ਬੇਗਾਨੀ ਧਰਤੀ ਉੱਤੇ ਹੋਵੇ, ਉਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਕੋਲ ਇੱਕ ਕੋਨਾਂ ਹੈ, ਜਿਸਨੂੰ ਉਹ ਆਪਣਾ ਸਮਝ ਕੇ ਜੰਗ ਤੋਂ ਮਗਰੋਂ ਉਥੇ ਵਾਪਸ ਆ ਸਕਦਾ ਹੈ। ਲਗਦਾ ਸੀ ਜਿਵੇਂ ਇਹ ਚਿੱਠੀਆਂ ਕੋਈ ਨਵੀਂ, ਹੋਰ ਓਲਿਆ ਲਿਖਦੀ ਹੋਵੇ। ਜਦੋਂ ਉਹ ਉਸਦੀ ਫੋਟੋ ਵੱਲ ਦੇਖਦਾ, ਉਸਨੂੰ ਹਮੇਸ਼ਾ ਇਹ ਖਿਆਲ ਆਉਂਦਾ ਕਿ ਜੇ ਕਿਤੇ ਹਵਾ ਚੱਲ ਪਵੇ, ਤਾਂ ਉਹ ਆਪਣੀ ਫੁੱਲਾਂ ਵਾਲੀ ਫਰਾਕ ਸਮੇਤ ਉੱਡ ਜਾਏਗੀ, ਜਿਸ ਤਰ੍ਹਾਂ ਪੱਕੇ ਹੋਏ ਕਕਰੌਂਦੇ ਦੇ ਬੀਜ ਪੈਰਾਸ਼ੂਟ ਨਾਲ ਉੱਡ ਜਾਂਦੇ ਹਨ। ਇਹ ਚਿੱਠੀਆਂ ਜਿਵੇਂ ਇੱਕ ਔਰਤ ਦੀਆਂ ਲਿਖੀਆਂ ਹੁੰਦੀਆਂ ਸਨ ਇੱਕ ਚੰਗੀ, ਪਿਆਰ ਕਰਨ ਵਾਲੀ ਔਰਤ ਦੀਆਂ, ਜਿਹੜੀ ਆਪਣੇ ਪ੍ਰੀਤਮ ਲਈ ਸਿੱਕ ਰਹੀ ਤੇ ਉਸਦੀ ਉਡੀਕ ਕਰ ਰਹੀ ਸੀ। ਇਹ ਗੱਲ ਉਸਨੂੰ ਖੁਸ਼ੀ ਵੀ ਦਿੰਦੀ ਸੀ ਤੇ ਉਦਾਸ ਵੀ ਕਰਦੀ ਸੀ; ਖੁਸ਼ੀ ਦੇਂਦੀ ਸੀ — ਇਹ ਗੱਲ ਉਸਦੇ ਵੱਸੋਂ ਬਾਹਰੀ ਸੀ; ਤੇ ਉਦਾਸ ਕਰਦੀ ਸੀ ਕਿਉਂਕਿ ਉਹ ਖਿਆਲ ਕਰਦਾ ਸੀ ਕਿ ਇਹੋ ਜਿਹੇ ਪਿਆਰ ਦਾ ਉਸਨੂੰ ਕੋਈ ਹੱਕ ਨਹੀਂ ਸੀ ਤੇ ਐਸੀ ਸਾਫ ਬਿਆਨੀ ਦੇ ਉਹ ਕਾਬਲ ਨਹੀਂ ਸੀ । ਪਰ ਫਿਰ ਵੀ ਉਸਦੀ ਉਸਨੂੰ ਇਹ ਲਿਖ ਸਕਣ ਦੀ ਹਿੰਮਤ ਨਹੀਂ ਸੀ ਪੈਂਦੀ ਕਿ ਉਹ ਹੁਣ ਧੁੱਪ ਸੰਵਲਾਇਆਂ, ਸਰਗਰਮੀ ਨਾਲ ਭਰਿਆ ਨੌਜਵਾਨ ਨਹੀਂ ਰਿਹਾ, ਸਗੋਂ ਚਾਚੇ, ਅਰਕਾਸ਼ਾ ਨਾਲ ਮਿਲਦਾ ਜੁਲਦਾ ਅੰਗਹੀਣ ਆਦਮੀ ਸੀ । ਸੱਚ ਲਿਖਣ ਦੀ ਉਸਨੂੰ ਇਸ ਕਰਕੇ ਹਿੰਮਤ ਨਹੀਂ ਸੀ ਪੈਂਦੀ ਕਿ ਇਹ ਉਸਦੀ ਬਿਮਾਰ ਪਈ ਮਾਂ ਲਈ ਮਾਰੂ ਹੋਵੇਗਾ; ਜਿਸ ਕਰਕੇ ਉਹ ਓਲਿਆ ਨੂੰ ਧੋਖਾ ਦੇਣ ਲਈ ਮਜ਼ਬੂਰ ਸੀ, ਤੇ ਆਪਣੀ ਲਿਖੀ ਹਰ ਚਿੱਠੀ ਨਾਲ ਉਹ ਇਸ ਧੋਖੇ ਵਿੱਚ ਹੋਰ ਵਧੇਰੇ ਖੁੱਭਦਾ ਜਾਂਦਾ ਸੀ।
ਇਸ ਕਰਕੇ ਹੀ ਕਾਮੀਸ਼ਿਨ ਤੋਂ ਆਉਂਦੀਆਂ ਚਿੱਠੀਆਂ ਉਸ ਵਿੱਚ ਇਹੋ ਜਿਹੀਆਂ ਵਿਰੋਧੀ ਭਾਵਨਾਵਾਂ ਜਗਾਉਂਦੀਆਂ ਸਨ – ਖੁਸ਼ੀ ਤੇ ਉਦਾਸੀ, ਆਸ ਤੇ ਫ਼ਿਕਰ – ਇੱਕੋ ਵੇਲੇ ਹੀ ਉਹ ਉਸਨੂੰ ਖੁਸ਼ ਕਰਦੀਆਂ ਤੇ ਤਸੀਹੇ ਦੇਂਦੀਆਂ ਸਨ । ਇੱਕ ਵਾਰੀ ਝੂਠ ਬੋਲਿਆ ਹੋਣ ਕਰਕੇ, ਉਹ ਹੋਰ ਝੂਠ ਘੜਦੇ ਜਾਣ ਲਈ ਮਜ਼ਬੂਰ ਸੀ, ਪਰ ਇਹੋ ਜਿਹੀਆਂ ਕਾਢਾਂ ਵਿੱਚ ਉਹ ਏਨਾਂ ਮਾਹਰ ਨਹੀਂ ਸੀ, ਜਿਸ ਕਰਕੇ ਓਲਿਆ ਨੂੰ ਲਿਖੇ ਉਸਦੇ ਜਵਾਬ ਸੰਖੇਪ ਤੇ ਖੁਸ਼ਕ ਹੁੰਦੇ ਸਨ ।
“ਰੁੱਤ ਵਿਗਿਆਨਕ ਸਾਰਜੰਟ” ਨੂੰ ਲਿਖਣਾ ਉਸਨੂੰ ਸੌਖਾ ਲੱਗਦਾ ਸੀ । ਉਹ ਇੱਕ ਸਾਦੀ ਜਿਹੀ, ਪਰ ਆਪਾ-ਵਾਰੂ, ਨਿਰਮਲ ਦਿਲ ਵਾਲੀ ਸੀ । ਆਪਣੇ ਓਪਰੇਸ਼ਨ ਤੋਂ ਮਗਰੋਂ ਮਾਯੂਸੀ ਦੀ ਹਾਲਤ ਵਿੱਚ, ਜਦੋਂ ਉਸਨੂੰ ਆਪਣਾ ਗਮ ਕਿਸੇ ਅੱਗੇ ਖੋਹਲਣ ਦੀ ਲੋੜ ਮਹਿਸੂਸ ਹੋਈ, ਤਾਂ ਉਸਨੇ ਉਸ ਕੁੜੀ ਨੂੰ ਇੱਕ ਲੰਮੀ ਤੇ ਉਦਾਸ ਚਿੱਠੀ ਲਿਖੀ। ਜਲਦੀ ਹੀ ਉਸਨੂੰ ਬੜੀ ਸਜੀ ਹੋਈ ਲਿਖਾਈ ਵਿੱਚ ਕਾਪੀ ਵਿੱਚੋਂ ਪਾੜੇ ਵਰਕੇ ਉੱਪਰ ਉਸਦਾ ਜਵਾਬ ਆ ਗਿਆ, ਜਿਸ ਵਿੱਚ ਵਿਸਮਿਕ ਚਿੰਨਾਂ ਵਾਲ਼ੇ ਫਿਕਰੇ ਏਨੀਂ ਬਹੁਤਾਤ ਨਾਲ ਖਿਲਰੇ ਪਏ ਸਨ, ਜਿਵੇਂ ਗੋਲ ਡਬਲਰੋਟੀ ਉੱਤੇ ਕਾਲ਼ਾ ਜੀਰਾ ਖਿਲਰਿਆਂ ਹੁੰਦਾ ਹੈ, ਤੇ ਸਾਰੀ ਚਿੱਠੀ ਹੰਝੂਆਂ ਨਾਲ ਪਏ ਦਾਗਾਂ ਨਾਲ ਸ਼ਿੰਗਾਰੀ ਪਈ ਸੀ । ਕੁੜੀ ਨੇ ਲਿਖਿਆ ਸੀ ਕਿ ਜੇ ਫ਼ੌਜੀ ਜ਼ਬਤ ਉਸਨੂੰ ਬੰਨ੍ਹ ਕੇ ਨਾ ਰੱਖ ਰਿਹਾ ਹੁੰਦਾ, ਤਾਂ ਉਹ ਸਾਰਾ ਕੁਝ ਛੱਡ ਛਡਾ ਕੇ ਫੋਰਨ ਉਸਦੀ ਤੀਮਾਰਦਾਰੀ ਲਈ ਆ ਜਾਂਦੀ ਤੇ ਉਸਦੇ ਗ਼ਮ ਵਿੱਚ ਭਿਆਲ ਹੁੰਦੀ । ਉਸਨੇ ਵਾਸਤਾ ਪਾਇਆ ਹੋਇਆ ਸੀ ਕਿ ਉਹ ਉਸਨੂੰ ਵਧੇਰੇ ਵਾਰੀ ਲਿਖਿਆ ਕਰੇ । ਇਸ ਬੇਤਰਤੀਬ ਜਿਹੀ ਚਿੱਠੀ ਵਿੱਚ ਏਨਾਂ ਕੁਝ ਸਿੱਧੜ ਜਿਹਾ, ਅਰਧ ਬੱਚਗਾਨਾ ਜਿਹਾ ਹਾਵ ਭਾਵ ਸੀ ਕਿ ਅਲੈਕਸੇਈ ਉਦਾਸ ਹੋ ਗਿਆ, ਤੇ ਉਹ ਆਪਣੇ ਆਪ ਨੂੰ ਚੰਗਾ ਮੰਦਾ ਕਹਿਣ ਲੱਗਾ ਕਿ ਉਸਨੇ ਕੁੜੀ ਨੂੰ ਓਲਿਆ ਦੀਆਂ ਚਿੱਠੀਆਂ ਫ਼ੜਾਉਣ ਵੇਲੇ, ਕੁੜੀ ਦੇ ਪੁੱਛਣ ਉੱਤੇ ਇਹ ਕਿਉਂ ਕਿਹਾ ਸੀ ਕਿ ਓਲਿਆ ਮੇਰੀ ਵਿਆਹੀ ਹੋਈ ਭੈਣ ਹੈ । ਇਹੋ ਜਿਹੀ ਕੁੜੀ ਨਾਲ਼ ਧੋਖਾ ਨਹੀਂ ਸੀ ਕੀਤਾ ਜਾਣਾ ਚਾਹੀਦਾ । ਇਸ ਲਈ ਉਸਨੇ ਸਾਫ਼ ਸਾਫ਼ ਆਪਣੀ ਮਹਿਬੂਬਾ ਬਾਰੇ ਉਸਨੂੰ ਲਿਖ ਦਿੱਤਾ, ਜਿਹੜੀ ਕਾਮੀਸ਼ਿਨ ਵਿੱਚ ਰਹਿੰਦੀ ਸੀ, ਤੇ ਇਹ ਵੀ ਲਿਖ ਦਿੱਤਾ ਕਿ ਆਪਣੀ ਬਦਕਿਸਮਤੀ ਬਾਰੇ ਨਾ ਮਾਂ ਨੂੰ ਤੇ ਨਾ ਹੀ ਓਲਿਆ ਨੂੰ ਲਿਖਣ ਦੀ ਉਸਦੀ ਹਿੰਮਤ ਪਈ ਸੀ।
“ਰੁੱਤ-ਵਿਗਿਆਨਕ ਸਾਰਜੰਟ” ਵੱਲੋਂ ਜਵਾਬ ਏਨੀਂ ਤੇਜ਼ੀ ਨਾਲ਼ ਆਇਆ, ਜਿਹੜੀ ਕਿ ਉਹਨਾਂ ਦਿਨਾਂ ਦੇ ਹਿਸਾਬ ਨਾਲ ਯਕੀਨੋਂ ਬਾਹਰੀ ਸੀ । ਕੁੜੀ ਨੇ ਲਿਖਿਆ ਹੋਇਆ ਸੀ ਕਿ ਉਹ ਚਿੱਠੀ ਇੱਕ ਜੰਗੀ ਪੱਤਰ ਪ੍ਰੇਰਕ ਮੇਜਰ ਦੇ ਹੱਥ ਭੇਜ ਰਹੀ ਹੈ, ਜਿਹੜਾ ਉਹਨਾਂ ਦੇ ਵਿੰਗ ਵਿੱਚ ਆਇਆ ਸੀ । ਮੇਜਰ ਉਸਦੇ ਮਗਰ ਮਗਰ ਭੌਂਦਾ ਰਿਹਾ ਸੀ ਪਰ ਉਸਨੇ, ਬੇਸ਼ਕ, ਉਸ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ ਹਾਲਾਂਕਿ ਉਹ ਇੱਕ ਚੰਗਾ, ਖੁਸ਼ ਮਿਜ਼ਾਜ ਆਦਮੀ ਸੀ। ਚਿੱਠੀ ਦੇ ਅੰਦਾਜ਼ ਤੋਂ ਇਹ ਸਪਸ਼ਟ ਸੀ ਕਿ ਉਸਨੂੰ ਨਿਰਾਸ਼ਾ ਹੋਈ ਸੀ ਤੇ ਉਸਨੇ ਬੁਰਾ ਵੀ ਮਨਾਇਆ ਸੀ, ਆਪਣੀਆਂ ਭਾਵਨਾਵਾਂ ਨੂੰ ਉਸਨੇ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਵਿਅਰਥ। ਉਸਨੂੰ ਇਸ ਗੱਲ ਬਾਰੇ ਬੁਰਾ ਭਲਾ ਕਹਿੰਦਿਆਂ, ਕਿ ਉਸਨੇ ਉਸਨੂੰ ਉਦੋਂ ਸੱਚਾਈ ਨਹੀਂ ਸੀ ਦੱਸੀ, ਉਸਨੇ ਇਹ ਬੇਨਤੀ ਕੀਤੀ ਹੋਈ ਸੀ ਮੈਨੂੰ ਆਪਣਾ ਦੋਸਤ ਸਮਝੋ । ਚਿੱਠੀ ਲਿਖ ਕੇ ਮਗਰੋਂ ਸਿਆਹੀ ਵਿੱਚ ਨਹੀਂ, ਸਗੋਂ ਪੈਨਸਿਲ ਵਿੱਚ ਕੁਝ ਹੋਰ ਵੀ ਲਿਖਿਆ ਹੋਇਆ ਸੀ, “ਸਾਥੀ ਸੀਨੀਅਰ ਲੈਫ਼ਟੀਨੈਂਟ ਨੂੰ ਇਹ ਯਕੀਨ ਦੁਆਉਂਦਿਆਂ ਕਿ “ਜੇ ਕਾਮੀਸ਼ਿਨ ਵਿਚਲੀ ਉਹ” ਉਸ ਵੱਲ ਵਫਾਦਾਰ ਨਾ ਰਹੇ (ਉਸਨੂੰ ਪਤਾ ਸੀ ਕਿ ਔਰਤਾਂ ਪਿੱਛੇ ਕਿਵੇਂ ਵਿਹਾਰ ਕਰ ਰਹੀਆਂ ਸਨ), ਜਾਂ ਜੇ ਉਹ ਉਸਨੂੰ ਪਿਆਰ ਕਰਨਾ ਛੱਡ ਦੇਵੇ, ਜਾਂ ਉਸਦੇ ਅੰਗਹੀਣ ਹੋਣ ਕਰਕੇ ਉਸਤੋਂ ਦੂਰ ਹੋ ਜਾਏ, ਤਾਂ ਉਹ “ਰੁੱਤ-ਵਿਗਿਆਨਕ ਸਾਰਜੰਟ” ਨੂੰ ਨਾ ਭੁੱਲੇ, ਪਰ ਉਹ ਸੱਚ, ਤੇ ਸਿਰਫ ਸੱਚ ਲਿਖਿਆ ਕਰੇ । ਚਿੱਠੀ ਦੇ ਨਾਲ ਉਸਨੂੰ ਸੁਥਰੀ ਤਰ੍ਹਾਂ ਬਣਾਇਆ ਇੱਕ ਪੈਕਟ ਵੀ ਮਿਲਿਆ। ਉਸ ਵਿੱਚ ਪੈਰਾਸ਼ੂਟ ਦੇ ਰੇਸ਼ਮ ਤੋਂ ਬਣਾਏ ਗਏ ਕਈ ਰੁਮਾਲ ਸਨ, ਜਿਨਾਂ ਉੱਤੇ ਅਲੈਕਸੇਈ ਦੇ ਨਾਂ ਦੇ ਮੁੱਢਲੇ ਅੱਖਰ ਕੱਢੇ ਗਏ ਸਨ, ਇੱਕ ਤਮਾਕੂ ਦੀ ਥੈਲੀ ਸੀ, ਜਿਸ ਉੱਤੇ ਉਡਦੇ ਹਵਾਈ ਜਹਾਜ਼ ਦੀ ਤਸਵੀਰ ਸੀ, ਇੱਕ ਕੰਘੀ ਸੀ, “ਮੈਗਨੋਲੀਆ” ਊ-ਦੇ-ਕਲਾਂ ਦੀ ਇੱਕ ਸ਼ੀਸ਼ੀ ਸੀ, ਤੇ ਇੱਕ ਨਹਾਉਣ ਵਾਲੇ ਸਾਬਣ ਦੀ ਚਾਕੀ ਸੀ । ਅਲੈਕਸੇਈ ਨੂੰ ਪਤਾ ਸੀ ਕਿ ਉਹਨਾਂ ਮੁਸ਼ਕਲ ਸਮਿਆਂ ਵਿੱਚ ਫ਼ੌਜ ਵਿੱਚ ਕੰਮ ਕਰ ਰਹੀਆਂ ਕੁੜੀਆਂ ਲਈ ਇਹ ਸਾਰੀਆਂ ਚੀਜ਼ਾਂ ਕਿੰਨੀਆਂ ਕੀਮਤੀ ਸਨ । ਉਸਨੂੰ ਪਤਾ ਸੀ ਕਿ ਸਾਬਣ ਦੀ ਚਾਕੀ ਜਾਂ ਊ-ਦੇ-ਕਲਾਂ ਦੀ ਇੱਕ ਸ਼ੀਸ਼ੀ ਨੂੰ, ਜਿਹੜੀ ਦਿਨ- ਦਿਹਾਰ ਉੱਤੇ ਉਹਨਾਂ ਨੂੰ ਸੁਗਾਤ ਵਜੋਂ ਮਿਲਦੀ ਸੀ, ਉਹ ਇੱਕ ਪਵਿੱਤਰ ਤਵੀਤ ਵਾਂਗ ਸਾਂਭ ਕੇ ਰੱਖਦੀਆਂ ਸਨ, ਜਿਹੜਾ ਉਹਨਾਂ ਨੂੰ ਜੰਗ ਤੋਂ ਪਹਿਲਾਂ ਦੀ ਗ਼ੈਰ-ਫ਼ੌਜੀ ਜ਼ਿੰਦਗੀ ਦੀ ਯਾਦ ਦੁਆਉਂਦਾ ਸੀ । ਉਸਨੂੰ ਇਹਨਾਂ ਸੁਗਾਤਾਂ ਦੀ ਕੀਮਤ ਦਾ ਪਤਾ ਸੀ, ਜਿਸ ਕਰਕੇ ਉਸਨੂੰ ਖੁਸ਼ੀ ਤੇ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ, ਜਦੋਂ ਉਹ ਉਹਨਾਂ ਨੂੰ ਕੱਢ ਕੇ ਆਪਣੇ ਮੰਜੇ ਦੇ ਨਾਲ ਪਈ ਨਿੱਕੀ ਜਿਹੀ ਡੋਲੀ ਉੱਪਰ ਸਜਾ ਰਿਹਾ ਸੀ।
ਹੁਣ ਜਦ ਕਿ ਉਹ ਆਪਣੇ ਸੁਭਾਅ ਅਨੁਸਾਰ ਸਾਰਾ ਜ਼ੋਰ ਲਾ ਕੇ ਆਪਣੀਆਂ ਨਕਾਰਾ ਹੋਈਆਂ ਲੱਤਾਂ ਨੂੰ ਸਿਧਾਅ ਰਿਹਾ ਸੀ ਤੇ ਮੁੜ ਕੇ ਉੱਡਣ ਤੇ ਲੜਾਈ ਵਿੱਚ ਸ਼ਾਮਲ ਹੋਣ ਦੇ ਸੁਪਨੇ ਲੈ ਰਿਹਾ ਸੀ, ਤਾਂ ਉਸਨੇ ਆਪਣੇ ਮਨ ਵਿੱਚ ਅਜੀਬ ਜਿਹੀ ਦੁਵਿਧਾ ਮਹਿਸੂਸ ਕੀਤੀ। ਇਹ ਗੱਲ ਉਸਦੇ ਮਨ ਉੱਤੇ ਭਾਰੀ ਬੋਝ ਬਣਦੀ ਜਾ ਰਹੀ ਸੀ, ਕਿ ਉਹ ਓਲਿਆ ਨੂੰ, ਜਿਸ ਲਈ ਕਿ ਉਸਦੀ ਮੁਹੱਬਤ ਦਿਨੋਂ ਦਿਨ ਜ਼ੋਰ ਫੜਦੀ ਜਾ ਰਹੀ ਸੀ, ਲਿਖੀਆਂ ਚਿੱਠੀਆਂ ਵਿੱਚ ਝੂਠ ਬੋਲਣ ਦੇ ਪੂਰੀ ਗੱਲ ਨਾ ਦੱਸਣ ਲਈ ਮਜ਼ਬੂਰ ਸੀ, ਜਦ ਕਿ ਇੱਕ ਐਸੀ ਕੁੜੀ ਸਾਮ੍ਹਣੇ ਉਹ ਆਪਣਾ ਦਿਲ ਖੋਹਲ ਕੇ ਰੱਖ ਰਿਹਾ ਸੀ, ਜਿਸਨੂੰ ਉਹ ਲਗਭਗ ਨਹੀਂ ਸੀ ਜਾਣਦਾ।
ਪਰ ਉਸਨੇ ਗੰਭੀਰਤਾ ਨਾਲ ਪ੍ਰਣ ਕੀਤਾ ਕਿ ਉਹ ਓਲਿਆ ਨਾਲ ਪਿਆਰ ਦੀ ਗੱਲ ਮੁੜ ਕੇ ਸਿਰਫ ਉਦੋਂ ਕਰੇਗਾ ਜਦੋਂ ਉਸਦਾ ਸੁਪਨਾ ਸਾਕਾਰ ਹੋ ਜਾਏਗਾ, ਜਦੋਂ ਉਸਦੀ ਲੜਾਈ ਵਿੱਚ ਸ਼ਾਮਲ ਹੋਣ ਦੀ ਯੋਗਤਾ ਮੁੜ ਆਏਗੀ ਤੇ ਉਹ ਆਪਣੀਆਂ ਸਫ਼ਾਂ ਵਿੱਚ ਮੁੜ ਜਾਏਗਾ । ਤੇ ਇਸ ਨਾਲ ਉਸਦੇ ਅੰਨ੍ਹੇ ਜੋਸ਼ ਵਿੱਚ ਹੋਰ ਵਾਧਾ ਹੋ ਜਾਂਦਾ, ਜਿਸ ਜੋਸ਼ ਨਾਲ ਆਪਣੇ ਇਸ ਨਿਸ਼ਾਨੇ ਮਗਰ ਉਹ ਪਿਆ ਹੋਇਆ ਸੀ।
11
ਪਹਿਲੀ ਮਈ ਨੂੰ ਕਮੀਸਾਰ ਚੱਲ ਵਸਿਆ।
ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਕਿਵੇਂ ਵਾਪਰਿਆ । ਸਵੇਰੇ ਮੂੰਹ ਹੱਥ ਧੋਣ ਤੇ ਵਾਲ ਸਾਫ਼ ਕਰਨ ਤੋਂ ਮਗਰੋਂ, ਉਸਨੇ ਹਜ਼ਾਮਤ ਕਰਨ ਵਾਲੀ ਔਰਤ ਨੂੰ ਪੁੱਛਿਆ ਕਿ ਮੌਸਮ ਕੈਸਾ ਹੈ ਤੇ ਇਸ ਤਿਉਹਾਰ ਵਾਲੇ ਦਿਨ ਮਾਸਕੋ ਕਿਸ ਤਰ੍ਹਾਂ ਦਾ ਲੱਗਦਾ ਹੈ । ਉਸਨੂੰ ਇਹ ਸੁਣ ਕੇ ਖੁਸ਼ੀ ਹੋਈ ਕਿ ਸੜਕਾਂ ਤੋਂ ਬੈਰੀਕੇਡ ਚੁੱਕੇ ਜਾ ਰਹੇ ਹਨ, ਉਸਨੂੰ ਇਸ ਗੱਲ ਉੱਤੇ ਅਫ਼ਸੋਸ ਹੋਇਆ ਕਿ ਬਸੰਤ ਦੇ ਇਸ ਸ਼ਾਨਦਾਰ ਦਿਨ ਉੱਤੇ ਕੋਈ ਜਲੂਸ ਨਹੀਂ ਨਿੱਕਲੇਗਾ, ਤੇ ਉਹ ਕਲਾਵਦੀਆ ਮਿਖਾਇਲੋਵਨਾ ਨੂੰ ਮਜ਼ਾਕ ਕਰਦਾ ਰਿਹਾ, ਜਿਸਨੇ ਇਸ ਤਿਉਹਾਰ ਵਾਲ਼ੇ ਦਿਨ ਆਪਣੇ ਮੂੰਹ ਦੀਆਂ ਝੁਰੜੀਆਂ ਨੂੰ ਪਾਊਡਰ ਨਾਲ ਲੁਕਾਉਣ ਦੇ ਬਹਾਦਰ ਯਤਨ ਕੀਤੇ ਹੋਏ ਸਨ ! ਉਹ ਅੱਗੇ ਨਾਲੋਂ ਠੀਕ ਲਗਦਾ ਸੀ, ਤੇ ਸਾਰਿਆਂ ਨੂੰ ਆਸ ਬੱਝ ਗਈ ਸੀ ਕਿ ਹੁਣ ਸ਼ਾਇਦ ਉਹ ਰਾਜ਼ੀ ਹੋਣ ਵੱਲ ਚੱਲ ਪਏ।
ਕੁਝ ਸਮੇਂ ਤੋਂ, ਕਿਉਂਕਿ ਉਹ ਅਖਬਾਰ ਨਹੀਂ ਸੀ ਪੜ੍ਹ ਸਕਦਾ, ਉਸਦੇ ਮੰਜੇ ਕੋਲ ਈਅਰਫੋਨ ਵਾਲ਼ਾ ਰੇਡੀਓ ਸੈੱਟ ਰੱਖ ਦਿੱਤਾ ਗਿਆ ਸੀ, ਗਵੋਜ਼ਦਿਉਵ ਕੁਝ ਰੇਡੀਓ ਮਕੈਨਕੀ ਜਾਣਦਾ ਸੀ, ਸੋ ਉਸਨੇ ਇਸ ਸੈੱਟ ਵਿੱਚ ਪਤਾ ਨਹੀਂ ਸੀ ਕੀ ਕੀਤਾ, ਜਿਸ ਨਾਲ ਇਸਦੀ ਅਵਾਜ਼ ਸਾਰੇ ਵਾਰਡ ਵਿੱਚ ਸੁਣਾਈ ਦੇਣ ਲੱਗੀ। ਨੌਂ ਵਜੇ ਸਵੇਰੇ, ਰੇਡੀਓ ਅਨਾਉਂਸਰ ਨੇ, ਜਿਸਦੀ ਅਵਾਜ਼ ਨੂੰ ਉਦੋਂ ਸਾਰੀ ਦੁਨੀਆਂ ਸੁਣਦੀ ਤੇ ਪਛਾਣਦੀ ਸੀ, ਰੱਖਿਆ ਦੇ ਲੋਕਾਂ ਨੇ ਕਮੀਸਾਰ ਦਾ ਸੰਦੇਸ਼ ਪੜ ਕੇ ਸੁਨਾਉਣਾ ਸ਼ੁਰੂ ਕਰ ਦਿੱਤਾ । ਸਾਰਿਆ ਨੇ ਬਿਲਕੁਲ ਚੁੱਪ ਚਾਪ, ਮਤਾਂ ਇੱਕ ਵੀ ਲਫ਼ਜ਼ ਛੁੱਟ ਜਾਏ, ਆਪਣੇ ਕੰਨ ਕੰਧ ਨਾਲ ਲਟਕਦੀਆਂ ਦੋ ਕਾਲ਼ੀਆਂ ਪਲੇਟਾਂ ਵੱਲ ਲਾਏ ਹੋਏ ਸਨ । ਇਹ ਲਫ਼ਜ਼ ਵੀ ਕਹੇ ਜਾ ਚੁਕੇ ਸਨ : “ਮਹਾਨ ਲੈਨਿਨ ਦੇ ਅਜਿੱਤ ਝੰਡੇ ਹੇਠ-ਜਿੱਤ ਵੱਲ ਅੱਗੇ ਵਧੋ!”— ਪਰ ਵਾਰਡ ਵਿੱਚ ਅਜੇ ਵੀ ਤਣਾਅ ਭਰੀ ਚੁੱਪ ਛਾਈ ਹੋਈ ਸੀ।
“ਹੁਣ, ਸਾਥੀ ਰੈਜਮੈਂਟਲ ਕਮੀਸਾਰ, ਮੈਨੂੰ ਇਹ ਗੱਲ ਸਮਝਾਓ,” ਕੁਕੁਸ਼ਕਿਨ ਨੇ ਗੱਲ ਸ਼ੁਰੂ ਕੀਤੀ ਤੇ ਇੱਕਦਮ ਤ੍ਰਾਹ ਨਾਲ ਉਸਦੀ ਚੀਕ ਨਿਕਲ ਗਈ “ਸਾਥੀ ਕਮੀਸਾਰ!’’
ਸਾਰਿਆ ਨੇ ਮੁੜ ਕੇ ਦੇਖਿਆ। ਕਮੀਸਾਰ ਸਿੱਧਾ, ਆਕੜਿਆ ਹੋਇਆ ਆਪਣੇ ਮੰਜੇ ਉੱਤੇ ਪਿਆ ਸੀ ਤੇ ਛੱਤ ਵਿਚਲੇ ਕਿਸੇ ਨੁਕਤੇ ਉੱਤੇ ਉਸਦੀਆਂ ਅਹਿਲ ਅੱਖਾਂ ਟਿਕੀਆਂ ਹੋਈਆਂ ਸਨ; ਉਸਦੇ ਪਤਲੇ ਤੇ ਪੀਲੇ ਪਏ ਹੋਏ ਚਿਹਰੇ ਉੱਤੇ ਸ਼ਾਂਤੀ, ਗੰਭੀਰਤਾ ਤੇ ਜਲਾਲ ਦਾ ਪ੍ਰਗਟਾਅ ਜਿਵੇਂ ਆ ਕੇ ਟਿਕ ਗਿਆ ਹੋਏ।
“ਚੱਲ ਵੱਸਿਐ,” ਕੁਕੁਸ਼ਕਿਨ ਉਸਦੇ ਮੰਜੇ ਕੋਲ ਗੋਡਿਆਂ ਭਾਰ ਹੁੰਦਾ ਚੀਕਿਆ, “ਚੱਲ, ਵੱ-ਸਿ-ਐ!”
ਵਾਰਡ ਨੌਕਰਾਣੀਆਂ ਦੌੜਦੀਆਂ ਹੋਈਆਂ ਕਮਰੇ ਤੋਂ ਅੰਦਰ ਬਾਹਰ ਜਾ ਰਹੀਆਂ ਸਨ, ਨਰਸ ਨੱਠ ਭੱਜ ਕਰ ਰਹੀ ਸੀ, ਆਪਣੇ ਚੋਲੇ ਦੀਆਂ ਤਣੀਆਂ ਬੰਨ੍ਹਦਾ ਹੋਇਆ ਹਾਊਸ ਸਰਜਨ ਆ ਗਿਆ। ਚਿੜਚਿੜੇ ਤੇ ਝਗੜਾਲੂ ਸੁਭਾਅ ਵਾਲਾ ਲੈਫ਼ਟੀਨੈਂਟ ਕੋਨਸਤਾਨਤੀਨ ਕੁਕੁਸ਼ਕਿਨ ਕਿਸੇ ਵੱਲ ਵੀ ਧਿਆਨ ਨਾ ਦੇਂਦਾ ਹੋਇਆ, ਬੱਚਿਆਂ ਵਾਂਗ ਆਪਣਾ ਮੂੰਹ ਕੰਬਲ ਵਿੱਚ ਲੁਕਾਈ, ਮਰ ਚੁੱਕੇ ਆਦਮੀ ਦੀ ਛਾਤੀ ਉੱਤੇ ਉੱਚੀ ਉੱਚੀ ਸਿਸਕੀਆਂ ਭਰ ਰਿਹਾ ਸੀ, ਜਿਸ ਨਾਲ ਉਸਦੇ ਮੋਢੇ ਤੇ ਸਾਰਾ ਸਰੀਰ ਕੰਬ ਰਿਹਾ ਸੀ।
ਅੱਧ-ਖਾਲੀ ਹੋ ਚੁੱਕੇ ਵਾਰਡ ਨੰਬਰ ਬਤਾਲੀ ਵਿੱਚ ਉਸ ਸ਼ਾਮ ਇੱਕ ਹੋਰ ਮਰੀਜ਼ ਲਿਆਂਦਾ ਗਿਆ। ਉਹ ਸੀ ਪਾਵੇਲ ਈਵਨੋਵਿਚ ਸਤਰੁਚਕੋਵ, ਜਿਹੜਾ ਮਾਸਕੋ ਦੀ ਹਵਾਈ ਰੱਖਿਆ ਕਰਦੇ ਲੜਾਕਾ ਹਵਾਈ ਜਹਾਜ਼ਾਂ ਦੀ ਡਿਵੀਜ਼ਨ ਵਿੱਚ ਮੇਜਰ ਸੀ । ਇਸ ਤਿਉਹਾਰ ਵਾਲੇ ਦਿਨ ਫਾਸਿਸਟਾਂ ਨੇ ਮਾਸਕੋ ਉੱਤੇ ਜ਼ਬਰਦਸਤ ਹਵਾਈ ਹਮਲਾ ਕਰਨ ਦਾ ਫ਼ੈਸਲਾ ਕੀਤਾ ਸੀ, ਪਰ ਕਈ ਕਤਾਰਾਂ ਵਿੱਚ ਉੱਡਦੇ ਉਹਨਾਂ ਦੇ ਬੰਬਰਾਂ ਨੂੰ ਰਸਤੇ ਵਿੱਚ ਰੋਕ ਲਿਆ ਗਿਆ ਸੀ ਤੇ ਕਿਤੇ ਪਦਸੋਲਨੀਚਨਾਯਾ ਦੇ ਇਲਾਕੇ ਉੱਪਰ, ਸਖ਼ਤ ਲੜਾਈ ਪਿੱਛੋ ਭਾਂਜ ਦਿੱਤੀ ਗਈ। ਸਿਰਫ ਇੱਕ “ਜੁੰਕਰਸ” ਹੀ ਘੇਰੇ ਨੂੰ ਤੋੜ ਕੇ ਲੰਘ ਸਕਿਆ ਤੇ ਬਹੁਤ ਉਚਾਈ ਉੱਤੇ ਉੱਡਦਿਆਂ ਇਸਨੇ ਰਾਜਧਾਨੀ ਵੱਲ ਵਧਣਾ ਜਾਰੀ ਰੱਖਿਆ। ਇਸਦੇ ਅਮਲੇ ਨੇ ਜਿਵੇਂ ਫ਼ੈਸਲਾ ਕੀਤਾ ਹੋਵੇ ਕਿ ਸੌਂਪਿਆ ਗਿਆ ਕੰਮ ਹਰ ਕੀਮਤ ਉੱਤੇ ਪੂਰਾ ਕਰਨਾ ਹੈ ਤੇ ਤਿਉਹਾਰ ਨੂੰ ਮਨਾਉਣ ਵਿੱਚ ਖਲਲ ਪਾਉਣਾ ਹੈ। ਘਮਸਾਨ ਦੀ ਹਵਾਈ ਲੜਾਈ ਦੇ ਦੌਰਾਨ ਸਤਰੁਚਕੋਵ ਨੇ ਦੇਖਿਆ ਕਿ ਬੰਬਰ ਬਚ ਕੇ ਨਿੱਕਲ ਰਿਹਾ ਹੈ ਤੇ ਉਹ ਇੱਕਦਮ ਉਸਦੇ ਮਗਰ ਲੱਗ ਗਿਆ । ਉਹ ਇੱਕ ਸ਼ਾਨਦਾਰ ਸੋਵੀਅਤ ਹਵਾਈ ਜਹਾਜ਼ ਚਲਾ ਰਿਹਾ ਸੀ, ਜਿਸ ਤਰ੍ਹਾਂ ਦੇ ਹਵਾਈ ਜਹਾਜ਼ਾਂ ਨਾਲ ਸੋਵੀਅਤ ਲੜਾਕਾ ਦਸਤੇ ਉਦੋਂ ਲੈਸ ਕੀਤੇ ਜਾ ਰਹੇ ਸਨ। ਉਹ ਜ਼ਮੀਨ ਤੋਂ ਲਗਭਗ ਛੇ ਕਿਲੋਮੀਟਰ ਉੱਪਰ ਜਰਮਨ ਹਵਾਈ ਜਹਾਜ਼ ਨਾਲ ਜਾ ਮਿਲਿਆ, ਜਦੋਂ ਉਹ ਮਾਸਕੋ ਦੇ ਨੇੜੇ ਪੁੱਜ ਚੁੱਕਾ ਸੀ। ਬੜੀ ਹੁਸ਼ਿਆਰੀ ਨਾਲ ਉਹ ਦੁਸ਼ਮਣ ਦੇ ਪਿਛਲੇ ਪਾਸੇ ਹੋਇਆ, ਤੇ ਬੜੀ ਸਪਸ਼ਟ ਤਰਾਂ ਉਸਨੂੰ ਦੇਖਦਿਆਂ, ਉਸਨੇ ਆਪਣੀਆਂ ਤੋਪਾਂ ਦਾ ਬਟਨ ਨੱਪ ਦਿੱਤਾ। ਉਸਨੇ ਬਟਨ ਨੱਪਿਆ, ਪਰ ਉਹ ਹੈਰਾਨ ਹੋ ਗਿਆ ਕਿ ਉਸਨੂੰ ਜਾਣੀ ਪਛਾਣੀ ਗੂੰਜ ਸੁਣਾਈ ਨਾ ਦਿੱਤੀ। ਬਟਨ ਕੰਮ ਨਹੀਂ ਸੀ ਕਰ ਰਿਹਾ।
ਜਰਮਨ ਜਹਾਜ਼ ਉਸਤੋਂ ਜ਼ਰਾ ਕੁ ਅੱਗੇ ਸੀ। ਉਹ ਮੌਤ ਹਲਕੇ ਵਿੱਚ ਰਹਿੰਦਾ ਹੋਇਆ ਉਸਦੇ ਪਿੱਛੇ ਪਿੱਛੇ ਉੱਡਦਾ ਗਿਆ, ਜਦ ਕਿ ਬੰਬਰ ਦੀ ਰਾਖੀ ਕਰਦੀਆਂ ਦੋ ਮਸ਼ੀਨਗੰਨਾਂ ਤੋਂ ਬੰਬਰ ਦੀ ਪੂਛਲ ਦਾ ਹੇਠਲਾ ਹਿੱਸਾ ਬਚਾਅ ਕਰ ਰਿਹਾ ਸੀ । ਮਈ ਦੀ ਉਸ ਨਿਰਮਲ ਸਵੇਰ ਦੇ ਚਾਨਣ ਵਿੱਚ, ਮਾਸਕੋ ਧੁੰਦ ਵਿੱਚ ਲਪੇਟੇ ਇੱਕ ਸਲੇਟੀ ਜਿਹੇ ਵੱਡੇ ਸਾਰੇ ਢੇਰ ਵਾਂਗ ਦਿਸਣਾ ਸ਼ੁਰੂ ਹੋ ਚੁੱਕਾ ਸੀ । ਸਤਰੂਚਕੋਵ ਨੇ ਫ਼ੈਸਲਾ ਕਰ ਲਿਆ। ਉਸਨੇ ਆਪਣੀਆਂ ਪੇਟੀਆਂ ਖੋਹਲ ਲਈਆਂ, ਆਪਣੀ ਕਾਕਪਿਟ ਦੀ ਹੁੱਡ ਪਿੱਛੇ ਕੀਤੀ ਤੇ ਪੱਠੇ ਤਣ ਲਏ ਜਿਵੇਂ ਉਹ ਛਾਲ ਮਾਰਨ ਦੀ ਤਿਆਰੀ ਕਰ ਰਿਹਾ ਹੋਵੇ । ਉਸਨੇ ਆਪਣੇ ਜਹਾਜ਼ ਨੂੰ ਬੰਬਰ ਦੇ ਨਾਲ ਬਿਲਕੁਲ ਇੱਕ ਕਤਾਰ ਵਿੱਚ ਲੈ ਆਂਦਾ ਤੇ ਘੜੀ ਦੀ ਘੜੀ ਲਈ ਇੰਝ ਲੱਗਾ ਜਿਵੇਂ ਦੋਵੇਂ ਜਹਾਜ਼ ਕਿਸੇ ਅਦਿੱਖ ਧਾਗੇ ਨਾਲ ਬੱਝੇ ਹੋਏ ਇੱਕ ਦੂਜੇ ਦੇ ਮਗਰ ਜਾ ਰਹੇ ਹੋਣ।
ਜੁੰਕਰਜ਼ ਦੀ ਪਾਰਦਰਸ਼ੀ ਹੁੱਡ ਰਾਹੀ ਸਤਰੁਚਕੋਵ ਨੂੰ ਬੰਬਰ ਦੇ ਉਪਰਲੇ ਪਾਸੇ ਬੈਠੇ ਜਰਮਨ ਮਸ਼ੀਨਗੰਨਰ ਦੀਆਂ ਅੱਖਾਂ ਸਪਸ਼ਟ ਦਿਸਦੀਆਂ ਸਨ ਜਿਹੜਾ ਉਸਦੀ ਹਰ ਹਰਕਤ ਨੂੰ ਦੇਖ ਰਿਹਾ ਸੀ ਤੇ ਉਡੀਕ ਕਰ ਰਿਹਾ ਸੀ ਕਿ ਉਸਦੇ ਜਹਾਜ਼ ਦੇ ਖੰਭ ਦਾ ਜ਼ਰਾ ਕੁ ਹਿੱਸਾ ਵੀ ਜੇ ਮੌਤ ਦੇ ਹਲਕੇ ਤੋਂ ਬਾਹਰ ਨਿੱਕਲ ਆਏ। ਉਸਨੇ ਦੇਖਿਆ ਕਿ ਜੋਸ਼ ਵਿੱਚ ਜਰਮਨ ਨੇ ਆਪਣਾ ਲੋਹੇ ਦਾ ਟੋਪ ਲਾਹ ਮਾਰਿਆ; ਸਗੋਂ ਉਸਦੇ ਕੱਕੇ ਤੇ ਲੰਮੇ ਵਾਲ ਵੀ ਨਜ਼ਰ ਆਏ ਜਿਹੜੇ ਲਿਟਾਂ ਬਣ ਕੇ ਉਸਦੇ ਮੱਥੇ ਉੱਤੇ ਪੈ ਰਹੇ ਸਨ । ਭਾਰੀ ਮਸ਼ੀਨਗੰਨ ਦੀਆਂ ਦੋ ਕਾਲੀਆਂ ਥੂਥਣੀਆਂ ਸਤਰੂਚਕੋਵ ਵੱਲ ਸੇਧੀਆਂ ਪਈਆਂ ਸਨ ਤੇ, ਆਪਣੇ ਮੌਕੇ ਦੀ ਉਡੀਕ ਕਰਦੀਆਂ, ਜਿਊਂਦੀਆਂ ਜਾਗਦੀਆਂ ਚੀਜ਼ਾਂ ਵਾਂਗ ਹਿੱਲਜੁਲ ਰਹੀਆਂ ਸਨ। ਪਲ ਦੀ ਪਲ ਲਈ ਸਤਰੂਚਕੋਵ ਨੂੰ ਲੱਗਾ ਜਿਵੇਂ ਉਹ ਨਿਹੱਥਾ ਆਦਮੀ ਹੋਵੇ ਜਿਸ ਉੱਤੇ ਕਿਸੇ ਧਾੜਵੀ ਨੇ ਆਪਣੀ ਬੰਦੂਕ ਸੇਧ ਰੱਖੀ ਹੈ, ਤੇ ਉਸਨੇ ਉਹੀ ਕੁਝ ਕੀਤਾ ਜੋ ਕੁਝ ਇਹੋ ਜਿਹੀ ਹਾਲਤ ਵਿੱਚ ਦਲੇਰ ਨਿਹੱਥੇ ਆਦਮੀ ਕਰਦੇ ਹਨ। ਉਹ ਦੁਸ਼ਮਣ ਉੱਤੇ ਟੁੱਟ ਪਿਆ, ਪਰ ਘਸੁੰਨ-ਮੁੱਕੀਆਂ ਨਾਲ ਨਹੀਂ, ਜਿਵੇਂ ਉਹ ਧਰਤੀ ਉੱਤੇ ਕਰਦਾ; ਉਸਨੇ ਆਪਣਾ ਜਹਾਜ਼ ਅਗਾਂਹ ਨੂੰ ਕੀਤਾ ਤੇ ਆਪਣੇ ਜਹਾਜ਼ ਦੇ ਪੱਖੇ ਦੇ ਚਮਕਦੇ ਚੱਕਰ ਨੂੰ ਦੁਸ਼ਮਣ ਦੇ ਜਹਾਜ਼ ਦੀ ਪੂਛਲ ਉੱਤੇ मेयिभा।
ਉਸਨੂੰ ਟੱਕਰ ਦੀ ਅਵਾਜ਼ ਸੁਣਾਈ ਨਾ ਦਿੱਤੀ। ਅਗਲੇ ਹੀ ਪਲ, ਉਸਨੂੰ ਭਿਆਨਕ ਸੰਪਰਕ ਨੇ ਉੱਪਰ ਨੂੰ ਉਛਾਲ ਮਾਰਿਆ ਤੇ ਉਸਨੇ ਆਪਣੇ ਆਪ ਨੂੰ ਹਵਾ ਵਿੱਚ ਭੁਆਂਟਣੀਆਂ ਖਾਂਦਾ ਮਹਿਸੂਸ ਕੀਤਾ। ਧਰਤੀ ਜਿਵੇਂ ਉਸਦੇ ਸਿਰ ਉੱਤੇ ਚਮਕੀ, ਜ਼ਰਾ ਕੁ ਰੁਕੀ ਤੇ ਫਿਰ ਉਸ ਵੱਲ ਦੌੜ ਪਈ—ਗੂਹੜੀ ਹਰੀ ਤੇ ਚਮਕੀਲੀ । ਉਸਨੇ ਆਪਣੇ ਪੈਰਾਸ਼ੂਟ ਦੀਆਂ ਤਣੀਆਂ ਖੋਹਲ ਦਿੱਤੀਆਂ, ਪਰ ਬੇਹੋਸ਼ ਹੋਣ ਅਤੇ ਰੱਸੀਆਂ ਨਾਲ ਲਟਕਣ ਤੋਂ ਪਹਿਲਾਂ ਉਸਨੇ ਆਪਣੀ ਕੰਨਪਟੀ ਥਾਣੀ ਦੇਖਿਆ ਕਿ ਪੂਛਲ ਤੋਂ ਬਿਨ੍ਹਾਂ ਜੁੰਕਰਜ਼ ਦਾ ਸਿਗਾਰ ਦੀ ਸ਼ਕਲ ਦਾ ਧੜ ਪਤਝੜ ਦੀ ਹਵਾ ਨਾਲ ਟੁੱਟੇ ਮੇਪਲ ਦੇ ਪੱਤੇ ਵਾਂਗ ਚੱਕਰ ਕੱਟਦਾ ਹੋਇਆ ਉਸਦੇ ਕੋਲ਼ੋਂ ਦੀ ਲੰਘਿਆ । ਪੈਰਾਸ਼ੂਟ ਦੀਆਂ ਰੱਸੀਆਂ ਨਾਲ ਬੇਬਸ ਝੂਲਦਾ ਹੋਇਆ, ਸਤਰੂਚਕੋਵ ਜ਼ੋਰ ਦੀ ਇੱਕ ਘਰ ਦੀ ਛੱਤ ਉੱਤੇ ਆ ਡਿੱਗਾ ਤੇ ਮਾਸਕੋ ਦੇ ਉਪਨਗਰੀ ਇਲਾਕੇ ਦੀ ਇੱਕ ਤਿਉਹਾਰ ਕਾਰਨ ਧੂਮ-ਧੂਮ ਨਾਲ ਸਜੀ ਗਲੀ ਵਿੱਚ ਆ ਪਿਆ । ਇਸ ਇਲਾਕੇ ਦੇ ਵਾਸੀਆਂ ਨੇ ਹੇਠੋਂ ਧਰਤੀ ਤੋਂ ਉਸਦੀ ਸ਼ਾਨਦਾਰ ਕਾਰਵਾਈ ਨੂੰ ਦੇਖਿਆ ਸੀ । ਉਹਨਾਂ ਨੇ ਉਸਨੂੰ ਚੁੱਕ ਲਿਆ ਤੇ ਨੇੜਲੇ ਮਕਾਨ ਵਿੱਚ ਲੈ ਗਏ। ਨਾਲ ਲਗਦੀਆਂ ਗਲੀਆਂ ਵਿੱਚ ਇੱਕਦਮ ਏਨੀਂ ਭੀੜ ਲੱਗ ਗਈ ਕਿ ਜਿਸ ਡਾਕਟਰ ਨੂੰ ਬੁਲਾਇਆ ਗਿਆ ਸੀ, ਉਹ ਵੀ ਮਸਾਂ ਹੀ ਉਸ ਘਰ ਤੱਕ ਪੁੱਜਾ । ਛੱਤ ਉੱਤੇ ਡਿੱਗਣ ਨਾਲ਼ ਸਤਰੂਚਕੋਵ ਦੇ ਗੋਡਿਆਂ ਦੀਆਂ ਚੱਪਣੀਆਂ ਨੂੰ ਕਾਫ਼ੀ ਸੱਟ ਲੱਗੀ ਸੀ।
ਮੇਜਰ ਸਤਰੂਚਕੋਵ ਦੇ ਬਹਾਦਰ ਕਾਰਨਾਮੇ ਦੀ ਖ਼ਬਰ “ਤਾਜ਼ਾ ਖ਼ਬਰਾਂ” ਦੇ ਵਿਸ਼ੇਸ਼ ਅੰਕ ਵਿੱਚ ਤੁਰੰਤ ਹੀ ਪ੍ਰਸਾਰਤ ਕੀਤੀ ਗਈ। ਮਾਸਕੋ ਸੋਵੀਅਤ ਦਾ ਪ੍ਰਧਾਨ ਰਾਜਧਾਨੀ ਦੇ ਸਭ ਤੋਂ ਚੰਗੇ ਹਸਪਤਾਲ ਵਿੱਚ ਉਸਨੂੰ ਪੁਚਾਉਣ ਵਾਸਤੇ ਆਪ ਆਇਆ। ਤੇ ਜਦੋਂ ਸਰੂਚਕੋਵ ਨੂੰ ਵਾਰਡ ਵਿੱਚ ਲਿਆਂਦਾ ਗਿਆ ਤਾਂ ਫੁੱਲ, ਫਲ ਤੇ ਚਾਕਲੇਟ ਚੁੱਕੀ ਅਰਦਲੀ ਵੀ ਉਸਦੇ ਮਗਰ ਮਗਰ ਆਏ – ਇਹ ਸਭ ਮਾਸਕੋ ਦੇ ਸ਼ੁਕਰਾਨੇ ਭਰੇ ਲੋਕਾਂ ਵੱਲੋਂ ਉਸਨੂੰ ਸੁਗਾਤਾਂ ਸਨ।
ਉਹ ਹਸਮੁੱਖ ਤੇ ਮਿਲਣਸਾਰ ਆਦਮੀ ਸੀ । ਅਜੇ ਉਹ ਵਾਰਡ ਦੀਆਂ ਦਲੀਜਾਂ ਟੱਪਿਆ ਸੀ ਕਿ ਉਸਨੇ ਮਰੀਜ਼ਾਂ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਹਸਪਤਾਲ ਵਿੱਚ “ਖਾਣਾ ਫੱਡਣਾ” ਕੈਸਾ ਚਲਦਾ ਹੈ, ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਂਦੀ ਹੈ ਜਾਂ ਨਹੀਂ, ਕੋਈ ਸੋਹਣੀਆਂ ਨਰਸਾਂ ਵੀ ਇੱਥੇ ਹਨ ਜਾਂ ਨਹੀਂ। ਤੇ ਜਦੋਂ ਉਸਦੇ ਗੋਡਿਆਂ ਦੀ ਪੱਟੀ ਹੋ ਗਈ ਤਾਂ ਉਸਨੇ ਫ਼ੌਜੀ ਕੰਨਟੀਨ ਦੇ ਸਦੀਵੀਂ ਵਿਸ਼ੇ ਉੱਤੇ ਕਲਾਵਦੀਆ ਮਿਖਾਇਲੋਵਨਾ ਨੂੰ ਇੱਕ ਹਸਾਉਣੀ ਕਹਾਣੀ ਸੁਣਾਈ ਤੇ ਉਸਦੀ ਸੋਹਣੀ ਦਿੱਖ ਦੀ ਕਾਫ਼ੀ ਦਲੇਰ ਸ਼ਲਾਘਾ ਕੀਤੀ।
ਜਦੋਂ ਨਰਸ ਕਮਰੇ ਵਿੱਚੋਂ ਚਲੀ ਗਈ ਤਾਂ ਉਸਨੇ ਉਸ ਵੱਲ ਦੇਖ ਕੇ ਅੱਖ ਮਾਰੀ ਤੇ ਬੋਲਿਆ: “ਚੰਗੀ ਏ। ਕਰੜੀ ਏ ? ਤੁਹਾਡੇ ਮਨ ਵਿੱਚ ਜ਼ਰੂਰ ਰੱਬ ਦਾ ਭੈ ਪੈਦਾ ਕਰਦੀ ਲੱਗਦੀ ਹੈ, ਹੈਂ ? ਕੋਈ ਗੱਲ ਨਹੀਂ, ਅਸੀਂ ਵੀ ਪਿੱਠ ਦਿਖਾਉਣ ਵਾਲੇ ਨਹੀਂ । ਤੁਹਾਨੂੰ ਦਾਅ ਪੇਚ ਨਹੀਂ ਸਿਖਾਏ ਕਿਸੇ ਨੇ? ਕੋਈ ਅਜਿੱਤ ਔਰਤ ਨਹੀਂ ਹੁੰਦੀ, ਜਿਵੇਂ ਕੋਈ ਅਜਿੱਤ ਗੜ੍ਹੀ ਨਹੀਂ ਹੁੰਦੀ,” ਤੇ ਇਹ ਕਹਿ ਕੇ ਉਹ ਖਿੜਖਿੜ ਕਰਦਾ ਹੱਸ ਪਿਆ।
ਉਹ ਇਸ ਤਰ੍ਹਾਂ ਪੇਸ਼ ਆ ਰਿਹਾ ਸੀ, ਜਿਵੇਂ ਪੁਰਾਣਾ ਹਸਪਤਾਲ ਦਾ ਰਹਿਣ ਵਾਲ਼ਾ ਹੋਵੇ, ਜਿਵੇਂ ਉਸਨੂੰ ਉੱਥੇ ਪਿਆਂ ਪੂਰਾ ਸਾਲ ਲੰਘ ਗਿਆ ਹੋਵੇ। ਵਾਰਡ ਵਿਚਲੇ ਸਾਰਿਆਂ ਨਾਲ ਇੱਕਦਮ ਬੇਤਕੱਲੁਫ਼ ਹੋ ਗਿਆ ਤੇ ਜਦੋਂ ਉਸਨੂੰ ਕਦੀ ਨੱਕ ਸੁਣਕਣ ਦੀ ਲੋੜ ਪੈਂਦੀ ਉਹ ਬਿਨ੍ਹਾਂ ਕਿਸੇ ਝਿਜਕ ਦੇ ਮਰੇਸੇਯੇਵ ਦੇ ਪੈਰਾਸ਼ੂਟ ਦੇ ਰੇਸ਼ਮ ਦੇ ਰੁਮਾਲਾਂ ਵਿੱਚ ਇੱਕ ਚੁੱਕ ਲੈਂਦਾ ਜਿਹੜੇ “ਰੁੱਤ-ਵਿਗਿਆਨਕ ਸਾਰਜੰਟ” ਨੇ ਏਨੀਂ ਮਿਹਨਤ ਨਾਲ ਕੱਢੇ ਹੋਏ ਸਨ।
“ਕਿਉਂ, ਮਹਿਬੂਬਾ ਵੱਲੋਂ ?” ਉਸਨੇ ਅੱਖ ਮਾਰਦਿਆਂ ਅਲੈਕਸੇਈ ਤੋਂ ਪੁੱਛਿਆ ਤੇ ਰੁਮਾਲ ਆਪਣੇ ਸਿਰਹਾਣੇ ਹੇਠ ਲੁਕਾ ਲਿਆ। “ਤੇਰੇ ਕੋਲ ਬਥੇਰੇ ਪਏ ਨੇ, ਜੇ ਕਾਫ਼ੀ ਨਾ ਹੋਏ ਤਾਂ ਤੇਰੀ ਮਹਿਬੂਬਾ ਹੋਰ ਕਢਾਈ ਕਰਕੇ ਭੇਜ ਦੇਵੇਗੀ, ਸਗੋਂ ਹੋਰ ਖੁਸ਼ ਹੋਵੇਗੀ।”
ਉਸ ਦੀਆਂ ਧੁੱਪ ਸੰਵਲਾਈਆਂ ਗੱਲ੍ਹਾਂ ਉੱਤੇ ਆ ਗਈ ਲਾਲ ਭਾਹ ਨੂੰ ਇੱਕ ਪਾਸੇ ਛੱਡਦਿਆਂ, ਉਹ ਹੁਣ ਕੋਈ ਜਵਾਨ ਨਹੀਂ ਸੀ ਲੱਗਦਾ । ਉਸਦੀਆਂ ਅੱਖਾਂ ਦੇ ਕੋਨਿਆਂ ਤੋਂ ਕਾਂ ਦੇ ਪੈਰਾਂ ਵਾਂਗ ਝੁਰੜੀਆਂ ਉਸਦੀਆਂ ਪੁੜਪੁੜੀਆਂ ਵੱਲ ਜਾਂਦੀਆਂ ਸਨ, ਤੇ ਉਸਦਾ ਸਭ ਕੁਝ ਪੁਰਾਣੇ ਸਿਪਾਹੀ ਵਾਂਗ ਸੀ, ਜਿਹੜਾ ਹਰ ਉਸ ਥਾਂ ਨੂੰ ਆਪਣਾ ਘਰ ਹੀ ਸਮਝਦਾ ਹੈ ਜਿੱਥੇ ਉਸਦਾ ਕਿੱਟ ਬੈਗ ਪਿਆ ਹੋਵੇ ਤੇ ਜਿੱਥੇ ਵੀ ਕਿਤੇ ਮੂੰਹ ਹੱਥ ਧੋਣ ਵਾਲੀ ਥਾਂ ਉੱਤੇ ਉਸਦੀ ਸਾਬਣਦਾਨੀ ਤੇ ਦੰਦਾਂ ਦਾ ਬੁਰਸ਼ ਪਿਆ ਹੋਵੇ । ਉਹ ਆਪਣੇ ਨਾਲ ਵਾਰਡ ਵਿੱਚ ਬਹੁਤ ਸਾਰਾ ਖੁਸ਼ੀ ਭਰਿਆ ਰੌਲਾ ਰੱਪਾ ਲੈ ਕੇ ਆਇਆ; ਉਹ ਇਸ ਤਰ੍ਹਾਂ ਨਾਲ ਇੰਝ ਕਰਦਾ ਸੀ ਕਿ ਕੋਈ ਵੀ ਬੁਰਾ ਨਹੀਂ ਸੀ ਮਨਾਉਂਦਾ ਤੇ ਹਰ ਕਿਸੇ ਨੂੰ ਮਹਿਸੂਸ ਹੁੰਦਾ ਸੀ ਜਿਵੇਂ ਕਿ ਉਹ ਮੁੱਦਤਾਂ ਤੋਂ ਉਸਨੂੰ ਜਾਣਦਾ ਹੋਵੇ । ਨਵਾਂ ਸਾਥੀ ਹਰ ਇੱਕ ਦੇ ਦਿਲ ਨੂੰ ਚੰਗਾ ਲੱਗਣ ਲੱਗ ਪਿਆ, ਸਿਵਾਏ ਮਰੇਸੇਯੇਵ ਦੇ, ਜਿਸਨੂੰ ਔਰਤਾਂ ਲਈ ਉਸਦੀ ਕਮਜ਼ੋਰੀ ਚੰਗੀ ਨਾ ਲੱਗੀ, ਜਿਸਨੂੰ ਉਹ ਜ਼ਰਾ ਵੀ ਲੁਕਾਉਂਦਾ ਨਹੀਂ ਸੀ ਤੇ ਜ਼ਰਾ ਕੁ ਮੌਕਾ ਮਿਲਣ ਉੱਤੇ ਲੰਮੇ ਲੜੀਂ ਵਹਿ ਤੁਰਦਾ ਸੀ।
ਅਗਲੇ ਦਿਨ ਕਮੀਸਾਰ ਦਾ ਨੜੋਆ ਨਿੱਕਲਿਆ।
ਮਰੇਸੇਯੇਵ, ਕੁਕੂਸ਼ਕਿਨ ਤੇ ਗਵੋਜ਼ਦਿਓਵ ਵਿਹੜੇ ਵੱਲ ਨੂੰ ਖੁੱਲਦੀ ਬਾਰੀ ਦੀ ਸਿਲ ਉੱਤੇ ਬੈਠ ਗਏ; ਉਹਨਾਂ ਦੇਖਿਆ ਕਿ ਤੋਪਖਾਨੇ ਦੇ ਘੋੜੇ ਭਾਰੀ ਭਰਕਮ ਗੰਨ-ਕੈਰਿਜ ਨੂੰ ਖਿੱਚਦੇ ਲਿਆ ਰਹੇ ਹਨ, ਉਹਨਾਂ ਦੇ ਬਰਾਸ ਬੈਂਡ ਨੂੰ ਕਤਾਰ ਬਣਾਉਂਦਿਆਂ ਦੇਖਿਆ, ਜਿਸਦੇ ਸਾਜ਼ ਧੁੱਪ ਵਿੱਚ ਲਿਸ਼ਕ ਰਹੇ ਸਨ, ਤੇ ਇੱਕ ਫ਼ੌਜੀ ਟੁਕੜੀ ਨੂੰ ਕਵਾਇਦ ਕਰਦਿਆਂ ਆਉਂਦੇ ਦੇਖਿਆ। ਕਲਾਵਦੀਆ ਮਿਖਾਇਲੋਵਨਾ ਵਾਰਡ ਵਿੱਚ ਆਈ ਤੇ ਮਰੀਜ਼ਾਂ ਨੂੰ ਹੁਕਮ ਦੇਣ ਲੱਗੀ ਕਿ ਉਹ ਬਾਰੀ ਵਿੱਚੋਂ ਹੇਠਾਂ ਉੱਤਰ ਆਉਣ। ਹਮੇਸ਼ਾ ਵਾਂਗ ਚੁੱਪ ਚਾਪ ਤੇ ਛੁਹਲੀ ਸੀ, ਪਰ ਮਰੇਸੇਯੇਵ ਨੇ ਦੇਖਿਆ ਕਿ ਉਸਦੀ ਬੋਲਦਿਆਂ ਅਵਾਜ਼ ਕੰਬ ਰਹੀ ਸੀ। ਉਹ ਨਵੇਂ ਮਰੀਜ਼ ਦਾ ਤਾਪਮਾਨ ਦੇਖਣ ਆਈ ਸੀ, ਪਰ ਐਨ ਉਸ ਵੇਲੇ ਬੈਂਡ ਨੇ ਮਾਤਮੀ ਧੁਨ ਛੇੜ ਦਿੱਤੀ। ਨਰਸ ਪੀਲ਼ੀ ਪੈ ਗਈ, ਥਰਮਾਮੀਟਰ ਉਸਦੇ ਹੱਥੋਂ ਡਿੱਗ ਪਿਆ ਤੇ ਪਾਰੇ ਦੇ ਨਿੱਕੇ ਨਿੱਕੇ, ਚਮਕਦੇ ਗੋਲੇ ਲੱਕੜਾਂ ਲੱਗੇ ਫਰਸ਼ ਉੱਤੇ ਰਿੜ੍ਹਣ ਲੱਗੇ। ਆਪਣੇ ਹੱਥਾਂ ਵਿੱਚ ਲੁਕਾਉਂਦੀ ਹੋਈ ਕਲਾਵਦੀਆ ਮਿਖਾਇਲੋਵਨਾ ਵਾਰਡ ਵਿੱਚੋਂ ਬਾਹਰ ਦੌੜ ਗਈ।
“ਇਹਨੂੰ ਕੀ ਗੱਲ ਏ ? ਉਹ ਇਸਦਾ ਮਹਿਬੂਬ ਸੀ, ਕੀ? ਸਤਰੂਚਕੋਵ ਨੇ ਸਿਰ ਨਾਲ ਬਾਰੀ ਵੱਲ ਇਸ਼ਾਰਾ ਕਰਦਿਆਂ ਪੁੱਛਿਆ, ਜਿਧਰੋਂ ਮਾਤਮੀ ਸੰਗੀਤ ਦੀਆਂ ਧੁਨਾਂ ਆ ਰਹੀਆਂ ਸਨ।
ਕਿਸੇ ਨੇ ਜਵਾਬ ਨਾ ਦਿੱਤਾ।
ਬਾਰੀ ਵਿੱਚੋਂ ਬਾਹਰ ਨੂੰ ਝਾਕਦਿਆਂ ਉਹਨਾਂ ਸਾਰਿਆਂ ਨੇ ਗੰਨ ਕੈਰਿਜ ਉੱਤੇ ਪਏ ਖੁੱਲੇ ਲਾਲ ਤਾਬੂਤ ਨੂੰ ਦਰਵਾਜ਼ਿਆਂ ਵਿੱਚੋਂ ਨਿੱਕਲ ਦੇ ਬਾਹਰ ਸੜਕ ਉੱਤੇ ਜਾਂਦਿਆਂ ਦੇਖਿਆ। ਫੁੱਲਾਂ ਤੇ ਹਾਰਾਂ ਦੇ ਢੇਰ ਵਿੱਚ ਕਮੀਸਾਰ ਦੀ ਦੇਹ ਪਈ ਸੀ । ਗੰਨ ਕੈਰਿਜ ਦੇ ਮਗਰ ਨਿੱਕੀਆਂ ਨਿੱਕੀਆਂ ਗੱਦੀਆਂ ਉਪਰ ਸਜਾਏ ਉਸਦੇ ਤਮਗੇ ਲਿਜਾਏ ਜਾ ਰਹੇ ਸਨ-ਇੱਕ, ਦੋ, ਪੰਜ, ਅੱਠ । ਸਿਰ ਝੁਕਾਈ ਮਗਰ ਜਰਨੈਲ ਆ ਰਹੇ ਸਨ । ਉਹਨਾਂ ਵਿੱਚ ਵਾਸਿਲੀ ਵਾਸਿਲੀਏਵਿਚ ਵੀ ਸੀ; ਉਸਨੇ ਵੀ ਜਰਨੈਲਾਂ ਵਾਲਾ ਓਵਰਕੋਟ ਪਾਇਆ ਹੋਇਆ ਸੀ, ਪਰ ਪਤਾ ਨਹੀਂ ਕਿਉਂ, ਸਿਰੋਂ ਨੰਗਾ ਸੀ। ਤੇ ਫਿਰ, ਬਾਕੀ ਦਿਆਂ ਤੋਂ ਜ਼ਰਾਂ ਕੁ ਫ਼ਾਸਲੇ ਉੱਤੇ ਹੌਲ਼ੀ ਹੌਲ਼ੀ ਕਵਾਇਦ ਕਰਦੇ ਜਾ ਰਹੇ ਫ਼ੌਜੀਆਂ ਦੇ ਅੱਗੇ ਅੱਗੇ, ਕਲਾਵਦੀਆ ਮਿਖਾਇਲੋਵਨਾ ਜਾ ਰਹੀ ਸੀ, ਨੰਗੇ ਸਿਰ, ਆਪਣੇ ਚਿੱਟੇ ਚੋਗੇ ਵਿੱਚ, ਠੇਡੇ ਖਾਂਦੀ ਹੋਈ, ਤੇ ਪ੍ਰਤੱਖ ਤੌਰ ਉੱਤੇ, ਉਹ ਨਹੀਂ ਸੀ ਦੇਖ ਰਹੀ ਕਿ ਉਸਦੇ ਅੱਗੇ ਕੀ ਹੈ। ਦਰਵਾਜ਼ੇ ਉੱਤੇ ਕਿਸੇ ਨੇ ਉਸਦੇ ਮੋਢਿਆਂ ਉੱਤੇ ਓਵਰਕੋਟ ਸੁੱਟ ਦਿੱਤਾ ਸੀ, ਪਰ ਤੁਰਦੀ ਜਾਂਦੀ ਦਾ ਕੋਟ ਤਿਲਕ ਕੇ ਹੇਠਾਂ ਜ਼ਮੀਨ ਉੱਤੇ ਡਿੱਗ ਪਿਆ, ਤੇ ਮਗਰ ਕਵਾਇਦ ਕਰਦੇ ਆ ਰਹੇ ਸਿਪਾਹੀਆਂ ਨੇ ਆਪਣੀਆਂ ਕਤਾਰਾਂ ਚੌੜੀਆਂ ਕਰ ਲਈਆਂ ਸਨ, ਤਾਂ ਕਿ ਉਹ ਕਿਤੇ ਕੋਟ ਨੂੰ ਨਾ ਮਿੱਧ ਦੇਣ।
“ਕਿਉਂ ਬਈ, ਇਹ ਕੀਹਦਾ ਨੜੋਆ ਹੈ?” ਮੇਜਰ ਨੇ ਪੁੱਛਿਆ।
ਉਹ ਵੀ ਉੱਠ ਕੇ ਬਾਰੀ ਵਿੱਚ ਹੋਣਾ ਚਾਹੁੰਦਾ ਸੀ, ਪਰ ਉਸਦੀਆਂ ਲੱਤਾਂ ਫ਼ੱਟੀਆਂ ਨਾਲ ਬੱਝੀਆਂ ਪਈਆਂ ਸਨ।
ਨੜੋਆ ਅੱਖੋਂ ਉਹਲੇ ਹੋ ਗਿਆ। ਗੰਭੀਰ ਸੰਗੀਤ ਦੀਆਂ ਮਾਤਮੀ ਧੁਨਾਂ ਹੁਣ ਹੇਠੋਂ ਕਿਤੋਂ ਦਰਿਆ ਦੇ ਲਹਿੰਦੇ ਵੱਲੋਂ ਆ ਰਹੀਆਂ ਸਨ, ਦੂਰੋਂ ਮੱਧਮ ਜਿਹੀਆਂ, ਘਰਾਂ ਦੀਆਂ ਕੰਧਾਂ ਜਿਨ੍ਹਾਂ ਦੀ ਮੱਧਮ ਜਿਹੀ ਗੂੰਜ ਪੈਦਾ ਕਰ ਰਹੀਆਂ ਸਨ। ਲੰਗੜੀ ਚੌਂਕੀਦਾਰ ਲੋਹੇ ਦੇ ਗੇਟ ਬੰਦ ਕਰਨ ਲਈ ਵੀ ਆ ਗਈ ਸੀ, ਪਰ ਵਾਰਡ ਨੰਬਰ ਬਤਾਲੀ ਵਿਚਲੇ ਬੰਦੇ ਅਜੇ ਵੀ ਬਾਰੀ ਕੋਲ ਖੜੇ ਕਮੀਸਾਰ ਨੂੰ ਉਸਦੇ ਅੰਤਮ ਸਫ਼ਰ ਉੱਤੇ ਵਿਦਾ ਕਰ ਰਹੇ ਸਨ।
“ਕਿਸਨੂੰ ਦਫ਼ਨਾਉਣ ਜਾ ਰਹੇ ਨੇ ? ਤੁਸੀਂ ਦੱਸਦੇ ਕਿਉਂ ਨਹੀਂ ? ਸਾਰੇ ਜਿਵੇਂ ਬੁੱਤ ਬਣ ਗਏ ਹੋਣ,” ਮੇਜਰ ਨੇ ਬੇਸਬਰੀ ਨਾਲ ਪੁੱਛਿਆ। ਉਹ ਅਜੇ ਵੀ ਉੱਠ ਕੇ ਬਾਰੀ ਵੱਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਆਖ਼ਰ ਕੁਕੂਸ਼ਕਿਨ ਨੇ ਆਪਣੀ ਖੁਸ਼ਕ, ਭਰੜਾਉਂਦੀ ਅਵਾਜ਼ ਵਿੱਚ ਜਵਾਬ ਦਿੱਤਾ: “ਇਹ ਅਸਲੀ ਇਨਸਾਨ ਦਾ ਨੜੋਆ ਸੀ, ਇੱਕ ਬਾਲਸ਼ਵਿਕ ਦਾ।”
ਤੇ ਇਹ ਲਫ਼ਜ਼,”ਅਸਲੀ ਇਨਸਾਨ,” ਮਰੇਸੇਯੇਵ ਦੇ ਦਿਮਾਗ਼ ਵਿੱਚ ਉਕਰੇ ਗਏ। ਕਮੀਸਾਰ ਨੂੰ ਇਸਤੋਂ ਚੰਗੇ ਲਫਜ਼ਾਂ ਵਿੱਚ ਨਹੀਂ ਸੀ ਵਰਣਨ ਕੀਤਾ ਜਾ ਸਕਦਾ । ਤੇ ਅਲੈਕਸੇਈ ਦੇ ਮਨ ਵਿੱਚ ਵੀ ਅਸਲੀ ਇਨਸਾਨ ਬਨਣ ਦੀ ਇੱਛਾ ਜਾਗ ਪਈ, ਬਿਲਕੁਲ ਉਸੇ ਤਰ੍ਹਾਂ ਦਾ ਅਸਲੀ ਇਨਸਾਨ, ਜਿਸ ਤਰ੍ਹਾਂ ਦੇ ਅਸਲੀ ਇਨਸਾਨ ਨੂੰ ਹੁਣੇ ਹੁਣੇ ਉਸਦੇ ਅੰਤਮ ਸਫ਼ਰ ਉੱਤੇ ਲਿਜਾਇਆ ਗਿਆ ਸੀ।
12
ਕਮੀਸਾਰ ਦੀ ਮੌਤ ਨਾਲ ਵਾਰਡ ਨੰਬਰ ਬਤਾਲੀ ਦੀ ਸਾਰੀ ਜ਼ਿੰਦਗੀ ਬਦਲ ਗਈ।
ਹੁਣ ਕੋਈ ਨਹੀਂ ਸੀ ਜਿਹੜਾ ਆਪਣੇ ਨਿੱਘੇ ਲਫ਼ਜ਼ਾਂ ਨਾਲ ਉਸ ਸੋਗੀ ਚੁੱਪ ਨੂੰ ਤੋੜਦਾ ਜਿਹੜੀ ਕਦੀ ਕਦੀ ਹਸਪਤਾਲ ਦੇ ਵਾਰਡ ਵਿੱਚ ਛਾ ਜਾਂਦੀ ਹੈ ਜਦੋਂ ਹਰ ਕੋਈ ਇੱਕਦਮ ਆਪਣੀਆਂ ਉਦਾਸ ਸੋਚਾਂ ਵਿੱਚ ਲਹਿ ਜਾਂਦਾ ਹੈ ਤੇ ਹਰ ਕਿਸੇ ਦਾ ਦਿਲ ਭਾਰਾ ਹੋ ਜਾਂਦਾ ਹੈ। ਕੋਈ ਨਹੀਂ ਜਿਹੜਾ ਆਪਣੇ ਹਾਸੇ ਮਜ਼ਾਕ ਨਾਲ ਗਵੋਜ਼ਦਿਓਵ ਨੂੰ ਢਹਿੰਦੀਆਂ ਕਲਾਂ ਵਿੱਚ ਜਾਣ ਤੋਂ ਰੋਕਦਾ, ਜਿਹੜਾ ਮਰੇਸੇਯੇਵ ਨੂੰ ਕੋਈ ਸਲਾਹ ਦੇਂਦਾ ਤੇ ਕੁਕੁਸ਼ਕਿਨ ਦੀ ਬੁੜ ਬੁੜ ਨੂੰ ਚੁਸਤ ਪਰ ਭੈੜੀ ਨਾ ਲੱਗਣ ਵਾਲੀ ਟਿੱਪਣੀ ਨਾਲ ਬੰਦ ਕਰਦਾ । ਉਹ ਕੇਂਦਰ ਨਹੀਂ ਸੀ ਰਿਹਾ ਜਿਹੜਾ ਇਹਨਾਂ ਸਾਰੇ ਵੱਖਰੀ ਤਰਾਂ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਤੇ ਇੱਕਮਿੱਕ ਕਰਦਾ ਸੀ।
ਪਰ ਹੁਣ ਇਸਦੀ ਕੋਈ ਬਹੁਤੀ ਲੋੜ ਵੀ ਨਹੀਂ ਸੀ ਰਹੀ। ਸਮੇਂ ਤੇ ਡਾਕਟਰੀ ਇਲਾਜ਼ ਨੇ ਆਪਣਾ ਕੰਮ ਕਰ ਦਿਖਾਇਆ ਸੀ । ਸਾਰੇ ਮਰੀਜ਼ ਜਲਦੀ ਜਲਦੀ ਰਾਜ਼ੀ ਹੋ ਰਹੇ ਸਨ ਤੇ ਜਿਉਂ ਜਿਉਂ ਉਹਨਾਂ ਦਾ ਡਿਸਚਾਰਜ ਹੋਣ ਦਾ ਸਮਾਂ ਨੇੜੇ ਆਈ ਜਾਂਦਾ, ਤਿਉਂ ਤਿਉਂ ਉਹ ਆਪਣੇ ਰੋਗਾਂ ਦੀਆਂ ਗੱਲਾਂ ਘੱਟ ਕਰਦੇ । ਉਹ ਇਸ ਗੱਲ ਨੂੰ ਚਿਤਾਰਦੇ ਕਿ ਹਸਪਤਾਲ ਤੋਂ ਬਾਹਰ ਕੀ ਉਹਨਾਂ ਦੀ ਉਡੀਕ ਕਰ ਰਿਹਾ ਹੈ, ਕਿ ਜਦੋਂ ਉਹ ਮੁੜੇ ਤਾਂ ਉਹਨਾਂ ਦੇ ਆਪਣੇ ਆਪਣੇ ਯੂਨਿਟ ਉਹਨਾਂ ਦਾ ਕਿਵੇਂ ਸਵਾਗਤ ਕਰਨਗੇ, ਤੇ ਅੱਗੇ ਕਿਸ ਕਿਸ ਤਰ੍ਹਾਂ ਦੀਆਂ ਸਰਗਰਮੀਆਂ ਪਈਆਂ ਹਨ। ਉਹ ਸਾਰੇ ਉਸ ਫ਼ੌਜੀ ਜੀਵਨ ਲਈ ਸਿੱਕਦੇ ਸਨ, ਜਿਸਦੇ ਉਹ ਆਦੀ ਹੋ ਚੁੱਕੇ ਸਨ ਤੇ ਉਹਨਾਂ ਦੇ ਹੱਥਾਂ ਨੂੰ ਇਸ ਤੀਬਰ ਇੱਛਾ ਕਾਰਨ ਜਿਵੇਂ ਖੁਜਲੀ ਹੋ ਰਹੀ ਸੀ ਕਿ ਉਹ ਵੇਲੇ ਸਿਰ ਹਸਪਤਾਲੋਂ ਨਿੱਕਲ ਕੇ ਨਵੀਂ ਚੜਾਈ ਵਿੱਚ ਹਿੱਸਾ ਲੈ ਸਕਣ, ਜਿਸਨੂੰ ਕਿਸੇ ਸਿਰ ਉੱਤੇ ਖੜੇ ਤੂਫ਼ਾਨ ਵਾਂਗ ਹਵਾ ਵਿੱਚ ਮਹਿਸੂਸ ਕੀਤਾ ਜਾ ਸਕਦਾ ਸੀ, ਤੇ ਸਾਰੇ ਮਹਾਜ਼ਾਂ ਉੱਪਰ ਇੱਕਦਮ ਵਾਪਰ ਗਈ ਸ਼ਾਂਤੀ ਤੋਂ ਜਿਸ ਬਾਰੇ ਅੰਦਾਜ਼ਾਂ ਲਾਇਆ ਜਾ ਸਕਦਾ ਸੀ।
ਇੱਕ ਫ਼ੌਜੀ ਲਈ ਹਸਪਤਾਲ ਤੇ ਵਾਪਸ ਮਹਾਜ਼ ਉੱਤੇ ਮੁੜਨਾ ਆਮ ਗੱਲ ਸੀ। ਸਿਰਫ ਮਰੇਸੇਯੇਵ ਲਈ ਇਹ ਮਸਲਾ ਬਣ ਗਈ ਸੀ: ਕੀ ਯੋਗਤਾ ਤੇ ਸਿਖਲਾਈ ਪੈਰਾਂ ਦੀ ਅਣਹੋਂਦ ਨਾਲ ਪੈਦਾ ਹੋਣ ਵਾਲ਼ਾ ਘਾਟਾ ਪੂਰਾ ਕਰ ਸਕਣਗੀਆਂ? ਕੀ ਉਹ ਲੜਾਕਾ ਹਵਾਈ ਜਹਾਜ਼ ਦੀ ਕਾਕਪਿੱਟ ਵਿੱਚ ਮੁੜ ਕੇ ਬੈਠਣ ਦੇ ਯੋਗ ਹੋ ਸਕੇਗਾ ? ਉਹ ਦਿਨੋਂ ਦਿਨ ਵਧੇਰੇ ਉਤਸ਼ਾਹ ਤੇ ਸਿਰੜ੍ਹ ਨਾਲ ਆਪਣੇ ਨਿਸ਼ਾਨੇ ਵੱਲ ਵਧਣ ਦੀ ਕੋਸ਼ਿਸ਼ ਕਰਦਾ। ਹੌਲ਼ੀ ਹੌਲ਼ੀ ਸਮਾਂ ਵਧਾਉਂਦਿਆਂ, ਹੁਣ ਉਹ ਆਪਣੀਆਂ ਲੱਤਾਂ ਦੀ ਵਰਜਸ਼ ਕਰਦਾ ਤੇ ਸਵੇਰੇ ਸ਼ਾਮ ਦੋ ਦੋ ਘੰਟੇ ਸਿਖਲਾਈ ਵਰਜਸ਼ਾਂ-ਆਮ ਜਿਮਨਾਸਟਿਕ-ਕਰਦਾ। ਪਰ ਇਹ ਵੀ ਉਸਨੂੰ ਕਾਫ਼ੀ ਨਹੀਂ ਸੀ ਲੱਗਦਾ। ਉਸਨੇ ਬਾਅਦ ਦੁਪਹਿਰ ਵੀ ਵਰਜਸ਼ ਕਰਨੀ ਸ਼ੁਰੂ ਕਰ ਦਿੱਤੀ। ਮੇਜਰ ਸਤਰੂਚਕੋਵ ਖੁਸ਼, ਮਜ਼ਾਕ ਉਡਾਉਂਦੀਆਂ ਤਿਰਛੀਆਂ ਅੱਖਾਂ ਨਾਲ ਉਸ ਵੱਲ ਦੇਖਦਾ ਹੋਇਆ ਹਰ ਵਾਰੀ ਐਲਾਨ ਕਰਦਾ:
“ਤੇ ਹੁਣ, ਸੱਜਣੋਂ, ਤੁਸੀਂ ਕੁਦਰਤ ਦੀ ਇੱਕ ਬੁਝਾਰਤ ਦੇਖੋਗੇ: ਤੁਹਾਨੂੰ ਮਹਾਨ ਸ਼ਾਮਨ ਅਲੈਕਸੇਈ ਮਰੇਸੇਯੇਵ, ਜਿਸਦਾ ਸਾਇਬੇਰੀਆ ਦੇ ਜੰਗਲਾਂ ਵਿੱਚ ਹੋਰ ਕੋਈ ਸਾਨੀ ਨਹੀਂ, ਆਪਣੇ ਕਰਤੱਬ ਦਿਖਾਏਗਾ।”
ਸੱਚਮੁਚ, ਉਹਨਾਂ ਵਰਜਸ਼ਾਂ ਵਿੱਚ, ਜਿਹੜੀਆਂ ਅਲੈਕਸੇਈ ਏਨੇਂ ਹਠੀ ਉਤਸ਼ਾਹ ਨਾਲ ਕਰਦਾ ਸੀ, ਕੁਝ ਨਾ ਕੁਝ ਸ਼ਾਮਨ ਵਰਗਾ ਜ਼ਰੂਰ ਸੀ । ਸਰੀਰ ਅੱਗੇ ਪਿੱਛੇ ਤੇ ਆਸੇ ਪਾਸੇ ਨਿਰੰਤਰ ਤੌਰ ਉੱਤੇ ਮੋੜਦਿਆਂ ਤੇ ਧੋਣ ਤੇ ਬਾਹਾਂ ਦੀਆਂ ਵਰਜ਼ਸ਼ਾਂ ਕਰਦਿਆਂ, ਜਿਨ੍ਹਾਂ ਨੂੰ ਉਹ ਏਨੀਂ ਦ੍ਰਿੜ੍ਹਤਾ ਤੇ ਘੜੀ ਦੇ ਪੈਂਡੂਲਮ ਵਾਲ਼ੀ ਬਾਕਾਇਦਗੀ ਨਾਲ ਕਰਦਾ ਸੀ, ਦੇਖਣਾ ਏਨਾਂ ਮੁਸ਼ਕਲ ਸੀ ਕਿ ਜਦੋਂ ਉਹ ਵਰਜਸ਼ਾਂ ਕਰ ਰਿਹਾ ਹੁੰਦਾ ਤਾਂ ਉਸਦੇ ਵਾਰਡ ਵਿਚਲੇ ਸਾਥੀ, ਜਿਹੜੇ ਤੁਰ ਸਕਦੇ ਸਨ ਵਾਰਡ ਵਿੱਚੋਂ ਨਿੱਕਲ ਜਾਂਦੇ ਤੇ ਬਰਾਮਦੇ ਵਿੱਚ ਟਹਿਲਦੇ ਰਹਿੰਦੇ; ਤੇ ਮੰਜੀ ਨਾਲ ਬੱਝਾ ਸਤਰੂਚਕੋਵ ਆਪਣਾ ਕੰਬਲ ਸਿਰ ਤੱਕ ਖਿੱਚ ਲੈਂਦਾ ਤੇ ਸੋਣ ਦੀ ਕੋਸ਼ਿਸ਼ ਕਰਦਾ। ਬੇਸ਼ੱਕ, ਵਾਰਡ ਵਿੱਚ ਕਿਸੇ ਨੂੰ ਵੀ ਯਕੀਨ ਨਹੀਂ ਸੀ ਆਉਂਦਾ ਕਿ ਪੈਰਾਂ ਤੋਂ ਬਿਨ੍ਹਾਂ ਆਦਮੀ ਲਈ ਉਡਾਣ ਕਰ ਸਕਣਾ ਸੰਭਵ ਹੈ, ਪਰ ਆਪਣੇ ਸਾਥੀ ਦੇ ਸਿਰੜ੍ਹ ਨੇ ਉਹਨਾਂ ਦਾ ਸਤਿਕਾਰ ਜਿੱਤ ਲਿਆ, ਤੇ ਇਸ ਗੱਲ ਨੂੰ ਹਲਕੇ ਹਲਕੇ ਮਜ਼ਾਕਾਂ ਨਾਲ ਲੁਕਾਉਂਦਿਆਂ, ਉਹ ਅੰਦਰੋਂ ਸਗੋਂ ਉਸ ਅੱਗੇ ਸਿਰ ਝੁਕਾਉਂਦੇ ਸਨ ।
ਸਤਰੁਚਕੋਵ ਦੇ ਗੋਡਿਆਂ ਦੀਆਂ ਚੱਪਣੀਆਂ ਦੀ ਸੱਟ ਉਸ ਨਾਲ਼ੋਂ ਜਿੰਨੀ ਕਿ ਪਹਿਲਾਂ ਖ਼ਿਆਲ ਕੀਤਾ ਗਿਆ ਸੀ, ਕਿਤੇ ਜ਼ਿਆਦਾ ਗੰਭੀਰ ਨਿੱਕਲੀ । ਇਹ ਹੌਲ਼ੀ ਹੌਲ਼ੀ ਰਾਜ਼ੀ ਹੋ ਰਹੀ ਸੀ, ਉਸਦੀਆਂ ਲੱਤਾਂ ਅਜੇ ਵੀ ਫ਼ੱਟੀਆਂ ਨਾਲ ਬੱਝੀਆਂ ਪਈਆਂ ਸਨ, ਤੇ ਭਾਵੇਂ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਉਹ ਰਾਜ਼ੀ ਹੋ ਜਾਏਗਾ, ਤਾਂ ਵੀ ਮੇਜਰ ਆਪਣੇ “ਲਾਅਣਤੀ ਜੋੜਾਂ” ਨੂੰ ਸਦਾ ਬੁਰਾ ਭਲਾ ਕਹਿੰਦਾ ਰਹਿੰਦਾ, ਜਿਹੜੇ ਉਸਨੂੰ ਏਨੀਂ ਤਕਲੀਫ ਦੇ ਰਹੇ ਸਨ।
ਉਸਦੀ ਬੁੜਬੁੜ ਦੇ ਸੁੜਸੁੜ ਹੌਲ਼ੀ ਹੌਲ਼ੀ ਗੁੱਸੇ ਵਿੱਚ ਵੱਟ ਜਾਂਦੀ; ਉਹ ਕਿਸੇ ਮਾੜੀ ਜਿਹੀ ਗੱਲ ਉੱਤੇ ਰੋਹ ਵਿੱਚ ਆ ਜਾਂਦਾ ਤੇ ਹਰ ਕਿਸੇ ਨੂੰ ਹਰ ਚੀਜ਼ ਨੂੰ ਲਾਅਨਤਾਂ ਪਾਉਣ ਤੇ ਬੁਰਾ ਭਲਾ ਕਹਿਣ ਲੱਗ ਪੈਂਦਾ। ਇਹੋ ਜਿਹੇ ਮੌਕਿਆਂ ਉੱਤੇ ਲੱਗਦਾ, ਜਿਵੇਂ ਉਹ ਕਿਸੇ ਨੂੰ ਥੱਪੜ ਮਾਰ ਦੇਵੇਗਾ, ਜਿਹੜਾ ਵੀ ਕੋਈ ਉਸ ਨਾਲ ਦਲੀਲ ਦੀ ਗੱਲ ਕਰਨ ਦੀ ਕੋਸ਼ਿਸ਼ ਕਰੇਗਾ। ਇਹੋ ਜਿਹੇ ਦੌਰਿਆਂ ਦੇ ਸਮੇਂ ਉਸਦੇ ਵਾਰਡ ਵਿਚਲੇ ਸਾਥੀ, ਜਿਵੇਂ ਸਾਂਝੇ ਫ਼ੈਸਲੇ ਅਨੁਸਾਰ, ਉਸਨੂੰ ਇਕੱਲਿਆਂ ਛੱਡ ਦੇਂਦੇ, ਉਸਨੂੰ ਆਪਣਾ “ਸਿੱਕਾ-ਬਾਰੂਦ ਮੁਕਾ ਲੈਣ ਦੇਂਦੇ,” ਜਿਵੇਂ ਕਿ ਉਹ ਕਿਹਾ ਕਰਦੇ ਸਨ, ਤੇ ਉਡੀਕਦੇ ਰਹਿੰਦੇ ਜਦੋਂ ਤੱਕ ਕਿ ਉਸਦੀ ਸੁਭਾਵਿਕ ਹੱਸਮੁਖਤਾ ਮੁੜ ਉਸਦੇ ਜੰਗ ਨਾਲ ਤਬਾਹ ਹੋਏ ਤੰਤੂਆਂ ਉੱਪਰ ਭਾਰੂ ਨਾ ਹੋ ਜਾਂਦੀ।
ਆਪਣੀ ਵਧਦੀ ਅਸਹਿਣਸ਼ੀਲਤਾ ਦੀ ਵਿਆਖਿਆ ਸਤਰੁਚਕੋਵ ਇਸ ਤੱਥ ਨਾਲ ਕਰਦਾ ਸੀ ਕਿ ਉਹ ਜਾ ਕੇ ਟਾਇਲਟ ਵਿੱਚ ਸਿਗਰਟ ਨਹੀਂ ਪੀ ਸਕਦਾ, ਤੇ ਇਸ ਤੱਥ ਨਾਲ ਵੀ ਕਿ ਉਹ ਬਰਾਮਦੇ ਵਿੱਚ ਜਾਣ ਤੋਂ ਅਸਮਰਥ ਸੀ ਜਿੱਥੇ ਜਾ ਕੇ ਉਹ ਉਪਰੇਸ਼ਨ ਰੂਮ ਦੀ ਲਾਲ ਵਾਲਾਂ ਵਾਲ਼ੀ ਨਰਸ ਨੂੰ ਦੇਖ ਸਕਦਾ ਸੀ ਜਿਸਨੂੰ ਉਹ ਮੁੜ ਪੱਟੀ ਕਰਨ ਵੇਲੇ ਅੱਖਾਂ ਮਾਰ ਚੁੱਕਾ ਸੀ ਤੇ, ਉਸਦੇ ਕਹਿਣ ਅਨੁਸਾਰ, ਨਰਸ ਨੇ ਵੀ ਅੱਗੋਂ ਅੱਖ ਮਾਰ ਕੇ ਜਵਾਬ ਦਿੱਤਾ ਸੀ । ਹੋ ਸਕਦਾ ਸੀ ਇਸ ਵਿੱਚ ਕੋਈ ਸਚਾਈ ਹੋਵੇ, ਪਰ ਮਰੇਸੇਯੇਵ ਨੇ ਦੇਖਿਆ ਕਿ ਖਿਝ ਦੇ ਇਹ ਦੌਰੇ ਮੇਜਰ ਨੂੰ ਉਦੋਂ ਪੈਂਦੇ ਸਨ ਜਦੋਂ ਉਹ ਕਿਸੇ ਹਵਾਈ ਜਹਾਜ਼ ਨੂੰ ਹਸਪਤਾਲ ਉੱਪਰ ਉੱਡਦਾ ਦੇਖ ਲੈਂਦਾ, ਜਾਂ ਜਦੋਂ ਰੇਡੀਓ ਉੱਤੇ ਜਾਂ ਅਖਬਾਰਾਂ ਵਿੱਚ ਕੋਈ ਨਵੀਂ ਦਿਲਚਸਪ ਹਵਾਈ ਲੜਾਈ ਦੀ ਰਿਪੋਰਟ ਕੀਤੀ ਜਾਂਦੀ, ਜਾਂ ਕਿਸੇ ਉਸਦੇ ਜਾਣ ਪਾਇਲਟ ਦਾ ਕਾਰਨਾਮਾ ਦੱਸਿਆ ਜਾਂਦਾ। ਇਸ ਉੱਤੇ ਖ਼ੁਦ ਮਰੇਸੇਯੇਵ ਉੱਤੇ ਵੀ ਖਿਝ ਤੇ ਅਸਹਿਣਸ਼ੀਲਤਾ ਦਾ ਰੌਂ ਤਾਰੀ ਹੋ ਜਾਂਦਾ । ਪਰ ਉਹ ਕਦੀ ਇਸਨੂੰ ਜ਼ਾਹਰ ਨਾ ਹੋਣ ਦੇਂਦਾ, ਤੇ ਆਪਣਾ ਮੁਕਾਬਲਾ ਸਤਰੂਚਕੋਵ ਨਾਲ ਕਰਦਿਆਂ, ਅੰਦਰੋਂ ਅੰਦਰ ਉਸਨੂੰ ਕਿਸੇ ਜਿੱਤ ਜਿਹੀ ਦਾ ਅਹਿਸਾਸ ਹੁੰਦਾ । ਉਸਨੂੰ ਲੱਗਦਾ ਸੀ ਕਿ ਉਹ ਉਸ ਮਾਡਲ ਦੇ ਘੱਟੋ-ਘੱਟ ਜ਼ਰਾ ਕੁ ਨੇੜੇ ਆ ਰਿਹਾ ਸੀ, ਜਿਹੜਾ “ਅਸਲੀ ਇਨਸਾਨ” ਦਾ ਮਾਡਲ ਉਸਨੇ ਚੁਣਿਆ ਸੀ।
ਮੇਜਰ ਸਤਰੂਚਕੋਵ ਜਿਸ ਤਰ੍ਹਾਂ ਦਾ ਸੀ, ਉਸੇ ਤਰ੍ਹਾਂ ਦਾ ਰਿਹਾ – ਉਹ ਖੂਬ ਖਾਂਦਾ, ਦਿਲ ਖੋਹਲ ਕੇ ਹੱਸਦਾ ਤੇ ਔਰਤਾਂ ਬਾਰੇ ਮਸਾਲੇ ਲਾ ਲਾ ਕੇ ਗੱਲਾਂ ਕਰਦਾ, ਜਿਸ ਤੋਂ ਉਹ ਇੱਕੋ ਵੇਲ਼ੇ ਔਰਤਾਂ ਨੂੰ ਪਿਆਰ ਕਰਨ ਵਾਲਾ ਤੇ ਔਰਤਾਂ ਨੂੰ ਨਫ਼ਰਤ ਕਰਨ ਵਾਲ਼ਾ ਲੱਗਦਾ । ਪਤਾ ਨਹੀਂ ਕਿਉਂ, ਉਹ ਪਿੱਛੇ ਰਹੀਆਂ, ਜੰਗ ਵਿੱਚ ਨਾ ਸ਼ਾਮਲ ਔਰਤਾਂ ਦੀ ਖਾਸ ਕਰਕੇ ਅਲੋਚਨਾ ਕਰਦਾ।
ਸਰੂਚਕੋਵ ਦੀਆਂ ਇਹੋ ਜਿਹੀਆਂ ਗੱਲਾਂ ਮਰੇਸੇਯੇਵ ਲਈ ਸਹਿਣੀਆਂ ਮੁਹਾਲ ਹੁੰਦੀਆਂ ਸਨ । ਉਸਨੂੰ ਸੁਣਦਿਆਂ ਉਸਦੀਆਂ ਅੱਖਾਂ ਸਾਮ੍ਹਣੇ ਹਮੇਸ਼ਾ ਅਚੇਤ ਹੀ ਓਲਿਆ ਆ ਜਾਂਦੀ, ਜਾਂ ਰੁੱਤ-ਵਿਗਿਆਨਕ ਸਟੇਸ਼ਨ ਦੀ ਉਹ ਅਜੀਬ ਜਿਹੀ ਨਿੱਕੀ ਕੁੜੀ ਆ ਜਾਂਦੀ, ਜਿਸਨੇ, ਜਿਵੇਂ ਕਿ ਵਿੰਗ ਵਿੱਚ ਦੱਸਿਆ ਜਾਂਦਾ ਸੀ, ਆਪਣੀ ਸੰਤਰੀਆਂ ਵਾਲੀ ਕੋਠੜੀ ਵਿੱਚੋਂ ਆਪਣੀ ਬੰਦੂਕ ਦੇ ਬੱਟ ਨਾਲ ਹਵਾਈ ਅੱਡੇ ਦੀ ਸੰਭਾਲ ਕਰਨ ਵਾਲੇ ਅਮਲੇ ਦੇ ਇੱਕ ਬਹੁਤ ਹੀ ਦਲੇਰ ਸਾਰਜੰਟ ਮੇਜਰ ਨੂੰ ਨਠਾ ਦਿੱਤਾ ਸੀ ਤੇ ਘਬਰਾਹਟ ਵਿੱਚ ਉਸਨੂੰ ਲਗਭਗ ਗੋਲੀ ਹੀ ਮਾਰ ਦੇਣ ਲੱਗੀ ਸੀ; ਅਲੈਕਸੇਈ ਨੂੰ ਲੱਗਦਾ ਸੀ ਕਿ ਸਤਰੂਚਕੋਵ ਇਹਨਾਂ ਔਰਤਾਂ ਉੱਤੇ ਚਿੱਕੜ ਉਛਾਲ ਰਿਹਾ ਹੈ। ਇੱਕ ਦਿਨ ਮੇਜਰ ਸਤਰੂਚਕੋਵ ਦੀ ਇੱਕ ਕਹਾਣੀ ਸੁਨਣ ਤੋਂ ਪਿੱਛੋਂ, ਜਿਹੜੀ ਉਸਨੇ “ਇਹ ਸਾਰੀਆਂ ਇੱਕੋ ਜਿਹੀਆਂ ਹੀ ਹੁੰਦੀਐਂ” ਕਹਿ ਕੇ ਤੇ ਇਹ ਕਹਿ ਕੇ ਮੁਕਾਈ ਕਿ “ਦੋ ਚੁਟਕੀਆਂ” ਦੇ ਸਮੇਂ ਵਿੱਚ ਕਿਸੇ ਨੂੰ ਵੀ ਜਿੱਤਿਆ ਜਾ ਸਕਦਾ ਹੈ, ਮਰੇਸੇਯੇਵ ਆਪਣੇ ਆਪ ਨੂੰ ਰੋਕ ਨਾ ਸਕਿਆ ਤੇ ਆਪਣੇ ਦੰਦ ਏਨੀਂ ਘੁੱਟ ਕੇ ਮੀਚਦਿਆਂ ਕਿ ਉਸਦੇ ਜਬਾੜੇ ਪੀਲੇ ਪੈ ਗਏ, ਉਹ ਪੁੱਛਣ ਲੱਗਾ:
“ਕਿਸੇ ਨੂੰ ਵੀ?”
“ਹਾਂ, ਕਿਸੇ ਨੂੰ ਵੀ,” ਮੇਜਰ ਨੇ ਉਸੇ ਤਰ੍ਹਾਂ ਸ਼ਾਂਤੀ ਨਾਲ ਜਵਾਬ ਦਿੱਤਾ।
ਇਸ ਮੌਕੇ ਉੱਤੇ ਕਲਾਵਦੀਆ ਮਿਖਾਇਲੋਵਨਾ ਵਾਰਡ ਵਿੱਚ ਆ ਦਾਖਲ ਹੋਈ ਤੇ ਮਰੀਜ਼ਾਂ ਦੇ ਚਿਹਰਿਆਂ ਉੱਪਰ ਤਣਾਅ ਦੇਖ ਕੇ ਉਸਨੂੰ ਹੈਰਾਨੀ ਹੋਈ।
“ਕੀ ਗੱਲ ਹੋ ਗਈ ਏ ?” ਅਚੇਤ ਜਿਹੀ ਹਰਕਤ ਨਾਲ ਆਪਣੇ ਰੁਮਾਲ ਹੇਠਲੀ ਲਿਟ ਨੂੰ ਸੰਭਾਲਦੀ ਹੋਈ ਉਹ ਪੁੱਛਣ ਲੱਗੀ ।
“ਅਸੀਂ ਜ਼ਿੰਦਗੀ ਬਾਰੇ ਬਹਿਸ ਕਰ ਰਹੇ ਹਾਂ, ਸਿਸਟਰ; ਇਹੋ ਕੁਝ ਤਾਂ ਹੁਣ ਸਾਡੇ ਲਈ ਰਹਿ ਗਿਐ, ਗੱਲਾਂ ਮਾਰਨਾਂ,” ਮੇਜਰ ਨੇ ਮੁਸਕ੍ਰਾਉਂਦੇ ਨੇ ਜਵਾਬ ਦਿੱਤਾ।
“ਤੇ ਇਸ ਬਾਰੇ ਤੇਰਾ ਕੀ ਖਿਆਲ ਹੈ?” ਮਰੇਸੇਯੇਵ ਨੇ ਰੋਹ ਵਿੱਚ ਪੁੱਛਿਆ, ਜਦੋਂ ਨਰਸ ਉੱਥੋਂ ਚਲੀ ਗਈ।
“ਤੇਰਾ ਕੀ ਖਿਆਲ ਹੈ ਕਿ ਇਹ ਕਿਸੇ ਵੱਖਰੀ ਮਿੱਟੀ ਦੀ ਬਣੀ ਹੋਈ ਹੈ ?”
“ਕਲਾਵਦੀਆ ਮਿਖਾਇਲੋਵਨਾ ਦੀ ਗੱਲ ਨਾ ਕਰੋ,” ਗਵੋਜ਼ਦਿਉਵ ਨੇ ਕਰੜੀ ਤਰ੍ਹਾਂ ਕਿਹਾ। “ਸਾਡੇ ਇੱਥੇ ਇੱਕ ਬਜ਼ੁਰਗ ਉਸਨੂੰ ਸੋਵੀਅਤ ਫਰਿਸ਼ਤਾ ਕਹਿੰਦਾ ਹੁੰਦਾ ਸੀ।”
“ਕੌਣ ਸ਼ਰਤ ਲਾਉਣ ਨੂੰ ਤਿਆਰ ਹੈ?”
“ਸ਼ਰਤ?” ਮਰੇਸੇਯੇਵ ਕੂਕਿਆ, ਉਸਦੀਆਂ ਕਾਲੀਆਂ ਅੱਖਾਂ ਗਜ਼ਬਨਾਕ ਢੰਗ ਨਾਲ ਜਿਵੇਂ ਸ਼ੁਆਲੇ ਛੱਡ ਰਹੀਆਂ ਸਨ। “ਕੀ ਸ਼ਰਤ ਲਾਉਂਦੈ ?”
“ਭਾਵੇਂ ਇੱਕ ਪਿਸਤੌਲ ਦੀ ਗੋਲ਼ੀ ਹੀ ਸਹੀ, ਜਿਵੇਂ ਪਹਿਲਾਂ ਕਦੀ ਅਫ਼ਸਰ ਕਰਦੇ ਹੁੰਦੇ ਸਨ; ਜੇ ਤੂੰ ਜਿੱਤ ਜਾਏਂ ਤਾਂ ਮੈਂ ਤੇਰਾ ਨਿਸ਼ਾਨਾ ਬਣ ਜਾਵਾਂਗਾ, ਤੇ ਜੇ ਮੈਂ ਜਿੱਤ ਜਾਵਾਂ ਤਾਂ ਤੂੰ ਮੇਰਾ ਨਿਸ਼ਾਨਾ ਬਣੇਗਾ,” ਹੱਸਦਾ ਹੋਇਆ ਤੇ ਸਾਰੀ ਗੱਲ ਨੂੰ ਹਾਸੇ ਵਿੱਚ ਪਾਉਂਦਾ ਹੋਇਆ ਸਰੂਚਕੋਵ ਬੋਲਿਆ।
“ਸ਼ਰਤ? ਇਸ ਗੱਲ ਉੱਤੇ ? ਤੂੰ ਇਹ ਭੁੱਲਦਾ ਲੱਗਦਾ ਹੈ ਕਿ ਤੂੰ ਇੱਕ ਸੋਵੀਅਤ ਅਫ਼ਸਰ ਹੈ। ਜੇ ਤੂੰ ਠੀਕ ਹੈ ਤਾਂ ਤੂੰ ਮੇਰੇ ਮੂੰਹ ਉੱਤੇ ਥੁੱਕ ਸਕਦਾ ਹੈ,” ਅਲੈਕਸੇਈ ਨੇ ਆਪਣੀਆਂ ਅੱਖਾਂ ਸੁੰਗੇੜਦਿਆਂ ਕਿਹਾ। “ਪਰ ਇਸ ਗੱਲ ਦਾ ਖਿਆਲ ਰੱਖੀ ਕਿ ਮੈਂ ਤੇਰੇ ਮੂੰਹ ਉੱਤੇ ਨਾ ਥੁੱਕ ਦੇਵਾਂ।”
“ਜੇ ਸ਼ਰਤ ਨਹੀਂ ਲਾਉਣੀ ਚਾਹੁੰਦਾ ਤਾਂ ਕੋਈ ਜ਼ਰੂਰੀ ਨਹੀਂ । ਗੁੱਸੇ ਵਿੱਚ ਆ ਗਿਐਂ। ਜ਼ਰਾ ਸੋਚ !… ਮੈਂ ਤੁਹਾਨੂੰ ਸਾਰਿਆਂ ਨੂੰ ਇਹ ਵੀ ਸਾਬਤ ਕਰਕੇ ਦਿਖਾ ਦੇਵਾਂਗਾ ਕਿ ਉਸ ਬਾਰੇ ਲੋਹੇ ਲਾਖੇ ਹੋਣ ਵਾਲੀ ਕੋਈ ਗੱਲ ਨਹੀਂ।”
ਉਸ ਦਿਨ ਤੋਂ ਲੈ ਕੇ ਸਤਰੂਚਕੋਵ ਨੇ ਕਲਾਵਦੀਆ ਮਿਖਾਇਲੋਵਨਾ ਵੱਲ ਹੱਦੋਂ ਵੱਧ ਧਿਆਨ ਦੇਣਾ ਸ਼ੁਰੂ ਕਰ ਦਿੱਤਾ; ਉਹ ਹਸਾਉਣੀਆਂ ਕਹਾਣੀਆਂ ਸੁਣਾ ਸੁਣਾ ਕੇ ਉਸਨੂੰ ਖੁਸ਼ ਰੱਖਦਾ, ਜਿਨ੍ਹਾਂ ਨੂੰ ਸੁਨਾਉਣ ਵਿੱਚ ਉਹ ਮਾਹਰ ਸੀ; ਇਸ ਅਣਲਿਖੇ ਨਿਯਮ ਦੀ ਉਲੰਘਣਾ ਕਰਦਾ ਹੋਇਆ, ਕਿ ਪਾਇਲਟ ਨੂੰ ਆਪਣੇ ਮਾਅਰਕਿਆਂ ਬਾਰੇ ਕਿਸੇ ਓਪਰੇ ਸਾਮ੍ਹਣੇ ਫੜ੍ਹਾਂ ਨਹੀਂ ਮਾਰਨੀਆਂ ਚਾਹੀਦੀਆਂ, ਉਹ ਉਸਨੂੰ ਆਪਣੇ ਕਈ ਸੱਚਮੁਚ ਦੇ ਮਹਾਨ ਤੇ ਦਿਲਚਸਪ ਤਜਰਬੇ ਸੁਣਾਉਂਦਾ; ਠੰਡੇ ਸਾਹ ਭਰਦਾ ਹੋਇਆ ਉਹ ਸਗੋਂ ਆਪਣੇ ਬਦਕਿਸਮਤ ਪਰਿਵਾਰਕ ਮਾਮਲਿਆਂ ਵੱਲ ਵੀ ਸੰਕੇਤ ਕਰਦਾ ਤੇ ਆਪਣੇ ਕੌੜੇ ਇਕਲਾਪੇ ਦੀ ਸ਼ਿਕਾਇਤ ਕਰਦਾ, ਭਾਵੇਂ ਕਿ ਵਾਰਡ ਵਿਚਾਲੇ ਸਾਰੇ ਜਾਣਦੇ ਸਨ ਕਿ ਉਹ ਛੜਾ ਛੜਾਂਗ ਹੈ ਤੇ ਕਿਸੇ ਖਾਸ ਮੁਸੀਬਤ ਦਾ ਸ਼ਿਕਾਰ ਨਹੀਂ।
ਇਹ ਠੀਕ ਹੈ ਕਿ ਕਲਾਵਦੀਆ ਮਿਖਾਇਲੋਵਨਾ ਬਾਕੀ ਦਿਆਂ ਨਾਲੋਂ ਉਸ ਵੱਲ ਜ਼ਰਾ ਕੁ ਵਧੇਰੇ ਧਿਆਨ ਦੇਂਦੀ ਸੀ; ਉਹ ਉਸਦੇ ਮੰਜੇ ਦੀ ਬਾਂਹੀ ਉੱਤੇ ਬੈਠ ਜਾਂਦੀ ਤੇ ਉਸਦੇ ਮਾਅਰਕਿਆਂ ਦੀਆਂ ਕਹਾਣੀਆਂ ਸੁਣਦੀ, ਤੇ ਉਹ ਜਿਵੇਂ ਅਚੇਤ ਤੌਰ ਉੱਤੇ ਹੀ ਉਸਦਾ ਹੱਥ ਫ਼ੜ ਲੈਂਦਾ ਤੇ ਉਹ ਹੱਥ ਪਿੱਛੇ ਨਾ ਖਿੱਚਦੀ। ਮਰੇਸੇਯੇਵ ਦੇ ਦਿਲ ਵਿੱਚ ਰੋਹ ਵੱਧਦਾ ਜਾ ਰਿਹਾ ਸੀ । ਸਾਰੇ ਵਾਰਡ ਨੂੰ ਸਤਰੂਚਕੋਵ ਉੱਤੇ ਗੁੱਸਾ ਆ ਰਿਹਾ ਸੀ। ਉਹ ਇੰਝ ਵਿਹਾਰ ਕਰ ਰਿਹਾ ਸੀ ਜਿਵੇਂ ਉਹ ਵਾਰਡ ਵਿਚਲੇ ਆਪਣੇ ਸਾਥੀਆਂ ਅੱਗੇ ਇਹ ਸਾਬਤ ਕਰਨ ਉੱਤੇ ਤੁਲਿਆ ਹੋਵੇ ਕਿ ਕਲਾਵਦੀਆ ਮਿਖਾਇਲੋਵਨਾ ਕੋਈ ਦੂਜੀਆਂ ਔਰਤਾਂ ਨਾਲੋਂ ਵੱਖਰੀ ਨਹੀਂ । ਉਸਨੂੰ ਗੰਭੀਰ ਤਾੜਨਾ ਕੀਤੀ ਗਈ ਕਿ ਉਹ ਆਪਣੀ ਇਹ ਗੰਦੀ ਖੇਡ ਬੰਦ ਕਰੇ, ਤੇ ਵਾਰਡ ਵਾਲ਼ੇ ਇਸ ਮਾਮਲੇ ਵਿੱਚ ਗੰਭਰੀਤਾ ਨਾਲ ਦਖਲ ਦੇਣ ਲਈ ਤਿਆਰ ਹੋ ਰਹੇ ਸਨ, ਜਦੋਂ ਇਸ ਮਾਮਲੇ ਨੇ ਬਿਲਕੁਲ ਹੀ ਵੱਖਰਾ ਰੁਖ਼ ਲੈ ਲਿਆ।
ਇੱਕ ਸ਼ਾਮ, ਆਪਣੀ ਡਿਊਟੀ ਦੇ ਸਮੇਂ, ਕਲਾਵਦੀਆ ਮਿਖਾਇਲੋਵਨਾ ਵਾਰਡ ਵਿੱਚ ਆਈ ਕਿਸੇ ਖਾਸ ਕੰਮ ਨਹੀਂ, ਸਗੋਂ ਸਿਰਫ ਗੱਪ-ਸ਼ੱਪ ਕਰਨ, ਜਿਸ ਲਈ ਮਰੀਜ਼ਾਂ ਨੂੰ ਉਹ ਖਾਸ ਕਰਕੇ ਪਸੰਦ ਸੀ । ਮੇਜਰ ਨੇ ਆਪਣੀ ਕੋਈ ਕਹਾਣੀ ਛੂਹੀ ਤੇ ਨਰਸ ਉਸਦੇ ਮੰਜੇ ਕੋਲ ਜਾ ਬੈਠੀ। ਗੱਲ ਕੀ ਹੋਈ, ਇਹ ਕਿਸੇ ਨੇ ਨਾ ਦੇਖਿਆ । ਪਰ ਉਸਨੂੰ ਭੁੜਕ ਕੇ ਮੰਜੇ ਤੋਂ ਉਠਦਿਆਂ ਸੁਣ ਕੇ ਸਾਰਿਆਂ ਨੇ ਉਸ ਵੱਲ ਮੁੜ ਕੇ ਤੱਕਿਆ। ਗੁੱਸੇ ਭਰੀ ਤਿਉੜੀ ਤੇ ਲਾਲ ਮੂੰਹ ਨਾਲ ਨਰਸ ਸਤਰੂਚਕੋਵ ਵੱਲ ਦੇਖ ਰਹੀ ਸੀ, ਜਿਹੜਾ ਸ਼ਰਮਿੰਦਾ, ਸਗੋਂ ਡਰਿਆ ਡਰਿਆ ਦਿਖਾਈ ਦੇ ਰਿਹਾ ਸੀ। ਨਰਸ ਬੋਲੀ,”ਸਾਥੀ ਮੇਜਰ, ਜੇ ਤੁਸੀਂ ਮਰੀਜ਼ ਨਾ ਹੁੰਦੇ ਤੇ ਮੈਂ ਨਰਸ ਨਾ ਹੁੰਦੀ ਤਾਂ ਮੈਂ ਤੁਹਾਡੇ ਮੂੰਹ ਉੱਤੇ ਇੱਕ ਥੱਪੜ ਲਾਉਣਾ ਸੀ!”
“ਓ, ਕਲਾਵਦੀਆ ਮਿਖਾਇਲੋਵਨਾ, ਮੈਂ ਬਿਲਕੁਲ ਸੱਚ ਕਹਿੰਦਾ ਹਾਂ, ਮੇਰਾ ਐਸਾ ਕੋਈ ਮਤਲਬ ਨਹੀਂ ਸੀ, ਤੇ ਜ਼ਰਾ ਸੋਚ, ਇਸ ਵਿੱਚ ਐਸੀ ਗੱਲ ਵੀ ਕਿਹੜੀ ਹੈ…”
“ਹਾਂ, ਐਸੀ ਗੱਲ ਵੀ ਕਿਹੜੀ ਹੈ?” ਹੁਣ ਉਹ ਉਸ ਵੱਲ ਗੁੱਸੇ ਨਾਲ ਨਹੀਂ ਨਫ਼ਰਤ ਨਾਲ ਦੇਖ ਰਹੀ ਸੀ। “ਠੀਕ ਹੈ, ਹੁਣ ਇਸ ਬਾਰੇ ਹੋਰ ਕੋਈ ਗੱਲ ਕਰਨ ਦੀ ਲੋੜ ਨਹੀਂ। ਸੁਣਦੇ ਹੋ ? ਤੇ ਹੁਣ ਮੈਂ ਤੁਹਾਡੇ ਸਾਥੀਆਂ ਸਾਮ੍ਹਣੇ ਤੁਹਾਨੂੰ ਕਹਿੰਦੀ ਹਾਂ ਕਿ ਅੱਗੇ ਤੋਂ ਮੇਰੇ ਨਾਲ ਤੁਸੀਂ ਸਿਰਫ ਕੰਮ ਦੀ ਗੱਲ ਕਰੋਗੇ, ਸਿਰਫ ਜਦੋਂ ਤੁਹਾਨੂੰ ਕਦੀ ਡਾਕਟਰੀ ਸਹਾਇਤਾ ਦੀ ਲੋੜ ਹੋਵੇਗੀ । ਸ਼ੁੱਭ ਰਾਤਰੀ, ਸਾਥੀਓ!”
ਤੇ ਉਹ ਭਾਰੇ ਭਾਰੇ ਕਦਮਾਂ ਨਾਲ, ਜਿਹੜੇ ਉਸ ਲਈ ਸੁਭਾਵਕ ਨਹੀਂ ਸਨ, ਵਾਰਡ ਵਿੱਚੋਂ ਨਿੱਕਲ ਗਈ। ਜ਼ਾਹਰ ਸੀ ਕਿ ਉਹ ਸ਼ਾਂਤ ਦਿਸਣ ਦੀ ਕੋਸ਼ਿਸ਼ ਕਰ ਰਹੀ ਸੀ।
ਘੜੀ ਪਲ ਲਈ ਸਾਰੇ ਵਾਰਡ ਵਿੱਚ ਚੁੱਪ ਛਾਈ ਰਹੀ। ਫਿਰ ਅਲੈਕਸੇਈ ਦਾ ਜੇਤੂ ਖੋਰੀ ਹਾਸਾ ਸੁਣਾਈ ਦਿੱਤਾ ਤੇ ਸਾਰੇ ਮੇਜਰ ਉੱਤੇ ਟੁੱਟ ਪਏ;
“ਸੋ, ਦੇਖ ਲਿਐ ਸੁਆਦ ?”
ਜੇਤੂ ਢੰਗ ਨਾਲ ਉਸ ਵੱਲ ਦੇਖਦਿਆਂ, ਮਰੇਸੇਯੇਵ ਨੇ ਵਿਅੰਗਭਰੀ ਨਿਮਰਤਾ ਨਾਲ
ਉਸਨੂੰ ਪੁੱਛਿਆ:
“ਸਾਥੀ ਮੇਜਰ, ਕੀ ਹੁਣੇ ਹੀ ਤੁਸੀਂ ਮੈਨੂੰ ਆਪਣੇ ਚਿਹਰੇ ਉੱਤੇ ਥੁੱਕਣ ਦੀ ਆਗਿਆ ਦੇਂਦੇ ਹੋ, ਜਾਂ ਕਿ ਰੁਕ ਜਾਈਏ?”
ਸਰੂਚਕੋਵ ਹੈਰਾਨ ਹੋਇਆ ਬੈਠਾ ਰਿਹਾ । ਪਰ ਉਸਨੇ ਹਾਰ ਨਾ ਮੰਨੀ ਤੇ, ਠੀਕ ਹੈ ਕਿ ਬਹੁਤੇ ਯਕੀਨ ਨਾਲ ਨਹੀਂ, ਕਹਿਣ ਲੱਗਾ:
“ਹੂੰ-ਹਾਂ। ਹਮਲਾ ਪਛਾੜਿਆ ਗਿਐ । ਪਰ ਕੋਈ ਗੱਲ ਨਹੀਂ, ਫਿਰ ਸਹੀ।”
ਉਹ ਅੱਧੀ ਰਾਤ ਤੱਕ ਚੁੱਪ ਚਾਪ ਪਿਆ ਰਿਹਾ, ਹੌਲ਼ੀ ਹੌਲ਼ੀ ਸੀਟੀ ਵਜਾਉਂਦਾ ਤੇ ਕਦੀ ਕਦੀ, ਜਿਵੇਂ ਕਿ ਆਪਣੀਆਂ ਹੀ ਸੋਚਾਂ ਦੇ ਜਵਾਬ ਵਿੱਚ, ਕਹਿੰਦਾ: “ਹੂੰ-ਹਾਂ!”
ਇਸ ਘਟਨਾ ਤੋਂ ਜਲਦੀ ਹੀ ਮਗਰੋਂ ਕੋਨਸਤਾਨਤੀਨ ਕੁਕੁਸ਼ਕਿਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਉਹ ਜਾਣ ਵੇਲੇ ਕੋਈ ਭਾਵਕ ਨਾ ਹੋਇਆ, ਤੇ ਆਪਣੇ ਵਾਰਡ ਵਿਚਲੇ ਸਾਥੀਆਂ ਨੂੰ ਅਲਵਿਦਾ ਕਹਿੰਦਾ ਹੋਇਆ ਸਿਰਫ ਏਨਾਂ ਹੀ ਬੋਲਿਆ ਕਿ ਉਹ ਹਸਪਤਾਲ ਦੇ ਜੀਵਨ ਤੋਂ ਅੱਕ ਚੁੱਕਾ ਹੈ। ਉਸਨੇ ਲਾਪ੍ਰਵਾਹੀ ਨਾਲ ਸਾਰਿਆਂ ਨੂੰ ਅਲਵਿਦਾ ਕਹੀ, ਪਰ ਮਰੇਸੇਯੇਵ ਤੇ ਨਰਸ ਨੂੰ ਬੇਨਤੀ ਕੀਤੀ ਕਿ ਜੇ ਮੇਰੀ ਮਾਂ ਤੋਂ ਚਿੱਠੀਆਂ ਆਉਣ ਤਾਂ ਉਹਨਾਂ ਦਾ ਖਿਆਲ ਰੱਖਣਾ ਤੇ ਮੇਰੇ ਵਿੰਗ ਦੇ ਪਤੇ ਉੱਤੇ ਭੇਜ ਦੇਣਾ।
“ਸਾਨੂੰ ਲਿਖੀਂ ਤੇ ਦੱਸੀਂ ਕਿ ਕਿਵੇਂ ਬੀਤ ਰਹੀ ਹੈ, ਤੇ ਤੇਰੇ ਸਾਥੀ ਕਿਵੇਂ ਤੇਰਾ ਸੁਆਗਤ ਕਰਦੇ ਹਨ,” ਮਰੇਸੇਯੇਵ ਨੇ ਵਿਛੜਦਿਆਂ ਹੋਇਆ ਕਿਹਾ।
“ਮੈਂ ਤੈਨੂੰ ਕਿਉਂ ਲਿਖਾਂਗਾ? ਤੇਰਾ ਮੇਰੇ ਨਾਲ ਵਾਸਤਾ ਹੀ ਕੀ ਹੈ? ਤੈਨੂੰ ਮੈਂ ਨਹੀਂ ਲਿਖਣ ਲੱਗਾ, ਐਵੇਂ ਕਾਗਜ਼ ਹੀ ਜ਼ਾਇਆ ਕਰਨਾ ਹੈ-ਤੂੰ ਜਵਾਬ ਤਾਂ ਦੇਣਾ ਨਹੀਂ।”
“ਜਿਵੇਂ ਤੇਰੀ ਮਰਜ਼ੀ।”
ਜ਼ਾਹਰ ਹੈ ਕਿ ਕੁਕੁਸ਼ਕਿਨ ਨੇ ਇਹ ਆਖ਼ਰੀ ਲਫ਼ਜ਼ ਨਹੀਂ ਸਨ ਸੁਣੇ; ਉਹ ਮੁੜ ਕੇ ਦੇਖੇ ਬਿਨ੍ਹਾਂ ਹੀ ਵਾਰਡ ਵਿੱਚੋਂ ਚਲਾ ਗਿਆ। ਤੇ ਇਸੇ ਤਰਾਂ ਹੀ ਹਸਪਤਾਲ ਉੱਪਰ ਮੁੜ ਕੇ ਅਲਵਿਦਾਈ ਨਜ਼ਰ ਸੁੱਟਣ ਤੋਂ ਬਿਨਾਂ ਉਹ ਹਸਪਤਾਲ ਦੇ ਗੇਟਾਂ ਤੋਂ ਬਾਹਰ ਨਿੱਕਲ ਗਿਆ, ਦਰਿਆ ਦੇ ਨਾਲ ਨਾਲ ਚੱਲਣ ਲੱਗਾ ਤੇ ਮੋੜ ਮੁੜ ਗਿਆ, ਭਾਵੇਂ ਕਿ ਉਸਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਰੀਤ ਅਨੁਸਾਰ, ਉਸਦੇ ਵਾਰਡ ਵਿਚਲੇ ਸਾਰੇ ਪੁਰਾਣੇ ਸਾਥੀ ਬਾਰੀ ਵਿੱਚੋਂ ਉਸਨੂੰ ਦੇਖ ਰਹੇ ਹੋਣਗੇ।
ਫਿਰ ਵੀ, ਉਸਨੇ ਅਲੈਕਸੇਈ ਨੂੰ ਚਿੱਠੀ ਲਿਖ ਹੀ ਦਿੱਤੀ, ਤੇ ਉਹ ਵੀ ਜਲਦੀ ਹੀ । ਇਹ ਖੁਸ਼ਕ, ਕਾਰੋਬਾਰੀ ਢੰਗ ਨਾਲ ਲਿਖੀ ਹੋਈ ਚਿੱਠੀ ਸੀ। ਆਪਣੇ ਬਾਰੇ ਉਸਨੇ ਸਿਰਫ਼ ਇਹ ਲਿਖਿਆ ਸੀ ਕਿ ਵਿੰਗ ਵਾਲ਼ੇ ਉਸਦੀ ਵਾਪਸੀ ਉੱਤੇ ਖੁਸ਼ ਲਗਦੇ ਸਨ, ਪਰ ਨਾਲ ਹੀ ਉਸਨੇ ਲਿਖਿਆ ਸੀ ਕਿ ਪਿਛਲੇ ਕੁਝ ਸਮੇਂ ਵਿੱਚ ਹੋਈਆਂ ਲੜਾਈਆਂ ਵਿੱਚ ਵਿੰਗ ਦਾ ਭਾਰੀ ਨੁਕਸਾਨ ਹੋਇਆ ਹੈ ਤੇ, ਬੇਸ਼ਕ, ਉਹ ਕੋਈ ਵੀ ਤਜ਼ਰਬਾ ਰੱਖਦੇ ਕਿਸੇ ਵੀ ਬੰਦੇ ਨੂੰ ਵਾਪਸ ਆਇਆ ਦੇਖ ਕੇ ਖੁਸ਼ ਹੋਣਗੇ । ਉਸਨੇ ਮਰਿਆਂ ਤੇ ਫੱਟੜਾਂ ਦੀ ਸੂਚੀ ਦਿੱਤੀ ਹੋਈ ਸੀ ਤੇ ਲਿਖਿਆ ਹੋਇਆ ਸੀ ਕਿ ਮਰੇਸੇਯੇਵ ਨੂੰ ਵਿੰਗ ਵਿੱਚ ਅਜੇ ਵੀ ਯਾਦ ਕੀਤਾ ਜਾਂਦਾ ਹੈ, ਤੇ ਜਦੋਂ ਵਿੰਗ ਕਮਾਂਡਰ ਨੂੰ, ਜਿਸਨੂੰ ਹੁਣ ਤਰੱਕੀ ਦੇ ਕੇ ਲੈਫ਼ਟੀਨੈਂਟ ਕਰਨਲ ਬਣਾ ਦਿੱਤਾ ਗਿਆ ਹੋਇਆ ਹੈ, ਮਰੇਸੇਯੇਵ ਦੇ ਜਿਮਨਾਸਟਿਕ ਦੇ ਕਰਤੱਬਾਂ ਬਾਰੇ ਤੇ ਹਵਾਈ ਸੈਨਾ ਵਿੱਚ ਵਾਪਸ ਮੁੜਨ ਦੀ ਉਸਦੀ ਦ੍ਰਿੜਤਾ ਬਾਰੇ ਦੱਸਿਆ ਗਿਆ ਤਾਂ ਉਸਨੇ ਕਿਹਾ ਸੀ: “ਮਰੇਸੇਯੇਵ ਵਾਪਸ ਆ ਜਾਏਗਾ। ਉਹ ਐਸਾ ਆਦਮੀ ਹੈ ਜਿਹੜਾ ਇੱਕ ਵਾਰੀ ਫ਼ੈਸਲਾ ਕਰ ਲਵੇ, ਤਾਂ ਕਰ ਦਿਖਾਉਂਦਾ ਹੈ।” ਇਸ ਉੱਤੇ ਚੀਫ ਆਫ਼ ਸਟਾਫ਼ ਨੇ ਕਿਹਾ ਸੀ ਕਿ ਅਸੰਭਵ ਨੂੰ ਸੰਭਵ ਨਹੀਂ ਕੀਤਾ ਜਾ ਸਕਦਾ, ਜਿਸਦਾ ਜਵਾਬ ਵਿੰਗ ਕਮਾਂਡਰ ਨੇ ਇਹ ਕਹਿ ਕੇ ਦਿੱਤਾ ਸੀ ਕਿ ਮਰੇਸੇਯੇਵ ਵਰਗੇ ਬੰਦਿਆਂ ਲਈ ਕੁਝ ਵੀ ਅਸੰਭਵ ਨਹੀਂ। ਅਲੈਕਸੇਈ ਦੇਖ ਕੇ ਹੈਰਾਨ ਹੋਇਆ ਕਿ “ਰੁੱਤ ਵਿਗਿਆਨਕ ਸਾਰਜੰਟ” ਬਾਰੇ ਵੀ ਚਿੱਠੀ ਵਿੱਚ ਕੁਝ ਸਤਰਾਂ ਸਨ। ਕੁਕੂਸ਼ਕਿਨ ਨੇ ਲਿਖਿਆ ਸੀ ਕਿ ਇਸ ਸਾਰਜੰਟ ਨੇ ਉਸ ਉੱਤੇ ਸਵਾਲਾਂ ਦੀ ਐਸੀ ਬੁਛਾੜ ਲਾਈ ਕਿ ਉਸਨੂੰ ਮਜ਼ਬੂਰ ਹੋ ਕੇ ਹੁਕਮ ਦੇਣਾ ਪਿਆ: “ਬਾਏਂ ਘੂਮੋ! ਮਾਰਚ!” ਕੁਕੁਸ਼ਕਿਨ ਨੇ ਇਹ ਕਹਿੰਦੀਆਂ ਚਿੱਠੀ ਮੁਕਾਈ ਹੋਈ ਸੀ ਕਿ ਵਿੰਗ ਵਿੱਚ ਵਾਪਸੀ ਦੇ ਬਿਲਕੁਲ ਪਹਿਲੇ ਹੀ ਦਿਨ ਉਸਨੇ ਦੋ ਉਡਾਨਾਂ ਲਾਈਆਂ ਸਨ, ਉਸਦੀਆਂ ਲੱਤਾਂ ਪੂਰੀ ਤਰਾਂ ਰਾਜ਼ੀ ਹੋ ਚੁੱਕੀਆਂ ਸਨ, ਤੇ ਅਗਲੇ ਕੁਝ ਹੀ ਦਿਨਾਂ ਵਿੱਚ ਵਿੰਗ ਨੂੰ “ਲਾ-ਪ” ਕਿਸਮ ਦੇ ਨਵੇਂ ਹਵਾਈ ਜਹਾਜ਼ ਮਿਲ ਜਾਣਗੇ, ਜਿਹੜੇ ਜਲਦੀ ਹੀ ਪਹੁੰਚਣ ਵਾਲੇ ਸਨ । ਉਹਨਾਂ ਨੂੰ ਆਂਦਰੇਈ ਦੇਗਤੀਆਰੈਨਕੋ ਨੇ ਅਜ਼ਮਾਇਆ ਸੀ ਤੇ ਉਸਦਾ ਖਿਆਲ ਸੀ ਕਿ ਉਹਨਾਂ ਦੇ ਮੁਕਾਬਲੇ ਉੱਤੇ ਸਭ ਕਿਸਮਾਂ ਦੇ ਜਰਮਨ ਜਹਾਜ਼ ਕਬਾੜ ਨਾਲ ਭਰੇ ਹੋਏ ਸੂਟਕੇਸ ਸਨ।
13
ਗਰਮੀ ਜਲਦੀ ਹੀ ਸ਼ੁਰੂ ਹੋ ਗਈ। ਇਹ ਵੀ ਉਸੇ ਹੀ ਪੋਪਲਰ ਦੇ ਰੁੱਖ ਦੀ ਟਾਹਣ ਥਾਣੀਂ ਵਾਰਡ ਨੰਬਰ ਬਤਾਲੀ ਵਿੱਚ ਝਾਤੀਆਂ ਮਾਰਨ ਲੱਗੀ, ਜਿਸ ਟਾਹਣ ਦੇ ਪੱਤੇ ਸਖ਼ਤ ਤੇ ਚਮਕੀਲੇ ਹੋ ਗਏ ਸਨ । ਉਹ ਜ਼ੋਰ ਸ਼ੋਰ ਨਾਲ ਸਰ ਸਰ ਕਰਦੇ ਜਿਵੇਂ ਇੱਕ ਦੂਜੇ ਨਾਲ ਘੁਸਰ ਮੁਸਰ ਕਰ ਰਹੇ ਹੋਣ । ਸ਼ਾਮ ਹੋਣ ਤੱਕ ਸੜਕ ਤੋਂ ਪਈ ਧੂੜ ਕਾਰਨ ਉਹਨਾਂ ਦੀ ਚਮਕ ਜਾਂਦੀ ਰਹਿੰਦੀ। ਲਾਲ ਸੁੰਡੀਆਂ ਕਦੇ ਦੀਆਂ ਚਮਕਦੇ ਹਰੇ ਬੁਰਸ਼ਾਂ ਵਿੱਚ ਬਦਲ ਚੁਕੀਆਂ ਸਨ, ਜਿਹੜੇ ਹੁਣ ਫੁੱਟ ਚੁੱਕੇ ਸਨ ਤੇ ਉਹਨਾਂ ਵਿੱਚੋਂ ਰੂੰ ਵਰਗੀ ਚੀਜ਼ ਉੱਡ ਰਹੀ ਸੀ। ਦੁਪਹਿਰ ਨੂੰ, ਜਦੋਂ ਦਿਨੇਂ ਸਭ ਤੋਂ ਵੱਧ ਗਰਮੀ ਹੁੰਦੀ ਸੀ, ਪੋਪਲਰ ਦੀ ਇਹ ਨਿੱਘੀ ਨਿੱਘੀ ਰੂੰ ਮਾਸਕੋ ਵਿੱਚ ਉਡਦੀ ਫਿਰਦੀ, ਹਸਪਤਾਲ ਦੀਆਂ ਖੁੱਲੀਆਂ ਬਾਰੀਆਂ ਵਿੱਚੋਂ ਉੱਡ ਕੇ ਆ ਜਾਂਦੀ ਤੇ ਦਰਵਾਜ਼ਿਆਂ ਉੱਤੇ ਕੋਨਿਆਂ ਵਿੱਚ, ਜਿਥੇ ਗਰਮ ਹਵਾ ਇਸਨੂੰ ਉਡਾ ਕੇ ਲੈ ਜਾਂਦੀ ਸੀ, ਗੁਲਾਬੀ ਜਿਹੀ ਤਹਿ ਬਣਾ ਕੇ ਜੰਮ ਜਾਂਦੀ।
ਇੱਕ ਠੰਡੀ, ਚਮਕੀਲੀ ਸੁਨਹਿਰੀ ਹੁਨਾਲੀ ਸਵੇਰ ਨੂੰ ਕਲਾਵਦੀਆ ਮਿਖਾਇਲੋਵਨਾ ਬੜੀ ਗੰਭੀਰ ਦਿਖਾਈ ਦਿੰਦੀ ਹੋਈ ਵਾਰਡ ਵਿੱਚ ਆਈ। ਉਸਦੇ ਨਾਲ ਸਟੀਲ ਦੀ ਫ਼ਰੇਮ ਦੀਆਂ ਕਮਾਨੀਦਾਰ ਐਨਕਾਂ ਵਾਲਾ ਇੱਕ ਸਿਆਣੀ ਉਮਰ ਦਾ ਆਦਮੀ ਸੀ, ਜਿਸਨੇ ਭਾਵੇਂ ਮਾਵੇ ਨਾਲ ਆਕੜਿਆ ਹੋਇਆ ਚਿੱਟਾ ਚੋਗਾ ਪਾਇਆ ਹੋਇਆ ਸੀ, ਪਰ ਇਸ ਚੋਗੇ ਨਾਲ ਉਸ ਆਦਮੀ ਦੀ ਇੱਕ ਬਜ਼ੁਰਗ ਕਾਰੀਗਰ ਹੋਣ ਵਾਲ਼ੀ ਦਿੱਖ ਨਹੀਂ ਸੀ ਬਦਲ ਸਕੀ। ਉਹ ਚਿੱਟੇ ਕੱਪੜੇ ਵਿੱਚ ਲਪੇਟੀ ਕੁਝ ਲੈ ਕੇ ਆਇਆ ਸੀ । ਉਸਨੇ ਇਸ ਬੰਡਲ ਨੂੰ ਮਰੇਸੇਯੇਵ ਦੇ ਮੰਜੇ ਕੋਲ ਹੇਠਾਂ ਰੱਖ ਦਿੱਤਾ ਤੇ ਕਿਸੇ ਜਾਦੂਗਰ ਵਾਂਗ ਇਸਨੂੰ ਹੌਲ਼ੀ ਹੌਲ਼ੀ ਤੇ ਗੰਭੀਰਤਾ ਨਾਲ ਖੋਹਲਣ ਲੱਗ ਪਿਆ। ਚਮੜੇ ਦੀ ਚੀਂ-ਚੀਂ ਸੁਣੀ ਜਾ ਸਕਦੀ ਸੀ ਤੇ ਕਮਾਏ ਚਮੜੇ ਦੀ ਸੁਖਾਵੀਂ ਜਿਹੀ, ਤਿੱਖੀ ਤੇ ਤੇਜ਼ਾਬੀ ਜਿਹੀ ਵਾਸ਼ਨਾ ਸਾਰੇ ਕਮਰੇ ਵਿੱਚ ਫ਼ੈਲ ਗਈ।
ਜਦੋਂ ਬੰਡਲ ਖੁੱਲਾ ਤਾਂ ਨਵੇਂ, ਪੀਲੇ ਰੰਗ ਦੇ, ਚੀਂ-ਚੀਂ ਕਰਦੇ ਬਣਾਵਟੀ ਅੰਗਾਂ ਦਾ ਇੱਕ ਜੋੜਾ ਨਜ਼ਰੀਂ ਪਿਆ, ਜਿਹੜਾ ਮੇਚੇ ਅਨੁਸਾਰ ਬੜੀ ਕਾਰੀਗਰੀ ਨਾਲ ਬਣਾਇਆ ਗਿਆ ਸੀ । ਬਣਾਵਟੀ ਅੰਗਾਂ ਉੱਤੇ ਨਵੇਂ, ਭੂਰੇ ਰੰਗੇ ਫ਼ੌਜੀ ਬੂਟਾਂ ਦਾ ਜੋੜਾ ਪਾਇਆ ਗਿਆ; ਤੇ ਉਹ ਇੰਝ ਸੋਹਣੀ ਤਰ੍ਹਾਂ ਫਿੱਟ ਬੈਠਦੇ ਸਨ ਕਿ ਉਹਨਾਂ ਦੇ ਜਿਊਂਦੇ ਜਾਗਦੇ, ਬੂਟਾਂ ਵਾਲੇ ਪੈਰ ਹੋਣ ਦਾ ਪ੍ਰਭਾਵ ਪੈਂਦਾ ਸੀ।
“ਇਹਨਾਂ ਦੇ ਓਪਰੋਂ ਪਾ ਲਓ ਓਵਰਸ਼ੂਜ਼, ਤੇ ਫਿਰ ਭਾਵੇਂ ਵਿਆਹ ਕਰਾਉਣ ਤੁਰ ਜਾਈਂ,” ਕਾਰੀਗਰ ਨੇ ਆਪਣੀਆਂ ਐਨਕਾਂ ਦੇ ਉਪਰੋਂ ਦੀ ਆਪਣੀ ਕਾਰੀਗਰੀ ਵੱਲ ਪ੍ਰਸ਼ੰਸਾਮਈ ਢੰਗ ਨਾਲ ਤੱਕਦਿਆਂ ਕਿਹਾ। “ਵਾਸਿਲੀ ਵਾਸਿਲੀਏਵਿਚ ਨੇ ਆਪ ਇਹਨਾਂ ਦੀ ਸਾਈ ਦਿੱਤੀ ਸੀ। ‘ਜ਼ੁਈਏਵ’, ਉਹ ਕਹਿਣ ਲੱਗਾ, ‘ਐਸਾ ਪੈਰਾਂ ਦਾ ਜੋੜਾ ਬਣਾ ਜਿਹੜਾ ਅਸਲੀ ਪੈਰਾਂ ਨਾਲੋਂ ਵੀ ਚੰਗਾ ਹੋਵੇ ।’ ਸੋ, ਆਹ ਲਓ! ਜੂਈਏਵ ਨੇ ਬਣਾ ਦਿੱਤਾ ਹੈ। ਬਾਦਸ਼ਾਹਾਂ ਦੇ ਪਹਿਨਣਯੋਗ ਹੈ!”
ਬਣਾਵਟੀ ਪੈਰਾਂ ਨੂੰ ਦੇਖ ਦੇ ਮਰੇਸੇਯੇਵ ਦਾ ਦਿਲ ਬੈਠ ਗਿਆ; ਉਸਦਾ ਦਿਲ ਬੈਠ ਗਿਆ, ਜੰਮ ਗਿਆ, ਪਰ ਇਹ ਭਾਵਨਾ ਜਲਦੀ ਹੀ ਖ਼ਤਮ ਹੋ ਗਈ ਤੇ ਇਸਦੀ ਥਾਂ ਇਸ ਉਤਸੁਕਤਾ ਨੇ ਲੈ ਲਈ ਕਿ ਉਹਨਾਂ ਨੂੰ ਪਾ ਕੇ ਅਜ਼ਮਾਇਆ ਜਾਏ, ਉਹਨਾਂ ਨਾਲ ਤੁਰਿਆ ਜਾਏ, ਬਿਨ੍ਹਾਂ ਕਿਸੇ ਸਹਾਇਤਾ ਦੇ । ਉਸਨੇ ਆਪਣੀਆਂ ਲੱਤਾਂ ਦੇ ਮੁੱਢ ਜਲਦੀ ਨਾਲ ਕੰਬਲ ਹੇਠੋਂ ਕੱਢੇ ਤੇ ਬਜ਼ੁਰਗ ਨੂੰ ਜਲਦੀ ਜਲਦੀ ਉਹ ਬੂਟ ਪਾ ਦੇਣ ਲਈ ਕਹਿਣ ਲੱਗਾ । ਪਰ ਬਜ਼ੁਰਗ ਨੂੰ, ਜਿਸਦੇ ਕਹਿਣ ਅਨੁਸਾਰ, ਬਹੁਤ ਪਹਿਲਾਂ, ਇਨਕਲਾਬ ਤੋਂ ਪਹਿਲਾਂ ਉਸਨੇ ਕਿਸੇ “ਵੱਡੇ ਰਾਜਕੁਮਾਰ” ਲਈ ਬਣਾਉਟੀ ਪੈਰ ਬਣਾਇਆ ਸੀ, ਜਿਹੜਾ ਘੁੜਦੌੜ ਦੇ ਦੌਰਾਨ ਆਪਣੀ ਲੱਤ ਤੁੜਵਾ ਬੈਠਾ ਸੀ, ਕਾਹਲੀ ਕਰਨਾ ਪਸੰਦ ਨਹੀਂ ਸੀ । ਉਸਨੂੰ ਆਪਣੇ ਕੰਮ ਉੱਤੇ ਬਹੁਤ ਮਾਨ ਸੀ ਤੇ ਉਹ ਆਪਣੇ ਗਾਹਕ ਦੀ ਸਾਈ ਉੱਤੇ ਬਣਾਈ ਚੀਜ਼ ਉਸਦੇ ਹਵਾਲੇ ਕਰਨ ਉੱਤੇ ਜਿਹੜੀ ਖੁਸ਼ੀ ਮਿਲਦੀ ਹੈ, ਉਸਨੂੰ ਲਮਕਾਉਣਾ ਚਾਹੁੰਦਾ ਸੀ।
ਉਸਨੇ ਆਪਣੀਆਂ ਬਾਹਵਾਂ ਨਾਲ ਬਣਾਵਟੀ ਪੈਰਾਂ ਨੂੰ ਪੂੰਝਿਆ, ਆਪਣੀ ਉਂਗਲ ਦੇ ਨਹੁੰ ਨਾਲ ਇੱਕ ਪੈਰ ਉੱਤੇ ਲੱਗੇ ਕਿਸੇ ਦਾਗ਼ ਨੂੰ ਖਰੋਚਿਆ, ਉਸ ਦਾਗ ਉੱਤੇ ਸਾਹ ਲਿਆ ਤੇ ਉਸਨੂੰ ਆਪਣੇ ਦੁੱਧ ਚਿੱਟੇ ਚੋਗੇ ਦੇ ਨਾਲ ਰਗੜ ਕੇ ਪਾਲਸ਼ ਕੀਤਾ। ਫਿਰ ਦੋਵੇਂ ਬਣਾਵਟੀ ਪੈਰ ਜ਼ਮੀਨ ਉੱਤੇ ਰੱਖ ਦਿੱਤੇ, ਜਿਸ ਚੀਜ਼ ਵਿੱਚ ਉਹ ਲਪੇਟੇ ਹੋਏ ਸਨ, ਉਸਨੂੰ ਜੋੜਿਆਂ ਤੇ ਜੇਬ ਵਿੱਚ ਪਾ ਲਿਆ।
“ਚੱਲ ਆ ਬਜ਼ੁਰਗਾ, ਕੀ ਦੇਰ ਕਰਨ ਡਿਹੈਂ,” ਮਰੇਸੇਯੇਵ ਨੇ ਮੰਜੀ ਉੱਤੇ ਬੈਠਦਿਆਂ ਬੇਸਬਰੀ ਨਾਲ ਕਿਹਾ।
ਉਹ ਹੁਣ ਆਪਣੀਆਂ ਲੱਤਾਂ ਦੀਆਂ ਰੁੰਡ ਮਰੁੰਡ ਮੁੱਢੀਆਂ ਵੱਲ ਕਿਸੇ ਓਪਰੇ ਬੰਦੇ ਵਾਲੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ ਤੇ ਉਹਨਾਂ ਨਾਲ ਸੰਤੁਸ਼ਟ ਹੋ ਗਿਆ ਲੱਗਦਾ ਸੀ । ਇਹ ਮਜ਼ਬੂਤ ਦੇ ਨਸਦਾਰ ਲੱਗਦੀਆਂ ਸਨ, ਤੇ ਚਰਬੀ ਬਿਲਕੁਲ ਨਹੀਂ ਸੀ ਜਿਹੜੀ ਮਜ਼ਬੂਰਨ ਅਹਿੱਲਤਾ ਕਾਰਨ ਅਕਸਰ ਇਕੱਠੀ ਹੋ ਜਾਂਦੀ ਹੈ, ਸਗੋਂ ਮਜ਼ਬੂਤ ਪੱਠੇ ਸਨ ਜਿਹੜੇ ਸਾਂਵਲੇ ਮਾਸ ਹੇਠਾਂ ਲਹਿਰਾਉਂਦੇ ਦਿਖਾਈ ਦੇਂਦੇ ਸਨ, ਜਿਵੇਂ ਕਿ ਉਹ ਮੁੱਢੀਆਂ ਦੇ ਪੱਠੇ ਨਾ ਹੋਣ ਸਗੋਂ ਕਿਸੇ ਐਸੇ ਆਦਮੀ ਦੇ ਸਵਸਥ ਅੰਗ ਹੋਣ ਜਿਹੜਾ ਬਹੁਤ ਸਾਰਾ ਤੇਜ਼ ਤੇਜ਼ ਚੱਲਦਾ ਰਿਹਾ ਹੋਵੇ।
“ਚੱਲ ਆ, ‘ਚੱਲ ਆ’ ਕੀ ਹੋਇਆ ? ਕਹਿਣਾ ਸੌਖਾ ਹੁੰਦੈ, ਕਰਨਾ ਔਖਾ,” ਬਜ਼ੁਰਗ ਬੁੜਬੁੜਾਇਆ। “ਵਾਸਿਲੀ ਵਾਸਿਲੀਏਵਿਚ ਮੈਨੂੰ ਕਹਿਣ ਲੱਗਾ, ‘ਜ਼ੁਈਏਵ’, ਉਹ ਬੋਲਿਆ, ‘ਐਸਾ ਸੋਹਣਾ ਜੋੜਾ ਬਣਾ, ਜਿਹੋ ਜਿਹਾ ਤੂੰ ਸਾਰੀ ਜ਼ਿੰਦਗੀ ਨਾ ਬਣਾਇਆ ਹੋਵੇ | ਇਹ ਲੈਫ਼ਟੀਨੈਂਟ’, ਉਹ ਕਹਿਣ ਲੱਗਾ, ‘ਬਿਨ੍ਹਾਂ ਪੈਰਾਂ ਦੇ ਜਹਾਜ਼ ਉਡਾਉਣਾ ਚਾਹੁੰਦਾ ਹੈ।’ ਤੇ ਮੈਂ ਫਿਰ ਹੁਣ ਬਣਾ ਦਿੱਤੇ ਨੇ ! ਆਹ ਪਏ ਜੇ, ਲਓ ! ਇਹੋ ਜਿਹੇ ਪੈਰਾਂ ਨਾਲ ਸਿਰਫ ਤੁਰਨਾ ਹੀ ਕੀ, ਬਾਇਸਾਇਕਲ ਚਲਾਇਆ ਜਾ ਸਕਦੈ, ਸਵਾਣੀਆਂ ਨਾਲ ‘ਪੋਲਕਾ’ ਨੱਚਿਆ ਜਾ ਸਕਦੈ । ਕਿਆ ਸੋਹਣਾ ਕੰਮ ਕੀਤੈ!”
ਉਸਨੇ ਅਲੈਕਸੇਈ ਦੀ ਸੱਜੀ ਲੱਤ ਦੀ ਮੁੱਢੀ ਨੂੰ ਬਣਾਵਟੀ ਪੈਰ ਦੇ ਨਰਮ, ਊਨੀ ਖੋਲ ਵਿੱਚ ਪਾ ਦਿੱਤਾ, ਇਸਨੂੰ ਪੱਟਿਆਂ ਨਾਲ ਘੁੱਟ ਕੇ ਬੰਨ੍ਹ ਦਿੱਤਾ, ਫਿਰ ਪਿੱਛੇ ਹੋ ਕੇ ਖੜ੍ਹੋ ਗਿਆ ਤੇ ਆਪਣੀ ਜ਼ਬਾਨ ਚਟਾਖ ਚਟਾਖ ਕੇ ਇਸਦੀ ਤਾਰੀਫ਼ ਕਰਨ ਲੱਗਾ।
“ਸੋਹਣਾ ਬੂਟ ਏ ! ਤੰਗ ਤਾਂ ਨਹੀਂ ਕਰਦਾ? ਜ਼ੁਈਏਵ ਨਾਲੋਂ ਚੰਗਾ ਕਾਰੀਗਰ ਤੁਹਾਨੂੰ ਸਾਰੇ ਮਾਸਕੋ ਵਿੱਚ ਕਿਤੇ ਨਹੀ ਮਿਲੇਗਾ। ਸੋਨੇ ਦੇ ਹੱਥ ਨੇ ਜ਼ੁਈਏਵ ਦੇ ।”
ਉਸਨੇ ਸ਼ੁਹਲੇ ਹੱਥਾਂ ਨਾਲ ਦੂਜਾ ਪੈਰ ਵੀ ਪਵਾਇਆ, ਪਰ ਉਹ ਅਜੇ ਮਸਾਂ ਪਟੇ ਬੰਨ੍ਹ ਕੇ ਹਟਿਆ ਹੀ ਸੀ ਮਰੇਸੇਯੇਵ ਇੱਕਦਮ ਹਜੋਕੇ ਨਾਲ ਉਛਲਿਆ ਤੇ ਮੰਜੇ ਤੋਂ ਹੇਠਾਂ ਫਰਸ਼ ਉੱਤੇ ਖੜੋ ਗਿਆ । ਧੜੱਮ ਦਾ ਮੱਧਮ ਜਿਹਾ ਖੜਾਕ ਆਇਆ । ਮਰੇਸੇਯੇਵ ਦੀ ਪੀੜ ਨਾਲ ਚੀਕ ਨਿਕਲ ਗਈ ਤੇ ਉਹ ਮੰਜੇ ਦੇ ਨਾਲ ਕਰਕੇ ਚੁਫ਼ਾਲ ਹੇਠਾ ਡਿੱਗ ਪਿਆ।
ਬਜ਼ੁਰਗ ਕਾਰੀਗਰ ਦੀਆਂ ਹੈਰਾਨੀ ਵਿੱਚ ਐਨਕਾਂ ਮੱਥੇ ਉੱਤੇ ਜਾ ਟਿਕੀਆਂ । ਉਸਨੂੰ ਆਪਣੇ ਗਾਹਕ ਤੋਂ ਏਨੀਂ ਜਲਦਬਾਜ਼ੀ ਦੀ ਉਮੀਦ ਨਹੀਂ ਸੀ । ਮਰੇਸੇਯੇਵ ਸੁੰਨ ਹੋਇਆ ਬੇਵਸ ਫਰਸ਼ ਉੱਤੇ ਪਿਆ ਸੀ, ਉਸਦੇ ਬੂਟਾਂ ਵਾਲੇ ਬਣਾਉਟੀ ਪੈਰ ਫ਼ੈਲੇ ਹੋਏ ਸਨ। ਉਸਦੀਆਂ ਅੱਖਾਂ ਵਿੱਚ ਘਬਰਾਹਟ, ਠੇਸ ਤੇ ਡਰ ਦਾ ਪ੍ਰਗਟਾਅ ਸੀ । ਕਿ ਉਹ ਸੱਚਮੁਚ ਆਪਣੇ ਆਪ ਨੂੰ ਧੋਖਾ ਦੇਂਦਾ ਰਿਹਾ ਸੀ ?
ਹੈਰਾਨੀ ਵਿੱਚ ਆਪਣੇ ਹੱਥ ਅੱਗੇ ਨੂੰ ਜੋੜਦੀ ਹੋਈ ਕਲਾਵਦੀਆ ਮਿਖਾਇਲੋਵਨਾ ਉਸ ਵੱਲ ਦੌੜੀ। ਬਜ਼ੁਰਗ ਕਾਰੀਗਰ ਦੀ ਸਹਾਇਤਾ ਨਾਲ ਉਸਨੇ ਅਲੈਕਸੇਈ ਨੂੰ ਚੁੱਕਿਆ ਤੇ ਉਸਦੇ ਮੰਜੇ ਉੱਤੇ ਬਿਠਾ ਦਿੱਤਾ। ਉਹ ਜਿਵੇਂ ਕੁਚਲਿਆ ਹੋਇਆ, ਫ਼ਿਸਿਆ ਹੋਇਆ, ਉਥੇ ਬੈਠਾ ਸੀ; ਉਸਦੇ ਮੂੰਹ ਤੋਂ ਮਾਯੂਸੀ ਟਪਕ ਰਹੀ ਸੀ।
“ਏ, ਏ, ਨੌਜਵਾਨ, ਇੰਝ ਨਹੀਂ, ਇੰਝ ਬਿਲਕੁਲ ਨਹੀਂ,” ਬਜ਼ੁਰਗ ਕਾਰੀਗਰ ਮੂੰਹ ਵਿੱਚ ਬੋਲਿਆ । “ਹੱਤ, ਤੇਰੀ, ਇੰਝ ਭੁੜਕ ਪਿਐਂ, ਜਿਸ ਤਰ੍ਹਾਂ, ਇਹਨੂੰ ਸੱਚਮੁਚ ਦੇ ਹੀ ਪੈਰ ਲਾ ਦਿੱਤੇ ਹੋਣ। ਪਰ ਪਿਆਰੇ ਦੋਸਤ, ਇੰਝ ਮੂੰਹ ਲਮਕਾ ਕੇ ਬੈਠਣ ਦਾ ਵੀ ਕੋਈ ਕਾਰਨ ਨਹੀਂ। ਹੁਣ ਤੇਰਾ ਕੰਮ ਇਹ ਹੈ ਕਿ ਮੁੱਢੋਂ-ਸੁੱਢੋਂ ਸ਼ੁਰੂ ਕਰ । ਭੁੱਲ ਜਾਹ ਕਿ ਤੂੰ ਸਿਪਾਹੀ ਰਿਹਾ ਹੈਂ, ਤੂੰ ਨੰਨ੍ਹਾਂ-ਮੁੰਨ੍ਹਾਂ ਬੱਚਾ ਹੈਂ, ਪਹਿਲਾਂ ਛੋਟੇ ਛੋਟੇ ਕਦਮ ਪੁੱਟ, ਛੋਟੇ ਛੋਟੇ ਕਦਮਾਂ ਨਾਲ ਚੱਲਣਾ ਸਿੱਖ, ਪਹਿਲਾਂ ਭੌੜੀਆਂ ਨਾਲ, ਫਿਰ ਕੰਧ ਦਾ ਆਸਰਾ ਲੈ ਕੇ, ਫਿਰ ਸੋਟੀ ਫ਼ੜ ਕੇ। ਹਾਂ, ਇੱਕਦਮ ਨਹੀਂ, ਸਗੋਂ ਥੋਹੜਾ ਥੋਹੜਾ ਕਰਕੇ। ਤੇ ਇਹ ਦੇਖੋ— ਭੁੜਕ ਪਿਆ ! ਇਹ ਪੈਰ ਚੰਗੇ ਨੇ, ਪਰ ਤੇਰੇ ਆਪਣੇ ਨਹੀਂ । ਉਹੋ ਜਿਹੇ ਪੈਰ ਤਾਂ, ਪਿਆਰੇ, ਤੈਨੂੰ ਕੋਈ ਵੀ ਮੁੜ ਕੇ ਨਹੀਂ ਦੇ ਸਕਦਾ, ਜਿਹੋ ਜਿਹੇ ਤੇਰੇ ਮਾਂ ਪਿਉ ਨੇ ਤੈਨੂੰ ਬਣਾ ਕੇ ਦਿੱਤੇ ਸਨ ।”
ਇਸ ਬਦਕਿਸਮਤ ਛਾਲ ਮਗਰੋਂ ਅਲੈਕਸੇਈ ਦੀਆਂ ਲੱਤਾਂ ਪੀੜ ਹੋ ਰਹੀਆਂ ਸਨ, ਪਰ ਤਾਂ ਵੀ ਉਹ ਬਣਾਉਟੀ ਪੈਰਾਂ ਨੂੰ ਤੁਰੰਤ ਅਜ਼ਮਾਉਣਾ ਚਾਹੁੰਦਾ ਸੀ । ਉਸਨੂੰ ਹਲਕੀਆਂ, ਐਲੂਮੀਨੀਅਮ ਦੀਆਂ ਬਣੀਆਂ ਭੌੜੀਆਂ ਦਾ ਜੋੜਾ ਲਿਆ ਕੇ ਦਿੱਤਾ ਗਿਆ। ਉਸਨੇ ਇਹਨਾਂ ਦੇ ਸਿਰਿਆਂ ਨੂੰ ਜ਼ਮੀਨ ਉੱਤੇ ਟਿਕਾਇਆ, ਗੱਦਿਆਂ ਨੂੰ ਆਪਣੀਆਂ ਕੱਛਾ ਵਿੱਚ ਰੱਖਿਆ ਤੇ ਇਸ ਵਾਰੀ ਹੌਲ਼ੀ ਹੌਲ਼ੀ ਤੇ ਧਿਆਨ ਨਾਲ, ਤਿਲਕ ਕੇ ਆਪਣੇ ਮੰਜੇ ਤੋਂ ਉੱਠਿਆ ਤੇ ਆਪਣੇ ਪੈਰਾਂ ਉੱਤੇ ਖੜੋ ਗਿਆ। ਤੇ ਸੱਚਮੁਚ, ਉਸਨੇ ਇਸੇ ਤਰ੍ਹਾਂ ਹੀ ਕਦਮ ਪੁੱਟੇ ਜਿਵੇਂ ਕੋਈ ਬੱਚਾ ਅਜੇ ਤੁਰਨਾ ਸਿੱਖ ਰਿਹਾ ਹੋਵੇ, ਜਿਹੜਾ ਅੰਦਰੋਂ ਮਹਿਸੂਸ ਕਰਦਾ ਹੋਵੇ ਕਿ ਉਹ ਤੁਰ ਸਕਦਾ ਹੈ ਪਰ ਜਿਹੜਾ ਕੰਧ ਦੇ ਬਚਾਊ ਆਸਰੇ ਨੂੰ ਛੱਡਣ ਤੋਂ ਡਰਦਾ ਹੋਵੇ। ਜਿਸ ਤਰਾਂ ਕੋਈ ਮਾਂ ਜਾਂ ਦਾਦੀ ਬੱਚੇ ਦੀ ਛਾਤੀ ਦੁਆਲੇ ਸਾਫ਼ਾ ਵਲੀ ਉਸਨੂੰ ਪਹਿਲੀ ਵਾਰੀ ਤੁਰਾ ਰਹੀ ਹੋਵੇ, ਕਲਾਵਦੀਆ ਮਿਖਾਇਲੋਵਨਾ ਨੇ ਬੜੇ ਧਿਆਨ ਨਾਲ ਉਸਨੂੰ ਇੱਕ ਪਾਸਿਉਂ ਤੇ ਬਜ਼ੁਰਗ ਕਾਰੀਗਰ ਨੇ ਦੂਜੇ ਪਾਸਿਉਂ ਆਸਰਾ ਦਿੱਤਾ ਹੋਇਆ ਸੀ । ਜਿੱਥੇ ਪੈਰਾਂ ਨੂੰ ਲੱਤਾਂ ਨਾਲ ਬੰਨਿਆ ਗਿਆ ਸੀ, ਉੱਥੇ ਸਖ਼ਤ ਦਰਦ ਮਹਿਸੂਸ ਕਰਦਾ ਹੋਇਆ, ਉਹ ਜ਼ਰਾ ਕੁ ਖੜਾ ਰਿਹਾ। ਫਿਰ ਝਿਜਕਦਿਆਂ ਝਿਜਕਦਿਆਂ ਉਸਨੇ ਪਹਿਲਾਂ ਇੱਕ ਭੌੜੀ ਤੇ ਫਿਰ ਦੂਜੀ ਭੌੜੀ ਅੱਗੇ ਰੱਖੀ, ਆਪਣੇ ਸਰੀਰ ਦਾ ਭਾਰ ਉਹਨਾਂ ਉੱਤੇ ਟਿਕਾਇਆ, ਪਹਿਲਾਂ ਇੱਕ ਪੈਰ ਅੱਗੇ ਪੁੱਟਿਆ ਤੇ ਫਿਰ ਦੂਜਾ ਪੈਰ। ਪਹਿਲਾਂ ਚਮੜੇ ਦੀ ਚੀਂ-ਚੀਂ ਤੇ ਫਿਰ ਫਰਸ਼ ਉੱਤੇ ਦੋ ਵਾਰੀ ਉੱਚੀ ਉੱਚੀ ਥਪ ਥਪ ਸੁਣਾਈ ਦਿੱਤੀ।
“ਆਹਾ, ਇਹ ਸ਼ੁੱਭ ਘੜੀ ਹੋਵੇ, ਸ਼ੁੱਭ ਘੜੀ!” ਬਜ਼ੁਰਗ ਕਾਰੀਗਰ ਫੁਸਫਸਾਇਆ।
ਮਰੇਸੇਯੇਵ ਨੇ ਬੜੇ ਧਿਆਨ ਨਾਲ ਕੁਝ ਹੋਰ ਕਦਮ ਪੁੱਟੇ,ਪਰ ਆਪਣੇ ਬਣਾਉਟੀ ਪੈਰਾਂ ਨਾਲ ਚੁੱਕੇ ਇਹਨਾਂ ਪਹਿਲੇ ਕਦਮਾਂ ਉੱਤੇ ਉਸਦਾ ਏਨਾਂ ਜ਼ੋਰ ਲੱਗ ਗਿਆ ਕਿ ਦਰਵਾਜ਼ੇ ਤੱਕ ਪੁੱਜਣ ਤੇ ਵਾਪਸ ਮੰਜੇ ਤੱਕ ਆਉਣ ਤੋਂ ਮਗਰੋਂ ਉਸਨੂੰ ਇੰਝ ਮਹਿਸੂਸ ਹੋਣ ਲੱਗਾ ਜਿਵੇਂ ਉਸਨੇ ਆਟੇ ਦੀ ਬੋਰੀ ਚੁੱਕ ਕੇ ਚਾਰ ਮੰਜ਼ਲਾਂ ਉੱਪਰ ਲਿਆਂਦੀ ਹੋਵੇ । ਉਹ ਮੂੰਹ ਹੇਠਾਂ ਕਰਕੇ ਮੰਜੇ ਉੱਤੇ ਜਾ ਪਿਆ। ਉਸਨੂੰ ਖੂਬ ਮੁੜਕਾ ਆ ਰਿਹਾ ਸੀ, ਤੇ ਉਹ ਏਨਾਂ ਕਮਜ਼ੋਰ ਮਹਿਸੂਸ ਕਰ ਰਿਹਾ ਸੀ ਕਿ ਸਿੱਧਾ ਹੋਣਾ ਵੀ ਉਸਨੂੰ ਮੁਸ਼ਕਲ ਲੱਗਦਾ ਸੀ।
“ਸੋ, ਕੈਸੇ ਲੱਗੇ ? ਚੱਲ, ਰੱਬ ਦਾ ਸ਼ੁਕਰ ਕਰ ਕਿ ਦੁਨੀਆਂ ਵਿੱਚ ਜ਼ੂਈਏਵ ਵਰਗਾ ਕੋਈ ਕਾਰੀਗਰ ਹੈ”, ਬੁੱਢਿਆਂ ਵਾਂਗ ਕਾਰੀਗਰ ਸ਼ੇਖੀਆਂ ਮਾਰਨ ਲੱਗਾ; ਉਸਨੇ ਧਿਆਨ ਨਾਲ ਪਟੇ ਖੋਹਲੇ ਤੇ ਅਲੈਕਸੇਈ ਦੀਆਂ ਲੱਤਾਂ ਨੂੰ ਅਜ਼ਾਦ ਕੀਤਾ, ਜਿਹੜੀਆਂ ਉਸ ਭਾਰ ਨਾਲ ਜ਼ਰਾ ਕੁ ਸੁੱਜ ਚੁੱਕੀਆਂ ਸਨ, ਜਿਸ ਦੀ ਉਹਨਾਂ ਨੂੰ ਆਦਤ ਨਹੀਂ ਸੀ। “ਇਹ ਪਾ ਕੇ ਤਾਂ ਤੂੰ ਸਿਰਫ ਉੱਡ ਹੀ ਨਹੀਂ ਸਕਦਾ, ਸਗੋਂ ਉੱਡ ਕੇ ਬਿਲਕੁਲ ਰੱਬ ਤੱਕ ਜਾ ਸਕਦਾ ਹੈ। ਕਿਆ ਚੀਜ਼ ਬਣਾਈ ਹੈ!”
“ਸ਼ੁਕਰੀਆ, ਸ਼ੁਕਰੀਆ, ਬਾਬਾ, ਕੰਮ ਬੜਾ ਸੋਹਣਾ ਹੈ,” ਅਲੈਕਸੇਈ ਆਪਣੇ ਬੁੱਲ੍ਹਾਂ ਵਿੱਚ ਹੀ ਬੋਲਿਆ।
ਕਾਰੀਗਰ ਕੁਝ ਦੇਰ ਜੱਕੋ-ਤੱਕੇ ਵਿੱਚ ਖੜਾ ਰਿਹਾ ਜਿਵੇਂ ਉਹ ਕੋਈ ਸਵਾਲ ਪੁੱਛਣਾ ਚਾਹੁੰਦਾ ਹੋਵੇ, ਪਰ ਪੁੱਛਣ ਦੀ ਹਿੰਮਤ ਨਾ ਪੈਂਦੀ ਹੋਵੇ ਜਾਂ ਸ਼ਾਇਦ ਆਸ ਰੱਖ ਰਿਹਾ ਹੋਵੇ ਕਿ ਉਸਤੋਂ ਕੋਈ ਸਵਾਲ ਪੁੱਛਿਆ ਜਾਏਗਾ। ਆਖ਼ਰ ਮਾਯੂਸੀ ਨਾਲ ਠੰਡਾ ਸਾਹ ਭਰਦਿਆਂ, ਉਸਨੇ ਹੌਲ਼ੀ ਹੌਲ਼ੀ ਦਰਵਾਜ਼ੇ ਵੱਲ ਜਾਂਦਿਆਂ ਕਿਹਾ: “ਚੰਗਾ ਫਿਰ, ਅਲਵਿਦਾ । ਤੈਨੂੰ ਇਹ ਸੁਹੰਢਣੇ ਹੋਣ!”
ਪਰ ਅਜੇ ਉਹ ਦਰਵਾਜ਼ੇ ਤੱਕ ਵੀ ਨਹੀਂ ਸੀ ਪੁੱਜਾ ਕਿ ਸਤਰੂਚਕੋਵ ਨੇ ਉਸਨੂੰ ਮਗਰੋਂ ਅਵਾਜ਼ ਦਿੱਤੀ:
“ਹੇ, ਬਜ਼ੁਰਗ ਕਾਰੀਗਰ ! ਆਹ ਲੈ, ਤੇ ਬਾਦਸ਼ਾਹਾਂ ਦੀ ਸ਼ਾਨ ਦੇ ਸ਼ਾਇਆਂ ਬਣਾਉਟੀ ਪੈਰ ਬਣਾਉਣ ਦੀ ਖੁਸ਼ੀ ‘ਚ ਜ਼ਰਾ ਪੀ ਲਈਂ,” ਤੇ ਉਸਨੇ ਉਸਦੀ ਮੁੱਠੀ ਵਿੱਚ ਸਾਖ ਪੱਤਰਾਂ ਦੀ ਦੱਬੀ ਫੜਾ ਦਿੱਤੀ।
“ਅੱਛਾ, ਸ਼ੁਕਰੀਆ, ਸ਼ੁਕਰੀਆ” ਬਜ਼ੁਰਗ ਖਿੜ ਗਿਆ, “ਇਹੋ ਜਿਹੇ ਮੌਕੇ ਉੱਤੇ ਕੌਣ ਨਹੀਂ ਪੀਣਾ ਚਾਹੇਗਾ।” ਤੇ ਆਪਣੇ ਚੋਗੇ ਨੂੰ ਇਸ ਤਰ੍ਹਾਂ ਨਾਲ ਉੱਪਰ ਚੁੱਕਦਿਆਂ ਜਿਵੇਂ ਕਿ ਇਹ ਕਾਰੀਗਰ ਦੀ ਏਪਰਨ ਹੋਵੇ, ਉਸਨੇ ਬੜੇ ਫੂਕ ਲੈਂਦੇ ਅੰਦਾਜ਼ ਨਾਲ ਕਿਸੇ ਪਿਛਲੀ ਜੇਬ ਵਿੱਚ ਪੈਸੇ ਪਾ ਲਏ । “ਸ਼ੁਕਰੀਆ, ਜ਼ਰੂਰ ਪੀਆਂਗੇ। ਤੇ ਜਿੱਥੋਂ ਤੱਕ ਇਹਨਾਂ ਬੂਟਾਂ ਦਾ ਸਵਾਲ ਹੈ, ਸੱਚਮੁਚ ਮੈਂ ਰੂਹ ਨਾਲ ਬਣਾਏ ਨੇ । ਵਾਸਿਲੀ ਵਾਸਿਲੀਏਵਿਚ ਕਹਿਣ ਲੱਗਾ, ‘ਜ਼ੁਈਏਵ! ਇਹ ਬੜਾ ਖਾਸ ਕੇਸ ਹੈ । ਆਪਣੀ ਪੂਰੀ ਕਾਰੀਗਰੀ ਲਾ ਦੇਵੀਂ।’ ਭਲਾਂ ਜ਼ੁਈਏਵ ਨੇ ਕਦੀ ਐਸੀ ਚੀਜ਼ ਵੀ ਕੋਈ ਬਣਾਈ ਹੈ, ਜਿਸ ਵਿੱਚ ਆਪਣੀ ਪੂਰੀ ਕਾਰੀਗਰੀ ਨਾ ਲਾਈ ਹੋਵੇ | ਜੇ ਤੂੰ ਉਹਨੂੰ, ਵਾਸਿਲੀ ਵਾਸਿਲੀਏਵਿਚ ਨੂੰ ਕਿਤੇ ਮਿਲੇ, ਤਾਂ ਉਸਨੂੰ ਦੱਸ ਦੇਵੀਂ ਕਿ ਵਧੀਆ ਕੰਮ ਹੋਇਐ।”
ਇਹ ਕਹਿੰਦਿਆਂ ਬਜ਼ੁਰਗ ਸਿਰ ਝੁਕਾਉਂਦਾ ਹੋਇਆ ਤੇ ਮੂੰਹ ਵਿੱਚ ਕੁਝ ਬੋਲਦਾ ਹੋਇਆ ਵਾਰਡ ਵਿੱਚੋਂ ਚਲਾ ਗਿਆ । ਮਰੇਸੇਯੇਵ ਆਪਣੇ ਮੰਜੇ ਦੇ ਨਾਲ ਕਰਕੇ ਫ਼ਰਸ਼ ਉੱਤੇ ਪਏ ਆਪਣੇ ਨਵੇਂ ਪੈਰਾਂ ਵੱਲ ਦੇਖਦਾ ਪਿਆ ਰਿਹਾ, ਤੇ ਉਹ ਉਹਨਾਂ ਵੱਲ ਜਿਨ੍ਹਾਂ ਜ਼ਿਆਦਾ ਦੇਖਦਾ, ਓਨਾ ਹੀ ਜ਼ਿਆਦਾ ਉਸਨੂੰ ਉਹਨਾਂ ਦੀ ਸਿਆਣੀ ਬਣਤਰ, ਉਹਨਾਂ ਉੱਪਰ ਹੋਇਆ ਕਾਰੀਗਰ ਕੰਮ ਤੇ ਉਹਨਾਂ ਦਾ ਹਲਕਾਪਣ ਚੰਗਾ ਚੰਗਾ ਲੱਗਣ ਲੱਗ ਪਿਆ। “ਬਾਈਸਾਇਕਲ ਚਲਾਇਆ ਜਾ ਸਕਦੈ, ਸਵਾਣੀਆਂ ਨਾਲ ‘ਪੋਲਕਾ ਨੱਚਿਆ ਜਾ ਸਕਦੈ, ਹਵਾਈ ਜਹਾਜ਼ ਉਡਾਉਣਾ ਕੀ, ਉਡਾ ਕੇ ਠੀਕ ਰੱਬ ਤੱਕ ਜਾਇਆ ਜਾ ਸਕਦੈ।” “ਹਾਂ, ਕਰਾਂਗਾ, ਸਭ ਕੁਝ ਕਰਾਂਗਾ !” ਉਸਨੇ ਮਨ ਵਿੱਚ ਕਿਹਾ।
ਉਸਨੇ ਓਲਿਆ ਨੂੰ ਲੰਮੀ ਤੇ ਪ੍ਰਸੰਨ ਚਿੱਠੀ ਲਿਖੀ ਜਿਸ ਵਿੱਚ ਉਸਨੇ ਉਸਨੂੰ ਦੱਸਿਆ ਕਿ ਨਵਾਂ ਹਵਾਈ ਜਹਾਜ਼ ਮਿਲਣ ਦਾ ਉਸਦਾ ਕੰਮ ਖ਼ਤਮ ਹੋਣ ਵਾਲ਼ਾ ਹੈ ਤੇ ਉਸਨੂੰ ਆਸ ਸੀ ਕਿ ਪਤਝੜ ਵਿੱਚ, ਜਾਂ ਹੱਦ ਸਰਦੀਆਂ ਵਿੱਚ, ਉਸਦੇ ਮੁਖੀ ਉਸਦੀ ਬੇਨਤੀ ਮੰਨ ਲੈਣਗੇ ਤੇ ਉਸਨੂੰ ਪਿਛਵਾੜੇ ਇਸ ਬੇਰਸ ਕੰਮ ਤੋਂ ਛੁੱਟੀ ਦੇ ਦੇਣਗੇ ਜਿਸਤੋਂ ਉਹ ਬਿਲਕੁਲ ਅੱਕਿਆ ਪਿਆ ਸੀ, ਤੇ ਉਸਨੂੰ ਆਪਣੇ ਵਿੰਗ ਵਿੱਚ ਭੇਜ ਦੇਣਗੇ, ਜਿੱਥੇ ਉਸਦੇ ਸਾਥੀ ਉਸਨੂੰ ਭੁੱਲੇ ਨਹੀਂ, ਸਗੋਂ ਉਸਦੇ ਮੁੜਨ ਦੀ ਉਡੀਕ ਲਾਈ ਬੈਠੇ ਸਨ । ਜਦੋਂ ਦਾ ਉਸ ਦਾ ਹਾਦਸਾ ਹੋਇਆ ਸੀ, ਉਦੋਂ ਤੋਂ ਇਹ ਪਹਿਲੀ ਪ੍ਰਸੰਨਤਾ ਭਰੀ ਚਿੱਠੀ ਸੀ ਜਿਹੜੀ ਉਸਨੇ ਲਿਖੀ ਸੀ, ਆਪਣੀ ਮਹਿਬੂਬਾ ਨੂੰ ਪਹਿਲੀ ਚਿੱਠੀ, ਜਿਸ ਵਿੱਚ ਉਸਨੇ ਲਿਖਿਆ ਸੀ ਕਿ ਉਹ ਹਮੇਸ਼ਾ ਉਸਦੇ ਖਿਆਲਾਂ ਵਿੱਚ ਵਸੀ ਰਹਿੰਦੀ ਹੈ, ਤੇ ਉਹ ਉਸਨੂੰ ਮਿਲਣ ਲਈ ਕਿੰਨਾਂ ਸਹਿਕਦਾ ਹੈ, ਤੇ ਠੀਕ ਹੈ ਕਿ ਭਾਵੇਂ ਬੜੀ ਝਿਜਕ ਨਾਲ ਹੀ, ਉਸਨੂੰ ਆਪਣੇ ਪਿਆਰੇ ਸੁਪਨੇ ਬਾਰੇ ਦੱਸਿਆ ਹੋਇਆ ਸੀ ਕਿ ਜੰਗ ਖ਼ਤਮ ਹੋਣ ਉੱਤੇ ਉਹ ਉਸਨੂੰ ਮੁੜ ਮਿਲੇਗਾ ਤੇ, ਜੇ ਉਸਨੇ ਆਪਣਾ ਮਨ ਨਾ ਬਦਲ ਲਿਆ ਹੋਇਆ, ਤਾਂ ਉਹ ਮਿਲ ਕੇ ਆਪਣਾ ਘਰ ਬਨਾਉਣਗੇ !
ਉਸਨੇ ਉਹ ਚਿੱਠੀ ਕਈ ਵਾਰੀ ਮੁੜ ਮੁੜ ਕੇ ਪੜ੍ਹੀ ਤੇ ਆਖ਼ਰ, ਠੰਡਾ ਸਾਹ ਭਰਦਿਆਂ, ਉਸਨੇ ਬੜੇ ਧਿਆਨ ਨਾਲ ਆਖ਼ਰੀ ਸਤਰਾਂ ਕੱਟ ਦਿੱਤੀਆਂ।
“ਰੁੱਤ-ਵਿਗਿਆਨਕ ਸਾਰਜੰਟ ਨੂੰ ਉਸਨੇ ਪੁਰਜੋਸ਼ ਤੇ ਖੁਸ਼ੀ ਭਰਪੂਰ ਚਿੱਠੀ ਲਿਖੀ, ਜਿਸ ਵਿੱਚ ਉਸਨੇ ਉਸ ਦਿਨ ਦੀਆਂ ਘਟਨਾਵਾਂ ਦਾ ਸੋਹਣੀ ਤਰ੍ਹਾਂ ਵਰਣਨ ਕੀਤਾ ਹੋਇਆ ਸੀ; ਨਾਲ ਹੀ ਬਣਾਉਟੀ ਪੈਰਾਂ ਦੀ ਤਸਵੀਰ ਖਿੱਚੀ ਹੋਈ ਸੀ, ਜਿਹੋ ਜਿਹੇ ਕਦੀ ਕਿਸੇ ਸਹਿਨਸ਼ਾਹ ਦੇ ਵੀ ਨਹੀਂ ਸਨ ਹੋਏ; ਦੱਸਿਆ ਹੋਇਆ ਸੀ ਕਿ ਉਸਨੇ ਪਹਿਲੇ ਕਦਮ ਕਿਵੇਂ ਪੁੱਟੇ, ਤੇ ਉਸਨੂੰ ਬਾਤੂਨੀ ਬਜ਼ੁਰਗ ਕਾਰੀਗਰ ਬਾਰੇ ਤੇ ਉਸ ਵੱਲੋਂ ਕੀਤੀ ਗਈ ਪੇਸ਼ਗੋਈ ਬਾਰੇ ਦੱਸਿਆ ਕਿ ਸਾਈਕਲ ਚਲਾਇਗਾ, ਸਵਾਣੀਆਂ ਨਾਲ ਨਾਚ ਕਰੇਂਗਾ ਤੇ ਉੱਡਦਾ ਉੱਡਦਾ ਅਰਸ਼ਾਂ ਤੱਕ ਜਾਏਂਗਾ। “ਸੋ ਹੁਣ ਵਿੰਗ ਵਿੱਚ ਮੇਰੀ ਉਡੀਕ ਕਰੋ, ਤੇ ਕਮਾਂਡਰ ਨੂੰ ਇਹ ਕਹਿਣਾ ਨਾ ਭੁੱਲਣਾ ਕਿ ਨਵੇਂ ਅੱਡੇ ਉੱਤੇ ਮੇਰੇ ਲਈ ਇੱਕ ਥਾਂ ਜ਼ਰੂਰ ਖਾਲੀ ਰੱਖੇ, ਮਰੇਸੇਯੇਵ ਨੇ ਲਿਖਿਆ ਤੇ ਟੇਢੀਆਂ ਨਜ਼ਰਾਂ ਨਾਲ਼ ਹੇਠਾਂ, ਫ਼ਰਸ਼ ਵੱਲ ਦੇਖਿਆ। ਬਣਾਉਟੀ ਪੈਰ ਇੰਝ ਪਏ ਸਨ ਕਿ ਲੱਗਦਾ ਸੀ ਜਿਵੇਂ ਕੋਈ ਨਵੇਂ ਪੀਲੇ ਬੂਟ ਪਾਈ ਮੰਜੇ ਹੇਠਾਂ ਪੈਰ ਪਸਾਰੀ ਲੰਮਾ ਪਿਆ ਹੋਇਆ ਹੈ। ਅਲੈਕਸੇਈ ਨੇ ਆਸ ਪਾਸ ਨਜ਼ਰ ਮਾਰੀ ਕਿ ਕੋਈ ਉਸਨੂੰ ਦੇਖ ਤਾਂ ਨਹੀਂ ਰਿਹਾ, ਤੇ ਫਿਰ ਝੁਕ ਕੇ ਉਸਨੇ ਠੰਡੇ, ਚਮਕਦੇ ਚਮੜੇ ਉੱਤੇ ਬੜੇ ਪਿਆਰ ਵਿੱਚ ਆ ਕੇ ਹੱਥ ਫੇਰਿਆ।
ਇੱਕ ਹੋਰ ਵੀ ਥਾਂ ਸੀ ਜਿੱਥੇ ਵਾਰਡ ਨੰਬਰ ਬਤਾਲੀ ਵਿੱਚ “ਬਾਦਸ਼ਾਹਾਂ ਦੀ ਸ਼ਾਨ ਦੇ ਸ਼ਾਇਆਂ ਬਣਾਉਟੀ ਪੈਰਾਂ” ਦਾ ਆਉਣਾ ਗਰਮਾ ਗਰਮ ਬਹਿਸ ਦਾ ਵਿਸ਼ਾ ਬਣਿਆ ਹੋਇਆ ਸੀ; ਇਹ ਸੀ ਮਾਸਕੋ ਯੂਨੀਵਰਸਿਟੀ ਦੇ ਡਾਕਟਰੀ ਵਿਭਾਗ ਦਾ ਤੀਜੇ ਸਾਲ ਦਾ ਕੋਰਸ । ਇਸ ਕੋਰਸ ਦੇ ਸਾਰੇ ਮਹਿਲਾ ਵਿਭਾਗ ਨੂੰ, ਤੇ ਇਹ ਉਸ ਸਮੇਂ ਕਿਤੇ ਜ਼ਿਆਦਾ ਵੱਡਾ ਹਿੱਸਾ ਹੁੰਦਾ ਸੀ, ਅਨਿਊਤਾ ਰਾਹੀ ਵਾਰਡ ਨੰਬਰ ਬਤਾਲੀ ਦੇ ਮਾਮਲਿਆਂ ਦੀ ਸੂਚਨਾ ਰਹਿੰਦੀ ਸੀ। ਅਨਿਊਤਾ ਨੂੰ ਆਪਣੇ ਚਿੱਠੀ ਪੱਤਰ ਉੱਤੇ ਮਾਨ ਸੀ, ਤੇ ਉਫ਼, ਲੈਫ਼ਟੀਨੈਂਟ ਗਵੋਜ਼ਦਿਓਵ ਦੀਆਂ ਚਿੱਠੀਆਂ, ਜਿਹੜੀਆਂ ਸ਼ਰੇਆਮ ਪੜ੍ਹ ਕੇ ਸੁਨਾਉਣ ਲਈ ਨਹੀਂ ਸਨ ਹੁੰਦੀਆਂ, ਉੱਚੀ ਉੱਚੀ ਪੜ੍ਹੀਆਂ ਜਾਂਦੀਆਂ, ਪੂਰੀਆਂ ਪੂਰੀਆਂ ਜਾਂ ਵਿੱਚੋਂ ਵਿੱਚੋਂ, ਸਿਵਾਏ ਵਧੇਰੇ ਨੇੜਤਾ ਵਾਲੇ ਪੈਰਿਆਂ ਦੇ, ਜਿਨ੍ਹਾਂ ਦੀ ਗਿਣਤੀ, ਵੈਸੇ, ਵਧਦੀ ਜਾ ਰਹੀ ਸੀ ਜਿਉਂ ਜਿਉਂ ਚਿੱਠੀ ਪੱਤਰ ਪੁਰਾਣਾ ਹੁੰਦਾ ਜਾ ਰਿਹਾ ਸੀ ।
ਮੈਡੀਕਲ ਕੋਰਸ ਦਾ ਸਾਰਾ ਤੀਜਾ ਕੋਰਸ ਬਹਾਦਰ ਗਰੀਸ਼ਾ ਗਵੋਜ਼ਦਿਓਵ ਨੂੰ ਪਿਆਰ ਕਰਦਾ ਸੀ, ਸੜੂ-ਭਗਤ ਕੁਕੁਸ਼ਕਿਨ ਨੂੰ ਨਾਪਸੰਦ ਕਰਦਾ ਸੀ, ਮਰੇਸੇਯੇਵ ਦੀ ਅਹਿੱਲ ਦ੍ਰਿੜਤਾ ਅੱਗੇ ਸਿਰ ਨਿਵਾਉਂਦਾ ਸੀ ਤੇ ਕਮੀਸਾਰ ਦੀ ਮੌਤ ਨੂੰ ਇੱਕ ਨਿੱਜੀ ਸਦਮਾ ਸਮਝਦਾ ਸੀ ਜਿਸਨੂੰ, ਗਵੋਜ਼ਦਿਓਵ ਵੱਲੋਂ ਬੇਖ਼ੁਦ ਹੋ ਕੇ ਕੀਤੇ ਗਏ ਉਸਦੇ ਵਰਣਨ ਨੂੰ ਪੜਨ ਪਿੱਛੋਂ, ਸਾਰੇ ਹੀ ਸਤਿਕਾਰਨ ਤੇ ਪਿਆਰਨ ਲੱਗ ਪਏ ਸਨ । ਕਈਆਂ ਦੇ ਤਾਂ ਅੱਥਰੂ ਨਹੀਂ ਸਨ ਠੱਲਦੇ ਜਦੋਂ ਉਹਨਾਂ ਨੇ ਸੁਣਿਆ ਕਿ ਇਹ ਵੱਡਾ ਸਾਰਾ, ਖੁਸ਼ ਰਹਿਣਾ ਆਦਮੀ ਚੱਲ ਵਸਿਆ ਹੈ।
ਹਸਪਤਾਲ ਤੇ ਯੂਨੀਵਰਸਿਟੀ ਵਿਚਕਾਰ ਆਉਂਦੀਆਂ ਜਾਂਦੀਆਂ ਚਿੱਠੀਆਂ ਦੀ ਗਿਣਤੀ ਵਧ ਗਈ। ਜਵਾਨ ਲੋਕ ਆਮ ਡਾਕ ਨਾਲ ਸੰਤੁਸ਼ਟ ਨਹੀਂ ਸਨ, ਜਿਹੜੀ ਉਹਨਾਂ ਦਿਨਾਂ ਵਿੱਚ ਬਹੁਤ ਸਮਾਂ ਲੈ ਲੈਂਦੀ ਸੀ। ਇੱਕ ਚਿੱਠੀ ਵਿੱਚ ਗਵੋਜ਼ਦਿਓਵ ਨੇ ਕਮੀਸਾਰ ਦੇ ਇਹ ਲਫ਼ਜ਼ ਲਿਖੇ ਹੋਏ ਸਨ ਕਿ ਅੱਜ ਕੱਲ੍ਹ ਚਿੱਠੀਆਂ ਆਪਣੀ ਮੰਜ਼ਲ ਤੱਕ ਇੰਝ ਪੁੱਜਦੀਆਂ ਹਨ ਜਿਵੇਂ ਦੂਰ ਦੁਰਾਡੇ ਸਿਤਾਰਿਆਂ ਦੀ ਲੋਅ। ਲਿਖਣ ਵਾਲ਼ੇ ਦੀ ਹੋ ਸਕਦਾ ਹੈ ਜਾਨ ਵੀ ਚਲੀ ਜਾਏ, ਪਰ ਚਿੱਠੀ ਹੌਲ਼ੀ ਹੌਲ਼ੀ ਆਪਣੇ ਟਿਕਾਣੇ ਪੁੱਜ ਜਾਏਗੀ ਤੇ ਆਖ਼ਰ ਐਸੇ ਆਦਮੀ ਦੇ ਜੀਵਨ ਬਾਰੇ ਦੱਸੇਗੀ ਜਿਹੜਾ ਮੁੱਦਤਾਂ ਦਾ ਮਰ ਚੁੱਕਾ ਹੋਵੇਗਾ। ਸਰਗਰਮ ਤੇ ਉੱਦਮੀ ਅਨਿਊਤਾ ਸੰਚਾਰ ਦੇ ਵਧੇਰੇ ਪਰਿਪੂਰਨ ਸਾਧਨਾਂ ਦੀ ਭਾਲ ਕਰਨ ਲੱਗੀ ਤੇ ਆਖ਼ਰ ਉਸਨੇ ਇਹਨਾਂ ਨੂੰ ਇੱਕ ਵਡੇਰੀ ਉਮਰ ਦੀ ਨਰਸ ਦੇ ਰੂਪ ਵਿੱਚ ਲੱਭ ਲਿਆ ਜਿਹੜੀ ਯੂਨੀਵਰਸਿਟੀ ਦੇ ਕਲੀਨਿਕ ਵਿੱਚ ਵੀ ਕੰਮ ਕਰਦੀ ਸੀ ਤੇ ਵਾਸਿਲੀ ਵਾਸਿਲੀਏਵਿਚ ਦੇ ਹਸਪਤਾਲ ਵਿੱਚ ਵੀ।
ਉਸ ਦਿਨ ਤੋਂ ਮਗਰੋਂ ਵਾਰਡ ਨੰਬਰ ਬਤਾਲੀ ਵਿਚਲੀਆਂ ਘਟਨਾਵਾਂ ਦਾ ਯੂਨੀਵਰਸਿਟੀ ਵਿੱਚ ਦੂਜੇ ਦਿਨ, ਜਾਂ ਹੱਦ ਤੀਜੇ ਦਿਨ ਪਤਾ ਲੱਗ ਜਾਂਦਾ, ਤੇ ਏਨੀਂ ਹੀ ਜਲਦੀ ਜਵਾਬ ਵੀ ਚਲਾ ਜਾਂਦਾ। “ਬਾਦਸ਼ਾਹਾਂ ਦੀ ਸ਼ਾਨ ਦੇ ਸ਼ਾਇਆਂ ਬਣਾਵਟੀ ਪੈਰਾਂ” ਦੇ ਸਬੰਧ ਵਿੱਚ ਇਸ ਗੱਲ ਬਾਰੇ ਬਹਿਸ ਛਿੜ ਪਈ ਕਿ ਮਰੇਸੇਯੇਵ ਉੱਡਣ ਦੇ ਯੋਗ ਹੋ ਸਕੇਗਾ ਜਾਂ ਨਹੀਂ। ਇਹ ਇੱਕ ਜਵਾਨਾਂ ਦੀ ਪੁਰਜੋਸ਼ ਬਹਿਸ ਸੀ, ਜਿਸ ਵਿੱਚ ਦੋਵੇਂ ਧਿਰਾਂ ਮਰੇਸੇਯੇਵ ਨਾਲ ਹਮਦਰਦੀ ਕਰਦੀਆਂ ਸਨ । ਲੜਾਕਾ ਜਹਾਜ਼ ਨੂੰ ਚਲਾਉਣ ਦੀ ਜਟਿਲਤਾ ਦਾ ਧਿਆਨ ਰੱਖਦਿਆਂ, ਨਿਰਾਸ਼ਾਵਾਦੀਏ ਦਾਅਵਾ ਕਰਦੇ ਸਨ ਕਿ ਉਹ ਉਡਾਣ ਕਰਨ ਦੇ ਯੋਗ ਨਹੀਂ ਹੋ ਸਕੇਗਾ। ਪਰ ਆਸ਼ਾਵਾਦੀਆਂ ਦੀ ਦਲੀਲ ਸੀ ਕਿ ਐਸੇ ਆਦਮੀ ਲਈ ਕੁਝ ਵੀ ਅਸੰਭਵ ਨਹੀਂ ਸੀ, ਜਿਹੜਾ ਦੁਸ਼ਮਣ ਤੋਂ ਬਚਣ ਲਈ ਘਣੇ ਜੰਗਲ ਥਾਣੀਂ ਦੋ ਹਫ਼ਤੇ ਤੱਕ ਰੀਂਗ ਕੇ ਚੱਲ ਸਕਦਾ ਹੈ, ਰੱਬ ਜਾਣੇ ਕਿੰਨੇ ਕੁ ਕਿਲੋਮੀਟਰ ਇਹ ਹੋਵੇਗਾ। ਤੇ ਆਪਣੀ ਦਲੀਲ ਦੀ ਪੁਸ਼ਟੀ ਵਿੱਚ ਉਹਨਾਂ ਵੱਲੋ ਇਤਿਹਾਸ ਵਿੱਚੋਂ ਤੇ ਗਲਪ ਵਿੱਚੋਂ ਉਦਾਹਰਣਾਂ ਦੇ ਹਵਾਲੇ ਦਿੱਤੇ ਜਾਂਦੇ।
ਅਨਿਊਤਾ ਨੇ ਇਸ ਬਹਿਸ ਵਿੱਚ ਹਿੱਸਾ ਨਾ ਲਿਆ । ਉਸ ਲਈ ਅਣਜਾਣੇ ਪਾਇਲਟ ਦੇ ਬਣਾਉਟੀ ਪੈਰਾਂ ਵਿੱਚ ਉਸਦੀ ਕੋਈ ਬਹੁਤੀ ਦਿਲਚਸਪੀ ਨਹੀਂ ਸੀ। ਆਪਣੀਆਂ ਦੁਰਲੱਭ ਵਿਹਲ ਦੀਆਂ ਘੜੀਆਂ ਵਿੱਚ ਉਹ ਗਵੋਜ਼ਦਿਓਵ ਵੱਲ ਆਪਣੀਆਂ ਭਾਵਨਾਵਾਂ ਬਾਰੇ ਸੋਚਦੀ ਜਿਹੜੀਆਂ, ਉਸਨੂੰ ਲੱਗਦਾ ਸੀ, ਦਿਨੋਂ ਦਿਨ ਵਧੇਰੇ ਜਟਿਲ ਹੋ ਰਹੀਆਂ ਸਨ। ਪਹਿਲਾਂ ਪਹਿਲਾਂ, ਇਸ ਬਹਾਦਰ ਅਫ਼ਸਰ ਬਾਰੇ ਸੁਨਣ ਉੱਤੇ, ਜਿਸਦੀ ਜ਼ਿੰਦਗੀ ਏਨੀਂ ਦੁਖਦਾਈ ਰਹੀ ਸੀ, ਉਸਨੇ ਉਸਦਾ ਗ਼ਮ ਘਟਾਉਣ ਦੀ ਨਿਸ਼ਕਾਮ ਇੱਛਾ ਦੇ ਅਸਰ ਹੇਠ ਚਿੱਠੀ ਲਿਖੀ ਸੀ। ਪਰ ਚਿੱਠੀ-ਪੱਤਰ ਦੇ ਦੌਰਾਨ ਜਿਉਂ ਜਿਉਂ ਉਹਨਾਂ ਦੀ ਜਾਣ ਪਛਾਣ ਵਧਦੀ ਗਈ, ਤਿਉਂ ਤਿਉਂ ਦੇਸ਼ਭਗਤ ਜੰਗ ਦੇ ਇਸ ਯੋਧੇ ਦੀ ਨਿਰਾਕਾਰ ਮੂਰਤੀ ਦੀ ਥਾਂ ਉਸਦੇ ਮਨ ਵਿੱਚ ਇੱਕ ਅਸਲੀ, ਜਿਊਂਦਾ-ਜਾਗਦਾ ਨੌਜਵਾਨ ਲੈਂਦਾ ਗਿਆ ਤੇ ਇਸ ਨੌਜਵਾਨ ਵਿੱਚ ਉਸਦੀ ਦਿਲਚਸਪੀ ਦਿਨੋਂ ਦਿਨ ਵਧਦੀ ਗਈ। ਉਸਨੇ ਦੇਖਿਆ ਕਿ ਜਦੋਂ ਗਵੋਜ਼ਦਿਓਵ ਵੱਲੋਂ ਚਿੱਠੀ ਨਹੀਂ ਸੀ ਆਉਂਦੀ ਤਾਂ ਉਹ ਫ਼ਿਕਰਮੰਦ ਤੇ ਉਦਾਸ ਹੋ ਜਾਂਦੀ ਸੀ। ਇਸ ਨਵੀਂ ਭਾਵਨਾ ਉੱਤੇ ਉਸਨੂੰ ਖੁਸ਼ੀ ਵੀ ਹੋਈ ਤੇ ਡਰ ਵੀ ਲੱਗਣ ਲੱਗ ਪਿਆ । ਕੀ ਇਹ ਪ੍ਰੇਮ ਸੀ ? ਕੀ ਐਸੇ ਆਦਮੀ ਨਾਲ ਪਿਆਰ ਹੋ ਜਾਣਾ ਸੰਭਵ ਹੈ ਜਿਸਨੂੰ ਤੁਸੀਂ ਕਦੀ ਦੇਖਿਆ ਨਾ ਹੋਵੇ, ਜਿਸਦੀ ਕਦੀ ਅਵਾਜ਼ ਤੱਕ ਨਾ ਸੁਣੀਂ ਹੋਵੇ, ਜਿਸਨੂੰ ਤੁਸੀਂ ਸਿਰਫ਼ ਉਸਦੀਆਂ ਚਿੱਠੀਆਂ ਰਾਹੀਂ ਜਾਣਦੇ ਹੋਵੋ? ਟੈਂਕਮੈਨ ਦੀਆਂ ਚਿੱਠੀਆਂ ਵਿੱਚ ਇਹੋ ਜਿਹੇ ਪੈਰਿਆਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਸੀ, ਜਿਹੜੇ ਉਹ ਪੜ੍ਹ ਕੇ ਆਪਣੀਆਂ ਵਿਦਿਆਰਥੀ ਸਾਥਣਾਂ ਨੂੰ ਨਹੀਂ ਸੀ ਸੁਣਾ ਸਕਦੀ। ਜਦੋਂ ਗਵੋਜ਼ਦਿਓਵ ਨੇ ਇਕਬਾਲ ਕੀਤਾ ਕਿ ਉਸਨੂੰ, ਜਿਵੇਂ ਕਿ ਉਸਨੇ ਲਿਖਿਆ ਸੀ, “ਚਿੱਠੀ-ਪੱਤਰ ਰਾਹੀਂ ਪ੍ਰੇਮ ਹੋ ਗਿਆ ਹੈ”, ਤਾਂ ਅਨਿਊਤਾ ਨੇ ਵੀ ਮੰਨਿਆ ਕਿ ਉਸਨੂੰ ਪ੍ਰੇਮ ਹੋ ਗਿਆ ਹੈ, ਕਿ ਉਸਦਾ ਪਿਆਰ ਕੋਈ ਸਕੂਲੀ ਕੁੜੀ ਵਾਲਾ ਪਿਆਰ ਨਹੀਂ, ਸਗੋਂ ਸੱਚਾ ਪਿਆਰ ਹੈ । ਉਸਨੂੰ ਮਹਿਸੂਸ ਹੋਇਆ ਕਿ ਜ਼ਿੰਦਗੀ ਦਾ ਉਸ ਲਈ ਕੋਈ ਮਤਲਬ ਨਹੀਂ ਰਹੇਗਾ ਜੇ ਉਸਨੂੰ ਇਹ ਚਿੱਠੀਆਂ ਮਿਲਣੀਆਂ ਬੰਦ ਹੋ ਗਈਆਂ, ਜਿਨ੍ਹਾਂ ਦੀ ਹੁਣ ਉਹ ਏਨੀਂ ਬੇਸਬਰੀ ਨਾਲ ਉਡੀਕ ਕਰਦੀ मी।
ਤੇ ਇਸ ਤਰ੍ਹਾਂ, ਬਿਨ੍ਹਾਂ ਇੱਕ ਦੂਜੇ ਨੂੰ ਦੇਖਿਆ ਹੀ ਉਹਨਾਂ ਨੇ ਆਪਣੇ ਆਪਣੇ ਪਿਆਰ ਬਾਰੇ ਇੱਕ ਦੂਜੇ ਨੂੰ ਦੱਸਿਆ। ਇਸਤੋਂ ਮਗਰੋਂ ਗਵੋਜ਼ਦਿਓਵ ਨਾਲ ਕੋਈ ਅਜੀਬ ਗੱਲ ਵਾਪਰ ਗਈ। ਉਸਦੀਆਂ ਚਿੱਠੀਆਂ ਵਿੱਚ ਪ੍ਰੇਸ਼ਾਨੀ, ਬੇਚੈਨੀ ਤੇ ਅਸਪਸ਼ਟਤਾ ਜਿਹੀ ਆ ਗਈ। ਮਗਰੋਂ ਉਸਨੇ ਹਿੰਮਤ ਕਰਕੇ ਅਨਿਊਤਾ ਨੂੰ ਲਿਖ ਦਿੱਤਾ ਕਿ ਇਹ ਚੰਗੀ ਗੱਲ ਨਹੀਂ ਕਿ ਉਹਨਾਂ ਨੇ ਇੱਕ ਦੂਜੇ ਨੂੰ ਦੇਖੇ ਤੋਂ ਵੀ ਬਿਨ੍ਹਾਂ ਪਿਆਰ ਦਾ ਇਕਬਾਲ ਕਰ ਲਿਆ ਹੈ, ਕਿ ਅਨਿਊਤਾ, ਯਕੀਨਨ, ਇਸ ਗੱਲ ਦੀ ਕਲਪਨਾ ਵੀ ਨਹੀਂ ਸੀ ਕਰ ਸਕਦੀ ਕਿ ਗਵੋਜ਼ਦਿਓਵ ਦਾ ਚਿਹਰਾ ਕਿਵੇਂ ਬਦਸ਼ਕਲ ਹੋਇਆ ਹੋਇਆ ਹੈ, ਕਿ ਉਹ ਉਸ ਪੁਰਾਣੀ ਫ਼ੋਟੋ ਨਾਲ ਬਿਲਕੁਲ ਨਹੀਂ ਸੀ ਰਲਦਾ ਜਿਹੜੀ ਉਸਨੇ ਅਨਿਊਤਾ ਨੂੰ ਭੇਜੀ ਸੀ । ਉਸਨੇ ਲਿਖਿਆ ਸੀ ਕਿ ਮੈਂ ਤੈਨੂੰ ਧੋਖਾ ਨਹੀਂ ਦੇਣਾ ਚਾਹੁੰਦਾ, ਤੇ ਉਸਨੂੰ ਬੇਨਤੀ ਕੀਤੀ ਹੋਈ ਸੀ, “ਮੇਰੇ ਪ੍ਰਤੀ ਆਪਣੀਆਂ ਭਾਵਨਾਵਾਂ ਬਾਰੇ ਲਿਖਣਾ ਉਦੋਂ ਤੱਕ ਬੰਦ ਕਰ ਦੇਹ, ਜਦੋਂ ਤੱਕ ਖ਼ੁਦ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਲੈਂਦੀ ਕਿ ਤੂੰ ਕਿਸ ਤਰ੍ਹਾਂ ਦੇ ਆਦਮੀ ਨੂੰ ਪਿਆਰ ਕਰ ਰਹੀ ਹੈ।”
ਇਹ ਪੜ੍ਹ ਕੇ ਪਹਿਲਾਂ ਤਾਂ ਅਨਿਊਤਾ ਨੂੰ ਗੁੱਸਾ ਆਇਆ, ਪਰ ਫਿਰ ਉਹ ਡਰ ਗਈ। ਉਸਨੇ ਆਪਣੀ ਜੇਬ ਵਿੱਚੋਂ ਫੋਟੋ ਕੱਢੀ। ਪਤਲਾ, ਜਵਾਨ ਚਿਹਰਾ, ਦ੍ਰਿੜ੍ਹ ਨੈਣ-ਨਕਸ਼, ਪਤਲਾ ਸਿੱਧਾ ਨੱਕ, ਛੋਟੀਆਂ ਛੋਟੀਆਂ ਮੁੱਛਾਂ ਤੇ ਸੋਹਣਾ ਫਬਵਾਂ ਮੂੰਹ ਉਸ ਵੱਲ ਝਾਕ ਰਿਹਾ ਸੀ। “ਤੇ ਹੁਣ ? ਹੁਣ ਤੂੰ ਕਿਸ ਤਰ੍ਹਾਂ ਦਾ ਲੱਗਦਾ ਏਂ, ਮੇਰੇ ਪਿਆਰੇ ?” ਉਹ ਫੋਟੋ ਵੱਲ ਦੇਖਦੀ ਹੋਈ ਆਪਣੇ ਆਪ ਵਿੱਚ ਕਹਿਣ ਲੱਗੀ। ਮੈਡੀਕਲ ਵਿਦਿਆਰਥਣ ਹੋਣ ਕਰਕੇ ਉਹ ਜਾਣਦੀ ਸੀ ਕਿ ਸੜਨ ਨਾਲ ਪਏ ਜ਼ਖਮ ਜਲਦੀ ਰਾਜ਼ੀ ਨਹੀਂ ਹੁੰਦੇ, ਤੇ ਡੂੰਘੇ, ਅਮਿੱਟ ਨਿਸ਼ਾਨ ਛੱਡ ਜਾਂਦੇ ਹਨ । ਪਤਾ ਨਹੀਂ ਕਿਉਂ, ਉਸ ਘੜੀ ਉਸਨੂੰ ਸ਼ਰੀਰਕ ਬਣਤਰ ਵਿਗਿਆਨ ਦੇ ਅਜਾਇਬਘਰ ਵਿੱਚ ਦੇਖਿਆ ਇੱਕ ਆਦਮੀ ਦੇ ਚਿਹਰੇ ਦਾ ਬਣਿਆ ਮਾਡਲ ਯਾਦ ਆਇਆ, ਜਿਸਨੂੰ ਲੂਪਸ ਰੋਗ ਸੀ: ਉਸ ਚਿਹਰੇ ਉੱਤੇ ਨੀਲੀਆਂ ਜਿਹੀਆਂ ਝੁਰੜੀਆਂ ਤੇ ਥਿਨ੍ਹਾਂ ਦੇ ਦਾਗ ਸਨ, ਚਿੰਬੇ ਹੋਏ ਹੋਏ, ਖਾਧੇ ਜਿਹੇ ਬੁੱਲ੍ਹ ਸਨ, ਭਰਵੱਟਿਆਂ ਦੇ ਵਾਲ ਕਿਤੇ ਬਚੇ ਹੋਏ ਸਨ, ਤੇ ਅੱਖਾਂ ਦੀਆਂ ਲਾਲ ਪਲਕਾਂ ਉੱਤੇ ਝਿੰਮਣੀਆਂ ਬਿਲਕੁਲ ਨਹੀਂ ਸਨ। ਜੇ ਕਿਤੇ ਉਹ ਇਸ ਤਰ੍ਹਾਂ ਦਾ ਹੋਇਆ, ਤਾਂ, ਇਹ ਖਿਆਲ ਆਉਣ ਉੱਤੇ ਉਸਦਾ ਚਿਹਰਾ ਤ੍ਰਾਹ ਨਾਲ ਪੀਲਾ ਪੈ ਗਿਆ; ਪਰ ਇੱਕਦਮ ਉਹ ਮਨ ਹੀ ਮਨ ਵਿੱਚ ਆਪਣੇ ਆਪ ਨੂੰ ਝਾੜਾਂ ਦੇਣ ਲੱਗ ਪਈ । “ਚਲੋ, ਫਰਜ਼ ਕਰੋ ਕਿ ਉਹ ਇਸੇ ਤਰ੍ਹਾਂ ਦਾ ਹੈ ? ਉਸਨੇ ਸੜ ਰਹੇ ਟੈਂਕ ਵਿੱਚ ਸਾਡੇ ਦੁਸ਼ਮਣਾਂ ਨਾਲ ਲੜਾਈ ਕੀਤੀ, ਮੇਰੀ ਅਜ਼ਾਦੀ, ਵਿੱਦਿਆ ਲੈਣ ਦੇ ਮੇਰੇ ਹੱਕ, ਮੇਰੀ ਇੱਜ਼ਤ-ਆਬਰੂ, ਮੇਰੇ ਜੀਵਨ ਦੀ ਰਾਖੀ ਕੀਤੀ । ਉਹ ਯੋਧਾ ਸੀ । ਉਸਨੇ ਏਨੀਂ ਵਾਰੀ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਇਆ ਸੀ ਤੇ ਹੁਣ ਫਿਰ ਮਹਾਜ਼ ਉੱਤੇ ਵਾਪਸ ਮੁੜਨ ਲਈ ਤੇ ਮੁੜ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਲਈ ਸਿੱਕ ਰਿਹਾ ਸੀ। ਪਰ ਮੈਂ ਜੰਗ ਵਿੱਚ ਕੀ ਕੀਤਾ ਹੈ ?” ਉਸਨੇ ਖਾਈਆਂ ਪੁੱਟੀਆਂ ਸਨ, ਹਵਾਈ ਹਮਲੇ ਤੋਂ ਰੱਖਿਆ ਦੇ ਫ਼ਰਜ਼ ਨਿਭਾਏ ਸਨ ਤੇ ਹੁਣ ਨਿਕਾਸੀ ਹਸਪਤਾਲ ਵਿੱਚ ਕੰਮ ਕਰਦੀ ਸੀ । ਪਰ ਜੋ ਕੁਝ ਉਹ ਕਰ ਚੁੱਕਾ ਸੀ, ਉਸਦੇ ਮੁਕਾਬਲੇ ਉੱਤੇ ਇਹ ਕੀ ਸੀ ? “ਸਿਰਫ ਇਹ ਸ਼ੰਕੇ ਹੀ ਮੈਨੂੰ ਉਸਦੇ ਅਯੋਗ ਬਣਾਉਂਦੇ ਹਨ!” ਉਸਨੇ ਉਸ ਬਦਸ਼ਕਲ ਚਿਹਰੇ ਦੀ ਭਿਆਨਕ ਤਸਵੀਰ ਨੂੰ, ਜਿਹੜੀ ਉਸਦੀਆਂ ਅੱਖਾਂ ਸਾਮ੍ਹਣੇ ਆ ਗਈ ਸੀ, ਦੂਰ ਹਟਾਉਣ ਦੀ ਕੋਸ਼ਿਸ਼ ਕਰਦਿਆਂ ਆਪਣੇ ਆਪ ਨੂੰ ਲਾਅਨਤ ਪਾਈ ।
ਉਸਨੇ ਉਸਨੂੰ ਚਿੱਠੀ ਲਿਖੀ, ਉਦੋਂ ਤੱਕ ਲਿਖੀਆਂ ਚਿੱਠੀਆਂ ਵਿੱਚੋਂ ਸਭ ਤੋ ਲੰਮੀ ਤੇ ਸਭ ਤੋਂ ਸਨੇਹ ਭਰੀ। ਕੁਦਰਤੀ ਤੌਰ ਉੱਤੇ, ਗਵੋਜ਼ਦਿਓਵ ਨੂੰ ਇਹਨਾਂ ਦੁਚਿੱਤੀਆਂ ਬਾਰੇ ਪਤਾ ਨਾ ਲੱਗਾ। ਆਪਣੀ ਅੰਦੇਸ਼ਾ ਜ਼ਾਹਰ ਕਰਦੀ ਚਿੱਠੀ ਦੇ ਜਵਾਬ ਵਿੱਚ ਏਨੀਂ ਚੰਗੀ ਚਿੱਠੀ ਮਿਲਣ ਉੱਤੇ, ਉਸਨੇ ਇਸਨੂੰ ਮੁੜ ਮੁੜ ਕੇ ਪੜਿਆ । ਉਸਨੇ ਸਗੋਂ ਸਤਰੂਚਕੋਵ ਨੂੰ ਵੀ ਇਸ ਬਾਰੇ ਦੱਸ ਦਿੱਤਾ, ਜਿਸਨੇ ਉਸਦੀ ਕਹਾਣੀ ਨੂੰ ਬੜੇ ਮਿਹਰਬਾਨੀ ਭਰੇ ਅੰਦਾਜ਼ ਵਿੱਚ ਸੁਣਿਆ, ਤੇ ਬੋਲਿਆ:
“ਘਬਰਾ ਨਾ, ਟੈਂਕਮੈਨ। ਕਦੀ ਕਹਿੰਦੇ ਨਹੀਂ ਸੁਣਿਆ: ‘ਸੁਹਣਿਆਂ ਤੋਂ ਅਸਾਂ ਕੀ ਲੈਣਾ ਏ, ਕੋਝਿਆਂ ਨਾਲ ਖੁਸ਼ ਹੋ ਰਹਿਣਾ ਏ ?’ ਅੱਜ ਤਾਂ ਸਗੋਂ ਇਹ ਗੱਲ ਹੋਰ ਵੀ ਢੁਕਵੀਂ ਹੈ, ਜਦੋਂ ਆਦਮੀਆਂ ਦਾ ਏਨਾਂ ਕਸਾਰਾ ਹੈ।”
ਪਰ, ਕੁਦਰਤੀ ਤੌਰ ਉੱਤੇ, ਇਹ ਸਾਫ਼ਗੋਈ ਉਸ ਲਈ ਕੋਈ ਦਿਲਾਸਾ ਨਾ ਬਣੀ। ਹਸਪਤਾਲ ਤੋ ਛੁੱਟੀ ਮਿਲਣ ਦਾ ਉਸਦਾ ਦਿਨ ਜਿਉਂ ਜਿਉਂ ਨੇੜੇ ਆਉਂਦਾ ਜਾਂਦਾ, ਉਹ ਵਧੇਰੇ ਵਾਰੀ ਸ਼ੀਸ਼ੇ ਵਿੱਚ ਆਪਣੀ ਸ਼ਕਲ ਦੇਖਣ ਲੱਗ ਪਿਆ, ਕਦੀ ਕਦੀ ਦੂਰੋਂ, ਤੇਜ਼, ਸਤਹੀ ਜਿਹੀ ਨਜ਼ਰ ਨਾਲ, ਤੇ ਕਦੀ ਕਦੀ ਆਪਣਾ ਮੂੰਹ ਬਿਲਕੁਲ ਸ਼ੀਸ਼ੇ ਦੇ ਨੇੜੇ ਲਿਆ ਕੇ, ਉਹ ਆਪਣੇ ਦਾਗਾਂ ਵਾਲ਼ੇ ਤੇ ਟੋਇਆ ਵਾਲੇ ਚਿਹਰੇ ਨੂੰ ਘੰਟਿਆਂ-ਬੱਧੀ ਮਲ਼ਦਾ ਰਹਿੰਦਾ ।
ਉਸਦੇ ਮੰਗਣ ਉੱਤੇ ਕਲਾਵਦੀਆ ਮਿਖਾਇਲੋਵਨਾ ਨੇ ਉਸਨੂੰ ਕੁਝ ਮੂੰਹ ਉੱਤੇ ਲਾਉਣ ਵਾਲ਼ਾ ਪਾਊਡਰ ਤੇ ਕਰੀਮ ਲਿਆ ਦਿੱਤੀ, ਪਰ ਉਸਨੂੰ ਜਲਦੀ ਹੀ ਸਮਝ ਆ ਗਈ ਕਿ ਕੋਈ ਵੀ ਮੇਕਅੱਪ ਉਸਦੇ ਦਾਗਾਂ ਨੂੰ ਦੂਰ ਨਹੀਂ ਕਰੇਗਾ । ਪਰ ਰਾਤ ਨੂੰ, ਜਦੋਂ ਹਰ ਕੋਈ ਸੁੱਤਾ ਹੁੰਦਾ ਸੀ, ਤਾਂ ਚੁੱਪ ਕੀਤਾ ਗੁਸਲਖਾਨੇ ਵਿੱਚ ਖਿਸਕ ਜਾਂਦਾ ਤੇ ਉਥੇ ਕਿੰਨਾਂ ਚਿਰ ਖੜਾ ਆਪਣੇ ਦਾਗਾਂ ਦੀ ਮਾਲਸ਼ ਕਰਦਾ ਰਹਿੰਦਾ, ਉਹਨਾਂ ਉੱਪਰ ਪਾਊਡਰ ਲਾਉਂਦਾ ਤੇ ਮੁੜ ਮਾਲਸ਼ ਕਰਨ ਲੱਗ ਪੈਂਦਾ, ਤੇ ਫਿਰ ਆਸਵੰਦੀ ਨਾਲ ਸ਼ੀਸ਼ੇ ਵਿੱਚ ਦੇਖਦਾ । ਦੂਰੋਂ ਤਾਂ ਉਹ ਸ਼ਾਨਦਾਰ ਆਦਮੀ ਦਿਖਾਈ ਦੇਂਦਾ ਸੀ: ਮਜ਼ਬੂਤ, ਚੌੜੀ ਛਾਤੀ, ਪਤਲੀ ਕਮਰ ਤੇ ਸਿੱਧੀਆਂ ਨਸਦਾਰ ਲੱਤਾਂ। ਪਰ ਨੇੜਿਉਂ ! ਗੱਲ੍ਹਾਂ ਤੇ ਠੋਡੀ ਉੱਤੇ ਪਏ ਲਾਲ ਦਾਗ਼, ਤੇ ਤਣੀ ਹੋਈ, ਵਟਾਂ ਵਾਲੀ ਚਮੜੀ ਉਸਨੂੰ ਮਾਯੂਸ ਕਰ ਦੇਂਦੀ ਸੀ । “ਉਹ ਦੇਖੇਗੀ ਤਾਂ ਕੀ ਸੋਚੇਗੀ?” ਉਹ ਆਪਣੇ ਆਪ ਤੋਂ ਪੁੱਛਦਾ। ਉਸਦਾ ਤਾਂ ਤ੍ਰਾਹ ਨਿੱਕਲ ਜਾਏਗਾ। ਉਹ ਉਸ ਵੱਲ ਦੇਖੇਗੀ, ਮੁੜੇਗੀ ਤੇ ਮੋਢੇ ਸੁੰਗੇੜਦੀ ਹੋਈ ਚਲੀ ਜਾਏਗੀ! ਜਾਂ ਜਿਹੜੀ ਗੱਲ ਇਸਤੋਂ ਵੀ ਭੈੜੀ ਹੋਵੇਗੀ, ਨਿਮਰਤਾ ਦਿਖਾਉਂਦੀ ਹੋਈ ਉਸ ਨਾਲ ਘੰਟਾ ਕੁ ਭਰ ਗੱਲਾਂ ਕਰੇਗੀ, ਤੇ ਫਿਰ ਕੁਝ ਰਸਮੀ ਜਿਹਾ, ਭਾਵਹੀਣ ਜਿਹਾ ਕਹੇਗੀ ਤੇ ਅਲਵਿਦਾ ! ਉਹ ਗੁੱਸੇ ਨਾਲ ਪੀਲ਼ਾ ਪੈ ਗਿਆ, ਜਿਵੇਂ ਕਿ ਇਹ ਗੱਲ ਪਹਿਲਾਂ ਹੀ ਵਾਪਰ ਚੁੱਕੀ ਹੋਵੇ।
ਫਿਰ ਉਹ ਆਪਣੇ ਗਾਊਨ ਦੀ ਜੇਬ ਵਿੱਚੋਂ ਫੋਟੋ ਕੱਢਦਾ ਤੇ ਚੋੜੇ ਮੱਥੇ ਉਪਰ ਪਿੱਛੇ ਨੂੰ ਵਾਹੇ ਹੋਏ ਰੇਸ਼ਮੀ, ਪਤਲੇ ਪਰ ਫੁੱਲੇ ਹੋਏ ਵਾਲਾਂ ਵਾਲੀ, ਮੋਟੇ, ਉਤਾਂਹ ਨੂੰ ਮੁੜੇ ਹੋਏ, ਸੱਚਮੁਚ ਦੇ ਰੂਸੀ ਨੱਕ ਵਾਲੀ ਨਾਜ਼ਕ, ਬੱਚਿਆਂ ਵਰਗੇ ਬੁੱਲ੍ਹਾਂ ਵਾਲੀ ਗੋਲ-ਮੋਲ ਮੂੰਹ ਵਾਲੀ ਕੁੜੀ ਦੇ ਨੈਣ-ਨਕਸ਼ਾਂ ਉੱਪਰ ਬੜੀ ਘੋਖਵੀਂ ਤਰ੍ਹਾਂ ਨਜ਼ਰ ਮਾਰਦਾ। ਉਪਰਲੇ ਬੁੱਲ੍ਹ ਉੱਤੇ ਮਸਾਂ ਹੀ ਦਿਸਦਾ ਇੱਕ ਤਿਲ ਸੀ । ਇਸ ਨਿਰਛਲ, ਪਿਆਰੇ ਚਿਹਰੇ ਤੋਂ ਭੂਰੀਆਂ, ਜਾਂ ਸ਼ਾਇਦ ਨੀਲੀਆਂ, ਜ਼ਰਾ ਕੁ ਬਾਹਰ ਨੂੰ ਨਿਕਲੀਆਂ ਹੋਈਆਂ ਅੱਖਾਂ ਦਾ ਜੋੜਾ ਉਸ ਵੱਲ ਈਮਾਨਦਾਰੀ ਤੇ ਸਾਫ਼ਗੋਈ ਨਾਲ ਤੱਕਦਾ।
“ਕਿਹੋ ਜਿਹੀ ਹੈਂ ਤੂੰ । ਜ਼ਰਾ ਦੱਸ ਮੈਨੂੰ : ਡਰੇਂਗੀ ਤਾਂ ਨਹੀਂ । ਦੌੜ ਤਾਂ ਨਹੀਂ ਜਾਏਂਗੀ ? ਕੀ ਤੇਰੇ ਕੋਲ ਏਡਾ ਵੱਡਾ ਦਿਲ ਹੈ ਕਿ ਮੇਰੀ ਬਦਸੂਰਤੀ ਨੂੰ ਅੱਖੋਂ ਉਹਲੇ ਕਰ ਦੇਵੇਂ ?” ਉਹ ਫ਼ੋਟੋ ਉੱਤੇ ਅੱਖਾਂ ਗੱਡੀ ਉਸਨੂੰ ਪੁੱਛਦਾ।
ਇੱਧਰ, ਠਕ-ਠਕ ਕਰਦੀਆਂ ਭੌੜੀਆਂ ਤੇ ਚੀਂ-ਚੀਂ ਕਰਦੇ ਬੂਟਾਂ ਨਾਲ ਸੀਨੀਅਰ ਲੈਫ਼ਟੀਨੈਂਟ ਮਰੇਸੇਯੇਵ ਬਰਾਮਦੇ ਵਿੱਚ ਅਣਥੱਕ ਤੌਰ ਉੱਤੇ ਇਧਰ ਉਧਰ ਜਾਂਦਾ ਹੋਇਆ ਉਸਦੇ ਕੋਲੋਂ ਦੀ ਲੰਘਦਾ-ਇੱਕ ਵਾਰੀ, ਦੋ ਵਾਰੀ, ਦਸ ਵਾਰੀ, ਵੀਹ ਵਾਰੀ। ਉਹ ਹਰ ਸਵੇਰੇ ਤੋਂ ਸ਼ਾਮ ਇੰਝ ਫਿਰਦਾ, ਪੂਰੇ ਪ੍ਰੋਗਰਾਮ ਅਨੁਸਾਰ, ਜਿਹੜਾ ਉਸਨੇ ਆਪਣੇ ਆਪ ਲਈ ਬਣਾਇਆ ਸੀ, ਤੇ ਹਰ ਰੋਜ਼ ਆਪਣੀ ਵਰਜਸ਼ ਦਾ ਸਮਾਂ ਵਧਾਈ ਜਾਂਦਾ ।
“ਚੰਗਾ ਮੁੰਡਾ ਏ!” ਗਵੋਜ਼ਦਿਓਵ ਨੇ ਮਨ ਹੀ ਮਨ ਵਿੱਚ ਉਸ ਬਾਰੇ ਸੋਚਿਆ । “ਹਠੀ, ਦ੍ਰਿੜ੍ਹ ਇਰਾਦੇ ਵਾਲ਼ਾ । ਇਸ ਇਨਸਾਨ ਵਿੱਚ ਕਿੰਨੀ ਦ੍ਰਿੜ੍ਹ ਇੱਛਾ-ਸ਼ਕਤੀ ਹੈ ! ਇੱਕ ਹਫ਼ਤੇ ਦੇ ਅੰਦਰ ਅੰਦਰ ਭੌੜੀਆਂ ਦੇ ਤੇਜ਼ ਤੇਜ਼ ਤੇ ਹੁਸ਼ਿਆਰੀ ਨਾਲ ਤੁਰਨਾ ਸਿੱਖ ਲਿਐ ! ਕਈਆਂ ਨੂੰ ਇਸੇ ਕੰਮ ਲਈ ਮਹੀਨੇ ਲੱਗ ਜਾਣ ! ਕੱਲ ਤਾਂ ਇਹਨੇ ਸਟਰੈਚਰ ਉੱਤੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਆਪ ਪੌੜੀਆਂ ਥਾਣੀ ਇਲਾਜ਼ ਵਾਲੇ ਕਮਰੇ ਤੱਕ ਚਲਾ ਗਿਆ ਸੀ। ਗਿਆ ਵੀ ਆਪੇ ਤੇ ਵਾਪਸ ਚੜ੍ਹ ਕੇ ਵੀ ਆਪੇ ਆਇਆ। ਮੂੰਹ ਉੱਤੇ ਅੱਥਰੂ ਵਹੀ ਜਾ ਰਹੇ ਸਨ, ਪਰ ਤਾਂ ਵੀ ਚੜ੍ਹੀ ਜਾ ਰਿਹਾ ਸੀ । ਸਗੋਂ ਨੌਕਰਾਣੀ ਨੂੰ ਵੀ ਕੜਕ ਕੇ ਪਿਆ ਸੀ, ਜਿਸਨੇ ਇਸਦੀ ਮਦਦ ਕਰਨੀ ਚਾਹੀ ਸੀ। ਤੇ ਕਿਵੇਂ ਮੁਸਕ੍ਰਾਇਆ ਸੀ, ਜਦੋਂ ਪੌੜੀਆਂ ਦੇ ਉਪਰਲੇ ਥੜ੍ਹੇ ਤੱਕ ਆਪੇ ਆ ਗਿਆ ਸੀ! ਜਿਵੇਂ ਕਿ ਅਲਬਰੂਸ ਪਹਾੜ ਉੱਤੇ ਜਾ ਚੜ੍ਹਿਆ ਹੋਵੇ !”
