ਕਿਹੜਾ ਪੰਜਾਬ ਯਾਦਵਿੰਦਰ ਕਰਫਿਊ

ਮੇਰਾ ਪੰਜਾਬ, ਤੇਰਾ ਪੰਜਾਬ, ਕਿਹੜਾ ਪੰਜਾਬ?

Contents hide

ਕਿਹੜਾ ਪੰਜਾਬ ਯਾਦਵਿੰਦਰ ਕਰਫਿਊ

ਪੰਜਾਬ ਬਿਮਾਰ ਹੈ। ਸਾਰ ਲੈਣ ਵਾਲਾ ਕੋਈ ਨਹੀਂ । ਲਹਿੰਦਾ ਤੇ ਚੜ੍ਹਦਾ ਪੰਜਾਬ ਇਕ ਦੂਜੇ ਨੂੰ ਆਪਣੀ ਹੋਣੀ ‘ਤੇ ਸਵਾਲ ਕਰ ਰਹੇ ਹਨ। ‘ਪਹਿਲੀ ਮੁਲਾਕਾਤ’ ਤੋਂ ਬਾਅਦ ਵਿਛੜਿਆ ‘ਪਰਵਾਸੀ ਪੰਜਾਬ’ ਝੋਰੇ ‘ਚ ਹੈ। ਹੁਣ ਸਭ ਦੇ ਆਪਣੇ-ਆਪਣੇ ਨਿੱਕੇ- ਨਿੱਕੇ ਪੰਜਾਬ ਹਨ ਪਰ ‘ਸਾਂਝਾ ਪੰਜਾਬ’ ਰੋ ਰਿਹਾ ਹੈ। ਪੰਜਾਬ ਬੁਰੀ ਤਰ੍ਹਾਂ ਸਿਆਸੀ, ਸਮਾਜਿਕ, ਸੱਭਿਆਚਾਰਕ ਤੇ ਵਾਤਾਵਰਨ ਦੇ ਸੰਕਟਾਂ ‘ਚ ਫਸਿਆ ਹੋਇਆ ਹੈ।

1947 ਦੀ ਵੰਡ ਨੇ ਪੰਜਾਬ ਨੂੰ ਵੱਡੇ ਜ਼ਖਮ ਦਿੱਤੇ। ਉਨ੍ਹਾਂ ਜ਼ਖਮਾਂ ‘ਤੇ ਮੱਲ੍ਹਮ ਵੀ ਨਹੀਂ ਲੱਗੀ ਸੀ ਕਿ ਪੰਜਾਬ ’84 ਦੇ ਚੱਕਰ ‘ਚ ਘਿਰ ਗਿਆ। ਸਿਆਸਤ ਨੇ ਵੰਡੇ ਪੰਜਾਬ ਨੂੰ ਹੋਰ ਵੰਡ ਦਿੱਤਾ। ਦਿੱਖ-ਅਦਿੱਖ ਖਿੱਚੀਆਂ ਲਕੀਰਾਂ ਪੰਜਾਬ ਨੂੰ ਤੰਗ ਕਰਦੀਆਂ ਰਹੀਆਂ। ਨਸ਼ੇ ਨੇ ਪੰਜਾਬ ਦੀ ਜਵਾਨੀ ਖਾ ਲਈ। ਸਿਹਤ-ਸਿੱਖਿਆ ਦਾ ਬੁਰਾ ਹਾਲ ਹੋ ਗਿਆ। ਪੜ੍ਹੇ ਲਿਖੇ ਨੌਜਵਾਨਾਂ ਨੂੰ ਗੈਂਗਸਟਰ-ਬਦਮਾਸ਼ ਹੋਣਾ ਸਭ ਤੋਂ ਉੱਤਮ ਲੱਗਣ ਲੱਗਿਆ।

ਹਰ ਕੌਮ ਤੇ ਸਮਾਜ ਨੂੰ ਸਿਆਸੀ, ਰੂਹਾਨੀ ਅਤੇ ਬੁੱਧੀਜੀਵੀ ਵਿਅਕਤੀ ਹੀ ਦਿਸ਼ਾ ਦਿੰਦੇ ਹਨ। ਸਿਆਸੀ ਜਮਾਤ ਦੀ ਡਿਕਸ਼ਨਰੀ ‘ਚੋਂ ‘ਆਪਣਾ ਪੰਜਾਬ’/‘ਮੇਰਾ ਪੰਜਾਬ’ ਸ਼ਬਦ ਗਾਇਬ ਹੋ ਗਏ ਹਨ। ਜੇ ਇੰਞ ਨਾ ਹੁੰਦਾ ਤਾਂ ਸ਼ਾਇਦ ਪੰਜਾਬ ਦਾ ਅੱਜ ਇਹ ਹਾਲ ਨਾ ਹੁੰਦਾ। ਕੇਂਦਰ ਸਰਕਾਰਾਂ ਦੇ ਧੱਕੇ ਤੇ ਵਿਤਕਰੇ ਆਪਣੀ ਥਾਂ ਹੋ ਸਕਦੇ ਹਨ ਪਰ ਪੰਜਾਬ ਵਾਲਿਆਂ ਨੇ ਵੀ ਆਪਣੇ ਘਰ ਭਰਨ ਲਈ ਪੰਜਾਬ ਨੂੰ ਉਜਾੜਨ ਦੀ ਕੋਈ ਕਸਰ ਨਹੀਂ ਛੱਡੀ।

ਬੁੱਧੀਜੀਵੀਆਂ ਨੇ ਜਿਹੜੇ ਸੰਕਟਮਈ ਸਵਾਲਾਂ ਨਾਲ਼ ਰੂ-ਬ-ਰੂ ਹੋਣਾ ਸੀ, ਨਹੀਂ ਹੋਏ। ਉਹ ਨਜ਼ਰੀਆ ਨਾ ਦੇ ਸਕੇ ਜੋ ਪੰਜਾਬ ਨੂੰ ਵੱਖ ਵੱਖ ਪੱਧਰ ‘ਤੇ ਵਿਚਰਦੇ ਸੰਕਟਾਂ ਚੋਂ ਕੱਢ ਸਕੇ। ਲੋਕਾਂ ਨਾਲ਼ ਜੁੜ ਕੇ ਕੋਈ ਵੱਡੀ ਸਮਾਜਿਕ-ਸਿਆਸੀ ਲਹਿਰ ਪੈਦਾ ਕਰਨ ‘ਚ ਅਸਫਲ ਰਹੇ। ਜ਼ਿਆਦਾਤਰ ਬੁੱਧੀਜੀਵੀ ਸੈਮੀਨਰਾਂ ਦੇ ਏ.ਸੀ. ਹਾਲਾਂ ਤੱਕ ਮਹਿਦੂਦ ਹੋ ਗਏ। ‘ਆਲਮੀ ਕਾਨਫਰੰਸਾਂ’ ਦਾ ਹਿੱਸਾ ਬਣ ਕੇ ਪੰਜਾਬ ਨੂੰ ਨਾ ਪੰਜਾਬ ਬਣਾ ਸਕੇ ਤੇ ਨਾ ਆਲਮੀ ਵਰਤਾਰਿਆਂ ਨਾਲ਼ ਜੋੜ ਸਕੇ ।

ਪੰਜਾਬ ਨੂੰ ਆਪਣੇ ਹੀ ਇਤਿਹਾਸ ਦੇ ਕਿੱਸੇ ਤੰਗ ਕਰ ਰਹੇ ਹਨ। ਪੁਰਖਿਆਂ ਦੀ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣ ਦੀ ਜੱਦੋ-ਜਹਿਦ ਦੀ ਮਿਸਾਲ ਸਾਹਮਣੇ ਹੈ। ਪੰਜਾਬ ਦਾ ਪੰਜਾਬੀਆਂ ਨੂੰ ਸਵਾਲ ਹੈ ਕਿ ਕੀ ਤੁਸੀਂ ਮੈਨੂੰ ਬੇਦਾਵਾ ਦੇ ਗਏ ਹੋ? ਮੇਰੀਆਂ ਅੱਖਾਂ ‘ਚ ਅੱਖਾਂ ਪਾ ਕੇ ਗੱਲ ਕਿਉਂ ਨਹੀਂ ਕਰਦੇ?

ਪੁਰਖਿਆਂ ਦੇ ਸ਼ਾਨਾਮੱਤੇ ਸੰਘਰਸ਼ ਤੇ ਸਾਂਝੀ ਵਿਰਾਸਤ ਨੇ ਪੰਜਾਬ ਨੂੰ ਪੰਜਾਬ ਬਣਾਇਆ ਸੀ ਪਰ ਭਵਿੱਖ ਨੇ ਇਤਿਹਾਸ ਤੋਂ ਮੂੰਹ ਵੱਟ ਲਿਆ। ਸਵਾਲ ਹੀ ਸਵਾਲ ਪੈਦਾ ਹੁੰਦੇ ਗਏ ਤੇ ਜਵਾਬ ਕਿਸੇ ਵੱਲੋਂ ਨਾ ਦਿੱਤੇ ਗਏ । ਸਵਾਲਾਂ ਦੇ ਜਵਾਬ ਦੇਣ ਦੀ ਥਾਂ ਸਵਾਲਾਂ ਨੂੰ ਹੀ ਸਵਾਲ ਹੋਣ ਲੱਗੇ । ਉਦਾਸ ਖੜ੍ਹਾ ਪੰਜਾਬ ਆਪਣੀ ਹੋਣੀ ‘ਤੇ ਰੋ ਰਿਹਾ वै।

‘ਯਤੀਮ’ ਹੋਇਆ ਪੰਜਾਬ ਅੱਜ ਸਭ ਵੱਲ ਦੇਖ ਰਿਹਾ ਹੈ। ਸਿਆਸੀ ਜਮਾਤ ਆਪਣੇ ਮੁਫ਼ਾਦਾਂ ਤੋਂ ਅੱਗੇ ਨਹੀਂ ਵਧ ਰਹੀ ਹੈ। ਬੁੱਧੀਜੀਵੀਆਂ ਤੋਂ ਗੱਲ ਕਿਸੇ ਸਿਰੇ ਨਹੀਂ ਲੱਗ ਰਹੀ। ਰੂਹਾਨੀਅਤ ਦੀ ਧਾਰਾ ‘ਤੇ ਮਸੰਦਾਂ ਦਾ ਕਬਜ਼ਾ ਹੈ। ਹੁਣ ਸਵਾਲ ਇਹੀ ਹੈ ਕਿ ਪੰਜਾਬ ਤਾਂ ਸਾਡਾ ਸਭ ਦਾ ਸੀ ਪਰ ਅਸੀਂ ‘ਕਿਹੜੇ ਪੰਜਾਬ’ ਨੂੰ ਸੰਬੋਧਿਤ ਹੋ ਰਹੇ ਹਾਂ? ‘ਮੇਰਾ ਮੇਰਾ’ ਕਰਦੀ ਸਿਆਸੀ ਜਮਾਤ ਨੇ ਪੰਜਾਬ ਨੂੰ ‘ਕਿਹੜਾ ਪੰਜਾਬ’ ਬਣਾ ਦਿੱਤਾ? ਕੀ ਇਹ ਉਹ ਪੰਜਾਬ ਹੈ ਜਿਹੜਾ ਹੋਣਾ ਚਾਹੀਦਾ ਸੀ? ਜੇ ਨਹੀਂ ਹੈ ਤਾਂ ਫੇਰ ‘ਆਈਡੀਆ ਆਫ਼ ਪੰਜਾਬ’ ਕੀ ਹੈ?

ਪੰਜਾਬ ਵਿਚਾਰਕ ਤੇ ਅਧਿਆਤਮਿਕ ਤੌਰ ‘ਤੇ ਲੀਹੋਂ ਲਹਿ ਚੁੱਕਾ ਹੈ। ਦੋਵਾਂ ਮੰਚਾਂ ‘ਤੇ ਗਹਿਰਾ ਸੰਕਟ ਹੈ । ਹਰ ਪਾਸੇ ‘ਮਸੰਦਾਂ’ ਦੀ ਤੂਤੀ ਬੋਲਣ ਲੱਗੀ ਹੈ । ‘ਬੁੱਤਾ ਸਾਰੂ ਲੋਕ’ ਅਗਵਾਈ ਦੇ ਰਹੇ ਨੇ। ਮੁੱਢ ਤੋਂ ਹੀ, ਉੱਡਣਾ ਬੰਦੇ ਨੂੰ ਮੁਕਤੀ ਲੱਗਦੈ। ਵਿਚਾਰ ਤੇ ਅਧਿਆਤਮ ਨਾਲ਼ ਬੰਦੇ ਨੇ ਉੱਡਣਾ ਹੁੰਦੈ ਜਿਹੜਾ ਉਹ ਹਮੇਸ਼ਾ ਲੋਚਦੈ। ਪੰਜਾਬ ਨੇ ਰੂਹ ਦੀ ਉਡਾਰੀ ਲਾਉਣੀ ਬੰਦ ਕਰ ਦਿੱਤੀ ਹੈ।

ਪੰਜਾਬ ਹੁਣ ਪਦਾਰਥਕ ਤੌਰ ‘ਤੇ ਉੱਡ ਰਿਹਾ ਹੈ। ਇਹਨੇ ਨਸ਼ਾ ਤੇ ਪਰਵਾਸ ਉੱਡਣ ਦੇ ਦੋ ਰਾਹ ਚੁਣੇ ਨੇ । ਦੋਵਾਂ ਲਈ ‘ਉੱਡਣ’ ਦਾ ਜਨੂੰਨ ਹੈ । ਪੰਜਾਬ ਦੋਵਾਂ ਦੀ ਅੱਤ ‘ਤੇ ਹੈ। ਨਸ਼ੇ ਤੇ ਪਰਵਾਸ ਨਾਲ਼ ਰੋਜ਼ ਉੱਡ ਰਿਹਾ। ਇਕ ਜਹਾਜ਼ ‘ਚ ਭਰ ਕੇ ਉੱਡ ਜਾਂਦੈ ਤੇ ਦੂਜਾ ਨਸ਼ਾ/ਚਿੱਟੇ ਦਾ ਜਹਾਜ਼ ਪੰਜਾਬ ਨੂੰ ਪੰਜਾਬ ‘ਚ ਉਡਾਉਣ ਆ ਜਾਂਦੈ। ਪੰਜਾਬੀ ਆਪਣੀ ਹੋਣੀ ਤੋਂ ਦਿਨੋ ਦਿਨ ਮੁਨਕਰ ਹੋ ਰਿਹਾ ਹੈ। ਇਹ ਇਤਿਹਾਸ ਨੂੰ ਛੱਡ ਕੇ ਭਵਿੱਖ ਨਾਲ਼ ਜੁੜਨਾ ਚਾਹੁੰਦਾ ਹੈ ਜੋ ਸੰਭਵ ਨਹੀਂ। ਪਦਾਰਥਕ ਖੁਸ਼ੀ ਵਕਤੀ ਖੁਸ਼ੀ ਜ਼ਰੂਰ ਹੈ ਪਰ ਸਦੀਵੀ ਭਟਕਣਾ ਹੈ।

ਮੇਰੀ ਕਿਤਾਬ ‘ਕਿਹੜਾ ਪੰਜਾਬ’ ਸਾਰੇ ਸਵਾਲਾਂ ਨਾਲ਼ ਤੁਰਨ ਦੀ ਕੋਸ਼ਿਸ਼ ਹੈ। ਪੰਜਾਬ ਤੇ ਆਪ ਨੂੰ ਲੱਭਣ ਦੀ ਕੋਸ਼ਿਸ਼ ਹੈ ਕਿਉਂਕਿ ਪੰਜਾਬ ਮੇਰੇ ‘ਚ ਤੇ ਮੈਂ ਪੰਜਾਬ ‘ਚ ਸ਼ਾਮਲ ਹਾਂ। ਮੇਰੀ ਬਤੌਰ ਪੰਜਾਬੀ, ਪੰਜਾਬ ਤੇ ਪੰਜਾਬੀਆਂ ਨਾਲ਼ ਗੱਲਾਂ ਕਰਨ ਦੀ ਕੋਸ਼ਿਸ਼ ਹੈ। ਆਓ, ਪੰਜਾਬ ਦੇ ਸਨਮੁੱਖ ਹੋ ਕੇ ਪੰਜਾਬ ਨਾਲ਼ ਗੱਲਾਂ ਕਰੀਏ।

ਕੁਦਰਤ

ਕਿਹੜਾ ਪੰਜਾਬ ਯਾਦਵਿੰਦਰ ਕਰਫਿਊ

ਬਾਬੇ ਨਾਨਕ ਤੋਂ ਬਾਬੇ ਨਾਨਕ ਤੱਕ

ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ। ਦੂਰ ਦੁਰੇਡੇ ਦੇ ਨਗਰ ਖੇੜੇ। ਸਰੋਵਰ ਦਾ ਕਿਨਾਰਾ। ਬੇਅੰਤ ਹਰਿਆਵਲ ਤੇ ਮਨ ਨੂੰ ਟੁੰਬਦੀਆਂ ਪਾਣੀ ਦੀਆਂ ਸੀਤਲ ਛੱਲਾਂ। ਰੁੱਖਾਂ ‘ਤੇ ਗੀਤ ਗਾਉਂਦੇ ਪੰਛੀ। ਭਾਈ ਮਰਦਾਨਾ ਜੀ ਦੀ ਰਬਾਬ ਤੇ ਗੁਰੂ ਨਾਨਕ ਦੇਵ ਜੀ ਦੇ ਬੋਲ। ਫਿਰ ਅਗਲੀ ਰਵਾਨਗੀ। ਕੁਝ ਮਹੀਨਿਆਂ ਬਾਅਦ ਗੁਰੂ ਸਾਹਿਬ ਭਾਈ ਮਰਦਾਨਾ ਜੀ ਇਸੇ ਰਣਮੀਕ ਥਾਂ ਨੂੰ ਦੇਖਣ ਆਉਂਦੇ ਨੇ । ਹੁਣ ਨਾ ਇੱਥੇ ਸਰੋਵਰ, ਨਾ ਹਰਿਆਵਲ, ਨਾ ਰੁੱਖ, ਨਾ ਪਰਿੰਦੇ । ਭਾਈ ਮਰਦਾਨਾ ਜੀ ਗੁਰੂ ਸਾਹਿਬ ਨੂੰ ਪੁੱਛਦੇ ਨੇ ‘ਇਹ ਕੀ ਭਾਣਾ ਵਰਤ ਗਿਆ’? ਬਾਬਾ ਜੀ ਕਹਿੰਦੇ ਨੇ ‘ਚਲੋ ਸਰੋਵਰ ਤੋਂ ਹੀ ਪੁੱਛਦੇ ਹਾਂ’ । ਇਹ ਗੱਲਬਾਤ ਗੁਰਬਾਣੀ ‘ਚ ਇਉਂ ਦਰਜ ਹੈ:

ਪਬਰ ਤੂੰ ਹਰਿਆਵਲਾ ਕਵਲਾ ਕੰਚਨ ਵੰਨ॥

ਕੈ ਦੋਖੜੈ ਸੜਿਓਹਿ ਕਾਲੀ ਹੋਈਆ ਦੇਹੁਰੀ ਨਾਨਕ ਮੈ ਤਨਿ ਭੰਗ॥

ਸਰੋਵਰ ਦਾ ਜਵਾਬ ਸੀ:

ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗੁ ॥ ਜਿਤੁ ਡਿਠੈ ਤਨੁ ਪਰਫੁੜੈ ਚੜੈ ਚਵਗਣਿ ਵੰਨੁ ॥

ਜਿਸ ਦਰਿਆ ਤੋਂ ਮੈਨੂੰ ਪਾਣੀ ਮਿਲਦਾ ਸੀ ਉਸ ਦਰਿਆ ਤੇ ਮੇਰੇ ਵਿਚਕਾਰ ‘ਨ੍ਹੇਰੀਆਂ-ਝੱਖੜਾਂ ਨੇ ਬੰਨ੍ਹ ਬਣਾ ਦਿੱਤਾ ਹੈ। ਹੁਣ ਦਰਿਆ ਤੋਂ ਮੈਨੂੰ ਤਾਜ਼ਾ ਪਾਣੀ ਨਹੀਂ ਮਿਲਦਾ ਜਿਸ ਕਰਕੇ ਮੇਰਾ ਇਹ ਹਾਲ ਹੋਇਆ ਹੈ।

‘ਸਾਖੀ’ ਇੱਕ ਦ੍ਰਿਸ਼ਟਾਂਤ (ਮੈਟਾਫਰ) ਹੈ। ਬੰਦੇ ਦੇ ਆਪਣੇ ਮੂਲ ਤੋਂ ਟੁੱਟਣ ਦੀ ਕਹਾਣੀ ਹੈ। ‘ਭਾਵ’ ਅੱਜ ਵੀ ਕਾਇਮ ਹੈ । ਪੰਜਾਬ ਆਪਣੀ ਊਰਜਾ ਦੇ ਅਸਲ ਸੋਮੇ ਤੋਂ ਟੁੱਟਿਆ ਹੈ। ਮੌਜੂਦਾ ਪੰਜਾਬ ਦਾ ਇਹ ਹਾਲ ਇਸੇ ਕਰ ਕੇ ਹੋਇਆ ਹੈ।

ਹੁਣ ਕਰਤਾਰਪੁਰ ਸਾਹਿਬ ਦੇ ਲਾਂਘੇ ਨੇ ਲਹਿੰਦੇ ਤੇ ਚੜ੍ਹਦੇ ਪੰਜਾਬ ‘ਚ ਮੁੜ ਸੰਵਾਦ ਦਾ ਪੁਲ਼ ਕਾਇਮ ਕੀਤਾ ਹੈ। ਗੁਰੂ ਨਾਨਕ ਦੇਵ ਜੀ ਗਵਾਹ ਬਣੇ ਹਨ। ਦੋਵੇਂ ਪੰਜਾਬ ਮੁੜ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਨਾਨਕ ਦੇਵ ਜੀ ਤੱਕ ਪੁੱਜੇ ਹਨ । ਸਵਾਲ ਹੈ: ਕੀ ਪੰਜਾਬ ਨੇ ਉਨ੍ਹਾਂ ਦੇ ‘ਹੋਣ’ ਦਾ ਪ੍ਰਭਾਵ ਉਸ ਰੂਪ ’ਚ ਕਬੂਲਿਆ ਜਿਸ ਰੂਪ ‘ਚ ਕਬੂਲਣਾ ਚਾਹੀਦਾ ਸੀ? ਜੇ ਕਬੂਲਿਆ ਹੈ ਤਾਂ ਬਾਬੇ ਨਾਨਕ ਦੀ ਧਾਰਾ ਦਾ ‘ਪੰਜਾਬ’ ਕਿੱਥੇ ਹੈ? ਪੰਜਾਬ ਤੇ ਪੰਜਾਬੀ ਹਰ ਪੱਖੋਂ ਛੋਟਾ ਕਿਉਂ ਹੁੰਦਾ ਗਿਆ ਤੇ ਹੋ ਰਿਹਾ ਹੈ?

ਗੁਰੂ ਨਾਨਕ ਦੇਵ ਜੀ ਨੇ ਲਗਭਗ 500 ਸਾਲ ਪਹਿਲਾਂ ਪੰਜਾਬ ਲਈ ਅਨੇਕਾਂ ਸੁਪਨੇ ਲਏ ਹੋਣਗੇ। ਸਦੀਆਂ ਦਾ ਲੰਮਾ ਫ਼ਾਸਲਾ ਹੈ। ਅਹਿਮ ਸਵਾਲ ਇਹ ਹੈ ਕਿ ਇੱਕੀਵੀਂ ਸਦੀ ‘ਚ ਖੜ੍ਹ ਕੇ ਬਾਬੇ ਨਾਨਕ ਦੀ ਪੰਦਰਵੀਂ ਸਦੀ ਨੂੰ ਕਿਵੇਂ ਯਾਦ ਕੀਤਾ ਜਾਵੇ?

ਪੰਦਰਵੀਂ ਸਦੀ ਪੰਜਾਬ ਲਈ ਬੇਹੱਦ ਅਹਿਮ ਸੀ । ਪੰਜਾਬ ਜੋਗੀਆਂ, ਨਾਥਾਂ, ਸਿੱਧਾਂ, ਸੂਫ਼ੀਆਂ ਤੋਂ ਹੁੰਦਾ ਹੋਇਆ ਗੁਰੂ ਨਾਨਕ ਦੇਵ ਜੀ ਤੱਕ ਪੁੱਜਾ ਸੀ। ਗੁਰੂ ਨਾਨਕ ਦੇਵ ਜੀ ਦੇ ਆਉਣ ਨਾਲ਼ ਪੰਜਾਬ ‘ਚ ਵੱਡੇ ਕ੍ਰਾਂਤੀਕਾਰੀ ਬਦਲਾਅ ਆਏ ਸਨ । ਉਨ੍ਹਾਂ ਦੀ ਸੰਗਤ ਤੇ ਵਿਚਾਰਧਾਰਾ ਨੇ ਪੰਜਾਬ ਦੀ ਰੂਹਾਨੀ ਤੇ ਸਮਾਜਿਕ ਫ਼ਿਜ਼ਾ ਬਦਲ ਦਿੱਤੀ। ਪੰਜਾਬੀ ਕੌਮ ਤੇ ਸਮਾਜ ਦੀ ਨੀਂਹ ਸੂਫ਼ੀਆਂ ਨੇ ਰੱਖੀ ਤੇ ਬੇਮਿਸਾਲ ਉਸਾਰੀ ਗੁਰੂ ਨਾਨਕ ਦੇਵ ਜੀ ਜ਼ਰੀਏ ਹੋਈ। ਨੀਂਹ ਅਤੇ ਉਸਾਰੀ ਏਨੀ ਮਜ਼ਬੂਤ ਸੀ ਕਿ ਸਿਆਸੀ ਨਫ਼ਰਤਾਂ ਵੀ ਪੰਜਾਬੀਆਂ ਨੂੰ ਮਾਨਸਿਕ ਅਚੇਤ ‘ਚੋਂ ਕਦੇ ਵੱਖ ਨਹੀਂ ਕਰ ਸਕੀਆਂ। ਬਾਬੇ ਨਾਨਕ ਦੇ ਸਾਹਮਣੇ ਬਾਬਰ ਸੀ। ਉਹ ਜਿੰਨੀ ਸਹਿਜਤਾ ਨਾਲ਼ ਬਾਬਰ ਨਾਲ਼ ਲੜੇ, ਓਨੀ ਹੀ ਸਹਿਜਤਾ ਨਾਲ਼ ਸਭ ਨਾਲ਼ ਸੰਵਾਦ ‘ਚ ਸ਼ਾਮਿਲ ਰਹੇ। ਸੰਘਰਸ਼ ਤੇ ਸੰਵਾਦ ‘ਚ ਬੇਹੱਦ ਸੰਤੁਲਨ ਸੀ। ‘ਆਪਸੀ ਸਹਿਹੋਂਦ’ ਸਭ ਤੋਂ ਅਹਿਮ ਸੀ। ਇਸੇ ਲਈ ਉਹ ‘ਨਾਨਕ ਪੀਰ’ ਵਜੋਂ ਵੀ ਜਾਣੇ ਗਏ।

ਬਾਬੇ ਦੀ ਵਿਰਾਸਤ ਨੂੰ ਗੁਰੂਆਂ ਨੇ ਅੱਗੇ ਤੋਰਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਵਿਛੋੜੇ ਤੋਂ ਪਹਿਲਾਂ ਸਰਸਾ ਦੇ ਕੰਢੇ ‘ਆਸਾ ਦੀ ਵਾਰ’ ਦਾ ਕੀਰਤਨ ਕਰ ਰਹੇ ਸੀ। ਬਾਬਾ ਬੰਦਾ ਸਿੰਘ ਬਹਾਦਰ ਅਕਾਲ ਤਖਤ ਤੋਂ ਆਪਣਿਆਂ ਹੱਥੋਂ ਹਾਰ ਕੇ ਵੀ ਗੁਰਦਾਸ ਨੰਗਲ ਦੀ ਗੜ੍ਹੀ ‘ਚ ਲੜੇ। ਸੰਵਾਦ ਨੂੰ ਸਿਰ ਮੱਥੇ ਮੰਨਿਆ ਪਰ ਸੰਘਰਸ਼ ਦਾ ਪੱਲਾ ਨਾ ਛੱਡਿਆ । ਸੰਘਰਸ਼ ਤੇ ਸੰਵਾਦ ਦਾ ਸਿਰੜ ਕਮਾਲ ਦਾ ਸੀ। ਸ਼ਹੀਦ ਹੋਣ ਸਮੇਂ ਪੂਰਨ ‘ਖਾਲਸਾ’ ਸਨ। ‘ਸਭ’ ਆਪਣੇ ਸਨ। ਕੋਈ ‘ਬੇਗਾਨਾ’ ਨਾ ਹੋਇਆ। ਇਹ ਸਾਰੀ ਊਰਜਾ ਦਾ ‘ਸੋਮਾ’ ਬਾਬਾ ਨਾਨਕ ਹੀ ਸੀ।

ਗੁਰੂ ਨਾਨਕ ਦੀ ਧਾਰਾ ਪੰਜਾਬ ਨੂੰ ਮੋਤੀਆਂ ਵਾਂਗ ਲੜੀ ‘ਚ ਹੋਂਦੀ ਗਈ ਪਰ ਬਾਅਦ ‘ਚ ਨਾਨਕ ਦੀ ਧਾਰਾ ‘ਤੇ ਦਾਅਵਾ ਕਰਦੀ ਧਿਰ ਨੇ ਹੀ ਉਨ੍ਹਾਂ ਦੀ ਵਿਚਾਰਧਾਰਾ ਨੂੰ ਰੱਦ ਕਰ ਦਿੱਤਾ। 2008 ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਨਾਨਕ ਦੇਵ ਜੀ ਦੇ ਸੰਗੀ ਭਾਈ ਮਰਦਾਨਾ ਜੀ ਦੀ ਸਤਾਰਵੀਂ ਪੀੜ੍ਹੀ ਦੇ ਵੰਸਜ਼ਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਨਾ ਕਰਨ ਦਿੱਤਾ। ਲਾਹੌਰੋਂ ਅੰਮ੍ਰਿਤਸਰ ਪੁੱਜੇ ਭਾਈ ਗ਼ੁਲਾਮ ਚਾਂਦ ਜੀ ਬਾਬੇ ਨਾਨਕ ਨੂੰ ਯਾਦ ਕਰ ਕੇ ਭਰੇ ਮਨ ਨਾਲ਼ ਚਲੇ ਗਏ। ਹਾਲਾਂਕਿ ਵੰਡ ਤੋਂ ਪਹਿਲਾਂ ਤੱਕ ਭਾਈ ਮਰਦਾਨਾ ਜੀ ਦੇ ਵਾਰਿਸ ਦਰਬਾਰ ਸਾਹਿਬ ਆ ਕੇ, ਗੁਰੂ ਨਾਨਕ ਸਾਹਿਬ ਤੇ ਮਰਦਾਨਾ ਜੀ ਵੱਲੋਂ ਸ਼ੁਰੂ ਕੀਤੀ ਕੀਰਤਨ ਦੀ ਮਹਾਨ ਵਿਰਾਸਤ ਨੂੰ ਅੱਗੇ ਤੋਰਦੇ ਰਹੇ ਹਨ। ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ‘ਚ ਇਸਤਰੀ ਦੀ ਵੱਡੀ ਮਹਿਮਾ ਕੀਤੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਬੀਬੀਆਂ ਨੂੰ ਰਸਮੀ ਤੌਰ ‘ਤੇ ਪਾਠੀ ਨਹੀਂ ਰੱਖਦੀ ਹੈ ਤੇ ਸ੍ਰੀ ਦਰਬਾਰ ਸਾਹਿਬ ਵਿਚ ਬੀਬੀਆਂ ਨੂੰ ਕੀਰਤਨ ਕਰਨ ਦੀ ਵੀ ਮਨਾਹੀ ਹੈ।

ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ:

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ॥

ਨਾਨਕੁ ਤਿਨਕੇ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥

ਗੁਰਬਾਣੀ ‘ਚ ਜਾਤ ਪਾਤ ਦੇ ਹਜ਼ਾਰਾਂ ਖੰਡਨਾਂ ਦੇ ਬਾਵਜੂਦ ਦਲਿਤ ਭਾਈਚਾਰੇ ਨਾਲ਼ ਵੱਡੇ ਪੱਧਰ ‘ਤੇ ਵਿਤਕਰੇ ਜਾਰੀ ਹਨ। ਇਸੇ ਕਰ ਕੇ ਦਲਿਤ ਭਾਈਚਾਰੇ ਦਾ ਸਿੱਖ ਸੰਸਥਾਵਾਂ ਤੋਂ ਮੋਹ ਭੰਗ ਹੋ ਰਿਹਾ ਹੈ ।

ਬਾਬੇ ਦੇ ਦੌਰ ਤੋਂ ਪਹਿਲਾਂ ਪੰਜਾਬ ਦੇ ਮੱਥੇ ਹਿੰਸਾ ਮੜ੍ਹੀ ਜਾਂਦੀ ਰਹੀ। ਪੰਜਾਬ ਲਗਾਤਾਰ ‘ਹਿੰਸਾ-ਦਰ-ਹਿੰਸਾ’ ‘ਚੋਂ ਗੁਜ਼ਰਦਾ ਰਿਹਾ। ਹਿੰਸਾ ਨਾਲ਼ ਜੂਝਦਿਆਂ ਜੂਝਦਿਆਂ ਹਿੰਸਾ ਧੁਰ ਅੰਦਰ ਚਲੀ ਗਈ। ਹਿੰਸਾ ਪੰਜਾਬ ਨੂੰ ਨਿਗਲਣ ਤੱਕ ਚਲੀ ਗਈ। ਹਿੰਸਾ ਨੇ ਹੀ ਪੰਜਾਬ ਨੂੰ ਅਸਹਿਜ ਤੇ ਅਸੰਤੁਲਿਤ ਕਰ ਦਿੱਤਾ ।

ਪੰਜਵੇਂ ਨਾਨਕ ਨੇ ਫ਼ਰਮਾਇਆ ਸੀ:

ਜਪੁ ਤਪੁ ਸੰਜਮੁ ਧਰਮੁ ਨ ਕਮਾਇਆ॥

ਸੇਵਾ ਸਾਧ ਨ ਜਾਨਿਆ ਹਰਿ ਰਾਇਆ॥

ਸਬਰ, ਸੰਤੋਖ ਦੀ ਥਾਂ ਅਸਹਿਜਤਾ, ਅਸੰਤੁਲਨ ਅਤੇ ‘ਅੱਤ’ ਨੇ ਲੈ ਲਈ। ਹਿੰਸਾ ਦਾ ਮਾਰਿਆ ਪੰਜਾਬ ਸੁਭਾਅ ਪੱਖੋਂ ਹੀ ਬਦਲ ਗਿਆ। ਹਿੰਸਾ ਨੇ ਹੀ ਪੰਜਾਬ ‘ਚ ਸਮਾਜਿਕ, ਸੱਭਿਆਚਾਰਕ ਤੇ ਸਿਆਸੀ ਤੌਰ ‘ਤੇ ਵੱਡੇ ਨਾਂਹ-ਮੁਖੀ ਬਦਲਾਅ ਲਿਆਂਦੇ । ਸਬਰ, ਸੰਤੋਖ ਤੇ ਸੰਜਮ ਨੇ ਜਿਹੜੇ ਪੰਜਾਬ ਨੂੰ ਸਹਿਜ ਨਾਲ਼ ਸੋਚਣਾ ਸਮਝਣਾ ਸਿਖਾਇਆ ਸੀ, ਹੁਣ ਉਹ ਇਨ੍ਹਾਂ ਤੋਂ ਟੁੱਟ ਕੇ ਬੇਹੱਦ ਕਾਹਲਾ ਹੋ ਗਿਆ ਹੈ। ਪਦਾਰਥਾਂ/ਚੀਜ਼ਾਂ ਪਿੱਛੇ ਭੱਜਦਾ ਆਪਣੇ ਮੂਲ ਤੋਂ ਟੁੱਟ ਗਿਆ। ਸਾਦਗੀ ਚਕਾਚੌਂਧ ‘ਚ ਬਦਲ ਗਈ। ਸੂਫ਼ੀਆਂ ਤੇ ਬਾਣੀ ਨਾਲ਼ ਜੁੜਨ ਵਾਲਾ ਪੰਜਾਬ ਫੂਹੜ ਗਾਇਕੀ ਨਾਲ਼ ਜਾ ਜੁੜਿਆ।

ਗੁਰੂ ਨਾਨਕ ਦੇਵ ਜੀ ਸਮਝਾ ਗਏ ਸਨ ਕਿ ‘ਜ਼ਿੰਦਗੀ ਤੋਂ ਪਰ੍ਹੇ ਕੋਈ ਜ਼ਿੰਦਗੀ ਨਹੀਂ ਹੈ’ । ਅੰਤਲੇ ਦਿਨਾਂ ‘ਚ ਖੇਤੀ ਕਰਦੇ ਬਾਬੇ ਨਾਨਕ ਦੀ ਵਰਸੋਈ ਮੁਕੱਦਸ ਧਰਤੀ ਕਰਤਾਰਪੁਰ ਬਹੁਤ ਕੁਝ ਕਹਿੰਦੀ ਹੈ। ਅੱਜ ਜਦੋਂ ਦੁਨੀਆ ਭਰ ‘ਚ ਵੱਖ ਵੱਖ ਮਸਲਿਆਂ ‘ਤੇ ਤਬਾਹੀ ਮਚੀ ਹੋਈ ਹੈ ਤਾਂ ਬਾਬੇ ਨਾਨਕ ਦਾ ਸਬਰ, ਸੰਤੋਖ, ਸੰਜਮ ਤੇ ਆਪਸੀ ਸਹਿਹੋਂਦ ਦਾ ਸੁਨੇਹਾ ਸਮੁੱਚੀ ਦੁਨੀਆ ਨੂੰ ਰਾਹ ਦਿਖਾ ਸਕਦਾ ਹੈ। ਉਸ ਲਈ ਸਭ ਤੋਂ ਪਹਿਲਾਂ ਪੰਜਾਬ ਨੂੰ ਨਾਨਕ ਤੋਂ ਨਾਨਕ ਤੱਕ ਜਾਣਾ ਪਵੇਗਾ। ਪੰਜਾਬ ਦੇ ਬਚਣ ਦਾ ਰਾਹ ਪਾਕਿਪਟਨ ਤੇ ਨਨਕਾਣੇ ਤੋਂ ਹੋ ਕੇ ਗੁਜ਼ਰਦਾ ਹੈ। ਸਵਾਲ ਇਹ ਹੈ ਕਿ ਕੀ ਅਸੀਂ ਪਾਕਿਪਟਨ ਤੇ ਨਨਕਾਣੇ ਦੇ ਰਾਹ ਦੇ ਪਾਂਧੀ ਬਣਨ ਨੂੰ ਤਿਆਰ ਹਾਂ?

ਪੰਜ ਪਾਣੀਆਂ ਤੋਂ ਮਾਰੂਥਲ ਹੋਣ ਦੀ ਗਾਥਾ

ਗੁਰੂ ਨਾਨਕ ਦੇਵ ਜੀ ਦਾ ਵੇਈਂ ਨਦੀ ‘ਚ ਲੱਗਿਆ ‘ਗਿਆਨ ਦਾ ਗੋਤਾ’। ਕਰਤਾਰਪੁਰ ਸਾਹਿਬ ਰਾਵੀ ਦੇ ਕੰਢੇ ਮਰਦਾਨੇ ਦੀ ਵੱਜਦੀ ਰਬਾਬ। ਤੜਕਸਾਰ ‘ਆਸਾ ਦੀ ਵਾਰ’ ਦਾ ਕੀਰਤਨ। ਸਤਾਰਵੀਂ ਸਦੀ ਦਾ ਅੰਤਲਾ ਸਾਲ। ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ। ਸਤਲੁਜ ਦਾ ਵਗਦਾ ਪਾਣੀ । ਖੰਡੇ ਬਾਟੇ ਦੀ ਪਾਹੁਲ । ਪੰਜ ਪਿਆਰੇ ਸਤਲੁਜ ਦੇ ਪਾਣੀ ਨਾਲ਼ ‘ਸਿੰਘ ਸਜੇ’। ਸਤਲੁਜ ਦੇ ਪਾਣੀ ਦੀਆਂ ਘੁੱਟਾਂ ਨੇ ਗੁਰੂ ਤੋਂ ਚੇਲਾ ਤੇ ਚੇਲੇ ਤੋਂ ਗੁਰੂ ਹੋਣ ਦੀ ਮਹਾਨ ਪਰੰਪਰਾ ਨੂੰ ਜਨਮ ਦਿੱਤਾ ।

ਇੱਕੀਵੀਂ ਸਦੀ। ਗੰਧਲੇ ਤੇ ਤ੍ਰਿਹਾਏ ਦਰਿਆ। ਪੰਜਾਬ ਨੂੰ ਛੱਡਦਾ ਪਾਣੀ। ਸੁੱਕੇ ਚੋਅ। ਬੁੱਢਾ ਨਾਲ਼ਾ। ਕੈਂਸਰ ਟ੍ਰੇਨ। ਮਰਦੇ ਦੇ ਮੂੰਹ ‘ਚ ਪੈਂਦਾ ਪਾਣੀ । ਆਰ. ਓ. ਸਿਸਟਮ ਦੀ ਮਸ਼ਹੂਰੀ ਕਰਦੀਆਂ ਮੁਟਿਆਰਾਂ। ਨਹਿਰੀ ਪਾਣੀ ਪਿੱਛੇ ਹੁੰਦੀਆਂ ਕਿਸਾਨਾਂ ਦੀਆਂ ਲੜਾਈਆਂ । ਪਾਣੀਆਂ ‘ਤੇ ਨਿੱਤ ਹੁੰਦੀ ਸਿਆਸਤ।

ਪੰਜਾਬ ਦੇ ਇਹ ਦੋ ਦ੍ਰਿਸ਼ ਪੰਜਾਬ ਨਾਲ਼ ਪਾਣੀ ਦੇ ਰਿਸ਼ਤੇ ਦਾ ਇਕਬਾਲੀਆ ਬਿਆਨ ਹਨ। ਪੰਜਾਬ ਦੀ ਖ਼ਤਮ ਹੁੰਦੀ ਸੱਭਿਅਤਾ ਦਾ ਪ੍ਰਤੱਖ ਪ੍ਰਮਾਣ ਹਨ ਕਿਉਂਕਿ ਸੱਭਿਅਤਾਵਾਂ ਪਾਣੀਆਂ ਦੇ ਸਹਾਰੇ ਹੀ ਵਿਗਸਦੀਆਂ ਰਹੀਆਂ ਹਨ ਤੇ ਪਾਣੀ ਖਤਮ ਹੋਣ ਕਰ ਕੇ ਹੀ ਅਲੋਪ ਹੁੰਦੀਆਂ ਆਈਆਂ ਹਨ।

ਸ਼ਾਇਰ ਨੰਦ ਲਾਲ ਨੂਰਪੁਰੀ ਦਾ ਗਾਣਾ ਹੈ: ਭਾਖੜੇ ਤੋਂ ਆਉਂਦੀ ਮੁਟਿਆਰ ਇਕ ਨੱਚਦੀ ਚੰਦ ਨਾਲ਼ੋਂ ਗੋਰੀ ਉੱਤੇ ਚੁੰਨੀ ਸੁੱਚੇ ਕੱਚ ਦੀ।

ਮੌਜੂਦਾ ਪੰਜਾਬ ਪਾਣੀਆਂ ਦੇ ਗਹਿਰੇ ਸੰਕਟ ਦਾ ਸ਼ਿਕਾਰ ਹੈ। ਦਰਿਆਈ ਤੇ ਜ਼ਮੀਨ ਹੇਠਲੇ ਪਾਣੀ ਪੰਜਾਬ ਦੇ ਹੱਥੋਂ ਨਿਕਲਦੇ ਜਾ ਰਹੇ ਹਨ। ਕੇਂਦਰ ਸਰਕਾਰ ਦੇ ਅਦਾਰੇ ਕੇਂਦਰੀ ਭੂ-ਜਲ ਬੋਰਡ ਦੀ ਤਾਜ਼ਾ ਰਿਪੋਰਟ ਮੁਤਾਬਕ ਪੰਜਾਬ ਆਉਣ ਵਾਲੇ 20-25 ਸਾਲਾਂ ‘ਚ ਮਾਰੂਥਲ ‘ਚ ਤਬਦੀਲ ਹੋ ਜਾਵੇਗਾ। ਕੇਂਦਰ ਸਰਕਾਰ ਦੇ ਵਿਭਾਗ ਭਾਵੇਂ ਰਿਪੋਰਟ ਦਿੰਦੇ ਹਨ ਪਰ ਕੇਂਦਰ ਸਰਕਾਰ ਕਦੇ ਪਾਣੀਆਂ ਦੇ ਮਸਲੇ ‘ਤੇ ਪੰਜਾਬ ਦੀ ਬਾਂਹ ਫੜਨ ਨੂੰ ਤਿਆਰ ਨਹੀਂ। ਇੰਦਰਾ ਕੈਨਾਲ਼ ਤੋਂ ਲੈ ਕੇ ਸਤਲੁਜ-ਯਮੁਨਾ-ਲਿੰਕ ਨਹਿਰ ਦੇ ਮਸਲੇ ਤੱਕ ਪੰਜਾਬ ਦਾ ਕੇਂਦਰ ਨਾਲ਼ ਤਜਰਬਾ ਮਾੜਾ ਰਿਹਾ ਹੈ। ਪਾਣੀਆਂ ਦੀ ਧਰਤੀ ਤੋਂ ਪਾਣੀ ਖੋਹੇ ਗਏ । ਪੰਜਾਬ ਦੇ ਪਾਣੀਆਂ ਦਾ ਨੁਕਸਾਨ (ਹੜ੍ਹਾਂ ਕਾਰਨ) ਹਮੇਸ਼ਾ ਪੰਜਾਬ ਨੂੰ ਹੁੰਦਾ ਰਿਹਾ ਤੇ ਪੰਜਾਬ ਦੇ ਪਾਣੀਆਂ ਦਾ ਫ਼ਾਇਦਾ ਬਿਨਾਂ ਹੱਕ ਤੋਂ ਹੋਰ ਸੂਬੇ ਲੈਂਦੇ ਰਹੇ ।

ਹਾਲਾਤ ਇਹ ਹਨ ਕਿ ਪੰਜਾਬ ਦੇ ਦਰਿਆਈ ਪਾਣੀਆਂ ਦਾ ਹਰ ਪੱਖੋਂ ਬੁਰਾ ਹਾਲ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਸਤਲੁਜ ਦੇ ਪਾਣੀ ‘ਚ ਮਿਠਾਸ ਘੋਲ ਕੇ ‘ਖਾਲਸਾ ਪੰਥ’ ਸਾਜਿਆ ਸੀ, ਉਹ ਪਾਣੀ ਅੱਜ ਜ਼ਹਿਰ ਬਣ ਚੁੱਕਾ ਹੈ । ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ, ਸਤਲੁਜ ਦਰਿਆ ਦਾ ਪਾਣੀ ਸਿਰਫ਼ ਨੰਗਲ ‘ਚ ਪੀਣ ਯੋਗ ਤੇ ਨਹਾਉਣ ਯੋਗ ਹੈ । ਕੀਰਤਪੁਰ ਤੋਂ ਬੁੱਢੇ ਨਾਲ਼ੇ ਤੱਕ ਇਸ ਦਾ ਪਾਣੀ ਪੀਣ ਯੋਗ ਨਹੀਂ ਹੈ । ਧਰਮਕੋਟ ਤੇ ਹਰੀਕੇ ‘ਚ ਸਤਲੁਜ ਦਾ ਪਾਣੀ ਬੇਹੱਦ ਖਰਾਬ ਹੈ ਤੇ ਸਾਰਾ ਸਤਲੁਜ ਬੇਹੱਦ ਖਰਾਬ ਹੋ ਚੁੱਕਾ ਹੈ। ਬਿਆਸ ਤੇ ਰਾਵੀ ਦਾ ਹਾਲ ਵੀ ਚੰਗਾ ਨਹੀਂ ਹੈ। ਇਹ ਵੀ ਸਤਲੁਜ ਵਰਗੀ ਹਾਲਤ ਵੱਲ ਵਧਣ ਨੂੰ ਤਿਆਰ ਹਨ।

ਦੂਜੇ ਸੂਬਿਆਂ ਨੂੰ ਜਾਣ ਵਾਲੇ ਦਰਿਆਈ ਪਾਣੀਆਂ ਦਾ ਰੋਣਾ ਤਾਂ ਪੰਜਾਬੀ ਬਹੁਤ ਰੋਂਦੇ ਹਨ ਜੋ ਜ਼ਰੂਰੀ ਵੀ ਹੈ ਪਰ ਜ਼ਮੀਨ ਹੇਠਲੇ ਪਾਣੀ ਦੀ ਫ਼ਿਕਰ ਕਿਸੇ ਨੂੰ ਨਹੀਂ ਹੈ। ਦਰਿਆਈ ਪਾਣੀਆਂ ਦੇ ਗੰਧਲੇ ਹੋਣ ਬਾਰੇ ਵੀ ਫ਼ਿਕਰਮੰਦੀ ਵੀ ਵਕਤੀ ਜਿਹੀ ਨਜ਼ਰ ਆਉਂਦੀ ਹੈ। ਜ਼ਮੀਨ ਹੇਠਲੇ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ਼ ਹੇਠਾਂ ਜਾ ਰਿਹਾ ਹੈ। ਜਿੱਥੇ 15 ਸਾਲ ਪਹਿਲਾਂ 20-20 ਫੁੱਟ ‘ਤੇ ਪਾਣੀ ਹੁੰਦਾ ਸੀ ਓਥੇ ਹੁਣ ਪਾਣੀ 350 ਤੋਂ 500 ਫੁੱਟ ਹੋ ਗਿਆ ਹੈ। ਸਬਮਰਸੀਬਲ ਪੰਪਾਂ ਨਾਲ਼ ਧਰਤੀ ਦੀ ਹਿੱਕ ਚੀਰ ਕੇ 1000-1200 ਫੁੱਟ ਤੱਕ ਤੋਂ ਪਾਣੀ ਕੱਢਿਆ ਜਾ ਰਿਹਾ ਹੈ ।

ਪੰਜਾਬ ‘ਚ ਪਾਣੀ ਦੇ ਕੁੱਲ 138 ਬਲਾਕ ਹਨ ਜਿਨ੍ਹਾਂ ‘ਚੋਂ 105 ਬਲਾਕਾਂ ਨੂੰ ਡਾਰਕ ਜ਼ੋਨ ਐਲਾਨਿਆ ਜਾ ਚੁੱਕਿਆ ਹੈ। ਮੁਕਤਸਰ, ਫਾਜ਼ਿਲਕਾ ਤੇ ਪਠਾਨਕੋਟ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹੇ ਡਾਰਕ ਜ਼ੋਨਾਂ ਦੇ ਪ੍ਰਛਾਵੇਂ ਹੇਠ ਹਨ। ਤ੍ਰਾਸਦੀ ਇਹ ਹੈ ਕਿ ਇਨ੍ਹਾਂ ‘ਡਾਰਕ ਜ਼ੋਨਾਂ’ ਨੂੰ ਸੁਰਜੀਤ ਕਰਨ ਲਈ ਵੀ ਕੋਈ ਸਰਕਾਰੀ ਜਾਂ ਗੈਰ-ਸਰਕਾਰੀ ਯੋਜਨਾਬੰਦੀ ਨਹੀਂ ਹੈ। ਸਿਰਫ਼ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪਹਿਲ-ਕਦਮੀ ਨਾਲ਼ ਕਾਲੀ ਵੇਈਂ ਦੇ ਜ਼ਰੀਏ ਸੁਲਤਾਨਪੁਰ ਲੋਧੀ ਜਲ ਬਲਾਕ ਸੁਰਜੀਤ ਹੋਇਆ ਹੈ। ਭੂਮੀ ਰੱਖਿਆ ਵਿਭਾਗ ਦੀ ਰਿਪੋਰਟ ਮੁਤਾਬਕ 2005 (ਕਾਲੀ ਵੇਈਂ ਸਾਫ਼ ਹੋਣ ਤੋਂ ਲੈ ਕੈ) ਤੋਂ 2014 ਤੱਕ ਇਸ ਇਲਾਕੇ ‘ਚ ਪਾਣੀ ਦਾ ਪੱਧਰ ਢਾਈ ਮੀਟਰ ਉੱਪਰ ਆਇਆ ਹੈ । ਵੇਈਂ ਨੂੰ 160 ਕਿਲੋਮੀਟਰ ਤੱਕ ਸੁਰਜੀਤ ਕੀਤਾ ਗਿਆ ਸੀ। ਵੇਈਂ ‘ਚ ਮੁਕੇਰੀਆਂ ਹਾਈਡਲ ਤੋਂ ਬਿਆਸ ਦਰਿਆ ਦਾ ਪਾਣੀ ਪੈਂਦਾ ਹੈ।

ਕਿਹੜਾ ਪੰਜਾਬ ਯਾਦਵਿੰਦਰ ਕਰਫਿਊ

ਗੰਧਲੇ ਪਾਣੀ ਦੇ ਪ੍ਰਭਾਵ ਕਰ ਕੇ ਹੀ ਪੰਜਾਬ ‘ਚ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਬਹੁਤ ਤੇਜ਼ੀ ਨਾਲ਼ ਵਧੀ ਹੈ। ਇਸੇ ਕਰ ਕੇ ਪੰਜਾਬ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਨਵੀਆਂ ਨਵੀਆਂ ਬਿਮਾਰੀਆਂ ਨੇ ਜਕੜ ਲਿਆ ਹੈ। ਡੂੰਘਾ ਪਾਣੀ ਜ਼ਿਆਦਾ ਪ੍ਰਦੂਸ਼ਿਤ ਹੁੰਦਾ ਹੈ। ਪੰਜਾਬ ਡੂੰਘੇ ਤੋਂ ਡੂੰਘਾ ਜਾ ਰਿਹਾ ਹੈ । ਪੰਜਾਬ ‘ਚ ਪਾਣੀ ਦੇ ਟ੍ਰੀਟਮੈਂਟ ਪਲਾਂਟ ਵੀ ਬਹੁਤ ਘੱਟ ਹਨ ਤੇ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ‘ਚ ਰਲ਼ ਰਿਹਾ ਹੈ। ਸਨਅਤਾਂ ‘ਚੋਂ ਨਿਕਲਦੀ ਰਹਿੰਦ ਖੂੰਹਦ ਨੇ ਵੀ ਦਰਿਆਈ ਤੇ ਜ਼ਮੀਨੀ ਪਾਣੀ ਨੂੰ ਪੀਣਯੋਗ ਨਹੀਂ ਰਹਿਣ ਦਿੱਤਾ। ਲੁਧਿਆਣਾ ਦੀ ਰੰਗਸਾਜ਼ ਇੰਡਸਟਰੀ ਇਸ ਦੀ ਪ੍ਰਤੱਖ ਮਿਸਾਲ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਸਨਅਤਕਰਾਂ ਨੂੰ ਸਖਤ ਸ਼ਬਦਾਂ ‘ਚ ਤਾੜਨਾ ਕੀਤੀ ਹੈ ਕਿ ‘ਸਨਅਤੀ ਵਿਕਾਸ ਵਾਤਾਵਰਨ ਦੇ ਵਿਨਾਸ਼ ਨਾਲ਼ ਨਹੀਂ ਹੋ ਸਕਦਾ ਹੈ’ । ਦੂਜੇ ਪਾਸੇ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਪੰਜਾਬ ਦੇ ਜਲ ਪ੍ਰਦੂਸ਼ਣ ‘ਚ ਵੱਡਾ ਵਾਧਾ ਕਰਦੀਆਂ ਹਨ। ਇਨ੍ਹਾਂ ਕਰ ਕੇ ਵੀ ਪੰਜਾਬ ਬਿਮਾਰ ਹੋ ਗਿਆ ਹੈ। ਮਾਲਵੇ ਦੇ ਇਲਾਕਿਆਂ ‘ਚ ਜ਼ਮੀਨ ਹੇਠਲੇ ਪਾਣੀ ‘ਚ ਆਰਸੈਨਿਕ ਤੇ ਯੂਰੇਨੀਅਮ ਹੋਣ ਕਾਰਨ ਮੰਦਬੁੱਧੀ ਬੱਚੇ ਪੈਦਾ ਹੋਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਮਿਸਰ ਦੇ ਨੀਲ ਦਰਿਆ ਤੋਂ ਲੈ ਕੇ ਸਤਲੁਜ, ਰਾਵੀ, ਬਿਆਸ, ਗੰਗਾ ਤੱਕ ਮਨੁੱਖ ਦਾ ਪਾਣੀ ਨਾਲ਼ ਉਹ ਰਿਸ਼ਤਾ ਹੈ ਜੋ ਮਨੁੱਖ ਦਾ ਸਾਹ ਲੈਣ ਨਾਲ਼ ਹੈ। ਮਹਾਤਮਾ ਬੁੱਧ ਨੇ ਕਿਹਾ ਸੀ “ਹਰ ਚੀਜ਼ ਦਰਿਆ ਵਾਂਗ ਆਪਣੀ ਬੁਨਿਆਦ ਵੱਲ ਮੁੜਦੀ ਹੈ। ” ਪਾਣੀਆਂ ਦੇ ਪੁੱਤ ਪੰਜਾਬ ਅੱਗੇ ਪਾਣੀ ਵਿਲਕ ਰਹੇ ਹਨ। ਪਾਣੀਆਂ ਨੂੰ ਸਾਡੇ ਮੁੜਨ ਦਾ ਇੰਤਜ਼ਾਰ ਹੈ। ਬਕੌਲ ਕੁਲਵੰਤ ਗਰੇਵਾਲ ਹਾਲਤ ਇਹ ਬਣ ਗਈ ਹੈ:

ਰੁਖ ਬਦਲੇ ਹਵਾਵਾਂ ਦੇ।

ਬੂੰਦ ਬੂੰਦ ਤਰਸ ਗਏ

ਅਸੀਂ ਪੁੱਤ ਦਰਿਆਵਾਂ ਦੇ।

ਬਲਿਹਾਰੀ ਕੁਦਰਤਿ ਵਸਿਆ

ਗੁਰੂ ਨਾਨਕ ਦੇਵ ਦੀ ਦਾ 550 ਸਾਲਾ ਪ੍ਰਕਾਸ਼ ਪੁਰਬ ਇਉਂ ਮਨਾਇਆ ਜਾਣਾ ਚਾਹੀਦਾ ਸੀ, ਬਈ ਪੂਰੀ ਦੁਨੀਆ ਪੰਜਾਬ ਨੂੰ ‘ਕੁਦਰਤ ਦੇ ਤੋਹਫ਼ੇ’ ਦੇ ਤੌਰ ‘ਤੇ ਦੇਖਣ ਆਉਂਦੀ। ਇਹੀ ਗੁਰੂ ਨਾਨਕ ਨੂੰ ਸਭ ਤੋਂ ਵੱਡੀ ਸ਼ਰਧਾਂਜਲੀ ਸੀ। ਸ਼ੁੱਧ ਹਵਾ। ਸਾਫ਼ ਦਰਿਆ। ਜੰਗਲ ਬੀਆਬਾਨ। ਚਰਾਂਦਾਂ ‘ਚ ਚਰਦੇ ਪਸ਼ੂ । ਨਦੀਆਂ, ਨਾਲਿਆਂ, ਰੋਹੀਆਂ ‘ਚ ਟਹਿਕਦੇ ਪੰਛੀ। ਗੁਰੂ ਜੀ ਨੇ ਬਾਣੀ ‘ਚ ਕੁਦਰਤ ਦੀ ਬਹੁਤ ਵੱਡੀ ਮਹਿਮਾ ਕੀਤੀ ਹੈ। ਵੇਈਂ ਕੰਢੇ ਬੈਠੇ ਸੰਤ ਬਲਬੀਰ ਸਿੰਘ ਸੀਚੇਵਾਲ ਮੇਰੇ ਨਾਲ਼ ਫੋਨ ‘ਤੇ ਗੱਲ ਕਰਦਿਆਂ ਇਹ ਕਹਿ ਰਹੇ ਹਨ। ਮੈਂ ਉਨ੍ਹਾਂ ਨੂੰ ਪਾਣੀ ਦੇ ‘ਡਾਰਕ ਜ਼ੋਨਾ’ ਦੀ ਜਾਣਕਾਰੀ ਲਈ ਫੋਨ ਕੀਤਾ ਸੀ । ਗੱਲ ਤੁਰਦੀ ਤੁਰਦੀ 550ਵੇਂ ਪ੍ਰਕਾਸ਼ ਪੁਰਬ ਤੱਕ ਜਾ ਪੁੱਜੀ ।

ਗੁਰੂ ਨਾਨਕ ਦੇਵ ਜੀ ਨੇ ਕੁਦਰਤ ਦੀ ਮਹਿਮਾ ‘ਚ ਉਚਾਰਿਆ ਸੀ:

ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰ॥

ਕੁਦਰਤਿ ਪਤਾਲੀ ਆਕਾਸੀ ਕੁਦਰਤਿ ਸਰਬ ਆਕਾਰ॥

ਯਾਨਿ ਕੁਦਰਤ ਨਾਲ਼ ਇੱਕਮਿੱਕ ਹੋਣ ‘ਚ ਹੀ ਸਭ ਤੋਂ ਵੱਡਾ ਆਨੰਦ, ਸੁੱਖ ਤੇ ਖੁਸ਼ੀ ਹੈ। ਗੁਰੂ ਜੀ ਦੇ ਸੁਨੇਹੇ ਦੇ ਉਲਟ ਪੰਜਾਬ ਨੇ ਹੀ ਪਿਛਲੇ ਸਮੇਂ ‘ਚ ਕੁਦਰਤ ਦਾ ਸਭ ਤੋਂ ਜ਼ਿਆਦਾ ਨਾਸ ਕੀਤਾ ਹੈ। ਸਰਕਾਰਾਂ ਦੀ ਗੰਢ ਤੁੱਪ ਨਾਲ਼ ਦਰਿਆਵਾਂ ਕੰਢੇ ਪਸਰੇ ਰੇਤ-ਬਜਰੀ ਮਾਫ਼ੀਆ ਤੇ ਜੰਗਲ ‘ਚ ਬੈਠੇ ਲੱਕੜ ਮਾਫੀਆ ਨੇ ਕੁਦਰਤ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਦਰਿਆਵਾਂ ‘ਚ ਸਨਅਤਕਾਰ ਗੰਧਲਾ ਪਾਣੀ ਪਾ ਰਹੇ ਨੇ । ਹਵਾ ‘ਚ ਆਕਸੀਜਨ ਦੀ ਥਾਂ ਕਾਰਬਨ ਹੀ ਕਾਰਬਨ ਹੈ। ਪਰਾਲੀ ਦੀ ਅੱਗ ਵਾਲ਼ੇ ਦਿਨਾਂ ‘ਚ ਪੰਜਾਬ ਦਾ ਸਾਹ ਰੁਕ ਜਾਂਦਾ ਹੈ ।

ਅਬਾਦੀ ਦੇ ਹਿਸਾਬ ਨਾਲ਼ ਭਾਰਤ ‘ਚ ਜੰਗਲ ਦਾ ਹਿੱਸਾ 33 ਫੀਸਦੀ ਹਿੱਸਾ ਹੋਣਾ ਚਾਹੀਦਾ ਸੀ ਪਰ ਇਹ 21 ਫੀਸਦੀ ਹੈ। ਪੂਰੇ ਭਾਰਤ ‘ਚੋਂ ਜੰਗਲ ਦੇ ਹਿੱਸੇ ਮੁਤਾਬਕ ਪੰਜਾਬ ਫਾਡੀਆਂ ‘ਚ ਖੜ੍ਹਾ ਹੈ। ਪੰਜਾਬ ‘ਚ ਜੰਗਲ 3.52 ਫੀਸਦੀ ਹੈ। ਬੱਸ ਪੰਜਾਬ ਤੋਂ ਪਿੱਛੇ ਸਿਰਫ਼ ਹਰਿਆਣਾ ਹੈ। ਧਰਤੀ ਹੇਠਲੇ ਪਾਣੀ ਦਾ ਹਾਲ ਇਹ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਿਹਾ ਕਿ ਪੰਜਾਬ ਸਰਕਾਰ ਟਿਊਬਵੈੱਲ ਦੇ ਕੁਨੈਕਸ਼ਨ ਦੇਣੇ ਬੰਦ ਕਰੇ ।

ਵੈਸੇ ਪੰਜਾਬ ਹੀ ਕਿਉਂ, ਇਵੇਂ ਲੱਗਦਾ ਜਿਵੇਂ ਪੂਰੀ ਦੁਨੀਆ ਨੇ ਕੁਦਰਤ ਨੂੰ ਤਬਾਹ ਕਰਨ ਦਾ ਠੇਕਾ ਲੈ ਲਿਆ ਹੈ । ਪੂਰੀ ਦੁਨੀਆ ‘ਚ ਧਰਤੀ ਦਾ ਤਾਪਮਾਨ ਵਧਦਾ ਜਾ ਰਿਹਾ ਹੈ। ਕਾਰਪੋਰੇਟ ਦੇ ਮੁਨਾਫ਼ੇ ਤੇ ਮਨੁੱਖ ਦੇ ਐਸ਼ਪ੍ਰਸਤ ਹੋਣ ਦਾ ਖਮਿਆਜ਼ਾ ਕੁਦਰਤ ਨੂੰ ਭੁਗਤਣਾ ਪੈ ਰਿਹਾ ਹੈ। ਸੜਕਾਂ ‘ਤੇ ਗੱਡੀਆਂ ਹੀ ਗੱਡੀਆਂ ਹਨ। ਘਰਾਂ ਤੋਂ ਲੈ ਕੇ ਗੱਡੀਆਂ ‘ਚ ਲੱਗੇ ਏ.ਸੀ. ਲਗਾਤਾਰ ਤਾਪਮਾਨ ਵਧਾ ਰਹੇ ਹਨ। ਰਵਾਇਤੀ ਊਰਜਾ ਵਾਲੀਆਂ ਗੱਡੀਆਂ ‘ਤੇ ਖੋਜ ਹੋਣ ਦੇ ਬਾਵਜੂਦ ਦੁਨੀਆ ਦਾ ਵੱਡਾ ਕਾਰਪੋਰੇਟ ਗੱਡੀਆਂ ਦੀਆਂ ਨਵੀਆਂ ਖੋਜਾਂ ‘ਚ ਨਿਵੇਸ਼ ਕਰਨ ਨੂੰ ਤਿਆਰ ਨਹੀਂ ਹੈ ਕਿਉਂਕਿ ਉਸ ਲਈ ਵਾਤਾਵਰਨ ਦੀ ਥਾਂ ਮੁਨਾਫ਼ਾ ਅਹਿਮ ਹੈ। ਉਹ ਡੀਜ਼ਲ, ਪੈਟ੍ਰੋਲ ਤੇ ਗੈਸ ਦੀਆਂ ਗੱਡੀਆਂ ਦਾ ਜੰਮਿਆ ਜਮਾਇਆ ਕਾਰੋਬਾਰ ਛੱਡਣ ਨੂੰ ਤਿਆਰ ਨਹੀਂ ਤੇ ਦੁਨੀਆ ਭਰ ਦੀਆਂ ਸਰਕਾਰਾਂ ਗੰਢ-ਤੁੱਪ ਜ਼ਰੀਏ ਕਾਰਪੋਰੇਟ ਦੀ ਕੁਠਪੁਤਲੀ ਕਿਵੇਂ ਬਣਦੀਆਂ ਹਨ, ਇਹ ਕਿਸੇ ਤੋਂ ਲੁਕਿਆ ਨਹੀਂ।

ਵਿਕਸਿਤ ਦੇਸ਼ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਂਦੇ ਹਨ। ਚੀਨ ਤੇ ਅਮਰੀਕਾ ਦੁਨੀਆਂ ਦੇ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਣ ਵਾਲੇ ਦੇਸ਼ ਹਨ ਜਦੋਂਕਿ ਇਹੀ ਮੁਲਕ ਘੱਟ ਵਿਕਸਿਤ ਦੇਸ਼ਾਂ ‘ਤੇ ਪ੍ਰਦੂਸ਼ਣ ਮੁਕਤ ਹੋਣ ਦੀ ਝੂਠੀ ਨੈਤਿਕਤਾ ਥੋਪਦੇ ਹਨ। ਪ੍ਰਦੂਸ਼ਿਤ ਦੇਸ਼ਾਂ ‘ਚ ਭਾਰਤ ਦਾ ਨੰਬਰ ਗਿਆਰਵਾਂ ਹੈ। ਭਾਰਤੀ ਮੀਡੀਆ ‘ਚ ਵਧਦੇ ਪ੍ਰਦੂਸ਼ਣ ਦਾ ਸਭ ਤੋਂ ਜ਼ਿਆਦਾ ਪ੍ਰਚਾਰ ਆਮ ਜਨਤਾ ਤੇ ਕਿਸਾਨਾਂ ਖਿਲਾਫ਼ ਹੁੰਦਾ ਹੈ, ਪਰ ਕਾਰਪੋਰੇਟ ਤੇ ਸਨਅਤਕਾਰ ਹੀ ਵਧਦੇ ਪ੍ਰਦੂਸ਼ਣ ‘ਚ ਸਭ ਤੋਂ ਵੱਧ ਹਿੱਸਾ ਪਾ ਰਹੇ ਹਨ। ਭਾਰਤ ਦੀਆਂ ਗੰਗਾ ਜਿਹੀਆਂ ਵੱਡੀਆਂ ਨਦੀਆਂ ਨੂੰ ਸਨਅਤ ਹੀ ਸਭ ਤੋਂ ਵੱਧ ਪਲੀਤ ਕਰ ਰਹੀ वै।

ਦੁਨੀਆ ਭਰ ‘ਚ ਵਾਤਾਵਰਨ ‘ਚ ਆਏ ਵੱਡੇ ਬਦਲਾਵਾਂ ਨੂੰ ਲੈ ਕੇ ਯੂਨਾਈਟਡ ਨੇਸ਼ਨਜ਼ ਵੱਲੋਂ 1992 ‘ਚ ਰੀਓ ਧਰਤ ਸੰਮੇਲਨ ‘ਚ ਆਮ ਸਹਿਮਤੀ ਨਾਲ਼ ਵੱਡੇ ਫੈਸਲੇ ਲਏ ਸਨ। ਸਾਲ 1997 ‘ਚ ਵਾਤਾਵਰਨ ‘ਤੇ ਹੀ ਕਯੋਟੋ ਪ੍ਰੋਟੋਕਾਲ ਸਹੀਬੱਧ ਹੁੰਦਾ ਹੈ। 2015 ‘ਚ ਪੈਰਿਸ ਸਮਝੌਤੇ ਵਿਚ ਕਿਹਾ ਗਿਆ ਹੈ ਕਿ ਘੱਟ ਵਿਕਸਿਤ ਦੇਸ਼ ਪ੍ਰਦੂਸ਼ਣ ਦੇ ਪੱਧਰ ਨੂੰ ਵੱਧ ਤੋਂ ਵੱਧ ਘਟਾਉਣ । ਸਾਰੇ ਮੁਲਕਾਂ ‘ਚ ਘੱਟੋ ਘੱਟ ਸਹਿਮਤੀ ਬਣਦੀ ਹੈ ਕਿ ਧਰਤੀ ਤਬਾਹੀ ਵੱਲ ਵਧ ਚੁੱਕੀ ਹੈ ਪਰ ਅਮਰੀਕਾ ਜਿਹੇ ਧਨਾਢ ਮੁਲਕ ਵਾਤਾਵਰਨ ਦੇ ਫੈਸਲਿਆਂ ਨੂੰ ਇਹ ਕਹਿ ਕੇ ਮੰਨਣ ਤੋਂ ਭਗੌੜੇ ਹੋ ਗਏ ਕਿ ਵਾਤਾਵਰਨ ਨੂੰ ਬਚਾਉਣ ਵਾਲੇ ਇਨ੍ਹਾਂ ਫੈਸਲਿਆਂ ਨੂੰ ਲਾਗੂ ਕਰਨ ਨਾਲ਼ ਸਾਡੀ ਆਰਥਿਕਤਾ ਡਾਵਾਂਡੋਲ ਹੋ ਜਾਵੇਗੀ। ਵਿਕਸਿਤ ਮੁਲਕਾਂ ਲਈ ਮੁਨਾਫ਼ਾ ਮਨੁੱਖ ਤੇ ਕੁਦਰਤ ਨਾਲ਼ੋਂ ਵੱਡਾ ਹੋ ਗਿਆ ਕਿਉਂਕਿ ਇੱਥੇ ਬੈਠਾ ਮਹਾ-ਕਾਰਪੋਰੇਟ ਹੀ ਦੁਨੀਆ ਭਰ ਦੀ ਆਰਥਿਕਤਾ ਨੂੰ ਤੈਅ ਕਰਦਾ ਹੈ।

ਤਾਜ਼ਾ ਅੰਕੜਿਆਂ ਮੁਤਾਬਕ ਵਾਤਾਵਰਨ ਦੇ ਮਾਮਲੇ ‘ਚ ਸਵੀਡਨ ਦੁਨੀਆ ਦਾ ਸਭ ਵਧੀਆ ਦੇਸ਼ ਹੈ। ਸਵੀਡਨ ‘ਚ ਗ਼ੈਰ ਰਵਾਇਤੀ ਊਰਜਾ ਦੀ ਭਰਪੂਰ ਵਰਤੋਂ ਹੁੰਦੀ ਹੈ। ਵੱਖ ਵੱਖ ਮੁਲਕਾਂ ‘ਚ ਵਾਤਾਵਰਨ ‘ਚ ਆਏ ਬਦਲਾਓ ਬਾਰੇ ‘ਕਲਾਈਮੈਂਟ ਚੇਂਜਜ਼ ਪਰਫਾਰਮੈਂਸ ਇੰਡੈਕਸ’ ਦੀ ਤਾਜ਼ਾ ਰਿਪੋਰਟ ਕਹਿੰਦੀ ਹੈ ਕਿ ਗ੍ਰੀਨ ਹਾਊਸ ਗੈਸਾਂ ਵਾਤਾਵਰਨ ਦੀ ਤਬਾਹੀ ਦਾ ਵੱਡਾ ਕਾਰਨ ਹਨ। ਇਹ ਗੈਸਾਂ ਕਾਰਬਨ ਡਾਇਆਕਸਾਈਡ ਕੱਢਦੀਆਂ ਹਨ। ਇਹ ਜਿੰਨੀਆਂ ਜ਼ਿਆਦਾ ਹੋਣਗੀਆਂ, ਧਰਤੀ ਓਨੀ ਹੀ ਜ਼ਿਆਦਾ ਗਰਮ ਹੋਵੇਗੀ। ਰਿਪੋਰਟ ਕਹਿੰਦੀ ਹੈ ਕਿ ਇਨ੍ਹਾਂ ਨੂੰ ਰੋਕਣ ਲਈ ਸਭ ਤੋਂ ਜ਼ਿਆਦਾ ਗ਼ੈਰ-ਰਵਾਇਤੀ ਊਰਜਾ ਵੱਲ ਮੁੜਨ ਦੀ ਲੋੜ ਹੈ।

ਦੁਨੀਆ ਭਰ ਦੇ ਵਾਤਾਵਰਨ ਮਾਹਰਾਂ/ਵਿਗਿਆਨੀਆਂ ‘ਚ ਇਹ ਵੀ ਸਹਿਮਤੀ ਬਣੀ ਕਿ ਦੁਨੀਆ ਨੂੰ ਬਚਾਉਣ ਲਈ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਦੇ ਤਾਪਮਾਨ ਤੱਕ ਲਿਜਾਣਾ ਪਵੇਗਾ। ਅੰਕੜਿਆਂ ਮੁਤਾਬਕ 1980 ਤੋਂ ਲੈ ਕੇ 2012 ਤੱਕ ਦੁਨੀਆ ਦਾ ਤਾਪਮਾਨ ਸਿਰਫ਼ 0.85 ਡਿਗਰੀ ਸੈਲਸੀਅਸ ਤੱਕ ਵਧਿਆ ਹੈ। ਅੱਜਕੱਲ੍ਹ ਗਲੋਬਲ ਤਾਪਮਾਨ 1.5 ਡਿਗਰੀ ਸੈਲਸੀਅਸ ਤੱਕ ਹੈ ਤੇ ਮਾਹਰਾਂ ਦੀ ਤਾਕੀਦ ਹੈ ਕਿ ਇਸ ਨੂੰ 2 ਡਿਗਰੀ ਸੈਲਸੀਅਸ ਤੱਕ ਨਹੀਂ ਜਾਣ ਦੇਣਾ। ਜੇ ਆਉਣ ਵਾਲੇ ਸਮੇਂ ‘ਚ ਇਹ ਸਚਮੁੱਚ 2 ਡਿਗਰੀ ਸੈਲਸੀਅਸ ਤੱਕ ਚਲਾ ਗਿਆ ਤਾਂ ਪੂਰੀ ਦੁਨੀਆ ‘ਚ ਪਰਲੋ ਆ ਜਾਵੇਗੀ।

ਲਗਾਤਾਰ ਤਾਪਮਾਨ ਵਧਣ ਕਾਰਨ ਹੀ ਸਾਡੇ ਗਲੇਸ਼ੀਅਰ ਦਿਨੋ ਦਿਨ ਪਿਘਲ ਰਹੇ ਹਨ। ਗਲੇਸ਼ੀਅਰ ਪਿਘਲਣ ਕਾਰਨ ਹੀ ਸਤਲੁਜ ਦਰਿਆ ਦੇ ਖਤਮ ਹੋਣ ਦੀਆਂ ਭਵਿੱਖਬਾਣੀਆਂ ਸ਼ੁਰੂ ਹੋ ਚੁੱਕੀਆਂ ਹਨ। 1901 ਤੋਂ 2010 ਤੱਕ ਆਲਮੀ ਪੱਧਰ ‘ਤੇ ਸਮੁੰਦਰ ਦਾ ਪੱਧਰ 19 ਸੈਂਟੀਮੀਟਰ ਉੱਪਰ ਗਿਆ ਸੀ ਤੇ 2065 ਤੱਕ ਭਵਿੱਖਬਾਣੀ ਹੈ ਇਹ 24 ਤੋਂ 30 ਸੈਂਟੀਮੀਟਰ ਤੱਕ ਜਾਵੇਗਾ। 2100 ਤੱਕ 40 ਤੋਂ 63 ਸੈਂਟੀਮੀਟਰ ਜਾਣ ਤੋਂ ਰੋਕਣ ਲਈ ਉਪਰਾਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸਦੀਆਂ ਪਹਿਲਾਂ ਵਾਤਾਵਰਨ ਦੀ ਮਹਿਮਾ ਕਰ ਕੇ ਸਾਡੇ ਗੁਰੂ ਪੀਰ ਜੋ ਸਾਨੂੰ ਕਹਿ ਗਏ ਹਨ ਉਹੀ ਗੱਲਾਂ ਅੱਜ ਵੱਖ ਵੱਖ ਤਰੀਕਿਆਂ ਨਾਲ਼ ਕਹੀਆਂ ਜਾ ਰਹੀਆਂ ਹਨ। ਗੱਲ ਅਮਲ ਕਰਨ ਦੀ ਹੈ ਕਿ ਕੀ ਅਸੀਂ ਵਾਤਾਵਰਨ ਨਾਲ਼ ਇਕਮਿਕ ਹੋ ਕੇ ਗੁਰੂਆਂ, ਪੀਰਾਂ, ਫਕੀਰਾਂ ਨਾਲ਼ ਕੋਈ ਸਾਂਝ ਪਾ ਸਕਦੇ ਹਾਂ? ਕਿਉਂਕਿ ਨਿਬੇੜੇ ਤਾਂ ਅਮਲਾਂ ਨਾਲ਼ ਹੀ ਹੋਣੇ ਹਨ।

ਸੱਚਮੁੱਚ ਦਾ ਫ਼ਕੀਰ

ਮੈਂ ਪਹਾੜਾਂ ਦੀ ਬੁੱਕਲ ‘ਚ ਹਾਂ। ਹਿਮਾਚਲ ‘ਚ। ਮੰਡੀ ਨੇੜੇ। ਗੱਡੀ ਰਿਵਾਲਸਰ ਵੱਲ ਮੁੜੀ। ਗੁਰੂ ਗੋਬਿੰਦ ਸਿੰਘ ਜੀ ਰਿਵਾਲਸਰ ਬਾਈਧਾਰ ਦੇ ਰਾਜਿਆਂ ਦੇ ਸੱਦੇ ਉੱਤੇ ਗਏ ਸੀ । ਉਥੇ ਇਤਿਹਾਸਕ ਗੁਰਦੁਆਰਾ ਸਾਹਿਬ ਮੌਜੂਦ ਹੈ। ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਬੋਧੀਆਂ ਦੀ ਟਕਸਾਲ (Monastery) ਹੈ। ਦੋਵਾਂ ਨੂੰ ਇਕ ਕੁਦਰਤੀ ਝੀਲ ਜੋੜਦੀ ਹੈ। ਝੀਲ ਦੇ ਇਕ ਕੰਢੇ ਟਕਸਾਲ ਤੇ ਦੂਜੇ ਗੁਰਦੁਆਰਾ ਸਾਹਿਬ। ਅੰਤਾਂ ਦਾ ਖੂਬਸੂਰਤ ਨਜ਼ਾਰਾ। ਦੋਵੇਂ ਚਾਰੇ ਪਾਸਿਓਂ ਪਹਾੜੀ ਵਾਦੀਆਂ ‘ਚ ਘਿਰੇ ਹੋਏ ਨੇ।

ਮੈਂ ਗੁਰਦੁਆਰਾ ਸਾਹਿਬ ਜਾ ਕੇ ਗ੍ਰੰਥੀ ਸਿੰਘ ਨੂੰ ਮਿਲਿਆ। ਇਤਿਹਾਸ ਬਾਰੇ ਢੇਰ ਸਾਰੀਆਂ ਗੱਲਾਂ ਕੀਤੀਆਂ। ਮੈਂ ਪੁੱਛਿਆ ਦੋਵੇਂ ਧਾਰਮਿਕ ਸਥਾਨਾਂ ‘ਚ ਹੁਣ ਤੱਕ ਕਿਸ ਤਰ੍ਹਾਂ ਦਾ ਰਿਸ਼ਤਾ ਰਿਹੈ? ਉਹ ਦੱਸਦੇ ਨੇ ‘ਸਾਡੇ ਨਾਲ਼ੋਂ ਪੁਰਾਣਾ ਇਤਿਹਾਸ ਹੈ ਇਸ ਬੋਧੀ ਟਕਸਾਲ ਦਾ। ਕਿਹਾ ਜਾਂਦੈ ਇੱਥੇ ਅੱਠਵੀਂ ਸਦੀ ‘ਚ ਬੋਧੀਆਂ ਦੇ ਸੰਤ ਪਦਮਾਸੰਭਵਾ ਤਿੱਬਤ ਤੋਂ ਆਏ ਸਨ । ਉਦੋਂ ਦੇ ਬੋਧੀ ਇੱਥੇ ਨੇ । ਸਿੱਖਾਂ ਦਾ ਇਨ੍ਹਾਂ ਨਾਲ਼ ਹਮੇਸ਼ਾਂ ਬਹੁਤ ਪ੍ਰੇਮ ਤੇ ਭਾਈਚਾਰਾ ਰਿਹਾ ਹੈ। ਸ਼ਾਂਤ ਚਿੱਤ ਲੋਕ ਨੇ ਇਹ’ ।

ਮੈਂ ਗੁਰਦੁਆਰਾ ਸਾਹਿਬ ਤੋਂ ਬੋਧੀਆਂ ਦੀ ਟਕਸਾਲ ਚਲਾ ਗਿਆ। ਬੋਧੀ ਭਿਖਸ਼ੂਆਂ ਨਾਲ਼ ਗੱਲਾਂ ਹੁੰਦੀਆਂ ਨੇ। ਮੈਂ ਹੱਸ ਕੇ ਪੁੱਛਦਾਂ “May I wear your robe for a picture” (ਤੁਹਾਡਾ ਪਹਿਰਾਵਾ ਪਾ ਕੇ ਫੋਟੋ ਖਿਚਵਾ ਲਵਾਂ) ਜਵਾਬ ਆਉਂਦੈ “No no, It’s for the monks only”(ਨਹੀਂ ਨਹੀਂ ,ਇਹ ਤਾਂ ਸਿਰਫ਼ ਭਿਖਸ਼ੂਆਂ ਲਈ ਹੈ)

ਬੋਧੀ ਭਿਖਸ਼ੂਆਂ ਕੋਲੋਂ ਉੱਠਿਆ ਤਾਂ ਸਾਹਮਣੇ ਇੱਕ ਫ਼ਕੀਰ ਖੜ੍ਹਾ ਸੀ । ਸਾਧਾਂ ਰੰਗੇ ਕੱਪੜਿਆਂ ‘ਚ। ਨਾਮ ਹੈ ਨਿਰਮਲ ਸਿੰਘ। ਬੋਧੀ ਟਕਸਾਲ ਵਿਚ ਇਕ ਸਿੱਖ ਨੂੰ ਦੇਖਕੇ ਉਤਸੁਕਤਾ ਪੈਦਾ ਹੋਈ! ਪੁੱਛਿਆ ‘ਕਿੱਥੋਂ ਆਏ ਹੋਂ ਤੁਸੀਂ” । ਜਵਾਬ ਦਿੱਤਾ ‘ਮਲੇਸ਼ੀਆ ਤੋਂ ਆਇਆ ਹਾਂ’ । ਮੈਂ ਕੁਝ ਹੋਰ ਪੁੱਛਦਾ ਉਹ ਬੋਲੇ “ਮੇਰਾ ਦਾਦਾ ਹਜ਼ਾਰਾ ਸਿੰਘ ਮਾਝੇ ਦੀ ਧਰਤੀ ਤੋਂ ਮਲੇਸ਼ੀਆ ਚਲਾ ਗਿਆ ਸੀ । ਪਿਤਾ ਸਰਵਣ ਸਿੰਘ ਤੇ ਮੇਰਾ ਜਨਮ ਓਥੇ ਹੀ ਹੋਇਆ। ਸਾਰਾ ਪਰਿਵਾਰ ਕਾਰੋਬਾਰੀ ਹੈ। ਮੈਂ ਵੀ ਬਹੁਕੌਮੀ ਕੰਪਨੀ ‘ਚ ਕੰਮ ਕਰਦਾ ਸੀ। ਮਸ਼ੀਨ ਵਾਂਗ ਕੰਮ ਕਰ ਕਰ ਕੇ ਮਨ ਅੱਕ ਗਿਆ । ਲੱਖਾਂ ਦੀ ਨੌਕਰੀ ਛੱਡ ਦਿੱਤੀ। ਘਰਦੇ ਬੜਾ ਕਲਪੇ, ਕਹਿੰਦੇ ਪਾਗਲ ਹੋ ਗਿਆ ਤੂੰ । ਮਨ ਬੜਾ ਵਿਆਕੁਲ ਸੀ। ਕੁਝ ਸਮਾਂ ਘਰੇ ਬੈਠਿਆ, ਫੇਰ ਬਿਨਾਂ ਮੰਜ਼ਿਲ ਦੇ ਸਫ਼ਰ ‘ਤੇ ਨਿਕਲ ਗਿਆ”। ਅਜੀਬ ਇਤਫ਼ਾਕ ਸੀ । ਬੁੱਧ ਤੇ ਨਿਰਮਲ ਇਕ ਹੋ ਗਏ ਜਾਪਦੇ ਸਨ । ਬੁੱਧ ਨੇ ਕਿਹਾ ਸੀ “ਮੰਜ਼ਿਲ ਨਾਲ਼ੋਂ ਸਫ਼ਰ ਮਹੱਤਵਪੂਰਨ ਹੁੰਦੈ’।

ਨਿਰਮਲ ਦੀ ਕਥਾ ਜਾਰੀ ਹੈ। ਕਹਿੰਦੇ “ਕੰਕਰੀਟ ਦੇ ਜੰਗਲ ‘ਚੋਂ ਨਿਕਲ ਕੇ ਕੁਦਰਤ ਦੇ ਜੰਗਲ ਆ ਵੜਿਆ । ਰੂਹ ਨੂੰ ਥੋੜਾ ਸਕੂਨ ਮਿਲਣਾ ਸ਼ੁਰੂ ਹੋਇਆ। ਮੈਂਪ ਪਿਛਲੇ ਕਈ ਸਾਲਾਂ ਤੋਂ ਧਾਰਮਿਕ ਸਥਾਨਾਂ ਦੀ ਤੀਰਥ ਯਾਤਰਾ ‘ਤੇ ਹਾਂ। ਦੱਖਣੀ ਏਸ਼ੀਆ ਦੇ ਬੋਧੀ, ਹਿੰਦੂ, ਮੁਸਲਿਮ ਤੇ ਬਹੁਤ ਸਾਰੇ ਸਿੱਖ ਤੀਰਥ ਸਥਾਨਾਂ ‘ਤੇ ਗਿਆ ਹਾਂ। ਪਿਛਲੇ ਸਾਲ ਪਾਕਿਸਤਾਨ ਜਾ ਕੇ ਆਇਆ ਹਾਂ । ਨਨਕਾਣਾ ਸਾਹਿਬ, ਪੰਜਾ ਸਾਹਿਬ, ਕਟਾਸਰਾਜ ਸਾਰੇ ਥਾਈਂ”।

ਮੈਂ ਪੁੱਛਿਆ, ਫੇਰ ਇਨ੍ਹਾਂ ਯਾਤਰਾਵਾਂ ਦਾ ਇੰਤਜ਼ਾਮ ਕਿਵੇਂ ਹੁੰਦੈ? ਪੈਸੇ, ਰਹਿਣ- ਸਹਿਣ, ਕੱਪੜੇ-ਲੀੜੇ।

ਕਹਿੰਦੇ, ਜੇਬ ‘ਚ ਹਜ਼ਾਰ ਰੁਪਇਆ ਹੈ, ਮੁੱਕਣ ਤੋਂ ਪਹਿਲਾਂ ਆਪੇ ਕੋਈ ਇੰਤਜ਼ਾਮ ਹੋਜੂ। ਬੜੇ ਭਲੇ ਲੋਕ ਨੇ ਦੁਨੀਆ ‘ਚ। ਮੈਂ ਪੁੱਛਦਾਂ, ਥੋਡਾ ਫੋਨ ਨੰਬਰ? ਕਹਿੰਦੇ ਜਦੋਂ ਦਾ ਘਰੋਂ ਨਿਕਲਿਆ ਕੋਈ ਫੋਨ ਫਾਨ ਨਹੀਂ ਰੱਖਿਆ। ਫੇਰ ਤਾਂ ਜਿਹੜਾ ਕੁਝ ਛੱਡਣਾ ਸੀ ਉਹ ਨਾਲ਼ ਹੀ ਰਹਿੰਦਾ। ਫ਼ਿਕਰ ਨਾ ਕਰ ਕਦੇ ਇਵੇਂ ਹੀ ਫਿਰ ਮਿਲ ਜਾਵਾਂਗੇ ਤੁਰਦੇ ਫਿਰਦੇ। ਫੇਰ ਮੈਂ ਕਿਹਾ ‘ਇਕ ਫੋਟੋ ਤਾਂ ਲੈ ਲਵਾਂ, ਕਹਿੰਦੇ ਤੇਰੀ ਮਰਜ਼ੀ’।

ਬਹੁਤ ਵਾਰ ਅਸੀਂ ਸਿਰਫ਼ ਆਪਣੇ ਨਜ਼ਰੀਏ ਕਾਰਨ ਬਿਲਕੁਲ ਸਧਾਰਣ ਚੀਜ਼ਾਂ ਨੂੰ ਬੇਹੱਦ ਗੁੰਝਲਦਾਰ ਬਣਾ ਦਿੰਦੇ ਹਾਂ। ‘ਅਤਿ-ਸਮਝਦਾਰ’ ਬੰਦਾ ਨਿਰਮਲ ‘ਤੇ ਹੱਸ ਸਕਦਾ ਹੈ ਪਰ ਉਹ ਇਹ ਨਹੀਂ ਸਮਝ ਸਕਦਾ ਕਿ ਨਿਰਮਲ ਸਮਝਦਾਰ ਹੋ ਕੇ ਬੇਸਮਝ ਕਿਉਂ ਹੋ ਗਿਆ? ਜਦੋਂ ਸੰਵੇਦਨਾ ਮਰ ਜਾਂਦੀ ਹੈ ਤਾਂ ਬੰਦਾ ਮਰ ਜਾਂਦੈ । ਪਰ ਸਰੀਰ ਤਾਂ ਬੰਦੇ ਦੇ ਨਾਲ਼ ਹੀ ਰਹਿਣਾ ਹੁੰਦੈ ਜਿਹੜਾ ਉਹਨੂੰ ‘ਅਤਿ ਸਮਝਦਾਰ’ ਹੋਣ ਦਾ ਅਹਿਸਾਸ ਲਗਾਤਾਰ ਕਰਵਾਉਂਦਾ ਰਹਿੰਦਾ। ਨਿਰਮਲ ਦੀ ਹਰ ਗੱਲ ਬੱਚਿਆਂ ਜਿਹੀ ਮਾਸੂਮ ਸੀ। ਜ਼ਿੰਦਗੀ ਸੰਵੇਦਨਾ ‘ਚ ਡੁੱਬੀ ਹੋਈ। ਚਿਹਰੇ ‘ਤੇ ਵੱਖਰਾ ਨੂਰ ਸੀ । ਉਹ ਸਭ ਕੁਝ ਜਾਣ ਕੇ ਅਣਜਾਣ ਹੋ ਗਿਆ ਲੱਗਦਾ ਸੀ । ਉਹ ਸਭ ਕਾਸੇ ‘ਚ ਹੋ ਕੇ ਸਭ ਕਾਸੇ ਤੋਂ ਬਾਹਰ ਹੋ ਗਿਆ।

ਨਿਰਮਲ ਜ਼ਿੰਦਗੀ ਦੇ ਇਸ਼ਕ ‘ਚ ਹੈ। ਇਸ਼ਕ ਪ੍ਰੀਭਾਸ਼ਾਵਾਂ ਦੇਣ ਦਾ ਨਹੀਂ ਹੋਣ ਤੇ ਪਾਉਣ ਦਾ ਮਸਲਾ ਹੈ। ਕੁਝ ਚੀਜ਼ਾਂ ਸਿਰਫ ਅਹਿਸਾਸ (Experience) ਚੋਂ ਵਾਪਰਦੀਆਂ ਹਨ ਤੇ ਉਹਨਾਂ ਨੂੰ ਪੜ੍ਹਤ (Text) ‘ਚੋਂ ਨਹੀਂ ਸਮਝਿਆ ਜਾ ਸਕਦਾ। ਜਿਵੇਂ ਨਿਰਮਲ ਦੇ ਮਨ ਦਾ ਬੱਚੇ ਜਿਹਾ ਨਿਰਮਲ ਹੋ ਜਾਣਾ ।

ਮੈਂ ਫ਼ਕੀਰਾਂ ਬਾਰੇ ਸੁਣਿਆ ਬਹੁਤ ਸੀ। ਮੈਨੂੰ ਲੱਗਦਾ ਸੀ ਉਹ ਇਹੋ ਜਿਹੀਆਂ ਥਾਵਾਂ ‘ਤੇ ਹੀ ਮਿਲਦੇ ਹੋਣਗੇ ਪਰ ਕਦੇ ਮਿਲੇ ਨਹੀਂ। ਪਹਿਲੀ ਵਾਰ ਅਹਿਸਾਸ ਹੋਇਆ ‘ਸੱਚਮੁੱਚ ਦੇ ਫ਼ਕੀਰ’ ਵੀ ਲੱਭ ਜਾਂਦੇ ਨੇ। ਆਉਂਦੇ ਆਉਂਦੇ ਨੇ ਮੈਂ ਕੁਝ ਪੈਸੇ ਕੱਢ ਕੇ ਕਿਹਾ, ਨਿਰਮਲ ਜੀ ਲੋੜ ਪੈਣੀਂ ਥੋਨੂ ਆਹ ਰੱਖ ਲਵੋ। ਕਹਿੰਦੇ ਕਿਹਾ ਤਾਂ ਹੈ ਤੈਨੂੰ ‘ਮੁੱਕਣ ਤੋਂ ਪਹਿਲਾਂ ਆਪੇ ਕੋਈ ਇੰਤਜ਼ਾਮ ਹੋਜੂ’ । ਉਨ੍ਹਾਂ ਨੇ ਪੈਸੇ ਨਾ ਲਏ।

ਨਿਰਮਲ ਗੁਰੂਆਂ ਤੇ ਸੂਫ਼ੀਆਂ ਦਾ ਫ਼ਕੀਰ ਪੁੱਤ ਹੈ। ਹਰ ਪਾਸਿਓਂ ਮੁਕਤ। ਜੋ ਉਹ ਲੱਭਣ ਤੁਰਿਆ ਸੀ ਓਹਨੂੰ ਮਿਲ ਗਿਆ। ਓਹਦੀ ਤ੍ਰਿਪਤ ਰੂਹ ਨਾਲ਼ ਖੜ੍ਹੀ ਗਵਾਹੀ ਭਰਦੀ ਸੀ। ਉਹ ਸਿਸਟਮ ਦੀ ਖਲਜਗਣ ਦਾ ਰਟਿਆ ਰਟਾਇਆ ਸਲੀਕਾ ਛੱਡ ਆਇਆ ਕਿਉਂਕਿ ਜ਼ਿੰਦਗੀ ਸਲੀਕੇ ਦੀਆਂ ਬੰਦਸ਼ਾਂ ਨਾਲ਼ ਨਹੀਂ ਸਗੋਂ ਮੋਹ ਦੀ ਖੁੱਲ੍ਹ ਨਾਲ਼ ਹਸੀਨ ਹੁੰਦੀ ਹੈ। ਤੇ ਜ਼ਿੰਦਗੀ ਤੋਂ ਵੱਧ ਜ਼ਿੰਦਗੀ ‘ਚ ਕੀ ਹੁੰਦੈ?

ਜਵਾਨੀ

ਖਾੜਕੂਆਂ ਵਰਗੇ ਗੈਂਗਸਟਰ ਤੇ ਗੈਂਗਸਟਰਾਂ ਵਰਗੇ ਖਾੜਕੂ

ਪਿੰਡ ਖੁੱਬਣ। ਸਾਲ 2016। ਸਿਆਲਾਂ ਦੇ ਦਿਨ। ਸਵੇਰ ਦੇ 9 ਵੱਜੇ ਨੇ। ਮੈਂ 0 ਪਿੰਡ ‘ਚੋਂ ਪਤਾ ਪੁੱਛਦਾ-ਪੁੱਛਦਾ ਗੁਰਸ਼ਹੀਦ ਸਿੰਘ ਦੇ ਘਰ ਪੁੱਜਦਾ ਹਾਂ। ਲੋਕ ਡਰਦੇ- ਡਰਦੇ ਪਤਾ ਦੱਸਦੇ ਨੇ । ਇਹ ਗੈਂਗਸਟਰ ਸ਼ੇਰੇ ਦਾ ਪਿੰਡ ਖੁੱਬਣ ਹੈ। ਪਿਤਾ ਜਰਨੈਲ ਸਿੰਘ ਤੇ ਮਾਤਾ ਤਾਜਪ੍ਰੀਤ ਦੋਵੇਂ ਅਮ੍ਰਿਤਧਾਰੀ ਨੇ। ਸ਼ੇਰੇ ਦੀ ਮੌਤ 2012 ‘ਚ ਕਥਿਤ ਪੁਲਿਸ ਮੁਕਾਬਲੇ ‘ਚ ਹੋਈ ਸੀ। ਅੱਜ ਵੀ ਉਹਦੇ ਕਮਰੇ ਦੀ ਕੰਧ ‘ਤੇ ਸ਼ੇਰੇ ਦੀਆਂ ਪਿਸਤੌਲ ਨਾਲ਼ ਕਈ ਤਸਵੀਰਾਂ ਲੱਗੀਆਂ ਨੇ। ਮੈਂ ਸ਼ੇਰੇ ਦੀ ਮਾਤਾ ਨੂੰ ਪੁੱਛਿਆ, ‘ਹੱਥ ‘ਚ ਪਿਸਤੌਲ ਫੜੀਆਂ ਤਸਵੀਰਾਂ ਤੰਗ ਨਹੀਂ ਕਰਦੀਆਂ?” ਜਵਾਬ ਸੀ ‘ਹੋਰ ਕੀ ਰਿਹਾ ਸਾਡੇ ਕੋਲ ਇਹ ਤਸਵੀਰਾਂ ਹੀ ਤਾਂ ਨੇ’ । ਰੋਟੀ ਖਾਣ ਲੱਗੀ ਕਹਿ ਦਿੰਦੀ ਆਂ, ‘ਆਜਾ ਸ਼ੇਰੇ ਪੁੱਤ ਰੋਟੀ ਖਾਈਏ’।

ਮਾਂ ਹਰ ਰੋਜ਼ ਬੈੱਡ ‘ਤੇ ਨਵੀਂ ਚਾਦਰ ਵਿਛਾਉਂਦੀ ਹੈ। ਗਰਮੀ ‘ਚ ਗਰਮੀਆਂ ਵਾਲੇ ਕੱਪੜੇ ਤੇ ਸਰਦੀ ‘ਚ ਸਰਦੀਆਂ ਵਾਲੇ ਕੱਪੜੇ ਰੱਖ ਦਿੰਦੀ ਆ। ਬੂਟ ਜੁਰਾਬਾਂ ਵੀ ਰੱਖੀਆਂ ਜਾਂਦੀਆਂ ਨੇ। ਭੈਣ ਹਰ ਸਾਲ ਰੱਖੜੀ ਵਾਲੇ ਦਿਨ ਆ ਕੇ ਉਹਦੀ ਸ਼ਰਟ ‘ਤੇ ਰੱਖੜੀ ਬੰਨ੍ਹ ਦਿੰਦੀ ਹੈ। ਸ਼ੇਰਾ ਹੈਮਰ-ਥਰੋ ਦਾ ਕੌਮੀ ਪੱਧਰ ਦਾ ਖਿਡਾਰੀ ਸੀ। ਕਥਿਤ ਮੁਕਾਬਲੇ ਮੌਕੇ ਉਸ ‘ਤੇ ਕਤਲਾਂ, ਲੁੱਟਾਂ, ਖੋਹਾਂ ਦੇ ਕਈ ਮਾਮਲੇ ਦਰਜ ਸੀ।

ਪਿੰਡ ਸਰਾਵਾਂ ਬੋਦਲਾ । ਪਿੰਡ ਦੀ ਪਛਾਣ ਹੀ ‘ਵਿੱਕੀ ਗੌਂਡਰ’ ਹੈ। ਹਜ਼ਾਰਾਂ ਲੋਕਾਂ ਦੀਆਂ ਅੱਖਾਂ ਨਮ ਹਨ। ਨੌਜਵਾਨਾਂ ਦੇ ਮੋਬਾਇਲਾਂ ‘ਤੇ ਵਿੱਕੀ ਦੀਆਂ ਫੋਟੋਆਂ ਨਾਲ ਗਾਣਾ ਵੱਜ ਰਿਹੈ:

ਪੁੱਤਾਂ ਦੇ ਨਾਲ਼ ਮਾਪੇ ਹੁੰਦੇ, ਯਾਰ ਯਾਰਾਂ ਦੀਆਂ ਬਾਵਾਂ ।

ਯਾਰਾਂ ਬਿਨਾਂ ਕੀ ਜਿਉਣਾ ਜੱਗ ‘ਤੇ, ਲੁੱਟੀਆਂ ਲੱਗਦੀਆਂ ਥਾਵਾਂ।

ਹਰ ਅੱਖ ਵਿੱਚੋਂ ਅੱਜ ਵਗਣ ਘਰਾਲਾਂ, ਤੂੰ ਜਿਨ੍ਹਾਂ ਦਾ ਸੀ ਦਰਦੀ।

ਮੌਤ ਕਿਸੇ ਨਾਲ਼ ਕਿੱਥੋਂ ਝੱਲਿਆ, ਕਰਦੀ ਐ ਹਮਦਰਦੀ।

ਗੌਂਡਰ ਦੇ ਸਸਕਾਰ ਦੀ ਤਿਆਰੀ ਸੀ । ਮਾਂ ਤੇ ਭੈਣਾਂ ਦੇ ਵੈਣ ਸਭ ਨੂੰ ਰਵਾਉਣ ਵਾਲੇ। ਜਿਹੜਾ ਸਿਹਰਾ ਭੈਣਾਂ ਨੇ ਵੀਰ ਦੇ ਵਿਆਹ ਨੂੰ ਚਾਵਾਂ ਨਾਲ਼ ਬੰਨ੍ਹਣਾ ਸੀ ਉਹ ਚੀਕਾਂ ਚਿਹਾੜਿਆਂ ‘ਚ ਮੌਤ ‘ਤੇ ਬੰਨ੍ਹਿਆ ਜਾ ਰਿਹੈ। ਵਿੱਕੀ ਗਰੀਬ ਕਿਸਾਨ ਦਾ ਪੁੱਤ ਸੀ। ਡਿਸਕਸ ਥਰੋ ਦਾ ਕੌਮੀ ਪੱਧਰ ਦਾ ਖਿਡਾਰੀ । ਜਲੰਧਰ ਸਪੋਰਟਸ ਕਾਲਜ ਦਾ ਵਿਦਿਆਰਥੀ। ਜਲੰਧਰ ਹੀ ਗੈਂਗਸਟਰ ਸੁੱਖੇ ਕਾਹਲਵੇਂ ਨਾਲ਼ ਯਾਰੀ ਪਾਈ । ਪੱਕੇ ਯਾਰਾਂ ਦੀ ਪਿਆਰੀ ਦੋਸਤੀ ਹੌਲ਼ੀ ਹੌਲ਼ੀ ਦੁਸ਼ਮਣੀ ‘ਚ ਬਦਲ ਗਈ। ਵਿੱਕੀ ਕਈ ਕਤਲਾਂ, ਲੁੱਟਾਂ, ਖੋਹਾਂ ‘ਚ ਸ਼ਾਮਿਲ ਹੋ ਗਿਆ।

ਮੈਂ ਦੋ ਸਾਲ ਪਹਿਲਾਂ ਵੀ ਗੌਂਡਰ ਦੇ ਘਰ ਆਇਆ ਸੀ । ਉਹ ਉਦੋਂ ਜੇਲ੍ਹ ‘ਚ ਸੀ। ਪਿਤਾ ਮਹਿਲ ਸਿੰਘ ਤੇ ਮਾਤਾ ਜਸਵਿੰਦਰ ਕੌਰ ਦੀਆਂ ਅੱਖਾਂ ਨਮ ਸਨ। ਕਹਿੰਦੇ ਬਹੁਤ ਸਮਝਾਇਆ ਪੁੱਤ । ਵਾਰ ਵਾਰ ਇੱਕੋ ਗੱਲ ਕਹਿੰਦੈ “ਹੁਣ ਨ੍ਹੀਂ ਮੁੜਿਆ ਜਾਣਾ’ । ਵਿੱਕੀ ਦੇ ਪਿਤਾ ਕਹਿੰਦੈ ‘ਜਲੰਧਰ ਦੇ ਉੱਘੇ ਕਾਂਗਰਸੀ ਲੀਡਰ ਨੇ ਪੱਟ ਦਿੱਤਾ ਮੇਰਾ ਪੁੱਤ’ । ਬਾਅਦ ‘ਚ ਇਕ ਪੁਲਿਸ ਅਫ਼ਸਰ ਨੇ ਦੱਸਿਆ ‘ਉਹ ਲੰਬੀ ਹਲਕੇ ਦੇ ਤਾਕਤਵਰ ਅਕਾਲੀ ਲੀਡਰ ਦੇ ਬੇਹੱਦ ਨੇੜੇ ਸੀ। ਓਹਦੇ ਘਰੇ ਵੀ ਆਉਂਦਾ ਜਾਂਦਾ ਸੀ’।

ਦੋ ਕਹਾਣੀਆਂ ਲਿਖੀਆਂ ਨੇ, ਪਰ ਕਹਾਣੀਆਂ ਦੋ ਨਹੀਂ । ਬਹੁਤ ਸਾਰੀਆਂ ਨੇ। ਸਾਰੀਆਂ ਦਾ ਅੰਤ ਇਕੋ ਜਿਹਾ ਹੈ । ਗੱਲ ਖਾੜਕੂਆਂ ਤੋਂ ਲੈ ਕੇ ਗੈਂਗਸਟਰਾਂ ਤੱਕ ਜਾਣੀ ਹੈ ਕਿਉਂਕਿ ਖਾੜਕੂ ਲਹਿਰ ਦੇ ਖਤਮ ਹੁੰਦਿਆਂ ਹੀ ਪੰਜਾਬ ‘ਚ ਗੈਂਗਸਟਰ ਵਰਤਾਰਾ ਪੁੰਗਰਨਾ ਸ਼ੁਰੂ ਹੁੰਦਾ ਹੈ। ਖਾੜਕੂਆਂ ਦੇ ਸਸਕਾਰਾਂ ‘ਤੇ ਅਜਿਹੀ ਭਾਵੁਕਤਾ ਤੋਂ ਲੈ ਕੇ ਆਮ ਨੌਜਵਾਨਾਂ ਦੇ ਇਕੱਠ ਹੋਣ ਦੇ ਦ੍ਰਿਸ਼ ਇੱਕੋ ਜਿਹੇ ਹਨ। ਕਸ਼ਮੀਰ ਦੇ ਖਾੜਕੂਆਂ ਦੀ ਮੌਤ ਦੇ ਜਨਾਜ਼ੇ ਦੀ ਤਸਵੀਰ ਵੀ ਨਾਲ਼ ਆ ਰਲ਼ਦੀ ਹੈ।

ਖਾੜਕੂ ਲਹਿਰ ਖਤਮ ਹੋਈ ਤੇ ਪੰਜਾਬ ‘ਚ ਦੋ ਗੈਂਗਸਟਰਾਂ ਡਿੰਪੀ ਚੰਦਭਾਨ ਤੇ ‘ ਜਸਵਿੰਦਰ ਸਿੰਘ ਰੌਕੀ ਦਾ ਨਾਂ ਬੋਲਣ ਲੱਗਿਆ। ਰੌਕੀ, ਡਿੰਪੀ ਦਾ ਚੇਲਾ ਸੀ ਤੇ 2012 8 ‘ਚ ਰੌਕੀ ਫਾਜ਼ਿਲਕਾ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਸਾਬਕਾ ਮੰਤਰੀ ਸੁਰਜੀਤ : ਜਿਆਣੀ ਤੋਂ ਥੋੜ੍ਹੀਆਂ ਜਿਹੀਆਂ ਵੋਟਾਂ ਦੇ ਫਰਕ ਨਾਲ਼ ਹਾਰਿਆ। ਅੱਜਕੱਲ੍ਹ ਰੌਕੀ ਦੀ ‘ ਭੈਣ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਹੈ। ਡਿੰਪੀ ਤੇ ਰੌਕੀ ਦੋਵਾਂ ‘ਤੇ ਅਗਵਾ, । ਫਿਰੌਤੀਆਂ ਤੇ ਕਤਲਾਂ ਦੇ ਵੱਡੇ ਕੇਸ ਦਰਜ ਹੋਏ। ਸ਼ੇਰਾ ਖੁੱਬਣ, ਵਿੱਕੀ ਗੌਂਡਰ, ਜੈਪਾਲ, ਗੁਰਪ੍ਰੀਤ ਸੇਖੋਂ, ਜੱਗੂ ਭਗਵਾਨਪੁਰ, ਲਾਰੈਂਸ ਬਿਸ਼ਨੋਈ, ਲੱਖਾ ਸਿਧਾਣਾ ਆਦਿ ਕਿੰਨੇ ਹੀ ਨਾਂ ਹਨ ਜਿਹੜੇ ਸਿੱਧੇ ਅਸਿੱਧੇ ਤਰੀਕੇ ਨਾਲ਼ ਗੈਂਗਸਟਰ ਰੌਕੀ ਨੇ ਪੈਦਾ ਕੀਤੇ ਜਾਂ ਵਰਤੇ। ਰੌਕੀ ਤੇ ਡਿੰਪੀ ਚੰਦਭਾਨ ਕਦੇ ਖਾਸ ਦੋਸਤ ਸਨ। ਬਾਅਦ ‘ਚ ਇਲਜ਼ਾਮ ਲੱਗਿਆ ਕਿ ਡਿੰਪੀ ਦਾ ਕਤਲ ਰੌਕੀ ਨੇ ਹੀ ਕਰਵਾਇਆ ਸੀ । ਡਿੰਪੀ ਉਨ੍ਹਾਂ ਦਿਨਾਂ ‘ਚ ਸਿਆਸਤ ‘ਚ ਆਉਣ ਦੀ ਤਾਕ ‘ਚ ਸੀ । ਡਿੰਪੀ ਦੇ ਕਤਲ ਤੋਂ ਬਾਅਦ ਰੌਕੀ ਗੈਂਗਸਟਰਾਂ ਦਾ ਇੱਕੋ ਇਕ ਸਰਦਾਰ ਹੋ ਗਿਆ। ਲੀਡਰਾਂ ਤੇ ਪੁਲਿਸ ਦੇ ਵੱਡੇ ਅਫ਼ਸਰਾਂ ਨਾਲ਼ ਯਾਰੀ ਪਈ। 2016 ‘ਚ ਰੌਕੀ ਦੇ ਹੀ ਪੈਦਾ ਕੀਤੇ ਖੁੱਬਣ, ਗੌਂਡਰ, ਜੈਪਾਲ ਹੀ ਰੌਕੀ ਦੇ ਵਿਰੋਧੀ ਹੋ ਗਏ। ਹਿਮਾਚਲ ਦੇ ਪ੍ਰਵਾਣੂੰ ‘ਚ ਰੌਕੀ ਕਿਸੇ ਸ਼ਾਰਪ ਸ਼ੂਟਰ ਦੀ ਗੋਲੀ ਦਾ ਸ਼ਿਕਾਰ ਬਣ ਗਿਆ। ਰੌਕੀ ਦੇ ਕਤਲ ਦੀਆਂ ਜ਼ਿੰਮੇਵਾਰੀਆਂ ਜੈਪਾਲ ਤੇ ਗੌਂਡਰ ਨੇ ਫੇਸਬੁੱਕ ‘ਤੇ ਲਈਆਂ। ਕਿਹਾ ਗਿਆ ਕਿ ਇਹ ਸ਼ੇਰੇ ਖੁੱਬਣ ਦੇ ਝੂਠੇ ਮੁਕਾਬਲੇ ਦਾ ਬਦਲਾ ਹੈ। ਇਲਜ਼ਾਮ ਲੱਗਦੈ ਕਿ ਰੌਕੀ ਨੇ ਹੀ ਸ਼ੇਰੇ ਖੁੱਬਣ ਦੀ ਸੂਹ ਪੁਲਿਸ ਨੂੰ ਦਿੱਤੀ ਸੀ ।

