ਸ਼ਾਹ ਮੁਹੰਮਦ ਦਾ ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ ਪ੍ਰਿੰ: ਨਿਰਵੈਰ ਸਿੰਘ ਅਰਸ਼ੀ

ਸਮਰਪਣ

Contents hide

ਵਾਰੀ ਹਾਂ ਐਸੇ ਜੀਵ ਤੋਂ, ਜੋ ਵਤਨ ਨੂੰ ਪ੍ਰਵਾਨ ਹੈ,  ਉਹ ਜੀਵ ਤਾਂ ਚਿਰੰਜੀਵ ਹੈ, ਇੱਕੀ ਕੁਲਾਂ ਸਤਿਕਾਰਦਾਂ ।  ‘ਅਰਸ਼ੀ ਮਿਟੇ ਜੋ ਵਤਨ ਦੀ ਰਾਖੀ ਤੇ ਖੁਸ਼ਹਾਲੀ ਲਈ, ਮਕਬੂਲ ਨੇ ਉਹ ਕਰਬਲਾ, ਰਾਹਾਂ ਤੋਂ ਜਿੰਦੜੀ ਵਾਰਦਾਂ । ਕੌਮ ਦੇ ਸਿਰਲੱਥ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ  ਸਮੇਤ ਤਮਾਮ ਜਾਂਬਾਜ਼ ਅਣਖੀ ਯੋਧਿਆਂ ਨੂੰ,  ਜਿਨ੍ਹਾਂ ਨੇ ਦੇਸ ਪੰਜਾਬ ਦੀ ਆਨ ਤੇ ਸ਼ਾਨ  ਬਰਕਰਾਰ ਰੱਖਣ ਹਿਤ ਫ਼ਿਰੰਗੀਆਂ ਨਾਲ  ਡਟ ਕੇ ਟੱਕਰ ਲਈ ਅਤੇ ਰਣ-ਖੇਤਰ ਵਿਚ ਸੂਰਮਗਤੀ ਦੇ ਅਦੁੱਤੀ ਜੌਹਰ ਵਿਖਾਉਂਦੇ ਹੋਏ ਸ਼ਹਾਦਤ ਦੇ ਜਾਮ ਪੀ ਗਏ ।

ਆਦਿ ਕਥਨ 

ਜੰਗਨਾਮੇ ਪੰਜਾਬੀ ਕਾਵਿ ਦਾ ਪੁਰਾਤਨ ਅੰਗ ਹਨ, ਜਿਨ੍ਹਾਂ ਵਿਚ ਕਵੀਆਂ ਵਲੋਂ ਆਪੋ-ਆਪਣੇ ਰੰਗ ਤੇ ਢੰਗ ਅਨੁਸਾਰ ਕਿਸੇ ਯੁੱਧ ਜਾਂ ਯੁੱਧ ਦੇ ਕਿਸੇ ਵਿਸ਼ੇਸ਼ ਭਾਗ ਦਾ ਵਰਣਨ ਕੀਤਾ ਹੁੰਦਾ ਹੈ ।

8 ਸ਼ਾਹ ਮੁਹੰਮਦ ਦੀ ਰਚਨਾ ‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’ ਦਾ ਪੰਜਾਬੀ ਸਾਹਿਤ ਅਤੇ ਵਿਸ਼ੇਸ਼ ਕਰਕੇ ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ ਇਕ ਵਿਲੱਖਣ ਅਤੇ ਸ਼੍ਰੋਮਣੀ ਸਥਾਨ ਹੈ । ਭਾਵੇਂ ਇਸ ਰਚਨਾ ਤੋਂ ਪਹਿਲਾਂ ਕਵੀ ਨੇ ‘ਸੱਸੀ ਪੁੰਨੂੰ’ ਦਾ ਕਿੱਸਾ ਵੀ ਲਿਖਿਆ ਸੀ, ਲੇਕਿਨ ਉਹ ਲੋਕਾਂ ਦਾ ਵਧੇਰੇ ਧਿਆਨ ਆਪਣੇ ਵੱਲ ਨਾ ਖਿੱਚ ਸਕਿਆ ਜਦੋਂ ਕਿ ਜੰਗਨਾਮੇ ਨੂੰ ਵਾਰਿਸ ਸ਼ਾਹ ਦੀ ‘ਹੀਰ’ ਅਤੇ ਹਾਸ਼ਮ ਦੀ ‘ਸੱਸੀ’ ਵਾਂਗ ਹੀ ਸ਼ੁਹਰਤ ਤੇ ਮਕਬੂਲਤਾ ਮਿਲੀ ਹੈ ।

ਹੁਣ ਤੀਕ ਉਪਲਬਧ ਪ੍ਰਕਾਸ਼ਿਤ ਤੇ ਅਪ੍ਰਕਾਸ਼ਿਤ ਖਰੜਿਆਂ ਨੂੰ ਵਾਚਣ ਤੋਂ ਪਤਾ ਲੱਗਦਾ ਹੈ ਕਿ ਸ਼ਾਹ ਮੁਹੰਮਦ ਨੇ ਇਸ ਰਚਨਾ ਨੂੰ ਕੋਈ ਵਿਸ਼ੇਸ਼ ਨਾਮ ਨਹੀਂ ਸੀ ਦਿੱਤਾ; ਲਿਖਾਰੀਆਂ, ਪ੍ਰਕਾਸ਼ਕਾਂ ਅਤੇ ਸੰਪਾਦਕਾਂ ਨੇ ਹੀ ਆਪੋ-ਆਪਣੇ ਵਿਚਾਰ ਮੁਤਾਬਕ ਜੋ ਨਾਮ ਠੀਕ ਜਚਿਆ, ਉਹ ਰੱਖ ਦਿੱਤਾ, ਜਿਵੇਂ-ਬੈਂਤਾਂ ਸ਼ਾਹ ਮੁਹੰਮਦ ਕੀਆਂ, ਕਿੱਸਾ ਸ਼ਾਹ ਮੁਹੰਮਦ, ਵਾਰ ਸ਼ਾਹ ਮੁਹੰਮਦ, ਜੰਗਨਾਮਾ ਸ਼ਾਹ ਮੁਹੰਮਦ, ਜੰਗਨਾਮਾ ਸਿੰਘਾਂ ਤੇ ਅੰਗਰੇਜ਼ਾਂ, ਹਿੰਦ ਪੰਜਾਬ ਦਾ ਜੰਗ, ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ, ਅੰਗਰੇਜ਼ਾਂ ਤੇ ਸਿੱਖਾਂ ਦੀ ਲੜਾਈ, ਜੰਗਨਾਵਾਂ, ਕਿੱਸਾ ਬੈਂਤ ਸ਼ਾਹ ਮੁਹੰਮਦ, ਆਦਿ । ਇਸ ਪ੍ਰਕਾਰ ਜਿਤਨੇ ਭਿੰਨ-ਭਿੰਨ ਨਾਮ ਇਸ ਰਚਨਾ ਨੂੰ ਦਿੱਤੇ ਗਏ ਹਨ, ਸ਼ਾਇਦ ਹੀ ਕਿਸੇ ਹੋਰ ਰਚਨਾ ਨੂੰ ਪੰਜਾਬੀ ਜਾਂ ਕਿਸੇ ਹੋਰ ਭਾਸ਼ਾ ਵਿਚ ਅਜਿਹਾ ਮਾਣ ਪ੍ਰਾਪਤ ਹੋਇਆ ਹੋਵੇ । 27 ਜੂਨ, 1839 ਈਸਵੀ ਨੂੰ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਬਾਅਦ ਜਿਸ ਕਦਰ ਲਾਹੌਰ ਦਰਬਾਰ ਵਿੱਚ ਆਪੋਧਾਪੀ ਮੱਚੀ, ਬੁਰਛਾਗਰਦੀ ਦਾ ਬਾਜ਼ਾਰ ਗਰਮ ਹੋਇਆ, ਸਿੱਖ ਰਾਜ ਦੇ ਵਾਰਸਾਂ ਵਿਚ ਖਾਨਾਜੰਗੀ ਤੇ ਕਤਲੋ- ਗਾਰਤ ਦਾ ਸਿਲਸਿਲਾ ਸ਼ੁਰੂ ਹੋਇਆ, ਜਿਸ ਨੂੰ ਨਮਕਹਰਾਮ ਤੇ ਸਵਾਰਥੀ ਡੋਗਰਿਆਂ ਨੇ ਖ਼ੂਬ ਹਵਾ ਦਿੱਤੀ, ਜਿਸ ਦੇ ਫ਼ਲਸਰੂਪ ਸ: ਹਰੀ ਸਿੰਘ ਨਲਵੇ ਤੇ ਅਕਾਲੀ ਬਾਬਾ ਫੂਲਾ ਸਿੰਘ ਜਿਹੇ ਅਨਗਿਣਤ ਜਾਂਬਾਜ਼ ਯੋਧਿਆਂ ਦੀਆਂ ਅਣਥੱਕ ਕੁਰਬਾਨੀਆਂ ਸਦਕਾ ਕਾਇਮ ਹੋਏ ਵਿਸ਼ਾਲ ਸਿੱਖ ਰਾਜ ਦਾ ਸ਼ੀਰਾਜਾ ਬਿਖਰਨ ਵਿਚ ਵੀ ਵਧੇਰੇ ਸਮਾਂ ਨਾ ਲੱਗਿਆ ਅਤੇ ਲੰਬੇ ਸਮੇਂ ਤੋਂ ਇਸੇ ਤਾਕ ਵਿਚ ਬੈਠੇ ਸ਼ਾਤਰ- ਦਿਮਾਗ਼ ਅੰਗਰੇਜ਼ਾਂ ਨੇ ਬਿਨਾਂ ਕੋਈ ਦੇਰੀ ਕਰਨ ਦੇ, ਪੰਜਾਬ ਨੂੰ ਵੀ ਆਪਣੇ ਕਬਜ਼ੇ ਵਿੱਚ ਕਰ ਕੇ ਹੀ ਦਮ ਲਿਆ।

ਸ਼ਾਮ ਮੁਹੰਮਦ ਨੇ 1839 ਤੋਂ 1846 ਤਕ ਸੱਤ ਕੁ ਸਾਲ ਦੀ ਇਸ ਘਟਨਾਵਲੀ ਨੂੰ ਜੰਗਨਾਮੇ ਵਿਚ ਆਪਣੇ ਨਜ਼ਰੀਏ ਤੋਂ ਪੇਸ਼ ਕੀਤਾ ਹੈ । ਕਵੀ ਦਾ ਧਰਮ ਜਾਂ ਅਕੀਦਾ ਕੀ ਹੈ, ਇਹ ਬਾਅਦ ਦੀ ਗੱਲ ਹੈ । ਲੇਕਿਨ ਸਭ ਤੋਂ ਪਹਿਲਾਂ ਤਾਂ ਉਹ ਪੰਜਾਬੀ ਹੈ, ਜਿਸ ਨੂੰ ਆਪਣੇ ਸਾਂਝੇ ਪੰਜਾਬ ਦੇਸ ਨਾਲ ਬਹੁਤ ਹੀ ਮੋਹ ਅਤੇ ਪਿਆਰ ਹੈ । ਉਹ ਇਸ ਦੀ ਆਪਣਿਆਂ ਜਾਂ ਗ਼ੈਰਾਂ ਵਲੋਂ ਹੋ ਰਹੀ ਬਰਬਾਦੀ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰ ਸਕਦਾ ਅਤੇ ਇਕ ਤਰ੍ਹਾਂ ਖੂਨ ਦੇ ਹੰਝੂ ਕੇਰਦਾ ਹੈ ।

ਸ਼ਾਹ ਮੁਹੰਮਦ ਪਹਿਲਾ ਕਵੀ ਹੈ ਜਿਸ ਨੇ ਬਰਤਾਨਵੀ ਹਕੂਮਤ ਦੀ ਸਾਜ਼ਿਸ਼ ਨੂੰ ਸਮਝਿਆ ਅਤੇ ਬੇਝਿਜਕ ਉਸ ਦੇ ਵਿਰੁੱਧ ਆਵਾਜ਼ ਉਠਾਈ । ਆਜ਼ਾਦ ਪੰਜਾਬੀਆਂ ਦੇ ਗਲ ਪਰਾਧੀਨਤਾ ਦਾ ਜੁਲਾ ਪੈਂਦਾ ਵੇਖ ਕੇ ਕਵੀ ਰੋ ਉੱਠਦਾ ਹੈ ਅਤੇ ਵਾਸਤੇ ਪਾਉਂਦਾ ਹੋਇਆ ਆਖਦਾ ਹੈ ਕਿ ਆਪਣੀ ਜਾਨ ਤੱਕ ਕੁਰਬਾਨ ਕਰ ਦਿਉ, ਲੇਕਿਨ ਆਪਣੀ ਸੁਤੰਤਰਤਾ ਨੂੰ ਕਿਸੇ ਦਾ ਮੁਹਤਾਜ ਨਾ ਹੋਣ ਦਿਉ—

‘ਮੁੱਠ ਮੀਟੀ ਸੀ ਦੇਸ ਪੰਜਾਬ ਦੀ ਜੀ,

ਇਨ੍ਹਾਂ ਖੋਲ੍ਹ ਦਿੱਤਾ ਅੱਜ ਪਾਜ ਯਾਰੋ ।

ਸ਼ਾਹ ਮੁਹੰਮਦਾ ਮਾਰ ਕੇ ਮਰੋ ਏਥੇ,

ਕਦੀ ਰਾਜ ਨਾ ਹੋਇ ਮੁਹਤਾਜ ਯਾਰੋ ।’ (82)

ਜੰਗਨਾਮੇ ਦਾ ਵਿਸ਼ਾ-ਵਸਤੂ ਤੇ ਫਿਰ ਉਸ ਦਾ ਨਿਭਾਅ ਜਿਸ ਕਲਾਕਾਰੀ ਅਤੇ ਸਾਹਿਤਕ ਪ੍ਰਤਿਭਾ ਦੁਆਰਾ ਹੋਇਆ ਹੈ, ਉਸ ਨੇ ਇਸ ਰਚਨਾ ਨੂੰ ਹੀ ਨਹੀਂ, ਬਲਕਿ ਰਚਨਾਕਾਰ ਨੂੰ ਵੀ ਅਮਰ ਬਣਾ ਦਿੱਤਾ ਹੈ । ਇਤਿਹਾਸਕ ਤੇ ਸਾਹਿਤਕ- ਦੋਹਾਂ ਹੀ ਪੱਖਾਂ ਤੋਂ ਇਸ ਦਾ ਗੌਰਵ ਅਦੁੱਤੀ ਅਤੇ ਆਉਣ ਵਾਲੇ ਸਮੇਂ ਵਿਚ ਵੀ ਆਪਣੇ ਪ੍ਰਭਾਵ ਨੂੰ ਸਥਿਰ ਅਤੇ ਚਿਰੰਜੀਵ ਰੱਖਣ ਵਾਲਾ ਹੈ । ਚਾਰ-ਚਾਰ ਚਰਨਾਂ ਦੇ 105 ਬੰਦਾਂ, ਅਰਥਾਤ ਕੇਵਲ 420 ਪੰਕਤੀਆਂ ‘ਤੇ ਆਧਾਰਿਤ ਬੈਂਤਾਂ ਵਿਚ ਰਚਿਆ ਗਿਆ ਇਹ ਸ਼ਾਹਕਾਰ ਪੰਜਾਬੀ ਸਾਹਿਤ ਤੇ ਕਵਿਤਾ ਦਾ ਇਕ ਉੱਤਮ ਤੇ ਆਦਰਸ਼ਕ ਨਮੂਨਾ ਹੈ ਜੋ ਪੰਜਾਬੀ ਦੇ ਮੱਧਕਾਲੀਨ ਯੁਗ ਦੇ ਐਨ ਅੰਤ ਸਮੇਂ ਰਚਿਆ ਗਿਆ ਅਤੇ ਜਿਸ ਨੇ ਆਗਾਮੀ ਆਧੁਨਿਕ-ਕਾਲੀਨ ਸਾਹਿਤਕ ਨੁਹਾਰ ਨੂੰ ਸੁਨਿਸ਼ਚਿਤ ਕਰਨ ਅਤੇ ਸਾਮਰਾਜ ਵਿਰੋਧੀ ਲੋਕ ਰਾਇ ਤੇ ਰਾਸ਼ਟਰੀ ਸੁਤੰਤਰਤਾ ਸੰਗਰਾਮ ਨੂੰ ਉਤਸ਼ਾਹਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ । ਜਿਵੇਂ ਕਿ ਜੰਗਾਂ-ਯੁੱਧਾਂ ਵਿੱਚ ਅਕਸਰ ਹੋਇਆ ਕਰਦਾ ਹੈ, ਕਦੀ ਇਕ ਧਿਰ ਭਾਰੂ ਹੋ ਜਾਇਆ ਕਰਦੀ ਹੈ ਅਤੇ ਕਦੀ ਦੂਸਰੀ । ਸ਼ਾਹ ਮੁਹੰਮਦ ਆਪਣੀ ਰਚਨਾ ਵਿੱਚ ਇਕ ਸਫ਼ਲ ਕੁਮੈਂਟੇਟਰ (Commentator) ਵਾਂਗ ਜਿਥੇ ਜੇਤੂ ਟੀਮ ਦੀ ਸ਼ਲਾਘਾ ਕਰਦਾ ਜਾਂਦਾ ਹੈ, ਉਥੇ ਹਾਰਨ ਵਾਲੀ ਟੀਮ ਦੀਆਂ ਗਲਤੀਆਂ ਜਾਂ ਕਮਜ਼ੋਰ ਕੜੀਆਂ ਦੀ ਵਿਆਖਿਆ ਵੀ ਨਾਲ-ਦੀ-ਨਾਲ ਕਰੀ ਜਾਂਦਾ ਹੈ ਤਾਂ ਜੋ ਭਵਿੱਖ ਵਿਚ ਅਜਿਹੀ ਗਲਤੀ ਨਾ ਦੋਹਰਾਈ ਜਾਵੇ ਅਤੇ ਹੋਣ ਵਾਲੀ ਹਾਰ ਤੋਂ ਬਚਿਆ ਜਾ ਸਕੇ । ਇਕ ਧਾਰਨਾ ਅਨੁਸਾਰ ਜੇਕਰ ਦੇਸ ਦੀਆਂ ਹੋਰ ਰਾਜ-ਸ਼ਕਤੀਆਂ ਵਾਂਗ ਸਿੱਖ ਰਾਜ ਵੀ ਸਿੱਖਾਂ ਤੇ ਅੰਗਰੇਜ਼ਾਂ ਦੀ ਜੰਗ ਤੋਂ ਬਿਨਾਂ ਹੀ ਖ਼ਤਮ ਹੋ ਜਾਂਦਾ, ਜੋ ਇਸ ਨੇ ਸਮੇਂ ਦੇ ਹਾਲਾਤਾਂ ਮੂਜਬ ਇਕ ਨਾ ਇਕ ਦਿਨ ਹੋ ਹੀ ਜਾਣਾ ਸੀ, ਤਾਂ ਅਜਿਹੀ ਪ੍ਰਤੀਕ੍ਰਿਆਵਾਦੀ ਸੀਮਾਂ ਦਾ ਅਨੁਭਵ ਹੋਣਾ ਸੀ ਜਿਸ ਦੇ ਫ਼ਲਸਰੂਪ ਪ੍ਰਾਪਤੀਆਂ ਦੀ ਪਹਿਲੀ ਚਰਮ-ਸੀਮਾਂ ਨੂੰ ਹੋਣੀਵਾਦੀ ਦ੍ਰਿਸ਼ਟੀਕੋਣ ਤੋਂ ਮਹਿਸੂਸ ਕਰਨ ਦੀ ਪ੍ਰੇਰਨਾ ਹੋਣ ਲੱਗ ਜਾਣੀ ਸੀ । ਇੰਜ ਸਿੱਖਾਂ ਤੇ ਅੰਗਰੇਜ਼ਾਂ ਦੀ ਜੰਗ ਨੇ ਕੌਮ ਦੀ ਨਮੋਸ਼ੀ ਦੇ ਇਨ੍ਹਾਂ ਅੰਤਮ ਛਿਣਾਂ ਨੂੰ ਗੌਰਵਮਈ ਵਿਸ਼ੇਸ਼ਤਾ ਪ੍ਰਦਾਨ ਕਰ ਦਿੱਤੀ ਹੈ ਅਤੇ ਪੰਜਾਬੀ ਤੇ ਖ਼ਾਸ ਕਰ ਕੇ ਸਿੱਖ ਮਨਾਂ ਨੂੰ ਮਾਨਸਿਕ ਵਿਚਲਣ ਤੋਂ ਬਚਾ ਲਿਆ ਹੈ ।

ਸ਼ਾਹ ਮੁਹੰਮਦ ਨੇ ਜਿਵੇਂ ਤੱਤਕਾਲੀਨ ਇਤਿਹਾਸ ਦੇ ਅਭੁੱਲ ਰਾਸ਼ਟਰੀ ਦੁਖਾਂਤ ਨੂੰ ਆਪਣੀ ਰਚਨਾ ਦਾ ਵਿਸ਼ਾ ਬਣਾਇਆ ਅਤੇ ਕਲਾਤਮਕ ਛੋਹਾਂ ਨਾਲ ਸਿਰੇ ਚੜ੍ਹਾਇਆ, ਅਜਿਹਾ ਕੋਈ ਕਾਮਲ ਮਹਾਂਕਵੀ ਹੀ ਕਰ ਸਕਦਾ ਸੀ । ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਸ਼ਾਹ ਮੁਹੰਮਦ ਨੇ ਆਪਣੀ ਕਲਾਸਕੀ ਰਚਨਾ ਨੂੰ ਲੋਕਾਂ ਦੇ ਦਿਲਾਂ ਉੱਤੇ ਕੁਝ ਇਸ ਤਰ੍ਹਾਂ ਅੰਕਿਤ ਕਰ ਦਿੱਤਾ ਕਿ ਪੂਰੀ ਇਕ ਸਦੀ ਤੱਕ ਉਸ ਦੀ ਅੰਗਰੇਜ਼ ਸਾਮਰਾਜ ਵਿਰੋਧੀ ਧੁਨੀ ਲੋਕ-ਹਿਰਦਿਆਂ ਵਿਚ ਗੂੰਜਦੀ ਰਹੀ ਅਤੇ ਆਧੁਨਿਕ ਕਾਲ ਦੇ ਪ੍ਰਮੁੱਖ ਸਾਹਿਤਕਾਰਾਂ ਨੇ ਵੀ ਉਸ ਦੇ ਪ੍ਰਭਾਵ ਨੂੰ ਆਪਣੀਆਂ ਰਚਨਾਵਾਂ ਵਿਚ ਪ੍ਰੇਰਨਾ-ਸਰੋਤ ਵਜੋਂ ਵਰਤਿਆ। ਮਿਸਾਲ ਵਜੋਂ ਅਵਤਾਰ ਸਿੰਘ ਆਜ਼ਾਦ ਦੇ ਮਹਾਂਕਾਵਿ ‘ਮਹਾਂਬਲੀ’ ਅਤੇ ਕਰਨਲ ਨਰਿੰਦਰਪਾਲ ਸਿੰਘ ਦੇ ਨਾਵਲ ‘ਇਕ ਸਰਕਾਰ ਬਾਝੋਂ’ ਦੇ ਸਿਰਲੇਖ ਸਿੱਧੇ ਹੀ ਸ਼ਾਹ ਮੁਹੰਮਦ ਦੇ ਜੰਗਨਾਮੇ ਵਿਚੋਂ ਲਏ ਗਏ ਹਨ, ਜੋ ਸ਼ਾਹ ਮੁਹੰਮਦ ਦੀ ਰਚਨਾ ਦੇ ਪੰਜਾਬੀਆਂ ਦੇ ਦਿਲਾਂ ਵਿੱਚ ਘਰ ਕਰ ਜਾਣ ਦਾ ਪ੍ਰਤੱਖ ਪ੍ਰਮਾਣ ਹੈ ।

ਸ਼ਾਹ ਮੁਹੰਮਦ ਨੇ ‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’ ਲਿਖ ਕੇ ਪੰਜਾਬੀ ਸਾਹਿਤ ਜਗਤ ਨੂੰ ਇਕ ਅਦੁੱਤੀ ਢੋਆ ਦਿੱਤਾ ਹੈ । ਸਮੇਂ-ਸਮੇਂ ਵਿਦਵਾਨਾਂ ਨੇ ਜੰਗ- ਨਾਮੇ ਦੇ ਵਿਭਿੰਨ ਪਹਿਲੂਆਂ ਨੂੰ ਪਾਠਕਾਂ ਸਾਹਮਣੇ ਪੇਸ਼ ਕਰਨ ਦਾ ਯਤਨ ਕੀਤਾ ਹੈ । ਹਥਲੀ ਪੁਸਤਕ ਵੀ ਇਸੇ ਲੜੀ ਦੀ ਇਕ ਕੜੀ ਹੈ। ਜੇਕਰ ਪੰਜਾਬੀ ਸਾਹਿਤ ਦੇ ਵਿਦਿਆਰਥੀਆਂ ਤੇ ਇਤਿਹਾਸ ਦੇ ਖੋਜੀਆਂ ਦੀ ਜਗਿਆਸਾ ਨੂੰ ਪੂਰਨ ਵਿਚ ਥੋੜ੍ਹੀ-ਬਹੁਤ ਵੀ ਸਹਾਈ ਹੋ ਸਕੇ ਤਾਂ ਲੇਖਕ ਆਪਣੀ ਘਾਲ ਸਫ਼ਲੀ ਸਮਝੇਗਾ।

ਸ਼ਾਇਦ ਇਹ ਕਾਰਜ ਕਦੇ ਵੀ ਸਿਰੇ ਨਾ ਚੜ੍ਹ ਸਕਦਾ ਜੇਕਰ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਨ ਵਿਚ ਆਪਣਾ ਅਹਿਮ ਮੁਕਾਮ ਬਣਾ ਚੁੱਕੀ ਫਰਮ ਭਾਈ ਚਤਰ ਸਿੰਘ ਜੀਵਨ ਸਿੰਘ ਦੇ ਮਾਲਕ ਸ: ਹਰਵਿੰਦਰ ਸਿੰਘ ਜੀ ਤੇ ਸ: ਹਰਭਜਨ ਸਿੰਘ ਜੀ ਉਚੇਚੀ ਪ੍ਰੇਰਨਾ ਅਤੇ ਅਗਵਾਈ ਨਾ ਬਖਸ਼ਦੇ। ਇਸ ਲਈ ਇਨ੍ਹਾਂ ਵੀਰਾਂ ਦਾ ਜਿਤਨਾ ਵੀ ਧੰਨਵਾਦ ਕੀਤਾ ਜਾਵੇ, ਥੋੜ੍ਹਾ ਹੈ । ਇੰਜ ਹੀ ਹੱਲਾ-ਸ਼ੇਰੀ ਮਿਲਦੀ ਰਹੀ ਤਾਂ ਭਵਿੱਖ ਵਿਚ ਹੋਰ ਵੀ ਵਿਸ਼ਿਆਂ ਉੱਤੇ ਲਿਖਣ ਦਾ ਯਤਨ ਕੀਤਾ ਜਾਵੇਗਾ।

-ਨਿਰਵੈਰ ਸਿੰਘ ਅਰਸ਼ੀ

ਪੰਜਾਬੀ ਸਾਹਿਤ ਵਿਚ ਵਾਰਾਂ ਅਤੇ ਜੰਗਨਾਮੇ

ਸ਼ਾਹ ਮੁਹੰਮਦ ਦਾ ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ ਪ੍ਰਿੰ: ਨਿਰਵੈਰ ਸਿੰਘ ਅਰਸ਼ੀ

‘ਵਾਰ’ ਦੇ ਸ਼ਬਦੀ ਅਰਥ ਕਈ ਤਰ੍ਹਾਂ ਕੀਤੇ ਜਾਂਦੇ ਹਨ, ਜਿਵੇਂ ਵਾਰ ਕਰਨਾ, ਹੱਲਾ ਕਰਨਾ, ਦੋਹਰਾਉਣਾ, ਵਾਰ-ਵਾਰ ਕਹਿਣਾ, ਦਰਵਾਜ਼ਾ, ਜੱਸ ਜਾਂ ਉਸਤਤਿ ਕਰਨਾ, ਵਾਰੇ ਜਾਣਾ ਆਦਿ । ਪ੍ਰੰਤੂ ਸਾਹਿਤ ਵਿਚ ‘ਵਾਰ’ ਇਕ ਅਜਿਹੀ ਰਚਨਾ ਹੈ, ਜਿਸ ਵਿਚ ਕਿਸੇ ਸੂਰਮੇ ਦੀ ਸੂਰਮਗਤੀ ਦਾ ਜ਼ਿਕਰ ਛੰਦ-ਬੱਧ ਕੀਤਾ ਹੁੰਦਾ ਹੈ। ਅੰਗਰੇਜ਼ੀ ਵਿਚ ‘ਓਡ’ ਦਾ ਸਰੂਪ ਵੀ ਕੁਝ ਹੱਦ ਤੀਕ ਵਾਰਾਂ ਨਾਲ ਮਿਲਦਾ ਹੈ, ਪਰੰਤੂ ਓਡ (ode) ਦੀ ਬਣਤਰ ਕੁਝ ਗੁੰਝਲਦਾਰ ਅਤੇ ਫੈਲਾਓ ਵਿਚ ਹੁੰਦੀ ਹੈ, ਜਦੋਂ ਕਿ ਪੰਜਾਬੀ ਸਾਹਿਤ ਰੂਪ ‘ਵਾਰ’ ਦਾ ਆਸ਼ਾ ਤੇ ਉਦੇਸ਼, ਸਿਵਾਏ ਗੁਰੂ ਸਾਹਿਬਾਨ ਵੱਲੋਂ ਰਚੀਆਂ ਵਾਰਾਂ ਦੇ (ਜਿਨ੍ਹਾਂ ਦਾ ਮੰਤਵ ਰੱਬ ਦੀ ਉਸਤਤੀ ਗਾਉਣੀ ਜਾਂ ਵਹਿਮਾਂ-ਭਰਮਾਂ ਆਦਿ ਬੁਰਾਈਆਂ ਦੇ ਵਿਰੁੱਧ ਮਨੁੱਖੀ ਮਨਾਂ ਨੂੰ ਤਿਆਰ ਕਰਨਾ ਹੈ) ਯੁੱਧਾਂ, ਘੋਲਾਂ ਦੇ ਇੰਨ-ਬਿੰਨ ਨਕਸ਼ੇ ਚਿਤਰਨੇ ਤੇ ਖ਼ਾਸ-ਖ਼ਾਸ ਵਿਅਕਤੀਆਂ ਜਿਨ੍ਹਾਂ ਸੰਬੰਧੀ ਉਹ ਵਾਰ ਲਿਖੀ ਗਈ ਹੋਵੇ, ਦੀ ਬਹਾਦਰੀ ਦੇ ਜੱਸ ਗਾਉਣੇ ਰਿਹਾ ਹੈ । ‘ਵਾਰ’ ਇਕ ਲੋਕ-ਕਾਵਿ ਹੈ। ਪੰਜਾਬੀ ਸਾਹਿਤ ਵਿਚ ਦੋ ਕਿਸਮ ਦੀਆਂ ਵਾਰਾਂ ਮਿਲਦੀਆਂ ਹਨ। ਬੀਰ ਰਸੀ ਅਤੇ ਅਧਿਆਤਮਕ। ਬੀਰ-ਰਸੀ ਵਾਰਾਂ ਅਧਿਆਤਮਕ ਵਾਰਾਂ ਤੋਂ ਪਹਿਲਾਂ ਹੋਂਦ ਵਿਚ ਆਈਆਂ, ਕਿਉਂਕਿ ਇਨ੍ਹਾਂ ਦਾ ਸੰਕੇਤ ਸਾਨੂੰ ਸਭ ਤੋਂ ਪੁਰਾਣੀਆਂ ਅਤੇ ਪ੍ਰਮਾਣੀਕ ਅਧਿਆਤਮਕ ਵਾਰਾਂ (ਜਿਨ੍ਹਾਂ ਦਾ ਮੂਲ ਸ੍ਰੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ) ਤੋਂ ਮਿਲਦਾ ਹੈ, ਜਿਥੇ ਕੁਝ ਇਕ ਵਾਰਾਂ ਨੂੰ ‘ਟੁੰਡੇ ਅਸਰਾਜੈ ਕੀ ਵਾਰ’, ‘ਸਿਕੰਦਰ ਬਿਰਾਹਿਮ ਕੀ ਵਾਰ’, ‘ਰਾਇ ਕਮਾਲ ਮੌਜਦੀ ਕੀ ਵਾਰ’ ਆਦਿ ਦੀਆਂ ਧੁਨਾਂ ‘ਤੇ ਗਾਉਣ ਲਈ ਹਦਾਇਤ ਕੀਤੀ ਗਈ ਹੈ।

ਸਾਹਿਤ ਵਿਚ ‘ਵਾਰ’ ਅਤੇ ‘ਜੰਗਨਾਮਾ’ ਇਕੋ ਹੀ ਅਰਥ ਰੱਖਣ ਵਾਲੇ ਸ਼ਬਦ ਹਨ ਅਤੇ ਇਨ੍ਹਾਂ ਦੇ ਲੇਖਕ ਆਮ ਕਰਕੇ ਢਾਡੀ ਜਾਂ ਭੱਟ ਹੋਇਆ ਕਰਦੇ ਸਨ, ਜੋ ਪੁਰਾਤਨ ਸਮੇਂ ਦੀ ਯਾਦ ਦਿਵਾਉਣ ਲਈ ਲੋਕਾਂ ਨੂੰ ਕੌਮੀ ਨਾਇਕਾਂ ਅਤੇ ਬਜ਼ੁਰਗਾਂ ਦੇ ਬੀਰ-ਰਸੀ ਕਾਰਨਾਮੇ ਜੋਸ਼ੀਲੀ ਕਵਿਤਾ ਵਿਚ ਰਚ ਕੇ ਸੁਣਾਇਆ ਕਰਦੇ ਸਨ। ਹਿੰਦੀ ਅਤੇ ਰਾਜਸਥਾਨੀ ਬੋਲੀਆਂ ਦਾ ਵੀਰ-ਗਾਥਾ ਸਾਹਿਤ ਅਜਿਹੇ ਜੰਗਨਾਮਿਆਂ ਨਾਲ ਭਰਿਆ ਪਿਆ ਹੈ । ਇੰਜ ਹੀ ਪੰਜਾਬ ਦੀਆਂ ਵਾਰਾਂ ਵੀਰ- ਗਾਥਾ ਸਾਹਿਤ ਦਾ ਅਤੁੱਟ ਅੰਗ ਬਣ ਕੇ ਪੁਰਾਤਨ ਕਾਲ ਤੋਂ ਦੇਸ ਵਾਸੀਆਂ ਨੂੰ ਬੀਰਤਾ ਦਾ ਪੈਗ਼ਾਮ ਦੇ ਰਹੀਆਂ ਹਨ ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ 22 ਵਾਰਾਂ ਅਤੇ ਭਾਈ ਗੁਰਦਾਸ ਜੀ ਦੀਆਂ 40 ਵਾਰਾਂ ਭਾਵੇਂ ਵਧੇਰੇ ਕਰਕੇ ਆਤਮਕ ਤੇ ਸੁਧਾਰਕ ਪਹਿਲੂ ਨੂੰ ਹੀ ਮੁੱਖ ਰੱਖਦੀਆਂ ਹਨ, ਪਰੰਤੂ ਫਿਰ ਵੀ ਵਾਰਾਂ ਦੀਆਂ ਸਿਫ਼ਤਾਂ ਇਨ੍ਹਾਂ ਵਿਚੋਂ ਮਨਫ਼ੀ ਬਿਲਕੁਲ ਨਹੀਂ ਹੁੰਦੀਆਂ। ਸਿੱਖ ਇਤਿਹਾਸ ਵਿਚ ਬੀਰ ਰਸੀ ਵਾਰਾਂ ਗਾਉਣ ਦੀ ਰਵਾਇਤ ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਜੀ ਨੇ ਤੋਰੀ। ਇਨ੍ਹਾਂ ਨੇ ਢਾਡੀ ਮੀਰ ਅਬਦੁੱਲਾ ਅਤੇ ਨੱਥ ਮੱਲ (ਮੀਰ ਨੱਥਾ) ਨੂੰ ਉਚੇਚੇ ਤੌਰ ਉਤੇ ਉਤਸ਼ਾਹਿਤ ਕੀਤਾ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਇਮੀ ਬਾਅਦ ਉਥੇ ਬੀਰ ਰਸੀ ਵਾਰਾਂ ਤੇ ਜੰਗਨਾਮੇ ਗਾ ਕੇ ਵੀਰ ਯੋਧਿਆਂ ਵਿਚ ਨਵੀਂ ਸ਼ਕਤੀ ਭਰਿਆ ਕਰਦੇ ਸਨ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵੀ ਇਸ ਪ੍ਰੰਪਰਾ ਨੂੰ ਜਾਰੀ ਰੱਖੇ ਜਾਣ ਦੇ ਪ੍ਰਮਾਣ ਮਿਲਦੇ ਹਨ। ਢਾਡੀ ਮੀਰ ਛਬੀਲਾ ਅਤੇ ਮੁਸ਼ਕੀ ਨੂੰ ਆਪ ਨੇ ਪੂਰੇ ਆਦਰ ਨਾਲ ਹਜ਼ੂਰੀ ਵਿਚ ਰੱਖਿਆ ਹੋਇਆ ਸੀ ।

‘ਪ੍ਰਾਚੀਨ ਜੰਗਨਾਮੇ’ (ਕ੍ਰਿਤ ਸ. ਸ਼ਮਸ਼ੇਰ ਸਿੰਘ ਅਸ਼ੋਕ, 1950) ਅਨੁਸਾਰ ਮੀਰ ਅਬਦੁੱਲੇ ਤੇ ਮੀਰ ਨੱਥੇ ਨੇ ਸ੍ਰੀ ਗੁਰੂ ਹਰਿਗੋਬਿੰਦ ਜੀ ਨੂੰ 72 ਵਾਰਾਂ ਉਚੇਚੀਆਂ ਰਚ ਕੇ ਸੁਣਾਈਆਂ ਸਨ । ਇਸ ਤੋਂ ਬਿਨਾਂ ਇਨ੍ਹਾਂ ਨੇ ਛੇਵੇਂ ਗੁਰੂ ਜੀ ਦੇ ਯੁੱਧਾਂ ਦੀਆਂ ਵਾਰਾਂ ਲਿਖੀਆਂ ਸਨ, ਜਿਨ੍ਹਾਂ ਦੇ ਕੁਝ ਅੰਸ਼ ਅੱਜ ਵੀ ਪ੍ਰਾਪਤ ਹਨ। ਉਸ ਸਮੇਂ ਢਾਡੀਆਂ ਤੋਂ ਬਿਨਾਂ ਲੋਕ-ਕਵੀ ਵੀ ਵਾਰਾਂ ਅਥਵਾ ਜੰਗਨਾਮਿਆਂ ਦੀ ਰਚਨਾ ਕਰਦੇ ਰਹਿੰਦੇ ਸਨ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਚਿਤ ‘ਚੰਡੀ ਦੀ ਵਾਰ’ ਦਾ ਪੰਜਾਬੀ ਵਾਰ ਸਾਹਿਤ ਵਿਚ ਅਹਿਮ ਅਤੇ ਅਦੁੱਤੀ ਮੁਕਾਮ ਹੈ, ਜਿਸ ਨੂੰ ਪੜ੍ਹਦੇ- ਸੁਣਦੇ ਅੱਜ ਵੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ । ਇਸ ਤੋਂ ਬਿਨਾਂ ‘ਜੰਗਨਾਮਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਾ’ (ਕ੍ਰਿਤ ਅਣੀ ਰਾਇ) ਅਤੇ ‘ਜੰਗਨਾਮਾ ਭੰਗਾਣੀ’ (1746 ਬਿਕ੍ਰਮੀ ਵਿਚ ਰਚਿਤ) ਉਸ ਸਮੇਂ ਦੀ ਬੀਰ ਰਸੀ ਕਵਿਤਾ ਦੇ ਉੱਤਮ ਨਮੂਨੇ ਹਨ।

ਪੰਜਾਬੀ ਵਿਚ ਸਭ ਤੋਂ ਪਹਿਲਾ ਜੰਗਨਾਮਾ ਪੀਰ ਮੁਹੰਮਦ ਕਾਸਬੀ ਨੇ 1592 ਈਸਵੀ ਵਿਚ ਲਿਖਿਆ ਸੀ । ਇਵੇਂ ਹੀ ਰਾਏ ਬੁਲਾਰ ਦੀ ਵਾਰ ਕਿਸੇ ਢਾਡੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਸਮੇਂ ਵਿਚ ਰਚ ਕੇ ਗਾਈ ਸੀ । ਸਿੱਖ ਗੁਰੂ ਸਾਹਿਬਾਨ ਨੇ ਖ਼ੁਦ ਨੂੰ ਸ਼ਾਇਰ ਦੇ ਨਾਲ-ਨਾਲ ਢਾਡੀ ਅਖਵਾਉਣ ਵਿਚ ਵੀ ਭਾਰੀ ਮਾਣ ਪ੍ਰਗਟਾਇਆ ਹੈ—

‘ਹਉ ਢਾਡੀ ਵੇਕਾਰੁ ਕਾਰੈ ਲਾਇਆ

‘ਹਉ ਢਾਡੀ ਹਰਿ ਪ੍ਰਭੁ ਖਸਮ ਕਾ, ਹਰਿ ਕੈ ਦਰਿ ਆਇਆ’

(ਮਹਲਾ ੪, ਪੰਨਾ ੯੧)

‘ਹਉ ਢਾਡੀ ਦਰਿ ਗੁਣ ਗਾਵਦਾ, ਜੇ ਹਰਿ ਪ੍ਰਭੁ ਭਾਵੈ’

(ਮਹਲਾ ੫, ਪੰਨਾ ੧੦੯੭)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪਿੱਛੋਂ ਪੰਜਾਬ ਦੀ ਧਰਤੀ ਉੱਤੇ ਸਿੱਖਾਂ ਨੇ ਜੋ ਜੰਗੀ ਕਰਤਬ ਦਿਖਾਏ, ਧਰਮ ਦੀ ਖਾਤਰ ਜਾਨਾਂ ਵਾਰੀਆਂ ਅਤੇ ਘੱਲੂਘਾਰਿਆਂ ਵਿਚੋਂ ਵੀ ਸਾਬਤ-ਕਦਮ ਲੰਘੇ, ਉਨ੍ਹਾਂ ਵਿਚੋਂ ਕਈ ਘਟਨਾ-ਚਿਤ੍ਰ ਵਾਰਾਂ ਅਥਵਾ ਜੰਗਨਾਮਿਆਂ ਦੇ ਰੂਪ ਵਿਚ ਮਿਲਦੇ ਹਨ, ਜਿਵੇਂ ਬੰਦਾ ਬਹਾਦਰ ਦੀ ਵਾਰ, ਵਾਰ ਹਕੀਕਤ ਰਾਇ, ਰਾਜਾ ਅਮਰ ਸਿੰਘ ਦੀ ਵਾਰ, ਵਾਰ ਸ. ਮਹਾਂ ਸਿੰਘ, ਚੱਠਿਆਂ ਦੀ ਵਾਰ (ਪੀਰ ਬਖਸ਼), ਵਾਰ ਹਰੀ ਸਿੰਘ ਨਲਵਾ (ਕਾਨ੍ਹ ਸਿੰਘ ਬੰਗਾ), ਵਾਰ ਹਰੀ ਸਿੰਘ ਨਲਵਾ (ਸਹਾਈ ਸਿੰਘ), ਆਨੰਦਪੁਰ ਦੀ ਵਾਰ (ਰਾਮ ਸਿੰਘ), ਮੁਲਤਾਨ ਦੀ ਵਾਰ (ਕ੍ਰਿਤ ਸ਼ੋਭਾ), ਮੁਲਤਾਨ ਵਿਜਯ, ਕਸ਼ਮੀਰ ਵਿਜਯ, ਪਿਸ਼ਾਵਰ ਵਿਜਯ, ਸੰਧਾਵਾਲੀਆਂ ਦੀ ਵਾਰ, ਜੰਗਨਾਮਾ ਲਾਹੌਰ (ਕਾਨ੍ਹ ਸਿੰਘ ਬੰਗਾ), ਜੰਗ ਸਿੰਘਾਂ ਤੇ ਫ਼ਿਰੰਗੀਆਂ ਦਾ (ਕਵੀ ਮਟਕ), ਅੰਗਰੇਜ਼ਾਂ ਤੇ ਸਿੰਘਾਂ ਦੀ ਲੜਾਈ (ਸ਼ਾਹ ਮੁਹੰਮਦ), ਵਾਰ ਸ. ਹਰੀ ਸਿੰਘ ਨਲਵਾ (ਕਾਦਰ ਯਾਰ), ਫ਼ਤਹਿ ਨਾਮਾ (ਭਾਈ ਦਯਾਲ ਸਿੰਘ), ਵਿਜਯ ਵਿਨੋਦ (ਗ੍ਰਾਲ ਕਵੀ), ਲਾਹੌਰ ਦੀ ਖਾਨਾਜੰਗੀ, ਗ਼ਦਰ ਦੀ ਵਾਰ, ਜੰਗਨਾਮਾ ਦਿੱਲੀ ਆਦਿ ਪ੍ਰਸਿੱਧ ਹਨ ।

ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਯੁੱਧ ਦੀ ਕਥਾ ਦੇ ਗ੍ਰੰਥ ਨੂੰ ‘ਜੰਗਨਾਮਾ’ ਕਿਹਾ ਜਾਂਦਾ ਹੈ (ਮਹਾਨ ਕੋਸ਼, ਪੰਨਾ 538)। ਯੁੱਧ-ਵਰਣਨ ਨਾਲ ਸੰਬੰਧਿਤ ਪੰਜਾਬੀ ਦਾ ਆਪਣਾ ਦੇਸੀ ਕਾਵਿ ਰੂਪ ਤਾਂ ‘ਵਾਰ’ ਹੀ ਹੈ, ਜਿਸ ਵਿਚ ਨਾਇਕ ਦੀ ਪ੍ਰਸੰਸਾ ਜਾਂ ਉਸਤਤਿ ਯੁੱਧ ਦੇ ਪ੍ਰਸੰਗ ਵਿਚ ਕੀਤੀ ਜਾਂਦੀ ਹੈ ਅਤੇ ਆਮ ਤੌਰ ਉਤੇ ਪਉੜੀ ਛੰਦ ਵਿਚ ਇਸ ਦੀ ਰਚਨਾ ਹੁੰਦੀ ਹੈ । ਕਿਉਂਕਿ ਜੰਗਨਾਮੇ ਦਾ ਸੰਬੰਧ ਵੀ ਯੁੱਧ ਘਟਨਾ ਅਥਵਾ ਪ੍ਰਸੰਗ ਨਾਲ ਹੁੰਦਾ ਹੈ, ਇਸ ਲਈ ਅਕਸਰ ‘ਜੰਗਨਾਮੇ’ ਨੂੰ ‘ਵਾਰ’ ਵੀ ਕਹਿ ਦਿੱਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਸ਼ਾਹ ਮੁਹੰਮਦ ਦੇ ਜੰਗਨਾਮੇ ਨੂੰ ਵੀ ਕਈ ਵੇਰ ‘ਵਾਰ’ ਵਜੋਂ ਨਾਮਿਆਂ ਜਾਂਦਾ ਹੈ ।

‘ਜੰਗਨਾਮਾ’ ਸਾਮੀ ਕਾਵਿ-ਰੂਪ ਹੈ। ਇਸ ਦਾ ਆਰੰਭ ਮਸਨਵੀ ਪਰੰਪਰਾ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤੇ ਇਮਾਮ ਹੁਸੈਨ ਦੀ ਕਰਬਲਾ ਦੀ ਜੰਗ ਦੌਰਾਨ ਹੋਈ ਸ਼ਹਾਦਤ ਅਤੇ ਬਾਦਸ਼ਾਹ ਯਜ਼ੀਦ ਦੇ ਅੱਤਿਆਚਾਰਾਂ ਦੇ ਪ੍ਰਸੰਗ ਚਿਤਰਣ ਤੋਂ ਹੋਇਆ ਹੈ । ਫ਼ਾਰਸੀ ਵਿਚ ਅਨੇਕਾਂ ਕਵੀਆਂ ਨੇ ਜੰਗਨਾਮੇ ਲਿਖ ਕੇ ਇਮਾਮ ਹੁਸੈਨ ਨੂੰ ਆਪਣੀ ਅਕੀਦਤ ਦੇ ਫੁੱਲ ਭੇਟ ਕੀਤੇ ਹਨ। ਫ਼ਾਰਸੀ ਸਾਹਿਤ ਦੇ ਪ੍ਰਭਾਵ ਹੇਠ ‘ਜੰਗਨਾਮਾ’ ਕਾਵਿ-ਰੂਪ ਦਾ ਪ੍ਰਵੇਸ਼ ਵੀ ਪੰਜਾਬੀ ਸਾਹਿਤ ਵਿਚ ਹੋਇਆ ਅਤੇ ਮੁਸਲਮਾਨ ਕਵੀਆਂ ਨੇ ਇਮਾਮ ਹੁਸੈਨ ਦੇ ਕਰਬਲਾ ਵਾਲੇ ਸਾਕੇ ਨੂੰ ਹੀ ਪਹਿਲਾਂ ਪਹਿਲ ਆਪਣੀਆਂ ਰਚਨਾਵਾਂ ਦਾ ਆਧਾਰ ਬਣਾਇਆ । ਬਾਅਦ ਵਿਚ ਹਿੰਦੂ ਤੇ ਸਿੱਖ ਕਵੀਆਂ ਨੇ ਸਿੱਖ ਇਤਿਹਾਸ ਨਾਲ ਸੰਬੰਧਿਤ ਘਟਨਾਵਾਂ ਦੇ ਆਧਾਰ ‘ਤੇ ਜੰਗਨਾਮੇ ਲਿਖੇ । ਅਜਿਹੀ ਪ੍ਰਵਿਰਤੀ ਵਾਲਾ ਪਹਿਲਾ ਜੰਗਨਾਮਾ ਸ਼ਾਇਦ ਕਿਸੇ ਅਗਿਆਤ ਕਵੀ ਵੱਲੋਂ ਸੰਨ 1689 ਵਿਚ ਲਿਖਿਆ ਭੰਗਾਣੀ ਦੀ ਜੰਗ ਵਾਲਾ ਜੰਗਨਾਮਾ ਹੀ ਹੈ। ਹਜ਼ੂਰੀ ਕਵੀ ਅਣੀਰਾਇ ਕ੍ਰਿਤ ‘ਜੰਗਨਾਮਾ ਗੁਰੂ ਗੋਬਿੰਦ ਸਿੰਘ ਜੀ ਕਾ’ ਵੀ ਇਸ ਪ੍ਰਸੰਗ ਵਿਚ ਆਪਣੀ ਖ਼ਾਸ ਭੂਮਿਕਾ ਰੱਖਦਾ ਹੈ ।

ਸ਼ਾਹ ਮੁਹੰਮਦ ਦਾ ਜੀਵਨ

ਪੰਜਾਬੀ ਸਾਹਿਤ ਦਾ ਦੁਖਾਂਤ ਹੈ ਕਿ ਕੌਮੀ ਸ਼ਾਇਰ ਸ਼ਾਹ ਮੁਹੰਮਦ, ਜਿਸ ਨੇ ਆਪਣੇ ਸਮੇਂ ਦੀ ਪ੍ਰਤੀਨਿਧ ਤੇ ਅਮੋਲਕ ਕ੍ਰਿਤ ਸਾਨੂੰ ਦਿੱਤੀ, ਸਾਨੂੰ ਉਸ ਦੀ ਜਨਮ ਤਿਥੀ, ਜਨਮ-ਭੋਂ ਅਤੇ ਜੀਵਨੀ ਬਾਰੇ ਵਧੇਰੇ ਹਾਲ ਨਹੀਂ ਮਿਲਦਾ । ਮੌਲਾ ਬਖਸ਼ ਕੁਸ਼ਤਾ ਨੇ ਆਪਣੀ ਪੁਸਤਕ ‘ਪੰਜਾਬ ਦੇ ਹੀਰੇ’ ਵਿਚ ਕਵੀ ਦਾ ਜਨਮ 1780-82 ਈਸਵੀ ਦਾ ਲਿਖਿਆ ਹੈ ਤਾਂ ਆਪਣੀ ਹੀ ਇਕ ਹੋਰ ਪੁਸਤਕ ‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’ ਵਿਚ ਕਵੀ ਦਾ ਜਨਮ ਸੰਨ 1789 ਈਸਵੀ ਦਾ ਦੱਸਿਆ ਹੈ । ਸਹੀ ਸੰਨ ਬਾਰੇ ਕੁਝ ਵੀ ਸਪਸ਼ਟ ਨਹੀਂ ਹੈ । ਵਧੇਰੇ ਲੇਖਕਾਂ ਨੇ ਸ਼ਾਹ ਮੁਹੰਮਦ ਦਾ ਜਨਮ 1780-1782 ਈ. ਦੇ ਵਿਚਾਲੇ ਹੀ ਮੰਨਿਆ ਹੈ ।

ਮੌਲਾ ਬਖਸ਼ ਕੁਸ਼ਤਾ ਅਨੁਸਾਰ ਕਵੀ ਸ਼ਾਹ ਮੁਹੰਮਦ ਦਾ ਜਨਮ ਪਿੰਡ ਵਡਾਲਾ ਵੀਰਮ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਵੇਖੋ-‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’ (ਉਰਦੂ), ਲਾਹੌਰ, 1960, ਪੰਨਾ 153। ਪ੍ਰੋ. ਸੀਤਾ ਰਾਮ ਕੋਹਲੀ ਵੀ ਕੁਸ਼ਤਾ ਜੀ ਦੇ ਵਿਚਾਰਾਂ ਨਾਲ ਸਹਿਮਤ ਹੈ । ਡਾ. ਗੰਡਾ ਸਿੰਘ ਨੇ ਸ਼ਾਹ ਮੁਹੰਮਦ ਦਾ ਨਗਰ ਵਡਾਲਾ ਮੰਨਦੇ ਹੋਏ ਲਿਖਿਆ ਹੈ ਕਿ ਭਾਵੇਂ ਕੁਝ ਕਿੱਸਿਆਂ ਵਿਚ ‘ਵਟਾਲਾ’ ਵੀ ਲਿਖਿਆ ਹੋਇਆ ਹੈ, ਪਰੰਤੂ ਸ. ਕਰਤਾਰ ਸਿੰਘ ਸ਼ਮਸ਼ੇਰ ਝਬਾਲੀਏ ਪਾਸੋਂ ਪ੍ਰਾਪਤ ਹੋਏ ਲਿਖਤੀ ਕਿੱਸੇ ਵਿਚ ‘ਵਡਾਲਾ’ ਹੀ ਲਿਖਿਆ ਹੈ ।

(ਵੇਖੋ-ਡਾ. ਗੰਡਾ ਸਿੰਘ ਦੀ ਪੁਸਤਕ ‘ਪੰਜਾਬ ਦੀਆਂ ਵਾਰਾਂ’, ਪੰਨਾ 181) ਵਿਦਵਾਨਾਂ ਦੀ ਇਕ ਵੱਡੀ ਗਿਣਤੀ ਕਵੀ ਸ਼ਾਹ ਮੁਹੰਮਦ ਦਾ ਜਨਮ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਮੰਨਦੀ ਹੈ । ਕਵੀ ਦਾ ਉਠਣਾ-ਬੈਠਣਾ ਕਿਥੇ ਸੀ ਅਤੇ ਜੰਗਨਾਮੇ ਦੀ ਰਚਨਾ ਦਾ ਮਨੋਰਥ ਕਿਵੇਂ ਬਣਿਆ, ਬਾਰੇ ਸ਼ਾਹ ਮੁਹੰਮਦ ਨੇ ਆਪ ਆਪਣੇ ਕਿੱਸੇ ਦੇ ਆਰੰਭ ਵਿਚ ਲਿਖ ਦਿੱਤਾ ਹੈ

ਇਕ ਰੋਜ਼ ਵਡਾਲੇ ਦੇ ਵਿਚ ਬੈਠੇ,

ਚੱਲੀ ਆਣ ਫਿਰੰਗੀ ਦੀ ਬਾਤ ਆਈ ।

ਸਾਨੂੰ ਆਖਿਆ ਹੀਰੇ ਤੇ ਨੂਰ ਖਾਂ ਨੇ,

ਜਿਨ੍ਹਾਂ ਨਾਲ ਸਾਡੀ ਮੁਲਾਕਾਤ ਆਈ ।

ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,

ਸਿਰ ਦੋਹਾਂ ਦੇ ਉਤੇ ਆਫ਼ਾਤ ਆਈ ।

ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ,

ਕਦੀ ਨਹੀਂ ਸੀ ਤੀਸਰੀ ਜ਼ਾਤ ਆਈ ।

ਡਾ. ਪ੍ਰੀਤਮ ਸੈਨੀ, ਆਪਣੀ ਪੁਸਤਕ ‘ਵਾਰ ਸ਼ਾਹ ਮੁਹੰਮਦ’ ਦੇ ਮੂਲ ਪਾਠ ਵਿਚ ਨਗਰ ਦਾ ਨਾਮ ‘ਵਟਾਲਾ’ ਲਿਖਦਾ ਹੈ । ਜਦੋਂ ਕਿ ‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’ ਪੁਸਤਕ ਦਾ ਸੰਪਾਦਕ ਡਾ. ਰਤਨ ਸਿੰਘ ਜੱਗੀ, ‘ਪੰਜਾਬ ਦੀਆਂ ਵਾਰਾਂ’ ਪੁਸਤਕ ਵਿਚ ਡਾ. ਗੰਡਾ ਸਿੰਘ ਅਤੇ ‘ਪ੍ਰਾਚੀਨ ਜੰਗਨਾਮੇ’ ਵਿਚ ਸ. ਸ਼ਮਸ਼ੇਰ ਸਿੰਘ ਅਸ਼ੋਕ ਮੂਲ ਪਾਠ ਵਿਚ ‘ਵਡਾਲਾ’ ਅੰਕਿਤ ਕਰਦਾ ਹੈ । ਡਾ. ਜੱਗੀ ਅਨੁਸਾਰ ‘ਵਡਾਲੇ’ ਦੇ ਪਾਠਾਂਤਰਾਂ ਨੇ ਇਸ ਪਿੰਡ ਦੀ ਸਹੀ ਸਥਿਤੀ ਬਾਰੇ ਵੀ ਬਹੁਤ ਭੁਲੇਖੇ ਪਾਏ ਹਨ। ਜੇ. ਐੱਸ. ਸੰਤ ਸਿੰਘ ਵੱਲੋਂ ਲਾਹੌਰੋਂ ਛਪੇ ਜੰਗਨਾਮੇ ਦੇ ਮੁਢਲੇ ਸੰਸਕਰਣ ਅਤੇ ਪੰਜਾਬੀ ਸਾਹਿਤ ਸੰਬੰਧੀ ਇਤਿਹਾਸਕ ਜਾਣਕਾਰੀ ਦੇਣ ਵਾਲੀਆਂ ਆਰੰਭਿਕ ਰਚਨਾਵਾਂ ਵਿਚ ਇਸ ਸ਼ਬਦ ਨੂੰ ਵਟਾਲਾ/ਬਟਾਲਾ ਦੱਸ ਕੇ ਸ਼ਾਹ ਮੁਹੰਮਦ ਨੂੰ ਬਟਾਲਾ (ਜ਼ਿਲ੍ਹਾ ਗੁਰਦਾਸਪੁਰ) ਦਾ ਵਸਨੀਕ ਮੰਨਿਆ ਗਿਆ ਹੈ। ਪਰ ਮੌਲਾ ਬਖਸ਼ ਕੁਸ਼ਤਾ ਨੇ ‘ਪੰਜਾਬ ਦੇ ਹੀਰੇ’ ਨਾਂ ਦੀ ਆਪਣੀ ਰਚਨਾ ਵਿਚ ‘ਵਡਾਲਾ’ ਨੂੰ ‘ਵਡਾਲਾ ਵੀਰਮ’ ਲਿਖ ਕੇ ਇਸ ਨੂੰ ਤਹਿਸੀਲ ਅੰਮ੍ਰਿਤਸਰ ਦਾ ਇਕ ਪਿੰਡ ਸਿੱਧ ਕੀਤਾ ਹੈ । ਉਂਜ ਕੁਸ਼ਤਾ ਆਪ ਇਸੇ ਪਿੰਡ ਦਾ ਵਸਨੀਕ ਹੈ। ਹੋ ਸਕਦਾ ਹੈ, ਉਥੇ ਸ਼ਾਹ ਮੁਹੰਮਦ ਸੰਬੰਧੀ ਇਸ ਪ੍ਰਕਾਰ ਦੀ ਕੋਈ ਮੌਖਿਕ ਪਰੰਪਰਾ ਰਹੀ ਹੋਵੇ ਜਾਂ ਲੇਖਕ ਨੇ ਮੋਹ ਵੱਸ ਸ਼ਾਹ ਮੁਹੰਮਦ ਨੂੰ ਆਪਣੇ ਪਿੰਡ ਨਾਲ ਜੋੜ ਕੇ ਪਿੰਡ ਦਾ ਗੌਰਵ ਵਧਾਉਣਾ ਚਾਹਿਆ

ਹੋਵੇ। ਕੁਝ ਵਿਦਵਾਨਾਂ ਦੀ ਧਾਰਨਾ ਹੈ ਕਿ ਜੰਗਨਾਮੇ ਦੀ ਭਾਸ਼ਾ ਦਾ ਸਰੂਪ ਗੁਰਦਾਸਪੁਰ ਦੇ ਜ਼ਿਲ੍ਹੇ ਦੀ ਬੋਲੀ ਦੇ ਅਨੁਰੂਪ ਹੈ । ਉਂਜ ਵੀ ਜੇਕਰ ਗਹੁ ਨਾਲ ਜੰਗਨਾਮੇ ਨੂੰ ਵਾਚੀਏ ਤਾਂ ਬਾਕੀ ਸਭ ਸ਼ਹਿਜ਼ਾਦਿਆਂ ਨੂੰ ਛੱਡ ਕੇ ਬਟਾਲੇ ਰਹਿਣ ਵਾਲੇ ਮਹਾਰਾਜਾ ਸ਼ੇਰ ਸਿੰਘ ਪ੍ਰਤੀ ਵਿਸ਼ੇਸ਼ ਆਦਰ ਸਹਿਤ ਜ਼ਿਕਰ ਵੀ ਸਾਨੂੰ ਬਟਾਲੇ ਵੱਲ ਖਿੱਚਦਾ ਹੈ । ਇਥੇ ਮਹਾਰਾਜਾ ਸ਼ੇਰ ਸਿੰਘ ਦੀ ਜਾਗੀਰ ਸੀ । ਕਵੀ ਦੇ ਸ਼ਬਦ ਹਨ-

1.

ਰਾਜੇ ਲਸ਼ਕਰਾਂ ਵਿਚ ਸਲਾਹ ਕੀਤੀ,

ਸ਼ੇਰ ਸਿੰਘ ਨੂੰ ਕਿਵੇਂ ਸਦਾਈਏ ਜੀ ।

ਉਹ ਤਾਂ ਪੁੱਤ ਸਰਕਾਰ ਦਾ ਫ਼ਤਹਿ-ਜੰਗੀ,

ਗੱਦੀ ਉਸ ਨੂੰ ਚਾ ਬਹਾਈਏ ਜੀ ।

ਸਿੰਘਾਂ ਆਖਿਆ ਰਾਜਾ ਜੀ ਹੁਕਮ ਤੇਰਾ,

ਜਿਸ ਨੂੰ ਕਹੇਂ ਸੋ ਫ਼ਤਹਿ ਬੁਲਾਈਏ ਜੀ ।…

ਉਸ ਬਲੀ ਸ਼ਹਿਜ਼ਾਦੇ ਦਾ ਤੇਜ ਭਾਰੀ,

ਜਿਸ ਕਿਲ੍ਹੇ ਨੂੰ ਮੋਰਚਾ ਲਾਇਆ ਈ ।

ਸ਼ਾਹ ਮੁਹੰਮਦਾ ਹਾਰ ਕੇ ਵਿਚਲਿਆਂ ਨੇ,

ਸ਼ੇਰ ਸਿੰਘ ਨੂੰ ਗੱਦੀ ਬਹਾਇਆ ਈ । (18)

ਡਾ. ਹਰਚਰਨ ਸਿੰਘ ‘(ਪੰਜਾਬੀ ਸਾਹਿਤ ਦਾ ਇਤਿਹਾਸ’, ਪੰਨਾ 184), ਪ੍ਰਿੰ. ਨਿਹਾਲ ਸਿੰਘ ਰਸ ‘(ਪੰਜਾਬੀ ਸਾਹਿਤ ਦਾ ਵਿਕਾਸ’, ਪੰਨਾ 188) ਅਤੇ ਡਾ. ਸੁਰਿੰਦਰ ਸਿੰਘ ਕੋਹਲੀ (‘ਪੰਜਾਬੀ ਸਾਹਿਤ ਦਾ ਇਤਿਹਾਸ’, ਪੰਨਾ 403) ਨੇ ਸ਼ਾਹ ਮੁਹੰਮਦ ਦੀ ਜਨਮ ਭੂਮੀ ਵਟਾਲਾ ਜਾਂ ਬਟਾਲਾ ਲਿਖੀ ਹੈ । ਇਸ ਮੱਤ ਨਾਲ ਸੰਮਤੀ ਰੱਖਣ ਵਾਲੇ ਕੁਝ ਹੋਰ ਵਿਦਵਾਨ ਹਨ – 7 ਬਾਵਾ ਬੁੱਧ ਸਿੰਘ (‘ਬੰਬੀਹਾ ਬੋਲ’, ਪੰਨਾ 264) + ਪ੍ਰਿੰਸੀਪਲ ਤੇਜਾ ਸਿੰਘ (‘ਸਾਹਿਤ ਦਰਸ਼ਨ’, ਪੰਨਾ 106) ਪ੍ਰਿੰਸੀਪਲ ਸੰਤ ਸਿੰਘ ਸੇਖੋਂ (‘ਪੰਜਾਬੀ ਸਾਹਿਤ ਦਾ ਇਤਿਹਾਸ’, ਪੰਨਾ 130) ਲੇਕਿਨ ਵਧੇਰੇ ਇਤਿਹਾਸਕ ਸਰੋਤਾਂ ਤੋਂ ਸ਼ਾਹ ਮੁਹਮੰਦ ਦਾ ਜੱਦੀ ਪਿੰਡ ਵਡਾਲਾ ਵੀਰਮ ਹੀ ਸਿੱਧ ਹੁੰਦਾ ਹੈ, ਵਟਾਲਾ ਜਾਂ ਬਟਾਲਾ ਨਹੀਂ ।

ਸ਼ਾਹ ਮੁਹੰਮਦ ਜੋ ਕੁਰੈਸ਼ੀ ਮੁਸਲਮਾਨ ਸੀ, ਇਕ ਇੱਜ਼ਤਦਾਰ ਤੇ ਸੰਪੰਨ ਪਰਵਾਰ ਨਾਲ ਸੰਬੰਧ ਰੱਖਦਾ ਸੀ । ਮੌਲਾ ਬਖਸ਼ ਕੁਸ਼ਤਾ (‘ਪੰਜਾਬ ਦੇ ਹੀਰੇ’) ਅਨੁਸਾਰ ਕਵੀ ਦੇ ਖਾਨਦਾਨ ਨੂੰ ਮੁਗਲ ਹਾਕਮਾਂ ਦੇ ਸਮੇਂ ਤੋਂ ਹੀ ਬੜੀ ਪ੍ਰਸਿੱਧੀ ਪ੍ਰਾਪਤ ਸੀ ਅਤੇ ਇਹ ਲੋਕ ਸਮਾਜਕ ਤੇ ਵਿਦਿਅਕ ਖੇਤਰ ਵਿਚ ਵਿਸ਼ੇਸ਼ ਮਾਣ ਦੇ ਅਧਿਕਾਰੀ ਸਨ। ਇਨ੍ਹਾਂ ਵਿਚੋਂ ਕਈ ਤਾਂ ਸਰਕਾਰੀ ਅਧਿਕਾਰੀ, ਕਾਜ਼ੀ ਅਤੇ ਕਾਰਦਾਰ ਵੀ ਰਹਿ ਚੁੱਕੇ ਸਨ । ਤਰਨ ਤਾਰਨ ਤਹਿਸੀਲ ਦੇ ਪਿੰਡ ਭੈਰੋਵਾਲ ਦਾ ਵਸਨੀਕ ਮਹਾਰਾਜਾ ਸ਼ੇਰ ਸਿੰਘ ਦੀ ਫੌਜ ਦਾ ਤੋਪਚੀ ਮੀਆਂ ਸੁਲਤਾਨ ਮਹਿਮੂਦ ਸ਼ਾਹ ਮੁਹੰਮਦ ਦਾ ਨਜ਼ਦੀਕੀ ਰਿਸ਼ਤੇਦਾਰ ਸੀ । ਸ਼ਾਹ ਮੁਹੰਮਦ ਦੇ ਕੁਝ ਹੋਰ ਰਿਸ਼ਤੇਦਾਰ ਵੀ ਖ਼ਾਲਸਾ ਫੌਜ ਵਿਚ ਮੁਲਾਜ਼ਮ ਸਨ ।

‘ਪੰਜਾਬ-ਚੀਫ਼ਸ’ ਦੇ ਆਧਾਰ ‘ਤੇ ਪ੍ਰੋ. ਕੋਹਲੀ ਨੇ ਇਹ ਵੀ ਦੱਸਿਆ ਹੈ ਕਿ ਮੀਆਂ ਸੁਲਤਾਨ ਮਹਿਮੂਦ ਕੋਈ ਮਾਮੂਲੀ ਤੋਪਚੀ ਨਹੀਂ ਸੀ, ਬਲਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਵਿਚ ਉਹ ਜਰਨੈਲੀ ਦੇ ਅਹੁਦੇ ‘ਤੇ ਸੀ । ਵਧੇਰੇ ਸ਼ਰਾਬ ਪੀਣ ਕਰਕੇ ਮਹਾਰਾਜਾ ਖੜਕ ਸਿੰਘ ਦੇ ਰਾਜ-ਕਾਲ ਵਿਚ ਉਸ ਨੂੰ ਜਰਨੈਲੀ ਤੋਂ ਹਟਾ ਕੇ ਸਾਧਾਰਨ ਦਰਜੇ ਦਾ ਅਫ਼ਸਰ ਬਣਾ ਦਿੱਤਾ ਗਿਆ, ਲੇਕਿਨ ਮਹਾਰਾਜਾ ਸ਼ੇਰ ਸਿੰਘ ਦੇ ਰਾਜ-ਕਾਲ ਵਿਚ ਉਸ ਦੀ ਜਰਨੈਲੀ ਫਿਰ ਬਹਾਲ ਕਰ ਦਿੱਤੀ ਗਈ। ਇਸ ਦਾ ਪਿਤਾ ਮੀਆਂ ਗੌਸ ਖਾਨ ਸ਼ੇਰੇ-ਪੰਜਾਬ ਦੇ ਸਮੇਂ ਤੋਪਖਾਨੇ ਦਾ ਸਭ ਤੋਂ ਉੱਘਾ ਅਫ਼ਸਰ ਸੀ ਅਤੇ ਇਸ ਦਾ ਭਰਾ ਸੁਲਤਾਨ ਅਹਿਮਦ ਵੀ ਤੋਪਖਾਨੇ ਵਿਚ ਜਰਨੈਲ ਸੀ । ਭੈਰੋਵਾਲ ਦਾ ਪਿੰਡ ਇਨ੍ਹਾਂ ਨੂੰ ਜਾਗੀਰ ਵਿਚ ਮਿਲਿਆ ਹੋਇਅ ਸੀ, ਪਰ ਉਹ ਸਭ ਰਹਿੰਦੇ ਲਾਹੌਰ ਹੀ ਸਨ ।

(ਡਾ. ਰਤਨ ਸਿੰਘ ਜੱਗੀ, ‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’, ਪੰਨਾ x, xi ਸ਼ਾਹ ਮੁਹੰਮਦ ਦੇ ਦੋ ਪੁੱਤਰ ਸਨ-1) ਮੁਹੰਮਦ ਬਖਸ਼, ਤੇ 2) ਹਾਸ਼ਮ ਸ਼ਾਹ ਮੁਖਲਸ। ਹਾਸ਼ਮ ਸ਼ਾਹ ਮੁਖਲਸ ਹਕੀਮ ਹੋਣ ਦੇ ਨਾਲ-ਨਾਲ ਚੰਗਾ ਕਵੀ ਵੀ ਸੀ ਜਿਸ ਨੇ ਪਿਤਾ ਦੀਆਂ ਪੈੜਾਂ ਉੱਤੇ ਚੱਲਦੇ ਹੋਏ ਕਿੱਸਾ ‘ਸੱਸੀ ਪੁੰਨੂੰ’ ਬੈਂਤਾਂ ਅੰਦਰ ਠੇਠ ਪੰਜਾਬੀ ਵਿਚ ਲਿਖਿਆ । ਸ਼ਾਹ ਮੁਹੰਮਦ ਨੇ ਜਿਥੇ ਆਪਣੀ ਸ਼ਾਹਕਾਰ ਰਚਨ ‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’ ਕੀਤੀ, ਉਥੇ ਇਸ ਨੇ ‘ਸੱਸੀ ਪੁੰਨੂੰ’ ਕਿੱਸਾ ਵੀ ਲਿਖਿਆ, ਜੋ ਇਸ ਸਮੇਂ ਉਪਲਬਧ ਨਹੀਂ। ਮੌਲਾ ਬਖਸ਼ ਕੁਸ਼ਤਾ ਦੀ ਪੁਸਤਕ ‘ਪੰਜਾਬ ਦੇ ਹੀਰੇ’ ਵਿਚ ਸੀਹਰਫੀ ਵਿਚ ਲਿਖੇ ਕਿੱਸਾ ‘ਸੱਸੀ ਪੁੰਨੂੰ’ ਦੇ ਦੋ ਬੰਦ ਜ਼ਰੂਰ ਮਿਲਦੇ ਹਨ, ਜੋ ਨਿਮਨ ਅਨੁਸਾਰ ਹਨ-