ਗਵੋਜ਼ਦਿਓਵ ਸ਼ੀਸ਼ੇ ਵੱਲੋਂ ਹਟ ਕੇ ਮਰੇਸੇਯੇਵ ਵੱਲ ਦੇਖਣ ਲੱਗ ਪਿਆ ਜਿਹੜਾ ਪੈਰਾਂ ਤੇ ਭੌੜੀਆਂ ਨਾਲ ਤੇਜ਼ ਤੇਜ਼ ਚੱਲ ਰਿਹਾ ਸੀ। “ਆਹ! ਇਹ ਤਾਂ ਸੱਚਮੁਚ ਦੌੜ ਰਿਹਾ ਹੈ! ਤੇ ਕਿਆ ਭਲਾ, ਸੋਹਣਾ ਚਿਹਰਾ ਹੈ ਇਸਦਾ ! ਭਰਵੱਟੇ ਉੱਪਰ ਮਾੜਾ ਜਿਹਾ ਨਿਸ਼ਾਨ, ਪਰ ਇਸ ਨਾਲ ਉਸਦੀ ਦਿੱਖ ਤਾਂ ਰਤਾ ਵੀ ਨਹੀਂ ਵਿਗੜਦੀ, ਸਗੋਂ ਚੰਗੀ ਹੀ ਹੁੰਦੀ ਹੈ!” ਸਿਰਫ ਜੇ ਕਿਤੇ ਉਸਦਾ ਆਪਣਾ, ਗਵੋਜ਼ਦਿਓਵ ਦਾ, ਇਸ ਵੇਲੇ ਇਸ ਤਰ੍ਹਾਂ ਦਾ ਚਿਹਰਾ ਹੁੰਦਾ। ਪੈਰਾਂ ਦਾ ਕੀ ਏ, ਪੈਰ ਕੌਣ ਦੇਖਦਾ ਹੈ । ਹੁਣ ਉਹ ਤੁਰਦਾ ਹੈ ਤੇ ਕੱਲ ਨੂੰ, ਬੇਸ਼ੱਕ, ਉਹ ਉਡਾਣ ਕਰਨਾ ਵੀ ਸਿੱਖ ਲਵੇਗਾ । ਪਰ ਤੇਰਾ ਚਿਹਰਾ ! ਤੂੰ ਇਹੋ ਜਿਹੇ ਪ੍ਰੇਤ ਨੂੰ ਕਿੱਥੇ ਲੁਕਾ ਲਵੇਗਾ, ਜਿਹੜਾ ਇੰਝ ਲੱਗਦਾ ਹੈ, ਜਿਵੇਂ ਸ਼ਰਾਬੀ ਹੋਏ ਭੂਤਾਂ ਨੇ ਰਾਤ ਨੂੰ ਇਸ ਉੱਪਰ ਬਦਾਮ ਭੰਨੇ ਹੋਣ…
ਬਾਅਦ-ਦੁਪਹਿਰ ਦੀ ਆਪਣੀ ਵਰਜ਼ਿਸ਼ ਦੇ ਦੌਰਾਨ ਅਲੈਕਸੇਈ ਮਰੇਸੇਯੇਵ ਬਰਾਮਦੇ ਵਿੱਚ ਆਪਣਾ ਤੇਈਵਾਂ ਚੱਕਰ ਕੱਟ ਰਿਹਾ ਸੀ। ਆਪਣੇ ਸਾਰੇ ਥੱਕੇ ਹੋਏ ਤੇ ਕਸ਼ਟ ਸਹਿ ਰਹੇ ਸਰੀਰ ਨਾਲ ਉਹ ਮਹਿਸੂਸ ਕਰ ਰਿਹਾ ਸੀ ਕਿ ਉਸਦੇ ਪੱਟ ਕਿਵੇਂ ਸੁੱਜੇ ਹੋਏ ਤੇ ਜਲ ਰਹੇ ਸਨ, ਮੋਢਿਆਂ ਹੇਠ ਲਈਆਂ ਭੌੜੀਆਂ ਕਾਰਨ ਉਸਦੇ ਮੋਢੇ ਕਿਵੇਂ ਪੀੜ ਕਰ ਰਹੇ ਸਨ। ਕੋਲੋਂ ਦੀ ਲੰਘਦਾ ਹੋਇਆ, ਉਹ ਟੇਢੀਆਂ ਅੱਖਾਂ ਨਾਲ ਸ਼ੀਸ਼ੇ ਸਾਮ੍ਹਣੇ ਟੈਂਕਮੈਨ ਨੂੰ ਦੇਖਦਾ। “ਅਜੀਬ ਆਦਮੀ ! ਕਾਹਦੇ ਲਈ ਇਹ ਆਪਣੇ ਮੂੰਹ ਬਾਰੇ ਫ਼ਿਕਰਮੰਦ ਹੋ ਰਿਹੈ? ਬੇਸ਼ਕ ਹੁਣ ਇਹਨੇ ਫਿਲਮੀ ਸਿਤਾਰਾ ਤਾਂ ਬਨਣਾ ਹੀ ਨਹੀਂ, ਤੇ ਟੈਂਕਮੈਨ ਬਨਣ ਤੋਂ ਇਸਨੂੰ ਕੋਈ ਰੋਕ ਨਹੀਂ ਸਕਦਾ । ਮੂੰਹ ਦਾ ਕੀ ਫ਼ਰਕ ਪੈਂਦੇ, ਜੇ ਤੁਹਾਡਾ ਦਿਮਾਗ਼ ਠੀਕ ਠਾਕ ਹੋਵੇ, ਹੱਥ ਠੀਕ ਹੋਣ, ਪੈਰ ਠੀਕ ਹੋਣ । ਹਾਂ, ਪੈਰ, ਅਸਲੀ ਪੈਰ, ਇਹ ਮੁੱਢੀਆਂ ਜਿਹੀਆਂ ਨਹੀਂ, ਜਿਹੜੀਆਂ ਪੀੜ ਹੁੰਦੀਆਂ ਤੇ ਜਲਣ ਕਰਦੀਆਂ ਨੇ, ਜਿਸ ਤਰ੍ਹਾਂ ਬਣਾਉਂਟੀ ਪੈਰ ਚਮੜੇ ਦੇ ਨਹੀਂ ਸਗੋਂ ਸੜਦੇ ਸੜਦੇ ਲੋਹੇ ਦੇ ਬਣੇ ਹੋਣ।”
ਠਕ-ਠਕ। ਚੀਂ-ਚੀਂ। ਠਕ-ਠਕ। ਚੀਂ-ਚੀਂ।
ਆਪਣੇ ਬੁੱਲ੍ਹਾਂ ਨੂੰ ਟੁਕਦਿਆਂ ਤੇ ਹੰਝੂਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦਿਆਂ, ਜਿਹੜੇ ਸਖ਼ਤ ਪੀੜ ਕਾਰਨ, ਉਸਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਅੱਖਾਂ ਵਿੱਚ ਆ ਜਾਂਦੇ ਸਨ, ਸੀਨੀਅਰ ਲੈਫ਼ਟੀਨੈਂਟ ਮਰੇਸੇਯੇਵ ਨੇ ਬੜੀ ਮੁਸ਼ਕਲ ਨਾਲ ਬਰਾਮਦੇ ਦਾ ਉਨੱਤੀਵਾਂ ਚੱਕਰ ਕੱਟਿਆ, ਤੇ ਉਸ ਦਿਨ ਲਈ ਆਪਣੀ ਵਰਜ਼ਸ਼ ਖ਼ਤਮ ਕੀਤੀ।
14
ਅੱਧ ਜੂਨ ਵਿੱਚ ਗਰਿਗੋਰੀ ਗਵੋਜ਼ਦਿਓਵ ਹਸਪਤਾਲ ਤੋਂ ਚਲਾ ਗਿਆ।
ਜਾਣ ਤੋਂ ਇੱਕ ਦੋ ਦਿਨ ਪਹਿਲਾਂ ਉਸਦੀ ਅਲੈਕਸੇਈ ਨਾਲ ਲੰਮੀ ਗੱਲਬਾਤ ਹੋਈ। ਇਸ ਤੱਥ ਨੇ ਉਹਨਾਂ ਨੂੰ ਸਗੋਂ ਅੰਦਰੋਂ ਅੰਦਰ ਖੁਸ਼ੀ ਦਿੱਤੀ ਕਿ ਉਹਨਾਂ ਵਿਚਕਾਰ ਬਦਕਿਸਮਤੀ ਦੀ ਸਾਂਝ ਸੀ, ਤੇ ਨਿੱਜੀ ਮਾਮਲੇ ਦੋਆਂ ਦੇ ਇੱਕੋ ਜਿਹੀ ਤਰ੍ਹਾਂ ਉਲਝੇ ਹੋਏ ਸਨ, ਤੇ ਜਿਵੇਂ ਕਿ ਇਹੋ ਜਿਹੇ ਮਾਮਲਿਆਂ ਵਿੱਚ ਹੁੰਦਾ ਹੈ, ਉਹ ਇੱਕ ਦੂਜੇ ਸਾਮ੍ਹਣੇ ਦਿਲ ਦੀਆਂ ਖੋਹਲ ਕੇ ਰੱਖ ਦੇਂਦੇ, ਭਵਿੱਖ ਬਾਰੇ ਆਪਣੇ ਆਪਣੇ ਖਦਸ਼ਿਆਂ ਬਾਰੇ ਤੇ ਉਸ ਸਭ ਕੁਝ ਬਾਰੇ ਇੱਕ ਦੂਜੇ ਨੂੰ ਸਾਫ਼ ਸਾਫ਼ ਦੱਸ ਦੇਂਦੇ, ਜੋ ਕੁਝ ਦੋਹਾਂ ਨੂੰ ਹੀ ਆਪਣੇ ਦਿਲ ਵਿੱਚ ਲੁਕਾ ਕੇ ਰੱਖਣਾ ਦੁੱਗਣਾ ਬੋਝਲ ਲੱਗਦਾ ਸੀ, ਕਿਉਂਕਿ ਸਵੈਮਾਨ ਉਹਨਾਂ ਨੂੰ ਆਗਿਆ ਨਹੀਂ ਸੀ ਦੇਂਦਾ ਕਿ ਉਹ ਆਪਣੇ ਸ਼ੰਕੇ ਕਿਸੇ ਦੂਜੇ ਨਾਲ ਸਾਂਝੇ ਕਰਨ। ਉਹਨਾਂ ਇੱਕ ਦੂਜੇ ਨੂੰ ਆਪਣੀ ਆਪਣੀ ਮਹਿਬੂਬ ਦੀ ਤਸਵੀਰ ਵੀ ਦਿਖਾਈ।
ਅਲੈਕਸੇਈ ਕੋਲ਼ ਓਲਿਆ ਦੀ ਬੜੀ ਘਸੀ ਹੋਈ ਤੇ ਮੱਧਮ ਪਈ ਹੋਈ ਫ਼ੋਟੋ ਸੀ, ਜਿਹੜੀ ਉਸਨੇ ਆਪ ਜੂਨ ਦੇ ਉਸ ਸਾਫ਼, ਉੱਜਲੇ ਦਿਨ ਨੂੰ ਲਈ ਸੀ ਜਦੋਂ ਉਹ ਵੋਲਗਾ ਦੇ ਪਾਰ ਫ਼ੁੱਲਾਂ ਨਾਲ ਕੱਜੀ ਸਤੇਪੀ ਉਪਰ ਨੰਗੇ ਪੈਰੀਂ ਦੌੜ ਲਾਉਂਦੇ ਰਹੇ ਸਨ । ਸੋਹਣੀ ਛਪੀ ਹੋਈ ਫਰਾਕ ਪਾਈ, ਪਤਲੀ ਜਿਹੀ ਕੁੜੀ, ਲੱਤਾਂ ਨੂੰ ਹੇਠਾਂ ਲਈ ਬੈਠੀ ਸੀ, ਤੇ ਉਸਦੀ ਗੋਦ ਵਿੱਚ ਫ਼ੁੱਲ ਪਏ ਹੋਏ ਸਨ । ਗੁਲਦਾਊਦੀਆਂ ਵਿਚਕਾਰ ਬੈਠੀ ਹੋਈ ਉਹ ਆਪ ਵੀ ਨਿਰਮਲ, ਗੋਰੀ-ਚਿੱਟੀ ਤੇ ਅਛੁਹ ਲੱਗਦੀ ਸੀ, ਜਿਵੇ ਸਵੇਰ ਦੀ ਤੇਲ ਵਿੱਚ ਧੋਤਾ ਗੁਲਦਾਊਦੀ ਦਾ ਫ਼ੁੱਲ ਹੋਵੇ । ਫੁੱਲਾਂ ਦਾ ਗੁਲਦਾਸਤਾ ਬਣਾਉਂਦੀ ਹੋਈ, ਉਸਨੇ ਸੋਚਵਾਨ ਜਿਹੀ ਹੋਈ ਹੋਈ ਨੇ ਸਿਰ ਇੱਕ ਪਾਸੇ ਝੁਕਾਇਆ ਹੋਇਆ ਸੀ ਤੇ ਉਸਦੀਆਂ ਅੱਖਾਂ ਪੂਰੀਆਂ ਖੁੱਲ੍ਹੀਆਂ ਤੇ ਮੁਗਧ ਹੋਈਆਂ ਹੋਈਆਂ ਸਨ, ਜਿਵੇਂ ਕਿ ਉਹ ਜ਼ਿੰਦਗੀ ਵਿੱਚ ਪਹਿਲੀ ਵਾਰੀ ਇਸ ਸ਼ਾਨਦਾਰ ਦੁਨੀਆਂ ਨੂੰ ਦੇਖ ਰਹੀ ਹੋਵੇ।
ਇਸ ਫੋਟੋ ਨੂੰ ਦੇਖਣ ਪਿੱਛੋ ਟੈਂਕਮੈਨ ਬੋਲਿਆ ਕਿ ਇਸ ਤਰ੍ਹਾਂ ਦੀ ਕੁੜੀ ਬਦਕਿਸਮਤੀ ਵਿੱਚ ਆਦਮੀ ਨੂੰ ਕਦੀ ਨਹੀਂ ਛੱਡੇਗੀ; ਪਰ ਜੇ ਉਸਨੇ ਛੱਡ ਵੀ ਦਿੱਤਾ, ਤਾਂ ਢੱਠੇ ਖੂਹ ‘ਚ ਪਵੇ: ਇਸਦਾ ਮਤਲਬ ਸਿਰਫ ਇਹ ਸੀ ਕਿ ਉਹ ਜੋ ਦਿਸਦੀ ਹੈ, ਸੋ ਨਹੀਂ, ਤੇ ਉਸ ਸੂਰਤ ਵਿੱਚ ਠੀਕ ਵੀ ਫਿਰ ਇਹੀ ਹੈ, ਸਗੋਂ ਜ਼ਿਆਦਾ ਚੰਗਾ ਹੈ; ਕਿਉਂਕਿ ਇਸਦਾ ਫਿਰ ਮਤਲਬ ਹੈ ਕਿ ਉਹ ਨਿਕੰਮੀ ਚੀਜ਼ ਹੈ, ਤੇ ਨਿਕੰਮੀ ਚੀਜ਼ ਨਾਲ ਜ਼ਿੰਦਗੀ ਕਿਵੇਂ ਗੰਢੀ ਜਾ ਸਕਦੀ वै ?
ਅਲੈਕਸੇਈ ਨੂੰ ਵੀ ਅਨਿਊਤਾ ਦਾ ਚਿਹਰਾ-ਮੁਹਰਾ ਚੰਗਾ ਲੱਗਾ ਸੀ। ਬਿਨਾਂ ਇਸ ਗੱਲ ਦਾ ਖਿਆਲ ਕੀਤਿਆਂ, ਉਸਨੇ ਗਵੋਜ਼ਦਿਓਵ ਦੇ ਸਾਹਮਣੇ ਬਿਲਕੁਲ ਉਸੇ ਤਰ੍ਹਾਂ ਦੇ ਹੀ ਹਾਵਭਾਵ ਜ਼ਾਹਰ ਕੀਤੇ ਜਿਸ ਤਰ੍ਹਾਂ ਦੇ ਗਵੋਜ਼ਦਿਓਵ ਨੇ ਅਜੇ ਕੁਝ ਹੀ ਚਿਰ ਪਹਿਲਾਂ ਜ਼ਾਹਰ ਕੀਤੇ ਸਨ, ਸਿਰਫ ਅਲੈਕਸੇਈ ਨੇ ਜ਼ਰਾ ਆਪਣੇ ਲਫ਼ਜ਼ਾਂ ਵਿੱਚ ਕਹੇ ਸਨ। ਇਹ ਕੋਈ ਬਹੁਤੀ ਗੰਭੀਰ ਗੱਲਬਾਤ ਨਹੀਂ ਸੀ ਤੇ ਇਸਨੇ ਉਹਨਾਂ ਦੇ ਨਿੱਜੀ ਮਾਮਲਿਆਂ ਨੂੰ ਹੱਲ ਕਰਨ ਵਿੱਚ ਜ਼ਰਾ ਵੀ ਸਹਾਇਤਾ ਨਾ ਕੀਤੀ, ਪਰ ਦੋਹਾਂ ਦਾ ਦਿਲ ਜ਼ਰੂਰ ਹੌਲਾ ਹੋ ਗਿਆ, ਜਿਵੇਂ ਕਿ ਕੋਈ ਚਿਰਾਂ ਦਾ ਤਕਲੀਫ਼ ਦੇ ਰਿਹਾ ਫੋੜਾ ਫਿੱਸ ਗਿਆ ਹੋਵੇ।
ਉਹਨਾਂ ਨੇ ਤੈਅ ਇਹ ਕੀਤਾ ਕਿ ਜਦੋਂ ਗਵੋਜ਼ਦਿਓਵ ਹਸਪਤਾਲ ਤੋਂ ਨਿੱਕਲੇਗਾ ਤਾਂ ਉਹ ਤੇ ਅਨਿਊਤਾ, ਜਿਸਨੇ ਟੈਲੀਫੂਨ ਕੀਤਾ ਸੀ ਤੇ ਆਉਣ ਦਾ ਤੇ ਉਸਨੂੰ ਮਿਲਣ ਦਾ ਵਾਅਦਾ ਕੀਤਾ ਸੀ, ਵਾਰਡ ਦੀ ਬਾਰੀ ਦੇ ਕੋਲੋਂ ਦੀ ਲੰਘਣਗੇ, ਜਿਸਤੋਂ ਮਗਰੋਂ ਅਲੈਕਸੇਈ ਗਵੋਜ਼ਦਿਓਵ ਨੂੰ ਲਿਖੇਗਾ ਕਿ ਕੁੜੀ ਨੇ ਉਸ ਉੱਤੇ ਕੈਸਾ ਪ੍ਰਭਾਵ ਪਾਇਆ ਸੀ । ਆਪਣੀ ਥਾਂ, ਗਵੋਜ਼ਦਿਓਵ ਨੇ ਵਚਨ ਦਿੱਤਾ ਕਿ ਉਹ ਅਲੈਕਸੇਈ ਨੂੰ ਲਿਖੇਗਾ ਕਿ ਅਨਿਊਤਾ ਉਸਨੂੰ ਕਿਵੇਂ ਮਿਲੀ, ਕਿ ਉਸਦਾ ਖ਼ਰਾਬ ਹੋਇਆ ਹੋਇਆ ਮੂੰਹ ਦੇਖ ਕੇ ਉਸ ਉੱਤੇ ਕੀ ਪ੍ਰਤਿਕਰਮ ਹੋਇਆ, ਤੇ ਦੋਹਾਂ ਵਿੱਚ ਕਿਵੇਂ ਚੱਲ ਰਹੀ ਹੈ । ਇਸ ਉੱਤੇ ਅਲੈਕਸੇਈ ਨੇ ਫ਼ੈਸਲਾ ਕੀਤਾ ਕਿ ਜੇ ਗਰੀਸ਼ਾ ਨਾਲ ਠੀਕ-ਠਾਕ ਰਹੀ ਤਾਂ ਉਹ ਇੱਕਦਮ ਓਲਿਆ ਨੂੰ ਲਿਖੇਗਾ ਤੇ ਉਸਨੂੰ ਆਪਣੇ ਬਾਰੇ ਸਭ ਕੁਝ ਦੱਸ ਦੇਵੇਗਾ, ਪਰ ਉਸਨੂੰ ਕਹੇਗਾ ਕਿ ਮਾਂ ਨੂੰ ਨਾ ਦੱਸੇ, ਜਿਹੜੀ ਅਜੇ ਵੀ ਬੜੀ ਬੀਮਾਰ ਸੀ ਤੇ ਆਪਣੇ ਮੰਜੇ ਤੋਂ ਵੀ ਨਹੀਂ ਸੀ ਉੱਠ ਸਕਦੀ।
ਇਹ ਕਾਰਨ ਸੀ ਜਿਸ ਕਰਕੇ ਟੈਂਕਮੈਨ ਨੂੰ ਛੁੱਟੀ ਮਿਲਣ ਦੀ ਉਡੀਕ ਵਿੱਚ ਦੋਵੇਂ ਹੀ ਇੱਕੋ ਜਿੰਨੇਂ ਘਬਰਾਏ ਹੋਏ ਸਨ । ਉਹ ਏਨੇ ਫਿਕਰਮੰਦ ਸਨ ਕਿ ਉਹ ਸੌਂ ਵੀ ਨਹੀ ਸਨ ਸਕਦੇ, ਤੇ ਰਾਤ ਨੂੰ ਦੋਵੇਂ ਹੀ ਮਲਕੜੇ ਜਿਹੇ ਬਰਾਮਦੇ ਵਿਚ ਖਿਸਕ ਜਾਂਦੇ – ਗਵੋਜ਼ਦਿਓਵ ਸ਼ੀਸ਼ੇ ਸਾਮ੍ਹਣੇ ਖੜੋ ਕੇ ਆਪਣੇ ਦਾਗਾਂ ਦੀ ਜ਼ਰਾ ਹੋਰ ਮਾਲਸ਼ ਕਰਨ ਲਈ, ਤੇ ਮਰੇਸੇਯੇਵ ਤੁਰਨ ਦੀ ਜ਼ਰਾ ਹੋਰ ਵਰਜ਼ਸ਼ ਕਰਨ ਲਈ। ਉਸਨੇ ਆਪਣੀਆਂ ਭੌੜੀਆਂ ਦੀ ਅਵਾਜ਼ ਖਤਮ ਕਰਨ ਲਈ ਉਹਨਾਂ ਦੇ ਸਿਰਿਆਂ ਉੱਤੇ ਗੱਦੀਆਂ ਲਾ ਲਈਆਂ ਹੋਈਆਂ ਸਨ।
ਦਸ ਵਜੇ ਕਲਾਵਦੀਆ ਮਿਖਾਇਲੋਵਨਾ ਵਾਰਡ ਵਿੱਚ ਆਈ। ਚਿਹਰੇ ਉੱਪਰ ਖਚਰੀ ਜਿਹੀ ਮੁਸਕ੍ਰਾਹਟ ਨਾਲ ਉਸਨੇ ਗਵੋਜ਼ਦਿਓਵ ਨੂੰ ਦੱਸਿਆ ਕਿ ਕੋਈ ਉਸਨੂੰ ਲੈਣ ਆਇਆ ਹੈ। ਗਵੋਜ਼ਦਿਓਵ ਆਪਣੀ ਮੰਜੀ ਉੱਪਰੋਂ ਉਛਲ ਪਿਆ ਜਿਵੇਂ ਹਵਾ ਨੇ ਉਸਨੂੰ ਚੁੱਕ ਮਾਰਿਆ ਹੋਵੇ। ਉਸਦੇ ਚਿਹਰੇ ਉੱਤੇ ਇੰਝ ਲਾਲੀ ਦੌੜ ਗਈ, ਕਿ ਉਸਦੇ ਚਿਹਰੇ ਦੇ ਦਾਗ਼ ਹੋਰ ਵੀ ਉਘੜ ਆਏ । ਉਹ ਜਲਦੀ ਜਲਦੀ ਆਪਣੀਆਂ ਚੀਜ਼ਾਂ ਇਕੱਠੀਆਂ ਕਰਨ ਲੱਗਾ।
“ਬੜੀ ਸੋਹਣੀ ਕੁੜੀ ਏ, ਤੇ ਏਨੀਂ ਗੰਭੀਰ ਲੱਗਦੀ ਏ,” ਗਵੋਜ਼ਦਿਓਵ ਨੂੰ ਹਫ਼ੜਾ- ਦਫ਼ੜੀ ਵਿੱਚ ਜਾਣ ਦੀ ਤਿਆਰੀ ਕਰਦਿਆਂ ਦੇਖ ਕੇ ਨਰਸ ਨੇ ਮੁਸਕ੍ਰਾਉਂਦੀ ਨੇ ਕਿਹਾ।
ਗਵੋਜ਼ਦਿਓਵ ਦਾ ਚਿਹਰਾ ਜਿਵੇਂ ਮਘ ਉਠਿਆ।
“ਗੰਭੀਰ? ਤੁਹਾਨੂੰ ਚੰਗੀ ਲੱਗੀ? ਸੱਚਮੁਚ ਚੰਗੀ ਕੁੜੀ ਏ?” ਉਹ ਏਨਾਂ ਭਾਵੁਕ ਹੋਇਆ ਹੋਇਆ ਸੀ ਕਿ ਅਲਵਿਦਾ ਕਹਿਣਾ ਵੀ ਭੁੱਲ-ਭੁਲਾ ਕੇ ਕਮਰੇ ਵਿੱਚੋਂ ਦੌੜ ਗਿਆ।
“ਬਚੂੰਗੜਾ!” ਮੇਜਰ ਸਤਰੂਚਕੋਵ ਗੁਰਾਇਆ। “ਇਹੋ ਜਿਹੇ ਹੀ ਜਾਲ ਵਿੱਚ ਫਸਦੇ ते।”
ਪਿਛਲੇ ਕੁਝ ਦਿਨਾਂ ਵਿੱਚ ਇਸ ਸਿਰਲੱਥ ਬੰਦੇ ਨੂੰ ਪਤਾ ਨਹੀਂ ਕੀ ਹੋ ਗਿਆ ਸੀ। ਉਹ ਗੁੰਮ-ਸੁੰਮ ਹੋ ਗਿਆ ਸੀ, ਅਕਸਰ ਬਿਨਾਂ ਕਾਰਨ ਹੀ ਗੁੱਸੇ ਵਿੱਚ ਉਬਲਣ ਲੱਗ ਪੈਂਦਾ, ਤੇ ਹੁਣ ਕਿਉਂਕਿ ਉਸ ਲਈ ਮੰਜੇ ਉੱਤੇ ਉੱਠ ਕੇ ਬੈਠਣਾ ਸੰਭਵ ਹੋ ਗਿਆ ਸੀ, ਸੋ ਉਹ ਸਾਰਾ ਸਾਰਾ ਦਿਨ ਆਪਣੀਆਂ ਤਲੀਆਂ ਨਾਲ ਗੱਲ੍ਹਾਂ ਨੂੰ ਘੁੱਟ ਕੇ ਫੜੀ ਸਾਰੀ ਦਿਹਾੜੀ ਮੰਜੇ ਉੱਤੇ ਬੈਠਾ ਰਹਿੰਦਾ, ਬਾਰੀ ਵਿੱਚੋਂ ਬਾਹਰ ਤੱਕਦਾ ਰਹਿੰਦਾ ਤੇ ਜਦੋਂ ਕੋਈ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਬਿਲਕੁਲ ਕੋਈ ਜਵਾਬ ਨਾ ਦੇਂਦਾ ।
ਵਾਰਡ ਵਿਚਲੇ ਸਾਰੇ ਲੋਕ- ਸੋਗੀ ਮੇਜਰ, ਮਰੇਸੇਯੇਵ, ਤੇ ਦੋ ਨਵੇਂ ਮਰੀਜ਼ – ਆਪਣੇ ਭੂਤਪੂਰਵ ਸਾਥੀ ਨੂੰ ਗਲੀ ਵਿੱਚ ਨਿੱਕਲਦਿਆਂ ਦੇਖਣ ਲਈ ਬਾਰੀ ਵਿੱਚੋਂ ਝਾਕਣ ਲੱਗ ਪਏ। ਗਰਮ ਦਿਨ ਸੀ। ਚਮਕਦੇ, ਸੁਨਹਿਰੀ ਕਿੰਗਰਿਆਂ ਵਾਲੇ ਨਰਮ ਨਰਮ, ਰੂੰ ਵਰਗੇ ਬੱਦਲ ਅਕਾਸ਼ ਵਿੱਚ ਤੇਜ਼ ਤੇਜ਼ ਉਡਦੇ ਤੇ ਲਗਾਤਾਰ ਰੂਪ ਵਟਾਉਂਦੇ ਜਾ ਰਹੇ ਸੀ । ਐਨ ਉਸ ਵੇਲੇ ਇੱਕ ਨਿੱਕਾ ਜਿਹਾ ਸਲੇਟੀ, ਰੂੰ ਵਰਗਾ ਬੱਦਲ ਜਲਦੀ ਜਲਦੀ ਦਰਿਆ ਦੇ ਉੱਪਰੋਂ ਦੀ ਲੰਘ ਰਿਹਾ ਸੀ, ਤੇ ਵੱਡੀਆਂ ਵੱਡੀਆਂ ਬਾਰਸ਼ ਦੀਆਂ ਕਣੀਆਂ ਸੁੱਟੀ ਜਾ ਰਿਹਾ ਸੀ, ਜਿਹੜੀਆਂ ਧੁੱਪ ਵਿੱਚ ਲਿਸ਼ਕ ਰਹੀਆਂ ਸਨ । ਦਰਿਆ ਦੇ ਗਰੇਨਾਈਟ ਦੇ ਕੰਢੇ ਇੰਝ ਲਿਸ਼ਕ ਰਹੇ ਸਨ ਜਿਵੇਂ ਪਾਲਿਸ਼ ਹੋਏ ਹੋਣ; ਪੱਕੀ ਸੜਕ ਕਾਲੇ, ਸੰਗਮਰਮਰ ਜਿਹੇ ਟੋਟਿਆਂ ਨਾਲ ਕੱਜੀ ਹੋਈ ਸੀ, ਤੇ ਇਸ ਵਿੱਚੋਂ ਇਸ ਤਰ੍ਹਾਂ ਦੀ ਸੋਹਣੀ ਸੋਹਣੀ ਭਾਫ਼ ਉਠ ਰਹੀ ਸੀ ਕਿ ਬੰਦੇ ਦਾ ਜੀਅ ਕਰਦਾ ਸੀ ਕਿ ਉਹ ਬਾਰੀ ਤੋਂ ਬਾਹਰ ਸਿਰ ਕੱਢ ਕੇ ਇਹਨਾਂ ਖੁਸ਼ੀ ਦੇਂਦੀਆਂ ਕਣੀਆਂ ਨੂੰ ਫੜੇ।
“ਉਹ ਆ ਰਿਹਾ ਹੈ!” ਮਰੇਸੇਯੇਵ ਨੇ ਹੌਲ਼ੀ ਜਿਹੀ ਕਿਹਾ।
ਗੇਟ ਦੇ ਭਾਰੀ-ਭਰਕਮ ਬਲੂਤ ਦੀ ਲੱਕੜੀ ਦੇ ਦਰਵਾਜ਼ੇ ਹੌਲ਼ੀ ਹੌਲ਼ੀ ਖੁੱਲ੍ਹੇ, ਤੇ ਦੋ ਜਣੇ ਉਹਨਾਂ ਵਿੱਚੋਂ ਨਿੱਕਲੇ: ਇਕ ਨੰਗੇ ਸਿਰ, ਕੁਝ ਮੋਟੀ ਜਿਹੀ ਕੁੜੀ ਜਿਸਦੇ ਵਾਲ ਪਿੱਛੇ ਨੂੰ ਵਾਹੇ ਹੋਏ ਸਨ; ਉਸਨੇ ਚਿੱਟਾ ਬਲਾਊਜ਼ ਤੇ ਕਾਲ਼ਾ ਸਕਰਟ ਪਾਇਆ ਹੋਇਆ ਸੀ; ਤੇ ਇੱਕ ਨੌਜਵਾਨ ਸਿਪਾਈ ਜਿਸਨੂੰ ਅਲੈਕਸੇਈ ਵੀ ਇੱਕਦਮ ਨਾ ਪਛਾਣ ਸਕਿਆ ਕਿ ਇਹ ਟੈਂਕਮੈਨ ਹੀ ਹੈ। ਉਸਦੇ ਇੱਕ ਹੱਥ ਵਿਚ ਆਪਣਾ ਸੂਟਕੇਸ ਸੀ ਤੇ ਦੂਜੀ ਬਾਂਹ ਉੱਤੇ ਉਸਨੇ ਆਪਣਾ ਓਵਰਕੋਟ ਸੁੱਟਿਆ ਹੋਇਆ ਸੀ । ਤੇ ਉਹ ਇੰਝ ਉਛਲਦੇ ਕਦਮਾਂ ਨਾਲ ਚੱਲ ਰਿਹਾ ਸੀ ਕਿ ਉਸਨੂੰ ਚਲਦਿਆਂ ਦੇਖਣਾ ਵੀ ਖੁਸ਼ੀ ਦੇਂਦਾ ਸੀ । ਉਹ ਜ਼ਰੂਰ ਆਪਣੀ ਸੱਤ੍ਹਾ ਨੂੰ ਪਰਖ ਰਿਹਾ ਹੋਵੇਗਾ, ਤੇ ਖੁੱਲ੍ਹੀ ਤਰ੍ਹਾਂ ਫਿਰ ਤੁਰ ਸਕਣ ਦਾ ਮੌਕਾ ਮਿਲਣ ਉੱਤੇ ਏਨਾਂ ਖੁਸ਼ ਸੀ ਕਿ ਉਹ ਦੌੜ ਨਹੀਂ ਸੀ ਰਿਹਾ ਪਰ ਜਿਵੇਂ ਤਿਲਕਦਾ ਹੋਇਆ ਪੌੜੀਆਂ ਉੱਤਰ ਰਿਹਾ ਸੀ। ਉਸਨੇ ਆਪਣੀ ਸਾਥਣ ਦੀ ਬਾਂਹ ਫੜੀ ਤੇ ਵੱਡੀਆਂ ਵੱਡੀਆਂ, ਸੁਨਹਿਰੀ ਕਣੀਆਂ ਦੇ ਛੱਟੇ ਹੇਠ, ਉਸਦੇ ਨਾਲ ਨਾਲ ਦਰਿਆ ਦੇ ਕੰਢੇ ਕੰਢੇ ਤੁਰਨ ਲੱਗਾ – ਵਾਰਡ ਦੀ ਬਾਰੀ ਵੱਲ ਨੂੰ।
ਅਲੈਕਸੇਈ ਉਹਨਾਂ ਵੱਲ ਦੇਖ ਰਿਹਾ ਸੀ ਤੇ ਉਹਦਾ ਦਿਲ ਖੁਸ਼ੀ ਨਾਲ ਉਛਾਲੇ ਖਾ ਰਿਹਾ ਸੀ; ਸੋ ਸਭ ਕੁਝ ਠੀਕ ਠਾਕ ਰਿਹਾ ਸੀ ? ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਉਸਦਾ ਚਿਹਰਾ ਏਨਾਂ ਈਮਾਨਦਾਰ, ਸਿੱਧਾ-ਸਾਦਾ ਤੇ ਪਿਆਰਾ ਹੈ। ਇਹੋ ਜਿਹੀ ਕੁੜੀ ਮੂੰਹ ਨਹੀਂ ਮੋੜੇਗੀ। ਹਾਂ, ਇਹੋ ਜਿਹੀਆਂ ਕੁੜੀਆਂ ਮੁਸੀਬਤ ਵੇਲੇ ਆਦਮੀ ਦਾ ਸਾਥ ਨਹੀਂ ਛੱਡਦੀਆਂ।
ਉਹ ਬਾਰੀ ਦੇ ਨੇੜੇ ਆ ਗਏ, ਰੁਕੇ ਤੇ ਉੱਪਰ ਵੱਲ ਦੇਖਣ ਲੱਗੇ । ਗੱਭਰੂ ਤੇ ਮੁਟਿਆਰ ਦਰਿਆ ਦੇ ਕੰਢੇ ਉਪਰਲੇ ਮੀਂਹ ਨਾਲ ਪਾਲਿਸ਼ ਹੋਏ ਬੰਨੇਂ ਦੇ ਨਾਲ ਲੱਗ ਕੇ ਖੜ੍ਹੇ ਸਨ, ਜਿੱਥੇ ਹੌਲੀ ਹੌਲੀ ਪੈ ਰਹੀਆਂ ਕਣੀਆਂ ਚਮਕਦਾਰ, ਟੇਢੀਆਂ ਧਾਰੀਆਂ ਦਾ ਪਿਛੋਕੜ ਵਾਹ ਰਹੀਆਂ ਸੀ। ਤੇ ਇੱਥੇ ਅਲੈਕਸੇਈ ਨੇ ਦੇਖਿਆ ਕਿ ਟੈਂਕਮੈਨ ਕੁਝ ਘਬਰਾਇਆ ਹੋਇਆ ਤੇ ਫਿਕਰਮੰਦ ਲੱਗ ਰਿਹਾ ਸੀ, ਤੇ ਅਨਿਉਤਾ ਵੀ, ਜਿਹੜੀ ਸੱਚਮੁਚ ਓਨੀਂ ਹੀ ਸੋਹਣੀ ਸੀ ਜਿੰਨੀ ਫੋਟੋ ਵਿੱਚ ਸੀ, ਫ਼ਿਕਰਮੰਦ ਘਬਰਾਈ ਹੋਈ ਲੱਗ ਰਹੀ ਸੀ, ਉਸਦੀ ਬਾਂਹ ਢਿੱਲੀ ਜਿਹੀ ਤਰ੍ਹਾਂ ਟੈਂਕਮੈਨ ਦੀ ਬਾਂਹ ਉੱਤੇ ਟਿਕੀ ਹੋਈ ਸੀ, ਤੇ ਉਸਦਾ ਸਮੁੱਚਾ ਅੰਦਾਜ਼ ਪ੍ਰੇਸ਼ਾਨੀ ਵਾਲ਼ਾ ਤੇ ਦੁਚਿੱਤੀ ਵਾਲ਼ਾ ਲੱਗਦਾ ਸੀ, ਜਿਵੇਂ ਕਿ ਹੁਣੇ ਉਹ ਆਪਣੀ ਬਾਂਹ ਖਿੱਚ ਲਵੇਗੀ ਤੇ ਦੌੜ ਜਾਵੇਗੀ।
ਉਹਨਾਂ ਨੇ ਹੱਥ ਹਿਲਾਏ, ਘੁੱਟੀ ਘੁੱਟੀ ਤਰ੍ਹਾਂ ਮੁਸਕ੍ਰਾਏ, ਕੰਢੇ ਕੰਢੇ ਜ਼ਰਾ ਹੋਰ ਅੱਗੇ ਗਏ ਤੇ ਮੋੜ ਮੁੜ ਕੇ ਅੱਖੋਂ ਉਹਲੇ ਹੋ ਗਏ। ਚੁੱਪ-ਚਾਪ ਮਰੀਜ਼ ਆਪਣੇ ਆਪਣੇ ਮੰਜਿਆਂ ਵੱਲ ਮੁੜ ਆਏ ।
“ਵਿਚਾਰੇ ਗਵੋਜ਼ਦਿਓਵ ਦਾ ਮਾਮਲਾ ਕੁਝ ਜੰਮਿਆਂ ਨਹੀਂ ਲੱਗਦਾ,” ਮੇਜਰ ਨੇ ਟਿੱਪਣੀ ਕੀਤੀ, ਤੇ ਬਰਾਮਦੇ ਵਿੱਚ ਕਲਾਵਦੀਆ ਮਿਖਾਇਲੋਵਨਾ ਦੀਆਂ ਅੱਡੀਆਂ ਦੀ ਟਾਪ ਸੁਣਦਿਆਂ ਉਹ ਤ੍ਰਭਕ ਪਿਆ ਤੇ ਝਟਕੇ ਨਾਲ ਮੂੰਹ ਬਾਰੀ ਵੱਲ ਕਰ ਲਿਆ।
ਬਾਕੀ ਸਾਰਾ ਦਿਨ ਅਲੈਕਸੇਈ ਬੇਚੈਨ ਰਿਹਾ। ਸਗੋਂ ਉਸਨੇ ਆਪਣੀ ਸ਼ਾਮ ਦੀ ਤੁਰਨ ਦੀ ਵਰਜ਼ਸ਼ ਵੀ ਖੁੰਝਾ ਦਿੱਤੀ ਤੇ ਸਭ ਤੋਂ ਪਹਿਲਾਂ ਵਾਪਸ ਮੁੜ ਆਇਆ; ਪਰ ਉਸਦੇ ਮੰਜੇ ਦੇ ਸਪਰਿੰਗ ਬਾਕੀ ਸਾਰਿਆਂ ਦੇ ਸੌਣ ਤੋਂ ਮਗਰੋਂ ਵੀ ਕਿੰਨੀ ਰਾਤ ਗਈ ਤੱਕ ਕੜ-ਕੜ ਕਰਦੇ ਰਹੇ ।
ਅਗਲੀ ਸਵੇਰ ਅਜੇ ਨਰਸ ਕਮਰੇ ਵਿੱਚ ਆਈ ਹੀ ਸੀ ਕਿ ਉਹ ਉਸਨੂੰ ਪੁੱਛਣ ਲੱਗ ਪਿਆ ਕਿ ਮੇਰੇ ਲਈ ਕੋਈ ਚਿੱਠੀ ਤਾਂ ਨਹੀਂ । ਕੋਈ ਚਿੱਠੀ ਨਹੀਂ ਸੀ। ਉਸਨੇ ਬੇਦਿਲੀ ਜਿਹੀ ਨਾਲ ਆਪਦਾ ਮੂੰਹ ਹੱਥ ਧੋਤਾ ਤੇ ਨਾਸ਼ਤਾ ਕੀਤਾ, ਪਰ ਤੁਰਨ ਦੀ ਵਰਜ਼ਸ਼ ਉਸਨੇ ਆਮ ਨਾਲੋਂ ਜ਼ਿਆਦਾ ਕੀਤੀ; ਉਹ ਕਮਜ਼ੋਰੀ ਲਈ ਆਪਦੇ ਆਪ ਨੂੰ ਸਜ਼ਾ ਦੇਣ ਵਾਸਤੇ, ਜਿਹੜੀ ਕਮਜ਼ੋਰੀ ਉਸਨੇ ਪਿਛਲੀ ਸ਼ਾਮ ਦਿਖਾਈ ਸੀ, ਉਸਨੇ ਪੰਦਰਾਂ ਫ਼ੇਰੇ ਵਧੇਰੇ ਲਾਏ, ਤਾਂ ਕਿ ਨਾ ਕੀਤੀ ਗਈ ਵਰਜ਼ਸ਼ ਦਾ ਕੁਝ ਘਾਟਾ ਪੂਰਾ ਹੋ ਸਕੇ । ਇਸ ਅਚਣਚੇਤ ਪ੍ਰਾਪਤੀ ਨੇ ਉਸਨੂੰ ਆਪਣਾ ਸਾਰਾ ਫ਼ਿਕਰ ਭੁਲਾ ਦਿੱਤਾ। ਉਸਨੇ ਸਾਬਤ ਕਰ ਦਿੱਤਾ ਸੀ ਉਹ ਬਹੁਤਾ ਥੱਕੇ ਤੋਂ ਬਿਨਾਂ ਆਪਣੀਆਂ ਭੌੜੀਆਂ ਨਾਲ ਖੁੱਲ੍ਹਾ ਤੁਰ ਫਿਰ ਸਕਦਾ ਸੀ । ਬਰਾਮਦਾ ਪੰਜਾਹ ਮੀਟਰ ਲੰਮਾ ਸੀ। ਪੰਜਤਾਲੀ ਨਾਲ ਗੁਣਾ ਕੀਤਿਆਂ, ਜਿੰਨੀ ਵਾਰੀ ਕਿ ਉਹ ਇੱਧਰ ਉੱਧਰ ਗਿਆ ਸੀ, ਇਹ ਦੋ ਹਜ਼ਾਰ ਢਾਈ ਸੌ ਮੀਟਰ ਬਣ ਜਾਂਦੇ ਸਨ, ਭਾਵ ਸਵਾ ਦੋ ਕਿਲੋਮੀਟਰ, ਭਾਵ ਅਫ਼ਸਰਾਂ ਦੀ ਮੈੱਸ ਤੋਂ ਹਵਾਈ ਅੱਡੇ ਤੱਕ ਦਾ ਫ਼ਾਸਲਾ । ਕਲਪਨਾ ਵਿੱਚ ਹੀ ਉਸਨੇ ਜਾਣਿਆ- ਪਛਾਣਿਆ ਰਾਹ ਕੱਛਿਆ ਜਿਹੜਾ ਪਿੰਡ ਦੇ ਪੁਰਾਣੇ ਗਿਰਜੇ ਦੇ ਖੰਡਰਾਂ ਦੇ ਨੇੜਿਉਂ ਦੀ, ਸੜੇ ਹੋਏ ਸਕੂਲ ਦੀ ਇੱਟਾਂ ਦੀ ਇਮਾਰਤ ਦੇ ਨੇੜਿਉਂ ਦੀ, ਜਿਹੜੀ ਆਪਣੀਆਂ ਸ਼ੀਸ਼ਿਆਂ ਤੋਂ ਬਿਨਾਂ ਬਾਰੀਆਂ ਦੇ ਖੋਖਲੇ ਖੋਲਾਂ ਦੇ ਵਿੱਚੋਂ ਸੜਕ ਵੱਲ ਸੋਗੀ ਅੰਦਾਜ਼ ਨਾਲ ਦੇਖਦੀ ਸੀ, ਉਸ ਜੰਗਲ ਦੇ ਵਿੱਚੋਂ ਦੀ, ਜਿੱਥੇ ਫ਼ਰ ਦੀਆਂ ਟਾਹਣੀਆਂ ਦੇ ਨਾਲ ਕੱਜੇ ਹੋਏ ਬਾਲਣ ਦੇ ਟਰੱਕ ਲੁਕਾਏ ਹੋਏ ਸਨ, ਤੇ ਕਮਾਂਡਰ ਦੇ ਭੋਰੇ ਦੇ ਕੋਲੋਂ ਦੀ, ਤੇ ਲੱਕੜੀ ਦੀ ਝੁੱਗੀ ਦੇ ਕੋਲ਼ੋਂ ਦੀ ਲੰਘਦਾ ਸੀ, ਜਿੱਥੇ ਨਕਸ਼ਿਆਂ ਦੇ ਖਾਕਿਆਂ ਉੱਪਰ ਝੁਕੀ ਹੋਈ “ਰੁੱਤ-ਵਿਗਿਆਨਕ ਸਾਰਜੰਟ” ਆਪਣੇ ਫ਼ਰਜ਼ ਨਿਭਾ ਰਹੀ ਹੁੰਦੀ ਸੀ । ਕੋਈ ਥੋਹੜਾ ਨਹੀਂ ! ਸੱਚਮੁਚ ਕੋਈ ਥੋਹੜਾ ਨਹੀਂ !
ਮਰੇਸੇਯੇਵ ਨੇ ਆਪਣੀ ਰੋਜ਼ਾਨਾਂ ਵਰਜ਼ਸ਼ ਵਧਾ ਕੇ ਛਿਆਲੀ ਫ਼ੇਰਿਆਂ ਤੱਕ ਕਰ ਦੇਣ ਦਾ ਫ਼ੈਸਲਾ ਕੀਤਾ, ਤੇਈ ਸਵੇਰੇ ਤੇ ਤੇਈ ਸ਼ਾਮ ਨੂੰ, ਤੇ ਅਗਲੀ ਸਵੇਰ, ਜਦੋਂ ਉਹ ਰਾਤ ਦੇ ਅਰਾਮ ਤੋਂ ਮਗਰੋਂ ਤਾਜ਼ਾਦਮ ਹੋਵੇਗਾ, ਭੌੜੀਆਂ ਤੋਂ ਬਿਨਾਂ ਤੁਰਨ ਦੀ ਕੋਸ਼ਿਸ਼ ਕਰੇਗਾ। ਇਸ ਚੀਜ਼ ਨੇ ਇੱਕਦਮ ਉਸਦਾ ਧਿਆਨ ਸੋਗੀ ਸੋਚਾਂ ਵੱਲੋਂ ਹਟਾ ਦਿੱਤਾ, ਉਸਨੂੰ ਚੜਦੀਆਂ ਕਲਾਂ ਵਿੱਚ ਲੈ ਆਂਦਾ ਤੇ ਉਸ ਵਿੱਚ ਵਿਹਾਰਕ ਰੌਅ ਪੈਦਾ ਕਰ ਦਿੱਤਾ। ਸ਼ਾਮ ਨੂੰ ਉਹਨੇ ਆਪਣੀ ਵਰਜ਼ਸ਼ ਇੰਝ ਜੋਸ਼ ਨਾਲ ਸ਼ੁਰੂ ਕੀਤੀ ਕਿ ਉਸਨੂੰ ਪਤਾ ਵੀ ਨਾ ਲੱਗਾ ਕਿ ਉਹ ਤੀਹ ਤੋਂ ਵੱਧ ਗੇੜੇ ਲਾ ਚੁੱਕਾ ਸੀ । ਬਿਲਕੁਲ ਇਸ ਸਮੇ ਕਲੌਕਰੂਮ ਦੀ ਨੌਕਰਾਣੀ ਇੱਕ ਚਿੱਠੀ ਲੈ ਕੇ ਆਈ, ਜਿਸ ਕਰਕੇ ਉਸਨੂੰ ਆਪਣੀ ਵਰਜਸ਼ ਰੋਕਣੀ ਪੈ ਗਈ । ਇਹ ਚਿੱਠੀ ਉਸ ਲਈ ਸੀ । ਛੋਟੇ ਜਿਹੇ ਲਿਫ਼ਾਫ਼ੇ ਉੱਤੇ ਸਿਰਨਾਵਾਂ ਲਿਖਿਆ ਸੀ: “ਸੀਨੀਅਰ ਲੈਫ਼ਟੀਨੈਂਟ ਮਰੇਸੇਯੇਵ। ਬਿਲਕੁਲ ਨਿੱਜੀ।” ਲਫ਼ਜ਼ ‘ਬਿਲਕੁਲ’ ਹੇਠਾਂ ਲਕੀਰ ਖਿੱਚੀ ਹੋਈ ਸੀ, ਤੇ ਅਲੈਕਸੇਈ ਨੂੰ ਇਹ ਪਸੰਦ ਨਹੀਂ ਆਇਆ । ਚਿੱਠੀ ਦੇ ਅੰਦਰ ਵੀ ਲਿਖਿਆ ਸੀ “ਬਿਲਕੁਲ ਨਿੱਜੀ” ਤੇ ਹੇਠਾਂ ਲਕੀਰ ਖਿੱਚੀ ਹੋਈ ਸੀ।
ਬਾਰੀ ਦੀ ਸਿੱਲ ਉੱਤੇ ਝੁਕਦਿਆਂ, ਅਲੈਕਸੇਈ ਨੇ ਚਿੱਠੀ ਖੋਹਲੀ ਤੇ ਜਿਉਂ ਜਿਉਂ ਉਹ ਇਸ ਲੰਮੀ ਸਾਰੀ ਚਿੱਠੀ ਨੂੰ ਪੜ੍ਹਦਾ ਜਾਂਦਾ, ਜਿਹੜੀ ਗਵੋਜ਼ਦਿਓਵ ਨੇ ਇੱਕ ਰਾਤ ਪਹਿਲਾਂ ਰੇਲਵੇ ਸਟੇਸ਼ਨ ਉੱਤੇ ਬੈਠੇ ਨੇ ਲਿਖੀ ਸੀ, ਤਿਉਂ ਤਿਉਂ ਉਸਦਾ ਚਿਹਰਾ ਉਦਾਸ ਹੁੰਦਾ ਜਾਂਦਾ। ਗਵੋਜ਼ਦਿਓਵ ਨੇ ਲਿਖਿਆ ਸੀ ਅਨਿਊਤਾ ਬਿਲਕੁਲ ਉਸੇ ਤਰ੍ਹਾਂ ਦੀ ਨਿੱਕਲੀ ਸੀ ਜਿਸ ਤਰ੍ਹਾਂ ਦੀ ਉਸਨੇ ਕਲਪਨਾ ਕੀਤੀ ਸੀ, ਕਿ ਸ਼ਾਇਦ ਉਹ ਮਾਸਕੋ ਵਿਚਲੀ ਸਭ ਤੋਂ ਸੋਹਣੀ ਕੁੜੀ ਸੀ, ਕਿ ਉਹ ਉਸਨੂੰ ਇੱਕ ਭਰਾ ਵਾਂਗ ਮਿਲੀ ਸੀ ਤੇ ਉਹ ਹੁਣ ਉਸਨੂੰ ਪਹਿਲਾਂ ਨਾਲੋਂ ਵੀ ਚੰਗੀ ਲੱਗਦੀ ਸੀ।
“ … ਪਰ ਜਿਸ ਚੀਜ਼ ਬਾਰੇ ਅਸੀਂ ਗੱਲ ਕੀਤੀ ਸੀ, ਉਹ ਬਿਲਕੁਲ ਉਸੇ ਤਰ੍ਹਾਂ ਨਿੱਕਲੀ 66 ਜਿਸ ਤਰ੍ਹਾਂ ਅਸੀਂ ਸੋਚਿਆ ਸੀ । ਉਹ ਚੰਗੀ ਕੁੜੀ ਹੈ । ਉਸਨੇ ਮੈਨੂੰ ਇਕ ਲਫ਼ਜ਼ ਵੀ ਨਹੀਂ ਕਿਹਾ, ਕਿਸੇ ਚੀਜ਼ ਦਾ ਮੂੰਹ ਉੱਤੇ ਹਾਵਭਾਵ ਤੱਕ ਵੀ ਨਹੀਂ ਆਉਣ ਦਿੱਤਾ । ਬਿਲਕੁਲ ਚੰਗੀਆਂ ਕੁੜੀਆਂ ਵਾਂਗ। ਪਰ ਮੈਂ ਅੰਨ੍ਹਾਂ ਨਹੀਂ। ਮੈਂ ਦੇਖ ਸਕਦਾ ਸਾਂ ਕਿ ਮੇਰਾ ਲਾਅਣਤੀ ਮੂੰਹ ਉਸ ਲਈ ਡਰਾਉਣਾ ਹੈ । ਸਭ ਕੁਝ ਠੀਕ ਠਾਕ ਲੱਗਦਾ ਸੀ, ਪਰ ਇੱਕਦਮ ਮੈਂ ਦੇਖਿਆ ਕਿ ਉਹ ਮੇਰੇ ਵੱਲ ਦੇਖ ਰਹੀ ਹੈ ਜਿਵੇਂ ਕਿ ਉਹ ਸ਼ਰਮਸਾਰ ਹੋਵੇ, ਜਾਂ ਡਰ ਗਈ ਹੋਵੇ, ਜਾਂ ਉਸਨੂੰ ਮੇਰੇ ਉੱਤੇ ਤਰਸ ਆਉਂਦਾ ਹੋਵੇ – ਮੈਨੂੰ ਨਹੀਂ ਪਤਾ ਕੀ ਗੱਲ ਸੀ… ਉਹ ਮੈਨੂੰ ਆਪਣੀ ਯੂਨੀਵਰਸਿਟੀ ਲੈ ਗਈ । ਚੰਗਾ ਹੁੰਦਾ ਜੇ ਮੈਂ ਨਾ ਜਾਂਦਾ । ਕੁੜੀਆਂ ਵਿਦਿਆਰਥਣਾਂ ਇੱਕਠੀਆਂ ਹੋ ਗਈਆਂ ਤੇ ਮੇਰੇ ਵੱਲ ਅੱਖਾਂ ਪਾੜ ਪਾੜ ਦੇਖਣ ਲੱਗ ਪਈਆਂ ।… ਤੂੰ ਮੰਨੇਗਾ ? ਉਹ ਸਾਨੂੰ ਸਭ ਨੂੰ ਜਾਣਦੀਆਂ ਸਨ! ਅਨਿਊਤਾ ਨੇ ਉਹਨਾਂ ਨੂੰ ਸਾਡੇ ਬਾਰੇ ਸਭ ਕੁਝ ਦੱਸਿਆ ਹੋਇਆ ਸੀ । ਮੈਂ ਦੇਖ ਸਕਦਾ ਸਾਂ ਕਿ ਉਹ ਗੁਨਾਹਗਾਰਾਂ ਵਾਂਗ ਉਹਨਾਂ ਵੱਲ ਦੇਖ ਰਹੀ ਸੀ ਜਿਵੇਂ ਕਹਿ ਰਹੀ ਹੋਵੇ: ‘ਮੈਨੂੰ ਮੁਆਫ਼ ਕਰਨਾ ਕਿ ਮੈਂ ਇਸ ਡਰਾਉਣੀ ਚੀਜ਼ ਨੂੰ ਇੱਥੇ ਲੈ ਆਈ ਹਾਂ ।’ ਪਰ, ਅਲਿਊਸ਼ਾ, ਮੁੱਖ ਗੱਲ ਇਹ ਹੈ ਕਿ ਉਸਨੇ ਆਪਣੇ ਹਾਵਭਾਵ ਲੁਕਾਉਣ ਦੀ ਕੋਸ਼ਿਸ਼ ਕੀਤੀ: ਉਹ ਮੇਰੇ ਵੱਲ ਏਨੀਂ ਚੰਗੀ, ਏਨੀਂ ਮਿਹਰਬਾਨ ਸੀ, ਤੇ ਉਹ ਗੱਲਾਂ ਕਰੀ ਗਈ, ਕਰੀ ਗਈ, ਜਿਵੇਂ ਚੁੱਪ ਕੀਤਿਆਂ ਉਸਨੂੰ ਡਰ ਲੱਗਦਾ ਹੋਵੇ । ਫਿਰ ਅਸੀਂ ਉਸਦੇ ਘਰ ਚਲੇ ਗਏ। ਉਹ ਇੱਕਲੀ ਰਹਿੰਦੀ ਹੈ। ਉਸਦੇ ਮਾਪੇ ਨਿਕਾਸੀਆਂ ਨਾਲ ਚਲੇ ਗਏ ਹਨ। ਪ੍ਰਤੱਖ ਸੀ ਕਿ ਉਹ ਬਿਲਕੁਲ ਇੱਜ਼ਤਦਾਰ ਲੋਕ ਹਨ । ਉਸਨੇ ਮੈਨੂੰ ਚਾਹ ਬਣਾ ਕੇ ਦਿੱਤੀ ਤੇ ਮੇਜ ਉੱਤੇ ਬੈਠਿਆਂ ਉਹ ਨਿੱਕਲ ਦੀ ਕੇਤਲੀ ਵਿੱਚ ਮੇਰਾ ਪਰਤੌਅ ਦੇਖਦੀ ਰਹੀ ਤੇ ਹਉਂਕੇ ਭਰਦੀ ਰਹੀ। ਮਤਲਬ ਕੀ, ਮੈਂ ਆਪਣੇ ਮਨ ਵਿੱਚ ਸੋਚਿਆ: ‘ਖੈਰ, ਇਹ ਇੰਝ ਨਹੀਂ ਚੱਲਦਾ ਰਹਿ ਸਕਦਾ ।’ ਮੈਂ ਉਸ ਨਾਲ ਸਿੱਧੀ ਗੱਲ ਕੀਤੀ: ‘ਮੈਂ ਦੇਖ ਸਕਦਾ ਹਾਂ ਕਿ ਮੇਰਾ ਮੂੰਹ-ਮੱਥਾ ਤੇਰੀ ਪਸੰਦ ਦਾ ਨਹੀਂ । ਤੂੰ ਠੀਕ ਹੈ। ਮੈਂ ਸਮਝਦਾ ਹਾਂ । ਮੈਨੂੰ ਕੋਈ ਠੇਸ ਨਹੀਂ ਲੱਗੀ। ਉਸਦੇ ਅੱਥਰੂ ਫੁੱਟ ਆਏ, ਪਰ ਮੈਂ ਉਸਨੂੰ ਕਿਹਾ: ‘ਰੋ ਨਾ । ਤੂੰ ਇੱਕ ਚੰਗੀ ਕੁੜੀ ਏਂ । ਕਿਸੇ ਦਾ ਵੀ ਤੇਰੇ ਨਾਲ ਪਿਆਰ ਪੈ ਸਕਦਾ ਹੈ। ਆਪਣੀ ਜ਼ਿੰਦਗੀ ਤੂੰ ਕਿਉਂ ਬਰਬਾਦ ਕਰਦੀ ਏਂ ?’ ਫਿਰ ਮੈਂ ਉਸਨੂੰ ਕਿਹਾ: ‘ਸੋ, ਹੁਣ ਦੇਖਿਆ, ਮੈਂ ਕਿਆ ਖੂਬਸੂਰਤ ਆਦਮੀ ਹਾਂ। ਜ਼ਰਾ ਫਿਰ ਸੋਚ ਲੈ। ਮੈਂ ਵਾਪਸ ਆਪਣੇ ਯੂਨਿਟ ਵਿੱਚ ਜਾ ਰਿਹਾ ਹਾਂ ਤੇ ਆਪਣਾ ਸਿਰਨਾਵਾਂ ਭੇਜਾਂਗਾ । ਜੇ ਤੂੰ ਮਨ ਨਾ ਬਦਲਿਆ, ਤਾਂ ਮੈਨੂੰ ਲਿਖ ਦੇਵੀਂ।’ ਤੇ ਮੈਂ ਉਸਨੂੰ ਇਹ ਵੀ ਕਿਹਾ: ‘ਕੋਈ ਐਸੀ ਗੱਲ ਕਰਨ ਲਈ ਆਪਣੇ ਆਪ ਨੂੰ ਮਜ਼ਬੂਰ ਨਾ ਕਰੀਂ, ਜਿਹੜੀ ਤੂੰ ਨਾ ਕਰਨਾ ਚਾਹੁੰਦੀ ਹੋਵੇ । ਅੱਜ ਮੈਂ ਹਾਂ – ਕੱਲ੍ਹ ਨੂੰ ਕੀ ਪਤਾ: ਜੰਗ ਜੰਗ ਹੀ ਹੈ।’ ਉਹ, ਬੇਸ਼ੱਕ, ‘ਨਹੀਂ, ਨਹੀਂ, ਕੀ ਕਹਿ ਰਹੇ ਹੋ!’ ਕਹਿੰਦੀ ਰੋਂਦੀ ਰਹੀ। ਬਿਲਕੁਲ ਉਸ ਵੇਲੇ ਹਵਾਈ ਖ਼ਤਰੇ ਦਾ ਲਾਅਣਤੀ ਧੂਤੂ ਵੱਜਣ ਲੱਗ ਪਿਆ । ਉਹ ਬਾਹਰ ਚਲੀ ਗਈ, ਤੇ ਮੈਂ ਹਫ਼ੜਾ-ਦਫ਼ੜੀ ਤੋਂ ਲਾਭ ਉਠਾਉਂਦਿਆਂ ਉਥੋਂ ਖਿਸਕ ਗਿਆ, ਤੇ ਉਥੋਂ ਸਿੱਧਾ ਅਫ਼ਸਰਾਂ ਦੀ ਰੈਜਮੈਂਟ ਵਿੱਚ ਚਲਾ ਗਿਆ । ਉਹਨਾਂ ਨੇ ਤੁਰੰਤ ਹੀ ਮੈਨੂੰ ਥਾਂ ਦੇ ਦਿੱਤੀ । ਹੁਣ ਸਭ ਕੁਝ ਠੀਕ ਠਾਕ ਹੈ। ਮੇਰੇ ਕੋਲ ਮੇਰੀ ਰੇਲ ਟਿਕਟ ਹੈ ਤੇ ਜਲਦੀ ਹੀ ਮੈਂ ਇਥੋਂ ਚਲਾ ਜਾਵਾਂਗਾ। ਪਰ, ਅਲਿਉਸ਼ਾ, ਮੈਂ ਇਹ ਤੈਨੂੰ ਜ਼ਰੂਰ ਦੱਸਣਾ ਚਾਹੁੰਦਾ ਹਾਂ ਕਿ ਹੁਣ ਮੈਂ ਉਸਨੂੰ ਪਹਿਲਾਂ ਨਾਲੋਂ ਵੀ ਵਧੇਰੇ ਪਿਆਰ ਕਰਦਾ ਹਾਂ, ਤੇ ਮੈਨੂੰ ਨਹੀਂ ਪਤਾ ਕਿ ਮੈਂ ਉਸਤੋਂ ਬਿਨਾਂ ਕਿਵੇਂ ਰਹਾਂਗਾ।”
ਅਲੈਕਸੇਈ ਨੇ ਆਪਣੇ ਦੋਸਤ ਦੀ ਚਿੱਠੀ ਪੜ੍ਹੀ, ਤੇ ਉਸਨੂੰ ਲੱਗਾ ਕਿ ਉਹ ਆਪਣੇ ਭਵਿੱਖ ਉੱਤੇ ਝਾਤੀ ਮਾਰ ਰਿਹਾ ਹੈ । ਯਕੀਨਨ, ਬਿਲਕੁਲ ਇਹੀ ਚੀਜ਼ ਉਸ ਨਾਲ ਵਾਪਰੇਗੀ। ਓਲਿਆ ਉਸਨੂੰ ਪਰ੍ਹਾਂ ਨਹੀ ਧੱਕੇਗੀ, ਉਸਤੋਂ ਮੂੰਹ ਨਹੀਂ ਮੋੜੇਗੀ, ਉਹ ਵੀ ਉਹੀ ਉੱਚੀ- ਸੁੱਚੀ ਕੁਰਬਾਨੀ ਕਰਨੀ ਚਾਹੇਗੀ, ਉਹ ਵੀ ਮਿਹਰਬਾਨੀ ਨਾਲ ਪੇਸ਼ ਆਏਗੀ, ਆਪਣੇ ਹੰਝੂਆਂ ਥਾਣੀਂ ਮੁਸਕ੍ਰਾਇਗੀ, ਤੇ ਆਪਣੀ ਕਚਿਆਹਣ ਨੂੰ ਦਬਾਉਂਦੀ ਹੋਈ ਉਸ ਨਾਲ ਪਿਆਰ ਕਰਨ ਦੀ ਕੋਸ਼ਿਸ਼ ਕਰੇਗੀ।
“ਨਹੀਂ! ਨਹੀਂ ! ਮੈਂ ਇਹ ਨਹੀਂ ਚਾਹੁੰਦਾ !” ਅਲੈਕਸੇਈ ਕਹਿ ਉਠਿਆ।
ਉਹ ਜਲਦੀ ਨਾਲ ਲੰਗੜਾਉਂਦਾ ਹੋਇਆ ਵਾਪਸ ਵਾਰਡ ਵਿੱਚ ਆਇਆ, ਮੇਜ ਕੋਲ ਬੈਠ ਗਿਆ ਤੇ ਓਲਿਆ ਨੂੰ ਚਿੱਠੀ ਲਿਖਣ ਲੱਗ ਪਿਆ – ਸੰਖੇਪ, ਭਾਵਹੀਣ, ਵਿਹਾਰਕ ਜਿਹੀ। ਸੱਚ ਕਹਿਣ ਦੀ ਉਸਦੀ ਹਿੰਮਤ ਨਾ ਪਈ। ਕਿਉਂ ਲਿਖਿਆ ਜਾਏ? ਮਾਂ ਬੀਮਾਰ ਪਈ ਹੈ, ਉਸਦੇ ਗ਼ਮ ਵਿੱਚ ਵਾਧਾ ਕਿਉਂ ਕੀਤਾ ਜਾਏ ? ਉਸਨੇ ਓਲਿਆ ਨੂੰ ਲਿਖਿਆ ਕਿ “ਮੈਂ ਸਾਡੇ ਆਪਸੀ ਸੰਬੰਧਾਂ ਬਾਰੇ ਸੋਚਿਆ ਹੈ ਤੇ ਇਸ ਸਿੱਟੇ ਉੱਤੇ ਪੁੱਜਾ ਹਾਂ ਕਿ ਤੇਰੇ ਲਈ ਉਡੀਕਣਾ ਬੜਾ ਮੁਸ਼ਕਲ ਹੋਵੇਗਾ। ਕਿਸੇ ਨੂੰ ਨਹੀਂ ਸੀ ਪਤਾ, ਜੰਗ ਹੋਰ ਕਿੰਨਾਂ ਚਿਰ ਚੱਲੇਗੀ, ਪਰ ਸਮਾਂ ਤੇ ਜਵਾਨੀ ਲੰਘਦੇ ਜਾ ਰਹੇ ਹਨ। ਜੰਗ ਐਸੀ ਚੀਜ਼ ਹੈ ਕਿ ਉਡੀਕ ਕਰਨਾ ਵਿਅਰਥ ਸਾਬਤ ਹੋ ਸਕਦਾ ਹੈ। ਕੀ ਪਤਾ ਕੱਲ੍ਹ ਨੂੰ ਮੈਂ ਮਾਰਿਆ ਜਾਵਾਂ ਤੇ ਉਹ ਪਤਨੀ ਬਨਣ ਤੋਂ ਵੀ ਪਹਿਲਾਂ ਵਿਧਵਾ ਬਣ ਜਾਏਗੀ: ਜਾਂ, ਜਿਹੜੀ ਇਸਤੋਂ ਵੀ ਭੈੜੀ ਗੱਲ ਹੋਵੇਗੀ, ਹੋ ਸਕਦਾ ਹੈ ਮੇਰਾ ਕੋਈ ਅੰਗ ਭੰਗ ਹੋ ਜਾਏ, ਤੇ ਤੈਨੂੰ ਇੱਕ ਨਕਾਰਾ ਬੰਦੇ ਨਾਲ ਵਿਆਹ ਕਰਾਉਣਾ ਪਵੇ । ਇਸਦਾ ਕੀ ਲਾਭ ? ਤੂੰ ਆਪਣੀ ਜਵਾਨੀ ਨਾ ਗਾਲ ਤੇ ਜਿੰਨੀ ਜਲਦੀ ਹੋ ਸਕੇ, ਮੈਨੂੰ ਭੁਲਾਉਣ ਦੀ ਕੋਸ਼ਿਸ਼ ਕਰ। ਤੇਰੇ ਲਈ ਮੇਰਾ ਜਵਾਬ ਦੇਣਾ ਵੀ ਕੋਈ ਜ਼ਰੂਰੀ ਨਹੀਂ, ਮੈਂ ਕੋਈ ਬੁਰਾ ਨਹੀਂ ਮਨਾਵਾਂਗਾ। ਮੈਂ ਤੇਰੀ ਅਵਸਥਾ ਸਮਝਦਾ ਹਾਂ, ਭਾਵੇਂ ਮੇਰੇ ਲਈ ਇਹ ਮੁਸ਼ਕਲ ਹੀ ਹੋਵੇਗਾ। ਪਰ ਇੰਝ ਚੰਗਾ ਹੀ ਹੋਵੇਗਾ।’
ਚਿੱਠੀ ਜਿਵੇਂ ਉਸਦੇ ਹੱਥਾਂ ਨੂੰ ਅੱਗ ਲਾ ਰਹੀ ਸੀ । ਇਸ ਉੱਤੇ ਮੁੜ ਨਜ਼ਰ ਮਾਰਨ ਤੋਂ ਬਿਨਾਂ, ਉਸਨੇ ਇਸਨੂੰ ਲਿਫ਼ਾਫ਼ੇ ਵਿੱਚ ਪਾਇਆ ਤੇ ਕਾਹਲੀ ਨਾਲ ਲੰਗੜਾਉਂਦਾ ਹੋਇਆ ਨੀਲੇ ਲੈਟਰ-ਬਾਕਸ ਤੱਕ ਗਿਆ ਜਿਹੜਾ ਬਰਾਮਦੇ ਵਿੱਚ ਪਾਣੀ ਗਰਮ ਕਰਨ ਵਾਲੀ ਮਸ਼ੀਨ ਦੇ ਪਿੱਛੇ ਲੱਗਾ ਹੋਇਆ ਸੀ।
ਉਹ ਵਾਰਡ ਵਿੱਚ ਮੁੜਿਆ ਤੇ ਮੁੜ ਮੇਜ ਕੋਲ ਆ ਬੈਠਾ । ਉਹ ਕਿਸ ਨਾਲ ਆਪਣਾ ਦੁੱਖ ਵੰਡਾਏ ? ਆਪਣੀ ਮਾਂ ਨਾਲ, ਨਹੀ; ਗਵੋਜ਼ਦਿਓਵ ਨਾਲ? ਉਹ, ਬੇਸ਼ੱਕ, ਸਮਝ ਜਾਏਗਾ, ਪਰ ਉਹ ਹੈ ਕਿੱਥੇ ਸੀ ? ਮਹਾਜ਼ ਨੂੰ ਜਾਂਦੀਆਂ ਸੜਕਾਂ ਅਥਾਹ ਭੂਲ-ਭੁਲਈਆਂ ਵਿੱਚ ਉਹ ਉਸਨੂੰ ਕਿਵੇਂ ਲਭ ਸਕਦਾ ਸੀ ? ਉਸਦੇ ਯੂਨਿਟ ਨੂੰ ਲਿਖੇ ? ਪਰ ਨਿੱਤਾਪ੍ਰਤਿ ਜੰਗੀ ਕਾਰਵਾਈਆਂ ਵਿੱਚ ਰੁੱਝੇ ਉਹਨਾਂ ਖੁਸ਼ਕਿਸਮਤ ਲੋਕਾਂ ਕੋਲ ਏਨਾਂ ਸਮਾਂ ਹੋਵੇਗਾ ਕਿ ਉਸ ਲਈ ਫ਼ਿਕਰਮੰਦ ਹੋਣ? “ਰੁੱਤ-ਵਿਗਿਆਨਕ ਸਾਰਜੰਟ” ਨੂੰ ? ਹਾਂ, ਉਸਨੂੰ ਲਿਖਿਆ ਜਾ ਸਕਦਾ ਹੈ। ਉਸਨੇ ਇੱਕਦਮ ਚਿੱਠੀ ਲਿਖਣੀ ਸ਼ੁਰੂ ਕਰ ਦਿੱਤੀ, ਤੇ ਉਸਤੋਂ ਆਪਣੇ ਆਪ ਲਿਖਿਆ ਜਾ ਰਿਹਾ ਸੀ, ਜਿਵੇਂ ਦੋਸਤ ਦੇ ਮੋਢੇ ਉੱਤੇ ਆਪਣੇ ਆਪ ਹੰਝੂ ਫੁੱਟ ਆਉਂਦੇ ਹਨ। ਇੱਕਦਮ ਉਹ ਵਾਕ ਅਧੂਰਾ ਹੀ ਛੱਡਦਿਆਂ ਰੁਕਿਆ, ਘੜੀ ਪਲ ਲਈ ਉਸਨੇ ਸੋਚਿਆ, ਚਿੱਠੀ ਨੂੰ ਗੁੱਛਾ-ਮੁੱਛਾ ਕੀਤਾ ਤੇ ਫਿਰ ਪਾੜ ਦਿੱਤਾ।
“ਲਫ਼ਜ਼ਾਂ ਦੇ ਕਸ਼ਟ ਨਾਲੋਂ ਵਧੇਰੇ ਕਸ਼ਟ ਦੇਣ ਵਾਲੀ ਹੋਰ ਕੋਈ ਚੀਜ਼ ਨਹੀਂ,” ਸਤਰੂਚਕੋਵ ਨੇ ਮਜ਼ਾਕ ਉਡਾਉਂਦੇ ਢੰਗ ਨਾਲ ਟਿੱਪਣੀ ਕੀਤੀ।
ਉਹ ਗਵੋਜ਼ਦਿਓਵ ਦੀ ਚਿੱਠੀ ਫ਼ੜੀ ਆਪਣੇ ਮੰਜੇ ਉੱਤੇ ਬੈਠਾ ਹੋਇਆ ਸੀ। ਇਹ ਚਿੱਠੀ ਉਸਨੇ ਅਲੈਕਸੇਈ ਦੇ ਮੰਜੇ ਦੇ ਕੋਲ ਪਈ ਡੋਲੀ ਤੋਂ ਚੁੱਕ ਲਈ ਸੀ ਤੇ ਪੜ੍ਹ ਲਈ ਸੀ ।
“ਅੱਜ ਸਾਰਿਆਂ ਨੂੰ ਕੀ ਹੋ ਗਿਆ ਹੈ ? ਗਵੋਜ਼ਦਿਓਵ ਨੂੰ ਵੀ! ਪਾਗ਼ਲ ਨਾ ਹੋਵੇ ਤੇ ! ਕੁੜੀ ਨੇ ਨੱਕ ਚੜ੍ਹਾ ਦਿੱਤਾ, ਤੇ ਉਹ ਮਰਦਾ ਜਾਂਦੈ ! ਮਨੋ ਵਿਸ਼ਲੇਸ਼ਣ! ਤੈਨੂੰ ਗੁੱਸਾ ਤਾਂ ਨਹੀਂ ਲੱਗਾ ਕਿ ਮੈਂ ਚਿੱਠੀ ਪੜ੍ਹ ਲਈ ਹੈ? ਅਸਾਂ, ਮਹਾਜ਼ ਉੱਤੇ ਲੜਨ ਵਾਲਿਆ ਵਿਚਕਾਰ ਕਾਹਦੇ ਭੇਤ ?”
ਅਲੈਕਸੇਈ ਨੂੰ ਗੁੱਸਾ ਨਹੀਂ ਸੀ ਲੱਗਾ। ਉਹ ਸੋਚ ਰਿਹਾ ਸੀ: “ਸ਼ਇਦ ਮੈਨੂੰ ਕੱਲ੍ਹ ਡਾਕੀਏ ਦਾ ਖਿਆਲ ਰੱਖਣਾ ਚਾਹੀਦਾ ਹੈ, ਜਦੋਂ ਉਹ ਡਾਕ ਲੈਣ ਆਏ, ਤੇ ਉਸ ਕੋਲੋਂ ਚਿੱਠੀ ਵਾਪਸ ਲੈ ਲੈਣੀ ਚਾਹੀਦੀ ਹੈ।”
ਅਲੈਕਸੇਈ ਨੂੰ ਉਸ ਰਾਤ ਚੰਗੀ ਤਰ੍ਹਾਂ ਨੀਂਦ ਨਾ ਆਈ। ਪਹਿਲਾਂ ਉਸਨੂੰ ਸੁਪਨਾ ਆਇਆ ਕਿ ਉਹ ਬਰਫ਼ ਨਾਲ ਢੱਕੇ ਹਵਾਈ ਅੱਡੇ ਉੱਤੇ ਹੈ, ਜਿਥੇ ‘ਲਾ-ਪ’ ਕਿਸਮ ਦਾ ਅਜੀਬ ਜਿਹੀ ਬਣਤਰ ਦਾ ਜਹਾਜ਼ ਹੈ, ਜਿਸਨੂੰ ਪਹੀਆਂ ਦੀ ਥਾਂ ਪੰਛੀ ਦੇ ਪੈਰ ਲੱਗੇ ਹੋਏ ਹਨ । ਮਕੈਨਿਕ ਯੂਰਾ ਕਾਕਪਿੱਟ ਵਿੱਚ ਚੜ੍ਹ ਗਿਆ ਤੇ ਬੋਲਿਆ ਕਿ ਅਲੈਕਸੇਈ ਦੇ “ਉਡਾਣ ਕਰਨ ਦੇ ਦਿਨ ਪੁੱਗ ਚੁੱਕੇ ਹਨ,” ਤੇ ਹੁਣ ਉਡਾਣ ਕਰਨ ਦੀ ਉਸਦੀ ਵਾਰੀ ਹੈ । ਫਿਰ ਉਸਨੂੰ ਸੁਪਨਾ ਆਇਆ ਕਿ ਉਹ ਤੂੜੀ ਦੇ ਬਣੇ ਬਿਸਤਰੇ ਉੱਤੇ ਪਿਆ ਹੈ ਤੇ ਬਾਬਾ ਮਿਖਾਇਲ, ਚਿੱਟੀ ਕਮੀਜ਼ ਤੇ ਗਿੱਲੀ ਪੈਂਟ ਪਾਈ, ਅਲੈਕਸੇਈ ਦੇ ਸਰੀਰ ਨੂੰ ਭਾਫ਼ ਦੇ ਰਿਹਾ ਹੈ, ਹੱਸ ਰਿਹਾ ਹੈ, ਤੇ ਕਹਿ ਰਿਹਾ ਹੈ: “ਫ਼ੇਰਿਆ ਤੋਂ ਪਹਿਲਾਂ ਭਾਫ਼-ਇਸ਼ਨਾਨ ਬੜਾ ਚੰਗਾ ਹੁੰਦਾ ਹੈ ।” ਤੇ ਤੜਕਸਾਰ ਉਸਨੂੰ ਓਲਿਆ ਬਾਰੇ ਸੁਪਨਾ ਆਇਆ । ਉਹ ਪੁੱਠੀ ਪਈ ਬੇੜੀ ਉੱਤੇ ਬੈਠੀ ਹੈ ਤੇ ਉਸਦੀਆਂ ਮਜ਼ਬੂਤ ਸੰਵਲਾਈਆਂ ਲੱਤਾਂ ਪਾਣੀ ਵਿੱਚ ਲਮਕ ਰਹੀਆਂ ਹਨ — ਹਲਕੀ- ਫੁਲਕੀ, ਪਤਲੀ ਤੇ ਉੱਜਲ । ਇੱਕ ਹੱਥ ਨਾਲ ਉਹ ਆਪਣੀਆਂ ਅੱਖਾਂ ਨੂੰ ਧੁੱਪ ਤੋਂ ਬਚਾ ਰਹੀ ਸੀ ਤੇ, ਹੱਸਦੀ ਹੋਈ, ਦੂਜੇ ਹੱਥ ਨਾਲ ਇਸ਼ਾਰਾ ਕਰਕੇ ਉਸਨੂੰ ਬੁਲਾ ਰਹੀ ਸੀ । ਉਹ ਤੈਰ ਕੇ ਉਸ ਕੋਲ ਗਿਆ, ਪਰ ਰੌਅ ਤੇਜ਼ ਤੇ ਤੂਫ਼ਾਨੀ ਸੀ, ਤੇ ਉਹ ਉਸਨੂੰ ਕੰਢੇ ਤੋਂ ਤੇ ਕੁੜੀ ਤੋਂ ਦੂਰ ਲੈ ਗਈ। ਉਹ ਹੋਰ ਜ਼ੋਰ ਜ਼ੋਰ ਦੀ ਆਪਣੀਆਂ ਬਾਹਵਾਂ ਤੇ ਲੱਤਾਂ ਮਾਰਦਾ, ਆਪਣੇ ਸਰੀਰ ਦੇ ਹਰ ਪੱਠੇ ਨਾਲ਼ ਜ਼ੋਰ ਲਾਉਂਦਾ, ਉਸਦੇ ਨੇੜੇ, ਹੋਰ ਨੇੜੇ ਪੁੱਜਦਾ ਜਾਂਦਾ, ਉਸਨੂੰ ਹਵਾ ਵਿੱਚ ਲਹਿਰਾ ਰਹੇ ਉਸਦੇ ਵਾਲ ਤੇ ਉਸਦੀਆਂ ਸੰਵਲਾਈਆਂ ਲੱਤਾਂ ਉੱਤੇ ਪਏ ਪਾਣੀ ਦੇ ਤੁਪਕੇ ਵੀ ਦਿਖਾਈ ਦੇਣ ਲੱਗ ਪੈਂਦੇ…
ਇੱਥੇ ਆ ਕੇ ਉਸਦੀ ਨੀਂਦ ਖੁੱਲ੍ਹ ਗਈ; ਉਹ ਖੁਸ਼ ਖੁਸ਼, ਰੌਸ਼ਨ ਰੌਸ਼ਨ ਮਹਿਸੂਸ ਕਰ ਰਿਹਾ ਸੀ। ਉਹ ਅੱਖਾਂ ਬੰਦ ਕਰੀ ਕਿੰਨਾਂ ਚਿਰ ਪਿਆ ਰਿਹਾ ਤੇ ਉਹ ਖੁਸ਼ੀ ਦੇਣ ਵਾਲਾ ਸੁਪਨਾ ਮੁੜ ਦੇਖਣ ਦੀ ਆਸ ਵਿੱਚ ਫਿਰ ਸੌਣ ਦੀ ਕੋਸ਼ਿਸ਼ ਕਰਦਾ ਰਿਹਾ। ਪਰ ਇੰਝ ਤਾਂ ਸਿਰਫ ਆਦਮੀ ਦੇ ਬਚਪਨ ਵਿੱਚ ਹੀ ਹੁੰਦਾ ਹੈ। ਉਸਦੇ ਸੁਪਨੇ ਵਿਚਲੀ ਉਸ ਨਾਜ਼ਕ, ਸੰਵਲਾਈ ਕੁੜੀ ਨੇ ਸਭ ਕੁਝ ਰੁਸ਼ਨਾ ਦਿੱਤਾ ਲੱਗਦਾ ਸੀ । ਉਸਨੂੰ ਫ਼ਿਕਰ ਕਰਨ ਦੀ ਲੋੜ ਨਹੀਂ ਸੀ, ਉਦਾਸ ਹੋਣ ਦੀ ਲੋੜ ਨਹੀਂ ਸੀ, ਸਗੋਂ ਓਲਿਆ ਵੱਲ ਤੈਰ ਕੇ ਜਾਣ ਦੀ ਲੋੜ ਸੀ, ਰੌਂਅ ਦੇ ਖਿਲਾਫ ਤੈਰ ਕੇ ਜਾਣ ਦੀ, ਹਰ ਹਾਲਤ ਉੱਤੇ ਤੈਰ ਕੇ ਅੱਗੇ ਵੱਧਣ ਦੀ, ਆਪਣੀ ਪੂਰੀ ਤਾਕਤ ਲਾਉਣ ਦੀ ਤੇ ਕੁੜੀ ਤੱਕ ਪੁੱਜਣ ਦੀ ਲੋੜ ਸੀ। ਪਰ ਉਸ ਚਿੱਠੀ ਦਾ ਕੀ ਬਣੇਗਾ ? ਉਹ ਲੈਟਰ-ਬਾਕਸ ਕੋਲ ਜਾ ਕੇ ਡਾਕੀਏ ਦੀ ਉਡੀਕ ਕਰਨਾ ਚਾਹੁੰਦਾ ਸੀ, ਪਰ ਉਸਨੇ ਆਪਣਾ ਮਨ ਬਦਲ ਲਿਆ ਤੇ ਹੱਥ ਛੱਡ ਕੇ ਬੋਲਿਆ: ‘ਚਲੋ, ਜਾ ਲੈਣ ਦਿਓ। ਸੱਚਾ ਪਿਆਰ ਇਹੋ ਜਿਹੀ ਚਿੱਠੀ ਤੋਂ ਨਹੀਂ ਡਰਨ ਲੱਗਾ ।’ ਤੇ ਫਿਰ ਇਸ ਗੱਲ ਉੱਤੇ ਯਕੀਨ ਕਰਦਿਆਂ ਕਿ ਪਿਆਰ ਸੱਚਾ ਸੀ, ਕਿ ਇਹ ਉਸਦੀ ਉਡੀਕ ਕਰ ਰਿਹਾ ਸੀ ਖੁਸ਼ ਜਾਂ ਉਦਾਸ, ਸਵਸਥ ਜਾਂ ਅਸਵਸਥ, ਭਾਵੇਂ ਉਹ ਕਿਸੇ ਵੀ ਅਵਸਥਾ ਵਿੱਚ ਹੋਵੇ — ਉਸਨੂੰ ਆਪਣੇ ਅੰਦਰ ਇੱਕ ਭਾਰੀ ਤਾਕਤ ਦਾ ਉਭਾਰ ਮਹਿਸੂਸ ਹੋਇਆ।
ਉਸ ਸਵੇਰ ਉਸਨੇ ਬਿਨਾਂ ਭੌੜੀਆਂ ਦੇ ਤੁਰਨ ਦੀ ਕੋਸ਼ਿਸ਼ ਕੀਤੀ। ਉਹ ਬੜੀ ਚੌਕਸੀ ਨਾਲ ਮੰਜੇ ਤੋਂ ਉਠਿਆ, ਪੈਰਾਂ ਨੂੰ ਚੌੜਾ ਕਰਕੇ ਖੜੋ ਗਿਆ ਤੇ ਖਿਲਾਰੀਆਂ ਬਾਹਵਾਂ ਨਾਲ ਆਪਣਾ ਸਮਤੋਲ ਕਾਇਮ ਰੱਖਣ ਦੀ ਬੇਬਸੀ ਨਾਲ ਕੋਸ਼ਿਸ਼ ਕਰਨ ਲੱਗਾ। ਕੰਧ ਦਾ ਆਸਰਾ ਲੈਂਦਿਆ ਉਸਨੇ ਇੱਕ ਕਦਮ ਪੁੱਟਿਆ। ਬਣਾਵਟੀ ਪੈਰਾਂ ਦੇ ਚਮੜੇ ਨੇ ਚੀਂ-ਚੀਂ ਕੀਤਾ। ਉਸਦਾ ਸਰੀਰ ਝੂਲਿਆ, ਪਰ ਆਪਣੀਆਂ ਬਾਹਵਾਂ ਨਾਲ ਉਸਨੇ ਸਮਤੋਲ ਕਾਇਮ ਰੱਖਿਆ। ਉਸਨੇ ਅਜੇ ਵੀ ਕੰਧ ਨੂੰ ਫ਼ੜੀ ਇੱਕ ਹੋਰ ਕਦਮ ਚੁੱਕਿਆ। ਉਸਨੇ ਕਦੀ ਸੁਪਨਾ ਵੀ ਨਹੀਂ ਸੀ ਲਿਆ ਕਿ ਤੁਰਨਾ ਏਨਾਂ ਮੁਸ਼ਕਲ ਕੰਮ ਹੈ । ਜਦੋਂ ਉਹ ਅਜੇ ਛੋਟਾ ਜਿਹਾ ਸੀ, ਮੁੰਡਾ ਜਿਹਾ ਹੀ, ਤਾਂ ਉਸਨੇ ਡਗਰਿਆਂ ਉੱਪਰ ਚੱਲਣਾ ਸਿੱਖਿਆ ਸੀ। ਉਹ ਕੰਧ ਨਾਲ ਝੁਕ ਜਾਂਦਾ, ਡਗਰਿਆਂ ਉੱਪਰ ਚੜ੍ਹ ਜਾਂਦਾ, ਕੰਧ ਤੋਂ ਧੱਕੇ ਨਾਲ ਪਰ੍ਹਾਂ ਹੋ ਜਾਂਦਾ, ਤੇ ਫਿਰ ਇੱਕ ਕਦਮ ਚੁੱਕਦਾ, ਫਿਰ ਦੂਜਾ ਤੇ ਫਿਰ ਤੀਜਾ – ਪਰ ਉਸਦਾ ਸਰੀਰ ਇੱਕ ਪਾਸੇ ਵੱਲ ਉਲ੍ਹਰ ਜਾਂਦਾ, ਤਾਂ ਉਹ ਛਾਲ ਮਾਰ ਕੇ ਹੇਠਾਂ ਆ ਜਾਂਦਾ ਤੇ ਡਗਰਿਆਂ ਨੂੰ ਸ਼ਹਿਰ ਦੇ ਇੱਕ ਪਾਸੇ ਉਪਰਲੀ ਉਸ ਗਲੀ ਵਿੱਚ ਉਗੇ ਘਾਹ ਉੱਪਰ ਹੀ ਪਿਆ ਰਹਿਣ ਦੇਂਦਾ। ਪਰ ਡਗਰਿਆਂ ਉੱਪਰ ਤੁਰਨਾ ਸਿੱਖਣਾ ਏਨਾਂ ਮਾੜਾ ਨਹੀਂ ਸੀ, ਕਿਉਕਿ ਤੁਸੀਂ ਛਾਲ ਮਾਰ ਕੇ ਉੱਤਰ ਸਕਦੇ ਹੋ, ਪਰ ਤੁਸੀਂ ਬਣਾਵਟੀ ਪੈਰਾਂ ਤੋਂ ਛਾਲ ਮਾਰ ਕੇ ਨਹੀਂ ਉੱਤਰ ਸਕਦੇ । ਤੇ ਜਦੋਂ ਉਸਨੇ ਤੀਜਾ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਸਰੀਰ ਝੂਲਿਆ, ਉਸਦੇ ਪੈਰਾਂ ਨੇ ਸਾਥ ਨਾ ਦਿੱਤਾ, ਤੇ ਉਹ ਧੜੰਮ ਕਰਦਾ ਫ਼ਰਸ਼ ਉੱਤੇ ਡਿੱਗ ਪਿਆ।
ਆਪਣੀ ਵਰਜ਼ਸ਼ ਲਈ ਉਸਨੇ ਐਸਾ ਸਮਾਂ ਚੁਣਿਆ ਸੀ ਜਦੋਂ ਦੂਜੇ ਮਰੀਜ਼ ਵੱਖੋ ਵੱਖਰੇ ਇਲਾਜ ਲਈ ਗਏ ਹੁੰਦੇ ਤੇ ਵਾਰਡ ਵਿੱਚ ਕੋਈ ਵੀ ਨਾ ਹੁੰਦਾ। ਉਸਨੇ ਸਹਾਇਤਾ ਲਈ ਕਿਸੇ ਨੂੰ ਅਵਾਜ਼ ਨਾ ਦਿੱਤੀ । ਉਹ ਰੀਂਗਦਾ ਹੋਇਆ ਕੰਧ ਤੱਕ ਗਿਆ ਤੇ ਇਸਦਾ ਆਸਰਾ ਲੈ ਕੇ ਹੌਲ਼ੀ ਹੌਲ਼ੀ ਆਪਣੇ ਪੈਰਾਂ ਉੱਤੇ ਖੜ੍ਹੋ ਗਿਆ, ਆਪਣੇ ਪਾਸੇ ਨੂੰ ਮਲਿਆ ਜਿੱਥੇ ਡਿੱਗਣ ਨਾਲ ਸੱਟ ਲੱਗੀ ਸੀ, ਆਪਣੀ ਅਰਕ ਉੱਤੇ ਪਈ ਝਰੀਟ ਵੱਲ ਦੇਖਿਆ, ਜਿਹੜੀ ਲਾਲ ਹੋਣੀ ਸ਼ੁਰੂ ਹੋ ਗਈ ਸੀ, ਤੇ ਦੰਦਾਂ ਨੂੰ ਘੁੱਟ ਕੇ ਮੀਚਦਿਆਂ ਉਸਨੇ ਇੱਕ ਹੋਰ ਕਦਮ ਪੁੱਟਿਆ ਤੇ ਕੰਧ ਤੋਂ ਪਰ੍ਹੇ ਹੋ ਗਿਆ । ਇੰਝ ਲੱਗਦਾ ਸੀ ਕਿ ਹੁਣ ਉਸਨੂੰ ਭੇਤ ਦਾ ਪਤਾ ਲੱਗ ਗਿਆ ਹੈ। ਉਸਦੇ ਬਣਾਵਟੀ ਪੈਰ ਅਸਲੀ ਪੈਰਾਂ ਨਾਲ਼ੋਂ ਇਸ ਗੱਲ ਵਿੱਚ ਵੱਖਰੇ ਸਨ ਕਿ ਉਹਨਾਂ ਵਿੱਚ ਲਚਕੀਲਾਪਣ ਨਹੀਂ ਸੀ । ਉਸਨੂੰ ਅਜੇ ਤੱਕ ਉਹਨਾਂ ਦੀਆਂ ਖਾਸੀਅਤਾਂ ਦਾ ਨਹੀਂ ਸੀ ਪਤਾ ਤੇ ਉਸਨੂੰ ਅਜੇ ਆਦਤ ਨਹੀਂ ਸੀ ਪਈ, ਜਾਂ ਕਹਿ ਲਵੋ, ਉਹ ਅਨੁਕੂਲਿਤ ਪ੍ਰਵਿਰਤੀ ਉਸ ਵਿੱਚ ਨਹੀਂ ਸੀ ਪੈਦਾ ਹੋਈ ਕਿ ਤੁਰਨ ਦੇ ਦੌਰਾਨ ਪੈਰਾਂ ਦੀ ਪੁਜ਼ੀਸ਼ਨ ਨੂੰ ਕਿਵੇਂ ਬਦਲਣਾ ਹੈ, ਕਿ ਕਦਮ ਚੁੱਕਣ ਲੱਗਿਆ ਸਰੀਰ ਦੇ ਭਾਰ ਨੂੰ ਅੱਡੀ ਤੋਂ ਬਦਲ ਕੇ ਪੱਬ ਤੱਕ ਕਿਵੇਂ ਲਿਜਾਣਾ ਹੈ, ਤੇ ਅਗਲਾ ਕਦਮ ਚੁੱਕਣ ਲੱਗਿਆ ਪੱਬ ਤੋਂ ਅੱਡੀ ਤੱਕ ਕਿਵੇਂ ਲਿਜਾਣਾ ਹੈ, ਤੇ ਇਹ ਵੀ ਕਿ ਪੈਰਾਂ ਨੂੰ ਇੱਕ ਦੂਜੇ ਦੇ ਬਰਾਬਰ ਨਹੀਂ ਸਗੋਂ ਇੱਕ ਕੋਣ ਉੱਤੇ ਰੱਖਣਾ ਹੈ, ਪੱਬ ਬਾਹਰ ਨੂੰ ਕਰਕੇ, ਜਿਸ ਨਾਲ ਤੁਰਨ ਲੱਗਿਆ ਸਰੀਰ ਵਧੇਰੇ ਸੰਤੁਲਨ ਵਿੱਚ ਰਹਿੰਦਾ ਹੈ।
ਆਦਮੀ ਇਹ ਸਾਰਾ ਕੁਝ ਆਪਣੇ ਸ਼ੁਰੂ ਬਚਪਨ ਵਿੱਚ ਸਿੱਖਦਾ ਹੈ ਜਦੋਂ ਉਹ ਅਪਣੀ ਮਾਂ ਦੀ ਨਿਗਰਾਨੀ ਹੇਠ ਆਪਣੀਆਂ ਨਿੱਕੀਆਂ-ਨਿੱਕੀਆਂ, ਕਮਜ਼ੋਰ ਲੱਤਾਂ ਨਾਲ ਪਹਿਲੇ ਬੇਢੱਬੇ ਜਿਹੇ ਕਦਮ ਚੁੱਕਦਾ ਹੈ। ਇਹ ਆਦਤਾਂ ਫਿਰ ਬਾਕੀ ਦੇ ਜੀਵਨ ਲਈ ਗ੍ਰਹਿਣ ਹੋ ਜਾਂਦੀਆਂ ਹਨ ਤੇ ਕੁਦਰਤੀ ਪ੍ਰਵਿਰਤੀ ਬਣ ਜਾਂਦੀਆਂ ਹਨ। ਪਰ ਜਦੋਂ ਆਦਮੀ ਬਣਾਵਟੀ ਅੰਗ ਪਾਉਣ ਲਈ ਮਜ਼ਬੂਰ ਹੋ ਜਾਂਦਾ ਹੈ ਤੇ ਉਸਦੇ ਸਰੀਰ ਦੀ ਕੁਦਰਤੀ ਇਕਸੁਰਤਾ ਭੰਗ ਹੋ ਜਾਂਦੀ ਹੈ, ਤਾਂ ਬਚਪਨ ਵਿੱਚ ਗ੍ਰਹਿਣ ਕੀਤੀ ਇਹ ਪ੍ਰਵਿਰਤੀ ਸਹਾਈ ਹੋਣ ਦੀ ਥਾਂ, ਸਗੋਂ ਵਿਘਨਕਾਰੀ ਬਣ ਜਾਂਦੀ ਹੈ । ਨਵੀਆਂ ਆਦਤਾਂ ਗ੍ਰਹਿਣ ਕਰਨਾ ਸਿੱਖਣ ਦੇ ਦੌਰਾਨ, ਉਸ ਲਈ ਪੁਰਾਣੀਆਂ ਪ੍ਰਵਿਰਤੀਆਂ ਦਾ ਮੁਕਾਬਲਾ ਕਰਨਾ ਜ਼ਰੂਰੀ ਹੋ ਜਾਂਦਾ ਹੈ । ਕਈ ਲੋਕ, ਜਿਨ੍ਹਾਂ ਦੇ ਅੰਗ ਭੰਗ ਹੋ ਜਾਂਦੇ ਹਨ, ਜੇ ਉਹਨਾਂ ਵਿੱਚ ਕਾਫ਼ੀ ਦ੍ਰਿੜ੍ਹਤਾ ਨਾ ਹੋਵੇ ਤਾਂ, ਮੁੜ ਕਦੀ ਵੀ ਤੁਰਨ ਦੀ ਕਲਾ ਨਹੀਂ ਸਿੱਖ ਸਕਦੇ, ਜਿਹੜੀ ਅਸੀਂ ਬਚਪਨ ਵਿੱਚ ਏਨੀ ਸੌਖੀ ਤਰ੍ਹਾਂ ਸਿੱਖ ਲੈਂਦੇ ਹਾਂ ।
ਆਪਣੇ ਸਾਮ੍ਹਣੇ ਇੱਕ ਨਿਸ਼ਾਨਾ ਰੱਖ ਕੇ, ਮਰੇਸੇਯੇਵ ਇਸਨੂੰ ਪ੍ਰਾਪਤ ਕਰਨ ਲਈ ਦ੍ਰਿੜ੍ਹ ਸੀ। ਇਹ ਜਾਣ ਲੈਣ ਪਿੱਛੋਂ ਕਿ ਪਹਿਲੀ ਹਰਕਤ ਵਿੱਚ ਉਸਨੇ ਕਿਹੜੀ ਗ਼ਲਤੀ ਕੀਤੀ ਸੀ, ਉਸਨੇ ਮੁੜ ਕੋਸ਼ਿਸ਼ ਕੀਤੀ । ਇਸ ਵਾਰੀ ਉਸਨੇ ਆਪਣੇ ਬਣਾਉਟੀ ਪੈਰ ਦਾ ਪੱਬ ਬਾਹਰ ਨੂੰ ਕੀਤਾ, ਅੱਡੀ ਉੱਤੇ ਭਾਰ ਟਿਕਾਇਆ ਤੇ ਫਿਰ ਸਰੀਰ ਦੇ ਭਾਰ ਨੂੰ ਪੱਬ ਉੱਤੇ ਸੁੱਟ ਦਿੱਤਾ । ਚਮੜੇ ਨੇ ਗੁੱਸੇ ਵਿੱਚ ਚੀਂ-ਚੀਂ ਕੀਤੀ। ਜਿਸ ਵੇਲੇ ਭਾਰ ਨੂੰ ਬਦਲ ਕੇ ਪੱਬ ਵੱਲ ਲਿਆਂਦਾ ਗਿਆ, ਉਸੇ ਵੇਲੇ ਅਲੈਕਸੇਈ ਨੇ ਦੂਜਾ ਪੈਰ ਜ਼ਮੀਨ ਤੋਂ ਚੁੱਕ ਲਿਆ ਤੇ ਇਸਨੂੰ ਅੱਗੇ ਸੁੱਟਿਆ। ਅੱਡੀ ਫਰਸ਼ ਨਾਲ ਵੱਜੀ । ਹੁਣ ਉਹ ਕੰਧ ਤੋਂ ਪਰ੍ਹੇ ਹੋ ਕੇ ਖੜ੍ਹਾ ਸੀ, ਆਪਣੇ ਸਰੀਰ ਦਾ ਸਮਤੋਲ ਆਪਣੀਆਂ ਫ਼ੈਲੀਆਂ ਬਾਂਹਵਾਂ ਨਾਲ ਕਾਇਮ ਰੱਖ ਰਿਹਾ ਸੀ, ਤੇ ਅਗਲਾ ਕਦਮ ਚੁੱਕਣ ਦੀ ਉਸਦੀ ਹਿੰਮਤ ਨਹੀਂ ਸੀ ਪੈ ਰਹੀ । ਤੇ ਉਹ ਖੜ੍ਹਾ ਸੀ, ਝੂਲਦੇ ਸਰੀਰ ਨਾਲ, ਆਪਣੇ ਸਰੀਰ ਨੂੰ ਸਮਤੋਲ ਵਿਚ ਰੱਖਣ ਦੀ ਕੋਸ਼ਿਸ਼ ਕਰਦਾ ਹੋਇਆ; ਉਸਨੂੰ ਆਪਣੇ ਨੱਕ ਦੀ ਘੋੜੀ ਉੱਤੇ ਫੁੱਟ ਰਹੇ ਠੰਡੇ ਪਸੀਨੇ ਦਾ ਅਹਿਸਾਸ ਹੋ ਰਿਹਾ ਸੀ।
ਇਹੋ ਜਿਹਾ ਹੀ ਇੱਕ ਮੌਕਾ ਸੀ ਜਦੋਂ ਵਾਸਿਲੀ ਵਾਸਿਲੀਏਵਿਚ ਉਸ ਕੋਲ ਆ ਗਿਆ। ਉਹ ਦਰਵਾਜ਼ੇ ਵਿੱਚ ਖੜ੍ਹਾ ਉਸਨੂੰ ਦੇਖਦਾ ਰਿਹਾ, ਤੇ ਫਿਰ ਉਹ ਉਸ ਤੱਕ ਗਿਆ ਤੇ, ਕੱਛਾਂ ਵਿੱਚ ਹੱਥ ਦੇ ਕੇ ਸਹਾਰਾ ਦਿੱਤਾ ਤੇ ਬੋਲਿਆ:
“ਸ਼ਾਬਾਸ਼, ਰੀਂਗੂ! ਤੇ ਤੂੰ ਇਕੱਲਾ ਕਿਉਂ ਹੈ, ਬਿਨਾਂ ਕਿਸੇ ਨਰਸ ਜਾਂ ਨੌਕਰਾਣੀ ਦੇ ? ਘਮੰਡੀ ਆਦਮੀ… ਖੈਰ, ਕੋਈ ਗੱਲ ਨਹੀਂ, ਹਰ ਚੀਜ਼ ਵਿੱਚ ਮਹੱਤਵਪੂਰਨ ਪਹਿਲਾ ਕਦਮ ਹੀ ਹੁੰਦਾ ਹੈ, ਸੋ ਸਭ ਤੋਂ ਮੁਸ਼ਕਲ ਹਿੱਸਾ ਤੂੰ ਕਰ ਚੁੱਕਾ ਹੈ।”
ਪਿਛਲੇ ਕੁਝ ਸਮੇਂ ਤੋਂ ਵਾਸਿਲੀ ਵਾਸਿਲੀਏਵਿਚ ਨੂੰ ਬੇਹੱਦ ਮਹੱਤਤਾ ਵਾਲ਼ੀ ਡਾਕਟਰੀ ਸੰਸਥਾ ਦਾ ਮੁਖੀ ਨਿਯੁਕਤ ਕਰ ਦਿੱਤਾ ਗਿਆ ਸੀ । ਇਹ ਬਹੁਤ ਵੱਡਾ ਕੰਮ ਸੀ ਤੇ ਬਹੁਤ ਜ਼ਿਆਦਾ ਸਮਾਂ ਲੈ ਲੈਂਦਾ ਸੀ । ਉਹ ਹਸਪਤਾਲ ਵਿਚਲੇ ਆਪਣੇ ਕੰਮ ਨੂੰ ਛੱਡਣ ਲਈ ਮਜ਼ਬੂਰ ਹੋ ਗਿਆ ਸੀ, ਪਰ ਇਹ ਬਜ਼ੁਰਗ ਤਜ਼ਰਬਾਕਾਰ ਆਦਮੀ ਅਜੇ ਵੀ ਸਲਾਹਕਾਰ ਸੀ, ਤੇ ਭਾਵੇਂ ਹਸਪਤਾਲ ਦੇ ਮਾਮਲੇ ਹੁਣ ਦੂਜੇ ਲੋਕ ਚਲਾਉਂਦੇ ਸਨ, ਤਾਂ ਵੀ ਉਹ ਹਰ ਰੋਜ਼ ਹਸਪਤਾਲ ਆਉਂਦਾ ਸੀ, ਤੇ ਜੇ ਉਸ ਕੋਲ ਸਮਾਂ ਹੁੰਦਾ ਤਾਂ ਉਹ ਵਾਰਡਾਂ ਦਾ ਚੱਕਰ ਵੀ ਕੱਟਦਾ ਤੇ ਸਲਾਹ ਦੇਂਦਾ । ਪਰ ਆਪਣੇ ਪੁੱਤਰ ਦੀ ਮੌਤ ਪਿੱਛੋਂ ਉਸਦੀ ਉਹ ਪਹਿਲਾਂ ਵਾਲੀ ਖੁਸ਼-ਰਹਿਣੀ ਤੇ ਗ਼ਰਮਜੋਸ਼ੀ ਵਾਲ਼ੀ ਗੱਪ-ਸ਼ੱਪ ਦੀ ਆਦਤ ਹਮੇਸ਼ਾ ਲਈ ਖ਼ਤਮ ਹੋ ਗਈ ਸੀ, ਹੁਣ ਉਹ ਹੋਰ ਕਿਸੇ ਉੱਤੇ ਨਹੀਂ ਸੀ ਚੀਕਦਾ, ਕਿਸੇ ਨੂੰ ਚੰਗਾ-ਮੰਦਾ ਨਹੀਂ ਸੀ ਕਹਿੰਦਾ,ਤੇ ਉਸਨੂੰ ਨੇੜਿਉਂ ਜਾਨਣ ਵਾਲੇ ਲੋਕ ਇਸਨੂੰ ਜਲਦੀ ਜਲਦੀ ਆ ਰਹੇ ਬੁਢਾਪੇ ਦੀ ਨਿਸ਼ਾਨੀ ਸਮਝਦੇ ਸਨ।
“ਚੱਲ ਆ, ਮਰੇਸੇਯੇਵ, ਰਲ ਕੇ ਸਿੱਖੀਏ। ਤੇ ਤੁਸੀਂ ਸਾਰੇ ਚੱਲੋਂ ਇਥੋਂ, ਇਹ ਕੋਈ ਸਰਕਸ ਨਹੀਂ, ਇੱਥੇ ਦੇਖਣ ਵਾਲ਼ਾ ਕੁਝ ਨਹੀਂ । ਬਾਕੀ ਦਾ ਰਾਊਂਡ ਤੁਸੀਂ ਮੇਰੇ ਤੋਂ ਬਿਨਾਂ ਪੂਰਾ ਕਰ ਲਵੋ,” ਉਸਨੇ ਆਪਣੇ ਨਾਲ ਦਿਆਂ ਨੂੰ ਕਿਹਾ। “ ਤਾਂ ਫਿਰ ਆ ਗਈ… ਇੱਕ! ਹਾਂ, ਹਾਂ, ਖੜ੍ਹਾ ਰਹੁ, ਖੜ੍ਹਾ ਰਹੁ ਮੈਨੂੰ ਫ਼ੜ ਕੇ, ਐਵੇਂ ਸ਼ਰਮ ਨਾ ਕਰ ! ਫ਼ੜ ਕੇ ਖੜ੍ਹਾ ਰਹੁ ! ਮੈਂ ਜਰਨੈਲ ਹਾਂ, ਤੇ ਮੇਰਾ ਹੁਕਮ ਮੰਨਣਾ ਲਾਜ਼ਮੀ ਹੈ। ਹੁਣ, ਦੋ! ਬਿਲਕੁਲ ਠੀਕ । ਹੁਣ ਸੱਜਾ । ਸ਼ਾਬਾਸ਼ । ਖੱਬਾ ਬਹੁਤ ਖ਼ੂਬ!”
ਪ੍ਰਸਿੱਧ ਸਰਜਨ ਨੇ ਆਪਣੇ ਹੱਥ ਖੁਸ਼ੀ ਨਾਲ਼ ਮਲੇ, ਜਿਵੇਂ ਕਿ ਕਿਸੇ ਆਦਮੀ ਨੂੰ ਤੁਰਨਾ ਸਿਖਾ ਕੇ ਉਹ ਰੱਬ ਜਾਣੇ ਕਿੰਨਾਂ ਮਹੱਤਵਪੂਰਨ ਤਜ਼ਰਬਾ ਕਰ ਰਿਹਾ ਸੀ । ਪਰ ਉਸਦਾ ਸੁਭਾਅ ਹੀ ਇਸ ਤਰ੍ਹਾਂ ਦਾ ਸੀ, ਹਰ ਚੀਜ਼ ਨੂੰ ਉਤਸ਼ਾਹ ਨਾਲ ਲੈਣਾ, ਜੋ ਵੀ ਕਰਦਾ ਸੀ, ਤੇ ਉਸ ਵਿੱਚ ਆਪਣਾ ਸਾਰਾ ਮਹਾਨ, ਪੁਰਜੋਸ਼ ਤਨ-ਮਨ ਲਾ ਦੇਣਾ। ਉਸਨੇ ਮਰੇਸੇਯੇਵ ਨੂੰ ਸਾਰਾ ਵਾਰਡ ਤੁਰ ਕੇ ਜਾਣ ਲਈ ਮਜ਼ਬੂਰ ਕੀਤਾ, ਤੇ ਜਦੋਂ ਅਲੈਕਸੇਈ ਪੂਰੀ ਤਰ੍ਹਾਂ ਥੱਕ- ਟੁੱਟ ਕੇ ਕੁਰਸੀ ਉੱਤੇ ਜਾ ਡਿੱਗਾ, ਤਾਂ ਉਸਨੇ ਇੱਕ ਹੋਰ ਕੁਰਸੀ ਚੁੱਕ ਕੇ ਉਸ ਕੋਲ ਲਿਆਂਦੀ, ਉਸਦੇ ਕੋਲ ਬੈਠ ਗਿਆ ਤੇ ਬੋਲਿਆ:
“ਸੋ, ਫਿਰ, ਉਡਾਣ ਕਰਨੀ ਹੈ? ਕਰਾਂਗੇ, ਕਰਾਂਗੇ । ਇਹ ਜੰਗ ਤਾਂ ਬਰਖੁਰਦਾਰ, ਐਸੀ ਹੈ ਕਿ ਇਸ ਵਿਚ ਬਿਨਾਂ ਬਾਂਹ ਦੇ ਆਦਮੀ ਧਾਵੇ ਵਿੱਚ ਕੰਪਨੀਆਂ ਦੀ ਅਗਵਾਈ ਕਰ ਰਹੇ ਨੇ, ਸਖ਼ਤ ਫੱਟੜ ਹੋਏ ਹੋਏ ਵੀ ਮਸ਼ੀਨ-ਗੰਨਾਂ ਚਲਾਉਂਦੇ ਨੇ, ਦੁਸ਼ਮਣ ਦੀਆਂ ਤੋਪਾਂ ਦੇ ਮੂੰਹ ਲੋਕ ਛਾਤੀ ਅੱਗੇ ਡਾਹ ਕੇ ਰੋਕਦੇ ਨੇ ਸਿਰਫ਼ ਮੁਰਦੇ ਹੀ ਨਹੀਂ ਲੜਦੇ ।” ਬਜ਼ੁਰਗ ਨੇ ਉਦਾਸ ਹੁੰਦਿਆ ਹਉਂਕਾ ਭਰਿਆ। “ਨਹੀਂ, ਪਰ ਉਹ ਵੀ ਲੜਦੇ ਨੇ, ਅਪਣੀ ਸ਼ੋਭਾ ਨਾਲ । ਹਾਂ… ਖੈਰ, ਚੱਲ ਮੁੜ ਕੇ ਸ਼ੁਰੂ ਕਰੀਏ, ਨੌਜਵਾਨ।”
ਜਦੋਂ ਵਾਰਡ ਦਾ ਦੂਜਾ ਚੱਕਰ ਲਾ ਕੇ ਮਰੇਸੇਯੇਵ ਅਰਾਮ ਲਈ ਰੁਕਿਆ, ਤਾਂ ਪ੍ਰੋਫ਼ੈਸਰ ਨੇ ਉਸ ਮੰਜੇ ਵੱਲ ਇਸ਼ਾਰਾ ਕੀਤਾ, ਜਿਹੜਾ ਗਵੋਜ਼ਦਿਓਵ ਨੇ ਮੱਲਿਆ ਹੁੰਦਾ ਸੀ, ਤੇ ਪੁੱਛਣ ਲੱਗਾ:
“ਟੈਂਕਮੈਨ ਦਾ ਕੀ ਬਣਿਆ ? ਉਸਨੂੰ ਛੁੱਟੀ ਹੋ ਗਈ ਏ ?”
ਮਰੇਸੇਯੇਵ ਨੇ ਉਸਨੂੰ ਦੱਸਿਆ ਕਿ ਉਹ ਰਾਜ਼ੀ ਹੋ ਗਿਆ ਸੀ ਤੇ ਮੁੜ ਆਪਣੇ ਯੂਨਿਟ ਵਿੱਚ ਜਾ ਚੁੱਕਾ ਹੈ। ਸਿਰਫ਼ ਇੱਕ ਮੁਸੀਬਤ ਸੀ ਕਿ ਸੜਨ ਨਾਲ ਉਸਦੇ ਚਿਹਰੇ ਉਤੇ ਖਾਸ ਕਰਕੇ ਹੇਠਲੇ ਹਿੱਸੇ ਉੱਤੇ, ਬੁਰੀ ਤਰ੍ਹਾਂ ਦਾਗ ਪੈ ਚੁੱਕੇ ਸਨ ।
“ਸੋ, ਉਸਦੀ ਤੈਨੂੰ ਚਿੱਠੀ ਵੀ ਆ ਚੁੱਕੀ ਹੈ ? ਸੋ ਪਹਿਲਾਂ ਹੀ ਉਹਦਾ ਦਿਲ ਟੁੱਟ ਚੁੱਕਾ ਕਿ ਕੁੜੀਆਂ ਉਸਨੂੰ ਪਿਆਰ ਨਹੀਂ ਕਰਦੀਆਂ ? ਉਸਨੂੰ ਸਲਾਹ ਦੇ ਕਿ ਦਾਹੜੀ ਮੁੱਛਾਂ ਵਧਾ ਲਵੇ । ਮਜ਼ਾਕ ਨਹੀਂ, ਉਹ ਵਿਲੱਖਣ ਲੱਗੇਗਾ, ਤੇ ਕੁੜੀਆਂ ਨੂੰ ਬੜਾ ਪਸੰਦ ਆਉਣ ਲੱਗ ਪਵੇਗਾ।”ਸਾਹੋ-ਸਾਹੀ ਹੋਈ ਹੋਈ ਇੱਕ ਨਰਸ ਦਰਵਾਜ਼ੇ ਵਿੱਚ ਆ ਦਿਖਾਈ ਦਿੱਤੀ ਤੇ ਦੱਸਿਆ ਕਿ ਲੋਕ ਕੋਮੀਸਾਰਾਂ ਦੀ ਕੌਂਸਲ ਤੋਂ ਟੈਲੀਫ਼ੂਨ ਆਇਆ ਹੈ । ਪ੍ਰੋਫੈਸਰ ਕੋਸ਼ਿਸ਼ ਕਰਕੇ ਉਠਿਆ, ਤੇ ਜਿਸ ਤਰ੍ਹਾਂ ਉਸਨੇ ਆਪਣੇ ਫੁੱਲੇ ਹੋਏ, ਛਿੱਲੇ ਹੋਏ ਹੱਥਾਂ ਨੂੰ ਗੋਡਿਆਂ ਉੱਪਰ ਰੱਖਿਆ, ਤੇ ਆਪਣੀ ਕਮਰ ਝੁਕਾਈ, ਉਸਤੋਂ ਬੜਾ ਸਾਫ਼ ਦਿਖਾਈ ਦੇਂਦਾ ਸੀ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਉਹ ਕਿੰਨਾਂ ਬੁੱਢਾ ਹੋ ਗਿਆ ਹੈ। ਦਰਵਾਜ਼ੇ ਵਿੱਚ ਪਹੁੰਚ ਕੇ ਉਸਨੇ ਮੁੜ ਕੇ ਪਿੱਛੇ ਦੇਖਿਆ ਤੇ ਖੁਸ਼ ਅਵਾਜ਼ ਵਿਚ ਬੋਲਿਆ:
“ਸੋ ਉਹਨੂੰ, ਕੀ ਨਾਂ ਏ ਉਸਦਾ, ਆਪਣੇ ਦੋਸਤ ਨੂੰ ਇਹ ਜ਼ਰੂਰ ਲਿਖੀ ਤੇ ਕਹੀ ਕਿ ਮੈਂ ਉਸਨੂੰ ਦਾਹੜੀ ਵਧਾਉਣ ਦੀ ਸਿਫ਼ਾਰਸ਼ ਕੀਤੀ ਏ । ਇਹ ਅਜ਼ਮਾਈ ਹੋਈ ਦਵਾਈ ਏ ! ਤੇ ਕੁੜੀਆਂ ਵਿੱਚ ਬਹੁਤ ਸਫ਼ਲਤਾ ਪ੍ਰਾਪਤ ਕਰ ਚੁੱਕੀ ਏ !”
ਉਸ ਸ਼ਾਮ ਕਲੀਨਿਕ ਦੇ ਇੱਕ ਪੁਰਾਣੇ ਕਰਮਚਾਰੀ ਨੇ ਮਰੇਸੇਯੇਵ ਨੂੰ ਇੱਕ ਸੋਟੀ ਲਿਆ ਕੇ ਦਿੱਤੀ, ਬਹੁਤ ਸੋਹਣੀ, ਪੁਰਾਣੀ, ਆਬਨੂਸ ਦੀ ਬਣੀ ਹੋਈ ਸੋਟੀ, ਹਾਥੀ ਦੰਦ ਦੀ ਬਣੀ ਬੜੀ ਅਰਾਮਦਿਹ ਮੁੱਠ ਵਾਲੀ, ਜਿਸ ਉੱਤੇ ਕੁਝ ਉਕਰਿਆ ਹੋਇਆ ਸੀ।
“ਪ੍ਰੋਫ਼ੈਸਰ ਵੱਲੋਂ, ਵਾਸਿਲੀ ਵਾਸਿਲੀਏਵਿਚ ਵੱਲੋਂ ਤੁਹਾਨੂੰ ਭੇਜੀ ਗਈ ਏ । ਆਪਣੀ ਨਿੱਜੀ ਸੋਟੀ ਉਸਨੇ ਤੁਹਾਨੂੰ ਸੁਗ਼ਾਤ ਵਜੋਂ ਭੇਜੀ ਏ । ਨਾਲ ਕਿਹਾ ਕਿ ਹੁਣ ਤੁਸੀਂ ਸੋਟੀ ਨਾਲ਼ ਚੱਲਿਆ ਕਰੋ।”
ਉਸ ਹੁਨਾਲੀ ਸ਼ਾਮ ਹਸਪਤਾਲ ਬੇਰਸ ਜਿਹਾ ਸੀ । ਸੋ ਨਾਲ਼ ਦੇ, ਸੱਜੇ, ਖੱਬੇ, ਉਪਰਲੀ ਮੰਜ਼ਲ ਦੇ ਸਭ ਵਾਰਡਾਂ ਦੇ ਮਰੀਜ਼ਾਂ ਦਾ ਵਾਰਡ ਨੰ: ਬਤਾਲੀ ਵਿੱਚ ਤਾਂਤਾ ਬੱਝ ਗਿਆ; ਸਾਰੇ ਪ੍ਰੋਫੈਸਰ ਵੱਲੋਂ ਭੇਜੀ ਗਈ ਸੁਗ਼ਾਤ ਨੂੰ ਦੇਖਣ ਆ ਰਹੇ ਸਨ । ਸੋਟੀ ਸੱਚਮੁਚ ਬੜੀ ਸੋਹਣੀ ਸੀ ।
15
ਮਹਾਜ਼ ਉੱਪਰ ਤੂਫ਼ਾਨ ਤੋਂ ਪਹਿਲਾਂ ਦੀ ਸ਼ਾਂਤੀ ਲਮਕਦੀ ਗਈ। ਐਲਾਨਾਂ ਵਿੱਚ ਸਿਰਫ ਸਥਾਨਕ ਮਹੱਹਤਾ ਵਾਲੀਆਂ ਲੜਾਈਆਂ ਬਾਰੇ ਤੇ ਸੂਹੀਆਂ ਦੀਆਂ ਪਾਰਟੀਆਂ ਵਿਚਕਾਰ ਝੜੱਪਾ ਬਾਰੇ ਦੱਸਿਆ ਗਿਆ ਹੁੰਦਾ ਸੀ । ਹੁਣ ਹਸਪਤਾਲ ਵਿੱਚ ਥੋਹੜੇ ਹੀ ਮਰੀਜ਼ ਰਹਿ ਗਏ ਸਨ, ਇਸ ਲਈ ਮੁਖੀ ਨੇ ਹੁਕਮ ਦਿੱਤਾ ਕਿ ਵਾਰਡ ਨੰਬਰ ਬਤਾਲੀ ਵਿਚਲੇ ਖਾਲੀ ਮੰਜੇ ਹਟਾ ਦਿੱਤੇ ਜਾਣ । ਹੁਣ ਵਾਰਡ ਵਿੱਚ ਮਰੇਸੇਯੇਵ ਤੇ ਮੇਜਰ ਸਤਰੂਚਕੋਵ ਹੀ ਰਹਿ ਗਏ ਸਨ; ਮਰੇਸੇਯੇਵ ਦਾ ਮੰਜਾ ਸੱਜੇ ਪਾਸੇ ਸੀ ਤੇ ਮੇਜਰ ਦਾ ਮੰਜਾ ਖੱਬੇ ਪਾਸੇ, ਬਾਰੀ ਦੇ ਨੇੜੇ, ਦਰਿਆ ਵਾਲ਼ੇ ਪਾਸੇ।
ਸੂਹੀਆਂ ਦੀਆਂ ਪਾਰਟੀਆਂ ਵਿਚਕਾਰ ਝੜੱਪਾਂ ! ਮਰੇਸੇਯੇਵ ਤੇ ਸਤਰੂਚਕੋਵ ਤਜ਼ਰਬਾਕਾਰ ਫ਼ੌਜੀ ਸਨ, ਤੇ ਉਹਨਾਂ ਨੂੰ ਪਤਾ ਸੀ ਕਿ ਇਹ ਚੁੱਪ-ਚਾਂ ਜਿੰਨਾਂ ਜ਼ਿਆਦਾ ਚਿਰ ਰਹੇਗੀ, ਇਹ ਤਣਾਅ-ਭਰੀ ਸ਼ਾਂਤੀ ਜਿੰਨੀਂ ਜ਼ਿਆਦਾ ਦੇਰ ਰਹੇਗੀ, ਇਸਤੋਂ ਮਗਰੋਂ ਆਉਣ ਵਾਲਾ ਤੂਫ਼ਾਨ ਓਨਾ ਹੀ ਜ਼ਿਆਦਾ ਜ਼ਬਰਦਸਤ ਹੋਵੇਗਾ।
ਇੱਕ ਦਿਨ ਪ੍ਰਸਾਰਨ ਵਿੱਚ ਸਨਾਈਪਰ ਸਤੇਪਾਨ ਇਵੂਸ਼ਕਿਨ, ਸੋਵੀਅਤ ਯੂਨੀਅਨ ਦੇ ਹੀਰੋ, ਦਾ ਨਾਂ ਆਇਆ, ਜਿਸਨੇ ਦੱਖਣੀ ਮਹਾਜ਼ ਉੱਤੇ ਕਿਤੇ ਪੰਦ੍ਹੀ ਜਰਮਨ ਮਾਰੇ ਸਨ, ਤੇ ਇਸ ਤਰ੍ਹਾਂ ਉਸ ਹੱਥੋਂ ਮਰੇ ਜਰਮਨਾਂ ਦੀ ਗਿਣਤੀ ਸੌ ਹੋ ਗਈ ਸੀ। ਗਵੋਜ਼ਦਿਓਵ ਵੱਲੋਂ ਇੱਕ ਚਿੱਠੀ ਆਈ। ਉਸਨੇ ਇਹ ਤਾਂ ਨਹੀਂ ਸੀ ਦੱਸਿਆ ਹੋਇਆ ਕਿ ਉਹ ਕਿੱਥੇ ਹੈ, ਜਾਂ ਉਹ ਕੀ ਕਰ ਰਿਹਾ ਹੈ, ਪਰ ਉਸਨੇ ਲਿਖਿਆ ਹੋਇਆ ਸੀ ਕਿ ਉਹ ਆਪਣੇ ਪਹਿਲੇ ਕਮਾਂਡਰ, ਪਾਵੇਲ ਅਲੈਕਸੇਯੇਵਿਚ ਰੋਤਮਿਸਤਰੋਵ ਦੀ ਕਮਾਨ ਹੇਠ ਆ ਗਿਆ ਹੈ; ਉਸਨੇ ਲਿਖਿਆ ਹੋਇਆ ਸੀ ਕਿ ਉਹ ਜ਼ਿੰਦਗੀ ਤੋਂ ਸੰਤੁਸ਼ਟ ਹੈ, ਕਿ ਉਹ ਜਿੱਥੇ ਹੁਣ ਹੈ, ਉਥੇ ਬਹੁਤ ਸਾਰੀਆਂ ਚੈਰੀਆਂ ਹੁੰਦੀਆਂ ਹਨ ਤੇ ਸਾਰੇ ਮੁੰਡੇ ਚੈਰੀਆਂ ਖਾ ਖਾ ਕੇ ਆਫਰ ਰਹੇ ਸਨ, ਤੇ ਉਸਨੇ ਅਲੈਕਸੇਈ ਨੂੰ ਕਿਹਾ ਹੋਇਆ ਸੀ ਕਿ ਉਹ ਇਹ ਚਿੱਠੀ ਮਿਲਣ ਉੱਤੇ ਅਨਿਊਤਾ ਨੂੰ ਇੱਕ ਚਿੱਠੀ ਪਾ ਦੇਵੇ । ਉਸਨੇ ਅਨਿਊਤਾ ਨੂੰ ਵੀ ਚਿੱਠੀ ਲਿਖੀ ਸੀ, ਪਰ ਉਸਨੂੰ ਪਤਾ ਨਹੀਂ ਸੀ ਕਿ ਇਹ ਉਸਨੂੰ ਮਿਲਦੀ ਹੈ ਜਾਂ ਨਹੀਂ।
ਦੋਸਤਾਂ ਬਾਰੇ ਇਹਨਾਂ ਦੋ ਛੋਟੀਆਂ ਛੋਟੀਆਂ ਖ਼ਬਰਾਂ ਤੋਂ ਇੱਕ ਫ਼ੌਜੀ ਨੂੰ ਇਹ ਸਪੱਸ਼ਟ ਹੋ ਜਾਂਦਾ ਸੀ ਕਿ ਤੂਫ਼ਾਨ ਕਿਤੇ ਦੱਖਣ ਵੱਲ ਨੂੰ ਆਏਗਾ । ਬੇਸ਼ੱਕ, ਅਲੈਕਸੇਈ ਨੇ ਅਨਿਊਤਾ ਨੂੰ ਵੀ ਚਿੱਠੀ ਲਿਖ ਦਿੱਤੀ ਤੇ ਗਵੋਜ਼ਦਿਓਵ ਨੂੰ ਪ੍ਰੋਫ਼ੈਸਰ ਦੀ ਸਲਾਹ ਭੇਜ ਦਿੱਤੀ ਕਿ ਉਹ ਦਾਹੜੀ ਵਧਾ ਲਵੇ; ਪਰ ਉਸਨੂੰ ਪਤਾ ਸੀ ਕਿ ਗਵੋਜ਼ਦਿਓਵ ਲੜਾਈ ਦੀ ਉਸ ਤੀਬਰ ਆਸ ਦੀ ਹਾਲਤ ਵਿੱਚ ਸੀ ਜਿਹੜੀ ਹਰ ਫ਼ੌਜੀ ਨੂੰ ਏਨਾਂ ਫ਼ਿਕਰ ਲਾ ਦੇਂਦੀ ਹੈ ਤੇ ਨਾਲ ਹੀ ਏਨੀਂ ਖੁਸ਼ੀ ਦਾ ਕਾਰਨ ਵੀ ਹੁੰਦੀ ਹੈ, ਜਿਸ ਲਈ ਉਸ ਕੋਲ ਦਾਹੜੀ ਬਾਰੇ, ਜਾਂ ਸਗੋਂ, ਸ਼ਾਇਦ ਅਨਿਊਤਾ ਬਾਰੇ ਵੀ ਸੋਚਣ ਦਾ ਵਕਤ ਨਹੀਂ ਹੋਵੇਗਾ।
ਵਾਰਡ ਨੰਬਰ ਬਤਾਲੀ ਵਿੱਚ ਇੱਕ ਹੋਰ ਖੁਸ਼ੀ ਦੇਣ ਵਾਲੀ ਘਟਨਾ ਵਾਪਰੀ। ਇੱਕ ਫ਼ਰਮਾਨ ਪ੍ਰਕਾਸ਼ਤ ਹੋਇਆ ਕਿ ਮੇਜਰ ਪਾਵੇਲ ਈਵਾਨੋਵਿਚ ਸਤਰੂਚਕੋਵ ਨੂੰ ਸੋਵੀਅਤ ਯੂਨੀਅਨ ਦੇ ਹੀਰੋ ਦਾ ਖਿਤਾਬ ਦਿੱਤਾ ਗਿਆ ਹੈ; ਪਰ ਇਹ ਖੁਸ਼ੀ ਭਰੀ ਖ਼ਬਰ ਵੀ ਮੇਜਰ ਨੂੰ ਬਹੁਤੀ ਦੇਰ ਖੁਸ਼ ਨਾ ਰੱਖ ਸਕੀ। ਉਹ ਫਿਰ ਢਹਿੰਦੀ ਕਲਾ ਵਿੱਚ ਜਾ ਡਿੱਗਾ । ਉਸਨੂੰ ਇਹ ਚੀਜ਼ ਉਦਾਸ ਕਰ ਰਹੀ ਸੀ ਕਿ ਉਸਦੇ “ਲਾਅਣਤੀ ਗੋਡਿਆਂ ਦੀਆਂ ਚੱਪਣੀਆਂ” ਉਸਨੂੰ ਇਹੋ ਜਿਹੇ ਸਰਗਰਮੀ ਦੇ ਸਮੇਂ ਵੀ ਮੰਜੇ ਨਾਲ ਬੰਨ੍ਹ ਕੇ ਰੱਖ ਰਹੀਆਂ ਹਨ । ਉਸਦੀ ਉਦਾਸੀ ਦਾ ਇੱਕ ਕਾਰਨ ਹੋਰ ਵੀ ਸੀ ਕਿ ਜਿਸਨੂੰ ਉਹ ਲੁਕਾ ਕੇ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਅਲੈਕਸੇਈ ਨੂੰ ਬਿਲਕੁਲ ਅਚਣਚੇਤ ਪਤਾ ਚੱਲ ਗਿਆ ਸੀ।
ਮਰੇਸੇਯੇਵ ਨੇ ਆਪਣਾ ਧਿਆਨ ਸਾਰੇ ਦਾ ਸਾਰਾ ਸਿਰਫ ਇੱਕ ਚੀਜ਼ ਉੱਤੇ ਟਿਕਾਇਆ ਹੋਇਆ ਸੀ — ਤੁਰਨਾ ਸਿੱਖਣ ਉੱਤੇ— ਤੇ ਹੁਣ ਉਸਦਾ ਧਿਆਨ ਹੀ ਨਹੀਂ ਸੀ ਜਾਂਦਾ ਕਿ ਉਸਦੇ ਆਲੇ ਦੁਆਲੇ ਕੀ ਹੋ ਰਿਹਾ ਹੈ। ਉਹ ਆਪਣੇ ਲਈ ਬਣਾਏ ਰੋਜ਼ਾਨਾ ਪ੍ਰੋਗਰਾਮ ਅਨੁਸਾਰ ਕਰੜੀ ਤਰ੍ਹਾਂ ਰਹਿ ਰਿਹਾ ਸੀ: ਦਿਹਾੜੀ ਵਿੱਚ ਤਿੰਨ ਘੰਟੇ – ਇੱਕ ਘੰਟਾ ਸਵੇਰੇ, ਇੱਕ ਘੰਟਾ ਦੁਪਹਿਰੇ ਤੇ ਇੱਕ ਘੰਟਾ ਸ਼ਾਮ ਨੂੰ — ਉਹ ਬਰਾਮਦੇ ਵਿੱਚ ਆਪਣੇ ਨਕਲੀ ਪੈਰਾਂ ਨਾਲ ਤੁਰਨ ਦਾ ਅਭਿਆਸ ਕਰਦਾ । ਪਹਿਲਾਂ ਪਹਿਲਾਂ ਤਾਂ ਦੂਜੇ ਵਾਰਡਾਂ ਵਿਚਲੇ ਮਰੀਜ਼ਾਂ ਨੂੰ ਨੀਲੇ ਗਾਊਨ ਵਾਲ਼ੇ ਇਸ ਵਿਅਕਤੀ ਉੱਤੇ, ਜਿਹੜਾ ਉਹਨਾਂ ਦੇ ਖੁੱਲ੍ਹੇ ਦਰਵਾਜ਼ਿਆਂ ਦੇ ਅੱਗੋਂ ਦੀ ਪੈਂਡਲੂਮ ਦੀ ਬਕਾਇਦਗੀ ਨਾਲ ਲੰਘਦਾ ਰਹਿੰਦਾ ਸੀ, ਤੇ ਉਸਦੇ ਚੀਂ-ਚੀਂ ਕਰਦੇ ਚਮੜੇ ਦੇ ਪੈਰਾਂ ਉੱਤੇ ਖਿਝ ਆਉਂਦੀ ਸੀ ਜਿਨ੍ਹਾਂ ਦੀ ਚੀਂ-ਚੀਂ ਦੀ ਗੂੰਜ ਸਾਰੇ ਬਰਾਮਦੇ ਵਿੱਚੋਂ ਆਉਂਦੀ ਸੀ; ਪਰ ਮਗਰੋਂ ਉਹ ਇਸਦੇ ਏਨੇ ਆਦੀ ਹੋ ਗਏ ਕਿ ਉਹ ਦਿਨ ਦੇ ਕੁਝ ਸਮਿਆਂ ਬਾਰੇ ਸੋਚ ਹੀ ਨਹੀਂ ਸਨ ਸਕਦੇ, ਬਿਨਾਂ ਇਸ ਵਿਅਕਤੀ ਦੇ ਉਹਨਾਂ ਦੇ ਦਰਵਾਜ਼ਿਆਂ ਦੇ ਅੱਗੋਂ ਲੰਘਣ ਦੇ । ਇੱਥੋਂ ਤੱਕ ਕਿ ਇੱਕ ਦਿਨ ਜਦੋਂ ਮਰੇਸੇਯੇਵ ਨੂੰ ਫਲੂ ਹੋ ਗਿਆ, ਤਾਂ ਦੂਜੇ ਵਾਰਡਾਂ ਵਿਚਲੇ ਮਰੀਜ਼ਾਂ ਨੇ ਵਾਰਡ ਨੰਬਰ ਬਤਾਲੀ ਵਿੱਚ ਇਹ ਪਤਾ ਕਰਨ ਲਈ ਬੰਦਿਆਂ ਨੂੰ ਭੇਜਿਆ ਕਿ ਪੈਰਹੀਣ ਲੈਫ਼ਟੀਨੈਂਟ ਨੂੰ ਕੀ ਹੋ ਗਿਆ ਹੈ।
ਸਵੇਰੇ ਅਲੈਕਸੇਈ ਅਪਣੀਆਂ ਸਰੀਰਕ ਵਰਜ਼ਸ਼ਾਂ ਕਰਦਾ ਤੇ ਫਿਰ, ਕੁਰਸੀ ਉੱਤੇ ਬੈਠ ਕੇ, ਪੈਰਾਂ ਨੂੰ ਉਹ ਹਰਕਤਾਂ ਕਰਨ ਲਈ ਸਿਧਾਉਂਦਾ, ਜਿਹੜੀਆਂ ਹਵਾਈ ਜਹਾਜ਼ ਨੂੰ ਕੰਟਰੋਲ ਕਰਨ ਲਈ ਜ਼ਰੂਰੀ ਸਨ । ਕਦੀ ਕਦੀ ਉਹ ਉਦੋਂ ਤੱਕ ਵਰਜ਼ਸ਼ਾਂ ਕਰਦਾ ਰਹਿੰਦਾ ਜਦੋਂ ਤੱਕ ਉਸਦਾ ਸਿਰ ਨਾ ਚੱਕਰ ਖਾਣ ਲੱਗ ਪੈਂਦਾ, ਉਸਦੇ ਕੰਨਾਂ ਵਿੱਚ ਘੰਟੀਆਂ ਵੱਜਣ ਲੱਗ ਪੈਂਦੀਆਂ ਤੇ ਅੱਖਾਂ ਸਾਮ੍ਹਣੇ ਗੋਲ ਗੋਲ ਹਰੇ ਘੇਰੇ ਤੈਰਨ ਲੱਗ ਪੈਂਦੇ ਤੇ ਫਰਸ਼ ਉਸਦੇ ਪੈਰਾਂ ਹੇਠੋਂ ਹਟ ਗਿਆ ਲਗਦਾ। ਜਦੋਂ ਇਸ ਤਰ੍ਹਾਂ ਹੁੰਦਾ ਤਾਂ ਉਹ ਨਲਕੇ ਕੋਲ ਜਾਂਦਾ, ਆਪਣੇ ਸਿਰ ਉੱਤੇ ਠੰਡਾ ਪਾਣੀ ਪਾਉਂਦਾ ਤੇ ਕੁਝ ਦੇਰ ਲਈ ਲੇਟ ਜਾਂਦਾ ਤਾਂ ਕਿ ਜਲਦੀ ਹੀ ਆਪਣੇ ਆਪ ਵਿੱਚ ਆ ਜਾਏ ਤੇ ਉਸਨੂੰ ਆਪਣਾ ਤੁਰਨ ਦਾ ਜਿਮਨਾਸਟਿਕ ਦਾ ਸਮਾਂ ਨਾ ਖੁੰਝਾਉਣਾ ਪਵੇ।
ਉਸ ਦਿਨ, ਉਹ ਉਦੋਂ ਤੱਕ ਤੁਰਦਾ ਰਿਹਾ ਜਦੋਂ ਤੱਕ ਕਿ ਉਸਦਾ ਸਿਰ ਨਾ ਚੱਕਰ ਖਾਣ ਲੱਗ ਪਿਆ। ਉਸਨੂੰ ਆਪਣੇ ਸਾਮ੍ਹਣੇ ਕੁਝ ਨਜ਼ਰ ਨਹੀਂ ਸੀ ਆ ਰਿਹਾ, ਉਹ ਡਿੱਗਦਾ ਢਹਿੰਦਾ ਆਪਣੇ ਵਾਰਡ ਤੱਕ ਪੁੱਜਾ ਤੇ ਮੰਜੇ ਉੱਤੇ ਮਲਕੜੇ ਜਿਹੇ ਜਾ ਪਿਆ। ਸਿਰਫ ਉਦੋਂ ਜਾ ਕੇ ਕਿਤੇ ਉਹ ਵਾਰਡ ਵਿੱਚੋਂ ਆ ਰਹੀਆਂ ਦੋ ਅਵਾਜ਼ਾਂ ਤੋ ਚੇਤੰਨ ਹੋਇਆ: ਕਲਾਵਦੀਆ ਮਿਖਾਇਲੋਵਨਾ ਦੀ ਸ਼ਾਂਤ, ਜ਼ਰਾ ਕੁ ਵਿਅੰਗਮਈ ਅਵਾਜ਼, ਤੇ ਉਤੇਜਿਤ, ਤਰਲਾ ਲੈਂਦੀ ਸਰੂਚਕੋਵ ਦੀ ਅਵਾਜ਼ ਤੋਂ।
ਉਹ ਆਪਣੀ ਗੱਲਬਾਤ ਵਿਚ ਏਨੇਂ ਖੁੱਭੇ ਹੋਏ ਸਨ ਕਿ ਉਹਨਾਂ ਦਾ ਇਸ ਗੱਲ ਵੱਲ ਧਿਆਨ ਹੀ ਨਾ ਗਿਆ ਕਿ ਮਰੇਸੇਯੇਵ ਵਾਰਡ ਵਿੱਚ ਆ ਚੁੱਕਾ ਹੈ।
“ਮੈਨੂੰ ਸਮਝਣ ਦੀ ਕੋਸ਼ਿਸ਼ ਕਰੋ, ਮੈਂ ਗੰਭੀਰਤਾ ਨਾਲ ਗੱਲ ਕਰ ਰਿਹਾ ਹਾਂ । ਤੁਹਾਨੂੰ ਇਹ ਸਮਝ ਕਿਉਂ ਨਹੀਂ ਆਉਂਦਾ ? ਤੁਸੀਂ ਔਰਤ ਹੋ ਜਾਂ ਕੀ?”
“ਔਰਤ ਹੀ ਹਾਂ, ਬੇਸ਼ੱਕ, ਪਰ ਮੇਰੀ ਸਮਝ ਵਿੱਚ ਕੁਝ ਨਹੀਂ ਆਉਂਦਾ, ਤੇ ਇਸ ਵਿਸ਼ੇ ਬਾਰੇ ਗੰਭੀਰਤਾ ਨਾਲ ਤੁਸੀਂ ਗੱਲ ਹੀ ਨਹੀਂ ਕਰ ਸਕਦੇ । ਨਾ ਮੈਨੂੰ ਲੋੜ ਹੈ ਇਸਦੀ, ਤੁਹਾਡੀ ਗੰਭੀਰਤਾ ਦੀ।”
ਸਤਰੂਚਕੋਵ ਆਪੇ ਤੋਂ ਬਾਹਰ ਹੋ ਗਿਆ। ਉਸਦੀ ਚੰਗਾ-ਮੰਦਾ ਕਹਿੰਦੇ ਦੀ ਅਵਾਜ਼ ਸਾਰੇ ਵਾਰਡ ਵਿੱਚ ਗੂੰਜਣ ਲੱਗੀ:
“ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਮਾਰ ਵਗੇ ਇਸ ਪਿਆਰ ਨੂੰ ! ਤੁਸੀਂ ਔਰਤ ਨਹੀਂ, ਸਗੋਂ ਲੱਕੜੀ ਦਾ ਮੁੱਢ ਹੋ, ਜਿਹੜਾ ਤੁਹਾਨੂੰ ਇਹ ਨਹੀਂ ਦਿਸਦਾ! ਹੁਣ, ਸਮਝ ਆਈ?” ਉਹ ਮੁੜਿਆ ਤੇ ਆਪਣੀਆਂ ਉਂਗਲਾਂ ਨਾਲ ਬਾਰੀਆਂ ਉੱਪਰ ਅਵਾਜ਼ ਪੈਦਾ ਕਰਨ ਲੱਗ ਪਿਆ।
ਕਲਾਵਦੀਆ ਮਿਖਾਇਲੋਵਨਾ ਸੁਸਿੱਖਿਅਤ ਨਰਸ ਵਾਲ਼ੇ ਪੋਲੇ ਪੋਲੇ, ਚੌਕਸ, ਕਦਮਾਂ ਨਾਲ ਦਰਵਾਜ਼ੇ ਵੱਲ ਨੂੰ ਵਧੀ।
“ਰੁਕ ਜਾਓ, ਜਾ ਕਿੱਥੇ ਰਹੇ ਹੋ। ਸੋ, ਫਿਰ, ਤੁਹਾਡੇ ਵੱਲੋਂ ਕੀ ਜਵਾਬ ਹੈ ਮੈਨੂੰ ?”
“ਇਹ ਇਸ ਬਾਰੇ ਗੱਲ ਕਰਨ ਦਾ ਨਾ ਸਮਾਂ ਹੈ ਤੇ ਨਾ ਥਾਂ । ਮੈ ਆਪਣੀ ਡਿਊਟੀ ਉੱਤੇ गं।”
“ਗੋਲਮੋਲ ਗੱਲਾਂ ਕਿਉਂ ਕਰਨ ਡਹੇ ਹੋ ? ਕਿਉਂ ਮੈਨੂੰ ਤਸੀਹੇ ਦੇਣ ਡਹੇ ਹੋ ? ਜਵਾਬ ਦਿਓ,” ਮੇਜਰ ਦੀ ਅਵਾਜ਼ ਵਿੱਚ ਗ਼ਮ ਸੁਣਾਈ ਦੇਂਦਾ ਸੀ।
ਕਲਾਵਦੀਆ ਮਿਖਾਇਲੋਵਨਾ ਦਰਵਾਜ਼ੇ ਕੋਲ ਰੁਕੀ; ਉਸਦਾ ਪਤਲਾ ਜਿਹਾ, ਮਟਕਦਾਰ ਸਰੀਰ ਹਨੇਰੇ ਬਰਾਮਦੇ ਪਿਛੋਕੜ ਵਿੱਚ ਸਪੱਸ਼ਟ ਉਘੜ ਰਿਹਾ ਸੀ । ਮਰੇਸੇਯੇਵ ਨੂੰ ਕਦੀ ਖਿਆਲ ਤੱਕ ਨਹੀਂ ਸੀ ਆਇਆ ਕਿ ਇਹ ਚੁੱਪ-ਕੀਤੀ ਨਰਸ, ਜਿਹੜੀ ਹੁਣ ਏਨੀਂ ਜਵਾਨ ਨਹੀਂ ਸੀ ਰਹੀ, ਏਨੀਂ ਔਰਤਾਂ ਵਾਲੇ ਹੱਠ ਨਾਲ ਭਰੀ ਹੋਈ ਤੇ ਅਕਰਸ਼ਕ ਹੋ ਸਕਦੀ ਹੈ । ਉਹ ਸਿਰ ਪਿੱਛੇ ਵੱਲ ਨੂੰ ਸੁੱਟੀ ਦਰਵਾਜੇ ਵਿੱਚ ਖੜ੍ਹੋ ਗਈ ਤੇ, ਜਿਵੇਂ ਕਿਸੇ ਉੱਚੀ ਥਾਂ ਤੋਂ, ਮੇਜਰ ਵੱਲ ਦੇਖਣ ਲੱਗੀ।
“ਠੀਕ ਹੈ ਫਿਰ,” ਉਹ ਬੋਲੀ। “ਮੈਂ ਤੁਹਾਡੀ ਗੱਲ ਦਾ ਜਵਾਬ ਦੇਵਾਂਗੀ। ਮੈਂ ਤੁਹਾਨੂੰ ਪਿਆਰ ਨਹੀਂ ਕਰਦੀ, ਤੇ ਸ਼ਾਇਦ ਕਦੀ ਤੁਹਾਨੂੰ ਪਿਆਰ ਨਾ ਕਰ ਸਕਾਂ।”
ਤੇ ਉਹ ਚਲੀ ਗਈ। ਮੇਜਰ ਮੰਜੇ ਉੱਤੇ ਢਹਿ ਪਿਆ ਤੇ ਆਪਣਾ ਸਿਰ ਸਿਰਹਾਣੇ ਵਿੱਚ ਦੇ ਦਿੱਤਾ । ਹੁਣ ਮਰੇਸੇਯੇਵ ਨੂੰ ਪਿਛਲੇ ਕੁਝ ਦਿਨਾਂ ਤੋਂ ਮੇਜਰ ਦੇ ਅਜੀਬ ਜਿਹੇ ਵਿਹਾਰ ਦੀ ਸਮਝ ਆ ਗਈ — ਉਸਦੇ ਖਿਝੂੰ-ਖਿਝੂੰ ਕਰਨ ਦੀ, ਨਰਸ ਦੀ ਵਾਰਡ ਵਿੱਚ ਆਉਣ ਉੱਤੇ ਉਸਦੀ ਪ੍ਰੇਸ਼ਾਨੀ ਦੀ, ਤੇ ਖੁਸ਼ ਰੌਂਅ ਤੋ ਇੱਕਦਮ ਵਹਿਸ਼ੀ ਗੁੱਸੇ ਨਾਲ ਭੜਕ ਪੈਣ ਦੀ।
ਉਹ ਜ਼ਰੂਰ ਅਸਲੀ ਤਸੀਹਾ ਭੋਗ ਰਿਹਾ ਹੋਵੇਗਾ। ਅਲੈਕਸੇਈ ਨੂੰ ਉਸ ਉੱਤੇ ਤਰਸ ਵੀ ਆ ਰਿਹਾ ਸੀ ਤੇ ਖੁਸ਼ੀ ਵੀ ਹੋ ਰਹੀ ਸੀ। ਜਦੋਂ ਮੇਜਰ ਆਪਣੇ ਮੰਜੇ ਤੋਂ ਉਠਿਆ, ਤਾਂ ਅਲੈਕਸੇਈ ਉਸਨੂੰ ਛੇੜਨ ਦੀ ਖੁਸ਼ੀ ਨੂੰ ਨਹੀਂ ਸੀ ਗੁਆਉਣਾ ਚਾਹੁੰਦਾ:
“ਤਾਂ ਫਿਰ, ਥੁੱਕਣ ਦੀ ਆਗਿਆ ਦੇਂਦੇ ਹੋ, ਸਾਥੀ ਮੇਜਰ ?”
ਜੇ ਉਸਨੂੰ ਪਤਾ ਹੁੰਦਾ ਕਿ ਇਹਨਾਂ ਲਫ਼ਜ਼ਾਂ ਦਾ ਕੀ ਪ੍ਰਤਿਕਰਮ ਹੋਵੇਗਾ, ਤਾਂ ਉਹ ਕਦੀ ਇਹ ਮਜ਼ਾਕ ਵਿੱਚ ਵੀ ਨਾ ਕਹਿੰਦਾ । ਸਤਰੂਚਕੋਵ ਦੌੜਦਾ ਹੋਇਆ ਅਲੈਕਸੇਈ ਦੇ ਮੰਜੇ ਦੇ ਕੋਲ ਆਇਆ ਤੇ ਮਾਯੂਸੀ ਭਰੀ ਅਵਾਜ਼ ਵਿਚ ਚਿੱਲਾਇਆ:
“ਥੁੱਕ ਲੈ ! ਲੈ, ਥੁੱਕ ਲੈ ! ਤੇ ਤੂੰ ਠੀਕ ਹੋਵੇਗਾ! ਮੈਂ ਇਸੇ ਦਾ ਹੱਕਦਾਰ ਹਾਂ। ਪਰ ਮੈਂ ਹੁਣ ਕੀ ਕਰਾਂ? ਕੀ ਕਰਾਂ, ਦੱਸ ਮੈਨੂੰ ? ਤੂੰ ਸਭ ਕੁਝ ਸੁਣ ਹੀ ਲਿਆ ਹੋਵੇਗਾ…”
ਉਹ ਮੰਜੇ ਉੱਤੇ ਬੈਠ ਗਿਆ ਤੇ ਆਪਣੇ ਸਿਰ ਨੂੰ ਮੀਟੀਆਂ ਮੁੱਠਾਂ ਉੱਪਰ ਰੱਖਦਾ ਹੋਇਆ ਝੂਲਣ ਲੱਗ ਪਿਆ।
“ਤੂੰ ਸ਼ਾਇਦ ਇਹ ਸੋਚਦਾ ਹੋਵੇਗਾ ਕਿ ਮੈਂ ਕੋਈ ਦਿਲਲਗੀ ਕਰ ਰਿਹਾ ਸਾਂ। ਦਿਲਲਗੀ! ਮੈਂ ਗੰਭੀਰਤਾ ਨਾਲ ਉਸ ਮੂਰਖ ਨੂੰ ਤਜਵੀਜ਼ ਕੀਤਾ ਸੀ!”
ਸ਼ਾਮ ਨੂੰ ਕਲਾਵਦੀਆ ਮਿਖਾਇਲੋਵਨਾ ਆਪਣੇ ਸਧਾਰਨ ਰਾਊਂਡ ਉੱਤੇ ਵਾਰਡ ਵਿੱਚ ਆਈ। ਹਮੇਸ਼ਾ ਵਾਂਗ ਉਹ ਚੁੱਪ ਕੀਤੀ, ਮਿਹਰਬਾਨ ਤੇ ਤਹੰਮਲ ਵਾਲੀ ਸੀ। ਲਗਦਾ ਸੀ ਜਿਵੇਂ ਉਸਦੇ ਸਾਰੇ ਵਜੂਦ ਵਿੱਚੋਂ ਸ਼ਾਂਤੀ ਟਪਕਦੀ ਹੈ। ਉਹ ਮੇਜਰ ਵੱਲ ਦੇਖ ਕੇ ਮੁਸਕ੍ਰਾਈ, ਪਰ ਉਸਦੀ ਤੱਕਣੀ ਵਿੱਚ ਕੁਝ ਕੁਝ ਪ੍ਰੇਸ਼ਾਨੀ ਤੇ ਡਰ ਦੀ ਝਲਕ ਸੀ।
ਸਰੂਚਕੋਵ ਬਾਰੀ ਕੋਲ ਬੈਠਾ ਗੁੱਸੇ ਵਿੱਚ ਆਪਣੇ ਨਹੁੰਆਂ ਨੂੰ ਦੰਦਾਂ ਨਾਲ਼ ਕੱਟ ਰਿਹਾ ਸੀ। ਜਦੋਂ ਕਲਾਵਦੀਆ ਮਿਖਾਇਲੋਵਨਾ ਦੇ ਕਦਮਾਂ ਦੀ ਚਾਪ ਬਰਾਮਦੇ ਵਿਚ ਗੁੰਮ ਹੋ ਗਈ ਤਾਂ ਉਹ ਗੁੱਸੇ ਤੇ ਪ੍ਰਸ਼ੰਸਾ ਦੇ ਰਲੇ ਮਿਲੇ ਅੰਦਾਜ਼ ਨਾਲ ਉਸਦੇ ਮਗਰ ਮਗਰ ਦੇਖਣ ਲੱਗਾ।
“ ‘ਸੋਵੀਅਤ ਫ਼ਰਿਸ਼ਤਾ ਪਤਾ ਨਹੀਂ ਕਿਸ ਬੇਵਕੂਫ਼ ਨੇ ਇਹਨੂੰ ਇਹ ਨਾਂ ਦਿੱਤਾ ਹੈ। ਇਹ ਤਾਂ ਨਰਸ ਦੇ ਚੋਗੇ ਵਿੱਚ ਸ਼ੈਤਾਨ ਹੈ।”
ਦਫ਼ਤਰ ਵਿੱਚੋਂ ਪਤਲੀ ਜਿਹੀ ਉਧੇੜ ਉਮਰ ਦੀ ਇੱਕ ਨਰਸ ਵਾਰਡ ਵਿੱਚ ਆਈ।
“ਮਰੇਸੇਯੇਵ, ਅਲੈਕਸੇਈ, ਕੋਈ ਤੁਰਦਾ-ਫਿਰਦਾ ਮਰੀਜ਼ ਹੈ ?”
“ਨਹੀਂ, ਦੋੜਦਾ ਫਿਰਦਾ !” ਸਤਰੂਚਕੋਵ ਭਬਕਿਆ।
“ਮੈਂ ਇੱਥੇ ਮਜ਼ਾਕ ਲਈ ਨਹੀਂ ਆਈ,” ਨਰਸ ਕਰੜੀ ਅਵਾਜ਼ ਵਿੱਚ ਬੋਲੀ। “ਮਰੇਸੇਯੇਵ, ਅਲੈਕਸੇਈ, ਸੀਨੀਅਰ ਲੈਫ਼ਟੀਨੈਂਟ, ਦਾ ਟੈਲੀਫੂਨ ਹੈ।”
“ਮੁਟਿਆਰ ਹੈ ?” ਸਤਰੂਚਕੋਵ ਨੇ ਰੌਅ ਵਿੱਚ ਆਉਂਦਿਆਂ ਤੇ ਖਿਝੀ ਹੋਈ ਨਰਸ ਨੂੰ ਅੱਖ ਮਾਰਦਿਆਂ ਪੁੱਛਿਆ।
“ਮੈਂ ਉਸਦੀ ਕੁੰਡਲੀ ਨਹੀਂ ਦੇਖੀ,” ਨਰਸ ਮੱਧਮ ਜਿਹੀ ਅਵਾਜ਼ ਵਿੱਚ ਬੋਲੀ ਤੇ ਬੜੀ ਠਾਠ ਨਾਲ ਜਿਵੇਂ ਤਰਦੀ ਹੋਈ ਕਮਰੇ ਵਿੱਚੋਂ ਚਲੀ ਗਈ।
ਮਰੇਸੇਯੇਵ ਭੁੜਕ ਕੇ ਮੰਜੇ ਤੋਂ ਉਠਿਆ। ਖੁਸ਼ੀ ਨਾਲ ਆਪਣੀ ਸੋਟੀ ਨਾਲ ਠਕ-ਠਕ ਕਰਦਾ ਹੋਇਆ ਉਹ ਨਰਸ ਨਾਲ ਜਾ ਮਿਲਿਆ, ਤੇ ਸੱਚਮੁਚ ਜਿਵੇਂ ਦੌੜਦਾ ਹੋਇਆ ਪੌੜੀਆਂ ਉੱਤਰ ਗਿਆ । ਇਕ ਮਹੀਨੇ ਤੋਂ ਉਹ ਓਲਿਆ ਦੇ ਜਵਾਬ ਦੀ ਆਸ ਲਾਈ ਬੈਠਾ ਸੀ, ਤੇ ਉਸਦੇ ਮਨ ਵਿੱਚ ਆਇਆ ਕਿ ਸ਼ਇਦ ਉਹੀ ਹੋਵੇ ! ਪਰ ਇਹ ਕਿਵੇਂ ਹੋ ਸਕਦਾ ਸੀ? ਉਹ ਇਹੋ ਜਿਹੇ ਸਮੇਂ ਸਤਾਲਿਨਗਰਾਦ ਦੇ ਨੇੜੇ ਦੀ ਉਸ ਥਾਂ ਤੋਂ ਸਫ਼ਰ ਕਰਕੇ ਮਾਸਕੋ ਨਹੀਂ ਸੀ ਪੁੱਜ ਸਕਦੀ। ਨਾਲ਼ੇ, ਉਹ ਉਸਨੂੰ ਇੱਥੇ ਹਸਪਤਾਲ ਵਿੱਚ ਕਿਵੇਂ ਲੱਭ ਸਕਦੀ ਸੀ, ਕਿਉਂਕਿ ਉਸਨੇ ਤਾਂ ਦੱਸਿਆ ਹੋਇਆ ਸੀ ਕਿ ਉਹ ਪਿਛਵਾੜੇ ਦੀ ਕਿਸੇ ਥਾਂ ਕੰਮ ਕਰ ਰਿਹਾ ਹੈ, ਤੇ ਖਾਸ ਮਾਸਕੋ ਵਿੱਚ ਨਹੀਂ, ਸਗੋਂ ਇਸਦੇ ਕਿਤੇ ਆਸ-ਪਾਸ।
ਪਰ ਉਸ ਵੇਲੇ ਮਰੇਸੇਯੇਵ ਕਰਾਮਾਤਾਂ ਵਿੱਚ ਯਕੀਨ ਰੱਖਣ ਲੱਗ ਪਿਆ ਸੀ, ਤੇ ਉਸਦਾ ਆਪਣਾ ਵੀ ਇਸ ਗੱਲ ਵੱਲ ਧਿਆਨ ਨਾ ਗਿਆ ਕਿ ਉਹ ਦੌੜ ਰਿਹਾ ਹੈ, ਆਪਣੇ ਬਣਾਉਟੀ ਪੈਰਾਂ ਨਾਲ ਉਹ ਦੌੜ ਰਿਹਾ ਹੈ, ਝੂਲਦੀ ਚਾਲ ਨਾਲ, ਸਿਰਫ ਕਦੀ ਕਦੀ ਆਪਣੀ ਸੋਟੀ ਉੱਤੇ ਝੁਕਦਾ ਹੋਇਆ, ਜਦ ਕਿ ਉਸਦੇ ਬੂਟ ਚੀਕ ਰਹੇ ਸਨ: ਚੀਂ-ਚੀਂ, ਚੀਂ-ਚੀਂ…
ਉਸਨੇ ਰਸੀਵਰ ਚੁੱਕਿਆ ਤੇ ਕੋਈ ਮਧੁਰ, ਡੂੰਘੀ, ਪਰ ਬਿਲਕੁਲ ਓਪਰੀ ਅਵਾਜ਼ ਉਸਦੇ ਕੰਨੀ ਪਈ। ਕਿਸੇ ਨੇ ਪੁੱਛਿਆ ਕਿ ਕੀ ਉਹ ਵਾਰਡ ਨੰਬਰ ਬਤਾਲੀ ਤੋਂ ਸੀਨੀਅਰ ਲੈਫ਼ਟੀਨੈਂਟ ਅਲੈਕਸੇਈ ਪਿਤਰੋਵਿਚ ਮਰੇਸੇਯੇਵ ਸੀ?
ਗੁੱਸੇ ਵਾਲੇ ਤੇ ਤਿੱਖੇ ਅੰਦਾਜ਼ ਵਿੱਚ, ਜਿਵੇਂ ਕਿ ਇਸ ਸਵਾਲ ਵਿੱਚ ਕੋਈ ਉਸਦੀ ਬੇਇਜ਼ਤੀ ਵਾਲੀ ਗੱਲ ਹੋਵੇ, ਮਰੇਸੇਯੇਵ ਰਸੀਵਰ ਵਿੱਚ ਚੀਕਿਆ:
“Ji!”
ਰਸੀਵਰ ਵਿੱਚ ਘੜੀ-ਪਲ ਲਈ ਕੋਈ ਅਵਾਜ਼ ਨਾ ਆਈ। ਫਿਰ ਕਿਸੇ ਨੇ ਤਣੀ ਜਿਹੀ ਤੇ ਭਾਵਹੀਣ ਅਵਾਜ਼ ਵਿੱਚ ਉਸਨੂੰ ਤਕਲੀਫ਼ ਦੇਣ ਲਈ ਖਿਮਾ ਮੰਗੀ।
“ਮੈਂ ਅੱਨਾ ਗਰੀਬੋਵਾ ਬੋਲ ਰਹੀ ਹਾਂ। ਮੈਂ ਤੁਹਾਡੇ ਦੋਸਤ, ਲੈਫ਼ਟੀਨੈਂਟ ਗਵੋਜ਼ਦਿਓਵ ਦੀ ਵਾਕਫ਼ਕਾਰ ਹਾਂ, ਤੁਸੀਂ ਮੈਨੂੰ ਨਹੀ ਜਾਣਦੇ,” ਕੁੜੀ ਜਿਵੇਂ ਯਤਨ ਕਰਕੇ ਬੋਲ ਰਹੀ ਸੀ।
ਪ੍ਰਤੱਖ ਤੌਰ ਉਤੇ ਉਸਨੂੰ ਏਨੇਂ ਖਰਵੇ ਬੋਲ ਨਾਲ਼ ਠੇਸ ਲੱਗੀ ਸੀ।
ਮਰੇਸੇਯੇਵ ਨੇ ਹੱਥਾਂ ਨਾਲ ਰਸੀਵਰ ਫੜ ਲਿਆ ਦੇ ਆਪਣਾ ਪੂਰਾ ਜ਼ੋਰ ਲਾ ਕੇ ਇਸ ਵਿੱਚ ਚੀਕਿਆ:
“ਤੂੰ ਅਨਿਊਤਾ ਹੈ ? ਅਨਿਊਤਾ? ਨਹੀਂ, ਮੈਂ ਚੰਗੀ ਤਰ੍ਹਾਂ ਜਾਣਦਾ ਹਾਂ! ਗਰੀਸ਼ਾ ਨੇ मै옴…” دو
“ਉਹ ਕਿਥੇ ਹੈ ? ਉਹਨੂੰ ਹੋ ਕੀ ਗਿਐ? ਉਹ ਇੰਝ ਇੱਕਦਮ ਚਲਾ ਗਿਆ। ਮੈਂ ਖ਼ਤਰੇ ਦਾ ਅਲਾਰਮ ਹੋਣ ਉੱਤੇ ਕਮਰੇ ਵਿੱਚੋਂ ਚਲੀ ਗਈ। ਮੈਂ ਫਸਟ-ਏਡ ਦੀ ਚੌਂਕੀ ਉੱਤੇ ਕੰਮ ਕਰਦੀ ਹਾਂ। ਜਦੋਂ ਮੁੜੀ, ਤਾਂ ਉਥੇ ਕੋਈ ਵੀ ਨਹੀ ਸੀ; ਉਹ ਕੁਝ ਲਿਖ ਕੇ ਵੀ ਨਹੀਂ ਛੱਡ ਗਿਆ, ਕੋਈ ਪਤਾ ਸਿਰਨਾਵਾਂ ਨਹੀਂ। ਕੁਝ ਵੀ ਮੇਰੀ ਸਮਝ ਨਹੀਂ ਪੈਂਦਾ, ਉਹ ਕਿੱਥੇ ਹੈ, ਕਿਉਂ ਲੋਪ ਹੋ ਗਿਐ, ਉਹਨੂੰ ਕੀ ਹੋ ਗਿਐ ਅਲਿਉਸ਼ਾ, ਪਿਆਰੇ, ਮੁਆਫ਼ ਕਰਨਾ ਮੈਂ ਤੁਹਾਨੂੰ ਇੰਝ ਸੰਬੋਧਨ ਕਰ ਰਹੀ ਹਾਂ, ਮੈਂ ਵੀ ਜਾਣਦੀ ਹਾਂ… ਮੈਨੂੰ ਬਹੁਤ ਫ਼ਿਕਰ ਲੱਗਾ ਹੋਇਆ ਹੈ। ਉਹ ਹੈ ਕਿੱਥੇ? ਕਿਉਂ ਉਹ ਇੱਕਦਮ ਚਲਾ ਗਿਆ.. ”
ਅਲੈਕਸੇਈ ਦੇ ਦਿਲ ਨੂੰ ਜਿਵੇ ਨਿੱਘ ਮਿਲ ਗਿਆ। ਉਸਨੂੰ ਆਪਣੇ ਦੋਸਤ ਲਈ ਖੁਸ਼ੀ ਹੋਣ ਲੱਗੀ । ਮਤਲਬ ਕੀ ਕਿ ਇਸ ਅਜੀਬ ਆਦਮੀ ਨੂੰ ਗ਼ਲਤੀ ਲੱਗੀ ਸੀ, ਜ਼ਿਆਦਾ ਹੀ ਸੂਖਮਭਾਵੀ ਹੈ। ਸੋ, ਅਸਲੀ ਕੁੜੀਆਂ ਫ਼ੋਜੀ ਦੇ ਨਕਾਰੇਪਣ ਤੋਂ ਨਹੀਂ ਡਰਦੀਆਂ। ਤੇ ਇਸਦਾ ਮਤਲਬ ਹੈ ਕਿ ਉਹ ਵੀ ਆਸ ਰੱਖ ਸਕਦਾ ਸੀ ਕਿ ਉਸ ਲਈ ਵੀ ਕੋਈ ਫ਼ਿਕਰਮੰਦ ਹੋ ਸਕਦਾ ਤੇ ਉਸਦੀ ਢੂੰਡ ਕਰ ਸਕਦਾ ਹੈ। ਇਹ ਸਭ ਕੁਝ ਬਿਜਲੀ ਦੀ ਤੇਜ਼ੀ ਨਾਲ ਉਸਦੇ ਦਿਮਾਗ਼ ਵਿੱਚੋਂ ਲੰਘ ਗਿਆ, ਜਦ ਕਿ ਉਹ ਜੋਸ਼ ਨਾਲ ਰੁਕ ਰੁਕ ਕੇ ਬੋਲਦਾ ਹੋਇਆ
ਰਸੀਵਰ ਵਿੱਚ ਕੂਕਿਆ:
“ਅਨਿਊਤਾ ! ਸਭ ਠੀਕ ਠਾਕ ਹੈ, ਅਨਿਊਤਾ! ਇਹ ਭੈੜੀ ਗ਼ਲਤਫ਼ਹਿਮੀ ਲੱਗੀ ਹੈ। ਉਹ ਜਿਊਂਦਾ-ਜਾਗਦਾ, ਸਿਹਤਮੰਦ ਹੈ, ਲੜਾਈ ਵਿੱਚ ਹਿੱਸਾ ਲੈ ਰਿਹੈ, ਹਾਂ! ਐਫ. ਪੀ. ਓ. 42531-ਬੀ। ਉਸਨੇ ਦਾਹੜੀ ਰੱਖਣੀ ਸ਼ੁਰੂ ਕਰ ਦਿੱਤੀ ਹੈ! ਸੱਚਮੁਚ, ਅਨਿਊਤਾ! ਸੋਹਣੀ ਸ਼ਾਨਦਾਰ ਦਾਹੜੀ, ਜਿਸ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਗੁਰੀਲਿਆਂ ਦੀ ਹੁੰਦੀ ਹੈ। ਉਹਨੂੰ ਬੜੀ ਚੰਗੀ ਲੱਗਦੀ ਹੈ!”
ਅਨਿਊਤਾ ਨੂੰ ਦਾਹੜੀ ਵਾਲ਼ੀ ਗੱਲ ਚੰਗੀ ਨਾ ਲੱਗੀ। ਉਸਦਾ ਖਿਆਲ ਸੀ ਕਿ ਇਸਦੀ ਲੋੜ ਨਹੀਂ ਸੀ । ਇਹ ਸੁਣ ਕੇ ਹੋਰ ਵੀ ਖੁਸ਼ ਹੁੰਦਾ ਹੋਇਆ ਮਰੇਸੇਯੇਵ ਬੋਲਿਆ ਕਿ ਜੇ ਇਹ ਗੱਲ ਹੈ ਤਾਂ ਗਰੀਸ਼ਾ ਚੁਟਕੀ ਦੀ ਢਿੱਲ ਨਹੀਂ ਲਾਏਗਾ ਤੇ ਦਾਹੜੀ ਲਾਹ ਕੇ ਔਹ ਮਾਰੇਗਾ, ਭਾਵੇਂ ਸਾਰਿਆਂ ਦਾ ਖਿਆਲ ਹੈ ਕਿ ਦਾਹੜੀ ਨਾਲ ਉਹ ਬਹੁਤ ਸੋਹਣਾ ਲੱਗਣ ਲੱਗ ਪਿਆ ਹੈ।
ਅਖ਼ੀਰ ਉਹਨਾਂ ਨੇ ਰਸੀਵਰ ਰੱਖ ਦਿੱਤੇ। ਉਹ ਪੱਕੇ ਦੋਸਤ ਬਣ ਚੁੱਕੇ ਸਨ, ਤੇ ਉਹਨਾਂ ਫ਼ੈਸਲਾ ਕੀਤਾ ਕਿ ਹਸਪਤਾਲ ‘ਚੋ ਜਾਣ ਤੋਂ ਪਹਿਲਾਂ ਮਰੇਸੇਯੇਵ ਉਸਨੂੰ ਟੈਲੀਫੂਨ ਕਰੇਗਾ । ਵਾਪਸ ਵਾਰਡ ਵੱਲ ਆਉਂਦਿਆਂ ਅਲੈਕਸੇਈ ਨੂੰ ਯਾਦ ਆਇਆ ਕਿ ਉਹ ਦੌੜਦਾ ਹੋਇਆ ਟੈਲੀਫੂਨ ਤੱਕ ਗਿਆ ਸੀ । ਉਸਨੇ ਮੁੜਕੇ ਦੌੜਨ ਦੀ ਕੋਸ਼ਿਸ਼ ਕੀਤੀ, ਪਰ ਕੁਝ ਨਾ ਬਣਿਆ। ਬਣਾਵਟੀ ਪੈਰਾਂ ਨਾਲ ਵੱਜਣ ਕਰਕੇ ਉਸਦੇ ਸਾਰੇ ਸਰੀਰ ਵਿੱਚ ਜਿਵੇਂ ਸਖ਼ਤ ਪੀੜ ਦੀ ਲਹਿਰ ਦੌੜ ਜਾਂਦੀ ਸੀ । ਪਰ ਕੋਈ ਗੱਲ ਨਹੀਂ! ਜੇ ਅੱਜ ਨਹੀਂ, ਤਾਂ ਭਲਕ ਨੂੰ ਦੌੜਨ ਲੱਗ ਪਵਾਂਗਾ, ਜੇ ਭਲਕੇ ਨਹੀਂ ਤਾਂ ਪਰਸੋਂ ਸਹੀ। ਪਰ ਦੌੜਾਂਗਾ ਜ਼ਰੂਰ ! ਸਭ ਕੁਝ ਠੀਕ ਠਾਕ ਹੋ ਜਾਏਗਾ। ਉਹ ਯਕੀਕਨ ਦੌੜਨ ਤੇ ਉਡਾਣ ਦੇ ਯੋਗ ਹੋ ਜਾਏਗਾ, ਤੇ ਲੜਾਈ ਵਿਚ ਹਿੱਸਾ ਲੈਣ ਦੇ; ਤੇ ਸਹੁੰਆਂ ਚੁੱਕਣ ਦਾ ਸ਼ੌਕੀਨ ਹੋਣ ਕਰਕੇ, ਉਸਨੇ ਸਹੁੰ ਖਾਧੀ ਕਿ ਆਪਣੀ ਪਹਿਲੀ ਹਵਾਈ ਲੜਾਈ ਤੋਂ ਮਗਰੋਂ, ਪਹਿਲਾਂ ਜਰਮਨ ਜਹਾਜ਼ ਸੁੱਟਣ ਮਗਰੋਂ, ਉਹ ਓਲਿਆ ਨੂੰ ਲਿਖੇਗਾ ਤੇ ਸਭ ਕੁਝ ਦੱਸ ਦੇਵੇਗਾ, ਭਾਵੇਂ ਕੁਝ ਵੀ ਹੋਵੇ!

ਭਾਗ ਤੀਜਾ

1
1942 ਦੀਆਂ ਗਰਮੀਆਂ ਸਿਖਰ ਉੱਤੇ ਸਨ ਜਦੋਂ ਮਾਸਕੋ ਦੇ ਹਸਪਤਾਲ ਦੇ ਭਾਰੀ- ਭਰਕਮ ਬਲੂਤ ਦੇ ਬਣੇ ਦਰਵਾਜ਼ਿਆਂ ਵਿੱਚੋਂ ਮਜ਼ਬੂਤ ਆਬਨੂਸ ਦੀ ਸੋਟੀ ਦਾ ਆਸਰਾ ਲੈ ਕੇ ਇੱਕ ਭਾਰਾ ਜਿਹਾ ਨੌਜਵਾਨ ਨਿੱਕਲਿਆ। ਉਸਨੇ ਵਾਯੂਸੈਨਾ ਦੇ ਪਾਇਲਟ ਵਾਲੀ ਜੈਕਟ ਪਾਈ ਹੋਈ ਸੀ, ਜਿਸਦੇ ਬਟਨ ਖੁੱਲ੍ਹੇ ਸਨ, ਫੁੱਲ ਬੂਟਾਂ ਦੇ ਉੱਪਰੋਂ ਦੀ ਪੈਂਟ ਪਾਈ ਹੋਈ ਸੀ ਤੇ ਉਸਦੇ ਮੋਢਿਆਂ ਉੱਤੇ ਸੀਨੀਅਰ ਲੈਫ਼ਟੀਨੈਂਟ ਦੇ ਪਦ-ਚਿੰਨ੍ਹ ਲੱਗੇ ਹੋਏ ਸਨ । ਉਸਦੇ ਨਾਲ ਚਿੱਟਾ ਚੋਗਾ ਪਾਈ ਇੱਕ ਔਰਤ ਸੀ । ਲਾਲ ਕਾਟੇ ਵਾਲਾ ਰੁਮਾਲ ਉਸਦੇ ਮਿਹਰਬਾਨ, ਸੋਹਣੇ ਚਿਹਰੇ ਨੂੰ ਇੱਕ ਗੰਭੀਰਤਾ ਜਿਹੀ ਦੇ ਰਿਹਾ ਸੀ । ਇਸ ਤਰ੍ਹਾਂ ਦੇ ਰੁਮਾਲ ਪਹਿਲੀ ਸੰਸਾਰ ਜੰਗ ਵਾਲੀਆਂ ਨਰਸਾਂ ਬੰਨ੍ਹਿਆਂ ਕਰਦੀਆਂ ਸਨ। ਉਹ ਬਾਹਰਲੀ ਮਹਿਰਾਬ ਕੋਲ ਆ ਕੇ ਰੁੱਕੇ। ਪਾਇਲਟ ਨੇ ਆਪਣੀ ਮਧੋਲੀ ਹੋਈ ਤੇ ਉਡੇ ਰੰਗ ਵਾਲੀ ਪੀ-ਕੈਪ ਲਾਹੀ ਤੇ ਭੱਦੇ ਜਿਹੇ ਢੰਗ ਨਾਲ ਉਸਦਾ ਹੱਥ ਚੁੰਮਣ ਲਈ ਝੁਕਿਆ। ਨਰਸ ਨੇ ਉਸਦੇ ਸਿਰ ਨੂੰ ਆਪਣੇ ਦੋਹਾਂ ਹੱਥਾਂ ਵਿੱਚ ਲਿਆ ਤੇ ਉਸਦਾ ਮੱਥਾ ਚੁੰਮਿਆ। ਇਸ ਤੋਂ ਮਗਰੋਂ, ਜ਼ਰਾਂ ਕੁ ਝੁਲਦੀ ਚਾਲ ਨਾਲ ਉਹ ਜਲਦੀ ਜਲਦੀ ਪੌੜੀਆਂ ਉੱਤਰ ਗਿਆ ਤੇ ਬਿਨਾਂ ਮੁੜ ਕੇ ਤੱਕਿਆਂ, ਹਸਪਤਾਲ ਦੀ ਲੰਮੀ ਸਾਰੀ ਇਮਾਰਤ ਦੇ ਕੋਲੋਂ ਦੀ ਦਰਿਆ ਦੇ ਪੱਕੇ ਕੰਢੇ ਦੇ ਨਾਲ ਨਾਲ ਚੱਲਣ ਲੱਗਾ।
ਨੀਲੇ, ਪੀਲ਼ੇ ਤੇ ਖਾਕੀ ਪਜ਼ਾਮੇ ਪਾਈ ਮਰੀਜ਼ ਬਾਰੀਆਂ ਵਿੱਚ ਖੜ੍ਹੇ ਆਪਣੇ ਹੱਥ, ਸੋਟੀਆਂ ਜਾਂ ਭੌੜੀਆਂ ਹਿਲਾ ਰਹੇ ਸਨ ਤੇ ਉੱਚੀ ਉੱਚੀ ਬੋਲ ਕੇ ਅਲਵਿਦਾਈ ਨਸੀਹਤਾਂ ਕਰ ਰਹੇ ਸਨ। ਜਵਾਬ ਵਿਚ ਉਹ ਵੀ ਆਪਣਾ ਹੱਥ ਹਿਲਾਉਂਦਾ, ਪਰ ਇਹ ਪ੍ਰਤੱਖ ਸੀ ਕਿ ਉਹ ਇਸ ਧੜਵੈਲ, ਸਲੇਟੀ ਇਮਾਰਤ ਦੇ ਕੋਲੋਂ ਜਿੰਨੀ ਜਲਦੀ ਤੋਂ ਜਲਦੀ ਸੰਭਵ ਹੋਵੇ ਦੂਰ ਚਲਾ ਜਾਣਾ ਚਾਹੁੰਦਾ ਹੈ, ਤੇ ਆਪਣੀ ਭਾਵਕਤਾ ਨੂੰ ਲੁਕਾਉਣ ਲਈ ਉਸਨੇ ਆਪਣਾ ਮੂੰਹ ਬਾਰੀਆਂ ਤੋਂ ਦੂਜੇ ਪਾਸੇ ਫੇਰ ਲਿਆ। ਉਹ ਅਜੀਬ ਜਿਹੇ, ਉਛਲਵੇਂ ਕਦਮ ਪੁੱਟਦਾ ਹੋਇਆ, ਹਲਕਾ ਜਿਹਾ ਸੋਟੀ ਉੱਪਰ ਝੁੱਕਦਾ, ਤੇਜ਼ ਚੱਲ ਰਿਹਾ ਸੀ । ਜੇ ਉਹ ਹਲਕੀ ਜਿਹੀ ਚੀਂ-ਚੀਂ ਨਾ ਹੁੰਦੀ, ਜਿਹੜੀ ਉਸਦੇ ਹਰ ਕਦਮ ਨਾਲ਼ ਪੈਦਾ ਹੋ ਰਹੀ ਸੀ, ਤਾਂ ਕਿਸੇ ਦੇ ਮਨ ਵਿਚ ਕਦੀ ਖਿਆਲ ਵੀ ਨਹੀਂ ਸੀ ਆ ਸਕਦਾ ਕਿ ਇਸ ਚੰਗੇ, ਮਜ਼ਬੂਤ ਕਾਠੀ ਵਾਲ਼ੇ, ਚੱਲਦੇ ਫਿਰਦੇ ਬੰਦੇ ਦੇ ਪੈਰ ਕੱਟੇ ਹੋਏ ਹਨ।
ਹਸਪਤਾਲ ਤੋਂ ਛੁੱਟੀ ਮਿਲਣ ਉੱਤੇ ਅਲੈਕਸੇਈ ਮਰੇਸੇਯੇਵ ਨੂੰ ਮਾਸਕੋ ਦੇ ਨੇੜੇ ਦੇ ਇੱਕ ਵਾਯੂਸੈਨਾ ਦੇ ਸੈਨੇਟੋਰੀਅਮ ਵਿੱਚ ਨੌਂ ਬਰ ਨੌਂ ਹੋਣ ਲਈ ਭੇਜਿਆ ਗਿਆ । ਮੇਜਰ ਸਤਰੂਚਕੋਵ ਨੂੰ ਵੀ ਉਸੇ ਥਾਂ ਹੀ ਭੇਜਿਆ ਗਿਆ । ਉਹਨਾਂ ਨੂੰ ਸੈਨੇਟੋਰੀਅਮ ਲਿਜਾਣ ਲਈ ਇੱਕ ਕਾਰ ਭੇਜੀ ਗਈ ਪਰ ਮਰੇਸੇਯੇਵ ਨੇ ਹਸਪਤਾਲ ਵਾਲਿਆਂ ਨੂੰ ਦੱਸਿਆ ਕਿ ਮਾਸਕੋ ਵਿੱਚ ਉਸਦੇ ਕਈ ਰਿਸ਼ਤੇਦਾਰ ਹਨ ਤੇ ਉਹਨਾਂ ਨੂੰ ਮਿਲਣ ਤੋਂ ਬਿਨਾਂ ਉਹ ਨਹੀਂ ਸੀ ਜਾ ਸਕਦਾ। ਉਸਨੇ ਆਵਦਾ ਕਿੱਟ-ਬੈਗ ਸਤਰੂਚਕੋਵ ਕੋਲ ਛੱਡ ਦਿੱਤਾ ਤੇ ਆਪ ਇਹ ਵਾਦਾ ਕਰਕੇ ਪੈਦਲ ਹੀ ਤੁਰ ਪਿਆ ਕਿ ਉਹ ਬਿਜਲ-ਗੱਡੀ ਰਾਹੀ ਸ਼ਾਮ ਨੂੰ ਸੈਨੇਟੋਰੀਅਮ ਪੁੱਜ ਜਾਏਗਾ।
ਮਾਸਕੋ ਵਿੱਚ ਉਸਦੇ ਕੋਈ ਰਿਸ਼ਤੇਦਾਰ ਨਹੀਂ ਸਨ, ਪਰ ਉਹ ਰਾਜਧਾਨੀ ਨੂੰ ਦੇਖਣ ਦੀ ਬੜੀ ਤੀਬਰ ਇੱਛਾ ਰੱਖਦਾ ਸੀ, ਬਿਨਾਂ ਸਹਾਇਤਾ ਦੇ ਤੁਰਨ ਵਿੱਚ ਆਪਣੀ ਤਾਕਤ ਅਜ਼ਮਾਉਣ ਲਈ, ਤੇ ਰੌਲੇ-ਰੱਪੇ ਵਾਲ਼ੀ ਭੀੜ ਵਿੱਚ ਮਿਲਣ ਲਈ ਉਤਸੁਕ ਸੀ, ਜਿਸ ਭੀੜ ਦਾ ਕਿ ਉਸ ਨਾਲ ਕੋਈ ਵਾਸਤਾ ਨਾ ਹੋਵੇ । ਉਸਨੇ ਅਨਿਊਤਾ ਨੂੰ ਟੈਲੀਫੂਨ ਕੀਤਾ ਸੀ ਤੇ ਕਿਹਾ ਸੀ ਕਿ ਜੇ ਹੋ ਸਕੇ ਤਾਂ ਉਹ ਉਸਨੂੰ ਬਾਰ੍ਹਾਂ ਕੁ ਵਜੇ ਮਿਲੇ । ਕਿੱਥੇ ? ਲੈ, ਕਿੱਥੇ? ਪੁਸ਼ਕਿਨ ਦੇ ਬੁੱਤ ਕੋਲ ਕੈਸਾ ਰਹੇਗਾ? ਸੋ ਹੁਣ ਉਹ ਸ਼ਾਨਦਾਰ, ਗਰੇਨਾਈਟ ਦੇ ਕੰਢਿਆਂ ਵਿੱਚ ਸਿਮਟੇ ਦਰਿਆ ਦੇ ਨਾਲ਼ ਨਾਲ਼ ਇਕੱਲਾ ਚੱਲ ਰਿਹਾ ਸੀ, ਜਿਸਦੀ ਹਲਕੀ ਹਲਕੀ ਲਹਿਰਾਂ ਵਾਲੀ ਸਤਹ ਧੁੱਪ ਵਿੱਚ ਲਿਸ਼ਕ ਰਹੀ ਸੀ । ਤੁਰਦਿਆਂ ਜਾਂਦਿਆਂ, ਉਸਨੇ ਨਿੱਘੀ ਹੁਨਾਲੀ ਹਵਾ ਦੀਆਂ ਡੂੰਘੀਆਂ ਘੁੱਟਾਂ ਭਰੀਆਂ, ਜਿਹੜੀ ਮਿੱਠੀ ਮਿੱਠੀ, ਜਾਣੀ ਪਛਾਣੀ ਮਹਿਕ ਨਾਲ ਭਰੀ ਪਈ ਸੀ।
ਆਲੇ-ਦੁਆਲੇ ਸਭ ਕੁਝ ਕਿੰਨਾਂ ਚੰਗਾ ਸੀ !
ਉਸਨੂੰ ਸਭ ਔਰਤਾਂ ਖੂਸਸੂਰਤ ਲੱਗ ਰਹੀਆਂ ਸਨ, ਤੇ ਹਰੇ ਹਰੇ ਦਰਖਤ ਆਪਣੀ ਚਮਕ ਨਾਲ ਚੁੰਧਿਆ ਰਹੇ ਸਨ । ਹਵਾ ਇੰਝ ਸੱਜਰੀ ਸੀ ਕਿ ਇਹ ਕਿਸੇ ਨਸ਼ੀਲੀ ਚੀਜ਼ ਵਾਂਗ ਉਸਦੇ ਸਿਰ ਨੂੰ ਚੜ੍ਹ ਰਹੀ ਸੀ, ਤੇ ਇਹ ਏਨੀਂ ਨਿਰਮਲ ਸੀ ਕਿ ਉਸਦਾ ਫ਼ਾਸਲੇ ਦਾ ਅਹਿਸਾਸ ਖ਼ਤਮ ਹੋ ਗਿਆ; ਉਸਨੂੰ ਲੱਗਾ ਕਿ ਜਿਵੇਂ ਉਸਦੇ ਬੱਸ ਹੱਥ ਵਧਾਉਣ ਦੀ ਲੋੜ ਹੈ ਤੇ ਉਹ ਕ੍ਰੈਮਲਿਨ ਦੀ ਪੁਰਾਣੀ, ਦੰਦੇਦਾਰ ਫਸੀਲ ਨੂੰ ਛੁਹ ਲਵੇਗਾ, ਜਿਸਨੂੰ ਉਸਨੇ ਪਹਿਲਾਂ ਕਦੀ ਨਹੀਂ ਦੇਖਿਆ ਸਿਵਾਏ ਤਸਵੀਰਾਂ ਵਿਚ, ਈਵਾਨ ਮਹਾਨ ਦੇ ਘੜਿਆਲ ਨੂੰ, ਦਰਿਆ ਦੇ ਆਰਪਾਰ ਲਟਕੇ ਹੋਏ ਭਾਰੀ-ਭਰਕਮ ਪੁਲ ਦੀ ਧੜਵੈਲ, ਨੀਵੀਂ ਮਹਿਰਾਬ ਨੂੰ ਛੁਹ ਲਵੇਗਾ। ਸ਼ਹਿਰ ਉੱਪਰ ਫ਼ੈਲੀ ਹਲਕੀ ਹਲਕੀ ਮਿੱਠੀ ਸੁਗੰਧ ਨੇ ਉਸਨੂੰ ਆਪਣਾ ਬਚਪਨ ਯਾਦ ਕਰਾ ਦਿੱਤਾ। ਇਹ ਸੁਗੰਧ ਕਿਥੋਂ ਆਈ ਸੀ ? ਉਸਦਾ ਦਿਲ ਕਿਉਂ ਏਨੀਂ ਤੇਜ਼ ਤੇਜ਼ ਧਕ-ਧਕ ਕਰ ਰਿਹਾ ਸੀ ? ਤੇ ਉਹ ਕਿਉਂ ਆਪਣੀ ਮਾਂ ਬਾਰੇ ਸੋਚ ਰਿਹਾ ਸੀ, ਹੁਣ ਵਾਲੀ ਕਮਜ਼ੋਰ ਜਿਹੀ ਬਜ਼ੁਰਗ ਸਵਾਣੀ ਬਾਰੇ ਨਹੀਂ, ਸਗੋਂ ਜਵਾਨ, ਉੱਚੀ-ਲੰਮੀ, ਘਣੇ ਵਾਲਾਂ ਵਾਲੀ ਮਾਂ ਬਾਰੇ ? ਉਹ ਕਦੀ ਵੀ ਉਸ ਨਾਲ ਮਾਸਕੋ ਨਹੀਂ ਸੀ ਆਇਆ।
ਹੁਣ ਤੱਕ, ਮਰੇਸੇਯੇਵ ਸਿਰਫ ਰਸਾਲਿਆਂ ਤੇ ਅਖ਼ਬਾਰਾਂ ਵਿਚਲੀਆਂ ਤਸਵੀਰਾਂ ਤੋਂ ਕਿਤਾਬਾਂ ਤੋਂ ਤੇ ਇਸਨੂੰ ਦੇਖ ਕੇ ਗਏ ਲੋਕਾਂ ਤੋਂ ਸੁਣੀਆਂ ਸੁਣਾਈਆਂ ਗੱਲਾਂ ਤੋਂ, ਅੱਧੀ ਰਾਤ ਨੂੰ ਹੌਲੀ ਹੌਲੀ ਵਜਦੀਆਂ ਪੁਰਾਣੀ ਘੜੀ ਦੀਆਂ ਘੰਟੀਆਂ ਤੋਂ, ਜਿਹੜੀਆਂ ਸੁੱਤੀ ਹੋਈ ਦੁਨੀਆਂ ਉੱਪਰ ਗੂੰਜਦੀਆਂ ਸਨ ਤੇ ਅਵਾਜ਼ਾਂ ਦੇ ਉਸ ਘੜਮੱਸ ਤੋਂ ਹੀ ਜਿਹੜੀਆਂ ਦਿਨ- ਦਿਹਾਰ ਨੂੰ ਨਿਕਲਦੇ ਜਲੂਸ ਦੇ ਦੌਰਾਨ ਰੇਡੀਓ ਵਿੱਚ ਸੁਣਾਈ ਦੇ ਜਾਂਦੀਆਂ ਸਨ, ਰਾਜਧਾਨੀ ਬਾਰੇ ਜਾਣਦਾ ਸੀ। ਤੇ ਹੁਣ, ਇਹ ਉਸਦੇ ਸਾਮ੍ਹਣੇ ਸੀ, ਗਰਮੀਆਂ ਦੀ ਤਪਸ਼ ਵਿੱਚ ਲੁਭਾਉਂਦੀ ਹੋਈ, ਫ਼ੈਲੀ ਹੋਈ, ਤੇ ਖੂਬਸੂਰਤ।
ਉਹ ਕੈਮਲਿਨ ਦੇ ਨਾਲ ਨਾਲ ਸੁੰਝੇ ਪਏ ਕੰਢੇ ਉੱਤੇ ਚਲਦਾ ਗਿਆ । ਉਹ ਗਰੇਨਾਈਟ ਦੇ ਬਣੇ ਠੰਡੇ ਜੰਗਲੇ ਨਾਲ ਢੋਹ ਲਾ ਕੇ ਖੜ੍ਹੋ ਗਿਆ ਤੇ ਗਰੇਨਾਈਟ ਦੀ ਕੰਧ ਦੇ ਪੈਰਾਂ ਨਾਲ ਆ ਕੇ ਵਜਦੇ ਭੂਰੇ ਜਿਹੇ, ਤੇਲ ਵਰਗੇ ਪਾਣੀ ਨੂੰ ਦੇਖਣ ਲੱਗ ਪਿਆ, ਤੇ ਫਿਰ ਲਾਲ ਚੌਕ ਨੂੰ ਜਾਂਦੀ ਪਹਾੜੀ ਉੱਪਰ ਹੌਲੀ ਹੌਲੀ ਚੜ੍ਹਨ ਲੱਗਾ । ਪੱਕੀਆਂ, ਲੁੱਕ ਦੀਆਂ ਬਣੀਆਂ ਸੜਕਾਂ ਦੁਆਲੇ ਤੇ ਚੋਂਕਾਂ ਵਿੱਚ ਲਾਈਮ ਦੇ ਦਰੱਖਤ ਖਿੜੇ ਹੋਏ ਸਨ, ਤੇ ਉਹਨਾਂ ਦੇ ਕੱਟੇ ਹੋਏ ਮੁਕਟਾਂ ਵਿਚਲੇ ਸਾਦਾ, ਭਿੰਨੀ ਭਿੰਨੀ ਖੁਸ਼ਬੂ ਵਾਲੇ ਫੁੱਲਾਂ ਵਿਚਕਾਰ ਮਧੂ-ਮੱਖੀਆਂ ਭੀ-ਭੋਂ ਕਰਦੀਆਂ ਰੁਝੀਆਂ ਹੋਈਆਂ ਸਨ। ਉਹ ਕੋਲ਼ੋਂ ਲੰਘਦੀਆਂ ਮੋਟਰਾਂ ਤੇ ਧੂਤੂਆਂ ਤੋਂ ਟਰਾਮਾਂ ਦੀ ਖੜ-ਖੜ ਤੋਂ ਤੇ ਗਰਮ ਹੋਈ ਲੁੱਕ ਦੀ ਸੜਕ ਤੋਂ ਉੱਠਦੀ, ਲਹਿਰਾਉਂਦੀ ਹੋਈ, ਪੈਟਰੋਲ ਦੇ ਧੂੰਏਂ ਨਾਲ ਭਰੀ ਗਹਿਰ ਜਿਹੀ ਤੋਂ ਬਿਲਕੁਲ ਅਟੰਕ ਲੱਗਦੀਆਂ ਸਨ।
ਸੋ ਇਹ ਸੀ ਮਾਸਕੋ !
ਚਾਰ ਮਹੀਨੇ ਹਸਪਤਾਲ ਪਏ ਰਹਿਣ ਤੋਂ ਮਗਰੋਂ, ਅਲੈਕਸੇਈ ਇਸ ਹੁਨਾਲੀ ਠਾਠ ਨੂੰ ਦੇਖ ਕੇ ਏਨਾਂ ਚੁੰਧਿਆ ਗਿਆ ਸੀ ਕਿ ਪਹਿਲਾਂ ਪਹਿਲਾਂ ਤਾਂ ਉਸਨੂੰ ਖਿਆਲ ਹੀ ਨਾ ਆਇਆ ਕਿ ਸ਼ਹਿਰ ਨੇ ਜੰਗੀ ਜਾਮਾ ਪਹਿਣਿਆ ਹੋਇਆ ਹੈ ਤੇ ਉਸ ਅਵਸਥਾ ਵਿੱਚ ਹੈ, ਜਿਸਨੂੰ ਪਾਇਲਟ “ਪਹਿਲੇ ਨੰਬਰ ਉੱਤੇ ਤਿਆਰ-ਬਰ-ਤਿਆਰ” ਕਹਿੰਦੇ ਹਨ, ਭਾਵ ਕਿ ਕਿਸੇ ਵੀ ਘੜੀ ਉੱਠ ਕੇ ਦੁਸ਼ਮਣ ਦਾ ਮੁਕਾਬਲਾ ਕਰ ਸਕਣ ਦੇ ਯੋਗ। ਪੁਲ ਦੇ ਨੇੜੇ ਦੀ ਚੌੜੀ ਸੜਕ ਨੂੰ ਰੇਤ ਨਾਲ ਭਰੀਆਂ ਹੋਈਆਂ ਕਮਾਨੀਦਾਰ ਸ਼ਤੀਰੀਆਂ ਦੇ ਭੱਦੇ ਜਿਹੇ ਮੋਰਚੇ ਬਣਾ ਕੇ ਬੰਦ ਕੀਤਾ ਹੋਇਆ ਸੀ; ਪੁਲ ਦੇ ਚਾਰ ਕੋਨਿਆਂ ਉੱਪਰ ਕਨਕਰੀਟ ਦੇ ਤੋਪਾਂ ਦੇ ਥੜ੍ਹੇ ਬਣੇ ਹੋਏ ਸਨ, ਜਿਵੇਂ ਕਿ ਕੋਈ ਬੱਚਾ ਖੇਡਦਾ ਖੇਡਦਾ ਆਪਣੇ ਠੀਪੇ ਉੱਥੇ ਭੁੱਲ ਗਿਆ ਹੋਵੇ । ਲਾਲ ਚੌਂਕ ਦੀ ਸਲੇਟੀ ਜਿਹੀ ਸਤਹ ਉੱਪਰ ਘਰ, ਹਰੇ ਮੈਦਾਨ ਤੇ ਛਾਂਦਾਰ ਸੜਕਾਂ ਵੱਖੋ ਵੱਖਰੇ ਰੰਗਾਂ ਵਿੱਚ ਰੰਗੀਆਂ ਹੋਈਆਂ ਸਨ | ਗੋਰਕੀ ਸਟਰੀਟ ਵਿੱਚ ਦੁਕਾਨਾਂ ਦੀਆਂ ਬਾਰੀਆਂ ਅੱਗੇ ਤਖਤੇ ਲਾਏ ਗਏ ਸਨ ਤੇ ਉਹਨਾਂ ਦੇ ਬਚਾਓ ਲਈ ਅੱਗੇ ਰੇਤ ਦੀਆਂ ਬੋਰੀਆਂ ਰੱਖੀਆਂ ਹੋਈਆਂ ਸਨ। ਆਸਪਾਸ ਦੀਆਂ ਗਲੀਆਂ ਵਿੱਚ ਵੀ, ਜਿਹੜੀਆਂ ਬੱਚਿਆਂ ਵੱਲੋਂ ਛੱਡੇ ਖਿਡੌਣਿਆਂ ਵਰਗੀਆਂ ਹੀ ਲੱਗਦੀਆਂ ਹਨ, ਰੇਲਾਂ ਤੋਂ ਬਣੇ ਹੋਏ ਜੰਗਾਲੇ ਜਿਹੇ “ਕੰਡਿਆਲੇ” ਪਏ ਹੋਏ ਸਨ । ਮਹਾਜ਼ ਤੋਂ ਆਏ ਸਿਪਾਹੀ ਨੂੰ, ਖਾਸ ਕਰਕੇ ਜਿਹੜਾ ਪਹਿਲਾਂ ਮਾਸਕੋ ਨਾ ਆਇਆ ਹੋਵੇ, ਇਸ ਵਿੱਚ ਕੋਈ ਅਸਧਾਰਨ ਚੀਜ਼ ਨਹੀਂ ਸੀ ਲੱਗ ਸਕਦੀ। ਉਸਨੂੰ ਹੈਰਾਨ ਕਰਨ ਵਾਲੀ ਸ਼ਾਇਦ ਇੱਕੋ ਇੱਕ ਚੀਜ਼ ਕੁਝ ਘਰਾਂ ਤੇ ਕੰਧਾਂ ਨੂੰ ਕੀਤਾ ਗਿਆ ਅਜੀਬੋ-ਗਰੀਬ ਰੰਗ ਸੀ, ਜਿਸਨੂੰ ਦੇਖ ਕੇ ਭਵਿੱਖਵਾਦੀ ਕਲਾਕਾਰਾਂ ਦੀਆਂ ਬਣਾਈਆਂ ਤਸਵੀਰਾਂ ਯਾਦ ਆ ਜਾਂਦੀਆਂ ਸਨ, ਜਾਂ ਫਿਰ “ਤਾਸ ਦੀਆਂ ਬਾਰੀਆਂ” ਸਨ, ਜਿਹੜੀਆਂ ਕੰਧਾਂ ਤੇ ਦੁਕਾਨਾਂ ਦੀਆਂ ਬਾਰੀਆਂ ਵਿੱਚੋਂ ਹੇਠਾਂ ਨੂੰ ਰਾਹ ਜਾਂਦਿਆ ਵੱਲ ਤੱਕਦੀਆਂ ਸਨ। ਮਰੇਸੇਯੇਵ ਹੁਣ ਤੱਕ ਕਾਫ਼ੀ ਥੱਕ ਚੁੱਕਾ ਸੀ । ਆਪਦੇ ਚੀਂ-ਚੀਂ ਕਰਦੇ ਬੂਟਾਂ ਨਾਲ, ਸੋਟੀ ਦਾ ਹੋਰ ਵਧੇਰੇ ਆਸਰਾ ਲੈਂਦਾ ਹੋਇਆ ਉਹ ਗੋਰਕੀ ਸਟਰੀਟ ਵਿੱਚ ਜਾ ਰਿਹਾ ਸੀ; ਬੰਬ ਡਿੱਗਣ ਨਾਲ ਬਣੇ ਟੋਇਆਂ ਤੇ ਮੋਖਿਆਂ ਨੂੰ, ਤਬਾਅ ਹੋਈਆਂ ਇਮਾਰਤਾਂ, ਮੂੰਹ-ਅੱਡੀ ਖੜ੍ਹੀਆਂ ਖਾਲੀ ਥਾਵਾਂ ਤੇ ਟੁੱਟੀਆਂ-ਭੱਜੀਆਂ ਬਾਰੀਆਂ ਨੂੰ ਦੇਖਣ ਲਈ ਚਾਰੇ ਪਾਸੇ ਨਜ਼ਰ ਮਾਰ ਰਿਹਾ ਸੀ, ਤੇ ਇਹ ਕਿਤੇ ਨਾ ਦਿੱਸਣ ਉੱਤੇ ਹੈਰਾਨ ਹੋ ਰਿਹਾ ਸੀ। ਬਿਲਕੁਲ ਪੱਛਮ ਵਾਲੇ ਪਾਸੇ ਦੇ ਇੱਕ ਹਵਾਈ ਅੱਡੇ ਉੱਤੇ ਜਦੋਂ ਉਹ ਰਹਿੰਦਾ ਸੀ ਤਾਂ ਉਹ ਆਪਣੇ ਭੋਰੇ ਉੱਪਰੋਂ ਦੀ ਲਗਭਗ ਹਰ ਰਾਤ ਨੂੰ ਜਰਮਨ ਬੰਬਰਾਂ ਨੂੰ ਕਤਾਰਾਂ ਦੀਆਂ ਕਤਾਰਾਂ ਬਣਾਈ ਪੂਰਬ ਵੱਲ ਨੂੰ ਉੱਡਦਾ ਜਾਂਦਾ ਸੁਣਦਾ ਹੁੰਦਾ ਸੀ । ਅਜੇ ਬੰਬਰਾਂ ਦੀ ਇੱਕ ਕਤਾਰ ਦੀ ਅਵਾਜ਼ ਸੁਣਾਈ ਦੇਣੋਂ ਨਹੀਂ ਸੀ ਹਟਦੀ ਕਿ ਇਕ ਹੋਰ ਕਤਾਰ ਦੀ ਅਵਾਜ਼ ਆਉਂਣੀ ਸ਼ੁਰੂ ਹੋ ਜਾਂਦੀ ਸੀ, ਤੇ ਕਈ ਵਾਰੀ ਹਵਾ ਸਾਰੀ ਰਾਤ ਗੂੰਜਦੀ ਰਹਿੰਦੀ । ਪਾਇਲਟ ਜਾਣਦੇ ਸਨ ਕਿ ਫਾਸਿਸਟ ਮਾਸਕੋ ਵੱਲ ਜਾ ਰਹੇ ਹਨ । ਤੇ ਉਹ ਮਨ ਹੀ ਮਨ ਵਿੱਚ ਕਲਪਨਾ ਕਰਦੇ ਕਿ ਉੱਥੇ ਇਸ ਵੇਲ਼ੇ ਕਿਸ ਤਰ੍ਹਾਂ ਨਰਕਾਂ ਦੀ ਅੱਗ ਬਲ ਰਹੀ ਹੋਵੇਗੀ।
ਤੇ ਹੁਣ ਜੰਗ ਸਮੇਂ ਦੇ ਮਾਸਕੋ ਉੱਤੇ ਨਜ਼ਰ ਮਾਰਦਾ ਹੋਇਆ, ਮਰੇਸੇਯੇਵ ਆਪਣੀਆਂ ਅੱਖਾਂ ਨਾਲ ਉਹਨਾਂ ਹਵਾਈ ਹਮਲਿਆਂ ਦੇ ਛੱਡੇ ਨਿਸ਼ਾਨ ਲੱਭ ਰਿਹਾ ਸੀ; ਉਹ ਲੱਭ ਰਿਹਾ ਸੀ, ਪਰ ਉਸਨੂੰ ਕੋਈ ਨਿਸ਼ਾਨ ਨਹੀਂ ਸਨ ਮਿਲ ਰਹੇ । ਲੁੱਕ ਦੀਆਂ ਬਣੀਆਂ ਪੱਕੀਆਂ ਸੜਕਾਂ ਬਿਲਕੁਲ ਪੱਧਰੀਆਂ ਸਨ, ਇਮਾਰਤਾਂ ਇੱਕ ਦੂਜੀ ਨਾਲ ਮੋਢਾ ਜੋੜੀ ਖੜ੍ਹੀਆਂ ਸਨ । ਇੱਥੋਂ ਤੱਕ ਕਿ ਬਾਰੀਆਂ ਵੀ, ਜਿਨ੍ਹਾਂ ਉੱਪਰ ਕਾਗਜ਼ਾਂ ਦੇ ਟੁਕੜਿਆਂ ਦਾ ਜਾਲ ਉਣਿਆ ਹੋਇਆ ਸੀ, ਕੁਝ ਇੱਕ ਨੂੰ ਛੱਡ ਕੇ ਬਿਲਕੁਲ ਸਾਬਤ ਪਈਆਂ ਸਨ। ਪਰ ਮਹਾਜ਼-ਰੇਖਾ ਨੇੜੇ ਹੀ ਸੀ, ਤੇ ਇਸਦਾ ਪਤਾ ਇਥੋਂ ਦੇ ਵਾਸੀਆਂ ਦੇ ਫ਼ਿਕਰਮੰਦ ਚਿਹਰਿਆਂ ਤੋਂ ਲੱਗਦਾ ਸੀ, ਜਿਨ੍ਹਾਂ ਵਿੱਚੋਂ ਅੱਧੇ ਸਿਪਾਹੀ ਸਨ ਧੂੜ ਵਾਲੇ ਫੁੱਲ-ਬੂਟ ਪਾਈ, ਜਿਨ੍ਹਾਂ ਦੀਆਂ ਵਰਦੀਆਂ ਮੁੜ੍ਹਕੇ ਕਾਰਨ ਪਿੰਡੇ ਨਾਲ ਲੱਗੀਆਂ ਹੋਈਆਂ ਸਨ, ਤੇ ਪਿੱਠਾਂ ਉੱਤੇ ਕਿੱਟ-ਬੈਗ ਸਨ। ਚਿੱਬ ਪਏ ਮੱਡ-ਗਾਰਡਾਂ ਤੇ ਚੀਨਾ-ਚੀਨਾ ਹੋਏ ਅਗਲੇ ਸ਼ੀਸ਼ਿਆਂ ਵਾਲੀਆਂ ਧੂੜ ਨਾਲ ਭਰੀਆਂ ਲਾਰੀਆਂ ਦੀ ਇੱਕ ਕਤਾਰ ਨਾਲ ਲਗਦੀ ਗਲੀ ਵਿੱਚੋਂ ਧੁਪਿਆਲੇ ਮੁੱਖ ਬਜ਼ਾਰ ਵਿੱਚ ਆ ਨਿੱਕਲੀ । ਇਹਨਾਂ ਲਾਰੀਆਂ ਵਿਚਲੇ ਘੱਟੇ ਨਾਲ ਲੱਥ-ਪੱਥ ਹੋਏ ਸਿਪਾਹੀ, ਜਿਨ੍ਹਾਂ ਦੀਆਂ ਬਰਾਂਡੀਆਂ ਹਵਾ ਵਿੱਚ ਉੱਡ ਰਹੀਆਂ ਸਨ, ਉਤਸੁਕਤਾ ਨਾਲ ਆਸੇ ਪਾਸੇ ਝਾਕ ਰਹੇ ਸਨ। ਲਾਰੀਆਂ ਦੀ ਕਤਾਰ ਚਲਦੀ ਗਈ ਤੇ ਟਰਾਲੀ-ਬੱਸਾਂ, ਛੋਟੀਆਂ ਬੱਸਾਂ ਤੇ ਟਰਾਮਾਂ ਨੂੰ ਪਿੱਛੇ ਛਡਦੀ ਗਈ, ਜੋ ਕਿ ਇਸ ਗੱਲ ਦਾ ਜਿਊਂਦਾ ਜਾਗਦਾ ਸਬੂਤ ਸੀ ਕਿ ਦੁਸ਼ਮਣ ਦੂਰ ਨਹੀਂ। ਮਰੇਸੇਯੇਵ ਨੇ ਸਿੱਕਦੀਆਂ ਅੱਖਾਂ ਨਾਲ ਲਾਰੀਆਂ ਦੀ ਕਤਾਰ ਵੱਲ ਦੇਖਿਆ ਤੇ ਸੋਚਣ ਲੱਗਾ: ਜੇ ਮੈਂ ਇਹਨਾਂ ਧੂੜ ਨਾਲ ਲੱਥ-ਪੱਥ ਲਾਰੀਆਂ ਵਿੱਚੋਂ ਕਿਸੇ ਵਿੱਚ ਛਾਲ ਮਾਰ ਕੇ ਚੜ੍ਹ ਜਾਵਾਂ, ਤਾਂ ਸ਼ਾਮ ਹੋਣ ਤੱਕ ਮੈਂ ਮਹਾਜ਼ ਉੱਤੇ, ਆਪਣੇ ਹਵਾਈ ਅੱਡੇ ਉੱਤੇ ਹੋਵਾਂਗਾ ! ਉਸਨੇ ਮਨ ਹੀ ਮਨ ਵਿੱਚ ਜ਼ਮੀਨ ਵਿੱਚ ਪੁੱਟੇ ਆਪਣੇ ਭੋਰੇ ਦੀ ਕਲਪਨਾ ਕੀਤੀ, ਜਿਸ ਵਿੱਚ ਉਹ ਦੇਗਤੀਆਰੈਨਕੋ ਨਾਲ ਰਹਿੰਦਾ ਸੀ, ਫਰ ਦੇ ਦਰਖਤਾਂ ਦੀਆਂ ਗੇਲੀਆਂ ਤੇ ਬਣੇ ਤਖਤਪੋਸ਼ਾਂ ਦੀ, ਲੁੱਕ ਤੇ ਦਿਆਰ ਦੀ ਤਿੱਖੀ ਵਾਸ਼ਨਾ ਤੇ ਗੋਲ਼ੀ ਦੇ ਖੋਲ ਨੂੰ ਉੱਪਰੋਂ ਫ਼ੇਹ ਕੇ ਆਪੇ ਬਣਾਏ ਹੋਏ ਦੀਵੇ ਵਿੱਚ ਬਲਦੇ ਪੈਟਰੋਲ ਦੀ ਬੋਅ ਦੀ, ਸਵੇਰ ਵੇਲੇ ਗ਼ਰਮ ਕੀਤੇ ਜਾ ਰਹੇ ਇੰਜਣਾਂ ਦੀ ਗੂੰਜ ਦੀ, ਤੇ ਸਿਰ ਉੱਤੇ ਲਹਿਰਾਉਂਦੇ ਦਿਆਰ ਦੇ ਰੁੱਖਾਂ ਦੀ ਅਵਾਜ਼ ਦੀ ਕਲਪਨਾ ਕੀਤੀ, ਜਿਹੜੀ, ਦਿਨ ਹੋਵੇ ਜਾਂ ਰਾਤ, ਕਦੀਂ ਨਹੀਂ ਸੀ ਥੰਮ੍ਹਦੀ। ਉਸ ਲਈ ਉਹ ਜ਼ਮੀਨ ਵਿੱਚ ਪੁੱਟਿਆ ਭੋਰਾ ਅਸਲੀ ਸ਼ਾਂਤ, ਨਿੱਘਾ ਘਰ ਸੀ! ਜੇ ਕਿਤੇ ਉਹ ਜਲਦੀ ਤੋਂ ਜਲਦੀ ਉੱਥੇ ਪੁੱਜ ਸਕੇ, ਉਸ ਦਲਦਲ ਵਿੱਚ ਜਿਸਨੂੰ ਪਾਇਲਟ ਸਿਲ੍ਹ ਕਰਕੇ ਗਿੱਲੀ ਜ਼ਮੀਨ ਕਰਕੇ ਤੇ ਮੱਛਰਾਂ ਦੀ ਨਿਰੰਤਰ ਭੀ-ਭੀ ਕਰਕੇ ਲਾਅਣਤਾਂ ਪਾਉਂਦੇ ਨਹੀਂ ਸਨ ਥੱਕਦੇ !
ਬੜੀ ਮੁਸ਼ਕਲ ਨਾਲ ਉਹ ਲੱਤਾਂ ਧੂਹਦਾ ਹੋਇਆ ਪੁਸ਼ਕਿਨ ਦੇ ਬੁੱਤ ਤੱਕ ਪੁੱਜਾ । ਰਸਤੇ ਵਿੱਚ ਉਹ ਸਾਹ ਲੈਣ ਲਈ ਕਈ ਵਾਰੀ ਰੁਕਿਆ; ਦੋਹਾਂ ਹੱਥਾਂ ਨਾਲ ਆਪਣੀ ਸੋਟੀ ਉੱਤੇ ਝੁਕਦਾ ਤੇ ਦੁਕਾਨਾਂ ਦੀਆਂ ਬਾਰੀਆਂ ਵਿੱਚ ਪਈ ਕਿਸੇ ਨਿਗੂਣੀ ਜਿਹੀ ਚੀਜ਼ ਨੂੰ ਦੇਖਣ ਦਾ ਬਹਾਨਾ ਕਰਦਾ ਖੜੋ ਜਾਂਦਾ । ਸੁੱਖ ਦਾ ਸਾਹ ਲੈਂਦਿਆਂ, ਉਹ ਬੁੱਤ ਦੇ ਨੇੜੇ ਪਏ ਇੱਕ ਹਰੇ ਜਿਹੇ, ਧੁੱਪ ਨਾਲ਼ ਨਿੱਘੇ ਹੋਏ ਬੈਂਚ ਉੱਤੇ ਬੈਠ ਗਿਆ, ਜਾਂ ਸਗੋਂ ਢਹਿ ਪਿਆ, ਤੇ ਆਪਣੀਆਂ ਲੱਤਾਂ ਫ਼ੈਲਾ ਲਈਆਂ, ਜਿਹੜੀਆਂ ਉਸਦੇ ਬਣਾਵਟੀ ਪੈਰਾਂ ਦੇ ਪਟਿਆਂ ਕਾਰਨ ਪੀੜ ਕਰ ਰਹੀਆਂ ਤੇ ਜਲ ਰਹੀਆਂ ਸਨ। ਭਾਵੇਂ ਉਹ ਥੱਕਿਆ ਹੋਇਆ ਹੀ ਸੀ, ਪਰ ਖੁਸ਼ੀ ਦੀ ਭਾਵਨਾ ਨੇ ਉਸਦਾ ਸਾਥ ਨਾ ਛੱਡਿਆ। ਉਹ ਉਜਲਾ ਧੁਪਿਆਲਾ ਦਿਨ ਕਿੰਨਾ ਸੋਹਣਾ ਸੀ! ਕੋਨੇ ਦੀ ਇਮਾਰਤ ਉੱਪਰ ਖੜ੍ਹੇ ਔਰਤ ਦੇ ਬੁੱਤ ਦੇ ਉੱਪਰ ਫ਼ੈਲਿਆ ਅਕਾਸ਼ ਕਿੰਨ੍ਹਾਂ ਅਥਾਹ ਲੱਗਦਾ ਸੀ । ਹਲਕੀ ਹਲਕੀ, ਸਹਿਲਾਉਂਦੀ ਹੋਈ ਹਵਾ ਬੂਲੇਵਾਰ ਵੱਲੋਂ ਲਾਈਮ ਦੇ ਦਰਖਤਾਂ ਦੀ ਸੱਜਰੀ ਸੱਜਰੀ, ਭਿੰਨੀ ਭਿੰਨੀ ਖੁਸ਼ਬੋ ਲੈ ਕੇ ਆ ਰਹੀ ਸੀ। ਟਰਾਮਾਂ ਖੁਸ਼ੀ ਦੇਂਦੇ ਢੰਗ ਨਾਲ਼ ਖੜ-ਖੜ ਕਰ ਰਹੀਆਂ ਸਨ, ਤੇ ਬੱਚਿਆਂ ਦਾ ਹਾਸਾ ਵੀ ਖੁਸ਼ੀ ਦੇਣ ਵਾਲ਼ਾ ਸੀ, ਜਿਹੜੇ ਭਾਵੇਂ ਪਤਲੇ ਤੇ ਪੀਲੇ ਪਏ ਹੋਏ ਸਨ, ਬੁੱਤ ਦੇ ਪੈਰਾਂ ਵਿੱਚ ਪਈ ਨਿੱਘੀ, ਖੁਸ਼ਕ ਰੇਤ ਵਿੱਚ ਸਿਆੜ ਪਾਉਣ ਵਿੱਚ ਰੁਝੇ ਹੋਏ ਸਨ। ਦੂਰ, ਬੂਲੇਵਾਰ ਉੱਤੇ ਹੋਰ ਪਰੇ ਕਰਕੇ, ਰੱਸਿਆਂ ਨਾਲ ਪਾਈ ਰੋਕ ਤੋਂ ਪਿੱਛੇ ਇੱਕ ਚਾਂਦੀ ਰੰਗਾ, ਸਿਗਾਰ ਦੀ ਸ਼ਕਲ ਦਾ ਬੈਰੇਜ ਬੈਲੂਨ ਦੇਖਿਆ ਜਾ ਸਕਦਾ ਸੀ, ਜਿਸਦੀ ਰਾਖੀ ਚੁਸਤ ਫ਼ੌਜੀ ਕੋਟ ਪਾਈ ਦੋ ਗੁਲਾਬੀ ਗੱਲ੍ਹਾਂ ਵਾਲੀਆਂ ਕੁੜੀਆਂ ਕਰ ਰਹੀਆਂ ਸਨ; ਜੰਗ ਦਾ ਇਹ ਹਥਿਆਰ ਮਰੇਸੇਯੇਵ ਨੂੰ ਮਾਸਕੋ ਦੇ ਆਕਾਸ਼ ਦੀ ਰਾਤ ਨੂੰ ਰਾਖੀ ਕਰਨ ਵਾਲ਼ਾ ਨਹੀਂ ਸੀ ਲੱਗ ਰਿਹਾ, ਸਗੋਂ ਇੱਕ ਵੱਡੇ ਸਾਰੇ, ਚੰਗੇ ਸੁਭਾਅ ਵਾਲੇ ਜਾਨਵਰ ਵਾਂਗ ਲੱਗ ਰਿਹਾ ਸੀ ਜਿਹੜਾ ਚਿੜੀਆਘਰ ਵਿੱਚੋਂ ਨੱਠ ਨਿਕਲਿਆ ਹੋਵੇ ਤੇ ਹੁਣ ਦਰਖਤਾਂ ਦੀ ਠੰਡੀ ਛਾਂ ਵਿੱਚ ਉਂਘਲਾ ਰਿਹਾ ਹੋਵੇ।
ਮਰੇਸੇਯੇਵ ਨੇ ਅੱਖਾਂ ਬੰਦ ਕਰ ਲਈਆਂ ਤੇ ਆਪਣਾ ਮੁਸਕਾਉਂਦਾ ਚਿਹਰਾ ਸੂਰਜ ਵੱਲ ਕਰ ਲਿਆ।
ਪਹਿਲਾਂ ਪਹਿਲਾਂ ਤਾਂ ਬੱਚਿਆਂ ਨੇ ਪਾਇਲਟ ਵੱਲ ਕੋਈ ਧਿਆਨ ਨਾ ਦਿੱਤਾ । ਉਹਨਾਂ ਨੂੰ ਦੇਖ ਕੇ ਉਸਨੂੰ ਵਾਰਡ ਨੰਬਰ ਬਤਾਲੀ ਦੀ ਬਾਰੀ ਦੀ ਸਿਲ੍ਹ ਦੇ ਵਧਾਣ ਉਪਰਲੀਆਂ ਚਿੜੀਆਂ ਯਾਦ ਆ ਗਈਆਂ, ਤੇ ਉਹਨਾਂ ਦੀ ਚੀਂ-ਚੀਂ ਦੀ ਅਵਾਜ਼ ਵਿਚਕਾਰ ਉਹ ਧੁੱਪ ਦਾ ਨਿੱਘ ਤੇ ਬਜ਼ਾਰ ਦੀ ਖੱਪ ਆਪਣੇ ਸਾਰੇ ਸਰੀਰ ਨਾਲ ਆਪਣੇ ਅੰਦਰ ਰਚਾ ਰਿਹਾ ਸੀ।
ਪਰ ਇੱਕ ਛੋਟੇ ਜਿਹੇ ਬੱਚੇ ਨੇ ਜਿਹੜਾ ਆਪਣੇ ਸਾਥੀਆਂ ਤੋਂ ਪਰੇ ਦੌੜ ਰਿਹਾ ਸੀ, ਅਲੈਕਸੇਈ ਦੇ ਫ਼ੈਲਾਏ ਹੋਏ ਪੈਰ ਨਾਲ ਠੋਕਰ ਖਾਧੀ ਤੇ ਉੱਡਦਾ ਹੋਇਆ ਰੇਤ ਉਤੇ ਜਾ ਡਿੱਗਾ ।
ਘੜੀ-ਪਲ ਲਈ ਛੋਟੇ ਜਿਹੇ ਬੱਚੇ ਦਾ ਗੋਲ-ਮਟੋਲ ਮੂੰਹ ਵਿਗੜ ਕੇ ਰੋਣੇ ਜਿਹੇ ਅੰਦਾਜ਼ ਵਿੱਚ ਵੱਟ ਗਿਆ; ਫਿਰ ਉਸਦੇ ਮੂੰਹ ਤੋਂ ਹੈਰਾਨੀ ਟਪਕਣ ਲੱਗ ਪਈ, ਜਿਹੜੀ ਫਿਰ ਸੱਚਮੁਚ ਦੇ ਖ਼ੌਫ਼ ਵਿੱਚ ਵੱਟ ਗਈ । ਬੱਚੇ ਦੀ ਚੀਕ ਨਿੱਕਲ ਗਈ ਤੇ ਉਹ ਡਰ ਨਾਲ ਅਲੈਕਸੇਈ ਵੱਲ ਦੇਖਦਾ ਹੋਇਆ, ਉਥੋਂ ਨੱਠ ਉਠਿਆ । ਬੱਚਿਆ ਦਾ ਸਾਰਾ ਝੁੰਡ ਉਸ ਦੁਆਲੇ ਇਕੱਠਾ ਹੋ ਗਿਆ ਤੇ ਕੁਝ ਦੇਰ ਉਹ ਡਰੇ ਹੋਏ, ਤੇ ਟੇਢੀਆਂ ਨਜ਼ਰਾਂ ਨਾਲ ਪਾਇਲਟ ਵੱਲ ਦੇਖਦੇ ਹੋਏ ਚੀਂ- ਚੀਂ ਕਰਦੇ ਰਹੇ। ਫਿਰ ਉਹ ਹੌਲ਼ੀ ਹੌਲ਼ੀ ਤੇ ਚੌਕਸੀ ਨਾਲ ਉਸਦੇ ਨੇੜੇ ਆਉਣ ਲੱਗ ਪਏ ।
ਆਪਣੀਆਂ ਸੋਚਾਂ ਵਿੱਚ ਡੁੱਬਾ, ਅਲੈਕਸੇਈ ਇਹ ਸਭ ਕੁਝ ਨਹੀਂ ਸੀ ਦੇਖ ਰਿਹਾ। ਉਸਨੇ ਅੱਖਾਂ ਖੋਹਲੀਆਂ ਤੇ ਬੱਚਿਆਂ ਨੂੰ ਆਪਣੇ ਵੱਲ ਹੈਰਾਨੀ ਤੇ ਭਾਅ ਨਾਲ ਤੱਕਦਿਆਂ ਦੇਖਿਆ, ਤੇ ਸਿਰਫ ਉਦੋਂ ਹੀ ਉਸਦੀ ਸਮਝ ਆਇਆ ਕਿ ਉਹ ਕੀ ਗੱਲਾਂ ਕਰ ਰਹੇ ਹਨ।
“ਤੂੰ ਸਭ ਝੂਠ ਬੋਲ ਰਿਹੈਂ, ਵਿਤਾਮੀਨ ਇਹ ਪਾਇਲਟਾਂ ਵਰਗਾ ਪਾਇਲਟ ਹੈ, ਸੀਨੀਅਰ ਲੈਫ਼ਟੀਨੈਂਟ,” ਲਗਭਗ ਦਸ ਸਾਲ ਦੇ ਇੱਕ ਪੀਲ਼ੇ ਪਏ, ਹੋਏ, ਪਤਲੇ ਜਿਹੇ ਮੁੰਡੇ ਨੇ ਗੰਭੀਰਤਾ ਨਾਲ ਟਿੱਪਣੀ ਕੀਤੀ।
“ਮੈਂ ਝੂਠ ਨਹੀਂ ਬੋਲ ਰਿਹਾ। ਮੈਂ ਇੱਥੇ ਹੀ ਢਹਿ ਪਵਾਂ ਜੇ ਝੂਠ ਬੋਲਾਂ ਤਾਂ ! ਸੱਚ, ਇਹ ਲੱਕੜ ਦੇ ਨੇ । ਮੈਂ ਤੁਹਾਨੂੰ ਦੱਸ ਦਿਆ, ਇਹ ਅਸਲੀ ਨਹੀਂ, ਸਗੋਂ ਲੱਕੜ ਦੇ ਜੇ!” ਗੋਲ- ਮਟੋਲ ਮੂੰਹ ਵਾਲ਼ੇ ਵਿਤਾਮੀਨ ਨੇ ਆਪਣੀ ਗੱਲ ਉੱਤੇ ਜ਼ੋਰ ਦਿੱਤਾ।
ਮਰੇਸੇਯੇਵ ਦੇ ਦਿਲ ਉੱਤੇ ਜਿਵੇਂ ਛੁਰੀ ਚੱਲ ਗਈ ਹੋਵੇ, ਤੇ ਦਿਨ ਦੀ ਉੱਜਲਤਾ ਉਸ ਲਈ ਇੱਕਦਮ ਮਾਂਦ ਪੈ ਗਈ । ਉਸਨੇ ਆਪਣੀ ਨਜ਼ਰਾਂ ਉਤਾਂਹ ਚੁੱਕੀਆਂ ਤੇ ਬੱਚੇ, ਅਜੇ ਵੀ ਉਸਦੇ ਪੈਰਾਂ ਵੱਲ ਦੇਖਦੇ ਹੋਏ ਉਸ ਤੋਂ ਪਿੱਛੇ ਹਟ ਗਏ।
ਆਪਣੇ ਸਾਥੀ ਦੀ ਗੱਲ ਉੱਤੇ ਖਿਝ ਵਿੱਚ ਆਉਂਦਾ ਹੋਇਆ, ਵਿਤਾਮੀਨ ਬੋਲਿਆ: “ਲੈ, ਜੇ ਕਹਿਣੈ ਤਾਂ ਉਸ ਤੋਂ ਪੁੱਛਾ ਦਿਆਂ ? ਤੂੰ ਸਮਝਦੈਂ ਮੈਂ ਡਰਦਾ ? ਸ਼ਰਤ ਲਾ ਲੈ!”
ਉਸਨੇ ਇੱਕਦਮ ਦੂਜਿਆਂ ਤੋਂ ਆਪਣੇ ਆਪ ਨੂੰ ਵੱਖ ਕੀਤਾ ਤੇ ਬੜੀ ਚੌਕਸੀ ਨਾਲ ਹੌਲ਼ੀ ਹੌਲ਼ੀ ਕਦਮ ਪੁੱਟਦਾ ਹੋਇਆ, ਜਿਵੇਂ ਕਿ ਕਿਸੇ ਘੜੀ ਵੀ ਉਥੋਂ ਭੁੜਕ ਕੇ ਪਿੱਛੇ ਹਟਣ ਲਈ ਤਿਆਰ ਹੋਵੇ, ਮਰੇਸੇਯੇਵ ਤੱਕ ਆਇਆ। ਬਿਲਕੁਲ ਜਿਵੇਂ ਹਸਪਤਾਲ ਦੀ ਬਾਰੀ ਵਿਚਲਾ “ਮਸ਼ੀਨ-ਗੰਨਰ” ਹੁੰਦਾ ਸੀ। ਆਖ਼ਰ ਉਸਨੇ ਅੱਗੇ ਨੂੰ ਝੁਕਦਿਆਂ ਜਿਵੇਂ ਦੌੜਾਕ ਦੌੜ ਲਾਉਣ ਤੋਂ ਪਹਿਲਾਂ ਝੁਕ ਜਾਂਦੇ ਹਨ, ਪੁੱਛਿਆ:
“ਚਾਚਾ ਸੀਨੀਅਰ ਲੈਫ਼ਟੀਨੈਂਟ! ਤੁਹਾਡੇ ਪੈਰ ਕਿਸ ਤਰ੍ਹਾਂ ਦੇ ਹਨ – ਅਸਲੀ ਕਿ ਲੱਕੜ ਦੇ ? ਤੁਸੀਂ ਅੰਗਹੀਣ ਹੋ ?