ਕਹਾਣੀਆਂ ਸੁਣਾਉਣ ਦਾ ਮਤਲਬ ਗੈਂਗਸਟਰਾਂ ਨੂੰ ਵਡਿਆਉਣਾ ਨਹੀਂ ਬਲਕਿ ਤਸਵੀਰ ਦਾ ਹਰ ਪੱਖ ਉਜਾਗਰ ਕਰਨਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬ ਦਾ ਨੌਜਵਾਨ ਹਥਿਆਰ ਕਿਉਂ ਚੁੱਕਦਾ ਹੈ? ਉਸ ਦੇ ਹਥਿਆਰ ਚੁੱਕਣ ਦਾ ਮਤਲਬ ਕੀ ਹੈ? ਇਹ ਕਿਹੜੀ ਸ਼ੈਅ ਹੈ ਜਿਹੜੀ ਉਹਨੂੰ ਹਥਿਆਰਾਂ ਦੇ ਨਸ਼ੇ ‘ਚ ਮਦਹੋਸ਼ ਕਰ ਦਿੰਦੀ ਹੈ? ਜੀਹਦੇ ਨਸ਼ੇ ‘ਚ ਉਹ ਕਹਿੰਦਾ ‘ਹੁਣ ਵਾਪਸ ਨਹੀਂ ਮੁੜਿਆ ਜਾਣਾ । ‘

ਸੱਤਰਵਿਆਂ ਦੀ ਹਥਿਆਰਬੰਦ ਨਕਸਲਬਾੜੀ ਲਹਿਰ ਹੋਵੇ ਜਾਂ ਅੱਸੀਵਿਆਂ ਦੀ ਖਾੜਕੂ ਲਹਿਰ। ਨੌਜਵਾਨਾਂ ਦੇ ਹੱਥਾਂ ‘ਚ ਲਿਸ਼ਕਦੇ ਹਥਿਆਰ ਸਨ। 1995 ‘ਚ ਹਥਿਆਰਬੰਦ ਖਾੜਕੂ ਲਹਿਰ ਖਤਮ ਹੁੰਦਿਆਂ ਹੀ ਗੈਂਗਸਟਰਾਂ ਦਾ ਜਨਮ ਹੋਣਾ ਸ਼ੁਰੂ ਹੁੰਦਾ ਹੈ। ਉਹੀ ਵਿਦੇਸ਼ੀ ਹਥਿਆਰ ਗੈਂਗਸਟਰਾਂ ਦਾ ਹੱਥ ਆ ਜਾਂਦੇ ਹਨ ।

ਅਗਲਾ ਸਵਾਲ ਇਹ ਹੈ ਕਿ ਕੀ ਗੈਂਗਸਟਰਾਂ ਦਾ ਨਕਸਲਬਾੜੀ ਤੇ ਖਾੜਕੂ ਲਹਿਰ ‘ਚ ਹਥਿਆਰ ਚੁੱਕਣ ਵਾਲਿਆਂ ਨਾਲ਼ ਕੋਈ ਰਿਸ਼ਤਾ ਹੈ? ਪਹਿਲੀ ਨਜ਼ਰੇ ਇਹ ਸਵਾਲ ਬੇਤੁਕਾ ਲੱਗ ਸਕਦੈ ਕਿਉਂਕਿ ਨਕਸਲਵਾੜੀ ਤੇ ਖਾੜਕੂ ਤਾਂ ਸਿਆਸੀ ਲਹਿਰਾਂ ਸਨ ਤੇ ਗੈਂਗਸਟਰਾਂ ਦੀ ਲੜਾਈ ਸਿਰਫ਼ ਨਿੱਜੀ ਮੁਫ਼ਾਦਾਂ ਤੱਕ ਟਿਕੀ ਹੋਈ ਹੈ। ਪਰ ਇੱਥੋਂ ਹੀ ਨਵਾਂ ਸਵਾਲ ਜਨਮ ਲੈਂਦਾ ਕਿ ਕੀ ਇਨ੍ਹਾਂ ਦੇ ਹਥਿਆਰ ਚੁੱਕਣ ਦੀ ਸਾਂਝ ਇਕ ਹੈ? ਪੰਜਾਬ ਦੇ ਜਿਹੜੇ ਨੌਜਵਾਨ ਕਦੇ ਨਕਸਲੀਆਂ ਤੇ ਖਾੜਕੂਆਂ ਨੂੰ ਹੀਰੋ ਮੰਨਦੇ ਸਨ ਉਹ ਅੱਜ ਗੈਂਗਸਟਰਾਂ ਨੂੰ ਹੀਰੋ ਕਿਉਂ ਮੰਨ ਰਹੇ ਹਨ? ਗੈਂਗਸਟਰਾਂ ‘ਤੇ ਬਣੇ ਟੀਵੀ ਪ੍ਰੋਗਰਾਮਾਂ ਤੇ ਫ਼ਿਲਮਾਂ ਨੂੰ ਵੱਧ ਤੋਂ ਵੱਧ ਕਿਉਂ ਦੇਖਿਆ ਜਾਂਦੈ? ਕੁਝ ਤਾਂ ਇਹੋ ਜਿਹਾ ਜ਼ਰੂਰ ਹੈ ਜਿਸ ਨਾਲ ਹਥਿਆਰ ਸਭ ਇਕੋ ਜਿਹਾ ਕੀਲਦੇ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦੇ ਹਨ ਕਿ ਸਾਡੇ ਹੀ ਮੁੰਡੇ ਗਲਤ ਰਾਹ ‘ਤੇ ਚਲੇ ਗਏ । ਇਨ੍ਹਾਂ ਨੂੰ ਵਾਪਸ ਲਿਆਵਾਂਗੇ । ਨਾਲ਼ ਹੀ ਪੁਲਿਸ ਦੇ ਸੱਚੇ-ਝੂਠੇ ਮੁਕਾਬਲੇ ਜਾਰੀ ਹਨ। ਨਕਸਲੀਆਂ ਤੇ ਖਾੜਕੂਆਂ ਬਾਰੇ ਵੀ ਗ਼ਲਤ ਰਾਹ ਪੈਣ ਦੀ ਗੱਲ ਵੱਖ ਵੱਖ ਸੰਦਰਭ ‘ਚ ਕਹੀ ਜਾਂਦੀ ਰਹੀ। ਉਦੋਂ ਵੀ ਪੁਲਿਸ ਮੁਕਾਬਲੇ ਜਾਰੀ ਰਹੇ। ਕੀ ਮੁਕਾਬਲੇ ਮਸਲੇ ਦਾ ਹੱਲ ਹਨ? ਕੋਈ ਇੱਥੇ ਤੱਕ ਕਿਉਂ ਪੁੱਜਦਾ ਤੇ ਕਿਉਂ ਕੋਈ ਨਕਸਲੀ, ਖਾੜਕੂ ਜਾਂ ਗੈਂਗਸਟਰ ਬਣਦਾ ਹੈ? ਇਹ ਸਵਾਲ ਦਾ ਸਭ ਨੂੰ ਤੰਗ ਕਰਨਾ ਚਾਹੀਦਾ ਹੈ। ਇਹਦਾ ਜਵਾਬ ਵੀ ਲੱਭਣਾ ਜ਼ਰੂਰੀ ਹੈ। ਕੋਈ ਜੰਮਦਾ ਤਾਂ ਮੁਜਰਮ ਨਹੀਂ ਹੁੰਦਾ। ਹਲਾਤ ਹੀ ਸਮਾਜ ਤੇ ਬੰਦੇ ਨੂੰ ਲਹਿਰਾਂ ਜਾਂ ਜੁਰਮ ਦੀ ਦੁਨੀਆ ‘ਚ ਲੈ ਜਾਂਦੇ ਹਨ ।

ਪਰ ਕੀ ਹਿੰਸਾ ਕਿਸੇ ਦੀ ਚੋਣ ਹੋ ਸਕਦੀ ਹੈ? ਕਿਹਾ ਤਾਂ ਇਹ ਜਾਂਦਾ ਹੈ ਕਿ ਹਮੇਸ਼ਾ ਹਿੰਸਾ ਵੱਲ ਧੱਕਿਆ ਮਨੁੱਖ ਹੀ ਹਿੰਸਾ ‘ਚ ਜਾਂਦਾ ਹੈ । ਪੰਜਾਬ ਮੁੱਢ ਤੋਂ ਹਿੰਸਾ ਵਿਚ ਝੰਬਿਆ ਜਾਂਦਾ ਰਿਹਾ ਹੈ। ਹਿੰਸਾ ਇਹ ਦੀ ਰਗ-ਰਗ ‘ਚ ਜਾ ਵੜੀ। ਹਿੰਸਾ ਤੋਂ ਭੱਜਦਾ ਇਹ ਹਿੰਸਾ ਦੇ ਜਸ਼ਨ ‘ਚ ਵੀ ਸ਼ਾਮਲ ਹੁੰਦਾ ਰਿਹਾ ਹੈ। ਸਮੇਂ ਸਮੇਂ ‘ਤੇ ਹਿੰਸਾ ਇਹ ਨੂੰ ਮੁਕਤੀ ਵੀ ਲੱਗਦੀ ਰਹੀ ਹੈ। ਹਿੰਸਾ ‘ਚ ਵਾਰ ਵਾਰ ਜਾਣਾ ਸੁਭਾਅ ਦਾ ਹਿੱਸਾ ਬਣ ਗਿਆ। ਹਿੰਸਾ ਦਾ ਇਹ ਉਹ ਚੁਰੱਸਤਾ ਹੈ ਜੋ ਹਥਿਆਰ ਚੁੱਕਣ ਦੇ ਪੱਧਰ ‘ਤੇ ਖਾੜਕੂਆਂ ਤੇ ਗੈਂਗਸਟਰਾਂ ਨੂੰ ਇਕੋ ਥਾਂ ਲਿਆ ਖੜ੍ਹਾ ਕਰ ਦਿੰਦਾ ਹੈ। ਚਾਹੇ ਦੋਵਾਂ ਗੱਲਾਂ ‘ਚ ਜ਼ਮੀਨ ਅਸਮਾਨ ਦਾ ਫ਼ਰਕ ਹੈ ਪਰ ਦੋਵਾਂ ਦੀ ਹਥਿਆਰ ਚੁੱਕਣ ਦੀ ਸਪਿਰਟ ਇਕੋ ਜਿਹੀ ਹੈ। ਪੰਜਾਬ ਦੀ ਇਸ ਸਪਿਰਟ ਦੀ ਨਬਜ਼ ਫੜੀ ਨਹੀਂ ਗਈ ਹੈ।

ਹਿੰਸਾ ‘ਚ ਸ਼ਾਮਿਲ ਤੇ ਹਿੰਸਾ ਦੇਖਦੇ ਲੋਕ ਇਕੋ ਥਾਂ ਕਿਉਂ ਖੜੇ ਹੁੰਦੇ ਹਨ। ਕਿਉਂ ਗੈਂਗਸਟਰ ਨਵੇਂ ਨੌਜਵਾਨਾਂ ਨੂੰ ਪ੍ਰਭਾਵਿਤ ਕਰਦੇ ਹਨ? ਕਿਉਂ ਉਹ ਇਨ੍ਹਾਂ ਨਾਲ਼ ਆਪਣੇ ਆਪ ਨਾਲ਼ ਮੇਲਣਾ ਸ਼ੁਰੂ ਕਰ ਦਿੰਦੇ ਹਨ? ਸਟੇਟ ਦੀ ਦਿੱਖ ਅਦਿੱਖ ਹਿੰਸਾ ਦੇ ਮੋੜਵੇਂ ਰੂਪ ‘ਚ ਵੀ ਹਿੰਸਾ ਹੁੰਦੀ ਹੈ। ਸਟੇਟ ਤਾਂ ਤੈਅ ਕਰ ਕੇ ਵੀ ਹਿੰਸਾ ਕਰਦੀ ਹੈ। ਫੇਰ ਸਵਾਲ ਇਹ ਹੈ ਕਿ ਕੀ ਅਧਿਆਤਮ ਤੋਂ ਲੈ ਕੇ ਆਧੁਨਿਕਤਾ ਦੇ ਅਹਿੰਸਾ ਬਾਰੇ ਲੈਕਚਰ ਸਿਰਫ਼ ਲੈਕਚਰ ਹਨ? ਕੀ ਮਨੁੱਖ/ਸਮਾਜ ਕਦੇ ਪੂਰਨ ਤੌਰ ‘ਤੇ ਹਿੰਸਾ ਤੋਂ ਮੁਕਤ ਨਹੀਂ ਹੋਣਗੇ? ਖਾੜਕੂਆਂ ਵਰਗੇ ਗੈਂਗਸਟਰ ਤੇ ਗੈਂਗਸਟਰਾਂ ਵਰਗੇ ਖਾੜਕੂਆਂ ਨੂੰ ਸਮਝਣ ਦੀ ਕਹਾਣੀ ਇੱਥੇ ਹੀ ਪਈ ਹੈ।

‘ਚਿੱਟੇ’ ਨਾਲ਼ ਚਿੱਟਾ ਹੋਇਆ ਪੰਜਾਬ

ਉੱਠਜਾ ਮੇਰੇ ‘ਵਿੰਦਰ’। ਐਵੇਂ ਕਹੀ ਜਾਂਦੇ ਨੇ ਲੋਕ ਚਲਾ ਗਿਆ ਤੂੰ । ਨਾ ਮੇਰੇ ਪੁੱਤ ਕਿਤੇ ਨ੍ਹੀਂ ਜਾਣਾ ਤੂੰ । ਸਾਨੂੰ ਛੱਡ ਕੇ ਕਿੱਥੇ ਜਾਏਂਗਾ ਪੁੱਤ। ਤੇਰੇ ਬਿਨਾਂ ਕੀ ਕਰਾਂਗੇ ਅਸੀਂ। ਮੇਰੇ ਨਾਲ਼ ਕਿਉਂ ਨਾਰਾਜ਼ ਆਂ। ਪੁੱਤ ਮੈਂ ਤਾਂ ਕਦੇ ਮਾੜਾ ਵੀ ਨਹੀਂ ਬੋਲੀ ਤੈਨੂੰ। ਮੈਂ ਤਾਂ ਵਿਆਹੁਣਾ ਹੈ ਇਹਨੂੰ ਚਾਵਾਂ ਨਾਲ਼ । ਲੋਕੋ ਜਾਓ ਤੁਸੀਂ, ਉੱਠਜੁ ਮੇਰਾ ਵਿੰਦਰ । ਸੁੱਤਾ ਪਿਆ ਇਹ। ਮੈਂ ਜਦੋਂ ਤੜਕੇ-ਆਥਣੇ ‘ਠਾਇਆ ਇਹਨੂੰ। ਉੱਠ ਖੜ੍ਹਦੈ ਇਹ। ਪਹਿਲੇ ਦਿਨੋਂ ਹਾਕਾਂ ਮਰਵਾ-ਮਰਵਾ ਲੇਟ ਉੱਠਦਾ। ਜਾਓ ਤੁਸੀਂ ਸਾਰੇ । ਮੈਂ ਆਪੇ ‘ਠਾ ਲਊਂ। ਉੱਠਜਾ ਮੇਰਾ ਪੁੱਤ ।

ਚਿੱਟੇ ਦੀ ਓਵਰਡੋਜ਼ ਨਾਲ਼ ਮਰਿਆ ਬਲਵਿੰਦਰ ਸਿੰਘ ਮਾਂ ਦੀ ਬੁੱਕਲ ‘ਚ ਹੈ। ਮੈਂ ਮਾਂ-ਪੁੱਤ ਦੇ ਸਾਹਮਣੇ ਹਾਂ । ਮਾਂ ਅੱਧ ਸੁਰਤ ਹੈ। ਪੁੱਤ ਦੀ ਮੌਤ ਦਾ ਯਕੀਨ ਨਹੀਂ। ਕਰੇ ਵੀ ਕਿਸ ਤਰ੍ਹਾਂ। ਸਾਲਾਂ ਤੋਂ ਏਨੇ ਪਿਆਰ ਨਾਲ਼ ਪਾਲਿਆ ਹੋਊ। ਮੈਂ ਸੋਚਿਆ, ‘ਖਬਰ ਕੀ ਹੁੰਦੀ ਹੈ’, ਕੁਝ ਵੀ ਨਹੀਂ ਹੁੰਦੀ। ਇਹ ਖ਼ਬਰ ਨਹੀਂ ਪੰਜਾਬ ਦਾ ਖੂਨ ਚਿੱਟਾ ਹੋਣ ਦੀ ਕਹਾਣੀ ਆ। ਸੋਚਦਿਆਂ-ਸੋਚਦਿਆਂ ਮੇਰਾ ਰੋਣ ਨਿਕਲ ਗਿਆ।

22 ਸਾਲ ਦਾ ਬਲਵਿੰਦਰ ਸਿੰਘ ਕਾਫੀ ਸਮੇਂ ਤੋਂ ਚਿੱਟਾ ਲੈ ਰਿਹਾ ਸੀ। ਬੇਹੱਦ ਗ਼ਰੀਬ ਦਲਿਤ ਪਰਿਵਾਰ ਦਾ ਮੁੰਡਾ ਸੀ ਬਲਵਿੰਦਰ। ਕੋਟਕਪੂਰਾ ਚ ਲਾਸ਼ ਗਟਰ ‘ਚੋਂ ਮਿਲੀ। ਧਾਹਾਂ ਮਾਰਦੀ ਮਾਂ ਸਭ ਨੇ ਦੇਖੀ ਪਰ ਮਾਂ ਨੇ ਤਾਂ ਪੁੱਤ ਦੇਖਿਆ ਸੀ। ਜਿਹੜੇ ਪੁੱਤ ਨੂੰ ਬੁੱਕਲ ‘ਚ ਖਿਡਾਇਆ ਸੀ ਅੱਜ ਉਸੇ ਨੂੰ ਬੁੱਕਲ ‘ਚੋਂ ਕੱਢ ਕੇ ਸਿਵਿਆਂ ‘ਚ ਰੱਖ ਦਿੱਤਾ । ਮਾਂ ਕੋਲ ਮਾਰਨ ਨੂੰ ਸਿਰਫ਼ ਧਾਹਾਂ ਬਚੀਆਂ ਸੀ।

ਸਸਕਾਰ ਹੋ ਗਿਆ। ਮਾਂ ਕਸ਼ਮੀਰ ਕੌਰ ਦੇ ਮਨ ‘ਚ ਬੇਹੱਦ ਗੁੱਸਾ ਸੀ। ‘ਵਿੰਦਰ’ ਨੂੰ ਲੀਡਰ ਖਾ ਗਏ। ਪੁਲਿਸ ਖਾ ਗਈ ਮੇਰੇ ਵਿੰਦਰ ਪੁੱਤ ਨੂੰ । ‘ਚਿੱਟੇ ਆਲਿਓ’ ਕੀ ਮਾੜਾ ਕਰਤਾ ਸੀ ਮੇਰੇ ਪੁੱਤ ਨੇ । ਲੋਕਾਂ ਦੇ ਘਰਾਂ ‘ਚ ਕੰਮ ਕਰ ਕਰ ਮਸਾਂ ਪਾਲਿਆ ਸੀ ਮੈਂ। ਪੁਲਿਸ ਨੇ ਤਾਂ ਆਪਣੀ ਜਾਨ ਬਚਾਉਣੀ ਸੀ। ਕਹਿ ਦਿੱਤਾ, ਬਲਵਿੰਦਰ ਨੂੰ ਕਾਲਾ ਪੀਲੀਆ ਸੀ। ਸਵਾਲ ਤਾਂ ਇਹ ਹੈ ਕਿ ਬਲਵਿੰਦਰ ਨੂੰ ਕਾਲਾ 1 ਪੀਲੀਆ ਕੀਹਦੇ ‘ਚਿੱਟੇ’ ਨੇ ਕੀਤਾ ਸੀ?

ਪੰਜਾਬ ਦੀ ਕਿਸੇ ਵੀ ਤ੍ਰਾਸਦੀ ਨੂੰ ਪੰਜਾਬ ਪੁਲਿਸ ਤੋਂ ਬਿਹਤਰ ਕੋਈ ਨਹੀਂ ‘ਢਕ’ ਸਕਦਾ। ਪੰਜਾਬ ਨੂੰ ਢਕ ਕੇ ਕਿੰਨਾ ਕੁ ਚਿਰ ਕੰਮ ਚਲਾਇਆ ਜਾ ਸਕਦਾ ਹੈ । ਪੰਜਾਬ ਤਾਂ ਨੰਗਾ ਹੋਇਆ ਖੜ੍ਹਾ ਹੈ। ਪਿੰਡੇ ‘ਤੇ ਹਰ ਜ਼ਖਮ ਤੇ ਹਰ ਸੱਟ ਨਜ਼ਰ ਆ ਰਹੀ ਹੈ। ਸੱਟਾਂ * ਨੂੰ ਮੱਲ੍ਹਮ ਲਾਉਣ ਦੀ ਥਾਂ ਢਕਿਆ ਤੇ ਉਚੇੜਿਆ ਜਾ ਰਿਹਾ ਹੈ।

‘ਚਿੱਟਾ’ ਪੰਜਾਬ ਦੀ ਕਾਲ਼ੀ ਹਕੀਕਤ ਬਣ ਚੁੱਕਿਆ ਹੈ। ਪੰਜਾਬ ਦਾ ਉਹ ਕਿਹੜਾ ਹਿੱਸਾ ਹੈ ਜਿੱਥੇ ਚਿੱਟਾ ਨਹੀਂ ਮਿਲਦਾ। ਮੈਂ ਬਤੌਰ ਪੱਤਰਕਾਰ ‘ਚਿੱਟੇ’ ‘ਤੇ ‘ਰੁੜ੍ਹਦਾ ਪੰਜਾਬ ਸੀਰੀਜ਼’ ਕਰਦਿਆਂ ਖੁਦ ਤਸਕਰਾਂ ਦੇ ਅੱਡਿਆਂ ‘ਤੇ ਗਿਆ ਹਾਂ। ਸੁਨਿਆਰਿਆਂ ਵਾਲੇ ਕੰਡੇ ‘ਤੇ ਗ੍ਰਾਮਾਂ ‘ਚ ਚਿੱਟਾ ਤੋਲਦੇ ਤਸਕਰ ਖੁਫੀਆ ਕੈਮਰੇ ‘ਚ ਕੈਦ ਕੀਤੇ। ਖਬਰਾਂ ਵੀ ਚੱਲੀਆਂ ਪਰ ਤਸਕਰਾਂ ਦਾ ਵਾਲ ਵਿੰਗਾ ਨਹੀਂ ਹੋਇਆ। – ਤਸਕਰਾਂ ਕੋਲ ਪੁੱਜਣਾ ਕੋਈ ਔਖਾ ਨਹੀਂ, ਪਰ ਪੁਲਿਸ ਤਸਕਰਾਂ ਤੱਕ ਨਹੀਂ ਪੁੱਜਦੀ। ਇਸੇ ਦੌਰ ‘ਚ ਮੈਂ ਚਿੱਟੇ ਦੇ ਡੰਗੇ ਮੁੰਡਿਆਂ-ਕੁੜੀਆਂ ਨੂੰ ਮਿਲਿਆਂ ਹਾਂ । ਕੀ ਅਮੀਰ, ਕੀ ਗ਼ਰੀਬ, ਹਰ ਜਮਾਤ ਦੇ ਮੁੰਡੇ ਕੁੜੀਆਂ ਚਿੱਟੇ ‘ਚ ਗਲਤਾਨ ਨੇ। ਪਿਛਲੇ ਦੌਰ ‘ਚ ਕੁੜੀਆਂ ‘ਚ ਸੰਥੈਟਿਕ ਡਰੱਗ ਦਾ ਰੁਝਾਨ ਕਾਫੀ ਜ਼ਿਆਦਾ ਵਧਿਆ ਹੈ।

ਭਾਰਤ ‘ਚ ਡਰੱਗ ਦੇ ਕੁੱਲ ਕੇਸਾਂ ‘ਚੋਂ ਐਨ.ਡੀ.ਪੀ.ਐਸ. ਐਕਟ ਦੇ 50 ਫੀਸਦੀ ਕੇਸ ਇਕੱਲੇ ਪੰਜਾਬ ‘ਚ ਹਨ। ਸਾਲ 2016-17 ‘ਚ 18215 ਪਰਚੇ ਹੋਏ ਹਨ। ਕੁੜੀਆਂ ‘ਚ ਵੀ ਚਿੱਟੇ ਦਾ ਰੁਝਾਨ ਵੱਡੇ ਪੱਧਰ ‘ਤੇ ਵਧਿਆ ਹੈ। ਸਿਹਤ ਵਿਭਾਗ ਮੁਤਾਬਕ 16 ਤੋਂ 35 ਸਾਲ ਦੇ ਮੁੰਡੇ ਕੁੜੀਆਂ ਹਰ ਤਰ੍ਹਾਂ ਦੇ ਨਸ਼ੇ ਦੇ ਜ਼ਿਆਦਾ ਸ਼ਿਕਾਰ ਹਨ। ਇਸ ਉਮਰ ਦੇ 50 ਤੋਂ 60 ਫੀਸਦੀ ਨਸ਼ੇ ਦਾ ਸ਼ਿਕਾਰ ਹਨ। ‘ਐਨ ਆਰ ਆਈਜ਼’ ਘਰਾਂ ਦੀਆਂ ਕੁੜੀਆਂ ਜ਼ਿਆਦਾ ਹਨ। ਕੁੜੀਆਂ ‘ਚ ਜਲੰਧਰ ਤੇ ਕਪੂਰਥਲਾ ‘ਚ ਚਿੱਟੇ ਦਾ ਰੁਝਾਨ ਸਿਖਰਾਂ ‘ਤੇ ਹੈ। ਇਕ ਸਰਕਾਰੀ ਅੰਕੜੇ ਮੁਤਾਬਕ 2017 ‘ਚ 8.60 ਲੱਖ ਨੌਜਵਾਨ ਨਸ਼ੇ ਦੇ ਆਦੀ ਸੀ। ਕੁੱਲ ਨਸ਼ਾ ਆਦੀਆਂ ‘ਚੋਂ 53 ਫੀਸਦੀ ਹੈਰੋਇਨ ਦਾ ਸ਼ਿਕਾਰ ਹਨ।

ਪੰਜਾਬ ਕੌਮਾਂਤਰੀ ਸਰਹੱਦ ਨਾਲ਼ ਲੱਗਦਾ ਸੂਬਾ ਹੈ। ਸੱਤਾ ‘ਚ ਆਈ ਹਰ ਸਿਆਸੀ ਧਿਰ ਦਾ ਇਕੋ ਪ੍ਰਚਾਰ ਹੁੰਦਾ ਹੈ। ਪੰਜਾਬ ਨਸ਼ੇ ਦਾ ਲਾਂਘਾ (ਟ੍ਰਾਂਜ਼ਿਟ ਰੂਟ) ਹੈ। ਅਫ਼ਗਾਨਿਸਤਾਨ ਵਾਇਆ ਪਾਕਿਸਤਾਨ ਨਸ਼ਾ ਪੰਜਾਬ ਪੁੱਜਦਾ ਹੈ। ਸਵਾਲ ਇਹ ਹੈ ਕਿ ਹੈਰੋਇਨ ‘ਚ ਐਫਡਰੀਨ ਤੇ ਸੂਡੋ ਐਫਡਰੀਨ ਪੈ ਕੇ ਚਿੱਟਾ ਪੰਜਾਬ ‘ਚ ਹੀ ਬਣਦਾ ਤੇ ਵਿਕਦਾ ਹੈ। ਸੱਤਾ ‘ਚ ਆਉਣ ਤੋਂ ਪਹਿਲਾਂ ਹਰ ਸਿਆਸੀ ਧਿਰ ਇਹੀ ਬਿਆਨਬਾਜ਼ੀ ਕਰਦੀ ਹੈ ਕਿ ਨਸ਼ਾ ਤਸਕਰਾਂ ਦੀ ਸੂਚੀ ਉਨ੍ਹਾਂ ਕੋਲ ਹੈ ਪਰ ਇਸ ਦੇ ਬਾਵਜੂਦ ‘ਚਿੱਟਾ’ ਪੰਜਾਬ ‘ਚੋਂ ਨਹੀਂ ਰੁਕਦਾ।

ਨਸ਼ੇ ਦੇ ਕਾਰੋਬਾਰ ‘ਚ ਸਭ ਤੋਂ ਸੌਖਾ ਤੇ ਛੇਤੀ ਪੈਸਾ ਬਣਦਾ ਹੈ ਅਤੇ ਉਹ ਵੀ ਬਹੁਤ ਜ਼ਿਆਦਾ। ਅੰਗਰੇਜ਼ੀ ‘ਚ ਨਸ਼ੇ ਦੇ ਪੈਸੇ ਨੂੰ ‘ਈਜ਼ੀ ਮਨੀ’ ਕਿਹਾ ਜਾਂਦੈ। ਦੁਨੀਆ ਭਰ ‘ਚ ਸਿੰਥੈਟਿਕ ਡਰੱਗ ਜਿੱਥੇ ਵੀ ਵਿਕਦਾ ਉੱਥੇ ਇਹੀ ਕਿਹਾ ਜਾਂਦਾ ਹੈ ਕਿ ਇਹ ਸਿਆਸਤਦਾਨਾਂ, ਪੁਲਿਸ ਤੇ ਤਸਕਰਾਂ ਦੇ ਗੱਠਜੋੜ ਨਾਲ਼ ਵਿਕਦਾ ਹੈ। ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਤੋਂ ਲੈ ਕੇ ਮੁੱਖ ਸਿਆਸੀ ਪਾਰਟੀਆਂ ਦੇ ਸਿਆਸਤਦਾਨਾਂ ‘ਤੇ ਨਸ਼ੇ ਦੇ ਕਾਰੋਬਾਰ ‘ਚ ਗੰਢ ਤੁੱਪ ਦੇ ਇਲਜ਼ਾਮ ਲੱਗ ਚੁੱਕੇ ਹਨ। ਜਦੋਂ ਰੱਖੜੀਆਂ ਬੰਨ੍ਹਵਾਉਣ ਵਾਲੇ ਹੱਥ ਭੈਣਾਂ ਨੂੰ ਕੁੱਟਣ ਲਈ ਉੱਠਦੇ ਨੇ, ਉਹ ਜ਼ਿੰਦਗੀ ਦਾ ਬਹੁਤ ਅਫਸੋਸਨਾਕ ਮੰਜ਼ਰ ਹੁੰਦਾ ਹੈ। ਸਵਾਲ ਇਹ ਵੀ ਹੈ ਕਿ ਗੁਟਕੇ ਦੀਆਂ ਸੌਂਹਾਂ ਚੁੱਕਣ ਵਾਲੇ ਲੀਡਰਾਂ ਨੇ ਕਦੇ ਮਰੇ ਪੁੱਤਾਂ ਦੀਆਂ ਰੋਂਦੀਆਂ ਮਾਵਾਂ ਤੋਂ ਮੁਆਫ਼ੀ ਕਿਉਂ ਨਹੀਂ ਮੰਗੀ?

ਸ਼ਿਫਟਾਂ ‘ਚ ਭਟਕਦਾ ਪਰਵਾਸ

30 ਦਸੰਬਰ 2017, ਸ਼ਹਿਰ ਬ੍ਰਿਸਬੇਨ। ਸਵੇਰ ਦੇ 7 ਵੱਜੇ ਨੇ। ਹੋਟਲ ਦੇ ਕਮਰੇ ਦਾ ਦਰਵਾਜ਼ਾ ਖੜਕਿਆ। ਦਰਮਿਆਨੇ ਕੱਦ ਦਾ ਪਤਲਾ ਜਿਹਾ ਨੌਜਵਾਨ ਜਤਿੰਦਰ ਸਾਹਮਣੇ ਹੈ। ਪੁੱਛਿਆ? ਯਾਦਵਿੰਦਰ ਭਾਅ ਜੀ? ਜਰਮਨ ਨੇ ਭੇਜਿਆ ਹੈ। ਖਾਣ ਪੀਣ ਦਾ ਸਾਮਾਨ ਹੱਥ ‘ਚ ਹੈ। ਸਾਮਾਨ ਟੇਬਲ ‘ਤੇ। ਗੱਲਾਂ ਚਿਹਰੇ ‘ਤੇ। ਜਿਵੇਂ ਸਦੀਆਂ ਤੋਂ ਚੁੱਪ ਬੈਠਾ ਹੋਵੇ ।

ਟੈਕਸੀ ਦੀ ਸ਼ਿਫ਼ਟ ਖਤਮ ਕਰ ਕੇ ਆਇਆਂ। ਮੈਨੂੰ ਕਹਿੰਦੇ, ਭਾਅ ਜੀ ਕੋਲ ਚਲਾ ਜਾ ਸਾਮਾਨ ਲੈ ਕੇ। ਸਾਲਾ ਮੈਂ ਹੀ ਮਿਲਿਆ ਸੀ! ਗੁੱਸਾ ਨਾ ਕਰਿਓ ਭਾਅ ਜੀ, ਤੁਹਾਡੇ ਨਾਲ਼ ਕੋਈ ਗੁੱਸਾ ਨਹੀਂ। ਨਾਈਟ ਸਿਫ਼ਟਾਂ ਖਾ ਗਈਆਂ ਸਾਨੂੰ । ਨੀਂਦ ਨਹੀਂ, ਚੈਨ ਨਹੀਂ। ਹੁਣ ਫੋਨ ਦੀਆਂ ਘੰਟੀਆਂ ਵੱਜਣ ਲੱਗ ਜਾਣਗੀਆਂ ਘਰਦਿਆਂ ਦੀਆਂ। ਆਹ ਭੇਜਦੇ, ਉਹ ਭੇਜਦੇ, ਨਵਾਂ ਆਈਫੋਨ ਟੈੱਨ ਆ ਗਿਆ। ਸਾਲਾ ਜਿਵੇਂ ਸਭ ਕੁਝ ਬੱਸ ਭੇਜਣ ਲਈ ਭੇਜੇ ਆਂ। ਫੀਸਾਂ ਭਰੀਆਂ ਨਹੀਂ ਜਾਂਦੀਆਂ । ਊਬਰ ਨੇ ਜਿਉਣਾ ਦੁੱਭਰ ਕੀਤਾ ਪਿਆ। ਸ਼ਿਫ਼ਟਾਂ ਤੋਂ ਅੱਕ ਕੇ ਲੱਗਦੈ ਵਾਪਸ ਚਲੇ ਜਾਈਏ । ਜ਼ਿੰਦਗੀ ਬੋਝ ਜਿਹੀ ਲੱਗਣ ਲੱਗ ਗਈ। ਦੂਰੋਂ ਹਰ ਚੀਜ਼ ਵਧੀਆ ਲੱਗਦੀ ਆ। ਨੇੜੇ ਆ ਕੇ ਨਫ਼ਰਤ ਜੀ ਹੋਗੀ। ਕੰਮ, ਕੰਮ, ਕੰਮ.. ਬੱਸ ਕੰਮ। ਭਾਅ ਜੀ, ਦੁਨੀਆ ‘ਤੇ ਬੰਦਾ ਸਿਰਫ਼ ਕੰਮ ਕਰਨ ਆਇਆ? ਸਾਲਾ, ਡਾਲਰਾਂ ਨੇ ਮਨ ਦਾ ਸਕੂਨ ਖੋਹ ਲਿਆ।

ਉਹ ਭਰਿਆ ਪਿਆ ਸੀ। ਸਾਰਾ ਕੁਝ ਉਹ ਇਕੋ ਸਾਹੇ ਬੋਲਦਾ ਗਿਆ। ਮੈਂ ਸੁਣਦਾ ਗਿਆ। ਨਾ ਰੋਕਿਆ, ਨਾ ਟੋਕਿਆ, ਨਾ ਕੋਈ ਸਵਾਲ। ਪੂਰੇ ਆਸਟ੍ਰੇਲੀਆ ਦੌਰੇ ‘ਚ ਜ਼ਿੰਦਗੀ ਦੇ ਇੰਕਸ਼ਾਫ਼ ਨਾਲ਼ ਪਹਿਲਾ ਰੌਚਿਕ ਬੰਦਾ ਮਿਲਿਆ ਸੀ। ਉਹ ਸਾਦੇ ਜਿਹੇ ਢੰਗ ਨਾਲ਼ ਪਰਵਾਸੀ ਜ਼ਿੰਦਗੀ ਦੇ ਸੰਘਰਸ਼ ਦੀਆਂ ਤੈਹਾਂ ਫਰੋਲ ਗਿਆ।

ਪਰਵਾਸ ਦਾ ਆਗਾਜ਼ ਮਨੁੱਖੀ ਸੱਭਿਅਤਾ ਦੀ ਸ਼ੁਰੂਆਤ ਨਾਲ਼ ਹੀ ਹੋ ਗਿਆ ਸੀ। ਪਰਵਾਸੀ ਮੁੱਢ ਕਦੀਮ ਦੇ ਸਵਾਲ ਨਾਲ਼ ਲੈ ਕੇ ਚੱਲਦਾ ਰਿਹਾ। ਓਹਦਾ ਸਵਾਲ: ਭਾਅ ਜੀ, ਦੁਨੀਆ ‘ਤੇ ਬੰਦਾ ਕੰਮ ਕਰਨ ਆਇਆ? ਇਕ ਆਮ ਜਿਹੇ ਨੌਜਵਾਨ ਨੇ ਫਲਸਫ਼ੇ ਦਾ ਬੁਨਿਆਦੀ ਸਵਾਲ ਸਾਹਮਣੇ ਰੱਖ ਦਿੱਤਾ । ਮੈਂ ਸੋਚਿਆ ਬੰਦਾ ਕਿਹੋ ਜਿਹੀ ਚੀਜ਼ ਹੁੰਦੈ। ਪਰਵਾਸ ਦੀ ਧਰਤੀ ‘ਤੇ ਹੋਰ ਬਿਰਤਾਂਤ ਨੇ ਤੇ ਆਪਣੀ ਧਰਤੀ ‘ਤੇ ਹੋਰ। ਕੰਮ ਤਾਂ ਇਹ ਦੋਵਾਂ ਥਾਈਂ ਕਰਦੈ।

ਪਰਵਾਸ ਦੇ ਇਨ੍ਹਾਂ ਨਿੱਕੇ ਨਿੱਕੇ ਬਿਰਤਾਂਤਾਂ ‘ਚ ਹੀ ਮਹਾ ਬਿਰਤਾਂਤ ਪਿਆ ਹੈ। ਮਨੁੱਖ ਲਈ ਸਭ ਤੋਂ ਸੋਹਣੀਆਂ ਥਾਵਾਂ ਕਿਹੜੀਆਂ ਹੁੰਦੀਆਂ? ਜਿੱਥੇ ਉਹ ਭਾਵੁਕ ਤੇ ਜਜ਼ਬਾਤੀ ਹੁੰਦੈ। ਜ਼ਿੰਦਗੀ ਦੇ ਇਸ਼ਕ ‘ਚ ਦਿਲ ਧੜਕਦਾ। ਪਰਵਾਸ ਦੀ ਪਦਾਰਥਕ ਖੁਸ਼ੀ ‘ਚ ਟੇਕ ਨਹੀਂ ਹੈ। ਸਭ ਕੁਝ ਪਾ ਕੇ ਵੀ ਇਵੇਂ ਲੱਗਦਾ ਜਿਵੇਂ ਸਭ ਕੁਝ ਗੁਆਚ ਗਿਆ ਹੋਵੇ।

ਪਦਾਰਥ ਤਾਂ ਕਿਸੇ ਵੀ ਥਾਂ ਸਿਰਜੇ ਜਾ ਸਕਦੇ ਹਨ, ਪਰ ਇਤਿਹਾਸ ਤੇ ਵਿਰਾਸਤ ਹਰ ਥਾਂ ਨਹੀਂ ਸਿਰਜੀ ਜਾ ਸਕਦੀ। ਇਹਦੀ ਬੁਨਿਆਦ ਜਿੱਥੇ ਹੁੰਦੀ ਹੈ ਓਥੇ ਹੀ ਰਹੇਗੀ। ਧਰਤੀ ਦੇ ਭੂਗੋਲ ਨੂੰ ਬਦਲਿਆ ਨਹੀਂ ਜਾ ਸਕਦਾ। ਇਤਿਹਾਸ ਤੇ ਵਿਰਾਸਤ ਸਦੀਆਂ ਦਾ ਹਾਸਿਲ ਹਨ, ਜਿਸ ਨੂੰ ਸਮੁੰਦਰੋਂ ਪਾਰ ਦਾ ਸਫ਼ਰ ਤੈਅ ਨਹੀਂ ਕਰ ਸਕਦਾ। ਨਨਕਾਣਾ ਸਾਹਿਬ ਦੀ ਥਾਂ ਆਈਫਲ ਟਾਵਰ ਨਹੀਂ ਲੈ ਸਕਦਾ। ਨਿਆਗਰਾ ਫਾਲ ਝਨਾਅ ਦਰਿਆ ਨਹੀਂ ਹੋ ਸਕਦਾ । ਥੇਮਜ਼ ਦੀਆਂ ਛੱਲਾਂ ਨਾਲ਼ ਝਨਾਅ ਦੀਆਂ ਛੱਲਾਂ ਵਾਂਗ ਗੱਲਾਂ ਨਹੀਂ ਹੋ ਸਕਦੀਆਂ ਕਿਉਂਕਿ ਝਨਾਅ ਪੰਜਾਬ ਦੇ ‘ਇਸ਼ਕ ਦਾ ਦਰਿਆ’ ਹੈ। ਸੋਹਣੀ ਤੇ ਹੀਰ ਝਨਾਅ ਰੂਹਾਨੀ ਇਸ਼ਕ ‘ਚ ਅਮਰ ਹੋਈਆਂ ਸਨ।

ਪਰਵਾਸ ਮੌਕਾ ਤੇ ਤ੍ਰਾਸਦੀ ਬਣ ਕੇ ਪੰਜਾਬ ਨਾਲ਼ ਚੱਲਦਾ ਰਿਹਾ ਹੈ ਜੋ ਸਾਡੇ ‘ ਹਿੱਸੇ ਆਇਆ ਹੈ। ਅੱਜ ਤੋਂ ਕਈ ਦਹਾਕੇ ਪਹਿਲਾਂ ਪੰਜਾਬ ਦੀਆਂ ਬੀਬੀਆਂ ਦੀ ਬੋਲੀ ਸੀ:

ਨਾ ਜਾ ਬਰਮਾ ਨੂੰ

ਲੇਖ ਜਾਣਗੇ ਨਾਲ਼ੇ।

ਪੰਜਾਬੀਆਂ ਲਈ ਪਰਵਾਸ, ਚੋਣ ਘੱਟ ਤੇ ਮਜਬੂਰੀ ਜ਼ਿਆਦਾ ਰਿਹਾ। ਥੁੜ੍ਹਾਂ ਮਾਰੇ ਤੇ ਯੋਗਤਾ ਮੁਤਾਬਕ ਕੰਮ ਨਾ ਮਿਲਣ ਕਾਰਨ ਪੰਜਾਬੀ ਪਰਵਾਸੀ ਹੁੰਦੇ ਰਹੇ। ਮਾਲਟਾ ਕਾਂਡ ਤੋਂ ਲੈ ਕੇ ਮੈਕਸੀਕੋ ਦੀਆਂ ਸਰਹੱਦਾਂ ਟੱਪਦੇ ਰਹੇ। ਭੌਂਕੀ, ਫੌਜੀ, ਭੇਡੂ । ਸ਼ਬਦਾਂ ਦੇ ਨਵੇਂ ਮਤਲਬ ਬਣੇ। ਆਈਲੈਟਿਸ ਨੇ ਨਵੇਂ ਰਾਹ ਖੋਲ੍ਹ ਦਿੱਤੇ। ਵਿਦੇਸ਼ ਤੋਂ i ਪੈਸਾ ਆਉਣ ਦੀ ਥਾਂ ਪੰਜਾਬ ਦਾ ਪੈਸਾ ਵਿਦੇਸ਼ ਜਾਣ ਲੱਗਿਆ। ਪਹਿਲਾਂ ਪਰਵਾਸੀ T 90000 ਕਰੋੜ ਵਾਪਸ ਭੇਜਦੇ ਸੀ ਤੇ ਹੁਣ ਇਸ ‘ਚ ਵੱਡੀ ਗਿਰਾਵਟ ਆਈ ਹੈ।

ਤੇ

ਕੇਂਦਰੀ ਵਿੱਤ ਮੰਤਰਾਲੇ ਦੇ ਅੰਕੜਿਆਂ ਮੁਤਾਬਿਕ 2015-16 ਤੋਂ 2018-19 i ਤੱਕ ਦੇ ਚਾਰ ਵਰ੍ਹਿਆਂ ਦੌਰਾਨ ਪੰਜਾਬ ਦੇ ਕਰੀਬ 50,499 ਵਿਦਿਆਰਥੀਆਂ ਨੂੰ ਦੇਸ਼ ‘ ਤੇ ਵਿਦੇਸ਼ ‘ਚ ਪੜ੍ਹਾਈ ਲਈ ‘ਐਜੂਕੇਸ਼ਨ ਕਰਜ਼ਾ’ ਚੁੱਕਣਾ ਪਿਆ ਹੈ। ਇਨ੍ਹਾਂ ਚਾਰ 1 ਵਰ੍ਹਿਆਂ ਦੌਰਾਨ ਮਾਪਿਆਂ ਸਿਰ ਐਜੂਕੇਸ਼ਨ ਲੋਨ ਦੇ 1718.93 ਕਰੋੜ ਰੁਪਏ ਚੜ੍ਹੇ 1 ਹਨ। ਇਹ ਵੇਰਵਾ ਸਿਰਫ਼ ਪਬਲਿਕ ਸੈਕਟਰ ਦੇ ਬੈਂਕਾਂ ਦਾ ਹੈ। ਪ੍ਰਾਈਵੇਟ ਬੈਂਕਾਂ ਵਲੋਂ $ ਦਿੱਤਾ ਐਜੂਕੇਸ਼ਨ ਲੋਨ ਵੱਖਰਾ ਹੈ। ਹੁਣ ਮਾਲਵਾ ਵੀ ‘ਉਡਾਰੀ’ ਮਾਰਨ ਪੱਖੋਂ ਦੁਆਬਾ । ਬਣ ਚੁੱਕਾ ਹੈ। ਬਠਿੰਡੇ ਦੀ ‘ਅਜੀਤ ਰੋਡ’ ਪਰਵਾਸ ਰੋਡ ਬਣ ਚੁੱਕੀ ਹੈ।

ਪੰਜਾਬ ਵਿਚ ਹੁਣ ‘ਉਡਾਰੀ’ ਦਾ ਸਲਾਨਾ ਕਰੀਬ 1100 ਕਰੋੜ ਰੁਪਏ ਦਾ ਕਾਰੋਬਾਰ ਹੋਣ ਲੱਗਾ ਹੈ। ਪੰਜਾਬ ਭਰ ‘ਚੋਂ ਹਰ ਵਰ੍ਹੇ ਕਰੀਬ 3.36 ਲੱਖ ਨੌਜਵਾਨ ਆਈਲੈੱਟਸ ਪ੍ਰੀਖਿਆ ਵਿਚ ਬੈਠਦੇ ਹਨ ਜੋ ਇਕੱਲੀ ਆਈਲੈੱਟਸ ਦੀ ਪ੍ਰੀਖਿਆ ਫੀਸ ਦੇ ਰੂਪ ਵਿਚ ਸਾਲਾਨਾ 425 ਕਰੋੜ ਰੁਪਏ ਤਾਰਦੇ ਹਨ। ਇਕੱਲੇ ਜਲੰਧਰ ‘ਚ ਹੀ 946 ਇਮੀਗ੍ਰੇਸ਼ਨ ਫਰਮਾਂ ਹਨ।

ਪਰਵਾਸ ‘ਚ ਨੌਜਵਾਨਾਂ ਲਈ ਨਵੀਆਂ ਵੰਗਾਰਾਂ ਹਨ ਪਰ ਪੰਜਾਬੀ ਨੌਜਵਾ ‘ਉਜੜਣ’ ਨਹੀਂ ‘ਉੱਡਣ’ ਲਈ ਕਾਹਲਾ ਹੈ ।

1947 ਦੇ ‘ਮਹਾਂ ਉਜਾੜੇ’ ਨੂੰ ਦੇਖ ਪੰਜਾਬ ‘ਉਜੜਨ’ ਤੋਂ ਡਰਨੋਂ ਹਟ ਗਿਆ। ਅਚੇਤ ‘ਚ ‘ਉਜਾੜਾ’ ਇਕ ਨਿੱਕੇ ਜਿਹੇ ਹਾਦਸੇ ਜਿਹਾ ਹੋ ਗਿਆ । ਆਪਣੀ ਧਰਤੀ ਤੋ ਹੀ (ਆਪਣੇ ਘਰੋਂ) ਉਜੜਿਆਂ ਨੂੰ ਹੁਣ ਕੋਈ ਧਰਤੀ ‘ਬੇਗਾਨੀ’ ਨਹੀਂ ਲੱਗਦੀ। ਹਰ ਧਰਤੀ ਇਨ੍ਹਾਂ ਦੀ ‘ਆਪਣੀ’ ਹੋ ਗਈ। ਸਵਾਲਾਂ ਦਾ ਸਵਾਲ ਇਹ ਹੈ ਕਿ ਕੀ ਪਰਵਾਸ ਹੀ ਪੰਜਾਬ ਦਾ ਅੰਤਿਮ ਸੱਚ ਹੋ ਜਾਵੇਗਾ? ਕੀ ਪਰਵਾਸ ਦੀ ਭਟਕਣਾ ਹੀ ਪੰਜਾਬ ਦੀ ਮੁਕਤੀ ਹੈ?