  1. ‘ਅਲਫ’—ਉਠ ਦੇਖੀਂ ਮਾਏ ਮੇਰੀਏ ਨੀ, ਇਹ ਬਲੋਚ ਨਾਹੀਂ ਕੋਈ ਚੋਰ ਮਾਏ। ਮੇਰੇ ਨੇਹੁੰ ਦੀ ਸਾਰ ਨ ਜਾਣੀਓ ਨੇ, ਪੁੰਨੂੰ ਬੰਨ੍ਹ ਖੜਿਆ ਨਾਲ ਜ਼ੋਰ ਮਾਏ। ਵਾਹਦ ਜਾਣ ਸੱਸੀ ਇਕ ਲੁੱਟ ਲੀਤੀ, ਹੋਰ ਵੱਸਦਾ ਸ਼ਹਿਰ ਭੰਬੋਰ ਮਾਏ। ਜੋ ਸ਼ਾਹ ਮੁਹੰਮਦਾ ਪਈ ਪੁਕਾਰਨੀ ਹਾਂ, ਪੁੰਨੂੰ ਬਾਝ ਨਾ ਆਸਰਾ ਹੋਰ ਮਾਏ ।
  2. ‘ਖੇ’-ਖੁਦੀ ਗੁਮਾਨ ਨਾ ਰਿਹਾ ਕਾਈ, ਮੈਂ ਤਾਂ ਡੁੱਬੀ ਵਿਚ ਇਸ਼ਕ ਦੀ ਲਹਿਰ ਮਾਏ। ਮੇਰੀ ਪ੍ਰੀਤ ਚਕੋਰ ਪਤੰਗ ਵਾਲੀ, ਸਹਾਂ ਆਪਣੇ ਸਿਰ ‘ਤੇ ਕਹਿਰ ਮਾਏ। ਚਸ਼ਮਾ ਆਬੇ-ਹਿਆਤ ਦਾ ਹੋਤ ਪੁੰਨੂੰ, ਹੋਰ ਸਭ ਜਹਾਨ ਹੈ ਜ਼ਹਿਰ ਮਾਏ। ਸ਼ਾਹ ਮੁਹੰਮਦਾ ਰੱਬ ਜੀ ਮੇਹਰ ਕਰਸੀ, ਚੱਲ ਦੇਖਸਾਂ ਪੁੰਨੂੰ ਦਾ ਸ਼ਹਿਰ ਮਾਏ।’ ਕਵੀ ਦੀ ਪੜ੍ਹਾਈ-ਲਿਖਾਈ ਬਾਰੇ ਪ੍ਰੋ. ਪ੍ਰੀਤਮ ਸੈਨੀ ਦਾ ਮੱਤ ਹੈ ਕਿ ‘ਸ਼ਾਹ ਮੁਹੰਮਦ ਭਾਵੇਂ ਬਹੁਤ ਪੜ੍ਹਿਆ-ਲਿਖਿਆ ਨਹੀਂ ਸੀ, ਫੇਰ ਵੀ (ਉਸ ਨੂੰ) ਯੁੱਧਾਂ ਦੀ ਵਿਉਂਤ ਅਤੇ ਰਾਜਨੀਤੀ ਦੀਆਂ ਚਾਲਾਂ ਦਾ ਕਾਫ਼ੀ ਗਿਆਨ ਸੀ । (‘ਵਾਰ ਸ਼ਾਹ ਮੁਹੰਮਦ’, ਪੰਨਾ 15) ਜਦੋਂ ਕਿ ਡਾ. ਪੂਨੀ ਅਨੁਸਾਰ ਸ਼ਾਹ ਮੁਹੰਮਦ ਇਕ ਪੜ੍ਹਿਆ- ਲਿਖਿਆ ਵਿਅਕਤੀ ਸੀ । ਉਹ ਇਤਿਹਾਸ ਤੇ ਮਿਥਿਹਾਸ ਤੋਂ ਪੂਰੀ ਤਰ੍ਹਾਂ ਜਾਣੂੰ ਸੀ । (ਸ਼ਾਹ ਮੁਹੰਮਦ : ਜੰਗ ਸਿੰਘਾਂ ਤੇ ਅੰਗਰੇਜ਼ਾਂ’, ਪੰਨਾ 33) । ਡਾ. ਸੀਤਾ ਰਾਮ ਕੋਹਲੀ ਅਨੁਸਾਰ ਕਵੀ ਸ਼ਾਹ ਮੁਹੰਮਦ ਦੀ ਤਾਲੀਮ ਬਾਰੇ ਅਸੀਂ ਉਸ ਦੀ ਰਚਨਾ ਤੋਂ ਬਹੁਤ ਅਨੁਮਾਨ ਲਗਾ ਸਕਦੇ ਹਾਂ । ਉਸ ਦੀ ਬੋਲੀ, ਸ਼ੈਲੀ, ਵਿਸ਼ੇ ਦੀ ਤਰਤੀਬ ਅਤੇ ਦੋ-ਚਾਰ ਥਾਵਾਂ ਉਤੇ ਦਿੱਤੀਆਂ ਪੁਰਾਣੀਆਂ ਇਤਿਹਾਸਕ ਰਵਾਇਤਾਂ ਅਤੇ ਸਮਕਾਲੀ ਇਤਿਹਾਸਕ ਘਟਨਾਵਾਂ ਉਤੇ ਗਹੁ ਕਰਨ ਨਾਲ ਅਸੀਂ ਇਸ ਸਿੱਟੇ ’ਤੇ ਸਹਿਜੇ ਹੀ ਅੱਪੜ ਸਕਦੇ ਹਾਂ ਕਿ ਸ਼ਾਹ ਮੁਹੰਮਦ ਅਨਪੜ੍ਹ ਬੰਦਿਆਂ ਵਿਚੋਂ ਨਹੀਂ ਸੀ । ਸਗੋਂ ਉਸ ਨੇ ਵਿਦਿਆ ਮੁਢਲੀ ਉਮਰ ਵਿਚ ਹੀ ਕਿਸੇ ਨਾ ਕਿਸੇ ਪਾਠਸ਼ਾਲਾ ਵਿਚ ਪ੍ਰਾਪਤ ਕੀਤੀ ਹੋਣੀ ਹੈ ।

(ਵਾਰ ਸ਼ਾਹ ਮੁਹੰਮਦ, ਪੰਨਾ ੯੧)

ਕਵੀ ਦੀ ਰਚਨਾ ਵਿਚ ਮਿਲਦੇ ਇਤਿਹਾਸਕ ਹਾਲ-ਹਵਾਲ ਅਤੇ ਨਿੱਕੇ- ਨਿੱਕੇ ਵੇਰਵਿਆਂ ਤੋਂ ਇੰਜ ਪ੍ਰਤੀਤ ਹੁੰਦਾ ਹੈ ਕਿ ਉਸ ਨੂੰ ਇਨ੍ਹਾਂ ਘਟਨਾਵਾਂ ਦੀ ਵਸੀਹ ਜਾਣਕਾਰੀ ਸੀ ਅਤੇ ਹੋ ਸਕਦਾ ਹੈ ਕਿ ਸ਼ਾਹ ਮੁਹੰਮਦ ਕਿਸੇ ਰੂਪ ਵਿਚ ਲਾਹੌਰ ਦਰਬਾਰ ਨਾਲ ਸਬੰਧਤ ਵੀ ਹੋਵੇ । ਸਿੰਘਾਂ ਤੇ ਫਿਰੰਗੀਆਂ ਦੇ ਯੁੱਧਾਂ ਨਾਲ ਉਸਦਾ ਨਜ਼ਦੀਕ ਦਾ ਰਿਸ਼ਤਾ ਰਿਹਾ ਹੈ, ਇਸੇ ਲਈ ਉਸ ਵਲੋਂ ਬਿਆਨ ਕੀਤੇ ਤੱਥ ਅਤੇ ਵੇਰਵੇ ਕਾਫ਼ੀ ਦਰੁਸਤ ਹਨ ।

ਕਵੀ ਦੇ ਵਿਅਕਤਿਤਵ ਦੀ ਇਕ ਖਾਸੀਅਤ ਇਹ ਵੀ ਹੈ ਕਿ ਉਸ ਨੇ ਘਟਨਾਵਾਂ ਦੇ ਬਿਆਨ ਵਿਚ ਕੋਈ ਪਰਦਾ ਜਾਂ ਉਹਲਾ ਨਹੀਂ ਰੱਖਿਆ, ਬਲਕਿ ਜਿਵੇਂ ਕੋਈ ਗੱਲ ਠੀਕ ਜਾਪੀ ਹੈ, ਨਿਰਸੰਕੋਚ ਲਿਖ ਦਿੱਤੀ ਹੈ । ਸਾਫ਼-ਗੋਈ ਅਤੇ ਨਿਸ਼ਕਪਟਤਾ ਉਸਦੀ ਰਚਨਾ ਦੇ ਮੀਰੀ ਗੁਣ ਹਨ। ਰਾਜ ਦਰਬਾਰ ਨਾਲ ਸਬੰਧਿਤ ਅਧਿਕਾਰੀਆਂ ਅਤੇ ਵਿਅਕਤੀਆਂ ਬਾਰੇ ਜੋ ਵੀ ਪ੍ਰਭਾਵ ਉਸਦੇ ਮਨ ਨੇ ਹਿਣ ਕੀਤੇ, ਉਸ ਨੇ ਨਿਝੱਕ ਹੋ ਕੇ ਕਲਮਬੰਦ ਕਰ ਦਿੱਤੇ।

ਮੌਲਾ ਬਖਸ਼ ਕੁਸ਼ਤਾ (ਪੰਜਾਬੀ ਸ਼ਾਇਰਾਂ ਦਾ ਤਜ਼ਕਰਾ) ਅਨੁਸਾਰ ਸ਼ਾਹ ਮੁਹੰਮਦ ਦੀ ਮੌਤ ਸੰਨ 1862 ਈਸਵੀ ਵਿਚ ਹੋਈ, ਇੰਜ ਉਸਦੀ ਉਮਰ 80 ਵਰ੍ਹਿਆਂ ਦੇ ਕਰੀਬ ਦੀ ਸਿੱਧ ਹੁੰਦੀ ਹੈ । 1962 ਵਿਚ ਕਵੀ ਦੀ ਇਕ ਸੌ ਸਾਲਾ ਬਰਸੀ ਬਟਾਲੇ ਵਿਖੇ ਮਨਾਈ ਗਈ ਸੀ, ਜਿਸ ਸਮੇਂ ਹੋਏ ਕਵੀ ਦਰਬਾਰ ਵਿਚ ਪੰਜਾਬੀ ਦੇ ਉਘੇ ਕਵੀਆਂ ਨੇ ਭਾਗ ਲਿਆ ਸੀ।

‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’ ਕਵੀ ਵਲੋਂ ਪਕੇਰੀ ਉਮਰੇ ਲਿਖਿਆ ਮਾਲੂਮ ਹੁੰਦਾ ਹੈ । ਜੰਗਨਾਮੇ ਦੇ ਅਖੀਰਲੇ ਬੰਦ ਵਿਚ ਕਵੀ ਵਲੋਂ ਇਹ ਲਿਖਣਾ ਕਿ-‘ਸੰਮਤ ਉਨੀ ਸੈ ਦੂਸਰਾ ਵਰਤਦਾ ਸੀ, ਜਦੋਂ ਹੋਇਆ ਫ਼ਿਰੰਗੀ ਦਾ ਜੰਗ ਮੀਆਂ’- ਤੋਂ ਸਾਫ਼ ਜ਼ਾਹਰ ਹੈ ਕਿ ਇਹ ਰਚਨਾ ਸੰਮਤ 1902 ਅਰਥਾਤ 1845 ਈ. ਤੋਂ ਬਾਅਦ ਵਿਚ ਲਿਖੀ ਗਈ। ਡਾ. ਸੀਤਾ ਰਾਮ ਕੋਹਲੀ ਅਨੁਸਾਰ ਇਹ ਕਿੱਸਾ ਸੰਨ 1846 ਤੋਂ ਨਵੰਬਰ 1846 ਈ. ਦੇ ਵਿਚਕਾਰ ਕਿਸੇ ਸਮੇਂ ਲਿਖਿਆ ਗਿਆ ਹੈ। (ਵਾਰ ਸ਼ਾਹ ਮੁਹੰਮਦ, ਪੰਨਾ 103) ਇਤਨੀ ਗੱਲ ਜ਼ਰੂਰ ਹੈ ਕਿ ਇਹ ਜੰਗਨਾਮਾ ਸਿੰਘਾਂ ਤੇ ਅੰਗਰੇਜ਼ਾਂ ਦੀ ਪਹਿਲੀ ਜੰਗ ਖਤਮ ਹੋਣ ਤੋਂ ਜਲਦੀ ਹੀ ਬਾਅਦ ਲਿਖਿਆ ਗਿਆ । ਉਧਰ ਡਾ. ਜੱਗੀ ਅਨੁਸਾਰ ‘ਜੰਗਨਾਮੇ ਦਾ ਵਰਣਨ ਲਹਿਜਾ, ਸੰਸਾਰਿਕਤਾ ਪ੍ਰਤੀ ਉਪਰਾਮਤਾ, ‘ਨਿਕੇ ਪੋਚ ਹੁਣ ਬੈਠ ਕੇ ਕਰਨ ਗੱਲਾਂ’ (104) ਉਕਤੀ ਰਾਹੀਂ ਕਵੀ ਦੀ ਆਪਣੀ ਪੀੜ੍ਹੀ-ਗਤ ਸਥਿਤੀ ਬਾਰੇ ਪ੍ਰਤੀਤ ਹੁੰਦਾ ਹੈ ਕਿ ਉਸ ਨੇ ਇਹ ਰਚਨਾ ਵੱਡੀ ਉਮਰ ਵਿਚ ਕੀਤੀ ਹੈ ।’

‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’, ਪੰਨਾ xi)

( ਪਿੱਛੇ ਦੱਸ ਆਏ ਹਾਂ ਕਿ ਸ਼ਾਹ ਮੁਹੰਮਦ ਦਾ ਇੰਤਕਾਲ 1862 ਈਸਵੀ ਵਿਚ ਹੋਇਆ। ਸਪਸ਼ਟ ਹੈ ਕਿ ਸੰਨ 1848-49 ਵਿਚ ਹੋਈ ਅੰਗਰੇਜ਼ਾਂ ਤੇ ਸਿੰਘਾਂ ਦੀ ਦੂਜੀ ਲੜਾਈ ਵੇਲੇ ਉਹ ਜੀਵਤ ਸੀ, ਫਿਰ ਉਸ ਨੇ ਇਸ ਲੜਾਈ ਦਾ ਹਾਲ ਇਸ ਰਚਨਾ ਦੇ ਅੰਤ ਵਿਚ ਜਾਂ ਫਿਰ ਸੁਤੰਤਰ ਰਚਨਾ ਦੇ ਰੂਪ ਵਿਚ ਕਿਉਂ ਪ੍ਰਸਤੁਤ ਨਹੀਂ ਕੀਤਾ ? ਇਸ ਬਾਰੇ ਤਸੱਲੀਬਖ਼ਸ਼ ਜਵਾਬ ਤਾਂ ਭਾਵੇਂ ਨਹੀਂ ਮਿਲਦਾ, ਲੇਕਿਨ ਡਾ. ਜੱਗੀ ਦੇ ਸ਼ਬਦਾਂ ਵਿਚ ਇਹ ਅਨੁਮਾਨ ਜ਼ਰੂਰ ਲਗਾਇਆ ਜਾ ਸਕਦਾ ਹੈ ਕਿ ਪਹਿਲੀ ਜੰਗ ਦਾ ਚਿਤਰਣ ਇਸ ਲਈ ਜ਼ਰੂਰੀ ਸੀ ਕਿ ਹਾਰੇ ਹੋਏ ਸਿੰਘਾਂ ਨੂੰ ਦੁਬਾਰਾ ਸੁਤੰਤਰਤਾ ਪ੍ਰਾਪਤੀ ਲਈ ਯਤਨਸ਼ੀਲ ਕੀਤਾ ਜਾਵੇ ਅਤੇ ਸ਼ਾਇਦ ਕੁਝ ਹੱਦ ਤੱਕ ਦੂਜੀ ਲੜਾਈ ਦਾ ਕਾਰਨ ਸ਼ਾਹ ਮੁਹੰਮਦ ਵਰਗੇ ਕਵੀਆਂ ਦੀ ਪ੍ਰੇਰਨਾ ਦਾ ਹੀ ਫ਼ਲ ਹੋਵੇ । ਪਰੰਤੂ ਦੂਜੀ ਜੰਗ ਦੀ ਹਾਰ ਤੋਂ ਬਾਅਦ ਸਾਰੇ ਪੰਜਾਬ ਅਤੇ ਸ਼ਾਹ ਮੁਹੰਮਦ ਵਰਗੇ ਕਵੀਆਂ ਦੀਆਂ ਕੋਮਲ ਭਾਵਨਾਵਾਂ ਮਰੁੰਡੀਆਂ ਗਈਆਂ ਹੋਣ ਅਤੇ ਫਿਰ ਉਹ ਦੇਸ਼-ਭਗਤੀ ਦੀ ਭਾਵਨਾ ਨੂੰ ਸੰਚਾਰਿਤ ਕਰਨ ਦੇ ਆਪਣੇ ਆਪ ਨੂੰ ਅਸਮਰਥ ਮਹਿਸੂਸ ਕਰਦੇ ਹੋਣ। ਦੂਜੀ ਗੱਲ ਇਹ ਵੀ ਹੋ ਸਕਦੀ ਹੈ ਕਿ ਕਵੀ ਦੇ ਰਿਸ਼ਤੇਦਾਰ ਜਰਨੈਲ ਸੁਲਤਾਨ ਮਹਿਮੂਦ ਅਤੇ ਕਰਨੈਲ ਸੁਲਤਾਨ ਅਹਿਮਦ ਨੂੰ ਜੰਗ ਖਤਮ ਹੋਣ ‘ਤੇ ਫੌਜ ਵਿਚੋਂ ਕੱਢ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਜਾਗੀਰ ਜ਼ਬਤ ਕਰ ਲਈ ਗਈ ਸੀ । ਇਹ ਬਰਖ਼ਾਸਤਗੀ ਕਿਸ ਕਾਰਨ ਹੋਈ ? ਕੀ ਇਨ੍ਹਾਂ ਅਧਿਕਾਰੀਆਂ ਦੀ ਲੋੜ ਹੀ ਨਹੀਂ ਰਹੀ ਸੀ ਜਾਂ ਫਿਰ ਸ਼ਾਹ ਮੁਹੰਮਦ ਦੀ ਲਿਖਤ ਦਾ ਇਸ ਵਿਚ ਕੋਈ ਰੋਲ ਰਿਹਾ ਸੀ ? ਪਰ ਇਸ ਸਭ ਵਰਤਾਰੇ ਨੇ ਆਵੱਸ਼ ਹੀ ਕਵੀ ਨੂੰ ਪ੍ਰਭਾਵਿਤ ਅਤੇ ਦੁਖੀ ਕੀਤਾ ਹੋਵੇਗਾ ਅਤੇ ਬੁੱਢੀ ਉਮਰੇ, ਉਸ ਨੇ ਹੋਰ ਕੁਝ ਲਿਖਣ ਦਾ ਹੀਆ ਹੀ ਨਹੀਂ ਕੀਤਾ ਹੋਵੇਗਾ। (‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’, ਪੰਨਾ xiv)

ਸ਼ਾਹ ਮੁਹੰਮਦ ਦੇ ਕਈ ਹੋਰ ਸਮਕਾਲੀ ਕਵੀਆਂ ਨੇ ਵੀ ਸਿੱਖ ਰਾਜ ਦੀ ਅਧੋਗਤੀ ਬਾਰੇ ਆਪਣੀਆਂ ਰਚਨਾਵਾਂ ਲਿਖੀਆਂ ਹਨ, ਲੇਕਿਨ ਜਿਸ ਦਰਦ ਅਤੇ ਸੋਜ਼ ਨਾਲ ਸ਼ਾਹ ਮੁਹੰਮਦ ਨੇ ਇਹ ਜੰਗਨਾਮਾ ਲਿਖਿਆ ਹੈ, ਇਹ ਸ਼ੋਹਰਤ ਕਿਸੇ ਹੋਰ ਦੇ ਹਿੱਸੇ ਨਹੀਂ ਆ ਸਕੀ । ਸ਼ਾਹ ਮੁਹੰਮਦ ਨੇ ਜਾਗੀਰਦਾਰਾਂ, ਸਿੱਖ ਸਰਦਾਰਾਂ ਅਤੇ ਦਰਬਾਰੀਆਂ ਦੀ ਆਪੋਧਾਪੀ, ਬੁਰਛਾਗਰਦੀ ਅਤੇ ਅੰਗਰੇਜ਼ਾਂ-ਸਿੱਖਾਂ ਦੇ ਯੁੱਧ ਦੇ ਹਾਲ ਕੁਝ ਤਾਂ ਅੱਖੀਂ ਵੇਖੇ ਸਨ, ਕੁਝ ਰਿਸ਼ਤੇਦਾਰਾਂ ਅਤੇ ਮਿੱਤ੍ਰਾਂ ਪਾਸੋਂ ਸੁਣੇ ਸਨ, ਜਿਸ ਕਾਰਨ ਇਸ ਰਚਨਾ ਨੂੰ ਵਧੇਰੇ ਇਤਿਹਾਸਕ ਮੰਨਿਆ ਜਾਂਦਾ ਹੈ। ਕਵੀ ਨੂੰ ਪੰਜਾਬੀਆਂ ਦੇ ਸਾਂਝੇ ਰਾਜ ਦੇ ਖ਼ਤਮ ਹੋਣ ਦਾ ਭਾਰੀ ਦੁੱਖ ਹੈ ਅਤੇ ਸ਼ੇਰੇ-ਪੰਜਾਬ ਦੇ ਅੱਖਾਂ ਮੀਟਣ ਬਾਅਦ ਵਾਪਰੇ ਖੂਨੀ ਹਾਲਾਤ ਤਾਂ ਉਸ ਨੂੰ ਵਧੇਰੇ ਹੀ ਅਵਾਜ਼ਾਰ ਕਰਦੇ ਹਨ ਅਤੇ ਖੂਨ ਦੇ ਹੰਝੂ ਕੇਰਦਾ ਹੋਇਆ ਉਹ ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ ਹੋਈ ਪਹਿਲੀ ਲੜਾਈ ਦਾ ਕਾਵਿ-ਚਿਤਰਣ ਕਰਦਾ ਹੈ। ਕਵੀ ਦੀ ਪੇਸ਼ਕਾਰੀ ਵੀ ਕਮਾਲ ਦੀ ਹੈ, ਜਿਸ ਦੇ ਫ਼ਲਸਰੂਪ ਇਤਿਹਾਸਕ ਤੇ ਸਾਹਿਤਕ ਪੱਖਾਂ ਤੋਂ ਇਹ ਰਚਨਾ ਆਪਣੇ ਸਮੇਂ ਦਾ ਇਕ ਅਮੋਲਕ ਦਸਤਾਵੇਜ਼ ਹੋ ਨਿੱਬੜੀ ਹੈ ।

ਸ਼ਾਹ ਮੁਹੰਮਦ ਦੀ ਰਚਨਾ ਦੇ ਰੂਪ-ਨਿਰਣੇ ਦੀ ਸਮੱਸਿਆ

ਸ਼ਾਹ ਮੁਹੰਮਦ ਦੀ ਹਥਲੀ ਰਚਨਾ ਦੇ ਰੂਪ-ਨਿਰਣੇ ਬਾਰੇ ਵਿਦਵਾਨਾਂ ਵਿਚ ਭਾਰੀ ਮੱਤਭੇਦ ਹਨ, ਕੋਈ ਇਸ ਨੂੰ ਕਿੱਸਾ ਆਖ ਰਿਹਾ ਹੈ, ਕੋਈ ਵਾਰ ਅਤੇ ਕੋਈ ਹੋਰ ਜੰਗਨਾਮਾ। ‘ਵਾਰ’ ਅਤੇ ‘ਜੰਗਨਾਮੇ’ ਬਾਰੇ ਤਾਂ ਉੱਪਰ ਵਿਸਥਾਰ ਵਿਚ ਜ਼ਿਕਰ ਕੀਤਾ ਜਾ ਚੁੱਕਾ ਹੈ, ਕਿਸੇ ਨਿਰਣੇ ‘ਤੇ ਪੁੱਜਣ ਤੋਂ ਪਹਿਲਾਂ ‘ਕਿੱਸਾ’ ਸ਼ਬਦ ਬਾਰੇ ਜਾਣਨਾ ਵੀ ਆਵੱਸ਼ਕ ਹੈ ।

‘ਕਿੱਸਾ’ ਸ਼ਬਦ ਅਰਬੀ ਮੂਲਕ ਹੈ । ਇਸ ਦੀ ਵਿਉਤਪੱਤੀ ਅਰਬੀ ਦੇ ਸ਼ਬਦ ‘ਕਸ’ ਤੋਂ ਹੋਈ ਮੰਨੀ ਜਾਂਦੀ ਹੈ, ਜਿਸ ਦੇ ਅਰਥ ਹਨ–ਪਿੱਛੇ ਜਾਣਾ, ਪਿੱਛਾ ਕਰਨਾ, ਖ਼ਬਰ ਦੇਣਾ। ਹਿੰਦੀ ਸਮਿਤੀ ਲਖਨਊ ਵੱਲੋਂ ਪ੍ਰਕਾਸ਼ਿਤ ਅਤੇ ਮੁਹੰਮਦ ਮੁਸਤਫ਼ਾ ਖਾਂ ਮੱਦਾਹ ਦਵਾਰਾ ਸੰਪਾਦਤ ‘ਉਰਦੂ-ਹਿੰਦੀ ਸ਼ਬਦ ਕੋਸ਼’ ਅਨੁਸਾਰ ਅਰਬੀ ਮੂਲਕ ਕਿੱਸਾ ਸ਼ਬਦ ਦੇ ਅਰਥ- ਕਥਾ, ਕਹਾਣੀ, ਦਾਸਤਾਨ, ਬਿਰਤਾਂਤ, ਹਾਲ, ਘਟਨਾ, ਵਾਕਿਆ, ਸਮੱਸਿਆ, ਮਸਲਾ, ਝਗੜਾ ਆਦਿ ਹਨ । ਕੁਰਾਨ ਵਿਚ ਇਸ ਦੇ ਬਹੁਵਚਨ ਅਰਥਾਤ ‘ਕਸਿਸ’ ਸ਼ਬਦ ਦਾ ਪ੍ਰਯੋਗ ਵੀ ਮਿਲਦਾ ਹੈ । ਪੰਜਾਬੀ ਸਾਹਿਤ ਵਿਚ ਕਿੱਸਾ ਉਹ ਵਿਸ਼ੇਸ਼ ਕਾਵਿ-ਰੂਪ ਹੈ ਜਿਸ ਵਿਚ ਕਿਸੇ ਕਥਾ-ਕਹਾਣੀ ਨੂੰ ਲੰਮੀ ਬਿਆਨੀਆ ਕਵਿਤਾ ਰਾਹੀਂ ਅਤੀ ਰੌਚਕ ਢੰਗ ਨਾਲ ਬਿਆਨ ਕੀਤਾ ਗਿਆ ਹੋਵੇ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪੇ ਗਏ ‘ਪੰਜਾਬੀ ਸਾਹਿਤ ਕੋਸ਼’ ਵਿਚ ਕਥਾ-ਕਾਵਿ ਅਤੇ ਕਿੱਸਾ-ਕਾਵਿ ਨੂੰ ਵੱਖ-ਵੱਖ ਸਿਰਲੇਖਾਂ ਹੇਠ ਲਿਆ ਗਿਆ ਹੈ, ਲੇਕਿਨ ਜੋ ਗੁਣ ਇਸ ਵਿਚ ਕਥਾ-ਕਾਵਿ ਲਈ ਨਿਸ਼ਚਿਤ ਕੀਤੇ ਹਨ, ਉਹੀ ਕਿੱਸਾ-ਕਾਵਿ ’ਤੇ ਵੀ ਲਾਗੂ ਹੁੰਦੇ ਹਨ (ਵੇਖੋ- ਪੰਜਾਬੀ ਕਿੱਸਾ ਕਾਵਿ : ਪਿਛੋਕੜ ਤੇ ਪਰੰਪਰਾ, ਡਾ. ਗੋਬਿੰਦ ਸਿੰਘ ਲਾਂਬਾ, ਪੰਜਾਬੀ ਦੁਨੀਆਂ, ਅਗਸਤ 1977, ਪੰਨਾ 32)। ਡਾਕਟਰ ਗੋਪਾਲ ਸਿੰਘ ਦਰਦੀ ਵੀ ਕਥਾ-ਕਾਵਿ ਤੇ ਕਿੱਸਾ-ਕਾਵਿ ਨੂੰ ਵੱਖ-ਵੱਖ ਮੰਨਦੇ ਹਨ (ਵੇਖੋ ‘ਸਾਹਿਤ ਦੀ ਪਰਖ’, ਪੰਨਾ 70-71 ਤੇ 73- 74)। ਪਰ ਪੰਜਾਬੀ ਕਿੱਸਿਆਂ ਵਿਚ ਇਹ ਦੋਵੇਂ ਸ਼ਬਦ ਸਮਾਨਾਰਥਕ ਰੂਪ ਵਿਚ ਵਰਤੇ ਜਾਂਦੇ ਰਹੇ ਹਨ। ਮੁਕਬਲ, ਅਹਿਮਦ ਗੁੱਜਰ ਤੇ ਵਾਰਸ ਸ਼ਾਹ ਰਚਿਤ ‘ਕਿੱਸਾ ਹੀਰ ਰਾਂਝਾ’ ਲਈ ਕਥਾ ਸ਼ਬਦ ਦਾ ਪ੍ਰਯੋਗ ਵੀ ਕੀਤਾ ਗਿਆ ਹੈ। ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ਸੈਂਟਰਲ ਪਬਲਿਕ ਲਾਇਬ੍ਰੇਰੀ, ਪਟਿਆਲਾ, ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਆਦਿ ਥਾਈਂ ਸੁਰੱਖਿਅਤ ਕੁਝ ਖਰੜੇ ਇਸ ਗੱਲ ਦਾ ਪ੍ਰਮਾਣ ਹਨ।

‘ਕਿੱਸਾ’ ਸ਼ਬਦ ਦੀ ਆਮਦ ਤੋਂ ਪਹਿਲਾਂ ਇਸ ਕਾਵਿ-ਰੂਪ ਲਈ ਤਿੰਨ ਸ਼ਬਦ ਪ੍ਰਚਲਤ ਸਨ-‘ਕਥਾ’, ‘ਆਖਿਆਇਕਾ’ ਅਤੇ ‘ਆਖਯਾਨ’ । ‘ਕਥਾ’ ਦਾ ਪ੍ਰਯੋਗ ਕਲਪਿਤ ਪ੍ਰੇਮਾਖਯਾਨ ਲਈ ਹੁੰਦਾ ਸੀ, ‘ਆਖਿਆਇਕਾ’ ਦਾ ਇਤਿਹਾਸਕ ਪ੍ਰਸੰਗਾਂ ਲਈ ਅਤੇ ‘ਆਖਯਾਨ’ ਦਾ ਪੌਰਾਣਿਕ ਕਥਾਵਾਂ ਲਈ, ਜਿਨ੍ਹਾਂ ਵਿਚ ਇਤਿਹਾਸ ਤੇ ਕਲਪਨਾ ਦਾ ਮਿਲਿਆ-ਜੁਲਿਆ ਰੂਪ ਪਾਇਆ ਜਾਂਦਾ ਸੀ ।

ਡਾ. ਮੋਹਨ ਸਿੰਘ ਦੀਵਾਨਾ ਨੇ ਪੁਸ਼ਯ ਰਚਿਤ ‘ਸੱਸੀ’ ਨੂੰ ਪੰਜਾਬੀ ਦਾ ਸਭ ਤੋਂ ਪਹਿਲਾ ਕਿੱਸਾ ਮੰਨਿਆ ਹੈ, ਜਦੋਂ ਕਿ ਕੁਝ ਵਿਦਵਾਨ ‘ਹੀਰ ਦਮੋਦਰ’ ਨਾਲ ਪੰਜਾਬੀ ਸਾਹਿਤ ਵਿਚ ਕਿੱਸਾ ਕਾਵਿ ਦਾ ਮੁੱਢ ਬੱਝਾ ਮੰਨਦੇ ਹਨ (ਡਾ. ਤੇਜਵੰਤ ਸਿੰਘ ਗਿੱਲ- ‘ਸਾਹਿਤ ਦੀ ਇਤਿਹਾਸਕਾਰੀ ਤੇ ਹੀਰ ਦਮੋਦਰ’, ਪੁਸਤਕ ‘ਪੰਜਾਬੀ ਕਿੱਸਾ ਅਤੇ ਬੀਰ ਕਾਵਿ’, ਸੰਪਾ. ਡਾ. ਬਿਕਰਮ ਸਿੰਘ ਘੁੰਮਣ, ਪੰਨਾ 16) ।

ਡਾ. ਹਜ਼ਾਰੀ ਪ੍ਰਸਾਦਿ ਦ੍ਰਵੇਦੀ ਅਨੁਸਾਰ ਕਵੀ ਗੰਗ ਅਕਬਰ ਦਾ ਦਰਬਾਰੀ ਕਵੀ ਸੀ, ਜਿਸ ਨੇ ਹੀਰ ਰਾਂਝੇ ਦੇ ਕਬਿੱਤ ਦਮੋਦਰ ਤੋਂ ਕਿਤੇ ਪਹਿਲਾਂ ਲਿਖੇ । ਗੰਗ ਦੀ ਰਚਨਾ ਦਾ ਹੱਥਲਿਖਤ ਖਰੜਾ ਸੈਂਟਰਲ ਪਬਲਿਕ ਲਾਇਬ੍ਰੇਰੀ, ਪਟਿਆਲਾ ਵਿਖੇ ਸੀਰੀਅਲ ਨੰਬਰ 529 ਅਧੀਨ ਸਾਂਭਿਆ ਪਿਆ ਹੈ । ਇਸ ਤੋਂ ਛੁੱਟ ਦਮੋਦਰ ਤੋਂ ਪਹਿਲਾਂ ਹੀਰ ਦੇ ਕਿੱਸੇ ਹੋਣ ਦੇ ਪ੍ਰਮਾਣ ਭਾਈ ਗੁਰਦਾਸ ਜੀ, ਸ਼ਾਹ ਹੁਸੈਨ ਤੇ ‘ਬਾਕੀ’ ਆਦਿਕ ਕਵੀਆਂ ਦੀਆਂ ਰਚਨਾਵਾਂ ਵਿਚ ਵੀ ਮਿਲਦੇ ਹਨ । ਇਹ ਤਾਂ ਸਿੱਧ ਹੈ ਕਿ ਦਮੋਦਰ ਤੋਂ ਪਹਿਲਾਂ ਪੰਜਾਬ ਵਿਚ ਕਿੱਸਾ ਸਾਹਿਤ ਦੀ ਪ੍ਰੰਪਰਾ ਸੀ, ਪਰੰਤੂ ਇਹ ਕਥਾਵਾਂ ਮੌਖਿਕ ਰੂਪ ਵਿਚ ਹੀ ਪ੍ਰਚਲਤ ਸਨ । ਲਿਖਤੀ ਰੂਪ ਵਿਚ ਪੂਰੀ ਕਥਾ ਸਭ ਤੋਂ ਪਹਿਲਾਂ ਦਮੋਦਰ ਦੀ ਹੀ ਪ੍ਰਾਪਤ ਹੁੰਦੀ ਹੈ, ਜਿਸ ਨੇ ਇਸ ਕਾਵਿ-ਰੂਪ ਲਈ ‘ਕਿੱਸਾ’ ਸ਼ਬਦ ਦਾ ਪ੍ਰਯੋਗ ਵੀ ਕੀਤਾ ਹੈ—

ਅੱਖੀਂ ਡਿੱਠਾ ਕਿੱਸਾ ਕੀਤਾ, ਮੈਂ ਤਾਂ ਗੁਣੀ ਨਾ ਕੋਈ ।

ਲਿਖਤੀ ਰੂਪ ਵਿਚ ਕਿੱਸੇ ਸਾਨੂੰ ਵਧੇਰੇ ਉਦੋਂ ਤੋਂ ਹੀ ਪ੍ਰਾਪਤ ਹੁੰਦੇ ਹਨ ਜਦੋਂ ਤੋਂ ਹਾਕਮ ਸ਼੍ਰੇਣੀ ਵੱਲੋਂ ਕਵੀਆਂ ਦੀ ਸਰਪ੍ਰਸਤੀ ਹੋਣ ਲੱਗੀ ਸੀ । ਭਾਵੇਂ ਦਮੋਦਰ ਨੂੰ ਵੀ ਕੁਝ ਸਰਪ੍ਰਸਤੀ ਹਾਸਲ ਸੀ (ਚੂਚਕ ਬਹੁੰ ਦਿਲਾਸਾ ਦਿੱਤਾ) ਪਰ ਮਾਇਕ ਸਰਪ੍ਰਸਤੀ ਦਾ ਹਵਾਲਾ ਉਸ ਦੀ ਲਿਖਤ ਵਿਚ ਕਿਧਰੇ ਨਹੀਂ ਮਿਲਦਾ । ਹਾਫਿਜ਼ ਬਰਖੁਰਦਾਰ, ਕਾਦਰ ਯਾਰ ਤੇ ਅਹਿਮਦਯਾਰ ਦੇ ਕਿੱਸਿਆਂ ਵਿਚ ਰਾਜਿਆਂ ਤੇ ਨਵਾਬਾਂ ਵੱਲੋਂ ਖੂਹ ਅਤੇ ਜਾਗੀਰਾਂ ਦੇਣ ਦੇ ਹਵਾਲੇ ਮਿਲਦੇ ਹਨ ਅਤੇ ਇਸ ਸਰਪ੍ਰਸਤੀ ਨਾਲ ਕਿੱਸਿਆਂ ਵਿਚੋਂ ਲੋਕ-ਕਥਾਵਾਂ ਵਾਲਾ ਆਪਮੁਹਾਰਾਪਣ ਤੇ ਦੇਸੀ ਰੰਗਤ ਖਤਮ ਹੋਣ ਲੱਗ ਪਈ ਅਤੇ ਇਸ ਦੀ ਥਾਂ ਬਨਾਵਟ ਨੇ ਲੈ ਲਈ । ਫ਼ਾਰਸੀ ਸ਼ਬਦਾਵਲੀ, ਫ਼ਾਰਸੀ ਅਲੰਕਾਰਾਂ ਨੇ ਵੀ ਜ਼ੋਰ ਫੜ ਲਿਆ।

ਪੰਜਾਬੀ ਕਿੱਸਾ ਸਾਹਿਤ ਵਧੇਰੇ ਕਰਕੇ ਮੁਸਲਮਾਨ ਕਵੀਆਂ ਦੇ ਹੱਥਾਂ ਵਿਚ ਪਲਿਆ, ਜਿਨ੍ਹਾਂ ਨੇ ਮਨੋਰੰਜਨ ਦੇ ਨਾਲ-ਨਾਲ ਇਸ ਨੂੰ ਆਪਣੇ ਧਾਰਮਿਕ ਵਿਚਾਰਾਂ ਦਾ ਮਾਧਿਅਮ ਵੀ ਬਣਾਇਆ। ਕਿਉਂਕਿ ਉਹ ਆਪਣਾ ਸੰਦੇਸ਼ ਆਮ ਲੋਕਾਂ ਅਤੇ ਖ਼ਾਸ ਕਰਕੇ ਪੇਂਡੂ ਜਨਤਾ ਤੀਕ ਪਹੁੰਚਾਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਲੋਕ-ਬੋਲੀ ਦਾ ਹੀ ਪ੍ਰਯੋਗ ਕੀਤਾ। ਹਿੰਦੂ ਤੇ ਸਿੱਖ ਜਨਤਾ ਇਸ ਸਮੇਂ ਮੁਗਲਾਂ ਦੇ ਜਬਰ ਦਾ ਸ਼ਿਕਾਰ ਸੀ ਅਤੇ ਸੰਘਰਸ਼ ਦਾ ਜੀਵਨ ਬਤੀਤ ਕਰ ਰਹੀ ਸੀ। ਉਹ ਮੁਸਲਮਾਨਾਂ ਵਾਂਗ ਆਜ਼ਾਦ ਨਹੀਂ ਸੀ ਅਤੇ ਨਾ ਹੀ ਮਨੋਰੰਜਨ ਵਾਲਾ ਸਾਹਿਤ ਉਨ੍ਹਾਂ ਦੇ ‘ਧਰਮ ਯੁਧ ਦੇ ਚਾਉ’ ਨਾਲ ਮੇਲ ਖਾ ਸਕਦਾ ਸੀ, ਇਸ ਲਈ ਉਨ੍ਹਾਂ ਨੇ ਕਿੱਸਾ ਸਾਹਿਤ ਵਿਚ ਬਹੁਤੀ ਰਚਨਾ ਨਹੀਂ ਕੀਤੀ । (ਡਾ. ਗੋਬਿੰਦ ਸਿੰਘ ਲਾਂਬਾ, ‘ਪੰਜਾਬੀ ਕਿੱਸਾ ਕਾਵਿ : ਪਿਛੋਕੜ ਤੇ ਪਰੰਪਰਾ’, ਪੰਜਾਬੀ ਦੁਨੀਆਂ, ਅਗਸਤ 1977, ਪੰਨਾ 39-40)

ਪੰਜਾਬੀ ਦੇ ਕਿੱਸਿਆਂ ਦੀਆਂ ਲੋਕ-ਕਥਾਵਾਂ ਦੀ ਮਕਬੂਲਤਾ ਦਾ ਅੰਦਾਜ਼ਾ ਤਾਂ ਦਸਮ ਗੁਰਾਂ ਦੇ ਮਾਛੀਵਾੜੇ ਵਿਚ ਉਚਾਰੇ ਸ਼ਬਦ ‘ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਤੋਂ ਹੀ ਲੱਗ ਜਾਂਦਾ ਹੈ, ਜਿਸ ਵਿਚ ਰਾਂਝੇ ਦੇ ਸੈਦਪੁਰ ਖੇੜਿਆਂ ਜਿਹੇ ਸੁਖ-ਆਰਾਮ ਨੂੰ ਨਕਾਰ ਕੇ ਸੱਥਰਾਂ ‘ਤੇ ਸੌਣ ਵਿਚ ਪਰਮ ਅਨੰਦ ਦੱਸਿਆ ਗਿਆ ਹੈ । ਦਸਮ ਗ੍ਰੰਥ ਦੇ ‘ਚਰਿਤ੍ਰੋ ਪਾਖਿਆਨ’ ਵਿਚ ਵੀ ਹੀਰ ਰਾਂਝੇ ਅਤੇ ਸੱਸੀ ਪੁੰਨੂੰ ਦਾ ਜ਼ਿਕਰ ਮਿਲਦਾ ਹੈ । ਇਵੇਂ ਹੀ ਭਾਈ ਗੁਰਦਾਸ ਜੀ ਨੇ ਆਪਣੀ ਇਕ ਵਾਰ ਵਿਚ ਕਿੱਸਾ ਸਾਹਿਤ ਦੇ ਪ੍ਰਮੁਖ ਪ੍ਰੇਮੀਆਂ ਦਾ ਬਾਖ਼ੂਬੀ ਉਲੇਖ ਕੀਤਾ ਹੈ-

ਲੇਲੈ ਮਜਨੂੰ ਆਸਕੀ, ਚਹੁ ਚਕੀ ਜਾਤੀ।

ਸੋਰਠਿ ਬੀਜਾ ਗਾਵੀਐ, ਜਸੁ ਸੁਘੜਾ ਵਾਤੀ ।

ਸਸੀ ਪੁੰਨੂੰ ਦੋਸਤੀ, ਹੋਇ ਜਾਤਿ ਅਜਾਤੀ।

ਮੇਹੀਵਾਲ ਨੋ ਸੋਹਣੀ, ਨੈਂ ਤਰਦੀ ਰਾਤੀ।

ਰਾਂਝਾ ਹੀਰ ਵਖਾਣੀਐ, ਓਹੁ ਪਿਰਮ ਪਰਾਤੀ।

ਪੀਰ ਮੁਰੀਦਾ ਪਿਰਹੜੀ, ਗਾਵਨਿ ਪਰਭਾਤੀ।

(ਪਉੜੀ ।, ਵਾਰ 27)

ਸਿੱਖ ਰਾਜ-ਕਾਲ ਸਮੇਂ ਹੀਰ ਦਾ ਕਿੱਸਾ ਲਿਖਣ ਵਾਲੇ ਮੁੱਖ ਕਿੱਸਾਕਾਰ ਹਾਮਦ ਸ਼ਾਹ ਅੱਬਾਸੀ, ਹਾਸ਼ਮ ਸ਼ਾਹ, ਵੀਰ ਸਿੰਘ ਅਤੇ ਅਹਿਮਦਯਾਰ ਹੋਏ ਹਨ । ਸਿੱਖ ਕਿੱਸਾਕਾਰ ਵੀਰ ਸਿੰਘ ‘ਹੀਰ’ ਦੇ ਕਿੱਸੇ ਵਿਚ ਆਪਣੇ ਆਪ ਨੂੰ ‘ਹੀਰ’ ਸਮਝਦਾ ਹੈ ਅਤੇ ਰਾਂਝੇ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿਚ ਚਿਤਵਦਾ ਹੈ ਅਤੇ ਕਿੱਸੇ ਵਿਚ ਥਾਂ-ਥਾਂ ਆਪਣੇ ਅਤੇ ਗੁਰੂ ਸਾਹਿਬ ਦੇ ਪ੍ਰੇਮ ਦਾ ਪ੍ਰਗਟਾਵਾ ਕਰਦਾ ਹੈ –

-ਵੀਰ ਸਿੰਘ ਭੀ ਕੂਕਦਾ ਹੀਰ ਵਾਂਗੂ, ਸ੍ਰੀ ਗੁਰੂ ਗੋਬਿੰਦ ਸਿੰਘ ਪੀਰ ਨੂੰ ਜੀ ।

—ਵੀਰ ਸਿੰਘ ਮੈਂ ਜ਼ੋਰ ਗੋਬਿੰਦ ਸਿੰਘ ਦਾ, ਸਦਾ ਓਟ ਹੈ ਉਚ ਦੇ ਪੀਰ ਦਾ ਜੀ।

-ਸਦਾ ਆਸਰਾ ਗੁਰੂ ਗੋਬਿੰਦ ਸਿੰਘ ਦਾ, ਜੀਕੂੰ ਮੀਨ ਨੂੰ ਆਸਰਾ ਨੀਰ ਦਾ ਜੀ।

ਵੀਰ ਸਿੰਘ ਸਹਾਇਤਾ ਕਰੇ ਸਤਿਗੁਰ, ਕਿੱਸਾ ਲੋੜੀਏ ਰਾਂਝੇ ਤੇ ਹੀਰ ਦਾ ਜੀ।

(ਹੀਰ, ਵੀਰ ਸਿੰਘ)

ਕਵੀ ਚੂੜਾਮਣਿ ਭਾਈ ਸੰਤੋਖ ਸਿੰਘ ਦੇ ਭਰਾ ਜੋਗ ਸਿੰਘ ਵੱਲੋਂ ਵੀ ਹੀਰ ਦਾ ਕਿੱਸਾ ਲਿਖਿਆ ਮਿਲਦਾ ਹੈ, ਪਰੰਤੂ ਉਸ ਦੇ ਰਾਂਝੇ ਦਾ ਸੰਕਲਪ ਵੀਰ ਸਿੰਘ ਵਾਂਗ ‘ਕਲਗੀਧਰ’ ਵਰਗਾ ਨਹੀਂ, ਬਲਕਿ ਮੁਰਲੀਧਰ ਕ੍ਰਿਸ਼ਨ ਵਰਗਾ ਹੈ ।

ਪੰਜਾਬੀ ਕਿੱਸੇ ਵਧੇਰੇ ਕਰਕੇ ਬੈਂਤਾਂ ਵਿਚ ਲਿਖੇ ਗਏ ਮਿਲਦੇ ਹਨ । ਸ਼ਾਹ ਮੁਹੰਮਦ ਦੀ ਰਚਨਾ ਵੀ ਬੈਂਤਾਂ ਵਿਚ ਹੋਣ ਕਰਕੇ ਇਸ ਨੂੰ ‘ਬੈਂਤਾਂ ਸ਼ਾਹ ਮੁਹੰਮਦ ਕੀਆਂ’, ‘ਬੈਂਤਾਂ ਸ਼ਾਹ ਮੁਹੰਮਦ’, ‘ਬੈਂਤ ਸ਼ਾਹ ਮੁਹੰਮਦ’ ਆਦਿ ਨਾਵਾਂ ਹੇਠ ਵੀ ਪੜ੍ਹਿਆ ਅਤੇ ਜਾਣਿਆ ਜਾਂਦਾ ਰਿਹਾ ਹੈ ।

ਡਾ. ਬਲਬੀਰ ਸਿੰਘ ਪੂਨੀ ਦਾ ਮੱਤ ਹੈ ਕਿ ਸ਼ਾਹ ਮੁਹੰਮਦ ਨੇ ਪਰੰਪਰਾਗਤ ਕਿੱਸਾਕਾਰਾਂ ਦੀ ਲੀਹ ਉੱਤੇ ਚੱਲਦਿਆਂ ਬੈਂਤ ਛੰਦ ਵਿਚ ਇਹ ਕਿੱਸਾ ਲਿਖਿਆ ਹੈ ਅਤੇ ਉਹ ਪੰਜਾਬੀ ਕਿੱਸੇ ਹੀ ਲੋਕਾਂ ਵਿਚ ਵਧੇਰੇ ਹਰਮਨਪਿਆਰੇ ਅਤੇ ਪ੍ਰਚਲਿਤ ਹੋਏ, ਜਿਨ੍ਹਾਂ ਕਿੱਸਾਕਾਰਾਂ ਨੇ ਬੈਂਤ ਛੰਦ ਦੀ ਵਰਤੋਂ ਕੀਤੀ ਸੀ। ਕਿਉਂਕਿ ਇਸ ਛੰਦ ਨੂੰ ਗਾਉਂਦੇ ਸਮੇਂ ਇਕ ਰਸਵੰਤ ਹੂਕ ਨਿਕਲਦੀ ਹੈ ਜੋ ਸਰੋਤਿਆਂ ਨੂੰ ਕੀਲ ਲੈਂਦੀ ਹੈ, ਇਸ ਲਈ ਪੱਕੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਸ਼ਾਹ ਮੁਹੰਮਦ ਦੀ ਇਹ ਰਚਨਾ ਕਿੱਸਾ ਹੈ, ਵਾਰ ਜਾਂ ਜੰਗਨਾਮਾ ਨਹੀਂ।

(‘ਸ਼ਾਹ ਮੁਹੰਮਦ : ਜੰਗ ਸਿੰਘਾਂ ਤੇ ਅੰਗਰੇਜ਼ਾਂ’, ਪੰਨਾ 84)

‘ਵਾਰ ਸ਼ਾਹ ਮੁਹੰਮਦ’ ਪੁਸਤਕ ਵਿਚ ਡਾ. ਪ੍ਰੀਤਮ ਸੈਨੀ ਇਹ ਵਿਚਾਰ ਦਿੰਦੇ ਹਨ ਕਿ ਜੰਗਨਾਮਾ ਤੇ ਬੀਰ ਰਸੀ ਵਾਰ ਪ੍ਰਾਯਵਾਚੀ ਹੁੰਦੇ ਹਨ। ਭਾਵੇਂ ਸ਼ਾਹ ਮੁਹੰਮਦ ਦੇ ਜੰਗਨਾਮੇ ਨੂੰ ਵੀ ਆਮ ਤੌਰ ‘ਤੇ ‘ਵਾਰ ਸ਼ਾਹ ਮੁਹੰਮਦ’ ਹੀ ਆਖਿਆ ਜਾਂਦਾ ਹੈ, ਫੇਰ ਵੀ ਵਾਰ ਤੇ ਜੰਗਨਾਮੇ ਦਾ ਕੁਝ ਭੇਦ ਜ਼ਰੂਰ ਹੁੰਦਾ ਹੈ। ਵਾਰ ਸਦਾ ਪਉੜੀਆਂ ਵਿਚ ਹੁੰਦੀ ਹੈ ਤੇ ਜੰਗਨਾਮਾ ਬੈਂਤਾਂ ਜਾਂ ਮਸਨਵੀ ਸ਼ੈਲੀ ਵਿਚ । ਜੰਗਨਾਮੇ ਦੇ ਨਾਇਕ ਹਾਰਦੇ ਵੀ ਹਨ ਅਤੇ ਇਹਨਾਂ ਵਿਚ ਕਰੁਣਾ ਰਸ ਵੀ ਹੁੰਦਾ ਹੈ, ਜਦ ਕਿ ਵਾਰ ਦੇ ਵਿਚ ਸਦਾ ਸਾਹਸ ਵਧਾਉਣ ਵਾਲਾ ਬੀਰ ਰਸ ਹੀ ਹੁੰਦਾ ਹੈ । ਕਿਉਂ ਜੋ ਸਭ ਤੋਂ ਪਹਿਲਾਂ ਜੰਗਨਾਮੇ ਹਜ਼ਰਤ ਅਲੀ ਦੇ ਪੁੱਤਰ ਇਮਾਮ ਹੁਸੈਨ ਦੀ ਕਰਬਲ ਦੇ ਯੁੱਧ ਖੇਤਰ ਵਿਚ ਯਜ਼ੀਦ ਦੀਆਂ ਫ਼ੌਜਾਂ ਨਾਲ ਲੜਾਈ ਅਤੇ ਇਮਾਮਜ਼ਾਦੇ ਦੱ ਸ਼ਹਾਦਤ ਬਾਰੇ ਲਿਖੇ ਗਏ, ਇਸ ਲਈ ਉਹਨਾਂ ਵਿਚ ਕਰੁਣਾ ਰਸ ਦੀ ਪ੍ਰਧਾਨਗੀ ਦੀ ਪਰੰਪਰਾ ਬਣ ਗਈ ਹੈ । ਜੰਗਨਾਮੇ ਆਮ ਤੌਰ ਉੱਤੇ ਮੁਸਲਮਾਨ ਕਵੀਆਂ ਦੁਆਰਾ ਫ਼ਾਰਸੀ ਅੱਖਰਾਂ ਵਿਚ ਰਚੇ ਜਾਂਦੇ ਰਹੇ ਹਨ। ਇਹ ਸਾਰੀਆਂ ਗੱਲਾਂ ਸ਼ਾਹ ਮੁਹੰਮਦ ਦੀ ਕਿਰਤ ਉਤੇ ਪੂਰੀਆਂ ਢੁਕਦੀਆਂ ਹਨ, ਇਸ ਲਈ ਇਸ ਨੂੰ ਵਾਰ ਦੀ ਥਾਂ ‘ਤੇ ਜੰਗਨਾਮਾ ਕਹਿਣਾ ਵਧੇਰੇ ਢੁਕਵਾਂ ਹੈ । ਇਸ ਵਿਚ ਪਉੜੀ ਛੰਦ ਨਹੀਂ ਹੈ । ਇਸ ਦੇ ਨਾਇਕ ਹਾਰਦੇ ਹਨ। ਇਸ ਵਿਚ ਸੋਜ਼ ਤੇ ਕਰੁਣਾ ਰਸ ਦੀ ਭਰਮਾਰ ਹੈ ਅਤੇ ਇਸ ਨੂੰ ਪਹਿਲਾਂ ਫ਼ਾਰਸੀ ਅੱਖਰਾਂ ਵਿਚ ਹੀ ਰਚਿਆ ਗਿਆ ਸੀ।

(ਪੰਨਾ 16)

ਉਪ੍ਰੋਕਤ ਪੁਸਤਕ ਵਿਚ ਹੀ ਅੱਗੇ ਚੱਲ ਕੇ ਡਾ. ਸੈਨੀ ਲਿਖਦੇ ਹਨ ਕਿ ਇਥੇ ਇਹ ਕਹਿਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਵਾਰ ਦੀ ਰਚਨਾ ਆਮ ਤੌਰ ‘ਤੇ ਪਉੜੀ ਛੰਦ ਵਿਚ ਹੁੰਦੀ ਹੈ ਅਤੇ ਜੰਗਨਾਮਿਆਂ ਦੀ ਬੈਂਤਾਂ ਵਿਚ, ਇਸ ਲਈ ਸ਼ਾਹ ਮੁਹੰਮਦ ਦੀ ਕਿਰਤ ਨੂੰ ‘ਜੰਗਨਾਮਾ’ ਕਹਿਣਾ ਵਧੇਰੇ ਢੁਕਵਾਂ ਸੀ, ਪਰੰਤੂ ਹੁਣ ਇਹ ਵਾਰ ਦੇ ਨਾਂ ‘ਤੇ ਪ੍ਰਸਿੱਧ ਹੋ ਗਈ ਹੈ, ਇਸ ਲਈ ਅਸੀਂ ਵੀ ਇਸ ਨੂੰ ਕਿਤੇ ਵਾਰ ਅਤੇ ਕਿਤੇ ਜੰਗਨਾਮਾ ਆਖ ਕੇ ਪੁਕਾਰਿਆ ਹੈ । ਵਾਰ ਬੀਰ ਰਸੀ ਤੋਂ ਇਲਾਵਾ ਸ਼ਾਂਤ ਰਸੀ ਵੀ ਹੋ ਸਕਦੀ ਹੈ (ਵੇਖੋ ਭਾਈ ਗੁਰਦਾਸ ਦੀਆਂ ਵਾਰਾਂ), ਪਰੰਤੂ ਜੰਗਨਾਮਾ ਸਦਾ ਹੀ ਬੀਰ ਰਸੀ ਹੁੰਦਾ ਹੈ, ਕਿਉਂ ਜੋ ਇਸ ਦਾ ਸੰਬੰਧ ਯੁੱਧ ਵਿਚ ਦਿਖਲਾਈ ਜਾਣ ਵਾਲੀ ਬੀਰਤਾ ਦੀਆਂ ਘਟਨਾਵਾਂ ਹੁੰਦਾ ਹੈ ।

(ਪੰਨਾ 108)

ਡਾ ਜੱਗੀ ਆਪਣੀ ਸੰਪਾਦਤ ਪੁਸਤਕ ‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’ (ਪਟਿਆਲਾ, 1999) ਦੀ ਭੂਮਿਕਾ ਵਿਚ ਲਿਖਦੇ ਹਨ ਕਿ ਹੁਣ ਤਕ ਉਪਲਬਧ ਪ੍ਰਕਾਸ਼ਿਤ ਅਤੇ ਅਣਪ੍ਰਕਾਸ਼ਿਤ ਸੰਸਕਰਣਾਂ ਨੂੰ ਵੇਖਿਆਂ ਪਤਾ ਲੱਗਦਾ ਹੈ ਕਿ ਸ਼ਾਹ ਮੁਹੰਮਦ ਨੇ ਆਪ ਇਸ ਰਚਨਾ ਨੂੰ ਕੋਈ ਵਿਸ਼ੇਸ਼ ਨਾਂ ਨਹੀਂ ਦਿੱਤਾ ਸੀ । ਲਿਖਾਰੀਆਂ, ਛਾਪੇ ਵਾਲਿਆਂ ਜਾਂ ਸੰਪਾਦਕਾਂ ਨੇ ਆਪਣੀ-ਆਪਣੀ ਰੁਚੀ ਅਨੁਸਾਰ ਇਸ ਦਾ ਨਾਂ ਰੱਖਿਆ ਹੈ। ਕੁਝ ਕੁ ਨਾਂ ਇਸ ਪ੍ਰਕਾਰ ਸਾਹਮਣੇ ਆਏ ਹਨ-

  1. ਬੈਂਤਾਂ ਸ਼ਾਹ ਮੁਹੰਮਦ ਕੀਆਂ
  2. ਬੈਂਤਾਂ ਸ਼ਾਹ ਮੁਹੰਮਦ
  3. ਬੈਂਤ ਸ਼ਾਹ ਮੁਹੰਮਦ
  4. ਕਿੱਸਾ ਸ਼ਾਹ ਮੁਹੰਮਦ
  5. ਕਿੱਸਾ (ਵਾਰ) ਸ਼ਾਹ ਮੁਹੰਮਦ
  6. ਵਾਰ ਸ਼ਾਹ ਮੁਹੰਮਦ
  7. ਕਿੱਸਾ ਬੈਂਤ ਸ਼ਾਹ ਮੁਹੰਮਦ
  8. ਜੰਗ ਨਾਮਾ ਸਿੰਘਾਂ ਤੇ ਫ਼ਿਰੰਗੀਆਂ
  9. ਜੰਗਨਾਮਾ ਸਿੰਘਾਂ ਵ ਫ਼ਿਰੰਗੀਆਂ
  10. ਜੰਗਨਾਮਾ ਸ਼ਾਹ ਮੁਹੰਮਦ
  11. ਅੰਗਰੇਜ਼ਾਂ ਪੰਜਾਬੀਆਂ ਦੀ ਜੰਗ
  12. ਜੰਗਨਾਵਾਂ
  13. ਜੰਗ ਕ੍ਰਿਤ ਸ਼ਾਹ ਮੁਹੰਮਦ ਕੀ
  14. ਜੰਗ ਸਿੱਖਾਂ ਤੇ ਅੰਗਰੇਜ਼ਾਂ
  15. ਕਿੱਸਾ ਲੜਾਈ ਸਿੰਘਾਂ (ਦੇਵਨਾਗਰੀ ਅੱਖਰਾਂ ਵਿਚ)
  16. ਸਿੰਘਾਂ ਤੇ ਅੰਗਰੇਜ਼ਾਂ ਦੀ ਲੜਾਈ
  17. ਅੰਗਰੇਜ਼ਾਂ ਤੇ ਸਿੱਖਾਂ ਦੀ ਲੜਾਈ
  18. ਹਿੰਦ ਪੰਜਾਬ ਦਾ ਜੰਗ

ਉਪ੍ਰੋਕਤ ਨਾਵਾਂ ਦੀ ਲੰਮੀ ਸੂਚੀ ਵਿਚੋਂ ਕੋਈ ਇਕ ਨਾਮ ਦ੍ਰਿੜਤਾ ਨਾਲ ਸਹੀ ਨਿਸ਼ਚਿਤ ਕਰ ਸਕਣਾ ਸਰਲ ਨਹੀਂ ਹੈ । ਫਿਰ ਵੀ ਇਨ੍ਹਾਂ ਵਿਚੋ ‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’ ਨਾਮ ਵਰਣਿਤ ਵਿਸ਼ੇ ਦੇ ਕੁਝ ਅਧਿਕ ਅਨੁਕੂਲ ਬੈਠਦਾ ਹੈ । ਪ੍ਰੋ. ਸੀਤਾ ਰਾਮ ਕੋਹਲੀ ਨੇ 92ਵੇਂ ਬੰਦ ਦੀ ਇਕ ਉਕਤੀ ‘ਜੰਗ ਹਿੰਦ ਪੰਜਾਬ ਦਾ ਹੋਣ ਲੱਗਾ’ ਦੇ ਆਧਾਰ ‘ਤੇ ਇਸ ਨੂੰ ‘ਹਿੰਦ ਪੰਜਾਬ ਦਾ ਜੰਗ’ ਨਾਂ ਸੁਝਾਇਆ ਹੈ, ਪਰ ਇਹ ਨਾਂ (ਜੰਗਨਾਮਾ ਹਿੰਦ ਪੰਜਾਬ) ਰੱਖਣਾ ਵੀ ਅਧਿਕ ਉਚਿਤ ਪ੍ਰਤੀਤ ਨਹੀਂ ਹੁੰਦਾ । (xii-xiii)

ਡਾ. ਬਲਬੀਰ ਸਿੰਘ ਪੂਨੀ ਦੀ ਪੁਸਤਕ ‘ਸ਼ਾਹ ਮੁਹੰਮਦ : ਜੰਗ ਸਿੰਘਾਂ ਤੇ ਅੰਗਰੇਜ਼ਾਂ’ ਵਿਚ ਸ਼ਾਮਲ ਆਪਣੇ ਲੇਖ ‘ਹਿੰਦ ਪੰਜਾਬ ਦਾ ਜੰਗ ਦੀ ਕਾਵਿਕਤਾ’ ਵਿਚ ਡਾ. ਹਰਿਭਜਨ ਸਿੰਘ ਭਾਟੀਆ ਇਹ ਨਿਸ਼ਕਰਸ਼ ਕੱਢਦੇ ਹਨ ਕਿ ਸ਼ਾਹ ਮੁਹੰਮਦ ਵੱਲੋਂ ਸਿਰਜੇ ਪ੍ਰਬੰਧ ਦੀ ਵਿਸ਼ੇਸ਼ਤਾ ਇਹ ਹੈ ਕਿ ਲੇਖਕ ਵੱਖ-ਵੱਖ ਰੂਪਾਂ ਜਿਵੇਂ ‘ਜੰਗਨਾਮਾ’, ‘ਵਾਰ’ ਅਤੇ ‘ਕਿੱਸਾ’ ਆਦਿ ਦੀਆਂ ਜੁਗਤਾਂ ਦਾ ਮਿਸ਼ਰਤ ਸਿਰਜਣ ਦਾ ਯਤਨ ਕਰਦਾ ਹੈ । ਇਸ ਮਿਸ਼ਰਣ ਸਦਕਾ ਹੀ ਇਹ ਪ੍ਰਬੰਧ ਵਿਲੱਖਣ ਨੁਹਾਰ ਤੇ ਨਵੀਨ ਰੂਪ ਗ੍ਰਹਿਣ ਕਰਦਾ ਹੈ । ਇਹ ਇਸ ਰਚਨਾ ਦੀ ਰੂਪਕ ਵਿਸ਼ੇਸ਼ਤਾ ਹੀ ਹੈ ਕਿ ਅਜੇ ਤੱਕ ਵੀ ਇਸ ਰਚਨਾ ਦੇ ਰੂਪ-ਨਿਰਣੇ ਦੀ ਸਮੱਸਿਆ ਮੁਕੰਮਲ ਰੂਪ ਵਿਚ ਹੱਲ ਨਹੀਂ ਹੋ ਸਕੀ। ਇਸ ਦਾ ਵੱਡਾ ਕਾਰਣ ਇਸ ਰਚਨਾ ਦਾ ਜਟਿਲ ਰੂਪਕ ਪ੍ਰਬੰਧ ਹੀ ਹੈ, ਜਿਸ ਨੂੰ ‘ਡੀਕੋਡ’ ਕਰੀਏ ਤਾਂ ਇਸ ਵਿਚੋਂ ਕਿੱਸੇ ਦੀਆਂ ਰੀਤੀਆਂ ਵੀ ਮਿਲ ਜਾਂਦੀਆਂ ਹਨ, ਵਾਰ ਦੀਆਂ ਵੀ ਅਤੇ ਜੰਗਨਾਮੇ ਦੀਆਂ ਵੀ।

ਇਸ ਰਚਨਾ ਨੂੰ ਕਿੱਸਾ ਸਿੱਧ ਕਰਨ ਵਾਲਿਆਂ ਨੇ ਮੰਗਲਾਚਰਣ ਦੀ ਹੋਂਦ, ਯਾਰਾਂ ਦੀ ਫ਼ਰਮਾਇਸ਼, ਹੋਣੀ ਦੀ ਪ੍ਰਧਾਨਤਾ, ਜੀਵਨ ਦੀ ਨਾਸ਼ਮਾਨਤਾ, ਜੀਵਨ- ਸੱਚਾਈਆਂ ਦੀ ਵਰਤੋਂ, ਨਾਟਕੀਅਤਾ, ਕਲਾਤਮਕਤਾ ਅਤੇ ਇਸਤਰੀ ਦੀ ਨਿੰਦਾ ਆਦਿ ਜੁਗਤਾਂ ਦੀ ਇਸ ਰਚਨਾ ਵਿਚ ਕਾਰਜਸ਼ੀਲਤਾ ਸਦਕਾ ਇਸ ਨੂੰ ਕਿੱਸਾ ਸਿੱਧ ਕੀਤਾ ਹੈ। ਇਸ ਰਚਨਾ ਨੂੰ ਵਾਰ ਸਾਬਤ ਕਰਨ ਵਾਲਿਆਂ ਨੇ ਵਾਰ ਦੀਆਂ ਕੁਝ ਕੁ ਪ੍ਰਮੁਖ ਰੂੜ੍ਹੀਆਂ, ਜਿਵੇਂ ਦੋਵਾਂ ਧਿਰਾਂ ਦੀ ਆਪਸੀ ਟੱਕਰ, ਬੀਰ ਰਸ ਦੀ ਪ੍ਰਧਾਨਤਾ ਅਤੇ ਨਾਇਕ ਦੀ ਮਹਿਮਾ ਆਦਿ ਤੱਤਾਂ ਦੇ ਆਧਾਰ ਉੱਪਰ ਇਸ ਰਚਨਾ ਨੂੰ ਵਾਰ ਦਾ ਨਾਂ ਦੇ ਦਿੱਤਾ ਹੈ । ਡਾ. ਹਰਿਭਜਨ ਸਿੰਘ ਨੇ ਆਪਣੇ ਮਜ਼ਮੂਨ ‘ਜੰਗਨਾਮਾ ਸ਼ਾਹ ਮੁਹੰਮਦ ਦਾ ਅਵਚੇਤਨ’ ਵਿਚ ਇਸ ਰਚਨਾ ਵਿਚੋਂ ਵਾਰ ਤੇ ਜੰਗਨਾਮਾ ਦੋਵਾਂ ਰੂਪਾਂ ਦੀਆਂ ਜੁਗਤਾਂ ਦੀ ਕਾਰਜਸ਼ੀਲਤਾ ਨੂੰ ਪਛਾਣਿਆ ਅਤੇ ਇਹ ਮੱਤ ਪੇਸ਼ ਕੀਤਾ ਹੈ—

‘ਜੰਗਨਾਮਾ ਸ਼ਾਹ ਮੁਹੰਮਦ ਹਾਜ਼ਰ ਜਾਂ ਸੁਚੇਤ ਪੱਧਰ ‘ਤੇ ਹਿੰਦ-ਪੰਜਾਬ ਦਾ ਜੰਗਨਾਮਾ ਹੈ, ਪਰ ਨਾ-ਹਾਜ਼ਰ ਜਾਂ ਅਚੇਤ ਪੱਧਰ ‘ਤੇ ਵਾਰ ਮਹਾਰਾਜਾ ਰਣਜੀਤ ਸਿੰਘ ਹੈ । ਹਿੰਦ-ਪੰਜਾਬ ਦੀ ਜੰਗ ਅਗਰ-ਭੂਮੀ ਵਿਚ ਹੈ ਪਰ ਪਿੱਠ-ਭੂਮੀ ਵਿਚ ਮਹਾਰਾਜਾ ਰਣਜੀਤ ਸਿੰਘ ਨਿਰੰਤਰ ਮੌਜੂਦ ਰਹਿੰਦਾ ਹੈ ।’

ਇਸ ਰਚਨਾ ਦੇ ਰੂਪ-ਨਿਰਣੇ ਸੰਬੰਧੀ ਹੁਣ ਤਕ ਹੋਈ ਚਰਚਾ ਵਿਚ ਸਭ ਤੋਂ ਵਧੇਰੇ ਬਲ ਇਸ ਰਚਨਾ ਦੇ ‘ਜੰਗਨਾਮਾ’ ਹੋਣ ਉੱਪਰ ਹੈ । ਮੰਗਲਾਚਰਣ ਜਾਂ ਹਮਦ ਦੀ ਹੋਂਦ, ਇਤਿਹਾਸਕ ਵਿਸ਼ਾ, ਬੈਂਤ ਛੰਦ, ਨਾਇਕ ਦੀ ਹਾਰ, ਅਰਬੀ-ਫ਼ਾਰਸੀ ਸ਼ਬਦਾਵਲੀ ਦੀ ਵਰਤੋਂ, ਬੀਰ ਰਸ ਤੋਂ ਇਲਾਵਾ ਦੂਸਰੇ ਰਸਾਂ ਦੀ ਵਰਤੋਂ ਆਦਿ ਰੀਤੀਆਂ ਦੀ ਕਾਰਜਸ਼ੀਲਤਾ ਸਦਕਾ ਇਸ ਰਚਨਾ ਨੂੰ ‘ਜੰਗਨਾਮਾ’ ਕਿਹਾ ਗਿਆ ਹੈ । ਅਸਲ ਵਿਚ ਮੰਗਲਾਚਰਣ ਜਾਂ ਹਮਦ, ਯਾਰਾਂ ਦੀ ਫ਼ਰਮਾਇਸ਼, ਹੋਣੀ ਦੀ ਪ੍ਰਧਾਨਤਾ, ਇਸਤਰੀ ਜਾਤੀ ਦੀ ਨਿੰਦਾ ਅਤੇ ਮੱਧਕਾਲੀ ਸੰਵੇਦਨਾ ਦੀਆਂ ਅਨੁਸਾਰੀ ਕੁਝ ਬੁਨਿਆਦੀ ਜੀਵਨ-ਹਕੀਕਤਾਂ ਦੀ ਵਰਤੋਂ ਆਦਿ ਕੁਝ ਅਜਿਹੀਆਂ ਰੀਤੀਆਂ ਹਨ, ਜਿਨ੍ਹਾਂ ਦੀ ਵਰਤੋਂ ਮੱਧਕਾਲ ਦੇ ਤਿੰਨੇ ਮੁੱਖ ਰੂਪਾਂ-ਵਾਰ, ਕਿੱਸਾ ਤੇ ਜੰਗਨਾਮਾ ਵਿਚੋਂ ਮਿਲ ਜਾਂਦੀ ਹੈ । ਲੇਖਕ ਦੀ ਮਨਸ਼ਾ ਸਮਕਾਲੀ ਯਥਾਰਥ ਨੂੰ ਪ੍ਰਚਲਿਤ ਤੇ ਲੋਕਪ੍ਰਿਯ ਰੂਪਾਂ ਦੀ ਮਦਦ ਨਾਲ ਸੰਚਾਰਣ ਦੀ ਪ੍ਰਤੀਤ ਹੁੰਦੀ ਹੈ। ਉਹ ਆਪਣੇ ਅਨੁਭਵ ਨੂੰ ਵੱਧ ਤੋਂ ਵੱਧ ਵਿਸ਼ਵਾਸ ਅਤੇ ਮੰਨਣਯੋਗ ਢੰਗ ਨਾਲ ਪਾਠਕਾਂ ਤੀਕ ਅੱਪੜਦਿਆਂ ਕਰਨਾ ਚਾਹੁੰਦਾ ਹੈ । ਏਸੇ ਲਈ ਉਹ ਪਰੰਪਰਾ ਵਿਚ ਪ੍ਰਯੁਕਤ ‘ਅੱਖੀਂ ਡਿੱਠਾ’ ਵਾਲੀ ਰੂੜ੍ਹੀ ਦੀ ਵਰਤੋਂ ਕਰਦਾ ਹੈ। ‘ਜਿਹੜੀ ਹੋਈ ਸੋ ਲਈ ਹੈ ਵੇਖ ਅੱਖੀਂ’ ਟੂਕ ਇਸ ਤੱਥ ਦੀ ਨਿੱਗਰ ਮਿਸਾਲ ਹੈ। ਡਾ. ਹਰਿਭਜਨ ਸਿੰਘ ਭਾਟੀਆ ਅਨੁਸਾਰ ਉਪ੍ਰੋਕਤ ਸਾਰੇ ਤੱਥ ਇਸ ਮੱਤ ਨੂੰ ਸਾਹਮਣੇ ਲਿਆਉਂਦੇ ਹਨ ਕਿ ਇਸ ਰਚਨਾ ਨੂੰ ਸਾਹਿਤ-ਰੂਪਾਂ ਦੇ ਬਣੇ-ਬਣਾਏ ਖਾਨਿਆਂ ਵਿਚ ਨਹੀਂ ਰੱਖਿਆ ਜਾ ਸਕਦਾ। ਮੱਧਕਾਲ ਦੀ ਇਹ ਰਚਨਾ, ਕਿਸੇ ਰਚਨਾ ਨੂੰ ਦੇਖਣ-ਪਰਖਣ ਦੀ ਇਸ ਪਰੰਪਰਾਗਤ ਧਾਰਣਾ ਕਿ ਹਰ ਰਚਨਾ ਜ਼ਰੂਰੀ ਤੌਰ ‘ਤੇ ਕਿਸੇ ਵਿਧਾ ਦੇ ਅੰਤਰਗਤ ਆਉਂਦੀ ਹੈ, ਦਾ ਤਿਆਗ ਕਰਕੇ ਕਿਸੇ ਨਵੀਨ ਦ੍ਰਿਸ਼ਟੀ ਨੂੰ ਸਿਰਜਣ ਦਾ ਪੈਗ਼ਾਮ ਦੇਂਦੀ ਨਜ਼ਰ ਆਉਂਦੀ ਹੈ ।