ਤੇ ਚਿੜੇ ਨਾਲ ਮਿਲਦੇ ਉਸ ਨਿੱਕੇ ਜਿਹੇ ਬੱਚੇ ਨੇ ਦੇਖਿਆ ਕਿ ਪਾਇਲਟ ਦੀਆਂ ਅੱਖਾਂ ਵਿੱਚ ਅੱਥਰੂ ਭਰ ਆਏ ਸਨ । ਜੇ ਮਰੇਸੇਯੇਵ ਉਸਨੂੰ ਕੁੱਦ ਕੇ ਪੈਦਾ ਤੇ ਸੁਨਹਿਰੀ ਅੱਖਾਂ ਵਿੱਚ ਉਕਰਾਈ ਵਾਲੀ ਆਪਣੀ ਅਜੀਬ ਜਿਹੀ ਸੋਟੀ ਨਾਲ ਉਸਨੂੰ ਮਾਰਨ ਨੂੰ ਪੈਂਦਾ, ਤਾਂ ਸ਼ਾਇਦ ਉਸਨੂੰ ਬਹੁਤੀ ਹੈਰਾਨੀ ਨਾ ਹੁੰਦੀ । ਪਰ ਇੱਕ ਪਾਇਲਟ ਦੀਆਂ ਅੱਖਾਂ ਵਿੱਚ ਅੱਥਰੂ ! ਭਾਵੇਂ ਉਹ ਸਮਝ ਨਹੀਂ ਸੀ ਸਕਦਾ, ਪਰ ਆਪਣੇ ਚਿੜੀਆਂ ਜਿੱਡੇ ਦਿਲ ਨਾਲ ਮਹਿਸੂਸ ਕਰ ਸਕਦਾ ਸੀ। ਕਿ ਲਫ਼ਜ਼ “ਅੰਗਹੀਣ” ਕਹਿ ਕੇ ਉਸਨੇ ਫ਼ੌਜੀ ਦੇ ਦਿਲ ਨੂੰ ਕਿੰਨ੍ਹਾਂ ਦੁੱਖ ਪੁਚਾਇਆ ਹੈ। ਉਹ ਚੁੱਪ-ਚਾਪ ਪਿੱਛੇ ਹਟਿਆ ਤੇ ਵਾਪਸ ਬੱਚਿਆਂ ਦੀ ਭੀੜ ਵਿੱਚ ਜਾ ਰਲਿਆ, ਤੇ ਉਹ ਭੀੜ ਖੁਰ ਗਈ, ਜਿਵੇ ਗਰਮ ਹਵਾ ਵਿੱਚ ਰਲ ਗਈ ਹੋਵੇ ਤੇ ਹੁਣ ਸ਼ਹਿਦ ਤੇ ਗਰਮ ਹੋਈ ਲੁੱਕ ਦੀ ਵਾਸ਼ਨਾ ਦੇ ਰਹੀ ਹੋਵੇ।
ਕਿਸੇ ਨੇ ਅਲੈਕਸੇਈ ਦਾ ਨਾਂ ਲੈ ਕੇ ਅਵਾਜ਼ ਮਾਰੀ । ਉਹ ਭੁੜਕ ਕੇ ਖੜੋ ਗਿਆ। ਉਸ ਦੇ ਸਾਮ੍ਹਣੇ ਅਨਿਊਤਾ ਖੜ੍ਹੀ ਸੀ । ਉਸਨੇ ਤੁਰਤ ਉਸਨੂੰ ਪਛਾਣ ਲਿਆ, ਭਾਵੇਂ ਉਹ ਏਨੀਂ ਸੋਹਣੀ ਨਹੀਂ ਸੀ ਜਿੰਨੀ ਫੋਟੋ ਵਿੱਚ ਲੱਗਦੀ ਸੀ । ਉਸਦਾ ਚਿਹਰਾ ਪੀਲ਼ਾ ਪਿਆ ਤੇ ਥੱਕਿਆ ਹੋਇਆ ਸੀ ਤੇ ਉਸਨੇ ਅਰਧ-ਫ਼ੌਜੀ ਲਿਬਾਸ ਪਾਇਆ ਹੋਇਆ ਸੀ – ਜਾਕਟ ਤੇ ਫੁੱਲ- ਬੂਟ । ਇੱਕ ਪੁਰਾਣੀ, ਉੱਡੇ ਰੰਗ ਦੀ, ਪਾਇਲਟਾਂ ਵਾਲੀ ਟੋਪੀ ਉਸਦੇ ਸਿਰ ਉੱਤੇ ਟਿਕੀ ਹੋਈ ਸੀ । ਪਰ ਉਸਦੀਆਂ ਹਰੀਆਂ ਜਿਹੀਆਂ, ਜ਼ਰਾ ਕੁ ਬਾਹਰ ਨੂੰ ਉਭਰੀਆਂ ਹੋਈਆਂ ਅੱਖਾਂ ਇਸ ਤਰ੍ਹਾਂ ਦੀ ਚਮਕ ਤੇ ਸਾਦਗੀ ਨਾਲ ਮਰੇਸੇਯੇਵ ਵੱਲ ਦੇਖ ਰਹੀਆਂ ਸਨ, ਉਹਨਾਂ ਵਿੱਚੋਂ ਇਸ ਤਰ੍ਹਾਂ ਦੀ ਮਿੱਤਰਤਾ ਫੁੱਟ ਰਹੀ ਸੀ, ਕਿ ਉਸ ਲਈ ਇਹ ਅਜਨਬੀ ਕੁੜੀ ਪੁਰਾਣੀ ਵਾਕਫ਼ ਲੱਗਦੀ ਸੀ, ਜਿਵੇਂ ਕਿ ਉਹ ਬਚਪਨ ਵਿੱਚ ਇੱਕੋ ਵਿਹੜੇ ਵਿੱਚ ਖੇਡਦੇ ਰਹੇ ਹੋਣ।
ਝਟ-ਪਲ ਉਹ ਚੁੱਪ-ਚਾਪ ਇੱਕ ਦੂਜੇ ਵੱਲ ਦੇਖਦੇ ਰਹੇ।
“ਮੈਂ ਤਾਂ ਤੁਹਾਡੀ ਬਿਲਕੁਲ ਵੱਖਰੀ ਤਸਵੀਰ ਮਨ ਵਿੱਚ ਲਿਆਂਦੀ ਸੀ।”
“ਕਿਹੋ ਜਿਹੀ ?” ਉਹ ਪੁੱਛਣ ਲੱਗਾ । ਉਸਨੂੰ ਮਹਿਸੂਸ ਹੋ ਰਿਹਾ ਸੀ ਕਿ ਆਪਣੇ ਮੂੰਹ ਤੋਂ ਉਸ ਮੁਸਕ੍ਰਾਹਟ ਨੂੰ ਹਟਾ ਸਕਦਾ, ਉਸਦੇ ਵੱਸ ਦੀ ਗੱਲ ਨਹੀਂ ਸੀ, ਜਿਹੜੀ ਕਿ ਬਹੁਤੀ ਉਚਿਤ ਨਹੀਂ ਸੀ ਲੱਗਦੀ।
“ਕਿਹੋ ਜਿਹੀ? ਕਿਸ ਤਰ੍ਹਾਂ ਦੀ ਦੱਸਾਂ ? ਜਿਸ ਤਰ੍ਹਾਂ ਇੱਕ ਯੋਧੇ ਦੀ ਹੁੰਦੀ ਹੈ, ਉੱਚੇ ਲੰਮੇ ਤਾਕਤਵਰ ਦੀ, ਇਸ ਤਰ੍ਹਾਂ ਦੇ ਭਰੇ ਹੋਏ ਜਬਾੜਿਆਂ ਨਾਲ, ਤੇ ਮੂੰਹ ਵਿੱਚ ਪਾਈਪ ਪਾਈ, ਬੇਸ਼ੱਕ!… ਮੈਨੂੰ ਗਰੀਸ਼ਾ ਤੁਹਾਡੇ ਬਾਰੇ ਕਿੰਨ੍ਹਾਂ ਕੁਝ ਲਿਖਦਾ ਰਿਹੈ।”
“ਖੈਰ, ਗਰੀਸ਼ਾ ਤੁਹਾਡਾ ਸੱਚਮੁਚ ਦਾ ਯੋਧਾ ਏ !” ਅਲੈਕਸੇਈ ਨੇ ਉਸਨੂੰ ਵਿੱਚੋਂ ਟੋਕਿਆ, ਤੇ ਇਹ ਦੇਖਦਿਆਂ ਕਿ ਇਹ ਸੁਣ ਕੇ ਕੁੜੀ ਦੇ ਚਿਹਰੇ ਉੱਤੇ ਰੌਣਕ ਆ ਗਈ ਹੈ, ਉਸਨੇ ਉਸੇ ਅੰਦਾਜ਼ ਵਿੱਚ ਬੋਲਣਾ ਜਾਰੀ ਰੱਖਿਆ,“ਤੁਹਾਡਾ” “ਤੁਹਾਡੇ” ਉੱਤੇ ਜ਼ੋਰ ਦੇਂਦਿਆਂ। “ਤੁਹਾਡਾ ਗਰੀਸ਼ਾ ਅਸਲੀ ਯੋਧਾ ਹੈ! ਮੈਂ ਕੀ ਹਾਂ? ਪਰ ਤੁਹਾਡਾ ਇਹ ਗਰੀਸ਼ਾ ਮੇਰਾ ਖਿਆਲ ਹੈ ਕਿ ਉਸਨੇ ਆਪਣੇ ਬਾਰੇ ਤੁਹਾਨੂੰ ਕੁਝ ਨਹੀਂ ਦੱਸਿਆ..”।
“ਪਤੈ ਕੀ ਗੱਲ ਹੈ, ਅਲਿਉਸ਼ਾ ? ਤੁਹਾਨੂੰ ਮੈਂ ਅਲਿਊਸ਼ਾ ਕਹਿ ਕੇ ਬੁਲਾ ਸਕਦੀ ਹਾਂ ? ਉਸਦੀਆਂ ਚਿੱਠੀਆਂ ‘ਤੇ ਮੈਨੂੰ ਇਸ ਨਾਂ ਨਾਲ ਬੁਲਾਉਣ ਦੀ ਆਦਤ ਪੈ ਗਈ ਹੈ… ਮਾਸਕੋ ਵਿੱਚ ਤੁਹਾਨੂੰ ਕੋਈ ਬਹੁਤਾ ਕੰਮ ਤਾਂ ਨਹੀ? ਤਾਂ ਫਿਰ ਮੇਰੇ ਨਾਲ ਚਲੋ। ਮੈਂ ਆਪਣੀ ਡਿਊਟੀ ਦੇ ਚੁੱਕੀ ਹਾਂ, ਤੇ ਹੁਣ ਸਾਰੀ ਦਿਹਾੜੀ ਮੈਂ ਵਿਹਲੀ ਹਾਂ । ਚੱਲੋ ਚੱਲੀਏ ! ਘਰ ਮੇਰੇ ਕੋਲ ਕੁਝ ਵੋਦਕਾ ਵੀ ਹੈ | ਵੋਦਕਾ ਤੁਹਾਨੂੰ ਚੰਗੀ ਲੱਗਦੀ ਏ ਨਾ ? ਮੈਂ ਤੁਹਾਨੂੰ ਕੁਝ ਪੇਸ਼ ਕਰਾਂਗੀ।”
ਇੱਕ ਛਿਣ ਵਿੱਚ, ਪਤਾ ਨਹੀਂ ਯਾਦ ਦੀਆਂ ਕਿਹੜੀਆਂ ਡੂੰਘਾਨਾਂ ਵਿੱਚੋਂ, ਅਲੈਕਸੇਈ ਵੱਲ ਮੇਜਰ ਸਤਰੂਚਕੋਵ ਦਾ ਚਿਹਰਾ ਦਿਖਣ ਲੱਗ ਪਿਆ ਤੇ ਅੱਖ ਮਾਰਦਾ ਹੋਇਆ ਕਹਿਣ ਲੱਗਾ: “ਦੇਖਿਆ, ਇਕੱਲੀ ਰਹਿੰਦੀ ਏ, ਤੇ ਵੋਦਕਾ ਰੱਖਦੀ ਏ, ਆਹਾ!” ਪਰ ਸਤਰੂਚਕੋਵ ਏਨਾਂ ਬਦਨਾਮ ਹੋ ਚੁੱਕਾ ਸੀ ਕਿ ਉਹ ਕਿਸੇ ਕੀਮਤ ਉੱਤੇ ਵੀ ਉਸ ਉੱਪਰ ਯਕੀਨ ਕਰਨ ਨੂੰ ਤਿਆਰ ਨਹੀਂ ਸੀ। ਸ਼ਾਮ ਹੋਣ ਨੂੰ ਅਜੇ ਬੜੀ ਦੇਰ ਪਈ ਸੀ, ਸੋ ਉਹ ਬੂਲੇਵਾਰ ਦੇ ਨਾਲ ਨਾਲ ਫਿਰਦੇ ਤੁਰਦੇ ਤੇ ਚੰਗੇ ਪੁਰਾਣੇ ਦੋਸਤਾਂ ਵਾਂਗ ਖੁਸ਼ੀ ਖੁਸ਼ੀ ਗੱਲਾਂ ਕਰਦੇ ਰਹੇ । ਉਸਨੂੰ ਇਹ ਦੇਖ ਕੇ ਖੁਸ਼ੀ ਹੋਈ ਕਿ ਜਦੋਂ ਉਸਨੇ ਦੱਸਿਆ ਕਿ ਜੰਗ ਦੇ ਸ਼ੁਰੂ ਵਿੱਚ ਹੀ ਗਵੋਜ਼ਦਿਓਵ ਉੱਤੇ ਕੈਸੀ ਬਦਕਿਸਮਤੀ ਨਾਜ਼ਲ ਹੋਈ ਸੀ ਤਾਂ ਕੁੜੀ ਆਪਣੇ ਹੰਝੂਆਂ ਨੂੰ ਰੋਕਣ ਲਈ ਆਪਣੇ ਬੁੱਲ੍ਹ ਟੁੱਕਣ ਲੱਗ ਪਈ ਸੀ । ਉਸਦੀਆਂ ਹਰੀਆਂ ਜਿਹੀਆਂ ਅੱਖਾਂ ਚਮਕ ਉੱਠੀਆਂ, ਜਦੋਂ ਉਸਨੇ ਮਹਾਜ਼ ਉੱਤੇ ਗਵੋਜ਼ਦਿਓਵ ਦੇ ਮਾਅਰਕਿਆਂ ਦਾ ਜ਼ਿਕਰ ਕੀਤਾ। ਉਸਨੂੰ ਗਵੋਜ਼ਦਿਓਵ ਉੱਤੇ ਕਿੰਨਾ ਮਾਨ ਸੀ! ਉਸਦਾ ਮੂੰਹ ਕਿਵੇਂ ਲਾਬ-ਬਿੰਬ ਹੋ ਜਾਂਦਾ ਸੀ, ਜਦੋਂ ਉਹ ਇਹੋ ਜਿਹਾ ਵਧੇਰੇ ਵਿਸਥਾਰ ਜਾਨਣ ਲਈ ਅਲੈਕਸੇਈ ਉੱਤੇ ਸਵਾਲਾਂ ਦੀ ਬੁਛਾੜ ਕਰਨ ਲੱਗ ਪੈਂਦੀ ਸੀ । ਉਸਨੂੰ ਇਸ ਗੱਲ ਉੱਤੇ ਕਿੰਨਾਂ ਗੁੱਸਾ ਆਇਆ ਸੀ ਕਿ ਗਵੋਜ਼ਦਿਓਵ ਨੇ, ਬਿਨ੍ਹਾਂ ਕਿਸੇ ਕਾਰਨ ਦੇ, ਉਸਨੂੰ ਤਨਖਾਹ ਦਾ ਸਰਟੀਫ਼ਿਕੇਟ ਭੇਜਿਆ ਸੀ! ਤੇ ਉਹ ਇੱਕਦਮ ਕਿਉਂ ਭਲਾਂ ਦੌੜ ਗਿਆ ਸੀ ? ਬਿਨ੍ਹਾਂ ਕੁਝ ਵੀ ਕਹੇ ਦੇ, ਬਿਨ੍ਹਾਂ ਕੁਝ ਲਿਖ ਕੇ ਛੱਡੇ ਦੇ, ਬਿਨ੍ਹਾਂ ਆਪਣਾ ਸਿਰਨਾਵਾਂ ਦਿੱਤਿਆਂ? ਕੀ ਇਹ ਕੋਈ ਫ਼ੌਜੀ ਭੇਤ ਵਾਲੀ ਗੱਲ ਸੀ? ਪਰ ਇਹ ਵੀ ਕੈਸਾ ਫ਼ੌਜੀ ਭੇਤ ਹੋਇਆ, ਜਦੋਂ ਕੋਈ ਆਦਮੀ ਚਲਾ ਜਾਂਦਾ ਹੈ, ਅਲਵਿਦਾ ਤੱਕ ਵੀ ਨਹੀਂ ਕਹਿੰਦਾ, ਤੇ ਮਗਰੋਂ ਇੱਕ ਲਫ਼ਜ਼ ਵੀ ਨਹੀਂ ਲਿਖਦਾ ?
“ਵੈਸੇ, ਤੁਸੀਂ ਟੈਲੀਫ਼ੋਨ ਉੱਤੇ ਇਹ ਗੱਲ ਕਿਉਂ ਖਾਸ ਕਰਕੇ ਜ਼ੋਰ ਦੇ ਕੇ ਕਹੀ ਸੀ ਕਿ ਉਹ ਦਾਹੜੀ ਵਧਾ ਰਿਹਾ ਹੈ?” ਉਹ ਅਲੈਕਸੇਈ ਵੱਲ ਘੋਖਵੀਆਂ ਨਜ਼ਰਾਂ ਸੁੱਟਦੀ ਹੋਈ घेली।
“ਐਵੇਂ, ਬਕ ਦਿੱਤਾ ਸੀ, ਕੋਈ ਐਸੀ ਗੱਲ ਤਾਂ ਨਹੀਂ,” ਮਰੇਸੇਯੇਵ ਨੇ ਟਾਲਦਿਆਂ ਹੋਇਆ ਕਿਹਾ।
“ਨਹੀਂ, ਨਹੀਂ, ਦੱਸੋ ਨਾ ! ਮੈਂ ਨਹੀਂ ਤੁਹਾਡਾ ਪਿੱਛਾ ਛੱਡਣ ਲੱਗੀ, ਜਦੋਂ ਤੱਕ ਤੁਸੀਂ ਦੱਸਦੇ ਨਹੀਂ। ਇਹ ਵੀ ਕੋਈ ਫ਼ੌਜੀ ਭੇਤ ਏ ? ”
“ਇਹਦੇ ਵਿੱਚ ਭੇਤ ਵਾਲੀ ਕਿਹੜੀ ਗੱਲ ਏ! ਗੱਲ ਸਿਰਫ ਇਹ ਹੋਈ ਕਿ ਸਾਡੇ ਪ੍ਰੋਫੈਸਰ ਵਾਸਿਲੀ ਵਾਸਿਲੀਏਵਿਚ ਨੇ ਉਸਨੂੰ ਇਹ ਨੁਸਖਾ ਤਜਵੀਜ਼ ਕੀਤਾ ਤਾਂ ਕਿ ਉਹ ਕੁੜੀਆਂ ਨੂੰ ਮੇਰਾ ਮਤਲਬ ਇੱਕ ਖਾਸ ਕੁੜੀ ਨੂੰ ਵਧੇਰੇ ਚੰਗਾ ਲੱਗਣ ਲੱਗ ਪਵੇ ।”
“ਆਹ, ਤਾਂ ਇਹ ਗੱਲ ਏ । ਹੁਣ ਮੈਂ ਸਮਝ ਗਈ। ਸੋ…।”
ਇੱਕਦਮ ਅਨਿਊਤਾ ਦੀਆਂ ਹਰੀਆਂ ਹਰੀਆਂ ਅੱਖਾਂ ਜਿਵੇਂ ਬੁਝ ਗਈਆਂ, ਉਹ ਵਡੇਰੀ ਉਮਰ ਦੀ ਹੋ ਗਈ ਲੱਗਦੀ ਸੀ। ਉਸਦੇ ਚਿਹਰੇ ਦੀ ਪਿਲੱਤਣ ਵਧੇਰੇ ਉੱਘੜ ਆਈ, ਤੇ ਉਸਦੇ ਮੱਥੇ ਤੇ ਅੱਖਾਂ ਦੇ ਕੋਨਿਆਂ ਉੱਤੇ ਨਿੱਕੀਆਂ ਨਿੱਕੀਆਂ ਝੁਰੜੀਆਂ ਦਿਖਾਈ ਦੇਣ ਲੱਗ ਪਈਆਂ, ਜਿਹੜੀਆਂ ਏਨੀਆਂ ਮਹੀਣ ਸਨ ਕਿ ਸੂਈ ਨਾਲ ਵਾਹੀਆਂ ਲੱਗਦੀਆਂ ਸਨ; ਤੇ ਕੁੱਲ ਮਿਲਾਕੇ, ਆਪਣੀ ਪੁਰਾਣੀ ਤੇ ਘਸੀ ਹੋਈ ਜਾਕਟ ਤੇ ਆਵਦੇ ਲਾਖੇ ਵਾਲਾਂ ਉੱਪਰ ਪਾਈ ਉੱਡੇ ਰੰਗ ਵਾਲੀ ਟੋਪੀ ਨਾਲ ਉਹ ਥੱਕੀ ਥੱਕੀ, ਅੱਕੀ ਅੱਕੀ ਲੱਗਦੀ ਸੀ। ਸਿਰਫ ਉਸਦਾ ਚਮਕਦਾ, ਰਸੀਲਾ, ਨਿੱਕਾ ਜਿਹਾ-ਮੂੰਹ ਹੀ, ਜਿਹੜਾ ਅਪੋਹ ਜਿਹਾ ਢਿਲਕਿਆ ਹੋਇਆ ਸੀ, ਤੇ ਉਪਰਲੇ ਬੁੱਲ੍ਹ ਉੱਪਰਲਾ ਨਿੱਕਾ ਜਿਹਾ ਤਿਲ ਹੀ ਇਹ ਦੱਸਦਾ ਸੀ ਕਿ ਉਹ ਅਜੇ ਬਿਲਕੁਲ ਜਵਾਨ ਹੈ ਤੇ ਮਸਾਂ ਅਜੇ ਵੀਹਾਂ ਤੱਕ ਪਹੁੰਚੀ ਹੈ।
ਮਾਸਕੋ ਵਿੱਚ ਇੰਝ ਹੁੰਦਾ ਹੈ ਕਿ ਤੁਸੀਂ ਸੋਹਣੇ ਸੋਹਣੇ ਸ਼ਾਨਦਾਰ ਘਰਾਂ ਦੇ ਪ੍ਰਛਾਵੇ ਵਿੱਚ ਇੱਕ ਚੰਗੇ ਚੌੜੇ ਬਾਜ਼ਾਰ ਵਿੱਚ ਤੁਰੇ ਜਾਂਦੇ ਹੋ, ਤੇ ਫ਼ਿਰ ਤੁਸੀਂ ਉਸ ਬਜ਼ਾਰ ਤੋਂ ਮੋੜ ਕੱਟਦੇ ਹੋ, ਦਸ ਬਾਰਾਂ ਕਦਮ ਚਲਦੇ ਹੋ, ਤੇ ਆਪਣੇ ਆਪ ਨੂੰ ਸਮੇਂ ਨਾਲ ਮੱਧਮ ਪਈਆਂ ਨਿੱਕੀਆਂ ਨਿੱਕੀਆਂ ਬਾਰੀਆਂ ਵਾਲ਼ੇ ਛੋਟੇ ਜਿਹੇ, ਬੈਠੇ ਜਿਹੇ ਮਕਾਨ ਦੇ ਸਾਮ੍ਹਣੇ ਦੇਖਦੇ ਹੋ । ਇਹੋ ਜਿਹਾ ਹੀ ਇੱਕ ਘਰ ਸੀ ਜਿਸ ਵਿੱਚ ਅਨਿਊਤਾ ਰਹਿੰਦੀ ਸੀ । ਉਹ ਤੰਗ ਜਿਹੀਆਂ ਪੌੜੀਆਂ ਚੜ੍ਹ ਕੇ, ਜਿਨ੍ਹਾਂ ਤੋਂ ਬਿੱਲੀਆਂ ਤੇ ਮਿੱਟੀ ਦੇ ਤੇਲ ਦੀ ਬੋਅ ਆਉਂਦੀ ਸੀ, ਉੱਪਰਲੀ ਮੰਜ਼ਲ ਉੱਤੇ ਗਏ । ਕੁੜੀ ਨੇ ਚਾਬੀ ਲਾ ਕੇ ਦਰਵਾਜ਼ਾ ਖੋਹਲਿਆ। ਦਰਵਾਜ਼ਿਆਂ ਦੇ ਵਿਚਕਾਰ ਠੰਡੀ ਥਾਂ ਉੱਤੇ ਪਏ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਬੈਗਾਂ, ਪਲੇਟਾਂ ਤੇ ਪਤੀਲਿਆਂ ਦੇ ਕੋਲੋਂ ਦੀ ਲੰਘਦੇ ਹੋਏ, ਉਹ ਹਨੇਰੀ ਤੇ ਸੱਖਣੀ ਰਸੋਈ ਵਿੱਚ ਚਲੇ ਗਏ, ਉਸਦੇ ਵਿੱਚੋਂ ਦੀ ਛੋਟੇ ਜਿਹੇ ਲਾਂਘੇ ਵਿੱਚ ਗਏ-ਉਹ ਵੀ ਚੀਜ਼ਾਂ ਨਾਲ ਅੱਟਿਆ ਹੋਇਆ ਸੀ ਤੇ ਪਰਦਾ ਲੱਗਾ ਹੋਇਆ ਸੀ-ਤੇ ਸਾਮ੍ਹਣੇ ਨਿੱਕਾ ਜਿਹਾ ਦਰਵਾਜ਼ਾ ਦਿਸਿਆ। ਇੱਕ ਪਤਲੀ ਜਿਹੀ ਮਧਰੀ ਬੁੱਢੀ ਨੇ ਸਾਮ੍ਹਣੇ ਵਾਲੇ ਦਰਵਾਜ਼ੇ ਵਿੱਚੋਂ ਸਿਰ ਕੱਢਿਆ।
“ਅੱਨਾ ਦਾਨੀਲੋਵਨਾ, ਔਥੇ ਤੁਹਾਡੇ ਲਈ ਚਿੱਠੀ ਪਈ ਏ,” ਉਹ ਬੋਲੀ ਤੇ ਨੌਜਵਾਨਾਂ ਨੂੰ ਘੋਖਵੀਆਂ ਨਜ਼ਰਾਂ ਨਾਲ ਦੇਖਦੀ ਰਹੀ, ਜਦੋਂ ਤੱਕ ਉਹ ਕਮਰੇ ਵਿੱਚ ਦਾਖਲ ਨਾ ਹੋ ਗਏ, ਤੇ ਫਿਰ ਲੋਪ ਹੋ ਗਈ।
ਅਨਿਊਤਾ ਦਾ ਪਿਤਾ ਕਿਸੇ ਇੰਸਟੀਚਿਊਟ ਵਿੱਚ ਲੈਕਚਰਾਰ ਸੀ । ਜਦੋਂ ਇੰਸਟੀਚਿਊਟ ਨੂੰ ਇਥੋਂ ਖਾਲੀ ਕੀਤਾ ਗਿਆ ਤਾਂ ਉਸਦੇ ਮਾਪੇ ਵੀ ਨਾਲ ਹੀ ਚਲੇ ਗਏ, ਤੇ ਲਿਨਨ ਦੇ ਉਛਾੜਾਂ ਵਾਲੇ ਫ਼ਰਨੀਚਰ ਨਾਲ ਪੁਰਾਣੀਆਂ ਚੀਜ਼ਾਂ ਦੇ ਕਾਠ ਕਬਾੜ ਦੇ ਭਰੇ ਹੋਏ ਦੋ ਕਮਰੇ ਕੁੜੀ ਦੀ ਦੇਖ-ਭਾਲ ਹੇਠ ਛੱਡ ਦਿੱਤੇ ਗਏ। ਫ਼ਰਨੀਚਰ, ਦਰਵਾਜ਼ਿਆਂ ਤੇ ਬਾਰੀਆਂ ਦੇ ਪੁਰਾਣੇ, ਭਾਰੇ ਭਾਰੇ ਪਰਦੇ, ਕੰਧਾਂ ਉੱਪਰਲੀਆਂ ਤਸਵੀਰਾਂ ਤੇ ਪਿਆਨੋ ਉੱਪਰ ਪਏ ਨਿੱਕੇ ਨਿੱਕੇ ਬੁੱਤ ਤੇ ਫੂਲਦਾਰ ਸਿਲ੍ਹ ਤੇ ਵੀਰਾਨੀ ਜਿਹੀ ਦੀ ਬਾਸ ਦੇ ਰਹੇ ਸਨ।
“ਮੁਆਫ਼ ਕਰਨਾ ਮੈਂ ਬਾਰਕਾਂ ਵਾਲੀ ਜ਼ਿੰਦਗੀ ਜਿਊਂ ਰਹੀ ਹਾਂ, ਹਸਪਤਾਲ ਤੋਂ ਸਿੱਧੀ ਯੂਨੀਵਰਸਿਟੀ ਚਲੀ ਜਾਂਦੀ ਹਾਂ, ਤੇ ਇਥੇ ਬੱਸ ਕਦੀ ਕਦੀ ਆਉਂਦੀ ਹਾਂ,” ਅਨਿਊਤਾ ਬੋਲੀ; ਉਸਦਾ ਮੂੰਹ ਲਾਲ ਹੋ ਗਿਆ, ਤੇ ਉਸਨੇ ਮੇਜ਼ਪੋਸ਼ ਸਮੇਤ ਕਾਹਲੀ ਨਾਲ ਸਾਰਾ ਗੰਦ- ਮੰਦ ਮੇਜ਼ ਉੱਤੋਂ ਚੁੱਕ ਲਿਆ।
ਉਹ ਕਮਰੇ ਵਿੱਚੋਂ ਬਾਹਰ ਚਲੀ ਗਈ, ਮੁੜੀ ਤੇ ਮੇਜ਼ ਉੱਤੇ ਮੇਜ਼ਪੋਸ਼ ਵਿਛਾ ਦਿੱਤਾ, ਤੇ ਬੜੇ ਧਿਆਨ ਨਾਲ ਕੋਨਿਆਂ ਤੋਂ ਵੱਟ ਕੱਢਣ ਲੱਗ ਪਈ।
“ਜਦੋਂ ਕਦੀ ਘਰ ਆਉਣ ਦਾ ਮੌਕਾ ਬਣਦਾ ਵੀ ਹੈ ਤਾਂ ਮੈਂ ਏਨੀਂ ਥੱਕੀ ਹੋਈ ਹੁੰਦੀ ਹਾਂ ਕਿ ਬੱਸ ਲੱਤਾਂ ਘਸੀਟ ਕੇ ਕਾਊਚ ਤੱਕ ਜਾਣ ਦੀ ਹਿੰਮਤ ਹੁੰਦੀ ਹੈ, ਤੇ ਬਿਨ੍ਹਾਂ ਕੱਪੜੇ ਲਾਹਿਆ ਸੌਂ ਜਾਂਦੀ ਹਾਂ । ਸੋ ਥਾਂ ਸੰਵਾਰਨ ਲਈ ਕੋਈ ਸਮਾਂ ਹੀ ਨਹੀਂ ਬਚਦਾ।”
ਕੁਝ ਮਿੰਟ ਮਗਰੋਂ ਬਿਜਲੀ ਦੀ ਕੇਤਲੀ ਸੰਗੀਤ ਦੇ ਰਹੀ ਸੀ। ਪੁਰਾਣੇ, ਉੱਡੇ ਰੰਗ ਵਾਲੇ ਚੀਨੀ ਦੇ ਕੱਪ ਮੇਜ਼ ਉੱਤੇ ਲਿਸ਼ਕ ਰਹੇ ਸਨ, ਚੀਨੀ ਦੀ ਇੱਕ ਪਲੇਟ ਉੱਪਰ ਕਾਲ਼ੀ ਰੋਟੀ ਦੇ ਕੁਝ ਪਤਲੇ ਪਤਲੇ ਕੱਟੇ ਹੋਏ ਟੁਕੜੇ ਪਏ ਸਨ, ਤੇ ਖੰਡਦਾਨੀ ਦੇ ਬਿਲਕੁਲ ਥੱਲੇ ਨਾਲ ਲੱਗੀ ਕੁਝ ਮਿਸ਼ਰੀ ਸੀ, ਜਿਸਦੇ ਭੰਨ ਕੇ ਨਿੱਕੇ ਨਿੱਕੇ ਟੋਟੇ ਕੀਤੇ ਗਏ ਹੋਏ ਸਨ । ਉੱਨ ਦੇ ਫੁੱਮਣਾਂ ਵਾਲ਼ੀ ਟੀ-ਕੋਜ਼ੀ ਹੇਠ ਲੁਕੀ ਚਾਹਦਾਨੀ-ਇਹ ਵੀ ਪਿਛਲੀ ਸਦੀ ਦੀ ਚੀਜ਼ ਲੱਗਦੀ ਸੀ ਕਮਰੇ ਨੂੰ ਇੱਕ ਮਹਿਕ ਨਾਲ ਭਰ ਰਹੀ ਸੀ, ਜਿਸ ਤੋਂ ਜੰਗ ਤੋਂ ਪਹਿਲਾਂ ਦਾ ਸਮਾਂ ਯਾਦ ਆ ਜਾਂਦਾ ਸੀ, ਤੇ ਮੇਜ਼ ਦੇ ਵਿਚਕਾਰ ਇੱਕ ਨੀਲੀ ਜਿਹੀ ਭਾਅ ਮਾਰਦੀ ਅਣਖੁੱਲ੍ਹੀ ਬੋਤਲ ਪਈ ਸੀ, ਜਿਸਦੇ ਦੋਵੇਂ ਪਾਸੇ, ਰਾਖਿਆਂ ਵਾਂਗ, ਦੋ ਪਤਲੇ ਪਤਲੇ ਜਾਮ ਪਏ ਸਨ ।
ਮਰੇਸੇਯੇਵ ਇੱਕ ਡੂੰਘੀ, ਮਖਮਲ ਦੇ ਉਛਾੜ ਵਾਲੀ ਬਾਂਹਾਂ ਵਾਲੀ ਕੁਰਸੀ ਉੱਤੇ ਬੈਠਾ ਸੀ । ਹਰੀ ਮਖਮਲ ਦੇ ਉਛਾੜ ਦੇ ਹੇਠਾਂ ਤੁਸਿਆ ਹੋਇਆ ਸਭ ਕੁਝ ਇੰਝ ਝਾਤੀਆਂ ਮਾਰ ਰਿਹਾ ਸੀ ਕਿ ਪਿੱਠ ਤੇ ਹੇਠ ਗੱਦੀ ਨਾਲ ਬੜੇ ਧਿਆਨ ਨਾਲ ਜੁੜੇ ਗਏ ਕੱਢੇ ਹੋਏ ਗਲੀਚੇ ਵੀ ਇਸਨੂੰ ਲੁਕਾਉਣ ਤੋਂ ਅਸਮਰਥ ਸਨ । ਪਰ ਕੁਰਸੀ ਏਨੀਂ ਅਰਾਮਦੇਹ ਸੀ, ਤੇ ਬੈਠਣ ਵਾਲੇ ਨੂੰ ਇੰਝ ਨਿੱਘੀ ਤਰ੍ਹਾਂ ਤੇ ਪਿਆਰ ਨਾਲ ਚਾਰੇ ਪਾਸਿਉਂ ਘੁੱਟ ਲੈਂਦੀ ਸੀ ਅਲੈਕਸੇਈ ਨੇ ਇੱਕਦਮ ਢੋਹ ਲਾਹ ਲਈ ਤੇ ਬੜੇ ਅਰਾਮ ਨਾਲ ਆਪਣੀਆਂ ਥੱਕੀਆਂ ਹੋਈਆਂ, ਪੀੜ ਕਰਦੀਆਂ ਲੱਤਾਂ ਫ਼ੈਲਾ ਲਈਆਂ।
ਅਨਿਊਤਾ ਉਸਦੇ ਨੇੜੇ ਇੱਕ ਨੀਵੇਂ ਜਿਹੇ ਸਟੂਲ ਉੱਤੇ ਬੈਠੀ ਹੋਈ ਸੀ, ਤੇ ਨਿੱਕੀਆਂ ਕੁੜੀਆਂ ਵਾਂਗ ਉਸਦੇ ਮੂੰਹ ਵੱਲ ਤੱਕਦਿਆਂ, ਉਸਨੇ ਮੁੜ ਉਸਨੂੰ ਗਵੋਜ਼ਦਿਓਵ ਬਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਫਿਰ ਇੱਕਦਮ ਮੇਜ਼ਬਾਨ ਵਜੋਂ ਆਪਣੇ ਫ਼ਰਜ਼ਾਂ ਨੂੰ ਯਾਦ ਕਰਦਿਆਂ, ਉਹ ਆਪਣੇ ਆਪ ਨੂੰ ਕੋਸਦੀ ਹੋਈ ਭੁੜਕ ਕੇ ਉੱਠੀ ਤੇ ਅਲੈਕਸੇਈ ਨੂੰ ਮੇਜ਼ ਵੱਲ ਖਿੱਚ ਲਿਆਈ।
“ਸ਼ਾਇਦ ਤੁਸੀਂ ਪੀਣਾ ਪਸੰਦ ਕਰੋਗੇ? ਗਰੀਸ਼ਾ ਨੇ ਦੱਸਿਆ ਸੀ ਕਿ ਟੈਂਕਮੈਨ, ਤੇ ਟੈਂਕਮੈਨ ਹੀ ਕਿਉਂ, ਪਾਇਲਟ ਵੀ…”।
ਉਸਨੇ ਜਾਮ ਉਸ ਵੱਲ ਤਿਲਕਾਇਆ । ਨੀਲੀ ਭਾਅ ਮਾਰਦੀ ਵੋਦਕਾ ਸੂਰਜ ਦੀਆਂ ਕਿਰਨਾਂ ਵਿੱਚ ਲਿਸ਼ਕਾਂ ਮਾਰ ਰਹੀ ਸੀ, ਜਿਹੜੀਆਂ ਟੇਢੀਆਂ ਹੋ ਕੇ ਕਮਰੇ ਵਿੱਚ ਪੈ ਰਹੀਆਂ ਸਨ। ਅਲਕੋਹਲ ਦੀ ਵਾਸ਼ਨਾ ਨੇ ਅਲੈਕਸੇਈ ਨੂੰ ਦੂਰ-ਦੁਰਾਡੇ ਜੰਗਲ ਵਿਚਲਾ ਹਵਾਈ ਅੱਡਾ, ਅਫ਼ਸਰਾਂ ਦੀ ਮੈੱਸ, ਤੇ ਖਾਣੇ ਸਮੇ “ਬਾਲਣ ਦਾ ਰਾਸ਼ਨ” ਮਿਲਣ ਵੇਲੇ ਦਾ ਖੁਸ਼ੀ ਭਰਿਆ ਰੌਲਾ-ਰੱਪਾ ਯਾਦ ਕਰਵਾ ਦਿੱਤਾ। ਇਹ ਦੇਖਦਿਆ ਕਿ ਦੂਜਾ ਗਲਾਸ ਖਾਲੀ ਹੀ ਪਿਆ ਰਿਹਾ ਹੈ, ਅਲੈਕਸੇਈ ਨੇ ਪੁੱਛਿਆ:
“डे उमीं ?”
“ਮੈਂ ਨਹੀਂ ਪੀਂਦੀ”, ਅਨਿਊਤਾ ਨੇ ਸਾਦਗੀ ਜਿਹੀ ਨਾਲ ਜਵਾਬ ਦਿੱਤਾ।
“ਤੇ ਜੇ ਅਸੀਂ ਉਸਦੇ ਵਾਸਤੇ ਪੀਵੀਏ, ਗਰੀਸ਼ਾ ਵਾਸਤੇ, ਤਾਂ ?”
ਕੁੜੀ ਮੁਸਕ੍ਰਾਈ, ਚੁੱਪ-ਚਾਪ ਆਪਣਾ ਜਾਮ ਭਰਿਆ, ਇਸਦੀ ਪਤਲੀ ਜਿਹੀ ਡੰਡੀ ਤੋਂ ਇਸਨੂੰ ਫ਼ੜਿਆ ਤੇ ਸੋਚਵਾਨ ਜਿਹੀਆਂ ਨਜ਼ਰਾਂ ਨਾਲ ਅਲੈਕਸੇਈ ਨਾਲ ਟੁਣਕਾਇਆ।
“ਉਸਦੀ ਖੁਸ਼ਕਿਸਮਤੀ ਲਈ,” ਉਸਨੇ ਦ੍ਰਿੜ੍ਹਤਾ ਨਾਲ ਕਿਹਾ, ਬੜੀ ਹਿੰਮਤ ਨਾਲ ਜਾਮ ਮੂੰਹ ਵਿੱਚ ਸੁੱਟਿਆ, ਤੇ ਜ਼ੋਰ ਦੀ ਖੰਘਣ ਲੱਗ ਪਈ । ਉਸਦਾ ਮੂੰਹ ਲਾਲ ਹੋ ਗਿਆ ਤੇ ਉਸਦਾ ਸਾਹ ਜਿਵੇਂ ਗਲੇ ਵਿੱਚ ਅੜ ਗਿਆ।
ਮਰੇਸੇਯੇਵ ਨੂੰ ਹੁਣ ਵੋਦਕਾ ਦੀ ਆਦਤ ਨਾ ਰਹੀ ਹੋਣ ਕਰਕੇ ਮਹਿਸੂਸ ਹੋਣ ਲੱਗਾ ਕਿ ਜਿਵੇਂ ਇਹ ਉਸਦੇ ਸਿਰ ਨੂੰ ਚੜ੍ਹ ਰਹੀ ਹੈ, ਤੇ ਉਸਦੇ ਸਾਰੇ ਸਰੀਰ ਵਿੱਚ ਗਰਮੀ ਭਰ ਰਹੀ ਹੈ। ਉਸਨੇ ਮੁੜ ਕੇ ਜਾਮ ਭਰੇ । ਅਨਿਊਤਾ ਨੇ ਦ੍ਰਿੜਤਾ ਨਾਲ ਸਿਰ ਮਾਰ ਕੇ ਨਾਂਹ ਕਰ ਦਿੱਤੀ।
“ਨਹੀਂ, ਨਹੀਂ, ਮੈਂ ਨਹੀਂ ਪੀਂਦੀ, ਤੁਸੀਂ ਦੇਖ ਹੀ ਲਿਆ ਹੈ।”
“ਤੇ ਮੇਰੀ ਖੁਸ਼ਕਿਸਮਤੀ ਲਈ ?” ਅਲੈਕਸੇਈ ਬੋਲਿਆ । “ਅਨਿਊਤਾ, ਜੇ ਕਿਤੇ ਤੁਹਾਨੂੰ ਪਤਾ ਹੁੰਦਾ ਕਿ ਮੈਨੂੰ ਇਸਦੀ ਕਿੰਨੀ ਲੋੜ ਹੈ।”
ਕੁੜੀ ਨੇ ਬੜੀ ਗੰਭਰੀਤਾ ਨਾਲ ਉਸ ਵੱਲ ਦੇਖਿਆ, ਆਪਣਾ ਜਾਮ ਚੁੱਕਿਆ, ਪਿਆਰ ਨਾਲ ਉਸਨੂੰ ਦੇਖ ਕੇ ਸਿਰ ਮਾਰਿਆ, ਹੌਲ਼ੀ ਜਿਹੀ ਉਸਨੂੰ ਅਰਕ ਤੋਂ ਦਬਾਇਆ ਤੇ ਮੁੜ ਕੇ ਜਾਮ ਖਾਲੀ ਕਰ ਦਿੱਤਾ । ਪਰ ਫਿਰ ਉਹ ਖੰਘਣ ਲੱਗ ਪਈ, ਉਸਨੂੰ ਉੱਥੇ ਛਿੜ ਪਿਆ।
“ਮੈਂ ਕੀ ਕਰ ਰਹੀ ਹਾਂ ?” ਸਾਹ ਠੀਕ ਹੁੰਦਿਆਂ ਉਹ ਬੋਲੀ। “ਤੇ ਉਹ ਵੀ ਚੌਵੀ ਘੰਟੇ ਡਿਊਟੀ ਦੇਣ ਪਿੱਛੋਂ। ਇਹ ਮੈਂ ਸਿਰਫ ਤੁਹਾਡੇ ਲਈ ਕਰ ਰਹੀ ਹਾਂ, ਅਲਿਉਸ਼ਾ। ਤੁਸੀਂ ਤਾਂ… ਗਰੀਸ਼ਾ ਮੈਨੂੰ ਤੁਹਾਡੇ ਬਾਰੇ ਬੜਾ ਕੁਝ ਲਿਖਦਾ ਰਿਹੈ। ਮੈਂ ਤੁਹਾਡੀ ਬਹੁਤ ਬਹੁਤ ਸਫ਼ਲਤਾ ਦੀ ਕਾਮਨਾ ਕਰਦੀ ਹਾਂ! ਤੇ ਤੁਸੀਂ ਖੁਸ਼ਕਿਸਮਤ ਸਾਬਤ ਹੋਵੇਗੇ, ਯਕੀਕਨ, ਸੁਣਦੇ ਹੋ, ਯਕੀਕਨ!” ਤੇ ਉਹ ਹੱਸ ਪਈ, ਟੁਣਕਵਾਂ ਤੇ ਚਾਰੇ ਪਾਸੇ ਖਿਲਰਦਾ ਹਾਸਾ।” ਤੁਸੀਂ ਖਾ ਕਿਉਂ ਨਹੀਂ ਰਹੇ ? ਡਬਲਰੋਟੀ ਖਾਓ । ਸ਼ਰਮਾਓ ਨਹੀਂ। ਮੇਰੇ ਕੋਲ ਹੋਰ ਵੀ ਪਈ ਹੈ।
ਇਹ ਕੱਲ੍ਹ ਦੀ ਹੈ। ਅੱਜ ਦੀ ਅਜੇ ਮੈਂ ਨਹੀਂ ਲਈ।”
“ਉਸਨੇ ਪਨੀਰ ਵਾਂਗ ਬਰੀਕ ਕੱਟੀ ਰੋਟੀ ਵਾਲ਼ੀ ਚੀਨੀ ਦੀ ਪਲੇਟ ਉਸ ਵੱਲ ਖਿਸਕਾਈ । “ਖਾਓ, ਖਾਓ, ਅਜੀਬ ਆਦਮੀ, ਨਹੀਂ ਤਾਂ ਚੜ੍ਹ ਜਾਏਗੀ, ਤੇ ਫਿਰ ਮੈਂ ਤੁਹਾਡਾ ਕੀ ਕਰਾਂਗੀ?”
ਅਲੈਕਸੇਈ ਨੇ ਡਬਲਰੋਟੀ ਵਾਲੀ ਪਲੇਟ ਪਰ੍ਹੇ ਧੱਕ ਦਿੱਤੀ, ਅਨਿਊਤਾ ਦੀਆਂ ਅੱਖਾਂ ਵਿੱਚ, ਉਸਦੇ ਨਿੱਕੇ ਨਿੱਕੇ, ਫੁੱਲੇ ਹੋਏ ਤੇ ਚਮਕਦੇ ਬੁੱਲ੍ਹਾਂ ਵਾਲ਼ੇ ਮੂੰਹ ਵੱਲ ਸਿੱਧਾ ਦੇਖਣ ਲੱਗ ਪਿਆ।
“ਤੇ ਤੁਸੀਂ ਕੀ ਕਰੋਗੇ, ਜੇ ਮੈਂ ਹੁਣੇ ਹੀ ਤੁਹਾਨੂੰ ਚੁੰਮ ਲਵਾਂ ਤਾਂ ?” ਉਸਨੇ ਹੌਲ਼ੀ ਜਿਹੀ ਅਵਾਜ਼ ਵਿੱਚ ਪੁੱਛਿਆ।
ਉਸਨੇ ਡਰੀ ਹੋਈ ਨੇ ਉਸ ਵੱਲ ਤਕਿਆ, ਤੇ ਉਸਦਾ ਇੱਕਦਮ ਨਸ਼ਾ ਉੱਤਰ ਗਿਆ। ਉਹ ਉਸ ਵੱਲ ਦੇਖਣ ਲੱਗੀ, ਗੁੱਸੇ ਵਿੱਚ ਨਹੀਂ, ਸਗੋਂ ਘੋਖਵੀਂ ਤੇ ਉਦਾਸ ਨਜ਼ਰ ਨਾਲ, ਜਿਵੇਂ ਕੋਈ ਬੰਦਾ ਟੋਟੇ ਟੋਟੇ ਹੋਏ ਸ਼ੀਸ਼ੇ ਵੱਲ ਦੇਖਦਾ ਹੈ, ਜਿਹੜਾ ਅਜੇ ਕੁਝ ਹੀ ਸਮਾਂ ਪਹਿਲਾਂ ਦੂਰੋਂ ਲਿਸ਼ਕਾਂ ਮਾਰ ਰਿਹਾ ਸੀ ਤੇ ਹੀਰਾ ਹੋਣ ਦਾ ਝੌਲਾ ਦੇ ਰਿਹਾ ਸੀ ।
“ਮੇਰਾ ਖਿਆਲ ਹੈ ਕਿ ਮੈਂ ਤੁਹਾਨੂੰ ਇਥੋਂ ਨਠਾ ਦਿਆਂਗੀ ਤੇ ਗਰੀਸ਼ਾ ਨੂੰ ਲਿਖ ਦਿਆਂਗੀ ਕਿ ਉਹ ਲੋਕਾਂ ਬਾਰੇ ਕੁਝ ਨਹੀਂ ਸਮਝਦਾ,” ਉਸਨੇ ਭਾਵਹੀਣ ਲਹਿਜੇ ਵਿੱਚ ਕਿਹਾ, ਤੇ ਇੱਕ ਵਾਰੀ ਫਿਰ ਡਬਲਰੋਟੀ ਵਾਲ਼ੀ ਪਲੇਟ ਉਸ ਵੱਲ ਖਿਸਕਾਉਂਦੀ ਹੋਈ ਬੋਲੀ: “ਖਾਓ, ਤੁਹਾਨੂੰ ਚੜ੍ਹ ਗਈ ਹੈ।”
ਮਰੇਸੇਯੇਵ ਦਾ ਚਿਹਰਾ ਚਮਕ ਉਠਿਆ।
“ਬਿਲਕੁਲ ਠੀਕ ਕਿਹੈ ਤੁਸੀਂ, ਤੇ ਐਸਾ ਕਹਿਣ ਲਈ ਤੁਹਾਡਾ ਧੰਨਵਾਦ ! ਸਾਰੀ ਸੋਵੀਅਤ ਫ਼ੌਜ ਵੱਲੋਂ ਧੰਨਵਾਦ ! ਮੈਂ ਗਰੀਸ਼ਾ ਨੂੰ ਲਿਖਾਂਗਾ, ਕਿ ਉਹ ਲੋਕਾਂ ਨੂੰ ਚੰਗੀ ਤਰ੍ਹਾਂ ਬਹੁਤ ਚੰਗੀ ਤਰ੍ਹਾਂ ਸਮਝਦੈ!”
ਉਹ ਤਿੰਨ ਕੁ ਵਜੇ ਤੱਕ ਗੱਪਾਂ ਮਾਰਦੇ ਰਹੇ, ਜਦੋਂ ਧੂੜ ਨਾਲ ਭਰੀਆ ਸੂਰਜ ਦੀਆਂ ਰਿਸ਼ਮਾਂ, ਜਿਹੜੀਆਂ ਕਮਰੇ ਵਿੱਚ ਟੇਢੀਆਂ ਹੋ ਕੇ ਪੈ ਰਹੀਆਂ ਸਨ, ਰੀਂਗ ਕੇ ਕੰਧ ਉੱਤੇ ਚੜ੍ਹਨ ਲੱਗ ਪਈਆਂ । ਅਲੈਕਸੇਈ ਦਾ ਗੱਡੀ ਦਾ ਵੇਲ਼ਾ ਹੋ ਗਿਆ ਸੀ । ਕਿੰਨੀ ਉਦਾਸੀ ਜਿਹੀ ਨਾਲ ਅਲੈਕਸੇਈ ਆਰਾਮਦਿਹ ਹਰੀ ਮਖ਼ਮਲ ਦੀ ਕੁਰਸੀ ਤੋਂ ਉਠਿਆ; ਕੁਰਸੀ ਵਿੱਚੋਂ ਨਿੱਕਲੀ ਹੋਈ ਭਰਤੀ ਵੀ ਉਸਦੀ ਜੈਕਟ ਦੇ ਨਾਲ ਹੀ ਆ ਗਈ । ਅਨਿਊਤਾ ਉਸਨੂੰ ਸਟੇਸ਼ਨ ਤੱਕ ਛੱਡਣ ਗਈ। ਉਹ ਬਾਂਹ ਵਿੱਚ ਬਾਂਹ ਪਾ ਕੇ ਚੱਲ ਰਹੇ ਸਨ, ਤੇ ਅਰਾਮ ਕਰ ਲੈਣ ਪਿੱਛੋਂ ਅਲੈਕਸੇਈ ਇੰਝ ਵਿਸ਼ਵਾਸ ਨਾਲ ਕਦਮ ਰੱਖ ਰਿਹਾ ਸੀ ਕਿ ਅਨਿਊਤਾ ਸੋਚਣ ਲੱਗੀ: “ਕੀ ਗਰੀਸ਼ਾ ਬਿਲਕੁਲ ਮਜ਼ਾਕ ਨਹੀਂ ਸੀ ਕਰ ਰਿਹਾ ਜਦੋਂ ਉਸਨੇ ਲਿਖਿਆ ਸੀ ਕਿ ਮੇਰੇ ਦੋਸਤ ਦੇ ਪੈਰ ਨਹੀਂ ਹਨ?” ਉਸਨੇ ਅਲੈਕਸੇਈ ਨੂੰ ਨਿਕਾਸੀ ਹਸਪਤਾਲ ਬਾਰੇ ਦੱਸਿਆ ਜਿੱਥੇ ਉਹ ਤੇ ਡਾਕਟਰੀ ਦੇ ਦੂਜੇ ਵਿਦਿਆਰਥੀ ਇਸ ਵੇਲੇ ਕੰਮ ਕਰ ਰਹੇ ਸਨ ਤੇ ਜ਼ਖਮੀਆਂ ਨੂੰ ਅਵਸਥਾ ਅਨੁਸਾਰ ਵੱਖ ਵੱਖ ਕਰਦੇ ਸਨ । ਕੰਮ ਬਹੁਤ ਸੀ, ਉਹ ਬੋਲੀ, ਕਿਉਂਕਿ ਦੱਖਣ ਵੱਲੋਂ ਹਰ ਰੋਜ਼ ਗੱਡੀਆਂ ਦੀਆਂ ਗੱਡੀਆਂ ਭਰੀਆਂ ਜ਼ਖਮੀਆਂ ਦੀਆਂ ਆਉਂਦੀਆਂ ਸਨ। ਤੇ ਇਹ ਜ਼ਖਮੀ ਵੀ ਕਿਆ ਕਮਾਲ ਦੇ ਬੰਦੇ ਹੁੰਦੇ ਸਨ । ਉਹ ਆਪਣੇ ਕਸ਼ਟ ਨੂੰ ਕਿੰਝ ਬਹਾਦਰੀ ਨਾਲ ਝੱਲਦੇ ਸਨ ! ਇੱਕਦਮ ਉਹ ਬੋਲਦੀ ਬੋਲਦੀ ਰੁਕੀ ਤੇ ਪੁੱਛਣ ਲੱਗੀ:
“ਤੁਸੀਂ ਗੰਭੀਰਤਾ ਨਾਲ ਕਹਿ ਰਹੇ ਸੋਂ ਕਿ ਗਰੀਸ਼ਾ ਦਾਹੜੀ ਵਧਾ ਰਿਹਾ ਹੈ?” ਉਹ ਕੁਝ ਦੇਰ ਚੁੱਪ ਰਹੀ ਤੇ ਸੋਚਦੀ ਰਹੀ; ਫਿਰ ਹੌਲ਼ੀ ਜਿਹੀ ਬੋਲੀ: “ਹੁਣ ਮੈਂ ਸਭ ਕੁਝ ਸਮਝਦੀ ਹਾਂ । ਮੈਂ ਤੁਹਾਨੂੰ ਬਿਲਕੁਲ ਸੱਚੋ-ਸੱਚ ਦੱਸਦੀ ਹਾਂ, ਜਿਵੇਂ ਪਾਪਾ ਨੂੰ ਦੱਸਿਆ ਸੀ: ਪਹਿਲਾਂ ਪਹਿਲਾਂ ਤਾਂ ਮੈਂ ਉਸ ਵੱਲ ਦੇਖਣਾ ਬਰਦਾਸ਼ਤ ਨਹੀਂ ਸਾਂ ਕਰ ਸਕੀ। ਨਹੀਂ, ਬਰਦਾਸ਼ਤ ਕਰਨਾ ਠੀਕ ਲਫ਼ਜ਼ ਨਹੀਂ; ਮੈਨੂੰ ਡਰਾਉਣਾ ਜਿਹਾ ਲੱਗਾ ਸੀ; ਨਹੀਂ ਡਰਾਉਣਾ ਵੀ ਠੀਕ ਨਹੀਂ ।… ਮੈਨੂੰ ਨਹੀਂ ਪਤਾ ਕਿਵੇਂ ਦੱਸਾਂ ! ਤੁਸੀਂ ਮੈਨੂੰ ਸਮਝ ਗਏ ਹੋ ਨਾ ? ਸ਼ਾਇਦ ਇਹ ਠੀਕ ਨਹੀਂ ਸੀ, ਪਰ ਕੀ ਕੀਤਾ ਜਾ ਸਕਦਾ ਹੈ ? ਪਰ ਮੇਰੇ ਕੋਲੋਂ ਨੱਠ ਜਾਣਾ ! ਅਜੀਬ ਆਦਮੀ; ਹੇ ਪ੍ਰਮਾਤਮਾ! ਕਿੰਨਾਂ ਜ਼ਿਆਦਾ ਅਜੀਬ ਆਦਮੀ ਏ ! ਜੇ ਤੁਸੀਂ ਉਸਨੂੰ ਚਿੱਠੀ ਲਿਖੋ, ਤਾਂ ਲਿਖ ਦੇਣਾ ਕਿ ਉਸ ਨੇ ਮੈਨੂੰ ਇਸ ਨਾਲ ਬਹੁਤ ਜ਼ਿਆਦਾ ਠੇਸ ਲਾਈ ਏ !”
ਕਿੱਡਾ ਵੱਡਾ ਰੇਲਵੇ ਸਟੇਸ਼ਨ ਲਗਭਗ ਸਾਰੇ ਦਾ ਸਾਰਾ ਫ਼ੌਜੀਆਂ ਨਾਲ ਭਰਿਆ ਪਿਆ ਸੀ; ਕੁਝ ਕੰਮ ਕਰਦੇ ਨੱਠ ਭੱਜ ਕਰ ਰਹੇ ਸਨ, ਜਦ ਕਿ ਕੁਝ ਕੰਧਾਂ ਦੇ ਨਾਲ ਲੱਗੇ ਬੈਂਚਾਂ ਉੱਪਰ, ਆਵਦੇ ਬੈਗਾਂ ਉੱਪਰ, ਜਾਂ ਜ਼ਮੀਨ ਉੱਪਰ ਚੌਕੜੀਆਂ ਮਾਰੀ ਚੁੱਪ-ਚਾਪ ਬੈਠੇ ਸਨ, ਵੱਟੇ ਹੋਏ, ਫ਼ਿਕਰਾਂ-ਭਰੇ ਚਿਹਰਿਆਂ ਨਾਲ ਜਦ ਕਿ ਉਹਨਾਂ ਦੇ ਮਨ ਇੱਕੋ ਇੱਕ, ਸਾਂਝੀ ਸੋਚ ਵਿੱਚ ਲੱਗੇ ਹੋਏ ਸਨ । ਕਦੀ ਇਹ ਲਾਈਨ ਪੱਛਮੀ ਯੂਰਪ ਨਾਲ ਸੰਪਰਕ ਦੀ ਮੁੱਖ ਲਾਈਨ ਹੁੰਦੀ ਸੀ; ਦੁਸ਼ਮਣ ਨੇ ਮਾਸਕੋ ਤੋਂ ਅੱਸੀ ਕੁ ਕਿਲੋਮੀਟਰ ਦੂਰ ਪੱਛਮ ਦਾ ਇਹ ਰਾਹ ਖ਼ਤਮ ਕਰ ਦਿੱਤਾ ਸੀ। ਬਾਕੀ ਰਹਿ ਗਈ ਛੋਟੀ ਜਿਹੀ ਲਾਈਨ ਉੱਤੇ ਸਿਰਫ ਫ਼ੌਜੀ ਗੱਡੀਆਂ ਚਲਦੀਆਂ ਸਨ, ਤੇ ਦੋ ਘੰਟੇ ਦੇ ਵਿੱਚ ਵਿੱਚ ਆਦਮੀ ਰਾਜਧਾਨੀ ਤੋਂ ਸਿੱਧੇ ਆਪੋ ਆਪਣੇ ਡਿਵੀਜ਼ਨਾਂ ਦੀ ਦੂਜੀ ਕਤਾਰ ਤੱਕ ਪੁੱਜ ਜਾਂਦੇ ਸਨ, ਜਿਹੜੇ ਉੱਥੇ ਰੱਖਿਆ ਕਰ ਰਹੇ ਸਨ। ਤੇ ਹਰ ਅੱਧੇ ਘੰਟੇ ਮਗਰੋਂ ਬਿਜਲ ਗੱਡੀ ਪਲੇਟਫਾਰਮ ਉੱਪਰ ਮਜ਼ਦੂਰਾਂ ਦੀਆਂ, ਜਿਹੜੇ ਉਪਨਗਰੀ, ਇਲਾਕਿਆਂ ਵਿੱਚ ਰਹਿੰਦੇ ਸਨ, ਤੇ ਕਿਸਾਨ ਔਰਤਾਂ ਦੀਆਂ ਭੀੜਾਂ ਲਿਆ ਉਤਾਰਦੀ, ਜਿਹੜੀਆਂ ਦੁੱਧ, ਫਲ, ਖੁੰਬਾਂ ਤੇ ਸਬਜ਼ੀਆਂ ਲੈ ਕੇ ਸ਼ਹਿਰ ਆਉਂਦੀਆਂ ਸਨ। ਘੜੀ-ਪਲ ਲਈ ਇਹ ਸ਼ੋਰ ਮਚਾਉਂਦੀਆਂ ਭੀੜਾਂ ਰੇਲਵੇ ਸਟੇਸ਼ਨ ਨੂੰ ਭਰ ਦੇਂਦੀਆਂ, ਪਰ ਉਹ ਜਲਦੀ ਹੀ ਬਾਹਰ ਚੌਂਕ ਵਿੱਚ ਨਿੱਕਲ ਜਾਂਦੀਆਂ ਤੇ ਸਟੇਸ਼ਨ ਉੱਤੇ ਇੱਕ ਵਾਰੀ ਫਿਰ ਸਿਰਫ਼ ਫ਼ੌਜੀ ਹੀ ਰਹਿ ਜਾਂਦੇ ।
ਮੁੱਖ ਹਾਲ ਵਿੱਚ, ਬਿਲਕੁਲ ਛੱਤ ਤੋਂ ਲੈ ਕੇ ਹੇਠਾਂ ਤੱਕ, ਸੋਵੀਅਤ-ਜਰਮਨ ਮਹਾਜ਼ ਦਾ ਇੱਕ ਵੱਡਾ ਸਾਰਾ ਨਕਸ਼ਾ ਲਟਕਿਆ ਹੋਇਆ ਸੀ । ਫ਼ੌਜੀ ਵਰਦੀ ਪਾਈ ਇੱਕ ਮੋਟੀ ਜਿਹੀ ਕੁੜੀ ਸੋਵੀਅਤ ਸੂਚਨਾ ਬਿਊਰੋ ਤੇ ਤਾਜ਼ਾ ਐਲਾਨਾਂ ਵਾਲਾ ਅਖ਼ਬਾਰ ਹੱਥਾਂ ਵਿੱਚ ਫੜੀ ਡੰਡੇਦਾਰ ਪੌੜੀ ਉੱਤੇ ਖੜ੍ਹੀ ਸੀ, ਤੇ ਪਿੰਨਾਂ ਨਾਲ ਲਟਕਦੀ ਇੱਕ ਰੱਸੀ ਨਾਲ ਮਹਾਜ਼-ਰੇਖਾ ਬਣਾ ਰਹੀ ਸੀ।
ਨਕਸ਼ੇ ਦੇ ਹੇਠਲੇ ਹਿੱਸੇ ਵਿੱਚ, ਰੱਸੀ ਇੱਕਦਮ ਸੱਜੇ ਵੱਲ ਨੂੰ ਮੁੜ ਜਾਂਦੀ ਸੀ। ਜਰਮਨ ਦੱਖਣ ਵਿੱਚ ਵਧ ਰਹੇ ਸਨ। ਉਹ ਇਜ਼ਿਊਮ-ਬਰਵੇਨਕੋਵੋ ਲਾਈਨ ਤੋੜ ਕੇ ਅੱਗੇ ਲੰਘ ਆਏ ਸਨ । ਉਹਨਾਂ ਦੀ ਛੇਵੀਂ ਫ਼ੌਜ ਨੇ ਦੇਸ਼ ਦੇ ਐਨ ਦਿਲ ਵਿੱਚ ਇੱਕ ਖੁੰਡਾ ਜਿਹਾ ਫਾਨਾ ਠੋਕ ਦਿੱਤਾ ਸੀ, ਤੇ ਡਾਨ ਦੇ ਮੋੜ ਵਾਲੀ ਨੀਲੀ ਰਗ ਵੱਲ ਸੰਕੇਤ ਕਰ ਰਹੀ ਸੀ। ਕੁੜੀ ਨੇ ਰੱਸੀ ਡਾਨ ਦਰਿਆ ਦੀ ਰੇਖਾ ਉੱਪਰ ਲਾ ਦਿੱਤੀ। ਇਸਦੇ ਬਿਲਕੁਲ ਨੇੜੇ ਹੀ ਵੋਲਗਾ ਦੀ ਮੋਟੀ ਸ਼ਾਹਰਗ ਮੋੜ ਕੱਟਦੀ ਸੀ, ਜਿੱਥੇ ਸਤਾਲਿਨਗਰਾਦ ਵੱਡੇ ਸਾਰੇ ਘੇਰੇ ਨਾਲ ਤੇ ਇਸਦੇ ਉੱਪਰ ਕਰਕੇ ਇੱਕ ਨਿੱਕੀ ਜਿਹੀ ਬਿੰਦੀ ਨਾਲ ਕਾਮੀਸ਼ਿਨ ਦਿਖਾਇਆ ਹੋਇਆ ਸੀ । ਇਹ ਪ੍ਰਤੱਖ ਸੀ ਕਿ ਦੁਸ਼ਮਣ ਦਾ ਫਾਨਾ, ਜਿਹੜਾ ਡਾਨ ਨੂੰ ਜਾ ਛੁਹਿਆ ਸੀ, ਹੁਣ ਇਸ ਸ਼ਾਹਰਗ ਵੱਲ ਵਧ ਰਿਹਾ ਸੀ ਤੇ ਪਹਿਲਾਂ ਹੀ ਇਸਦੇ ਨੇੜੇ ਪਹੁੰਚ ਚੁੱਕਾ ਸੀ । ਗੰਭੀਰ ਚੁੱਪ ਵਿੱਚ ਵੱਡੀ ਸਾਰੀ ਭੀੜ, ਡੰਡੇਦਾਰ ਪੌੜੀ ਉੱਪਰ ਚੜ੍ਹੀ ਕੁੜੀ ਜਿਸਦਾ ਸਿਖਰ ਲੱਗਦੀ ਸੀ, ਕੁੜੀ ਦੇ ਗੁਦਗੁਦੇ ਹੱਥਾਂ ਨੂੰ ਪਿੰਨਾਂ ਦੀ ਪੁਜ਼ੀਸ਼ਨ ਬਦਲਦਿਆਂ ਦੇਖ ਰਹੀ ਸੀ।
ਇੱਕ ਨੌਜਵਾਨ ਸਿਪਾਹੀ, ਜਿਸਦਾ ਮੂੰਹ ਮੁੜ੍ਹਕੇ-ਮੁੜ੍ਹਕੀ ਹੋਇਆ ਸੀ, ਤੇ ਜਿਸਨੇ ਬਿਲਕੁਲ ਨਵਾਂ ਨਕੋਰ, ਬਿਨ੍ਹਾਂ ਇੱਕ ਵੀ ਭਾਨ ਦੇ, ਓਵਰਕੋਟ ਪਾਇਆ ਹੋਇਆ ਸੀ, ਸੋਗੀ ਅੰਦਾਜ਼ ਵਿੱਚ ਜਿਵੇਂ ਉੱਚੀ ਉੱਚੀ ਸੋਚਦਾ ਬੋਲਿਆ:
“ਕਿਵੇਂ ਵਧਦੇ ਆ ਰਹੇ ਨੇ, ਹਰਾਮੀ। ਦੇਖ, ਕਿਵੇਂ ਵਧਦੇ ਆ ਰਹੇ ਨੇ!”
ਧੌਲੀਆਂ ਮੁੱਛਾਂ ਵਾਲ਼ਾ ਇੱਕ ਉੱਚਾ-ਲੰਮਾ, ਪਤਲਾ ਜਿਹਾ ਰੇਲਵੇ ਮਜ਼ਦੂਰ, ਜਿਸਨੇ ਰੇਲਵੇ ਮਜ਼ਦੂਰ ਵਾਲੀ ਥਿੰਦੀ ਟੋਪੀ ਪਾਈ ਹੋਈ ਸੀ, ਸਿਪਾਹੀ ਵੱਲ ਘੂਰੀ ਵੱਟਦਾ ਦੇਖਣ ਲੱਗਾ ਤੇ ਬੋਲਿਆ:
“ਵਧਦੇ ਆ ਰਹੇ ਨੇਂ ? ਤੇ ਤੂੰ ਕਿਉਂ ਉਹਨਾਂ ਨੂੰ ਵਧਣ ਦੇਈ ਜਾ ਰਿਹੈਂ? ਉਹ ਵਧਣਗੇ ਹੀ ਜੇ ਤੂੰ ਉਹਦੇ ਕੋਲੋਂ ਪਿੱਛੇ ਹਟਦਾ ਜਾਏਂਗਾ ਤਾਂ ! ਸੋਹਣਾ ਲੜਾਕਾ ਏਂ ਤੂੰ ! ਦੇਖ ਜ਼ਰਾ ਉਹ ਕਿੱਥੇ ਆ ਗਏ ਨੇ ! ਐਨ ਵੋਲਗਾ ਤੱਕ!” ਉਸਦੀ ਅਵਾਜ਼ ਵਿੱਚ ਕਸ਼ਟ ਤੇ ਗਮ ਸੀ ਜਿਸ ਤਰ੍ਹਾਂ ਕਿਸੇ ਪਿਤਾ ਦੀ ਅਵਾਜ਼ ਵਿੱਚ ਹੁੰਦੀ ਹੈ, ਜਦੋਂ ਉਹ ਆਪਣੇ ਬੇਟੇ ਨੂੰ ਕੋਈ ਗੰਭੀਰ ਤੇ ਨਾ ਮੁਆਫ਼ੀਯੋਗ ਗੁਨਾਹ ਕਰਨ ਕਰਕੇ ਡਾਂਟ-ਡਪਟ ਕਰ ਰਿਹਾ ਹੋਵੇ।
ਸਿਪਾਹੀ ਨੇ ਗੁਨਾਹਗਾਰਾਂ ਵਾਂਗ ਆਸ-ਪਾਸ ਦੇਖਿਆ, ਤੇ ਆਪਣੇ ਨਵੇਂ-ਨਕੋਰ ਓਵਰਕੋਟ ਨੂੰ ਠੀਕ ਕਰਨ ਲਈ ਮੋਢੇ ਸੁੰਗੇੜਦਾ ਹੋਇਆ ਭੀੜ ਵਿੱਚੋਂ ਨਿੱਕਲਣ ਲਈ ਰਾਹ ਬਣਾਉਣ ਲੱਗਾ।
“ਹਾਂ, ਅਸੀਂ ਕਾਫ਼ੀ ਇਲਾਕਾ ਹਾਰ ਗਏ ਹਾਂ, “ਇੱਕ ਹੋਰ ਆਦਮੀ ਨੇ ਹਉਂਕਾ ਭਰਿਆ ਤੇ ਕੌੜ ਨਾਲ ਸਿਰ ਮਾਰਨ ਲੱਗਾ: “ਵੇ-ਖ!”
ਇੱਥੇ ਆ ਕੇ ਕੈਨਵਸ ਦਾ ਲੰਮਾਂ ਕੋਟ ਪਾਈ ਇੱਕ ਬਜ਼ੁਰਗ ਨੇ, ਜਿਹੜਾ ਪਿੰਡ ਦੇ ਸਕੂਲ ਦਾ ਅਧਿਆਪਕ ਸੀ ਜਾਂ ਪਿੰਡ ਦਾ ਡਾਕਟਰ ਸੀ, ਸਿਪਾਹੀ ਦੀ ਧਿਰ ਲਈ:
“ਉਸਨੂੰ ਕਾਹਦੇ ਲਈ ਭਲਾ ਬੁਰਾ ਕਹਿਣਾ ਹੋਇਆ?… ਉਹਦਾ ਕੀ ਕਸੂਰ ਹੈ? ਉਹ ਕੋਈ ਘੱਟ ਤਾਂ ਨਹੀਂ ਮਰ ਚੁੱਕੇ, ਹੁਣ ਤੱਕ ! ਕਿੰਨੀ ਵੱਡੀ ਤਾਕਤ ਸਾਡੇ ਖਿਲਾਫ਼ ਵਧਦੀ ਆ ਰਹੀ ਹੈ! ਸਾਰੇ ਦਾ ਸਾਰਾ ਯੂਰਪ-ਤੇ ਉਹ ਵੀ ਟੈਂਕਾਂ ਵਿੱਚ ! ਤੁਸੀਂ ਇੱਕੋ ਵਾਰੀ ਉਹਨਾਂ ਨੂੰ ਕਿਵੇਂ ਰੋਕ ਲਵੋਗੇ? ਜ਼ਰਾ ਕੁ ਸੋਚਣ ਦੀ ਲੋੜ ਹੈ, ਤੇ ਸਾਡਾ ਉਸ ਨੌਜਵਾਨ ਸਿਪਾਹੀ ਅੱਗੇ ਗੋਡਿਆਂ ਭਾਰ ਹੋ ਕੇ ਝੁਕਣਾ ਬਣਦਾ ਹੈ ਕਿ ਅਸੀਂ ਜਿਊਂਦੇ ਜਾਗਦੇ ਹਾਂ ਤੇ ਅਜ਼ਾਦੀ ਨਾਲ ਮਾਸਕੋ ਵਿੱਚ ਫਿਰ ਤੁਰ ਰਹੇ ਹਾਂ। ਕਿੰਨੇ ਦੇਸ਼ ਫਾਸਿਸਟਾਂ ਨੇ ਆਪਣੇ ਟੈਂਕਾਂ ਨਾਲ ਹਫਤੇ ਹਫਤੇ ਦੇ ਅੰਦਰ ਰੌਂਦ ਕੇ ਰੱਖ ਦਿੱਤੇ ਨੇ ! ਪਰ ਸਾਨੂੰ ਇੱਕ ਸਾਲ ਤੋਂ ਵਧ ਸਮਾਂ ਲੜਦਿਆਂ ਹੋ ਗਿਆ ਤੇ ਅਜੇ ਵੀ ਅਸੀਂ ਮੂੰਹ-ਤੋੜ ਜਵਾਬ ਦੇ ਰਹੇ ਹਾਂ-ਤੇ ਹੁਣ ਤੱਕ ਕਿੰਨਾਂ ਉਸਨੂੰ ਮਜ਼ਾ ਚਖਾ ਵੀ ਚੁੱਕੇ ਹਾਂ । ਉਸ, ਸਿਪਾਹੀ ਮੁੰਡੇ ਸਾਮ੍ਹਣੇ ਸਾਰੀ ਦੁਨੀਆਂ ਨੂੰ ਗੋਡਿਆਂ ਭਾਰ ਹੋਣਾ ਚਾਹੀਦਾ ਹੈ, ਤੇ ਤੁਸੀਂ ਕਹਿੰਦੇ ਹੋ ‘ਪਿੱਛੇ ਹਟਦਾ ਜਾਏਂਗਾ’।”
“ਹਾਂ, ਜਾਣਦਾਂ, ਜਾਣਦਾਂ, ਰੱਬ ਦੇ ਵਾਸਤੇ, ਮੇਰੇ ਸਾਮ੍ਹਣੇ ਪ੍ਰਚਾਰ ਨਾ ਕਰ ! ਠੀਕ ਏ ਸਿਰ ਤਾਂ ਸਮਝਦੈਂ, ਪਰ ਦਿਲ ਤਾਂ ਦੁਖਦੈ ਨਾ, ਰੂਹ ਤਾਂ ਫ਼ਟਦੀ ਏ !” ਰੇਲਵੇ ਮਜ਼ਦੂਰ ਨੇ ਦੁੱਖ ਮਹਿਸੂਸ ਕਰਦਿਆਂ ਕਿਹਾ। “ਆਖ਼ਰ ਜਰਮਨ ਸਾਡੀ ਜ਼ਮੀਨ ਲਿਤਾੜ ਰਹੇ ਨੇ, ਸਾਡੇ ਘਰਾਂ ਨੂੰ ਤਬਾਅ ਕਰ ਰਹੇ ਨੇ।”
“ਉਹ ਔਥੇ ਹੈ ?” ਅਨਿਊਤਾ ਨੇ ਨਕਸ਼ੇ ਦੇ ਦੱਖਣੀ ਹਿੱਸੇ ਵੱਲ ਇਸ਼ਾਰਾ ਕਰਦਿਆਂ ਪੁੱਛਿਆ।
“ਹਾਂ ਔਥੇ। ਤੇ ਮੇਰੀ ਔਥੇ ਹੈ,” ਅਲੈਕਸੇਈ ਨੇ ਜਵਾਬ ਦਿੱਤਾ।
ਵੋਲਗਾ ਦੀ ਨੀਲੀ ਹੁੱਕ ਦੇ ਬਿਲਕੁਲ ਉੱਪਰ, ਸਤਾਲਿਨਗਰਾਦ ਦੇ ਉੱਪਰ ਕਰਕੇ, ਉਸਨੇ ਇੱਕ ਬਿੰਦੀ ਦੇਖੀ ਜਿਸ ਉਥੇ ਲਿਖਿਆ ਹੋਇਆ ਸੀ – “ਕਾਮੀਸ਼ਿਨ ।” ਉਸ ਲਈ ਇਹ ਨਕਸ਼ੇ ਉੱਪਰ ਨਿਰੀ ਇੱਕ ਬਿੰਦੀ ਨਹੀਂ ਸੀ। ਉਸ ਦੇ ਸਾਮ੍ਹਣੇ ਇੱਕ ਨਿੱਕਾ ਜਿਹਾ ਕਸਬਾ ਆ ਗਿਆ, ਘਾਹ ਵਾਲੀਆਂ ਉਪਨਗਰੀ ਗਲੀਆਂ, ਸਰ-ਸਰ ਕਰਦੇ, ਚਮਕਦੇ, ਧੂੜ-ਭਰੇ ਪੱਤਿਆਂ ਵਾਲੇ ਪੋਪਲਰ ਦੇ ਦਰਖਤ, ਤੀਲ੍ਹਿਆਂ ਦੀਆਂ ਵਾੜਾਂ ਵਾਲੀਆਂ ਸਬਜ਼ੀਆਂ ਦੀਆਂ ਕਿਆਰੀਆਂ ਤੋਂ ਆਉਂਦੀ ਧੂੜ, ਸੋਇਆ ਤੇ ਅਜਮੋਦ ਦੀ ਵਾਸ਼ਨਾ, ਗੋਲ ਧਾਰੀਦਾਰ ਤਰਬੂਜ਼ ਜਿਹੜੇ ਇੰਝ ਲੱਗਦੇ ਸਨ ਕਿ ਉਹਨਾਂ ਨੂੰ ਸੁੱਕੇ ਪੱਤਿਆਂ ਵਿਚਕਾਰ ਕਾਲੀ ਤੇ ਸੁੱਕੀ ਮਿੱਟੀ ਵਾਲ਼ੇ ਖੇਤ ਵਿੱਚ ਖਿਲਾਰ ਦਿੱਤਾ ਗਿਆ ਹੋਵੇ, ਚੁਰਾਇਤੇ ਦੀ ਤਿੱਖੀ ਵਾਸ਼ਨਾ ਨਾਲ ਭਰੀ ਸਤੇਪੀ ਦੀ ਹਵਾ, ਦਰਿਆ ਦੀ ਅਕਹਿ ਤੌਰ ਉੱਤੇ ਚਮਕੀਲੀ ਚੁੜਿੱਤਣ, ਮਟਕਦਾਰ, ਭੂਰੀਆਂ ਅੱਖਾਂ ਵਾਲੀ, ਧੁੱਪ-ਸੰਵਲਾਈ ਕੁੜੀ, ਤੇ ਉਸਦੀ ਮਾਂ, ਧੌਲੇ ਸਿਰ ਵਾਲੀ ਤੇ ਦੌੜ ਭੱਜ ਕਰਨ ਵਾਲ਼ੀ ਬੇਵੱਸ ਇਸਤਰੀ…
“ਤਾਂ ਉਹ ਦੋਵੇਂ ਉਥੇ ਨੇ,” ਕੁੜੀ ਨੇ ਇੱਕ ਵਾਰੀ ਫਿਰ ਕਿਹਾ।
2
ਮਾਸਕੋ ਦੇ ਉਪਨਗਰੀ ਇਲਾਕੇ ਵਿੱਚੋਂ ਦੀ ਬਿਜਲੀ ਦੀ ਗੱਡੀ ਤੇਜ਼ ਤੇਜ਼ ਦੌੜਦੀ ਜਾ ਰਹੀ ਸੀ; ਇਸਦੇ ਪਹੀਏ ਕੋਈ ਖੁਸ਼ੀ ਭਰੀ ਧੁਨ ਖੜ-ਖੜਾ ਰਹੇ ਸਨ ਤੇ ਇਸਦੀ ਸੀਟੀ ਗੁੱਸੇ ਨਾਲ ਵੱਜ ਰਹੀ ਸੀ । ਮਰੇਸੇਯੇਵ ਬਾਰੀ ਦੇ ਨੇੜੇ ਬੈਠਾ ਸੀ । ਇੱਕ ਸਫਾ-ਚੱਟ ਮੂੰਹ ਵਾਲੇ ਬੁੱਢੇ ਨੇ ਉਸਨੂੰ ਕੰਧ ਨਾਲ ਲਾ ਦਿੱਤਾ ਸੀ; ਬੁੱਢੇ ਨੇ ਗੋਰਕੀ ਵਰਗਾ ਚੌੜੇ ਕਿਨਾਰਿਆਂ ਵਾਲ਼ਾ ਟੋਪ, ਕਾਲੇ ਧਾਗੇ ਨਾਲ ਬੱਝੀ ਸੁਨਹਿਰੀ ਫਰੇਮਵਾਲੀ ਕਮਾਨੀਦਾਰ ਐਨਕ ਪਾਈ ਹੋਈ ਸੀ । ਆਪਣੇ ਗੋਡਿਆਂ ਵਿਚਕਾਰ ਉਸਨੇ ਖੁਰਪਾ, ਤੰਗਲ ਤੇ ਬੇਲਚਾ ਟਿਕਾਇਆ ਹੋਇਆ ਸੀ, ਜਿਨ੍ਹਾਂ ਨੂੰ ਉਸਨੇ ਬੜੇ ਧਿਆਨ ਨਾਲ ਅਖ਼ਬਾਰ ਵਿੱਚ ਲਪੇਟਿਆਂ ਤੇ ਰੱਸੀ ਨਾਲ ਬੰਨ੍ਹਿਆ ਹੋਇਆ ਸੀ । ਉਹਨਾਂ ਮੁਸ਼ਕਲ ਸਾਲਾਂ ਵਿੱਚ ਹਰ ਕਿਸੇ ਵਾਂਗ, ਬੁੱਢਾ ਵੀ ਸਿਰਫ ਜੰਗ ਬਾਰੇ ਸੋਚ ਰਿਹਾ ਸੀ । ਉਸਨੇ ਆਪਣਾ ਪਤਲਾ ਜਿਹਾ ਹੱਥ ਮਰੇਸੇਯੇਵ ਦੇ ਨੱਕ ਦੇ ਸਾਹਮਣੇ ਕਰਕੇ ਜ਼ੋਰ ਜ਼ੋਰ ਦੀ ਹਿਲਾਇਆ ਤੇ ਬੜੇ ਮਹੱਤਵਪੂਰਨ ਅੰਦਾਜ਼ ਵਿੱਚ ਉਸਦੇ ਕੰਨ ਵਿੱਚ ਕਹਿਣ ਲੱਗਾ: “ਤੁਸੀਂ ਇਹ ਨਾ ਦੇਖੋ ਕਿ ਮੈਂ ਫ਼ੌਜੀ ਨਹੀਂ, ਇਸ ਲਈ ਮੈਂ ਨਹੀਂ ਸਮਝਦਾ। ਮੈਂ ਬੜੀ ਚੰਗੀ ਤਰ੍ਹਾਂ ਸਮਝਦਾ ਹਾਂ ਸਾਡਾ ਪਲਾਨ । ਇਹ ਪਲਾਨ ਇਹ ਹੈ ਕਿ ਦੁਸ਼ਮਣ ਨੂੰ ਵੋਲਗਾ ਦੀਆਂ ਸਤੇਪੀਜ਼ ਵਿੱਚ ਖਿਚ ਕੇ ਲਿਆਂਦਾ ਜਾਏ, ਤੇ ਉਸਨੂੰ ਆਪਣੀਆਂ ਸੰਚਾਰ ਦੀਆਂ ਲਾਈਨਾਂ ਫੈਲਾਉਣ ਦਿੱਤੀਆਂ ਜਾਣ, ਉਸਦਾ ਆਪਣੇ ਬੇਸ ਨਾਲ ਸਬੰਧ ਤੋੜਿਆ ਜਾਏ, ਜਿਵੇਂ ਕਿ ਅੱਜ ਕੱਲ੍ਹ ਕਹਿੰਦੇ ਹਨ, ਤੇ ਫਿਰ ਉਥੋਂ, ਪੱਛਮ ਵੱਲੋਂ ਤੇ ਉੱਤਰ ਵੱਲੋਂ, ਉਸਦੀਆਂ ਸੰਚਾਰ ਲਾਈਨਾਂ ਕੱਟੀਆਂ ਜਾਣ ਤੇ ਉਸਨੂੰ ਤਬਾਹ ਕੀਤਾ ਜਾਏ । ਹਾਂ! ਤੇ ਇਹ ਬਹੁਤ ਸਿਆਣਾ ਪਲਾਨ ਹੈ। ਸਾਡੇ ਖਿਲਾਫ ਸਿਰਫ਼ ਹਿਟਲਰ ਹੀ ਤਾਂ ਨਹੀਂ। ਉਸ ਸਾਰੇ ਯੂਰਪ ਨੂੰ ਹੱਕ ਕੇ ਸਾਡੇ ਉੱਤੇ ਚੜ੍ਹਾ ਰਿਹਾ ਹੈ । ਅਸੀਂ ਛੇ ਦੇਸ਼ਾਂ ਨਾਲ ਇਕੱਲੇ ਲੜ ਰਹੇ ਹਾਂ। ਇਕੱਲੇ! ਵਿੱਥ ਦੇ ਕੇ ਉਸਦੇ ਵਾਰ ਨੂੰ ਕਮਜ਼ੋਰ ਕਰਨਾ ਜ਼ਰੂਰੀ ਏ । ਇਹ ਇੱਕੋ ਇੱਕ ਸਿਆਣਾ ਤਰੀਕਾ ਹੈ। ਆਖ਼ਰ, ਗੱਲ ਤਾਂ ਇਹ ਹੈ ਕਿ ਸਾਡੇ ਇਤਿਹਾਦੀ ਮਸ਼ਟ ਮਾਰੀ ਬੈਠੇ ਹਨ… ਹੈ ਨਾ? ਤੁਹਾਡਾ ਕੀ ਖਿਆਲ ਹੈ ?”
“ਮੇਰਾ ਖਿਆਲ ਕਿ ਤੁਸੀਂ ਫਜ਼ੂਲ ਗੱਲਾਂ ਕਰ ਰਹੇ ਹੋ। ਸਾਡੀ ਧਰਤੀ ਬਹੁਤ ਕੀਮਤੀ ਚੀਜ਼ ਹੈ, ਇਸਨੂੰ ਵਾਰ ਦਾ ਅਸਰ ਕਮਜ਼ੋਰ ਕਰਨ ਦੇ ਸਾਧਨ ਵਜੋਂ ਨਹੀਂ ਵਰਤਿਆ ਜਾ ਸਕਦਾ,” ਮਰੇਸੇਯੇਵ ਨੇ ਇੱਕਦਮ ਉਸ ਉਜੜੇ ਹੋਏ, ਸੜ ਕੇ ਤਬਾਅ ਹੋਏ ਪਿੰਡ ਨੂੰ ਯਾਦ ਕਰਦਿਆਂ, ਜਿਸ ਦੇ ਵਿੱਚੋਂ ਦੀ ਉਹ ਸਰਦੀਆਂ ਵਿੱਚ ਲੰਘਿਆ ਸੀ, ਗੈਰ-ਦੋਸਤਾਨਾ ਅੰਦਾਜ਼ ਵਿੱਚ ਕਿਹਾ।
ਪਰ ਬੁੱਢਾ ਮਰੇਸੇਯੇਵ ਦੇ ਕੰਨਾਂ ਵਿੱਚ ਭਿਣਭਿਣਾਉਂਦਾ ਰਿਹਾ। ਉਸਦੇ ਮੂੰਹ ਵਿੱਚੋਂ ਤਮਾਕੂ ਤੇ ਜੌਆਂ ਦੀ ਕਾਫ਼ੀ ਬੋਅ ਆ ਰਹੀ ਸੀ ।
ਅਲੈਕਸੇਈ ਨੇ ਆਪਣਾ ਸਿਰ ਬਾਰੀ ਤੋਂ ਬਾਹਰ ਕੱਢਿਆਂ। ਆਪਣਾ ਮੂੰਹ ਨਿੱਘੀ, ਧੂੜ-ਭਰੀ ਹਵਾ ਵੱਲ ਕਰਦਿਆਂ, ਉਹ ਬੜੀ ਸਿੱਕਦੀ ਨਜ਼ਰ ਨਾਲ ਲੰਘਦੇ ਜਾ ਰਹੇ ਸਟੇਸ਼ਨਾਂ ਵੱਲ ਦੇਖਣ ਲੱਗਾ, ਜਿਨ੍ਹਾਂ ਦੀਆਂ ਹਰੀਆਂ ਵਾੜਾਂ ਦੇ ਰੰਗ ਉੱਡ ਚੁੱਕੇ ਸਨ, ਜਿਨ੍ਹਾਂ ਦੇ ਸ਼ੋਖ ਰੰਗਾਂ ਵਾਲੇ ਸਟਾਲਾਂ ਨੂੰ ਫੱਟੇ ਲਾ ਕੇ ਬੰਦ ਕੀਤਾ ਹੋਇਆ ਸੀ; ਹਰੇ ਜੰਗਲਾਂ ਦੇ ਵਿੱਚੋਂ ਝਾਕਦੇ ਨਿੱਕੇ ਨਿੱਕੇ ਘਰਾਂ ਵੱਲ, ਹੁਣ ਸੁੱਕ ਚੁੱਕੀਆਂ ਨਦੀਆਂ ਦੇ ਸਬਜ਼ ਕੰਢਿਆਂ ਵੱਲ, ਡੁੱਬਦੇ ਸੂਰਜ ਦੇ ਚਾਨਣ ਵਿੱਚ ਅੰਬਰ ਵਾਂਗ ਲਿਸ਼ਕਦੇ ਦਿਆਰ ਦੇ ਦਰਖਤਾਂ ਦੇ ਮੋਤਬੱਤੀ ਵਰਗੇ ਤਣਿਆਂ ਵੱਲ ਜੰਗਲ ਤੋਂ ਪਰ੍ਹੇ ਡੁਬਦੇ ਸੂਰਜ ਦੇ ਚਾਨਣ ਵਿੱਚ ਫੈਲੀ ਹੋਈ ਨੀਲੀ ਵਿਸ਼ਾਲਤਾ ਵੱਲ ਦੇਖਣ ਲੱਗਾ।
“ ਨਹੀਂ, ਤੁਸੀਂ ਫ਼ੌਜੀ ਆਦਮੀ ਹੋ, ਤੁਸੀਂ ਦੱਸੋ: ਇਹ ਠੀਕ ਹੈ ? ਸਾਲ ਤੋਂ ਵਧ ਸਮਾਂ ਹੋ ਗਿਐ ਸਾਨੂੰ ਫਾਸੀਵਾਦ ਨਾਲ ਇਕੱਲਿਆਂ ਹੀ ਦੋ ਹੱਥ ਹੁੰਦਿਆਂ, ਹੈ ਨਾ? ਪਰ ਇਤਿਹਾਦੀ ਕਿੱਥੇ ਨੇ, ਤੇ ਦੂਜਾ ਮਹਾਜ਼ ਕਿੱਥੇ ਹੈ ? ਜ਼ਰਾ ਤੁਸੀਂ ਆਪਣੇ ਦਿਮਾਗ਼ ਵਿੱਚ ਇਹ ਤਸਵੀਰ ਲਿਆਉਣ ਦੀ ਕੋਸ਼ਿਸ਼ ਕਰੋ: ਡਾਕੂ ਇੱਕ ਆਦਮੀ ਉੱਤੇ ਟੁੱਟ ਪੈਂਦੇ ਨੇ, ਜਿਹੜਾ ਖੂਨ- ਪਸੀਨਾ ਇੱਕ ਕਰਕੇ ਮਿਹਨਤ ਕਰ ਰਿਹਾ ਸੀ, ਤੇ ਉਸਨੂੰ ਇਸਦਾ ਖਿਆਲ ਤੱਕ ਵੀ ਨਹੀਂ ਸੀ। ਪਰ ਇਹ ਆਦਮੀ ਘਬਰਾਉਂਦਾ ਨਹੀਂ; ਉਹ ਉਹਨਾਂ ਦੇ ਘੇਰੇ ਵਿੱਚ ਆਇਆ ਉਹਨਾਂ ਨਾਲ ਗੁੱਥਮ-ਗੁੱਥਾ ਹੋ ਜਾਂਦਾ ਹੈ । ਉਹ ਲਹੂ-ਲੁਹਾਣ ਹੋ ਜਾਂਦਾ ਹੈ, ਪਰ ਜਿਹੜਾ ਵੀ ਕੋਈ ਹਥਿਆਰ ਹੱਥ ਆਉਂਦਾ ਹੈ, ਉਸੇ ਨਾਲ ਉਹ ਲੜਦਾ ਰਹਿੰਦਾ ਹੈ । ਕਈਆਂ ਦੇ ਮੁਕਾਬਲੇ ਤੇ ਇੱਕਲਾ; ਉਹ ਹਥਿਆਰਬੰਦ ਹਨ, ਤੇ ਕਿੰਨੇਂ ਸਮੇਂ ਤੋਂ ਉਸ ਉਪਰ ਟੁੱਟ ਪੈਣ ਦੀ ਤਾੜ ਵਿੱਚ ਰਹੇ ਹਨ, ਹਾਂ! ਤੇ ਉਸਦੇ ਗੁਆਂਢੀ ਲੜਾਈ ਦੇਖਦੇ ਹਨ । ਆਪਣੀਆਂ ਆਪਣੀਆਂ ਬਰੂਹਾਂ ਵਿੱਚ ਖੜੇ ਉਹ ਉਸ ਨਾਲ ਹਮਦਰਦੀ ਜ਼ਾਹਰ ਕਰਦੇ ਹਨ, ਉਸਨੂੰ ਹੱਲਾਸ਼ੇਰੀ ਦੇਂਦੇ ਹਨ ਤੇ ਕਹਿੰਦੇ ਹਨ: ਹਾਂ, ਇਸ ਤਰ੍ਹਾਂ ! ਸ਼ਾਬਾਸ਼ ਬਈ, ਸ਼ਾਬਾਸ਼! ਇਹਨਾਂ ਧਾੜਵੀਆਂ ਨਾਲ ਇੰਝ ਹੀ ਕਰਨੀ ਚਾਹੀਦੀ ਹੈ! ਮਾਰ ਇਹਨਾਂ ਨੂੰ, ਹੋਰ ਮਾਰ! ਤੇ ਬਜਾਏ ਇਸਦੇ ਕਿ ਡਾਕੂਆਂ ਨੂੰ ਨਠਾਉਣ ਵਿੱਚ ਉਸਦੀ ਕੋਈ ਸਹਾਇਤਾ ਕਰਨ, ਉਹ ਉਸ ਵੱਲ ਸੋਟੇ ਤੇ ਪੱਥਰ ਸੁੱਟਦੇ ਹਨ: ‘ਆਹ ਲੈ, ਇਹਨਾਂ ਨਾਲ ਮਾਰ, ਹੋਰ ਜ਼ੋਰ ਦੀ!’ ਪਰ ਆਪ ਉਹ ਲਾਂਭੇ ਰਹਿੰਦੇ ਨੇ। ਹਾਂ। ਬਿਲਕੁਲ ਇਸੇ ਤਰ੍ਹਾਂ ਕਰ ਰਹੇ ਨੇ ਉਹ ਇਸ ਵੇਲੇ, ਸਾਡੇ ਇਤਿਹਾਦੀ। ਮੁਸਾਫ਼ਰ”
ਮਰੇਸੇਯੇਵ ਨੇ ਭੌਂ ਕੇ ਦਿਲਚਸਪੀ ਨਾਲ਼ ਬੁੱਢੇ ਵੱਲ ਦੇਖਿਆ। ਡੱਬੇ ਵਿੱਚ ਭੀੜ ਸੀ, ਤੇ ਕਈ ਹੋਰ ਸਵਾਰੀਆਂ ਉਹਨਾਂ ਵੱਲ ਦੇਖ ਰਹੀਆਂ ਹਨ, ਤੇ ਸਭ ਪਾਸਿਆਂ ਵੱਲੋਂ ਇਹੀ ਅਵਾਜ਼ਾਂ ਸੁਣਾਈ ਦੇਣ ਲੱਗੀਆਂ:
“ਬਿਲਕੁਲ ਠੀਕ ਹੈ। ਇਕੱਲੇ ਹੀ ਅਸੀਂ ਲੜੀ ਜਾ ਰਹੇ ਹਾਂ। ਕਿੱਥੇ ਹੈ ਉਹ ਦੂਜਾ ਮਹਾਜ਼ ?”
“ਕੋਈ ਗੱਲ ਨਹੀਂ। ਰੱਬ ਨੇ ਚਾਹਿਆਂ ਤਾਂ ਇਕੱਲੇ ਹੀ ਅਸੀਂ ਸਿੱਝ ਲਵਾਂਗੇ। ਤੇ ਉਹ ਦੂਜੇ ਮਹਾਜ਼ ਵਾਲ਼ੇ ਆ ਜਾਣਗੇ ਫਿਰ ਚਾਹ ਪਾਣੀ ਵੇਲੇ ।”
ਗੱਡੀ ਜ਼ਰਾ ਕੁ ਕਿਸੇ ਪਲੇਟਫਾਰਮ ਉੱਤੇ ਰੁਕੀ। ਕਈ ਜ਼ਖਮੀ ਆਦਮੀ ਪਜ਼ਾਮੇ ਪਾਈ, ਕੁਝ ਭੌੜੀਆਂ ਨਾਲ਼ ਤੇ ਕੁਝ ਸੋਟੀਆਂ ਫੜੀ, ਡੱਬੇ ਵਿੱਚ ਚੜ੍ਹ ਆਏ। ਉਹਨਾਂ ਸਾਰਿਆਂ ਦੇ ਹੱਥਾਂ ਵਿਚ ਸੂਰਜਮੁਖੀ ਦੇ ਬੀਆਂ ਦੇ ਜਾਂ ਬੇਰੀਆਂ ਦੇ ਭਰੇ ਹੋਏ ਲਿਫ਼ਾਫ਼ੇ ਸਨ। ਉਹ ਜ਼ਰੂਰ ਸੈਨੇਟੋਰੀਅਮ ਤੋਂ ਇਥੇ ਲਗਦੀ ਮੰਡੀ ਵਿੱਚ ਆਏ ਹੋਣਗੇ । ਕਮਾਨੀਦਰ ਐਨਕ ਵਾਲਾ ਬੁੱਢਾ ਇੱਕਦਮ ਭੁੜਕ ਕੇ ਉਠ ਖਲੋਤਾ, ਤੇ ਇੱਕ ਤਰ੍ਹਾਂ ਨਾਲ ਜ਼ਬਰਦਸਤੀ ਕਰਦਿਆਂ, ਭੌੜੀਆਂ ਵਾਲੇ ਇੱਕ ਲਾਲ ਵਾਲਾਂ ਵਾਲੇ ਮੁੰਡੇ ਨੂੰ ਜਿਸਦੀ ਲੱਤ ਬੱਝੀ ਹੋਈ ਸੀ, ਧੱਕ ਕੇ ਆਪਣੀ ਥਾਂ ਬਿਠਾ ਦਿੱਤਾ।
“ਇੱਥੇ ਬਹਿ ਜਾਹ, ਬੱਚਿਆ, ਇਥੇ ਬਹਿ ਜਾਹ । ਕੋਈ ਨਹੀਂ, ਕੋਈ ਨਹੀਂ, ਬਹਿ ਜਾਹ, ਮੇਰਾ ਨਾ ਫ਼ਿਕਰ ਕਰ, ਮੈਂ ਹੁਣੇ ਉੱਤਰ ਜਾਣੈ।”
ਇਹ ਸਿੱਧ ਕਰਨ ਲਈ ਕਿ ਉਹ ਸੱਚ ਬੋਲ ਰਿਹੈ, ਬੁੱਢੇ ਨੇ ਆਪਣੇ ਔਜ਼ਾਰ ਚੁੱਕੇ ਤੇ ਬੂਹੇ ਵੱਲ ਨੂੰ ਜ਼ਰਾ ਕੁ ਹੋ ਗਿਆ । ਜ਼ਖਮੀ ਆਦਮੀਆਂ ਲਈ ਥਾਂ ਬਨਾਉਣ ਵਾਸਤੇ ਗਵਾਲਣਾਂ ਜ਼ਰਾ ਜ਼ਰਾ ਸੁੰਗੜ ਕੇ ਬੈਠ ਗਈਆਂ । ਅਲੈਕਸੇਈ ਨੂੰ ਆਪਣੇ ਪਿਛਲੇ ਪਾਸੇ ਗੁੱਸੇ ਹੁੰਦੀ ਕੋਈ ਜ਼ਨਾਨਾ ਅਵਾਜ਼ ਸੁਣਾਈ ਦਿੱਤੀ:
“ਤੇ ਇਸ ਬੰਦੇ ਨੂੰ ਸ਼ਰਮ ਨਹੀਂ ਆਉਂਦੀ। ਕੋਲ ਜ਼ਖਮੀ ਫ਼ੌਜੀ ਖੜਾ ਏ, ਧੱਕੇ ਖਾ ਰਿਹਾ ਤੇ ਭੀੜ ਵਿੱਚ ਕੁਚਲਿਆ ਜਾ ਰਿਹਾ, ਤੇ ਉਹ, ਨੌ-ਬਰ-ਨੌਂ, ਪਥਲਾ ਮਾਰੀ ਬੈਠੇ ਜਿਵੇਂ ਕੱਲ ਨੂੰ ਇਹਨੂੰ ਤਾਂ ਕਦੀ ਗੋਲ਼ੀ ਛੂਹਣੀ ਹੀ ਨਹੀਂ। ਕਹਿਣ ਨੂੰ ਅਫ਼ਸਰ ਏ, ਵਾਯੂ ਸੈਨਾ ਦਾ !”
ਅਲੈਕਸੇਈ ਇਸ ਝਾੜ ਦਾ ਬਿਲਕੁਲ ਹੱਕਦਾਰ ਨਹੀਂ ਸੀ; ਉਸਦਾ ਮੂੰਹ ਲਾਲ ਹੋ ਗਿਆ ਤੇ ਨਾਸਾਂ ਗੁੱਸੇ ਨਾਲ ਫ਼ਰਕਣ ਲੱਗ ਪਈਆਂ ਪਰ ਇੱਕਦਮ ਉਹ ਦਗਦੇ ਮੂੰਹ
ਨਾਲ ਉਥੋਂ ਉੱਠ ਖੜੋਤਾ:
“ਬੈਠ ਜਾਹ, ਭਰਾ।”
ਜ਼ਖਮੀ ਘਬਰਾਹਟ ਵਿੱਚ ਪਿੱਛੇ ਹੋ ਗਿਆ:
“ਕੀ ਕਰਦੇ ਹੋ, ਸਾਥੀ ਸੀਨੀਅਰ ਲੈਫ਼ਟੀਨੈਂਟ ! ਤੁਸੀਂ ਕਸ਼ਟ ਨਾ ਕਰੋ, ਮੈਂ ਜਰਾ ਖੜਾ ਹੋ ਲਵਾਂਗਾ, ਬਹੁਤੀ ਦੂਰ ਨਹੀਂ ਜਾਣਾ, ਬੱਸ ਦੋ ਸਟੇਸ਼ਨ ਹੋਰ ਨੇ।”
“ਬੈਠ ਜਾਹ, ਮੈਂ ਤੈਨੂੰ ਕਿਹਾ! ” ਉਹ ਹਾਲਤ ਦੇ ਮਜ਼ਾਜ਼ ਨੂੰ ਮਹਿਸੂਸ ਕਰਦਾ ਰੋਅਬ ਦਾ ਦਿਖਾਵਾ ਕਰਦਾ ਬੋਲਿਆ ।
ਉਹ ਡੱਬੇ ਦੀ ਕੰਧ ਨਾਲ ਜਾ ਲੱਗਾ, ਦੋਹਾ ਹੱਥਾਂ ਨਾਲ ਆਪਣੀ ਸੋਟੀ ਉੱਪਰ ਝੁਕਿਆ ਤੇ ਮੁਸਕਾਉਂਦਾ ਹੋਇਆ ਉਥੇ ਖੜਾ ਰਿਹਾ । ਪ੍ਰਤੱਖ ਤੌਰ ਉੱਤੇ, ਜਿਸ ਡੱਬੀਦਾਰ ਰੁਮਾਲ ਵਾਲੀ ਬੁੱਢੀ ਨੇ ਅਲੈਕਸੇਈ ਨੂੰ ਝਾੜ ਪਾਈ ਸੀ, ਉਹ ਸਮਝ ਗਈ ਕਿ ਉਸਨੇ ਗ਼ਲਤੀ ਕੀਤੀ ਸੀ, ਕਿਉਂਕਿ ਉਸਦੀ ਝਾੜਾਂ ਪਾਉਂਦੀ ਅਵਾਜ਼ ਫਿਰ ਸੁਣਾਈ ਦਿੱਤੀ:
“ਕਿਆ ਲੋਕ ਨੇ!… ਵੇ ਨੇੜੇ ਦਾ ਕੋਈ ਸੋਟੀਵਾਲੇ ਅਫ਼ਸਰ ਨੂੰ ਆਪਣੀ ਥਾਂ ਨਹੀਂ ਦੇ ਸਕਦਾ । ਸ਼ਰਮ ਨਹੀਂ ਆਉਂਦੀ ਇਹਨਾਂ ਨੂੰ । ਨੀ ਤੂੰ, ਟੋਪ ਵਾਲੀਏ ! ਜੰਗ ਛਿੜੀ ਹੋਊ ਕਿਸੇ ਲਈ ਤੈਨੂੰ ਕੀ, ਬੈਠੀ ਰਹੁ, ਲਾਟ ਸਾਹਬਣੀ, ਪਥੱਲਾ ਮਾਰ ਕੇ । ਸਾਥੀ ਕਮਾਂਡਰ, ਤੁਸੀਂ ਇੱਥੇ ਆ ਜਾਓ, ਮੇਰੀ ਥਾਂ। ਤੁਸੀਂ ਸਾਰੇ ਰੱਬ ਦੇ ਵਾਸਤੇ, ਉਸਨੂੰ ਲੰਘਣ ਦਿਓ!’
ਅਲੈਕਸੇਈ ਨੇ ਇੰਝ ਜ਼ਾਹਰ ਕੀਤਾ ਜਿਸ ਤਰ੍ਹਾਂ ਉਸਨੇ ਸੁਣਿਆ ਨਾ ਹੋਵੇ, ਉਸਨੇ ਜਿਹੜੀ ਖੁਸ਼ੀ ਮਹਿਸੂਸ ਕੀਤੀ ਸੀ, ਉਹ ਲੰਘ ਚੁੱਕੀ ਸੀ । ਇੱਥੇ ਆ ਕੇ, ਕੰਡਕਟਰ ਕੁੜੀ ਨੇ ਸਟੇਸ਼ਨ ਦਾ ਨਾਂ ਲਿਆ, ਜਿਥੇ ਉਸਨੇ ਉਤਰਨਾ ਸੀ, ਤੇ ਗੱਡੀ ਹੌਲ਼ੀ ਹੁੰਦੀ ਹੁੰਦੀ ਖੜੋ ਗਈ। ਭੀੜ ਦੇ ਵਿੱਚੋਂ ਦੀ ਦਰਵਾਜ਼ੇ ਵੱਲ ਆਪਣਾ ਰਾਹ ਬਣਾਉਂਦਾ ਹੋਇਆ ਉਹ ਕਮਾਨੀਦਾਰ ਐਨਕ ਵਾਲ਼ੇ ਬੁੱਢੇ ਤੱਕ ਆ ਪੁੱਜਾ । ਬੁੱਢੇ ਨੇ ਉਸਨੂੰ ਦੇਖ ਕੇ ਸਿਰ ਹਿਲਾਇਆ ਜਿਵੇਂ ਪੁਰਾਣੇ ਜਾਣੂ ਨੂੰ ਦੇਖ ਕੇ ਹਿਲਾਈਦਾ ਹੈ, ਤੇ ਹੌਲ਼ੀ ਜਿਹੀ ਅਵਾਜ਼ ਵਿੱਚ ਪੁੱਛਣ ਲੱਗਾ:
“ਫਿਰ, ਕੀ ਖਿਆਲ ਹੈ, ਉਹ ਦੂਜਾ ਮਹਾਜ਼ ਖੋਲਣਗੇ ਜਾਂ ਨਹੀਂ ?”
“ਜੇ ਨਹੀਂ ਖੋਲਣਗੇ, ਤਾਂ ਨਾ ਸਹੀ, ਅਸੀਂ ਆਪੇ ਨਬੇੜ ਲਵਾਂਗੇ,” ਅਲੈਕਸੇਈ ਲੱਕੜੀ ਦੇ ਬਣੇ ਪਲੇਟਫਾਰਮ ਉੱਤੇ ਪੈਰ ਧਰਦਾ ਬੋਲਿਆ ।
ਪੀਂਹਦੇ ਪਹੀਆਂ ਨਾਲ ਤੇ ਉੱਚੀ ਉੱਚੀ ਸੀਟੀ ਵਜਾਉਂਦੀ ਗੱਡੀ ਮੋੜ ਕੱਟ ਕੇ ਅੱਖੋਂ ਉਹਲੇ ਹੋ ਗਈ ਤੇ ਆਪਣੇ ਮਗਰ ਧੂੰਏ ਦੀ ਇੱਕ ਪਤਲੀ ਜਿਹੀ ਪੈੜ ਛੱਡ ਗਈ । ਪਲੇਟਫਾਰਮ ਨੂੰ, ਜਿਸ ਉੱਤੇ ਮਸਾਂ ਥੋਹੜੀਆਂ ਜਿਹੀਆਂ ਸਵਾਰੀਆਂ ਰਹਿ ਗਈਆਂ ਸਨ, ਇੱਕਦਮ ਸੰਧਿਆ ਦੀ ਸੁਗੰਧਿਤ ਸ਼ਾਂਤੀ ਨੇ ਆਪਣੀ ਲਪੇਟ ਵਿੱਚ ਲੈ ਲਿਆ । ਜੰਗ ਤੋਂ ਪਹਿਲਾਂ ਇਹ ਜ਼ਰੂਰ ਬੜੀ ਸੋਹਣੀ ਸ਼ਾਂਤ ਥਾਂ ਹੁੰਦੀ ਹੋਵੇਗੀ । ਦਿਆਰ ਦੇ ਜੰਗਲ ਦੇ ਸਟੇਸ਼ਨ ਨੂੰ ਘੁੱਟ ਕੇ ਆਪਣੀ ਗਲਵਕੜੀ ਵਿੱਚ ਲਿਆ ਹੋਇਆ ਸੀ, ਤੇ ਦਿਆਰ ਦੇ ਦਰੱਖਤਾਂ ਦੀਆਂ ਟੀਸੀਆਂ ਬੜੇ ਸਕੂਨ ਦੇਂਦੇ ਢੰਗ ਨਾਲ ਸਰਸਰਾ ਰਹੀਆਂ ਸਨ । ਬੇਸ਼ੱਕ, ਦੋ ਸਾਲ ਪਹਿਲਾਂ, ਇਹੋ ਜਿਹੀਆਂ ਸੁਹਾਉਂਣੀਆਂ ਸ਼ਾਮਾਂ ਨੂੰ, ਲੋਕਾਂ ਦੇ ਝੁੰਡ-ਹਲਕੀਆਂ ਹੁਨਾਲੀ ਫ਼ਰਾਕਾਂ ਪਾਈ ਔਰਤਾਂ, ਰੌਲਾ ਪਾਉਂਦੇ ਬੱਚੇ, ਤੇ ਖਾਣ ਪੀਣ ਦੀਆਂ ਚੀਜ਼ਾਂ ਤੇ ਸ਼ਰਾਬ ਦੀਆਂ ਬੋਤਲਾਂ ਚੁੱਕੀ ਸ਼ਹਿਰ ਤੋਂ ਮੁੜ ਰਹੇ ਧੂਪਾਂ-ਸੰਵਲਾਏ ਆਦਮੀ-ਜ਼ਰੂਰ ਸਟੇਸ਼ਨ ਤੋਂ ਨਿੱਕਲ ਕੇ ਛਾਂ-ਦਾਰ ਜੰਗਲ ਵਿਚਲੇ ਪਹਿਆਂ ਉਪਰੋਂ ਦੀ ਆਪੋ- ਆਪਣੇ ਘਰਾਂ ਨੂੰ ਤੁਰਦੇ ਜਾਦੇਂ ਦਿਖਾਈ ਦੇਂਦੇ ਹੋਣਗੇ । ਇਸ ਗੱਡੀ ਤੋਂ ਉਤਰੀਆਂ ਕੁਝ ਸਵਾਰੀਆਂ, ਜਿਨ੍ਹਾ ਨੇ ਖੁਰਪੇ, ਬੇਲਚੇ, ਤ੍ਰਾਂਗਲ ਤੇ ਹੋਰ ਬਾਗ਼ਬਾਨੀ ਦੇ ਔਜ਼ਾਰ ਫੜੇ ਹੋਏ ਸਨ, ਜਲਦੀ ਜਲਦੀ ਸਟੇਸ਼ਨ ਤੋਂ ਚਲੀਆਂ ਗਈਆਂ, ਤੇ ਗੰਭੀਰ ਮੂੰਹਾਂ ਨਾਲ ਜੰਗਲ ਵਿੱਚ ਜਾ ਵੜੀਆਂ। ਹਰ ਕੋਈ ਆਪੋ-ਆਪਣੇ ਫ਼ਿਕਰਾਂ ਵਿੱਚ ਮਸਤ ਸੀ। ਸਿਰਫ਼ ਮਰੇਸੇਯੇਵ ਹੀ, ਆਪਣੀ ਸੋਟੀ ਫੜੀ, ਛੁੱਟੀ ਮਨਾਉਣ ਆਇਆਂ ਵਾਂਗ, ਹੁਨਾਲੀ ਸ਼ਾਮ ਦੀ ਸੁੰਦਰਤਾ ਨੂੰ ਸਲਾਉਣ ਲਈ ਖੜੋ ਗਿਆ, ਤੇ ਡੂੰਘੇ ਡੂੰਘੇ ਸਾਹ ਲੈਣ ਲੱਗ ਪਿਆ। ਉਸ ਨੇ ਦਿਆਰਾਂ ਦੀਆਂ ਟਾਹਣੀਆਂ ਵਿੱਚੋਂ ਛਣ ਕੇ ਆ ਰਹੀਆਂ ਸੂਰਜ ਦੀਆਂ ਰਿਸ਼ਮਾਂ ਦੀ ਨਿੱਘੀ ਛੁਹ ਆਵਦੇ ਚਿਹਰੇ ਉੱਤੇ ਮਹਿਸੂਸ ਕਰਦਿਆਂ ਆਪਣੀਆਂ ਅੱਖਾਂ ਸੁੰਗੇੜ ਲਈਆਂ।
ਮਾਸਕੋ ਵਿੱਚ ਉਸਨੂੰ ਦੱਸਿਆ ਗਿਆ ਸੀ ਕਿ ਸੈਨੇਟੋਰੀਅਮ ਕਿਵੇਂ ਪੁੱਜਣਾ ਹੈ, ਤੇ ਅਸਲੀ ਫ਼ੌਜੀ ਵਾਂਗ, ਦੱਸੀਆਂ ਗਈਆਂ ਰਸਤੇ ਦੀਆਂ ਕੁਝ ਕੁ ਨਿਸ਼ਾਨੀਆਂ ਨਾਲ, ਉਹ ਆਪਣੇ ਟਿਕਾਣੇ ਦਾ ਰਾਹ ਲੱਭ ਕੇ ਉੱਥੇ ਪੁੱਜ ਗਿਆ । ਇਹ ਨਿੱਕੀ ਜਿਹੀ, ਸ਼ਾਂਤਮਈ, ਝੀਲ ਦੇ ਕੰਢੇ, ਸਟੇਸ਼ਨ ਤੋਂ ਦੱਸ ਕੁ ਮਿੰਟ ਦੇ ਪੈਦਲ ਫ਼ਾਸਲੇ ਉੱਤੇ ਸੀ। ਇਨਕਲਾਬ ਤੋਂ ਪਹਿਲਾਂ, ਇੱਕ ਰੂਸੀ ਕਰੋੜਪਤੀ ਨੇ ਇੱਥੇ ਇੱਕ ਇਹੋ ਜਿਹਾ ਹੁਨਾਲੀ ਮਹੱਲ ਬਨਾਉਣ ਦਾ ਫ਼ੈਸਲਾ ਕੀਤਾ ਸੀ । ਉਸਨੇ ਭਵਨ-ਨਿਰਮਾਣ ਕਲਾ ਦੇ ਮਾਹਰ ਨੂੰ ਕਿਹਾ ਸੀ ਕਿ ਪੈਸਿਆਂ ਦੀ ਕੋਈ ਪਰਵਾਹ ਨਹੀਂ, ਪਰ ਚੀਜ਼ ਬੇਮਿਸਾਲ ਬਨਣੀ ਚਾਹੀਦੀ ਹੈ । ਸੋ ਆਪਦੇ ਸਰਪ੍ਰਸਤ ਦੇ ਸੁਆਦਾਂ ਨੂੰ ਘਾਹ ਪਾਉਂਦਿਆਂ, ਭਵਨ-ਨਿਰਮਾਤਾ ਨੇ ਇਸ ਝੀਲ ਦੇ ਕੰਢੇ ਉੱਤੇ ਇੱਕ ਅਜੀਬੋ- ਗਰੀਬ ਇੱਟਾਂ ਦਾ ਢੇਰ ਉਸਾਰ ਦਿੱਤਾ, ਜਿਸਦੀਆਂ ਨਿੱਕੀਆਂ ਨਿੱਕੀਆਂ ਜਾਲੀਦਾਰ ਬਾਰੀਆਂ, ਮੁਨਾਰੇ ਸਨ, ਕਿੰਨੀਆਂ ਸਾਰੀਆਂ ਡਿਉੜੀਆਂ, ਲਾਂਘੇ ਤੇ ਤਿੱਖੀਆਂ ਨੋਕਦਾਰ ਛੱਤਾਂ ਸਨ। ਇਹ ਬੇਹੂਦਾ ਜਿਹੀ ਇਮਾਰਤ ਇਸ ਝੀਲ ਦੇ ਕੰਢੇ ਉੱਤੇ, ਜਿਥੇ ਹੁਣ ਕੰਡੇਦਾਰ ਝਾੜੀਆਂ ਉੱਗ ਪਈਆਂ ਸਨ । ਪ੍ਰਤੀਨਿਧ ਰੂਸੀ ਭੂਮੀ-ਦ੍ਰਿਸ਼ ਉੱਤੇ ਇੱਕ ਬਦਸੂਰਤ ਧੱਬਾ ਸੀ । ਤੇ ਇਹ ਭੂਮੀ-ਦ੍ਰਿਸ਼ ਸੁੰਦਰ ਭੂਮੀ-ਦ੍ਰਿਸ਼ ਸੀ । ਪਾਣੀ ਦੇ ਕੰਢੇ ਉੱਤੇ, ਜਿਹੜਾ ਸ਼ਾਂਤ ਮੌਸਮ ਵਿੱਚ ਸ਼ੀਸ਼ੇ ਵਰਗਾ ਪੱਧਰਾ ਹੁੰਦਾ ਸੀ, ਕੰਬਦੇ ਪੱਤਿਆਂ ਵਾਲ਼ੇ ਨਵੇਂ ਨਵੇਂ ਐਸ਼ ਦੇ ਰੁੱਖਾਂ ਦਾ ਇੱਕ ਝੁੰਡ ਸੀ। ਕਿਤੇ ਕਿਤੇ, ਵਿੱਚ ਵਿੱਚ ਬਰਚਿਆਂ ਦੇ ਤਣੇ ਝੱਗ ਵਾਂਗ ਲੱਗ ਰਹੀ ਹਰਿਆਵਲ ਦੇ ਵਿੱਚੋਂ ਚਿੱਟੇ ਚਿੱਟੇ ਉੱਠ ਰਹੇ ਸਨ । ਪੁਰਾਣੇ ਜੰਗਲ ਦੇ ਨੀਲੀ ਭਾਹ ਮਾਰਦੇ ਚੱਕਰ ਨੇ ਝੀਲ ਨੂੰ ਵਿਸ਼ਾਲ ਦੰਦੇਦਾਰ ਹਲਕੇ ਵਿੱਚ ਜੜਿਆ ਹੋਇਆ ਸੀ । ਤੇ ਇਹ ਸਾਰਾ ਕੁਝ ਪਾਣੀ ਦੇ ਸ਼ੀਸ਼ੇ ਵਿੱਚ ਜਿਉਂ ਦਾ ਤਿਉਂ ਉਲਟਾ ਪਿਆ ਦਿਸਦਾ ਸੀ, ਜਿਵੇਂ ਠੰਡੇ, ਨੀਲੇ ਸ਼ਾਂਤ, ਨਿਰਮਲ ਪਾਣੀ ਵਿੱਚ ਇਹ ਘੁਲ ਗਿਆ ਹੋਵੇ। ਕਈ ਪ੍ਰਸਿੱਧ ਚਿੱਤਰਕਾਰ ਇਸ ਥਾਂ ਦੇ ਮਾਲਕ ਕੋਲ ਆ ਕੇ ਕਿੰਨਾਂ ਕਿੰਨਾਂ ਚਿਰ ਠਹਿਰੇ ਰਹਿੰਦੇ, ਜਿਹੜਾ ਕਿ ਆਪਣੀ ਪ੍ਰਾਹੁਣਾਚਾਰੀ ਕਰਕੇ ਰੂਸ ਭਰ ਵਿੱਚ ਪ੍ਰਸਿੱਧ ਸੀ; ਤੇ ਇਹ ਭੂਮੀ-ਦ੍ਰਿਸ਼ ਸਮੁੱਚੇ ਤੌਰ ਉੱਤੇ ਵੀ, ਤੇ ਥੋਹੜੇ ਥੋਹੜੇ ਵੀ ਰੂਸੀ ਦ੍ਰਿਸ਼ ਦੀ ਸ਼ਕਤੀਸ਼ਾਲੀ ਤੇ ਸਨਿਮਰ ਸੁੰਦਰਤਾ ਦੀ ਉਦਾਹਰਣ ਵਜੋਂ ਅਣਗਿਣਤ ਚਿੱਤਰਾਂ ਵਿੱਚ ਆਉਣ ਵਾਲੀਆਂ ਨਸਲਾਂ ਲਈ ਵਾਹੇ ਗਏ ਮਿਲਦੇ ਹਨ।
ਹੁਣ ਇਹ ਮਹੱਲ ਸੋਵੀਅਤ ਵਾਯੂਸੈਨਾ ਦੇ ਸੈਨੇਟੋਰੀਅਮ ਦਾ ਕੰਮ ਦੇਂਦਾ ਸੀ। ਸ਼ਾਂਤੀ ਸਮੇਂ ਵਾਯੂ ਸੈਨਾ ਦੇ ਫ਼ੌਜੀ ਆਪਣੀਆਂ ਪਤਨੀਆਂ ਤੇ ਬੱਚਿਆਂ ਸਮੇਤ ਇੱਥੇ ਆਇਆ ਕਰਦੇ ਸਨ । ਹੁਣ ਵਾਯੂ ਸੈਨਾ ਦੇ ਜ਼ਖਮੀਆਂ ਨੂੰ ਹਸਪਤਾਲ ਤੋਂ ਇਥੋਂ ਨੌਂ-ਬਰ-ਨੌਂ ਹੋਣ ਲਈ ਭੇਜਿਆ ਜਾਂਦਾ ਸੀ। ਅਲੈਕਸੇਈ ਇਸ ਥਾਂ ਉੱਤੇ ਚੌੜੀ, ਘੁੰਮ-ਘੁੰਮਾ ਕੇ ਆਉਂਦੀ ਪੱਕੀ ਸੜਕ ਰਾਹੀਂ ਨਹੀਂ, ਜਿਸਦੇ ਦੋਹਾਂ ਪਾਸੀ ਬਰਚਿਆਂ ਦੀਆਂ ਕਤਾਰਾਂ ਸਨ, ਸਗੋਂ ਜੰਗਲ ਵਿਚਲੇ ਪਹੇ ਥਾਣੀਂ ਪੁੱਜਾ, ਜਿਹੜਾ ਸਟੇਸ਼ਨ ਤੋਂ ਸਿੱਧਾ ਝੀਲ ਨੂੰ ਆਉਂਦਾ ਸੀ । ਉਹ, ਇੱਕ ਤਰ੍ਹਾਂ ਨਾਲ, ਪਿਛਲੇ ਪਾਸੇ ਵੱਲੋਂ ਇਸ ਵੱਲ ਪੁੱਜਾ, ਤੇ ਚੁੱਪ ਕੀਤਾ ਹੀ ਉਸ ਵੱਡੀ ਸਾਰੀ, ਰੌਲਾ ਪਾ ਰਹੀ ਭੀੜ ਵਿੱਚ ਜਾ ਰਲਿਆ ਜਿਸਨੇ ਮੁੱਖ ਪ੍ਰਵੇਸ਼ ਦੁਆਰ ਉਤੇ ਖੜੀਆਂ ਦੋ ਭਰੀਆਂ ਹੋਈਆਂ ਬੱਸਾਂ ਨੂੰ ਘੇਰਿਆ ਹੋਇਆ ਸੀ।
ਹੋ ਰਹੀ ਗੱਲਬਾਤ, ਅਲਵਿਦਾਈ ਦੇ ਲਫ਼ਜ਼ਾਂ ਤੇ ਖੁਸ਼ ਕਿਸਮਤੀ ਦੀਆਂ ਸ਼ੁੱਭ-ਇਛਾਵਾਂ ਤੋਂ ਅਲੈਕਸੇਈ ਨੇ ਸਮਝ ਲਿਆ ਕਿ ਉਹ ਉਹਨਾਂ ਪਾਇਲਟਾਂ ਨੂੰ ਵਿਦਾ ਕਰ ਰਹੇ ਹਨ ਜਿਹੜੇ ਸੈਨੇਟੋਰੀਅਮ ਤੋਂ ਸਿੱਧੇ ਮਹਾਜ਼ ਉੱਤੇ ਜਾ ਰਹੇ ਹਨ। ਜਾਣ ਵਾਲੇ ਪਾਇਲਟ ਖੁਸ਼ ਸਨ ਤੇ ਉਤੇਜਿਤ ਹੋਏ ਹੋਏ ਸਨ, ਜਿਵੇਂ ਕਿ ਉਹ ਕਿਸੇ ਐਸੀਂ ਥਾਂ ਨਹੀਂ ਸਨ ਜਾ ਰਹੇ ਜਿਥੇ ਹਰ ਬੱਦਲ ਦੇ ਪਿੱਛੇ ਮੌਤ ਖੜੀ ਉਡੀਕ ਰਹੀ ਸੀ, ਸਗੋਂ ਆਪਣੇ ਅਮਨ ਵੇਲੇ ਦੇ ਫ਼ੌਜੀ ਟਿਕਾਣਿਆਂ ਉੱਤੇ ਜਾ ਰਹੇ ਸਨ । ਉਹਨਾਂ ਨੂੰ ਵਿਦਾ ਕਰਨ ਵਾਲਿਆਂ ਦੇ ਚਿਹਰਿਆਂ ਉੱਪਰ ਉਦਾਸੀ ਤੇ ਬੇਸਬਰੀ ਸੀ। ਅਲੈਕਸੇਈ ਨੂੰ ਇਸ ਅਹਿਸਾਸ ਦਾ ਪਤਾ ਸੀ; ਦੱਖਣ ਵਿੱਚ ਚੱਲ ਰਹੀ ਬਹੁਤ ਵੱਡੀ ਲੜਾਈ ਦੇ ਸ਼ੁਰੂ ਤੋਂ ਲੈ ਕੇ ਹੀ ਉਹ ਉਸੇ ਅਰੋਕ ਖਿੱਚ ਨੂੰ ਮਹਿਸੂਸ ਕਰ ਰਿਹਾ ਸੀ; ਤੇ ਮਹਾਜ਼ ਉਪਰਲੀ ਅਵਸਥਾ ਦੇ ਨਾਲ ਹੀ ਇਹ ਤੀਖਣ ਤੇ ਵਧੇਰੇ ਗੰਭੀਰ ਹੁੰਦੀ ਜਾ ਰਹੀ ਸੀ। ਤੇ ਜਦੋਂ ਫ਼ੌਜੀ ਹਲਕਿਆਂ ਵਿੱਚ, ਅਜੇ ਹੌਲ਼ੀ ਹੌਲ਼ੀ ਤੇ ਚੌਕਸੀ ਨਾਲ ਸਤਾਲਿਨਗਰਾਦ ਦਾ ਜ਼ਿਕਰ ਹੋਣ ਲੱਗ ਪਿਆ, ਤਾਂ ਇਸ ਅਹਿਸਾਸ ਨੇ ਅਥਾਹ ਸਿੱਕ ਦਾ ਰੂਪ ਧਾਰ ਲਿਆ ਤੇ ਹਸਪਤਾਲ ਵਿੱਚ ਉਸਦਾ ਮਜ਼ਬੂਰਨ ਬੇਕਾਰ ਪਏ ਰਹਿਣਾ ਅਸਹਿ ਹੋ ਗਿਆ।
ਧੁੱਪ-ਸੰਵਲਾਏ, ਉਤੇਜਿਤ ਹੋਏ ਚਿਹਰੇ ਬਾਕੀ ਬੱਸਾਂ ਦੀਆਂ ਬਾਰੀਆਂ ਵਿੱਚੋਂ ਦੇਖ ਰਹੇ ਸਨ। ਧਾਰੀਦਾਰ ਪਜ਼ਾਮਾ ਪਾਈ ਇੱਕ ਮਧਰਾ ਜਿਹਾ, ਲੰਗੜਾ ਆਰਮੀਨੀਅਨ, ਜਿਸਦੇ ਸਿਰ ਉੱਤੇ ਗੰਜ ਪਿਆ ਹੋਇਆ ਸੀ, ਜਿਹੜਾ ਉਹਨਾਂ ਵਿੱਚੋਂ ਸੀ ਜਿਨਾਂ ਦੇ ਬੁੱਧੀ ਬਿਲਾਸ ਨੂੰ ਸਭ ਮੰਨਦੇ ਹਨ ਅਤੇ ਜਿਹੜੇ ਆਪਣੀ ਇੱਛਾ ਨਾਲ ਬਣੇ ਕਾਮੇਡੀਅਨ ਹੁੰਦੇ ਹਨ, ਜਿਨ੍ਹਾਂ ਨੂੰ ਰਾਜ਼ੀ ਹੋ ਰਹੇ ਮਰੀਜ਼ਾਂ ਦੇ ਹਰ ਦਸਤੇ ਵਿੱਚ ਹਮੇਸ਼ਾ ਦੇਖਿਆ ਜਾ ਸਕਦਾ ਹੈ, ਆਪਣੀ ਸੋਟੀ ਹਿਲਾਉਂਦਾ ਤੇ ਵਿਦਾਈ ਦੀਆਂ ਸ਼ੁੱਭ-ਇਛਾਵਾਂ ਚੀਕਦਾ ਹੋਇਆ ਬੱਸਾਂ ਦੁਆਲੇ ਲੰਗੜਾਉਂਦਾ ਹੋਇਆ ਰੌਲ਼ਾ ਪਾ ਰਿਹਾ ਸੀ:
“ਫ਼ੇਦਿਆ, ਉਥੇ ਹਵਾ ਵਿੱਚ ਫਾਸਿਸਟਾਂ ਨੂੰ ਮੇਰਾ ਸਲਾਮ ਦੇਵੀਂ ! ਉਹਨਾਂ ਨਾਲ ਹਿਸਾਬ ਨਿਬੇੜੀ ਜ਼ਰਾ ਕਿ ਉਹਨਾਂ ਨੇ ਤੈਨੂੰ ਆਪਣਾ ਚੰਦਰ-ਅਸ਼ਨਾਨ ਦਾ ਇਲਾਜ਼ ਪੂਰਾ ਨਹੀਂ ਕਰਨ ਦਿੱਤਾ । ਫ਼ੇਦਿਆ, ਉੱਥੇ ਹਵਾ ਵਿੱਚ ਤੂੰ ਉਹਨਾਂ ਨੂੰ ਦਸ ਦੇਵੀਂ ਕਿ ਉਹਨਾਂ ਦੇ ਆਪਣੇ ਮਾਮਲਿਆਂ ਵਿਚਲੀ ਗੜਬੜੀ ਅਤਿ ਚੰਗੇ ਸੋਵੀਅਤ ਪਾਇਲਟਾਂ ਦੇ ਚੰਦਰ-ਅਸ਼ਨਾਨ ਵਿੱਚ ਖਲਲ ਪਾਉਂਦੀ ਹੈ।”
ਸੰਵਲਾਏ ਚਿਹਰੇ ਤੇ ਗੋਲ ਸਿਰ ਵਾਲੇ ਨੌਜਵਾਨ ਫ਼ੇਦਿਆ ਨੇ, ਜਿਸਦੇ ਚੌੜੇ ਮੱਥੇ ਦੇ ਦੁਸਾਰ ਪਾਰ ਇੱਕ ਵੱਡਾ ਸਾਰਾ ਜ਼ਖਮ ਦਾ ਦਾਗ਼ ਸੀ, ਬਾਰੀ ਵਿੱਚੋਂ ਸਿਰ ਕੱਢਿਆ ਤੇ ਉੱਚੀ ਸਾਰੀ ਬੋਲਿਆ ਕਿ ਚੰਦਰ ਕਮੇਟੀ ਯਕੀਨ ਰੱਖੇ ਕਿ ਮੈਂ ਆਪਣਾ ਫਰਜ਼ ਪੂਰਾ ਕਰਾਂਗਾ।
ਭੀੜ ਵਿੱਚੋਂ ਹਾਸਾ ਫੁੱਟ ਪਿਆ ਤੇ ਹਾਸੇ ਦੇ ਦਰਮਿਆਨ ਹੀ ਬੱਸਾਂ ਚੱਲ ਪਈਆਂ ਤੇ ਹੌਲ਼ੀ ਹੌਲ਼ੀ ਗੇਟਾਂ ਵੱਲ ਜਾਣ ਲੱਗੀਆਂ ।
“ਅਲਵਿਦਾ ! ਤੁਹਾਡਾ ਸਫ਼ਰ ਸੋਹਣਾ ਹੋਵੇ।” ਭੀੜ ਵਿੱਚੋਂ ਅਵਾਜ਼ਾਂ ਆਈਆਂ।
“ਫ਼ੇਦਿਆ, ਫ਼ੇਦਿਆ! ਆਪਣਾ ਡਾਕਖਾਨੇ ਦਾ ਨੰਬਰ ਭੇਜੀ ਜਲਦੀ ! ਜ਼ੀਨੋਚਕਾ ਤੇਰਾ ਦਿਲ ਰਜਿਸਟਰੀ ਕਰਵਾ ਕੇ ਵਾਪਸ ਭੇਜ ਦੇਵੇਗੀ!”
ਬੱਸਾਂ ਮੋੜ ਕੱਟਕੇ ਅੱਖੋਂ ਉਹਲੇ ਹੋ ਗਈਆਂ । ਧੂੜ, ਜਿਹੜੀ ਡੁੱਬਦੇ ਸੂਰਜ ਦੀ ਲੋਅ ਵਿੱਚ ਸੋਨਾ ਬਣ ਗਈ ਸੀ, ਬੈਠ ਗਈ। ਗਾਉਨਾ ਤੇ ਧਾਰੀਦਾਰ ਪਜ਼ਾਮਿਆਂ ਵਾਲ਼ੇ ਲੋਕ ਖਿਲ੍ਹਰ-ਪੁਲ੍ਹਰ ਗਏ ਤੇ ਬਾਗ਼ ਵਿੱਚ ਫਿਰਨ-ਤੁਰਨ ਲੱਗੇ । ਮਰੇਸੇਯੇਵ ਡਿਊੜੀ ਵਿੱਚ ਵੜਿਆ ਜਿਥੇ ਕਲੋਕ-ਰੂਮ ਵਿੱਚ ਹੁੱਕਾਂ ਨਾਲ ਨੀਲੀਆਂ ਪੱਟੀਆਂ ਵਾਲੀਆਂ ਪਾਇਲਟਾਂ ਦੀਆਂ ਟੋਪੀਆਂ ਟੰਗੀਆਂ ਹੋਈਆਂ ਸਨ ਤੇ ਕੋਨਿਆਂ ਵਿੱਚ ਫਰਸ਼ ਉੱਤੇ ਸਕਿਟਲਜ਼ ਦੀਆਂ ਕਿੱਲੀਆਂ, ਗੇਂਦ, ਕਰੋਕੇ ਦੀਆਂ ਖੂੰਡੀਆਂ ਤੇ ਟੈਨਿਸ ਦੇ ਰੈਕਟ ਪਏ ਹੋਏ ਸਨ । ਲੰਗੜਾ ਆਰਮੀਨੀਅਨ ਉਸਨੂੰ ਸਵਾਗਤੀ ਕਮਰੇ ਵਿੱਚ ਲੈ ਗਿਆ । ਵਧੇਰੇ ਗਹੁ ਨਾਲ ਦੇਖਿਆ ਪਤਾ ਲੱਗਦਾ ਸੀ ਕਿ ਉਸਦਾ ਚਿਹਰਾ ਗੰਭੀਰ ਤੇ ਸਿਆਣਾ ਹੈ ਤੇ ਅੱਖਾਂ ਸੋਹਣੀਆਂ, ਮੋਟੀਆਂ ਤੇ ਸੋਗੀ ਹਨ। ਰਸਤੇ ਵਿੱਚ, ਉਸਨੇ ਮਜ਼ਾਕ ਨਾਲ ਆਪਣੀ ਜਾਣ-ਪਛਾਣ ਕਰਾਈ ਕਿ ਮੈਂ ਚੰਦਰ ਕਮੇਟੀ ਦਾ ਪ੍ਰਧਾਨ ਹਾਂ ਤੇ ਦਾਅਵਾ ਕੀਤਾ ਕਿ ਚੰਦਰ-ਅਸ਼ਨਾਨ ਹਰ ਤਰ੍ਹਾਂ ਦੇ ਜ਼ਖਮਾਂ ਨੂੰ ਰਾਜ਼ੀ ਕਰਨ ਲਈ ਸਭ ਤੋਂ ਚੰਗਾ ਸਾਧਨ ਹੈ। ਉਸਨੇ ਚੰਦਰ-ਅਸ਼ਨਾਨ ਰਾਹੀਂ ਇਲਾਜ਼ ਕਰਨ ਵਿੱਚ ਕਰੜੀ ਨਿਯਮਤਾ ਤੇ ਜ਼ਬਤ ਉੱਤੇ ਜ਼ੋਰ ਦਿੱਤਾ ਤੇ ਦੱਸਿਆ ਕਿ ਚੰਨ-ਚਾਨਣੀ ਵਿੱਚ ਸੈਰ ਕਰਨ ਦਾ ਇੰਤਜ਼ਾਮ ਉਹ ਖੁਣੇ ਕਰਦਾ ਹੈ । ਉਸਤੋਂ ਆਪਣੇ ਆਪ ਮਜ਼ਾਕ ਫੁੱਟਦੇ ਲੱਗਦੇ ਸਨ, ਜਦ ਕਿ ਉਸਦੀਆਂ ਅੱਖਾਂ ਵਿੱਚ ਗੰਭੀਰ ਪ੍ਰਗਟਾਅ ਕਾਇਮ ਰਹਿੰਦਾ ਸੀ ਤੇ ਉਹ ਬੜੀ ਉਤਸੁਕਤਾ ਨਾਲ ਆਪਣੇ ਨਾਲ ਗੱਲਾਂ ਕਰਨ ਵਾਲ਼ੇ ਦੇ ਚਿਹਰੇ ਨੂੰ ਘੋਖਦਾ ਰਹਿੰਦਾ ਸੀ ।
ਸਵਾਗਤੀ ਕਮਰੇ ਵਿੱਚ, ਚਿੱਟੇ ਚੋਗੇ ਵਾਲੀ ਕੁੜੀ ਮਰੇਸੇਯੇਵ ਨੂੰ ਮਿਲੀ; ਉਸਦੇ ਵਾਲ ਏਨੇਂ ਲਾਲ ਸਨ ਕਿ ਸਿਰ ਨੂੰ ਅੱਗ ਲੱਗੀ ਲਗਦੀ ਸੀ।
“ਮਰੇਸੇਯੇਵ ?” ਕੁੜੀ ਨੇ ਉਸ ਕਿਤਾਬ ਨੂੰ ਲਾਂਭੇ ਰੱਖਦਿਆਂ ਕਿਹਾ, ਜਿਹੜੀ ਉਹ ਪੜ੍ਹ ਰਹੀ ਸੀ। “ਮਰੇਸੇਯੇਵ, ਅਲੈਕਸੇਈ ਪਿਤਰੋਵਿਚ?” ਉਸਨੇ ਪਾਇਲਟ ਵੱਲ ਘੋਖਵੀਂ ਨਜ਼ਰ ਸੁੱਟੀ ਤੇ ਬੋਲੀ: “ਮੇਰੇ ਨਾਲ ਕਿਉਂ ਮਜ਼ਾਕ ਕਰਨ ਡਹੇ ਹੋ । ਆਹ ਦੇਖੋ ਮੇਰੇ ਕੋਲ਼ ਤੁਹਾਡੇ ਬਾਰੇ ਸਭ ਕੁਝ ਲਿਖਿਆ ਹੋਇਆ-ਮਰੇਸੇਯੇਵ, ਸੀਨੀਅਰ ਲੈਫ਼ਟੀਨੈਂਟ, ਨ-ਹਸਪਤਾਲ ਤੋਂ ਆ ਰਿਹਾ ਹੈ, ਬਿਨ੍ਹਾਂ ਪੈਰ! ਪਰ ਤੁਸੀਂ…”
ਇਥੇ ਜਾ ਕੇ ਕਿਤੇ ਅਲੈਕਸੇਈ ਦੀ ਨਜ਼ਰ ਉਸਦੇ ਗੋਲ ਚਿਹਰੇ ਉੱਤੇ ਪਈ ਜਿਹੜਾ ਗੋਰਾ ਸੀ, ਜਿਵੇਂ ਸਭ ਲਾਲ ਵਾਲਾਂ ਵਾਲੀਆਂ ਕੁੜੀਆਂ ਦਾ ਹੁੰਦਾ ਹੈ, ਤੇ ਅੱਗ ਵਰਗੇ ਵਾਲਾਂ ਦੇ ਝੁਰਮਟ ਵਿੱਚ ਲਗਭਗ ਛੁਪਿਆ ਹੋਇਆ ਸੀ । ਚਮਕਵੀਂ ਜਿਹੀ ਲਾਲੀ ਉਸਦੀ ਪਤਲੀ ਜਿਹੀ ਚਮੜੀ ਵਿੱਚੋਂ ਦੀ ਟਪਕਣ ਲੱਗੀ। ਉਹ ਅਲੈਕਸੇਈ ਵੱਲ ਆਪਣੀਆਂ ਗੋਲ ਗੋਲ, ਚਮਕੀਲੀਆਂ, ਗੁਸਤਾਖ ਅੱਖਾਂ ਨਾਲ ਖੁਸ਼ੀ ਭਰੀ ਗੁਸਤਾਖੀ ਨਾਲ ਦੇਖਣ ਲੱਗੀ।
“ਪਰ ਤਾਂ ਵੀ, ਹਾਂ ਮੈਂ ਅਲੈਕਸੇਈ ਮਰੇਸੇਯੇਵ। ਆਹ ਨੇ ਮੇਰੇ ਕਾਗਜ਼ ਤੁਹਾਡਾ ਨਾਂ ਲਿਓਲੀਆ ਹੈ?
“ਨਹੀਂ । ਤੁਹਾਨੂੰ ਕਿਥੋਂ ਪਤਾ ਲੱਗਾ ? ਮੇਰਾ ਨਾਂ ਤਾਂ ਜ਼ੀਨਾ ਹੈ।” ਉਸਨੇ ਸ਼ੱਕੀ ਨਜ਼ਰਾਂ ਨਾਲ ਅਲੈਕਸੇਈ ਦੇ ਪੈਰਾਂ ਵੱਲ ਦੇਖਿਆ ਤੇ ਬੋਲੀ: “ਤੁਹਾਡੇ ਬਣਾਵਟੀ ਪੈਰ, ਕੀ, ਇਸ ਤਰ੍ਹਾਂ ਨੇ?”
“ਆਹਾ! ਤਾਂ ਇਹ ਹੈ ਜ਼ੀਨੋਚਕਾ ਜਿਸਨੂੰ ਫ਼ੇਦਿਆ ਆਪਣਾ ਦਿਲ ਦੇ ਗਿਆ ਹੈ ?”
“ਇਹ ਤੁਹਾਨੂੰ ਮੇਜਰ ਬੂਰਨਾਜ਼ਯਾਨ ਨੇ ਦੱਸਿਐ? ਪਹਿਲਾਂ ਹੀ! ਉਫ਼, ਕਿੰਝ ਮੈਂ ਉਸ ਆਦਮੀ ਨੂੰ ਨਫ਼ਰਤ ਕਰਦੀ ਹਾਂ । ਹਰ ਇੱਕ ਦਾ, ਹਰ ਇੱਕ ਦਾ ਮਜ਼ਾਕ ਉਡਾਉਂਦਾ ਰਹਿੰਦੈ। ਇਹਦੇ ਵਿੱਚ ਕਿਹੜੀ ਖਾਸ ਗੱਲ ਏ ਜੇ ਮੈਂ ਫ਼ੇਦਿਆ ਨੂੰ ਨੱਚਣਾ ਸਿਖਾਇਆ ਏ ਤਾਂ ? ਹੈ ਕੋਈ ਗੱਲ ?”
“ਤੇ ਹੁਣ ਤੁਸੀਂ ਮੈਨੂੰ ਨੱਚਣਾ ਸਿਖਾਉਂਗੇ, ਠੀਕ ? ਬੂਰਨਾਜ਼ਯਾਨ ਪਹਿਲਾਂ ਹੀ ਚੰਦਰ- ਅਸ਼ਨਾਨ ਲਈ ਮੇਰਾ ਨਾ ਲਿਖਣ ਦਾ ਵਾਅਦਾ ਕਰ ਚੁਕੈ ।”
ਕੁੜੀ ਹੋਰ ਵੀ ਹੈਰਾਨ ਹੋ ਕੇ ਅਲੈਕਸੇਈ ਵੱਲ ਦੇਖਣ ਲੱਗੀ:
“ਕਿਵੇਂ ਨੱਚਣਾ ਸਿਖਾਂਵਗੀ? ਬਿਨ੍ਹਾਂ ਪੈਰਾਂ ਦੇ? ਤੁਹਾਨੂੰ ਵੀ, ਸ਼ਇਦ ਹਰ ਇੱਕ ਦਾ ਮਜ਼ਾਕ ਉਡਾਉਣਾ ਚੰਗਾ ਲੱਗਦੈ।”
ਐਨ ਉਸ ਵੇਲੇ ਮੇਜਰ ਸਤਰੂਚਕੋਵ ਦੌੜਦਾ ਕਮਰੇ ਵਿੱਚ ਆਇਆ ਤੇ ਅਲੈਕਸੇਈ ਨੂੰ ਆਪਣੀ ਗਲਵਕੜੀ ਵਿੱਚ ਲੈ ਲਿਆ:
“ਜ਼ੀਨੋਚਕਾ, ਸੋ ਹੋਇਆ ਫ਼ੈਸਲਾ ? ਸੀਨੀਅਰ ਲੈਫ਼ਟੀਨੈਂਟ ਮੇਰੇ ਕਮਰੇ ਵਿੱਚ ਰਹੇਗਾ।”
ਇੱਕੋ ਹਸਪਤਾਲ ਵਿੱਚ ਰਹਿ ਚੁੱਕੇ ਲੋਕ ਮਗਰੋਂ ਭਰਾਵਾਂ ਵਾਂਗ ਮਿਲਦੇ ਹਨ। ਮੇਜਰ ਨੂੰ ਦੇਖ ਕੇ ਅਲੈਕਸੇਈ ਨੂੰ ਇੰਝ ਖੁਸ਼ੀ ਹੋਈ ਜਿਵੇਂ ਕਈ ਸਾਲਾਂ ਤੋਂ ਉਸਨੇ ਉਸਨੂੰ ਨਾ ਦੇਖਿਆ ਹੋਵੇ । ਸਤਰੂਚਕੋਵ ਆਪਣਾ ਕਿੱਟ-ਬੈਗ ਪਹਿਲਾਂ ਹੀ ਲੈ ਆਇਆ ਹੋਇਆ ਸੀ ਤੇ ਉਹ ਸੈਨੇਟੋਰੀਅਮ ਵਿੱਚ ਘਰ ਵਾਂਗ ਰਹਿ ਰਿਹਾ ਸੀ, ਸਾਰੇ ਉਸਨੂੰ ਜਾਣਦੇ ਸਨ ਤੇ ਉਹ ਸਾਰਿਆਂ ਨੂੰ ਜਾਣਦਾ ਸੀ। ਇੱਕ ਦਿਨ ਦੇ ਅੰਦਰ ਅੰਦਰ ਹੀ ਉਹ ਕੁਝ ਨਾਲ ਯਾਰੀਆਂ ਪਾਉਣ ਵਿੱਚ ਤੇ ਕੁਝ ਨਾਲ ਲੜਾਈ ਕਰਨ ਵਿੱਚ ਸਫ਼ਲ ਹੋ ਚੁੱਕਾ ਸੀ ।
ਉਹਨਾਂ ਦੇ ਛੋਟੇ ਜਿਹੇ ਕਮਰੇ ਦੀਆਂ ਦੋਵੇਂ ਬਾਰੀਆਂ ਬਾਗ ਵੱਲ ਖੁੱਲ੍ਹਦੀਆਂ ਸਨ ਤੇ ਸਿੱਧੇ, ਉੱਚੇ ਦਿਆਰ, ਹਰੀਆਂ ਹਰੀਆਂ ਬਿੱਲ-ਬੈਰੀ ਦੀਆਂ ਝਾੜੀਆਂ, ਤੇ ਪਤਲੇ ਪਤਲੇ ਪਹਾੜੀ ਐਸ਼ ਦੇ ਦਰੱਖਤ, ਜਿਨ੍ਹਾਂ ਨਾਲ ਸ਼ਾਨਦਾਰ ਨਮੂਨਾ ਬਣਾਉਂਦੇ ਹੋਏ ਕੁਝ ਪੱਤੇ ਲਟਕੇ ਹੋਏ ਸਨ, ਜਿਵੇਂ ਖਜ਼ੂਰ ਨਾਲ ਹੁੰਦੇ ਹਨ, ਤੇ ਬੈਰੀਆਂ ਦਾ ਸਿਰਫ ਇੱਕ ਝੁੰਡ, ਪਰ ਬੜਾ ਵੱਡਾ ਝੁੰਡ, ਬਿਲਕੁਲ ਬਾਰੀਆਂ ਤੱਕ ਆ ਰਿਹਾ ਸੀ। ਸ਼ਾਮ ਦੇ ਖਾਣੇ ਤੋਂ ਜਲਦੀ ਹੀ ਪਿੱਛੋਂ, ਅਲੈਕਸੇਈ ਮੰਜੇ ਉੱਤੇ ਪੈ ਗਿਆ, ਠੰਡੀਆਂ ਚਾਦਰਾਂ ਵਿੱਚ ਲੱਤਾਂ ਫ਼ੈਲਾ ਲਈਆਂ ਤੇ ਇੱਕਦਮ ਸੌਂ ਗਿਆ।
ਉਸਨੂੰ ਉਸ ਰਾਤ ਅਜੀਬ ਅਜੀਬ, ਡਰਾਉਣੇ ਸੁਪਨੇ ਆਉਂਦੇ ਰਹੇ। ਨੀਲੀ ਨੀਲੀ ਬਰਫ। ਚੰਨ-ਚਾਨਣੀ। ਜੰਗਲ ਨੇ ਮੋਟੇ ਮੋਟੇ ਜਾਲ ਵਾਂਗ ਉਸਨੂੰ ਢੱਕਿਆ ਹੋਇਆ ਹੈ । ਉਹ ਇਸ ਜਾਲ਼ ਹੇਠੋਂ ਨਿੱਕਲਣ ਦੀ ਕੋਸ਼ਿਸ਼ ਕਰਦਾ ਹੈ, ਪਰ ਬਰਫ਼ ਨੇ ਉਸਦੇ ਪੈਰ ਜਕੜੇ ਹੋਏ ਹਨ। ਉਹ ਸਖ਼ਤ ਕੋਸ਼ਿਸ਼ ਕਰਦਾ ਹੈ, ਇਸ ਗੱਲ ਤੋਂ ਚੇਤੰਨ ਕਿ ਕੋਈ ਭਿਆਨਕ ਭਾਣਾ ਵਰਤਣ ਵਾਲ਼ਾ ਹੈ, ਪਰ ਉਸਦੇ ਪੈਰ ਬਰਫ਼ ਵਿੱਚ ਜੰਮ ਚੁੱਕੇ ਹਨ ਤੇ ਉਹਨਾਂ ਨੂੰ ਬਰਫ਼ ਨਾਲੋਂ ਵੱਖ ਕਰਨ ਦੀ ਉਸ ਵਿੱਚ ਤਾਕਤ ਨਹੀਂ। ਉਹ ਕਰਾਹਟਾਂ ਭਰਦਾ, ਮਰੋੜੇ ਖਾਂਦਾ ਤੇ ਪਾਸੇ ਮਾਰਦਾ ਹੈ — ਤੇ ਹੁਣ ਉਹ ਜੰਗਲ ਵਿਚ ਨਹੀਂ, ਸਗੋਂ ਹਵਾਈ ਅੱਡੇ ਉੱਤੇ ਹੈ। ਅਜੀਬ, ਨਰਮ ਤੇ ਪਰਾਂ ਤੋਂ ਬਗੈਰ ਹਵਾਈ ਜਹਾਜ਼ ਦੀ ਕਾਕਪਿੱਟ ਵਿੱਚ ਪਤਲਾ ਜਿਹਾ ਮਕੈਨਿਕ ਯੂਰਾ ਬੈਠਾ ਹੈ। ਉਹ ਆਪਣਾ ਹੱਥ ਹਿਲਾਉਂਦਾ ਹੈ, ਹੱਸਦਾ ਹੈ ਤੇ ਹਵਾ ਵਿੱਚ ਉੱਡ ਜਾਂਦਾ ਹੈ । ਬਾਬਾ ਮਿਖਾਇਲ ਅਲੈਕਸੇਈ ਨੂੰ ਬਾਂਹ ਤੋਂ ਫੜਦਾ ਹੈ, ਜਿਵੇਂ ਕਿ ਉਹ ਕੋਈ ਬਾਲ ਹੋਵੇ, ਤੇ ਤਸੱਲੀ ਦੇਂਦਾ ਹੋਇਆ ਕਹਿੰਦਾ ਹੈ: “ਫ਼ਿਕਰ ਨਾ ਕਰ ! ਅਸੀਂ ਭਾਫ਼-ਅਸ਼ਨਾਨ ਕਰਾਂਗੇ, ਜ਼ਰਾ ਹੱਡ ਗਰਮ ਕਰਾਂਗੇ। ਖੂਬ ਰਹੇਗਾ ਨਾ, ਕਿਉਂ ? ਪਰ ਗਰਮ ਅਸ਼ਨਾਨ ਕਰਾਉਣ ਦੀ ਥਾਂ, ਉਹ ਉਸਨੂੰ ਬਰਫ਼ ਵਿੱਚ ਸੁੱਟ ਦੇਂਦਾ ਹੈ। ਅਲੈਕਸੇਈ ਉੱਠਣ ਦੀ ਕੋਸ਼ਿਸ਼ ਕਰਦਾ ਹੈ, ਪਰ ਬਰਫ਼ ਉਸਨੂੰ ਜਕੜ ਛੱਡਦੀ ਹੈ । ਨਹੀਂ, ਇਹ ਬਰਫ਼ ਨਹੀਂ ਸੀ; ਇਹ ਤਾਂ ਕਿਸੇ ਰਿੱਛ ਦਾ ਗਰਮ ਸਰੀਰ ਸੀ, ਜਿਹੜਾ ਉਸ ਉੱਤੇ ਬੈਠਾ ਹੋਇਆ ਸੀ, ਖੁਰਾਟੇ ਮਾਰ ਰਿਹਾ ਸੀ, ਕੁਚਲ ਰਿਹਾ ਸੀ ਤੇ ਉਸਦਾ ਸਾਹ ਘੁੱਟ ਰਿਹਾ ਸੀ । ਪਾਇਲਟਾਂ ਦੀਆਂ ਭਰੀਆਂ ਹੋਈਆਂ ਬੱਸਾਂ ਉਸਦੇ ਕੋਲੋਂ ਦੀ ਲੰਘਦੀਆਂ ਹਨ; ਉਹ ਖੁਸ਼ ਖੁਸ਼ ਬਾਰੀਆਂ ਵਿੱਚੋਂ ਦੇਖ ਰਹੇ ਹਨ, ਪਰ ਉਹ ਉਹਨਾਂ ਦੀ ਨਜ਼ਰੇ ਨਹੀਂ ਪੈਂਦਾ । ਅਲੈਕਸੇਈ ਉਹਨਾਂ ਨੂੰ ਸਹਾਇਤਾ ਲਈ ਅਵਾਜ਼ ਲਾਉਣੀ ਚਾਹੁੰਦਾ ਹੈ, ਉਹਨਾਂ ਵੱਲ ਦੌੜਨਾ ਚਾਹੁੰਦਾ ਹੈ, ਘੱਟੋ ਘੱਟ ਆਪਣੇ ਹੱਥ ਨਾਲ ਹੀ ਇਸ਼ਾਰਾ ਕਰਨਾ ਚਾਹੁੰਦਾ ਹੈ, ਪਰ ਨਹੀਂ ਕਰ ਸਕਦਾ। ਉਹ ਮੂੰਹ ਖੋਲ੍ਹਦਾ ਹੈ, ਪਰ ਇਸ ਵਿੱਚੋਂ ਸਿਰਫ ਇੱਕ ਬੈਠੀ ਹੋਈ ਅਵਾਜ਼ ਹੀ ਨਿੱਕਲਦੀ ਹੈ। ਉਸਦਾ ਸਾਹ ਘੁਟਣ ਲੱਗਦਾ ਹੈ, ਉਸਨੂੰ ਲੱਗਦਾ ਹੈ ਜਿਵੇਂ ਉਸਦਾ ਦਿਲ ਧੜਕਣੋਂ ਰੁਕ ਗਿਆ ਹੈ; ਉਹ ਇੱਕ ਆਖ਼ਰੀ ਯਤਨ ਕਰਦਾ ਹੈ, ਤੇ ਪਤਾ ਨਹੀਂ ਕਿਉਂ ਜ਼ੀਨੋਚਕਾ ਦਾ ਹੱਸਦਾ ਹੋਇਆ ਚਿਹਰਾ ਤੇ ਅੱਗ ਵਰਗੇ ਵਾਲਾਂ ਦੇ ਗੁੱਛੇ ਵਿੱਚੋਂ ਗੁਸਤਾਖ, ਘੋਖਵੀਆਂ ਅੱਖਾਂ ਉਸ ਸਾਮ੍ਹਣੇ ਆ ਜਾਂਦੀਆਂ ਹਨ।
ਅਲੈਕਸੇਈ ਅਕਾਰਨ ਖ਼ਤਰੇ ਦੇ ਅਹਿਸਾਸ ਨਾਲ ਜਾਗ ਪਿਆ। ਚੁੱਪ-ਚਾਂ ਸੀ। ਮੇਜਰ ਹਲਕੇ ਹਲਕੇ ਘੁਰਾੜੇ ਮਾਰਦਾ ਸੌਂ ਰਿਹਾ ਸੀ। ਪਰੇਤ ਵਰਗੀ ਚੰਨ ਦੀ ਰਿਸ਼ਮ ਕਮਰੇ ਵਿੱਚੋਂ ਲੰਘਦੀ ਫਰਸ਼ ਉੱਤੇ ਆ ਪਈ। ਉਹਨਾਂ ਭਿਆਨਕ ਦਿਨਾਂ ਦੇ ਬਿੰਬ ਕਿਉਂ ਇੱਕਦਮ ਉਸ ਕੋਲ ਪਰਤ ਆਏ ਸਨ, ਜਿਨਾਂ ਨੂੰ ਉਸਨੇ ਲਗਭਗ ਕਦੀ ਵੀ ਯਾਦ ਨਹੀਂ ਸੀ ਕੀਤਾ, ਤੇ ਜੇ ਕਦੀ ਯਾਦ ਕੀਤਾ ਵੀ ਸੀ ਤਾਂ ਉਹ ਉਸਨੂੰ ਕਿਸੇ ਪਾਗ਼ਲ ਦੀ ਦੱਸੀ ਪਰੀ ਕਹਾਣੀ ਵਾਂਗ ਲੱਗੇ ਸਨ। ਰਾਤ ਦੀ ਸ਼ੀਤਲ ਤੇ ਭਿੰਨੀ ਭਿੰਨੀ ਖੁਸ਼ਬੋ ਵਾਲ਼ੀ ਹਵਾ ਦੇ ਨਾਲ ਨਾਲ ਕੋਈ ਮਧਮ, ਸੁੱਤ-ਉਨੀਂਦੀ ਅਵਾਜ਼ ਵੀ ਖੁਲ੍ਹੀ, ਚੰਨ-ਰੁਸ਼ਨਾਈ ਬਾਰੀ ਥਾਣੀਂ ਤਾਲ ਨਾਲ ਆ ਰਹੀ ਸੀ । ਕਦੀ ਉਹ ਜ਼ੋਰਦਾਰ ਕੰਬਣੀ ਬਣ ਜਾਂਦੀ, ਕਦੀਂ ਉਹ ਦੂਰੀ ਵਿੱਚ ਕਿਤੇ ਮੱਧਮ ਪੈ ਜਾਂਦੀ, ਤੇ ਕਦੀ ਇਹ ਉੱਚੀ ਹੁੰਦੀ ਹੁੰਦੀ ਜਿਵੇਂ ਡਰ ਨਾਲ਼ ਰੁਕ ਜਾਂਦੀ । ਇਹ ਜੰਗਲ ਦੀ ਅਵਾਜ਼ ਸੀ।
ਪਾਇਲਟ ਮੰਜੇ ਉੱਤੇ ਬੈਠਾ ਕਿੰਨਾਂ ਚਿਰ ਤੱਕ ਦਿਆਰਾਂ ਦੀ ਇਸ ਰਹੱਸਮਈ ਸਰ-ਸਰ ਨੂੰ ਸੁਣਦਾ ਰਿਹਾ। ਉਸਨੇ ਜ਼ੋਰ ਜ਼ੋਰ ਦੀ ਸਿਰ ਮਾਰਿਆ, ਜਿਵੇਂ ਜਾਦੂ ਨੂੰ ਛਡ ਰਿਹਾ ਹੋਵੇ, ਤੇ ਫਿਰ ਦ੍ਰਿੜ੍ਹ, ਖੁਸ਼ੀ ਭਰੀ ਸ਼ਕਤੀ ਨਾਲ ਭਰ ਗਿਆ । ਉਸਨੇ ਅਠਾਈ ਦਿਨ ਸੈਨੇਟੋਰੀਅਮ ਵਿੱਚ ਰਹਿਣਾ ਸੀ, ਤੇ ਇਹਨਾਂ ਦਿਨਾਂ ਨੇ ਫ਼ੈਸਲਾ ਕਰਨਾ ਸੀ ਕਿ ਉਹ ਉਡਾਣ ਕਰੇਗਾ, ਲੜਾਈ ਵਿੱਚ ਹਿੱਸਾ ਲਵੇਗਾ, ਜੀਵੇਗਾ, ਜਾਂ ਕਿ ਹਮੇਸ਼ਾ ਲਈ ਹਮਦਰਦੀ ਭਰੀਆਂ ਤੱਕਣੀਆਂ ਦਾ ਭਾਗੀ ਬਣਿਆ ਰਹੇਗਾ ਤੇ ਟਰਾਮਾਂ ਵਿੱਚ ਲੋਕ ਉਸਨੂੰ ਉੱਠ ਕੇ ਥਾਵਾਂ ਪੇਸ਼ ਕਰਦੇ ਰਹਿਣਗੇ। ਇਸ ਲਈ, ਇਹਨਾਂ ਅਠਾਈ ਦਿਨਾਂ ਦੇ ਲੰਮੇ, ਪਰ ਨਾਲ ਹੀ ਛੋਟੇ, ਸਮੇਂ ਦਾ ਹਰ ਮਿੰਟ ਇਸ ਗੱਲ ਲਈ ਘੋਲ ਕਰਨ ਉੱਤੇ ਲਾਉਣਾ ਜ਼ਰੂਰੀ ਸੀ, ਕਿ ਉਹ ਅਸਲੀ ਇਨਸਾਨ ਬਣ ਜਾਏ।
ਮੇਜਰ ਦੇ ਘੁਰਾੜਿਆਂ ਦੀ ਅਵਾਜ਼ ਤੇ ਚਾਨਣੀ ਦੀ ਦੁਧੀਆ ਜਿਹੀ ਰੋਸ਼ਨੀ ਵਿੱਚ ਬਿਸਤਰੇ ਉੱਤੇ ਬੈਠਿਆਂ, ਅਲੈਕਸੇਈ ਨੇ ਵਰਜ਼ਸ਼ਾਂ ਦੀ ਇੱਕ ਯੋਜਨਾ ਮਨ ਹੀ ਮਨ ਵਿੱਚ ਉਲੀਕੀ। ਇਸ ਵਿੱਚ ਉਸਨੇ ਸਵੇਰੇ ਤੇ ਸ਼ਾਮ ਦੇ ਜਿਮਨਾਸਟਿਕ ਦਾ ਤੁਰਨ, ਦੌੜਨ, ਪੈਰਾਂ ਦੀ ਵਿਸ਼ੇਸ਼ ਵਰਜ਼ਸ਼ ਕਰਨ ਦਾ ਪ੍ਰੋਗਰਾਮ ਸ਼ਾਮਲ ਕੀਤਾ, ਤੇ ਨਾਲ ਹੀ ਜਿਸ ਚੀਜ਼ ਨੇ ਉਸਨੂੰ ਸਭ ਤੋਂ ਵਧ ਟੁੰਭਿਆ, ਤੇ ਜਿਸ ਤੇ ਆਪਣੀਆਂ ਲੱਤਾਂ ਦੇ ਸਰਬ-ਪੱਖੀ ਵਿਕਾਸ ਦਾ ਉਸਨੂੰ ਯਕੀਨ ਬੱਝਦਾ ਸੀ, ਉਹ ਸੀ ਉਹ ਵਿਚਾਰ ਜਿਹੜਾ ਜ਼ੀਨੋਚਕਾ ਨਾਲ ਗੱਲਾਂ ਕਰਦਿਆਂ ਉਸਨੂੰ ਫੁਰਿਆ ਸੀ ।
ਉਸ ਨੇ ਨੱਚਣਾ ਸਿੱਖਣ ਦਾ ਫ਼ੈਸਲਾ ਕਰ ਲਿਆ।
3
ਅਗਸਤ ਦੇ ਇੱਕ ਨਿਰਮਲ, ਸ਼ਾਂਤ ਦਿਨ ਦੁਪਹਿਰ ਨੂੰ, ਜਦੋਂ ਕੁਦਰਤ ਵਿਚਲੀ ਹਰ ਚੀਜ਼ ਚਮਕ ਰਹੀ ਤੇ ਲਿਸ਼ਕਾ ਮਾਰ ਰਹੀ ਸੀ, ਜਦੋਂ ਗਰਮ ਹਵਾ ਵਿੱਚ ਪਤਝੜ ਦੀ ਉਦਾਸ ਛੁਹ ਦੇ ਅਪੋਹ ਜਿਹੇ ਨਿਸ਼ਾਨ ਮਹਿਸੂਸ ਹੋਣੇ ਸ਼ੁਰੂ ਹੋ ਚੁਕੇ ਸਨ, ਤਾਂ ਕੁਝ ਪਾਇਲਟ ਝਾੜੀਆਂ ਦੇ ਵਿੱਚੋਂ ਦੀ ਘੁੰਮਦੀ ਹੋਈ ਤੇ ਨਿੱਕੀਆਂ ਨਿੱਕੀਆਂ ਲਹਿਰਾਂ ਪੈਂਦਾ ਕਰਦੀ ਹੋਈ ਲੰਘਦੀ ਨਿੱਕੀ ਜਿਹੀ ਨਦੀ ਦੇ ਕੰਢੇ ਉੱਤੇ ਧੁੱਪ ਸੇਕ ਰਹੇ ਸਨ।
ਗਰਮੀ ਨਾਲ ਅਲਸਾਏ ਹੋਏ ਉਹ ਊਂਘ ਰਹੇ ਸਨ; ਇਥੋਂ ਤੱਕ ਕਿ ਅਣਥੱਕ ਬੁਰਨਾਜ਼ਯਾਨ ਵੀ ਚੁੱਪ ਕਰਕੇ ਬੈਠਾ ਸੀ ਤੇ ਆਪਣੀ ਟੁੱਟੀ ਲੱਤ ਉੱਤੇ ਗਰਮ ਗਰਮ ਰੇਤ ਦੀ ਢੇਰੀ ਲਾ ਰਿਹਾ ਸੀ। ਉਸਦੀ ਲੱਤ ਬੜੀ ਹੌਲ਼ੀ ਹੌਲ਼ੀ ਠੀਕ ਹੋ ਰਹੀ ਸੀ। ਪਿੰਗਲਫਲ ਦੀ ਝਾੜੀ ਦੇ ਪੱਤਿਆਂ ਨੇ ਉਹਨਾਂ ਨੂੰ ਨਜ਼ਰਾਂ ਤੋਂ ਬਚਾਇਆ ਹੋਇਆ ਸੀ, ਪਰ ਉਹ ਨਦੀ ਦੇ ਚੜ੍ਹਦੇ ਕੰਢੇ ਉੱਤੇ ਹਰੇ ਘਾਹ ਵਿੱਚ ਲੋਕਾਂ ਦੇ ਚੱਲਣ ਕਾਰਨ ਬਣਿਆ ਪਹਿਆ ਦੇਖ ਸਕਦੇ ਸਨ। ਆਪਣੀ ਲੱਤ ਨਾਲ ਰੁਝੇ, ਬੁਰਨਾਜ਼ਯਾਨ ਨੇ ਨਜ਼ਰ ਚੁੱਕ ਕੇ ਦੇਖਿਆ ਤੇ ਉਸਦੀਆਂ ਅੱਖਾਂ ਨੇ ਅਜੀਬ ਜਿਹੀ ਝਾਕੀ ਦੇਖੀ।
ਇੱਕ ਦਿਨ ਪਹਿਲਾਂ ਆਇਆ ਨਵਾਂ ਬੰਦਾ ਸਿਰਫ਼ ਪਜ਼ਾਮਾ ਤੇ ਬੂਟ ਪਾਈ ਜੰਗਲ ਵਿੱਚੋਂ ਨਿੱਕਲਿਆ। ਉਸਨੇ ਆਸੇ ਪਾਸੇ ਦੇਖਿਆ, ਤੇ ਕੋਈ ਵੀ ਨਜ਼ਰੀਂ ਨਾ ਪੈਣ ਉੱਤੇ, ਉਹ ਅਜੀਬ ਜਿਹੀਆਂ ਛਲਾਂਗਾ ਲਾਉਂਦਾ ਦੌੜਨ ਲੱਗ ਪਿਆ; ਆਪਣੀਆਂ ਕੂਹਣੀਆਂ ਉਸਨੇ ਵੱਖੀਆਂ ਨਾਲ ਲਾਈਆਂ ਹੋਈਆਂ ਸਨ । ਦੋ ਕੁ ਸੌ ਮੀਟਰ ਦੌੜਨ ਮਗਰੋਂ, ਉਹ ਜ਼ੋਰ ਜ਼ੋਰ ਦੀ ਸਾਹ ਲੈਂਦਾ ਤੇ ਮੁੜ੍ਹਕੋ-ਮੁੜ੍ਹਕੀ ਹੋਇਆ, ਤੁਰਨ ਲੱਗ ਪਿਆ । ਸਾਹ ਲੈਣ ਤੋਂ ਮਗਰੋਂ ਉਸਨੇ ਫਿਰ ਦੌੜਨਾ ਸ਼ੁਰੂ ਕਰ ਦਿੱਤਾ। ਉਸਦਾ ਸਰੀਰ ਹਫੇ ਹੋਏ ਘੋੜੇ ਵਾਂਗ ਲਿਸ਼ਕ ਰਿਹਾ ਸੀ। ਬੁਰਨਾਜ਼ਯਾਨ ਨੇ ਚੁੱਪ ਕੀਤਿਆਂ ਆਪਣੇ ਸਾਥੀਆਂ ਦਾ ਧਿਆਨ ਦੌੜਨ ਵਾਲ਼ੇ ਵੱਲ ਦੁਆਇਆ ਤੇ ਉਹ ਝਾੜੀ ਤੋਂ ਪਿੱਛੋਂ ਉਸਨੂੰ ਦੇਖਣ ਲੱਗ ਪਏ । ਨਵਾਂ ਆਇਆ ਬੰਦਾ ਇਹਨਾਂ ਸਾਦਾ ਵਰਜਸ਼ਾਂ ਨਾਲ ਹੀ ਸਾਹੋ-ਸਾਹ ਹੋ ਰਿਹਾ ਸੀ, ਵਿੱਚ ਵਿੱਚ ਉਹ ਪੀੜ ਨਾਲ ਕਸੀਸ ਵੱਟਦਾ ਕਰਾਹੁੰਦਾ, ਪਰ ਦੌੜਨਾ ਉਸਨੇ ਜਾਰੀ ਰੱਖਿਆ।
ਆਪਣੇ ਆਪ ਉੱਤੇ ਹੋਰ ਕਾਬੂ ਰੱਖਣ ਤੋਂ ਅਸਮਰਥ ਬੁਰਨਾਜ਼ਯਾਨ ਕੂਕਿਆ: “ਹੇ, ਭਾਊ! ਜ਼ਨਾਮੇਨਸਕੀ ਭਰਾਵਾਂ ਨੂੰ ਹਰਾਉਣ ਦੀ ਤਿਆਰੀ ਕਰ ਰਿਹੈਂ ?”
ਨਵਾਂ ਆਇਆ ਬੰਦਾ ਹਝੋਕੇ ਨਾਲ ਰੁਕਿਆ। ਥਕਾਵਟ ਦੇ ਦਰਦ ਉਸਦੇ ਚਿਹਰੇ ਤੇ ਉੱਡ ਗਈ। ਉਸਨੇ ਸ਼ਾਂਤੀ ਨਾਲ ਝਾੜੀ ਵੱਲ ਨੂੰ ਦੇਖਿਆ ਤੇ ਇੱਕ ਵੀ ਲਫ਼ਜ਼ ਕਹੇ ਬਿਨ੍ਹਾਂ ਅਜੀਬ ਜਿਹੀ ਝੂਲਦੀ ਚਾਲ ਨਾਲ ਜੰਗਲ ਵਿੱਚ ਚਲਾ ਗਿਆ।
“ਕੌਣ ਹੈ ਇਹ, ਕੋਈ ਸਰਕਸ ਵਿੱਚ ਕਰਤਬ ਦਿਖਾਉਣ ਵਾਲ਼ਾ? ਜਾਂ ਕੋਈ ਸਿਰ- ਫਿਰਿਆ ?” ਬੁਰਨਾਜ਼ਯਾਨ ਨੇ ਹੈਰਾਨ ਹੁੰਦਿਆ ਪੁੱਛਿਆ ।
ਮੇਜਰ ਸਤਰੂਚਕੋਵ ਹੁਣੇ ਹੀ ਆਪਣੀ ਨੀਂਦ ਤੋਂ ਉਠਿਆ ਸੀ। ਉਹ ਦੱਸਣ ਲੱਗ ਪਿਆ।
“ਇਸਦੇ ਪੈਰ ਨਹੀਂ ਹਨ । ਉਹ ਬਣਾਵਟੀ ਪੈਰਾਂ ਨੂੰ ਸਿਧਾ ਰਿਹੈ; ਆਵਦੇ ਲੜਾਕੂ ਹਵਾਈ ਜਹਾਜ਼ਾਂ ਦੇ ਯੂਨਿਟ ਵਿੱਚ ਵਾਪਸ ਜਾਣਾ ਚਾਹੁੰਦੈ।”
ਇਹਨਾਂ ਲਫ਼ਜ਼ਾਂ ਨੇ ਉਹਨਾਂ ਅਲਸਾਏ ਆਦਮੀਆਂ ਲਈ ਠੰਡੀ ਵਾਛੜ ਦਾ ਕੰਮ ਕੀਤਾ। ਉਹ ਭੁੜਕ ਕੇ ਉਠ ਖਲੋਤੇ ਤੇ ਸਾਰੇ ਇੱਕੋ ਵੇਲੇ ਬੋਲਣ ਲੱਗ ਪਏ । ਉਹ ਸਾਰੇ ਹੈਰਾਨ ਹੋਏ ਕਿ ਜਿਸ ਆਦਮੀ ਬਾਰੇ ਉਹਨਾਂ ਨੂੰ ਕੁਝ ਵੀ ਅਜੀਬ ਦਿਖਾਈ ਨਹੀਂ ਸੀ ਦਿੱਤਾ, ਸਿਵਾਏ ਇਸਦੇ ਕਿ ਉਹ ਅਜੀਬ ਤਰ੍ਹਾਂ ਨਾਲ ਚੱਲਦਾ ਹੈ, ਉਸਦੇ ਪੈਰ ਹੀ ਨਹੀਂ ਸਨ। ਲੜਾਕਾ ਜਹਾਜ਼ ਉਡਾਉਣ ਬਾਰੇ ਉਸਦਾ ਵਿਚਾਰ ਉਹਨਾਂ ਨੂੰ ਹਾਸੋਹੀਣਾ, ਯਕੀਨੋਂ ਬਾਹਰਾ, ਸਗੋਂ ਕੁਫ਼ਰ ਵਰਗਾ ਲੱਗਾ । ਉਹ ਉਹਨਾਂ ਘਟਨਾਵਾਂ ਨੂੰ ਯਾਦ ਕਰਨ ਲੱਗ ਪਏ ਜਦੋ ਮਾੜੀਆਂ ਮਾੜੀਆਂ ਗੱਲਾਂ ਪਿੱਛੋਂ, ਦੋ ਉਂਗਲਾਂ ਵੱਢੀਆਂ ਜਾਣ ਕਰਕੇ ਤੰਤੂਆਂ ਦੇ ਤਣਾਓ ਕਰਕੇ, ਤੇ ਇਥੋਂ ਤੱਕ ਕਿ ਪੱਧਰੇ ਪੈਰਾਂ ਦੀਆਂ ਅਲਾਮਤਾਂ ਸਾਮ੍ਹਣੇ ਆਉਣ ਉੱਤੇ ਵੀ ਵਾਯੂ ਸੈਨਾ ਵਿੱਚੋਂ ਬਰਖਾਸਤ ਕਰ ਦਿੱਤਾ ਜਾਂਦਾ ਸੀ । ਹਮੇਸ਼ਾ ਹੀ, ਇਥੋਂ ਤੱਕ ਕਿ ਜੰਗ ਦੇ ਸਮੇਂ ਵੀ, ਪਾਇਲਟ ਤੋਂ ਜਿਸ ਪੱਧਰ ਦੀ ਸਰੀਰਕ ਯੋਗਤਾ ਦੀ ਮੰਗ ਕੀਤੀ ਜਾਂਦੀ ਸੀ, ਉਹ ਹੋਰ ਕਿਸੇ ਵੀ ਫ਼ੌਜੀ ਸੇਵਾ ਨਾਲੋਂ ਉਚੇਰੀ ਹੁੰਦੀ ਸੀ । ਤੇ ਆਖ਼ਰੀ ਗੱਲ ਉਹਨਾਂ ਦੀ ਰਾਏ ਵਿੱਚ, ਬਣਾਵਟੀ ਪੈਰਾਂ ਵਾਲੇ ਆਦਮੀ ਲਈ ਲੜਾਕੇ ਹਵਾਈ ਜਹਾਜ਼ ਵਰਗੀ ਜਟਿਲ ਸੂਖਮ ਮਸ਼ੀਨ ਚਲਾ ਸਕਣਾ ਬਿਲਕੁਲ ਅਸੰਭਵ ਹੈ।
ਉਹ ਸਾਰੇ ਸਹਿਮਤ ਸਨ ਕਿ ਮਰੇਸੇਯੇਵ ਦਾ ਵਿਚਾਰ ਪੂਰਾ ਹੋਣ ਵਾਲ਼ਾ ਨਹੀਂ । ਪਰ ਤਾਂ ਵੀ ਪੈਰਾਂ ਤੋਂ ਸੱਖਣੇ ਇਸ ਆਦਮੀ ਦੇ ਸੁਪਨੇ ਨੇ ਉਹਨਾਂ ਨੂੰ ਟੁੰਭਿਆ ਜ਼ਰੂਰ।
“ਤੇਰਾ ਦੋਸਤ ਜਾਂ ਤਾਂ ਪਰਲੇ ਦਰਜੇ ਦਾ ਮੂਰਖ ਏ, ਜਾਂ ਮਹਾਨ ਆਦਮੀ ਏ, ਵਿਚਕਾਰਲੀ ਕੋਈ ਚੀਜ਼ ਨਹੀਂ,” ਬੁਰਨਾਜ਼ਯਾਨ ਨੇ ਗੱਲ ਮੁਕਾਉਂਦਿਆਂ ਕਿਹਾ।
ਇਹ ਖ਼ਬਰ ਸਾਰੇ ਵਾਰਡਾਂ ਵਿੱਚ ਤੁਰਤ ਫ਼ੈਲ ਗਈ ਕਿ ਸੈਨੇਟੋਰੀਅਮ ਵਿੱਚ ਇੱਕ ਐਸਾ ਆਦਮੀ ਹੈ ਜਿਸਦੇ ਪੈਰ ਨਹੀਂ, ਪਰ ਜਿਹੜਾ ਲੜਾਕਾ ਜਹਾਜ਼ ਚਲਾਉਣ ਦੇ ਸੁਪਨੇ ਲੈਂਦਾ ਹੈ। ਖਾਣੇ ਵੇਲੇ ਅਲੈਕਸੇਈ ਧਿਆਨ ਦਾ ਕੇਂਦਰ ਬਣਿਆ ਹੋਇਆ ਸੀ, ਭਾਵੇਂ ਲੱਗਦਾ ਸੀ ਕਿ ਉਹ ਇਸਤੋਂ ਚੇਤੰਨ ਨਹੀਂ । ਸਾਰੇ ਜਿਹੜੇ ਉਸਨੂੰ ਦੇਖ ਰਹੇ ਸਨ, ਜਿਹੜੇ ਮੇਜ਼ ਉੱਪਰਲੇ ਆਪਣੇ ਗਵਾਂਢੀਆਂ ਨਾਲ ਉੱਚੀ ਉੱਚੀ ਹੱਸਦਿਆਂ ਢਿੱਡ ਭਰ ਕੇ ਖਾਣਾ ਖਾਂਦਿਆਂ, ਸੋਹਣੀਆਂ ਸੇਵਾਦਾਰਨੀਆਂ ਦੀ ਰਵਾਇਤੀ ਸਿਫ਼ਤ ਕਰਦਿਆਂ ਦੇਖ ਤੇ ਸੁਣ ਰਹੇ ਸਨ, ਜਿਨ੍ਹਾਂ ਨੇ ਉਸਨੂੰ ਆਪਣੇ ਸਾਥੀਆਂ ਨਾਲ ਬਾਗ ਵਿੱਚ ਸੈਰ ਕਰਦਿਆਂ, ਕਰੋਕੇ ਖੇਡਣਾ ਸਿਖਦਿਆਂ ਤੇ ਸਗੋਂ ਵਾਲੀਬਾਲ ਨੂੰ ਹੱਥ ਮਾਰਦਿਆਂ ਦੇਖਿਆ ਸੀ, ਉਹ ਉਸ ਵਿੱਚ ਕਿਸੇ ਵੀ ਅਸਧਾਰਨ ਚੀਜ਼ ਨੂੰ ਦੇਖਣ ਤੋਂ ਅਸਮਰਥ ਰਹੇ ਸਨ, ਸਿਵਾਏ ਉਸਦੀ ਹੌਲ਼ੀ ਹੌਲ਼ੀ, ਜ਼ਰਾ ਜ਼ਰਾ ਭੁੜਕਵੀਂ ਚਾਲ ਦੇ। ਅਸਲ ਵਿਚ, ਉਹ ਬੇਹੱਦ ਆਮ ਜਿਹਾ ਬੰਦਾ ਸੀ । ਹਰ ਕੋਈ ਜਲਦੀ ਹੀ ਉਸਦਾ ਆਦੀ ਹੋ ਗਿਆ ਤੇ ਉਸ ਵੱਲ ਖਾਸ ਧਿਆਨ ਦੇਣਾ ਉਹਨਾਂ ਬੰਦ ਕਰ ਦਿੱਤਾ।
ਸੈਨੇਟੋਰੀਅਮ ਵਿੱਚ ਪਹੁੰਚਣ ਤੋਂ ਅਗਲੇ ਦਿਨ ਸ਼ਾਮ ਨੂੰ ਅਲੈਕਸੇਈ ਜ਼ੀਨੋਚਕਾ ਨੂੰ ਮਿਲਣ ਸਵਾਗਤੀ ਕਮਰੇ ਵਿੱਚ ਗਿਆ । ਉਸਨੇ ਆਪਣੇ ਖਾਣੇ ਵਿੱਚੋਂ ਇੱਕ ਪੇਸਟਰੀ ਬਚਾ ਰੱਖੀ ਸੀ, ਤੇ ਹੁਣ ਇੱਕ ਬਰਡਾਕ ਦੇ ਪੱਤੇ ਵਿੱਚ ਲਪੇਟ ਕੇ ਫੜੀ ਹੋਈ ਸੀ। ਉਸਨੇ ਬੜੀ ਦਲੇਰੀ ਨਾਲ ਉਸਨੂੰ ਪੇਸਟਰੀ ਭੇਟ ਕੀਤੀ, ਬਿਨ੍ਹਾਂ ਕਿਸੇ ਤੱਕਲਫ਼ ਦੇ ਮੇਜ ਕੋਲ ਬੈਠ ਗਿਆ ਤੇ ਉਸਨੂੰ ਪੁੱਛਣ ਲੱਗ ਪਿਆ ਕਿ ਉਹ ਆਪਣਾ ਵਾਅਦਾ ਕਦੋਂ ਪੂਰਾ ਕਰੇਗੀ।
“ਕਿਹੜਾ ਵਾਅਦਾ ?” ਜ਼ੀਨੋਚਕਾ ਨੇ ਆਪਣੀਆਂ ਕਮਾਨਾਂ ਵਰਗੀਆਂ ਪੈਨਸਿਲ ਨਾਲ ਬਣਾਈਆਂ ਭਵਾਂ ਨੂੰ ਉਤਾਂਹ ਚੁੱਕਦਿਆਂ ਪੁੱਛਿਆ।
“ਜ਼ੀਨੋਚਕਾ, ਤੁਸੀਂ ਵਾਅਦਾ ਕੀਤਾ ਸੀ ਕਿ ਮੈਨੂੰ ਨੱਚਣਾ ਸਿਖਾਉਂਗੇ।”
“ਪਰ ” ਕੁੜੀ ਨੇ ਰੋਸ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ।
“ਮੈਨੂੰ ਪਤਾ ਲਗੈ ਕਿ ਤੁਸੀਂ ਸਿਖਾਉਂਣ ਵਿੱਚ ਏਨੇਂ ਗੁਣੀ ਹੋ ਕਿ ਬਿਨ੍ਹਾਂ ਪੈਰਾਂ ਦੇ ਆਦਮੀ ਨੱਚਣਾ ਸਿੱਖ ਲੈਂਦੇ ਨੇ ਤੇ ਪੈਰਾਂ ਵਾਲ਼ੇ, ਇਸਤੋਂ ਉਲਟ, ਨਾ ਸਿਰਫ਼ ਪੈਰ ਹੀ ਸਗੋਂ ਸਿਰ ਵੀ ਗੁਆ ਬੈਠਦੇ ਨੇ, ਜਿਸ ਤਰ੍ਹਾਂ ਫ਼ੇਦਿਆ ਨਾਲ ਹੋਇਆ ਸੀ । ਤਾਂ ਫਿਰ ਕਦੋਂ ਸ਼ੁਰੂ ਕਰਾਂਗੇ । ਸਾਨੂੰ ਸਮਾਂ ਐਵੇਂ ਨਹੀਂ ਗੁਆਉਣਾ ਚਾਹੀਦਾ।”
ਹਾਂ, ਇਹ ਨਵਾਂ ਆਇਆ ਆਦਮੀ ਕੁੜੀ ਨੂੰ ਸੱਚਮੁਚ ਚੰਗਾ ਲੱਗਾ ਸੀ। ਉਸਦੇ ਪੈਰ ਨਹੀਂ ਸਨ, ਤੇ ਚਾਹੁੰਦਾ ਇਹ ਸੀ ਕਿ ਉਸਨੂੰ ਉਹ ਨੱਚਣਾ ਸਿਖਾਏ! ਤੇ ਕਿਉਂ ਨਹੀਂ ? ਉਹ ਇੱਕ ਚੰਗਾ, ਸਾਂਵਲਾ ਆਦਮੀ ਸੀ, ਜਿਸਦੀਆਂ ਗੱਲ੍ਹਾਂ ਇਕਸਾਰ ਨਾਲ ਸਨ, ਤੇ ਵਾਲ ਨਰਮ ਤੇ ਘੁੰਗਰਾਲੇ ਸਨ । ਉਹ ਸਵਸਥ ਲੋਕਾਂ ਵਾਂਗ ਤੁਰਦਾ ਸੀ ਤੇ ਉਸਦੀਆਂ ਅੱਖਾਂ ਚੰਚਲ, ਦੀਵਾਨਿਆਂ ਵਰਗੀਆਂ, ਪਰ ਤਾਂ ਵੀ ਜ਼ਰਾ ਜ਼ਰਾ ਸੋਗੀ ਸਨ। ਜ਼ੀਨੋਚਕਾ ਦੀ ਜ਼ਿੰਦਗੀ ਵਿੱਚ ਨਾਚ ਦੀ ਕੋਈ ਘੱਟ ਥਾਂ ਨਹੀਂ ਸੀ । ਉਸਨੂੰ ਨੱਚਣ ਨਾਲ ਪਿਆਰ ਸੀ ਤੇ ਸੱਚਮੁਚ ਉਹ ਚੰਗਾ ਨੱਚ ਲੈਂਦੀ ਸੀ। ਤੇ ਮਰੇਸੇਯੇਵ – ਸੱਚਮੁਚ ਕੋਈ ਮਾੜਾ ਨਹੀਂ ਸੀ।
ਮਤਲਬ ਕੀ, ਕਿ ਉਹ ਸਹਿਮਤ ਹੋ ਗਈ । ਉਸਨੇ ਅਲੈਕਸੇਈ ਨੂੰ ਦੱਸਿਆ ਕਿ ਉਸਨੂੰ ਬੋਬ ਗੋਰੋਖੋਵ ਨੇ ਨੱਚਣਾ ਸਿਖਾਇਆ ਸੀ ਜਿਹੜਾ ਸਾਰੇ ਸੋਕੋਲੋਨਕੀ ਵਿੱਚ ਪ੍ਰਸਿੱਧ ਸੀ ਤੇ ਉਹ ਆਪਣੀ ਥਾਂ, ਪੋਲ ਸੂਦਾਕੋਵਸਕੀ ਦਾ ਸਭ ਤੋਂ ਚੰਗਾ ਸ਼ਿਸ਼ ਤੇ ਅਨੁਆਈ ਸੀ, ਜਿਹੜਾ ਸਾਰੇ ਮਾਸਕੋ ਵਿੱਚ ਪ੍ਰਸਿੱਧ ਸੀ ਤੇ ਮਿਲਟਰੀ ਅਕਾਦਮੀਆਂ ਤੇ ਬਦੇਸ਼ੀ ਮਾਮਲਿਆਂ ਦੇ ਕਮਿਸਰੇਤ ਦੀ ਕਲੱਬ ਵਿੱਚ ਨਾਚ ਸਿਖਾਉਂਦਾ ਹੁੰਦਾ ਸੀ; ਤੇ ਜ਼ੀਨੋਚਕਾ ਨੇ ਇਹਨਾਂ ਪ੍ਰਸਿੱਧ ਹਸਤੀਆਂ ਤੇ ਬਾਲ-ਰੂਮ ਨਾਚ ਦੀਆਂ ਚੰਗੀਆਂ ਤੋਂ ਚੰਗੀਆਂ ਰਵਾਇਤਾਂ ਵਿਰਸੇ ਵਿੱਚ ਲਈਆਂ ਸਨ ਤੇ ਉਸਨੇ ਕਿਹਾ ਕਿ ਉਹ ਅਲੈਕਸੇਈ ਨੂੰ ਵੀ ਨਾਚ ਸਿਖਾਉਣ ਦਾ ਕੰਮ ਹੱਥ ਵਿਚ ਲਵੇਗੀ, ਭਾਵੇਂ ਉਸਨੂੰ ਪੂਰਾ ਯਕੀਨ ਨਹੀਂ ਸੀ ਕਿ ਅਸਲੀ ਪੈਰਾਂ ਤੋਂ ਬਿਨਾਂ ਨੱਚਣਾ ਸੰਭਵ ਵੀ ਹੈ ਜਾਂ ਨਹੀਂ। ਜਿਨ੍ਹਾਂ ਸ਼ਰਤਾਂ ਉੱਤੇ ਉਹ ਨਾਚ ਸਿਖਾਉਣਾ ਮੰਨੀ, ਉਹ ਸਖ਼ਤ ਸਨ: ਉਸਨੂੰ ਆਗਿਆਕਾਰ ਤੇ ਮਿਹਨਤੀ ਹੋਣਾ ਪਵੇਗਾ, ਉਸ ਨਾਲ ਉਹ ਮੁਹੱਬਤ ਨਾ ਕਰਨ ਲੱਗ ਪਵੇ ਕਿਉਂਕਿ ਜੇ ਉਹ ਸਿਰਫ਼ ਇੱਕੋ ਆਦਮੀ ਨਾਲ ਨੱਚਦੀ ਰਹੀ ਤਾਂ ਉਹ ਆਪਣੀ ਕਲਾ-ਕੌਸ਼ਲਤਾ ਗੁਆ ਬੈਠੇਗੀ, ਇਸਤੋਂ ਛੁੱਟ, ਇੱਕੋ ਹੀ ਨਾਚ ਸਾਥੀ ਨਾਲ ਚਿਪਕੇ ਰਹਿਣਾ ਕਿੰਨੀਂ ਬੋਰ ਚੀਜ਼ ਹੈ!
ਮਰੇਸੇਯੇਵ ਨੇ ਬਿਨਾਂ ਕਿਸੇ ਰੱਖ-ਰਖਾਅ ਤੇ ਸ਼ਰਤਾਂ ਮੰਨ ਲਈਆਂ। ਜ਼ੀਨੋਚਕਾ ਨੇ ਆਪਣਾ ਅੱਗ ਵਰਗਾ ਸਿਰ ਛੱਡਿਆ ਤੇ ਉਸੇ ਵੇਲੇ ਹੀ ਆਪਣੇ ਸੋਹਣੇ ਸੋਹਣੇ ਨਿੱਕੇ ਨਿੱਕੇ ਪੈਰਾਂ ਨਾਲ ਛੁਹਲੀ ਤਰ੍ਹਾਂ ਚਲਦਿਆਂ, ਨਾਚ ਦੇ ਪਹਿਲੇ ਕਦਮ ਪੁੱਟ ਕੇ ਦਿਖਾਏ। ਕਦੀ ਮਰੇਸੇਯੇਵ ਰੂਸਕਾਯਾ ਤੇ ਹੋਰ ਪੁਰਾਣੇ ਨਾਚ ਨੱਚਣ ਵੇਲੇ ਬੜਾ ਛੁਹਲਾਪਣ ਦਿਖਾਉਂਦਾ ਹੁੰਦਾ ਸੀ, ਜਿਨ੍ਹਾਂ ਨਾਚਾਂ ਦੀਆਂ ਧੁਨਾਂ ਕਾਮੀਸ਼ਿਨ ਦੇ ਕੰਪਨੀ ਬਾਗ ਵਿੱਚ ਫਾਇਰ ਬਰਿਗੇਡ ਵਾਲਿਆ ਦਾ ਬੈਂਡ ਵਜਾਉਂਦਾ ਹੁੰਦਾ ਸੀ । ਉਸਨੂੰ ਤਾਲ ਦੀ ਪਛਾਣ ਸੀ ਤੇ ਬੜੀ ਜਲਦੀ ਉਸਨੇ ਇਸ ਪ੍ਰਸੰਨ ਕਲਾ ਵਿੱਚ ਮਹਾਰਤ ਪ੍ਰਾਪਤ ਕਰ ਲਈ ਸੀ । ਹੁਣ ਉਸ ਸਾਮ੍ਹਣੇ ਮੁਸ਼ਕਲ ਇਹ ਸੀ ਕਿ ਉਸਨੇ ਜਿਊਂਦੇ-ਜਾਗਦੇ, ਲਚਕੀਲੇ, ਚਲਦੇ-ਫਿਰਦੇ ਪੈਰਾਂ ਨੂੰ ਨਹੀਂ, ਸਗੋਂ ਆਪਣੀਆਂ ਪਿੰਨੀਆਂ ਨੂੰ ਪਟਿਆਂ ਨਾਲ ਬੱਝੀਆਂ ਚਮੜੇ ਦੀਆਂ ਚੀਜ਼ਾਂ ਨੂੰ ਕਾਬੂ ਵਿੱਚ ਰਹਿ ਕੇ ਹਰਕਤਾਂ ਕਰਨਾ ਸਿਖਾਉਣਾ ਸੀ । ਭਾਰੀ ਤੇ ਬੇਕਾਬੂ ਬਣਾਵਟੀ ਪੈਰਾਂ ਵਿੱਚ ਜ਼ਿੰਦਗੀ ਤੇ ਹਰਕਤ ਭਰਨ ਲਈ ਪਰਾਮਨੁੱਖੀ ਯਤਨਾਂ ਦੀ ਤੇ ਤੀਖਣ ਇੱਛਾ-ਸ਼ਕਤੀ ਨੂੰ ਅਮਲ ਵਿੱਚ ਲਿਆਉਣ ਦੀ ਲੋੜ ਸੀ।
ਪਰ ਉਸਨੇ ਆਪਣੇ ਪੈਰਾਂ ਨੂੰ ਹੁਕਮ ਮੰਨਣ ਲਈ ਮਜ਼ਬੂਰ ਕਰ ਦਿੱਤਾ। ਹਰ ਨਵਾਂ ਕਦਮ ਜਿਹੜਾ ਉਹ ਸਿੱਖਦਾ ਸੀ-ਹਰ ਗਲਿਸੇਡ, ਪਰੇਡ, ਸੱਪ-ਕੁੰਡਲੀ ਜਾਂ ਨੁਕਤਾ ਬਾਲ ਰੂਮ ਨਾਚ ਦੀ ਗੁੰਝਲਦਾਰ ਤਕਨੀਕ, ਜਿਸਦਾ ਸਿਧਾਂਤ ਪ੍ਰਸਿੱਧ ਪੋਲ ਸੁਦਾਕੋਵਸਕੀ ਨੇ ਘੜਿਆ ਸੀ ਤੇ ਜਿਸਨੂੰ ਉਸਨੇ ਪ੍ਰਭਾਵਸ਼ਾਲੀ ਤੇ ਧੁਨੀ-ਭਰਪੂਰ ਸੰਕੇਤਾਵਲੀ ਮੁਹੱਈਆ ਕੀਤੀ ਸੀ, ਉਸਨੂੰ ਭਾਰੀ ਖੁਸ਼ੀ ਦੇਂਦਾ ਸੀ । ਹਰ ਨਵਾਂ ਕਦਮ ਉਸਨੂੰ ਬੱਚਿਆਂ ਵਰਗੀ ਖੁਸ਼ੀ ਦੇਂਦਾ । ਤੇ ਇਸਨੂੰ ਸਿੱਖਣ ਤੋਂ ਪਿੱਛੋਂ ਉਹ ਆਪਣੀ ਸਿਖਾਉਣ ਵਾਲੀ ਨੂੰ ਜ਼ਮੀਨ ਤੋਂ ਚੁੱਕ ਲੈਂਦਾ ਤੇ ਆਪਣੇ ਉੱਪਰ ਜਿੱਤ ਦੀ ਖੁਸ਼ੀ ਮਨਾਉਣ ਲਈ ਉਸਨੂੰ ਇੱਕ ਭੁਆਂਟਣੀ ਦੇਂਦਾ। ਕਿਸੇ ਨੂੰ ਵੀ ਨਹੀਂ, ਤੇ ਉਸਨੂੰ ਸਿਖਾਉਣ ਵਾਲੀ ਨੂੰ ਤਾਂ ਸਭ ਤੋਂ ਘੱਟ, ਇਹ ਸ਼ੱਕ ਹੋ ਸਕਦਾ ਸੀ ਕਿ ਇਹਨਾਂ ਬਹੁਭਾਂਤਕ, ਗੁੰਝਲਦਾਰ ਕਦਮਾਂ ਨਾਲ ਉਸਨੂੰ ਕਿੰਨੀ ਪੀੜ ਹੁੰਦੀ ਹੈ; ਇਹ ਕੀਮਤ ਸੀ ਜਿਹੜੀ ਉਹ ਨਾਚ ਸਿੱਖਣ ਲਈ ਤਾਰਦਾ ਸੀ। ਕਿਸੇ ਦਾ ਧਿਆਨ ਇਸ ਗੱਲ ਵੱਲ ਨਹੀਂ ਸੀ ਜਾਂਦਾ ਕਿ ਜਦੋਂ ਉਹ ਬੇਪ੍ਰਵਾਹ ਜਿਹੇ ਅੰਦਾਜ਼ ਨਾਲ ਆਪਣੇ ਮੁਸਕਾਉਂਦੇ ਚਿਹਰੇ ਤੋਂ ਮੁੜ੍ਹਕਾ ਪੂੰਝਦਾ ਸੀ ਤਾਂ ਨਾਲ ਹੀ ਆਪਣੇ ਬੇਵਸ ਆ ਗਏ ਹੰਝੂ ਵੀ ਪੂੰਝ ਲੈਂਦਾ मी।
ਇੱਕ ਦਿਨ ਉਹ ਬਿਲਕੁਲ ਥੱਕਿਆ ਹੋਇਆ, ਪਰ ਖੁਸ਼ੀ ਖੁਸ਼ੀ, ਲੰਗੜਾਉਂਦਾ ਆਪਣੇ ਕਮਰੇ ਵਿੱਚ ਪੁੱਜਾ ।
“ਮੈਂ ਨਾਚ ਸਿੱਖ ਰਿਹਾ ਹਾਂ!” ਉਸਨੇ ਮੇਜਰ ਸਤਰੂਚਕੋਵ ਸਾਮ੍ਹਣੇ ਜੇਤੂ ਢੰਗ ਨਾਲ ਐਲਾਨ ਕੀਤਾ, ਜਿਹੜਾ ਸੋਚਾਂ ਵਿੱਚ ਡੁੱਬਾ ਬਾਰੀ ਕੋਲ ਖੜਾ ਸੀ, ਜਿਸਦੇ ਬਾਹਰ ਹੁਨਾਲੀ ਦਿਨ ਚੁੱਪ-ਚਾਪ ਢਲਦਾ ਜਾ ਰਿਹਾ ਸੀ, ਤੇ ਜਿਸ ਵਿੱਚੋਂ ਦੀ ਡੁਬਦੇ ਸੂਰਜ ਦੀਆਂ ਆਖ਼ਰੀ ਕਿਰਨਾਂ ਦਰਖਤਾਂ ਦੀਆਂ ਟੀਸੀਆਂ ਉੱਤੇ ਸੋਨੇ ਵਾਂਗ ਡਲਕਾਂ ਮਾਰਦੀਆਂ ਦੇਖੀਆਂ ਜਾ ਸਕਦੀਆਂ ਸਨ।
ਮੇਜਰ ਨੇ ਕੋਈ ਹੁੰਗਾਰਾ ਨਾ ਭਰਿਆ।
“ਤੇ ਮੈਂ ਸਫ਼ਲ ਹੋਵਾਂਗਾ !” ਮਰੇਸੇਯੇਵ ਨੇ ਦ੍ਰਿੜਤਾ ਨਾਲ ਕਿਹਾ। ਆਪਣੇ ਬਣਾਵਟੀ ਪੈਰ ਉਸਨੇ ਲਾਹ ਕੇ ਮਾਰਦਿਆਂ ਸੁੱਖ ਮਹਿਸੂਸ ਕੀਤਾ ਤੇ ਜ਼ੋਰ ਜ਼ੋਰ ਦੀ ਆਪਣੇ ਨਹੂੰਆਂ ਨਾਲ ਆਪਣੀਆਂ ਸੁੱਤੀਆਂ ਲੱਤਾਂ ਨੂੰ ਖੁਰਕਣ ਲੱਗਾ। ਸਤਰੂਚਕੋਵ ਨੇ ਆਪਣਾ ਮੂੰਹ ਬਾਰੀ ਵੱਲ ਹੀ ਰੱਖਿਆ। ਉਸਦੇ ਮੋਢੇ ਉੱਪਰ ਹੇਠਾਂ ਹੋ ਰਹੇ ਸਨ ਤੇ ਉਹ ਅਜੀਬ ਜਿਹੀਆਂ ਅਵਾਜ਼ਾਂ ਕੱਢ ਰਿਹਾ ਸੀ, ਜਿਵੇਂ ਕਿ ਸਿਸਕੀਆਂ ਭਰ ਰਿਹਾ ਹੋਵੇ। ਚੁੱਪ-ਚਾਪ ਅਲੈਕਸੇਈ ਆਪਣੇ ਕੰਬਲ ਹੇਠ ਤਿਲ੍ਹਕ ਗਿਆ। ਮੇਜਰ ਨਾਲ ਕੋਈ ਅਜੀਬ ਗੱਲ ਵਾਪਰ ਰਹੀ ਸੀ। ਇਸ ਆਦਮੀ ਦਾ, ਜਿਹੜਾ ਹੁਣ ਜਵਾਨ ਨਹੀਂ ਸੀ ਰਿਹਾ, ਜਿਹੜਾ ਕੁਝ ਹੀ ਸਮਾਂ ਪਹਿਲਾਂ ਆਪਣੇ ਮਜ਼ਾਹੀਆਂ ਸਨਕੀਪੁਣੇ ਨਾਲ, ਤੇ ਔਰਤ- ਜਾਤ ਲਈ ਆਪਣੀ ਨਫ਼ਰਤ ਕਰਕੇ, ਹਸਪਤਾਲ ਦੇ ਵਾਰਡ ਨੂੰ ਹਸਾਉਂਦਾ ਤੇ ਗੁੱਸਾ ਚੜਾਉਂਦਾ ਸੀ, ਮੁਹੱਬਤ ਕਰਨ ਲੱਗ ਪਿਆ ਸੀ, ਸਕੂਲੀ ਮੁੰਡੇ ਵਾਂਗ ਸਿਰ ਤੋਂ ਪੈਰਾਂ ਤੱਕ ਮੁਹੱਬਤ ਵਿੱਚ ਡੁੱਬਾ ਹੋਇਆ ਸੀ, ਤੇ ਲੱਗਦਾ ਸੀ, ਬਿਨ੍ਹਾਂ ਸਫ਼ਲਤਾ ਦੀ ਉਮੀਦ ਦੇ । ਦਿਹਾੜੀ ਵਿੱਚ ਕਈ ਵਾਰੀ ਉਹ ਮਾਸਕੋ ਕਲਾਵਦੀਆ ਮਿਖਾਇਲੋਵਨਾ ਨੂੰ ਟੈਲੀਫ਼ੋਨ ਕਰਨ ਲਈ ਸਵਾਗਤੀ ਕਮਰੇ ਵਿੱਚ ਜਾਂਦਾ। ਸੈਨੇਟੋਰੀਅਮ ਤੋਂ ਜਾਂਦੇ ਹਰ ਮਰੀਜ਼ ਦੇ ਹੱਥ ਉਹ ਉਸਨੂੰ ਫੁੱਲ, ਫਲ, ਚਾਕਲੇਟ ਤੇ ਲਿਖਤੀ ਸੰਦੇਸ਼ ਭੇਜਦਾ। ਉਹ ਉਸਨੂੰ ਲੰਮੀਆਂ ਲੰਮੀਆਂ ਚਿੱਠੀਆਂ ਲਿਖਦਾ ਤੇ ਖੁਸ਼ ਹੁੰਦਾ, ਮਜ਼ਾਕ ਵੀ ਕਰਨ ਲੱਗ ਪੈਂਦਾ, ਜਦੋਂ ਉਸਨੂੰ ਕੋਈ ਜਾਣਿਆ-ਪਛਾਣਿਆ ਲਿਫ਼ਾਫ਼ਾ ਦਿੱਤਾ ਜਾਂਦਾ।
ਪਰ ਉਹ ਉਸਦੀਆਂ ਪੇਸ਼ ਕਦਮੀਆਂ ਨੂੰ ਰੱਦ ਕਰਦੀ, ਕੋਈ ਹੌਂਸਲਾ ਅਫ਼ਜਾਈ ਨਾ ਕਰਦੀ, ਸਗੋਂ ਉਸ ਉੱਤੇ ਉਸਨੂੰ ਤਰਸ ਵੀ ਨਾ ਆਉਂਦਾ । ਉਸਨੇ ਮੇਜਰ ਨੂੰ ਲਿਖਿਆ ਕਿ ਉਹ ਕਿਸੇ ਦੂਜੇ ਨੂੰ, ਜਿਹੜਾ ਮਰ ਚੁੱਕਾ ਸੀ, ਪਿਆਰ ਕਰਦੀ ਸੀ, ਤੇ ਮੇਜਰ ਨੂੰ ਦੋਸਤੀ ਵਿੱਚ ਸਲਾਹ ਦਿੱਤੀ ਕਿ ਉਹ ਉਸਦਾ ਖਹਿੜਾ ਛੱਡ ਦੇਵੇ, ਉਸਨੂੰ ਭੁੱਲ ਜਾਏ, ਉਸ ਲਈ ਐਵੇਂ ਖ਼ਰਚ ਨਾ ਕਰਿਆ ਕਰੇ, ਤੇ ਐਵੇਂ ਸਮਾਂ ਨਾ ਗੁਆਏ । ਇਹ ਉਸਦਾ ਦੋਸਤਾਨਾ ਪਰ ਵਿਹਾਰਕ ਕਿਸਮ ਦਾ ਅੰਦਾਜ਼ ਹੀ ਸੀ, ਜਿਹੜਾ ਪਿਆਰ ਦੇ ਮਾਮਲਿਆਂ ਵਿੱਚ ਏਨਾਂ ਅਪਮਾਨਜਨਕ ਹੁੰਦਾ ਹੈ, ਜਿਸ ਨਾਲ ਉਹ ਆਪੇ ਤੋਂ ਬਾਹਰ ਹੋ ਗਿਆ ਸੀ।
ਅਲੈਕਸੇਈ ਡਿਪਲੋਮੈਟਿਕ ਢੰਗ ਨਾਲ ਚੁੱਪ ਰਹਿੰਦਾ ਹੋਇਆ ਕੰਬਲ ਹੇਠਾਂ ਨਿੱਸਲ ਹੋਇਆ ਪਿਆ ਸੀ, ਜਦੋਂ ਮੇਜਰ ਬਾਰੀ ਤੇ ਇੱਕਦਮ ਤੇਜੀ ਨਾਲ ਅਲੈਕਸੇਈ ਦੇ ਮੰਜੇ ਕੋਲ ਆਇਆ, ਉਸਨੂੰ ਮੋਢਿਆਂ ਤੋਂ ਫੜ ਕੇ ਹਿਲਾਉਣ ਲੱਗ ਪਿਆ ਤੇ ਉਸ ਉੱਪਰ ਝੁਕਦਾ ਹੋਇਆ ਕੂਕਿਆ:
“ਉਹ ਚਾਹੁੰਦੀ ਕੀ ਹੈ? ਮੈਂ ਕੀ ਹਾਂ ਆਖ਼ਰ, ਪੈਲੀ ਵਿੱਚ ਉੱਗੀ ਘਾਹ? ਮੈਂ ਕੀ ਬਦਸੂਰਤ ਹਾਂ, ਬੁੱਢਾ ਹਾਂ, ਜਾਂ ਪਿੰਗਲਾ ਹਾਂ ? ਉਸਦੀ ਥਾਂ ਹੋਰ ਕੋਈ ਵੀ ਹੁੰਦਾ ਤਾਂ … ਪਰ ਕੀ ਫ਼ਾਇਦੈ ਗੱਲਾਂ ਦਾ!”
ਉਹ ਅਰਾਮ ਕੁਰਸੀ ਉੱਤੇ ਢਹਿ ਪਿਆ, ਆਪਣਾ ਸਿਰ ਆਪਣੇ ਹੱਥਾਂ ਵਿੱਚ ਫੜ ਲਿਆ ਤੇ ਇੰਝ ਜ਼ੋਰ ਜ਼ੋਰ ਦੀ ਇੱਧਰ ਉਧਰ ਝੂਲਣ ਲੱਗਾ ਕਿ ਕੁਰਸੀ ਚੀਕਣ ਲੱਗ ਪਈ।
“ਉਹ ਔਰਤ ਹੈ, ਹੈ ਨਾ? ਉਸਨੂੰ ਮੇਰੇ ਬਾਰੇ ਕੋਈ ਅਹਿਸਾਸ ਹੋਣਾ ਚਾਹੀਦਾ ਸੀ, ਚਲੋ ਉਤਸੁਕਤਾ ਕਰਕੇ ਹੀ ਸਹੀ। ਉਫ਼, ਉਸ ਸ਼ੈਤਾਨ ਦੀ ਨਾਨੀ ਨੂੰ ਕੋਈ ਪਿਆਰ ਕਰੇ, ਤੇ ਉਹ ਵੀ ਇਸ ਤਰ੍ਹਾਂ ਪਿਆਰ ਕਰੇ! ਉਫ਼, ਲਿਉਸ਼ਕਾ! ਲਿਉਸ਼ਕਾ ! ਤੂੰ ਉਸਨੂੰ ਜਾਣਦਾ ਸੈਂ, ਇਸ ਆਪਣੇ… ਦੱਸ ਮੈਨੂੰ ਜ਼ਰਾ, ਉਹ ਮੇਰੇ ਨਾਲੋਂ ਕਿਹੜੀ ਗੱਲੋਂ ਚੰਗਾ ਸੀ ? ਕਿਹੜੀ ਗੱਲ ਕਰਕੇ ਉਹ ਉਹਦੇ ਦਿਲ ਵਿੱਚ ਵੱਸਿਆ ਹੋਇਆ ਸੀ ? ਜਿਆਦਾ ਸਿਆਣਾ ਸੀ ? ਜਿਆਦਾ ਸੋਹਣਾ ਸੀ ? ਕਿਹੋ ਜਿਹਾ ਹੀਰੋ ਸੀ ਉਹ?”
ਅਲੈਕਸੇਈ ਨੂੰ ਕੋਮੀਸਾਰ ਵੋਰੋਬਿਉਵ, ਉਸਦਾ ਭਾਰੀ-ਭਰਕਮ, ਫੁੱਲਿਆ ਹੋਇਆ ਸਰੀਰ, ਚਿੱਟੇ ਸਿਰਹਾਣੇ ਉੱਤੇ ਪਿਆ ਪੀਲ਼ਾ ਚਿਹਰਾ ਯਾਦ ਆ ਗਿਆ, ਉਹ ਔਰਤ ਯਾਦ ਆ ਗਈ, ਜਿਹੜੀ ਔਰਤਾਂ ਵਾਲ਼ੇ ਗ਼ਮ ਦੇ ਸਦੀਵੀਂ ਅੰਦਾਜ਼ ਵਿੱਚ ਉਸ ਕੋਲ ਖੜ੍ਹੀ ਸੀ, ਤੇ ਉਹ ਚਕ੍ਰਿਤ ਕਰ ਦੇਣ ਵਾਲੀ ਕਹਾਣੀ ਯਾਦ ਆ ਗਈ, ਕਿ ਕਿਵੇਂ ਲਾਲ ਫ਼ੌਜ ਦੇ ਸਿਪਾਹੀਆਂ ਨੇ ਮਾਰੂਥਲ ਨੂੰ ਪਾਰ ਕੀਤਾ ਸੀ ।
“ਉਹ ਅਸਲੀ ਇਨਸਾਨ ਸੀ, ਮੇਜਰ, ਬਾਲਸ਼ਵਿਕ। ਰੱਬ ਕਰੇ ਕਿ ਅਸੀਂ ਵੀ ਉਸ ਵਰਗੇ ਬਣ ਸਕੀਏ।”
4
ਇਹ ਹਾਸੋਹੀਣੀ ਲਗਦੀ ਖ਼ਬਰ ਸਾਰੇ ਸੈਨੇਟੋਰੀਅਮ ਵਿੱਚ ਫੈਲ ਗਈ ਕਿ ਪੈਰਾਂ ਤੋਂ ਸੱਖਣਾ ਪਾਇਲਟ ਨਾਚ ਸਿੱਖਣ ਲੱਗ ਪਿਆ ਹੈ।
ਜਿਉਂ ਹੀ ਜ਼ੀਨੋਚਕਾ ਸਵਾਗਤੀ ਕਮਰੇ ਦੀ ਆਪਣੀ ਡਿਊਟੀ ਤੋਂ ਵਿਹਲੀ ਹੁੰਦੀ, ਉਹ ਆਪਣੇ ਸਿਖਿਆਰਥੀ ਨੂੰ ਲਾਂਘੇ ਵਿੱਚ ਖੜਾ ਆਪਣੀ ਉਡੀਕ ਕਰਦਿਆਂ ਦੇਖਦੀ। ਉਹ ਜੰਗਲੀ ਫੁੱਲਾਂ ਦਾ ਗੁਲਦਸਤਾ, ਜਾਂ ਕੁਝ ਚਾਕਲੇਟ, ਜਾਂ ਖਾਣੇ ਤੋਂ ਬਚਾਇਆ ਇੱਕ ਸੰਗਤਰਾ ਉਸ ਲਈ ਲੈ ਕੇ ਆਉਂਦਾ। ਜ਼ੀਨੋਚਕਾ ਗੰਭੀਰਤਾ ਨਾਲ ਉਸਦੀ ਬਾਂਹ ਫੜਦੀ ਤੇ ਉਹ ਮਨਪ੍ਰਚਾਵੇ ਵਾਲੇ ਕਮਰੇ ਵਿੱਚ ਚਲੇ ਜਾਂਦੇ, ਜਿਹੜਾ ਗਰਮੀਆਂ ਵਿੱਚ ਸੁੰਝਾ ਪਿਆ ਰਹਿੰਦਾ ਸੀ, ਤੇ ਜਿਸ ਵਿਚਲੇ ਤਾਸ਼ ਖੇਡਣ ਵਾਲੇ ਮੇਜਾਂ ਤੇ ਪਿੰਗ-ਪਾਂਗ ਦੇ ਮੇਜ ਨੂੰ ਸਿਖਿਆਰਥੀ ਨੇ ਪਹਿਲਾਂ ਹੀ ਧੱਕ ਕੇ ਕੰਧ ਨਾਲ ਲਾ ਦਿੱਤਾ ਹੋਇਆ ਸੀ । ਜ਼ੀਨੋਚਕਾ ਬੜੀ ਮਟਕ ਨਾਲ ਕੋਈ ਨਵੀਂ ਮੁਦਰਾ ਕਰਕੇ ਦਿਖਾਉਂਦੀ। ਅੱਖਾਂ ਸੁੰਗੇੜੀ, ਪਾਇਲਟ ਉਹਨਾਂ ਗੁੰਝਲਦਾਰ ਨਕਸ਼ਿਆਂ ਨੂੰ ਦੇਖਦਾ ਜਿਹੜੇ ਉਹ ਆਪਣੇ ਨਿੱਕੇ ਨਿੱਕੇ, ਸੋਹਣੇ ਪੈਰਾਂ ਨਾਲ ਫਰਸ਼ ਉੱਤੇ ਵਾਹ ਦੇਂਦੀ।
ਫਿਰ, ਗੰਭੀਰ ਮੂੰਹ ਬਣਾਈ, ਕੁੜੀ ਤਾੜੀ ਮਾਰਦੀ ਤੇ ਗਿਨਣ ਲੱਗ ਪੈਂਦੀ:
“ਇੱਕ, ਦੋ ਤਿੰਨ-ਇੱਕ, ਦੋ, ਤਿੰਨ ਸੱਜੇ ਵੱਲ ਨੂੰ ਗਲਿਸੇਡ ਇੱਕ, ਦੋ, ਤਿੰਨ ਗਲਿਸੇਡ ਖੱਬੇ ਵੱਲ ਨੂੰ! ਮੁਡ਼ੋ! ਬਿਲਕੁਲ ਠੀਕ! ਇੱਕ, ਦੋ, ਤਿੰਨ-ਇੱਕ, ਦੋ ਤਿੰਨ… ਹੁਣ ਸੱਪ-ਕੁੰਡਲੀ! ਚੱਲੋ ਇਕੱਠੇ ਕਰੀਏ।”
ਪਤਾ ਨਹੀਂ, ਇਹ ਪੈਰਾਂ ਤੋਂ ਵਾਂਝੇ ਆਦਮੀ ਨੂੰ ਨਾਚ ਸਿਖਾਉਣ ਦਾ ਕੰਮ ਸੀ, ਐਸਾ ਕੰਮ ਜਿਹੜਾ ਨਾ ਬੋਬ ਗੋਰੋਖੋਵ ਤੇ ਨਾ ਹੀ ਪੋਲ ਸੁਦਾਕੋਵਸਕੀ ਨੇ ਕਦੀ ਕੀਤਾ ਸੀ; ਪਤਾ ਨਹੀਂ ਉਸਨੂੰ ਆਪਣਾ ਸਾਂਵਲਾ, ਘੁੰਗਰਾਲੇ ਵਾਲਾਂ ਤੇ ਚੰਚਲ ਅੱਖਾਂ ਵਾਲ਼ਾ ਸਿਖਿਆਰਥੀ ਚੰਗਾ ਲੱਗਣ ਲੱਗ ਪਿਆ ਸੀ; ਜਾਂ ਸ਼ਇਦ ਦੋਹਾਂ ਕਾਰਨਾਂ ਕਰਕੇ ਹੀ ਪਰ ਜੋ ਵੀ ਹੋਵੇ, ਜ਼ੀਨੋਚਕਾ ਆਪਣਾ ਸਾਰਾ ਵਿਹਲਾ ਸਮਾਂ, ਤੇ ਤਨ ਮਨ ਇਸ ਕੰਮ ਵਿੱਚ ਲਾ ਰਹੀ ਸੀ। ਸ਼ਾਮਾਂ ਨੂੰ ਜਦੋਂ ਨਦੀ ਦਾ ਰੇਤਲਾ ਕੰਢਾ, ਵਾਲੀਬਾਲ ਦਾ ਮੈਦਾਨ ਤੇ ਸਕਿੱਟਲ ਖੇਡਣ ਦੀ ਥਾਂ ਉੱਤੇ ਕੋਈ ਨਾ ਰਹਿੰਦਾ ਤੇ ਨਾਚ ਕਰਨਾ ਮਰੀਜ਼ਾਂ ਦਾ ਮਨਭਾਉਂਦਾ ਮਨਪ੍ਰਚਾਵਾ ਬਣ ਗਿਆ, ਤਾਂ ਅਲੈਕਸੇਈ ਬਿਨ੍ਹਾਂ ਉੱਕਿਆ ਇਹਨਾਂ ਸ਼ਾਮਾਂ ਵਿੱਚ ਹਿੱਸਾ ਲੈਂਦਾ । ਉਹ ਚੰਗਾ ਨੱਚ ਲੈਂਦਾ ਸੀ, ਇੱਕ ਵੀ ਨਾਚ ਨਹੀਂ ਸੀ ਛੱਡਦਾ, ਤੇ ਕਈ ਵਾਰੀ ਉਸਦੀ ਅਧਿਆਪਕਾ ਨੂੰ ਅਫ਼ਸੋਸ ਹੁੰਦਾ ਕਿ ਉਸਨੇ ਉਸਨੂੰ ਉਹਨਾਂ ਸਖ਼ਤ ਸ਼ਰਤਾਂ ਨਾਲ ਬੰਨ੍ਹ ਦਿੱਤਾ ਸੀ। ਅਕਾਰਡੀਅਨ ਦੀ ਧੁਨ ਨਾਲ ਜੋੜੇ ਕਮਰੇ ਵਿੱਚ ਘੁੰਮਣਘੇਰੀਆਂ ਖਾਣ ਲੱਗ ਪੈਂਦੇ । ਲਾਲ ਹੋਏ ਹੋਏ ਮੂੰਹ ਤੇ ਉਤੇਜਨਾ ਨਾਲ ਚਮਕ ਰਹੀਆਂ ਅੱਖਾਂ ਨਾਲ, ਮਰੇਸੇਯੇਵ ਸਾਰੇ ਗਲਿਸੇਡ, ਸੱਪ-ਕੁੰਡਲੀਆਂ, ਮੋੜ ਤੇ ਨੁਕਤੇ ਕਰਦਾ ਤੇ ਛੁਹਲੇ ਪੈਰਾਂ ਨਾਲ, ਤੇ ਦਿੱਸਣ ਨੂੰ ਬਿਨ੍ਹਾਂ ਕਿਸੇ ਉਚੇਚੇ ਯਤਨ ਦੇ, ਆਪਣੇ ਅੱਗ ਵਰਗੇ ਵਾਲਾਂ ਵਾਲੀ ਅਛੋਪਲੇ ਪੈਰਾਂ ਵਾਲੀ ਸਾਥਣ ਨੂੰ ਆਪਣੇ ਨਾਲ ਲਿਜਾਂਦਾ । ਤੇ ਨਾਚ ਕਰਨ ਵਾਲ਼ੇ ਇਸ ਦਲੇਰ ਆਦਮੀ ਨੂੰ ਜਿਹੜਾ ਵੀ ਕੋਈ ਦੇਖਦਾ, ਉਹ ਅੰਦਾਜ਼ਾ ਤੱਕ ਵੀ ਨਹੀਂ ਸੀ ਲਾ ਸਕਦਾ ਕਿ ਉਹ ਕੀ ਕਰਦਾ ਸੀ, ਜਦੋਂ ਉਹ ਵਿੱਚ ਕਮਰੇ ਤੋਂ ਬਾਹਰ ਚਲਾ ਜਾਂਦਾ ਸੀ।
ਉਹ ਆਪਣੇ ਨਾਲ਼ ਹੋਏ ਹੋਏ ਮੂੰਹ ਉੱਤੇ ਮੁਸਕ੍ਰਾਹਟ ਨਾਲ, ਆਪਣੇ ਰੁਮਾਲ ਨਾਲ ਆਪਣੇ ਆਪ ਨੂੰ ਹਵਾ ਝਲਦਾ ਹੋਇਆ, ਕਮਰੇ ਤੋਂ ਬਾਹਰ ਨਿੱਕਲ ਜਾਂਦਾ । ਪਰ ਉਹ ਅਜੇ ਦਰਵਾਜ਼ਾ ਲੰਘਦਾ ਸੀ ਕਿ ਮੁਸਕ੍ਰਾਹਟ ਦੀ ਥਾਂ ਚੀਸ ਲੈ ਲੈਂਦੀ। ਡੰਡਿਆਂ ਨੂੰ ਘੁਟ ਕੇ ਫੜਦਿਆਂ, ਉਹ ਡਿੱਗਦਾ-ਢਹਿੰਦਾ, ਕੱਰਾਹਟਾਂ ਭਰਦਾ, ਡਿਉੜੀ ਦੀ ਪੌੜੀਆਂ ਉਤਰਦਾ, ਤ੍ਰੇਲ-ਭਿੱਜੇ ਘਾਹ ਉੱਤੇ ਡਿੱਗ ਪੈਂਦਾ ਤੇ, ਆਪਣੇ ਸਾਰੇ ਸਰੀਰ ਨੂੰ ਸਿਲ੍ਹੀ ਤੇ ਅਜੇ ਵੀ ਨਿੱਘੀ ਜ਼ਮੀਨ ਨਾਲ ਘੁੱਟਦਾ ਹੋਇਆ, ਉਸ ਦਰਦ ਨਾਲ ਰੋਅ ਪੈਂਦਾ ਜਿਹੜਾ ਉਸਦੇ ਬਣਾਵਟੀ ਪੈਰਾਂ ਦੇ ਘੁੱਟ ਕੇ ਬੰਨ੍ਹੇ ਪਟਿਆਂ ਕਾਰਨ ਹੁੰਦਾ ਸੀ।
ਉਹ ਆਪਣੀਆਂ ਲੱਤਾਂ ਨੂੰ ਸਾਹ ਦੁਆਉਣ ਲਈ ਪਟੇ ਖੋਹਲਦਾ । ਜਦੋਂ ਉਹ ਮਹਿਸੂਸ ਕਰਦਾ ਕਿ ਉਸਨੇ ਅਰਾਮ ਕਰ ਲਿਆ ਹੈ, ਤਾਂ ਉਹ ਮੁੜ ਉਹਨਾਂ ਨੂੰ ਬੰਨ੍ਹ ਲੈਂਦਾ, ਉੱਛਲ ਕੇ ਖੜੋ ਜਾਂਦਾ ਤੇ ਕਮਰੇ ਵੱਲ ਨੂੰ ਤੁਰ ਪੈਂਦਾ । ਉਹ ਅਣਦੇਖਿਆ ਹੀ ਹਾਲ ਵਿੱਚ ਉਸ ਥਾਂ ਆ ਦਿਖਾਈ ਦੇਂਦਾ ਜਿਥੇ ਮੁੜ੍ਹਕੋ-ਮੁੜਕਾ ਹੋਇਆ ਅਕਾਰਡੀਅਨ-ਵਾਦਕ ਅਣਥੱਕ ਤੌਰ ਉੱਤੇ ਪੱਖਾ ਚਲਾਉਂਦਿਆਂ ਸੰਗੀਤ ਦੇ ਰਿਹਾ ਹੁੰਦਾ, ਲਾਲ ਵਾਲਾਂ ਵਾਲ਼ੀ ਜ਼ੀਨੋਚਕਾ ਤੱਕ ਪਹੁੰਚਦਾ ਜਿਹੜੀ ਪਹਿਲਾਂ ਹੀ ਆਪਣੀਆਂ ਅੱਖਾਂ ਨਾਲ ਭੀੜ ਵਿੱਚ ਉਸਨੂੰ ਟੋਲ ਰਹੀ ਹੁੰਦੀ, ਖੁੱਲ੍ਹ ਕੇ ਮੁਸਕਾਉਂਦਾ ਜਿਸ ਨਾਲ ਉਸਦੇ ਚਿੱਟੇ, ਬਕਾਇਦਾ, ਚੀਨੀ ਦੇ ਬਣੇ ਲੱਗਦੇ ਦੰਦ ਦਿੱਸਣ ਲੱਗ ਪੈਂਦੇ, ਤੇ ਛੁਹਲਾ, ਛਬੀਲਾ ਜੋੜਾ ਮੁੜ ਤਿਲ੍ਹਕਦਾ ਹੋਇਆ ਘੇਰੇ ਵਿੱਚ ਚਲਾ ਜਾਂਦਾ । ਜ਼ੀਨੋਚਕਾ ਉਸਨੂੰ ਗੁੱਸੇ ਹੁੰਦੀ ਕਿ ਉਹ ਉਸਨੂੰ ਛੱਡ ਕੇ ਕਿਉਂ ਗਿਆ ਸੀ, ਉਹ ਕਿਸੇ ਮਜ਼ਾਕ ਨਾਲ ਇਸਦਾ ਜਵਾਬ ਦੇਂਦਾ, ਤੇ ਉਹ ਬਾਕੀ ਦੇ ਨਾਚ ਕਰਨ ਵਾਲਿਆਂ ਵਾਂਗ ਹੀ ਘੁੰਮਣਘੇਰੀਆਂ ਖਾਣ ਲੱਗ ਪੈਂਦੇ ।
ਨਾਚ ਦੀਆਂ ਇਹਨਾਂ ਵਰਜ਼ਸ਼ਾਂ ਨੇ ਜਲਦੀ ਹੀ ਨਤੀਜੇ ਦਿਖਾਏ । ਅਲੈਕਸੇਈ ਦਿਨੋਂ ਦਿਨ ਘੱਟ ਆਪਣੇ ਬਣਾਵਟੀ ਪੈਰਾਂ ਨਾਲ ਬੱਝਾ ਹੋਇਆ ਮਹਿਸੂਸ ਕਰਨ ਲੱਗਾ; ਉਹ ਹੁਣ ਉਸਦੀਆਂ ਲੱਤਾਂ ਨਾਲ ਪਿਉਂਦੇ ਗਏ ਲੱਗਦੇ ਸਨ।
ਅਲੈਕਸੇਈ ਖੁਸ਼ ਸੀ । ਉਸਨੂੰ ਸਿਰਫ਼ ਇੱਕੋ ਚੀਜ਼ ਫ਼ਿਕਰ ਲਾ ਰਹੀ ਸੀ – ਓਲਿਆ ਵੱਲੋਂ ਚਿੱਠੀ ਨਹੀਂ ਸੀ ਆ ਰਹੀ। ਇੱਕ ਮਹੀਨਾ ਹੋ ਗਿਆ ਸੀ – ਗਵੋਜ਼ਦਿਓਵ ਦੇ ਆਪਣੀ ਕੁੜੀ ਨਾਲ ਉਸ ਬਦਕਿਸਮਤ ਤਜਰਬੇ ਤੋਂ ਮਗਰੋਂ – ਜਦੋਂ ਉਸਨੇ ਓਲਿਆ ਨੂੰ ਉਹ ਮਾਰੂ, ਜਿਵੇਂ ਕਿ ਉਹ ਹੁਣ ਉਸਨੂੰ ਸਮਝਦਾ ਸੀ, ਤੇ ਹਰ ਤਰ੍ਹਾਂ ਨਾਲ ਬੇਹੂਦਾ ਚਿੱਠੀ ਲਿਖੀ ਸੀ, ਪਰ ਕੋਈ ਜਵਾਬ ਨਾ ਆਇਆ। ਹਰ ਸਵੇਰ, ਆਪਣੀ ਜਿਮਨਾਸਟਿਕ ਤੇ ਦੌੜਨ ਦੀ ਵਰਜਸ਼ਾਂ ਤੋਂ ਪਿੱਛੋਂ, ਜਿਨ੍ਹਾਂ ਵਿੱਚ ਉਹ ਹਰ ਰੋਜ਼ ਸੌ ਕਦਮਾਂ ਦਾ ਵਾਧਾ ਕਰ ਲੈਂਦਾ ਸੀ, ਉਹ ਸਵਾਗਤੀ ਕਮਰੇ ਵਿਚ ਉਹ ਥਾਂ ਦੇਖਣ ਜਾਂਦਾ ਜਿੱਥੇ ਚਿੱਠੀਆਂ ਰੱਖੀਆਂ ਜਾਂਦੀਆਂ ਸਨ, ਕਿ ਉਸ ਲਈ ਕੋਈ ਚਿੱਠੀ ਤਾਂ ਨਹੀਂ ਸੀ । “ਮ” ਵਾਲੇ ਖਾਨੇ ਵਿੱਚ ਹਮੇਸ਼ਾ ਜ਼ਿਆਦਾ ਚਿੱਠੀਆਂ ਹੁੰਦੀਆਂ, ਪਰ ਉਹ ਵਿਅਰਥ ਉਹਨਾਂ ਨੂੰ ਫ਼ੋਲਦਾ ਰਹਿੰਦਾ।
ਇੱਕ ਦਿਨ, ਨਾਚ ਦਾ ਸਬਕ ਚੱਲ ਰਿਹਾ ਸੀ, ਜਦੋਂ ਬੁਰਨਾਜ਼ਯਾਨ ਦਾ ਕਾਲ਼ਾ ਸਿਰ ਮਨਪ੍ਰਚਾਵੇ ਵਾਲੇ ਕਮਰੇ ਦੀ ਬਾਰੀ ਵਿੱਚ ਆ ਦਿਖਾਈ ਦਿੱਤਾ। ਆਪਣੇ ਹੱਥ ਵਿੱਚ ਉਸਨੇ ਆਪਣੀ ਸੋਟੀ ਫੜੀ ਹੋਈ ਸੀ ਤੇ ਇੱਕ ਚਿੱਠੀ। ਉਸਨੇ ਅਜੇ ਇੱਕ ਲਫ਼ਜ਼ ਵੀ ਨਹੀਂ ਸੀ ਬੋਲਿਆ ਕਿ ਅਲੈਕਸੇਈ ਨੇ ਉਸ ਕੋਲੋਂ ਚਿੱਠੀ ਖੋਹ ਲਈ, ਜਿਸ ਉੱਤੇ ਸਕੂਲੇ ਪੜ੍ਹਦੀ ਕੁੜੀ ਵਰਗੇ ਵੱਡੇ ਵੱਡੇ, ਗੋਲ ਅੱਖਰਾਂ ਵਿੱਚ ਸਿਰਨਾਵਾਂ ਲਿਖਿਆ ਹੋਇਆ ਸੀ, ਤੇ ਹੈਰਾਨ ਹੋਏ ਹੋਏ ਬੁਰਨਾਜ਼ਯਾਨ ਨੂੰ ਬਾਰੀ ਵਿੱਚ, ਤੇ ਆਪਣੀ ਗੁੱਸੇ ਵਿੱਚ ਆਈ ਅਧਿਆਪਕਾ ਨੂੰ ਕਮਰੇ ਦੇ ਵਿਚਕਾਰ ਛੱਡਦਿਆਂ ਉਥੋਂ ਨੱਠ ਗਿਆ।
“ਜ਼ੀਨੋਚਕਾ, ਇਹ ਸਾਰੇ ਅੱਜ ਕੱਲ ਇੱਕੋ ਤਰ੍ਹਾਂ ਦੇ ਹੀ ਨੇ, ਇਹ ਅੱਜ ਕੱਲ੍ਹ ਦੇ ਆਸ਼ਕ,” ਫੱਫੇ-ਕੁੱਟਣ ਬੇਬੇ ਦੇ ਅੰਦਾਜ਼ ਵਿੱਚ ਬੁਰਨਾਜ਼ਯਾਨ ਬੋਲਿਆ। ਇਹਨਾਂ ਉੱਤੇ ਯਕੀਨ ਨਾ ਕਰੋ, ਸਗੋਂ ਡਰੋ ਇਹਨਾਂ ਤੋਂ ਜਿਵੇਂ ਸ਼ੈਤਾਨ ਅੰਮ੍ਰਿਤ ਤੋਂ ਡਰਦਾ ਹੈ। ਉਹਦੇ ਨਾਲੋਂ ਤਾਂ ਤੁਸੀਂ ਮੈਨੂੰ ਨਾਚ ਸਿਖਾਉਣਾ ਸ਼ੁਰੂ ਕਰ ਦਿਓ।” ਇਹ ਕਹਿੰਦਿਆਂ ਉਸਨੇ ਆਪਣੀ ਸੋਟੀ ਹਾਲ ਵਿੱਚ ਸੁੱਟ ਦਿੱਤੀ ਤੇ ਸਾਹੋ ਸਾਹ ਹੋਇਆ ਤੇ ਦੰਦੀਆਂ ਕਰੀਚਦਾ, ਉਹ ਬਾਰੀ ਉੱਤੇ ਚੜ੍ਹ ਆਇਆ, ਜਿਸ ਵਿੱਚ ਉਦਾਸ ਤੇ ਵਿਆਕੁਲ ਜ਼ੀਨੋਚਕਾ ਖੜੀ ਸੀ।
ਇਧਰ, ਅਲੈਕਸੇਈ ਦੌੜ ਕੇ ਝੀਲ ਵੱਲ ਚਲਾ ਗਿਆ । ਉਸਨੇ ਚਿੱਠੀ ਨੂੰ ਇੰਝ ਹੱਥ ਵਿੱਚ ਫੜਿਆ ਹੋਇਆ ਸੀ ਜਿਵੇਂ ਡਰ ਰਿਹਾ ਹੋਵੇ ਕਿ ਕੋਈ ਉਸਦੇ ਮਗਰ ਦੌੜਦਾ ਹੋਇਆ ਆਏਗਾ ਤੇ ਉਸਤੋਂ ਉਸਦਾ ਖਜ਼ਾਨਾ ਖੋਹ ਲਵੇਗਾ । ਸਰ ਸਰ ਕਰਦੇ ਕਾਨਿਆਂ ਵਿੱਚੋਂ ਰਾਹ ਬਣਾਉਂਦਾ, ਉਹ ਉੱਲੀ-ਲੱਗੀ ਸਿਲ ਉੱਤੇ ਬੈਠ ਗਿਆ ਤੇ, ਉੱਚੇ ਉੱਚੇ ਘਾਹ ਵਿਚਕਾਰ ਬਿਲਕੁਲ ਲੁਕਿਆ ਹੋਇਆ, ਅਣਮੋਲ ਲਿਫ਼ਾਫ਼ੇ ਨੂੰ ਆਪਣੀਆਂ ਕੰਬਦੀਆਂ ਉਂਗਲਾਂ ਵਿੱਚ ਫੜ ਕੇ ਘੋਖਣ ਲੱਗਾ । ਇਸ ਵਿੱਚ ਕੀ ਸੀ ? ਇਹ ਕੀ ਸਜ਼ਾ ਸੁਨਾਉਣ ਵਾਲ਼ਾ ਸੀ ? ਲਿਫ਼ਾਫ਼ਾ ਘਸਿਆ ਹੋਇਆ ਸੀ ਤੇ ਲਿਖਤ ਮੱਧਮ ਪਈ ਹੋਈ ਸੀ। ਕਾਫੀ ਘੁੰਮ-ਫਿਰ ਕੇ ਇਹ ਆਪਣੀ ਮੰਜ਼ਲ ਉੱਤੇ ਪੁੱਜਾ ਹੋਵੇਗਾ। ਅਲੈਕਸੇਈ ਨੇ ਮਲਕੜੇ ਜਿਹੇ ਲਿਫ਼ਾਫ਼ੇ ਦੀ ਇੱਕ ਕਾਤਰ ਲਾਹੀ ਤੇ ਉਸਦੀ ਨਜ਼ਰ ਇੱਕਦਮ ਚਿੱਠੀ ਦੀ ਆਖ਼ਰੀ ਸਤਰ ਉੱਤੇ ਪਈ । ਲਿਖਿਆ ਸੀ, “ਹਮੇਸ਼ਾ ਤੇਰੀ, ਓਲਿਆ ।” ਉਸਦੇ ਦਿਲ ਤੋਂ ਜਿਵੇਂ ਮਨਾਂ ਮੂੰਹੀ ਭਾਰ ਲਹਿ ਗਿਆ । ਹੁਣ ਉਸਨੇ ਸ਼ਾਂਤੀ ਨਾਲ ਕਿਸੇ ਕਾਪੀ ਵਿੱਚੋਂ ਪਾੜੇ ਵਰਕਿਆਂ ਨੂੰ ਆਪਣੇ ਗੋਡੇ ਉੱਤੇ ਸਿੱਧਿਆ ਕੀਤਾ-ਪਤਾ ਨਹੀਂ ਕਿਉਂ ਉਹਨਾਂ ਉਪਰ ਮਿੱਟੀ ਪਈ ਹੋਈ ਸੀ ਤੇ ਮੋਮ ਦੇ ਦਾਗ ਪਏ ਹੋਏ ਸਨ । ਓਲਿਆ ਤਾਂ ਹਮੇਸ਼ਾ ਹੀ ਏਨੀਂ ਸਾਫ-ਸੁਥਰੀ ਹੁੰਦੀ ਸੀ, ਇਹ ਉਸਨੂੰ ਕੀ ਹੋ ਗਿਆ ਸੀ ? ਫਿਰ ਉਸਨੇ ਉਹ ਕੁਝ ਪੜ੍ਹਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉਸਦਾ ਦਿਲ ਮਾਨ ਤੇ ਖ਼ਤਰੇ ਦੀ ਭਾਵਨਾ ਨਾਲ ਭਰ ਗਿਆ। ਪਤਾ ਇਹ ਲੱਗਾ ਕਿ ਇੱਕ ਮਹੀਨਾਂ ਹੋਇਆ ਓਲਿਆ ਨੇ ਮਿੱਲ ਦਾ ਕੰਮ ਛੱਡ ਦਿੱਤਾ ਸੀ ਤੇ ਹੁਣ ਕਾਮੀਸ਼ਿਨ ਦੀਆਂ ਦੂਜੀਆਂ ਕੁੜੀਆਂ ਤੇ ਔਰਤਾਂ ਨਾਲ ਕਿਤੇ ਸਤੇਪੀ ਵਿੱਚ ਰਹਿ ਰਹੀ ਸੀ ਤੇ “ਕਿਸੇ ਵੱਡੇ ਸਾਰੇ ਸ਼ਹਿਰ ਦੇ ਦੁਆਲੇ”, ਜਿਵੇਂ ਕਿ ਉਸਨੇ ਲਿਖਿਆ ਹੋਇਆ ਸੀ, ਟੈਂਕਾਂ ਤੋਂ ਬਚਾਅ ਲਈ ਖਾਈਆਂ ਪੁੱਟ ਰਹੀ ਸੀ ਤੇ ਮੋਰਚੇਬੰਦੀਆਂ ਉਸਾਰ ਰਹੀ ਸੀ। ਚਿੱਠੀ ਵਿਚ ਸਤਾਲਿਨਗਰਾਦ ਦਾ ਨਾਂ ਕਿਤੇ ਵੀ ਨਹੀਂ ਸੀ ਲਿਖਿਆ ਗਿਆ, ਤੇ ਇਸ “ਵੱਡੇ ਸ਼ਹਿਰ” ਬਾਰੇ ਉਸਨੇ ਜਿਸ ਪਿਆਰ, ਫ਼ਿਕਰ ਤੇ ਆਸ ਨਾਲ ਲਿਖਿਆ ਹੋਇਆ ਸੀ, ਇਹ ਪ੍ਰਤੱਖ ਸੀ ਕਿ ਉਸਦਾ ਮਤਲਬ ਸਤਾਲਿਨਗਰਾਦ ਤੋਂ ਸੀ।
ਉਸਨੇ ਲਿਖਿਆ ਹੋਇਆ ਸੀ ਕਿ ਉਸ ਵਾਂਗ ਹਜ਼ਾਰਾਂ ਹੀ ਵਲੰਟੀਅਰ ਸਤੇਪੀ ਵਿੱਚ ਦਿਨੇ ਰਾਤ ਕੰਮ ਕਰ ਰਹੇ ਸਨ, ਖਾਈਆਂ ਪੁੱਟ ਰਹੇ, ਮਿੱਟੀ ਚੁੱਕ ਕੇ ਲਿਜਾ ਰਹੇ, ਕੰਕਰੀਟ ਵਿਛਾ ਰਹੇ ਤੇ ਮੋਰਚੇ ਉਸਾਰ ਰਹੇ ਸਨ । ਇਹ ਖੁਸ਼ੀਭਰੀ ਚਿੱਠੀ ਸੀ, ਪਰ ਇਸ ਵਿਚਲੇ ਕੁਝ ਵਾਕਾਂ ਤੋਂ ਇਹ ਸਪਸ਼ਟ ਸੀ ਕਿ ਸਤੇਪੀ ਵਿਚਲੀਆਂ ਉਹ ਕੁੜੀਆਂ ਤੇ ਔਰਤਾਂ ਮੁਸ਼ਕਲ ਸਮੇਂ ਵਿੱਚੋਂ ਲੰਘ ਰਹੀਆਂ ਸਨ ਉਹਨਾਂ ਮਾਮਲਿਆਂ ਬਾਰੇ ਲਿਖਣ ਪਿੱਛੋਂ, ਜਿਨਾਂ ਵਿੱਚ ਉਹ ਪ੍ਰਤੱਖ ਤੌਰ ਉੱਤੇ ਪੂਰੀ ਤਰ੍ਹਾਂ ਖੁਭੀ ਹੋਈ ਸੀ, ਉਸਨੇ ਉਸ ਸਵਾਲ ਦਾ ਜਵਾਬ ਦਿੱਤਾ ਹੋਇਆ ਸੀ, ਜਿਹੜਾ ਅਲੈਕਸੇਈ ਨੇ ਉਸਨੂੰ ਪੁੱਛਿਆ ਸੀ । ਗੁੱਸੇ ਭਰੇ ਲਫ਼ਜ਼ਾ ਨਾਲ ਉਸਨੇ ਲਿਖਿਆ ਹੋਇਆ ਸੀ ਕਿ ਉਸਦੀ ਪਿਛਲੀ ਚਿੱਠੀ ਨੇ ਉਸਨੂੰ ਠੇਸ ਪੁਚਾਈ ਸੀ । ਉਹ ਚਿੱਠੀ ਉਸਨੂੰ “ਇੱਥੇ, ਖਾਈਆਂ ਵਿੱਚ” ਮਿਲੀ ਸੀ, ਤੇ ਜੇ ਉਸਨੂੰ ਪਤਾ ਨਾ ਹੁੰਦਾ ਕਿ ਉਹ ਐਸੇ ਮਹਾਜ਼ ਉੱਤੇ ਰਿਹਾ ਹੈ, ਜਿਥੇ ਬੰਦੇ ਦੇ ਤੰਤੂਆਂ ਨੂੰ ਭਿਆਣਕ ਤਣਾਅ ਹੇਠ ਰਹਿਣਾ ਪੈਂਦਾ ਹੈ, ਤਾਂ ਉਹ ਉਸਨੂੰ ਕਦੀ ਵੀ ਮੁਆਫ਼ ਨਾ ਕਰਦੀ।
“ਮੇਰੇ ਪਿਆਰੇ,” ਉਸਨੇ ਲਿਖਿਆ ਹੋਇਆ ਸੀ, “ਇਹ ਵੀ ਕੈਸਾ ਪਿਆਰ ਹੋਇਆ, ਜਿਹੜਾ ਕੁਰਬਾਨੀ ਕਰਨ ਤੋਂ ਡਰਦਾ ਹੋਵੇ ? ਇਹੋ ਜਿਹਾ ਕੋਈ ਪਿਆਰ ਨਹੀਂ ਹੁੰਦਾ, ਚੰਨੇ; ਤੇ ਜੇ ਹੁੰਦਾ ਹੈ, ਤਾਂ ਮੇਰੀ ਰਾਏ ਵਿੱਚ, ਇਸਨੂੰ ਪਿਆਰ ਕਿਹਾ ਹੀ ਨਹੀਂ ਜਾ ਸਕਦਾ। ਇੱਕ ਹਫ਼ਤੇ ਤੋਂ ਮੈਂ ਸਾਬਣ ਦਾ ਮੂੰਹ ਨਹੀਂ ਦੇਖਿਆ, ਪੈਂਟਾਂ ਵਿੱਚ ਫਿਰਦੀ-ਤੁਰਦੀ ਹਾਂ, ਤੇ ਐਸੇ ਬੂਟ ਪਾਏ ਹੋਏ ਨੇ, ਜਿਨ੍ਹਾਂ ਵਿੱਚੋਂ ਪੱਬ ਬਾਹਰ ਨੂੰ ਨਿੱਕਲ ਰਹੇ ਨੇ । ਮੇਰਾ ਚਿਹਰਾ ਏਨਾਂ ਧੁੱਪ ਨਾਲ ਜਲਿਆ ਪਿਆ ਹੈ ਕਿ ਮੇਰੀ ਚਮੜੀ ਲੱਥ ਰਹੀ ਹੈ ਤੇ ਹੇਠੋਂ ਖੁਰਦਰੀ ਤੇ ਬਨਫ਼ਸੀ ਰੰਗ ਦੀ ਚਮੜੀ ਨਿੱਕਲਦੀ ਆ ਰਹੀ ਹੈ। ਜੇ ਮੈਂ, ਥੱਕੀ ਹੋਈ, ਗੰਦੀ, ਮਾੜੀ ਹੋਈ ਹੋਈ, ਬਦਸੂਰਤ, ਇਸ ਵੇਲੇ ਇਥੋਂ ਤੇਰੇ ਕੋਲ ਆ ਜਾਵਾਂ, ਤਾਂ ਕੀ ਤੂੰ ਮੈਨੂੰ ਆਪਣੇ ਕੋਲੋਂ ਭਜਾ ਦੇਵੇਂਗਾ? ਜਾਂ ਮੈਨੂੰ ਤੂੰ ਦੋਸ਼ੀ ਕਰਾਰ ਦੇ ਦੇਵੇਂਗਾ? ਅਜੀਬ ਆਦਮੀ ਏ ਤੂੰ ਵੀ, ਅਜੀਬ ਆਦਮੀ ! ਤੇਰੇ ਨਾਲ ਭਾਵੇਂ ਕੁਝ ਵੀ ਕਿਉਂ ਨਾ ਵਾਪਰ ਜਾਏ, ਤੂੰ ਆਈ, ਤੇ ਆ ਕੇ ਦੇਖ ਲਵੀਂ ਕਿ ਮੈਂ ਤੇਰਾ ਹਰ ਵੇਲੇ, ਹਰ ਹਾਲਤ ਵਿੱਚ ਇੰਤਜ਼ਾਰ ਕਰ ਰਹੀ ਹਾਂ।… ਮੈਂ ਤੇਰੇ ਬਾਰੇ ਕਿੰਨਾਂ ਸੋਚਦੀ ਰਹਿੰਦੀ ਹਾਂ, ਤੇ ਜਦੋਂ ਤੱਕ ਮੈਂ ਇਹਨਾਂ ‘ਖਾਈਆਂ’ ਵਿੱਚ ਨਹੀਂ ਸਾਂ ਆ ਗਈ, ਜਿੱਥੇ ਅਸੀ ਸਾਰੀਆਂ ਆਪਣੇ ਭੌਰਿਆ ਵਿੱਚ ਪਹੁੰਚਦਿਆਂ ਹੀ ਮੁਰਦਿਆਂ ਵਾਂਗ ਸੌਂ ਜਾਂਦੀਆਂ ਹਾਂ, ਮੈਂ ਅਕਸਰ ਤੇਰੇ ਸੁਪਨੇ ਲਿਆ ਕਰਦੀ ਸਾਂ । ਤੇ ਤੂੰ ਜਾਣ ਲੈ, ਕਿ ਜਦੋਂ ਤੱਕ ਮੈਂ ਜਿਊਂਦੀ ਹਾਂ, ਉਦੋਂ ਤੱਕ ਇਸ ਦੁਨੀਆਂ ਵਿਚ ਕੋਈ ਐਸੀ ਥਾਂ ਹੈ, ਜਿਥੇ ਤੇਰੀ ਉਡੀਕ ਹੋ ਰਹੀ ਹੈ, ਹਮੇਸ਼ਾ ਤੇਰੀ ਉਡੀਕ ਹੋ ਰਹੀ ਹੈ, ਜਿਸ ਹਾਲ ਵਿੱਚ ਵੀ ਤੂੰ ਆਵੇ, ਤੇਰੀ ਉਡੀਕ ਹੋ ਰਹੀ ਹੋਵੇਗੀ।… ਤੂੰ ਲਿਖਦਾ ਹੈ ਕਿ ਹੋ ਸਕਦਾ ਹੈ ਮਹਾਜ਼ ਉੱਤੇ ਤੇਰੇ ਨਾਲ ਕੁਝ ਵਾਪਰ ਜਾਏ। ਤੇ ਜੇ ਇਹਨਾਂ ‘ਖਾਈਆਂ’ ਵਿੱਚ ਮੇਰੇ ਨਾਲ ਕੋਈ ਦੁਰਘਟਨਾ ਵਾਪਰ ਜਾਏ ਤੇ ਮੈਂ ਲੂਲ੍ਹੀ-ਲੰਗੜੀ ਹੋ ਜਾਵਾਂ, ਤਾਂ ਕੀ ਤੂੰ ਮੇਰੇ ਤੋਂ ਮੂੰਹ ਮੋੜ ਲਵੇਗਾ? ਤੈਨੂੰ ਯਾਦ ਏ, ਜਦੋਂ ਫੈਕਟਰੀ ਦੇ ਸਕੂਲ ਵਿਚ ਅਸੀਂ ਅਲਜਬਰੇ ਦੇ ਬਦਲੀ ਦੇ ਸਵਾਲ ਕੱਢਿਆ ਕਰਦੇ ਸਾਂ ? ਤਾਂ ਫਿਰ ਮੈਨੂੰ ਤੂੰ ਆਪਣੀ ਥਾਂ ਰੱਖ ਕੇ ਦੇਖ ਤੇ ਫਿਰ ਸੋਚ? ਤੈਨੂੰ ਸ਼ਰਮ ਆਏਗੀ ਕਿ ਤੂੰ ਇਸ ਤਰ੍ਹਾਂ ਦੇ ਲਫ਼ਜ਼ ਲਿਖੇ”
ਮਰੇਸੇਯੇਵ ਕਿੰਨਾਂ ਚਿਰ ਇਸ ਚਿੱਠੀ ਬਾਰੇ ਸੋਚਦਾ ਹੋਇਆ ਬੈਠਾ ਰਿਹਾ। ਗੂੜੇ ਜਿਹੇ ਪਾਣੀ ਵਿੱਚੋਂ ਅੱਖਾਂ ਚੁੰਧਿਆਉਂਦਾ ਪਰਤੌਅ ਸੁੱਟ ਰਿਹਾ ਸੂਰਜ ਸਾੜਵਾਂ ਸੀ । ਸਰਕੜੇ ਸਰ ਸਰ ਕਰ ਰਹੇ ਸਨ, ਤੇ ਨੀਲੇ ਨੀਲੇ ਲਿਸ਼ਕਦੇ ਕੀੜੇ ਚੁੱਪ-ਚਾਪ ਉੱਡਦੇ ਇੱਧਰ ਉਧਰ ਜਾ ਰਹੇ ਸਨ । ਲੰਮੀਆਂ ਲੰਮੀਆਂ ਪਤਲੀਆਂ ਲੱਤਾਂ ਵਾਲੀਆਂ ਭੰਬੀਰੀਆਂ ਸਰਕੜਿਆਂ ਦੇ ਵਿਚਕਾਰ ਪਾਣੀ ਉੱਤੇ ਤੇਜੀ ਨਾਲ ਉੱਡਦੀਆਂ ਫਿਰਦੀਆਂ ਸਨ ਤੇ ਪਾਣੀ ਦੀ ਇਕਸਾਰ ਸਤਹ ਉੱਤੇ ਫੀਤੇ ਵਰਗੀ ਪੈੜ ਛੱਡਦੀਆਂ ਜਾਂਦੀਆਂ ਸਨ। ਹਲਕੀਆਂ ਹਲਕੀਆਂ ਲਹਿਰਾਂ ਚੁੱਪ ਚੁੱਪ ਰੇਤਲੇ ਕੰਢੇ ਨਾਲ ਵੱਜ ਰਹੀਆਂ ਸਨ।
“ਇਹ ਕੀ ਹੈ ?” ਅਲੈਕਸੇਈ ਸੋਚਣ ਲੱਗਾ। “ਕੋਈ ਪੂਰਵ-ਆਵੇਸ਼? ਬੁੱਝ ਲੈਣ ਦਾ ਕੋਈ ਗੁਣ ?” “ਦਿਲ ਅੰਤਰਜਾਮੀ ਹੁੰਦਾ ਹੈ”, ਉਸਦੀ ਮਾਂ ਕਿਹਾ ਕਰਦੀ ਸੀ। ਜਾਂ ਕਿ ਖਾਈਆਂ ਦੀ ਜ਼ਿੰਦਗੀ ਨੇ ਕੁੜੀ ਨੂੰ ਸਿਆਣੀ ਬਣਾ ਦਿੱਤਾ ਹੈ, ਤੇ ਉਸਨੇ ਆਪਣੇ ਮੂਲ- ਅਨੁਭਵ ਨਾਲ ਹੀ ਸਭ ਕੁਝ ਸਮਝ ਲਿਆ ਹੈ, ਜੋ ਕੁਝ ਦੱਸਣ ਦੀ ਉਸਦੀ ਆਪਣੀ ਹਿੰਮਤ ਨਹੀਂ ਸੀ ਪਈ ? ਉਸਨੇ ਚਿੱਠੀ ਮੁੜ ਕੇ ਪੜ੍ਹੀ। ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਇਹ ਸਿਰਫ਼ ਉਸ ਚੀਜ਼ ਦਾ ਜਵਾਬ ਸੀ, ਜੋ ਕੁਝ ਉਸਨੇ ਲਿਖਿਆ ਸੀ । ਤੇ ਕਿਆ ਜਵਾਬ मी !