ਖੁਦਕਸ਼ੀਆਂ ਦੀ ਫ਼ਸਲ

ਸਲਫਾਸ ਦੀ ਗੋਲੀ ਖਾ ਕੇ ਮੇਰੀ ਬੁੱਕਲ ‘ਚ ਪੈ ਗਿਆ ਆ ਕੇ। ਕਹਿੰਦਾ, ਬੀਬੀ ਤੇਰਾ ਪੁੱਤ ਮਰੂਗਾ। ਮੈਂ ਕਿਹਾ, ‘ਊਈਂ ਮਾਰੀ ਜਾਨੈਂ। ਪੁੱਠੀਆਂ ਗੱਲਾਂ ਕਿਉਂ ਕਰਦਾ – ਹੁੰਨਾਂ। ਜਦੋਂ ਉਛਲਿਆ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਹੱਥਾਂ ‘ਚੋਂ ਭਾਂਡੇ ਛੁੱਟਗੇ। ਮੈਂ ਕਿਹਾ, ਹੁਣ ਤਾਂ ਮਰਿਆ ਹੀ ਪਿਆਂ ਪੁੱਤ। ਹੁਣ ਕਿੱਥੇ ਮਰੇਂਗਾ। ਓਦੀਂ ਗੱਡੀ ਬੁਲਾ ਲਈ। ਗੱਡੀ ‘ਚ ਪਾ ਲਿਆ। ਹਸਪਤਾਲ ਲੈ ਗਏ। ਮੁੱਕ ਗਿਆ ਓਥੇ ਹੀ’। ਮਾਂ ਤੁਰ ਗਏ ਬਲਜੀਤ ਸਿੰਘ ਦੀ ਗੱਲ ਕਰ ਰਹੀ ਹੈ। ਬਲਜੀਤ ਕੋਲ ਢਾਈ ਕਿੱਲੇ ਜ਼ਮੀਨ ਸੀ ਪਰ 7 ਲੱਖ ਰੁਪਏ ਦਾ ਕਰਜ਼ ਸੀ। ਕੁਦਰਤ ਦੀ ਮਾਰ ਪਈ। ਪਤਨੀ ਦੇ ਮੁੰਡਾ ਵੀ ਅਸਾਧਾਰਨ ਪੈਦਾ ਹੋਇਆ। ਲੱਖਾਂ ਇਲਾਜ ‘ਤੇ ਲੱਗ ਗਏ। ਠੀਕ ਨਾ ਹੋਇਆ। ਬੈਂਕ, ਆੜ੍ਹਈਏ, ਰਿਸ਼ਤੇਦਾਰ ਕਰਜ਼ੇ ਲਈ ਵੱਢ ਵੱਢ ਖਾਣ ਲੱਗੇ। ਬਲਜੀਤ ਜੱਗੋਂ ਸੀਰ ਮੁਕਾ ਚਲਾ ਗਿਆ। ਇਹ ਮਾਨਸਾ ਜ਼ਿਲ੍ਹੇ ਦੇ ਪਿੰਡ ਉੱਡਤ ਭਗਤ ਰਾਮ ਦੀ ਕਹਾਣੀ ਹੈ।

ਪਿੰਡ ਵੱਡੇ ਗੁਰਨੇ ਕਲਾਂ। ਮਾਂ ਬੋਲ ਰਹੀ ਹੈ। ਦੋਵਾਂ ਦੇ ਵਿਆਹ ਬਾਰੇ ਕਿੰਨਾ ਸੋਚਿਆ ਸੀ ਮੈਂ। ਇੱਕ ਇੱਕ ਕਰ ਕੇ ਦੋਵੇਂ ਚਲੇ ਗਏ, ਮੈਂ ਕੀ ਕਰਾਂ ਪੁੱਤ। ਪਹਿਲਾਂ ਇਲਾਜ ਖੁਣੋਂ ਘਰਦਾ ਚਲਾ ਗਿਆ । ਜਦੋਂ ਤਿੰਨਾਂ ਨੂੰ ਯਾਦ ਕਰਦੀ ਆਂ ਮਰਨ ਨੂੰ ਜੀਅ ਕਰਦਾ। ਸੋਚਦੀ ਆਂ ਮਨਾਂ ਕੀ ਕਰਨਾ ‘ਕੱਲੀ ਨੇ ਇੱਥੇ। ਰੱਬ ਕਿਸੇ ਨਾਲ਼ ਇਵੇਂ ਨਾ ਕਰੇ। ਇੱਕ ਕਿੱਲਾ ਜ਼ਮੀਨ ਸੀ, ਉਹ ਵੀ ਵਿਕ ਗਈ। ਮੈਂ ਲੋਕਾਂ ਦੇ ਘਰੇ ਭਾਂਡੇ ਮਾਂਜਦੀ ਆਂ। 70 ਸਾਲ ਦੀ ਮਾਂ ਹਰਿੰਦਰ ਕੌਰ ਦੋਵਾਂ ਪੁੱਤਾਂ ਦੀਆਂ ਫੋਟੋਆਂ ਹੱਥ ‘ਚ ਲਈ ਖੜ੍ਹੀ ਹੈ। ਅੱਖਾਂ ‘ਚੋਂ ਹੰਝੂ ਨਹੀਂ ਰੁਕ ਰਹੇ। ਸਵੇਰੇ ਸਵੇਰੇ ਮੇਰਾ ਮਨ ਵੀ ਬੇਹੱਦ ਉਦਾਸ ਹੋ ਗਿਆ। ਕਿਸੇ ਨੇ ਕਿਹਾ ਸੀ ‘ਬੇਬੇ ਕੋਲ ਸਵੇਰੇ ਸਵੇਰੇ ਚਲੇ ਜਾਓ ਫੇਰ ਉਹ ਪਿੰਡ ‘ਚ ਭਾਂਡੇ ਮਾਂਜਣ ਚਲੀ ਜਾਂਦੀ ਹੈ। ਮਾਂ ਹਰਿੰਦਰ ਕੌਰ ਦਾ ਸਾਰਾ ਘਰ ਕਰਜ਼ੇ ਨੇ ਖਾ ਲਿਆ।

ਮਾਂ ਦੱਸਦੀ ਹੈ ਪੁੱਤ ਜਦੋਂ ਲੋੜ ਸੀ ਕੋਈ ਕੰਮ ਨਾ ਆਇਆ। ਮੈਂ ਵਾਰ ਵਾਰ ਕਹਿਣ ‘ਪੁੱਤ ਕੋਈ ਗ਼ਲਤ ਕਦਮ ਨਾ ਚੁੱਕ ਲਿਓ। ਆਪੇ ਲਹਿਜੂ ਕਰਜ਼ਾ। ਮਾਂ ਕਹਿੰਦੀ ਹੈ ‘ਬਥੇਰੀਆਂ ‘ਚਿੱਠੀਆਂ ਸਿੱਟੀਆਂ’ ਬਾਦਲ-ਕੈਪਟਨ ਨੂੰ । ਨਾ ਬਾਦਲ ਨੇ ਸੁਣੀ ਨਾ ਕੈਪਟਨ ਨੇ।

ਮਾਂ ਮੂਰਤੀ ਕੌਰ ਉਦਾਸ ਹੈ । ਕਹਿੰਦੀ ਹੈ, ‘ਜੀਰੀ ਲਾ ਕੇ ਆਇਆ ਸੀ ਰਾਤ ਨੂੰ । ਸਰਦਾਰਾਂ ਨੇ ਕਰਜ਼ੇ ਦੇ ਪੈਸੇ ਕੱਟ ਲੇ । ਘਰ ਆਲੀ ਨੂੰ ਕਹਿੰਦਾ ‘ਮੈਂ ਕਿੱਥੋਂ ਖੰਡ ਚਾਹ ਲਿਆ ਕੇ ਦੇਵਾਂ’ । ਮੈਂ ਕਿਹਾ ‘ਕੋਈ ਨਾ ਪੁੱਤ ਸੌਂ ਜਾ’ । ਉੱਠ ਕੇ ਰਾਤ ਨੂੰ ਜਾ ਕੇ ਬਾਬੇ ਧਿਆਨ ਦਾਸ ਦੀ ਝਿੜੀ ‘ਤੇ ਫਾਹਾ ਲੈ ਲਿਆ। ਸਾਨੂੰ ਸਵੇਰੇ ਪਤਾ ਲੱਗਿਆ। ਜਦੋਂ ਅਸੀਂ ਗਏ ਪੁਲਿਸ ਨੇ ਲਾਸ਼ ਲਾਹ ਲਈ ਸੀ’। ਮਾਂ ਮੂਰਤੀ ਕੌਰ ਮਜ਼ਦੂਰ ਪੁੱਤ ਸੁਖਵਿੰਦਰ ਦੀ ਖੁਦਕਸ਼ੀ ਦੀ ਗਾਥਾ ਸੁਣਾ ਰਹੀ ਹੈ। ਪੋਤਾ-ਪੋਤੀ ਨਾਲ਼ ਬੈਠੇ ਨੇ।

ਮਾਂ ਕਹਿੰਦੀ ਆ, ‘ਇਕ ਦੁੱਖ ਪੁੱਤ ਦੇ ਜਾਣ ਦਾ ਤੇ ਇੱਕ ਉਸ ਤੋਂ ਵੱਡਾ ਸਾਹਮਣੇ ਖੜ੍ਹਾ ਸੀ । ਪੁੱਤ ਦਾ ਸਿਵਾ ਵੀ ਠੰਢਾ ਨਹੀਂ ਹੋਇਆ, ਓਹਦੀ ਘਰਵਾਲੀ ਬਲਜੀਤ ਨੇ ਕਿਸੇ ਹੋਰ ਨਾਲ਼ ਵਿਆਹ ਕਰਵਾ ਲਿਆ। ਮਾਂ ਦੇ ਦੁੱਖ ‘ਚ ਪੋਤਾ-ਪੋਤੀ ਮਹੀਨਾ ਬਿਮਾਰ ਰਹੇ। ਓਹਨੇ ਸਾਰ ਨਾ ਲਈ। ਇਕ ਵਾਰ ਵੀ ਨਾ ਆਈ ਬੱਚਿਆਂ ਨੂੰ ਮਿਲਣ। ਮਾਂ ਮੂਰਤੀ ਪੋਤੇ ਪੋਤੀ ਨਾਲ਼ ਮਾਨਸਾ ਜ਼ਿਲ੍ਹੇ ਦੇ ਪਿੰਡ ਝੁਨੀਰ ‘ਚ ਰਹਿੰਦੀ ਹੈ।

ਜ਼ਿਲ੍ਹਾ ਬਠਿੰਡਾ। ਪਿੰਡ ਮਾੜੀ। ਮਾਂ ਬੈਠੀ ਹੋਵੇ । ਅੱਖਾਂ ਸਾਹਮਣੇ ਚਾਰ ਪੁੱਤ ਚਲੇ ਜਾਣ। ਕਿੰਨਾ ਵੱਡਾ ਕਹਿਰ ਹੁੰਦੈ। ਬੇਬੇ ਬਦਨ ਕੌਰ 80 ਸਾਲਾਂ ਦੀ ਹੈ। ਪੰਜ ਕਿੱਲੇ ਜ਼ਮੀਨ। ਪੰਜ ਭਰਾ । ਪੰਦਰਾਂ ਲੱਖ ਦਾ ਕਰਜ਼। ਕਰਜ਼ੇ ਕਰ ਕੇ ਬਚਿੱਤਰ ਸਿੰਘ, ਭੋਲਾ ਸਿੰਘ, ਬਿੱਕਰ ਸਿੰਘ ਤੇ ਲਛਮਣ ਸਿੰਘ ਨੇ ਖੁਦਕਸ਼ੀ ਕਰ ਲਈ। ਬੇਬੇ ਨੇ ਦੱਸਿਆ “ਮੈਂ ਪਹਿਲੀ ਖੁਦਕਸ਼ੀ ਤੋਂ ਬਾਅਦ ਸਭ ਨੂੰ ਬਿਠਾ ਕੇ ਕਿਹਾ, ਇਹੋ ਜਾ ਕੰਮ ਨਾ ਕਰਿਓ। ਜ਼ਮੀਨ ਵੇਚ ਕੇ। ਦਿਹਾੜੀ ਕਰ ਕੇ ਖਾ ਲਵਾਂਗੇ। ਉਹ ਮੇਰੀ ਨਾ ਮੰਨੇ। ਚਲੇ ਗਏ।”

ਮਾਲਵੇ ‘ਚ ਖੁਦਕਸ਼ੀਆਂ ਦੀ ਫ਼ਸਲ ਉੱਗ ਆਈ ਹੈ । ਹਰ ਤੀਜੇ-ਚੌਥੇ ਘਰ ਦੀ ਇਹੀ ਕਹਾਣੀ ਹੈ । ਸਰਕਾਰਾਂ ਤਾਂ ਦਾਅਵਿਆਂ ਤੇ ਅੰਕੜਿਆਂ ਨਾਲ਼ ਚੱਲਣੀਆਂ ਹੁੰਦੀਆਂ ਹਨ। ਅਕਾਲੀ-ਭਾਜਪਾ ਹੋਵੇ ਜਾਂ ਕਾਂਗਰਸ ਸਰਕਾਰ ਕਿਸਾਨਾਂ, ਮਜ਼ਦੂਰਾਂ ਦਾ ਹਾਲ 1 ਇੱਕੋ ਜਿਹਾ ਹੈ । ਹਾਲਤ ਦਿਨੋ ਦਿਨ ਬਦ ਤੋਂ ਬਦਤਰ ਹੋ ਰਹੀ ਹੈ।

ਚੰਡੀਗੜ੍ਹ ਦੇ ਸੈਂਟਰ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ (ਕ੍ਰਿਡ) ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਰਵੇਖਣ ਅੰਕੜਿਆਂ ਮੁਤਾਬਕ ਸਾਲ 2000 ਤੋਂ 2015 ਤੱਕ ਪੰਜਾਬ ‘ਚ ਕੁੱਲ 16,606 ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਖੁਦਕਸ਼ੀ ਕੀਤੀ ਹੈ। ਇਨ੍ਹਾਂ ‘ਚੋਂ 9243 ਕਿਸਾਨ ਤੇ 7763 ਖੇਤ ਮਜ਼ਦੂਰ ਹਨ। ਕਿਸਾਨਾਂ ‘ਤੇ ਆੜ੍ਹਈਏ ਤੇ ਸੂਦਖੋਰ ਦਾ ਕੁੱਲ ਕਰਜ਼ਾ 69,355 ਕਰੋੜ ਰੁਪਏ ਹੈ ਤੇ ਸਰਕਾਰ ਇਸ ਨੂੰ ਸਿਰਫ਼ 36000 ਕਰੋੜ ਰੁਪਏ ਮੰਨਦੀ ਹੈ। ਕਰਜ਼ੇ ਦੇਣ ਦਾ ਘਾਲਾ ਮਾਲਾ ਹੀ ਕਿਸਾਨਾਂ ਨੂੰ ਦਿਨੋ ਦਿਨ ਕੰਗਾਲ ਕਰ ਰਿਹਾ ਹੈ।

ਅਖਬਾਰਾਂ ‘ਚ ਰਿਪੋਰਟ ਹੋਏ ਅੰਕੜਿਆਂ ਮੁਤਾਬਕ 2017 ਤੋਂ 2019 ਤੱਕ 900 ਕਿਸਾਨਾਂ ਨੇ ਖੁਦਕਸ਼ੀ ਕੀਤੀ ਹੈ ਤੇ ਸਰਕਾਰ ਇਨ੍ਹਾਂ ਦੇ ਘਰਾਂ ਤੱਕ ਨਹੀਂ ਪੁੱਜੀ ਹੈ। ਕਿਸਾਨਾਂ ‘ਤੇ ਜ਼ਿਆਦਾਤਰ ਕਰਜ਼ਾ ਆੜ੍ਹਤੀਆਂ, ਸੂਦਖੋਰਾਂ ਤੇ ਪ੍ਰਾਈਵੇਟ ਬੈਂਕਾਂ ਦਾ ਹੈ ਜਦੋਂਕਿ ਸਰਕਾਰ ਕਿਸਾਨਾਂ ਦਾ ਸਿਰਫ਼ ਸਹਿਕਾਰੀ ਬੈਂਕਾਂ ਦਾ ਕਰਜ਼ ਮੁਆਫ਼ ਕਰ ਰਹੀ ਹੈ। ਉਹ ਵੀ ਪੂਰਾ ਨਹੀਂ ਕਰ ਰਹੀ ਹੈ।

ਦੇਸ਼ ‘ਚ ਜਦੋਂ ਵੀ ਕਿਸਾਨ ਸਬਸਿਡੀ ਤੇ ਕਿਸਾਨ ਕਰਜ਼ਾ ਮੁਆਫ਼ੀ ਦੀ ਗੱਲ ਚੱਲਦੀ ਹੈ ਤਾਂ ਉੱਚ ਮੱਧ ਵਰਗੀ ਤੇ ਅਮੀਰ ਲੋਕ ਇਸ ਖਿਲਾਫ਼ ਬੋਲਣਾ ਸ਼ੁਰੂ ਕਰ ਦਿੰਦੇ ਹਨ। ਇੱਥੋਂ ਤੱਕ ਕਿ ਮਹਿੰਗਾਈ ਵਧਣ ਦੇ ਨਾਂ ‘ਤੇ ਫ਼ਸਲਾਂ ਦੇ ਭਾਅ ਵਧਣ ਖਿਲਾਫ਼ ਤਾਂ ਸਾਰੇ ਹੀ ਉੱਠ ਖੜ੍ਹੇ ਹੁੰਦੇ ਹਨ। ਹਰੇ ਇਨਕਲਾਬ ਤੋਂ ਬਾਅਦ ਖਾਦਾਂ, ਕੀਟਨਾਸ਼ਕਾਂ ਤੇ ਖੇਤੀਬਾੜੀ ਮਸ਼ੀਨਰੀ ਦੀਆਂ ਕੀਮਤਾਂ ‘ਚ ਤਾਂ ਸੈਂਕੜੇ ਗੁਣਾ ਵਾਧਾ ਹੋਇਆ ਜਦੋਂਕਿ ਫਸਲਾਂ ਦੇ ਭਾਅ ‘ਚ ਸਿਰਫ਼ 19 ਗੁਣਾ ਵਾਧਾ ਹੋਇਆ ਹੈ। ਆਮਦਨ ਨਾਲ਼ੋਂ ਕਿਸਾਨ ਦੇ ਖਰਚ ਵਧ ਚੁੱਕੇ ਹਨ।

ਖੇਤੀਬਾੜੀ ਕਿਸਾਨ ਲਈ ਮੁਨਾਫ਼ੇਯੋਗ ਧੰਦਾ ਨਹੀਂ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ ਕੀ 1971 ‘ਚ ਖੇਤੀਬਾੜੀ ਦਾ ਪੰਜਾਬ ਦੇ ਕੁੱਲ ਘਰੇਲੂ ਉਤਪਾਦਨ ‘ਚ 43.26 ਫੀਸਦੀ ਹਿੱਸੇਦਾਰੀ ਹੁੰਦੀ ਸੀ ਜੋ 2017-18 ਆਉਂਦਿਆਂ ਘਟ ਕੇ 17.73 ਫੀਸਦੀ ਰਹਿ ਗਈ ਹੈ। ਅੰਕੜਿਆਂ ਮੁਤਾਬਕ ਹੀ ਸਰਵਿਸ ਸੈਕਟਰ ਦੀ ਜੀਡੀਪੀ ਬੇਹੱਦ ਵਧੀ ਹੈ। 1971 ‘ਚ ਸਰਵਿਸ ਖੇਤਰ ਦੀ ਕੁੱਲ ਘਰੇਲੂ ਉਤਪਾਦਨ ‘ਚ 26.32 ਹਿੱਸੇਦਾਰੀ ਸੀ ਜੋ 2017-18 ‘ਚ ਵਧ ਕੇ 45.47 ਹੋ ਗਈ ਹੈ। ਕਿਸਾਨੀ ਘਰਾਂ ‘ਚੋਂ ਵੀ ਜਿਸਦੇ ਘਰ ਦਾ ਕੋਈ ਨੌਕਰੀ ‘ਤੇ ਚਲਾ ਗਿਆ ਉਹ ਕਿਸਾਨ ਦਾ ਥੋੜ੍ਹਾ ਬਹੁਤਾ ਬਚ ਗਿਆ ਨਹੀਂ ਤਾਂ ਛੋਟੀ ਤੇ ਮੱਧਲੀ ਕਿਸਾਨੀ ‘ਚ ਤਾਂ ਚੰਗਿਆਂ ਚੰਗਿਆਂ ਦਾ ਮਾੜਾ ਹਾਲ ਹੋਇਆ ਹੈ। ਇਸੇ ਤਰ੍ਹਾਂ ਜ਼ਮੀਨ ਦੀਆਂ ਘਟਦੀਆਂ ਜੋਤਾਂ ਵੀ ਸਾਰੀ ਕਹਾਣੀ ਸਮਝਾਉਂਦੀਆਂ ਹਨ। 1971 ‘ਚ ਸੂਬੇ ਦੇ 64.96 ਫੀਸਦੀ ਘਰਾਂ ਕੋਲ ਜ਼ਮੀਨ ਦੀਆਂ ਜੋਤਾਂ ਸਨ ਜੋ 2017-18 ‘ਚ ਘਟ ਕੇ 19.09 ਰਹਿ ਗਈਆਂ ਹਨ। ਇਸਦਾ ਮਤਲਬ ਇਹ ਹੈ ਕਿ ਜ਼ਿਆਦਾਤਰ ਕਿਸਾਨਾਂ ਦੀਆਂ ਜ਼ਮੀਨਾਂ ਵਿਕੀਆਂ ਤੇ ਉਹ ਖੇਤੀਬਾੜੀ ‘ਚੋਂ ਬਾਹਰ ਹੋ ਗਏ। ਜ਼ਿਆਦਾਤਰ ਜ਼ਮੀਨਾਂ ਰੀਅਲ ਅਸਟੇਟ ਕਾਰੋਬਾਰੀਆਂ, ਸਨਅਤਕਾਰਾਂ, ਕਾਰਪੋਰੇਟ ਨਿਵੇਸ਼ਕਾਂ ਆਦਿ ਨੇ ਖਰੀਦੀਆਂ। ਜ਼ਮੀਨਾਂ ਵਿਕਣ ਵਾਲੇ ਕਿਸਾਨ ਠੇਕੇ-ਹਿੱਸੇ ‘ਤੇ ਜ਼ਮੀਨ ਲੈ ਕੇ ਵੀ ਖੇਤੀ ਕਰਨ ਲੱਗੇ ਤੇ ਦਿਹਾੜੀਦਾਰ ਵੀ ਹੋ ਗਏ। ਇਨ੍ਹਾਂ ਸਾਲਾਂ ‘ਚ ਹੀ ਕਿਸਾਨ ਖੁਦਕਸ਼ੀਆਂ ਦਾ ਰੁਝਾਨ ਜ਼ਿਆਦਾ ਵਧਿਆ ਹੈ।

ਦੇਸ਼ ਭਰ ਦੇ ਕਰਜ਼ਾ ਡਿਫਾਲਟਰਾਂ ਦੀ ਸੂਚੀ ‘ਚ 70 ਫੀਸਦੀ ਕਾਰਪੋਰੇਟ ਹਨ। ਪੂਰੇ ਦੇਸ਼ ‘ਚ ਸਰਕਾਰੀ ਬੈਂਕ ਦੇ ਕਰਜ਼ਾ ਡਿਫਾਲਟਰਾਂ ਦੀ ਕੁੱਲ ਰਕਮ 6.8 ਲੱਖ ਕਰੋੜ ਹੈ ਜਿਨ੍ਹਾਂ ਵਿਚ ਕਿਸਾਨ ਦੀ ਰਕਮ ਮਹਿਜ਼ ਇੱਕ ਫੀਸਦੀ ਹੈ। ਹਾਲਤ ਇਹ ਹੈ ਕਿ ਪੰਜਾਬ ਸਰਕਾਰ ਨੇ ਬਠਿੰਡਾ ਰਿਫਾਈਨਰੀ ਚਲਾਉਣ ਲਈ ਵੱਡੇ ਸਨਅਤਕਾਰ ਲਕਸ਼ਮੀ ਨਰਾਇਣ ਮਿੱਤਲ ਨੂੰ 1200 ਕਰੋੜ ਰੁਪਏ ਦਾ ਕਰਜ਼ ਸਿਰਫ਼ 0.1% ਫੀਸਦੀ ਵਿਆਜ ‘ਤੇ ਦਿੱਤਾ ਸੀ ਜਦੋਂਕਿ ਕਿਸਾਨ ਨੂੰ ਟ੍ਰੈਕਟਰ ਦੇ ਲੋਨ ‘ਤੇ 12 ਫੀਸਦੀ । ਵਿਆਜ ਦੇਣਾ ਪੈਂਦਾ ਹੈ।

ਕਿਸਾਨ ਮਜ਼ਦੂਰ ‘ਖੁਦਕਸ਼ੀਆਂ ਦੀ ਫ਼ਸਲ’ ਮਹਾਰਾਸ਼ਟਰ ਦੇ ਵਿਦਰਭ ਤੋਂ ਮਾਲਵੇ ਦੇ ਮਾਨਸਾ-ਬਠਿੰਡਾ ਤੱਕ ਉਥਗੀ ਹੋਈ ਹੈ। ਖੁਦਕੁਸ਼ੀਆਂ ਦੀ ਇਸ ਫਸਲ ‘ਤੇ । ਹਰ ਚੋਣਾਂ ‘ਚ ਬੇਕਿਰਕ ਸਿਆਸਤ ਜ਼ਰੂਰ ਹੁੰਦੀ ਹੈ ਪਰ ਵਾਤ ਕੋਈ ਨਹੀਂ ਪੁੱਛਦਾ। ਇਸੇ ਲਈ ਨਾ ਮੋਦੀ ਸਵਾਮੀਨਾਥਨ ਕਮਿਸ਼ਨ ਲਾਗੂ ਕਰਦੇ ਹਨ ਤੇ ਨਾ ਕੈਪਟਨ ਚੋਣਾਂ ਤੋਂ ਬਾਅਦ ਆੜ੍ਹਤੀਆਂ ਤੇ ਬੈਂਕਾਂ ਤੋਂ ਲਿਆ ਕਰਜ਼ਾ ਮੁਆਫ਼ ਕਰਨ ਵੱਲ ਵਧਦੇ ਹਨ। ਹੁਣ ਕਿਸਾਨ-ਮਜ਼ਦੂਰ ਸਿਆਸੀ ਪਾਰਟੀਆਂ ਲਈ ਮਨੁੱਖ ਨਹੀਂ ਸਿਰਫ਼ ਵੋਟ ਬੈਂਕ ਹਨ ਪਰ ਅੱਜ ਨਹੀਂ ਤਾਂ ਕੱਲ੍ਹ ਜਦੋਂ ‘ਖੁਦਕਸ਼ੀਆਂ ਦੀ ਫ਼ਸਲ’ ਸਿਆਸਤਦਾਨਾਂ ਅੱਗੇ ਖੇਤ ‘ਚ ਗੱਡੇ ਡਰਨੇ ਵਾਂਗ ਖੜ੍ਹੀ ਹੋ ਜਾਵੇਗੀ ਤਾਂ ਜਵਾਬ ਦੇਣੇ ਔਖੇ ਹੋ ਜਾਣਗੇ ।

ਵਿਛੋੜਾ

ਰੱਬਾ ਹੁਣ ਕੀ ਕਰੀਏ

ਮੈਂ ਦੋਸਤ ਨਾਲ਼ ਬੜੇ ਸੋਹਣੇ ਮੂਡ ‘ਚ ਬੈਠਾ ਸੀ । ਵਟਸਐਪ ਚੈੱਕ ਕੀਤਾ। ਪਿੰਡੋਂ ਦੋਸਤ ਗੁਰਮੀਤ ਦਾ ਸੁਨੇਹਾ ਸੀ, “ਪ੍ਰਿਥੀ ਅਲਵਿਦਾ ਕਹਿ ਗਿਆ ਯਾਰ…” ਸੁਨੇਹੇ ‘ਚ ਲਾਸ਼ ਦੀਆਂ ਫੋਟੋਆਂ ਤੇ ਖ਼ਬਰ ਸੀ । ਇਵੇਂ ਲੱਗਿਆ ਜਿਵੇਂ ਮੈਥੋਂ ਕਿਸੇ ਨੇ ਕੁਝ ਖੋਹ ਲਿਆ ਹੋਵੇ । ਖਬਰ ਬਣਾਉਣ ਵਾਲੇ ਦਾ ਦੋਸਤ ਖਬਰ ਬਣ ਗਿਆ। ਖਬਰ ਸੀ ‘ਨਸ਼ੇ ਦੀ ਓਵਰਡੋਜ਼ ਨਾਲ਼ ਇਕ ਨੌਜਵਾਨ ਦੀ ਮੌਤ’ ।

ਪਿਛਲੇ 15-20 ਦਿਨਾਂ ‘ਚ ਓਹਨੇ ਦੋ ਵਾਰ ਫੋਨ ਕੀਤਾ। ਇਕ ਵਾਰ ਪੀ ਕੇ ਤੇ ਦੂਜੀ ਵਾਰ ਸੋਫ਼ੀ। ਦੋਵੇਂ ਵਾਰ ਉਤਸ਼ਾਹ ਤੇ ਨਿਰਾਸ਼ਾ ਨਾਲ਼ ਇੱਕਸਾਰ ਭਰਿਆ ਹੋਇਆ। ਮੌਤ ਤੋਂ ਬਾਅਦ ਲੱਗਿਆ ‘ਉਹ ਮੇਰੇ ਨਾਲ਼ ਆਪਣੇ ਹਿੱਸੇ ਦੀਆਂ ਆਖਰੀ ਗੱਲਾਂ ਦਾ ਕੋਟਾ ਪੂਰਾ ਕਰ ਰਿਹਾ ਸੀ’ । ਗੱਲਾਂ ਉਹੀ, ਬਚਪਨ ਤੋਂ ਹੁਣ ਤੱਕ ਦੀਆਂ ਯਾਦਾਂ ਦੀਆਂ। ਮੈਂ ਹਰ ਵਾਰ ਦੀ ਤਰ੍ਹਾਂ ਕਿਹਾ ‘ਯਾਰ, ਦਾਰੂ ਘਟਾ ਦੇ । ਕੁਝ ਨਹੀਂ ਰੱਖਿਆ।’ ਪਿੰਡ ਨਾਲ਼ ਰਾਬਤਾ ਘੱਟ ਹੋਣ ਕਾਰਨ ਮੈਨੂੰ ਨਹੀਂ ਪਤਾ ਸੀ ਉਹ ਅੰਤਮ ਦਿਨਾਂ ‘ਚ ਚਿੱਟੇ ਤੱਕ ਪਹੁੰਚ ਗਿਆ’ ।

ਪਿੰਡ ਦੋਸਤਾਂ ਨਾਲ਼ ਗੱਲ ਹੋਈ। ਪ੍ਰਿਤਪਾਲ ਸਿੰਘ ਦੀ ਮੌਤ ਕਿਸੇ ਲਈ ਕੋਈ ਝਟਕਾ ਨਹੀਂ ਸੀ । ਸਭ ਨੇ ਬੜੇ ਸਹਿਜੇ ਕਿਹਾ, ਇਹ ਅੱਜ ਨਹੀਂ ਤਾਂ ਕੱਲ੍ਹ ਹੋਣਾ ਹੀ ਸੀ। ਖੁਦ ਮੇਰੀ ਮਾਂ ਨੇ ਕਿਹਾ ਪਰਿਵਾਰ ਵੀ ਦੁਖੀ ਸੀ। ਸਭ ਵੇਚ ਵੱਟ ਖਾਣ ਲੱਗਿਆ ਸੀ। ਮੁੰਡੇ ਦੇ ਲੱਛਣ ਠੀਕ ਨਹੀਂ ਸੀ ਪੁੱਤ’ । ਹੁਣ ਤਾਂ ਸਰਿੰਜਾਂ ਸਰੁੰਜਾਂ ਵੀ ਲਾਉਂਦਾ ਸੀ’ ।

ਮੈਨੂੰ ਪ੍ਰਿਤਪਾਲ ਦੀ ਮੌਤ ‘ਤੇ ਮੇਰੇ ਘਰਦਿਆਂ, ਦੋਸਤਾਂ ਤੋਂ ਲੈ ਕੇ ਪਿੰਡ ਦੀ ਅਸੰਵੇਦਨਸ਼ੀਲਤਾ ਨੇ ਬੇਹੱਦ ਦੁਖੀ ਕੀਤਾ । ਉਹ ਮਾੜਾ ਸੀ । ਨਸ਼ੇੜੀ ਸੀ। ਮੇਰੇ ਸਮੇਤ ਸਭ ਨਾਲ਼ ਲੜਦਾ-ਝਗੜਦਾ ਸੀ। ਸਭ ਕੁਝ ਠੀਕ ਹੈ ਪਰ ਕੀ ਉਸਦੀ ਮੌਤ ਪ੍ਰਤੀ ਸਮਝਦਾਰ ਬੇਸਮਝੀ ਠੀਕ ਹੈ? ਕੀ ਸਾਨੂੰ ਸਭ ਨੂੰ ਪ੍ਰਿਤਪਾਲ ਦੇ ਝਗੜਾਲੂ ਤੇ ਨਸ਼ੇੜੀ ਹੋਣ ਦੇ ਕਾਰਨਾਂ ਤੱਕ ਨਹੀਂ ਜਾਣਾ ਚਾਹੀਦਾ? ਮੈਂ ਵੀ ਉਸਦੀ ਮੌਤ ਦਾ ਸਰਲੀਕਰਨ ਕਰਕੇ ਤੋੜਾ ਸਰਕਾਰ, ਚਿੱਟਾ ਤਸਕਰਾਂ ਤੇ ਉਸ ਸਿਰ ਝਾੜ ਕੇ ਆਪਣੇ ਆਪ ਨੂੰ ਮੌਤ ਤੋਂ ਮੁਕਤ ਕਰ ਸਕਦਾ ਹਾਂ ਪਰ ਜੇ ਮੈਂ ਸਿਰਫ਼ ਅਜਿਹਾ ਕਰਦਾ ਹਾਂ ਤਾਂ ਸ਼ਾਇਦ ਬਚਪਨ ਦੀ ਦੋਸਤੀ ਦਾ ਕੋਈ ਮਤਲਬ ਨਹੀਂ ਰਹੇਗਾ। ਇਸ ‘ਚ ਕੋਈ ਸ਼ੱਕ ਨਹੀਂ ਕਿ ਕਈ ਸਿਆਸਤਦਾਨ ਤੇ ਤਸਕਰ ਪੰਜਾਬ ਦੀ ਜਵਾਨੀ ਤਬਾਹ ਕਰ ਰਹੇ ਹਨ।

ਪ੍ਰਿਤਪਾਲ ਨਾਲ਼ ਯਾਰੀ ਪਹਿਲੀ ਜਮਾਤ ਤੋਂ ਸੀ। ਮੈਂ ਸੀ ਬੀ ਐੱਸ ਸੀ ਤੇ ਉਹ ਸਰਕਾਰੀ ਸਕੂਲ ‘ਚ ਪੜ੍ਹਦਾ ਸੀ। ਮੇਰੇ ਬਾਪੂ ਸ. ਲੱਖਾ ਸਿੰਘ ਧਾਲੀਵਾਲ ਨੂੰ ਇਸ ਯਾਰੀ ‘ਤੇ ਘੋਰ ਇਤਰਾਜ਼ ਸੀ । ਉਨ੍ਹਾਂ ਕਹਿਣਾ ‘ਤੈਨੂੰ ਚੰਗੇ ਸਕੂਲ ‘ਚ ਅਜਿਹੇ ਦੋਸਤ ਬਣਾਉਣ ਲਈ ਲਾਇਆ?’ ਕੋਈ ਸ਼ੱਕ ਨਹੀਂ ਪ੍ਰਿਤਪਾਲ ਬੇਹੱਦ ਅੱਥਰਾ ਸੀ। ਕਈ ਵਾਰ ਦੋਵਾਂ ਦੀ ਇਕੱਠਿਆਂ ਥੱਪੜ ਪਰੇਡ ਹੋਈ। ਸਾਡੀ ਪੁਲਿਸ-ਡਾਕੂ ਖੇਡਣ ਵਾਲੀ ਲੱਕੜ ਦੀ ਰਫ਼ਲ ਤੋੜ ਦਿੱਤੀ ਗਈ । ਇਕੱਠੇ ਪਤੰਗ ਚੜ੍ਹਾਉਂਦੇ ਤੇ ਗੋਲੀਆਂ ਖੇਡਦੇ ਕੁੱਟੇ ਗਏ। ਸਭ ਕਾਸੇ ਦੇ ਬਾਵਜੂਦ ਅਸੀਂ ‘ਯੇ ਦੋਸਤੀ ਹਮ ਨਹੀਂ ਤੋੜੋਂਗੇ’ ਵਾਂਗ ਡਟੇ ਰਹੇ।

ਮੈਂ ਪੜ੍ਹਦਾ ਰਿਹਾ ਤੇ ਪ੍ਰਿਤਪਾਲ ਛੇਵੀਂ ਚੋਂ ਫੇਲ੍ਹ ਹੋ ਗਿਆ । ਉਹ ਥੋੜ੍ਹਾ ਬਹੁਤ ਰਾਜਗਿਰੀ ਦਾ ਕੰਮ ਕਰਨ ਲੱਗਿਆ । ਦੋਸਤੀ ਜਿਉਂ ਦੀ ਤਿਉਂ ਸੀ । ਬਾਪੂ ਨੇ ਪ੍ਰਿਤਪਾਲ ਲਈ ਜਾਤੀਸੂਚਕ ਸ਼ਬਦ ਵਰਤਕੇ ਕਹਿਣਾ ‘ਇਹ ਤਾਂ 300 ਰੁਪਇਆ ਦਿਹਾੜੀ ਲੈਣ ਲੱਗਜੂ, ਤੈਨੂੰ ਕਿਸੇ ਨੇ 50 ਰੁਪਏ ‘ਤੇ ਨਹੀਂ ਲਿਜਾਣਾ’।

ਮੇਰਾ ਕਾਲਜ ਦਾ ਦੌਰ ਸ਼ੁਰੂ ਹੋਇਆ। ਕਾਲਜ ਦੀ ਵਿਦਿਆਰਥੀ ਸਿਆਸਤ ਮੈਂ ਪਿੰਡ ਲੈ ਆਇਆ। ਧਨੌਲੇ ਬੰਗੇਹਰ ਪੱਤੀ ਦੀ ਸੱਥ ‘ਚ ਦੋਸਤਾਂ ਨਾਲ਼ ਰਾਤ ਦੇ 1-1 ਵਜੇ ਤੱਕ ਪੰਜਾਬ, ਦੇਸ ਤੇ ਦੁਨੀਆ ਦੀ ਸਿਆਸਤ ‘ਤੇ ਚਰਚਾ ਹੋਣ ਲੱਗੀ। ਪ੍ਰਿਤਪਾਲ ਘੱਟ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਹਰ ਵਿਸ਼ੇ ‘ਚ ਸਭ ਤੋਂ ਵੱਧ ਰੁਚੀ ਰੱਖਦਾ ਸੀ। ਇਸੇ ਦੌਰ ‘ਚ ਉਹ ਮੇਰੇ ਨਾਲ਼ ਖੇਤੀਬਾੜੀ ਦੇ ਕੰਮ ਵੀ ਕਰਵਾਉਂਦਾ ਰਿਹਾ।

ਮੈਂ ਓਹਦੀ ਸੂਚਨਾ, ਗਿਆਨ, ਕਿਰਤ ਦੀ ਸਮਰੱਥਾ ਤੇ ਊਰਜਾ ਦਾ ਆਭਾ ਮੰਡਲ ਬੇਹੱਦ ਨੇੜਿਓਂ ਦੇਖਿਆ। ਉਹ ਜਿੰਨੀ ਸ਼ਿੱਦਤ ਨਾਲ਼ ਗਿਆਨ ਦਾ ਆਸ਼ਕ ਸੀ ਓਨਾ ਹੀ ਕਿਰਤ ਨੂੰ ਪਿਆਰ ਕਰਦਾ ਸੀ। ਕਿਤਾਬਾਂ ਤਾਂ ਪੜ੍ਹਦਾ ਹੀ ਸੀ ਕਣਕ ਦੀ ਪਾਂਤ ਉਹ ਮੇਰੇ ਨਾਲ਼ੋਂ ਪਹਿਲਾਂ ਲਾ ਦਿੰਦਾ। ਹੜੰਭੇ ‘ਤੇ ਉਹ ਸਭ ਨੂੰ ਮਾਤ ਪਾ ਦਿੰਦਾ । ਨਰਮਾ ਗੁਡਦਿਆਂ ਉਹ ਮੈਨੂੰ ਹਰਾ ਦਿੰਦਾ । ਮੋਟਰ ‘ਤੇ ਓਹਨੇ ਕਈ ਵਾਰ ਦੇਸੀ ਦਾਰੂ ਨਾਲ਼ ਕਬੂਤਰ ਭੁੰਨੇ। ਇਕ ਵਾਰ ਸੂਏ (ਰਾਜਬਾਹੇ) ‘ਚੋਂ ਕੱਛੂ ਫੜ੍ਹ ਕੇ ਬਣਾਇਆ। ਉਸੇ ਸੂਏ ‘ਚ ਓਹਨੇ ਮੈਨੂੰ ਡਬੋ ਡਬੋ ਕੇ ਤਰਨਾ ਸਿਖਾਇਆ। ਸੂਏ ‘ਚੋਂ ਉਹ ਅੰਧ ਵਿਸ਼ਵਾਸੀ ਲੋਕਾਂ ਦੇ ਛੱਡੇ ਨਾਰੀਅਲ ਸਭ ਤੋਂ ਪਹਿਲਾਂ ਖੁਦ ਖਾ ਕੇ ਸਭ ਦੇ ਅੰਧਵਿਸ਼ਵਾਸ ਦੂਰ ਕਰ ਦਿੰਦਾ।

ਪ੍ਰਿਤਪਾਲ ਆਮ ਨਹੀਂ ਵਿਲੱਖਣ ਪ੍ਰਤਿਭਾ, ਸਮਰੱਥਾ ਤੇ ਊਰਜਾ ਵਾਲਾ ਸ਼ਖਸ ਸੀ । ਜ਼ਿੰਦਗੀ ‘ਚ ਥੋੜ੍ਹਾ ਫ਼ਿਲਮੀ ਸੀ । ਕਮਾਲ ਦੀ ਅਦਾਕਾਰੀ ਕਰਦਾ ਸੀ । ਅਕਸਰ ਦੋ ਪੈਗ ਲਾ ਕੇ ‘ਸ਼ੋਅਲੇ’ ਦਾ ਧਰਮਿੰਦਰ ਤੇ ‘ਗਦਰ’ ਦਾ ਸਨੀ ਦਿਓਲ ਬਣ ਜਾਂਦਾ ।

ਦੁਨੀਆ ਉਸ ਨੂੰ ਪੜ੍ਹ ਨਹੀਂ ਸਕੀ ਤੇ ਉਹ ਦੁਨੀਆ ਨੂੰ । ਉਹ ਬੇਕਿਰਕ ਦੁਨੀਆ ‘ਚ ਫਿੱਟ ਨਾ ਹੋ ਸਕਿਆ । ਉਹ ਨਾ ਸੈਟਲ ਹੋਇਆ ਤੇ ਨਾ ਹੋਣਾ ਚਾਹੁੰਦਾ ਸੀ । ਸੈਟਲ ਦੁਨੀਆ ਨੂੰ ਸਾਹਿਰ ਵਾਂਗ ਟਿੱਚ ਜਾਣਦਾ ਸੀ । ਓਹਨੂੰ ਲੱਗਦਾ ਸੀ “ਯੇ ਦੁਨੀਆ ਅਗਰ ਮਿਲ ਭੀ ਜਾਏ ਤੋ ਕਿਆ ਹੈ”। ਸ਼ਿਵ ਦੇ ਕਹਿਣ ਵਾਂਗ ਪ੍ਰਿਤਪਾਲ ਸਹਿਜੇ ਸਹਿਜੇ ਮਰ ਰਿਹਾ ਸੀ (Slow suicide) । ਨਸ਼ਾ ਓਹਨੂੰ ਮੁਕਤੀ ਦਾ ਸਾਧਨ ਲੱਗਣ ਲੱਗਿਆ। ਓਹਦਾ ਹਾਲ ‘ਕੀ ਪੁੱਛਦਿਓਂ ਹਾਲ ਫਕੀਰਾਂ’ ਵਾਲਾ ਹੋ ਚੁੱਕਿਆ ਸੀ। ਉਹ ਸਮਝਣ ਸਮਝਾਉਣ ਵਾਲੀ ਖੇਡ ‘ਚੋਂ ਬਾਹਰ ਸੀ।

ਯਿਸੂ ਮਸੀਹ ਕਹਿੰਦੇ ਨੇ ‘ਬੱਚਾ ਧਰਤੀ ਤੇ ਰੱਬ ਦਾ ਰੂਪ ਹੈ’ । ਮਨੋਵਿਗਿਆਨੀ ਫਰਾਇਡ ਕਹਿੰਦਾ ਹੈ ‘ਬਚਪਨ ਦੀਆਂ ਘਟਨਾਵਾਂ ਦਾ ਅਸਰ ਮਨੁੱਖ ‘ਤੇ ਤਾਅ ਉਮਰ ਰਹਿੰਦਾ ਹੈ’ । ਬਚਪਨ ‘ਚ ਮਾਂ ਪਿਓ ਦੀ ਮੌਤ ਨੇ ਪ੍ਰਿਤਪਾਲ ਤੋਂ ਓਹਦਾ ‘ਰੱਬ ਹੋਣਾ’ ਖੋਹ ਲਿਆ । ਉਹੀ ਓਹਨੂੰ ਜ਼ਿੰਦਗੀ ਭਰ ਤੰਗ ਕਰਦਾ ਰਿਹਾ। ਬਚਪਨ ‘ਚ ਓਹਨੂੰ ਪਿਆਰ ਨਹੀਂ ਅਦਿੱਖ ਹਿੰਸਾ ਮਿਲੀ। ਹਿੰਸਾ ਨੇ ਓਹਦੇ ‘ਚ ਹਿੰਸਾ ਕੁੱਟ ਕੁੱਟ ਭਰ ਦਿੱਤੀ। ਨਸ਼ਾ ਇਸੇ ਹਿੰਸਾ ਦਾ ਨਤੀਜਾ ਸੀ। ਬਚਪਨ ‘ਚ ਮਾਂ ਪਿਓ ਦਾ ਪਿਆਰ ਨਾ ਮਿਲਿਆ । ਜਵਾਨੀ ‘ਚ ਇਸ਼ਕ ਦੇ ਰੰਗ ਨਾ ਲੱਗੇ। ਪਿਆਰ ਨੇ ਹੀ ਓਹਦੇ ਬਚਪਨ ਦੀਆਂ ਸੱਟਾਂ ਨੂੰ ਹੀਲ ਕਰਨਾ ਸੀ, ਪਰ ਬਦਕਿਸਮਤੀ ਨੂੰ ਓਹਦੀ ਪਤਨੀ ਨਾਲ਼ ਵੀ ਨਾ ਬਣ ਸਕੀ।

ਓਹਦਾ ਭਾਵੁਕ ਪੱਖ ਹਮੇਸ਼ਾ ਡਾਵਾਂਡੋਲ ਰਿਹਾ। ਇਹੀ ਡਾਵਾਂਡੋਲਤਾ ਪ੍ਰਿਤਪਾਲ ਨੂੰ ਦਾਰੂ, ਚਿੱਟੇ ਤੋਂ ਝਗੜਾਲੂ ਹੋਣ ਤੱਕ ਲੈ ਆਈ । ਡਾਵਾਂਡੋਲ ਅਤੇ ਭਾਵੁਕ ਬੰਦਿਆਂ ਦੀ ਤਾਕਤ ਕਮਜ਼ੋਰੀ ਤੇ ਕਮਜ਼ੋਰੀ ਤਾਕਤ ਹੁੰਦੀ ਹੈ। ਪ੍ਰਿਤਪਾਲ ਦੀ ਤਾਕਤ ਹੀ ਕਮਜ਼ੋਰੀ ਬਣਦੀ ਗਈ। ਹਾਲਾਂਕਿ ਭਾਵਕ ਹੋਣਾ ਕੋਈ ਮਾੜੀ ਗੱਲ ਨਹੀਂ। ਭਾਵਕ ਨਾ ਹੋਣ ਵਾਲੇ ਪ੍ਰੈਕਟੀਕਲ ਲੋਕ ਬੇਹੱਦ ਖਤਰਨਾਕ ਹੋ ਜਾਂਦੇ ਹਨ। ਅਜਿਹੇ ਲੋਕ ਜ਼ਿੰਦਗੀ ਭਰ ਆਪਣੇ ‘ਹੋਣ ਦੀ ਤਸਦੀਕ’ ਨਹੀਂ ਕਰ ਸਦਕੇ।

ਲੋਹਾ ਲੋਹੇ ਨੂੰ ਵੱਢਦਾ । ਜ਼ਹਿਰ ਜ਼ਹਿਰ ਨੂੰ ਮਾਰਦੀ ਹੈ । ਪ੍ਰਿਤਪਾਲ ਨੂੰ ਆਪਣੇ ਹਾਣ ਦਾ ਨਾ ਲੋਹਾ ਮਿਲਿਆ ਤੇ ਨਾ ਜ਼ਹਿਰ । ਅਜਿਹੇ ਬੇਹੱਦ ਸਮਰੱਥਾ ਤੇ ਊਰਜਾ ਵਾਲੇ ਲੋਕਾਂ ਨੂੰ ‘ਮੁਹੱਬਤੀ ਦਰਵੇਸ਼ ਆਸਰਿਆਂ’ ਦੀ ਲੋੜ ਹੁੰਦੀ ਹੈ। ਆਸਰੇ ਓਹਦੇ ਨੇੜੇ ਆਉਣ ਦੀ ਥਾਂ ਦੂਰ ਹੁੰਦੇ ਗਏ । ਸਾਡਾ ਸਮਾਜ ਏਨਾ ਅਮੀਰ ਨਹੀਂ ਹੋਇਆ ਕਿ ਉਹ ਊਰਜਾਵਾਨ ਲੋਕਾਂ ਨੂੰ ਸਾਂਭ ਸਕੇ। ਕੋਸ਼ਿਸ਼ਾਂ ਦੇ ਬਾਵਜੂਦ ਅਸੀਂ ਸਾਰੇ ਉਸ ਨੂੰ ਸਭ ਕੁਝ ਦੇਣ ‘ਚ ਅਸਫਲ ਰਹੇ। ਹੁਣ ਪ੍ਰਿਤਪਾਲ ਨਾਲ਼ ਰਿਸ਼ਤਾ ਸ਼ਬਦਾਂ ਤੋਂ ਪਾਰ ਦਾ ਹੈ। ਉਹ ਸ਼ਬਦ ਤੋਂ ਮੁਕਤ ਹੋ ਗਿਆ ਪਰ ਮੈਨੂੰ ਓਹਦੇ ਨਾਲ਼ ਗੱਲਾਂ ਕਰਨ ਨੂੰ ‘ਸ਼ਬਦ’ ਹੀ ਚੁਣਨੇ ਪਏ ।

ਕਿਹੜਾ ਪੰਜਾਬ ਯਾਦਵਿੰਦਰ ਕਰਫਿਊ

ਇਕੱਲਤਾ ਖਾ ਗਈ ਬੰਦੇ ਨੂੰ ਮੇਰੇ ਹਿੱਸੇ ਦੇ ਆਰਟਿਸਟ ਮਲਕੀਤ

“ਇਕੱਲਤਾ ਖਾ ਗਈ ਮਲਕੀਤ ਜੀ ਨੂੰ”। ਮੇਰੇ ਜਵਾਬ ‘ਚ ਦੋਸਤ ਨੇ ਕਿਹਾ ‘ਵੈਸੇ ਇਕੱਲਤਾ ਜੀਵਨ ਬਖਸ਼ਦੀ ਹੈ’। ਮੈਂ ਕਿਹਾ ‘ਜ਼ਿੰਦਗੀ ਦੇ ਸੰਦਰਭ ਤੇ ਬੰਦੇ ਦੀ ਸਮਝ, ਤਾਸੀਰ ਨਾਲ਼ ਬਹੁਤ ਕੁਝ ਤੈਅ ਹੁੰਦਾ’। ਅਸਲ ‘ਚ ਸੰਵੇਦਨਾ ਹੀ ਮਨੁੱਖ ਨੂੰ ਜਿਉਂਦਾ ਰੱਖਦੀ ਹੈ। ਸੰਵੇਦਨਾ ਮਰਨ ਨਾਲ਼ ਮਨੁੱਖ ਮਰ ਜਾਂਦੈ। ‘ਕਲਾਕਾਰ’ ਇਸੇ ਲਈ ਹਮੇਸ਼ਾਂ ‘ਅਸਾਧਾਰਨ’ ਜ਼ਿੰਦਗੀ ਜਿਉਂਦਾ ਹੈ ਕਿਉਂਕਿ ਉਹ ‘ਸਧਾਰਨ’ ਹੁੰਦਾ ਹੀ ਨਹੀਂ ।

ਆਰਟਿਸਟ ਮਲਕੀਤ ਸਿੰਘ ਚਲੇ ਗਏ। 48 ਸੈਕਟਰ ਦੇ ਫਲੈਟੋਂ ਲਾਸ਼ ਪਿੰਡ ਰੋਡੇ-ਲੰਡੇ ਚਲੀ ਗਈ। ਸਸਕਾਰ ਹੋ ਗਿਆ। ਹੁਣ ਬੱਸ ਯਾਦਾਂ ਨੇ । ਜਿਵੇਂ ਕੋਈ ਕਹੇ “ਮਰੇ ਪਿੱਛੋਂ ਹੋਈ ਤਾਂ ਸਲਾਮ ਕਿਹੜੇ ਕੰਮ ਦੀ”। ਮਲਕੀਤ ਜੀ ਨਾਲ਼ ਮੇਰਾ ਕੋਈ ਸਿੱਧਾ ਵਾਹ ਵਾਸਤਾ ਨਹੀਂ ਸੀ । ਉਨ੍ਹਾਂ ਬਾਰੇ ਥੋੜ੍ਹਾ ਬਹੁਤ ਸੁਣਿਆ ਜ਼ਰੂਰ ਸੀ ।

ਡੇਢ ਕੁ ਸਾਲ ਪਹਿਲਾਂ ‘ਦਿ ਟ੍ਰਿਬਿਊਨ’ ਦੇ ਤਤਕਾਲੀ ਬਿਓਰੋ ਚੀਫ਼ ਸਰਬਜੀਤ ਧਾਲੀਵਾਲ ਹੋਰਾਂ ਨੂੰ ਕੁਝ ਸਮੇਂ ਤੋਂ ਆਪਣੇ ਇਕ ‘ਕੰਮ’ ਲਈ ਕਹਿ ਰਿਹਾ ਸੀ। ਹਰ ਵਾਰ ਜਦੋਂ ਫੋਨ ਕਰਨਾ ਉਨ੍ਹਾਂ ਕਹਿਣਾ ‘ਹਾਂ ਮੈਂ ਸੋਚ ਰਿਹਾਂ’। ਫੇਰ ਇਕ ਦਿਨ ਰਾਤ ਨੂੰ ਕਾਲ ਆਈ ‘ਆਜਾ ਸਵੇਰੇ 6 ਵਜੇ। ਮੇਰੇ ਘਰ ਕੋਲ 49 ਸੈਕਟਰ ਪਾਰਕ ‘ਚ ਸੈਰ ਕਰਦੇ ਹਾਂ। ਸੈਰ ਮੁੱਕੀ ਤਾਂ ਕਹਿੰਦੇ ‘ਚੱਲ ਤੇਰੇ ‘ਕੰਮ’ ਲਈ ਇਕ ਬੰਦੇ ਨਾਲ਼ ਮਿਲਵਾਉਣਾ’ । ਇਹ ‘ਕੰਮ’ ਕਰਵਾ ਸਕਦੇ ਨੇ ਤੇਰਾ।

ਆਰਟਿਸਟ ਮਲਕੀਤ ਨਾਲ਼ ਇਹ ਪਹਿਲੀ ਮੁਲਾਕਾਤ ਸੀ। ਓਦਣ ਵੀ ਬਿਮਾਰ ਸੀ ਉਹ। ਵਾਹਵਾ ਗੱਲਾਂ ਹੋਈਆਂ। ਮੱਲੋ ਮੱਲੀ ਉਨ੍ਹਾਂ ਦੀ ਹਰ ਗੱਲ ‘ਚ ਪਿੰਡ ਆ ਜਾਂਦਾ। ਮੈਨੂੰ ਜਚ ਜੇ ਗਏ ਉਹ। ਮੈਂ ਸੋਚਿਆ ਕਿੰਨੀ ਖੂਬਸੂਰਤ ਗੱਲ ਐ ‘ਸਾਰੀ ਉਮਰ ਚੰਡੀਗੜ੍ਹ ਸ਼ਹਿਰ ਦੇ ਇਲੀਟ ਸਰਕਲਾਂ ‘ਚ ਰਹੇ ਬੰਦੇ ‘ਤੇ ਸ਼ਹਿਰ ਦਾ ਰੰਗ ਨਹੀਂ ਚੜ੍ਹਿਆ’। ਅਜਿਹੇ ਲੋਕਾਂ ‘ਚ ਮੈਂ ਜਲਦੀ ਸਹਿਜ ਹੋ ਜਾਨਾਂ। ਮੈਨੂੰ ਮਲਕੀਤ ਜੀ ਦੇ ਸੁਭਾਅ ਨਾਲ਼ ਪਿਆਰ ਹੋ ਗਿਆ। ਗੱਲਾਂ ਕਰਦਿਆਂ ਕਰਦਿਆਂ ਅਸੀਂ ਚਾਹ ਬਣਾਈ। ਚਾਹ ਪੀਤੀ ਪਰ ਮੇਰੇ ‘ਕੰਮ’ ਦੀ ਕੋਈ ਗੱਲ ਨਾ ਹੋਈ। ਜਾਂਦੇ ਹੋਏ ਮੈਨੂੰ ਕਹਿੰਦੇ ‘ਆ ਜਾਇਆ ਕਰ ਯਾਰ ਜਦੋਂ ਟਾਈਮ ਹੁੰਦੈ’।

ਫੇਰ ਮਲਕੀਤ ਜੀ ਨਾਲ਼ ਫੋਨ ‘ਤੇ ਗੱਲ ਹੋਣ ਲੱਗੀ। ਕੁਦਰਤੀ ਸਮਾਂ ਪੈਣ ਨਾਲ਼ ਮੈਂ ‘ਕੰਮ’ ਵਾਲੀ ਇੱਛਾ ਤੋਂ ਵੀ ‘ਮੁਕਤ’ ਹੋ ਗਿਆ। ਇਕ ਦਿਨ ਮੈਂ ਸ਼ਾਮ 5-6 ਵਜੇ ਫੋਨ ‘ਤੇ ਪੁੱਛਿਆ “ਘਰ ਹੋਂ? ਕਹਿੰਦੇ ਆਜਾ ਮੈਂ ਕਿੱਥੇ ਜਾਣਾ। ਘਰ ਈ ਆਂ।” ਮੈਂ ਘਰ ਗਿਆ। ਉਹ ਦਵਾਈਆਂ ਦਾ ਥੱਬਾ ਮੇਜ਼ ‘ਤੇ ਰੱਖੀ ਬੈਠੇ ਸੀ। ਕਹਿੰਦੇ ਯਾਰ ਇਹ ਦਵਾਈਆਂ ਪਤਾ ਨਹੀਂ ਮੈਂ ਖਾ ਰਿਹਾਂ ਜਾਂ ਮੈਨੂੰ ਖਾ ਰਹੀਆਂ ਨੇ। ਫੇਰ ਇਕਦਮ ਮੈਨੂੰ ਪੁੱਛਿਆ “ਪੈਗ ਲਾਵੇਂਗਾ? ਸ਼ਰਾਬ ਪਈ ਆ ਪਰ ਮੈਂ ਸਿਹਤ ਕਾਰਨ ਕੰਪਨੀ ਨਹੀਂ ਦੇ ਸਕਦਾ। ਮੈਂ ਕਿਹਾ ਨਹੀਂ ਬਾਈ ਜੀ, ਮੈਂ ਅੱਜਕਲ੍ਹ ਛੱਡੀ ਹੋਈ ਆ”।

ਕਹਿੰਦੇ ਮੈਂ ਇਕੱਲਾ ਹੀ ਰਹਿਨਾਂ। ਚਾਹ ਕਿਸੇ ਨੇ ਨਹੀਂ ਬਣਾਉਣੀ । ਤੂੰ ਚਾਹ ਬਣਾ ਲੈ। ਮੈਂ ਚਾਹ ਬਣਾ ਲਈ। ਉਨ੍ਹਾਂ ਨੇ ਰਾਮਦੇਵ ਦੇ ਬਿਸਕੁਟ ਰੱਖ ਦਿੱਤੇ। ਗੱਲਾਂ ਸ਼ੁਰੂ ਹੋ ਗਈਆਂ। ਕਲਾ, ਪਿੰਡ, ਜ਼ਿੰਦਗੀ ਦੀਆਂ ਕੌੜੀਆਂ ਮਿੱਠੀਆਂ ਗੱਲਾਂ ਹੁੰਦੀਆਂ ਰਹੀਆਂ। ਪਤਾ ਨਹੀਂ ਏਨੇ ਨੇੜੇ ਹੋ ਗਏ ਜਾਂ ਉਨ੍ਹਾਂ ਕੋਲ ਕੋਈ ਸੁਣਨ ਵਾਲਾ ਬੜੀ ਦੇਰ ਬਾਅਦ ਆਇਆ ਸੀ। ਮੇਰੇ ਨਾਲ਼ ਪਰਿਵਾਰਕ ਟੁੱਟ ਭੱਜ ਦੀਆਂ ਗੱਲਾਂ ਕਰਨ ਲੱਗੇ। ਪਤਨੀ-ਬੱਚੇ ਟੋਰਾਂਟੋ ਰਹਿੰਦੇ ਨੇ । ਵਾਹਵਾ ਚਿਰ ਹੋ ਗਿਆ ਅਲੱਗ ਹੋਇਆਂ ਨੂੰ । ਕਹਿੰਦੇ ਕਾਫੀ ਸਮੇਂ ਦਾ ਬਿਮਾਰ ਹਾਂ ਪਰ ਮਿਲਣ ਨਹੀਂ ਆਉਂਦਾ ਕੋਈ। ਯਾਰਾਂ ਦੋਸਤਾਂ ਦੇ ਗੇੜੇ ਵੀ ਘਟ ਗਏ ਨੇ। ਹੋਰ ਬਹੁਤ ਗੱਲਾਂ ਹੋਈਆਂ । ਮੇਰੀ ਯਾਰੀ ਜਿਹੀ ਪੈ ਗਈ ਮੇਰੀ ਬਾਪੂ ਦੇ ਉਮਰ ਤੋਂ ਵੱਡੇ ਮਲਕੀਤ ਜੀ ਨਾਲ਼।

ਫੇਰ ਇਕ ਦੋ ਵਾਰ ਹੋਰ ਗਿਆ ਮੈਂ ਉਨ੍ਹਾਂ ਕੋਲ। ਆਪਣੀਆਂ ਪੇਂਟਿੰਗਜ਼ ਨੂੰ ਪਰਿਭਾਸ਼ਤ ਕਰਦੇ। ਫੇਰ ਸਿੱਧੂ ਦਮਦਮੀ ਵੱਲੋਂ ਸੰਪਾਦਤ ‘ਸੰਖ’ ਮੈਗਜ਼ੀਨ ਕੱਢ ਲਿਆਏ। ਆਪਣੇ ਪੁਰਾਣੇ ਲੇਖ ਦਿਖਾਉਣ ਲੱਗੇ। ਕੁਝ ਦੀਆਂ ਫੋਟੋ ਸਟੇਟਾਂ ਦੇ ਕੇ ਕਹਿੰਦੇ ‘ਪੜ੍ਹ ਕੇ ਦੱਸੀਂ ਮੈਂ ਕਿਹੋ ਜਿਹਾ ਲਿਖਦਾਂ” । ਐਤਕੀਂ “ਵਾਹਗਾ” ਵਾਲਿਆਂ ਨੇ ਵੀ ਮੇਰਾ ਲੇਖ ਮੰਗਿਆ। ਮੇਰੇ ਮਿੱਤਰ ਬੀਬਾ ਬਲਵੰਤ ‘ਤੇ ‘ਸੰਭਾਵਨਾ’ ਮੈਗਜ਼ੀਨ ਨੇ ਵਿਸ਼ੇਸ਼ ਅੰਕ ਕੱਢਿਐ। ਦੇਖ ਮੈਂ ਵੀ ਇਸ ‘ਚ ਲੇਖ ਲਿਖਿਆ। ਬੀਬੇ ਨੂੰ ਜਵਾਨੀ ‘ਚ ਇਕ ਬੀਬੀ ਨੇ ਸ਼ਿਵ ਕੁਮਾਰ ਬਣਾ ‘ਤਾ ਸੀ । ਇਹ ਮੇਰੇ ਦੌਰ ‘ਚ ਹੀ ਆਰਟ ਕਾਲਜ ਚੰਡੀਗੜ੍ਹ ਪੜ੍ਹਦਾ ਸੀ।

ਮੈਨੂੰ ਗੱਲਾਂ ‘ਚ ਲੱਗਿਆ ਮਲਕੀਤ ਜੀ ਏਨੀ ਬਿਮਾਰੀ ‘ਚ ਵੀ ਮਰਨਾ ਨਹੀਂ ਜਿਉਣਾ ਚਾਹੁੰਦੇ ਨੇ’ । ਇਹ ਜਿਉਣ ਦਾ ਸੰਵਾਦ ਸੀ । ਬੰਦੇ ਨੂੰ ਜਿਉਣ ਲਈ ਸਪੇਸ ਚਾਹੀਦੇ ਨੇ । ਸਪੇਸ ਮਿਲ ਜਾਂਦੇ ਨੇ ਤਾਂ ਬੰਦੇ ਜਿਉਂਦੇ ਰਹਿੰਦੇ ਨੇ ਨਹੀਂ ਫਿਰ ਚਲੇ ਤਾਂ ਜਾਣਾ ਹੀ ਹੁੰਦੈ।

ਆਖਰੀ ਦਿਨਾਂ ‘ਚ ਉਹ ਇਕੱਲੇ ਸੀ । ਮੈਨੂੰ ਲੱਗਦੈ ਇਕੱਲੇ ਨਾ ਹੁੰਦੇ ਸ਼ਾਇਦ ਹੋਰ ਜਿਉਂਦੇ ਪਰ ਮੇਰੇ ਦੋਸਤ ਦੀ ‘ਇਕੱਲਤਾ’ ਦੀ ਜ਼ਿੰਦਗੀ ਬਖ਼ਸ਼ਣ ਵਾਲੀ ਗੱਲ ਵੀ ਤਾਂ ਸਾਹਮਣੇ ਹੈ। ਸ਼ਾਇਦ ਬੁੱਧ ਇਕੱਲਤਾ ਨੇ ਬਖ਼ਸ਼ਿਆ ਸੀ । ਉਹ ਪਹਿਲਾਂ ਇਕੱਲੇ ਹੋਏ। ਫੇਰ ਸਾਰਿਆਂ ‘ਚੋਂ ਹੋ ਕੇ ਵੀ ਇਕੱਲੇ ਸੀ ਪਰ ਹਰ ਕੋਈ ‘ਬੁੱਧ’ ਥੋੜ੍ਹੀ ਹੋ ਸਕਦੈ?