(‘ਸ਼ਾਹ ਮੁਹੰਮਦ: ਜੰਗ ਸਿੰਘਾਂ ਤੇ ਅੰਗਰੇਜ਼ਾਂ’, ਪੰਨਾ 26)

ਜੰਗਨਾਮੇ ਦਾ ਕਥਾਨਕ

ਪ੍ਰਸਤੁਤ ਇਤਿਹਾਸ ਦੀ ਦ੍ਰਿਸ਼ਟੀ ਤੋਂ ਸ਼ਾਹ ਮੁਹੰਮਦ ਦਾ ਇਹ ਜੰਗਨਾਮਾ ਇਹ ਮਹੱਤਵਪੂਰਨ ਸਰੋਤ ਹੈ ਜਿਸ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਵਿਖੇ ਵਾਪਰੇ ਖੂਨੀ ਘਟਨਾ-ਚੱਕਰ, ਸਿੱਖ ਸਰਦਾਰਾਂ ਦੀ ਬੁਰਛਾਗਰਦੀ ਡੋਗਰੇ ਤੇ ਹੋਰ ਸਿੱਖ ਰਾਜ ਦੇ ਦੋਖੀਆਂ ਵੱਲੋਂ ਰਚੀਆਂ ਗਈਆਂ ਸਾਜ਼ਿਸ਼ਾਂ ਤੋਂ ਇਲਾਵਾ ਸਿੱਖਾਂ ਤੇ ਅੰਗਰੇਜ਼ਾਂ ਦੀ ਪਹਿਲੀ ਲੜਾਈ ਦਾ ਹਾਲ ਵਿਸਥਾਰ ਸਹਿਤ ਅੰਕਿਤ ਹੈ । ਪੰਜਾਬੀ ਸਾਹਿਤ ਅਤੇ ਖ਼ਾਸ ਕਰਕੇ ਪੰਜਾਬੀ ਕਵਿਤਾ ਦੇ ਇਤਿਹਾਸ ਵਿਚ ਇਸਦਾ ਵਿਸ਼ੇਸ਼ ਸਥਾਨ ਹੈ । ਇਤਿਹਾਸਕ ਅਤੇ ਸਾਹਿਤਕ ਦੋਨਾਂ ਹੀ ਪੱਖਾਂ ਤੋਂ ਇਸ ਦਾ ਭਾਰੀ ਮਹੱਤਵ ਹੈ ।

ਚਾਰ-ਚਾਰ ਚਰਣਾਂ ਦੇ 105 ਬੰਦਾਂ ਅਰਥਾਤ ਕੁੱਲ 420 ਪੰਕਤੀਆਂ ਵਾਲੀ ਇਹ ਰਚਨਾ ਬੈਂਤਾਂ ਵਿਚ ਕਲਮਬੱਧ ਕੀਤੀ ਗਈ ਹੈ । ਸਮਕਾਲੀ ਪਰੰਪਰਾਗਤ ਸ਼ਾਇਰਾਂ ਵਾਂਗ ਸ਼ਾਹ ਮੁਹੰਮਦ ਵੀ ਜੰਗਨਾਮੇ ਦਾ ਆਰੰਭ ਅਲਾਹ ਦੀ ਹਮਦ ਨਾਲ ਕਰਦਾ ਹੈ ਜਿਸ ਵਿਚ ਪਰਮੇਸ਼ਰ ਦੇ ਵਿਭਿੰਨ ਗੁਣਾਂ ਦਾ ਬਿਆਨ ਬਹੁਤ ਹੀ ਸੰਜਮੀ ਭਾਸ਼ਾ ਵਿਚ ਕੀਤਾ ਗਿਆ ਹੈ—

ਅੱਵਲ ਹਮਦ ਜਨਾਬ ਅਲਾਹ ਦੀ ਨੂੰ,

ਜਿਹੜਾ ਕੁਦਰਤੀਂ ਖੇਲ ਬਣਾਂਵਦਾ ਈ ।

ਚੌਦਾਂ ਤਬਕਾਂ ਦਾ ਨਕਸ਼ੋ ਨਗਾਰ ਕਰ ਕੇ,

ਰੰਗ ਰੰਗ ਦੇ ਬਾਗ਼ ਲਗਾਂਵਦਾ ਈ ।

ਸਫ਼ਾਂ ਪਿਛਲੀਆਂ ਸਭ ਲਪੇਟ ਲੈਂਦਾ,

ਅਗੋਂ ਹੋਰ ਹੀ ਹੋਰ ਵਿਛਾਂਵਦਾ ਈ ।

ਸ਼ਾਹ ਮੁਹੰਮਦਾ ਓਸ ਤੋਂ ਸਦਾ ਡਰੀਏ,

ਬਾਦਸ਼ਾਹਾਂ ਤੋਂ ਭੀਖ ਮੰਗਾਂਵਦਾ ਈ ।

(1)

ਦ੍ਰਿਸ਼ਟਮਾਨ ਸੰਸਾਰ ਦੀ ਅਸਾਰਤਾ ਦੇ ਬਿਆਨ ਮਗਰੋਂ ਕਵੀ ਕਿੱਸੇ ਨੂੰ ਰਚਣ ਦਾ ਕਾਰਣ ਦੱਸਦਾ ਹੈ ਅਤੇ ਅੰਗਰੇਜ਼ਾਂ ਦੀ ਆਮਦ ਨਾਲ ਪੁਰਾਤਨ ਕਦਰਾਂ-ਕੀਮਤਾਂ ਦੇ ਢਹਿ-ਢੇਰੀ ਹੋ ਜਾਣ ਦੇ ਤੌਖਲੇ ਨੂੰ ਵੀ ਪ੍ਰਗਟਾਉਂਦਾ ਹੈ—

ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,

ਸਿਰ ਦੋਹਾਂ ਦੇ ਉਤੇ ਆਫ਼ਾਤ ਆਈ ।

ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ,

ਕਦੀ ਨਹੀਂ ਸੀ ਤੀਸਰੀ ਜ਼ਾਤ ਆਈ । (3)

ਅਗਲੇ ਬੰਦ ਵਿਚ ਫਿਰ ‘ਰਾਮ ਗਇਓ ਰਾਵਣ ਗਇਓ’ ਵਾਲੀ ਰਵਾਇਤੀ ਗੱਲ ਛੋਹੀ ਗਈ ਹੈ ਕਿ ਇਸ ਜਗਤ ਮੁਸਾਫ਼ਰਖਾਨੇ ਵਿਚ ਕਿਸੇ ਨੇ ਵੀ ਬੈਠ ਨਹੀਂ ਰਹਿਣਾ, ਲੋਕ ਐਵੇਂ ਜੱਫੇ ਮਾਰ-ਮਾਰ ਬਹਿੰਦੇ ਅਤੇ ਜ਼ਿੰਦਗੀ ਭਰ ਕੁਫ਼ਰ ‘ਤੇ ਕੁਫ਼ਰ ਤੋਲਦੇ ਹਨ। ਜੇਕਰ ਰਹੇਗੀ ਤਾਂ ਕੇਵਲ ਇਕ ਰੱਬ ਦੀ ਹਸਤੀ, ਜੋ ਸਦਾ ਕਾਇਮ- ਦਾਇਮ ਹੈ

ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਵਜਾਇ ਗਏ। (4) ਉਪ੍ਰੰਤ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸ਼ਲਾਘਾਯੋਗ ਸ਼ਬਦਾਂ ਵਿਚ ਜ਼ਿਕਰ ਹੈ, ਜਿਸ ਨੇ ਆਪਣੇ ਜੀਵਨ-ਕਾਲ ਦੌਰਾਨ ਭਾਰੀ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਅਮਨ-ਸ਼ਾਂਤੀ ਵਾਲਾ ਰਾਜ ਕਾਇਮ ਕਰਕੇ ਜਨਤਾ ਦੀ ਭਾਰੀ ਵਾਹ- ਵਾਹ ਖੱਟੀ ।

ਪ੍ਰੋ. ਚਾਨਣ ਸਿੰਘ ਨਿਰਮਲ ਅਨੁਸਾਰ “ ਚੜ੍ਹਦੇ ਸੂਰਜ ਨੂੰ ਤਾਂ ਹਰ ਕੋਈ ਸਲਾਮਾਂ ਕਰਦਾ ਹੈ, ਪਰ ਜੇਕਰ ਡੁੱਬੇ ਸੂਰਜ ਨੂੰ ਸਿਜਦਾ ਕੀਤਾ ਜਾਂਦਾ ਹੈ ਤਾਂ ਉਸ ਵੇਲੇ ਸੂਰਜ ਦੀ ਮਹਾਨਤਾ ਹੋਰ ਵੀ ਵਡੇਰੀ ਹੋ ਜਾਂਦੀ ਹੈ । ਮਹਾਰਾਜਾ ਰਣਜੀਤ ਸਿੰਘ ਐਸਾ ਹੀ ਸੂਰਜ ਸੀ ਜਿਸ ਨੂੰ ਚੜ੍ਹੇ ਨੂੰ ਤਾਂ ਸਲਾਮਾਂ ਹੁੰਦੀਆਂ ਹੀ ਸਨ, ਪਰ ਡੁੱਬੇ ਨੂੰ ਸਗੋਂ ਹੋਰ ਵੀ ਵਧੇਰੇ ਹੋਈਆਂ ।”

(‘ਗੁਰਦੁਆਰਾ ਗਜ਼ਟ’, ਅੰਮ੍ਰਿਤਸਰ, ਅਕਤੂਬਰ 1980, ਪੰਨਾ 49) ਸ਼ਾਹ ਮੁਹੰਮਦ ਦੀ ਰਚਨਾ ਇਹੋ ਗੱਲ ਸਿੱਧ ਕਰਦੀ ਹੈ । ਅਸਲ ਵਿਚ ਸ਼ਾਹ ਮੁਹੰਮਦ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਹੀ ਅਰਥ-ਭਰਪੂਰ ਸ਼ਬਦਾਂ ਵਿਚ ਯਾਦ ਕੀਤਾ ਹੈ ਅਤੇ ਮਹਾਰਾਜੇ ਦੀ ਅਣਹੋਂਦ ਨੂੰ ਬਾਰ-ਬਾਰ ਮਹਿਸੂਸ ਕੀਤਾ ਹੈ। ਜੇਕਰ ਕੋਈ ਪ੍ਰਸ਼ਨ ਉਠਾਏ ਕਿ ਸ਼ਾਹ ਮੁਹੰਮਦ ਦੇ ਜੰਗਨਾਮੇ ਦਾ ਨਾਇਕ ਕੌਣ ਹੈ ਤਾਂ ਇਸ ਉੱਤਰ ਉੱਤੇ ਕਿਸੇ ਨੂੰ ਕੋਈ ਸੰਦੇਹ ਨਹੀਂ ਹੋ ਸਕਦਾ ਕਿ ਇਸ ਰਚਨਾ ਦਾ ਨਾਇਕ ਮਹਾਰਾਜਾ ਰਣਜੀਤ ਸਿੰਘ ਹੀ ਹੈ । ਰਚਨਾ ਦੇ ਆਦਿ ਵਿਚ ਮੰਗਲਾਚਰਣ ਤੋਂ ਬਾਅਦ ਕਵੀ ਮਹਾਰਾਜੇ ਦੀ ਚੜ੍ਹਤ ਨੂੰ ਬਿਆਨ ਕਰਦਾ ਲਿਖਦਾ ਹੈ

ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,

ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।

ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ,

ਜੰਮੂ, ਕਾਂਗੜਾ, ਕੋਟ ਨਿਵਾਇ ਗਿਆ ।

ਹੋਰ ਦੇਸ਼ ਲੱਦਾਖ ਤੇ ਚੀਨ ਤੋੜੀਂ,

ਸਿੱਕਾ ਆਪਣੇ ਨਾਮ ਚਲਾਇ ਗਿਆ ।

ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,

ਅੱਛਾ ਰੱਜ ਕੇ ਰਾਜ ਕਮਾਇ ਗਿਆ । (5)

ਮਹਾਰਾਜਾ ਰਣਜੀਤ ਸਿੰਘ ਦੇ ਨਾਮ ਨਾਲ ਕਵੀ ਨੇ ਬੜੀ ਸੁੰਦਰ ਉਪਮਾ ‘ਮਹਾਬਲੀ’ ਜੋੜੀ ਹੈ ਅਤੇ ਇਕ ਪੱਖ ਨਾਲ ਇਹ ਬੜੀ ਯੋਗ ਉਪਮਾ ਹੈ ਜਾਂ ਇਉਂ ਕਹੋ ਕਿ ਮਹਾਰਾਜਾ ਇਸ ਦੇ ਬਿਲਕੁਲ ਅਧਿਕਾਰੀ ਸਨ । ਵਿਸ਼ੇਸ਼ ਗੱਲ ਤਾਂ ਇਹ ਵੀ ਹੈ ਕਿ ਇਹ ਗੱਲ ਕੋਈ ਸਿੱਖ ਨਹੀਂ, ਸਗੋਂ ਇਕ ਗੈਰ-ਸਿੱਖ ਅਤੇ ਉਹ ਵੀ ਮਹਾਨ ਮੁਸਲਮਾਨ ਕਵੀ ਸ਼ਾਹ ਮੁਹੰਮਦ ਕਹਿ ਰਿਹਾ ਹੈ। ਕੁੱਲ ਇਤਿਹਾਸਕਾਰ ਇਸ ਗੱਲ ਨਾਲ ਸਹਿਮਤ ਹਨ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਹੀ ਅਰਥਾਂ ਵਿਚ ‘ਰਾਮ ਰਾਜ’ ਸੀ, ਇਕ ਪੂਰਨ ਗੁਰਸਿੱਖ ਦਾ ਰਾਜ ਸੀ, ਜਿਸ ਦੇ ਰਾਜ ਵਿਚ ‘ਨਾਨਕ ਨਾਮ ਚੜ੍ਹਦੀ ਕਲਾ’ ਦਾ ਸਿੱਕਾ ਚਲਾ ਕੇ ‘ਸਰਬੱਤ ਦਾ ਭਲਾ’ ਮੰਗਿਆ ਗਿਆ। ਪੰਜਾਹ ਸਾਲ ਦੇ ਰਾਜ-ਕਾਲ ਦੌਰਾਨ ਕਿਸੇ ਇਕ ਨੂੰ ਵੀ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਗਈ, ਸਭ ਧਰਮਾਂ ਦਾ ਬਰਾਬਰ ਸਤਿਕਾਰ ਕੀਤਾ ਜਾਂਦਾ ਸੀ, ਵੱਡੇ ਤੋਂ ਵੱਡੇ ਅਹੁਦੇ ਵੀ ਬਿਨਾਂ ਕਿਸੇ ਸਿਫਾਰਸ਼ ਦੇ, ਰਿਸ਼ਤੇਦਾਰੀ ਜਾਂ ਮਜ਼ਹਬ ਦੇ ਸਵਾਲ ਤੋਂ ਨਿਰੋਲ ਯੋਗਤਾ ਦੇ ਆਧਾਰ ਤੇ ਦਿੱਤੇ ਜਾਂਦੇ ਸਨ । ਪਰਜਾ ਬੜੀ ਸੁਖੀ ਸੀ। ਕਵੀ ‘ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ…….’ ਵਾਲੀ ਗੱਲ ਐਵੇਂ ਤਾਂ ਨਹੀਂ ਲਿਖ ਰਿਹਾ ।

ਨਿਮਨ ਬੰਦ ਤੋਂ ਸ਼ੁਰੂ ਹੁੰਦਾ ਹੈ ਜੰਗਨਾਮੇ ਦਾ ਅਸਲ ਪ੍ਰਸੰਗ-

ਜਦੋਂ ਹੋਏ ਸਰਕਾਰ ਦੇ ਸ੍ਵਾਸ ਪੂਰੇ,

ਜਮ੍ਹਾਂ ਹੋਏ ਨੀ ਸਭ ਸਰਦਾਰ ਮੀਆਂ ।

ਚੇਤ ਸਿੰਘ ਨੂੰ ਮਾਰਿਆ ਕੌਰ ਸਾਹਿਬ,

ਸ਼ੁਰੂ ਹੋਈ ਦਰਬਾਰ ਤਲਵਾਰ ਮੀਆਂ ।

ਖੜਕ ਸਿੰਘ ਮਹਾਰਾਜ ਨੇ ਢਾਹ ਮਾਰੀ,

ਮੋਇਆ ਮੁੱਢ ਕਦੀਮ ਦਾ ਯਾਰ ਮੀਆਂ ।

ਸ਼ਾਹ ਮੁਹੰਮਦਾ ਅਸਾਂ ਭੀ ਨਾਲ ਮਰਨਾ,

ਸਾਡਾ ਇਹੋ ਸੀ ਕੌਲ ਕਰਾਰ ਮੀਆਂ ।

(6)

ਪੰਜਾਬੀ ਦਾ ਅਖਾਣ ਹੈ—‘ਮਰਦ ਦੀ ਮਾਇਆ ਅਤੇ ਬਿਰਛ ਦੀ ਛਾਇਆ, ਉਸ ਦੇ ਨਾਲ ਹੀ ਹੁੰਦੀਆਂ ਹਨ। ਠੀਕ ਇਹੀ ਗੱਲ ਮਹਾਰਾਜਾ ਰਣਜੀਤ ਸਿੰਘ ਦੀ 27 ਜੂਨ 1839 ਨੂੰ ਅਧਰੰਗ ਕਾਰਨ ਹੋਈ ਮੌਤ ਬਾਅਦ ਬਣੀ ਅਤੇ ਸਿੱਖ ਯੋਧਿਆਂ ਦੇ ਭਾਰੀ ਤਰੱਦਦ ਨਾਲ ਕਾਇਮ ਕੀਤਾ ਰਾਜ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿ-ਢੇਰੀ ਹੁੰਦਾ ਚਲਾ ਗਿਆ । ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦੇ ਦਹਾਕੇ ਦਾ ਇਤਿਹਾਸ ਆਪਸੀ ਫੁੱਟ, ਖਾਨਾਜੰਗੀ, ਸਾਜ਼ਿਸ਼ਾਂ, ਕੁਟਲਨੀਤੀਆਂ, ਧਰੋਹ, ਦਗ਼ੇ, ਖ਼ੂਨ-ਖ਼ਰਾਬੇ, ਤਬਾਹੀ ਤੇ ਬਰਬਾਦੀ ਦਾ ਇਤਿਹਾਸ ਹੈ, ਜਿਸ ਨੂੰ ਪੜ੍ਹ-ਸੁਣ ਕੇ ਅੱਜ ਵੀ ਸਰੀਰ ਸੁੰਨ ਹੋ ਜਾਂਦਾ ਹੈ ।

ਸਾਧੂ ਵਜ਼ੀਰ ਸਿੰਘ ਨੇ ਮਹਾਰਾਜੇ ਦੀ ਮੌਤ ਦਾ ਕਾਰਨ ਉਦਾਸੀ ਸੰਤਾਂ ਦਾ ਸਰਾਪ ਦੱਸਿਆ ਹੈ—

ਸਿੰਘ ਨੇ ਰਾਜ ਗਵਾਇਆ ਆਪਣਾ, ਅਕਲ ਨਾ ਕੀਤੀ ਕਾਈ ਰੇ। ਜਾਣ ਬੁੱਝ ਕੇ ਅੰਧਾ ਹੋਇਆ, ਸੀਸ ਤਿਸੇ ਦੇ ਆਈ ਰੇ। ਅਧਰੰਗ ਮਾਰਿਆ ਤਿਸ ਤਨ ਅੱਧੇ, ਲੱਗੀ ਫਿਰੇ ਨਿਬਾਈ ਰੇ। ਉਸ ਦਾ ਫ਼ਿਕਰ ਨਾ ਮੂਲ ਕਿਸੇ ਨੂੰ, ਆਪਣੇ ਆਪਣੇ ਦਾਈ ਰੇ। ਦਿਨੇ ਰਾਤ ਉਹ ਪਿਆ ਤੜਫਦਾ, ਸੰਤ ਸਰਾਪ ਨਾ ਜਾਈ ਰੇ। ਸਿੰਘ ਵਜ਼ੀਰ ਨਾ ਹੋਵੇ ਰਾਜ਼ੀ, ਸੰਤਾਂ ਜਿਸੇ ਵਗਾਈ ਰੇ । (92)

(‘ਸੀਹਰਫ਼ੀਆਂ ਸਾਧੂ ਵਜ਼ੀਰ ਸਿੰਘ ਜੀ ਕੀਆਂ’, ਸੰਪਾਦਕ ਸ਼ਮਸ਼ੇਰ ਸਿੰਘ ਅਸ਼ੋਕ, ਪੰਨਾ 192)

ਉਪ੍ਰੋਕਤ ਬੰਦ ਵਿਚ ‘ਅਕਲ ਨਾ ਕੀਤੀ ਕਾਈ ਰੇ’ ਤੋਂ ਇਸ਼ਾਰਾ ਪੀਰੋ ਕੰਜਰੀ ਦੀ ਵਾਪਸੀ ਬਾਰੇ ਮਹਾਰਾਜਾ ਦੇ ਪੱਖ ਜਨਰਲ ਇਲਾਹੀ ਬਖ਼ਸ਼ ਦੀ ਮਦਦ ਕਰਨ ਤੋਂ ਹੈ, ਕਿ ਉਹ ਕੰਜਰੀ ਮਹਾਰਾਜੇ ਨੇ ਆਪਣੇ ਹੁਕਮ ਨਾਲ ਗੁਲਾਬ ਦਾਸ ਨੂੰ ਨਾ ਦਿਵਾਈ, ਸਗੋਂ ਸਿੱਖ ਸਿਪਾਹੀਆਂ ਦੇ ਜ਼ੋਰ ਪਾਉਣ ਉੱਤੇ ਚੱਠਿਆਂ ਵਾਲੇ ਲਿਜਾਈ ਗਈ । ਲਾਹੌਰ ਛਾਉਣੀ ਲਾਗੇ ਪੀਰੋ ਕੰਜਰੀ ਦੇ ਉਧਾਲੇ ਸਮੇਂ ਜਰਨੈਲ ਇਲਾਹੀ ਬਖਸ਼ ਦੇ ਸਿਪਾਹੀਆਂ ਹੱਥੋਂ ਗੁਲਾਬਦਾਸੀਏ ਸੰਤ ਦੇਵਾ ਸਿੰਘ ਤੇ ਗੁਲਾਬ ਸਿੰਘ ਮਾਰੇ ਗਏ ਸਨ ।

ਸ਼ੇਰੇ-ਪੰਜਾਬ ਦੇ ਦੇਹਾਂਤ ਬਾਅਦ ਉਸਦਾ ਵੱਡਾ ਪੁੱਤਰ ਕੰਵਰ ਖੜਕ ਸਿੰਘ (ਜਿਸ ਦਾ ਜਨਮ 1802 ਈਸਵੀ ਵਿਚ ਰਾਣੀ ਦਾਤਾਰ ਕੌਰ ਦੀ ਕੁੱਖੋਂ ਹੋਇਆ ਸੀ), ਮਹਾਰਾਜਾ ਬਣਿਆ, ਜੋ ਇਕ ਅਯੋਗ ਵਾਰਸ ਸਿੱਧ ਹੋਇਆ। ਲਾਹੌਰ ਦਰਬਾਨ ਦੇ ਸ਼ਾਹੀ ਡਾਕਟਰ ਹਾਨਿੰਗਬਰਗਰ ਅਨੁਸਾਰ ‘ਖੜਕ ਸਿੰਘ ਆਪਣੇ ਪਿਤਾ ਤੋਂ ਵੀ ਵਧੇਰੇ ਅਫੀਮਚੀ ਸੀ ਅਤੇ ਰਾਜ-ਪ੍ਰਬੰਧ ਦੇ ਨਜ਼ਰੀਏ ਤੋਂ ਵੀ ਨਾਅਹਿਲ ਹੀ ਸੀ ।’ (J. M.Honigberger, ‘Thirty-five years in the East’, p.101)

ਉਧਰ ਕੰਵਰ ਸ਼ੇਰ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਪਹਿਲੀ ਰਾਣੀ ਮਤਾਬ ਕੌਰ ਦੀ ਸੰਤਾਨ ਹੋਣ ਕਰਕੇ ਰਾਜ-ਗੱਦੀ ਦੀ ਦਾਅਵੇਦਾਰੀ ਜਤਲਾ ਰਿਹਾ ਸੀ ਅਤੇ ਇਸ ਕਾਰਜ ਲਈ ਉਸ ਨੇ ਅੰਗਰੇਜ਼ੀ ਸ਼ਾਸਨ ਨੂੰ ਵੀ ਦਖ਼ਲ ਲਈ ਬੇਨਤੀ ਪੱਤਰ ਭੇਜਿਆ, ਜੋ ਲਾਰਡ ਆਕਲੈਂਡ ਵੱਲੋਂ12 ਜੁਲਾਈ, 1839 ਨੂੰ ਠੁਕਰਾ ਦਿੱਤਾ ਗਿਆ। ਜਦੋਂ ਕਿ ਖੜਕ ਸਿੰਘ ਨੇ ਇਹ ਗੱਲ ਧੁਮਾ ਦਿੱਤੀ ਕਿ ਉਹ ਹੀ ਮਹਾਰਾਜਾ ਰਣਜੀਤ ਸਿੰਘ ਦਾ ਅਸਲੀ ਪੁੱਤਰ ਹੈ, ਜਦੋਂ ਕਿ ਸ਼ੇਰ ਸਿੰਘ, ਤਾਰਾ ਸਿੰਘ, ਕਸ਼ਮੀਰਾ ਸਿੰਘ, ਪਿਸ਼ੌਰਾ ਸਿੰਘ, ਮੁਲਤਾਨਾ ਸਿੰਘ ਤੇ ਦਲੀਪ ਸਿੰਘ ਦੀ ਵਲਦੀਅਤ ਸ਼ੱਕੀ ਹੋਣ ਕਰਕੇ ਉਨ੍ਹਾਂ ਦਾ ਤਖ਼ਤ ‘ਤੇ ਹੱਕ ਬਿਲਕੁਲ ਨਹੀਂ ਬਣਦਾ।

ਖੜਕ ਸਿੰਘ ਨੂੰ ਮਹਾਰਾਜਾ ਥਾਪਦੇ ਸਮੇਂ ਧਿਆਨ ਸਿੰਘ ਡੋਗਰੇ ਨੂੰ ਉਸਦਾ ਮੁੱਖ ਵਜ਼ੀਰ ਬਣਾਇਆ ਗਿਆ ਸੀ । ਕਨੱਈਆ ਲਾਲ ਅਨੁਸਾਰ-‘ਕੁਝ ਮਹੀਨੇ ਤਾਂ ਰਿਆਸਤ ਦਾ ਕੰਮਕਾਜ ਬੜਾ ਸੋਹਣਾ ਚੱਲਦਾ ਰਿਹਾ, ਲੇਕਿਨ ਜਲਦੀ ਹੀ ਮਹਾਰਾਜਾ ਖੜਕ ਸਿੰਘ ਦੇ ਦਿਮਾਗ ‘ਤੇ ਚੇਤ ਸਿੰਘ ਬਾਜਵਾ ਨਾਮੀ ਸਰਦਾਰ ਬਹੁਤ ਸਵਾਰ ਹੋ ਗਿਆ, ਉਹ ਆਪਣੇ ਹੁਕਮ ਤੇ ਅਧਿਕਾਰ ਨਾਲ ਜੋ ਚਾਹੁੰਦਾ, ਸੋ ਕਰਦਾ; ਮਹਾਰਾਜਾ ਨੂੰ ਉਸਦੇ ਕਹਿਣ-ਸੁਣਨ ਵਿਚ ਕਿਸੇ ਕਿਸਮ ਦੀ ਨਾਂਹ- ਨੁੱਕਰ ਨਹੀਂ ਸੀ । ਇਹ ਗੱਲ ਰਾਜਾ ਧਿਆਨ ਸਿੰਘ ਨੂੰ ਮਾੜੀ ਲੱਗੀ ਅਤੇ ਉਹ ਉਸ ਦੀਆਂ ਜੜ੍ਹਾਂ ਪੁੱਟਣ ਪਿੱਛੇ ਲੱਗ ਗਿਆ ।………ਕੰਵਰ ਨੌਨਿਹਾਲ ਸਿੰਘ ਨੂੰ ਵੀ ਪਿਤਾ ਦੇ ਅਜਿਹੇ ਰਾਜ-ਪ੍ਰਬੰਧ ’ਤੇ ਇਤਰਾਜ਼ ਸੀ, ਉਸ ਨੇ ਪਿਤਾ ਨੂੰ ਬਹੁਤ ਸਮਝਾਇਆ ਵੀ, ਲੇਕਿਨ ਉਹ ਨਾ ਮੰਨਿਆ, ਬਲਕਿ ਪੁੱਤਰ ਨਾਲ ਗੁੱਸੇ ਹੋ ਗਿਆ। (ਚੇਤ ਸਿੰਘ ਮਹਾਰਾਜੇ ਦਾ ਦੂਰੋਂ-ਨੇੜਿਉਂ ਸਾਲਾ ਲੱਗਦਾ ਸੀ, ਜਿਸ ਕਰਕੇ ਮਹਾਰਾਜੇ ਨੇ ਉਸ ਨੂੰ ਵਧੇਰੇ ਹੀ ਖੁੱਲ੍ਹ ਦੇ ਰੱਖੀ ਸੀ ) ਅਖੀਰ ਦਰਬਾਰ ਦੇ ਸਾਰੇ ਅਧਿਕਾਰੀ ਚੇਤ ਸਿੰਘ ਨੂੰ ਪਾਸੇ ਕਰ ਦੇਣ ਲਈ ਸਹਿਮਤ ਹੋ ਗਏ ਅਤੇ ਉਸ ਨੂੰ ਮਹਾਰਾਜੇ ਦੇ ਸਾਹਮਣੇ ਕਤਲ ਕਰ ਦਿੱਤਾ ਗਿਆ ।

(‘ਤਾਰੀਖ਼-ਇ-ਪੰਜਾਬ’ ਅਨੁ. ਜੀਤ ਸਿੰਘ ਸੀਤਲ, ਪੰਨਾ 354)

ਮੇਜਰ ਸਮਿੱਥ ਅਨੁਸਾਰ ਡੋਗਰੇ ਭਰਾ ਤਾਂ ਇਸ ਸਮੇਂ ਖੜਕ ਸਿੰਘ ਨੂੰ ਵੀ ਕਤਲ ਕਰ ਦੇਣਾ ਚਾਹੁੰਦੇ ਸਨ, ਲੇਕਿਨ ਕੰਵਰ ਨੌਨਿਹਾਲ ਸਿੰਘ ਅਤੇ ਮਹਾਰਾਣੀ ਚੰਦ ਕੌਰ ਦੀ ਉਥੇ ਮੌਜੂਦਗੀ ਕਾਰਨ ਅਜਿਹਾ ਨਾ ਕਰ ਸਕੇ ।

(Major G.C. Smyth, ‘A History of the Reigning Family of Lahore, p.30)

ਬੇਸ਼ਕ ਚੇਤ ਸਿੰਘ ਨੂੰ ਕੰਵਰ ਨੇ ਨਹੀਂ ਸੀ ਮਾਰਿਆ, ਲੇਕਿਨ ਮਾਰਨ ਵਾਲਿਆਂ ਦੇ ਟੋਲੇ ਵਿਚ ਜ਼ਰੂਰ ਸ਼ਾਮਿਲ ਸੀ, ਜਿਸ ਦਾ ਖੜਕ ਸਿੰਘ ਨੇ ਭਾਰੀ ਦੁੱਖ ਮੰਨਿਆ। ਸ਼ਾਹ ਮੁਹੰਮਦ ਦੇ ਸ਼ਬਦਾਂ ਵਿਚ ਖੜਕ ਸਿੰਘ ਨੇ ਸਰਾਪ ਦਿੱਤਾ ਕਿ ਮੇਰੇ ਬਾਅਦ ਕੰਵਰ ਵੀ ਰਾਜ ਨਹੀਂ ਕਰ ਸਕੇਗਾ ਅਤੇ ਮੇਰੇ ਯਾਰ ਚੇਤ ਸਿੰਘ ਦਾ ਨਾਹੱਕ ਖ਼ੂਨ ਕਰਨ ਵਾਲਿਆਂ ਦਾ ਬੇੜਾ ਗਰਕ ਹੋ ਕੇ ਰਹੇਗਾ— ਮੇਰੇ ਬੈਠਿਆਂ ਇਨ੍ਹਾਂ ਨੇ ਖ਼ੂਨ ਕੀਤਾ, ਇਹ ਤਾਂ ਗ਼ਰਕ ਜਾਵੇ ਦਰਬਾਰ ਮੀਆਂ। ਪਿੱਛੇ ਸਾਡੇ ਭੀ ਕੌਰ ਨਾ ਰਾਜ ਕਰਸੀ, ਅਸੀਂ ਮਰਾਂਗੇ, ਏਸ ਨੂੰ ਮਾਰ ਮੀਆਂ। (7)

ਕੁਝ ਵਿਦਵਾਨਾਂ ਅਨੁਸਾਰ ਮਹਾਰਾਜਾ ਖੜਕ ਸਿੰਘ ਧਿਆਨ ਸਿੰਘ ਡੋਗਰੇ ਦੀਆਂ ਚਾਲਾਂ ਨੂੰ ਤਾੜ ਚੁੱਕਾ ਸੀ ਅਤੇ ਉਸ ਨੂੰ ਗੁੱਠੇ ਲਾਉਣ ਦੇ ਖਿਆਲ ਨਾਲ ਹੀ ਚੇਤ ਸਿੰਘ ਨੂੰ ਅੱਗੇ ਲਿਆਂਦਾ ਸੀ, ਲੇਕਿਨ ਡੋਗਰੇ ਇਹ ਕਦੋਂ ਬਰਦਾਸ਼ਤ ਕਰਦੇ ਸਨ । ਚੇਤ ਸਿੰਘ ਨੂੰ ਵੀ ਮਰਵਾ ਦਿੱਤਾ ਅਤੇ ਪਿਤਾ-ਪੁੱਤਰ ਨੂੰ ਵੀ ਵੱਖੋ- ਵੱਖ ਪੱਟੀਆਂ ਪੜ੍ਹਾ ਕੇ ਇਕ ਦੂਜੇ ਦੇ ਖਿਲਾਫ਼ ਕਰ ਦਿੱਤਾ ।

(ਗਿ. ਪ੍ਰਤਾਪ ਸਿੰਘ, ਸਿੱਖ ਇਤਿਹਾਸਕ ਲੈਕਚਰ, ਪੰਨਾ 425)

ਕਰਨਲ ਗਾਰਡਨਰ, ਜਿਸ ਨੇ ਆਪਣੀਆਂ ਅੱਖਾਂ ਸਾਹਵੇਂ ਚੇਤ ਸਿੰਘ ਦਾ ਕਤਲ ਹੁੰਦਾ ਵੇਖਿਆ, ਆਪਣੀ ਪੁਸਤਕ ਵਿਚ ਲਿਖਦਾ ਹੈ ਕਿ ਧਿਆਨ ਸਿੰਘ ਡੋਗਰੇ ਨੇ ਆਪਣੇ ਹੱਥਾਂ ਨਾਲ ਚੇਤ ਸਿੰਘ ਬਾਜਵੇ ਦੀਆਂ ਅੰਤੜੀਆਂ ਖਿੱਚੀਆਂ, ਨਾਲ ਦੀ ਨਾਲ ਚੀਕਦਾ ਹੋਇਆ ਆਖ ਰਿਹਾ ਸੀ—‘ਇਹ ਲੈ, ਮਹਾਰਾਜਾ ਰਣਜੀਤ प्रिंथ री जार दिस’ । With his own hands, Dhian Singh Dogra tore out Bajwa’s bowels, shouting at the same time-‘Take this in the memory of Maharaja Ranjit Singh,…. ਡੋਗਰਿਆਂ ਦੀਆਂ ਸਾਜ਼ਿਸ਼ਾਂ ਵਿਚ ਆ ਕੇ ਕੰਵਰ ਨੌਨਿਹਾਲ ਸਿੰਘ ਨੇ ਪਿਤਾ

-Memoirs of Alexander Gardner, pp. 212-22.

ਮਹਾਰਾਜਾ ਖੜਕ ਸਿੰਘ ਨੂੰ ਪਾਸੇ ਕਰਕੇ ਰਾਜ-ਭਾਗ ਆਪ ਸਾਂਭ ਲਿਆ । ਖੜਕ ਸਿੰਘ ਨੂੰ ਲਾਹੌਰੀ ਦਰਵਾਜ਼ੇ ਪਾਸ ਸ਼ਾਹੀ ਹਵੇਲੀ ਵਿਚ ਧਿਆਨ ਸਿੰਘ ਦੀ ਨਿਗਰਾਨੀ ਹੇਠ ਰੱਖਿਆ ਗਿਆ ਜਿਥੇ ਸ਼ਾਹੀ ਹਕੀਮ ਨਾਲ ਮਿਲਕੇ ਖਾਣੇ ਵਿਚ ਸਫ਼ੈਦ ਕਸਕਰੀ (White lead) ਅਤੇ ਪਾਰਾ (mercury) ਆਦਿ ਜ਼ਹਿਰ ਮਿਲਾ ਕੇ ਦਿੱਤੇ ਜਾਣ ਲੱਗੇ । ਜਿਸ ਕਾਰਨ ਮਹਾਰਾਜਾ ਸਖਤ ਬੀਮਾਰ ਪੈ ਗਿਆ ਅਤੇ ਨੌਂ ਮਹੀਨੇ ਦੇ ਕਰੀਬ ਮੰਜੀ ਉਤੇ ਹੀ ਰਿਹਾ। ਉਸ ਸਾਰੇ ਸਮੇਂ ਦੌਰਾਨ ਨਾ ਤਾਂ ਸ਼ਾਹੀ ਡਾਕਟਰ ਹਾਨਿੰਗਬਰਗਰ ਨੂੰ ਹੀ ਕਦੀ ਬੁਲਾਇਆ ਗਿਆ ਅਤੇ ਨਾ ਹੀ ਪਿਤਾ-ਪੁੱਤਰ ਦਾ ਮੇਲ ਹੋਣ ਦਿੱਤਾ। ਲੰਬਾ ਸਮਾਂ ਕੈਦ ਅਤੇ ਬੀਮਾਰੀ ਦਾ ਦੁੱਖ ਭੋਗਣ ਬਾਅਦ 5 ਨਵੰਬਰ 1840 ਨੂੰ ਖੜਕ ਸਿੰਘ ਦੀ ਮੌਤ ਹੋ ਗਈ ।

(ਗਿ. ਸੋਹਣ ਸਿੰਘ ਸੀਤਲ, ‘ਸਿੱਖ ਰਾਜ ਕਿਵੇਂ ਗਿਆ’, ਪੰਨਾ 35)

ਗੂੜ੍ਹੇ ਦੋਸਤ ਤੇ ਕਰੀਬੀ ਸਬੰਧੀ ਚੇਤ ਸਿੰਘ- ਜਿਸ ਨਾਲ ਇਕੱਠੇ ਜੀਊਣ ਤੇ ਮਰਨ ਦੇ ਪ੍ਰਣ ਕੀਤੇ ਹੋਏ ਸਨ—ਦੇ ਅੱਖਾਂ ਸਾਹਵੇਂ ਕਤਲ, ਪੁੱਤਰ ਕੰਵਰ ਨੌਨਿਹਾਲ ਸਿੰਘ ਦੀ ਬੇਰੁਖੀ, ਗੱਦੀਓਂ ਲਾਹ ਕੇ ਨਜ਼ਰਬੰਦ ਕੀਤੇ ਜਾਣ ਅਤੇ ਖਾਣੇ ਵਿਚ ਜ਼ਹਿਰ ਦੀ ਮਿਲਾਵਟ ਆਦਿ ਨੁਕਤੇ ਮਹਾਰਾਜਾ ਖੜਕ ਸਿੰਘ ਦੀ ਘੁਲ-ਘੁਲ ਕੇ ਮੌਤ ਦਾ ਮੁੱਖ ਕਾਰਨ ਬਣੇ । ਪਿਉ-ਪੁੱਤਰ ਨੂੰ ਇਕ ਦੂਜੇ ਤੋਂ ਦੂਰ ਕਰਨ ਪਿਛੇ ਡੋਗਰਿਆਂ ਦੇ ਹੱਥ ਹੋਣ ਅਤੇ ਭੋਜਨ ਵਿਚ ਜ਼ਹਿਰ ਆਦਿ ਭੇਦਾਂ ਤੋਂ ਪੜਦਾ ਤਾਂ ਕਾਫ਼ੀ ਸਮਾਂ ਬਾਅਦ ਉਠਿਆ ਹੋਵੇਗਾ, ਸ਼ਾਇਦ ਇਹੋ ਕਾਰਨ ਹੈ ਕਿ ਸ਼ਾਹ ਮੁਹੰਮਦ ਨੇ ਖੜਕ ਸਿੰਘ ਦੀ ਮੌਤ ਦਾ ਮੁੱਖ ਕਾਰਨ ਮਹਾਰਾਜੇ ਵੱਲੋਂ ਚੇਤ ਸਿੰਘ ਦੇ ਕਤਲ ਦਾ ਗ਼ਮ ਦਿਲ ਨੂੰ ਲਗਾਉਣਾ ਹੀ ਦੱਸਿਆ ਹੈ—

ਖੜਕ ਸਿੰਘ ਮਹਾਰਾਜ ਹੋਇਆ ਬਹੁਤ ਮਾਂਦਾ,

ਬਰਸ ਇਕ ਪਿਛੋਂ ਵੱਸ ਕਾਲ ਹੋਇਆ।

ਆਈ ਮੌਤ ਨਾ ਅਟਕਿਆ ਇਕ ਘੜੀ,

ਚੇਤ ਸਿੰਘ ਦੇ ਗ਼ਮ ਦੇ ਨਾਲ ਮੋਇਆ।

(8)

ਕੰਵਰ ਨੂੰ ਪਿਤਾ ਦੀ ਮੌਤ ਦਾ ਜ਼ਰਾ ਵੀ ਦੁੱਖ ਨਾ ਹੋਇਆ। ਡੋਗਰੇ ਆਪਣੀ ਚਾਲ ਵਿਚ ਪੂਰੀ ਤਰ੍ਹਾਂ ਕਾਮਯਾਬ ਰਹੇ । ਉਨ੍ਹਾਂ ਹੀ ਖ਼ਾਲਸਾ ਫੌਜਾਂ ਵਿਚ ਇਹ ਗੱਲ ਪ੍ਰਚਾਰੀ ਸੀ ਕਿ ਚੇਤ ਸਿੰਘ ਅੰਗਰੇਜ਼ਾਂ ਦਾ ਮਿੱਤਰ ਹੈ ਅਤੇ ਉਸਦੀ ਸਲਾਹ ਨਾਲ ਖੜਕ ਸਿੰਘ ਪੰਜਾਬ ਨੂੰ ਅੰਗਰੇਜ਼ਾਂ ਦੇ ਹਵਾਲੇ ਕਰਨ ਲਈ ਤਿਆਰ ਹੋ ਗਿਆ ਹੈ। ਅੰਗਰੇਜ਼ ਆ ਗਏ ਤਾਂ ਸਿੱਖ ਫੌਜ ਹਟਾ ਕੇ ਗੋਰਾ ਫੌਜ ਰੱਖੀ ਜਾਵੇਗੀ, ਹੋਰ ਵੀ ਕੋਮ ਦਾ ਭਾਰੀ ਨੁਕਸਾਨ ਹੋਵੇਗਾ। ਇਨ੍ਹਾਂ ਸਾਜਿਸ਼ਾਂ ਤਹਿਤ ਹੀ ਤਾਂ ਪਹਿਲਾਂ ਚੇਤ ਸਿੰਘ ਦਾ ਕਤਲ ਕੀਤਾ ਗਿਆ ਅਤੇ ਫਿਰ ਖੜਕ ਸਿੰਘ ਨੂੰ ਪਾਸੇ ਕਰਕੇ ਕੰਵਰ ਨੂੰ ਰਾਜ-ਭਾਗ ਸੰਭਾਲਿਆ ਗਿਆ ਸੀ, ਜਿਸ ਦਾ ਕਿਸੇ ਵਰਗ ਨੇ ਵੀ ਵਿਰੋਧ ਨਹੀਂ ਸੀ ਕੀਤਾ । ਡੋਗਰੇ ਪਿਤਾ-ਪੁੱਤਰ ਦਾ ਮੇਲ ਵੀ ਇਸੇ ਲਈ ਨਹੀਂ ਸੀ ਹੋਣ ਦੇ ਰਹੇ ਕਿ ਕਿਤੇ ਅਸਲੀਅਤ ਸਾਹਮਣੇ ਨਾ ਆ ਜਾਵੇ । ਇਨ੍ਹਾਂ ਹਾਲਤਾਂ ਵਿਚ ਪਿਤਾ ਦੇ ਮਰਨ ਦਾ ਪੁੱਤਰ ਨੂੰ ਕੀ ਅਫ਼ਸੋਸ ਹੋਣਾ ਸੀ । ਸ਼ਾਹ ਮੁਹੰਮਦ ਲਿਖਦਾ ਹੈ—

ਕੌਰ ਸਾਹਿਬ ਮਹਾਰਾਜ ਦੀ ਗੱਲ ਸੁਣ ਕੇ,

ਜ਼ਰਾ ਦਰਦ ਦੇ ਨਾਲ ਨਾ ਮੂਲ ਰੋਇਆ।

(8)

ਮੁਨਸ਼ੀ ਸੋਹਨ ਲਾਲ ਸੂਰੀ ‘ਉਮਦਤ-ਉੱਤ-ਤਵਾਰੀਖ਼’ ਵਿਚ ਇਸ ਗੱਲ ਦੀ ਪੁਸ਼ਟੀ ਕਰਦਾ ਹੋਇਆ ਲਿਖਦਾ ਹੈ ਕਿ ‘ਥੋੜ੍ਹੀ ਦੇਰ ਅੱਥਰੂ ਵਗਾ ਕੇ ਕੰਵਰ ਹਵੇਲੀ ਦੀ ਛੱਤ ਉਪਰ ਹਵਾਖੋਰੀ ਲਈ ਚੜ੍ਹ ਗਿਆ ।’

ਸ਼ੇਰੇ-ਪੰਜਾਬ ਦੀ ਸਮਾਧ ਦੇ ਨਜ਼ਦੀਕ ਹੀ ਉਨ੍ਹਾਂ ਦੇ ਜੇਠੇ ਪੁੱਤਰ ਖੜਕ ਸਿੰਘ ਦੀ ਚਿਤਾ ਤਿਆਰ ਕੀਤੀ ਗਈ। ਤੀਜੇ ਪਹਿਰ ਸ਼ਾਹੀ ਸਨਮਾਨਾਂ ਨਾਲ ਮਹਾਰਾਜੇ ਦਾ ਸਸਕਾਰ ਕੀਤਾ ਗਿਆ । ਕੰਵਰ ਨੌਨਿਹਾਲ ਸਿੰਘ ਨੇ ਲਾਂਬੂ ਲਾਇਆ । ਰਾਜਾ ਧਿਆਨ ਸਿੰਘ ਦੀ ਧਮਕੀ ’ਤੇ ਕੰਵਰ ਦੀ ਮਾਤਾ ਚੰਦ ਕੌਰ ਨੂੰ ਛੱਡ ਕੇ ਮਹਾਰਾਜੇ ਦੀਆਂ ਦੋ ਰਾਣੀਆਂ ਅਤੇ 11 ਗੋਲੀਆਂ ਨੂੰ ਮਹਾਰਾਜੇ ਨਾਲ ਸਤੀ ਹੋਣਾ ਪਿਆ। ਪਿਤਾ ਦਾ ਸਸਕਾਰ ਕਰਕੇ ਗੁਲਾਬ ਸਿੰਘ ਡੋਗਰੇ ਦੇ ਪੁੱਤਰ ਮੀਆਂ ਊਧਮ ਸਿੰਘ ਦੇ ਹੱਥ ਵਿਚ ਹੱਥ ਪਾਈ ਕੰਵਰ ਨੌਨਿਹਾਲ ਸਿੰਘ ਵਾਪਸ ਕਿਲ੍ਹੇ ਨੂੰ ਪਰਤ ਰਿਹਾ ਸੀ ਕਿ ਰੌਸ਼ਨਾਈ ਦਰਵਾਜ਼ੇ ਦਾ ਛੱਜਾ ਡਿੱਗਣ ਦੀ ਘਟਨਾ ਵਾਪਰ ਗਈ, ਜਿਸ ਵਿਚ ਊਧਮ ਸਿੰਘ ਤਾਂ ਥਾਂ ‘ਤੇ ਹੀ ਮਾਰਿਆ ਗਿਆ ਜਦੋਂ ਕਿ ਕੰਵਰ ਨੂੰ ਸੱਜੇ ਕੰਨ ਪਾਸ ਮਾਮੂਲੀ ਜਿਹੀ ਚੋਟ ਆਈ। ਦਰਵਾਜ਼ੇ ਪਾਸ ਦੀ ਕੋਠੜੀ ਵਿਚ ਗਾਰਡਨਰ ਦੇ ਤੋਪਖਾਨੇ ਦੇ ਪੰਜ ਹਿੰਦੁਸਤਾਨੀ ਸਿਪਾਹੀ (ਜੋ ਬਿਨਾਂ ਵਰਦੀ ਤੋਂ ਸਨ) ਇਕ ਪਾਲਕੀ ਸਮੇਤ ਪਹਿਲਾਂ ਹੀ ਤਿਆਰ ਖੜ੍ਹੇ ਸਨ, ਜਿਨ੍ਹਾਂ ਨੇ ਝੱਟ-ਪੱਟ ਜ਼ਖਮੀ ਕੰਵਰ ਨੂੰ ਪਾਲਕੀ ਵਿਚ ਸੁੱਟਿਆ ਅਤੇ ਕਿਲ੍ਹੇ ਨੂੰ ਲੈ ਤੁਰੇ । ਸ. ਲਹਿਣਾ ਸਿੰਘ ਮਜੀਠੀਆ ਤੇ ਕੁਝ ਹੋਰ ਸਰਦਾਰ ਮਗਰ ਜਾਣਾ ਚਾਹੁੰਦੇ ਸਨ, ਪਰੰਤੂ ਧਿਆਨ ਸਿੰਘ ਨੇ ਸਭ ਨੂੰ ਧੱਕੇ ਮਾਰ ਕੇ ਪਿਛਾਂਹ ਮੋੜ ਦਿੱਤਾ ਅਤੇ ਕਿਲ੍ਹੇ ਦਾ ਦਰਵਾਜ਼ਾ ਬੰਦ ਕਰਕੇ ਡੋਗਰਾ ਫੌਜ ਪਹਿਰੇ ‘ਤੇ ਤੈਨਾਤ ਕਰ ਦਿੱਤੀ ।

ਪਤੀ ਦਾ ਸਸਕਾਰ ਅਜੇ ਹੋ ਰਿਹਾ ਸੀ ਕਿ ਮਹਾਰਾਣੀ ਚੰਦ ਕੌਰ ਨੂੰ ਪੁੱਤਰ ਨਾਲ ਭਾਣਾ ਵਾਪਰਨ ਦੀ ਖ਼ਬਰ ਮਿਲ ਗਈ । ਓਧਰ ਸ. ਸ਼ਾਮ ਸਿੰਘ ਅਟਾਰੀ ਦੀ ਪੁੱਤਰੀ ਬੀਬੀ ਨਾਨਕੀ ਨੂੰ ਪਤੀ ਦੇ ਜ਼ਖਮੀ ਹੋਣ ਦਾ ਸੁਨੇਹਾ ਮਿਲ ਗਿਆ। ਨੋਂਹ-ਸੱਸ ਦੋਨੋਂ ਹੀ ਨੱਠੀਆਂ ਆਈਆਂ, ਡੋਗਰਿਆਂ ਦੇ ਬਥੇਰੇ ਵਾਸਤੇ ਪਾਏ, ਬਥੇਰਾ ਬੂਹਾ ਭੰਨਿਆ, ਲੇਕਿਨ ਪੱਥਰ-ਦਿਲਾਂ ਨੇ ਬੂਹਾ ਨਾ ਖੋਲ੍ਹਿਆ । ਓਧਰ ਧਿਆਨ ਸਿੰਘ ਨੇ ਨੌਕਰਾਂ ਦੀ ਮਦਦ ਨਾਲ ਕੰਵਰ ਦਾ ਸਿਰ ਪੱਥਰ ਮਾਰ-ਮਾਰ ਕੇ ਫੇਹ ਦਿੱਤਾ। ਜਦੋਂ ਬੂਹਾ ਖੁੱਲ੍ਹਾ ਤਾਂ ਸਾਰਾ ਕਮਰਾ ਲਹੂ ਤੇ ਮਿੱਝ ਨਾਲ ਲੱਥ-ਪੱਥ ਸੀ। ਕੈਪਟਨ ਗਾਰਡਨਰ ਤੇ ਮੇਜਰ ਸਮਿੱਥ ਆਦਿ ਨੇ ਕੰਵਰ ਦੀ ਮੌਤ ਲਈ ਡੋਗਰਿਆਂ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਹੈ, ਜਦੋਂ ਕਿ ਸ਼ਾਹ ਮੁਹੰਮਦ ਇਸ ਘਟਨਾ ਨੂੰ ਮਹਿਜ਼ ਭਾਵੀ ਦੀ ਖੇਡ ਦੱਸ ਰਿਹਾ ਹੈ ਕਿ ਚੇਤ ਸਿੰਘ ਦੇ ਕਤਲ ਵਿਚ ਹੱਥ ਹੋਣ ਅਤੇ ਫਿਰ ਪਿਤਾ ਖੜਕ ਸਿੰਘ ਦੀ ਮੌਤ ਲਈ ਜ਼ਿੰਮੇਵਾਰ ਹੋਣ ਕਾਰਨ ਧਰਮਰਾਜ ਨੇ ਇਸ ਨੂੰ ਮਾਰਨ ਵਾਸਤੇ ਦੂਤ ਘੱਲੇ ਸਨ, ਜਿਨ੍ਹਾਂ ਨੇ ਇਸ ਉਪਰ ਛੱਜਾ ਡੇਗਿਆ-

(ਓ) ਖੜਕ ਸਿੰਘ ਮਹਾਰਾਜ ਨੂੰ ਚੁੱਕ ਲਿਆ,

ਦੇਖੋ ਸਾੜਨੇ ਨੂੰ ਹੁਣ ਲੈ ਚੱਲੇ ।

(ਅ) ਧਰਮ ਰਾਜ ਨੂੰ ਜਦੋਂ ਇਹ ਖ਼ਬਰ ਹੋਈ,

ਕੌਰ ਮਾਰਨੇ ਨੂੰ ਉਸ ਦੂਤ ਘੱਲੇ ।

ਇਕ ਦੂਤ ਨੇ ਦੇਖ ਕੇ ਫ਼ਿਕਰ ਕੀਤਾ,

ਪਲਕ ਵਿਚ ਦਰਵਾਜ਼ੇ ਦੇ ਆਇਆ ਈ ।

ਜਿਹੜਾ ਧੁਰ ਦਰਗਾਹ ਦਾ ਹੁਕਮ ਆਂਦਾ,

ਦੇਖੋ ਉਸ ਨੂੰ ਖ਼ੂਬ ਵਜਾਇਆ ਈ ।

ਅੰਦਰ ਤਰਫ਼ ਹਵੇਲੀ ਦੇ ਤੁਰੇ ਜਾਂਦੇ,

ਛੱਜਾ ਢਾਹ ਦੋਹਾਂ ਉਤੇ ਪਾਇਆ ਈ ।

ਸ਼ਾਹ ਮੁਹੰਮਦਾ ਊਧਮ ਸਿੰਘ ਥਾਉਂ ਮੋਇਆ,

ਕੌਰ ਸਾਹਿਬ ਵੀ ਸਹਿਕਦਾ ਆਇਆ ਈ ।

ਕੰਵਰ ਨੌਨਿਹਾਲ ਸਿੰਘ ਬਹੁਤ ਹੀ ਹੋਸ਼ਮੰਦ ਅਤੇ ਦਲੇਰ ਕਿਸਮ ਦਾ ਵਿਅਕਤੀ ਸੀ । ਕਨਿੰਘਮ ਦੀ ਲਿਖਤ ਅਨੁਸਾਰ ਜੇਕਰ ਮੌਤ ਉਸ ਨਾਲ ਦਗ਼ਾ ਨਾ ਕਰਦੀ ਤਾਂ ਉਸ ਨੇ ਸਿੱਖ ਰਾਜ ਦੀਆਂ ਹੱਦਾਂ ਹਿੰਦੂਕੁਸ਼ ਪਰਬਤ ਤੋਂ ਵੀ ਅਗਾਂਹ ਤੀਕ ਲੈ ਜਾਣੀਆਂ ਸਨ ਅਤੇ ਸਫ਼ਲ ਪ੍ਰਸ਼ਾਸਕ ਸਿੱਧ ਹੋਣਾ ਸੀ। He (Naunihal Singh) promised to be an able and vigorous ruler, and had his life been spared and had not English policy partly forestalled him, he would have found an ample field for his ambition in Sind, in Afghanistan and beyond the Hindu Kush and he might perhaps atleast have boasted that inroads of Mahmud and Taimur had been fully avenged by aroused peasants of India.

(Cunningham, J. D., A History of the Sikhs, p. 245)

ਸ਼ੇਰ ਸਿੰਘ ਨੂੰ ਕਿਸੇ ਜਾ ਖ਼ਬਰ ਦਿੱਤੀ,

ਜਿਸ ਦਾ ਮੋਇਆ ਭਤੀਜਾ ਤੇ ਵੀਰ ਯਾਰੋ ।

ਉਸ ਨੇ ਤੁਰਤ ਵਟਾਲਿਉਂ ਕੂਚ ਕੀਤਾ,

ਰਾਤੀਂ ਆਂਵਦਾ ਘੱਤ ਵਹੀਰ ਯਾਰੋ । (12)

ਤੀਜੇ ਦਿਨ ਸ਼ੇਰ ਸਿੰਘ ਦੇ ਆਉਣ ਉੱਤੇ ਕੰਵਰ ਦੀ ਮਿਰਤਕ ਦੇਹ ਦਾ ਸਸਕਾਰ ਕੀਤਾ ਗਿਆ । ਮਹਾਰਾਣੀ ਚੰਦ ਕੌਰ ਨੇ ਸੰਧਾਵਾਲੀਆਂ ਦੀ ਮਦਦ ਨਾਲ ਇਹ ਆਖ ਕੇ ਰਾਜ-ਪ੍ਰਬੰਧ ਸੰਭਾਲ ਲਿਆ ਕਿ ਕੰਵਰ ਦੀ ਰਾਣੀ ਗਰਭਵਤੀ ਹੈ ਅਤੇ ਬਾਲਕ ਜੰਮਣ ਤੀਕ ਉਡੀਕ ਕਰਨੀ ਚਾਹੀਦੀ ਹੈ। ਓਧਰ ਡੋਗਰੇ ਦੁਵੱਲੀ ਚਾਲ ਚੱਲ ਰਹੇ ਸਨ । ਗੁਲਾਬ ਸਿੰਘ ਤੇ ਹੀਰਾ ਸਿੰਘ ਚੰਦ ਕੌਰ ਵੱਲ ਹੋ ਗਏ ਅਤੇ ਧਿਆਨ ਸਿੰਘ ਤੇ ਸੁਚੇਤ ਸਿੰਘ ਸ਼ੇਰ ਸਿੰਘ ਵੱਲ, ਜੋ ਉਸ ਨੂੰ ਤਾਕਤ ਵਰਤ ਕੇ ਰਾਜ-ਭਾਗ ਸੰਭਾਲਣ ਲਈ ਉਕਸਾਉਣ ਲੱਗੇ । ਇਨ੍ਹਾਂ ਦੀ ਚਾਲ ਸੀ ਕਿ ਰਾਜ ਦੇ ਦਾਹਵੇਦਾਰ ਤਾਂ ਆਪਸ ਵਿਚ ਲੜ-ਭਿੜ ਕੇ ਮਰ ਜਾਣਗੇ, ਜਦੋਂ ਕਿ ਵਜ਼ੀਰੀ ਇਨ੍ਹਾਂ ਦੀ ਪੱਕੀ ਹੀ ਰਹਿਣੀ ਸੀ । ਸ਼ੇਰ ਸਿੰਘ ਜੋ ਵਾਪਸ ਮੁਕੇਰੀਆਂ ਵੱਲ ਮੁੜ ਗਿਆ ਸੀ, ਤਾਈਂ ਤਖ਼ਤ ’ਤੇ ਬਿਠਾਉਣ ਲਈ ਫੌਜਾਂ ਨੂੰ ਆਪਣੇ ਵੱਲ ਕਰਨਾ ਜ਼ਰੂਰੀ ਸੀ । ਧਿਆਨ ਸਿੰਘ ਨੇ ਮੁਖੀ ਸਰਦਾਰਾਂ ਨਾਲ ਗੱਲ ਤੋਰੀ ਅਤੇ ਆਖਿਆ ਕਿ ਚੰਦ ਕੌਰ ਨੇ ਰਾਜ ਬਦਲਣ ਦੀ ਖੁਸ਼ੀ ਵਿਚ ਤੁਹਾਨੂੰ ਕੋਈ ਇਨਾਮ ਨਾ ਦੇ ਕੇ ਚੰਗਾ ਨਹੀਂ ਕੀਤਾ। ਦੂਜੇ, ਤੁਸੀਂ ਕੰਵਰ ਸ਼ੇਰ ਸਿੰਘ ਦੇ ਹੁੰਦੇ ਇਕ ਔਰਤ ਦੀ ਹਕੂਮਤ ਕਿਉਂ ਕਬੂਲੀ ਬੈਠੇ ਹੋ ? ਜੇਕਰ ਸ਼ੇਰ ਸਿੰਘ ਦੀ ਰਾਜਾ ਬਣਨ ਵਿਚ ਮਦਦ ਕਰੋਗੇ ਤਾਂ ਤੁਹਾਨੂੰ ਇਨਾਮਾਂ ਤੋਂ ਇਲਾਵਾ ਤਨਖਾਹ ਵਿਚ ਵੀ ਚੋਖੇ ਵਾਧੇ ਕੀਤੇ ਜਾਣਗੇ—

ਰਾਜੇ ਲਸ਼ਕਰਾਂ ਵਿਚ ਸਲਾਹ ਕੀਤੀ,

ਸ਼ੇਰ ਸਿੰਘ ਨੂੰ ਕਿਵੇਂ ਸਦਾਈਏ ਜੀ ।

ਉਹ ਤਾਂ ਪੁੱਤ ਸਰਕਾਰ ਦਾ ਫ਼ਤਹਿ-ਜੰਗੀ,

ਗੱਦੀ ਉਸ ਨੂੰ ਚਾ ਬਹਾਈਏ ਜੀ ।

ਸਿੰਘਾਂ ਆਖਿਆ ਰਾਜਾ ਜੀ ਹੁਕਮ ਤੇਰਾ,

ਜਿਸ ਨੂੰ ਕਹੇਂ ਸੋ ਫ਼ਤਹਿ ਬੁਲਾਈਏ ਜੀ । (15)

ਰਾਜਾ ਧਿਆਨ ਸਿੰਘ ਭਾਵੇਂ ਕੁਝ ਦਿਨਾਂ ਲਈ ਜੰਮੂ ਚਲਾ ਗਿਆ ਸੀ, ਲੇਕਿਨ ਪਿਛਲਾ ਫ਼ਿਕਰ ਬਰਾਬਰ ਰੱਖਿਆ । ਬਲਕਿ ਸ਼ੇਰ ਸਿੰਘ ਨੂੰ ਚਿੱਠੀ ਭਿਜਵਾਈ ਕਿ ਜਲਦੀ ਲਾਹੌਰ ਪੁੱਜ ਕੇ ਰਾਜ-ਭਾਗ ਸਾਂਭ, ਤੇਰਾ ਰਾਹ ਸਾਫ਼ ਕਰ ਦਿੱਤਾ ਗਿਆ ਬਾਈ ਦਿਨਾਂ ਦੀ ਰਾਜੇ ਨੇ ਲਈ ਰੁਖ਼ਸਤ, ਤੁਰਤ ਜੰਮੂ ਨੂੰ ਹੋਏ ਨੀ ਕੂਚ ਡੇਰੇ ।

ਸ਼ੇਰ ਸਿੰਘ ਤਾਈਂ ਲਿਖ ਘੱਲੀ ਚਿੱਠੀ,

ਮੈਂ ਤਾਂ ਰਫੂ ਕਰ ਛੱਡੇ ਨੀ ਕੰਮ ਤੇਰੇ ।

ਧੌਂਸਾ ਮਾਰ ਕੇ ਪਹੁੰਚ ਲਾਹੌਰ ਜਲਦੀ,

ਅਗੋਂ ਆਏ ਮਿਲਸਣ ਤੈਨੂੰ ਸਭ ਡੇਰੇ ।

ਸ਼ਾਹ ਮੁਹੰਮਦਾ ਮਿਲਣਗੇ ਫੇਰ ਅਫ਼ਸਰ,

ਜਿਸ ਵੇਲੜੇ ਸ਼ਹਿਰ ਦੇ ਗਿਓਂ ਨੇੜੇ । (16)

ਸ਼ੇਰ ਸਿੰਘ ਤਾਂ ਪਹਿਲਾਂ ਹੀ ਤਿਆਰ ਬੈਠਾ ਸੀ । 14 ਜਨਵਰੀ 1841 ਨੂੰ  50-60 ਹਜ਼ਾਰ ਦੇ ਕਰੀਬ ਫੌਜ ਨਾਲ ਯੱਕੀ, ਦਹਿਲੀ ਤੇ ਟਕਸਾਲੀ ਦਰਵਾਜ਼ੇ ਰਾਹੀਂ ਸ਼ਹਿਰ ਵਿਚ ਦਾਖਲ ਹੋ ਗਿਆ । ਤਿੰਨ ਦਿਨ ਗਹਿਗੱਚ ਲੜਾਈ ਹੋਈ, ਦੋਨਾਂ ਪਾਸਿਓਂ ਖੂਬ ਅੱਗ ਵਰ੍ਹੀ । ਮਾਰਨ ਵਾਲੇ ਵੀ ਸਿੱਖ ਅਤੇ ਮਰਨ ਵਾਲੇ ਵੀ ਸਿੱਖ । ਕਵੀ ਲਿਖਦਾ ਹੈ—

ਸ਼ੇਰ ਸਿੰਘ ਨੇ ਰਾਜੇ ਦਾ ਖ਼ਤ ਪੜ੍ਹ ਕੇ,

ਫ਼ੌਜਾਂ ਤੁਰਤ ਲਾਹੌਰ ਨੂੰ ਘੱਲੀਆਂ ਨੀ ।

ਘੋੜੇ ਹਿਣਕਦੇ ਤੇ ਮਾਰੂ ਵੱਜਦੇ ਨੀ,

ਧੂੜਾਂ ਉਡ ਕੇ ਘਟਾਂ ਹੋ ਚੱਲੀਆਂ ਨੀ ।

ਨਤੀਜਾ ਇਹ ਹੋਇਆ ਕਿ-

ਉਸ ਬਲੀ ਸ਼ਹਿਜ਼ਾਦੇ ਦਾ ਤੇਜ ਭਾਰੀ,

ਜਿਸ ਕਿਲ੍ਹੇ ਨੂੰ ਮੋਰਚਾ ਲਾਇਆ ਈ ।

ਸ਼ਾਹ ਮੁਹੰਮਦਾ ਹਾਰ ਕੇ ਵਿਚਲਿਆਂ ਨੇ,

ਸ਼ੇਰ ਸਿੰਘ ਨੂੰ ਗੱਦੀ ਬਹਾਇਆ ਈ ।

18 ਜਨਵਰੀ ਨੂੰ ਧਿਆਨ ਸਿੰਘ ਦੇ ਆਉਣ ‘ਤੇ ਲੜਾਈਬੰਦੀ ਹੋ ਸਕੀ। ਇਸ ਨੇ ਵਿੱਚ ਪੈ ਕੇ ਕੁਝ ਸ਼ਰਤਾਂ ‘ਤੇ ਦੋਨਾਂ ਧਿਰਾਂ ਦੀ ਸੁਲਾਹ ਕਰਵਾ ਦਿੱਤੀ। ਗੱਲ ਕੀ, ਦੋ ਮਹੀਨੇ ਤੇ 9 ਦਿਨ ਰਾਜ ਕਰਨ ਬਾਅਦ ਚੰਦ ਕੌਰ ਜੰਮੂ ਕੋਲ ਜਾਗੀਰ ਲੈ ਕੇ ਤਖ਼ਤ ਤੋਂ ਵੱਖ ਹੋ ਗਈ। ਹੁਣ ਸ਼ੇਰ ਸਿੰਘ ‘ਮਹਾਰਾਜਾ’ ਬਣਿਆ ਅਤੇ ਧਿਆਨ ਸਿੰਘ ਉਸਦਾ ‘ਵਜ਼ੀਰ’। ਮਹਾਰਾਜਾ ਸ਼ੇਰ ਸਿੰਘ ਰਾਜ-ਪ੍ਰਬੰਧ ਕਰਨ ਵਿਚ ਬੜਾ ਕੁਸ਼ਲ ਸੀ, ਦਿਲ ਦਾ ਵੀ ਸਖੀ ਸੀ, ਲੇਕਿਨ ਡੋਗਰਿਆਂ ਦੀਆਂ ਕੋਝੀਆਂ ਚਾਲਾਂ ਨਾ ਸਮਝ ਸਕਿਆ, ਜਿਸ ਤਹਿਤ ਪਹਿਲਾਂ ਕੰਵਰ ਨੌਨਿਹਾਲ ਸਿੰਘ ਦੀ ਰਾਣੀ ਬੀਬੀ ਨਾਨਕੀ ਦਾ ਹਮਲ ਗਿਰਾਇਆ ਗਿਆ ਅਤੇ ਫਿਰ ਬੀਬੀ ਨਾਨਕੀ ਅਤੇ ਰਾਣੀ ਚੰਦ ਕੌਰ ਨੂੰ ਵਾਰੀ- ਵਾਰੀ ਮਰਵਾ ਦਿੱਤਾ। ਮਹਾਰਾਣੀ ਚੰਦ ਕੌਰ ਦੀਆਂ ਖਾਸ ਬਾਂਦੀਆਂ-ਆਸੋ, ਭਾਗੋ, ਬਦਾਮੋ ਤੇ ਪੇਰੋ (ਚਾਰੇ ਹੀ ਪਹਾੜਨਾਂ) ਜਿਨ੍ਹਾਂ ਨੂੰ ਕੰਮ ਕਰਨ ਦੀ ਸੂਰਤ ਵਿਚ ਮੂੰਹ ਮੰਗੇ ਇਨਾਮ ਅਤੇ ਇਨਕਾਰ ਦੀ ਸੂਰਤ ਵਿਚ ਮਾਰ ਦੇਣ ਦਾ ਡਰਾਵਾ ਦਿੱਤਾ ਗਿਆ ਸੀ, ਪਾਸੋਂ ਚੰਦ ਕੌਰ ਨੂੰ ਭਾਰੀ ਤਸੀਹੇ ਦੇ ਕੇ ਮਰਵਾਇਆ ਗਿਆ ਸੀ, ਨੂੰ ਧਿਆਨ ਸਿੰਘ ਵੱਲੋਂ ਇਹ ਇਨਾਮ ਮਿਲੇ ਕਿ ਆਪ ਸੱਚਾ ਹੋਣ ਲਈ ਪਹਿਲਾਂ ਤਾਂ ਇਨ੍ਹਾਂ ਦੇ ਨੱਕ, ਕੰਨ, ਹੱਥ, ਪੈਰ ਆਦਿ ਵਢਾ ਦਿੱਤੇ ਪਰ ਜਦੋਂ ਫਿਰ ਵੀ ਅਸਲੀਅਤ ਜ਼ਾਹਰ ਕਰਨੋਂ ਨਾ ਟਲੀਆਂ ਤਾਂ ਰਾਤ ਨੂੰ ਚੌਹਾਂ ਗੋਲੀਆਂ ਦੇ ਟੁਕੜੇ-ਟੁਕੜੇ ਕਰਕੇ ਰਾਵੀ ਵਿਚ ਰੋਹੜ ਦਿੱਤੇ ਗਏ । ਇੰਜ ਅਸਲੀਅਤ ਇਕ ਭੇਤ ਬਣ ਕੇ ਰਹਿ ਗਈ ।

(ਗਿ. ਪ੍ਰਤਾਪ ਸਿੰਘ, ‘ਸਿੱਖ ਇਤਿਹਾਸਕ ਲੈਕਚਰ’, ਪੰਨਾ 437)