ਅਲੈਕਸੇਈ ਨੇ ਠੰਡਾ ਸਾਹ ਭਰਿਆ, ਹੌਲ਼ੀ ਹੌਲ਼ੀ ਆਪਣੇ ਕੱਪੜੇ ਲਾਹੇ ਤੇ ਉਹਨਾਂ ਨੂੰ ਸਿਲ ਉੱਤੇ ਢੇਰ ਕਰ ਦਿੱਤਾ। ਉਹ ਹਮੇਸ਼ਾ ਇਸ ਇਕਾਂਤ ਛੋਟੀ ਜਿਹੀ ਖਾੜੀ ਵਿੱਚ ਨਹਾਇਆ ਕਰਦਾ ਸੀ, ਜਿਸਦਾ ਸਿਰਫ ਉਸੇ ਨੂੰ ਪਤਾ ਸੀ, ਇਸ ਰੇਤਲੀ ਰਾਸ ਉੱਤੇ, ਜਿਸਨੂੰ ਸਰਕੜਿਆਂ ਦੀ ਸਰਸਰਾਉਂਦੀ ਕੰਧ ਨੇ ਉਹਲਾ ਕੀਤਾ ਹੋਇਆ ਸੀ । ਆਪਣੇ ਬਣਾਵਟੀ ਪੈਰਾਂ ਦੇ ਪਟੇ ਖੋਹਲਦਿਆਂ, ਉਹ ਸਿਲ ‘ਤੇ ਮਲਕੜੇ ਜਿਹੇ ਤਿਲ੍ਹਕ ਪਿਆ। ਤੇ ਭਾਵੇਂ ਆਪਣੀਆਂ ਲੱਤਾਂ ਦੀਆਂ ਨੰਗੀਆਂ ਮੁੱਢੀਆਂ ਨਾਲ ਸਖ਼ਤ ਰੇਤ ਉੱਤੇ ਚੱਲਣਾ ਬੜਾ ਦੁਖਦਾਈ ਸੀ, ਤਾਂ ਵੀ, ਉਹ ਝੁਕ ਕੇ ਚੌਹਾਂ ਦੇ ਭਾਰ ਨਾ ਹੋਇਆ। ਪੀੜ ਨਾਲ ਚੀਸ ਵਟਦਿਆਂ, ਉਹ ਝੀਲ ਵਿੱਚ ਵੜਿਆ ਤੇ ਠੰਡੇ, ਘਣੇ ਪਾਣੀ ਵਿੱਚ ਚੁੱਭੀ ਮਾਰ ਗਿਆ। ਉਹ ਤਰ ਕੇ ਕੰਢੇ ਤੋਂ ਜ਼ਰਾ ਦੂਰ ਚਲਾ ਗਿਆ, ਪਿੱਠ ਭਾਰ ਹੋਇਆ ਤੇ ਅਹਿਲ ਪਿਆ ਰਿਹਾ। ਉਹ ਨੀਲੇ, ਅਸੀਮ ਅਕਾਸ਼ ਵੱਲ ਦੇਖਣ ਲੱਗਾ। ਨਿੱਕੇ ਨਿੱਕੇ ਬੱਦਲ ਅਕਾਸ਼ ਦੇ ਆਰ-ਪਾਰ ਦੌੜਦੇ ਇੱਕ ਦੂਜੇ ਨਾਲ ਖਹਿ ਰਹੇ ਸਨ। ਉਸਨੇ ਫਿਰ ਪਾਸਾ ਪਰਤਿਆਂ ਤੇ ਉਸਨੂੰ ਪਾਣੀ ਦੀ ਸ਼ੀਤਲ, ਨੀਲੀ, ਇਕਸਾਰ ਸਤਹ ਵਿੱਚ ਕੰਢੇ ਦਾ ਉਲਟਾ ਪਰਤੌਅ ਤੇ ਪੀਲੀਆਂ ਪੀਲ਼ੀਆਂ ਕੌਲ-ਚੱਪਣੀਆਂ ਦਿਸੀਆਂ ਜਿਹੜੀਆਂ ਪਾਣੀ ਉੱਪਰ ਪਏ ਗੋਲ ਗੋਲ ਪੱਤਿਆਂ ਉਪਰਲੇ ਕੰਵਲ ਦੇ ਪੰਖੜੀਆਂ ਵਾਲ਼ੇ ਨੁਕਤਿਆਂ ਵਿਚਕਾਰ ਤਰ ਰਹੀਆਂ ਸਨ । ਇੱਕਦਮ ਉਸਨੂੰ ਸਿਲ ਉੱਤੇ ਬੈਠੀ ਓਲਿਆ ਦਾ ਝਲਕਾਰਾ ਪਿਆ, ਜਿਸ ਤਰ੍ਹਾਂ ਦੀ ਓਲਿਆ ਉਸਨੇ ਸੁਪਨੇ ਵਿੱਚ ਦੇਖੀ ਸੀ, ਛਾਪੇ ਵਾਲੀ ਫਰਾਕ ਪਾਈ, ਆਪਣੀਆਂ ਲੱਤਾਂ ਪਾਣੀ ਵਿੱਚ ਲਮਕਾਈ ਬੈਠੀ ਸੀ ਭਾਵੇਂ ਇਹ ਪਾਣੀ ਤੱਕ ਨਹੀਂ ਸਨ ਪੁੱਜਦੀਆਂ। ਦੋ ਲੱਤਾਂ ਦੀਆਂ ਮੁੱਢੀਆਂ ਪਾਣੀ ਦੀ ਸਤਹ ਉੱਪਰ ਭਿੜ ਰਹੀਆਂ ਸਨ । ਉਸਨੇ ਇਸ ਕਲਪਿਤ ਤਸਵੀਰ ਨੂੰ ਹਟਾਉਣ ਲਈ ਪਾਣੀ ਵਿੱਚ ਮੁੱਕੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਨਹੀਂ, ਥਾਂ ਬਦਲੀ ਕਰਕੇ ਦੇਖਣ ਦਾ ਤਰੀਕਾ, ਜਿਸ ਦੀ ਓਲਿਆ ਨੇ ਤਜਵੀਜ ਦਿੱਤੀ ਸੀ, ਉਸਦੀ ਸਹਾਇਤਾ ਨਹੀਂ ਸੀ ਕਰ ਰਿਹਾ।
5
ਦੱਖਣ ਵਿਚਲੀ ਹਾਲਤ ਹੋਰ ਵੀ ਗੰਭੀਰ ਹੋ ਗਈ । ਬੜੀ ਦੇਰ ਤੋਂ ਅਖ਼ਬਾਰ ਦੋਨ ਉੱਪਰ ਲੜਾਈਆਂ ਬਾਰੇ ਕੋਈ ਰਿਪੋਰਟਾਂ ਨਹੀਂ ਸਨ ਛਾਪ ਰਹੇ। ਇੱਕ ਦਿਨ ਅਚਾਨਕ ਸੋਵੀਅਤ ਸੂਚਨਾ ਬਿਊਰੋ ਦੇ ਬਿਆਨ ਵਿੱਚ ਦੋਨ ਤੋਂ ਪਾਰਲੇ ਸਤਾਨੀਤਸਾਂ ਦਾ ਨਾਂ ਸੁਣਾਈ ਦਿੱਤਾ, ਜਿਹੜੇ ਵੋਲਗਾ ਵੱਲ, ਸਤਾਲਿਨਗਰਾਦ ਵੱਲ ਜਾਂਦੇ ਰਾਹ ਉੱਪਰ ਸਥਿਤ ਸਨ। ਜਿਹੜੇ ਇਹਨਾਂ ਇਲਾਕਿਆਂ ਤੋਂ ਜਾਣੂ ਨਹੀਂ ਸਨ, ਉਹਨਾਂ ਲਈ ਇਹਨਾਂ ਨਾਵਾਂ ਦਾ ਕੋਈ ਅਰਥ ਨਹੀਂ ਸੀ। ਪਰ ਅਲੈਕਸੇਈ ਤਾਂ ਉਥੇ ਜੰਮਿਆਂ ਪਲਿਆ ਸੀ। ਉਹ ਸਮਝ ਗਿਆ ਕਿ ਦੋਨ ਦੀ ਮੋਰਚਾਬੰਦੀ ਦੀ ਰੇਖਾ ਤੋੜ ਲਈ ਗਈ ਹੈ ਤੇ ਜੰਗ ਹੁਣ ਸਤਾਲਿਨਗਰਾਦ ਦੀਆਂ ਕੰਧਾਂ ਦੁਆਲੇ ਹੋ ਰਹੀ ਹੈ।
ਸਤਾਲਿਨਗਰਾਦ ! ਇਸ ਨਾਂ ਦਾ ਅਜੇ ਵੀ ਬਿਆਨਾਂ ਵਿੱਚ ਜ਼ਿਕਰ ਨਹੀਂ ਸੀ ਕੀਤਾ ਜਾਂਦਾ, ਪਰ ਇਹ ਹਰ ਇੱਕ ਦੇ ਮੂੰਹ ਉੱਤੇ ਸੀ। 1942 ਦੀ ਪਤਝੜ ਵਿੱਚ ਇਸਨੂੰ ਖ਼ਤਰੇ ਤੇ ਪੀੜ ਦੀ ਚੀਸ ਨਾਲ ਮੂੰਹੋਂ ਕੱਢਿਆ ਜਾਂਦਾ ਸੀ; ਇਸ ਬਾਰੇ ਇਸ ਤਰ੍ਹਾਂ ਨਾਲ ਗੱਲ ਨਹੀਂ ਸੀ ਕੀਤੀ ਜਾਂਦੀ ਜਿਵੇਂ ਕਿ ਉਹ ਕੋਈ ਸ਼ਹਿਰ ਹੋਵੇ, ਸਗੋਂ ਇਸ ਤਰ੍ਹਾਂ ਨਾਲ਼, ਜਿਵੇਂ ਕਿ ਉਹ ਕੋਈ ਮਾਰੂ ਖ਼ਤਰੇ ਦੀ ਜ਼ਦ ਵਿੱਚ ਆਇਆ ਬੜਾ ਨਜ਼ਦੀਕੀ ਬੰਦਾ ਹੋਵੇ । ਅਲੈਕਸੇਈ ਲਈ ਇਹ ਆਮ ਫ਼ਿਕਰ ਹੋਰ ਵੀ ਕਈ ਗੁਣਾ ਵੱਧ ਸੀ, ਕਿਉਂਕਿ ਓਲਿਆ ਕਿਤੇ ਉਥੇ ਹੀ ਨੇੜੇ ਜਿਹੇ ਸੀ, ਸ਼ਹਿਰ ਦੇ ਬਾਹਰਵਾਰ ਸਤੇਪੀ ਵਿੱਚ, ਤੇ ਕੋਣ ਜਾਣਦਾ ਸੀ ਕਿ ਉਸ ਸਾਮ੍ਹਣੇ ਕੈਸੀਆਂ ਮੁਸ਼ਕਲ ਅਜ਼ਮਾਇਸ਼ਾਂ ਪਈਆਂ ਹਨ ! ਹੁਣ ਉਹ ਹਰ ਰੋਜ਼ ਉਸਨੂੰ ਚਿੱਠੀ ਲਿਖਦਾ ਸੀ । ਪਰ ਕਿਸੇ ਫ਼ੌਜੀ ਡਾਕਖਾਨੇ ਦੇ ਪਤੇ ਉੱਤੇ ਭੇਜੀ ਗਈ ਉਸਦੀ ਚਿੱਠੀ ਦਾ ਕੀ ਅਰਥ ਹੋ ਸਕਦਾ ਸੀ? ਕੀ ਉਹ ਉਸਨੂੰ ਪਿੱਛੇ ਹਟਣ ਦੀ ਹਫੜਾ-ਦਫੜੀ ਵਿੱਚ, ਘਮਸਾਣ ਦੀਆਂ ਲੜਾਈਆਂ ਦੇ ਭਾਂਬੜ ਵਿੱਚ ਕਿਤੇ ਮਿਲ ਜਾਏਗੀ, ਜਿਹੜੀਆਂ ਵੋਲਗਾ ਸਤੇਪੀ ਵਿੱਚ ਹੋ ਰਹੀਆਂ ਸਨ?
ਪਾਇਲਟਾਂ ਦੇ ਸੈਨੇਟੋਰੀਅਮ ਵਿੱਚ ਇੰਝ ਉਤੇਜਨਾਭਰੀ ਸਰਗਰਮੀ ਦਿਖਾਈ ਦੇਂਦੀ ਸੀ ਜਿਵੇਂ ਕੀੜੀਆਂ ਦੇ ਭਉਣ ਵਿੱਚ ਦਿਖਾਈ ਦੇਂਦੀ ਹੈ ਜਿਸ ਉੱਤੇ ਪੈਰ ਆ ਗਿਆ ਹੋਵੇ । ਸਾਰੇ ਨਿੱਤ ਦੇ ਮਨਪ੍ਰਚਾਵੇ-ਡਰਾਫਟਸ, ਸਤਰੰਜ਼, ਵਾਲੀਬਾਲ, ਸਕਿਟਲ, ਤੇ ਤਾਸ਼ ਦੀ ਅਟੱਲ ਖੇਡ” ਵਿੰਗ-ਏ-ਤੁਨ” ਵੀ, ਜਿਹੜੀ ਝੀਲ ਦੇ ਨੇੜੇ ਝਾੜੀਆਂ ਵਿਚਕਾਰ ਥਰਥਰੀ ਦੇ ਅਹਿਸਾਸ ਦੇ ਸ਼ੁਕੀਨ ਮਰੀਜ਼ ਖੇਡਿਆ ਕਰਦੇ ਸਨ-ਭੁੱਲ ਭੁਲਾ ਗਏ ਸਨ । ਇਹੋ ਜਿਹੀਆਂ ਚੀਜ਼ਾਂ ਹੁਣ ਕਿਸੇ ਦੇ ਦਿਮਾਗ਼ ਵਿੱਚ ਨਹੀਂ ਸਨ ਆਉਂਦੀਆਂ । ਸਭ ਤੋਂ ਸੁਸਤ ਬੰਦੇ ਵੀ ਸਵੇਰੇ ਇੱਕ ਘੰਟਾ ਪਹਿਲਾਂ ਉੱਠ ਪੈਂਦੇ, ਤਾਂ ਕਿ ਉਹ ਰੇਡੀਓ ਤੋਂ ਜੰਗ ਬਾਰੇ ਪਹਿਲੀ, ਸੱਤ ਵਜੇ ਵਾਲੀ ਰਿਪੋਰਟ ਸੁਣ ਸਕਣ । ਜਦੋਂ ਪਾਇਲਟਾਂ ਦੇ ਕਾਰਨਾਮਿਆਂ ਦਾ ਇਹਨਾਂ ਰਿਪੋਰਟਾਂ ਵਿੱਚ ਜ਼ਿਕਰ ਹੁੰਦਾ, ਤਾਂ ਹਰ ਕੋਈ ਉਦਾਸ ਉਦਾਸ ਪਿਆ ਫਿਰਦਾ, ਨਰਸਾਂ ਦੇ ਨੁਕਸ ਕੱਢਦਾ ਰਹਿੰਦਾ ਤੇ ਖੁਰਾਕ ਬਾਰੇ ਤੇ ਨਿਯਮਾਂ ਬਾਰੇ ਬੁੜਬੁੜ ਕਰਦਾ ਰਹਿੰਦਾ, ਜਿਵੇਂ ਇਸ ਗੱਲ ਲਈ ਸੈਨੇਟੋਰੀਅਮ ਵਾਲੇ ਜ਼ਿੰਮੇਵਾਰ ਹੋਣ ਕਿ ਉਹ ਇੱਥੇ ਧੁੱਪ ਵਿੱਚ, ਸ਼ੀਸ਼ੇ ਵਰਗੀ, ਝੀਲ ਦੇ ਨੇੜੇ ਸ਼ਾਂਤ ਜੰਗਲਾਂ ਵਿੱਚ ਪਏ ਫਿਰਦੇ ਸਨ, ਤੇ ਉਥੇ ਸਤਾਲਿਨਗਰਾਦ ਦੇ ਨੇੜੇ ਲੜ ਨਹੀਂ ਸਨ ਰਹੇ। ਆਖ਼ਰ ਅਰਾਮ ਕਰ ਰਹੇ ਪਾਇਲਟਾਂ ਨੇ ਐਲਾਨ ਕਰ ਦਿੱਤਾ ਕਿ ਉਹਨਾਂ ਜੀਅ ਭਰ ਕੇ ਅਰਾਮ ਕਰ ਲਿਆ ਹੈ, ਤੇ ਮੰਗ ਕੀਤੀ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਆਪਣੇ ਆਪਣੇ ਯੂਨਿਟਾਂ ਵਿੱਚ ਭੇਜ ਦਿੱਤਾ ਜਾਏ।
ਇਕ ਸ਼ਾਮ ਵਾਯੂ ਸੈਨਾ ਦੇ ਅਮਲਾ ਵਿਭਾਗ ਦਾ ਕਮਿਸ਼ਨ ਉੱਥੇ ਪੁੱਜਾ। ਮੈਡੀਕਲ ਕੋਰ ਦੇ ਬਿੱਲੇ ਲਾਈ ਕੁਝ ਅਫ਼ਸਰ ਧੂੜ ਨਾਲ ਲੱਥ-ਪੱਥ ਕਾਰ ਵਿੱਚੋਂ ਉੱਤਰੇ। ਅਗਲੀ ਸੀਟ ਤੋਂ ਦੋਹਾਂ ਹੱਥਾਂ ਨਾਲ ਬੈਕ ਦਾ ਆਸਰਾ ਲੈਂਦਾ ਹੋਇਆ ਵਾਯੂ ਸੈਨਾ ਦਾ ਪ੍ਰਸਿੱਧ ਡਾਕਟਰ, ਪਹਿਲੇ ਰੈਂਕ ਦਾ ਸਰਜਨ ਮੀਰੋਵੋਲਸਕੀ ਉੱਤਰਿਆ। ਭਾਰੇ ਸਰੀਰ ਵਾਲ਼ਾ ਮੀਰੋਵੋਲਸਕੀ ਪਾਇਲਟਾਂ ਵਿੱਚ ਬੜਾ ਪਿਆਰਿਆ ਜਾਂਦਾ ਸੀ, ਜਿਨ੍ਹਾਂ ਨਾਲ ਉਹ ਪਿਤਾ ਵਾਂਗ ਪੇਸ਼ ਆਉਂਦਾ ਸੀ । ਸ਼ਾਮ ਦੇ ਖਾਣੇ ਤੋਂ ਪਿੱਛੋਂ ਦੱਸਿਆ ਗਿਆ ਕਿ ਅਗਲੀ ਸਵੇਰ ਕਮਿਸ਼ਨ ਉੱਥੇ ਸਿਹਤਯਾਬ ਹੋ ਰਹੇ ਪਾਇਲਟਾਂ ਵਿੱਚੋਂ ਚੋਣ ਕਰੇਗਾ, ਜਿਹੜੇ ਜਲਦੀ ਤੋਂ ਜਲਦੀ ਆਪਣੇ ਯੂਨਿਟ ਵਿੱਚ ਭੇਜੇ ਜਾਣ ਲਈ ਆਪਣੀ ਛੁੱਟੀ ਨੂੰ ਸਮੇਂ ਤੋਂ ਪਹਿਲਾਂ ਖ਼ਤਮ ਕਰਨ ਦੇ ਇੱਛੁਕ ਸਨ।
ਇਸ ਦਿਨ ਮਰੇਸੇਯੇਵ ਪ੍ਰਭਾਤ ਵੇਲੇ ਉਠਿਆ, ਆਪਣੀਆਂ ਨਿੱਤ ਦੀਆਂ ਵਰਜਸ਼ਾਂ ਨਾ ਕੀਤੀਆਂ, ਜੰਗਲ ਵਿੱਚ ਚਲਾ ਗਿਆ ਤੇ ਨਾਸ਼ਤੇ ਦੇ ਵੇਲੇ ਤੱਕ ਉੱਥੇ ਘੁੰਮਦਾ ਰਿਹਾ। ਉਹ ਕੁਝ ਨਾ ਖਾ ਸਕਿਆ, ਸੇਵਾਦਾਰਨੀ ਨਾਲ ਭੈੜੀ ਤਰ੍ਹਾਂ ਪੇਸ਼ ਆਇਆ ਜਦੋਂ ਉਹ ਉਸਨੂੰ ਇਸ ਗੱਲ ਕਰਕੇ ਝਿੜਕਣ ਲੱਗੀ ਕਿ ਉਸਨੇ ਸਭ ਕੁਝ ਹੀ ਪਲੇਟ ਵਿੱਚ ਉਸੇ ਤਰ੍ਹਾਂ ਦਾ ਉਸ ਤਰ੍ਹਾਂ ਪਿਆ ਰਹਿਣ ਦਿੱਤਾ ਸੀ, ਤੇ ਜਦੋਂ ਸਤਰੁਚਕੋਵ ਨੇ ਇਹ ਕਿਹਾ ਕਿ ਉਹ ਐਵੇਂ ਹੀ ਕੁੜੀ ਨੂੰ ਝਾੜ ਰਿਹਾ ਏ, ਜਿਹੜੀ ਸਿਰਫ ਉਸਦਾ ਭਲਾ ਹੀ ਚਾਹ ਰਹੀ ਸੀ, ਤਾਂ ਉਹ ਹੁਝਕੇ ਨਾਲ ਮੇਜ਼ ਤੋਂ ਉਠਿਆ ਤੇ ਉਥੋਂ ਚਲਾ ਗਿਆ। ਲਾਂਘੇ ਵਿੱਚ, ਕੰਧ ਉੱਤੇ ਲੱਗੇ ਸੋਵੀਅਤ ਸੂਚਨਾਂ ਬਿਊਰੋ ਦੇ ਬਿਆਨਾਂ ਕੋਲ ਜ਼ੀਨਾ ਖੜੀ ਸੀ । ਜਦੋਂ ਅਲੈਕਸੇਈ ਉਸਦੇ ਕੋਲੋਂ ਲੰਘਿਆ, ਤਾਂ ਜ਼ੀਨਾਂ ਨੇ ਇਸ ਤਰ੍ਹਾਂ ਦਿਖਾਵਾ ਕੀਤਾ ਜਿਵੇਂ ਉਸਨੇ ਉਸਨੂੰ ਨਾ ਦੇਖਿਆ ਹੋਵੇ, ਤੇ ਸਿਰਫ ਗੁੱਸੇ ਵਿੱਚ ਮੋਢੇ ਹੀ ਸੁੰਘੇੜੇ। ਤੇ ਜਦੋਂ ਉਹ ਸੱਚਮੁਚ ਹੀ ਉਸ ਵੱਲ ਧਿਆਨ ਦੇਣ ਤੋਂ ਬਿਨਾਂ ਕੋਲੋਂ ਲੰਘ ਗਿਆ, ਤਾਂ ਕੁੜੀ ਨੇ ਬੇਇੱਜ਼ਤ ਮਹਿਸੂਸ ਕਰਦਿਆਂ, ਰੋਣਹਾਕੀ ਹੋਈ ਤੇ ਪਿੱਛੋਂ ਅਵਾਜ਼ ਦਿੱਤੀ। ਅਲੈਕਸੇਈ ਕਰੋਧ ਵਿੱਚ ਮੋਢੇ ਦੇ ਉੱਪਰੋਂ ਦੀ ਦੇਖਦਿਆਂ ਬੋਲਿਆ:
“ਹਾਂ, ਕੀ ਗੱਲ ਏ ? ਕੀ ਚਾਹੀਦੇ ਤੁਹਾਨੂੰ?”
“ਸਾਥੀ ਸੀਨੀਅਰ ਲੈਫ਼ਟੀਨੈਂਟ ਕਿਉਂ ਤੁਸੀਂ ” ਕੁੜੀ ਨੇ ਹੌਲ਼ੀ ਜਿਹੀ ਕਿਹਾ, ਤੇ ਇੰਝ ਲਾਲ-ਸੂਹੀ ਹੋ ਗਈ ਕਿ ਉਸਦੇ ਚਿਹਰੇ ਦਾ ਰੰਗ ਉਸਦੇ ਵਾਲਾਂ ਦੇ ਰੰਗ ਨਾਲ ਰਲ- ਮਿਲ ਗਿਆ।
ਅਲੈਕਸੇਈ ਇੱਕਦਮ ਆਪਣੇ ਆਪ ਵਿੱਚ ਆ ਗਿਆ, ਤੇ ਸਾਰੇ ਦਾ ਸਾਰਾ ਜਿਵੇਂ ਲਿਫ ਗਿਆ ਹੋਵੇ, ਉਹ ਮੱਧਮ ਜਿਹੀ ਅਵਾਜ਼ ਵਿੱਚ ਬੋਲਿਆ: “ਅੱਜ ਮੇਰੀ ਹੋਣੀ ਦਾ ਫੈਸਲਾ ਹੋਣ ਵਾਲ਼ਾ ਹੈ। ਖੁਸ਼ਕਿਸਮਤੀ ਦੀ ਕਾਮਨਾ ਕਰਦਿਆਂ ਮੇਰੇ ਨਾਲ ਹੱਥ ਮਿਲਾਓ..”
ਪਹਿਲਾਂ ਨਾਲੋਂ ਵੀ ਵਧੇਰੇ ਲੰਗੜਾਉਂਦਾ ਹੋਇਆ, ਉਹ ਆਪਣੇ ਕਮਰੇ ਵਿੱਚ ਪੁੱਜਾ ਤੇ ਇਸਨੂੰ ਅੰਦਰੋਂ ਬੰਦ ਕਰ ਲਿਆ।
ਕਮਿਸ਼ਨ ਹਾਲ ਕਮਰੇ ਵਿੱਚ ਬੈਠਾ। ਉਥੇ ਹੀ ਉਹਨਾਂ ਦਾ ਸਾਜ਼-ਸਮਾਨ ਲਿਆਂਦਾ ਗਿਆ-ਸਾਹ-ਮਾਪਕ ਯੰਤਰ, ਪਕੜ ਜਾਂਚਣ ਵਾਲੇ ਯੰਤਰ, ਨਜ਼ਰ ਦੇ ਮੁਆਇਨੇ ਵਾਲ਼ੇ ਕਾਰਡ, ਆਦਿ। ਸੈਨੇਟੋਰੀਅਮ ਦੇ ਸਾਰੇ ਲੋਕ ਪੌੜੀਆਂ ਤੋਂ ਹੇਠਲੀ ਥਾਂ ਉੱਤੇ ਆ ਜੁੜੇ ਤੇ ਜਲਦੀ ਜਾਣ ਦੇ ਚਾਹਵਾਨ, ਭਾਵ ਲਗਭਗ ਸਾਰੇ ਹੀ ਉਥੇ ਲੰਮੀ ਸਾਰੀ ਕਤਾਰ ਬਣਾ ਕੇ ਖੜੋ ਗਏ । ਜ਼ੀਨੋਚਕਾ ਨੇ ਆ ਕੇ ਸਾਰਿਆਂ ਨੂੰ ਪਰਚੀਆਂ ਵੰਡ ਦਿੱਤੀਆਂ, ਜਿਨ੍ਹਾਂ ਉੱਪਰ ਬੁਲਾਏ ਜਾਣ ਦਾ ਸਮਾਂ ਦਿੱਤਾ ਹੋਇਆ ਸੀ, ਤੇ ਸਾਰਿਆਂ ਨੂੰ ਉਥੋਂ ਚਲੇ ਜਾਣ ਲਈ ਕਿਹਾ। ਜਦੋਂ ਪਹਿਲੇ ਆਦਮੀ ਕਮਿਸ਼ਨ ਅੱਗੇ ਪੇਸ਼ ਹੋ ਕੇ ਮੁੜੇ ਤਾਂ ਇਹ ਅਫ਼ਵਾਹ ਫੈਲ ਗਈ ਕਿ ਉਹ ਬੜੀ ਨਰਮਾਈ ਨਾਲ ਹੀ ਪੇਸ਼ ਆ ਰਹੇ ਸਨ ਤੇ ਬਹੁਤੀ ਨੁਕਸਬੀਨੀ ਨਹੀਂ ਕਰਦੇ। ਤੇ ਕਮਿਸ਼ਨ ਵਾਲੇ ਬਹੁਤੀ ਨੁਕਸਬੀਨੀ ਕਰ ਵੀ ਕਿਵੇਂ ਸਕਦੇ ਸਨ, ਜਦੋਂ ਵੋਲਗਾ ਦੇ ਕੰਢੇ ਏਡੀ ਵੱਡੀ ਲੜਾਈ ਚੱਲ ਰਹੀ ਸੀ, ਜਿਹੜੀ ਦਿਨੋਂ ਦਿਨ ਨਵੀਆਂ ਸ਼ਕਤੀਆਂ ਦੀ ਮੰਗ ਕਰਦੀ ਸੀ । ਅਲੈਕਸੇਈ ਡਿਓੜੀ ਦੇ ਬਾਹਰ ਇੱਟਾ ਦੀ ਬਣੀ ਨੀਵੀਂ ਕੰਧ ਉੱਤੇ ਬੈਠਾ ਲੱਤਾਂ ਹਿਲਾ ਰਿਹਾ ਸੀ, ਤੇ ਜਦੋਂ ਵੀ ਦਰਵਾਜ਼ੇ ਵਿੱਚੋਂ ਬਾਹਰ ਨਿਕਲਦਾ ਤਾਂ ਉਸਨੂੰ ਇੰਝ ਪੁੱਛਦਾ ਜਿਵੇਂ
ਉਸਨੂੰ ਕੋਈ ਖਾਸ ਦਿਲਚਸਪੀ ਨਾ ਹੋਵੇ:
“ਕਿਉਂ ਕੈਸਾ ਰਿਹਾ ?”
“ਲੜਾਂਗੇ,” ਆਉਣ ਵਾਲ਼ਾ ਖੁਸ਼ੀ ਖੁਸ਼ੀ ਜਵਾਬ ਦੇਂਦਾ, ਨਾਲ਼ੇ ਜਾਂਦਾ ਜਾਂਦਾ ਆਪਣੀ ਜਾਕਟ ਨੂੰ ਠੀਕ ਕਰਦਾ, ਜਾਂ ਪੇਟੀ ਨੂੰ ਕੱਸਦਾ ਜਾਂਦਾ ।
ਮਰੇਸੇਯੇਵ ਦੇ ਕੋਲੋਂ ਬੁਰਨਾਜ਼ਯਾਨ ਲੰਘਿਆ। ਦਰਵਾਜ਼ੇ ਕੋਲ ਉਸਨੇ ਆਪਣੀ ਸੋਟੀ ਰੱਖ ਦਿੱਤੀ ਤੇ ਅੰਦਰ ਚਲਾ ਗਿਆ, ਹੌਂਸਲੇ ਨਾਲ, ਇਹ ਕੋਸ਼ਿਸ਼ ਕਰਦਿਆਂ ਕਿ ਉਹ ਪਾਸਿਆਂ ਵੱਲ ਨੂੰ ਨਾ ਝੂਲੇ, ਤੇ ਆਪਣੀ ਛੋਟੀ ਲੱਤ ਨਾਲ ਲੰਗੜਾਏ ਨਾ । ਉਹ ਕਾਫ਼ੀ ਦੇਰ ਅੰਦਰ ਰਿਹਾ। ਆਖ਼ਰ ਖੁੱਲ੍ਹੀ ਬਾਰੀ ਦੇ ਵਿੱਚੋਂ ਦੀ ਅਲੈਕਸੇਈ ਦੀ ਕੰਨੀ ਗੁੱਸੇਭਰੇ ਫ਼ਿਕਰੇ ਪਏ। ਫਿਰ ਦਰਵਾਜ਼ੇ ਵਿੱਚੋਂ ਗੁੱਸੇ ਨਾਲ ਖੌਲਦਾ ਬੁਰਨਾਜ਼ਯਾਨ ਤੇਜ਼ ਤੇਜ਼ ਨਿੱਕਲਿਆ।
ਉਸਨੇ ਅਲੈਕਸੇਈ ਵੱਲ ਕੈਰੀਆਂ ਨਜ਼ਰਾਂ ਨਾਲ ਦੇਖਿਆ, ਤੇ ਬਿਨਾਂ ਇੱਧਰ ਉਧਰ ਦੇਖਦਿਆਂ, ਉਹ ਝੂਲਦਾ ਹੋਇਆ ਬਾਗ ਵਿੱਚ ਚਲਾ ਗਿਆ:
“ਦਫਤਰਸ਼ਾਹ ਨਾ ਹੋਣ ਤਾਂ ! ਹਵਾਬਾਜ਼ੀ ਬਾਰੇ ਇਹਨਾਂ ਨੂੰ ਪਤਾ ਕੀ ਹੈ? ਉਹਨਾਂ ਨੇ ਇਹਨੂੰ ਬੈਲੇ ਸਮਝ ਛੱਡਿਐ ? ਲੱਤ ਛੋਟੀ ਹੈ ਅਨੀਮਾ ਕਰਨ ਵਾਲੀਆਂ ਪਿਚਕਾਰੀਆਂ ਨੇ, ਇਹ ਲਾਅਣਤੀ।”
ਅਲੈਕਸੇਈ ਦਾ ਦਿਲ ਜਿਵੇਂ ਬੈਠ ਗਿਆ, ਪਰ ਉਹ ਤੇਜ਼ ਕਦਮ ਪੁੱਟਦਾ ਹੋਇਆ, ਖੁਸ਼ ਖੁਸ਼ ਤੇ ਮੁਸਕਾਉਂਦਾ ਹੋਇਆ ਕਮਰੇ ਅੰਦਰ ਗਿਆ। ਕਮਿਸ਼ਨ ਵੱਡੇ ਸਾਰੇ ਮੇਜ਼ ਦੁਆਲੇ ਬੈਠੇ ਸੀ। ਵਿਚਕਾਰ ਮਾਸ ਦੇ ਢੇਰ ਵਾਂਗ ਪਹਿਲੇ ਰੈਂਕ ਦਾ ਫ਼ੌਜੀ ਸਰਜਨ ਮੀਰੋਵੋਲਸਕੀ ਬੈਠਾ ਸੀ । ਨਾਲ ਹੀ ਇੱਕ ਛੋਟੀ ਜਿਹੀ ਮੇਜ਼ ਕੋਲ ਮਰੀਜ਼ਾਂ ਦੇ ਕਾਰਡਾਂ ਦਾ ਢੇਰ ਲਈ ਸੋਹਣੀ ਜ਼ੀਨੋਚਕਾ ਬੈਠੀ ਸੀ, ਜਿਹੜੀ ਚਿੱਟਾ-ਦੁੱਧ, ਮਾਇਆ-ਲੱਗਾ ਚੋਗਾ ਪਾਈ ਬਿਲਕੁਲ ਗੁੱਡੀ ਜਿਹੀ ਲੱਗ ਰਹੀ ਸੀ, ਜਿਸਦੀ ਸਿਰ ਦੀ ਜਾਲੀ ਦੇ ਹੇਠੋਂ ਲਾਲ ਵਾਲਾਂ ਦੇ ਲਿੱਟ ਦਿਲਲਗੀ ਕਰਦੀ ਝਾਤੀਆਂ ਮਾਰ ਰਹੀ ਸੀ । ਉਸਨੇ ਅਲੈਕਸੇਈ ਨੂੰ ਉਸਦਾ ਕਾਰਡ ਫੜਾਇਆ ਤੇ ਮਲਕੜੇ ਜਿਹੇ ਉਸਦਾ ਹੱਥ ਘੁੱਟਿਆ।
“ਹੱਛਾ, ਨੌਜਵਾਨ,” ਸਰਜਨ ਨੇ ਆਪਣੀਆਂ ਅੱਖਾਂ ਸੁੰਗੇੜਦਿਆਂ ਕਿਹਾ,”ਜ਼ਰਾ ਕਮੀਜ਼ ਉਤਾਰੋ।”
ਮਰੇਸੇਯੇਵ ਐਵੇਂ ਨਹੀਂ ਸੀ ਵਰਜਸ਼ਾਂ ਕਰਦਾ ਰਿਹਾ। ਸਰਜਨ ਨੂੰ ਉਸਦਾ ਗਠਿਆ ਹੋਇਆ, ਮਜ਼ਬੂਤ ਡੀਲ ਡੌਲ ਵਾਲਾ ਸਰੀਰ ਚੰਗਾ ਲੱਗਾ, ਜਿਸਦੀ ਸਾਂਵਲੀ ਚਮੜੀ ਦੇ ਹੇਠਾਂ ਹਰ ਪੱਠਾ ਉਭਰਿਆ ਹੋਇਆ ਦੇਖਿਆ ਜਾ ਸਕਦਾ ਸੀ।
“ਤੁਹਾਨੂੰ ਸਾਮ੍ਹਣੇ ਰੱਖ ਕੇ ਡੇਵਿਡ ਦਾ ਬੁੱਤ ਬਣਾਇਆ ਜਾ ਸਕਦੈ,” ਕਮਿਸ਼ਨ ਦਾ ਇੱਕ ਮੈਂਬਰ ਆਪਣਾ ਗਿਆਨ ਦਿਖਾਉਂਦਾ ਬੋਲਿਆ।
ਮਰੇਸੇਯੇਵ ਨੇ ਸੌਖੀ ਤਰ੍ਹਾਂ ਸਾਰੇ ਟੈਸਟ ਪਾਸ ਕਰ ਲਏ । ਉਸਦੀ ਪਕੜ ਮਿਆਰ ਨਾਲੋਂ ਪੰਜਾਹ ਫ਼ੀਸਦੀ ਵੱਧ ਸੀ, ਤੇ ਸਾਹ ਲੈਣ ਦੇ ਟੈਸਟ ਵਿੱਚ ਉਸਨੇ ਸੂਈ ਨੂੰ ਬਿਲਕੁਲ ਸਿਰੇ ਉੱਤੇ ਲਾ ਦਿੱਤਾ। ਉਸਦਾ ਖੂਨ ਦਾ ਦਬਾਅ ਸਧਾਰਨ ਸੀ, ਉਸਦੇ ਤੰਤੂ ਸ਼ਾਨਦਾਰ ਹਾਲਤ ਵਿੱਚ ਸਨ। ਅਖ਼ੀਰ ਵਿਚ ਉਸਨੇ ਤਾਕਤ ਅਜ਼ਮਾਉਣ ਵਾਲੀ ਮਸ਼ੀਨ ਦਾ ਸਟੀਲ ਦਾ ਹੈਡਲ ਏਨੀਂ ਜ਼ੋਰ ਦੀ ਖਿੱਚਿਆ ਕਿ ਇਸਦਾ ਸਪਰਿੰਗ ਟੁੱਟ ਗਿਆ।
“ਪਾਇਲਟ ?” ਖੁਸ਼ੀ ਨਾਲ ਸਰਜਨ ਨੇ ਪੁੱਛਿਆ। ਤੇ ਵਧੇਰੇ ਸੌਖੀ ਤਰ੍ਹਾਂ ਆਪਣੀ ਅਰਾਮ ਕੁਰਸੀ ਵਿੱਚ ਬੈਠਦਿਆਂ, ਉਹ “ਸੀਨੀਅਰ ਲੈਫ਼ਟੀਨੈਂਟ ਮਰੇਸੇਯੇਵ, ਅ.ਪਿ.ਦੀ ਨਿੱਜੀ ਫਾਇਲ” ਦੇ ਕੋਨੇ ਵਿੱਚ ਆਪਣਾ ਫ਼ੈਸਲਾ ਲਿਖਣ ਲਈ ਤਿਆਰ ਹੋ ਗਿਆ।
“ਪਾਇਲਟ ।”
“ਲੜਾਕੇ ਜਹਾਜ਼ ਦਾ ?”
“ती।”
“ਤਾਂ ਜਾਓ ਫਿਰ, ਤੇ ਲੜੋ। ਉਥੇ ਇਸ ਵੇਲੇ ਤੁਹਾਡੇ ਵਰਗੇ ਭਰਾਵਾਂ ਦੀ ਕਿੰਨੀਂ ਲੋੜ ਏ!… ਹਾਂ, ਤੇ ਤੁਸੀਂ ਹਸਪਤਾਲ ਵਿੱਚ ਕਿਸ ਕਾਰਨ ਪਏ ਸੋਂ ?”
ਅਲੈਕਸੇਈ ਦਾ ਰੰਗ ਉੱਡ ਗਿਆ। ਉਸਨੂੰ ਮਹਿਸੂਸ ਹੋਇਆ ਕਿ ਸਭ ਕੁਝ ਢਹਿ ਢੇਰੀ ਹੋਣ ਵਾਲ਼ਾ ਹੈ, ਪਰ ਸਰਜਨ ਪਹਿਲਾਂ ਹੀ ਉਸਦੀ ਨਿੱਜੀ ਫਾਈਲ ਪੜ੍ਹ ਰਿਹਾ ਸੀ, ਤੇ ਉਸਦੇ ਮਿਹਰਬਾਨ ਚੌੜੇ ਮੂੰਹ ਉਤੇ ਅਸਚਰਜਤਾ ਦਾ ਭਾਵ ਦੌੜ ਗਿਆ।
“ਪੈਰ ਕੱਟੇ ਹੋਏ ਸਨ.. ਇਹ ਕੀ ਬਕਵਾਸ ਹੈ? ਕੀ ਇਹ ਗ਼ਲਤ ਲਿਖਿਐ? ਕਿਉਂ, ਬੋਲਦੇ ਕਿਉਂ ਨਹੀਂ ?”
“ਨਹੀਂ, ਗ਼ਲਤ ਨਹੀਂ ਲਿਖਿਆ,” ਮੱਧਮ ਅਵਾਜ਼ ਵਿੱਚ ਤੇ ਹੌਲ਼ੀ ਹੌਲ਼ੀ ਅਲੈਕਸੇਈ ਬੋਲਿਆ। ਜਿਵੇਂ ਕਿ ਉਹ ਫਾਂਸੀ ਦੇ ਥੜੇ ਦੀਆਂ ਪੌੜੀਆਂ ਚੜ੍ਹ ਰਿਹਾ ਹੋਵੇ।
ਸਰਜਨ ਤੇ ਕਮਿਸ਼ਨ ਦੇ ਦੂਜੇ ਮੈਂਬਰ ਇਸ ਮਜ਼ਬੂਤ ਗਠੇ ਹੋਏ ਸਰੀਰ ਵਾਲੇ ਤੇ ਚੁਸਤ- ਫੁਰਤ ਸ਼ਡੇ ਵੱਲ ਸ਼ੱਕੀ ਨਜ਼ਰਾਂ ਨਾਲ ਦੇਖਣ ਲੱਗੇ । ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਗੱਲ ਕੀ ਹੈ।
“ਆਪਣੀ ਪੈਂਟ ਉਤਾਂਹ ਚੁੱਕੋ !” ਬੇਸਬਰੀ ਨਾਲ ਸਰਜਨ ਨੇ ਹੁਕਮ ਦਿੱਤਾ। ਅਲੈਕਸੇਈ ਦਾ ਮੂੰਹ ਪੀਲਾ ਪੈ ਗਿਆ। ਉਸਨੇ ਬੇਬਸੀ ਜਿਹੀ ਨਾਲ ਜ਼ੀਨੋਚਕਾ ਵੱਲ ਦੇਖਿਆ, ਹੌਲ਼ੀ ਹੌਲ਼ੀ ਆਪਣੀ ਪੈਂਟ ਦੇ ਪਹੁੰਚੇ ਉਤਾਂਹ ਚੁੱਕੇ ਤੇ ਇਸ ਤਰ੍ਹਾਂ ਨਾਲ ਚਮੜੇ ਦੇ ਬਣੇ ਹੋਏ ਆਪਣੇ ਬਣਾਵਟੀ ਪੈਰਾਂ ਨੂੰ ਮੇਜ਼ ਦੇ ਸਾਮ੍ਹਣੇ ਕਰਕੇ ਖੜਾ ਹੋ ਗਿਆ-ਢੱਠੇ ਦਿਲ ਨਾਲ, ਆਪਣੇ ਹੱਥ ਪਾਸਿਆਂ ਵੱਲ ਰੱਖੀ।
“ਇਹ ਕੀ ਗੱਲ ਹੈ, ਨੌਜਵਾਨ, ਸਾਡਾ ਤੁਸੀਂ ਮਜ਼ਾਕ ਉਡਾਉਂਦੇ ਹੋ? ਕਿੰਨਾਂ ਸਮਾਂ ਤੁਸੀਂ ਸਾਡਾ ਜ਼ਾਇਆ ਕਰ ਦਿੱਤੈ। ਤੁਹਾਡਾ ਕੀ ਖਿਆਲ ਹੈ ਕਿ ਤੁਸੀਂ ਬਿਨਾਂ ਪੈਰ ਦੇ ਹਵਾਬਾਜ਼ੀ ਕਰਨ ਜਾਓਗੇ ?” ਆਖ਼ਰ ਸਰਜਨ ਬੋਲਿਆ।
“ਮੇਰਾ ਸਿਰਫ ਖਿਆਲ ਹੀ ਨਹੀਂ: ਮੈਂ ਜਾਵਾਂਗਾ !” ਮੱਧਮ ਅਵਾਜ਼ ਵਿੱਚ ਅਲੈਕਸੇਈ ਬੋਲਿਆ, ਤੇ ਉਸਦੀਆਂ ਕਾਲੀਆਂ ਅੱਖਾਂ ਸਿਰੜ੍ਹੀ ਵੰਗਾਰ ਨਾਲ ਲਿਸ਼ਕ ਰਹੀਆਂ ਸਨ।
“ਤੁਸੀਂ ਕੀ ਪਾਗਲ ਹੋ ਗਏ ਹੋ ? ਬਿਨਾਂ ਪੈਰਾਂ ਦੇ ?”
“ਹਾਂ, ਬਿਨ ਪੈਰਾਂ ਦੇ-ਤੇ ਜ਼ਰੂਰ ਉਡਾਂਗਾ,” ਮਰੇਸੇਯੇਵ ਨੇ ਜਵਾਬ ਦਿੱਤਾ; ਉਸਦੀ ਅਵਾਜ਼ ਵਿੱਚ ਹੁਣ ਵੰਗਾਰ ਨਹੀਂ, ਤਹੰਮਲ ਸੀ; ਉਸਨੇ ਆਪਣੀ ਪੁਰਾਣੇ ਢੰਗ ਦੀ ਪਾਇਲਟ ਵਾਲੀ ਜਾਕਟ ਵਿੱਚੋਂ ਬੜੇ ਧਿਆਨ ਨਾਲ ਜੋੜ ਕੇ ਰੱਖੀ ਕੋਈ ਅਖ਼ਬਾਰੀ ਕਾਤਰ ਕੱਢੀ। “ਦੇਖੋ,” ਉਹ ਉਸਨੂੰ ਅਖ਼ਬਾਰੀ ਕਾਤਰ ਨੂੰ ਸਰਜਨ ਅੱਗੇ ਕਰਦਾ ਬੋਲਿਆ। “ਉਹ ਇੱਕ ਪੈਰ ਤੋਂ ਬਿਨਾਂ ਹਵਾਈ ਜਹਾਜ਼ ਉਡਾਉਂਦਾ ਸੀ, ਮੈਂ ਦੋਹਾਂ ਪੈਰਾਂ ਬਿਨਾਂ ਭਲਾ ਕਿਉਂ ਨਹੀਂ ਉਡਾ ਸਕਾਂਗਾ?”
ਸਰਜਨ ਨੇ ਉਹ ਅਖ਼ਬਾਰੀ ਕਾਤਰ ਪੜ੍ਹੀ, ਤੇ ਹੈਰਾਨ ਹੁੰਦਿਆਂ, ਉਹ ਸਤਿਕਾਰ ਨਾਲ ਪਾਇਲਟ ਵੱਲ ਦੇਖਦਾ ਬੋਲਿਆ:
“ਪਰ ਇਸ ਲਈ ਤੇ ਬੇਹੱਦ ਸਿਖਲਾਈ ਦੀ ਲੋੜ ਹੈ । ਦੇਖਦੇ ਹੋ, ਉਸਨੇ ਦਸ ਸਾਲ ਤੱਕ ਪੈਰ ਨੂੰ ਸਿਧਾਇਆ ਸੀ। ਇਸ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਆਪਣੇ ਨਕਲੀ ਪੈਰਾਂ ਨੂੰ ਇੰਝ ਵਰਤ ਸਕੇ ਜਿਵੇਂ ਕਿ ਇਹ ਅਸਲੀ ਹੋਣ,” ਉਸਨੇ ਨਰਮ ਹੁੰਦਿਆ ਕਿਹਾ।
ਇੱਥੇ ਆ ਕੇ ਅਲੈਕਸੇਈ ਨੂੰ ਐਸੀ ਹਮਾਇਤ ਮਿਲੀ, ਜਿਸਦੀ ਉਸਨੂੰ ਆਸ ਨਹੀਂ ਸੀ: ਜ਼ੀਨੋਚਕਾ ਤੇਜ਼ੀ ਨਾਲ ਆਪਣੇ ਮੇਜ਼ ਕੋਲ਼ੋਂ ਉਠੀ, ਤੇ ਹੱਥਾਂ ਨੂੰ ਇੰਝ ਆਪਣੀ ਛਾਤੀ ਉੱਤੇ ਰੱਖਦਿਆਂ, ਜਿਵੇਂ ਪ੍ਰਾਰਥਨਾ ਕਰ ਰਹੀ ਹੋਵੇ, ਤੇ ਇੰਝ ਲਾਲ ਸੂਹੀ ਹੁੰਦਿਆਂ ਕਿ ਉਸਦੀਆਂ ਪੁੜਪੁੜੀਆਂ ਵਿੱਚ ਪਸੀਨੇ ਦੀਆਂ ਬੂੰਦਾ ਦਿੱਸਣ ਲੱਗ ਪਈਆਂ, ਉਹ ਚਹਿਕਣ ਵਾਲ਼ੇ ਢੰਗ
ਨਾਲ ਬੋਲੀ:
“ਸਾਥੀ ਪਹਿਲੇ ਰੈਂਕ ਦੇ ਫ਼ੌਜੀ ਸਰਜਨ, ਤੁਸੀਂ ਜ਼ਰਾ ਜੇ ਦੇਖੋ ਕਿ ਉਹ ਕਿਵੇਂ ਨੱਚ ਲੈਂਦਾ ਹੈ! ਸਾਰੇ ਸਿਹਤਮੰਦਾਂ ਤੋ ਵੀ ਚੰਗੇਰੀ ਤਰ੍ਹਾਂ ! ਮੈਂ ਸੱਚ ਕਹਿੰਦੀ ਹਾਂ !”
“ਕਿਸ ਤਰ੍ਹਾਂ ਨੱਚ ਲੈਂਦੈ? ਅਜੀਬ ਗੱਲ ਹੈ!” ਸਰਜਨ ਕੂਕਿਆਂ ਤੇ ਸਦਭਾਵੀਂ ਤਰ੍ਹਾਂ ਨਾਲ ਕਮਿਸ਼ਨ ਦੇ ਬਾਕੀ ਮੈਂਬਰਾਂ ਵੱਲ ਦੇਖਣ ਲੱਗਾ।
ਅਲੈਕਸੇਈ ਨੇ ਜ਼ੀਨੋਚਕਾ ਵੱਲੋਂ ਸੁਝਾਏ ਗਏ ਵਿਚਾਰ ਨੂੰ ਖੁਸ਼ੀ ਖੁਸ਼ੀ ਫੜ ਲਿਆ।
“ਹੁਣ ਤੁਸੀਂ ਕੁਝ ਨਾ ਲਿਖੋ, “ਨਾ ਨਾਂਹ ਨਾ ਹਾਂ”। ਅੱਜ ਸ਼ਾਮ ਸਾਡੇ ਨਾਲ ਨਾਚ ਵਿੱਚ ਸ਼ਾਮਲ ਹੋਵੇ, ਤਾਂ ਤੁਹਾਨੂੰ ਯਕੀਨ ਹੋ ਜਾਏਗਾ ਕਿ ਮੈਂ ਉਡਾਣ ਲਾ ਸਕਦਾ ਹਾਂ।”
ਦਰਵਾਜ਼ੇ ਵੱਲ ਜਾਂਦਿਆਂ ਮਰੇਸੇਯੇਵ ਨੇ ਸ਼ੀਸ਼ੇ ਵਿੱਚ ਦੇਖਿਆ ਕਿ ਕਿਵੇਂ ਕਮਿਸ਼ਨ ਦੇ ਮੈਂਬਰ ਕਿਸੇ ਚੀਜ਼’ ਬਾਰੇ ਗਰਮਜ਼ੋਸੀ ਨਾਲ ਗੱਲਾਂ ਕਰ ਰਹੇ ਹਨ।
ਦੁਪਹਿਰ ਦੇ ਖਾਣੇ ਤੋਂ ਪਹਿਲਾਂ, ਜ਼ੀਨੋਚਕਾ ਨੇ ਅਲੈਕਸੇਈ ਨੂੰ ਬਾਗ ਦੇ ਕਿਸੇ ਇਕੱਲੇ ਵਾਂਝੇ ਕੋਨੇ ਵਿੱਚ ਜਾ ਲਭਿਆ। ਉਸਨੇ ਦੱਸਿਆ ਕਿ ਜਦੋਂ ਉਹ ਕਮਰੇ ਵਿੱਚੋਂ ਚਲਾ ਗਿਆ ਤਾਂ ਕਮਿਸ਼ਨ ਹੋਰ ਕਿੰਨਾਂ ਚਿਰ ਉਸ ਬਾਰੇ ਬਹਿਸ ਕਰਦਾ ਰਿਹਾ ਸੀ ਤੇ ਸਰਜਨ ਨੇ ਕਿਹਾ ਕਿ ਮਰੇਸੇਯੇਵ ਅਸਧਾਰਨ ਵਿਅਕਤੀ ਹੈ ਤਾਂ ਸ਼ਾਇਦ, ਕੀ ਪਤਾ, ਸੱਚਮੁਚ ਹੀ ਉਡਾਣ ਕਰ ਸਕੇ । ਇੱਕ ਰੂਸੀ ਕੀ ਨਹੀਂ ਕਰ ਸਕਦਾ । ਇਸ ਉੱਤੇ ਕਮਿਸ਼ਨ ਦੇ ਇੱਕ ਮੈਂਬਰ ਨੇ ਕਿਹਾ ਸੀ ਕਿ ਇਤਿਹਾਸ ਵਿੱਚ ਇਸ ਤਰ੍ਹਾਂ ਦੀ ਕੋਈ ਉਦਾਹਰਣ ਨਹੀਂ ਮਿਲਦੀ। ਪਰ ਸਰਜਨ ਨੇ ਉਸਦਾ ਜਵਾਬ ਇਹ ਦਿੱਤਾ ਸੀ ਕਿ ਹਵਾਬਾਜ਼ੀ ਦੇ ਇਤਿਹਾਸ ਵਿੱਚ ਬਥੇਰੀਆਂ ਚੀਜ਼ਾਂ ਨਹੀਂ ਸਨ ਮਿਲਦੀਆਂ, ਤੇ ਇਸ ਜੰਗ ਵਿੱਚ ਸੋਵੀਅਤ ਲੋਕਾਂ ਨੇ ਇਸਨੂੰ ਬਥੇਰਾ ਕੁਝ ਨਵਾਂ ਸਿਖਾਇਆ ਹੈ।
ਵਲੰਟੀਅਰਾਂ ਦੇ, ਜਿਨ੍ਹਾਂ ਦੀ ਗਿਣਤੀ ਸਾਰੇ ਸੈਨੇਟੋਰੀਅਮ ਵਿੱਚ ਦੋ ਸੌ ਨਿਕਲੀ, ਜੰਗ ਵਿੱਚ ਸ਼ਾਮਲ ਹੋਣ ਲਈ ਵਾਪਸ ਜਾਣ ਤੇ ਪਹਿਲੀ ਸ਼ਾਮ ਨਾਚ ਪਾਰਟੀ ਦੇ ਵਿਸ਼ਾਲ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ। ਮਾਸਕੋ ਤੋਂ ਲਾਰੀ ਵਿੱਚ ਫ਼ੌਜੀ ਬੈਂਡ ਆ ਪਹੁੰਚਾ। ਬਰਾਸ ਬੈਂਡ ਦੇ ਸੰਗੀਤ ਨਾਲ ਮਹੱਲ ਦੀਆਂ ਨਿੱਕੀਆਂ ਨਿੱਕੀਆਂ ਬਾਰੀਆਂ, ਲਾਂਘੇ ਤੇ ਕਮਰੇ ਕੰਬ ਰਹੇ ਸਨ। ਪਾਇਲਟ, ਮੁੜਕੋ-ਮੁੜਕਾ ਮੂੰਹ ਨਾਲ, ਅਣਥੱਕ ਤੌਰ ਉੱਤੇ ਨੱਚੀ ਜਾ ਰਹੇ ਸਨ। ਉਹਨਾਂ ਵਿਚਕਾਰ, ਖੁਸ਼ ਤੇ ਚੁਸਤ-ਫੁਰਤ ਮਰੇਸੇਯੇਵ ਆਪਣੀ ਸੁਨਹਿਰੀ ਵਾਲਾਂ ਵਾਲੀ ਸੁਆਣੀ ਨਾਲ ਸਾਰਾ ਸਮਾਂ ਨੱਚ ਰਿਹਾ ਸੀ। ਇਸ ਜੋੜੇ ਦਾ ਕੋਈ ਜਵਾਬ ਨਹੀਂ ਸੀ।
ਫ਼ੌਜੀ ਸਰਜਨ ਮੀਰੋਵੋਲਸਕੀ ਖੁੱਲ੍ਹੀ ਬਾਰੀ ਕੋਲ ਬੈਠਾ ਸੀ । ਉਸਦੇ ਸਾਮ੍ਹਣੇ ਬੀਅਰ ਦਾ ਠੰਡਾ ਗਲਾਸ ਪਿਆ ਸੀ ਤੇ ਉਸਦੀਆਂ ਅੱਖਾਂ ਲਗਾਤਾਰ ਮਰੇਸੇਯੇਵ ਤੇ ਉਸਦੀ ਅੱਗ ਵਰਗੇ ਵਾਲਾਂ ਵਾਲੀ ਸਾਥਣ ਉੱਤੇ ਟਿਕੀਆਂ ਹੋਈਆਂ ਸਨ । ਉਹ ਇੱਕ ਸਰਜਨ ਸੀ, ਤੇ ਉਹ ਵੀ ਫ਼ੌਜ ਦਾ, ਤੇ ਉਸਨੂੰ ਪਤਾ ਸੀ ਕਿ ਅਸਲੀ ਤੇ ਨਕਲੀ ਪੈਰਾਂ ਵਿੱਚ ਫ਼ਰਕ ਕੀ ਹੁੰਦਾ ਹੈ।
ਤੇ ਹੁਣ, ਇਸ ਸਾਂਵਲੇ, ਚੰਗੇ ਗਠੇ ਹੋਏ ਪਾਇਲਟ ਨੂੰ ਆਪਣੀ ਛਬੀਲੀ ਨਿੱਕੀ ਜਿਹੀ ਸਾਥਣ ਨੂੰ ਨਾਚ ਵਿੱਚ ਨਾਲ ਨਾਲ ਲਿਜਾਂਦਿਆਂ ਵੇਖ ਕੇ, ਉਸਨੂੰ ਇਹ ਖਿਆਲ ਆਉਣ ਤੋਂ ਨਾ ਰਹਿ ਸਕਿਆ ਕਿ ਇਸ ਵਿੱਚ ਜ਼ਰੂਰ ਕੋਈ ਗੰਭੀਰ ਰਹੱਸ ਹੈ । ਆਖ਼ਰ, ਜਦੋਂ ਤਾਲੀਆਂ ਮਾਰ ਮਾਰ ਕੇ ਸ਼ਲਾਘਾ ਕਰ ਰਹੇ ਲੋਕਾਂ ਦੇ ਪਿੜ ਵਿਚਕਾਰ ਉਹ ਕੂਕਾਂ ਛੱਡਦਾ ਤੇ ਆਪਣੀਆਂ ਤਲੀਆਂ ਨਾਲ ਆਪਣੇ ਪੱਟਾਂ ਤੇ ਗੱਲ੍ਹਾਂ ਨੂੰ ਥਪਕਦਾ ਹੋਇਆ “ਬਾਰੀਨੀਆਂ” ਨਾਚ ਖ਼ਤਮ ਕਰ ਚੁੱਕਾ, ਤਾਂ ਉਹ ਮੁੜਕੋ-ਮੁੜਕਾ ਤੇ ਉਤੇਜਿਤ ਹੋਇਆ ਹੋਇਆ ਮੀਰੋਵੋਲਸਕੀ ਕੋਲ ਗਿਆ। ਸਰਜਨ ਨੇ ਸਤਿਕਾਰ ਨਾਲ ਉਸ ਨਾਲ ਹੱਥ ਮਿਲਾਇਆ । ਅਲੈਕਸੇਈ ਨੇ ਕੁਝ ਨਾ ਕਿਹਾ, ਪਰ ਉਸਦੀਆਂ ਅੱਖਾਂ ਸਰਜਨ ਵੱਲ ਯਾਚਨਾ ਨਾਲ ਦੇਖਦੀਆਂ ਜਵਾਬ ਦੀ ਆਸ ਕਰ ਰਹੀਆਂ ਸਨ।
“ਜਿਵੇਂ ਕਿ ਤੁਸੀਂ ਸਮਝਦੇ ਹੀ ਹੋ, ਮੈਨੂੰ ਕੋਈ ਹੱਕ ਨਹੀਂ ਕਿ ਤੁਹਾਨੂੰ ਸਿੱਧਾ ਯੂਨਿਟ ਵਿੱਚ ਭੇਜ ਦੇਵਾਂ । ਪਰ ਮੈਂ ਤੁਹਾਨੂੰ ਅਮਲਾ ਵਿਭਾਗ ਲਈ ਇੱਕ ਸਰਟੀਫਿਕੇਟ ਦੇ ਦੇਵਾਂਗਾ। ਮੈਂ ਆਪਣਾ ਵਿਚਾਰ ਲਿਖ ਦੇਵਾਂਗਾ, ਕਿ ਯੋਗ ਸਿਖਲਾਈ ਨਾਲ ਤੁਸੀਂ ਹਵਾਈ ਜਹਾਜ਼ ਉਡਾ ਸਕੋਗੇ। ਖ਼ੈਰ, ਕਿਸੇ ਵੀ ਹਾਲਤ ਵਿੱਚ ਤੁਸੀਂ ਯਕੀਨ ਕਰ ਸਕਦੇ ਹੋ ਕਿ ਮੇਰੀ ਵੋਟ ਤੁਹਾਡੇ ਹੱਕ ਵਿੱਚ ਹੋਵੇਗੀ।”
ਮੀਰੋਵੋਲਸਕੀ ਸੈਨੇਟੋਰੀਅਮ ਦੇ ਮੁਖੀ ਨਾਲ਼, ਜੋ ਕਿ ਆਪ ਵੀ ਤਜ਼ਰਬਾਕਾਰ ਫ਼ੌਜੀ ਸਰਜਨ ਸੀ, ਬਾਂਹ ਵਿੱਚ ਬਾਂਹ ਪਾਈ ਉਥੋਂ ਚਲਾ ਗਿਆ ! ਦੋਵੇਂ ਹੀ ਪ੍ਰਸ਼ੰਸਾ ਤੇ ਅਸਚਰਜਤਾ ਨਾਲ ਭਰੇ ਹੋਏ ਸਨ। ਸੌਣ ਤੋਂ ਪਹਿਲਾਂ ਉਹ ਕਿੰਨਾਂ ਚਿਰ ਬੈਠੇ ਸਿਗਰਟ ਪੀਂਦੇ ਤੇ ਬਹਿਸ ਕਰਦੇ ਰਹੇ ਕਿ ਸੋਵੀਅਤ ਆਦਮੀ ਜਦੋਂ ਕੁਝ ਕਰਨ ਉੱਤੇ ਦ੍ਰਿੜ੍ਹ ਹੋਵੇ ਤਾਂ ਉਹ ਕੀ ਕੁਝ ਕਰ ਸਕਦਾ ਹੈ…
ਇੱਧਰ, ਜਦ ਕਿ ਸੰਗੀਤ ਅਜੇ ਵੀ ਗਰਜ ਰਿਹਾ ਸੀ ਤੇ ਖੁੱਲ੍ਹੀਆਂ ਬਾਰੀਆਂ ਵਿੱਚੋਂ ਦੀ ਚਾਨਣ ਨਾਲ ਪੈਂਦੇ ਪ੍ਰਛਾਵੇਂ ਅਜੇ ਵੀ ਜ਼ਮੀਨ ਉੱਤੇ ਤਰ ਰਹੇ ਸਨ, ਤਾਂ ਅਲੈਕਸੇਈ ਮਰੇਸੇਯੇਵ ਉਰਲੀ ਮੰਜ਼ਲ ਉੱਤੇ ਗੁਸਲਖਾਨੇ ਵਿੱਚ ਅੰਦਰੋਂ ਬੂਹਾ ਮਾਰੀ ਬੈਠਾ ਸੀ । ਆਪਣੀਆਂ ਦੋਵੇਂ ਲੱਤਾਂ ਉਸਨੇ ਪਾਣੀ ਵਿੱਚ ਡਬੋਈਆਂ ਹੋਈਆਂ ਸਨ ਤੇ ਆਪਣੇ ਬੁੱਲ੍ਹਾਂ ਨੂੰ ਉਸਨੇ ਆਪਣੇ ਦੰਦਾਂ ਹੇਠ ਇੰਝ ਦਬਾਇਆ ਹੋਇਆ ਸੀ ਕਿ ਉਨ੍ਹਾਂ ਵਿੱਚੋਂ ਲਹੂ ਵਗਣ ਵਾਲ਼ਾ ਹੋ ਗਿਆ। ਪੀੜ ਨਾਲ ਲਗਭਗ ਬੇਸੁਧ ਹੋਇਆ ਉਹ ਆਪਣੇ ਬਣਾਵਟੀ ਪੈਰਾਂ ਦੀ ਸਖ਼ਤ ਰਗੜ ਕਾਰਨ ਲਾਲ-ਸੁਰਖ ਹੋਈਆਂ ਮੁੱਢੀਆਂ ਤੇ ਵੱਡੇ ਵੱਡੇ ਛਾਲਿਆਂ ਨੂੰ ਧੋ ਰਿਹਾ ਸੀ।
ਇੱਕ ਘੰਟੇ ਮਗਰੋਂ, ਜਦੋਂ ਮੇਜਰ ਸਤਰੂਚਕੋਵ ਸੋਣ ਵਾਲੇ ਕਮਰੇ ਵਿੱਚ ਆਇਆ, ਤਾਂ ਮੂੰਹ ਹੱਥ ਧੋਕੇ ਤੇ ਤਾਜ਼ਾਦਮ ਹੋਇਆ ਮਰੇਸੇਯੇਵ ਆਪਣੇ ਗਿੱਲੇ, ਘੁੰਗਰਾਲੇ ਵਾਲਾਂ ਵਿੱਚ ਸ਼ੀਸ਼ੇ ਸਾਮ੍ਹਣੇ ਬੈਠਾ ਕੰਘੀ ਫੇਰ ਰਿਹਾ ਸੀ।
“ਜ਼ੀਨੋਚਕਾ ਤੈਨੂੰ ਲੱਭ ਰਹੀ ਹੈ । ਤੈਨੂੰ ਉਹਦੇ ਨਾਲ ਅਲਵਿਦਾਈ ਸੈਰ ਜ਼ਰੂਰ ਕਰਨੀ ਚਾਹੀਦੀ ਹੈ। ਮੈਨੂੰ ਤਾਂ ਵਿਚਾਰੀ ਉੱਤੇ ਤਰਸ ਆਉਂਦੈ।”
“ਆਓ ਇਕੱਠੇ ਚੱਲੀਏ, ਪਾਵੇਲ ਈਵਾਨੋਵਿਚ। ਆਓ, ਆਓ, ਚੱਲੀਏ,” ਮਰੇਸੇਯੇਵ ਨੇ ਮਿੰਨਤ ਕੀਤੀ।
ਇਸ ਸੋਹਣੀ ਪਰ ਹਾਸੋਹੀਣੀ ਕੁੜੀ ਨਾਲ਼, ਜਿਸਨੇ ਉਸਨੂੰ ਨਾਚ ਸਿਖਾਉਣ ਉੱਤੇ ਏਨੀਂ ਜਾਨ ਮਾਰੀ ਸੀ, ਇਕੱਲਿਆਂ ਰਹਿ ਜਾਣ ਕੇ ਖਿਆਲ ਨਾਲ ਉਹ ਬੇਚੈਨ ਜਿਹਾ ਹੋ ਰਿਹਾ ਸੀ: ਓਲਿਆ ਦੀ ਚਿੱਠੀ ਮਿਲਣ ਤੋਂ ਪਿੱਛੋਂ ਉਹ ਉਸਦੀ ਹਾਜ਼ਰੀ ਵਿੱਚ ਖਾਸ ਕਰਕੇ ਅਜੀਬ ਅਜੀਬ ਮਹਿਸੂਸ ਕਰਦਾ ਸੀ । ਉਹ ਨਾਲ ਜਾਣ ਲਈ ਸਤਰੂਚਕੋਵ ਨੂੰ ਜ਼ੋਰ ਲਾਉਂਦਾ ਰਿਹਾ ਜਦੋਂ ਤੱਕ ਕਿ ਆਖ਼ਰ ਉਸਨੇ ਬੁੜਬੁੜ ਕਰਦੇ ਨੇ ਆਪਣੀ ਟੋਪੀ ਨਾ ਚੁੱਕ ਲਈ।
ਜ਼ੀਨੋਚਕਾ ਬਾਲਕਨੀ ਉੱਤੇ ਖੜੀ ਉਡੀਕ ਕਰ ਰਹੀ ਸੀ । ਉਸਦੇ ਹੱਥਾਂ ਵਿੱਚ ਫੁੱਲਾਂ ਦਾ ਬਿਲਕੁਲ ਤੋੜਿਆ-ਮਰੋੜਿਆ ਗੁਲਦਸਤਾ ਸੀ । ਫੁੱਲਾਂ ਦੀਆਂ ਪੱਤੀਆਂ ਤੇ ਡੰਡੀਆਂ ਉਸਦੇ ਪੈਰਾਂ ਵਿੱਚ ਢੇਰ ਹੋਈਆਂ ਹੋਈਆਂ ਸਨ । ਅਲੈਕਸੇਈ ਦੇ ਪੈਰਾਂ ਜੀ ਚਾਪ ਸੁਣ ਕੇ ਉਹ ਉਤਸੁਕਤਾ ਨਾਲ ਅੱਗੇ ਨੂੰ ਹੋਈ, ਪਰ ਇਹ ਦੇਖਦਿਆਂ ਕਿ ਉਹ ਇਕੱਲਾ ਨਹੀਂ ਸੀ ਉਸਨੇ ਸਿਰ ਹੇਠਾਂ ਸੁੱਟ ਲਿਆ, ਜਿਵੇਂ ਆਪੇ ਵਿੱਚ ਸੁੰਗੜ ਗਈ ਹੋਵੇ ।
“ਆਓ, ਜੰਗਲ ਨੂੰ ਅਲਵਿਦਾ ਕਹਿ ਆਈਏ,” ਅਲੈਕਸੇਈ ਨੇ ਬੇਪ੍ਰਵਾਹ ਅੰਦਾਜ ਵਿੱਚ ਕਿਹਾ।
ਉਹਨਾਂ ਨੇ ਬਾਹਾਂ ਵਿੱਚ ਬਾਹਾਂ ਪਾਈਆਂ ਤੇ ਚੁੱਖ-ਚਾਪ ਲਾਈਮ ਦੇ ਰੁੱਖਾਂ ਵਿਚਲੀ ਪੁਰਾਣੀ ਸੜਕ ਉੱਤੇ ਤੁਰਨ ਲੱਗੇ । ਉਹਨਾਂ ਦੇ ਪੈਰਾਂ ਵਿੱਚ, ਚੰਨ-ਰੁਸ਼ਨਾਈ ਧਰਤੀ ਉੱਤੇ, ਕਾਲ਼ੇ-ਸਿਆਹ ਪ੍ਰਛਾਵੇਂ ਉਹਨਾਂ ਦੇ ਨਾਲ ਨਾਲ ਚੱਲ ਰਹੇ ਸਨ, ਤੇ ਥਾਂ ਥਾਂ ਪਤਝੜ ਦੇ ਪਹਿਲੇ ਪੱਤੇ ਖਿਲਰੇ ਸਿੱਕਿਆਂ ਵਾਂਗ ਚਮਕ ਰਹੇ ਸਨ । ਉਹ ਸੜਕ ਦੇ ਅਖ਼ੀਰ ਉੱਤੇ ਪੁੱਜ ਗਏ । ਬਾਗ ਤੋਂ ਉਹ ਬਾਹਰ ਨਿੱਕਲ ਗਏ ਤੇ ਗਿੱਲੇ ਭੂਰੇ ਘਾਹ ਉੱਪਰ ਚਲਦੇ ਹੋਏ ਉਹ ਝੀਲ ਵੱਲ ਹੋ ਤੁਰੇ । ਢਲਾਣ ਪਸ਼ਮ ਵਰਗੀ ਧੁੰਦ ਦੇ ਕੰਬਲ ਨਾਲ ਢੱਕੀ ਹੋਈ ਸੀ। ਜਿਹੜੀ ਚਿੱਟੀ ਭੇਡ ਦੀ ਖੱਲ ਵਾਂਗ ਲੱਗਦੀ ਸੀ । ਧੁੰਦ ਜ਼ਮੀਨ ਨਾਲ ਚੰਬੜੀ ਹੋਈ ਸੀ ਤੇ, ਉਹਨਾਂ ਦੀਆਂ ਕਮਰਾਂ ਤੱਕ ਪੁੱਜਦੀ, ਠੰਡੀ ਚੰਨ-ਚਾਨਣੀ ਵਿੱਚ ਉਹ ਰਹੱਸਮਈ ਢੰਗ ਨਾਲ ਸਾਹ ਲੈ ਰਹੀ ਤੇ ਲਿਸ਼ਕ ਰਹੀ ਸੀ । ਹਵਾ ਸਿਲ੍ਹੀ ਸੀ ਤੇ ਪਤਝੜ ਦੀ ਭਰਪੂਰ ਵਾਸ਼ਨਾਂ ਨਾਲ ਭਰੀ ਹੋਈ ਸੀ ।
ਇੱਕ ਘੜੀ ਉਹਨਾਂ ਨੂੰ ਸ਼ੀਤਲਤਾ, ਸਗੋਂ ਠੰਡ ਲੱਗਣੀ ਸ਼ੁਰੂ ਹੋ ਜਾਂਦੀ, ਤੇ ਦੂਜੀ ਘੜੀ ਨਿੱਘ ਤੇ ਹੁੰਮਸ ਮਹਿਸੂਸ ਹੋਣ ਲੱਗ ਪੈਂਦੀ, ਜਿਵੇਂ ਕਿ ਧੁੰਦ ਦੀ ਇਸ ਝੀਲ ਦੀਆਂ ਆਪਣੀਆਂ ਹੀ ਠੰਡੀਆਂ ਤੇ ਗਰਮ ਰੌਆਂ ਹੋਣ।
“ਇੰਝ ਲੱਗਦੈ ਜਿਵੇਂ ਅਸੀਂ ਦਿਓ ਹੋਈਏ ਤੇ ਬੱਦਲਾਂ ਦੇ ਉੱਪਰ ਚੱਲ ਰਹੇ ਹੋਈਏ?” ਅਲੈਕਸੇਈ ਨੇ ਗੰਭੀਰ ਅੰਦਾਜ਼ ਵਿੱਚ ਕਿਹਾ। ਉਸਨੂੰ ਅਜੀਬ ਜਿਹਾ ਅਹਿਸਾਸ ਹੋ ਰਿਹਾ ਸੀ ਕਿ ਕੁੜੀ ਦੀ ਛੋਟੀ ਜਿਹੀ ਮਜ਼ਬੂਤ ਬਾਂਹ ਉਸਦੀ ਅਰਕ ਨਾਲ ਘੁੱਟ ਕੇ ਚੰਬੜੀ ਹੋਈ ਸੀ। “ਇੰਝ ਲੱਗਦੈ ਜਿਵੇਂ ਅਸੀਂ ਉੱਲੂ ਦੇ ਪੱਠੇ ਹਾਂ, ਜਿਹੜੇ ਆਪਣੇ ਪੈਰ ਗਿੱਲੇ ਕਰ ਰਹੇ ਹਾਂ ਤੇ ਰਸਤੇ ਵਿੱਚ ਸਾਨੂੰ ਜ਼ੁਕਾਮ ਹੋ ਜਾਏਗਾ,” ਸਤਰੂਚਕੋਵ ਨੇ ਮੋਟੀ ਜਿਹੀ ਬੈਠੀ ਅਵਾਜ਼ ਵਿੱਚ ਕਿਹਾ। ਉਹ ਆਪਣੀਆਂ ਹੀ ਨਾਖੁਸ਼ ਸੋਚਾਂ ਵਿੱਚ ਗ਼ਲਤਾਨ ਸੀ।
“ਇਸ ਗੱਲ ਵਿੱਚ ਮੈਂ ਤੁਹਾਡੇ ਨਾਲੋਂ ਚੰਗਾ ਹਾਂ । ਮੇਰੇ ਪੈਰ ਹੀ ਨਹੀਂ ਜਿਹੜੇ ਗਿੱਲੇ ਹੋ ਜਾਣਗੇ, ਸੋ ਜ਼ੁਕਾਮ ਲੱਗਣ ਦਾ ਸਵਾਲ ਹੀ ਨਹੀਂ”, ਅਲੈਕਸੇਈ ਨੇ ਹੱਸਦਿਆਂ ਹੋਇਆਂ ਕਿਹਾ।
ਜ਼ੀਨੋਚਕਾ ਉਹਨਾਂ ਨੂੰ ਧੁੰਦ ਨਾਲ ਢੱਕੀ ਝੀਲ ਵੱਲ ਖਿੱਚਦੀ ਬੋਲੀ; “ਆਓ, ਆਓ ਚਲੀਏ, ਉਥੇ ਇਸ ਵੇਲੇ ਜ਼ਰੂਰ ਬੜਾ ਚੰਗਾ ਲੱਗਦਾ ਹੋਵੇਗਾ।”
ਉਹ ਪਾਣੀ ਦੇ ਵਿੱਚ ਹੀ ਚਲੇ ਜਾਣ ਲੱਗੇ ਸਨ, ਤੇ ਅਸਚਰਜ ਹੋਏ ਹੋਏ ਰੁੱਕ ਗਏ ਜਦੋਂ ਇਹ ਇੱਕਦਮ ਬਿਲਕੁਲ ਪੈਰਾਂ ਦੇ ਹੇਠਾਂ ਕਰਕੇ ਧੁੰਦ ਦੇ ਫੰਬਿਆਂ ਦੇ ਵਿੱਚੋਂ ਦੀ ਕਾਲ਼ਾ ਕਾਲ਼ਾ ਦਿੱਸਣ ਲੱਗ ਪਿਆ। ਨੇੜੇ ਹੀ ਇੱਕ ਲੱਕੜ ਦਾ ਬਣਿਆ ਨਿੱਕਾ ਜਿਹਾ ਪੁਸ਼ਤਾ ਸੀ, ਉਸਦੇ ਨਾਲ ਇੱਕ ਨਿੱਕੀ ਜਿਹੀ ਬੇੜੀ ਬੱਝੀ ਹੋਈ ਸੀ ਜਿਹੜੀ ਇੰਝ ਲੱਗਦੀ ਸੀ ਜਿਵੇਂ ਕਿਸੇ ਨੇ ਕਾਲੇ ਰੰਗ ਨਾਲ ਵਾਹੀ ਹੋਵੇ । ਜ਼ੀਨੋਚਕਾ ਧੁੰਦ ਵਿੱਚ ਲਹਿ ਗਈ ਤੇ ਚੱਪੂਆਂ ਦੀ ਇੱਕ ਜੋੜੀ ਲੈ ਕੇ ਮੁੜ ਆਈ। ਉਹਨਾਂ ਨੇ ਚੱਪੂਆਂ ਦੇ ਕੁੰਡੇ ਅੜਾਏ । ਅਲੈਕਸੇਈ ਨੇ ਚੱਪੂ ਫੜ ਲਏ, ਤੇ ਜ਼ੀਨੋਚਕਾ ਤੇ ਮੇਜਰ ਬੇੜੀ ਦੇ ਪਿਛਲੇ ਪਾਸੇ ਬੈਠ ਗਏ । ਬੇੜੀ ਸ਼ਾਂਤ ਟਿਕੇ ਪਾਣੀ ਉਪਰ ਹੌਲ਼ੀ ਹੌਲ਼ੀ ਤੈਰਦੀ ਜਾ ਰਹੀ ਸੀ; ਕਦੀ ਇਹ ਧੁੰਦ ਵਿੱਚ ਟੁੱਭੀ ਲਾ ਜਾਂਦੀ ਤੇ ਕਦੀ ਫਿਰ ਪਾਣੀ ਉੱਤੇ ਦਿਸਣ ਲੱਗ ਪੈਂਦੀ । ਪਾਣੀ ਦੀ ਕਾਲੀ, ਪਾਲਿਸ਼ ਕੀਤੀ ਸਤਹ ਉੱਪਰ ਚੰਨ ਬੜੀ ਖੁੱਲ੍ਹੀ ਤਰ੍ਹਾਂ ਚਾਂਦੀ ਵਰ੍ਹਾ ਰਿਹਾ ਸੀ । ਹਰ ਕੋਈ ਆਪਣੀਆਂ ਆਪਣੀਆਂ ਸੋਚਾਂ ਵਿੱਚ ਮਗਨ ਸੀ। ਰਾਤ ਸ਼ਾਂਤ ਸੀ, ਚੱਪੂਆਂ ਨਾਲੋਂ ਪਾਣੀ ਪਾਰੇ ਦੇ ਤੁਪਕਿਆਂ ਵਾਂਗ ਡਿੱਗ ਰਿਹਾ ਸੀ, ਤੇ ਉਸੇ ਤਰ੍ਹਾਂ ਪਾਰਾ ਲੱਗ ਰਿਹਾ ਸੀ । ਚੱਪੂਆਂ ਦੇ ਕੁੰਡੇ ਮੱਧਮ ਮੱਧਮ ਅਵਾਜ਼ ਦੇ ਰਹੇ ਸਨ, ਕਿਤੋਂ ਕਿਸੇ ਪੰਛੀ ਦੀ ਅਵਾਜ਼ ਸੁਣਾਈ ਦਿੱਤੀ, ਤੇ ਹੋਰ ਦੂਰੋਂ ਕਿਤੇ ਕਿਸੇ ਉੱਲੂ ਦੀ ਸੋਗੀ ਹੂਕ ਪਾਣੀ ਦੇ ਉਪਰੋਂ ਦੀ ਆਉਂਦੀ ਮੱਧਮ ਜਿਹੀ ਸੁਣਾਈ ਦਿੱਤੀ।
“ਯਕੀਨ ਨਹੀਂ ਆਉਂਦਾ ਕਿ ਕਿਤੇ ਲੜਾਈ ਵੀ ਹੋ ਰਹੀ ਹੈ,” ਜ਼ੀਨੋਚਕਾ ਹੌਲ਼ੀ ਜਿਹੀ ਬੋਲੀ ।” ਮੈਨੂੰ ਚਿੱਠੀ ਲਿਖੋਗੇ, ਸਾਥੀਓ ? ਤੁਸੀਂ ਤਾਂ ਮਸਲਨ, ਅਲੈਕਸੇਈ ਪਿਤਰੋਵਿਚ, ਮੈਨੂੰ ਦੋ ਸਤਰਾਂ ਲਿਖੋਗੇ ਹੀ ਨਾ ? ਜੇ ਚਾਹੋ ਤਾਂ ਮੈਂ ਤੁਹਾਨੂੰ ਆਪਣੇ ਸਿਰਨਾਵੇਂ ਵਾਲ਼ੇ ਕਾਰਡ ਦੇ ਦਿਆਂ ? ਇਹਨਾਂ ਉੱਤੇ ਲਿਖ ਦੇਣਾ: ‘ਜਿਉਂਦਾ-ਜਾਗਦਾ, ਰਾਜ਼ੀ-ਖੁਸ਼ੀ ਹਾਂ, ਨਮਸਤੇ,’ ਤੇ ਲੈਟਰ ਬਾਕਸ ਵਿੱਚ ਸੁੱਟ ਦੇਣਾ, ਠੀਕ?..”
“ਮੈਨੂੰ ਕਿੰਨੀ ਖੁਸ਼ੀ ਹੋ ਰਹੀ ਏ ਜਾ ਕੇ ! ਬਥੇਰਾ ਅਰਾਮ ਕਰ ਲਿਐ, ਹੁਣ ਤਾਂ ਕੰਮ ਲਈ ਜੀ ਕਾਹਲਾ ਪੈ ਰਿਹੈ,” ਸਤਰੂਚਕੋਵ ਕੂਕਿਆ।
ਫਿਰ ਚੁੱਪ ਵਾਪਰ ਗਈ। ਨਿੱਕੀਆਂ ਨਿੱਕੀਆਂ ਲਹਿਰਾਂ ਹੌਲ਼ੀ ਹੌਲ਼ੀ, ਸਹਿਲਾਵੇਂ ਢੰਗ ਨਾਲ ਬੇੜੀ ਦੇ ਪਾਸਿਆਂ ਨਾਲ ਵੱਜ ਰਹੀਆਂ ਸਨ, ਪਾਣੀ ਇਸਦੇ ਹੇਠਾਂ ਸੁੱਤ ਉਨੀਂਦਾ ਜਿਹਾ ਗੁਰ-ਗਰ ਦੀ ਅਵਾਜ਼ ਪੈਦਾ ਕਰ ਰਿਹਾ ਸੀ ਤੇ ਇਸਦੇ ਪਿੱਛੇ ਐਸੇ ਕੋਨ ਉੱਤੇ ਫ਼ੈਲਿਆ ਹੋਇਆ ਸੀ ਜਿਸ ਨਾਲ ਚਮਕ ਹੀ ਦਿਖਾਈ ਦੇਂਦੀ ਸੀ । ਧੁੰਦ ਛਟ ਗਈ ਤੇ ਨਜ਼ਰ ਆਉਣ ਲੱਗ ਪਿਆ ਕਿ ਕਿਵੇਂ ਕੰਢੇ ਵੱਲੋਂ ਬੇੜੀ ਤੱਕ ਪਾਣੀ ਉੱਪਰ ਚੰਨ ਦੀ ਨੀਲੀ ਝਿਲਮਿਲ ਕਰਦੀ ਰਿਸ਼ਕ ਪੁੱਜ ਰਹੀ ਸੀ ਤੇ ਕੰਵਲ ਦੇ ਫੁੱਲਾਂ ਨੂੰ ਲਿਸ਼ਕਾ ਰਹੀ ਸੀ।
“ਆਓ ਗਾਈਏ,” ਜ਼ੀਨੋਚਕਾ ਨੇ ਤਜਵੀਜ਼ ਦਿੱਤੀ ਤੇ ਜਵਾਬ ਦੀ ਉਡੀਕ ਕੀਤੇ ਬਿਨਾਂ ਐਸ਼ ਦੇ ਦਰਖਤ ਬਾਰੇ ਗੀਤ ਗਾਉਣ ਲੱਗ ਪਈ।
ਸਥਾਈ ਉਸਨੇ ਸੋਗੀ ਅੰਦਾਜ਼ ਵਿੱਚ ਗਾਈ, ਇੱਕਲੀ ਨੇ, ਪਰ ਅੱਗੋਂ ਮੇਜਰ ਸਤਰੂਚਕੋਵ ਵੀ ਆਪਣੀ ਭਰਪੂਰ ਮੋਟੀ ਅਵਾਜ਼ ਵਿੱਚ ਨਾਲ ਰਲ ਗਿਆ। ਉਸਨੇ ਪਹਿਲਾਂ ਕਦੇਂ ਨਹੀਂ ਸੀ ਗਾਇਆ, ਤੇ ਅਲੈਕਸੇਈ ਨੂੰ ਕਦੀ ਸ਼ੱਕ ਵੀ ਨਹੀਂ ਸੀ ਹੋਇਆ ਕਿ ਉਸਦੀ ਏਨੀਂ ਸੋਹਣੀ ਮੁਲਾਇਮ ਅਵਾਜ਼ ਹੈ। ਇਸ ਗੀਤ ਦੀ ਗੰਭੀਰ ਤੇ ਭਾਵਕ ਧੁਨ ਪਾਣੀ ਦੀ ਸਤਹ ਉੱਪਰ ਤਰਦੀ ਜਾ ਰਹੀ ਸੀ; ਦੋ ਸੱਜਰੀਆਂ ਅਵਾਜ਼ਾਂ, ਇੱਕ ਮਰਦਾਵੀਂ ਤੇ ਇੱਕ ਜਨਾਨਾਂ, ਇੱਕ ਦੂਜੀ ਨੂੰ ਤਾਕਤ ਦੇਂਦੀਆਂ ਸਿੱਕ ਰਹੀਆਂ ਸਨ । ਅਲੈਕਸੇਈ ਨੂੰ ਆਪਣੀ ਬਾਰੀ ਦੇ ਬਾਹਰ ਖੜਾ ਪਤਲਾ ਜਿਹਾ ਐਸ਼ ਦਾ ਦਰਖਤ ਯਾਦ ਆਇਆ, ਜਿਸ ਨਾਲ ਇੱਕੋ ਇੱਕ ਗੁੱਛਾ ਲਟਕ ਰਿਹਾ ਸੀ, ਤੇ ਧਰਤ ਹੇਠਾਂ ਵੱਸੇ ਪਿੰਡ ਦੀ ਮੋਟੀਆਂ ਅੱਖਾਂ ਵਾਲ਼ੀ ਵਾਰਿਆ ਯਾਦ ਆਈ। ਫਿਰ ਸਭ ਕੁਝ ਲੋਪ ਹੋ ਗਿਆ-ਝੀਲ ਅਦਭੁਤ ਚੰਨ-ਚਾਨਣੀ, ਬੇੜੀ ਦੇ ਗਾਉਣ ਵਾਲ਼ੇ-ਤੇ ਚਾਂਦੀ-ਰੰਗੀ ਧੁੰਦ ਵਿੱਚ ਉਸਨੂੰ ਕਾਮੀਸ਼ਿਨ ਕਸਬੇ ਦੀ ਕੁੜੀ ਦਿੱਸੀ, ਪਰ ਓਲਿਆ ਨਹੀਂ ਜਿਹੜੀ ਫੁੱਲਾਂ-ਲੱਦੀ ਸਬਜ਼ਾਜ਼ਾਰ ਵਿੱਚ ਗੁਲ-ਬਾਹਰ ਦੇ ਵਿਚਕਾਰ ਬੈਠੀ ਸੀ, ਸਗੋਂ ਕੋਈ ਹੋਰ, ਅਣਜਾਣੀ ਕੁੜੀ, ਥੱਕੀ-ਮਾਂਦੀ, ਗੱਲ੍ਹਾਂ ਕਿਤੋਂ ਕਿਤੋਂ ਧੁੱਪ ਨਾਲ ਸਾਂਵਲੀਆਂ ਹੋਈਆਂ ਹੋਈਆਂ, ਬੁੱਲ੍ਹ ਪਾਟੇ ਹੋਏ, ਮੁੜ੍ਹਕੇ ਨਾਲ ਭਿੱਜੀ ਜਾਕਟ ਪਾਈ, ਜਿਹੜੀ ਸਤਾਲਿਨਗਰਾਦ ਦੇ ਨੇੜੇ ਸਤੇਪੀ ਵਿੱਚ ਕਿਤੇ ਬੇਲਚਾ ਚਲਾ ਰਹੀ ਸੀ।
ਉਸਨੇ ਚੱਪੂ ਛੱਡ ਦਿੱਤੇ ਤੇ ਗੀਤ ਦਾ ਆਖ਼ਰੀ ਅੰਤਰਾ ਬਾਕੀ ਦੋਹਾਂ ਦੇ ਨਾਲ ਰਲਕੇ ਗਾਉਣ ਲੱਗ ਪਿਆ।
6
ਅਗਲੇ ਦਿਨ ਸਵੇਰੇ ਸਵੇਰੇ ਫ਼ੌਜੀ ਬੱਸਾਂ ਦੀ ਇੱਕ ਲੰਮੀ ਕਤਾਰ ਸੈਨੇਟੋਰੀਅਮ ਦੇ ਗੇਟਾਂ ਵਿੱਚੋਂ ਨਿੱਕਲੀ । ਉਹ ਅਜੇ ਡਿਊੜੀ ਵਿੱਚ ਹੀ ਸਨ ਕਿ ਇੱਕ ਬੱਸ ਦੇ ਫੁੱਟ-ਬੋਰਡ ਉੱਤੇ ਬੈਠੇ ਮੇਜਰ ਸਤਰੂਚਕੋਵ ਨੇ ਐਸ਼ ਦੇ ਦਰੱਖਤ ਬਾਰੇ ਆਪਣਾ ਮਨਭਾਉਂਦਾ ਗਾਣਾ ਸ਼ੁਰੂ ਕਰ ਦਿੱਤਾ । ਦੂਜੀਆਂ ਬੱਸਾਂ ਵਿਚਲੇ ਬੰਦੇ ਵੀ ਨਾਲ ਰਲ ਕੇ ਗਾਉਂਣ ਲੱਗ ਪਏ, ਅਲਵਿਦਾਈ ਦੇ ਲਫ਼ਜ਼, ਸ਼ੁਭ-ਇਛਾਵਾਂ, ਬੁਰਨਾਜ਼ਯਾਨ ਦਾ ਹਾਸਾ-ਠੱਠਾ ਤੇ ਵਿਦਾਈ ਵੇਲੇ ਦੀ ਨਸੀਹਤ ਜਿਹੜੀ ਜ਼ੀਨੋਚਕਾ ਬੱਸ ਦੀ ਬਾਰੀ ਥਾਣੀਂ ਅਲੈਕਸੇਈ ਨੂੰ ਉੱਚੀ ਉੱਚੀ ਦੇ ਰਹੀ ਸੀ, ਸਾਰਾ ਕੁਝ ਹੀ ਇਸ ਪੁਰਾਣੇ ਗੀਤ ਦੇ ਸਾਦੇ ਪਰ ਅਰਥ-ਭਰਪੂਰ ਲਫ਼ਜ਼ਾਂ ਵਿੱਚ ਡੁੱਬ ਗਿਆ, ਜਿਸ ਗੀਤ ਨੂੰ ਮੁੱਦਤਾਂ ਦਾ ਭੁਲਾਇਆ ਜਾ ਚੁੱਕਾ ਸੀ, ਪਰ ਜਿਹੜਾ ਮੁੜ-ਸੁਰਜੀਤ ਹੋ ਗਿਆ ਸੀ ਤੇ ਮਹਾਨ ਦੇਸ਼ਭਗਤਕ ਜੰਗ ਦੇ ਦੌਰਾਨ ਹਰਮਨ ਪਿਆਰਾ ਹੋ ਗਿਆ ਸੀ।
ਤੇ ਇਸ ਤਰ੍ਹਾਂ ਇਸ ਮਿਲ ਕੇ ਗਾਏ ਜਾ ਰਹੇ ਗੀਤ ਦੀਆਂ ਗੂੰਜ਼ਵੀਆਂ ਸੁਰਾਂ ਦੇ ਨਾਲ ਬੱਸਾਂ ਗੇਟਾਂ ਤੋਂ ਬਾਹਰ ਨਿੱਕਲੀਆਂ। ਜਦੋਂ ਗੀਤ ਖ਼ਤਮ ਹੋ ਗਿਆ ਤਾਂ ਗਾਉਣ ਵਾਲੇ ਚੁੱਪ ਹੋ ਗਏ, ਤੇ ਕਿਸੇ ਨੇ ਵੀ ਮੂੰਹੋਂ ਇੱਕ ਲਫ਼ਜ਼ ਨਾ ਕੱਢਿਆ, ਜਦੋਂ ਤੱਕ ਬੱਸਾਂ ਦੀਆਂ ਬਾਰੀਆਂ ਦੇ ਅੱਗੋਂ ਦੀ ਸ਼ਹਿਰ ਦੇ ਬਾਹਰਵਾਰ ਦੀਆਂ ਪਹਿਲੀਆਂ ਫੈਕਟਰੀਆਂ ਤੇ ਮਜ਼ਦੂਰ ਬਸਤੀਆਂ ਨਾ ਲੰਘਣ ਲੱਗ ਗਈਆਂ।
ਮੇਜਰ ਸਤਰੂਚਕੋਵ ਅਜੇ ਵੀ ਆਪਣੀ ਜੈਕਟ ਦੇ ਬਟਨ ਖੋਹਲੀ ਬੱਸ ਦੇ ਫੁੱਟ ਬੋਰਡ ਉੱਤੇ ਬੈਠਾ, ਮੁਸਕਾਉਂਦਾ ਹੋਇਆ ਭੂਮੀਦ੍ਰਿਸ਼ ਵੱਲ ਦੇਖ ਰਿਹਾ ਸੀ। ਉਹ ਖੁਸ਼ ਸੀ। ਇਹ ਸਦਾ ਦਾ ਮੁਸਾਫਰ ਸਿਪਾਹੀ ਫਿਰ ਸਫ਼ਰ ਕਰ ਰਿਹਾ ਸੀ, ਇੱਕ ਥਾਂ ਤੋਂ ਦੂਜੀ ਥਾਂ, ਤੇ ਉਹ ਆਪਣੇ ਪੂਰੇ ਰੌਂਅ ਵਿੱਚ ਸੀ । ਉਹ ਕਿਸੇ ਯੂਨਿਟ ਵਿੱਚ ਜਾ ਰਿਹਾ ਸੀ, ਜਿਸਦਾ ਉਸਨੂੰ ਅਜੇ ਆਪ ਨਹੀਂ ਸੀ ਪਤਾ ਕਿ ਕਿਹੜੇ ਯੂਨਿਟ ਵਿੱਚ, ਪਰ ਜਿਹੜਾ ਵੀ ਯੂਨਿਟ ਹੋਵੇ, ਇਹ ਉਸ ਲਈ ਘਰ ਵਾਂਗ ਸੀ, ਮਰੇਸੇਯੇਵ ਚੁੱਪ ਅਤੇ ਫ਼ਿਕਰਮੰਦ ਸੀ। ਉਸਨੂੰ ਲੱਗ ਰਿਹਾ ਸੀ ਕਿ ਉਸਦੀਆਂ ਸਭ ਤੋਂ ਵੱਡੀਆਂ ਮੁਸ਼ਕਲਾਂ ਅਜੇ ਅੱਗੇ ਆਉਣ ਵਾਲੀਆਂ ਹਨ, ਤੇ ਕੌਣ ਜਾਣੇ, ਉਹ ਉਹਨਾਂ ਨਵੀਆਂ ਮੁਸ਼ਕਲਾਂ ਨੂੰ ਸਰ ਕਰਨ ਵਿੱਚ ਸਫ਼ਲ ਹੋ ਸਕੇਗਾ ਜਾਂ ਨਹੀਂ ?
ਰਾਤ ਠਹਿਰਣ ਦੇ ਟਿਕਾਣੇ ਦਾ ਵੀ ਪ੍ਰਬੰਧ ਕਰਨ ਦੀ ਤਕਲੀਫ਼ ਕੀਤੇ ਬਿਨਾਂ, ਉਹ ਬੱਸ ਤੋਂ ਸਿੱਧਾ ਮੀਰੋਵੋਲਸਕੀ ਨੂੰ ਮਿਲਣ ਚਲਾ ਗਿਆ। ਇੱਥੇ ਪਹਿਲੀ ਬਦਕਿਸਮਤੀ ਉਸਨੂੰ ਉਡੀਕ ਰਹੀ ਸੀ। ਉਸਦਾ ਸ਼ੁਭ-ਚਿੰਤਕ, ਜਿਸਦੀ ਹਮਦਰਦੀ ਉਸਨੇ ਏਨੀਂ ਮੁਸ਼ਕਲ ਨਾਲ ਜਿੱਤੀ ਸੀ, ਉਥੇ ਨਹੀਂ ਸੀ; ਉਹ ਕਿਸੇ ਫੌਰੀ ਸਰਕਾਰੀ ਮਿਸ਼ਨ ਉੱਤੇ ਕਿਤੇ ਗਿਆ ਹੋਇਆ ਸੀ ਤੇ ਉਸਨੇ ਜਲਦੀ ਨਹੀਂ ਸੀ ਵਾਪਸ ਆਉਣਾ । ਅਲੈਕਸੇਈ ਨੂੰ ਉਥੇ ਬਕਾਇਦਾ ਢੰਗ ਨਾਲ ਅਰਜ਼ੀ ਦੇਣ ਲਈ ਕਿਹਾ ਗਿਆ । ਮਰੇਸੇਯੇਵ ਨੇ ਉਥੇ ਹੀ ਬਾਰੀ ਦੇ ਕੋਲ ਬੈਠ ਕੇ ਅਰਜ਼ੀ ਲਿਖ ਦਿੱਤੀ । ਉਸਨੇ ਅਰਜ਼ੀ ਡਿਊਟੀ ਵਾਲ਼ੇ ਅਫ਼ਸਰ ਨੂੰ ਦੇ ਦਿੱਤੀ, ਜਿਹੜਾ ਮਧਰਾ ਜਿਹਾ, ਪਤਲਾ ਜਿਹਾ, ਥੱਕੀਆਂ ਅੱਖਾਂ ਵਾਲਾ ਆਦਮੀ ਸੀ । ਉਸਨੇ ਜੋ ਕੁਝ ਵੀ ਉਹ ਕਰ ਸਕਦਾ ਸੀ, ਕਰਨ ਦਾ ਇਕਰਾਰ ਕੀਤਾ ਤੇ ਉਸਨੂੰ ਕਿਹਾ ਕਿ ਦੋ ਦਿਨਾਂ ਤੱਕ ਉਹ ਫਿਰ ਆਵੇ। ਅਲੈਕਸੇਈ ਨੇ ਬੇਨਤੀ ਕੀਤੀ, ਮਿੰਨਤਾਂ ਕੀਤੀਆਂ, ਸਗੋਂ ਧਮਕੀਆਂ ਵੀ ਦਿੱਤੀਆਂ, ਪਰ ਵਿਅਰਥ। ਅਫ਼ਸਰ ਨੇ ਆਪਣੀਆਂ ਨਿੱਕੀਆਂ ਨਿੱਕੀਆਂ ਹੱਡਲ ਮੁੱਠਾਂ ਛਾਤੀ ਨਾਲ ਲਾਉਂਦਿਆਂ ਜਵਾਬ ਦਿੱਤਾ ਕਿ ਨਿਯਮ ਹੀ ਇਸ ਤਰ੍ਹਾਂ ਦੇ ਹਨ, ਤੇ ਉਹਨਾਂ ਦੀ ਉਲੰਘਣਾ ਕਰਨਾ ਉਸਦੇ ਵੱਸ ਦੀ ਗੱਲ ਨਹੀਂ । ਮਾਮਲੇ ਵਿੱਚ ਤੇਜ਼ੀ ਲਿਆ ਸਕਣਾ ਕਿਸੇ ਤਰ੍ਹਾਂ ਵੀ ਉਸਦੇ ਵੱਸ ਨਹੀਂ ਸੀ, ਤੇ ਉਹ ਨਹੀਂ ਸੀ ਲਿਆ ਸਕਦਾ। ਮਰੇਸੇਯੇਵ ਨੇ ਨਿਰਾਸ਼ਾ ਨਾਲ਼ ਹੱਥ ਛੱਡੇ ਤੇ ਉਥੋਂ ਚਲਾ ਗਿਆ।
ਤੇ ਇਸ ਤਰ੍ਹਾਂ ਨਾਲ ਇੱਕ ਭਰਤੀ ਦਫ਼ਤਰ ਤੋਂ ਦੂਜੇ ਭਰਤੀ ਦਫ਼ਤਰ ਵੱਲ ਉਸਦੇ ਚੱਕਰ ਸ਼ੁਰੂ ਹੋਏ। ਇਸ ਗੱਲ ਨੇ ਉਸਦੀਆਂ ਮੁਸੀਬਤਾਂ ਵਿੱਚ ਹੋਰ ਵੀ ਵਾਧਾ ਕਰ ਦਿੱਤਾ ਕਿ ਜਿਸ ਜਲਦੀ ਨਾਲ ਉਸਨੂੰ ਹਸਪਤਾਲ ਲਿਆਂਦਾ ਗਿਆ ਸੀ, ਉਸਨੂੰ ਕੱਪੜਿਆਂ, ਖਾਣ-ਪੀਣ ਤੇ ਹੋਰ ਖਰਚ ਲਈ ਭੱਤੇ ਦੇ ਸਰਟੀਫਿਕੇਟ ਨਹੀਂ ਸਨ ਦਿੱਤੇ ਗਏ, ਤੇ ਹੁਣ ਤੱਕ ਉਸਨੇ ਉਹਨਾਂ ਨੂੰ ਪ੍ਰਾਪਤ ਕਰਨ ਦਾ ਯਤਨ ਵੀ ਨਹੀਂ ਸੀ ਕੀਤਾ। ਉਸ ਕੋਲ ਤਾਂ ਛੁੱਟੀ ਦਾ ਸਰਟੀਫਿਕੇਟ ਵੀ ਨਹੀਂ ਸੀ। ਭਾਵੇਂ ਮਿਹਰਬਾਨ ਤੇ ਮਦਦਗਾਰ ਤਬੀਅਤ ਵਾਲੇ ਅਫ਼ਸਰ ਇੰਚਾਰਜ ਨੇ ਉਸਦੇ ਰੈਜਮੈਂਟਲ ਸਦਰ ਨੂੰ ਟੈਲੀਫੂਨ ਕਰਨ ਦਾ, ਤੇ ਲੋੜੀਂਦੇ ਕਾਗਜ਼ ਤੁਰੰਤ ਭੇਜਣ ਲਈ ਕਹਿਣ ਦਾ ਵਚਨ ਦਿੱਤਾ, ਪਰ ਮਰੇਸੇਯੇਵ ਨੂੰ ਪਤਾ ਸੀ ਕਿ ਸਭ ਕੁਝ ਕਿੰਨੀਂ ਹੌਲ਼ੀ ਹੌਲ਼ੀ ਹੁੰਦਾ ਹੈ ਤੇ ਉਸਨੇ ਸਮਝ ਲਿਆ ਕਿ ਕੁਝ ਸਮਾਂ ਉਸਨੂੰ ਪੈਸਿਆਂ ਤੋਂ ਬਿਨਾਂ, ਰਹਿਣ ਲਈ ਥਾਂ ਤੋਂ ਬਿਨਾਂ ਤੇ ਜੰਗ ਸਮੇਂ ਦੇ ਮਾਸਕੋ ਵਿੱਚ ਰਾਸ਼ਨ ਤੋਂ ਬਿਨਾਂ ਰਹਿਣਾ ਪਵੇਗਾ, ਜਿੱਥੇ ਕਿ ਰੋਟੀ ਦਾ ਹਰ ਕਿਲੋਗਰਾਮ ਤੇ ਖੰਡ ਦਾ ਹਰ ਗਰਾਮ ਕੀਮਤੀ ਸੀ।
ਉਸਨੇ ਹਸਪਤਾਲ ਅਨਿਊਤਾ ਨੂੰ ਟੈਲੀਫੂਨ ਕੀਤਾ। ਉਸਦੀ ਅਵਾਜ਼ ਤੇ ਅੰਦਾਜ਼ਾ ਲਾਉਂਦਿਆਂ, ਉਹ ਉਸ ਵੇਲੇ ਜ਼ਰੂਰ ਕਿਸੇ ਚੀਜ਼ ਬਾਰੇ ਫਿਕਰਮੰਦ ਜਾਂ ਕਿਸੇ ਚੀਜ਼ ਵਿੱਚ ਰੁਝੀ ਹੋਵੇਗੀ, ਪਰ ਉਸਨੂੰ ਖੁਸ਼ੀ ਹੋਈ ਸੀ ਕਿ ਉਹ ਆ ਗਿਆ ਹੈ, ਤੇ ਉਸਨੇ ਜ਼ੋਰ ਦਿੱਤਾ ਕਿ ਇਹ ਕੁਝ ਦਿਨ ਉਹ ਉਸਦੇ ਘਰ ਰਹੇ; ਹੋਰ ਵੀ ਇਸ ਲਈ ਕਿ ਉਹ ਹੁਣ ਹਸਪਤਾਲ ਦੇ ਕਵਾਟਰਾਂ ਵਿੱਚ ਰਹਿ ਰਹੀ ਸੀ ਤੇ ਘਰ ਸਾਰਾ ਹੁਣ ਉਸ ਕੋਲ ਹੋਵੇਗਾ।
ਸੈਨੇਟੋਰੀਅਮ ਵਾਲਿਆਂ ਨੇ ਹਰ ਜਾਣ ਵਾਲ਼ੇ ਨੂੰ ਸਫ਼ਰ ਲਈ ਪੰਜ ਦਿਨਾਂ ਦਾ ਖੁਸ਼ਕ ਰਾਸ਼ਨ ਦਿੱਤਾ ਸੀ, ਇਸ ਲਈ ਬਿਨਾਂ ਹੋਰ ਢਿੱਲ ਕੀਤਿਆਂ, ਅਲੈਕਸੇਈ ਹੁਣ ਜਣੇ- ਪਛਾਣੇ ਢੱਠੇ ਜਿਹੇ ਘਰ ਵਿੱਚ ਚਲਾ ਗਿਆ ਜਿਹੜਾ ਧੜਵੈਲ ਨਵੀਆਂ ਇਮਾਰਤਾਂ ਦੀਆਂ ਉੱਚੀਆਂ ਉੱਚੀਆਂ ਕੰਧਾਂ ਦੇ ਪਿਛਵਾੜੇ ਇੱਕ ਵਿਹੜੇ ਦੇ ਅੰਦਰ ਜਾ ਕੇ ਬਣਿਆ ਹੋਇਆ ਸੀ। ਉਸਦੇ ਸਿਰ ਉੱਤੇ ਛੱਤ ਸੀ, ਤੇ ਕੁਝ ਕੁ ਖਾਣਾ ਉਸ ਕੋਲ ਸੀ, ਸੋ ਹੁਣ ਉਹ ਉਡੀਕ ਸਕਦਾ ਸੀ । ਉਹ ਜਾਣੀਆਂ-ਪਛਾਣੀਆਂ, ਹਨੇਰੀਆਂ, ਚੱਕਰਦਾਰ ਪੌੜੀਆਂ ਚੜ੍ਹਿਆ, ਜਿਨਾਂ ਵਿੱਚੋਂ ਅਜੇ ਵੀ ਬਿੱਲੀਆਂ ਦੀ ਮਿੱਟੀ ਦੇ ਤੇਲ ਦੀ ਤੇ ਧੋਣ ਦੀ ਸਿਲ੍ਹ ਦੀ ਬੋਅ ਆਉਂਦੀ ਸੀ, ਦਰਵਾਜ਼ੇ ਨੂੰ ਟਟੋਲਿਆ ਤੇ ਉੱਚੀ ਉੱਚੀ ਖੜਕਾਇਆ!
ਦੋ ਮੋਟੀਆਂ ਜ਼ੰਜ਼ੀਰਾ ਨਾਲ਼ ਬੱਝਾ ਦਰਵਾਜ਼ਾ ਕੁ ਖੁੱਲਿਆਂ ਤੇ ਇਸ ਵਿੱਚ ਹੋਈ ਝੀਤ ਵਿੱਚੋਂ ਇੱਕ ਨਿੱਕੀ ਜਿਹੀ ਬੁੱਢੀ ਔਰਤ ਝਾਕਣ ਲੱਗੀ । ਬੜਾ ਚਿਰ ਉਹ ਬੇਵਿਸ਼ਵਾਸੀ ਤੇ ਉਤਸੁਕਤਾ ਨਾਲ ਅਲੈਕਸੇਈ ਵੱਲ ਦੇਖਦੀ ਰਹੀ, ਪੁੱਛਿਆ ਕਿ ਉਹ ਕੌਣ ਸੀ, ਕਿਸਨੂੰ ਮਿਲਣ ਆਇਆ ਹੈ, ਤੇ ਉਸਦਾ ਪਰਿਵਾਰਕ ਨਾਂ ਕੀ ਹੈ। ਸਿਰਫ਼ ਤਾਂ ਕਿਤੇ ਜਾ ਕੇ ਜ਼ੰਜ਼ੀਰ ਖੜਕੀ ਤੇ ਦਰਵਾਜ਼ਾ ਖੁੱਲ੍ਹ ਗਿਆ।
“ਅੱਨਾ ਦਾਨੀਲੋਵਨਾ ਘਰ ਨਹੀਂ, ਪਰ ਉਸਨੇ ਤੁਹਾਡੇ ਬਾਰੇ ਟੈਲੀਫੂਨ ਕਰ ਦਿੱਤਾ ਸੀ । ਆ ਜਾਓ, ਮੈਂ ਤੁਹਾਨੂੰ ਉਸਦਾ ਕਮਰਾ ਦਿਖਾਉਂਦੀ ਹਾਂ,”
ਬੁੱਢੀ ਨੇ ਉਸਦੇ ਮੂੰਹ, ਉਸਦੇ ਕੱਪੜਿਆਂ, ਤੇ ਖਾਸ ਕਰਕੇ ਉਸਦੇ ਕਿੱਟ-ਬੈਗ ਦਾ ਆਪਣੀਆਂ ਬੁਝੀਆਂ ਬੁਝੀਆਂ, ਧੁੰਦਲੀਆਂ ਅੱਖਾਂ ਨਾਲ ਮੁਆਇਨਾ ਕਰਦਿਆਂ ਕਿਹਾ।
“ਸ਼ਇਦ ਤੁਹਾਨੂੰ ਕੁਝ ਗਰਮ ਪਾਣੀ ਦੀ ਲੋੜ ਹੋਵੇ ? ਰਸੋਈ ਵਿੱਚ ਅਨੀਚਕਾ ਦਾ ਮਿੱਟੀ ਦੇ ਤੇਲ ਦਾ ਸਟੋਵ ਪਿਆ ਹੈ, ਮੈਂ ਪਾਣੀ ਉਬਾਲ ਦੇਂਦੀ ਹਾਂ..”
ਅਲੈਕਸੇਈ ਬਿਨਾਂ ਜ਼ਰਾ ਵੀ ਝਿਜਕ ਦੇ ਇਸ ਜਾਤੇ-ਪਛਾਤੇ ਕਮਰੇ ਵਿੱਚ ਦਾਖ਼ਲ ਹੋਇਆ । ਪ੍ਰਤੱਖ ਤੌਰ ਉੱਤੇ, ਹਰ ਥਾਂ ਨੂੰ ਆਪਣਾ ਘਰ ਸਮਝਣ ਦੀ ਸਿਪਾਹੀ ਦੀ ਯੋਗਤਾ, ਜਿਹੜੀ ਮੇਜਰ ਸਤਰੂਚਕੋਵ ਵਿੱਚ ਏਨੀਂ ਵਿਕਸਤ ਹਾਲਤ ਵਿੱਚ ਮਿਲਦੀ ਸੀ, ਉਸ ਵਿੱਚ ਵੀ ਪ੍ਰਗਟ ਹੋਣੀ ਸ਼ੁਰੂ ਗਈ ਸੀ । ਪੁਰਾਣੀ ਲੱਕੜੀ, ਧੂਏਂ ਤੇ ਫੀਨਾਈਲ ਦੀਆਂ ਗੋਲੀਆਂ ਦੀ, ਇਹਨਾਂ ਸਾਰੀਆਂ ਚੀਜ਼ਾਂ ਦੀ ਜਾਤੀ-ਪਛਾਤੀ ਵਾਸ਼ਨਾ ਨੇ, ਜਿਨ੍ਹਾਂ ਨੇ ਇਹ ਸਾਰੇ ਦਹਾਕੇ ਵਫ਼ਾਦਾਰੀ ਨਾਲ ਤੇ ਏਨੀਂ ਚੰਗੀ ਤਰ੍ਹਾਂ ਸੇਵਾ ਕੀਤੀ ਸੀ ਉਸਨੂੰ ਸਗੋਂ ਭਾਵਕ ਬਣਾ ਦਿੱਤਾ ਜਿਵੇਂ ਕਿ ਉਹ ਕਈ ਸਾਲ ਭੌਣ ਤੋਂ ਮਗਰੋਂ ਖੁਦ ਆਪਣੇ ਹੀ ਘਰ ਮੁੜਿਆ ਹੋਵੇ ।
ਬੁੱਢੀ ਉਸਦੇ ਮਗਰ ਮਗਰ ਤੁਰਦੀ-ਫਿਰਦੀ ਤੇ ਲਗਾਤਾਰ ਬੋਲਦੀ ਜਾ ਰਹੀ ਸੀ- ਡਬਲਰੋਟੀ ਦੀ ਦੁਕਾਨ ਉੱਤੇ ਲੱਗਦੀ ਕਤਾਰ ਬਾਰੇ, ਜਿੱਥੇ ਜੇ ਤੁਸੀਂ ਖੁਸ਼ਕਿਸਮਤ ਹੋਵੇ ਤਾਂ ਤੁਹਾਨੂੰ ਆਪਣੇ ਰਾਸ਼ਨ ਕਾਰਡ ਉੱਤੇ ਕਾਲੀ ਦੀ ਥਾਂ ਚਿੱਟੀ ਡਬਲਰੋਟੀ ਵੀ ਮਿਲ ਜਾਂਦੀ ਸੀ, ਕਿਸੇ ਬੜੇ ਵੱਡੇ ਫ਼ੌਜੀ ਅਫ਼ਸਰ ਬਾਰੇ, ਜਿਸਨੂੰ ਉਸਨੇ ਕੁਝ ਦਿਨ ਹੋਏ ਟਰਾਮ ਵਿੱਚ ਇਹ ਕਹਿੰਦਿਆਂ ਸੁਣਿਆ ਸੀ ਕਿ ਸਤਾਲਿਨਗਰਾਦ ਦੇ ਨੇੜੇ ਜਰਮਨਾਂ ਦਾ ਭੈੜਾ ਹਾਲ ਹੋ ਰਿਹਾ ਹੈ ਤੇ ਇਸ ਨਾਲ ਹਿਟਲਰ ਦਾ ਦਿਮਾਗ਼ ਚੱਲ ਗਿਆ ਹੈ ਤੇ ਉਸਨੂੰ ਪਾਗ਼ਲਖਾਨੇ ਭੇਜਣਾ ਪੈ ਗਿਆ ਹੈ, ਤੇ ਅਸਲ ਵਿੱਚ ਹੁਣ ਉਸਦੇ ਰੂਪ ਵਾਲ਼ਾ ਕੋਈ ਦੂਜਾ ਆਦਮੀ ਜਰਮਨੀ ਉੱਤੇ ਰਾਜ ਕਰ ਰਿਹਾ ਹੈ; ਉਹ ਆਪਣੀ ਗਆਂਢਣ ਅਲੇਵਤੀਨਾ ਅਰਕਾਈ ਏਵਨਾ ਬਾਰੇ ਬੋਲੀ ਜਾ ਰਹੀ ਸੀ, ਜਿਸਨੂੰ ਮਜ਼ਦੂਰਾਂ ਵਾਲਾ ਰਾਸ਼ਨ ਕਾਰਡ ਲੈਣ ਦਾ ਕੋਈ ਹੱਕ ਨਹੀਂ ਸੀ, ਤੇ ਜਿਸਨੇ ਇਨੈਮਲ ਵਾਲਾ ਦੁੱਧ ਰੱਖਣ ਵਾਲ਼ਾ ਡੱਬਾ ਮੰਗਵਾਂ ਲਿਆ ਸੀ ਤੇ ਫਿਰ ਵਾਪਸ ਨਹੀਂ ਸੀ ਕੀਤਾ, ਅੱਨਾ ਦਾਨੀਲੋਵਨਾ ਦੇ ਮਾਪਿਆਂ ਬਾਰੇ, ਜਿਹੜੇ ਬੜੇ ਚੰਗੇ ਲੋਕ ਸਨ ਤੇ ਹੁਣ ਨਿਕਾਸੀਆਂ ਦੇ ਨਾਲ ਜਾ ਚੁੱਕੇ ਸਨ; ਤੇ ਖ਼ੁਦ ਅੱਨਾ ਦਾਨੀਲੋਵਨਾ ਬਾਰੇ, ਜਿਹੜੀ ਕਿ ਬੜੀ ਚੰਗੀ ਕੁੜੀ ਸੀ, ਚੁੱਪ-ਚਾਪ ਤੇ ਕਰੜੇ ਸ਼ਿਸ਼ਟਾਚਾਰ ਵਾਲੀ, ਦੂਜੀਆਂ ਵਰਗੀ ਨਹੀਂ ਜਿਹੜੀਆਂ ਰੱਬ ਜਾਣੇ ਕਿਸ ਕਿਸ ਨਾਲ ਘੁੰਮਦੀਆਂ ਫਿਰਦੀਆਂ ਨੇ, ਤੇ ਉਹ ਕਦੀਂ ਆਦਮੀਆਂ ਨੂੰ ਘਰ ਨਹੀਂ ਲੈ ਕੇ ਆਈ। ਆਖ਼ੀਰ ਵਿੱਚ ਉਹ ਪੁੱਛਣ ਲੱਗੀ:
“ਤੁਸੀਂ ਕੋਣ ਹੋ, ਉਸਦੇ ਹੋਣ ਵਾਲ਼ੇ ਨੀਗਰ ? ਸੋਵੀਅਤ ਯੂਨੀਅਨ ਦੇ ਹੀਰੋ, ਟੈਂਕਮੈਨ?”
“ਨਹੀਂ, ਮੈਂ ਤਾਂ ਸਿਰਫ ਇੱਕ ਪਾਇਲਟ ਹਾਂ,” ਮਰੇਸੇਯੇਵ ਨੇ ਜਵਾਬ ਦਿੱਤਾ, ਤੇ ਉਹ ਮੁਸਕ੍ਰਾਏ ਬਿਨਾਂ ਨਾ ਰਹਿ ਸਕਿਆ ਜਦੋਂ ਉਸਨੇ ਦੇਖਿਆ ਕਿ ਬੁੱਢੀ ਦੇ ਬੜੇ ਜਲਦੀ ਜਲਦੀ ਬਦਲਦੇ ਚਿਹਰੇ ਉੱਤੇ ਇੱਕੋ ਵਾਰੀ ਹੈਰਾਨੀ, ਝਲਖੀ, ਬੇਵਿਸ਼ਵਾਸੀ ਤੇ ਗੁੱਸੇ ਦੇ ਹਾਵ-ਭਾਵ ਆ ਗਏ ਹਨ।
ਉਸਨੇ ਆਪਣੇ ਬੁੱਲ੍ਹ ਮਰੋੜੇ, ਗੁੱਸੇ ਨਾਲ ਦਰਵਾਜ਼ਾ ਪਟਖਿਆਂ ਤੇ ਜਾਂਦੀ ਜਾਂਦੀ ਲਾਂਘੇ
ਵਿੱਚੋਂ ਬੋਲੀ:
“ਅੱਛਾ, ਜੇ ਗਰਮ ਪਾਣੀ ਦੀ ਲੋੜ ਹੋਵੇ, ਤਾਂ ਨੀਲੇ ਸਟੋਵ ਉੱਤੇ ਆਪੇ ਗਰਮ ਕਰ ਲੈਣਾ।” ਹੁਣ ਉਸਦੀ ਅਵਾਜ਼ ਵਿੱਚ ਪਹਿਲਾਂ ਵਾਲ਼ਾ ਦੋਸਤਾਨਾ ਅੰਦਾਜ਼ ਨਹੀਂ ਸੀ।
ਅਨਿਊਤਾ ਨਿਕਾਸੀ ਹਸਪਤਾਲ ਵਿੱਚ ਬੜੀ ਰੁਝੀ ਹੋਵੇਗੀ, ਕਿਉਂਕਿ ਭੈੜੇ ਮੌਸਮ ਵਾਲ਼ੇ ਇਸ ਪਤਝੜੀ ਦਿਨ ਨੂੰ, ਫਲੈਟ ਇੰਝ ਲੱਗ ਰਿਹਾ ਸੀ ਜਿਵੇਂ ਇਸ ਵੱਲ ਬਿਲਕੁਲ ਧਿਆਨ ਨਾ ਦਿੱਤਾ ਗਿਆ ਹੋਵੇ । ਸਭ ਕਾਸੇ ਉੱਤੇ ਧੂੜ ਦੀ ਮੋਟੀ ਮੋਟੀ ਤਹਿ ਜੰਮੀ ਹੋਈ ਸੀ, ਬਾਰੀ ਦੀ ਸਿਲ੍ਹ ਉੱਤੇ ਤੇ ਤਰਪਾਈਆਂ ਉੱਤੇ ਰੱਖੇ ਹੋਏ ਫੁੱਲ ਪੀਲੇ ਪੈ ਚੁੱਕੇ ਤੇ ਮੁਰਝਾ ਚੁੱਕੇ ਸਨ, ਜਿਵੇਂ ਬੜੀ ਮੁੱਦਤ ਤੋਂ ਉਹਨਾਂ ਨੂੰ ਪਾਣੀ ਨਾ ਮਿਲਿਆ ਹੋਵੇ | ਮੇਜ਼ ਉੱਤੇ ਕੇਤਲੀ ਪਈ ਸੀ, ਤੇ ਡਬਲਰੋਟੀ ਦੇ ਸਿੱਕੜ ਪਏ ਸਨ, ਜਿਨ੍ਹਾਂ ਨੂੰ ਕਿਨਾਰਿਆਂ ਤੋਂ ਉੱਲੀ ਲੱਗਣੀ ਵੀ ਸ਼ੁਰੂ ਹੋ ਚੁੱਕੀ ਸੀ । ਪਿਆਨੋ ਉੱਤੇ ਵੀ ਧੂੜ ਦੀ ਨਰਮ ਨਰਮ, ਭੂਰੀ ਤਹਿ ਜੰਮੀ ਹੋਈ ਸੀ। ਇੱਕ ਵੱਡੀ ਸਾਰੀ ਮੱਖੀ ਨਿਰਾਸ਼ ਹੋਈ ਹੋਈ ਭਿਣਭਿਣਾ ਰਹੀ ਸੀ ਤੇ ਬਾਰੀ ਦੇ ਮੱਧਮ ਪਏ ਹੋਏ, ਪੀਲ਼ੇ ਜਿਹੇ ਸ਼ੀਸ਼ੇ ਨਾਲ ਮੁੜ ਮੁੜ ਕੇ ਵੱਜ ਰਹੀ ਸੀ: ਇੰਝ ਲੱਗਦਾ ਸੀ ਜਿਵੇਂ ਬੁੱਸੀ ਹੋਈ ਹਵਾ ਵਿੱਚ ਉਸਦਾ ਦਮ ਘੁੱਟ ਰਿਹਾ ਹੋਵੇ।
ਮਰੇਸੇਯੇਵ ਨੇ ਬਾਰੀ ਖੋਹਲ ਦਿੱਤੀ ਜਿਹੜੀ ਢਲਵਾਲੀ ਜਿਹੇ ਬਾਗ ਵੱਲ ਖੁੱਲ੍ਹਦੀ ਸੀ ਜਿੱਥੇ ਹੁਣ ਸਬਜ਼ੀਆਂ ਦੀਆਂ ਕਿਆਰੀਆਂ ਸਨ। ਤਾਜ਼ਾ ਹਵਾ ਦਾ ਬੁੱਲ੍ਹਾ ਕਮਰੇ ਵਿੱਚ ਆਇਆ ਤੇ ਉਸਨੇ ਇਕੱਠੀ ਹੋਈ ਧੂੜ ਨੂੰ ਇੰਝ ਜ਼ੋਰ ਦੀ ਉਡਾ ਦਿੱਤਾ ਕਿ ਕਮਰੇ ਵਿੱਚ ਧੁੰਦ ਧੁੰਦ ਲੱਗਣ ਲੱਗ ਪਈ । ਇਥੇ ਅਲੈਕਸੇਈ ਨੂੰ ਇੱਕ ਚੰਗਾ ਫੁਰਨਾ ਫੁਰਿਆ ਕਿ ਇਸ ਅਣਗੌਲੇ ਪਏ ਕਮਰੇ ਨੂੰ ਸੰਵਾਰਿਆ ਜਾਏ ਤੇ ਅਨਿਊਤਾ ਨੂੰ ਖੁਸ਼ੀ ਭਰੀ ਹੈਰਾਨੀ ਦਿੱਤੀ ਜਾਏ, ਜੇ ਉਹ ਸ਼ਾਮ ਨੂੰ ਉਸਨੂੰ ਮਿਲਣ ਦਾ ਸਮਾਂ ਕੱਢ ਕੇ ਘਰ ਆ ਸਕੇ ਤਾਂ । ਉਸਨੇ ਬੁੱਢੀ ਤੋਂ ਇੱਕ ਬਾਲਟੀ, ਕੱਪੜਾ ਤੇ ਝਾੜੂ ਮੰਗ ਲਿਆਂਦਾ ਤੇ ਬੜੇ ਜੋਸ਼ ਨਾਲ ਆਪਣੇ ਕੰਮ ਵਿੱਚ ਜੁੱਟ ਗਿਆ, ਜਿਸਨੂੰ ਮੁੱਦਤਾਂ ਤੋਂ ਆਦਮੀ ਹਿਕਾਰਤ ਨਾਲ ਦੇਖਦੇ ਆਏ ਸਨ । ਇੱਕ ਡੇਢ ਘੰਟਾ ਉਹ ਇਸ ਕੰਮ ਵਿੱਚ ਖੁਸ਼ੀ ਲੈਂਦਾ ਹੋਇਆ ਰਗੜਦਾ, ਖੁਰਚਦਾ ਤੇ ਝਾੜਦਾ ਰਿਹਾ।
ਸ਼ਾਮ ਨੂੰ ਉਹ ਉਸ ਪੁਲ ਉੱਤੇ ਗਿਆ ਜਿਥੇ ਉਸਨੇ ਘਰ ਵੱਲ ਆਉਂਦਿਆਂ ਕੁੜੀਆਂ ਨੂੰ ਵੱਡੇ ਵੱਡੇ, ਸ਼ੋਖ, ਪਤਝੜੀ ਐਸਟਰ ਦੇ ਫੁੱਲ ਵੇਚਦਿਆਂ ਦੇਖਿਆ ਸੀ। ਉਸਨੇ ਇੱਕ ਗੁਲਦਸਤਾ ਖਰੀਦਿਆ, ਪਿਆਨੋ ਉੱਤੇ ਤੇ ਤਰਪਾਈ ਉੱਤੇ ਫੁੱਲਦਾਨਾਂ ਵਿੱਚ ਉਸਨੂੰ ਸਜਾ ਦਿੱਤਾ, ਆਪ ਅਰਾਮ ਨਾਲ ਬਾਹਵਾਂ ਵਾਲ਼ੀ ਹਰ ਕੁਰਸੀ ਉੱਤੇ ਬੈਠ ਗਿਆ, ਤੇ ਆਪਣੇ ਸਾਰੇ ਸਰੀਰ ਵਿੱਚ ਇੱਕ ਸੁਖਾਵੀਂ ਜਿਹੀ ਥਕਾਵਟ ਮਹਿਸੂਸ ਕਰਦਿਆਂ, ਉਸਨੇ ਉਸ ਖਾਣੇ ਦੀ ਆਉਂਦੀ ਵਾਸ਼ਨਾ ਦੀਆਂ ਭਰਪੂਰ ਘੁੱਟਾਂ ਭਰਨੀਆਂ ਸ਼ੁਰੂ ਕਰ ਦਿੱਤੀਆਂ, ਜਿਹੜਾ ਉਸ ਵੱਲੋਂ ਲਿਆਂਦੀ ਰਸਦ ਨਾਲ ਬੁੱਢੀ ਰਸੋਈ ਵਿੱਚ ਤਿਆਰ ਕਰ ਰਹੀ ਸੀ।
ਪਰ ਅਨਿਊਤਾ ਏਨੀਂ ਥੱਕੀ ਹੋਈ ਘਰ ਆਈ ਕਿ ਉਸਨੂੰ ਦੁਆ-ਸਲਾਮ ਕਰਦੀ ਹੀ ਕਾਊਚ ਉੱਤੇ ਢਹਿ ਪਈ ਤੇ ਇਸ ਗੱਲ ਵੱਲ ਧਿਆਨ ਵੀ ਨਾ ਦਿੱਤਾ ਕਿ ਕਮਰਾ ਕਿੰਨਾਂ ਸਾਫ-ਸੁਥਰਾ ਹੋਇਆ ਹੋਇਆ ਸੀ। ਸਿਰਫ ਜ਼ਰਾ ਕੁ ਅਰਾਮ ਕਰ ਲੈਣ ਤੇ ਪਾਣੀ ਦਾ ਘੁੱਟ ਪੀ ਲੈਣ ਪਿੱਛੋ ਉਸਨੇ ਹੈਰਾਨੀ ਵਿੱਚ ਚੁਫੇਰੇ ਨਜ਼ਰ ਮਾਰੀ । ਥੱਕੀ ਥੱਕੀ ਮੁਸਕਾਣ ਨਾਲ ਉਸਨੇ ਮਰੇਸੇਯੇਵ ਦੀ ਅਰਕ ਨੂੰ ਕ੍ਰਿਤਗਤਾ ਨਾਲ ਦਬਾਇਆ, ਤੇ ਬੋਲੀ:
“ਐਵੇਂ ਹੀ ਨਹੀਂ ਗਰੀਸ਼ਾ ਤੁਹਾਨੂੰ ਏਨਾਂ ਪਿਆਰ ਕਰਦਾ ਕਿ ਮੈਨੂੰ ਵੀ ਜ਼ਰਾ ਜ਼ਰਾ ਸਾੜਾ ਹੋਣ ਲੱਗ ਪੈਂਦੈ। ਅਲਿਉਸ਼ਾ, ਇਹ ਸੱਚਮੁਚ ਤੁਸੀਂ ਕੀਤੇ ਤੁਸੀਂ ਆਪ ? ਕਿੰਨੇ ਚੰਗੇ ਹੋ ਤੁਸੀਂ! ਗਰੀਸ਼ਾ ਵੱਲੋਂ ਤੁਹਾਨੂੰ ਕੋਈ ਚਿੱਠੀ ਨਹੀਂ ਆਈ? ਉਹ ਉਥੇ ਹੀ ਹੈ। ਤਿੰਨ ਦਿਨ ਹੋਏ ਚਿੱਠੀ ਆਈ ਸੀ, ਸੰਖੇਪ ਜਿਹੀ, ਐਵੇਂ ਦੋ ਕੁ ਲਫ਼ਜ਼; ਉਹ ਸਤਾਲਿਨਗਰਾਦ ਵਿੱਚ ਹੈ ਤੇ, ਅਜੀਬ ਆਦਮੀ, ਲਿਖਦੈ: ਦਾਹੜੀ ਵਧਾ ਰਿਹਾ ਹਾਂ। ਕਿਆ ਸਮਾਂ ਲੱਭਿਐ ਉਸਨੇ ਦਾਹੜੀ ਵਧਾਉਣ ਦਾ! ਤੇ ਉੱਥੇ ਕਾਫ਼ੀ ਖ਼ਤਰਾ ਨਹੀਂ? ਮੈਨੂੰ ਦੱਸੋ ਨਾ, ਅਲਿਉਸ਼ਾ, ਦੱਸੋ ਨਾ ! ਸਟਾਲਿਨਗਰਾਦ ਬਾਰੇ ਲੋਕੀ ਕਿੰਨੀਆਂ ਭਿਆਣਕ ਗੱਲਾਂ ਕਰਦੇ ਨੇ !
“ਉਥੇ ਲੜਾਈ ਚੱਲ ਰਹੀ ਹੈ।”
ਅਲੈਕਸੇਈ ਨੇ ਹਉਂਕਾ ਭਰਿਆ ਤੇ ਤਿਉੜੀ ਵੱਟ ਲਈ। ਉਸਨੂੰ ਉਹਨਾਂ ਸਾਰਿਆਂ ਉੱਤੇ ਰਸ਼ਕ ਆ ਰਿਹਾ ਸੀ ਜਿਹੜੇ ਉਥੇ ਸਨ, ਵੋਲਗਾ ਉੱਪਰ, ਜਿਥੇ ਉਹ ਘਮਸਾਣ ਦੀ ਲੜਾਈ ਚੱਲ ਰਹੀ ਸੀ, ਜਿਸ ਬਾਰੇ ਇਸੇ ਵੇਲੇ ਹਰ ਕੋਈ ਗੱਲਾਂ ਕਰ ਰਿਹਾ ਸੀ।
ਉਹ ਸਾਰੀ ਸ਼ਾਮ ਗੱਲਾਂ ਕਰਦੇ ਰਹੇ ਆਪਣੇ ਖਾਣੇ ਤੇ ਡੱਬੇ-ਬੰਦ ਮਾਸ ਦਾ ਉਹਨਾਂ ਨੇ ਰੱਜ ਕੇ ਸਵਾਦ ਮਾਣਿਆ ਤੇ ਕਿਉਂਕਿ ਦੂਜੇ ਕਮਰੇ ਨੂੰ ਤਖਤੇ ਲਾ ਕੇ ਬੰਦ ਕੀਤਾ ਹੋਇਆ ਸੀ, ਉਹ ਭੈਣ-ਭਰਾ ਵਾਂਗ ਇੱਕੋ ਕਮਰੇ ਵਿੱਚ ਲੇਟ ਗਏ-ਅਨਿਊਤਾ ਮੰਜੇ ਉੱਤੇ ਤੇ ਅਲੈਕਸੇਈ ਕਾਊਚ ਉੱਤੇ, ਤੇ ਇੱਕਦਮ ਜਵਾਨਾਂ ਵਾਲ਼ੀ ਗੂਹੜੀ ਨੀਂਦਰ ਸੌਂ ਗਏ ।
ਜਦੋਂ ਅਲੈਕਸੇਈ ਉਠਿਆ ਤੇ ਆਪਣੇ ਕਾਊਚ ਉੱਤੇ ਬੈਠ ਗਿਆ, ਤਾਂ ਧੁੱਪ ਦੀਆਂ ਧੁੜ ਵਾਲੀਆਂ ਰਿਸ਼ਕਾਂ ਪਹਿਲਾਂ ਹੀ ਕਮਰੇ ਵਿੱਚ ਟੇਢੀਆਂ ਹੋ ਕੇ ਪੈ ਰਹੀਆਂ ਸਨ । ਅਨਿਊਤਾ ਜਾ ਚੁੱਕੀ ਸੀ। ਉਸਨੇ ਕਾਊਚ ਦੀ ਪਿੱਠ ਨਾਲ ਟਾਂਕਿਆ ਇੱਕ ਨੋਟ ਦੇਖਿਆ: “ਜਲਦੀ ਜਲਦੀ ਹਸਪਤਾਲ ਜਾ ਰਹੀ ਹਾਂ । ਮੇਜ਼ ਉੱਤੇ ਚਾਹ ਤੇ ਅਲਮਾਰੀ ਵਿੱਚ ਡਬਲਰੋਟੀ ਪਈ ਹੈ; ਖੰਡ ਮੇਰੇ ਕੋਲ ਕੋਈ ਨਹੀਂ। ਸ਼ਨਿਚਰਵਾਰ ਤੋਂ ਪਹਿਲਾਂ ਮੁੜ ਕੇ ਨਹੀਂ ਆ ਸਕਾਂਗੀ। ਅ,”
ਇਸ ਸਾਰੇ ਦਿਨ ਅਲੈਕਸੇਈ ਬਹੁਤ ਘੱਟ ਘਰੋਂ ਨਿੱਕਲਿਆ। ਹੋਰ ਕੁਝ ਕਰਨ ਲਈ ਨਾ ਹੋਣ ਕਰਕੇ, ਉਸਨੇ ਬੁੱਢੀ ਦੇ ਪ੍ਰਾਈਮਸ ਸਟੋਵ, ਮਿੱਟੀ ਦੇ ਤੇਲ ਦੇ ਸਟੋਵ ਠੀਕ ਕੀਤੇ, ਪਤੀਲੀਆਂ ਦੀ ਮੁਰੰਮਤ ਕੀਤੀ, ਸਵਿੱਚ ਠੀਕ ਕੀਤੇ, ਤੇ ਉਸਦੇ ਕਹਿਣ ਉੱਤੇ ਉਸ ਭੈੜੀ ਔਰਤ ਅਲੇਵਤੀਨਾ ਅਰਕਾਦੀਏਵਨਾ ਦਾ ਕੌਫ਼ੀ ਪੀਹਣ ਵਾਲ਼ਾ ਵੀ ਠੀਕ ਕਰ ਦਿੱਤਾ ਭਾਵੇਂ ਕਿ ਉਸਨੇ ਅਜੇ ਇਨੇਮਲ ਵਾਲ਼ਾ ਦੁੱਧ ਰੱਖਣ ਵਾਲ਼ਾ ਪਤੀਲਾ ਨਹੀਂ ਸੀ ਮੋੜਿਆ। ਇਸ ਤਰ੍ਹਾਂ ਨਾਲ ਉਹ ਬੁੱਢੀ ਤੇ ਉਸਦੇ ਪਤੀ ਦੀ, ਸ਼ੁਭ-ਇੱਛਾ ਦਾ ਪਾਤਰ ਬਣ ਗਿਆ। ਪਤੀ ਇਮਾਰਤੀ ਕੰਮ ਕਰਦਾ ਸੀ, ਵਾਯੂ ਸੈਨਾ ਤੇ ਬਚਾਅ ਦੇ ਬਰਿਗੇਡ ਦਾ ਸਰਗਰਮ ਕਾਰਕੁੰਨ ਸੀ ਤੇ ਘਰ ਤੋਂ ਕਈ ਕਈ ਦਿਨ ਤੇ ਰਾਤਾਂ ਲਗਾਤਾਰ ਗੈਰ-ਹਾਜ਼ਰ ਰਹਿੰਦਾ ਸੀ । ਬੁੱਢਾ ਜੋੜਾ ਇਸ ਸਿੱਟੇ ਉੱਤੇ ਪੁੱਜਾ ਕਿ ਭਾਵੇਂ ਟੈਂਕਮੈਨ ਚੰਗੇ ਆਦਮੀ ਹੁੰਦੇ ਹਨ, ਪਰ, ਬੇਸ਼ੱਕ, ਪਾਇਲਟ ਵੀ ਉਹਨਾਂ ਤੋਂ ਕਿਸੇ ਤਰ੍ਹਾਂ ਮਾੜੇ ਨਹੀਂ ਹੁੰਦੇ, ਸਗੋਂ ਜੇ ਤੁਸੀਂ ਉਹਨਾਂ ਨੂੰ ਵਧੇਰੇ ਚੰਗੀ ਤਰ੍ਹਾਂ ਜਾਣ ਲਵੋ ਤਾਂ ਉਹ ਗੰਭੀਰ, ਤੇ ਆਪਣੇ ਹਵਾਈ ਜਿਹੇ ਪੇਸ਼ੇ ਦੇ ਬਾਵਜੂਦ, ਘਰ ਨੂੰ ਪਿਆਰਨ ਵਾਲੇ ਹੁੰਦੇ ਹਨ।
ਆਖ਼ਰ ਉਹ ਦਿਨ ਆ ਗਿਆ ਜਦੋਂ ਅਲੈਕਸੇਈ ਨੇ ਸਰਟੀਫਿਕੇਟ ਲੈਣ ਅਮਲਾ ਵਿਭਾਗ ਕੋਲ ਜਾਣਾ ਸੀ । ਉਸਤੋਂ ਇੱਕ ਰਾਤ ਪਹਿਲਾਂ ਉਸਨੂੰ ਸਾਰੀ ਰਾਤ ਕਾਊਂਚ ਉੱਤੇ ਪਏ ਨੇ ਅੱਖਾਂ ਵਿੱਚ ਹੀ ਕੱਟੀ। ਸਵੇਰੇ ਉਹ ਉਠਿਆ, ਹਜ਼ਾਮਤ ਕੀਤੀ, ਮੂੰਹ-ਹੱਥ ਧੋਤਾ, ਐਨ ਵਕਤ ਸਿਰ ਦਫ਼ਤਰ ਪੁੱਜਾ, ਤੇ ਪ੍ਰਬੰਧਕ ਸੇਵਾ ਦੇ ਇੰਚਾਰਜ ਮੇਜਰ ਕੋਲ ਜਾਣ ਵਾਲ਼ਾ ਉਹ ਪਹਿਲਾ ਆਦਮੀ ਸੀ, ਜਿਸਨੇ ਉਸਦੀ ਕਿਸਮਤ ਦਾ ਫ਼ੈਸਲਾ ਕਰਨਾ ਸੀ । ਮੇਜਰ ਉਸਨੂੰ ਪਹਿਲੀ ਨਜ਼ਰੇ ਹੀ ਚੰਗਾ ਨਾ ਲੱਗਾ। ਅਲੈਕਸੇਈ ਵੱਲ ਧਿਆਨ ਦਿੱਤੇ ਬਿਨਾਂ, ਉਹ ਮੇਜ ਉੱਤੇ ਕਿੰਨਾਂ ਚਿਰ ਹੱਥ-ਪੱਥ ਮਾਰਦਾ ਰਿਹਾ: ਉਹ ਕਾਗਜ਼-ਪੱਤਰ ਵਾਲੀਆਂ ਫ਼ਾਈਲਾਂ ਨੂੰ ਫੜਦਾ ਤੇ ਆਪਣੇ ਅੱਗੇ ਖੋਹਲ ਕੇ ਰੱਖ ਲੈਂਦਾ, ਲੋਕਾਂ ਨੂੰ ਟੈਲੀਫੂਨ ਕਰਨ ਲੱਗ ਪੈਂਦਾ, ਕਿੰਨਾਂ ਚਿਰ ਕਲਰਕ ਨੂੰ ਸਮਝਾਉਂਦਾ ਰਿਹਾ ਕਿ ਨਿੱਜੀ ਫਾਈਲਾਂ ਨੂੰ ਨੰਬਰ ਕਿਵੇਂ ਲਾਉਣੇ ਹਨ, ਫਿਰ ਉਹ ਪਤਾ ਨਹੀਂ ਕਿਥੇ ਚਲਾ ਗਿਆ ਤੇ ਕਿੰਨਾਂ ਚਿਰ ਵਾਪਸ ਹੀ ਨਾ ਆਇਆ। ਏਨੇ ਚਿਰ ਤੱਕ ਅਲੈਕਸੇਈ ਉਸਦੇ ਲੰਬੂਤਰੇ, ਲੰਮੇ ਨੱਕ ਵਾਲ਼ੇ ਚਿਹਰੇ ਨੂੰ, ਹਜ਼ਾਮਤ ਨਾਲ ਬਿਲਕੁਲ ਸਾਫ਼ ਕੀਤੀਆਂ ਗੱਲ੍ਹਾਂ ਨੂੰ, ਲਿਸ਼ਕਦੇ ਬੁੱਲ੍ਹਾਂ ਨੂੰ ਤੇ ਢਲਾਣਦਾਰ ਮੱਥੇ ਨੂੰ, ਜਿਹੜਾ ਅਪੋਹ ਤਰ੍ਹਾਂ ਨਾਲ ਉਸਦੇ ਲਿਸ਼ਕਦੇ ਗੰਜੇ ਸਿਰ ਨਾਲ ਇਕਮਿਕ ਹੋ ਜਾਂਦਾ ਸੀ, ਪੂਰੀ ਤਰ੍ਹਾਂ ਨਫ਼ਰਤ ਕਰਨ ਲੱਗ ਪਿਆ ਸੀ। ਆਖ਼ਰ ਮੇਜਰ ਮੁੜ ਆਇਆ, ਬੈਠ ਗਿਆ, ਆਪਣੇ ਕਲੰਡਰ ਦਾ ਵਰਕਾ ਪਰਤਿਆ, ਤੇ ਤਾਂ ਜਾ ਕੇ ਉਸਨੇ ਆਏ ਬੰਦੇ ਵੱਲ ਨਜ਼ਰਾਂ ਚੁੱਕ ਕੇ ਦੇਖਿਆ।
“ਤੁਸੀਂ ਮੈਨੂੰ ਮਿਲਣਾ ਹੈ, ਸਾਥੀ ਸੀਨੀਅਰ ਲੈਫ਼ਟੀਨੈਂਟ ?” ਵਜ਼ਨੀ, ਸਵੈ ਭਰੋਸੇ ਨਾਲ ਭਰੀ ਮੋਟੀ ਅਵਾਜ਼ ਵਿੱਚ ਉਸਨੇ ਪੁੱਛਿਆ।
ਮਰੇਸੇਯੇਵ ਨੇ ਆਪਣਾ ਮਸਲਾ ਸਪਸ਼ਟ ਕੀਤਾ। ਮੇਜਰ ਨੇ ਕਲਰਕ ਨੂੰ ਉਸਦੇ ਕਾਗਜ਼ ਲਿਆਉਣ ਲਈ ਕਿਹਾ ਤੇ ਉਸਨੂੰ ਉਡੀਕਦਾ ਹੋਇਆ, ਲੱਤਾਂ ਫੈਲਾ ਕੇ ਬੈਠ ਗਿਆ, ਤੇ ਬੜਾ ਇਕਾਗਰਚਿਤ ਹੋ ਕੇ ਛਿੰਗ ਨਾਲ ਆਪਣੇ ਦੰਦ ਸਾਫ਼ ਕਰਨ ਲੱਗਾ, ਜਿਨ੍ਹਾਂ ਅੱਗੇ ਉਸਨੇ ਸਲੀਕੇ ਕਾਰਨ ਆਪਣੇ ਦੂਜੇ ਹੱਥ ਦੀ ਤਲੀ ਕਰ ਲਈ। ਜਦੋਂ ਕਾਗਜ਼-ਪੱਤਰ ਆ ਗਏ ਤਾਂ ਉਸਨੇ ਛਿੰਗ ਨੂੰ ਰੁਮਾਲ ਨਾਲ ਸਾਫ਼ ਕਰ ਕੀਤਾ, ਕਾਗਜ਼ ਵਿੱਚ ਲਪੇਟਿਆ, ਉਸਨੂੰ ਜੇਬ ਵਿਚ ਤੁੰਨਿਆਂ ਤੇ ਮਰੇਸੇਯੇਵ ਦੀ ਫਾਈਲ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ । ਸ਼ਾਇਦ ਕੱਟੇ ਹੋਏ ਪੈਰਾਂ ਬਾਰੇ ਹਿੱਸੇ ਤੱਕ ਪਹੁੰਚਦਿਆਂ, ਉਸਨੇ ਇਕਦਮ ਇੱਕ ਕੁਰਸੀ ਵੱਲ ਇਸ਼ਾਰਾ ਕੀਤਾ:” ਖੜੇ ਕਿਉਂ ਹੋ, ਬੈਠ ਜਾਓ ਨਾ:” ਤੇ ਮੁੜ ਕਾਗਜ਼ਾਂ ਵਿੱਚ ਖੁਭ ਗਿਆ। ਆਖ਼ਰੀ ਵਰਕਾ ਪੜ੍ਹ ਲੈਣ ਪਿੱਛੋਂ ਉਹ ਪੁੱਛਣ ਲੱਗਾ;
“ਅੱਛਾ, ਤਾਂ ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਕੀ ਕਰਾਂ ?”
“ਮੈਂ ਚਾਹੁੰਦਾ ਹਾਂ ਕਿ ਮੈਨੂੰ ਲੜਾਕਾ ਵਾਯੂ ਦਸਤੇ ਵਿੱਚ ਭੇਜ ਦਿੱਤਾ ਜਾਏ।”
ਮੇਜਰ ਪਿੱਠ ਨਾਲ ਢੋਹ ਲਾ ਕੇ ਬੈਠ ਗਿਆ, ਹੈਰਾਨ ਹੋ ਕੇ ਪਾਇਲਟ ਵੱਲ ਦੇਖਣ ਲੱਗ ਪਿਆ, ਜਿਹੜਾ ਅਜੇ ਤੱਕ ਉਸਦੇ ਸਾਮ੍ਹਣੇ ਖੜਾ ਸੀ, ਤੇ ਉਸਨੇ ਆਪਣੇ ਹੱਥੀਂ ਉਸਨੂੰ ਕੁਰਸੀ ਖਿੱਚ ਕੇ ਪੇਸ਼ ਕੀਤੀ। ਉਸਦੇ ਮੋਟੇ ਮੋਟੇ ਭਰਵੱਟੇ ਉਸਦੇ ਸਾਫ਼ ਲਿਸ਼ਕਦੇ ਮੱਥੇ ਉਤੇ ਹੋਰ ਉਤਾਂਹ ਨੂੰ ਚੜ੍ਹ ਗਏ ਜਦੋਂ ਉਸਨੇ ਕਿਹਾ;
“ਪਰ ਤੁਸੀਂ ਉਡਾਣ ਨਹੀਂ ਲਾ ਸਕਦੇ!”
“ਲਾ ਸਕਦਾ ਹਾਂ, ਲਾਵਾਂਗਾ । ਮੈਨੂੰ ਅਜ਼ਮਾਇਸ਼ ਲਈ ਕਿਸੇ ਟਰੇਨਿੰਗ ਸਕੂਲ ਵਿੱਚ ਭੇਜ ਦਿਓ,” ਮਰੇਸੇਯੇਵ ਨੇ ਲਗਭਗ ਚੀਕਦਿਆਂ ਕਿਹਾ, ਤੇ ਉਸਦੇ ਕਹਿਣ ਦੇ ਢੰਗ ਵਿੱਚ ਏਨੀਂ ਦ੍ਰਿੜ੍ਹ ਇੱਛਾ ਸੀ ਕਿ ਕਮਰੇ ਵਿੱਚ ਦੂਜੇ ਮੇਜ਼ਾਂ ਉੱਤੇ ਬੈਠੇ ਅਫ਼ਸਰ ਵੀ ਸਵਾਲੀਆ ਨਜ਼ਰਾਂ ਨਾਲ ਉਸ ਵੱਲ ਦੇਖਣ ਲੱਗੇ, ਹੈਰਾਨ ਹੁੰਦੇ ਹੋਏ ਕਿ ਇਹ ਸਾਂਵਲਾ, ਖੂਬਸੂਰਤ ਲੈਫ਼ਟੀਨੈਂਟ ਪਤਾ ਨਹੀਂ ਕਿਸ ਚੀਜ਼ ਦੀ ਏਨੀਂ ਜ਼ੋਰਦਾਰ ਮੰਗ ਕਰ ਰਿਹਾ ਸੀ।
“ਪਰ ਦੇਖੋ, ਬਿਨਾਂ ਪੈਰਾਂ ਦੇ ਹਵਾਈ ਜਹਾਜ਼ ਉਡਾ ਸਕਣਾ ਸੰਭਵ ਹੀ ਕਿਵੇਂ ਹੈ? ਇਹ ਹਾਸੋਹੀਣੀ ਗੱਲ ਹੈ। ਅੱਜ ਤੱਕ ਇਹ ਕਦੀ ਕਿਸੇ ਨਹੀਂ ਦੇਖਿਆ। ਤੇ ਤੁਹਾਨੂੰ ਆਗਿਆ ਕੌਣ ਦੇਵੇਗਾ?” ਮੇਜਰ ਨੂੰ ਯਕੀਨ ਸੀ ਕਿ ਉਸਦੇ ਸਾਮ੍ਹਣੇ ਖੜਾ ਆਦਮੀ ਜਾਂ ਤਾਂ ਕੋਈ ਜਨੂੰਨੀ ਹੈ ਜਾਂ ਪਾਗ਼ਲ।
ਅਲੈਕਸੇਈ ਦੇ ਗੁੱਸੇ ਭਰੇ ਚਿਹਰੇ ਤੇ “ਵਹਿਸ਼ੀ” ਲਿਸ਼ਕਦੀਆਂ ਅੱਖਾਂ ਵੱਲ ਟੇਢੀਆਂ ਨਜ਼ਰਾਂ ਨਾਲ ਦੇਖਦਿਆਂ, ਉਹ ਵੱਧ ਤੋਂ ਵੱਧ ਸੰਭਵ ਨਰਮ ਅੰਦਾਜ਼ ਵਿੱਚ ਬੋਲਣ ਦੀ ਕੋਸ਼ਿਸ਼ ਕਰ ਰਿਹਾ ਸੀ।
“ਅੱਜ ਤੱਕ ਇਹ ਕਦੀ ਕਿਸੇ ਨਹੀਂ ਦੇਖਿਆ, ਪਰ ਲੋਕ ਦੇਖ ਲੈਣਗੇ,”
ਮਰੇਸੇਯੇਵ ਨੇ ਸਿਰੜੀ ਤਰ੍ਹਾਂ ਨਾਲ ਜ਼ੋਰ ਦਿੰਦਿਆਂ ਕਿਹਾ। ਉਸਨੇ ਜੇਬ ਵਿੱਚੋਂ ਡਾਇਰੀ ਕੱਢੀ, ਇਸ ਵਿੱਚੋਂ ਅਖ਼ਬਾਰੀ ਕਾਤਰ ਕੱਢੀ, ਉਸ ਉੱਤੇ ਲਪੇਟਿਆ ਪਲਾਸਟਿਕ ਲਾਹਿਆ ਤੇ ਇਸਨੂੰ ਮੇਜਰ ਦੇ ਸਾਮ੍ਹਣੇ ਮੇਜ਼ ਉੱਤੇ ਰੱਖ ਦਿੱਤਾ।
ਦੂਜੇ ਮੇਜ਼ਾਂ ਉੱਪਰ ਬੈਠੇ ਅਫ਼ਸਰ ਵੀ ਆਪਣਾ ਕੰਮ ਛੱਡ ਕੇ ਉਹਨਾਂ ਨੂੰ ਧਿਆਨ ਨਾਲ ਸੁਨਣ ਲੱਗ ਪਏ। ਉਹਨਾਂ ਵਿੱਚੋਂ ਇੱਕ ਆਪਣੇ ਮੇਜ਼ ਤੋਂ ਉਠਿਆ ਤੇ ਮੇਜਰ ਕੋਲ ਆ ਗਿਆ, ਜਿਵੇਂ ਕਿਸੇ ਵਿਹਾਰਕ ਗੱਲ ਬਾਰੇ ਪਤਾ ਕਰਨ ਆਇਆ ਹੋਵੇ, ਮਾਚਿਸ ਮੰਗੀ, ਤੇ ਮਰੇਸੇਯੇਵ ਦੇ ਚਿਹਰੇ ਵੱਲ ਦੇਖਣ ਲੱਗ ਪਿਆ। ਮੇਜਰ ਨੇ ਜਲਦੀ ਜਲਦੀ ਉਹ ਅਖ਼ਬਾਰੀ ਕਾਤਰ ਪੜ੍ਹੀ ਤੇ ਬੋਲਿਆ,“ਇਹ ਸਾਡੇ ਲਈ ਕੋਈ ਸਰਕਾਰੀ ਦਸਤਾਵੇਜ਼ ਨਹੀਂ। ਸਾਡੇ ਕੋਲ ਆਪਣੀਆਂ ਹਦਾਇਤਾਂ ਹਨ, ਜਿਨ੍ਹਾਂ ਵਿੱਚ ਵਾਯੂ ਸੈਨਾ ਲਈ ਲੋੜੀਂਦੀ ਸ਼ਰੀਰਕ ਯੋਗਤਾ ਨੂੰ ਠੀਕ ਠੀਕ ਪ੍ਰੀਭਾਸ਼ਤ ਕੀਤਾ ਗਿਆ ਹੋਇਆ ਹੈ । ਦੋਹਾਂ ਪੈਰਾਂ ਦੀ ਤਾਂ ਗੱਲ ਹੀ ਛੱਡੋ, ਜੇ ਤੁਹਾਡੀਆਂ ਕਿਤੇ ਦੋ ਉਂਗਲਾਂ ਵੀ ਕੱਟੀਆਂ ਹੁੰਦੀਆਂ, ਤਾਂ ਮੈਂ ਤੁਹਾਨੂੰ ਹਵਾਈ ਜਹਾਜ਼ ਉਡਾਉਣ ਦੀ ਆਗਿਆ ਨਾ ਦੇਂਦਾ। ਆਹ ਲਓ ਆਪਣੀ ਅਖ਼ਬਾਰੀ ਕਾਤਰ, ਇਹ ਕੋਈ ਸਬੂਤ ਨਹੀਂ। ਮੈਂ ਤੁਹਾਡੀ ਇੱਛਾ ਦਾ ਸਤਿਕਾਰ ਕਰਦਾ ਹਾਂ, ਪਰ…”
ਅਲੈਕਸੇਈ ਨੂੰ ਲੱਗ ਰਿਹਾ ਸੀ ਕਿ ਜਿਵੇਂ ਉਸਦੇ ਅੰਦਰਲਾ ਸਭ ਕੁਝ ਉਬਾਲੇ ਖਾ ਰਿਹਾ ਹੋਵੇ, ਕਿ ਹੋਰ ਇੱਕ ਪਲ-ਤੇ ਉਹ ਦਵਾਤ ਚੁੱਕ ਕੇ ਇਸ ਲਿਸ਼ਕਦੇ ਗੰਜੇ ਸਿਰ ਉੱਤੇ ਦੇ ਮਾਰੇਗਾ। ਉਸਨੇ ਮੱਧਮ ਜਿਹੀ ਅਵਾਜ਼ ਵਿੱਚ ਕਿਹਾ: “ਤੇ ਇਸ ਬਾਰੇ ਕੀ ਰਾਏ ਹੈ?”
ਤੇ ਇਸਦੇ ਨਾਲ ਉਸਨੇ ਆਪਣਾ ਆਖ਼ਰੀ ਦਾਅ ਚਲਾ ਦਿੱਤਾ-ਪਹਿਲੇ ਦਰਜੇ ਦੇ ਫ਼ੌਜੀ ਸਰਜਨ ਮੀਰੋਵੋਲਸਕੀ ਦੇ ਦਸਤਖਤਾਂ ਵਾਲ਼ਾ ਸਰਟੀਫ਼ਿਕੇਟ ਮੇਜ਼ ਉੱਤੇ ਰੱਖ ਦਿੱਤਾ। ਮੇਜਰ ਨੇ ਸ਼ੱਕੀ ਜਿਹੇ ਢੰਗ ਨਾਲ ਸਰਟੀਫ਼ਿਕੇਟ ਚੁੱਕਿਆ। ਇਹ ਬਾਕਾਇਦਾ ਢੰਗ ਨਾਲ ਲਿਖਿਆ ਗਿਆ ਸਰਟੀਫ਼ਿਕੇਟ ਸੀ, ਜਿਸ ਉੱਤੇ ਮੈਡੀਕਲ ਕੋਰ ਦੀ ਮੋਹਰ ਲੱਗੀ ਹੋਈ ਸੀ ਤੇ ਨਾਲ ਵਾਯੂ ਸੈਨਾ ਵਿੱਚ ਬੇਹੱਦ ਸਤਿਕਾਰੇ ਜਾਂਦੇ ਬੰਦੇ ਦੇ ਦਸਤਖਤ ਸਨ । ਮੇਜਰ ਨੇ ਸਰਟੀਫ਼ਿਕੇਟ ਪੜ੍ਹਿਆ ਤੇ ਉਸਦਾ ਅੰਦਾਜ਼ ਵਧੇਰੇ ਦੋਸਤਾਨਾ ਹੋ ਗਿਆ । ਉਸਦੇ ਸਾਮ੍ਹਣੇ ਖੜਾ ਆਦਮੀ ਪਾਗਲ ਨਹੀਂ ਸੀ। ਇਹ ਅਸਧਾਰਨ ਨੌਜਵਾਨ, ਪੈਰ ਨਾ ਹੋਣ ਦੇ ਬਾਵਜੂਦ, ਉਡਾਨ ਕਰਨ ਦੀ ਤਿਆਰੀ ਕਰ ਰਿਹਾ ਸੀ। ਇਥੋਂ ਤੱਕ ਕਿ ਉਹ ਫ਼ੌਜੀ ਸਰਜਨ ਨੂੰ ਵੀ, ਜਿਹੜਾ ਗੰਭੀਰ, ਕਾਫੀ ਅਧਿਕਾਰ ਰੱਖਦਾ ਆਦਮੀ ਸੀ, ਯਕੀਨ ਦੁਆਉਣ ਵਿੱਚ ਸਫ਼ਲ ਹੋ ਗਿਆ ਸੀ।
ਮੇਜਰ ਨੇ ਮਰੇਸੇਯੇਵ ਦੀ ਫਾਈਲ ਠੰਡਾ ਸਾਹ ਭਰਦਿਆਂ ਲਾਂਭੇ ਰੱਖ ਦਿੱਤੀ ਤੇ ਬੋਲਿਆ:
“ਤਾਂ ਵੀ, ਪੂਰੀ ਇੱਛਾ ਹੁੰਦਿਆਂ ਵੀ, ਮੈਂ ਕੁਝ ਨਹੀਂ ਕਰ ਸਕਦਾ। ਪਹਿਲੇ ਰੈਂਕ ਦਾ ਫ਼ੌਜੀ ਸਰਜਨ ਜੋ ਚਾਹੇ ਲਿਖ ਸਕਦਾ ਹੈ, ਪਰ ਸਾਨੂੰ ਬਿਲਕੁਲ ਸਪਸ਼ਟ ਤੇ ਨਿਸ਼ਚਿਤ ਹਿਦਾਇਤਾਂ ਮਿਲੀਆਂ ਹੋਈਆਂ ਹਨ, ਜਿਨ੍ਹਾਂ ਦੀ ਕਿਸੇ ਹਾਲਤ ਵਿੱਚ ਵੀ ਉਲੰਘਣਾ ਨਹੀਂ ਕੀਤੀ ਜਾ ਸਕਦੀ। ਜੇ ਮੈਂ ਉਹਨਾਂ ਦੀ ਉਲੰਘਣਾ ਕਰਦਾ ਹਾਂ, ਤਾਂ ਜਵਾਬਦੇਹ ਕੌਣ ਹੋਵੇਗਾ, ਫ਼ੌਜੀ ਸਰਜਨ”
ਮਰੇਸੇਯੇਵ ਨੇ ਇਸ ਰੱਜੇ-ਪੁੱਜੇ, ਸਵੈ ਸੰਤੁਸ਼ਟ ਆਦਮੀ ਵੱਲ, ਜਿਹੜਾ ਏਨਾਂ ਸਵੈ- ਵਿਸ਼ਵਾਸੀ, ਸ਼ਾਂਤ ਤੇ ਸਨਿਮਰ ਸੀ, ਉਸਦੀ ਟਿਚਣ ਫ਼ੌਜੀ ਜੈਕਟ ਦੇ ਸਾਫ ਸੁਥਰੇ ਕਾਲਰ ਵੱਲ, ਉਸਦੇ ਵਾਲਾਂ ਵਾਲੇ ਹੱਥਾਂ ਤੇ ਵੱਡੇ ਵੱਡੇ, ਪੂਰੀ ਤਰ੍ਹਾਂ ਕੱਟੇ ਹੋਏ, ਬਦਸੂਰਤ ਨਹੁੰਆਂ ਵੱਲ ਸਖ਼ਤ ਨਫ਼ਰਤ ਨਾਲ ਦੇਖਿਆ। ਉਸਨੂੰ ਉਹ ਕਿਸ ਤਰ੍ਹਾਂ ਸਮਝਾਏ ? ਕੀ ਉਹ ਕੁਝ ਸਮਝ ਵੀ ਸਕੇਗਾ ? ਕੀ ਉਸਨੂੰ ਪਤਾ ਸੀ ਕਿ ਹਵਾਈ ਲੜਾਈ ਕੀ ਚੀਜ਼ ਹੁੰਦੀ ਹੈ? ਹੋ ਸਕਦਾ ਹੈ ਉਸਨੇ ਆਪਣੀ ਜ਼ਿੰਦਗੀ ਵਿੱਚ ਕਦੀ ਗੋਲ਼ੀ ਚਲਦੀ ਵੀ ਨਾ ਸੁਣੀ ਹੋਵੇ। ਆਪਣੀ ਸਾਰੀ ਤਾਕਤ ਨਾਲ ਆਪਣੇ ਉੱਤੇ ਕਾਬੂ ਪਾਉਂਦਿਆਂ, ਉਸਨੇ ਮੱਧਮ ਜਿਹੀ ਅਵਾਜ਼ ਵਿੱਚ ਪੁੱਛਿਆ:
“ਤੇ ਫਿਰ ਮੈਂ ਹੁਣ ਕੀ ਕਰਾਂ ?”
“ਜੇ ਤੁਸੀਂ ਜ਼ੋਰ ਦੇਂਦੇ ਹੋ, ਤਾਂ ਮੈਂ ਤੁਹਾਨੂੰ ਫ਼ੌਜੀ ਭਰਤੀ ਬਾਰੇ ਕਮਿਸ਼ਨ ਵੱਲ ਭੇਜ ਦੇਂਦਾ ਹਾਂ, “ਮੇਜਰ ਨੇ ਮੋਢੇ ਸੁੰਗੜਾਉਂਦਿਆਂ ਕਿਹਾ। “ਪਰ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਦੇਂਦਾ ਹਾਂ ਕਿ ਐਵੇਂ ਹੀ ਕਸ਼ਟ ਕਰੋਗੇ।”
“ਚਲੋ ਠੀਕ ਹੈ, ਭੇਜ ਦਿਓ ਮੈਨੂੰ ਕਮਿਸ਼ਨ ਵੱਲ,” ਮਰੇਸੇਯੇਵ ਨੇ ਵੱਡਾ ਸਾਰਾ ਸਾਹ ਲਿਆ ਤੇ ਕੁਰਸੀ ਉੱਤੇ ਧੜੱਮ ਕਰਕੇ ਬੈਠ ਗਿਆ।
ਇਸ ਤਰ੍ਹਾਂ ਨਾਲ ਉਸਦੇ ਦਫ਼ਤਰਾਂ ਦੇ ਚੱਕਰ ਸ਼ੁਰੂ ਹੋਏ । ਥੱਕੇ ਟੁੱਟੇ ਅਫ਼ਸਰ, ਗਲ ਗਲ ਤੱਕ ਕੰਮ ਵਿੱਚ ਖੁੱਭੇ ਹੋਏ, ਉਸਦੀ ਗੱਲ ਸੁਣਦੇ, ਹੈਰਾਨੀ ਤੇ ਹਮਦਰਦੀ ਪ੍ਰਗਟ ਕਰਦੇ ਤੇ ਬੇਬਸੀ ਵਿੱਚ ਆਪਣੇ ਮੋਢੇ ਸੁੰਗੇੜ ਦੇਂਦੇ। ਸੱਚਮੁਚ, ਉਹ ਕਰ ਕੀ ਸਕਦੇ ਸਨ? ਉਹਨਾਂ ਨੂੰ ਕੁਝ ਹਦਾਇਤਾਂ ਮਿਲੀਆਂ ਹੋਈਆਂ ਸਨ, ਬਿਲਕੁਲ ਠੀਕ ਹਦਾਇਤਾਂ, ਜਿਨਾਂ ਦੀ ਹਾਈ ਕਮਾਂਡ ਵੱਲੋਂ ਪੁਸ਼ਟੀ ਹੋਈ ਹੋਈ ਸੀ, ਤੇ ਕਈ ਸਾਲਾਂ ਤੋਂ ਚਲੀਆਂ ਆ ਰਹੀਆਂ ਪਵਿੱਤਰ ਰਵਾਇਤਾਂ ਸਨ, ਉਹਨਾਂ ਨੂੰ ਕਿਵੇਂ ਤੋੜਿਆ ਜਾ ਸਕਦਾ ਸੀ, ਤੇ ਉਹ ਵੀ ਇਹੋ ਜਿਹੀ ਸੂਰਤ ਵਿੱਚ, ਜਿਸ ਵਿੱਚ ਕੋਈ ਸ਼ੱਕ ਹੀ ਨਹੀਂ ਸੀ ! ਹਰ ਇੱਕ ਨੂੰ ਇਸ ਬੇਹੱਦ ਸਰਗਰਮ, ਅੰਗਹੀਣ ਆਦਮੀ ਉੱਤੇ ਦਿਲੋਂ ਤਰਸ ਆਉਂਦਾ, ਜਿਹੜਾ ਵਾਪਸ ਲੜਾਈ ਵਿੱਚ ਜਾਣ ਲਈ ਸਿੱਕ ਰਿਹਾ ਸੀ, ਤੇ ਕਿਸੇ ਦਾ ਵੀ ਹੌਂਸਲਾ ਨਹੀਂ ਸੀ ਪੈਂਦਾ ਕਿ ਉਸਨੂੰ ਪੱਕੀ ਤਰ੍ਹਾਂ ਨਾਂਹ ਕਰ ਸਕੇ; ਸੋ, ਉਹ ਉਸਨੂੰ ਅਮਲੇ ਦੇ ਵਿਭਾਗ ਤੋਂ ਭਰਤੀ ਦੇ ਵਿਭਾਗ ਵੱਲ, ਇੱਕ ਮੇਜ਼ ਤੋਂ ਦੂਜੇ ਮੇਜ਼ ਵੱਲ ਭੇਜ ਦੇਂਦਾ, ਤੇ ਤਰਸ ਦੇ ਮਾਰੇ ਹਰ ਕੋਈ ਉਸਨੂੰ ਕਿਸੇ ਕਮਿਸ਼ਨ ਕੋਲ ਭੇਜ ਦੇਂਦਾ।
ਮਰੇਸੇਯੇਵ ਇਨਕਾਰਾਂ ਤੋਂ ਜਾਂ ਸਿੱਖਿਆਵਾਂ ਤੋਂ, ਜਾਂ ਅਪਮਾਣਜਨਕ ਹਮਦਰਦੀ ਤੋਂ ਤੇ ਦਿਖਾਈ ਜਾਂਦੀ ਦਇਆ ਭਾਵਨਾ ਤੋਂ, ਜਿਸਦੇ ਖਿਲਾਫ਼ ਉਸਦੀ ਮਾਨਮੱਤੀ ਆਤਮਾ ਬਾਗੀ ਹੋ ਉੱਠਦੀ ਸੀ, ਕਦੀ ਆਪੇ ਤੋਂ ਬਾਹਰ ਨਾ ਹੁੰਦਾ । ਉਸਨੇ ਆਪਣਾ ਆਪ ਨੂੰ ਕਾਬੂ ਵਿੱਚ ਰੱਖਣਾ ਸਿੱਖ ਲਿਆ, ਯਾਚਕ ਵਾਲਾ ਅੰਦਾਜ਼ ਅਪਣਾ ਲਿਆ, ਤੇ ਕਿਸੇ ਕਿਸੇ ਦਿਨ ਭਾਵੇਂ ਉਸਨੂੰ ਦੋ ਦੋ ਤਿੰਨ ਤਿੰਨ ਵਾਰੀ ਇਨਕਾਰ ਦਾ ਮੂੰਹ ਦੇਖਣਾ ਪੈਂਦਾ, ਉਹ ਕਦੀ ਆਸ ਨਾ ਛੱਡਦਾ । ਅਖ਼ਬਾਰੀ ਕਾਤਰ ਤੇ ਫ਼ੌਜੀ ਸਰਜਨ ਦਾ ਸਰਟੀਫ਼ਿਕੇਟ ਆਪਣੀ ਜੇਬ ਵਿੱਚੋਂ ਲਗਾਤਾਰ ਕੱਢਣ ਪਾਉਣ ਨਾਲ਼ ਏਨੇਂ ਘਸ ਗਏ ਕਿ ਉਹ ਭਾਵਨਾ ਤੋਂ ਫ਼ਟ ਗਏ ਤੇ ਉਸ ਲਈ ਉਹਨਾਂ ਨੂੰ ਮੋਮੀ ਕਾਗਜ਼ ਨਾਲ ਗੂੰਦ ਲਾ ਕੇ ਜੋੜਨਾ ਲਾਜ਼ਮੀ ਹੋ ਗਿਆ।
ਉਸਦੇ ਫੇਰੇ-ਤੋਰੇ ਦੀਆਂ ਮੁਸ਼ਕਲਾਂ ਇਸ ਤੱਥ ਨਾਲ ਹੋਰ ਵੀ ਗੰਭੀਰ ਹੋ ਗਈਆਂ ਕਿ ਜਵਾਬ ਦੀ ਉਡੀਕ ਕਰਦਾ ਉਹ ਬਿਨਾਂ ਕਿਸੇ ਭੱਤੇ ਦੇ ਰਹਿ ਰਿਹਾ ਸੀ। ਸੈਨੇਟੋਰੀਅਮ ਵੱਲੋਂ ਦਿੱਤੀ ਗਈ ਰਸਦ ਖਾਧੀ ਪੀਤੀ ਜਾ ਚੁੱਕੀ ਸੀ । ਠੀਕ ਹੈ ਕਿ ਅਨਿਊਤਾ ਦੇ ਫਲੈਟ ਵਿਚਲਾ ਬਜ਼ੁਰਗ ਬੁੱਢਾ ਬੁੱਢੀ ਜਿਨ੍ਹਾਂ ਦਾ ਉਹ ਏਨਾਂ ਪੱਕਾ ਦੋਸਤ ਬਣ ਗਿਆ ਹੋਇਆ ਸੀ, ਇਹ ਦੇਖਦਿਆਂ ਕਿ ਉਹ ਹੁਣ ਆਪਣੇ ਲਈ ਰੋਟੀ ਨਹੀਂ ਸੀ ਬਣਾਉਂਦਾ, ਉਸਨੂੰ ਆਪਣੇ ਨਾਲ ਖਾਣਾ ਖਾਣ ਲਈ ਜ਼ੋਰ ਦੇਣ ਲੱਗ ਪਏ; ਪਰ ਉਸਨੂੰ ਪਤਾ ਸੀ ਕਿ ਬਾਰੀਆਂ ਦੇ ਹੇਠਲੀ ਆਪਣੀ ਸਬਜ਼ੀਆਂ ਦੀ ਕਿਆਰੀ ਉੱਤੇ ਉਹ ਕਿੰਨੀਂ ਸਖ਼ਤ ਮਿਹਨਤ ਕਰਦੇ ਹਨ, ਉਹਨਾਂ ਲਈ ਹਰ ਪਿਆਜ਼ ਤੇ ਹਰ ਗਾਜ਼ਰ ਕਿੰਨੀ ਕੀਮਤੀ ਹੈ, ਤੇ ਜਿਵੇਂ ਨਿੱਕੇ ਨਿੱਕੇ ਬੱਚੇ ਭੈਣ ਭਰਾਵਾਂ ਵਾਂਗ ਆਪਸ ਵਿੱਚ ਥੋਹੜੀ ਜਿਹੀ ਮਠਿਆਈ ਵੰਡ ਲੈਂਦੇ ਸਨ, ਉਸੇ ਤਰ੍ਹਾਂ ਉਹ ਹਰ ਸਵੇਰੇ ਹੁੰਪਿਣਾ ਡਬਲਰੋਟੀ ਦਾ ਰਾਸ਼ਨ ਵੰਡ ਲੈਂਦੇ ਸਨ, ਇਸ ਲਈ ਉਸਨੇ ਉਹਨਾਂ ਨੂੰ ਖੁਸ਼ ਹੁੰਦਿਆਂ ਦੱਸ ਦਿਤਾ ਕਿ ਪਕਾਉਣ ਦੇ ਝਮੇਲੇ ਤੋਂ ਬਚਣ ਲਈ ਉਹ ਹੁਣ ਅਫ਼ਸਰਾਂ ਦੀ ਮੈੱਸ ਵਿੱਚ ਖਾਣਾ ਖਾਣ ਲੱਗ ਪਿਆ ਹੈ।
ਸ਼ਨਿਚਰਵਾਰ ਆ ਗਿਆ, ਜਿਸ ਦਿਨ ਅਨਿਊਤਾ ਨੂੰ ਡਿਊਟੀ ਤੋਂ ਛੁੱਟੀ ਮਿਲਣੀ ਸੀ । ਉਹ ਹਰ ਸ਼ਾਮ ਉਸਨੂੰ ਆਪਣੇ ਮਾਮਲਿਆਂ ਦੀ ਗੈਰ-ਤਸੱਲੀਬਖਸ਼ ਹਾਲਤ ਬਾਰੇ ਟੈਲੀਫੂਨ ਉੱਤੇ ਦੱਸ ਦੇਂਦਾ ਸੀ। ਉਸਨੇ ਨਿਰਾਸ਼ਾ ਵਿੱਚ ਆ ਕੇ ਇੱਕ ਕਦਮ ਚੁੱਕਣ ਦਾ ਫੈਸਲਾ ਕੀਤਾ। ਉਸਦੇ ਕਿੱਟ-ਬੈਗ ਵਿੱਚ ਅਜੇ ਵੀ ਉਸਦੇ ਪਿਤਾ ਦਾ ਪੁਰਾਣਾ ਚਾਂਦੀ ਦਾ ਸਿਗਰਟ-ਕੇਸ ਪਿਆ ਸੀ, ਉਸਦੇ ਇੱਕ ਕੋਨੇ ਵਿੱਚ ਕਾਲ਼ੇ ਇਨੈਮਲ ਉੱਤੇ ਉਕਰਿਆ, ਇੱਕ ਬਰਫ਼-ਗੱਡੀ ਦਾ ਡਿਜ਼ਾਈਨ ਸੀ, ਜਿਸਨੂੰ ਤਿੰਨ ਤੇਜ਼ ਤੱਰਾਰ ਘੋੜੇ ਖਿੱਚ ਰਹੇ ਸਨ, ਤੇ ਉਸਦੇ ਅੰਦਰਲੇ ਪਾਸੇ ਇਹ ਉਕਰਿਆ ਹੋਇਆ ਸੀ: “ਵਿਆਹ ਦੀ ਰੱਜਤ ਵਰ੍ਹੇਗੰਢ ਉੱਤੇ, ਦੋਸਤਾਂ ਵੱਲੋਂ।” ਅਲੈਕਸੇਈ ਸਿਗਰਟ ਨਹੀਂ ਸੀ ਪੀਂਦਾ, ਪਰ ਜਦੋਂ ਉਹ ਘਰੋਂ ਮਹਾਜ਼ ਲਈ ਤੁਰਨ ਲੱਗਾ ਸੀ, ਤਾਂ ਉਸਦੀ ਮਾਂ ਨੇ ਪਿਤਾ ਦੀ ਇਹ ਕੀਮਤੀ ਨਿਸ਼ਾਨੀ ਉਸਦੀ ਜੇਬ ਵਿੱਚ ਤਿਲਕਾ ਦਿੱਤੀ ਸੀ ਮਤਾਂ ਲੋੜ ਪੈ ਜਾਏ, ਤੇ ਉਹ ਇਸ ਭਾਰੀ, ਬੇਡੋਲ, ਜਿਹੀ ਚੀਜ਼ ਨੂੰ ਸਾਰਾ ਸਮਾਂ ਨਾਲ ਲਈ ਫਿਰਿਆ ਸੀ, ਤੇ ਉਡਾਣ ਲਈ ਜਾਣ ਲੱਗਿਆਂ ਉਹ ਇਸ ਨੂੰ “ਖੁਸ਼ਕਿਸਮਤੀ ਲਈ” ਆਪਣੀ ਜੇਬ ਵਿੱਚ ਪਾ ਲੈਂਦਾ ਸੀ।
ਇੱਕ ਪਤਲੀ ਜਿਹੀ ਔਰਤ ਨੇ, ਜਿਸ ਕੋਲੋਂ ਫ਼ੀਨਾਈਲ ਦੀਆਂ ਗੋਲੀਆਂ ਦੀ ਵਾਸ਼ਨਾ ਆ ਰਹੀ ਸੀ, ਸਿਗਰਟ ਕੇਸ ਨੂੰ ਹੱਥਾਂ ਵਿੱਚ ਲੈ ਕੇ ਇੱਧਰੋਂ ਉਧਰੋਂ ਦੇਖਿਆ, ਆਪਣੀ ਹੱਡਲ ਜਿਹੀ ਉਂਗਲ ਨਾਲ ਉਸ ਉੱਪਰ ਉਕਰੀ ਲਿਖਾਈ ਵੱਲ ਇਸ਼ਾਰਾ ਕੀਤਾ ਤੇ ਐਲਾਨ ਕੀਤਾ ਕਿ ਜਿਨ੍ਹਾਂ ਚੀਜ਼ਾਂ ਉੱਪਰ ਕੁਝ ਉਕਰਿਆ ਹੋਵੇ, ਉਹ ਵਿਕਰੀ ਲਈ ਲਈ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ।
“ਪਰ ਮੈਂ ਇਸ ਲਈ ਕੁਝ ਬਹੁਤਾ ਨਹੀਂ ਮੰਗ ਰਿਹਾ। ਦੱਸੋਂ ਤੁਸੀਂ ਕੀ ਦੇਣਾ ਚਾਹੁੰਦੇ 亍?”
“ਨਹੀਂ, ਨਹੀਂ, ਇਸ ਤੋਂ ਛੁੱਟ, ਸਾਥੀ ਅਫ਼ਸਰ, ਮੈਨੂੰ ਲੱਗਦੈ ਕਿ ਵਿਆਹ ਦੀ ਰੱਜ਼ਤ ਵਰ੍ਹੇਗੰਢ ਉੱਤੇ ਸੁਗਾਤਾਂ ਲੈਣ ਦੀ ਅਜੇ ਤੁਹਾਡੀ ਉਮਰ ਨਹੀਂ,“ਫੀਨਾਈਲ ਦੀਆਂ ਗੋਲੀਆਂ ਦੀ ਬੋਅ ਵਾਲੀ ਸੁਆਣੀ ਨੇ ਆਪਣੀਆਂ ਗੈਰ-ਦੋਸਤਾਨਾਂ ਬੇਰੰਗ ਅੱਖਾਂ ਨਾਲ ਅਲੈਕਸੇਈ ਵੱਲ ਦੇਖਦਿਆਂ ਕਾਟਵੇਂ ਜਿਹੇ ਅੰਦਾਜ਼ ਵਿੱਚ ਕਿਹਾ।
ਲਾਲ-ਸੂਹਾ ਹੁੰਦਿਆਂ, ਪਾਇਲਟ ਨੇ ਕਾਊਂਟਰ ਤੋਂ ਸਿਗਰੇਟ ਕੇਸ ਚੁੱਕਿਆ, ਤੇ ਬਾਹਰ ਨੂੰ ਤੁਰ ਪਿਆ । ਕਿਸੇ ਨੇ ਉਸਨੂੰ ਬਾਂਹ ਤੋਂ ਫੜ ਕੇ ਰੋਕ ਲਿਆ। ਉਸਦੇ ਸਾਹ ਵਿੱਚੋਂ ਸ਼ਰਾਬ ਦੀ ਸ਼ਖਤ ਬੋਅ ਆ ਰਹੀ ਸੀ।
“ਕਿਆ ਸੋਹਣੀ ਚੀਜ਼ ਹੈ। ਤੇ ਮਹਿੰਗੀ ਨਹੀਂ, ਤੂੰ ਕਿਹਾ ਸੀ ?” ਬਦਸੂਰਤ, ਬਿਨਾਂ ਹਜ਼ਾਮਤ ਕੀਤੇ ਚਿਹਰੇ ਤੇ ਉਘੜਵੇਂ ਨੀਲ਼ੇ ਨੱਕ ਵਾਲ਼ੇ ਆਦਮੀ ਨੇ ਪੁੱਛਿਆ। ਉਸਨੇ ਆਪਣਾ ਕੰਬਦਾ ਨਸਦਾਰ ਹੱਥ ਸਿਗਰੇਟ-ਕੇਸ ਵੱਲ ਵਧਾਇਆ । “ ਭਾਰੀ ਹੈ । ਦੇਸ਼ਭਗਤਕ ਜੰਗ ਦੇ ਯੋਧੇ ਲਈ ਸਤਿਕਾਰ ਵਜੋਂ ਮੈਂ ਪੰਜ ਭੂਰੇ ਨੋਟ ਦੇਣ ਨੂੰ ਤਿਆਰ ਹਾਂ।”
ਅਲੈਕਸੇਈ ਨੇ ਸੌਦੇਬਾਜ਼ੀ ਨਾ ਕੀਤੀ। ਉਸਨੇ ਪੰਜ ਸੌ ਰੂਬਲ ਦੇ ਨੋਟ ਲਏ ਤੇ ਇਸ ਪੁਰਾਣੇ, ਬਾਸੀ ਕਬਾੜ ਦੀ ਬਾਦਸ਼ਾਹਤ ਵਿੱਚੋਂ ਤੇਜ਼ ਤੇਜ਼ ਬਾਹਰ ਸੱਜਰੀ ਹਵਾ ਵਿੱਚ ਆ ਗਿਆ। ਨੇੜੇ ਦੀ ਮੰਡੀ ਵਿੱਚੋਂ ਉਸਨੇ ਕੁਝ ਮਾਸ, ਚਰਬੀ, ਡਬਲਰੋਟੀ, ਕੁਝ ਪਿਆਜ਼ ਤੇ ਆਲੂ ਖਰੀਦੇ । ਉਹ ਪਾਰਸਲੇ ਸਲਾਦ ਖਰੀਦਣਾ ਵੀ ਨਾ ਭੁੱਲਿਆ। ਇਸ ਤਰ੍ਹਾਂ ਨਾਲ ਲੱਦਿਆਂ ਤੇ ਚਰਬੀ ਦੇ ਇਕ ਟੋਟੇ ਨੂੰ ਮੂੰਹ ਮਾਰਦਾ ਹੋਇਆ ਉਹ “ਘਰ ਨੂੰ” ਤੁਰ ਪਿਆ,
ਜਿਸ ਤਰ੍ਹਾਂ ਹੁਣ ਉਹ ਕਹਿੰਦਾ ਹੁੰਦਾ ਸੀ: “ਫਿਰ ਆਪੇ ਹੀ ਰਿੰਨ੍ਹਣ ਪਕਾਉਣ ਦਾ ਫ਼ੈਸਲਾ ਕਰ ਲਿਐ । ਉਥੇ ਗੰਦਾ ਖਾਣਾ ਤਿਆਰ ਕਰਦੇ ਨੇ,” ਉਸਨੇ ਰਸੋਈ ਵਿਚਲੇ ਮੇਜ਼ ਉੱਤੇ ਸਾਰਾ ਕੁਝ ਢੇਰ ਕਰਦਿਆਂ ਬੁੱਢੀ ਸਾਮ੍ਹਣੇ ਝੂਠ ਬੋਲਿਆ।
ਉਸ ਸ਼ਾਮ ਸ਼ਾਹੀ ਖਾਣਾ ਅਨਿਊਤਾ ਦੀ ਉਡੀਕ ਕਰ ਰਿਹਾ ਸੀ: ਆਲੂਆਂ ਦਾ ਸ਼ੋਰਬਾ, ਜਿਸ ਵਿੱਚ ਮਾਸ ਵੀ ਸੀ ਤੇ ਜਿਸਦੀ ਅੰਬਰ ਵਰਗੀ ਸਤਹ ਉੱਤੇ ਪਾਰਸਲੇ ਦੇ ਟੋਟੇ ਤਰ ਰਹੇ ਸਨ, ਪਿਆਜ਼ਾਂ ਨਾਲ ਭੁੱਜਾ ਮਾਸ, ਤੇ ਜੈਲੀ ਵੀ, ਜਿਹੜੀ ਬੁੱਢੀ ਨੇ ਆਲੂਆਂ ਦੇ ਛਿਲਕਿਆਂ ਨਾਲੋਂ ਸਟਾਰਚ ਲਾਹ ਕੇ ਬਣਾਈ ਸੀ । ਕੁੜੀ ਥੱਕੀ-ਟੁੱਟੀ ਤੇ ਪੀਲ਼ੀ ਪਈ ਹੋਈ ਘਰ ਆਈ। ਉਸਨੇ ਜਿਵੇਂ ਆਪਣੇ ਆਪ ਨੂੰ ਮੂੰਹ-ਹੱਥ ਧੋਣ ਤੇ ਕੱਪੜੇ ਬਦਲਣ ਲਈ ਮਜ਼ਬੂਰ ਕੀਤਾ। ਜਲਦੀ ਜਲਦੀ ਪਹਿਲਾਂ ਕੋਰਸ ਤੇ ਦੂਜਾ ਕੋਰਸ ਖਾ ਕੇ ਉਹ ਪੁਰਾਣੀ, ਜਾਦੂਈ ਅਰਾਮ ਕੁਰਸੀ ਉੱਤੇ ਨਿੱਸਲ ਹੋ ਕੇ ਬੈਠ ਗਈ, ਜਿਹੜੀ ਇੰਝ ਲੱਗਦਾ ਸੀ ਕਿ ਆਪਣੀਆਂ ਮਿਹਰਬਾਨ ਮਖਮਲੀ ਬਾਹਵਾਂ ਨਾਲ ਕਿਸੇ ਪੁਰਾਣੇ ਮਿੱਤਰ ਵਾਂਗ ਬੰਦੇ ਨੂੰ ਗਲਵਕੜੀ ਵਿੱਚ ਲੈ ਲੈਂਦੀ ਹੈ ਤੇ ਉਸਦੇ ਕੰਨਾਂ ਵਿੱਚ ਮਿੱਠੇ ਮਿੱਠੇ ਸੁਪਨੇ ਫੂਕਣ ਲੱਗ ਪੈਂਦੀ ਹੈ, ਤੇ ਉਥੇ ਉਹ ਕਾਰੀਗਰੀ ਨਾਲ ਬਣਾਈ ਗਈ ਜੈਲੀ ਦੀ ਉਡੀਕ ਕੀਤੇ ਬਿਨਾਂ, ਜਿਹੜੀ ਵਗਦੇ ਪਾਣੀ ਹੇਠ ਡੱਬੇ ਹੇਠਾਂ ਰੱਖ ਕੇ ਠੰਡੀ ਕੀਤੀ ਜਾ ਰਹੀ ਸੀ, ਉਂਘਲਾਉਣ ਲੱਗ ਪਈ ।
ਜਦੋਂ ਜ਼ਰਾ ਕੁ ਨੀਂਦ ਲੈ ਲੈਣ ਪਿੱਛੋਂ, ਉਸਨੇ ਅੱਖਾਂ ਖੋਹਲੀਆਂ, ਤਾਂ ਸ਼ਾਮ ਦੇ ਦੁਧੀਆ ਪ੍ਰਛਾਵੇਂ ਪਹਿਲਾਂ ਹੀ ਛੋਟੇ ਜਿਹੇ ਤੇ ਹੁਣ ਸਾਫ਼ ਸੁਥਰੇ ਕਮਰੇ ਨੂੰ ਭਰ ਰਹੇ ਸਨ, ਜਿਹੜਾ ਅਰਾਮਦਿਹ ਪੁਰਾਣੇ ਫ਼ਰਨੀਚਰ ਨਾਲ ਏਨਾ ਤੁਸਿਆ ਪਿਆ ਸੀ । ਖਾਣੇ ਦੇ ਮੇਜ਼ ਕੋਲ, ਪੁਰਾਣੇ ਲੈਂਪ ਸ਼ੇਡ ਦੇ ਹੇਠਾਂ ਅਲੈਕਸੇਈ ਆਪਣੇ ਸਿਰ ਨੂੰ ਹੱਥਾਂ ਵਿੱਚ ਫੜੀ ਬੈਠਾ ਸੀ । ਉਹ ਸਿਰ ਨੂੰ ਇੰਝ ਜ਼ੋਰ ਜ਼ੋਰ ਦੀ ਘੁੱਟ ਰਿਹਾ ਸੀ, ਜਿਵੇਂ ਕਿ ਉਹ ਇਸਨੂੰ ਫੇਹ ਦੇਣਾ ਚਾਹੁੰਦਾ ਹੋਵੇ | ਅਨਿਊਤਾ ਨੂੰ ਉਸਦਾ ਚਿਹਰਾ ਨਹੀਂ ਦਿਖਾਈ ਦੇਂਦਾ, ਪਰ ਜਿਸ ਤਰ੍ਹਾਂ ਨਾਲ ਉਹ ਬੈਠਾ ਸੀ । ਉਸਤੋਂ ਇਹ ਪ੍ਰਤੱਖ ਸੀ ਕਿ ਉਹ ਨਿਰਾਸ਼ਾ ਵਿੱਚ ਪੂਰੀ ਤਰ੍ਹਾਂ ਡੁੱਬਾ ਹੋਇਆ ਹੈ, ਤੇ ਇਸ ਤਗੜੇ ਤੇ ਸਿਰੜੀ ਆਦਮੀ ਲਈ ਹਮਦਰਦੀ ਨਾਲ ਉਸਦਾ ਦਿਲ ਉਛਾਲੇ ਖਾਣ ਲੱਗਾ। ਉਹ ਉੱਠੀ, ਹੌਲ਼ੀ ਹੌਲ਼ੀ ਪੈਰ ਧਰਦੀ ਉਸ ਵੱਲ ਗਈ, ਉਸਦਾ ਵੱਡਾ ਸਾਰਾ ਸਿਰ ਆਪਣੇ ਹੱਥਾਂ ਵਿੱਚ ਲਿਆ, ਇਸਨੂੰ ਥਪਕਣ ਲੱਗੀ, ਤੇ ਆਪਣੀਆਂ ਉਂਗਲਾਂ ਉਸਦੇ ਖਰ੍ਹਵੇਂ ਵਾਲਾਂ ਵਿੱਚ ਫੇਰਨ ਲੱਗੀ। ਉਸਨੇ ਉਸਦਾ ਹੱਥ ਫੜ ਲਿਆ, ਹਥੇਲੀ ਉੱਤੇ ਚੁੰਮਣ ਦਿੱਤਾ,
ਉਛਲਿਆ, ਖੁਸ਼ ਖੁਸ਼ ਤੇ ਮੁਸਕਾਉਂਦਾ ਹੋਇਆ ਕੂਕਿਆ:
“ਤੇ ਕਰੈਨਬੈਰੀ ਜੈਲੀ ਨਹੀਂ ਖਾਣੀ? ਕਿਆ ਕੁੜੀ ਏ! ਤੇ ਇਥੇ ਮਿਹਨਤਾਂ ਕਰਦਾ ਰਹਿ ਗਿਆ, ਜੈਲੀ ਨੂੰ ਪਾਣੀ ਹੇਠ ਧਰ ਦਿੱਤਾ ਕਿ ਠੰਡੀ ਹੋ ਜਾਏ, ਤੇ ਇਹ ਜਾ ਕੇ ਸੌਂ ਗਈ।
ਕਿਹੜਾ ਬਾਵਰਚੀ ਹੈ ਜਿਹੜਾ ਇਹੋ ਜਿਹੀ ਚੀਜ਼ ਬਰਦਾਸ਼ਤ ਕਰੇਗਾ?”
ਉਹਨਾਂ ਦੋਹਾਂ ਨੇ ਇੱਕ ਇੱਕ ਪਲੇਟ ਇਸ ਉੱਚੇ ਦਰਜੇ ਦੀ ਜੈਲੀ ਖਾਧੀ, ਜਿਹੜੀ ਸਿਰਕੇ ਵਾਂਗ ਖੱਟੀ ਸੀ, ਹਰ ਵਿਸ਼ੇ ਬਾਰੇ ਗੱਪਾਂ ਮਾਰਦੇ ਰਹੇ ਸਿਵਾਏ, ਜਿਵੇਂ ਕਿ ਸਾਂਝੇ ਸਮਝੌਤੇ ਨਾਲ, ਦੋ ਵਿਸ਼ਿਆ ਬਾਰੇ-ਗਵੋਜ਼ਦਿਓਵ ਬਾਰੇ, ਤੇ ਖ਼ੁਦ ਅਲੈਕਸੇਈ ਦੇ ਮਾਮਲਿਆਂ ਬਾਰੇ । ਫਿਰ ਉਹ ਆਪਣੇ ਆਪਣੇ ਸੌਣ ਲਈ ਮੰਜੇ ਠੀਕ-ਠਾਕ ਕਰਨ ਲੱਗ ਪਏ। ਅਨਿਊਤਾ ਬਾਹਰ ਚਲੀ ਗਈ ਤੇ ਉਡੀਕਦੀ ਰਹੀ ਜਦੋਂ ਤੱਕ ਉਸਨੇ ਅਲੈਕਸੇਈ ਦੇ ਬਣਾਵਟੀ ਪੈਰਾਂ ਦੀ ਠੱਕ ਕਰਕੇ ਫਰਸ਼ ਉੱਤੇ ਡਿੱਗਣ ਦੀ ਅਵਾਜ਼ ਨਾ ਸੁਣ ਲਈ, ਫਿਰ ਅੰਦਰ ਆਈ, ਬੱਤੀ ਬੁਝਾ ਦਿੱਤੀ, ਕੱਪੜੇ ਉਤਾਰੇ ਤੇ ਬਿਸਤਰੇ ਉੱਤੇ ਲੇਟ ਲਈ। ਕਮਰੇ ਵਿੱਚ ਹਨੇਰਾ ਸੀ, ਪਰ ਚਾਦਰਾਂ ਦੀ ਸਰ-ਸਰ ਤੇ ਮੰਜੇ ਦੇ ਸਪਰਿੰਗਾ ਦੀ ਚੀਂ-ਚੀਂ ਤੋਂ ਉਹ ਜਾਣਦੀ ਸੀ ਕਿ ਉਹ ਜਾਗ ਰਿਹਾ ਹੈ। ਆਖ਼ਰ ਅਨਿਊਤਾ ਪੁੱਛੇ ਬਿਨ੍ਹਾਂ ਨਾ ਰਹਿ ਸਕੀ:
“ਅਲਿਓਸ਼ਾ, ਨੀਂਦ ਨਹੀਂ ਆ ਰਹੀ?”
“ठगें।”
“ਸੋਚਾਂ ਤੰਗ ਕਰ ਰਹੀਐਂ?”
“ਹਾਂ! ਤੇ ਤੁਹਾਨੂੰ ?”
“ਮੈਨੂੰ ਵੀ।”
ਉਹ ਮੁੜ ਕੇ ਚੁੱਪ ਕਰ ਗਏ । ਬਾਰੀ ਤੋਂ ਬਾਹਰ ਟਰਾਮ ਦੀ ਕਰੀਚਵੀਂ ਅਵਾਜ਼ ਸੁਣਾਈ ਦਿੱਤੀ ਜਿਵੇਂ ਕਿ ਇਹ ਮੋੜ ਕੱਟ ਰਹੀ ਹੋਵੇ। ਇਸਦੇ ਉੱਪਰ ਤਾਰਾਂ ਤੋਂ ਨਿੱਕਲੇ ਨੀਲ਼ੇ ਜਿਹੇ ਚੰਗਿਆੜੇ ਨੇ ਘੜੀ ਪਲ ਲਈ ਕਮਰੇ ਨੂੰ ਰੁਸ਼ਨਾ ਦਿੱਤਾ, ਤੇ ਇਸ ਅੱਖ ਪਲਕਾਰੇ ਵਿੱਚ ਦੋਹਾਂ ਨੇ ਇੱਕ ਦੂਜੇ ਦੇ ਚਿਹਰੇ ਦੇਖੇ। ਦੋਵੇਂ ਹੀ ਅੱਖਾਂ ਖੋਹਲੀ ਪਏ ਸਨ ।
ਅਲੈਕਸੇਈ ਨੇ ਉਸ ਦਿਨ ਅਨਿਊਤਾ ਨੂੰ ਆਪਣੇ ਦੌਰਿਆਂ ਦੇ ਸਿੱਟਿਆਂ ਬਾਰੇ ਇੱਕ ਲਫ਼ਜ਼ ਨਾ ਕਿਹਾ, ਤੇ ਉਹ ਸਮਝ ਗਈ ਕਿ ਮਾਮਲੇ ਉਸਦੇ ਮਾੜੇ ਚੱਲ ਰਹੇ ਹਨ, ਕੀ ਪਤਾ ਇਸ ਅਜਿੱਤ ਰੂਹ ਵਿੱਚ ਆਸ ਦੀ ਕਿਰਨ ਪਹਿਲਾਂ ਹੀ ਖ਼ਤਮ ਹੋ ਚੁੱਕੀ ਹੈ। ਆਪਣੇ ਔਰਤਾਂ ਵਾਲੀ ਅੰਤਰ-ਦ੍ਰਿਸ਼ਟੀ ਨਾਲ ਉਸਨੇ ਅੰਦਾਜ਼ਾ ਲਾ ਲਿਆ ਕਿ ਇਸ ਆਦਮੀ ਉੱਤੇ ਇਸ ਵੇਲੇ ਕੈਸੀ ਬੀਤ ਰਹੀ ਹੋਵੇਗੀ ਤੇ ਇਹ ਵੀ ਸਮਝ ਗਈ ਕਿ ਇਸ ਵੇਲੇ ਇਸਨੂੰ ਹਮਦਰਦੀ ਦਾ ਇੱਕ ਲਫ਼ਜ਼ ਵੀ ਕਹਿਣਾ ਇਸਦੇ ਦੁੱਖ ਨੂੰ ਵਧਾ ਦੇਵੇਗਾ ਤੇ ਇਸਦੇ ਅਹਿਸਾਸਾਂ ਨੂੰ ਠੇਸ ਲਾਏਗਾ।
ਉਧਰ ਉਹ ਸਿੱਧਾ ਪਿਆ, ਆਪਣੇ ਦੋਹਾਂ ਹੱਥਾਂ ਉੱਤੇ ਸਿਰ ਟਿਕਾਈ, ਆਪਣੇ ਮੰਜੇ ਤੋਂ ਕੁਝ ਹੀ ਕਦਮਾਂ ਦੀ ਵਿੱਥ ਉੱਤੇ ਮੰਜੇ ਉੱਪਰ ਪਈ ਸੋਹਣੀ ਕੁੜੀ ਬਾਰੇ, ਆਪਣੇ ਦੋਸਤ, ਸ਼ਾਨਦਾਰ, ਚੰਗੇ ਸਾਥੀ ਦੀ ਮਹਿਬੂਬ ਬਾਰੇ ਸੋਚ ਰਿਹਾ ਸੀ । ਉਸ ਤੱਕ ਪੁੱਜਣ ਲਈ ਉਸਨੂੰ ਹਨੇਰੇ ਕਮਰੇ ਵਿੱਚ ਸਿਰਫ ਦੋ ਤਿੰਨ ਕਦਮ ਪੁੱਟਣ ਦੀ ਲੋੜ ਸੀ; ਪਰ ਦੁਨੀਆਂ ਵਿੱਚ ਕਿਸੇ ਚੀਜ਼ ਦੀ ਖਾਤਰ ਵੀ ਉਹ ਇਹ ਦੋ ਤਿੰਨ ਕਦਮ ਪੁੱਟਣ ਲਈ ਤਿਆਰ ਨਹੀਂ ਸੀ, ਜਿਵੇਂ ਕਿ ਉਸਨੂੰ ਸ਼ਰਨ ਦੇਣ ਵਾਲੀ ਇਹ ਕੁੜੀ, ਜਿਸਨੂੰ ਉਹ ਬਹੁਤ ਘੱਟ ਜਾਣਦਾ ਸੀ, ਉਸਦੀ ਆਪਣੀ ਭੈਣ ਹੋਵੇ । ਉਸਨੂੰ ਖਿਆਲ ਆਇਆ ਕਿ ਮੇਜਰ ਸਤਰੂਚਕੋਵ ਯਕੀਨਨ ਉਸਨੂੰ ਲਾਅਣਤਾਂ ਪਾਏਗਾ, ਸ਼ਾਇਦ ਉਸਦਾ ਯਕੀਨ ਵੀ ਨਹੀਂ ਕਰੇਗਾ। ਪਰ ਤਾਂ, ਕੌਣ ਜਾਣੇ, ਹੋ ਸਕਦਾ ਹੈ ਹੁਣ ਤੱਕ ਉਹ ਉਸਨੂੰ ਹੋਰ ਕਿਸੇ ਨਾਲੋਂ ਵੀ ਵਧੇਰੇ ਚੰਗੀ ਤਰ੍ਹਾਂ ਸਮਝਣ ਲੱਗ ਪਿਆ ਹੋਵੇ । ਤੇ ਅਨਿਊਤਾ ਕਿਆ ਸ਼ਾਨਦਾਰ ਕੁੜੀ ਹੈ । ਤੇ ਵਿਚਾਰੀ, ਕਿੰਨਾਂ ਥੱਕ ਜਾਂਦੀ ਹੈ, ਪਰ ਤਾਂ ਵੀ ਉਹ ਨਿਕਾਸੀ ਹਸਪਤਾਲ ਵਿਚਲੇ ਆਪਣੇ ਕੰਮ ਨੂੰ ਕਿੰਨਾਂ ਉਤਸਾਹ ਨਾਲ ਲੈਂਦੀ ਹੈ।
“ਅਲਿਓਸ਼ਾ!” ਅਨਿਊਤਾ ਨੇ ਹੌਲ਼ੀ ਜਿਹੀ ਅਵਾਜ਼ ਦਿੱਤੀ।
ਮਰੇਸੇਯੇਵ ਦੇ ਕਾਊਚ ਤੇ ਬਾਕਾਇਦਾ ਇਕਸਾਰ ਸਾਹ ਵੀ ਅਵਾਜ਼ ਆ ਰਹੀ ਸੀ। ਪਾਇਲਟ ਸੌਂ ਗਿਆ ਸੀ । ਕੁੜੀ ਮੰਜੇ ਤੋ ਉਠੀ, ਹੌਲ਼ੀ ਹੌਲ਼ੀ ਆਪਣੇ ਨੰਗੇ ਪੈਰਾਂ ਨਾਲ ਕਦਮ ਪੁੱਟਦੀ ਹੋਈ ਉਸਦੇ ਮੰਜੇ ਤੱਕ ਗਈ, ਤੇ ਬਿਲਕੁਲ ਜਿਵੇਂ ਕਿ ਉਹ ਛੋਟਾ ਜਿਹਾ ਬੱਚਾ ਹੋਵੇ, ਉਸਦਾ ਸਿਰਹਾਣਾ ਸਿੱਧਾ ਕੀਤਾ ਤੇ ਕੰਬਲ ਉਸਦੇ ਆਸੇ ਪਾਸੇ ਨੱਪ ਦਿੱਤਾ।
7
ਮਰੇਸੇਯੇਵ ਨੂੰ ਕਮਿਸ਼ਨ ਵਾਲਿਆਂ ਨੇ ਸਭ ਤੋਂ ਪਹਿਲਾਂ ਬੁਲਾਇਆ। ਪਹਿਲੇ ਰੈਂਕ ਦਾ ਫ਼ੌਜੀ ਸਰਜਨ, ਭਾਰੀ ਭਰਕਮ, ਫੁੱਲੇ ਸਰੀਰ ਵਾਲ਼ਾ, ਜਿਹੜਾ ਆਖ਼ਰ ਆਪਣੇ ਮਿਸ਼ਨ ਤੋਂ ਮੁੜ ਆਇਆ ਸੀ, ਫਿਰ ਪ੍ਰਧਾਨਗੀ ਕਰ ਰਿਹਾ ਸੀ । ਉਸਨੇ ਅਲੈਕਸੇਈ ਨੂੰ ਇੱਕਦਮ ਪਛਾਣ ਲਿਆ, ਸਗੋਂ ਉਸਦਾ ਸੁਆਗਤ ਕਰਨ ਲਈ ਮੇਜ਼ ਤੋਂ ਉੱਠ ਕੇ ਉਸ ਵੱਲ ਆਇਆ। “ਕਿਉਂ, ਨਹੀਂ ਲੈਂਦੇ ? ਹਾਂ, ਪਿਆਰੇ, ਤੁਹਾਡਾ ਮਸਲਾ ਕੁਝ ਟੇਢਾ ਹੈ। ਮਤਲਬ ਕੀ ਕਿ ਕਨੂੰਨ ਤੋਂ ਲਾਂਭੇ ਜਾਣਾ ਜ਼ਰੂਰੀ ਹੈ। ਤੇ ਕਨੂੰਨ ਨੂੰ ਕਿਵੇਂ ਕੋਈ ਟੱਪ ਸਕਦੈ?” ਉਸਨੇ ਸਦਭਾਵਨਾ ਨਾਲ, ਹਮਦਰਦੀ ਦਿਖਾਉਂਦਿਆਂ ਕਿਹਾ।
ਅਲੈਕਸੇਈ ਦਾ ਨਿਰੀਖਣ ਕਰਨ ਦੀ ਵੀ ਕਮਿਸ਼ਨ ਨੇ ਤਕਲੀਫ਼ ਨਾ ਕੀਤੀ। ਫ਼ੌਜੀ ਸਰਜਨ ਨੇ ਉਸਦੀ ਅਰਜੀ ਉੱਤੇ ਲਾਲ ਪੈਨਸਿਲ ਨਾਲ ਲਿਖ ਦਿੱਤਾ: “ਅਮਲਾ ਵਿਭਾਗ।
ਮੇਰੇ ਖਿਆਲ ਵਿੱਚ ਅਜ਼ਮਾਇਸ਼ ਲਈ ਵਾਯੂ ਸੈਨਾ ਸਿਖਲਾਈ ਸਕੂਲ ਵਿੱਚ ਭੇਜਣਾ ਸੰਭਵ ਹੈ।” ਇਹ ਕਾਗਜ਼ ਲੈ ਕੇ ਅਲੈਕਸੇਈ ਸਿੱਧਾ ਅਮਲਾ ਵਿਭਾਗ ਦੇ ਮੁਖੀ ਵੱਲ ਗਿਆ। ਉਸਨੂੰ ਜਰਨੈਲ ਨਾਲ ਮਿਲਣ ਦੀ ਆਗਿਆ ਨਾ ਦਿੱਤੀ ਗਈ । ਮਰੇਸੇਯੇਵ ਭੜਕ ਹੀ ਪੈਣ ਲੱਗਾ ਸੀ, ਪਰ ਜਰਨੈਲ ਦਾ ਆਜੀਟਨ, ਜਿਹੜਾ ਗਠੇ ਹੋਏ ਸਰੀਰ ਤੇ ਕਾਲੀਆਂ ਮੁੱਛਾਂ ਵਾਲ਼ਾ ਨੌਜਵਾਨ ਕਪਤਾਨ ਸੀ, ਏਨਾਂ ਖੁਸ਼ਦਿਲ, ਸਦਭਾਵੀ, ਦੋਸਤਾਨਾ ਚਿਹਰੇ ਵਾਲ਼ਾ ਸੀ ਕਿ ਭਾਵੇਂ ਮਰੇਸੇਯੇਵ, ਜਿਵੇਂ ਕਿ ਉਹ ਕਹਿੰਦਾ ਹੁੰਦਾ ਸੀ, ਇਹਨਾਂ “ਮਹਾਂ ਫ਼ਰਿਸ਼ਤਿਆਂ” ਦੀ ਸੂਰਤ ਦੇਖਣਾ ਨਹੀਂ ਸੀ ਬਰਦਾਸ਼ਤ ਕਰ ਸਕਦਾ, ਉਹ ਉਸਦੇ ਮੇਜ਼ ਕੋਲ ਬੈਠ ਗਿਆ ਤੇ ਆਪਣੀ ਕਹਾਣੀ ਸੁਨਾਉਣ ਲੱਗ ਪਿਆ, ਜਿਸ ਚੀਜ਼ ਦੀ ਕਿ ਉਸਨੂੰ ਆਪ ਨੂੰ ਵੀ ਆਸ ਨਹੀਂ ਸੀ । ਟੈਲੀਫੂਨ ਦੀਆਂ ਘੰਟੀਆਂ ਅਕਸਰ ਉਸਦੀ ਕਹਾਣੀ ਨੂੰ ਰੋਕ ਦਿੰਦੀਆਂ। ਕਪਤਾਨ ਨੂੰ ਉਸ ਕੋਲ਼ੋਂ ਉਠ ਕੇ ਕਿਸੇ ਕੰਮ ਆਪਣੇ ਮੁਖੀ ਦੇ ਕਮਰੇ ਵਿੱਚ ਜਾਣਾ ਪੈ ਗਿਆ । ਪਰ ਵਾਪਸ ਆ ਕੇ ਉਹ ਅਲੈਕਸੇਈ ਦੇ ਸਾਮ੍ਹਣੇ ਬੈਠ ਗਿਆ ਤੇ ਆਪਣੀ ਭੋਲੀਆਂ ਭਾਲੀਆਂ, ਬੱਚਿਆਂ ਵਰਗੀਆਂ ਅੱਖਾਂ ਨਾਲ, ਜਿਨਾਂ ਵਿੱਚ ਉਤਸੁਕਤਾ ਵੀ ਸੀ ਤੇ ਪ੍ਰਸ਼ੰਸਾ ਵੀ, ਤੇ ਬੇਵਿਸ਼ਵਾਸੀ ਵੀ, ਉਸ ਵੱਲ ਦੇਖਦਾ ਹੋਇਆ ਕਾਹਲੀ ਨਾਲ ਬੋਲਿਆ:
“ਅੱਛਾ, ਤਾਂ ਫਿਰ ਅੱਗੋਂ ਕੀ ਹੋਇਆ?” ਜਾਂ ਉਹ ਹੱਥ ਮਾਰਦਾ ਤੇ ਹੈਰਾਨ ਹੋਇਆ ਹੋਇਆ ਪੁੱਛਣ ਲੱਗ ਪੈਂਦਾ: ‘ਸੱਚ ? ਓ ਪ੍ਰਮਾਤਮਾ। ਝੂਠ ਤੇ ਨਹੀਂ ਬੋਲਦਾ ? ਹਾਂ, ਚਲੋ मॅहा!”