ਕਲਾਕਾਰਾਂ ਦੀ ਜ਼ਿੰਦਗੀ ਹੀ ਨਹੀਂ ਮੌਤ ਵੀ ਰਹੱਸ ਵਰਗੀ ਹੁੰਦੀ ਹੈ। ਵੀਹਵੀਂ ਸਦੀ ‘ਚ ਜੋਹਨ ਕੀਟਸ ਤੇ ਸ਼ਿਵ ਕੁਮਾਰ ਵਰਗੇ ਕਿੰਨੇ ਹੀ ਪਿਆਰੇ ਲੇਖਕ, ਕਵੀ ਬੇਹੱਦ ਛੋਟੀ ਉਮਰ ‘ਚ ਚਲੇ ਗਏ । ਉਨ੍ਹਾਂ ਤੋਂ ਦੁੱਗਣਾ, ਡਿੱਗਣਾ ਜਿਉਣ ਵਾਲੇ ਉਨ੍ਹਾਂ ਜਿਹਾ ਕੁਝ ਨਾ ਕਰ ਸਕੇ।

ਵੈਸੇ ਤਾਂ ਅਸਲ ਕਲਾਕਾਰ ਲਈ ਜਿਉਣਾ ਵੀ ਕਿੰਨਾ ਕੁ ਅਹਿਮ ਹੈ? ਵੱਡੇ ਲੋਕ ਕਹਿੰਦੇ ਨੇ ਜੇ ਸੁਣਨ, ਬੋਲਣ, ਲਿਖਣ ਤੇ ਬਨਾਉਣ ਲਈ ਕੁਝ ਨਾ ਬਚਿਆ ਹੋਵੇ ਤਾਂ ਜ਼ਿੰਦਗੀ ਦਾ ਕੀ ਮਤਲਬ ਹੈ? ਉਹ ਤਾਂ ਕਿਸੇ ਜਾਗੇ ਮਨੁੱਖ ਦੀ ਖੁਦਕੁਸ਼ੀ ਨੂੰ ਵੀ ਬੁਜ਼ਦਿਲੀ ਨਹੀਂ ਕਹਿੰਦੇ। ਸ਼ਾਇਦ ਮਲਕੀਤ ਜੀ ਕੋਲ ਸੁਣਨ, ਬੋਲਣ, ਲਿਖਣ ਤੇ ਬਣਾਉਣ ਨੂੰ ਕੁਝ ਨਹੀਂ ਬਚਿਆ ਸੀ?

ਅਲਵਿਦਾ ਮਲਕੀਤ ਜੀ ।

ਸਿਆਸਤ

ਸਿਹਤ ਤੇ ਵਿੱਦਿਆ ਵਿਚਾਰੀ ਕਾਰਪੋਰੇਟਾਂ ਨੇ ਖਾ ਲਈ

ਬੌਧਿਕ ਤੇ ਸਰੀਰਕ ਪੂੰਜੀ ਕੌਮਾਂ ਦੀ ਤਰੱਕੀ ਦਾ ਸਰਮਾਇਆ ਹੁੰਦੀਆਂ ਹਨ। ਇਸੇ ਲਈ ਸਿਹਤ ਸਹੂਲਤਾਂ ਤੇ ਸਿੱਖਿਆ ਹਰ ਸਮਾਜ ਦੀ ਬੁਨਿਆਦ ਮੰਨੇ ਜਾਂਦੇ ਹਨ। ਸਿੱਖਿਆ ਨਾਲ਼ ਜਾਗਰੂਕਤਾ ਆਉਂਦੀ ਹੈ ਤੇ ਸਿਹਤ ਸਹੂਲਤਾਂ ਨਾਲ਼ ਸਮਾਜ ਨਰੋਏ ਤੇ ਤੰਦਰੁਸਤ ਰਹਿੰਦੇ ਹਨ। ਦੁਨੀਆ ਭਰ ਦੀਆਂ ਚੰਗੀਆਂ ਸਰਕਾਰਾਂ ਸਿਹਤ ਸਹੂਲਤਾਂ ਤੇ ਸਿੱਖਿਆ ਨੂੰ ਸਭ ਤੋਂ ਅਹਿਮ ਏਜੰਡੇ ‘ਤੇ ਰੱਖਦੀਆਂ ਹਨ। ਸਿੱਖਿਆ ਤੇ ਸਿਹਤ ਸਹੂਲਤਾਂ ਦੇ ਬਜਟ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਕਿਉਂਕਿ ਇਨ੍ਹਾਂ ਦੇ ਜ਼ਰੀਏ ਹੀ ਸਮਾਜ ਅੱਗੇ ਵਧਦੇ ਹਨ।

ਸਿਹਤ ਤੇ ਸਿੱਖਿਆ ਸਸਤੀ ਤੋਂ ਸਸਤੀ ਦੇਣਾ ਰਾਜ ਦਾ ਮੁੱਢਲਾ ਫਰਜ਼ ਵੀ ਹੁੰਦਾ ਹੈ। ਸਿਹਤ ਤੇ ਸਿੱਖਿਆ ਤੋਂ ਕੋਈ ਵਾਂਝਾ ਨਾ ਰਹੇ ਇਹ ਰਾਜ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਪਿਛਲੇ ਸਮੇਂ ‘ਚ ਭਾਰਤ ਤੇ ਪੰਜਾਬ ‘ਚ ਸਿੱਖਿਆ ਪੱਖੋਂ ਗਿਰਾਵਟ ਆਈ ਹੈ। ਸਿੱਖਿਆ ਤੇ ਸਿਹਤ ਆਮ ਬੰਦੇ ਦੀ ਪਹੁੰਚ ‘ਚੋਂ ਬਾਹਰ ਹੋਏ ਹਨ। ਹਾਲਾਤ ਇਹ ਹੈ ਕਿ ਗਰੀਬ ਬੰਦਾ ਨਾ ਚੰਗੀ ਸਿੱਖਿਆ ਪ੍ਰਾਪਤ ਕਰ ਸਕਦਾ ਹੈ ਤੇ ਨਾ ਹੀ ਮੁਸੀਬਤ ਪੈਣ ‘ਤੇ ਚੰਗਾ ਇਲਾਜ ਕਰਵਾ ਸਕਦਾ ਹੈ।

ਨੱਬੇਵਿਆਂ ‘ਚ ਨਵੀਆਂ ਆਰਥਿਕ ਨੀਤੀਆਂ ਦੇ ਦੌਰ ਤੋਂ ਬਾਅਦ ਵੱਡੇ ਪੱਧਰ ਸਿੱਖਿਆ ਤੇ ਸਿਹਤ ਦਾ ਨਿੱਜੀਕਰਨ ਹੋਣਾ ਸ਼ੁਰੂ ਹੋਇਆ ਹੈ। ਜਨਤਕ ਖੇਤਰ ਦੇ ਅਦਾਰੇ ਬਿਮਾਰ ਹੋਣੇ ਸ਼ੁਰੂ ਹੋਏ ਅਤੇ ਪ੍ਰਾਈਵੇਟ ਹਸਪਤਾਲ, ਯੂਨੀਵਰਸਿਟੀਆਂ ਤੇ ਕਾਲਜ ਸੜਕਾਂ ਕਿਨਾਰੇ ਖੁੰਬਾਂ ਵਾਂਗ ਉੱਗ ਖੜ੍ਹੇ ਹੋਏ ਹਨ। ਸਰਕਾਰਾਂ ਨੇ ਜਨਤਕ ਖੇਤਰ ਦੇ ਸਿਹਤ ਤੇ ਸਿੱਖਿਆ ਅਦਾਰਿਆਂ ‘ਚੋਂ ਆਪਣੇ ਹੱਥ ਖਿੱਚਣੇ ਸ਼ੁਰੂ ਕਰ ਦਿੱਤੇ ਹਨ ਤੇ ਜਨਤਕ ਸਿਹਤ ਤੇ ਸਿੱਖਿਆ ਅਦਾਰਿਆਂ ਦਾ ਬੁਰਾ ਹਾਲ ਹੁੰਦਾ ਗਿਆ। ਇਸ ਦਾ ਸਭ ਤੋਂ ਵੱਡਾ ਖਮਿਆਜਾ ਗਰੀਬਾਂ ‘ਚੋਂ ਸਭ ਤੋਂ ਗਰੀਬ ਲੋਕਾਂ ਨੂੰ ਭੁਗਤਣਾ ਪਿਆ। ਜਿਹੜੇ ਲੋਕ ਪਹਿਲਾਂ ਹੀ ਹਾਸ਼ੀਏ ‘ਤੇ ਸਨ ਉਹ ਹੋਰ ਹਾਸ਼ੀਆਗਤ ਹੋ ਗਏ। ਨਵੀਆਂ ਆਰਥਿਕ ਨੀਤੀਆਂ, ਨਵੀ ਆਰਥਿਕਤਾ ਅਤੇ ਸੰਸਾਰੀਕਰਨ ਵਰਗੇ ਵੱਡੇ ਵੱਡੇ ਸ਼ਬਦ ਛੋਟੇ ਛੋਟੇ ਲੋਕਾਂ ਨੂੰ ਖਾਣ ਲੱਗੇ ।

ਪੰਜਾਬ ਇਸ ਦੁਰ-ਪ੍ਰਭਾਵ ਤੋਂ ਮੁਕਤ ਕਿਵੇਂ ਰਹਿ ਸਕਦਾ ਸੀ। ਪੰਜਾਬ ‘ਚ ਵੀ ਜਨਤਕ ਖੇਤਰ ‘ਚ ਸਿਹਤ ਸਹੂਲਤਾਂ ਤੇ ਸਿੱਖਿਆ ਡਾਵਾਂਡੋਲ ਹੋਣ ਲੱਗੀ। ਪੰਜਾਬ ਸਰਕਾਰ ਦੇ ਅੰਕੜਾਸਾਰ ਮੁਤਾਬਕ ‘ਪੰਜਾਬ ਸਰਕਾਰ ਦੇ ਕੁੱਲ ਬਜਟ ‘ਚੋਂ ਸਿਹਤ ਸਹੂਲਤਾਂ ਤੇ ਸਿੱਖਿਆ ਦਾ ਬਜਟ ਲਗਾਤਾਰ ਘਟਿਆ ਹੈ। ਅੰਕੜਾਸਾਰ ਦੇ ਅੰਕੜਿਆਂ ਮੁਤਾਬਕ ‘ਪੰਜਾਬ ‘ਚ ਸਿੱਖਿਆ ਦਾ ਬਜਟ 1970-71 ‘ਚ ਕੁੱਲ ਬਜਟ ਦਾ 33.97 ਫੀਸਦੀ ਸੀ ਜਿਹੜਾ 1980-81 ਤੱਕ ਆਉਂਦਿਆਂ ਆਉਂਦਿਆਂ 25.5 ਫੀਸਦ ਰਹਿ ਗਿਆ । 1990-91 ‘ਚ 20.24 ਫੀਸਦੀ , 2000-2001 ‘ 16.48 ਫੀਸਦ , 2010-2011 ‘ਚ 13.74 ਫੀਸਦ ਤੇ 2011-12 ‘ਚ 16.01 ਫੀਸਦੀ ਹੋਇਆ। ਅਗਲੇ ਕੁਝ ਸਾਲਾਂ ‘ਚ ਇਹ ਥੋੜ੍ਹਾ ਬਹੁਤਾ ਵਧਿਆ ਕਿਉਂਕਿ ਇਨ੍ਹਾਂ ਸਾਲਾਂ ‘ਚ ਸਿੱਖਿਆ ਬਾਰੇ ਕੇਂਦਰ ਸਰਕਾਰ ਨੇ ਕਈ ਨਵੀਆਂ ਸਕੀਮਾਂ ‘ਚ ਪੈਸਾ ਲਾਇਆ। ਇਸੇ ਕਰਕੇ 2012-13 ‘ਚ ਇਹ 16.80 ਫੀਸਦੀ ਹੋਇਆ। 2013-14 ‘ਚ ਘਟ ਕੇ ਫੇਰ 15.42 ਫੀਸਦੀ ਹੋਂ ਗਿਆ । 2014-15 ‘ਚ 16.60 ਫੀਸਦ , 2015-16 ‘ਚ 15.33, 2016-17 14.44 डे 2017-18 ‘ਚ ਫੇਰ ਘੱਟ ਕੇ 12.50 ਫੀਸਦੀ ਰਹਿ ਗਿਆ। 2018-19 ਇਹ 12.78 ਫੀਸਦ ਹੋਇਆ ਤੇ 2019-20 ਘਟ ਕੇ ਫੇਰ 10.86 ਰਹਿ ਗਿਆ।

ਇਸੇ ਤਰ੍ਹਾਂ ਬਜਟ ਦੇ ਕੁੱਲ ਹਿੱਸੇ ‘ਚੋਂ ਸਿਹਤ ਸਹੂਲਤਾਂ ‘ਤੇ ਖਰਚ ਹੋਣ ਵਾਲੇ ਬਜਟ ‘ਚ ਵੀ ਵੱਡੀ ਗਿਰਾਵਟ ਆਈ। 1970-71 ਦੇ ਕੁੱਲ ਬਜਟ ‘ਚੋਂ ਪੰਜਾਬ ਸਰਕਾਰ ਸਿਹਤ ਸਹੂਲਤਾਂ ‘ਤੇ 11.10 ਫੀਸਦੀ ਖਰਚ ਕਰਦੀ ਸੀ ਜੋ 1980-81 ‘ਚ ਘਟ ਕੇ 8.90 ਫੀਸਦ ਰਹਿ ਗਿਆ। 1990-91 ‘ਚ ਇਹ 7.75 ਫੀਸਦੀ ਹੋਇਆ ਤੇ 2000-2001 ਤੱਕ ਆਉਂਦਿਆਂ 5.83 ਫੀਸਦੀ ਰਹਿ ਗਿਆ। 2010-11 ‘ਚ 3.84 ਫੀਸਦ , 2011-12 ‘ 4.69 ਫੀਸਦ, 2012-13 ‘ 4.55 ਫੀਸਦ , 2013-14 ‘ 4.53 ਫੀਸਦ, 2014-15 ‘ਚ 4.81ਫੀਸਦ , 2015-16 ‘ਚ 4.83 ਫੀਸਦ , 2016-17 ‘ 4.35 ਫੀਸਦੀ , 2017-18 ‘ 3.80, 2018- 19 ‘ਚ 3.98 ਤੇ 2019-20 ‘ਚ ਘਟ ਕੇ 3.69 ਰਹਿ ਗਿਆ।

ਕਿਹੜਾ ਪੰਜਾਬ ਯਾਦਵਿੰਦਰ ਕਰਫਿਊ

ਪੰਜਾਬ ਸਰਕਾਰ ਦੇ ਹੀ ਅੰਕੜੇ ਦੱਸਦੇ ਹਨ ਕਿ ਕਿਵੇਂ ਸੱਤਰਵਿਆਂ ਤੋਂ ਲੈ ਕੇ ਹੁਣ ਤੱਕ ਸਿਹਤ ਸਹੂਲਤਾਂ ਤੇ ਸਿੱਖਿਆ ਦੇ ਜਨਤਕ ਖੇਤਰ ‘ਚ ਨਿਘਾਰ ਆਇਆ ਹੈ ਜਦੋਂਕਿ ਇਸੇ ਦੌਰ ‘ਚ ਪੰਜਾਬ ਦੀ ਅਬਾਦੀ ਸੱਤਰਵਿਆਂ ਤੋਂ ਕਈ ਗੁਣਾ ਜ਼ਿਆਦਾ ਵਧੀ ਹੈ। ਅਬਾਦੀ ਵਧਣ ਦੇ ਹਿਸਾਬ ਨਾਲ਼ ਵੀ ਸਰਕਾਰੀ ਹਸਪਤਾਲ ਤੇ ਸਿੱਖਿਆ ਸੰਸਥਾਵਾਂ ਨਹੀਂ ਵਧੀਆਂ। ਨਿੱਜੀ ਖੇਤਰ ‘ਚ ਵੀ ਜ਼ਿਆਦਾਤਰ ਸੰਸਥਾਵਾਂ ਉਹ ਆਈਆਂ ਜਿਨ੍ਹਾਂ ਦੀ ਸਿੱਖਿਆ ਦਾ ਕੋਈ ਮਿਆਰ ਨਹੀਂ ਹੈ ਤੇ ਫੀਸਾਂ ਅਸਮਾਨ ਛੋਂਹਦੀਆਂ ਹਨ। ਨਿੱਜੀ ਹਸਪਤਾਲਾਂ ਦਾ ਹਾਲ ਤਾਂ ਇਹ ਹੈ ਕਿ ਪੰਜ ਤਾਰਾ ਹੋਟਲਾਂ ਵਰਗੇ ਇਨ੍ਹਾਂ ਹਸਪਤਾਲਾਂ ਦੇ ਗੇਟ ‘ਤੇ ਵੀ ਗਰੀਬ ਬੰਦਾ ਦਸਤਕ ਨਹੀਂ ਦੇ ਸਕਦਾ। ਸਿਹਤ ਤੇ ਸਿੱਖਿਆ ਦੇ ਇਨ੍ਹਾਂ ਨਿੱਜੀ ਅਦਾਰਿਆਂ ਦੇ ਆਪਣੇ ਕਾਨੂੰਨ ਹਨ ਤੇ ਸਰਕਾਰਾਂ ਦੇ ਕਾਨੂੰਨ ਇਨ੍ਹਾਂ ‘ਤੇ ਲਾਗੂ ਨਹੀਂ ਹੁੰਦੇ ਕਿਉਂਕਿ ਸਿਆਸੀ ਪਾਰਟੀ ਦੇ ਲੀਡਰ ਇਨ੍ਹਾਂ ਤੋਂ ਵੀ ਮੋਟੇ ਫੰਡਾਂ ਦੀ ਉਗਰਾਹੀ ਕਰਦੇ ਹਨ। ਇਨ੍ਹਾਂ ਪ੍ਰਾਈਵੇਟ ਸੰਸਥਾਵਾਂ ‘ਚ ਪੰਜਾਬ ਦੇ ਵੱਡੇ ਸਿਆਸੀ ਲੀਡਰਾਂ, ਅਫ਼ਸਰਾਂ ਤੇ ਜੱਜਾਂ ਤੱਕ ਨੇ ਨਿਵੇਸ਼ ਕੀਤਾ ਹੋਇਆ ਹੈ। ਇਸ ਲਈ ਕੋਈ ਆਮ ਬੰਦਾ ਕਿਸੇ ਵੀ ਮਸਲੇ ‘ਚ ਇਨ੍ਹਾਂ ਦਾ ਵਾਲ਼ ਵਿੰਗਾ ਨਹੀਂ ਕਰ ਸਕਦਾ।

ਸਰਕਾਰੀ ਖੇਤਰ ‘ਚ ਸਿੱਖਿਆ ਦੀ ਅਣਦੇਖੀ ਦਾ ਅਸਰ ਵੀ ਭਾਰਤ ਤੇ ਪੰਜਾਬ ਸਰਕਾਰ ਦੇ ਅੰਕੜਿਆਂ ‘ਚ ਸਾਫ਼ ਸਾਫ਼ ਨਜ਼ਰ ਆਉਂਦਾ ਹੈ। ਨੈਸ਼ਨਲ ਹੈਲਥ ਤੇ ਫੈਮਲੀ ਸਰਵੇਖਣ ਮੁਤਾਬਕ ਪੰਜਾਬ ਦੇ 27 ਫੀਸਦੀ ਬੱਚੇ ਸਕੂਲ ਤੱਕ ਪਹੁੰਚਦੇ ਹੀ ਨਹੀਂ ਹਨ। 2017-18 ਦੀ ਫਸਟ ਬੇਸਲਾਈਨ ਰਿਪੋਰਟ ਦੇ ਮੁਤਾਬਕ ਪੰਜਾਬ ਦੇ ਪਹਿਲੀ ਤੇ ਪੰਜਵੀਂ ਤੱਕ ਦੇ 70 ਫੀਸਦੀ ਬੱਚੇ ਪੰਜਾਬੀ, ਅੰਗਰੇਜ਼ੀ ਤੇ ਮੈਥ ਦਾ ਟੈਸਟ ਪਾਸ ਨਾ ਕਰ ਸਕੇ । ਪਿਛਲੇ ਪੰਜ ਸਾਲਾਂ ‘ਚ ਸਕੂਲਾਂ ‘ਚੋਂ 2 ਲੱਖ 6 ਹਜ਼ਾਰ ਬੱਚੇ ਪੜ੍ਹਾਈ ਛੱਡ ਗਏ ਹਨ। 2018 ਦੀ ਐਨੂਅਲ ਸਟੇਟਸ ਐਜ਼ੂਕੇਸ਼ਨ ਰਿਪੋਰਟ ਮੁਤਾਬਕ ਤੀਜੀ ਜਮਾਤ ਦੇ 60 ਫੀਸਦੀ ਵਿਦਿਆਰਥੀ ਪੰਜਾਬੀ ਦਾ ਬੇਸਿਕ ਟੈਸਟ ਪਾਸ ਨਹੀਂ ਕਰ ਸਕੇ। ਇਸੇ ਰਿਪੋਰਟ ਮੁਤਾਬਕ ਅੱਠਵੀ ਦੇ 16.2 ਬੱਚਿਆਂ ਤੋਂ ਦੂਜੀ ਜਮਾਤ ਦੀ ਕਿਤਾਬ ਤੱਕ ਨਹੀਂ ਪੜ੍ਹੀ ਗਈ। ਇਸੇ ਰਿਪੋਰਟ ‘ਚ ਦਰਜ ਹੈ ਕਿ 52 ਫੀਸਦੀ ਵਿਦਿਆਰਥੀਆਂ ਨੂੰ ਤਿੰਨ ਹਿੱਸਿਆਂ ਨੂੰ ਇਕ ਹਿੱਸੇ ਨਾਲ਼ ਸਾਦੀ ਵੰਡ ਕਰਨੀ ਵੀ ਨਹੀਂ ਆਉਂਦੀ।

ਇਸੇ ਤਰ੍ਹਾਂ 2017-18 ਸਾਲ ‘ਚ ਪੰਜਾਬ ‘ਚ ਦਸਵੀਂ ਜਮਾਤ ਦੇ ਅੰਗਰੇਜ਼ੀ ਵਿਸ਼ੇ ‘ਚੋਂ 89,000 ਬੱਚੇ ਫੇਲ੍ਹ ਹੋਏ ਹਨ। ਸੂਬੇ ਦੇ ਸਕੂਲਾਂ ‘ਚ 28 ਫੀਸਦੀ ਵਿਸ਼ਾ ਮਾਹਰ ਹੀ ਨਹੀਂ ਹਨ ਤੇ ਉਨ੍ਹਾਂ ਨੂੰ ਕਿਸੇ ਹੋਰ ਵਿਸ਼ੇ ਦਾ ਅਧਿਆਪਕ ਕੋਈ ਹੋਰ ਵਿਸ਼ਾ ਪੜ੍ਹਾ ਰਿਹਾ ਹੈ। ਜਿਵੇਂ ਅੰਗਰੇਜ਼ੀ ‘ਚੋਂ ਫੇਲ੍ਹ ਹੋਣ ਵਾਲਿਆਂ ਨੂੰ ਪਤਾ ਨਹੀਂ ਕਿਸ ਕਿਸ ਵਿਸ਼ੇ ਦੇ ਅਧਿਆਪਕ ਪੜ੍ਹਾ ਰਹੇ ਹੋਣਗੇ ।

1979 ‘ਚ ਪੰਜਾਬ ‘ਚ 12,392 ਪ੍ਰਾਇਮਰੀ ਸਕੂਲ ਸਨ ਤੇ ਉਨ੍ਹਾਂ ‘ਚ 20 ਲੱਖ 67 ਹਜ਼ਾਰ ਬੱਚੇ ਪੜ੍ਹਦੇ ਸਨ । ਇਨ੍ਹਾਂ ਨੂੰ ਪੜ੍ਹਾਉਣ ਲਈ 40,627 ਅਧਿਆਪਕ ਸਨ। 2015 ‘ਚ ਸਕੂਲ 13,185 ਹੋ ਗਏ ਤੇ ਬੱਚੇ ਘਟ ਕੇ 10,98,976 ਰਹਿ ਗਏ । ਇਨ੍ਹਾਂ ਨੂੰ ਪੜ੍ਹਾਉਣ ਲਈ 40,992 ਅਧਿਆਪਕ ਸਨ। 2019 ਦੇ ਤਾਜ਼ਾ ਅੰਕੜਿਆਂ ਮੁਤਾਬਿਕ ਸੂਬੇ ‘ਚ 12,997 ਪ੍ਰਾਇਮਰੀ ਸਕੂਲ ਹਨ ਤੇ 8,51,667 ਬੱਚੇ ਹਨ। ਇਨ੍ਹਾਂ ਨੂੰ ਪੜ੍ਹਾਉਣ ਵਾਲੇ ਅਧਿਆਪਕ 39,990 ਹਨ। ਯਾਨਿ 1979 ਤੋਂ 2019 ਤੱਕ ਬੱਚਿਆਂ ਦੀ ਪ੍ਰਾਇਮਰੀ ਸਕੂਲਾਂ ‘ਚ ਗਿਣਤੀ 60 ਫੀਸਦੀ ਘਟ ਗਈ ਪਰ ਅਧਿਆਪਕ ਤੇ ਸਕੂਲਾਂ ਦੀ ਗਿਣਤੀ ਨਿਗੂਣੀ ਜਿਹੀ ਘਟੀ। ਇਹ ਸਾਰੇ ਬੱਚੇ ਪ੍ਰਾਈਵੇਟ ਸਕੂਲਾਂ ‘ਚ ਗਏ ਹਨ ਤੇ ਪੰਜਾਬ ਦੇ ਸ਼ਹਿਰਾਂ ਤੋਂ ਪਿੰਡਾਂ ਤੱਕ ਪ੍ਰਾਈਵੇਟ ਸਕੂਲ ਵੱਡੇ ਪੱਧਰ ‘ਤੇ ਵਧਣ ਫੁੱਲਣ ਲੱਗੇ ।

ਇਸੇ ਦੌਰ ‘ਚ ਅਧਿਆਪਕਾਂ ਦੀ ਤਨਖਾਹਾਂ ‘ਚ ਅਥਾਹ ਵਾਧਾ ਹੋਇਆ ਤੇ ਉਹ ਵੱਡੀ ਵੱਡੀ ਗੱਡੀਆਂ ਤੇ ਵੱਡੇ ਵੱਡੇ ਸੁਫ਼ਨਿਆਂ ਨਾਲ਼ ਉਪਭੋਗਤਾਵਾਦੀ ਜ਼ਿੰਦਗੀ ਵੱਲ ਵਧਣ ਲੱਗੇ। ਜਿਹੜੇ ਅਧਿਆਪਕ ਨੂੰ ਸਮਾਜਿਕ ਸਰੋਕਾਰਾਂ ਦੀ ਰੂਹ ਕਿਹਾ ਜਾਂਦਾ ਸੀ ਉਹ ਅਧਿਆਪਕ ਸਮਾਜਿਕ ਸਰੋਕਾਰਾਂ ਤੋਂ ਟੁੱਟ ਗਿਆ। ਇੱਥੋਂ ਤੱਕ ਕਿ ਸਰਕਾਰੀ ਅਧਿਆਪਕ ਨੇ ਆਪਣੇ ਬੱਚਿਆਂ ਨੂੰ ਆਪਣੇ ਹੀ ਸਕੂਲਾਂ ‘ਚ ਪੜ੍ਹਾਉਣੋਂ ਬੰਦ ਕਰ ਦਿੱਤਾ। ਗਿਣਤੀ ਦੇ ਅਧਿਆਪਕ ਛੱਡ ਕੇ ਪੰਜਾਬ ਦੇ ਕਿਸੇ ਅਧਿਆਪਕ ਦਾ ਬੱਚਾ ਸਰਕਾਰੀ ਸਕੂਲ ‘ਚ ਨਹੀਂ ਪੜ੍ਹਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਕੀ ਜੇ ਅਧਿਆਪਕ ਨੂੰ ਆਪਣੇ ਬੱਚੇ ਆਪਣੇ ਸਕੂਲਾਂ ‘ਚ ਪੜ੍ਹਾਉਣ ‘ਤੇ ਯਕੀਨ ਨਹੀਂ ਤਾਂ ਕੋਈ ਆਮ ਪੰਜਾਬੀ ਯਕੀਨ ਕਿਉਂ ਕਰੇਗਾ? ਅਕਸਰ ਨੂੰ ਬੱਚੇ ਦਾ ਭਵਿੱਖ ਦਾ ਮਸਲਾ ਹੈ? ਇਹੀ ਕਾਰਨ ਹੈ ਕਿ ਗਰੀਬ ਬੰਦਾ ਵੀ ਤੰਗੀਆਂ ਤੁਰਸ਼ੀਆਂ ਕੱਟ ਕੇ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ‘ਚ ਪੜ੍ਹਾਉਣ ਦੀ ਕੋਸ਼ਿਸ਼ ਕਰਦਾ ਹੈ।

ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ 1980 ‘ਚ ਸੂਬੇ ‘ਚ ਕੁੱਲ 15,890 ਸਕੂਲ ਸਨ ਤੇ ਇਨ੍ਹਾਂ ‘ਚੋਂ 14,900 ਸਰਕਾਰੀ ਤੇ 990 ਪ੍ਰਾਈਵੇਟ ਸਨ। 2017 ‘ਚ ਪੰਜਾਬ ‘ਚ ਕੁੱਲ 28,513 ਸਕੂਲ ਸਨ ਜਿਨ੍ਹਾਂ ‘ਚੋਂ 19,500 ਸਰਕਾਰੀ ਤੇ 9013 ਪ੍ਰਾਈਵੇਟ ਹਨ। ਸਰਕਾਰ ਦੇ ਅੰਕੜੇ ਮੁਤਾਬਕ 2017 ‘ਚ ਪੰਜਾਬ ‘ਚ ਕੁੱਲ 2,64,169 ਅਧਿਆਪਕ ਸਨ ਜਿਨ੍ਹਾਂ ‘ਚੋਂ 1,12,432 ਸਰਕਾਰੀ ਤੇ ਲਗਭਗ 1,00,553 ਹਜ਼ਾਰ ਪ੍ਰਾਈਵੇਟ ਅਧਿਆਪਕ ਸਨ। 1980 ‘ਚ ਪੰਜਾਬ ਦੇ ਸਕੂਲਾਂ ‘ਚ ਕੁੱਲ 30,61,654 ਬੱਚੇ ਸਨ ਤੇ ਇਨ੍ਹਾਂ ‘ਚੋਂ 27 ਲੱਖ ਬੱਚੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਸਨ । ਹੁਣ ਸਕੂਲਾਂ ‘ਚ ਕੁੱਲ 53,51,185 ਬੱਚੇ ਹਨ ਜਿਨ੍ਹਾਂ ‘ਚੋਂ ਲਗਭਗ 22 ਲੱਖ ਸਰਕਾਰੀ ਤੇ 31 ਲੱਖ ਪ੍ਰਾਈਵੇਟ ਸਕੂਲਾਂ ‘ਚ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਸਿੱਖਿਆ ਮੁਨਾਫੇ ਦੀ ਭੇਂਟ ਕਿਵੇਂ ਚੜ੍ਹੀ ਤੇ ਕਿਉਂ ਸਰੋਕਾਰਾਂ ਤੋਂ ਟੁੱਟ ਕੇ ਆਪਣੇ ਨਿਘਾਰ ਦੇ ਸਿਖਰ ਵੱਲ ਵਧੀ।

ਇਸੇ ਤਰ੍ਹਾਂ ਪੰਜਾਬ ਦੇ ਸਿਹਤ ਸਹੂਲਤਾਂ ਦੇ ਖੇਤਰ ‘ਚ ਪੰਜਾਬ ਦਾ ਪਿਛਲੇ ਸਮੇਂ ‘ਚ ਬੁਰਾ ਹਾਲ ਹੋਇਆ ਹੈ। ਸਰਕਾਰੀ ਹਸਪਤਾਲਾਂ ਦੀ ਹਾਲਤ ਬਦ ਤੋਂ ਬਦਤਰ ਹੋਈ ਹੈ। ਮਰੀਜ਼ਾਂ ਦੀ ਗਿਣਤੀ ਵਧਣ ਦੇ ਹਿਸਾਬ ਨਾਲ਼ ਸਰਕਾਰੀ ਹਸਪਤਾਲ ਤੇ ਡਿਸਪੈਂਸਰੀਆਂ ਉਸ ਰੂਪ ‘ਚ ਨਹੀਂ ਵਧੀਆਂ। ‘ਨੈਸ਼ਨਲ ਸੈਪਲ ਸਰਵੇ ਆਫਿਸ’ ਦੇ ਅੰਕੜਿਆਂ ਮੁਤਾਬਕ ‘ਪੰਜਾਬ 70 ਫੀਸਦੀ ਪੇਂਡੂ ਅਬਾਦੀ ਨਿਜੀ ਹਸਪਤਾਲਾਂ ‘ਤੇ ਨਿਰਭਰ ਹੈ ਜਦੋਂਕਿ ਕੌਮੀ ਪੱਧਰ ‘ਤੇ ਸਿਰਫ਼ 58 ਫੀਸਦੀ ਅਬਾਦੀ ਹੈ।

ਪੰਜਾਬ ਦੇ ਸਰਕਾਰੀ ਹਸਪਤਾਲਾਂ ‘ਚ 1980 ‘ਚ ਪੰਜਾਬ ‘ਚ ਕੁੱਲ 4400 ਡਾਕਟਰ ਸਨ ਤੇ ਅੱਜ ਵੀ ਅਸਾਮੀਆਂ ਓਨੀਆਂ ਹੀ ਹਨ ਪਰ ਤਾਜ਼ਾ ਰਿਪੋਰਟਾਂ ਮੁਤਾਬਕ 4400 ਅਸਾਮੀਆਂ ‘ਚੋਂ ਲਗਭਗ 1000 ਪੋਸਟਾਂ ਖਾਲੀ ਪਈਆਂ ਹਨ। ਮਰੀਜ਼ਾਂ ਦੀ ਗਿਣਤੀ ਇਸੇ ਦੌਰ ‘ਚ ਬੇਹੱਦ ਵਧੀ ਪਰ ਡਾਕਟਰਾਂ ਦੀ ਗਿਣਤੀ ਵਧਣ ਦੀ ਥਾਂ ਘਟ ਗਈ। ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ ‘ਸੂਬੇ ਦੇ ਸਰਕਾਰੀ ਹਸਪਤਾਲਾਂ ‘ਚ 1980 ‘ਚ 1 ਕਰੋੜ 32 ਲੱਖ ਆਊਟਡੋਰ ਮਰੀਜ਼ ਆਉਂਦੇ ਸਨ ਤੇ 2018 ‘ਚ ਇਹ ਵਧ ਕੇ 1 ਕਰੋੜ 71 ਲੱਖ ਹੋ ਗਏ। ਇਸੇ ਤਰ੍ਹਾਂ 1980 ‘ਚ ਇਨਡੋਰ ਮਰੀਜ਼ 3 ਲੱਖ 78 ਹਜ਼ਾਰ ਸਨ ਜੋ 2018 ‘ਚ ਵਧਕੇ 8 ਲੱਖ 80,000 ਹੋ ਗਏ। ਇਸ ਤਰ੍ਹਾਂ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਸਰਕਾਰੀ ਸਿਹਤ ਸਹੂਲਤਾਂ ਲਗਾਤਾਰ ਘਟ ਰਹੀਆਂ ਹਨ। ਇਸੇ ਲਈ ਹੀ ਪ੍ਰਾਈਵੇਟ ਹਸਪਤਾਲ ਦਿਨੋ ਦਿਨ ਸ਼ੋਸ਼ਣ ਕਰਕੇ ਮਾਲਾਮਾਲ ਹੋ ਰਹੇ ਹਨ। ਪ੍ਰਾਈਵੇਟ ਹਸਪਤਾਲਾਂ ਬਾਰੇ ਇੱਥੋਂ ਤੱਕ ਮੀਡੀਆ ਰਿਪੋਰਟਾਂ ਆ ਚੁੱਕੀਆਂ ਹਨ ਕਿ ਜਿੱਥੇ ਮਰੀਜ਼ ਦੇ ਸਟੈਂਟ ਪੈਣ ਦੀ ਲੋੜ ਨਹੀਂ ਸੀ ਪੈਸੇ ਬਨਾਉਣ ਲਈ ਜਾਣ ਬੁੱਝ ਕੇ ਪਾ ਦਿੱਤੇ ਗਏ । ਪ੍ਰਾਈਵੇਟ ਹਸਪਤਾਲਾਂ ਲਈ ਬਿਮਾਰੀ ਮੁਨਾਫ਼ੇ ਦਾ ਧੰਦਾ ਹੋ ਨਿਬੜੀ ਹੈ।

ਇਕ ਅੰਦਾਜ਼ੇ ਮੁਤਾਬਕ ਪੀਜੀਆਈ ਚੰਡੀਗੜ੍ਹ ਦੇ ਟਰਾਮਾ ਸੈਂਟਰ ‘ਚ ਮਰੀਜ਼ ਦਾ ਜਿਹੜਾ ਇਲਾਜ ਲਗਭਗ 40,000 ਹਜ਼ਾਰ ਰੁਪਏ ‘ਚ ਹੋ ਜਾਂਦਾ ਹੈ ਉਹੀ ਪ੍ਰਾਈਵੇਟ ਹਸਪਤਾਲ ‘ਚ ਸਵਾ ਦੋ ਲੱਖ ਤੋਂ ਸ਼ੁਰੂ ਹੁੰਦਾ ਹੈ । ਕੌਮੀ ਪੱਧਰ ‘ਤੇ ਸਰਕਾਰਾਂ ਕਮਿਊਨਿਟੀ ਹੈਲਥ ਸੈਂਟਰਾਂ ‘ਚ 5-5 ਸਪੈਸ਼ਲਿਸਟ ਡਾਕਟਰ ਰੱਖਦੀਆਂ ਹਨ ਤੇ ਪੰਜਾਬ ਦੇ ਕਿਸੇ ਕਮਿਊਨਟੀ ਹੈਲਥ ਸੈਂਟਰ ‘ਚ ਇੱਕ ਵੀ ਸਪੈਸ਼ਲਿਸਟ ਡਾਕਟਰ ਨਹੀਂ ਹੈ। ਮੈਡੀਕਲ ਕਾਲਜਾਂ ਦੀ ਸੰਨ 2002 ‘ਚ ਐੱਮ.ਬੀ.ਬੀ.ਐੱਸ ਦੀ ਪੜ੍ਹਾਈ ਦੀ ਸਿਰਫ਼ 65,000 ਰੁਪਏ ਫੀਸ ਸੀ ਜਿਹੜੀ ਸੰਨ 2013 ਵਿਚ 13 ਲੱਖ ਰੁਪਏ ਹੋ ਗਈ। ਮੈਨੇਜਮੈਂਟ ਕੋਟੇ ‘ਚ ਪਹਿਲਾਂ 55,00,000 ਰੁਪਏ ਖਰਚ ਹੁੰਦੇ ਸਨ ਤੇ ਹੁਣ 45,23,000 ਤੱਕ ਫੀਸ ਚਲੀ ਗਈ। ਪੂਰੇ ਭਾਰਤ ‘ਚੋਂ ਮੈਡੀਕਲ ਦੀ ਪੜ੍ਹਾਈ ਸਭ ਤੋਂ ਮਹਿੰਗੀ ਪੰਜਾਬ ‘ਚ ਹੈ ਯਾਨਿ ਇਹ ਪੜ੍ਹਾਈ ਇੱਕ ਆਮ ਪਰਿਵਾਰ ਦੇ ਵਿਦਿਆਰਥੀ ਦੀ ਪਹੁੰਚ ਚੋਂ ਬਾਹਰ ਹੋ ਚੁੱਕੀ ਹੈ।

ਸਿਹਤ ਤੇ ਸਿੱਖਿਆ ਦਾ ਹਾਲ ਇਹ ਹੈ ਕਿ ਸੂਬੇ ‘ਚ ਆਰਟਸ ਦੀ ਪੜ੍ਹਾਈ ਦੇ ਸਰਕਾਰੀ ਕਾਲਜ ਸਿਰਫ਼ 52 ਹਨ ਤੇ 150 ਪ੍ਰਾਈਵੇਟ ਹਨ। ਬੀ ਐੱਡ ਦੇ ਕੁੱਲ 190 ਕਾਲਜਾਂ ‘ਚੋਂ ਸਿਰਫ਼ 4 ਸਰਕਾਰੀ ਹਨ। ਨਰਸਿੰਗ ਦੇ 250 ਸਕੂਲ ਹਨ ਤੇ ਇਨ੍ਹਾਂ ‘ਚੋਂ 8 ਸਰਕਾਰੀ ਹਨ। ਨਰਸਿੰਗ ਦੇ 90 ਕਾਲਜਾਂ ‘ਚੋਂ ਸਿਰਫ਼ 4 ਸਰਕਾਰੀ ਹਨ। ਇੰਜੀਨੀਅਰਿੰਗ ਦੀ ਪੜ੍ਹਾਈ ਦੇ 283 ਕਾਲਜ ਹਨ ਇਨ੍ਹਾਂ ‘ਚੋਂ ਸਿਰਫ਼ 6 ਸਰਕਾਰੀ ਹਨ।

ਨਿੱਜੀਕਰਨ ਦੇ ਦੌਰ ‘ਚ ਸਰਕਾਰੀ ਉੱਚ ਸਿੱਖਿਆ ਨਿੱਜੀ ਹੱਥਾਂ ‘ਚ ਆ ਚੁੱਕੀ ਹੈ। ਸਿੱਖਿਆ ਦਾ ਮਕਸਦ ਦੂਰ ਹੋ ਗਿਆ ਤੇ ਮੁਨਾਫ਼ਾ ਭਾਰੂ ਹੈ। ਗਿਣਤੀ ਪੱਖੋਂ ਸਿੱਖਿਆ ‘ਚ ਬੇਹੱਦ ਪਸਾਰ ਹੋਇਆ ਹੈ ਤੇ ਮਿਆਰ ਪੱਖੋਂ ਖਤਮ ਹੋਈ ਹੈ। ਸਿਹਤ ਤੇ ਸਿੱਖਿਆ ਦੋਵੇਂ ਹੀ ਅਜਿਹੇ ਖੇਤਰ ਹਨ ਜੋ ‘ਸੇਵਾ’ ਜਿਹੇ ਹਨ ਪਰ ਹੁਣ ਇਹ ਸਰਕਾਰਾਂ ਦੀ ‘ਕ੍ਰਿਪਾ’ ਨਾਲ਼ ‘ਸੇਵਾ’ ਦੀ ਥਾਂ ਸਿਰਫ਼ ‘ਮੇਵੇ’ ‘ਚ ਬਦਲ ਗਏ ਹਨ। ਪੰਜਾਬ ਇਹਦਾ ਖਮਿਆਜ਼ਾ ਭੁਗਤ ਰਿਹਾ ਹੈ ਤੇ ਅੱਗੇ ਭੁਗਤਣ ਲਈ ਤਿਆਰ ਖੜਾ ਹੈ।

ਮੋਦੀ ਦੌਰ ‘ਚ 360 ਡਿਗਰੀ ‘ਤੇ ਘੁੰਮਦੀ ਸਿਆਸਤ

2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਲਗਭਗ ਹਰ ਪਾਸੇ ‘ਅਤਿ- ਕੇਂਦਰੀਕਰਨ’ ਤੇ ‘ਅਤਿ-ਧਰੁਵੀਕਰਨ’ ਦਾ ਸੱਚ ਸਥਾਪਤ ਕਰ ਗਏ ਹਨ। ‘ਵਿਕਾਸ’ ਦਾ ਨਾਅਰਾ ਵੀ ਇਸ ਸਿਆਸੀ ਕੌਕਟੇਲ ‘ਚ ਸ਼ਾਮਿਲ ਸੀ। ਚੋਣ ਨਤੀਜਿਆਂ ਤੋਂ ਬਾਅਦ ਸਿਆਸੀ ਸ਼ਤਰੰਜ ਕਾਂਗਰਸ ਦੀ ਸਮਝ ਤੋਂ ਬਾਹਰ ਹੋ ਗਈ ਜਾਪਦੀ ਹੈ। ਬਦਲਵਾਂ ਰਾਹ ਫਿਲਹਾਲ ਨਜ਼ਰ ਨਹੀਂ ਆ ਰਿਹਾ। ਭਾਜਪਾ ਦੇ ਨਾਲ਼ ਖੜ੍ਹੀਆਂ ਪਾਰਟੀਆਂ ਵੀ ‘ਅਤਿ ਕੇਂਦਰੀਕਰਨ ਦੀ ਸਿਆਸਤ’ ਤੋਂ ਬੇਹੱਦ ਡਰੀਆਂ ਹੋਈਆਂ ਹਨ। ਸਵਾਲ ਇਹ ਹੈ ਕਿ ਅਜਿਹੇ ਹਾਲਾਤ ‘ਚ ਭਾਰਤ ਵਰਗੇ ਬਹੁ-ਭਾਸ਼ਾਈ, ਬਹੁ-ਕੌਮੀ, ਬਹੁ-ਧਰਮੀ ਤੇ ਬਹੁ- ਜਾਤੀ ਦੇਸ਼ ‘ਚ ਖੇਤਰੀ, ਘੱਟਗਿਣਤੀ ਤੇ ਜਾਤੀ ਪ੍ਰਤੀਨਿਧਤਾ ਕਰਦੀ ਸਿਆਸਤ ਦਾ ਭਵਿੱਖ ਕੀ ਹੋਵੇਗਾ?

2019 ਦੇ ਚੋਣ ਨਤੀਜਿਆਂ ਨੇ ਸਿਆਸਤ ਨੂੰ ਸਵਾਲ ਕਰਨ ਵਾਲੇ ਸਿਆਸੀ ਪੰਡਤਾਂ ਨੂੰ ਖੁਦ ਸਵਾਲਾਂ ਦੇ ਕਟਹਿਰੇ ‘ਚ ਖੜ੍ਹਾ ਕਰ ਦਿੱਤਾ। ਇਹ ਚਰਚਾ ਸਰੇ-ਬਜ਼ਾਰ ਹੁੰਦੀ ਹੈ ਕਿ ਸਮਾਜ ਦੀ ਨਬਜ਼ ਫੜਨ ਦਾ ਦਾਅਵਾ ਕਰਨ ਵਾਲੇ ਬੁੱਧੀਜੀਵੀਆਂ ਤੇ ਪੱਤਰਕਾਰਾਂ ਨੂੰ ਸੰਸਦੀ ਸਿਆਸਤ ਦਾ ੳ ਅ ਤੱਕ ਸਮਝ ਨਹੀਂ ਆਉਂਦਾ। ਪਤਾ ਨਹੀਂ ਇਹ ਕਿਹੜੀ ਜ਼ਮੀਨ ‘ਤੇ ਬਹਿ ਕੇ ਸਿਆਸੀ ਵਿਸ਼ਲੇਸ਼ਣ ਕਰਦੇ ਰਹੇ । ਜੋ ਵਾਪਰ ਚੁੱਕਿਆ ਸੀ ਉਹ ਉਨ੍ਹਾਂ ਤੋਂ ਫੜਿਆ ਹੀ ਨਹੀਂ ਗਿਆ। ਯਥਾਰਥ ਤੋਂ ਦੂਰ ਜੋ ਆਪਣੀ ਰੁਚੀ ਮੁਤਾਬਕ ਸਮਝਣਾ ਚਾਹੁੰਦੇ ਸੀ ਉਹੀ ਸਮਝਦੇ ਰਹੇ। ਮੋਦੀ-ਸ਼ਾਹ ਦੀ ‘ਅਤਿ ਕੇਂਦਰਵਾਦੀ’ ਸਿਆਸਤ ਨੇ ਬੁੱਧੀਜੀਵੀਆਂ ਤੇ ਪੱਤਰਕਾਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ। ਜਿਸ ‘ਅਤਿ ਕੇਂਦਰਵਾਦੀ’ ਵਰਤਾਰੇ ਖਿਲਾਫ਼ ਭਾਜਪਾ ‘ਚ ਮੋਦੀ-ਸ਼ਾਹ ਖਿਲਾਫ਼ ਬਗ਼ਾਵਤ ਹੋਣ ਦੇ ਅੰਦਾਜ਼ੇ ਲਗਾਏ ਜਾ ਰਹੇ ਸੀ ਉਹੀ ਉਨ੍ਹਾਂ ਨੂੰ ਬੇਹੱਦ ਰਾਸ ਕਿਉਂ ਆਇਆ? ਟੈਲੀਵਿਜ਼ਨ ‘ਤੇ ਪੱਤਰਕਾਰ ਰਵੀਸ਼ ਕੁਮਾਰ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਪੱਤਰਕਾਰਾਂ ਨਾਲ਼ੋਂ ਜ਼ਿਆਦਾ ਸਿਆਸਤ ਲੀਡਰ ਜਾਣਦੇ ਹਨ ਤੇ ਪੱਤਰਕਾਰਾਂ ਨੂੰ ਆਪਣੇ ਵਿਸ਼ਲੇਸ਼ਣ ਛੱਡ ਕੇ ਲੀਡਰਾਂ ਤੋਂ ਜ਼ਮੀਨੀ ਸਿਆਸਤ ਸਿੱਖਣੀ ਤੇ ਸਮਝਣੀ ਚਾਹੀਦੀ ਹੈ।

ਇਤਿਹਾਸ ਆਪਣੇ ਆਪ ਨੂੰ ਖੁਦ ਦੁਹਰਾ ਰਿਹਾ ਹੈ। ਇੰਦਰਾ ਗਾਂਧੀ ਦੇ ‘ਕੇਂਦਰੀਕਰਨ’ ਦਾ ਜਵਾਬ ਮੋਦੀ-ਅਮਿਤ ਸ਼ਾਹ ਦਾ ‘ਅਤਿ ਕੇਂਦਰੀਕਰਨ’ ਹੈ। ਰਾਜੀਵ ਗਾਂਧੀ ਦੇ ‘ਨਰਮ ਹਿੰਦੂਤਵ’ (ਰਾਮ ਮੰਦਿਰ ‘ਚ ਮੂਰਤੀ ਸਥਾਪਨਾ, ਚੁਰਾਸੀ ਕਤਲੇਆਮ) ਕਾਰਡ ਦਾ ਜਵਾਬ ਮੋਦੀ-ਸ਼ਾਹ ਦਾ ‘ਸਖਤ ਹਿੰਦੂਤਵ’ (ਸਾਧਣੀ ਪ੍ਰਗਿਆ) ਹੈ? ਕੀ ਇਤਿਹਾਸ ਦੀ ਸਿਆਸੀ ਖੇਡ ਦੇ ਖਮਿਆਜ਼ੇ ਵਰਤਮਾਨ ਨੂੰ ਭੁਗਤਣੇ ਪੈ ਰਹੇ ਨੇ ਤੇ ਪੈਣਗੇ? ਵੈਸੇ ਵੀ ਇਹ ਇਤਿਹਾਸ ਹੈ ਕਿ ਖੱਬੀ ਤੇ ਸੱਜੀ ਵਿਚਾਰਧਾਰਾ ‘ਕੇਂਦਰੀਕਰਨ’ ਨੂੰ ਵੱਡਾ ਹਥਿਆਰ ਮੰਨਦੀ ਰਹੀ ਹੈ । 1871 ਦੇ ਪੈਰਿਸ ਕਮਿਊਨ ਦੀ 72 ਦਿਨੀਂ ਸਰਕਾਰ ਡਿੱਗਣ ਤੋਂ ਬਾਅਦ ਕਾਰਲ ਮਾਰਕਸ ਨੇ ਕਿਹਾ ਸੀ ‘ਪੈਰਿਸ ਕਮਿਊਨ ਦੀ ਅਸਫਲਤਾ ਦੀ ਜੜ੍ਹ ‘ਅਤਿ ਗੈਰ-ਕੇਂਦਰਵਾਦੀ’ ਢਾਂਚੇ ‘ਚ ਪਈ ਹੈ।’ ‘ਮਜ਼ਦੂਰਾਂ ਦੀ ਤਾਨਾਸ਼ਾਹੀ’ ਦਾ ਵਿਚਾਰ ਵੀ ‘ਕੇਂਦਰੀਕਰਨ’ ਦੀ ਸਮਝ ‘ਚੋਂ ਨਿਕਲਿਆ ਸੰਕਲਪ ਹੈ। ਜਦੋਂ ਅੱਜ ਟਰੰਪ ਤੋਂ ਲੈ ਕੇ ਮੋਦੀ ਤੱਕ ਦੇ ਅਤਿ ਕੇਂਦਕ੍ਰਿਤ ਮਾਡਲ ਨੂੰ ਬੁੱਧੀਜੀਵੀ ਸਵਾਲਾਂ ਦੇ ਘੇਰੇ ‘ਚ ਖੜ੍ਹੇ ਕਰ ਰਹੇ ਹਨ ਤਾਂ ਕੀ ਉਦੋਂ ਖੱਬੇਪੱਖੀ ਵੀ ਆਪਣੇ ‘ਸਟਾਲਿਨਵਾਦੀ ਇਤਿਹਾਸ’ ਨੂੰ ਨਾ ਦਹੁਰਾਉਣ ਬਾਰੇ ਕੋਈ ਸਮਝ ਬਣਾਉਣਗੇ? ਜੇ ਖੱਬੇਪੱਖੀ ਜਾਂ ਕਿਸੇ ਹੋਰ ਬਦਲਵੀਂ ਧਾਰਾ ਕੋਲ ਵੀ ਵਿਕੇਂਦਰੀਕਰਨ ਦਾ ਕੋਈ ਅਮਲੀ ਮਾਡਲ ਨਹੀਂ ਹੋਵੇਗਾ ਤਾਂ ਅਤਿ-ਸੱਜੇਪੱਖੀ ਸਿਆਸਤ ਲਈ ਵਿਆਖਿਆ ਕਰਨੀ ਬੇਹੱਦ ਸੌਖੀ ਹੈ। ਸਿਆਸਤ ‘ਚ ਆਲੋਚਨਾ ਜ਼ਰੂਰੀ ਹੈ ਪਰ ਸਿਰਫ਼ ਨਾਂਹ-ਪੱਖੀ ਆਲੋਚਨਾ ਕਰਨ ਵਾਲਿਆਂ ਨੂੰ ਇਮਾਨਦਾਰ ਸਵੈ-ਆਲੋਚਨਾ ਤੇ ਅਮਲੀ ਬਦਲ ਦੇਣ ਦੀ ਵੀ ਜ਼ਰੂਰਤ ਹੈ।

ਹੁਣ ਅਗਲਾ ਸਵਾਲ ਇਹ ਹੈ ਕਿ ਕੀ ਦੇਸ਼ ‘ਚ ਅਗਲੀ ਸਿਆਸਤ ਇਸੇ ਤਰੀਕੇ ਹੀ ਅੱਗੇ ਵਧੇਗੀ? ਕੀ ਹਰ ਦਲ ਭਾਜਪਾ ਦੇ ਸਿਆਸੀ ਕੌਕਟੇਲ ‘ਚੋਂ ਹੀ ਕੋਈ ਰਾਹ ਲੱਭੇਗਾ ਜਾਂ ਕੋਈ ਇਸ ਸਿਆਸਤ ਦੀ ਕਾਟ ਕਰਦਾ ਨਵਾਂ ਮਾਡਲ ਜਾਂ ਨਜ਼ਰੀਆ ਵੀ ਪੇਸ਼ ਕਰ ਸਕਦਾ ਹੈ? ਵੱਡੇ ਪੱਧਰ ‘ਤੇ ਪਾਰਟੀਆਂ ‘ਚ ਨਵੇਂ ਰਾਹ ਲੱਭਣ ਦੇ ਮੰਥਨ ਸ਼ੁਰੂ ਹੋ ਚੁੱਕੇ ਹਨ।

ਪੰਜਾਬ ਦੇ ਸੰਦਰਭ ‘ਚ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਹਵਾਲੇ ਨਾਲ਼ ਸਮਝਿਆ ਜਾ ਸਕਦਾ ਹੈ। ਚੋਣ ਨਤੀਜਿਆਂ ਤੋਂ ਤੁਰੰਤ ਬਾਅਦ ਭਾਜਪਾ ਦੀ ਲੀਡਰਸ਼ਿਪ ਨੇ ਸੀਟਾਂ ਵਧਾਉਣ ਦੀ ਗੱਲ ਕੀਤੀ ਤਾਂ ਦੂਜੇ ਪਾਸੇ ਭਾਜਪਾ ਖਿਲਾਫ ਸਿਆਸੀ ਮਾਹੌਲ ਸਿਰਜਣ ਲਈ ਅਕਾਲੀ ਦਲ ‘ਚ ਕੋਰ ਕਮੇਟੀ ਮੀਟਿੰਗਾਂ ਦੇ ਮੈਰਾਥਨ ਦੌਰ ਚੱਲੇ। ਫ਼ਿਕਰਮੰਦੀ ਮੋਦੀ ਤੇ ਭਾਜਪਾ ਦਾ ਵਧਦਾ ਪ੍ਰਭਾਵ ਸੀ। ਮੋਦੀ-ਮੋਦੀ ਦੇ ਨਾਅਰੇ ਦਾ ਬਦਲ ‘ਸੁਖਬੀਰ ਬਾਦਲ ਜ਼ਿੰਦਾਬਾਦ’ ਲੱਭਿਆ ਗਿਆ ਹੈ। ਜੇ ਹਰਿਆਣਾ ‘ਚ ਭਾਜਪਾ ਸਿਰਫ਼ ਤਿੰਨ ਸੀਟਾਂ ਤੋਂ ਬਾਅਦ ਅਗਲੀ ਸਰਕਾਰ ਆਪਣੇ ਬਲਬੂਤੇ ਬਣਾ ਸਕਦੀ ਹੈ ਤਾਂ ਪੰਜਾਬ ‘ਚ ਤਾਂ ਭਾਜਪਾ ਦੇ 5-5 ਕੈਬਨਿਟ ਮੰਤਰੀ ਵੀ ਰਹੇ ਹਨ। ਪੰਜਾਬ ‘ਚ ਇਸ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਏਜੰਡੇ ਨੂੰ ਭਲੀ ਭਾਂਤ ਸਮਝ ਚੁੱਕਾ ਹੈ। ਭਾਜਪਾ ਨੂੰ ਕਈ ਸਿੱਖ ਚਿਹਰੇ ਤਾਂ ਅਕਾਲੀ ਦਲ ਦੀ ਕੋਰ ਕਮੇਟੀ ‘ਚੋਂ ਸੌਖਿਆਂ ਹੀ ਲੱਭ ਜਾਣਗੇ। ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰਨ ਵਾਲੇ ਡੇਰੇ ਸਿੱਧੇ-ਅਸਿੱਧੇ ਤਰੀਕੇ ਨਾਲ਼ ਕੇਂਦਰੀ ਏਜੰਸੀਆਂ ਤੇ ਭਾਜਪਾ ਦੇ ਸੰਪਰਕ ‘ਚ ਪਹਿਲਾਂ ਹੀ ਹਨ।

ਇਸੇ ਲਈ 1977 ਤੋਂ ਭਾਜਪਾ ਨਾਲ਼ ਨਹੁੰ-ਮਾਸ ਦਾ ਰਿਸ਼ਤਾ ਹੋਣ ਦਾ ਦਾਅਵਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਨਵੇਂ ਸਿਰਿਉਂ ਬੂਥ ਪੱਧਰ ਦੀ ਹਿੱਸੇਦਾਰੀ ਦੀ ਰਣਨੀਤੀ ਘੜਨੀ ਸ਼ੁਰੂ ਕੀਤੀ ਹੈ। ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਵਿਰੋਧ ਤੋਂ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਸ੍ਰੀ ਅਕਾਲ ਤਖਤ ਸਾਹਿਬ ਲਈ ਲੜਦੇ ਯੋਧਿਆਂ ਨੂੰ ਨਤਮਸਤਕ ਹੋਣ ਦੀ ਸਿਆਸਤ ਅਕਾਲੀ ਦਲ ਦੀ ਭਵਿੱਖੀ ਸਿਆਸਤ ਬਾਰੇ ਬਹੁਤ ਕੁਝ ਕਹਿ ਰਹੀ ਹੈ। ਲੰਮੇ ਸਮੇਂ ਬਾਅਦ ਸੁਖਬੀਰ ਸਿੰਘ ਬਾਦਲ ਵੱਲੋਂ ਇੰਦਰਾ ਗਾਂਧੀ ਦੀ ਐਮਰਜੈਂਸੀ ‘ਤੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਨਾ ਸ਼ਾਨਾਮਤੀ ਸੰਘਰਸ਼ਮਈ ਸਿਆਸਤ ਨੂੰ ਨਵੀਂ ਪੀੜ੍ਹੀ ਦੇ ਮਨਾਂ ‘ਚ ਉਕੇਰਨ ਤੇ ਸੁਰਜੀਤ ਕਰਨ ਵੱਲ ਕਦਮ ਹੈ। ਜੇ ਭਾਜਪਾ 2022 ਵਿਚ ਪੰਜਾਬ ‘ਚ ਇਕੱਲਿਆਂ ਮੈਦਾਨ ‘ਚ ਉੱਤਰਦੀ ਹੈ ਤਾਂ ਅਕਾਲੀ ਦਲ ਦਾ ‘ਸਿਆਸੀ ਬਲੂ ਪ੍ਰਿੰਟ’ ਤਿਆਰ ਹੈ। ਪਰ ਸਵਾਲਾਂ ਦਾ ਸਵਾਲ ਇਹ ਹੈ ਕਿ ਕੀ ‘ਹਿੰਦੂ ਧਰੁਵੀਕਰਨ’ ਦਾ ਬਦਲ ‘ਸਿੱਖ ਧਰੁਵੀਕਰਨ’ ਹੀ ਸਿਆਸਤ ਹੈ? ਕੀ ਅਤਿ ਕੇਂਦਰੀਕਰਨ ਦਾ ਜਵਾਬ ‘ਨਵ-ਕੇਂਦਰੀਕਰਨ’ ਜਾਂ ‘ਨਵ ਖੇਤਰਵਾਦ’ ਹੈ? ਕੀ ਇਹ ਦੋਵੇਂ ਭਾਜਪਾ ਦੀ ਸਿਆਸਤ ਤੋਂ ਤਿੱਖੇ ਤੇ ਅਗਾਂਹ ਹੋਣੇ ਚਾਹੀਦੇ ਹਨ ਜਾਂ ਇਤਿਹਾਸ ਦੀ ਸੰਘਰਸ਼ਮਈ ਵਿਰਾਸਤ ਹੀ ਖੇਤਰੀ ਪਾਰਟੀਆਂ ਨੂੰ ਪਾਰ ਲੰਘਾਏਗੀ?