ਲੱਗਦਾ ਹੈ ਕਿ ਸ਼ਾਹ ਮੁਹੰਮਦ ਵੱਲੋਂ ਜੰਗਨਾਮਾ ਲਿਖੇ ਜਾਣ ਤੀਕ ਗੋਲੀਆਂ ਨੂੰ ਮਾਰ ਦਿੱਤੇ ਜਾਣ ਵਾਲੀ ਗੱਲ ਜੱਗ ਜ਼ਾਹਰ ਨਹੀਂ ਸੀ ਹੋ ਸਕੀ। ਕਵੀ ਸਾਰੀ ਘਟਨਾ ਨੂੰ ਇੰਜ ਬਿਆਨਦਾ ਹੈ—

ਜਿਨ੍ਹਾਂ ਗੋਲੀਆਂ ਨੇ ਮਾਰੀ ਚੰਦ ਕੌਰਾਂ,

ਉਨ੍ਹਾਂ ਤਾਈਂ ਹਜ਼ੂਰ ਚਾ ਸੱਦਿਆ ਈ ।

ਰਾਜੇ ਸਿੰਘਾਂ ਦਾ ਗਿਲਾ ਮਿਟਾਵਣੇ ਨੂੰ,

ਨੱਕ ਕੰਨ ਚਾ ਉਨ੍ਹਾਂ ਦਾ ਵੱਢਿਆ ਈ ।

ਰਾਜੇ ਸਿੰਘਾਂ ਨੂੰ ਅੰਦਰੋਂ ਹੁਕਮ ਕੀਤਾ,

ਉਹਨਾਂ ਅੰਦਰੋਂ ਬਾਹਰ ਚਾ ਕੱਢਿਆ ਈ ।

ਸ਼ਾਹ ਮੁਹੰਮਦਾ ਲਾਹ ਕੇ ਸਭ ਜ਼ੇਵਰ,

ਕਾਲਾ ਮੂੰਹ ਕਰ ਕੇ ਫੇਰ ਛੱਡਿਆ ਈ ।

(21) ਹੁਣ ਬਿਰਤਾਂਤ ਸ਼ੁਰੂ ਹੁੰਦਾ ਹੈ ਮਹਾਰਾਜਾ ਸ਼ੇਰ ਸਿੰਘ ‘ਤੇ ਰਾਜਾ ਧਿਆਨ ਸਿੰਘ ਦੇ ਕਤਲ ਦਾ। ਸੰਧਾਵਾਲੀਏ ਲੰਬੇ ਸਮੇਂ ਤੋਂ ਇਨ੍ਹਾਂ ਤੋਂ ਅੱਕੇ ਬੈਠੇ ਸਨ ਅਤੇ ਕਿਸੇ ਮੌਕੇ ਦੀ ਢੂੰਡ ਵਿਚ ਸਨ । ਸੰਧਾਵਾਲੀਏ ਸਰਦਾਰਾਂ ਲਹਿਣਾ ਸਿੰਘ ਤੇ ਅਜੀਤ ਸਿੰਘ ਨੇ 15 ਸਤੰਬਰ 1843 ਦੇ ਦਿਨ ਪਹਿਲਾਂ ਮਹਾਰਾਜਾ ਸ਼ੇਰ ਸਿੰਘ ਨੂੰ ਭਰੇ ਦਰਬਾਰ ਗੋਲੀ ਮਾਰ ਕੇ ਢੇਰੀ ਕੀਤਾ, ਫਿਰ ਉਸਦੇ ਵੱਡੇ ਪੁੱਤਰ ਟਿੱਕਾ ਪਰਤਾਪ ਸਿੰਘ ਦੀ ਜਾਨ ਲਈ ਅਤੇ ਫਿਰ ਰਾਜਾ ਧਿਆਨ ਸਿੰਘ ਡੋਗਰੇ ਦਾ ਫਸਤਾ ਵੀ ਵੱਢ ਦਿੱਤਾ ।

ਮਹਾਰਾਜਾ ਸ਼ੇਰ ਸਿੰਘ ਲਾਹੌਰ ਦੇ ਸ਼ਾਹੀ ਕਿਲ੍ਹੇ ਤੋਂ 3 ਮੀਲ ਦੂਰ ਸ਼ਾਹ ਬਿਲਾਵਲ ਵਿਖੇ ਕੈਂਪ ਲਗਾ ਆਪਣੇ ਤੰਬੂ ਵਿਚ ਬੈਠਾ ਸੀ ਕਿ ਸ੍ਰ. ਲਹਿਣਾ ਸਿੰਘ ਤੇ ਅਜੀਤ ਸਿੰਘ ਫੌਜ ਸਮੇਤ ਆਣ ਪਹੁੰਚੇ । ਅਜੀਤ ਸਿੰਘ ਪਾਸ ਇਕ ਅੰਗਰੇਜ਼ੀ ਦੋਨਾਲੀ ਬੰਦੂਕ ਸੀ ਜੋ ਇਸ ਨੇ ਮਹਾਰਾਜੇ ਨੂੰ ਵਿਖਾਂਦੇ ਹੋਏ ਕਿਹਾ ਕਿ ਹਾਲ ਹੀ ਵਿਚ 1400 ਰੁਪੈ ਦੀ ਖਰੀਦੀ ਹੈ । ਮਹਾਰਾਜਾ ਬੰਦੂਕ ਫੜ੍ਹ ਕੇ ਵੇਖਣ ਹੀ ਲੱਗਾ ਸੀ ਕਿ ਅਜੀਤ ਸਿੰਘ ਨੇ ਘੋੜਾ ਦੱਬ ਦਿੱਤਾ ਅਤੇ ਮਹਾਰਾਜਾ ਉਥੇ ਹੀ ਢੇਰੀ ਹੋ ਗਿਆ। ਸ਼ਾਹ ਮੁਹੰਮਦ ਲਿਖਦਾ ਹੈ—

ਅਜੀਤ ਸਿੰਘ ਗੁੱਝੀ ਕਰਾਬੀਨ ਲੈ ਕੇ,

ਸ਼ੇਰ ਸਿੰਘ ਨੂੰ ਆਣ ਵਿਖਾਂਵਦਾ ਈ ।

ਸਿੱਧੀ ਜਦੋਂ ਸ਼ਾਹਜ਼ਾਦੇ ਨੇ ਨਜ਼ਰ ਕੀਤੀ,

ਜਲਦੀ ਨਾਲ ਚਾ ਕਲਾ ਦਬਾਂਵਦਾ ਈ ।

ਸ਼ਾਹ ਮੁਹੰਮਦਾ ਜ਼ਿਮੀਂ ਤੇ ਪਿਆ ਤੜਫ਼ੇ,

ਤੇਗ਼ ਮਾਰ ਕੇ ਸੀਸ ਉਡਾਂਵਦਾ ਈ ।

ਮਹਾਰਾਜਾ ਸ਼ੇਰ ਸਿੰਘ ਨੂੰ ਮਾਰ ਕੇ ਸੰਧਾਵਾਲੀਏ ਕਿਲ੍ਹੇ ਵੱਲ ਨੂੰ ਹੋ ਤੁਰੇ। ਰਸਤੇ ਵਿਚ ਮਹਾਰਾਜੇ ਦਾ ਵੱਡਾ ਲੜਕਾ ਟਿੱਕਾ ਪ੍ਰਤਾਪ ਸਿੰਘ ਬ੍ਰਾਹਮਣਾਂ ਨੂੰ ਦਾਨ ਦੱਖਣਾ ਦੇ ਰਿਹਾ ਸੀ ਕਿ ਲਹਿਣਾ ਸਿੰਘ ਨੇ ਘੇਰ ਲਿਆ । ਟਿੱਕੇ ਨੇ ਜਾਨ-ਬਖ਼ਸ਼ੀ ਲਈ ਬਥੇਰੇ ਵਾਸਤੇ ਪਾਏ, ਪ੍ਰੰਤੂ ਜਦੋਂ ਸਿਰ ‘ਤੇ ਬਦਲੇ ਦਾ ਭੂਤ ਸਵਾਰ ਹੋਇਆ ਹੋਵੇ, ਫਿਰ ਅਰਜ਼ੋ-ਪੁਕਾਰ ਨੂੰ ਕੌਣ ਸੁਣਦਾ ਹੈ । ਟਿੱਕੇ ਨੇ ਬਥੇਰਾ ਕਿਹਾ-

ਮੈਂ ਤਾਂ ਕਰਾਂਗਾ ਬਾਬਾ ਜੀ ਟਹਿਲ ਤੇਰੀ,

ਹੱਥ ਜੋੜ ਕੇ ਸੀਸ ਨਿਵਾਂਵਦਾ ਈ । (23)

ਲੇਕਿਨ

ਸ਼ਾਹ ਮੁਹੰਮਦਾ ਓਸ ਨਾ ਇਕ ਮੰਨੀ,

ਤੇਗ਼ ਮਾਰ ਕੇ ਸੀਸ ਉਡਾਂਵਦਾ ਈ । (23)

ਕਿਲ੍ਹੇ ਪਾਸ ਪੁੱਜੇ ਤਾਂ ਅੱਗੋਂ ਰਾਜਾ ਧਿਆਨ ਸਿੰਘ ਮਿਲ ਪਿਆ । ਲਹਿਣਾ ਸਿੰਘ ਨੇ ਸ਼ੇਰ ਸਿੰਘ ਨੂੰ ਮਾਰਨ ਦੀ ਖ਼ਬਰ ਦੱਸ ਕੇ ਪੁਛਿਆ ਕਿ ‘ਹੁਣ ਤਖ਼ਤ ਤੇ ਕੌਣ ਬੈਠੇਗਾ ?’ ਧਿਆਨ ਸਿੰਘ ਨੇ ਕਿਹਾ ‘ਦਲੀਪ ਸਿੰਘ’ । ਲਹਿਣਾ ਸਿੰਘ ਨੇ ਫਿਰ ਪੁੱਛਿਆ ਕਿ ‘ਵਜ਼ੀਰ ਕੌਣ ਬਣੇਗਾ ?’ ਇਸ ਤੇ ਧਿਆਨ ਸਿੰਘ ਨੇ ਬੜੇ ਗਰੂਰ ਵਿਚ ਆਖਿਆ-‘ਲਹਿਣਾ ਸਿੰਘਾ ! ਅਜੇ ਕਿਸੇ ਮਾਈ ਨੇ ਉਹ ਲਾਲ ਨਹੀਂ ਜਣਿਆ ਜੋ ਧਿਆਨ ਸਿੰਘ ਦੀ ਥਾਂ ਪੰਜਾਬ ਦਾ ਵਜ਼ੀਰ ਬਣ ਸਕੇ ।’ ਇਸ ‘ਤੇ ਗੁਰਮੁਖ ਸਿੰਘ ਗਿਆਨੀ ਨੇ ਆਖਿਆ-ਭਲਾ ਇਹ ਕਿੱਧਰ ਦਾ ਨਿਆਂ ਏਂ ? ਜਦੋਂ ਕੜਾਹਿਆ ਨਵਾਂ ਲਗਾਉਣਾ ਹੈ ਤਾਂ ਕੜਛਾ ਵੀ ਕਿਉਂ ਪੁਰਾਣਾ ਰਹਿਣ ਦਿੱਤਾ ਜਾਵੇ ?’ ਸ਼ਾਹ ਮੁਹੰਮਦ ਦੇ ਸ਼ਬਦਾਂ ਵਿਚ-

ਗੁਰਮੁਖ ਸਿੰਘ ਗਿਆਨੀ ਨੇ ਮੱਤ ਦਿੱਤੀ,

ਤੁਸਾਂ ਇਹ ਕਿਉਂ ਜੀਉਂਦਾ ਛੱਡਿਆ ਜੇ । (25)

ਗੁਰਮੁਖ ਸਿੰਘ ਦੇ ਏਨਾ ਕਹਿਣ ਦੀ ਦੇਰ ਸੀ ਕਿ ਅਜੀਤ ਸਿੰਘ ਨੇ ਦੋਨਾਲੀ ਦੇ ਫ਼ਾਇਰ ਨਾਲ ਧਿਆਨ ਸਿੰਘ ਨੂੰ ਉਥੇ ਹੀ ਠੰਢਾ ਕਰ ਦਿੱਤਾ-

ਸ਼ਾਹ ਮੁਹੰਮਦਾ ਜ਼ਿਮੀਂ ਤੇ ਪਿਆ ਤੜਫ਼ੇ,

ਦਲੀਪ ਸਿੰਘ ਤਾਈਂ ਫੇਰ ਸੱਦਿਆ ਜੇ ।

ਦਲੀਪ ਸਿੰਘ ਨੂੰ ਧਿਆਨ ਸਿੰਘ ਦੇ ਖੂਨ ਦਾ ਟਿੱਕਾ ਲਾ ਕੇ ਰਾਜ-ਤਿਲਕ ਦਿੱਤਾ ਗਿਆ ਅਤੇ ਲਹਿਣਾ ਸਿੰਘ ਦੇ ਵਜ਼ੀਰ ਹੋਣ ਦਾ ਐਲਾਨ ਵੀ ਕੀਤਾ ਗਿਆ। ਲੇਕਿਨ ਖੂਨ ਡੋਹਲ ਕੇ ਪ੍ਰਾਪਤ ਕੀਤੇ ਰਾਜ ਕਿੰਨੀ ਕੁ ਦੇਰ ਚੱਲਦੇ ਹਨ ?

ਸੰਧਾਵਾਲੀਆਂ ਨੂੰ ਇਹ ਖੌਫ਼ ਬਰਾਬਰ ਬਣਿਆ ਰਿਹਾ। ਸ਼ਾਹ ਮੁਹੰਮਦ ਉਨ੍ਹਾਂ ਦੀ ਮਨੋਭਾਵਨਾ ਨੂੰ ਵਿਅਕਤ ਕਰਦਾ ਹੋਇਆ ਲਿਖਦਾ ਹੈ –

ਸਾਨੂੰ ਘੜੀ ਦੀ ਕੁਝ ਉਮੈਦ ਨਾਹੀਂ,

ਅਜ ਰਾਤ ਪ੍ਰਸ਼ਾਦ ਕਿਨ ਚੱਖਣਾ ਈ । (26)

ਸੰਧਾਵਾਲੀਆਂ ਦਾ ਇਹ ਡਰ ਸੱਚਾ ਹੀ ਸੀ। ਹੀਰਾ ਸਿੰਘ ਨੇ ਸੰਧਾਵਾਲੀਆਂ ਖਿਲਾਫ਼ ਬਗਾਵਤ ਕਰ ਦਿੱਤੀ ਅਤੇ ਫੌਜ ਨੂੰ ਇਨਾਮਾਂ ਅਤੇ ਤਨਖ਼ਾਹ ਵਿਚ ਵਾਧੇ ਦਾ ਲਾਲਚ ਦੇ ਕੇ ਕਿਲ੍ਹੇ ‘ਤੇ ਹੱਲਾ ਕਰਾ ਦਿੱਤਾ। ਇਕ ਅਨੁਮਾਨ ਮੁਤਾਬਕ ਇਸ ਸਮੇਂ ਚਾਲੀ-ਪੰਜਾਹ ਹਜ਼ਾਰ ਦੀ ਭਾਰੀ ਫੌਜ ਨੇ 100 ਦੇ ਕਰੀਬ ਤੋਪਾਂ ਨਾਲ ਕਿਲ੍ਹੇ ‘ਤੇ ਹੱਲਾ ਬੋਲਿਆ ਸੀ । ਸਾਰੀ ਰਾਤ ਖੂਬ ਅੱਗ ਵਰ੍ਹੀ । ਲਹਿਣਾ ਸਿੰਘ ਤੇ ਅਜੀਤ (ਚਾਚਾ-ਭਤੀਜਾ) ਦੋਨੋਂ ਹੀ ਇਸ ਮੌਕੇ ਮਾਰੇ ਗਏ। ਸ਼ਾਹ ਮੁਹੰਮਦ ਇਨ੍ਹਾਂ ਦੀ ਬਹਾਦਰੀ ਦੀ ਸਿਫ਼ਤ ਕਰਦਾ ਹੋਇਆ ਲਿਖਦਾ ਹੈ—

ਸੰਧਾਵਾਲੀਆਂ ਜੇਹੀ ਨਾ ਕਿਸੇ ਕੀਤੀ,

ਤੇਗ਼ਾਂ ਵਿਚ ਦਰਬਾਰ ਦੇ ਮਾਰੀਆਂ ਨੀ ।

ਸ਼ਾਹ ਮੁਹੰਮਦਾ ਮੋਏ ਨੀ ਬੀਰ ਹੋ ਕੇ,

ਜਾਨਾਂ ਕੀਤੀਆਂ ਨਹੀਂ ਪਿਆਰੀਆਂ ਨੀ । (29)

ਲਾਹੌਰ ਇਕ ਤਰ੍ਹਾਂ ਮੌਤ ਦੀ ਮੰਡੀ ਬਣ ਚੁੱਕਾ ਸੀ, ਜਿਥੇ ਮੌਤ ਬਹੁਤ ਹੀ ਸਸਤੇ ਭਾਅ ਵਿਕ ਰਹੀ ਸੀ। ਸਾਰੇ ਹੀ ਮੁਖੀ ਸਰਦਾਰ ਇਸ ਵਰਤਾਰੇ ‘ਤੇ ਭਾਰੀ ਚਿੰਤਾ ਕਰ ਰਹੇ ਹਨ, ਹਰ ਇਕ ਨੂੰ ਆਪਣੇ ਸਿਰ ਉੱਤੇ ਮੌਤ ਦੀ ਪਰਛਾਈ ਮੰਡਰਾਉਂਦੀ ਦਿੱਸ ਰਹੀ ਸੀ-

ਪਿਛੋਂ ਆ ਕੇ ਸਭਨਾਂ ਨੂੰ ਫ਼ਿਕਰ ਹੋਇਆ,

ਸੋਚੀਂ ਪਏ ਨੀ ਸਭ ਸਰਦਾਰ ਮੀਆਂ ।

ਅੱਗੇ ਰਾਜ ਆਇਆ ਹੱਥ ਬੁਰਛਿਆਂ ਦੇ,

ਪਈ ਖੜਕਦੀ ਨਿਤ ਤਲਵਾਰ ਮੀਆਂ ।

ਗੱਦੀ ਵਾਲਿਆਂ ਨੂੰ ਜਿਹੜੇ ਮਾਰ ਲੈਂਦੇ,

ਹੋਰ ਕਹੋ ਕਿਸ ਦੇ ਪਾਣੀਹਾਰ ਮੀਆਂ ।

ਸ਼ਾਹ ਮੁਹੰਮਦਾ ਧੁਰੋਂ ਤਲਵਾਰ ਵਗਦੀ,

ਖ਼ਾਲੀ ਨਹੀਂ ਜਾਣਾ ਕੋਈ ਵਾਰ ਮੀਆਂ । (30)

ਮਜੀਠੀਆ ਸਰਦਾਰ ਲਹਿਣਾ ਸਿੰਘ ਬੇਸ਼ਕ ਬੜਾ ਹੀ ਸਿਆਣਾ ਅਤੇ ਨੀਤੀਵੇਤਾ ਸੀ, ਲੇਕਿਨ ਨਗਾਰਖਾਨੇ ਵਿਚ ਤੂਤੀ ਦੀ ਕੌਣ ਸੁਣਦਾ ਸੀ, ਇਸ ਲਈ ਤੀਰਥਾਂ ਨੂੰ ਤੁਰ ਜਾਣ ਵਿਚ ਹੀ ਗਨੀਮਤ ਸਮਝੀ—

ਲਹਿਣਾ ਸਿੰਘ ਸਰਦਾਰ ਮਜੀਠੀਆ ਸੀ,

ਵੱਡਾ ਅਕਲ ਦਾ ਕੋਟ ਕਮਾਲ ਮੀਆਂ ।

ਮਹਾਂ-ਬਲੀ ਸਰਦਾਰ ਸੀ ਪੰਥ ਵਿਚੋਂ,

ਡਿੱਠੀ ਬਣੀ ਕੁਚੱਲਣੀ ਚਾਲ ਮੀਆਂ ।….

ਸ਼ਾਹ ਮੁਹੰਮਦਾ ਤੁਰ ਗਿਆ ਤੀਰਥਾਂ ਨੂੰ,

ਸੱਭੋ ਛੱਡ ਕੇ ਦੰਗ-ਦਵਾਲ ਮੀਆਂ । (31)

18 ਸਤੰਬਰ 1843 ਦੇ ਦਿਨ ਦਲੀਪ ਸਿੰਘ ਨੂੰ ਦੁਬਾਰਾ ਤਖ਼ਤ-ਨਸ਼ੀਨ ਕੀਤ ਗਿਆ । ਹੀਰਾ ਸਿੰਘ ਡੋਗਰਾ ਮੁੱਖ ਵਜ਼ੀਰ ਬਣਿਆ ਜਿਸ ਨੇ ਅੱਗੋਂ ਜੱਲੇ ਪੰਡਤ ਨੂੰ ਆਪਣਾ ਨਾਇਬ ਥਾਪਿਆ, ਜੋ ਆਪਹੁਦਰੀਆਂ ਅਤੇ ਪੰਥਕ ਸਾਜ਼ਿਸ਼ਾਂ ਕਾਰਨ ਸਿੰਘਾਂ ਨੂੰ ਬੜਾ ਚੁਭਦਾ ਸੀ—

ਦਲੀਪ ਸਿੰਘ ਗੱਦੀ ਉਤੇ ਰਹੇ ਬੈਠਾ,

ਹੀਰਾ ਸਿੰਘ ਜੋ ਰਾਜ ਕਮਾਂਵਦਾ ਈ ।

ਜੱਲ੍ਹਾ ਉਸ ਦਾ ਖਾਸ ਵਜ਼ੀਰ ਹੈ ਸੀ,

ਖ਼ਾਤਰ ਤਲੇ ਨਾ ਕਿਸੇ ਨੂੰ ਲਿਆਂਵਦਾ ਈ ।

(32)

ਹੀਰਾ ਸਿੰਘ ਦਾ ਭਰਾ ਸੁਚੇਤ ਸਿੰਘ, ਜੋ ਖ਼ੁਦ ਵਜ਼ੀਰ ਬਣਨ ਦਾ ਚਾਹਵਾਨ ਸੀ, ਵੀ ਹੀਰਾ ਸਿੰਘ ਦੇ ਵਜ਼ੀਰ ਬਣਨ ਕਾਰਨ ਡਾਢਾ ਦੁਖੀ ਸੀ ਅਤੇ ਇਸ ਕਾਰਨ ਡੋਗਰਾ ਪਰਿਵਾਰ ਵਿਚ ਵੀ ਚੰਗੀ ਖਿਚੋਤਾਣੀ ਚੱਲ ਰਹੀ ਸੀ । ਮਹਾਰਾਣੀ ਜਿੰਦਾਂ ਨੇ ਸੁਚੇਤ ਸਿੰਘ ਨੂੰ ਵਜ਼ੀਰੀ ਦਾ ਲਾਲਚ ਵਿਖਾ ਕੇ ਜੰਮੂ ਤੋਂ ਸੱਦ ਭੇਜਿਆ ਜੋ ਆਪਣੇ ਭਰੋਸੇਯੋਗ ਸਾਥੀ ਕੇਸਰੀ ਸਿੰਘ ਅਤੇ ਫੌਜ ਸਮੇਤ ਲਾਹੌਰ ਪੁੱਜ ਗਿਆ। ਹੀਰਾ ਸਿੰਘ ਨੂੰ ਖ਼ਬਰ ਮਿਲੀ ਤਾਂ ਉਸ ਨੇ ਫੌਜ ਨੂੰ ਲਾਲਚ ਦੇ ਕੇ ਸੁਚੇਤ ਸਿੰਘ ਦੇ ਖਿਲਾਫ਼ ਭੜਕਾਇਆ ਅਤੇ ਤਕੜੀ ਸੈਨਾ ਨਾਲ ਸੁਚੇਤ ਸਿੰਘ ਨੂੰ ਜਾ ਘੇਰਿਆ ਅਤੇ ਮਾਰ ਮੁਕਾਇਆ । ਸ਼ਾਹ ਮੁਹੰਮਦ ਨੇ ਇਸ ਘਟਨਾਵਲੀ ਦਾ ਜ਼ਿਕਰ ਬੰਦ ਨੰ: 33 ਤੋਂ 36 ਤੀਕ ਸੰਖੇਪ ਵਿਚ ਕੀਤਾ ਹੈ—

ਓ ) ‘ਸਿੰਘਾਂ ਲਿਖਿਆ ਖਤ ਸੁਚੇਤ ਸਿੰਘ ਨੂੰ,

ਬੁਰਾ ਕਰਨ ਹਾਰਾ ਜੱਲ੍ਹਾ ਠੀਕ ਦਾ ਈ ।

ਜਲਦੀ ਪਹੁੰਚ ਵਜ਼ੀਰ ਬਣਾ ਲਈਏ,

ਤੈਨੂੰ ਖ਼ਾਲਸਾ ਪਿਆ ਉਡੀਕਦਾ ਈ ।’ (33)

ਅ) ਜਿਸ ਵੇਲੜੇ ਰਾਜੇ ਨੇ ਖ਼ਤ ਪੜ੍ਹਿਆ,

ਜਾਮੇ ਵਿਚ ਨਾ ਮੂਲ ਸਮਾਂਵਦਾ ਈ ।….

ਵੱਗਾ-ਤੱਗ ਲਾਹੌਰ ਨੂੰ ਅਸਾਂ ਜਾਣਾ,

ਡੇਰੇ ਕਾਠੀਆਂ ਚਾ ਪਵਾਂਵਦਾ ਈ ।

ਮੰਜੀ ਕਾਕੜੀ ਫੌਜ ਉਤਾਰ ਕੇ ਜੀ,

ਬਾਈ ਆਦਮੀ ਨਾਲ ਲੈ ਆਂਵਦਾ ਈ ।

ਸ਼ਾਹ ਮੁਹੰਮਦਾ ਆਣ ਲਾਹੌਰ ਪਹੁੰਚਾ,

ਮੀਆਂ ਮੀਰ ਡੇਰਾ ਆਣ ਲਗਾਂਵਦਾ ਈ । (34)

ੲ) ਹੀਰਾ ਸਿੰਘ ਨੂੰ ਰਾਜੇ ਦੀ ਖ਼ਬਰ ਹੋਈ,

ਤੁਰਤ ਪੜਤਲਾਂ ਸਭ ਲਪੇਟੀਆਂ ਨੀ । (35)

(ਸ) ਤੋਪਾਂ ਜੋੜ ਕੇ ਪਲਟਨਾਂ ਨਾਲ ਲੈ ਕੇ,

ਚਾਚੇ ਸੱਕੇ ਉਤੇ ਹੀਰਾ ਸਿੰਘ ਚੜ੍ਹਦਾ । (36)

ਜੱਲਾ ਮਹਾਰਾਣੀ ਜਿੰਦਾਂ ਦੀ ਭੋਰਾ ਇੱਜ਼ਤ ਨਹੀਂ ਸੀ ਕਰਦਾ, ਜਿਥੇ ਅਬਾ- ਤਬਾ ਬੋਲਦਾ ਰਹਿੰਦਾ, ਉਥੇ ਰੋਜ਼-ਮੱਰਾ ਦੇ ਕੰਮਾਂ ਵਿਚ ਵੀ ਅਕਾਰਨ ਰੋੜੇ ਅਟਕਾਉਂਦਾ ਰਹਿੰਦਾ ਸੀ । ਇਕ ਵਾਰੀ ਇਸ ਨੇ ਮਹਾਰਾਣੀ ਜਿੰਦਾਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਵਿਉਂਤ ਵੀ ਘੜੀ, ਜੋ ਕਿਸੇ ਕਾਰਨ ਸਫ਼ਲ ਨਾ ਹੋ ਸਕੀ। ਹੀਰਾ ਸਿੰਘ ਤੇ ਜੱਲੇ ਦੀ ਜੋੜੀ ਨੇ ਕੁਝ ਹੀ ਸਮੇਂ ਵਿਚ ਅੱਤ ਚੁੱਕ ਲਈ। ਸੰਧਾਵਾਲੀਆਂ ਦੀ ਜਾਗੀਰ ਜ਼ਬਤ ਕਰ ਲਈ ਗਈ ਅਤੇ ਰਾਜਾ ਸਾਂਸੀ ਵਿਚ ਉਨ੍ਹਾਂ ਦੇ ਮਕਾਨ ਢਾਹ ਕੇ ਮਿੱਟੀ ਵਿਚ ਮਿਲਾ ਦਿੱਤੇ ਗਏ । ਗਿਆਨੀ ਗੁਰਮੁਖ ਸਿੰਘ ਤੇ ਬੇਲੀ ਰਾਮ ਮਿਸਰ ਕਤਲ ਕਰ ਦਿੱਤੇ ਗਏ । ਸਮੇਂ ਦੇ ਮਹਾਨ ਭਜਨੀਕ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦੀ ਦਾ ਵਿਸ਼ਾਲ ਡੇਰਾ ਕੌਮ-ਪ੍ਰਸਤ ਸਿੱਖ ਸਰਦਾਰਾਂ ਨੂੰ ਪਨਾਹ ਦੇਣ ਦੇ ਦੋਸ਼ ਵਿਚ ਤੋਪਾਂ ਨਾਲ ਉਡਾ ਦਿੱਤਾ ਗਿਆ, ਇਸ ਮੌਕੇ ਸ. ਅਤਰ ਸਿੰਘ ਸੰਧਾਵਾਲੀਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਕੰਵਰ ਕਸ਼ਮੀਰਾ ਸਿੰਘ ਤੋਂ ਇਲਾਵਾ ਡੇਰੇ ਵਿਚ ਮੌਜੂਦ ਹਜ਼ਾਰਾਂ ਸਿੱਖ-ਸੰਗਤਾਂ ਨੂੰ ਜਾਨ ਤੋਂ ਹੱਥ ਧੋਣੇ ਪਏ ਅਤੇ ਬਾਬਾ ਜੀ ਵੀ ਤੋਪ ਦਾ ਗੋਲਾ ਫਟਣ ਕਰਕੇ ਗੁਰੂ ਮਹਾਰਾਜ ਦੀ ਤਾਬਿਆ ਵਿਚ ਬੈਠੇ ਸ਼ਹੀਦ ਹੋ ਗਏ ।

(S. Karnail Singh, ‘Anglo-Sikh Wars’, p.20)

ਇਸ ਪ੍ਰਥਾਇ ਸ਼ਾਹ ਮੁਹੰਮਦ ਲਿਖਦਾ ਹੈ—

ਵੀਰ ਸਿੰਘ ਨੂੰ ਮਾਰਿਆ ਡਾਹ ਤੋਪਾਂ,

ਨਹੀਂ ਛੱਡਿਆ ਸਾਧ ਤੇ ਸੰਤ ਮੀਆਂ । (66)

ਉਪ੍ਰੋਕਤ ਘਟਨਾਵਾਂ ਕਰਕੇ ਆਮ ਜਨਤਾ ਵਿਚ ਹੀਰਾ ਸਿੰਘ ਅਤੇ ਜੱਲੇ ਪ੍ਰਤੀ ਭਾਰੀ ਰੋਸ, ਜਦੋਂ ਕਿ ਸਿੱਖ ਫੌਜਾਂ ਵਿਚ ਭਾਰੀ ਰੋਹ ਸੀ। ਓਧਰ ਇਨ੍ਹਾਂ ਨੂੰ ਵੀ ਆਪਣੀਆਂ ਕਰਤੂਤਾਂ ਕਾਰਨ ਭਾਰੀ ਡਰ ਭਾਸ ਰਿਹਾ ਸੀ, ਸੋ ਮੌਕਾ ਵੇਖ ਕੇ ਮਾਲ- ਅਸਬਾਬ ਅਤੇ ਖਜ਼ਾਨਾ ਹਾਥੀਆਂ ਉੱਤੇ ਲਦਵਾ ਕੇ ਵਿਸ਼ਵਾਸ-ਪਾਤਰ ਸੈਨਿਕਾਂ ਨਾਲ ਜੰਮੂ ਨੂੰ ਨਿਕਲ ਤੁਰੇ । ਕਿਸੇ ਤਰ੍ਹਾਂ ਸਿੱਖ ਫੌਜਾਂ ਨੂੰ ਵੀ ਸੂਹ ਲੱਗ ਗਈ, ਸ. ਸ਼ਾਮ ਸਿੰਘ ਅਟਾਰੀ ਦੀ ਕਮਾਨ ਵਿਚ 6000 ਦੇ ਕਰੀਬ ਗਏ ਸਿੱਖ ਫੌਜੀਆਂ ਨੇ ਟਕਸਾਲੀ ਗੇਟ ਲੰਘਦਿਆਂ ਹੀ ਘੇਰ ਲਏ, ਚੰਗੀ ਮੁੱਠ-ਭੇੜ ਹੋਈ, ਜਿਸ ਵਿਚ ਦੋਨਾਂ ਪਾਸਿਆਂ ਦੇ ਹਜ਼ਾਰ ਕੁ ਜਵਾਨਾਂ ਤੋਂ ਇਲਾਵਾ, ਸਾਰੇ ਝਗੜੇ ਦਾ ਮੂਲ ਵਜ਼ੀਰ ਹੀਰਾ ਸਿੰਘ, ਪੰਡਤ ਜੱਲਾ, ਰਾਜਾ ਗੁਲਾਬ ਸਿੰਘ ਦਾ ਪੁੱਤਰ ਮੀਆਂ ਸੋਹਣ ਸਿੰਘ ਤੇ ਲਾਭ ਸਿੰਘ ਡੋਗਰਾ ਆਦਿ ਮਾਰੇ ਗਏ ।

(S. Khushwant Singh, ‘A History of the Sikhs’, Vol II, p. 35)

ਘੇਰੇ ਅਜ਼ਲ ਦੇ ਅਕਲ ਨਾ ਮੂਲ ਆਈ,

ਬੁਰਾ ਆਪਣਾ ਆਪ ਕਰਾਂਵਦੇ ਨੀ ।

ਸ਼ਾਹ ਮੁਹੰਮਦਾ ਸਿੰਘ ਲੈ ਮਿਲੇ ਤੋਪਾਂ,

ਅਗੋਂ ਗੋਲਿਆਂ ਨਾਲ ਉਡਾਂਵਦੇ ਨੀ । (38)

ਫੌਜੀ ਪੈਂਚਾਂ ਨੇ ਹੁਣ ਰਾਣੀ ਜਿੰਦਾਂ ਦੇ ਭਰਾ ਜਵਾਹਰ ਸਿੰਘ ਨੂੰ ਵਜ਼ੀਰ ਥਾਪਿਆ ਮੂੰਹੋਂ ਬੋਲ ਕੇ ਇਨਾਮ ਲਏ-

ਹੀਰਾ ਸਿੰਘ ਤੇ ਜੱਲ੍ਹੇ ਨੂੰ ਮਾਰ ਕੇ ਜੀ,

ਜਵਾਹਰ ਸਿੰਘ ਵਜ਼ੀਰ ਬਣਾਂਵਦੇ ਨੀ ।

ਤਰਫ਼ ਜੰਮੂ ਪਹਾੜ ਦੀ ਹੋ ਚੱਲੇ,

ਰਾਹੀਂ ਸ਼ੋਰ ਖਰੂਦ ਮਚਾਂਵਦੇ ਨੀ ।

ਉਥੋਂ ਰਾਜਾ ਗੁਲਾਬ ਸਿੰਘ ਬੰਨ੍ਹ ਆਂਦਾ,

ਕੈਂਠੇ ਫੇਰ ਲੈ ਕੇ ਗਲੀਂ ਪਾਂਵਦੇ ਨੀ ।

ਸ਼ਾਹ ਮੁਹੰਮਦਾ ਅਸਾਂ ਹੁਣ ਕੜੇ ਲੈਣੇ,

ਜਵਾਹਰ ਸਿੰਘ ਨੂੰ ਆਖ ਸੁਣਾਂਵਦੇ ਨੀ । (39)

ਫੌਜ ਅਤੇ ਸਰਦਾਰਾਂ ਦੇ ਆਪ-ਮੁਹਾਰੇ ਹੋਣ ਕਰਕੇ ਸਾਰੇ ਪਾਸੇ ਭਾਰੀ ਅਰਾਜਕਤਾ ਫੈਲ ਗਈ। ਅਮਨ-ਚੈਨ ਅਤੇ ਭਾਈ-ਚਾਰੇ ਦੀ ਥਾਂ ਲੁੱਟ-ਮਾਰ, ਖ਼ੂਨ- ਖਰਾਬੇ ਅਤੇ ਆਪੋ-ਧਾਪੀ ਦਾ ਹੀ ਬੋਲਬਾਲਾ ਹੋ ਗਿਆ । ਸ਼ਾਹ ਮੁਹੰਮਦ ਇਸ ਦਸ਼ਾ ਨੂੰ ਬਿਆਨਦਾ ਲਿਖਦਾ ਹੈ—

ਅੱਗੇ ਸੱਤ ਤੇ ਅੱਠ ਸੀ ਤਲਬ ਸਾਰੀ,

ਬਾਰਾਂ ਜ਼ੋਰ ਦੇ ਨਾਲ ਕਰਾਂਵਦੇ ਨੀ।

ਕਸਰਤ ਕਈ ਆਖਦੇ ਦਿਓ ਇਨਾਮ ਸਾਨੂੰ,

ਲੈ ਕੇ ਬੁਤਕੀਆਂ ਗਲੇ ਚਾ ਪਾਂਵਦੇ ਨੀ । (37)

ਸੋਹਨ ਲਾਲ ਸੂਰੀ ਆਪਣੇ ਇਤਿਹਾਸ ਦੇ ਦਫ਼ਤਰ ਚੌਥੇ ਵਿਚ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੈਦਲ ਸਿਪਾਹੀ ਦੀ ਤਨਖਾਹ ਸੱਤ-ਅੱਠ ਰੁਪਏ ਹੁੰਦੀ ਸੀ । ਸ਼ੇਰ ਸਿੰਘ ਨੇ ਇਹ ਤਲਬ ਵਧਾ ਕੇ ਨੌਂ ਰੁਪਏ ਕਰ ਦਿੱਤੀ ਸੀ। ਮਹਾਰਾਜਾ ਦਲੀਪ ਸਿੰਘ ਦੇ ਸਮੇਂ ਪ੍ਰਧਾਨ ਮੰਤਰੀ ਹੀਰਾ ਸਿੰਘ ਨੂੰ ਮਜਬੂਰਨ ਇਹ ਤਲਬ ਯਾਰ੍ਹਾਂ ਰੁਪਏ ਕਰਨੀ ਪਈ ਸੀ ਅਤੇ ਜਵਾਹਰ ਸਿੰਘ ਨੂੰ ਇਹ ਤਲਬ ਬਾਰ੍ਹਾਂ ਰੁਪਏ ਕਰਨੀ ਪਈ । ਫੌਜ ਦੀਆਂ ਪੰਜ-ਕੌਂਸਲੀਆਂ ਤਤਕਾਲੀ ਟਰੇਡ ਯੂਨੀਅਨਾਂ ਹੀ ਸਨ ਜਿਹੜੀਆਂ ਫੌਜੀ ਸਿਪਾਹੀਆਂ ਦੇ ਆਰਥਿਕ ਹੱਕਾਂ ਦੀ ਰਾਖੀ ਲਈ ਲੜਦੀਆਂ ਸਨ । ਹੌਲੀ-ਹੌਲੀ ਇਹ ਪੰਜ ਕੌਂਸਲੀਆਂ ਐਨੀਆਂ ਸ਼ਕਤੀਸ਼ਾਲੀ ਹੋ ਗਈਆਂ ਕਿ ਇਹ ਕਿਸੇ ਵਿਅਕਤੀ ਨੂੰ ਵੀ ਗੱਦੀ ‘ਤੇ ਬਿਠਲਾ ਜਾਂ ਗੱਦੀ ਤੋਂ ਉਤਾਰ ਸਕਦੀਆਂ ਸਨ । ਸ਼ਾਹ ਮੁਹੰਮਦ ਫੌਜ ਦੁਆਰਾ ਆਰਥਿਕ ਲੜਾਈ ਦੇ ਨਾਮ ਹੇਠ ਕੀਤੀ ਜਾ ਰਹੀ ਜ਼ੋਰੋ-ਜਬਰੀ ਅਤੇ ਲੁੱਟ-ਮਾਰ ਨੂੰ ਇਵੇਂ ਚਿਤਰਦਾ ਹੈ:-

ਕਿਹਾ ਬੁਰਛਿਆਂ ਆਣ ਅੰਧੇਰ ਪਾਇਆ,

ਜੇਹੜਾ ਬਹੇ ਗੱਦੀ ਉਹਨੂੰ ਮਾਰ ਲੈਂਦੇ ।

ਕੜੇ ਕੈਂਠੇ ਇਨਾਮ ਰੁਪਏ ਬਾਰਾਂ,

ਕਦੇ ਪੰਜ ਤੇ ਸੱਤ ਨਾ ਚਾਰ ਲੈਂਦੇ ।

ਕਈ ਤੁਰੇ ਨੀ ਕਿਲ੍ਹੇ ਦੀ ਲੁੱਟ ਕਰਕੇ,

ਕਈ ਸ਼ਹਿਰ ਦੇ ਲੁੱਟ ਬਾਜ਼ਾਰ ਲੈਂਦੇ ।

ਸ਼ਾਹ ਮੁਹੰਮਦਾ ਚੜ੍ਹੇ ਮਝੈਲ ਭੂਹੇ,

ਪੈਸਾ ਤਲਬ ਦਾ ਨਾਲ ਪੈਜ਼ਾਰ ਲੈਂਦੇ । (40)

ਪਹਿਲਾਂ ਅਮੀਰਾਂ-ਵਜ਼ੀਰਾਂ ਨੇ ਇਕ ਦੂਜੇ ਦਾ ਕਤਲ ਕੀਤਾ ਸੀ, ਹੁਣ ਫੌਜ ਦੀ ਵਾਰੀ ਆ ਗਈ। ਫੌਜ ਬੇਕਾਬੂ ਅਤੇ ਬੇਮੁਹਾਰੀ ਹੋ ਗਈ । ਪੂਰਨ ਅਰਾਜਕਤਾ ਛਾ ਗਈ । ਫੌਜ ਜਿਸ ਨੂੰ ਚਾਹੁੰਦੀ ਅਤੇ ਜਦ ਚਾਹੁੰਦੀ, ਮਾਰ ਮੁਕਾਉਂਦੀ । ਸ਼ਾਹ ਮੁਹੰਮਦ ਨੇ ਫੌਜ ਦੀ ਇਸ ਵਿਵਸਥਾ ਨੂੰ ਭੂਤ-ਮੰਡਲੀ ਦਾ ਨਾਮ ਦਿੱਤਾ ਹੈ, ਜੋ ਬੇਲਗਾਮ ਹੋ ਕੇ ਭੂਤਰੀ ਫਿਰਦੀ ਹੈ ਅਤੇ ਜਿਸ ਦੇ ਕਹਿਰ ਤੋਂ ਡਰਦੇ ਹੋਏ ਸਭ ਸਰਦਾਰ ਲੁਕਦੇ ਫਿਰਦੇ ਹਨ-

ਪਿੱਛੇ ਇਕ ਸਰਕਾਰ ਦੇ ਖੇਡ ਚੱਲੀ,

ਪਈ ਨਿੱਤ ਹੁੰਦੀ ਮਾਰੋ ਮਾਰ ਮੀਆਂ ।

ਸਿੰਘਾਂ ਮਾਰ ਸਰਦਾਰਾਂ ਦਾ ਨਾਸ ਕੀਤਾ,

ਸੱਭੇ ਕਤਲ ਹੋਏ ਵਾਰੋ ਵਾਰ ਮੀਆਂ । (41)

ਸਿਰ ਫੌਜ ਦੇ ਰਿਹਾ ਨਾ ਕੋਈ ਕੁੰਡਾ, ਹੋਏ ਸ਼ੁਤਰ ਜਿਉਂ ਬੇਮੁਹਾਰ ਮੀਆਂ । ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ, ਭੂਤ ਮੰਡਲੀ ਹੋਈ ਤਿਆਰ ਮੀਆਂ । ਮਹਾਰਾਣੀ ਜਿੰਦਾਂ ਦੀਆਂ ਅੱਖਾਂ ਦੇ ਸਾਹਮਣੇ ਉਸਦੇ ਭਰਾ ਜਵਾਹਰ ਸਿੰਘ ਦਾ ਕਤਲ ਫੌਜ ਦਾ ਸਭ ਤੋਂ ਵੱਡਾ ਕੁਕਰਮ ਸੀ, ਸ਼ਾਹ ਮੁਹੰਮਦ ਅਨੁਸਾਰ ਇਸ ਘਟਨਾ ਨੇ ਰਾਜਨੀਤਿਕ ਪ੍ਰਸਥਿਤੀਆਂ ਦਾ ਸਮੀਕਰਨ ਹੀ ਬਦਲ ਕੇ ਰੱਖ ਦਿੱਤਾ। ਪਰੰਤੂ ਦੂਜੇ ਪਾਸੇ ਫੌਜ ਵੀ ਆਪਣੀ ਥਾਂ ਸਹੀ ਸੀ ਅਤੇ ਉਸਦਾ ਵਜ਼ੀਰ ਜਵਾਹਰ ਸਿੰਘ ਨੂੰ, ਬੇਸ਼ੱਕ ਉਹ ਮਹਾਰਾਣੀ ਜਿੰਦਾਂ ਦਾ ਭਰਾ ਹੀ ਸੀ, ਮਾਰਨਾ ਹੱਕ-ਬਜਾਨਬ ਸੀ। ਇਹ ਉਹ ਸਮਾਂ ਸੀ ਜਦੋਂ ਫੌਜ ਮਹਾਰਾਜਾ ਰਣਜੀਤ ਸਿੰਘ ਦੀ ਕਿਸੇ ਵੀ ਨਿਸ਼ਾਨੀ ਦੀ ਬੇਹਰੁਮਤੀ ਉੱਤੇ ਭੜਕ ਉੱਠਦੀ ਸੀ । ਪਰ ਇਥੇ ਤਾਂ ਜਵਾਹਰ ਸਿੰਘ ਨੇ ਆਪਣੇ ਭਣੇਵੇਂ ਮਹਾਰਾਜਾ ਦਲੀਪ ਸਿੰਘ ਦੇ ਰਾਹ ਦੀ ਅੜਚਣ ਜਾਣ ਕੇ, ਮਹਾਰਾਜਾ ਰਣਜੀਤ ਸਿੰਘ ਦੇ ਇਕ ਪੁੱਤਰ ਅਤੇ ਮਹਾਰਾਜਾ ਦਲੀਪ ਸਿੰਘ ਦੇ ਵੱਡੇ ਭਰਾ ਕੰਵਰ ਪਿਸ਼ੌਰਾ ਸਿੰਘ ਨੂੰ ਹੀ 12 ਸਤੰਬਰ 1845 ਨੂੰ ਧੋਖੇ ਨਾਲ ਕੈਦ ਕਰਕੇ ਅਟਕ ਦੇ ਕਿਲ੍ਹੇ ਵਿਚ ਸ. ਚਤਰ ਸਿੰਘ ਅਟਾਰੀ ਵਾਲੇ ਅਤੇ ਮਲਕ ਫ਼ਤੇਹ ਖਾਂ ਟਿਵਾਣੇ ਰਾਹੀਂ ਕਤਲ ਕਰਵਾ ਦਿੱਤਾ ਸੀ । ਜਵਾਹਰ ਸਿੰਘ ਦੇ ਇਸ ਬੱਜਰ ਗੁਨਾਹ ਨੂੰ ਫੌਜ ਕਿਵੇਂ ਬਖ਼ਸ਼ਦੀ? ਇਸ ਘਟਨਾ ਨੇ ਫੌਜ ਨੂੰ ਆਪੇ ਤੋਂ ਬਾਹਰ ਕਰ ਦਿੱਤਾ। ਮੀਆਂ ਅਰਬੇਲ ਸਿੰਘ ਡੋਗਰੇ ਦੇ ਪੁੱਤਰ ਪਿਰਥੀ ਸਿੰਘ ਨੇ ਵੀ ਫੌਜ ਨੂੰ ਜਵਾਹਰ ਸਿੰਘ ਤੇ ਰਾਣੀ ਵਿਰੁੱਧ ਬੜਾ ਭੜਕਾਇਆ । ਜਿਸ ਦੇ ਫ਼ਲਸਰੂਪ ਉਹ ਮਹਾਰਾਣੀ ਜਿੰਦਾਂ ਤੋਂ ਵੀ ਆਕੀ ਹੋ ਗਈ ਅਤੇ ਫੌਜੀ ਪੰਚਾਂ ਨੇ ਜਵਾਹਰ ਸਿੰਘ ਨੂੰ ਆਪਣੇ ਪਾਸ ਪੇਸ਼ ਹੋਣ ਲਈ ਸੱਦ ਭੇਜਿਆ ।

ਜਵਾਹਰ ਸਿੰਘ ਨੇ ਫੌਜ ਨੂੰ ਇਨਾਮ ਦੇਣ ਲਈ ਕਾਫ਼ੀ ਸਾਰੀ ਦੌਲਤ ਨਾਲ ਲਈ ਅਤੇ ਮਹਾਰਾਣੀ ਜਿੰਦਾਂ ਸਮੇਤ ਫੌਜ ਵੱਲ ਤੁਰ ਪਿਆ । ਇਕ ਹਾਥੀ ’ਤੇ ਮਹਾਰਾਣੀ ਸਵਾਰ ਸੀ ਅਤੇ ਦੂਜੇ ‘ਤੇ ਜਵਾਹਰ ਸਿੰਘ, ਜਿਸ ਦੀ ਗੋਦੀ ਵਿਚ ਬਾਲਕ ਮਹਾਰਾਜਾ ਦਲੀਪ ਸਿੰਘ ਵੀ ਸੀ । ਫੌਜ ਵਿਚ ਪਹੁੰਚੇ ਤਾਂ ਪਿਰਥੀ ਸਿੰਘ ਡੋਗਰੇ ਅਤੇ ਦੀਵਾਨ ਜਵਾਹਰ ਮੱਲ ਦੇ ਸਿਪਾਹੀਆਂ ਨੇ ਵਜ਼ੀਰ ਦਾ ਹਾਥੀ ਘੇਰ ਲਿਆ । ਉਸ ਦੀਆਂ ਪੁਕਾਰਾਂ ਜਾਂ ਇਨਾਮਾਂ ਦੇ ਲਾਲਚਾਂ ਵੱਲ ਕੋਈ ਧਿਆਨ ਨਾ ਦਿੱਤਾ, ਬਲਕਿ ਗੋਦੀ ਵਿਚੋਂ ਮਹਾਰਾਜੇ ਨੂੰ ਖੋਹ ਕੇ ਜਵਾਹਰ ਸਿੰਘ ਨੂੰ ਦੁਵੱਲਿਉਂ ਗੋਲੀਆਂ ਨਾਲ ਭੁੰਨ ਦਿੱਤਾ—

ਜਵਾਹਰ ਸਿੰਘ ਦੇ ਉਤੇ ਨੀ ਚੜ੍ਹੇ ਸਾਰੇ,

ਮੱਥਾ ਖ਼ੂਨੀਆਂ ਦੇ ਵਾਂਗ ਵੱਟਿਓ ਨੇ ।

ਡਰਦਾ ਭਾਣਜੇ ਨੂੰ ਲੈ ਕੇ ਮਿਲਣ ਆਇਆ,

ਅਗੋਂ ਨਾਲ ਸੰਗੀਨ ਦੇ ਫੱਟਿਓ ਨੇ ।

ਸੀਖਾਂ ਨਾਲ ਅਤੁੰਬ ਕੇ ਫ਼ੀਲ ਉਤੋਂ,

ਕੱਢ ਹੌਦਿਓਂ ਜ਼ਿਮੀ ਤੇ ਸੁੱਟਿਓ ਨੇ ।

ਸ਼ਾਹ ਮੁਹੰਮਦਾ ਵਾਸਤੇ ਪਾਇ ਰਹਿਆ,

ਸਿਰ ਨਾਲ ਤਲਵਾਰ ਦੇ ਕੱਟਿਓ ਨੇ । (42)

ਮਹਾਰਾਣੀ ਜਿੰਦਾਂ ਕਿਸੇ ਰਾਜ ਪ੍ਰਵਾਰ ਨਾਲ ਸੰਬੰਧਿਤ ਨਹੀਂ ਸੀ । ਇਸਦਾ ਪਿਤਾ ਸ. ਮੰਨਾ ਸਿੰਘ ਔਲਖ ਸ਼ਾਹੀ ਕੁੱਤੇ-ਖਾਨੇ ਦਾ ਇੰਚਾਰਜ ਸੀ । ਅੱਖਾਂ ਸਾਹਵੇਂ ਭਰਾ ਦੇ ਕਤਲ ਹੋਣ ‘ਤੇ ਭੈਣ ਦਾ ਰੋਣਾ-ਪਿੱਟਣਾ ਸੁਭਾਵਿਕ ਸੀ ਪਰ ਅੱਗੋਂ ਫੌਜੀ ਆਖਦੇ ਹਨ ਕਿ ਅਸੀਂ ਕਿਹੜਾ ਕੋਈ ਮਹਾਰਾਜੇ ਦਾ ਪੁੱਤਰ ਮਾਰ ਦਿੱਤਾ ਹੈ ਜੋ ਇਤਨਾ ਚਿੱਲਾਅ ਰਹੀ ਹੈਂ, ਬਲਕਿ ਸਾਨੂੰ ਇਨਾਮ ਦੇਹ, ਜਿਨ੍ਹਾਂ ਦੇ ਸਿਰ ‘ਤੇ ਤੂੰ ਰਾਜ ਕਰ ਰਹੀਂ ਹੈਂ—

ਕਿਹੜੇ ਪਾਤਸ਼ਾਹ ਦਾ ਪੁੱਤ ਮੋਇਆ ਸਾਥੋਂ,

ਜਿਹੜੇ ਡੂੰਘੜੇ ਵੈਣ ਤੂੰ ਪਾਵਣੀ ਹੈਂ ?

ਸ਼ਾਹ ਮੁਹੰਮਦਾ ਦੇਹ ਇਨਾਮ ਸਾਨੂੰ,

ਸਾਡੇ ਜ਼ੋਰ ਤੇ ਰਾਜ ਕਮਾਵਣੀ ਹੈਂ ? (43)

ਇਕ ਭੈਣ, ਜੋ ਭਰਾ ਦੀ ਮੌਤ ਤੋਂ ਦੁਖੀ ਹੈ, ਨੂੰ ਫੌਜੀਆਂ ਨੇ ਹਮਦਰਦੀ ਦੇ ਬੋਲ ਤਾਂ ਕੀ ਕਹਿਣੇ ਹਨ, ਬਲਕਿ ਗ਼ਰੀਬ ਖਾਨਦਾਨ ਦੀ ਆਖ ਕੇ ਚਿੜਾ ਰਹੇ ਹਨ ਅਤੇ ‘ਕਥਿਤ ਬਹਾਦਰੀ’ ਲਈ ਇਨਾਮਾਂ ਦੀ ਮੰਗ ਕਰ ਰਹੇ ਹਨ। ਇਸ ‘ਤੇ ਮਹਾਰਾਣੀ ਜਿੰਦਾਂ ਦੀ ਮਨੋਦਸ਼ਾ ਅਤੇ ਪ੍ਰਤੀਕ੍ਰਿਆ ਨੂੰ ਸ਼ਾਹ ਮੁਹੰਮਦ ਨੇ ਬੜੇ ਜ਼ੋਰਦਾਰ ਢੰਗ ਨਾਲ ਪੇਸ਼ ਕੀਤਾ ਹੈ

ੳ) ਮੈਨੂੰ ਆਣ ਚੁਫੇਰਿਓਂ ਘੂਰਦੇ ਨੀ,

ਲੈਂਦੇ ਮੁਫ਼ਤ ਇਨਾਮ ਰੁਪਏ ਬਾਰਾਂ ।

ਜੱਟੀ ਹੋਵਾਂ ਤਾਂ ਕਰਾਂ ਪੰਜਾਬ ਰੰਡੀ,

ਸਾਰੇ ਦੇਸ਼ ਦੇ ਵਿਚ ਚਾ ਤੁਰਨ ਵਾਰਾਂ ।

ਛੱਡਾਂ ਨਹੀਂ ਲਾਹੌਰ ਵਿਚ ਵੜਨ ਜੋਗੇ,

ਸਣੇ ਵੱਡਿਆਂ ਅਫਸਰਾਂ ਜਮਾਂਦਾਰਾਂ ।

ਪਏ ਰੁਲਣ ਇਹ ਵਿਚ ਪ੍ਰਦੇਸ ਮੁਰਦੇ,

ਸ਼ਾਹ ਮੁਹੰਮਦਾ ਮਾਰਨੀ ਏਸ ਮਾਰਾਂ । (45)

ਅ) ਜਿਨ੍ਹਾਂ ਮਾਰਿਆ ਕੋਹਿ ਕੇ ਵੀਰ ਮੇਰਾ,

ਮੈਂ ਤਾਂ ਖੋਹਾਂਗੀ ਉਨ੍ਹਾਂ ਦੀਆਂ ਜੁੰਡੀਆਂ ਨੀ। ….(46)

ਏ) ਕੋਈ ਮਿਲੇ ਜੋ ਇਹਨਾਂ ਦਾ ਗਰਬ ਤੋੜੇ ।

ਸ਼ਾਹ ਮੁਹੰਮਦਾ ਉਸ ਥੀਂ ਜਾਨ ਵਾਰਾਂ,

ਜਵਾਹਰ ਸਿੰਘ ਦਾ ਵੈਰ ਜੋ ਕੋਈ ਮੋੜੇ। (44)

ਭੂਤਰੀ ਫੌਜ ਦਾ ਗਰਬ ਤੋੜਨ ਲਈ ਕਵੀ ਰਾਣੀ ਜਿੰਦਾਂ ਵਲੋਂ ਅੰਗਰੇਜ਼ਾਂ ਨਾਲ ਲਿਖਾ-ਪੜ੍ਹੀ ਦਾ ਜ਼ਿਕਰ ਕਰਦਾ ਹੈ, ਜਦ ਕਿ ਰੀਕਾਰਡ ਵਿਚ ਕੋਈ ਅਜਿਹਾ ਪੱਤਰ ਨਹੀਂ ਮਿਲਦਾ-

ਓ) ਅਰਜ਼ੀ ਲਿਖੀ ਫ਼ਿਰੰਗੀ ਨੂੰ ਕੁੰਜ ਗੋਸ਼ੇ,

ਪਹਿਲੇ ਆਪਣਾ ਸੁਖ ਅਨੰਦ ਵਾਰੀ ।

ਤੇਰੇ ਵਲ ਮੈਂ ਫੌਜ ਨੂੰ ਘਲਣੀ ਆਂ,

ਖੱਟੇ ਕਰੀਂ ਤੂੰ ਇਨ੍ਹਾਂ ਦੇ ਦੰਦ ਵਾਰੀ ।

ਜਿਹੜਾ ਜ਼ੋਰ ਤੂੰ ਆਪਣਾ ਸਭ ਲਾਵੀਂ,

ਪਿਛੇ ਖਰਚ ਮੈਂ ਕਰਾਂਗੀ ਬੰਦ ਵਾਰੀ ।

ਸ਼ਾਹ ਮੁਹੰਮਦਾ ਫੇਰ ਨਾ ਆਉਣ ਮੁੜ ਕੇ,

ਮੈਨੂੰ ਏਤਨੀ ਬਾਤ ਪਸੰਦ ਵਾਰੀ । (47)

ਅ) ਪਹਿਲੇ ਪਾਰ ਦਾ ਮੁਲਕ ਤੂੰ ਮੱਲ ਸਾਡਾ,

ਆਪੇ ਖਾ ਗੁੱਸਾ ਤੈਥੀਂ ਆਵਣੀਗੇ ।….

ਸ਼ਾਹ ਮੁਹੰਮਦਾ ਲਾਟ ਜੀ ਕਟਕ ਤੇਰੇ,

ਮੇਰੇ ਗਲੋਂ ਤਗਾਦੜੀ ਲਾਹਵਣੀਗੇ । (48)

ਉਘੇ ਵਿਦਵਾਨ ਸ. ਸ਼ਮਸ਼ੇਰ ਸਿੰਘ ਅਸ਼ੋਕ ਦਾ ਮੱਤ ਹੈ ਕਿ ‘ਅਰਜ਼ੀ ਲਿਖੀ ਫ਼ਿਰੰਗੀ ਨੂੰ ਕੁੰਜ ਸ਼ੇ…… ਵਾਲੇ ਬੰਦ ਵਿਚ ਸ਼ਾਹ ਮੁਹੰਮਦ ਨੇ ਗਲਤ-ਬਿਆਨੀ ਤੋਂ ਕੰਮ ਲਿਆ ਹੈ । ਮਹਾਰਾਣੀ ਜਿੰਦ ਕੌਰ ਨੇ ਅਜਿਹਾ ਕੋਈ ਖ਼ਤ ਨਹੀਂ ਸੀ ਲਿਖਿਆ। ਗਵਰਨਮੈਂਟ ਦੇ ਰਿਕਾਰਡਾਂ ਵਿਚੋਂ ਅਜਿਹਾ ਕੋਈ ਖ਼ਤ ਨਹੀਂ ਮਿਲਦਾ ਅਤੇ ਨਾ ਹੀ ਇਸਦੀ ਪੁਸ਼ਟੀ ਕਿਸੇ ਹੋਰ ਪ੍ਰਮਾਣੀਕ ਇਤਿਹਾਸਕ ਲਿਖਤ ਤੋਂ ਹੁੰਦੀ ਹੈ । ਮਾਲੂਮ ਹੁੰਦਾ ਹੈ ਕਿ ਇਹ ਗੱਪ ਸਿੱਖ ਰਾਜ ਦੇ ਵਿਰੋਧੀਆਂ ਵਲੋਂ ਧੁਮਾਈ ਹੋਈ ਹੈ ।

(‘ਪ੍ਰਾਚੀਨ ਜੰਗਨਾਮੇ’, ਪੰਨਾ 48)

ਓਧਰ ਲੰਡਨ ਵਿਚ ਸਿੱਖਾਂ ਨਾਲ ਲੜਾਈ ਛੇੜਨ ਬਾਰੇ ਵਿਚਾਰਾਂ ਹੁੰਦੀਆਂ ਹਨ ਤਾਂ ਲਾਰਡ ਹਾਰਡਿੰਗ (ਟੁੰਡਾ ਲਾਟ) ਚੈਲਿੰਜ ਕਬੂਲ ਕਰਦਾ ਹੋਇਆ ਜੰਗ ਫ਼ਤਹਿ ਕਰਨ ਅਤੇ ਉਪ੍ਰੰਤ ਲਾਹੌਰ ਵਿਚ ਦਾਖ਼ਲ ਹੋਣ ਦੀਆਂ ਤਾਰੀਖਾਂ ਵੀ ਦਾਅਵੇ ਨਾਲ ਪੇਸ਼ ਕਰਦਾ ਹੈ—

ਟੁੰਡੇ ਲਾਟ ਨੇ ਚੁੱਕਿਆ ਆਣ ਬੀੜਾ,

ਹਮ ਸੀਖ ਸਿਉਂ ਜਾਇਕੇ ਲੜੇਗਾ ਜੀ ।….

ਸ਼ਾਹ ਮੁਹੰਮਦਾ ਫੱਗਣੋਂ ਤੇਰ੍ਹਵੀਂ ਨੂੰ,

ਹਮ ਸ਼ਹਿਰ ਲਾਹੌਰ ਵਿਚ ਵੜੇਗਾ ਜੀ। (49)

ਅੰਗਰੇਜ਼ ਫੌਜ ਸਚਮੁਚ ਬੜੇ ਫ਼ੁਰਤੀ ਵਿਖਾਉਂਦੀ ਹੈ ਅਤੇ ਪਹਿਲੇ ਹੱਲੇ ਹੀ ਸਤਲੁਜ ਪਾਰਲੇ ਇਲਾਕੇ ਮੱਲ ਲੈਂਦੀ ਹੈ-

ਸ਼ਾਹ ਮੁਹੰਮਦਾ ਗੋਰਿਆਂ ਛੇੜ ਛੇੜੀ,

ਮੁਲਕ ਪਾਰ ਦਾ ਮੱਲਿਆ ਆਣ ਮੀਆਂ। (50)

ਮਹਾਰਾਣੀ ਜਿੰਦਾਂ ਇਕ ਸਮਾਗਮ ਕਰਕੇ ਖਜ਼ਾਨਾ ਖਾਲੀ ਹੋਣ ਉੱਤੇ ਭਾਰੀ ਦੁੱਖ ਅਤੇ ਖੇਦ ਪ੍ਰਗਟ ਕਰਦੀ ਹੈ ਅਤੇ ਫੌਜਾਂ ਨੂੰ ਫ਼ਿਰੰਗੀਆਂ ਦੇ ਮਾਲ-ਖਜ਼ਾਨੇ ਲੁੱਟਣ ਲਈ ਭੜਕਾਉਂਦੀ ਹੈ—

ਸਾਰੇ ਪੰਥ ਨੂੰ ਸੱਦ ਕੇ ਕਹਿਣ ਲੱਗੀ,

ਮੈਥੋਂ ਗਏ ਖਜ਼ਾਨੇ ਨਿਖੁੱਟ ਵਾਰੀ ।

ਜਮਨਾਂ ਤੀਕਰਾਂ ਪਿਆ ਜੇ ਦੇਸ਼ ਸੁੰਞੀ,

ਖਾਓ ਦੇਸ ਫ਼ਿਰੰਗੀ ਦਾ ਲੁੱਟ ਵਾਰੀ।

ਮਾਰੋ ਸ਼ਹਿਰ ਫ਼ੀਰੋਜ਼ਪੁਰ, ਲੁਧਿਆਣਾ,

ਸੁੱਟੋ ਛਾਵਣੀ ਓਸ ਦੀ ਪੁੱਟ ਵਾਰੀ।

ਸ਼ਾਹ ਮੁਹੰਮਦਾ ਲਵੋ ਇਨਾਮ ਮੈਥੋਂ,

ਕੜੇ ਕੈਂਠੇ ਮੈਂ ਦੇਵਾਂਗੀ ਸੁੱਟ ਵਾਰੀ । (53)

ਏਧਰ ਫੌਜ ਵੀ ਪੰਜਾਬ ਦੀ ਮਹਾਰਾਣੀ ਦੇ ਹਰ ਹੁਕਮ ‘ਤੇ ਫੁੱਲ ਚੜ੍ਹਾਉਣ ਦਾ ਵਿਸ਼ਵਾਸ਼ ਦਿਵਾਉਂਦੀ ਹੈ—

ਸਿੰਘਾਂ ਆਖਿਆ ਲੜਾਂਗੇ ਹੋ ਟੋਟੇ,

ਸਾਨੂੰ ਖਬਰ ਘੱਲੀਂ ਦਿਨੇ-ਰਾਤ ਮਾਈ ।

ਤੇਰੀ ਨੌਕਰੀ ਵਿਚ ਨਾ ਫ਼ਰਕ ਕਰੀਏ,

ਭਾਵੇਂ ਖੂਹ ਘੱਤੀਂ ਭਾਵੇਂ ਖਾਤ ਮਾਈ ।…. (54)

ਸਿੱਖ ਜਰਨੈਲ ਵੀ ਜੇਤੂ ਹੋਣ ਦਾ ਪੱਕਾ ਦਾਹਵਾ ਪੇਸ਼ ਕਰਦੇ ਹੋਏ ਕਹਿੰਦੇ ਹਨ-

ਓ) ਸ਼ਾਹ ਮੁਹੰਮਦਾ ਮਾਰ ਕੇ ਲੁਧਿਆਣਾ,

ਫ਼ੌਜਾਂ ਦਿੱਲੀ ਦੇ ਵਿਚ ਉਤਾਰੀਏ ਜੀ । (56)

ਅ) ਜ਼ਬਤ ਕਰਾਂਗੇ ਮਾਲ ਫ਼ਿਰੰਗੀਆਂ ਦੇ,

ਉਥੋਂ ਲਿਆਂਵਾਂਗੇ ਦੌਲਤਾਂ ਬੋਰੀਆਂ ਨੀ । (57)

ਧਨ-ਮਾਲ ਜ਼ਬਤ ਕਰਨ ‘ਤੇ ਹੀ ਬੱਸ ਨਹੀਂ, ਬਲਕਿ ਲੁੱਟ ਦੇ ਰੂਪ ਵਿਚ ਅੰਗਰੇਜ਼ਾਂ ਦੀਆਂ ਔਰਤਾਂ ਨੂੰ ਬੰਨ੍ਹ ਲਿਆਉਣ ਦੀ ਵੀ ਸ਼ੇਖੀ ਮਾਰਦੇ ਹਨ-

ਪਿਛੋਂ ਵੜਾਂਗੇ ਉਨ੍ਹਾਂ ਦੇ ਸਤਰਖਾਨੇ,

ਬੰਨ੍ਹ ਲਿਆਵਾਂਗੇ ਉਨ੍ਹਾਂ ਦੀਆਂ ਗੋਰੀਆਂ ਨੀ । (57)

ਬਾਲਣ ਤਾਂ ਪਹਿਲਾਂ ਹੀ ਇਕੱਠਾ ਕੀਤਾ ਪਿਆ ਸੀ, ਹੁਣ ਤਾਂ ਇਕ ਤੀਲੀ ਹੀ ਲੱਗਣ ਦੀ ਦੇਰ ਸੀ ਕਿ ਭਾਂਬੜ ਮੱਚ ਉੱਠਣੇ ਸਨ । ਮਹਾਰਾਣੀ ਜਿੰਦਾਂ ਵਲੋਂ ਸਿੱਖ ਫੌਜ ਵਿਚ ਕੀਤੇ ਭਾਸ਼ਣ ਨੇ ਆਪਣਾ ਰੰਗ ਵਿਖਾਇਆ ਅਤੇ ਸਿੰਘ ਧੌਂਸੇ ਮਾਰਦੇ ਹੋਏ ਜੰਗ ਲਈ ਨਿੱਤਰ ਪਏ-

ਓ)

ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ,

ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ ।

ਚੜ੍ਹੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ,

ਜੈਸੇ ਬੇਲਿਓਂ ਨਿਕਲਦੇ ਸ਼ੇਰ ਮੀਆਂ ।

ਚੜ੍ਹੇ ਸਭ ਮਝੈਲ ਦੁਆਬੀਏ ਜੀ,

ਜਿਨ੍ਹਾਂ ਕਿਲ੍ਹੇ ਨਿਵਾਏ ਨੀ ਢੇਰ ਮੀਆਂ ।…. (58)

ਅ) ਆਏ ਸਭ ਮਝੈਲ ਦੁਆਬੀਏ ਜੀ,

ਸੰਧਾਵਾਲੀਏ ਕਾਠੀਆਂ ਪਾਂਵਦੇ ਨੀ ।

ਸ਼ਾਹ ਮੁਹੰਮਦਾ ਚੜ੍ਹੀ ਅਕਾਲ ਰਜਮੰਟ,

ਕਾ ਖੰਡੇ ਸਾਰ ਦੇ ਸਿਕਲ ਕਰਾਂਵਦੇ ਨੀ ।

(59)

ਕਵੀ ਸਿੰਘਾਂ ਦੀ ਚੜ੍ਹਤ ਤੋਂ ਸਦਕੇ ਜਾਂਦਾ ਹੋਇਆ ਲਿਖਦਾ ਹੈ ਕਿ ਇਵੇਂ ਜਾਪਦਾ ਹੈ ਕਿ ਹੁਣ ਤਾਂ ਸਿੰਘ ਦਿੱਲੀ ਨੂੰ ਫ਼ਤਹਿ ਕਰਕੇ ਹੀ ਦਮ ਲੈਣਗੇ—

ਚੱਲੀ ਸਭ ਪੰਜਾਬ ਦੀ ਬਾਦਸ਼ਾਹੀ,

ਅ ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ ।

ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ,

ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ। (63)

ਬੰਦ ਨੰ: 64 ਤੇ 65 ਵਿਚ ਜ਼ਿਕਰ ਹੈ ਕਿ ਅੰਗਰੇਜ਼ਾਂ ਨੇ ਸਿੰਘਾਂ ਨੂੰ ਖ਼ਤ ਲਿਖਿਆ ਕਿ ਮਹਾਰਾਜਾ ਰਣਜੀਤ ਸਿੰਘ ਨਾਲ ਸਾਡੀ ਸੰਧੀ ਹੋਈ-ਹੋਈ ਸੀ, ਸੋ ਜੰਗ ਨਾ ਕੀਤੀ ਜਾਵੇ ਤਾਂ ਚੰਗਾ ਹੈ । ਤੁਹਾਨੂੰ ਜਿਤਨਾ ਧਨ ਚਾਹੀਦਾ ਹੈ, ਲੈ ਲਵੋ—

ਅਰਜ਼ੀ ਲਿਖੀ ਫ਼ਿਰੰਗੀਆਂ ਖ਼ਾਲਸੇ ਨੂੰ,

ਤੁਸੀਂ ਕਾਸ ਨੂੰ ਜੰਗ ਮਚਾਂਵਦੇ ਹੋ ।

ਮਹਾਰਾਜ ਦੇ ਨਾਲ ਸੀ ਨੇਮ ਸਾਡਾ,

ਤੁਸੀਂ ਸੁੱਤੀਆਂ ਕਲਾਂ ਜਗਾਂਵਦੇ ਹੋ ।

ਕਈ ਲੱਖ ਰੁਪਈਆ ਲੈ ਜਾਓ ਸਾਥੋਂ,

ਦਿਆਂ ਹੋਰ ਜੋ ਤੁਸੀਂ ਫ਼ਰਮਾਂਵਦੇ ਹੋ (64)

ਲੇਕਿਨ ਸਿੰਘ ਲੜਾਈ ਕਰਨ ਲਈ ਬਜ਼ਿਦ ਸਨ-

ਸਿੰਘਾਂ ਲਿਖਿਆ ਖ਼ਤ ਫ਼ਿਰੰਗੀਆਂ ਨੂੰ,

ਤੈਨੂੰ ਮਾਰਾਂਗੇ ਅਸੀਂ ਵੰਗਾਰ ਕੇ ਜੀ ।

ਸਾਨੂੰ ਨਹੀਂ ਰੁਪਈਆਂ ਦੀ ਲੋੜ ਕਾਈ,

ਭਾਵੇਂ ਦੇਹ ਤੂੰ ਢੇਰ ਉਸਾਰ ਕੇ ਜੀ। (65)

ਗੋਰੇ ਅਫ਼ਸਰਾਂ ਨੇ ਦੂਰਬੀਨ ਨਾਲ ਦੋਨਾਂ ਪਾਸਿਆਂ ਦੀਆਂ ਫੌਜਾਂ ਦੀ ਵਿਉਂਤ- ਬੰਦੀ ਵੇਖੀ ਅਤੇ ਆਪਣੇ ਸਿਪਾਹੀਆਂ ਨੂੰ ਸ਼ਰਾਬਾਂ ਵੰਡ ਕੇ ਲੜਾਈ ਲਈ ਤਿਆਰ ਕਰ ਲਿਆ-

ਦੂਰਬੀਨ ਅੰਗਰੇਜ਼ ਨੇ ਹੱਥ ਲੈ ਕੇ,

ਕੀਤਾ ਫ਼ੌਜ ਦਾ ਸਭ ਸ਼ੁਮਾਰ ਮੀਆਂ ।

ਜਿਨ੍ਹੀਂ ਥਾਈਂ ਸੀ ਜਮ੍ਹਾਂ ਜਮੂਰਖ਼ਾਨੇ,

ਕੀਤੇ ਸਾਹਿਬ ਮਲੂਮ ਹਜ਼ਾਰ ਮੀਆਂ ।

ਦਾਰੂ ਵੰਡਿਆ ਸੂਰਿਆਂ ਜੰਗੀਆਂ ਨੂੰ,

ਦੋ ਦੋ ਬੋਤਲਾਂ ਕੈਫ਼ ਖ਼ੁਮਾਰ ਮੀਆਂ ।

ਸ਼ਾਹ ਮੁਹੰਮਦਾ ਪੀ ਸ਼ਰਾਬ ਗੋਰੇ,

ਹੋਏ ਜੰਗ ਨੂੰ ਤੁਰਤ ਤਿਆਰ ਮੀਆਂ (67)

ਇਸ ਜੰਗ ਦੀ ਪਹਿਲੀ ਟੱਕਰ 18 ਦਸੰਬਰ ਸੰਨ 1845 ਨੂੰ ਮੁਦਕੀ ਦੇ ਸਥਾਨ ‘ਤੇ ਹੋਈ । ਬੇਸ਼ਕ ਸਿੰਘ ਬੜੀ ਬਹਾਦਰੀ ਨਾਲ ਲੜੇ, ਲੇਕਿਨ ਤੇਜਾ ਸਿੰਘ ਦੀ ਕੁਟਲਨੀਤੀ ਅਤੇ ਵਜ਼ੀਰ ਲਾਲ ਸਿੰਘ ਦੇ ਬੰਦੇ ਨੱਠ ਤੁਰਨ ਨਾਲ ਫੌਜ ਵਿਚ ਘਬਰਾਹਟ ਮੱਚ ਗਈ ਅਤੇ ਸਿੰਘਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਕਵੀ ਲਿਖਦਾ ਹੈ—

ਇਕ ਪਿੰਡ ਦਾ ਨਾਮ ਜੋ ਮੁਦਕੀ ਸੀ,

ਉਥੇ ਭਰੀ ਸੀ ਪਾਣੀ ਦੀ ਖੱਡ ਮੀਆਂ ।

ਘੋੜ-ਚੜ੍ਹੇ ਅਕਾਲੀਏ ਨਵੇਂ ਸਾਰੇ,

ਝੰਡੇ ਦਿਤੇ ਨੀ ਜਾਇ ਕੇ ਗੱਡ ਮੀਆਂ ।

ਤੋਪਾਂ ਚਲੀਆਂ ਕਟਕ ਫ਼ਿਰੰਗੀਆਂ ਦੇ,

ਗੋਲੇ ਤੋੜਦੇ ਮਾਸ ਤੇ ਹੱਡ ਮੀਆਂ।

ਸ਼ਾਹ ਮੁਹੰਮਦਾ ਪਿਛਾਂ ਨੂੰ ਉਠ ਨੱਠੇ,

ਤੋਪਾਂ ਸਭ ਆਏ ਉਥੇ ਛੱਡ ਮੀਆਂ । (68)

ਸਿੰਘ ਡੇਰੇ ਆਣ ਕੇ ਹੋਈ ਹਾਰ ਦਾ ਲੇਖਾ-ਜੋਖਾ ਅਤੇ ਅਗਲੇ ਪੈਂਤੜੇ ਬਾਰੇ ਵਿਚਾਰ ਕਰਦੇ ਹਨ। ਤੇਜਾ ਸਿੰਘ ਸੈਨਾਪਤੀ ਦੀ ਉਡੀਕ ਹੋ ਰਹੀ ਹੈ ਅਤੇ ਉਸਦੇ ਆਉਂਦੇ ਹੀ ਹੁਕਮ ਲੈ ਕੇ ਜੰਗ ਲੜਨ ਦੀ ਪਲੈਨਿੰਗ ਕਰਦੇ ਹਨ । ਫੇਰੂ ਸ਼ਹਿਰ ਵਿਖੇ ਇਸ ਦੂਜੀ ਟੱਕਰ ਵਿਚ ਸਿੰਘ ਅੰਗਰੇਜ਼ੀ ਫੌਜਾਂ ਦੇ ਖ਼ੂਬ ਆਹੂ ਲਾਹੁੰਦੇ ਹਨ-

ਫੇਰੂ ਸ਼ਹਿਰ ਦੇ ਹੇਠ ਜਾ ਖੇਤ ਰੁੱਧੇ,

ਤੋਪਾਂ ਚੱਲੀਆਂ ਨੀ ਵਾਂਗ ਤੋੜਿਆਂ ਦੇ ।

ਸਿੰਘ ਸੂਰਮੇ ਆਣ ਮੈਦਾਨ ਲੱਥੇ,

ਗੰਜ ਲਾਹ ਸੁੱਟੇ ਓਹਨਾਂ ਗੋਰਿਆਂ ਦੇ । (71)

ਅੰਗਰੇਜ਼ਾਂ ਨੂੰ ਸਿੰਘਾਂ ਵੱਲੋਂ ਅਜਿਹੇ ਮੁਕਾਬਲੇ ਦੀ ਬਿਲਕੁਲ ਉਮੀਦ ਨਹੀਂ ਸੀ। ਉਨ੍ਹਾਂ ਨੂੰ ਆਪਣੀ ਸੈਨਾ ਅਤੇ ਅਸਲੇ ਉਤੇ ਭਾਰੀ ਮਾਣ ਸੀ । ਲੇਕਿਨ ਇਥੇ ਤਾਂ ਪਾਸਾ ਹੀ ਉਲਟਾ ਪੈ ਗਿਆ। ਲਾਟ ਆਪਣੀ ਫੌਜ ਨੂੰ ਸੰਬੋਧਨ ਕਰਦਾ ਹੋਇਆ ਆਖਦਾ ਹੈ—

ਹੁਕਮ ਲਾਟ ਕੀਤਾ ਲਸ਼ਕਰ ਆਪਣੇ ਨੂੰ,

ਤੁਸਾਂ ਲਾਜ ਅੰਗਰੇਜ਼ ਦੀ ਰੱਖਣੀ ਜੀ ।

ਸਿੰਘਾਂ ਮਾਰ ਕੇ ਕਟਕ ਮੁਕਾਇ ਦਿੱਤੇ,

ਹਿੰਦੁਸਤਾਨੀ ਤੇ ਪੂਰਬੀ ਦੱਖਣੀ ਜੀ ।

ਨੰਦਨ ਟਾਪੂਆਂ ਵਿਚ ਕੁਰਲਾਟ ਹੋਈ,

ਕੁਰਸੀ ਚਾਰ ਹਜ਼ਾਰ ਹੈ ਸੱਖਣੀ ਜੀ।

ਸ਼ਾਹ ਮੁਹੰਮਦਾ ਲਾਟ ਹੁਣ ਕਹਿਣ ਲੱਗਾ,

ਰੱਤ ਸਿੰਘ ਸਿਪਾਹੀ ਦੀ ਚੱਖਣੀ ਜੀ । (72)

ਜੰਗ ਦੇ ਮੈਦਾਨ ਵਿਚ ਕਦੀ ਸਿੰਘਾਂ ਦਾ ਪੱਲੜਾ ਭਾਰੀ ਹੁੰਦਾ ਹੈ ਅਤੇ ਕਦੀ ਅੰਗਰੇਜ਼ ਇਨ੍ਹਾਂ ‘ਤੇ ਹਾਵੀ ਹੋ ਜਾਂਦੇ ਹਨ। ਸ਼ਾਹ ਮੁਹੰਮਦ ਨੇ ਨਿਰਪੱਖਤਾ ਨਾਲ ਸਾਰਾ ਹਾਲ ਬਿਆਨ ਕੀਤਾ ਹੈ—

ਓ) ਫੂਕ ਸੁੱਟੀਆਂ ਸਾਰੀਆਂ ਮੈਗਜ਼ੀਨਾਂ,

ਸਿੰਘ ਉਠ ਕੇ ਪੱਤਰਾ ਹੋਏ ਚਲੇ ।….