ਜਦੋਂ ਅਲੈਕਸੇਈ ਨੇ ਉਸਨੂੰ ਆਪਣੀ ਦਫ਼ਤਰਾਂ ਦੇ ਚੱਕਰ ਲਾਉਣ ਦੀ ਕਹਾਣੀ ਦੱਸੀ ਤਾਂ ਕਪਤਾਨ, ਜਿਹੜਾ ਆਪਣੀ ਨੌਜਵਾਨ ਦਿੱਖ ਦੇ ਬਾਵਜੂਦ ਸਰਕਾਰੀ ਮਸ਼ੀਨਰੀ ਦੀਆਂ ਗੁੰਝਲਾਂ ਸਮਝਣ ਵਿੱਚ ਮਾਹਰ ਲੱਗਦਾ ਸੀ, ਗੁੱਸੇ ਨਾਲ ਕਹਿ ਉਠਿਆ:
“ਸ਼ੈਤਾਨ ਨਾ ਹੋਣ ਤਾਂ ! ਉਹਨਾਂ ਨੂੰ ਕੋਈ ਹੱਕ ਨਹੀਂ ਸੀ ਤੁਹਾਨੂੰ ਇੰਝ ਭਜਾਈ ਫਿਰਨ ਦਾ । ਤੂੰ ਸ਼ਾਨਦਾਰ, ਖ਼ੈਰ, ਮੈਨੂੰ ਤਾਂ ਸਿਰਫ ਪਤਾ ਨਹੀਂ ਲੱਗ ਰਿਹਾ ਕਿਵੇਂ ਕਹਾਂ, ਖ਼ੈਰ, ਤੂੰ ਇੱਕ ਅਸਧਾਰਨ ਆਦਮੀ ਏ!… ਪਰ ਤਾਂ ਵੀ ਉਹ ਵੀ ਠੀਕ ਨੇ: ਪੈਰਾਂ ਤੋਂ ਬਿਨਾਂ ਬੰਦੇ ਹਵਾਈ ਜਹਾਜ਼ ਨਹੀਂ ਉਡਾਉਂਦੇ ।”
“ਉਡਾਉਂਦੇ ਨੇ । ਆਹ ਦੇਖੋ, “ਤੇ ਮਰੇਸੇਯੇਵ ਨੇ ਅਖ਼ਬਾਰੀ ਕਾਤਰ, ਫ਼ੌਜੀ ਸਰਜਨ ਦੀ ਰਾਏ ਤੇ ਅਮਲਾ ਵਿਭਾਗ ਵੱਲ ਉਸਦੀ ਸਿਫਾਰਸ਼ ਉਸਦੇ ਸਾਮ੍ਹਣੇ ਰੱਖ ਦਿੱਤੀ।
“ਪਰ ਬਿਨਾਂ ਪੈਰਾਂ ਦੇ ਤੂੰ ਕਿਵੇਂ ਜਹਾਜ਼ ਉਡਾਏਂਗਾ? ਤੂੰ ਅਜੀਬ ਆਦਮੀ ਹੈ! ਤੂੰ ਸੁਣਿਆ ਨਹੀਂ ਹੋਇਆ: ਪੈਰਾਂ ਤੋਂ ਸੱਖਣੇ ਆਦਮੀ ਤੋਂ ਨਾਚ ਕਰਨ ਦੀ ਆਸ ਨਹੀਂ ਰੱਖੀ ਜਾ ਸਕਦੀ ।”
ਜੇ ਕਿਸੇ ਹੋਰ ਬੰਦੇ ਨੇ ਇਹ ਗੱਲ ਕਹੀ ਹੁੰਦੀ, ਤਾਂ ਮਰੇਸੇਯੇਵ ਯਕੀਨਨ ਬੁਰਾ ਮਨਾਉਂਦਾ, ਤੇ ਹੋ ਸਕਦਾ ਹੈ ਲੋਹਾ ਲਾਖਾ ਹੋ ਜਾਂਦਾ ਤੇ ਕੋਈ ਗੁਸਤਾਖ ਗੱਲ ਕਰ ਬੈਠਦਾ; ਪਰ ਕਪਤਾਨ ਦੇ ਚਿਹਰੇ ਤੋਂ ਇਹੋ ਜਿਹੀ ਸਦਭਾਵਨਾ ਟਪਕ ਰਹੀ ਸੀ ਕਿ ਅਲੈਕਸੇਈ ਭੁੜਕ ਪਿਆ ਤੇ ਮੁੰਡਿਆਂ ਖੁੰਡਿਆਂ ਵਾਲ਼ੇ ਜੋਸ਼ ਨਾਲ ਕੂਕਿਆ:
“ਆਸ ਨਹੀਂ ਰੱਖੀ ਜਾ ਸਕਦੀ?” ਤੇ ਇੱਕਦਮ ਕਮਰੇ ਦੇ ਵਿਚਕਾਰ ਜਾ ਕੇ ਨੱਚਣ ਲੱਗ ਪਿਆ।
ਕਪਤਾਨ ਨੇ ਕੁਝ ਦੇਰ ਪ੍ਰਸ਼ੰਸਾ ਭਰੀਆਂ ਨਜ਼ਰਾਂ ਨਾਲ ਅਲੈਕਸੇਈ ਵੱਲ ਦੇਖਿਆ ਤੇ ਫਿਰ ਉੱਛਲ ਪਿਆ ਤੇ ਬਿਨਾਂ ਇੱਕ ਵੀ ਲਫ਼ਜ਼ ਕਿਹਾ ਉਸਨੇ ਅਲੈਕਸੇਈ ਦੇ ਕਾਗਜ਼ ਫੜੇ ਆਪਣੇ ਮੁਖੀ ਦੇ ਦਫ਼ਤਰ ਦੇ ਦਰਵਾਜ਼ਿਆਂ ਪਿੱਛੇ ਲੋਪ ਹੋ ਗਿਆ।
ਉਥੋਂ ਉਹ ਕਾਫੀ ਦੇਰ ਬਾਹਰ ਨਾ ਆਇਆ। ਕਮਰੇ ਦੇ ਅੰਦਰੋਂ ਆਉਂਦੀ ਗੱਲਬਾਤ ਦੀ ਹਲਕੀ ਹਲਕੀ ਅਵਾਜ਼ ਸੁਣਦਿਆਂ, ਅਲੈਕਸੇਈ ਨੇ ਮਹਿਸੂਸ ਕੀਤਾ ਜਿਵੇਂ ਉਸਦਾ ਸਾਰਾ ਸਰੀਰ ਤਣ ਗਿਆ ਹੋਵੇ, ਤੇ ਉਸਦਾ ਦਿਲ ਬਹੁਤ ਤੇਜ਼ ਤੇਜ਼ ਤੇ ਪੀੜ ਨਾਲ ਧਕ ਧਕ ਕਰ ਰਿਹਾ ਹੋਵੇ, ਜਿਵੇਂ ਉਹ ਕਿਸੇ ਬਹੁਤ ਤੇਜ਼ ਚਾਲ ਮਸ਼ੀਨ ਉੱਤੇ ਢਲਾਣ ਉੱਪਰੋਂ ਹੇਠਾਂ ਨੂੰ ਜਾ ਰਿਹਾ ਹੋਵੇ।
ਕਪਤਾਨ ਕਮਰੇ ਵਿੱਚੋਂ ਆ ਗਿਆ; ਉਸਦੇ ਮੂੰਹ ਉੱਤੇ ਸੰਤੁਸ਼ਟ ਮੁਸਕਾਣ ਸੀ।
“ਸੋ ਗੱਲ ਇਹ ਹੈ,” ਉਹ ਬੋਲਿਆ। “ਬੇਸ਼ਕ, ਜਰਨੈਲ ਇਸ ਬਾਰੇ ਸੁਨਣ ਨੂੰ ਤਿਆਰ ਨਹੀਂ ਕਿ ਤੈਨੂੰ ਪਾਇਲਟਾਂ ਵਿੱਚ ਭੇਜ ਦਿੱਤਾ ਜਾਏ । ਪਰ ਉਸਨੇ ਇਹ ਲਿਖ ਦਿੱਤਾ ਹੈ:” ਹਵਾਈ ਅੱਡੇ ਦੀ ਸੰਭਾਲ ਸੇਵਾ ਵਿੱਚ ਭੇਜ ਦਿੱਤਾ ਜਾਏ, ਤੇ ਰਾਸ਼ਨ ਤੇ ਤਨਖਾਹ ਵਿੱਚ ਕਮੀ ਨਾ ਕੀਤੀ ਜਾਏ ।’ ਸੋ, ਸਮਝੋ? ਬਿਨਾਂ”
ਅਲੈਕਸੇਈ ਦੇ ਮੂੰਹ ਉੱਤੇ ਖੁਸ਼ੀ ਦੀ ਥਾਂ ਰੋਹ ਦੇਖ ਕੇ ਕਪਤਾਨ ਹੈਰਾਨ ਹੋ ਗਿਆ।
“ਹਵਾਈ ਅੱਡੇ ਦੀ ਸੰਭਾਲ ਸੇਵਾ ਵਿੱਚ? ਕਦੀ ਵੀ ਨਹੀਂ! ਤੁਸੀਂ ਸਾਰੇ ਇੱਕ ਗੱਲ ਕਿਉਂ ਨਹੀਂ ਸਮਝਦੇ ਹੋ ? ਮੈਂ ਰਾਸ਼ਨ ਪਿੱਛੇ, ਤਨਖਾਹ ਪਿੱਛੇ ਨਹੀਂ ਭੱਜਾ ਫਿਰਦਾ । ਮੈਂ ਪਾਇਲਟ ਹਾਂ ਸਮਝਦੇ ਹੋ ? ਮੈਂ ਉਡਣਾ, ਲੜਾਈ ਵਿੱਚ ਜਾਣਾ ਚਾਹੁੰਦਾ ਹਾਂ । ਇਹ ਗੱਲ ਕਿਉਂ ਨਹੀਂ ਕਿਸੇ ਦੀ ਸਮਝ ਆਉਂਦੀ ਇਸ ਨਾਲ਼ੋਂ ਸੌਖੀ ਗੱਲ ਵੀ ਕੋਈ ਹੋ ਸਕਦੀ ਹੈ ?…
ਕਪਤਾਨ ਨੂੰ ਸਮਝ ਨਹੀਂ ਸੀ ਆ ਰਹੀ। ਇਸਦੀ ਥਾਂ ਕੋਈ ਵੀ ਹੋਰ ਹੁੰਦਾ ਤਾਂ ਖੁਸ਼ੀ ਨਾਲ ਟੱਪਣ ਲੱਗ ਪੈਂਦਾ, ਪਰ ਆਦਮੀ ਸੀ ਕਿ ਬਿਲਕੁਲ ਅਜੀਬ ਆਦਮੀ ਹੈ ! ਪਰ ਇਹ ਅਜੀਬ ਆਦਮੀ ਕਪਤਾਨ ਨੂੰ ਹੋਰ ਵੀ ਚੰਗਾ ਲੱਗਣ ਲੱਗ ਪਿਆ। ਉਹ ਸੱਚੇ ਦਿਲੋਂ ਉਸ ਲਈ ਮਹਿਸੂਸ ਕਰਨ ਲੱਗਾ ਤੇ ਉਸਦੀ ਅਜੀਬ ਅਵਸਥਾ ਵਿੱਚ ਸੱਚਮੁਚ ਉਸਦੀ ਸਹਾਇਤਾ ਕਰਨਾ ਚਾਹੁੰਦਾ ਸੀ। ਇੱਕਦਮ ਉਸਨੂੰ ਇੱਕ ਫੁਰਨਾ ਫੁਰਿਆ। ਉਸਨੇ ਮਰੇਸੇਯੇਵ ਨੂੰ ਅੱਖ ਮਾਰੀ, ਆਪਣੀ ਉਂਗਲੀ ਨਾਲ ਉਸਨੂੰ ਇਸ਼ਾਰਾ ਕੀਤਾ ਤੇ, ਆਪਣੇ ਮੁਖੀ ਦੇ ਦਰਵਾਜ਼ੇ ਵੱਲ
ਦੇਖਦਿਆਂ, ਹੌਲ਼ੀ ਜਿਹੀ ਬੋਲਿਆ:
“ਜਰਨੈਲ ਜੋ ਕੁਝ ਕਰ ਸਕਦਾ ਸੀ, ਉਸਨੇ ਕਰ ਦਿੱਤਾ ਹੈ। ਇਸ ਤੋਂ ਜ਼ਿਆਦਾ ਉਸਦੇ ਵੱਸ ਵਿੱਚ ਨਹੀਂ। ਮੈਂ ਸਹੁੰ ਖਾ ਕੇ ਕਹਿੰਦਾ ਹਾਂ । ਜੇ ਉਸਨੇ ਤੈਨੂੰ ਪਾਇਲਟਾਂ ਵਿੱਚ ਭੇਜ ਦਿੱਤਾ, ਤਾਂ ਉਹ ਸਮਝਣਗੇ ਕਿ ਇਹ ਆਪ ਪਾਗ਼ਲ ਸੀ । ਤੂੰ ਸਿੱਧਾ ਸਾਡੇ ਵੱਡੇ ਮੁਖੀ ਕੋਲ ਜਾਹ, ਸਿਰਫ ਉਹ ਕੁਝ ਕਰ ਸਕਦਾ ਹੈ।”
ਅਲੈਕਸੇਈ ਦੇ ਨਵੇਂ ਦੋਸਤ ਨੇ ਉਸਨੂੰ ਪਾਸ ਲੈ ਦਿੱਤਾ, ਤੇ ਅੱਧੇ ਘੰਟੇ ਦੇ ਅੰਦਰ ਅੰਦਰ ਉਹ ਵੱਡੇ ਮੁਖੀ ਦੇ ਦਫ਼ਤਰ ਦੇ ਵੇਟਿੰਗ ਰੂਮ ਵਿੱਚ ਦਰੀਆਂ ਵਾਲੇ ਫ਼ਰਸ਼ ਉੱਤੇ ਉਤੇਜਿਤ ਹੋਇਆ ਹੋਇਆ ਫਿਰ ਤੁਰ ਰਿਹਾ ਸੀ । ਉਸਨੂੰ ਪਹਿਲਾਂ ਕਿਉਂ ਨਹੀਂ ਇਸਦਾ ਖਿਆਲ ਆਇਆ ? ਬੇਸ਼ਕ, ਇਹ ਸੀ ਥਾਂ ਜਿਥੇ ਉਸਨੂੰ ਬਿਨ੍ਹਾਂ ਜ਼ਰਾ ਵੀ ਸਮਾਂ ਜ਼ਾਇਆ ਕੀਤਿਆਂ ਇੱਕਦਮ ਆਉਣਾ ਚਾਹੀਦਾ ਸੀ । ਹੁਣ ਤਾਂ ਬਸ ਜਾਂ ਹੰਨੇ ਜਾਂ ਬੰਨੇ ਕਹਿੰਦੇ ਨੇ ਕਿ ਵੱਡਾ ਮੁਖੀ ਕਦੀ ਆਪਣੇ ਵੇਲੇ ਚੋਟੀ ਦਾ ਪਾਇਲਟ ਰਿਹਾ ਹੈ । ਉਹ ਤਾਂ ਜ਼ਰੂਰ ਸਮਝ ਜਾਏਗਾ! ਉਹ ਨਹੀਂ ਇੱਕ ਲੜਾਕਾ ਜਹਾਜ਼ ਦੇ ਪਾਇਲਟ ਨੂੰ ਹਵਾਈ ਅੱਡਾ ਸੰਭਾਲ ਸੇਵਾ ਵਿੱਚ ਭੇਜਣ ਲੱਗਾ।
ਸਵਾਗਤੀ ਕਮਰੇ ਵਿੱਚ ਕਿੰਨੇਂ ਸਾਰੇ ਜਰਨੈਲ ਤੇ ਕਰਨੈਲ ਬੈਠੇ ਸਨ । ਉਹ ਦਬੀ ਦਬੀ ਅਵਾਜ਼ ਵਿੱਚ ਗੱਲਾਂ ਕਰ ਰਹੇ ਸਨ, ਪ੍ਰਤੱਖ ਤੌਰ ਉੱਤੇ ਘਬਰਾਹਟ ਵਿੱਚ ਲੱਗਦੇ ਸਨ, ਬਹੁਤ ਜ਼ਿਆਦਾ ਸਿਗਰਟਾਂ ਪੀ ਰਹੇ ਸਨ, ਤੇ ਸਿਰਫ ਸੀਨੀਅਰ ਲੈਫ਼ਟੀਨੈਂਟ ਹੀ ਆਪਣੀ ਅਜੀਬ ਜਿਹੀ, ਉਛਲਵੀਂ ਚਾਲ ਨਾਲ ਇੱਧਰ ਉੱਧਰ ਫਿਰ ਰਿਹਾ ਸੀ। ਜਦੋਂ ਬਾਕੀ ਦੇ ਸਾਰੇ ਚਲੇ ਗਏ ਤੇ ਮਰੇਸੇਯੇਵ ਦੀ ਵਾਰੀ ਆਈ, ਤਾਂ ਉਹ ਤੇਜ਼ ਤੇਜ਼ ਕਦਮ ਪੁੱਟਦਾ ਉਸ ਮੇਜ਼ ਕੋਲ ਪੁੱਜਾ, ਜਿੱਥੇ ਗੋਲ, ਸੁਹਿਰਦ ਚਿਹਰੇ ਵਾਲ਼ਾ ਇੱਕ ਨੌਜਵਾਨ ਮੇਜਰ ਬੈਠਾ ਹੋਇਆ ਸੀ ।
“ਤੁਸੀਂ ਖ਼ੁਦ ਵੱਡੇ ਮੁਖੀ ਨੂੰ ਮਿਲਣਾ ਚਾਹੁੰਦੇ ਹੋ, ਸਾਥੀ ਸੀਨੀਅਰ ਲੈਫ਼ਟੀਨੈਂਟ ?”
“ਹਾਂ! ਉਹਨਾਂ ਨਾਲ ਮੈਂ ਕਿਸੇ ਨਿੱਜੀ, ਬੇਹੱਦ ਜ਼ਰੂਰੀ ਮਸਲੇ ਬਾਰੇ ਗੱਲ ਕਰਨੀ ਹੈ।” ਪਰ ਸ਼ਾਇਦ, ਤਾਂ ਵੀ ਤੁਸੀਂ ਆਪਣੇ ਮਸਲੇ ਬਾਰੇ ਪਹਿਲਾਂ ਮੈਨੂੰ ਜ਼ਰਾ ਕੁ ਦਸ ਦਿਉ ਤਾਂ ਚੰਗਾ ਨਾ ਹੋਵੇਗਾ? ਬੈਠੋ, ਬੈਠੋ ਨਾ! ਸਿਗਰਟ ਪੀਉਂਗੇ?” ਤੇ ਉਸਨੇ ਮਰੇਸੇਯੇਵ ਵੱਲ ਸਿਗਰਟ-ਕੇਸ ਵਧਾਇਆ।
ਅਲੈਕਸੇਈ ਸਿਗਰਟ ਨਹੀਂ ਸੀ ਪੀਂਦਾ, ਪਰ ਤਾਂ ਵੀ ਉਸਨੇ ਸਿਗਰਟ ਲੈ ਲਈ, ਇਸਨੂੰ ਆਪਣੀਆਂ ਉਂਗਲਾਂ, ਵਿੱਚ ਫੇਹਿਆ, ਮੇਜ਼ ਉੱਤੇ ਰੱਖ ਦਿੱਤਾ ਤੇ ਇੱਕਦਮ, ਜਿਵੇਂ ਕਪਤਾਨ ਨਾਲ ਕੀਤਾ ਸੀ, ਆਪਣੇ ਨਾਲ ਬੀਤੀਆਂ ਸਭ ਘਟਨਾਵਾਂ ਦੁਰਘਟਨਾਵਾਂ ਕਹਿ ਸੁਣਾਈਆਂ। ਇਸ ਦਿਨ ਉਸਨੇ “ਮਹਾਂ ਫਰਿਸ਼ਤਿਆਂ” ਬਾਰੇ, ਜਰਨੈਲਾਂ ਦੇ “ਗੁਸਲਖਾਨਿਆਂ ਦੀ ਡਿਊੜੀਆਂ” ਦੇ ਰਾਖਿਆ ਬਾਰੇ ਆਪਣੇ ਵਿਚਾਰ ਬਿਲਕੁਲ ਬਦਲ ਲਏ ਸਨ। ਮੇਜਰ ਉਸਦੀ ਕਹਾਣੀ ਨੂੰ ਏਨਾਂ ਸਲੀਕੇ ਕਾਰਨ ਨਹੀਂ, ਜਿੰਨਾਂ ਦੋਸਤਾਨਾਂ ਢੰਗ ਨਾਲ, ਹਮਦਰਦੀ ਨਾਲ ਤੇ ਧਿਆਨ ਨਾਲ ਸੁਣ ਰਿਹਾ ਸੀ । ਉਸਨੇ ਅਖ਼ਬਾਰੀ ਕਾਤਰ ਨੂੰ ਪੜ੍ਹਿਆ, ਤੇ ਫ਼ੌਜੀ ਸਰਜਨ ਦੀ ਰਾਏ ਵੀ ਪੜ੍ਹੀ। ਮੇਜਰ ਜੋ ਹਮਦਰਦੀ ਦਿਖਾ ਰਿਹਾ ਸੀ, ਉਸਤੋਂ ਉਤਸ਼ਾਹਤ ਹੁੰਦਿਆਂ ਮਰੇਸੇਯੇਵ ਭੁੜਕ ਕੇ ਉੱਠ ਖਲੋਤਾ ਤੇ ਇਹ ਭੁਲਦਿਆਂ ਹੋਇਆ ਕਿ ਉਹ ਕਿੱਥੇ ਖੜ੍ਹਾ ਹੈ, ਇੱਕਦਮ ਮੁੜਕੇ ਇਹ ਮੁਜ਼ਾਹਰਾ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਨੱਚ ਸਕਦਾ ਹੈ… ਤੇ ਇਸ ਤਰ੍ਹਾਂ ਕਰਦਾ ਉਹ ਆਪਣਾ ਕੰਮ ਵਿਗਾੜ ਹੀ ਲੈਣ ਲੱਗਾ ਸੀ । ਅੰਦਰਲੇ ਕਮਰੇ ਦਾ ਦਰਵਾਜ਼ਾ ਕਾਹਲੀ ਨਾਲ ਖੁੱਲ੍ਹਿਆ, ਤੇ ਅੰਦਰੋਂ ਇੱਕ ਉੱਚਾ ਲੰਮਾ, ਪਤਲਾ ਜਿਹਾ, ਕਾਲੇ ਵਾਲਾਂ ਵਾਲ਼ਾ ਆਦਮੀ ਨਿਕਲਿਆ ਜਿਸਨੂੰ ਅਲੈਕਸੇਈ ਨੇ ਇੱਕਦਮ ਪਛਾਣ ਲਿਆ, ਕਿਉਂਕਿ ਉਸਨੇ ਉਸਦੀਆਂ ਕਈ ਫ਼ੋਟੋਆਂ ਦੇਖੀਆਂ ਹੋਈਆਂ ਸਨ । ਤੁਰਦਾ ਤੁਰਦਾ ਉਹ ਆਪਣੇ ਵੱਡੇ ਕੋਟ ਦੇ ਬਟਨ ਬੰਦ ਕਰਦਾ ਜਾ ਰਿਹਾ ਸੀ, ਤੇ ਆਪਣੇ ਮਗਰ ਮਗਰ ਆ ਰਹੇ ਜਰਨੈਲ ਨੂੰ ਕੁਝ ਕਹਿੰਦਾ ਜਾ ਰਿਹਾ ਸੀ। ਉਹ ਬਹੁਤ ਫ਼ਿਕਰਮੰਦ ਲੱਗਦਾ ਸੀ; ਇਥੋਂ ਤੱਕ ਕਿ ਮਰੇਸੇਯੇਵ ਵੱਲ ਉਸਦਾ ਧਿਆਨ ਵੀ ਨਾ ਗਿਆ।
“ਮੈਂ ਕੈਮਲਿਨ ਜਾ ਰਿਹਾ ਹਾਂ,” ਉਸਨੇ ਘੜੀ ਦੇਖਦਿਆਂ ਮੇਜਰ ਨੂੰ ਕਿਹਾ। “ਸ਼ਾਮ ਦੇ ਛੇ ਵਜੇ ਸਤਾਲਿਨਗਰਾਦ ਲਈ ਇੱਕ ਹਵਾਈ ਜਹਾਜ਼ ਬੁੱਕ ਕਰ ਦਿਓ,” ਤੇ ਜਿਸ ਤਰ੍ਹਾਂ ਕਾਹਲੀ ਕਾਹਲੀ ਆਇਆ ਸੀ, ਉਸੇ ਤਰ੍ਹਾਂ ਕਾਹਲੀ ਕਾਹਲੀ ਉਥੋਂ ਚਲਾ ਗਿਆ।
ਮੇਜਰ ਨੇ ਇੱਕਦਮ ਹਵਾਈ ਜਹਾਜ਼ ਬੁੱਕ ਕਰਨ ਲਈ ਟੈਲੀਫੂਨ ਕੀਤਾ, ਤੇ ਫਿਰ ਯਾਦ ਕਰਦਿਆਂ ਕਿ ਕਮਰੇ ਵਿੱਚ ਮਰੇਸੇਯੇਵ ਵੀ ਹੈ, ਉਸਨੂੰ ਮੁਆਫ਼ੀ ਮੰਗਦੇ ਅੰਦਾਜ਼ ਨਾਲ ਕਹਿਣ
ਲੱਗਾ:
“ਤੁਹਾਡੀ ਕਿਸਮਤ ਨਹੀਂ ਚੰਗੀ। ਅਸੀਂ ਜਾ ਰਹੇ ਹਾਂ । ਹੁਣ ਤਾਂ ਤੁਹਾਨੂੰ ਉਡੀਕ ਕਰਨੀ ਪਵੇਗੀ। ਕੋਈ ਰਹਿਣ ਲਈ ਟਿਕਾਣਾ ਹੈ ਨਾ ਤੁਹਾਡੇ ਕੋਲ ?”
ਆਪਣੇ ਸਾਮ੍ਹਣੇ ਖੜੇ ਬੰਦੇ ਦੇ ਸਾਂਵਲੇ ਚਿਹਰੇ ਉੱਤੇ, ਜਿਥੇ ਪਲ ਕੁ ਪਹਿਲਾਂ ਹੀ ਏਨੀਂ ਦ੍ਰਿੜ੍ਹਤਾ ਤੇ ਬਲਵਾਨ ਇੱਛਾ ਸ਼ਕਤੀ ਦਿਸਦੀ ਸੀ, ਇੱਕਦਮ ਏਨੀਂ ਡੂੰਘੀ ਨਿਰਾਸ਼ਤਾ ਤੇ ਥਕਾਵਟ ਦਿਸਣ ਲੱਗ ਪਈ ਕਿ ਮੇਜਰ ਨੇ ਆਪਣਾ ਮਨ ਬਦਲ ਲਿਆ।
“ਚੱਲ, ਠੀਕ ਹੈ ਮੈਂ ਆਪਣੇ ਮੁਖੀ ਨੂੰ ਜਾਣਦਾ ਹਾਂ, ਉਹ ਇੰਝ ਕਰਦਾ ।” ਉਸਨੇ ਸਰਕਾਰੀ ਕਾਗਜ਼ ਉੱਤੇ ਕੁਝ ਸਤਰਾਂ ਲਿਖੀਆਂ, ਕਾਗਜ਼ ਨੂੰ ਇੱਕ ਲਿਫ਼ਾਫ਼ੇ ਵਿੱਚ ਰੱਖਿਆ ਤੇ ਇਸ ਉੱਤੇ ਸਿਰਨਾਵਾਂ ਲਿਖ ਦਿੱਤਾ: “ਮੁਖੀ, ਅਮਲਾ ਵਿਭਾਗ ।” ਉਸਨੇ ਲਿਫ਼ਾਫਾ ਮਰੇਸੇਯੇਵ ਨੂੰ ਦਿੱਤਾ ਤੇ ਉਸ ਨਾਲ ਹੱਥ ਮਿਲਾਉਂਦਾ ਹੋਇਆ ਬੋਲਿਆ:
“ਪੂਰੇ ਦਿਲ ਨਾਲ ਤੁਹਾਡੀ ਸਫ਼ਲਤਾ ਦੀ ਕਾਮਨਾ ਕਰਦਾ ਹਾਂ।”
ਕਾਗਜ਼ ਉੱਪਰ ਲਿਖਿਆ ਹੋਇਆ ਸੀ: “ਸੀਨੀਅਰ ਲੈਫ਼ਨੀਨੈਂਟ ਅ. ਮਰੇਸੇਯੇਵ ਕਮਾਂਡਰ ਨੂੰ ਮਿਲਿਆ ਹੈ। ਇਸ ਵੱਲ ਪੂਰਾ ਧਿਆਨ ਦਿੱਤਾ ਜਾਏ । ਇਸਨੂੰ ਲੜਾਕਾ ਹਵਾਈ ਜਹਾਜ਼ਾਂ ਦੇ ਦਸਤੇ ਵਿੱਚ ਵਾਪਸ ਭੇਜਣ ਲਈ ਜੋ ਕੁਝ ਵੀ ਕੀਤਾ ਜਾ ਸਕਦਾ ਹੈ, ਕੀਤਾ ਜਾਏ।”
ਇੱਕ ਘੰਟੇ ਦੇ ਅੰਦਰ ਨਿੱਕੀਆਂ ਨਿੱਕੀਆਂ ਮੁੱਛਾਂ ਵਾਲ਼ਾ ਕਪਤਾਨ ਉਸਨੂੰ ਆਪਣੇ ਮੁਖੀ ਦੇ ਕਮਰੇ ਵਿੱਚ ਲੈ ਗਿਆ । ਭਾਰੀ ਭਰਕਮ, ਮੋਟੇ ਮੋਟੇ ਗੁਸੈਲ ਭਰਵੱਟਿਆਂ ਵਾਲ਼ੇ ਬੁੱਢੇ ਜਰਨੈਲ ਨੇ ਕਾਗਜ਼ ਪੜ੍ਹਿਆ, ਆਪਣੀਆਂ ਨੀਲੀਆਂ, ਖੁਸ਼ ਅੱਖਾਂ ਚੁੱਕ ਕੇ ਪਾਇਲਟ ਵੱਲ ਦੇਖਿਆ ਤੇ ਹੱਸਦਾ ਹੋਇਆ ਬੋਲਿਆ:
“ਸੋ ਉਥੋਂ ਵੀ ਹੋ ਆਇਐਂ।… ਬੜਾ ਤੇਜ਼ ਏਂ ! ਕਿਸ ਤਰ੍ਹਾਂ ਨਰਾਜ਼ ਹੋ ਗਿਆ ਸੀ, ਕਿ ਮੈਂ ਇਹਨੂੰ ਹਵਾਈ ਅੱਡਾ ਸੰਭਾਲ ਸੇਵਾ ਵਿੱਚ ਭੇਜ ਰਿਹਾ ਹਾਂ । ਹਾ-ਹਾ-ਹਾ!” ਉਹ ਉੱਚੀ ਉੱਚੀ ਖਿੜ ਖਿੜ ਹੱਸਣ ਲੱਗਾ । “ਬਹੁਤ ਖੂਬ! ਮੈਨੂੰ ਹੁਣ ਪਤਾ ਲੱਗ ਗਿਐ ਕਿ ਤੂੰ ਚੰਗਾ ਸਿੱਖਿਆ ਹੋਇਆ ਪਾਇਲਟ ਹੈ । ਹਵਾਈ ਅੱਡਾ ਸੰਭਾਲ ਸੇਵਾ ਵਿੱਚ ਨਹੀਂ ਜਾਣਾ ਚਾਹੁੰਦਾ, ਬੇਇਜ਼ਤੀ ਮਹਿਸੂਸ ਕਰਦੈਂ ਕਿਆ ਮਜ਼ਾਕ ਹੈ। ਪਰ ਮੈਂ ਤੇਰਾ ਕੀ ਕਰਾਂ, ਨਾਚੇ, ਹੈਂ ? ਟੱਕਰ ਤੂੰ ਕਰੇਂਗਾ ਤੇ ਅਗਲੇ ਧੌਣ ਮੇਰੀ ਲਾਹੁਣਗੇ, ਕਿ ਬੁੱਢੇ ਮੂਰਖ ਨੇ ਇਹਨੂੰ ਕਾਹਦੇ ਲਈ ਭੇਜਿਆ। ਪਰ ਤਾਂ ਵੀ, ਕੌਣ ਜਾਣੇ ਤੂੰ ਕੀ ਚੀਜ਼ ਏਂ । ਇਸ ਜੰਗ ਵਿੱਚ ਸਾਡੇ ਮੁੰਡੇ ਦੁਨੀਆਂ ਨੂੰ ਇੰਝ ਹੈਰਾਨ ਕਰ ਰਹੇ ਨੇ, ਜਿਵੇਂ ਕਦੀ ਕਿਸੇ ਨਹੀਂ ਕੀਤਾ ਹੋਣਾ। ਚੱਲ ਲਿਆ ਕਾਗਜ਼ ਇੱਧਰ ।”
ਨੀਲੀ ਪੈਨਸਿਲ ਨਾਲ ਜਰਨੈਲ ਨੇ ਕਾਗਜ਼ ਦੇ ਦੁਸਾਰ-ਪਾਰ ਨਾ ਪੜ੍ਹੇ ਜਾਣ ਵਾਲ਼ੇ ਲਫ਼ਜ਼ਾਂ ਵਿੱਚ ਕੁਝ ਝਰੀਟਣਾ ਸ਼ੁਰੂ ਕਰ ਦਿੱਤਾ; ਉਹ ਪੂਰੇ ਪੂਰੇ ਲਫ਼ਜ਼ ਵੀ ਨਹੀਂ ਸੀ ਲਿਖਦਾ:” ਸਿਖਲਾਈ ਸਕੂਲ ਵਿੱਚ ਭੇਜ ਦਿੱਤਾ ਜਾਏ ।” ਮਰੇਸੇਯੇਵ ਨੇ ਕਾਹਲੀ ਜਿਹੀ ਕੰਬਦੇ ਹੱਥਾਂ ਨਾਲ ਕਾਗਜ਼ ਫੜਿਆ, ਉੱਥੇ ਹੀ, ਮੇਜ਼ ਕੋਲ ਖੜੋਤੇ ਨੇ, ਇਸ ਉੱਪਰਲੀ ਲਿਖਤ ਪੜ੍ਹੀ ਤੇ ਫਿਰ ਪੌੜੀਆਂ ਦੇ ਥੜ੍ਹੇ ਉੱਪਰ ਖੜੋਤੇ ਨੇ ਪੜ੍ਹੀ ਫਿਰ ਹੇਠਾਂ ਸੰਤਰੀ ਕੋਲ ਜਾ ਕੇ, ਜਿਹੜਾ ਪਾਸ ਦੇਖਦਾ ਸੀ, ਫਿਰ ਟਰਾਮ ਵਿੱਚ ਖੜੋਤੇ ਨੇ, ਤੇ ਆਖ਼ਰ ਬਾਰਸ ਵਿੱਚ ਪਹੇ ਉੱਤੇ ਚੱਲਦੇ ਨੇ ਪੜ੍ਹੀ। ਇਸ ਦੁਨੀਆਂ ਵਿੱਚ ਰਹਿਣ ਵਾਲੇ ਸਭ ਵਾਸੀਆਂ ਵਿੱਚੋਂ, ਸਿਰਫ ਉਸੇ ਨੂੰ ਹੀ ਪਤਾ ਸੀ ਕਿ ਉਹਨਾਂ ਬੇਧਿਆਨੀ ਨਾਲ ਝਰੀਟੇ ਲਫ਼ਜ਼ਾਂ ਦਾ ਕੀ ਮਤਲਬ ਤੇ ਕੀ ਕੀਮਤ ਸੀ ।
ਉਸ ਦਿਨ ਅਲੈਕਸੇਈ ਮਰੇਸੇਯੇਵ ਨੇ ਆਪਣੀ ਘੜੀ ਵੇਚ ਦਿੱਤੀ, ਜਿਹੜੀ ਡਿਵੀਜ਼ਨ ਕਮਾਂਡਰ ਵੱਲੋਂ ਉਸਨੂੰ ਸੁਗ਼ਾਤ ਦਿੱਤੀ ਗਈ ਸੀ, ਤੇ ਉਸਤੋਂ ਮਿਲੇ ਪੈਸੇ ਲੈ ਕੇ ਉਹ ਮੰਡੀ ਵਿੱਚ ਗਿਆ ਤੇ ਹਰ ਤਰ੍ਹਾਂ ਦੀਆਂ ਖਾਣ ਦੀਆਂ ਚੀਜ਼ਾਂ ਤੇ ਸ਼ਰਾਬ ਖਰੀਦੀ, ਅਨਿਊਤਾ ਨੂੰ ਟੈਲੀਫੂਨ ਕੀਤਾ ਤੇ ਉਸਦਾ ਤਰਲਾ ਕੀਤਾ ਕਿ ਉਹ ਆਪਣੇ ਨਿਕਾਸੀ ਹਸਪਤਾਲ ਤੋਂ ਦੋ ਕੁ ਘੰਟੇ ਦੀ ਛੁੱਟੀ ਲੈ ਕੇ ਆ ਜਾਏ, ਅਨਿਊਤਾ ਦੇ ਗੁਆਂਢੀ ਬਜ਼ੁਰਗ ਜੋੜੇ ਨੂੰ ਸੱਦਾ ਦਿੱਤਾ, ਤੇ ਆਪਣੀ ਮਹਾਨ ਜਿੱਤ ਨੂੰ ਮਨਾਉਣ ਲਈ ਦਾਅਵਤ ਦਾ ਪ੍ਰਬੰਧ ਕੀਤਾ।
8
ਸਿਖਲਾਈ ਸਕੂਲ ਮਾਸਕੋ ਦੇ ਬਾਹਰਵਾਰ ਇੱਕ ਨਿੱਕੇ ਜਿਹੇ ਹਵਾਈ ਅੱਡੇ ਦੇ ਨੇੜੇ ਸਥਿਤ ਸੀ । ਉਹਨਾਂ ਖਤਰੇ ਨਾਲ ਭਰੇ ਦਿਨਾਂ ਵਿੱਚ ਇਸ ਸਕੂਲ ਵਿੱਚ ਕਾਫ਼ੀ ਗਹਿਮਾ ਗਹਿਮੀ ਸੀ।
ਸਤਾਲਿਨਗਰਾਦ ਦੀ ਲੜਾਈ ਵਿੱਚ ਵਾਯੂਸੈਨਾ ਨੂੰ ਕਾਫ਼ੀ ਕੰਮ ਕਰਨਾ ਪੈ ਰਿਹਾ ਸੀ। ਵੋਲਗਾ ਦੀਆਂ ਮੋਰਚੇ ਬੰਦੀਆਂ ਉੱਪਰਲਾ ਅਕਾਸ਼ ਅੱਗ ਦੇ ਭੰਬਾਕਿਆਂ ਤੇ ਧਮਾਕਿਆਂ ਨਾਲ ਹਮੇਸ਼ਾ ਲਿਸ਼ਕਦਾ ਤੇ ਧੂੰਏਂ ਨਾਲ ਢਕਿਆ ਰਹਿੰਦਾ ਸੀ: ਇੱਥੇ ਲਗਾਤਾਰ ਹਵਾਈ ਝੜੱਪਾ ਹੁੰਦੀਆਂ ਰਹਿੰਦੀਆਂ ਸਨ, ਜਿਹੜੀਆਂ ਬਕਾਇਦਾ ਲੜਾਈਆਂ ਵਿੱਚ ਵੱਟ ਜਾਂਦੀਆਂ । ਦੋਵੇਂ ਪਾਸੇ ਭਾਰੀ ਨੁਕਸਾਨ ਹੋ ਰਿਹਾ ਸੀ । ਲੜਾਈ-ਜੁੱਟਿਆ ਸਤਾਲਿਨਗਰਾਦ ਪਾਇਲਟਾਂ, ਪਾਇਲਟਾਂ ਤੇ ਹੋਰ ਪਾਇਲਟਾਂ ਦੀ ਮੰਗ ਕਰ ਰਿਹਾ ਸੀ । ਇਸ ਲਈ ਸਕੂਲ ਵਿੱਚ ਸਿਖਲਾਈ ਦਾ ਕੰਮ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਸੀ ਤੇ ਇੱਥੇ ਹੁਣ ਉਹਨਾਂ ਪਾਇਲਟਾਂ ਨੂੰ ਵੀ, ਜਿਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਂਦੀ, ਤੇ ਉਹਨਾਂ ਪਾਇਲਟਾਂ ਨੂੰ ਵੀ ਜਿਹੜੇ ਉਦੋਂ ਤੱਕ ਸ਼ਹਿਰੀ ਹਵਾਈ ਜਹਾਜ਼ਾਂ ਨੂੰ ਚਲਾਉਂਦੇ ਸਨ, ਨਵੇਂ ਲੜਾਕਾ ਹਵਾਈ ਜਹਾਜ਼ ਚਲਾਉਣ ਦੀ ਸਿਖਲਾਈ ਦਿੱਤੀ ਜਾਂਦੀ । ਭੰਬੀਰੀਆਂ ਵਾਂਗ ਲੱਗਦੇ ਸਿਖਲਾਈ ਹਵਾਈ ਜਹਾਜ਼ ਛੋਟੇ ਜਿਹੇ ਤੇ ਭੀੜ ਭੜੱਕੇ ਵਾਲੇ ਹਵਾਈ ਅੱਡੇ ਉੱਪਰ ਇੰਝ ਭੀੜ ਪਾਈ ਰੱਖਦੇ, ਜਿਸ ਤਰ੍ਹਾਂ ਰਸੋਈ ਦੇ ਨਾ ਸਾਫ਼ ਕੀਤੇ ਗਏ ਮੇਜ਼ ਉੱਪਰ ਮੱਖੀਆਂ ਹੁੰਦੀਆਂ ਹਨ, ਤੇ ਉਹਨਾਂ ਦੀ ਭਿਣਭਿਣਾਹਟ ਪ੍ਰਭਾਤ ਹੋਣ ਤੋਂ ਲੈ ਕੇ ਰਾਤਾਂ ਤੱਕ ਸੁਣਾਈ ਦੇਂਦੀ ਰਹਿੰਦੀ। ਜਦੋਂ ਵੀ ਤੁਹਾਡੀ ਪਹੀਆਂ ਦੇ ਨਿਸ਼ਾਨਾ ਵਾਲ਼ੇ ਅੱਡੇ ਉੱਪਰ ਨਜ਼ਰ ਪੈਂਦੀ, ਹਮੇਸ਼ਾ ਕੋਈ ਨਾ ਕੋਈ ਹਵਾਈ ਜਹਾਜ਼ ਚੜ੍ਹ ਰਿਹਾ ਹੁੰਦਾ ਜਾਂ ਲਹਿ ਰਿਹਾ ਹੁੰਦਾ।
ਸਕੂਲ ਦੇ ਚੀਫ਼ ਸਟਾਫ਼, ਇੱਕ ਮਧਰੇ ਜਿਹੇ, ਮੋਟੇ, ਲਾਲ ਮੂੰਹ ਤੇ ਅਨੀਂਦਰੇ ਕਾਰਨ ਲਾਲ ਹੋਈਆਂ ਹੋਈਆਂ ਅੱਖਾਂ ਵਾਲ਼ੇ ਲੈਫ਼ਟੀਨੈਂਟ ਕਰਨਲ ਨੇ ਮਰੇਸੇਯੇਵ ਵੱਲ ਗੁੱਸੇ ਨਾਲ ਤੱਕਿਆ, ਜਿਵੇਂ ਕਹਿਣਾ ਚਾਹੁੰਦਾ ਹੋਵੇ:” ਕਿਹੜਾ ਬੇਵਕੂਫ਼ ਤੈਨੂੰ ਇੱਥੇ ਲੈ ਆਇਆ ਹੈ? ਅੱਗੇ ਮੈਨੂੰ ਜਿਵੇਂ ਇੱਥੋਂ ਘੱਟ ਕੰਮ ਏ!” ਤੇ ਉਸਦੇ ਹੱਥਾਂ ਵਿੱਚੋਂ ਕਾਗਜ਼ਾਂ ਦਾ ਦੱਥਾ ਝਟਕੇ ਨਾਲ ਖੋਹ ਲਿਆ।
“ਮੇਰੇ ਪੈਰਾਂ ਬਾਰੇ ਝਗੜਾ ਪਾਏਗਾ ਤੇ ਨੱਠ ਜਾਣ ਲਈ ਕਹੇਗਾ,” ਮਰੇਸੇਯੇਵ ਕਿੰਨਾਂ ਚਿਰ ਹਜ਼ਾਮਤ ਨਾ ਕਰਨ ਕਾਰਨ ਲੈਫ਼ਟੀਨੈਂਟ ਕਰਨਲ ਦੇ ਚੋੜੇ ਮੂੰਹ ਉੱਤੇ ਉਗ ਆਏ ਵਾਲਾਂ ਵੱਲ ਹੁਸ਼ਿਆਰੀ ਨਾਲ ਦੇਖਦਾ ਸੋਚਣ ਲੱਗਾ । ਪਰ ਐਨ ਉਸੇ ਵੇਲੇ ਦੋ ਟੈਲੀਫੂਨਾਂ ਦੀਆਂ ਘੰਟੀਆਂ ਇੱਕੋ ਵੇਲੇ ਵੱਜਣ ਲੱਗੀਆਂ। ਉਸਨੇ ਇੱਕ ਰਸੀਵਰ ਚੁੱਕ ਕੇ ਮੋਢੇ ਉੱਤੇ ਰੱਖਦਿਆਂ ਕੰਨ ਨਾਲ ਲਾਇਆ, ਦੂਜੇ ਵਿੱਚ ਕੁਝ ਖਿਝ ਕੇ ਕੜਕਿਆ, ਤੇ ਨਾਲੋਂ ਨਾਲ ਮਰੇਸੇਯੇਵ ਦੇ ਕਾਗਜ਼ਾਂ ਉੱਤੇ ਨਜ਼ਰ ਮਾਰਦਾ ਰਿਹਾ। ਪ੍ਰਤੱਖ ਤੌਰ ਉੱਤੇ, ਉਹਨੇ ਇੱਕੋ ਇੱਕ ਚੀਜ਼ ਜਿਹੜੀ ਪੜ੍ਹੀ, ਉਹ ਸੀ ਜਰਨੈਲ ਦਾ ਝਰੀਟਿਆ ਹੋਇਆ ਹੁਕਮ, ਕਿਉਂਕਿ ਅਜੇ ਵੀ ਰਸੀਵਰ ਨੂੰ ਕੰਨ ਨਾਲ ਲਾਈ, ਉਸਨੇ ਹੇਠਾਂ ਲਿਖ ਦਿੱਤਾ:” ਲੈਫ਼ਟੀਨੈਂਟ ਨਾਊਮੋਵ, ਤੀਸਰਾ ਸਿਖਲਾਈ ਯੂਨਿਟ ਭਰਤੀ ਕਰ ਲਿਆ ਜਾਏ ।” ਫਿਰ ਦੋਵੇਂ ਰਸੀਵਰ ਹੇਠਾਂ ਰੱਖਦਿਆਂ ਉਸਨੇ ਥੱਕੇ ਹੋਏ ਨੇ ਉਸ ਤੋਂ ਪੁੱਛਿਆ:
“ਵਰਦੀ ਲਈ ਕਾਗਜ਼? ਤੇ ਰਾਸ਼ਨ ਲਈ? ਨਹੀਂ ਹੈਗੇ ? ਸਭ ਕੁਝ ਦਾ ਜਵਾਬ ਨਹੀਂ ਵਿੱਚ ! ਜਾਣਦਾ ਹਾਂ, ਜਾਣਦਾ ਹਾਂ ਮੈਂ ਇਹ ਰਾਗ । ਹਸਪਤਾਲ, ਹਫੜਾ-ਦਫੜੀ, ਵਗੈਰਾ ਵਗੈਰਾ। ਤੇ ਮੈਂ ਤੁਹਾਨੂੰ ਖਾਣ ਨੂੰ ਕਿੱਥੋਂ ਦੇਵਾਂਗਾ? ਅਰਜੀ ਲਿਖੋ, ਬਿਨਾਂ ਭੱਤੇ ਲਈ ਹੁਕਮ ਦੇਂਦੇ ਕਾਗਜ਼ਾਂ ‘ਤੇ ਮੈਂ ਨਹੀਂ ਤੁਹਾਨੂੰ ਰੱਖਣ ਲੱਗਾ।”
“ਮੈਂ ਹੁਣੇ ਲਿਖ ਦੇਂਦਾ ਹਾਂ ! ” ਸਾਰਾ ਤਣਦਿਆਂ ਤੇ ਸਲੂਟ ਮਾਰਦਿਆਂ ਖੁਸ਼ੀ ਖੁਸ਼ੀ ਮਰੇਸੇਯੇਵ ਬੋਲਿਆ।” ਕੀ ਮੈਂ ਹੁਣ ਜਾ ਸਕਦਾ ਹਾਂ ?”
“ਜਾਓ,” ਹੱਥ ਨਾਲ਼ ਇਸ਼ਾਰਾ ਕਰਦਿਆਂ ਲੈਫਟੀਨੈਂਟ-ਕਰਨਲ ਨੇ ਜਵਾਬ ਦਿੱਤਾ। ਪਰ ਇੱਕਦਮ ਮਗਰੋਂ ਚੀਖਿਆ:” ਠਹਿਰੋ ! ਇਹ ਕੀ ਹੈ ?” ਉਸਨੇ ਭਾਰੀ ਜਿਹੀ, ਸੁਨਹਿਰੀ ਉਕਰਾਈ ਵਾਲੀ ਸੋਟੀ ਵੱਲ ਉਂਗਲ ਨਾਲ਼ ਇਸ਼ਾਰਾ ਕਰਦਿਆਂ ਕਿਹਾ, ਜਿਹੜੀ ਵਾਸਿਲੀ ਵਾਸਿਲੀਏਵਿਚ ਵੱਲੋਂ ਮਰੇਸੇਯੇਵ ਨੂੰ ਸੁਗਾਤ ਵਿੱਚ ਮਿਲੀ ਸੀ। ਕਮਰੇ ਵਿੱਚੋਂ ਨਿੱਕਲਣ ਲੱਗਿਆ, ਘਬਰਾਹਟ ਵਿੱਚ ਉਹ ਸੋਟੀ ਨੂੰ ਕੋਨੇ ਵਿੱਚ ਹੀ ਭੁੱਲ ਗਿਆ ਸੀ। “ਇਹ ਕੀ ਬਾਂਕਪਣ ਹੈ ? ਸੋਟੀ ਨੂੰ ਸੁੱਟ ਦਿਓ! ਜਿਸ ਤਰ੍ਹਾਂ ਇਹ ਫ਼ੌਜੀ ਯੂਨਿਟ ਨਹੀਂ, ਕੋਈ ਟੱਪਰੀਵਾਸਾਂ ਦਾ ਡੇਰ੍ਹਾ ਹੋਵੇ । ਜਾਂ ਕੋਈ ਬਾਗ ਹੋਵੇ: ਸੋਟੀਆਂ, ਬੈਂਤ, ਚਾਬੂਕਾਂ ਫਿਰ ਜਲਦੀ ਹੀ ਗਲ ਵਿੱਚ ਤਵੀਤ ਪਾਉਣੇ ਤੇ ਕਾਕਪਿੱਟ ਵਿੱਚ ਨਾਲ ਕਾਲੀ ਬਿੱਲੀ ਰੱਖਣੀ ਸ਼ੁਰੂ ਕਰ ਦਿਉਂਗੇ।
ਮੁੜ ਕੇ ਇਹ ਪਾਗਲਪਨ ਮੇਰੀ ਨਜ਼ਰੀਂ ਨਾ ਪਵੇ। ਬਾਂਕਾ!”
“ਬਹੁਤ ਅੱਛਾ, ਸਾਥੀ ਲੈਫ਼ਟੀਨੈਂਟ-ਕਰਨਲ !”
ਅਲੈਕਸੇਈ ਨੂੰ ਪਤਾ ਸੀ ਕਿ ਅੱਗੇ ਕਈ ਮੁਸ਼ਕਲਾਂ ਤੇ ਔਖਿਆਈਆਂ ਆਉਣ ਵਾਲੀਆਂ ਹਨ: ਨਵੇਂ ਕਾਗਜ਼ਾਂ ਲਈ ਅਰਜੀ ਲਿਖਣੀ ਜ਼ਰੂਰੀ ਸੀ ਤੇ ਖਿਝੇ ਹੋਏ ਲੈਫ਼ਟੀਨੈਂਟ ਕਰਨਲ ਨੂੰ ਇਹ ਸਮਝਾਉਣਾ ਜ਼ਰੂਰੀ ਸੀ ਕਿ ਪਹਿਲੇ ਕਾਗਜ਼ ਕਿਵੇਂ ਗੁੰਮੇ ਸਨ: ਸਕੂਲੋਂ ਜਾਣ ਆਉਣ ਵਾਲੇ ਆਦਮੀਆਂ ਦਾ ਲਗਾਤਾਰ ਤਾਣਾ ਲੱਗਾ ਰਹਿਣ ਕਰਕੇ ਖੁਰਾਕ ਕਾਫ਼ੀ ਨਹੀ ਸੀ ਹੁੰਦੀ, ਤੇ ਸਿਖਲਾਈ ਲੈਣ ਵਾਲ਼ੇ ਅਜੇ ਦੁਪਹਿਰ ਦਾ ਖਾਣਾ ਖਾ ਕੇ ਨਹੀਂ ਸਨ ਹਟਦੇ ਕਿ ਸ਼ਾਮ ਦੇ ਖਾਣੇ ਦੇ ਸੁਪਣੇ ਲੈਣ ਲਗ ਪੈਂਦੇ ਸਨ । ਭੀੜ ਭੜੱਕੇ ਵਾਲੀ ਸਕੂਲ ਦੀ ਇਮਾਰਤ ਵਿੱਚ, ਜਿਹੜੀ ਤੀਜੇ ਯੂਨਿਟ ਦੇ ਆਰਜੀ ਹੋਸਟਲ ਦਾ ਕੰਮ ਦੇ ਰਹੀ ਸੀ, ਕਮਰੇ ਗਰਮ ਕਰਨ ਵਾਲੀਆਂ ਨਾਲੀਆਂ ਫਟ ਗਈਆਂ ਸਨ, ਜਿਸ ਲਈ ਕਮਰਿਆਂ ਵਿੱਚ ਸਖਤ ਸਰਦੀ ਸੀ, ਤੇ ਪਹਿਲੀ ਸਾਰੀ ਰਾਤ ਅਲੈਕਸੇਈ ਕੰਬਲ ਤੇ ਚਮੜੇ ਦੇ ਕੋਟ ਹੇਠਾਂ ਪਿਆ ਕੰਬਦਾ ਰਿਹਾ-ਪਰ ਇਸ ਸਭ ਕੁਝ ਦੇ ਬਾਵਜੂਦ, ਇਸ ਸਾਰੀ ਘੜਮੱਸ ਤੇ ਬੇਅਰਾਮੀ ਦੇ ਬਾਵਜੂਦ, ਉਹ ਇੰਝ ਮਹਿਸੂਸ ਕਰ ਰਿਹਾ ਸੀ, ਜਿਵੇਂ ਸ਼ਾਇਦ ਉਹ ਮੱਛੀ ਮਹਿਸੂਸ ਕਰਦੀ ਹੋਵੇਗੀ ਜਿਸਨੂੰ ਕੋਈ ਲਹਿਰ ਰੇਤਲੇ ਕੰਢੇ ਤੇ, ਜਿੱਥੇ ਪਈ ਇਹ ਸਾਹ ਲਈ ਤੜਪ ਰਹੀ ਸੀ, ਵਾਪਸ ਸਮੁੰਦਰ ਵਿੱਚ ਲੈ ਆਈ ਹੋਵੇ । ਉਸਨੂੰ ਇਥੋਂ ਦਾ ਸਭ ਕੁਝ ਪਸੰਦ ਸੀ: ਕੈਂਪ ਦੀ ਜਿੰਦਗੀ ਵਾਲੀਆਂ ਬੇਅਰਾਮੀਆਂ ਵੀ ਉਸਨੂੰ ਇਹ ਯਾਦ ਕਰਾਉਦੀਆਂ ਸਨ ਕਿ ਉਹ ਆਪਣੇ ਨਿਸ਼ਾਨੇ ਦੇ ਨੇੜੇ ਹੈ।
ਉਹੀ ਆਪਣਾ ਆਲਾ ਦੁਆਲਾ, ਉਹੀ ਆਪਣੇ ਲੋਕ, ਪੁਰਾਣੇ, ਘਸੇ ਹੋਏ ਤੇ ਉਡੇ ਹੋਏ ਚਮੜੇ ਦੇ ਕੋਟ ਤੇ ਕੁੱਤੇ ਦੇ ਚਮੜੇ ਦੇ ਉਡਾਣ ਵੇਲੇ ਦੇ ਬੂਟ ਪਾਈ, ਸੰਵਲਾਏ ਹੋਏ, ਬੈਠੀਆਂ ਅਵਾਜ਼ਾਂ ਵਾਲੇ, ਖੁਸ਼ ਖੁਸ਼; ਉਹੀ ਆਪਣਾ ਮਾਹੌਲ, ਹਵਾਈ ਜਾਹਾਜ਼ਾਂ ਦੇ ਪਟਰੋਲ ਦੀ ਮਿੱਠੀ ਚਿੱਠੀ, ਤੇਜ਼ ਤੇਜ਼ ਜਿਹੀ ਵਾਸ਼ਨਾ ਵਾਲ਼ਾ, ਗਰਮ ਕੀਤੇ ਜਾ ਰਹੇ ਇੰਜਣਾ ਦੀ ਗਰਜ ਦੀ ਗੂੰਜ ਵਾਲ਼ਾ ਤੇ ਉੱਡ ਰਹੇ ਹਵਾਈ ਜਹਾਜ਼ਾਂ ਦੀ ਇਕਸਾਰ, ਸਹਿਲਾਵੀ ਅਵਾਜ਼ ਵਾਲ਼ਾ; ਗਰੀਜ਼ ਨਾਲ ਭਰੇ ਹੋਏ ਉੱਪਰਲੇ ਕੱਪੜੇ ਪਾਈ ਮਕੈਨਿਕ, ਮੈਲੇ ਚਿਹਰਿਆਂ ਵਾਲੇ; ਡਿੱਗਣ ਡਿੱਗਣ ਕਰਦੇ; ਖਿਝੇ ਹੋਏ ਸਿਖਲਾਈ ਦੇਣ ਵਾਲ਼ੇ, ਜਿਨਾਂ ਦੇ ਚਿਹਰਿਆਂ ਦਾ ਧੁੱਪ ਸੰਵਲਾਇਆ, ਰੰਗ ਕੈਹ ਵਰਗਾ ਹੋਇਆ ਹੋਇਆ ਸੀ; ਰੁੱਤ-ਵਿਗਿਆਨਕ ਸਟੇਸ਼ਨ ਵਿੱਚ ਲਾਲ ਲਾਲ ਗੱਲ੍ਹਾਂ ਵਾਲੀਆਂ ਕੁੜੀਆਂ; ਕਮਾਂਡਸ ਪੋਸਟ ਦੀਆਂ ਅੰਗੀਠੀਆਂ ਵਿੱਚੋ ਨੀਲੀਆਂ ਤਹਿਆਂ ਬਣਾ ਕੇ ਨਿੱਕਲ ਰਿਹਾ ਧੂੰਆਂ; ਬੈਠੀ ਅਵਾਜ ਵਾਲੇ ਬੱਜਰ ਤੇ ਟੈਲੀਫੂਨ ਦੀਆਂ ਟਣਕਵੀਆਂ ਘੰਟੀਆਂ, ਉਥੋਂ ਵਿਦਾ ਹੋ ਰਹੇ ਪਾਇਲਟ, ਜਾਂਦੇ ਜਾਂਦੇ “ਯਾਦ ਨਿਸ਼ਾਨੀ” ਵਜੋਂ ਚਮਚੇ ਲਈ ਜਾਂਦੇ ਤੇ ਇਸ ਤਰ੍ਹਾਂ ਮੈੱਸ ਵਿੱਚ ਚਮਚਿਆਂ ਦਾ ਘਾਟਾ ਪਾਈ ਜਾਂਦੇ; ਰੰਗੀਨ ਪੈਨਸਿਲਾਂ ਨਾਲ ਲਿਖੇ ਕੰਧ ਅਖਬਾਰ, ਜਿਨ੍ਹਾਂ ਵਿੱਚ ਨੌਜਵਾਨ ਪਾਇਲਟਾਂ ਦੇ ਅਟੱਲ ਕਾਰਟੂਨ ਹੁੰਦੇ, ਜਿਹੜੇ ਹਵਾ ਵਿੱਚ ਉਡਦਿਆਂ ਆਪਣੀਆਂ ਕੁੜੀਆਂ ਦੇ ਸੁਪਣੇ ਲੈਂਦੇ ਸਨ; ਪਹਿਆ ‘ਤੇ ਪਹੀਆਂ ਨੂੰ ਰੋਕਣ ਲਈ ਰੱਖੇ ਅੜਿੱਕਿਆ ਨਾਲ ਪਈਆਂ ਲੀਹਾਂ ਵਾਲ਼ੇ ਹਵਾਈ ਅੱਡੇ ਦਾ ਨਰਮ ਜਿਹਾ, ਪੀਲਾ ਚਿੱਕੜ, ਤੇ ਨਮਕੀਣ ਬੋਲਿਆ ਤੇ ਹਵਾਬਾਜ਼ੀ ਨਾਲ ਸਬੰਧਤ ਸ਼ਬਦਾਵਾਲੀ ਨਾਲ ਕਰਾਰੀ ਬਣਾਈ ਗਈ ਖੁਸ਼ ਖੁਸ਼ ਗੱਲਬਾਤ ਇਹ ਸਾਰਾ ਕੁਝ ਜਾਣਿਆ ਪਛਾਣਿਆ ਤੇ ਪਾਇਦਾਰ ਸੀ।
ਮਰੇਸੇਯੇਵ ਉੱਤੇ ਇੱਕਦਮ ਖੇੜਾ ਆ ਗਿਆ । ਹਸਮੁਖਤਾ ਤੇ ਖੁਸ਼ੀ ਭਰੀ ਲਾਪ੍ਰਵਾਹੀ ਉਸ ਵਿੱਚ ਵਾਪਸ ਮੁੜ ਆਈ, ਜੋ ਕਿ ਲੜਾਕਾ ਹਵਾਈ ਜਹਾਜ਼ਾਂ ਦੇ ਪਾਇਲਟਾਂ ਦੀ ਖਾਸੀਅਤ ਮੰਨੀ ਜਾਂਦੀ ਹੈ, ਤੇ ਜਿਹੜੀ ਉਹ ਸਦਾ ਲਈ ਗੁਆ ਚੁੱਕਾ ਲਗਦਾ ਸੀ । ਉਹ ਤਣ ਜਾਂਦਾ, ਹੇਠਲਿਆਂ ਦੇ ਸਲੂਟ ਦਾ ਤੇਜ਼ੀ ਨਾਲ ਜਵਾਬ ਦੇਂਦਾ, ਉਪਰਲਿਆਂ ਨੂੰ ਮਿਲਣ ਲੱਗਿਆਂ ਚੁਸਤੀ ਨਾਲ ਨਿਯਮਿਤ ਕਦਮ ਚੁੱਕਦਾ, ਤੇ ਆਪਣੀ ਨਵੀਂ ਵਰਦੀ ਮਿਲਣ ਉਤੇ, ਇਕਦਮ ਇਸਨੂੰ ਠੀਕ ਕਰਨ ਲਈ ਹਵਾਈ ਅੱਡਾ ਸੰਭਾਲ ਸੇਵਾ ਦੇ ਬੁੱਢੇ ਸਾਰਜੰਟ ਨੂੰ ਦੇ ਦਿਤੀ, ਜਿਹੜੀ ਗੈਰ ਫ਼ੌਜੀ ਜੀਵਨ ਵਿੱਚ ਦਰਜੀ ਦਾ ਕੰਮ ਕਰਦਾ ਸੀ ਤੇ ਜਿਹੜਾ ਵਾਧੂ ਸਮੇਂ ਵਿੱਚ ਨਿਯਮਿਤ ਸਾਈਜ਼ ਦੀਆਂ ਵਰਦੀਆਂ ਨੂੰ ਬਦਲ ਕੇ ਚੁਸਤ ਤੇ ਨਘੋਚੀ ਲੈਫ਼ਟੀਨੈਟਾਂ ਨੂੰ ਐਨ ਕੱਸ ਕੇ ਬੈਠਣ ਵਾਲੀਆਂ ਬਣਾ ਦੇਦਾ ਸੀ।
ਬਿਲਕੁਲ ਪਹਿਲੇ ਹੀ ਦਿਨ, ਮਰੇਸੇਯੇਵ ਤੀਜੇ ਯੂਨਿਟ ਦੇ ਸਿਖਲਾਈ ਦੇਣ ਵਾਲ਼ੇ ਲੈਫ਼ਟੀਨੈਟ ਨਾਊਮੋਵ ਨੂੰ ਲੱਭਣ ਹਵਾਈ ਅੱਡੇ ਉੱਤੇ ਗਿਆ; ਉਸਨੂੰ ਉਹਦੇ ਚਾਰਜ ਹੇਠ ਦਿੱਤਾ ਗਿਆ ਸੀ । ਛੋਟਾ ਜਿਹਾ, ਬਹੁਤ ਚੁਸਤ ਫੁਰਤ, ਵੱਡੇ ਸਾਰੇ ਸਿਰ ਤੇ ਲੰਮੀਆਂ ਲੰਮੀਆਂ ਬਾਹਵਾਂ ਵਾਲ਼ਾ ਨਾਊਮੋਵ “ਟੀ” ਹਲਕੇ ਵਿੱਚ ਨੱਠ ਰਿਹਾ ਸੀ ਤੇ ਅਕਾਸ਼ ਵੱਲ ਦੇਖ ਰਿਹਾ ਸੀ ਜਿੱਥੇ ਇੱਕ ਨਿੱਕਾ ਜਿਹਾ ਹਵਾਈ ਜਹਾਜ਼ ਉਸ ਹਲਕੇ ਵਿੱਚ ਉਡ ਰਿਹਾ ਸੀ, ਤੇ ਨਾਲ ਉਸਨੂੰ ਉਡਾਉਣ ਵਾਲੇ ਨੂੰ ਗਰਮਾ ਗਰਮ ਸੁਣਾ ਰਿਹਾ ਸੀ:
“ਸੰਦੂਕ ਨਾ ਹੋਵੇ ਤਾਂ ਸੋਨੇ ਦੀ ਭਰੀ ਬੋਰੀ ਨਾ ਹੋਵੇ ਤਾਂ… ‘ਲੜਾਕਾ ਜਹਾਜ ਦਾ ਪਾਇਲਟ ਰਿਹਾ ਹਾਂ ਧੋਖਾ ਇਹ ਕਿਹਨੂੰ ਦੇਣਾ ਚਾਹੁੰਦੈ?”
ਮਰੇਸੇਯੇਵ ਆਪਣੇ ਹੋਣ ਵਾਲ਼ੇ ਅਧਿਆਪਕ ਨੂੰ ਆਪਣੇ ਬਾਰੇ ਜਾਣ ਪਛਾਣ ਕਰਾਉਣ ਲਈ ਬਕਾਇਦਾ ਢੰਗ ਨਾਲ ਅੱਗੇ ਵਧਿਆ, ਪਰ ਉਸਦੀ ਸਲੂਟ ਦੇ ਜਵਾਬ ਵਿੱਚ ਨਾਊਮੋਵ ਨੇ ਹੱਥ ਮਾਰਦਿਆਂ ਅਕਾਸ਼ ਵੱਲ ਇਸ਼ਾਰਾ ਕੀਤਾ ਤੇ ਬੋਲਿਆ:
“ਦੇਖਿਆ ਜੇ ? ‘ਲੜਾਕਾ ਜਹਾਜ਼’ ਹਵਾ ਵਿੱਚ ਦਹਿਸ਼ਤ ਪੈਦਾ ਕਰਨ ਵਾਲ਼ਾ ਤੇ ਇੰਝ ਡੱਕੋ-ਡੋਲੇ ਖਾ ਰਿਹੈ ਜਿਵੇਂ ਬਰਫ਼ ਦੇ ਮਘੋਰੇ ਵਿੱਚ ਕੋਈ ਫੁੱਲ ਹੋਵੇ”
ਅਲੈਕਸੇਈ ਨੂੰ ਅਧਿਆਪਕ ਇੱਕਦਮ ਚੰਗਾ ਚੰਗਾ ਲੱਗਣ ਲੱਗ ਪਿਆ। ਉਹ ਇੰਨਾਂ ਜ਼ਰਾ ਜ਼ਰਾ ਸਿਰ-ਫਿਰੇ ਬੰਦਿਆਂ ਨੂੰ ਪਸੰਦ ਕਰਦਾ ਸੀ ਜਿਹੜੇ ਆਪਣੇ ਕੰਮ ਨੂੰ ਤਨੋ ਮਨੋ ਪਿਆਰ ਕਰਦੇ ਸਨ, ਤੇ ਜਿਨ੍ਹਾਂ ਨਾਲ ਇੱਕ ਯੋਗ ਦੇ ਉਤਸ਼ਾਹੀ ਬੰਦੇ ਦੀ ਸੌਖੀ ਤਰ੍ਹਾਂ ਨਿਭ ਸਕਦੀ ਸੀ । ਉਸਨੇ ਹਵਾ ਵਿੱਚ ਉਡ ਰਹੇ ਪਾਇਲਟ ਦੇ ਤਰੀਕੇ ਬਾਰੇ ਕੁਝ ਅਮਲੀ ਟਿੱਪਣੀਆਂ ਕੀਤੀਆਂ । ਮਧਰੇ ਜਿਹੇ ਲੈਫ਼ਟੀਨੈਂਟ ਨੇ ਸਿਰ ਤੇ ਪੈਰਾਂ ਤੱਕ ਉਸਨੂੰ ਧਿਆਨ ਨਾਲ ਦੇਖਿਆ
ਤੇ ਬੋਲਿਆ:
“ਮੇਰੇ ਯੂਨਿਟ ਵਿੱਚ ਆ ਰਹੇ ਹੋ? ਕੀ ਨਾਂ ਹੈ? ਕਿਹੜੇ ਕਿਹੜੇ ਹਵਾਈ ਜਹਾਜ਼ ਉਡਾਏ ਹੋਏ ਹਨ ? ਲੜਾਈ ਵਿੱਚ ਵੀ ਰਹੇ ਹੋ? ਕਿਨਾਂ ਚਿਰ ਹੋ ਗਿਆ ਜਹਾਜ਼ ਉਡਾਏ ភ្នំ?”
ਅਲੈਕਸੇਈ ਨੂੰ ਯਕੀਨ ਨਹੀਂ ਸੀ ਕਿ ਲੈਫ਼ਟੀਨੈਂਟ ਨੇ ਉਸਦੇ ਸਾਰੇ ਜਵਾਬ ਸੁਣ ਲਏ ਸਨ, ਕਿਉਂਕਿ ਉਸਨੇ ਫਿਰ ਸਿਰ ਪਿੱਛੇ ਨੂੰ ਸੁੱਟਿਆ ਤੇ ਇੱਕ ਹੱਥ ਨਾਲ ਅੱਖਾਂ ਉੱਤੇ ਪੈਂਦੀ ਧੁੱਪ ਨੂੰ ਰੋਕਦਾ ਹੋਇਆ, ਦੂਜੇ ਹੱਥ ਦੀ ਮੁੱਕੀ ਵੱਟ ਕੇ ਹਿਲਾਉਂਦਿਆਂ ਕੂਕਿਆ:
“ਗੱਡਾ ਚਲਾ ਰਿਹੈਂ, ਗੱਡਾ! ਦੇਖੋ ਜ਼ਰਾ ਮੁੜਦਾ ਕਿਵੇਂ ਹੈ! ਜਿਵੇਂ ਡਰਾਇੰਗ ਰੂਮ ਵਿੱਚ ਦਰਿਆਈ ਘੋੜਾ ਹੋਵੇ..”
ਉਸਨੇ ਅਲੈਕਸੇਈ ਨੂੰ ਅਗਲੇ ਦਿਨ ਉਡਾਣ ਦੀ ਦਿਹਾੜੀ ਸ਼ੁਰੂ ਹੋਣ ਵੇਲੇ ਆਉਣ ਲਈ ਕਿਹਾ ਤੇ ਨਾਲ ਹੀ ਇੱਕਦਮ “ਅਜ਼ਮਾਇਸ਼ੀ ਉਡਾਣ” ਦਾ ਵਾਅਦਾ ਕੀਤਾ ।
“ਤੇ ਹੁਣ ਜਾਓ ਤੇ ਅਰਾਮ ਕਰੋ । ਸਫ਼ਰ ਤੋਂ ਮਗਰੋਂ ਇਹ ਜ਼ਰੂਰੀ ਹੈ । ਕੁਝ ਖਾਧਾ ਪੀਤਾ ਜਾਂ ਨਹੀਂ ? ਇੱਥੇ ਗੜਬੜ ਵਿੱਚ ਉਹ ਤੁਹਾਨੂੰ ਖਾਣਾ ਦੇਣਾ ਵੀ ਭੁੱਲ ਸਕਦੇ ਨੇ ਉੱਲੂ ਦਾ ਪੱਠਾ ! ਇੱਥੇ ਜ਼ਰਾ ਹੇਠਾਂ ਉੱਤਰ ਲੈ, ਮੈਂ ਤੈਨੂੰ ਦਿਖਾਵਾਂਗਾ ‘ਲੜਾਕਾ ਹਵਾਈ ਜਹਾਜ਼’!”
ਅਲੈਕਸੇਈ ਅਰਾਮ ਕਰਨ ਨਾ ਗਿਆ, ਜਿਸ ਦਾ ਵਧੇਰੇ ਕਾਰਨ ਇਹ ਸੀ ਕਿ ਹਵਾਈ ਅੱਡੇ ਉੱਤੇ, ਜਿਸ ਦੇ ਆਰ ਪਾਰ ਹਵਾ ਖੁਸ਼ਕ ਤੇ ਚੁਭਵੀਂ ਰੇਤ ਉਡਾ ਰਹੀ ਸੀ, “9-ਏ” ਜਮਾਤ ਨਾਲੋਂ, ਜਿੱਥੇ ਉਸਨੂੰ ਸੌਣ ਲਈ ਥਾਂ ਦਿੱਤੀ ਗਈ ਸੀ, ਵਧੇਰੇ ਨਿੱਘ ਲੱਗਦਾ ਸੀ ।
ਉਸਨੇ ਬਟਾਲੀਅਨ ਵਿੱਚ ਇੱਕ ਮੋਚੀ ਲੱਭ ਲਿਆ ਤੇ ਉਸਨੂੰ ਆਪਣਾ ਹਫ਼ਤੇ ਦਾ ਤਮਾਕੂ ਦਾ ਰਾਸ਼ਨ ਦੇ ਕੇ, ਉਸ ਤੋਂ ਅਫ਼ਸਰਾਂ ਵਾਲ਼ੀ ਪੁਰਾਣੀ ਪੇਟੀ ਦੇ ਦੋ ਪਟੇ ਬਣਵਾ ਲਏ, ਛੱਲਿਆਂ ਤੇ ਬਕਲਾਂ ਵਾਲੇ, ਜਿਨਾਂ ਨਾਲ ਅਗਲੇ ਦਿਨ ਜਿਸ ਹਵਾਈ ਜਹਾਜ਼ ਨੂੰ ਉਸਨੇ ਉਡਾਉਣਾ ਸੀ, ਉਸਦੇ ਪੈਡਲ ਬਣਾਵਟੀ ਪੈਰਾਂ ਨਾਲ ਬੰਨ੍ਹਣ ਦਾ ਇਰਾਦਾ ਸੀ । ਸਾਈ ਦੇ ਅਸਧਾਰਨ ਖਾਸੇ ਤੇ ਤੁਰੰਤ ਜ਼ਰੂਰਤ ਨੂੰ ਧਿਆਨ ਵਿੱਚ ਰੱਖਦਿਆਂ, ਮੋਚੀ ਨੇ ਤਮਾਕੂ ਤੋਂ ਇਲਾਵਾ ਅੱਧਾ ਲਿਟਰ ਵੋਦਕਾ ਦੀ ਵੀ ਮੰਗ ਕੀਤੀ, ਤੇ “ਚੰਗੀ ਚੀਜ਼ ਬਣਾ ਦੇਣ” ਦਾ ਵਾਅਦਾ ਕੀਤਾ। ਮਰੇਸੇਯੇਵ ਵਾਪਸ ਹਵਾਈ ਅੱਡੇ ਉੱਤੇ ਆ ਗਿਆ ਤੇ ਉਡਾਣਾਂ ਨੂੰ ਦੇਖਣ ਲੱਗਾ, ਜਿਵੇਂ ਕਿ ਉਹ ਸਧਾਰਨ ਸਿਖਲਾਈ ਉਡਾਣਾਂ ਨਾ ਹੋਣ ਸਗੋਂ ਉਚ ਦਰਜੇ ਦੇ ਪਾਇਲਟਾਂ ਵਿਚਕਾਰ ਮੁਕਾਬਲਾ ਹੋਵੇ, ਤੇ ਉਦੋਂ ਤੱਕ ਦੇਖਦਾ ਰਿਹਾ ਜਦੋਂ ਤੱਕ ਆਖ਼ਰੀ ਹਵਾਈ ਜਹਾਜ਼ ਨੂੰ ਉਸਦੇ ਟਿਕਾਣੇ ਲਿਜਾ ਕੇ ਰੱਸਿਆਂ ਨਾਲ ਨਾ ਬੰਨ੍ਹ ਦਿੱਤਾ ਗਿਆ । ਉਹ ਏਨਾਂ ਉਡਾਣਾਂ ਨੂੰ ਨਹੀਂ ਸੀ ਦੇਖ ਰਿਹਾ, ਜਿਨ੍ਹਾਂ ਕਿ ਹਵਾਈ ਅੱਡੇ ਦੇ ਮਹੌਲ ਦੇ ਘੁੱਟ ਭਰ ਰਿਹਾ ਸੀ, ਸਰਗਰਮੀ ਨੂੰ, ਇੰਜਣਾਂ ਦੀ ਨਿਰੰਤਰ ਗਰਜ ਨੂੰ, ਰਾਕਟਾਂ ਦੀ ਮੱਧਮ ਜਿਹੀ ਅਵਾਜ਼ ਨੂੰ ਪੈਟਰੋਲ ਤੇ ਤੇਲ ਦੀ ਵਾਸ਼ਨਾ ਨੂੰ ਆਪਣੇ ਅੰਦਰ ਰਚਾ ਰਿਹਾ ਸੀ। ਉਸਦੀ ਸਾਰੀ ਹੋਂਦ ਗਦ ਗਦ ਹੋ ਰਹੀ ਸੀ, ਤੇ ਇਹ ਖਿਆਲ ਉਸਦੇ ਮਨ ਵਿੱਚ ਵੀ ਨਾ ਆਇਆ ਕੀ ਹੋ ਸਕਦਾ ਹੈ, ਅਗਲੇ ਦਿਨ ਹਵਾਈ ਜਹਾਜ਼ ਉਸਦੇ ਆਖੇ ਨਾ ਲੱਗੇ ਉਸਦੇ ਹੱਥੋ ਨਿੱਕਲ ਜਾਏ, ਤੇ ਹੋ ਸਕਦਾ ਹੈ ਕੋਈ ਦੁਰਘਟਨਾ ਵਾਪਰ ਜਾਏ ।
ਉਹ ਅਗਲੇ ਦਿਨ ਸਵੇਰੇ ਹਵਾਈ ਅੱਡੇ ਉੱਤੇ ਆ ਗਿਆ, ਜਦੋਂ ਅਜੇ ਇਹ ਸੁੰਨਸਾਨ ਪਿਆ ਸੀ । ਦੂਰ ਲਾਈਨਾਂ ਉੱਤੇ ਗਰਮ ਕੀਤੇ ਜਾ ਰਹੇ ਇੰਜਣ ਗਰਜ ਰਹੇ ਸਨ, ਗਰਮ ਕਰਨ ਵਾਲੇ ਸਟੋਵਾਂ ਵਿੱਚੋਂ ਧੂੰਆਂ ਨਿੱਕਲ ਰਿਹਾ ਸੀ, ਤੇ ਮਕੈਨਿਕ, ਪ੍ਰੋਪੈਲਰਾਂ ਨੂੰ ਘੁਮਾਉਂਦੇ ਹੋਏ, ਉਨਾਂ ਤੇ ਦੂਰ ਨੱਠ ਰਹੇ ਸਨ, ਜਿਵੇਂ ਕਿ ਉਹ ਸੱਪ ਹੋਣ। ਸਵੇਰ ਦੀਆਂ ਜਾਣੀਆਂ ਪਛਾਣੀਆਂ ਕੂਕਾਂ ਤੇ ਜਵਾਬੀ ਕੂਕਾਂ ਸੁਣੀ ਦੇ ਰਹੀਆਂ ਸਨ ।
“ਰੈਡੀ !”
“ਕਾਨਟੈਕਟ !”
“ਕਾਨਟੈਕਟ ਹੋ ਗਿਐ!’
ਕਿਸੇ ਨੇ ਅਲੈਕਸੇਈ ਨੂੰ ਇਸ ਲਈ ਝਾੜ ਪਾਈ ਕਿ ਉਹ ਏਨੀਂ ਸਵੇਰੇ ਹਵਾਈ ਜਹਾਜ਼ਾਂ ਕੋਲ ਕੀ ਕਰਦਾ ਫਿਰਦਾ ਹੈ। ਉਸਨੇ ਮਜ਼ਾਕ ਵਿੱਚ ਗੱਲ ਟਾਲ ਦਿੱਤੀ ਤੇ ਆਪਣੇ ਮਨ ਵਿੱਚ ਖੁਸ਼ੀ ਖੁਸ਼ੀ ਇਹ ਵਾਕੰਸ਼ ਦੁਹਰਾਉਂਦਾ ਰਿਹਾ, ਜਿਹੜਾ ਪਤਾ ਨਹੀਂ ਕਿਉਂ ਉਸਦੇ ਦਿਮਾਗ਼ ਵਿੱਚ ਉਕਰਿਆ ਗਿਆ ਸੀ-“ਰੈਡੀ, ਕਾਨਟੈਕਟ ਕਾਨਟੈਕਟ ਹੋ ਗਿਐ!” ਆਖ਼ਰ ਹਵਾਈ ਜਹਾਜ਼ ਜਿਵੇਂ ਉਛਲਦੇ ਹੋਏ ਤੇ ਕੰਬਦੇ ਪਰ੍ਹਾਂ ਨਾਲ, ਜਿਨ੍ਹਾਂ ਨੂੰ ਮਕੈਨਿਕਾਂ ਨੇ ਸਹਾਰਾ ਦਿੱਤਾ ਹੋਇਆ ਸੀ, ਅਜੀਬ ਤਰ੍ਹਾਂ ਪਾਸੇ ਮਾਰਦੇ ਹੋਏ ਰਿੜ੍ਹਦੇ ਰਿੜਦੇ ਆਰੰਭਕ ਰੇਖਾ ਤੱਕ ਆ ਗਏ । ਏਨੇਂ ਚਿਰ ਨੂੰ ਸਿਗਰਟ ਦਾ ਮੁੱਢ ਸੁਲਗਾਉਂਦਾ ਹੋਇਆ ਨਾਊਮੋਵ ਆ ਗਿਆ; ਸਿਗਰਟ ਦਾ ਇਹ ਮੁੱਢ ਏਨਾਂ ਛੋਟਾ ਸੀ ਕਿ ਉਹ ਆਪਣੇ ਨਿਕੋਟੀਨ ਰੰਗੇ ਉਂਗਲਾਂ ਦੇ ਪੋਟਿਆਂ ਤੋਂ ਧੂੰਆਂ ਕੱਢ ਰਿਹਾ ਲੱਗਦਾ ਸੀ ।
“ਆ ਗਿਆ?” ਅਲੈਕਸੇਈ ਵੱਲੋਂ ਬਕਾਇਦਾ ਢੰਗ ਨਾਲ ਮਾਰੀ ਗਈ ਸਲੂਟ ਦਾ ਜਵਾਬ ਦਿੱਤੇ ਤੋਂ ਬਿਨਾਂ ਉਸਨੇ ਪੁੱਛਿਆ। “ਚਲੋ ਠੀਕ ਹੈ। ਪਹਿਲਾਂ ਆਇਆ, ਪਹਿਲਾਂ ਉਡਾਣ ਕਰੇਂਗਾ । ਨੰਬਰ ਨੌਂ ਦੀ ਪਿਛਲੀ ਕਾਕਪਿਟ ਵਿੱਚ ਬੈਠ ਜਾਹ, ਤੇ ਮੈਂ ਹੁਣੇ ਆਇਆ। ਦੇਖਦਾ ਹਾਂ, ਤੂੰ ਕੈਸਾ ਜਾਨਵਰ ਹੈਂ !”
ਉਹ ਸਿਗਰਟ ਦੇ ਬਾਕੀ ਰਹਿ ਗਏ ਸਿਰੇ ਦੇ ਜਲਦੀ ਜਲਦੀ ਕਸ਼ ਭਰਨ ਲੱਗ ਪਿਆ ਤੇ ਅਲੈਕਸੇਈ ਜਲਦੀ ਜਲਦੀ ਹਵਾਈ ਜਹਾਜ਼ ਵੱਲ ਤੁਰ ਪਿਆ ਉਹ ਅਧਿਆਪਕ ਦੇ ਆਉਣ ਤੋਂ ਪਹਿਲਾਂ ਪਹਿਲਾਂ ਆਪਣੇ ਪੈਰਾਂ ਨੂੰ ਪੱਕੀ ਤਰ੍ਹਾਂ ਪੈਡਲਾਂ ਨਾਲ ਬੰਨ੍ਹਣਾਂ ਚਾਹੁੰਦਾ ਸੀ । ਉਹ ਚੰਗਾ ਬੰਦਾ ਲੱਗਦਾ ਸੀ, ਪਰ ਤਾਂ ਵੀ ਕੀ ਕਿਹਾ ਜਾ ਸਕਦਾ ਸੀ? ਕੀ ਪਤਾ ਇੱਕਦਮ ਉਸਦੇ ਦਿਮਾਗ਼ ਵਿੱਚ ਕੁਝ ਆ ਗਏ, ਅਜ਼ਮਾਇਸ਼ ਤੋਂ ਇਨਕਾਰ ਕਰ ਦੇਵੇ ਤੇ ਰੌਲ਼ਾ ਪਾਉਣਾ ਸ਼ੁਰੂ ਕਰ ਦੇਵੇਂ ? ਮਰੇਸੇਯੇਵ ਤਿਲ੍ਹਕਵੇਂ ਪਰ੍ਹਾਂ ਉੱਪਰ ਚੜ੍ਹ ਗਿਆ, ਤੇ ਕਾਕਪਿੱਟ ਦੇ ਪਾਸੇ ਨੂੰ ਝੰਜੋੜਵੀਂ ਤਰ੍ਹਾਂ ਫੜ ਲਿਆ। ਭਾਵਕ ਤੌਰ ਉੱਤੇ ਉਤੇਜਿਤ ਹੋਏ ਹੋਏ ਕਾਰਨ, ਤੇ ਅਭਿਆਸ ਨਾ ਰਹਿਣ ਕਰਕੇ ਉਹ ਪੂਰੀ ਕੋਸ਼ਿਸ਼ ਦੇ ਬਾਵਜੂਦ ਵੀ ਆਪਣੀ ਲੱਤ ਨੂੰ ਪਾਸੇ ਉੱਪਰੋਂ ਦੀ ਕਾਕਪਿੱਟ ਵਿੱਚ ਨਾ ਸੁੱਟ ਸਕਿਆ, ਤੇ ਉਦਾਸ ਜਿਹੇ ਤੇ ਲਮਕਵੇਂ ਚਿਹਰੇ ਵਾਲਾ ਮਕੈਨਿਕ, ਜਿਹੜਾ ਹੁਣ ਜਵਾਨ ਨਹੀਂ ਸੀ ਲੱਗਦਾ, ਉਸ ਵੱਲ ਹੈਰਾਨ ਹੋ ਕੇ ਦੇਖਣ ਲੱਗ ਪਿਆ ਤੇ ਸੋਚਣ ਲੱਗਾ: “ਸ਼ਰਾਬੀ ਹੋਇਆ ਹੋਇਐ, ਕੁੱਤਾ!”
ਆਖ਼ਰ ਅਲੈਕਸੇਈ ਆਪਦੀ ਇੱਕ ਆਕੜੀ ਹੋਈ ਲੱਤ ਨੂੰ ਕਾਕਪਿੱਟ ਵਿੱਚ ਲਿਜਾਣ ਵਿੱਚ ਸਫ਼ਲ ਹੋ ਗਿਆ, ਬੜੀ ਕੋਸ਼ਿਸ਼ ਕਰਕੇ ਦੂਸਰੀ ਨੂੰ ਵੀ ਅੰਦਰ ਖੜਿਆ ਤੇ ਸੀਟ ਉੱਤੇ ਢਹਿ ਪਿਆ। ਉਸਨੇ ਆਪਣੇ ਪਟਿਆਂ ਦੀ ਸਹਾਇਤਾ ਨਾਲ ਆਪਣੇ ਬਣਾਵਟੀ ਪੈਰਾਂ ਨੂੰ ਪੈਡਲਾਂ ਨਾਲ ਬੰਨ੍ਹਿਆ। ਇਹ ਪਟੇ ਬੜੇ ਸ਼ਾਨਦਾਰ ਬਣੇ ਸਾਬਤ ਹੋਏ, ਤੇ ਚਮੜੇ ਦੇ ਘੇਰੇ ਉਸਦੇ ਬਣਾਵਟੀ ਪੈਰਾਂ ਉੱਤੇ ਇੰਝ ਪੱਕੀ ਤਰ੍ਹਾਂ ਤੇ ਚੰਗੀ ਤਰ੍ਹਾਂ ਫਿੱਟ ਹੁੰਦੇ ਸਨ ਜਿਵੇਂ ਬਚਪਨ ਵਿੱਚ ਸਕੇਟਾਂ ਦਾ ਚੰਗਾ ਜੋੜਾ ਫਿੱਟ ਬੈਠਦਾ ਹੁੰਦਾ ਸੀ ।
ਅਧਿਆਪਕ ਨੇ ਕਾਕਪਿਟ ਵਿੱਚ ਸਿਰ ਵਾੜਿਆ:
“ਕਿਉਂ ਬਈ, ਤੂੰ ਪੀਤੀ ਤਾਂ ਨਹੀਂ ਹੋਈ ? ਸਾਹ ਲੈ ਖਾਂ ਜ਼ਰਾ।”
ਅਲੈਕਸੇਈ ਨੇ ਸਾਹ ਲਿਆ । ਉਸਦੇ ਸਾਹ ਵਿੱਚ ਸ਼ਰਾਬ ਦੀ ਜਾਣੀ ਪਛਾਣੀ ਬੋਅ ਨਾ ਮਹਿਸੂਸ ਕਰਦਿਆਂ, ਅਧਿਆਪਕ ਨੇ ਮਕੈਨਿਕ ਵੱਲ ਗੁੱਸੇ ਨਾਲ ਮੁੱਕਾ ਹਿਲਾਇਆ।
” ਰੈਡੀ !”
“ਕਾਨਟੈਕਟ !”
“ਕਾਨਟੈਕਟ ਹੋ ਗਿਐ!”
ਇੰਜਣ ਨੇ ਕਈ ਵਾਰੀ ਫੱਰਾਟੇ ਮਾਰੇ ਤੇ ਫਿਰ ਪਿਸਟਨ ਬਕਾਇਦਾ ਤਾਲ ਨਾਲ ਚੱਲਣੇ ਸ਼ੁਰੂ ਹੋ ਗਏ । ਮਰੇਸੇਯੇਵ ਖੁਸ਼ੀ ਨਾਲ ਲਗਭਗ ਉਛਲ ਪਿਆ ਤੇ ਆਪਣੇ ਆਪ ਹੀ ਉਸ ਤੋਂ ਗੈਸ ਦਾ ਲੀਵਰ ਖਿਚਿਆ ਗਿਆ, ਪਰ ਅੰਤਰ ਸੰਚਾਰ ਉੱਤੇ ਉਸਨੇ ਅਧਿਆਪਕ ਨੂੰ ਗੁਰਾਉਂਦਿਆਂ ਸੁਣਿਆ:
“ਸਿੱਧਾ ਏਨੀਂ ਗਰਮੀ ਵਿੱਚ ਨਾ ਆ ।”
ਅਧਿਆਪਕ ਨੇ ਆਪ ਗੈਸ ਛੱਡੀ, ਮੋਟਰ ਗੁਰਾਉਣ ਲੱਗੀ, ਸੀਟੀਆਂ ਮਾਰਨ ਲੱਗੀ ਤੇ ਹਵਾਈ ਜਹਾਜ਼ ਉੱਛਲਦਾ ਹੋਇਆ ਦੌੜ ਪਿਆ। ਮਕੈਨੀਕਲ ਢੰਗ ਨਾਲ ਕੰਟਰੋਲ ਕਰਦਿਆਂ, ਨਾਉਮੋਵ ਨੇ ਹੈਂਡਲ ਆਪਣੇ ਵੱਲ ਖਿੱਚਿਆ ਤੇ ਇਹ ਛੋਟਾ ਜਿਹਾ ਹਵਾਈ ਜਹਾਜ਼, ਜਿਹੜਾ ਉਡਣੀ ਭੰਬੀਰੀ ਨਾਲ ਰਲਦਾ ਮਿਲਦਾ ਸੀ, ਜਿਸਨੂੰ ਉੱਤਰੀ ਮਹਾਜ਼ ਉੱਤੇ ਪਿਆਰ ਨਾਲ “ਜੰਗਲ ਦਾ ਰਾਖਾ,” ਕੇਂਦਰੀ ਮਹਾਜ਼ ਉੱਤੇ “ਬੰਦਗੋਭੀ ਉਗਾਉਣ ਵਾਲਾ” ਤੇ ਦੱਖਣ ਵਿੱਚ “ਮੱਕੀ ਉਗਾਉਣ ਵਾਲਾ” ਕਿਹਾ ਜਾਂਦਾ ਸੀ, ਜਿਹੜਾ ਹਰ ਥਾਂ ਸਿਪਾਹੀਆਂ ਦੇ ਸਦਭਾਵੀ ਹਾਸੇ ਠੱਠੇ ਦਾ ਵਿਸ਼ਾ ਬਣਿਆ ਹੋਇਆ ਸੀ, ਤੇ ਜਿਹੜਾ ਪੁਰਾਣੇ, ਚੂੰ ਚੂੰ ਕਰਦੇ, ਪਰ ਅਜ਼ਮਾਏ ਹੋਏ ਤੇ ਵਫ਼ਾਦਾਰ ਸਾਥੀ ਵਾਂਗ ਸਤਿਕਾਰਿਆਂ ਜਾਂਦਾ ਸੀ, ਜਿਸ ਜਹਾਜ਼ ਉੱਤੇ ਸਭ ਪਾਇਲਟਾਂ ਨੇ ਉਡਾਨ ਕਰਨਾ ਸਿੱਖਿਆ ਸੀ, ਤਿੱਖੀ ਤਰ੍ਹਾਂ ਨਾਲ ਅਕਾਸ਼ ਵੱਲ ਨੂੰ ਉੱਡ ਪਿਆ।
ਇੱਕ ਖਾਸ ਕੋਨ ਉੱਤੇ ਲੱਗੇ ਸ਼ੀਸ਼ੇ ਵਿੱਚੋਂ ਅਧਿਆਪਕ ਆਪਣੇ ਨਵੇਂ ਸਿਖਿਆਰਥੀ ਦਾ ਮੂੰਹ ਦੇਖ ਸਕਦਾ ਸੀ । ਉਸ ਲੰਮੇ ਵਕਫ਼ੇ ਤੋਂ ਮਗਰੋਂ ਪਹਿਲੀ ਉਡਾਣ ਕਰ ਰਹੇ ਕਿੰਨੇਂ ਬੰਦਿਆਂ ਦੇ ਚਿਹਰੇ ਦੇਖੇ ਸਨ। ਉਸ ਉੱਚ ਕੋਟੀ ਦੇ ਪਾਇਲਟਾਂ ਦੀਆਂ ਨਿਵਾਜਵੀਆਂ ਮੁਸਕਾਨਾਂ ਦੇਖੀਆਂ ਸਨ; ਉਸ ਉਤਸ਼ਾਹੀਆਂ ਦੀਆਂ ਲਿਸ਼ਕਦੀਆਂ ਤੇ ਲਾਟਾਂ ਛਡਦੀਆਂ ਅੱਖਾਂ ਦੇਖੀਆਂ ਸਨ, ਜਿਹੜੇ ਇੱਕ ਤੋਂ ਦੂਜੇ ਹਸਪਤਾਲਾਂ ਦੇ ਅਕਾਵੇਂ ਗੇੜੇ ਲਾਉਣ ਤੋਂ ਮਗਰੋਂ ਆਪਣੇ ਆਪ ਨੂੰ ਆਪਣੇ ਕੁਦਰਤੀ ਆਲੇ ਦੁਆਲੇ ਵਿੱਚ ਦੇਖਦੇ ਸਨ; ਉਸਨੇ ਹਾਦਸੇ ਵਿੱਚ ਸਖ਼ਤ ਜ਼ਖਮੀ ਹੋ ਚੁੱਕੇ ਬੰਦਿਆਂ ਨੂੰ ਪੀਲ਼ੇ ਪੈਂਦਿਆਂ ਘਬਰਾਹਟ ਦੀਆਂ ਨਿਸ਼ਾਨੀਆਂ ਦਿਖਾਉਂਦਿਆਂ ਤੇ ਆਪਣੇ ਬੁੱਲ੍ਹ ਟੁੱਕਦਿਆਂ ਦੇਖਿਆ ਸੀ, ਜਦੋਂ ਉਹ ਹਵਾ ਵਿੱਚ ਉਡਦੇ ਹੁੰਦੇ ਸਨ, ਤੇ ਉਸਨੇ ਪਹਿਲੀ ਵਾਰੀ ਉਡਾਣ ਕਰ ਰਹੇ ਸਿਖਾਂਦਰੂਆਂ ਦੀ ਪੁਰਜੋਸ਼ ਉਤਸੁਕਤਾ ਵੀ ਦੇਖੀ ਸੀ । ਪਰ ਇਹਨਾਂ ਸਾਰੇ ਸਾਲਾਂ ਵਿੱਚ ਜਦੋਂ ਦਾ ਉਹ ਅਧਿਆਪਕ ਸੀ, ਉਸਨੇ ਸ਼ੀਸ਼ੇ ਵਿੱਚ ਇਸ ਤਰ੍ਹਾਂ ਦੇ ਅਜੀਬ ਹਾਵ ਭਾਵ ਦਾ ਪ੍ਰਗਟਾਅ ਨਹੀਂ ਸੀ ਦੇਖਿਆ ਜਿਹੜਾ ਇਸ ਸਾਂਵਲੇ, ਖੂਬਸੂਰਤ ਸੀਨੀਅਰ ਲੈਫ਼ਟੀਨੈਂਟ ਦੇ ਚਿਹਰੇ ਉੱਤੇ ਦਿਸ ਰਿਹਾ ਸੀ, ਜਿਹੜਾ ਪ੍ਰਤੱਖ ਤੌਰ ਉੱਤੇ ਉਡਾਣ ਦੇ ਕੰਮ ਵਿੱਚ ਕੋਈ ਨਵਾਂ ਨਹੀਂ ਸੀ।
ਇਸ ਨਵੇਂ ਸਿਖਿਆਰਥੀ ਦੇ ਸਾਂਵਲੇ ਮੂੰਹ ਉੱਤੇ ਲਾਲ ਸੂਹੇ ਨਿਸ਼ਾਨ ਦਿਸਣ ਲੱਗੇ । ਉਸਦੇ ਬੁੱਲ੍ਹ ਪੀਲ਼ੇ ਪੈ ਗਏ, ਡਰ ਕਰਕੇ ਨਹੀਂ, ਸਗੋਂ ਕਿਸੇ ਉੱਚੇ ਸੁੱਚੇ ਹਾਵਭਾਵ ਕਰਕੇ, ਜਿਹੜਾ ਨਾਉਮੋਵ ਦੀ ਸਮਝ ਵਿਚ ਨਹੀਂ ਸੀ ਆ ਸਕਦਾ। ਉਹ ਕੌਣ ਸੀ ? ਉਸ ਨਾਲ ਕੀ ਵਾਪਰ ਰਹੀ ਸੀ ? ਮਕੈਨਿਕ ਨੇ ਇਹ ਕਿਉਂ ਸੋਚਿਆ ਸੀ ਕਿ ਉਸਨੇ ਪੀਤੀ ਹੋਈ ਹੈ ? ਜਦੋਂ ਹਵਾਈ ਜਹਾਜ਼ ਧਰਤੀ ਤੋਂ ਉਠਿਆ ਤੇ ਹਵਾ ਵਿੱਚ ਲਟਕ ਗਿਆ, ਤਾਂ ਅਧਿਆਪਕ ਨੇ ਦੇਖਿਆ ਕਿ ਸਿਖਿਆਰਥੀ ਦੀਆਂ ਕਾਲੀਆਂ, ਸਿਰੜ੍ਹੀ, ਜਿਪਸੀ ਅੱਖਾਂ ਵਿੱਚ, ਜਿਨ੍ਹਾਂ ਉੱਤੇ ਉਸਨੇ ਐਨਕਾਂ ਨਹੀਂ ਸਨ ਪਾਈਆਂ ਹੋਈਆਂ, ਅੱਥਰੂ ਆ ਗਏ, ਤੇ ਉਸਨੇ ਦੇਖਿਆ ਕਿ ਅੱਥਰੂ ਵਗਦੇ ਹੋਏ ਉਸਦੀਆਂ ਗੱਲ੍ਹਾਂ ਤੱਕ ਆਏ ਤੇ ਫਿਰ ਹਵਾ ਦਾ ਬੁੱਲ੍ਹਾ ਉਹਨਾਂ ਨੂੰ ਉਡਾ ਕੇ ਲੈ ਗਿਆ, ਜਿਸ ਵੇਲੇ ਹਵਾਈ ਜਹਾਜ਼ ਨੇ ਮੋੜ ਕੱਟਿਆ।
“ਕੋਈ ਅਜੀਬੋ-ਗਰੀਬ ਜਿਹਾ ਆਦਮੀ ਹੈ । ਇਸ ਨਾਲ ਜ਼ਰਾ ਹੁਸ਼ਿਆਰ ਹੀ ਰਹਿਣਾ ਚਾਹੀਦੈ। ਕੌਣ ਜਾਣੇ! “ਨਾਊਮੋਵ ਨੇ ਆਪਣੇ ਮਨ ਹੀ ਮਨ ਵਿੱਚ ਫ਼ੈਸਲਾ ਕੀਤਾ। ਪਰ ਇਸ ਉਤੇਜਿਤ ਹੋਏ ਹੋਏ ਚਿਹਰੇ ਦੇ ਹਾਵ ਭਾਵ ਵਿੱਚ ਕੋਈ ਐਸੀ ਚੀਜ਼ ਸੀ, ਜਿਹੜੀ ਉਸਨੂੰ ਟੇਢੇ ਲੱਗੇ ਸ਼ੀਸ਼ੇ ਵਿੱਚ ਦਿਖਾਈ ਦਿੱਤੀ, ਤੇ ਜਿਸਨੇ ਅਧਿਆਪਕ ਦੇ ਮਨ ਨੂੰ ਮੋਹ ਲਿਆ। ਉਹ ਹੈਰਾਨ ਹੋ ਗਿਆ ਕਿ ਖ਼ੁਦ ਉਸਦਾ ਮਨ ਭਰ ਆਇਆ ਤੇ ਉਸਦੇ ਸਾਮ੍ਹਣੇ ਦੇ ਯੰਤਰ ਉਸਦੇ ਸਾਮ੍ਹਣੇ ਧੁੰਦਲੇ ਪੈ ਗਏ ।
“ਹੁਣ ਤੂੰ ਚਲਾ,” ਉਹ ਬੋਲਿਆ, ਪਰ ਉਸਨੇ ਕੰਟਰੋਲ ਛੱਡਿਆ ਨਾ, ਸਿਰਫ ਹੱਥਾਂ ਤੇ ਪੈਰਾਂ ਨੂੰ ਢਿੱਲਿਆਂ ਕਰ ਦਿੱਤਾ, ਤਾਂ ਕਿ ਕਿਸੇ ਵੀ ਘੜੀ ਇਸ ਨਾ ਸਮਝ ਆਉਣ ਵਾਲ਼ੇ ਅਜੀਬ ਆਦਮੀ ਦੇ ਹੱਥਾਂ ਵਿੱਚੋਂ ਕੰਟਰੋਲ ਲੈ ਸਕੇ। ਗੀਅਰ ਬਾਣੀ, ਜਿਹੜਾ ਹਰ ਹਰਕਤ ਨੂੰ ਦੂਹਰੀ ਕਰਕੇ ਦਿਖਾਉਂਦਾ ਸੀ, ਨਾਉਮੋਵ ਨੇ ਮਹਿਸੂਸ ਕੀਤਾ ਕਿ ਹਵਾਈ ਜਹਾਜ਼ ਨੂੰ ਨਵੇਂ ਸਿਖਿਆਰਥੀ ਦਾ ਭਰੋਸੇ ਵਾਲ਼ਾ ਤੇ ਤਜ਼ਰਬਾਕਾਰ ਹੱਥ ਚਲਾ ਰਿਹਾ ਹੈ,“ਰੱਬ ਦੀ ਕਿਰਪਾ ਨਾਲ ਬਣਿਆ ਪਾਇਲਟ,” ਜਿਵੇਂ ਕਿ ਸਕੂਲ ਦਾ ਚੀਫ ਆਫ਼ ਸਟਾਫ਼ ਕਿਹਾ ਕਰਦਾ ਸੀ, ਜਿਹੜਾ ਪੁਰਾਣਾ ਹਵਾਈ ਭੇੜੀਆ ਸੀ ਤੇ ਘਰੋਗੀ ਜੰਗ ਦੇ ਸਮੇਂ ਵਿੱਚ ਵੀ ਪਾਇਲਟ ਹੁੰਦਾ ਸੀ।
ਪਹਿਲੇ ਚੱਕਰ ਤੋਂ ਪਿੱਛੋਂ ਨਾਊਮੋਵ ਦੇ ਦਿਲ ਵਿੱਚ ਨਵੇਂ ਸਿਖਿਆਰਥੀ ਬਾਰੇ ਕੋਈ ਡਰ ਨਾ ਰਿਹਾ। ਹਵਾਈ ਜਹਾਜ਼ “ਨਿਯਮਾਂ ਅਨੁਸਾਰ” ਇਕਸਾਰ ਚੱਲ ਰਿਹਾ ਸੀ। ਇੱਕੋ ਇੱਕ ਅਜੀਬ ਗੱਲ ਇਹ ਸੀ ਕਿ ਇੱਕੋ ਸਤਹ ਉੱਤੇ ਚਲਦਿਆਂ ਸਿਖਿਆਰਥੀ ਕਦੀ ਕਦੀ ਜ਼ਰਾ ਜ਼ਰਾ ਖੱਬੇ, ਸੱਜੇ, ਹੇਠਾਂ ਜਾਂ ਉਪਰ ਨੂੰ ਲੈ ਜਾਂਦਾ ਜਿਵੇਂ ਉਹ ਆਪਣੀ ਕਾਬਲੀਅਤ ਨੂੰ ਆਪ ਅਜ਼ਮਾ ਰਿਹਾ ਹੋਵੇ । ਨਾਊਮੋਵ ਨੇ ਅਗਲੇ ਦਿਨ ਸਿਖਿਆਰਥੀ ਨੂੰ ਇਕੱਲਿਆਂ ਉਡਾਣ ਲਾਉਣ ਦੀ ਆਗਿਆ ਦੇ ਦੇਣ ਦਾ, ਤੇ ਦੋ ਜਾਂ ਤਿੰਨ ਉਡਾਨਾਂ ਪਿੱਛੋ ਉਸਨੂੰ “ਊਤ-ਕ” ਸਿਖਲਾਈ ਹਵਾਈ ਜਹਾਜ਼ ਵੱਲ ਲਿਆਉਣ ਦਾ ਫ਼ੈਸਲਾ ਕੀਤਾ, ਜਿਹੜਾ ਕਿ ਲੜਾਕਾ ਹਵਾਈ ਜਹਾਜ਼ ਦੀ ਛੋਟੀ ਜਿਹੀ ਪਲਾਈਵੁੱਡ ਦੀ ਨਕਲ ਸੀ।
ਠੰਡ ਸੀ । ਪਰ ਉੱਤੇ ਲੱਗਿਆ ਥਰਮਾਮੀਟਰ ਮਨਫ਼ੀ 12 ਦਰਜੇ ਸੈਂਟੀਗਰੇਡ ਦਿਖਾ ਰਿਹਾ ਸੀ। ਕਾਟਵੀਂ ਹਵਾ ਕਾਕਪਿੱਟ ਵਿੱਚ ਆ ਰਹੀ ਸੀ, ਤੇ ਅਧਿਆਪਕ ਦੇ ਉਡਾਣ ਵੇਲੇ ਪਾਉਣ ਵਾਲੇ ਕੁੱਤੇ ਦੀ ਖੱਲ ਦੇ ਬੂਟਾਂ ਦੇ ਵਿੱਚੋ ਦੀ ਲੰਘਦੀ ਪੈਰਾਂ ਨੂੰ ਬਰਫ਼ ਕਰਦੀ ਜਾ ਰਹੀ ਸੀ । ਸਮਾਂ ਸੀ ਕਿ ਹੇਠਾਂ ਉਤਰਿਆ ਜਾਏ।
ਪਰ ਹਰ ਵਾਰੀ ਜਦੋਂ ਨਾਊਮੋਵ ਅੰਤਰ ਸੰਚਾਰ ਰਾਹੀ “ਉਤਾਰੇ ਵੱਲ ਨੂੰ!” ਦਾ ਹੁਕਮ ਦੇਂਦਾ, ਉਸਨੂੰ ਸ਼ੀਸ਼ੇ ਵਿੱਚ ਕਾਲੀਆਂ, ਲਿਸ਼ਕਦੀਆਂ, ਮਿੰਨਤ ਕਰਦੀਆਂ ਅੱਖਾਂ ਦਾ ਜੋੜਾ ਦਿਖਾਈ ਦੇਂਦਾ। ਨਹੀਂ, ਉਹ ਮਿੰਨਤ ਨਹੀ ਸਨ ਕਰ ਰਹੀਆਂ ਉਹ ਮੰਗ ਕਰ ਰਹੀਆਂ ਸਨ, ਤੇ ਉਹਨਾਂ ਨੂੰ ਇਨਕਾਰ ਕਰਨ ਦਾ ਉਸਦਾ ਹੌਂਸਲਾ ਨਹੀਂ ਸੀ ਪੈਂਦਾ। ਦਸ ਮਿੰਟਾ ਦੀ ਥਾਂ ਉਹ ਅੱਧਾ ਘੰਟਾ ਉੱਡਦੇ ਰਹੇ।
ਕਾਕਪਿੱਟ ਵਿੱਚੋਂ ਛਾਲ ਮਾਰਦਿਆਂ, ਨਾਊਮੋਵ ਨੇ ਜ਼ਮੀਨ ਉੱਤੇ ਪੈਰ ਮਾਰੇ ਤੇ ਆਪਣੀ ਬਾਹਵਾਂ ਨੂੰ ਥਪਕਿਆ; ਇਸ ਸਵੇਰ ਨੂੰ ਤੜ੍ਹਕੇ ਦਾ ਕੁਹਰਾ ਸੱਚਮੁਚ ਜਿਵੇਂ ਚੀਰ ਕੇ ਲੰਘ ਗਿਆ ਹੋਵੇ। ਪਰ ਸਿਖਿਆਰਥੀ ਕਾਕਪਿਟ ਵਿੱਚ ਕਿਸੇ ਚੀਜ਼ ਨਾਲ ਹੱਥ-ਪੱਥ ਮਾਰਦਾ ਰਿਹਾ, ਤੇ ਫਿਰ ਹੌਲ਼ੀ ਹੌਲ਼ੀ ਉਤਰਿਆ, ਜਿਵੇਂ ਉਸਦਾ ਉਤਰਨ ਦਾ ਜੀਅ ਨਾ ਕਰ ਰਿਹਾ ਹੋਵੇ। ਜਦੋਂ ਉਸਨੇ ਜ਼ਮੀਨ ਨਾਲ ਪੈਰ ਲਾਏ ਤਾਂ ਉਹ ਪੜ੍ਹ ਦੇ ਨੇੜੇ ਚੌਕੜੀ ਮਾਰ ਕੇ ਬੈਠ ਗਿਆ; ਉਸਦੇ ਬੁੱਲ੍ਹਾਂ ਉੱਤੇ ਖੁਸ਼ਭਰੀ ਸੱਚਮੁਚ ਨਸ਼ੀਲੀ ਮੁਸਕਾਨ ਸੀ, ਤੇ ਉਸਦੀਆਂ ਗੱਲ੍ਹਾਂ ਕੁਹਰੇ ਤੇ ਜੋਸ਼ ਕਾਰਨ ਲਾਲ ਹੋਈਆਂ ਹੋਈਆਂ ਸਨ।
“ਕਿਉਂ, ਜੰਮ ਗਿਆ ? ਮੇਰੇ ਤਾਂ ਬੂਟਾਂ ਦੇ ਵਿੱਚੋਂ ਦੀ ਠੰਡ ਚੀਰਦੀ ਲੰਘ ਰਹੀ ਸੀ, ਪਰ ਤੂੰ ਤਾਂ ਸਧਾਰਨ ਬੂਟ ਪਾਏ ਹੋਏ ਸਨ । ਤੇਰੇ ਪੈਰ ਬਰਫ਼ ਨਹੀਂ ਬਣੇ?”
“ਮੇਰੇ ਤਾਂ ਪੈਰ ਹੀ ਨਹੀਂ,” ਆਪਣੀਆਂ ਹੀ ਸੋਚਾਂ ਉੱਪਰ ਮੁਸਕਾਉਣਾ ਜਾਰੀ ਰੱਖਦਿਆਂ ਸਿਖਿਆਰਥੀ ਨੇ ਜਵਾਬ ਦਿੱਤਾ ।
“ਕੀ?” ਨਾਊਮੋਵ ਦਾ ਚੰਚਲ ਚਿਹਰਾ ਲਮਕ ਗਿਆ।
“ਮੇਰੇ ਤਾਂ ਪੈਰ ਹੀ ਨਹੀਂ,” ਮਰੇਸੇਯੇਵ ਨੇ ਸਾਫ਼ ਸਾਫ਼ ਦੁਹਰਾਇਆ।
“ਇਹਦਾ ਕੀ ਮਤਲਬ ਹੋਇਆ ਕਿ ਤੇਰੇ ਪੈਰ ਹੀ ਨਹੀਂ ? ਤੇਰਾ ਕੀ ਮਤਲਬ ਕਿ ਇਹਨਾਂ ਨੂੰ ਕੁਝ ਹੋਇਆ ਹੋਇਐ?”
“ਨਹੀਂ, ਮੇਰੇ ਪੈਰ ਹੈ ਹੀ ਨਹੀਂ । ਇਹ ਬਣਾਵਟੀ ਪੈਰ ਨੇ !”
ਕੁਝ ਪਲ ਲਈ ਤਾਂ ਜਿਵੇਂ ਨਾਉਮੋਵ ਜਿੱਥੇ ਸੀ ਉਥੇ ਹੀ ਹੈਰਾਨੀ ਨਾਲ ਗੱਡਿਆ ਗਿਆ ਹੋਵੇ । ਇਸ ਅਜੀਬ ਆਦਮੀ ਨੇ ਜੋ ਕੁਝ ਕਿਹਾ ਸੀ, ਉਸ ਉੱਪਰ ਯਕੀਨ ਨਹੀਂ ਸੀ ਕੀਤਾ ਜਾ ਸਕਦਾ। ਪੈਰ ਨਹੀਂ ! ਪਰ ਉਹ ਹੁਣੇ ਅਜੇ ਹਵਾਈ ਜਹਾਜ਼ ਉਡਾ ਰਿਹਾ ਸੀ, ਤੇ ਚੰਗੀ ਤਰ੍ਹਾਂ ਉੱਡਾ ਰਿਹਾ ਸੀ !…
“ਦਿਖਾ ਜ਼ਰਾ,” ਅਧਿਆਪਕ ਬੋਲਿਆ; ਉਸਦੀ ਅਵਾਜ਼ ਵਿੱਚ ਡਰ ਜਿਹੇ ਦਾ ਅਹਿਸਾਸ मी।
ਇਸ ਉਤਸੁਕਤਾ ਉੱਪਰ ਅਲੈਕਸੇਈ ਨਾ ਗੁੱਸੇ ਵਿੱਚ ਆਇਆ, ਨਾ ਨਰਾਜ਼ ਹੋਇਆ। ਇਸਦੇ ਉਲਟ, ਉਹ ਇਸ ਹਾਸੋਹੀਣੇ, ਖੁਸ਼ ਰਹਿਣੇ ਬੰਦੇ ਨੂੰ ਆਖ਼ਰੀ ਹੱਦ ਤੱਕ ਹੈਰਾਨ ਕਰਨਾ ਚਾਹੁੰਦਾ ਸੀ, ਸੋ ਉਸਨੇ ਸਰਕਸ ਵਿਚਲੇ ਕਿਸੇ ਬਾਜ਼ੀਗਰ ਵਾਂਗ, ਆਪਣੀ ਪੈਂਟ ਦੇ ਪੌਂਹਚੇ ਉੱਪਰ ਚੁੱਕ ਲਏ।
ਸਿਖਿਆਰਥੀ ਚਮੜੇ ਤੇ ਐਲਮੀਨੀਅਮ ਦੇ ਬਣੇ ਬੂਟਾਂ ਉੱਪਰ ਖੜ੍ਹਾ ਸੀ ਤੇ ਅਧਿਆਪਕ, ਮਕੈਨਿਕ ਤੇ ਪਾਇਲਟਾਂ ਦੀ ਕਤਾਰ ਵੱਲ ਖੁਸ਼ੀ ਖੁਸ਼ੀ ਦੇਖ ਰਿਹਾ ਸੀ, ਜਿਹੜੇ ਉਡਾਣ ਦੀ ਵਾਰੀ ਦੀ ਉਡੀਕ ਕਰ ਰਹੇ ਸਨ।
ਇੱਕਦਮ ਨਾਉਮੋਵ ਨੂੰ ਇਸ ਆਦਮੀ ਦੀ ਭਾਵਕਤਾ ਦੀ, ਉਸਦੇ ਚਿਹਰੇ ਉਪਰਲੇ ਅਸਧਾਰਨ ਹਾਵ-ਭਾਵ ਦੀ, ਉਸਦੀਆਂ ਕਾਲੀਆਂ ਅੱਖਾਂ ਵਿਚਲੇ ਅੱਥਰੂਆਂ ਦੀ ਤੇ ਉਸ ਉਤਸੁਕਤਾ ਦੀ ਸਮਝ ਆ ਗਈ, ਜਿਸ ਨਾਲ ਉਹ ਉਡਾਣ ਦੀ ਝਰਨਾਹਟ ਨੂੰ ਲਮਕਾਉਣਾ ਚਾਹੁੰਦਾ ਸੀ। ਇਸ ਸਿਖਿਆਰਥੀ ਨੇ ਉਸਨੂੰ ਚਕ੍ਰਿਤ ਕਰ ਦਿੱਤਾ। ਉਹ ਦੌੜਦਾ ਹੋਇਆ ਉਸ ਵੱਲ ਵਧਿਆ ਤੇ ਜ਼ੋਰ ਜ਼ੋਰ ਦੀ ਹੱਥ ਹਿਲਾਉਂਦਿਆਂ ਕੂਕਿਆ:
“ਆਹ ਪਿਆਰੇ, ਕਿਵੇਂ ਤੂੰ ਕੀਤੈ? ਹਾਂ, ਤੂੰ ਨਹੀਂ ਜਾਣਦਾ, ਤੂੰ ਬਿਲਕੁਲ ਨਹੀਂ ਜਾਣਦਾ ਕਿ ਤੂੰ ਕੈਸਾ ਇਨਸਾਨ ਹੈਂ!…”
ਮੁੱਖ ਚੀਜ਼ ਹੁਣ ਹੋ ਚੁੱਕੀ ਸੀ । ਅਲੈਕਸੇਈ ਨੇ ਅਧਿਆਪਕ ਦਾ ਦਿਲ ਜਿੱਤ ਲਿਆ ਸੀ । ਉਹ ਸ਼ਾਮ ਨੂੰ ਮਿਲੇ ਤੇ ਸਿਖਲਾਈ ਦਾ ਇੱਕ ਪ੍ਰੋਗਰਾਮ ਉਲ੍ਹੀਕਿਆ। ਉਹ ਸਹਿਮਤ ਸਨ ਕਿ ਅਲੈਕਸੇਈ ਦੀ ਅਵਸਥਾ ਮੁਸ਼ਕਲ ਹੈ, ਜ਼ਰਾ ਕੁ ਜਿੰਨੀ ਗ਼ਲਤੀ ਹਮੇਸ਼ਾ ਹਮੇਸ਼ਾ ਲਈ ਉਸਦੀ ਉਡਾਣ ਦਾ ਰਾਹ ਰੋਕ ਸਕਦੀ ਹੈ ਤੇ ਭਾਵੇਂ ਹੁਣ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਲੜਾਕਾ ਹਵਾਈ ਜਹਾਜ਼ ਵਿੱਚ ਚੜ੍ਹਨ ਤੇ ਉੱਡ ਕੇ ਉਸ ਥਾਂ ਵੱਲ ਜਾਣ ਲਈ ਕਾਹਲਾ ਪੈ ਰਿਹਾ ਸੀ ਜਿਧਰ ਦੇਸ਼ ਦੇ ਸਭ ਤੋਂ ਚੰਗੇ ਸਿਪਾਹੀ ਇਸ ਵੇਲੇ ਜਾ ਰਹੇ ਸਨ—ਵੋਲਗਾ ਦੇ ਕੰਢੇ ਦੇ ਉਸ ਪ੍ਰਸਿੱਧ ਸ਼ਹਿਰ ਵੱਲ-ਤਾਂ ਵੀ ਉਹ ਧਿਆਨ ਨਾਲ, ਸਬਰ ਨਾਲ ਸਰਬ ਪੱਖੀ ਸਿਖਲਾਈ ਲਈ ਸਹਿਮਤ ਹੋ ਗਿਆ। ਉਹ ਸਮਝ ਗਿਆ ਕਿ ਉਹ ਜਿਸ ਅਵਸਥਾ ਵਿੱਚ ਸੀ, ਉਸ ਵਿੱਚ ਸਿਰਫ਼ ਪਹਿਲੇ ਦਰਜੇ ਦਾ ਸਰਟੀਫ਼ਿਕੇਟ ਹੀ ਠੀਕ ਬੈਠ ਸਕਦਾ ਸੀ ।
9
ਮਰੇਸੇਯੇਵ ਪੰਜ ਮਹੀਨੇ ਤੋਂ ਕੁਝ ਵੱਧ ਸਿਖਲਾਈ ਸਕੂਲ ਵਿੱਚ ਰਿਹਾ । ਹਵਾਈ ਅੱਡਾ ਬਰਫ਼ ਨਾਲ ਢੱਕਿਆ ਗਿਆ ਤੇ ਹਵਾਈ ਜਹਾਜ਼ਾਂ ਨੂੰ ਪਹੀਆਂ ਦੀ ਥਾਂ ਸਕੀਆਂ ਲਾ ਦਿੱਤੀਆਂ ਗਈਆਂ। “ਖੇਤਰ” ਵਿੱਚ ਉਡਦਿਆਂ ਹੁਣ ਅਲੈਕਸੇਈ ਨੂੰ ਹੇਠਾਂ ਜ਼ਮੀਨ ਉੱਤੇ ਫੈਲੇ ਹੋਏ ਪਤਝੜ ਦੇ ਸੋਖ ਰੰਗ ਨਹੀਂ ਸਨ ਦਿਸਦੇ ਸਗੋਂ ਸਿਰਫ ਦੋ ਰੰਗ ਦਿਸਦੇ ਸਨ: ਚਿੱਟਾ ਤੇ ਕਾਲਾ । ਸਤਾਲਿਨਗਰਾਦ ਦੇ ਨੇੜੇ ਜਰਮਨਾਂ ਦੀ ਹਾਰ, ਜਰਮਨ ਛੇਵੀਂ ਫ਼ੌਜ ਦਾ ਖਾਤਮਾ ਤੇ ਪਾਊਲਸ ਨੂੰ ਕੈਦੀ ਬਨਾਉਣ ਦੀਆਂ ਸਨਸਨੀਖੇਜ਼ ਖ਼ਬਰਾਂ ਹੁਣ ਬੀਤੇ ਦੀ ਗੱਲ ਬਣ ਚੁੱਕੀਆਂ ਸਨ।
ਦੱਖਣ ਵਿੱਚ ਬੇਮਿਸਾਲ ਤੇ ਅਰੁਕ ਚੜ੍ਹਾਈ ਚੱਲ ਰਹੀ ਸੀ । ਜਰਨੈਲ ਰੋਤਮਿਸਤਰੋਵ ਦੇ ਟੈਂਕ ਜਰਮਨ ਮਹਾਜ਼ ਨੂੰ ਚੀਰ ਕੇ ਲੰਘ ਗਏ ਸਨ ਤੇ ਦੁਸ਼ਮਣ ਦੇ ਪਿਛਵਾੜੇ ਤਬਾਹੀ ਮਚਾ ਰਹੇ ਸਨ । ਇਸ ਤਰ੍ਹਾਂ ਦੇ ਸਮੇਂ, ਜਦੋਂ ਮਹਾਜ਼ ਉੱਤੇ ਇਸ ਤਰ੍ਹਾਂ ਦੀਆਂ ਗੱਲਾਂ ਵਾਪਰ ਰਹੀਆਂ ਸਨ, ਤੇ ਜਦੋਂ ਮਹਾਜ਼ ਉੱਤਲੇ ਅਕਾਸ਼ ਵਿੱਚ ਘਮਸਾਣ ਦੀਆਂ ਲੜਾਈਆਂ ਚੱਲ ਰਹੀਆਂ ਸਨ, ਤਾਂ ਅਲੈਕਸੇਈ ਨੂੰ ਨਿੱਕੇ ਨਿੱਕੇ ਸਿਖਲਾਈ ਜਹਾਜ਼ਾਂ ਉੱਪਰ ਹਵਾ ਵਿੱਚ ਜਾਨਮਾਰੀ ਕਰਦਿਆਂ “ਖੜ ਖੜ ਕਰਦੇ ਫਿਰਨਾ” ਹਸਪਤਾਲ ਦੇ ਲਾਂਘੇ ਵਿੱਚ ਹਰ ਰੋਜ ਦਿਹਾੜੀ ਵਿੱਚ ਕਈ ਕਈ ਵਾਰੀ ਇਧਰ ਉਧਰ ਕਦਮ ਪੁੱਟਦੇ ਫਿਰਨ ਨਾਲੋਂ, ਜਾਂ ਲੱਤਾਂ ਦੀਆਂ ਸੁੱਜੀਆਂ ਤੇ ਚੀਸਾਂ ਪਾਉਂਦੀਆਂ ਮੁੱਢੀਆਂ ਨਾਲ ਮਾਜ਼ੂਰਕਾ ਜਾਂ ਫਾਕਸਟਰਾਟ ਨੱਚਦੇ ਫਿਰਨ ਨਾਲੋਂ ਵੀ ਵਧੇਰੇ ਮੁਸ਼ਕਲ ਲੱਗਾ।
ਹਰ ਹਸਪਤਾਲ ਵਿੱਚ ਉਸਨੇ ਸਹੂੰ ਚੁੱਕੀ ਸੀ ਕਿ ਉਹ ਹਵਾਬਾਜ਼ੀ ਵਿੱਚ ਜ਼ਰੂਰ ਵਾਪਸ ਜਾਏਗਾ । ਉਸਨੇ ਆਪਣੇ ਸਾਮ੍ਹਣੇ ਇੱਕ ਨਿਸ਼ਾਨਾ ਰੱਖਿਆ ਸੀ ਤੇ ਗ਼ਮ, ਕਸ਼ਟ, ਥਕਾਵਟ ਤੇ ਨਿਰਾਸ਼ਾ ਦੇ ਬਾਵਜੂਦ ਇਸਨੂੰ ਪ੍ਰਾਪਤ ਕਰਨ ਲਈ ਘਾਲਣਾ ਕਰਦਾ ਆਇਆ ਸੀ । ਇੱਕ ਦਿਨ ਉਸਨੂੰ ਆਪਣੇ ਨਵੇਂ ਸਿਰਨਾਵੇਂ ਉੱਤੇ ਇੱਕ ਮੋਟਾ ਜਿਹਾ ਪੈਕਟ ਮਿਲਿਆ । ਕਲਾਵਦੀਆ ਮਿਖਾਇਲੋਵਨਾ ਨੇ ਇਹ ਚਿੱਠੀਆਂ ਭੇਜੀਆਂ ਸਨ ਤੇ ਪੁੱਛਿਆ ਹੋਇਆ ਸੀ ਕਿ ਉਹ ਕਿਵੇਂ ਰਹਿ ਰਿਹਾ ਹੈ, ਕਿਵੇਂ ਤਰੱਕੀ ਕਰ ਰਿਹਾ ਹੈ, ਉਹ ਆਪਣਾ ਸੁਪਨਾ ਸਕਾਰ ਕਰ ਸਕਿਆ ਹੈ ਜਾਂ ਨਹੀਂ।
“ਸਕਾਰ ਕਰ ਸਕਿਆ ਹੈ ਜਾਂ ਨਹੀਂ ?” ਉਸਨੇ ਆਪਣੇ ਆਪ ਤੋਂ ਪੁੱਛਿਆ, ਤੇ ਬਿਨ੍ਹਾਂ ਜਵਾਬ ਦਿੱਤਿਆਂ ਉਸਨੇ ਚਿੱਠੀਆਂ ਨੂੰ ਫੋਲਣਾ ਸ਼ੁਰੂ ਕਰ ਦਿੱਤਾ । ਕਈ ਚਿੱਠੀਆਂ ਸਨ: ਮਾਂ ਵੱਲੋਂ, ਓਲਿਆ ਵੱਲੋਂ ਗਵੋਜ਼ਦਿਓਵ ਵੱਲੋਂ, ਤੇ ਇੱਕ ਹੋਰ ਜਿਸਨੇ ਉਸਨੂੰ ਬੜਾ ਹੈਰਾਨ ਕੀਤਾ, ਸਿਰਨਾਵਾਂ “ਰੁੱਤ-ਵਿਗਿਆਨਕ ਸਾਰਜੰਟ” ਦੀ ਹੱਥ ਲਿਖਤ ਵਿੱਚ ਸੀ, ਤੇ ਹੇਠਾਂ ਲਿਖਿਆ ਸੀ: ਕਪਤਾਨ ਕ. ਕੁਕੁਸ਼ਕਿਨ ਵੱਲੋਂ ।” ਉਸਨੇ ਉਹ ਚਿੱਠੀ ਪਹਿਲਾਂ ਪੜ੍ਹੀ।
ਕੁਕੂਸ਼ਕਿਨ ਨੇ ਲਿਖਿਆ ਹੋਇਆ ਸੀ ਕਿ ਉਸਨੂੰ ਇੱਕ ਵਾਰੀ ਫਿਰ ਗਿਰਾ ਲਿਆ ਗਿਆ ਸੀ: ਉਹ ਸੜਦੇ ਹਵਾਈ ਜਹਾਜ਼ ਵਿੱਚੋਂ ਛਲਾਂਗ ਲਾ ਕੇ ਉਤਰਿਆ ਸੀ ਤੇ ਸਫ਼ਲਤਾ ਨਾਲ ਆਪਣੀਆਂ ਸਫ਼ਾਂ ਵਿੱਚ ਆ ਗਿਆ ਸੀ, ਪਰ ਉਹਦੀ ਬਾਂਹ ਉੱਤਰ ਗਈ ਸੀ ਤੇ ਹੁਣ ਉਹ ਮੈਡੀਕਲ ਬਟਾਲੀਅਨ ਵਿੱਚ ਸੀ, ਜਿੱਥੇ ਉਹ, ਜਿਵੇਂ ਕਿ ਉਸਨੇ ਲਿਖਿਆ ਹੋਇਆ ਸੀ, “ਅਨੀਮੇ ਦੇ ਬਹਾਦਰ ਕਾਮਿਆਂ, ” ਵਿਚਕਾਰ “ਅਕੇਵੇਂ ਨਾਲ ਮਰਦਾ ਜਾ ਰਿਹਾ” ਸੀ। ਪਰ ਇਹ ਸਭ ਕੁਝ ਵੀ ਨਹੀਂ, ਤੇ ਉਹ ਮੁੜਕੇ ਜਲਦੀ ਹੀ ਆਪਣੀਆਂ ਸਫ਼ਾ ਨਾਲ ਜਾ ਰਲੇਗਾ। ਉਸਨੇ ਲਿਖਿਆ ਹੋਇਆ ਸੀ ਕਿ ਉਹ ਇਹ ਚਿੱਠੀ ਅਲੈਕਸੇਈ ਦੀ ਜਾਣੀ ਪਛਾਣੀ, ਉਸ ਨਾਲ ਪੱਤਰ-ਵਿਹਾਰ ਕਰਨ ਵਾਲੀ, ਵੇਰਾ ਗਾਵਰੀਲੋਵਨਾ ਨੂੰ ਲਿਖ ਰਿਹਾ ਹੈ ਜਿਹੜੀ ਅਜੇ ਵੀ, ਉਸਦੇ ਸਿਰ ਸਦਕਾ, ਵਿੰਗ ਵਿੱਚ “ਰੁੱਤ-ਵਿਗਿਆਨਕ ਸਾਰਜੰਟ” ਵਜੋਂ ਜਾਣੀ ਜਾਂਦੀ ਹੈ। ਚਿੱਠੀ ਵਿੱਚ ਇਹ ਵੀ ਲਿਖਿਆ ਹੋਇਆ ਸੀ ਕਿ ਵੇਰਾ ਬੜੀ ਚੰਗੀ ਕਾਮਰੇਡ ਹੈ ਤੇ ਇਸ ਬਦਕਿਸਮਤੀ ਵਿੱਚ ਉਸਦਾ ਕੁਕੁਸ਼ਕਿਨ ਦਾ ਮੁੱਖ ਆਸਰਾ ਹੈ। ਇੱਥੇ ਬਰੈਕਟਾਂ ਵਿੱਚ ਵੇਰਾ ਨੇ ਆਪਣੇ ਵੱਲੋਂ ਲਿਖਿਆ ਹੋਇਆ ਸੀ ਕਿ ਬੇਸ਼ੱਕ ਕੋਸਤਿਆਂ ਵਧਾ ਚੜ੍ਹਾਅ ਕੇ ਕਹਿ ਰਿਹਾ ਹੈ । ਇਸ ਚਿੱਠੀ ਤੋਂ ਅਲੈਕਸੇਈ ਨੂੰ ਪਤਾ ਲੱਗਾ ਕਿ ਉਸਨੂੰ ਅਜੇ ਵੀ ਵਿੰਗ ਵਿੱਚ ਯਾਦ ਕੀਤਾ ਜਾਂਦਾ ਹੈ, ਕਿ ਮੈੱਸ ਵਿੱਚ ਟੰਗੀਆਂ ਵਿੰਗ ਦੇ ਯੋਧਿਆਂ ਦੀਆਂ ਤਸਵੀਰਾਂ ਵਿੱਚ ਉਸਦੀ ਤਸਵੀਰ ਵੀ ਸ਼ਾਮਲ ਕਰ ਦਿੱਤੀ ਗਈ ਹੋਈ ਹੈ, ਤੇ ਗਾਰਦ ਰੈਜਮੈਂਟ ਵਾਲਿਆਂ ਨੂੰ ਅਜੇ ਵੀ ਆਸ ਹੈ ਕਿ ਅਲੈਕਸੇਈ ਉਹਨਾਂ ਵਿੱਚ ਆ ਰਲੇਗਾ। ‘ਗਾਰਦ ਰੈਜਮੈਂਟ!’ ਮਰੇਸੇਯੇਵ ਨੇ ਮੁਸਕ੍ਰਾਉਂਦਿਆਂ ਸਿਰ ਮਾਰਿਆ। ਕੁਕੁਸ਼ਕਿਨ ਤੇ ਉਸਦੀ ਸਵੈ- ਇੱਛਤ ਸਕੱਤਰ ਦੇ ਦਿਮਾਗ਼ ਜ਼ਰੂਰ ਕਿਸੇ ਵਧੇਰੇ ਤਗੜੇ ਮਾਮਲੇ ਵਿੱਚ ਰੁਝੇ ਹੋਣਗੇ, ਜੋ ਉਹ ਉਸਨੂੰ ਇਹ ਖ਼ਬਰ ਦੱਸਣਾ ਵੀ ਭੁੱਲ ਗਏ ਸਨ ਕਿ ਵਿੰਗ ਨੂੰ ਗਾਰਦਾਂ ਦੇ ਝੰਡੇ ਨਾਲ਼ ਸਨਮਾਨਿਆ ਗਿਆ ਹੈ।
ਫਿਰ ਅਲੈਕਸੇਈ ਨੇ ਮਾਂ ਦੀ ਚਿੱਠੀ ਖੋਹਲੀ । ਇਹ ਇੱਕ ਸਧਾਰਨ ਝਮੇਲੇ ਭਰੀ ਚਿੱਠੀ ਸੀ, ਜਿਸ ਤਰ੍ਹਾਂ ਦੀਆਂ ਚਿੱਠੀਆਂ ਬੁੱਢੀਆਂ ਮਾਵਾਂ ਲਿਖਦੀਆਂ ਹੁੰਦੀਆਂ ਹਨ, ਜਿਸ ਵਿੱਚ ਉਸ ਲਈ ਬੜੀ ਭਾਵਕਤਾ ਤੇ ਫ਼ਿਕਰ ਦਾ ਪ੍ਰਗਟਾਅ ਕੀਤਾ ਗਿਆ ਸੀ। ਉਸਦੀ ਸਿਹਤ ਤਾਂ ਠੀਕ ਹੈ ? ਠੰਡ ਤਾਂ ਨਹੀਂ ਲੱਗਦੀ ? ਖਾਣਾ ਤਾਂ ਚੰਗਾ ਮਿਲਦੈ ? ਸਰਦੀਆਂ ਲਈ ਗਰਮ ਕੱਪੜੇ ਤਾਂ ਮਿਲ ਗਏ ਨੇ ? ਉਸਨੂੰ ਕੋਈ ਐਸੀ ਲੋੜ ਤਾਂ ਨਹੀਂ ਕਿ ਉਹ, ਮਸਲਨ, ਬਿਨ- ਉਂਗਲਾਂ ਵਾਲ਼ੇ ਦਸਤਾਨੇ ਉਣ ਕੇ ਭੇਜ ਦੇਵੇ? ਉਹ ਪਹਿਲਾਂ ਹੀ ਦਸਤਾਨਿਆਂ ਦੇ ਪੰਜ ਜੋੜੇ ਉਣ ਕੇ ਸੋਵੀਅਤ ਫ਼ੌਜ ਨੂੰ ਸੁਗਾਤ ਵਜੋਂ ਭਿਜਵਾ ਚੁੱਕੀ ਹੈ। ਤੇ ਹਰ ਜੋੜੇ ਦੇ ਅੰਗੂਠੇ ਵਿੱਚ ਉਸ ਨੇ ਇਹ ਲਿਖ ਕੇ ਪਾ ਦਿੱਤਾ ਸੀ: ਸ਼ਾਲਾ, ਤੂੰ ਇਨ੍ਹਾਂ ਨੂੰ ਚਿਰ ਹੰਢਾਵੇਂ! ਉਸਨੇ ਆਸ ਪ੍ਰਗਟ ਕੀਤੀ ਹੋਈ ਸੀ ਕਿ ਇਹਨਾਂ ਦਸਤਾਨਿਆਂ ਦਾ ਇੱਕ ਜੋੜਾ ਉਸ ਤੱਕ ਵੀ ਪੁੱਜਾ ਹੋਵੇਗਾ। ਇਹ ਬੜੇ ਚੰਗੇ, ਨਿੱਘੇ ਦਸਤਾਨੇ ਸਨ, ਜਿਹੜੇ ਉਸਨੇ ਆਪਣੇ ਸਹਿਆਂ ਤੋਂ ਲੱਥੀ ਪਸ਼ਮ ਤੋਂ ਬਣਾਏ ਹੋਏ ਸਨ । ਹਾਂ, ਤੇ ਉਹ ਇਹ ਦੱਸਦੀ ਭੁੱਲ ਹੀ ਚੁੱਕੀ ਸੀ ਕਿ ਹੁਣ ਉਸ ਕੋਲ ਸਹਿਆਂ ਦਾ ਪੂਰਾ ਪਰਿਵਾਰ ਹੈ- ਇੱਕ ਨਰ, ਇੱਕ ਮਾਦਾ ਤੇ ਸੱਤ ਛੋਟੇ ਛੋਟੇ ਬੱਚੇ। ਸਿਰਫ਼ ਚਿੱਠੀ ਦੇ ਅਖ਼ੀਰ ਵਿਚ, ਆਪਣੀ ਸਾਰੀ ਪਿਆਰ ਭਰੀ, ਬੁੱਢੀਆਂ ਮਾਵਾਂ ਵਾਲ਼ੀ ਗੱਪਸ਼ੱਪ ਕਰ ਲੈਣ ਤੋਂ ਮਗਰੋਂ ਉਸਨੇ ਸਭ ਤੋਂ ਮਹੱਤਵਪੂਰਨ ਚੀਜ਼ ਬਾਰੇ ਲਿਖਿਆ ਹੋਇਆ ਸੀ: ਜਰਮਨਾਂ ਨੂੰ ਸਤਾਲਿਨਗਰਾਦ ਤੋਂ ਖਦੇੜ ਦਿੱਤਾ ਗਿਆ ਹੈ, ਉਥੇ ਉਹਨਾਂ ਦਾ ਬੇਹੱਦ ਜਾਨੀ ਨੁਕਸਾਨ ਹੋਇਆ ਹੈ, ਤੇ ਕਹਿੰਦੇ ਨੇ ਕਿ ਸਗੋਂ ਉਹਨਾਂ ਦਾ ਕੋਈ ਸਭ ਤੋਂ ਵੱਡਾ ਅਫ਼ਸਰ ਵੀ ਕੈਦੀ ਬਣਾ ਲਿਆ ਗਿਆ ਹੈ। ਤੇ ਜਦੋਂ ਉਹਨਾਂ ਨੂੰ ਉਥੋਂ ਖਦੇੜ ਦਿੱਤਾ ਗਿਆ ਸੀ ਤਾਂ ਓਲਿਆ ਆ ਕੇ ਪੰਜ ਦਿਨ ਕਾਮੀਸ਼ਿਨ ਵਿੱਚ ਰਹੀ ਸੀ। ਉਹ ਆ ਕੇ ਉਸ ਨਾਲ ਰਹੀ ਸੀ, ਕਿਉਂਕਿ ਓਲਿਆ ਦਾ ਆਪਣਾ ਘਰ ਤਬਾਹ ਹੋ ਗਿਆ ਸੀ । ਹੁਣ ਉਹ ਸੈਪਰਾਂ ਵਿੱਚ ਸੀ, ਤੇ ਲੈਫ਼ਟੀਨੈਂਟ ਬਣ ਗਈ ਸੀ । ਉਸਨੂੰ ਮੋਢੇ ਉੱਤੇ ਗੋਲੀ ਵੱਜੀ ਸੀ, ਪਰ ਹੁਣ ਉਹ ਠੀਕ ਠਾਕ ਸੀ ਤੇ ਉਸਨੂੰ ਕਿਸੇ ਆਰਡਰ ਨਾਲ ਸਨਮਾਨਿਆ ਗਿਆ ਸੀ, ਕਿਸ ਤਰ੍ਹਾਂ ਦੇ ਆਰਡਰ ਨਾਲ, ਇਹ ਬੇਸ਼ਕ ਬੁੱਢੀ ਨੂੰ ਲਿਖਣ ਦਾ ਨਹੀਂ ਸੀ ਸੁਝਿਆ। ਉਸਨੇ ਲਿਖਿਆ ਸੀ ਕਿ ਉਸਦੇ ਘਰ ਰਹਿੰਦਿਆਂ ਓਲਿਆ ਸਾਰਾ ਸਮਾਂ ਸੁੱਤੀ ਹੀ ਰਹਿੰਦੀ ਸੀ, ਤੇ ਜਦੋਂ ਸੁੱਤੀ ਨਹੀਂ ਸੀ ਹੁੰਦੀ ਤਾਂ ਅਲੈਕਸੇਈ ਬਾਰੇ ਗੱਲਾਂ ਕਰਦੀ ਰਹਿੰਦੀ ਸੀ; ਤੇ ਉਹ ਤਾਸ਼ ਦੇ ਪੱਤਿਆਂ ਨਾਲ ਕਿਸਮਤ ਦਾ ਪਤਾ ਲਾਉਂਦੀਆਂ ਹੁੰਦੀਆਂ ਸਨ, ਤੇ ਹਰ ਵਾਰੀ ਚਿੜੀਏ ਦੇ ਬਾਦੇ ਦੇ ਉੱਪਰ ਇੱਟ ਦੀ ਬੇਗੀ ਆਉਂਦੀ ਹੁੰਦੀ ਸੀ । ਅਲੈਕਸੇਈ ਨੂੰ ਯਕੀਨਨ ਪਤਾ ਸੀ ਕਿ ਇਸ ਦਾ ਮਤਲਬ ਕੀ ਹੈ ਜਿੱਥੋਂ ਤੱਕ ਉਸਦੀ ਮਾਂ ਦਾ ਸਵਾਲ ਸੀ, ਉਸਨੇ ਲਿਖਿਆ ਹੋਇਆ ਸੀ ਕਿ ਉਹ ਉਸੇ ਇੱਟ ਦੀ ਬੇਗੀ ਨਾਲੋਂ ਚੰਗੀ ਕਿਸੇ ਨੂੰਹ ਦੀ ਕਾਮਨਾ ਨਹੀਂ ਕਰ ਸਕਦੀ। ਅਲੈਕਸੇਈ ਬੁੱਢੀ ਸਵਾਣੀ ਦੀ ਹਿਰਦੇ ਸਪਰਸ਼ੀ ਡਿਪਲੋਮੇਸੀ ਉੱਤੇ ਮੁਸਕਾ ਪਿਆ, ਤੇ ਉਸਨੇ ਬੜੇ ਧਿਆਨ ਨਾਲ” ਇੱਟ ਦੀ ਬੇਗੀ” ਦੀ ਚਿੱਠੀ ਖੋਹਲੀ । ਚਿੱਠੀ ਬਹੁਤੀ ਲੰਮੀ ਨਹੀਂ ਸੀ। ਓਲਿਆ ਨੇ ਲਿਖਿਆ ਹੋਇਆ ਸੀ ਕਿ ਖਾਈਆਂ ਪੁੱਟਣ ਤੇ ਮਗਰੋਂ, ਉਸਦੀ ਕਿਰਤੀ ਬਟਾਲੀਅਨ ਦੀਆਂ ਸਭ ਤੋਂ ਚੰਗੀਆਂ ਕੁੜੀਆਂ ਨੂੰ ਬਕਾਇਦਾ ਫ਼ੌਜ ਦੇ ਸੈਪਰ ਦਸਤੇ ਵਿੱਚ ਭਰਤੀ ਕਰ ਲਿਆ ਗਿਆ ਸੀ । ਹੁਣ ਉਸ ਕੋਲ ਲੈਫ਼ਟੀਨੈਂਟ-ਟੈਕਨੀਸ਼ਨ ਦਾ ਰੈਂਕ ਹੈ। ਉਸੇ ਦਾ ਹੀ ਯੂਨਿਟ ਸੀ ਜਿਸਨੇ ਦੁਸ਼ਮਣ ਦੀਆਂ ਗੋਲੀਆਂ ਦੀ ਛਾਂ ਹੇਠ ਮਾਮਾਯੇਵ ਕੁਰਗਾਨ ਦੇ ਮੋਰਚੇ ਉਸਾਰੇ ਸਨ, ਜੋ ਕਿ ਹੁਣ ਇੱਕ ਪ੍ਰਸਿੱਧ ਥਾਂ ਹੈ, ਤੇ ਟਰੈਕਟਰ ਕਾਰਖਾਨੇ ਦੁਆਲੇ ਵੀ ਮੋਰਚਾਬੰਦੀਆਂ ਉਸਾਰੀਆਂ ਸਨ, ਜਿਸ ਲਈ ਉਹਨਾਂ ਨੂੰ ਲਾਲ ਝੰਡੇ ਦੇ ਆਰਡਰ ਨਾਲ ਸਨਮਾਨਿਆ ਗਿਆ ਸੀ। ਓਲਿਆ ਨੇ ਲਿਖਿਆ ਹੋਇਆ ਸੀ ਕਿ ਉਦੋਂ ਉਥੇ ਉਹਨਾਂ ਦੀ ਜ਼ਿੰਦਗੀ ਬੜੀ ਮੁਸ਼ਕਲ ਸੀ, ਕਿ ਉਹਨਾਂ ਨੂੰ ਜੋ ਕੁਝ ਵੀ ਚਾਹੀਦਾ ਹੁੰਦਾ ਸੀ-ਡੱਬੇ ਬੰਦ ਮੀਟ ਤੋਂ ਲੈ ਕੇ ਬੇਲਚਿਆਂ ਤੱਕ ਸਭ ਕੁਝ ਵੋਲਗਾ ਤੋਂ ਪਾਰੋਂ ਲਿਆਂਦਾ ਜਾਂਦਾ ਸੀ, ਜਿਸ ਉੱਤੇ ਹਮੇਸ਼ਾ ਮਸ਼ੀਨਗੰਨਾਂ ਦੀਆਂ ਗੋਲੀਆਂ ਵਰਦੀਆਂ ਰਹਿੰਦੀਆਂ ਸਨ। ਉਸਨੇ ਇਹ ਵੀ ਲਿਖਿਆ ਸੀ ਕਿ ਸ਼ਹਿਰ ਵਿੱਚ ਇੱਕ ਵੀ ਇਮਾਰਤ ਸਲਾਮਤ ਨਹੀਂ ਬਚੀ ਤੇ ਜ਼ਮੀਨ ਉੱਤੇ ਥਾਂ ਥਾਂ ਮੋਘੇ ਬਣੇ ਹੋਏ ਹਨ ਤੇ ਇਹ ਚੰਨ ਦੀ ਵੱਡੀ ਕੀਤੀ ਫੋਟੋ ਵਾਂਗ ਲੱਗਦੀ ਹੈ।
ਓਲਿਆ ਨੇ ਲਿਖਿਆ ਸੀ ਕਿ ਜਦੋਂ ਉਹ ਹਸਪਤਾਲ ਵਿੱਚੋਂ ਨਿੱਕਲੀ ਤਾਂ ਉਸਨੂੰ ਤੇ ਹੋਰ ਕੁੜੀਆਂ ਨੂੰ ਕਾਰ ਉੱਤੇ ਸਤਾਲਿਨਗਰਾਦ ਦੇ ਵਿੱਚੋਂ ਦੀ ਖੜਿਆ ਗਿਆ, ਤੇ ਉਥੇ ਉਸਨੇ ਮੋਏ ਜਰਮਨਾਂ ਦੀਆਂ ਲੋਥਾਂ ਦੇ ਢੇਰ ਦੇਖੇ, ਜਿਨਾਂ ਨੂੰ ਦਫ਼ਨਾਉਣ ਲਈ ਇਕੱਠਾ ਕੀਤਾ ਗਿਆ ਸੀ। ਕਈ ਲੋਥਾਂ ਅਜੇ ਵੀ ਸੜਕਾਂ ਦੇ ਕੰਡੇ ਪਈਆਂ ਸਨ। “ਤੇ ਮੈਂ ਚਾਹੁੰਦੀ ਸਾਂ ਕਿ ਉਹ ਤੇਰਾ ਦੋਸਤ ਟੈਂਕਮੈਨ, ਮੈਨੂੰ ਹੁਣ ਉਸਦਾ ਨਾਂ ਨਹੀਂ ਯਾਦ ਆ ਰਿਹਾ, ਉਹੀ ਜਿਸਦੇ ਸਾਰੇ ਪਰਿਵਾਰ ਨੂੰ ਉਹਨਾਂ ਨੇ ਕਤਲ ਕਰ ਦਿੱਤਾ ਸੀ, ਕਿਤੇ ਇੱਥੇ ਹੁੰਦਾ ਤੇ ਇਹ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਦੇਖਦਾ। ਮੈਂ ਸੱਚ ਕਹਿੰਦੀ ਹਾਂ, ਕਿ ਇਸ ਸਾਰੇ ਕੁਝ ਦੀ ਫਿਲਮ ਲਈ ਜਾਣੀ ਚਾਹੀਦੀ ਹੈ ਤੇ ਉਸ ਵਰਗੇ ਸਾਰਿਆਂ ਨੂੰ ਦਿਖਾਈ ਜਾਣੀ ਚਾਹੀਦੀ ਹੈ, ਤਾਂ ਕਿ ਉਹ ਦੇਖ ਸਕਦੇ ਕਿ ਅਸੀਂ ਦੁਸ਼ਮਣ ਤੋਂ ਕੈਸਾ ਬਦਲਾ ਲਿਆ ਹੈ!” ਅਖ਼ੀਰ ਵਿੱਚ ਉਸਨੇ ਲਿਖਿਆ ਹੋਇਆ ਸੀ-ਤੇ ਅਲੈਕਸੇਈ ਨੇ ਇਹ ਨਾ ਪੜ੍ਹਿਆ ਜਾਂਦਾ ਫਿਕਰਾ ਕਈ ਵਾਰੀ ਪੜ੍ਹਿਆ-ਕਿ ਹੁਣ, ਸਤਾਲਿਨਗਰਾਦ ਦੀ ਲੜਾਈ ਤੋਂ ਪਿੱਛੋਂ ਮੈਂ ਸਮਝਦੀ ਹਾਂ ਕਿ ਮੈਂ ਤੇਰੇ, ਯੋਧਿਆਂ ਦੇ ਯੋਧੇ ਦੇ, ਯੋਗ ਹਾਂ । ਇਹ ਚਿੱਠੀ ਕਾਹਲੀ ਕਾਹਲੀ ਕਿਸੇ ਰੇਲਵੇ ਸਟੇਸ਼ਨ ਉੱਤੇ ਬੈਠਿਆ ਲਿਖੀ ਗਈ ਸੀ, ਜਿੱਥੇ ਉਹਨਾਂ ਦੀ ਗੱਡੀ ਰੁਕ ਗਈ ਸੀ । ਉਸਨੂੰ ਨਹੀਂ ਸੀ ਪਤਾ ਕਿ ਉਹ ਕਿੱਧਰ ਜਾ ਰਹੀਆਂ ਹਨ, ਕਿ ਉਸਦਾ ਪੋਸਟ ਆਫ਼ਿਸ ਨੰਬਰ ਨਹੀਂ ਹੋਵੇਗਾ। ਇਸਦੇ ਸਿੱਟੇ ਵਜੋਂ, ਉਸ ਵੱਲੋਂ ਅਗਲੀ ਚਿੱਠੀ ਆਉਣ ਤੱਕ, ਅਲੈਕਸੇਈ ਉਸਨੂੰ ਨਹੀਂ ਸੀ ਲਿਖ ਸਕਦਾ ਕਿ ਉਹ ਖ਼ੁਦ ਸੀ, ਛੋਟੀ ਜਿਹੀ, ਨਾਜ਼ਕ ਜਿਹੀ ਕੁੜੀ, ਜਿਸਨੇ ਘਮਸਾਨ ਦੀ ਲੜਾਈ ਵਿੱਚ ਏਨਾਂ ਜੋਸ਼ ਨਾਲ ਕੰਮ ਕੀਤਾ ਸੀ, ਤੇ ਜਿਹੜੀ ਅਸਲ ਵਿੱਚ “ਯੋਧਿਆਂ ਦਾ ਯੋਧਾ” ਸੀ। ਉਸਨੇ ਮੁੜ ਤੇ ਲਿਫ਼ਾਫ਼ਾ ਪਰਤਿਆਂ, ਤੇ ਚਿੱਠੀ ਭੇਜਣ ਵਾਲ਼ੇ ਦੇ ਸਿਰਨਾਵੇਂ ਦੀ ਥਾਂ ਸਾਫ਼ ਸਾਫ਼ ਲਿਖਿਆ ਹੋਇਆ ਪੜ੍ਹਿਆ: “ਗਾਰਦਾਂ ਦੀ ਜੂਨੀਅਰ ਲੈਫ਼ਟੀਨੈਂਟ-ਟੈਕਨੀਸ਼ਨ ਓਲਗਾ ਫਲਾਣੀ ਫਲਾਣੀ ।”
ਹਵਾਈ ਅੱਡੇ ਉੱਤੇ ਅਲੈਕਸੇਈ ਨੂੰ ਜਦੋਂ ਵੀ ਜ਼ਰਾ ਜਿੰਨਾਂ ਵੀ ਵਕਤ ਮਿਲਦਾ, ਉਹ ਇਹ ਚਿੱਠੀ ਕੱਢ ਲੈਂਦਾ ਤੇ ਇਸਨੂੰ ਮੁੜ ਕੇ ਪੜ੍ਹਨ ਲੱਗ ਪੈਂਦਾ, ਤੇ ਕਿੰਨਾਂ ਚਿਰ ਉਸਨੂੰ ਲੱਗਦਾ ਰਹਿੰਦਾ ਜਿਵੇਂ ਇਹ ਹਵਾਈ ਅੱਡੇ ਦੀ ਕਾਟਵੀਂ ਸਿਆਲੀ ਹਵਾ ਵਿੱਚ, ਤੇ ਨੌਵੀਂ- ਏ ਜਮਾਤ ਦੇ ਬਰਫ਼ ਹੋਏ ਹੋਏ ਕਮਰੇ ਵਿੱਚ, ਜਿਹੜਾ ਅਜੇ ਵੀ ਉਹਦੀ ਰਿਹਾਇਸ਼ ਦੀ ਥਾਂ ਸੀ, ਉਸਨੂੰ ਨਿੱਘ ਦੇ ਰਹੀ ਹੈ।
ਆਖ਼ਰ ਅਧਿਆਪਕ ਨਾਊਮੋਵ ਨੇ ਉਸਦੀ ਅਜ਼ਮਾਇਸ਼ੀ ਉਡਾਣ ਦਾ ਦਿਨ ਮੁਕੱਰਰ ਕਰ ਦਿੱਤਾ। ਉਸਨੇ ਇੱਕ ਲੜਾਕਾ ਸਿਖਲਾਈ ਹਵਾਈ ਜਹਾਜ਼ ਉਡਾਉਣਾ ਸੀ, ਤੇ ਉਡਾਣ ਦਾ ਮੁਆਇਨਾ ਅਧਿਆਪਕ ਨੇ ਨਹੀਂ, ਸਗੋਂ ਸਕੂਲ ਦੇ ਚੀਫ ਆਫ਼ ਸਟਾਫ਼ ਨੇ ਕਰਨਾ ਸੀ- ਉਸੇ ਹੀ ਮੋਟੇ ਤਾਜ਼ੇ, ਲਾਲ ਮੂੰਹ ਵਾਲੇ ਲੈਫ਼ਟੀਨੈਂਟ-ਕਰਨਲ ਨੇ, ਜਿਸਨੇ ਅਲੈਕਸੇਈ ਦਾ ਇੱਥੇ ਪੁੱਜਣ ਉੱਤੇ ਏਨਾਂ ਠੰਡਾ ਸੁਆਗਤ ਕੀਤਾ ਸੀ।
ਇਹ ਜਾਣਦਿਆਂ ਕਿ ਧਰਤੀ ਤੋਂ ਉਸ ਵੱਲ ਗਹੁ ਨਾਲ ਦੇਖਿਆ ਜਾ ਰਿਹਾ ਹੈ ਤੇ ਉਸਦੀ ਕਿਸਮਤ ਦਾ ਫ਼ੈਸਲਾ ਹੋਣ ਹੀ ਵਾਲ਼ਾ ਹੈ, ਅਲੈਕਸੇਈ ਨੇ ਉਸ ਦਿਨ ਆਪਣੇ ਆਪ ਨੂੰ ਵੀ ਮਾਤ ਪਾ ਦਿੱਤਾ। ਉਸਨੇ ਉਸ ਨਿੱਕੇ ਜਿਹੇ ਹਲਕੇ ਹਵਾਈ ਜਹਾਜ਼ ਨਾਲ਼ ਏਨੀਆਂ ਖ਼ਤਰੇ ਭਰੀਆਂ ਹਰਕਤਾਂ ਕੀਤੀਆਂ ਕਿ ਉੱਥੇ ਹਾਜ਼ਰ ਲੈਫ਼ਟੀਨੈਂਟ-ਕਰਨਲ ਦੇ ਮੂੰਹੋਂ ਆਪਣੇ ਆਪ ਹੀ ਪ੍ਰਸ਼ੰਸਾ ਦੇ ਲਫ਼ਜ਼ ਨਿਕਲ ਨਿਕਲ ਜਾ ਰਹੇ ਸਨ। ਜਦੋਂ ਮਰੇਸੇਯੇਵ ਹਵਾਈ ਜਹਾਜ਼ ਤੋਂ ਉਤਰਿਆਂ ਤੇ ਮੁਖੀ ਦੇ ਸਾਮ੍ਹਣੇ ਹਾਜ਼ਰ ਹੋਇਆ, ਤਾਂ ਉਹ ਨਾਊਮੋਵ ਦੇ ਚਿਹਰੇ ਦੀ ਹਰ ਝੁਰੜੀ ਤੇ ਡਲ੍ਹਕ ਰਹੀ ਖੁਸ਼ੀ ਤੇ ਉਤਸ਼ਾਹ ਤੋਂ ਦੱਸ ਸਕਦਾ ਸੀ ਕਿ ਮਾਮਲਾ ਵਧੀਆ ਰਿਹਾ ਹੈ।
“ਸ਼ਾਨਦਾਰ ਢੰਗ ਹੈ ਤੇਰਾ ! ਹਾਂ, ਤੂੰ ਉਹ ਪਾਇਲਟ ਹੈ ਜਿਸਨੂੰ ਮੈਂ ਰੱਬ ਦੀ ਕਿਰਪਾ ਨਾਲ ਬਣਿਆ ਪਾਇਲਟ ਕਹਿੰਦਾ ਹਾਂ,” ਲੈਫ਼ਟੀਨੈਂਟ-ਕਰਨਲ ਖਰਖਰੀ ਜਿਹੀ ਅਵਾਜ਼ ਵਿੱਚ ਬੋਲਿਆ । “ਸੁਣ, ਤੂੰ ਸਾਡੇ ਕੋਲ ਇੱਥੇ ਅਧਿਆਪਕ ਵਜੋਂ ਕਿਉਂ ਨਹੀਂ ਰਹਿ ਜਾਂਦਾ ? ਸਾਨੂੰ ਤੇਰੇ ਵਰਗੇ ਬੰਦਿਆਂ ਦੀ ਲੋੜ ਹੈ।”
ਮਰੇਸੇਯੇਵ ਨੇ ਜ਼ੋਰਦਾਰ ਲਫ਼ਜ਼ਾਂ ਵਿੱਚ ਨਾਂਹ ਕਰ ਦਿੱਤੀ।
“ਨਾ ਸਹੀ, ਮੂਰਖ ਨਾ ਹੋਵੇ ਤਾਂ ! ਲੜ ਤਾਂ ਸਾਰੇ ਹੀ ਲੈਂਦੇ ਨੇ, ਪਰ ਇਥੇ ਤੂੰ ਲੋਕਾਂ ਨੂੰ ਸਿਖਾਏਂਗਾ।”
ਇੱਕਦਮ ਲੈਫ਼ਟੀਨੈਂਟ-ਕਰਨਲ ਦੀ ਨਜ਼ਰ ਸੋਟੀ ਉੱਤੇ ਪਈ ਜਿਸ ਉੱਤੇ ਮਰੇਸੇਯੇਵ ਝੁਕਿਆ ਹੋਇਆ ਸੀ ਤੇ ਉਸਦਾ ਮੂੰਹ ਇੱਕਦਮ ਲਾਲ ਹੋ ਗਿਆ।
“ਤੂੰ ਫਿਰ ਇਹ ਫੜ ਲਈ ਏ ? ਲਿਆ ਐਧਰ ! ਤੂੰ ਪਿਕਨਿਕ ਉੱਤੇ ਆਇਆ ਹੋਇਐ ਬੈਂਤ ਫੜ ਕੇ ? ਤੂੰ ਕਿੱਥੇ ਹੈ, ਬੂਲੇਦਾਰ ਵਿੱਚ? ਹੁਕਮ ਅਦੂਲੀ ਲਈ ਗਾਰਦ ਰੂਮ ਵਿੱਚ, ਅਠਤਾਲੀ ਘੰਟਿਆਂ ਲਈ!… ਤਵੀਤ ਬੰਨ੍ਹੀ ਫਿਰਦੇ ਨੇ, ਉਚ ਕੋਟੀ ਦੇ ਪਾਇਲਟ ਸ਼ਾਮਨ ਬਣਦੈ । ਹੁਣ ਆਪਣੇ ਹਵਾਈ ਜਹਾਜ਼ ਦੇ ਢਾਂਚੇ ਉੱਚੇ ਇੱਟ ਦਾ ਯੱਕਾ ਵਾਹੋਗੇ! ਅਠਤਾਲੀ ਘੰਟੇ ! ਸੁਣਿਆ ?” ਮਰੇਸੇਯੇਵ ਦੇ ਹੱਥ ਵਿੱਚੋਂ ਸੋਟੀ ਖੋਹਦਿਆਂ, ਲੈਫ਼ਟੀਨੈਂਟ-ਕਰਨਲ ਆਸੇ ਪਾਸੇ ਦੇਖਣ ਲੱਗਾ ਕਿ ਕਿਸ ਉੱਤੇ ਮਾਰ ਕੇ ਇਸਨੂੰ ਤੋੜੇ।
“ਸਾਥੀ ਲੈਫ਼ਟੀਨੈਂਟ-ਕਰਨਲ, ਮੈਨੂੰ ਰਿਪੋਰਟ ਕਰਨ ਦੀ ਆਗਿਆ ਦਿਓ। ਇਸਦੇ ਪੈਰ ਨਹੀਂ ਹਨ,” ਨਾਉਮੋਵ ਆਪਣੇ ਦੋਸਤ ਦੀ ਹਿਮਾਇਤ ਵਿੱਚ ਬੋਲਿਆ।
ਚੀਫ ਆਫ਼ ਸਟਾਫ਼ ਹੋਰ ਵੀ ਲਾਲ ਸੂਹਾ ਹੋ ਗਿਆ; ਉਸਦੀਆਂ ਅੱਖਾਂ ਫੱਟਣ ਨੂੰ ਆ ਰਹੀਆਂ ਸਨ ਤੇ ਉਸਨੂੰ ਸਾਹ ਚੜ੍ਹ ਗਿਆ:
“ਇਹ ਕਿੱਦਾਂ ? ਤੂੰ ਵੀ ਮੇਰਾ ਉੱਲੂ ਬਣਾਉਣ ਦੀ ਕੋਸ਼ਿਸ਼ ਕਰ ਰਿਹੈਂ? ਕੀ ਇਹ ਠੀਕ 쿤?”
ਮਰੇਸੇਯੇਵ ਨੇ ਸਿਰ ਨਾਲ ਇਸਦੀ ਤਾਈਦ ਕੀਤੀ ਤੇ ਫ਼ਿਕਰਮੰਦੀ ਨਾਲ ਆਪਣੀ ਸੋਟੀ ਵੱਲ ਦੇਖਣ ਲੱਗਾ, ਜਿਸ ਉੱਤੇ ਤਬਾਹੀ ਦਾ ਖ਼ਤਰਾ ਮੰਡਲਾ ਰਿਹਾ ਸੀ । ਸੱਚਮੁਚ, ਹੁਣ ਉਹ ਵਾਸਿਲੀ ਵਾਸਿਲੀਏਵਿਚ ਦੀ ਇਸ ਸੁਗ਼ਾਤ ਤੋਂ ਕਦੀ ਵੱਖ ਨਹੀਂ ਸੀ ਹੋਇਆ।
ਲੈਫ਼ਟੀਨੈਂਟ-ਕਰਨਲ ਨੇ ਦੋਹਾਂ ਦੋਸਤਾਂ ਵੱਲ ਸ਼ੱਕੀ ਨਜ਼ਰ ਨਾਲ ਦੇਖਿਆ ਤੇ ਲਮਕਾਵੇਂ ਜਿਹੇ ਢੰਗ ਨਾਲ ਬੋਲਿਆ: “ਅੱਛਾ, ਜੇ ਇਹ ਗੱਲ ਏ, ਤਾਂ ਭਾਊ, ਜਾਣਦੇ ਚੱਲ ਖੈਰ, ਪੈਰ रिक्षा… मॅहा-भा-भा !”
ਅਲੈਕਸੇਈ ਪਹਿਲੇ ਦਰਜੇ ਦੇ ਸਰਟੀਫ਼ਿਕੇਟ ਨਾਲ ਸਿਖਲਾਈ ਸਕੂਲ ਵਿੱਚੋਂ ਨਿਕਲਿਆ। ਉਹ ਖਿਝੂ ਲੈਫਟੀਨੈਂਟ-ਕਰਨਲ, ਉਹ ਪੁਰਾਣਾ “ਹਵਾਈ ਭੇੜੀਆ,” ਹੋਰ ਕਿਸੇ ਨਾਲ਼ੋਂ ਵੀ ਵਧੇਰੇ ਉਸਦੀ ਮਹਾਨ ਪ੍ਰਾਪਤੀ ਦਾ ਮੁੱਲ ਪਾ ਸਕਿਆ, ਤੇ ਉਸਨੇ ਦਿਲ ਖੋਹਲ ਕੇ ਉਸਦੀ ਪ੍ਰਸ਼ੰਸਾ ਕੀਤੀ ਤੇ ਆਪਣੇ ਸਰਟੀਫਿਕੇਟ ਵਿੱਚ ਲਿਖ ਦਿੱਤਾ ਕਿ ਮਰੇਸੇਯੇਵ “ਇੱਕ ਸੁਯੋਗ ਤਜ਼ਰਬਾਕਾਰ ਤੇ ਦ੍ਰਿੜ੍ਹ ਇੱਛਾ-ਸ਼ਕਤੀ ਵਾਲ਼ਾ ਪਾਇਲਟ ਹੈ, ਜਿਹੜਾ ਕਿਸੇ ਵੀ ਤਰ੍ਹਾਂ ਦੀ ਹਵਾਬਾਜ਼ੀ ਦੇ ਯੋਗ ਹੈ।”
10
ਮਰੇਸੇਯੇਵ ਨੇ ਬਾਕੀ ਦਾ ਸਿਆਲ ਤੇ ਬਸੰਤ ਦਾ ਮੁੱਢਲਾ ਹਿੱਸਾ ਇੱਕ ਅਗੇਰੇ ਸਿਖਲਾਈ ਦੇ ਸਕੂਲ ਵਿੱਚ ਕੱਟਿਆ। ਇਹ ਪੁਰਾਣਾ ਸਥਾਪਿਤ ਹੋਇਆ ਹੋਇਆ ਫ਼ੌਜੀ ਹਵਾਬਾਜ਼ੀ ਦਾ ਸਕੂਲ ਸੀ, ਜਿਸਦਾ ਸ਼ਾਨਦਾਰ ਹਵਾਈ ਅੱਡਾ ਸੀ, ਸ਼ਾਨਦਾਰ ਰਹਿਣ ਵਾਲੇ ਕਵਾਰਟਰ ਸਨ ਤੇ ਸ਼ਾਨਦਾਰ ਕਲੱਬ ਸੀ ਜਿਸ ਵਿਚ ਇੱਕ ਥੇਟਰ ਵੀ ਸੀ, ਜਿੱਥੇ ਮਾਸਕੋ ਦੀਆਂ ਨਾਟ ਕੰਪਨੀਆਂ ਕਦੀ ਕਦੀ ਆ ਕੇ ਨਾਟਕ ਪੇਸ਼ ਕਰਦੀਆਂ ਸਨ । ਇਸ ਸਕੂਲ ਵਿੱਚ ਵੀ ਭੀੜ ਬਹੁਤ ਸੀ, ਤੇ ਸਿਖਿਆਰਥੀਆਂ ਨੂੰ ਇੱਥੋਂ ਤੱਕ ਕਿ ਵਰਦੀ ਦੀਆਂ ਨਿਕੀਆਂ ਨਿੱਕੀਆਂ ਚੀਜ਼ਾਂ ਵੱਲ ਵੀ ਧਿਆਨ ਦੇਣਾ ਪੈਂਦਾ ਸੀ, ਕਿਉਂਕਿ ਜੇ ਬੂਟ ਨਹੀਂ ਸਨ ਪਾਲਿਸ਼ ਹੋਏ ਹੁੰਦੇ, ਜੇ ਕੋਟ ਨਾਲੋਂ ਕੋਈ ਬਟਨ ਲੱਥਾ ਹੁੰਦਾ ਸੀ, ਜਾਂ ਪੇਟੀ ਉਪਰ ਕਾਹਲੀ ਕਾਹਲੀ ਨਕਸ਼ੇ ਵਾਲ਼ਾ ਕੇਸ ਪਾਇਆ ਗਿਆ ਹੁੰਦਾ ਸੀ ਤਾਂ ਮੁਜ਼ਰਮ ਨੂੰ ਕਮਾਂਡੈਟ ਦੇ ਹੁਕਮ ਨਾਲ ਦੋ ਘੰਟੇ ਦੀ ਡਰਿੱਲ ਕਰਨੀ ਪੈਂਦੀ ਸੀ।
ਪਾਇਲਟਾਂ ਦੀ ਇੱਕ ਵੱਡੀ ਟੋਲੀ, ਜਿਸ ਵਿੱਚ ਮਰੇਸੇਯੇਵ ਵੀ ਸੀ, ਨਵੀਂ ਤਰ੍ਹਾਂ ਦਾ ਸੋਵੀਅਤ ਲੜਾਕਾ ਹਵਾਈ ਜਹਾਜ਼ ‘ਲਾ-5’ ਉਡਾਉਣਾ ਸਿੱਖ ਰਹੀ ਸੀ। ਸਿਖਲਾਈ ਸਰਬ- ਪੱਖੀ ਸੀ ਤੇ ਇਸ ਵਿੱਚ ਇੰਜਣਾ ਤੇ ਹਵਾਈ ਜਹਾਜ਼ ਦੇ ਦੂਜੇ ਹਿੱਸਿਆਂ ਦਾ ਅਧਿਐਨ ਵੀ ਸ਼ਾਮਲ ਸੀ । ਲੈਕਚਰਾਂ ਤੋਂ ਅਲੈਕਸੇਈ ਨੂੰ ਇਹ ਜਾਣ ਕੇ ਹੈਰਾਨੀ ਹੁੰਦੀ ਕਿ ਉਹ ਜਿੰਨਾਂ ਸਮਾਂ ਫ਼ੌਜ ਤੋਂ ਗੈਰ-ਹਾਜ਼ਰ ਰਿਹਾ ਸੀ, ਉਸ ਥੋਹੜੇ ਜਿਹੇ ਸਮੇਂ ਵਿਚ ਹੀ ਸੋਵੀਅਤ ਹਵਾਬਾਜ਼ੀ ਨੇ ਕਿੰਨ੍ਹੀ ਤਰੱਕੀ ਕਰ ਲਈ ਸੀ । ਜੰਗ ਦੇ ਸ਼ੁਰੂ ਵਿੱਚ ਜਿਹੜੀ ਚੀਜ਼ ਬੜੀ ਦਲੇਰ ਕਾਢ ਲੱਗਦੀ ਸੀ, ਉਹ ਹੁਣ ਬਿਲਕੁਲ ਸਮਾਂ ਵਿਹਾਅ ਚੁੱਕੀ ਲੱਗਦੀ ਸੀ। ਤੇਜ਼ ਚੱਲਣ ਵਾਲੇ ‘ਲਾਸਤੋਚਕਾ’ ਤੇ ਹਲਕੇ, ਉੱਚਾ ਉੱਡਣ ਵਾਲੇ ‘ਮਿਗ’, ਜਿਹੜੇ ਜੰਗ ਦੇ ਸ਼ੁਰੂ ਵਿੱਚ ਸ਼ਾਹਕਾਰ ਸਮਝੇ ਜਾਂਦੇ ਸਨ, ਹੁਣ ਬਦਲੇ ਜਾ ਰਹੇ ਸਨ ਤੇ ਉਹਨਾਂ ਦੀ ਥਾਂ ਨਵੇਂ ਬਣੇ ਹਵਾਈ ਜਹਾਜ਼ ਲੈ ਰਹੇ ਸਨ, ਜਿਨ੍ਹਾਂ ਨੂੰ ਸੋਵੀਅਤ ਹਵਾਈ ਜਹਾਜ਼ ਬਨਾਉਣ ਵਾਲੀਆਂ ਫੈਕਟਰੀਆਂ ਯਕੀਨੋਂ ਬਾਹਰੇ ਥੌਹੜੇ ਸਮੇਂ ਵਿੱਚ ਵੱਡੇ ਪੈਮਾਨੇ ਉੱਤੇ ਤਿਆਰ ਕਰ ਰਹੀਆਂ ਸਨ: ਨਵੀਨਤਮ ਮਾਡਲਾਂ ਦੇ ਸ਼ਾਨਦਾਰ ‘ਯਾਕ’, ‘ਲਾ-5’, ਜਿਹੜੇ ਪ੍ਰਚੱਲਤ ਹੋ ਗਏ ਸਨ, ਤੇ ਦੋ ਸੀਟਾਂ ਵਾਲ਼ੇ ‘ਇਲ’, ਜੋ ਕਿ ਇੱਕ ਤਰ੍ਹਾਂ ਦੇ ਉਡਣੇ ਟੈਂਕ ਸਨ, ਜਿਹੜੇ ਐਨ ਜ਼ਮੀਨ ਦੇ ਨਾਲ ਨਾਲ ਤਿਲ੍ਹਕਦੇ ਜਾਂਦੇ ਸਨ ਤੇ ਦੁਸ਼ਮਣ ਦੇ ਸਿਰਾਂ ਉੱਪਰ ਬੰਬ, ਗੋਲੀਆਂ ਤੇ ਗੋਲ਼ੇ ਵਰਾਉਂਦੇ ਸਨ, ਤੇ ਜਿਨ੍ਹਾਂ ਨੂੰ ਘਬਰਾ ਕੇ ਜਰਮਨ ਫੌਜਾਂ ਨੇ ਪਹਿਲਾਂ ਹੀ “ਕਾਲੀ ਮੌਤ” ਦਾ ਨਾਂ ਦੇ ਦਿੱਤਾ ਸੀ। ਲੜ ਰਹੇ ਲੋਕਾਂ ਦੀ ਪ੍ਰਤਿਭਾ ਨਾਲ ਹੋਂਦ ਵਿੱਚ ਆਏ ਨਵੇਂ ਹਵਾਈ ਜਹਾਜ਼ ਨੇ ਹਵਾਈ ਲੜਾਈ ਦੀ ਕਲਾ ਨੂੰ ਬੇਹੱਦ ਜਟਿਲ ਬਣਾ ਦਿੱਤਾ ਸੀ, ਤੇ ਇਹ ਨਾ ਸਿਰਫ਼ ਉਸ ਮਸ਼ੀਨ ਦੇ ਪੂਰੇ ਗਿਆਨ ਦੀ ਹੀ ਮੰਗ ਕਰਦੇ ਸਨ, ਜਿਸਨੂੰ ਪਾਇਲਟ ਚਲਾ ਰਿਹਾ ਹੁੰਦਾ ਸੀ, ਨਾ ਸਿਰਫ਼ ਅਜਿੱਤ ਹੌਂਸਲੇ ਦੀ ਹੀ ਮੰਗ ਕਰਦੇ ਸਨ, ਸਗੋਂ ਹਵਾ ਵਿੱਚ ਜਲਦੀ ਨਾਲ ਆਪਣਾ ਥਾਂ ਟਿਕਾਣਾ ਲੱਭ ਸਕਣ ਦੀ, ਹਵਾਈ ਲੜਾਈ ਨੂੰ ਇਸਦੇ ਵੱਖ ਵੱਖ ਹਿੱਸਿਆਂ ਵਿੱਚ ਵੰਡਣ ਦੀ, ਤੇ ਸਵੈਧੀਨ ਤੌਰ ਉੱਤੇ, ਬਿਨ੍ਹਾਂ ਹੁਕਮ ਦੀ ਉਡੀਕ ਕੀਤਿਆਂ, ਮੁਕਾਬਲੇ ਦੇ ਫ਼ੈਸਲੇ ਲੈਣ ਤੇ ਉਹਨਾਂ ਨੂੰ ਨੇਪਰੇ ਚੜਾਉਣ ਦੀ ਯੋਗਤਾ ਦੀ ਮੰਗ ਕਰਦੇ ਸਨ।
ਇਹ ਸਾਰਾ ਕੁਝ ਬੇਹੱਦ ਦਿਲਚਸਪ ਸੀ। ਪਰ ਮਹਾਜ਼ ਉੱਤੇ ਸਖ਼ਤ ਤੇ ਕਦੀ ਢਿੱਲੀ ਨਾ ਪੈਣ ਵਾਲੀ ਚੜ੍ਹਾਈ ਜਾਰੀ ਸੀ, ਤੇ ਉੱਚੀ, ਰੌਸ਼ਨ ਜਮਾਤ ਵਿੱਚ ਅਰਾਮਦਿਹ, ਕਾਲ਼ੀ ਸਤਹ ਵਾਲ਼ੇ ਡੈਸਕਾਂ ਦੇ ਪਿੱਛੇ ਬੈਠ ਕੇ ਲੈਕਚਰ ਸੁਣਦਿਆਂ, ਅਲੈਕਸੇਈ ਮਰੇਸੇਯੇਵ ਦੁੱਖਦੇ ਦਿਲ ਨਾਲ ਮਹਾਜ਼ ਲਈ, ਲੜਾਈ ਵਾਲੇ ਮਾਹੌਲ ਵਿੱਚ ਜਾਣ ਲਈ ਸਿੱਕ ਰਿਹਾ ਸੀ। ਉਸਨੇ ਸਰੀਰਕ ਕਸ਼ਟ ਉੱਪਰ ਕਾਬੂ ਪਾਉਣਾ ਸਿੱਖ ਲਿਆ ਸੀ, ਉਹ ਆਪਣੇ ਆਪ ਨੂੰ ਉਹ ਕੁਝ ਕਰਨ ਲਈ ਮਜ਼ਬੂਰ ਕਰਨ ਵਿੱਚ ਸਫ਼ਲ ਹੋ ਚੁੱਕਾ ਸੀ, ਜੋ ਕੁਝ ਅਸੰਭਵ ਲਗਦਾ ਸੀ, ਪਰ ਮਜ਼ਬੂਰੀ ਵਿਹਲੇਪਨ ਦੇ ਇਸ ਨਾ ਸਮਝ ਆਉਣ ਵਾਲੇ ਗ਼ਮ ਨੂੰ ਦਬਾ ਸਕਣ ਲਈ ਉਸ ਵਿੱਚ ਕਾਫੀ ਦ੍ਰਿੜ੍ਹਤਾ ਨਹੀਂ ਸੀ ਲੱਗਦੀ, ਤੇ ਕਦੀ ਕਦੀ ਹਫ਼ਤਿਆਂ ਬੱਧੀ ਉਹ ਸਕੂਲ ਦੁਆਲੇ ਘੁੰਮਦਾ ਰਹਿੰਦਾ, ਚੁੱਪ-ਚਾਪ, ਬੇਧਿਆਨ ਤੇ ਭੈੜੇ ਮੂਡ ਵਿੱਚ।
ਖੁਸ਼ਕਿਸਮਤੀ ਨੂੰ, ਮੇਜ਼ਰ ਸਤਰੂਚਕੋਵ ਵੀ ਉਸੇ ਸਮੇਂ ਸਕੂਲ ਵਿੱਚ ਸੀ, ਜਿਸ ਸਮੇਂ ਉਹ ਆਪ ਸੀ । ਉਹ ਪੁਰਾਣੇ ਦੋਸਤਾਂ ਵਾਂਗ ਮਿਲੇ ਸਨ । ਸਤਰੁਚਕੋਵ ਅਲੈਕਸੇਈ ਤੋਂ ਦੋ ਕੁ ਹਫਤੇ ਮਗਰੋਂ ਪੁੱਜਾ ਸੀ, ਪਰ ਉਹ ਇੱਕਦਮ ਸਕੂਲ ਦੇ ਜੀਵਨ ਵਿੱਚ ਖੁੱਭ ਗਿਆ ਸੀ, ਇਸਦੇ ਬੇਹੱਦ ਸਖ਼ਤ ਨਿਯਮਾਂ ਅਨੁਕੂਲ ਉਸਨੇ ਆਪਣੇ ਆਪ ਨੂੰ ਢਾਲ ਲਿਆ ਸੀ, ਜਿਹੜੇ ਨਿਯਮ ਜੰਗ ਦੇ ਮੌਕੇ ਏਨੇਂ ਅਢੁਕਵੇਂ ਲੱਗਦੇ ਸਨ, ਤੇ ਹਰ ਇੱਕ ਨਾਲ ਸਾਂਝ ਪਾ ਲਈ ਸੀ। ਉਸਨੇ ਅਲੈਕਸੇਈ ਦੇ ਸੋਗੀਪੁਣੇ ਦੇ ਕਾਰਨ ਬਾਰੇ ਇੱਕਦਮ ਅੰਦਾਜ਼ਾ ਲਾ ਲਿਆ, ਤੇ ਰਾਤ ਨੂੰ ਗੁਸਲਖਾਨੇ ਵਿੱਚੋਂ ਨਿੱਕਲ ਕੇ ਸੌਣ ਵਾਲੇ ਕਮਰਿਆਂ ਨੂੰ ਜਾਣ ਲੱਗਿਆਂ, ਉਹ ਅਲੈਕਸੇਈ ਨੂੰ ਮਜ਼ਾਕ ਨਾਲ ਵੱਖੀ ਵਿੱਚ ਹੁੱਝ ਮਾਰਦਾ ਤੇ ਕਹਿੰਦਾ:
“ਗਮ ਨਾ ਲਾ, ਯਾਰ ! ਸਾਡੇ ਕਰਨ ਲਈ ਵੀ ਅਜੇ ਬਥੇਰੀ ਲੜਾਈ ਰਹਿ ਜਾਏਗੀ! ਦੇਖ ਅਜੇ ਅਸੀਂ ਬਰਲਿਨ ਤੋਂ ਕਿੰਨੀਂ ਦੂਰ ਹਾਂ ! ਅਜੇ ਕਿੰਨੇਂ ਹੀ ਮੀਲ ਪਏ ਹਨ! ਅਸੀਂ ਵੀ ਲੜਾਂਗੇ, ਜੀਅ ਭਰਕੇ ਲੜਾਂਗੇ ।”
ਜਿਹੜੇ ਦੋ ਤਿੰਨ ਮਹੀਨੇ ਉਹ ਇੱਕ ਦੂਜੇ ਨੂੰ ਨਹੀਂ ਸਨ ਮਿਲੇ, ਉਹਨਾਂ ਦੇ ਦੌਰਾਨ ਮੇਜਰ ਪਤਲਾ ਜਿਹਾ ਹੋ ਗਿਆ ਸੀ ਤੇ, ਜਿਸ ਤਰ੍ਹਾਂ ਫ਼ੌਜ ਵਿੱਚ ਬੁੱਢੇ ਹੋ ਜਾਣ ਨੂੰ ਕਹਿੰਦੇ ਹਨ,“ਹਿੰਮਤ ਹਾਰ ਗਿਆ” ਸੀ।
ਅੱਧ ਹੁਨਾਲ ਵਿੱਚ ਉਸ ਗਰੁੱਪ ਨੇ ਉਡਾਣ ਦਾ ਅਭਿਆਸ ਸ਼ੁਰੂ ਕੀਤਾ, ਜਿਸ ਵਿੱਚ ਸਤਰੂਚਕੋਵ ਤੇ ਮਰੇਸੇਯੇਵ ਵੀ ਸਨ। ਉਦੋਂ ਤੱਕ ਅਲੈਕਸੇਈ ਛੋਟੇ ਛੋਟੇ ਪਰ੍ਹਾਂ ਵਾਲ਼ੇ, ਛੋਟੇ ਜਿਹੇ ਜਹਾਜ਼ “ਲਾ-5” ਨੂੰ ਚੰਗੀ ਤਰ੍ਹਾਂ ਜਾਣ ਚੁੱਕਾ ਸੀ । ਇਸ ਜਹਾਜ਼ ਨੂੰ ਦੇਖ ਕੇ ਉੱਡਣੀ ਮੱਛੀ ਯਾਦ ਆ ਜਾਂਦੀ ਸੀ । ਅਕਸਰ ਹੀ, ਕੰਮ ਵਿੱਚ ਮਿਲੇ ਵਕਫਿਆਂ ਵੇਲੇ ਉਹ ਹਵਾਈ ਅੱਡੇ ਉੱਤੇ ਜਾਂਦਾ ਤੇ ਇਹਨਾਂ ਮਸ਼ੀਨਾਂ ਨੂੰ ਜ਼ਰਾ ਕੁ ਦੌੜਨ ਪਿੱਛੋ ਸਿੱਧਾ ਹਵਾ ਵਿੱਚ ਉਠਦਿਆਂ ਦੇਖਦਾ । ਉਹ ਇੱਕ ਹਵਾਈ ਜਹਾਜ਼ ਕੋਲ ਜਾਂਦਾ, ਇਸਦਾ ਨਿਰੀਖਣ ਕਰਦਾ, ਇਸਦੇ ਪਰ੍ਹਾਂ ਨੂੰ ਤੇ ਪਾਸਿਆਂ ਨੂੰ ਥਪਕਦਾ, ਜਿਵੇਂ ਕਿ ਇਹ ਹਵਾਈ ਜਹਾਜ਼ ਨਹੀਂ, ਸਗੋਂ ਕੋਈ ਖੂਬਸੂਰਤ, ਚੰਗਾ ਸਿੱਧਾਇਆ ਤੇ ਪਾਲਿਆ-ਪੋਸਿਆ ਘੋੜਾ ਹੋਵੇ । ਆਖ਼ਰ, ਗਰੁੱਪ ਨੂੰ ਉੱਡਣਾ ਅਰੰਭ ਕਰਨ ਵਾਲੀ ਰੇਖਾ ਉੱਤੇ ਖੜਾ ਕੀਤਾ ਗਿਆ। ਹਰ ਬੰਦਾ ਆਪਣੀ ਯੋਗਤਾ ਪਰਖਣ ਲਈ ਕਾਹਲਾ ਸੀ, ਤੇ ਉਹਨਾਂ ਵਿਚਕਾਰ ਦੱਬਿਆ ਦੱਬਿਆ ਤਕਰਾਰ ਵੀ ਹੋ ਗਿਆ ਕਿ ਸਭ ਤੋਂ ਪਹਿਲਾ ਕੌਣ ਉਡਾਣ ਕਰੇਗਾ । ਅਧਿਆਪਕ ਨੇ ਸਭ ਤੋਂ ਪਹਿਲਾਂ ਸਤਰੂਚਕੋਵ ਨੂੰ ਬੁਲਾਇਆ। ਮੇਜਰ ਦੀਆਂ ਅੱਖਾਂ ਲਿਸ਼ਕ ਪਈਆਂ, ਉਹ ਸ਼ਰਾਰਤੀ ਢੰਗ ਨਾਲ ਮੁਸਕ੍ਰਾਇਆ ਤੇ ਜ਼ਰਾ ਕੁ ਉਤੇਜਿਤ ਹੋਇਆ ਹੋਇਆ ਸੀਟੀ ਮਾਰਨ ਲੱਗਾ, ਪਿੱਠ ਉੱਤੇ ਪੈਰਾਸ਼ੂਟ ਦੀਆਂ ਰੱਸੀਆਂ ਬੰਨ੍ਹੀਆਂ ਤੇ ਕਾਕਪਿੱਟ ਦੀ ਛੱਤ ਆਪਣੇ ਉੱਪਰ ਖਿੱਚ ਲਈ।
ਇੰਜਣ ਗਰਜਣ ਲੱਗਾ, ਹਵਾਈ ਜਹਾਜ਼ ਹਵਾਈ ਅੱਡੇ ਉੱਤੇ ਦੌੜ ਪਿਆ ਤੇ ਆਪਣੇ ਮਗਰ ਧੂੜ ਵਰਗੀ ਬਰਫ਼ ਦੀ ਪੈੜ ਛੱਡ ਗਿਆ, ਜਿਹੜੀ ਧੁੱਪ ਵਿੱਚ ਸਤਰੰਗੀ ਪੀਂਘ ਵਾਂਗ ਲਿਸ਼ਕਦੀ ਸੀ, ਤੇ ਅੱਖ-ਪਲਕਾਰੇ ਵਿੱਚ ਇਹ ਹਵਾ ਵਿੱਚ ਸੀ, ਇਸਦੇ ਪਰ ਧੁੱਪ ਵਿੱਚ ਲਿਸ਼ਕਾਂ ਮਾਰ ਰਹੇ ਸਨ । ਸਤਰੂਚਕੋਵ ਨੇ ਹਵਾਈ ਅੱਡੇ ਉੱਤੇ ਤਿੱਖਾ ਮੋੜ ਵਾਹਿਆ, ਕਈ ਵਾਰੀ ਖੂਬਸੂਰਤੀ ਢੰਗ ਨਾਲ ਪਰ੍ਹਾਂ, ਪਰਨੇ ਹੋਇਆ, ਉਲਟ ਬਾਜ਼ੀ ਲਈ, ਬੜੀ ਸੁਯੋਗਤਾ ਨਾਲ, ਖੂਬਸੂਰਤੀ ਨਾਲ, ਨਿਸ਼ਚਿਤ ਕਲਾਬਾਜ਼ੀਆਂ ਲਾਈਆਂ, ਨਜ਼ਰਾਂ ਅੱਗੋਂ ਅਲੋਪ ਹੋ ਗਿਆ, ਇੱਕਦਮ ਸਕੂਲ ਦੀ ਛੱਤ ਦੇ ਪਿੱਛੋਂ ਦੀ ਫਿਰ ਸਾਮ੍ਹਣੇ ਆ ਗਿਆ ਤੇ, ਗਰਜਦੇ ਇੰਜਣ ਨਾਲ, ਹਵਾਈ ਅੱਡੇ ਦੇ ਉੱਪਰੋਂ ਦੀ ਪੂਰੀ ਰਫ਼ਤਾਰ ਨਾਲ ਏਨਾਂ ਨੀਵਾਂ ਹੋ ਕੇ ਉਡਿਆ ਕਿ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਿਖਿਆਰਥੀਆਂ ਦੀਆਂ ਟੋਪੀਆਂ ਸਿਰਾਂ ਤੋਂ ਉੱਡਣ ਲੱਗੀਆਂ, ਤੇ ਫਿਰ ਅੱਖੋਂ ਉਹਲੇ ਹੋ ਗਿਆ । ਪਰ ਉਹ ਜਲਦੀ ਹੀ ਮੁੜ ਆਇਆ, ਤੇ ਹੁਣ ਸਥਿਰਤਾ ਨਾਲ਼ ਹੇਠਾਂ ਉਤਰਨ ਲੱਗਾ ਤੇ ਸੁਯੋਗਤਾ ਨਾਲ ਜ਼ਮੀਨ ਉੱਤੇ ਆ ਲੱਥਾ। ਉਹ ਉਤੇਜਿਤ ਹੋਇਆ ਹੋਇਆ ਕਾਕਪਿਟ ਵਿੱਚੋਂ ਛਾਲ ਮਾਰ ਕੇ ਉਤਰਿਆ, ਉਤਸ਼ਾਹ ਵਿੱਚ, ਖੁਸ਼ੀ ਨਾਲ ਫੁੱਲਿਆ ਨਾ ਸਮਾਉਂਦਾ, ਐਸੇ ਮੁੰਡੇ ਵਾਂਗ ਜਿਹੜਾ ਕੋਈ ਸ਼ਰਾਰਤ ਕਰਨ ਵਿੱਚ ਸਫ਼ਲ ਹੋ ਗਿਆ ਹੋਵੇ।
“ਇਹ ਕੋਈ ਮਸ਼ੀਨ ਥੋਹੜੈ, ਇਹ ਤਾਂ ਵਾਇਲਨ ਹੈ; ਸਹੂੰ ਰੱਬ ਦੀ, ਵਾਇਲਨ”, ਉਹ ਸਾਹੋ-ਸਾਹ ਹੋਇਆ ਕੂਕਿਆ। ਉਸਦਾ ਅਧਿਆਪਕ ਉਸਦੇ ਅੰਧਾ-ਧੁੰਦ ਤਰੀਕੇ ਉੱਤੇ ਉਸਨੂੰ ਝਾੜ ਪਾ ਰਿਹਾ ਸੀ, ਪਰ ਉਹ ਵਿੱਚੋਂ ਹੀ ਉਸਨੂੰ ਟੋਕਦਾ ਹੋਇਆ ਬੋਲਿਆ: “ਤੁਸੀਂ ਇਸ ਉੱਤੇ ਚਾਇਕੋਵਸਕੀ ਵਜਾ ਸਕਦੇ ਹੋ !” ਤੇ ਆਪਣੀਆਂ ਜ਼ੋਰਦਾਰ ਬਾਹਵਾਂ ਮਰੇਸੇਯੇਵ ਦੁਆਲੇ ਵਲਦਿਆਂ, ਉਹ ਕੂਕਿਆਂ: “ਇਹ ਹੈ ਜ਼ਿੰਦਗੀ, ਅਲਿਉਸ਼ਾ!”
ਇਹ ਸੱਚਮੁਚ ਸ਼ਾਨਦਾਰ ਹਵਾਈ ਜਹਾਜ਼ ਸੀ । ਹਰ ਕੋਈ ਇਸ ਗੱਲ ਬਾਰੇ ਸਹਿਮਤ ਸੀ। ਮਰੇਸੇਯੇਵ ਦੀ ਵਾਰੀ ਆਈ । ਪੈਡਲਾਂ ਨਾਲ ਆਪਣੇ ਪੈਰ ਬੰਨ੍ਹ ਲੈਣ ਪਿੱਛੋਂ ਉਹ ਹਵਾ ਵਿੱਚ ਉਡ ਪਿਆ ਤੇ ਇੱਕਦਮ ਉਸਨੂੰ ਮਹਿਸੂਸ ਹੋਇਆ ਕਿ ਇਹ ਘੋੜੀ ਉਸ ਲਈ, ਬਿਨਾਂ ਪੈਰਾਂ ਦੇ ਘੋੜ-ਸਵਾਰ ਲਈ ਬਹੁਤ ਚੰਚਲ ਸੀ, ਤੇ ਵਧੇਰੇ ਧਿਆਨ ਨਾਲ ਚਲਾਇਆ ਜਾਣਾ ਮੰਗਦੀ ਸੀ । ਜਦੋਂ ਹਵਾਈ ਜਹਾਜ਼ ਹਵਾ ਵਿੱਚ ਉਡਿਆ ਤਾਂ ਉਸਨੂੰ ਮਸ਼ੀਨ ਨਾਲ ਉਹ ਭਰਪੂਰ ਤੇ ਸ਼ਾਨਦਾਰ ਸੰਪਰਕ ਮਹਿਸੂਸ ਨਾ ਹੋਇਆ ਜਿਹੜਾ ਉਡਾਣ ਵਿੱਚ ਖੁਸ਼ੀ ਭਰਦਾ ਹੈ। ਇਹ ਸ਼ਾਨਦਾਰ ਢੰਗ ਨਾਲ ਬਣਾਈ ਗਈ ਮਸ਼ੀਨ ਸੀ । ਤੇ, ਇੱਕਦਮ ਸਬੰਧਤ ਹਰਕਤ ਕਰ ਦੇਂਦੀ ਸੀ । ਆਪਣੀ ਪ੍ਰਤਿਕਰਮ ਦੀ ਸੂਖਤਮਾ ਕਰਕੇ, ਇਹ ਸੱਚਮੁਚ ਹੀ ਚੰਗੀ ਸੁਰ ਕੀਤੀ ਵਾਇਲਨ ਵਾਂਗ ਸੀ । ਇੱਥੇ ਆ ਕੇ ਅਲੈਕਸੇਈ ਨੂੰ ਆਪਣੇ ਨਾ ਪੂਰੇ ਹੋਣ ਵਾਲ਼ੇ ਘਾਟੇ ਦਾ, ਆਪਣੇ ਬਣਾਵਟੀ ਪੈਰਾਂ ਦੀ ਪ੍ਰਤਿਕਰਮ ਦੀ ਸੂਖਮਤਾ ਦੀ ਘਾਟ ਦਾ ਤੀਖਣ ਅਹਿਸਾਸ ਹੋਇਆ, ਤੇ ਉਸਨੇ ਮਹਿਸੂਸ ਕਰ ਲਿਆ ਕਿ ਇਹੋ ਜਿਹੀ ਮਸ਼ੀਨ ਲਈ ਚੰਗੇ ਤੋਂ ਚੰਗੇ ਬਣਾਵਟੀ ਪੈਰ, ਚੰਗੀ ਤੋਂ ਚੰਗੀ ਸਿਖਲਾਈ ਪਿੱਛੋਂ ਵੀ, ਜਿਊਂਦੇ ਜਾਗਦੇ, ਸਚੇਤਨ, ਲਚਕਦਾਰ ਪੈਰਾਂ ਦੀ ਥਾਂ ਨਹੀਂ ਲੈ ਸਕਦੇ ।
ਹਵਾਈ ਜਹਾਜ਼ ਸੌਖੀ ਤਰ੍ਹਾਂ ਤੇ ਲੋਚਕਾਰ ਤਰੀਕੇ ਨਾਲ ਹਵਾ ਵਿੱਚ ਉਡਿਆ, ਤੇ ਸਟੀਅਰਿੰਗ-ਵ੍ਹੀਲ ਦੀ ਹਰ ਹਰਕਤ ਨੂੰ ਹੁੰਗਾਰਾ ਭਰਨ ਲੱਗਾ, ਪਰ ਅਲੈਕਸੇਈ ਨੂੰ ਇਸ ਤੋਂ ਡਰ ਆ ਰਿਹਾ ਸੀ। ਉਸਨੇ ਦੇਖਿਆ ਕਿ ਜਦੋਂ ਉਹ ਚੱਕਰ ਕੱਟਦਾ ਸੀ ਤਾਂ ਉਸਦੇ ਪੈਰ ਦੇਰ ਕਰ ਦੇਂਦੇ ਸਨ, ਉਹਨਾਂ ਵਿੱਚ ਉਹ ਇਕਸੁਰ ਤਾਲਮੇਲ ਨਹੀਂ ਸੀ ਰਹਿੰਦਾ ਜਿਹੜਾ ਪਾਇਲਟ ਵਿੱਚ ਇੱਕ ਅਨੁਕੂਲਿਤ ਸੁਭਾਵਿਕ ਪ੍ਰਤਿਕਰਮ ਦਾ ਹੀ ਰੂਪ ਧਾਰ ਲੈਂਦਾ । ਇਸ ਢਿੱਲ ਨਾਲ ਮਸ਼ੀਨ ਭੁਆਂਟਣੀਆਂ ਵੀ ਖਾ ਸਕਦੀ ਹੈ ਤੇ ਇਹ ਮਾਰੂ ਸਿੱਧ ਹੋ ਸਕਦੀ ਹੈ। ਅਲੈਕਸੇਈ ਨੇ ਆਪਣੇ ਆਪ ਨੂੰ ਪੈਂਖੜ-ਪਏ ਘੋੜੇ ਵਾਂਗ ਮਹਿਸੂਸ ਕੀਤਾ। ਉਹ ਬੁਜ਼ਦਿਲ ਨਹੀਂ ਸੀ, ਉਹ ਮਰਨ ਤੋਂ ਨਹੀਂ ਸੀ ਡਰਦਾ, ਉਹ ਤਾਂ ਇਸ ਗੱਲ ਨੂੰ ਵੀ ਪੱਕਿਆਂ ਕੀਤੇ ਬਿਨਾਂ ਉੱਡ ਖਲੋਤਾ ਸੀ ਕਿ ਉਸਦਾ ਪੈਰਾਸ਼ੂਟ ਠੀਕ-ਠਾਕ ਹੈ ਜਾਂ ਨਹੀਂ; ਪਰ ਉਹ ਡਰਦਾ ਸੀ ਕਿ ਮਾੜੀ ਜਿਹੀ ਗ਼ਲਤੀ ਵੀ ਉਸਨੂੰ ਲੜਾਕਾ ਹਵਾਬਾਜੀ ਵਿੱਚੋਂ ਹਮੇਸ਼ਾ ਹਮੇਸ਼ਾ ਲਈ ਕਢਵਾ ਸਕਦੀ ਹੈ ਤੇ ਉਸਦੇ ਮਨਭਾਉਂਦੇ ਪੇਸ਼ੇ ਦੇ ਦਰਵਾਜ਼ੇ ਉਸ ਲਈ ਪੱਕੀ ਤਰ੍ਹਾਂ ਬੰਦ ਕਰ ਸਕਦੀ ਹੈ। ਉਹ ਦੂਹਰਾ ਚੌਕਸ ਸੀ, ਤੇ ਬਿਲਕੁਲ ਪ੍ਰੇਸ਼ਾਨੀ ਵਿੱਚ ਸੀ ਜਦੋਂ ਉਸਨੇ ਹਵਾਈ ਜਹਾਜ਼ ਹੇਠਾਂ ਉਤਾਰਿਆ।
ਆਪਣੇ ਪੈਰਾਂ ਦੇ ਬੇਲੋਚ ਹੋਣ ਕਾਰਨ, ਉਹ ਏਨੀਂ ਭੈੜੀ ਤਰ੍ਹਾਂ ਉੱਤਰਿਆ ਕਿ ਮਸ਼ੀਨ ਬਰਫ਼ ਉੱਤੇ ਕਈ ਵਾਰੀ ਭੈੜੀ ਤਰ੍ਹਾਂ ਉਛਲੀ ।
ਅਲੈਕਸੇਈ ਚੁੱਪ-ਚਾਪ ਤੇ ਗੁੱਸੇ ਵਿੱਚ ਕਾਕਪਿੱਟ ਵਿੱਚੋਂ ਉਤਰਿਆ। ਉਸਦੇ ਸਾਥੀਆਂ ਨੇ, ਤੇ ਉਸਦੇ ਅਧਿਆਪਕ ਨੇ ਵੀ, ਆਪਣੀ ਪ੍ਰੇਸ਼ਾਨੀ ਨੂੰ ਲੁਕਾਉਂਦਿਆਂ, ਉਸਦੀ ਪ੍ਰਸ਼ੰਸਾ ਕੀਤੀ ਤੇ ਉਸਨੂੰ ਵਧਾਈ ਦਿੱਤੀ, ਪਰ ਇਸ ਨਿਵਾਜਵੇਂ ਅੰਦਾਜ਼ ਨੇ ਉਸਨੂੰ ਸਗੋਂ ਗੁੱਸਾ ਹੀ ਚੜਾਇਆ । ਉਸਨੇ ਉਹਨਾਂ ਨੂੰ ਹੱਥ ਛੱਡ ਕੇ ਟਾਲ ਦਿੱਤਾ ਤੇ ਆਪਣੀ ਝੂਲਵੀਂ ਚਾਲ ਨਾਲ ਤੇ ਆਪਣੇ ਪੈਰਾਂ ਨੂੰ ਘਸੀਟਦਾ, ਉਹ ਬਰਫ਼ ਉੱਪਰੋਂ ਦੀ ਲੰਗੜਾਉਂਦਾ ਸਕੂਲ ਦੀ ਸਲੇਟੀ ਇਮਾਰਤ ਵੱਲ ਚੱਲ ਪਿਆ। ਇਸ ਵੇਲੇ ਅਸਫ਼ਲ ਸਿੱਧ ਹੋਣਾ, ਜਦ ਕਿ ਉਹ ਲੜਾਕਾ ਹਵਾਈ ਜਹਾਜ਼ ਚਲਾ ਚੁੱਕਾ ਹੈ! ਇਹ ਭੈੜੀ ਤੋਂ ਭੈੜੀ ਤਬਾਹੀ ਸੀ ਜਿਸਦਾ ਉਹ ਸ਼ਿਕਾਰ ਹੋਇਆ ਸੀ, ਮਾਰਚ ਦੀ ਉਸ ਸਵੇਰ ਤੋਂ ਮਗਰੋਂ ਜਦੋਂ ਉਸਦਾ ਟੁੱਟਾ ਹੋਇਆ ਜਹਾਜ਼ ਦਿਆਰ ਦੇ ਦਰਖਤਾਂ ਦੀਆਂ ਟੀਸੀਆਂ ਨਾਲ ਆ ਟਕਰਾਇਆ ਸੀ । ਉਸਨੇ ਦੁਪਹਿਰ ਦਾ ਖਾਣਾ ਨਾ ਖਾਧਾ, ਨਾ ਹੀ ਉਹ ਸ਼ਾਮ ਦੇ ਖਾਣੇ ਲਈ ਗਿਆ। ਸਕੂਲ ਦੇ ਨਿਯਮਾਂ ਦੀ ਉਲੰਘਣਾ ਕਰਦਿਆਂ, ਜਿਨ੍ਹਾਂ ਅਨੁਸਾਰ ਦਿਨ ਵੇਲੇ ਆਪਣੇ ਸੌਣ ਕਮਰਿਆਂ ਵਿੱਚ ਰਹਿਣਾ ਸਿਖਿਆਰਥੀਆਂ ਲਈ ਬਿਲਕੁਲ ਵਰਜਿਤ ਸੀ, ਉਹ ਬੂਟਾਂ ਸਮੇਤ ਹੱਥ ਸਿਰ ਹੇਠਾਂ ਰੱਖੀ ਆਪਣੇ ਬਿਸਤਰੇ ਉੱਤੇ ਪਿਆ ਰਿਹਾ, ਤੇ ਕੋਈ ਵੀ, ਜਿਹੜਾ ਵੀ ਕੋਈ ਉਸਦੇ ਗ਼ਮ ਨੂੰ ਜਾਣਦਾ ਸੀ ਨਾ ਹੀ ਅਰਦਲੀ ਦੇ ਨਾ ਹੀ ਕੋਲੋਂ ਦੀ ਲੰਘਦੇ ਅਫ਼ਸਰ ਉਸਨੂੰ ਇਸ ਲਈ ਗੁੱਸੇ ਨਾ ਹੋਇਆ। ਸ਼ਤਰੂਚਕੋਵ ਨੇ ਅੰਦਰ ਝਾਤੀ ਮਾਰੀ ਤੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਜਵਾਬ ਨਾ ਮਿਲਣ ਉੱਤੇ ਹਮਦਰਦੀ ਨਾਲ ਸਿਰ ਮਾਰਦਾ ਹੋਇਆ ਉਹ ਚਲਾ ਗਿਆ।
ਸਤਰੂਚਕੋਵ ਕਮਰੇ ਵਿੱਚੋਂ ਨਿਕਲਿਆ ਤਾਂ ਐਨ ਉਸੇ ਵੇਲੇ ਸਕੂਲ ਦਾ ਰਾਜਸੀ ਅਫ਼ਸਰ, ਲੈਫ਼ਟੀਨੈਂਟ-ਕਰਨਲ ਕਾਪੂਸਤਿਨ ਅੰਦਰ ਆ ਗਿਆ, ਜਿਥੇ ਅਲੈਕਸੇਈ ਲੇਟਿਆ ਹੋਇਆ ਸੀ । ਉਹ ਮਧਰਾ ਜਿਹਾ, ਬੇਡੋਲ ਆਦਮੀ ਸੀ, ਮੋਟੀਆਂ ਮੋਟੀਆਂ ਐਨਕਾਂ ਵਾਲਾ, ਜਿਸਨੇ ਢਿਲਮ-ਢਿੱਲੀ ਜਿਹੀ ਵਰਦੀ ਪਾਈ ਹੋਈ ਸੀ, ਜੋ ਉਸਦੇ ਮੋਢਿਆਂ ਉੱਤੇ ਬੋਰੀ ਵਾਂਗ ਲਟਕੀ ਹੋਈ ਸੀ । ਸਿਖਿਆਰਥੀ ਨੂੰ ਕੌਮਾਂਤਰੀ ਮਾਮਲਿਆਂ ਬਾਰੇ ਉਸਦੇ ਲੈਕਚਰ ਸੁਨਣੇ ਚੰਗੇ ਲੱਗਦੇ ਸਨ; ਇਹਨਾਂ ਲੈਕਚਰਾਂ ਦੇ ਦੌਰਾਨ ਇਹ ਭੱਦਾ ਜਿਹਾ ਦਿਸਦਾ ਆਦਮੀ ਉਹਨਾਂ ਵਿੱਚ ਮਾਨ ਦੀ ਭਾਵਨਾ ਭਰ ਦੇਂਦਾ ਸੀ ਕਿ ਉਹ ਇਸ ਮਹਾਨ ਜੰਗ ਵਿੱਚ ਹਿੱਸਾ ਲੈ ਰਹੇ ਹਨ। ਪਰ ਅਫ਼ਸਰ ਦੇ ਤੌਰ ਉੱਤੇ ਉਹ ਉਸਦੀ ਬਹੁਤੀ ਪ੍ਰਵਾਹ ਨਹੀਂ ਸਨ ਕਰਦੇ; ਉਹ ਉਸਨੂੰ ਇੱਕ ਗ਼ੈਰ-ਫ਼ੌਜੀ ਆਦਮੀ ਸਮਝਦੇ ਸਨ ਜਿਹੜਾ ਸਬੱਬੀ ਹੀ ਵਾਯੂ ਸੈਨਾ ਵਿੱਚ ਆ ਵੜਿਆ ਹੈ, ਪਰ ਜਿਸਨੂੰ ਹਵਾਬਾਜ਼ੀ ਦਾ ਕੁਝ ਨਹੀਂ ਪਤਾ । ਮਰੇਸੇਯੇਵ ਵੱਲ ਕੋਈ ਧਿਆਨ ਨਾ ਦੇਂਦਿਆਂ ਕਾਪੂਸਤਿਨ ਨੇ ਕਮਰੇ ਵਿੱਚ ਇੱਧਰ ਉਧਰ ਦੇਖਿਆ, ਹਵਾ ਨੂੰ ਸੁੰਘਿਆ ਤੇ ਇੱਕਦਮ ਗੁੱਸੇ ਵਿੱਚ ਕੂਕਿਆ:
“ਕੌਣ ਸ਼ੈਤਾਨ ਇੱਥੇ ਸਿਗਰਟ ਪੀਂਦਾ ਰਿਹੈ, ਸਿਗਰਟ ਪੀਣ ਲਈ ਕਮਰਾ ਵੱਖ ਹੈ। ਸਾਥੀ ਸੀਨੀਅਰ ਲੈਫ਼ਟੀਨੈਂਟ, ਇਸਦਾ ਕੀ ਮਤਲਬ ਹੈ?”
“ਮੈਂ ਸਿਗਰਟ ਨਹੀਂ ਪੀਂਦਾ” ਅਲੈਕਸੇਈ ਨੇ ਮੰਜੇ ਉਤੇ ਪਏ ਨੇ ਹੀ ਲਾਪ੍ਰਵਾਹੀ ਨਾਲ ਜਵਾਬ ਦਿੱਤਾ।
“ਤੇ ਤੁਸੀਂ ਇਥੇ ਕਿਉਂ ਲੇਟੇ ਹੋਏ ਹੋ ? ਤੁਹਾਨੂੰ ਨਿਯਮਾਂ ਦਾ ਨਹੀਂ ਪਤਾ ? ਤੁਸੀਂ ਉਠ ਕੇ ਖੜਾ ਕਿਉਂ ਨਹੀਂ ਹੁੰਦੇ ਜਦੋਂ ਤੁਹਾਡੇ ਤੋਂ ਉੱਪਰਲਾ ਕੋਈ ਕਮਰੇ ਵਿੱਚ ਆਉਂਦਾ ਹੈ ?…ਉਠੋ!” ਇਹ ਹੁਕਮ ਨਹੀਂ ਸੀ, ਸਗੋਂ ਸ਼ਹਿਰੀਆਂ ਵਾਲੇ ਨਰਮ ਅੰਦਾਜ਼ ਵਿੱਚ ਕਹੀ ਗਈ ਗੱਲ ਸੀ, ਪਰ ਮਰੇਸੇਯੇਵ ਨੇ ਬੇਦਿਲੀ ਜਿਹੀ ਨਾਲ ਇਸਨੂੰ ਮੰਨਿਆ ਤੇ ਆਪਣੇ ਮੰਜੇ ਦੇ ਕੋਲ ਕਰਕੇ ਹੀ ਸਾਵਧਾਨ ਖੜ੍ਹਾ ਹੋ ਗਿਆ।
“ਬਿਲਕੁਲ ਠੀਕ, ਸਾਥੀ ਸੀਨੀਅਰ ਲੈਫ਼ਟੀਨੈਂਟ”, ਕਾਪੂਸਤਿਨ ਨੇ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ। “ਤੇ ਹੁਣ ਬੈਠ ਜਾਓ ਸਲਾਹ ਕਰੀਏ।”
“ਕਾਹਦੇ ਬਾਰੇ ?”
“ਤੁਹਾਡੇ ਬਾਰੇ । ਆਓ ਬਾਹਰ ਚਲੀਏ । ਮੈਂ ਸਿਗਰਟ ਪੀਣਾ ਚਾਹੁੰਦਾ ਹਾਂ, ਤੇ ਸਿਗਰਟ ਪੀਣ ਦੀ ਇੱਥੇ ਆਗਿਆ ਨਹੀਂ ।”
ਉਹ ਮੱਧਮ ਜਿਹੇ ਚਾਨਣ ਵਾਲੇ ਲਾਂਘੇ ਵਿੱਚ ਚਲੇ ਗਏ-ਬਲੈਕ ਆਊਟ ਲਈ ਬਿਜਲੀ ਦੇ ਬਲਬਾਂ ਨੂੰ ਨੀਲਾ ਰੰਗ ਕੀਤਾ ਗਿਆ ਹੋਇਆ ਸੀ-ਤੇ ਬਾਰੀ ਕੋਲ ਜਾ ਖੜੋਤੇ । ਕਾਪੂਸਤਿਨ ਆਪਣੀ ਪਾਈਪ ਤੋਂ ਕਸ਼ ਭਰਨ ਲੱਗਾ, ਤੇ ਹਰ ਕਸ਼ ਨਾਲ ਉਸਦਾ ਚੌੜਾ, ਸੋਚਵਾਨ ਚਿਹਰਾ ਲੋਅ ਨਾਲ ਰੁਸ਼ਨਾਇਆ ਜਾਂਦਾ।
“ਮੇਰੀ ਅੱਜ ਤੁਹਾਡੇ ਗਰੁੱਪ ਦੇ ਅਧਿਆਪਕ ਨੂੰ ਝਾੜ ਪਾਉਣ ਦੀ ਸਲਾਹ ਹੈ”, ਉਹ ਬੋਲਿਆ।
“ਕਾਹਦੇ ਲਈ ?”
“ਕਿ ਉਸਨੇ ਆਪਣੇ ਉਪਰਲੇ ਅਫ਼ਸਰਾਂ ਤੋਂ ਪਹਿਲਾਂ ਆਗਿਆ ਲਏ ਬਿਨਾਂ ਤੁਹਾਨੂੰ ਖੇਤਰ ਵਿੱਚ ਉਡਣ ਦਿੱਤੈ! ਤੁਸੀਂ ਮੇਰੇ ਵੱਲ ਇੰਝ ਕਿਉਂ ਅੱਖਾਂ ਪਾੜ ਪਾੜ ਦੇਖ ਰਹੇ ਹੋ? ਅਸਲ ਵਿੱਚ, ਡਾਂਟ ਦਾ ਹੱਕਦਾਰ ਮੈਂ ਵੀ ਹਾਂ ਕਿ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਨਾ ਕੀਤੀ। ਮੇਰੇ ਕੋਲ ਕਦੀ ਸਮਾਂ ਹੀ ਨਹੀਂ ਹੋਇਆ, ਹਮੇਸ਼ਾ ਰੁਝਾ ਰਹਿੰਦਾ ਹਾਂ। ਮੇਰੀ ਸਲਾਹ ਹੈ… ਪਰ ਛੱਡੋ ਇਹਨੂੰ! ਦੇਖੋ, ਮਰੇਸੇਯੇਵ, ਹਵਾਈ ਜਹਾਜ਼ ਉਡਾਉਣਾ ਕੋਈ ਤੁਹਾਡੇ ਲਈ ਸੌਖੀ ਚੀਜ਼ ਨਹੀਂ, ਤੇ ਇਸੇ ਕਰਕੇ ਮੈਂ ਤੁਹਾਡੇ ਅਧਿਆਪਕ ਦੀ ਜ਼ਰਾ ਖੁੰਬ ਠੱਪਣੀ ਚਾਹੁੰਦਾ ਹਾਂ।”
ਅਲੈਕਸੇਈ ਨੇ ਕੁਝ ਨਾ ਕਿਹਾ। ਉਹ ਹੈਰਾਨ ਹੋ ਰਿਹਾ ਸੀ ਕਿ ਕਿਸ ਤਰ੍ਹਾਂ ਦਾ ਆਦਮੀ ਪਾਈਪ ਦੇ ਕਸ਼ ਲਾ ਰਿਹਾ ਹੈ। ਕੋਈ ਦਫ਼ਤਰਸ਼ਾਹ, ਜਿਹੜਾ ਇਸ ਕਰਕੇ ਗੁੱਸੇ ਵਿੱਚ ਆ ਗਿਆ ਹੈ ਕਿ ਕਿਸੇ ਨੇ ਸਕੂਲ ਦੀ ਜ਼ਿੰਦਗੀ ਵਿੱਚ ਵਾਪਰੀ ਅਸਧਾਰਨ ਘਟਨਾ ਬਾਰੇ ਉਸਨੂੰ ਰਿਪੋਰਟ ਨਾ ਦੇ ਕੇ ਉਸਦੇ ਅਧਿਕਾਰ ਨੂੰ ਅੱਖੋਂ ਉਹਲੇ ਕੀਤਾ ਹੈ? ਕੋਈ ਛੋਟਾ ਅਫ਼ਸਰ, ਜਿਸਨੇ ਉਡਾਣ ਕਰਨ ਵਾਲ਼ੇ ਅਮਲੇ ਦੀ ਚੋਣ ਸਬੰਧੀ ਨਿਯਮਾਂ ਵਿੱਚ ਕੋਈ ਮਦ ਲੱਭ ਲਈ, ਜਿਸ ਅਨੁਸਾਰ ਸਰੀਰਕ ਅਯੋਗਤਾ ਵਾਲ਼ੇ ਬੰਦੇ ਲਈ ਉਡਾਣ ਕਰਨਾ ਵਰਜਿਤ ਹੈ? ਜਾਂ ਕੋਈ ਸਨਕੀ ਹੈ ਜਿਹੜਾ ਆਪਣੀ ਤਾਕਤ ਦਾ ਮੁਜ਼ਾਹਰਾ ਕਰਨ ਦਾ ਮੌਕਾ ਮਿਲਣ ਉੱਤੇ ਭੁੜਕ ਪਿਆ ਹੈ ? ਉਹ ਚਾਹੁੰਦਾ ਕੀ ਹੈ ? ਉਸਨੇ ਕਿਉਂ ਆ ਮੂੰਹ ਦਿਖਾਇਆ ਹੈ, ਜਦ ਕਿ ਉਸਤੋਂ ਬਿਨਾਂ ਹੀ ਅਲੈਕਸੇਈ ਦੀ ਰੂਹ ਏਨੀਂ ਦੁਖੀ ਸੀ ਕਿ ਉਹ ਫਾਹਾ ਲੈ ਲੈਣਾ ਚਾਹੁੰਦਾ
मी ?
ਉਸਦਾ ਜੀਅ ਕੀਤਾ ਕਿ ਇਸ ਆਦਮੀ ਨੂੰ ਨਠਾ ਦੇਵੇ, ਪਰ ਉਸਨੇ ਮੁਸ਼ਕਲ ਨਾਲ ਹੀ ਆਪਣੇ ਆਪ ਨੂੰ ਕਾਬੂ ਵਿੱਚ ਰੱਖਿਆ। ਕਈ ਮਹੀਨਿਆਂ ਦੇ ਕਸ਼ਟ ਨੇ ਉਸਨੂੰ ਸਿੱਟੇ ਕੱਢਣ ਵਿੱਚ ਜਲਦਬਾਜ਼ੀ ਕਰਨ ਤੋਂ ਬਚੇ ਰਹਿਣਾ ਸਿਖਾਇਆ ਸੀ, ਤੇ ਇਸ ਬੇਡੋਲ ਜਿਹੇ ਆਦਮੀ ਵਿੱਚ ਕੁਝ ਐਸੀਂ ਚੀਜ਼ ਸੀ ਜਿਸਤੋਂ ਝੱਟ-ਪਲ ਲਈ ਉਸਨੂੰ ਕੋਮੀਸਾਰ ਵੋਰੋਬੀਓਵ ਯਾਦ ਆ ਗਿਆ, ਜਿਸਨੂੰ ਮਰੇਸੇਯੇਵ ਅਸਲੀ ਇਨਸਾਨ ਕਹਿੰਦਾ ਸੀ । ਕਾਪੂਸਤਿਨ ਕੀ ਪਾਇਪ ਵਿੱਚ ਲੋਅ ਹੁੰਦੀ ਤੇ ਬੁਝ ਜਾਂਦੀ, ਤੇ ਉਸਦਾ ਚੌੜਾ ਚਿਹਰਾ, ਮੋਟਾ ਚਰਬੀਦਾਰ ਨੱਕ ਤੇ ਸਿਆਣੀਆਂ ਘੋਖਵੀਆਂ ਅੱਖਾਂ ਵੀ ਨੀਲ਼ੇ ਜਿਹੇ ਹਨੇਰੇ ਵਿੱਚੋਂ ਉਘੜਦੀਆਂ ਤੇ ਮੁੜ ਲੋਪ ਹੋ ਜਾਂਦੀਆਂ।
ਕਾਪੂਸਤਿਨ ਬੋਲੀ ਗਿਆ:
“ਸੁਣੋ, ਮਰੇਸੇਯੇਵ। ਤੁਹਾਡੀ ਪ੍ਰਸ਼ੰਸਾ ਕਰਨ ਦਾ ਮੇਰਾ ਕੋਈ ਇਰਾਦਾ ਨਹੀਂ। ਪਰ ਜੋ ਮਰਜ਼ੀ ਹੈ ਕਹਿ ਲਵੋਂ, ਤੁਸੀਂ ਲੜਾਕਾ ਹਵਾਈ ਜਹਾਜ਼ ਚਲਾਉਣ ਵਾਲੇ ਦੁਨੀਆਂ ਵਿੱਚ ਇੱਕੋ ਇੱਕ ਪੈਰਹੀਣ ਆਦਮੀ ਹੈ। ਇੱਕੋ ਇੱਕ!” ਉਸਨੇ ਪਾਈਪ ਦਾ ਪਿਛਲਾ ਹਿੱਸਾ ਲਾਹਿਆ, ਬਲਬ ਦੀ ਮੱਧਮ ਜਿਹੀ ਰੋਸ਼ਨੀ ਵੱਲ ਕਰਕੇ ਇਸਨੂੰ ਅੰਦਰੋਂ ਦੇਖਿਆ ਤੇ ਪ੍ਰੇਸ਼ਾਨੀ ਵਿੱਚ ਸਿਰ ਮਾਰਦਿਆਂ ਬੋਲਿਆ: “ਮੈਂ ਤੁਹਾਡੀ ਇੱਛਾ ਦੀ ਗੱਲ ਨਹੀਂ ਕਰ ਰਿਹਾ ਕਿ ਤੁਸੀਂ ਲੜਾਕਾ ਦਸਤੇ ਵਿੱਚ ਵਾਪਸ ਜਾਣਾ ਚਾਹੁੰਦੇ ਹੋ। ਇਹ ਸੱਚਮੁਚ ਸ਼ਲਾਘਾਯੋਗ ਹੈ, ਪਰ ਇਸ ਵਿੱਚ ਖਾਸ ਗੱਲ ਕੋਈ ਨਹੀਂ, ਇਹੋ ਜਿਹੇ ਮੌਕੇ ਉੱਤੇ ਜਿੱਤ ਪ੍ਰਾਪਤ ਕਰਨ ਲਈ ਹਰ ਕੋਈ ਆਪਣੀ ਪੂਰੀ ਵਾਹ ਲਾਉਣੀ ਚਾਹੁੰਦਾ ਹੈ। ਪਤਾ ਨਹੀਂ ਇਸ ਲਾਅਣਤੀ ਪਾਇਪ ਨੂੰ ਕੀ ਹੋ ਗਿਐ!”
ਉਸਨੇ ਪਾਈਪ ਦੀ ਨਾਲੀ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਤੇ ਇਸ ਕੰਮ ਵਿੱਚ ਪੂਰਾ ਮਗਨ ਹੋ ਗਿਆ ਲੱਗਦਾ ਸੀ; ਪਰ ਕਿਸੇ ਧੁੰਦਲੇ ਜਿਹੇ ਪੂਰਵ ਅਹਿਸਾਸ ਤੋਂ ਖ਼ਤਰਾ ਮਹਿਸੂਸ ਕਰਦਿਆਂ, ਹੁਣ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ ਕਿ ਉਹ ਅੱਗੋਂ ਕੀ ਕਹਿਣ ਵਾਲਾ ਹੈ। ਪਾਈਪ ਨਾਲ ਹੱਥ-ਪੱਥ ਮਾਰਨੇ ਜਾਰੀ ਰੱਖਦਿਆਂ, ਕਾਪੂਸਤਿਨ ਨੇ ਬੋਲਣਾ ਜਾਰੀ ਰੱਖਿਆ, ਬਿਨਾਂ ਇਸ ਗੱਲ ਦੀ ਜ਼ਰਾ ਵੀ ਪ੍ਰਵਾਹ ਕੀਤਿਆਂ ਕਿ ਉਸਦੇ ਲਫ਼ਜ਼ਾਂ ਦਾ ਕੀ ਅਸਰ ਹੋ ਰਿਹਾ ਹੈ “ਇਹ ਸੀਨੀਅਰ ਲੈਫ਼ਟੀਨੈਂਟ ਅਲੈਕਸੇਈ ਮਰੇਸੇਯੇਵ ਦਾ ਜਾਤੀ ਮਾਮਲਾ ਨਹੀਂ। ਗੱਲ ਸਾਰੀ ਇਹ ਹੈ ਕਿ ਤੁਸੀਂ, ਪੈਰਹੀਣ ਆਦਮੀ ਨੇ ਇੱਕ ਐਸੀ ਸੁਯੋਗਤਾ ਪ੍ਰਾਪਤ ਕਰ ਲਈ ਹੈ ਜਿਸ ਬਾਰੇ ਹੁਣ ਤੱਕ ਸਾਰੀ ਦੁਨੀਆਂ ਇਹੀ ਸਮਝਦੀ ਆਈ ਹੈ ਕਿ ਇਸਨੂੰ ਸਰੀਰਕ ਤੌਰ ਉੱਤੇ ਪੂਰਾ ਸੂਰਾ ਵਿਅਕਤੀ ਹੀ ਪ੍ਰਾਪਤ ਕਰ ਸਕਦਾ ਹੈ, ਤੇ ਉਹ ਵੀ ਸੋ ਵਿੱਚੋ ਇੱਕ । ਤੁਸੀਂ ਸਿਰਫ਼ ਸ਼ਹਿਰੀ ਮਰੇਸੇਯੇਵ ਨਹੀਂ, ਸਗੋਂ ਮਹਾਨ ਤਜ਼ਰਬਾ ਕਰਨ ਵਾਲ਼ੇ ਹੋ । ਆਹ! ਸੋ ਆਖ਼ਰ ਚੱਲ ਹੀ ਪਈ ਹੈ! ਜ਼ਰੂਰ ਕੁਝ ਵਿੱਚ ਅੜ ਗਿਆ ਹੋਵੇਗਾ। ਤੇ ਇਸ ਲਈ ਮੈਂ ਕਹਿੰਦਾ ਹਾਂ, ਅਸੀਂ ਤੁਹਾਨੂੰ ਸਧਾਰਨ ਪਾਇਲਟ ਨਹੀਂ ਸਮਝ ਸਕਦੇ, ਨਾ ਹੀ ਐਸਾ ਸਮਝਣ ਦਾ ਸਾਨੂੰ ਕੋਈ ਹੱਕ ਹੈ; ਕੋਈ ਹੱਕ ਨਹੀਂ, ਸਮਝੇ? ਤੁਸੀਂ ਇੱਕ ਮਹੱਤਵਪੂਰਨ ਤਜ਼ਰਬਾ ਸ਼ੁਰੂ ਕੀਤਾ ਹੈ, ਤੇ ਇਹ ਸਾਡਾ ਫਰਜ਼ ਹੈ ਕਿ ਤੁਹਾਡੀ ਜਿੱਥੋਂ ਤੱਕ ਹੀ ਸਕੇ, ਮਦਦ ਕਰੀਏ । ਪਰ ਕਿਸ ਤਰ੍ਹਾਂ ਨਾਲ? ਇਹ ਤੁਸੀਂ ਆਪ ਹੀ ਦੱਸੋ; ਤੁਹਾਡੀ ਕਿਵੇਂ ਮਦਦ ਕੀਤੀ ਜਾ ਸਕਦੀ चैं?”