2019 ਦੀ ਭਾਜਪਾ ਦੀ ‘ਨ੍ਹੇਰੀ ‘ਚ ਹੀ ਸਭ ਤੋਂ ਵੱਡੀ ਉਦਾਹਰਨ ਆਂਧਰਾ ਪ੍ਰਦੇਸ਼ ‘ਚ ਜਗਨ ਮੋਹਨ ਰੈਡੀ ਦੀ ਸੰਘਰਸ਼ਮਈ ਸਿਆਸਤ ਨੇ ਪੇਸ਼ ਕੀਤੀ ਹੈ। ਜਗਨ ਰੈਡੀ ਨੇ ਆਂਧਰਾ ‘ਚੋਂ ਭਾਜਪਾਈ ਤੇ ਕਾਂਗਰਸੀ ਬਿਸਤਰਾ ਗੋਲ ਕਰ ਕੇ ਦਿੱਲੀ ਭੇਜ ਦਿੱਤੇ। ਕਿਸੇ ਦੌਰ ‘ਚ ਸ਼੍ਰੋਮਣੀ ਅਕਾਲੀ ਦਲ ਵੀ ਸੰਘਰਸ਼ ਦੀ ਇਸੇ ਜ਼ਮੀਨ ‘ਤੇ ਖੜ੍ਹ ਕੇ ਰਾਜਨੀਤੀ ਕਰਦਾ ਸੀ ਪਰ ਸੱਤਾ ਸੁੱਖ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਹ ਸਭ ਤੋਂ ਪਹਿਲਾਂ ਸਿਆਸਤ ਨੂੰ ਸੰਘਰਸ਼ ਤੋਂ ਤੋੜਦਾ ਹੈ। ਅਰਵਿੰਦ ਕੇਜਰੀਵਾਲ ਇਸ ਦੀ ਸਭ ਤੋਂ ਵੱਡੀ ਉਦਾਹਰਨ ਹੈ। ਸੱਤਾ ਮਿਲਦਿਆਂ ਹੀ ਸੰਘਰਸ਼ ਦੀ ਜ਼ਮੀਨ ਛੱਡ ਚੁੱਕੇ ਕੇਜਰੀਵਾਲ ਨੂੰ ਹੁਣ ਇਕ ਵਾਰ ਫਿਰ ਮੋਦੀ ਦਾ ਡਰ ਅਤੇ ਚੋਣਾਂ ਜਗਨ ਮੋਹਨ ਰੈਡੀ ਵਰਗੀ ‘ਪਦ ਯਾਤਰਾ ਉਤੇ ਲੈ ਆਈਆਂ। ਚੋਣਾਂ ਸਮੇਂ ਅਕਾਲੀ ਦਲ ਵੀ ਅਨੰਦਪੁਰ ਸਾਹਿਬ ਦੇ ਮਤੇ ਤੇ ਅੰਮ੍ਰਿਤਸਰ ਐਲਾਨਨਾਮੇ ਦੀਆਂ ਕੁਝ ਮੰਗਾਂ ਨੂੰ ਬਿਆਨਬਾਜ਼ੀ ਜ਼ਰੀਏ ਉਠਾਉਣਾ ਸ਼ੁਰੂ ਕਰ ਦਿੰਦਾ ਹੈ। ਇਹ ਵਕਤੀ ਸੰਘਰਸ਼ ਤੇ ਵਕਤੀ ਮੁੱਦੇ ਯਾਤਰਾਵਾਂ ਕੇਜਰੀਵਾਲ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਦਰਿਆ ‘ਚੋਂ ਪਾਰ ਨਹੀਂ ਲੰਘਾ ਸਕਦੀਆਂ। ਭਾਰਤੀ ਸਿਆਸਤ ‘ਚ ਖੇਤਰੀ ਪਾਰਟੀਆਂ ਵੱਖ ਵੱਖ ਤਰ੍ਹਾਂ ਦੇ ਕੇਂਦਰੀਕਰਨ ਤੇ ਪਰਿਵਾਰਵਾਦ ਦੇ ਵਿਰੋਧ ‘ਚੋਂ ਹੀ ਹੋਂਦ ‘ਚ ਆਈਆਂ ਸਨ ਪਰ ਤ੍ਰਾਸਦੀ ਇਹ ਰਹੀ ਹੈ ਕਿ ਖੁਦ ਵੀ ਬੁਰੀ ਤਰ੍ਹਾਂ ਕੇਂਦਰੀਕਰਨ ਤੇ ਪਰਿਵਾਰਵਾਦ ਦਾ ਸ਼ਿਕਾਰ ਹੋ ਗਈਆਂ। ਕੇਜਰੀਵਾਲ ਦਾ ਪਾਰਟੀ ਨੂੰ ਬੇਹੱਦ ਕੇਂਦਰੀਕ੍ਰਤ ਕਰਨਾ ਇਸ ਦੀ ਸਭ ਤੋਂ ਤਾਜ਼ਾ ਮਿਸਾਲ ਹੈ। ਅੱਜ ਕੇਂਦਰੀਕਰਨ ਦੀ ਜ਼ਮੀਨ ‘ਤੇ ਸਿਆਸਤ ਕਰਨ ਵਾਲਿਆਂ ਨੂੰ ‘ਅਤਿ ਕੇਂਦਰੀਕਰਨ’ ਤੇ ਸੰਘ ਪਰਿਵਾਰ ਡਰਾ ਰਿਹਾ ਹੈ। ਕਾਂਗਰਸ ਖਿਲਾਫ ਜਿਹੜੇ ਹਥਿਆਰ ਇਹ ਵਰਤਦੇ ਸਨ ਉਹ ਮੋਦੀ-ਸ਼ਾਹ ਨੇ ਕਾਂਗਰਸ ਤੇ ਖੇਤਰੀ ਪਾਰਟੀਆਂ ਖ਼ਿਲਾਫ ਵਰਤ ਦਿੱਤੇ ਹਨ।

ਅਤਿ-ਕੇਂਦਰੀਕਰਨ ਕਿਸੇ ਵੱਲੋਂ ਵੀ ਹੋਏ ਇਹ ਜਮਹੂਰੀ ਕਦਰਾਂ ਕੀਮਤਾਂ ਦਾ ਧੁਰ ਵਿਰੋਧੀ ਹੈ। ਗ਼ੈਰ-ਕੁਦਰਤੀ ਅਤੇ ਗ਼ੈਰ-ਜਮਹੂਰੀ ਵਰਤਾਰਾ ਹੈ। ਭਾਰਤੀ ਸਮਾਜ ਭੂਗੋਲ ਤੇ ਸੁਭਾਅ ਪੱਖੋਂ ਬੇਹੱਦ ਵਿਸ਼ਾਲ ਰਿਹਾ ਹੈ। ਸਮੇਂ ਸਮੇਂ ‘ਤੇ ਸਿਆਸਤ ਦੀ ਲਾਈਆਂ ਅੱਗਾਂ ਅਤੇ ਏਨੀ ਵਿਸ਼ਾਲ ਵਿਭਿੰਨਤਾ ਦੇ ਬਾਵਜੂਦ ਲੜਦਾ ਭਿੜਦਾ ਆਪਸੀ ਸਹਿਹੋਂਦ ਨਾਲ਼ ਵਿਚਰਦਾ ਰਿਹਾ ਹੈ। ਅਤਿ-ਕੇਂਦਰੀਕਰਨ ਤਾਨਾਸ਼ਾਹ ਸੁਭਾਅ ਦੇ ਨਾਲ਼ ਨਾਲ਼ ਬਹੁਤ ਸਾਰੀਆਂ ਅਲਾਮਤਾਂ ਨੂੰ ਜਨਮ ਦਿੰਦਾ ਹੈ ਜਿਸ ਕਾਰਨ ਹੀ ਜਮਹੂਰੀਅਤ ਦੇ ਵਿਗਸਣ ਦੀਆਂ ਸੰਭਾਵਨਾਵਾਂ ਖ਼ਤਮ ਹੋ ਜਾਂਦੀਆਂ ਹਨ।

ਲੋਕਤੰਤਰ ਸੁਭਾਅ ਪੱਖੋਂ ਹੀ ਕਿਸੇ ਖੜੋਤ ਦਾ ਵਰਤਾਰਾ ਨਹੀਂ ਹੈ। ਇਹ ਹਰ ਸਮੇਂ, ਹਰ ਦਿਨ ਨਵੇਂ ਤਰੀਕੇ ਨਾਲ਼ ਢਹਿੰਦਾ ਤੇ ਵਿਗਸਦਾ ਹੈ। ਦੁਨੀਆ ਭਰ ਦੀਆਂ ਲੋਕਤੰਤਰੀ ਵਿਵਸਥਾਵਾਂ ‘ਚ ਬਹੁਤ ਸਾਰੇ ਵੱਖ-ਵੱਖ ਵਕਤੀ ਵਰਤਾਰੇ ਰਹੇ ਹਨ ਜੋ ਅੰਤਿਮ ਸੱਚ ਨਹੀਂ ਬਣ ਸਕੇ । ਹੁਣ ਸਵਾਲ ਇਹੀ ਹੈ ਕਿ ਕੀ ‘ਸਭ ਦਾ ਵਿਸ਼ਵਾਸ’ ਨਾਅਰਾ ਅਸਲੀ ਤੇ ਅਮਲੀ ਵਿਸ਼ਵਾਸ ਬਣ ਸਕੇਗਾ? ਜੇ ਨਹੀਂ ਬਣਦਾ ਤਾਂ ਭਾਰਤੀ ਉੱਪ ਮਹਾਦੀਪ ‘ਚ ਹਾਸ਼ੀਏ ‘ਤੇ ਪਏ ਵੱਖ ਵੱਖ ਸਮਾਜ ਆਪਣਾ ਕਿਹੜਾ ਸਿਆਸੀ ਰਾਹ ਲੱਭਣਗੇ? ਖੱਬੀ, ਖੇਤਰਵਾਦੀ ਤੇ ਵੱਖ ਵੱਖ ਜਾਤਾਂ ਧਰਮਾਂ ਦੀ ਪ੍ਰਤੀਨਿਧਤਾ ਕਰਦੀ ਸਿਆਸਤ ਦਾ ਹਾਸ਼ੀਏ ‘ਤੇ ਜਾਣਾ ਭਾਰਤ ਜਿਹੇ ਵੰਨ ਸੁਵੰਨਤਾ ਵਾਲੇ ਲੋਕਤੰਤਰ ਲਈ ਸ਼ੁਭ ਸ਼ਗਨ ਨਹੀਂ ਹੈ। ਮੌਕੇ ਸੰਕਟ ਵੀ ਪੈਦਾ ਕਰਦੇ ਹਨ ਤੇ ਨਵੇਂ ਸੰਕਟ ਸਿਆਸੀ ਧਰਤਾਲ ‘ਤੇ ਦਸਤਕ ਦੇਣ ਲਈ ਤਿਆਰ ਖੜ੍ਹੇ ਹਨ।

ਲੋਕਤੰਤਰ ਤੇ ਸਿਆਸਤ ਦਾ ‘ਆਖਰੀ ਸੱਚ’ ਨਾ ਚੋਣਾਂ ਹਨ ਤੇ ਨਾ ਚੋਣਾਂ ਦੀ ਜਿੱਤ ਹੈ। ਇਸ ਲਈ ਚੋਣਾਂ ਤੋਂ ਬਾਹਰ ਵਿਚਰਦੀ ਆਰਥਿਕਤਾ, ਕੌਮੀਅਤਾਂ, (ਕਸ਼ਮੀਰ, ਮਨੀਪੁਰ ਆਦਿ), ਘੱਟਗਿਣਤੀਆਂ, ਜਲ, ਜੰਗਲ, ਜ਼ਮੀਨ ਦੇ ਸਵਾਲ (ਬਿਹਾਰ, ਛੱਤੀਸਗੜ੍ਹ, ਝਾਰਖੰਡ ਆਦਿ) ਤੇ ਜਾਤੀ ਧਰੁਵੀਕਰਨ ਦੀ ਸਿਆਸਤ ਕਿੱਧਰ ਨੂੰ ਜਾਵੇਗੀ? ਕੀ ਭਾਰਤੀ ਉਪ ਮਹਾ-ਦੀਪ ‘ਚ ਭਖਦੇ ਇਹ ਸਵਾਲਾਂ ਦਾ ਜਵਾਬ ਵੀ ‘ਅਤਿ ਕੇਂਦਰੀਕ੍ਰਿਤ’ ਸ਼ਕਤੀ ਨਾਲ਼ ਦਿੱਤਾ ਜਾਵੇਗਾ? ਅਤਿ-ਕੇਂਦਰੀਕਰਨ ਦੇ ਦੌਰ ‘ਚ ਭਵਿੱਖ ਦੀ ਸੰਸਦੀ ਰਾਜਨੀਤੀ ‘ਚ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਖੇਤਰੀ ਤੇ ਜਾਤੀ ਪ੍ਰਤੀਨਿਧਤਾ ਕਰਦੇ ਸਿਆਸੀ ਖਿਡਾਰੀ ਦਾ ਜ਼ਮੀਨੀ ਸੰਘਰਸ਼ ਹੋਵੇਗਾ ਜਾਂ ਨਹੀਂ? ਕਿਉਂਕਿ ਸੰਘਰਸ਼ ਤੋਂ ਬਿਨਾਂ ਕੋਈ ਰਾਹ ਬਚਦਾ ਨਹੀਂ ਹੈ। ਲੋਕਤੰਤਰ ਸੰਘਰਸ਼ ਹੈ ਤੇ ਇਹ ਸੰਘਰਸ਼ ਦੇ ਆਸਰੇ ਹੀ ਬਦਲਦਾ ਤੇ ਮਜ਼ਬੂਤ ਹੁੰਦਾ ਹੈ।

ਲਾਲ ਸਿਆਸਤ ‘ਤੇ ਨੀਲਾ ਦਾਗ

ਦਸਤਾਵੇਜ਼ੀ ਫ਼ਿਲਮਸਾਜ਼ ਅਨੰਦ ਪਟਵਰਧਨ ਦੀ ਫ਼ਿਲਮ ‘ਜੈ ਭੀਮ ਕਾਮਰੇਡ’ ਦਲਿਤ ਗਾਇਕ ਵਿਲਾਸ ਘੋਗਰੇ ਦੀ ਖੁਦਕਸ਼ੀ ‘ਤੇ ਕੇਂਦਰਤ ਹੁੰਦਿਆਂ ਖੱਬੇਪੱਖੀ ਸਿਆਸਤ ਦੇ ਦਲਿਤ ਨਜ਼ਰੀਏ ਨੂੰ ਘੋਖਦੀ ਹੈ । ਵਿਲਾਸ ਘੋਗਰੇ ਨਾਲ਼ ਪਟਵਰਧਨ ਦਾ ਨਾਤਾ ਨਿੱਜੀ ਪੱਧਰ ਦਾ ਸੀ। ਇਹ ਗਾਇਕ ਓਹਦੀ ਮੁੰਬਈ ਮਹਾਨਗਰ ‘ਤੇ 1985 ‘ਚ ਬਣੀ ਫ਼ਿਲਮ ‘ਸਾਡਾ ਸ਼ਹਿਰ’ ਦਾ ਕਲਾਕਾਰ ਸੀ। ਦਲਿਤ ਕਲਾਕਾਰ ਵਿਲਾਸ ਖੱਬੇਪੱਖੀ ਵਿਚਾਰਧਾਰਾ ਨਾਲ਼ ਜੁੜਿਆ ਹੋਇਆ ਸੀ, ਜਿਸ ਨੇ 1997 ‘ਚ ਖੁਦਕੁਸ਼ੀ ਕਰ ਲਈ। ਇਹ ਖੁਦਕਸ਼ੀ ਇਸ ਫ਼ਿਲਮ ਦਾ ਚੂਲਕ ਬਿੰਦੂ ਹੈ । ਇਸ ਦੁਆਲੇ ਅਨੇਕ ਸੁਆਲ ਬੁਣੇ ਜਾਂਦੇ ਹਨ, ਅਨੇਕ ਸੁਆਲ ਪੈਦਾ ਹੁੰਦੇ ਹਨ । ਇਹ ਇਕ ਆਮ ਬੰਦੇ ਦੀ ਖੁਦਕਸ਼ੀ ਨਹੀਂ ਸੀ।

ਇਸ ਦੀ ਪਿੱਠਭੂਮੀ ਇਹ ਸੀ: 1997 ‘ਚ ਬੰਬਈ ਦੇ ਰਮਾਬਾਈ ਨਗਰ ‘ਚ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ‘ਤੇ ਜੁੱਤੀਆਂ ਦਾ ਹਾਰ ਪਾਉਣ ਦੀ ਘਟਨਾ ਵਾਪਰੀ। ਵਿਰੋਧ ਵਜੋਂ ਇਲਾਕੇ ਦੇ ਦਲਿਤ ਭਾਈਚਾਰੇ ਦੇ ਲੋਕ ਸੜਕਾਂ ‘ਤੇ ਉੱਤਰੇ ਤੇ ਪੁਲਿਸ ਫਾਇਰਿੰਗ ਹੋਈ। ਫਾਇਰਿੰਗ ‘ਚ 10 ਲੋਕਾਂ ਦੀ ਮੌਤ ਹੋ ਗਈ। ਰਮਾਬਾਈ ਨਗਰ ਦੇ ਕਾਂਡ ਤੋਂ ਛੇਵੇਂ ਦਿਨ ਵਿਲਾਸ ਘੋਗਰੇ ਨੇ ਖੁਦਕੁਸ਼ੀ ਕਰ ਲਈ। ਖੁਦਕਸ਼ੀ ਕਰਨ ਸਮੇਂ ਉਸ ਨੇ ਸਿਆਸੀ ਦਲਿਤ ਪਛਾਣ ਵਾਲਾ ਨੀਲਾ ਰਿਬਨ ਮੱਥੇ ‘ਤੇ ਬੰਨ੍ਹਿਆ ਸੀ । ਖੁਦਕਸ਼ੀ ਤੋਂ ਪਹਿਲਾਂ ਕਮਰੇ ਦੀ ਕੰਧ ‘ਤੇ ਰਮਾਬਈ ਨਗਰ ਕਾਂਡ ‘ਚ ਮਰਨ ਵਾਲੇ ਲੋਕਾਂ ਨੂੰ ਉਸ ਨੇ ‘ਸ਼ਹੀਦ ਭੀਮ ਪੁੱਤਰ’ ਕਹਿ ਕੇ ਸਰਧਾਂਜ਼ਲੀ ਦਿੱਤੀ ਅਤੇ ਦਲਿਤ ਅੱਤਿਆਚਾਰਾਂ ਵਿਰੁੱਧ ਸਮੂਹ ਅੰਬੇਡਕਰਵਾਦੀਆਂ ਨੂੰ ਇੱਕਮੁੱਠ ਹੋਣ ਦੀ ਤਾਕੀਦ ਕੀਤੀ। ਦੂਜੇ ਸ਼ਬਦਾਂ ਵਿਚ ਘੋਗਰੇ ਨੇ ਆਪਣੀ ਮੌਤ ਰਾਹੀਂ ਦਲਿਤ ਸਮੱਸਿਆ ਦੇ ਹਵਾਲੇ ਨਾਲ਼ ਖੱਬੇਪੱਖੀ ਸਿਆਸਤ ਨੂੰ ਹਮੇਸ਼ਾ ਲਈ ਕਟਹਿਰੇ ‘ਚ ਖੜ੍ਹਾ ਕਰ ਦਿੱਤਾ । ਇਹ ਕੋਈ ਭੁੱਲ ਜਾਣ ਵਾਲਾ ਦੂਸ਼ਣ ਨਹੀਂ ਹੈ। ਸੁਆਲ ਹੈ: ਖੱਬੇਪੱਖੀ ਘੋਲ ‘ਚੋਂ ਗੁਜ਼ਰਨ ਵਾਲਾ ਦਲਿਤ ਕਲਾਕਾਰ ਐਨਾ ਨਿਰਾਸ਼ ਕਿਉਂ ਹੋਇਆ?

ਬੰਬਈ ਰਮਾਬਾਈ ਨਗਰ ਪਟਵਰਧਨ ਦੀ ਇਸ ਫ਼ਿਲਮ ‘ਚ ਸਿਰਫ਼ ਮਨੁੱਖੀ ਪੱਧਰ ਦੀ ਝੰਜੋੜ ਹੀ ਨਹੀਂ। ਕਿਸੇ ਕਾਮਰੇਡ ਵਲੋਂ ਖੁਦਕਸ਼ੀ ਵੇਲੇ ਕੰਧ ‘ਤੇ ਸਮੂਹ ਅੰਬੇਡਕਰਵਾਦੀਆਂ ਨੂੰ ਆਪਣੀ ਮੁਕਤੀ ਲਈ ਇਕੱਠੇ ਹੋ ਕੇ ਲੜਨ ਦੀ ਲਲਕਾਰ ਦੇਣਾ ਇਕ ਤਕੜਾ ਸਿਆਸੀ ਪੈਂਤੜਾ ਹੈ। ਇਸ ਦੀ ਤਹਿ ਨੂੰ ਟਟੋਲਣ ਲਈ ਪਟਵਰਧਨ 14 ਸਾਲ ਲਗਾਉਂਦਾ ਹੈ ਤੇ ਇਹ ਫ਼ਿਲਮ ਉਸ ਦੌਰ ‘ਚ ਤਿਆਰ ਹੁੰਦੀ ਹੈ ਜਦੋਂ ਸੰਸਾਰੀਕਰਨ ਨੇ ਅੱਤ ਨਿਮਨ ਵਰਗ ਦੇ ਬੰਦੇ ਨੂੰ ਹੋਰ ਨਿਮਨ ਕਰ ਦਿੱਤਾ ਹੈ, ਤੇ ਇਸ ਦੇਸ਼ ਦੀ ਖੱਬੇਪੱਖੀ ਸੰਸਦੀ ਸਿਆਸਤ ਮਰਨ ਕਿਨਾਰੇ ਹੈ ਅਤੇ ਗੈਰ-ਸੰਸਦੀ ਖੱਬੇਪੱਖੀ ਸਿਆਸਤ ਅੰਤਰ -ਵਿਰੋਧਾਂ ਤੇ ਸੰਕਟਾਂ ‘ਚ ਘਿਰੀ ਹੋਈ ਹੈ। ਅਜਿਹੀ ਸਥਿਤੀ ਵਿਚ ਪਟਵਰਧਨ ਨੇ ‘ਸਬੱਲਟਨ’ ਅਤੇ ਖੱਬੇਪੱਖੀ ਲਹਿਰ ਦੇ ਹਵਾਲੇ ਨਾਲ਼ ਅਨੇਕ ਅਹਿਮ ਸੁਆਲ ਖੜ੍ਹੇ ਕੀਤੇ ਹਨ।

ਦਲਿਤ ਲਹਿਰ ਤੇ ਭਾਰਤੀ ਕਮਿਊਨਿਸਟ ਲਹਿਰ ਲਗਭਗ ਸਮਕਾਲੀ ਰਹੀਆਂ ਹਨ। ਕਮਿਊਨਿਸਟਾਂ ਦਾ ਬਾਬਾ ਸਾਹਿਬ ਅੰਬੇਡਕਰ ਨਾਲ਼ ਵਿਰੋਧ ਉਨ੍ਹਾਂ ਵਲੋਂ ਸਥਾਪਿਤ ‘ਇੰਡੀਅਨ ਲੇਬਰ ਪਾਰਟੀ’ ਤੋਂ ਪਹਿਲਾਂ ਦਾ ਹੈ। ਫਰਾਂਸਿਸੀ ਰਾਜਨੀਤੀ ਵਿਗਿਆਨੀ ਕ੍ਰਿਸਤੋਫ ਜੈਫਲੋਤ ਨੇ ਅੰਬੇਡਕਰ ਦੀ ਇੰਡੀਅਨ ਲੇਬਰ ਪਾਰਟੀ ਨੂੰ ਪਹਿਲੀ ਭਾਰਤੀ ਖੱਬੇਪੱਖੀ ਪਾਰਟੀ ਦਾ ਦਰਜਾ ਦਿੰਦਿਆਂ ਕਿਹਾ ਹੈ ਕਿ ਓਸ ਮੌਕੇ ਖੱਬੇਪਖੀ ਪਾਰਟੀਆਂ ਜਾਂ ਤਾਂ ਰੂਪੋਸ਼ ਹੋ ਗਈਆਂ ਜਾਂ ‘ਕਾਂਗਰਸ ਸੋਸ਼ਲਿਸਟ ਬਲਾਕ’ ਦੀ ਛਤਰੀ ਹੇਠ ਆ ਗਈਆਂ ਸਨ । ਇਹ ਪਾਰਟੀ ਉਸ ਤਜਰਬੇ ‘ਚੋਂ ਬਣਾਈ ਸੀ ਜਿਸ ‘ਚ ਬੰਬਈ ਤੇ ਅਹਿਮਦਾਬਾਦ ਮਿੱਲਾਂ ‘ਚ ਅਛੂਤ ਮਜ਼ਦੂਰਾਂ ਨੂੰ ਸਿਰਫ ‘ਕਤਾਈ ਵਿਭਾਗ’ ‘ਚ ਕੰਮ ਕਰਨ ਲਈ ਕਿਹਾ ਜਾਂਦਾ ਸੀ, ਜਿਸ ‘ਚ ਸਭ ਤੋਂ ਘੱਟ ਤਨਖਾਹ ਮਿਲਦੀ ਸੀ । ‘ਬੁਣਾਈ ਵਿਭਾਗ’ ‘ਚ ਉਨ੍ਹਾਂ ਨੂੰ ਕੰਮ ਕਰਨ ਤੋਂ ਇਸ ਕਰਕੇ ਰੋਕ ਦਿੱਤਾ ਜਾਂਦਾ ਸੀ ਕਿਉਂਕਿ ਅਛੂਤ ਮਜ਼ਦੂਰਾਂ ਦਾ ਥੁੱਕ ਧਾਗੇ ਨਾਲ਼ ਲੱਗਦਾ ਸੀ। ਉਦੋਂ ਬੰਬੇ ਦੀਆਂ ਮਿੱਲਾਂ ‘ਚ ਕਮਿਊਨਿਸਟ ਪਾਰਟੀ ਦੀ ‘ਗਿਰਨੀ ਕਾਮਗਾਰ ਯੂਨੀਅਨ’ ਵੀ ਸੀ ਪਰ ਉਨ੍ਹਾਂ ਇਸ ਮਾਮਲੇ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ। ਕਿਉਂ ਨਹੀਂ ਦਿੱਤਾ? ਉਦੋਂ ਹੀ ਡਾਕਟਰ ਅੰਬੇਡਕਰ ਨੇ ‘ਜਾਤਪਾਤ ਦਾ ਖਾਤਮਾ’ ਨਾਂ ਦਾ ਦਸਤਾਵੇਜ਼ ਲਿਖਿਆ ਸੀ ਤੇ ਕਿਹਾ ਸੀ ਕਿ ‘ਜਾਤਪਾਤੀ ਪ੍ਰਬੰਧ ਸਿਰਫ ਕਿਰਤ ਨੂੰ ਹੀ ਨਹੀਂ ਸਗੋਂ ਕਿਰਤੀਆਂ ਨੂੰ ਵੀ ਵੰਡਦਾ ਹੈ’। ਏਸ ਵੇਲੇ ਹੀ ਉਨ੍ਹਾਂ ਮਸ਼ਹੂਰ ਭਾਸ਼ਨ ‘ਪੂੰਜੀਵਾਦ, ਕਿਰਤ ਤੇ ਬ੍ਰਹਮਣਵਾਦ’ ਵੀ ਦਿੱਤਾ। ਉਦੋਂ ਸੀ. ਪੀ. ਆਈ. ਵਾਲੇ ਦੌਰ ‘ਚ ਕਮਿਊਨਿਸਟਾਂ ਨੂੰ ਕਲਾਸ ਦੇ ਨਾਲ਼ ਨਾਲ਼ ਕਾਸਟ ਦਾ ਵਿਰੋਧ ਕਰਨ ਵਾਲਾ ‘ਰਾਸ਼ਟਰ ਵਿਰੋਧੀ’ ਲੱਗਦਾ ਸੀ । ਸੀ ਪੀ ਆਈ ਦਾ ਮੋਢੀ ਆਗੂ ਐਸ ਏ ਡਾਂਗੇ ਅੰਬੇਡਕਰ ਨੂੰ ‘ਵੱਖਵਾਦੀ’ ਤੇ ‘ਰਾਸ਼ਟਰ ਵਿਰੋਧੀ’ ਕਿਹਾ ਕਰਦਾ ਸੀ ਅਤੇ 1952 ਦੀ ਬੰਬਈ ਦੇ ਉੱਤਰੀ ਹਲਕੇ ਤੋਂ ਹੋਈ ਚੋਣ ਵਿਚ ਅੰਬੇਡਕਰ ਨੂੰ ਹਰਾਉਣ ‘ਚ ਉਹਨੇ ਵੱਡਾ ਰੋਲ ਅਦਾ ਕੀਤਾ ਸੀ। ‘ਫੇਬੀਅਨ ਸਮਾਜਵਾਦੀ’ ਵਿਚਾਰਧਾਰਾ ਦਾ ਧਾਰਨੀ ਹੁੰਦਾ ਹੋਇਆ ਵੀ ਅੰਬੇਡਕਰ ਕੁਝ ਮਸਲਿਆਂ ਨੂੰ ਛੱਡ ਕਮਿਊਨਿਸਟਾਂ ਦੀ ਹਮਾਇਤ ਕਰਦਾ ਰਿਹਾ ਸੀ।

ਅੱਜ ਭਾਰਤੀ ਕਮਿਊਨਿਸਟ ‘ਸਬਾੱਲਟਨ’ ਦੇ ਮਸਲੇ ਨੂੰ ‘ਪੋਸਟ ਮਾਰਡਨਿਸਟ ਪ੍ਰੋਜੈਕਟ’ ਦੱਸਦੇ ਹਨ (ਜੋ ਇਕ ਹੱਦ ਤੱਕ ਸਹੀ ਹੋ ਸਕਦਾ ਹੈ), ਪਰ ਦੁਖਾਂਤ ਉਨ੍ਹਾਂ ਦਾ ਸ਼ੁਰੂ ਤੋਂ ਇਹ ਰਿਹਾ ਹੈ ਕਿ ਉਹ ਇਸ ਉੱਪ ਮਹਾਦੀਪ ‘ਚ ਪਛਾਣ ਦੇ ਮਸਲਿਆਂ ਨੂੰ ਸੰਵਾਰ ਕੇ ਕਦੇ ਸੰਬੋਧਤ ਨਹੀਂ ਹੋਏ। ਨਤੀਜਾ ਇਹ ਕਿ ਇਸ ਖਿੱਤੇ ਦੇ ‘ਸਬਾੱਲਟਨ’ ਸਿਆਸੀ ਧਾਗੇ ‘ਚ ਪਰੋਏ ਨਹੀਂ ਜਾ ਸਕੇ। ਨਾ ਤਾਂ ਪਛਾਣਾਂ ਦੇ ਮਸਲਿਆਂ ਲਈ ਕਮਿਊਨਿਸਟ ਸਿਆਸਤ ਕੋਲ ਕਦੇ ਕੋਈ ਏਜੰਡਾ ਰਿਹਾ ਹੈ । ਨਾ ਇਹ ਸਿਆਸਤ ਭਾਰਤੀ ਜਾਤੀਵਾਦ ਤੇ ਇਹਦੀ ਤਕੜੀ ਹੁੰਦੀ ਜਾ ਰਹੀ ਸਿਆਸਤ ਨੂੰ ਕੱਟਣ ਲਈ ਤੈਹ- ਦਿਲੋਂ ਯਤਨ ਕਰ ਸਕੀ ਹੈ। ਅਨੰਦ ਪਟਵਰਧਨ ਇਸ ਫ਼ਿਲਮ ਦੇ ਜ਼ਰੀਏ ਅਜਿਹੇ ਮਸਲਿਆਂ ਨਾਲ਼ ਜੂਝਦਾ ਹੈ।

ਫ਼ਿਲਮ ਦੇ ਸ਼ੁਰੂ ਵਿਚ ਮਰਹੂਮ ਵਿਲਾਸ ਘੋਗਰੇ ਦੀ ਪਤਨੀ ਆਸ਼ਾ ਘੋਗਰੇ ਕਹਿੰਦੀ ਹੈ: ‘ਲੋਕ ਰਮਾਬਾਈ ਨਗਰ ਕਾਂਡ ਦੀ ਗੱਲ ਕਰਨ ਤੋਂ ਡਰਦੇ ਨੇ, ਪਰ ਮੇਰੇ ਪਤੀ ਜਾਨ ਦੇਣ ਤੋਂ ਨਹੀਂ ਡਰੇ’। ਵਿਲਾਸ ਦਾ ਕਲਾਕਾਰ ਦੋਸਤ ਸਾਂਭਾਜੀ ਦੱਸਦਾ ਹੈ ਕਿ ‘ਵਿਲਾਸ ਘਟਨਾ ਵਾਲੀ ਥਾਂ ‘ਤੇ ਲਗਾਤਾਰ ਜਾਂਦਾ ਰਿਹਾ, ਉਸਨੂੰ ਗਹਿਰਾ ਸਦਮਾ ਪੁੱਜਾ ਸੀ। ਉਸਨੂੰ ਲੱਗਾ ਇਸ ਦੇਸ਼ ‘ਚ ਜਿਉਣ ਦਾ ਕੋਈ ਅਰਥ ਨਹੀਂ ਹੈ’। ਫ਼ਿਲਮ ਮਹਾਰਾਸ਼ਟਰ ‘ਚ ਦਲਿਤ ਲਹਿਰ ਨੂੰ ‘ਦਲਿਤ ਪੈਂਥਰਜ਼’ ਤੋਂ ਲੈ ਕੇ ਮੌਜੂਦਾ ਸਮੇਂ ਦੀ ਖਾੜਕੂ ਦਲਿਤ ਸਮਝ ਤੇ ਮਜ਼ਬੂਤ ਸੱਭਿਆਚਾਰਕ ਵਿਰਾਸਤ ਨੂੰ ਚਿੰਨ੍ਹਤ ਕਰਦੀ ਹੈ। ਰਮਾਬਾਈ ਨਗਰ ਤੇ ਹੋਰ ਦਲਿਤ ਅੱਤਿਆਚਾਰਾਂ ‘ਚ ਮਰਨ ਵਾਲਿਆਂ ਨੂੰ ਦਲਿਤ ਲਹਿਰ ਦੇ ਲੋਕ ‘ਸ਼ਹੀਦ ਭੀਮ ਸੈਨਿਕ ਅਮਰ ਰਹੇ’ ਦੇ ਨਾਅਰਿਆਂ ਨਾਲ਼ ਸ਼ਰਧਾਂਜਲੀ ਦਿੰਦੇ ਹਨ। ਅਨੰਦ ਮਹਾਰਾਸ਼ਟਰ ਦੀ ਦਲਿਤ ਚੇਤਨਾ ਨੂੰ ਦਰਸਾਉਂਦਾ ਹੋਇਆ ਇਹਦੀਆਂ ਘਾਟਾਂ ਕਮੀਆਂ ਬਾਰੇ ਸਖਤ ਨੁਕਤਾਚੀਨੀ ਵਾਲਾ ਰੁਖ ਅਪਣਾਉਂਦਾ ਹੈ।

ਇਹ ਫ਼ਿਲਮ ਦਲਿਤ ਚੇਤਨਾ ਦੀ ਵੱਖ ਵੱਖ ਵਰਗਾਂ ਦੇ ਹਵਾਲੇ ਨਾਲ਼ ਨਿਸ਼ਾਨਦੇਹੀ ਕਰਦੀ ਹੈ। ਨਗਰ ਪਾਲਿਕਾ ਦਾ ਕੂੜਾ ਕਰਕਟ ਚੁੱਕਣ ਸੁੱਟਣ ਵਾਲੇ ਗਰੀਬ ਤੇ ਅਨਪੜ੍ਹ ਦਲਿਤ ਆਪਣੀ ਜਾਤ ਬੋਧ ਸਮਾਜ, ਭੀਮ ਸਮਾਜ ਆਦਿ ਦੱਸਦੇ ਹਨ। ਉਨ੍ਹਾਂ ਦੀ ਹਾਲਤ ਤੋਂ ਪਤਾ ਲੱਗਦਾ ਹੈ ਕਿ ਸਦੀਆਂ ਤੋਂ ਇਹੀ ਸਮਾਜ ਅਜਿਹੇ ਕੰਮ ਕਰਦੇ ਆ ਰਹੇ ਹਨ। ਇਵੇਂ ਭਾਈ ਸੰਘਾਰੇ ਜਿਹੇ ਭਾਰਤੀ ਸੱਤਾ ਨੂੰ ‘ਹਿੰਦੂ ਰਾਜ’ ਕਹਿੰਦੇ ਹਨ ਤੇ ਇਸ ਸੱਤਾ ਦੇ ਦਲਿਤ ਵਿਰੋਧੀ ਚਰਿੱਤਰ ਵਿਰੁੱਧ ਆਵਾਜ਼ ਉਠਾਉਂਦੇ ਹਨ। ਉਹ ਦਲਿਤ ਵਿਰੋਧੀ ਅੱਤਿਆਚਾਰਾਂ ਦੀ ਬੁਨਿਆਦ ‘ਮੰਨੂ ਸਮ੍ਰਿਤੀ’ ਨੂੰ ਮੰਨਦੇ ਹਨ। ਸਾਰੇ ਧਰਮ ਬਰਾਬਰ ਨਹੀਂ ਹੁੰਦੇ। ਕਿਵੇਂ ਹਿੰਦੂ ਧਰਮ ਸਦੀਆਂ ਤੋਂ ਦਲਿਤਾਂ ਦੀ ਗੁਲਾਮੀ ਦਾ ਸੰਦ ਰਿਹਾ ਹੈ? ਭਾਈ ਸੰਘਾਰੇ ਜਿਹੇ ਲੋਕ ਇਹ ਵਾਰ ਵਾਰ ਦੱਸਦੇ ਹਨ। ਸੰਘਾਰੇ ਨੂੰ ਮੰਨੂ ਸਮ੍ਰਿਤੀ ਸਾੜਦਿਆਂ ਇਸ ਲਈ ਜ਼ਿੰਦਗੀ ਗੁਆਉਣੀ ਪੈਂਦੀ ਹੈ,ਕਿਉਂਕਿ ਅੰਬੇਡਕਰ ਵਲੋਂ ਸਾੜੀ ਉਸ ਧਰਮ ਦੀ ਜਾਤੀਵਾਦੀ ਕਿਤਾਬ (ਮੰਨੂਸ੍ਰਿਮਤੀ) ਦੇ ਖਿਲਾਫ ਮੋਰਚਾ ਅੱਗੇ ਵਧਾ ਰਿਹਾ ਸੀ,ਜਿਸ ਧਰਮ ਦੀ ਕੰਧ ਬੇਇਨਸਾਫੀ ਤੇ ਗੈਰ-ਬਰਾਬਰੀ ਦੀ ਨੀਂਹ ‘ਤੇ ਟਿਕੀ ਹੋਈ ਹੈ।

ਪਹਿਲੀਆਂ ਫ਼ਿਲਮਾਂ ਵਾਂਗ ਅਨੰਦ ‘ਪ੍ਰੇਪੋਗੰਡਾ ਥਿਊਰੀ’ ਨਹੀਂ ਅਪਣਾਉਂਦਾ। ਉਹ ਦਰਸ਼ਕਾਂ ਨੂੰ ਤਸਵੀਰ ਦੇ ਦੋਨਾਂ ਪਾਸਿਆਂ ਤੋਂ ਜਾਣੂ ਕਰਵਾਉਂਦਾ ਹੈ ਕਿ ਕਿਵੇਂ ਰਾਖਵਾਂਕਰਨ ਵਿਰੋਧੀ ਇਲੀਟ ਲਾਣੇ ਨੂੰ ਦਲਿਤਾਂ ਤੋਂ ਨਫਰਤ ਹੈ ਤੇ ਰਾਖਵਾਂਕਰਨ ਉਨ੍ਹਾਂ ਨੂੰ ਉੱਚ ਜਾਤੀ ਸਮਾਜ ‘ਤੇ ਹਮਲਾ ਲੱਗਦਾ ਹੈ। ਮੁੰਬਈ ‘ਚ ਅੰਬੇਡਕਰ ਦੀਆਂ ਅਸਥੀਆਂ ਵਾਲੀ ਥਾਂ ‘ਤੇ ਕੀਤੇ ਜਾਂਦੇ ਸਮਾਗਮ ਬਾਰੇ ਇਲੀਟ ਹਿੰਦੂ ਧੁਰੋਂ ਵਿਰੋਧੀ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਚਾਰ ਦਿਨ ਚੱਲਦਾ ਇਹ ਸਮਾਗਮ ਸ਼ਹਿਰ ‘ਚ ਗੰਦ ਪਾਉਂਦਾ ਹੈ ਪਰ ਉਹ ਗਣੇਸ਼ ਉਤਸਵ ਨਾਲ਼ ਪਏ ਗੰਦ ਬਾਰੇ ਗੱਲ ਕਰਨਾ ਨਹੀਂ ਚਾਹੁੰਦੇ।

ਮਸਲਾ ਉੱਚ ਜਾਤ ਦੇ ਸਵਾਲ ਬਾਰੇ ਸਮਝ ਦਾ ਹੀ ਨਹੀਂ ਹੈ; ਮਸਲਾ ਹੈ ਕਿ ਖੱਬੇਪੱਖੀ ਲੋਕ ਵੀ ਇਸ ਬਾਰੇ ਪ੍ਰਸ਼ਾਸਕੀ ਰੁਖ਼ ਅਖਤਿਆਰ ਕਰਦੇ ਹਨ। ਵਿਲਾਸ ਘੋਗਰੇ ਦੀ ਮੌਤ ਬਾਅਦ ਖੱਬੇਪੱਖੀ ਗੁਰਬੀਰ ਦਲੀਲ ਦਿੰਦਾ ਕਹਿੰਦਾ ਹੈ ਕਿ ‘ਮੈਨੂੰ ਲੱਗਦਾ ਹੈ ਕਿ ਮੌਤ ਵੇਲੇ ਵਿਲਾਸ ਦੇ ਸਿਰ ‘ਤੇ ਨੀਲਾ ਰੰਗ ਦਾ ਰਿਬਨ ਨਹੀਂ ਬਲਕਿ ਜਾਮਨੀ ਰੰਗ ਦਾ ਸੀ। ਇਸੇ ਤਰ੍ਹਾਂ ਮਾਓਵਾਦੀ ਕਵੀ ਵਰਵਰਾ ਰਾਓ ਤੋਂ ਅਨੰਦ ਪੁੱਛਦਾ ਹੈ ਕਿ ‘ਵਿਲਾਸ ਮਾਰਕਸੀ ਸੀ, ਪਰ ਜਦੋਂ ਉਹ ਖੁਦਕਸ਼ੀ ਕਰਦਾ ਹੈ ਤਾਂ ਮੱਥੇ ‘ਤੇ ਨੀਲਾ ਰਿਬਨ ਬੰਨ੍ਹ ਕੇ ਦਲਿਤ ਪਛਾਣ ਨਾਲ਼ ਕਿਉਂ ਜੁੜਦਾ ਹੈ?’ ਤਾਂ ਰਾਓ ਜਵਾਬ ਦਿੰਦਾ ਹੈ ਕਿ ‘ਇਸਦਾ ਮਤਲਬ ਇਹ ਨਹੀਂ ਕਿ ਉਸਨੇ ਆਰ ਪੀ ਆਈ (ਰਿਪਬਲਿਕਨ ਪਾਰਟੀ ਆਫ ਇੰਡੀਆ) ਦੀ ਸਿਆਸਤ ਮੰਨੀ’। ਜਦ ਕਿ ਸੱਚ ਇਹ ਹੈ ਕਿ ਖੁਦਕਸ਼ੀ ਵੇਲੇ ਵਿਲਾਸ ਮੱਥੇ ‘ਤੇ ਨੀਲਾ ਰਿਬਨ ਬੰਨ੍ਹ ਕੇ ਸਿਆਸੀ ਲਕੀਰ ਹੀ ਨਹੀਂ ਖਿੱਚਦਾ, ਬਲਕਿ ਰਮਾਬਾਈ ਨਗਰ ਦੇ ਸ਼ਹੀਦ ਭੀਮ ਸੈਨਿਕਾਂ ਨੂੰ ਸ਼ਰਧਾਂਜਲੀ ਵੀ ਦਿੰਦਾ ਹੈ ਤੇ ਅੰਬੇਡਕਰੀਆਂ (ਆਰ ਪੀ ਆਈ ਦੇ ਗੁੱਟਾਂ) ਨੂੰ ਦਲਿਤ ਅੱਤਿਆਚਾਰਾਂ ਵਿਰੁੱਧ ਇਕੱਠੇ ਹੋਣ ਦਾ ਸੱਦਾ ਦਿੰਦਾ ਹੈ।

ਸਵਾਲ ਪੈਦਾ ਹੁੰਦਾ ਹੈ ਕਿ ‘ਖੱਬੇਪੱਖੀ ਚਿੰਤਕ ਇਸ ਗੰਭੀਰ ਮਸਲੇ ਨੂੰ ਲੈ ਕੇ ਪੇਤਲੀਆਂ ਗੱਲਾਂ ਹੀ ਕਿਉਂ ਕਰਦੇ ਹਨ? ਕੀ ਇਹ ਗੈਰ-ਸੰਜੀਦਗੀ ਨਿੱਜੀ ਸੰਵੇਦਨਾ ਦੀ ਘਾਟ ਕਰਕੇ ਹੈ? ਉੱਚ ਵਰਗੀ ਅਵਚੇਤਨ ਹੈ ਜਾਂ ਕਮਿਊਨਿਸਟ ਲਹਿਰ ਦਾ ਸਿਆਸੀ ਸੰਕਟ ਹੈ? ਜਾਂ ਅਮਲਾਂ ਦੇ ਪੱਧਰ ‘ਤੇ ਉੱਕਾ ਨਾਅਹਿਲੀ ਹੈ? ਜਾਤਪਾਤ ਦੇ ਸਵਾਲ ਬਾਰੇ ਪ੍ਰਸ਼ਾਸਕੀ ਸਮਝ ਦੇ ਕਾਰਨ ਹੀ ਕਮਿਊਨਿਸਟ ਲਹਿਰ ਮਸਲੇ ਦੀ ਸੰਵੇਦਨਾ ਨੂੰ ਸਮਝਣ ‘ਚ ਨਾਕਾਮਯਾਬ ਰਹੀ ਹੈ। ਇਸੇ ਲਈ ਜਾਤਪਾਤ ਦਾ ਮਸਲਾ ਜ਼ਿਆਦਾਤਾਰ ਪਾਰਟੀਆਂ ‘ਚ ਅੰਦਰੂਨੀ ਖਿੱਚੋਤਾਣ ਬਣਦਾ ਰਿਹਾ ਹੈ। ਦੇਸ਼ ਦੀ ਖੱਬੇਪੱਖੀ ਸਿਆਸਤ ਦਾ ਗੜ੍ਹ ਮੰਨੀ ਜਾਂਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਤੋਂ ਲੈ ਕੇ ਪੰਜਾਬ ਦੀ ਖੱਬੇਪੱਖੀ ਧਿਰਾਂ ਨਾਲ਼ ਜੁੜੇ ਦਲਿਤ ਭਾਈਚਾਰੇ ਦੇ ਲੋਕ ਬ੍ਰਹਮਣ ਤੇ ਜੱਟ ਆਗੂਆਂ ‘ਤੇ ਜਾਤੀਵਾਦੀ ਰਵੱਈਏ ਦੇ ਸ਼ਰੇਆਮ ਇਲਜ਼ਾਮ ਲਗਾਉਂਦੇ ਹਨ ਪਰ ਉਨ੍ਹਾਂ ਦੇ ਕੰਨਾਂ ‘ਤੇ ਜੂੰ ਨਹੀਂ ਸਰਕਦੀ। ਮਰਹੂਮ ਲਾਲ ਸਿੰਘ ਦਿਲ ਵਰਗਾ ਕਵੀ ਨਕਸਲਬਾੜੀ ਲਹਿਰ ਦੌਰਾਨ ਹੋਏ ਜਾਤੀਵਾਦੀ ਭੇਦਭਾਵ ਨੂੰ ਗੰਭੀਰਤਾ ਨਾਲ਼ ਉਠਾਉਂਦਾ ਰਿਹਾ ਹੈ।

ਪਟਵਰਧਨ ਫ਼ਿਲਮ ‘ਚ ਇਕ ਹਵਾਲਾ ਦਿੰਦਾ ਹੈ ਕਿ ਅੱਜ ਵੀ ਕਮਿਊਨਿਸਟ ਪਾਰਟੀਆਂ ਦੇ ਜ਼ਿਆਦਾਤਰ ਆਗੂ ਉੱਚ ਜਾਤਾਂ ਨਾਲ਼ ਸਬੰਧਤ ਹਨ। ਸੰਕਟ ਇਹ ਹੈ ਇਹ ਕਮਿਊਨਿਸਟ ਲਹਿਰ ਨਾਲ਼ ਜੁੜਿਆ ਅਗਾਂਹਵਧੂ ਕਹਾਉਂਦਾ ਉੱਚ ਜਮਾਤੀ/ਜਾਤੀ ਲਾਣਾ (ਜਿਸ ਵਿਚ ਜਨਤਕ ਆਗੂ, ਬੁੱਧੀਜੀਵੀ/ਲੇਖਕ/ਪੱਤਰਕਾਰ ਆਦਿ ਸ਼ਾਮਲ ਹਨ) ਆਪਣੇ ਆਪ ਨੂੰ ਜਾਤੀਵਾਦ ਨਾਲ਼ੋਂ ਤੋੜ (ਡੀ-ਕਲਾਸ) ਹੀ ਨਹੀਂ ਸਕਿਆ। ਸ਼ਬਦੀ ਗੁਲਦਸਤਿਆਂ ਦੇ ਲੈਣ-ਦੇਣ ਵੇਲ਼ੇ ਇਹ ਕੁਝ ਹੋਰ ਹੁੰਦੇ ਹਨ ਪਰ ਅਵਚੇਤਨੀ ਪੱਧਰ ‘ਤੇ ਆਪਣੇ ਆਪ ਨੂੰ ਉੱਚ ਵਰਗਾਂ ਨਾਲ਼ ਜੋੜਦੇ ਹਨ, ਜੀਹਦਾ ਪਤਾ ਇਨ੍ਹਾਂ ਦੇ ਅਮਲਾਂ ਤੋਂ ਲੱਗਦਾ ਹੈ।