ਓੜਕ ਲਿਆ ਮੈਦਾਨ ਫ਼ਿਰੰਗੀਆਂ ਨੇ,

ਸ਼ਾਹ ਮੁਹੰਮਦਾ ਰਣੋਂ ਨਹੀਂ ਮੁਲ ਹੱਲੇ । (73)

ਅ)ਉਧਰ ਆਪ ਫ਼ਿਰੰਗੀ ਨੂੰ ਭਾਂਜ ਆਈ,

ਦੌੜੇ ਜਾਣ ਗੋਰੇ ਦਿੱਤੀ ਕੰਡ ਮੀਆਂ ।….

ਸ਼ਾਹ ਮੁਹੰਮਦਾ ਦੇਖ ਮੈਦਾਨ ਜਾ ਕੇ,

ਰੁਲਦੀ ਗੋਰਿਆਂ ਦੀ ਪਈ ਝੰਡ ਮੀਆਂ । (74)

ਹੁਣ ਗ਼ੱਦਾਰੀ ਦਾ ਮੁੱਖ ਰੋਲ ਰਾਜਾ ਪਹਾੜਾ ਸਿੰਘ ਫਰੀਦਕੋਟੀਏ ਨੇ ਨਿਭਾਇਆ, ਜਿਸ ਨੇ ਅੰਗਰੇਜ਼ਾਂ ਨੂੰ ਜਾ ਖ਼ਬਰ ਕੀਤੀ ਕਿ ਸਿੱਖ ਫੌਜਾਂ ਤਾਂ ਲਾਲ ਸਿੰਘ ਤੇ ਤੇਜਾ ਸਿੰਘ ਦੀ ਸਾਜਿਸ਼ ਕਾਰਨ ਪਹਿਲਾਂ ਹੀ ਮੈਦਾਨ ਛੱਡ ਗਈਆਂ ਹਨ, ਹੁਣ ਤੁਸੀਂ ਕਿਉਂ ਭੱਜੇ ਜਾਂਦੇ ਹੋ, ਜਾ ਕੇ ਅਸਲਾਖਾਨੇ ‘ਤੇ ਕਬਜ਼ਾ ਕਰੋ-

ਪਹਾੜਾ ਸਿੰਘ ਸੀ ਯਾਰ ਫ਼ਿਰੰਗੀਆਂ ਦਾ,

ਸਿੰਘਾਂ ਨਾਲ ਸੀ ਓਸ ਦੀ ਗੈਰਸਾਲੀ।

ਉਹ ਤਾਂ ਭੱਜ ਕੇ ਲਾਟ ਨੂੰ ਜਾਇ ਮਿਲਿਆ,

ਗੱਲ ਜਾਇ ਦੱਸੀ ਸਾਰੀ ਭੇਤ ਵਾਲੀ ।

ਉਥੋਂ ਹੋ ਗਿਆ ਹਰਨ ਹੈ ਖ਼ਾਲਸਾ ਜੀ,

ਚੌਦਾਂ ਹੱਥ ਦੀ ਮਾਰ ਕੇ ਮਿਰਗ-ਛਾਲੀ ।

ਸ਼ਾਹ ਮੁਹੰਮਦਾ ਸਾਂਭ ਲੈ ਸਿਲ੍ਹੇ-ਖਾਨੇ,

ਛੱਡ ਗਏ ਨੇ ਸਿੰਘ ਮੈਦਾਨ ਖ਼ਾਲੀ । (75)

ਅੰਗਰੇਜ਼ ਫੌਜਾਂ ਨੇ ਜ਼ੋਰਦਾਰ ਵਾਪਸੀ ਹੱਲਾ ਕੀਤਾ ਅਤੇ ਰਹਿੰਦੀ-ਖੂੰਹਦੀ ਸਿੱਖ ਫੌਜ ਦਾ ਭਾਰੀ ਨੁਕਸਾਨ ਕਰਕੇ 123 ਤੋਪਾਂ ਅਤੇ ਤੋਸ਼ੇਖਾਨੇ ‘ਤੇ ਕਬਜ਼ਾ ਜਮਾ ਲਿਆ-

ਸ਼ਾਹ ਮੁਹੰਮਦਾ ਇਕ ਸੌ ਤੇਈ ਤੋਪਾਂ,

ਤੋਸ਼ੇ-ਖਾਨੇ ਫ਼ਿਰੰਗੀਆਂ ਆਣ ਲੁੱਟੇ । (76)

ਫੇਰੂ ਸ਼ਹਿਰ ਦੀ ਲੜਾਈ ਜੋ ਅੰਗਰੇਜ਼ਾਂ ਨੇ ਸਿੱਖ ਲੀਡਰਾਂ ਦੀ ਗ਼ੱਦਾਰੀ ਸਦਕਾ ਜਿੱਤੀ, ਬਾਰੇ ਜਨਰਲ ਗਾਰਡਨ ਲਿਖਦਾ ਹੈ ਕਿ ‘ਅੰਗਰੇਜ਼ਾਂ ਨੇ ਜਿੰਨੀਆਂ ਲੜਾਈਆਂ ਹਿੰਦੁਸਤਾਨ ਵਿਚ ਲੜੀਆਂ, ਫੇਰੂ ਸ਼ਹਿਰ ਦੀ ਲੜਾਈ ਸਭ ਨਾਲੋਂ ਸਖ਼ਤ ਸੀ, ਜਿਸ ਨੇ ਸਾਡੀ ਹਕੂਮਤ ਨੂੰ ਜੜ੍ਹਾਂ ਤਕ ਹਿਲਾ ਦਿੱਤਾ ਸੀ ।’ (General Sir John J. H. Gordon, ‘The Sikhs’, p. 143)

ਪੰਡਤ ਨੰਦ ਕੁਮਾਰ ਦੇਵ ਸ਼ਰਮਾ ਲਿਖਦਾ ਹੈ, ‘ਜੇਕਰ ਲਾਲ ਸਿੰਘ ਤੇ ਤੇਜ ਸਿੰਘ ਮਿਲ ਕੇ ਪੰਜਾਬ ਦੇ ਪੈਰਾਂ ਵਿਚ ਗ਼ੁਲਾਮੀ ਦੀਆਂ ਬੇੜੀਆਂ ਪੁਆਉਣ ਵਾਸਤੇ ਵਿਸਾਹਘਾਤ ਨਾ ਕਰਦੇ ਤਾਂ ਇਸ ਜੰਗ ਦਾ ਨਤੀਜਾ ਕੁਝ ਹੋਰ ਹੁੰਦਾ ।’

(‘ਪੰਜਾਬ ਹਰਣ ਔਰ ਦਲੀਪ ਸਿੰਘ’, ਪੰਨਾ 35)

ਕਨਿੰਘਮ ਲਿਖਦਾ ਹੈ-‘ਅੰਗਰੇਜ਼ੀ ਫੌਜ ਨੂੰ ਪਹਿਲੀ ਵੇਰ ਬਰਾਬਰ ਦੇ ਹਥਿਆਰ-ਬੰਦ ਦੁਸ਼ਮਣ ਨਾਲ ਲੜਨਾ ਪਿਆ । …ਦੁਸ਼ਮਣ ਦੀ ਫੌਜ ਦੇ ਲੀਡਰ ਗ਼ੱਦਾਰ ਸਨ । ਤੇਜਾ ਸਿੰਘ ਖ਼ਾਲਸਾ ਫੌਜ ਨੂੰ ਤਬਾਹ ਕਰਾਉਣਾ ਚਾਹੁੰਦਾ ਸੀ। ਸਖ਼ਤ ਹਮਲਾ ਕਰਨ ਦੀ ਥਾਂ ਉਸ ਨੇ ਕਈ ਝੂਠੀਆਂ ਚਾਲਾਂ ਚੱਲੀਆਂ। ਫਿਰ ਉਹ ਬਿਨਾਂ ਕਿਸੇ ਕਾਰਨ ਫੌਜ ਨੂੰ ਛੱਡ ਕੇ ਅੰਧਾ-ਧੁੰਦ ਭੱਜ ਤੁਰਿਆ। ਉਸ ਵੇਲੇ ਅੰਗਰੇਜ਼ੀ ਤੋਪਖਾਨਾ ਨਕਾਰਾ ਹੋ ਚੁੱਕਾ ਸੀ ਤੇ ਕੁਝ ਅੰਗਰੇਜ਼ੀ ਫੌਜ ਫਿਰੋਜ਼ਪੁਰ ਨੂੰ ਵਾਪਸ ਹੋ ਗਈ ਸੀ। ਜੇਕਰ ਉਸ ਸਮੇਂ ਸਿੱਖ ਦਲੇਰੀ ਨਾਲ ਅੱਗੇ ਵਧਦੇ ਤਾਂ ਕੋਈ ਕੋਸ਼ਿਸ਼ ਵੀ ਅੰਗਰੇਜ਼ੀ ਫੌਜ ਨੂੰ ਨਹੀਂ ਸੀ ਬਚਾ ਸਕਦੀ ।’

(J. D. Cunningham, ‘A History of the Sikhs’, p. 309) ਇਹ ਲੜਾਈ ਜੋ 21 ਤੇ 22 ਦਸੰਬਰ ਸੰਨ 1845 ਨੂੰ ਹੋਈ, ਵਿਚ ਪੰਜ ਹਜ਼ਾਰ ਦੇ ਕਰੀਬ ਸਿੰਘ ਸ਼ਹੀਦ ਹੋਏ ਜਦੋਂ ਕਿ 37 ਅੰਗਰੇਜ਼ ਅਫ਼ਸਰ, 17 ਦੇਸੀ ਅਫ਼ਸਰ, 462 ਗੋਰੇ ਸਿਪਾਹੀ ਤੇ 174 ਦੇਸੀ ਸਿਪਾਹੀ ਮਾਰੇ ਗਏ ਅਤੇ 78 ਅੰਗਰੇਜ਼ ਅਫ਼ਸਰ, 18 ਦੇਸੀ ਅਫ਼ਸਰ, 1054 ਗੋਰੇ ਸਿਪਾਹੀ ਤੇ 571 ਦੇਸੀ ਸਿਪਾਹੀ ਫੱਟੜ ਹੋਏ। ਅਗਲੇ ਬੰਦਾਂ ਵਿੱਚ ਕਵੀ ਬਚੀ-ਖੁਚੀ ਸਿੱਖ ਫੌਜ ਦੀ ਮਾਨਸਿਕ ਅਵਸਥਾ ਨੂੰ ਬਿਆਨ ਕਰਦਾ ਹੈ—

ੳ) ਅੱਧੀ ਰਾਤ ਨੂੰ ਉਠ ਕੇ ਖਿਸਕ ਤੁਰੀਏ,

ਕਿਥੋਂ ਪਏ ਗੋਰੇ ਸਾਨੂੰ ਓਪਰੇ ਜੀ । (77)

ਅ ) ਬੁਰੇ ਜਿੰਨ ਹੋ ਕੇ ਸਾਨੂੰ ਪਏ ਗੋਰੇ,

ਅਸੀਂ ਜਾਣਦੇ ਸਾਂ ਕੋਈ ਕੀਰ ਮੀਆਂ ।

ਅਸੀਂ ਸ਼ਹਿਦ ਦੇ ਵਾਸਤੇ ਹੱਥ ਪਾਇਆ,

ਅੱਗੋਂ ਡੂਮਣਾ ਛਿੜੇ ਮਖ਼ੀਰ ਮੀਆਂ । (78)

ਜਿਥੇ ਵੀ ਸਿੱਖ ਫੌਜੀ ਪਰਤ ਕੇ ਜਾਂਦੇ ਹਨ, ਹਰ ਕੋਈ ਇਹੋ ਵਿਅੰਗ ਕੱਸ ਰਿਹਾ ਹੈ—

ਘਰੋਂ ਗਏ ਫ਼ਿਰੰਗੀ ਦੇ ਮਾਰਨੇ ਨੂੰ,

ਬੇੜੇ ਤੋਪਾਂ ਦੇ ਸਭ ਖੁਹਾਇ ਆਇ ।….

ਸ਼ਾਹ ਮੁਹੰਮਦਾ ਕਹਿੰਦੇ ਨੇ ਲੋਕ ਸਿੰਘ ਜੀ,

ਤੁਸੀਂ ਚੰਗੀਆਂ ਪੂਰੀਆਂ ਪਾਇ ਆਇ । (79)

ਜੰਗ ਦਾ ਅਗਲਾ ਮੁਕਾਮ ਲੁਧਿਆਣਾ ਬਣਦਾ ਹੈ । ਲੱਗਦਾ ਹੈ ਕਿ ਕਵੀ ਨੇ ਮੁਦਕੀ ਅਤੇ ਫੇਰੂ ਸ਼ਹਿਰ ਦੀਆਂ ਲੜਾਈਆਂ ਖੁਦ ਵੇਖੀਆਂ ਜਦੋਂ ਕਿ ਲੁਧਿਆਣੇ ਦੇ ਮੋਰਚੇ ਦਾ ਹਾਲ ਉਸ ਨੇ ਕਿਸੇ ਦੂਜੇ ਪਾਸੋਂ ਸੁਣਿਆ, ਜਿਸ ਦਾ ਜ਼ਿਕਰ ਕਰਦਾ ਕਵੀ ਲਿਖਦਾ ਹੈ—

ਸ਼ਾਹ ਮੁਹੰਮਦਾ ਸਭ ਮਾਲੂਮ ਕੀਤੀ,

ਕੀਕੂੰ ਹੋਈ ਸੀ ਦੱਸ ਖਾਂ ਲੁੱਦੇਹਾਣੇ । (81)

ਕਵੀ ਨੇ ਸਿੰਘਾਂ ਤੇ ਅੰਗਰੇਜ਼ਾਂ ਦੀ ਲੜਾਈ ਦੇ ਸਮੁੱਚੇ ਘਟਨਾ-ਚੱਕਰ ਦੀ ਤਰਤੀਬ ਨੂੰ ਕਾਇਮ ਰੱਖਿਆ ਹੈ । ਫਿਰੋਜ਼ਪੁਰ ਸੈਕਟਰ ਤੋਂ ਲੜਾਈ ਦਾ ਰੁਖ ਇਕ ਦਮ ਲੁਧਿਆਣੇ ਵੱਲ ਹੋ ਗਿਆ ਸੀ, ਇਸ ਲਈ ਕਵੀ ਨੇ ਫੇਰੂ ਸ਼ਹਿਰ ਤੋਂ ਬਾਅਦ ਬੱਦੋਵਾਲ ਤੇ ਅਲੀਵਾਲ ਦੇ ਮੋਰਚਿਆਂ ਦੇ ਹਾਲਾਤ ਬਿਆਨ ਕੀਤੇ ਹਨ ।

ਫਿਲੌਰ ਦੇ ਗਵਰਨਰ ਰਣਜੋਧ ਸਿੰਘ ਮਜੀਠੀਏ ਨੇ ਕਰਨਾਲ ਦੇ ਅਜੀਤ ਸਿੰਘ ਲਾਡਵੇ ਨਾਲ ਮਿਲ ਕੇ ਲਾਡਵੇ ਪਰਵਾਰ ਨੂੰ ਬੱਦੋਵਾਲ ਵਿਚ ਅੰਗਰੇਜ਼ਾਂ ਤੋਂ ਛੁਡਾਇਆ ਅਤੇ ਲੁਧਿਆਣੇ ਪੁੱਜ ਕੇ ਫਿਰੰਗੀਆਂ ਦੀ ਛਾਉਣੀ ਦਾ ਇਕ ਵੱਡਾ ਭਾਗ ਫੂਕ ਦਿੱਤਾ—

ਸ਼ਾਹ ਮੁਹੰਮਦਾ ਛਾਵਣੀ ਫੂਕ ਦਿੱਤੀ,

ਵਿਚੋਂ ਜੀਉ ਫ਼ਿਰੰਗੀ ਦਾ ਹੱਲਿਆ ਈ । (82)

21 ਜਨਵਰੀ 1846 ਨੂੰ ਬੱਦੋਵਾਲ ਦੇ ਮੁਕਾਮ ‘ਤੇ ਸਿੱਖਾਂ ਤੇ ਅੰਗਰੇਜ਼ਾਂ ਦੀ ਟੱਕਰ ਹੋਈ, ਜਿਸ ਵਿਚ ਅੰਗਰੇਜ਼ਾਂ ਦੇ 69 ਆਦਮੀ ਮਰੇ, 64 ਫੱਟੜ ਹੋਏ ਅਤੇ 77 ਗੁੰਮ ਹੋਏ । ਇਸ ਲੜਾਈ ਵਿਚ ਖ਼ਾਲਸੇ ਨੇ ਅੰਗਰੇਜ਼ਾਂ ਦੇ ਛੱਕੇ ਛੁਡਾ ਦਿੱਤੇ ਅਤੇ ਹੈਰੀ ਸਮਿਥ ਦੀ ਕਮਾਂਡ ਵਿਚ ਆਈ ਫੌਜ ਨੂੰ ਬਹੁਤ ਬੁਰੀ ਤਰ੍ਹਾਂ ਮਾਤ ਦਿੱਤੀ। ਸਮਿੱਥ ਜਾਨ ਬਚਾ ਕੇ ਲੁਧਿਆਣੇ ਵੱਲ ਨੱਠ ਗਿਆ । ਸਿੱਖਾਂ ਨੇ ਦੁਸ਼ਮਣ ਫੌਜ ਦਾ ਸਾਜੋ-ਸਾਮਾਨ ਵੀ ਖ਼ੂਬ ਲੁੱਟਿਆ । ਇਸ ਜੰਗ ਵਿਚ ਰਣਜੋਧ ਸਿੰਘ ਨੇ ਖ਼ਾਸ ਭੂਮਿਕਾ ਨਹੀਂ ਨਿਭਾਈ, ਉਸ ਨੇ ਫੌਜ ਨੂੰ ਤਾਂ ਲੁੱਟਣ ਲਗਾ ਦਿੱਤਾ ਅਤੇ ਆਪ ਪਾਸੇ ਹੋ ਗਿਆ। ਉਸ ਨੇ ਅੰਗਰੇਜ਼ੀ ਫੌਜ ਦਾ ਪਿੱਛਾ ਨਾ ਕੀਤਾ, ਜੇਕਰ ਅਜਿਹਾ ਕਰਦਾ ਤਾਂ ਸਿੰਘਾਂ ਦਾ ਲੁਧਿਆਣੇ ‘ਤੇ ਕਬਜ਼ਾ ਹੋ ਜਾਣਾ ਸੀ ਅਤੇ ਦਿੱਲੀ ਤੋਂ ਆ ਰਹੇ ਖਜ਼ਾਨੇ ਅਤੇ ਅਸਲੇ ਨੂੰ ਲੁੱਟ ਕੇ ਜੰਗ ਦਾ ਰੁਖ਼ ਹੀ ਬਦਲ ਸਕਦਾ ਸੀ। ਸ਼ਾਹ ਮੁਹੰਮਦ ਵੀ ਲਿਖਦਾ ਹੈ—

ਇਹਨਾਂ ਬਹੁਤ ਫ਼ਿਰੰਗੀ ਦੀ ਫੌਜ ਮਾਰੀ,

ਲੁੱਟਾਂ ਭਾਰੀਆਂ ਬਾਝ ਸ਼ੁਮਾਰ ਲੈਂਦੇ ।

ਤੋਪਾਂ, ਊਠ, ਹਾਥੀ, ਮਾਲ ਲਾਖ ਘੋੜੇ,

ਡੇਰੇ ਆਪਣੇ ਸਿੰਘ ਉਤਾਰ ਲੈਂਦੇ ।

ਸ਼ਾਹ ਮੁਹੰਮਦਾ ਸਿੰਘ ਜੇ ਜ਼ੋਰ ਕਰਦੇ,

ਭਾਵੇਂ ਲੁੱਦੇਹਾਣਾ ਤਦੋਂ ਮਾਰ ਲੈਂਦੇ । (83)

28 ਜਨਵਰੀ 1846 ਨੂੰ ਅਲੀਵਾਲ ਵਿਖੇ ਸਿੱਖਾਂ ਤੇ ਅੰਗਰੇਜ਼ਾਂ ਦੀ ਇਕ ਵਾਰੀ ਫਿਰ ਟੱਕਰ ਹੋਈ । ਜਦੋਂ ਸਿੱਖ ਸੂਰਮੇ ਘਮਸਾਣ ਦੀ ਜੰਗ ਕਰ ਰਹੇ ਸਨ ਤਾਂ ਰਣਜੋਧ ਸਿੰਘ ਨੇ ਫਿਰ ਕੌਮ ਨਾਲ ਗ਼ੱਦਾਰੀ ਕੀਤੀ ਅਤੇ ਫੌਜ ਨੂੰ ਮੈਦਾਨ ਵਿਚ ਹੀ ਲੜਦੀ ਛੱਡ ਕੇ ਆਪ ਮੈਦਾਨ ਛੱਡ ਕੇ ਭੱਜ ਖਲੋਤਾ। ਆਗੂਆਂ ਦੀ ਗ਼ੱਦਾਰੀ ਕਾਰਨ ਸਿੰਘ ਇਸ ਮੋਰਚੇ ‘ਤੇ ਵੀ ਹਾਰ ਗਏ। ਕਵੀ ਲਿਖਦਾ ਹੈ-

ਸੱਠਾਂ ਕੋਹਾਂ ਦਾ ਪੰਧ ਸੀ ਲੁਧਿਆਣਾ,

ਰਾਤੋ ਰਾਤ ਕੀਤੀ ਟੁੰਡੇ ਦੌੜ ਮੀਆਂ ।

ਉਹ ਵੀ ਲੁੱਟਿਆ ਲਾਟ ਨੇ ਆਣ ਡੇਰਾ,

ਤੋਪਾਂ ਸਭ ਖੋਹੀਆਂ ਕੀਤੀ ਚੌੜ ਮੀਆਂ ।….

ਸ਼ਾਹ ਮੁਹੰਮਦਾ ਸਿੰਘ ਲੁਟਾਇ ਡੇਰੇ,

ਕਰ ਆਏ ਨੇ ਤੁੱਟੀਆਂ ਚੌੜ ਮੀਆਂ । (85)

ਲਾਰਡ ਹਾਰਡਿੰਗ ਨੇ ਜਿਥੇ ਰਣਜੋਧ ਸਿੰਘ ਦਾ ਮਾਲ-ਮਤਾ ਖੋਹਿਆ, ਉਥੇ ਸਿੱਖ ਫੌਜਾਂ ਨਾਲ ਵੀ ਬੁਰੀ ਹੋਈ। ਇਨ੍ਹਾਂ ਦਾ ਵੀ ਸਭ ਕੁਝ ਲੁੱਟਿਆ-ਪੁੱਟਿਆ ਗਿਆ, ਤਨਾਂ ‘ਤੇ ਪਹਿਨੇ ਕੱਪੜੇ ਹੀ ਮਸਾਂ ਬਚਾ ਸਕੇ-

ਲੁੱਟੇ ਗਏ ਸਾਰੇ ਰਹੀ ਇਕ ਕੁੜਤੀ,

ਬਾਹਾਂ ਹਿੱਕ ਦੇ ਨਾਲ ਲਗਾਂਵਦੇ ਨੀ ।

ਅੱਗੋਂ ਲੋਕ ਲੜਾਈ ਦੀ ਗੱਲ ਪੁੱਛਣ,

ਜੀਭ ਹੋਠਾਂ ਥੀਂ ਖੋਲ੍ਹ ਦਿਖਾਂਵਦੇ ਨੀ।

ਸ਼ਾਹ ਮੁਹੰਮਦਾ ਆਣ ਕੇ ਘਰ ਦਿਆਂ ਤੋਂ,

ਨਵੇਂ ਕਪੜੇ ਹੋਰ ਸਿਵਾਂਵਦੇ ਨੀ । (86)

ਸਿੱਖਾਂ ਤੇ ਅੰਗਰੇਜ਼ਾਂ ਦੀ ਆਖਰੀ ਤੇ ਨਿਰਣਾਇਕ ਲੜਾਈ 10 ਫਰਵਰੀ 1846 ਨੂੰ ਸਭਰਾਵਾਂ ਦੇ ਮੈਦਾਨ ਵਿਚ ਹੋਈ । ਪਹਿਲੀਆਂ ਹਾਰਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਪੰਜਾਬ ਦੀ ਰਹਿੰਦੀ-ਖੂੰਹਦੀ ਲਾਜ ਬਚਾਉਣ ਲਈ ਸਿੱਖ ਸਰਦਾਰਾਂ ਨੇ ਦੁਸ਼ਮਣ ਨਾਲ ਡਟ ਕੇ ਦੋ-ਹੱਥ ਕਰਨ ਦਾ ਫ਼ੈਸਲਾ ਕੀਤਾ-

ਪਿੱਛੇ ਬੈਠ ਸਰਦਾਰਾਂ ਗੁਰਮਤਾ ਕੀਤਾ,

ਕੋਈ ਅਕਲ ਦਾ ਕਰੋ ਇਲਾਜ ਯਾਰੋ ।

ਛੇੜ ਬੁਰਛਿਆਂ ਦੀ ਸਾਡੇ ਪੇਸ਼ ਆਈ,

ਪੱਗ ਦਾੜ੍ਹੀਆਂ ਦੀ ਰੱਖੋ ਲਾਜ ਯਾਰੋ ।

ਮੁੱਠ ਮੀਟੀ ਸੀ ਦੇਸ਼ ਪੰਜਾਬ ਦੀ ਜੀ,

ਇਨ੍ਹਾਂ ਖੋਲ੍ਹ ਦਿੱਤਾ ਅੱਜ ਪਾਜ ਯਾਰੋ ।

ਸ਼ਾਹ ਮੁਹੰਮਦਾ ਮਾਰ ਕੇ ਮਰੋ ਏਥੇ,

ਕਦੀ ਰਾਜ ਨਾ ਹੋਇ ਮੁਹਤਾਜ ਯਾਰੋ । (88)

ਕੋਈ ਤੀਹ ਹਜ਼ਾਰ ਦੇ ਕਰੀਬ ਸਿੱਖ ਫੌਜ 70 ਤੋਪਾਂ ਸਹਿਤ ਬੇੜੀਆਂ ਰਾਹੀਂ ਦਰਿਆ ਪਾਰ ਕਰਕੇ ਸਭਰਾਵਾਂ ਦੇ ਮੈਦਾਨ ਵਿਚ, ਆਣ ਡਟੀ । ਮਹਾਨ ਜਰਨੈਲ ਸ. ਸ਼ਾਮ ਸਿੰਘ ਅਟਾਰੀ ਵਾਲਾ, ਜੋ ਮਹਾਰਾਜਾ ਰਣਜੀਤ ਸਿੰਘ ਦਾ ਕਰੀਬੀ ਰਿਸ਼ਤੇਦਾਰ ਵੀ ਸੀ (ਆਪ ਦੀ ਲੜਕੀ ਬੀਬੀ ਨਾਨਕੀ ਮਹਾਰਾਜੇ ਦੇ ਪੋਤਰੇ ਅਤੇ ਮਹਾਰਾਜਾ ਖੜਕ ਸਿੰਘ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਨਾਲ ਵਿਆਹੀ ਹੋਈ ਸੀ) ਲੇਕਿਨ ਲਾਹੌਰ ਦੀ ਨਿੱਤ ਦਿਨ ਦੀ ਖਾਨਾਜੰਗੀ ਅਤੇ ਡੋਗਰਿਆਂ ਦੀ ਵਧੇਰੇ ਹੀ ਦਖ਼ਲ-ਅੰਦਾਜ਼ੀ ਤੋਂ ਨਿਰਾਸ ਹੋ ਕੇ ਆਪਣੇ ਪਿੰਡ ਜਾ ਬੈਠਾ ਸੀ, ਕੌਮ ’ਤੇ ਬਣੀ ਭੀੜ ਨੂੰ ਵੇਖ ਕੇ ਜੰਗੀ ਸ਼ਸਤਰ-ਬਸਤਰ ਪਹਿਨ ਅਤੇ ਸਫ਼ੈਦ ਘੋੜੇ ਉਤੇ ਸਵਾਰ ਹੋ, ਜੈਕਾਰੇ ਗਜਾਉਂਦਾ ਹੋਇਆ ਯੁੱਧ-ਖੇਤਰ ਵਿਚ ਪੁੱਜ ਗਿਆ ।

ਕਮਾਂਡਰ ਲਾਲ ਸਿੰਘ ਅਤੇ ਤੇਜਾ ਸਿੰਘ ਵਲੋਂ ਪਿਛਲੀਆਂ ਲੜਾਈਆਂ ਵਿਚ ਕਮਾਏ ਗਏ ਧਰੋਹ ਦੇ ਬਾਵਜੂਦ ਸਿੱਖ ਫੌਜਾਂ ਵਿਚ ਜੰਗ ਲਈ ਬੜਾ ਉਤਸ਼ਾਹ ਸੀ। ਓਧਰ ਲਾਹੌਰ ਦਰਬਾਰ ਵਿੱਚ ਸਿੱਖ ਫੌਜਾਂ ਨੂੰ ਪੂਰੀ ਤਰ੍ਹਾਂ ਨਸ਼ਟ ਕੀਤੇ ਜਾਣ ਦੀਆਂ ਕਾਰਵਾਈਆਂ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਸੀ । ਰਾਜਾ ਗੁਲਾਬ ਸਿੰਘ ਨੂੰ ਜੰਮੂ ਤੋਂ ਬੁਲਾ ਕੇ ਅੰਗਰੇਜ਼ਾਂ ਨਾਲ ਗੁਪਤ ਸਮਝੌਤਾ ਕਰ ਲਿਆ ਗਿਆ ਸੀ। ਫੌਜੀ ਮੋਰਚਾ- ਬੰਦੀ ਦੇ ਸਾਰੇ ਭੇਦ ਲਾਲ ਸਿੰਘ ਨੇ ਆਪਣੇ ਵਿਸ਼ਵਾਸ-ਪਾਤਰ ਸ਼ਮਸਦੀਨ ਖਾਨ ਕਸੂਰੀਏ ਰਾਹੀਂ ਮੇਜਰ ਲਾਰੰਸ ਪਾਸ ਪਹੁੰਚਾ ਦਿੱਤੇ ਸਨ। 10 ਫਰਵਰੀ ਨੂੰ ਜਿਉਂ ਹੀ ਜੰਗ ਦਾ ਬਿਗਲ ਵੱਜਿਆ ਅਤੇ ਦੋਨਾਂ ਪਾਸਿਆਂ ਤੋਂ ਅੱਗ ਵਰ੍ਹਨੀ ਸ਼ੁਰੂ ਹੋਈ, ਕੀਤੇ ਗਏ ਸਾਜ਼-ਬਾਜ਼ ਅਨੁਸਾਰ ਸਿੱਖ ਫੌਜ ਦਾ ਕਮਾਂਡਰ- ਇਨ-ਚੀਫ਼ ਤੇਜਾ ਸਿੰਘ ਆਪਣੇ ਸਾਥੀਆਂ ਨਾਲ ਯੁੱਧ-ਭੂਮੀ ਤੋਂ ਭੱਜ ਖਲੋਤਾ ਅਤੇ ਜਾਂਦੇ ਹੋਏ ਜਿਥੇ ਬਾਰੂਦ ਨਾਲ ਭਰੀਆਂ ਬੇੜੀਆਂ ਦਰਿਆ ਵਿਚ ਡੋਬ ਦਿੱਤੀਆਂ, ਉਥੇ ਬੇੜੀਆਂ ਦਾ ਪੁਲ ਵੀ ਤੋੜ ਦਿੱਤਾ ਤਾਂ ਜੋ ਬਾਕੀ ਫੌਜ ਦਰਿਆ ਪਾਰ ਨਾ ਕਰ ਸਕੇ । ਬਿਨਾਂ ਜਰਨੈਲ ਤੋਂ ਫੌਜ ਕਦੋਂ ਤੀਕ ਲੜਦੀ ?-ਪਰੰਤੂ ਫਿਰ ਵੀ ਬੀਰ ਯੋਧੇ ਪੂਰੀ ਹਿੰਮਤ ਨਾਲ ਲੜੇ ਅਤੇ ਗੋਰਿਆਂ ਦੀਆਂ ਇਕ ਵੇਰ ਤਾਂ ਚੱਕਰੀਆਂ ਭੰਵਾ ਦਿੱਤੀਆਂ । ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਡਾਢੀ ਫ਼ੁਰਤੀ ਨਾਲ ਫਿਰੰਗੀਆਂ ਦਾ ਸਫ਼ਾਇਆ ਕਰੀ ਜਾ ਰਿਹਾ ਸੀ, ਜਿਸ ਤੋਂ ਪ੍ਰੇਰਨਾ ਲੈ ਕੇ ਸਿੱਖ ਫੌਜ ਵੀ ਦੁਸ਼ਮਣ ਦਲਾਂ ਉਤੇ ਚੰਗੀ ਹਾਵੀ ਹੋ ਰਹੀ ਸੀ । ਸ਼ਾਹ ਮੁਹੰਮਦ ਲਿਖਦਾ ਹੈ—

ਆਈਆਂ ਪਲਟਨਾਂ ਬੀੜ ਕੇ ਤੋਪਖਾਨੇ,

ਅੱਗੋਂ ਸਿੰਘਾਂ ਨੇ ਪਾਸੜੇ ਤੋੜ ਸੁੱਟੇ ।

ਮੇਵਾ ਸਿੰਘ ਤੇ ਮਾਘੇ ਖਾਂ ਹੋਏ ਸਿੱਧੇ,

ਹੱਲੇ ਤਿੰਨ ਫ਼ਿਰੰਗੀ ਦੇ ਮੋੜ ਸੁੱਟੇ ।

ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ,

ਬੰਨ੍ਹ ਸ਼ਸਤ੍ਰੀ ਜੋੜ-ਵਿਛੋੜ ਸੁੱਟੇ ।

ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,

ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ । (90)

ਲੇਕਿਨ ਡੋਗਰਿਆਂ ਨੇ ਇਕ ਹੋਰ ਬੜੀ ਵੱਡੀ ਚਾਲ ਚੱਲੀ ਸੀ, ਉਹ ਇਹ ਕਿ ਬੋਰੀਆਂ ਵਿਚ ਬਾਰੂਦ ਦੀ ਥਾਂ ਸਰ੍ਹੋਂ ਭਰ ਕੇ ਭੇਜੀ ਗਈ ਸੀ । ਹੁਣ ਜਦੋਂ ਬੋਰੀਆਂ ਵਿਚੋਂ ਬਾਰੂਦ ਦੀ ਥਾਂ ਸਰ੍ਹੋਂ ਨਿਕਲਣ ਲੱਗੀ ਤਾਂ ਸਿੰਘਾਂ ਲਈ ਡਾਢੀ ਲਾਚਾਰੀ ਬਣੀ। ਨਾ ਹੀ ਇਹ ਦਰਿਆ ਪਾਰ ਕਰ ਕੇ ਕਿਧਰੇ ਨਿੱਕਲ ਸਕਦੇ ਸਨ, ਸੋ ਦੁਸ਼ਮਣ ਦੀਆਂ ਗੋਲੀਆਂ ਨਾਲ ਭੁੰਨੇ ਜਾਣ ਲੱਗੇ-

ੳ)

ਕੁੰਡਲ ਘੱਤਿਆ ਵਾਂਗ ਕਮਾਨ ਗੋਸ਼ੇ,

ਬਣੀ ਆਣ ਸਰਦਾਰਾਂ ਨੂੰ ਬਹੁਤ ਭਾਰੀ ।

ਤੇਜਾ ਸਿੰਘ ਸਰਦਾਰ ਪੁਲ ਵੱਢ ਦਿੱਤਾ,

ਘਰੀਂ ਨੱਸ ਨਾ ਜਾਇ ਇਹ ਫੌਜ ਸਾਰੀ ।

ਸ਼ਾਹ ਮੁਹੰਮਦਾ ਮਰਨ ਸ਼ਹੀਦ ਹੋ ਕੇ,

ਅਤੇ ਜਾਨ ਨਾ ਕਰਨਗੇ ਫੇਰ ਪਿਆਰੀ । (91)

ਅ)

ਕਈ ਸੂਰਮੇ ਮਾਰ ਕੇ ਮੋਏ ਓਥੇ,

ਜਿਨ੍ਹਾਂ ਹੱਥ ਕੀਤੇ ਤੇਗ਼ਾਂ ਨੰਗੀਆਂ ਦੇ ।

ਰਹਿੰਦੇ ਘੇਰ ਕੇ ਵਿਚ ਦਰਿਆਓ ਡੋਬੇ,

ਸ਼ੱਰੇ ਮਾਰਿਓ ਨੇ ਤੋਪਾਂ ਚੰਗੀਆਂ ਦੇ । (93)

ਸਭ ਇਤਿਹਾਸਕਾਰ ਇਸ ਗੱਲ ਨੂੰ ਮੰਨਦੇ ਹਨ ਕਿ ਇਸ ਜੰਗ ਵਿਚ ਸਿੰਘਾਂ ਨੇ ਅਦੁੱਤੀ ਬੀਰਤਾ ਦਾ ਪ੍ਰਦਰਸ਼ਨ ਕੀਤਾ, ਲੇਕਿਨ ਨਮਕ-ਹਰਾਮੀਆਂ ਦੀਆਂ ਗਹਿਰੀਆਂ ਸਾਜ਼ਿਸ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਵਰਗੇ ਯੋਗ ਆਗੂ ਦੀ ਅਣਹੋਂਦ ਕਾਰਨ ਜਿੱਤਦੇ-ਜਿੱਤਦੇ ਵੀ ਅੰਤ ਵਿਚ ਹਾਰ ਗਏ। ਕਵੀ ਡੂੰਘੇ ਦਰਦ ਦਾ ਇਜ਼ਹਾਰ ਕਰਦਾ ਹੋਇਆ ਲਿਖਦਾ ਹੈ-

ਜੰਗ ਹਿੰਦ-ਪੰਜਾਬ ਦਾ ਹੋਣ ਲੱਗਾ,

ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ ।

ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,

ਜੇੜ੍ਹੀਆਂ ਖ਼ਾਲਸੇ ਨੇ ਤੇਗ਼ਾਂ ਮਾਰੀਆਂ ਨੇ ।

ਸਣੇ ਆਦਮੀ ਗੋਲੀਆਂ ਨਾਲ ਉੱਡਣ,

ਹਾਥੀ ਡਿੱਗਦੇ ਸਣੇ ਅੰਬਾਰੀਆਂ ਨੇ ।

ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,

ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ । (92)

ਭਾਈ ਕਾਨ੍ਹ ਸਿੰਘ ਬੰਗਾ ਨੇ ਵੀ ਆਪਣੇ ਜੰਗਨਾਮੇ ਵਿਚ ਸਿੱਖ ਫੌਜ ਦੇ ਨਾਇਕ-ਹੀਣ ਹੋਣ ਉਤੇ ਟਿੱਪਣੀ ਕਰਦੇ ਹੋਏ ਲਿਖਿਆ ਹੈ

ਨਾ ਹੋਤਾ ਬੇਮਾਲਿਕ ਅਗਰ ਖ਼ਾਲਸਾ ।

ਕਹਾਂ ਕੰਪਨੀ ਇਨ ਸੇ ਪਾਤੀ ਫ਼ਤਾ ॥418॥

ਮੈਕਗਰ ਅਨੁਸਾਰ ਇਸ ਜੰਗ ਵਿਚ 13 ਵੱਡੇ ਅੰਗਰੇਜ਼ ਅਫ਼ਸਰ ਮਰੇ ਤੇ

101 ਅਫ਼ਸਰ ਜਖ਼ਮੀ ਹੋਏ (W. L. M. Gregor, ‘The History of the Sikhs’,

Vol II. 1846, p. 193) (ਜਦੋਂ ਕੇ ਕੁੱਲ 320 ਸੈਨਿਕ ਮਰੇ ਤੇ 2063 ਜ਼ਖਮੀ ਹੋਏ(Gen. Charles Gough and Arthur D. Innes, ‘The Sikhs and ਥੇ Sikh Wars, 1847′, p. 128) । ਸਿੱਖਾਂ ਦੇ ਨੁਕਸਾਨ ਦਾ ਅੰਦਾਜ਼ਾ ਉੱਥੇ ਕਿਸ ਨੇ ਲਗਾਣਾ ਸੀ ? ਕੀ ਉਹਨਾਂ ਜਰਨੈਲਾਂ ਨੇ ਪੜਤਾਲ ਕਰਨੀ ਸੀ, ਜਿਹੜੇ ਫੌਜ ਨੂੰ ਮੌਤ ਦੇ ਮੂੰਹ ਵਿਚ ਧਕੇਲ ਕੇ ਆਪ ਘਰ ਜਾ ਵੜੇ ਸਨ ? ਸੋ ਸਿੱਖਾਂ ਦੇ ਨੁਕਸਾਨ ਦਾ ਅੰਦਾਜ਼ਾ ਅੱਡੋ-ਅੱਡ ਲਿਖਾਰੀਆਂ ਨੇ 5 ਤੋਂ 8 ਹਜ਼ਾਰ ਦੇ ਵਿੱਚ ਕੀਤਾ ਹੈ। (ਗਿ. ਸੋਹਣ ਸਿੰਘ ਸੀਤਲ, ‘ਸਿੱਖ ਰਾਜ ਕਿਵੇਂ ਗਿਆ’, ਪੰਨਾ 169) ਸ. ਸ਼ਾਮ ਸਿੰਘ ਜੀ ਅਟਾਰੀ ਸੱਤ ਗੋਲੀਆਂ ਸੀਨੇ ਵਿਚ ਖਾ ਕੇ ਸ਼ਹੀਦ ਹੋਏ, ਹੋਰ ਵੀ ਅਨੇਕਾਂ ਸਰਦਾਰ ਤੇ ਸੈਨਿਕ ਮਰਦਾਂ ਵਾਂਗ ਇਸ ਜੰਗ ਵਿਚ ਜੂਝੇ, ਜਿਨ੍ਹਾਂ ‘ਤੇ ਵਿਯੋਗ ਕਰਦਾ ਹੋਇਆ ਕਵੀ ਲਿਖਦਾ ਹੈ—

ਕਈ ਮਾਵਾਂ ਦੇ ਪੁੱਤ ਨੇ ਮੋਏ ਓਥੇ,

ਸੀਨੇ ਲੱਗੀਆਂ ਤੇਜ਼ ਕਟਾਰੀਆਂ ਨੀ ।

ਜਿਨ੍ਹਾਂ ਭੈਣਾਂ ਨੂੰ ਵੀਰ ਨਾ ਮਿਲੇ ਮੁੜ ਕੇ,

ਪਈਆਂ ਰੋਂਦੀਆਂ ਫਿਰਨ ਵਿਚਾਰੀਆਂ ਨੀ ।

ਜੰਗੀਂ ਜਿਨ੍ਹਾਂ ਦੇ ਸਿਰਾਂ ਦੇ ਮੋਏ ਵਾਲੀ,

ਖੁਲ੍ਹੇ ਵਾਲ ਤੇ ਫਿਰਨ ਵਿਚਾਰੀਆਂ ਨੀ ।

ਸ਼ਾਹ ਮੁਹੰਮਦਾ ਬਹੁਤ ਸਰਦਾਰ ਮਾਰੇ,

ਪਈਆਂ ਰਾਜ ਦੇ ਵਿਚ ਖੁਆਰੀਆਂ ਨੀ । (94)

ਜਿਥੇ ਮਟਕ ਨੇ ਆਪਣੀ ਰਚਨਾ ਵਿਚ ਤੇਜਾ ਸਿੰਘ ਤੇ ਲਾਲ ਸਿੰਘ ਨੂੰ ਸਿੱਖ ਫੌਜ ਦੀ ਹਾਰ ਦੇ ਮੁੱਖ ਦੋਸ਼ੀ ਠਹਿਰਾਉਂਦੇ ਹੋਏ ਲਿਖਿਆ ਹੈ-‘ਲਾਲੂ ਦੀ ਲਾਲੀ ਗਈ, ਤੇਜੂ ਦਾ ਗਿਆ ਤੇਜ । ਰਣ ਵਿਚਿ ਪਿਠ ਦਿਖਾਇ ਕੇ, ਮੋਢਾ ਆਏ ਫੇਰ’। ਉਥੇ ਸ਼ਾਹ ਮੁਹੰਮਦ ਨੇ ਇਸ ਜੰਗਨਾਮੇ ਵਿਚ ਲਾਲ ਸਿੰਘ ਦੀ ਗ਼ੱਦਾਰੀ ਦਾ ਮੂਲੋਂ ਜ਼ਿਕਰ ਨਹੀਂ ਕੀਤਾ ਅਤੇ ਤੇਜਾ ਸਿੰਘ ਨੂੰ ਵੀ ਨਿਰਦੋਸ਼ ਹੀ ਸਿੱਧ ਕੀਤਾ ਹੈ। ਉਸ ਨੇ ਪੁਲ ਤੋੜਨ ਵਾਲੀ ਘਟਨਾ ਇੰਜ ਲਿਖੀ ਹੈ

ਤੇਜਾ ਸਿੰਘ ਸਰਦਾਰ ਪੁਲ ਵੱਢ ਦਿੱਤਾ,

ਘਰੀਂ ਨੱਸ ਨਾ ਜਾਇ ਇਹ ਫੌਜ ਸਾਰੀ ।

ਸ਼ਾਹ ਮੁਹੰਮਦਾ ਮਰਨ ਸ਼ਹੀਦ ਹੋ ਕੇ,

ਅਤੇ ਜਾਨ ਨਾ ਕਰਨਗੇ ਫੇਰ ਪਿਆਰੀ । (91)

ਅਰਥਾਤ-ਤੇਜਾ ਸਿੰਘ ਅੰਗਰੇਜ਼ਾਂ ਨਾਲ ਮਿਲ ਕੇ ਫੌਜਾਂ ਦਾ ਘਾਤ ਬਿਲਕੁਲ ਨਹੀਂ ਸੀ ਕਰਵਾ ਰਿਹਾ, ਬਲਕਿ ਉਸ ਨੇ ਪੁਲ ਇਸ ਲਈ ਤੋੜਿਆ ਸੀ ਕਿ ਸਿੱਖ ਫੌਜ ਮੈਦਾਨ ਛੱਡ ਕੇ ਵਾਪਸ ਨਾ ਭੱਜ ਆਵੇ, ਸਗੋਂ ਪੂਰੀ ਇਕਾਗਰਤਾ ਨਾਲ ਲੜ ਕੇ ਫ਼ਤਹ ਪ੍ਰਾਪਤ ਕਰੇ ।

ਹੁਣ ਪਹਿਲਾਂ ਹੋਏ ਫੈਸਲੇ ਅਨੁਸਾਰ ਮਹਾਰਾਣੀ ਜਿੰਦਾਂ ਨੇ ਅੰਗਰੇਜ਼ਾਂ ਨੂੰ ਜਲਦੀ ਲਾਹੌਰ ਪੁੱਜਣ ਦੀ ਤਾਕੀਦ ਕੀਤੀ ਤਾਂ ਜੋ ਫੌਜ ਨੂੰ ਕਾਬੂ ਕੀਤਾ ਜਾ ਸਕੇ ਅਤੇ ਰਾਜ ਦਰਬਾਰ ਦੇ ਵਾਰਸਾਂ ਦੇ ਜਾਨ-ਮਾਲ ਦੀ ਰੱਖਿਆ ਕੀਤੀ ਜਾ ਸਕੇ-

ਲਿਖਿਆ ਤੁਰਤ ਪੈਗ਼ਾਮ ਰਾਣੀ ਜਿੰਦ ਕੌਰਾਂ,

ਕੋਈ ਤੁਸਾਂ ਨੇ ਦੇਰ ਨਹੀਂ ਲਾਵਣੀ ਜੀ ।

ਰਹਿੰਦੀ ਫੌਜ ਦਾ ਕਰੋ ਇਲਾਜ ਕੋਈ,

ਕਾਬੂ ਤੁਸਾਂ ਬਗ਼ੈਰ ਨਾ ਆਵਣੀ ਜੀ ।

ਮੇਰੀ ਜਾਨ ਦੇ ਰੱਬ ਜਾਂ ਤੁਸੀਂ ਰਾਖੇ,

ਪਾਉ ਵਿਚ ਲਾਹੌਰ ਦੇ ਛਾਵਣੀ ਜੀ । (95)

‘ਅੰਨ੍ਹਾਂ ਕੀ ਭਾਲੇ ਦੋ ਅੱਖਾਂ’- ਪੈਗ਼ਾਮ ਮਿਲਦੇ ਹੀ ਅੰਗਰੇਜ਼ ਲਾਹੌਰ ਲਈ ਰਵਾਨਾ ਹੋ ਗਏ ਅਤੇ ਆਣ ਕੇ ਸਭ ਕਾਰੋਬਾਰ ਹੌਲੀ-ਹੌਲੀ ਸੰਭਾਲ ਲਿਆ-

ਪੁਲ ਬੱਧਾ ਫ਼ਿਰੰਗੀ ਨੇ ਖ਼ਬਰ ਸੁਣ ਕੇ,

ਲਾਂਘੇ ਪਾਏ ਨੀ ਵਿਚ ਪਲਕਾਰਿਆਂ ਦੇ ।

ਆਏ ਸ਼ਹਿਰ ਲਾਹੌਰ ਨੂੰ ਖੁਸ਼ੀ ਕਰਦੇ,

ਵਾਜੇ ਵੱਜਦੇ ਨਾਲ ਨਗਾਰਿਆਂ ਦੇ । (96)

ਅ) ਬਣੇ ਮਾਈ ਦੇ ਆਣ ਅੰਗਰੇਜ਼ ਰਾਖੇ,

ਪਾਈ ਛਾਵਣੀ ਵਿਚ ਲਾਹੌਰ ਦੇ ਜੀ।

ਹੋਰ ਮਾਲਵਾ ਪਾਰ ਦਾ ਮੁਲਕ ਸਾਰਾ,

ਠਾਣਾ ਘੱਤਿਆ ਵਿਚ ਫਿਲੌਰ ਦੇ ਜੀ।

ਲਿਆ ਸ਼ਹਿਰ ਹੁਸ਼ਿਆਰਪੁਰ ਤਲਕ ਸਾਰਾ,

ਜਿਹੜੇ ਟਕੇ ਆਵਣ ਨੰਦਾ ਚੌਰ ਦੇ ਜੀ ।….(98)

ਇਸ ਸੌਦੇਬਾਜ਼ੀ ਵਿਚ ਰਾਜਾ ਗੁਲਾਬ ਸਿੰਘ ਕਾਮਯਾਬ ਰਿਹਾ ਅਤੇ ਅੰਗਰੇਜ਼ਾਂ ਤੋਂ ਜੰਮੂ ਤੇ ਕਸ਼ਮੀਰ ਦਾ ਇਲਾਕਾ ਲੈ ਕੇ ਪਾਸੇ ਹੋ ਗਿਆ—

ਰਾਜਾ ਗਿਆ ਗੁਲਾਬ ਸਿੰਘ ਆਪ ਚੜ੍ਹ ਕੇ,

ਬਾਹੋਂ ਪਕੜ ਲਾਹੌਰ ਲਿਆਂਵਦਾ ਈ ।

ਸਾਹਿਬ ਲੋਕ ਜੀ! ਅਸਾਂ ਪਰ ਦਇਆ ਕਰਨੀ,

ਉਹ ਤਾਂ ਆਪਣਾ ਕੰਮ ਬਣਾਂਵਦਾ ਈ ।….

ਸ਼ਾਹ ਮੁਹੰਮਦਾ ਤਰਫ਼ ਪਹਾੜ ਲੈ ਕੇ,

ਤੁਰਤ ਜੰਮੂ ਨੂੰ ਕੂਚ ਕਰਾਂਵਦਾ ਈ । (97)

ਵਧੇਰੇ ਫੌਜ ਨੂੰ ਸ਼ਸਤਰਹੀਣ (disband) ਕਰ ਦਿੱਤਾ ਗਿਆ, ਕੁਝ ਇਕ ਨੂੰ ਛੁੱਟੀ ਕਰ ਦਿੱਤੀ ਗਈ। ਦੁਆਬਾ ਬਿਸਤ ਜਲੰਧਰ ਅਤੇ ਸਤਲੁਜ ਪਾਰ ਦਾ ਮਾਲਵਾ ਅੰਗਰੇਜ਼ਾਂ ਦੇ ਅਧੀਨ ਸੀ, ਇਨ੍ਹਾਂ ਇਲਾਕਿਆਂ ਦਿਆਂ ਸਿੰਘਾਂ ਨੂੰ ਗ਼ੈਰ-ਪੰਜਾਬੀ ਆਖ ਕੇ ਫੌਜ ਵਿਚੋਂ ਕੱਢ ਦਿੱਤਾ ਗਿਆ-

ਉ ) ਰਹਿੰਦਾ ਮੁਲਕ ਫ਼ਿਰੰਗੀ ਦੇ ਪਿਆ ਪੇਟੇ,

ਕੀਤਾ ਹੁਕਮ ਫ਼ਿਰੰਗੀਆਂ ਸਾਰਿਆਂ ਨੇ ।

ਮਾਈ ਫੌਜ ਨੂੰ ਚਾਇ ਜਵਾਬ ਦਿਤਾ,

ਦਿੱਤੀ ਨੌਕਰੀ ਛੱਡ ਵਿਚਾਰਿਆਂ ਨੇ । (99)

ਅ) ਦਿੱਤੇ ਕੱਢ ਮਲਵੱਈ ਦੁਆਬੀਏ ਜੀ,

ਵਿਚੋਂ ਸਿੰਘਾਂ ਦੀ ਫੌਜ ਖਿਸਕਾਂਵਦਾ ਈ । (97)

ਅੰਗਰੇਜ਼ਾਂ ਦੀ ਚਾਲ ਪੂਰੀ ਤਰ੍ਹਾਂ ਸਫ਼ਲ ਰਹੀ। ਜਿਥੇ ਉਨ੍ਹਾਂ ਨੇ ਲਾਲਚੀ ਡੋਗਰਿਆਂ ਨੂੰ ਸਾਜਿਸ਼ਾਂ ਨਾਲ ਗੰਢ ਕੇ ਸਿੱਖ ਸਰਦਾਰਾਂ ਨੂੰ ਆਪਸ ਵਿਚ ਭਿੜਾ- ਭਿੜਾ ਕੇ ਮਾਰ ਦਿੱਤਾ, ਸਿੱਖ ਫੌਜ ਦਾ ਮੁਕੰਮਲ ਘਾਣ ਕਰ ਦਿੱਤਾ (ਪਹਿਲਾਂ ਰਣਖੇਤਰ ਵਿਚ ਤੋਪਾਂ ਤੇ ਗੋਲੀਆਂ ਨਾਲ ਉਡਾ ਦਿੱਤਾ ਅਤੇ ਫਿਰ ਬਚਿਆਂ- ਖੁਚਿਆਂ ਨੂੰ ਸ਼ਸਤਰਹੀਣ ਕਰਵਾ ਕੇ ਘਰੀਂ ਤੋਰ ਦਿੱਤਾ), ਲਾਹੌਰ ਦਰਬਾਰ ਦੇ ਰਾਖੇ ਤੇ ਸਾਲਸ ਆ ਬਣੇ ਅਤੇ ਹੌਲੀ-ਹੌਲੀ ਸਾਰੇ ਪੰਜਾਬ ਨੂੰ ਹੀ ਆਪਣੇ ਕਬਜ਼ੇ ਵਿਚ ਕਰ ਲਿਆ । ਬਾਅਦ ਵਿਚ ਮਹਾਰਾਣੀ ਜਿੰਦਾਂ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ, ਪਰੰਤੂ ਉਦੋਂ ਤੀਕ ਬਹੁਤ ਦੇਰ ਹੋ ਚੁਕੀ ਸੀ।

ਜੰਗਨਾਮੇ ਦੇ ਅੰਤ ਵਿਚ ਸ਼ਾਹ ਮੁਹੰਮਦ ਨੇ ਰਵਾਇਤੀ ਕਿੱਸਾਕਾਰਾਂ ਵਾਂਗ ਔਰਤ ਨੂੰ ਹੀ ਸਭ ਘਟਨਾਵਾਂ ਦੀ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਪਾਣੀ ਪੀ- ਪੀ ਕੇ ਕੋਸਿਆ ਹੈ—

ੳ)

ਕੀਤਾ ਅਕਲ ਦਾ ਪੇਚ ਰਾਣੀ ਜਿੰਦ ਕੌਰਾਂ,

ਮੱਥਾ ਦੋਹਾਂ ਪਾਤਸ਼ਾਹੀਆਂ ਦਾ ਜੋੜਿਆ ਈ ।

ਗੁੱਝੀ ਰਮਜ਼ ਕਰ ਕੇ ਆਪ ਰਹੀ ਸੱਚੀ,

ਬਦਲਾ ਤੁਰਤ ਭਰਾਉ ਦਾ ਮੋੜਿਆ ਈ । (100)

ਹੁੰਦੇ ਆਏ ਨੀ ਰੰਨਾਂ ਦੇ ਧੁਰੋਂ ਕਾਰੇ,

ਲੰਕਾ ਵਿਚ ਤਾਂ ਰਾਵਣ ਕਹਾਇ ਦਿੱਤਾ ।

ਕੌਰਵ ਪਾਂਡਵਾਂ ਨਾਲ ਕੀ ਭਲਾ ਕੀਤਾ,

ਅਠਾਰਾਂ ਖੂਹਣੀਆਂ ਕਟਕ ਮੁਕਾਇ ਦਿੱਤਾ ।

ਰਾਜੇ ਭੋਜ ਦੇ ਮੂੰਹ ਲਗਾਮ ਦਿੱਤੀ,

ਮਾਰ ਅੱਡੀਆਂ ਹੋਸ਼ ਭੁਲਾਇ ਦਿੱਤਾ ।

ਸ਼ਾਹ ਮੁਹੰਮਦਾ ਏਸ ਰਾਣੀ ਜਿੰਦ ਕੌਰਾਂ,

ਸਾਰੇ ਦੇਸ਼ ਦਾ ਫ਼ਰਸ਼ ਉਠਾਇ ਦਿੱਤਾ । (102)

ਕਵੀ ਏਥੇ ਕਾਫ਼ੀ ਗਲਤ-ਬਿਆਨੀ ਤੋਂ ਕੰਮ ਲੈ ਗਿਆ ਹੈ, ਕਿਉਂਕਿ ਜੰਗ ਦੀ ਸ਼ੁਰੂਆਤ ਅਤੇ ਹੋਈਆਂ ਹਾਰਾਂ ਲਈ ਰਾਣੀ ਜਿੰਦਾਂ ਨੂੰ ਜ਼ਿੰਮੇਵਾਰ ਬਿਲਕੁਲ ਨਹੀਂ ਠਹਿਰਾਇਆ ਜਾ ਸਕਦਾ । ਬੇਸ਼ਕ, ਭਰਾ ਜਵਾਹਰ ਸਿੰਘ ਦੇ ਕਤਲ ਦਾ ਉਸ ਨੂੰ ਭਾਰੀ ਦੁੱਖ ਸੀ । ਉਹ ਬਥੇਰਾ ਰੋਈ-ਕਲਪੀ ਵੀ ਹੋਵੇਗੀ ਅਤੇ ਬਦਲਾ ਲੈਣ ਦੀ ਗੱਲ ਵੀ ਕਹੀ ਹੋਵੇਗੀ, ਲੇਕਿਨ ਇਸ ਲਈ ਉਸ ਨੇ ਅੰਗਰੇਜ਼ਾਂ ਨੂੰ ਪੰਜਾਬ ਉਤੇ ਚੜ੍ਹਾ ਲਿਆਂਦਾ ਅਤੇ ਸਿੱਖ ਫੌਜਾਂ ਨੂੰ ਮਰਵਾ ਕੇ ਅੰਗਰੇਜ਼ਾਂ ਨੂੰ ਜੇਤੂ ਬਣਾਇਆ, ਇਤਿਹਾਸਕ ਪੱਖੋਂ ਦਰੁਸਤ ਨਹੀਂ । ਅੰਗਰੇਜ਼ ਤਾਂ ਪਹਿਲਾਂ ਹੀ ਪੰਜਾਬ ਨੂੰ ਹੜੱਪਣ ਦੀ ਤਿਆਰੀ ਕਰੀ ਬੈਠੇ ਸਨ, ਅੱਗੋਂ ਉਨ੍ਹਾਂ ਨੂੰ ਨਮਕਹਰਾਮ ਡੋਗਰਿਆਂ ਦਾ ਸਾਥ ਮਿਲ ਗਿਆ ਅਤੇ ਸਾਰੀ ਗੱਲ ਉਨ੍ਹਾਂ ਦੇ ਹੱਕ ਵਿਚ ਹੁੰਦੀ ਚਲੀ ਗਈ । ਚੂੰਕਿ ਅਫ਼ਵਾਹਾਂ ਜਲਦੀ ਫੈਲਿਆ ਕਰਦੀਆਂ ਹਨ ਅਤੇ ਅਸਲੀਅਤ ਦੇਰ ਬਾਅਦ ਪ੍ਰਗਟ ਹੋਇਆ ਕਰਦੀ ਹੈ, ਇਸੇ ਲਈ ਕਵੀ ਲੋਕਾਂ ਵਿਚ ਫੈਲ ਚੁਕੀਆਂ ਅਫ਼ਵਾਹਾਂ ਨੂੰ ਸੱਚ ਮੰਨ ਕੇ ਕੁਝ ਥਾਈਂ ਯਥਾਰਥ ਤੋਂ ਦੂਰ ਚਲਾ ਗਿਆ ਪ੍ਰਤੀਤ ਹੁੰਦਾ ਹੈ । ਸ਼ਾਹ ਮੁਹੰਮਦ ਇਕ ਸਮਕਾਲੀ ਕਵੀ ਹੈ, ਵਾਪਰ ਰਹੀਆਂ ਜੰਗਾਂ ਠੀਕ ਉਸ ਨੇ ਅੱਖੀਂ ਵੇਖੀਆਂ ਹੋਣਗੀਆਂ ਜਾਂ ਚਸ਼ਮਦੀਦ ਗਵਾਹਾਂ ਪਾਸੋਂ ਸੁਣੀਆਂ ਹੋਣਗੀਆਂ, ਪਰੰਤੂ ਇਨ੍ਹਾਂ ਪਿਛੇ ਕੀ ਸਾਜ਼ਿਸ਼ ਕੰਮ ਕਰ ਰਹੀ ਹੈ, ਇਹ ਕੁਝ ਤਾਂ ਢੇਰ ਸਮਾਂ ਬਾਅਦ ਹੀ ਪ੍ਰਗਟ ਹੋਣ ਦੀ ਸੰਭਾਵਨਾ ਸੀ । ਕੁਝ ਅਫ਼ਵਾਹਾਂ ਤਾਂ ਸ਼ਾਤਰ-ਦਿਮਾਗ ਡੋਗਰਿਆਂ ਵਲੋਂ ਉਚੇਚੇ ਤੌਰ ਉਤੇ ਫੈਲਾਈਆਂ ਜਾ ਰਹੀਆਂ ਸਨ ਤਾਂ ਜੋ ਉਹ ਜਨਤਾ ਦੀ ਨਿਗਾਹ ਵਿਚ ਸਿੱਖ ਰਾਜ ਦੇ ਸੱਚੇ-ਸੁੱਚੇ ਹਮਦਰਦ ਬਣੇ ਰਹਿਣ ਜਦੋਂ ਕਿ ਸਿੱਖ ਰਾਜ ਦੇ ਪਤਨ ਦੀ ਸਾਰੀ ਜ਼ਿੰਮੇਵਾਰੀ ਸਿੱਖ ਰਾਜ ਦੇ ਵਾਰਸਾਂ ਦੇ ਸਿਰ ਹੀ ਆਵੇ ।

ਜਿਥੇ ਸ਼ਾਹ ਮੁਹੰਮਦ ਨੇ ਸਿੱਖ ਰਾਜ ਦਾ ਜਲਾਲ ਵੇਖਿਆ ਸੀ, ਉਥੇ ਇਸਦਾ ਜ਼ਵਾਲ (ਨਿਘਾਰ) ਹੁੰਦਾ ਵੀ ਵੇਖਿਆ ਅਤੇ ਇਸ ਘਟਨਾ-ਕ੍ਰਮ ਤੋਂ ਡਾਢਾ ਦੁਖੀ ਹੋਇਆ । ਉਹ ਅੰਗਰੇਜ਼ ਕੌਮ ਨੂੰ ਦੌਲਤ ਇਕੱਠੀ ਕਰਨ ਵਾਲੇ ਸ਼ਾਹੂਕਾਰਾਂ ਤੁੱਲ ਦੱਸਦਾ ਹੋਇਆ ਅਤੇ ਇਨ੍ਹਾਂ ਤੋਂ ਚੌਕਸ ਰਹਿਣ ਦੀ ਚੇਤਾਵਨੀ ਦਿੰਦਾ ਹੋਇਆ ਆਸਵੰਦ ਹੈ ਕਿ ਭਲੇ ਦਿਨ ਜ਼ਰੂਰ ਪਰਤ ਕੇ ਆਉਣਗੇ-

ਰੱਬ ਚਾਹੇ ਤਾਂ ਕਰੇਗਾ ਮਿਹਰਬਾਨੀ,

ਹੋਣਾ ਸਿੰਘਾਂ ਦਾ ਕੰਮ ਅਰਾਸਤਾ ਈ ।

ਵਡੀ ਸਾਂਝ ਹੈ ਹਿੰਦੂਆਂ ਮੁਸਲਮਾਨਾਂ,

ਉਨ੍ਹਾਂ ਨਾਲ ਨਾ ਕਿਸੇ ਦਾ ਵਾਸਤਾ ਈ ।

ਉਹਦੇ ਨਾਲ ਨਾ ਬੈਠ ਕੇ ਗੱਲ ਕਰਨੀ,

ਖ਼ੁਦੀ ਆਪਣੀ ਵਿਚ ਮਹਾਸਤਾ ਈ ।

ਸ਼ਾਹ ਮੁਹੰਮਦਾ ਦੌਲਤਾਂ ਜਮ੍ਹਾਂ ਕਰਦਾ,

ਸ਼ਾਹੂਕਾਰਾਂ ਦਾ ਪੁੱਤ ਗੁਮਾਸ਼ਤਾ ਈ । (103)