ਕਾਪੂਸਤਿਨ ਨੇ ਫਿਰ ਆਪਣੀ ਪਾਈਪ ਭਰੀ, ਬਾਲੀ, ਤੇ ਫਿਰ ਦਿਸਦੀ ਤੇ ਲੋਪ ਹੁੰਦੀ ਲਾਲ ਲੋਅ ਉਸਦੇ ਚੌੜੇ ਮੂੰਹ ਤੇ ਚਰਬੀ ਵਾਲ਼ੇ ਨੱਕ ਨੂੰ ਹਨੇਰੇ ਵਿੱਚੋਂ ਉਘਾੜਦੀ ਤੇ ਫਿਰ ਹਨੇਰੇ ਦੇ ਹੀ ਹਵਾਲੇ ਕਰ ਦੇਂਦੀ।
ਉਸਨੇ ਵਚਨ ਦਿੱਤਾ ਕਿ ਉਹ ਸਕੂਲ ਦੇ ਮੁਖੀ ਨਾਲ ਗੱਲ ਕਰੇਗਾ ਕਿ ਉਹ ਮਰੇਸੇਯੇਵ ਨੂੰ ਵਧੇਰੇ ਉਡਾਣਾਂ ਲਾਉਣ ਦੀ ਆਗਿਆ ਦੇਵੇ, ਤੇ ਅਲੈਕਸੇਈ ਨੂੰ ਉਸਨੇ ਤਜਵੀਜ਼ ਕੀਤੀ ਕਿ ਉਹ ਆਪਣਾ ਸਿਖਲਾਈ ਪ੍ਰੋਗਰਾਮ ਆਪ ਉਲੀਕੇ।
“ਪਰ ਦੇਖੋ, ਇਸ ਉੱਤੇ ਕਿੰਨਾਂ ਬਾਲਣ ਖਰਚ ਹੋਵੇਗਾ!” ਅਲੈਕਸੇਈ ਨੇ ਅਫ਼ਸੋਸੇ ਹੋਏ ਢੰਗ ਨਾਲ ਕਿਹਾ, ਇਸ ਗੱਲ ਉੱਤੇ ਹੈਰਾਨ ਹੁੰਦਿਆਂ ਕਿ ਇਸ ਛੋਟੇ ਜਿਹੇ, ਬੇਡੋਲ ਆਦਮੀ ਨੇ ਉਸਦੇ ਸਾਰੇ ਸ਼ੰਕੇ ਕਿਵੇਂ ਮਿਟਾ ਦਿੱਤੇ ਸਨ।
“ਬੇਸ਼ੱਕ ਬਾਲਣ ਮਹੱਤਵਪੂਰਨ ਚੀਜ਼ ਹੈ, ਖਾਸ ਕਰਕੇ ਹੁਣ । ਪਰ ਅਸੀਂ ਕੱਪਾਂ ਦੇ ਹਿਸਾਬ ਇਸਨੂੰ ਮਾਪਦੇ ਹਾਂ । ਪਰ ਕੁਝ ਚੀਜ਼ਾਂ ਐਸੀਆਂ ਵੀ ਹਨ ਜੋ ਇਸਤੋਂ ਵਧੇਰੇ ਕੀਮਤੀ ਹਨ,” ਕਾਪੂਸਤਿਨ ਨੇ ਜਵਾਬ ਦਿੱਤਾ ਤੇ ਇਹ ਕਹਿੰਦਿਆਂ ਉਸਨੇ ਆਪਣੀ ਪਾਇਪ ਨੂੰ ਅੱਡੀ ਨਾਲ ਮਾਰ ਕੇ ਬੜੇ ਧਿਆਨ ਨਾਲ ਗਰਮ ਸਵਾਹ ਬਾਹਰ ਸੁੱਟ ਦਿੱਤੀ।
ਅਗਲੇ ਦਿਨ ਤੋਂ ਮਰੇਸੇਯੇਵ ਨੇ ਇਕੱਲੇ ਨੇ ਸਿਖਲਾਈ ਸ਼ੁਰੂ ਕਰ ਦਿੱਤੀ । ਤੇ ਉਹ ਹੁਣ ਸਿਰਫ਼ ਐਸਾ ਸਿਰੜ ਹੀ ਨਹੀਂ ਸੀ ਦਿਖਾ ਰਿਹਾ ਜਿਹੜਾ ਉਸਨੇ ਉਦੋਂ ਦਿਖਾਇਆ ਸੀ ਜਦੋਂ ਉਹ ਤੁਰਨਾ, ਦੌੜਨਾ ਤੇ ਨੱਚਣਾ ਸਿੱਖ ਰਿਹਾ ਸੀ; ਹੁਣ ਉਹ ਇੰਝ ਸੀ ਜਿਵੇ ਸੱਚਮੁਚ ਅੰਦਰੋਂ ਪ੍ਰੇਰਿਆ ਗਿਆ ਹੋਵੇ । ਉਸਨੇ ਉਡਾਣ ਦੀ ਤਕਨੀਕ ਦਾ ਵਿਸ਼ਲੇਸ਼ਣ ਕਰਨ ਦੀ, ਹਰ ਵਿਸਥਾਰ ਦਾ ਅਧਿਐਨ ਕਰਨ ਦੀ, ਇਸਨੂੰ ਨਿੱਕੀਆਂ ਤੋ ਨਿੱਕੀਆਂ ਹਰਕਤਾਂ ਵਿੱਚ ਵੰਡਣ ਦੀ, ਤੇ ਹਰ ਇੱਕ ਨੂੰ ਵੱਖੋਂ ਵੱਖ ਕਰਕੇ ਸਿੱਖਣ ਦੀ ਕੋਸ਼ਿਸ਼ ਕੀਤੀ। ਹੁਣ ਉਹ ਅਧਿਐਨ ਕਰ ਰਿਹਾ ਸੀ, ਹਾਂ, ਅਧਿਐਨ ਕਰ ਰਿਹਾ ਸੀ, ਜੋ ਕੁਝ ਜਵਾਨੀ ਵਿੱਚ ਉਸਨੇ ਆਪਣੇ ਆਪ ਪ੍ਰਾਪਤ ਕਰ ਲਿਆ ਸੀ । ਹੁਣ ਉਹ ਬੌਧਕ ਤੌਰ ਉੱਤੇ ਉਹ ਸਭ ਕੁਝ ਪ੍ਰਾਪਤ ਕਰ ਰਿਹਾ ਸੀ, ਜੋ ਪਹਿਲਾਂ ਉਸਨੇ ਅਭਿਆਸ ਤੇ ਆਦਤ ਨਾਲ ਪ੍ਰਾਪਤ ਕੀਤਾ ਸੀ। ਆਪਣੇ ਦਿਮਾਗ ਵਿੱਚ ਹਵਾਈ ਜਹਾਜ਼ ਚਲਾਉਣ ਦੇ ਅਮਲ ਨੂੰ ਇਸਦੇ ਬਣਤਰੀ ਹਿੱਸਿਆਂ ਵਿੱਚ ਵੰਡਦਿਆਂ, ਉਸਨੇ ਹਰ ਇੱਕ ਵਿਸ਼ੇਸ਼ ਮਹਾਰਤ ਪ੍ਰਾਪਤ ਕੀਤੀ ਤੇ ਸਾਰੇ ਕੰਮ ਕਰਦੇ ਅਹਿਸਾਸਾਂ ਨੂੰ ਪੈਰਾਂ ਤੋਂ ਬਦਲ ਕੇ ਆਪਣੀਆਂ ਪਿੰਨੀਆਂ ਵਿੱਚ ਲੈ ਆਂਦਾ।
ਇਹ ਬੜਾ ਮੁਸ਼ਕਲ ਤੇ ਜਾਨ ਮਾਰਨ ਵਾਲ਼ਾ ਕੰਮ ਸੀ, ਤੇ ਸਿੱਟੇ ਏਨੇਂ ਥੋਹੜੇ ਸਨ ਕਿ ਉਹ ਮਹਿਸੂਸ ਵੀ ਨਹੀਂ ਹੁੰਦੇ । ਤਾਂ ਵੀ, ਹਰ ਵਾਰੀ ਅਲੈਕਸੇਈ ਮਹਿਸੂਸ ਕਰਦਾ ਕਿ ਹਵਾਈ ਜਹਾਜ਼ ਜਿਵੇਂ ਉਸ ਨਾਲ ਇਕਮਿਕ ਰਿਹਾ ਹੋਵੇ, ਉਸ ਵੱਲ ਵਧੇਰੇ ਆਗਿਆਕਾਰੀ ਨਾਲ ਪੇਸ਼ ਆ ਰਿਹਾ ਹੋਵੇ।
“ਸੋ, ਕਿਵੇਂ ਚੱਲ ਰਿਹੈ, ਮਾਇਸਟਰੋ ?” ਜਦੋਂ ਉਹ ਮਿਲਦੇ ਤਾਂ ਕਾਪੂਸਤਿਨ ਪੁੱਛਦਾ। ਇਸਦੇ ਜਵਾਬ ਵਿੱਚ ਮਰੇਸੇਯੇਵ ਆਪਣਾ ਅੰਗੂਠਾ ਖੜਾ ਕਰ ਦਿੰਦਾ । ਉਹ ਵਧਾਅ ਚੜ੍ਹਾਅ ਨਹੀਂ ਸੀ ਰਿਹਾ। ਉਹ ਤਰੱਕੀ ਕਰ ਰਿਹਾ ਸੀ, ਸ਼ਇਦ ਹੌਲ਼ੀ ਹੌਲ਼ੀ, ਪਰ ਯਕੀਨਨ ਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਸੀ, ਕਿ ਉਹ ਹੁਣ ਇੰਝ ਮਹਿਸੂਸ ਨਹੀਂ ਸੀ ਕਰਦਾ, ਜਿਵੇਂ ਕਿ ਉਹ ਕੋਈ ਕਮਜੋਰ ਘੋੜ-ਸਵਾਰ ਹੋਵੇ, ਜਿਹੜਾ ਤੁੰਦ-ਮਿਜ਼ਾਜ ਤੇ ਤੇਜ਼ ਘੋੜੇ ਉੱਤੇ ਬੈਠਾ ਹੋਵੇ। ਉਸਦਾ ਮੁੜ ਕੇ ਆਪਣੀ ਯੋਗਤਾ ਵਿੱਚ ਯਕੀਨ ਹੋ ਗਿਆ । ਤੇ ਇਹ ਅਹਿਸਾਸ, ਇੱਕ ਤਰ੍ਹਾਂ ਨਾਲ ਹਵਾਈ ਜਹਾਜ਼ ਵਿੱਚ ਵੀ ਆ ਗਿਆ ਤੇ ਉਹ ਜਿਉਂਦੀ ਜਾਗਦੀ, ਚੀਜ਼ ਵਾਂਗ, ਉਸ ਘੋੜੇ ਵਾਂਗ ਜਿਹੜਾ ਆਪਣੀ ਪਿੱਠ ਉੱਤੇ ਬੈਠੇ ਚੰਗੇ ਸਵਾਰ ਨੂੰ ਪਛਾਣ ਜਾਂਦਾ ਹੈ, ਵਧੇਰੇ ਆਗਿਆਕਾਰ ਹੋ ਗਿਆ, ਤੇ ਹੌਲ਼ੀ ਹੌਲ਼ੀ ਆਪਣੀਆਂ ਉਡਾਣ ਦੀਆਂ ਸਭ ਸਿਫ਼ਤਾਂ ਅਲੈਕਸੇਈ ਸਾਮ੍ਹਣੇ ਪ੍ਰਗਟ ਕਰਨ ਲੱਗ ਪਿਆ।
11
ਬੜੀ ਦੇਰ ਪਹਿਲਾਂ ਬਚਪਨ ਵਿੱਚ ਵੋਲਗਾ ਦੇ ਕੰਢੇ ਦੇ ਪਾੜ ਉੱਤੇ ਜੰਮੀ ਪਹਿਲੀ ਪੱਧਰੀ ਪਾਰਦਰਸ਼ੀ ਪਰ ਘੱਟ ਸਖ਼ਤ ਬਰਫ਼ ਉਤੇ ਅਲੈਕਸੇਈ ਸਕੇਟਿੰਗ ਕਰਨਾ ਸਿੱਖਦਾ ਹੁੰਦਾ ਸੀ। ਆਪਣੀਆਂ ਸਕੇਟਾਂ ਉਸ ਕੋਲ ਨਹੀਂ ਸਨ ਹੁੰਦੀਆਂ। ਮਾਂ ਕੋਲ ਉਸਨੂੰ ਸਕੇਟਾਂ ਖਰੀਦ ਕੇ ਦੇਣ ਜੋਗੇ ਪੈਸੇ ਨਹੀਂ ਸਨ ਹੁੰਦੇ। ਪਰ ਜਿਸ ਲੁਹਾਰ ਦੇ ਉਸਦੀ ਮਾਂ ਕੱਪੜੇ ਧੋਂਦੀ ਹੁੰਦੀ ਸੀ ਉਸਨੇ ਉਸਦੇ ਕਹਿਣ ਉੱਤੇ ਅਲੈਕਸੇਈ ਲਈ ਲੱਕੜੀ ਦੇ ਦੋ ਠੀਪੇ ਬਣਾ ਦਿੱਤੇ, ਜਿਨ੍ਹਾਂ ਦੇ ਹੇਠਾਂ ਮੋਟੀ ਤਾਰ ਲਾ ਦਿੱਤੀ ਤੇ ਪਾਸਿਆਂ ਉੱਤੇ ਦੋ ਦੋ ਛੇਕ ਕਰ ਦਿੱਤੇ ।
ਰੱਸੀਆਂ ਤੇ ਗੁੱਲੀਆਂ ਦੀ ਸਹਾਇਤਾ ਨਾਲ ਅਲੈਕਸੇਈ ਨੇ ਉਹਨਾਂ ਠੀਪਿਆਂ ਨੂੰ ਆਪਣੀਆਂ ਪੁਰਾਣੀਆਂ ਟਾਕੀਆਂ ਲੱਗੀਆਂ ਵਾਲੇਨਕੀਆਂ* ਨਾਲ ਬੰਨ੍ਹ ਲਿਆ । ਇਹ ਪਾ ਕੇ ਉਹ ਦਰਿਆ ਉੱਤੇ ਪਤਲੀ ਪਤਲੀ, ਪੈਰਾਂ ਹੇਠ ਤਿੜਕਵੀਂ, ਗੂੰਜਵੀਂ ਤੇ ਚਿਰਚਿਰਾਉਂਦੀ ਬਰਫ ਉੱਤੇ ਗਿਆ। ਕਾਮੀਸ਼ਿਨ ਦੇ ਆਸ-ਪਾਸ ਦੇ ਇਲਾਕੇ ਦੇ ਨਿੱਕੇ ਨਿੱਕੇ ਮੁੰਡੇ ਖੁਸ਼ੀ ਦੀਆਂ ਕੂਕਾਂ ਛੱਡਦੇ, ਇੱਧਰ ਉਧਰ ਨੱਠ ਰਹੇ, ਭੁੜਕ ਰਹੇ ਤੇ ਨਿੱਕੇ ਨਿੱਕੇ ਸ਼ੈਤਾਨਾਂ ਵਾਂਗ
ਵਾਲੇਨਕੀ : ਸਖ਼ਤ ਮੋਟੇ ਨਮਦੇ ਦੇ ਪਿੰਨੀਆਂ ਤੱਕ ਬੂਟ। – ਅਨੁ ।
ਇੱਕ ਦੂਜੇ ਦੇ ਮਗਰ ਦੌੜ ਰਹੇ, ਭੁੜਕ ਰਹੇ ਤੇ ਨਾਚ ਕਰ ਰਹੇ ਸਨ । ਪਾਸੇ ਖੜੋਤਿਆਂ ਇਹ ਕੰਮ ਬੜਾ ਸਿੱਧਾ-ਸਾਦਾ ਤੇ ਸੌਖਾ ਲਗਦਾ ਸੀ, ਪਰ ਜਿਉਂ ਹੀ ਅਲੈਕਸੇਈ ਬਰਫ਼ ਉੱਤੇ ਗਿਆ, ਉਸਨੂੰ ਲੱਗਾ ਕਿ ਇਹ ਉਸਦੇ ਪੈਰਾ ਹੇਠੋਂ ਤਿਲਕ ਗਈ ਹੈ, ਤੇ ਉਹ ਧੜੱਮ ਕਰਕੇ ਪਿੱਠ ਭਾਰ ਡਿੱਗ ਪਿਆ । ਉਹ ਇੱਕਦਮ ਭੁੜਕ ਕੇ ਮੁੜ ਪੈਰਾਂ ਭਾਰ ਖੜੋ ਗਿਆ, ਇਸ ਗੱਲ ਤੋਂ ਡਰਦਿਆਂ ਕਿ ਉਸਦੇ ਯਾਰ ਕਿਤੇ ਦੇਖ ਨਾ ਲੈਣ ਕਿ ਉਸਨੇ ਸੱਟ ਲਵਾ ਲਈ ਹੈ। ਉਸਨੇ ਮੁੜ ਸਕੇਟਿੰਗ ਕਰਨ ਦੀ ਕੋਸ਼ਿਸ਼ ਕੀਤੀ, ਤੇ ਫਿਰ ਪਿੱਠ ਭਾਰ ਡਿੱਗਣ ਤੋਂ ਬਚਣ ਲਈ ਉਹ ਅੱਗੇ ਨੂੰ ਝੁਕ ਗਿਆ, ਪਰ ਇਸ ਵਾਰੀ ਉਹ ਮੂੰਹ ਭਾਰ ਜਾ ਡਿੱਗਾ। ਉਹ ਮੁੜ ਭੁੜਕ ਕੇ ਪੈਰਾਂ ਭਾਰ ਹੋ ਗਿਆ ਤੇ ਕੰਬਦੀਆਂ ਲੱਤਾਂ ਨਾਲ, ਇਹ ਸੋਚਦਿਆਂ ਕਿ ਇਹ ਵਾਪਰਿਆਂ ਕਿਵੇਂ ਸੀ, ਕੁਝ ਦੇਰ ਖੜੋ ਕੇ ਦੂਜੇ ਮੁੰਡਿਆਂ ਨੂੰ ਦੇਖਦਾ ਰਿਹਾ ਕਿ ਉਹ ਕਿਵੇਂ ਕਰਦੇ ਹਨ । ਹੁਣ ਉਸਨੂੰ ਪਤਾ ਲੱਗਾ ਕਿ ਉਸਨੂੰ ਆਪਣਾ ਸਰੀਰ ਨਾ ਬਹੁਤਾ ਅੱਗੇ ਤੇ ਨਾ ਬਹੁਤਾ ਪਿੱਛੇ ਵੱਲ ਝੁਕਾਉਣਾ ਚਾਹੀਦਾ ਹੈ। ਆਪਣੇ ਸਰੀਰ ਨੂੰ ਸਿੱਧਾ ਰੱਖਦਿਆਂ ਉਸਨੇ ਪਾਸਿਆਂ ਵੱਲ ਕੁਝ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਉਹ ਪਾਸੇ ਪਰਨੇ ਜਾ ਪਿਆ; ਤੇ ਇਸ ਤਰ੍ਹਾਂ ਉਹ ਸੂਰਜ ਡੁੱਬਣ ਦੇ ਵੇਲੇ ਤੱਕ ਮੁੜ ਮੁੜ ਡਿੱਗਦਾ ਤੇ ਖੜੋਂਦਾ ਰਿਹਾ ਤੇ ਉਸਦੀ ਮਾਂ ਨੂੰ ਦੇਖ ਕੇ ਬੜਾ ਗੁੱਸਾ ਚੜ੍ਹਿਆ ਜਦੋਂ ਸਾਰਾ ਬਰਫ਼ ਨਾਲ ਲੱਥ-ਪੱਥ ਤੇ ਥਕਾਵਟ ਨਾਲ ਕੰਬਦੀਆਂ ਲੱਤਾਂ ਨਾਲ ਉਹ ਘਰ ਮੁੜਿਆ।
ਅਗਲੀ ਸਵੇਰ ਉਹ ਫਿਰ ਬਰਫ਼ ਉੱਤੇ ਸਕੇਟਿੰਗ ਕਰ ਰਿਹਾ ਸੀ। ਹੁਣ ਉਹ ਵਧੇਰੇ ਵਿਸ਼ਵਾਸ ਨਾਲ ਚੱਲਦਾ, ਬਹੁਤੀ ਵਾਰੀ ਨਾ ਡਿੱਗਦਾ ਤੇ, ਦੌੜਦਾ ਹੋਇਆ, ਕਈ ਮਿੰਟਾਂ ਤੱਕ ਰਿੜ੍ਹ ਜਾਂਦਾ। ਪਰ ਬੜੀ ਕੋਸ਼ਿਸ਼ ਕਰਨ ਤੇ ਬਾਵਜੂਦ ਵੀ ਉਹ ਇਸਤੋਂ ਵੱਧ ਤਰੱਕੀ ਨਾ ਕਰ ਸਕਿਆ, ਭਾਵੇਂ ਉਹ ਸਵੇਰ ਤੋ ਸੰਧਿਆ ਤੱਕ ਬਰਫ਼ ਉੱਤੇ ਹੀ ਰਹਿੰਦਾ।
ਪਰ ਇੱਕ ਦਿਨ ਤੇ ਅਲੈਕਸੇਈ ਨੂੰ ਉਹ ਠੰਡਾ, ਤੂਫ਼ਾਨੀ ਦਿਨ ਕਦੀ ਨਹੀਂ ਭੁੱਲਦਾ, ਜਦੋਂ ਹਵਾ ਧੂੜ ਵਰਗੀ ਬਰਫ਼ ਨੂੰ ਉਡਾ ਕੇ ਲਿਸ਼ਕਦੀ ਬਰਫ਼ ਉੱਤੇ ਲਿਆ ਕੇ ਸੁੱਟ ਰਹੀ ਸੀ- ਉਸਨੇ ਕੋਈ ਖੁਸ਼ਕਿਸਮਤ ਹਰਕਤ ਕੀਤੀ ਤੇ ਉਹ ਆਪ ਹੈਰਾਨ ਹੋ ਗਿਆ ਜਦੋਂ ਉਹ ਰਿੜ੍ਹਦਾ ਗਿਆ, ਵਧਦੀ ਤੇਜ਼ੀ ਨਾਲ ਤੇ ਹਰ ਚੱਕਰ ਨਾਲ ਵਧੇਰੇ ਵਿਸ਼ਵਾਸ ਵਿੱਚ ਆਉਂਦਾ ਹੋਇਆ। ਸਾਰਾ ਤਜ਼ਰਬਾ, ਜਿਹੜਾ ਉਸਨੇ ਡਿਗਦਿਆਂ ਤੇ ਸੱਟਾਂ ਲਵਾਉਂਦਿਆਂ ਤੇ ਮੁੜ ਮੁੜ ਕੇ ਕੋਸ਼ਿਸ ਕਰਦਿਆਂ ਅਪੋਹ ਢੰਗ ਨਾਲ ਪ੍ਰਾਪਤ ਕਰ ਲਿਆ ਸੀ, ਇਹ ਸਾਰੀਆਂ ਨਿੱਕੀਆਂ ਨਿੱਕੀਆਂ ਆਦਤਾਂ ਜਿਹੜੀਆਂ ਉਸਨੂੰ ਪੈ ਗਈਆਂ ਸਨ, ਇੱਕਦਮ ਇੱਕ ਥਾਂ ਇਕੱਠੀਆਂ ਹੋ ਗਈਆਂ ਲਗਦੀਆਂ ਸਨ ਤੇ ਉਹ ਹੁਣ ਆਪਣੀਆਂ ਲੱਤਾਂ ਤੇ ਪੈਰਾਂ ਨੂੰ ਇਹ ਮਹਿਸੂਸ ਕਰਦਿਆਂ ਚਲਾਉਂਦਾ ਸੀ ਕਿ ਉਸਦਾ ਸਾਰਾ ਸਰੀਰ, ਉਸਦਾ ਸਾਰਾ ਮੁੰਡਪੁਣੇ ਵਾਲ਼ਾ, ਸ਼ੁਗਲ- ਪ੍ਰੇਮੀ, ਸਿਰੜੀ ਵਜੂਦ ਖੁਸ਼ੀ ਪ੍ਰਾਪਤ ਕਰ ਰਿਹਾ ਸੀ ।
ਹੁਣ ਵੀ ਉਹਦੇ ਨਾਲ ਇਹੀ ਗੱਲ ਵਾਪਰੀ। ਬੜੇ ਸਿਰੜ ਨਾਲ ਉਹ ਕਈ ਵਾਰੀ ਉੱਡਿਆ, ਇਹ ਕੋਸ਼ਿਸ਼ ਕਰਦਿਆਂ ਕਿ ਉਹ ਆਪਣੀ ਮਸ਼ੀਨ ਨਾਲ ਇਕਮਿਕ ਹੋ ਜਾਏ, ਇਸਨੂੰ ਆਪਣੇ ਬਣਾਵਟੀ ਪੈਰਾਂ ਦੀ ਧਾਤ ਤੇ ਚਮੜੇ ਦੇ ਵਿੱਚੋਂ ਦੀ ਮਹਿਸੂਸ ਕਰੇ। ਵਿੱਚ ਵਿੱਚ ਉਸਨੂੰ ਲੱਗਦਾ ਕਿ ਉਸਨੂੰ ਸਫ਼ਲਤਾ ਹੋ ਰਹੀ ਹੈ ਤੇ ਇਸ ਨਾਲ ਉਸਨੂੰ ਖੁਸ਼ੀ ਹੁੰਦੀ ਤੇ ਉਹ ਉਡਾਣ ਵਿੱਚ ਕੋਈ ਗੁੰਝਲਦਾਰ ਹਰਕਤ ਕਰਨ ਲੱਗ ਪੈਂਦਾ, ਪਰ ਜਲਦੀ ਹੀ ਉਸਨੂੰ ਮਹਿਸੂਸ ਹੋਣ ਲੱਗ ਪੈਂਦਾ ਕਿ ਇਸ ਹਰਕਤ ਨੂੰ ਉਹ ਵਿਸ਼ਵਾਸ਼ ਨਾਲ ਨਹੀਂ ਸੀ ਕਰ ਰਿਹਾ, ਜਹਾਜ਼ ਹੱਥੋਂ ਨਿਕਲਦਾ ਲਗਦਾ ਤੇ ਬੁਝਦੀ ਆਸ ਦੇ ਅਹਿਸਾਸ ਨਾਲ ਉਹ ਮੁੜ ਕੇ ਨੀਰਸ ਸਿਖਲਾਈ ਦੇ ਨਿੱਤ-ਚੱਕਰ ਵਿੱਚ ਪੈ ਜਾਂਦਾ ।
ਪਰ ਮਾਰਚ ਦੇ ਇੱਕ ਨਿੱਘੇ ਦਿਨ, ਜਦੋਂ ਉਸ ਇੱਕ ਸਵੇਰ ਨੂੰ ਹਵਾਈ ਅੱਡੇ ਦੀ ਜ਼ਮੀਨ ਬਰਫ ਢਲਣ ਨਾਲ ਇੱਕਦਮ ਕਾਲੀ ਪੈ ਗਈ ਤੇ ਮੁਸਾਮਦਾਰ ਬਰਫ਼ ਏਨੀਂ ਸੁੰਗੜ ਗਈ ਕਿ ਜਹਾਜ਼ ਇਸ ਵਿੱਚ ਡੂੰਘੀਆਂ ਲੀਹਾਂ ਛੱਡ ਜਾਂਦੇ ਸਨ, ਤਾਂ ਅਲੈਕਸੇਈ ਆਪਣੇ ਲੜਾਕਾ ਜਹਾਜ਼ ਵਿੱਚ ਉਡਿਆ । ਪਾਸਿਉਂ ਪੈਂਦੀ ਹਵਾ ਉਸਦੇ ਹਵਾਈ ਜਹਾਜ਼ ਨੂੰ ਲਾਂਭੇ ਲਿਜਾਈ ਜਾ ਰਹੀ ਸੀ ਤੇ ਉਸਨੂੰ ਇਹ ਲਗਾਤਾਰ ਠੀਕ ਰਾਹ ਉੱਤੇ ਲਿਆਉਣਾ ਪੈ ਰਿਹਾ ਸੀ । ਹਵਾਈ ਜਹਾਜ਼ ਨੂੰ ਵਾਪਸ ਇਸਦੇ ਰਾਹ ਉੱਤੇ ਲਿਆਉਂਦਿਆਂ, ਉਸਨੇ ਮਹਿਸੂਸ ਕੀਤਾ ਕਿ ਇਹ ਉਸਦਾ ਆਖਾ ਮੰਨ ਰਿਹਾ ਹੈ, ਕਿ ਉਹ ਆਪਣੇ ਸਾਰੇ ਸਰੀਰ ਨਾਲ ਇਸਨੂੰ ਮਹਿਸੂਸ ਕਰ ਰਿਹਾ ਹੈ। ਇਹ ਅਹਿਸਾਸ ਬਿਜਲੀ ਦੀ ਲਿਸ਼ਕ ਵਾਂਗ ਉਸਨੂੰ ਹੋਇਆ ਤੇ ਸ਼ੁਰੂ ਸ਼ੁਰੂ ਵਿੱਚ ਉਸਨੂੰ ਯਕੀਨ ਨਾ ਹੋਇਆ । ਉਹ ਬੇਹੱਦ ਵਾਰੀ ਨਾਕਾਮੀਆਂ ਦਾ ਮੂੰਹ ਦੇਖ ਚੁੱਕਾ ਸੀ, ਜਿਸ ਕਰਕੇ ਆਪਣੀ ਖੁਸ਼ਕਿਸਮਤੀ ਉੱਪਰ ਉਹ ਇੱਕਦਮ ਯਕੀਨ ਨਹੀਂ ਸੀ ਕਰਦਾ।
ਉਹ ਤਿੱਖੀ ਤਰ੍ਹਾਂ ਤੇ ਸਿੱਧਾ ਉਤਾਂਹ ਵੱਲ ਸੱਜੇ ਨੂੰ ਮੁੜਿਆ; ਮਸ਼ੀਨ ਉਸਦਾ ਕਿਹਾ ਮੰਨ ਰਹੀ ਸੀ ਤੇ ਸ਼ੁਧਤਾਈ ਨਾਲ ਕੰਮ ਕਰ ਰਹੀ ਸੀ । ਉਸਨੂੰ ਬਿਲਕੁਲ ਉਸੇ ਤਰ੍ਹਾਂ ਮਹਿਸੂਸ ਹੋਇਆ, ਜਿਸ ਤਰ੍ਹਾਂ ਉਸਨੂੰ ਨਿੱਕੇ ਹੁੰਦਿਆਂ ਵੋਲਗਾ ਦੇ ਉਸ ਛੋਟੇ ਜਿਹੇ ਕੰਢੇ ਦੇ ਪਾੜ ਉੱਤੇ ਜੰਮੀ ਹਨੇਰੀ, ਤਿੜਕਵੀਂ ਬਰਫ਼ ਉੱਤੇ ਹੋਇਆ ਸੀ । ਧੁੰਦਲਾ ਜਿਹਾ ਦਿਨ ਇੱਕਦਮ ਉਜਲਾ ਹੋ ਗਿਆ। ਉਸ ਦਾ ਦਿਲ ਖੁਸ਼ੀ ਨਾਲ ਧੱਕ ਧੱਕ ਕਰਨ ਲੱਗਾ, ਤੇ ਉਸਨੂੰ ਲੱਗਾ ਜਿਵੇਂ ਭਾਵਕਤਾ ਕਾਰਨ ਉਸਦਾ ਗਲਾ ਭਰ ਆਇਆ ਹੈ।
ਕਿਸੇ ਅਦਿੱਖ ਰੇਖਾ ਉੱਤੇ ਸਿਖਲਾਈ ਵਿਚਲੀ ਉਸਦੀ ਸਿਰੜੀ ਘਾਲਣਾ ਦੇ ਸਾਰੇ ਸਿੱਟੇ ਨੂੰ ਕਸਵੱਟੀ ਉੱਤੇ ਲਾਇਆ ਗਿਆ ਸੀ। ਉਹ ਉਸ ਰੇਖਾ ਨੂੰ ਪਾਰ ਕਰ ਗਿਆ ਸੀ ਤੇ ਹੁਣ ਸਖ਼ਤ ਮਿਹਨਤ ਦੇ ਉਹਨਾਂ ਅਣਗਿਣਤ ਦਿਨਾਂ ਦੇ ਫਲ ਨੂੰ ਸੌਖੀ ਤਰ੍ਹਾਂ ਤੇ ਬਿਨਾਂ ਕੋਸ਼ਿਸ਼ ਦੇ ਪਾ ਰਿਹਾ ਸੀ । ਉਸਨੇ ਮੁੱਖ ਚੀਜ਼ ਪ੍ਰਾਪਤ ਕਰ ਲਈ ਸੀ, ਜਿਸ ਵਾਸਤੇ ਉਹ ਕਿੰਨਾਂ ਚਿਰ ਬਿਨਾਂ ਸਫ਼ਲਤਾ ਦੇ ਕੋਸ਼ਿਸ ਕਰਦਾ ਰਿਹਾ ਸੀ: ਉਹ ਆਪਣੀ ਮਸ਼ੀਨ ਨਾਲ ਇੱਕਮਿੱਕ ਹੋ ਗਿਆ ਸੀ, ਤੇ ਇਸਨੂੰ ਆਪਣੇ ਹੀ ਸਰੀਰ ਦਾ ਵਧਾਣ ਸਮਝਦਾ ਸੀ। ਇੱਥੋਂ ਤੱਕ ਹੀ ਅਹਿਸਾਸ ਤੋਂ ਖਾਲੀ ਤੇ ਬੇਲਚਕ ਬਣਾਵਟੀ ਪੈਰ ਵੀ ਇਸ ਵਿੱਚ ਰੁਕਾਵਟ ਨਹੀਂ ਸਨ ਬਣਦੇ । ਖੁਸ਼ੀ ਦੀਆਂ ਤਰੰਗਾਂ ਤੋਂ ਚੇਤੰਨ, ਜਿਹੜੀਆਂ ਉਸਦੇ ਸਰੀਰ ਵਿੱਚ ਦੌੜ ਰਹੀਆਂ ਸਨ, ਉਸਨੇ ਕਈ ਵਾਰੀ ਤਿੱਖੇ ਮੋੜ ਕੱਟੇ, ਗੋਲ ਹਲਕਾ ਬਣਾਇਆ, ਤੇ ਅਜੇ ਇਸਨੂੰ ਪੂਰਾ ਵੀ ਨਹੀਂ ਸੀ ਕੀਤਾ ਕੀ ਉਸਨੇ ਹਵਾਈ ਜਹਾਜ਼ ਦੀਆਂ ਪਰ੍ਹਾਂ ਪਰਨੇ ਉਲਟਬਾਜ਼ੀਆਂ ਲਵਾਉਣੀਆਂ ਸ਼ੁਰੂ ਕਰ ਦਿੱਤੀਆਂ। ਜ਼ਮੀਨ ਸੀਟੀਆਂ ਦੀ ਅਵਾਜ਼ ਪੈਦਾ ਕਰਦੀ ਜ਼ੋਰ ਜ਼ੋਰ ਦੀ ਗੇੜੇ ਲਾ ਰਹੀ ਸੀ ਤੇ ਹਵਾਈ ਅੱਡਾ ਸਕੂਲ ਦੀ ਇਮਾਰਤ ਤੇ ਆਪਣੀ ਧਾਰੀਦਾਰ, ਫੁੱਲੀ ਹੋਈ ਬਾਂਹ ਵਾਲ਼ਾ ਰੁੱਤ-ਵਿਗਿਆਨਕ ਸਟੇਸ਼ਨ ਦਾ ਬੁਰਜ-ਸਾਰਾ ਕੁਝ ਚੱਕਰ ਕੱਟਦਾ ਇੱਕਮਿੱਕ ਹੋ ਗਿਆ ਸੀ। ਵਿਸ਼ਵਾਸ ਭਰੇ ਹੱਥ ਨਾਲ ਉਸਨੇ ਮਸ਼ੀਨ ਨੂੰ ਕਲਾਬਾਜ਼ੀਆਂ ਵਿੱਚੋਂ ਕੱਢਿਆ ਤੇ ਫਿਰ ਇੱਕ ਹੋਰ ਤੰਗ ਹਲਕਾ ਬਣਾਇਆ। ਸਿਰਫ ਹੁਣ ਕਿਤੇ ਜਾ ਕੇ ਉਦੋਂ ਦੇ ਪ੍ਰਸਿੱਧ “ਲਾ-ਪ” ਨੇ ਆਪਣੀਆਂ ਸਾਰੀਆਂ ਜਾਣੀਆਂ ਅਣਜਾਣੀਆਂ ਖਾਸੀਅਤਾਂ ਨੂੰ ਉਸ ਸਾਮ੍ਹਣੇ ਪ੍ਰਗਟ ਕੀਤਾ। ਤਜ਼ਰਬਾਕਾਰ ਹੱਥਾਂ ਵਿੱਚ ਇਹ ਕਿਆ ਸ਼ਾਨਦਾਰ ਚੀਜ਼ ਸੀ! ਇਹ ਸਟੀਅਰਿੰਗ-ਵ੍ਹੀਲ ਦੀ ਹਰ ਹਰਕਤ ਨੂੰ ਤੁਰਤ ਹੁੰਗਾਰਾ ਭਰਦੀ ਸੀ, ਅਤਿ ਗੰਝਲਦਾਰ ਹਰਕਤਾਂ ਇਹ ਸੌਖੀ ਤਰ੍ਹਾਂ ਕਰ ਲੈਂਦੀ ਸੀ, ਤੇ ਰਾਕਟ ਵਾਂਗ ਸ਼ੂਟ ਵੱਟਦੀ ਉੱਡਦੀ ਸੀ, ਪੁਖਤਾ, ਤੇਜ਼ ਤੇ ਫੁਰਤੀਲੀ।
ਮਰੇਸੇਯੇਵ ਇੰਝ ਲੜਖੜਾਉਂਦਾ ਹੋਇਆ ਕਾਕਪਿਟ ਵਿੱਚੋਂ ਉੱਤਰਿਆ, ਜਿਵੇਂ ਕਿ ਉਸਨੇ ਪੀਤੀ ਹੋਵੇ; ਬੁੱਧੂਆਂ ਵਰਗੀ ਮੁਸਕਾਨ ਉਸਦੇ ਚਿਹਰੇ ਉੱਤੇ ਸੀ। ਉਸਨੇ ਲੋਹੇ ਲਾਖੇ ਹੋਏ ਅਧਿਆਪਕ ਵੱਲ ਨਾ ਦੇਖਿਆ, ਨਾ ਹੀ ਉਸਦੀਆਂ ਖਿਝੀਆਂ ਹੋਈਆ ਝਾੜਾਂ ਸੁਣੀਆਂ। ਪਾਉਣ ਦਿਓ ਝਾੜਾਂ ! ਗਾਰਦਰੂਮ ? ਠੀਕ ਹੈ, ਉਹ ਹਵਾਲਾਤ ਵਿੱਚ ਬਹਿ ਕੇ ਸਮਾਂ ਕੱਟਣ ਲਈ ਤਿਆਰ ਸੀ। ਹੁਣ ਕੀ ਫ਼ਰਕ ਪੈਂਦਾ ਹੈ? ਇਕ ਗੱਲ ਸਪਸ਼ਟ ਹੋ ਗਈ ਸੀ ਕਿ ਉਹ ਪਾਇਲਟ ਹੈ ਤੇ ਚੰਗਾ ਪਾਇਲਟ ਹੈ। ਉਸਦੀ ਸਿਖਲਾਈ ਉੱਤੇ ਖਰਚ ਕੀਤਾ ਗਿਆ ਵਾਧੂ ਪੈਟਰੋਲ ਜ਼ਾਇਆ ਨਹੀਂ ਸੀ ਗਿਆ। ਉਹ ਇਸ ਖਰਚ ਨੂੰ ਸੌ ਗੁਣਾ ਕਰਕੇ ਵਾਪਸ ਕਰੇਗਾ, ਸਿਰਫ਼ ਜੇ ਕਿਤੇ ਉਹ ਉਸਨੂੰ ਜਹਾਜ਼ ਉੱਤੇ ਜਾਣ ਦੀ ਆਗਿਆ ਦੇ ਦੇਣ।
ਹੋਸਟਲ ਵਿੱਚ ਇੱਕ ਹੋਰ ਖੁਸ਼ੀ ਉਸਨੂੰ ਉਡੀਕ ਰਹੀ ਸੀ। ਸਿਰਹਾਣੇ ਉੱਤੇ ਗਵੋਜ਼ਦਿਓਵ ਦੀ ਚਿੱਠੀ ਪਈ ਸੀ। ਆਪਣੀ ਮੰਜ਼ਲ ਉੱਤੇ ਪਹੁੰਚਣ ਤੋਂ ਪਹਿਲਾਂ ਇਹ ਕਿੱਥੇ, ਕਿੰਨਾਂ ਚਿਰ ਤੇ ਕਿਸਦੀ ਜੇਬ ਵਿੱਚ ਪਈ ਰਹੀ ਸੀ, ਇਸ ਬਾਰੇ ਕੁਝ ਕਹਿਣਾ ਮੁਸ਼ਕਲ ਸੀ, ਕਿਉਂਕਿ ਲਿਫ਼ਾਫ਼ੇ ਨੂੰ ਭਾਨਾਂ ਪਈਆਂ ਹੋਈਆਂ ਸਨ, ਇਹ ਮੈਲਾ ਹੋਇਆ ਸੀ ਤੇ ਇਸ ਉੱਤੇ ਥੰਧਿਆਈ ਦੇ ਨਿਸ਼ਾਨ ਸਨ। ਇਹ ਇੱਕ ਸਾਫ਼ ਲਿਫ਼ਾਫ਼ੇ ਵਿੱਚ ਪਾਇਆ ਹੋਇਆ ਸੀ, ਜਿਸ ਉੱਤੇ ਅਨਿਊਤਾ ਦੇ ਹੱਥਾਂ ਸਿਰਨਾਵਾਂ ਲਿਖਿਆ ਹੋਇਆ ਸੀ।
ਟੈਂਕਮੈਨ ਨੇ ਅਲੈਕਸੇਈ ਨੂੰ ਲਿਖਿਆ ਹੋਇਆ ਸੀ ਕਿ ਉਸ ਨਾਲ ਇੱਕ ਭਿਆਨਕ ਘਟਨਾ ਵਾਪਰ ਗਈ ਸੀ । ਇੱਕ ਜਰਮਨ ਹਵਾਈ ਜਹਾਜ਼ ਦੇ ਪਰ ਨਾਲ ਉਸਦਾ ਸਿਰ ਪਾਟ ਗਿਆ ਸੀ ! ਹੁਣ ਉਹ ਕੋਰ ਦੇ ਹਸਪਤਾਲ ਵਿੱਚ ਸੀ, ਤੇ ਉਸਨੂੰ ਉਮੀਦ ਸੀ ਕਿ ਇੱਕ ਦੋ ਦਿਨਾਂ ਵਿੱਚ ਉਸਨੂੰ ਛੁੱਟੀ ਦੇ ਦਿੱਤੀ ਜਾਏਗੀ। ਤੇ ਇਹ ਯਕੀਨੋਂ ਬਾਹਰੀ ਘਟਨਾ ਇਸ ਤਰ੍ਹਾਂ ਵਾਪਰੀ ਸੀ: ਜਦੋਂ ਸਤਾਲਿਨਗਰਾਦ ਦੇ ਨੇੜੇ ਜਰਮਨ ਛੇਵੀਂ ਫ਼ੌਜ ਨੂੰ ਵਿੱਚੋਂ ਕੱਟ ਕੇ ਘੇਰਾ ਪਾਇਆ ਗਿਆ, ਤਾਂ ਉਸਦੀ ਟੈਂਕ ਕੋਰ ਪਿੱਛੇ ਹਟ ਰਹੀ ਜਰਮਨ ਫ਼ੌਜ ਨੂੰ ਵਿੱਚੋਂ ਚੀਰਦੀ ਲੰਘ ਗਈ ਤੇ ਦੁਸ਼ਮਣ ਦੇ ਪਿਛਵਾੜੇ ਸਤੇਪੀ ਵਿੱਚ ਚਲੀ ਗਈ। ਉਸ ਹਮਲੇ ਵਿੱਚ ਗਵੋਜ਼ਦਿਉਵ ਇੱਕ ਟੈਂਕ ਬਟਾਲੀਅਨ ਦੀ ਕਮਾਨ ਕਰ ਰਿਹਾ ਸੀ।
ਇਹ ਬੜਾ ਖੁਸ਼ੀ ਦੇਣ ਵਾਲਾ ਹਮਲਾ ਸੀ ! ਫ਼ੌਲਾਦੀ ਆਰਮੇਡਾ ਨੇ ਜਰਮਨਾਂ ਦੇ ਪਿਛਵਾੜੇ ਮੋਰਚੇਬੰਦ ਪਿੰਡਾਂ ਤੇ ਰੇਲਵੇ ਜੰਕਸ਼ਨਾ ਉੱਤੇ ਧਾਵਾ ਬੋਲ ਦਿੱਤਾ, ਤੇ ਅਕਾਸ਼ੋਂ ਪਈ ਬਿੱਜ ਵਾਂਗ ਉਹਨਾਂ ਉੱਤੇ ਟੁੱਟ ਪਿਆ। ਟੈਂਕ ਧਾਵਾ ਬੋਲਦੇ ਗਲੀਆਂ ਬਾਜ਼ਾਰਾਂ ਵਿੱਚੋਂ ਲੰਘ ਰਹੇ ਸਨ, ਆਪਣੇ ਰਾਹ ਵਿਚ ਆ ਰਹੇ ਫ਼ੌਜੀਆਂ ਨੂੰ ਗੋਲੀਆਂ ਨਾਲ ਉਡਾ ਰਹੇ ਤੇ ਕੁਚਲੀ ਜਾ ਰਹੇ ਸਨ, ਤੇ ਜਦੋਂ ਜਰਮਨ ਗੈਰਜ਼ੀਨ ਦੇ ਬਾਕੀ ਰਹਿੰਦੇ ਲੋਕ ਵੀ ਨੱਠ ਗਏ, ਤਾਂ ਟੈਂਕਾਂ ਨੇ ਤੇ ਉਹਨਾਂ ਦੀ ਸੰਜੋਅ ਵਿੱਚ ਆਈ ਪੈਦਲ ਫ਼ੌਜ ਨੇ ਅਸਲਾਖਾਲੇ ਤੇ ਪੁਲ, ਰੇਲਵੇ ਸਵਿੱਚ ਤੇ ਇੰਜਣ ਮੋੜਨ ਵਾਲੀਆਂ ਥਾਵਾਂ ਉਡਾ ਦਿੱਤੀਆਂ, ਤੇ ਇਸ ਤਰ੍ਹਾਂ ਪਿਛੇ ਹਟ ਰਹੇ ਜਰਮਨਾਂ ਦੀਆਂ ਗੱਡੀਆਂ ਦਾ ਰਾਹ ਰੋਕ ਦਿੱਤਾ।
ਉਹਨਾਂ ਨੇ ਮੁੜ ਪੈਟਰੋਲ ਭਰਿਆ, ਤੇ ਕਬਜ਼ੇ ਹੇਠ ਕੀਤੇ ਦੁਸ਼ਮਣ ਦੇ ਭੰਡਾਰਾਂ ਤੋਂ ਰਸਦ ਲਈ ਤੇ ਇਸਤੋਂ ਪਹਿਲਾਂ ਕਿ ਜਰਮਨ ਸੰਭਲਦੇ, ਜਾਂ ਘੱਟੋਂ ਘੱਟ ਇਹ ਪਤਾ ਲਾਉਂਦੇ ਕਿ ਟੈਂਕ ਕਿਹੜੇ ਪਾਸੇ ਵੱਲ ਵਧ ਰਹੇ ਹਨ, ਉਹਨਾਂ ਨੇ ਵਧਣਾ ਜਾਰੀ ਰੱਖਿਆ।
“ਅਸੀਂ ਸਤੇਪੀ ਉਪਰ ਇੰਝ ਚੱਲ ਰਹੇ ਸਾਂ ਜਿਵੇਂ ਬੁਦਿਓਨੀ ਦੀ ਰਸਾਲਾ ਫ਼ੌਜ ਜਾ ਰਹੀ ਹੋਵੇ, ਅਲਿਉਸ਼ਾ! ਤੇ ਜਰਮਨ ਸਾਡੇ ਤੋਂ ਤ੍ਰਾਹ ਕਰ ਰਹੇ ਸਨ! ਤੂੰ ਮੰਨਣਾ ਨਹੀਂ, ਕਈ ਵਾਰੀ ਅਸੀਂ ਤਿੰਨ ਟੈਂਕਾਂ ਦੇ ਹਥਿਆਈ ਬਕਤਰਬੰਦ ਗੱਡੀ ਨਾਲ ਪੂਰੇ ਦੇ ਪੂਰੇ ਪਿੰਡਾਂ ਉੱਤੇ ਅਤੇ ਉਹਨਾਂ ਦੇ ਭੰਡਾਰਾਂ ਉੱਤੇ ਕਬਜ਼ਾ ਕਰ ਲੈਂਦੇ ਸਾਂ । ਜੰਗ ਵਿੱਚ, ਅਲਿਉਸ਼ਾ, ਹਫੜਾ ਦਫੜੀ ਬੜੀ ਮਹਾਨ ਚੀਜ਼ ਹੈ। ਦੁਸ਼ਮਣ ਵਿੱਚ ਚੰਗੀ ਹਫੜਾ ਦਫੜੀ ਹਮਲਾ ਕਰ ਰਹੀ ਫ਼ੌਜ ਵਿੱਚ ਦੋ ਪੂਰੇ ਸੂਰੇ ਡਿਵੀਜ਼ਨਾਂ ਦਾ ਵਾਧਾ ਕਰਨ ਦੇ ਬਰਾਬਰ ਹੁੰਦੀ ਹੈ। ਸਿਰਫ਼ ਲੋਹੜੀ ਦੇ ਅੱਗ ਵਾਂਗ ਇਸਨੂੰ ਨਵੇਂ ਤੋਂ ਨਵੇਂ ਅਚਨਚੇਤੀ ਹਮਲਿਆਂ ਦਾ ਬਾਲਣ ਪਾ ਕੇ ਕਾਇਮ ਰੱਖਣਾ ਤੇ ਬੁਝਣ ਨਾ ਦੇਣਾ ਜ਼ਰੂਰੀ ਹੁੰਦਾ । ਅਸੀਂ ਜਰਮਨ ਬਕਤਰਬੰਦ ਫ਼ੌਜ ਨੂੰ ਚੀਰ ਕੇ ਲੰਘ ਗਏ, ਤੇ ਦੇਖਿਆ ਕਿ ਇਸਦੇ ਹੇਠਾਂ ਤਾਂ ਕੁਝ ਵੀ ਨਹੀਂ ਸੀ । ਤੇ ਅਸੀਂ ਉਹਨਾਂ ਨੂੰ ਇੰਝ ਚੀਰ ਕੇ ਲੰਘ ਗਏ ਜਿਸ ਤਰ੍ਹਾਂ ਛੁਰੀ ਮੱਖਣ ਵਿੱਚੋਂ ਲੰਘਦੀ ਹੈ।
“ ਤੇ ਇੱਥੇ ਮੇਰੇ ਉੱਤੇ ਇਹ ਮੁਸੀਬਤ ਆ ਪਈ । ਮੁਖੀ ਨੇ ਸਾਨੂੰ ਬੁਲਾਇਆ। ਸੂਹੀਆ 66 ਹਵਾਈ ਜਹਾਜ਼ ਨੇ ਇਹ ਸੰਦੇਸ਼ ਦਿੱਤਾ ਸੀ ਕਿ ਫਲਾਣੀ ਥਾਂ ਇੱਕ ਵੱਡਾ ਹਵਾਈ ਜਹਾਜ਼ ਅੱਡਾ ਹੈ: ਲੱਗਭਗ ਤਿੰਨ ਸੌ ਹਵਾਈ ਜਹਾਜ਼, ਪੈਟਰੋਲ ਤੇ ਰਸਦ। ਕਮਾਂਡਰ ਨੇ ਆਪਣੀ ਸੰਧੂਰੀ ਮੁੱਛ ਨੂੰ ਮਰੌੜਾ ਦਿੱਤਾ ਤੇ ਬੋਲਿਆ: ‘ਗਵੋਜ਼ਦਿਓਵ, ਅੱਜ ਰਾਤ ਬਿਨਾਂ ਅਵਾਜ਼, ਬਿਨਾਂ ਇੱਕ ਵੀ ਗੋਲ਼ੀ ਚਲਾਇਆ, ਉਸ ਹਵਾਈ ਅੱਡੇ ਵੱਲ ਜਾਓ । ਨੇੜੇ ਜਾ ਕੇ ਉਹਨਾਂ ਦੇ ਉੱਤੇ ਧਾਵਾ ਬੋਲ ਦਿਓ, ਆਪਣੀਆਂ ਸਾਰੀਆਂ ਤੋਪਾਂ ਨੂੰ ਹਰਕਤ ਵਿੱਚ ਲਿਆਓ ਤੇ ਸਭ ਹੇਠਲੀ ਉੱਤੇ ਕਰ ਦਿਓ, ਇਸਤੋਂ ਪਹਿਲਾਂ ਕਿ ਉਹਨਾਂ ਨੂੰ ਕੁਝ ਪਤਾ ਲੱਗੇ, ਤੇ ਦੇਖਣਾ ਇੱਕ ਵੀ ਹਰਾਮਜ਼ਾਦਾ ਬਚ ਕੇ ਨਾ ਨਿੱਕਲੇ ।’ ਇਹ ਹੁਕਮ ਮੇਰੀ ਤੇ ਇੱਕ ਹੋਰ ਬਟਾਲੀਅਨ ਨੂੰ ਮਿਲਿਆ, ਜਿਸਨੂੰ ਮੇਰੀ ਕਮਾਨ ਹੇਠ ਦੇ ਦਿੱਤਾ ਗਿਆ । ਤੇ ਬਾਕੀ ਦਿਆਂ ਨੇ, ਪਹਿਲਾਂ ਵਾਂਗ ਹੀ ਰੋਸਤੋਵ ਦੇ ਰਾਹ ਉੱਤੇ ਵਧਣਾ ਜਾਰੀ ਰੱਖਿਆ।”
“ਸੋ, ਅਸੀਂ ਇਸ ਹਵਾਈ ਅੱਡੇ ਉੱਤੇ ਇੰਝ ਜਾ ਪਏ ਜਿਵੇਂ ਲੂੰਬੜੀ ਮੁਰਗੀਖਾਨੇ ਉੱਤੇ ਜਾ ਪੈਂਦੀ ਹੈ । ਤੂੰ ਮੰਨਣਾ ਨਹੀਂ, ਅਲਿਉਸ਼ਾ, ਪਰ ਅਸੀਂ ਅੱਡੇ ਦੇ ਨੇੜੇ ਜਰਮਨਾਂ ਦੇ ਟਰੈਫ਼ਿਕ ਕੰਟਰੋਲ ਦੇ ਟਿਕਾਣੇ ਤੱਕ ਪੁੱਜ ਗਏ । ਕਿਸੇ ਨੇ ਸਾਨੂੰ ਨਾ ਰੋਕਿਆ-ਧੁੰਦ ਵਾਲ਼ੀ ਸਵੇਰ ਸੀ ਤੇ ਉਹ ਕੁਝ ਵੀ ਨਾ ਦੇਖ ਸਕੇ, ਉਹਨਾਂ ਨੂੰ ਸਿਰਫ਼ ਇੰਜਣਾਂ ਦੀ ਅਵਾਜ਼ ਤੇ ਮਾਲ੍ਹਾਂ ਦੀ ਖੜਖੜ ਹੀ ਸੁਣਾਈ ਦੇਂਦੀ ਸੀ । ਉਹਨਾਂ ਸੋਚਿਆ ਕਿ ਅਸੀਂ ਜਰਮਨ ਸਾਂ । ਫਿਰ ਅਸੀਂ ਅੰਧਾਧੁੰਦ ਅੱਗ ਵਰਾਉਣ ਲੱਗ ਪਏ ਤੇ; ਅਲਿਉਸ਼ਾ, ਇਹ ਚੰਗਾ ਸ਼ੁਗਲ ਬਣਿਆ । ਹਵਾਈ ਜਹਾਜ਼ ਕਤਾਰਾਂ ਵਿੱਚ ਖੜੇ ਸਨ । ਅਸੀਂ ਸੰਜੋਆਂ ਨੂੰ ਚੀਰ ਕੇ ਲੰਘਣ ਵਾਲੇ ਗੋਲੇ ਛੱਡੇ, ਤੇ ਹਰ ਗੋਲ਼ਾ ਘੱਟੋ ਘੱਟ ਛੇ ਹਵਾਈ ਜਹਾਜ਼ ਨੂੰ ਚੀਰ ਕੇ ਲੰਘ ਰਿਹਾ ਸੀ । ਪਰ ਅਸੀਂ ਦੇਖਿਆ ਕਿ ਇੰਝ ਤਾਂ ਅਸੀਂ ਕੰਮ ਨਹੀਂ ਮੁਕਾ ਸਕਾਂਗੇ, ਕਿਉਂਕਿ ਜਿਨ੍ਹਾਂ ਪਾਇਲਟਾਂ ਵਿੱਚ ਕੁਝ ਹਿੰਮਤ ਸੀ, ਉਹਨਾਂ ਨੇ ਇੰਜਣ ਚਲਾਉਂਣੇ ਸ਼ੁਰੂ ਕਰ ਦਿੱਤੇ ਸਨ । ਸੋ ਅਸੀਂ ਟੈਂਕਾਂ ਦੇ ਢੱਕਣ ਬੰਦ ਕੀਤੇ ਤੇ ਉਹਨਾਂ ਦੀਆਂ ਪੂਛਲਾਂ ਨੂੰ ਆਪਣੇ ਟੈਂਕਾਂ ਦੀਆਂ ਸੰਜੋਆਂ ਨਾਲ ਭੰਨਣਾ ਸ਼ੁਰੂ ਕਰ ਦਿੱਤਾ। ਉਹ ਟਰਾਂਸਪੋਰਟ ਹਵਾਈ ਜਹਾਜ਼ ਸਨ, ਭਾਰੀ ਭਰਕਮ, ਅਸੀਂ ਉਹਨਾਂ ਦੇ ਇੰਜਣਾਂ ਤੱਕ ਤਾਂ ਪਹੁੰਚ ਨਹੀਂ ਸਾਂ ਸਕਦੇ, ਜਿਸ ਵਾਸਤੇ ਅਸੀਂ ਉਹਨਾਂ ਦੀਆਂ ਪੂਛਲਾਂ ਵੱਲ ਹੋ ਪਏ; ਉਹ ਪੂਛਲਾਂ ਬਿਨਾਂ ਨਹੀਂ ਸਨ ਉੱਡ ਸਕਦੇ। ਤੇ ਇੱਥੇ ਮੇਰੇ ਨਾਲ ਇਹ ਘਟਨਾ ਵਾਪਰੀ । ਮੈਂ ਢੱਕਣ ਚੁੱਕਿਆ ਤੇ ਚੁਫੇਰੇ ਇੱਕ ਨਜ਼ਰ ਮਾਰਨ ਲਈ ਸਿਰ ਬਾਹਰ ਕੱਢਿਆ, ਤੇ ਐਨ ਉਸ ਵੇਲੇ ਮੇਰਾ ਟੈਂਕ ਇੱਕ ਹਵਾਈ ਜਹਾਜ਼ ਵਿੱਚ ਜਾ ਵੱਜਾ। ਪਰ ਦਾ ਇੱਕ ਟੋਟਾ ਮੇਰੇ ਸਿਰ ਵਿੱਚ ਵੱਜਾ। ਇਹ ਤਾਂ ਮੇਰੀ ਟੋਪੀ ਨੇ ਮੈਨੂੰ ਕੁਝ ਬਚਾ ਲਿਆ, ਨਹੀਂ ਤਾਂ ਆਪਣੀ ਤਾਂ ਛੁੱਟੀ ਸੀ। ਪਰ ਕੋਈ ਗੱਲ ਨਹੀਂ, ਹੁਣ ਸਭ ਠੀਕ ਠਾਕ ਹੈ ਤੇ ਜਲਦੀ ਹੀ ਮੈਨੂੰ ਇੱਥੋਂ ਛੁੱਟੀ ਮਿਲ ਜਾਵੇਗੀ, ਤੇ ਜਲਦੀ ਹੀ ਮੈਂ ਫਿਰ ਆਪਣੇ ਟੈਂਕਮੈਨਾਂ ਵਿੱਚ ਹੋਵਾਗਾ। ਮੁਸੀਬਤ ਹੋਰ ਗੱਲ ਦੀ ਹੈ: ਹਸਪਤਾਲ ਵਿੱਚ ਉਹਨਾਂ ਮੇਰੀ ਦਾਹੜੀ ਸਾਫ਼ ਕਰ ਦਿੱਤੀ ਹੈ । ਇਸਨੂੰ ਵਧਾਉਣ ਲਈ ਮੈਂ ਕਿੰਨਾਂ ਕਸ਼ਟ ਕੀਤਾ ਸੀ, ਤੇ ਇਹ ਵਾਹਵਾ ਭਰਵੀਂ ਦਾਹੜੀ ਬਣ ਗਈ ਸੀ, ਪਰ ਢੱਠੇ ਖੂਹ ‘ਚ ਪਵੇ ਦਾਹੜੀ! ਅਸੀਂ ਕਾਫੀ ਤੇਜ਼ੀ ਨਾਲ ਵਧ ਰਹੇ ਹਾਂ, ਪਰ ਤਾਂ ਵੀ ਮੇਰਾ ਖਿਆਲ ਹੈ, ਜੰਗ ਖ਼ਤਮ ਹੋਣ ਤੋਂ ਪਹਿਲਾਂ ਪਹਿਲਾਂ ਮੈਨੂੰ ਮੁੜ ਕੇ ਦਾਹੜੀ ਉਗਾਉਣੀ ਪਵੇਗੀ ਤੇ ਆਪਣੀ ਬਦਸੂਰਤੀ ਨੂੰ ਲੁਕਾਉਣਾ ਪਵੇਗਾ। ਭਾਵੇਂ ਮੈਂ ਤੈਨੂੰ ਇਹ ਗੱਲ ਦੱਸ ਦਿਆਂ, ਕਿ ਪਤਾ ਨਹੀਂ ਕਿਉਂ, ਅਨਿਊਤਾ ਨੂੰ ਮੇਰੀ ਦਾਹੜੀ ਭੈੜੀ ਲੱਗਣ ਲੱਗ ਪਈ ਹੈ ਤੇ ਹਮੇਸ਼ਾਂ ਉਹ ਚਿੱਠੀਆਂ ਵਿੱਚ ਮੈਨੂੰ ਇਸ ਵਾਸਤੇ ਗੁੱਸੇ ਹੁੰਦੀ ਰਹਿੰਦੀ ਹੈ।”
ਚਿੱਠੀ ਬੜੀ ਲੰਮੀ ਸੀ । ਇਹ ਸਪਸ਼ਟ ਸੀ ਕਿ ਗਵੋਜ਼ਦਿਓਵ ਨੇ ਚਿੱਠੀ ਹਸਪਤਾਲ ਦੀ ਬੋਰੀਅਤ ਨੂੰ ਦੂਰ ਕਰਨ ਲਈ ਲਿਖੀ ਸੀ । ਵੈਸੇ, ਚਿੱਠੀ ਦੇ ਅਖ਼ੀਰ ਉੱਤੇ ਉਸਨੇ ਲਿਖਿਆ ਹੋਇਆ ਸੀ ਕਿ ਸਤਾਲਿਨਗਰਾਦ ਦੇ ਨੇੜੇ, ਜਦੋਂ ਉਹ ਤੇ ਉਸਦੇ ਸਿਪਾਹੀ ਪੈਦਲ ਲੜ ਰਹੇ ਸਨ-ਉਹਨਾਂ ਦੇ ਟੈਂਕ ਤਬਾਹ ਹੋ ਗਏ ਸਨ ਤੇ ਨਵੇਂ ਟੈਂਕਾਂ ਦੀ ਉਹ ਉਡੀਕ ਕਰ ਰਹੇ ਸਨ- ਉਸਨੂੰ ਪ੍ਰਸਿੱਧ ਮਾਮਾਯੇਵ ਕੁਰਗਾਨ ਦੇ ਇਲਾਕੇ ਵਿੱਚ ਸਤੇਪਾਨ ਇਵਾਨੋਵਿਚ ਮਿਲਿਆ ਸੀ । ਉਸਨੇ ਕੋਈ ਸਿਖਲਾਈ ਕੋਰਸ ਪਾਸ ਕਰ ਲਿਆ ਸੀ ਤੇ ਹੁਣ ਉਹ ਨਾਨ-ਕਮਿਸਨਡ ਅਫ਼ਸਰ-ਟੈਂਕ ਵਿਰੋਧੀ ਰਾਈਫਲਾਂ ਦੇ ਇੱਕ ਦਸਤੇ ਦੀ ਕਮਾਂਡ ਕਰ ਰਿਹਾ ਸਾਰਜੰਟ-ਮੇਜਰ ਸੀ । ਪਰ ਉਸਨੇ ਆਪਣੀਆਂ ਸਨਾਈਪਰਾਂ ਵਾਲੀਆਂ ਆਦਤਾਂ ਨਹੀਂ ਸੀ ਛੱਡੀਆਂ। ਫ਼ਰਕ ਸਿਰਫ ਇਹ ਸੀ, ਜਿਵੇਂ ਕਿ ਉਸਨੇ ਗਵੋਜ਼ਦਿਓਵ ਨੂੰ ਦੱਸਿਆ ਸੀ, ਕਿ ਹੁਣ ਉਹ ਜ਼ਰਾਂ ਵੱਡੇ ਸ਼ਿਕਾਰ ਮਗਰ ਸੀ, ਨਾ ਕਿ ਉਹਨਾਂ ਲਾਪ੍ਰਵਾਹ ਫਾਸਿਸਟਾਂ ਮਗਰ ਜਿਹੜੇ ਧੁੱਪ ਸੇਕਣ ਲਈ ਆਪਣੀਆਂ ਖਾਈਆਂ ਵਿੱਚੋਂ ਬਾਹਰ ਨਿੱਕਲ ਆਉਂਦੇ ਸਨ, ਸਗੋਂ ਜਰਮਨ ਟੈਂਕਾਂ ਮਗਰ ਸੀ, ਜਿਹੜੇ ਤਗੜੇ ਤੇ ਮੱਕਾਰ ਵਹਿਸ਼ੀ ਜਾਨਵਰ ਸਨ। ਪਰ ਇਸ ਸ਼ਿਕਾਰ ਵਿੱਚ ਵੀ, ਉਹ ਬਜ਼ੁਰਗ ਆਪਣੀ ਪਹਿਲਾਂ ਵਾਲੀ, ਸਾਇਬੇਰਆਈ ਸ਼ਿਕਾਰੀ ਵਾਲ਼ੀ ਯੋਗਤਾ ਪੱਥਰ ਵਰਗਾ ਸਬਰ, ਸਿਰੜ੍ਹ ਤੇ ਸ਼ਾਨਦਾਰ ਨਿਸ਼ਾਨੇਬਾਜ਼ੀ ਦਿਖਾਉਂਦਾ ਸੀ । ਜਦੋਂ ਉਹ ਮਿਲੇ ਤਾਂ ਉਹਨਾਂ ਨੇ ਲੁੱਟ ਦਾ ਮਾਲ ਇੱਕ ਭੈੜੀ ਜਿਹੀ ਵਾਈਨ ਦੀ ਬੋਤਲ ਰਲ ਕੇ ਪੀਤੀ, ਜਿਹੜੇ ਕਮ-ਖਰਚ ਸਤੇਪਾਨ ਇਵਾਨੋਵਿਚ ਨੇ ਬੜੇ ਧਿਆਨ ਨਾਲ ਬਚਾਅ ਕੇ ਰੱਖੀ ਹੋਈ ਸੀ, ਤੇ ਸਾਰੇ ਦੋਸਤਾਂ ਨੂੰ ਯਾਦ ਕੀਤਾ । ਸਤੇਪਾਨ ਇਵਾਨੋਵਿਚ ਨੇ ਤੇਰੇ ਤੱਕ ਯਾਦ ਪੁਚਾਉਣ ਲਈ ਕਿਹਾ ਤੇ ਜੰਗ ਤੋਂ ਮਗਰੋਂ ਸਾਨੂੰ ਦੋਹਾਂ ਨੂੰ ਆਪਣੇ ਸਾਂਝੇ ਫਾਰਮ ਉੱਤੇ ਆਉਣ ਲਈ ਤੇ ਗੁਲਹਿਰੀਆਂ ਤੇ ਮੁਰਗਾਬੀਆਂ ਦੇ ਸ਼ਿਕਾਰ ਲਈ ਸੱਦਾ ਦਿੱਤਾ।
ਚਿੱਠੀ ਪੜ੍ਹ ਕੇ ਅਲੈਕਸੇਈ ਦੇ ਦਿਲ ਨੂੰ ਅਰਾਮ ਵੀ ਮਿਲਿਆ ਤੇ ਉਦਾਸੀ ਵੀ ਹੋਈ। ਵਾਰਡ ਨੰਬਰ ਬਤਾਲੀ ਵਿਚਲੇ ਉਸਦੇ ਸਾਥੀ ਮੁੱਦਤਾਂ ਦੇ ਮੁੜ ਲੜਾਈ ਵਿੱਚ ਸ਼ਾਮਲ ਹੋ ਚੁੱਕੇ ਸਨ । ਹੁਣ ਗਰੀਸ਼ਾ ਗਵੋਜ਼ਦਿਓਵ ਤੇ ਬਜ਼ੁਰਗ ਸਤੇਪਾਨ ਇਵਾਨੋਵਿਚ ਕਿੱਥੇ ਹੋਣਗੇ? ਉਹ ਕਿਵੇਂ ਹਨ? ਜੰਗ ਦੀ ਹਵਾ ਉਹਨਾਂ ਨੂੰ ਉਡਾ ਕੇ ਕਿਹੜੇ ਇਲਾਕਿਆਂ ਵਿੱਚ ਲੈ ਗਈ ਹੈ ? ਕਿ ਉਹ ਜਿਉਂਦੇ ਵੀ ਹਨ ? ਓਲਿਆ ਕਿੱਥੇ ਹੈ ?
ਤੇ ਉਸਨੂੰ ਮੁੜ ਕੋਮੀਸਾਰ ਵੋਰੋਬਿਉਵ ਦੀ ਚਿੱਠੀਆਂ ਬਾਰੇ ਕਹੀ ਗੱਲ ਯਾਦ ਆਈ ਕਿ ਉਹ ਬੁਝ ਚੁੱਕੇ ਸਿਤਾਰਿਆਂ ਤੋਂ ਆਉਣ ਵਾਲੀ ਰੋਸ਼ਨੀ ਵਾਂਗ ਹੁੰਦੀਆਂ ਹਨ, ਜਿਹੜੀ ਸਾਡੇ ਤੱਕ ਪਹੁੰਚਦਿਆਂ ਕਿੰਨਾਂ ਸਮਾਂ ਲੈਂਦੀ ਹੈ, ਤੇ ਹੁੰਦਾ ਇੰਝ ਹੈ ਕਿ ਸਿਤਾਰਾ ਮੁੱਦਤਾਂ ਦਾ ਬੁਝ ਚੁੱਕਾ ਹੁੰਦਾ ਹੈ, ਪਰ ਉਸਦੀ ਚੰਚਲ, ਰੌਸ਼ਨ ਕਿਰਨ ਹੋਰ ਕਿੰਨਾਂ ਚਿਰ ਪੁਲਾੜ ਵਿੱਚ ਸਫਰ ਕਰਦੀ ਰਹਿੰਦੀ ਹੈ ਤੇ ਉਸ ਗ਼ੈਰ-ਮੌਜੂਦ ਚਾਨਣ ਸੋਮੇ ਦੀ ਸਹਿਲਾਵੀਂ ਚਮਕ ਲੋਕਾਂ ਤੱਕ ਪੁਚਾਉਂਦੀ ਰਹਿੰਦੀ ਹੈ।

ਭਾਗ ਚੌਥਾ

1
ਸੰਨ 1943 ਦੇ ਇੱਕ ਗਰਮ ਹੁਨਾਲੀ ਦਿਨ, ਇੱਕ ਪੁਰਾਣਾ ਟਰੱਕ ਮਹਾਜ਼ ਨੂੰ ਜਾਂਦੇ ਰਾਹ ਉੱਤੇ ਨੱਠਾ ਜਾ ਰਿਹਾ ਸੀ, ਜਿਹੜਾ ਰਾਹ ਵਧਦੀਆਂ ਸੋਵੀਅਤ ਫ਼ੌਜਾਂ ਦੀਆਂ ਗੱਡੀਆਂ ਦੀਆਂ ਕਤਾਰਾਂ ਦਾ ਗਾਹਿਆ ਹੋਇਆ ਸੀ ਤੇ ਅਣਗੋਲੇ ਖੇਤਾਂ ਦੇ ਵਿੱਚੋਂ ਲੰਘਦਾ ਸੀ, ਜਿਨ੍ਹਾਂ ਉੱਤੇ ਹੁਣ ਲਾਲ ਜਿਹੀਆਂ ਜੰਗਲੀ ਬੂਟੀਆਂ ਦਾ ਜਾਲ ਵਿਛਿਆ ਹੋਇਆ ਸੀ । ਗੜਿਆਂ ਉੱਪਰੋਂ ਦੀ ਟੱਪਦਾ ਤੇ ਆਪਣੇ ਖਸਤਾਹਾਲ ਢਾਂਚੇ ਨਾਲ ਖੜਖੜ ਕਰਦਾ, ਇਹ ਮਹਾਜ਼ ਵੱਲ ਦੌੜਦਾ ਜਾ ਰਿਹਾ ਸੀ । ਇਸਦੇ ਟੁੱਟੇ ਭੱਜੇ ਤੇ ਧੂੜ ਲਿਬੜੇ ਦੋਹਾਂ ਪਾਸਿਆਂ ਉੱਤੇ ਚਿੱਟੇ ਰੰਗ ਵਿੱਚ ਲਿਖੇ ਇਹ ਲਫ਼ਜ਼ ਮਸਾਂ ਹੀ ਪੜ੍ਹੇ ਜਾ ਸਕਦੇ ਸਨ: “ਫੀਲਡ ਪੋਸਟਲ ਸਰਵਿਸ।” ਦੌੜਾ ਜਾਂਦਾ ਟਰੱਕ ਆਪਣੇ ਪਿੱਛੇ ਭੂਰੇ ਜਿਹੇ ਘੱਟੇ ਦੀ ਵੱਡੀ ਸਾਰੀ ਪੈੜ ਛੱਡਦਾ ਜਾ ਰਿਹਾ ਸੀ, ਜਿਹੜੀ ਹੁੰਮਸੀ, ਬੰਦ ਹਵਾ ਵਿੱਚ ਬੜੀ ਹੌਲ਼ੀ ਹੌਲ਼ੀ ਘੁਲ਼ਦੀ ਸੀ।
ਟਰੱਕ ਡਾਕ ਦੇ ਥੈਲਿਆਂ ਤੇ ਤਾਜ਼ਾ ਅਖ਼ਬਾਰਾਂ ਦੇ ਬੰਡਲਾਂ ਨਾਲ ਭਰਿਆ ਪਿਆ ਸੀ, ਤੇ ਇਸ ਵਿੱਚ ਦੋ ਫ਼ੌਜੀ ਬੈਠੇ ਸਨ, ਪਾਇਲਟਾਂ ਵਾਲੀਆਂ ਜੈਕਟਾਂ ਤੇ ਨੀਲੀਆਂ ਫੀਤੀਆਂ ਵਾਲੀਆਂ ਟੋਪੀਆਂ ਪਾਈ, ਤੇ ਟਰੱਕ ਦੇ ਹੁਲਾਰਿਆਂ ਨਾਲ ਇੱਕੋ ਤਰ੍ਹਾਂ ਭੁੜਕ ਰਹੇ ਤੇ ਝੂਲ ਰਹੇ ਸਨ। ਦੋਹਾਂ ਵਿੱਚੋਂ ਛੋਟੀ ਉਮਰ ਦਾ, ਉਸਦੇ ਮੋਢਿਆਂ ਉਪਰ ਲੱਗੀਆਂ ਨਵੀਆਂ-ਨਕੋਰ ਫੀਤੀਆਂ ਤੋਂ ਅੰਦਾਜ਼ਾ ਲਾਇਆ, ਵਾਯੂਸੈਨਾ ਦਾ ਸਾਰਜੰਟ-ਮੇਜਰ ਸੀ, ਤੇ ਪਤਲਾ ਜਿਹਾ, ਸੋਹਣੇ ਸਰੀਰ ਵਾਲਾ ਤੇ ਕੱਕੇ ਵਾਲਾਂ ਵਾਲ਼ਾ ਬੰਦਾ ਸੀ । ਉਸਦੇ ਚਿਹਰੇ ਤੋਂ ਐਸੀ ਕੁੜੀਆਂ ਵਾਲੀ ਨਜ਼ਾਕਤ ਟਪਕਦੀ ਸੀ ਕਿ ਇੰਝ ਲੱਗਦਾ ਸੀ ਜਿਵੇਂ ਉਸਦੀ ਚਿੱਟੀ ਚਮੜੀ ਦੇ ਵਿੱਚੋਂ ਦੀ ਖੂਨ ਲਿਸ਼ਕਾਂ ਮਾਰ ਰਿਹਾ ਹੋਵੇ । ਉਹ ਉਨ੍ਹੀ ਕੁ ਸਾਲਾਂ ਦਾ ਲੱਗਦਾ ਸੀ । ਉਹ ਤਜ਼ਰਬਾਕਾਰ ਸਿਪਾਹੀ ਵਾਂਗ ਵਿਹਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਦੰਦਾਂ ਥਾਣੀ ਥੁੱਕਦਾ ਸੀ, ਬੈਠੀ ਜਿਹੀ ਅਵਾਜ਼ ਵਿੱਚ ਗਾਹਲਾਂ ਬਕਦਾ ਸੀ, ਉਂਗਲ ਉਂਗਲ ਮੋਟੀਆਂ ਸਿਗਰਟਾਂ ਵਲਦਾ ਸੀ, ਤੇ ਹਰ ਚੀਜ਼ ਵੱਲੋਂ ਬੇਪ੍ਰਵਾਹ ਲੱਗਣ ਦੀ ਕੋਸ਼ਿਸ਼ ਕਰਦਾ ਸੀ। ਪਰ ਇਸ ਸਭ ਕੁਝ ਦੇ ਬਾਵਜੂਦ, ਇਹ ਪ੍ਰਤੱਖ ਸੀ ਕਿ ਉਹ ਪਹਿਲੀ ਵਾਰੀ ਮਹਾਜ਼ ਉੱਤੇ ਜਾ ਰਿਹਾ ਹੈ ਤੇ ਜ਼ਰਾ ਘਬਰਾਇਆ ਹੋਇਆ ਹੈ। ਆਲੇ ਦੁਆਲੇ ਦੀ ਹਰ ਚੀਜ਼-ਸੜਕ ਕੰਢੇ ਪਈ ਟੁੱਟੀ ਤੋਪ ਜਿਸਦਾ ਮੂੰਹ ਜ਼ਮੀਨ ਵੱਲ ਹੋਇਆ ਸੀ; ਕੋਈ ਤਬਾਹ ਹੋਇਆ ਸੋਵੀਅਤ ਟੈਂਕ, ਜਿਸਦੇ ਢੱਕਣ ਤੱਕ ਝਾੜੀਆਂ ਉੱਗ ਆਈਆ ਸਨ; ਤਬਾਹ ਹੋਏ ਜਰਮਨ ਟੈਂਕ ਦੇ ਖਿੱਲਰੇ ਹਿੱਸੇ, ਜਿਸ ਉੱਤੇ ਕਿ, ਪ੍ਰਤੱਖ ਤੌਰ ਉੱਤੇ, ਸਿੱਧਾ ਬੰਬ ਆ ਕੇ ਵੱਜਾ ਲੱਗਦਾ ਸੀ; ਗੋਲਿਆਂ ਨਾਲ ਬਣੇ ਟੋਏ, ਜਿਨਾਂ ਵਿੱਚ ਘਾਹ ਵੀ ਉੱਗ ਚੁੱਕਾ ਸੀ; ਸੈਪਰਾਂ ਵੱਲੋਂ ਹਟਾਈਆਂ ਗਈਆਂ ਸੁਰੰਗਾ ਜਿਹੜੀਆਂ ਨਵੇਂ ਨਦੀ ਪਾਰ ਕਰਨ ਦੇ ਰਸਤੇ ਦੇ ਨੇੜੇ ਸੜਕ ਕੰਢੇ ਢੇਰ ਕੀਤੀਆਂ ਪਈਆਂ ਸਨ, ਤੇ ਜਰਮਨ ਸਿਪਾਹੀਆਂ ਦੇ ਕਬਰਿਸਤਾਨ ਵਿੱਚ ਲੱਗੀਆਂ ਬਰਚੇ ਦੀਆਂ ਸਲੀਬਾਂ ਜਿਹੜੀਆਂ ਦੂਰੋਂ ਦਿਸਦੀਆਂ ਸਨ— ਇੱਥੇ ਹੋ ਚੁੱਕੀਆਂ ਲੜਾਈਆਂ ਦੇ ਨਿਸ਼ਾਨ, ਜਿਨ੍ਹਾਂ ਵੱਲ ਜੰਗ ਦਾ ਤਜ਼ਰਬਾ ਰੱਖਦਾ ਸਿਪਾਹੀ ਕੋਈ ਖਾਸ ਧਿਆਨ ਦਾ ਦੇਂਦਾ, ਇਸ ਮੁੰਡੇ ਨੂੰ ਹੈਰਾਨ ਕਰ ਰਹੇ ਸਨ, ਉਸਨੂੰ ਵਿਲੱਖਣ, ਮਹੱਤਵਪੂਰਨ ਤੇ ਬੇਹੱਦ ਦਿਲਚਸਪ ਲੱਗ ਰਹੇ मठ।
ਦੂਜੇ ਪਾਸੇ, ਇਹ ਸਾਫ਼ ਦੇਖਿਆ ਜਾ ਸਕਦਾ ਸੀ ਕਿ ਉਸਦਾ ਸਾਥੀ ਸੀਨੀਅਰ ਲੈਫ਼ਟੀਨੈਂਟ ਤਜ਼ਰਬਾਕਾਰ ਸਿਪਾਹੀ ਸੀ । ਪਹਿਲੀ ਨਜ਼ਰੇ ਹੀ ਤੁਸੀਂ ਕਹਿ ਸਕਦੇ ਸੋ ਕਿ ਉਹ ਤੇਈ ਚੌਵੀ ਸਾਲ ਦਾ ਨੌਜਵਾਨ ਹੈ; ਪਰ ਉਸਦੇ ਸੰਵਲਾਏ, ਮੌਸਮ ਨਾਲ ਖੁਰਦਰੇ ਹੋਏ ਮੂੰਹ ਵੱਲ ਨਜ਼ਰ ਮਾਰਿਆਂ, ਜਿਸਦੀਆਂ ਅੱਖਾਂ ਤੇ ਮੂੰਹ ਦੁਆਲੇ ਤੇ ਮੱਥੇ ਉੱਤੇ ਪਤਲੀਆਂ ਝੁਰੜੀਆਂ ਸਨ, ਤੇ ਉਸ ਦੀਆਂ ਕਾਲੀਆਂ, ਸੋਚਵਾਨ, ਥੱਕੀਆਂ ਥੱਕੀਆਂ ਅੱਖਾਂ ਵਿੱਚ ਦੇਖਦਿਆਂ, ਤੁਸੀਂ ਉਸਦੀ ਉਮਰ ਵਿੱਚ ਦਸ ਸਾਲ ਦਾ ਵਾਧਾ ਕਰ ਸਕਦੇ ਸੋ । ਧਰਤ-ਦ੍ਰਿਸ਼ ਉਸ ਉੱਪਰ ਕੋਈ ਪ੍ਰਭਾਵ ਨਹੀਂ ਸੀ ਪਾ ਰਿਹਾ। ਉਹ ਥਾਂ ਥਾਂ ਖਿਲਰੀਆਂ ਪਈਆਂ ਤੇ ਵਿਸਫੋਟਾਂ ਨਾਲ ਮੁੜੀਆਂ- ਤੁੜੀਆਂ ਜੰਗੀ ਮਸ਼ੀਨਾਂ ਦੇ ਜੰਗਾਲ ਲੱਗੇ ਮਲਬੇ ਉੱਤੇ, ਜਾਂ ਸੜ ਚੁੱਕੇ ਪਿੰਡ ਦੀਆਂ ਸੁੰਝੀਆਂ ਪਈਆਂ ਗਲ਼ੀਆਂ ਉੱਤੇ, ਜਿਨ੍ਹਾਂ ਵਿੱਚੋਂ ਟਰੱਕ ਲੰਘ ਰਿਹਾ ਸੀ, ਜਾਂ ਸੋਵੀਅਤ ਹਵਾਈ ਜਹਾਜ਼ ਦੇ ਮਲਬੇ-ਮੁੜੇ-ਤੁੜੇ ਐਲਮੀਨੀਅਮ ਦੇ ਛੋਟੇ ਜਿਹੇ ਢੇਰ ਤੇ, ਜ਼ਰਾ ਕੁ ਦੂਰ ਪਏ, ਤਬਾਹ ਹੋਏ ਹੋਏ ਇੰਜਣ ਤੇ ਲਾਲ ਸਿਤਾਰੇ ਤੇ ਨੰਬਰ ਵਾਲੀ ਪੂਛਲ-ਉੱਤੇ ਵੀ ਹੈਰਾਨ ਨਹੀਂ ਸੀ ਹੋ ਰਿਹਾ, ਜਿਸਨੂੰ ਦੇਖ ਕੇ ਜਵਾਨ ਸਿਪਾਹੀ ਦਾ ਮੂੰਹ ਲਾਲ ਹੋ ਗਿਆ ਸੀ, ਤੇ ਉਸਨੂੰ ਕੰਬਣੀ ਆ ਗਈ ਸੀ।
ਅਖਬਾਰਾਂ ਦੇ ਬੰਡਲਾਂ ਨਾਲ ਆਪਣੇ ਲਈ ਅਰਾਮ ਕੁਰਸੀ ਬਣਾਉਂਦਿਆਂ, ਅਫ਼ਸਰ ਆਪਣੀ ਠੋਡੀ ਨੂੰ ਅਜੀਬ ਜਿਹੀ ਦਿਸਦੀ, ਸੁਨਹਿਰੀ ਉਕਰਾਈ ਨਾਲ ਸ਼ਿੰਗਾਰੀ ਭਾਰੀ ਆਬਨੂਸੀ ਸੋਟੀ ਦੀ ਮੁੱਠੀ ਉੱਤੇ ਰੱਖ ਕੇ ਊਂਘ ਰਿਹਾ ਸੀ। ਵਿੱਚ ਵਿੱਚ ਉਹ ਝਟਕੇ ਨਾਲ ਅੱਖਾਂ ਖੋਹਲ ਲੈਂਦਾ, ਜਿਵੇਂ ਕਿ ਉਹ ਨੀਂਦ ਨੂੰ ਦੂਰ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ, ਖੁਸ਼ੀ ਖੁਸ਼ੀ ਆਸੇ ਪਾਸੇ ਦੇਖਦਾ ਤੇ ਗਰਮ, ਮਹਿਕ ਭਰੀ ਹਵਾ ਦੇ ਵੱਡੇ ਵੱਡੇ ਘੁੱਟ ਭਰਦਾ । ਦੂਰ ਸੜਕ ਤੋਂ ਪਰ੍ਹੇ, ਲਾਲ ਝਾੜੀਆਂ ਦੇ ਸਾਹ ਲੈ ਰਹੇ ਸਾਗਰ ਵਿੱਚ, ਉਸਨੂੰ ਦੋ ਟਿਮਕਣੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਧਿਆਨ ਨਾਲ ਦੇਖਣ ਤੋਂ ਪਿੱਛੋਂ, ਉਸਨੇ ਅੰਦਾਜ਼ਾ ਲਾਇਆ ਕਿ ਇਹ ਦੋ ਹਵਾਈ ਜਹਾਜ਼ ਸਨ ਜਿਹੜੇ ਇੱਕ ਦੂਜੇ ਦੇ ਮਗਰ ਅਰਾਮ ਨਾਲ ਆਕਾਸ਼ ਦੇ ਆਰ-ਪਾਰ ਉੱਡਦੇ ਜਾ ਰਹੇ ਸਨ । ਉਸਦੀ ਉਂਘਲਾਹਟ ਪਲਕ-ਝਲਕ ਵਿੱਚ ਦੂਰ ਹੋ ਗਈ, ਉਸਦੀਆਂ ਅੱਖਾਂ ਵਿੱਚ ਚਮਕ ਆ ਗਈ, ਉਸਦੀਆਂ ਨਾਸਾਂ ਫ਼ਰਕਣ ਲੱਗੀਆਂ, ਤੇ ਉਹਨਾਂ ਮਸਾਂ ਹੀ ਦਿਸਦੇ ਦੋ ਟਿਮਕਣਿਆਂ ਉੱਪਰ ਨਜ਼ਰਾਂ ਗੱਡੀ ਉਸਨੇ ਡਰਾਈਵਰ ਦੀ ਕੇਬਿਨ ਦੀ
ਛੱਤ ਨੂੰ ਤਲੀਆਂ ਨਾਲ ਥਪਕਿਆ ਤੇ ਕੂਕਿਆ:
“ਦੁਸ਼ਮਣ ਦੇ ਹਵਾਈ ਜਹਾਜ਼ ਨੇ ! ਸੜਕ ਤੋਂ ਹੇਠਾਂ ਉੱਤਰ ਜਾਓ !” ਉਹ ਖੜੋ ਗਿਆ, ਆਪਣੀ ਤਜ਼ਰਬਾਕਾਰ ਅੱਖ ਨਾਲ ਉਸ ਥਾਂ ਦਾ ਨਿਰੀਖਣ ਕਰਨ ਲੱਗਾ ਤੇ ਡਰਾਈਵਰ ਨੂੰ ਇੱਕ ਨਾਲ਼ੇ ਦੀ ਮਿਟਿਆਲੀ ਢਲਾਣ ਵੱਲ ਹੱਥ ਨਾਲ਼ ਇਸ਼ਾਰਾ ਕੀਤਾ, ਜਿਸਦੇ ਕੰਢਿਆਂ ਉੱਤੇ ਭੂਰੇ ਅਸ਼ਵਖੁਰ ਤੇ ਬਵਾਸੀਰਾ ਦੇ ਸੁਨਹਿਰੀ ਬੂਟੇ ਉੱਗੇ ਹੋਏ मठ।
ਛੋਟਾ ਫ਼ੌਜੀ ਖੁੱਲ੍ਹ ਕੇ ਮੁਸਕ੍ਰਾਇਆ। ਹਵਾਈ ਜਹਾਜ਼ ਦੂਰ ਕਿਤੇ ਬਿਨ੍ਹਾਂ ਤਕਲੀਫ ਦਿਤਿਆਂ ਚੱਕਰ ਕੱਟ ਰਹੇ ਸਨ, ਤੇ ਇੰਝ ਲੱਗਦਾ ਸੀ ਕਿ ਇਸ ਇਕੱਲੇ-ਕਾਰੇ ਟਰੱਕ ਨਾਲ ਉਹਨਾਂ ਦਾ ਕੋਈ ਵਾਸਤਾ ਨਾ ਹੋਵੇ, ਜਿਹੜਾ ਅਕਾਵੇਂ ਜਿਹੇ, ਛੁੱਟੜ ਪਏ ਖੇਤਾਂ ਉੱਪਰ ਧੂੜ ਦੀ ਵੱਡੀ ਸਾਰੀ ਲੀਕ ਛੱਡਦਾ ਜਾ ਰਿਹਾ ਸੀ । ਪਰ ਇਸਤੋਂ ਪਹਿਲਾਂ ਕਿ ਉਹ ਰੋਸ ਵਿੱਚ ਕੁਝ ਕਹੇ, ਡਰਾਈਵਰ ਨੇ ਟਰੱਕ ਨੂੰ ਸੜਕ ਤੋਂ ਉਤਾਰ ਲਿਆ, ਤੇ ਇਹ ਖੜ ਖੜ ਕਰਦਾ ਹੋਇਆ ਢਲਾਣ ਵੱਲ ਜਾਣ ਲੱਗਾ। ਜਿਉਂ ਹੀ ਉਹ ਉਥੇ ਪੁੱਜੇ, ਸੀਨੀਅਰ ਲੈਫ਼ਟੀਨੈਂਟ ਬਾਹਰ ਨਿਕਲਿਆ ਤੇ, ਘਾਹ ਵਿੱਚ ਚੌਂਕੜੀ ਮਾਰਦਾ ਹੋਇਆ, ਚੌਕਸੀ ਨਾਲ ਸੜਕ ਵੱਲ ਦੇਖਣ ਲੱਗਾ।
“ਕੀ ਕਰ ਰਹੇ ਹੋ, ਠੀਕ ਹੀ” ਛੋਟੇ ਫ਼ੌਜੀ ਨੇ ਉਸ ਵੱਲ ਮਜ਼ਾਕ ਉਡਾਉਂਦੇ ਢੰਗ ਨਾਲ ਦੇਖਦਿਆਂ ਗੱਲ ਸ਼ੁਰੂ ਕੀਤੀ, ਪਰ ਅਜੇ ਉਹ ਫਿਕਰਾ ਪੂਰਾ ਵੀ ਨਹੀਂ ਸੀ ਕਰ ਸਕਿਆ ਕਿ ਅਫ਼ਸਰ ਚੁਫਾਲ ਧਰਤੀ ਉੱਤੇ ਲੇਟ ਗਿਆ ਤੇ ਕੂਕਿਆ:
“ਲੇਟ ਜਾਹ!”
ਉਸੇ ਘੜੀ ਦੋ ਵੱਡੇ ਵੱਡੇ ਪ੍ਰਛਾਵੇਂ, ਗਰਜਦੇ ਇੰਜਣਾਂ ਨਾਲ, ਅਜੀਬ ਕੜ ਕੜ ਕਰਦੀ ਅਵਾਜ਼ ਪੈਦਾ ਕਰਦੇ ਉਹਨਾਂ ਦੇ ਸਿਰਾਂ ਉੱਪਰੋਂ ਦੀ ਲੰਘੇ, ਜਿਸ ਨਾਲ ਹਵਾ ਵਿੱਚ ਧਮਕ ਪੈਦਾ ਹੋ ਗਈ । ਇਸ ਨਾਲ ਵੀ ਛੋਟੀ ਉਮਰ ਦਾ ਫ਼ੌਜੀ ਬਹੁਤ ਨਾ ਡਰਿਆ: ਸਧਾਰਨ ਹਵਾਈ ਜਹਾਜ਼ ਹਨ, ਬੇਸ਼ੱਕ ਸਾਡੇ ਹੀ ਹਨ। ਉਸਨੇ ਚੁਫੇਰੇ ਦੇਖਿਆ ਤੇ ਇੱਕਦਮ ਉਸਦੀ ਨਜ਼ਰੇ ਸੜਕ ਦੇ ਕੰਢੇ ਉਲਟਿਆ ਪਿਆ ਇੱਕ ਜੰਗਾਲ ਲੱਗਾ ਟਰੱਕ ਪਿਆ, ਜਿਹੜਾ ਧੂੰਆਂ ਛੱਡ ਰਿਹਾ ਸੀ, ਜੋ ਇੱਕਦਮ ਭੰਬਾਕੇ ਵਿੱਚ ਬਦਲ ਗਿਆ।
“ਆਹ ! ਅਗਨੀ ਬੰਬ ਸੁੱਟ ਰਹੇ ਨੇ,” ਡਾਕ ਵਾਲ਼ੇ ਟਰੱਕ ਦੇ ਡਰਾਈਵਰ ਨੇ ਗੋਲ਼ੇ ਨਾਲ਼ ਭੱਜੇ ਤੇ ਪਹਿਲਾਂ ਹੀ ਸੜ ਰਹੇ ਟਰੱਕ ਦੇ ਪਾਸੇ ਵੱਲ ਦੇਖਦਿਆਂ-ਮੁਸਕ੍ਰਾਉਂਦਿਆਂ ਹੋਇਆ ਕਿਹਾ।
“ਹੰਟਰ ਨੇ,” ਘਾਹ ਉੱਤੇ ਵਧੇਰੇ ਅਰਾਮ ਨਾਲ ਟਿਕਦਿਆਂ ਸੀਨੀਅਰ ਲੈਫ਼ਟੀਨੈਂਟ ਨੇ ਅਰਾਮ ਨਾਲ ਜਵਾਬ ਦਿੱਤਾ। “ਸਾਨੂੰ ਉਡੀਕਣਾ ਪਵੇਗਾ, ਉਹ ਹੁਣੇ ਵਾਪਸ ਆਏ ਕਿ ਆਏ । ਉਹ ਸੜਕ ਉੱਤੇ ਉਡਾਣ ਕਰ ਰਹੇ ਹਨ । ਦੇਖੀ, ਯਾਰ, ਜੇ ਟਰੱਕ ਨੂੰ ਹੋਰ ਅੱਗੇ, ਔਥੇ ਬਰਚੇ ਦੇ ਦਰੱਖਤ ਹੇਠਾਂ ਲਿਆ ਸਕੇ ਤਾਂ !”
ਉਸਨੇ ਸ਼ਾਂਤੀ ਨਾਲ ਤੇ ਵਿਸ਼ਵਾਸ ਨਾਲ ਇਹ ਗੱਲ ਕਹੀ, ਜਿਵੇਂ ਕਿ ਜਰਮਨ ਪਾਇਲਟਾਂ ਨੇ ਹੁਣੇ ਹੀ ਉਸਨੂੰ ਆਪਣੀ ਪਲਾਨ ਪੁਚਾਈ ਹੋਵੇ । ਡਾਕ ਦੇ ਨਾਲ ਇੱਕ ਫ਼ੌਜੀ ਔਰਤ- ਡਾਕੀਆ ਵੀ ਸੀ, ਇੱਕ ਮੁਟਿਆਰ ਜਿਹੜੀ ਡਰਾਈਵਰ ਦੇ ਨਾਲ਼ ਬੈਠੀ ਹੋਈ ਸੀ । ਉਹ ਹੁਣ ਪੀਲ਼ੀ ਪਈ ਹੋਈ, ਆਪਣੇ ਧੂੜ ਵਾਲੇ ਬੁੱਲ੍ਹਾਂ ਉੱਤੇ ਮਾੜੀ ਜਿਹੀ, ਘਬਰਾਈ ਹੋਈ ਮੁਸਕਾਨ ਨਾਲ ਘਾਹ ਉੱਤੇ ਪਈ ਸੀ, ਤੇ ਡਰਦੀ ਡਰਦੀ ਸ਼ਾਂਤ ਅਕਾਸ਼ ਵੱਲ ਤੱਕ ਰਹੀ ਸੀ ਜਿਸਦੇ ਆਰ-ਪਾਰ ਲਿਸ਼ਕਦੇ ਹੁਨਾਲੀ ਬੱਦਲ ਉੱਡਦੇ ਜਾ ਰਹੇ ਸਨ । ਉਸਦੇ ਭਲੇ ਲਈ ਹੀ ਸਾਰਜੰਟ- ਮੇਜਰ ਨੇ, ਭਾਵੇਂ ਉਹ ਘਬਰਾਇਆ ਹੋਇਆ ਹੀ ਸੀ, ਲਾਪ੍ਰਵਾਹੀ ਨਾਲ ਕਿਹਾ:
“ਚੰਗਾ ਨਾ ਰਹੇ ਜੇ ਤੁਰ ਚੱਲੀਏ ਤਾਂ ? ਕਾਹਦੇ ਲਈ ਸਮਾਂ ਜ਼ਾਇਆ ਕਰਨਾ ਹੋਇਆ ? ਜਿਸਦੀ ਕਿਸਮਤ ਵਿੱਚ ਫਾਹੇ ਲੱਗਣਾ ਲਿਖਿਆ ਹੋਵੇ, ਉਹ ਡੁੱਬ ਕੇ ਨਹੀਂ ਮਰਦਾ।”
ਸੀਨੀਅਰ ਲੈਫ਼ਟੀਨੈਂਟ ਨੇ, ਸ਼ਾਂਤੀ ਨਾਲ ਘਾਹ ਦਾ ਇੱਕ ਤਿਣ ਚਬਾਉਂਦਿਆਂ ਆਪਣੀਆਂ ਕਾਲੀਆਂ ਗੁੱਸੇ ਵਾਲੀਆਂ ਅੱਖਾਂ ਵਿਚਲੀ ਅਪੋਹ ਜਿਹੀ ਖੁਸ਼ੀ ਦੀ ਚਮਕ ਨਾਲ ਮੁੰਡੇ ਵੱਲ ਦੇਖਿਆ ਤੇ ਬੋਲਿਆ:
“ਦੇਖ, ਮੇਰੇ ਦੋਸਤ, ਇਸ ਮੂਰਖਾਂ ਵਾਲ਼ੇ ਅਖਾਣ ਨੂੰ ਜਿੰਨੀ ਜਲਦੀ ਹੋਵੇ ਭੁੱਲ ਜਾਹ, ਮਤਾਂ ਪਛਤਾਉਣਾ ਪੈ ਜਾਏ । ਤੇ ਨਾਲ਼ੇ, ਸਾਥੀ ਸਾਰਜੰਟ-ਮੇਜਰ, ਮਹਾਜ਼ ਉੱਤੇ ਉਪਰਲਿਆਂ ਦਾ ਕਿਹਾ ਮੰਨਦਾ ਹੈ । ਜੇ ਉਹ ਹੁਕਮ ਦੇਣ “ਲੇਟ ਜਾਓ,” ਤਾਂ ਤੁਹਾਨੂੰ ਲੇਟ ਜਾਣਾ ਚਾਹੀਦਾ वै।
ਉਸਨੂੰ ਘਾਹ ਵਿੱਚ ਖਟਕਲ ਦੀ ਇੱਕ ਰਸਦਾਰ ਟਾਹਣ ਮਿਲ ਗਈ; ਉਸਨੇ ਆਪਣੇ ਨਹੁੰਆਂ ਨਾਲ ਉਸਦਾ ਰੇਸ਼ੇਦਾਰ ਛਿਲਕਾ ਲਾਹਿਆ ਤੇ ਮਜ਼ੇ ਨਾਲ ਉਸਨੂੰ ਚੱਬਣ ਲੱਗ ਪਿਆ । ਹਵਾਈ ਜਹਾਜ਼ ਦੇ ਇੰਜਣਾਂ ਦੀ ਅਵਾਜ਼ ਮੁੜ ਸੁਣਾਈ ਦਿੱਤੀ, ਤੇ ਉਹੀ ਦੋ ਹਵਾਈ ਜਹਾਜ਼ ਨੀਵੇਂ ਹੋ ਕੇ ਉਡਦੇ ਸੜਕ ਉੱਪਰੋਂ ਦੀ ਲੰਘੇ; ਉਹਨਾਂ ਦੇ ਪਰ੍ਵ ਥੋਹੜੇ ਥੋਹੜੇ ਉੱਚੇ ਨੀਵੇ ਹੋ ਰਹੇ ਸਨ; ਉਹ ਏਨਾਂ ਨੇੜਿਉ ਦੀ ਲੰਘੇ ਕਿ ਉਹਨਾਂ ਦੇ ਪਰ੍ਹਾਂ ਦਾ ਗੂਹੜਾ ਪੀਲ਼ਾ ਰੰਗ, ਚਿੱਟੇ ਤੇ ਕਾਲੇ ਕਾਟੇ, ਤੇ ਬਿਲਕੁਲ ਨੇੜਲੇ ਦੇ ਢਾਂਚੇ ਉੱਤੇ ਰੋਗਨ ਨਾਲ਼ ਵਾਹੇ ਹੋਏ ਹੁਕਮ ਦੇ ਯੱਕੇ ਵੀ ਸਾਫ਼ ਦਿਖਾਈ ਦੇਂਦੇ ਸਨ । ਸੀਨੀਅਰ ਲੈਫ਼ਟੀਨੈਂਟ ਨੇ ਸੁਸਤ ਅੰਦਾਜ਼ ਵਿੱਚ ਕੁਝ ਕੁ ਹੋਰ ਟਾਹਣਾਂ ਤੋੜੀਆਂ, ਆਪਣੀ ਘੜੀ ਵੱਲ ਦੇਖਿਆ ਤੇ ਡਰਾਈਵਰ ਨੂੰ
ਹੁਕਮ ਦੇਣ ਲੱਗ ਪਿਆ:
“ਚੱਲੋ ਚੱਲੀਏ ! ਹੁਣ ਚੱਲ ਸਕਦੇ ਹਾਂ । ਤੇ ਜ਼ਰਾ ਤੇਜ਼ ਚਲਾ ਲੈ ਚੱਲ, ਦੋਸਤ, ਇਸ ਥਾਂ ਤੋਂ ਜਲਦੀ ਜਲਦੀ ਦੂਰ ਚਲੇ ਚੱਲੀਏ ।”
ਡਰਾਈਵਰ ਨੇ ਹਾਰਨ ਵਜਾਇਆ ਤੇ ਡਾਕ ਵਾਲੀ ਕੁੜੀ ਨਾਲ਼ੇ ਦੇ ਕੰਢੇ ਵੱਲੋਂ ਨੱਠੀ ਆਈ। ਉਸਨੇ ਟਾਹਣਾਂ ਨਾਲ ਲਟਕਦੀਆਂ ਕੁਝ ਗੁਲਾਬੀ ਗੁਲਾਬੀ ਜੰਗਲੀ ਸਟਰਾਅਬੈਰੀਆਂ ਲਿਆਂਦੀਆਂ ਤੇ ਸੀਨੀਅਰ ਲੈਫ਼ਟੀਨੈਂਟ ਵੱਲ ਵਧਾਈਆਂ।
“ਇਹ ਤਾਂ ਪੱਕਣੀਆਂ ਵੀ ਸ਼ੁਰੂ ਹੋ ਗਈਐਂ। ਸਾਡਾ ਧਿਆਨ ਹੀ ਨਹੀਂ ਗਿਆ ਕਿ ਗਰਮੀ ਦੀ ਰੁੱਤ ਆ ਵੀ ਚੁੱਕੀ ਹੈ,” ਉਹ ਉਹਨਾਂ ਨੂੰ ਸੁੰਘਦਾ ਹੋਇਆ, ਤੇ ਫੁੱਲਾਂ ਵਾਂਗ ਆਪਣੀ ਜੈਕਟ ਦੇ ਬਟਨ ਦੇ ਕਾਚ ਵਿੱਚ ਲਾਉਂਦਾ ਹੋਇਆ ਬੋਲਿਆ।
“ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਹੁਣ ਉਹ ਮੁੜ ਕੇ ਨਹੀਂ ਆਉਣਗੇ ਤੇ ਅਸੀਂ ਚੱਲ ਸਕਦੇ ਹਾਂ ?” ਛੋਟੀ ਉਮਰ ਦੇ ਫ਼ੌਜੀ ਨੇ ਸੀਨੀਅਰ ਲੈਫ਼ਟੀਨੈਂਟ ਨੂੰ ਪੁੱਛਿਆ, ਜਿਹੜਾ ਚੁੱਪ ਹੋ ਗਿਆ ਸੀ ਤੇ ਮੁੜ ਕੇ ਟਰੱਕ ਦੇ ਨਾਲ ਇਕਸੁਰ ਹੋ ਕੇ ਝੂਲ ਰਿਹਾ ਸੀ, ਜਦ ਕਿ ਟਰੱਕ ਟੋਇਆਂ ਉੱਪਰੋਂ ਦੀ ਬੁੜਕਦਾ ਹੋਇਆ ਜਾ ਰਿਹਾ ਸੀ।
“ਕੋਈ ਮੁਸ਼ਕਲ ਨਹੀਂ । ਇਹ ‘ਮੈਸਰ’ ਹਵਾਈ ਜਹਾਜ਼ ਸਨ-‘ਮੇ-109’। ਇਹਨਾਂ ਵਿੱਚ ਸਿਰਫ਼ ਪੰਜਤਾਲੀ ਮਿੰਟ ਉਡਾਨ ਕਰਨ ਜੋਗਾ ਪੈਟਰੋਲ ਹੁੰਦਾ ਹੈ । ਉਹ ਖ਼ਤਮ ਹੋ ਚੁੱਕਾ ਹੈ, ਤੇ ਹੁਣ ਉਹ ਮੁੜ ਪੈਟਰੋਲ ਲਈ ਗਏ ਹਨ।”
ਸੀਨੀਅਰ ਲੈਫ਼ਟੀਨੈਂਟ ਐਸੇ ਬੇਪ੍ਰਵਾਹ ਅੰਦਾਜ਼ ਵਿੱਚ ਗੱਲ ਸਮਝਾ ਰਿਹਾ ਸੀ ਜਿਵੇਂ ਉਸਨੂੰ ਸਮਝ ਨਾ ਆ ਰਹੀ ਹੋਵੇ ਕਿ ਲੋਕਾਂ ਨੂੰ ਏਨੀਂ ਛੋਟੀ ਜਿਹੀ ਚੀਜ਼ ਦਾ ਵੀ, ਪਤਾ ਨਹੀਂ, ਕਿਉਂ ਨਹੀਂ ਗਿਆਨ ਹੁੰਦਾ । ਨੌਜਵਾਨ ਨੇ ਹੁਣ ਅਕਾਸ਼ ਨੂੰ ਵਧੇਰੇ ਗਹੁ ਨਾਲ ਤਾੜਨਾ ਸ਼ੁਰੂ ਕਰ ਦਿੱਤਾ; ਉਹ “ਮੈਸਰਾਂ” ਦੀ ਵਾਪਸੀ ਦਾ ਸੰਕੇਤ ਦੇਣ ਵਾਲ਼ਾ ਪਹਿਲਾ ਬੰਦਾ ਹੋਣਾ ਚਾਹੁੰਦਾ ਸੀ । ਪਰ ਅਕਾਸ਼ ਸਾਫ਼ ਸੀ, ਤੇ ਹਵਾ ਏਨੀਂ ਬਹੁਲਤਾ ਵਿੱਚ ਉਗੇ ਘਾਹ, ਘੱਟੇ ਤੇ ਗਰਮ ਹੋਈ ਹੋਈ ਧਰਤੀ ਦੀ ਵਾਸ਼ਨਾ ਨਾਲ ਇੰਝ ਭਰੀ ਹੋਈ ਸੀ, ਟਿੱਡੇ ਇੰਝ ਜ਼ੋਰ ਜ਼ੋਰ ਦੀ ਤੇ ਖੁਸ਼ ਖੁਸ਼ ਟਰ-ਟਰ ਕਰ ਰਹੇ ਸਨ, ਤੇ ਚੰਡੋਲਾਂ ਇਸ ਅਕਾਵੀਂ ਝਾੜੀਆਂ-ਢੱਕੀ ਜ਼ਮੀਨ ਉੱਤੇ ਏਨੀਂ ਜ਼ੋਰ ਜ਼ੋਰ ਦੀ ਗਾ ਰਹੀਆਂ ਸਨ ਕਿ ਉਸਨੂੰ ਜਰਮਨ ਹਵਾਈ ਜਹਾਜ਼ਾਂ ਬਾਰੇ ਤੇ ਖ਼ਤਰੇ ਬਾਰੇ ਬਿਲਕੁਲ ਹੀ ਭੁੱਲ ਗਿਆ, ਤੇ ਉਸਨੇ ਸਾਫ, ਖੁਸ਼ ਅਵਾਜ਼ ਵਿੱਚ ਉਹ ਗੀਤ ਗਾਉਣਾ ਸ਼ੁਰੂ ਕਰ ਦਿੱਤਾ ਜਿਹੜਾ ਉਹਨਾਂ ਦਿਨਾਂ ਵਿੱਚ ਮਹਾਜ਼ ਉੱਤੇ ਪ੍ਰਚੱਲਤ ਸੀ-ਖਾਈ ਵਿਚਲੇ ਇੱਕ ਨੌਜਵਾਨ ਸਿਪਾਹੀ ਬਾਰੇ, ਜਿਹੜਾ ਆਪਣੀ ਮਹਿਬੂਬਾ ਲਈ ਸਿੱਕ ਰਿਹਾ ਸੀ।
“ਤੇ ਤੈਨੂੰ ‘ਐਸ਼ ਦੇ ਦਰਖਤ’ ਵਾਲ਼ਾ ਗੀਤ ਆਉਂਦਾ ਹੈ?” ਉਸਦੇ ਸਾਥੀ ਨੇ ਉਸਨੂੰ ਵਿੱਚੋਂ ਟੋਕਦਿਆਂ ਪੁੱਛਿਆ।
ਮੁੰਡੇ ਨੇ ਹਾਂ ਵਿੱਚ ਸਿਰ ਮਾਰਿਆ ਤੇ ਪੁਰਾਣਾ ਗੀਤ ਸ਼ੁਰੂ ਕਰ ਦਿੱਤਾ। ਸੀਨੀਅਰ ਲੈਫ਼ਟੀਨੈਂਟ ਦੇ ਥੱਕੇ ਹੋਏ, ਧੂੜ ਭਰੇ ਚਿਹਰੇ ਉੱਤੇ ਉਦਾਸੀ ਛਾ ਗਈ।
“ਤੂੰ ਇਹਨੂੰ ਠੀਕ ਨਹੀਂ ਗਾ ਰਿਹਾ, ਬਜ਼ੁਰਗਾ! ਇਹ ਕੋਈ ਮਜ਼ਾਹੀਆ ਚੀਜ਼ ਨਹੀਂ, ਅਸਲੀ ਗੀਤ ਹੈ, ਇਸਨੂੰ ਦਿਲੋਂ ਗਾਉਣਾ ਚਾਹੀਦਾ ਹੈ।” ਤੇ ਉਸਨੇ ਮਧੁਰ ਬੜੀ ਨੀਵੀਂ, ਪਰ ਸਪਸ਼ਟ ਅਵਾਜ਼ ਵਿੱਚ ਗੀਤ ਸ਼ੁਰੂ ਕੀਤਾ।
ਡਰਾਈਵਰ ਜ਼ਰਾ ਕੁ ਰੁਕਿਆ ਤੇ ਡਾਕ ਵਾਲ਼ੀ ਕੁੜੀ ਕੇਬਿਨ ਵਿੱਚੋਂ ਨਿਕਲ ਆਈ। ਉਸਨੇ ਪਿਛਲੇ ਫੱਟੇ ਦੇ ਹੇਠਲੇ ਹਿੱਸੇ ਵਿੱਚ ਪੈਰ ਅੜਾਇਆ ਤੇ ਹਲਕੇ ਜਿਹੇ ਹੁਲਾਰੇ ਨਾਲ ਛਾਲ ਮਾਰ ਕੇ ਪਿੱਛੇ ਟਰੱਕ ਵਿੱਚ ਆ ਗਈ, ਜਿਥੇ ਮਜ਼ਬੂਤ ਦੋਸਤਾਨਾ ਬਾਹਾਂ ਨੇ ਉਸਨੂੰ ਦਬੋਚ ਲਿਆ।
“ਮੈਂ ਤੁਹਾਨੂੰ ਗਾਉਂਦਿਆਂ ਸੁਣਿਆ, ਸੋ ਮੈਂ ਕਿਹਾ ਕਿ ਤੁਹਾਡੇ ਨਾਲ ਹੀ ਆ ਰਲਾਂ…”
ਤੇ ਇਸ ਤਰ੍ਹਾਂ ਤਿੰਨੇ ਮਿਲ ਕੇ ਗਾਉਣ ਲੱਗ ਪਏ। ਟਰੱਕ ਦੀ ਖੜ ਖੜ ਤੇ ਟਿੱਡਿਆਂ ਦੀ ਟਰ-ਟਰ ਉਹਨਾਂ ਦੀ ਸੰਗਤ ਕਰ ਰਹੀ ਸੀ।
ਮੁੰਡਾ ਉਥੋਂ ਉਠਿਆ। ਆਪਣੇ ਕਿੱਟ-ਬੈਗ ਵਿੱਚੋਂ ਇੱਕ ਮਾਊਥ-ਆਰਗਨ ਕੱਢਿਆ, ਤੇ ਕਦੀ ਇਸਨੂੰ ਵਜਾਉਂਦਾ ਹੋਇਆ, ਕਦੀ ਇਸ ਨੂੰ ਕੰਡਕਟਰ ਦੇ ਡੰਡੇ ਵਾਂਗ ਹਿਲਾਉਂਦਾ ਹੋਇਆ ਤੇ ਗੀਤ ਵਿੱਚ ਸ਼ਾਮਲ ਹੁੰਦਾ ਹੋਇਆ, ਕੰਡਕਟਰ ਦਾ ਕੰਮ ਕਰਨ ਲੱਗਾ। ਤੇ ਇਸ ਦਿਲ-ਢਾਹੂ ਤੇ ਛੁੱਟੜ ਪਈ ਸੜਕ ਉੱਤੇ, ਧੂੜ ਭਰੀਆਂ ਭਰਪੂਰ ਹਰ ਚੀਜ਼ ਉੱਤੇ ਛਾਅ ਜਾਣ ਵਾਲੀਆਂ ਝਾੜੀਆਂ ਵਿੱਚ ਵੱਜਦੇ ਛਾਂਟੇ ਵਾਂਗ, ਗੀਤ ਦੀਆਂ ਸ਼ਕਤੀਸਾਲੀ ਤੇ ਸੋਗੀ ਧੁਨਾਂ ਗੂੰਜਣ ਲੱਗੀਆ, ਜਿਹੜਾ ਗੀਤ ਇਹਨਾਂ ਗਰਮੀਆਂ ਦੀ ਤਪਸ਼ ਵਿੱਚ ਸੁਸਤਾ ਰਹੇ ਖੇਤਾਂ ਵਾਂਗ ਹੀ, ਨਿੱਘੇ, ਸੁਗੰਧ ਦੇਣ ਵਾਲ਼ੇ ਘਾਹ ਵਿੱਚ ਟਿਡਿਆਂ ਦੀ ਜ਼ੋਰਦਾਰ ਟਰ-ਟਰ ਵਾਂਗ, ਨਿਰਮਲ, ਹੁਨਾਲੀ ਅਕਾਸ਼ ਵਿੱਚ ਗਾਉਂਦੀਆਂ ਚੰਡੋਲਾਂ ਵਾਂਗ, ਤੇ ਖ਼ੁਦ ਉਸ ਉੱਚੇ ਤੇ ਅਨੰਤ ਅਕਾਸ਼ ਵਾਂਗ ਹੀ ਪੁਰਾਣਾ, ਪਰ ਤਾਂ ਵੀ ਨਵਾਂ ਸੀ।
ਉਹ ਗਾਉਣ ਵਿੱਚ ਏਨੇਂ ਮਗਨ ਸਨ ਕਿ ਉਹ ਹਝੋਕਾ ਖਾ ਕੇ ਟਰੱਕ ਤੋਂ ਹੇਠਾਂ ਹੀ ਡਿੱਗ ਪੈਣ ਲੱਗੇ ਸਨ, ਜਦੋਂ ਡਰਾਈਵਰ ਨੇ ਇੱਕਦਮ ਬਰੇਕਾਂ ਲਾਈਆਂ। ਟਰੱਕ ਸੜਕ ਦੇ ਵਿਚਕਾਰ ਖੜੋ ਗਿਆ । ਸੜਕ ਕੰਢੇ ਖਾਈ ਵਿੱਚ ਤਿੰਨ ਟਨ ਵਾਲ਼ਾ ਟਰੱਕ ਮੂਧਾ ਹੋਇਆ ਪਿਆ ਸੀ, ਤੇ ਇਸਦੇ ਮਿੱਟੀ ਨਾਲ ਲੱਥ-ਪੱਥ ਪਹੀਏ ਹਵਾ ਵਿੱਚ ਸਨ । ਮੁੰਡਾ ਪੀਲ਼ਾ ਪੈ ਗਿਆ, ਪਰ ਉਸਦਾ ਸਾਥੀ ਪਾਸੇ ਵੱਲੋਂ ਹੇਠਾਂ ਉਤਰਿਆਂ ਤੇ ਜਲਦੀ ਜਲਦੀ ਉਲਟੇ ਪਏ ਟਰੱਕ ਵੱਲ ਗਿਆ। ਉਹ ਅਜੀਬ ਬੁੜਕਵੀਂ ਚਾਲ ਚੱਲ ਰਿਹਾ ਸੀ। ਅਗਲੇ ਪਲ ਡਾਕ ਵਾਲੇ ਟਰੱਕ ਦਾ ਡਰਾਈਵਰ ਮੂਧੇ ਹੋਏ ਟਰੱਕ ਦੇ ਕੈਬਿਨ ਵਿੱਚੋਂ ਖੂਨ ਨਾਲ ਲਿਬੜੀ ਕੁਆਰਟਰ ਮਾਸਟਰ ਕਪਤਾਨ ਦੀ ਲਾਸ਼ ਕੱਢ ਰਿਹਾ ਸੀ। ਉਸਦਾ ਚਿਹਰਾ, ਜ਼ਾਹਰ ਸੀ, ਟੁੱਟੇ ਸ਼ੀਸ਼ੇ ਨਾਲ਼ ਕੱਟਿਆ ਤੇ ਖਰੂੰਢਿਆਂ ਪਿਆ ਸੀ, ਤੇ ਸਵਾਹ-ਰੰਗਾ ਹੋਇਆ ਪਿਆ ਸੀ ।
ਸੀਨੀਅਰ ਲੈਫ਼ਟੀਨੈਂਟ ਨੇ ਉਸਦੀਆਂ ਪਲਕਾਂ ਚੁੱਕੀਆਂ ਤੇ ਆਪਣੀ ਟੋਪੀ ਲਾਹੁੰਦਾ ਹੋਇਆ ਬੋਲਿਆ: “ਇਹ ਤਾਂ ਮਰ ਚੁੱਕਾ ਹੈ। ਕੋਈ ਹੋਰ ਵੀ ਹੈ?”
“ਹਾਂ, ਡਰਾਈਵਰ,” ਡਾਕ ਵਾਲੇ ਟਰੱਕ ਦੇ ਡਰਾਈਵਰ ਨੇ ਜਵਾਬ ਦਿੱਤਾ।
“ਇੱਥੇ ਖੜ੍ਹੇ ਕੀ ਕਰਦੇ ਹੋ ? ਮਦਦ ਕਰੋ,” ਸੀਨੀਅਰ ਲੈਫ਼ਟੀਨੈਂਟ ਨੇ ਬਦਹਬਾਸ ਹੋਏ ਮੁੰਡੇ ਨੂੰ ਝਾੜਿਆ । “ਕਦੀ ਖੂਨ ਨਹੀਂ ਦੇਖਿਆ ? ਇਸਦੇ ਆਦੀ ਹੋ ਜਾਓ, ਅਕਸਰ ਦੇਖਣਾ ਪਵੇਗਾ।… ਸੋ ਇਹ ਕੰਮ ਕਰਕੇ ਗਏ ਨੇ ਉਹ, ਹੰਟਰ।”
ਡਰਾਈਵਰ ਜਿਊਂਦਾ ਸੀ । ਉਹ ਹੌਲ਼ੀ ਹੌਲ਼ੀ ਕੱਰਾਹ ਰਿਹਾ ਸੀ, ਪਰ ਉਸਦੀਆਂ ਅੱਖਾਂ ਬੰਦ ਸਨ । ਸੱਟ-ਫੇਟ ਦਾ ਉਸ ਉੱਤੇ ਕੋਈ ਨਿਸ਼ਾਨ ਨਹੀਂ ਸੀ, ਪਰ ਪ੍ਰਤੱਖ ਤੌਰ ਉੱਤੇ, ਜਦੋਂ ਗੋਲ਼ੇ ਦੀ ਮਾਰ ਹੇਠ ਟਰੱਕ ਉਲਟ ਕੇ ਖਾਈ ਵਿੱਚ ਜਾ ਡਿੱਗਾ, ਤਾਂ ਡਰਾਈਵਰ ਦੀ ਛਾਤੀ ਜ਼ੋਰ ਦੀ ਸਟੀਅਰਿੰਗ ਵ੍ਹੀਲ ਨਾਲ ਵੱਜੀ ਤੇ ਉਹ ਤਬਾਹ ਹੋਈ ਕੈਬਿਨ ਵਿੱਚ ਫਸ ਗਿਆ। ਸੀਨੀਅਰ ਲੈਫ਼ਟੀਨੈਂਟ ਨੇ ਹੁਕਮ ਦਿੱਤਾ ਕਿ ਉਸਨੂੰ ਚੁੱਕ ਕੇ ਡਾਕ ਵਾਲੇ ਟਰੱਕ ਵਿੱਚ ਲੈ ਆਂਦਾ ਜਾਏ। ਲੈਫ਼ਟੀਨੈਂਟ ਕੋਲ ਸੂਤੀ ਕੱਪੜੇ ਵਿੱਚ ਧਿਆਨ ਨਾਲ ਲਪੇਟਿਆ ਹੋਇਆ ਇੱਕ ਚੁਸਤ, ਨਵਾਂ-ਨਿਕੋਰ ਵੱਡਾ ਕੋਟ ਪਿਆ ਸੀ । ਇਹ ਉਸਨੇ ਜ਼ਖਮੀ ਨੂੰ ਲਿਟਾਉਣ ਲਈ ਵਿੱਛਾ ਦਿੱਤਾ ਟਰੱਕ ਦੇ ਫਰਸ਼ ਉੱਤੇ ਬੈਠ ਗਿਆ ਤੇ ਜ਼ਖਮੀ ਦਾ ਸਿਰ ਆਪਣੇ ਗੋਡਿਆਂ ਉੱਤੇ ਰੱਖ ਲਿਆ।
“ਪੂਰੇ ਜ਼ੋਰ ਨਾਲ ਨਸਾ ਲੈ ਚੱਲ!” ਉਸਨੇ ਹੁਕਮ ਦਿੱਤਾ।
ਜ਼ਖਮੀ ਦੇ ਸਿਰ ਨੂੰ ਬੜੇ ਧਿਆਨ ਨਾਲ ਆਸਰਾ ਦੇਂਦਿਆਂ, ਉਹ ਆਪਣੀ ਕਿਸੇ ਪੁਰਾਣੀ ਯਾਦ ਉੱਤੇ ਮੁਸਕਰਾ ਪਿਆ।
ਸੰਧਿਆ ਹੋ ਚੁੱਕੀ ਸੀ ਜਦੋਂ ਟਰੱਕ ਇੱਕ ਛੋਟੇ ਜਿਹੇ ਪਿੰਡ ਦੀ ਗਲੀ ਵਿੱਚ ਦੌੜ ਰਿਹਾ ਸੀ। ਤਜ਼ਰਬਾਕਾਰ ਅੱਖ ਇੱਕਦਮ ਦੇਖ ਸਕਦੀ ਸੀ ਕਿ ਇਹ ਕਿਸੇ ਛੋਟੇ ਹਵਾਈ ਜਹਾਜ਼ਾਂ ਦੇ ਦਸਤੇ ਦੀ ਕਮਾਨ ਪੋਸਟ ਸੀ । ਬਰਡ-ਚੈਰੀ ਦੀਆਂ ਟਾਹਣਾਂ ਨਾਲ, ਬਾਗ਼ ਦੇ ਸਾਮ੍ਹਣੇ ਖੜੇ ਸੇਬਾਂ ਦੇ ਪਤਲੇ ਪਤਲੇ ਦਰੱਖਤਾਂ ਨਾਲ਼, ਖੂਹਾਂ ਦੇ ਡੰਡਿਆਂ ਨਾਲ ਤੇ ਝਾੜੀਆਂ ਦੇ ਢਾਂਗਿਆਂ ਨਾਲ ਤਾਰਾਂ ਲਟਕ ਰਹੀਆਂ ਸਨ। ਘਰਾਂ ਦੇ ਨੇੜੇ ਤੂੜੀ ਵਾਲੀਆਂ ਛੱਤਾਂ ਵਾਲ਼ੇ ਢਾਰਿਆਂ ਵਿੱਚ, ਜਿਥੇ ਕਿਸਾਨ ਅਕਸਰ ਆਪਣੇ ਗੱਡੇ ਤੇ ਖੇਤੀ ਦੇ ਔਜ਼ਾਰ ਰੱਖਦੇ ਸਨ, ਟੁੱਟੀਆਂ ਭੱਜੀਆਂ “ਏਮਚਕਾ” ਤੇ ਜੀਪਾਂ ਪਈਆਂ ਦੇਖੀਆਂ ਜਾ ਸਕਦੀਆਂ ਸਨ। ਕਿਤੇ, ਕਿਤੇ, ਛੋਟੀਆਂ ਛੋਟੀਆਂ ਝੁੱਗੀਆਂ ਦੀਆਂ ਬਾਰੀਆਂ ਦੇ ਮੱਧਮ ਸ਼ੀਸ਼ਿਆਂ ਵਿੱਚੋਂ ਨੀਲੀਆਂ ਫੀਤੀਆਂ ਵਾਲੀਆਂ ਪੀ-ਕੈਪਾਂ ਪਾਈ ਫ਼ੌਜੀ ਦੇਖੇ ਜਾ ਸਕਦੇ ਸਨ ਤੇ ਟਾਈਪ ਰਾਈਟਰਾਂ ਦੀ ਠਕ-ਠਕ ਸੁਣਾਈ ਦੇਂਦੀ ਸੀ; ਤੇ ਘਰਾਂ ਤੋਂ, ਜਿਥੇ ਤਾਰਾਂ ਦਾ ਜਾਲ ਇਕੱਠਾ ਹੁੰਦਾ ਸੀ, ਤਾਰ-ਯੰਤਰਾਂ ਦੀ ਬਕਾਇਦਾ ਟਿਕ-ਟਿਕ ਸੁਣਾਈ ਦਿੰਦੀ ਸੀ।
ਇਹ ਪਿੰਡ ਛੋਟੀਆਂ ਵੱਡੀਆਂ ਸੜਕਾਂ ਤੋਂ ਲਾਂਭੇ ਕਰਕੇ ਸਥਿਤ ਸੀ ਤੇ ਇੰਝ ਲੱਗਦਾ ਸੀ ਕਿ ਇਹ ਹੁਣ ਉਜਾੜ ਕੇ ਜੰਗਲੀ ਬੂਟੀਆਂ ਨਾਲ ਢੱਕੀ ਥਾਂ ਉੱਤੇ ਪੁਰਾਣੇ ਦੀ ਨਿਸ਼ਾਨੀ ਵਜੋਂ ਬਚ ਰਿਹਾ ਸੀ, ਇਹ ਦਿਖਾਉਣ ਲਈ ਕਿ ਹਿਟਲਰ ਦੇ ਹਮਲੇ ਤੋਂ ਪਹਿਲਾਂ ਇਹਨਾਂ ਥਾਵਾਂ ਉੱਤੇ ਰਹਿਣਾ ਕਿੰਨਾਂ ਚੰਗਾ ਹੁੰਦਾ ਸੀ। ਇੱਥੋਂ ਤੱਕ ਕਿ ਛੋਟਾ ਜਿਹਾ ਛੱਭ ਵੀ, ਜਿਸ ਉੱਪਰ ਹੁਣ ਪੀਲੀ ਪੀਲੀ ਕਾਈ ਜੰਮੀ ਹੋਈ ਸੀ, ਪਾਣੀ ਨਾਲ ਭਰਿਆ ਹੋਇਆ ਸੀ । ਇਹ ਪੁਰਾਣੇ ਨਰਮੇ ਦੀ ਛਾਂ ਹੇਠ ਇੱਕ ਠੰਡਾ, ਲਿਸ਼ਕਵਾ ਥਾਂ ਸੀ, ਤੇ ਕਾਈ ਦੇ ਗੁੱਛਿਆਂ ਵਿੱਚੋਂ ਆਪਣਾ ਰਾਹ ਬਣਾਉਂਦਾ ਹੋਇਆ, ਖੰਭ ਸਾਫ਼ ਕਰਦਾ ਤੇ ਪਾਣੀ ਉਡਾ ਕੇ ਆਪਣੇ ਉੱਤੇ ਪਾਉਂਦਾ, ਦੁੱਧ-ਚਿੱਟੇ, ਲਾਲ ਚੁੰਝਾਂ ਵਾਲੇ ਹੰਸਾਂ ਦਾ ਜੋੜਾ ਤਰ ਰਿਹਾ ਸੀ । ਜ਼ਖਮੀ ਨੂੰ ਉਸ ਝੁੱਗੀ ਵਿੱਚ ਲਿਜਾਇਆਂ ਗਿਆ ਜਿਸ ਉੱਤੇ ਰੈਡ ਕਰਾਸ ਦਾ ਝੰਡਾ ਲੱਗਾ ਹੋਇਆ ਸੀ। ਫਿਰ ਟਰੱਕ ਪਿੰਡ ਵਿੱਚੋਂ ਦੀ ਲੰਘਦਾ ਪਿੰਡ ਦੇ ਸਕੂਲ ਦੀ ਸਾਫ਼-ਸੁਥਰੀ ਨਿੱਕੀ ਜਿਹੀ ਇਮਾਰਤ ਸਾਮ੍ਹਣੇ ਆ ਖੜੋਤਾ । ਟੁੱਟੀ ਬਾਰੀ ਵਿੱਚੋਂ ਅੰਦਰ ਜਾਂਦੀਆਂ ਅਣਗਿਣਤ ਤਾਰਾਂ ਤੋਂ ਮਸ਼ੀਨ-ਗੰਨ ਨਾਲ ਲੈਸ ਡਿਉੜੀ ਵਿੱਚ ਖੜੇ ਸੰਤਰੀ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਇਹ ਸਟਾਫ਼ ਹੈੱਡਕੁਆਰਟਰ ਹੈ।
“ਮੈਂ ਵਿੰਗ ਕਮਾਂਡਰ ਨੂੰ ਮਿਲਣਾ ਚਾਹੁੰਦਾ ਹਾਂ,” ਸੀਨੀਅਰ ਲੈਫ਼ਟੀਨੈਂਟ ਨੇ ਅਰਦਲੀ ਨੂੰ ਕਿਹਾ, ਜਿਹੜਾ ਖੁੱਲ੍ਹੀ ਬਾਰੀ ਕੋਲ ਬੈਠਾ ਰਸਾਲੇ ਵਿੱਚੋਂ ਕਿਸੇ ਕਰਾਸ-ਵਰਡ ਦੀ ਅੜਾਉਣੀ ਹੱਲ ਕਰ ਰਿਹਾ ਸੀ।
ਮੁੰਡਾ ਸੀਨੀਅਰ ਲੈਫ਼ਟੀਨੈਂਟ ਦੇ ਮਗਰ ਮਗਰ ਹੀ ਆ ਗਿਆ ਸੀ । ਉਸਨੇ ਦੇਖਿਆ ਕਿ ਇਮਾਰਤ ਵਿੱਚ ਦਾਖਲ ਹੋਣ ਲੱਗਿਆਂ, ਸੀਨੀਅਰ ਲੈਫ਼ਟੀਨੈਂਟ ਨੇ ਸੁਭਾਉਕੀ ਹੀ ਆਪਣੀ ਵਰਦੀ ਨੂੰ ਅਗਲੇ ਪਾਸਿਉਂ ਖਿੱਚ ਕੇ ਸਿੱਧਾ ਕੀਤਾ, ਆਪਣੇ ਅੰਗੂਠਿਆਂ ਨਾਲ ਪੇਟੀ ਹੇਠ ਇਸਦੀਆਂ ਭਾਨਾਂ ਨੂੰ ਠੀਕ ਠਾਕ ਕੀਤਾ ਤੇ ਕਾਲਰ ਦੇ ਬਟਨ ਬੰਦ ਕੀਤੇ। ਉਸਨੇ ਵੀ ਉਸੇ ਵੇਲੇ ਉਹੋ ਕੁਝ ਕੀਤਾ। ਉਸਨੂੰ ਆਪਣਾ ਇਹ ਚੁੱਪ-ਚਾਪ ਜਿਹਾ ਸਾਥੀ ਬਹੁਤ ਚੰਗਾ ਲੱਗਣ ਲੱਗ ਪਿਆ ਸੀ, ਤੇ ਹਰ ਗੱਲ ਵਿੱਚ ਉਹ ਉਸਦੀ ਨਕਲ ਕਰਨ ਦੀ ਕੋਸ਼ਿਸ਼ ਕਰਦਾ ਸੀ।
“ਕਰਨਲ ਸਾਹਿਬ ਰੁਝੇ ਹੋਏ ਨੇ,” ਅਰਦਲੀ ਨੇ ਜਵਾਬ ਦਿੱਤਾ।
“ਉਹਨਾਂ ਨੂੰ ਕਹੋ ਕਿ ਵਾਯੂ ਸੈਨਾ ਦੇ ਸਟਾਫ਼ ਹੈੱਡਕੁਆਰਟਰ ਦੇ ਅਮਲਾ ਵਿਭਾਗ ਦੇ ਫ਼ੌਰੀ ਪੈਕਟ ਉਹਨਾਂ ਲਈ ਲੈ ਕੇ ਆਇਆ ਹਾਂ।”
“ਤੁਹਾਨੂੰ ਉਡੀਕਣਾ ਪਵੇਗਾ: ਉਹਨਾਂ ਨੂੰ ਵਾਯੂ ਸੈਨਾ ਦਾ ਜਸੂਸੀ ਅਮਲਾ ਰਿਪੋਰਟ ਦੇ ਰਿਹਾ ਹੈ। ਉਹਨਾਂ ਨੇ ਕਿਹਾ ਸੀ ਕਿ ਕੋਈ ਦਖਲ ਨਾ ਦੇਵੇ | ਜਾਓ ਜਾ ਕੇ ਬਾਹਰ ਬਾਗ ਵਿੱਚ ਕੁਝ ਦੇਰ ਉਡੀਕੋ।”
ਅਰਦਲੀ ਫਿਰ ਕਰਾਸ-ਵਰਡ ਹੱਲ ਕਰਨ ਵਿੱਚ ਮਗਨ ਹੋ ਗਿਆ। ਨਵੇਂ ਆਏ ਬੰਦੇ ਬਾਗ਼ ਵਿੱਚ ਚਲੇ ਗਏ ਤੇ ਫੁੱਲਾਂ ਦੀ ਕਿਆਰੀ ਦੇ ਕੋਲ ਪਏ ਇੱਕ ਪੁਰਾਣੇ ਬੈਂਚ ਉੱਤੇ ਜਾ ਬੈਠੇ; ਇਸ ਕਿਆਰੀ ਦੇ ਦੁਆਲੇ ਇੱਟ ਦਾ ਬੜੇ ਧਿਆਨ ਨਾਲ ਹਾਸ਼ੀਆ ਬਣਾਇਆ ਗਿਆ ਸੀ, ਪਰ ਹੁਣ ਇਹ ਬੇਧਿਆਨੀ ਪਈ ਸੀ ਤੇ ਇਸ ਉੱਤੇ ਘਾਹ ਉਗਿਆ ਹੋਇਆ ਸੀ। ਜੰਗ ਤੋਂ ਪਹਿਲਾਂ, ਇਹੋ ਜਿਹੀਆਂ ਸ਼ਾਂਤ ਹੁਨਾਲੀ ਸ਼ਾਮਾਂ ਨੂੰ, ਪਿੰਡ ਦੀ ਬੁੱਢੀ ਸਕੂਲ ਅਧਿਆਪਕਾ ਆਪਣੇ ਦਿਹਾੜੀ ਦੇ ਕੰਮ ਪਿੱਛੋਂ ਜ਼ਰੂਰ ਇਥੇ ਆ ਕੇ ਅਰਾਮ ਕਰਦੀ ਹੋਵੇਗੀ।
ਖੁੱਲ੍ਹੀਆਂ ਬਾਰੀਆਂ ਵਿੱਚੋਂ ਆ ਰਹੀਆਂ ਦੋ ਅਵਾਜ਼ਾਂ ਸਪਸ਼ਟ ਸੁਣਾਈ ਦੇਂਦੀਆਂ ਸਨ। ਕੋਈ
ਬੈਠੀ ਹੋਈ ਤੇ ਉਤੇਜਿਤ ਅਵਾਜ਼ ਵਿੱਚ ਰਿਪੋਰਟ ਕਰ ਰਿਹਾ ਸੀ:
ਇਸ ਸੜਕ ਉੱਤੇ, ਤੇ ਇਸ ਉੱਤੇ, ਜਿਹੜੀ ਬੋਲਸ਼ੋਯੇ ਗੋਰੋਖੋਵੋ ਤੇ ਕਰੇਸਤੋਵੋਜ਼ਦਵੀਜ਼ੇਨਸਕੀ ਕਬਰਿਸਤਾਨ ਵੱਲ ਨੂੰ ਜਾਂਦੀ ਹੈ, ਬਹੁਤ ਜ਼ਿਆਦਾ ਆਵਾਜਾਈ ਚੱਲ ਰਹੀ ਹੈ, ਟਰੱਕਾਂ ਦੀਆਂ ਨਿਰੰਤਰ ਕਤਾਰਾਂ, ਸਾਰੀਆਂ ਇੱਕੋ ਪਾਸੇ ਵੱਲ ਜਾ ਰਹੀਆਂ- ਮਹਾਜ਼ ਵੱਲ । ਇੱਥੇ ਬਿਲਕੁਲ ਗਿਰਜੇ ਦੇ ਇਹਾਤੇ ਦੇ ਨੇੜੇ, ਇੱਕ ਫਲਾਣੀ ਥਾਂ ਉਤੇ, ਟਰੱਕ ਨੇ, ਤੇ ਟੈਂਕ ਨੇ! ਮੇਰਾ ਖਿਆਲ ਹੈ ਕਿ ਉਥੇ ਇੱਕ ਭਾਰੀ ਦਸਤਾ ਇਕੱਠਾ ਹੋਇਆ ਹੋਇਆ ਹੈ।”
“ਤੁਹਾਡਾ ਐਸਾ ਖਿਆਲ ਕਿਉਂ ਹੈ?” ਇਕ ਮੋਟੀ ਅਵਾਜ਼ ਨੇ ਵਿੱਚੋਂ ਟੋਕਿਆ.
“ਉਥੇ ਸਾਨੂੰ ਬਹੁਤ ਸਖ਼ਤ ਰਾਹ ਰੋਕੂ ਗੋਲਾਬਾਰੀ ਦਾ ਸਾਮ੍ਹਣਾ ਕਰਨਾ ਪਿਆ। ਮਸਾਂ ਹੀ ਬਚ ਕੇ ਨਿੱਕਲੇ । ਕੱਲ ਇੱਥੇ ਕੁਝ ਵੀ ਨਹੀਂ ਸੀ, ਸਿਵਾਏ ਇਸਦੇ ਕਿ ਕੁਝ ਰਸੋਈਆਂ ਤੋਂ ਧੂੰਆਂ ਨਿੱਕਲ ਰਿਹਾ ਸੀ । ਮੈਂ ਬਿਲਕੁਲ ਛੱਤਾਂ ਦੇ ਨਾਲ ਨਾਲ ਉਡਿਆ ਸਾਂ ਤੇ ਗੋਲੀਆਂ ਵਰ੍ਹਾਈਆਂ ਸਨ, ਸਿਰਫ਼ ਚੇਤਾਵਨੀ ਵਜੋਂ। ਪਰ ਅੱਜ, ਉਹ ਉਥੇ ਕਿੱਥੋਂ ਆ ਗਏ! ਉਹ ਗੋਲ਼ਾਬਾਰੀ ਹੋਈ ।… ਜ਼ਾਹਰ ਹੈ ਕਿ ਉਹ ਮਹਾਜ਼ ਵੱਲ ਨੂੰ ਜਾ ਰਹੇ ਹਨ।”
“ਤੇ ‘ਜ਼’ ਹਲਕੇ ਬਾਰੇ ਕੀ ਖਿਆਲ ਹੈ ?”
“ਉਥੇ ਵੀ ਕੁਝ ਨਕਲੋ-ਹਰਕਤ ਚਲ ਰਹੀ, ਪਰ ਏਨੀਂ ਨਹੀਂ । ਇਥੇ, ਜੰਗਲ ਦੇ ਨੇੜੇ, ਟੈਂਕਾਂ ਦਾ ਇੱਕ ਭਾਰੀ ਦਸਤਾ ਵਧ ਰਿਹਾ ਹੈ। ਲਗਭਗ ਸੌ ਟੈਂਕ । ਲਗਭਗ ਪੰਜ ਕਿਲੋਮੀਟਰ ਉੱਤੇ ਕਤਾਰਾਂ ਬਣਾ ਕੇ ਫੈਲੇ ਹੋਏ ਹਨ, ਤੇ ਦਿਨ-ਦੀਵੀਂ ਵਧ ਰਹੇ ਹਨ, ਬਿਨਾਂ ਕੈਮਾਫ਼ਲਾਜ਼ ਦੇ । ਸ਼ਇਦ ਇਹ ਧੋਖਾ ਦੇਣ ਲਈ ਕੀਤਾ ਜਾ ਰਿਹੈ। ਇੱਥੇ, ਇੱਥੇ ਤੇ ਇੱਥੇ ਸਾਨੂੰ ਤੋਪਖਾਨਾ ਦਿੱਸਿਆ, ਮਹਾਜ਼ ਰੇਖਾ ਦੇ ਬਿਲਕੁਲ ਨੇੜੇ। ਤੇ ਅਸਲਾਖਾਨੇ। ਲੱਕੜੀ ਦੇ ਢੇਰਾਂ ਨਾਲ ਕੈਮਾਫਲਾਜ ਕੀਤੇ ਹੋਏ । ਕੱਲ ਉਹ ਉਥੇ ਨਹੀ ਸਨ। ਭਾਰੀ ਅਸਲਾਖਾਨੇ ਨੇ!”
“पॅम ?”
“ਬੱਸ, ਸਾਥੀ ਕਰਨਲ । ਕੀ ਮੈਂ ਲਿਖਤੀ ਰਿਪੋਰਟ ਦੇਵਾਂ?”
“ਕੈਸੀ ਲਿਖਤੀ ਰਿਪੋਰਟ ? ਹੁਣੇ ਫ਼ੌਜੀ ਹੈੱਡ ਕੁਆਰਟਰਜ਼ ਵੱਲ ਜਾਓ। ਪਤੈ, ਇਸਦਾ ਮਤਲਬ ਕੀ ਹੈ ? ਹੇ ਅਰਦਲੀ ! ਮੇਰੀ ਕਾਰ ! ਕਪਤਾਨ ਨੂੰ ਵਾਯੂਸੈਨਾ ਦੇ ਹੈੱਡ ਕੁਆਰਟਰਜ਼ ਵੱਲ ਭੇਜੋ।”
ਕਰਨਲ ਦਾ ਦਫ਼ਤਰ ਜਮਾਤ ਦੇ ਇੱਕ ਵੱਡੇ ਕਮਰੇ ਵਿੱਚ ਸੀ। ਇਸ ਕਮਰੇ ਵਿੱਚ, ਜਿਸਦੀਆਂ ਕੰਧਾਂ ਸੱਖਣੀਆਂ ਸਨ ਤੇ ਛਤੀਰੀਆਂ ਦੀਆਂ ਬਣੀਆਂ ਹੋਈਆਂ ਸਨ, ਸਾਰਾ ਫਰਨੀਚਰ ਇੱਕ ਮੇਜ਼ ਸੀ, ਜਿਸ ਉੱਤੇ ਫੀਲਫ ਟੈਲੀਫੂਨਾਂ ਦੇ ਚਮੜੇ ਦੇ ਕੋਸ਼ ਪਏ ਹੋਏ ਸਨ, ਇੱਕ ਵੱਡਾ ਸਾਰਾ ਹਵਾਬਾਜ਼ੀ ਵੇਲੇ ਦੇ ਨਕਸ਼ੇ ਦਾ ਕੇਸ ਤੇ ਇੱਕ ਨਕਸ਼ਾ ਸੀ, ਤੇ ਇੱਕ ਲਾਲ ਪੈਨਸਿਲ ਪਈ ਸੀ। ਕਰਨਲ ਇੱਕ ਮਧਰਾ, ਚੁਸਤ-ਫੁਰਤ, ਗਠੇ ਸਰੀਰ ਵਾਲ਼ਾ ਬੰਦਾ ਸੀ, ਤੇ ਹੱਥਾਂ ਨੂੰ ਪਿੱਠ ਪਿੱਛੇ ਕਰਕੇ ਕਮਰੇ ਵਿੱਚ ਇੱਧਰ-ਉਧਰ ਟਹਿਲ ਰਿਹਾ ਸੀ। ਆਪਣੀਆਂ ਸੋਚਾਂ ਵਿੱਚ ਡੁੱਬਾ, ਉਹ ਵਾਯੂਸੈਨਿਕਾਂ ਕੋਲੋਂ ਲੰਘਿਆ ਜਿਹੜੇ ਸਾਵਧਾਨ ਹਾਲਤ ਵਿੱਚ ਖੜੇ ਸਨ । ਇੱਕਦਮ ਉਹ ਉਹਨਾਂ ਸਾਮ੍ਹਣੇ ਰੁਕਿਆ ਤੇ ਸਵਾਲੀਆ ਨਜ਼ਰਾਂ ਨਾਲ ਉਹਨਾਂ ਵੱਲ ਦੇਖਣ ਲੱਗਾ।
“ਸੀਨੀਅਰ ਲੈਫ਼ਟੀਨੈਂਟ ਅਲੈਕਸੇਈ ਮਰੇਸੇਯੇਵ” ਸਾਂਵਲੇ ਅਫ਼ਸਰ ਨੇ ਆਪਣੀਆਂ ਅੱਡੀਆਂ ਖੜਕਾਉਂਦਿਆਂ ਦੇ ਸਲੂਟ ਮਾਰਦਿਆਂ ਕਿਹਾ। ਮੈਨੂੰ ਆਪ ਦੀ ਕਮਾਨ ਵਿੱਚ ਭੇਜਿਆ ਗਿਆ ਹੈ।”
“ਸਾਰਜੰਟ ਮੇਜਰ ਅਲੈਕਸਾਂਦਰ ਪਿਤਰੋਵ”, ਨੌਜਵਾਨ ਨੇ ਆਪਣੇ ਫ਼ੌਜੀ ਬੂਟਾਂ ਦੀਆਂ ਅੱਡੀਆਂ ਨੂੰ ਹੋਰ ਵੀ ਜ਼ੋਰ ਦੀ ਮਾਰਦਿਆਂ ਹੋਰ ਵੀ ਵਧੇਰੇ ਚੁਸਤੀ ਨਾਲ ਸਲੂਟ ਮਾਰਨ ਦੀ ਕੋਸ਼ਿਸ਼ ਕਰਦਿਆਂ ਕਿਹਾ।
“ਵਿੰਗ ਕਮਾਂਡਰ, ਕਰਨੈਲ ਈਵਾਨੋਵ”, ਮੁਖੀ ਜਵਾਬ ਵਿੱਚ ਬੜ੍ਹਕਿਆ।
“ਕੋਈ ਪੈਕਟ ?”
ਪੂਰੀ ਸ਼ੁਧਤਾਈ ਨਾਲ ਹਰਕਤ ਕਰਦਿਆਂ ਮਰੇਸੇਯੇਵ ਨੇ ਆਪਣੇ ਨਕਸ਼ਾ ਰੱਖਣ ਵਾਲ਼ੇ ਕੇਸ ਵਿੱਚੋਂ ਪੈਕਟ ਕੱਢਿਆਂ ਤੇ ਕਰਨੈਲ ਵੱਲ ਵਧਾਇਆ। ਕਰਨੈਲ ਨੇ ਜਲਦੀ ਜਲਦੀ ਸੰਖੇਪ ਸੰਦੇਸ਼ ਉੱਤੇ ਨਜ਼ਰ ਫੇਰੀ, ਨਵੇਂ ਆਇਆਂ ਉੱਤੇ ਇੱਕ ਤੇਜ਼, ਘੋਖਵੀਂ ਨਜ਼ਰ ਸੁੱਟੀ ਤੇ ਬੋਲਿਆ:
“ਠੀਕ ਹੈ, ਬਿਲਕੁਲ ਵਕਤ ਸਿਰ ਆਏ ਹੋ। ਪਰ ਉਹਨਾਂ ਨੇ ਏਨੇਂ ਘੱਟ ਬੰਦੇ ਕਿਉਂ ਭੇਜੇ ਨੇ ?” ਇੱਕਦਮ ਉਸਦੇ ਚਿਹਰੇ ਉੱਤੇ ਹੈਰਾਨੀ ਦਾ ਹਾਵ-ਭਾਵ ਆ ਗਿਆ ਜਿਵੇਂ ਕਿ ਉਸਨੂੰ ਕੋਈ ਗੱਲ ਯਾਦ ਆ ਗਈ ਹੋਵੇ । ‘ਮੁਆਫ਼ ਕਰਨਾ, ਤੁਹਾਡਾ ਨਾਂ ਹੀ ਮਰੇਸੇਯੇਵ ਹੈ? ਤੁਹਾਡੇ ਬਾਰੇ ਮੈਨੂੰ ਵਾਯੂਸੈਨਾ ਸਦਰ ਦੇ ਮੁਖੀ ਨੇ ਟੈਲੀਫੂਨ ਕੀਤਾ ਸੀ । ਉਸਨੇ ਮੈਨੂੰ ਚੇਤਾਵਨੀ ਦਿੱਤੀ ਸੀ ਕਿ ਤੁਸੀਂ… ”
“ਇਹ ਕੋਈ ਮਹੱਤਵਪੂਰਨ ਗੱਲ ਨਹੀਂ, ਸਾਥੀ ਕਰਨਲ,” ਅਲੈਕਸੇਈ ਨੇ ਵਿੱਚੋਂ ਟੋਕਿਆ, ਜੋ ਕਿ ਬਹੁਤੀ ਸਲੀਕੇ ਵਾਲੀ ਗੱਲ ਨਹੀਂ ਸੀ । “ਮੈਨੂੰ ਆਪਣੀ ਡਿਊਟੀ ਉੱਤੇ ਜਾਣ ਦੀ ਆਗਿਆ ਦਿਓ।”
ਕਰਨੈਲ ਨੇ ਉਤਸੁਕਤਾ ਨਾਲ ਸੀਨੀਅਰ ਲੈਫ਼ਟੀਨੈਂਟ ਵੱਲ ਤੱਕਿਆ ਤੇ ਹਾਂ ਵਿੱਚ ਸਿਰ ਮਾਰਦਿਆਂ, ਸਹਿਮਤੀ ਵਾਲੀ ਮੁਸਕਾਣ ਨਾਲ ਕਹਿਣ ਲੱਗਾ:
“ਠੀਕ। ਅਰਦਲੀ ! ਇਹਨਾਂ ਨੂੰ ਚੀਫ ਆਫ਼ ਸਟਾਫ਼ ਕੋਲ ਲੈ ਜਾਓ ਤੇ ਮੇਰੇ ਵੱਲੋਂ ਹੁਕਮ ਦਿਓ ਕਿ ਇਹਨਾਂ ਨੂੰ ਖਾਣਾ ਦਿੱਤਾ ਜਾਏ ਤੇ ਰਹਿਣ ਲਈ ਟਿਕਾਣਾ ਦਿੱਤਾ ਜਾਏ । ਕਹੋ ਕਿ ਇਹਨਾਂ ਨੂੰ ਗਾਰਦਾਂ ਦੇ ਕਪਤਾਨ ਚਿਸਲੋਵ ਦੇ ਸੁਕਾਡਰਨ ਵਿੱਚ ਰੱਖਿਆ ਜਾਵੇ ।”
ਪਿਤਰੋਵ ਨੂੰ ਵਿੰਗ ਕਮਾਂਡਰ ਬਹੁਤਾ ਹੀ ਬਖੇੜੇ ਵਾਲ਼ਾ ਲੱਗਾ । ਮਰੇਸੇਯੇਵ ਨੂੰ ਉਹ ਚੰਗਾ ਲੱਗਾ ਸੀ । ਇਹੋ ਜਿਹੇ ਆਦਮੀ- ਚੁਸਤ-ਫੁਰਤ, ਇੱਕਦਮ ਮਾਮਲੇ ਨੂੰ ਸਮਝਣ ਦੇ ਯੋਗ, ਸਪਸ਼ਟ ਸੋਚਣੀ ਦੇ ਤੇ ਦ੍ਰਿੜ੍ਹ ਫੈਸਲੇ ਕਰਨ ਦੇ ਸਮਰੱਥ – ਅਲੈਕਸੇਈ ਦੇ ਦਿਲ ਨੂੰ ਇੱਕਦਮ ਭਾਅ ਜਾਂਦੇ ਸਨ । ਬਾਗ ਵਿੱਚ ਬੈਠਿਆਂ ਉਸਨੇ ਹਵਾਈ ਜਸੂਸ ਦੀ ਜਿਹੜੀ ਰਿਪੋਰਟ ਸੁਣੀ ਸੀ, ਉਹ ਉਸਦੇ ਦਿਮਾਗ ਉੱਤੇ ਉੱਕਰੀ ਗਈ ਸੀ । ਬਹੁਤ ਸਾਰੀਆਂ ਨਿਸ਼ਾਨੀਆਂ ਤੋਂ, ਜਿਨ੍ਹਾਂ ਤੋਂ ਇੱਕ ਫ਼ੌਜੀ ਬੰਦਾ ਕੁਝ ਸਮਝ ਸਕਦਾ ਸੀ-ਫ਼ੌਜੀ, ਹੈੱਡਕੁਆਰਟਰ ਤੋਂ ਤੁਰਨ ਤੋਂ ਮਗਰੋਂ ਉਹਨਾਂ ਨੇ ਜਿਹੜੀਆਂ ਸੜਕਾਂ ਕੱਛੀਆਂ ਸਨ, ਉਹਨਾਂ ਉਪਰਲੀ ਭੀੜ ਤੋਂ, ਇਸ ਤੱਥ ਤੋਂ ਕਿ ਰਾਤ ਵੇਲੇ ਸੜਕ ਉਪਰਲੇ ਸੰਤਰੀਆਂ ਨੇ ਕਰੜੀ ਤਰ੍ਹਾਂ ਬਲੈਕ ਆਊਟ ਕਰਨ ਉੱਤੇ ਜ਼ੋਰ ਦਿੱਤਾ ਸੀ ਤੇ ਡਰਾਵਾ ਦਿੱਤਾ ਸੀ ਕਿ ਉਹ ਕਿਹਾ ਨਾ ਮੰਨਣ ਵਾਲਿਆਂ ਦੇ ਟਾਇਰਾਂ ਵਿੱਚ ਗੋਲੀਆਂ ਮਾਰ ਦੇਣਗੇ, ਟੈਂਕਾਂ, ਟਰੱਕਾਂ ਤੇ ਤੋਪਖਾਨੇ ਦੇ ਕੇਂਦਰਿਤ ਹੋਣ ਕਾਰਨ ਵੱਡੀਆਂ ਸੜਕਾਂ ਦੇ ਲਾਂਭ-ਚਾਂੜ ਦੇ ਬਰਚੇ ਦੇ ਜੰਗਲਾਂ ਵਿੱਚ ਖੱਪ ਤੇ ਭੀੜ-ਭਾੜ ਤੋਂ, ਤੇ ਇਸ ਤੱਥ ਤੋਂ ਕਿ ਮਹਾਜ਼ ਨੂੰ ਜਾਂਦੀ ਸੁੰਝੀ ਸੜਕ ਉੱਤੇ ਵੀ ਉਹਨਾਂ ਉੱਪਰ ਜਰਮਨ “ਹੰਟਰਾਂ” ਨੇ ਹਮਲਾ ਕਰ ਦਿੱਤਾ ਸੀ। ਮਰੇਸੇਯੇਵ ਨੇ ਅੰਦਾਜ਼ਾ ਲਾ ਲਿਆ ਕਿ ਮਹਾਜ਼ ਉਪਰਲੀ ਚੁੱਪ-ਚਾਂ ਖ਼ਤਮ ਹੋਣ ਵਾਲ਼ੀ ਹੈ, ਕਿ ਜਰਮਨ ਇਸ ਖੇਤਰ ਵਿੱਚ ਆਪਣਾ ਨਵਾਂ ਵਾਰ ਕਰਨ ਵਾਲੇ ਹਨ, ਕਿ ਇਹ ਵਾਰ ਜਲਦੀ ਹੀ ਹੋਣ ਵਾਲ਼ਾ ਹੈ, ਕਿ ਲਾਲ ਫ਼ੌਜ ਦੀ ਕਮਾਨ ਇਸਤੋਂ ਜਾਣੂ ਹੈ ਤੇ ਇਸਦਾ ਢੁਕਵਾਂ ਜਵਾਬ ਦੇਣ ਲਈ ਪਹਿਲਾਂ ਹੀ ਤਿਆਰ ਖੜ੍ਹੀ ਹੈ।
2
ਬੇਚੈਨ ਸੀਨੀਅਰ ਲੈਫ਼ਟੀਨੈਂਟ ਨੇ ਪਿਤਰੋਵ ਨੂੰ ਖਾਣੇ ਵੇਲੇ ਤੀਜੇ ਕੋਰਸ ਦੀ ਵੀ ਉਡੀਕ ਨਾ ਕਰਨ ਦਿੱਤੀ। ਉਹ ਛਾਲ ਮਾਰ ਕੇ ਪੈਟਰੋਲ ਦੇ ਟਰੱਕ ਉੱਤੇ ਬੈਠ ਗਏ ਜਿਹੜਾ ਹਵਾਈ ਅੱਡੇ ਵੱਲ ਹੀ ਜਾ ਰਿਹਾ ਸੀ । ਹਵਾਈ ਅੱਡਾ ਪਿੰਡ ਦੇ ਬਾਹਰਵਾਰ ਇੱਕ ਚਰਾਗਾਹ ਵਿੱਚ ਸੀ। ਇਥੇ ਨਵੇਂ ਆਇਆਂ ਨੇ ਗਾਰਦਾਂ ਦੇ ਸੁਕਾਡਰਨ ਲੀਡਰ ਕਪਤਾਨ ਚਿਸਲੋਵ ਨਾਲ ਜਾਣ ਪਛਾਣ ਕੀਤੀ, ਜਿਹੜਾ ਤਿਉੜੀਆਂ-ਵੱਟੀ, ਚੁੱਪ-ਚਾਪ, ਪਰ ਬੇਹੱਦ ਚੰਗੇ ਸੁਭਾਅ ਵਾਲਾ ਬੰਦਾ ਸੀ । ਬਿਨਾਂ ਬਹੁਤੀ ਗੱਲਬਾਤ ਦੇ ਉਹ ਉਹਨਾਂ ਨੂੰ ਘਾਹ ਨਾਲ ਢਕੇ ਹੋਏ ਮਿੱਟੀ ਦੇ ਬਣੇ ਢਾਰਿਆਂ ਵਿੱਚ ਲੈ ਗਿਆ ਜਿਨ੍ਹਾਂ ਵਿੱਚ ਦੋ ਬਿਲਕੁਲ ਨਵੇਂ, ਪਾਲਿਸ਼ ਨਾਲ਼ ਲਿਸ਼ਕ ਰਹੇ, ਨੀਲ਼ੇ “ਲਾ-5” ਖੜ੍ਹੇ ਸਨ ਜਿਨ੍ਹਾਂ ਦੇ ਉੱਤੇ ਨੰਬਰ “11” ਤੇ “12” ਲਿਖਿਆ ਹੋਇਆ ਸੀ। ਇਹ ਸਨ ਮਸ਼ੀਨਾਂ ਜਿਨ੍ਹਾਂ ਨੂੰ ਨਵੇਂ ਆਇਆਂ ਨੇ ਉਡਾਉਣਾ ਸੀ | ਬਾਅਦ- ਦੁਪਹਿਰ ਦਾ ਬਾਕੀ ਸਮਾਂ ਉਹਨਾਂ ਨੇ ਮਹਿਕ ਛੱਡ ਰਹੇ ਬਰਚੇ ਦੇ ਜੰਗਲ ਵਿੱਚ ਕੱਟਿਆ, ਜਿੱਥੇ ਹਵਾਈ ਜਹਾਜ਼ਾਂ ਦੀ ਗਰਜ ਵੀ ਪੰਛੀਆਂ ਦੇ ਸਹਿਗਾਣਾਂ ਨੂੰ ਖ਼ਤਮ ਨਹੀਂ ਸੀ ਕਰ ਸਕਦੀ; ਤੇ ਉਹ ਮਸ਼ੀਨਾਂ ਦਾ ਨਿਰੀਖਣ ਕਰਦੇ ਰਹੇ, ਨਵੇਂ ਮਕੈਨਿਕਾਂ ਨਾਲ ਗੱਪ-ਪ ਕਰਦੇ ਰਹੇ ਤੇ ਵਿੰਗ ਦੀ ਜ਼ਿੰਦਗੀ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਰਹੇ।
ਉਹ ਆਪਣੇ ਕੰਮ ਵਿੱਚ ਇੰਝ ਮਗਨ ਸਨ ਕਿ ਉਹ ਆਖ਼ਰੀ ਟਰੱਕ ਵਿੱਚ ਬੈਠ ਕੇ ਪਿੰਡ ਮੁੜੇ ਜਦੋਂ ਹਨੇਰਾ ਹੋ ਚੁੱਕਾ ਸੀ, ਤੇ ਸ਼ਾਮ ਦਾ ਖਾਣਾ ਖਾਧਾ ਜਾ ਚੁੱਕਾ ਸੀ । ਪਰ ਇਸਦਾ ਉਹਨਾਂ ਨੂੰ ਬਹੁਤਾ ਫ਼ਿਕਰ ਨਹੀਂ ਸੀ। ਆਪਣੇ ਕਿੱਟ-ਬੈਗਾਂ ਵਿੱਚ ਉਹਨਾਂ ਕੋਲ ਆਪਣਾ ਬਚਿਆ ਕੁਝ ਸੁੱਕਾ ਰਾਸ਼ਨ ਸੀ, ਜਿਹੜਾ ਸਫ਼ਰ ਲਈ ਉਹਨਾਂ ਨੂੰ ਦਿੱਤਾ ਗਿਆ ਸੀ । ਸੌਣ ਦਾ ਟਿਕਾਣਾ ਵਧੇਰੇ ਗੁੰਝਲਦਾਰ ਮਸਲਾ ਸਾਬਤ ਹੋਇਆ । ਇਸ ਸੁੰਨਸਾਨ, ਜੰਗਲੀ ਬੂਟੀਆਂ ਨਾਲ ਭਰੀ ਉਜਾੜ ਵਿਚਲਾ ਇਹ ਛੋਟਾ ਜਿਹਾ ਨਖਲਿਸਤਾਨ ਇੱਥੇ ਟਿਕੇ ਵਾਯੂ ਸੈਨਾ ਦੇ ਦੋ ਵਿੰਗਾ ਦੇ ਪਾਇਲਟਾਂ ਤੇ ਹੋਰ ਅਮਲੇ ਨਾਲ਼ ਤੁਸਿਆ ਪਿਆ ਸੀ। ਕਿੰਨਾਂ ਚਿਰ ਕਦੀ ਇੱਕ ਘਰ ਤੇ ਕਦੀ ਦੂਜੇ ਘਰ ਦਾ ਚੱਕਰ ਲਾਉਣ ਪਿੱਛੋਂ, ਉਹਨਾਂ ਵਿੱਚ ਰਹਿਣ ਵਾਲਿਆਂ ਨਾਲ ਜਰਾ ਗਰਮ-ਸਰਦ ਹੋਣ ਪਿੱਛੋਂ, ਜਿਹੜੇ ਨਵੇਂ ਆਇਆਂ ਲਈ ਥਾਂ ਬਨਾਉਣ ਲਈ ਤਿਆਰ ਨਹੀਂ ਸਨ, ਤੇ ਆਪਣੇ ਆਪ ਨਾਲ ਕੁਝ ਫ਼ਿਲਾਸਫ਼ੀਆਂ ਝਾੜਨ ਤੋਂ ਪਿੱਛੋਂ ਕਿ ਘਰ ਕੋਈ ਰਬੜ ਦੇ ਤਾਂ ਬਣੇ ਨਹੀਂ ਹੋਏ, ਸੋ ਉਹ ਫੈਲਦੇ ਤਾਂ ਹੈ ਨਹੀਂ, ਆਖ਼ਰ ਕੁਆਰਟਰ ਮਾਸਟਰ ਨੇ ਉਹਨਾਂ ਨੂੰ ਜਿਹੜਾ ਘਰ ਸਾਮ੍ਹਣੇ ਆਇਆ ਉਸ ਵਿੱਚ ਧੱਕ ਦਿੱਤਾ:
“ਇਥੇ ਰਾਤ ਕੱਟ ਲਵੋ, ਫਿਰ ਕੱਲ੍ਹ ਕੋਈ ਪ੍ਰਬੰਧ ਕਰਾਂਗੇ।”
ਛੋਟੀ ਜਿਹੀ ਝੁੱਗੀ ਵਿੱਚ ਪਹਿਲਾਂ ਹੀ ਨੌਂ ਬੰਦੇ ਸਨ । ਪਾਇਲਟ ਜਲਦੀ ਹੀ ਸੌਣ ਲਈ ਲੇਟ ਜਾਂਦੇ ਸਨ । ਗੋਲ਼ੇ ਦੇ ਖੋਲ ਨੂੰ ਪੱਧਰਾ ਕਰਕੇ ਬਣਾਈ ਮਿੱਟੀ ਦੇ ਤੇਲ ਦੀ ਲੈਂਪ, ਜਿਸਨੂੰ ਜੰਗ ਦੇ ਪਹਿਲੇ ਸਾਲਾਂ ਵਿੱਚ “ਕਾਤਿਊਸ਼ਾ” ਕਿਹਾ ਜਾਂਦਾ ਸੀ ਤੇ ਸਤਾਲਿਨਗਰਾਦ ਤੋਂ ਮਗਰੋਂ ਜਿਨਾਂ ਦਾ ਨਾਂ “ਸਤਾਲਿਨਗਰਾਦਕਾ” ਪੈ ਗਿਆ ਸੀ, ਧੂਆਂ ਛੱਡਦੀ ਹੋਈ, ਉਥੇ ਸੁੱਤਿਆਂ ਦੇ ਚਿਹਰਿਆਂ ਉੱਤੇ ਮਾੜਾ ਮਾੜਾ ਚਾਨਣ ਸੁੱਟ ਰਹੀ ਸੀ। ਕੁਝ ਮੰਜਿਆਂ ਉੱਤੇ, ਕੁਝ ਬੈਚਾਂ ਉੱਤੇ, ਕੁਝ ਹੇਠਾਂ ਘਾਹ ਉੱਤੇ ਬਰਸਾਤੀਆਂ ਵਿਛਾ ਕੇ ਸੁੱਤੇ ਪਏ ਸਨ । ਇੱਕ ਬੁੱਢੀ ਤੇ ਉਸਦੀ ਸਿਆਣੀ ਉਮਰ ਦੀ ਧੀ- ਜਿਹੜੀਆਂ ਥਾਂ ਦੀ ਘਾਟ ਕਾਰਨ ਧੜਵੈਲ ਰੂਸੀ ਅੰਗੀਠੀ ਦੇ ਥੜੇ ਉੱਤੇ ਸੁੱਤੀਆਂ ਪਈਆਂ ਸਨ।
ਨਵੇਂ ਆਏ ਬੰਦੇ ਬਰੂਹਾਂ ਵਿੱਚ ਖੜੋ ਗਏ; ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਸੁੱਤੇ ਪਿਆਂ ਦੇ ਉੱਪਰੋਂ ਦੀ ਕਿਵੇਂ ਲੰਘਣ । ਬੁੱਢੀ ਅੰਗੀਠੀ ਤੋਂ ਉਹਨਾਂ ਨੂੰ ਗੁੱਸੇ ਨਾਲ ਚੀਕਵੀਂ ਅਵਾਜ਼ ਵਿੱਚ ਬੋਲੀ:
“ਕੋਈ ਥਾਂ ਨਹੀਂ, ਕੋਈ ਥਾਂ ਨਹੀਂ! ਦੇਖਦੇ ਨਹੀਂ, ਅੱਗੇ ਤੁਸੇ ਪਏ ਨੇ । ਤੁਹਾਨੂੰ ਕਿੱਥੇ, ਛੱਤ ਨਾਲ ਟੰਗੀਏ?”
ਪਿਤਰੋਵ ਘਬਰਾਹਟ ਵਿੱਚ ਵਾਪਸ ਜਾਣ ਦੀ ਤਿਆਰੀ ਕਰਦਾ ਦਰਵਾਜ਼ੇ ਵੱਲ ਨੂੰ ਹੋ ਪਿਆ, ਪਰ ਮਰੇਸੇਯੇਵ ਆਪਣੇ ਕਦਮ ਸੁੱਤਿਆ ਹੋਇਆਂ ਉੱਪਰ ਪੈਣ ਤੋਂ ਬਚਾਉਂਦਾ ਹੋਇਆ, ਬੜੀ ਸਾਵਧਾਨੀ ਨਾਲ ਮੇਜ਼ ਵੱਲ ਵਧ ਰਿਹਾ ਸੀ।
“ਅਸੀਂ ਤਾਂ ਬੱਸ ਖਾਣਾ ਖਾਣ ਲਈ ਕੋਈ ਥਾਂ ਚਾਹੁੰਦੇ ਹਾਂ, ਮਾਂ ਜੀ, ਸਾਰਾ ਦਿਨ ਕੁਝ ਨਹੀਂ ਖਾਧਾ । ਸਾਨੂੰ ਇੱਕ ਪਲੇਟ ਤੇ ਦੋ ਕੱਪ ਨਹੀਂ ਦਿਉਗੇ, ਹੈਂ ? ਸੌਂ ਅਸੀਂ ਬਾਹਰ ਵਿਹੜੇ ਵਿੱਚ ਲਵਾਂਗੇ, ਤੁਹਾਨੂੰ ਨਹੀਂ ਤੰਗ ਕਰਦੇ । ਬਾਹਰ ਗਰਮੀ ਹੈ।”
ਅੰਗੀਠੀ ਦੇ ਥੜੇ ਉੱਤੇ ਪਿੱਛੋਂ ਕਰਕੇ, ਖਿਝੂ ਜਿਹੀ ਬੁੱਢੀ ਦੇ ਉਹਲੇ, ਦੋ ਨਿੱਕੇ ਨਿੱਕੇ ਪੈਰ ਦਿਖਾਈ ਦਿੱਤੇ; ਇੱਕ ਪਤਲਾ ਜਿਹਾ ਅਕਾਰ ਮਲਕੜੇ ਜਿਹੇ ਉਠਿਆ ਤੇ ਸੌਣ ਵਾਲਿਆਂ ਵਿੱਚ ਆਪਣੇ ਆਪ ਨੂੰ ਬੜੀ ਹੁਸ਼ਿਆਰੀ ਨਾਲ ਸੰਤੁਲਨ ਵਿੱਚ ਰੱਖਦਿਆਂ, ਲਾਂਘੇ ਦੇ ਦਰਵਾਜ਼ੇ ਦੇ ਪਿੱਛੇ ਲੋਪ ਹੋ ਗਿਆ, ਪਰ ਜਲਦੀ ਹੀ ਕੁਝ ਪਲੇਟਾਂ ਫੜੀ ਵਾਪਸ ਆ ਗਿਆ। ਕੁੜੀ ਦੀਆਂ ਪਤਲੀਆਂ ਪਤਲੀਆਂ ਉਂਗਲਾਂ ਨਾਲ ਦੋ ਵੱਖ ਵੱਖ ਤਰ੍ਹਾਂ ਦੇ ਕੱਪ ਲਟਕੇ ਹੋਏ ਸਨ । ਪਹਿਲਾਂ ਤਾਂ ਪਿਤਰੋਵ ਨੇ ਸਮਝਿਆ ਕਿ ਉਹ ਕੋਈ ਬੱਚੀ ਹੈ; ਪਰ ਜਦੋਂ ਉਹ ਮੇਜ਼ ਕੋਲ ਪਹੁੰਚੀ ਤੇ ਮੱਧਮ ਪੀਲ਼ਾ ਚਾਨਣ ਉਸਦੇ ਮੂੰਹ ਉੱਤੇ ਪਿਆ, ਤਾਂ ਉਸਨੇ ਦੇਖਿਆ ਕਿ ਉਹ ਚੰਗੀ ਮੁਟਿਆਰ ਹੈ, ਤੇ ਉਹ ਵੀ ਸੋਹਣੀ, ਪੂਰੇ ਜੋਬਨ ਵਿੱਚ । ਸਿਰਫ ਉਸਦਾ ਭੂਰਾ ਬਲਾਊਜ਼ ਤੇ ਮੋਟੇ ਕੱਪੜੇ ਦੀ ਘੱਗਰੀ, ਤੇ ਫਟੀ ਹੋਈ ਸ਼ਾਲ ਜਿਹੜੀ ਉਸਨੇ ਛਾਤੀ ਉੱਤੇ ਲੈ ਕੇ ਬੁੱਢੀਆਂ ਔਰਤਾਂ ਵਾਂਗ ਪਿੱਛੇ ਬੰਨ੍ਹੀ ਹੋਈ ਸੀ, ਉਸਦੀ ਸੁੰਦਰਤਾ ਨੂੰ ਵਿਗਾੜ ਰਹੀ ਸੀ।
“ਮਾਰੀਨਾ, ਮਾਰੀਨਾ ਇੱਧਰ ਆ ਤੂੰ, ਨੀਚੇ!” ਬੁੱਢੀ ਨੇ ਅੰਗੀਠੀ ਤੋਂ ਦਬੀ ਅਵਾਜ਼ ਵਿੱਚ ਕਿਹਾ।
ਪਰ ਮੁਟਿਆਰ ਨੇ ਕੋਈ ਜ਼ਾਹਰ ਨਾ ਕੀਤਾ ਕਿ ਉਸਨੇ ਅਵਾਜ਼ ਸੁਣ ਲਈ ਹੈ। ਬੜੀ ਸਿਆਣੀ ਤਰ੍ਹਾਂ ਉਸਨੇ ਮੇਜ਼ ਉੱਤੇ ਇੱਕ ਸਾਫ਼ ਅਖ਼ਬਾਰ ਵਿਛਾਇਆ ਤੇ ਪਲੇਟਾਂ, ਕੱਪ ਤੇ ਕਾਂਟੇ ਇਸ ਉੱਤੇ ਰੱਖ ਦਿੱਤੇ । ਇਹ ਸਾਰਾ ਸਮਾਂ ਉਹ ਪਿਤਰੋਵ ਵੱਲ ਵੀ ਟੇਢੀਆਂ ਅੱਖਾਂ ਨਾਲ ਦੇਖੀ ਜਾ ਰਹੀ ਸੀ।
“ਖਾਓ, ਜੀਅ ਭਰ ਕੇ। ਸ਼ਇਦ ਤੁਹਾਨੂੰ ਕੁਝ ਕੱਟਣ ਦੀ ਜਾਂ ਗਰਮ ਕਰਨ ਦੀ ਲੋੜ ਹੋਵੇ ? ਮੈਂ ਅੱਖ ਪਲਕਾਰੇ ਵਿੱਚ ਕਰ ਦਿਆਂਗੀ। ਸਿਰਫ਼ ਕੁਆਰਟਰ ਮਾਸਟਰ ਨੇ ਕਿਹਾ ਸੀ ਕਿ ਬਾਹਰ ਵਿਹੜੇ ਵਿੱਚ ਅੱਗ ਨਾ ਬਾਲ਼ੀਏ।”
“ਮਾਰੀਨਾ, ਇੱਧਰ ਆ !” ਬੁੱਢੀ ਨੇ ਅਵਾਜ਼ ਮਾਰੀ।
“ਇਸ ਵੱਲ ਕੋਈ ਧਿਆਨ ਨਾ ਦਿਓ, ਇਹ ਅੱਜ ਕੱਲ ਕੁਝ ਆਪਣੇ ਆਪ ਵਿੱਚ ਨਹੀਂ । ਜਰਮਨਾਂ ਨੇ ਇਹਦਾ ਤ੍ਰਾਹ ਕੱਢ ਛੱਡਿਆ ਸੀ । ਜਿਉਂ ਹੀ ਰਾਤ ਨੂੰ ਇਹ ਕੋਈ ਫ਼ੌਜੀ ਦੇਖਦੀ ਹੈ ਤਾਂ ਇੱਕਦਮ ਮੇਰੇ ਬਾਰੇ ਫ਼ਿਕਰ ਕਰਨ ਲੱਗ ਪੈਂਦੀ ਹੈ । ਇਸਦਾ ਗੁੱਸਾ ਨਾ ਮਨਾਉਣਾ: ਇਹ ਸਿਰਫ ਰਾਤ ਨੂੰ ਹੀ ਇੰਝ ਹੁੰਦੀ ਹੈ, ਦਿਨੇਂ ਇਹ ਠੀਕ ਠਾਕ ਹੋ ਜਾਂਦੀ ਹੈ।”
ਕਿੱਟ-ਬੈਗ ਵਿੱਚ ਮਰੇਸੇਯੇਵ ਨੂੰ ਕੁਝ ਸਾਸੇਜਿਸ਼, ਮਾਸ ਦਾ ਡੱਬਾ, ਦੋ ਖੁਸ਼ਕ ਹੈਰਿੰਗ ਮੱਛੀਆਂ, ਜਿਨ੍ਹਾਂ ਦੇ ਪਤਲੇ ਪਤਲੇ ਪਾਸਿਆਂ ਉੱਤੇ ਲੂਣ ਚਮਕ ਰਿਹਾ ਸੀ, ਤੇ ਫ਼ੌਜੀ ਡਬਲਰੋਟੀ ਮਿਲੀ। ਪਿਤਰੋਵ ਕੁਝ ਘੱਟ ਬਚਾਅ ਕੇ ਰੱਖਦਾ ਲੱਗਦਾ ਸੀ । ਉਸ ਕੋਲ ਸਿਰਫ ਕੁਝ ਮਾਸ ਤੇ ਕੁਝ ਰਸ ਬਚੇ ਸਨ। ਮਾਰੀਨਾ ਨੇ ਇਹ ਸਾਰਾ ਕੁਝ ਆਪਣੇ ਛੋਟੇ ਛੋਟੇ ਛੁਹਲੇ ਹੱਥਾਂ ਨਾਲ ਕੱਟਿਆ, ਤੇ ਇਸਨੂੰ ਸੋਹਣੀ ਤਰ੍ਹਾਂ ਸਵਾਰ ਕੇ ਪਲੇਟਾਂ ਵਿੱਚ ਪਰੋਸ ਦਿੱਤਾ । ਲੰਮੀਆਂ ਲੰਮੀਆਂ ਝਿਮਣੀਆਂ ਪਿੱਛੇ ਲੁਕੀਆਂ ਉਸਦੀਆਂ ਅੱਖਾਂ ਪਿਤਰੋਵ ਦੇ ਚਿਹਰੇ ਨੂੰ ਵਧੇਰੇ ਵਾਰੀ ਘੋਖ ਰਹੀਆਂ ਸਨ, ਜਦ ਕਿ ਪਿਤਰੋਵ ਉਸ ਵੱਲ ਝਕਦਾ ਝਕਦਾ ਦੇਖਣ ਲੱਗ ਪਿਆ ਸੀ । ਜਦੋਂ ਉਹਨਾਂ ਦੀਆਂ ਅੱਖਾਂ ਮਿਲੀਆਂ, ਤਾਂ ਦੋਹਾਂ ਦੇ ਮੂੰਹ ਲਾਲ ਹੋ ਗਏ, ਉਹਨਾਂ ਘੂਰੀ ਵੱਟੀ ਤੇ ਇੱਕ ਦੂਜੇ ਵੱਲੋਂ ਮੂੰਹ ਫੇਰ ਲਿਆ; ਤੇ ਉਹ ਸਿਰਫ ਮਰੇਸੇਯੇਵ ਰਾਹੀਂ ਇੱਕ ਦੂਜੇ ਨਾਲ ਗੱਲਬਾਤ ਕਰਨ ਲੱਗੇ, ਤੇ ਇੱਕ ਦੂਜੇ ਨੂੰ ਸਿੱਧਾ ਸੰਬੋਧਨ ਨਾ ਕਰਦੇ। ਉਹਨਾਂ ਨੂੰ ਦੇਖ ਕੇ ਅਲੈਕਸੇਈ ਨੂੰ ਹਾਸਾ ਆਉਂਦਾ, ਹਾਸਾ ਵੀ ਆਉਂਦਾ ਤੇ ਜ਼ਰਾ ਉਦਾਸੀ ਵੀ ਹੁੰਦੀ: ਉਹ ਦੋਵੇਂ ਏਨੇ ਛੋਟੇ ਸਨ । ਉਹਨਾਂ ਦੇ ਮੁਕਾਬਲੇ ਉੱਤੇ ਉਹ ਆਪਣੇ ਆਪ ਨੂੰ ਬੁੱਢਾ ਤੇ ਥੱਕਿਆ ਹੋਇਆ ਮਹਿਸੂਸ ਕਰਦਾ ਸੀ, ਜਿਸਦੀ ਜ਼ਿੰਦਗੀ ਦਾ ਬਹੁਤਾ ਹਿੱਸਾ ਪਿੱਛੇ ਰਹਿ ਗਿਆ ਸੀ।
“ਮਾਰੀਨਾ, ਤੁਹਾਡੇ ਕੋਲ ਕਿਤੇ ਸਬੱਬ ਨਾਲ ਖੀਰੇ ਤਾਂ ਨਹੀ ?” ਉਸਨੇ ਪੁੱਛਿਆ।
“ਸਬੱਬ ਨਾਲ ਹੈਗੇ ਨੇ,” ਉਹਨੇ ਅਪੋਹ ਮੁਸਕਾਨ ਨਾਲ ਜਵਾਬ ਦਿੱਤਾ।
“ਤੇ ਉਬਲੇ ਹੋਏ ਆਲੂ ਨਹੀਂ ਮਿਲ ਜਾਣਗੇ, ਭਾਵੇਂ ਦੋ ਕੁ ਹੀ ਹੋਣ ?”
“ਬੇਨਤੀ ਕਰੋ-ਮਿਲ ਜਾਣਗੇ।”
ਸੁੱਤਿਆਂ ਉੱਪਰੋਂ ਹੁਸ਼ਿਆਰੀ ਨਾਲ, ਚੁੱਪ ਚਾਪ ਤੇ ਮਲਕੜੇ ਜਿਹੇ ਟੱਪਦੀ; ਉਹ ਇੱਕ ਵਾਰ ਫਿਰ ਕਮਰੇ ਵਿੱਚੋਂ ਚਲੀ ਗਈ।
“ਸਾਥੀ ਸੀਨੀਅਰ ਲੈਫ਼ਟੀਨੈਂਟ, ਤੁਸੀਂ ਉਸ ਨਾਲ ਇੰਝ ਕਿਵੇਂ ਖੁੱਲ੍ਹ ਸਕਦੇ ਹੋ ? ਨਾ ਜਾਣ ਨਾ ਪਛਾਣ ਤੇ ਤੁਸੀਂ ਉਸਨੂੰ “ਤੂੰ” “ਤੂੰ” ਕਰ ਕੇ ਬੁਲਾ ਰਹੋ ਹੋ, ਖੀਰੇ ਮੰਗ ਰਹੇ ਹੋ, डे…”
ਮਰੇਸੇਯੇਵ ਖਿੜ-ਖਿੜਾ ਕੇ ਹੱਸ ਪਿਆ।
“ਸੁਣ, ਮੇਰੇ ਦੋਸਤ, ਤੇਰਾ ਕੀ ਖਿਆਲ ਹੈ ਕਿ ਤੂੰ ਕਿੱਥੇ ਹੈ ? ਅਸੀਂ ਮਹਾਜ਼ ਉੱਤੇ ਹਾਂ, ਕਿ ਹੋਰ ਕਿਤੇ?… ਬੁੜ ਬੁੜ ਛੱਡ ਮਾਂ, ਹੇਠਾਂ ਉੱਤਰ ਆ, ਆ ਇਕੱਠੇ ਖਾਈਏ, ਹੈਂ ?”
ਬੁੜਬੁੜ ਕਰਦੀ ਤੇ ਅਜੇ ਵੀ ਗੁੱਸੇ ਵਿੱਚ ਕੁਝ ਗੁਣ ਗੁਣ ਕਰਦੀ ਹੋਈ, ਅੰਗੀਠੀ ਦੇ ਥੜ੍ਹੇ ਤੋਂ ਉੱਤਰੀ, ਮੇਜ਼ ਕੋਲ ਆਈ ਤੇ ਇੱਕਦਮ ਸਾਸੇਜ਼ ਉੱਤੇ ਟੁੱਟ ਪਈ । ਲੱਗਦਾ ਸੀ ਕਿ ਜੰਗ ਤੋਂ ਪਹਿਲਾਂ ਉਹ ਸਾਸੇਜ਼ ਦੀ ਬੜੀ ਸ਼ੌਕੀਨ ਰਹੀ ਹੋਵੇਗੀ।
ਚਾਰੇ ਜਣੇ ਮੇਜ਼ ਦੁਆਲੇ ਬੈਠ ਗਏ ਤੇ ਕਮਰੇ ਵਿਚਲੇ ਬਾਕੀ ਬੰਦਿਆਂ ਦੇ ਘੁਰਾੜਿਆਂ ਤੇ ਨੀਂਦ ਵਿਚ ਬੁੜਬੁੜਉਣ ਦੀ ਅਵਾਜ਼ ਦੀ ਸੰਗਤ ਵਿੱਚ ਬੜੇ ਸਵਾਦ ਨਾਲ ਖਾਣਾ ਖਾਣ ਲੱਗੇ । ਅਲੈਕਸੇਈ ਸਾਰਾ ਸਮਾਂ ਗੱਲਾਂ ਕਰਦਾ ਰਿਹਾ, ਬੁੱਢੀ ਨੂੰ ਤੰਗ ਕਰਦਾ ਤੇ ਮਾਰੀਨਾ ਨੂੰ ਹਸਾਉਂਦਾ ਰਿਹਾ। ਆਖ਼ਰ ਆਪਣੇ ਆਪ ਨੂੰ ਮੁਸਾਫਰਾਂ ਵਾਲੇ ਜੀਵਨ ਦੇ ਜਾਣੇ ਪਛਾਣੇ ਮਾਹੌਲ ਵਿੱਚ ਦੇਖਦਿਆਂ, ਉਸਨੇ ਇਸਨੂੰ ਪੂਰੀ ਤਰ੍ਹਾਂ ਮਾਣਿਆ, ਤੇ ਇੰਝ ਮਹਿਸੂਸ ਕਰਨ ਲੱਗਾ ਜਿਵੇਂ ਬਦੇਸ਼ਾ ਵਿੱਚ ਕਿੰਨਾਂ ਸਮਾਂ ਘੁੰਮਦੇ ਰਹਿਣ ਪਿੱਛੋਂ ਕੋਈ ਘਰ ਮੁੜਿਆ ਹੋਵੇ ।
ਖਾਣ ਦੇ ਅਖ਼ੀਰ ਉੱਤੇ ਉਹਨਾਂ ਨੂੰ ਪਤਾ ਲੱਗਾ ਕਿ ਇਹ ਪਿੰਡ ਇਸ ਕਰਕੇ ਬਚ ਰਿਹਾ ਸੀ ਕਿ ਇਹ ਜਰਮਨ ਦਸਤੇ ਦਾ ਹੈੱਡ ਕੁਆਰਟਰ ਸੀ। ਜਦੋਂ ਸੋਵੀਅਤ ਫ਼ੌਜ ਨੇ ਧਾਵਾ ਬੋਲਿਆ, ਤਾਂ ਜਰਮਨ ਇੰਝ ਕਾਹਲੀ ਨਾਲ ਉਥੋਂ ਨੱਠ ਗਏ ਕਿ ਪਿੰਡ ਨੂੰ ਬਰਬਾਦ ਕਰਨ ਦਾ ਵੀ ਉਹਨਾਂ ਨੂੰ ਸਮਾਂ ਨਾ ਮਿਲਿਆ । ਬੁੱਢੀ ਦਾ ਦਿਮਾਗ ਫਿਰ ਗਿਆ ਸੀ ਜਦੋਂ ਫਾਸਿਸਟਾਂ ਨੇ ਉਸਦੇ ਸਾਮ੍ਹਣੇ ਉਸਦੀ ਸਭ ਤੋਂ ਵੱਡੀ ਧੀ ਨਾਲ਼ ਜਬਰ-ਜ਼ਨਾਹ ਕੀਤਾ ਸੀ । ਮਗਰੋਂ ਕੁੜੀ ਨੇ ਛੰਭ ਵਿੱਚ ਛਾਲ ਮਾਰ ਕੇ ਆਤਮਘਾਤ ਕਰ ਲਿਆ ਸੀ। ਫਾਸਿਸਟ ਅੱਠ ਮਹੀਨੇ ਇੱਥੇ ਰਹੇ ਸਨ, ਤੇ ਇਹ ਸਾਰਾ ਸਮਾਂ ਮਾਰੀਨਾ ਘਰ ਦੇ ਪਿਛਵਾੜੇ ਗਹਾਈ ਲਈ ਬਣੇ ਢਾਰੇ ਵਿੱਚ ਰਹੀ ਸੀ, ਜਿਸਦੇ ਦਰਵਾਜ਼ੇ ਨੂੰ ਤੂੜੀ ਦੇ ਕੂੜ-ਕਬਾੜ ਦੇ ਢੇਰਾਂ ਪਿੱਛੇ ਲੁਕਾ ਛੱਡਿਆ ਹੋਇਆ ਸੀ । ਇਹ ਸਾਰਾ ਸਮਾਂ ਉਸਨੇ ਸੂਰਜ ਦਾ ਮੂੰਹ ਤੱਕ ਨਹੀਂ ਸੀ ਦੇਖਿਆ। ਰਾਤ ਨੂੰ ਉਸਦੀ ਮਾਂ ਖਾਣਾ ਲੈ ਕੇ ਆਉਂਦੀ ਤੇ ਧੂੰਆਂ ਨਿੱਕਲਣ ਲਈ ਬਣਾਈ ਬਾਰੀ ਥਾਣੀਂ ਉਸਨੂੰ ਦੇ ਜਾਂਦੀ । ਅਲੈਕਸੇਈ ਜਿੰਨਾਂ ਜ਼ਿਆਦਾ ਕੁੜੀ ਨਾਲ ਗੱਪ-ਸ਼ੱਪ ਲਾਉਂਦਾ, ਓਨਾ ਜ਼ਿਆਦਾ ਉਹ ਪਿਤਰੋਵ ਵੱਲ ਦੇਖਦੀ, ਤੇ ਉਸਦੀਆਂ ਸ਼ੋਖ, ਪਰ ਤਾਂ ਵੀ ਸ਼ਰਮਾਕਲ ਅੱਖਾਂ ਜੋ ਪ੍ਰਸ਼ੰਸਾ ਪ੍ਰਗਟ ਕਰ ਰਹੀਆਂ ਸਨ, ਉਹ ਲੁਕਾਇਆਂ ਨਹੀਂ ਸੀ ਲੁਕਦੀਆਂ।
ਉਹਨਾਂ ਨੂੰ ਪਤਾ ਹੀ ਨਾ ਲੱਗਾ ਕਿ ਖਾਣਾ ਕਦੋਂ ਖ਼ਤਮ ਹੋ ਗਿਆ । ਬਾਕੀ ਬਚ ਗਈਆਂ ਚੀਜ਼ਾਂ ਨੂੰ ਮਾਰੀਨਾ ਨੇ ਸੰਕੋਚਵੀ ਤਰ੍ਹਾਂ ਲਪੇਟ ਕੇ ਵਾਪਸ ਮਰੇਸੇਯੇਵ ਦੇ ਝੋਲੇ ਵਿੱਚ ਰੱਖ ਦਿੱਤਾ: ਕੀ ਜਾਣੇ ਸਿਪਾਹੀ ਨੂੰ ਕਦੋਂ ਲੋੜ ਪੈ ਜਾਣੀ ਹੈ । ਫਿਰ ਬੁੱਢੀ ਨਾਲ ਜਰਾ ਕਾਨਾਫੂਸੀ ਕਰਨ ਤੋਂ ਮਗਰੋਂ ਉਹ ਫ਼ੈਸਲਾਕੁੰਨ ਅੰਦਾਜ਼ ਵਿੱਚ ਬੋਲੀ:
“ਦੇਖੋ, ਇੱਕ ਵਾਰੀ ਜੇ ਕੁਆਰਟਰਮਾਸਟਰ ਨੇ ਤੁਹਾਨੂੰ ਇੱਥੇ ਠਹਿਰਾ ਦਿੱਤਾ ਹੈ, ਤਾਂ ਤੁਸੀਂ ਇੱਥੇ ਹੀ ਰਹੋਗੇ। ਅੰਗੀਠੀ ਉਪਰਲੇ ਥੜ੍ਹੇ ਉੱਤੇ ਚੜ੍ਹ ਜਾਓ, ਤੇ ਮੈਂ ਤੇ ਮਾਂ ਕੋਠੜੀ ਵਿੱਚ ਜਾ ਸੌਂਵਾਂਗੀਆਂ। ਸਫ਼ਰ ਤੋਂ ਮਗਰੋਂ ਅਰਾਮ ਕਰੋ। ਤੇ ਕੱਲ੍ਹ ਅਸੀਂ ਤੁਹਾਡੇ ਲਈ ਥਾਂ ਲੱਭ ਲਵਾਂਗੇ।”
ਫਿਰ ਸੁੱਤਿਆਂ ਦੇ ਉੱਪਰੋਂ ਦੀ ਮਲਕੜੇ ਜਿਹੇ ਟੱਪਦੀ ਹੋਈ, ਉਹ ਉਥੇ ਚਲੀ ਗਈ ਤੇ ਤੂੜੀ ਦੀ ਪੰਡ ਲੈ ਕੇ ਆ ਗਈ, ਜਿਸਨੂੰ ਉਸਨੇ ਥੜੇ ਉੱਤੇ ਵਿਛਾ ਦਿੱਤਾ। ਸਿਰਹਾਣਿਆਂ ਵਾਸਤੇ ਉਸਨੇ ਕੁਝ ਕੱਪੜੇ ਲਪੇਟ ਦਿੱਤੇ। ਇਹ ਸਾਰਾ ਕੁਝ ਉਹ ਜਲਦੀ ਜਲਦੀ, ਛੁਹਲੀ ਤਰ੍ਹਾਂ ਬਿਨਾਂ ਅਵਾਜ਼ ਪੈਦਾ ਕੀਤਿਆਂ ਕਰ ਰਹੀ ਸੀ।
“ਕਿਉਂ ਦੋਸਤ ਸੋਹਣੀ ਕੁੜੀ ਏ, ਹੈਂ ਨਾ ?” ਮਰੇਸੇਯੇਵ ਨੇ ਟਿੱਪਣੀ ਕੀਤੀ; ਖੁਸ਼ੀ ਨਾਲ ਉਹ ਤੂੜੀ ਉੱਤੇ ਲੇਟ ਗਿਆ ਤੇ ਇੰਝ ਨਿਸਲ ਹੋ ਕੇ ਪੈ ਗਿਆ ਕਿ ਉਸਦੇ ਜੋੜ ਕੜਕਣ ਲੱਗ ਪਏ । “ਲੱਗਦੀ ਤਾਂ ਮਾੜੀ ਨਹੀਂ,” ਪਿਤਰੋਵ ਨੇ ਬੇਪ੍ਰਵਾਹੀ ਦਾ ਦਿਖਾਵਾ ਕਰਦਿਆਂ ਜਵਾਬ ਦਿੱਤਾ।
“ਤੇ ਤੇਰੇ ਵੱਲ ਕਿਵੇਂ ਦੇਖਦੀ ਸੀ।”
“ਤੁਸੀਂ ਕਹਿੰਦੇ ਹੋ ਮੇਰੇ ਵੱਲ ਦੇਖਦੀ ਸੀ। ਸਾਰਾ ਸਮਾਂ ਉਹ ਗੱਲਾਂ ਤਾਂ ਤੁਹਾਡੇ ਨਾਲ ਕਰਦੀ ਰਹੀ ਹੈ।…”
ਪਲ ਕੁ ਮਗਰੋਂ ਹੀ ਉਸਦਾ ਸੁੱਤੇ ਦਾ ਇਕਸਾਰ ਸਾਹ ਸੁਣਿਆ ਜਾ ਸਕਦਾ ਸੀ। ਪਰ ਮਰੇਸੇਯੇਵ ਨਾ ਸੁੱਤਾ। ਠੰਡੇ, ਭਿੰਨੀ ਭਿੰਨੀ ਵਾਸ਼ਨਾ ਦੇਂਦੇ ਘਾਹ ਉੱਤੇ ਪਿਆ, ਉਸਨੇ ਦੇਖਿਆ ਕਿ ਮਾਰੀਨਾ ਕਮਰੇ ਵਿੱਚ ਆਈ ਹੈ ਤੇ ਕੁਝ ਲੱਭਣ ਲੱਗ ਪਈ ਹੈ, ਨਾਲ ਝਿਜਕਦੀ ਹੋਈ ਨਜ਼ਰ ਅੰਗੀਠੀ ਵੱਲ ਵੀ ਮਾਰੀ ਜਾ ਰਹੀ ਹੈ। ਉਸਨੇ ਮੇਜ਼ ਉੱਤੇ ਪਈ ਬੱਤੀ ਦਾ ਗੁੱਲ ਝਾੜਿਆ, ਇੱਕ ਵਾਰ ਫਿਰ ਅੰਗੀਠੀ ਉੱਤੇ ਦੇਖਿਆ, ਤੇ ਸੁੱਤਿਆ ਪਿਆ ਦੇ ਵਿੱਚੋਂ ਦੀ ਰਾਹ ਬਣਾਉਂਦੀ ਹੋਈ ਮੁੜ ਮਲਕੜੇ ਜਿਹੇ ਦਰਵਾਜ਼ੇ ਵੱਲ ਤੁਰ ਪਈ। ਪਤਾ ਨਹੀਂ ਕਿਉਂ, ਪਾਟੇ ਕੱਪੜਿਆਂ ਵਾਲ਼ੀ ਇਸ ਸੋਹਣੀ, ਛੱਬ ਵਾਲੀ ਕੁੜੀ ਨੂੰ ਵੇਖ ਕੇ ਅਲੈਕਸੇਈ ਦੀ ਰੂਹ ਉਦਾਸ ਹੋ ਗਈ। ਸੌਣ ਦੇ ਟਿਕਾਣੇ ਦਾ ਮਸਲਾ ਤਾਂ ਹੱਲ ਹੋ ਗਿਆ ਸੀ। ਸਵੇਰੇ ਉਸਨੇ ਆਪਣੀ ਪਹਿਲੀ ਲੜਾਈ ਵਿਚਲੀ ਉਡਾਣ ਲਾਉਣੀ ਸੀ-ਪਿਤਰੋਵ ਨਾਲ ਮਿਲ ਕੇ; ਤੇ ਉਸਨੇ, ਮਰੇਸੇਯੇਵ ਨੇ, ਆਗੂ ਹੋਣਾ ਸੀ । ਇਹ ਕਿਵੇਂ ਰਹੇਗਾ? ਪਿਤਰੋਵ ਮੁੰਡਾ ਤਾਂ ਚੰਗਾ ਲੱਗਦਾ ਹੈ ! ਪਹਿਲੀ ਨਜ਼ਰੇ ਹੀ ਮਾਰੀਨਾ ਦਾ ਉਸ ਨਾਲ ਪਿਆਰ ਹੋ ਗਿਆ ਹੈ। ਖ਼ੈਰ, ਚੰਗਾ ਹੈ ਕੁਝ ਸੌਂ ਲਵੇ।
ਮਰੇਸੇਯੇਵ ਵੱਖੀ ਪਰਣੇ ਹੋ ਗਿਆ, ਘਾਹ ਦੀ ਸਰਸਰ ਹੋਈ ਤੇ ਉਹ ਘੂਕ ਸੌਂ ਗਿਆ।
ਉਹ ਕਿਸੇ ਭਿਆਨਕ ਚੀਜ਼ ਦੇ ਅਹਿਸਾਸ ਨਾਲ ਉੱਠ ਖੜ੍ਹੋਤਾ। ਉਸਨੂੰ ਇੱਕਦਮ ਸਮਝ ਨਾ ਆਈ ਕਿ ਕੀ ਵਾਪਰ ਗਿਆ ਹੈ, ਪਰ ਫ਼ੌਜੀਆਂ ਵਾਲੀ ਅੰਤਰ-ਸੂਝ ਨਾਲ ਉਹ ਭੁੜਕ ਕੇ ਉੱਠ ਖਲੋਤਾ ਤੇ ਆਪਣੀ ਪਿਸਤੌਲ ਕੱਢ ਲਈ। ਉਸਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕਿੱਥੇ ਹੈ। ਲਸਣ ਦੀ ਬੋਅ ਵਾਲ਼ੇ ਤੇਜ਼ ਧੂੰਏਂ ਨੇ ਹੋਰ ਚੀਜ਼ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਸੀ; ਤੇ ਜਦੋਂ ਹਵਾ ਨਾਲ ਧੂੰਏਂ ਦਾ ਬੱਦਲ ਹਟਿਆ, ਤਾਂ ਉਸਨੇ ਉਤਾਂਹ ਦੇਖਿਆ ਤੇ ਅਜੀਬ, ਵੱਡੇ ਵੱਡੇ ਸਿਤਾਰੇ ਉਸਨੂੰ ਆਪਣੇ ਸਿਰ ਉੱਤੇ ਤੇਜ਼ ਤੇਜ਼ ਚਮਕਦੇ ਦਿਖਾਈ ਦਿੱਤੇ। ਦਿਨ ਵਾਂਗ ਚਾਨਣ ਸੀ ਤੇ ਉਹ ਝੁੱਗੀ ਦੀਆਂ ਛਤੀਰੀਆਂ ਨੂੰ ਤੀਲੀਆਂ ਵਾਂਗ ਖਿਲਰਿਆਂ ਦੇਖ ਸਕਦਾ ਸੀ । ਛੱਤ ਉੱਡ ਚੁੱਕੀ ਸੀ, ਕੁਝ ਛਤੀਰੀਆਂ ਬਾਹਰ ਨੂੰ ਨਿੱਕਲੀਆਂ ਹੋਈਆਂ ਸਨ ਤੇ ਅਕਾਰਹੀਣ ਹੋਈ ਚੀਜ਼ ਜ਼ਰਾ ਕੁ ਦੂਰ ਬਲ ਰਹੀ ਸੀ । ਉਸਨੂੰ ਕਰਾਹਟਾਂ, ਹਵਾਈ ਜਹਾਜ਼ ਦੇ ਇੰਜਣਾਂ ਦੀ ਵੱਧਦੀ ਘਟਦੀ ਗਰਜ ਤੇ ਡਿੱਗਦੇ ਬੰਬਾਂ ਦੀ ਜਾਣੀ ਪਛਾਣੀ, ਦਿਲ ਨੂੰ ਦਹਿਲਾਂ ਦੇਣ ਵਾਲੀ ਭਿਆਨਕ ਅਵਾਜ਼ ਸੁਣਾਈ हिँडी।
“ਲੇਟ ਜਾਓ!” ਉਸਨੇ ਕੂਕ ਕੇ ਪਿਤਰੋਵ ਨੂੰ ਕਿਹਾ ਜਿਹੜਾ ਮਲਬੇ ਵਿਚਕਾਰ ਉੱਚੀ ਸਾਰੀ ਲੱਗਦੀ ਅੰਗੀਠੀ ਦੇ ਥੜ੍ਹੇ ਉਤੇ ਗੋਡਿਆਂ ਭਾਰ ਬੈਠਾ ਸੀ ਤੇ ਬੌਂਦਲਿਆ ਹੋਇਆ ਆਲੇ-ਦੁਆਲੇ ਦੇਖ ਰਿਹਾ ਸੀ।
ਉਹ ਇੱਟਾਂ ਉੱਤੇ ਚੁਫਾਲ ਡਿੱਗ ਪਏ ਤੇ ਆਪਣੇ ਆਪ ਨੂੰ ਘੁੱਟ ਕੇ ਉਹਨਾਂ ਨਾਲ ਲਾ ਲਿਆ । ਉਸੇ ਘੜੀ ਬੰਬ ਦਾ ਇੱਕ ਵੱਡਾ ਸਾਰਾ ਟੋਟਾ ਧੂਕਸ਼ ਨਾਲ਼ ਆ ਕੇ ਵੱਜਾ, ਜਿਸ ਨਾਲ ਲਾਲ ਧੂੜ ਦੇ ਖੁਸ਼ਕ ਚੂਨੇ ਦੀ ਉਹਨਾਂ ਉੱਪਰ ਵਰਖਾ ਹੋਣ ਲੱਗੀ ।
“ਹਿੱਲਣਾ ਨਹੀਂ। ਲੇਟੇ ਰਹੋ!” ਮਰੇਸੇਯੇਵ ਨੇ ਉੱਠ ਕੇ ਦੌੜ ਜਾਣ ਦੀ ਭਾਵੇਂ ਕਿਸੇ ਪਾਸੇ ਵੀ ਹੋਵੇ, ਜਿੱਥੋਂ ਤੱਕ ਕਿ ਉਹ ਜਾ ਸਕਦਾ ਸੀ, ਇੱਛਾਂ ਨੂੰ ਦਬਾਉਂਦਿਆਂ, ਜਿਹੜੀ ਇੱਛਾ ਕਿ ਹਵਾਈ ਹਮਲੇ ਦੀ ਰਾਤ ਹਰ ਇੱਕ ਵਿੱਚ ਪੈਦਾ ਹੋ ਜਾਂਦੀ ਹੈ, ਹੁਕਮ ਦਿੱਤਾ।
ਬੰਬਰ ਦਿਖਾਈ ਨਹੀਂ ਸੀ ਦੇਂਦੇ । ਉਹ ਆਪਣੇ ਵੱਲੋਂ ਛੱਡੀਆਂ ਰੋਸ਼ਨੀ ਦੇਣ ਵਾਲੀਆਂ ਰਾਕਟਾਂ ਦੇ ਉੱਪਰ ਹਨੇਰੇ ਵਿੱਚ ਕਿਤੇ ਚੱਕਰ ਕੱਟ ਰਹੇ ਸਨ। ਪਰ ਜਗਮਗ ਕਰਦੇ ਤੇਜ਼ ਚਾਨਣ ਵਿੱਚ ਬੰਬ ਕਾਲ਼ੇ ਤੁਪਕਿਆਂ ਵਾਂਗ ਚਾਨਣ ਦੇ ਹਲਕੇ ਵਿੱਚ ਆਉਂਦੇ, ਪ੍ਰਤੱਖ ਤੌਰ ਉੱਤੇ ਅਕਾਰ ਵਿੱਚ ਵੱਡੇ ਹੁੰਦੇ, ਜ਼ਮੀਨ ਉੱਤੇ ਵੱਜਦੇ ਤੇ ਹੁਨਾਲੀ ਰਾਤ ਦੇ ਹਨੇਰੇ ਵਿੱਚ ਲਾਲ ਲਾਟਾਂ ਛੱਡਦੇ ਸਪਸ਼ਟ ਦੇਖੇ ਜਾ ਸਕਦੇ ਸਨ । ਇੰਝ ਲੱਗਦਾ ਸੀ ਜਿਵੇਂ ਧਰਤੀ ਫੁੱਟ ਰਹੀ ਤੇ ਗਰਜ਼ ਰਹੀ ਹੋਵੇ।
ਦੋਵੇਂ ਬੰਦੇ ਅੰਗੀਠੀ ਨਾਲ ਚੰਬੜੇ ਰਹੇ, ਜਿਹੜੀ ਹਰ ਧਮਾਕੇ ਨਾਲ ਝੂਲਦੀ ਤੇ ਕੰਬਦੀ ਸੀ। ਉਹਨਾਂ ਆਪਣੇ ਆਪ ਨੂੰ ਪੱਧਰਾ ਕਰਨ ਦੀ ਇੱਟਾਂ ਨਾਲ ਇੱਕਮਿੱਕ ਹੋ ਜਾਣ ਦੀ ਕੋਸ਼ਿਸ਼ ਵਿੱਚ ਆਪਣੇ ਸਰੀਰ, ਗੱਲ੍ਹਾਂ ਤੇ ਲੱਤਾਂ ਘੁੱਟ ਕੇ ਥੜੇ ਨਾਲ ਲਾ ਲਈਆਂ। ਇੰਜਣਾਂ ਦੀ ਗੂੰਜ ਮੱਧਮ ਪੈ ਗਈ, ਤੇ ਇੱਕਦਮ ਗਲੀ ਦੇ ਦੂਜੇ ਪਾਸੇ ਬਲ ਰਹੇ ਮਲਬੇ ਦੀਆਂ ਲਾਟਾਂ ਦੀ ਗਰਜ ਸੁਣਾਈ ਦੇਣ ਲੱਗੀ।
“ਸੋ, ਉਹਨਾਂ ਸਾਨੂੰ ਚੰਗਾ ਮੁੜ ਚੇਤੰਨ ਕਰ ਦਿੱਤੈ,” ਮਰੇਸੇਯੇਵ ਨੇ ਆਪਣੇ ਕੱਪੜਿਆਂ ਤੋਂ ਘਾਹ ਤੇ ਘੱਟੇ ਮਿੱਟੀ ਨੂੰ ਝਾੜਦਿਆਂ ਜਰਾ ਠਰੰਮੇ ਨਾਲ ਕਿਹਾ।
“ਪਰ ਜਿਹੜੇ ਇੱਥੇ ਸੁੱਤੇ ਹੋਏ ਸਨ, ਉਹਨਾਂ ਦਾ ਕੀ ਬਣਿਆ ?” ਘਬਰਾਹਟ ਨਾਲ ਫਰਕਦੇ ਜਬਾੜਿਆਂ ਨੂੰ ਤੇ ਬਦੋਬਦੀ ਆਈ ਜਾ ਰਹੀ ਹਿਚਕੀ ਨੂੰ ਰੋਕਣ ਦੀ ਕੋਸ਼ਿਸ਼ ਕਰਦਿਆਂ, ਪਿਤਰੋਵ ਨੇ ਫਿਕਰਮੰਦੀ ਨਾਲ ਪੁੱਛਿਆ। “ਤੇ ਮਾਰੀਨਾ ?”
ਉਹ ਅੰਗੀਠੀ ਤੋਂ ਹੇਠਾਂ ਉੱਤਰੇ। ਮਰੇਸੇਯੇਵ ਕੋਲ ਬੈਟਰੀ ਸੀ । ਉਸਨੇ ਫਰਸ਼ ਉੱਤੇ ਖਿੱਲਰੇ ਫੱਟਿਆਂ ਤੇ ਬਾਲਿਆਂ ਹੇਠਾਂ ਦੇਖਣਾ ਸ਼ੁਰੂ ਕਰ ਦਿੱਤਾ । ਉਥੇ ਕੋਈ ਵੀ ਨਹੀਂ ਸੀ। ਮਗਰੋਂ ਉਹਨਾਂ ਨੂੰ ਪਤਾ ਲੱਗਾ ਕਿ ਬਾਕੀ ਲੋਕਾਂ ਨੇ ਹਵਾਈ ਖਤਰੇ ਦਾ ਘੁੱਗੂ ਸੁਣ ਲਿਆ ਸੀ ਤੇ ਉਹ ਨੱਠ ਕੇ ਬਾਹਰ ਵਿਹੜੇ ਵਿੱਚ ਜਾਣ, ਤੇ ਖਾਈਆਂ ਵਿੱਚ ਆਪਣੇ ਆਪ ਨੂੰ ਲੁਕਾਉਣ ਵਿੱਚ ਸਫਲ ਹੋ ਗਏ ਸਨ । ਪਿਤਰੋਵ ਤੇ ਮਰੇਸੇਯੇਵ ਨੇ ਸਾਰਾ ਮਲਬਾ ਫੋਲ ਮਾਰਿਆ, ਪਰ ਉਹਨਾਂ ਨੂੰ ਨਾ ਮਾਰੀਨਾ ਨਾ ਉਸਦੀ ਮਾਂ ਹੀ ਮਿਲੀ । ਉਹਨਾਂ ਨੇ ਅਵਾਜ਼ ਮਾਰੀ, ਪਰ ਕੋਈ ਜਵਾਬ ਨਾ ਆਇਆ । ਉਹ ਕਿਥੇ ਗਾਇਬ ਹੋ ਗਈਆਂ ਸਨ? ਨੱਠ ਗਈਆਂ ਸਨ? ਹਮਲੇ ਦੀ ਮਾਰ ਤੋਂ ਬਚ ਸਕੀਆਂ ਜਾਂ ਨਹੀਂ ?