ਫ਼ਿਲਮ ‘ਚ ਆਂਧਰਾ ਪ੍ਰਦੇਸ਼ ਦਾ ਖੱਬੇਪੱਖੀ ਲੋਕ ਗਾਇਕ ਤੇ ਵਿਲਾਸ ਦਾ ਦੋਸਤ ਗਦਰ ਨਿੱਘੀ ਸੰਵੇਦਨਾ ਜ਼ਾਹਰ ਕਰਦਾ ਹੋਇਆ ਉਸਦੀ ਕਲਾ ਨੂੰ ਸਲਾਮ ਕਰਦਾ ਹੈ। ਜਾਤੀ ਪਛਾਣ ਨਾਲ਼ ਮਰਨ ਦੇ ਬਾਵਜੂਦ ਉਹ ਵਿਲਾਸ ਦੇ ਵਰਗ ਸੰਘਰਸ਼ ਲਈ ਪਾਏ ਯੋਗਦਾਨ ਦੀ ਨਿਸ਼ਾਨਦੇਹੀ ਕਰਦਾ ਹੈ। ਗਦਰ ਇਸ਼ਾਰਾ ਕਰਦਾ ਹੈ ਕਿ ਵਿਲਾਸ ਕਲਾਸ ਦੀ ਲੜਾਈ ‘ਚ ਕਾਸਟ ਨਾਲ਼ ਜੂਝਦਾ ਰਿਹਾ ਹੈ ਅਤੇ ਜਾਤ ਦਾ ਸਵਾਲ ਬਹੁਤ ਅਹਿਮ ਹੈ । ਉਹ ਕਮਿਊਨਿਸਟ ਪਾਰਟੀਆਂ ਦੀ ਦਲੀਲ ਦਾ ਹਵਾਲਾ ਦਿੰਦਾ ਹੈ ਜਿਸ ਅਨੁਸਾਰ ‘ਜਾਤ ਬੇਸ ਦੀ ਸਮੱਸਿਆ ਨਹੀਂ, ਸੁਪਰਸਟਰਕਚਰ ਦੀ ਸਮੱਸਿਆ ਹੈ। ਬੇਸ ਬਦਲ ਜਾਵੇਗਾ ਤਾਂ ਸਭ ਕੁਝ ਬਦਲ ਜਾਵੇਗਾ’ ਤੇ ਕਹਿੰਦਾ ਹੈ ਕਿ ਅਜਿਹਾ ਹੁੰਦਾ ਨਹੀਂ ਹੈ। ਦਰ ਅਸਲ, ਸੱਭਿਆਚਾਰਕ ਕ੍ਰਾਂਤੀ ਦੀ ਲੋੜ ਇਸੇ ਲਈ ਹੀ ਪੈਂਦੀ ਹੈ। ਗਦਰ ਭਾਰਤੀ ਜਾਤ ਦੇ ਸਵਾਲ ਨੂੰ ਫਰਾਂਸਿਸੀ ਨਾਰੀਵਾਦੀ ਸਿਮੋਨ ਦੀ ਸਮਝ ਦੇ ਨੇੜੇ ਖੜ੍ਹਾ ਕਰਦਾ ਹੈ ਜਿਸਨੇ 1972 ‘ਚ ਔਰਤ ਮੁਕਤੀ ਦੇ ਸਵਾਲ ਬਾਰੇ ਕਿਹਾ ਸੀ ਕਿ ‘ਮਾਰਕਸਵਾਦੀ ਸਿਧਾਂਤਕਾਰਾਂ ਨੇ ਜੋ ਕੀਤਾ, ਉਹ ਸੀ ਪੂੰਜੀ ਦੀ ਨਿੱਜੀ ਜਗੀਰ ਦਾ ਖ਼ਾਤਮਾ ਤੇ ਉਤਪਾਦਨ ਸਬੰਧਾਂ ‘ਚ ਬਦਲਾਅ, ਪਰ ਸਮੇਂ ਦੇ ਨਾਲ਼ ਇਹ ਤੱਥ ਸਪੱਸ਼ਟ ਹੋ ਗਿਆ ਕਿ ਸਿਰਫ ਉਤਪਾਦਨ ਸਬੰਧਾਂ ਨੂੰ ਬਦਲ ਦੇਣਾ ਹੀ ਕਾਫੀ ਨਹੀਂ ਹੈ ਤੇ ਅਜਿਹਾ ਕਰਕੇ ਮਨੁੱਖ ਤੇ ਸਮਾਜ ਦੇ ਅੰਦਰੂਨੀ ਬਦਲਾਓ ਦੇ ਟੀਚੇ ਨੂੰ ਹਾਸਲ ਨਹੀਂ ਕੀਤਾ ਜਾ ਸਕਦਾ। ਵੱਖ ਵੱਖ ਆਰਥਿਕ ਪ੍ਰਬੰਧਾਂ ‘ਚ ਵੀ ਸਦੀਆਂ ਤੋਂ ਚੱਲੇ ਆ ਰਹੇ ਮੁੱਲ, ਸੱਭਿਆਚਾਰ ਤੇ ਔਰਤ ਤੇ ਮਰਦ ਦੇ ਵਿਚਕਾਰ ਪੁਰਾਤਨ ਭੂਮਿਕਾਵਾਂ ਦੀ ਵੰਡ ਬਾਦਸਤੂਰ ਜਾਰੀ ਹੈ। ’

ਫ਼ਿਲਮ ਦੇ ਦੂਜੇ ਹਿੱਸੇ ਨੂੰ ਅਨੰਦ ਉੱਚ ਜਾਤਾਂ ਦੀ ਸਿਆਸੀ ਜਾਤੀਵਾਦੀ ਜ਼ਮੀਨ, ਦਲਿਤ ਆਗੂ ਦੀ ਮੌਕਾਪ੍ਰਸਤੀ, ਦਲਿਤਾਂ ਤੇ ਹਿੰਦੂਤਵੀ ਸਿਆਸਤ ਦਾ ਪ੍ਰਭਾਵ, ਸੰਸਾਰੀਕਰਨ ਦੇ ਦੌਰ ‘ਚ ਦਲਿਤ ਦੀ ਸਥਿਤੀ ਤੇ ਅੰਬੇਡਕਰ ਤੋਂ ਮੌਜੂਦਾ ਦੌਰ ਤੱਕ ਬਦਲੇ ਸਮਾਜਿਕ, ਸਿਆਸੀ ਤੇ ਆਰਥਿਕਤਾ ਬਾਰੇ ਸੁਆਲਾਂ ਨੂੰ ਮੁਖਾਤਿਬ ਹੁੰਦਾ ਹੈ। ਇਸ ਤੋਂ ਇਲਾਵਾ ਉਹ ਵਿਲਾਸ ਘੋਗਰੇ ਦੀ ਸੱਭਿਆਚਾਰਕ ਵਿਰਾਸਤ ਤੇ ਦਲਿਤ ਸਮਾਜ ਨੂੰ ਚੇਤਨ ਤੇ ਉਸਦੀ ਜਮਾਤੀ ਗੋਲਬੰਦੀ ਕਰਦੇ ਕਬੀਰ ਕਲਾ ਮੰਚ ‘ਤੇ ਕੇਂਦਰਤ ਕਰਦਾ ਹੈ।

ਫ਼ਿਲਮਸਾਜ਼ ਚਿਤਪਾਵਨ ਬ੍ਰਹਮਣ ਰੈਲੀ, ਬ੍ਰਹਮਣ ਮਹਾਸਭਾ ਤੇ ਮਰਾਠਾ ਮਹਾਸਭਾ ਦੇ ਜਾਤੀਵਾਦੀ ਸਮਾਗਮਾਂ ਨੂੰ ਚਿੰਨ੍ਹਤ ਕਰਦਾ ਹੈ ਹੋਇਆ ਦੱਸਦਾ ਹੈ ਕਿ ਕਿਵੇਂ ਉੱਚ ਜਾਤਾਂ ਉੱਚਾ ਹੋਣ ਦੇ ਮਾਣ ਵਜੋਂ ਜਸ਼ਨ ਮਨਾਉਂਦੀਆਂ ਹਨ। ਅਜਿਹੇ ਜਸ਼ਨਾਂ ਕਰਕੇ ਹੀ ਖੈਰਲਾਂਜੀ ਜਿਹੇ ਕਾਂਡ ਵਾਪਰਦੇ ਹਨ। ਜਿਨ੍ਹਾਂ ਥਾਵਾਂ ‘ਤੇ ਉੱਚ ਜਾਤਾਂ ਜਥੇਬੰਦਕ ਹਨ ਉੱਥੇ ਦਲਿਤ ਅੱਤਿਆਚਾਰਾਂ ਦੀਆਂ ਘਟਨਾਵਾਂ ਜ਼ਿਆਦਾ ਸਾਹਮਣੇ ਆਉਂਦੀਆਂ ਹਨ। ਫ਼ਿਲਮ ਦੱਸਦੀ ਹੈ ਕਿ ਕਿਵੇਂ ਇੱਕ ਕਮਿਊਨਿਸਟ ਲੋਕ ਗਾਇਕ ਆਤਮਾਰਾਮ ਪਾਟਿਲ ਸਮਾਜਿਕ ਜਾਤੀਵਾਦੀ ਭੇਦਭਾਵ ਦੀ ਘਟਨਾ ਨੂੰ ਦੇਖ ਕੇ ਆਪਣੇ ਦੌਰ ‘ਚ ਜਾਤਪਾਤੀ ਵਿਤਕਰੇ ਵਿਰੁੱਧ ਗੀਤ ਲਿਖਣੇ ਸ਼ੁਰੂ ਕਰਦਾ ਹੈ।

ਫ਼ਿਲਮ ਪੀੜ੍ਹਤ ਨੂੰ ਦੋਸ਼ੀ ਬਣਾਉਣ ਦੀ ਥਿਊਰੀ ਨੂੰ ਬੇਨਕਾਬ ਕਰਦੀ ਹੈ। ਸਿਰਫ ਸਰਕਾਰੀ ਅੰਕੜਿਆਂ ਮੁਤਾਬਕ ‘ਭਾਰਤ ‘ਚ ਹਰ ਰੋਜ਼ ਦੋ ਦਲਿਤਾਂ ਦੀ ਮੌਤ ਤੇ ਤਿੰਨ ਦਾ ਬਲਾਤਕਾਰ ਹੁੰਦਾ ਹੈ, ਪਰ ਪ੍ਰਬੰਧ ਇਨਸਾਫ਼ ਦੇਣ ਦੀ ਥਾਂ ਉਨ੍ਹਾਂ ਲੋਕਾਂ ਨੂੰ ਹੀ ਕਟਹਿਰੇ ‘ਚ ਖੜ੍ਹਾ ਕਰਦਾ ਹੈ ਜੋ ਪੀੜ੍ਹਤ ਹਨ। 2005 ‘ਚ ਰਮਾਬਈ ਨਗਰ ਦੇ ਪੀੜਤਾਂ ‘ਤੇ 307 ਦੇ ਪਰਚੇ ਦਰਜ ਹੁੰਦੇ ਹਨ। ਰਮਾਬਾਈ ਨਗਰ ਤੇ ਖੈਰਲਾਜੀ ਕਾਂਡ ‘ਚ ਪੀੜ੍ਹਤ ਪਰਿਵਾਰ ਨਾਲ਼ ਹੋਈ ਸ਼ਰੇਆਮ ਬੇਇਨਸਾਫ਼ੀ ਹੁੰਦੀ ਹੈ।

ਉੱਚ ਜਾਤਾਂ ਨੂੰ 1989 ਦੇ ਅੱਤਿਆਚਾਰ ਵਿਰੋਧੀ ਕਨੂੰਨ ਹੇਠ ਕੇਸ ਦਰਜ ਹੋਣੇ ਜ਼ਿਆਦਤੀ ਲੱਗਦੀ ਹੈ। ਇਹਨੂੰ ਉਹ ਆਪਣੇ ਹੱਕਾਂ ‘ਤੇ ਡਾਕਾ ਕਹਿੰਦੇ ਹਨ, ਘੱਟੋ ਘੱਟ ਉਹ ਹੁਣ ਕਨੂੰਨੀ ਦਾਅ ਹੇਠ ਆਉਂਦੇ ਹਨ। ਫ਼ਿਲਮ ਵਿਚ ਪੁਲੀਸ ਦਾ ਸੇਵਾ-ਮੁਕਤ ਉੱਚ ਅਫਸਰ ਐਸ ਸੁਰਡਕਰ ਕਹਿੰਦਾ ਹੈ ਕਿ “ਪੁਲਿਸ ਤੇ ਸਰਕਾਰ ਦੀ ਮਾਨਸਿਕਤਾ ਬੁਨਿਆਦੀ ਰੂਪ ‘ਚ ਦਲਿਤ ਵਿਰੋਧੀ ਹੈ”। ਇਹੀ ਕਾਰਨ ਹੈ ਕਿ ਦਲਿਤ ਮੁੱਦਿਆਂ ਨਾਲ਼ ਜੁੜੀ ਜਾਂਚ ਤੋਂ ਲੈ ਕੇ ਹਰ ਪੱਧਰ ‘ਤੇ ਭੇਦਭਾਵ/ ਛੇੜਛਾੜ ਹੁੰਦੀ ਹੈ । ਉਹ ਦੱਸਦਾ ਹੈ ਕਿ ਖੈਰਲਾਂਜੀ ਮਸਲੇ ‘ਚ ਵੀ ਇਹੀ ਹੋਇਆ ਸੀ।

ਇਕ ਪਰਿਵਾਰ ਦੀ ਔਰਤ ਤੋਂ ਅਨੰਦ ਪੁੱਛਦਾ ਹੈ ਕਿ ‘ਐਨੇ ਅੱਤਿਆਚਾਰਾਂ ਦੇ ਬਾਵਜੂਦ ਤੁਹਾਡੇ ਚਿਹਰੇ ‘ਤੇ ਹਾਰ ਨਹੀਂ ਹੈ’? ਉਹ ਕਹਿੰਦੀ ਹੈ ‘ਹਾਰ ਕੇ ਕਿਵੇਂ ਚੱਲੂਗਾ। ਮੈਨੂੰ ਲੱਗਦੈ ਜੋ ਮੈਂ ਹੰਢਾਇਆ, ਮੇਰੇ ਬੱਚੇ ਨਾ ਹੰਢਾਉਣ’ ।

ਹਿੰਦੂਤਵੀ ਤੇ ਮੌਕਾਪ੍ਰਸਤ ਦਲਿਤ ਸਿਆਸਤ ਦੇ ਆਗੂਆਂ ਦਾ ਕਾਕਟੇਲ ਅਨੰਦ ਨੇ ਖੂਬਸੂਰਤੀ ਨਾਲ਼ ਪੇਸ਼ ਕੀਤਾ ਹੈ । ਮੌਕਾਪ੍ਰਸਤੀ ਕਾਕਟੇਲ ਸ਼ਿਵਸ਼ਕਤੀ+ਭੀਮਸ਼ਕਤੀ=ਦੇਸ਼ਭਗਤੀ ਹੋ ਨਿਬੜਦਾ ਹੈ। ਫ਼ਿਲਮ ਦੇ ਅੰਤ ‘ਚ ਕਬੀਰ ਕਲਾ ਮੰਚ ਦੀ ਕਲਾਕਾਰ ਸੀਤਲ ਸਾਠੇ ਗੀਤਾਂ ਰਾਹੀਂ ਅਜਿਹੇ ਨਵੇਂ ਭੀਮ ਦੇ ਜਨਮ ਦੀ ਮੰਗ ਕਰਦੀ ਹੈ, ਜੋ ਜਾਤਪਾਤ ਦਾ ਖਾਤਮਾ ਕਰੇ । ਉਹ ਭੀਮ ਨੂੰ ਵੋਟ ਸਿਆਸਤ ਤੇ ਬਜ਼ਾਰ ‘ਚੋਂ ਬਾਹਰ ਨਿਕਲਣ ਲਈ ਕਹਿੰਦੀ ਹੈ।

ਮੰਚ ਗੀਤਾਂ ਜ਼ਰੀਏ ਜਾਤਪਾਤ, ਸੰਸਾਰੀਕਰਨ, ਨਿੱਜੀਕਰਨ ਤੇ ਉਦਾਰੀਕਰਨ ਦੀ ਮਾਰ ਨੂੰ ਵੀ ਗਰੀਬਾਂ ‘ਚੋਂ ਸਭ ਤੋਂ ਗਰੀਬਾਂ ‘ਤੇ ਪਈ ਮਾਰ ਦੇ ਰੂਪ ‘ਚ ਦਰਸਾਉਂਦਾ ਹੈ ਤੇ ਵਿਸ਼ੇਸ਼ ਆਰਥਿਕ ਜੋਨਾਂ ਤਹਿਤ ਲਵਾਸਾ (ਪੂਨਾ) ਜਿਹੇ ਪ੍ਰੋਜੈਕਟਾਂ ਜ਼ਰੀਏ ਭਾਰਤੀ ਉੱਪ ਮਹਾਦੀਪ ‘ਚ ਉਸਰਦੇ ਇੰਡੀਆ ਤੇ ਭਾਰਤ ਦੀ ਕਹਾਣੀ ਕਹਿੰਦਾ ਹੈ। ਸਰਕਾਰ ਕਬੀਰ ਕਲਾ ਮੰਚ ਦੇ ਕਲਾਕਾਰ ਨੂੰ ਮਾਓਵਾਦੀ ਐਲਾਨਦੀ ਹੈ ਤੇ ਕਲਾਕਾਰ ਰੂਪੋਸ਼ ਹੋ ਜਾਂਦੇ ਹਨ।

ਫ਼ਿਲਮਸਾਜ਼ ਅਨੰਦ ਪਟਵਰਧਨ ਸਾਠੇ ਦੀ ਮਾਂ ਕਹਿੰਦੀ ਹੈ ਕਿ ‘ਮੇਰੇ ਬੱਚੇ ਹਰ ਪ੍ਰੋਗਰਾਮ ਤੋਂ ਬਾਅਦ ਕਹਿੰਦੇ ਸਨ ਕਿ ‘ਮਾਂ ਅਸੀਂ ਹਥਿਆਰ ਨਹੀਂ ਉਠਾਵਾਂਗੇ ਤੇ ਦੁਨੀਆ ਨੂੰ ਆਪਣੇ ਗਾਣਿਆਂ ਦੇ ਬੋਲਾਂ ਤੇ ਡਫਲੀ ਦੀ ਤਾਲ ਨਾਲ਼ ਬਦਲਾਂਗੇ’। ਪਰ ਸੱਤਾ ਨਜ਼ਰੀਏ ‘ਤੇ ਹੀ ਰੋਕ ਲਗਾ ਰਹੀ ਹੈ। ਅਸਲ ‘ਚ ਨਜ਼ਰੀਏ ਕਾਰਨ ਵਿਲਾਸ ਨੂੰ ਖੁਦਕਸ਼ੀ ਤੇ ਕਬੀਰ ਕਲਾ ਮੰਚ ਨੂੰ ਰੂਪੋਸ਼ ਹੋਣ ਲਈ ਮਜਬੂਰ ਹੋਣਾ ਪੈਂਦਾ ਹੈ। ਅਨੰਦ ਬੜੀ ਕਮਾਲ ਦੀ ਸਿਰਜਣਾ ਸ਼ਕਤੀ ਨਾਲ਼ ਫ਼ਿਲਮ ਨੂੰ ਇੱਕੋ ਸਿਆਸਤ ਤੇ ਇਕੋ ਵਿਰਾਸਤ ਦੀ ਤਾਰ ਨਾਲ਼ ਜੋੜਦਾ ਹੋਇਆ ਫ਼ਿਲਮ ਦੀ ਸ਼ੁਰੂਆਤ ਵਿਲਾਸ ਦੇ ਗਾਣੇ ਤੇ ਅੰਤ ਕਬੀਰ ਕਲਾ ਮੰਚ ਗਾਣੇ ਨਾਲ਼ ਕਰਦਾ ਹੈ।

ਫ਼ਿਲਮ ਭਾਰਤੀ ਸਮਾਜ ਦੀ ਨਬਜ਼ ਫੜ੍ਹਦੀ ਹੋਈ ਦੱਸਦੀ ਹੈ ਕਿ ਇਤਿਹਾਸ ਕਦੇ ਪਰਿਭਾਸ਼ਾਵਾਂ ਦੇ ਘਨੇੜੇ ਚੜ੍ਹ ਕੇ ਸਫ਼ਰ ਤੈਅ ਨਹੀਂ ਕਰਦਾ, ਸਗੋਂ ਅਸਲ ਮਨੁੱਖੀ ਸਮਾਜਿਕ ਵਿਕਾਸ ਦਾ ਅਮਲ ਇਤਿਹਾਸ ਨੂੰ ਨਵੇਂ ਮੋੜ ‘ਤੇ ਖੜਾ ਕਰਦਾ ਹੈ, ਪਰ ਭਾਰਤੀ ਉੱਪ ਮਹਾਦੀਪ ‘ਚ ਖੱਬੇਪੱਖੀ ਸਿਆਸਤ ਘੜੀਆਂ ਘੜਾਈਆਂ ਪਰਿਭਾਸ਼ਵਾਂ ‘ਚੋਂ ਬਾਹਰ ਨਿਕਲ ਕੇ ਵਿਭਿੰਨਤਾਵਾਦੀ ਸਮਾਜ ਦਾ ਸਹੀ ਵਿਸ਼ਲੇਸ਼ਨ ਨਹੀਂ ਕਰ ਸਕੀ।

ਦਰ ਅਸਲ ਭਾਰਤੀ ਸਮਾਜ ‘ਚ ਜਾਤ ਦਾ ਮਸਲਾ ਬੇਹੱਦ ਪੇਚੀਦਾ ਹੈ। ਜ਼ਮੀਨੀ ਪੱਧਰ ‘ਤੇ ਹੀ ਦਲਿਤ ਦੀ ਹਾਲਤ ਖਸਤਾ ਨਹੀਂ ਬਲਕਿ ਦੇਸ਼ ਦੀ 8 ਫੀਸਦੀ ਬ੍ਰਹਮਣ ਅਬਾਦੀ ਦੀ ਭਾਰਤੀ ਮੀਡੀਆ ‘ਚ 71 ਫੀਸਦੀ ਹਿੱਸੇਦਾਰੀ ਹੈ। ਮੀਡੀਆ ਦੇ ਉੱਚ ਅਹੁਦੇ ‘ਤੇ ਅੱਜ ਵੀ ਕੋਈ ਦਲਿਤ ਜਾਂ ਆਦਿਵਾਸੀ ਨਹੀਂ ਹੈ। ਪਛਾਣਵਾਦੀ ਮਾਨਸਿਕਤਾ ਖਿਲਾਫ ਸਟੈਂਡ ਲੈਣ ਵਾਲੇ ਕਈ ਖੱਬੇਪੱਖੀ ਆਪਣੇ ਨਾਂ ਨਾਲ਼ ਅਜਿਹੀ ਪਛਾਣ (ਜਾਤ, ਗੋਤ) ਲਗਾਉਣਾ ਨਹੀਂ ਭੁੱਲਦੇ,ਜਿਸ ‘ਤੇ ਮਾਣ ਕਰਨ ਲਾਇਕ ਕੁਝ ਵੀ ਨਹੀਂ,ਸਗੋਂ ਇਨ੍ਹਾਂ ਦੀ ਕਿਰਤ ਦੇ ਇਤਿਹਾਸ ‘ਚ ਸ਼ਰਮਨਾਕ ਥਾਂ ਹੈ।

ਅੰਬੇਡਕਰ ਅੰਤਰਜਾਤੀ ਵਿਆਹ ਨੂੰ ਜਾਤਪਾਤੀ ਖਾਤਮੇ ਦਾ ਵੱਡਾ ਸੰਦ ਮੰਨਦੇ ਸੀ ਪਰ ਕਹੇ ਜਾਂਦੇ ਆਧੁਨਿਕ ਸਮਾਜ ‘ਚ ਮਸਲਾ ਐਨਾ ਗੰਭੀਰ ਹੈ ਪੰਜਾਬ ਦੇ ਜਿਨ੍ਹਾਂ ਚਾਰ ਆਈ ਏ ਐਸ ਤੇ ਆਈ ਪੀ ਐਸ ਜੋੜਿਆਂ ਨੇ ਅੰਤਰਜਾਤੀ ਵਿਆਹ ਕਰਵਾਏ ਸਨ, ਉਨ੍ਹਾਂ ਦੇ ਬੱਚਿਆਂ (ਕੁਝ ਪੰਜਾਬ ਦੇ ਮੌਜੂਦਾ ਸੀਨੀਅਰ ਅਫਸਰ) ਨੇ ਅੱਜਕਲ੍ਹ ਆਪਣੀਆਂ ਮਾਵਾਂ ਦਾ ਗੋਤ ਸਿਰਫ ਇਸ ਕਰਕੇ ਆਪਣੇ ਨਾਂ ਨਾਲ਼ ਲਗਾਉਣਾ ਸ਼ੁਰੂ ਕੀਤਾ ਹੈ, ਕਿਉਂਕਿ ਪਿਓ ਦਲਿਤ ਤੇ ਮਾਵਾਂ ਉੱਚ ਜਾਤ ਨਾਲ਼ ਸਬੰਧ ਰੱਖਦੀਆਂ ਸਨ ਤੇ ਉਹ ਆਪਣਾ ਵਿਆਹ ਉੱਚ ਜਾਤਾਂ ‘ਚ ਕਰਵਾਉਣ ਦੇ ਚਾਹਵਾਨ ਸਨ।

‘ਜੈ ਭੀਮ ਕਾਮਰੇਡ’ ਅਮੀਰ ਕਲਾਤਮਿਕ ਦਸਤਾਵੇਜ਼ ਹੈ। ਲੋਕ ਗੀਤ ਫ਼ਿਲਮ ਦੀ ਜਾਨ ਹਨ। ਪਹਿਲੀ ਵਾਰ ਅਨੰਦ ਫ਼ਿਲਮ ‘ਚ ਸਿਆਸਤ ਦੇ ਨਾਲ਼ ਨਾਲ਼ ਸਮਾਜਿਕ ਤੇ ਸੱਭਿਆਚਾਰਕ ਪੱਖਾਂ ਨੂੰ ਚੇਤਨ ਰੂਪ ‘ਚ ਉਭਾਰਦਾ ਹੈ। ਦਰਸ਼ਕ ਨੂੰ ਮਹਿਸੂਸ ਹੁੰਦਾ ਹੈ ਕਿ ਫ਼ਿਲਮਸਾਜ਼ ਘਰੋਂ ਕੁਝ ਤੈਅ ਕਰਕੇ ਨਹੀਂ ਨਿਕਲਿਆ ਕਿ ਮੈਂ ਇਹੀ ਬਣਾ ਕੇ ਲਿਆਉਣਾ ਹੈ। ਅਸਲ ‘ਚ ਅਨੰਦ ਸਿਆਸੀ ਸਮਝ ਸੇਧਤ ਹੁੰਦਾ ਹੋਇਆ ਵੀ ਸਮਾਜਿਕ ਅਮੀਰੀ ਨੂੰ ਵੱਧ ਤਰਜੀਹ ਦਿੰਦਾ ਹੈ ।

ਫ਼ਿਲਮ ਦਾ ਇਕ ਹੋਰ ਮਜ਼ਬੂਤ ਪੱਖ ਹੈ ਕਿ ‘ਜੈ ਭੀਮ ਕਾਮਰੇਡ’ ‘ਚ ਪਿੱਠਵਰਤੀ ਅਵਾਜ਼ (ਵਾਇਸ ਓਵਰ) ਨਹੀਂ ਹੈ। ਹਰ ਦਸਤਾਵੇਜ਼ੀ ਫ਼ਿਲਮ ਦਾ ਇਕ ਖਾਸ ਦਰਸ਼ਕ ਵਰਗ ਹੁੰਦਾ ਹੈ, ਪਰ ਜਦੋਂ ਕੋਈ ਫ਼ਿਲਮ ਆਪਣੇ ਆਪ ਨਵੇਂ ਦਰਸ਼ਕਾਂ ਨਾਲ਼ ਰੂਬਰੂ ਹੁੰਦੀ ਹੈ, ਉਹ ਫ਼ਿਲਮਸਾਜ਼ ਲਈ ਵੱਡੀ ਪ੍ਰਾਪਤੀ ਹੁੰਦੀ ਹੈ। ਅਨੰਦ ਨੇ ਇਕ ਸੂਝਵਾਨ ਸੱਭਿਆਚਾਰਕ ਕਾਮੇ ਦਾ ਰੋਲ ਅਦਾ ਕੀਤਾ ਹੈ। ਅਗਲੀ ਭੂਮਿਕਾ ਸਿਆਸਤ ਦੀ ਹੈ ਕਿ ਉਹ ਗੁੰਝਲਦਾਰ ਤੇ ਗੰਭੀਰ ਮਸਲੇ ਨੂੰ ਕਿਸੇ ਹੱਲ ਵੱਲ ਕਿਵੇਂ ਤੋਰਦੀ ਹੈ?

ਕਲਾ

ਕਿਹੜਾ ਪੰਜਾਬ ਯਾਦਵਿੰਦਰ ਕਰਫਿਊ

ਕਲਾ ਦੀ ਸਦੀਵੀ ਪ੍ਰਸੰਗਕਿਤਾ

ਸਦੀਵੀ ਅਰਥਾਂ ਵਾਲੀ ਕਲਾ ਮਨੁੱਖੀ ਸੱਭਿਅਤਾ ਦੇ ਕਲਾਤਮਿਕ ਇਤਿਹਾਸ ਦੀ ਨੀਂਹ ਮਜ਼ਬੂਤ ਕਰਦੀ ਹੈ। ਫ਼ਿਲਮਸਾਜ਼ ਅਜੈ ਭਾਰਦਵਾਜ ਆਪਣੀਆਂ ਫ਼ਿਲਮਾਂ ‘ਕਿਤੇ ਮਿਲ ਵੇ ਮਾਹੀ’, ‘ਰੱਬਾ ਹੁਣ ਕੀ ਕਰੀਏ’ ਅਤੇ ‘ਮਿਲਾਂਗੇ ਬਾਬੇ ਰਤਨ ਦੇ ਮੇਲੇ ‘ਤੇ’ ਦੇ ਜ਼ਰੀਏ ਪੰਜਾਬ ਨੂੰ ਸਦੀਵੀ ਪ੍ਰਸੰਗਿਕਤਾ ਵਾਲੀ ਕਲਾ ਨਾਲ਼ ਜੋੜਦਾ ਹੈ।

ਇਹ ਫ਼ਿਲਮਾਂ 1947 ਦੀ ਵੰਡ ਤੇ ਸੂਫ਼ੀਵਾਦ ਦੇ ਹਵਾਲੇ ਨਾਲ਼ ਪੰਜਾਬ ਦੇ ਸਾਂਝੇ ਸੱਭਿਆਚਾਰ ਦੀਆਂ ਜੜ੍ਹਾਂ ਲੱਭਦੀਆਂ ਹਨ। ਇਹ ਦਰਸ਼ਕ ਦੀ ਸਾਂਝ ‘ਜੋੜਨ ਵਾਲੇ ਫਲਸਫੇ’ ਨਾਲ਼ ਪਵਾਉਂਦੀਆਂ ਹਨ ਅਤੇ ਗ਼ੈਰ-ਕੁਦਰਤੀ ਸਿਆਸੀ ਪਹੁੰਚ ਨਾਲ਼ ਹੋਣ ਵਾਲੀ ਸਮਾਜਿਕ ਤੇ ਸੱਭਿਆਚਾਰਕ ਤਬਾਹੀ ਬਾਰੇ ਖ਼ਬਰਦਾਰ ਕਰਦੀਆਂ ਹਨ। ਇਸਲਾਮ ਤੇ ਸੂਫ਼ੀਵਾਦ ਦੀ ਰੂਹਾਨੀਅਤ ਨਾਲ਼ ਜੋ ਪੰਜਾਬ ਦਾ ਅਤੁੱਟ ਨਾਤਾ ਹੈ, ਇਨਾਂ ਫ਼ਿਲਮਾਂ ਰਾਹੀਂ ਗੂੜ੍ਹਾ ਹੁੰਦਾ ਹੈ ਅਤੇ ਪੰਜਾਬ ਦਾ ਸਾਂਝਾ ਸੱਭਿਆਚਾਰ ਜਸ਼ਨੀ ਅੰਦਾਜ਼ ‘ਚ ਉਘੜਦਾ ਹੈ। ਇਸਲਾਮ ਤੇ ਸੂਫ਼ੀ ਸੰਤਾਂ ਦੀਆਂ ਖਾਨਗਾਹਾਂ ਮਨੁੱਖੀ ਸਾਂਝਾਂ ਦੀ ਗਵਾਹ ਬਣ ਕੇ ਪੇਸ਼ ਹੁੰਦੀਆਂ ਹਨ।

ਫ਼ਿਲਮਾਂ ਦੇ ਸੰਵਾਦ ਦਾ ਮੁੱਖ ਧੁਰਾ ਸੱਭਿਆਚਾਰ ਹੈ। ਮਾਲਵੇ (ਵੰਡ ਤੋਂ ਪਹਿਲਾਂ) ਦੇ ਮਸ਼ਹੂਰ ਕਵੀਸ਼ਰ ਮਰਹੂਮ ਬਾਬੂ ਰਜਬ ਅਲੀ, ਮਸਕੀਨ ਅਤੇ ਮਰਹੂਮ ਪ੍ਰੋ. ਕਰਮ ਸਿੰਘ ਜਿਹੇ ਲੋਕ ਕਲਾਕਾਰ ਪੰਜਾਬ ਦੀ ਅਮੀਰ ਵਿਰਾਸਤ ਨੂੰ ਕਾਇਨਾਤੀ ਪ੍ਰਸੰਗਾਂ ਨਾਲ਼ ਜੋੜਦੇ ਹਨ ਅਤੇ ਆਪਣੀ ਲੋਕ ਕਲਾ ਰਾਹੀਂ ਹੀ ਸਿਆਸਤ ਦੀ ਤੈਹ ‘ਚ ਪਈ ਅਣਮਨੁੱਖੀ ਖਿੱਚੋਤਾਣ ਨੂੰ ਬੇਨਕਾਬ ਵੀ ਕਰੀ ਜਾਂਦੇ ਹਨ।

ਫ਼ਿਲਮਾਂ 1947 ਦੇ ਮਹਾਂ-ਦੁਖਾਂਤ ਤੱਕ ਸੀਮਤ ਨਹੀਂ ਹਨ ਬਲਕਿ ਮਨੁੱਖ ਨੂੰ ਜ਼ਦ ਵਿਚ ਲੈਣ ਵਾਲੇ ਨਿੱਕੇ-ਵੱਡੇ ਸਾਰੇ ਦੁਖਾਂਤਾਂ ਦੀ ਨਬਜ਼ ਫੜ੍ਹਦੀਆਂ ਹਨ। ਇਨ੍ਹਾਂ ‘ਚ ਮਨੁੱਖੀ ਵਜੂਦ ਦਾ ਕੁਦਰਤੀ ਧੁਰਾ ਫੜਨ ਦਾ ਯਤਨ ਹੈ, ਕਿ ਮਨੁੱਖ ਮਨੁੱਖ ਵਜੋਂ ਖੜ੍ਹਦਾ ਕਿੱਥੇ ਹੈ, ਤੇ ਉਹਨੂੰ ਆਪਣੇ ਅਸਲ ਤੋਂ ਤੋੜਨ ਵਾਲੇ ਸੰਦ ਕਿਹੜੇ ਹਨ। ਫ਼ਿਲਮਾਂ ਪਾਤਰਾਂ ਤੇ ਵਜੂਦ ਲੱਭਦੀਆਂ ਥਾਵਾਂ ਜ਼ਰੀਏ ਬਿਰਤਾਂਤ ਬੁਣਦੀਆਂ ਹਨ ਤੇ ਮਨੁੱਖ ਅੰਦਰ ਬਹੁਪਰਤੀ, ਬਹੁ-ਭੁਜਾਵੀਂ ਤੇ ਬਹੁਦਿਸ਼ਾਵੀਂ ਅਧਿਐਨ ਤੇ ਸੰਵਾਦ ਦੀ ਸੂਖਮ ਚਿਣਗ ਜਗਾਉਂਦੀਆਂ ਹਨ’ ।

ਇਸ ਤਰ੍ਹਾਂ ਮਨੁੱਖੀ ਅੰਤਰਮੁਖਤਾ ਤੇ ਬਾਹਰਮੁਖਤਾ ਇਕ ਦੂਜੇ ਦੇ ਸਾਹਮਣੇ ਆਣ ਖੜ੍ਹਦੀਆਂ ਹਨ ਤੇ ਇਤਿਹਾਸਕ ਮਹਾ-ਦੁਖਾਤਾਂ ਦੀ ਸਹਿਜ ਸਵੈ ਪੜਚੋਲ ਕਰਨ ਲਈ ਕਹਿੰਦੀਆਂ ਹਨ। ਉੱਤਮ ਕਲਾ ਸੰਕੇਤਕ ਤੇ ਚੁੱਪ ਦੀ ਭਾਸ਼ਾ ਰਾਹੀਂ ਮਨੁੱਖੀ ਸੰਵੇਦਨਾ ਨੂੰ ਛੁੰਹਦੀ ਹੈ। ਅਜੈ ਦੀ ਫ਼ਿਲਮਸਾਜ਼ੀ ਅਜਿਹੀ ਕਲਾ ਦਾ ਨਮੂਨਾ ਹੈ। ਉਸਨੂੰ ਤਸਵੀਰਾਂ/ਦ੍ਰਿਸ਼ਾ ਨਾਲ਼ ਬਿਰਤਾਂਤ ਸਿਰਜਣ ਵਾਲਾ ਫ਼ਿਲਮਸਾਜ਼ ਕਿਹਾ ਜਾ ਸਕਦਾ ਹੈ’।

ਇਨ੍ਹਾਂ ਦਸਤਾਵੇਜ਼ੀ ਫ਼ਿਲਮਾਂ ਦਾ ਫ਼ਿਲਮਾਂਕਣ ਅਜਿਹਾ ਹੈ ਜੋ ਦਰਸ਼ਕ ਦੀਆਂ ਚੇਤ-ਅਚੇਤ ਖੁੰਦਰਾਂ ਦਾ ਲੱਖਣ ਸਾਹਮਣੇ ਆ ਜਾਂਦਾ ਹੈ। ਅਜਿਹੀ ਪੇਸ਼ਕਾਰੀ ਦਸਤਾਵੇਜ਼ੀ ਫ਼ਿਲਮਾਂ ਦੀ ਸੀਮਾ ਤੋਂ ਪਾਰ ਕਲਾਤਮਿਕ ਫ਼ਿਲਮਸਾਜ਼ੀ ਦੇ ਘੇਰੇ ਵਿਚ ਆ ਜਾਂਦੀ ਹੈ। ਫ਼ਿਲਮ ਦਾ ਦ੍ਰਿਸ਼: ‘ਕਾਂ ਦੀ ਪਿੱਠਵਰਤੀ ਅਵਾਜ਼ ਅਜਿਹਾ ਪ੍ਰਭਾਵ ਸਿਰਜਦੀ ਹੈ, ਜਿਵੇਂ ਕਾਂ ਉਜੜੇ ਬਾਬਿਆਂ ਦਾਦਿਆਂ ਨੂੰ ਪਰਤ ਆਉਣ ਲਈ ਕਹਿ ਰਿਹਾ ਹੋਵੇ। ਇਸੇ ਤਰ੍ਹਾਂ ਧੂਣੀ ‘ਚ ਬਲਦੀਆਂ ਪਾਥੀਆਂ, ਦੀਵੇ ਦੀ ਲੋਅ, ਜ਼ੁਲਮ ਦੀਆਂ ਗਵਾਹ ਥਾਵਾਂ ‘ਤੇ ਅੱਗ ਦੇ ਦ੍ਰਿਸ਼, ਆਦਿ, ਸਿਨੇਮਾ ਦੀ ਭਾਸ਼ਾ ਦਾ ਉੱਤਮ ਨਮੂਨਾ ਹਨ। ਇਕ ਦ੍ਰਿਸ਼ ਵਿਚ ਗੁਰਦੁਆਰੇ ਨੂੰ ਮਸੀਤ ਤੋਂ ਤਿੰਨ ਵਾਰ ਦੂਰ ਹੁੰਦਾ (ਜ਼ੂਮ-ਆਉਟ) ਵਿਖਾਇਆ ਗਿਆ ਹੈ। ਸੁਰਤ ਨੂੰ ਜ਼ਖਮ ਕਰਨ ਵਾਲੇ ਬਿੰਬਾਂ ਦਾ ਅਜਿਹਾ ਬਿਰਤਾਂਤ ਹੀ ਦਰਸ਼ਕਾਂ ‘ਤੇ ਗਹਿਰਾ ਅਸਰ ਛੱਡਦਾ ਹੈ।

ਫ਼ਿਲਮਾਂ ਪੰਜਾਬ ਦੀ ਸਥਾਨਿਕਤਾ ਨਾਲ਼ ਮੱਛੀ-ਪਾਣੀ ਵਾਲਾ ਰਿਸ਼ਤਾ ਕਾਇਮ ਕਰਦੀਆਂ ਹਨ ਤੇ ਇਕ ਤਰ੍ਹਾਂ ਸਥਾਨਕਤਾ ਨਾਲ਼ ਆਲਮੀ ਸੰਵਾਦ ਲਈ ਸਪੇਸ ਤਿਆਰ ਕਰਦੀਆਂ ਹਨ। ਫ਼ਿਲਮ ‘ਮਿਲਾਂਗੇ ਬਾਬੇ ਰਤਨ ਦੇ ਮੇਲੇ ‘ਤੇ’ ਵਿਚ ਮਸਕੀਨ ਜੰਗ ਦੇ ਵਿਰੋਧ ‘ਚ ਅਮਨ ਦਾ ਪਾਠ ਕਰਦਾ ਹੈ, ਜੀਹਦੇ ਨਾਲ਼ ਨੇਸ਼ਨ ਸਟੇਟ ਦੀ ਜੰਗੀ ਸਿਆਸੀ ਆਰਥਿਕਤਾ ਦੇ ਵਿਰੋਧ ‘ਚ ਆਲਮੀ ਅਮਨ ਲਹਿਰ ਦਾ ਪੈਗ਼ਾਮ ਮਜ਼ਬੂਤ ਹੁੰਦਾ ਹੈ। ਫ਼ਿਲਮਾਂ ਮਨੁੱਖ ਨੂੰ ਸਥਾਨਿਤਕਾ ਨਾਲ਼ ਮੋਹ ਭਰਿਆ ਰਿਸ਼ਤਾ ਬਨਾਉਣ ਲਈ ਪ੍ਰੇਰਦੀਆਂ ਹਨ ਤੇ ਕਹੀ ਜਾਂਦੀ ਆਧੁਨਿਕਤਾ ਸਹਾਰੇ ਦਿਨੋ ਦਿਨੋ ਮਸ਼ੀਨੀ ਹੋ ਰਹੇ ਮਨੁੱਖ ਲਈ ਸੱਭਿਆਚਾਰਕ ਰੂਹ ਦੀ ਖੁਰਾਕ ਦਾ ਕੰਮ ਕਰਦੀਆਂ ਹਨ। ਇਨ੍ਹਾਂ ਵਿਚ ਠੋਸ ਕਲਾ ਹੈ, ਜੋ ਕਾਇਨਾਤ ਦੀ ਭਰਪੂਰਤਾ ਨਾਲ਼ ਮਨੁੱਖ ਨੂੰ ਆਧੁਨਿਕ ਜ਼ਿੰਦਗੀ ਦੇ ਖਾਲੀਪਣ ਦਾ ਅਹਿਸਾਸ ਕਰਵਾਉਂਦੀ ਕੁਦਰਤੀ ਸੱਭਿਆਚਾਰ ਨਾਲ਼ ਜੁੜਨ ਲਈ ਕਹਿੰਦੀ ਹੈ’।

ਇਹ ਫ਼ਿਲਮਾਂ ਮਨੁੱਖ ‘ਚ ਗਰਮ-ਦਲੀ ਪ੍ਰਵਚਨੀ ਕਲਾ ਵਾਂਗ ਵਕਤੀ ਗਰਮੀ ਪੈਦਾ ਨਹੀਂ ਕਰਦੀਆਂ। ਇਹ ਮਨੁੱਖ ਅੰਦਰ ਲੋਕਾਈ ਨਾਲ਼ ਪਿਆਰ, ਸਰਬ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦੀ ਸਦੀਵੀ ਭੁੱਖ ਜਗਾਉਂਦੀਆਂ ਹਨ। ਮਨੁੱਖ ਨੂੰ ਹੰਕਾਰ ਮੁਕਤ ਹੋਣ, ਗਲਤੀ ਕਬੂਲਣ ਤੇ ਮੁਆਫ ਕਰਨ ਦਾ ਬਲ ਬਖਸ਼ਦੀਆਂ ਹਨ। ਇਨ੍ਹਾਂ ਫ਼ਿਲਮਾਂ ਦੀ ਕਲਾਤਮਿਕ ਅਮੀਰੀ ਅਜੈ ਦੀ ਫ਼ਿਲਮਸਾਜ਼ੀ ਨੂੰ ਆਲਮੀ ਪੱਧਰ ਤੱਕ ਪਹੁੰਚਾਉਂਦੀ ਹੈ, ਜਿੱਥੇ ‘ਕਲਾ ਕਲਾ ਲਈ’ ਜਾਂ ‘ਕਲਾ ਲੋਕਾਂ ਲਈ’ ਵਿਚਲਾ ਦੋਫ਼ਾੜ ਮਿੱਟ ਜਾਂਦਾ ਹੈ। ‘ਕਲਾ ਕਲਾ ਲਈ ਵੀ’ ਵੀ ਹੈ ਅਤੇ ‘ਕਲਾ ਮਨੁੱਖਤਾ ਲਈ ਵੀ’ ਹੈ ਦਾ ਰਲਵਾਂ ਤਸੱਵਰ ਸਾਹਮਣੇ ਆਉਂਦਾ ਹੈ ।

ਅਜੈ ਦੀ ਫ਼ਿਲਮਸਾਜ਼ੀ ਗਿਆਨ ਦੇ ਕੇਂਦਰੀਕਰਨ ਦੇ ਖਿਲਾਫ਼ ਹੈ। ਇਹ ਕਲਾ ਨੂੰ ਮਨੁੱਖੀ ਜ਼ਿੰਦਗੀ ਨਾਲ਼ ਜੋੜਦੀ ਹੈ। ਸਨਅਤੀ ਤਰਜ਼ ਦੇ ਗਿਆਨੀ ਲਾਣੇ ਤੋਂ ਦੂਰ ਇਹ ਗਿਆਨ ਦੇ ਸੁਭਾਵਕ ਸਰੋਤਾਂ ਤੇ ਜ਼ਿੰਦਗੀ ‘ਚ ਡੁੱਬੇ ਲੋਕਾਂ ਦੀਆਂ ਸਾਦੀਆਂ ਗੱਲਾਂ ਜ਼ਰੀਏ ਦਰਸ਼ਕਾਂ ਨਾਲ਼ ਅਮੀਰ ਸੰਵਾਦ ਰਚਾਉਂਦੀ ਹੈ। ਇਹੀ ਗੱਲ ਅਜੈ ਨੂੰ ਰਵਾਇਤੀ ਦਸਤਾਵੇਜ਼ੀ ਫ਼ਿਲਮਸਾਜ਼ੀ ਤੋਂ ਵੱਖਰਾ ਕਰਦੀ ਹੈ। ਅਜੈ ਦਾ ਇਸਲਾਮ ਤੇ ਸੂਫੀਵਾਦ ‘ਤੇ ਕੇਂਦਰਤ ਇਹ ਪ੍ਰਾਜੈਕਟ ਸਾਮਰਾਜੀ ਹੈਜਮਨੀ ਤੇ ਧਾਰਮਿਕ ਫ਼ਾਸ਼ੀਵਾਦ ਨੂੰ ਵੰਗਾਰਦਾ ਹੈ। ਅੱਜ ਅਮਰੀਕੀ ਸਾਮਰਾਜ, ਆਰ ਐਸ ਐਸ ਤੇ ਭਾਰਤੀ ਮੀਡੀਆ ‘ਇਸਲਾਮਿਕ ਫੋਬੀਆ’ ਮੁਹਿੰਮ ਮਜ਼ਬੂਤ ਕਰਨ ਦਾ ਜ਼ੋਰ ਲਗਾ ਰਿਹਾ ਹੈ ਤੇ ਅਜੈ ਦੀ ਫ਼ਿਲਮਸਾਜ਼ੀ ਦਾ ਪ੍ਰਾਜੈਕਟ ਇਨ੍ਹਾਂ ਗ਼ੈਰ-ਮਨੁੱਖੀ ਮੁਹਾਜ਼ਾਂ ਦੇ ਖਿਲਾਫ ਖੜ੍ਹਦਾ ਹੈ।

ਅਜੈ ਦੀ ਫ਼ਿਲਮਸਾਜ਼ੀ ਦਾ ਕੋਈ ਤੈਅਸ਼ੁਦਾ ਹਲਕਾ ਨਹੀਂ ਹੈ। ਇਸੇ ਲਈ ਅਜੈ ਦੀ ਕਲਾ ਦਾ ਕੈਨਵਸ ਵਸੀਹ ਤੇ ਸਦੀਵੀ ਹੁੰਦਾ ਜਾ ਰਿਹਾ ਹੈ, ਜੋ ਸਬਜੈਕਟਿਵ ਹਾਲਤਾਂ ਦੀ ਜੜ੍ਹ ਫਰੋਲਦੀ ਮਸਲਿਆਂ ਨੂੰ ਉਦੇਸ਼ਆਤਮਿਕਤਾ ਵੱਲ ਲਿਜਾਂਦੀ ਹੈ। ਉਹ ‘ਮਾਨਤਾ ਪ੍ਰਾਪਤ’ ਸੰਸਥਾਗਤ ਸਿਆਸੀ-ਸੱਭਿਆਚਾਰਕ ਹਲਕਿਆਂ ਤੋਂ ਮਾਨਤਾ ਲੈਣ ਦੇ ‘ਚੱਕਰਵਿਊ ਸੱਭਿਆਚਾਰ’ ਦਾ ਸ਼ਿਕਾਰ ਨਹੀਂ ਹੋਇਆ, ਸ਼ਾਇਦ ਇਸੇ ਲਈ ਅਜੇ ਤੱਕ ਉਹਨੂੰ ਬਣਦਾ ਮਾਣ ਸਤਿਕਾਰ ਵੀ ਨਹੀਂ ਮਿਲਿਆ। ਨਿਰਸੰਦੇਹ ਉਹ ਪੰਜਾਬ ਦਾ ਅਣਗੌਲਿਆ ਪਰ ਉੱਤਮ ਫ਼ਿਲਮਸਾਜ਼ ਹੈ।

ਕਹੇ ਜਾਂਦੇ ਸਿਆਸੀ ਮਹਾਰਥੀਆਂ ਨੂੰ ਸ਼ਾਇਦ ਇਹ ਫ਼ਿਲਮਾਂ ਚੰਗੀਆਂ ਨਾ ਲੱਗਣ ਕਿਉਂਕਿ ਇਹ ਸਿਆਸਤ ਨੂੰ ਵਕਤੀ ਆਕਸੀਜਨ ਦੇਣ ਅਤੇ ਕਲਾ-ਸਿਆਸਤ ਦੇ ਗੈਰ ਦਵੰਦਵਾਦੀ ਸੱਭਿਆਚਾਰ ਨੂੰ ਪ੍ਰਫੁੱਲਤ ਨਹੀਂ ਕਰਦੀਆਂ ਸਗੋਂ 90 ਡਿਗਰੀ ਸੱਭਿਆਚਾਰ(ਨੱਕ ਦੀ ਸੇਧ) ਦੇ ਉਲਟ ਪੂਰੇ ਵਰਤਾਰੇ ਨੂੰ 360 ਡਿਗਰੀ’ ਤੋਂ ਸਮਝਦੀਆਂ ਹਨ।

ਅਜੈ ਸਥਾਪਤੀ ਨੂੰ ਵੰਗਾਰਨ ਵਾਲਾ ਫ਼ਕੀਰ ਫ਼ਿਲਮਸਾਜ਼ ਹੈ। ਫ਼ਕੀਰੀ ਓਹਦੀ ਫ਼ਿਲਮਸਾਜ਼ੀ ਦੇ ਅਚੇਤ ‘ਚ ਹੈ। ਇਸੇ ਲਈ ਅਜੈ ਦੀ ਫ਼ਿਲਮ ‘ਮਿਲਾਂਗੇ ਬਾਬੇ ਰਤਨ ਦੇ ਮੇਲੇ ‘ਤੇ’ ਦੇ ਆਖਰੀ ਦ੍ਰਿਸ਼ਾਂ ਦਾ ਇਕ ਪਾਤਰ ਕ੍ਰਾਂਤੀ ਤੇ ਫ਼ਕੀਰੀ ਦੇ ਦਵੰਦਵਾਦੀ ਰਿਸ਼ਤੇ ਦੀ ਗੱਲ ਕਰਦਾ ਹੈ। ਫ਼ਕੀਰੀ ਦੇ ਸਥਾਪਤੀ ਵਿਰੋਧੀ ਫਲਸਫੇ ਦੀ ਗੱਲ ਕਰਦਾ ਹੈ। ਕ੍ਰਾਂਤੀਕਾਰੀ ਦੇ ਫ਼ਕੀਰ ਤੇ ਫ਼ਕੀਰ ਦੇ ਕ੍ਰਾਂਤੀਕਾਰੀ ਹੋਣ ਦੇ ਸਫ਼ਰ ਵਿਚਲੀ ਬਰੀਕ ਗੱਲ ਸਮਝਾਉਂਦਾ ਹੈ।

ਕਿਹੜਾ ਪੰਜਾਬ ਯਾਦਵਿੰਦਰ ਕਰਫਿਊ

ਅਨਹਦ ਵਾਜਾ ਵੱਜੇ

ਫਿਲਾਸਫਰ ਕਾਰਲ ਮਾਰਕਸ ਨੇ ਕਿਹਾ ਸੀ ਪੂੰਜੀ ਇਤਿਹਾਸ ਦੀ ਧਾਰਾ ਤੈਅ ਕਰਨ ‘ਚ ਸਭ ਤੋਂ ਵੱਡੀ ਭੂਮਿਕਾ ਨਿਭਾਉਂਦੀ ਹੈ। ਮੈਂ ਕਹਿੰਦਾ ਹਾਂ ਕਿ ਕਲਾ ਭਵਿੱਖ ਨੂੰ ਇਤਿਹਾਸ ਦੀਆਂ ਸੰਕੀਰਨਤਾਵਾਂ ਤੋਂ ਮੁਕਤ ਕਰਨ ‘ਚ ਅਹਿਮ ਰੋਲ ਅਦਾ ਕਰਦੀ ਹੈ। ਕਈ ਵਾਰ ਜਿਹੜੇ ਜਵਾਬ ਸਿਆਸਤ ਕੋਲ ਨਹੀਂ ਹੁੰਦੇ, ਉਹ ਕਲਾ ਲੱਭਦੀ ਹੈ। ਫ਼ਿਲਮ ‘ਲਾਹੌਰੀਏ’ ਭਵਿੱਖ ਨੂੰ ਇਤਿਹਾਸ ਨਾਲ਼ ਜੋੜਨ ਤੇ ਧਾਰਨਾਵਾਂ ਤੋਂ ਮੁਕਤ ਕਰਨ ਵਾਲਾ ਅਰਥ ਭਰਪੂਰ ਸਿਨੇਮਾ (Meaningful Cinema) ਹੈ। ਫ਼ਿਲਮ ਦੇ ਟੋਪੀ ਤੇ ਪੱਗ ਦੀ ਸਾਂਝ ਜਿਹੇ ਕਿੰਨੇ ਹੀ ਦ੍ਰਿਸ਼ ਗੁਰਬਾਣੀ ਦੇ ਵਾਕ ‘ਬਾਜੇ ਅਨਹਦ ਬਾਜਾ’ ਵਾਂਗ ਦਰਸ਼ਕ ਦੇ ਅਚੇਤ ਨੂੰ ਹੱਦਾਂ-ਸਰਹੱਦਾਂ ਤੋਂ ਮੁਕਤ ਕਰਕੇ ‘ਅਨਹਦ’ ਕਰ ਦਿੰਦੇ ਹਨ। ਫ਼ਿਲਮ ਇਤਿਹਾਸ ਦੇ ਹੇਰਵੇ (Nostalgia) ਨਾਲ਼ ਵਰਤਮਾਨ ਫੜਦੀ ਹੈ। ਜਿਵੇਂ ਮੁੱਖ ਕਿਰਦਾਰ ਕਿੱਕਰ ਸਿੰਘ ਦਾ ਸੰਵਾਦ “ਦੋਵੇਂ ਪੰਜਾਬ ਕਦੇ ਇੱਕ ਹੁੰਦੇ ਵੀ ਨੇ ਤੇ ਕਦੇ ਨਹੀਂ ਹੁੰਦੇ।” ਸਮਝੌਤਾ ਐਕਸਪ੍ਰੈਸ ਕਦੇ ਚੱਲਦੀ ਹੈ ਤੇ ਕਦੇ ਬੰਦ ਹੋ ਜਾਂਦੀ ਹੈ।