ਕਵੀ ਨੇ ਜੰਗਨਾਮੇ ਵਿਚ ਸਿੱਖਾਂ ਤੇ ਅੰਗਰੇਜ਼ਾਂ ਦੀ ਪਹਿਲੀ ਲੜਾਈ ਦਾ ਹੀ ਜ਼ਿਕਰ ਕੀਤਾ ਹੈ, ਦੂਜੀ ਲੜਾਈ ਬਾਰੇ ਕੁਝ ਵੀ ਨਹੀਂ ਲਿਖਿਆ। ਇਸੇ ਲਈ ਪਹਿਲੀ ਲੜਾਈ ਦੇ ਅੰਤ ਉਤੇ ਆਪਣੀ ਟਿੱਪਣੀ ਦਿੰਦਾ ਹੋਇਆ ਲਿਖਦਾ ਹੈ ਕਿ ਜੋ ਹੋਈ ਸੋ ਵੇਖ ਲਈ, ਅੱਗੋਂ ਕੀ ਹੋਣਾ ਹੈ—ਕੁਝ ਨਹੀਂ ਕਿਹਾ ਜਾ ਸਕਦਾ-

ਜਿਹੜੀ ਹੋਈ ਸੋ ਲਈ ਹੈ ਵੇਖ ਅੱਖੀਂ,

ਅੱਗੇ ਹੋਰ ਕੀ ਬਣਤ ਬਣਾਵਣੀ ਜੀ ।

ਇਕ ਘੜੀ ਦੀ ਕੁਝ ਉਮੈਦ ਨਾਹੀਂ,

ਕਿਸੇ ਲਈ ਹਾੜੀ ਕਿਸੇ ਸਾਵਣੀ ਜੀ।

ਨਿੱਕੇ ਪੋਚ ਹੁਣ ਬੈਠ ਕੇ ਕਰਨ ਗੱਲਾਂ,

ਅਸਾਂ ਡਿੱਠੀ ਫ਼ਿਰੰਗੀ ਦੀ ਛਾਵਣੀ ਜੀ।

ਸ਼ਾਹ ਮੁਹੰਮਦਾ ਨਹੀਂ ਮਾਲੂਮ ਸਾਨੂੰ,

ਅੱਗੇ ਹੋਰ ਕੀ ਖੇਡ ਖਿਡਾਵਣੀ ਜੀ ।

(104) ਜੰਗਨਾਮੇ ਦੇ ਅੰਤਮ ਬੰਦ ਵਿਚ ਕਵੀ ਪੰਜਾਬੀਆਂ ਦੀ ਚੜ੍ਹਦੀ-ਕਲਾ ਦੇ ਸੰਕਲਪ ਦੀ ਗੱਲ ਕਰਦਾ ਹੈ, ਜੋ ਰਣਖੇਤਰ ਵਿਚ ਜੂਝਦੇ ਅਤੇ ਫੱਟ ਖਾਂਦੇ ਹੋਏ ਵੀ ਕਿਸੇ ਅਗੰਮੀ ਚਾਓ ਅਤੇ ਹੁਲਾਸ ਵਿਚ ਰਹਿੰਦੇ ਹਨ, ਜੋ ਰਣਭੂਮੀ ਵਿਚ ਪਿੱਠ ਵਿਖਾਉਣ ਵਾਲੇ ਨੂੰ ਕਾਇਰ ਤੇ ਗੀਦੀ ਅਤੇ ਸਾਹਵੇਂ ਨਿੱਤਰ ਕੇ ਵੈਰੀ ਦਾ ਮੁਕਾਬਲਾ ਕਰਨ ਵਾਲੇ ਨੂੰ ਸੂਰਮਾ ਤੇ ਬਹਾਦਰ ਗਿਣਦੇ ਹਨ, ਜੋ ਰਣ ਵਿਚ ਜੂਝ ਮਰਨ ਨੂੰ ਸ਼ੁਭ ਕਰਮ ਸਮਝਦੇ ਹਨ ਅਤੇ ਕਿਸੇ ਹਾਲਤ ਵਿਚ ਵੀ ਸੂਰਮਿਆਂ ਵਾਲੀ ਮੌਤ ਮਰਨ ਤੋਂ ਪਿੱਛੇ ਨਹੀਂ ਹਟਦੇ । ਸ਼ਾਹ ਮੁਹੰਮਦ ਇਨ੍ਹਾਂ ਹੀ ਭਾਵਾਂ ਦੀ ਤਰਜਮਾਨੀ ਕਰਦਾ ਹੋਇਆ ਕਹਿੰਦਾ ਹੈ ਕਿ ਪੰਜਾਬ ਦੀ ਧਰਤੀ ਖੂਨ ਦੀ ਬਹੁਤ ਪਿਆਸੀ ਸੀ ਅਤੇ ਇਸ ਦੀ ਪਿਆਸ ਮਿਟਾਉਣ ਲਈ ਹੀ ਸੂਰਮਿਆਂ ਨੂੰ ਆਪਣਾ ਲਹੂ ਡੋਲ੍ਹਣਾ ਪਿਆ –

ਸੰਮਤ ਉੱਨੀ ਸੈ ਦੂਸਰਾ ਉਤਰਿਆ ਸੀ,

ਜਦੋਂ ਹੋਇਆ ਫ਼ਿਰੰਗੀ ਦਾ ਜੰਗ ਮੀਆਂ ।

ਹੈਸੀ ਖੂਨ ਦੀ ਉਹ ਜ਼ਮੀਨ ਪਿਆਸੀ,

ਹੋਇਆ ਸੁਰਖ ਸ਼ਰਾਬ ਦੇ ਰੰਗ ਮੀਆਂ ।

ਧਰਤੀ ਵੱਢ ਕੇ ਧੂੜ ਦੇ ਬਣੇ ਬੱਦਲ,

ਜੈਸੇ ਚੜ੍ਹੇ ਆਕਾਸ਼ ਪਤੰਗ ਮੀਆਂ ।

ਸ਼ਾਹ ਮੁਹੰਮਦਾ ਸਿਰਾਂ ਦੀ ਲਾਇ ਬਾਜ਼ੀ,

ਨਹੀਂ ਮੋੜਦੇ ਸੂਰਮੇ ਅੰਗ ਮੀਆਂ । (105)

ਜੰਗਨਾਮੇ ਦਾ ਕਲਾ ਪੱਖ

ਸ਼ਾਹ ਮੁਹੰਮਦ ਦਾ ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ ਪ੍ਰਿੰ: ਨਿਰਵੈਰ ਸਿੰਘ ਅਰਸ਼ੀ

ਹਰੇਕ ਲੇਖਕ ਆਪਣੀ ਰਚਨਾ ਨੂੰ ਮਿਆਰੀ ਤੇ ਮਕਬੂਲ ਬਨਾਉਣ ਲਈ ਇਸਦੇ ਕਲਾ ਪੱਖ ਦਾ ਵਿਸ਼ੇਸ਼ ਧਿਆਨ ਰੱਖਦਾ ਹੈ ਅਤੇ ਸਾਹਿਤ ਰੂਪ ਦੀ ਲੋੜ ਅਨੁਸਾਰ ਵੱਖ-ਵੱਖ ਕਲਾ-ਜੁਗਤਾਂ ਦੀ ਵਰਤੋਂ ਕਰਦਾ ਹੈ । ਇਕ ਕਵੀ ਆਪਣੀ ਰਚਨਾ ਵਿਚ ਜਿਥੇ ਵਿਭਿੰਨ ਰਸਾਂ ਦਾ ਪ੍ਰਯੋਗ ਕਰਦਾ ਹੈ, ਉਥੇ ਅਲੰਕਾਰਾਂ ਦੀ ਜੜਤ, ਬਿੰਬਾਂ ਤੇ ਪ੍ਰਤੀਕਾਂ ਦੀ ਵਰਤੋਂ, ਬੋਲੀ ਤੇ ਸ਼ੈਲੀ, ਸ਼ਬਦਾਵਲੀ, ਕਾਲਪਨਿਕ ਉਡਾਰੀਆਂ ਆਦਿ ਕਲਾ-ਜੁਗਤਾਂ ਵਰਤ ਕੇ ਆਪਣੀ ਰਚਨਾ ਨੂੰ ਸ਼ਿੰਗਾਰਦਾ ਤੇ ਵਿਲੱਖਣਤਾ ਪ੍ਰਦਾਨ ਕਰਦਾ ਹੈ । ਸ਼ਾਹ ਮੁਹੰਮਦ ਨੇ ਵੀ ਜੰਗਨਾਮੇ ਵਿਚ ਕਈ ਇਕ ਕਲਾ-ਜੁਗਤਾਂ ਦੀ ਵਰਤੋਂ ਕੀਤੀ ਹੈ, ਜਿਨ੍ਹਾਂ ਵਿਚੋਂ ਕੁਝ ਵਿਸ਼ੇਸ਼ ਕਲਾ- ਜੁਗਤਾਂ ਨੂੰ ਵਿਸਥਾਰ ਵਿਚ ਵਿਚਾਰਦੇ ਹਾਂ ।

ਰਸ ਅਨੁਭੂਤੀ

ਕਾਵਿ ਦੇ ਪੜ੍ਹਨ ਜਾਂ ਸੁਣਨ ਤੋਂ ਉਪਜੇ ਅਨੰਦ, ਸੁਆਦ ਜਾਂ ਪ੍ਰਭਾਵ ਨੂੰ ਸਾਹਿਤਕ ਭਾਸ਼ਾ ਵਿਚ ‘ਰਸ’ ਕਿਹਾ ਜਾਂਦਾ ਹੈ । ਭਾਰਤੀ ਕਾਵਿ ਸ਼ਾਸਤ੍ਰ ਦੀਆਂ ਪ੍ਰਮੁਖ ਸੰਪ੍ਰਦਾਵਾਂ ਵਿਚ ‘ਰਸ ਸਿਧਾਂਤ’ ਸਭ ਤੋਂ ਵਧੇਰੇ ਵਿਸ਼ੇਸ਼ਤਾ ਅਤੇ ਪੁਰਾਤਨਤਾ ਰੱਖਦਾ ਹੈ । ਇਸ ਸਿਧਾਂਤ ਦੇ ਪ੍ਰਮੁਖ ਅਚਾਰੀਆ ਭਰਤਮੁਨੀ ਨੇ ਆਪਣੇ ‘ਨਾਟਯ’ ਸ਼ਾਸਤ੍ਰ’ ਵਿਚ ਰਸ ਦੀ ਭਰਪੂਰ ਵਿਆਖਿਆ ਕੀਤੀ ਹੈ । ਭਰਤਮੁਨੀ ਅਨੁਸਾਰ “ਵਿਭਾਵਾਨੁਭਾਵ ਵਯਭਿਚਾਰਿਸੰਯੋਗਾਦਿ ਰਸਨਿਸ਼ਪੱਤਿ”, ਅਰਥਾਤ ਵਿਭਾਵ (determinants), ਅਨੁਭ(consequents) ਅਤੇ ਵਿਭਾਚਾਰੀ ਜਾਂ ਸੰਚਾਰੀ (secondary or accessary) ਭਾਵਾਂ (moods) ਦੇ ਸੰਜੋਗ ਵਜੋਂ ਰਸ ਦੀ ਉਤਪਤੀ ਹੁੰਦੀ ਹੈ

ਇਨ੍ਹਾਂ ਦੀ ਸੰਖਿਆ ਗਿਆਰਾਂ ਹੈ—ਰਤੀ, ਹਾਸ, ਸ਼ੋਕ, ਕ੍ਰੋਧ, ਉਤਸ਼ਾਹ, ਭੈ, ਘਿਰਣਾ ਹੈਰਾਨੀ, ਉਪਰਾਮਤਾ, ਵਤਸਲਤਾ ਅਤੇ ਈਸ਼ਵਰੀ ਅਨੁਰਾਗ । ਮਨ ਅੰਦਰ ਮੌਜੂਦਾ ਸਥਾਈ ਭਾਵਾਂ ਨੂੰ ਜਗਾਉਣ ਵਾਲੇ ਭਾਵ, ਵਿਭਾਵ (determinants) ਕਹਾਉਂਦੇ ਹਨ । ਇਨ੍ਹਾਂ ਦੇ ਅਗੋਂ ਦੋ ਭੇਦ ਹਨ-‘ਆਲੰਬਨ ਵਿਭਾਵ’ (ਜਿਸ ਦਾ ਸਹਾਰਾ ਲੈ ਕੇ ਸਥਾਈ ਭਾਵ ਪੈਦਾ ਹੁੰਦਾ ਹੈ) ਅਤੇ ‘ਉਦੀਪਨ ਵਿਭਾਵ’ (ਜੋ ਸਥਾਈ ਭਾਵਾਂ ਨੂੰ ਹੋਰ ਉਤੇਜਿਤ ਕਰਨ, ਭਾਵ ਚਮਕਾਉਣ) ।

ਰਤੀ, ਹਾਸ, ਸ਼ੋਕ ਤੇ ਕ੍ਰੋਧ ਆਦਿ ਸਥਾਈ ਭਾਵਾਂ ਨੂੰ ਵਿਅਕਤ ਜਾਂ ਪਰਦਰਸ਼ਿਤ ਕਰਨ ਵਾਲੀਆਂ ਚੇਸ਼ਟਾਵਾਂ ਨੂੰ ਅਨੁਭਾਵ ਕਹਿੰਦੇ ਹਨ। ਸੰਚਾਰੀ ਭਾਵਾਂ ਦੀ ਗਿਣਤੀ ਤੇਤੀ ਮੰਨੀ ਗਈ ਹੈ, ਇਹ ਸਥਾਈ ਭਾਵ ਦੇ ਸਹਾਇਕ ਹੁੰਦੇ ਹਨ, ਉਸਦੇ ਨਾਲ-ਨਾਲ ਰਹਿੰਦੇ ਹਨ ਅਤੇ ਲਹਿਰਾਂ ਵਾਂਗ ਉਠਦੇ ਤੇ ਅਲੋਪ ਹੁੰਦੇ ਰਹਿੰਦੇ ग्ठ ।

ਰਸਾਂ ਦੀ ਗਿਣਤੀ ਸਮੇਂ ਦੀ ਤੋਰ ਨਾਲ ਵਧਦੀ ਰਹੀ ਹੈ । ਅਗਨੀ ਪੁਰਾਣ ਵਿਚ ਚਾਰ ਸਥਾਈ ਭਾਵ ਅਤੇ ਚਾਰ ਹੀ ਮੂਲ ਰਸ ਮੰਨੇ ਗਏ ਹਨ । ਅਭਿਨਵ ਗੁਪਤ ਦੇ ਸਮੇਂ ਤਕ ਅੱਠ ਸਥਾਈ ਭਾਵ ਅਤੇ ਰਸ ਮੰਨੇ ਜਾਂਦੇ ਰਹੇ । ਭਰਤ ਮੁਨੀ ਨੇ ਅੱਠ ਹੀ ਰਸ ਮੰਨੇ ਹਨ, ਪਰੰਤੂ ਮੰਮਟ ਅਤੇ ਉਸਦੇ ਮੱਤ ਵਾਲੇ ਸਾਹਿਤ ਦਰਪਣਕਾਰ ਨੌਂ ਰਸ ਮੰਨਦੇ ਹਨ । (ਹਰੀ ਚੰਦ ਪ੍ਰਾਸ਼ਰ, ‘ਰਸ ਸਿਧਾਂਤ ਅਤੇ ਉਸਦੀ ਉਪਯੋਗਤਾ’, ਪੰਜਾਬੀ ਦੁਨੀਆਂ, ਨਵੰਬਰ 1957, ਪੰਨਾ 35) ਫਿਰ ਬਲਭ ਆਚਾਰੀਆ ਦੇ ਸਮੇਂ ਸਥਾਈ ਭਾਵ ਅਤੇ ਰਸ ਮੂਲ ਰੂਪ ਵਿਚ ਦਸ ਹੋ ਗਏ (ਡਾ. ਰੌਸ਼ਨ ਲਾਲ ਆਹੂਜਾ, ‘ਰਸ ਸਿਧਾਂਤ, ਪੰਜਾਬੀ ਦੁਨੀਆਂ, ਮਈ, 1954, ਪੰਨਾ 18)। ਭਗਤੀ ਲਹਿਰ ਦੇ ਸਮੇਂ ਤੋਂ ਗਿਆਰ੍ਹਵੇਂ ਰਸ (ਭਗਤੀ ਰਸ) ਨੂੰ ਵੀ ਸਾਹਿਤ ਵਿਚ ਸਥਾਨ ਮਿਲ ਗਿਆ ਹੈ ।

ਗਿਆਰਾਂ ਭਾਵਾਂ ਉਤੇ ਆਧਾਰਿਤ ਗਿਆਰਾਂ ਹੀ ਰਸ ਹਨ—ਸ਼ਿੰਗਾਰ, ਹਾਸ, ਕਰੁਣਾ, ਰੌਦਰ, ਬੀਰ, ਭਿਆਨਕ, ਵੀਭਤਸ, ਅਦਭੁਤ, ਸ਼ਾਂਤ, ਵਾਤਸਲਯ ਅਤੇ ਭਗਤੀ ਰਸ । ਸ਼ਾਹ ਮੁਹੰਮਦ ਦੇ ਇਸ ਜੰਗਨਾਮੇ ਵਿਚ ਸ਼ਿੰਗਾਰ ਅਤੇ ਵਾਤਸਲਯ ਨੂੰ ਛੱਡ ਕੇ ਬਾਕੀ ਸਾਰੇ ਹੀ ਰਸ ਪਾਏ ਜਾਂਦੇ ਹਨ । ਲੇਕਿਨ ਇਹ ਇਕ ਯੁੱਧ- ਪਰਕ ਰਚਨਾ ਹੋਣ ਕਰਕੇ ਬੀਰ ਰਸ ਨਾਲ ਭਰਪੂਰ ਹੈ, ਭਾਵ ਬੀਰ ਰਸ ਇਸ ਰਚਨਾ ਦਾ ਪ੍ਰਧਾਨ ਰਸ ਹੈ । ਭਾਰਤੀ ਕਾਵਿ ਸ਼ਾਸਤਰ ਵਿਚ ਬੀਰ ਰਸ ਦਾ ਮਹੱਤਵਪੂਰਨ ਸਥਾਨ ਹੈ। ‘ਸਾਹਿਤਯ ਦਰਪਣ’ ਦੇ ਰਚੈਤਾ ਅਚਾਰੀਆ ਵਿਸ਼ਵਨਾਥ ਨੇ ਤਾਂ ਬੀਰ ਰਸ ਨੂੰ ਸ਼੍ਰੋਮਣੀ ਰਸ ਮੰਨਿਆ ਹੈ, ਕਿਉਂਕਿ ਸ਼ਿੰਗਾਰ, ਹਾਸ ਆਦਿ ਰਸ ਤਾਂ ਸ਼ਾਂਤੀ ਜਾਂ ਵੇਹਲੇ ਸਮੇਂ ਦੇ ਰਸ ਹਨ। ਬੀਰ ਰਸ ਦਾ ਸਥਾਈ ਭਾਵ ‘ਉਤਸ਼ਾਹ’ ਹੋਣ ਕਰਕੇ ਜਦੋਂ ਤਕ ਕਿਸੇ ਕਰਮ ਜਾਂ ਭਾਵ ਦੇ ਮੂਲ ਵਿਚ ਉਤਸ਼ਾਹ ਦੇ ਬੀਜ ਨਹੀਂ ਹਨ, ਤਦ ਤਕ ਉਥੇ ਬੀਰ ਰਸ ਦੀ ਉਚਿਤ ਸੰਪੂਰਨਤਾ ਸੰਭਵ ਨਹੀਂ । ਇਸ ਲਈ ਬੀਰ ਰਸ ਹੀ ਸਭ ਰਸਾਂ ਦਾ ਮੂਲ ਰਸ ਹੈ । ਵਿਯੋਗੀ ਹਰਿ ਨੇ ਸੱਚ ਹੀ ਕਿਹਾ ਹੈ ਕਿ, ‘ਮੈਂ ਸ਼ਿੰਗਾਰ ਰਸ ਦੀ ਕੋਮਲ ਮਧੁਰਤਾ ਨੂੰ ਕੀ ਕਰਾਂ ਜੋ ਤੇਜ ਤੋਂ ਸੁੰਨੀ ਹੈ, ਕਿਉਂਕਿ ਕਮਲ ਵਰਗੀਆਂ ਅੱਖਾਂ ਵੀ ਜੋਤਿ ਤੋਂ ਬਿਨਾਂ ਸਸ਼ੋਭਤ ਨਹੀਂ ਹੁੰਦੀਆਂ— ਕਹਾ ਕਰੋਂ ਮਾਧੁਰਯ ਲੈ, ਮ੍ਰਿਦੁਲ ਮੰਜੂ ਬਿਨੁ ਓਜ । ਦਿਪੈਂ ਨ ਜਯੋਤਿ ਪ੍ਰਕਾਸ਼ ਬਿਨ, ਸੁੰਦਰ ਨੈਨ ਸਰੋਜ ।

(‘ਵੀਰ ਸਤਸਈ’) ਉਤਸ਼ਾਹ ਉਹ ਸਾਹਸ ਹੈ ਜਿਹੜਾ ਮਨੁੱਖ ਨੂੰ ਔਖੇ ਕਾਰਜਾਂ ਵਿਸ਼ੇਸ਼ ਤੌਰ ‘ਤੇ ਲੋਕ ਕਲਿਆਣ ਦੇ ਕਾਰਜ ਵਿਚ ਅਨੰਦ ਸਹਿਤ ਪ੍ਰਵਿਤ ਕਰਦਾ ਹੈ। ਇਸ ਉਤਸ਼ਾਹ ਪਿਛੇ ਲੋਕ-ਕਲਿਆਣ ਲਈ ਆਤਮ ਉਤਸਰਗ ਦੀ ਭਾਵਨਾ ਰਹਿੰਦੀ ਹੈ । ਇਸ ਵਿਚ ਦੋਹਾਂ ਦਲਾਂ ਦੇ ਨਾਇਕ ਜਾਂ ਦੋਵੇਂ ਸਮੁੱਚੇ ਦਲ ਆਲੰਬਨ ਹਨ, ਵਿਰੋਧੀ ਨਾਇਕ ਜਾਂ ਸੈਨਾ-ਦਲ ਦੀ ਧਨ-ਸੰਪਤੀ, ਉਸ ਦੀਆਂ ਸ਼ਕਤੀ-ਪਰਕ ਚੇਸ਼ਟਾਵਾਂ, ਗਰਵ-ਉਕਤੀਆਂ ਆਦਿ ਉਦੀਪਨ ਹਨ । ਯੋਧੇ ਦੇ ਮੁੱਖੜੇ ‘ਤੇ ਲਾਲੀ ਦਾ ਪਸਰ ਜਾਣਾ, ਅੱਖਾਂ ਲਾਲ ਹੋਣਾ, ਦੰਦ ਪੀਹਣਾ, ਬੁਲ੍ਹਾਂ ਨੂੰ ਦਬਾਉਣਾ, ਡੌਲਿਆਂ ਦਾ ਫਰਕਣਾ, ਆਦਿ ਇਸ ਰਸ ਦੇ ਅਨੁਭਾਵ ਹਨ। ਗਰਵ, ਹੁਲਾਸ ਆਦਿ ਇਸ ਦੇ ਸੰਚਾਰੀ ਭਾਵ ਹਨ। ਹਥਲੇ ਜੰਗਨਾਮੇ ਵਿਚ ਸਮੂਹ-ਯੁੱਧ ਅਧਿਕ ਹੈ ਅਤੇ ਵਧੇਰੇ ਕਰਕੇ ਸਮੁੱਚੀਆਂ ਫੌਜਾਂ ਨੂੰ ਹੀ ਲੜਦੀਆਂ ਚਿਤਰਿਆ ਗਿਆ ਹੈ, ਲੇਕਿਨ ਵਿਅਕਤੀਗਤ ਬੀਰਤਾ ਦੇ ਚਿਤਰਣ ਵੀ ਥਾਂ-ਥਾਂ ਮਿਲਦੇ ਹਨ। ਬੀਰ ਰਸ ਦੇ ਕੁਝ ਨਮੂਨੇ ਪੇਸ਼ ਹਨ-

1.

ਆਈਆਂ ਪਲਟਨਾਂ ਬੀੜ ਕੇ ਤੋਪਖਾਨੇ,

ਅੱਗੋਂ ਸਿੰਘਾਂ ਨੇ ਪਾਸੜੇ ਤੋੜ ਸੁੱਟੇ ।

ਮੇਵਾ ਸਿੰਘ ਤੇ ਮਾਘੇ ਖਾਂ ਹੋਏ ਸਿੱਧੇ,

ਹੱਲੇ ਤਿੰਨ ਫ਼ਿਰੰਗੀ ਦੇ ਮੋੜ ਸੁੱਟੇ ।

ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ,

ਬੰਨ੍ਹ ਸ਼ਸਤ੍ਰੀ ਜੋੜ-ਵਿਛੋੜ ਸੁੱਟੇ ।

ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,

ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ ॥ (90)

2 . ਫੇਰੂ ਸ਼ਹਿਰ ਦੇ ਹੇਠ ਜਾ ਖੇਤ ਰੁੱਧੇ,

ਤੋਪਾਂ ਚੱਲੀਆਂ ਨੀ ਵਾਂਗ ਤੋੜਿਆਂ ਦੇ ।

ਸਿੰਘ ਸੂਰਮੇ ਆਣ ਮੈਦਾਨ ਲੱਥੇ,

ਗੰਜ ਲਾਹ ਸੁੱਟੇ ਓਹਨਾਂ ਗੋਰਿਆਂ ਦੇ । (71)

  1. ਸੰਧਾਵਾਲੀਆਂ ਜੇਹੀ ਨਾ ਕਿਸੇ ਕੀਤੀ,

ਤੇਗ਼ਾਂ ਵਿਚ ਦਰਬਾਰ ਦੇ ਮਾਰੀਆਂ ਨੀ ।

ਸ਼ਾਹ ਮੁਹੰਮਦਾ ਮੋਏ ਨੀ ਬੀਰ ਹੋ ਕੇ,

ਜਾਨਾਂ ਕੀਤੀਆਂ ਨਹੀਂ ਪਿਆਰੀਆਂ ਨੀ । (21)

ਬੀਰ ਰਸ ਤੋਂ ਬਾਅਦ ਕਵੀ ਨੇ ਲੜਾਈ ਵਿਚ ਹੋਏ ਖੂਨ-ਖਰਾਬੇ ਅਤੇ ਬਰਬਾਦੀ ਨੂੰ ਵੀ ਬੜੇ ਦਰਦ ਤੇ ਸੋਜ਼ ਨਾਲ ਕਰੁਣਾ ਰਸ ਵਿਚ ਬਿਆਨ ਕੀਤਾ ਹੈ-

  1. ਕਈ ਮਾਵਾਂ ਦੇ ਪੁੱਤ ਨੇ ਮੋਏ ਓਥੇ,

ਸੀਨੇ ਲੱਗੀਆਂ ਤੇਜ਼ ਕਟਾਰੀਆਂ ਨੀ ।

ਜਿਨ੍ਹਾਂ ਭੈਣਾਂ ਨੂੰ ਵੀਰ ਨਾ ਮਿਲੇ ਮੁੜ ਕੇ,

ਪਈਆਂ ਰੋਂਦੀਆਂ ਫਿਰਨ ਵਿਚਾਰੀਆਂ ਨੀ ।

ਜੰਗੀਂ ਜਿਨ੍ਹਾਂ ਦੇ ਸਿਰਾਂ ਦੇ ਮੋਏ ਵਾਲੀ,

ਖੁਲ੍ਹੇ ਵਾਲ ਤੇ ਫਿਰਨ ਵਿਚਾਰੀਆਂ ਨੀ ।

ਸ਼ਾਹ ਮੁਹੰਮਦਾ ਬਹੁਤ ਸਰਦਾਰ ਮਾਰੇ,

ਪਈਆਂ ਰਾਜ ਦੇ ਵਿਚ ਖੁਆਰੀਆਂ ਨੀ । (94)

  1. ਮੇਰੇ ਸਾਹਮਣੇ ਕੋਹਿਆ ਏ ਵੀਰ ਮੇਰਾ,

ਜਿਸ ਦੀ ਤਾਬਿਆ ਲੱਖ ਹਜ਼ਾਰ ਘੋੜੇ ।

ਕਿਥੋਂ ਕੱਢਾਂ ਮੈਂ ਦੇਸ਼ ਫਿਰੰਗੀਆਂ ਦਾ,

ਕੋਈ ਮਿਲੇ ਜੋ ਇਹਨਾਂ ਦਾ ਗਰਬ ਤੋੜੇ । (44)

ਜੰਗਨਾਮੇ ਵਿਚ ਰੌਦਰ ਰਸ ਦੀਆਂ ਮਿਸਾਲਾਂ ਵੀ ਮਿਲਦੀਆਂ ਹਨ । ਜਿੱਥੇ ਬੀਰ ਰਸ ਦਾ ਸਥਾਈ ਭਾਵ ‘ਉਤਸ਼ਾਹ’ ਹੈ, ਉਥੇ ਰੌਦਰ ਰਸ ਦਾ ਸਥਾਈ ਭਾਵ ‘ਕ੍ਰੋਧ’ ਹੈ-

  1. ਸਿੰਘਾਂ ਮਾਰ ਕੇ ਕਟਕ ਮੁਕਾਇ ਦਿੱਤੇ,

ਹਿੰਦੁਸਤਾਨੀ ਤੇ ਪੂਰਬੀ ਦੱਖਣੀ ਜੀ ।

ਨੰਦਨ ਟਾਪੂਆਂ ਵਿਚ ਕੁਰਲਾਟ ਹੋਈ,

ਕੁਰਸੀ ਚਾਰ ਹਜ਼ਾਰ ਹੈ ਸੱਖਣੀ ਜੀ ।

ਸ਼ਾਹ ਮੁਹੰਮਦਾ ਲਾਟ ਹੁਣ ਕਹਿਣ ਲੱਗਾ,

ਰੱਤ ਸਿੰਘ ਸਿਪਾਹੀ ਦੀ ਚੱਖਣੀ ਜੀ । (72)

  1. ਜੱਟੀ ਹੋਵਾਂ ਤਾਂ ਕਰਾਂ ਪੰਜਾਬ ਰੰਡੀ,

ਸਾਰੇ ਦੇਸ਼ ਦੇ ਵਿਚ ਚਾ ਤੁਰਨ ਵਾਰਾਂ ।

ਛੱਡਾਂ ਨਹੀਂ ਲਾਹੌਰ ਵਿਚ ਵੜਨ ਜੋਗੇ,

ਸਣੇ ਵੱਡਿਆਂ ਅਫਸਰਾਂ ਜਮਾਂਦਾਰਾਂ ।

ਪਏ ਰੁਲਣ ਇਹ ਵਿਚ ਪ੍ਰਦੇਸ ਮੁਰਦੇ,

ਸ਼ਾਹ ਮੁਹੰਮਦਾ ਮਾਰਨੀ ਏਸ ਮਾਰਾਂ । (45)

  1. ਜਿਨ੍ਹਾਂ ਮਾਰਿਆ ਕੋਹਿ ਕੇ ਵੀਰ ਮੇਰਾ,

ਮੈਂ ਤਾਂ ਖੋਹਾਂਗੀ ਉਨ੍ਹਾਂ ਦੀਆਂ ਜੁੰਡੀਆਂ ਨੀ ।

ਧਾਕਾਂ ਜਾਣ ਵਲਾਇਤੀਂ ਦੇਸ ਸਾਰੇ,

ਪਾਵਾਂ ਬੱਕਰੇ ਵਾਂਗ ਚਾ ਵੰਡੀਆਂ ਨੀ ।

ਚੂੜੇ ਲਹਿਣਗੇ ਬਹੁਤ ਸੁਹਾਗਣਾਂ ਦੇ,

ਨੱਥ, ਚੌਂਕ ਤੇ ਵਾਲੀਆਂ ਡੰਡੀਆਂ ਨੀ ।

ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਘੇ,

ਜਦੋਂ ਹੋਣ ਪੰਜਾਬਣਾਂ ਰੰਡੀਆਂ ਨੀ । (46)

ਸ਼ਾਹ ਮੁਹੰਮਦ ਵੀਭਤਸ ਰਸ ਦੀ ਵਰਤੋਂ ਵੀ ਕਰਦਾ ਹੈ। ਘਿਰਣਾ ਇਸ ਰਸ ਦਾ ਸਥਾਈ ਭਾਵ ਹੈ ਅਤੇ ਘਿਰਣਤ ਵਸਤਾਂ ਜਾਂ ਨਜ਼ਾਰਿਆਂ ਤੋਂ ਉਪਜੇ ਰਸ ਨੂੰ ਵੀਭਤਸ ਰਸ ਕਹਿੰਦੇ ਹਨ-

  1. ਅਜੀਤ ਸਿੰਘ ਗੁੱਝੀ ਕਰਾਬੀਨ ਲੈ ਕੇ,

ਸ਼ੇਰ ਸਿੰਘ ਨੂੰ ਆਣ ਵਿਖਾਂਵਦਾ ਈ ।

ਸਿੱਧੀ ਜਦੋਂ ਸ਼ਾਹਜ਼ਾਦੇ ਨੇ ਨਜ਼ਰ ਕੀਤੀ,

ਜਲਦੀ ਨਾਲ ਚਾ ਕਲਾ ਦਬਾਂਵਦਾ ਈ ।

ਸ਼ਾਹ ਮੁਹੰਮਦਾ ਜ਼ਿਮੀਂ ਤੇ ਪਿਆ ਤੜਫ਼ੇ,

ਤੇਗ਼ ਮਾਰ ਕੇ ਸੀਸ ਉਡਾਂਵਦਾ ਈ । (22)

  1. ਸੀਖਾਂ ਨਾਲ ਅਤੁੰਬ ਕੇ ਫ਼ੀਲ ਉਤੋਂ,

ਕੱਢ ਹੌਦਿਓਂ ਜ਼ਿਮੀਂ ਤੇ ਸੁੱਟਿਓ ਨੇ ।

ਸ਼ਾਹ ਮੁਹੰਮਦਾ ਵਾਸਤੇ ਪਾਇ ਰਹਿਆ, (42)

ਸਿਰ ਨਾਲ ਤਲਵਾਰ ਦੇ ਕੱਟਿਓ ਨੇ ।

  1. ਸ਼ਾਹ ਮੁਹੰਮਦਾ ਦੇਖ ਮੈਦਾਨ ਜਾ ਕੇ,

ਰੁਲਦੀ ਗੋਰਿਆਂ ਦੀ ਪਈ ਝੰਡ ਮੀਆਂ। (74)

ਸ਼ਾਹ ਮੁਹੰਮਦ ਇਕ ਨਿਪੁੰਨ ਕਵੀ ਹੈ ਅਤੇ ਪਾਠਕਾਂ ਨੂੰ ਬੀਰ ਰਸੀ ਤੇ ਕਰੁਣਾਮਈ ਮਾਹੌਲ ਵਿਚੋਂ ਕੱਢ ਕੇ ਕੁਝ ਥਾਈਂ ਹਾਸ-ਵਿਨੋਦ ਦੀ ਦੁਨੀਆਂ ਵਿਚ ਵੀ ਲਿਆਉਂਦਾ ਹੈ । ਹਾਸ ਰਸ ਦਾ ਸਥਾਈ ਭਾਵ ਪ੍ਰਸੰਨਤਾ ਹੈ । ਟੋਕ, ਮਸ਼ਕਰੀ, ਸ਼ਕਲ-ਸੂਰਤ ਵਿਚ ਅਨੋਖੇਪਣ ਆਦਿ ਦੇ ਬਿਆਨ ਤੋਂ ਹਾਸ ਰਸ ਉਪਜਦਾ ਹੈ। ਵਿਅੰਗ, ਮਜ਼ਾਕ ਤੇ ਕਟਾਕਸ਼ ਆਦਿ ਅਨੁਭਾਵ ਹਨ ਜਦੋਂ ਕਿ ਰੂਪ-ਆਕਾਰ ਦਾ ਬੇਢਬਾਪਣ ਆਲੰਬਨ ਹੈ । ਸ਼ਾਹ ਮੁਹੰਮਦ ਹਾਸ ਰਸ ਨੂੰ ਸਿੱਧਾ, ਅਸਿੱਧਾ, ਗੁੱਝਾ ਅਤੇ ਕਈ ਵੇਰ ਵਿਅੰਗ ਦੇ ਰੂਪ ਵਿਚ ਪੇਸ਼ ਕਰਦਾ ਹੈ । ਲੁਧਿਆਣੇ ਅਤੇ ਦਿੱਲੀ ਆਦਿ ਨੂੰ ਲੁੱਟ ਲੈਣ ਦੇ ਦਮਗਜੇ ਮਾਰਨ ਵਾਲੇ ਪੰਜਾਬੀ ਜਦੋਂ ਯੁੱਧ ਹਾਰ ਕੇ ਪਰਤਦੇ ਹਨ ਤਾਂ ਸ਼ਾਹ ਮੁਹੰਮਦ ਇਨ੍ਹਾਂ ‘ਤੇ ਵਿਅੰਗ ਕਰਦਾ ਕਹਿੰਦਾ ਹੈ –

1.ਘਰੋਂ ਗਏ ਫ਼ਿਰੰਗੀ ਦੇ ਮਾਰਨੇ ਨੂੰ,

ਬੇੜੇ ਤੋਪਾਂ ਦੇ ਸਭ ਖੁਹਾਇ ਆਇ ।

ਛੇੜ ਆਫ਼ਤਾਂ ਨੂੰ ਮਗਰ ਲਾਇਓ ਨੇ,

ਸਗੋਂ ਆਪਣਾ ਆਪ ਗਵਾਇ ਆਇ ।

ਖੁਸ਼ੀ ਵੱਸਦਾ ਸ਼ਹਿਰ ਲਾਹੌਰ ਸਾਰਾ,

ਸਗੋਂ ਕੁੰਜੀਆਂ ਹੱਥ ਫੜਾਇ ਆਇ ।

ਸ਼ਾਹ ਮੁਹੰਮਦਾ ਕਹਿੰਦੇ ਨੇ ਲੋਕ ਸਿੰਘ ਜੀ,

ਤੁਸੀਂ ਚੰਗੀਆਂ ਪੂਰੀਆਂ ਪਾਇ ਆਇ । (79)

  1. ਪਹਿਲੇ ਹੱਲਿਓਂ ਸਿੰਘ ਜੋ ਨਿਕਲ ਸਾਰੇ,

ਪਏ ਔਝੜੇ ਔਝੜੇ ਜਾਂਵਦੇ ਨੀ ।

ਲੁੱਟੇ ਗਏ ਸਾਰੇ ਰਹੀ ਇਕ ਕੁੜਤੀ,

ਬਾਹਾਂ ਹਿੱਕ ਦੇ ਨਾਲ ਲਗਾਂਵਦੇ ਨੀ । (31)

ਅੱਗੋਂ ਲੋਕ ਲੜਾਈ ਦੀ ਗੱਲ ਪੁੱਛਣ,

ਜੀਭ ਹੋਠਾਂ ਥੀਂ ਖੋਲ੍ਹ ਦਿਖਾਂਵਦੇ ਨੀ ।

ਸ਼ਾਹ ਮੁਹੰਮਦਾ ਆਣ ਕੇ ਘਰ ਦਿਆਂ ਤੋਂ,

ਨਵੇਂ ਕਪੜੇ ਹੋਰ ਸਿਵਾਂਵਦੇ ਨੀ । (86)

ਬੁਰੇ ਜਿੰਨ ਹੋ ਕੇ ਸਾਨੂੰ ਪਏ ਗੋਰੇ,

ਅਸੀਂ ਜਾਣਦੇ ਸਾਂ ਕੋਈ ਕੀਰ ਮੀਆਂ ।

ਅਸੀਂ ਸ਼ਹਿਦ ਦੇ ਵਾਸਤੇ ਹੱਥ ਪਾਇਆ,

ਅੱਗੋਂ ਡੂਮਣਾ ਛਿੜੇ ਮਖ਼ੀਰ ਮੀਆਂ ।(78)

ਜੰਗਨਾਮੇ ਵਿਚ ਸ਼ਾਂਤ ਰਸ, ਜਿਸਦਾ ਸਥਾਈ ਭਾਵ ਵੈਰਾਗ ਹੈ, ਦਾ ਵੀ ਅਭਾਵ ਨਹੀਂ । ਸੰਸਾਰ ਤੋਂ ਉਪਰਾਮਤਾ ਅਤੇ ਵੈਰਾਗੀ ਅਵਸਥਾ ਦਾ ਵਰਣਨ ਕਈ ਥਾਈਂ ਮਿਲਦਾ ਹੈ—

  1. ਏਥੇ ਆਇਆਂ ਨੂੰ ਦੁਨੀਆਂ ਮੋਹ ਲੈਂਦੀ,

ਦਗੇਬਾਜ਼ ਦਾ ਧਾਰ ਕੇ ਭੇਸ ਮੀਆਂ ।

ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ,

ਸਦਾ ਨਹੀਂ ਜੇ ਬਾਲ ਵਰੇਸ ਮੀਆਂ ।

ਸਦਾ ਨਹੀਂ ਜੇ ਦੌਲਤਾਂ ਫੀਲ ਘੋੜੇ,

ਸਦਾ ਨਹੀਂ ਜੇ ਰਾਜਿਆਂ ਦੇਸ ਮੀਆਂ ।

ਸ਼ਾਹ ਮੁਹੰਮਦਾ ਸਦਾ ਨਾ ਰੂਪ ਦੁਨੀਆਂ,

ਸਦਾ ਰਹਿਣ ਨਾ ਕਾਲੜੇ ਕੇਸ ਮੀਆਂ । (2)

  1. ਲਹਿਣਾ ਸਿੰਘ ਸਰਦਾਰ ਮਜੀਠੀਆ ਸੀ,

ਵੱਡਾ ਅਕਲ ਦਾ ਕੋਟ ਕਮਾਲ ਮੀਆਂ ।….

ਸ਼ਾਹ ਮੁਹੰਮਦਾ ਤੁਰ ਗਿਆ ਤੀਰਥਾਂ ਨੂੰ,

ਸੱਭੋ ਛੱਡ ਕੇ ਦੰਗ-ਦਵਾਲ ਮੀਆਂ । (31)

  1. ਜਿਹੜੀ ਹੋਈ ਸੋ ਲਈ ਹੈ ਵੇਖ ਅੱਖੀਂ,

ਅੱਗੇ ਹੋਰ ਕੀ ਬਣਤ ਬਣਾਵਣੀ ਜੀ ।

ਇਕ ਘੜੀ ਦੀ ਕੁਝ ਉਮੈਦ ਨਾਹੀਂ,

ਕਿਸੇ ਲਈ ਹਾੜੀ ਕਿਸੇ ਸਾਵਣੀ ਜੀ । (104)

ਸ਼ਾਹ ਮੁਹੰਮਦ ਨੇ ਆਪਣੀ ਰਚਨਾ ਵਿਚ ਪਰਾਸਰੀਰਕ (supernatural) ਸ਼ਕਤੀਆਂ ਨੂੰ ਦਾਖਲ ਕਰਕੇ ਅਤੇ ਉਨ੍ਹਾਂ ਤੋਂ ਕਰਾਮਾਤੀ ਕਾਰਜ ਕਰਵਾ ਕੇ ਅਦਭੁਤ ਰਸ ਨੂੰ ਵੀ ਪਾਠਕਾਂ ਦੇ ਰੂਬਰੂ ਕੀਤਾ ਹੈ-

  1. ਧਰਮ ਰਾਜ ਨੂੰ ਜਦੋਂ ਇਹ ਖ਼ਬਰ ਹੋਈ,

ਕੌਰ ਮਾਰਨੇ ਨੂੰ ਉਸ ਦੂਤ ਘੱਲੇ ।

ਮਾਰੋ ਮਾਰ ਕਰਦੇ ਦੂਤ ਆਣ ਵੜੇ,

ਜਦੋਂ ਮੌਤ ਦੇ ਹੋਏ ਨੀ ਆਣ ਹੱਲੇ ।

ਸ਼ਾਹ ਮੁਹੰਮਦਾ ਦੇਖ ਰਜ਼ਾਇ ਉਸ ਦੀ,

ਊਧਮ ਸਿੰਘ ਤੇ ਕੌਰ ਦੇ ਸਾਸ ਚੱਲੇ । (9)

  1. ਇਕ ਦੂਤ ਨੇ ਦੇਖ ਕੇ ਫ਼ਿਕਰ ਕੀਤਾ,

ਪਲਕ ਵਿਚ ਦਰਵਾਜ਼ੇ ਦੇ ਆਇਆ ਈ ।

ਜਿਹੜਾ ਧੁਰ ਦਰਗਾਹ ਦਾ ਹੁਕਮ ਆਂਦਾ,

ਦੇਖੋ ਉਸ ਨੂੰ ਖੂਬ ਬਜਾਇਆ ਈ ।

ਅੰਦਰ ਤਰਫ਼ ਹਵੇਲੀ ਦੇ ਤੁਰੇ ਜਾਂਦੇ,

ਛੱਜਾ ਢਾਹ ਦੋਹਾਂ ਉਤੇ ਪਾਇਆ ਈ ।

ਸ਼ਾਹ ਮੁਹੰਮਦਾ ਊਧਮ ਸਿੰਘ ਥਾਉਂ ਮੋਇਆ,

ਕੌਰ ਸਾਹਿਬ ਵੀ ਸਹਿਕਦਾ ਆਇਆ ਈ । (10)

ਜਿਸ ਵੇਲੇ ਲਹਿਣਾ ਸਿੰਘ ਸੰਧਾਵਾਲੀਆ ਮਹਾਰਾਜਾ ਸ਼ੇਰ ਸਿੰਘ ਦੇ ਪੁੱਤਰ ਕੇਵਰ ਪਰਤਾਪ ਸਿੰਘ ਨੂੰ ਮਾਰਨ ਲਈ ਤਲਵਾਰ ਚੁਕਦਾ ਹੈ ਤਾਂ ਕੰਵਰ ਡਰ ਨਾਲ ਕੰਬ ਜਾਂਦਾ ਹੈ ਅਤੇ ਜਾਨ-ਬਖਸ਼ੀ ਲਈ ਤਰਲੇ ਕਰਦਾ ਹੈ । ਇਹ ਭਿਆਨਕ ਰਸ ਹੈ, ਜਿਸਦਾ ਸਥਾਈ ਭਾਵ ਡਰ ਹੈ—

ਲਹਿਣਾ ਸਿੰਘ ਦੀ ਮੰਦੀ ਜੋ ਨਜ਼ਰ ਦੇਖੀ,

ਅਗੋਂ ਰੱਬ ਦਾ ਵਾਸਤਾ ਪਾਂਵਦਾ ਈ ।

ਮੈਂ ਤਾਂ ਕਰਾਂਗਾ ਬਾਬਾ ਜੀ ਟਹਿਲ ਤੇਰੀ,

ਹੱਥ ਜੋੜ ਕੇ ਸੀਸ ਨਿਵਾਂਵਦਾ ਈ । (23)

ਅਲੰਕਾਰ

‘ਅਲੰਕਾਰ’ ਸ਼ਬਦ ਦੀ ਉਤਪਤੀ ਸੰਸਕ੍ਰਿਤ ਦੀ ‘ਅਲਮ’ ਧਾਤੂ ਤੋਂ ਹੋਈ ਹੈ, ਜਿਸਦਾ ਅਰਥ ਹੈ ਭੂਸ਼ਣ ਜਾਂ ਗਹਿਣਾ। ਅਲੰਕਾਰ ਇਕ ਹੁਨਰੀ ਜੁਗਤ ਹੈ, ਜਿਸ ਦੀ ਵਰਤੋਂ ਕਾਵਿ ਦਾ ਸ਼ਿੰਗਾਰ ਕਰਨ ਵਾਲੇ ਸਹਾਇਕ-ਤੱਤ ਦੇ ਰੂਪ ਵਿਚ ਪ੍ਰਾਚੀਨ ਕਾਲ ਤੋਂ ਰਹੀ ਹੈ । ਭਾਮਹ, ਦੰਡੀ, ਉਦਭੱਟ ਤੇ ਰੁਦਰਟ ਆਦਿ ਅਚਾਰੀਆਂ ਨੇ ਅਲੰਕਾਰ ਨੂੰ ਕਵਿਤਾ ਦਾ ਜ਼ਰੂਰੀ ਤੱਤ ਮੰਨਿਆ ਹੈ ।

ਆਮ ਕਰਕੇ ਅਲੰਕਾਰ ਉਹੀ ਸੋਭਦੇ ਹਨ ਜੋ ਕਵਿਤਾ ਉਤੇ ਵਾਧੂ ਭਾਰ ਬਣਕੇ ਨਾ ਲਟਕਦੇ ਹੋਣ, ਸਗੋਂ ਉਸਦੇ ਹੱਡਾਂ ਵਿਚ ਰਚੇ ਹੋਣ; ਜੋ ਪ੍ਰਭਾਵ ਵਿਚ ਲੱਦੇ ਹੋਣ; ਜੋ ਸਾਡੇ ਮਨ ਦੇ ਸਨਮੁਖ ਚੀਜ਼ਾਂ ਦੀਆਂ ਹੂਬਹੂ ਤਸਵੀਰਾਂ ਲਟਕਾ ਦੇਣ, ਨਾ ਕੇਵਲ ਲੰਮਿਆਈ-ਚੌੜਾਈ ਵਿਚ, ਬਲਕਿ ਹਰ ਪਾਸਿਉਂ, ਤੇ ਧੁਰ ਅੰਦਰੋਂ ਵੀ, ਮਾਨੋ ਚੀਜ਼ਾਂ ਦੀ ਅੰਤਰੀਵ ਰੂਹ ਸਾਡੇ ਸਾਹਮਣੇ ਖਲੋ ਜਾਵੇ; ਸ਼ਬਦ ਬੋਲਣ, ਕੁਝ ਸੁਝਾਣ ਤੋਰਨ, ਕੁਝ ਹਿਲਾਣ, ਝੰਝੋੜਨ, ਉਨ੍ਹਾਂ ਵਿਚੋਂ ਮੂਲ ਆਸ਼ਾ ਵਗਦਾ ਪਿਆ ਦਿੱਸੇ; ਆਵਾਜ਼ਾਂ, ਭਾਰ, ਸ਼ਕਲ, ਰੰਗ, ਬੂ, ਖਿੱਚ, ਹਰਕਤ, ਰਮਜ਼ਾਂ, ਸਭ ਦਾ ਚਿਤਾਵਾ ਅਲੰਕਾਰਾਂ ਵਿਚ ਹੋਵੇ, ਤੇ ਹਰੇਕ ਸੋਝੀਵਾਨ ਪਾਠਕ ਕਵੀ ਦੀ ਕਲਾ ਦੀ ਸਹਾਇਤਾ ਨਾਲ ਇਕ ਚੀਜ਼ ਸੰਬੰਧੀ ਉਹ ਕੁਝ ਅੰਦਰੋਂ-ਬਾਹਰੋਂ ਜਾਣ ਲਵੇ, ਜੋ ਉਹ ਕਿਸੇ ਹੋਰ ਹੁਨਰ ਜਾਂ ਤਰੀਕੇ ਨਾਲ ਨਹੀਂ ਜਾਣ ਸਕਦਾ । (ਡਾ. ਗੋਪਾਲ

ਸਿੰਘ ਦਰਦੀ, ‘ਸਾਹਿਤ ਦੀ ਪਰਖ’, ਪੰਨਾ 84) ਸੀ

ਅਲੰਕਾਰਾਂ ਦੇ ਤਿੰਨ ਮੁੱਖ ਭੇਦ ਹਨ-

1 ਸ਼ਬਦ ਅਲੰਕਾਰ (Figures of sound)

2 ਅਰਥ ਅਲੰਕਾਰ (Figures of sense)

3 ਸ਼ਬਦਾਰਥ ਅਲੰਕਾਰ (Figures of sound and sense both)

ਸ਼ਬਦ ਅਲੰਕਾਰ

ਕਾਵਿ ਦੀ ਸਜ-ਧਜ ਨਾਲ ਸ਼ਬਦ ਅਲੰਕਾਰ ਦਾ ਗਹਿਰਾ ਸੰਬੰਧ ਹੁੰਦਾ ਹੈ। ਸ਼ਬਦ ਅਲੰਕਾਰ ਵਿਚ ਕਾਵਿਕ ਚਮਤਕਾਰ ਸ਼ਬਦਾਂ ਉਤੇ ਆਧਾਰਿਤ ਹੁੰਦਾ ਹੈ। ਸ਼ਬਦ ਅਲੰਕਾਰਾਂ ਵਿਚ ਅਨੁਪ੍ਰਾਸ, ਯਮਕ, ਵੀਪਸਾ, ਪੁਨਰੁਕਤਿ ਪ੍ਰਕਾਸ਼, ਪੁਨਰੁਕਤਿ ਪਦਾਭਾਸ ਅਤੇ ਸਲੇਸ਼ ਅਲੰਕਾਰ ਆਉਂਦੇ ਹਨ । ਸ਼ਾਹ ਮੁਹੰਮਦ ਨੇ ਅਨੁਪ੍ਰਾਸ (Alliteration) ਅਲੰਕਾਰ ਦੀ ਕਾਫ਼ੀ ਵਰਤੋਂ ਕੀਤੀ ਹੈ, ਇਥੇ ਅੱਖਰਾਂ ਅਰਥਾਤ ਵਿਅੰਜਨਾਂ (consonants) ਦੀ ਸਮਾਨਤਾ ਹੁੰਦੀ ਹੈ। ਅੱਗੋਂ ਇਸਦੇ ਵੀ ਕਈ ਭੇਦ ਹਨ, ਜਿਵੇਂ—ਛੇਕ ਅਨੁਪ੍ਰਾਸ (ਛੇਕਾਨੁਪ੍ਰਾਸ), ਵਿਤਿ ਅਨੁਪ੍ਰਾਸ, ਸ੍ਵਤਿ ਅਨੁਪ੍ਰਾਸ, ਲਾਟ ਅਨੁਪ੍ਰਾਸ ਅਤੇ ਅੰਤਯ ਅਨੁਪ੍ਰਾਸ।

ਛੇਕ ਅਨੁਪ੍ਰਾਸ

ਜਿਥੇ ਪਦਾਂ ਵਿਚਕਾਰ ਵਰਣਾਂ ਦੀ ਸਮਤਾ ਹੋਵੇ, ਉਥੇ ਛੇਕ ਅਨੁਪ੍ਰਾਸ ਹੁੰਦਾ ਹੈ, ਜਿਵੇਂ-

ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ,

ਸਦਾ ਨਹੀਂ ਜੇ ਬਾਲ ਵਰੇਸ ਮੀਆਂ ।

ਸਦਾ ਨਹੀਂ ਜੇ ਦੌਲਤਾਂ ਫੀਲ ਘੋੜੇ,

ਸਦਾ ਨਹੀਂ ਜੇ ਰਾਜਿਆਂ ਦੇਸ ਮੀਆਂ।

ਸ਼ਾਹ ਮੁਹੰਮਦਾ ਸਦਾ ਨਾ ਰੂਪ ਦੁਨੀਆਂ,

ਸਦਾ ਰਹਿਣ ਨਾ ਕਾਲੜੇ ਕੇਸ ਮੀਆਂ । (2)

ਉਪ੍ਰੋਕਤ ਪੰਕਤੀਆਂ ਵਿਚ ‘ਸਦਾ ਨਹੀਂ’ ਤੇ ‘ਸਦਾ’ ਸ਼ਬਦ ਪਦਾਂ ਦੇ ਵਿਚਕਾਰ ਬਾਰ-ਬਾਰ ਆਉਂਦੇ ਹਨ ।

ਵਿ੍ਤਿ ਅਨੁਪ੍ਰਾਸ

ਜਿਸੇ ਇਕ ਅੱਖਰ ਜਾਂ ਵਿਅੰਜਨ ਦੀ ਕਈ ਫੇਰ ਵਰਤੋਂ ਹੋਏ।

..ਵਡਾ ਅਕਲ ਦਾ ਕੋਟ ਕਮਾਲ ਮੀਆਂ ।'(31)

….ਕਹੇ ਕੁਝ ਤੇ ਕੁਝ ਕਮਾਂਵਦਾ ਈ ।’

‘ਘੇਰੇ ਅਜਲ ਦੇ ਅਕਲ ਨਾ ਮੂਲ ਆਈ,

ਬੁਰਾ ਆਪਣਾ ਆਪ ਕਰਾਂਵਦੇ ਨੀ।’(32)

‘ਆਈਆਂ ਪੜਤਲਾਂ ਬੀੜ ਕੇ ਤੋਪਖਾਨੇ, (38)

ਅੱਗੋਂ ਸਿੰਘਾਂ ਨੇ ਪਾਸੜੇ ਤੋੜ ਸੁੱਟੇ । (90)

ਉਪ੍ਰੋਕਤ ਵਿਚ ਸ, ਕ, ਅ ਅਤੇ ੜ ਅੱਖਰਾਂ ਦੀ ਵਧੇਰੇ ਵਰਤੋਂ ਹੋਣ ਕਰਕੇ ਵਿਤਿ ਅਨੁਪ੍ਰਾਸ ਦੀ ਉਪਜ ਹੋਈ ਹੈ ।

ਸ੍ਵਤਿ ਅਨੁਪ੍ਰਾਸ

ਟੀਕਾ ‘ਗਰਬ ਗੰਜਨੀ’ ਵਿਚ ਭਾਈ ਸੰਤੋਖ ਸਿੰਘ ਜੀ ਇਸ ਅਲੰਕਾਰ ਦਾ ਲੱਛਣ ਇੰਜ ਬਿਆਨਦੇ ਹਨ-

‘ਏਕ ਵਰਗ ਕੇ ਅੱਖਰ ਹੈਂ ਜਹਾਂ ।

ਸ੍ਵਤਿ ਅਨੁਪ੍ਰਾਸ ਹੋਤ ਹੈ ਤਹਾਂ ।’

ਇਸ ਅਲੰਕਾਰ ਦੀ ਵਰਤੋਂ ਵੀ ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਵਿਚ ਕੀਤੀ ਹੈ । ‘ਕ-ਵਰਗ’ ਦੀ ਵਰਤੋਂ ਵੇਖੋ-

‘ਜਦੋਂ ਫ਼ੌਜ ਨੇ ਘੱਤਿਆ ਆਣ ਘੇਰਾ,

ਖੰਡਾ ਖਿੱਚ ਕੇ ਸਾਰ ਦਾ ਹੱਥ ਫੜਦਾ ।’ (36)

‘ਤੇਰੀ ਨੌਕਰੀ ਵਿਚ ਨਾ ਫਰਕ ਕਰੀਏ,

ਭਾਵੇਂ ਖੂਹ ਘੱਤੀਂ ਭਾਵੇਂ ਖਾਤ ਮਾਈ ।

ਸਿੰਘਾਂ ਭੋਲਿਆਂ ਮੂਲ ਨਾ ਸਹੀ ਕੀਤੀ,

ਗੁੱਝਾ ਕਰਨ ਲੱਗੀ ਸਾਡਾ ਘਾਤ ਮਾਈ ।’ (54)

‘ਕਰੋ ਹੁਕਮ ਤੇ ਤੇਗ਼ ਉਠਾਈਏ ਜੀ,

ਪਏ ਸਿੰਘ ਕਚੀਚੀਆਂ ਖਾਂਵਦੇ ਨੀ ।’ (70)

‘ਜਦੋਂ ਫ਼ੌਜ ਨੇ ਘੱਤਿਆ ਆਣ ਘੇਰਾ,

ਖੰਡਾ ਖਿੱਚ ਕੇ ਸਾਰ ਦਾ ਹੱਥ ਫੜਦਾ ।’ (36)

‘ਪ-ਵਰਗ’ ਦੀ ਵਰਤੋਂ ਵੇਖੋ-

‘ਸ਼ਾਹ ਮੁਹੰਮਦਾ ਚੜ੍ਹੇ ਮਝੈਲ ਭੂਹੇ,

ਪੈਸਾ ਤਲਬ ਦਾ ਨਾਲ ਪੈਜ਼ਾਰ ਲੈਂਦੇ । (40)

‘ਪਾਰੋਂ ਮੁਲਕ ਫਿਰੰਗੀਆਂ ਮੱਲ ਲਿਆ,

ਅਸੀਂ ਮਾਰਾਂਗੇ ਓਸ ਬੇਪੀਰ ਨੂੰ ਜੀ।’ (51)

ਅੰਤਯ ਅਨੁਪ੍ਰਾਸ

ਜਦੋਂ ਕੋਈ ਗੱਲ ਪਰੰਪਰਾਗਤ ਢੰਗ ਨਾਲ ਕਹੀ ਜਾਵੇ ਤਾਂ ਅੰਤਯ ਅਨੁਪ੍ਰਾਸ ਦੀ ਵਰਤੋਂ ਹੁੰਦੀ ਹੈ-

‘ਅੱਵਲ ਹਮਦ ਜਨਾਬ ਅਲਾਹ ਦੀ ਨੂੰ,

ਜਿਹੜਾ ਕੁਦਰਤੀਂ ਖੇਲ ਬਣਾਂਵਦਾ ਈ ।

ਚੌਦਾਂ ਤਬਕਾਂ ਦਾ ਨਕਸ਼ੋ ਨਗਾਰ ਕਰ ਕੇ,

ਰੰਗ ਰੰਗ ਦੇ ਬਾਗ਼ ਲਗਾਂਵਦਾ ਈ ।

ਸਫ਼ਾਂ ਪਿਛਲੀਆਂ ਸਭ ਲਪੇਟ ਲੈਂਦਾ,

ਅਗੋਂ ਹੋਰ ਹੀ ਹੋਰ ਵਿਛਾਂਵਦਾ ਈ।

ਸ਼ਾਹ ਮੁਹੰਮਦਾ ਓਸ ਤੋਂ ਸਦਾ ਡਰੀਏ,

ਬਾਦਸ਼ਾਹਾਂ ਤੋਂ ਭੀਖ ਮੰਗਾਂਵਦਾ ਈ । (1)

ਇਥੇ ਪਰੰਪਰਾਈ ਗੱਲ ਹੀ ਕਹੀ ਗਈ ਹੈ ਕਿ ਪ੍ਰਮੇਸ਼ਰ ਬੜਾ ਬਿਅੰਤ ਹੈ, ਜੋ ਚਾਹੇ, ਕਰ ਸਕਦਾ ਹੈ । ਇੰਜ ਹੀ ਦੂਜੇ ਤੇ ਤੀਜੇ ਬੰਦ ਵਿਚ ਅਸਥਿਰ ਸੰਸਾਰ ਦੀ ਗੱਲ ਕੀਤੀ ਗਈ ਹੈ ਕਿ ਜਗਤ ਮੁਸਾਫ਼ਰਖਾਨੇ ਦੀ ਨਿਆਈਂ ਹੈ, ਇਥੇ ਕਿਸੇ ਨੇ ਵੀ ਹਮੇਸ਼ਾਂ ਲਈ ਨਹੀਂ ਬੈਠੇ ਰਹਿਣਾ । ਇਕ ਹੋਰ ਬੰਦ ਵਿਚ ਪਰਮੇਸ਼ਰ ਦੀ ਬੇਅੰਤਤਾ ਦਾ ਜ਼ਿਕਰ ਹੈ ਕਿ ਹਾਰ-ਜੀਤ ਸਭ ਉਸ ਦੇ ਹੱਥ ਹੈ ਅਤੇ ਘਰ ਦਾ ਭੇਤੀ ਵੱਡੀ ਤੋਂ ਵੱਡੀ ਸਲਤਨਤ ਦਾ ਖਾਤਮਾ ਕਰ ਸਕਦਾ ਹੈ—

‘ਸੱਚੇ ਸਾਹਿਬ ਦੇ ਹੱਥ ਨੀ ਸਭ ਗੱਲਾਂ,

ਕਿਸੇ ਹਾਰ ਦੇਵੇ ਕਿਸੇ ਜੇਤ ਮੀਆਂ ।

ਇਕ ਲੱਖ ਬੇਟਾ ਸਵਾ ਲੱਖ ਪੋਤਾ,

ਰਾਵਣ ਮਾਰਿਆ ਘਰ ਦੇ ਭੇਤ ਮੀਆਂ ।’ (55)

ਅਰਥ ਅਲੰਕਾਰ

ਅਰਥ ਅਲੰਕਾਰ ਕਾਵਿ ਦੇ ਅਰਥਾਂ ਉਤੇ ਨਿਰਭਰ ਕਰਦਾ ਹੈ । ਅਰਥ ਅਲੰਕਾਰਾਂ ਦਾ ਚਮਤਕਾਰ ਸ਼ਬਦਾਂ ਦੀ ਥਾਂ ਅਰਥਾਂ ਕਰਕੇ ਹੁੰਦਾ ਹੈ। ਜਿਨ੍ਹਾਂ ਸ਼ਬਦਾਂ ਨਾਲ ਅਲੰਕਾਰਾਂ ਦੀ ਉਪਜ ਹੁੰਦੀ ਹੈ, ਉਨ੍ਹਾਂ ਸ਼ਬਦਾਂ ਨੂੰ ਬਦਲਣ ਨਾਲ ਵੀ ਅਰਥ ਅਲੰਕਾਰ ਬਣਿਆ ਰਹਿੰਦਾ ਹੈ । ਅਰਥ ਅਲੰਕਾਰ ਦੇ ਪਰਕਾਰਾਂ ਵਿਚ ਉਪਮਾ, ਰੂਪਕ, ਦ੍ਰਿਸ਼ਟਾਂਤ, ਕਾਰਨਮਾਲਾ, ਕਾਰਕ ਦੀਪਕ, ਅਰਥ ਬ੍ਰਿਤ ਦੀਪਕ, ਆਬਿਤ ਦੀਪਕ, ਸੰਭਾਵਨਾ, ਹੇਤ, ਪ੍ਰਸ਼ਨੋਤਰ, ਵਿਰੋਧ, ਬਿਧ ਆਦਿ ਅਲੰਕਾਰ ਆਉਂਦੇ ਹਨ। ਸ਼ਾਹ ਮੁਹੰਮਦ ਦੀ ਹਥਲੀ ਰਚਨਾ ਵਿਚ ਅਰਥ ਅਲੰਕਾਰ ਦੇ ਵਿਭਿੰਨ ਪਰਕਾਰ ਮਿਲਦੇ ਹਨ, ਲੇਕਿਨ ਵਧੇਰੇ ਵਰਤੋਂ ਉਪਮਾ ਤੇ ਰੂਪਕ ਅਲੰਕਾਰਾਂ ਦੀ ਹੋਈ ਹੈ।

ਉਪਮਾ ਅਲੰਕਾਰ

ਇਸ ਦੀ ਵਰਤੋਂ ਵਿਸ਼ੈ ਦੇ ਰੂਪ ਅਤੇ ਆਕਾਰ ਨੂੰ ਸਪਸ਼ਟ ਕਰਨ ਲਈ ਹੁੰਦੀ ਹੈ । ਕਿਸੇ ਦੋ ਪਦਾਰਥਾਂ ਦੇ ਉਪਮਾਨ-ਉਪਮੇਯ ਭਾਵ ਨਾਲ ਸਮਾਨ ਧਰਮ ਦੀ ਵਿਅੰਜਨਾ ਨੂੰ ਉਪਮਾ ਕਹਿੰਦੇ ਹਨ। ਜਿਥੇ ‘ਉਪਮੇਯ’ (the subject compared), (the object with which the comparison is made), ਧਰਮ (common attribute) ਅਤੇ ਵਾਚਕ (the word implying comparison) ਚਾਰੇ ਹੀ ਮੂਲ ਤੱਤ ਮਿਲਣ, ਉਥੇ ਪੂਰਨ ਉਪਮਾ ਅਤੇ ਜਿਥੇ ਕੋਈ ਤੱਤ ਘੱਟ ਹੋਵੇ, ਉਥੇ ਲੁਪਤ ਉਪਮਾ ਹੁੰਦੀ ਹੈ । ਸਾਹਿਤ ਅਚਾਰੀਆਂ ਨੇ ਉਪਮਾ ਨੂੰ ਸਭ ਅਲੰਕਾਰਾਂ ਵਿਚੋਂ ਮੁੱਖ ਮੰਨਿਆ ਹੈ । ਸ਼ਾਹ ਮੁਹੰਮਦ ਦੇ ਜੰਗਨਾਮੇ ਵਿਚੋਂ ਉਪਮਾ ਅਲੰਕਾਰ ਦੀਆਂ ਕੁਝ ਝਲਕਾਂ ਪੇਸ਼ ਹਨ-

‘ਸਿਰ ਫੌਜ ਦੇ ਰਿਹਾ ਨਾ ਕੋਈ ਕੁੰਡਾ,

ਹੋਏ ਸ਼ੁਤਰ ਜਿਉਂ ਬੇਮੁਹਾਰ ਮੀਆਂ ।’ (41)

‘ਚੜ੍ਹੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ,

ਜੈਸੇ ਬੇਲਿਓਂ ਨਿਕਲਦੇ ਸ਼ੇਰ ਮੀਆਂ ।’ (58)

‘ਫੇਰੂ ਸ਼ਹਿਰ ਦੇ ਹੇਠ ਜਾਂ ਖੇਤ ਰੁੱਧੇ,

ਤੋਪਾਂ ਚੱਲੀਆਂ ਨੀ ਵਾਂਗ ਤੋੜਿਆਂ ਦੇ ।’ (71)

‘ਉੱਡੀ ਰਾਲ ਤੇ ਚਾਦਰਾਂ ਕੜਕੀਆਂ ਨੀ,

ਕੌਰਵ ਪਾਂਡਵਾਂ ਦੇ ਜੈਸੇ ਬਾਣ ਛੁੱਟੇ ।’ (76)

‘ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,

ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ ।’ (90)

ਡਾ. ਸੀਤਾ ਰਾਮ ਕੋਹਲੀ ਅਨੁਸਾਰ “ਸ਼ਾਹ ਮੁਹੰਮਦ ਨੇ ਬਹੁਤ ਢੁਕਵੀਆਂ ਉਪਮਾਵਾਂ ਦੇ ਕੇ ਕਵਿਤਾ ਵਿਚ ਬਿਆਨੀ ਗੱਲ ਨੂੰ ਬਹੁਤ ਦਿਲਖਿੱਚਵੀਂ ਬਣਾ ਦਿੱਤਾ ਹੈ। ਉਸ ਦੀਆਂ ਉਪਮਾਵਾਂ ਢੁਕਵੀਆਂ ਹੋਣ ਤੋਂ ਛੁੱਟ ਸੁਝਾਊ ਵੀ ਹਨ।”

(‘ਵਾਰ ਸ਼ਾਹ ਮੁਹੰਮਦ’, ਪੰਨਾ 112)

ਪੁਨਰੁਕਤਿ ਪਦਾਭਾਸ ਅਲੰਕਾਰ

‘ਟੀਕਾ ਗਰਬ ਗੰਜਨੀ’ ਅਨੁਸਾਰ- ਹੋਇ ਪੁਨਰ ਪਟਨਿ ਜਿਹ ਥਾਇ ।

ਅਰਥ ਕਰਤ ਸੋਂ ਜਾਇ ਬਿਲਾਇ। ਪੁਨਰੁਕਤਿ ਪਦਾਭਾਸ ਸੋ ਜਾਨ ।

ਗੁਨ ਜਨ ਤਾਕੋ ਕਰਹਿ ਬਖਾਨ ।

(ਭਾਈ ਸੰਤੋਖ ਸਿੰਘ)

ਅਰਥਾਤ ਜਦੋਂ ਇਕ ਪਦ ਵਿਚ ਦੋ ਵੱਖ-ਵੱਖ ਸ਼ਬਦ, ਇਕੋ ਅਰਥ ਨਾਲ ਆਉਣ ਤਾਂ ‘ਪੁਨਰੁਕਤਿ ਪਦਾਭਾਸ ਅਲੰਕਾਰ’ ਹੁੰਦਾ ਹੈ । ਜਿਵੇਂ-

‘ਚੜ੍ਹੇ ਸ਼ਹਿਰ ਲਾਹੌਰ ਥੀਂ ਮਾਰ ਧੌਂਸੇ,

ਸਭੇ ਗਰਭ ਹੰਕਾਰ ਦੇ ਨਾਲ ਤੁਰਦੇ ।’ (62)

‘ਤੁਸਾਂ ਆਖਣਾ ਮਰ ਗਿਆ ਲੁੱਦੇਹਾਣੇ,

ਅਸੀਂ ਫਿਰਦੇ ਹਾਂ ਢੂੰਡਦੇ-ਭਾਲਦੇ ਜੀ ।’ (87)

ਉਪ੍ਰੋਕਤ ਵਿਚ ਗਰਬ ਤੇ ਹੰਕਾਰ ਅਤੇ ਢੂੰਡਣ ਤੇ ਭਾਲਣ ਦੇ ਇਕ ਹੀ ਅਰਥ ਹਨ, ਸੋ ਇਥੇ ਪੁਨਰੁਕਤਿ ਪਦਾਭਾਸ ਅਲੰਕਾਰ ਹੈ ।

ਸੰਭਾਵਨਾ ਅਲੰਕਾਰ

ਇਉਂ ਜੋ ਹੋਇ ਤਾਂ ਇਉਂ ਇਹ ਹੋਇ। ਇਸ ਪ੍ਰਕਾਰ ਜਹ ਤੁਕ ਮੈਂ ਜੋਇ। ਤਹ ਸੰਭਾਵਨ ਹੈ ਅਲੰਕਾਰ । ਕਵਿ ਜਨ ਯਾਂ ਕੋ ਕਰਹਿ ਬਿਚਾਰ ।

(ਟੀਕਾ ਗਰਬ ਗੰਜਨੀ)

ਜਿਵੇੰ –

‘ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਘੇ,

ਜਦੋਂ ਹੋਣ ਪੰਜਾਬਣਾਂ ਰੰਡੀਆਂ ਨੀ ।’ (46)

‘ਸੋਈ ਲੜਨਗੇ ਹੋਣ ਬੇਖ਼ਬਰ ਜਿਹੜੇ,

ਮੱਥਾ ਕਦੀ ਸਰਦਾਰ ਨਾ ਡਾਹਵਣੀਗੇ ।’ (48)

‘ਇਕ ਵਾਰੀ ਜੇ ਸਾਹਮਣੇ ਹੋਇ ਸਾਡੇ,

ਇਕ ਘੜੀ ਵਿਚ ਪਾਰ ਉਤਾਰੀਏ ਜੀ ।’ (56)