ਗਲੀਆਂ ਵਿੱਚ ਪਹਿਲਾਂ ਹੀ ਗਸ਼ਤ ਸ਼ੁਰੂ ਹੋ ਗਈ ਸੀ, ਤੇ ਉਹਨਾਂ ਨੇ ਮੁੜ ਸਭ ਕੁਝ ਠੀਕ ਠਾਕ ਕਰਨਾ ਸ਼ੁਰੂ ਕਰ ਦਿੱਤਾ ਸੀ । ਸੈਪਰਾਂ ਨੇ ਅੱਗਾਂ ਬੁਝਾਈਆਂ, ਤਬਾਹ ਹੋਈਆਂ ਇਮਾਰਤਾਂ ਨੂੰ ਢਾਹਿਆਂ ਤੇ ਮਲਬੇ ਹੇਠੋਂ ਮਰਿਆ ਤੇ ਜ਼ਖਮੀਆਂ ਨੂੰ ਕੱਢਿਆ। ਅਰਦਲੀ ਪਾਇਲਟਾਂ ਦੇ ਨਾਂ ਲੈ ਲੈ ਕੇ ਗਲੀਆਂ ਵਿੱਚ ਅਵਾਜ਼ਾਂ ਮਾਰਦੇ ਫਿਰਦੇ ਸਨ । ਵਿੰਗ ਨੂੰ ਜਲਦੀ ਹੀ ਕਿਸੇ ਹੋਰ ਟਿਕਾਣੇ ਪੁਚਾ ਦਿੱਤਾ ਗਿਆ । ਉਡਾਣ ਕਰਨ ਵਾਲੇ ਅਮਲੇ ਨੂੰ ਹਵਾਈ ਅੱਡੇ ਵਿੱਚ ਇਕੱਠੇ ਕਰ ਲਿਆ ਗਿਆ ਤਾਂ ਕਿ ਸਵੇਰ ਹੁੰਦਿਆਂ ਹੀ ਉਹ ਆਪਣੇ ਹਵਾਈ ਜਹਾਜ਼ਾਂ ਨੂੰ ਲੈ ਉਡਣ । ਮੁੱਢਲੀ ਗਿਣਤੀ ਤੋਂ ਪਤਾ ਲੱਗਾ ਕਿ ਨੁਕਸਾਨ ਬਹੁਤਾ ਨਹੀਂ ਹੋਇਆ ਸੀ। ਇੱਕ ਪਾਇਲਟ ਜ਼ਖਮੀ ਹੋਇਆ ਸੀ, ਤੇ ਦੋ ਮਕੈਨਿਕ ਤੇ ਕੁਝ ਸੰਤਰੀ ਆਪੋ ਆਪਣੀਆਂ ਚੌਕੀਆਂ ਉੱਤੇ ਖੜ੍ਹੇ ਮਾਰੇ ਗਏ ਸਨ । ਅੰਦਾਜ਼ਾ ਇਹ ਸੀ ਕਿ ਪਿੰਡ ਦੇ ਵਾਸੀਆਂ ਵਿੱਚੋਂ ਬਹੁਤ ਸਾਰੇ ਮਾਰੇ ਗਏ ਸਨ, ਪਰ ਹਨੇਰੇ ਤੇ ਗੜਬੜ ਕਾਰਨ ਇਹ ਕਹਿਣਾ ਮੁਸ਼ਕਲ ਸੀ ਕਿ ਕਿੰਨੇ।
ਸਵੇਰ ਹੋਣ ਤੋਂ ਪਹਿਲਾਂ, ਹਵਾਈ ਅੱਡੇ ਵੱਲ ਜਾਂਦਿਆਂ, ਮਰੇਸੇਯੇਵ ਤੇ ਪਿਤਰੋਵ ਉਸ ਘਰ ਕੋਲ ਠਹਿਰੇ ਬਿਨਾਂ ਨਾ ਰਹਿ ਸਕੇ, ਜਿੱਥੇ ਉਹਨਾਂ ਰਾਤ ਕੱਟੀ ਸੀ। ਛਤੀਰੀਆਂ ਤੇ ਫੱਟਿਆਂ ਦੇ ਖਿਲਾਰੇ ਵਿੱਚੋਂ ਦੋ ਸੈਪਰ ਸਟਰੈਚਰ ਉੱਤੇ ਕੁਝ ਚੁੱਕੀ ਜਾ ਰਹੇ ਸਨ, ਜਿਸਨੂੰ ਖੂਨ ਨਾਲ ਲੱਥ-ਪੱਥ ਕੱਪੜੇ ਨਾਲ ਢੱਕਿਆ ਹੋਇਆ ਸੀ।
“ਇਹ ਕੋਣ ਹੈ ?” ਪਿਤਰੋਵ ਨੇ ਪੁੱਛਿਆ। ਉਸਦਾ ਰੰਗ ਕਿਸੇ ਭੈੜੀ ਖ਼ਬਰ ਦੇ ਪੂਰਵ- ਅਹਿਸਾਸ ਨਾਲ ਪੀਲ਼ਾ ਪਿਆ ਹੋਇਆ ਸੀ।
ਸਟਰੈਚਰ ਚੁੱਕਣ ਵਾਲਿਆਂ ਵਿੱਚੋਂ ਇੱਕ ਨੇ, ਜਿਹੜਾ ਮੁੱਛਾ ਵਾਲਾ ਇੱਕ ਸਿਆਣੀ ਉਮਰ ਦਾ ਸੈਪਰ ਸੀ, ਜਿਸਨੂੰ ਦੇਖ ਕੇ ਮਰੇਸੇਯੇਵ ਨੂੰ ਸਤੇਪਾਨ ਈਵਾਨੋਵਿਚ ਯਾਦ ਆ
ਗਿਆ, ਵਿਸਥਾਰ ਨਾਲ ਦੱਸਿਆ:
“ਇੱਕ ਬੁੱਢੀ ਤੇ ਇੱਕ ਕੁੜੀ । ਸਾਨੂੰ ਉਹ ਕੋਠੜੀ ਵਿੱਚ ਮਿਲੀਆਂ। ਡਿੱਗਦੀਆਂ ਇੱਟਾਂ ਉਹਨਾਂ ਨੂੰ ਆ ਕੇ ਵੱਜੀਆਂ, ਤੇ ਉਹ ਥਾਂ ਤੇ ਹੀ ਮਰ ਗਈਆਂ । ਪਤਾ ਨਹੀਂ ਛੋਟੀ ਕੁੜੀ ਏ ਕਿ ਵੱਡੀ ਉਮਰ ਦੀ, ਏਨੀਂ ਛੋਟੀ ਜਿਹੀ ਹੈ ਉਹ। ਦੇਖਣ ਤੋਂ ਜ਼ਰੂਰ ਸੋਹਣੀ ਰਹੀ ਹੋਵੇਗੀ। ਇੱਕ ਇੱਟ ਉਸਦੀ ਛਾਤੀ ਵਿੱਚ ਵੱਜੀ । ਸੋਹਣੀ ਹੈ — ਬੱਚੇ ਵਾਂਗ।”
ਉਸ ਰਾਤ ਜਰਮਨ ਫ਼ੌਜ ਨੇ ਆਪਣਾ ਆਖ਼ਰੀ ਵੱਡਾ ਹਮਲਾ ਸ਼ੁਰੂ ਕੀਤਾ; ਤੇ ਸੋਵੀਅਤ ਫ਼ੌਜ ਦੀਆਂ ਸਫਾਂ ਉੱਪਰ ਧਾਵਾ ਬੋਲਦਿਆਂ, ਇਸਨੇ ਕੁਰਸਕ ਦੇ ਵਧਾਣ ਦੀ ਲੜਾਈ ਸ਼ੁਰੂ ਕੀਤੀ, ਜਿਹੜੀ ਇਸ ਲਈ ਮਾਰੂ ਸਾਬਤ ਹੋਈ।
3
ਅਜੇ ਸੂਰਜ ਨਹੀਂ ਸੀ ਚੜ੍ਹਿਆ । ਛੋਟੀ ਜਿਹੀ ਹੁਨਾਲੀ ਰਾਤ ਦਾ ਇਹ ਸਭ ਤੋਂ ਹਨੇਰਾ ਸਮਾਂ ਸੀ, ਪਰ ਹਵਾਈ ਅੱਡੇ ਉੱਤੇ ਗਰਮ ਕੀਤੇ ਜਾ ਰਹੇ ਇੰਜਣ ਪਹਿਲਾਂ ਹੀ ਗਰਜ ਰਹੇ ਸਨ । ਤ੍ਰੇਲ-ਭਿਜੇ ਘਾਹ ਉੱਤੇ ਨਕਸ਼ਾ ਵਿਛਾਈ, ਕਪਤਾਨ ਚਿਸਲੋਵ ਆਪਣੇ ਸੁਕਾਡਰਨ ਦੇ ਪਾਇਲਟਾਂ ਨੂੰ ਉਹਨਾਂ ਦਾ ਨਵਾਂ ਹਵਾਈ ਅੱਡਾ ਤੇ ਉਸਨੂੰ ਜਾਂਦਾ ਰਾਹ ਦਿਖਾ ਰਿਹਾ ਸੀ:
“ਸਭ ਪਾਸੇ ਦੇਖਦੇ ਰਹਿਣਾ। ਇੱਕ ਦੂਜੇ ਨੂੰ ਅੱਖੋਂ ਉਹਲੇ ਨਾ ਕਰਨਾ । ਹਵਾਈ ਅੱਡਾ ਬਿਲਕੁਲ ਮਹਾਜ਼ ਦੇ ਕੋਲ ਹੈ।”
ਨਵਾਂ ਅੱਡਾ ਸੱਚਮੁਚ ਮਹਾਜ਼ ਰੇਖਾ ਦੇ ਕੋਲ ਸੀ, ਜਿਸਨੂੰ ਨਕਸ਼ੇ ਉੱਪਰ ਨੀਲੀ ਪੈਨਸਿਲ ਨਾਲ ਵਾਹਿਆ ਗਿਆ ਸੀ; ਇਹ ਉਸ ਜੀਭ ਉੱਤੇ ਸੀ ਜਿਹੜੀ ਜਰਮਨ ਫ਼ੌਜਾਂ ਦੀਆਂ ਪੁਜੀਸ਼ਨਾਂ ਵਿੱਚ ਜਾ ਖੁਭਦੀ ਸੀ । ਉਥੇ ਪਹੁੰਚਣ ਲਈ ਉਹਨਾਂ ਪਿੱਛੇ ਨੂੰ ਨਹੀਂ, ਸਗੋਂ ਅੱਗੇ ਨੂੰ ਜਾਣਾ ਸੀ । ਪਾਇਲਟ ਖੁਸ਼ ਸਨ । ਬਾਵਜੂਦ ਇਸਦੇ ਕਿ ਪਹਿਲਕਦਮੀ ਐਤਕੀਂ ਫਿਰ ਦੁਸ਼ਮਣ ਨੇ ਕੀਤੀ ਸੀ, ਸੋਵੀਅਤ ਫ਼ੌਜ ਪਿੱਛੇ ਹਟਣ ਦੀ ਨਹੀਂ ਸਗੋਂ ਧਾਵਾ ਬੋਲਣ ਵੀ ਤਿਆਰੀ ਕਰ ਰਹੀ ਸੀ।
ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਨੇ ਅਕਾਸ਼ ਨੂੰ ਰੁਸ਼ਨਾ ਦਿੱਤਾ, ਤੇ ਗੁਲਾਬੀ ਜਿਹੀ ਧੁੰਦ ਅਜੇ ਵੀ ਹਵਾਈ ਅੱਡੇ ਉੱਤੇ ਲਹਿਰਾਂ ਬਣਾਈ ਫੈਲੀ ਹੋਈ ਸੀ, ਦੂਜਾ ਸੁਕਾਡਰਨ ਆਪਣੇ ਕਮਾਂਡਰ ਦੇ ਮਗਰ ਮਗਰ ਹਵਾ ਵਿੱਚ ਉੱਡਿਆ, ਤੇ ਹਵਾਈ ਜਹਾਜ਼ ਇੱਕ ਦੂਜੇ ਦੇ ਨਾਲ ਹੋਕੇ ਉਠਦੇ ਦੱਖਣ ਵੱਲ ਨੂੰ ਚੱਲ ਪਏ।
ਮਰੇਸੇਯੇਵ ਤੇ ਪਿਤਰੋਵ ਆਪਣੀ ਪਹਿਲੀ ਸਾਂਝੀ ਉਡਾਣ ਵਿੱਚ ਇੱਕ ਦੂਜੇ ਦੇ ਕੋਲ ਕੋਲ ਰਹੇ ਸਨ; ਤੇ ਭਾਵੇਂ ਇਹ ਉਡਾਣ ਛੋਟੀ ਹੀ ਸੀ, ਤਾਂ ਵੀ ਪਿਤਰੋਵ ਆਪਣੇ ਆਗੂ ਦੇ ਵਿਸ਼ਵਾਸ ਭਰੇ ਤੇ ਸੱਚਮੁਚ ਨਿਪੁੰਨ ਢੰਗ ਦੀ ਕਦਰ ਪਾ ਸਕਿਆ ਤੇ ਮਰੇਸੇਯੇਵ ਨੇ ਰਸਤੇ ਵਿੱਚ ਕਈ ਵਾਰੀ ਤਿੱਖਾ ਤੇ ਅਚਾਨਕ ਮੋੜ ਕੱਟਦਿਆਂ ਦੇਖਿਆ ਕਿ ਉਸਦੇ ਮਗਰ ਆਉਣ ਵਾਲ਼ਾ ਦਲੇਰ ਹੈ, ਚੰਗੀ ਨਿਗਾਹ ਰੱਖਦਾ ਹੈ, ਮਜ਼ਬੂਤ ਤੰਤੂਆਂ ਵਾਲ਼ਾ ਹੈ ਤੇ, ਜਿਸਨੂੰ ਉਹ ਸਭ ਤੋਂ ਮਹੱਤਵਪੂਰਨ ਸਮਝਦਾ ਸੀ, ਉਸਦਾ ਉੱਡਣ ਦਾ ਢੰਗ ਚੰਗਾ ਸੀ, ਭਾਵੇਂ ਅਜੇ ਵਿਸ਼ਵਾਸ ਭਰਿਆ ਨਹੀਂ ਸੀ।
ਨਵਾਂ ਹਵਾਈ ਅੱਡਾ ਇੱਕ ਪੈਦਲ ਰੈਜਮੈਂਟ ਦੇ ਪਿਛਵਾੜੇ ਸਥਿਤ ਸੀ। ਜੇ ਜਰਮਨਾਂ ਨੇ ਇਸਨੂੰ ਲੱਭ ਲਿਆ ਤਾਂ ਉਹ ਆਪਣੀਆਂ ਹਲਕੀਆਂ ਤੋਪਾਂ ਨਾਲ, ਸਗੋਂ ਆਪਣੇ ਭਾਰੇ ਮਾਰਟਰਾਂ ਨਾਲ ਇਸਨੂੰ ਉਡਾ ਸਕਦੇ ਸਨ । ਪਰ ਉਹਨਾਂ ਕੋਲ ਉਸ ਹਵਾਈ ਅੱਡੇ ਦੀ ਪ੍ਰਵਾਹ ਕਰਨ ਲਈ ਕੋਈ ਸਮਾਂ ਨਹੀਂ ਸੀ, ਜਿਹੜਾ ਬਿਲਕੁਲ ਉਹਨਾਂ ਦੇ ਨੱਕ ਹੇਠ ਆ ਬਣਿਆ ਸੀ। ਅਜੇ ਹਨੇਰਾ ਹੀ ਸੀ ਕਿ ਉਹਨਾਂ ਨੇ ਬਸੰਤ ਦੇ ਦੌਰਾਨ ਇੱਥੇ ਇਕੱਠੇ ਕੀਤੇ ਆਪਣੇ ਸਾਰੇ andਤੋਪਖਾਨੇ ਨਾਲ ਸੋਵੀਅਤ ਫ਼ੌਜਾਂ ਦੀਆਂ ਮੋਰਚਾਬੰਦੀਆਂ ਉੱਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ।
ਲਾਲ, ਕੰਬਦੀ ਹੋਈ ਲਿਸ਼ਕ ਮੋਰਚਾਬੰਦ ਹਲਕੇ ਉੱਤੇ ਅਕਾਸ਼ ਵਿੱਚ ਉਤਾਂਹ ਉਠੀ । ਵਿਸਫੋਟ ਕਾਲੇ ਦਰਖਤਾਂ ਦੇ ਘਣੇ ਜੰਗਲ ਵਾਂਗ, ਜਿਹੜਾ ਹਰ ਘੜੀ ਉਠ ਖੜ੍ਹਦਾ ਸੀ, ਹਰ ਚੀਜ਼ ਨੂੰ ਢੱਕ ਲੈਂਦੇ ਸਨ । ਜਦੋਂ ਸੂਰਜ ਚੜ੍ਹ ਗਿਆ, ਤਾਂ ਵੀ ਹਨੇਰਾ ਛਾਇਆ ਰਿਹਾ। ਤਿਣਕਦੇ, ਗਰਜਦੇ, ਕੰਬਦੇ ਹਨੇਰੇ ਵਿੱਚ ਕਿਸੇ ਚੀਜ਼ ਵਿੱਚ ਨਿਖੇੜ ਕਰ ਸਕਣਾ ਅਸੰਭਵ ਸੀ, ਤੇ ਸੂਰਜ ਅਕਾਸ਼ ਵਿੱਚ ਮੱਧਮ, ਘਸਮੈਲੀ-ਲਾਲ ਰੋਟੀ ਵਾਂਗ ਅਕਾਸ਼ ਵਿੱਚ ਲਟਕਿਆ ਹੋਇਆ ਸੀ।
ਇੱਕ ਮਹੀਨਾ ਪਹਿਲਾਂ ਜਰਮਨ ਪੁਜ਼ੀਸ਼ਨਾਂ ਉੱਪਰ ਸੋਵੀਅਤ ਜਹਾਜ਼ਾਂ ਨੇ ਜਿਹੜੀਆਂ ਸੂਹ ਲਾਉਣ ਲਈ ਉਡਾਣਾ ਕੀਤੀਆਂ ਸਨ, ਉਹ ਜਾਇਆ ਨਹੀਂ ਸਨ ਗਈਆਂ । ਜਰਮਨ ਕਮਾਨ ਦੇ ਇਰਾਦਿਆਂ ਦਾ ਪਤਾ ਲੱਗ ਗਿਆ ਸੀ; ਇਸ ਦੀਆਂ ਪੁਜ਼ੀਸ਼ਨਾਂ ਤੇ ਉਹ ਨੁਕਤੇ, ਜਿੱਥੇ ਫ਼ੌਜਾਂ ਇਕੱਠੀਆਂ ਕੀਤੀਆਂ ਗਈਆਂ ਸਨ, ਨਕਸ਼ੇ ਉੱਤੇ ਲਾਏ ਗਏ ਸਨ ਤੇ ਉਹਨਾਂ ਦਾ ਇੰਚ ਇੰਚ ਕਰਕੇ ਅਧਿਐਨ ਕੀਤਾ ਜਾ ਚੁੱਕਾ ਸੀ । ਜਰਮਨਾਂ ਦਾ, ਆਪਣੀ ਆਦਤ ਅਨੁਸਾਰ, ਖਿਆਲ ਸੀ ਕਿ ਉਹ ਆਪਣੇ ਤੜਕਸਾਰ ਦੀ ਨੀਂਦ ਵਿੱਚ ਗੜੂੰਦ ਦੁਸ਼ਮਣ ਦੀ ਪਿੱਠ ਵਿੱਚ ਆਪਣੀ ਪੂਰੀ ਤਾਕਤ ਨਾਲ ਛੁਰਾ ਖੁਭੋ ਸਕਣਗੇ। ਪਰ ਦੁਸ਼ਮਣ ਸਿਰਫ ਸੋਣ ਦਾ ਬਹਾਨਾ ਕਰ ਰਿਹਾ ਸੀ । ਉਸਨੇ ਹਮਲਾਵਰ ਦੀ ਬਾਂਹ ਫੜੀ ਤੇ ਇਸਨੂੰ ਆਪਣੀ ਫ਼ੌਲਾਦੀ, ਸ਼ਕਤੀਸ਼ਾਲੀ ਜਕੜ ਵਿੱਚ ਕੁਚਲ ਕੇ ਰੱਖ ਦਿੱਤਾ। ਤੋਪਾਖਾਨੇ ਦੀ ਤਿਆਰੀ ਦੀ ਗਰਜ, ਜਿਹੜੀ ਕਈ ਕਿਲੋਮੀਟਰ ਲੰਮੇ ਮਹਾਜ਼ ਉੱਤੇ ਫ਼ੈਲੀ ਹੋਈ ਸੀ, ਅਜੇ ਮੱਠੀ ਵੀ ਨਹੀਂ ਸੀ ਪਈ ਕਿ ਆਪਣੇ ਹੀ ਤੋਪਖਾਨਿਆਂ ਦੀ ਗਰਜ ਨਾਲ ਬੋਲੇ ਹੋਏ ਹੋਏ ਤੇ ਬਾਰੂਦ ਦੇ ਧੂੰਏਂ ਨਾਲ, ਜਿਹੜਾ ਉਹਨਾਂ ਦੇ ਮੋਰਚਿਆਂ ਉੱਪਰ ਛਾਇਆ ਹੋਇਆ ਸੀ, ਅੰਨ੍ਹੇ ਹੋਏ ਹੋਏ ਜਰਮਨਾਂ ਨੇ ਵਿਸਫੋਟਾਂ ਦੇ ਲਾਲ ਗੋਲੇ ਆਪਣੀਆਂ ਖਾਈਆਂ ਵਿੱਚ ਡਿੱਗਦੇ ਦੇਖੇ । ਸੋਵੀਅਤ ਤੋਪਖਾਨੇ ਦੇ ਨਿਸ਼ਾਨੇ ਬਿਲਕੁਲ ਠੀਕ ਬੈਠ ਰਹੇ ਸਨ, ਤੇ ਇਹ ਨਿਸ਼ਾਨੇ ਚੂਕੇ ਨਹੀਂ ਸਨ, ਜਿਵੇਂ ਕਿ ਜਰਮਨਾਂ ਦੀ ਸੂਰਤ ਵਿੱਚ ਸੀ, ਸਗੋਂ ਨਿਸ਼ਚਿਤ ਟਿਕਾਣੇ; ਤੋਪਖਾਨੇ ਸਨ, ਉਹ ਥਾਵਾਂ ਸਨ ਜਿਥੇ ਟੈਂਕ ਤੇ ਪੈਦਲ ਫ਼ੌਜ ਕੇਂਦਰਿਤ ਸੀ, ਜਿਨ੍ਹਾਂ ਟਿਕਾਣਿਆ ਨੂੰ ਪਹਿਲਾਂ ਹੀ ਹਮਲੇ ਦੀ ਰੇਖਾ ਉੱਤੇ ਵਾਹਿਆ ਜਾ ਚੁੱਕਾ ਸੀ; ਇਹ ਟਿਕਾਣੇ ਪੁਲ, ਧਰਤ-ਹੇਠਲੇ ਅਸਲਾਖਾਨੇ, ਫ਼ੌਜਾਂ ਦੇ ਉਹਲੇ ਤੇ ਕਮਾਨ ਚੌਂਕੀਆਂ ਸਨ।
ਜਰਮਨ ਤੋਪਖਾਨੇ ਦੀਆਂ ਤਿਆਰੀਆਂ ਤੋਪਖਾਨੇ ਦੀ ਇੱਕ ਜ਼ੋਰਦਾਰ ਲੜਾਈ ਵਿੱਚ ਬਦਲ ਗਈਆਂ, ਜਿਸ ਵਿੱਚ ਦੋਹਾਂ ਪਾਸਿਆਂ ਤੋਂ ਬੇਹੱਦ ਵੱਖੋ ਵੱਖਰੇ ਕੈਲੀਬਰਾਂ ਦੀਆਂ ਹਜ਼ਾਰਾਂ ਤੋਪਾਂ ਹਿੱਸਾ ਲੈ ਰਹੀਆਂ ਸਨ। ਜਦੋਂ ਕਪਤਾਨ ਚਿਸਲੋਵ ਦੇ ਹਵਾਈ ਜਹਾਜ਼ ਨਵੇਂ ਹਵਾਈ ਅੱਡੇ ਉੱਤੇ ਉੱਤਰੇ, ਤਾਂ ਜ਼ਮੀਨ ਕੰਬ ਰਹੀ ਸੀ, ਤੇ ਵਿਸਫੋਟਾਂ ਦੀ ਗਰਜ ਉਹਨਾਂ ਦੀ ਨਿਰੰਤਰ ਸ਼ਕਤੀਸ਼ਾਲੀ ਗਰਜ ਨਾਲ ਇੱਕਮਿੱਕ ਹੋ ਰਹੀ ਸੀ ਜਿਵੇਂ ਕਿਸੇ ਰੇਲਵੇਂ ਪੁਲ ਉੱਪਰ ਕੋਈ ਗੱਡੀ ਨਿਰੰਤਰ ਸੀਟੀਆਂ ਮਾਰ ਰਹੀ, ਖੜ-ਖੜ ਤੇ ਦਾੜ-ਦਾੜ ਕਰ ਰਹੀ ਹੋਵੇ, ਪਰ ਉਸ ਪੁਲ ਤੋਂ ਲੰਘ ਨਾ ਰਹੀ ਹੋਵੇ । ਸਾਰੇ ਦੁਮੇਲ ਉੱਤੇ ਜ਼ੋਰਦਾਰ, ਚੱਕਰ ਕੱਟਦਾ ਧੂੰਆਂ ਛਾਇਆ ਹੋਇਆ ਸੀ ਵਿੰਗ ਦੇ ਨਿੱਕੇ ਜਿਹੇ ਹਵਾਈ ਅੱਡੇ ਦੇ ਉੱਪਰੋਂ ਦੀ ਕਦੀ ਹੰਸ ਦੀ, ਕਦੀ ਬਗਲੇ ਦੀ ਤੇ ਕਦੀ ਖੁੱਲ੍ਹੀ ਬਣਤਰ ਵਿੱਚ ਬੰਬਰਾਂ ਦੀਆਂ ਕਤਾਰਾਂ ਦੀਆਂ ਕਤਾਰਾਂ ਲੰਘ ਰਹੀਆਂ ਸਨ, ਤੇ ਉਹਨਾਂ ਦੇ ਫੱਟ ਰਹੇ ਬੰਬਾਂ ਦੀਆਂ ਮੱਧਮ ਅਵਾਜ਼ਾਂ ਤੋਪਖਾਨੇ ਦੀ ਨਿਰੰਤਰ ਗਰਜ਼ ਨਾਲੋਂ ਨਿਖੇੜੀਆਂ ਜਾ ਸਕਦੀਆਂ ਸਨ।
ਸੁਕਾਡਰਨਾਂ ਨੂੰ “ਦੋ ਨੰਬਰ ਤਿਆਰੀ ਦੀ ਅਵਸਥਾ” ਵਿੱਚ ਰਹਿਣ ਦਾ ਹੁਕਮ ਦਿੱਤਾ ਗਿਆ । ਇਸਦਾ ਮਤਲਬ ਸੀ ਕਿ ਪਾਇਲਟ ਆਪਣੇ ਕਾਕਪਿੱਟਾਂ ਵਿੱਚ ਰਹਿਣਗੇ ਤਾਂ ਕਿ ਹਵਾ ਵਿੱਚ ਪਹਿਲੀ ਰਾਕਟ ਦੇ ਚੱਲਣ ਨਾਲ ਹੀ ਉੱਡ ਸਕਣ । ਹਵਾਈ ਜਹਾਜ਼ ਬਰਚਿਆਂ ਦੇ ਜੰਗਲ ਦੇ ਕਿਨਾਰੇ ਉੱਤੇ ਲਿਆ ਕੇ ਖੜ੍ਹੇ ਕੀਤੇ ਗਏ ਸਨ ਤੇ ਦਰਖਤਾਂ ਦੀਆਂ ਟਾਹਣੀਆਂ ਨਾਲ ਲੁਕਾਏ ਗਏ ਸਨ । ਜੰਗਲ ਦੀ ਠੰਡੀ, ਕੱਚੀ ਕੱਚੀ ਹਵਾ ਵਿੱਚ ਖੁੰਭਾਂ ਜਿਹੀਆਂ ਦੀ ਵਾਸ਼ਨਾ ਸੀ, ਤੇ ਮੱਛਰ, ਜਿਨ੍ਹਾਂ ਦੀ ਭਿਣਭਿਣਾਹਟ ਲੜਾਈ ਦੀ ਗਰਜ ਵਿੱਚ ਗੁੰਮ ਹੋ ਰਹੀ ਸੀ, ਪਾਇਲਟਾਂ ਦੇ ਚਿਹਰਿਆਂ, ਧੌਣਾਂ ਤੇ ਹੱਥਾਂ ਉੱਪਰ ਰੋਹ ਵਿੱਚ ਆ ਕੇ ਹਮਲੇ ਕਰ ਰਹੇ ਸਨ।
ਮਰੇਸੇਯੇਵ ਨੇ ਆਪਣੀ ਟੋਪੀ ਲਾਹ ਲਈ ਤੇ ਅਲਸਾਏ ਹੋਏ ਅੰਦਾਜ਼ ਵਿੱਚ ਮੱਛਰਾਂ ਨੂੰ ਹਟਾਉਂਦਾ ਹੋਇਆ, ਸੋਚਾਂ ਵਿੱਚ ਡੁੱਬਾ, ਤੇ ਜੰਗਲ ਦੀ ਤੇਜ਼, ਸਵੇਰ ਦੀ ਸੁਗੰਧ ਨੂੰ ਮਾਣਦਾ ਹੋਇਆ ਬੈਠਾ ਸੀ । ਅਗਲੇ ਉਹਲੇ ਹੇਠ ਉਸਦੇ ਸਾਥੀ ਦਾ ਹਵਾਈ ਜਹਾਜ਼ ਖੜ੍ਹਾ ਸੀ। ਕਦੀ ਕਦੀ ਪਿਤਰੋਵ ਆਪਣੇ ਕਾਕਪਿੱਟ ਦੀ ਸੀਟ ਤੋਂ ਉੱਚਾ ਹੁੰਦਾ, ਸਗੋਂ ਕਦੀ ਕਦੀ ਖੜ੍ਹੋ ਵੀ ਜਾਂਦਾ ਸੀ, ਤੇ ਉਸ ਪਾਸੇ ਵੱਲ ਦੇਖਣ ਲੱਗ ਪੈਂਦਾ ਜਿਸ ਪਾਸੇ ਵੱਲ ਲੜਾਈ ਚੱਲ ਰਹੀ ਸੀ, ਜਾਂ ਕੋਲ਼ੋਂ ਲੰਘ ਰਹੇ ਬੰਬਰਾਂ ਵੱਲ ਦੇਖਣ ਲੱਗ ਪੈਂਦਾ। ਉਹ ਹਵਾ ਵਿੱਚ ਜਾਣ ਲਈ, ਤੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰੀ ਅਸਲੀ ਦੁਸ਼ਮਣ ਨੂੰ ਮਿਲਣ ਲਈ, “ਰ-ਪ” ਹਵਾਈ ਜਹਾਜ਼ ਨਾਲ ਬੱਝੀ ਤੇ ਹਵਾ ਨਾਲ ਫੁਲਾਈ ਹੋਈ ਬਾਂਹ ਉੱਪਰ ਨਹੀਂ, ਸਗੋਂ ਅਸਲੀ, ਜਿਊਂਦੇ ਜਾਗਦੇ, ਫੁਰਤੀਲੇ ਦੁਸ਼ਮਣ ਦੇ ਹਵਾਈ ਜਹਾਜ਼ ਉੱਪਰ ਟਰੇਸਰ ਗੋਲੀਆਂ ਛੱਡਣ ਲਈ ਉਤਾਵਲਾ ਹੋ ਰਿਹਾ ਸੀ, ਜਿਸ ਜਹਾਜ਼ ਵਿੱਚ, ਹੋ ਸਕਦਾ ਸੀ, ਆਪਣੇ ਖੋਲ ਵਿੱਚ ਬੈਠੇ ਘੋਗੇ ਵਾਂਗ, ਉਹ ਆਦਮੀ ਬੈਠਾ ਹੁੰਦਾ ਜਿਸ ਦੇ ਬੰਬ ਨੇ ਉਸ ਦੀ ਪਤਲੀ ਜਿਹੀ ਸੋਹਣੀ ਕੁੜੀ ਨੂੰ ਮਾਰਿਆ ਸੀ ਜਿਸਨੂੰ ਉਸਨੇ ਕਦੀ ਚੰਗੇ ਸੁਪਨੇ ਵਾਂਗ ਦੇਖਿਆ ਲੱਗਦਾ ਸੀ ।
ਮਰੇਸੇਯੇਵ ਨੇ ਆਪਣੇ ਬੇਚੈਨ ਹੋਏ ਸਾਥੀ ਵੱਲ ਦੇਖਿਆ ਤੇ ਸੋਚਣ ਲੱਗਾ: “ਅਸੀਂ ਲਗਭਗ ਇੱਕੋ ਉਮਰ ਦੇ ਹਾਂ । ਉਹ ਉਨੀਆਂ ਦਾ ਹੈ ਤੇ ਮੈਂ ਤੇਈਆਂ ਦਾ ਹਾਂ । ਤਿੰਨ ਚਾਰ ਸਾਲ ਦਾ ਫ਼ਰਕ ਆਦਮੀ ਲਈ ਕੀ ਹੁੰਦਾ ਹੈ?” ਪਰ ਆਪਣੇ ਸਾਥੀ ਨਾਲ ਖੜ੍ਹੋਤਾ ਉਹ ਆਪ ਇੱਕ ਬਜ਼ੁਰਗ, ਤਜ਼ਰਬਾਕਾਰ, ਗਹਿਰ-ਗੰਭੀਰ ਤੇ ਥੱਕਾ-ਥੱਕਾ ਲੱਗਦਾ ਸੀ । ਬਿਲਕੁਲ ਇਸ ਵੇਲੇ ਪਿਤਰੋਵ ਆਪਣੇ ਕਾਕਪਿੱਟ ਵਿੱਚ ਮਰੋੜੇ ਖਾ ਰਿਹਾ, ਹੱਥ ਮਲ ਰਿਹਾ ਤੇ ਉੱਪਰੋਂ ਲੰਘ ਰਹੇ ਸੋਵੀਅਤ ਹਵਾਈ ਜਹਾਜ਼ ਨੂੰ ਕੁਝ ਕੂਕ ਕੂਕ ਕੇ ਕਹਿ ਰਿਹਾ ਸੀ, ਜਦ ਕਿ ਉਹ, ਅਲੈਕਸੇਈ, ਆਪਣੀ ਸੀਟ ਉੱਤੇ ਅਰਾਮ ਨਾਲ ਨਿੱਸਲ ਹੋ ਕੇ ਬੈਠਾ ਹੋਇਆ ਸੀ । ਉਹ ਸ਼ਾਂਤ ਸੀ। ਉਸਦੇ ਪੈਰ ਨਹੀਂ ਸਨ, ਦੁਨੀਆਂ ਵਿੱਚ ਕਿਸੇ ਵੀ ਪਾਇਲਟ ਨਾਲੋਂ ਉਸ ਲਈ ਹਵਾਈ ਜਹਾਜ਼ ਉਡਾਉਣਾ ਅਥਾਹ ਤੌਰ ਉੱਤੇ ਵਧੇਰੇ ਮੁਸ਼ਕਲ ਸੀ, ਪਰ ਇਸ ਬਾਰੇ ਵੀ ਉਹ ਫ਼ਿਕਰਮੰਦ ਨਹੀਂ ਸੀ ਹੋ ਰਿਹਾ। ਉਹ ਆਪਣੀ ਯੋਗਤਾ ਨੂੰ ਪੂਰੀ ਤਰ੍ਹਾਂ ਜਾਣਦਾ ਸੀ ਤੇ ਆਪਣੀਆਂ ਕੱਟੀਆਂ ਲੱਤਾਂ ਉੱਤੇ ਉਸਨੂੰ ਪੂਰਾ ਭਰੋਸਾ ਸੀ ।
ਸ਼ਾਮ ਤੱਕ ਵਿੰਗ “ਦੋ ਨੰਬਰ ਤਿਆਰੀ ਦੀ ਅਵਸਥਾ” ਵਿੱਚ ਰਿਹਾ। ਪਤਾ ਨਹੀਂ ਕਿਉਂ, ਇਸਨੂੰ ਰਿਜ਼ਰਵ ਰੱਖਿਆ ਗਿਆ ਸੀ । ਪ੍ਰਤੱਖ ਤੌਰ ਉੱਤੇ, ਉਹ ਇਸਦੇ ਟਿਕਾਣੇ ਬਾਰੇ ਮੌਕੇ ਤੋਂ ਪਹਿਲਾਂ ਹੀ ਨਹੀਂ ਸਨ ਪਤਾ ਲੱਗਣ ਦੇਣਾ ਚਾਹੁੰਦੇ।
ਸੌਣ ਵਾਸਤੇ ਵਿੰਗ ਨੂੰ ਦਿੱਤੇ ਗਏ ਭੋਰੇ ਜਰਮਨਾਂ ਦੇ ਬਣਾਏ ਹੋਏ ਸਨ, ਜਿਨ੍ਹਾਂ ਦੇ ਕਬਜ਼ੇ ਵਿੱਚ ਪਹਿਲਾਂ ਇਹ ਥਾਂ ਸੀ । ਉਹਨਾਂ ਨੂੰ ਵਧੇਰੇ ਸੁਖਦਾਈ ਬਣਾਉਣ ਲਈ, ਉਹਨਾਂ ਨੇ ਫੱਟਿਆਂ ਦੀਆਂ ਕੰਧਾਂ ਉੱਪਰ ਗੱਤਾ ਤੇ ਕਾਗਜ਼ ਲਾ ਦਿੱਤਾ ਹੋਇਆ ਸੀ । ਕੰਧਾਂ ਉਪਰ ਅਜੇ ਵੀ ਵੱਡੇ ਵੱਡੇ, ਜਾਨਵਰਾਂ ਵਰਗੇ ਮੂੰਹਾਂ ਵਾਲੀਆਂ ਫਿਲਮ ਐਕਟਰੈਸਾਂ ਦੀਆਂ ਤਸਵੀਰਾਂ ਵਾਲ਼ੇ ਕਾਰਡ, ਤੇ ਜਰਮਨ ਸ਼ਹਿਰਾ ਦੇ ਤੇਲ-ਛਾਪੇ ਵਾਲੇ ਭੂਮੀ-ਦ੍ਰਿਸ਼ ਲੱਗੇ ਹੋਏ ਸਨ।
ਤੋਪਖਾਨੇ ਦੀ ਲੜਾਈ ਪੂਰੇ ਜ਼ੋਰਾਂ ਉੱਤੇ ਸੀ । ਧਰਤੀ ਕੰਬ ਰਹੀ ਸੀ। ਖੁਸ਼ਕ ਰੇਤ ਕੰਧ- ਕਾਗਜ਼ ਦੇ ਨਾਲ ਨਾਲ ਹੇਠਾ ਡਿੱਗ ਰਹੀ ਸੀ ਤੇ ਰੀਂਗਵੀ ਸਰਸਰ ਦੀ ਅਵਾਜ਼ ਪੈਦਾ ਕਰ ਰਹੀ ਸੀ, ਜਿਵੇਂ ਸਾਰਾ ਭੋਰਾ ਨਿੱਕੇ ਨਿੱਕੇ ਕੀੜਿਆਂ ਨਾਲ ਭਰਿਆ ਪਿਆ ਹੋਵੇ ।
ਮਰੇਸੇਯੇਵ ਤੇ ਪਿਤਰੋਵ ਨੇ ਆਪਣੀਆਂ ਬਰਸਾਤੀਆਂ ਵਿਛਾ ਕੇ ਬਾਹਰ ਹੀ ਸੌਣ ਦਾ ਫ਼ੈਸਲਾ ਕੀਤਾ ਹੁਕਮ ਇਹ ਸੀ ਕਿ ਪੂਰੀ ਵਰਦੀ ਸਮੇਤ ਸੁੱਤਾ ਜਾਏ । ਮਰੇਸੇਯੇਵ ਨੇ ਸਿਰਫ ਆਪਣੇ ਪੈਰਾਂ ਦੇ ਪੱਟੇ ਢਿੱਲੇ ਕਰ ਲਏ। ਉਹ ਅਕਾਸ਼ ਵੱਲ ਤੱਕਦਾ, ਸਿੱਧਾ ਪਿਆ ਸੀ। ਅਕਾਸ਼ ਵਿਸਫੋਟਾਂ ਦੀਆਂ ਲਾਲ ਲਾਲ ਲਿਸ਼ਕਾ ਵਿੱਚ ਕੰਬ ਰਿਹਾ ਲੱਗਦਾ ਸੀ। ਪਿਤਰੋਵ ਇੱਕਦਮ ਸੌਂ ਗਿਆ ਤੇ ਸੁੱਤਾ ਸੁੱਤਾ ਉਹ ਘੁਰਾੜੇ ਮਾਰਨ ਲੱਗਾ। ਉਹ ਬੁੜਬੁੜਾਉਣ ਤੇ ਦੰਦੀਆਂ ਕਰੀਚਣ ਲੱਗ ਪੈਂਦਾ, ਆਪਣੇ ਬੁੱਲ੍ਹਾਂ ਨੂੰ ਚੂਸਣ ਲੱਗ ਪੈਂਦਾ ਤੇ ਸੁੱਤੇ ਬੱਚੇ ਵਾਂਗ ਗੁੱਛਾ ਮੁੱਛਾ ਹੋ ਗਿਆ। ਮਰੇਸੇਯੇਵ ਨੇ ਉਸ ਉੱਤੇ ਆਪਣਾ ਓਵਰਕੋਟ ਦੇ ਦਿੱਤਾ। ਇਹ ਮਹਿਸੂਸ ਕਰਦਿਆਂ ਕਿ ਉਹ ਸੌਂ ਨਹੀਂ ਸਕੇਗਾ, ਉਹ ਠੰਡ ਨਾਲ ਕੰਬਦਾ ਹੋਇਆ ਉੱਠ ਖਲੋਤਾ, ਆਪਣੇ ਆਪ ਨੂੰ ਗਰਮ ਕਰਨ ਲਈ ਉਸਨੇ ਕੁਝ ਤੇਜ਼ ਤੇਜ਼ ਜਿਮਨਾਸਟਕ ਦੀਆਂ ਵਰਜ਼ਸ਼ਾਂ ਕੀਤੀਆਂ, ਤੇ ਕੱਟੇ ਦਰਖਤ ਦੀ ਮੁੱਢੀ ਉੱਤੇ ਬੈਠ ਗਿਆ ।
ਤੋਪਖਾਨੇ ਦਾ ਝੱਖੜ ਮੱਠਾ ਪੈ ਗਿਆ । ਸਿਰਫ ਕਦੀ ਕਦੀ ਕੋਈ ਤੋਪਾਂ ਰੁਕ ਰੁਕ ਕੇ ਗੋਲ਼ੇ ਚਲਾਉਣ ਲੱਗ ਪੈਂਦੀਆਂ। ਕੁਝ ਗੋਲ਼ੇ ਉੱਪਰੋਂ ਦੀ ਲੰਘੇ ਤੇ ਹਵਾਈ ਅੱਡੇ ਦੇ ਨੇੜੇ ਹੀ ਕਿਤੇ ਜਾ ਫਟੇ । ਇਹ ਅਖਾਉਤੀ ਜ਼ਿੱਚ ਕਰਨ ਵਾਲ਼ੀ ਗੋਲਾਵਾਰੀ ਆਮ ਕਰਕੇ ਕਿਸੇ ਲਈ ਵੀ ਖਲਲ ਪਾਉਣ ਵਾਲੀ ਨਹੀਂ ਸੀ ਹੁੰਦੀ । ਅਲੈਕਸੇਈ ਨੇ ਵਿਸਫੋਟਾਂ ਦੀ ਅਵਾਜ਼ ਉੱਤੇ ਆਪਣਾ ਸਿਰ ਮੋੜ ਕੇ ਵੀ ਨਾ ਦੇਖਿਆ। ਉਹ ਮਹਾਜ਼ ਰੇਖਾ ਵੱਲ ਦੇਖ ਰਿਹਾ ਸੀ, ਜਿਹੜੀ ਹਨੇਰੇ ਵਿੱਚ ਬਿਲਕੁਲ ਸਪੱਸ਼ਟ ਦਿਖਾਈ ਦੇ ਰਹੀ ਸੀ। ਇਸ ਵੇਲੇ, ਏਨੀਂ ਰਾਤ ਗਈ ਵੀ, ਸਖ਼ਤ, ਨਾ ਮੱਠੀ ਪੈਣ ਵਾਲ਼ੀ, ਘਮਸਾਨ ਦੀ ਲੜਾਈ ਹੋ ਰਹੀ ਸੀ, ਜਿਹੜੀ ਸਾਰੇ ਦੁਮੇਲ ਦੇ ਨਾਲ ਨਾਲ ਭੜਕੀਆਂ ਹੋਈਆਂ ਅਥਾਹ ਅੱਗਾਂ ਦੇ ਲਾਲ ਚਾਨਣ ਦੇ ਰੂਪ ਵਿੱਚ ਸੁੱਤੀ ਹੋਈ ਧਰਤੀ ਉੱਤੇ ਦੇਖੀ ਜਾ ਸਕਦੀ ਸੀ । ਉਹਨਾਂ ਦੇ ਉੱਤੇ ਕਰਕੇ ਰਾਕਟਾਂ ਦੀ ਥਰਕਦੀ ਹੋਈ ਅੱਗ ਲਿਸ਼ਕ ਰਹੀ ਸੀ— ਨੀਲੀ, ਫਾਸਫੋਰਸ ਵਾਲ਼ੀ ਜਰਮਨਾਂ ਦੀ, ਤੇ ਪੀਲ਼ੀ ਸੋਵੀਅਤ ਫ਼ੌਜਾਂ ਦੀ। ਵਿੱਚ ਵਿੱਚ ਕਰਕੇ ਲਾਟਾਂ ਦੀ ਵੱਡੀ ਸਾਰੀ ਜੀਭ ਭੜਕ ਪੈਂਦੀ, ਤੇ ਧਰਤੀ ਉੱਤੋਂ ਘੜੀ-ਪਲ ਲਈ ਹਨੇਰੇ ਦਾ ਪਰਦਾ ਦੂਰ ਕਰ ਦੇਂਦੀ, ਤੇ ਇਸਤੋਂ ਮਗਰੋਂ ਵਿਸਫੋਟ ਦਾ ਬੋਝਲ ਜਿਹਾ ਹਉਂਕਾ ਸੁਣਾਈ ਦੇਂਦਾ।
ਰਾਤ ਨੂੰ ਬੰਬਾਰੀ ਕਰਨ ਵਾਲੇ ਹਵਾਈ ਜਹਾਜ਼ਾਂ ਦੀ ਅਵਾਜ਼ ਸੁਣਾਈ ਦਿੱਤੀ । ਸਾਰੀ ਮਹਾਜ਼ ਰੇਖਾ ਵੱਖੋ ਵਖਰੇ ਰੰਗਾਂ ਦੀਆਂ ਟਰੇਸਰ ਗੋਲੀਆਂ ਦੇ ਚਾਨਣ ਨਾਲ ਢੱਕੀ ਗਈ। ਤੇਜ਼ ਤੇਜ਼ ਚਲਦੀਆਂ ਹਵਾਮਾਰ ਤੋਪਾਂ ਤੇ ਗੋਲ਼ੇ ਖੂਨ ਦੇ ਤੁਪਕਿਆਂ ਵਾਂਗ ਹਵਾ ਵਿੱਚ ਉੱਡਣ ਲੱਗੇ। ਇੱਕ ਵਾਰੀ ਫਿਰ ਧਰਤੀ ਕੰਬਣ ਲੱਗੀ, ਵਿਲਕਣ ਤੇ ਕਰਾਹੁਣ ਲੱਗੀ । ਪਰ ਬਰਚੇ ਦੇ ਦਰਖਤਾਂ ਦੀਆਂ ਚੋਟੀਆਂ ਵੀ ਕੀਂ-ਭੀ ਕਰ ਰਹੇ ਗਬਰੀਲਿਆਂ ਲਈ ਇਹ ਕੋਈ ਖਲਲ ਦਾ ਕਾਰਨ ਨਹੀਂ ਸੀ ਬਣ ਰਹੀ। ਜੰਗਲ ਦੇ ਧੁਰ ਅੰਦਰ ਮਨੁੱਖੀ ਅਵਾਜ਼ ਵਿੱਚ ਕੂਕਾਂ ਛੱਡਦਾ ਉੱਲੂ ਕਿਸੇ ਆਉਣ ਵਾਲੀ ਮੁਸੀਬਤ ਦਾ ਸੁਨੇਹਾ ਦੇ ਰਿਹਾ ਸੀ। ਹੇਠਾਂ ਨਿਵਾਣ ਵਿੱਚ ਉਗੀਆਂ ਝਾੜੀਆਂ ਵਿੱਚ, ਦਿਨ ਦਾ ਡਰ ਦੂਰ ਹੋ ਜਾਣ ਉੱਤੇ, ਇੱਕ ਬੁਲਬੁਲ ਗਾਉਣ ਲੱਗ ਪਈ ਸੀ — ਪਹਿਲਾਂ ਰੁਕ ਰੁਕ ਕੇ, ਜਿਵੇਂ ਕਿ ਆਪਣੀ ਅਵਾਜ਼ ਨੂੰ ਅਜ਼ਮਾ ਰਹੀ ਹੋਵੇ, ਜਾਂ ਕੋਈ ਸਾਜ਼ ਸੁਰ ਕਰ ਰਹੀ ਹੋਵੇ, ਤੇ ਫਿਰ ਪੂਰੀ ਅਵਾਜ਼ ਨਾਲ, ਸੀਟੀਆਂ ਮਾਰਦੀ ਤੇ ਕੂਹਕਦੀ ਹੋਈ, ਜਿਵੇਂ ਆਪਣੇ ਹੀ ਸੰਗੀਤ ਦੀਆਂ ਅਵਾਜ਼ਾਂ ਨਾਲ ਉਹ ਮੁਗਧ ਹੁੰਦੀ ਜਾ ਰਹੀ ਹੋਵੇ । ਉਸਨੂੰ ਹੁੰਗਾਰਾ ਭਰਦਿਆਂ, ਦੂਜੀਆਂ ਬੁਲਬੁਲਾਂ ਵੀ ਗਾਉਣ ਲਗ ਪਈਆਂ, ਤੇ ਜਲਦੀ ਹੀ ਮਹਾਜ਼ ਨੇੜੇ ਦਾ ਇਹ ਸਾਰਾ ਜੰਗਲ ਗੂੰਜਣ ਲੱਗਾ ਤੇ ਗੀਤ ਗਾਉਣ ਲੱਗਾ, ਤੇ ਸਭ ਪਾਸਿਆਂ ਤੋਂ ਸੰਗੀਤਕ ਕੂਹਕਾਂ ਆਉਣ ਲੱਗੀਆਂ। ਐਵੇਂ ਹੀ ਨਹੀਂ ਕੁਰਸਕ ਦੀਆਂ ਬੁਲਬੁਲਾਂ ਸਾਰੀ ਦੁਨੀਆਂ ਵਿੱਚ ਪ੍ਰਸਿੱਧ !
ਤੇ ਹੁਣ ਉਹਨਾਂ ਸਾਰੇ ਜੰਗਲ ਨੂੰ ਸਿਰ ਉੱਤੇ ਚੁੱਕਿਆ ਹੋਇਆ ਸੀ। ਅਗਲੇ ਦਿਨ ਅਲੈਕਸੇਈ ਦਾ ਇਮਤਿਹਾਨ ਸੀ, ਕਿਸੇ ਕਮਿਸ਼ਨ ਸਾਮ੍ਹਣੇ ਨਹੀਂ, ਸਗੋਂ, ਖੁਦ ਮੌਤ ਸਾਮ੍ਹਣੇ; ਪਰ ਉਹ ਬੁਲਬੁਲਾਂ ਦਾ ਗੀਤ ਸੁਣਦਾ ਸੌਂ ਨਾ ਸਕਿਆ। ਤੇ ਉਹ ਭਲਕ ਬਾਰੇ ਹੋਣ ਵਾਲੀ ਲੜਾਈ ਬਾਰੇ, ਮਾਰੇ ਜਾਣ ਦੀ ਸੰਭਾਵਨਾ ਬਾਰੇ ਨਹੀਂ ਸੀ ਸੋਚ ਰਿਹਾ, ਸਗੋਂ ਦੂਰ ਦੀ ਕਿਸੇ ਬੁਲਬੁਲ ਬਾਰੇ ਸੋਚ ਰਿਹਾ ਸੀ, ਜਿਸਨੇ ਕਦੀ ਕਾਮੀਸ਼ਿਨ ਦੇ ਬਾਹਰ ਵਾਰ ਉਹਨਾਂ ਲਈ ਗੀਤ ਗਾਇਆ ਸੀ, ਉਹ ਓਲਿਆ ਬਾਰੇ, ਆਪਣੇ ਕਸਬੇ ਬਾਰੇ ਸੋਚ ਰਿਹਾ ਸੀ।
ਪੂਰਬ ਵੱਲ ਅਕਾਸ਼ ਉੱਤੇ ਪਿਲੱਤਣ ਆਉਣੀ ਸ਼ੁਰੂ ਹੋ ਗਈ ਸੀ । ਬੁਲਬੁਲਾਂ ਦੀਆਂ ਕੂਹਕਾਂ ਨੂੰ ਤੋਪਾਂ ਦੀ ਅਵਾਜ਼ ਨੇ ਡੁਬੋ ਦਿੱਤਾ। ਹੌਲ਼ੀ ਹੌਲ਼ੀ ਰਣਭੂਮੀ ਉੱਤੇ ਸੂਰਜ ਚੜ੍ਹ ਆਇਆ, ਵੱਡਾ ਸਾਰਾ ਤੇ ਲਾਲ, ਜਿਹੜਾ ਗੋਲਿਆਂ ਤੇ ਧਮਕਿਆਂ ਦੇ ਸੰਘਣੇ ਧੂਏਂ ਵਿੱਚੋਂ ਮਸਾਂ ਹੀ ਦਿਸਦਾ ਸੀ।
4
ਕੁਰਸਕ ਵਧਾਣ ਦੀ ਲੜਾਈ ਉਸੇ ਤਰ੍ਹਾਂ ਭੜਕ ਰਹੀ ਸੀ । ਜਰਮਨਾਂ ਦਾ ਪਹਿਲਾਂ ਮਨਸੂਬਾ ਇਹ ਸੀ ਕਿ ਟੈਂਕਾਂ ਨਾਲ ਤੇਜ਼ ਤੇ ਸ਼ਕਤੀਸ਼ਾਲੀ ਹਮਲੇ ਕਰਕੇ ਕੁਰਸਕ ਦੇ ਦੱਖਣ ਤੇ ਉੱਤਰ ਵਿਚਲੀਆਂ ਸਾਡੀਆਂ ਮੋਰਚਾਬੰਦੀਆਂ ਨੂੰ ਤਬਾਹ ਕਰ ਦਿੱਤਾ ਜਾਏ, ਤੇ ਦੁਵੱਲਿਉਂ ਵਧ ਕੇ, ਸੋਵੀਅਤ ਫ਼ੌਜ ਦੇ ਸਾਰੇ ਕੁਰਸਕ ਗਰੁੱਪ ਨੂੰ ਘੇਰਾ ਪਾ ਲਿਆ ਜਾਏ ਤੇ ਉਥੇ “ਜਰਮਨ ਸਤਾਲਿਨਗਰਾਦ” ਜਥੇਬੰਦ ਕੀਤਾ ਜਾਏ; ਪਰ ਉਹਨਾਂ ਦਾ ਇਹ ਮਨਸੂਬਾ ਮਜ਼ਬੂਤ ਰੱਖਿਆ ਨੇ ਨਾਕਾਮ ਬਣਾ ਦਿੱਤਾ। ਕੁਝ ਦਿਨਾਂ ਪਿੱਛੋਂ, ਜਰਮਨ ਕਮਾਨ ਨੇ ਸਮਝ ਲਿਆ ਕਿ ਉਹ ਇਸ ਰੱਖਿਆ ਪ੍ਰਬੰਧ ਨੂੰ ਤੋੜ ਕੇ ਲੰਘਣ ਦੇ ਸਮਰੱਥ ਨਹੀਂ ਹੋਣਗੇ, ਤੇ ਜੇ ਹੋ ਵੀ ਗਏ, ਤਾਂ ਉਹਨਾਂ ਦਾ ਨੁਕਸਾਨ ਏਨਾਂ ਜ਼ਿਆਦਾ ਹੋਵੇਗਾ ਕਿ ਦੁਵੱਲਿਉਂ ਘੇਰਾ ਪਾਉਣ ਲਈ ਉਹਨਾਂ ਕੋਲ ਕਾਫ਼ੀ ਫ਼ੌਜਾਂ ਨਹੀਂ ਰਹਿ ਜਾਣਗੀਆਂ, ਪਰ ਹੁਣ ਇਸ ਗੱਲ ਲਈ ਸਮਾਂ ਨਹੀਂ ਸੀ ਕਿ ਇਸ ਕਾਰਵਾਈ ਨੂੰ ਰੋਕ ਲਿਆ ਜਾਏ। ਹਿਟਲਰ ਨੇ ਇਸ ਕਾਰਵਾਈ ਉੱਪਰ ਬਹੁਤ ਜ਼ਿਆਦਾ ਰਣਨੀਤਕ, ਦਾਅ ਪੇਚ ਤੇ ਰਾਜਨੀਤਕ ਆਸਾਂ ਲਾਈਆਂ ਹੋਈਆਂ ਸਨ । ਬਰਫਾਨੀ ਚਟਾਨ ਠੇਲ੍ਹ ਦਿੱਤੀ ਗਈ ਸੀ, ਤੇ ਇਹ ਪਹਾੜ ਤੋਂ ਹੇਠਾਂ ਰਿੜ੍ਹਦੀ ਜ਼ੋਰ ਫੜਦੀ ਜਾ ਰਹੀ ਸੀ, ਹੂੰਝਾ ਫੇਰੀ ਜਾ ਰਹੀ ਸੀ ਤੇ ਰਸਤੇ ਵਿਚਲੀ ਹਰ ਚੀਜ਼ ਆਪਣੇ ਨਾਲ ਲਈ ਜਾ ਰਹੀ ਸੀ; ਜਿਨ੍ਹਾਂ ਨੇ ਇਸ ਨੂੰ ਠੇਲ੍ਹਿਆ ਸੀ, ਉਹਨਾਂ ਵਿੱਚ ਇਸ ਨੂੰ ਰੋਕਣ ਦੀ ਤਾਕਤ ਨਹੀਂ ਸੀ। ਜਰਮਨ ਕਿਲੋਮੀਟਰਾਂ ਦੇ ਹਿਸਾਬ ਨਾਲ ਵਧ ਰਹੇ ਸਨ, ਤੇ ਉਹਨਾਂ ਦੇ ਨੁਕਸਾਨ ਡਵੀਜ਼ਨਾਂ ਤੇ ਕੋਰਾ ਦੇ, ਸੈਂਕੜੇ ਟੈਂਕਾਂ ਤੇ ਤੋਪਾਂ ਦੇ ਤੇ ਹਜ਼ਾਰਾਂ ਗੱਡੀਆਂ ਦੇ ਹਿਸਾਬ ਨਾਲ ਮਿਣੇ ਜਾ ਰਹੇ ਸਨ। ਵਧਦੀਆਂ ਫੌਜਾਂ ਲਹੂ-ਲੁਹਾਣ ਹੋ ਰਹੀਆਂ ਤੇ ਸਾਹ-ਸਤ ਗੁਆ ਰਹੀਆਂ ਸਨ; ਜਰਮਨ ਹੈੱਡ ਕੁਆਰਟਰਜ਼ ਇਸ ਗੱਲ ਤੋਂ ਚੇਤੰਨ ਸੀ, ਪਰ ਹੁਣ ਘਟਨਾਵਾਂ ਦੇ ਵਹਿਣ ਨੂੰ ਠਲ੍ਹ ਸਕਣਾ ਉਹਨਾਂ ਦੇ ਵੱਸ ਨਹੀਂ ਸੀ, ਜਿਸ ਲਈ ਉਹ ਲੜਾਈ ਦੀ ਨਰਕੀ ਅੱਗ ਵਿੱਚ ਦਿਨੋਂ- ਦਿਨ ਵਧੇਰੇ ਰਾਖਵੀਆਂ ਫ਼ੌਜਾਂ ਸੁੱਟਣ ਲਈ ਮਜ਼ਬੂਰ ਸਨ।
ਸੋਵੀਅਤ ਕਮਾਨ ਇੱਥੋਂ ਦੀ ਰੱਖਿਆ ਰੇਖਾ ਉਪਰਲੀਆਂ ਫ਼ੌਜਾ ਦੀਆਂ ਸਫਾਂ ਨਾਲ ਜਰਮਨਾਂ ਦੇ ਹੱਲਿਆਂ ਨੂੰ ਜਰ ਰਹੀ ਸੀ । ਜਰਮਨਾਂ ਦੇ ਵੱਧਦੇ ਰੋਹ ਨੂੰ ਦੇਖਦਿਆਂ ਉਹਨਾਂ ਨੇ ਆਪਣੀਆਂ ਰਾਖਵੀਆਂ ਫ਼ੌਜਾਂ ਦੂਰ ਪਿੱਛੇ ਰੱਖ ਛੱਡੀਆਂ ਸਨ, ਇਸ ਉਡੀਕ ਵਿੱਚ ਕੀ ਦੁਸ਼ਮਣ ਦਾ ਜ਼ੋਰ ਢਿੱਲਾ ਪੈ ਲਵੇ । ਜਿਵੇਂ ਕਿ ਮਰੇਸੇਯੇਵ ਨੂੰ ਮਗਰੋਂ ਪਤਾ ਲੱਗਾ, ਉਸਦੇ ਵਿੰਗ ਦਾ ਕੰਮ ਜਵਾਬੀ ਹੱਲੇ ਲਈ ਕੇਂਦਰਿਤ ਹੋਈ ਫ਼ੌਜ ਨੂੰ ਉਹਲਾ ਦੇਣਾ ਸੀ। ਇਸੇ ਕਰਕੇ ਟੈਂਕ ਤੇ ਲੜਾਕੇ ਜਹਾਜ਼ਾਂ ਦੇ ਦਸਤੇ, ਜਿਨ੍ਹਾਂ ਨੇ ਉਹਨਾਂ ਦੇ ਨਾਲ ਮਿਲਕੇ ਕੰਮ ਕਰਨਾ ਸੀ, ਇਸ ਮਹਾਨ ਲੜਾਈ ਦੇ ਪਹਿਲੇ ਪੜਾਅ ਉੱਤੇ ਸਿਰਫ਼ ਦਰਸ਼ਕ ਹੀ ਸਨ, ਜਦੋਂ ਦੁਸ਼ਮਣ ਆਪਣੀਆਂ ਸਾਰੀਆਂ ਸ਼ਕਤੀਆਂ ਨੂੰ ਲੜਾਈ ਵਿੱਚ ਸੁੱਟ ਚੁੱਕਾ, ਤਾਂ ਹਵਾਈ ਅੱਡੇ ਉੱਤੇ “ਨੰਬਰ ਦੋ ਵਾਲੀ ਤਿਆਰੀ ਦੀ ਅਵਸਥਾ” ਖ਼ਤਮ ਕਰ ਦਿੱਤੀ ਗਈ । ਅਮਲੇ ਨੂੰ ਭੌਰਿਆਂ ਵਿੱਚ ਸੌਣ ਦੀ, ਤੇ ਇੱਥੋਂ ਤੱਕ ਕਿ ਕੱਪੜੇ ਲਾਹੁਣ ਦੀ ਵੀ ਆਗਿਆ ਦੇ ਦਿੱਤੀ ਗਈ। ਮਰੇਸੇਯੇਵ ਤੇ ਪਿਤਰੋਵ ਨੇ ਆਪਣੇ ਭੋਰੇ ਨੂੰ ਮੁੜ ਤਰਤੀਬ ਦਿੱਤੀ। ਉਹਨਾਂ ਫਿਲਮ ਐਕਟਰੈਸਾਂ ਦੀਆਂ ਤਸਵੀਰਾਂ ਵਾਲੇ ਕਾਰਡ ਦੇ ਓਪਰੇ ਭੂਮੀਦ੍ਰਿਸ਼ ਲਾਹ ਮਾਰੇ, ਜਰਮਨ ਗੱਤਾ ਤੇ ਕਾਗਜ਼ ਵੀ ਲਾਹ ਦਿੱਤਾ ਤੇ ਕੰਧ ਨੂੰ ਫਰ ਤੇ ਬਰਚੇ ਦੀਆਂ ਟਾਹਣਾਂ ਨਾਲ ਸਜਾ ਦਿੱਤਾ। ਉਸਤੋਂ ਪਿੱਛੋਂ ਡਿੱਗ ਰਹੀ ਰੇਤ ਦੀ ਗੈਂਗਵੀ ਸਰ-ਸਰ ਭੋਰੇ ਵਿੱਚ ਖਲਲ ਨਹੀਂ ਸੀ ਪਾਉਂਦੀ।
ਇੱਕ ਸਵੇਰ, ਜਦੋਂ ਧੁੱਪ ਦੀਆਂ ਤੇਜ਼ ਕਿਰਨਾਂ ਭੋਰੇ ਦੇ ਖੁੱਲ੍ਹੇ ਦਰਵਾਜ਼ੇ ਵਿੱਚੋਂ ਦੀ ਲੰਘਦੀਆਂ ਫ਼ਰਸ਼ ਉੱਤੇ ਵਿਛੀਆਂ ਦਿਆਰਾਂ ਦੀਆਂ ਸੂਈਆਂ ਉੱਤੇ ਪੈ ਰਹੀਆਂ ਸਨ, ਤੇ ਜਦੋਂ ਦੋਸਤ ਅਜੇ ਆਪਣੇ ਥੜ੍ਹਿਆਂ ਉੱਤੇ ਨਿੱਸਲ ਪਏ ਸਨ, ਜਿਹੜੇ ਥੜ੍ਹੇ ਕੰਧਾਂ ਵਿੱਚ ਟੋਏ ਕਰਕੇ ਬਣਾਏ ਗਏ ਸਨ, ਤਾਂ ਉੱਪਰ ਰਸਤੇ ਉੱਤੇ ਤੇਜ਼ ਕਦਮਾਂ ਦੀ ਅਵਾਜ਼ ਸੁਣਾਈ ਦਿੱਤੀ ਤੇ ਕਿਸੇ ਨੇ ਉੱਚੀ ਸਾਰੀ ਉਹ ਲਫ਼ਜ਼ ਬੋਲਿਆ, ਜਿਹੜਾ ਉਹਨਾਂ ਦਿਨਾਂ ਵਿੱਚ ਮਹਾਜ਼ ਉੱਤੇ ਜਾਦੂਈ ਲਫ਼ਜ਼ ਹੁੰਦਾ ਸੀ: “ਡਾਕੀਆ”
ਦੋਹਾਂ ਨੇ ਇੱਕੋ ਵੇਲੇ ਆਪਣੇ ਕੰਬਲ ਲਾਹ ਮਾਰੇ, ਪਰ ਮਰੇਸੇਯੇਵ ਅਜੇ ਆਪਣੇ ਪੈਰਾਂ ਦੇ ਪਟੇ ਹੀ ਬੰਨ੍ਹ ਰਿਹਾ ਸੀ। ਕਿ ਪਿਤਰੋਵ ਦੌੜਦਾ ਹੋਇਆ ਗਿਆ, ਡਾਕੀਏ ਨਾਲ ਜਾ ਰਲਿਆ ਤੇ ਅਲੈਕਸੇਈ ਲਈ ਵਿਜਈ ਢੰਗ ਨਾਲ ਦੋ ਚਿੱਠੀਆਂ ਫੜੀ ਵਾਪਸ ਆ ਗਿਆ। ਇੱਕ ਚਿੱਠੀ ਉਸਦੀ ਮਾਂ ਵੱਲੋਂ ਸੀ, ਦੂਜੀ ਓਲਿਆ ਵੱਲੋਂ । ਅਲੈਕਸੇਈ ਨੇ ਆਪਣੇ ਦੋਸਤ ਦੇ ਹੱਥਾਂ ਵਿੱਚੋਂ ਚਿੱਠੀਆਂ ਝਪਟੇ ਨਾਲ ਫੜੀਆਂ, ਪਰ ਐਨ ਉਸੇ ਵੇਲੇ ਹਵਾਈ ਅੱਡੇ ਤੋਂ ਤੇਜ਼ ਤੇਜ਼ ਟੱਲੀ ਵੱਜਣ ਦੀ ਅਵਾਜ਼ ਆਈ । ਅਮਲੇ ਨੂੰ ਆਪੋ ਆਪਣੇ ਹਵਾਈ ਜਹਾਜ਼ਾਂ ਵੱਲ ਬੁਲਾਇਆ ਜਾ ਰਿਹਾ ਸੀ।
ਮਰੇਸੇਯੇਵ ਨੇ ਚਿੱਠੀਆਂ ਆਪਣੀ ਜਾਕਟ ਵਿੱਚ ਪਾਈਆਂ ਤੇ ਉਹਨਾਂ ਬਾਰੇ ਇੱਕਦਮ ਭੁੱਲਦਿਆਂ, ਜੰਗਲ ਦੇ ਵਿੱਚੋਂ ਦੀ ਹਵਾਈ ਜਹਾਜ਼ਾਂ ਵੱਲ ਜਾਂਦੇ ਪਹੇ ਉੱਤੇ ਪਿਤਰੋਵ ਦੇ ਮਗਰ ਮਗਰ ਤੁਰ ਪਿਆ । ਉਹ ਆਪਣੀ ਸੋਟੀ ਨੂੰ ਵਰਤਦਿਆਂ ਕਾਫ਼ੀ ਤੇਜ਼ ਦੌੜ ਰਿਹਾ ਸੀ ਤੇ ਬਹੁਤ ਥੋੜ੍ਹਾ ਹੀ ਝੂਲ ਰਿਹਾ ਸੀ । ਜਦੋਂ ਉਹ ਆਪਣੇ ਹਵਾਈ ਜਹਾਜ਼ ਕੋਲ ਪਹੁੰਚਿਆਂ ਤਾਂ ਇੰਜਣ ਤੋਂ ਪਰਦਾ ਹਟਾਇਆ ਜਾ ਚੁੱਕਾ ਸੀ ਤੇ ਮਕੈਨਿਕ, ਮਾਤਾ ਦੇ ਦਾਗਾਂ ਵਾਲ਼ਾ ਤੇ ਹੱਸਣ ਦਾ ਸ਼ੁਕੀਨ ਮੁੰਡਾ, ਬੇਸਬਰੀ ਨਾਲ ਉਸਦੀ ਉਡੀਕ ਕਰ ਰਿਹਾ ਸੀ।
ਇੰਜਣ ਦੀ ਗਰਜ ਆਈ। ਮਰੇਸੇਯੇਵ ਦੀ ਨਜ਼ਰ “ਨੰਬਰ ਛੇ” ਉੱਤੇ ਪਈ, ਜਿਸਨੂੰ ਸੁਕਾਡਰਨ ਦਾ ਕਮਾਂਡਰ ਚਲਾ ਰਿਹਾ ਸੀ ਕਪਤਾਨ ਚਿਸਲੋਵ ਆਪਣੇ ਹਵਾਈ ਜਹਾਜ਼ ਨੂੰ ਚਲਾਉਂਦਾ ਹੋਇਆ ਖੁੱਲ੍ਹੇ ਹਰੇ ਮੈਦਾਨ ਵਿੱਚ ਲੈ ਆਇਆ। ਉਸਨੇ ਆਪਣੀ ਬਾਂਹ ਉੱਪਰ ਕੀਤੀ — ਇਸਦਾ ਮਤਲਬ ਸੀ, “ਸਾਵਧਾਨ!” ਦੂਜੇ ਇੰਜਣ ਗਰਜੇ । ਵਾ-ਵਰੋਲੇ ਨੇ ਘਾਹ ਨੂੰ ਹੇਠਾਂ ਜ਼ਮੀਨ ਨਾਲ਼ ਲਾ ਦਿੱਤਾ ਤੇ ਹੰਝੂ ਸੁੱਟਦੇ ਬਰਚਿਆਂ ਦੀਆਂ ਹਰੀਆਂ ਟਾਹਣੀਆਂ ਝੂਲਣ ਲੱਗੀਆਂ ਜਿਵੇਂ ਟੁੱਟਣ ਟੁੱਟਣ ਕਰ ਰਹੀਆਂ ਹੋਣ।
ਅਲੈਕਸੇਈ ਆਪਣੇ ਜਹਾਜ਼ ਵੱਲ ਦੌੜਿਆ ਜਾ ਰਿਹਾ ਸੀ ਕਿ ਇੱਕ ਹੋਰ ਪਾਇਲਟ ਮਗਰੋਂ ਉਸ ਨਾਲ ਆ ਰਲਿਆ ਤੇ ਉੱਚੀ ਸਾਰੀ ਕੂਕਿਆਂ ਕਿ ਟੈਂਕ ਹੁਣ ਧਾਵਾ ਕਰਨ ਜਾ ਰਹੇ ਹਨ। ਇਸਦਾ ਮਤਲਬ ਸੀ ਕਿ ਲੜਾਕਾ ਹਵਾਈ ਜਹਾਜ਼ਾਂ ਨੇ ਖਸਤਾਹਾਲ ਦੁਸ਼ਮਣ ਦੀਆਂ ਸਫਾਂ ਦੇ ਵਿੱਚੋਂ ਦੀ ਟੈਂਕਾਂ ਦੇ ਲੰਘਣ ਨੂੰ ਉਹਲਾ ਦੇਣਾ ਸੀ ਤੇ ਧਾਵਾਂ ਬੋਲਣ ਵਾਲਿਆਂ ਲਈ ਹਵਾ ਵਿੱਚੋਂ ਰਾਹ ਸਾਫ਼ ਕਰਨਾ ਤੇ ਸੁਰੱਖਿਅਤ ਰੱਖਣਾ ਸੀ । ਵਾਯੂਮੰਡਲ ਦੀ ਰਾਖੀ ਕਰਨਾ? ਕੀ ਫ਼ਰਕ ਪੈਂਦਾ ਸੀ ? ਇਹੋ ਜਿਹੀ ਘੋਰ ਲੜਾਈ ਵਿੱਚ ਇਹ ਆਸ ਨਹੀਂ ਸੀ ਰੱਖੀ ਜਾ ਸਕਦੀ ਕਿ ਉਡਾਣ ਸਾਂਤਮਈ ਹੋਵੇਗੀ। ਜਲਦੀ ਜਾਂ ਸਮਾਂ ਪਾ ਕੇ, ਹਵਾ ਵਿੱਚ ਦੁਸ਼ਮਣ ਨਾਲ ਸਾਮ੍ਹਣਾ ਹੋਣਾ ਲਾਜ਼ਮੀ ਸੀ । ਹੁਣ ਅਜ਼ਮਾਇਸ਼ ਦੀ ਘੜੀ ਆਈ ਸੀ । ਹੁਣ ਉਹ ਸਾਬਤ ਕਰ ਦੇਵੇਗਾ ਕਿ ਉਹ ਕਿਸੇ ਨਾਲੋਂ ਘਟੀਆ ਪਾਇਲਟ ਨਹੀਂ ਹੈ, ਕਿ ਉਸਨੇ ਆਪਣਾ ਨਿਸ਼ਾਨਾ ਪ੍ਰਾਪਤ ਕਰ ਲਿਆ ਹੈ।
ਅਲੈਕਸੇਈ ਜ਼ਰਾ ਘਬਰਾਹਟ ਵਿੱਚ ਸੀ। ਇਸ ਲਈ ਨਹੀਂ ਕਿ ਉਹ ਮਰਨ ਤੋਂ ਡਰਦਾ ਸੀ; ਖ਼ਤਰੇ ਦੇ ਅਹਿਸਾਸ ਕਰਕੇ ਵੀ ਨਹੀਂ ਜਿਹੜਾ ਸਭ ਤੋਂ ਬਹਾਦਰ ਤੇ ਸਭ ਤੋਂ ਠੰਡੇ ਦਿਮਾਗ ਵਾਲੇ ਆਦਮੀਆਂ ਉੱਤੇ ਵੀ ਅਸਰ ਕਰ ਜਾਂਦਾ ਹੈ । ਉਸਨੂੰ ਕੁਝ ਹੋਰ ਫਿਕਰ ਲੱਗਾ ਹੋਇਆ ਸੀ । ਕਿ ਹਥਿਆਰ ਪਰਖਣ ਵਾਲਿਆਂ ਨੇ ਮਸ਼ੀਨ ਗੰਨਾਂ ਤੇ ਤੋਪ ਨੂੰ ਪਰਖ ਲਿਆ ਸੀ ? ਕਿ ਉਸਦੀ ਨਵੀਂ ਟੋਪੀ ਵਿਚਲੇ, ਜਿਸਨੂੰ ਉਸਨੇ ਅਜੇ ਲੜਾਈ ਵਿੱਚ ਪਾ ਕੇ ਨਹੀਂ ਸੀ ਦੇਖਿਆ, ਸੁਨਣ-ਯੰਤਰ ਠੀਕ-ਠਾਕ ਸਨ? ਕੀ ਪਿਤਰੋਵ ਮਗਰ ਰਹਿ ਜਾਏਗਾ, ਜਾਂ ਬਹੁਤ ਕਾਹਲੀ ਨਾਲ ਆ ਰਲੇਗਾ, ਜੇ ਉਹਨਾਂ ਨੂੰ ਦੁਸ਼ਮਣ ਦਾ ਮੁਕਾਬਲਾ ਕਰਨਾ ਪਿਆ ? ਸੋਟੀ ਕਿੱਥੇ ਸੀ ? ਇਹ ਵਾਸਿਲੀ ਵਾਸਿਲੀਏਵਿਚ ਦੀ ਸੋਟੀ ਗੁਆਉਣਾ ਪਸੰਦ ਨਹੀਂ ਕਰੇਗਾ; ਤੇ ਉਹ ਤਾਂ ਸਗੋਂ ਇਸ ਬਾਰੇ ਵੀ ਫ਼ਿਕਰਮੰਦ ਸੀ ਕਿ ਕੋਈ ਉਹ ਕਿਤਾਬ ਨਾ ਲੈ ਜਾਏ, ਜਿਹੜੀ ਉਹ ਆਪਣੇ ਭੋਰੇ ਵਿੱਚ ਛੱਡ ਆਇਆ ਸੀ; ਇਹ ਇੱਕ ਨਾਵਲ ਸੀ ਜਿਹੜਾ ਉਹ ਪਿਛਲੇ ਦਿਨ ਪੜ੍ਹਦਾ ਰਿਹਾ ਸੀ ਤੇ ਹੁਣ ਸਭ ਤੋਂ ਵੱਧ ਉਤਸੁਕਤਾ ਭਰੇ ਹਿੱਸੇ ਤੱਕ ਪੁੱਜ ਗਿਆ ਸੀ, ਤੇ ਜਿਸਨੂੰ ਉਸਨੇ ਕਾਹਲੀ ਵਿੱਚ ਮੇਜ਼ ਉੱਤੇ ਰਹਿਣ ਦਿੱਤਾ ਸੀ । ਉਸਨੂੰ ਯਾਦ ਆਇਆ ਕਿ ਉਸਨੇ ਪਿਤਰੋਵ ਨੂੰ ਅਲਵਿਦਾ ਨਹੀਂ ਕਹੀ, ਤੇ ਹੁਣ ਆਪਣੀ ਕਾਕਪਿੱਟ ਵਿੱਚੋਂ ਉਸ ਵੱਲ ਹੱਥ ਹਿਲਾਇਆ। ਪਰ ਪਿਤਰੋਵ ਨੇ ਉਸ ਵੱਲ ਨਾ ਦੇਖਿਆ; ਉਹ ਬੇਸਬਰੀ ਨਾਲ ਕਮਾਂਡਰ ਦੀ ਉੱਪਰ ਚੁੱਕੀ ਬਾਂਹ ਦੇਖ ਰਿਹਾ ਸੀ ਤੇ ਚਮੜੇ ਦੀ ਟੋਪੀ ਵਿੱਚ ਮੜ੍ਹਿਆ ਉਸਦਾ ਚਿਹਰਾ ਲਾਲ-ਸੂਹਾ ਹੋਇਆ ਪਿਆ ਸੀ । ਬਾਂਹ ਹੇਠਾਂ ਹੋਈ । ਕਾਕਪਿਟ ਦੀਆਂ ਹੁੱਡਾਂ ਖਿੱਚ ਲਈਆਂ ਗਈਆਂ।
ਹਵਾਈ ਜਹਾਜ਼ਾਂ ਦੀ ਤਿੱਕੜੀ ਨੇ ਆਰੰਭਕ ਰੇਖਾ ਉੱਤੇ ਫਰਾਟਾ ਮਾਰਿਆ ਤੇ ਦੌੜਨ ਲੱਗੀ, ਇਸਦੇ ਮਗਰ ਇੱਕ ਹੋਰ ਤਿਕੜੀ ਸੀ, ਤੇ ਉਸਦੇ ਮਗਰ ਇੱਕ ਹੋਰ । ਪਹਿਲੇ ਤਿੰਨ ਹਵਾਈ ਜਹਾਜ਼ ਹਵਾ ਵਿੱਚ ਉਡ ਪਏ। ਮਰੇਸੇਯੇਵ ਦਾ ਗਰੁੱਪ ਵੀ ਉਹਨਾਂ ਦੇ ਮਗਰ ਮਗਰ ਹੀ ਦੌੜ ਪਿਆ; ਧਰਤੀ ਪਹਿਲਾਂ ਹੀ ਉਹਨਾਂ ਦੇ ਹੇਠਾਂ ਇੱਕ ਪਾਸੇ ਝੂਲ ਰਹੀ ਸੀ । ਪਹਿਲੀ ਤਿੱਕੜੀ ਨੂੰ ਧਿਆਨ ਵਿੱਚ ਰੱਖਦਿਆਂ, ਮਰੇਸੇਯੇਵ ਨੇ ਆਪਣੀ ਤਿੱਕੜੀ ਉਸਦੇ ਮਗਰ ਲਾ ਦਿੱਤੀ, ਤੇ ਤੀਜੀ ਤਿੱਕੜੀ ਉਸਦੇ ਪਿੱਛੇ ਆ ਰਹੀ ਸੀ।
ਉਹ ਅਗਲੀਆਂ ਸਫਾਂ ਤੱਕ ਪੁੱਜ ਗਏ । ਜ਼ਮੀਨ ਉੱਤੇ ਗੋਲਿਆਂ ਨਾਲ ਟੋਏ ਪਏ ਹੋਏ ਸਨ ਤੇ ਇਹ ਥਾਂ ਥਾਂ ਫਟੀ ਹੋਈ ਸੀ; ਹਵਾ ਵਿੱਚੋਂ ਇੰਝ ਲੱਗ ਰਹੀ ਸੀ। ਜਿਵੇਂ ਸਖ਼ਤ ਮੀਂਹ ਦੀਆਂ ਪਹਿਲੀਆਂ ਕਣੀਆਂ ਤੋਂ ਮਗਰੋਂ ਕੋਈ ਧੂੜ ਭਰੀ ਸੜਕ ਹੋਏ। ਖਾਈਆਂ ਉੱਪਰ ਜਿਵੇਂ ਹਲ ਫੇਰ ਦਿੱਤਾ ਗਿਆ ਹੋਵੇ, ਉਹ ਫਿੰਸੀਆਂ ਵਾਂਗ ਲੱਗ ਰਹੇ ਸਨ, ਤੇ ਤੋਪਾਂ ਦੇ ਥੜ੍ਹੇ ਹੁਣ ਛਤੀਰੀਆਂ ਤੇ ਇੱਟਾਂ ਤੋਂ ਸਿਵਾ ਕੁਝ ਨਹੀਂ ਸਨ । ਕੱਟੀ-ਵੱਢੀ ਵਾਦੀ ਵਿੱਚ ਹਰ ਥਾਂ ਪੀਲ਼ੇ ਪੀਲ਼ੇ ਚੰਗਿਆੜੇ ਉੱਠ ਰਹੇ ਸਨ; ਇਹ ਹੇਠਾਂ ਚੱਲ ਰਹੀ ਵਿਸ਼ਾਲ ਲੜਾਈ ਦੇ ਭਾਂਬੜ ਤੋਂ ਉਠ ਰਹੇ ਸਨ । ਉੱਪਰੋਂ ਇਹ ਸਭ ਕੁਝ ਕਿੰਨਾਂ ਖਿਡੋਣੇ ਵਰਗਾ ਤੇ ਅਜੀਬ ਅਜੀਬ ਲੱਗਦਾ ਸੀ ! ਬੰਦੇ ਨੂੰ ਯਕੀਨ ਨਹੀਂ ਸੀ ਆਉਂਦਾ ਕਿ ਹੇਠਾਂ ਸਭ ਕੁਝ ਬਲ ਰਿਹਾ ਹੈ । ਗਰਜ ਰਿਹਾ ਹੈ, ਕੁੜੱਲਾਂ ਖਾ ਰਿਹਾ ਹੈ, ਕਿ ਕੱਟੀ ਵੱਢੀ ਜ਼ਮੀਨ ਉੱਤੇ ਧੂੰਏਂ ਤੇ ਕਾਲਖ ਦੇ ਵਿਚਕਾਰ ਮੌਤ ਗੇੜੇ ਲਾ ਰਹੀ ਹੈ, ਤੇ ਭਰਪੂਰ ਫਸਲ ਕੱਟ ਰਹੀਂ ਹੈ।
ਉਹ ਮਹਾਜ਼ ਰੇਖਾ ਨੂੰ ਪਾਰ ਕਰ ਗਏ, ਦੁਸ਼ਮਣ ਦੇ ਪਿਛਵਾੜੇ ਅੱਧਾ ਚੱਕਰ ਕੱਟਿਆ ਤੇ ਮੁੜ ਮਹਾਜ਼ ਰੇਖਾ ਟੱਪ ਆਏ। ਕਿਸੇ ਨੇ ਉਹਨਾਂ ਉੱਪਰ ਗੋਲ਼ੀ ਨਾ ਚਲਾਈ। ਹੇਠਲੇ ਬੰਦੇ ਆਪਣੇ ਹੀ ਭਿਅੰਕਰ ਦੁਨਿਆਵੀਂ ਮਾਮਲਿਆਂ ਵਿਚ ਏਨੇਂ ਖੁੱਭੇ ਹੋਏ ਸਨ ਕਿ ਉਹਨਾਂ ਦੇ ਉੱਪਰ ਚੱਕਰ ਕੱਟ ਰਹੇ ਨੌਂ ਨਿੱਕੇ ਨਿੱਕੇ ਹਵਾਈ ਜਹਾਜ਼ਾਂ ਵੱਲ ਉਹਨਾਂ ਦਾ ਧਿਆਨ ਹੀ ਨਹੀਂ ਸੀ ਜਾ ਸਕਦਾ। ਪਰ ਟੈਂਕ ਕਿੱਥੇ ਹਨ? ਆਹਾ! ਔਹ ਨੇ! ਮਰੇਸੇਯੇਵ ਨੇ ਦੇਖਿਆ ਕਿ ਉਹ ਜੰਗਲ ਵਿੱਚੋਂ ਰੀਂਗਦੇ ਨਿਕਲੇ; ਇੱਕ ਦੂਜੇ ਦੇ ਮਗਰ ਚਲਦੇ ਹੋਏ, ਹਵਾ ਵਿੱਚੋਂ ਉਹ ਸਲੇਟੀ, ਬੇਡੋਲ ਜਿਹੀਆਂ ਭੂੰਡੀਆਂ ਵਾਂਗ ਲੱਗਦੇ ਸਨ । ਜਲਦੀ ਹੀ ਕਾਫ਼ੀ ਗਿਣਤੀ ਉਹਨਾਂ ਦੀ ਸਾਮ੍ਹਣੇ ਆ ਚੁੱਕੀ ਸੀ, ਪਰ ਹਰਿਆਵਲ ਵਿੱਚੋਂ ਹੋਰ ਨਿੱਕਲੀ ਆ ਰਹੇ ਸਨ ਤੇ ਸੜਕਾਂ ਤੇ ਵਾਦੀਆਂ ਵਿੱਚ ਚੱਲਦੇ ਅੱਗੇ ਵੱਧ ਰਹੇ ਸਨ। ਉਹਨਾਂ ਵਿੱਚੋਂ ਪਹਿਲੇ ਟੈਂਕ ਚੜਾਈ ਚੜ੍ਹੇ ਤੇ ਗੋਲਿਆਂ ਨਾਲ ਰੌਂਦੀ ਜ਼ਮੀਨ ਤੱਕ ਜਾ ਪਹੁੰਚੇ। ਉਹਨਾਂ ਦੀਆਂ ਸੁੰਡਾਂ ਵਿੱਚੋਂ ਲਾਲ ਚੰਗਿਆੜੇ ਨਿੱਕਲਣ ਲੱਗੇ। ਇਸ ਬੇਹੱਦ ਵਿਸ਼ਾਲ ਟੈਂਕ ਹਮਲੇ ਤੋਂ, ਬਾਕੀ ਰਹਿ ਗਈਆਂ ਜਰਮਨ ਸਫਾਂ ਦੇ ਖਿਲਾਫ ਹਜ਼ਾਰਾਂ ਮਸ਼ੀਨਾਂ ਦੀ ਤੇਜ਼ ਚਾਲ ਭੀੜ ਤੋਂ ਕੋਈ ਬੱਚਾ ਵੀ, ਇੱਥੋਂ ਤੱਕ ਕਿ ਘਬਰਾਈ ਹੋਈ ਕੋਈ ਔਰਤ ਵੀ ਨਾ ਡਰਦੀ, ਜੇ ਉਹ ਮਰੇਸੇਯੇਵ ਦੇ ਨਾਲ ਬੈਠ ਕੇ ਹਵਾ ਵਿੱਚੋਂ ਇਸਨੂੰ ਦੇਖਦੀ। ਇੱਥੇ ਆ ਕੇ, ਆਪਣੀ ਟੋਪੀ ਹੇਠਲੇ ਸੁਨਣ-ਯੰਤਰਾਂ ਵਿਚਲੀ ਕੜ- ਕੜ ਤੇ ਭੀ-ਭੀ ਵਿੱਚੋਂ, ਉਸਨੂੰ ਕਪਤਾਨ ਚਿਸਲੋਵ ਦੀ ਬੈਠੀ, ਸਗੋਂ ਹੁਣ ਕੁਝ ਸੁਸਤ ਜਿਹੀ ਅਵਾਜ਼ ਸੁਣਾਈ ਦਿੱਤੀ:
“ਸਾਵਧਾਨ! ਮੈਂ ਹਾਂ ਲਿਓਪਾਰਡ ਤਿੰਨ! ਮੈਂ ਹਾਂ ਲਿਓਪਾਰਡ ਤਿੰਨ! ਸੱਜੇ ਵੱਲ, ‘ਜੁੰਕਰਜ਼’, ‘ਜੁੰਕਰਜ਼’
ਅਲੈਕਸੇਈ ਨੂੰ ਆਪਣੇ ਅੱਗੇ ਇੱਕ ਨਿੱਕੀ ਜਿਹੀ ਆੜੀ ਰੇਖਾ ਦਿਸੀ। ਇਹ ਕਮਾਂਡਰ ਦਾ ਜਹਾਜ਼ ਸੀ। ਇਹ ਰੇਖਾ ਕੰਬ ਰਹੀ ਸੀ। ਇਸਦਾ ਮਤਲਬ ਸੀ — “ਮੈਂ ਜੋ ਕਰਦਾ ਹੈ, ਉਹੋ ਕਰੋ।”
ਮਰੇਸੇਯੇਵ ਨੇ ਇਹੀ ਹੁਕਮ ਆਪਣੇ ਗਰੁੱਪ ਨੂੰ ਦੇ ਦਿੱਤਾ। ਉਸਨੇ ਦੁਆਲੇ ਦੇਖਿਆ ਉਸਦਾ ਸਾਥੀ ਉਸਦੇ ਪਾਸੇ ਵੱਲ ਹਵਾ ਵਿੱਚ ਲਟਕਿਆ ਹੋਇਆ ਸੀ, ਤੇ ਲਗਭਗ ਉਸਦੇ ਨਾਲ ਨਾਲ ਚੱਲ ਰਿਹਾ ਸੀ। ਸ਼ਾਬਾਸ਼!
“ਡਟਿਆ ਰਹੁ, ਬਈ!” ਉਸਨੇ ਉਸ ਵੱਲ ਕੂਕ ਛੱਡੀ।
“ਡਟਿਆ ਹਾਂ,” ਕਿੜ-ਕਿੜ ਤੇ ਭੀ-ਭੀ ਦੇ ਵਿੱਚੋਂ ਜਵਾਬ ਆਇਆ।
ਫਿਰ ਹੁਕਮ ਸੁਣਾਈ ਦਿੱਤਾ:
“ਮੈਂ ਹਾਂ ਲਿਓਪਾਰਡ ਤਿੰਨ, ਲਿਓਪਾਰਡ ਤਿੰਨ! ਮੇਰੇ ਮਗਰ ਮਗਰ ਆਓ!”
ਦੁਸ਼ਮਣ ਨੇੜੇ ਹੀ ਸੀ। ਬਿਲਕੁਲ ਉਹਨਾਂ ਦੇ ਹੇਠਾਂ, ਅੱਗੜ-ਪਿੱਛੜ – ਜਰਮਨਾਂ ਨੂੰ ਇਹ ਬਣਤਰ ਚੰਗੀ ਲੱਗਦੀ ਸੀ— ਇਕਹਿਰੇ ਇੰਜਣ ਵਾਲੇ ਚੁੱਭੀ ਮਾਰ “ਜੂ-87” ਬੰਬਰਾਂ ਦਾ ਦਸਤਾ ਜਾ ਰਿਹਾ ਸੀ । ਇਹ ਚੁੱਭੀਮਾਰ ਬੰਬਰ ਪੋਲੈਂਡ, ਫਰਾਂਸ, ਹਾਲੈਂਡ, ਡੈਨਮਾਰਕ, ਬੈਲਜੀਅਮ ਤੇ ਯੂਗੋਸਲਾਵੀਆਂ ਉੱਪਰ ਲੜਾਈਆਂ ਵਿੱਚ ਧਾੜਵੀਆਂ ਵਾਲ਼ਾ ਨਾਮਣਾ ਖੱਟ ਚੁੱਕਾ ਸੀ। ਇਹ ਉਹ ਨਵਾਂ ਜਰਮਨ ਹਥਿਆਰ ਸੀ ਜਿਸ ਬਾਰੇ ਸਾਰੀ ਦੁਨੀਆਂ ਦੇ ਅਖ਼ਬਾਰ ਜੰਗ ਦੇ ਸ਼ੁਰੂ ਵਿਚ ਏਨੀਆਂ ਭਿਆਨਕ ਕਹਾਣੀਆਂ ਸੁਣਾਉਂਦੇ ਸਨ । ਪਰ ਸੋਵੀਅਤ ਯੂਨੀਅਨ ਦੀਆਂ ਵਿਸ਼ਾਲਤਾਵਾਂ ਵਿੱਚ ਇਹ ਘਟੀਆਂ ਜਿਹੀ ਚੀਜ਼ ਸਿੱਧ ਹੋਇਆ ਸੀ।
ਅਣਗਿਣਤ ਹਵਾਈ ਲੜਾਈਆਂ ਵਿੱਚ, ਸਾਡੇ ਸੋਵੀਅਤ ਪਾਇਲਟਾਂ ਨੇ ਉਹਨਾਂ ਦੇ ਕਮਜ਼ੋਰ ਨੁਕਤੇ ਲੱਭ ਲਏ ਸਨ ਤੇ ਸਾਡੇ ਸੋਵੀਅਤ ਉੱਚ-ਕੋਟੀ ਪਾਇਲਟ ਇਹਨਾਂ ਜੁੰਕਰਾਂ ਨੂੰ ਘਟੀਆਂ ਕਿਸਮ ਦਾ ਸ਼ਿਕਾਰ ਸਮਝਣ ਲੱਗ ਪਏ ਸਨ, ਜਿਸ ਤਰ੍ਹਾਂ ਜੰਗਲੀ ਕੁੱਕੜ ਜਾਂ ਸਹਿਆ ਹੋਵੇ, ਜਿਸਦੇ ਸ਼ਿਕਾਰ ਲਈ ਕੋਈ ਅਸਲੀ ਸ਼ਿਕਾਰੀਆਂ ਵਾਲ਼ੀ ਨਿਪੁੰਨਤਾ ਦੀ ਲੋੜ ਨਹੀਂ ਹੁੰਦੀ।
ਕਪਤਾਨ ਚਿਸਲੋਵ ਨੇ ਆਪਣਾ ਸੁਕਾਡਰਨ ਸਿੱਧਾ ਦੁਸ਼ਮਣ ਵੱਲ ਨਾ ਖੜਿਆ ਸਗੋਂ ਇੱਕ ਪਾਸੇ ਵੱਲ ਲੈ ਗਿਆ । ਮਰੇਸੇਯੇਵ ਨੇ ਨਤੀਜਾ ਇਹ ਕੱਢਿਆ ਕਿ ਸੰਭਲ ਕੇ ਚੱਲਣ ਵਾਲ਼ਾ ਕਪਤਾਨ “ਸੂਰਜ ਨੂੰ ਪਿੱਠ ਪਿੱਛੇ ਰੱਖਣਾ” ਚਾਹੁੰਦਾ ਹੈ, ਤਾਂ ਕਿ ਫਿਰ, ਇਸ ਦੀਆਂ ਚੁੰਧਿਆਉਣ ਵਾਲੀਆਂ ਕਿਰਨਾਂ ਦਾ ਉਹਲਾ ਤਾਣ ਕੇ, ਅਦਿੱਖ ਤਰ੍ਹਾਂ ਨਾਲ ਦੁਸ਼ਮਣ ਦੇ ਨੇੜੇ ਆ ਜਾਏ ਤੇ ਉਸ ਉੱਤੇ ਹਮਲਾ ਕਰ ਦੇਵੇ। ਅਲੈਕਸੇਈ ਆਪਣੇ ਆਪ ਵਿੱਚ ਮੁਸਕਰਾਇਆ ਤੇ ਸੋਚਣ ਲੱਗਾ: “ਇਹੋ ਜਿਹੀ ਗੁੰਝਲਦਾਰ ਹਰਕਤ ਕਰਕੇ ਉਹ ਜੁੰਕਰਾਂ ਦਾ ਸਨਮਾਨ ਕਰ ਰਿਹਾ ਹੈ । ਤਾਂ ਵੀ, ਚੌਕਸ ਰਹਿਣ ਨਾਲ ਕੋਈ ਨੁਕਸਾਨ ਤਾਂ ਨਹੀਂ ਹੋਣ ਲੱਗਾ ।” ਉਸਨੇ ਮੁੜਕੇ ਦੇਖਿਆ। ਪਿਤਰੋਵ ਉਸਦੇ ਮਗਰ ਸੀ । ਉਹ ਚਿੱਟੇ ਬੱਦਲ ਦੇ ਪਿਛੋਕੜ ਵਿੱਚ ਉਸਨੂੰ ਸਪੱਸ਼ਟ ਦੇਖ ਸਕਦਾ ਸੀ।
ਹੁਣ ਦੁਸ਼ਮਣ ਦੇ ਜਹਾਜ਼ਾਂ ਦੀ ਕਤਾਰ ਉਹਨਾਂ ਦੇ ਸੱਜੇ ਪਾਸੇ ਲਟਕੀ ਹੋਈ ਸੀ । ਉਹ ਸ਼ਾਨਦਾਰ ਬਣਤਰ ਵਿੱਚ, ਬਿਲਕੁਲ ਇਕਸਾਰ ਚੱਲ ਰਹੇ ਸਨ, ਜਿਵੇਂ ਅਦਿੱਖ ਧਾਗਿਆਂ ਨਾਲ ਉਹਨਾਂ ਨੂੰ ਬੰਨ੍ਹਿਆ ਹੋਵੇ । ਸੂਰਜ ਦੀਆਂ ਕਿਰਨਾਂ ਪੈਣ ਨਾਲ ਉਹਨਾਂ ਦੇ ਪਰ੍ਹ ਚੁੰਧਿਆਵੀਂ ਤਰ੍ਹਾਂ ਨਾਲ ਲਿਸ਼ਕ ਰਹੇ ਸਨ।
” ਲਿਓਪਾਰਡ ਤਿੰਨ । ਹਮਲਾ !” ਮਰੇਸੇਯੇਵ ਨੂੰ ਕਮਾਂਡਰ ਦੇ ਹੁਕਮ ਦਾ ਸਿਰਫ਼ ਇੱਕ 66 ਹਿੱਸਾ ਹੀ ਸੁਣਾਈ ਦਿੱਤਾ।
ਉਸਨੇ ਦੇਖਿਆ ਕਿ ਚਿਸਲੋਵ ਤੇ ਉਸਦੇ ਨਾਲ ਦੇ ਸਾਥੀ ਪਾਸੇ ਵੱਲੋਂ ਦੁਸ਼ਮਣ ਉੱਤੇ ਬਾਜ਼ ਵਾਂਗ ਟੁੱਟ ਪਏ। ਬਿਲਕੁਲ ਨੇੜੇ ਦੇ ਜੁੰਕਰ ਉੱਤੇ ਟਰੇਸਰ ਗੋਲੀਆਂ ਦੀ ਝੜੀ ਲੱਗ ਗਈ; ਇਹ ਡਿੱਗ ਪਿਆ, ਤੇ ਚਿਸਲੋਵ, ਉਸਦੇ ਮਗਰਲਾ ਤੇ ਉਹਨਾਂ ਦੇ ਗਰੁੱਪ ਦਾ ਤੀਜਾ ਆਦਮੀ ਜਰਮਨ ਕਤਾਰ ਵਿੱਚ ਪੈ ਗਈ ਵਿੱਥ ਵਿੱਚੋਂ ਨਿਕਲ ਗਏ । ਜਰਮਨ ਇੱਕਦਮ ਨੇੜੇ ਹੋ ਗਏ, ਤੇ ਜੁੰਕਰਾ ਨੇ ਪੂਰੀ ਬਣਤਰ ਵਿੱਚ ਆਪਣੇ ਰਾਹ ਉੱਡਣਾ ਜਾਰੀ ਰੱਖਿਆ।
ਅਲੈਕਸੇਈ ਨੇ ਆਪਣਾ ਸੰਬੋਧਨ ਸੰਕੇਤ ਦਿੰਦਿਆ, ਹੁਕਮ ਦੇਣਾ ਚਾਹਿਆ: “ਹਮਲਾ !” ਪਰ ਉਹ ਏਨਾਂ ਉਤੇਜਿਤ ਹੋਇਆ ਸੀ ਕਿ ਉਸਦੇ ਮੂੰਹੋਂ ਸਿਰਫ “ਹ-ਹ-” ਹੀ ਨਿੱਕਲ ਸਕਿਆ। ਉਸਨੇ ਪਹਿਲਾਂ ਹੀ ਹੇਠਾਂ ਨੂੰ ਚੁੱਭੀ ਮਾਰਨੀ ਸ਼ੁਰੂ ਕਰ ਦਿੱਤੀ ਸੀ, ਤੇ ਉਸਨੂੰ ਇਕਸਾਰ ਉਡ ਰਹੀ ਜਰਮਨ ਕਤਾਰ ਤੋਂ ਛੁੱਟ ਕੁਝ ਨਹੀਂ ਸੀ ਦਿਖਾਈ ਦੇ ਰਿਹਾ । ਉਸਨੇ ਉਸ ਹਵਾਈ ਜਹਾਜ਼ ਨੂੰ ਆਪਣੇ ਨਿਸ਼ਾਨੇ ਵਜੋਂ ਚੁਣਿਆ, ਜਿਸਨੇ ਚਿਸਲੋਵ ਵੱਲੋਂ ਫੁੰਡੇ ਗਏ ਹਵਾਈ ਜਹਾਜ਼ ਦੀ ਥਾਂ ਲਈ ਸੀ । ਉਸਦੇ ਕੰਨਾਂ ਵਿੱਚ ਟੱਲੀਆਂ ਵੱਜਣ ਲੱਗੀਆਂ, ਉਸਦਾ ਦਿਲ ਇੰਝ ਜ਼ੋਰ ਜ਼ੋਰ ਦੀ ਧੱਕ-ਧੱਕ ਕਰ ਰਿਹਾ ਸੀ ਕਿ ਉਸਨੂੰ ਆਪਣਾ ਸਾਹ ਰੁਕਦਾ ਲੱਗਾ । ਆਪਣੇ ਨਿਸ਼ਾਨੇ ਨੂੰ ਦੇਖਦਿਆਂ, ਤੇ ਆਪਣੇ ਦੋਹਾਂ ਅੰਗੂਠਿਆਂ ਨੂੰ ਘੋੜੇ ਦੇ ਬਟਣਾ ਉੱਪਰ ਰੱਖਦਿਆਂ, ਉਹ ਉਸ ਵੱਲ ਵਧਿਆ। ਸਲੇਟੀ, ਰੂੰਦਾਰ ਤਾਰ ਉਸਦੇ ਸੱਜੇ ਪਾਸਿਉਂ ਲਿਸ਼ਕਦੀ ਹੋਈ ਲੰਘ ਗਈ। ਆਹਾ! ਉਹ ਗੋਲ਼ੀਆਂ ਚਲਾ ਰਹੇ ਹਨ! ਨਿਸ਼ਾਨਾ ਨਹੀਂ ਬੈਠਾ ! ਚਲੋ ਫਿਰ। ਇਸ ਵਾਰੀ ਹੋਰ ਨੇੜੇ। ਕੋਈ ਨੁਕਸਾਨ ਨਹੀਂ ਹੋਇਆ! ਪਿਤਰੋਵ ਦਾ ਕੀ ਹਾਲ ਹੈ? ਉਸਨੂੰ ਵੀ ਕੋਈ ਨੁਕਸਾਨ ਨਹੀਂ ਹੋਇਆ। ਉਹਨਾਂ ਨੂੰ ਝਕਾਨੀ ਦੇ ਗਿਐਂ । ਸਾਬਾਸ਼ ਬੱਚੂ ! ਜਰਮਨ ਹਵਾਈ ਜਹਾਜ਼ ਦਾ ਸਲੇਟੀ ਪਾਸਾ ਉਸਦੀ ਨਿਸ਼ਾਨਾ ਬੰਨ੍ਹਣ ਵਾਲੀ ਚਕੋਰ ਥਾਣੀਂ ਲਮਕ ਦੇ ਦਿੱਸਣ ਲੱਗਾ। ਉਸਦੇ ਅੰਗੂਠਿਆਂ ਨੇ ਠੰਡੇ ਐਲਮੀਨੀਅਮ ਦੇ ਬਟਨਾਂ ਨੂੰ ਮਹਿਸੂਸ ਕੀਤਾ। ਜ਼ਰਾ ਹੋਰ ਨੇੜੇ…
ਇਹ ਹੀ ਸਮਾਂ ਸੀ ਜਦੋਂ ਅਲੈਕਸੇਈ ਨੇ ਮਹਿਸੂਸ ਕੀਤਾ ਕਿ ਉਹ ਆਪਣੀ ਮਸ਼ੀਨ ਨਾਲ ਇੱਕਮਿਕ ਹੋ ਗਿਆ ਹੈ । ਉਸਨੂੰ ਇੰਜਣ ਦੀ ਕੰਬਣੀ ਇੰਝ ਮਹਿਸੂਸ ਹੋਣ ਲੱਗੀ, ਜਿਵੇਂ ਇਹ ਉਸਦੀ ਛਾਤੀ ਵਿੱਚ ਚੱਲ ਰਹੀ ਹੋਵੇ, ਆਪਣੇ ਸਾਰੇ ਵਜੂਦ ਨਾਲ ਉਸਨੇ ਪਰ੍ਹਾਂ ਤੇ ਰਡਰ ਨੂੰ ਮਹਿਸੂਸ ਕੀਤਾ, ਤੇ ਉਸਨੂੰ ਲੱਗਾ ਕਿ ਬੇਢੱਬੇ, ਬਣਾਉਟੀ ਪੈਰਾਂ ਨੇ ਵੀ ਮਹਿਸੂਸ ਕਰਨ ਦੀ ਸੂਖਮਤਾ ਪ੍ਰਾਪਤ ਕਰ ਲਈ ਹੈ, ਤੇ ਆਪਣੀ ਮਸ਼ੀਨ ਦੀਆਂ ਤੇਜ਼ ਹਰਕਤਾਂ ਨਾਲ ਇਕਮਿਕ ਹੋਣ ਦੇ ਰਾਹ ਵਿੱਚ ਰੁਕਾਵਟ ਨਹੀਂ ਬਣ ਰਹੇ। ਫਾਸਿਸਟ ਹਵਾਈ ਜਹਾਜ਼ਾਂ ਦੀ ਛਬਦਾਰ, ਟੇਢੀ ਕਤਾਰ ਉਸਦੀ ਨਿਸ਼ਾਨਾ ਬੰਨਣ ਵਾਲ਼ੀ ਚਕੋਰ ਵਿੱਚੋਂ ਲਾਂਭੇ ਚਲੀ ਗਈ, ਪਰ ਉਸਨੇ ਮੁੜ ਕੇ ਇਸਨੂੰ ਉਸ ਥਾਂ ਲਿਆਂਦਾ ਤੇ ਬਟਨ ਨੱਪ ਦਿੱਤਾ। ਉਸਨੂੰ ਗੋਲੀਆਂ ਸੁਣਾਈ ਨਾ ਦਿੱਤੀਆਂ, ਉਸਨੂੰ ਟਰੇਸਰ ਗੋਲੀਆਂ ਦੀ ਤਾਰ ਵੀ ਨਾ ਦਿਖਾਈ ਦਿੱਤੀ, ਪਰ ਉਸਨੂੰ ਪਤਾ ਸੀ ਕਿ ਨਿਸ਼ਾਨਾ ਠੀਕ ਬੈਠਾ ਹੈ ਤੇ ਅੱਗੇ ਵੱਲ ਨੂੰ ਵਧਿਆ, ਇਸ ਯਕੀਨ ਨਾਲ ਕਿ ਉਸਦਾ ਸ਼ਿਕਾਰ ਡਿੱਗ ਪਵੇਗਾ ਤੇ ਉਹ ਉਸ ਨਾਲ ਟਕਰਾਏਗਾ ਨਹੀਂ। ਆਪਣੀ ਨਿਸ਼ਾਨਾ ਬੰਨਣ ਵਾਲੀ ਚਕੋਰ ਤੋਂ ਲਾਂਭੇ ਦੇਖਦਿਆਂ, ਉਸਨੇ ਇੱਕ ਹੋਰ ਜਹਾਜ਼ ਨੂੰ ਭੁਆਂਟਣੀਆਂ ਖਾਂਦਿਆਂ ਹੇਠਾਂ ਜਾਂਦਾ ਦੇਖਿਆ। ਕੀ ਉਸਨੇ ਸਬੱਬੇ ਨਾਲ਼ ਹੀ ਦੋ ਫੁੰਡ ਦਿੱਤੇ ਹਨ ? ਨਹੀਂ। ਇਹ ਪਿਤਰੋਵ ਦਾ ਕਾਰਨਾਮਾ ਸੀ । ਉਹ ਉਸਦੇ ਸੱਜੇ ਪਾਸੇ ਵੱਲ ਚੱਲ ਰਿਹਾ ਸੀ । ਸਾਬਾਸ਼, ਛੋਕਰੇ ! ਉਸਦੇ ਜਵਾਨ ਦੋਸਤ ਦੀ ਖੁਸ਼ਕਿਸਮਤੀ ਨੇ ਉਸਨੂੰ ਆਪਣੀ ਖੁਸ਼ਕਿਸਮਤੀ ਨਾਲੋਂ ਵੀ ਵਧੇਰੇ ਖੁਸ਼ੀ ਦਿੱਤੀ।
ਦੂਜੀ ਕਤਾਰ ਜਰਮਨ ਬਣਤਰ ਵਿੱਚ ਪਏ ਪਾੜ ਦੇ ਵਿੱਚੋਂ ਦੀ ਲੰਘ ਗਈ। ਤੇ ਫਿਰ ਤਮਾਸ਼ਾ ਸ਼ੁਰੂ ਹੋਇਆ । ਜਰਮਨ ਹਵਾਈ ਜਹਾਜ਼ਾਂ ਦੀ ਦੂਸਰੀ ਕਤਾਰ, ਜਿਸਨੂੰ ਪ੍ਰਤੱਖ ਤੌਰ ਉੱਤੇ ਘੱਟ ਤਜ਼ਰਬਾਕਾਰ ਪਾਇਲਟ ਚਲਾ ਰਹੇ ਸਨ, ਆਪਣੀ ਬਣਤਰ ਤੋੜ ਗਈ। ਚਿਸਲੋਵ ਦੇ ਗਰੁੱਪ ਦੇ ਹਵਾਈ ਜਹਾਜ਼ ਖਿੰਡੇ-ਪੁੰਡੇ ਜੁੰਕਰਾਂ ਦੇ ਵਿਚਕਾਰ ਜਾ ਪਏ, ਉਹਨਾਂ ਨੂੰ ਉਥੋਂ ਭਜਾ ਦਿੱਤਾ, ਤੇ ਉਹਨਾਂ ਨੂੰ ਮਜ਼ਬੂਰ ਕਰ ਦਿੱਤਾ ਕਿ ਆਪਣੇ ਬੰਬਾਂ ਦਾ ਭਾਰ ਆਪਣੀ ਹੀ ਸਫਾਂ ਉੱਤੇ ਹੌਲਾ ਕਰ ਦੇਣ। ਬਿਲਕੁਲ ਇਹੀ ਚੀਜ਼ ਸੀ ਜਿਸਦਾ ਕਪਤਾਨ ਚਿਸਲੋਵ ਨੇ ਉਥੋਂ ਲਾਂਭੇ ਜਾਣ ਦੀ ਹਰਕਤ ਕਰਨ ਵੇਲੇ ਅੰਦਾਜ਼ ਲਾਇਆ ਸੀ — ਦੁਸ਼ਮਣ ਨੂੰ ਆਪਣੀਆਂ ਹੀ ਸਫਾਂ ਉੱਤੇ ਬੰਬ ਵਰ੍ਹਾਉਣ ਲਈ ਮਜ਼ਬੂਰ ਕਰਨਾ ! ਸੂਰਜ ਨੂੰ ਆਪਣੀ ਪਿੱਠ ਪਿੱਛੇ ਕਰਨਾ ਉਸਦਾ ਮੁੱਖ ਨਿਸ਼ਾਨਾ ਨਹੀਂ ਸੀ। ਪਰ ਜਰਮਨਾਂ ਦੀ ਪਹਿਲੀ ਕਤਾਰ ਮੁੜ ਨੇੜੇ ਨੇੜੇ ਹੋ ਗਈ ਤੇ ਜੁੰਕਰਾਂ ਨੇ ਉਸ ਥਾਂ ਵੱਲ ਆਪਣੇ ਰਾਹ ਉੱਤੇ ਉੱਡਣਾ ਜਾਰੀ ਰੱਖਿਆ, ਜਿੱਥੋਂ ਟੈਂਕ ਨਿੱਕਲੇ ਸਨ। ਤੀਸਰੀ ਕਤਾਰ ਦਾ ਹਮਲਾ ਅਸਫ਼ਲ ਰਿਹਾ ਸੀ । ਜਰਮਨਾਂ ਦਾ ਇੱਕ ਹਵਾਈ ਜਹਾਜ਼ ਨਾ ਡਿੱਗਾ, ਪਰ ਇੱਕ ਲੜਾਕਾ ਹਵਾਈ ਜਹਾਜ਼ ਅੱਖੋਂ ਉਹਲੇ ਹੋ ਗਿਆ। ਜਰਮਨ ਗੰਨਰ ਨੇ ਉਸਨੂੰ ਡੇਗ ਲਿਆ ਸੀ। ਉਹ ਉਸ ਥਾਂ ਦੇ ਨੇੜੇ ਪਹੁੰਚ ਰਹੇ ਸਨ, ਜਿੱਥੋਂ ਟੈਂਕਾਂ ਨੇ ਆਪਣਾ ਹਮਲਾ ਸ਼ੁਰੂ ਕਰਨਾ ਸੀ । ਉਚਾਣ ਵਧਾਉਣ ਲਈ ਕੋਈ ਸਮਾਂ ਨਹੀਂ ਸੀ। ਚਿਸਲੋਵ ਨੇ ਹੇਠਾਂ ਵੱਲੋਂ ਇੱਕ ਹਮਲਾ ਕਰਨ ਦਾ ਖ਼ਤਰਾ ਮੁੱਲ ਲੈਣ ਦਾ ਫ਼ੈਸਲਾ ਕੀਤਾ । ਅਲੈਕਸੇਈ ਨੇ ਮਨ ਹੀ ਮਨ ਵਿੱਚ ਇਸ ਨਾਲ ਸਹਿਮਤੀ ਪ੍ਰਗਟ ਕੀਤੀ। ਉਹ ਦੁਸ਼ਮਣ ਦੇ ਢਿੱਡ ਵਿੱਚ “ਛੇਕ ਕਰਨ” ਵਾਸਤੇ ਸਿੱਧਾ ਉਤਾਂਹ ਨੂੰ ਉੱਠਣ ਦੀਆਂ “ਲਾ-ਪ” ਦੀਆਂ ਸ਼ਾਨਦਾਰ ਖਾਸੀਅਤਾਂ ਤੋਂ ਲਾਭ ਉਠਾਉਣ ਲਈ ਉਤਸੁਕ ਸੀ। ਪਹਿਲੀ ਕਤਾਰ ਪਹਿਲਾਂ ਹੀ ਉੱਪਰ ਨੂੰ ਜਾ ਰਹੀ ਸੀ, ਤੇ ਟਰੇਸਰ ਗੋਲੀਆਂ ਇੱਕ ਫੁਹਾਰੇ ਵਾਂਗ ਛੱਡ ਰਹੀ ਸੀ। ਦੋ ਜਰਮਨ ਜਹਾਜ਼ ਉਥੇ ਹੀ ਕਤਾਰ ਵਿੱਚੋਂ ਡਿੱਗ ਪਏ। ਉਹਨਾਂ ਵਿੱਚੋਂ ਇਕ ਜ਼ਰੂਰ ਦੋ ਟੋਟੇ ਹੋ ਗਿਆ ਹੋਵੇਗਾ, ਕਿਉਂਕਿ ਇਹ ਪਾਟ ਗਿਆ ਤੇ ਇਸਦੀ ਪੂਛਲ ਮਰੇਸੇਯੇਵ ਦੇ ਇੰਜਣ ਨੂੰ ਵਜਦੀ ਵਜਦੀ ਬਚੀ।
“ਮੇਰੇ ਮਗਰ ਆਓ !” ਮਰੇਸੇਯੇਵ ਕੂਕਿਆ, ਤੇ ਟੇਢੀ ਨਜ਼ਰ ਨਾਲ ਪਿਤਰੋਵ ਦੇ ਜਹਾਜ਼ ਦੇ ਕਾਲ਼ੇ ਅਕਾਰ ਨੂੰ ਦੇਖਦਿਆਂ, ਉਸਨੇ ਹੱਥੀ ਆਪਣੇ ਵੱਲ ਖਿੱਚੀ।
ਜ਼ਮੀਨ ਉਲਟ ਗਈ। ਅਲੈਕਸੇਈ ਆਪਣੀ ਸੀਟ ਉੱਤੇ ਪਿੱਛੇ ਜਾ ਕੇ ਵੱਜਾ, ਜਿਵੇਂ ਉਸਨੂੰ ਕੋਈ ਜ਼ਬਰਦਸਤ ਸੱਟ ਪਈ ਹੋਵੇ । ਉਸਨੂੰ ਆਪਣੇ ਮੂੰਹ ਵਿੱਚ ਤੇ ਬੁੱਲਾਂ ਉੱਤੇ ਖੂਨ ਦਾ ਸਵਾਦ ਮਹਿਸੂਸ ਹੋਣ ਲੱਗਾ, ਤੇ ਉਸਦੀਆਂ ਅੱਖਾਂ ਸਾਮ੍ਹਣੇ ਲਾਲ ਲਾਲ ਧੁੰਦ ਛਾ ਗਈ।
ਉਸਦਾ ਹਵਾਈ ਜਹਾਜ਼ ਲਗਭਗ ਸਿੱਧਾ ਉਤਾਂਹ ਜਾ ਰਿਹਾ ਸੀ। ਆਪਣੀ ਸੀਟ ਉੱਤੇ ਪਿੱਛੇ ਪਏ ਪਏ ਨੇ, ਉਸਨੇ ਜੁੰਕਰ ਦੇ ਢਿੱਡ ਨੂੰ, ਇਸਦੇ ਹਾਸੋਹੀਣੇ ਗੋਲ ਦਾਇਰਿਆਂ ਨੂੰ, ਜਿਨ੍ਹਾਂ ਵਿੱਚ ਮੋਟੇ ਮੋਟੇ ਪਹੀਏ ਲੁਕੇ ਹੋਏ ਸਨ, ਤੇ ਇੱਥੋਂ ਤੱਕ ਕਿ ਉਹਨਾਂ ਨਾਲ ਚਿੰਬੜੇ ਮਿੱਟੀ ਦੇ ਢੇਲਿਆਂ ਨੂੰ ਵੀ ਆਪਣੀ ਨਿਸ਼ਾਨਾ ਬੰਨਣ ਵਾਲ਼ੀ ਚਕੋਰ ਵਿੱਚੋਂ ਦੇਖਿਆ।
ਉਸਨੇ ਆਪਣੇ ਬਟਨ ਦਬਾਏ । ਉਸਨੇ ਦੁਸ਼ਮਣ ਦੇ ਹਵਾਈ ਜਹਾਜ਼ ਨੂੰ ਕਿੱਥੇ ਮਾਰਿਆ ਪੈਟਰੋਲ ਟੈਂਕ ਵਿੱਚ, ਇੰਜਣ ਵਿੱਚ ਜਾਂ ਬੰਬ ਰੱਖਣ ਵਾਲੀ ਥਾਂ — ਉਸਨੂੰ ਨਹੀਂ ਸੀ ਪਤਾ, ਪਰ ਜਹਾਜ਼ ਤੁਰੰਤ ਵਿਸਫੋਟ ਦੇ ਭੂਰੇ ਧੂਏਂ ਵਿੱਚ ਲਪੇਟਿਆਂ ਅੱਖੋਂ ਉਹਲੇ ਹੋ ਗਿਆ।
ਵਿਸਫੋਟ ਨਾਲ ਮਰੇਸੇਯੇਵ ਦਾ ਜਹਾਜ਼ ਇੱਕ ਪਾਸੇ ਜਾ ਪਿਆ ਤੇ ਇਹ ਅੱਗ ਦੇ ਗੋਲ਼ੇ ਦੇ ਕੋਲੋਂ ਦੀ ਲੰਘਿਆ। ਉਸਨੇ ਆਪਣਾ ਜਹਾਜ਼ ਸਿੱਧਾ ਕੀਤਾ ਤੇ ਅਕਾਸ਼ ਦਾ ਨਿਰੀਖਣ ਕੀਤਾ। ਉਸ ਦਾ ਸਾਥੀ ਉਸਦੇ ਸੱਜੇ ਪਾਸੇ ਸਾਬਣ ਦੀ ਝੱਗ ਵਾਂਗ ਲੱਗਦੇ ਚਿੱਟੇ ਬੱਦਲਾਂ ਦੇ ਸਾਗਰ ਦੇ ਉੱਤੇ ਅਥਾਹ ਨੀਲੱਤਣ ਵਿੱਚ ਲਟਕਿਆਂ ਹੋਇਆ ਸੀ । ਅਕਾਸ਼ ਸੁੰਝਾ ਸੀ; ਸਿਰਫ ਦੁਮੇਲ ਉੱਤੇ, ਦੂਰ ਬੱਦਲਾਂ ਦੇ ਪਿਛੋਕੜ ਵਿੱਚ ਕੁਝ ਨਿੱਕੇ ਨਿੱਕੇ ਟਿਮਕਣੇ ਦੇਖੇ ਜਾ ਸਕਦੇ ਸਨ — ਇਹ ਜੁੰਕਰ ਸਨ, ਵੱਖਰੇ ਵੱਖਰੇ ਪਾਸਿਆਂ ਵੱਲ ਦੌੜ ਰਹੇ। ਅਲੈਕਸੇਈ ਨੇ ਆਪਣੀ ਘੜੀ ਵੱਲ ਨਜ਼ਰ ਮਾਰੀ ਤੇ ਹੈਰਾਨ ਰਹਿ ਗਿਆ। ਉਸਨੂੰ ਲੱਗਾ ਸੀ ਕਿ ਲੜਾਈ ਘੱਟੋ ਘੱਟ ਅੱਧਾ ਘੰਟਾ ਚੱਲੀ ਹੋਵੇਗੀ ਤੇ ਉਸਦਾ ਪੈਟਰੋਲ ਖ਼ਤਮ ਹੋਣ ਵਾਲ਼ਾ ਹੋਵੇਗਾ; ਪਰ ਘੜੀ ਤੋਂ ਪਤਾ ਲੱਗਾ ਕਿ ਇਹ ਸਿਰਫ ਸਾਢੇ ਤਿੰਨ ਮਿੰਟ ਚੱਲੀ ਸੀ।
“ਜਿਊਂਦਾ ਹੈ ? ਉਸਨੇ ਆਪਣੇ ਸਾਥੀ ਵੱਲ ਨਜ਼ਰ ਮਾਰਦਿਆਂ ਪੁੱਛਿਆ, ਜਿਹੜਾ “ਰੀਂਗ ਕੇ” ਅੱਗੇ ਆ ਗਿਆ ਸੀ, ਤੇ ਹੁਣ ਉਸਦੇ ਬਰਾਬਰ ਉੱਡ ਰਿਹਾ ਸੀ।
ਆਪਣੇ ਸੁਨਣ-ਯੰਤਰਾਂ ਵਿਚਲੀਆਂ ਕਿੰਨੀਆਂ ਸਾਰੀਆਂ ਅਵਾਜ਼ਾਂ ਵਿੱਚੋਂ, ਉਸਨੂੰ ਇਕ ਦੂਰੋਂ, ਪੁਰਜੋਸ਼ ਅਵਾਜ਼ ਸੁਣਾਈ ਦਿੱਤੀ:
“ਜਿਊਂਦਾ ਹਾਂ… ਜ਼ਮੀਨ ਤੇ ਜ਼ਮੀਨ ਤੇ ਦੇਖੋ..”
ਹੇਠਾਂ, ਬਰਬਾਦ ਹੋਈ ਹੋਈ ਪਹਾੜੀ ਵਾਦੀ ਵਿੱਚ, ਕਈ ਥਾਵਾਂ ਉੱਤੇ ਪੈਟਰੋਲ ਦੇ ਟੈਂਕ ਸੜ ਰਹੇ ਸਨ, ਤੇ ਸੰਘਣੇ ਧੂੰਏਂ ਦੇ ਬੱਦਲ ਸ਼ਾਂਤ ਹਵਾ ਵਿੱਚ ਥੰਮ੍ਹਾਂ ਵਾਂਗ ਉੱਠ ਰਹੇ ਸਨ । ਪਰ ਅਲੈਕਸੇਈ ਨੇ ਦੁਸ਼ਮਣ ਦੇ ਜਹਾਜ਼ਾਂ ਦੀ ਇਸ ਸੜ ਰਹੀ ਰਹਿੰਦ-ਖੂੰਹਦ ਵੱਲ ਨਾ ਦੇਖਿਆ। ਉਸ ਦੀਆਂ ਅੱਖਾਂ ਹਰੀਆਂ ਸਲੇਟੀ ਭੂੰਡੀਆਂ ਉੱਤੇ ਜੰਮੀਆਂ ਹੋਈਆਂ ਸਨ ਜਿਹੜੀਆਂ ਖੇਤਾਂ ਦੇ ਆਰ-ਪਾਰ ਵਿਸ਼ਾਲ ਪੈਮਾਨੇ ਉਤੇ ਚੱਲ ਰਹੀਆਂ ਸਨ। ਉਹ ਦੋ ਵਾਦੀਆਂ ਦੇ ਨਾਲ ਨਾਲ ਦੁਸ਼ਮਣ ਦੇ ਟਿਕਾਣਿਆਂ ਤੱਕ ਪੁੱਜ ਗਈਆਂ ਸਨ, ਤੇ ਉਹਨਾਂ ਵਿੱਚੋਂ ਅਗਲੀਆਂ ਪਹਿਲਾਂ ਹੀ ਮੋਰਚਿਆਂ ਦੇ ਉੱਪਰੋਂ ਦੀ ਲੰਘ ਰਹੀਆਂ ਸਨ। ਆਪਣੀਆਂ ਸੁੰਡਾਂ ਵਿੱਚੋਂ ਲਾਲ ਚੰਗਿਆੜੀਆਂ ਉਗਲਦਿਆਂ, ਉਹ ਦੁਸ਼ਮਣ ਦੀਆਂ ਸਫਾਂ ਦੇ ਵਿੱਚੋਂ ਦੀ ਰੀਂਗਦੀਆਂ ਲੰਘ ਰਹੀਆਂ ਸਨ, ਤੇ ਹੋਰ ਅੱਗੇ ਹੀ ਅੱਗੇ ਜਾਈ ਜਾ ਰਹੀਆਂ ਸਨ, ਭਾਵੇਂ ਉਹਨਾਂ ਦੇ ਪਿਛਲੇ ਪਾਸੇ ਅਜੇ ਵੀ ਗੋਲ਼ੀਆਂ ਦੀਆਂ ਲਿਸ਼ਕਾਂ ਦਿਸਦੀਆਂ ਸਨ ਤੇ ਜਰਮਨ ਤੋਪਾਂ ਵਿੱਚੋਂ ਧੂੰਆਂ ਉੱਠਦਾ ਦਿਖਾਈ ਦੇਂਦਾ ਸੀ।
ਮਰੇਸੇਯੇਵ ਸਮਝ ਗਿਆ ਕਿ ਦੁਸ਼ਮਣ ਦੀਆਂ ਖੇਰੂੰ ਖੇਰੂੰ ਹੋ ਚੁੱਕੀਆਂ ਪੁਜ਼ੀਸ਼ਨਾਂ ਦੇ ਧੁਰ ਅੰਦਰ ਇਹਨਾਂ ਸੈਂਕੜੇ ਭੂੰਡੀਆਂ ਦਾ ਕੀ ਮਤਲਬ ਹੈ।
ਉਹ ਐਸੀ ਚੀਜ਼ ਦੇਖ ਰਿਹਾ ਸੀ ਜਿਸ ਬਾਰੇ ਸੋਵੀਅਤ ਲੋਕਾਂ ਨੇ, ਤੇ ਸਾਰੇ ਅਜ਼ਾਦੀ ਪ੍ਰੇਮੀ ਦੇਸ਼ਾਂ ਦੇ ਲੋਕਾਂ ਨੇ ਅਗਲੇ ਦਿਨ ਖੁਸ਼ੀ ਤੇ ਉਤਸ਼ਾਹ ਨਾਲ ਅਖ਼ਬਾਰਾਂ ਵਿੱਚ ਪੜ੍ਹਿਆ।
ਕੁਰਸਕ ਦੇ ਵਧਾਣ ਦੇ ਇੱਕ ਖੇਤਰ ਵਿੱਚ, ਤੋਪਖਾਨੇ ਦੀ ਭਿਆਨਕ ਤਿਆਰੀ ਗੋਲਬਾਰੀ ਤੋਂ ਮਗਰੋਂ, ਜਿਹੜੀ ਦੋ ਘੰਟੇ ਚੱਲਦੀ ਰਹੀ, ਦੁਸ਼ਮਣ ਦੇ ਸੁਰੱਖਿਆ ਪ੍ਰਬੰਧਾਂ ਨੂੰ ਚੀਰ ਕੇ ਲੰਘ ਗਈ ਸੀ, ਉਸ ਪਾੜ ਵਿੱਚ ਦਾਖਲ ਹੋ ਗਈ ਸੀ, ਤੇ ਉਸਨੇ ਸੋਵੀਅਤ ਫ਼ੌਜਾਂ ਲਈ ਰਾਹ ਸਾਫ਼ ਕਰ ਦਿੱਤਾ ਸੀ, ਜਿਹੜੀਆਂ ਹੁਣ ਰੱਖਿਆ ਤੋਂ ਚੜਾਈ ਵੱਲ ਆ ਗਈਆਂ ਸਨ। ਕਪਤਾਨ ਚਿਸਲੋਵ ਦੇ ਸੁਕਾਡਰਨ ਵਿਚਲੀਆਂ ਨੌਂ ਮਸ਼ੀਨਾਂ ਵਿੱਚੋਂ, ਦੋ ਆਪਣੇ ਅੱਡੇ ਉੱਤੇ ਵਾਪਸ ਨਾ ਆਈਆ। ਨੌਂ ਜੁੰਕਰ ਡੇਗੇ ਗਏ ਸਨ । ਹਵਾਈ ਜਹਾਜ਼ਾਂ ਦੀ ਗਿਣਤੀ ਕੀਤਿਆਂ, ਦੋ ਦੇ ਮੁਕਾਬਲੇ ਉੱਤੇ ਨੌਂ ਨੂੰ ਮਾਰ ਗਿਰਾਉਣਾ ਸੱਚਮੁਚ ਚੰਗੀ ਸਫ਼ਲਤਾ ਸੀ। ਪਰ ਦੋ ਸਾਥੀਆਂ ਦੇ ਘਾਟੇ ਨੇ ਜਿੱਤ ਦੀ ਖੁਸ਼ੀ ਨੂੰ ਖ਼ਤਮ ਕਰ ਦਿੱਤਾ। ਆਪਣੇ ਹਵਾਈ ਜਹਾਜ਼ਾਂ ਤੋਂ ਉਤਰਦਿਆਂ, ਪਾਇਲਟਾਂ ਨੇ ਉਤਸ਼ਾਹ ਨਾ ਦਿਖਾਇਆਂ, ਨਾ ਕੂਕਾਂ ਛੱਡੀਆਂ, ਨਾ ਲੜਾਈ ਬਾਰੇ ਜੋਸ਼ ਨਾਲ ਬਹਿਸ ਕਰਦਿਆਂ ਹੱਥ-ਪੱਥ ਮਾਰੇ, ਤੇ ਨਾ ਹੀ ਉਹਨਾਂ ਖ਼ਤਰਿਆਂ ਨੂੰ ਮੁੜ ਕੇ ਜੀਵਿਆਂ, ਜਿਨ੍ਹਾਂ ਵਿੱਚੋਂ ਉਹ ਲੰਘੇ ਸਨ, ਜਿਵੇਂ ਕਿ ਸਫ਼ਲ ਲੜਾਈ ਤੋਂ ਮਗਰੋਂ ਉਹ ਅਕਸਰ ਕਰਿਆ ਕਰਦੇ ਸਨ । ਉਦਾਸੀ ਵਿੱਚ ਉਹ ਚੀਫ ਆਫ਼ ਸਟਾਫ਼ ਕੋਲ ਗਏ, ਖੁਸ਼ਕ, ਸਪੱਸ਼ਟ ਫ਼ਿਕਰਿਆਂ ਵਿੱਚ ਸਿੱਟਿਆਂ ਬਾਰੇ ਰਿਪੋਰਟ ਕੀਤਾ ਤੇ ਇੱਕ ਦੂਜੇ ਵੱਲ ਦੇਖੇ ਤੋਂ ਬਿਨਾਂ ਉਥੋਂ ਚਲੇ ਗਏ।
ਅਲੈਕਸੇਈ ਇਸ ਵਿੰਗ ਵਿੱਚ ਨਵਾਂ ਸੀ । ਉਹ ਉਹਨਾਂ ਦੋ ਆਦਮੀਆਂ ਨੂੰ ਸ਼ਕਲ ਤੋਂ ਵੀ ਨਹੀਂ ਸੀ ਜਾਣਦਾ, ਜਿਹੜੇ ਮਾਰੇ ਗਏ ਸਨ । ਪਰ ਆਮ ਮੂਡ ਦਾ ਉੱਤੇ ਵੀ ਅਸਰ ਪਿਆ। ਉਸਦੇ ਜੀਵਨ ਵਿਚਲੀ ਸਭ ਤੋਂ ਵੱਡੀ ਤੇ ਸਭ ਤੋਂ ਮਹੱਤਵਪੂਰਨ ਘਟਨਾ – ਜਿਸ ਬਾਰੇ ਉਹ ਆਪਣੇ ਤਨ ਤੇ ਮਨ ਦੀਆਂ ਸਾਰੀਆਂ ਸ਼ਕਤੀਆਂ ਨਾਲ ਯਤਨ ਕਰਦਾ ਰਿਹਾ ਸੀ ਤੇ ਜਿਸਨੇ ਉਸਦੇ ਜੀਵਨ ਦੇ ਭਵਿੱਖ ਦੇ ਰਸਤੇ, ਸਵਸਥ ਤੇ ਯੋਗ ਬੰਦਿਆਂ ਦੀ ਸਫਾਂ ਵਿੱਚ ਵਾਪਸ ਪਰਤਣ ਨੂੰ ਨਿਸ਼ਚਿਤ ਕਰਨਾ ਸੀ ਵਾਪਰ ਗਈ ਸੀ। ਕਿੰਨੀਂ ਵਾਰੀ ਉਸਨੇ ਇਸ ਬਾਰੇ ਸੁਪਨੇ ਲਏ ਸਨ— ਹਸਪਤਾਲ ਵਿੱਚ ਆਪਣੇ ਮੰਜੇ ਉੱਤੇ ਪਿਆਂ ਤੇ ਮਗਰੋਂ ਤੁਰਨਾ ਤੇ ਨੱਚਣਾ ਸਿੱਖਦਿਆਂ ਤੇ ਜਦੋਂ ਉਹ ਸਖ਼ਤ ਸਿਖਲਾਈ ਨਾਲ ਹਵਾਬਾਜ਼ ਵਜੋਂ ਆਪਣੀ ਯੋਗਤਾ ਮੁੜ-ਪ੍ਰਾਪਤ ਕਰ ਰਿਹਾ ਸੀ। ਤੇ ਹੁਣ ਜਦੋਂ ਉਹ ਦਿਨ ਆ ਗਿਆ ਸੀ, ਜਿਸਦੀ ਉਸਨੂੰ ਚਿਰਾਂ ਤੋਂ ਉਡੀਕ ਸੀ, ਜਦੋਂ ਉਸਨੇ ਦੋ ਜਰਮਨ ਜਹਾਜ਼ ਡੇਗ ਲਏ ਸਨ, ਤੇ ਜਦੋਂ ਉਹ ਲੜਾਕਾ ਜਹਾਜ਼ਾਂ ਦੇ ਪਾਇਲਟਾਂ ਦੇ ਪਰਿਵਾਰ ਵਿੱਚ ਮੁੜ ਕੇ ਇੱਕ ਬਰਾਬਰ ਦਾ ਬੰਦਾ ਸੀ ਤਾਂ ਉਹ ਵੀ ਬਾਕੀ ਦਿਆਂ ਵਾਂਗ, ਚੀਫ ਆਫ਼ ਸਟਾਫ਼ ਤੱਕ ਗਿਆ ਸੀ, ਆਪਣੇ ਸਿੱਟਿਆਂ ਬਾਰੇ ਰਿਪੋਰਟ ਕੀਤੀ ਸੀ, ਹਾਲਾਤ ਦੀ ਵਿਆਖਿਆ ਕੀਤੀ ਸੀ, ਆਪਣੇ ਸਾਥੀ ਦੀ ਤਾਰੀਫ਼ ਕੀਤੀ ਸੀ ਤੇ ਫਿਰ ਬਰਚੇ ਦੇ ਰੁੱਖ ਦੀ ਛਾਂ ਵਿੱਚ ਬੈਠ ਗਿਆ ਸੀ ਤੇ ਉਹਨਾਂ ਬਾਰੇ ਸੋਚਣ ਲੱਗ ਪਿਆ ਸੀ ਜਿਹੜੇ ਉਸ ਦਿਨ ਮੁੜੇ ਨਹੀਂ ਸਨ।
ਪਿਤਰੋਵ ਇੱਕੋ ਇੱਕ ਬੰਦਾ ਸੀ, ਜਿਹੜਾ ਨੰਗੇ ਸਿਰ, ਹਵਾ ਵਿੱਚ ਲਹਿਰਾਉਂਦੇ ਆਪਣੇ ਕੱਕੇ ਵਾਲਾਂ ਨਾਲ਼, ਹਵਾਈ ਅੱਡੇ ਉਤੇ ਦੌੜਦਾ ਫਿਰਦਾ ਸੀ, ਤੇ ਮਿਲਣ ਵਾਲਿਆਂ ਨੂੰ ਬਾਹਾਂ ਤੋਂ ਫੜਦਿਆਂ, ਉਹਨਾਂ ਨੂੰ ਸੁਣਾਉਂਦਾ ਫਿਰਦਾ ਸੀ: “ ਮੇਰੇ ਬਿਲਕੁਲ ਨਾਲ ਉਹ ਸਨ, ਬਿਲਕੁਲ ਬਾਂਹ ਦੀ ਵਿੱਥ ਉੱਤੇ। ਹੱਛਾ, ਸੁਣ ਤੇ ਮੈਂ ਦੇਖਿਆ ਕਿ ਸੀਨੀਅਰ ਲੈਫ਼ਟੀਨੈਂਟ ਉਹਨਾਂ ਦੇ ਆਗੂ ਨੂੰ ਨਿਸ਼ਾਨਾ ਬਣਾ ਰਿਹਾ ਹੈ । ਮੈਂ ਉਸਤੋਂ ਅਗਲੇ ਦਾ ਨਿਸ਼ਾਨਾ ਬੰਨ੍ਹਿਆ,
ਉਹ ਦੌੜਦਾ ਹੋਇਆ ਮਰੇਸੇਯੇਵ ਕੋਲ ਆਇਆ, ਉਸਦੇ ਪੈਰਾਂ ਕੋਲ ਨਰਮ ਨਰਮ ਘਾਹ ਵਰਗੀ ਕਾਈ ਉੱਪਰ ਢਹਿ ਪਿਆ; ਪਰ ਇਸ ਅਰਾਮ ਵਾਲੀ ਅਵਸਥਾ ਵਿੱਚ ਬਹੁਤੀ ਦੇਰ ਰਹਿਣ ਤੋਂ ਅਸਮਰਥ, ਉਹ ਭੁੜਕ ਕੇ ਉੱਠ ਖਲੋਤਾ ਤੇ ਕੂਕਿਆ:
“ਤੁਸੀਂ ਤਾਂ ਅੱਜ ਕਮਾਲ ਦੀਆਂ ਕਲਾਬਾਜ਼ੀਆਂ ਦਿਖਾਈਆਂ। ਸ਼ਾਨਦਾਰ ! ਮੇਰਾ ਤਾਂ ਸਾਹ ਰੁਕ ਰੁਕ ਜਾਂਦਾ ਸੀ… ਪਤੈ ਮੈਂ ਉਸਨੂੰ ਕਿੰਝ ਮਾਰ ਗਿਰਾਇਆ ਸੀ ? ਸੁਣੋ… ਮੈਂ ਤੁਹਾਡੇ ਪਿੱਛੇ ਪਿੱਛੇ ਚਲਦਾ ਗਿਆ ਤੇ ਦੇਖਿਆ ਕਿ ਉਹ ਐਨ ਮੇਰੇ ਪਾਸੇ ਵੱਲ ਹੈ, ਬਿਲਕੁਲ ਏਨੀਂ ਦੂਰ ਜਿੰਨੀ ਦੂਰ ਹੁਣ ਤੁਸੀਂ ਹੋ…”
“ਠਹਿਰ, ਯਾਰ,” ਅਲੈਕੇਸੇਈ ਨੇ ਉਸਨੂੰ ਟੋਕਿਆ ਤੇ ਆਪਣੀਆਂ ਤੇ ਆਪਣੀਆਂ ਜੇਬਾਂ ਟੋਲਣ ਲੱਗਾ। “ਉਹ ਚਿੱਠੀਆਂ! ਉਹਨਾਂ ਚਿੱਠੀਆਂ ਦਾ ਮੈਂ ਕੀ ਕੀਤਾ ਸੀ ?”
ਉਸਨੂੰ ਉਹ ਚਿੱਠੀਆਂ ਯਾਦ ਆ ਗਈਆਂ ਸਨ, ਜਿਹੜੀਆਂ ਉਸੇ ਦਿਨ ਮਿਲੀਆਂ ਸਨ, ਪਰ ਜਿਨ੍ਹਾਂ ਨੂੰ ਪੜ੍ਹਨ ਦਾ ਉਸਨੂੰ ਸਮਾਂ ਨਹੀਂ ਸੀ ਮਿਲਿਆ। ਜਦੋਂ ਜੇਬਾਂ ਵਿੱਚ ਵੀ ਉਸਨੂੰ ਉਹ ਚਿੱਠੀਆਂ ਨਾ ਮਿਲੀਆਂ ਤਾਂ ਉਸਨੂੰ ਜਿਵੇਂ ਠੰਡੀ ਤੇਲੀ ਜਿਹੀ ਆ ਗਈ। ਉਸਨੇ ਆਪਣਾ ਹੱਥ ਕਮੀਜ਼ ਦੀ ਜੇਬ ਵਿੱਚ ਪਾਇਆ, ਲਿਫ਼ਾਫ਼ਿਆਂ ਦੀ ਖੜਖੜ ਸੁਣਾਈ ਦਿੱਤੀ ਤੇ ਉਸਨੂੰ ਚੈਨ ਆਇਆ। ਉਹਨੇ ਓਲਿਆ ਦੀ ਚਿੱਠੀ ਕੱਢੀ ਤੇ ਆਪਣੇ ਉਤਸ਼ਾਹੀ ਨੌਜਵਾਨ ਦੋਸਤ ਦੀ ਕਹਾਣੀ ਵੱਲ ਕੋਈ ਧਿਆਨ ਨਾ ਦੇਂਦਾ ਹੋਇਆ ਲਿਫ਼ਾਫ਼ੇ ਨੂੰ ਇੱਕ ਕੰਨੀਂ ਤੋਂ ਧਿਆਨ ਨਾਲ ਪਾੜਨ ਲੱਗ ਪਿਆ।
ਉਸੇ ਵੇਲੇ ਇੱਕ ਰਾਕਟ ਉੱਡੀ। ਅਕਾਸ਼ ਵਿੱਚ ਲਾਲ, ਅਗਨ ਸੱਪ ਉਡਿਆ, ਹਵਾਈ ਅੱਡੇ ਉਪਰ ਉਸਨੇ ਚੱਕਰ ਲਾਇਆ ਤੇ ਕਾਲੀ, ਹੌਲ਼ੀ ਹੌਲ਼ੀ ਘੁੱਲਦੀ ਹੋਈ ਰੇਖਾ ਛੱਡ ਕੇ ਲੋਪ ਹੋ ਗਿਆ । ਪਾਇਲਟ ਤਿਆਰ-ਬਰ-ਤਿਆਰ ਖੜ੍ਹੇ ਹੋ ਗਏ। ਅਲੈਕਸੇਈ ਨੇ ਚਿੱਠੀ ਦਾ ਇੱਕ ਵੀ ਲਫ਼ਜ਼ ਪੜ੍ਹੇ ਬਿਨਾਂ ਉਸਨੂੰ ਜੇਬ ਵਿੱਚ ਪਾ ਲਿਆ। ਲਿਫ਼ਾਫ਼ੇ ਵਿੱਚ ਉਸਨੂੰ ਚਿੱਠੀ ਤੋਂ ਛੁੱਟ ਕੋਈ ਸਖ਼ਤ ਜਿਹੀ ਚੀਜ਼ ਰੱਖੀ ਹੋਈ ਵੀ ਲੱਗੀ ਸੀ। ਹੁਣ ਜਾਣੀ ਪਛਾਣੀ ਦਿਸ਼ਾ ਵਿੱਚ ਆਪਣੇ ਗਰੁੱਪ ਦੇ ਅੱਗੇ ਅੱਗੇ ਉਡਦਿਆਂ ਉਸਨੇ ਕਈ ਵਾਰੀ ਲਿਫ਼ਾਫ਼ੇ ਨੂੰ ਟੋਹਿਆਂ ਤੇ ਕਲਪਨਾ ਕਰਨ ਲੱਗਾ ਕਿ ਇਹ ਕੀ ਹੈ।
ਜਿਸ ਦਿਨ ਟੈਂਕਾਂ ਨੇ ਦੁਸ਼ਮਣ ਦੀਆਂ ਸਫਾਂ ਨੂੰ ਤੋੜਿਆ ਸੀ, ਉਸ ਦਿਨ ਤੋਂ ਗਾਰਦਾਂ ਦੀ ਲੜਾਕਾ ਰੈਜਮੈਂਟ ਲਈ, ਜਿਸ ਵਿੱਚ ਅਲੈਕਸੇਈ ਇਸ ਵੇਲੇ ਸੀ, ਬੇਹੱਦ ਰੁਝੇਵੇਂ ਦਾ ਸਮਾਂ ਸ਼ੁਰੂ ਹੋ ਗਿਆ ਸੀ । ਜਿੱਥੇ ਤ੍ਰੇੜ ਪਾਈ ਗਈ ਸੀ, ਉਧਰ ਸੁਕਾਡਰਨ ਉੱਤੇ ਸੁਕਾਡਰਨ ਉੱਡਦੇ ਜਾਂਦੇ । ਇੱਕ ਸੁਕਾਡਰਨ ਲੜਾਈ ਤੋਂ ਵਾਪਸ ਆਉਂਦਾ ਕਿ ਦੂਜਾ ਅਕਾਸ਼ ਵਿੱਚ ਉੱਡਦਾ ਦਿਖਾਈ ਦੇਂਦਾ; ਤੇ ਪੈਟਰੋਲ ਦੇ ਟਰੱਕ ਉਹਨਾਂ ਹਵਾਈ ਜਹਾਜ਼ਾਂ ਵੱਲ ਦੌੜ ਪੈਂਦੇ, ਜਿਹੜੇ ਉੱਤਰੇ ਹੀ ਹੁੰਦੇ ਸਨ। ਖਾਲੀ ਟੈਂਕੀਆਂ ਵਿੱਚ ਖੁੱਲ੍ਹੇ ਦਿਲ ਨਾਲ ਪੈਟਰੋਲ ਪਾਇਆ ਜਾਂਦਾ। ਗਰਮ ਇੰਜਣਾਂ ਉਪਰ ਇਸ ਤਰ੍ਹਾਂ ਕੰਬਦੀ ਹੋਈ ਭਾਫ਼ ਨਜ਼ਰ ਆਉਂਦੀ ਜਿਸ ਤਰ੍ਹਾਂ ਭਰ ਗਰਮੀਆਂ ਵਿੱਚ ਮੀਂਹ ਪੈਣ ਨਾਲ ਖੇਤਾਂ ਉੱਪਰ ਉਠਦੀ ਹੈ । ਪਾਇਲਟ ਖਾਣਾ ਖਾਣ ਲਈ ਵੀ ਕਾਕਪਿੱਟ ਤੋਂ ਨਹੀਂ ਸਨ ਨਿੱਕਲਦੇ। ਐਲਮੀਨੀਅਮ ਦੇ ਡੱਬਿਆਂ ਵਿੱਚ ਰੱਖ ਕੇ ਇਹ ਉਹਨਾਂ ਨੂੰ ਲਿਆ ਦਿੱਤਾ ਜਾਂਦਾ, ਪਰ ਖਾਣ ਉੱਤੇ ਕਿਸੇ ਦਾ ਦਿਲ ਨਾ ਕਰਦਾ, ਖਾਣਾ ਉਹਨਾਂ ਦੇ ਸੰਘ ਵਿੱਚ ਫਸ ਫਸ ਜਾਂਦਾ ਸੀ।
ਜਦੋਂ ਕਪਤਾਨ ਚਿਸਲੋਵ ਦਾ ਸਕਾਡਰਨ ਫਿਰ ਹੇਠਾਂ ਉੱਤਰਿਆ ਤੇ ਜੰਗਲ ਤੱਕ ਲਿਜਾਏ ਜਾਣ ਤੋਂ ਮਗਰੋਂ ਹਵਾਈ ਜਹਾਜ਼ਾਂ ਵਿੱਚ ਫਿਰ ਪੈਟਰੋਲ ਭਰਿਆ ਜਾਣ ਲੱਗਾ ਤਾਂ ਮਰੇਸੇਯੇਵ ਸਰੀਰ ਵਿੱਚ ਖੁਸ਼ੀ ਭਰੀ, ਚੀਸ ਪੈਦਾ ਕਰਦੀ ਥਕਾਣ ਮਹਿਸੂਸ ਕਰਦਾ, ਮੁਸਕਾਉਂਦਾ ਹੋਇਆ ਕਾਕਪਿੱਟ ਵਿੱਚ ਬੈਠਾ ਰਿਹਾ। ਉਹ ਬੇਸਬਰੀ ਨਾਲ ਅਕਾਸ਼ ਵੱਲ ਦੇਖਦਾ ਜਾਂਦਾ ਤੇ ਪੈਟਰੋਲ ਭਰਨ ਵਾਲਿਆਂ ਨੂੰ ਜਲਦੀ ਜਲਦੀ ਕਰਨ ਲਈ ਕਹੀ ਜਾਂਦਾ ਸੀ । ਉਹ ਮੁੜ ਕੇ ਅਕਾਸ਼ ਵਿੱਚ ਜਾਣ ਤੇ ਆਪਣੀ ਅਜ਼ਮਾਇਸ਼ ਕਰਨ ਲਈ ਕਾਹਲਾ ਸੀ । ਉਹ ਮੁੜ ਮੁੜ ਕੇ ਆਪਣਾ ਹੱਥ ਕਮੀਜ਼ ਦੀ ਜੇਬ ਦੇ ਅੰਦਰ ਪਾਉਂਦਾ ਤੇ ਖੜ ਖੜ ਕਰਦੇ ਲਿਫ਼ਾਫ਼ੇ ਨੂੰ ਟੋਹ ਲੈਂਦਾ, ਪਰ ਇਸ ਹਾਲਤ ਵਿੱਚ ਚਿੱਠੀ ਪੜ੍ਹਨ ਦਾ ਉਸਦਾ ਜੀਅ ਨਾ ਕੀਤਾ।
ਸ਼ਾਮ ਨੂੰ, ਪਾਇਲਟਾਂ ਨੂੰ ਸਿਰਫ਼ ਉਦੋਂ ਕਿਤੇ ਜਾ ਕੇ ਛੁੱਟੀ ਦਿੱਤੀ ਗਈ ਜਦੋਂ ਸੂਰਜ ਛੁਪ ਰਿਹਾ ਸੀ । ਹਨੇਰ੍ਹਾ ਹੋ ਰਿਹਾ ਸੀ । ਆਪਣੇ ਟਿਕਾਣੇ ਤੱਕ ਮਰੇਸੇਯੇਵ ਜੰਗ ਦੇ ਉਸ ਛੋਟੇ ਜਿਹੇ ਪਹੇ ਉੱਪਰੋਂ ਦੀ ਨਾ ਗਿਆ, ਜਿਸ ਉਪਰੋਂ ਉਹ ਅਕਸਰ ਜਾਂਦਾ ਹੁੰਦਾ ਸੀ, ਸਗੋਂ ਉਸਨੇ ਲੰਮਾ ਰਾਹ ਫੜਿਆ ਤੇ ਜੰਗਲੀ ਬੂਟੀਆਂ ਨਾਲ ਢੱਕੇ ਮੈਦਾਨ ਦੇ ਉੱਪਰੋਂ ਦੀ ਹੋ ਪਿਆ। ਅਨੰਤ ਪ੍ਰਤੀਤ ਹੋਣ ਵਾਲ਼ੇ ਦਿਨ ਦੇ ਤੇਜ਼ ਤੇਜ਼ ਬਦਲਦੇ ਸਾਰੇ ਪ੍ਰਭਾਵਾਂ ਤੋਂ ਪਿੱਛੋਂ, ਸਾਰੀਆਂ ਕੰਨ- ਪਾੜਵੀਆਂ ਅਵਾਜ਼ਾਂ ਤੇ ਕਾੜ-ਕਾੜ ਤੋਂ ਪਿੱਛੋਂ ਉਹ ਆਪਣੀਆਂ ਸੋਚਾਂ ਨੂੰ ਕੇਂਦਰਿਤ ਕਰਨਾ ਚਾਹੁੰਦਾ ਸੀ।
ਬੜੀ ਨਿਰਮਲ ਸ਼ਾਮ ਸੀ, ਭਿੰਨੀਂ ਭਿੰਨੀਂ ਵਾਸ਼ਨਾ ਵਾਲੀ ਤੇ ਏਨੀਂ ਸ਼ਾਂਤ ਕਿ ਦੂਰੋਂ ਆ ਰਹੀ ਗੋਲ਼ਾਬਾਰੀ ਦੀ ਕਾੜ-ਕਾੜ ਹੁਣ ਕਿਸੇ ਜੰਗ ਦੀ ਅਵਾਜ਼ ਨਹੀਂ ਸਗੋਂ ਕਿਸੇ ਲੰਘਦੀ ਹਨੇਰੀ ਦੀ ਗਰਜ ਵਾਂਗ ਲੱਗ ਰਹੀ ਸੀ। ਇਹ ਰਸਤਾ ਕਿਸੇ ਐਸੇ ਮੈਦਾਨ ਵਿੱਚੋਂ ਦੀ ਲੰਘਦਾ ਸੀ, ਜਿਹੜਾ ਪਹਿਲਾਂ ਕਦੀ ਰਾਈ ਦਾ ਖੇਤ ਰਿਹਾ ਹੋਵੇਗਾ। ਅਕਾਵੀਆਂ ਜੜ੍ਹੀ-ਬੂਟੀਆਂ ਜਿਹੜੀਆਂ ਮਨੁੱਖ ਦੀ ਸਧਾਰਨ ਦੁਨੀਆਂ ਵਿੱਚ ਕਿਸੇ ਵਿਹੜੇ ਦੇ ਕੋਨੇ ਵਿੱਚ ਜਾਂ ਖੇਤ ਦੇ ਕੰਢੇ ਪੱਥਰਾਂ ਦੇ ਢੇਰ ਵਿੱਚ ਚੋਰੀ ਚੋਰੀ ਆਪਣੀਆਂ ਨਾਜ਼ੁਕ ਗੰਧਲਾਂ ਨੂੰ ਉੱਚਾ ਚੁੱਕਦੀਆਂ ਹਨ — ਐਸੀਆਂ ਥਾਵਾਂ ਉੱਤੇ, ਜਿੱਥੇ ਉਹਨਾਂ ਥਾਵਾਂ ਦੇ ਮਾਲਕਾਂ ਦੀਆਂ ਨਜ਼ਰਾਂ ਮੁਸ਼ਕਲ ਨਾਲ ਹੀ ਪੈਂਦੀਆਂ ਹਨ — ਉਹੀ ਜੰਗਲੀ ਬੂਟੀਆਂ ਹੁਣ ਠੋਸ, ਵੱਡੀ ਸਾਰੀ, ਗੁਸਤਾਖ਼ ਤੇ ਮਜ਼ਬੂਤ ਕੰਧ ਵਾਂਗ ਉੱਥੇ ਖੜ੍ਹੀਆਂ ਸੀ ਤੇ ਉਸ ਧਰਤੀ ਉੱਤੇ ਹਾਵੀ ਹੋ ਗਈਆਂ ਸਨ ਜਿਸਨੂੰ ਮਿਹਨਤਕਸ਼ਾਂ ਦੀਆਂ ਕਈ ਪੀੜ੍ਹੀਆਂ ਨੇ ਆਪਣਾ ਖੂਨ-ਪਸੀਨਾ ਇੱਕ ਕਰਕੇ ਫਲਦਾਇਕ ਬਣਾਇਆ ਸੀ। ਸਿਰਫ਼ ਕਿਤੇ ਕਿਤੇ ਜੰਗਲੀ ਰਾਈ ਦੀਆਂ ਨਾਜ਼ਕ ਜਿਹੀਆਂ ਤਿਣਾਂ ਦਿਖਾਈ ਦੇਂਦੀਆਂ ਸਨ । ਜੰਗਲੀ ਬੂਟੀਆਂ ਨੇ ਧਰਤੀ ਦੇ ਸਾਰੇ ਤੱਤ ਹੜੱਪ ਲਏ ਸਨ, ਸੂਰਜ ਦੀਆਂ ਸਾਰੀਆਂ ਕਿਰਨਾਂ ਆਪਣੇ ਵਿੱਚ ਸਮੋ ਲਈਆਂ ਸਨ, ਰਾਈ ਨੂੰ ਚਾਨਣ ਤੇ ਜੀਵਨ- ਸ਼ਕਤੀ ਤੋਂ ਵਾਂਝਿਆਂ ਕਰ ਦਿੱਤਾ ਗਿਆ ਸੀ ਤੇ ਇਸ ਲਈ ਰਾਈ ਦੀਆਂ ਕੁਝ ਤਿਣਾਂ ਵੀ ਫੁੱਲ ਲੱਗਣ ਤੋਂ ਪਹਿਲਾਂ ਮੁਰਝਾ ਗਈਆਂ ਸਨ, ਤੇ ਉਹਨਾਂ ਨੂੰ ਦਾਣਾ ਕਦੀ ਨਹੀਂ ਸੀ ਪਿਆ।
ਤੇ ਮਰੇਸੇਯੇਵ ਸੋਚਣ ਲੱਗਾ: ਫਾਸਿਸਟ ਵੀ ਇਸੇ ਤਰ੍ਹਾਂ ਸਾਡੇ ਖੇਤਾਂ ਵਿੱਚ ਜੜ੍ਹਾਂ ਜਮਾਉਣਾ ਚਾਹੁੰਦੇ ਹਨ, ਤੇ ਇਸੇ ਭਿਆਨਕ ਤੇ ਗੁਸਤਾਖ਼ ਨੀਤ ਨਾਲ ਸਾਨੂੰ ਸੂਰਜ ਦੇ ਚਾਨਣ ਤੋਂ ਵਾਂਝਿਆਂ ਕਰ ਦੇਣਾ ਚਾਹੁੰਦੇ ਹਨ ਤੇ ਸਾਡੀ ਮਹਾਨ, ਕਿਰਤ-ਪ੍ਰੇਮੀ ਸ਼ਕਤੀਸ਼ਾਲੀ ਜਨਤਾ ਨੂੰ ਉਸਦੇ ਖੇਤਾਂ ਤੇ ਬਗੀਚਿਆਂ ਤੋਂ ਨਠਾ ਦੇਣਾ ਚਾਹੁੰਦੇ ਹਨ, ਉਸਨੂੰ ਹਰ ਚੀਜ਼ ਤੋਂ ਵਾਂਝਿਆਂ ਕਰ ਦੇਣਾ ਚਾਹੁੰਦੇ ਹਨ, ਤੇ ਉਹਨਾਂ ਉੱਪਰ ਉਸੇ ਤਰ੍ਹਾਂ ਹੀ ਛਾ ਜਾਣਾ ਤੇ ਉਹਨਾਂ ਨੂੰ ਕੁਚਲ ਦੇਣਾ ਚਾਹੁੰਦੇ ਹਨ ਜਿਸ ਤਰ੍ਹਾਂ ਜੰਗਲੀ ਬੂਟੀਆਂ ਨੇ ਇਹਨਾਂ ਛੋਟੇ ਛੋਟੇ ਤਿਣਾਂ ਨੂੰ ਕੁਚਲ ਕੇ ਰੱਖ ਦਿੱਤਾ, ਜਿਨ੍ਹਾਂ ਵਿੱਚ ਸ਼ਕਤੀਦਾਇਕ ਤੇ ਸੋਹਣੇ ਅਨਾਜ ਦੀ ਬਾਹਰੀ ਸਮਾਨਤਾ ਵੀ ਬਾਕੀ ਨਹੀਂ ਰਹਿ ਗਈ । ਮੁੰਡਿਆਂ ਵਾਲੇ ਉਤਸ਼ਾਹ ਤੋਂ ਪ੍ਰੇਰਨਾ ਲੈਂਦਿਆਂ ਉਸਨੇ ਆਪਣੀ ਆਬਨੂਸੀ ਸੋਟੀ ਘੁਮਾਈ ਤੇ ਲਾਲ ਲਾਲ ਪਰਾਂ ਵਰਗੀਆਂ ਜੰਗਲੀ ਬੂਟੀਆਂ ‘ਤੇ ਮਾਰੀ ਤੇ ਜਦੋਂ ਉਹਨਾਂ ਦੇ ਹੰਕਾਰੀ ਸਿਰਾ ਦੇ ਦਸਤਿਆਂ ਦੇ ਦਸਤੇ ਹੇਠਾਂ ਝੁਕ ਗਏ ਤਾਂ ਉਤਸ਼ਾਹ ਨਾਲ ਭਰ ਗਿਆ। ਉਸਦੇ ਚਿਹਰੇ ਤੋਂ ਮੁੜ੍ਹਕਾ ਚੋਣ ਲੱਗਾ, ਪਰ ਉਸਨੇ ਜੰਗਲੀ ਬੂਟੀਆਂ ਉੱਤੇ ਸੋਟੀ ਮਾਰਨੀ ਜਾਰੀ ਰੱਖੀ, ਜਿਨ੍ਹਾਂ ਨੇ ਰਾਈ ਦਾ ਗਲਾ ਘੁੱਟ ਦਿੱਤਾ ਸੀ । ਤੇ ਉਸਦੇ ਥੱਕੇ ਹੋਏ ਸਰੀਰ ਵਿੱਚ ਘੋਲ ਤੇ ਸਰਗਰਮੀ ਨਾਲ ਜਿਹੜਾ ਅਹਿਸਾਸ ਪੈਦਾ ਹੋਇਆ, ਉਸ ਨਾਲ ਉਹ ਹੁਲਾਸ ਨਾਲ ਭਰ ਗਿਆ।
ਅਚੇਤ ਹੀ ਇੱਕ ਜੀਪ ਉਸਦੇ ਪਿੱਛੇ ਆ ਕੇ ਖਰਰ-ਖਰਰ ਕਰਨ ਲੱਗੀ ਤੇ ਚੀਂ-ਚੀਂ ਕਰਦੀ ਬਰੇਕਾਂ ਲਾ ਕੇ ਸੜਕ ਉੱਤੇ ਰੁਕ ਗਈ । ਮੁੜਕੇ ਦੇਖੇ ਬਿਨਾਂ ਮਰੇਸੇਯੇਵ ਸਮਝ ਗਿਆ ਕਿ ਰੈਜਮੈਂਟਲ ਕਮਾਂਡਰ ਉਸ ਤੱਕ ਪੁੱਜ ਗਿਆ ਹੈ ਤੇ ਉਸਨੇ ਉਸਨੂੰ ਇਹ ਬਚਗਾਨਾ ਕੰਮ ਕਰਦਿਆਂ ਆ ਫੜਿਆ ਹੈ । ਉਸਦਾ ਮੂੰਹ ਸ਼ਰਮ ਨਾਲ ਲਾਲ ਹੋ ਗਿਆ ਤੇ ਇਹ ਬਹਾਨਾ ਕਰਦਿਆਂ ਕਿ ਉਸਨੇ ਜੀਪ ਦੇ ਆਉਣ ਦੀ ਅਵਾਜ਼ ਹੀ ਨਹੀਂ ਸੁਣੀ, ਉਹ ਆਪਣੀ ਸੋਟੀ ਨਾਲ ਜ਼ਮੀਨ ਪੁੱਟਣ ਲੱਗ ਪਿਆ । ਪਰ ਉਸਨੇ ਕਰਨਲ ਨੂੰ ਕਹਿੰਦਿਆਂ ਸੁਣਿਆ:
“ਇਹਨਾਂ ਨੂੰ ਕੱਟ ਰਹੇ ਹੋ? ਕਿਆ ਲਾਹੇਵੰਦ ਕੰਮ ਹੈ! ਮੈਂ ਹਰ ਥਾਂ ਤੁਹਾਨੂੰ ਲੱਭਦਾ ਰਿਹਾ ਹਾਂ । ਹਰ ਕੋਈ ਸਾਡੇ ਹੀਰੋ ਦੀ ਭਾਲ ਵਿੱਚ ਹੈ । ਤੇ ਉਹ ਇੱਥੇ ਜੰਗਲੀ ਬੂਟੀਆਂ ਨਾਲ ਲੜਾਈ ਕਰ ਰਿਹਾ ਹੈ।”
ਕਰਨਲ ਜੀਪ ਤੋਂ ਛਾਲ ਮਾਰ ਕੇ ਉੱਤਰਿਆ। ਮੋਟਰ ਚਲਾਉਣਾ ਤੇ ਵਿਹਲੇ ਵੇਲੇ ਆਪਣੀ ਕਾਰ ਵਿੱਚ ਉਸੇ ਤਰ੍ਹਾਂ ਘੁੰਮਣਾ ਫਿਰਨਾ ਉਸਨੂੰ ਪਸੰਦ ਸੀ, ਜਿਸ ਤਰ੍ਹਾਂ ਮੁਸ਼ਕਲ ਅਭਿਆਸਾਂ ਵਿੱਚ ਆਪਣੀ ਰੈਜਮੈਂਟ ਦੀ ਅਗਵਾਈ ਕਰਨਾ ਤੇ ਸ਼ਾਮ ਨੂੰ ਮਕੈਨਿਕਾਂ ਨਾਲ ਮਿਲ ਕੇ ਤੇਲ-ਲਿੱਬੜੇ ਇੰਜਣਾਂ ਨਾਲ ਹੱਥ-ਪੱਥ ਮਾਰਨਾ ਉਸਨੂੰ ਪਸੰਦ ਸੀ । ਆਮ ਤੌਰ ਉੱਤੇ ਉਹ ਨੀਲਾ ਲਿਬਾਸ ਪਾਉਂਦਾ ਸੀ ਤੇ ਸਿਰਫ਼ ਉਸਦੇ ਰੁਅਬਦਾਰ ਚਿਹਰੇ ਤੇ ਵਾਯੂਸੈਨਾ ਦੀ ਉਸਦੀ ਚੁਸਤ, ਨਵੀਂ ਟੋਪੀ ਤੋਂ ਹੀ ਉਸਨੂੰ ਕੰਮ ਕਰਨ ਵਾਲ਼ੇ ਤੇਲ-ਲਿਬੜੇ ਮਿਸਤਰੀਆਂ ਤੋਂ ਨਿਖੇੜਿਆਂ ਜਾ ਸਕਦਾ ਸੀ ।
ਮਰੇਸੇਯੇਵ ਅਜੇ ਵੀ ਸ਼ਰਮਿੰਦਾ ਹੋਇਆ ਹੋਇਆ ਸੋਟੀ ਨਾਲ ਜ਼ਮੀਨ ਪੁੱਟਦਾ ਖੜ੍ਹਾ ਰਿਹਾ। ਕਰਨਲ ਨੇ ਉਸਦੇ ਮੋਢੇ ਉੱਤੇ ਹੱਥ ਰੱਖਿਆ ਤੇ ਬੋਲਿਆ:
“ਜ਼ਰਾ ਦੇਖੀਏ ਤਾਂ ਸਹੀ ਤੁਹਾਨੂੰ । ਹੂੰ, ਲਾਅਣਤ ਹੈ ਸ਼ੈਤਾਨ ਉੱਤੇ ! ਕੋਈ ਖਾਸ ਚੀਜ਼ ਨਹੀਂ ! ਹੁਣ ਮੈਂ ਮੰਨਦਾ ਹਾਂ । ਜਦੋਂ ਤੂੰ ਸਾਡੇ ਕੋਲ ਆਇਆ ਸੈਂ, ਤਾਂ ਤੇਰ ਬਾਰੇ ਫ਼ੌਜ ਦੇ ਹੈੱਡ ਕੁਆਰਟਰਜ਼ ਵਿੱਚ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ, ਉਸਦੇ ਬਾਵਜੂਦ ਮੈਨੂੰ ਯਕੀਨ ਨਹੀਂ ਸੀ ਆਉਂਦਾ ਕਿ ਤੂੰ ਲੜਾਈ ਦੇ ਯੋਗ ਵੀ ਹੈ । ਫਿਰ ਵੀ ਤੂੰ ਕਮਾਲ ਕੀਤਾ ਹੈ! ਤੇ ਉਹ ਵੀ ਕਿੰਝ! ਇਹ ਸਾਡੀ ਮਾਤਾ ਰੂਸ ! ਵਧਾਈ! ਮੈਂ ਤੈਨੂੰ ਵਧਾਈ ਦੇਂਦਾ ਹਾਂ ਤੇ ਤੇਰੀ ਸ਼ਲਾਘਾ ਕਰਦਾ ਹਾਂ । ਛੁਛੂੰਦਰ ਨਗਰ ਵੱਲ ਜਾ ਰਿਹੈਂ ? ਚੱਲ ਚੜ੍ਹ ਆ, ਮੈਂ ਤੈਨੂੰ ਪੁਚਾ ਦੇਂਦਾ ਹਾਂ ।”
ਜੀਪ ਪੂਰੀ ਰਫ਼ਤਾਰ ਨਾਲ ਮੈਦਾਨੀ ਸੜਕ ਉੱਤੇ ਦੌੜ ਪਈ। ਮੌੜਾਂ ਉੱਤੇ ਇਹ ਪਾਗਲਾਂ ਵਾਂਗ ਲੜਖੜਾਉਣ ਲੱਗ ਪੈਂਦੀ ।
“ਮੈਨੂੰ ਦੱਸ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਹੈ ਜਾਂ ਕਿਸੇ ਕਿਸਮ ਦੀ ਕੋਈ ਤਕਲੀਫ਼ ਹੈ ? ਮਦਦ ਮੰਗਣ ਤੋਂ ਨਾ ਝਿਜਕੀਂ, ਤੂੰ ਇਸਦਾ ਹੱਕਦਾਰ ਹੈ”, ਕਰਨਲ ਨੇ ਬਿਨਾਂ ਰਾਹ ਦੇ ਝਾੜੀਆਂ ਉੱਪਰੋਂ ਦੀ ਛੁਛੂੰਦਰ ਵਰਗੀਆਂ ਰੁੱਡਾਂ ਜਿਵੇਂ ਕਿ ਪਾਇਲਟਾਂ ਨੇ ਆਪਣੇ ਰਹਿਣ ਵਾਲ਼ੇ ਟਿਕਾਣੇ ਨੂੰ ਨਾਂ ਦਿੱਤਾ ਹੋਇਆ ਸੀ- ਵਿਚਕਾਰ ਹੁਸ਼ਿਆਰੀ ਨਾਲ ਕਾਰ ਚਲਾਉਂਦਿਆਂ ਕਿਹਾ।
“ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਸਾਥੀ ਕਰਨਲ । ਮੈਂ ਦੂਜਿਆਂ ਨਾਲੋਂ ਕਿਸੇ ਤਰ੍ਹਾਂ ਵੱਖਰਾ ਨਹੀਂ। ਚੰਗਾ ਹੋਵੇ ਜੇ ਲੋਕ ਭੁਲਾ ਦੇਣ ਕਿ ਮੇਰੇ ਪੈਰ ਨਹੀਂ ਹਨ,” ਮਰੇਸੇਯੇਵ ਨੇ ਜਵਾਬ ਦਿੱਤਾ।
“ਹਾਂ, ਠੀਕ ਹੈ । ਤੂੰ ਕਿੱਥੇ ਰਹਿੰਦੈ? ਇਸ ਥਾਂ ?”
ਕਰਨਲ ਨੇ ਭੋਰੇ ਦੇ ਮੂੰਹ ਅੱਗੇ ਗੱਡੀ ਰੋਕ ਦਿੱਤੀ ਤੇ ਮਰੇਸੇਯੇਵ ਅਜੇ ਮਸਾਂ ਉਤਰਿਆਂ ਹੀ ਸੀ ਕਿ ਜੀਪ ਬਰਚਿਆਂ ਦੇ ਬਲੂਤਾਂ ਦੇ ਵਿਚਕਾਰ ਵੱਲ ਵਲੇਵੇਂ ਖਾਂਦੀ ਜੰਗਲ ਵਿੱਚੋਂ ਲੰਘਣ ਲੱਗੀ।
ਅਲੈਕਸੇਈ ਭੋਰੇ ਵਿੱਚ ਨਾ ਗਿਆ, ਸਗੋਂ ਇੱਕ ਬਰਚੇ ਦੇ ਦਰਖਤ ਹੇਠ, ਮਖਮਲੀ, ਖੁੰਭਾਂ ਵਰਗੀ ਵਾਸ਼ਨਾ ਵਾਲੀ ਕਾਈ ਉੱਤੇ ਬੈਠ ਗਿਆ ਤੇ ਸਾਵਧਾਨੀ ਨਾਲ ਲਿਫ਼ਾਫ਼ੇ ਵਿੱਚੋਂ ਓਲਿਆ ਦੀ ਚਿੱਠੀ ਕੱਢ ਲਈ। ਉਸ ਵਿੱਚੋਂ ਇੱਕ ਫੋਟੋ ਨਿੱਕਲ ਕੇ ਘਾਹ ਉੱਤੇ ਡਿਗ ਪਈ। ਅਲੈਕਸੇਈ ਨੇ ਜਲਦੀ ਨਾਲ ਉਸਨੂੰ ਚੁੱਕਿਆ, ਉਸਦਾ ਦਿਲ ਤੇਜ਼ ਤੇਜ਼, ਚੀਸ ਛੱਡਦਾ ਧੜਕਣ ਲੱਗਾ।
ਫੋਟੋ ਵਿੱਚ ਕੋਈ ਜਾਣਿਆ-ਪਛਾਣਿਆ, ਪਰ ਤਾਂ ਵੀ ਅਣਜਾਤਾ ਚਿਹਰਾ ਉਸ ਵੱਲ ਝਾਕਣ ਲੱਗਾ। ਉਹ ਓਲਿਆ ਸੀ, ਫ਼ੌਜੀ ਵਰਦੀ ਪਾਈ: ਕੋਟ, ਪੇਟੀ, ਪਰਤਲ, ਲਾਲ ਝੰਡੇ ਦਾ ਤਮਗਾ ਤੇ ਗਾਰਦਾਂ ਦਾ ਬੈਜ ਵੀ। ਤੇ ਇਹ ਸਭ ਕੁਝ ਉਸਨੂੰ ਕਿੰਝ ਫਬ ਰਿਹਾ ਸੀ। ਅਫ਼ਸਰਾਂ ਦੀ ਵਰਦੀ ਵਿੱਚ ਉਹ ਪਤਲੇ ਜਿਹੇ ਸੋਹਣੇ ਮੁੰਡੇ ਵਰਗੀ ਲੱਗਦੀ ਸੀ। ਸਿਰਫ ਉਸ ਮੁੰਡੇ ਦਾ ਚਿਹਰਾ ਲੱਥਾ ਹੋਇਆ ਸੀ ਤੇ ਉਸਦੀਆਂ ਵੱਡੀਆਂ ਵੱਡੀਆਂ ਗੋਲ, ਲਿਸ਼ਕਦੀਆਂ ਅੱਖਾਂ ਵਿੱਚ ਜਵਾਨੀਹੀਣ, ਘੋਖਵੀਂ ਨਿਗਾਹ ਸੀ।
ਅਲੈਕਸੇਈ ਉਹਨਾਂ ਅੱਖਾਂ ਵੱਲ ਬੜੀ ਦੇਰ ਤੱਕ ਟਿਕਟਿਕੀ ਲਾ ਕੇ ਦੇਖਦਾ ਰਿਹਾ। ਉਸਦੇ ਦਿਲ ਵਿੱਚ ਉਹੀ ਬਿਆਨ ਤੋਂ ਬਾਹਰੀ ਉਦਾਸ ਖੁਸ਼ੀ ਭਰ ਗਈ ਸੀ, ਜਿਹੜੀ ਕਿਸੇ ਮਨਭਾਉਂਦੇ ਗੀਤ ਦੀਆਂ ਦੂਰੋਂ ਆਉਂਦੀਆਂ ਧੁਨਾਂ ਨਾਲ ਮਨ ਵਿੱਚ ਭਰ ਜਾਂਦੀ ਹੈ। ਆਵਦੀ ਜੇਬ ਵਿੱਚੋਂ ਉਸਨੂੰ ਓਲਿਆ ਦੀ ਪੁਰਾਣੀ ਫੋਟੋ ਵੀ ਮਿਲ ਗਈ, ਜਿਸ ਵਿਚ ਉਹ ਛਾਪੇ ਵਾਲੀ ਫ਼ਰਾਕ ਪਾਈ ਚਿੱਟੇ, ਸਿਤਾਰਿਆਂ ਵਰਗੇ ਗੁਲਬਹਾਰ ਦੇ ਫੁੱਲਾਂ ਵਿਚਕਾਰ ਸਬਜ਼ਾਜ਼ਾਰ ਵਿੱਚ ਖੜ੍ਹੀ ਸੀ। ਇਹ ਅਜੀਬ ਹੀ ਸੀ ਕਿ ਇਹ ਵਰਦੀ ਵਾਲੀ ਥੱਕੀ ਹੋਈ ਕੁੜੀ, ਜਿਸਨੂੰ ਉਸਨੇ ਕਦੀ ਨਹੀਂ ਸੀ ਦੇਖਿਆ, ਉਸ ਕੁੜੀ ਨਾਲੋਂ ਵਧੇਰੇ ਪਿਆਰੀ ਲੱਗਣ ਲੱਗੀ ਜਿਸਨੂੰ ਉਹ ਜਾਣਦਾ ਸੀ। ਨਵੀਂ ਫੋਟੋ ਦੇ ਪਿੱਛੇ ਲਿਖਿਆ ਸੀ: “ਹਮੇਸ਼ਾ ਯਾਦ ਰੱਖਣਾ।”
ਚਿੱਠੀ ਸੰਖੇਪ ਤੇ ਖੁਸ਼ੀਭਰੀ ਸੀ । ਇਹ ਕੁੜੀ ਹੁਣ ਸੈਪਰਾਂ ਦੇ ਦਸਤੇ ਦੀ ਕਮਾਂਡਰ ਸੀ – ਇਹ ਪਲਟਣ ਜੰਗ ਵਿੱਚ ਸ਼ਾਮਲ ਨਹੀਂ ਸੀ, ਸਗੋਂ ਸ਼ਾਂਤੀ ਭਰੇ ਕੰਮ ਵਿੱਚ ਲੱਗੀ ਹੋਈ ਸੀ।
ਇਹ ਸਤਾਲਿਨਗਰਾਦ ਦੀ ਮੁੜ-ਉਸਾਰੀ ਵਿੱਚ ਸਹਾਇਤਾ ਕਰ ਰਹੀ ਸੀ । ਉਸਨੇ ਆਪਣੇ ਬਾਰੇ ਬਹੁਤ ਘੱਟ ਲਿਖਿਆ ਹੋਇਆ ਸੀ, ਪਰ ਉਸ ਮਹਾਨ ਸ਼ਹਿਰ ਬਾਰੇ, ਉਸ ਦੀਆਂ ਮੁੜ- ਉਸਾਰ ਰਹੀਆਂ ਇਮਾਰਤਾਂ ਬਾਰੇ, ਇਸਦੀ ਉਸਾਰੀ ਲਈ ਦੇਸ਼ ਦੇ ਵੱਖੋ ਵੱਖਰੇ ਹਿੱਸਿਆ ਤੋਂ ਆਈਆਂ ਔਰਤਾਂ, ਕੁੜੀਆਂ ਤੇ ਮੁੰਡਿਆਂ ਬਾਰੇ ਬੜੀ ਮੁਗਧਤਾ ਨਾਲ ਲਿਖਿਆ ਹੋਇਆ ਸੀ, ਜਿਹੜੇ ਤਹਿਖਾਨਿਆਂ ਵਿੱਚ, ਲੜਾਈ ਮਗਰੋਂ ਵੀਰਾਨ ਹੋਈਆਂ ਰੱਖਿਆ ਥਾਵਾਂ ਉੱਤੇ, ਓਟਾਂ ਪਿੱਛੇ, ਰੇਲ ਦੇ ਡੱਬਿਆਂ, ਲੱਕੜੀ ਦੀਆਂ ਬਣੀਆਂ ਝੁੱਗੀਆਂ ਤੇ ਭੌਰਿਆਂ ਵਿੱਚ ਰਹਿ ਰਹੇ ਸਨ । ਉਸਨੇ ਲਿਖਿਆ ਸੀ ਕਿ ਲੋਕ ਕਹਿ ਰਹੇ ਨੇ ਕਿ ਜਿਹੜਾ ਵੀ ਕੋਈ ਉਸਾਰੀ ਦਾ ਕੰਮ ਚੰਗਾ ਕਰੇਗਾ, ਉਸਨੂੰ ਇਸ ਮੁੜ-ਉਸਾਰੇ ਸ਼ਹਿਰ ਵਿੱਚ ਰਹਿਣ ਲਈ ਥਾਂ ਦਿੱਤਾ ਜਾਵੇਗਾ।
ਜੇ ਇਹ ਸੱਚ ਹੋਇਆ ਤਾਂ ਅਲੈਕਸੇਈ ਨੂੰ ਯਕੀਨ ਜਾਨਣਾ ਚਾਹੀਦਾ ਹੈ ਕਿ ਜੰਗ ਤੋਂ ਮਗਰੋਂ ਉਸਨੂੰ ਉਥੇ ਇੱਕ ਥਾਂ ਜਰੂਰ ਹੀ ਪ੍ਰਾਪਤ ਹੋਵੇਗੀ।
ਸੰਧਿਆ ਦਾ ਚਾਨਣ ਥੋਹੜੀ ਦੇਰ ਹੀ ਰਿਹਾ, ਜਿਵੇਂ ਕਿ ਗਰਮੀਆਂ ਵਿੱਚ ਆਮ ਹੁੰਦਾ ਹੈ। ਅਲੈਕਸੇਈ ਨੇ ਚਿੱਠੀ ਦੀਆਂ ਆਖ਼ਰੀ ਸਤਰਾਂ ਆਪਣੀ ਟਾਰਚ ਦੇ ਚਾਨਣ ਵਿੱਚ ਪੜੀਆਂ। ਜਦੋਂ ਚਿੱਠੀ ਪੜ੍ਹ ਲਈ ਤਾਂ ਉਸਨੇ ਚਾਨਣ ਉਸ ਫੋਟੋ ਉੱਤੇ ਸੁੱਟਿਆ । ਸਿਪਾਹੀ ਮੁੰਡੇ ਦੀਆਂ ਨਜ਼ਰਾਂ ਵਿੱਚ ਨਿਰਛਲਤਾ ਤੇ ਗੰਭੀਰਤਾ ਸੀ। “ਤੈਨੂੰ ਕਿੰਨੇ ਮੁਸ਼ਕਲ ਦਿਨ ਦੇਖਣੇ ਪੈ ਰਹੇ ਨੇ, ਮੇਰੀ ਜਾਨ ਜੰਗ ਨੇ ਤੇਰਾ ਵੀ ਲਿਹਾਜ਼ ਨਹੀਂ ਕੀਤਾ, ਪਰ ਇਸਨੇ ਤੇਰਾ ਹੌਂਸਲਾ ਨਹੀਂ ਤੋੜਿਆ। ਕੀ ਤੂੰ ਉਡੀਕ ਰਹੀ ਹੈ? ਇੰਤਜ਼ਾਰ ਕਰੀਂ, ਇੰਤਜ਼ਾਰ ਕਰਦੀ ਰਹੀਂ ਮੈਂ ਜ਼ਰੂਰ ਆਵਾਂਗਾ । ਤੂੰ ਮੈਨੂੰ ਪਿਆਰ ਕਰਦੀ ਹੈਂ । ਤੂੰ ਪਿਆਰ ਕਰਦੀ ਰਹੀਂ !” ਤੇ ਇੱਕਦਮ ਅਲੈਕਸੇਈ ਨੂੰ ਸ਼ਰਮਿੰਦਗੀ ਮਹਿਸੂਸ ਹੋਣ ਲੱਗੀ ਕਿ ਉਸਨੇ ਪੂਰੇ ਅਠਾਰ੍ਹਾਂ ਮਹੀਨੇ ਉਹਦੇ ਤੋਂ, ਇਕ ਸਤਾਲਿਨਗਰਾਦੀ ਵੀਰਾਂਗਣਾ ਤੋਂ, ਉਸ ਬਦਕਿਸਮਤੀ ਨੂੰ ਲੁਕਾ ਰਖਿਆ ਹੈ, ਜਿਸਦਾ ਉਹ ਸ਼ਿਕਾਰ ਹੋ ਗਿਆ ਸੀ । ਉਸਨੂੰ ਅੰਦਰੋਂ ਪ੍ਰੇਰਨਾ ਮਹਿਸੂਸ ਹੋਈ ਕਿ ਉਹ ਤੁਰੰਤ ਆਪਣੇ ਭੋਰੇ ਵਿੱਚ ਜਾਏ ਤੇ ਬੜੀ ਇਮਾਨਦਾਰੀ ਨਾਲ ਤੇ ਦਿਲ ਖੋਹਲ ਕੇ ਸਭ ਕੁਝ ਲਿਖ ਦੇਵੇ – ਤਾਂ ਕਿ ਜਲਦੀ ਹੀ ਉਹ ਦੋ-ਟੁੱਕ ਫ਼ੈਸਲਾ ਕਰ ਲਵੇ; ਜਿੰਨੀ ਜਲਦੀ ਹੋਵੇ, ਓਨਾ ਹੀ ਚੰਗਾ ਹੈ । ਜਦੋਂ ਹਰ ਗੱਲ ਦਾ ਫ਼ੈਸਲਾ ਹੋ ਜਾਏਗਾ ਤਾਂ ਦੋਹਾਂ ਦੇ ਦਿਲਾਂ ਨੂੰ ਚੈਨ ਆ ਜਾਏਗਾ ।
ਉਸ ਦਿਨ ਦੀ ਸਫ਼ਲਤਾ ਤੋਂ ਪਿੱਛੋਂ ਉਹ ਉਸ ਨਾਲ ਬਰਾਬਰ ਦਾ ਹੋ ਕੇ ਗੱਲ ਕਰ ਸਕਦਾ ਸੀ । ਉਹ ਹੁਣ ਨਾ ਸਿਰਫ ਉਡਾਣ ਹੀ ਕਰ ਰਿਹਾ ਸੀ, ਸਗੋਂ ਲੜਾਈ ਕਰ ਰਿਹਾ ਸੀ। ਕੀ ਉਸਨੇ ਇਹੀ ਸਹੁੰ ਨਹੀਂ ਸੀ ਚੁੱਕੀ ਕਿ ਉਹ ਉਸਨੂੰ ਸਭ ਕੁਝ ਉਦੋਂ ਹੀ ਦੱਸੇਗਾ ਜਦੋਂ ਜਾਂ ਤਾਂ ਉਸ ਦੀਆਂ ਸਭ ਆਸਾਂ ਮਿੱਟੀ ਵਿੱਚ ਮਿਲ ਜਾਣਗੀਆਂ ਜਾਂ ਉਹ ਰਣਭੂਮੀ ਵਿੱਚ ਸਭ ਦੇ ਬਰਾਬਰ ਦੀ ਥਾਂ ਲੈ ਲਵੇਗਾ । ਹੁਣ ਉਸਦਾ ਪ੍ਰਣ ਪੂਰਾ ਹੋ ਗਿਆ ਸੀ । ਜਿਨ੍ਹਾਂ ਦੋ ਹਵਾਈ ਜਹਾਜ਼ਾਂ ਨੂੰ ਉਸਨੇ ਸੁੱਟਿਆ, ਉਹ ਝਾੜੀਆਂ ਵਿੱਚ ਡਿੱਗੇ ਸਨ, ਤੇ ਸਭ ਦੇ ਸਾਮ੍ਹਣੇ ਸੜਦੇ ਰਹੇ ਸਨ । ਦਿਹਾੜੀ ਦਾ ਰੀਕਾਰਡ ਰੱਖਣ ਵਾਲ਼ੇ ਅਫ਼ਸਰ ਨੇ ਉਹਨਾਂ ਨੂੰ ਵਿੰਗ ਦੇ ਰੀਕਾਰਡ ਵਿੱਚ ਦਾਖਲ ਕਰ ਲਿਆ ਸੀ, ਤੇ ਰੀਪੋਰਟ ਡਿਵੀਜ਼ਨ ਦੇ ਤੇ ਫ਼ੌਜ ਦੇ ਹੈੱਡ ਕੁਆਰਟਰਜ਼ ਨੂੰ, ਤੇ ਮਾਸਕੋ ਵੀ ਭੇਜ ਦਿੱਤੀ ਗਈ ਸੀ।
ਇਹ ਸਭ ਕੁਝ ਸੱਚ ਸੀ । ਉਸਦਾ ਪ੍ਰਣ ਪੂਰਾ ਹੋ ਗਿਆ ਸੀ ਤੇ ਹੁਣ ਉਹ ਇਸ ਬਾਰੇ ਲਿਖ ਸਕਦਾ ਸੀ। ਪਰ ਜੇ ਇਹ ਸੋਚੋਂ ਕਿ ਕੀ “ਜੁੰਕਰ” ਕੋਈ ਲੜਾਕੇ ਜਹਾਜ਼ ਦਾ ਮੁਕਾਬਲਾ ਹੈ ? ਕੀ ਇੱਕ ਸੱਚਮੁਚ ਦਾ ਚੰਗਾ ਸ਼ਿਕਾਰੀ ਆਪਣੀ ਯੋਗਤਾ ਦੇ ਸਬੂਤ ਵਜੋਂ ਇਹ ਦਾਅਵਾ ਪੇਸ਼ ਕਰੇਗਾ ਕਿ ਉਸਨੇ, ਉਦਾਹਰਣ ਵਜੋਂ, ਇੱਕ ਸਹਿਆ ਮਾਰ ਲਿਆ ਹੈ ?
ਸਿਲ੍ਹੀ ਰਾਤ ਜੰਗਲ ਵਿੱਚ ਹੋਰ ਵੀ ਹਨੇਰੀ ਹੋ ਗਈ ਸੀ । ਹੁਣ ਕਿਉਂਕਿ ਜੰਗ ਦੀ ਗਰਜ ਹੋਰ ਦੱਖਣ ਵੱਲ ਦੂਰ ਜਾ ਚੁੱਕੀ ਸੀ, ਇਸ ਲਈ ਦਰੱਖਤਾ ਦੀਆਂ ਟਾਹਣੀਆਂ ਵਿੱਚੋਂ ਦੂਰ ਦੇ ਅਗਨੀਕਾਂਡ ਹੁਣ ਮੁਸ਼ਕਲ ਨਾਲ ਹੀ ਨਜ਼ਰ ਪੈਂਦੇ ਸਨ, ਇਸ ਲਈ ਹੁਨਾਲ ਦੇ ਸੁਗੰਧਿਤ, ਭਰਪੂਰ ਜੰਗਲ ਦੀਆਂ ਸਾਰੀਆਂ ਰਾਤ ਦੀਆਂ ਅਵਾਜ਼ਾਂ ਸਪੱਸ਼ਟ ਸੁਣਾਈ ਦੇਂਦੀਆਂ ਸਨ- ਵਾਦੀਆਂ ਵਿੱਚ ਟਿੱਡੀਆਂ ਦੀ ਤੀਬਰ ਝਣਕਾਰ, ਨੇੜਲੀ ਦਲਦਲ ਵਿੱਚ ਸੈਂਕੜੇ ਡੱਡੂਆਂ ਦੀ ਮੋਟੀ ਮੋਟੀ ਅਵਾਜ਼ ਵਾਲੀ ਟਰਾਂ-ਟਰਾਂ, ਕਿਸੇ ਪੰਛੀ ਤਿੱਖੀ ਚੀਕ ਤੇ ਇਹਨਾਂ ਸਾਰਿਆਂ ਤੋਂ ਉੱਪਰ ਕਿਸੇ ਬੁਲਬੁਲ ਦਾ ਸੰਗੀਤ ਜਿਹੜਾ ਸਿਲ੍ਹੇ ਅਰਧ ਅੰਧਕਾਰ ਉੱਤੇ ਛਾ ਗਿਆ ਸੀ ।
ਅਲੈਕਸੇਈ ਅਜੇ ਵੀ ਬਰਚੇ ਦੇ ਦਰਖਤ ਦੇ ਹੇਠਾਂ ਨਰਮ ਪਰ ਹੁਣ ਤ੍ਰੇਲ ਭਿੱਜੀ ਕਾਈ ਉੱਤੇ ਬੈਠਾ ਸੀ ਤੇ ਕਾਲੇ ਪ੍ਰਛਾਵਿਆ ਵਿੱਚ ਖਿਲਰੀ ਹੋਈ ਚਾਂਦਨੀ ਘਾਹ ਉੱਤੇ ਸਰਕਦੀ ਹੋਈ ਉਸਦੇ ਪੈਰਾਂ ਕੋਲ ਆ ਗਈ ਸੀ । ਉਸਨੇ ਫਿਰ ਆਪਣੀ ਜੇਬ ਵਿੱਚੋਂ ਫੋਟੋ ਕੱਢੀ, ਉਸਨੂੰ ਆਪਣੇ ਗੋਡੇ ਉੱਤੇ ਰਖਿਆ, ਤੇ ਚੰਨ ਚਾਨਣੀ ਵਿੱਚ ਉਸ ਵੱਲ ਦੇਖਦਾ ਹੋਇਆ, ਉਹ ਆਪਣੀਆਂ ਸੋਚਾਂ ਵਿੱਚ ਡੁੱਬ ਗਿਆ। ਇੱਕ ਇੱਕ ਕਰਕੇ, ਰਾਤ ਬੰਬਰਾਂ ਦੇ ਛੋਟੇ ਛੋਟੇ ਪ੍ਰਛਾਵੇਂ ਨਿਰਮਲ, ਗੂਹੜੇ ਨੀਲੇ ਅਕਾਸ਼ ਵਿੱਚ ਸਿਰ ਦੇ ਉੱਪਰੋਂ ਦੀ ਲੰਘਦੇ ਹੋਏ ਦੱਖਣ ਵੱਲ ਜਾਂਦੇ ਦਿਖਾਈ ਦਿੱਤੇ । ਉਹਨਾਂ ਦੇ ਇੰਜਣ ਮੱਧਮ, ਮੋਟੀ ਸੁਰ ਵਿੱਚ ਭਿਣਭਿਣਾ ਰਹੇ ਸਨ, ਪਰ ਜੰਗ ਦੀ ਇਹ ਸੁਰ ਵੀ ਚੰਨ-ਰੁਸ਼ਨਾਏ ਜੰਗਲ ਵਿੱਚ, ਜਿਥੇ ਬੁਲਬੁਲਾਂ ਦੇ ਗੀਤ ਗੂੰਜ ਰਹੇ ਸਨ, ਗਬਰੈਲਿਆਂ ਦੀ ਸ਼ਾਤਮਈ ਗੂੰਜਰ ਵਾਂਗ ਲੱਗਦੀ ਸੀ । ਅਲੈਕਸੇਈ ਨੇ ਠੰਡਾ ਸਾਹ ਲਿਆ, ਫੋਟੋ ਨੂੰ ਜੇਬ ਵਿੱਚ ਪਾ ਲਿਆ ਤੇ ਉੱਛਲ ਕੇ ਖੜ੍ਹੇ ਹੁੰਦਿਆਂ, ਰਾਤ ਦੇ ਜਾਦੂ ਨੂੰ ਲਾਹ ਮਾਰਨ ਲਈ ਉਸਨੇ ਆਪਣੇ ਆਪ ਨੂੰ ਛੱਡਿਆ। ਜ਼ਮੀਨ ਉੱਤੇ ਪਈਆਂ ਸੁੱਕੀਆਂ ਟਾਹਣਾਂ ਵਿੱਚ ਸਰ-ਸਰ ਦੀ ਅਵਾਜ਼ ਪੈਦਾ ਕਰਦਾ ਉਹ ਜਲਦੀ ਨਾਲ ਆਪਣੇ ਭੋਰੇ ਵਿੱਚ ਉੱਤਰ ਗਿਆ, ਜਿੱਥੇ ਆਪਣੇ ਤੰਗ, ਸਿਪਾਹੀਆਂ ਵਾਲੇ ਥੜੇ ਉੱਤੇ ਦੇਵ ਵਾਂਗ ਫੈਲਿਆ ਹੋਇਆ ਪਿਤਰੋਵ ਘੂਕ ਸੁੱਤਾ ਘੁਰਾੜੇ ਮਾਰ ਰਿਹਾ ਸੀ।
5
ਸਵੇਰ ਤੋਂ ਪਹਿਲਾਂ ਹੀ ਪਾਇਲਟਾਂ ਨੂੰ ਉਠਾ ਦਿੱਤਾ ਗਿਆ । ਫ਼ੌਜੀ ਹੈੱਡ ਕੁਆਰਟਰ ਨੂੰ ਇਹ ਸੂਚਨਾ ਮਿਲੀ ਸੀ ਕਿ ਬੀਤੇ ਦਿਨ ਜਰਮਨ ਹਵਾਈ ਜਹਾਜ਼ਾਂ ਦਾ ਇੱਕ ਭਾਰੀ ਦਸਤਾ ਉਸ ਖੇਤਰ ਵਿੱਚ ਆ ਗਿਆ ਸੀ ਜਿੱਥੇ ਸੋਵੀਅਤ ਟੈਂਕ ਜਰਮਨ ਸਫਾਂ ਨੂੰ ਤੋੜ ਕੇ ਲੰਘ ਗਏ ਸਨ। ਧਰਤੀ ਤੋਂ ਕੀਤੇ ਨਿਰੀਖਣ ਤੇ ਸੂਹੀਆਂ ਦੀਆਂ ਰੀਪੋਰਟਾਂ ਇਸ ਮਿਥਣ ਦੀ ਪੁਸ਼ਟੀ ਕਰਦੀਆਂ ਸਨ ਕਿ ਜਰਮਨ ਕਮਾਨ ਨੇ ਕੁਰਸਕ ਵਧਾਣ ਦੇ ਐਨ ਵਿਚਕਾਰੋਂ ਸੋਵੀਅਤ ਟੈਂਕਾਂ ਵੱਲੋਂ ਵਿੱਚ ਜਾ ਵੜਨ ਨਾਲ਼ ਪੈਦਾ ਹੋਏ ਖ਼ਤਰੇ ਦਾ ਉਚਿਤ ਮੁਲੰਕਣ ਕੀਤਾ ਸੀ ਤੇ “ਰੀਹਟਹੌਫਨ” ਹਵਾਈ ਜਹਾਜ਼ਾਂ ਦੀ ਡਵੀਜ਼ਨ ਨੂੰ ਬੁਲਾ ਲਿਆ ਸੀ, ਜਿਨ੍ਹਾਂ ਨੂੰ ਜਰਮਨੀ ਦੇ ਚੰਗੇ ਤੋਂ ਚੰਗੇ ਉੱਚ ਕੋਟੀ ਦੇ ਪਾਇਲਟ ਚਲਾਉਂਦੇ ਸਨ। ਇਸ ਡਵੀਜ਼ਨ ਨੂੰ ਇਸਤੋਂ ਪਹਿਲਾਂ ਸਤਾਲਿਨਗਰਾਦ ਦੇ ਨੇੜੇ ਭਾਂਜ ਦਿੱਤੀ ਗਈ ਸੀ, ਪਰ ਪਿੱਛੇ ਜਰਮਨੀ ਵਿੱਚ ਕਿਤੇ ਇਸਨੂੰ ਮੁੜ-ਜਥੇਬੰਦ ਕਰ ਲਿਆ ਗਿਆ ਸੀ। ਵਿੰਗ ਵਾਲਿਆਂ ਨੂੰ ਚੇਤਾਵਨੀ ਦੇ ਦਿੱਤੀ ਗਈ ਸੀ ਕਿ ਦੁਸ਼ਮਣ ਗਿਣਤੀ ਵਿੱਚ ਜ਼ਿਆਦਾ ਸੀ, ਤੇ ਨਵੀਨਤਮ ਕਿਸਮ ਦੇ ਹਵਾਈ ਜਹਾਜ਼ਾਂ – ਫੋਕ-ਵੋਲਫ-190 ਨਾਲ ਲੈਸ ਸੀ, ਤੇ ਜੰਗ ਦਾ ਬਹੁਤ ਜ਼ਿਆਦਾ ਤਜ਼ਰਬਾ ਰੱਖਦਾ ਸੀ । ਵਿੰਗ ਨੂੰ ਚੌਕਸ ਰਹਿਣ ਦਾ ਤੇ ਮੋਟਰਬੰਦ ਫ਼ੌਜਾਂ ਦੀ ਦੂਜੀ ਕਤਾਰ ਨੂੰ ਹਵਾਈ ਸੁਰੱਖਿਆ ਮੁਹੱਈਆ ਕਰਨ ਦਾ ਹੁਕਮ ਦਿੱਤਾ ਗਿਆ ਸੀ, ਜਿਨ੍ਹਾਂ ਨੇ ਉਸ ਰਾਤ ਪਾਈ ਗਈ ਤ੍ਰੇੜ ਤੇ ਵਿੱਚੋਂ ਦੀ ਟੈਂਕਾਂ ਦੇ ਮਗਰ ਮਗਰ ਵਧਣਾ ਸ਼ੁਰੂ ਕਰ ਦਿੱਤਾ ਸੀ ।
“ਰੀਹਟਹੌਫਨ!” ਤਜ਼ਰਬਾਕਾਰ ਪਾਇਲਟ ਇਸ ਨਾਂ ਤੋਂ ਚੰਗੀ ਤਰ੍ਹਾਂ ਜਾਣੂ ਸਨ ਤੇ ਜਾਣਦੇ ਸਨ ਕਿ ਇਸਨੂੰ ਜਰਮਨ ਵਾਯੂਸੈਨਾ ਦੇ ਮੰਤਰੀ ਹਰਮਨ ਗੇਰਿੰਗ ਦੀ ਸਰਪ੍ਰਸਤੀ ਹਾਸਲ ਸੀ। ਜਿੱਥੇ ਕਿਤੇ ਵੀ ਜਰਮਨਾਂ ਦੀਆਂ ਫ਼ੌਜਾਂ ਨੂੰ ਹਾਰ ਹੋਣ ਲੱਗਦੀ ਉਹ ਇਹਨਾਂ ਹਵਾਈ ਜਹਾਜ਼ਾਂ ਨੂੰ ਲੈ ਆਉਂਦੇ ਸਨ । ਇਸ ਡਵੀਜ਼ਨ ਦੇ ਪਾਇਲਟ, ਜਿਨ੍ਹਾਂ ਵਿੱਚੋ ਕਈਆਂ ਨੇ ਰੀਪਬਲੀਕਨ ਸਪੇਨ ਉੱਪਰ ਧਾੜਵੀ ਕਾਰਵਾਈਆਂ ਕੀਤੀਆਂ ਸਨ, ਬੜੇ ਭਿਆਨਕ ਤੇ ਹੁਸ਼ਿਆਰ ਲੜਾਕੂ ਮੰਨੇ ਜਾਂਦੇ ਸਨ ਤੇ ਖ਼ਤਰਨਾਕ ਦੁਸ਼ਮਣਾਂ ਵਜੋਂ ਪ੍ਰਸਿੱਧ ਸਨ।
“ਲੋਕ ਕਹਿ ਰਹੇ ਨੇ ਕਿ ਸਾਡੇ ਖਿਲਾਫ਼ ਕੋਈ ਰੀਹਟਹੌਫਨ ਭੇਜੇ ਗਏ ਨੇ। ਹੀ-ਹੀ। ਮੇਰਾ ਖਿਆਲ ਹੈ ਕਿ ਉਹਨਾਂ ਨਾਲ ਜਲਦੀ ਹੀ ਸਾਮ੍ਹਣਾ ਹੋਵੇਗਾ। ਅਸੀਂ ਉਹਨਾਂ ਨੂੰ, ਸ਼ਿਮੀਮਾਨ ਰੀਹਟਹੌਫਨਾਂ ਨੂੰ, ਮਜ਼ਾ ਚਖਾ ਦੇਵਾਗੇਂ,” ਪਿਤਰੋਵ ਨੇ ਮੈੱਸ ਵਿੱਚ ਜਲਦੀ ਜਲਦੀ ਖਾਣਾ ਖਾਂਦਿਆਂ ਕਿਹਾ ਤੇ ਖੁੱਲ੍ਹੀ ਬਾਰੀ ਵੱਲ ਦੇਖਦਾ ਰਿਹਾ ਜਿੱਥੇ ਸੇਵਾਦਾਰਨੀ ਰਾਯਾ, ਮੈਦਾਨੀ ਫੁੱਲਾਂ ਦੇ ਗੁੱਛੇ ਇਕੱਠੇ ਕਰ ਰਹੀ ਸੀ ਤੇ ਉਹਨਾਂ ਨੂੰ ਗੋਲਿਆਂ ਦੇ ਖੋਲਾਂ ਵਿੱਚ ਸਜਾ ਰਹੀ ਸੀ । ਇਹਨਾਂ ਖੋਲਾਂ ਨੂੰ ਮਿੱਟੀ ਨਾਲ਼ ਏਨਾਂ ਮਾਂਜਿਆ ਗਿਆ ਸੀ ਕਿ ਉਹ ਲਿਸ਼ਕਣ ਲੱਗ ਪਏ ਸਨ।
ਇਹ ਕਹਿਣ ਦੀ ਤਾਂ ਕੋਈ ਲੋੜ ਨਹੀਂ ਕਿ ਰੀਹਟਹੌਫਨਾਂ ਲਈ ਤ੍ਰਿਸਕਾਰ ਦਾ ਇਹ ਭਾਵ ਅਲੈਕਸੇਈ ਦੇ ਭਲੇ ਨਹੀਂ ਸੀ ਪ੍ਰਗਟ ਕੀਤਾ ਗਿਆ, ਜਿਹੜਾ ਹੁਣ ਕੌਫ਼ੀ ਖ਼ਤਮ ਕਰ ਰਿਹਾ ਸੀ, ਸਗੋਂ ਇਹ ਉਸ ਕੁੜੀ ਨੂੰ ਸੁਣਾ ਕੇ ਕਿਹਾ ਗਿਆ ਸੀ ਜਿਹੜੀ ਫੁੱਲ ਚੁਣ ਰਹੀ ਸੀ। ਤੇ ਵਿੱਚ ਵਿੱਚ ਟੇਢੀਆਂ ਅੱਖਾਂ ਨਾਲ ਗੁਲਾਬੀ ਗੱਲ੍ਹਾਂ ਵਾਲ਼ੇ ਪਿਤਰੋਵ ਨੂੰ ਵੀ ਦੇਖਦੀ ਜਾ ਰਹੀ ਸੀ। ਮਰੇਸੇਯੇਵ ਉਹਨਾਂ ਨੂੰ ਦਯਾਭਾਵ ਨਾਲ ਮੁਸਕਾਉਂਦਾ ਹੋਇਆ ਦੇਖ ਰਿਹਾ ਸੀ, ਪਰ ਗੰਭੀਰ ਗੱਲਾਂ ਵਿੱਚ ਉਸਨੂੰ ਹਾਸਾ-ਮਜ਼ਾਕ ਪਸੰਦ ਨਹੀਂ ਸੀ। ਰਾਈਖਤਹਾਫਨ ਨਹੀਂ, ਰੀਹਟਹੌਫਨ’, ਉਹ ਬੋਲਿਆ। “ਤੇ ਰੀਹਟਹੌਫਨ ਦਾ ਮਤਲਬ ਹੈ: ਜੇ ਤੁਸੀਂ ਜੰਗਲੀ ਬੂਟੀਆਂ ਦੇ ਨਾਲ ਹੀ ਸੜ ਨਹੀਂ ਜਾਣਾ ਚਾਹੁੰਦੇ ਤਾਂ ਅੱਖਾਂ ਖੁੱਲ੍ਹੀਆਂ ਰੱਖੋ। ਇਸਦਾ ਮਤਲਬ ਹੈ: ਆਪਣੇ ਕੰਨ ਸਾਫ਼ ਤੇ ਖੁੱਲ੍ਹੇ ਰੱਖੋ ਤੇ ਸੰਪਰਕ ਕਾਇਮ ਰੱਖੋ। ਰੀਹਟਹੌਫਨ, ਮੇਰੇ ਲਾਡਲੇ, ਐਸੇ ਜੰਗਲੀ ਜਾਨਵਰ ਨੇ ਜਿਹੜੇ ਇਸਤੋਂ ਪਹਿਲਾਂ ਕਿ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਕਿੱਥੇ ਹੋ, ਤੁਹਾਡੇ ਮਾਸ ਵਿੱਚ ਦੰਦ ਖੁਭੋ ਦੇਣਗੇ।”
ਸਵੇਰ ਹੁੰਦਿਆਂ ਸਾਰ, ਪਹਿਲਾ ਸੁਕਾਡਰਨ ਖ਼ੁਦ ਕਰਨੈਲ ਦੀ ਅਗਵਾਈ ਹੇਠ ਉਡਿਆ। ਇਹ ਅਜੇ ਹਵਾ ਵਿੱਚ ਹੀ ਸੀ ਕਿ ਬਾਰ੍ਹਾਂ ਲੜਾਕਾ ਹਵਾਈ ਜਹਾਜ਼ਾਂ ਦੀ ਦੂਜੀ ਟੋਲੀ ਉੱਡਣ ਲਈ ਤਿਆਰ ਹੋ ਗਈ । ਇਸਦੀ ਕਮਾਨ ਸੋਵੀਅਤ ਯੂਨੀਅਨ ਦੇ ਹੀਰੋ, ਗਾਰਦਾਂ ਦੇ ਮੇਜਰ ਫਿਦੋਤੋਵ ਨੇ ਕਰਨੀ ਸੀ । ਹਵਾਈ ਜਹਾਜ਼ ਤਿਆਰ ਸਨ। ਪਾਇਲਟ ਆਪਣੀਆਂ ਕਾਕਪਿੱਟਾਂ ਵਿੱਚ ਪੁੱਜ ਚੁੱਕੇ ਸਨ, ਇੰਜਣ ਹੇਠਲੇ ਗੀਅਰ ਉੱਤੇ ਸ਼ਾਂਤੀਪੂਰਵਕ ਢੰਗ ਨਾਲ ਚੱਲ ਰਹੇ ਸਨ, ਤੇ ਜੰਗਲ ਦੇ ਕੰਢੇ ਉੱਤੇ ਹਵਾ ਦੇ ਏਨੇਂ ਤੇਜ਼ ਬੁੱਲ੍ਹੇ ਉਡਾ ਰਹੇ ਸਨ, ਜਿਸ ਤਰ੍ਹਾਂ ਉਦੋਂ ਹੁੰਦਾ ਹੈ ਜਦੋਂ ਪਿਆਸੀ ਧਰਤੀ ਉੱਤੇ ਵਰਖਾ ਦੀਆਂ ਪਹਿਲੀਆਂ, ਵੱਡੀਆਂ ਵੱਡੀਆਂ ਬੂੰਦਾਂ ਅਕਾਸ਼ ਤੋਂ ਟਪਕਣ ਲੱਗਦੀਆਂ ਹਨ, ਤਾਂ ਤੂਫ਼ਾਨ ਤੋਂ ਪਹਿਲਾਂ ਹਵਾਵਾਂ ਜ਼ਮੀਨ ਉੱਤੇ ਝਾੜੂ ਫੇਰ ਦੇਂਦੀਆਂ ਹਨ ਤੇ ਦਰਖਤਾਂ ਨੂੰ ਝੰਜੋੜ ਦਿੰਦੀਆਂ ਹਨ।
ਆਪਣੀ ਕਾਕਪਿੱਟ ਵਿੱਚੋਂ ਅਲੈਕਸੇਈ ਨੇ ਪਹਿਲੀ ਟੋਲੀ ਦੇ ਹਵਾਈ ਜਹਾਜ਼ਾਂ ਨੂੰ ਇਸ ਤਰ੍ਹਾਂ ਸਿੱਧਿਆ ਉੱਤਰਦਿਆਂ ਦੇਖਿਆ, ਜਿਸ ਤਰ੍ਹਾਂ ਉਹ ਅਕਾਸ਼ ਤੋਂ ਡਿੱਗ ਰਹੇ ਹੋਣ। ਬਿਨਾਂ ਚਾਹੁਣ ਦੇ ਵੀ, ਉਹ ਉਹਨਾਂ ਨੂੰ ਗਿਨਣ ਲੱਗ ਪਿਆ ਤੇ ਜਦੋਂ ਦੋ ਹਵਾਈ ਜਹਾਜ਼ਾਂ ਨੂੰ ਉਤਰਨ ਵਿੱਚ ਕੁਝ ਦੇਰ ਲੱਗ ਗਈ ਤਾਂ ਉਸਦਾ ਦਿਲ ਫਿਕਰ ਨਾਲ ਧੜਕਣ ਲੱਗਾ। ਅਖ਼ੀਰ ਆਖ਼ਰੀ ਹਵਾਈ ਜਹਾਜ਼ ਵੀ ਉੱਤਰ ਆਇਆ। ਸਭ ਵਾਪਸ ਆ ਗਏ ਸਨ। ਅਲੈਕਸੇਈ ਨੇ ਸੁੱਖ ਦਾ ਸਾਹ ਲਿਆ।
ਆਖ਼ਰੀ ਹਵਾਈ ਜਹਾਜ਼ ਉੱਤਰ ਕੇ ਆਪਣੇ ਟਿਕਾਣੇ ਵੱਲ ਗਿਆ ਹੀ ਸੀ ਕਿ ਮੇਜਰ ਫਿਦੋਤੋਵ ਦਾ “ਨੰਬਰ ਇੱਕ” ਧਰਤੀ ਤੋਂ ਉੱਡਿਆ, ਤੇ ਉਸਦੇ ਮਗਰ ਜੋੜੇ ਬਣਾ ਕੇ ਬਾਕੀ ਹਵਾਈ ਜਹਾਜ਼ ਉੱਡ ਪਏ। ਜੰਗਲ ਪਾਰ ਕਰਕੇ ਉਹਨਾਂ ਸਫ ਬਣਾ ਲਈ । ਆਪਣੇ ਹਵਾਈ ਜਹਾਜ਼ ਨੂੰ ਥਰਥਰਾਉਂਦਿਆਂ, ਫਿਦੋਤੋਵ ਨੇ ਆਪਣੀ ਦਿਸ਼ਾ ਦੱਸੀ। ਉਹ ਨੀਵੇਂ ਨੀਵੇਂ ਉੱਡ ਰਹੇ ਸਨ ਤੇ ਆਪਣੇ ਆਪ ਨੂੰ ਉਸ ਖੇਤਰ ਵਿੱਚ ਰੱਖ ਰਹੇ ਸਨ, ਜਿੱਥੇ ਇੱਕ ਦਿਨ ਪਹਿਲਾਂ ਫ਼ੌਜਾਂ ਚੀਰ ਕੇ ਲੰਘੀਆਂ ਸਨ । ਹੁਣ ਅਲੈਕਸੇਈ ਨੂੰ ਆਪਣੇ ਹੇਠਾਂ ਜ਼ਮੀਨ ਦੌੜਦੀ ਨਜ਼ਰ ਆਈ – ਬਹੁਤੀ ਉਚਾਈ ਤੋਂ ਨਹੀਂ, ਦੂਰ ਫ਼ਾਸਲੇ ਤੋਂ ਨਹੀਂ, ਜਿਸ ਨਾਲ ਹਰ ਚੀਜ਼ ਖਿਡੌਣੇ ਵਾਂਗ ਦਿਸਣ ਲੱਗ ਪੈਂਦੀ ਹੈ, ਸਗੋਂ ਬਿਲਕੁਲ ਨੇੜਿਉਂ। ਇੱਕ ਦਿਨ ਪਹਿਲਾਂ ਉੱਪਰੋਂ ਹਰ ਚੀਜ਼ ਜਿਹੜੀ ਖੇਡ ਵਾਂਗ ਲੱਗ ਰਹੀ ਸੀ, ਹੁਣ ਵਿਸ਼ਾਲ, ਅਥਾਹ ਰਣਭੂਮੀ ਬਣ ਕੇ ਸਾਮ੍ਹਣੇ ਆਈ। ਮੈਦਾਨ, ਜੂਹਾਂ ਤੇ ਝਾੜੀਆਂ – ਜਿਨ੍ਹਾਂ ਉੱਪਰ ਗੋਲਿਆਂ ਤੇ ਬੰਬਾਂ ਨਾਲ ਹਲ਼ ਫਿਰਿਆ ਲੱਗਦਾ ਸੀ, ਤੇ ਖਾਈਆਂ ਦੇ ਜਿਨ੍ਹਾਂ ਉੱਪਰ ਖਰੀਂਢ ਪਏ ਹੋਏ ਸਨ — ਉਸਦੇ ਪਰਾਂ ਹੇਠ ਤੇਜ਼ੀ ਨਾਲ ਦੌੜਨ ਲੱਗੀਆਂ। ਲਾਸ਼ਾਂ ਖੇਤਾਂ ਵਿੱਚ ਖਿਲਰੀਆਂ ਪਈਆਂ ਸਨ; ਛੁੱਟੜ- ਛੱਡੀਆਂ ਤੋਪਾਂ ਸਨ, ਕਿਤੇ ਇੱਕਾ-ਦੁੱਕਾ ਤੇ ਕਿਤੇ ਪੂਰੀ ਦੀ ਪੂਰੀ ਬੈਟਰੀ; ਤਬਾਹ ਹੋਏ ਹੋਏ ਟੈਂਕ; ਜਿੱਥੇ ਕਿਤੇ ਤੋਪਖਾਨੇ ਸਫਾਂ ਉੱਤੇ ਟੁੱਟ ਪਏ ਸਨ, ਉਥੇ ਮੁੜੇ ਤੁੜੇ ਲੋਹੇ ਤੇ ਟੁੱਟੀਆਂ ਭੱਜੀਆਂ ਲੱਕੜਾਂ ਦੇ ਢੇਰ ਲੱਗੇ ਹੋਏ ਸਨ; ਇੱਕ ਵੱਡਾ ਸਾਰਾ ਜੰਗਲ, ਪੂਰੀ ਤਰ੍ਹਾਂ ਜ਼ਮੀਨ ਉੱਤੇ ਵਿਛਿਆ ਹੋਇਆ, ਜੋ ਉੱਪਰੋਂ ਇੰਝ ਲੱਗਦਾ ਸੀ ਜਿਵੇਂ ਇਸਨੂੰ ਕਿਸੇ ਜ਼ਬਰਦਸਤ ਇੱਜੜ ਨੇ ਮਧੋਲ ਕੇ ਰੱਖ ਦਿੱਤਾ ਹੋਵੇ – ਸਾਰਾ ਕੁਝ ਦੌੜਦਾ ਹੋਇਆ ਇੰਝ ਕੋਲੋਂ ਦੀ ਲੰਘ ਰਿਹਾ ਸੀ, ਜਿਵੇਂ ਸਿਨੇਮਾ ਫਿਲਮ ਵਿੱਚ ਹੁੰਦਾ ਹੈ, ਤੇ ਇੰਝ ਲੱਗਦਾ ਸੀ ਜਿਵੇਂ ਇਸ ਫਿਲਮ ਦਾ ਕੋਈ ਅੰਤ ਨਾ ਹੋਵੇ । ਇਹ ਸਾਰਾ ਕੁਝ ਉਥੇ ਹੋਈ ਘਮਸਾਨ ਦੀ ਲੜਾਈ ਦੀ, ਉੱਥੇ ਹੋਈ ਭਾਰੀ ਨੁਕਸਾਨ ਦੀ ਤੇ ਪ੍ਰਾਪਤ ਕੀਤੀ ਗਈ ਜਿੱਤ ਦੇ ਗੌਰਵ ਦੀ ਸ਼ਾਹਦੀ ਭਰ ਰਿਹਾ ਸੀ।
ਇਸ ਸਾਰੀ ਵਿਸ਼ਾਲਤਾ ਉੱਪਰ ਟੈਂਕ ਅਣਗਿਣਤ ਦੂਹਰੇ ਦੇ ਟੇਢੇ ਮੇਢੇ ਨਿਸ਼ਾਨ ਛੱਡ ਗਏ ਸਨ, ਜਿਹੜੇ ਦੁਸ਼ਮਣ ਦੀਆਂ ਪੁਜ਼ੀਸ਼ਨਾਂ ਦੇ ਅੰਦਰ ਅੱਗੇ ਹੀ ਅੱਗੇ, ਬਿਲਕੁਲ ਦੁਮੇਲ ਤੱਕ ਵੱਧਦੇ ਹੀ ਜਾ ਰਹੇ ਸਨ, ਜਿਸ ਤਰ੍ਹਾਂ ਅਜੀਬ ਪਸ਼ੂਆਂ ਦਾ ਕੋਈ ਬਹੁਤ ਵੱਡਾ ਇੱਜੜ ਮੈਦਾਨਾਂ ਨੂੰ ਪਾਰ ਕਰਦਾ ਹੋਇਆ, ਰਾਹ ਵਿੱਚ ਆਉਣ ਵਾਲੀ ਹਰ ਚੀਜ਼ ਨੂੰ ਮਧੋਲਦਾ ਹੋਇਆ ਦੱਖਣ ਵੱਲ ਚਲਾ ਗਿਆ ਹੋਵੇ | ਤੇ ਵੱਧ ਚੁੱਕੇ ਟੈਂਕਾਂ ਦੇ ਦੂਰ ਪਿੱਛੇ ਕਰਕੇ ਮੋਟਰਬੰਦ ਤੋਪਖਾਨੇ, ਪੈਟਰੋਲ ਦੇ ਟੈਂਕ, ਟਰੈਕਟਰਾਂ ਨਾਲ ਖਿੱਚੀਆਂ ਜਾ ਰਹੀਆਂ ਵੱਡੀਆਂ ਵੱਡੀਆਂ ਮੁਰੰਮਤ ਵਰਕਸ਼ਾਪਾਂ, ਤੇ ਢੱਕੀਆਂ ਹੋਈਆਂ ਲਾਰੀਆਂ ਦੀਆਂ ਅਨੰਤ ਕਤਾਰਾਂ ਆ ਰਹੀਆਂ ਸਨ, ਜਿਹੜੀਆਂ ਧੂੜ ਦੀਆਂ ਮਿਟਿਆਲੀਆਂ ਪੂਛਾਂ ਛੱਡਦੀਆਂ ਜਾ ਰਹੀਆਂ ਸਨ । ਉੱਪਰੋਂ ਹਵਾ ਵਿੱਚੋਂ ਇੰਝ ਲੱਗਦਾ ਸੀ ਜਿਵੇਂ ਇਹ ਕਤਾਰਾਂ ਘੋਗੇ ਦੀ ਚਾਲ ਚੱਲ ਰਹੀਆਂ ਹੋਣ; ਤੇ ਜਦੋਂ ਲੜਾਕਾ ਹਵਾਈ ਜਹਾਜ਼ ਵਧੇਰੇ ਉਚਾਈ ਉੱਤੇ ਚਲੇ ਗਏ ਤਾਂ ਇਹ ਸਭ ਕੁਝ ਕੀੜੀਆਂ ਦੀ ਫ਼ੌਜ ਵਾਂਗ ਲੱਗਦਾ ਸੀ, ਜਿਹੜੀਆਂ ਬਸੰਤ ਵਿੱਚ ਕਿਸੇ ਜੰਗਲੀ ਪਹੇ ਉੱਤੇ ਤੁਰੀਆਂ ਜਾ ਰਹੀਆਂ ਹੋਣ।
ਧੂੜ ਦੀਆਂ ਇਹਨਾਂ ਪੂਛਾਂ ਵਿੱਚ, ਜਿਹੜੀਆਂ ਸ਼ਾਂਤ ਹਵਾ ਵਿੱਚ ਉੱਚੀਆਂ ਉੱਠ ਰਹੀਆਂ ਸਨ, ਇਸ ਤਰ੍ਹਾਂ ਗੋਤਾ ਲਾ ਕੇ ਜਿਵੇਂ ਉਹ ਬੱਦਲਾਂ ਵਿੱਚ ਗੋਤਾ ਲਾ ਰਹੇ ਹੋਣ, ਉਹ ਲੜਾਕਾ ਹਵਾਈ ਜਹਾਜ਼ ਕਤਾਰਾਂ ਦੇ ਉੱਪਰੋਂ ਦੀ ਉਡਦੇ ਹੋਏ ਅਗਲੀਆਂ ਜੀਪਾਂ ਤੱਕ ਪੁੱਜ ਗਏ, ਜਿਨ੍ਹਾਂ ਵਿੱਚ, ਸਪੱਸ਼ਟ ਤੌਰ ਉੱਤੇ, ਟੈਂਕ ਸੈਨਾ ਦੇ ਕਮਾਂਡਰ ਬੈਠੇ ਹੋਏ ਸਨ। ਇਹਨਾਂ ਕਤਾਰਾਂ ਦੇ ਉੱਪਰਲਾ ਅਕਾਸ਼ ਦੁਸ਼ਮਣ ਤੋਂ ਖਾਲੀ ਸੀ, ਤੇ ਦੂਰ, ਧੁੰਦਲੇ ਦੁਮੇਲ ਉੱਤੇ, ਲੜਾਈ ਕਾਰਨ ਉਠਦੇ ਧੂੰਏਂ ਦੇ ਬੇਕਾਇਦਾ ਬੱਦਲ ਦਿਖਾਈ ਦੇਣ ਲੱਗ ਪਏ ਸਨ । ਗੁੱਡੀਆਂ ਵਾਂਗ ਅਕਾਸ਼ ਵਿੱਚ ਚੱਕਰ ਕੱਟਦਾ ਹੋਇਆ ਇਹ ਟੋਲਾ ਵਾਪਸ ਮੁੜ ਪਿਆ। ਐਨ ਉਸ ਵੇਲੇ ਅਲੈਕਸੇਈ ਨੂੰ ਦੁਮੇਲ ਉੱਤੇ ਪਹਿਲਾਂ ਇੱਕ ਤੇ ਫਿਰ ਪੂਰਾ ਝੁਰਮਟ ਕਾਲ਼ੇ ਟਿਮਕਣਿਆਂ ਦਾ ਧਰਤੀ ਦੇ ਉੱਪਰ ਨੀਵਾਂ ਕਰਕੇ ਤਰਦਾ ਦਿਖਾਈ ਦਿੱਤਾ । ਜਰਮਨ ! ਉਹ ਵੀ ਜ਼ਮੀਨ ਨੂੰ ਛੁੰਹਦੇ ਹੋਏ ਉੱਡ ਰਹੇ ਸਨ – ਸਪੱਸ਼ਟ ਤੌਰ ਉੱਤੇ, ਉਹਨਾਂ ਦਾ ਉਦੇਸ਼ ਇਹ ਸੀ ਕਿ ਲਾਲ ਜਿਹੇ, ਜੰਗਲੀ ਬੂਟੀਆਂ ਨਾਲ ਢੱਕੇ ਮੈਦਾਨਾਂ ਉੱਤੇ ਦਿਸਦੀਆਂ ਧੂੜ ਦੀਆਂ ਪੂਛਾਂ ਉੱਪਰ ਹਮਲਾ ਕੀਤਾ ਜਾਏ। ਅਲੈਕਸੇਈ ਨੇ ਸੁਭਾਵਿਕ ਹੀ ਮੁੜ ਕੇ ਦੇਖਿਆ। ਉਸਦਾ ਸਾਥੀ, ਜਿੰਨਾਂ ਨੇੜੇ ਤੋਂ ਨੇੜੇ ਚੱਲਣ ਦੀ ਉਸਦੀ ਹਿੰਮਤ ਸੀ, ਓਨਾ ਨੇੜੇ ਰਹਿੰਦਾ ਹੋਇਆ ਉਸਦੇ ਮਗਰ ਮਗਰ ਆ ਰਿਹਾ ਸੀ।
ਉਸਦੇ ਧਿਆਨ ਨਾਲ ਸੁਨਣ ਦੀ ਕੋਸ਼ਿਸ਼ ਕੀਤੀ ਤੇ ਦੂਰੋਂ ਉਸਨੂੰ ਕੋਈ ਅਵਾਜ਼ ਸੁਣਾਈ ਦਿੱਤੀ:
“ਮੈਂ ਹਾਂ ਸੀਗ਼ਲ ਦੋ, ਫਿਦੋਤੋਵ; ਮੈਂ ਹਾਂ ਸੀਗਲ ਦੋ, ਫਿਦੋਤੋਵ। ਸਾਵਧਾਨ। ਮੇਰੇ ਪਿੱਛੇ ਪਿੱਛੇ ਆਓ।
ਅਕਾਸ਼ ਵਿੱਚ, ਜਿੱਥੇ ਪਾਇਲਟ ਦਾ ਤੰਤੂ-ਪ੍ਰਬੰਧ ਅਤਿ ਦੇ ਤਣਾਅ ਹੇਠ ਹੁੰਦਾ ਹੈ, ਜ਼ਬਤ ਦੀ ਹਾਲਤ ਇਹ ਹੁੰਦੀ ਹੈ ਕਿ ਕਦੀ ਕਦੀ ਕਮਾਂਡਰ ਨੇ ਅਜੇ ਹੁਕਮ ਖ਼ਤਮ ਵੀ ਨਹੀਂ ਕੀਤਾ ਹੁੰਦਾ ਕਿ ਉਹ ਉਸ ਉੱਤੇ ਅਮਲ ਸ਼ੁਰੂ ਕਰ ਦੇਂਦਾ ਹੈ। ਭਿਣਭਿਣਾਹਟ ਤੇ ਗਰਰ- ਗਰਰ ਦੇ ਵਿੱਚੋਂ ਦੂਜਾ ਹੁਕਮ ਸੁਣਾਈ ਦੇਣ ਤੋਂ ਪਹਿਲਾਂ ਹੀ ਸਾਰਾ ਟੋਲਾ ਜੋੜੇ ਬਣਾ ਕੇ, ਪਰ ਨੇੜੇ ਨੇੜੇ ਰਹਿ ਕੇ ਬਣਤਰ ਵਿੱਚ, ਜਰਮਨਾਂ ਦਾ ਰਾਹ ਰੋਕਣ ਲਈ ਮੁੜਿਆ । ਨਜ਼ਰ, ਕੰਨ ਤੇ ਦਿਮਾਗ ਅਤਿ ਦੀ ਸੀਮਾ ਤੱਕ ਕੇਂਦਰਿਤ ਹੋਏ ਹੋਏ ਸਨ । ਅਲੈਕਸੇਈ ਨੂੰ ਕੁਝ ਨਹੀਂ ਸੀ ਦਿਖਾਈ ਦੇ ਰਿਹਾ, ਸਿਵਾਏ ਦੁਸ਼ਮਣ ਦੇ ਜਹਾਜ਼ਾਂ ਦੇ, ਜਿਹੜੇ ਉਸ ਦੀਆਂ ਅੱਖਾਂ ਸਾਮ੍ਹਣੇ ਵੱਡੇ ਹੁੰਦੇ ਜਾ ਰਹੇ ਸਨ। ਉਸਦੇ ਕੰਨਾਂ ਵਿੱਚ ਕੁਝ ਨਹੀਂ ਸੀ ਸੁਣਾਈ ਦੇ ਰਿਹਾ, ਸਿਵਾਏ ਸੁਨਣ-ਯੰਤਰ ਦੀ ਕਿੜ ਕਿੜ ਤੇ ਭਿਣ ਭਿਣ ਦੇ, ਜਿਸ ਵਿੱਚੋਂ ਉਸਨੇ ਅਗਲਾ ਹੁਕਮ ਸੁਨਣਾ ਸੀ । ਪਰ ਉਸ ਕਮਾਨ ਦੀ ਥਾਂ ਉਸਨੂੰ ਜਰਮਨ ਬੋਲੀ ਵਿਚ ਉਤੇਜਿਤ ਹੋਈ ਹੋਈ ਅਵਾਜ਼ ਬੜੀ ਸਪੱਸ਼ਟ ਭਾਂਤ ਸੁਣਾਈ ਦਿੱਤੀ:
“ਆਖਤੁੰਗ*! ਆਖਤੁੰਗ! ਲਾ-ਫੁੱਫ**! ਆਖਤੁੰਗ!”
ਇਹ ਜ਼ਰੂਰ ਧਰਤੀ ਉੱਪਰਲਾ ਜਰਮਨ ਨਿਰੀਖਕ ਹੋਵੇਗਾ, ਜਿਹੜਾ ਆਪਣੇ ਜਹਾਜ਼ਾਂ ਨੂੰ ਖਤਰੇ ਦੀ ਚੇਤਾਵਨੀ ਦੇ ਰਿਹਾ ਹੋਵੇਗਾ।
ਆਪਣੀ ਰੀਤ ਅਨੁਸਾਰ, ਜਰਮਨ ਹਵਾਈ ਜਹਾਜ਼ਾਂ ਦੇ ਇਸ ਪ੍ਰਸਿੱਧ ਡਵੀਜ਼ਨ ਨੇ ਬੜੇ ਧਿਆਨ ਨਾਲ ਸਾਰੀ ਰਣਭੂਮੀ ਵਿੱਚ ਸੂਚਨਾ ਦੇਣ ਵਾਲਿਆਂ ਤੇ ਧਰਤੀ ਉਪਰਲੇ ਨਿਰੀਖਕਾਂ ਦਾ ਜਾਲ ਵਿਛਾ ਛੱਡਿਆ ਸੀ, ਜਿਹੜੇ ਰੇਡੀਓ ਟ੍ਰਾਂਸਮਿਟਰਾਂ ਨਾਲ ਲੈਸ ਸਨ, ਤੇ ਜਿਨ੍ਹਾਂ ਨੂੰ ਪਿਛਲੀ ਰਾਤ ਹਵਾਈ ਲੜਾਈ ਦੇ ਸੰਭਵ ਖੇਤਰਾਂ ਵਿੱਚ ਪੈਰਾਸ਼ੂਟ ਰਾਹੀਂ ਉਤਾਰ ਦਿੱਤਾ ਗਿਆ ਸੀ। ਫਿਰ ਇੱਕ ਹੋਰ ਅਵਾਜ਼ ਸੁਣਾਈ ਦਿੱਤੀ- ਘੱਟ ਸਪੱਸ਼ਟ, ਬੈਠੀ ਹੋਈ ਤੇ ਗੁੱਸੇ ਭਰੀ; ਇਹ ਵੀ ਜਰਮਨ ਵਿੱਚ ਬੋਲ ਰਹੀ ਸੀ:
“ਦੋਨਰਵੇਤਰ! ਲਿੰਕਸ! ਲਾ-ਫੁੰਫ! ਲਿੰਕਸ! ਲਾ-ਫੁੱਫ !” ਖਿਝ ਤੋਂ ਛੁੱਟ ਅਵਾਜ਼ ਵਿੱਚ ਘਬਰਾਹਟ ਦਾ ਅੰਸ਼ ਵੀ ਸੀ।
“ਰੀਹਟਹੌਫਨ’, ਤੁਸੀਂ ਜਾਣਦੇ ਹੋ ਕਿ ਸਾਡੇ ‘ਲਾ-5’ ਤੁਹਾਡੇ ਹਵਾਈ ਜਹਾਜ਼ਾਂ ਨਾਲੋਂ ਉੱਤਮ ਹਨ, ਜਿਸ ਕਰਕੇ ਤੁਸੀਂ ਡਰ ਰਹੇ ਹੋ,” ਮਰੇਸੇਯੇਵ ਨੇੜੇ ਆ ਰਹੀ ਦੁਸ਼ਮਣ ਦੀ ਕਤਾਰ ਨੂੰ ਦੇਖਦਾ ਹੋਇਆ ਕ੍ਰੋਧ ਵਿੱਚ ਬੁੜਬੁੜਾਇਆ; ਉਸਦੇ ਤਣੇ ਹੋਏ ਸਰੀਰ ਵਿੱਚੋਂ ਹੁਲਾਸ ਦੀ ਇੱਕ ਲਹਿਰ ਦੌੜ ਗਈ।
ਹੁਣ ਦੁਸ਼ਮਣ ਨੂੰ ਸਪੱਸ਼ਟ ਦੇਖਿਆ ਜਾ ਸਕਦਾ ਸੀ । ਉਹ ਹਮਲਾ ਕਰਨ ਵਾਲੇ ਹਵਾਈ ਜਹਾਜ਼ ਸਨ ਫੋਕ-ਵੋਲਫ-109, ਸ਼ਕਤੀਸ਼ਾਲੀ, ਤੇਜ ਚੱਲਣ ਵਾਲੀਆਂ ਮਸ਼ੀਨਾਂ ਵਾਲੇ, ਜਿਨ੍ਹਾਂ ਨੂੰ ਅਜੇ ਉਦੋਂ ਹੀ ਵਰਤੋਂ ਵਿਚ ਲਿਆਉਣਾ ਸ਼ੁਰੂ ਕੀਤਾ ਗਿਆ ਸੀ।
ਫਿਦੋਤੋਵ ਦੇ ਗਰੁੱਪ ਨਾਲੋਂ ਉਹ ਗਿਣਤੀ ਵਿੱਚ ਦੁੱਗਣੇ ਸਨ। ਉਹ ਬਿਲਕੁਲ ਉਸ ਤਰ੍ਹਾਂ ਦੀ ਬਣਤਰ ਵਿੱਚ ਉੱਡ ਰਹੇ ਸਨ, ਜੋ ਕਿ ਰੀਹਟਹੌਫਨ ਡਵੀਜ਼ਨ ਦੀ ਵਿਲੱਖਣਤਾਈ ਸੀ, ਜੋੜਿਆਂ ਵਿੱਚ, ਪੌੜੀਆਂ ਵਾਂਗ, ਇਸ ਤਰ੍ਹਾਂ ਨਾਲ ਕਿ ਹਰ ਇੱਕ ਜੋੜਾ ਆਪਣੇ ਤੋਂ ਅਗਲੇ ਜੋੜੇ ਦੇ ਪਿਛਲੇ ਪਾਸੇ ਦੀ ਰਾਖੀ ਕਰ ਰਿਹਾ ਹੁੰਦਾ ਸੀ ਆਪਣੇ ਦਲ ਦੀ ਉਚਾਈ ਤੋਂ ਲਾਭ ਉਠਾਉਂਦਿਆਂ, ਫਿਦੋਤੋਵ ਨੇ ਦੁਸ਼ਮਣ ਉੱਪਰ ਹਮਲਾ ਕਰ ਦਿੱਤਾ । ਅਲੈਕਸੇਈ ਨੇ ਪਹਿਲਾਂ ਹੀ ਆਪਣਾ ਨਿਸ਼ਾਨਾ ਚੁਣ ਲਿਆ ਸੀ, ਤੇ ਦੂਜਿਆਂ ਨੂੰ ਵੀ ਧਿਆਨ ਵਿੱਚ ਰੱਖਦਿਆਂ, ਉਹ ਇਹਨੂੰ ਆਪਣੀ ਨਿਸ਼ਾਨਾ ਬੰਨਣ ਵਾਲੀ ਚੁਕੋਰ ਥਾਣੀਂ ਦੇਖਦਾ ਹੋਇਆ, ਉਸ ਵੱਲ ਵਧਿਆ। ਪਰ ਕਿਸੇ ਨੇ ਫਿਦੋਤੋਵ ਨਾਲ਼ੋਂ ਵੀ ਪਹਿਲ ਕਰ ਦਿੱਤੀ। “ਯਾਕ” ਹਵਾਈ ਜਹਾਜ਼ਾਂ ਦਾ ਇੱਕ ਟੋਲਾ ਦੂਜੇ ਪਾਸੇ ਵੱਲੋਂ ਆਇਆ ਤੇ ਇਸਨੇ ਜਰਮਨਾਂ ਉੱਤੇ ਉੱਪਰ ਵੱਲੋਂ ਹਮਲਾ ਕਰ ਦਿੱਤਾ । ਹਮਲਾ ਏਨਾਂ ਸਫ਼ਲ ਰਿਹਾ ਕਿ ਇਸਨੇ ਇੱਕਦਮ ਦੁਸ਼ਮਣ ਦੀ ਸਫ਼ ਬੰਦੀ ਤੋੜ ਦਿੱਤੀ। ਹਵਾ ਵਿੱਚ ਘਚੋਲਾ ਪੈ ਗਿਆ। ਦੋਵੇਂ ਧਿਰਾਂ ਦੋ ਤੋਂ ਚਾਰ ਚਾਰ ਦੀਆਂ ਟੋਲੀਆਂ ਬਣਾ ਕੇ ਲੜਨ ਲੱਗ ਪਈਆਂ । ਲੜਾਕਾ ਹਵਾਈ ਜਹਾਜ਼ਾਂ ਨੇ ਟਰੇਸਰ ਗੋਲੀਆਂ ਦੀ ਬੁਛਾੜ ਨਾਲ ਦੁਸ਼ਮਣ ਦਾ ਰਾਹ ਰੋਕਣ ਦੀ, ਉਸਦੇ ਪਿੱਛੋਂ ਦੀ ਹੋ ਕੇ ਪਾਸਿਆਂ ਵੱਲ ਪੈਣ ਦੀ ਕੋਸ਼ਿਸ਼ ਕੀਤੀ।
ਜੋਟੇ ਚੱਕਰ ਕੱਟ ਰਹੇ ਸਨ, ਇੱਕ ਦੂਜੇ ਦਾ ਪਿੱਛਾ ਕਰ ਰਹੇ ਸਨ, ਤੇ ਗੁੰਝਲਦਾਰ ਹਿੰਡੋਲਿਆਂ ਦੀ ਸ਼ਕਲ ਬਣ ਗਈ ਸੀ।
ਸਿਰਫ ਇੱਕ ਤਜ਼ਰਬਾਕਾਰ ਅੱਖ ਹੀ ਦੱਸ ਸਕਦੀ ਸੀ ਕਿ ਇਸ ਘਚੋਲੇ ਵਿੱਚ ਕੀ ਵਾਪਰ ਰਿਹਾ ਹੈ, ਬਿਲਕੁਲ ਜਿਸ ਤਰ੍ਹਾਂ ਕੋਈ ਤਜ਼ਰਬਾਕਾਰ ਕੰਨ ਹੀ ਅਵਾਜ਼ਾਂ ਦੇ ਉਸ ਘੜਮੱਸ ਵਿੱਚੋਂ ਕੋਈ ਮਤਲਬ ਕੱਢ ਸਕਦਾ ਹੈ, ਜਿਸਨੂੰ ਪਾਇਲਟ ਆਪਣੇ ਸੁਨਣ-ਯੰਤਰਾਂ ਵਿੱਚ ਸੁਣਦੇ ਹਨ।
ਉਸ ਵੇਲੇ ਅਕਾਸ਼ ਵਿੱਚ ਕਿਹੜੀ ਅਵਾਜ਼ ਸੁਣਾਈ ਨਹੀਂ ਸੀ ਦੇ ਰਹੀ! — ਹਮਲਾ ਕਰਨ ਵਾਲਿਆਂ ਦੀਆਂ ਬੈਠੀ ਅਵਾਜ਼ ਵਿੱਚ ਭੈੜੀਆਂ ਭੈੜੀਆਂ ਗਾਲ੍ਹਾਂ, ਸ਼ਿਕਾਰ ਹੋਇਆ ਦੀਆਂ ਦਿਲ-ਕੰਬਾਉਂਣੀਆਂ ਚੀਕਾਂ, ਜੇਤੂ ਦੀ ਵਿਜਈ ਕੂਕ, ਜ਼ਖਮੀ ਹੋਇਆ ਦੀ ਕੱਰਾਹਟ, ਤੇਜ਼ ਮੋੜ ਮੁੜ ਰਹੇ ਪਾਇਲਟ ਦਾ ਦੰਦੀਆਂ ਕਰੀਚਣਾ, ਤੇ ਜ਼ੋਰ ਜ਼ੋਰ ਦੀ ਸਾਹ ਲੈਣ ਦੀਆਂ ਅਵਾਜ਼ਾਂ । ਕੋਈ ਲੜਾਈ ਦੇ ਨਸ਼ੇ ਵਿੱਚ ਜਰਮਨ ਬੋਲੀ ਵਿੱਚ ਗੀਤ ਗਾ ਰਿਹਾ ਸੀ, ਕੋਈ ਹਉਂਕਾ ਲੈਂਦਾ ਹੋਇਆ ਚੀਕ ਰਿਹਾ ਸੀ: “ਹਾਏ ਮਾਂ!” ਕੋਈ ਪ੍ਰਤੱਖ ਤੌਰ ਉੱਤੇ, ਘੋੜਾ ਦਬਾਉਂਦਾ ਹੋਇਆ, ਕਹਿ ਰਿਹਾ ਸੀ: “ਆਹ ਲੈ ! ਲੈ ਫਿਰ !”