ਯੁੱਧ ਦੇ ਦੌਰ ‘ਚ ਸ਼ਾਂਤੀ ਦੀ ਗੱਲ ਜ਼ਰੂਰੀ ਹੁੰਦੀ ਹੈ। ਅੱਜ ਭਾਰਤ ਤੇ ਪਾਕਿਸਤਾਨ ‘ਚ ‘ਅੰਨ੍ਹੇ ਰਾਸ਼ਟਰਵਾਦ’ ਦੇ ਨਾਂ ‘ਤੇ ਫਿਰਕਾਪ੍ਰਸਤੀ ਸਿਖਰ ਛੋਹ ਰਹੀ ਹੈ ਪਰ ‘ਲਾਹੌਰੀਏ’ ਦਰਸ਼ਕ ਨੂੰ ਰਾਸ਼ਟਰਵਾਦ ਦੇ ਕਲਾਵੇ ‘ਚੋਂ ਕੱਢ ਕੇ ਦੋਵੇਂ ਪੰਜਾਬਾਂ ਦੀ ਤ੍ਰਾਸਦੀ ਤੇ ਖੂਬਸੂਰਤੀ ਨਾਲ਼ ਜੋੜ ਦਿੰਦੀ ਹੈ। 1947 ਤੋਂ ਬਾਅਦ ਤੀਜੀ ਪੀੜ੍ਹੀ ਜਵਾਨ ਹੋ ਚੁੱਕੀ ਹੈ। ਇਹ ਇਤਿਹਾਸ ਤੋਂ ਦੂਰ ਖੜ੍ਹੀ ਵਸਟਐਪ, ਫੇਸਬੁੱਕ, ਟਵਿੱਟਰ ਦੀ ਪੀੜ੍ਹੀ ਹੈ। ਇਹ ਗੰਭੀਰ ਮਸਲਿਆਂ ਨਾਲ਼ ਆਪਣੇ ਆਪ ਨੂੰ ਅਡੈਂਟੀਫਾਈ ਤੇ ਰਿਲੇਟ ਨਹੀਂ ਕਰਦੀ। ਅਜਿਹੇ ‘ਚ ਫ਼ਿਲਮਸਾਜ਼ ਲਈ ਸਭ ਕੁਝ ਕਹਿਣਾ ਇੱਕ ਵੰਗਾਰ ਜਿਹਾ ਹੈ ਪਰ ਅੰਬਰਦੀਪ ਨੇ ਪਿਆਰ ਤੇ ਕਾਮੇਡੀ ਦਾ ਅਜਿਹਾ ਕੌਕਟੇਲ ਤਿਆਰ ਕੀਤਾ ਕਿ ਹਰ ਪੀੜ੍ਹੀ ਦਾ ਦਰਸ਼ਕ ਫ਼ਿਲਮ ਦੀ ਉਂਗਲ ਫੜ ਕੇ ਅੰਤ ਤੱਕ ਨਾਲ਼ ਤੁਰਿਆ ਜਾਂਦਾ ਹੈ।

ਅੰਬਰਦੀਪ ਚਮਕੀਲੇ ਦੇ ਗਾਣੇ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਨੂੰ ਇਸ ਤਰ੍ਹਾਂ ਪੇਸ਼ ਕਰਦੈ ਜਿਵੇਂ ਅਸੀਂ ਪਹਿਲੀ ਵਾਰ ਸੁਣਿਆ ਹੋਵੇ।

ਇਕ ਵਿਦਾਵਨ ਕਹਿੰਦੈ “ਦੁਨੀਆ ‘ਚ ਸਭ ਕੁਝ ਕਿਹਾ ਜਾ ਚੁੱਕਿਐ। ਦੁਬਾਰਾ ਕਹਿਣ ਦਾ ਮਤਲਬ ਮੁੜ ਦਹੁਰਾਉਣਾ ਹੈ।” ਮੈਨੂੰ ਲੱਗਦੈ ਕਿ ਨਫ਼ਰਤ ਖਿਲਾਫ ਪਿਆਰ ਨੂੰ ਵਾਰ-ਵਾਰ ਦਹੁਰਾਉਣਾ ਜ਼ਰੂਰੀ ਹੈ। ਜਿਹੜੀ ਗੱਲ ਸਾਨੂੰ ਖੂਬਸੂਰਤ ਦੁਨੀਆ ਵੱਲ ਲਿਜਾਂਦੀ ਹੋਵੇ, ਉਹ ਵਾਰ-ਵਾਰ ਕਹਿਣੀ ਚਾਹੀਦੀ ਹੈ। ਪਿਆਰ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਇਜ਼ਹਾਰ ਹੈ ਤੇ ਮਨੁੱਖੀ ਇਤਿਹਾਸ ‘ਚ ਪਿਆਰ ਹੀ ਜ਼ਿੰਦਗੀ ਦਾ ਧੁਰਾ ਰਿਹਾ ਹੈ। ਦੁਨੀਆ ਦਾ ਹਰ ਸੰਵਾਦ ਪਿਆਰ ਜ਼ਰੀਏ ਹੀ ਆਪਣੇ ਆਪ ਤੋਂ ਮੁਕਤ ਹੋ ਸਕਦਾ ਹੈ। ਪਿਆਰ ‘ਚ ਹੀ ਅਮੀਰਾ ਗੁਰਮੁਖੀ ਸਿੱਖਦੀ ਹੈ। ਪਿਆਰ ਮਾਂ ਬੋਲੀ ਦੀ ਲਿੱਪੀ ਸ਼ਾਹਮੁਖੀ ਤੇ ਗੁਰਮੁਖੀ ਵਾਂਗ ਸੱਜਿਓਂ ਖੱਬੇ ਹੋ ਜਾਂਦਾ ਤੇ ਖੱਬਿਓਂ ਸੱਜੇ। ਪਿਆਰ ‘ਚ ਰੰਗਿਆ ਕਿੱਕਰ ਸਿੰਘ ਅਮੀਰਾ ਨੂੰ ਕਹਿੰਦੈ “ਤੈਨੂੰ 1947 ਦੇ ਵਾਕੇ ‘ਤੇ ਕਦੇ ਗੁੱਸਾ ਆਇਆ”। ਇਹ ਇਸ਼ਕ ਦੀ ਤਾਕਤ ਹੈ ਕਿ ਕਿੱਕਰ ਸਿੰਘ ਲਈ ਸਾਰੀਆਂ ਹੱਦਾਂ ਤੇ ਸਰਹੱਦਾਂ ਅਨਹੱਦ ਤੇ ਅਦਿੱਖ ਹੋ ਜਾਂਦੀਆਂ ਹਨ।

ਫ਼ਿਲਮ ‘ਚ ਮਿੱਟੀ ਦਾ ਜ਼ਿਕਰ ਇੱਕ ਦ੍ਰਿਸ਼ਟਾਂਤ (Metaphor) ਹੈ। ਕਿੱਕਰ ਸਿੰਘ ਤੇ ਅਮੀਰਾ ਦੇ ਦਾਦਾ ਜੀ ਲਈ ਮਿੱਟੀ ਤੇ ਹਵੇਲੀ ਜ਼ਰੀਏ ਪੂਰੀ ਤ੍ਰਾਸਦੀ ਦਾ ਵਿਖਿਆਨ ਕਰਦੇ ਹਨ। ਮਿੱਟੀ ਬੰਦੇ ਦੇ ਹੋਣ ਦੀ ਗਵਾਹੀ ਹੈ। ਅਮੀਰਾ ਦਾ ਦਾਦਾ ਕਹਿੰਦੈ ‘ਢਾਹੁਣਾ ਸੌਖਾ, ਬਣਾਉਣਾ ਔਖਾ’ । ਟੁੱਟਣਾ ਨਹੀਂ ਜੁੜਣੈ, ਅਸੀਂ ਟੁੱਟ ਕੇ ਦੇਖਿਐ’। ਫ਼ਿਲਮ ਦੇ ਇਹੀ ਦੋ ਕਿਰਦਾਰ ਦਰਸ਼ਕ ਨੂੰ ਸਭ ਤੋਂ ਵੱਧ ਭਾਵੁਕ ਕਰਦੇ ਹਨ। ਮੇਰੇ ਯਾਦ ਹੈ ਜਦੋਂ ਮੈਂ ਵੰਡ ਬਾਰੇ ਦਿੱਲੀ ‘ਚ ਅਜੈ ਭਾਰਦਵਾਜ ਦੀ ਦਸਤਾਵੇਜ਼ੀ ਫ਼ਿਲਮ ‘ਰੱਬਾ ਹੁਣ ਕੀ ਕਰੀਏ’ ਦੇਖੀ ਤਾਂ ਪਹਿਲੀ ਵਾਰ ਆਪਣੇ ਪਿਤਾ ਸ. ਲੱਖਾ ਸਿੰਘ ਧਾਲੀਵਾਲ ਨੂੰ ਪੁੱਛਿਆ ‘ਪਾਪਾ ਆਹ ਜਿਹੜੇ ਪੱਤੀ ‘ਚ ਮੁਸਲਮਾਨਾਂ ਦੇ ਘਰ ਨੇ ਇਹ 1947 ‘ਚ ਕਿਵੇਂ ਬਚੇ? ਉਨ੍ਹਾਂ ਦੱਸਿਆ ‘ਪੁੱਤ ਬਹੁਤ ਮਾੜਾ ਸਮਾਂ ਸੀ ਉਦੋਂ ਮਸਾਂ ਸਿਰਫ਼ ਇੱਕ ਪਰਿਵਾਰ ਆਪਣੇ ਦਾਦਿਆਂ ਬਾਬਿਆਂ ਨੇ ਲੁਕੋ ਕੇ ਬਚਾਇਆ ਸੀ। ਹੁਣ ਇਹ ਵਧ ਫੁੱਲ ਕੇ ਐਨੇ ਪਰਿਵਾਰ ਹੋ ਗਏ। ਮੇਰੇ ਕੁਲਵੰਤ ਵਿਰਕ ਦੀ ਕਹਾਣੀ ‘ਖੱਬਲ’ ਯਾਦ ਆ ਗਈ।

ਸ਼ਬਦ ‘ਚ ਬੜੀ ਤਾਕਤ ਹੁੰਦੀ ਹੈ। ਫ਼ਿਲਮ ਦੇ ਕਿਰਦਾਰਾਂ ਦੇ ਮੂੰਹੋਂ ਨਿਕਲਿਆ ‘ਤਾਰੋਂ ਪਾਰ’ ਸ਼ਬਦ ਵੰਡ ਦੇ ਸਥਾਪਤ ਪ੍ਰਵਚਨ ਨੂੰ ਛੋਟਾ ਕਰ ਦਿੰਦਾ ਹੈ। ਸਾਡੇ ਅਚੇਤ ‘ਚ ਪਿਆ ‘ਤਾਰੋਂ ਪਾਰ’ ਸ਼ਬਦ ਉਸ ਵੰਡ ਤੇ ਸਰਹੱਦ ਨੂੰ ਮਾਨਸਿਕ ਤੌਰ ‘ਤੇ ਮਾਨਤਾ ਨਹੀਂ ਦਿੰਦਾ। ਦੁਨੀਆਂ ‘ਚ ਵੈਸੇ ਵੀ ਹੱਦਾਂ ਸਰਹੱਦਾਂ ਬਣਦੀਆਂ ਢਹਿੰਦੀਆਂ ਰਹੀਆਂ ਹਨ। ਜੇ ‘ਬਰਲਿਨ ਕੰਧ’ ਨੂੰ ਢਾਹ ਕੇ ਪੂਰਬੀ ਤੇ ਪੱਛਮੀ ਜਰਮਨ ਇਕੱਠੇ ਹੋ ਸਕਦੇ ਹਨ ਤਾਂ ਲਹਿੰਦਾ ਤੇ ਚੜ੍ਹਦਾ ਪੰਜਾਬ ਕਿਉਂ ਨਹੀਂ?

ਦੋਵੇਂ ਪੰਜਾਬਾਂ ਦੇ ਬੱਚਿਆਂ ਸਾਹਮਣੇ ਬੋਲੀ ਦੇ ਸੰਕਟ ਨੂੰ ਬਹੁਤ ਵਧੀਆ ਢੰਗ ਨਾਲ਼ ਚਿਤਰਿਆ ਗਿਆ ਹੈ। ਦੋਵੇਂ ਪਿਓ ਆਪਣੀਆਂ ਬੋਲੀਆਂ ਜਾਣਦੇ ਹਨ ਤੇ ਦੋਵਾਂ ਪੁੱਤਾਂ ਨੂੰ ਆਪਣੀ ਮਾਂ ਬੋਲੀ ਨਹੀਂ ਆਉਂਦੀ। ਬਾਜ਼ਾਰ ਦੀ ਬੋਲੀ ਦੋਵੇਂ ਜਾਣਦੇ ਹਨ। ਮੈਨੂੰ ਲੱਗਦੈ ਇਸ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ ਜੋ ਆਪਣੀ ਬੋਲੀ ਨਾਲ਼ ਖੁਦ ਨੂੰ ਉਸ ਤਰ੍ਹਾਂ ਨਹੀਂ ਜੋੜਦੇ ਜਿਸ ਤਰ੍ਹਾਂ ਬੰਗਾਲੀ ਜਾਂ ਦੱਖਣੀ ਭਾਰਤ ਦੇ ਲੋਕ ਜੋੜਦੇ ਹਨ।

ਹਰ ਦੌਰ ‘ਚ ਕਲਾਕਾਰ ਦਾ ਅਹਿਮ ਕੰਮ ਅਸੰਵੇਦਨਸ਼ੀਲਤਾ (De- sensitise) ਨੂੰ ਸੰਵੇਦਨਸ਼ੀਲਤਾ (Sensitise) ‘ਚ ਬਦਲਣਾ ਹੁੰਦਾ ਹੈ। ਅੱਜ ਮੰਡੀ ਨੇ ਮਨੁੱਖ ਨੂੰ ਬੇਹੱਦ ਅਸੰਵੇਦਨਸ਼ੀਲ ਕੀਤਾ ਹੈ ਤੇ ਚੰਗਾ ਕਲਾਕਾਰ ਉਹੀ ਹੈ ਜੋ ਮਨੁੱਖ ਨੂੰ ਸੰਵੇਦਨਸ਼ੀਲਤਾ ਵੱਲ ਮੋੜੇਗਾ। ਖਾਸ ਕਰ ਨੌਜਵਾਨ ਪੀੜ੍ਹੀ ਦੀ ਸਾਡੇ ਇਤਿਹਾਸਕ, ਸੱਭਿਆਚਾਰ ਤੇ ਸਿਆਸੀ ਮਸਲਿਆਂ ‘ਚ ਬੇਹੱਦ ਘੱਟ ਰੁਚੀ ਹੈ। ਅਜਿਹੇ ‘ਚ ਪੇਚੀਦਾ ਤੇ ਗੁੰਝਲਦਾਰ ਵਿਸ਼ਿਆਂ ਦੀ ‘ਸਧਾਰਨ ਪੇਸ਼ਕਾਰੀ’ ਹੀ ਉਨ੍ਹਾਂ ਨੂੰ ਅਜਿਹੇ ਵਿਸ਼ਿਆਂ ਨਾਲ਼ ਰੂ-ਬ-ਰੂ ਕਰਵਾ ਸਕਦੀ ਹੈ। ਨਿਰਦੇਸ਼ਕ ਅੰਬਰਦੀਪ ਸਿੰਘ ਤੇ ਲਾਹੌਰੀਏ ਦੀ ਟੀਮ ਵਿਸ਼ੇ ਨਾਲ਼ ਖੂਬ ਨਿਭੀ ਹੈ ।

ਦਰਅਸਲ ਨਿਰਦੇਸ਼ਕ ਅੰਬਰਦੀਪ ਸਿੰਘ, ਮੁੱਖ ਅਦਾਕਾਰ ਅਮਰਿੰਦਰ ਗਿੱਲ, ਕਾਰਜ ਗਿੱਲ, ਬੀਰ ਸਿੰਘ, ਕਵੀ ਤੇ ਗੀਤਕਾਰ ਹਰਮਨਜੀਤ, ਗਾਇਕ ਗੁਰਸ਼ਬਦ। ਇਹ ਟੀਮ ਪੜ੍ਹੇ-ਲਿਖੇ ਤੇ ਮਸਲਿਆਂ ਨੂੰ ਸਮਝਣ ਵਾਲੇ ਸੰਵੇਦਸ਼ੀਲ ਲੋਕਾਂ ਦੀ ਟੀਮ ਹੈ। ਇਸੇ ਲਈ ਹੀ ਫ਼ਿਲਮ ਦੀ ਨਿਰਦੇਸ਼ਨਾ, ਸੰਪਾਦਨਾ, ਫੋਟੋਗ੍ਰਾਫੀ, ਗਾਣਿਆਂ ‘ਚ ਲਗਾਤਾਰਤਾ ਹੈ। ਕੈਮਰੇ ਫ਼ਿਲਮ ਦੀ ਸਕਰਿਟਪ ਨਾਲ਼ ਇਨਸਾਫ ਕਰਦੇ ਹਨ। ਹਰਮਨ ਜੀਤ ਦੇ ਕੰਮ ਨੇ ਦੱਸ ਦਿੱਤਾ ਕਿ ਉਹ ਨਿਰਸੰਦੇਹ ਭਵਿੱਖ ਦੇ ਸ਼ਾਨਦਾਰ ਗੀਤਕਾਰ ਵਜੋਂ ਸਥਾਪਤ ਹੋਵੇਗਾ।

ਅੰਬਰ ਤੇ ਓਹਦੀ ਟੀਮ ਥੋੜ੍ਹੀ ਸ਼ਰਾਰਤੀ ਹੈ। ਪਹਿਲੀ ਫ਼ਿਲਮ ‘ਅੰਗਰੇਜ਼’ ਵਾਂਗ ‘ਲਹੌਰੀਏ’ ‘ਚ ਵੀ ਮਲਵਈ ਬਨਾਮ ਮਝੈਲ ਹੈ। ਮਲਵਈ ਬਨਾਮ ਮਝੈਲੀ ਬੋਲੀ ਦੇ ਸੰਵਾਦ ਇੱਕ ਖਾਸ ਤਰ੍ਹਾਂ ਦਾ ਹਾਸਰਸ ਪੈਦਾ ਕਰਦੇ ਹਨ। ਮੈਂ ਕਹਿੰਦਾ ਹੁੰਨਾਂ ‘ਮਝੈਲ ਤਾਂ ਜੰਮਦੇ ਹੀ ਕਲਾਕਾਰ (ਅਰਟਸਿਟ) ਨੇ।’ ਫ਼ਿਲਮ ਦੇ ਪਹਿਲੇ ਦ੍ਰਿਸ਼ਾਂ ‘ਚ ਆਮ ਪੇਂਡੂ ਮਝੈਲਾਂ (ਲਾਇਸੈਂਸ ਬਣਾਉਣ ਤੇ ਫ਼ਿਲਮ ਦੇਖਣ ਵਾਲਾ) ਦੇ ਸੰਵਾਦ ਗੱਲ ਨੂੰ ਤਸਦੀਕ ਕਰਦੇ ਹਨ।

ਕਿਹੜਾ ਪੰਜਾਬ ਯਾਦਵਿੰਦਰ ਕਰਫਿਊ

ਸਮਾਜਿਕ ਸੰਕਟ ਦੀਆਂ ਤੈਹਾਂ ਫਰੋਲਦਾ ਅਰਥ ਭਰਪੂਰ ਸਿਨੇਮਾ

ਫ਼ਿਲਮਸਾਜ਼ ਰਿਤੇਸ਼ ਬੱਤਰਾ ਦੀ ਫ਼ਿਲਮ ‘ਲੰਚ ਬੌਕਸ’ ਮਨੁੱਖਤਾ ਨੂੰ ਕੁੱਲ ਘਰੇਲੂ ਉਤਪਾਦਨ (ਜੀ ਡੀ ਪੀ) ਵਾਧੇ ਤੋਂ ਕੁੱਲ ਘਰੇਲੂ ਖੁਸ਼ੀ (ਜੀ ਡੀ ਐਚ) ਵੱਲ ਜਾਣ ਦੀ ਤਾਕੀਦ ਕਰਦੀ ਹੈ। 100 ਦੀ ਸਪੀਡ ‘ਤੇ ਭੱਜ ਰਹੇ ਮਨੁੱਖ ਤੋਂ ਮੰਜ਼ਿਲ ਪੁੱਛਦੀ ? ਓਹਨੂੰ ਠਹਿਰਨ, ਸੋਚਣ, ਸਮਝਣ ਦਾ ਸੁਨੇਹਾ ਦਿੰਦੀ ਹੈ’। ਭਾਸ਼ਾ ਪ੍ਰਵਚਨੀ ਨਹੀਂ ਸੰਵਾਦੀ ਹੈ।

ਮੌਜੂਦਾ ਸ਼ਹਿਰੀ ਦੁਨੀਆਂ ਦਾ ਸਮਾਜਿਕ ਸੰਕਟ ਵੱਡਾ ਹੈ। ਪੂੰਜੀ ਵਾਧਾ ਸਮਾਜਿਕ ਘਰੇਲੂ ਬਖੇੜਿਆਂ/ਕਲੇਸ਼ਾਂ ਦਾ ਵਾਧਾ ਬਣਦਾ ਜਾ ਰਿਹਾ ਹੈ। ਜੋ ਸਿਆਸੀ ਧਾਰਾਵਾਂ ਸਮਝ ਦੇ ਪੱਧਰ ‘ਤੇ ‘ਅਤਿ ਆਰਥਿਕ ਵਿਕਾਸ’ ‘ਚੋਂ ਮਨੁੱਖੀ ਸਮਾਜਿਕ ਵਿਕਾਸ/ਸੰਤੁਸ਼ਟੀ ਦਾ ਹੱਲ ਲੱਭਦੀਆਂ ਨੇ, ਫ਼ਿਲਮਂ ਉਨ੍ਹਾਂ ਨੂੰ ਵੀ ਸੰਕੇਤਕ ਸਵਾਲ ਕਰਦੀ ਹੈ। ਮਨੁੱਖੀ ਸਮਾਜਿਕ ਸੰਕਟ ਦੀਆਂ ਬਰੀਕ ਤੰਦਾਂ ਨੂੰ ਫੜਦੀ ਸੂਖਮ ਭਾਸ਼ਾ ਸੰਵੇਦਨਹੀਣਤਾ ਨੂੰ ਸੰਵੇਦਨਾ ‘ਚ ਬਦਲਦੀ ਹੈ’ ।

‘ਲੰਚ ਬੌਕਸ’ ਪਿਆਰ ਦੀ ਅਣਹੋਂਦ ਤੇ ਇਕੱਲਤਾ ਨੂੰ ਚਿੰਨ੍ਹਤ ਕਰਦੀ, ਮਨੁੱਖੀ ਜ਼ਿੰਦਗੀ ‘ਚ ਪਿਆਰ ਦੀ ਅਹਿਮੀਅਤ ਨੂੰ ਪ੍ਰਭਾਸ਼ਿਤ ਕਰਦੀ ਹੈ। ਹਿੰਦੀ ਦੇ ਮਸ਼ਹੂਰ ਲੇਖਕ ਤੇ ‘ਹੰਸ’ ਰਸਾਲੇ ਦੇ ਸੰਪਾਦਕ ਰਹੇ ਸਵ. ਰਾਜੇਂਦਰ ਯਾਦਵ ਦਾ ਕਥਨ ਹੈ ‘ਹਰ ਨਵਾਂ ਪਿਆਰ ਮਨੁੱਖ ਨੂੰ ਨਵੀਂ ਤਾਕਤ ਦਿੰਦਾ ਹੈ’ (ਸੰਦਰਭ ਸਿਰਫ਼ ਔਰਤ-ਮਰਦ ਨਹੀਂ) । ਇਸੇ ਤਰ੍ਹਾਂ ਇਲਾ (ਨਿਮਰਤ ਕੌਰ) ਤੇ ਸਾਜਨ ਫਰਨਾਂਡੇਜ਼ (ਇਰਫਾਨ ਖਾਨ) ਦੀ ਬੇਰੰਗ ਜ਼ਿੰਦਗੀ ‘ਲੰਚ ਬੌਕਸ’ ਬਹਾਨੇ ਰੰਗੀਨ ਹੁੰਦੀ ਹੈ। ‘ਲੰਚ ਬੌਕਸ’ ਜ਼ਰੀਆ ਬਣਦਾ ਹੈ’। ਇਲਾ ਦੇ ‘ਲੰਚ ਬੌਕਸ’ ਦੀ ਖੁਸ਼ਬੂ ਦੋਵਾਂ ਨੂੰ ਨਵੇਂ ਸਿਰਿਉਂ ਤਕੜਿਆਂ ਕਰਦੀ ਹੈ’ ।

ਫਰਨਾਂਡੇਜ਼ ਦੀ ਮ੍ਰਿਤਕ ਪਤਨੀ ਫ਼ਿਲਮ ‘ਚ ਹਾਜ਼ਰ ਹੈ। ਉਹ ਥਾਂ-ਥਾਂ ਪਤਨੀ ਦਾ ਜ਼ਿਕਰ ਕਰਦਾ ਓਹਦੀਆਂ ਯਾਦਾਂ ਨਾਲ਼ ਜਾ ਜੁੜਦਾ ਹੈ। ਫ਼ਿਲਮ ਭਾਵੇਂ ਇਲਾ ਤੇ ਫਰਨਾਂਡੇਜ਼ ਦੀ ਕਹਾਣੀ ਜ਼ਰੀਏ ਅੱਗੇ ਵਧਦੀ ਹੈ ਪਰ ‘ਸ਼ੇਖ’(ਨਵਾਜ਼ੂਦੀਨ ਸਦੀਕੀ) ਦਾ ਬੇਹੱਦ ਪਿਆਰਾ ਤੇ ਬੇਪਰਵਾਹ ਅੰਦਾਜ਼ ਜ਼ਿੰਦਗੀ ਜਿਉਣ ਦੀ ਨਵੀਂ ਪਰਿਭਾਸ਼ਾ ਘੜਦਾ ਹੈ।

ਸੰਕਟ ‘ਚ ਘਿਰੇ ਮਨੁੱਖ ਲਈ ਸ਼ਬਦ ਨਾਲ਼ ਸਾਂਝ ਦੀ ਮਹੱਤਤਾ ਫ਼ਿਲਮ ਬਾਖੂਬੀ ਸਮਝਾਉਂਦੀ ਹੈ। ਪੂਰੀ ਫ਼ਿਲਮ ‘ਚ ਇਲਾ ਤੇ ਸਾਜਨ ਫਰਨਾਂਡੇਜ਼ ਦੀ ਇਕ ਵਾਰ ਵੀ ਫੋਨ ‘ਤੇ ਜਾਂ ਸਿੱਧੀ ਗੱਲਬਾਤ ਨਹੀਂ ਹੁੰਦੀ, ਪਰ ਸ਼ਬਦ ਦੀ ਤਾਕਤ ਦੋਵਾਂ ਨੂੰ ‘ਜ਼ਿੰਦਗੀ ਖੂਬਸੂਰਤ ਹੈ’ ਦਾ ਅਹਿਸਾਸ ਕਰਵਾਉਂਦੀ ਹੈ’। ਇਲਾ, ਸਾਜਨ ਫਰਨਾਂਡੇਜ਼ ਨੂੰ ਲਿਖਦੀ ਹੈ, “ਚਿੱਠੀ ‘ਚ ਤਾਂ ਕੋਈ ਕੁਝ ਵੀ ਲਿਖ ਸਕਦਾ ਹੈ। ” ਜਿੰਨੀ ਸਹਿਜਤਾ ਨਾਲ਼ ਇਲਾ ਔਰਤ ਦੀ ਹੋਣੀ ਚਿੱਠੀ ‘ਚ ਬਿਆਨਦੀ ਹੈ, ਉਹ ਇਕੱਲਤਾ ਹੰਢਾ ਰਹੇ ਮਨੁੱਖ ਨੂੰ ਸ਼ਬਦ ਨਾਲ਼ ਗਹਿਰੀ ਸਾਂਝ ਪਾਉਣ ਲਈ ਪ੍ਰੇਰਦੀ ਹੈ।

ਔਰਤ ਮਰਦ ਨਾਲ਼ੋਂ ਜ਼ਿਆਦਾ ਰਹੱਸਮਈ ਤੇ ਗੁੰਝਲਦਾਰ ਹੁੰਦੀ ਹੈ। ‘ਲੰਚ ਬੌਕਸ’ ‘ਚ ਇਲਾ ਦੀ ਸਖਸ਼ੀਅਤ ਇਸਦੀ ਝਲਕ ਹੈ। ਇਲਾ ਤੇ ਉਸਦੇ ਪਤੀ ਦੇ ਆਪਸੀ ਸਬੰਧ ਯੰਤਰੀ ਹਨ। ਫ਼ਿਲਮ ‘ਚ ਪਤੀ ਦਾ ਫਰੇਮ ਵਾਰ ਵਾਰ ਬਿਜ਼ਨੈਸ ਨਿਊਜ਼ ਚੈਨਲ ਨਾਲ਼ ਵਿਖਾਇਆ ਗਿਆ ਹੈ, ਜੋ ਬਜ਼ਾਰੀ ਮਨੁੱਖ ਦੇ ਪਰਿਵਾਰਕ/ਸਮਾਜਿਕ ਸੰਕਟ ਦੀ ਜੜ੍ਹ ਵੱਲ ਇਸ਼ਾਰਾ ਕਰਦਾ ਹੈ’। ਫ਼ਿਲਮ ‘ਚ ਸੁੰਘਣ ਸ਼ਕਤੀ ਦੀ ਪੇਸ਼ਕਾਰੀ ਬੜੀ ਸ਼ਾਨਦਾਰ ਤੇ ਦਵੰਦਵਾਦੀ ਹੈ। ਇਕ ਪਾਸੇ ਹਰ ਰੋਜ਼ ਇਲਾ ਦੇ ‘ਲੰਚ ਬੌਕਸ’ ਦੀ ਖੂਸ਼ਬੋ ਸੁੰਘਣ ਨਾਲ਼ ਸਾਜਨ ਫਰਨਾਂਡੇਜ਼ ਦੀ ਜਾਨ ‘ਚ ਜਾਨ ਪੈਂਦੀ ਹੈ ਤੇ ਦੂਜੇ ਪਾਸੇ ਇਲਾ ਆਪਣੇ ਪਤੀ ਦੇ ਕੱਪੜਿਆਂ ਦੀ ਹਵਾੜ ਸੁੰਘਣ ਨਾਲ਼ ਹੀ ਅੰਦਾਜ਼ਾ ਲਗਾ ਲੈਂਦੀ ਹੈ ਕਿ ‘ਪਤੀ ਦਾ ਚੱਕਰ ਕਿਤੇ ਹੋਰ ਚੱਲ ਰਿਹਾ ਹੈ’।

ਸੰਕਟ ‘ਚ ਔਰਤ ਦੀ ਤ੍ਰਾਸਦੀ ਦੋਹਰੀ ਹੁੰਦੀ ਹੈ। ਇਲਾ, ਇਲਾ ਦੀ ਮਾਂ, ਸ਼ੇਖ ਦੀ ਪਤਨੀ ਤੇ ਦੇਸ਼ਪਾਂਡੇ ਆਂਟੀ (ਆਂਟੀ ਦੀ ਪੂਰੀ ਫ਼ਿਲਮ ‘ਚ ਸਿਰਫ਼ ਅਵਾਜ਼ ਹੈ) ਇਸਦੀਆਂ ਗਵਾਹ ਹਨ। ਇਹ ਸੰਕਟਾਂ ਭਰੀ ਜ਼ਿੰਦਗੀ ਨਾਲ਼ ਦਲੇਰੀ ਨਾਲ਼ ਟਕਰਾਉਂਦੀਆਂ ਹਨ। ਫ਼ਿਲਮ ਦਾ ਇਕ ਦ੍ਰਿਸ਼ ਔਰਤ ਦੀ ਜ਼ਿੰਦਗੀ ਦੀ ਕਰੂਰਤਾ ਪੇਸ਼ ਕਰਦਾ ਹੈ। ਇਲਾ ਦੇ ਪਿਤਾ ਦੀ ਮੌਤ ਦੇ ਸੋਗ ‘ਚ ਲਾਸ਼ ਕੋਲ ਬੈਠੀ ਮਾਂ ‘ਮੁਕਤ’ ਅੰਦਾਜ਼ ‘ਚ ਭੁੱਖ ਜ਼ਾਹਰ ਕਰਕੇ ਖਾਣ ਲਈ ਪਰੌਂਠਾ ਮੰਗਦੀ ਹੈ’। ਇਹ ‘ਭੁੱਖ’ ਔਰਤ ਦੇ ਇਤਿਹਾਸ, ਭਵਿੱਖ ਤੇ ਵਰਤਮਾਨ ਨੂੰ ਇਕੋ ਥਾਂ ਲਿਆ ਖੜ੍ਹਾ ਕਰਦੀ ਹੈ’।

ਫ਼ਿਲਮ ਦੇ ਸੰਵਾਦ ਛੋਟੇ ਹਨ ਪਰ ਬੇਹੱਦ ਡੂੰਘੇ ਹਨ। ਇਰਫਾਨ ਦੀ ਅਦਾਕਾਰੀ ਆਮ ਤੌਰ ‘ਤੇ ਦੂਜੇ ਅਦਾਕਾਰਾਂ ‘ਤੇ ਭਾਰੂ ਪੈਂਦੀ ਹੈ ਪਰ ਨਿਮਰਤ ਕੌਰ ਦੀ ਸਹਿਜ ਅਦਾਕਾਰੀ ‘ਚ ਸਾਜਨ ਪਿਆਰ ਦੀ ਭੁੱਖ ਵਾਂਗ ਸਮਾ ਜਾਂਦਾ ਹੈ’ ।

ਫ਼ਿਲਮ ਆਲਮੀਕਰਨ ਤੋਂ ਬਾਅਦ ਦੇ ਸ਼ਹਿਰੀ ਸਮਾਜ ਸੰਕਟ ਦਾ ਚਿਤਰਣ ਹੈ। ਪਿਛਲੇ ਦੋ ਦਹਾਕਿਆਂ ਦੇ ਮਕੈਨੀਕਲ ਵਿਕਾਸ ਦੇ ਸਮਾਜਿਕ ਬਦਲਾਵਾਂ ਨਾਲ਼ ਪੈਦਾ ਹੋਏ ਸਮਾਜਿਕ ਸੰਕਟ ਨੂੰ ਸਮਝਣ ਦੀ ਕੋਸ਼ਿਸ਼ ਹੈ। ਆਲਮੀਕਰਨ ਦੇ ਦੌਰ ਤੋਂ ਬਾਅਦ ਦੇ ਸ਼ਹਿਰੀ ਸਮਾਜਿਕ ਸੰਕਟਾਂ ਨੂੰ ਸਾਡੀ ਕਿਸੇ ਸਿਆਸੀ ਧਾਰਾ ਨੇ ਫੜਨ, ਸਮਝਣ, ਸੁਲਝਾਉਣ ਦੀ ਗੰਭੀਰ ਕੋਸ਼ਿਸ਼ ਨਹੀਂ ਕੀਤੀ। 30-35 ਕਰੋੜ ਲੋਕਾਂ ਲਈ ਕੋਈ ਠੋਸ ਪ੍ਰੋਗਰਾਮ ਵੀ ਨਹੀਂ। ਇਹਦਾ ਇਕ ਕਾਰਨ ਮਿਡਲ ਕਲਾਸ, ਅਪਰ ਮਿਡਲ ਕਲਾਸ ਨੂੰ ਅਛੂਤਾਂ ਵਾਂਗ ਦੇਖਿਆ ਜਾਣਾ । ਸ਼ਾਇਦ, ਜਿਵੇਂ ਇਹ ਕਿਸੇ ਸਮਾਜਿਕ-ਸਿਆਸੀ ਬਦਲਾਅ ਦਾ ਹਿੱਸਾ ਨਹੀਂ ਹੋਣਗੇ?

‘ਲੰਚ ਬੌਕਸ’ ਵਰਗੇ ਸਿਨੇਮੇ ਵਲੋਂ ਇਕ ਬਰੀਕ ਗੁੰਝਲ ਬਾਰੇ ਗੱਲ ਕਰਨ ਦੀ ਕੋਸ਼ਿਸ਼ ਆਪਣੇ ਆਪ ‘ਚ ਮਹੱਤਵਪੂਰਨ ਪਹਿਲ ਹੈ। ਜੋ ਕੰਮ ਸਿਆਸਤ ਨੂੰ ਕਰਨੇ ਚਾਹੀਦੇ ਨੇ,ਓਹਦੀ ਸ਼ੁਰੂਆਤ ਸਿਨੇਮਾ ਕਰ ਰਿਹਾ ਹੈ।

ਸੰਕਟ ‘ਤੇ ਗੱਲ ਕਰਨ ਵਾਲੇ ਭਾਰਤੀ/ਪੰਜਾਬੀ ਸਿਨੇਮੇ ਦੀ ਸੁਰ ਹਮੇਸ਼ਾ ਪ੍ਰਵਚਨੀ ਰਹੀ ਹੈ, ਪਰ ‘ਲੰਚ ਬੌਕਸ’ ਵਰਗਾ ਸਹਿਜ ਤੇ ਅਰਥ-ਭਰਪੂਰ ਸਿਨੇਮਾ ਦਰਸ਼ਕ ਦੀ ਸਮਝ ‘ਤੇ ਸ਼ੱਕ ਨਾ ਕਰਦਾ ਹੋਇਆ ਪ੍ਰਵਚਨ ਦੇ ਉਲਟ ਸੰਵਾਦ ਤੇ ਸੰਵੇਦਨਾ ਨੂੰ ਤਰਜੀਹ ਦਿੰਦਾ ਹੈ’। ਇਹ ਸਾਡੇ ਦੌਰ ਦੇ ਅਰਥ-ਭਰਪੂਰ ਸਿਨੇਮੇ ਵਲੋਂ ਸਮਾਜਿਕ ਤੈਹਾਂ ਫਰੋਲਣ ਦੀ ਨਵੀਂ ਸ਼ੁਰੂਆਤ ਹੈ। ‘ਲੰਚ ਬੌਕਸ’ ਜਿਹੇ ਸਿਨੇਮੇ ਨੂੰ ਪਿਆਰ ਦੇਣ ਦੀ ਜ਼ਰੂਰਤ ਹੈ।

ਤਸਵੀਰਾਂ ਦਾ ਵੇਰਵਾ

ਸਰਵਰਕ ਵਿਚ ਵਰਤੀ ਗਈ ਤਸਵੀਰ ਅਰਨੌਲੀ(ਹਰਿਆਣਾ) ਦੇ ਚਰਨ ਪੁਆਧੀ ਦੇ ਬਣਾਏ ਸਾਂਝੇ ਪੰਜਾਬ ਦੇ ਨਕਸ਼ੇ ਦੀ ਹੈ। ਇਹ ਨਕਸ਼ੇ ਵਾਹੁੰਦਾ ਹੈ, ਹੱਥ ਲਿਖੀਆਂ ਕਿਤਾਬਾਂ ਬਣਾਉਂਦਾ ਹੈ ਅਤੇ ਪੁਆਧ ਇਲਾਕੇ ਦੀ ਬੋਲੀਆਂ ਤੇ ਲੋਕਗੀਤ ਇਕੱਠੇ ਕਰਦਾ ਹੈ।

ਬਾਬੇ ਨਾਨਕ ਤੋਂ ਬਾਬੇ ਨਾਨਕ ਤੱਕ: ਗੁਰੂ ਨਾਨਕ ਆਪਣੇ ਸਾਥੀਆਂ ਨਾਲ਼ ਸੰਗੀਤ ਸਰਵਣ ਕਰਦੇ ਹੋਏ, ਵਾਟਰਕਲਰ ਚਿਤ੍ਰ, ਵੈੱਲਕਮ ਕੌਲੈਕਸ਼ਨ, ਲੰਦਨ

ਪੰਜ ਪਾਣੀਆਂ ਤੋਂ ਮਾਰੂਥਲ ਹੋਣ ਦੀ ਗਾਥਾ: ਝੋਨਾ ਲਾਉਣ ਵਾਲ਼ੇ, ਸਰਹਿੰਦ, 2011 – ਸੁਭਾਸ਼ ਪਰਿਹਾਰ

ਸੱਚਮੁੱਚ ਦਾ ਫਕੀਰ: ਨਿਰਮਲ ਸਿੰਘ, ਰਿਵਾਲਸਰ ਸਾਹਿਬ, 2018 ਯਾਦਵਿੰਦਰ ਸਿੰਘ

ਇਕੱਲਤਾ ਖਾ ਗਈ ਬੰਦੇ ਨੂੰ: ਚਿਤ੍ਰਕਾਰ ਮਲਕੀਤ ਸਿੰਘ, ਚੰਡੀਗੜ੍ਹ, 1986 – ਅਮਰਜੀਤ ਚੰਦਨ

ਸਿਹਤ ਤੇ ਵਿੱਦਿਆ ਵਿਚਾਰੀ ਕਾਰਪੋਰੇਟਾਂ ਨੇ ਖਾ ਲਈ: ਆਰ ਸਟੂਡੀਓ ਵਿਚ ਬਣਾਇਆ ਗ੍ਰਾਫ, 2019 – ਜਸਦੀਪ ਸਿੰਘ

ਲਾਲ ਸਿਆਸਤ ਤੇ ਨੀਲਾ ਦਾਗ: ਜੈ ਭੀਮ ਕਾਮਰੇਡ ਪੋਸਟਰ – ਪਟਵਰਧਨ ਡੌਟ ਕੌਮ

ਕਲਾ ਦੀ ਸਦੀਵੀ ਪ੍ਰਸੰਗਕਿਤਾ: ਰੱਬਾ ਹੁਣ ਕੀ ਕਰੀਏ ਫ਼ਿਲਮ ਵਿਚ ਲਾਲ ਸਿੰਘ ਦਿਲ ਅਤੇ ਸਾਥੀ – ਅਜੈ ਭਾਰਦਵਾਜ

ਅਨਹੱਦ ਵਾਜਾ ਵੱਜੇ: ਲਹੌਰੀਏ ਫ਼ਿਲਮ ਦੇ ਦ੍ਰਿਸ਼ – ਯੂਟਿਊਬ

ਸਮਾਜਿਕ ਸੰਕਟ ਦੀਆਂ ਤੈਹਾਂ ਫਰੋਲਦਾ ‘ਅਰਥ ਭਰਪੂਰ ਸਿਨੇਮਾ’: ਲੰਚਬੌਕਸ ਫ਼ਿਲਮ ਦਾ ਦ੍ਰਿਸ਼ – ਯੂਟਿਊਬ

ਅੰਤਿਕਾ

ਮੈਂ ‘ਕਰਫਿਊ’ ਕਿਉਂ ਹਾਂ?

ਮੈਨੂੰ ਬਹੁਤ ਥਾਈਂ ਸਵਾਲ ਹੁੰਦੈ। ਮੈਂ ‘ਕਰਫਿਊ’ ਕਿਉਂ ਹਾਂ? ਇਹ ਕੋਈ ਗੋਤ ਹੈ? ਤਖੱਲਸ ਹੈ? ਹੋਰ ਬਹੁਤ ਕੁਝ ! ਪੁੱਛਿਆ ਇਹੀ ਜਾਂਦੈ ਕਿ ਮੇਰੇ ਨਾਂ ਪਿਛਲੇ ‘ਕਰਫਿਊ’ ਦਾ ਰਾਜ਼ ਕੀ ਹੈ? ਕਿਤਾਬ ਦਾ ਕੰਮ ਮੁਕਾਇਆ ਤਾਂ ਮਿੱਤਰ ਜਸਦੀਪ ਕਹਿੰਦਾ ‘ਤੈਨੂੰ ਕਿਤਾਬ ‘ਚ ‘ਕਰਫਿਊ’ ਵਾਲਾ ਟੰਟਾ ਵੀ ਮਕਾਉਣਾ ਚਾਹੀਦੈ’ ।

ਮੇਰਾ ਜਨਮ ਨਾਨਕੀਂ ਹੋਇਆ । ਭੀਖੀ ਤੋਂ ਥੋੜ੍ਹੀ ਜਿਹੀ ਦੂਰ । ਗੁੜਥੜੀ ਪਿੰਡ । ਮਾਂ ਦੱਸਦੀ ਹੈ ਤੇਰਾ ਜਨਮ ਸਵੇਰ-ਸਵੇਰੇ 4 ਵਜੇ ਹੋਇਆ। ਮਾਂ ਇਹ ਨੂੰ ਬੇਹੱਦ ਸ਼ੁੱਭ ਮੰਨਦੀ ਹੈ। ਕੁਝ ਵੱਡੇ ਲੋਕਾਂ ਦੇ ਜਨਮ ਦੇ ਪਹਿਲੇ ਪਹਿਰ ਦੇ ਹਵਾਲਾ ਦੇ ਕੇ ਦੱਸਦੀ ਹੈ ‘ਬਾਬੇ ਦਾ ਜਨਮ ਵੀ ਸਵੇਰੇ 4 ਵਜੇ ਹੋਇਆ ਸੀ’ ।

ਪੱਤਰਕਾਰ ਤਾਂ ਮੈਂ ਅਜੇ ਕੱਲ੍ਹ ਬਣਿਆਂ। ਮਾਂ ਇਹ ਸਕੂਲ ਵੇਲੇ ਤੋਂ ਕਹਿੰਦੀ ਹੈ । ਨਾਲ਼ੇ ਮਾਂ ਲਈ ਮੈਂ ਕੀ ਹਾਂ! ਉਹੀ ਯਾਦਵਿੰਦਰ, ਜੀਹਨੂੰ ਹਰ ਐਤਵਾਰ ਕੁੱਟ ਕੁੱਟ ਕੇ ਕੇਸੀਂ ਨਵਾਉਣਾ ਪੈਂਦਾ ਸੀ । ਜਿਹੜਾ ਹਰ ਸਾਲ ਕੋਈ ਵੱਡੀ ਸੱਟ ਖਾ ਕੇ ਖੂਨੋ ਖੂਨ ਹੋਇਆ ਘਰ ਆਉਂਦਾ ਸੀ। ਮਾਂ ਪਹਿਲਾਂ ਗਾਲ੍ਹਾਂ ਕੱਢਦੀ ਤੇ ਫੇਰ ਸਿਰ ‘ਚ ਟਾਂਕੇ ਲਵਾਉਂਦੀ । ਫ਼ਿਕਰਮੰਦੀ ‘ਚ ਸਾਰੀ ਰਾਤ ਜਾਗਦੀ ਰਹਿੰਦੀ। ਪੁੱਛਦੀ ‘ਪੁੱਤ ਸਿਰ ਦੀ ਸੱਟ ਆ ਜੇ ਅੰਦਰ ਖੂਨ ਡਿੱਗਣ ਲਗਿਆ ਤਾਂ ਦੱਸਦੀਂ।

ਮਾਂ ਕਹਿੰਦੀ ਹੈ ‘ਤੇਰੇ ਤੋਂ ਪਹਿਲਾਂ ਕੁੜੀਆਂ ਸੀ । ਤੂੰ ਹੋਇਆ ਤੇਰਾ ਜਨਮ ਦਾ ਸਭ ਨੂੰ ਬੜਾ ਚਾਅ ਸੀ ਪਰ ਮਾਹੌਲ ਨੇ ਸਭ ਬਦਲ ਦਿੱਤਾ। ਤੇਰੇ ਤਾਂ ਪੋਤੜੇ ਵੀ ਲੈਣੇ ਮੁਸ਼ਕਿਲ ਹੋਗੇ। ਤੇਰੇ ਨਾਨੇ ਸਰਵਣ ਸਿੰਘ ਨੂੰ ਬਹੁਤ ਖੁਸ਼ੀ ਪਰ ਘਰੋਂ ਬਾਹਰ ਨਾ ਨਿਕਲਿਆ ਜਾਵੇ । ਮਾਮਾ ਬੰਤ ਸਿੰਘ ਵੀ ਬਾਘੀਆਂ ਪਾਵੇ ਪਰ ਬਾਹਰ ਕੋਈ ਨਾ ਜਾਣ ਦੇਵੇ ‘।

ਮੇਰਾ ਜਨਮ 3 ਜੂਨ 1984 ਨੂੰ ਹੋਇਆ। ਇੰਦਰਾ ਗਾਂਧੀ ਨੇ ਮੁਕੱਦਸ ਧਰਤੀ ਦਰਬਾਰ ਸਾਹਿਬ ‘ਤੇ ਫੌਜਾਂ ਭੇਜ ਦਿੱਤੀਆਂ ਸਨ । ਪੰਜਾਬ ‘ਚ ‘ਕਰਫਿਊ’ ਲਗਾ ਦਿੱਤਾ ਗਿਆ। ਪਿੰਡਾਂ ‘ਚ ਪੁਲਿਸ ਨੇ ਹੋਕੇ ਲਗਵਾ ਦਿੱਤੇ ‘ਕੋਈ ਸੱਥ ‘ਚ ਨਾ ਖੜ੍ਹੇ। ਕੋਈ ਬਾਹਰ ਨਾ ਨਿਕਲੇ । ਸਰਕਾਰ ਵੱਲੋਂ ਗੋਲੀ ਦਾ ਹੁਕਮ ਹੈ’।

ਕਰਫਿਊ ਦੀ ਫਿਜ਼ਾ ‘ਚ ਮੇਰੇ ਨਾਨਾ ਜੀ ਸਵਰਗੀ ਸ. ਸਰਵਣ ਸਿੰਘ ਨੇ ਮੇਰਾ ਕੱਚਾ ਨਾਂ ‘ਕਰਫਿਊ’ ਰੱਖ ਦਿੱਤਾ। ਜਦੋਂ ਮੈਂ ਸੁਰਤ ਸੰਭਾਲੀ ਤਾਂ ਸਾਰਾ ਪਿੰਡ ਕਲਫੂ ਕਲਫੂ ਹੀ ਕਹਿੰਦਾ ਸੀ। ਮੇਰੇ ਪਿਤਾ ਸ. ਲੱਖਾ ਸਿੰਘ ਧਾਲੀਵਾਲ ਨੂੰ ਲੋਕਾਂ ਦੇ ਕਲਫੂ ਕਲਫੂ ਕਹਿਣ ‘ਤੇ ਬੇਹੱਦ ਇਤਰਾਜ਼ ਰਿਹਾ। ਉਹ ਸਭ ਨੂੰ ਯਾਦਵਿੰਦਰ ਸਿੰਘ ਕਹਿਣ ਲਈ ਕਹਿੰਦੇ। ਫੇਰ ਜਦੋਂ ਚੜ੍ਹਦੀ ਜਵਾਨੀ ‘ਚ (10ਵੀਂ ਵੇਲੇ) ਮੇਰੇ ਅੰਦਰਲਾ ਕਵੀ- ਕਹਾਣੀਕਾਰ ਜਾਗਿਆ ਤਾਂ ਸਾਹਿਤਕਾਰਾਂ ਵਾਂਗ ਮੈਂ ਵੱਖਰਾ ਜਿਹਾ ਨਾਂ ਲੱਭਣ ਲੱਗਿਆ । ਮੈਨੂੰ ਲੱਗਿਆ ਮੇਰੇ ਕੋਲ ਤਾਂ ਵੱਖਰਾ ਨਾਂ ‘ਕਰਫਿਊ’ ਹੈ। ਥੋੜ੍ਹਾ ਬਹੁਤਾ ‘ਕਰਫਿਊ’ ਨਾਂ ਨਾਲ਼ ਛਪਣ ਲੱਗਿਆ। ਉਹ ਤਾਂ ਬਾਅਦ ‘ਚ ਗਿਆਨ ਹੋਇਆ ਵੀ ਨਾਂ ਨਾਲ਼ ਕੰਮ ਥੋੜ੍ਹੀ ਹੋਣਾ ਹੁੰਦੈ ਸਗੋਂ ਕੰਮ ਨਾਲ਼ ਨਾਂ ਹੋਣਾ ਹੁੰਦੈ। ਫੇਰ ਵੀ ਪੜ੍ਹਨ ਲਿਖਣ ਵਾਲੇ ਘੇਰਿਆਂ ‘ਚ ਮੈਂ ਕਰਫਿਊ ਨਾਂ ਨਾਲ਼ ਹੀ ਜਾਣਿਆ ਜਾਣ ਲੱਗਿਆ ਤੇ ਮੈਂ ਇਹਨੂੰ ਲਿਖਤਾਂ ‘ਚ ਲਾਉਣਾ ਜਾਰੀ ਰੱਖਿਆ।

3 ਜੂਨ 1984 ਪੰਜਾਬ ਲਈ ਹਰ ਪੱਖੋਂ ਅਭੁੱਲ ਦਿਨ ਰਹੇਗਾ। ਪੰਜਾਬ ਵੱਡੀ ਇਤਿਹਾਸਕ ਘਟਨਾ ਦਾ ਗਵਾਹ ਹੈ। ਇਸ ਦਿਨ ਨੇ ਪੰਜਾਬ ਨੂੰ ਵੱਡੇ ਜ਼ਖਮ ਦਿੱਤੇ ਹਨ ਜਿਹੜੇ ਅਜੇ ਤੱਕ ਭਰੇ ਨਹੀਂ ਗਏ। ਮੇਰਾ ਜਨਮ ਤੇ ਨਾਂ ਵੀ ਇਸ ਦਿਨ ‘ਚ ਸ਼ਾਮਿਲ ਹੈ। ਮੈਂ ਚਾਹ ਕੇ ਵੀ ਇਸ ਨੂੰ ਕਦੇ ਵੱਖ ਨਹੀਂ ਕਰ ਸਕਦਾ। ਮੇਰਾ ਮੰਨਣਾ ਹੈ ਕਿ ਵਰਤਮਾਨ ਕਦੇ ਇਤਿਹਾਸ ‘ਤੇ ਮਿੱਟੀ ਪਾ ਕੇ ਭਵਿੱਖ ਕੋਲ ਨਹੀਂ ਜਾ ਸਕਦਾ।

ਬੱਸ ਏਨੀ ਕੁ ਕਹਾਣੀ ਹੈ ਮੇਰੇ ‘ਕਰਫਿਊ’ ਹੋਣ ਦੀ। ਘਰ ‘ਚ ਮੈਨੂੰ ਕੋਈ ‘ਕਰਫਿਊ’ ਨਹੀਂ ਕਹਿੰਦਾ ਪਰ ਬਾਹਰ ਬਹੁਤ ਸਾਰੇ ਲੋਕ ਕਹਿੰਦੇ ਹਨ। ‘ਪਿੰਡ ਆਲੇ’ ਅਜੇ ਵੀ ਦੋ ਪੈਗ ਲਾ ਕੇ ‘ਕਲਫੂ, ਕਲਫੂ’ ਕਹਿ ਕੇ ਹੀ ਬੁਲਾਉਂਦੇ ਨੇ ।

ਲਿਖਾਰੀ ਬਾਰੇ

ਯਾਦਵਿੰਦਰ ਤੇਜ ਤੁਰਦਾ ਹੈ, ਪਰ ਉਸ ਦੀ ਨਜ਼ਰ ਵੀ ਤੇਜ ਹੈ। ਸੋ ਕਾਹਲੀ ਵਿਚ ਵੀ ਬਹੁਤ ਕੁਝ ਦੇਖ ਜਾਂਦਾ ਹੈ। ਉਹ ਕਾਹਲੀ ਤੁਰਦਾ ਹੈ ਪਰ ਆਪਣੀ ਤੋਰ ਦੀ ਮੜ੍ਹਕ ਨਹੀਂ ਛੱਡਦਾ।

ਸੁਰਜੀਤ ਪਾਤਰ

ਪਤ੍ਰਕਾਰ ਹੋਣ ਕਰਕੇ ਯਾਦਵਿੰਦਰ ਸ਼ੀਂਹ ਰਾਜਿਆਂ ਦੇ ਅੰਦਰਲੇ ਕੁਹਜ ਦਾ ਭੇਤੀ ਹੈ। ਇਹ ਭੇਤ ਇਹਨੇ ਇਸ ਕਿਤਾਬ ਵਿਚ ਪਾਠਕ ਨੂੰ ਕੋਲ਼ ਬਹਿ ਕੇ ਦੱਸੇ ਹਨ। ਹੌਸਲੇ ਵਾਲ਼ੀ ਗੱਲ ਹੈ ਕਿ ਯਾਦਵਿੰਦਰ ਸਾਈਨਾਥ, ਗੌਰੀ ਲੰਕੇਸ਼, ਰਵੀਸ਼ ਕੁਮਾਰ ਵਰਗੇ ਮਿਹਨਤਕਸ਼ ਲੋਕਾਂ ਦੀ ਧਿਰ ਦੇ ਪਤ੍ਰਕਾਰਾਂ ਦੇ ਕਬੀਲੇ ਦਾ ਬੰਦਾ ਹੈ।

ਅਮਰਜੀਤ ਚੰਦਨ

ਯਾਦਵਿੰਦਰ ਦਾ ਸੰਬੰਧ ਚੁਰਾਸੀ ਵਿਚ ਪੈਦਾ ਹੋਈ ਪੰਜਾਬ ਦੀ ਉਸ ਪੀੜ੍ਹੀ ਨਾਲ਼ ਹੈ, ਜਿਸ ਅੰਦਰ ਪੰਜਾਬ ਨੂੰ ਚੁਰਾਸੀ ਦੇ ਗੇੜ ਚੋਂ ਕੱਢਣ ਦੇ ਬੀਜ ਵੀ ਹਨ । ਪੰਜਾਬ ਨੂੰ ਚਾਰੇ ਪਾਸੇ ਤੋਂ ਘੇਰਨ ਵਾਲੇ ਜਿਸ ਸੰਕਟ ਦੀ ਗੱਲ ਉਸ ਨੇ ਕੀਤੀ ਹੈ, ਅਚੇਤੇ ਹੀ ਉਸ ਚੋਂ ਨਿਕਲਣ ਦੀ ਸੰਭਾਵਨਾ ਵੀ ਦਿਖਾ ਦਿੱਤੀ ਹੈ।

 

Credit – ਯਾਦਵਿੰਦਰ ਕਰਫਿਊ

 

Leave a comment

error: Content is protected !!