‘ਸ਼ਾਹ ਮੁਹੰਮਦਾ ਗੱਲ ਜੋ ਮੂੰਹੋਂ ਕਢੇ,

ਏਸੇ ਵਖਤ ਹੀ ਚਾ ਪੁਗਾਈਏ ਜੀ ।’ (15)

‘ਤੇਰੇ ਵੱਲ ਜੋ ਕਰੇਗਾ ਨਜ਼ਰ ਮੰਦੀ,

ਸ਼ਾਹ ਮੁਹੰਮਦਾ ਕਰਾਂਗੇ ਸੱਖਣਾ ਈ ।’ (26)

ਰੂਪਕ ਅਲੰਕਾਰ

ਇਹ ਅਲੰਕਾਰ ਸਾਂਝਪਣ ਉਤੇ ਆਧਾਰਿਤ ਹੈ । ਜਿਥੇ ਉਪਮਾ ਅਲੰਕਾਰ ਵਿਚ ਇਕ ਵਸਤੂ ਨੂੰ ਦੂਜੀ ਵਰਗੀ ਦੱਸਿਆ ਜਾਂਦਾ ਹੈ, ਉਥੇ ਰੂਪਕ ਅਲੰਕਾਰ ਵਿਚ ਕਿਸੇ ਵਸਤੂ ਨੂੰ ਦੂਜੀ ਵਸਤੂ ਹੀ ਮੰਨ ਲਿਆ ਜਾਂਦਾ ਹੈ । ਅਰਥਾਤ ਉਪਮੇਯ ਅਤੇ ਉਪਮਾਨ ਦੀ ਜਿਥੇ ਆਪੋ ਵਿਚ ਅਭੇਦਤਾ, ਇਕਰੂਪਤਾ, ਇਕਮਈਤਾ ਆਦਿ ਹੋਵੇ, ਉਸ ਨੂੰ ਰੂਪਕ (Metaphor) ਕਿਹਾ ਜਾਂਦਾ ਹੈ । ਕਾਵਿ ਵਿਚ ਉਪਮਾ ਨਾਲੋਂ ਰੂਪਕ ਨੂੰ ਵਧੇਰੇ ਕਲਾ-ਸਾਧਨ ਦੇ ਤੌਰ ‘ਤੇ ਵਰਤਿਆ ਗਿਆ ਹੈ । ਇਸ ਨਾਲ ਕਵਿਤਾ ਦੇ ਕਹਿਣ ਵਿਚ ਰਵਾਨੀ ਆਉਂਦੀ ਹੈ, ਬਿੰਬ ਉਘੜਦਾ ਹੈ ਅਤੇ ਸਪਸ਼ਟਰਾ ਆਉਂਦੀ ਹੈ । ਸ਼ਾਹ ਮੁਹੰਮਦ ਨੇ ਇਸ ਅਲੰਕਾਰ ਨੂੰ ਬੜੀ ਖ਼ੂਬੀ ਨਾਲ ਵਰਤਿਆ ਹੈ –

‘ਕੂੰਜਾਂ ਨਜ਼ਰ ਆਈਆਂ ਬਾਜ਼ਾਂ ਭੁੱਖਿਆਂ ਨੂੰ,

ਚੋਟਾਂ ਕੈਸੀਆਂ ਦੇਖੋ ਚਲਾਂਵਦੇ ਨੀ ।’

‘ਬੁਰੇ ਜਿੰਨ ਹੋ ਕੇ ਸਾਨੂੰ ਪਏ ਗੋਰੇ,

ਅਸੀਂ ਜਾਣਦੇ ਸਾਂ ਕੋਈ ਕੀਰ ਮੀਆਂ ।

ਅਸੀਂ ਸ਼ਹਿਦ ਦੇ ਵਾਸਤੇ ਹੱਥ ਪਾਇਆ,

ਅੱਗੋਂ ਡੂਮਣਾ ਛਿੜੇ ਮਖ਼ੀਰ ਮੀਆਂ ।’ (78)

‘ਛੇੜ ਆਫ਼ਤਾਂ ਨੂੰ ਮਗਰ ਲਾਇਓ ਨੇ,

ਸਗੋਂ ਆਪਣਾ ਆਪ ਗਵਾਇ ਆਇ।’(79)

‘ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,

ਜੇੜ੍ਹੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੀ।…

ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,

ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।’ (92)

ਉਪ੍ਰੋਕਤ ਵਿਚ ਖ਼ਾਲਸਾ ਫੌਜ ਲਈ ਭੁੱਖੇ ਬਾਜ਼ ਅਤੇ ਗੋਰਾ ਫੌਜ ਲਈ ਕੂੰਜਾਂ, ਜਿੰਨ, ਡੂਮਣਾ, ਆਫ਼ਤਾਂ ਆਦਿ ਦੇ ਰੂਪਕ ਵਰਤੇ ਗਏ ਹਨ। ਇੰਜ ਹੀ ਮਹਾਰਾਜਾ ਰਣਜੀਤ ਸਿੰਘ ਲਈ ‘ਸਰਕਾਰ’ ਦਾ ਰੂਪਕ ਵਰਤਿਆ ਗਿਆ ਹੈ ।

‘ਇਹ ਜੱਗ ਸਰਾਇ ਮੁਸਾਫ਼ਰਾਂ ਦੀ,

ਏਥੇ ਜ਼ੋਰ ਵਾਲੇ ਕਈ ਆਇ ਗਏ ।

ਦਾਦ, ਨਮਰੂਦ ਫਿਰਊਨ ਜੇਹੇ,

ਦਾਵਾ ਬੰਨ੍ਹ ਖ਼ੁਦਾਇ ਕਹਾਇ ਗਏ ।

ਅਕਬਰ ਸ਼ਾਹ ਜੇਹੇ ਵਿਚ ਦਿੱਲੀ ਦੇ ਜੀ,

ਫੇਰੀ ਵਾਂਗ ਵਣਜਾਰਿਆਂ ਪਾਇ ਗਏ ।(4)

ਇਥੇ ਸਮੇਂ-ਸਮੇਂ ਹੋਏ ਬਾਦਸ਼ਾਹਾਂ ਅਤੇ ਸੂਰਮਿਆਂ ਨੂੰ ਸਰਾਂ ਦੇ ਮੁਸਾਫ਼ਰਾਂ ਅਤੇ ਵਣਜਾਰਿਆਂ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ ।

ਮਾਨਵੀਕਰਨ (Personification) ਅਲੰਕਾਰ

‘ਜੱਟੀ ਹੋਵਾਂ ਤਾਂ ਕਰਾਂ ਪੰਜਾਬ ਰੰਡੀ,

ਸਾਰੇ ਦੇਸ਼ ਦੇ ਵਿਚ ਚਾ ਤੁਰਨ ਵਾਰਾਂ । (45)

ਇਲਾਹੀ ਬਖਸ਼ ਪਟੋਲੀ ਨੇ ਮਾਂਜ ਕੇ ਜੀ, ਚਾਰਾ

ਧੂਪ ਦੇਇ ਕੇ ਤਖ਼ਤ ਬਹਾਲੀਆਂ ਨੀ । (60)

ਅਤਿਕਥਨੀ ਅਲੰਕਾਰ

ਸ਼ਾਹ ਮੁਹੰਮਦ ਨੇ ਪਰੰਪਰਾਗਤ ਕਵੀਆਂ ਵਾਂਗ ਅਤਿਕਥਨੀ ਅਲੰਕਾਰ ਵੀ ਵਰਤੇ ਹਨ-

‘ਇਕ ਲੱਖ ਬੇਟਾ ਸਵਾ ਲੱਖ ਪੋਤਾ,

ਰਾਵਣ ਮਾਰਿਆ ਘਰ ਦੇ ਭੇਤ ਮੀਆਂ ।’  (55)

‘ਧਰਤੀ ਵੱਢ ਕੇ ਧੂੜ ਦੇ ਬਣੇ ਬੱਦਲ,

ਜੈਸੇ ਚੜ੍ਹੇ ਆਕਾਸ਼ ਪਤੰਗ ਮੀਆਂ ।’ (105)

ਸ਼ਬਦ-ਚਿੱਤਰ ਤੇ ਬੋਲ ਚਿੱਤਰ

ਸ਼ਾਹ ਮੁਹੰਮਦ ਦੇ ਜੰਗਨਾਮੇ ਵਿਚ ਹੋਰ ਕਲਾ-ਜੁਗਤਾਂ ਦੇ ਨਾਲ-ਨਾਲ ਸ਼ਬਦ- ਚਿੱਤਰ ਅਤੇ ਬੋਲ-ਚਿੱਤਰ ਦੇ ਵੀ ਸੁਹਣੇ ਉਦਾਹਰਣ ਮਿਲਦੇ ਹਨ-

‘ਸ਼ਾਹ ਮੁਹੰਮਦਾ ਦੇਖ ਮੈਦਾਨ ਜਾ ਕੇ,

ਰੁਲਦੀ ਗੋਰਿਆਂ ਦੀ ਪਈ ਝੰਡ ਮੀਆਂ ।’ (74)

‘ਸਣੇ ਆਦਮੀ ਗੋਲੀਆਂ ਨਾਲ ਉੱਡਣ,

ਹਾਥੀ ਡਿੱਗਦੇ ਸਣੇ ਅੰਬਾਰੀਆਂ ਨੇ । (92)

‘ਕਈ ਮਾਵਾਂ ਦੇ ਪੁੱਤ ਨੇ ਮੋਏ ਓਥੇ,

ਸੀਨੇ ਲੱਗੀਆਂ ਤੇਜ਼ ਕਟਾਰੀਆਂ ਨੀ ।

ਜਿਨ੍ਹਾਂ ਭੈਣਾਂ ਨੂੰ ਵੀਰ ਨਾ ਮਿਲੇ ਮੁੜ ਕੇ,

ਪਈਆਂ ਰੋਂਦੀਆਂ ਫਿਰਨ ਵਿਚਾਰੀਆਂ ਨੀ ।

ਜੰਗੀਂ ਜਿਨ੍ਹਾਂ ਦੇ ਸਿਰਾਂ ਦੇ ਮੋਏ ਵਾਲੀ,

ਖੁਲ੍ਹੇ ਵਾਲ ਤੇ ਫਿਰਨ ਵਿਚਾਰੀਆਂ ਨੀ ।’ (94)

‘ਸਿੱਧੀ ਜਦੋਂ ਸ਼ਾਹਜ਼ਾਦੇ ਨੇ ਨਜ਼ਰ ਕੀਤੀ,

ਜਲਦੀ ਨਾਲ ਚਾ ਕਲਾ ਦਬਾਂਵਦਾ ਈ ।

ਸ਼ਾਹ ਮੁਹੰਮਦਾ ਜ਼ਿਮੀਂ ਤੇ ਪਿਆ ਤੜਫ਼ੇ,

ਤੇਗ਼ ਮਾਰ ਕੇ ਸੀਸ ਉਡਾਂਵਦਾ ਈ ।’ (22)

ਕਵੀ ਦੋ ਜਾਂ ਦੋ ਤੋਂ ਵੱਧ ਅਲੰਕਾਰਾਂ ਦੀ ਇਕੱਠਿਆਂ ਵਰਤੋਂ ਕਰਕੇ ਜਿਥੇ ‘ਸੰਕਰ ਅਲੰਕਾਰ’ ਉਪਜਾਣ ਵਿਚ ਸਮਰੱਥ ਹੈ, ਉਥੇ ਸ਼ਬਦ-ਚਿੱਤਰਾਂ ਰਾਹੀਂ ਹੋਰ ਵੀ ਖੂਬਸੂਰਤੀ ਪੈਦਾ ਕਰ ਦਿੰਦਾ ਹੈ । ਜਿਵੇਂ-

‘ਧਰਤੀ ਵੱਢ ਕੇ ਧੂੜ ਦੇ ਬਣੇ ਬੱਦਲ,

ਜੈਸੇ ਚੜ੍ਹੇ ਆਕਾਸ਼ ਪਤੰਗ ਮੀਆਂ ।’ (105)

ਇਥੇ ਜੰਗ ਦੌਰਾਨ ਉੱਡ ਰਹੀ ਧੂੜ ਨੂੰ ਬੱਦਲ ਆਖ ਕੇ ਜਿਥੇ ਕਵੀ ਨੇ ਅਤਿਕਥਨੀ ਅਲੰਕਾਰ ਦੀ ਵਰਤੋਂ ਕੀਤੀ ਹੈ, ਉਥੇ ਧੂੜ ਦੇ ਬੱਦਲ ਨੂੰ ਪਤੰਗ ਨਾਲ ਉਪਮਾ ਦੇ ਕੇ ਉਪਮਾ ਅਲੰਕਾਰ ਵੀ ਉਪਜਾਇਆ ਹੈ । ਇਸ ਤੋਂ ਬਿਨਾਂ ਪਤੰਗ ਦੇ ਆਕਾਸ਼ ਵਿਚ ਉੱਡਣ ਦੇ ਦ੍ਰਿਸ਼-ਬਿੰਬ ਨੂੰ ਵੀ ਬਹੁਤ ਸੁਹਣੀ ਤਰ੍ਹਾਂ ਚਿਤਰਿਆ ਹੈ । ਹੋਰ ਮਿਸਾਲ ਵੇਖੋ—

ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,

ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ । (90)

ਇਥੇ ਕਵੀ ਨੇ ਸਿੰਘਾਂ ਵਲੋਂ ਗੋਰਿਆਂ ਦੇ ਲਹੂ ਨਿਚੋੜਨ ਦੀ ਸਮ-ਧਰਮਤਾ ਨਿੰਬੂਆਂ ਨੂੰ ਨਿਚੋੜਨ ਦੀ ਪ੍ਰਕਿਰਿਆ ਨਾਲ ਦਰਸਾ ਕੇ ਜਿਥੇ ਪੂਰਨ ਉਪਮਾ ਅਲੰਕਾਰ ਸਿਰਜਿਆ ਹੈ, ਉਥੇ ਨਿੰਬੂ ਨਿਚੋੜਨ ਦਾ ਸੁੰਦਰ ਦ੍ਰਿਸ਼-ਬਿੰਬ ਵੀ ਚਿਤਰਿਆ ਹੈ।

ਛੰਦ ਵਿਧਾਨ

‘ਜੋ ਕੰਢਿਆਂ ਅੰਦਰ ਨਾ ਵੱਗੇ, ਉਹ ਪਾਣੀ ਦੀ ਨੈਂ ਕਾਹਦੀ । ਉਚਿਤ ਨਹੀਂ ਮੂਲੋਂ ਪ੍ਰਸੰਸਾ, ਰੂਪੋਂ ਸੱਖਣੀ ਕਵਿਤਾ ਦੀ ।’

ਪ੍ਰਿੰ. ਤਖਤ ਸਿੰਘ ਦੇ ਉਪ੍ਰੋਕਤ ਸ਼ਿਅਰ ਦਾ ਅਰਥ ਬੜਾ ਸਪਸ਼ਟ ਹੈ ਕਿ ਜਿਵੇਂ ਦੋ ਕਿਨਾਰਿਆਂ ਅੰਦਰ ਵਗਣ ਵਾਲੇ ਪਾਣੀ ਨੂੰ ਹੀ ਨਦੀ ਜਾਂ ਦਰਿਆ ਦਾ ਨਾਮ ਦਿੱਤਾ ਜਾ ਸਕਦਾ ਹੈ, ਇੰਜ ਹੀ ਕਵਿਤਾ ਵੀ ਕਿਸੇ ਬੰਦਸ਼ ਅਤੇ ਵਿੱਧੀ-ਵਿਧਾਨ ਅਨੁਸਾਰ ਲਿਖੀ ਗਈ ਰਚਨਾ ਨੂੰ ਹੀ ਕਹਿਣਾ ਯੋਗ ਹੋਵੇਗਾ ।

ਪੜਚੋਲਕਾਰਾਂ ਵਿਚੋਂ ਜਿਹੜੇ ਇਹ ਮੰਨਦੇ ਹਨ ਕਿ ਵਜ਼ਨ ਕਵਿਤਾ ਦਾ ਕੋਈ ਅੰਗ ਨਹੀਂ, ਉਨ੍ਹਾਂ ਦਾ ਮੋਢੀ ਅਰਸਤੂ ਹੈ । ਉਸ ਨੇ ਆਪਣੀ ਰਚਨਾ ‘Poetics’ ਵਿਚ ਸਾਫ਼ ਤਾਂ ਨਹੀਂ, ਲੇਕਿਨ ਗੌਣ ਤੌਰ ‘ਤੇ ਲਿਖਿਆ ਹੈ ਕਿ ਕਵਿਤਾ ਵਿਚ ਛੰਦ ਨੂੰ ਕੋਈ ਖ਼ਾਸ ਮਹੱਤਤਾ ਹਾਸਲ ਨਹੀਂ। ਬੇਸ਼ਕ ਕੁਝ ਸਿਆਣਿਆਂ ਦੇ ਕਥਨ ਅਨੁਸਾਰ ਬੇਵਜ਼ਨ ਅਤੇ ਬੇਬਹਿਰ ਕਵਿਤਾ ਵੀ ਹੋ ਸਕਦੀ ਹੈ, ਪਰੰਤੂ ਵਜ਼ਨ ਕਵਿਤਾ ਦਾ ਸ਼ਿੰਗਾਰ ਹੋਇਆ ਕਰਦਾ ਹੈ ਅਤੇ ਸ਼ਿਅਰ ਇਸਦੀ ਵਰਤੋਂ ਨਾਲ ਵਧੇਰੇ ਅਸਰਦਾਰ ਹੋ ਜਾਂਦਾ ਹੈ । ਕੰਨਾਂ ਨੂੰ ਇਸਦੀ ਧੁਨਕਾਰ ਚੰਗੀ ਲਗਦੀ ਹੈ ਅਤੇ ਸੁਣਨ ਵਾਲੇ ਦੇ ਮਨ ਨੂੰ ਵਧੇਰੇ ਖਿੱਚ ਪੈਂਦੀ ਹੈ। ‘ਐਨਸਾਈਕਲੋਪੀਡੀਆ ਬ੍ਰਿਟੈਨਿਕਾ’ ਅਨੁਸਾਰ, “ਕਵਿਤਾ ਮਨੁੱਖੀ ਮਨ ਦਾ ਜ਼ਜ਼ਬਾਤੀ ਤੇ ਤਾਲਮਈ ਬੋਲੀ ਵਿਚ ਨਿੱਗਰ ਅਤੇ ਕਲਾਮਈ ਪ੍ਰਗਟਾਉ ਹੈ ।” ਇਹ ਗੱਲ ਤਾਂ ਪ੍ਰਮਾਣਿਤ ਹੈ ਕਿ ਕੋਈ ਸਾਹਿਤਕ ਨਿਰੂਪਣ, ਜਿਸ ਦਾ ਵਿਸ਼ਾ ਭਾਵੇਂ ਕੋਈ ਵੀ ਹੋਵੇ, ਉਦੋਂ ਤਕ ਕਵਿਤਾ ਨਹੀਂ ਕਿਹਾ ਜਾ ਸਕਦਾ, ਜਦੋਂ ਤਕ ਕਿ ਉਹ ਜ਼ਜ਼ਬਾਤੀ ਨਹੀਂ ਤੇ ਜਿਸ ਦੀ ਸ਼ੈਲੀ ਤੇ ਬਿਆਨ- ਢੰਗ ਨਿੱਗਰ, ਜਿਸ ਦੀ ਚਾਲ ਤਾਲਮਈ ਤੇ ਬਣਤਰ ਕਲਾਮਈ ਨਾ ਹੋਵੇ।

ਪੰਜਾਬੀ ਕਵੀਆਂ ਵਿਚ ਆਮ ਪ੍ਰਚਲਤ ਹੈ-“ਪਿੰਗਲ ਬਾਝ ਕਵੀਸ਼ਰੀ, ਗੀਤਾ ਬਾਝ ਗਿਆਨ”। ਅੰਗਰੇਜ਼ੀ ਦੇ ਮਹਾਨ ਕਵੀ ਵਰਡਜ਼ਵਰਥ ਨੇ ਵੀ ਕਿਹਾ ਹੈ, “ਜੇ ਮੀਟਰ ਦਾ ਧਿਆਨ ਨਾ ਰੱਖਿਆ ਜਾਵੇ, ਤਾਂ ਅਜਿਹੀ ਰਚਨਾ ਪਦ ਨਾ ਹੋਈ, ਗੰਦ ਹੀ ਹੋਈ।” ਛੰਦ ਰਹਿਤ ਰਚਨਾ ਹੋਰ ਭਾਵੇਂ ਕੁਝ ਵੀ ਹੋਵੇ, ਕਵਿਤਾ ਬਿਲਕੁਲ ਨਹੀਂ ਅਖਵਾ ਸਕਦੀ। (ਪ੍ਰੋ. ਗੁਰਚਰਨ ਸਿੰਘ, ‘ਕਵਿਤਾ : ਇਕ ਸਾਹਿਤ ਰੂਪ’, ਪੰਜਾਬੀ ਦੁਨੀਆਂ, ਪਟਿਆਲਾ, ਮਾਰਚ 1955, ਪੰਨਾ 13)

ਛੰਦ ਵਿਧਾਨ ਦੀ ਦ੍ਰਿਸ਼ਟੀ ਤੋਂ ਪੰਜਾਬੀ ਕਿੱਸਾ-ਕਾਵਿ ਬੜਾ ਅਮੀਰ ਹੈ । ਇਸ ਵਿਚ ਕਈ ਪ੍ਰਕਾਰ ਦੇ ਛੰਦਾਂ ਦਾ ਪ੍ਰਯੋਗ ਕੀਤਾ ਗਿਆ ਹੈ । ਸਮੇਂ ਦੀ ਤੋਰੋ ਨਾਲ ਛੰਦਾਂ ਦਾ ਰੂਪ ਵੀ ਬਦਲਦਾ ਰਿਹਾ ਹੈ । ਸ਼ਾਹ ਮੁਹੰਮਦ ਦਾ ਜੰਗਨਾਮਾ ਬੈਂਡ ਛੰਦ ਵਿਚ ਲਿਖਿਆ ਗਿਆ ਹੈ । ਪੰਜਾਬੀ ਕਿੱਸਾ ਸਾਹਿਤ ਲਈ ਇਹ ਛੰਦ ਤੋਂ ਹੀ ਅਪਣਾਇਆ ਜਾਂਦਾ ਰਿਹਾ ਹੈ ਅਤੇ ਬਿਰਤਾਂਤਿਕ ਕਵਿਤਾ ਲਈ ਵੀ ਇਹ ਛੰਦ ਆਪਣੀ ਲੈਆਤਮਕਤਾ ਕਰਕੇ ਬਹੁਤ ਹਰਮਨਪਿਆਰਾ ਰਿਹਾ ਹੈ । ਯੁੱਧ ਸਬੰਧੀ ਅਜਿਹਾ ਲਲਿਤ ਛੰਦ ਕਈ ਵੇਰ ਉਚਿਤ ਵਾਤਾਵਰਨ ਪੈਦਾ ਕਰਨ ਦੇ ਸਮਰੱਥ ਨਹੀਂ ਹੁੰਦਾ, ਪਰ ਸਮਰੱਥ ਕਵੀ ਲਲਿਤ ਛੰਦਾਂ ਰਾਹੀਂ ਬੀਰ ਰਸ ਅਤੇ ਯੁੱਧ ਪ੍ਰਸੰਗ ਦਾ ਬਿਆਨ ਬੜੀ ਸੁੱਘੜਤਾ ਨਾਲ ਕਰਦੇ ਆਏ ਹਨ । ਹਿੰਦੀ ਦੇ ਉਘੇ ਕਵੀ ਭੂਸ਼ਨ ਨੇ ਮਰਾਠਾ ਸਰਦਾਰ ਸ਼ਿਵਾ ਜੀ ਅਤੇ ਛਤ੍ਰਸਾਲ ਦੀ ਬੀਰਤਾ ਤੇ ਯੁੱਧ ਚਿਤਰਣ ਲਈ ਕਬਿੱਤ ਸਵੈਯਾ ਛੰਦ ਦਾ ਉਪਯੋਗ ਬੜੀ ਕੁਸ਼ਲਤਾ ਨਾਲ ਕੀਤਾ ਹੈ । ‘ਦਸਮ ਗ੍ਰੰਥ’ ਦੇ ‘ਚੰਡੀ ਚਰਿਤ੍’ ਅਤੇ ‘ਕ੍ਰਿਸ਼ਨਾਵਤਾਰ’ ਦੇ ਯੁੱਧ ਪ੍ਰਸੰਗ ਵੀ ਕਬਿੱਤ-ਸਵੈਯਾ ਛੰਦ ਵਿਚ ਚਿਤ੍ਤ ਕੀਤੇ ਗਏ ਹਨ ਜਿਨ੍ਹਾਂ ਦਾ ਆਪਣਾ ਹੀ ਵਿਸ਼ੇਸ਼ ਪ੍ਰਭਾਵ ਹੈ। ਪੰਜਾਬੀ ਕਿੱਸਾ ਕਾਵਿ ਵਿਚ ਬੈਂਤ ਛੰਦ ਦੀ ਸਭ ਤੋਂ ਵਧੇਰੇ ਵਰਤੋਂ ਹੋਈ ਹੈ ਅਤੇ ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਕਥਾ-ਕਾਵਿ ਲਈ ਬੈਂਤ ਛੰਦ ਹੀ ਸਭ ਤੋਂ ਉਪਯੋਗੀ ਸਿੱਧ ਹੋਇਆ ਹੈ । ਪੰਜਾਬੀ ਕਿੱਸਾਕਾਰਾਂ ਵਿਚੋਂ ਸਭ ਤੋਂ ਪਹਿਲਾਂ ਅਹਿਮਦਯਾਰ ਨੇ ਹੀਰ ਦੇ ਕਿੱਸੇ ਲਈ ਬੈਂਤ ਛੰਦ ਦੀ ਵਰਤੋਂ ਕੀਤੀ । ਬਾਅਦ ਵਿਚ ਮੁਕਬਲ ਤੇ ਵਾਰਿਸ ਨੇ ਇਸ ਛੰਦ ਦਾ ਉਪਯੋਗ ਕੀਤਾ। ਬੈਂਤ ਛੰਦ ਵਿਚ ਸਭ ਤੋਂ ਵਧੇਰੇ ਮਕਬੂਲਤਾ ਵਾਰਿਸਸ਼ਾਹ ਅਤੇ ਉਸ ਤੋਂ ਬਾਅਦ ਸ਼ਾਹ ਮੁਹੰਮਦ ਨੂੰ ਮਿਲੀ ਹੈ । ਸ਼ਾਹ ਮੁਹੰਮਦ ਦੀ ਰਚਨਾ ਨੂੰ ਬੈਂਤ ਛੰਦ ਵਿਚ ਲਿਖੇ ਜਾਣ ਕਰਕੇ ਕਈ ਵੇਰ ਇਸ ਨੂੰ ‘ਬੈਂਤਾਂ ਸ਼ਾਹ ਮੁਹੰਮਦ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

‘ਬੈਂਤ’ ਫ਼ਾਰਸੀ ਪਰੰਪਰਾ ਦਾ ਦੋ-ਤੁਕੀਆ ਛੰਦ ਹੈ, ਅਨੇਕਾਂ ਕਵੀਆਂ ਵਲੋਂ ਇਸ ਉਤੇ ਹੱਥ ਅਜ਼ਮਾਉਣ ਕਰਕੇ ਇਸ ਵਿਚ ਕੁਝ ਭੇਦ ਵੀ ਹੁੰਦਾ ਰਿਹਾ ਹੈ । ਪਰੰਤੂ ਸਾਧਾਰਨ ਤੌਰ ‘ਤੇ ਇਸਦਾ 4 ਚਰਣਾਂ ਜਾਂ ਕਲੀਆਂ ਤੋਂ 22 ਚਰਣਾਂ ਜਾਂ ਕਲੀਆਂ ਤਕ ਵਿਸਥਾਰ ਹੁੰਦਾ ਹੈ । ਸ਼ਾਹ ਮੁਹੰਮਦ ਨੇ ਜੋ ਚਾਰ ਕਲੀਏ ਬੈਂਤ ਲਿਖੇ ਹਨ, ਇਨ੍ਹਾਂ ਨੂੰ ‘ਚੌਕਲੀਆ ਬੈਂਤ’ ਕਿਹਾ ਜਾਂਦਾ ਹੈ, ਜਦੋਂ ਕਿ ਵਾਰਿਸਸ਼ਾਹ ਨੇ ਬਹੁਕਲੀਏ ਬੈਂਤਾਂ ਦੀ ਵਰਤੋਂ ਕੀਤੀ ਹੈ । ਪ੍ਰੋ. ਮੋਹਨ ਸਿੰਘ ਨੇ ਆਪਣੀ ਪ੍ਰਸਿੱਧ ਕਵਿਤਾ ‘ਅਨਾਰਕਲੀ’ ਛੇ-ਕਲੀਏ ਬੈਂਤਾਂ ਵਿਚ ਲਿਖੀ ਹੈ ਜਦੋਂ ਕਿ ਧਨੀ ਰਾਮ ਚਾਤ੍ਰਿਕ ਦੀਆਂ ਵਧੇਰੇ ਕਵਿਤਾਵਾਂ ਵੀ ਛੇ-ਕਲੀਏ ਬੈਂਤਾਂ ਵਿਚ ਹਨ । ਜੰਗਨਾਮਾ ਸ਼ਾਹ ਮੁਹੰਮਦ 105 ਚੌਕਲੀਏ ਬੈਂਤਾਂ ਵਿਚ ਲਿਖਿਆ ਗਿਆ ਹੈ, ਜਿਸ ਦੀ ਹਰੇਕ ਸਤਰ ਵਿਚ ਆਮ ਕਰਕੇ 40 ਮਾਤ੍ਰਾਵਾਂ ਹਨ, ਪਰੰਤੂ ਕਿਤੇ- ਕਿਤੇ ਇਹ ਮਾਤਾਵਾਂ ਵੱਧ-ਘੱਟ ਵੀ ਹੋ ਗਈਆਂ ਹਨ । 20, 20 ਮਾਤ੍ਰਾਵਾਂ ਤੇ ਵਿਸ਼ਰਾਮ ਹੈ ਅਤੇ ਅੰਤ ਵਿਚ ਲਘੂ ਗੁਰੂ ਜਾਂ ਗੁਰੂ ਲਘੂ ਜਾਂ ਦੋਵੇਂ ਗੁਰੂ, ਸਭ ਤਰ੍ਹਾਂ ਦਾ ਪ੍ਰਯੋਗ ਮਿਲਦਾ ਹੈ । ਆਮ ਤੌਰ ਉਤੇ 19+21-40 ਅਤੇ 20+20-40 ਮਾਤ੍ਰਾਵਾਂ ਵਾਲੇ ਬੈਂਤ ਹੀ ਪ੍ਰਚਲਤ ਹਨ, ਲੇਕਿਨ ਕਦੀ ਕਦਾਈਂ ਇਕ ਜਾਂ ਦੋ ਮਾਤ੍ਰਾਵਾਂ ਦੇ ਘਟ ਜਾਂ ਵਧ ਜਾਣ ਨੂੰ ਦੋਸ਼ ਨਹੀਂ ਸਮਝਿਆ ਜਾਂਦਾ ਅਤੇ ਅਜਿਹਾ ਸ਼ਾਹ ਮੁਹੰਮਦ ਦੇ ਜੰਗਨਾਮੇ ਵਿਚ ਵੀ ਕੁਝ ਥਾਈਂ ਹੋਇਆ ਹੈ ।

ਮਿਸਾਲ ਵਜੋਂ ਜੰਗਨਾਮੇ ਦਾ ਦੂਸਰਾ ਬੈਂਤ ਵੇਖਦੇ ਹਾਂ-

ਏਥੇ ਆਇਆਂ ਨੂੰ ਦੁਨੀਆ ਮੋਹ ਲੈਂਦੀ,

ਦਗ਼ੇਬਾਜ਼ ਦਾ ਧਾਰ ਕੇ ਭੇਸ ਮੀਆਂ । (22+20)

ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ,

ਸਦਾ ਨਹੀਂ ਜੇ ਬਾਲ ਵਰੇਸ ਮੀਆਂ । (20+19)

ਸਦਾ ਨਹੀਂ ਜੇ ਦੌਲਤਾਂ ਫੀਲ ਘੋੜੇ,

ਸਦਾ ਨਹੀਂ ਜੇ ਰਾਜਿਆਂ ਦੇਸ ਮੀਆਂ ।  (20+20)

ਸ਼ਾਹ ਮੁਹੰਮਦਾ ਸਦਾ ਨਾ ਰੂਪ ਦੁਨੀਆ,

ਸਦਾ ਰਹਿਣ ਨਾ ਕਾਲੜੇ ਕੇਸ ਮੀਆਂ । (21+20)

ਇਥੇ ਇਹ ਕਹਿਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਵਾਰ ਦੀ ਰਚਨਾ ਆਮ ਕਰਕੇ ਪਉੜੀ ਛੰਦ ਵਿਚ ਹੁੰਦੀ ਹੈ ਅਤੇ ਜੰਗਨਾਮਿਆਂ ਦੀ ਬੈਂਤਾਂ ਵਿਚ । ਇਸ ਹਿਸਾਬ ਸ਼ਾਹ ਮੁਹੰਮਦ ਦੀ ਰਚਨਾ ਨੂੰ ‘ਜੰਗਨਾਮਾ’ ਕਹਿਣਾ ਵਧੇਰੇ ਦਰੁਸਤ ਹੈ । ਲੇਕਿਨ ਚੂੰਕਿ ਇਹ ਵਾਰ ਦੇ ਤੌਰ ‘ਤੇ ਵੀ ਬੜੀ ਪ੍ਰਸਿੱਧੀ ਹਾਸਲ ਹੋ ਚੁਕੀ ਹੈ, ਇਸ ਲਈ ਕਿਤੇ-ਕਿਤੇ ਵਾਰ ਵੀ ਆਖ ਲਿਆ ਗਿਆ ਹੈ ਅਤੇ ਰਵਾਇਤੀ ਕਿੱਸਾਕਾਰਾਂ ਵਾਂਗ ਬੈਂਤਾਂ ਵਿਚ ਲਿਖੇ ਜਾਣ ਕਰਕੇ ਕਈ ਵੇਰ ਕਿੱਸਾ ਵੀ ਕਹਿ ਦਿੱਤਾ ਜਾਂਦਾ ਹੈ ।

ਇਹ ਯਾਦ ਰਹੇ ਕਿ ਵਾਰ ਬੀਰ ਰਸੀ ਤੋਂ ਬਿਨਾਂ ਸ਼ਾਂਤ ਰਸੀ ਵੀ ਹੋ ਸਕਦੀ ਹੈ (ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੀਆਂ ਅਧਿਆਤਮਕ ਵਾਰਾਂ ਜਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਹਨ), ਪਰੰਤੂ ਜੰਗਨਾਮਾ ਹਮੇਸ਼ਾਂ ਬੀਰ ਰਸੀ ਹੀ ਹੁੰਦਾ ਹੈ, ਕਿਉਂਕਿ ਇਸਦਾ ਸੰਬੰਧ ਯੁੱਧ ਵਿਚ ਵਿਖਾਈਆਂ ਜਾਣ ਵਾਲੀਆਂ ਬੀਰਤਾ ਦੀਆਂ ਘਟਨਾਵਾਂ ਨਾਲ ਹੁੰਦਾ ਹੈ ।

ਜੰਗਨਾਮੇ ਦੀ ਬੋਲੀ ਤੇ ਸ਼ੈਲੀ

ਇਕ ਭਾਸ਼ਾ ਜੇਕਰ ਘੱਟ ਤੋਂ ਘੱਟ ਦੋ ਮਨੁੱਖਾਂ ਰਾਹੀਂ ਬੋਲੀ ਜਾਂਦੀ ਹੈ ਤਾਂ ਭਾਸ਼ਾ ਵਿਗਿਆਨੀਆਂ ਦੇ ਮੱਤ ਅਨੁਸਾਰ ਉਸ ਦੇ ਪ੍ਰਯੋਗਾਂ ਵਿਚ ਸਪਸ਼ਟ ਅੰਤਰ ਹੁੰਦਾ ਹੈ । ਕੋਈ ਭਾਸ਼ਾ ਜੇ ਹਜ਼ਾਰਾਂ ਮਨੁੱਖਾਂ ਰਾਹੀਂ ਬੋਲੀ ਜਾਂਦੀ ਹੈ ਤਾਂ ਨਿਸ਼ਚਿਤ ਹੀ ਉਸ ਵਿਚ ਪ੍ਰਯੋਗਾਂ ਦਾ ਨਿਵੇਕਲਾਪਨ ਮਿਲੇਗਾ । ਇਹ ਅੱਡਰਾ ਜਾਂ ਨਿਵੇਕਲਾਪਨ ਸਮਾਜਿਕ ਅਤੇ ਆਰਥਕ ਪ੍ਰਸਥਿਤੀਆਂ ਵਜੋਂ ਹੁੰਦਾ ਹੈ। ਸਮਾਜਿਕ ਜਾਂ ਆਰਥਕ ਕਾਰਨਾਂ ਕਰਕੇ ਜਿਨ੍ਹਾਂ ਲੋਕਾਂ ਦਾ ਹਰ ਦੂਜੇ-ਤੀਜੇ ਦਿਨ ਵਿਚਾਰਾਂ ਦਾ ਵਟਾਂਦਰਾ ਹੁੰਦਾ ਰਹਿੰਦਾ ਹੈ, ਉਨ੍ਹਾਂ ਦੇ ਪ੍ਰਯੋਗਾਂ ਵਿਚ ਲਗਭਗ ਇਕੋ ਜਿਹੀ ਪ੍ਰਕਿਰਤੀ ਮਿਲ ਜਾਂਦੀ ਹੈ, ਲੇਕਿਨ ਜਿਨ੍ਹਾਂ ਨੂੰ ਕਦੇ ਕਿਸੇ ਖ਼ਾਸ ਮੌਕੇ ‘ਤੇ ਹੀ ਵਿਚਾਰਾਂ ਦੇ ਆਦਾਨ-ਪ੍ਰਦਾਨ ਦਾ ਸਮਾਂ ਮਿਲਦਾ ਹੈ, ਉਨ੍ਹਾਂ ਦੇ ਪ੍ਰਯੋਗਾਂ ਵਿਚ ਕਾਫ਼ੀ ਅੰਤਰ ਆ ਜਾਂਦਾ ਹੈ । ਜਿਥੇ ਧਰਤੀ ਦੇ ਇਕ ਬਹੁਤ ਵੱਡੇ ਹਿੱਸੇ ਦੇ ਇਕ ਬਹੁਤ ਵੱਡੇ ਸਮੂਹ ਰਾਹੀਂ ਇਕੋ ਹੀ ਭਾਸ਼ਾ ਦਵਾਰਾ ਵਿਚਾਰਾਂ ਦਾ ਵਟਾਂਦਰਾ ਹੁੰਦਾ ਹੈ, ਉਥੇ ਇਸ ਵਿਚਾਰ-ਵਟਾਂਦਰੇ ਦੇ ਸਾਧਨ ਨੂੰ ‘ਭਾਸ਼ਾ’ ਕਹਿੰਦੇ ਹਨ, ਜਦੋਂ ਕਿ ਉਸ ਭਾਸ਼ਾ ਦੇ ਅੰਤਰਗਤ, ਜਿਹੜੀ ਛੋਟੇ-ਛੋਟੇ ਸਮੂਹਾਂ ਰਾਹੀਂ, ਉਸ ਨਾਲ ਕੁਝ ਸਮਾਨਤਾ ਰੱਖਣ ਵਾਲੀ ਭਾਸ਼ਾ ਦੀ ਵਰਤੋਂ ਹੁੰਦੀ ਹੈ, ਉਸ ਨੂੰ ‘ਬੋਲੀ’ ਆਖਦੇ ਹਨ । (ਸ੍ਰੀ ਰਾਜ ਨਾਰਾਇਣ ਮੌਰਯ, ‘ਭਾਸ਼ਾ ਅਤੇ ਬੋਲੀਆਂ: ਇਕ ਅਧਿਐਨ’, ਸਾਹਿਤ ਸਮਾਚਾਰ, ਲੁਧਿਆਣਾ, ਮਈ-ਅਗਸਤ, 1963, ਪੰਨਾ 16)

ਮਨੁੱਖ ਦੀ ਹੋਰ ਜੀਵਾਂ ਨਾਲੋਂ ਸਭ ਤੋਂ ਵੱਡੀ ਪਛਾਣ ਉਸਦੀ ਬੋਲਣ ਦੀ ਸ਼ਕਤੀ ਹੈ। ਆਦਿ ਕਾਲ ਤੋਂ ਹੀ ਇਸ ਬੋਲਣ ਸ਼ਕਤੀ ਦੀ ਮਹੱਤਤਾ ਦਾ ਮਨੁੱਖ ਨੂੰ ਅਨੁਭਵ ਤੇ ਬੋਧ ਰਿਹਾ ਹੈ । ਸਭ ਤੋਂ ਪਹਿਲੀਆਂ ਮਨੁੱਖੀ ਸੱਭਿਅਤਾਵਾਂ ਵਿਚੋਂ ਇਕ ਬਾਬਲ ਦਾ ਸਾਮਰਾਜ ਹੋਇਆ ਹੈ । ਇਕ ਲੋਕ ਕਥਾ ਅਨੁਸਾਰ ਇਥੋਂ ਦੀ ਰਾਜ-ਸ਼ਕਤੀ ਨੇ ਈਸ਼ਵਰ ਜਾਂ ਆਕਾਸ਼ ਤੱਕ ਪਹੁੰਚਣ ਲਈ ਇਕ ਲੱਠ ਬਨਾਉਣੀ ਸ਼ੁਰੂ ਕੀਤੀ। ਜਦੋਂ ਇਹ ਕਾਫ਼ੀ ਉਚੀ ਜਾ ਚੁੱਕੀ ਅਤੇ ਈਸ਼ਵਰੀ ਸ਼ਕਤੀ ਨੂੰ ਕੁਝ ਡਰ ਮਹਿਸੂਸ ਹੋਇਆ ਤਾਂ ਉਸ ਨੇ ਇਸ ਦੇ ਉਸਾਰਨ ਵਾਲੇ ਕਾਰੀਗਰਾਂ ਤੇ ਕਾਮਿਆਂ ਦੀ ਸਾਂਝੀ ਬੋਲੀ ਨੂੰ ਵਿਗਾੜ ਕੇ ਹਰ ਇਕ ਇਕੱਲੇ ਜਾਂ ਜਥੇ ਦੀ ਬੋਲੀ ਇਕ ਦੂਜੇ ਤੋਂ ਵੱਖਰੀ ਕਰ ਦਿੱਤੀ, ਇਸ ਨਾਲ ਉਨ੍ਹਾਂ ਦੇ ਪਰਸਪਰ ਸਹਿਯੋਗ ਵਿਚ ਵਿਘਨ ਪੈ ਗਿਆ ਅਤੇ ਉਨ੍ਹਾਂ ਨੂੰ ਲੱਠ ਅਧੂਰੀ ਹੀ ਛੱਡਣੀ ਪਈ । ਇਹ ਲੋਕ ਕਹਾਣੀ ਇਸ ਦੀ ਸੂਚਕ ਹੈ ਕਿ ਮਨੁੱਖੀ ਸਹਿਯੋਗ ਦਾ, ਜਿਸ ਨਾਲ ਸੱਭਿਅਤਾ ਵਿਕਾਸ ਪਾਉਂਦੀ ਹੈ, ਬੋਲੀ ਹੀ ਸਭ ਤੋਂ ਮੁੱਖ ਸਾਧਨ ਹੈ ਅਤੇ ਮਨੁੱਖੀ ਵਿਕਾਸ ਦੇ ਆਦੀ ਅੰਤਰ- ਵਿਰੋਧਾਂ ਵਿਚੋਂ ਇਕ ਵੱਡਾ ਇਹ ਹੈ ਕਿ ਜਿਥੇ ਬੋਲੀ ਮਨੁੱਖਾਂ ਦੇ ਇਕੱਠ ਤੇ ਸਹਿਯੋਗ ਦਾ ਸਾਧਨ ਹੈ, ਉਤੇ ਇਹ ਉਨ੍ਹਾਂ ਵਿਚ ਜਾਤੀਆਂ, ਉਪ-ਜਾਤੀਆਂ ਤੇ ਗੁਣਾਂ ਅਨੁਸਾਰ ਉਨ੍ਹਾਂ ਦੇ ਸਹਿਯੋਗ ਦੀ ਸੀਮਾਂ ਵੀ ਸਥਾਪਤ ਕਰਦੀ ਹੈ ।

ਭਾਵੇਂ ਮਨੁੱਖ ਦੀਆਂ ਵੱਖ-ਵੱਖ ਜਾਤੀਆਂ ਤੇ ਸੱਭਿਅਤਾਵਾਂ ਵੱਖ-ਵੱਖ ਥਾਵਾਂ ਉਤੇ ਵਿਕਸਿਤ ਹੋਈਆਂ, ਪਰ ਇਹ ਅਨੁਮਾਨੀ ਗੱਲ ਹੈ ਕਿ ਦੇਸ ਤੇ ਕਾਲ ਦੇ ਭੇਦਾਂ ਤੋਂ ਵੱਧ, ਉਨ੍ਹਾਂ ਦੇ ਸੰਸਾਰ ਵਿਆਪਕ ਮੇਲ-ਜੋਲ ਅਤੇ ਸਹਿਯੋਗ ਨੂੰ ਉਨ੍ਹਾਂ ਵਿਚਲੇ ਬੋਲੀ ਦੇ ਭੇਦ ਨੇ ਹੀ ਸੀਮਤ ਕੀਤਾ । ਸ਼ਾਇਦ ਮਨੁੱਖੀ ਮੇਲ-ਜੋਲ ਦਾ ਇੰਜ ਸੀਮਤ ਹੋਣਾ ਵੀ ਉਸਦੀ ਸੱਭਿਅਤਾ ਦੇ ਵਿਕਾਸ ਵਿਚ ਸਹਾਈ ਹੋਇਆ, ਕਿਉਂਕਿ ਬੋਲੀ ਭੇਦ ਸਦਕਾ ਮਨੁੱਖ ਬਹੁਤਾ ਵਿਚਰਨ ਦੀ ਥਾਵੇਂ ਥੋੜੇ ਸਥਾਨ ਵਿਚ ਰਹਿ ਕੇ ਆਪਣੇ ਚੁਫੇਰੇ ਦੀ ਪ੍ਰਕ੍ਰਿਤੀ ਨਾਲ ਵਧੇਰੇ ਦ੍ਰਿੜਤਾ ਅਤੇ ਇਕਾਗਰਤਾ ਨਾਲ ਯੁਕਤ ਹੋਇਆ ਅਤੇ ਉਸ ਨੇ ਇਸ ਵਿਚੋਂ ਵੱਧ ਤੋਂ ਵੱਧ ਲੱਭਤ ਕੀਤੀ। ਬੋਲੀ ਦਾ ਇਹ ਇਕ ਪਾਸੇ ਵਿਸ਼ਾਲਕਾਰੀ ਅਤੇ ਦੂਜੇ ਪਾਸੇ ਸੀਮਤਕਾਰੀ ਹੋਣ ਦਾ ਗੁਣ ਸੱਭਿਅਤਾ ਦੇ ਵਿਕਾਸ ਦਾ ਇਕ ਮੁੱਖ ਸੰਚਾਲਕ ਅੰਤਰ-ਵਿਰੋਧੀ ਸਾਧਨ ਬਣਿਆ ਰਿਹਾ ਹੈ, ਜਿਸ ਰਾਹੀਂ ਜਾਤੀਆਂ, ਉਪ-ਜਾਤੀਆਂ, ਦੇਸਾਂ, ਪਰਦੇਸਾਂ ਅਤੇ ਰਾਜਾਂ-ਰਾਸ਼ਟਰਾਂ ਦੇ ਭੇਦ ਉਤਪੰਨ ਹੋਏ ਅਤੇ ਸਮਾਜ ਵਿਚ ਸਾਹਿਤ, ਕਲਾ ਤੇ ਗਿਆਨ ਦੀ ਵੰਨਗੀ ਵਿਚ ਵਾਧਾ ਹੁੰਦਾ ਰਿਹਾ ।

ਵੱਖ-ਵੱਖ ਮੂਲ ਜਾਤੀਆਂ ਅੱਜ ਤੱਕ ਦੇ ਨਿਸਚੇ ਅਨੁਸਾਰ ਆਰੀਆ, ਮੰਗੋਲ, ਸਾਮੀ, ਮੱਧ-ਸਾਗਰੀ, ਨੀਗਰੋ ਅਤੇ ਦਰਾਵੜ ਆਦਿਕ ਹਨ । ਸੰਸਾਰ ਵਿਚ ਸਭ ਤੋਂ ਬਹੁਤਾ ਸਾਹਿਤ ਆਰੀਆ ਬੋਲੀਆਂ ਵਿਚ ਹੈ ਅਤੇ ਉਸ ਤੋਂ ਘਟ ਕੇ ਕਰਮ ਅਨੁਸਾਰ ਮੰਗੋਲ, ਸਾਮੀ ਤੇ ਦਰਾਵੜੀ ਬੋਲੀਆਂ ਦਾ ਸਾਹਿਤ ਹੈ ।

ਪੰਜਾਬੀ ਆਰੀਆ ਬੰਸ ਦੀ ਬੋਲੀ ਹੈ । ਵੇਖਿਆ ਜਾਵੇ ਤਾਂ ਇਹ ਆਰੀਆ ਬੰਸ ਬੜਾ ਵਿਸ਼ਾਲ ਹੈ ਅਤੇ ਇਸਦੀਆਂ ਮੁੱਖ ਸ਼ਾਖਾਂ ਹਨ-ਸੰਸਕ੍ਰਿਤ, ਈਰਾਨੀ, ਯੂਨਾਨੀ, ਲਾਤੀਨੀ, ਸਲਾਵ, ਤਿਉਤਾਨੀ ਅਤੇ ਕੈਲਤੀ। ਇਨ੍ਹਾਂ ਵਿਚੋਂ ਸੰਸਕ੍ਰਿਤ ਤੇ ਈਰਾਨੀ ਤੋਂ ਛੁੱਟ ਬਾਕੀ ਸਾਰੀਆਂ ਯੂਰਪੀ ਦੇਸਾਂ ਦੀਆਂ ਮੁਢਲੀਆਂ ਬੋਲੀਆਂ ਹਨ। ਇਨ੍ਹਾਂ ਪੁਰਾਣੀਆਂ ਬੋਲੀਆਂ ਵਿਚ ਬਹੁਤੀਆਂ ਦੀਆਂ ਅਗੋਂ ਉੱਪ-ਭਾਸ਼ਾਵਾਂ ਬਣਕੇ ਆਧੁਨਿਕ ਬੋਲੀਆਂ ਦੇ ਰੂਪ ਧਾਰਨ ਕਰ ਚੁਕੀਆਂ ਹਨ, ਜਿਨ੍ਹਾਂ ਵਿਚੋਂ ਮੁੱਖ ਇਹ ਹਨ- ਭਾਰਤੀ, ਫ਼ਾਰਸੀ, ਯੂਨਾਨੀ, ਰੂਸੀ, ਅੰਗਰੇਜ਼ੀ, ਅਤਾਲਵੀ, ਫਰਾਂਸੀਸੀ, ਸਪੈਨਿਸ਼, ਜਰਮਨ ਆਦਿ । ਭਾਰਤੀ ਦੀਆਂ ਵੀ ਅੱਗੋਂ ਕਈ ਸ਼ਾਖਾਂ ਹਨ- ਆਸਾਮੀ, ਬੰਗਾਲੀ, ਉੜੀਆ, ਹਿੰਦੀ, ਗੁਜਰਾਤੀ, ਮਰਾਠੀ, ਤਾਮਿਲ, ਤਿਲਗੂ, ਮਲਿਆਲਮ ਤੇ ਪੰਜਾਬੀ ਆਦਿ।

(ਪ੍ਰਿੰ. ਸੰਤ ਸਿੰਘ ਸੇਖੋਂ, ਪੰਜਾਬੀ ਬੋਲੀ ਦਾ ਇਤਿਹਾਸ, ਪੰਨਾ 3)

ਪੰਜਾਬੀ ਦੇ ਨਾਂ ਨਾਲ ਅਸੀਂ ਹੁਣ ਤੀਕ ਦੋ ਅੱਡੋ-ਅੱਡ ਭਾਸ਼ਾਵਾਂ ਨੂੰ ਯਾਦ ਕਰਦੇ ਰਹੇ ਹਾਂ । ਇੱਕ ਤਾਂ ਪੱਛਮ-ਉੱਤਰ ਦੇ ਗਰੋਹ ਦੀ ਪੰਜਾਬੀ ਹੈ, ਜੋ ਹਿੰਦਕੋ, ਲਹਿੰਦਾ ਜਾਂ ਲਹਿੰਦੀ ਦੇ ਨਾਂ ਨਾਲ ਪੁਕਾਰੀ ਜਾਂਦੀ ਹੈ, ਅਤੇ ਇਸ ਦੀਆਂ ਵੀ ਅਗੋਂ ਕਈ ਉਪ-ਬੋਲੀਆਂ-ਮੁਲਤਾਨੀ, ਥੱਲੀ, ਝਾਂਗੀ, ਪੋਠੋਹਾਰੀ ਆਦਿ ਹਨ। ਇੰਜ ਹੀ ਪੂਰਬੀ ਪੰਜਾਬੀ ਦੀਆਂ ਵੀ ਕਈ ਉਪ-ਬੋਲੀਆਂ ਹਨ, ਜਿਵੇਂ- ਮਾਝੀ, ਦੁਆਬੀ, ਮਲਵਈ, ਪੁਆਧੀ, ਭਟਿਆਣੀ, ਡੋਗਰੀ ਅਤੇ ਕਾਂਗੜੀ ।

ਮਾਝੀ ਨੂੰ ਟਕਸਾਲੀ ਜਾਂ ਠੇਠ ਪੰਜਾਬੀ ਸਮਝਿਆ ਜਾਂਦਾ ਹੈ, ਪਰੰਤੂ ਯੂਰਪੀਨ ਈਸਾਈ ਮਿਸ਼ਨਰੀਆਂ ਨੇ ਮਾਝੀ ਦੀ ਥਾਵੇਂ ਲੁਧਿਆਣੇ ਦੀ ਬੋਲੀ ਨੂੰ ਟਕਸਾਲੀ ਮੰਨ ਕੇ ਆਪਣੀ ਪੰਜਾਬੀ ਗਰਾਮਰ ਤਿਆਰ ਕਰਵਾਈ ਸੀ ।

ਸੰਸਾਰ ਦੀਆਂ ਉੱਚ-ਕੋਟੀ ਦੀਆਂ ਭਾਸ਼ਾਵਾਂ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਕੋਈ ਭਾਸ਼ਾ ਵੀ ਸ਼ੁੱਧ ਜਾਂ ਖ਼ਾਲਸ ਨਹੀਂ ਹੈ । ਹਰੇਕ ਭਾਸ਼ਾ ਵਿਚ ਦੂਜੀਆਂ ਭਾਸ਼ਾਵਾਂ ਦਾ ਥੋੜਾ ਜਾਂ ਬਹੁਤਾ ਮੇਲ ਮਿਲ ਹੀ ਜਾਂਦਾ ਹੈ। ਅੰਗਰੇਜ਼ੀ ਵਰਗੀ ਅੰਤਰ- ਰਾਸ਼ਟਰੀ ਭਾਸ਼ਾ ਵੀ ਇਸ ਮੇਲ ਤੋਂ ਨਹੀਂ ਬਚੀ। ਇਥੋਂ ਤਕ ਹੀ ਨਹੀਂ, ਸਗੋਂ ਸੰਸਕ੍ਰਿਤ ਵਰਗੀ ਦੇਵ ਬਾਣੀ ਅਤੇ ਵਿਆਕਰਣਿਕ ਨੇਮਾਂ ਵਿਚ ਸੁਰੱਖਿਅਤ ਭਾਸ਼ਾ ਵਿਚ ਵੀ ਆਦਿ ਭਾਸ਼ਾਵਾਂ ਦਾ ਮੇਲ ਨਜ਼ਰੀਂ ਆ ਜਾਂਦਾ ਹੈ ।

(ਡਾ. ਕਾਲਾ ਸਿੰਘ ਬੇਦੀ, ਪੰਜਾਬੀ ਭਾਸ਼ਾ ਵਿਗਿਆਨ, ਪੰਨਾ 467) ਕੋਈ ਵੀ ਅਜਿਹੀ ਭਾਸ਼ਾ ਨਹੀਂ ਹੈ, ਜਿਸਦਾ ਪ੍ਰਾਰੰਭਿਕ ਸਰੂਪ ਪਰਿਵਰਤਤ ਨਾ ਹੋਇਆ ਹੋਵੇ । ਦਰਅਸਲ, ਪਰਿਵਰਤਨਸ਼ੀਲਤਾ ਜੀਊਂਦੀ-ਜਾਗਦੀ ਭਾਸ਼ਾ ਦਾ ਜੀਵਨ ਹੋਇਆ ਕਰਦਾ ਹੈ ਅਤੇ ਦੂਜੀਆਂ ਭਾਸ਼ਾਵਾਂ ਦਾ ਮੇਲ ਇਕ ਸੁਭਾਵਿਕ ਅਤੇ ਕੁਦਰਤੀ ਵਰਤਾਰਾ ਹੈ । ਇਸ ਮਾਪ-ਦੰਡ ਅਨੁਸਾਰ ਪੰਜਾਬੀ ਵੀ ਪਰਿਵਰਤਨਸ਼ੀਲ ਭਾਸ਼ਾ ਹੈ ਅਤੇ ਇਸ ਵਿਚ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਆਉਂਦੇ- ਜਾਂਦੇ ਰਹਿੰਦੇ ਹਨ ।

ਭਾਸ਼ਾ, ਸ਼ਬਦਾਂ ਦੀ ਇਕ ਅਜਿਹੀ ਨਦੀ ਹੈ, ਜਿਸ ਵਿਚ ਨਿੱਤ ਨਵੇਂ ਸ਼ਬਦ ਜੰਮਦੇ ਹਨ, ਕਈ ਘਸਦੇ ਤੇ ਵਟਦੇ ਹਨ ਅਤੇ ਕਈ ਚਲਾਣਾ ਵੀ ਕਰ ਜਾਂਦੇ ਹਨ । ਸ਼ਬਦਾਂ ਦਾ ਆਵਾਗਵਣ ਅਤੇ ਲੈਣ-ਦੇਣ ਹੁੰਦਾ ਹੀ ਰਹਿੰਦਾ ਹੈ । ਹਰ ਇਕ ਭਾਸ਼ਾ ਲੋੜ ਅਨੁਸਾਰ ਦੂਜੀਆਂ ਭਾਸ਼ਾਵਾਂ ਤੋਂ ਸ਼ਬਦ ਲੈ ਲੈਂਦੀ ਹੈ ਅਤੇ ਉਨ੍ਹਾਂ ਨੂੰ ਆਪਣੀਆਂ ਆਵਾਜ਼ਾਂ ਅਤੇ ਅੱਖਰ-ਕ੍ਰਮ ਦੇ ਨਿਯਮਾਂ ਅਨੁਸਾਰ ਬਦਲ ਲੈਂਦੀ ਹੈ।

ਪੰਜਾਬੀ ਕਿੱਸਾ-ਕਾਵਿ ਪੰਜਾਬੀ ਸਾਹਿਤ ਦਾ ਪ੍ਰਮੁਖ ਅਤੇ ਅਤੁੱਟ ਅੰਗ ਹੈ, ਜਿਸ ਨੇ ਪੰਜਾਬੀ ਸਾਹਿਤ ਦੇ ਖਜ਼ਾਨੇ ਨੂੰ ਭਰਪੂਰ ਕਰਨ ਵਿਚ ਅਮੁੱਲਾ ਯੋਗਦਾਨ ਪਾਇਆ ਹੈ । ਵਧੇਰੇ ਕਿੱਸਾਕਾਰ ਬੇਸ਼ੱਕ ਅਰਬੀ ਤੇ ਫ਼ਾਰਸੀ ਦੇ ਉਘੇ ਵਿਦਵਾਨ ਸਨ, ਲੇਕਿਨ ਇਨ੍ਹਾਂ ਦੇ ਰਚਿਤ ਕਿੱਸਿਆਂ ਵਿੱਚ ਪੰਜਾਬੀ ਰੰਗ ਸਮਕਾਲੀ ਹਿੰਦੂ ਤੇ ਸਿੱਖ ਕਵੀਆਂ ਨਾਲੋਂ ਵੀ ਵਧੇਰੇ ਨਿੱਖਰੇ ਹੋਏ ਰੂਪ ਵਿਚ ਮਿਲਦਾ ਹੈ । ਸਮਕਾਲੀ ਹਿੰਦੂ ਤੇ ਸਿੱਖ ਲਿਖਾਰੀਆਂ ਦੀਆਂ ਰਚਨਾਵਾਂ ਵਿੱਚ ਬ੍ਰਿਜ ਅਤੇ ਹਿੰਦੀ ਦੀ ਵਰਤੋਂ ਵਧੇਰੇ ਕੀਤੀ ਗਈ ਮਿਲਦੀ ਹੈ । ਪਰੰਤੂ ਕਿੱਸਾਕਾਰਾਂ ਨੇ ਪ੍ਰਚਲਿਤ ਬੋਲੀ ਨੂੰ ਹੀ ਆਪਣੀਆਂ ਰਚਨਾਵਾਂ ਦਾ ਮਾਧਿਅਮ ਬਣਾਇਆ ਹੈ ।

1 ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਵਿਚ ਬੜੀ ਸਰਲ, ਸਰਸ, ਸਮਿੱਧ, ਸ਼ੁੱਧ ਅਤੇ ਸਸ਼ਕਤ ਭਾਸ਼ਾ ਦੀ ਵਰਤੋਂ ਕੀਤੀ ਹੈ । ਸਮਿੱਧ ਇਸ ਪੱਖੋਂ ਕਿ ਇਸ ਦਾ ਸ਼ਬਦ-ਭੰਡਾਰ ਬੜਾ ਵਿਸ਼ਾਲ, ਵਸੀਹ ਅਤੇ ਅਮੀਰ ਹੈ। ਆਪਣੇ ਭਾਵਾਂ ਤੇ ਵਿਚਾਰਾਂ ਨੂੰ ਠੀਕ ਤਰ੍ਹਾਂ ਵਿਅਕਤ ਕਰਨ ਲਈ ਕਵੀ ਹਮੇਸ਼ਾਂ ਢੁੱਕਵੇਂ ਅਤੇ ਸਹੀ ਅਰਥ- ਬੋਧ ਕਰਾਉਣ ਵਾਲੇ ਸ਼ਬਦਾਂ ਦੀ ਖੋਜ ਵਿਚ ਰਹਿੰਦਾ ਹੈ । ਕਈ ਵੇਰ ਉਸ ਨੂੰ ਇਸ ਭਾਲ ਲਈ ਆਪਣੀ ਭਾਸ਼ਾ ਦੇ ਘੇਰੇ ਤੋਂ ਬਾਹਰ ਨਿਕਲ ਕੇ ਸ਼ਬਦ ਲੈਣੇ ਪੈਂਦੇ ਹਨ। ਜੇਕਰ ਉਹ ਸ਼ਬਦ ਤਤਸਮ ਰੂਪ ਵਿਚ ਵਰਤੇ ਜਾ ਸਕਦੇ ਹੋਣ, ਤਾਂ ਵੀ ਠੀਕ ਹੈ, ਵਰਨਾ ਅਜਿਹੇ ਸ਼ਬਦਾਂ ਨੂੰ ਭਾਸ਼ਾ ਦੀ ਪ੍ਰਕ੍ਰਿਤੀ ਦੇ ਅਨੁਕੂਲ ਬਨਾਉਣ ਲਈ ਉਹ ਲੋੜੀਂਦੀ ਕਾਂਟ-ਛਾਂਟ ਵੀ ਕਰ ਲੈਂਦਾ ਹੈ । ਅਜਿਹਾ ਕਰਨ ਨਾਲ ਪ੍ਰਭਾਵ ਹੋਰ ਵੀ ਗਹਿਰਾ ਹੋ ਜਾਂਦਾ ਹੈ ।

ਠੇਠ ਪੰਜਾਬੀ ਦੇ ਨਾਲ-ਨਾਲ ਸੰਜਮਤਾ ਤੇ ਸੰਖੇਪਤਾ ਉਸ ਦੀ ਭਾਸ਼ਾ ਦੇ ਉੱਘੇ ਗੁਣ ਹਨ। ਉਸ ਨੇ ਇਕ ਵਡਆਕਾਰੀ ਮਹਾਂਕਾਵਿ ਦੀ ਸਮੱਗਰੀ ਨੂੰ ਮਹਿਜ਼ 420 ਸਤਰਾਂ ਦੇ ਇਕ ਨਿੱਕੇ ਜਿਹੇ ਜੰਗਨਾਮੇ ਵਿਚ ਸਮੋ ਕੇ ਸਾਗਰ ਨੂੰ ਗਾਗਰ ਵਿਚ ਬੰਦ ਕਰਨ ਜਿਹਾ ਕਮਾਲ ਕਰ ਵਿਖਾਇਆ ਹੈ । ਸ਼ਾਹ ਮੁਹੰਮਦ ਦੀ ਭਾਸ਼ਾ ਜਿਥੇ ਮਿਸ਼ਰੀ ਜਿਹੀ ਮਿਠਾਸ ਘੋਲਦੀ ਚਲੀ ਜਾਂਦੀ ਹੈ, ਉਥੇ ਸਾਦਗੀ ਅਤੇ ਸੁਖੈਨਤਾ ਪੱਖੋਂ ਵੀ ਲਾਜਵਾਬ ਹੈ। ਮਿਸਾਲ ਵਜੋਂ ਹੇਠਲੇ ਬੰਦ ਵਿਚ ਸ਼ਾਇਦ ਹੀ ਕੋਈ ਸ਼ਬਦ ਹੋਵੇਗਾ ਜਿਸਨੂੰ ਔਖਾ ਕਿਹਾ ਜਾ ਸਕਦਾ ਹੋਵੇ—

ਸਾਰੇ ਪੰਥ ਨੂੰ ਸੱਦ ਕੇ ਕਹਿਣ ਲੱਗੀ,

ਮੈਥੋਂ ਗਏ ਖਜ਼ਾਨੇ ਨਿਖੁੱਟ ਵਾਰੀ ।

ਜਮਨਾਂ ਤੀਕਰਾਂ ਪਿਆ ਜੇ ਦੇਸ਼ ਸੁੰਝਾਂ,

ਖਾਓ ਦੇਸ ਫ਼ਿਰੰਗੀ ਦਾ ਲੁੱਟ ਵਾਰੀ।

ਮਾਰੋ ਸ਼ਹਿਰ ਫ਼ੀਰੋਜ਼ਪੁਰ, ਲੁਧਿਆਣਾ,

ਸੁੱਟੋ ਛਾਵਣੀ ਓਸ ਦੀ ਪੁੱਟ ਵਾਰੀ ।

ਸ਼ਾਹ ਮੁਹੰਮਦਾ ਲਵੋ ਇਨਾਮ ਮੈਥੋਂ,

ਕੜੇ ਕੈਂਠੇ ਮੈਂ ਦੇਵਾਂਗੀ ਸੁੱਟ ਵਾਰੀ । (53)

ਸ਼ਾਹ ਮੁਹੰਮਦ ਨੇ ਸੰਸਕ੍ਰਿਤ ਸ਼ਬਦਾਵਲੀ ਦੀ ਵਰਤੋਂ ਨਾ ਹੋਣ ਦੇ ਬਰਾਬਰ ਹੀ ਕੀਤੀ ਹੈ । ਇਸਦਾ ਕਾਰਨ ਹੈ ਕਿ ਨਾ ਤਾਂ ਕਵੀ ਸੰਸਕ੍ਰਿਤਕ ਵਿਰਸੇ ਨਾਲ ਸੰਬੰਧਤ ਸੀ ਅਤੇ ਨਾ ਹੀ ਉਸ ਸਮੇਂ ਪੰਜਾਬ ਵਿਚ ਸੰਸਕ੍ਰਿਤ ਦਾ ਵਧੇਰੇ ਪ੍ਰਚਾਰ ਜਾਂ ਪ੍ਰਭਾਵ ਹੀ ਸੀ । ਕਵੀ ਨੇ ਭਾਸ਼ਾਈ ਸ਼ਬਦਾਵਲੀ ਉਹੋ ਵਰਤੀ ਹੈ, ਜੋ ਆਮ ਜਨ ਜੀਵਨ ਵਿਚ ਰਚਮਿਚ ਚੁੱਕੀ ਸੀ ਅਤੇ ਹਰ ਕੋਈ ਬਿਨਾਂ ਜ਼ਿਹਨ ਉਤੇ ਜ਼ੋਰ ਪਾਏ ਦੇ, ਬੜੀ ਆਸਾਨੀ ਨਾਲ ਸਮਝ ਸਕਦਾ ਸੀ। ਸਰਲ ਤੇ ਸਾਦਾ ਭਾਸ਼ਾ ਸਦਕਾ ਹੀ ਇਸ ਜੰਗਨਾਮੇ ਦੇ ਬੈਂਤ ਪੰਜਾਬੀਆਂ ਦੇ ਮੂੰਹ ਚੜ੍ਹੇ ਹੋਏ ਹਨ । ਜਦੋਂ ਕਿ ਇਸੇ ਘਟਨਾ ਸਬੰਧੀ ਸ਼ਾਹ ਮੁਹੰਮਦ ਦੇ ਸਮਕਾਲੀ ਕਵੀ ਕਾਨ੍ਹ ਸਿੰਘ ਬੰਗਾ ਅਤੇ ਮਟਕ ਦੇ ਜੰਗਨਾਮੇ ਖਾਸ ਪ੍ਰਸਿੱਧੀ ਪ੍ਰਾਪਤ ਨਾ ਕਰ ਸਕੇ, ਕਿਉਂਕਿ ਇਨ੍ਹਾਂ ਕਵੀਆਂ ਦੀ ਭਾਸ਼ਾ ਜਨ-ਸਾਧਾਰਨ ਦੀ ਸਮਝ ਵਿਚ ਨਹੀਂ ਆਉਂਦੀ । ਇਨ੍ਹਾਂ ਵਿਚ ਫ਼ਾਰਸੀ ਅਤੇ ਬ੍ਰਿਜਭਾਸ਼ਾ ਦਾ ਪ੍ਰਭਾਵ ਵਧੇਰੇ ਹੈ ।

ਸ਼ਾਹ ਮੁਹੰਮਦ ਵਲੋਂ ਜੰਗਨਾਮੇ ਵਿਚ ਵਰਤੇ ਕੁਝ ਹਿੰਦੀ ਤੇ ਸੰਸਕ੍ਰਿਤ ਦੇ ਸ਼ਬਦ ਇਸ ਪ੍ਰਕਾਰ ਹਨ-

ਆਸ, ਸੁਚੇਤ, ਕੇਸ, ਕੋਟ, ਕਾਲ, ਸੰਸਕਾਰ, ਭੀਖ, ਭੇਖ, ਚੰਡਾਲ, ਲਾਜ, ਸੁਹਾਗਣ, ਖੇਤ, ਦਲ, ਕੀਰਤ, ਵਿਰਲਾਪ, ਪੰਥ, ਨਾਸ, ਕਟਕ, ਨੀਰ, ਮਾਰੂ, ਘਟਾ, ਆਸ, ਤੀਰਥ, ਪ੍ਰਸ਼ਾਦਿ, ਪ੍ਰਦੱਖਣਾ, ਸੀਸ, ਸਸਕਾਰ, ਸਾਸ, ਬਰਸ, ਸਵਾਣੀਆਂ, ਖੰਡਾ ਆਦਿ ।

ਮਹਾਰਾਜਾ ਰਣਜੀਤ ਸਿੰਘ ਬੇਸ਼ਕ ਸਭ ਧਰਮਾਂ ਦਾ ਆਦਰ-ਸਤਿਕਾਰ ਕਰਦਾ ਸੀ ਅਤੇ ਉਸ ਵਿਚ ਧਾਰਮਿਕ ਸੰਕੀਰਨਤਾ ਜਾਂ ਕੱਟੜਤਾ ਬਿਲਕੁਲ ਨਹੀਂ ਸੀ, ਲੇਕਿਨ ‘ਯਥਾ ਰਾਜਾ ਤਥਾ ਪਰਜਾ’ ਅਖਾਣ ਮੂਜਬ ਉਸਦੇ ਧਰਮ ਅਤੇ ਨਿੱਜੀ ਵਿਚਾਰਧਾਰਾ ਦਾ ਜਨ-ਜੀਵਨ ਉਤੇ ਪ੍ਰਭਾਵ ਪੈਣਾ ਕੁਦਰਤੀ ਸੀ । ਇਹੋ ਕਾਰਨ ਹੈ ਕਿ ਸ਼ਾਹ ਮੁਹੰਮਦ ਦੇ ਜੰਗਨਾਮੇ ਵਿਚ ਵਰਤੀ ਗਈ ਸ਼ਬਦਾਵਲੀ ਵਿਚ ਸਿੱਖ ਧਰਮ ਅਤੇ ਸਭਿਆਚਾਰ ਨਾਲ ਸੰਬੰਧਿਤ ਸ਼ਬਦ ਆਮ ਮਿਲਦੇ ਹਨ, ਜਿਸ ਨੂੰ ‘ਖ਼ਾਲਸਾਈ ਸ਼ਬਦਾਵਲੀ’ ਵੀ ਸਹਿਜੇ ਹੀ ਆਖਿਆ ਜਾ ਸਕਦਾ ਹੈ । ਅਜਿਹੇ ਕੁਝ ਸ਼ਬਦ ਹਨ- ਗੁਰਮਤਾ ਕਰਨਾ, ਹਰਨ ਹੋਣਾ, ਖੰਡਾ ਖੜਕਾਉਣਾ, ਖੰਡਾ ਫੜ੍ਹਨਾ, ਕਮਰਕਸਾ, ਪੰਥ, ਸੱਚਾ ਸਾਹਿਬ, ਕਲਗੀ ਵਾਲੜਾ, ਸਿੰਘ ਜੀ, ਸਹੀ ਕਰਨੀ, ਫ਼ਤਹਿ ਬੁਲਾਉਣਾ, ਕਾਲੜੇ ਕੇਸ, ਪਰਸ਼ਾਦ ਚੱਖਣਾ, ਮੋਰਚਾ ਲਾਣਾ, ਟਹਿਲ ਸੇਵਾ ਕਰਨਾ, ਅਕਾਲ, ਮੈਦਾਨ ਵਿਚ ਗੱਜਣਾ, ਆਦਿ ।