ਜਿਸਨੂੰ ਮਰੇਸੇਯੇਵ ਨੇ ਆਪਣਾ ਨਿਸ਼ਾਨਾ ਚੁਣਿਆ ਸੀ, ਉਹ ਨਜ਼ਰ ਤੋਂ ਤਿਲਕ ਗਿਆ। ਉਸਦੀ ਥਾਂ ਉਸਨੇ ਉੱਪਰ ਇੱਕ “ਯਾਕ” ਦੇਖਿਆ, ਜਿਸਦੀ ਪੂਛ ਵੱਲ ਸਿਗਾਰ ਵਰਗਾ, ਸਿੱਧਾ ਪਰ੍ਹਾਂ ਵਾਲਾ “ਫੋਕ” ਲਟਕ ਰਿਹਾ ਸੀ, ਤੇ ਆਪਣੇ ਪਰ੍ਹਾਂ ਵਿੱਚੋਂ ਯਾਕ ਉੱਤੇ ਗੋਲੀਆਂ ਦੀਆਂ ਦੋ ਸਮਾਨਾਂਤਰ ਰੇਖਾਵਾਂ ਛੱਡ ਰਿਹਾ ਸੀ। ਇਹ ਰੇਖਾਵਾਂ “ਯਾਕ” ਦੀ ਪੂਛ ਤੱਕ ਪੁੱਜ ਰਹੀਆਂ ਸਨ । ਮਰੇਸੇਯੇਵ ਇੱਕਦਮ ਉਸਨੂੰ ਬਚਾਉਣ ਲਈ ਦੌੜਿਆ। ਇੱਕ ਸਕਿੰਟ ਨਾਲੋਂ ਵੀ ਘੱਟ ਸਮੇਂ ਵਿੱਚ ਇੱਕ ਪ੍ਰਛਾਵਾਂ ਉਸਦੇ ਉੱਪਰੋਂ ਦੀ ਲਿਸ਼ਕਦਾ ਲੰਘ ਗਿਆ ਤੇ ਆਪਣੀਆਂ ਸਾਰੀਆਂ ਤੋਪਾਂ ਉਸਨੇ ਉਸ ਪ੍ਰਛਾਵੇਂ ਉੱਤੇ ਦਾਗ ਦਿੱਤੀਆਂ । ਉਸ “ਫੋਕ” ਨਾਲ ਕੀ ਬੀਤੀ, ਉਹ ਇਹ ਨਾ ਦੇਖ ਸਕਿਆ। ਉਸਨੇ ਸਿਰਫ ਇਹੀ ਦੇਖਿਆ ਕਿ ਟੁੱਟੀ ਹੋਈ ਪੂਛ ਲਈ ਉਹ “ਯਾਕ” ਹੁਣ ਇਕੱਲਾ ਉੱਡਦਾ ਜਾ ਰਿਹਾ ਸੀ। ਮਰੇਸੇਯੇਵ ਨੇ ਮੁੜ ਕੇ ਦੇਖਿਆ ਕਿ ਇਸ ਸਾਰੇ ਘਚੋਲੇ ਵਿੱਚ ਕਿਤੇ ਉਸਦਾ ਸਾਥੀ ਤਾਂ ਨਹੀਂ ਗੁਆਚ ਗਿਆ। ਨਹੀਂ! ਉਹ ਲਗਭਗ ਉਸਦੇ ਬਰਾਬਰ ਉੱਡ ਰਿਹਾ ਸੀ।
“ਪਿੱਛੇ ਨਾ ਰਹਿ ਜਾਈ, ਮੇਰੇ ਦੋਸਤ,” ਅਲੈਕਸੇਈ ਨੇ ਮੀਚੇ ਹੋਏ ਦੰਦਾਂ ਥਾਣੀਂ ਕਿਹਾ। ਉਸਦੇ ਕੰਨ ਵਿੱਚ ਭਿਣ ਭਿਣ ਤੇ ਕਿੜ ਕਿੜ ਦੀਆਂ, ਗਾਉਣ ਦੀਆਂ, ਦੋ ਬੋਲੀਆਂ ਵਿੱਚ ਜਿੱਤ ਤੇ ਭੈਭੀਤ ਹਾਲਤ ਵਿੱਚ ਚੀਖਾਂ-ਚਿੱਲਾਹਟਾਂ ਦੀਆਂ, ਬੈਠੇ ਗਲਿਆਂ ਦੀਆਂ, ਦੰਦ ਪੀਹਣ, ਕੋਸਣ ਤੇ ਭਾਰੇ ਭਾਰੇ ਸਾਹ ਲੈਣ ਦੀਆਂ ਅਵਾਜ਼ਾਂ ਗੂੰਜ ਰਹੀਆਂ ਸਨ । ਇਹਨਾਂ ਅਵਾਜ਼ਾਂ ਤੋਂ ਤਾਂ ਇੰਝ ਲੱਗਦਾ ਸੀ ਜਿਵੇਂ ਹਵਾਈ ਲੜਾਈ ਨਹੀਂ ਲੜੀ ਜਾ ਰਹੀ, ਸਗੋਂ ਹੱਥੋ ਪਾਈ ਦੀ ਲੜਾਈ ਹੈ, ਜਿਸ ਵਿੱਚ ਗੁੱਥਮ-ਗੁੱਥਾ ਹੋਏ ਬੰਦੇ ਹਰ ਤੰਤੂ ਤੇ ਹਰ ਪੱਠੇ ਦਾ ਜ਼ੋਰ ਲਾਉਂਦੇ ਹੋਏ ਜ਼ਮੀਨ ਉੱਤੇ ਘੋਲ ਕਰ ਰਹੇ ਤੇ ਲੇਟਣੀਆਂ ਲੈ ਰਹੇ ਹਨ।
ਮਰੇਸੇਯੇਵ ਨੇ ਦੁਸ਼ਮਣ ਲੱਭਣ ਲਈ ਚਾਰੇ ਪਾਸੇ ਨਜ਼ਰ ਘੁਮਾਈ ਤੇ ਇੱਕਦਮ ਉਸਦੀ ਰੀੜ ਦੀ ਹੱਡੀ ਵਿੱਚ ਕਿਵੇਂ ਕੰਬਣ ਦੌੜ ਗਈ। ਬਿਲਕੁਲ ਹੇਠਾਂ “ਫੋਕ” ਇੱਕ “ਲਾ-5” ਉੱਤੇ ਹਮਲਾ ਕਰ ਰਿਹਾ ਸੀ । ਉਸਨੂੰ ਸੋਵੀਅਤ ਜਹਾਜ਼ ਦਾ ਨੰਬਰ ਤਾਂ ਨਾ ਦਿਖਾਈ ਦਿੱਤਾ, ਪਰ ਅੰਤਰਬੋਧ ਤੋਂ ਉਹ ਭਾਂਪ ਗਿਆ ਕਿ ਉਹ ਪਿਤਰੋਵ ਦਾ ਹਵਾਈ ਜਹਾਜ਼ ਹੈ। “ਫੋਕ- ਵੋਲਵ” ਆਪਣੀਆਂ ਸਾਰੀਆਂ ਤੋਪਾਂ ਵਿੱਚੋਂ ਗੋਲੀਆਂ ਵਰਾਉਂਦਾ ਹੋਇਆ ਉਸ ਉੱਤੇ ਹਮਲਾ ਕਰ ਰਿਹਾ ਸੀ । ਇੱਕ ਸਕਿੰਟ ਦਾ ਵੀ ਅੰਸ਼ਕ ਹਿੱਸਾ ਪਿਤਰੋਵ ਦੀ ਜ਼ਿੰਦਗੀ ਸੀ। ਦੋਵੇਂ ਜਹਾਜ਼ ਇੱਕ ਦੂਜੇ ਦੇ ਏਨੇਂ ਨੇੜੇ ਸਨ ਕਿ ਹਵਾਈ ਹਮਲੇ ਦੇ ਆਮ ਦਾਅਪੇਚਾਂ ਨੂੰ ਵਰਤਦਿਆਂ, ਅਲੈਕਸੇਈ ਆਪਣੇ ਦੋਸਤ ਦੀ ਸਹਾਇਤਾ ਲਈ ਨਹੀਂ ਸੀ ਬਹੁੜ ਸਕਦਾ; ਉਸ ਕੋਲ ਨਾ ਤਾਂ ਉਹਨਾਂ ਨੂੰ ਵਰਤਣ ਦਾ ਸਮਾਂ ਸੀ ਨਾ ਹੀ ਗੁੰਜ਼ਾਇਸ਼ । ਪਰ ਉਸਦੇ ਸਾਥੀ ਦੀ ਜ਼ਿੰਦਗੀ ਦਾਅ ਉੱਤੇ ਲੱਗੀ ਹੋਈ ਸੀ, ਤੇ ਉਸਨੇ ਅਸਧਾਰਨ ਹਰਕਤ ਕਰਨ ਦਾ ਖ਼ਤਰਾ ਮੁੱਲ ਲੈਣ ਦਾ ਫ਼ੈਸਲਾ ਕੀਤਾ। ਉਸਨੇ ਹਵਾਈ ਜਹਾਜ਼ ਨੂੰ ਸਿੱਧਾ ਕਰਕੇ ਹੇਠਾਂ ਸੁੱਟਿਆ ਤੇ ਗੈਸ ਵਧਾ ਦਿੱਤੀ। ਖ਼ੁਦ ਆਪਣੇ ਹੀ ਭਾਰ ਨਾਲ ਖਿਚੀਂਦਾ, ਜਿਸਨੂੰ ਜੜ੍ਹਤਾ ਤੇ ਇੰਜਣ ਦੀ ਪੂਰੀ ਤਾਕਤ ਕਈ ਗੁਣਾ ਵਧਾ ਰਹੀਆਂ ਸਨ, ਅਸਧਾਰਨ ਤਰ੍ਹਾਂ ਨਾਲ ਥਰਥਰਾਉਂਦਿਆਂ, ਮਸ਼ੀਨ ਪੱਥਰ ਵਾਂਗ – ਨਹੀਂ, ਸਗੋਂ ਰਾਕਟ ਵਾਂਗ — “ਫੋਕ” ਦੇ ਛੋਟੇ ਛੋਟੇ ਪਰਾਂ ਵਾਲ਼ੇ ਢਾਂਚੇ ਦੇ ਐਨ ਉੱਤੇ ਡਿੱਗੀ, ਤੇ ਇਸਨੂੰ ਟਰੇਸਰ ਗੋਲੀਆਂ ਵਿੱਚ ਲਪੇਟ ਦਿੱਤਾ। ਇਹ ਮਹਿਸੂਸ ਕਰਦਿਆਂ ਕਿ ਆਪਣੀ ਭਿਅੰਕਰ ਰਫ਼ਤਾਰ ਤੇ ਤੇਜ਼ ਉਤਾਰੇ ਕਾਰਨ ਉਹ ਚੇਤੰਨਤਾ ਗੁਆ ਰਿਹਾ ਹੈ, ਮਰੇਸੇਯੇਵ ਆਪਣੀਆਂ ਧੁੰਦਲੀਆਂ ਪਈਆਂ ਅੱਖਾਂ ਨਾਲ ਬੜੀ ਮੁਸ਼ਕਲ ਨਾਲ ਇਹ ਹੀ ਦੇਖ ਸਕਿਆ ਕਿ ਬਿਲਕੁਲ ਉਸਦੇ ਪਰ੍ਹਾਂ ਦੇ ਸਾਮ੍ਹਣੇ “ਫੋਕ” ਇੱਕ ਵਿਸਫੋਟ ਦੇ ਧੂੰਏਂ ਵਿੱਚ ਲਪੇਟਿਆ ਗਿਆ ਹੈ। ਪਰ ਪਿਤਰੋਵ ਕਿੱਥੇ ਸੀ ? ਉਹ ਲੋਪ ਹੋ ਗਿਆ ਸੀ। ਉਹ ਕਿੱਥੇ ਚਲਾ ਗਿਆ ਸੀ ? ਡੇਗ ਲਿਆ ਗਿਆ ਸੀ ? ਕੀ ਉਸਨੇ ਛਾਲ ਮਾਰ ਦਿੱਤੀ ਸੀ ? ਕੀ ਉਹ ਬਚ ਨਿੱਕਲਿਆ ਸੀ ?
ਆਸ ਪਾਸ ਦਾ ਅਕਾਸ਼ ਸੁੰਨਸਾਨ ਸੀ । ਹੁਣ ਅਣਦਿੱਖ ਹਵਾਈ ਜਹਾਜ਼ ਤੋਂ ਦੂਰੋਂ ਕਿਤੋਂ ਚੁੱਪ ਅਕਾਸ਼ ਵਿੱਚੋਂ ਦੀ ਅਵਾਜ਼ ਸੁਣਾਈ ਦਿੱਤੀ:
“ਮੈਂ ਹਾਂ ਸੀਗ਼ਲ ਦੋ, ਫਿਦੋਤੋਵ । ਮੈਂ ਹਾਂ ਸੀਗ਼ਲ ਦੋ, ਫਿਦੋਤੋਵ। ਕਤਾਰ ਬਣਾਓ, ਮੇਰੇ ਪਿੱਛੇ ਕਤਾਰ ਬਣਾਓ। ਵਾਪਸ ! ਮੈਂ ਹਾਂ ਸੀਗ਼ਲ ਦੋ”
ਪ੍ਰਤੱਖ ਤੌਰ ਉੱਤੇ ਫਿਦੋਤੋਵ ਆਪਣੇ ਟੋਲੇ ਨੂੰ ਵਾਪਸ ਲਿਜਾ ਰਿਹਾ ਸੀ ।
“ਫੋਕ-ਵੋਲਫ” ਨਾਲ ਨਿਪਟਣ ਤੋਂ ਪਿੱਛੋਂ ਹਵਾਈ ਜਹਾਜ਼ ਨੂੰ ਅੰਧਾਧੁੰਦ ਚਾਲ ਵਿੱਚੋਂ ਕੱਢ ਕੇ ਇਕਸਾਰ ਕਰਦਿਆਂ, ਅਲੈਕਸੇਈ ਜ਼ੋਰ ਜ਼ੋਰ ਦੀ ਸਾਹ ਲੈਂਦਾ ਤੇ ਛਾ ਗਈ ਚੁੱਪ ਨੂੰ ਮਾਣਦਾ ਹੋਇਆ, ਬੀਤ ਗਏ ਖ਼ਤਰੇ ਦੀ, ਤੇ ਜਿੱਤ ਦੀ ਖੁਸ਼ੀ ਤੋਂ ਚੇਤੰਨ ਬੈਠਾ ਸੀ । ਉਸਨੇ ਆਪਣੇ ਘਰ ਦਾ ਰਾਹ ਲੱਭਣ ਲਈ ਆਪਣੀ ਕੰਪਾਸ ਵੱਲ ਤੇ ਫਿਰ ਪੈਟਰੋਲ ਦੇ ਮੀਟਰ ਵੱਲ ਦੇਖਿਆ। ਉਸਦੇ ਮੱਥੇ ਉੱਤੇ ਤਿਊੜੀ ਆ ਗਈ। ਪੈਟਰੋਲ ਘੱਟ ਸੀ ਤੇ ਵਾਪਸ ਅੱਡੇ ਤੱਕ ਜਾਣ ਲਈ ਮਸਾਂ ਹੀ ਕਾਫ਼ੀ ਹੋਵੇਗਾ। ਪਰ ਅਗਲੇ ਹੀ ਪਲ ਉਸਨੂੰ ਐਸੀ ਚੀਜ਼ ਦਿਖਾਈ ਦਿੱਤੀ ਜਿਹੜੀ ਪੈਟਰੋਲ ਦੇ ਮੀਟਰ ਦੀ ਜ਼ੀਰੋ ਦੇ ਨੇੜੇ ਆ ਚੁੱਕੀ ਸੂਈ ਨਾਲੋਂ ਵੀ ਵਧੇਰੇ ਭਿਅੰਕਰ ਸੀ – ਰੂੰ ਵਰਗੇ ਬੱਦਲ ਦੇ ਪਿੱਛੇ, ਰੱਬ ਜਾਣੇ ਕਿੱਥੋਂ, ਇੱਕ “ਫੋਕ-ਵੋਲਫ- 109” ਸਿੱਧਾ ਉਸ ਵੱਲ ਆ ਰਿਹਾ ਸੀ। ਉਸ ਕੋਲ ਸੋਚਣ ਦਾ ਸਮਾਂ ਹੀ ਨਹੀਂ ਸੀ, ਭੱਜਣ ਦਾ ਸਮਾਂ ਨਹੀਂ ਸੀ।
ਦੁਸ਼ਮਣ ਦਾ ਮੁਕਾਬਲਾ ਕਰਨ ਲਈ ਉਹ ਤੇਜ਼ੀ ਨਾਲ ਮੁੜਿਆ।
6
ਜਿਨ੍ਹਾਂ ਸੜਕਾਂ ਉੱਪਰੋਂ ਦੀ ਹਮਲਾ ਕਰ ਰਹੀਆਂ ਫ਼ੌਜਾਂ ਤੇ ਪਿਛਲੇ ਦਸਤੇ ਵਧ ਰਹੇ ਸਨ, ਉਹਨਾਂ ਉੱਪਰ ਹੋਈ ਹਵਾਈ ਲੜਾਈ ਦਾ ਰੌਲ਼ਾ ਸਿਰਫ ਲੜਾਈ ਵਿੱਚ ਜੁੱਟੇ ਹਵਾਈ ਜਹਾਜ਼ਾਂ ਦੀਆਂ ਕਾਕਪਿੱਟਾਂ ਵਿੱਚ ਬੰਦੇ ਹੀ ਨਹੀਂ ਸਨ ਸੁਣ ਰਹੇ।
ਇਸਨੂੰ ਸ਼ਕਤੀਸ਼ਾਲੀ ਰੇਡੀਓ ਸੈੱਟ ਰਾਹੀਂ ਗਾਰਦਾਂ ਦੇ ਲੜਾਕੇ ਵਿੰਗ ਦਾ ਕਮਾਂਡਰ, ਕਰਨਲ ਈਵਾਨੋਵ ਵੀ ਹਵਾਈ ਅੱਡੇ ਉੱਤੇ ਸੁਣ ਰਿਹਾ ਸੀ । ਉਹ ਖ਼ੁਦ ਇੱਕ ਤਜ਼ਰਬਾਕਾਰ ਪਾਇਲਟ ਸੀ; ਉਹ ਅਕਾਸ਼ ਵਿੱਚੋਂ ਦੀ ਆ ਰਹੀਆਂ ਅਵਾਜ਼ਾਂ ਤੋਂ ਹੀ ਦਸ ਸਕਦਾ ਸੀ ਲੜਾਈ ਘਮਸਾਨ ਦੀ ਹੋ ਰਹੀ ਹੈ, ਕਿ ਦੁਸ਼ਮਣ ਤਗੜਾ ਤੇ ਹਠੀ ਹੈ ਤੇ ਅਕਾਸ਼ ਸੋਵੀਅਤ ਜਹਾਜ਼ਾਂ ਦੇ ਹਵਾਲੇ ਕਰਨ ਲਈ ਤਿਆਰ ਨਹੀ। ਇਹ ਖ਼ਬਰ ਜਲਦੀ ਹੀ ਸਾਰੇ ਹਵਾਈ ਅੱਡੇ ਉੱਤੇ ਫੈਲ ਗਈ ਕਿ ਫਿਦੋਤੋਵ ਸੜਕਾਂ ਉੱਪਰ ਹਵਾਈ ਯੁੱਧ ਵਿੱਚ ਜੁੱਟਿਆ ਹੋਇਆ ਹੈ। ਜਿਹੜੇ ਵੀ ਬੰਦੇ ਵਿਹਲੇ ਹੋ ਸਕਦੇ ਸਨ, ਉਹ ਜੰਗਲ ਵਿੱਚੋਂ ਮੈਦਾਨ ਵਿੱਚ ਆ ਗਏ ਤੇ ਚਿੰਤਾ ਨਾਲ ਦੇਖਣ ਲੱਗੇ, ਜਿਧਰੋਂ ਹਵਾਈ ਜਹਾਜਾਂ ਦੇ ਵਾਪਸ ਆਉਣ ਦੀ ਆਸ ਸੀ।
ਸਫ਼ੇਦ ਪੁਸ਼ਾਕਾਂ ਪਾਈ ਡਾਕਟਰ ਮੈੱਸ ਵਿੱਚੋਂ ਦੋੜੇ ਆਏ ਦੌੜਦੇ ਦੌੜਦੇ ਨਾਲ਼ ਉਹ ਖਾਈ ਵੀ ਜਾ ਰਹੇ ਸਨ। ਐਮਬੂਲੈਂਸਾਂ, ਜਿਨ੍ਹਾਂ ਦੀਆਂ ਛੱਤਾਂ ਉੱਤੇ ਵੱਡੇ ਵੱਡੇ ਰੈੱਡਕਰਾਸ ਦੇ ਨਿਸ਼ਾਨ ਬਣੇ ਹੋਏ ਸਨ, ਝਾੜੀਆਂ ਵਿੱਚੋਂ ਬਾਹਰ ਨਿੱਕਲ ਆਈਆਂ, ਤੇ ਇੰਜਣ ਚਾਲੂ ਕਰਕੇ ਕੰਮ ਲਈ ਤਿਆਰ ਖੜ੍ਹੀਆਂ ਹੋ ਗਈਆਂ।
ਦਰਖਤਾਂ ਦੀਆਂ ਸਿਖਰਾਂ ਦੇ ਉੱਪਰੋਂ ਦੀ ਉਡਦਾ ਹੋਇਆ ਪਹਿਲਾਂ ਜੋੜਾ ਆ ਗਿਆ ਤੇ ਚੱਕਰ ਲਾਏ ਬਿਨਾ ਸਿੱਧਾ ਉੱਤਰ ਆਇਆ ਤੇ ਲੰਮੇ ਚੌੜੇ ਮੈਦਾਨ ਵਿੱਚ ਦੌੜਨ ਲੱਗਾ। ਇਸ ਵਿੱਚ “ਨੰ.1” ਸੀ, ਜਿਸਦਾ ਪਾਇਲਟ ਸੋਵੀਅਤ ਯੂਨੀਅਨ ਦਾ ਹੀਰੋ ਫਿਦੋਤੋਵ ਸੀ, ਤੇ “ਨੰ.2”, ਜਿਸਦਾ ਪਾਇਲਟ ਉਸਦਾ ਸਾਥੀ ਸੀ । ਉਹਨਾਂ ਦੇ ਪਿੱਛੇ ਪਿੱਛੇ ਦੂਜਾ ਜੋੜਾ ਵੀ ਆ ਉਤਰਿਆ। ਵਾਪਸ ਆ ਰਹੇ ਜਹਾਜ਼ਾਂ ਦੀ ਗਰਜ ਨਾਲ ਜੰਗਲ ਉੱਪਰਲਾ ਵਾਯੂਮੰਡਲ ਗੂੰਜ ਉਠਿਆ।
“ਸੱਤ, ਅੱਠ, ਨੌਂ, ਦਸ,” ਹਵਾਈ ਅੱਡੇ ਦੇ ਦਰਸ਼ਕਾਂ ਨੇ, ਅਕਾਸ਼ ਦਾ ਵਧਦੀ ਚਿੰਤਾ ਨਾਲ ਮੁਆਇਨਾ ਕਰਦਿਆਂ, ਗਿਣਿਆ।
ਜਿਹੜੇ ਹਵਾਈ ਜਹਾਜ਼ ਉੱਤਰ ਆਏ ਸਨ, ਉਹ ਮੈਦਾਨ ਛੱਡ ਕੇ ਆਪੋ ਆਪਣੀ ਸ਼ਰਨ ਦੇ ਟਿਕਾਣਿਆਂ ਨੂੰ ਚਲੇ ਗਏ ਸਨ ਤੇ ਸ਼ਾਂਤੀ ਹੋ ਗਈ ਸੀ । ਪਰ ਦੋ ਹਵਾਈ ਜਹਾਜ਼ ਗਾਇਬ ਸਨ।
ਉਡੀਕ ਰਹੀ ਭੀੜ ਉਪਰ ਆਸਵੰਦੀ ਵਾਲੀ ਚੁੱਪ ਛਾ ਗਈ । ਕਈ ਮਿੰਟ ਤਸੀਹੇ ਦੇਂਦੀ ਮੱਧਮ ਚਾਲ ਨਾਲ ਲੰਘਣ ਲੱਗੇ ।
“ਮਰੇਸੇਯੇਵ ਤੇ ਪਿਤਰੋਵ” ਕਿਸੇ ਨੇ ਹੌਲ਼ੀ ਜਿਹੀ ਕਿਹਾ।
ਇੱਕਦਮ ਕੋਈ ਖੁਸ਼ੀ ਭਰੀ ਜ਼ਨਾਨਾਂ ਆਵਾਜ਼ ਮੈਦਾਨ ਵਿਚ ਗੂੰਜ ਉਠੀ:
“ਇੱਕ ਹੋਰ !”
ਇੱਕ ਹਵਾਈ ਜਹਾਜ਼ ਦੇ ਇੰਜਣ ਦੀ ਗਰਜ ਸੁਣਾਈ ਦਿੱਤੀ। ਬਰਚਿਆਂ ਦੀਆਂ ਸਿਖਰਾਂ ਉੱਪਰੋਂ ਦੀ ਆਪਣੇ ਫੈਲੇ ਹੋਏ ਪੰਜੇ ਮਾਰਦਾ ਹੋਇਆ “ਨੰ.12” ਵੀ ਆ ਪੁੱਜਾ। ਹਵਾਈ ਜਹਾਜ਼ ਨੂੰ ਨੁਕਸਾਨ ਪੁੱਜ ਚੁੱਕਾ ਸੀ । ਉਸਦੀ ਪੂਛ ਦਾ ਇੱਕ ਟੋਟਾ ਗਾਇਬ ਸੀ। ਉਸਦੇ ਖੱਬੇ ਪਰ ਦੀ ਨੋਕ ਕੱਟੀ ਗਈ ਸੀ ਤੇ ਇਹ ਕਿਸੇ ਤਾਰ ਨਾਲ ਲਟਕ ਰਹੀ ਸੀ। ਉੱਤਰਦਾ ਹੋਇਆ ਹਵਾਈ ਜਹਾਜ਼ ਅਜੀਬ ਢੰਗ ਨਾਲ ਫੁਦਕਿਆ, ਪਹਿਲਾਂ ਉੱਛਲ ਕੇ ਉਪਰ ਹੋਇਆ, ਫਿਰ ਹੇਠਾਂ ਡਿੱਗਾ, ਫਿਰ ਉੱਛਲਿਆ, ਫਿਰ ਡਿੱਗਿਆ, ਤੇ ਇਸ ਤਰ੍ਹਾਂ ਫੁਦਕਦਾ ਹੋਇਆ ਉਹ ਹਵਾਈ ਅੱਡੇ ਦੇ ਕਿਨਾਰੇ ਤੱਕ ਪੁੱਜ ਗਿਆ, ਤੇ ਪੂਛ ਉਠਾ ਕੇ ਖੜ੍ਹਾ ਹੋ ਗਿਆ । ਸਰਜਨਾਂ ਨੂੰ ਲਈ ਐਮਬੂਲੈਂਸਾਂ, ਕਈ ਜੀਪਾਂ ਤੇ ਸਾਰੀ ਭੀੜ ਹਵਾਈ ਜਹਾਜ਼ ਵੱਲ ਦੌੜ ਪਈ। ਕਾਕਪਿੱਟ ਵਿੱਚੋਂ ਕੋਈ ਬਾਹਰ ਨਾ ਆਇਆ।
ਉਹਨਾਂ ਨੇ ਢੱਕਣ ਹਟਾਇਆ। ਖੂਨ ਨਾਲ ਲੱਥ-ਪੱਥ ਪਿਤਰੋਵ ਸੀਟ ਉੱਤੇ ਲੁੜਕਿਆ ਪਿਆ ਸੀ। ਉਸਦਾ ਸਿਰ ਬੇਵਸ ਛਾਤੀ ਉੱਤੇ ਝੁਕਿਆ ਹੋਇਆ ਸੀ । ਗਿੱਲੇ, ਕੱਕੇ ਵਾਲਾਂ ਦੀਆਂ ਲਿਟਾਂ ਉਸਦੇ ਮੂੰਹ ਨੂੰ ਢੱਕ ਰਹੀਆਂ ਸਨ । ਸਰਜਨਾਂ ਤੇ ਨਰਸਾਂ ਨੇ ਉਸਦੇ ਪਟੇ ਖੋਹਲੇ, ਪੈਰਾਸ਼ੂਟ ਦਾ ਖ਼ੂਨ ਨਾਲ ਭਿੱਜਾ ਥੈਲਾ ਹਟਾਇਆ, ਜਿਸ ਵਿੱਚ ਕਿਸੇ ਗੋਲੇ ਦੇ ਟੁਕੜੇ ਨੇ ਛੇਕ ਕਰ ਦਿੱਤਾ ਸੀ, ਸਾਵਧਾਨੀ ਨਾਲ ਬੇਹਰਕਤ ਸਰੀਰ ਨੂੰ ਚੁੱਕਿਆ ਤੇ ਧਰਤੀ ਉੱਤੇ ਲਿਟਾ ਦਿੱਤਾ । ਪਾਇਲਟ ਦੀ ਲੱਤ ਤੇ ਬਾਂਹ ਜ਼ਖਮੀ ਸਨ । ਉਸਦੇ ਨੀਲੇ ਓਵਰਾਲ ਉੱਤੇ ਗੂਹੜੇ ਰੰਗ ਦੇ ਨਿਸ਼ਾਨ ਜਲਦੀ ਜਲਦੀ ਫੈਲਣ ਲੱਗੇ ।
ਪਿਤਰੋਵ ਨੂੰ ਮੁੱਢਲੀ ਡਾਕਟਰੀ ਸਹਾਇਤਾ ਦਿੱਤੀ ਗਈ। ਜਦੋਂ ਉਸਨੂੰ ਚੁੱਕ ਕੇ ਐਮਬੂਲੈਂਸ ਵਿੱਚ ਪਾਇਆ ਗਿਆ ਤਾਂ ਉਸਨੇ ਅੱਖਾਂ ਖੋਹਲੀਆਂ । ਉਹ ਕੁਝ ਬੁੜਬੁੜਾਇਆਂ, ਪਰ ਏਨੀਂ ਹੌਲ਼ੀ ਕਿ ਉਸਦੀ ਅਵਾਜ਼ ਸੁਣਾਈ ਨਾ ਦਿੱਤੀ। ਕਰਨੈਲ ਉਸ ਉੱਤੇ ਝੁਕਿਆ ।
“ਮਰੇਸੇਯੇਵ ਕਿੱਥੇ ਹੈ?” ਜ਼ਖਮੀ ਨੇ ਪੁਛਿਆ।
“ਅਜੇ ਨਹੀਂ ਉਤਰਿਆ।”
ਸਟਰੈਚਰ ਨੂੰ ਫਿਰ ਚੁੱਕਿਆ ਗਿਆ, ਪਰ ਜ਼ਖਮੀ ਨੇ ਬੜੇ ਜ਼ੋਰ ਜ਼ੋਰ ਨਾਲ ਸਿਰ ਹਿਲਾਇਆ ਤੇ ਸਗੋਂ ਉਸ ਉੱਪਰੋਂ ਉੱਤਰਨ ਦੀ ਵੀ ਕੋਸ਼ਿਸ਼ ਕਰਨ ਲੱਗਾ।
“ਠਹਿਰੋ !” ਉਹ ਬੋਲਿਆ। “ਮੈਨੂੰ ਇੱਥੋਂ ਨਾ ਲਿਜਾਓ। ਮੈਂ ਨਹੀਂ ਜਾਣਾ ਚਾਹੁੰਦਾ। ਮੈਂ ਮਰੇਸੇਯੇਵ ਨੂੰ ਉਡੀਕਾਂਗਾ। ਉਸਨੇ ਮੇਰੀ ਜਾਨ ਬਚਾਈ ਹੈ।”
ਪਾਇਲਟ ਨੇ ਜ਼ੋਰ ਜ਼ੋਰ ਦੀ ਵਿਰੋਧ ਕੀਤਾ ਤੇ ਆਪਣੀਆਂ ਪੱਟੀਆਂ ਪਾੜ ਦੇਣ ਦੀ ਧਮਕੀ ਵੀ ਦਿੱਤੀ, ਜਿਸ ਉੱਤੇ ਕਰਨੈਲ ਨੇ ਆਪਣਾ ਹੱਥ ਹਿਲਾਇਆ ਤੇ ਆਪਣਾ ਸਿਰ ਮੋੜ ਕੇ ਦੰਦ ਮੀਚਦਿਆਂ ਬੋਲਿਆ:
“ਅੱਛਾ! ਰਹਿਣ ਦਿਓ ਇਸਨੂੰ ਜ਼ਮੀਨ ਉੱਤੇ। ਨਹੀਂ ਮਾਰਦਾ। ਮਰੇਸੇਯੇਵ ਕੋਲ ਸਿਰਫ ਇੱਕ ਮਿੰਟ ਜੋਗਾ ਪੈਟਰੋਲ ਹੈ।”
ਕਰਨੈਲ ਨੇ ਆਪਣੀਆਂ ਅੱਖਾਂ ਘੜੀ ਉੱਤੇ ਟਿਕਾ ਲਈਆਂ, ਤੇ ਉਸਦੀ ਲਾਲ ਲਾਲ ਸਕਿੰਟਾਂ ਵਾਲੀ ਸੂਈ ਨੂੰ ਆਪਣਾ ਚੱਕਰ ਪੂਰਾ ਕਰਦਾ ਦੇਖਣ ਲੱਗਾ । ਬਾਕੀ ਸਾਰੇ ਲੋਕ ਸਲੇਟੀ ਜਿਹੇ ਜੰਗਲ ਵੱਲ ਦੇਖ ਰਹੇ ਸਨ, ਜਿਸ ਦੀਆਂ ਚੋਟੀਆਂ ਦੇ ਉੱਪਰੋਂ ਦੀ ਜਹਾਜ਼ ਦੇ ਦਿਸਣ ਦੀ ਉਮੀਦ ਸੀ । ਸਭ ਨੇ ਪੂਰੀ ਤਰ੍ਹਾਂ ਕੰਨ ਖੜ੍ਹੇ ਕੀਤੇ ਹੋਏ ਸਨ, ਪਰ ਤੋਪਾਂ ਦੀ ਦੂਰੋਂ ਆਉਂਦੀ ਅਵਾਜ਼ ਤੇ ਨੇੜਿਉਂ ਕਿਤੋਂ ਚੱਕੀਹਾਰੇ ਦੀ ਆ ਰਹੀ ਠੱਕ ਠੱਕ ਦੀ ਦੱਬੀ ਹੋਈ ਅਵਾਜ਼ ਤੋਂ ਸਿਵਾ ਕੁਝ ਵੀ ਨਹੀਂ ਸੀ ਸੁਣਾਈ ਦੇਂਦਾ।
ਕਦੀ ਕਦੀ ਇੱਕ ਮਿੰਟ ਵੀ ਲਮਕ ਕੇ ਕਿੰਨਾਂ ਵੱਡਾ ਹੋ ਜਾਂਦਾ ਹੈ !
7
ਦੁਸ਼ਮਣ ਦਾ ਮੁਕਾਬਲਾ ਕਰਨ ਲਈ ਮਰੇਸੇਯੇਵ ਮੁੜਿਆ।
“ਲਾ-5” ਤੇ “ਫੋਕ-ਵੋਲਫ-190” ਤੇਜ਼ ਹਵਾਈ ਜਹਾਜ਼ ਸਨ । ਉਹ ਬਿਜਲੀ ਦੀ ਤੇਜ਼ੀ ਨਾਲ ਇੱਕ ਦੂਜੇ ਵੱਲ ਵਧੇ। ਅਲੈਕਸੇਈ ਮਰੇਸੇਯੇਵ ਤੇ ਪ੍ਰਸਿੱਧ “ਰੀਹਟਹੌਫਨ” ਡਿਵੀਜ਼ਨ ਦੇ ਕਿਸੇ ਅਗਿਆਤ ਉਚਕੋਟੀ ਦੇ ਪਾਇਲਟ ਨੇ ਇੱਕ ਦੂਜੇ ਉਪਰ ਸਿੱਧਾ ਹਮਲਾ ਕਰ ਦਿੱਤਾ । ਸਿੱਧੀ ਲੜਾਈ ਅੱਖ ਪਲਕਾਰੇ ਦੀ ਗੱਲ ਹੁੰਦੀ ਹੈ, ਪਰ ਇਹ ਅੱਖ-ਪਲਕਾਰੇ ਦਾ ਸਮਾਂ ਵੀ ਏਨਾਂ ਤੰਤੂਆਂ ਉਪਰ ਤਣਾਅ ਪਾਉਂਦਾ ਹੈ, ਪਾਇਲਟ ਦੇ ਸਾਰੇ ਤੰਤੂ-ਪ੍ਰਬੰਧ ਨੂੰ ਏਨਾਂ ਅਜ਼ਮਾਇਸ਼ ਵਿੱਚ ਪਾਉਂਦਾ ਹੈ ਕਿ ਧਰਤੀ ਉੱਪਰ ਸਾਰੇ ਦਿਨ ਦੀ ਲੜਾਈ ਵੀ ਲੜਨ ਵਾਲੇ ਉਪਰ ਏਨਾਂ ਤਣਾਅ ਨਹੀਂ ਪਾਉਂਦੀ ਹੋਣੀ।
ਜ਼ਰਾ ਕਲਪਨਾ ਕਰੋ ਕਿ ਇੱਕ ਦੂਜੇ ਉੱਤੇ ਪੂਰੀ ਰਫ਼ਤਾਰ ਨਾਲ ਟੁੱਟ ਪਏ ਇਹਨਾਂ ਤੇਜ਼ ਲੜਾਕਾ ਹਵਾਈ ਜਹਾਜ਼ਾਂ ਵਿੱਚੋਂ ਇੱਕ ਤੁਸੀਂ ਹੋ । ਦੁਸ਼ਮਣ ਦਾ ਹਵਾਈ ਜਹਾਜ਼ ਤੁਹਾਡੀਆਂ ਅੱਖਾਂ ਅੱਗੇ ਅਕਾਰ ਵਿੱਚ ਵੱਡਾ ਹੁੰਦਾ ਜਾ ਰਿਹਾ ਹੈ। ਇੱਕਦਮ ਇਸਦਾ ਹਰ ਇੱਕ ਹਿੱਸਾ ਤੁਹਾਡੇ ਐਨ ਸਾਮ੍ਹਣੇ ਆ ਜਾਂਦਾ ਹੈ — ਪੜ੍ਹ, ਚੱਕਰ ਖਾਂਦੇ ਪੱਖੇ ਦਾ ਲਿਸ਼ਕਦਾ ਚੱਕਰ, ਕਾਲ਼ੇ ਟਿਮਕਣੇ ਜੋ ਕਿ ਇਸ ਦੀਆਂ ਤੋਪਾ ਹਨ। ਇੱਕ ਪਰ ਹੋਰ ਤੇ ਹਵਾਈ ਜਹਾਜ਼ ਆਪਸ ਵਿੱਚ ਟਕਰਾ ਜਾਣਗੇ ਤੇ ਇਨ੍ਹਾਂ ਦੇ ਏਨੇਂ ਟੋਟੇ ਹੋ ਜਾਣਗੇ ਕਿ ਮਸ਼ੀਨ ਦੇ ਟੁਕੜਿਆਂ ਵਿੱਚੋਂ ਪਾਇਲਟ ਦਾ ਖੁਰਾ-ਖੋਜ ਵੀ ਲੱਭ ਸਕਣਾ ਮੁਸ਼ਕਲ ਹੋਵੇਗਾ। ਉਸ ਅੱਖ-ਪਲਕਾਰੇ ਵਿੱਚ ਸਿਰਫ ਪਾਇਲਟ ਦੀ ਇੱਛਾ ਸ਼ਕਤੀ ਦੀ ਹੀ ਨਹੀਂ, ਸਗੋਂ ਉਸਦੇ ਸਾਰੇ ਇਖਲਾਕੀ ਤੰਤੂਆਂ ਦੀ ਵੀ ਅਜ਼ਮਾਇਸ਼ ਹੋ ਰਹੀ ਹੁੰਦੀ ਹੈ। ਕਮਜ਼ੋਰ ਤੰਤੂ-ਪ੍ਰਬੰਧ ਵਾਲ਼ਾ ਆਦਮੀ ਇਸ ਤਣਾਅ ਨੂੰ ਨਹੀਂ ਸਹਿ ਸਕਦਾ। ਜਿੱਤ ਦੀ ਖ਼ਾਤਰ ਮਰਨ ਲਈ ਨਾ ਤਿਆਰ ਆਦਮੀ ਸਹਿਜ-ਸੁਭਾਅ ਹੀ ਹੈਂਡਲ ਖਿੱਚੇਗਾ ਤੇ ਆਪਣੇ ਵੱਲ ਦੌੜੇ ਆ ਰਹੇ ਮਾਰੂ ਤੂਫ਼ਾਨ ਦੇ ਉੱਪਰੋਂ ਦੀ ਟੱਪ ਜਾਏਗਾ; ਤੇ ਅਗਲੀ ਘੜੀ ਹੇਠੋਂ ਪਾਟ ਕੇ ਜਾਂ ਪਰ੍ਵ ਟੁੱਟੇ ਨਾਲ ਉਸਦਾ ਹਵਾਈ ਜਹਾਜ਼ ਹੇਠਾਂ ਨੂੰ ਲੜਕਦਾ ਦਿਖਾਈ ਦੇਵੇਗਾ। ਕੋਈ ਚੀਜ਼ ਉਸਨੂੰ ਨਹੀਂ ਬਚਾ ਸਕਦੀ । ਤਜ਼ਰਬਾਕਾਰ ਪਾਇਲਟ ਇਸ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਤੇ ਸਿਰਫ ਬਹਾਦਰ ਤੋਂ ਬਹਾਦਰ ਹੀ ਸਿੱਧਾ ਹਮਲਾ ਕਰਨ ਦੀ ਦਲੇਰੀ ਕਰਦੇ ਹਨ।
ਹਵਾਈ ਜਹਾਜ਼ ਹਵਾ ਨੂੰ ਚੀਰਦੇ ਆ ਰਹੇ ਸਨ । ਅਲੈਕਸੇਈ ਜਾਣਦਾ ਸੀ ਕਿ ਉਸਦੇ ਖਿਲਾਫ਼ ਆ ਰਿਹਾ ਵਿਅਕਤੀ ਗੇਰਿੰਗ ਦਾ ਭਰਤੀ ਕੀਤਾ ਹੋਇਆ ਕੋਈ ਨਵਾਂ ਆਦਮੀ ਨਹੀਂ, ਜਿਸਨੂੰ ਪੂਰਬੀ ਮੋਰਚੇ ਉੱਤੇ ਹੋਏ ਭਾਰੀ ਨੁਕਸਾਨ ਨੂੰ ਪੂਰਿਆਂ ਕਰਨ ਲਈ ਜਲਦੀ ਜਲਦੀ ਸਿਖਲਾਈ ਦੇ ਕੇ ਭੇਜ ਦਿੱਤਾ ਗਿਆ ਹੋਵੇ। ਉਹ “ਰੀਹਟਹੌਫਨ” ਡਿਵੀਜ਼ਨ ਦਾ ਉੱਚਕੋਟੀ ਦਾ ਪਾਇਲਟ ਸੀ ਜਿਹੜਾ ਐਸਾ ਹਵਾਈ ਜਹਾਜ਼ ਚਲਾ ਰਿਹਾ ਸੀ ਜਿਸਦੇ ਦੋਹਾਂ ਪਾਸਿਆਂ ਉੱਤੇ ਹਵਾਈ ਜਹਾਜ਼ਾਂ ਦੇ ਕਾਲ਼ੇ ਚਿੱਤਰ ਸਨ, ਜੋ ਕਿ ਹਵਾ ਵਿੱਚ ਪ੍ਰਾਪਤ ਕੀਤੀਆਂ ਗਈਆਂ ਜਿੱਤਾਂ ਦੇ ਸੂਚਕ ਸਨ । ਉਹ ਡੋਲੇਗਾ ਨਹੀਂ, ਹਿਚਕਚਾਇਗਾ ਨਹੀਂ, ਲੜਾਈ ਤੋਂ ਕਤਰਾਇਗਾ ਨਹੀਂ।
“ਸੰਭਲੋ, ‘ਰੀਹਟਹੌਫਨ’!” ਅਲੈਕਸੇਈ ਨੇ ਮੀਚੇ ਦੰਦਾਂ ਵਿੱਚੋਂ ਕਿਹਾ। ਆਪਣੇ ਬੁੱਲਾਂ ਨੂੰ ਇੰਝ ਜ਼ੋਰ ਦੀ ਟੁਕਦਿਆਂ ਉਹਨਾਂ ਵਿੱਚੋਂ ਖੂਨ ਨਿੱਕਲ ਆਇਆ ਤੇ ਆਪਣੇ ਮਜ਼ਬੂਤ ਪੱਠਿਆਂ ਨੂੰ ਸੁੰਗੇੜਦਿਆਂ, ਉਸਨੇ ਆਪਣੀ ਨਿਸ਼ਾਨਾ ਬੰਨ੍ਹਣ ਵਾਲੀ ਚਕੋਰ ਉੱਤੇ ਨਜ਼ਰਾਂ ਗੱਡ ਲਈਆਂ ਤੇ ਉਹਨਾਂ ਨੂੰ ਸਿੱਧਾ ਆਪਣੇ ਉੱਤੇ ਹਮਲਾ ਕਰ ਰਹੇ ਦੁਸ਼ਮਣ ਦੇ ਹਵਾਈ ਜਹਾਜ਼ ਸਾਮ੍ਹਣੇ ਬੰਦ ਹੋਣ ਤੋਂ ਰੋਕਣ ਲਈ ਆਪਣੀ ਸਾਰੀ ਇੱਛਾ-ਸ਼ਕਤੀ ਨੂੰ ਵਰਤੋਂ ਵਿੱਚ ਲੈ ਆਂਦਾ ।
ਉਸਨੇ ਆਪਣੀਆਂ ਅੱਖਾਂ ਉੱਤੇ ਏਨਾਂ ਜ਼ੋਰ ਪਾਇਆ ਕਿ ਉਸਨੂੰ ਲੱਗਾ ਜਿਵੇਂ ਚੱਕਰ ਕੱਟ ਰਹੇ ਪੱਖਿਆਂ ਦੀ ਧੁੰਦ ਵਿੱਚੋਂ ਦੀ ਉਹ ਦੁਸ਼ਮਣ ਦੀ ਕਾਕਪਿੱਟ ਦੇ ਪਾਰਦਰਸ਼ੀ ਪਰਦੇ ਨੂੰ ਦੇਖ ਰਿਹਾ ਹੈ, ਤੇ ਉਸ ਥਾਣੀਂ ਦੋ ਮਨੁੱਖੀ ਅੱਖਾਂ ਉਸ ਉੱਤੇ ਗੱਡੀਆਂ ਹੋਈਆਂ ਹਨ; ਤੇ ਉਹ ਅੱਖਾਂ ਨਫ਼ਰਤ ਨਾਲ ਅੱਗ ਉਗ਼ਲ ਰਹੀਆਂ ਸਨ । ਇਹ ਤੰਤੂ-ਤਣਾਅ ਕਾਰਨ ਪੈਦਾ ਹੋਇਆ ਅੱਖਾਂ ਦਾ ਝਾਵਲਾ ਸੀ, ਪਰ ਅਲੈਕਸੇਈ ਨੂੰ ਯਕੀਨ ਹੋ ਰਿਹਾ ਸੀ ਕਿ ਉਹ ਸੱਚਮੁਚ ਉਹਨਾਂ ਅੱਖਾਂ ਨੂੰ ਦੇਖ ਰਿਹਾ ਹੈ। “ਸੋ ਅੰਤ ਆ ਗਿਐ,” ਉਸਨੇ ਆਪਣੇ ਪੱਠਿਆਂ ਨੂੰ ਹੋਰ ਵੀ ਵਧੇਰੇ ਅਕੜਾਉਂਦਿਆਂ ਸੋਚਿਆ। “ਸੋ ਅੰਤ ਆ ਗਿਐ।” ਉਸ ਨੇ ਅੱਗੇ ਵੱਲ ਦੇਖਿਆ ਤੇ ਤੇਜ਼ੀ ਨਾਲ ਵੱਡਾ ਹੁੰਦਾ ਹਵਾਈ ਜਹਾਜ਼ ਵਾ-ਵਰੋਲੇ ਵਾਂਗ ਉਸ ਵੱਲ ਦੌੜਦਾ ਆਉਂਦਾ ਦਿਖਾਈ ਦਿੱਤਾ। ਨਹੀਂ, ਇਹ ਜਰਮਨ ਵੀ ਟਲੇਗਾ ਨਹੀ। ਸੋ ਇਹ ਅੰਤ ਸੀ।
ਉਹ ਤੁਰੰਤ ਮੌਤ ਲਈ ਤਿਆਰ ਹੋ ਗਿਆ । ਇੱਕਦਮ, ਜਦੋਂ ਉਸਨੂੰ ਲੱਗਾ ਕਿ ਉਹ ਜਰਮਨ ਹਵਾਈ ਜਹਾਜ਼ ਤੋਂ ਬਾਂਹ ਦੀ ਵਿੱਥ ਉਤੇ ਹੈ, ਤਾਂ ਜਰਮਨ ਪਾਇਲਟ ਦਾ ਹੌਂਸਲਾ ਖ਼ਤਮ ਹੋ ਗਿਆ ਤੇ ਉਸਦਾ ਜਹਾਜ਼ ਉੱਪਰ ਵੱਲ ਨੂੰ ਉਛਲਿਆ; ਜਹਾਜ਼ ਦਾ ਨੀਲਾ ਜਿਹਾ, ਧੁੱਪ ਵਿੱਚ ਚਮਕ ਰਿਹਾ ਹੇਠਲਾ ਹਿੱਸਾ ਉਸ ਦੀਆਂ ਅੱਖਾਂ ਅੱਗੋਂ ਦੀ ਬਿਜਲੀ ਦੀ ਤੇਜ਼ੀ ਨਾਲ ਲੰਘ ਗਿਆ। ਐਨ ਉਸੇ ਵੇਲੇ ਅਲੈਕਸੇਈ ਨੇ ਆਪਣੇ ਸਾਰੇ ਘੋੜੇ ਦਬਾ ਦਿੱਤੇ, ਜਰਮਨ ਨੂੰ ਗੋਲ਼ੀਆਂ ਦੀਆਂ ਤਿੰਨ ਤਾਰਾਂ ਨਾਲ ਸਿਊਂ ਦਿੱਤਾ ਤੇ ਇੱਕਦਮ ਚੱਕਰ ਭੂਆਂ ਦਿੱਤਾ; ਤੇ ਜਦੋਂ ਜ਼ਮੀਨ ਉਸਨੂੰ ਆਪਣੇ ਸਿਰ ਉੱਤੇ ਭੋਂਦੀ ਹੋਈ ਦਿਖਾਈ ਦਿੱਤੀ, ਤਾਂ ਹੀ ਕਿਤੇ ਉਸਦੇ ਕਾਲ਼ੇ ਪਿਛੋਕੜ ਵਿੱਚ ਉਸਨੂੰ ਇੱਕ ਹਵਾਈ ਜਹਾਜ਼ ਬੇਵੱਸੀ ਵਿੱਚ, ਫੜਫੜਾਉਂਦਾ ਦਿਖਾਈ ਦਿੱਤਾ । “ਓਲਿਆ !” ਉਸਨੇ ਜਿੱਤ ਦੇ ਝੱਲ ਵਿੱਚ ਕੂਕ ਛੱਡੀ, ਤੇ ਸਭ ਕੁਝ ਭੁੱਲਦਿਆਂ, ਤੰਗ ਤੰਗ ਚੱਕਰ, ਕੱਟਦਿਆਂ, ਜਰਮਨ ਹਵਾਈ ਜਹਾਜ਼ ਦੀ ਆਖ਼ਰੀ ਯਾਤਰਾ ਵਿਚ ਉਸਦਾ ਸਾਥ ਦੇਂਦਾ ਹੋਇਆ, ਉਹ ਲਾਲ ਲਾਲ ਜੰਗਲੀ ਬੂਟੀਆਂ ਨਾਲ ਢੱਕੀ ਹੋਈ ਜ਼ਮੀਨ ਤੱਕ ਪਹੁੰਚ ਗਿਆ। ਦੁਸ਼ਮਣ ਦਾ ਹਵਾਈ ਜਹਾਜ਼ ਜ਼ਮੀਨ ਨਾਲ ਜਾ ਟਕਰਾਇਆਂ ਤੇ ਕਾਲ਼ੇ ਧੂੰਏਂ ਦਾ ਥੰਮ੍ਹ ਉਠ ਖੜ੍ਹੋਤਾ।
ਸਿਰਫ ਉਦੋਂ ਜਾ ਕੇ ਕਿਤੇ ਉਸਦਾ ਤੰਤੂ-ਤਣਾਅ ਤੇ ਕੱਸੇ ਹੋਏ ਪੱਠੇ ਢਿੱਲੇ ਪਏ, ਜਿਸ ਨਾਲ ਉਸਨੂੰ ਸਖ਼ਤ ਥਕਾਵਟ ਦਾ ਅਹਿਸਾਸ ਹੋਣ ਲੱਗਾ । ਉਸਨੇ ਪੈਟਰੋਲ-ਮਾਪਕ ਯੰਤਰ ਵੱਲ ਦੇਖਿਆ। ਸੂਈ ਲਗਭਗ ਸਿਫ਼ਰ ਦੇ ਨੇੜੇ ਥਰਥਰਾ ਰਹੀ ਸੀ।
ਤਿੰਨ, ਜਾਂ ਹੱਦ ਚਾਰ ਮਿੰਟ ਦੀ ਉਡਾਣ ਲਈ ਪੈਟਰੋਲ ਬਾਕੀ ਰਹਿ ਗਿਆ ਸੀ। ਪਰ ਹਵਾਈ ਅੱਡੇ ਤੱਕ ਵਾਪਸ ਜਾਣ ਉੱਤੇ ਘੱਟੋ ਘੱਟ ਦਸ ਮਿੰਟ ਲਗਣਗੇ, ਤੇ ਕੁਝ ਸਮਾਂ ਉਚਾਣ ਫੜਨ ਉੱਤੇ ਵੀ ਲੱਗੇਗਾ। ਤਬਾਹ ਹੋਏ “ਫੋਕ” ਦੇ ਨਾਲ ਹੇਠਾਂ ਜਾਣਾ ਉਸਦੀ ਬੇਵਕੂਫੀ ਸੀ! “ਮੂਰਖ ਬੱਚੇ ਵਾਂਗ !” ਉਸਨੇ ਆਪਣੇ ਆਪ ਨੂੰ ਝਾੜਿਆ।
ਖ਼ਤਰੇ ਦੀਆਂ ਘੜੀਆਂ ਵਿੱਚ ਜਿਵੇਂ ਕਿ ਬਹਾਦਰ ਤੇ ਸ਼ਾਂਤ ਬੰਦਿਆਂ ਨਾਲ ਹਮੇਸ਼ਾ ਹੁੰਦਾ ਹੈ, ਉਸਦਾ ਦਿਮਾਗ ਸਾਫ਼ ਸੀ ਤੇ ਘੜੀ ਦੀ ਸ਼ੁੱਧਤਾਈ ਨਾਲ ਕੰਮ ਕਰ ਰਿਹਾ ਸੀ। ਕਰਨ ਵਾਲੀ ਪਹਿਲੀ ਗੱਲ ਇਹ ਸੀ ਕਿ ਉਚਾਈ ਫੜੀ ਜਾਏ, ਪਰ ਘੁੰਮ ਕੇ ਨਹੀਂ, ਸਗੋਂ ਹਵਾਈ ਅੱਡੇ ਵੱਲ ਨੂੰ ਟੇਢਿਆਂ ਉੱਡਦੇ ਹੋਏ । ਠੀਕ!
ਆਪਣੇ ਹਵਾਈ ਜਹਾਜ਼ ਨੂੰ ਉਸਨੇ ਉੱਚਿਤ ਦਿਸ਼ਾ ਵਿੱਚ ਪਾਇਆ ਤੇ ਆਪਣੇ ਹੇਠਾਂ ਧਰਤੀ ਨੂੰ ਦੂਰ ਜਾਂਦਿਆਂ ਤੇ ਦੁਮੇਲ ਉੱਤੇ ਧੁੰਦ ਜਿਹੀ ਛਾਂਦਿਆਂ ਦੇਖਦਾ ਹੋਇਆ ਉਹ ਧੀਰਜ ਨਾਲ ਹਿਸਾਬ-ਕਿਤਾਬ ਲਾਉਂਦਾ ਰਿਹਾ। ਪੈਟਰੋਲ ਉੱਤੇ ਭਰੋਸਾ ਕਰਨ ਦਾ ਲਾਭ ਨਹੀਂ ਸੀ । ਜੇ ਮਾਪਕ-ਯੰਤਰ ਜ਼ਰਾ ਖ਼ਰਾਬ ਵੀ ਹੋਵੇ, ਤਾਂ ਵੀ ਉਹ ਕਾਫੀ ਨਹੀਂ ਸੀ। ਕੀ ਅੱਡੇ ਤੱਕ ਪੁੱਜਣ ਤੋਂ ਪਹਿਲਾਂ ਹੀ ਕਿਤੇ ਹਵਾਈ ਜਹਾਜ਼ ਉਤਾਰ ਦੇਵੇ ? ਪਰ ਕਿੱਥੇ ? ਆਪਣੇ ਮਨ ਹੀ ਮਨ ਵਿੱਚ ਉਸਨੇ ਆਪਣੇ ਸਾਰੇ ਛੋਟੇ ਜਿਹੇ ਰਾਹ ਉਪਰ ਨਜ਼ਰ ਮਾਰੀ। ਸਥਾਈ ਮੋਰਚਾਬੰਦੀਆਂ ਦੇ ਖੇਤਰ ਵਿੱਚ ਜੰਗਲ, ਝਾੜੀਆਂ ਨਾਲ ਭਰੀ ਦਲਦਲ ਉੱਚੇ ਨੀਵੇਂ ਮੈਦਾਨ ਸਨ, ਜਿਨ੍ਹਾਂ ਉੱਪਰ ਟੇਢੀਆਂ-ਮੇਢੀਆਂ ਰੇਖਾਵਾਂ ਵਹੀਆਂ ਹੋਈਆਂ ਸਨ, ਬੰਬਾਂ ਤੇ ਗੋਲਿਆਂ ਨਾਲ ਟੋਏ ਪਏ ਹੋਏ ਸਨ ਤੇ ਕੰਢੇਦਾਰ ਤਾਰਾਂ ਦੀ ਭਰਮਾਰ ਸੀ।
“ਨਹੀਂ! ਉੱਤਰਨ ਦਾ ਮਤਲਬ ਹੈ ਮੌਤ!”
ਤਾਂ ਛਲਾਂਗ ਲਾ ਦਿੱਤੀ ਜਾਏ ? ਹਾਂ, ਇਹ ਕੀਤਾ ਜਾ ਸਕਦਾ ਹੈ । ਹੁਣੇ ਹੀ। ਢੱਕਣ ਖੋਹਲੋ, ਜ਼ਰਾ ਕੁ ਮੋੜੋ, ਹੈਂਡਲ ਖਿੱਚੋ, ਜ਼ਰਾ ਕੁ ਉਛਲੋ- ਤੇ ਬੱਸ, ਹੋ ਗਿਆ ਸਾਰਾ ਕੰਮ। ਪਰ ਹਵਾਈ ਜਹਾਜ਼ ਦਾ, ਇਸ ਸ਼ਾਨਦਾਰ, ਤੇਜ਼ ਉੱਡਣ ਵਾਲੇ, ਫੁਰਤੀਲੇ ਪੰਛੀ ਦਾ ਕੀ ਬਣੇਗਾ? ਇਸਦੇ ਲੜਾਕੂ ਗੁਣਾਂ ਨੇ ਉਸਦੀ ਉਸ ਦਿਨ ਤਿੰਨ ਵਾਰੀ ਜਾਨ ਬਚਾਈ ਸੀ । ਇਸਨੂੰ ਛੱਡ ਦਿੱਤਾ ਜਾਏ, ਚਕਨਾਚੂਰ ਹੋਣ ਦਿੱਤਾ ਜਾਏ, ਮੁੜੀ-ਤੁੜੀ ਧਾਤ ਦਾ ਢੇਰ ਬਣਨ ਦਿੱਤਾ ਜਾਏ, ਗੱਲ ਇਹ ਨਹੀਂ ਸੀ ਕਿ ਇਸ ਲਈ ਕੋਈ ਉਸਨੂੰ ਕਸੂਰਵਾਰ ਠਹਿਰਾਏਗਾ। ਇਸਦਾ ਉਸਨੂੰ ਡਰ ਨਹੀਂ ਸੀ। ਅਸਲ ਵਿੱਚ, ਇਹੋ ਜਿਹੀ ਹਾਲਤ ਵਿੱਚ ਛਲਾਂਗ ਲਾ ਦੇਣ ਦਾ ਉਸਦਾ ਹੱਕ ਸੀ । ਉਸ ਘੜੀ ਉਸਨੂੰ ਮਸ਼ੀਨ ਤਗੜੀ, ਵਫ਼ਾਦਾਰ ਜਿਊਂਦੀ-ਜਾਗਦੀ ਚੀਜ਼ ਲੱਗੀ, ਜਿਸਨੂੰ ਛੱਡਣਾ ਘੋਰ ਗ਼ੱਦਾਰੀ ਹੋਵੇਗਾ। ਤੇ ਨਾਲੇ-ਪਹਿਲੀਆਂ ਹੀ ਲੜਾਕਾ ਉਡਾਣਾਂ ਤੋਂ ਮਗਰੋਂ ਆਪਣੇ ਹਵਾਈ ਜਹਾਜ਼ ਤੋਂ ਬਿਨਾਂ ਵਾਪਸ ਜਾਣਾ, ਉਦੋਂ ਤੱਕ ਰਾਖਵੇਂ ਬੰਦਿਆਂ ਵਿੱਚ ਪਏ ਰਹਿਣਾ, ਜਦੋਂ ਤੱਕ ਦੂਜਾ ਹਵਾਈ ਜਹਾਜ਼ ਨਹੀਂ ਮਿਲਦਾ, ਤੇ ਐਸੇ ਸਮੇਂ, ਜਦੋਂ ਮੋਰਚੇ ਉੱਤੇ ਸਾਡੀ ਮਹਾਨ ਜਿੱਤ ਆਰੰਭ ਹੋ ਗਈ ਹੈ, ਹੱਥ ਉੱਤੇ ਹੱਥ ਧਰ ਕੇ ਬੈਠੇ ਰਹਿਣਾ, ਇਹੋ ਜਿਹੇ ਮੌਕੇ ਬਿਨਾਂ ਕੁਝ ਕਰਨ ਦੇ ਐਵੇਂ ਇੱਧਰ ਉੱਧਰ ਘੁੰਮਦੇ ਫਿਰਨਾ।
“ਨਹੀਂ, ਨਹੀਂ, ਮੈਂ ਕਦੀ ਐਸਾ ਨਹੀਂ ਹੋਣ ਦਿਆਂਗਾ !” ਅਲੈਕਸੇਈ ਨੇ ਜ਼ੋਰ ਨਾਲ ਕਿਹਾ, ਜਿਵੇਂ ਕਿ ਉਸ ਅੱਗੇ ਕਿਸੇ ਨੇ ਇਹ ਤਜਵੀਜ਼ ਰੱਖੀ ਹੋਵੇ।
ਉਦੋਂ ਤੱਕ ਸਾਡੇ, ਜਦੋਂ ਤੱਕ ਇੰਜਣ ਬੰਦ ਨਹੀਂ ਹੋ ਜਾਂਦਾ। ਤੇ ਫਿਰ? ਫਿਰ ਦੇਖਾਂਗੇ।
ਤੇ ਉਹ ਉੱਡਦਾ ਗਿਆ, ਪਹਿਲਾਂ ਤਿੰਨ ਹਜ਼ਾਰ ਤੇ ਫਿਰ ਚਾਰ ਹਜ਼ਾਰ ਮੀਟਰ ਦੀ ਉੱਚਾਈ ਉੱਤੇ; ਕੋਈ ਛੋਟਾ ਜਿਹਾ ਇਕਸਾਰ ਮੈਦਾਨ ਲੱਭਣ ਲਈ ਉਹ ਸਥਾਨਕ ਖੇਤਰ ਦੀ ਸੂਖਮ ਦ੍ਰਿਸ਼ਟੀ ਨਾਲ ਦੇਖ-ਰੇਖ ਕਰਦਾ ਜਾ ਰਿਹਾ ਸੀ । ਜਿਸ ਜੰਗਲ ਦੇ ਪਿੱਛੇ ਹਵਾਈ ਅੱਡਾ ਸੀ, ਉਹ ਦੁਮੇਲ ਉੱਤੇ ਦਿਖਾਈ ਦੇਣ ਲੱਗ ਪਿਆ ਸੀ; ਉਹ ਲਗਭਗ ਪੰਦਰਾਂ ਕਿਲੋਮੀਟਰ ਦੂਰ ਸੀ । ਪੈਟਰੋਲ ਦੀ ਸੂਈ ਹੁਣ ਕੰਬ ਨਹੀਂ ਸੀ ਰਹੀ, ਸਗੋਂ ਅਖ਼ੀਰ ਉੱਤੇ ਪੁੱਜ ਕੇ ਦ੍ਰਿੜ੍ਹਤਾ ਨਾਲ ਸਥਿਰ ਹੋ ਗਈ ਸੀ । ਪਰ ਇੰਜਣ ਅਜੇ ਵੀ ਕੰਮ ਕਰ ਰਿਹਾ ਸੀ! ਕਿਹੜੀ ਚੀਜ਼ ਉਸਨੂੰ ਤਾਕਤ ਦੇ ਰਹੀ ਸੀ? ਉੱਚਾ, ਹੋਰ ਉੱਚਾ ਠੀਕ !
ਇੱਕਦਮ, ਉਹ ਇਕਸਾਰ ਭਿਣ-ਭਿਣ, ਜਿਸ ਵੱਲ ਪਾਇਲਟ ਦਾ ਕੰਨ ਉਸੇ ਤਰ੍ਹਾਂ ਹੀ ਧਿਆਨ ਨਹੀਂ ਦੇਂਦਾ ਜਿਸ ਤਰ੍ਹਾਂ ਆਦਮੀ ਆਪਣੇ ਦਿਲ ਦੀ ਧੜਕਣ ਵੱਲ ਧਿਆਨ ਨਹੀਂ ਦੇਂਦਾ, ਕਿਸੇ ਹੋਰ ਸੁਰ ਵਿੱਚ ਬਦਲ ਗਈ। ਅਲੈਕਸੇਈ ਨੇ ਇਸ ਤਬਦੀਲੀ ਨੂੰ ਤੁਰੰਤ ਪਛਾਣ ਲਿਆ। ਜੰਗਲ ਸਪੱਸ਼ਟ ਦਿਖਾਈ ਦੇ ਰਿਹਾ ਸੀ; ਇਹ ਲਗਭਗ ਸੱਤ ਕਿਲੋਮੀਟਰ ਦੂਰ ਸੀ, ਤੇ ਇਹ ਤਿੰਨ ਜਾਂ ਚਾਰ ਕਿਲੋਮੀਟਰ ਚੌੜਾ ਸੀ । ਬਹੁਤਾ ਨਹੀਂ । ਪਰ ਇੰਜਣ ਦੀ ਇਕਸਾਰ ਧੜਕਣ ਵਿੱਚ ਇਹ ਕੁਸ਼ਗਣੀ ਤਬਦੀਲੀ ਆ ਗਈ ਸੀ । ਪਾਇਲਟ ਇਸ ਤਬਦੀਲੀ ਨੂੰ ਆਪਣੀ ਸਾਰੀ ਹੋਂਦ ਨਾਲ ਮਹਿਸੂਸ ਕਰਦਾ ਹੈ, ਜਿਵੇਂ ਕਿ ਇੰਜਣ ਨਾ ਹੋਵੇ, ਸਗੋਂ ਉਹ ਖੁਦ ਸਾਹ ਲਈ ਤੜਫ ਰਿਹਾ ਹੋਵੇ। ਇੱਕਦਮ ਮਨਹੂਸ “ਚਕ-ਚਕ-ਚਕ” ਸੁਣਾਈ ਦਿੱਤੀ, ਜਿਹੜੀ ਉਸਦੇ ਸਾਰੇ ਸਰੀਰ ਵਿੱਚ ਭਿਆਨਕ ਪੀੜ ਵਾਂਗ ਫੈਲ ਗਈ।
“ਨਹੀਂ ! ਸਭ ਠੀਕ ਠਾਕ ਹੈ। ਇਹ ਫਿਰ ਇਕਸਾਰ ਚੱਲ ਰਿਹਾ ਹੈ। ਇਹ ਕੰਮ ਕਰ ਰਿਹਾ ਹੈ! ਹੁੱਰਾ! ਤੇ ਔਹ ਜੰਗਲ ਵੀ ਆ ਗਿਆ ਹੈ!” ਉਹ ਬਰਚੇ ਦੇ ਦਰਖਤਾਂ ਦੀਆਂ ਟੀਸੀਆਂ ਨੂੰ ਹਰੇ ਸਾਗਰ ਵਾਂਗ ਧੁੱਪ ਵਿੱਚ ਲਹਿਰਾਉਂਦਿਆਂ ਦੇਖ ਸਕਦਾ ਸੀ । ਹੁਣ ਹਵਾਈ ਅੱਡੇ ਤੋਂ ਛੁੱਟ ਕਿਤੇ ਵੀ ਜਹਾਜ਼ ਉਤਾਰਨਾ ਅਸੰਭਵ ਸੀ। ਹੁਣ ਸਿਰਫ ਇੱਕੋ ਹੀ ਗੱਲ ਕੀਤੀ ਜਾ ਸਕਦੀ ਸੀ: ਵਧੀ ਚਲੋ, ਹੋਰ ਅੱਗੇ, ਹੋਰ ਅੱਗੇ !
ਚਕ-ਚਕ-ਚਕ !
ਇੰਜਣ ਫਿਰ ਭਿਣ-ਭਿਣ ਕਰਨ ਲੱਗ ਪਿਆ । ਕਾਫ਼ੀ ਦੇਰ ਲਈ ? ਉਹ ਜੰਗਲ ਦੇ ਉੱਪਰ ਸੀ। ਉਸਦੇ ਵਿੱਚੋਂ ਦੀ ਦੌੜਦਾ ਹੋਇਆ ਰੇਤਲਾ ਪਹਿਆ ਉਸਨੂੰ ਇੰਝ ਦਿਖਾਈ ਦੇ ਰਿਹਾ ਸੀ, ਜਿਸ ਤਰ੍ਹਾਂ ਵਿੰਗ ਕਮਾਂਡਰ ਦੇ ਸਿਰ ਵਿਚਲਾ ਚੀਰ । ਹੁਣ ਹਵਾਈ ਅੱਡਾ ਤਿੰਨ ਕਿਲੋਮੀਟਰ ਦੂਰ ਰਹਿ ਗਿਆ ਸੀ: ਇਹ ਉਸ ਦੰਦੇਦਾਰ ਕਿਨਾਰੇ ਤੋਂ ਪਰੇ ਸੀ ਤੇ ਅਲੈਕਸੇਈ ਨੂੰ ਲੱਗਾ ਕਿ ਇਹ ਉਸਨੂੰ ਦਿਖਾਈ ਵੀ ਦੇ ਰਿਹਾ ਹੈ।
ਚਕ-ਚਕ-ਚਕ! ਤੇ ਇਕਦਮ ਚੁੱਪ ਛਾ ਗਈ, ਏਨੀਂ ਡੂੰਘੀ ਚੁੱਪ ਕਿ ਉਸਨੂੰ ਹਵਾ ਵਿੱਚ ਹਵਾਈ ਜਹਾਜ਼ ਦੇ ਹਿੱਸਿਆਂ ਦੀ ਗੁੰਜਾਰ ਵੀ ਸੁਣਾਈ ਦੇਣ ਲੱਗੀ। ਕੀ ਅੰਤ ਆ ਗਿਆ ਹੈ ? ਮਰੇਸੇਯੇਵ ਦੀ ਰੀੜ੍ਹ ਦੀ ਹੱਡੀ ਵਿੱਚ ਕੰਬਣੀ ਦੌੜ ਗਈ। ਛਲਾਂਗ ਲਾ ਦਿੱਤੀ ਜਾਏ ? ਨਹੀਂ ! ਜ਼ਰਾ ਹੋਰ ਅੱਗੇ ਚੱਲ । ਉਸਨੇ ਹਵਾਈ ਜਹਾਜ਼ ਨੂੰ ਢਾਲਵੀਂ ਤਰ੍ਹਾਂ ਉਤਾਰਨ ਦੀ ਅਵਸਥਾ ਵਿੱਚ ਲੈ ਆਂਦਾ ਤੇ ਇਹ ਹੇਠਾਂ ਵੱਲ ਨੂੰ ਤਰਦਾ ਹੋਇਆ ਜਾਣ ਲੱਗਾ, ਇਹ ਕੋਸ਼ਿਸ਼ ਕਰਦਿਆਂ ਕਿ ਇਹ ਜਿੱਥੋਂ ਤੱਕ ਹੋ ਸਕੇ ਪੱਧਰਾ ਰਹੇ ਤੇ ਨਾਲ ਹੀ ਇਹ ਭੁਆਂਟਣੀਆਂ ਨਾ ਖਾਣ ਲੱਗ ਪਵੇ ।
ਹਵਾ ਵਿੱਚ ਪੂਰਨ ਚੁੱਪ-ਚਾਂ ਕਿੰਨੀਂ ਭਿਆਨਕ ਚੀਜ਼ ਸੀ । ਇਹ ਏਨੀਂ ਤੀਬਰ ਸੀ ਕਿ ਠੰਡੇ ਹੋ ਰਹੇ ਇੰਜਣ ਦੀ ਤਿੜ-ਤਿੜ, ਪੁੜ-ਪੁੜੀਆਂ ਵਿੱਚ ਹੁੰਦੀ ਧਕ-ਧਕ, ਤੇ ਤੇਜ਼ ਉਤਾਰੇ ਕਾਰਨ ਉਸਦੇ ਕੰਨਾਂ ਵਿੱਚ ਮੱਚ ਰਿਹਾ ਸ਼ੋਰ ਸੁਣਿਆ ਜਾ ਸਕਦਾ ਸੀ । ਜ਼ਮੀਨ ਉਸਨੂੰ ਅੱਗੋਂ ਦੀ ਮਿਲਣ ਲਈ ਤੇਜ਼ੀ ਨਾਲ ਉੱਪਰ ਆ ਰਹੀ ਸੀ, ਜਿਵੇਂ ਕੋਈ ਧੜਵੈਲ ਚੁੰਬਕ ਇਸਨੂੰ ਹਵਾਈ ਜਹਾਜ਼ ਵੱਲ ਖਿੱਚ ਰਿਹਾ ਹੋਵੇ।
ਹੁਣ ਉਹ ਜੰਗਲ ਦਾ ਸਿਰਾ ਤੇ ਇਸਤੋਂ ਪਾਰ ਹਵਾਈ ਅੱਡੇ ਦਾ ਸਬਜ਼ੇ ਦੇ ਰੰਗ ਦਾ ਟੋਟਾ ਦੇਖ ਸਕਦਾ ਸੀ । ਬਹੁਤ ਦੇਰ ਹੋ ਗਈ ਹੈ? ਪੱਖਾ ਅੱਧਾ ਚੱਕਰ ਕੱਟ ਕੇ ਰੁਕ ਗਿਆ । ਹਵਾ ਵਿੱਚ ਇਸਨੂੰ ਬੇਹਰਕਤ ਹੋਇਆ ਦੇਖਣਾ ਭਿਆਨਕ ਚੀਜ਼ ਸੀ ! ਜੰਗਲ ਬਿਲਕੁਲ ਨੇੜੇ ਸੀ। ਕੀ ਅੰਤ ਆ ਗਿਆ ਸੀ? ਕੀ ਉਹ ਕਦੀਂ ਵੀ ਨਹੀਂ ਜਾਣ ਸਕੇਗੀ ਕਿ ਉਸ ਨਾਲ ਕੀ ਵਾਪਰਿਆ ਸੀ, ਕਿ ਪਿਛਲੇ ਅਠਾਰ੍ਹਾਂ ਮਹੀਨਿਆਂ ਦੇ ਅੰਦਰ ਅੰਦਰ ਉਸਨੇ ਕੈਸੀ ਪਰਾ- ਮਨੁੱਖੀ ਘਾਲਣਾ ਘਾਲੀ ਸੀ, ਕਿ ਆਖ਼ਰ ਉਸਨੇ ਆਪਣਾ ਨਿਸ਼ਾਨਾ ਪ੍ਰਾਪਤ ਕਰ ਲਿਆ ਸੀ, ਉਹ ਅਸਲੀ, ਹਾਂ, ਅਸਲੀ ਇਨਸਾਨ ਬਣ ਗਿਆ ਸੀ, ਪਰ ਇਸ ਨਿਸ਼ਾਨੇ ਨੂੰ ਪ੍ਰਾਪਤ ਕਰਨ ਤੋਂ ਤੁਰੰਤ ਪਿੱਛੋਂ, ਇਸ ਬੇਹੂਦਾ ਢੰਗ ਨਾਲ ਟਕਰਾ ਜਾਣ ਲਈ?
ਛਲਾਂਗ ਲਗਾ ਦਿੱਤੀ ਜਾਏ? ਨਹੀਂ, ਬਹੁਤ ਦੇਰ ਹੋ ਚੁੱਕੀ ਸੀ! ਜੰਗਲ ਉਸਦੇ ਹੇਠਾਂ ਤੇਜ਼ੀ ਨਾਲ ਦੌੜਦਾ ਲੰਘ ਰਿਹਾ ਸੀ ਤੇ ਉਸਦੀ ਇਸ ਤੂਫ਼ਾਨੀ ਉਡਾਣ ਵਿੱਚ ਦਰਖਤਾਂ ਦੀਆਂ ਟੀਸੀਆਂ ਘੁਲਮਿਲ ਕੇ ਲਗਾਤਾਰ ਹਰੇ ਰਾਹਾਂ ਦਾ ਰੂਪ ਧਾਰਨ ਕਰ ਰਹੀਆਂ ਸਨ। ਇਸਤੋਂ ਪਹਿਲਾਂ ਵੀ ਉਹ ਇਸ ਤਰ੍ਹਾਂ ਦੀ ਕੋਈ ਚੀਜ਼ ਦੇਖ ਚੁੱਕਾ ਸੀ । ਕਦੋਂ ? ਲੈ ਹੋਰ ਕਦੋਂ! ਉਸ ਬਸੰਤ ਵਿੱਚ, ਆਪਣੀ ਭਿਆਨਕ ਟੱਕਰ ਦੇ ਸਮੇਂ। ਉਦੋਂ ਵੀ ਹਰੇ ਰਾਹ ਇਸੇ ਤਰ੍ਹਾਂ ਉਸਦੇ ਹੇਠਾਂ ਦੌੜਦੇ ਲੰਘ ਰਹੇ ਸਨ । ਉਸਨੇ ਆਖ਼ਰੀ ਕੋਸ਼ਿਸ਼ ਕੀਤੀ ਤੇ ਹੈਂਡਲ ਖਿੱਚਿਆ।…
8
ਖੂਨ ਜ਼ਿਆਦਾ ਵਹਿ ਜਾਣ ਕਾਰਨ ਪਿਤਰੋਵ ਨੂੰ ਆਪਣੇ ਕੰਨਾਂ ਵਿੱਚ ਘੰਟੀਆਂ ਵੱਜਦੀਆਂ ਸੁਣਾਈ ਦੇਂਦੀਆਂ ਸਨ। ਸਭ ਕੁਝ ਹਵਾਈ ਅੱਡਾ, ਜਾਣੇ-ਪਛਾਣੇ ਚਿਹਰੇ ਤੇ ਢਲਦੇ ਦਿਨ ਦੇ ਸੁਨਹਿਰੀ ਬੱਦਲ – ਇੱਕਦਮ ਝੂਲਣ ਲੱਗ ਪਿਆ, ਤੇ ਹੌਲ਼ੀ ਹੌਲ਼ੀ ਉਲਟ ਹੋ ਗਿਆ ਤੇ ਲੋਪ ਹੋ ਗਿਆ। ਆਪਣੀ ਜ਼ਖਮੀ ਲੱਤ ਨੂੰ ਉਸਨੇ ਹਿਲਾਇਆ ਤੇ ਇਸ ਨਾਲ ਕੋਈ ਸਖ਼ਤ ਪੀੜ ਨੇ ਉਸਨੂੰ ਹੋਸ਼ ਵਿੱਚ ਲੈ ਆਂਦਾ।
“ਉਹ ਅਜੇ ਆਇਆ ਨਹੀਂ ?” ਉਹਨੇ ਪੁੱਛਿਆ। “ਅਜੇ ਨਹੀਂ। ਬੋਲ ਨਾ”, ਜਵਾਬ ਮਿਲਿਆ।
ਕੀ ਇਹ ਹੋ ਸਕਦਾ ਸੀ ਕਿ ਮਰੇਸੇਯੇਵ, ਜਿਹੜਾ ਉਸ ਦਿਨ ਪਰਾਂ ਵਾਲਾ ਫਰਿਸ਼ਤਾ ਬਣ ਉਸ ਜਰਮਨ ਦੇ ਸਾਮ੍ਹਣੇ ਐਨ ਐਸੇ ਮੌਕੇ ਉੱਤੇ ਪਤਾ ਨਹੀਂ ਕਿੱਥੋਂ ਆ ਗਿਆ ਸੀ, ਜਦੋਂ ਪਿਤਰੋਵ ਨੇ ਸਮਝ ਲਿਆ ਸੀ ਕਿ ਉਸਦਾ ਅੰਤ ਆ ਗਿਆ ਹੈ, ਹੁਣ ਕੁਝ ਨਹੀਂ ਰਿਹਾ, ਸਿਵਾਏ ਸੜੀ ਹੋਈ ਚਮੜੀ ਦੇ ਢੇਰ ਦੇ ਜਿਹੜਾ ਗੋਲਿਆਂ ਨਾਲ ਚੀਰੀ ਪਈ ਤੇ ਕੱਟੀ-ਵੱਢੀ ਧਰਤੀ ਉੱਤੇ ਕਿਤੇ ਪਿਆ ਸੀ ? ਤੇ ਕਿ ਸਾਰਜੰਟ-ਮੇਜਰ ਪਿਤਰੋਵ ਆਪਣੇ ਲੀਡਰ ਦੀਆਂ ਕਾਲੀਆਂ, ਜ਼ਰਾ ਕੁ ਮਸਤ ਤੇ ਦਿਆਲੂ ਹੱਸਦੀਆਂ ਅੱਖਾਂ ਕਦੀ ਮੁੜਕੇ ਨਹੀਂ ਦੇਖ ਸਕੇਗਾ? ਕਦੇ ਨਹੀਂ ?
ਵਿੰਗ ਕਮਾਂਡਰ ਨੇ ਆਪਣੀ ਕਮੀਜ਼ ਦੀਆਂ ਬਾਹਾਂ ਹੇਠਾਂ ਕਰ ਲਈਆਂ। ਹੁਣ ਉਸਨੂੰ ਆਪਣੀ ਘੜੀ ਦੇਖਣ ਦੀ ਲੋੜ ਨਹੀਂ ਸੀ। ਆਪਣੇ ਦੋਹਾਂ ਹੱਥਾਂ ਨਾਲ ਆਪਣੇ ਸੰਵਰੇ ਹੋਏ ਵਾਲਾਂ ਨੂੰ ਥਪਕਦਿਆਂ ਉਸਨੇ ਮੱਧਮ ਜਿਹੀ ਅਵਾਜ਼ ਵਿੱਚ ਕਿਹਾ:
“भ्रउभ!”
“ਹੁਣ ਕੋਈ ਉਮੀਦ ਨਹੀਂ ਰਹੀ?” ਕਿਸੇ ਨੇ ਪੁੱਛਿਆ।
“ਨਹੀਂ । ਪੈਟਰੋਲ ਖ਼ਤਮ ਹੋ ਚੁੱਕਾ ਹੈ। ਹੋ ਸਕਦੈ ਉਹ ਕਿਤੇ ਉੱਤਰ ਗਿਆ ਹੋਵੇ, ਜਾਂ ਛਲਾਂਗ ਲਾ ਗਿਆ ਹੋਵੇ। ਇਸ ਸਟਰੈਚਰ ਨੂੰ ਇੱਥੋਂ ਲੈ ਜਾਓ।”
ਕਰਨੈਲ ਮੂੰਹ ਮੋੜ ਕੇ ਉੱਥੋਂ ਚਲਾ ਗਿਆ ਤੇ ਸੀਟੀ ਮਾਰਦਿਆਂ ਬਿਲਕੁਲ ਬੇਸੁਰੇ ਜਿਹੇ ਢੰਗ ਨਾਲ ਕੋਈ ਧੁੰਨ ਕੱਢਣ ਲੱਗਾ । ਪਿਤਰੋਵ ਨੂੰ ਫਿਰ ਆਪਣੇ ਗਲੇ ਵਿੱਚ ਗੱਚ ਉੱਠਦਾ ਮਹਿਸੂਸ ਹੋਇਆ, ਏਨਾਂ ਗਰਮ ਤੇ ਵੱਡਾ ਕਿ ਉਸਦਾ ਲਗਭਗ ਸਾਹ ਘੁੱਟਦਾ ਜਾ ਰਿਹਾ ਸੀ । ਅਜੀਬ ਜਿਹੀ ਖੰਘਣ ਦੀ ਅਵਾਜ਼ ਆਈ। ਹਵਾਈ ਅੱਡੇ ਵਿਚਕਾਰ ਅਜੇ ਵੀ ਚੁੱਪ ਚਾਪ ਖੜ੍ਹੇ ਲੋਕਾਂ ਨੇ ਮੁੜ ਕੇ ਦੇਖਿਆ ਤੇ ਇੱਕਦਮ ਆਪਣੇ ਮੂੰਹ ਫੇਰ ਲਏ। ਜ਼ਖਮੀ ਪਾਇਲਟ ਸਿਸਕੀਆਂ ਭਰ ਰਿਹਾ ਸੀ।
“ਇਸਨੂੰ ਲੈ ਜਾਓ ਇੱਥੋਂ! ਕਿਆ ਬਕਵਾਸ ਹੈ! ” ਗੱਚ ਭਰੀ ਅਵਾਜ਼ ਵਿੱਚ ਕਰਨੈਲ ਕੂਕਿਆਂ ਤੇ ਭੀੜ ਵੱਲੋਂ ਆਪਣਾ ਮੂੰਹ ਫੇਰਦਿਆਂ ਤੇ ਆਪਣੀਆਂ ਅੱਖਾਂ ਸੁੰਗੇੜਦਿਆਂ, ਜਿਵੇਂ ਕਿ ਤੇਜ਼ ਹਵਾ ਤੋਂ ਉਹਨਾਂ ਨੂੰ ਬਚਾ ਰਿਹਾ ਹੋਵੇ, ਉਹ ਉਥੋਂ ਤੁਰ ਪਿਆ।
ਲੋਕ ਖਿੰਡਣ ਲੱਗ ਪਏ, ਪਰ ਐਨ ਉਸ ਵੇਲੇ ਇੱਕ ਹਵਾਈ ਜਹਾਜ਼, ਪ੍ਰਛਾਵੇਂ ਵਾਂਗ ਬੇਅਵਾਜ਼, ਜੰਗਲ ਦੇ ਸਿਰੇ ਉੱਤੇ ਤਰਦਾ ਦਿਖਾਈ ਦਿੱਤਾ; ਉਸਦੇ ਪਹੀਏ ਦਰਖਤਾਂ ਦੀਆਂ ਟੀਸੀਆਂ ਨੂੰ ਛੂਹ ਰਹੇ ਸਨ । ਪਰੇਤ ਵਾਂਗ ਇਹ ਲੋਕਾਂ ਦੇ ਸਿਰਾਂ ਉੱਤੇ ਦੀ ਤਰਦਾ ਲੰਘਿਆ, ਜ਼ਮੀਨ ਤੱਕ ਗਿਆ, ਤੇ ਜਿਵੇਂ ਕਿ ਜ਼ਮੀਨ ਇਸਨੂੰ ਖਿੱਚ ਰਹੀ ਹੋਵੇ, ਤਿੰਨਾਂ ਤੇ ਤਿੰਨਾਂ ਪਹੀਆਂ ਨਾਲ ਘਾਹ ਨੂੰ ਜਾ ਛੁਹਿਆ। ਬੈਠੀ ਜਿਹੀ ਧੜੱਮ ਦੀ ਅਵਾਜ਼, ਬੱਜਰੀ ਦੀ ਚਰ ਚਰ ਤੇ ਘਾਹ ਦੀ ਸਰ ਸਰ ਸੁਣਾਈ ਦਿੱਤੀ, ਜਿਹੜੀ ਸਧਾਰਨ ਚੀਜ਼ ਨਹੀਂ ਸੀ, ਕਿਉਂਕਿ ਉਤਰਨ ਵੇਲੇ ਇੰਜਣਾਂ ਦੀ ਖੱਪ ਕਾਰਨ ਪਾਇਲਟ ਇਸਨੂੰ ਕਦੀ ਵੀ ਨਹੀਂ ਸੁਣ ਸਕਦੇ। ਇਹ ਸਾਰਾ ਕੁਝ ਇੰਝ ਅਚਨਚੇਤ ਵਾਪਰ ਗਿਆ ਕਿ ਕਿਸੇ ਨੂੰ ਪਤਾ ਵੀ ਨਾ ਲੱਗਾ ਕਿ ਕੀ ਹੋ ਗਿਆ ਹੈ, ਭਾਵੇਂ ਕਿ ਇਹ ਬੇਹੱਦ ਸਧਾਰਨ ਗੱਲ ਸੀ: ਇਕ ਹਵਾਈ ਜਹਾਜ਼ ਉੱਤਰ ਆਇਆ ਸੀ, ਤੇ ਇਹ “ਨੰਬਰ 11” ਹਵਾਈ ਜਹਾਜ਼ ਸੀ, ਬਿਲਕੁਲ ਉਹੀ, ਜਿਸਦੀ ਉਹ ਏਨੀਂ ਫ਼ਿਕਰਮੰਦੀ ਨਾਲ ਉਡੀਕ ਕਰ ਰਹੇ ਸਨ।
“ਉਹੀ ਹੈ!” ਕੋਈ ਚੀਕਵੀਂ, ਗੈਰ-ਕੁਦਰਤੀ ਅਵਾਜ਼ ਵਿੱਚ ਚੀਕਿਆ ਤੇ ਸਾਰੇ ਆਪਣੀ ਨੀਮ-ਹੋਸ਼ੀ ਵਿੱਚੋਂ ਨਿੱਕਲ ਆਏ ।
ਹਵਾਈ ਜਹਾਜ਼ ਨੇ ਦੌੜਦਾ ਬੰਦ ਕੀਤਾ ਤੇ ਹਵਾਈ ਅੱਡੇ ਦੇ ਸਿਰੇ ਉੱਤੇ ਲਵੇ ਲਵੇ, ਘੁੰਗਰਾਲੇ, ਚਿੱਟੇ ਛਿਲਕੇ ਵਾਲੇ ਬਰਚੇ ਦੇ ਦਰਖਤਾਂ ਦੀ ਕੰਧ ਦੇ ਸਾਮ੍ਹਣੇ ਜਾ ਕੇ ਰੁੱਕ ਗਿਆ ਦਰੱਖਤ ਡੁੱਬਦੇ ਸੂਰਜ ਦੀਆਂ ਸੰਗਤਰੇ-ਰੰਗੀਆਂ ਕਿਰਨਾਂ ਨਾਲ ਰੌਸ਼ਨ ਹੋਏ ਹੋਏ ਸਨ।
ਇੱਕ ਵਾਰੀ ਫਿਰ, ਕਾਕਪਿੱਟ ਵਿੱਚੋਂ ਕੋਈ ਨਾ ਨਿੱਕਲਿਆ । ਲੋਕ, ਜਿੰਨੀ ਤੇਜ਼ ਹੋ ਸਕਦਾ ਸੀ, ਦੌੜਦੇ, ਹਫਤੇ ਤੇ ਠਣਕਦੇ ਮੱਥਿਆ ਨਾਲ ਹਵਾਈ ਜਹਾਜ਼ ਵੱਲ ਆਏ । ਸਭ ਦੇ ਅੱਗੇ ਅੱਗੇ ਕਰਨੈਲ ਸੀ । ਉਹ ਛਲਾਂਗ ਮਾਰ ਤੇ ਪਰ ਉੱਤੇ ਚੜ੍ਹਿਆ, ਕਾਕਪਿੱਟ ਦਾ ਢੱਕਣ ਹਟਾਇਆ ਤੇ ਅੰਦਰ ਦੇਖਣ ਲੱਗਾ। ਮਰੇਸੇਯੇਵ ਨੰਗੇ ਸਿਰ, ਹੁਨਾਲੀ ਬੱਦਲ ਵਰਗੇ ਬੱਗੇ ਮੂੰਹ ਨਾਲ, ਤੇ ਖੂਨ ਤੋਂ ਖਾਲੀ ਹਰੇ ਹਰੇ ਜਿਹੇ ਬੁੱਲ੍ਹਾਂ ਉੱਪਰ ਮੁਸਕ੍ਰਾਹਟ ਨਾਲ ਉੱਥੇ ਬੈਠਾ ਸੀ । ਦੰਦਾਂ ਨਾਲ ਕੱਟੇ ਬੁੱਲ੍ਹਾਂ ਤੋਂ ਉਸਦੀ ਠੋਡੀ ਉੱਤੇ ਖੂਨ ਦੀਆਂ ਦੋ ਧਾਰਾਂ ਵਹਿ ਰਹੀਆਂ ਸਨ।
“ਜਿਊਂਦਾ ਹੈ ? ਕੋਈ ਸੱਟ ਤਾਂ ਨਹੀਂ ਲੱਗੀ?”
ਮਰੇਸੇਯੇਵ ਕਮਜ਼ੋਰੀ ਜਿਹੀ ਨਾਲ ਮੁਸਕਾਇਆਂ ਤੇ ਬਿਲਕੁਲ ਥੱਕੀਆਂ ਅੱਖਾਂ ਨਾਲ ਕਰਨੈਲ ਵੱਲ ਦੇਖਦਾ ਹੋਇਆ ਬੋਲਿਆ:
“ਮੈਂ ਠੀਕ-ਠਾਕ ਹਾਂ; ਸਿਰਫ ਘਬਰਾ ਗਿਆ ਸਾਂ । ਛੇ ਕੁ ਕਿਲੋਮੀਟਰ ਤਾਂ ਇੱਕ ਤੁਪਕਾ ਵੀ ਪੈਟਰੋਲ ਦਾ ਬਾਕੀ ਨਹੀਂ ਸੀ ਬਚਿਆ।”
ਪਾਇਲਟਾਂ ਨੇ ਉੱਚੀ ਉੱਚੀ ਅਲੈਕਸੇਈ ਨੂੰ ਵਧਾਈਆਂ ਦਿੰਦਿਆਂ ਤੇ ਉਸ ਨਾਲ ਹੱਥ ਮਿਲਾਉਂਦਿਆਂ ਜਹਾਜ਼ ਦੁਆਲੇ ਝੁਰਮਟ ਪਾ ਲਿਆ ।
“ਆਰਾਮ ਨਾਲ, ਦੋਸਤੋਂ, ਕਿਤੇ ਜਹਾਜ਼ ਦੇ ਪਰ ਨਾ ਤੋੜ ਦੇਣਾ। ਮੈਨੂੰ ਬਾਹਰ ਨਿੱਕਲ ਲੈਣ ਦਿਓ!” ਅਲੈਕਸੇਈ ਨੇ ਮੁਸਕ੍ਰਾਉਂਦਿਆ ਹੋਇਆ ਉਹਨਾਂ ਨੂੰ ਝਿੜਕ ਮਾਰੀ ।
ਉਸ ਵੇਲੇ, ਉਸ ਦੇ ਦੁਆਲੇ ਪਈ ਸਿਰਾਂ ਦੀ ਭੀੜ ਤੋਂ ਹੇਠੋਂ, ਉਸਨੂੰ ਜਾਣੀ ਪਛਾਣੀ ਅਵਾਜ਼ ਸੁਣਾਈ ਦਿੱਤੀ; ਇਹ ਏਨੀ ਮੱਧਮ ਸੀ ਕਿ ਕਿਤੋਂ ਬੜੀ ਦੂਰੋਂ ਆਉਂਦੀ ਲੱਗਦੀ ਸੀ:
“ਅਲਿਊਸ਼ਾ, ਅਲਿਊਸ਼ਾ!”
ਮਰੇਸੇਯੇਵ ਵਿੱਚ ਇੱਕਦਮ ਮੁੜ ਸੱਤਾ ਆ ਗਈ । ਉਹ ਉਛਲਿਆ ਤੇ, ਆਪਣੀਆਂ ਬਾਹਾਂ ਦੇ ਆਸਰੇ ਕੋਸ਼ਿਸ਼ ਨਾਲ ਉੱਪਰ ਹੁੰਦਿਆਂ, ਆਪਣੇ ਪੈਰ ਕੁਢੱਬੀ ਜਿਹੀ ਤਰ੍ਹਾਂ ਕਾਕਪਿੱਟ ਦੇ ਪਾਸੇ ਵੱਲੋਂ ਬਾਹਰ ਸੁੱਟੇ, ਤੇ ਜ਼ਮੀਨ ਉੱਤੇ ਛਾਲ ਮਾਰ ਦਿੱਤੀ।
ਪਿਤਰੋਵ ਦਾ ਮੂੰਹ ਉਸ ਸਿਰਹਾਣੇ ਨਾਲ ਇੱਕਮਿੱਕ ਹੋਇਆ ਲੱਗਦਾ ਸੀ, ਜਿਸ ਉੱਤੇ ਉਹ ਪਿਆ ਸੀ । ਉਸਦੀਆਂ ਅੱਖਾਂ ਦੇ ਡੂੰਘੇ, ਕਾਲੇ ਟੋਇਆਂ ਵਿੱਚ ਦੋ ਵੱਡੇ ਵੱਡੇ ਅੱਥਰੂ ਸਨ।
“ਉਏ, ਤੂੰ ਜਿਊਂਦੈਂ! ਤੂੰ… ਸ਼ੈਤਾਨ ਆਦਮੀ!” ਅਲੈਕਸੇਈ ਸਟਰੈਚਰ ਦੇ ਕੋਲ ਆਪਣੇ ਗੋਡਿਆਂ ਭਾਰ ਹੁੰਦਾ ਹੋਇਆ ਚੀਕਿਆ। ਉਸਨੇ ਆਪਣੇ ਸਾਥੀ ਦਾ ਬੇਵੱਸ ਸਿਰ ਆਪਣੇ ਹੱਥਾਂ ਵਿੱਚ ਲਿਆ ਤੇ ਕਸ਼ਟ ਸਹਿ ਰਹੀਆਂ, ਪਰ ਤਾਂ ਵੀ ਖੁਸ਼ੀ ਨਾਲ਼ ਲਿਸ਼ਕ ਰਹੀਆਂ ਅੱਖਾਂ ਵਿੱਚ ਦੇਖਿਆ।
“ਤੂੰ ਜਿਊਂਦਾ ਹੈ!”
“ਸ਼ੁਕਰੀਆ ਅਲਿਊਸ਼ਾ, ਤੂੰ ਮੈਨੂੰ ਬਚਾਇਆ ਹੈ । ਤੂੰ ਅਲਿਊਸ਼ਾ ਤੂੰ ਤਾਂ… ”
“ਲਾਅਣਤ ਹੈ ਤੁਹਾਡੇ ਸਾਰਿਆਂ ਤੇ! ਜ਼ਖਮੀ ਨੂੰ ਇੱਥੋਂ ਲੈ ਜਾਓ! ਮੂਰਖਾਂ ਵਾਂਗ ਮੂੰਹ ਅੱਡੀ ਇੱਥੇ ਕਿਸ ਤਰ੍ਹਾਂ ਖੜ੍ਹੇ!” ਕਰਨੈਲ ਦੀ ਗੜ੍ਹਕਵੀਂ ਅਵਾਜ਼ ਸੁਣਾਈ ਦਿੱਤੀ।
ਕਰਨੈਲ ਕੋਲ ਹੀ ਖੜ੍ਹਾ ਸੀ, ਮਧਰਾ ਜਿਹਾ, ਫੁਰਤੀਲਾ, ਆਪਣੀਆਂ ਮਜ਼ਬੂਤ ਲੱਤਾਂ ਉੱਤੇ ਝੂਲਦਾ ਹੋਇਆ; ਉਸਦੇ ਨੀਲੇ ਓਵਰਾਲ ਦੀ ਪਤਲੂਨ ਦੇ ਹੇਠੋਂ ਲਿਸ਼ਕਦੇ ਹੋਏ ਬੂਟ ਦਿਖਾਈ ਦੇ ਰਹੇ ਸਨ।
“ਸੀਨੀਅਰ ਲੈਫ਼ਟੀਨੈਂਟ ਮਰੇਸੇਯੇਵ, ਆਪਣੀ ਉਡਾਣ ਬਾਰੇ ਰੀਪੋਰਟ ਦਿਓ। ਕੋਈ ਜਹਾਜ਼ ਫੁੰਡਿਆ ?” ਉਸਨੇ ਅਫ਼ਸਰੀ ਅੰਦਾਜ਼ ਨਾਲ਼ ਪੁੱਛਿਆ।
“ਹਾਂ, ਸਾਥੀ ਕਰਨੈਲ । ਦੋ ‘ਫੋਕ-ਵੋਲਫ ।”
“ਕਿੰਨਾਂ ਹਾਲਤਾਂ ਵਿੱਚ ?”
“ਇੱਕ ਸਿਧੇ ਹੇਠਾਂ ਨੂੰ ਹਮਲਾ ਕਰਦਿਆਂ। ਉਹ ਪਿਤਰੋਵ ਦੇ ਪਿੱਛੇ ਪਿਆ ਹੋਇਆ ਸੀ । ਤੇ ਦੂਜਾ ਸਿੱਧਾ ਸਾਮ੍ਹਣੇ ਵੱਲ ਨੂੰ ਹਮਲੇ ਦੇ ਦੌਰਾਨ, ਆਮ ਲੜਾਈ ਦੇ ਹਲਕੇ ਤੇ ਲਗਭਗ ਤਿੰਨ ਕਿਲੋਮੀਟਰ ਉੱਤਰ ਵੱਲ।”
“ਮੈਨੂੰ ਪਤੈ। ਜ਼ਮੀਨ ਤੋਂ ਨਿਗਾਹ ਰੱਖਣ ਵਾਲ਼ੇ ਨੇ ਹੁਣੇ ਹੀ ਰੀਪੋਰਟ ਦਿੱਤੀ ਹੈ।…. ਸ਼ੁਕਰੀਆ।”
“ਸੋਵੀਅਤ..”, ਅਲੈਕਲੇਈ ਨੇ ਨਿਯਮ ਅਨੁਸਾਰ ਜਵਾਬ ਦੇਣ ਦੀ ਇੱਛਾ ਨਾਲ ਕਹਿਣਾ ਸ਼ੁਰੂ ਕੀਤਾ, ਪਰ ਕਰਨੈਲ ਨੇ ਜਿਹੜਾ ਕਿ ਨਿਯਮਾਂ ਦੇ ਮਾਮਲੇ ਵਿੱਚ ਏਨਾਂ ਕਰੜਾ ਸੀ, ਉਸਨੂੰ ਵਿੱਚੇ ਹੀ ਟੋਕਿਆ ਤੇ ਗੈਰ-ਰਸਮੀ ਅੰਦਾਜ਼ ਵਿਚ ਬੋਲਿਆ:
“ਠੀਕ ਹੈ ! ਭਲਕੇ ਤੂੰ ਕਮਾਨ ਸੰਭਾਲੇਗਾ. ਸੁਕਾਡਰਨ ਨੰਬਰ ਤਿੰਨ ਦਾ ਕਮਾਂਡਰ ਅੱਡੇ ਉੱਤੇ ਵਾਪਸ ਨਹੀਂ ਪਰਤਿਆ।”
ਉਹ ਇਕੱਠੇ ਕਮਾਨ ਚੌਂਕੀ ਵੱਲ ਤੁਰ ਪਏ। ਕਿਉਂਕਿ ਦਿਹਾੜੀ ਦੀ ਉਡਾਣ ਖ਼ਤਮ ਹੋ ਗਈ ਸੀ, ਸੋ ਸਾਰਾ ਅਮਲਾ ਉਹਨਾਂ ਦੇ ਮਗਰ ਮਗਰ ਤੁਰ ਪਿਆ। ਉਹ ਕਮਾਨ ਚੌਂਕੀ ਦੇ ਹਰੇ ਜਿਹੇ ਟਿਬੇ ਦੇ ਨੇੜੇ ਹੀ ਸਨ ਜਦੋਂ ਡਿਊਟੀ ਅਫ਼ਸਰ ਦੌੜਦਾ ਹੋਇਆ ਉਹਨਾਂ ਵੱਲ ਆਇਆ। ਉਹ ਕਰਨੈਲ ਦੇ ਸਾਮ੍ਹਣੇ ਆ ਕੇ ਤਣ ਕੇ ਖੜ੍ਹੋ ਗਿਆ । ਉਹ ਨੰਗੇ ਸਿਰ ਸੀ, ਬੜਾ ਖੁਸ਼ ਖੁਸ਼ ਤੇ ਉਤੇਜਿਤ ਲੱਗ ਰਿਹਾ ਸੀ; ਤੇ ਉਸਨੇ ਕੁਝ ਕਹਿਣ ਲਈ ਅਜੇ ਮੂੰਹ ਖੋਹਲਿਆ ਸੀ ਕਿ
ਕਰਨੈਲ ਨੇ ਖੁਸ਼ਕ, ਕਰੜੀ ਅਵਾਜ਼ ਵਿੱਚ ਉਸਨੂੰ ਟੋਕਿਆ:
“ਤੂੰ ਸਿਰੋਂ ਕਿਉਂ ਖਾਲੀ ਹੈ ? ਤੂੰ ਕੀ ਸੋਚਦੈਂ ਕਿ ਤੂੰ ਕੋਈ ਸਕੂਲ ਦਾ ਮੁੰਡਾ ਹੈ ਅੱਧੀ ਛੁੱਟੀ ਵੇਲੇ ?”
“ਸਾਥੀ ਕਰਨੈਲ, ਰਿਪੋਰਟ ਕਰਨ ਦੀ ਆਗਿਆ ਦਿਓ,” ਉਤੇਜਿਤ ਹੋਏ ਹੋਏ ਲੈਫ਼ਟੀਨੈਂਟ ਨੇ ਸਾਵਧਾਨ ਖੜ੍ਹੇ ਹੁੰਦਿਆਂ ਤੇ ਮਸਾਂ ਸਾਹ ਲੈਂਦਿਆਂ ਕਿਹਾ।
“ਅੱਛਾ ?”
“ਸਾਡਾ ਗੁਆਂਢੀ, ‘ਯਾਕਾ’ ਦਾ ਕਮਾਂਡਰ, ਟੈਲੀਫੋਨ ਉੱਤੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੈ।”
“ਸਾਡਾ ਗੁਆਂਢੀ ? ਉਸਨੂੰ ਕੀ ਚਾਹੀਦੈ?”
ਕਰਨੈਲ ਤੇਜ਼ ਤੇਜ਼ ਚੱਲਦਾ ਭੋਰੇ ਵੱਲ ਤੁਰ ਪਿਆ।
“ਇਹ ਤੁਹਾਡੇ ਬਾਰੇ ਹੈ…”, ਡਿਊਟੀ ਅਫ਼ਸਰ ਨੇ ਅਲੈਕਸੇਈ ਨੂੰ ਕਹਿਣਾ ਸ਼ੁਰੂ ਕੀਤਾ, دو
ਪਰ ਹੇਠੋਂ ਕਰਨੈਲ ਦੀ ਅਵਾਜ਼ ਆਈ:
“ਮਰੇਸੇਯੇਵ ਨੂੰ ਮੇਰੇ ਕੋਲ ਭੇਜੋ !”
ਜਦੋਂ ਮਰੇਸੇਯੇਵ ਉਸਦੇ ਸਾਮ੍ਹਣੇ ਤਣ ਕੇ, ਪਾਸਿਆਂ ਵੱਲ ਹੱਥ ਕਰਕੇ, ਸਾਵਧਾਨ ਖੜਾ ਸੀ, ਤਾਂ ਕਰਨੈਲ ਨੇ ਟੈਲੀਫੂਨ ਦੇ ਰਸੀਵਰ ਉੱਤੇ ਆਪਣੀ ਹਥੇਲੀ ਰੱਖ ਲਈ ਗੁੱਸੇ ਨਾਲ ਗੁਰਾਇਆ:
“ਤੂੰ ਮੈਨੂੰ ਗ਼ਲਤ ਰਿਪੋਰਟ ਕਿਉਂ ਦਿੱਤੀ ਹੈ ? ਸਾਡਾ ਗੁਆਂਢੀ ਜਾਨਣਾ ਚਾਹੁੰਦੈ ਕਿ ‘ਨੰਬਰ 11′ ਨੂੰ ਕੌਣ ਉਡਾ ਰਿਹਾ ਸੀ ? ਮੈਂ ਕਿਹਾ ‘ਮਰੇਸੇਯੇਵ, ਸੀਨੀਅਰ ਲੈਫ਼ਟੀਨੈਂਟ ।’ ਤਾਂ ਉਹ ਪੁੱਛਣ ਲੱਗਾ, ‘ਉਸਦੇ ਨਾਂ ਤੁਸੀਂ ਕਿੰਨੇ ਹਵਾਈ ਜਹਾਜ਼ ਲਿਖੇ ਨੇ ?’ ਮੈਂ ਕਿਹਾ, ‘ਦੋ’। ਤਾਂ ਉਹ ਬੋਲਿਆ, ‘ਇੱਕ ਹੋਰ ਉਹਦੇ ਨਾਂ ਲਿਖ ਲਵੋ | ਉਸਨੇ ਮੇਰੇ ਪਿਛੇ ਚੰਬੜੇ ਹੋਏ ‘ਫੋਕ- ਵੋਲਫ਼’ ਨੂੰ ਡੇਗਿਆ ਸੀ । ਮੈਂ ਆਪਣੀਆਂ ਅੱਖਾਂ ਨਾਲ ਉਸਨੂੰ ਡਿੱਗਦਿਆਂ ਦੇਖਿਆ ਸੀ ।’ ਸੋ ! ਤੂੰ ਆਪਣੀ ਸਫ਼ਾਈ ਵਿੱਚ ਕੀ ਕਹਿਣੈ?” ਕਰਨੈਲ ਨੇ ਤਿਊੜੀਆਂ ਵੱਟਦਿਆਂ ਅਲੈਕਸੇਈ ਵੱਲ ਦੇਖਿਆ। ਇਹ ਕਹਿਣਾ ਮੁਸ਼ਕਲ ਸੀ ਕਿ ਉਹ ਮਜ਼ਾਕ ਕਰ ਰਿਹਾ ਹੈ ਜਾਂ ਗੰਭੀਰ ਸੀ। “ਸੋ, ਇਹ ਠੀਕ ਹੈ ? ਆਹ ਲੈ, ਆਪ ਹੀ ਉਸ ਨਾਲ ਗੱਲ ਕਰ ਲੈ। ਹੈਲੋ! ਸੁਣ ਰਹੇ ਹੋ ? ਸੀਨੀਅਰ ਲੈਫ਼ਟੀਨੈਂਟ ਮਰੇਸੇਯੇਵ ਤੁਹਾਡੇ ਨਾਲ ਗੱਲ ਕਰ ਰਿਹੈ। ਮੈਂ ਉਸਨੂੰ ਰਸੀਵਰ ਦੇ ਰਿਹਾ ਹਾਂ।”
ਇੱਕ ਅਣਜਾਤੀ, ਬੈਠੀ ਜਿਹੀ ਮੋਟੀ ਅਵਾਜ਼ ਸੁਣਾਈ ਦਿੱਤੀ:
“ਸ਼ੁਕਰੀਆਂ, ਸੀਨੀਅਰ ਲੈਫ਼ਟੀਨੈਂਟ ਕਮਾਲ ਕਰ ਦਿਖਾਈ ਅੱਜ ਤੁਸੀਂ ! ਮੈਂ ਤੁਹਾਡੀ ਸ਼ਲਾਘਾ ਕਰਦਾ ਹਾਂ। ਤੁਸੀਂ ਮੈਨੂੰ ਬਚਾ ਲਿਆ ਹੈ। ਮੈਂ ਇਸਨੂੰ ਬਿਲਕੁਲ ਜ਼ਮੀਨ ਤੱਕ ਜਾਂਦਿਆਂ ਤੇ ਚਕਨਾਚੂਰ ਹੁੰਦਿਆ ਦੇਖਿਆ ਸੀ।… ਪੀਂਦੇ ਹੋ ? ਕਦੀ ਮੇਰੀ ਕਮਾਨ ਚੌਂਕੀ ਉੱਤੇ ਆਉਣਾ। ਇੱਕ ਲਿਟਰ ਸ਼ਰਾਬ ਮੇਰੇ ਵੱਲ ਰਹੀ। ਅੱਛਾ, ਸ਼ੁਕਰੀਆਂ, ਇੱਕ ਵਾਰੀ ਫਿਰ। ਮਿਲ ਕੇ ਹੱਥ ਮਿਲਾਂਵਗੇ। ਤਾਂ ਫਿਰ ਹੁਣ ਕੰਮ ਕਰੋ।”
ਮਰੇਸੇਯੇਵ ਨੇ ਰਸੀਵਰ ਹੇਠਾਂ ਰੱਖ ਦਿੱਤਾ। ਉਹ ਆਪਣੇ ਨਾਲ ਵਾਪਰੇ ਸਾਰੇ ਕੁਝ ਤੋਂ ਮਗਰੋਂ ਏਨਾਂ ਥੱਕ ਚੁੱਕਾ ਸੀ ਕਿ ਉਸ ਲਈ ਖੜ੍ਹਾ ਰਹਿਣਾ ਵੀ ਮੁਸ਼ਕਲ ਸੀ। ਉਸਦੇ ਦਿਮਾਗ ਵਿੱਚ ਇੱਕੋਂ ਇੱਕ ਖਿਆਲ ਸੀ ਕਿ ਜਿੰਨੀ ਜਲਦੀ ਹੋ ਸਕੇ “ਛੁਛੂੰਦਰ ਨਗਰ” ਤੱਕ ਪਹੁੰਚਿਆ ਜਾਏ, ਆਪਣੇ ਭੋਰੇ ਵਿੱਚ ਜਾਇਆਂ ਜਾਏ, ਬਣਾਵਟੀ ਪੈਰ ਲਾਹ ਮਾਰੇ ਜਾਣ ਤੇ ਥੜੇ ਉਪਰ ਲੱਤਾਂ ਪਸਾਰ ਕੇ ਪੈ ਜਾਇਆ ਜਾਏ । ਘੜੀ ਕੁ ਲਈ ਟੈਲੀਫੂਨ ਦੇ ਆਸੇ-ਪਾਸੇ ਕੁਢੱਬੇ ਜਿਹੇ ਢੰਗ ਨਾਲ ਕਦਮ ਪੁੱਟਦਿਆਂ, ਉਹ ਹੌਲ਼ੀ ਹੌਲ਼ੀ ਦਰਵਾਜ਼ੇ ਵੱਲ ਚੱਲ ਪਿਆ।
“ਕਿੱਥੇ ਜਾ ਰਿਹੈਂ ?” ਕਰਨੈਲ ਨੇ ਉਸਦਾ ਰਾਹ ਰੋਕਦਿਆਂ ਕਿਹਾ। ਉਸਨੇ ਮਰੇਸੇਯੇਵ ਦਾ ਹੱਥ ਫੜਿਆ ਤੇ ਆਪਣੇ ਨਿੱਕੇ ਜਿਹੇ, ਕਰੜੇ ਹੱਥ ਨਾਲ ਇਸਨੂੰ ਇੰਝ ਜ਼ੋਰ ਦੀ ਦਬਾਇਆ ਕਿ ਇਹ ਦਰਦ ਕਰਨ ਲੱਗ ਪਿਆ । “ਖੈਰ, ਮੈਂ ਤੈਨੂੰ ਕੀ ਕਹਿ ਸਕਦਾ ਹਾਂ ? ਚੰਗਾ ਮੁੰਡਾ ਹੈਂ ਤੂੰ ! ਮੈਨੂੰ ਮਾਨ ਏ ਕਿ ਤੇਰੇ ਵਰਗੇ ਬੰਦੇ ਮੇਰੇ ਹੇਠਾਂ ਕੰਮ ਕਰ ਰਹੇ ਨੇ। ਅੱਛਾ, ਹੋਰ ਕੀ? ਸ਼ੁਕਰੀਆ।… ਹਾਂ, ਤੇ ਉਹ ਤੇਰਾ ਦੋਸਤ ਵੀ, ਮੇਰਾ ਮਤਲਬ ਪਿਤਰੋਵ। ਉਹ ਵੀ ਚੰਗਾ ਮੁੰਡਾ ਹੈ। ਤੇ ਦੂਜੇ ਵੀ… ਮੈਂ ਦਸ ਦਿਆਂ ਕਿ ਤੇਰੇ ਵਰਗੇ ਬੰਦਿਆਂ ਦੇ ਹੁੰਦਿਆਂ ਅਸੀਂ ਜੰਗ ਨਹੀਂ ਹਾਰ ਸਕਦੇ ।”
ਤੇ ਇੱਕ ਵਾਰੀ ਫਿਰ ਉਸਨੇ ਜ਼ੋਰ ਦੀ ਮਰੇਸੇਯੇਵ ਦਾ ਹੱਥ ਘੁਟਿਆ।
ਭੋਰੇ ਤੱਕ ਪਹੁੰਚਦਿਆਂ ਰਾਤ ਪੈ ਚੁੱਕੀ ਸੀ, ਪਰ ਉਹ ਸੌਂ ਨਾ ਸਕਿਆ। ਉਸਨੇ ਸਿਰਹਾਣਾ ਉਲਟਾ ਕਰ ਲਿਆ, ਇੱਕ ਹਜ਼ਾਰ ਤੱਕ ਗਿਣਿਆ ਤੇ ਫਿਰ ਉਲਟੀ ਗਿਣਤੀ ਕਰਨ ਲੱਗ ਪਿਆ; ਆਪਣੇ ਸਾਰੇ ਉਹਨਾਂ ਜਾਣੂਆਂ ਨੂੰ ਯਾਦ ਕਰਨ ਲੱਗ ਪਿਆ, ਜਿਨ੍ਹਾਂ ਦੇ ਨਾਂ “ਊੜੇ” ਨਾਲ ਸ਼ੁਰੂ ਹੁੰਦੇ ਸਨ ਫਿਰ “ਐੜੇ” ਵਾਲੇ ਤੇ ਇਸ ਤਰ੍ਹਾਂ ਹੋਰ ਨਾਂ ਯਾਦ ਕਰਨ ਲੱਗ ਪਿਆ, ਤੇ ਫਿਰ ਬਿਨਾਂ ਅੱਖਾਂ ਝਮਕਿਆ ਉਹ ਮਿੱਟੀ ਦੇ ਤੇਲ ਵਾਲੀ ਬੱਤੀ ਦੀ ਨਿੰਮੀ ਜਿਹੀ ਲਾਟ ਵੱਲ ਦੇਖਦਾ ਰਿਹਾ – ਪਰ ਨੀਂਦ ਲਿਆਉਣ ਦੇ ਇਹ ਸਾਰੇ ਚੰਗੇ ਅਜ਼ਮਾਏ ਹੋਏ ਢੰਗ ਬੇਅਸਰ ਸਾਬਤ ਹੋਏ। ਜਿਉਂ ਹੀ ਉਹ ਆਪਣੀਆਂ ਅੱਖਾਂ ਮੀਟਦਾ ਕਿ ਉਸਦੇ ਸਾਮ੍ਹਣੇ ਜਾਣੀਆਂ-ਪਛਾਣੀਆਂ ਤਸਵੀਰਾਂ ਉੱਠ ਖੜ੍ਹੀਆਂ ਹੁੰਦੀਆਂ, ਕਦੀ ਬੜੀਆਂ ਸਾਫ਼ ਕਦੀ ਹਨੇਰੇ ਵਿਚ ਮਸਾਂ ਪਛਾਣੀਆਂ ਜਾਣ ਵਾਲੀਆਂ: ਆਪਣੇ ਚਾਂਦੀ ਵਰਗੇ ਵਾਲਾਂ ਦੇ ਹੇਠੋਂ ਦੀ ਉਸ ਵੱਲ ਦੇਖ ਰਹੀਆਂ ਬਾਬਾ ਮਿਖਾਇਲ ਦੀਆਂ ਪੀੜਤ ਅੱਖਾਂ; ਆਂਦਰੇਈ ਦੇਗਤਿਆਰੈਨਕੋ, ਆਪਣੀਆਂ “ਗਾਂ ਵਰਗੀਆਂ ਪਲਕਾਂ” ਝਮਕਦਾ ਹੋਇਆ; ਵਾਸਿਲੀ ਵਾਸਿਲੀਏਵਿਚ ਆਪਣੀ ਕਾਲ਼ੀ-ਧੌਲੀ ਅੱਯਾਲ ਛਟਕਦਾ ਹੋਇਆ ਤੇ ਕਿਸੇ ਨੂੰ ਝਾੜਾਂ ਪਾਉਂਦਾ ਹੋਇਆ; ਬੁੱਢਾ ਸਨਾਈਪਰ, ਉਸਦਾ ਬਜ਼ੁਰਗਾਂ ਵਾਲਾ ਚਿਹਰਾ ਮੁਸਕ੍ਰਾਹਟ ਨਾਲ ਝੁਰੜੀਓ-ਝੁਰੜੀ ਹੋਇਆ ਹੋਇਆ; ਕੋਮੀਸਾਰ ਵੋਰੋਬੀਓਵ ਦਾ ਆਪਣੇ ਸਿਰਹਾਣੇ ਦੇ ਚਿੱਟੇ ਪਿਛੋਕੜ ਵਿੱਚ ਮੋਮ ਵਰਗਾ ਚਿਹਰਾ, ਆਪਣੀਆਂ ਸਿਆਣੀਆਂ, ਬੰਦੇ ਦੇ ਅੰਦਰ ਧਸ ਜਾਣ ਵਾਲੀਆਂ, ਮਜ਼ਾਕ ਉਡਾ ਰਹੀਆਂ, ਸਮਝਦਾਰੀ ਵਾਲੀਆਂ ਅੱਖਾਂ ਨਾਲ ਉਸ ਵੱਲ ਦੇਖਦਾ ਹੋਇਆ; ਜ਼ੀਨੋਚਕਾ ਦੇ ਲਾਲ ਵਾਲ ਹਵਾ ਵਿੱਚ ਲਹਿਰਾਉਂਦੇ ਹੋਏ ਉਸ ਦੀਆਂ ਅੱਖਾਂ ਸਾਮ੍ਹਣੇ ਲਿਸ਼ਕ ਪਏ; ਮਧਰਾ ਜਿਹਾ, ਫੁਰਤੀਲਾ ਅਧਿਆਪਕ ਨਾਊਮੋਵ ਹਮਦਰਦੀ ਤੇ ਸਮਝਦਾਰੀ ਨਾਲ ਉਸ ਵੱਲ ਦੇਖ ਕੇ ਮੁਸਕ੍ਰਾਉਣ ਲੱਗਾ ਤੇ ਉਸਨੂੰ ਅੱਖ ਮਾਰੀ । ਕਈ ਸ਼ਾਨਦਾਰ, ਦੋਸਤਾਨਾ ਚਿਹਰੇ ਹਨੇਰੇ ਵਿੱਚੋਂ ਉੱਭਰ ਕੇ ਉਸ ਵੱਲ ਦੇਖਣ ਲੱਗੇ ਤੇ ਮੁਸਕ੍ਰਾਹਟਾਂ ਸੁੱਟਣ ਲੱਗੇ, ਯਾਦਾਂ ਜਗਾਉਣ ਲੱਗੇ ਤੇ ਉਸਦੇ ਪਹਿਲਾਂ ਹੀ ਉਛਾਲੇ ਖਾ ਰਹੇ ਦਿਲ ਵਿੱਚ ਨਿੱਘ ਭਰਨ ਲੱਗੇ। ਪਰ ਇਹਨਾਂ ਦੋਸਤਾਨਾ ਚਿਹਰਿਆਂ ਵਿੱਚੋਂ, ਤੇ ਉਹਨਾਂ ਸਾਰਿਆਂ ਨੂੰ ਲਾਂਭੇ ਧੱਕਦਾ ਹੋਇਆ ਓਲਿਆ ਦਾ ਚਿਹਰਾ ਸਾਮ੍ਹਣੇ ਆਇਆ, ਪਤਲਾ ਤੇ ਲੰਮਾ ਚਿਹਰਾ, ਅਫ਼ਸਰ ਦੀ ਵਰਦੀ ਵਿੱਚ ਕਿਸੇ ਮੁੰਡੇ ਵਾਲੀਆਂ ਥੱਕੀਆਂ ਥੱਕੀਆਂ ਅੱਖਾਂ। ਉਹ ਉਸਨੂੰ ਇੰਝ ਸਪੱਸ਼ਟ ਤੇ ਸਾਫ਼ ਸਾਫ਼ ਦੇਖਣ ਲੱਗਾ, ਜਿਵੇਂ ਕਿ ਉਹ ਸੱਚਮੁਚ ਉਸਦੇ ਸਾਮ੍ਹਣੇ ਹੋਵੇ ਤੇ ਇਸ ਤਰ੍ਹਾਂ ਨਾਲ, ਜਿਸ ਤਰ੍ਹਾਂ ਅਸਲ ਜ਼ਿੰਦਗੀ ਵਿੱਚ ਉਸਨੇ ਕਦੀ ਵੀ ਉਸਨੂੰ ਨਹੀਂ ਸੀ ਦੇਖਿਆ। ਇਹ ਤਸਵੀਰ ਏਨੀਂ ਪ੍ਰਤੱਖ ਸੀ ਕਿ ਉਹ ਤ੍ਰਭਕ ਗਿਆ।
ਸੌਣ ਦੀ ਕੋਸ਼ਿਸ ਕਰਨ ਦਾ ਕੀ ਲਾਭ ਸੀ! ਖੁਸ਼ੀ ਭਰੇ ਉਤਸ਼ਾਹ ਦੀ ਤਾਂਗ ਤੋਂ ਚੇਤੰਨ ਹੁੰਦਿਆਂ, ਉਹ ਉੱਠ ਪਿਆ, “ਸਤਾਲਿਨਗਰਾਦਕਾ” ਦਾ ਗੁੱਲ ਝਾੜਿਆ, ਸਕੂਲੀ ਕਾਪੀ ਵਿੱਚੋਂ ਇੱਕ ਵਰਕਾ ਪਾੜਿਆ, ਆਪਣੀ ਪੈਂਨਸਿਲ ਨੂੰ ਤਿੱਖਾ ਕੀਤਾ ਤੇ ਲਿਖਣ ਲੱਗ ਪਿਆ।
“ਮੇਰੀ ਜਾਨ,” ਉਸਨੇ ਨਾ ਪੜ੍ਹੇ ਜਾਣ ਵਾਲ਼ੇ ਹੱਥ ਵਿੱਚ ਲਿਖਿਆ, ਉਸ ਲਈ ਆਪਣੇ ਮਨ ਵਿੱਚੋਂ ਹੜ੍ਹ ਵਾਂਗ ਆ ਰਹੇ ਖ਼ਿਆਲਾਂ ਨਾਲ ਕਦਮ ਮਿਲਾਉਣਾ ਮੁਸ਼ਕਲ ਹੋ ਰਿਹਾ ਸੀ। “ਅੱਜ ਮੈਂ ਤਿੰਨ ਜਰਮਨ ਹਵਾਈ ਜਹਾਜ਼ ਫੁੰਡੇ ਨੇ । ਪਰ ਮੁੱਖ ਨੁਕਤਾ ਇਹ ਨਹੀਂ। ਮੇਰੇ ਸਾਥੀਆਂ ਵਿੱਚੋਂ ਕੁਝ ਇਹੋ ਜਿਹਾ ਕਾਰਨਾਮਾ ਰੋਜ਼ ਹੀ ਕਰ ਰਹੇ ਨੇ। ਮੈਂ ਇਸ ਬਾਰੇ ਤੇਰੇ ਸਾਮ੍ਹਣੇ ਸ਼ੇਖੀ ਨਹੀਂ ਮਰਾਂਗਾ । ਮੇਰੀ ਜਾਨ, ਮੇਰੀ ਪਿਆਰੀ । ਅੱਜ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ, ਮੈਨੂੰ ਇਹ ਲਿਖਣ ਦਾ ਹੱਕ ਹੈ ਕਿ ਅੱਜ ਤੋਂ ਅਠਾਰ੍ਹਾਂ ਮਹੀਨੇ ਪਹਿਲਾਂ ਕੀ ਹੋਇਆ ਸੀ, ਤੇ ਜਿਸਨੂੰ ਮੈਂ ਮੁਆਫ਼ ਕਰੀ, ਕਿਰਪਾ ਕਰਕੇ ਮੈਨੂੰ ਮੁਆਫ਼ ਕਰੀਂ – ਮੈਂ ਤੈਥੋਂ ਲੁਕਾ ਰੱਖਿਆ ਹੈ। ਪਰ ਅੱਜ ਮੈਂ ਆਖ਼ਰ ਫ਼ੈਸਲਾ ਕੀਤਾ ਹੈ…”
ਅਲੈਕਸੇਈ ਸੋਚਾਂ ਵਿੱਚ ਗੁੰਮ ਹੋ ਗਿਆ। ਭੋਰੇ ਦੀਆਂ ਕੰਧਾਂ ਨਾਲ ਲਾਏ ਤਖਤਿਆਂ ਦੇ ਪਿੱਛੇ ਚੂਹੇ ਚੀਂ-ਚੀਂ ਕਰ ਰਹੇ ਸਨ, ਤੇ ਖੁਸ਼ਕ ਰੇਤ ਦੇ ਝੜਨ ਦੀ ਅਵਾਜ਼ ਆ ਰਹੀ ਸੀ। ਬਰਚਿਆਂ ਤੇ ਖਿੜ ਰਹੇ ਘਾਹ ਦੀ ਸੱਜਰੀ ਤੇ ਨਿਮ੍ਹੀ ਖੁਸ਼ਬੋਂ ਦੇ ਨਾਲ ਨਾਲ, ਜਿਹੜੀ ਖੁੱਲ੍ਹੇ ਦਰਵਾਜ਼ੇ ਥਾਣੀਂ ਹਵਾ ਨਾਲ ਅੰਦਰ ਆ ਰਹੀ ਸੀ । ਬੁਲਬੁਲ ਦੀ ਜ਼ਰਾ ਕੁ ਦਬੀ ਦਬੀ ਪਰ ਖੁੱਲ੍ਹੀ ਕੂਹਕ ਆ ਰਹੀ ਸੀ । ਦੂਰ ਕਿਤੇ, ਵਾਦੀ ਤੋਂ ਪਾਰ, ਸ਼ਇਦ ਅਫ਼ਸਰਾਂ ਦੀ ਮੈੱਸ ਦੇ ਬਾਹਰ, ਮਰਦਾਵੀਆਂ ਤੇ ਜ਼ਨਾਨਾਂ ਅਵਾਜ਼ਾਂ ਐਸ਼ ਦੇ ਦਰਖਤ ਬਾਰੇ ਸੋਗੀ ਗੀਤ ਗਾ ਰਹੀਆਂ ਸਨ | ਫ਼ਾਸਲੇ ਨਾਲ ਮੁਲਾਇਮ ਹੋਈ ਹੋਈ, ਇਸ ਧੁਨ ਨੇ ਰਾਤ ਵੇਲੇ ਇੱਕ ਖਾਸ ਜਾਦੂ ਧਾਰਨ ਕਰ ਲਿਆ ਸੀ ਤੇ ਦਿਲ ਨੂੰ ਮਿੱਠੀ ਜਿਹੀ ਉਦਾਸੀ ਨਾਲ, ਕਿਸੇ ਉਮੀਦ ਦੀ ਉਦਾਸੀ ਨਾਲ, ਆਸ ਦੀ ਉਦਾਸੀ ਨਾਲ ਭਰ ਦਿੱਤਾ ਸੀ ।
ਤੇ ਤੋਪਾਂ ਦੇ ਚੱਲਣ ਦੀ ਕਿਤੇ ਦੂਰ ਤੇ ਦਬੀ ਦਬੀ ਗਰਜ, ਜਿਹੜੀ ਹੁਣ ਪਹਿਲਾਂ ਹੀ, ਇਸ ਵੇਲੇ ਵਧਦੀਆਂ ਫ਼ੌਜਾਂ ਦੇ ਬਿਲਕੁਲ ਪਿਛਵਾੜੇ ਸਥਿਤ, ਹਵਾਈ ਅੱਡੇ ਉੱਤੇ ਲਗਭਗ ਸੁਣਾਈ ਨਹੀਂ ਸੀ ਦੇਂਦੀ, ਨਾ ਧੁਨ ਨੂੰ, ਨਾ ਹੀ ਬੁਲਬੁਲਾਂ ਦੀ ਕੂਹਕ ਨੂੰ, ਨਾ ਹੀ ਜੰਗਲ ਦੀ ਮੁਲਾਇਮ, ਸੁਪਨਮਈ ਸਰਸਰ ਨੂੰ ਡੋਬ ਰਹੀ ਸੀ।

ਅੰਤਕਾ

ਇੱਕ ਦਿਨ, ਜਦੋਂ ਓਰੇਲ ਦੀ ਲੜਾਈ ਆਪਣੇ ਜੇਤੂ ਅੰਤ ਦੇ ਨੇੜੇ ਸੀ ਤੇ ਉੱਤਰ ਵੱਲੋਂ ਵਧ ਰਹੀਆਂ ਅਗਲੀਆਂ ਰੈਜਮੈਂਟਾਂ ਰਿਪੋਰਟ ਦੇ ਰਹੀਆਂ ਸਨ ਕਿ ਉਹਨਾਂ ਨੂੰ ਕਰਾਸਨੋਗੋਰਸਕ ਪਹਾੜੀਆਂ ਤੋਂ ਬਲਦਾ ਸ਼ਹਿਰ ਨਜ਼ਰ ਆ ਰਿਹਾ ਹੈ, ਬਰੀਆਂਸਕ ਮਹਾਜ਼ ਦੇ ਹੈੱਡਕੁਆਰਟਰ ਨੂੰ ਰਿਪੋਰਟ ਮਿਲੀ ਕਿ ਪਿਛਲੇ ਨੌਂ ਦਿਨਾਂ ਵਿੱਚ ਗਾਰਦਾਂ ਦੇ ਲੜਾਕਾ ਹਵਾਈ ਜਹਾਜ਼ਾਂ ਦੇ ਵਿੰਗ ਨੇ, ਜਿਹੜਾ ਉਸ ਇਲਾਕੇ ਵਿੱਚ ਕਾਰਵਾਈ ਕਰ ਰਿਹਾ ਸੀ, ਦੁਸ਼ਮਣ ਦੇ 47 ਜਹਾਜ਼ ਡੇਗੇ ਹਨ। ਉਹਨਾਂ ਦੇ ਆਪਣੇ ਸਿਰਫ਼ ਪੰਜ ਹਵਾਈ ਜਹਾਜ਼ਾਂ ਦਾ ਨੁਕਸਾਨ ਹੋਇਆ ਸੀ ਤੇ ਤਿੰਨ ਆਦਮੀ ਮਾਰੇ ਗਏ ਸਨ; ਕਿਉਂਕਿ ਡੇਗੇ ਦੋ ਜਹਾਜ਼ਾਂ ਦੇ ਪਾਇਲਟ ਛਲਾਂਗ ਲਾ ਗਏ ਸਨ ਤੇ ਪੈਦਲ ਚਲਦੇ ਹੋਏ ਆਪਣੇ ਅੱਡੇ ਤੱਕ ਪੁੱਜ ਗਏ ਸਨ। ਇਹੋ ਜਿਹੀ ਜਿੱਤ ਸੋਵੀਅਤ ਫ਼ੌਜ ਦੀ ਤੇਜ਼ ਚੜ੍ਹਾਈ ਤੇ ਉਹਨਾਂ ਦਿਨਾਂ ਲਈ ਵੀ ਅਸਧਾਰਨ ਸੀ । ਤਾਲਮੇਲ ਵਾਲ਼ੇ ਹਵਾਈ ਜਹਾਜ਼ ਵਿੱਚ ਚੜ੍ਹ ਕੇ ਮੈਂ ਉਸ ਵਿੰਗ ਦੇ ਹਵਾਈ ਅੱਡੇ ਉੱਤੇ ਪੁੱਜ ਗਿਆ। ਮੇਰੇ ਦਿਮਾਗ ਵਿੱਚ ਸੀ ਕਿ ਗਾਰਦਾਂ ਦੇ ਇਹਨਾਂ ਪਾਇਲਟਾਂ ਦੇ ਕਾਰਨਾਮਿਆਂ ਬਾਰੇ “ਪਰਾਵਦਾ” ਵਿੱਚ ਲਿਖਾਂਗਾ।
ਇਸ ਵਿੰਗ ਦਾ ਹਵਾਈ ਅੱਡਾ ਇੱਕ ਆਮ ਜਿਹੀ ਚਾਰਗਾਹ ਵਿੱਚ ਸੀ, ਜਿਸ ਉਪਰਲੇ ਗੋਹੇ ਦੇ ਢੇਰਾ ਤੇ ਟਿੱਬਿਆਂ ਨੂੰ ਮੋਟਾ ਮੋਟਾ ਸਾਫ਼ ਕੀਤਾ ਗਿਆ ਸੀ । ਹਵਾਈ ਜਹਾਜ਼ ਛੋਟੇ ਛੋਟੇ ਬਰਚੇ ਦੇ ਰੁੱਖਾਂ ਦੇ ਜੰਗਲ ਦੇ ਸਿਰੇ ਉੱਤੇ ਵਣ-ਤਿੱਤਰ ਦੇ ਚੂਚਿਆਂ ਵਾਂਗ ਲੁਕੇ ਹੋਏ ਸਨ। ਮਤਲਬ ਕੀ ਕਿ ਇਹ ਉਸੇ ਤਰ੍ਹਾਂ ਦਾ ਰਣਭੂਮੀ ਦਾ ਹਵਾਈ ਅੱਡਾ ਸੀ, ਜਿਸ ਤਰ੍ਹਾਂ ਦਾ ਜੰਗ ਦੇ ਉਹਨਾਂ ਤੂਫ਼ਾਨੀ ਦਿਨਾਂ ਵਿੱਚ ਆਮ ਹੁੰਦਾ ਸੀ।
ਅਸੀਂ ਸੰਧਿਆਂ ਵੇਲੇ ਉਥੇ ਜਾ ਕੇ ਉੱਤਰੇ, ਜਦੋਂ ਵਿੰਗ ਵਾਲ਼ੇ ਆਪਣਾ ਮੁਸ਼ਕਲ ਰੁਝੇਵੇਂ ਵਾਲ਼ਾ ਦਿਨ ਮੁਕਾ ਰਹੇ ਸਨ । ਜਰਮਨ ਓਰੇਲ ਦੇ ਇਲਾਕੇ ਵਿੱਚ ਅਸਧਾਰਨ ਹਵਾਈ ਸਰਗਰਮੀ ਦਿਖਾ ਰਹੇ ਸਨ। ਉਸ ਦਿਨ ਹਰ ਲੜਾਕਾ ਜਹਾਜ਼ ਨੇ ਸੱਤ ਸੱਤ ਜੰਗੀ ਉਡਾਨਾਂ ਕੀਤੀਆਂ ਸਨ । ਸੂਰਜ ਛੁਪਣ ਦੇ ਵੇਲੇ ਤੱਕ ਆਖ਼ਰੀ ਹਵਾਈ ਜਹਾਜ਼ ਆਪਣੀ ਸੱਤਵੀਂ ਉਡਾਣ ਤੋਂ ਵਾਪਸ ਆ ਰਹੇ ਸਨ। ਵਿੰਗ ਕਮਾਂਡਰ ਨੇ, ਜਿਹੜਾ ਕਿ ਮਧਰਾ ਜਿਹਾ, ਪੇਟੀ ਘੁੱਟ ਕੇ ਬੰਨ੍ਹੀ ਸੰਵਲਾਏ ਚਿਹਰੇ ਵਾਲ਼ਾ ਫੁਰਤੀਲਾ ਜਿਹਾ ਆਦਮੀ ਸੀ, ਜਿਸਨੇ ਨਵਾਂ, ਨੀਲਾ ਓਵਰਆਲ ਪਾਇਆ ਹੋਇਆ ਸੀ, ਸਾਫ਼ ਸਾਫ਼ ਮੰਨਿਆ ਸੀ ਕਿ ਉਹ ਉਸ ਦਿਨ ਕੋਈ ਵੀ ਸੰਬੰਧਤ ਕਹਾਣੀ ਦੱਸਣ ਤੋਂ ਅਸਮਰਥ ਸੀ, ਕਿ ਉਹ ਸਵੇਰ ਦੇ ਛੇ ਵਜੇ ਤੋਂ ਅੱਡੇ ਉੱਤੇ ਆਇਆ ਹੋਇਆ ਸੀ ਤੇ ਖੁਦ ਤਿੰਨ ਉਡਾਨਾਂ ਲਾ ਚੁੱਕਾ ਸੀ, ਤੇ ਹੁਣ ਉਹ ਏਨਾਂ ਥੱਕਿਆ ਹੋਇਆ ਸੀ ਕਿ ਉਸ ਲਈ ਖੜ੍ਹਾ ਹੋਣਾ ਵੀ ਮੁਹਾਲ ਸੀ । ਨਾ ਹੀ ਕੋਈ ਹੋਰ ਅਫ਼ਸਰ ਉਸ ਸ਼ਾਮ ਅਖ਼ਬਾਰ ਲਈ ਇੰਟਰਵਿਊ ਦੇਣ ਦੇ ਰੌਂਅ ਵਿੱਚ ਸਨ । ਮੈਂ ਮਹਿਸੂਸ ਕੀਤਾ ਕਿ ਮੈਨੂੰ ਅਗਲੇ ਦਿਨ ਤੱਕ ਉਡੀਕਣਾ ਪਵੇਗਾ; ਤੇ ਮੁੜਨ ਲਈ ਵੀ ਹੁਣ ਕੁਵੇਲਾ ਹੋ ਚੁੱਕਾ ਸੀ । ਧੁੱਪ ਪਹਿਲਾਂ ਹੀ ਬਰਚੇ ਦੇ ਰੁੱਖਾਂ ਦੀਆਂ ਸਿਖਰਾਂ ਉੱਤੇ ਪੈ ਰਹੀ ਸੀ ਤੇ ਆਪਣੀਆਂ ਕਿਰਨਾਂ ਦੇ ਪਿਘਲੇ ਸੋਨੇ ਨਾਲ ਉਹਨਾਂ ਉੱਤੇ ਝਾਲ ਚਾੜ੍ਹ ਰਹੀ ਸੀ।
ਆਖ਼ਰੀ ਹਵਾਈ ਜਹਾਜ਼ ਆ ਉੱਤਰੇ ਤੇ ਚੱਲਦੇ ਇੰਜਣਾਂ ਨਾਲ ਹੀ ਸਿੱਧੇ ਜੰਗਲ ਨੂੰ ਹੋ ਪਏ । ਮਕੈਨਿਕਾਂ ਨੇ ਉਹਨਾਂ ਦਾ ਰੁੱਖ ਫੇਰਿਆ। ਪੀਲ਼ੇ ਪਏ ਹੋਏ, ਥੱਕੇ ਪਾਇਲਟ ਸਿਰਫ ਉਦੋਂ ਹੀ ਹੌਲ਼ੀ ਹੌਲ਼ੀ ਉੱਤਰੇ ਜਦੋਂ ਤੱਕ ਹਵਾਈ ਜਹਾਜ਼ਾਂ ਨੂੰ ਉਹਨਾਂ ਦੇ ਘਾਹ ਨਾਲ ਢੱਕੇ ਟਿਕਾਣਿਆਂ ਉੱਤੇ ਠੀਕ ਠਾਕ ਖੜ੍ਹਾ ਨਾ ਕਰ ਦਿੱਤਾ ਗਿਆ।
ਸੁਕਾਡਰਨ ਨੰਬਰ ਤਿੰਨ ਦੇ ਕਮਾਂਡਰ ਦਾ ਜਹਾਜ਼ ਸਭ ਤੋਂ ਮਗਰੋਂ ਆ ਕੇ ਉੱਤਰਿਆ। ਪਾਇਲਟ ਦੇ ਕੈਬਿਨ ਦੀ ਪਾਰਦਰਸ਼ੀ ਹੁੱਡ ਪਿੱਛੇ ਹਟੀ। ਉਸ ਵਿੱਚੋਂ ਪਹਿਲਾਂ ਵੱਡੀ ਸਾਰੀ ਆਬਨੂਸ ਦੀ ਸੋਟੀ ਉੱਡਦੀ ਆਈ ਤੇ ਘਾਹ ਉੱਤੇ ਆ ਡਿੱਗੀ; ਇਸ ਉੱਤੇ ਸੁਨਹਿਰੀ ਹਰਫ ਉੱਕਰੇ ਹੋਏ ਸਨ । ਫਿਰ, ਇੱਕ ਧੁੱਪ-ਸੰਵਲਾਏ, ਚੌੜੇ ਮੂੰਹ ਵਾਲੇ ਤੇ ਕਾਲੇ ਵਾਲਾਂ ਵਾਲ਼ੇ ਆਦਮੀ ਨੇ ਆਪਣੇ ਆਪ ਨੂੰ ਆਪਣੀਆਂ ਸ਼ਕਤੀਸ਼ਾਲੀ ਬਾਹਵਾਂ ਨਾਲ ਉੱਪਰ ਚੁੱਕਿਆ, ਫੁਰਤੀ ਨਾਲ ਆਪਣਾ ਸਰੀਰ ਘੁਮਾ ਕੇ ਲੱਤਾਂ ਪਾਸੇ ਵੱਲ ਨੂੰ ਲਮਕਾਈਆਂ, ਜਹਾਜ਼ ਦੇ ਪਰ ਉੱਤੇ ਉਤਰਿਆਂ ਤੇ ਭਾਰੀ-ਭਰਕਮ ਜਿਹੇ ਕਦਮਾਂ ਨਾਲ ਜ਼ਮੀਨ ਉੱਤੇ ਆ ਗਿਆ। ਕਿਸੇ ਨੇ ਮੈਨੂੰ ਦੱਸਿਆ ਕਿ ਉਹ ਵਿੰਗ ਦਾ ਸਭ ਤੋ ਚੰਗਾ ਪਾਇਲਟ ਸੀ । ਤਾਂ ਕਿ ਸ਼ਾਮ ਜਾਇਆ ਨਾ ਹੋਵੇ, ਮੈਂ ਉਸ ਨਾਲ ਗੱਲ ਕਰਨ ਦਾ ਫ਼ੈਸਲਾ ਕੀਤਾ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਉਹ ਕਿਵੇਂ ਆਪਣੀਆਂ ਸ਼ੋਖ, ਕਾਲੀਆਂ, ਜਿਪਸੀਆਂ ਵਰਗੀਆਂ ਅੱਖਾਂ ਨਾਲ ਸਿੱਧਾ ਮੇਰੇ ਵੱਲ ਦੇਖ ਰਿਹਾ ਸੀ; ਉਸ ਦੀਆਂ ਅੱਖਾਂ ਵਿੱਚ ਮੁੰਡਿਆਂ ਵਾਲ਼ਾ ਅਣਬੁਝ ਜੋਸ਼ ਅਜੀਬ ਤਰ੍ਹਾਂ ਨਾਲ ਐਸੇ ਆਦਮੀ ਦੀ ਉਦਾਸੀਨ ਸਿਆਣਪ ਨਾਲ ਮਿਲਿਆ ਹੋਇਆ ਸੀ, ਜਿਹੜਾ ਪਹਿਲਾਂ ਬਹੁਤ ਕੁਝ ਵਿੱਚੋਂ ਲੰਘ ਚੁੱਕਾ ਹੋਵੇ । ਉਸਨੇ ਮੁਸਕਾਉਂਦੇ ਨੇ ਮੈਨੂੰ ਕਿਹਾ:
“ਮੁਆਫ਼ ਕਰਨਾ, ਕਸਮ ਨਾਲ, ਲੱਤਾਂ ਜਵਾਬ ਦੇ ਰਹੀਆਂ ਨੇ। ਕੰਨ ਸਾਂ ਸਾਂ ਕਰ ਰਹੇ ਨੇ । ਤੁਸੀਂ ਕੁਝ ਖਾਧੈ? ਨਹੀਂ? ਚਲੋ, ਸਗੋਂ ਚੰਗੈ, ਅਸੀ ਇਕੱਠੇ ਮੈੱਸ ਵਿੱਚ ਚਲਦੇ ਹਾਂ, ਇਕੱਠੇ ਖਾਣਾ ਖਾਵਾਂਗੇ । ਸਾਨੂੰ ਇੱਕ ਜਹਾਜ਼ ਡੇਗਣ ਲਈ ਖਾਣੇ ਨਾਲ ਦੋ ਸੌ ਗਰਾਮ ਵੋਦਕਾ ਮਿਲਦੀ ਹੈ। ਅੱਜ ਮੈਨੂੰ ਚਾਰ ਸੌ ਗਰਾਮ ਮਿਲਣੀ ਹੈ । ਇਹ ਸਾਡੇ ਦੋਹਾਂ ਲਈ ਕਾਫ਼ੀ ਹੈ। ਤਾਂ ਫਿਰ, ਚੱਲੀਏ ? ਖਾਣੇ ਦੇ ਮੇਜ਼ ਉੱਤੇ ਗੱਪ-ਸ਼ੱਪ ਕਰਾਂਗੇ, ਜੇ ਤੁਸੀਂ ਕਿਸੇ ਕਹਾਣੀ ਲਈ ਏਨੇਂ ਬੇਚੈਨ ਹੋ ਰਹੇ ਹੋ ਤਾਂ।”
ਮੈਂ ਸਹਿਮਤ ਹੋ ਗਿਆ। ਮੈਨੂੰ ਇਹ ਸਾਫ਼-ਦਿਲ, ਖੁਸ਼ ਰਹਿਣਾ ਆਦਮੀ ਚੰਗਾ ਲੱਗਣ ਲੱਗ ਪਿਆ ਸੀ। ਅਸੀਂ ਉਸ ਰਾਹ ਤੁਰੇ ਪਏ, ਜਿਸ ਰਾਹ ਪਾਇਲਟ ਜੰਗਲ ਵਿੱਚੋਂ ਦੀ ਗਏ ਸਨ । ਮੇਰਾ ਨਵਾਂ ਜਾਣੂ ਤੇਜ਼ ਤੇਜ਼ ਚੱਲ ਰਿਹਾ ਸੀ: ਉਹ ਕਦੀ ਕਦੀ ਝੁਕ ਕੇ ਨੀਲਬੈਰੀ ਜਾਂ ਗੁਲਾਬੀ ਬਿਲਬੈਰੀ ਦਾ ਗੁੱਛਾ ਤੋੜਦਾ ਤੇ ਉਥੋਂ ਹੀ ਫ਼ੱਕਾ ਮਾਰ ਲੈਂਦਾ। ਉਹ ਜ਼ਰੂਰ ਬਹੁਤ ਥੱਕਾ ਹੋਵੇਗਾ, ਕਿਉਂਕਿ ਉਹ ਬੋਝਲ ਕਦਮਾਂ ਨਾਲ ਚੱਲ ਰਿਹਾ ਸੀ, ਪਰ ਉਹ ਆਪਣੀ ਅਜੀਬ ਸੋਟੀ ਉੱਪਰ ਨਹੀਂ ਸੀ ਝੁਕਦਾ। ਇਹ ਉਸਦੀ ਬਾਂਹ ਨਾਲ ਲਟਕੀ ਹੋਈ ਸੀ, ਤੇ ਸਿਰਫ ਕਦੀ ਕਦੀ ਹੀ ਉਹ ਇਸਨੂੰ ਹੱਥਾਂ ਵਿੱਚ ਫੜ ਕੇ ਇਸ ਨਾਲ ਕਿਸੇ ਖੁੰਬ ਨੂੰ ਉਡਾਉਂਦਾ ਜਾਂ ਬੈਂਤ ਦੀ ਝਾੜੀ ਨੂੰ ਮਾਰਦਾ। ਜਦੋਂ ਅਸੀ ਖੱਡ ਵਿੱਚੋਂ ਲੰਘ ਰਹੇ ਸਾਂ ਤੇ ਅਸੀਂ ਤਿਲ੍ਹਕਵੀਂ, ਮਿਟਿਆਲੀ ਢਲਾਣ ਚੜ੍ਹਨ ਲੱਗੇ, ਤਾਂ ਪਾਇਲਟ ਨੂੰ ਕੁਝ ਮੁਸ਼ਕਲ ਪੇਸ਼ ਆਈ; ਉਹ ਝਾੜੀਆਂ ਨੂੰ ਫੜ ਕੇ ਆਪਣੇ ਆਪ ਨੂੰ ਉੱਪਰ ਵੱਲ ਖਿੱਚਦਾ, ਪਰ ਉਹ ਆਪਣੀ ਸੋਟੀ ਉੱਪਰ ਨਾ ਝੁਕਿਆ।
ਮੈੱਸ ਵਿੱਚ ਉਸਦਾ ਥਕੇਵਾਂ ਇੱਕਦਮ ਦੂਰ ਹੋ ਗਿਆ। ਉਸਨੇ ਬਾਰੀ ਦੇ ਨੇੜੇ ਦਾ ਮੇਜ਼ ਚੁਣਿਆ, ਜਿੱਥੋਂ ਅਸੀਂ ਡੁੱਬਦੇ ਸੂਰਜ ਦੀ ਠੰਡੀ, ਲਾਲ ਲਿਸ਼ਕ ਦੇਖ ਸਕਦੇ ਸਾਂ, ਜਿਸਤੋਂ ਪਾਇਲਟ ਇਹ ਸਮਝ ਲੈਂਦੇ ਹਨ ਕਿ ਅਗਲੇ ਦਿਨ ਹਵਾ ਚੱਲੇਗੀ। ਉਸਨੇ, ਜਿਵੇਂ ਬੜੀ ਪਿਆਸ ਲੱਗੀ ਹੋਵੇ, ਪਾਣੀ ਦਾ ਵੱਡਾ ਮੱਗ ਸੁਰਕੜੇ ਮਾਰਦੇ ਨੇ ਪੀਤਾ, ਸੋਹਣੀ, ਘੁੰਗਰਾਲੇ ਵਾਲਾਂ ਵਾਲੀ ਵੇਟਰੈਸ ਨਾਲ ਉਸਨੇ ਕਿਸੇ ਬਾਰੇ ਮਜ਼ਾਕ ਕੀਤਾ, ਜਿਹੜਾ ਉੱਥੇ ਹਸਪਤਾਲ ਵਿੱਚ ਹੀ ਪਿਆ ਸੀ, ਤੇ ਜਿਸਦੇ ਕਾਰਨ ਉਸਨੇ ਬਾਕੀ ਸਾਰਿਆਂ ਦੀ ਜ਼ਿੰਦਗੀ ਅਜ਼ਾਬ ਬਣਾ ਛੱਡੀ ਸੀ। ਉਹ ਬੜੇ ਸਵਾਦ ਨਾਲ ਖਾ ਰਿਹਾ ਸੀ ਤੇ ਆਪਣੇ ਮਜ਼ਬੂਤ ਦੰਦਾਂ ਨਾਲ ਮਟਨ- ਚਾਂਪ ਦੀ ਹੱਡੀ ਨੂੰ ਖਰੋਚ ਰਿਹਾ ਸੀ । ਉਹ ਦੂਜੇ ਮੇਜ਼ ਉੱਤੇ ਬੈਠੇ ਆਪਣੇ ਦੋਸਤਾਂ ਨਾਲ ਮਜ਼ਾਕ ਕਰ ਰਿਹਾ ਸੀ, ਮੈਨੂੰ ਪੁੱਛ ਰਿਹਾ ਸੀ ਕਿ ਮਾਸਕੋ ਦੀ ਕੀ ਖਬਰ ਹੈ, ਨਵੀਆਂ ਕਿਤਾਬਾਂ ਤੇ ਮਾਸਕੋ ਵਿੱਚ ਪੇਸ਼ ਕੀਤੇ ਜਾ ਰਹੇ ਨਵੇਂ ਨਾਟਕਾਂ ਬਾਰੇ ਜਾਨਣ ਵਿੱਚ ਦਿਲਚਸਪੀ ਰੱਖਦਾ ਸੀ, ਭਾਵੇਂ ਉਸਨੂੰ ਅਫ਼ਸੋਸ ਸੀ ਕਿ ਉਹ ਮਾਸਕੋ ਦੇ ਕਿਸੇ ਥੇਟਰ ਵਿੱਚ ਕਦੀਂ ਨਹੀਂ ਗਿਆ। ਜਦੋਂ ਅਸੀਂ ਤੀਸਰਾ ਕੋਰਸ – ਬਿਲਬੈਰੀ ਦੀ ਜੈਲੀ, ਜਿਸਨੂੰ ਉਥੇ “ਕਾਲ਼ਾ ਬੱਦਲ” ਕਿਹਾ ਜਾਂਦਾ ਸੀ – ਖਾ ਚੁੱਕੇ ਤਾਂ ਉਸਨੇ ਮੈਨੂੰ ਪੁੱਛਿਆ:
“ਤੁਸੀਂ ਰਾਤ ਕਿੱਥੇ ਕੱਟ ਰਹੋ ਹੋ ? ਅਜੇ ਕਿਤੇ ਨਹੀਂ ? ਚਲੋ, ਇਹ ਵੀ ਚੰਗੈ, ਤਾਂ ਫਿਰ ਮੇਰੇ ਨਾਲ ਮੇਰੇ ਭੋਰੇ ਵਿੱਚ ਆ ਜਾਓ ।” ਫਿਰ ਉਸਦੇ ਮੱਥੇ ਉੱਤੇ ਰਤਾ ਕੁ ਤਿਊੜੀ ਆਈ ਤੇ ਉਹ ਹੌਲ਼ੀ ਜਿਹੀ ਅਵਾਜ਼ ਵਿੱਚ ਬੋਲਿਆ: “ਮੇਰੇ ਨਾਲ ਦਾ ਸਾਥੀ ਅੱਜ ਨਹੀਂ ਮੁੜਿਆ… ਸੋ ਇੱਕ ਤਖਤਪੋਸ਼ ਖਾਲੀ ਪਿਐ। ਮੈਂ ਕੋਈ ਨਵੀਆਂ ਚੱਦਰਾਂ ਵਗੈਰਾ ਲੱਭ ਲਵਾਂਗਾ। ਆਓ ਚੱਲੀਏ ।”
ਪ੍ਰਤੱਖ ਸੀ ਕਿ ਉਹ ਉਹਨਾਂ ਵਿੱਚੋਂ ਸੀ, ਜਿਹੜੇ ਲੋਕਾਂ ਨੂੰ ਪਿਆਰ ਕਰਦੇ ਹਨ, ਜਿਨ੍ਹਾਂ ਨੂੰ ਨਵੇਂ ਆਏ ਬੰਦੇ ਨਾਲ ਗੱਪ-ਸ਼ੱਪ ਕਰਨ ਤੋਂ ਨਹੀਂ ਸੀ ਰੋਕਿਆ ਜਾ ਸਕਦਾ, ਤੇ ਉਹ ਉਸਤੋਂ ਉਹ ਸਭ ਕੁਝ ਪੁੱਛ ਲੈਂਦੇ ਹਨ, ਜੋ ਕੁਝ ਵੀ ਉਹ ਜਾਣਦਾ ਹੁੰਦਾ ਹੈ। ਮੈਂ ਸਹਿਮਤ ਹੋ ਗਿਆ। ਅਸੀਂ ਖੱਡ ਵਿੱਚ ਲਹਿ ਗਏ, ਜਿਸਦੀ ਢਲਾਣ ਦੇ ਦੋਵੇਂ ਪਾਸੇ ਸੰਘਣੀਆਂ ਜੰਗਲੀ ਰਸਭਰੀਆਂ ਤੇ ਬੈਂਤਾਂ ਦੀਆਂ ਝਾੜੀਆਂ, ਤੇ ਮੁਰਝਾ ਰਹੇ ਪੱਤਿਆਂ ਤੇ ਖੁੰਬਾਂ ਦੀ ਵਾਸ਼ਨਾ ਦੇ ਵਿਚਕਾਰ ਭੋਰੇ ਖੋਦੇ ਗਏ ਸਨ।
ਜਦੋਂ ਆਪ ਬਣਾਏ ਮਿੱਟੀ ਦੇ ਤੇਲ ਵਾਲ਼ੇ ਧੂੰਆਂ ਛੱਡਦੇ ਦੀਵੇ – ਜਿਸ ਨੂੰ “ਸਤਾਲਿਨਗਰਾਦਕਾ” ਦਾ ਨਾਂ ਦਿੱਤਾ ਗਿਆ ਸੀ — ਦੀ ਬੱਤੀ ਪੂਰੀ ਤਰ੍ਹਾਂ ਬਲ ਪਈ ਤੇ ਇਸ ਨਾਲ ਭੋਰਾ ਅੰਦਰੋ ਰੌਸ਼ਨ ਹੋ ਗਿਆ, ਤਾਂ ਪਤਾ ਲੱਗਾ ਕਿ ਇਹ ਥਾਂ ਕਾਫ਼ੀ ਖੁੱਲ੍ਹੀ ਤੇ ਅਰਾਮਦੇਹ ਸੀ, ਤੇ ਇੰਝ ਲੱਗਦਾ ਸੀ ਕਿ ਜਿਵੇਂ ਕਾਫ਼ੀ ਦੇਰ ਦੀ ਵੱਸੀ ਹੋਵੇ। ਮਿੱਟੀ ਦੀਆਂ ਕੰਧਾਂ ਵਿੱਚ ਬਣਾਏ ਆਲਿਆਂ ਵਿੱਚ ਦੋ ਸਾਫ਼ ਸੁਥਰੇ ਤਖਤਪੋਸ਼ ਸਨ, ਜਿਨ੍ਹਾਂ ਉੱਪਰ ਗਦੈਲੇ ਵਿਛੇ ਹੋਏ ਸਨ, ਜਿਹੜੇ ਚੱਦਰਾਂ ਵਿੱਚ ਸੱਜਰੀ ਸੱਜਰੀ ਵਾਸ਼ਨਾਂ ਵਾਲੀ ਤੂੜੀ ਭਰ ਕੇ ਬਣਾਏ ਗਏ ਸਨ । ਕੁਝ ਨਿੱਕੇ ਨਿੱਕੇ ਬਰਚੇ ਦੇ ਰੁੱਖ, ਜਿਨ੍ਹਾਂ ਦੇ ਪੱਤੇ ਅਜੇ ਸੱਜਰੇ ਹੀ ਸਨ, “ਖੁਸ਼ਬੋ ਲਈ”, ਜਿਵੇਂ ਕਿ ਪਾਇਲਟ ਨੇ ਦੱਸਿਆ, ਕੋਨਿਆਂ ਵਿੱਚ ਲਾਏ ਗਏ ਸਨ। ਤਖਤਪੋਸ਼ਾਂ ਦੇ ਉੱਪਰ ਕਰਕੇ ਕੰਧਾਂ ਵਿੱਚ ਸਾਫ਼ ਸਿੱਧੇ ਸ਼ੈਲਫ ਬਣੇ ਹੋਏ ਸਨ, ਜਿਹੜਾ ਅਖ਼ਬਾਰਾਂ ਨਾਲ ਢੱਕੇ ਹੋਏ ਸਨ ਤੇ ਉਹਨਾਂ ਵਿੱਚ ਕਿਤਾਬਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਸਨ, ਹਜ਼ਾਮਤ ਦਾ ਸਾਮਾਨ, ਸਾਬਣ ਦੀ ਚਾਕੀ, ਦੰਦਾਂ ਦਾ ਬੁਰਸ਼ ਪਿਆ ਸੀ । ਇੱਕ ਤਖਤਪੋਸ਼ ਦੇ ਸਿਰਹਾਣੇ ਵੱਲ ਉੱਪਰ ਕਰਕੇ ਧੁੰਦਲੀਆਂ ਜਿਹੀਆਂ ਦੋ ਫੋਟੋਆਂ ਦੇਖੀਆਂ ਜਾ ਸਕਦੀਆਂ ਸਨ, ਜਿਹੜੀਆਂ ਪਲੈਕਸੀਗਲਾਸ ਦੇ ਸੋਹਣੇ, ਆਪੇ ਬਣਾਏ ਫਰੇਮਾਂ ਵਿੱਚ ਜੜੀਆਂ ਹੋਈਆਂ ਸਨ; ਇਹੋ ਜਿਹੇ ਫਰੇਮ ਉਹਨਾਂ ਦਿਨਾਂ ਵਿੱਚ ਵਿੰਗ ਦੇ ਕਾਰੀਗਰ ਬੰਦੇ ਉਸ ਸਮੇਂ ਦੀ ਵਿਹਲ ਦੇ ਅਕੇਵੇਂ ਨੂੰ ਦੂਰ ਕਰਨ ਲਈ, ਜਦੋਂ ਲੜਾਈ ਨਹੀਂ ਸੀ ਹੋ ਰਹੀ ਹੁੰਦੀ, ਦੁਸ਼ਮਣ ਦੇ ਜਹਾਜ਼ਾਂ ਦੇ ਮਲਬੇ ਤੋਂ ਭਾਰੀ ਗਿਣਤੀ ਵਿਚ ਬਣਾਇਆ ਕਰਦੇ ਸਨ । ਮੇਜ਼ ਉੱਤੇ ਬਰਡਾਕ ਦੇ ਪੱਤੇ ਨਾਲ ਢੱਕਿਆ ਹੋਇਆ ਸਿਪਾਹੀਆਂ ਵਾਲ਼ਾ ਪਤੀਲਾ ਪਿਆ ਸੀ, ਜਿਹੜਾ ਸੁਗੰਧੀ ਦੇਂਦੀਆਂ ਜੰਗਲੀ ਰਸਭਰੀਆਂ ਨਾਲ ਭਰਿਆ ਪਿਆ ਸੀ । ਰਸਭਰੀਆਂ, ਛੋਟੇ ਛੋਟੇ ਬਰਚੇ ਦੇ ਰੁੱਖ, ਫਰਸ਼ ਉੱਤੇ ਵਿਛਿਆ ਘਾਹ ਤੇ ਫਰ ਦੀਆਂ ਟਾਹਣੀਆਂ ਇਹੋ ਜਿਹੀ ਮਿੱਠੀ ਮਿੱਠੀ ਤੁਰਸ਼ ਵਾਸ਼ਨਾ ਦੇ ਰਹੀਆਂ ਸਨ, ਭੋਰਾ ਏਨਾਂ ਠੰਡਕ ਵਾਲ਼ਾ ਸੀ, ਤੇ ਖੱਡ ਵਿੱਚ ਟਿੱਡੀਆਂ ਦੀ ਅਵਾਜ਼ ਏਨੀਂ ਸਹਿਲਾਵੀ ਸੀ ਕਿ ਸਾਡੇ ਉੱਤੇ ਮਿੱਠੀ ਅਲਸਾਹਟ ਜਿਹੀ ਭਾਰੀ ਹੋ ਗਈ ਤੇ ਅਸੀਂ ਫ਼ੈਸਲਾ ਕੀਤਾ ਕਿ ਆਪਣੀ ਗੱਲਬਾਤ ਨੂੰ ਵੀ ਤੇ ਰਸਭਰੀਆਂ ਨੂੰ ਵੀ ਸਵੇਰ ਤੱਕ ਅੱਗੇ ਪਾ ਦੇਈਏ।
ਪਾਇਲਟ ਬਾਹਰ ਗਿਆ, ਤੇ ਸੁਣਿਆ ਜਾ ਸਕਦਾ ਸੀ ਕਿਸ ਤਰ੍ਹਾਂ ਅਵਾਜ਼ ਪੈਦਾ ਕਰਦਾ ਹੋਇਆ ਉਹ ਦੰਦ ਸਾਫ ਕਰ ਰਿਹਾ ਸੀ, ਠੰਡੇ ਪਾਣੀ ਨਾਲ ਮੂੰਹ ਹੱਥ ਧੋ ਰਿਹਾ ਸੀ, ਤੇ ਗਰਾਰੇ ਕਰਦਾ ਤੇ ਨੱਕ ਸੁਣਕਦਾ ਉਹ ਸਾਰੇ ਜੰਗਲ ਵਿੱਚ ਗੂੰਜ ਪੈਦਾ ਕਰ ਰਿਹਾ ਸੀ । ਖੁਸ਼ ਖੁਸ਼ ਤੇ ਤਾਜ਼ਾ ਹੋਇਆ ਹੋਇਆ ਉਹ ਮੁੜਿਆ: ਪਾਣੀ ਦੇ ਤੁਪਕੇ ਉਸਦੇ ਭਰਵੱਟਿਆਂ ਤੇ ਵਾਲਾਂ ਵਿੱਚ ਅਟਕੇ ਹੋਏ ਸਨ । ਉਸਨੇ ਬੱਤੀ ਨੀਵੀਂ ਕੀਤੀ ਤੇ ਕੱਪੜੇ ਲਾਹੁਣ ਲੱਗ ਪਿਆ।
ਕੋਈ ਭਾਰੀ ਜਿਹੀ ਚੀਜ਼ ਖੜਾਕ ਕਰਦੀ ਜ਼ਮੀਨ ਉੱਤੇ ਜਾ ਡਿੱਗੀ। ਮੈਂ ਹੇਠਾਂ ਦੇਖਿਆ ਤੇ ਮੈਨੂੰ ਆਪਣੀਆਂ ਅੱਖਾਂ ਉੱਤੇ ਯਕੀਨ ਨਹੀਂ ਸੀ ਆ ਰਿਹਾ। ਉਸਦੇ ਪੈਰ ਜ਼ਮੀਨ ਉੱਤੇ ਪਏ ਸਨ!
ਪੈਰਾਂ ਤੋਂ ਬਿਨਾਂ ਪਾਇਲਟ ! ਤੇ ਉਹ ਵੀ ਲੜਾਕਾ ਹਵਾਈ ਜਹਾਜ਼ ਦਾ ! ਜਿਸਨੇ ਉਸ ਦਿਨ ਸੱਤ ਉਡਾਨਾਂ ਲਾਈਆਂ ਸਨ ਤੇ ਦੁਸ਼ਮਣ ਦੇ ਤਿੰਨ ਹਵਾਈ ਜਹਾਜ਼ ਫੁੰਡੇ ਸਨ, ਬਿਲਕੁਲ ਵਿਸ਼ਵਾਸ ਨਹੀਂ ਸੀ ਆਉਂਦਾ।
ਪਰ ਸੱਚੀ ਗੱਲ ਇਹ ਹੈ ਕਿ ਉਸਦੇ ਪੈਰ, ਬੇਸ਼ਕ ਨਕਲੀ ਪੈਰ, ਜਿਨ੍ਹਾਂ ਉੱਤੇ ਬੜੀ ਸੋਹਣੀ ਤਰ੍ਹਾਂ ਫਿੱਟ ਹੋਏ ਫ਼ੌਜੀ ਬੂਟ ਸਨ, ਫ਼ਰਸ਼ ਉੱਤੇ ਪਏ ਸਨ। ਉਪਰਲੇ ਹਿੱਸੇ ਤਖਤਪੋਸ਼ ਹੇਠਾਂ ਸਨ, ਤੇ ਇੰਝ ਲੱਗਦਾ ਸੀ ਜਿਵੇਂ ਉਥੇ ਕੋਈ ਆਦਮੀ ਲੁਕਿਆ ਹੋਵੇ ਤੇ ਉਸਦੇ ਪੈਰ ਬਾਹਰ ਨੂੰ ਨਿੱਕਲੇ ਹੋਣ। ਜ਼ਾਹਰ ਹੈ ਕਿ ਮੇਰੇ ਚਿਹਰੇ ਉੱਤੇ ਉਸ ਵੇਲੇ ਉਹ ਹੈਰਾਨੀ ਦਾ ਭਾਵ ਆ ਗਿਆ ਹੋਵੇਗਾ ਜਿਹੜੀ ਮੈਂ ਮਹਿਸੂਸ ਕਰ ਰਿਹਾ ਸਾਂ, ਕਿਉਂਕਿ ਮੇਰੇ ਮੇਜਬਾਨ ਨੇ ਮੇਰੇ
ਵੱਲ ਖਚਰੀ ਜਿਹੀ, ਸੰਤੁਸ਼ਟ ਮੁਸਕ੍ਰਾਹਟ ਨਾਲ ਦੇਖਦਿਆਂ ਮੈਨੂੰ ਪੁੱਛਿਆ:
“ਸੱਚਮੁਚ ਪਹਿਲਾਂ ਇਹ ਚੀਜ਼ ਤੁਹਾਡੇ ਧਿਆਨ ਵਿੱਚ ਨਹੀਂ ਆਈ ?”
“ਇਹ ਗੱਲ ਮੇਰੇ ਦਿਮਾਗ ਵਿੱਚ ਵੀ ਨਹੀਂ ਸੀ ਆ ਸਕਦੀ।”
“ਤਾਂ ਠੀਕ ਹੈ ! ਸ਼ੁਕਰੀਆ! ਪਰ ਮੈਨੂੰ ਹੈਰਾਨੀ ਸਿਰਫ਼ ਇਸ ਗੱਲ ਦੀ ਹੈ ਕਿ ਤੁਹਾਨੂੰ ਕਿਸੇ ਨੇ ਦੱਸਿਆ ਵੀ ਨਹੀਂ । ਸਾਡੇ ਕੋਲ਼ ਏਥੇ ਜਿੰਨੇ ਕੁ ਚੋਟੀ ਦੇ ਪਾਇਲਟ ਨੇ, ਓਨੇ ਹੀ ਵਾਧੂ ਗੱਲਾਂ ਮਾਰਨ ਵਾਲੇ ਵੀ ਨੇ । ਅਜੀਬ ਹੈ ਕਿ ਉਹਨਾਂ ਨੇ ਇੱਕ ਨਵੇਂ ਆਦਮੀ ਨੂੰ, ਤੇ ਉਹ ਵੀ “ਪਰਾਵਦਾ” ਦੇ ਪੱਤਰ-ਪ੍ਰੇਰਕ ਨੂੰ, ਆਉਣ ਦਿੱਤੈ, ਤੇ ਇਹ ਦੱਸਣ ਲਈ ਨਹੀਂ ਦੌੜੇ ਕਿ ਇੱਥੇ ਕੈਸੀ ਅਜੀਬ ਸ਼ੈਅ ਰਹਿੰਦੀ ਹੈ।”
“ਪਰ ਇਹੋ ਜਿਹੀ ਚੀਜ਼ ਕਦੀ ਨਹੀਂ ਕਿਤੇ ਵਾਪਰੀ ਹੋਣੀ। ਕੋਈ ਸੁਪਨਾ ਵੀ ਨਹੀਂ ਲੈ ਸਕਦਾ ਐਸੇ ਕਾਰਨਾਮੇ ਦਾ; ਬਿਨਾਂ ਪੈਰਾਂ ਦੇ ਲੜਾਕਾ ਹਵਾਈ ਜਹਾਜ਼ ਉਡਾਉਣਾ ! ਹਵਾਬਾਜ਼ੀ ਦੇ ਇਤਿਹਾਸ ਵਿੱਚ ਅਜੇ ਤੱਕ ਇਹੋ ਜਿਹੀ ਕੋਈ ਚੀਜ਼ ਸੁਨਣ ਵਿੱਚ ਨਹੀਂ ਆਈ।”
ਪਾਇਲਟ ਨੇ ਖੁਸ਼ੀ ਨਾਲ ਸੀਟੀ ਮਾਰੀ ਤੇ ਬੋਲਿਆ:
“ਹੂੰ, ਹਵਾਬਾਜ਼ੀ ਦਾ ਇਤਿਹਾਸ ਇਹਨੂੰ ਕਈਆਂ ਗੱਲਾਂ ਦਾ ਨਹੀਂ ਸੀ ਪਤਾ ਤੇ ਹੁਣ ਇਸ ਜੰਗ ਵਿਚਲੇ ਸੋਵੀਅਤ ਹਵਾਬਾਜ਼ਾਂ ਤੋਂ ਇਸ ਨੂੰ ਪਤਾ ਲੱਗਾ ਹੈ। ਪਰ ਇਸਦੇ ਵਿੱਚ ਏਨੀਂ ਚੰਗੀ ਗੱਲ ਕਿਹੜੀ ਹੈ? ਯਕੀਨ ਜਾਨਣਾ, ਇਹਨਾਂ ਪੈਰਾਂ ਨਾਲੋਂ ਮੈਂ ਅਸਲੀ ਪੈਰਾਂ ਨਾਲ ਕਿਤੇ ਜ਼ਿਆਦਾ ਖੁਸ਼ੀ ਨਾਲ ਉਡਾਣ ਕਰਦਾ । ਪਰ ਕੀ ਕੀਤਾ ਜਾ ਸਕਦੈ ? ਹਾਲਾਤ ਹੀ ਇਸ ਤਰ੍ਹਾਂ ਦੇ ਹੋ ਗਏ ਸਨ”, ਪਾਇਲਟ ਨੇ ਠੰਡਾ ਸਾਹ ਭਰਿਆ। “ਪਰ ਤਾਂ ਵੀ, ਸੱਚੀ ਗੱਲ ਇਹ ਹੈ ਕਿ ਇਹੋ ਜਿਹੀਆਂ ਮਿਸਾਲਾਂ ਹਵਾਬਾਜ਼ੀ ਦੇ ਇਤਿਹਾਸ ਵਿੱਚ ਮਿਲਦੀਆਂ ठे।”
ਉਹ ਆਪਣੇ ਨਕਸ਼ੇ ਵਾਲ਼ੇ ਥੈਲੇ ਵਿੱਚ ਕੁਝ ਟੋਲਣ ਲੱਗ ਪਿਆ ਤੇ ਇਸ ਵਿੱਚੋਂ ਇੱਕ ਰਸਾਲੇ ਦੀ ਕਟਿੰਗ ਕੱਢੀ, ਟੁਕੜੇ ਟੁਕੜੇ ਹੋਈ ਹੋਈ ਤੇ ਸੇਲੋਫੇਨ ਦੇ ਵਰਕੇ ਉੱਤੇ ਜੋੜੀ ਹੋਈ। ਇਸ ਵਿੱਚ ਇੱਕ ਪਾਇਲਟ ਬਾਰੇ ਦੱਸਿਆ ਗਿਆ ਸੀ, ਜਿਸਦਾ ਇੱਕ ਪੈਰ ਨਹੀਂ ਸੀ ਰਿਹਾ ਪਰ ਤਾਂ ਵੀ ਉਹ ਹਵਾਈ ਜਹਾਜ਼ ਚਲਾਉਂਦਾ ਰਿਹਾ ਸੀ।
“ਪਰ ਉਸਦਾ ਇੱਕ ਪੈਰ ਤਾਂ ਸੀ । ਤੇ ਇਸਤੋਂ ਛੁੱਟ ਉਹ ਲੜਾਕਾ ਹਵਾਈ ਜਹਾਜ਼ ਨਹੀਂ ਸਗੋਂ ਪੁਰਾਣਾ ਫਾਰਮੈਨ ਉਡਾਉਂਦਾ ਸੀ”, ਮੈਂ ਕਿਹਾ।
“ਪਰ ਮੈਂ ਸੋਵੀਅਤ ਪਾਇਲਟ ਹਾਂ । ਪਰ ਇਹ ਨਾ ਸੋਚਣ ਲੱਗ ਪੈਣਾ ਕਿ ਮੈਂ ਸ਼ੇਖੀ ਮਾਰ ਰਿਹਾ ਹਾਂ । ਇਹ ਲਫ਼ਜ਼ ਮੇਰੇ ਆਪਣੇ ਨਹੀਂ । ਇਹ ਲਫ਼ਜ਼ ਮੈਨੂੰ ਇੱਕ ਵਾਰੀ ਇੱਕ ਬੜੇ ਚੰਗੇ, ਅਸਲੀ,” ਉਸਨੇ ਲਫਜ਼ “ਅਸਲੀ” ਉੱਤੇ ਜ਼ੋਰ ਦਿੱਤਾ, “ਇਨਸਾਨ ਨੇ ਕਹੇ ਸਨ। ਹੁਣ ਉਹ ਮਰ ਚੁੱਕਾ ਹੈ।”
ਪਾਇਲਟ ਦੇ ਚੌੜੇ, ਜੋਸ਼ੀਲੇ ਚਿਹਰੇ ਉੱਤੇ ਮਿੱਠੇ ਮਿੱਠੇ, ਪਿਆਰੇ ਗਮ ਦਾ ਪ੍ਰਗਟਾਅ ਆ ਗਿਆ, ਅੱਖਾਂ ਵਿੱਚ ਨਿੱਘੀ ਤੇ ਸਪੱਸ਼ਟ ਚਮਕ ਆ ਗਈ, ਚਿਹਰਾ ਇੱਕਦਮ ਦਸ ਸਾਲ ਜਵਾਨ ਲੱਗਣ ਲੱਗ ਪਿਆ, ਉਹ ਬਿਲਕੁਲ ਮੁੰਡਾ ਜਿਹਾ ਲੱਗਣ ਲੱਗ ਪਿਆ, ਤੇ ਮੈਂ ਹੈਰਾਨ ਹੋ ਗਿਆ ਜਦੋਂ ਮੈਂ ਮਹਿਸੂਸ ਕੀਤਾ ਕਿ ਜਿਸ ਬੰਦੇ ਨੂੰ ਮੈਂ ਅਜੇ ਕੁਝ ਹੀ ਸਮਾਂ ਪਹਿਲਾਂ ਅਧਖੜ ਆਦਮੀ ਸਮਝ ਰਿਹਾ ਸਾਂ, ਉਸਦੀ ਉਮਰ ਤੇਈਂ ਸਾਲ ਵੀ ਨਹੀਂ ਸੀ।
“ਮੈਨੂੰ ਇਹ ਗੱਲ ਚੰਗੀ ਚੰਗੀ ਨਹੀਂ ਲੱਗਦੀ ਜਦੋਂ ਲੋਕ ਪੁੱਛਣ ਲੱਗ ਪੈਂਦੇ ਹਨ: ਕੀ ਹੋਇਆ, ਕਿੱਦਾਂ ਹੋਇਆ, ਕਦੋਂ ਹੋਇਆ। ਤੇ ਹੁਣ ਇੱਕਦਮ ਸਾਰਾ ਕੁਝ ਮੇਰੀਆਂ ਅੱਖਾਂ ਅੱਗੋਂ ਲੰਘ ਗਿਆ ਹੈ।… ਤੁਸੀਂ ਓਪਰੇ ਆਦਮੀ ਹੋ। ਕੱਲ ਨੂੰ ਅਸੀਂ ਵਿੱਛੜ ਜਾਵਾਂਗੇ, ਤੇ ਕੀ ਪਤਾ ਮੁੜ ਕਦੀ ਵੀ ਮੇਲ ਨਾ ਹੋਵੇ । ਜੇ ਚਾਹੋ ਤਾਂ ਮੈਂ ਤੁਹਾਨੂੰ ਆਪਣੇ ਪੈਰਾਂ ਦੀ ਕਹਾਣੀ ਸੁਣਾ ਸਕਦਾ ਹਾਂ।”
ਉਹ ਆਪਣੇ ਤਖਤਪੋਸ਼ ਉੱਤੇ ਸਿੱਧਾ ਹੋ ਕੇ ਬੈਠ ਗਿਆ, ਠੋਡੀ ਤੱਕ ਕੰਬਲ ਖਿੱਚਿਆ ਤੇ ਆਪਣੀ ਕਹਾਣੀ ਸੁਨਾਉਣ ਲੱਗ ਪਿਆ। ਉਹ ਉੱਚੀ ਸੋਚ ਰਿਹਾ ਲੱਗਦਾ ਸੀ ਤੇ ਮੇਰੇ ਬਾਰੇ ਬਿਲਕੁਲ ਭੁੱਲ ਗਿਆ ਲੱਗਦਾ ਸੀ; ਪਰ ਕਹਾਣੀ ਉਹ ਦਿਲਚਸਪ ਤਰੀਕੇ ਨਾਲ ਤੇ ਉਘੜਵੀਂ ਤਰ੍ਹਾਂ ਸੁਣਾ ਰਿਹਾ ਸੀ। ਉਸ ਵਿੱਚ ਤੀਖਣ ਬੁੱਧੀ, ਚੰਗੀ ਯਾਦ-ਸ਼ਕਤੀ ਤੇ ਚੰਗੇ ਵੱਡੇ ਦਿਲ ਨੂੰ ਮਹਿਸੂਸ ਕੀਤਾ ਜਾ ਸਕਦਾ ਸੀ । ਇਹ ਮਹਿਸੂਸ ਕਰਦਿਆਂ ਕਿ ਮੈਂ ਕੋਈ ਮਹੱਤਵਪੂਰਨ ਤੇ ਬੇਮਿਸਾਲ ਚੀਜ਼ ਸੁਨਣ ਲੱਗਾ ਹਾਂ, ਜਿਹੜੀ ਹੋ ਸਕਦਾ ਹੈ ਮੈਨੂੰ ਫਿਰ ਸੁਨਣ ਨੂੰ ਨਾ ਮਿਲੇ, ਮੈਂ ਮੇਜ਼ ਤੋਂ ਇੱਕ ਸਕੂਲ ਦੀ ਕਾਪੀ ਫੜੀ ਜਿਸਦੇ ਬਾਹਰ ਲਿਖਿਆ ਸੀ: “ਸੁਕਾਡਰਨ ਤਿੰਨ ਦੀਆਂ ਲੜਾਕਾ ਉਡਾਨਾਂ ਦੀ ਲਾਗ-ਬੁਕ”, ਤੇ ਉਹ ਜੋ ਕੁਝ ਕਹਿ ਰਿਹਾ ਸੀ, ਉਸ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ।
ਰਾਤ ਅਪੋਹ ਜਿਹੇ ਢੰਗ ਨਾਲ ਜੰਗਲ ਉੱਪਰ ਛਾ ਗਈ। ਮੇਜ਼ ਉੱਪਰਲਾ ਦੀਵਾ ਫਪ- ਫਪ ਤੇ ਸੁਰ ਸੁਰ ਕਰ ਰਿਹਾ ਸੀ, ਤੇ ਕਈ ਲਾਪ੍ਰਵਾਹ ਪਤੰਗੇ, ਜਿਹੜੇ ਇਸਦੀ ਲਾਟ ਨਾਲ ਆਪਣੇ ਪਰ ਸੜਵਾ ਬੈਠੇ ਸਨ, ਇਸਦੇ ਆਲੇ ਦੁਆਲੇ ਪਏ ਸਨ । ਪਹਿਲਾਂ ਪਹਿਲਾਂ ਕਿਸੇ ਅਕਾਰਡੀਅਨ ਦੀ ਅਵਾਜ਼ ਹਵਾ ਨਾਲ ਸਾਡੇ ਕੰਨਾਂ ਤੱਕ ਪੁੱਜ ਰਹੀ ਸੀ। ਫਿਰ ਇਹ ਬੰਦ ਹੋ ਗਈ ਤੇ ਸਿਰਫ ਜੰਗਲ ਦੀਆਂ ਰਾਤ ਦੀਆਂ ਅਵਾਜ਼ਾਂ, ਬਗਲੇ ਦੀ ਤਿੱਖੀ ਚੀਕ, ਦੂਰੋਂ ਕਿਸੇ ਉੱਲੂ ਦੀ ਅਵਾਜ਼, ਨੇੜੇ ਦੀ ਦਲਦਲ ਵਿੱਚੋਂ ਡੱਡੂਆਂ ਦੀ ਟਰਾਂ-ਟਰਾਂ ਤੇ ਟਿੱਡੀਆਂ ਦੀ ਚੀਂ- ਚੀਂ ਮੱਧਮ, ਗੰਭੀਰ ਅਵਾਜ਼ ਦੀਆਂ ਤਾਲ ਬੱਧ ਧੁਨਾਂ ਦਾ ਸਾਥ ਦੇ ਰਹੀ ਸੀ।
ਇਸ ਆਦਮੀ ਨੇ ਜਿਹੜੀ ਹੈਰਾਨ ਕਰ ਦੇਣ ਵਾਲੀ ਕਹਾਣੀ ਸੁਣਾਈ ਉਸਨੇ ਮੇਰੇ ਉੱਤੇ ਏਨਾਂ ਅਸਰ ਕੀਤਾ ਕਿ ਮੈਂ ਕੋਸ਼ਿਸ਼ ਕੀਤੀ ਕਿ ਜਿੱਥੋਂ ਤੱਕ ਹੋ ਸਕੇ ਮੈਂ ਉਸਨੂੰ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਲਿਖ ਲਵਾਂ। ਇੱਕ ਕਾਪੀ ਖ਼ਤਮ ਹੋ ਗਈ, ਸ਼ੈਲਫ ਉੱਪਰੋਂ ਮੈਂ ਦੂਜੀ ਕਾਪੀ ਲੱਭੀ ਤੇ ਉਹ ਵੀ ਭਰ ਦਿੱਤੀ, ਤੇ ਇਸ ਗੱਲ ਵੱਲ ਮੇਰਾ ਧਿਆਨ ਹੀ ਨਾ ਗਿਆ ਕਿ ਭੋਰੇ ਦੇ ਤੰਗ ਜਿਹੇ ਦਰਵਾਜ਼ੇ ਵਿੱਚੋਂ ਦਿੱਸ ਰਿਹਾ ਅਕਾਸ਼ ਪੀਲ਼ਾ ਹੋਣਾ ਸ਼ੁਰੂ ਹੋ ਗਿਆ ਹੈ । ਅਲੈਕਸੇਈ ਮਰੇਸੇਯੇਵ ਨੇ ਆਪਣੀ ਕਹਾਣੀ ਉਸ ਦਿਨ ਤੱਕ ਦੱਸੀ ਜਦੋਂ ਰੀਹਟਹੌਫਨ ਡਵੀਜ਼ਨ ਦੇ ਤਿੰਨ ਜਹਾਜ਼ ਫੁੰਡਣ ਤੋਂ ਮਗਰੋਂ ਉਸਨੇ ਮਹਿਸੂਸ ਕੀਤਾ ਕਿ ਉਹ ਮੁੜ ਕੇ ਬਾਕੀ ਸਾਰਿਆਂ ਦੇ ਬਰਾਬਰ ਦੀ ਪੂਰੀ ਤਰ੍ਹਾਂ ਯੋਗ ਪਾਇਲਟ ਬਣ ਗਿਆ ਹੈ।
“ਆਹ, ਅਸੀਂ ਗੱਲਾਂ ਕਰਦਿਆਂ ਰਾਤ ਲੰਘਾ ਦਿੱਤੀ ਹੈ ਤੇ ਭਲਕੇ ਸਵੇਰ ਤੋਂ ਮੈਨੂੰ ਫਿਰ ਉਡਾਨਾਂ ਕਰਨੀਆਂ ਪੈਣੀਆਂ ਨੇ,” ਉਸਨੇ ਆਪਣੀ ਕਹਾਣੀ ਨੂੰ ਵਿੱਚੋਂ ਰੋਕਦਿਆਂ ਕਿਹਾ।
“ਮੈਂ ਤੁਹਾਨੂੰ ਥਕਾ ਦਿੱਤੈ ਨਾ ? ਚਲੋ ਫਿਰ, ਸੌਂ ਜਾਈਏ।”
“ਪਰ ਓਲਿਆ ਦਾ ਕੀ ਬਣਿਆ ? ਉਸ ਵੱਲੋਂ ਕੀ ਜਵਾਬ ਆਇਆ?” ਮੈਂ ਪੁੱਛਿਆ, ਪਰ ਇੱਕਦਮ ਆਪਣੇ ਆਪ ਨੂੰ ਰੋਕਿਆ ਕੇ ਕਿਹਾ: “ਮੁਆਫ ਕਰਨਾ! ਸ਼ਇਦ ਇਹ ਸਵਾਲ ਤੁਹਾਡੇ ਲਈ ਸੁਖਾਵਾਂ ਨਾ ਹੋਵੇ । ਉਸ ਸੂਰਤ ਵਿੱਚ ਬੇਸ਼ਕ ਜਵਾਬ ਨਾ ਦੇਣਾ”
“ਨਹੀਂ, ਐਸੀਂ ਕਿਹੜੀ ਗੱਲ ਹੈ,” ਉਸਨੇ ਹੱਸਦੇ ਨੇ ਕਿਹਾ। “ਅਸੀਂ ਦੋਵੇਂ ਬੜੇ ਅਜੀਬ ਬੰਦੇ ਸਾਂ । ਨਿੱਕਲਿਆ ਇਹ, ਕਿ ਉਸਨੂੰ ਸਭ ਕਾਸੇ ਦਾ ਪਤਾ ਸੀ। ਮੇਰੇ ਯਾਰ ਆਂਦਰੇਈ ਦੇਗਤਿਆਰੈਨਕੋ ਨੇ ਉਸਨੂੰ ਇੱਕਦਮ ਲਿਖ ਦਿੱਤਾ ਸੀ — ਪਹਿਲਾਂ ਮੇਰੇ ਹਾਦਸੇ ਬਾਰੇ, ਤੇ ਫਿਰ ਇਹ ਵੀ ਕਿ ਮੇਰੇ ਪੈਰ ਕੱਟੇ ਗਏ ਹਨ । ਪਰ ਇਹ ਦੇਖਦਿਆਂ ਕਿ ਮੈਂ ਇਸਨੂੰ ਉਸਤੋਂ ਲੁਕਾ ਕੇ ਰੱਖ ਰਿਹਾ ਹਾਂ, ਉਸਨੇ ਵੀ ਫ਼ੈਸਲਾ ਕੀਤਾ ਕਿ ਮੇਰੇ ਲਈ ਇਸ ਬਾਰੇ ਗੱਲ ਕਰਨਾ ਦੁਖਦਾਈ ਹੈ। ਤੇ ਉਹ ਵਿਖਾਵਾ ਕਰਦੀ ਰਹੀ ਕਿ ਉਸਨੂੰ ਕਿਸੇ ਗੱਲ ਦਾ ਨਹੀਂ ਪਤਾ। ਸੋ ਅਸੀਂ ਇੱਕ ਦੂਜੇ ਨੂੰ ਧੋਖਾ ਦੇ ਰਹੇ ਸਾਂ, ਰੱਬ ਜਾਣੇ, ਕਿਉਂ! ਤੁਸੀਂ ਇੱਕ ਨਜ਼ਰ ਉਸਨੂੰ ਦੇਖਣਾ ਚਾਹੁੰਦੇ ਹੋ ?”
ਉਸਨੇ ਬੱਤੀ ਉੱਚੀ ਕੀਤੀ ਤੇ ਇਸਨੂੰ ਚੁੱਕ ਕੇ ਆਪਣੇ ਸਿਰਹਾਣੇ ਵੱਲ ਉੱਪਰ ਕਰਕੇ ਕੰਧ ਨਾਲ ਸਾਫ਼ ਸੁਥਰੇ ਪਲੈਕਸੀਗਲਾਸ ਦੇ ਫਰੇਮਾਂ ਵਿੱਚ ਲੱਗੀਆਂ ਫੋਟੋਆਂ ਤੱਕ ਲੈ ਗਿਆ । ਇੱਕ ਫੋਟੋ ਤੋਂ, ਜੋ ਕਿਸੇ ਸ਼ੌਂਕੀਆਂ ਫੋਟੋਗਰਾਫਰ ਨੇ ਲਈ ਲਗਦੀ ਸੀ, ਲਗਭਗ ਧੁੰਦਲੀ ਤੇ ਉਡੀ ਹੋਈ ਸੀ, ਮਸਾਂ ਹੀ ਇੱਕ ਮੁਸਕ੍ਰਾ ਰਹੀ, ਬੇਫ਼ਿਕਰ ਕੁੜੀ ਦੇ ਨਕਸ਼ ਦਿਖਾਈ ਦੇਂਦੇ ਸਨ, ਜਿਹੜੀ ਸਬਜ਼ਾਜ਼ਾਰ ਵਿੱਚ ਫੁੱਲਾਂ ਵਿਚਕਾਰ ਬੈਠੀ ਸੀ । ਦੁਜੀ ਫੋਟੋ ਉਹੀ ਕੁੜੀ ਸੈਕੰਡ ਲੈਫ਼ਟੀਨੈਂਟ ਟੈਕਨੀਸ਼ਨ ਦੀ ਵਰਦੀ ਵਿੱਚ ਸੀ— ਕਰੜੇ, ਪਤਲੇ, ਸਿਆਣੇ ਚਿਹਰੇ ਵਾਲ਼ੀ, ਜਿਸ ਦੀਆਂ ਅੱਖਾਂ ਬੱਝਵੀਂ ਤਰ੍ਹਾਂ ਦੇਖ ਰਹੀਆਂ ਸਨ । ਉਹ ਏਨੀਂ ਨਿੱਕੀ ਸੀ ਕਿ ਫ਼ੌਜੀ ਵਰਦੀ ਵਿੱਚ ਉਹ ਗਭਰੀਟ ਜਿਹੇ ਸੋਹਣੇ ਮੁੰਡੇ ਵਾਂਗ ਲੱਗਦੀ ਸੀ, ਸਿਰਫ ਇਹ ਮੁੰਡਾ ਥੱਕਿਆ ਥੱਕਿਆ ਲੱਗਦਾ ਸੀ, ਉਸ ਦੀਆਂ ਨਜ਼ਰਾਂ ਮੁੰਡਿਆਂ ਵਰਗੀਆਂ ਨਹੀਂ, ਸਗੋਂ ਅਗਲੇ ਦੇ ਅੰਦਰ ਧੱਸ ਜਾਣ ਵਾਲੀਆਂ ਸਨ।
“ਤੁਹਾਨੂੰ ਚੰਗੀ ਲੱਗੀ?”
“ਬਹੁਤ,” ਮੈਂ ਸੱਚੇ ਦਿਲੋਂ ਜਵਾਬ ਦਿੱਤਾ।
“ਮੈਨੂੰ ਵੀ ਚੰਗੀ ਲੱਗਦੀ ਹੈ,” ਉਹ ਸਾਫ਼ਦਿਲੀ ਨਾਲ ਮੁਸਕਾਇਆ।
“ਤੇ ਸਤਰੂਚਕੋਵ, ਹੁਣ ਉਹ ਕਿੱਥੇ ਹੈ?”
“ਪਤਾ ਨਹੀਂ। ਉਸ ਵੱਲੋਂ ਆਖ਼ਰੀ ਚਿੱਠੀ ਮੈਨੂੰ ਸਰਦੀਆਂ ਵਿੱਚ ਵੇਲੀਕੀਏ ਲੂਕੀ ਦੇ ਨੇੜਿਉਂ ਕਿਤੇ ਮਿਲੀ ਸੀ।”
“ਤੇ ਉਹ ਟੈਂਕਮੈਨ, ਕੀ ਨਾਂ ਸੀ ਉਸਦਾ ?”
“ਗਰੀਸ਼ਾ ਗਵੋਜ਼ਦਿਓਵ ? ਉਹ ਹੁਣ ਮੇਜਰ ਹੈ। ਉਸਨੇ ਪਰੋਖੋਰੋਵਕਾ ਦੀ ਪ੍ਰਸਿੱਧ ਲੜਾਈ ਵਿੱਚ ਹਿੱਸਾ ਲਿਆ ਤੇ ਫਿਰ ਕੁਰਸਕ ਦੇ ਵਧਾਣ ਵਾਲੀ ਥਾਂ ਟੈਂਕਾਂ ਨਾਲ ਰਾਹ ਬਨਾਉਣ ਵਿੱਚ। ਅਸੀਂ ਇੱਕੋਂ ਇਲਾਕੇ ਵਿੱਚ ਹੀ ਲੜ ਰਹੇ ਸਾਂ, ਪਰ ਇੱਕ ਦੂਜੇ ਨੂੰ ਮਿਲੇ ਨਹੀਂ । ਉਹ ਇੱਕ ਟੈਂਕ ਰੈਜਮੈਂਟ ਦੀ ਕਮਾਨ ਕਰ ਰਿਹਾ ਹੈ। ਕੁਝ ਸਮੇਂ ਤੋਂ ਹੁਣ ਉਸਦੀ ਚਿੱਠੀ ਨਹੀਂ ਆਈ, ਪਤਾ ਨਹੀਂ ਕਿਉਂ। ਪਰ ਕੋਈ ਗੱਲ ਨਹੀਂ । ਜੇ ਜਿਊਂਦੇ ਰਹੇ ਤਾਂ ਲੱਭ ਲਵਾਂਗੇ ਇੱਕ ਦੂਜੇ ਨੂੰ । ਪਰ ਅਸੀਂ ਜਿਊਂਦੇ ਕਿਉਂ ਨਹੀਂ ਰਹਾਂਗੇ? ਪਰ ਚਲੋ, ਸੌਂ ਜਾਈਏ, ਸੌਂ ਜਾਈਏ। ਸਵੇਰ ਹੋ ਵੀ ਗਈ ਹੈ।”
ਉਸਨੇ ਫੂਕ ਮਾਰ ਕੇ ਦੀਵਾ ਬੁਝਾ ਦਿੱਤਾ।
“ਮੈਂ “ਪਰਾਵਦਾ” ਵਿੱਚ ਤੁਹਾਡੇ ਬਾਰੇ ਲਿਖਣਾ ਚਾਹਾਂਗਾ,” ਮੈਂ ਕਿਹਾ।
“ਤਾਂ ਕੀ ਹੈ, ਲਿਖੋਂ,” ਬਿਨਾਂ ਕਿਸੇ ਉਤਸ਼ਾਹ ਦੇ ਪਾਇਲਟ ਸਹਿਮਤ ਹੋ ਗਿਆ, ਪਰ ਸੁੱਤ-ਉਨੀਂਦੀ ਅਵਾਜ਼ ਵਿੱਚ ਨਾਲ ਹੀ ਬੋਲਿਆ: “ਪਰ ਸ਼ਾਇਦ ਨਾ ਹੀ ਲਿਖਣਾ। ਐਵੇਂ ਗੇਬਲਜ਼ ਦੇ ਹੱਥ ਲੱਗ ਜਾਏਗਾ ਤੇ ਉਹ ਢੰਡੋਰਾ ਪਿੱਟਦਾ ਫਿਰੇਗਾ ਕਿ ਦੇਖੋ, ਰੂਸੀ ਬਿਨਾਂ ਪੈਰਾਂ ਦੇ ਆਦਮੀਆਂ ਨੂੰ ਵੀ ਲੜਾਈ ਵਿੱਚ ਝੋਕ ਰਹੇ ਨੇ, ਵਗੈਰਾ ਵਗੈਰਾ ਫਾਸਿਸਟ ਇਹਨਾਂ ਗੱਲਾਂ ਵਿੱਚ ਮਾਹਰ ਨੇ।”
ਅਗਲੇ ਪਲ ਹੀ ਉਹ ਜ਼ੋਰ ਜ਼ੋਰ ਦੀ ਘੁਰਾੜੇ ਮਾਰ ਰਿਹਾ ਸੀ । ਪਰ ਮੈਂ ਨਾ ਸੌਂ ਸਕਿਆ। ਇਸ ਅਚੇਤ ਇਕਬਾਲ ਨੇ ਆਪਣੀ ਸਾਦਗੀ ਤੇ ਮਹਾਨਤਾ ਨਾਲ ਮੈਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਹ ਬੜੀ ਸੋਹਣੀ ਪਰੀ-ਕਹਾਣੀ ਹੋਣੀ ਸੀ ਜੇ ਇਸਦਾ ਨਾਇਕ ਬਿਲਕੁਲ ਮੇਰੇ ਸਾਮ੍ਹਣੇ ਸੁੱਤਾ ਨਾ ਹੁੰਦਾ ਤਾਂ, ਤੇ ਜੇ ਸਿਲ੍ਹ ਨਾਲ਼ ਲਿਸ਼ਕ ਰਹੇ ਤੇ ਸਵੇਰ ਦੇ ਸਲੇਟੀ ਜਿਹੇ ਚਾਨਣ ਵਿੱਚ ਪ੍ਰਤੱਖ ਦਿਖਾਈ ਦੇ ਰਹੇ ਉਸਦੇ ਨਕਲੀ ਪੈਰ ਜ਼ਮੀਨ ਉੱਤੇ ਨਾ ਪਏ ਹੁੰਦੇ।
. ਉਸਤੋਂ ਮਗਰੋਂ ਬਹੁਤ ਦੇਰ ਤੱਕ ਮੇਰਾ ਅਲੈਕਸੇਈ ਮਰੇਸੇਯੇਵ ਨਾਲ ਮੇਲ ਨਾ ਹੋਇਆ। ਪਰ ਜੰਗ ਦੀ ਹੋਣੀ ਮੈਨੂੰ ਜਿੱਥੇ ਕਿਤੇ ਵੀ ਲੈ ਗਈ, ਹਰ ਥਾਂ ਦੋ ਸਕੂਲੀ ਕਾਪੀਆਂ ਮੇਰੇ ਨਾਲ ਹੁੰਦੀਆਂ ਸਨ ਜਿਨ੍ਹਾਂ ਵਿੱਚ ਮੈਂ ਓਰੇਲ ਦੇ ਨੇੜੇ ਇਸ ਪਾਇਲਟ ਦੇ ਅਦਭੁਤ ਮਾਅਰਕਿਆਂ ਨੂੰ ਨੋਟ ਕੀਤਾ ਸੀ। ਕਿੰਨੀਂ ਵਾਰੀ ਜੰਗ ਦੇ ਦੌਰਾਨ ਜਦੋਂ ਜੰਗ ਨਹੀਂ ਸੀ ਹੋ ਰਹੀ ਹੁੰਦੀ, ਉਦੋਂ ਤੇ ਜੰਗ ਤੋਂ ਮਗਰੋਂ, ਜਦੋਂ ਮੈਂ ਅਜ਼ਾਦ ਹੋਏ ਯੂਰਪ ਦੇ ਦੇਸ਼ਾ ਦਾ ਚੱਕਰ ਲਾ ਰਿਹਾ ਹੁੰਦਾ ਸਾਂ, ਮੈਂ ਉਸ ਬਾਰੇ ਕਹਾਣੀ ਲਿਖਣੀ ਸ਼ੁਰੂ ਕੀਤੀ, ਪਰ ਇਸਨੂੰ ਇੱਕ ਪਾਸੇ ਰੱਖ ਦੇਂਦਾ ਰਿਹਾ, ਕਿਉਂਕਿ ਮੈਂ ਜੋ ਕੁਝ ਵੀ ਲਿਖਣ ਵਿੱਚ ਸਫ਼ਲ ਹੁੰਦਾ, ਉਹ ਉਸਦੇ ਅਸਲੀ ਜੀਵਨ ਦਾ ਐਵੇਂ ਮਾੜਾ ਜਿਹਾ ਪਰਛਾਵਾਂ ਹੀ ਲੱਗਦਾ ।
ਮੈਂ ਨਿਊਰਨਬਰਗ ਵਿੱਚ ਕੌਮਾਂਤਰੀ ਫ਼ੌਜੀ ਟਰਿਬਿਊਨਲ ਦੀ ਬੈਠਕ ਵਿੱਚ ਹਾਜ਼ਰ ਸਾਂ। ਹਰਮਨ ਗੇਰਿੰਗ ਦੀ ਜਿਹਰ ਖ਼ਤਮ ਹੋ ਰਹੀ ਸੀ। ਭਾਰੀ ਦਸਤਾਵੇਜੀ ਗਵਾਹੀ ਦੇ ਭਾਰ ਹੇਠ ਕੰਬਦਿਆਂ ਤੇ ਸੋਵੀਅਤ ਵਕੀਲ ਦੇ ਸਵਾਲਾਂ ਸਾਮ੍ਹਣੇ ਨਿਰੁਤਰ ਹੁੰਦਿਆਂ,”ਜਰਮਨ ਨਾਜ਼ੀ ਨੰਬਰ ਦੋ” ਨੇ ਹਿਚਕਿਚਾਹਟ ਨਾਲ, ਮੀਚੇ ਹੋਏ ਦੰਦਾਂ ਵਿੱਚੋਂ ਦੀ ਅਦਾਲਤ ਨੂੰ ਦੱਸਿਆ ਕਿ ਕਿਵੇਂ ਫਾਸਿਜ਼ਮ ਦੀ ਧੜਵੈਲ ਤੇ ਉਦੋਂ ਤੱਕ ਅਜਿੱਤ ਫ਼ੌਜ ਮੇਰੀ ਮਾਤਭੂਮੀ ਦੀਆਂ ਵਿਸ਼ਾਲ ਚੁੜਿਤਣਾਂ ਉੱਪਰ ਲੜੀਆਂ ਗਈਆਂ ਲੜਾਈਆਂ ਵਿੱਚ ਸੋਵੀਅਤ ਫ਼ੌਜ ਦੀਆਂ ਸੱਟਾਂ ਹੇਠ ਤਬਾਹ ਹੋ ਗਈ ਸੀ ਤੇ ਘੁਲ ਗਈ ਸੀ । ਆਪਣੇ ਆਪ ਨੂੰ ਠੀਕ ਸਿੱਧ ਕਰਦਿਆਂ, ਗੇਰਿੰਗ ਨੇ ਆਪਣੀਆਂ ਧੁੰਦਲੀਆਂ ਅੱਖਾਂ ਅਕਾਸ਼ ਵੱਲ ਚੁੱਕੀਆਂ ਤੇ ਬੋਲਿਆ: “ਵਿਧਾਤਾ ਦੀ ਇਹੋ ਰਜ਼ਾ ਸੀ।”
“ਕੀ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਸੋਵੀਅਤ ਯੂਨੀਅਨ ਉੱਪਰ ਵਿਸ਼ਵਾਸਘਾਤੀ ਢੰਗ ਨਾਲ ਹਮਲਾ ਕਰਕੇ, ਜਿਸਦੇ ਸਿੱਟੇ ਵੱਜੋਂ ਜਰਮਨੀ ਦੀ ਹਾਰ ਹੋਈ, ਤੁਸੀਂ ਇੱਕ ਭਾਰੀ ਗੁਨਾਹ ਕੀਤਾ ਸੀ ?” ਸੋਵੀਅਤ ਵਕੀਲ ਰੋਮਾਨ ਰੂਦੈਨਕੋ ਨੇ ਗੇਰਿੰਗ ਨੂੰ ਪੁੱਛਿਆ।
“ਇਹ ਕੋਈ ਗੁਨਾਹ ਨਹੀਂ ਸੀ, ਇਹ ਮਾਰੂ ਗ਼ਲਤੀ ਸੀ,” ਗੇਰਿੰਗ ਨੇ ਘੂਰੀ ਵੱਟਦਿਆਂ ਤੇ ਨਜ਼ਰਾਂ ਹੇਠਾਂ ਕਰਦਿਆਂ ਹੌਲ਼ੀ ਜਿਹੀ ਅਵਾਜ਼ ਵਿੱਚ ਕਿਹਾ। “ਮੈਂ ਸਿਰਫ ਏਨਾਂ ਮੰਨ ਸਕਦਾ ਹਾਂ ਕਿ ਅਸੀਂ ਅੰਧਾਧੁੰਦ ਕਾਰਵਾਈ ਕੀਤੀ, ਕਿਉਂਕਿ, ਜਿਵੇਂ ਕਿ ਜੰਗ ਦੇ ਦੌਰਾਨ ਪ੍ਰਤੱਖ ਹੋ ਗਿਆ, ਅਸੀਂ ਕਈ ਗੱਲਾਂ ਤੋਂ ਅਣਜਾਣ ਸਾਂ, ਤੇ ਕਈ ਚੀਜ਼ਾਂ ਦਾ ਸਾਨੂੰ ਖਿਆਲ ਨਹੀਂ ਸੀ ਆ ਸਕਦਾ। ਵੱਡੀ ਗੱਲ, ਜਿਸਦਾ ਸਾਨੂੰ ਨਹੀਂ ਸੀ ਪਤਾ ਤੇ ਨਾ ਹੀ ਅਸੀਂ ਜਿਸਨੂੰ ਸਮਝਦੇ ਸਾਂ, ਉਹ ਸੀ ਸੋਵੀਅਤ ਰੂਸੀਆਂ ਦਾ ਆਚਰਨ । ਉਹ ਇੱਕ ਅੜਾਉਣੀ ਰਹੇ ਹਨ ਤੇ ਹੁਣ ਵੀ ਹਨ। ਦੁਨੀਆਂ ਦੀ ਸਭ ਤੋਂ ਚੰਗੀ ਜਾਸੂਸੀ ਸੇਵਾ ਵੀ ਸੋਵੀਅਤ ਯੂਨੀਅਨ ਵਾਲਿਆਂ ਦੀ ਅਸਲੀ ਜੰਗੀ ਸਮਰੱਥਾ ਦਾ ਪਤਾ ਨਹੀਂ ਲਾ ਸਕਦੀ। ਮੇਰਾ ਮਤਲਬ ਤੋਪਾਂ, ਹਵਾਈ ਜਹਾਜ਼ਾਂ ਤੇ ਟੈਂਕਾਂ ਦੀ ਗਿਣਤੀ ਤੋਂ ਨਹੀਂ। ਇਹਨਾਂ ਦਾ ਸਾਨੂੰ ਲਗਭਗ ਪਤਾ ਸੀ । ਨਾ ਹੀ ਮੇਰਾ ਮਤਲਬ ਉਹਨਾਂ ਦੀ ਸਨੱਅਤ ਦੀ ਸਮਰੱਥਾ ਤੇ ਯੋਗਤਾ ਤੋਂ ਹੈ । ਮੇਰਾ ਮਤਲਬ ਉਹਨਾਂ ਦੇ ਲੋਕਾਂ ਤੋਂ ਹੈ । ਰੂਸੀ ਹਮੇਸ਼ਾ ਹੀ ਬਦੇਸ਼ੀ ਲਈ ਇੱਕ ਅੜਾਉਣੀ ਰਹੇ ਹਨ । ਨੈਪੋਲੀਅਨ ਵੀ ਉਹਨਾਂ ਨੂੰ ਸਮਝਣ ਤੋਂ ਅਸਮਰੱਥ ਰਿਹਾ ਸੀ। ਅਸੀਂ ਸਿਰਫ਼ ਨੈਪੋਲੀਅਨ ਦੀ ਗਲਤੀ ਦੁਹਰਾਈ चै।”
“ਰੂਸੀਆਂ ਦੇ ਅੜਾਉਣੀ” ਹੋਣ ਬਾਰੇ, ਸਾਡੀ ਮਾਤਭੂਮੀ ਦੀ “ਅਣਜਾਣੀ ਜੰਗੀ ਸਮਰੱਥਾ” ਬਾਰੇ ਇਸ ਮਜ਼ਬੂਰਨ ਇਕਬਾਲ ਨੇ ਸਾਨੂੰ ਮਾਨ ਨਾਲ ਭਰ ਦਿੱਤਾ। ਅਸੀਂ ਇਹ ਵਿਸ਼ਵਾਸ ਕਰ ਸਕਦੇ ਸਾਂ ਕਿ ਸੋਵੀਅਤ ਲੋਕ, ਉਹਨਾਂ ਦੀ ਯੋਗਤਾ, ਗੁਣ, ਹੌਂਸਲਾ ਤੇ ਸਵੈਕੁਰਬਾਨੀ, ਜਿਸਨੇ ਜੰਗ ਦੇ ਦੌਰਾਨ ਦੁਨੀਆਂ ਨੂੰ ਏਨਾਂ ਅਚੰਭੇ ਵਿੱਚ ਪਾ ਦਿੱਤਾ ਸੀ, ਇਹਨਾਂ ਸਾਰੇ ਗੇਰਿੰਗਾਂ ਲਈ ਮਾਰੂ ਅੜਾਉਣੀ ਸੀ, ਤੇ ਬਣੀ ਰਹੀ। ਸੱਚਮੁਚ, ਜਰਮਨਾਂ ਦੇ “ਉੱਚੀ ਨਸਲ” ਦੇ ਹੋਣ ਬਾਰੇ ਘਿਨਾਉਣੇ “ਸਿਧਾਂਤ” ਦੇ ਕਾਢਕਾਰ ਉਸ ਕੋਮ ਦੀ ਆਤਮਾ ਤੇ ਤਾਕਤ ਨੂੰ ਕਿਵੇਂ ਸਮਝ ਸਕਦੇ ਸਨ, ਜਿਹੜੀ ਕੌਮ ਸਮਾਜਵਾਦੀ ਦੇਸ਼ ਵਿੱਚ ਪਲੀ ਸੀ? ਤੇ ਮੈਨੂੰ ਇੱਕਦਮ ਅਲੈਕਸੇਈ ਮਰੇਸੇਯੇਵ ਯਾਦ ਆ ਗਿਆ। ਉਸਦੀ ਅਧਭੁੱਲੀ ਤਸਵੀਰ ਉਸ ਨੀਰਸ, ਬਲੂਤ ਦੇ ਫੱਟਿਆਂ ਨਾਲ ਜੁੜੇ ਹਾਲ ਵਿੱਚ ਮੇਰੀਆਂ ਅੱਖਾਂ ਸਾਮ੍ਹਣੇ ਪ੍ਰਤੱਖ ਉੱਘੜ ਆਈ। ਤੇ ਬਿਲਕੁਲ ਉਸੇ ਥਾਂ, ਫਾਸਿਜ਼ਮ ਦੇ ਪੰਘੂੜੇ, ਨਿਊਰਨਬਰਗ, ਵਿੱਚ ਮੈਨੂੰ ਕਰੋੜਾਂ ਆਮ ਜਿਹੇ ਸੋਵੀਅਤ ਲੋਕਾਂ ਵਿੱਚੋਂ ਇੱਕ ਦੀ ਕਹਾਣੀ ਦੱਸਣ ਦੀ ਪ੍ਰੇਰਨਾ ਮਹਿਸੂਸ ਹੋਈ, ਜਿਨ੍ਹਾਂ ਨੇ ਕੀਥਲ ਦੀਆਂ ਫ਼ੌਜਾਂ ਨੂੰ ਤੇ ਗਰਿੰਗ ਦੀ ਵਾਯੂਸੈਨਾ ਨੂੰ ਤਬਾਹ ਕੀਤਾ ਸੀ, ਜਿਨ੍ਹਾਂ ਨੇ ਰੇਡੇਰ ਦੇ ਬੇੜਿਆ ਨੂੰ ਡੋਬਿਆ ਸੀ, ਤੇ ਸ਼ਕਤੀਸ਼ਾਲੀ ਸੱਟਾਂ ਨਾਲ ਹਿਟਲਰ ਦੇ ਧਾੜਵੀ ਰਾਜ ਨੂੰ ਬਰਬਾਦ ਕਰ ਦਿੱਤਾ ਸੀ ।
ਪੀਲੀ ਜਿਲਦ ਵਾਲੀਆਂ ਸਕੂਲੀ ਕਾਪੀਆਂ ਮੇਰੇ ਕੋਲ ਹੀ ਸਨ, ਜਿਨ੍ਹਾਂ ਵਿੱਚੋਂ ਇੱਕ ਉੱਪਰ ਮਰੇਸੇਯੇਵ ਦੇ ਆਪਣੇ ਹੱਥਾਂ ਨਾਲ਼ ਲਿਖਿਆ ਹੋਇਆ ਸੀ: “ਸੁਕਾਡਰਨ ਨੰਬਰ ਤਿੰਨ ਦੀਆਂ ਲੜਾਕਾ ਉਡਾਨਾ ਦੀ ਲਾਗ-ਬੁੱਕ ।”
ਟਰੀਬਿਊਨਲ ਦੀ ਬੈਠਕ ਤੋਂ ਵਾਪਸ ਆ ਕੇ, ਮੈਂ ਪੁਰਾਣੇ ਨੋਟਾਂ ਉੱਪਰ ਇੱਕ ਨਜ਼ਰ ਮਾਰੀ ਤੇ ਮੁੜ ਕੇ ਲਿਖਣਾ ਸ਼ੁਰੂ ਕਰ ਦਿੱਤਾ, ਤੇ ਕੋਸ਼ਿਸ਼ ਕੀਤੀ ਕਿ ਅਲੈਕਸੇਈ ਮਰੇਸੇਯੇਵ ਬਾਰੇ ਉਹ ਸਭ ਕੁਝ ਠੀਕ ਠੀਕ ਦਸ ਦੇਵਾ, ਜੋ ਮੈਂ ਉਸਦੇ ਆਪਣੇ ਮੂੰਹੋਂ ਸੁਣਿਆ ਸੀ।
ਜੋ ਕੁਝ ਉਸਨੇ ਮੈਨੂੰ ਦੱਸਿਆ ਸੀ, ਉਸ ਵਿੱਚੋਂ ਬਹੁਤਾ ਕੁਝ ਮੈਂ ਲਿਖ ਨਹੀਂ ਸਾਂ ਸਕਿਆ ਤੇ ਉਸਤੋਂ ਮਗਰਲੇ ਚਾਰ ਸਾਲਾਂ ਵਿੱਚ ਹੋਰ ਬਹੁਤ ਕੁਝ ਭੁੱਲ ਚੁੱਕਾ ਸੀ । ਬਹੁਤ ਕੁਝ ਸੀ, ਜੋ ਅਲੈਕਸੇਈ ਮਰੇਸੇਯੇਵ ਨੇ ਆਪਣੇ ਸੰਕੋਚੀ ਸੁਭਾਅ ਕਰਕੇ ਆਪਣੇ ਬਾਰੇ ਨਹੀਂ ਸੀ ਦੱਸਿਆ ਤੇ ਇਹਨਾਂ ਖਾਲੀ ਥਾਵਾਂ ਨੂੰ ਆਪਣੀ ਕਲਪਨਾ ਨਾਲ ਪੂਰਨਾ ਜ਼ਰੂਰੀ ਸੀ । ਉਸਦੇ ਦੋਸਤਾਂ ਦੀਆਂ ਤਸਵੀਰਾਂ, ਜਿਹੜੀਆਂ ਉਸ ਰਾਤ ਉਸਨੇ ਏਨੀਂ ਉਘੜਵੀਂ ਤਰ੍ਹਾਂ ਤੇ ਨਿੱਘ ਨਾਲ ਖਿੱਚੀਆਂ ਸਨ, ਮੇਰੀ ਯਾਦ ਵਿੱਚੋਂ ਧੁੰਦਲੀਆਂ ਪੈ ਚੁੱਕੀਆਂ ਸਨ । ਉਹਨਾਂ ਨੂੰ ਨਵੇਂ ਸਿਰਿਉਂ ਚਿੱਤਰਨਾ ਜ਼ਰੂਰੀ ਸੀ । ਇੱਥੇ ਤੱਥਾਂ ਦੇ ਕਰੜੀ ਤਰ੍ਹਾਂ ਅਨੁਕੂਲ ਰਹਿਣ ਤੋਂ ਅਸਮਰਥ ਰਹਿੰਦਿਆ, ਮੈਂ ਨਾਇਕ ਦਾ ਨਾਂ ਜ਼ਰਾ ਕੁ ਬਦਲ ਦਿੱਤਾ ਤੇ ਮੁਸ਼ਕਲ ਤੇ ਬਹਾਦਰ ਰਾਹ ਉਪਰਲੇ ਉਸਦੇ ਸਾਥੀਆਂ ਤੇ ਸਹਾਇਕਾਂ ਨੂੰ ਨਵੇਂ ਨਾਂ ਦੇ ਦਿੱਤੇ । ਮੈਨੂੰ ਆਸ ਹੈ ਕਿ ਉਹ ਮੈਨੂੰ ਮੁਆਫ਼ ਕਰ ਦੇਣਗੇ, ਜੇ ਉਹ ਇਸ ਕਹਾਣੀ ਵਿੱਚੋਂ ਆਪਣੀ ਨੁਹਾਰ ਪਛਾਣ ਲੈਂਦੇ ਹਨ ਤਾਂ ।
ਮੈਂ ਇਸ ਕਿਤਾਬ ਨੂੰ “ਅਸਲੀ ਇਨਸਾਨ ਦੀ ਕਹਾਣੀ” ਨਾਂ ਦਿੱਤਾ ਹੈ ਕਿਉਂਕਿ ਅਲੈਕਸੇਈ ਮਰੇਸੇਯੇਵ ਅਸਲੀ ਸੋਵੀਅਤ ਇਨਸਾਨ ਹੈ, ਜਿਸ ਵਰਗਿਆਂ ਨੂੰ ਹਰਮਨ ਗੇਰਿੰਗ ਆਪਣੀ ਸ਼ਰਮਨਾਕ ਮੌਤ ਦੇ ਦਿਨ ਤੱਕ ਕਦੀ ਨਾ ਸਮਝ ਸਕਿਆ, ਤੇ ਜਿਨ੍ਹਾਂ ਨੂੰ ਅੱਜ ਤੱਕ ਉਹ ਸਾਰੇ ਲੋਕ ਨਹੀਂ ਸਮਝ ਸਕਦੇ ਜਿਹੜੇ ਇਤਿਹਾਸ ਦੇ ਸਬਕਾਂ ਨੂੰ ਭੁਲਾ ਦੇਣ ਦੀ ਬਿਰਤੀ ਰੱਖਦੇ ਹਨ, ਉਹ ਸਾਰੇ ਲੋਕ ਜਿਹੜੇ ਅਜੇ ਵੀ ਨੈਪੋਲੀਅਨ ਤੇ ਹਿਟਲਰ ਦਾ ਰਸਤਾ ਫੜਨ ਦੇ ਵਿੱਚੋਂ ਵਿੱਚ ਸੁਪਨੇ ਲੈਂਦੇ ਹਨ।
ਇਸ ਤਰ੍ਹਾਂ ਨਾਲ ਜਨਮ ਹੋਇਆ ਸੀ ਇਸ “ਅਸਲੀ ਇਨਸਾਨ ਦੀ ਕਹਾਣੀ” ਦਾ। ਜਦੋਂ ਖਰੜਾ ਲਿਖਿਆ ਗਿਆ ਤੇ ਛਪਣ ਲਈ ਤਿਆਰ ਹੋ ਗਿਆ, ਤਾਂ ਮੈਂ ਚਾਹੁੰਦਾ ਸਾਂ ਕਿ ਇਸਦੇ ਪ੍ਰਕਾਸ਼ਤ ਹੋਣ ਤੋਂ ਪਹਿਲਾਂ ਇਸ ਕਿਤਾਬ ਦਾ ਨਾਇਕ ਇਸ ਉੱਤੇ ਨਜ਼ਰ ਮਾਰ ਲਵੇ। ਪਰ ਮਹਾਜ਼ਾਂ ਦੇ ਅਸੀਮ ਰਾਹਾਂ ਉੱਪਰ ਭੱਜ ਦੌੜ ਵਿੱਚ ਉਹ ਬਿਨਾਂ ਕੋਈ ਵੀ ਨਿਸ਼ਾਨ ਛੱਡਣ ਦੇ, ਮੇਰੇ ਲਈ ਅਲੋਪ ਹੋ ਚੁੱਕਾ ਸੀ।
ਇਹ ਨਾਵਲ ਰਸਾਲੇ ਵਿੱਚ ਛਪਣਾ ਸ਼ੁਰੂ ਹੋ ਚੁੱਕਾ ਸੀ ਤੇ ਰੇਡੀਓ ਉੱਤੇ ਵੀ ਪੜ੍ਹ ਕੇ ਸੁਣਾਇਆ ਜਾ ਰਿਹਾ ਸੀ, ਜਦੋਂ ਇੱਕ ਸਵੇਰ ਮੇਰਾ ਟੈਲੀਫੂਨ ਖੜਕਣ ਲੱਗ ਪਿਆ।
“ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ,” ਮੈਨੂੰ ਰਸੀਵਰ ਵਿੱਚੋਂ ਬੈਠੀ, ਮਰਦਾਵੀਂ ਅਵਾਜ਼ ਸੁਣਾਈ ਦਿੱਤੀ, ਜਿਹੜੀ ਜਾਣੀ ਪਛਾਣੀ ਪਰ ਭੁੱਲ ਚੁੱਕੀ ਲੱਗਦੀ ਸੀ।
“ਤੇ ਤੁਸੀ ਕੌਣ ਹੋ ?”
“ਮੈਂ ਗਾਰਦਾ ਦਾ ਮੇਜਰ ਅਲੈਕਸੇਈ ਮਰੇਸੇਯੇਵ ਹਾਂ।”
ਤੇ ਕੁਝ ਘੰਟਿਆ ਮਗਰੋਂ, ਚੁਸਤ-ਫੁਰਤ, ਪ੍ਰਸੰਨ ਤੇ ਹਮੇਸ਼ਾ ਵਾਂਗ ਸਰਗਰਮੀ ਭਰਿਆ ਅਲੈਕਸੇਈ ਮਰੇਸੇਯੇਵ ਆਪਣੀ ਰਿੱਛਾਂ ਵਰਗੀ, ਜ਼ਰਾ ਕੁ ਝੂਲਵੀਂ ਚਾਲ ਨਾਲ ਮੇਰੇ ਕਮਰੇ ਵਿੱਚ ਆ ਗਿਆ। ਜੰਗ ਦੇ ਚਾਰ ਸਾਲਾਂ ਨੇ ਉਸ ਵਿੱਚ ਲਗਭਗ ਕੋਈ ਤਬਦੀਲੀ ਨਹੀਂ ਸੀ ਲਿਆਂਦੀ।
“ਮੈਂ ਘਰ ਬੈਠਾ ਪੜ੍ਹ ਰਿਹਾ ਸਾਂ । ਰੇਡੀਓ ਲੱਗਾ ਹੋਇਆ ਸੀ, ਪਰ ਮੈਂ ਪੜ੍ਹਨ ਵਿੱਚ ਖੁੱਭਿਆ ਹੋਇਆ ਸਾਂ ਤੇ ਇਸ ਵੱਲ ਕੋਈ ਧਿਆਨ ਨਾ ਦਿੱਤਾ । ਇੱਕਦਮ ਉਤੇਜਿਤ ਹੋਈ ਹੋਈ ਮੇਰੀ ਮਾਂ ਮੇਰੇ ਕੋਲ ਆਈ, ਤੇ ਰੇਡੀਓ ਵੱਲ ਇਸ਼ਾਰਾ ਕਰਦੀ ਹੋਈ ਬੋਲੀ: ‘ਸੁਣ, ਬੇਟਾ, ਇਹ ਤੇਰੇ ਬਾਰੇ ਲੱਗਦਾ ਹੈ।’ ਮੈਂ ਸੁਣਿਆ – ਸੱਚਮੁਚ ਇਹ ਮੇਰੇ ਬਾਰੇ ਸੀ। ਉਹ ਕੁਝ ਦਸਿਆ ਜਾ ਰਿਹਾ ਸੀ ਜੋ ਕੁਝ ਮੇਰੇ ਨਾਲ ਵਾਪਰਿਆ ਸੀ। ਮੈਂ ਹੈਰਾਨ ਹੋ ਗਿਆ: ਇਹ ਕਿਸਨੇ ਲਿਖਿਆ ਹੋ ਸਕਦੈ ? ਮੈਂ ਤਾਂ ਆਪਣੇ ਖਿਆਲ ਵਿੱਚ ਇਸ ਬਾਰੇ ਕਿਸੇ ਨੂੰ ਨਹੀਂ ਸੀ ਦੱਸਿਆ। ਤੇ ਫਿਰ ਇੱਕਦਮ ਮੈਨੂੰ ਓਰੇਲ ਦੇ ਨੇੜੇ ਸਾਡੀ ਮਿਲਣੀ ਯਾਦ ਆਈ, ਤੇ ਯਾਦ ਆਇਆ ਕਿ ਕਿਵੇਂ ਮੈਂ ਉਸ ਭੋਰੇ ਵਿੱਚ ਸਾਰੀ ਰਾਤ ਤੁਹਾਨੂੰ ਨਹੀਂ ਸੀ ਸੌਣ ਦਿੱਤਾ ਤੇ ਆਪਣੀ ਕਹਾਣੀ ਸੁਣਾਉਂਦਾ ਰਿਹਾ ਸਾਂ।.. ਮੈਂ ਆਪਣੇ ਮਨ ਵਿੱਚ ਸੋਚਣ ਲੱਗਾ: ਇਹ ਕਿੰਝ ਹੋ ਸਕਦੈ ? ਇਸ ਗੱਲ ਨੂੰ ਤਾਂ ਕਿੰਨਾਂ ਸਮਾਂ ਹੋ ਗਿਐ, ਲਗਭਗ ਪੰਜ ਸਾਲ। ਉਹਨਾਂ ਨੇ ਕਾਂਡ ਖ਼ਤਮ ਕੀਤਾ, ਲੇਖਕ ਦਾ ਨਾਂ ਦੱਸਿਆ, ਤੇ ਮੈਂ ਫ਼ੈਸਲਾ ਕੀਤਾ ਕਿ ਚੱਲੋਂ ਲੇਖਕ ਨੂੰ ਲੱਭਿਆ ਜਾਏ ।”
ਇਹ ਸਾਰਾ ਕੁਝ ਉਹ ਆਪਣੀ ਚੌੜੀ, ਕੁਝ ਸ਼ਰਮਾਕਲ, ਮਰੇਸੇਯੇਵ ਵਾਲੀ ਮੁਸਕ੍ਰਾਹਟ ਨਾਲ, ਜਿਸਨੂੰ ਮੈਂ ਪਹਿਲਾਂ ਦੇਖ ਚੁੱਕਾ ਸਾਂ, ਇੱਕੋ ਸਾਹੇ ਹੀ ਕਹਿ ਗਿਆ।
ਜਿਵੇਂ ਕਿ ਹਮੇਸ਼ਾ ਹੁੰਦਾ ਹੈ ਜਦੋਂ ਦੋ ਸਿਪਾਹੀ, ਜਿਹੜੇ ਬੜੇ ਚਿਰ ਤੋਂ ਇੱਕ ਦੂਜੇ ਨੂੰ ਨਾ ਮਿਲੇ ਹੋਣ, ਮਿਲਦੇ ਹਨ, ਅਸੀਂ ਕੀਤੀਆਂ ਲੜਾਈਆਂ ਬਾਰੇ, ਆਪਣੇ ਸਾਂਝ ਜਾਣੂ ਅਫ਼ਸਰਾਂ ਬਾਰੇ ਗੱਲਾਂ ਕਰਨ ਲੱਗ ਪਏ, ਤੇ ਉਹਨਾਂ ਨੂੰ ਚੰਗੇ ਚੰਗੇ ਲਫ਼ਜ਼ਾਂ ਨਾਲ ਯਾਦ ਕੀਤਾ ਜਿਹੜੇ ਸਾਡੀ ਜਿੱਤ ਦੇਖਣ ਤੱਕ ਜਿਊਂਦੇ ਨਹੀਂ ਸਨ ਰਹੇ । ਆਪਣੇ ਬਾਰੇ ਅਲੈਕਸੇਈ ਮਰੇਸੇਯੇਵ ਪਹਿਲਾ ਵਾਂਗ ਹੀ ਝਿਜਕ ਨਾਲ ਗੱਲਾਂ ਕਰ ਰਿਹਾ ਸੀ, ਪਰ ਤਾਂ ਵੀ ਮੈਨੂੰ ਪਤਾ ਲੱਗਾ ਕਿ ਸਾਡੀ ਮਿਲਣੀ ਤੋਂ ਮਗਰੋਂ ਉਸਨੇ ਕਈ ਸਫ਼ਲ ਲੜਾਈਆਂ ਲੜੀਆਂ ਸਨ। ਆਪਣੇ ਗਾਰਦਾਂ ਦੇ ਵਿੰਗ ਨਾਲ ਉਹ 1943-1945 ਦੀਆਂ ਮੁਹਿੰਮਾ ਵਿੱਚੋਂ ਲੰਘਿਆ ਸੀ। ਓਰੇਲ ਦੇ ਨੇੜੇ ਮੇਰੇ ਜਾਣ ਤੋਂ ਮਗਰੋਂ, ਉਸਨੇ ਦੁਸ਼ਮਣ ਦੇ ਤਿੰਨ ਹਵਾਈ ਜਹਾਜ਼ ਫੁੰਡੇ ਸਨ, ਤੇ ਮਗਰੋਂ ਬਾਲਟਿਕ ਸਾਗਰ ਉੱਪਰ ਹੋਈਆਂ ਲੜਾਈਆਂ ਵਿੱਚ ਉਸਨੇ ਇਸ ਗਿਣਤੀ ਵਿੱਚ ਦੋ ਦਾ ਹੋਰ ਵਾਧਾ ਕੀਤਾ ਸੀ। ਮਤਲਬ ਕੀ ਉਸਨੇ ਆਪਣੇ ਪੈਰਾਂ ਦੇ ਵਾਸਤੇ ਦੁਸ਼ਮਣ ਨੂੰ ਭਾਰੀ ਕੀਮਤ ਤਾਰਨ ਲਈ ਮਜ਼ਬੂਰ ਕਰ ਦਿੱਤਾ ਸੀ। ਸਰਕਾਰ ਨੇ ਉਸਨੂੰ ਸੋਵੀਅਤ ਯੂਨੀਅਨ ਦੇ ਯੋਧੇ ਦੇ ਖਿਤਾਬ ਨਾਲ ਸਨਮਾਨਿਆ ਸੀ ।
ਅਲੈਕਸੇਈ ਪਿਤਰੋਵਿਚ ਨੇ ਆਪਣੇ ਘਰੇਲੂ ਮਾਮਲਿਆਂ ਬਾਰੇ ਵੀ ਦੱਸਿਆ, ਤੇ ਮੈਂ ਇਸ ਸੰਬੰਧ ਵਿੱਚ ਆਪਣੇ ਨਾਵਲ ਨੂੰ ਸੁਖਾਂਤਕ ਛੂਹ ਨਾਲ ਖ਼ਤਮ ਕਰਨ ਦੀ ਖੁਸ਼ੀ ਲੈਂਦਾ ਹਾਂ। ਜੰਗ ਤੋਂ ਮਗਰੋਂ ਉਸਨੇ ਉਸ ਕੁੜੀ ਨਾਲ ਵਿਆਹ ਕਰਾ ਲਿਆ, ਜਿਸਨੂੰ ਉਹ ਪਿਆਰ ਕਰਦਾ ਸੀ, ਤੇ ਹੁਣ ਉਹਨਾਂ ਦਾ ਇਕ ਬੇਟਾ ਸੀ – ਵਿਕਤੋਰ। ਕਾਮੀਸ਼ਿਨ ਤੋਂ ਮਰੇਸੇਯੇਵ ਦੀ ਬਜ਼ੁਰਗ ਮਾਂ ਉਸ ਕੋਲ਼ ਆ ਗਈ ਤੇ ਹੁਣ ਉਹ ਉਹਨਾਂ ਦੇ ਨਾਲ ਰਹਿ ਰਹੀ ਸੀ। ਆਪਣੇ ਬੱਚਿਆਂ ਦੀ ਖੁਸ਼ੀ ਵਿੱਚ ਖੁਸ਼ ਸੀ ਤੇ ਛੋਟੇ ਵਿਕਤੋਰ ਨੂੰ ਪਾਲ ਰਹੀ ਸੀ।
ਇਸ ਤਰ੍ਹਾਂ ਨਾਲ ਖ਼ੁਦ ਜ਼ਿੰਦਗੀ ਅਲੈਕਸੇਈਸ ਮਾਰੇਸੇਯੇਵ ਅਸਲੀ, ਸੋਵੀਅਤ ਇਨਸਾਨ – ਬਾਰੇ ਲਿਖੇ ਮੇਰੇ ਇਸ ਨਾਵਲ ਨੂੰ ਇਸ ਵੇਲੇ ਲਿਖਣਾ ਜਾਰੀ ਰੱਖ ਰਹੀ ਹੈ।

ਮਾਸਕੋ, 28 ਨਵੰਬਰ, 1950

 

 

 

Credit – ਬੋਰਿਸ ਪੋਲੇਵੋਈ

 

Leave a comment