ਸ਼ਾਹ ਮੁਹੰਮਦ ਦੀ ਭਾਸ਼ਾ ਵੀ ਬੜੀ ਸ਼ੁੱਧ ਹੈ । ਕਿਸੇ ਭਾਸ਼ਾ ਦੀ ਸ਼ੁੱਧਤਾ ਨੂੰ ਪਰਖਣ ਲਈ ਆਧਾਰ ਉਸਦਾ ਵਿਆਕਰਣ ਹੋਇਆ ਕਰਦਾ ਹੈ । ਸ਼ਬਦਾਂ ਵਿਚ ਪਰਿਵਰਤਨ ਤੇ ਵਿਧੀ ਤਾਂ ਹੁੰਦੀ ਰਹਿੰਦੀ ਹੈ ਅਤੇ ਸ਼ਬਦ-ਭੰਡਾਰ ਨੂੰ ਅਮੀਰ ਬਨਾਉਣ ਲਈ ਤੇ ਭਾਸ਼ਾ ਦੀ ਵਿਅੰਜਕਤਾ ਵਧਾਉਣ ਲਈ ਭਿੰਨ-ਭਿੰਨ ਭਾਸ਼ਾਵਾਂ ਦੀ ਸ਼ਬਦਾਵਲੀ ਦਾ ਆਦਾਨ-ਪ੍ਰਦਾਨ ਵੀ ਚੱਲਦਾ ਰਹਿੰਦਾ ਹੈ, ਪਰੰਤੂ ਕਿਸੇ ਭਾਸ਼ਾ ਦਾ ਵਿਆਕਰਣ ਸ਼ਬਦਾਵਲੀ ਨਾਲੋਂ ਅਧਿਕ ਸਥਿਰ ਹੁੰਦਾ ਹੈ ਅਤੇ ਜੇਕਰ ਇਸ ਵਿਚ ਕੋਈ ਪਰਿਵਰਤਨ ਹੁੰਦਾ ਵੀ ਹੈ ਤਾਂ ਬਹੁਤ ਹੌਲੀ-ਹੌਲੀ । ਜੇਕਰ ਇਹ ਪਰਿਵਰਤਨ ਛੇਤੀ ਨਾਲ ਹੋਣ ਲੱਗ ਜਾਵੇ ਤਾਂ ਕਿਸੇ ਭਾਸ਼ਾ ਦੀ ਆਪਣੀ ਪ੍ਰਕ੍ਰਿਤੀ, ਸਰੂਪ ਅਤੇ ਵਿਅਕਤਿਤਵ ਖਤਮ ਹੋ ਜਾਂਦੇ ਹਨ । ਇਸ ਲਈ ਵਿਆਕਰਣ ਕਿਸੇ ਭਾਸ਼ਾ ਦੀ ਰੀੜ੍ਹ ਦੀ ਹੱਡੀ ਵਾਂਗ ਉਸਦਾ ਸਥਾਈ ਅਤੇ ਦ੍ਰਿੜ ਆਧਾਰ ਹੁੰਦਾ ਹੈ, ਜਿਸਦੀ ਸਥਿਰਤਾ ਅਤੇ ਸ਼ੁੱਧੀ ਤੋਂ ਬਗੈਰ ਕੋਈ ਭਾਸ਼ਾ ਨਿਪੁੰਨ ਅਖਵਾਉਣ ਦੀ ਅਧਿਕਾਰੀ ਨਹੀਂ ਹੋ ਸਕਦੀ।

ਡਾ. ਜੱਗੀ ਅਨੁਸਾਰ ਸ਼ਾਹ ਮੁਹੰਮਦ ਰਚਿਤ ਇਹ ਜੰਗਨਾਮਾ ਕੇਂਦਰੀ ਪੰਜਾਬੀ ਵਿਚ ਲਿਖੀ ਗਈ ਇਕ ਅਪੂਰਵ ਰਚਨਾ ਹੈ, ਜਿਸਦਾ ਵਿਆਕਰਣ ਸ਼ੁੱਧ ਪੰਜਾਬੀ ਹੈ। ਨਾਵਾਂ ਤੋਂ ਲੈ ਕੇ ਕਾਰਕਾਂ ਤੱਕ ਪੰਜਾਬੀ ਰੂਪ ਕਾਇਮ ਹੈ। ਕਿਤੇ-ਕਿਤੇ ਲਹਿੰਦੀ ਉਪ-ਬੋਲੀ ਦਾ ਪ੍ਰਭਾਵ ਵੀ ਦਿੱਸ ਪੈਂਦਾ ਹੈ, ਜਿਵੇਂ ਕਰਸੀ, ਕਰਸਾਂ, ਘਤੀ, ਘੱਲਣਾ, ਹਲੂਣਾ, ਕਾਲੜੇ, ਤੋੜੀ, ਲੀਤਾ, ਆਦਿ । ਇਹ ਪ੍ਰਭਾਵ ਸਹਿਜ-ਸੁਭਾਵਿਕ ਹੈ, ਕਿਉਂਕਿ ਪੰਜਾਬੀ ਦਾ ਮੁਢਲਾ ਕੇਂਦਰੀ ਰੂਪ ਲਹਿੰਦੀ (ਮੁਲਤਾਨੀ) ਹੀ ਸੀ । ਸੂਫ਼ੀ ਸਾਧਕਾਂ ਦੇ ਡੇਰੇ ਅਤੇ ਇਸਲਾਮੀ ਤਾਲੀਮ ਦੇ ਕੇਂਦਰ ਵੀ ਅਧਿਕਤਰ ਪੱਛਮੀ ਪੰਜਾਬ ਵਿਚ ਹੀ ਸਨ, ਜਿਥੋਂ ਦੀਕਸ਼ਤ ਹੋ ਕੇ ਆਉਣਾ ਮੁਸਲਮਾਨਾਂ ਲਈ ਭਾਰੀ ਮਾਣ ਵਾਲੀ ਗੱਲ ਸਮਝੀ ਜਾਂਦੀ ਸੀ । ਨਿਰਗੁਣਵਾਦੀ ਸਾਧਕ ਗੁਰੂ ਨਾਨਕ ਦੇਵ ਜੀ ਦੀ ਭਾਸ਼ਾ ਵਿਚ ਲਹਿੰਦੀ ਦਾ ਰੰਗ ਕਾਫ਼ੀ ਅਧਿਕ ਹੈ । ਇੰਜ ਹੀ ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ ਆਦਿ ਕੇਂਦਰੀ ਪੰਜਾਬ ਵਿਚ ਰਹਿ ਕੇ ਲਿਖਣ ਵਾਲੇ ਕਵੀ ਵੀ ਲਹਿੰਦੀ ਦੇ ਪ੍ਰਭਾਵ ਤੋਂ ਮੁਕਤ ਨਹੀਂ ਰਹਿ ਸਕੇ ਸਨ ।

ਲਾਹੌਰ ਉਤੇ ਅੰਗਰੇਜ਼ਾਂ ਦੇ ਕਬਜ਼ੇ ਅਤੇ ਸਿੰਘ ਸਭਾ ਲਹਿਰ ਦੇ ਚੱਲਣ ਤੋਂ ਬਾਅਦ ਕਿਤੇ ਮਾਝੇ ਦੀ ਭਾਸ਼ਾ ਨੂੰ ਕੇਂਦਰੀ ਭਾਸ਼ਾ ਹੋਣ ਦਾ ਗੌਰਵ ਮਿਲ ਸਕਿਆ ਹੈ । ਇਸ ਤੋਂ ਪਹਿਲਾਂ ਦੇ ਸਾਹਿਤ ਉਤੇ ਲਹਿੰਦੀ ਦਾ ਅਸਰ ਪ੍ਰਤੱਖ ਅਤੇ ਪ੍ਰਬਲ ਹੈ ਅਤੇ ਇਸੇ ਪ੍ਰਵਿਰਤੀ ਅਧੀਨ ਸ਼ਾਹ ਮੁਹੰਮਦ ਦੀ ਰਚਨਾ ਵਿਚ ਲਹਿੰਦੀ ਦਾ ਅੰਸ਼ ਮਿਲਦਾ ਹੈ। ਸ਼ਾਹ ਮੁਹੰਮਦ ਨੇ ਵਿਦੇਸ਼ੀ ਭਾਸ਼ਾਵਾਂ ਦੀ ਸ਼ਬਦਾਵਲੀ ਜਾਂ ਮੁਹਾਵਰੇ ਵਰਤਣ ਵੇਲੇ ਵੀ ਉਨ੍ਹਾਂ ਨੂੰ ਪੰਜਾਬੀ ਰੰਗ ਵਿਚ ਅਜਿਹਾ ਰੰਗਿਆ ਹੈ ਕਿ ਉਨ੍ਹਾਂ ਦਾ ਵਿਦੇਸ਼ੀਪਣ ਲਗਭਗ ਖ਼ਤਮ ਹੋ ਗਿਆ ਹੈ, ਜਾਂ ਨਾ-ਮਾਤਰ ਹੀ ਰਹਿ ਗਿਆ ਹੈ। ਬਹੁਵਚਨ ਬਨਾਉਣ ਵੇਲੇ ਕਵੀ ਨੇ ਪੰਜਾਬੀ ਵਿਆਕਰਣ ਨੂੰ ਅੱਖੋਂ ਪਰੋਖੇ ਨਹੀਂ ਹੋਣ ਦਿੱਤਾ, ਜਦ ਕਿ ਇਸੇ ਕਾਲ ਦੇ ਇਕ ਹੋਰ ਪ੍ਰਮੁਖ ਕਵੀ ਹਾਸ਼ਮ ਨੇ ਅਜਿਹਾ ਨਾ ਕਰਨ ਦੀ ਕਈਆਂ ਥਾਵਾਂ ਤੇ ਖੁਲ੍ਹ ਲਈ ਹੈ। ਉਦਾਹਰਣ ਵਜੋਂ ਸ਼ਾਹ ਮੁਹੰਮਦ ਨੇ ਰੱਯਤ ਤੋਂ ਰੱਯਤਾਂ, ਤਬਕ ਤੋਂ ਤਬਕਾਂ, ਫੌਜ ਤੋਂ ਫੌਜਾਂ, ਕਲਗੀ ਤੋਂ ਕਲਗੀਆਂ, ਬੇਜ਼ਾਰ ਤੋਂ ਬੇਜ਼ਾਰੀਆਂ, ਖੁਆਰ ਤੋਂ ਖੁਆਰੀਆਂ, ਨਜ਼ਰ ਤੋਂ ਨਜ਼ਰਾਂ ਆਦਿ ਬਹੁਵਚਨ ਪੰਜਾਬੀ ਪ੍ਰਕ੍ਰਿਤੀ ਅਨੁਸਾਰ ਬਣਾਏ ਹਨ, ਪਰ ਕਿਤੇ-ਕਿਤੇ ਕਵੀ ਨੇ ਪੰਜਾਬੀ ਦਾ ਸਰੂਪ ਵਿਗਾੜਿਆ ਵੀ ਹੈ ਜਿਵੇਂ ‘ਨਿਕਾਲੀਆਂ ਨੀ’, ਇਥੇ ‘ਨਿਕਾਲਣਾ’ ਪੰਜਾਬੀ ਕ੍ਰਿਆ ਨਹੀਂ ਹੈ । ਇਸੇ ਤਰ੍ਹਾਂ ਦੇ ਹੋਰ ਸ਼ਬਦ ਹਨ- ਪਚਾਸ ਬਰਸਾਂ, ਜੈਸੇ, ਅੱਛਾ, ਅਬ ਆਦਿ । ਤੁਕਾਂਤ ਦੇ ਮੋਹ ਕਰਕੇ ਵੀ ਕਈ ਥਾਈਂ ਕਵੀ ਪੰਜਾਬੀ ਦੇ ਸਰੂਪ ਨਾਲ ਜ਼ਬਰਦਸਤੀ ਕਰਦਾ ਪ੍ਰਤੀਤ ਦਿੰਦਾ ਹੈ, ਜਿਵੇਂ ‘ਜੇਤ’ ਜਿੱਤ ਲਈ, ‘ਬਾਤ’ ਗੱਲ ਲਈ, ‘ਜੇਰਿਆ’ ਜ਼ੋਰ ਲਈ, ‘ਏਤਨੀ’ ਇਤਨੀ ਲਈ, ਆਦਿ । ਪਰ ਸਮੁੱਚੇ ਤੌਰ ‘ਤੇ ਸ਼ਾਹ ਮੁਹੰਮਦ ਭਾਸ਼ਾ ਦੇ ਵਿਆਕਰਣੀ ਬੰਧਨਾਂ ਦੀ ਪਾਲਣਾ ਨਾ ਕਰਨ ਦੀ ਵ੍ਰਿਤੀ ਤੋਂ ਸੰਕੋਚ ਹੀ ਕਰਦਾ ਹੈ ।

(ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ, ਪੰਨਾ XIX,L)

ਅਰਬੀ-ਫ਼ਾਰਸੀ ਸ਼ਬਦਾਵਲੀ:

ਸ਼ਾਹ ਮੁਹੰਮਦ ਨੇ ਜੰਗਨਾਮੇ ਵਿਚ ਅਰਬੀ ਤੇ ਫ਼ਾਰਸੀ ਸ਼ਬਦਾਂ ਦੀ ਖੁਲ੍ਹ ਕੇ ਵਰਤੋਂ ਕੀਤੀ ਹੈ । ਬੇਸ਼ਕ ਇਨ੍ਹਾਂ ਭਾਸ਼ਾਵਾਂ ਦੇ ਸ਼ਬਦਾਂ ਦਾ ਪ੍ਰਯੋਗ 10ਵੀਂ ਸਦੀ ਵਿਚ ਹੀ ਸ਼ੁਰੂ ਹੋ ਗਿਆ ਸੀ, ਲੇਕਿਨ ਮੁਸਲਮਾਨ ਸ਼ਾਸਕਾਂ ਦੇ ਸਮੇਂ ਰਾਜ-ਪੱਧਰ ’ਤੇ ਫ਼ਾਰਸੀ ਭਾਸ਼ਾ ਨੂੰ ਪ੍ਰਚਲਿਤ ਕਰਨ ਨਾਲ ਇਨ੍ਹਾਂ ਦਾ ਪ੍ਰਭਾਵ ਹੋਰ ਵੀ ਵਧ ਗਿਆ । ਮਹਾਰਾਜਾ ਰਣਜੀਤ ਸਿੰਘ ਨੇ ਵੀ ਫ਼ਾਰਸੀ ਨੂੰ ਸਰਕਾਰੀ ਕਾਰ-ਵਿਹਾਰ ਦੀ ਭਾਸ਼ਾ ਬਣਾਈ ਰੱਖਿਆ। ਇਸ ਲਈ ਉਸ ਸਮੇਂ ਦੇ ਕਵੀਆਂ ਵਲੋਂ ਅਰਬੀ- ਫ਼ਾਰਸੀ ਦੀ ਸ਼ਬਦਾਵਲੀ ਨੂੰ ਆਪਣੀਆਂ ਲਿਖਤਾਂ ਵਿਚ ਲਿਆਉਣਾ ਕੁਦਰਤੀ ਹੀ ਸੀ । ਪਰੰਤੂ ਸ਼ਾਹ ਮੁਹੰਮਦ ਦੀ ਵਡਿਆਈ ਇਸ ਵਿਚ ਵੀ ਹੈ ਕਿ ਉਸ ਨੇ ਅਰਬੀ-ਫ਼ਾਰਸੀ ਦੇ ਉਨ੍ਹਾਂ ਹੀ ਸ਼ਬਦਾਂ ਦੀ ਵਰਤੋਂ ਕੀਤੀ ਹੈ, ਜਿਹੜੇ ਪੰਜਾਬੀ ਭਾਸ਼ਾ ਵਿਚ ਪੂਰੀ ਤਰ੍ਹਾਂ ਰਚ-ਮਿਚ ਚੁੱਕੇ ਸਨ । ਅੱਜ ਜੇਕਰ ਸਾਨੂੰ ਕੁਝ ਸ਼ਬਦ ਔਖੇ ਜਾਂ ਓਪਰੇ ਲੱਗਦੇ ਹਨ ਤਾਂ ਇਹ ਸਮੇਂ ਦੇ ਅੰਤਰਾਲ ਕਰਕੇ ਹੈ, ਕਿਉਂਕਿ 1947 ਵਿਚ ਦੇਸ਼ ਦੀ ਵੰਡ ਉਪਰੰਤ ਇਹ ਭਾਸ਼ਾਵਾਂ ਇਕ ਤਰ੍ਹਾਂ ਬਿਦੇਸ਼ੀ ਹੀ ਬਣ ਗਈਆਂ ਹਨ ਅਤੇ ਇਨ੍ਹਾਂ ਦਾ ਪ੍ਰਚਲਨ ਵੀ ਆਮ ਜਨ-ਜੀਵਨ ਵਿਚੋਂ ਦਿਨ-ਬਦਿਨ ਮਨਫ਼ੀ ਹੁੰਦਾ ਜਾ ਰਿਹਾ ਹੈ । ਸ਼ਾਹ ਮੁਹੰਮਦ ਨੇ ਅਰਬੀ-ਫ਼ਾਰਸੀ ਦੇ ਵਧੇਰੇ ਸ਼ਬਦ ਤਤਸਮ ਰੂਪ ਵਿਚ ਵਰਤੇ ਹਨ, ਜਿਵੇਂ- ਉਮੈਦ, ਅਲਾਹ, ਅੱਵਲ, ਅਕਲ, ਆਦਮੀ, ਅਜ਼ਲ, ਅਰਜ਼ੀ, ਆਰਾਮ, ਐਸ਼, ਆਫ਼ਤ, ਅਰਾਸਤਾ, ਅਸਲ, ਅਕਸਰ, ਇਨਾਮ, ਇਲਾਜ, ਸ਼ਾਹਜ਼ਾਦਾ, ਸਫ਼, ਸੁਰਖ, ਸ਼ਰੀਕ, ਸਿੱਕਾ, ਸਰਕਾਰ, ਸਰਦਾਰ, ਸ਼ਹੀਦ, ਸਾਹਿਬ, ਸੁਖਨ, ਸੂਬੇਦਾਰ, ਸਲਾਹ, ਸਫ਼ਾ, ਸਾਹਿਬਾਨ, ਸਿਤਾਰਾ, ਸ਼ੁਤਰ, ਸਤਰਖਾਨਾ, ਸ਼ੁਮਾਰ, ਸ਼ੇਰ, ਸ਼ਹਿਰ, ਹੌਦਾ, ਹੰਕਾਰ, ਹਾਜ਼ਰ, ਹਜ਼ੂਰ, ਹੋਸ਼, ਹਮਾਇਤੀ, ਹਮਦ, ਹੁਕਮ, ਹਾਜ਼ਰੀ, ਕੌਲ ਕਰਾਰ, ਕਾਇਮ, ਕਦੀਮ, ਕਮਾਲ, ਕਨਾਤ, ਕਾਰਦਾਰ, ਕੁਫ਼ਰ, ਕੈਦ, ਕੈਫ, ਕਾਇਮ, ਕੂਚ, ਕਤਲ, ਕਲਗ਼ੀ, ਕਮਾਨ, ਕਿਤਾਬ, ਕੁਰਸੀ, ਕਾਬੂ, ਕਨਾਤ, ਖ਼ੁਦੀ, ਖ਼ੁਦਾ, ਖ਼ਤ, ਖ਼ੁਮਾਰ, ਖ਼ੂਨ, ਖੂਬ, ਖ਼ਬਰ, ਖ਼ਾਤਰ, ਖਰਚ, ਖ਼ਾਸ, ਗਿਲਾ, ਗ਼ੈਰਸਾਲੀ, ਗ਼ਰੀਬ, ਗੋਸ਼ਾ, ਗ਼ਰਕ, ਗੁੱਸਾ, ਗ਼ਮ, ਗੱਦੀ, ਗੰਜ, ਜ਼ਬਤ, ਜ਼ੇਵਰ, ਜਾਮਾ, ਜ਼ਹੀਰ, ਜ਼ਹਿਰ, ਜਹਾਨ, ਤਰਫ਼, ਤਲਬ, ਤੇਗ਼, ਤੋਸ਼ੇਖਾਨਾ, ਤਲਵਾਰ, ਤਖ਼ਤ, ਤਬਕ, ਤਕਸੀਰ, ਤੇਜ, ਦਰਬਾਰ, ਦਰਗਾਹ, ਦਾਖਲ, ਦਿਲਗੀਰ, ਦਿਲ, ਦਿਲਬਰੀ, ਦੌਲਤ, ਦਰੇਗ਼, ਦੂਰਬੀਨ, ਦਲੇਰ, ਦਾਅਵਾ, ਦਗ਼ੇਬਾਜ, ਦੁਨੀਆ, ਨੇਕ, ਨਿਸ਼ਾਨ, ਨਾਹੱਕ, ਨਜ਼ਰ, ਨਕਸ਼, ਪਾਤਸ਼ਾਹ, ਪੇਸ਼, ਪੈਜ਼ਾਰ, ਪਸੰਦ, ਪਲਕ, ਪੈਗ਼ਾਮ, ਫ਼ਤਹ, ਫ਼ਿਕਰ, ਫਰਸ਼, ਫ਼ਤੂਰ, ਫ਼ੌਜ, ਫ਼ੀਲ, ਬਖ਼ਤਾਵਰ, ਬਾਜ਼, ਬਾਜ਼ਾਰ, ਬਗ਼ੈਰ, ਬਲਾ, ਬਾਜ਼ੀ, ਬਾਗ਼, ਬੰਦੂਕ, ਬੇਖ਼ਬਰ, ਮੈਦਾਨ, ਮੁਲਾਕਾਤ, ਮੁਹਾਲ, ਮੁਹਾਰ, ਮਹਾਵਤ, ਮੁਸਾਫ਼ਰ, ਮੁਹਤਾਜ, ਮੁਦਈ, ਮਾਲ, ਮੁਫ਼ਤ, ਮੀਰ, ਮੋਰਚਾ, ਮੁਸਾਹਿਬ, ਮੁਲਕ, ਯਾਰ, ਰੱਬ, ਰਾਜ਼ੀ, ਰੋਯਤ, ਰੁਖ਼ਸਤ, ਰਾਹ, ਰੇਸ਼ਮੀ, ਰਸਦ, ਰਮਜ਼, ਰਫ਼ੂ, ਰਾਲ, ਰੋਜ਼, ਰਜ਼ਾ, ਲਸ਼ਕਰ, ਲਲਕਾਰ, ਲਗ਼ਾਮ, ਵਾਸਤਾ, ਵਜ਼ੀਰ ਆਦਿ ।

ਜੰਗਨਾਮੇ ਵਿਚ ਅਰਬੀ-ਫ਼ਾਰਸੀ ਦੇ ਤਦਭਵ ਸ਼ਬਦਾਂ ਦੀ ਵਰਤੋਂ ਵੀ ਮਿਲਦੀ ਹੈ, ਜਿਵੇਂ- ਆਫ਼ਾਤ, ਹੌਦਾ, ਹੁੱਦੇਦਾਰ, ਕਰਾਰ, ਜਿਮੀਂ, ਤਗਾਦੜੀ, ਤਿਆਰ, ਤਾਬਿਆ, ਮਲੂਮ, ਮੁਲਖ, ਬਜ਼ਾਰ, ਬੁਰਛਾ, ਵਖਤ ਆਦਿ।

ਕਵੀ ਨੇ ਕੁਝ ਥਾਈਂ ਦੋ-ਦੋ ਸ਼ਬਦਾਂ ਦੇ ਸਮਸਤ ਰੂਪ ਵੀ ਵਰਤੇ ਹਨ। ਇਹ ਵੀ ਇਕ ਕਾਵਿ-ਜੁਗਤ ਹੀ ਹੁੰਦੀ ਹੈ । ਜਦੋਂ ਕਵੀ ਕੋਈ ਗੱਲ ਵਿਸ਼ੇਸ਼ ਬਲ ਦੇ ਕੇ ਕਰਨੀ ਚਾਹੁੰਦਾ ਹੈ ਜਾਂ ਆਪਣੇ ਮਨੋਰਥ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨੀ ਚਾਹੁੰਦਾ ਹੈ ਤਾਂ, ਉਸ ਗੱਲ ਨੂੰ ਦੋਹਰੇ ਸ਼ਬਦਾਂ ਰਾਹੀਂ ਪੇਸ਼ ਕਰਦਾ ਹੈ। ਇਹ ਸਮਸਤ ਸ਼ਬਦ ਦੋ-ਭਾਸ਼ੀ ਅਤੇ ਸਮਾਨ-ਅਰਥੀ ਹੁੰਦੇ ਹਨ, ਜਿਵੇਂ ਆਸ-ਉਮੈਦ, ਤੁਰਤ- ਜਲਦੀ, ਮੁੱਢ-ਕਦੀਮ, ਅੰਤ-ਸ਼ੁਮਾਰ। ਇਨ੍ਹਾਂ ਸਮਸਤ ਸ਼ਬਦਾਂ ਵਿਚੋਂ ਇਕ ਪੰਜਾਬੀ ਅਤੇ ਦੂਜਾ ਸਾਮੀ ਹੈ । ਪਰੰਤੂ ਕੁਝ ਥਾਈਂ ਇਕੋ ਭਾਸ਼ਾ ਦੇ ਸਮਾਨ- ਅਰਥੀ ਸ਼ਬਦ ਵੀ ਵਰਤੇ ਮਿਲਦੇ ਹਨ, ਜਿਵੇਂ-ਕੈਫ਼-ਖੁਮਾਰ (ਦੋਨੋਂ ਅਰਬੀ), ਸ਼ੋਰ-ਖਰੂਦ (ਦੋਨੋਂ ਫ਼ਾਰਸੀ), ਆਦਿ ।

ਅੰਗਰੇਜ਼ੀ ਸ਼ਬਦਾਵਲੀ:

ਸ਼ਾਹ ਮੁਹੰਮਦ ਮਜ਼ਹਬਾਂ ਦੀ ਹੀ ਨਹੀਂ, ਬਲਕਿ ਮੁਲਕਾਂ ਦੀ ਹੱਦਬੰਦੀ ਤੋਂ ਵੀ ਆਜ਼ਾਦ ਹੈ । ਉਸ ਨੂੰ ਯੋਗ ਸ਼ਬਦ ਚਾਹੀਦਾ ਹੈ, ਬੇਸ਼ਕ ਉਹ ਸੱਤ ਸਮੁੰਦਰੋਂ ਪਾਰਲੇ ਦੇਸਾਂ ਦਾ ਹੀ ਕਿਉਂ ਨਾ ਹੋਵੇ, ਵਰਤਣ ਤੋਂ ਰਤਾ ਵੀ ਗੁਰੇਜ਼ ਨਹੀਂ ਕਰਦਾ। ਬੇਸ਼ਕ ਕਵੀ ਦੀ ਇਸ ਰਚਨਾ ਤੋਂ ਪਹਿਲਾਂ ਬਹੁਤ ਸਾਰੇ ਪੱਛਮੀ ਸ਼ਬਦ ਪੰਜਾਬੀ ਬਾਤ- ਚੀਤ ਵਿਚ ਸ਼ਾਮਲ ਹੋ ਚੁੱਕੇ ਸਨ, ਕਿਉਂਕਿ ਸਤਲੁਜ ਤੋਂ ਪਾਰਲਾ ਇਲਾਕਾ ਅੰਗਰੇਜ਼ਾਂ ਦੇ ਅਧੀਨ ਆ ਜਾਣ ਕਰਕੇ ਪੱਛਮੀ ਸ਼ਬਦਾਂ ਦਾ ਪ੍ਰਯੋਗ ਹੋਣ ਲੱਗ ਗਿਆ ਸੀ ਅਤੇ ਲਾਹੌਰ ਦਰਬਾਰ ਦੇ ਅਧਿਕਾਰੀ ਜਾਂ ਸੈਨਿਕ ਵੀ ਅਜਿਹੇ ਸ਼ਬਦ ਆਮ ਸੁਣਦੇ ਅਤੇ ਗ੍ਰਹਿਣ ਕਰਦੇ ਰਹਿੰਦੇ ਸਨ, ਲੇਕਿਨ ਪੰਜਾਬੀ ਸਾਹਿਤ ਵਿਚ ਇਨ੍ਹਾਂ ਸ਼ਬਦਾਂ ਨੂੰ ਵਰਤਣ ਦੀ ਪਹਿਲ ਸ਼ਾਇਦ ਸ਼ਾਹ ਮੁਹੰਮਦ ਨੇ ਹੀ ਕੀਤੀ ਹੈ, ਜਿਸ ਨੇ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਤਤਸਮ ਅਤੇ ਤਦਭਵ ਦੋਹਾਂ ਹੀ ਰੂਪਾਂ ਵਿਚ ਕੀਤੀ ਹੈ । ਨਮੂਨੇ ਵਜੋਂ ਕੁਝ ਸ਼ਬਦ ਪੇਸ਼ ਹਨ-

ਅਫ਼ਸਰ (officer),ਅੜਦਲੀ (orderly), ਸੰਤਰੀ (sentry), ਕੰਪਨੀ (company), ਕਰਾਬੀਨ (carbine), ਕਰਨੈਲ (colonel), ਕੌਂਸਲ (council), ਪਲਟਨ ਜਾਂ ਪੜਤਲ (platoon), ਬੈਰਕ (barrack), ਬੋਤਲ (bottle), ਲੰਦਨ ਜਾਂ ਨੰਦਨ (London), ਲਾਟ (lord), ਮੈਗਜ਼ੀਨ ਜਾਂ ਮੇਖਜ਼ੀਨ (magazine), ਰਜਮੰਟ ਜਾਂ ਰਜਮੈਂਟ (regiment) ਆਦਿ ।

ਅੰਗਰੇਜ਼ੀ ਦੇ ਪ੍ਰਸਿੱਧ ਆਲੋਚਕ ਫਰਾਂਸਿਸ ਕਨਾਲੀ ਅਨੁਸਾਰ “ਮਹਾਨ ਕਵੀ ਦਾ ਇਕ ਵਿਸ਼ੇਸ਼ ਗੁਣ ਇਹ ਵੀ ਹੁੰਦਾ ਹੈ ਕਿ ਉਹ ਵਿਰਸੇ ਵਿਚ ਪ੍ਰਾਪਤ ਭਾਸ਼ਾ ਨੂੰ ਸੁਧਾਰੇ ਜਾਂ ਸ਼ੁੱਧ ਕਰੇ ।…..ਭਾਵੇਂ ਉਹ ਕਿਤਨਾ ਵੀ ਪਰੰਪਰਾਈ ਕਿਉਂ ਨਾ ਹੋਵੇ, ਸਫ਼ਲ ਕਵੀ ਦੀ ਇਕ ਅੱਡਰੀ ਹੀ ਸ਼ੈਲੀ ਹੁੰਦੀ ਹੈ, ਜੋ ਕਿ ਉਸਦੀ ਭਾਸ਼ਾ-ਸੁਯੋਗਤਾ ਅਤੇ ਉਸ ਦੀ ਆਪਣੀ ਯੋਗਤਾ ਨੂੰ ਇਕ ਦਮ ਪ੍ਰਦਰਸ਼ਿਤ ਕਰ ਦਿੰਦੀ ਹੈ ।” Francis X.Connolly, ‘Poetry, its Power and Wisdom’, p. 266.

ਸ਼ੈਲੀ:- ਇਕ ਸਾਹਿਤਕਾਰ ਦਾ ਲਿਖਣ-ਢੰਗ ਦੂਜੇ ਲਿਖਾਰੀਆਂ ਤੋਂ ਹਮੇਸ਼ਾਂ ਹੀ ਅਲੱਗ ਤੇ ਵਿਲੱਖਣ ਹੁੰਦਾ ਹੈ । ਕਿਸੇ ਲੇਖਕ ਦੀ ਅਭਿਵਿਅਕਤੀ ਜਾਂ ਰਚਨਾ-ਪੱਧਤੀ ਦੀ ਵਿਸ਼ੇਸ਼ਤਾ ਨੂੰ ਹੀ ‘ਸ਼ੈਲੀ’ ਕਿਹਾ ਜਾਂਦਾ ਹੈ । (‘Whatever goes to make a man’s writing recognizable, is included in his Style’-J. Middleton Murry, The Problem of Style, London, 1965, p.5) ਕੋਈ ਵੀ ਅਮਰ ਸਾਹਿਤਕਾਰ ਸ਼ਬਦਾਂ ਨੂੰ ਨਾ ਇਵੇਂ ਚੁਣੇਗਾ, ਨਾ ਇਵੇਂ ਜੜੇਗਾ, ਜਿਵੇਂ ਉਸ ਤੋਂ ਪਹਿਲਾਂ ਕਿਸੇ ਨੇ ਕੀਤਾ ਹੈ । ਉਸਦਾ ਨਿੱਜਪੁਣਾ ਅਤੇ ਖਾਸ ਨਿੱਖੜਵਾਂ ਢੰਗ, ਜਿਤਨਾ ਖਿਆਲਾਂ ਦੇ ਸੱਜਰੇਪਣ ਤੋਂ ਲੱਭੇਗਾ, ਉਤਨਾ ਹੀ ਉਸ ਦੀ ਲਿਖਣ- ਸ਼ੈਲੀ ਵਿਚੋਂ, ਜਿਸ ਦੇ ਸ਼ਬਦਾਂ, ਅਲੰਕਾਰਾਂ, ਜੜਤ, ਤਰਤੀਬ, ਤਰਕੀਬ ਆਦਿ ਉਤੇ ਕਲਾਕਾਰਾਂ ਨੇ ਆਪਣੇ ‘ਆਪੇ ਦੀ ਪਾਣ ਚਾੜ੍ਹੀ ਹੁੰਦੀ ਹੈ । ਸ਼ੈਲੀ ਇਕ ਕਲਾਕਾਰ ਦਾ ਦੂਜੇ ਉਤੇ ਪਿਆ ਪਰਛਾਵਾਂ ਨਹੀਂ, ਬਲਕਿ ਉਸਦਾ ਨਿਰੋਲ ਨਿੱਜੀ ਅਤੇ ਆਪਣਾ ਪ੍ਰਤੀਬਿੰਬ ਹੁੰਦਾ ਹੈ ।

(ਡਾ. ਗੋਪਾਲ ਸਿੰਘ ਦਰਦੀ, ‘ਸਾਹਿਤ ਦੀ ਪਰਖ’, ਪੰਨਾ 30) ਸ਼ੈਲੀ ਵਿਚ ਲੇਖਕ ਦਾ ਵਿਅਕਤਿਤਵ ਸਮਾਇਆ ਹੁੰਦਾ ਹੈ । ਹਡਸਨ ਨੇ ਸ਼ੈਲੀ ਦੇ ਤਿੰਨ ਮੁੱਖ ਗੁਣਾਂ-ਨਿੱਜੀ ਪੱਖ (personal side), ਕਲਾ ਪੱਖ (artside) ਅਤੇ ਇਤਿਹਾਸਕ ਪੱਖ (historical side) ਦਾ ਵਰਣਨ ਕੀਤਾ ਹੈ । (ਡਾ. ਈਸ਼ਰ ਸਿੰਘ ਤਾਂਘ, ‘ਪੱਛਮੀ ਸਮੀਖਿਆ ਦੇ ਸਿਧਾਂਤ’, ਅੰਬਾਲਾ, 1970, ਪੰਨਾ 70) ਨਿੱਜੀ ਪੱਖ ਦੇ ਅੱਗੋਂ ਤਿੰਨ ਉਪ ਭੇਦ ਹਨ। ਬੌਧਿਕ ਤੱਤ, ਭਾਵ ਤੱਤ ਅਤੇ ਸੌਂਦਰਯ ਤੱਤ । ਬੌਧਿਕ ਤੱਤ- ਯਥਾਰਥ (precision), ਸਪਸ਼ਟਤਾ (lucidity) ਅਤੇ ਉਪਯੁਕਤਤਾ (propreity) ਦਾ ਮਿਲਵਾਂ ਰੂਪ ਹੈ । ਭਾਵ ਤੱਤ ਵਿਚ ਤਾਕਤ (force), ਸ਼ਕਤੀ (energy) ਅਤੇ ਸੁਝਾਊ ਅੰਸ਼ (suggestiveness) ਦਾ ਹੋਣਾਂ ਜ਼ਰੂਰੀ ਹੈ । ਸੌਂਦਰਯ ਤੱਤ ਵਿਚ ਤਾਲ (rhythm), ਸੁੰਦਰਤਾ (beauty) ਤੇ ਖੁਸ਼ੀ (charm) ਆਦਿ ਹੁੰਦੇ ਹਨ ।

‘ਸ਼ਬਦ ਚੋਣ’ ਕਿਸੇ ਕਵੀ ਦੇ ਵਿਅਕਤਿਤਵ ਦੀ ਮੂੰਹ-ਬੋਲਦੀ ਤਸਵੀਰ ਹੁੰਦੀ ਹੈ। ਇਸ ਰਾਹੀਂ ਕਵੀ ਦੀਆਂ ਸਾਰੀਆਂ ਕਲਾ-ਰੁਚੀਆਂ ਅਤੇ ਸਾਹਿਤਕ ਦਿਲਚਸਪੀਆਂ ਸੁਤੇ-ਸਿੱਧ ਮੂਰਤੀਮਾਨ ਹੋ ਜਾਂਦੀਆਂ ਹਨ। ਕਵੀ ਆਪੋ ਆਪਣੀ ਸ਼ਖਸੀਅਤ ਦੇ ਪ੍ਰਭਾਵ ਹੇਠ ਸਿੱਧ ਪੱਧਰੀ ਜਾਂ ਅਲੰਕ੍ਰਿਤ (plain or ornate), ਦੇਸੀ ਜਾਂ ਵਿਦੇਸੀ (homely or exotic), मैलचाली नां वृती (colloquial or literary), ਨਵੀਨ ਜਾਂ ਪ੍ਰਾਚੀਨ (uptodate or archaic) ਸ਼ਬਦਾਵਲੀ ਦੀ ਵਰਤੋਂ ਕਰਦਾ ਹੈ ।

ਇਸ ਪ੍ਰਸੰਗ ਵਿਚ ਸੰਸਕ੍ਰਿਤ ਦਾ ਇਕ ਸਲੋਕ ਗ਼ੌਰ-ਤਲਬ ਹੈ- “ਉਪਮਾ ਕਾਲਿਦਾਸ ਸਯ ਭਾਰਵੇ ਹਰਥ ਗੌਰਵਮ । ਦੰਡਿਨ : ਪਦ ਲਾਲਿਤਯਮ ਮਾਘੇ ਸੰਤਿ ਤ੍ਰਯੋ ਗੁਣਾ: ।”

ਅਰਥਾਤ-ਸੰਸਕ੍ਰਿਤ ਕਵੀ ਕਾਲੀਦਾਸ ਦੀ ਕਲਾ ਵਿਸ਼ੇਸ਼ਤਾ ਉਸਦੀ ‘ਉਪਮਾ’ ਦੀ ਯੋਜਨਾ ਹੈ, ਭਾਰਵੀ ਦੀ ਨਿੱਜੀ ਵਿਸ਼ੇਸ਼ਤਾ ਅਰਥਾਂ ਦਾ ਗੌਰਵ ਹੈ । ਦੰਡੀ ਦੀ ਵਿਸ਼ੇਸ਼ਤਾ ਉਸਦੇ ਸ਼ਬਦਾਂ ਦੀ ਕੋਮਲਤਾ ਹੈ, ਪਰੰਤੂ ਮਹਾਂਕਵੀ ਮਾਘ ਵਿਚ ਉਪਰਲੇ ਤਿੰਨੇ ਹੀ ਗੁਣ ਮੌਜੂਦ ਹਨ ।

(ਡਾ. ਪ੍ਰੇਮ ਪ੍ਰਕਾਸ਼ ਸਿੰਘ, ‘ਕਾਵਿ ਦੇ ਤੱਤ’, ਪੰਨਾ 188) ਸ਼ਾਹ ਮੁਹੰਮਦ ਦੇ ਜੰਗਨਾਮੇ ਵਿਚ ਜਿਥੇ ਬੋਲੀ ਤੇ ਸ਼ੈਲੀ ਪੱਖੋਂ ਹੋਰ ਵਿਸ਼ੇਸ਼ਤਾਵਾਂ ਹਨ, ਉਥੇ ਇਹ ਕਹਿਣ ਵਿਚ ਵੀ ਦੋ ਰਾਵਾਂ ਨਹੀਂ ਕਿ ਉਸ ਦੀ ਭਾਸ਼ਾ ਸਸ਼ਕਤ ਵੀ ਹੈ । ਇਹ ਸਸ਼ਕਤਤਾ ਭਾਸ਼ਾ ਦੀ ਸ਼ਕਤੀ ਉਤੇ ਨਿਰਭਰ ਕਰਦੀ ਹੈ । ਡਾ. ਜੱਗੀ ਅਨੁਸਾਰ ‘ਸ਼ਕਤੀ’ ਭਾਸ਼ਾ ਦੀ ਉਹ ਸਮਰਥਤਾ ਹੈ, ਜਿਸ ਰਾਹੀਂ ਲੇਖਕ ਦੇ ਅਭਿਵਿਅੰਜਨ-ਕੌਸ਼ਲ ਦਾ ਬੋਧ ਹੁੰਦਾ ਹੈ ਅਤੇ ਭਾਸ਼ਾ ਆਪਣੇ ਕਰਤੱਵ ਦਾ ਸੁੰਦਰ ਢੰਗ ਨਾਲ ਪਾਲਨ ਕਰਦੀ ਹੈ । ਵਾਕਾਂ ਵਿਚ ਸਤਿਕਥਨ ਜਾਂ ਸੁਭਾਸ਼ਿਤ ਬਣਨ ਦੀ ਸਮਰਥਤਾ, ਮੁਹਾਵਰੇ ਦੀ ਸ਼ੁੱਧ ਅਤੇ ਪ੍ਰਭਾਵਸ਼ਾਲੀ ਵਰਤੋਂ, ਭਾਸ਼ਾ ਦਾ ਪਾਤਰ, ਪ੍ਰਸੰਗ ਅਤੇ ਭਾਵ-ਅਨੁਕੂਲ ਹੋਣਾ ਕਿਸੇ ਭਾਸ਼ਾ ਦੀ ਸ਼ਕਤੀ ਦੇ ਪ੍ਰਮੁੱਖ ਤੱਤ ਹਨ। (ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ, ਪਟਿਆਲਾ, ਪੰਨਾ L)

ਇਕ ਸੁਲਝੇ ਹੋਏ ਕਵੀ ਦੇ ਕਥਨ ਵਿਚ ਇਤਨੀ ਸ਼ਕਤੀ ਪੈਦਾ ਹੋ ਜਾਂਦੀ ਹੈ ਕਿ ਉਹ ਜੀਵਨ ਦੇ ਅਨੇਕ ਪੱਖਾਂ ਦਾ ਚਿਤਰਣ ਕਰਨ ਵੇਲੇ ਕੁਝ ਅਜਿਹੇ ਵਾਕ ਲਿਖ ਜਾਂਦਾ ਹੈ, ਜੋ ਸ਼ਬਦ-ਯੋਜਨਾ, ਵਰਣ-ਮੈਤਰੀ ਅਤੇ ਅਭਿਵਿਅਕਤੀ ਦੀ ਤੀਬਰਤਾ ਕਰ ਕੇ ਸਤਿ-ਕਥਨਾਂ ਦਾ ਰੂਪ ਧਾਰਨ ਕਰ ਲੈਂਦੇ ਹਨ। ਜਿਸ ਕਵੀ ਦੀ ਰਚਨਾ ਵਿਚ ਜਿਤਨੇ ਅਧਿਕ ਅਜਿਹੇ ਕਥਨ ਮਿਲਣਗੇ, ਉਤਨੀ ਹੀ ਉਸਦੀ ਭਾਸ਼ਾ ਸਮਰਥਾਵਾਨ ਸਮਝੀ ਜਾਵੇਗੀ। ਸ਼ਾਹ ਮੁਹੰਮਦ ਵੀ ਲਾਹੌਰ ਦੀ ਖਾਨਾ-ਜੰਗੀ ਦਾ ਚਿਤਰਣ ਕਰਨ ਵੇਲੇ ਆਪਣੇ ਭਾਵਾਂ ਨੂੰ ਭਾਸ਼ਾ ਨਾਲ ਇਤਨਾ ਇਕ-ਮਿਕ ਕਰ ਦਿੰਦਾ ਹੈ ਕਿ ਉਸ ਦੇ ਕਿਤਨੇ ਹੀ ਵਾਕ ਸਤਿ-ਕਥਨਾਂ ਜਾਂ ਅਟੱਲ ਸਚਾਈਆਂ ਦਾ ਰੂਪ ਧਾਰਨ ਕਰ ਗਏ ਹਨ ।ਮਿਸਾਲ ਵਜੋਂ-

ੳ) ਸ਼ਾਹ ਮੁਹੰਮਦਾ ਵੈਰੀ ਨੂੰ ਜਾਣ ਹਾਜ਼ਰ,

ਸਦਾ ਰੱਖੀਏ ਵਿਚ ਧਿਆਨ ਦੇ ਜੀ।

ਸ਼ਾਹ ਮੁਹੰਮਦਾ ਸਿਰਾਂ ਦੀ ਲਾਇ ਬਾਜ਼ੀ, (84)

ਨਹੀਂ ਮੋੜਦੇ ਸੂਰਮੇ ਅੰਗ ਮੀਆਂ ।

ੲ) ਏਥੇ ਆਇਆਂ ਨੂੰ ਦੁਨੀਆਂ ਮੋਹ ਲੈਂਦੀ,

ਦਗੇਬਾਜ਼ ਦਾ ਧਾਰ ਕੇ ਭੇਸ ਮੀਆਂ ।

ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ,

ਸਦਾ ਨਹੀਂ ਜੇ ਬਾਲ ਵਰੇਸ ਮੀਆਂ ।

ਸਦਾ ਨਹੀਂ ਜੇ ਦੌਲਤਾਂ ਫੀਲ ਘੋੜੇ,

ਸਦਾ ਨਹੀਂ ਜੇ ਰਾਜਿਆਂ ਦੇਸ ਮੀਆਂ ।

ਸ਼ਾਹ ਮੁਹੰਮਦਾ ਸਦਾ ਨਾ ਰੂਪ ਦੁਨੀਆਂ,

ਸਦਾ ਰਹਿਣ ਨਾ ਕਾਲੜੇ ਕੇਸ ਮੀਆਂ । (2)

ਇਹ ਜੱਗ ਸਰਾਇ ਮੁਸਾਫ਼ਰਾਂ ਦੀ,

ਏਥੇ ਜ਼ੋਰ ਵਾਲੇ ਕਈ ਆਇ ਗਏ ।

ਸ਼ਾਹ ਮੁਹੰਮਦਾ ਓਸ ਤੋਂ ਸਦਾ ਡਰੀਏ, (4)

ਬਾਦਸ਼ਾਹਾਂ ਤੋਂ ਭੀਖ ਮੰਗਾਂਵਦਾ ਈ । (1)

ਇਕ ਲੱਖ ਬੇਟਾ ਸਵਾ ਲੱਖ ਪੋਤਾ,

ਰਾਵਣ ਮਾਰਿਆ ਘਰ ਦੇ ਭੇਤ ਮੀਆਂ । (55)

ਸ਼ਾਹ ਮੁਹੰਮਦ ਦੀ ਭਾਸ਼ਾ ਦੀ ਸਸ਼ਕਤਤਾਗਤ ਵਿਸ਼ਿਸ਼ਟਤਾ ਉਸ ਦੀ ਨਿਪੁੰਨ ਮੁਹਾਵਰੇਬਾਜ਼ੀ ਹੈ । ਸ਼ਾਹ ਮੁਹੰਮਦ ਨੇ ਜੰਗਨਾਮੇ ਵਿਚ ਮੁਹਾਵਰਿਆਂ ਦੀ ਖੁਲ੍ਹੀ ਵਰਤੋਂ ਕੀਤੀ ਹੈ, ਜਿਸ ਨਾਲ ਰਚਨਾ ਹੋਰ ਵੀ ਪ੍ਰਭਾਵਸ਼ਾਲੀ ਬਣ ਗਈ ਹੈ, ਜਿਵੇਂ ਜਾਨ ਵਾਰਨਾ, ਦੰਦ ਖੱਟੇ ਕਰਨਾ, ਬੀੜਾ ਚੁੱਕਣਾ, ਕਚੀਚੀ ਖਾਣਾ, ਦਾਵਾ ਬੰਨ੍ਹਣਾ, ਆਸ ਦਾ ਰੱਸਾ ਵੱਢਣਾ, ਅਕਲ ਦੇ ਪੇਚ ਪਾਉਣਾ, ਸੁੱਤੀਆਂ ਕਲਾਂ ਜਗਾਉਣੀਆਂ, ਨਿੰਬੂਆਂ ਵਾਂਗ ਨਿਚੋੜਨਾ, ਹੱਥ ਧੋ ਕੇ ਮਗਰ ਪੈਣਾ, ਸਫਾਂ ਵਲ੍ਹੇਟ ਲੈਣਾ, ਵਣਜਾਰਿਆਂ ਵਾਂਗ ਫੇਰੀ ਪਾਉਣਾ, ਕੂੜ ਦੇ ਵਾਜੇ ਵਜਾਉਣਾ, ਨਾਂ ਦਾ ਸਿੱਕਾ ਚਲਾਉਣਾ, ਸ੍ਵਾਸ ਪੂਰੇ ਹੋਣਾ, ਮੌਤ ਦਾ ਸਸਤੀ ਹੋਣਾ, ਕਾਲਵੱਸ ਹੋਣਾ, ਹੁਕਮ ਵਜਾਉਣਾ, ਵਹੀਰ ਘੱਤਣਾ, ਦਿਲਬਰੀ ਕਰਨਾ, ਦਲੇਰੀ ਦੇਣਾ, ਗਲੋਂ ਬਲਾ ਲਾਹੁਣਾ, ਬਾਜ਼ੀ ਲੈਣਾ, ਵਾਸਤੇ ਪਾਉਣਾ, ਤੇਗ਼ਾਂ ਮਾਰਨਾ, ਜਾਨਾਂ ਪਿਆਰੀਆਂ ਕਰਨਾ, ਕਿਸੇ ਦੇ ਪਾਣੀਹਾਰ ਹੋਣਾ, ਖਾਤਰ ਹੇਠ ਲਿਆਉਣਾ, ਜਾਮੇ ਵਿਚ ਨਾ ਸਮਾਉਣਾ, ਅੰਧੇਰ ਪਾਉਣਾ, ਸਿਰ ਤੇ ਕੁੰਡਾ ਹੋਣਾ, ਸ਼ੁਤਰ ਵਾਂਗ ਬੇਮੁਹਾਰ ਹੋਣਾ, ਵੈਣ ਪਾਉਣਾ, ਗਰਬ ਤੋੜਨਾ, ਸਿਰ ਦੀ ਬਾਜ਼ੀ ਲਾਉਣਾ, ਬਣਤ ਬਣਾਉਣਾ, ਘਾਣ ਲਾਹੁਣਾ, ਪੇਟੇ ਪੈਣਾ, ਕਮਰਾਂ ਕੱਸਣੀਆਂ, ਪਾਜ ਖੋਲ੍ਹਣਾ, ਪੱਗਾਂ-ਦਾੜ੍ਹੀਆਂ ਦੀ ਲਾਜ ਰੱਖਣਾ, ਪੂਰੀਆਂ ਪਾਉਣਾ, ਜੁੰਡੀਆਂ ਖੁਹਾਉਣਾ, ਮੱਥਾ ਡਾਹੁਣਾ, ਗਲੋਂ ਤਗਾਦੜੀ ਲਾਹੁਣਾ, ਛੇੜ ਛੇੜਨਾ, ਮਜ਼ਾ ਚੱਖਣਾ, ਟੋਟੇ ਹੋਣਾ, ਖੂਹ-ਖਾਤੇ ਵਿਚ ਘੱਤਣਾ, ਪਾਰ ਉਤਰਨਾ, ਬਣਤ ਬਣਾਵਣਾ, ਭਾਜੜਾਂ ਪੈਣੀਆਂ, ਗੰਜ ਲਾਹੁਣੇ, ਕੰਡ ਦੇਣਾ, ਝੰਡ ਰੁਲਣਾ, ਹਰਨ ਹੋਣਾ, ਰੱਤ ਚੱਖਣੀ, ਜਾਨ ਦਾ ਸਰਫਾ ਕਰਨਾ, ਕਚੀਚੀਆਂ ਖਾਣਾ, ਮੰਦੀ ਨਜ਼ਰ ਕਰਨਾ, ਕੂੜ ਦੇ ਵਾਜੇ ਵਜਾਉਣਾ, ਪੈਰ ਥਿੜਕਣਾ, ਕਾਲਾ ਮੂੰਹ ਕਰਨਾ, ਰੱਬ ਦਾ ਵਾਸਤਾ ਪਾਉਣਾ, ਨੱਕ ਵੱਢਣਾ, ਚੂੜੇ ਲੱਥਣਾ, ਵੰਡੀਆਂ ਪਾਉਣਾ, ਚੋਪੜੀ ਪ੍ਰਾਤ ਹੋਣਾ, ਤੇਗ਼ ਦਾ ਧਨੀ ਅਖਵਾਉਣਾ, ਬਾਹੋਂ ਪਕੜ ਲਿਆਉਣਾ, ਅੰਗ ਮੋੜਨਾ, ਕੰਮ ਅਰਾਸਤਾ ਹੋਣਾ, ਮੀਟੀ ਮੁੱਠ ਖੁਲ੍ਹਣਾ, ਮੂੰਹ ਨਾ ਲੱਗਣਾ, ਕੁੰਜੀਆਂ ਹੱਥ ਫੜਾਉਣਾ, ਮੱਥਾ ਜੋੜਨਾ, ਵੰਗਾਂ ਪਾਉਣਾ, ਵਾਰ- ਕੁਵਾਰ ਨਾ ਪੁਛਣਾ, ਆਦਿ ।

ਇਕ ਪ੍ਰੌਢ ਕਵੀ ਦੀ ਭਾਸ਼ਾ ਦਾ ਇਹ ਵੀ ਗੁਣ ਹੁੰਦਾ ਹੈ ਕਿ ਉਹ ਪਾਤਰ, ਪ੍ਰਸੰਗ ਅਤੇ ਭਾਵ ਅਨੁਕੂਲ ਹੋਵੇ । ਬੇਸ਼ਕ ਇਸ ਜੰਗਨਾਮੇ ਵਿਚ ਪਾਤਰਾਂ ਨੂੰ ਆਪਣੇ ਭਾਵ ਵਿਅਕਤ ਕਰਨ ਦਾ ਅਵਸਰ ਵਧੇਰੇ ਨਹੀਂ ਮਿਲ ਸਕਿਆ, ਫਿਰ ਵੀ ਕਵੀ ਨੇ ਉਨ੍ਹਾਂ ਦੀ ਮਨੋਸਥਿਤੀ ਨੂੰ ਸਮਝ ਕੇ ਉਨ੍ਹਾਂ ਦੇ ਜਜ਼ਬੇ ਦੀ ਤਰਜਮਾਨੀ ਬੜੇ ਹੀ ਸਾਰਥਕ ਤੇ ਪ੍ਰਭਾਵਸ਼ਾਲੀ ਸ਼ਬਦਾਂ ਵਿਚ ਬਿਆਨ ਕੀਤੀ ਹੈ । ਭਰਾ ਜਵਾਹਰ ਸਿੰਘ ਦੇ ਕਤਲ ਬਾਅਦ ਰਾਣੀ ਜਿੰਦ ਕੌਰ ਦੇ ਦਿਲੀ ਜਜ਼ਬਾਤ ਸ਼ਾਹ ਮੁਹੰਮਦ ਨੇ ਬਹੁਤ ਹੀ ਮਾਰਮਿਕ ਅਤੇ ਦਿਲਾਂ ਨੂੰ ਟੁੰਬਣ ਵਾਲੇ ਸ਼ਬਦਾਂ ਵਿਚ ਕਲਮਬੰਦ ਕੀਤੇ ਹਨ-

ੳ) ਜੱਟੀ ਹੋਵਾਂ ਤਾਂ ਕਰਾਂ ਪੰਜਾਬ ਰੰਡੀ,

ਸਾਰੇ ਦੇਸ਼ ਦੇ ਵਿਚ ਚਾ ਤੁਰਨ ਵਾਰਾਂ ।

ਛੱਡਾਂ ਨਹੀਂ ਲਾਹੌਰ ਵਿਚ ਵੜਨ ਜੋਗੇ,

ਸਣੇ ਵੱਡਿਆਂ ਅਫਸਰਾਂ ਜਮਾਂਦਾਰਾਂ ।

ਪਏ ਰੁਲਣ ਇਹ ਵਿਚ ਪ੍ਰਦੇਸ ਮੁਰਦੇ,

ਸ਼ਾਹ ਮੁਹੰਮਦਾ ਮਾਰਨੀ ਏਸ ਮਾਰਾਂ । (45)

ਅ) ਜਿਨ੍ਹਾਂ ਮਾਰਿਆ ਕੋਹਿ ਕੇ ਵੀਰ ਮੇਰਾ,

ਮੈਂ ਤਾਂ ਖੋਹਾਂਗੀ ਉਨ੍ਹਾਂ ਦੀਆਂ ਜੁੰਡੀਆਂ ਨੀ ।

ਧਾਕਾਂ ਜਾਣ ਵਲਾਇਤੀਂ ਦੇਸ ਸਾਰੇ,

ਪਾਵਾਂ ਬੱਕਰੇ ਵਾਂਗ ਚਾ ਵੰਡੀਆਂ ਨੀ ।(46)

ਉਸ ਸਮੇਂ ਦੇ ਹਿੰਦੁਸਤਾਨ ਦੇ ਗਵਰਨਰ-ਜਨਰਲ ਲਾਰਡ ਹਾਰਡਿੰਗ (ਟੁੰਡੇ ਲਾਟ) ਦੇ ਮੂੰਹੋਂ ਜੋ ਪੰਜਾਬੀ ਮਿਸ਼ਰਤ ਟੁੱਟੀ-ਫੁੱਟੀ ਹਿੰਦੁਸਤਾਨੀ ਭਾਸ਼ਾ ਬੁਲਵਾਈ ਗਈ ਹੈ, ਉਹ ਵੀ ਬੜੀ ਸਾਰਥਕ ਤੇ ਯਥਾਰਥਕ ਪ੍ਰਤੀਤ ਦਿੰਦੀ ਹੈ-

ਟੁੰਡੇ ਲਾਟ ਨੇ ਚੁੱਕਿਆ ਆਣ ਬੀੜਾ,

ਹਮ ਸੀਖ ਸਿਉਂ ਜਾਇਕੇ ਲੜੇਗਾ ਜੀ।

ਘੰਟੇ ਤੀਨ ਮੇਂ ਜਾ ਲਾਹੌਰ ਮਾਰਾਂ,

ਇਸ ਬਾਤ ਮੇਂ ਫਰਕ ਨਾ ਪੜੇਗਾ ਜੀ।

ਸ਼ਾਹ ਮੁਹੰਮਦਾ ਫੱਗਣੋਂ ਤੇਰ੍ਹਵੀਂ ਨੂੰ,

ਹਮ ਸ਼ਹਿਰ ਲਾਹੌਰ ਵਿਚ ਵੜੇਗਾ ਜੀ । (49)

ਆਪਣੇ ਪਰਮ ਮਿੱਤਰ ਅਤੇ ਸਲਾਹਕਾਰ ਚੇਤ ਸਿੰਘ ਦੇ ਕਤਲ ਉਤੇ ਮਹਾਰਾਜਾ ਖੜਕ ਸਿੰਘ ਨੇ ਜੋ ਬਦਅਸੀਸਾਂ ਭਰੇ ਬੋਲ ਬੋਲੇ ਹਨ, ਇਨ੍ਹਾਂ ਨੂੰ ਸ਼ਾਹ ਮੁਹੰਮਦ ਨੇ ਇਨ੍ਹਾਂ ਸ਼ਬਦਾਂ ਵਿਚ ਦਰਸਾਇਆ ਹੈ—

ਮੇਰੇ ਬੈਠਿਆਂ ਇਨ੍ਹਾਂ ਨੇ ਖੂਨ ਕੀਤਾ,

ਇਹ ਤਾਂ ਗ਼ਰਕ ਜਾਵੇ ਦਰਬਾਰ ਮੀਆਂ ।

ਪਿਛੇ ਸਾਡੇ ਭੀ ਕੌਰ ਨਾ ਰਾਜ ਕਰਸੀ,

ਐਸੀ ਮਾਰਾਂਗੇ ਏਸ ਨੂੰ ਮਾਰ ਮੀਆਂ । (7)

ਸ਼ਾਹ ਮੁਹੰਮਦ ਦਾ ਸ਼ਬਦ-ਭੰਡਾਰ ਬੜਾ ਵਿਸ਼ਾਲ ਹੈ । ਉਸ ਨੇ ਵਾਹ ਲੱਗਦੇ ਇਕ ਵਿਸ਼ੇਸ਼ ਸ਼ਬਦ ਜਾਂ ਮੁਹਾਵਰੇ ਨੂੰ ਦੋਹਰਾਇਆ ਨਹੀਂ, ਸਗੋਂ ਵੱਖ-ਵੱਖ ਭਾਸ਼ਾਵਾਂ ਦੇ ਵੰਨ-ਸੁਵੰਨੇ ਸ਼ਬਦਾਂ ਅਤੇ ਮੁਹਾਵਰਿਆਂ ਨੂੰ ਇਕ ਕੁਸ਼ਲ ਕਾਰੀਗਰ ਵਾਂਗ ਜੰਗਨਾਮੇ ਰੂਪੀ ਹਾਰ ਵਿਚ ਸੁੱਚੇ ਮੋਤੀਆਂ ਵਾਂਗ ਪਿਰੋਇਆ ਹੈ । ਮਿਸਾਲ ਵਜੋਂ ਇਕ ਥਾਵੇਂ ਕਵੀ ਦੋ ਸਤਰਾਂ ਵਿਚ ‘ਸ਼ਰਾਬ’ ਲਈ ਚਾਰ ਭਿੰਨ-ਭਿੰਨ ਸ਼ਬਦਾਂ- ਦਾਰੂ, ਕੈਫ਼, ਖ਼ੁਮਾਰ ਤੇ ਸ਼ਰਾਬ ਦਾ ਪ੍ਰਯੋਗ ਕਰਦਾ ਹੈ, ਜੋ ਉਸਦੇ ਸਮਰੱਥ ਭਾਸ਼ਾ ਪਾਰਖੂ ਹੋਣ ਨੂੰ ਪ੍ਰਮਾਣਤ ਕਰਦਾ ਹੈ—

ਦਾਰੂ ਵੰਡਿਆ ਸੂਰਿਆਂ ਜੰਗੀਆਂ ਨੂੰ,

ਦੋ ਦੋ ਬੋਤਲਾਂ ਕੈਫ਼ ਖ਼ੁਮਾਰ ਮੀਆਂ।

ਸ਼ਾਹ ਮੁਹੰਮਦਾ ਪੀ ਸ਼ਰਾਬ ਗੋਰੇ,

ਹੋਏ ਜੰਗ ਨੂੰ ਤੁਰਤ ਤਿਆਰ ਮੀਆਂ ।(67)

ਬਿਰਤਾਂਤਕ ਕਾਵਿ ਵਿਚ ਪਾਠਕ ਦੀ ਉਤਸੁਕਤਾ ਦਾ ਵੀ ਵਿਸ਼ੇਸ਼ ਖਿਆਲ ਰੱਖਿਆ ਜਾਂਦਾ ਹੈ, ਜੋ ਕਿ ਕਾਵਿ ਨੂੰ ਮੰਤਰ-ਮੁਗਧ ਹੋ ਕੇ ਪੜ੍ਹਨ-ਸੁਣਨ ਦਾ ਮਾਹੌਲ ਪ੍ਰਦਾਨ ਕਰਦੀ ਹੈ। ਜਿਸ ਰਚਨਾ ਵਿਚ ਇਸ ਪੱਖੋਂ ਕਚਿਆਈ ਹੈ, ਉਹ ਕਦੇ ਵੀ ਪਾਠਕਾਂ ਵਿੱਚ ਹਰਮਨ-ਪਿਆਰਤਾ ਹਾਸਲ ਨਹੀਂ ਕਰ ਸਕਦੀ । ਪ੍ਰਸਿੱਧ ਆਲੋਚਕ ਈ. ਐਮ. ਫਾਰਸਟਰ ਅਨੁਸਾਰ ਰਚਨਾ ਦੇ ਅੰਤ ਤੀਕ ‘ਫੇਰ ਕੀ ਹੋਇਆ ?’ ਦੀ ਜਗਿਆਸਾ ਨਾਲ ਹੀ ਪਲਾਟ ਦੀ ਰੌਚਕਤਾ ਕਾਇਮ ਰੱਖੀ ਜਾ ਸਕਦੀ ਹੈ ।

(E. M. Forster, Aspects of the Novel, London, 1960, p. 83)

ਸ਼ਾਹ ਮੁਹੰਮਦ ਦਾ ਜੰਗਨਾਮਾ ਇਸ ਪੱਖ ਤੋਂ ਇਕ ਸਫ਼ਲ ਸਾਹਿਤਕ ਕਿਰਤ ਹੈ। ਪੂਰੇ ਪਾਠ ਦੌਰਾਨ ਪਾਠਕ ‘ਅੱਗੋਂ ਕੀ ਹੋਇਆ’ ਜਾਣਨ ਦੀ ਜਗਿਆਸਾ ਰੱਖਦਾ ਹੋਇਆ ਪੂਰੀ ਰੁਚੀ ਨਾਲ ਅਗਲੇ ਤੋਂ ਅਗਲਾ ਬੰਦ ਪੜ੍ਹਦਾ ਚਲਿਆ ਜਾਂਦਾ ਹੈ। ਇਸ ਰੁਚੀ ਦਾ ਇਕ ਕਾਰਨ ਇਹ ਵੀ ਹੈ ਕਿ ਜਿਥੇ ਰਵਾਇਤੀ ਕਿੱਸਾਕਾਰਾਂ ਵਲੋਂ ਆਪਣੀਆਂ ਰਚਨਾਵਾਂ ਵਿਚ ਰਵਾਇਤੀ ਕਿੱਸੇ ਕਹਾਣੀਆਂ- ਹੀਰ ਰਾਂਝਾ, ਸੱਸੀ ਪੁੰਨੂੰ, ਲੈਲਾ ਮਜਨੂੰ, ਸ਼ੀਰੀਂ ਫਰਿਹਾਦ, ਸੋਹਣੀ ਮਹੀਂਵਾਲ, ਰੂਪ ਬਸੰਤ, ਪੂਰਨ ਭਗਤ ਆਦਿ ਨੂੰ ਹੀ ਮੁੜ-ਮੁੜ ਆਪਣੀ ਰਚਨਾ ਦਾ ਆਧਾਰ ਬਣਾਇਆ ਜਾਂਦਾ ਰਿਹਾ, ਉਥੇ ਸ਼ਾਹ ਮੁਹੰਮਦ ਨੇ ਇਕ ਨਵੀਂ ਲੀਹ ਪਾਈ ਅਤੇ ਬਿਲਕੁਲ ਵੱਖਰੀ ਕਿਸਮ ਦੀ ਅਤੇ ਅਛੂਤੀ ਘਟਨਾ ਨੂੰ ਵਿਸ਼ੇ ਵਜੋਂ ਲਿਆ । ਪੰਜਾਬੀ ਕਿੱਸਾਕਾਰਾਂ ਦੀ ਦੁਹਰਾਓ-ਮੂਲਕ ਪ੍ਰਵਿਰਤੀ ਦੇ ਸਬੰਧ ਪ੍ਰੋ. ਵਿਚ ਸੰਤ ਸਿੰਘ ਸੇਖੋਂ ਦਾ ਵਿਚਾਰ ਹੈ ਕਿ “ਲੋਕ ਕਰੀਏਟਿਵ ਉਦੋਂ ਹੁੰਦੇ ਹਨ ਜਦੋਂ ਪਦਾਰਥਕ ਜਗਤ ਵਿਚ ਵਧੇਰੇ ਕਰੀਏਟਿਵੀਟੀ ਹੁੰਦੀ ਹੈ। ਪਿਛਲੇ ਫਿਊਡਲ ਜਗਤ ਵਿਚ ਆਰਥਕ ਪਰਿਸਥਿਤੀਆਂ ਪੰਜ ਹਜ਼ਾਰ ਸਾਲ ਤੋਂ ਉਹੋ ਹੀ ਲਗਾਤਾਰ ਹੁੰਦੀਆਂ ਆ ਰਹੀਆਂ ਹਨ, ਕੋਈ ਨਵੀਂ ਆਰਥਿਕ ਚੇਤਨਾ ਸਾਹਮਣੇ ਨਹੀਂ ਆਈ । ਉਸ ਵੇਲੇ ਸਾਹਿਤਕਾਰ ਆਮ ਕਰਕੇ ਰੈਪੀਟੇਟਿਵ ਹੀ ਸਨ।”

(ਸਾਹਿਤ ਅਧਿਐਨ ਪ੍ਰਣਾਲੀਆਂ, ਸੰਪਾ: ਡਾ. ਕਰਨੈਲ ਸਿੰਘ ਥਿੰਦ, ਪੰਨਾ 263) ਅਜੇਹੀ ਅਵਸਥਾ ਵਿਚ ਸ਼ਾਹ ਮੁਹੰਮਦ ਵਲੋਂ ਬਿਲਕੁਲ ਇਕ ਨਵਾਂ ਵਿਸ਼ਾ ਹੱਥ ਵਿਚ ਲੈ ਕੇ, ਉਸ ਨੂੰ ਵੱਖ-ਵੱਖ ਕਾਵਿ-ਜੁਗਤਾਂ ਨਾਲ ਪੰਜਾਬੀ ਸਾਹਿਤ ਦੀ ਇਕ ਮਿਆਰੀ ਰਚਨਾ ਬਨਾਉਣਾ, ਨਿਰਸੰਦੇਹ ਇਕ ਸ਼ਲਾਘਾਯੋਗ ਕਾਰਜ ਹੈ।

ਕਵਿ-ਨਿਆਂ (Poetic Justice)

ਇਕ ਸੱਚਾ ਸ਼ਾਇਰ ਹਮੇਸ਼ਾਂ ਸਚਾਈ ਦਾ ਪੱਖ ਪੂਰਦਾ ਹੈ । ਉਸਦੀ ਰਚਨਾ ਸਮੇਂ ਦਾ ਸੱਚ, ਸਮੇਂ ਦਾ ਆਈਨਾ ਹੁੰਦੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਨੇ ਸੈਦਪੁਰ (ਏਮਨਾਬਾਦ) ਵਿਖੇ ਬਾਬਰ ਦੇ ਹਮਲੇ ਦੀ ਪੇਸ਼ੀਨਗੋਈ ਕਰਦੇ ਹੋਏ ਫ਼ੁਰਮਾਇਆ ਸੀ- ਸਚ ਕੀ ਬਾਣੀ ਨਾਨਕੁ ਆਖੈ ਸਚੁ-ਸੁਣਾਇਸੀ ਸਚ ਕੀ ਬੇਲਾ ॥ (ਪੰਨਾ 722) ਜੋ ਵੇਲਾ-ਵਖਤ ਵਿਚਾਰ ਕੇ ਜਾਂ ਸੱਚ ਦੀ ਲੀਹ ਤੋਂ ਪਰ੍ਹੇ ਹਟ ਕੇ ਗੱਲ ਕਰਦਾ ਹੈ, ਉਸ ਨੂੰ ਸਹੀ ਅਰਥਾਂ ਵਿਚ ਸ਼ਾਇਰ ਜਾਂ ਕਵੀ ਬਿਲਕੁਲ ਨਹੀਂ ਕਿਹਾ ਜਾ ਸਕਦਾ । ਸਾਹਿਤਕ ਜਾਂ ਕਾਵਿਕ ਨਿਆਂ ਉਸ ਤੋਂ ਮੰਗ ਕਰਦਾ ਹੈ ਕਿ ਜੇਕਰ ਉਹ ਨਾਇਕ ਦੀ ਸਖ਼ਸ਼ੀਅਤ ਨੂੰ ਮਹਾਨ ਦੱਸ ਰਿਹਾ ਹੈ ਤਾਂ ਪ੍ਰਤੀਨਾਇਕ ਦੀ ਸਿਫ਼ਤ ਵੀ ਉਸਦੇ ਗੁਣਾਂ ਮੁਤਾਬਿਕ ਆਵੱਸ਼ ਕਰੇ । ਉਸ ਵਲੋਂ ਨਾਇਕ ਜਾਂ ਪ੍ਰਤੀਨਾਇਕ ਦੀ ਕੀਤੀ ਜਾ ਰਹੀ ਸਿਫ਼ਤ ਦਾ ਬਿਆਨ ਸਾਵਾਂ ਅਤੇ ਤੁਲਨਾਤਮਕ ਹੋਣਾ ਚਾਹੀਦਾ ਹੈ । ਇਕ ਸੱਚਾ ਜਾਂ ਸਿੱਧ-ਹਸਤ ਕਵੀ ਕਦੀ ਵੀ ਸੱਚ ਨੂੰ ਨਜ਼ਰਅੰਦਾਜ਼ ਨਹੀਂ ਕਰਦਾ, ਨਾ ਹੀ ਭਾਵੁਕ ਹੋ ਕੇ ਜਾਂ ਭਾਵਨਾ ਦੇ ਵਹਿਣ ਵਿਚ ਵਹਿ ਕੇ ਕੋਈ ਉਲਾਰ ਗੱਲ ਹੀ ਕਰਦਾ ਹੈ । ਇਸ ਪੱਖ ਤੋਂ ਸ਼ਾਹ ਮੁਹੰਮਦ ਪੂਰੀ ਤਰ੍ਹਾਂ ਸਫ਼ਲ ਹੈ। ਪੂਰੇ ਕਿੱਸੇ ਦੌਰਾਨ ਉਸ ਨੇ ਆਪਣੀਆਂ ਭਾਵਨਾਵਾਂ ਅਤੇ ਜਜ਼ਬਿਆਂ ਉਤੇ ਪੂਰੀ ਤਰ੍ਹਾਂ ਕਾਬੂ ਰੱਖਿਆ ਹੈ । ਜਿਥੇ ਉਸ ਨੇ ਸਿੱਖ ਸਰਦਾਰਾਂ ਦੀ ਬੀਰਤਾ ਦੇ ਸੋਹਲੇ ਗਾਏ ਹਨ, ਉਥੇ ਉਨ੍ਹਾਂ ਦੇ ਆਚਾਰ, ਵਿਵਹਾਰ ਅਤੇ ਕਿਰਦਾਰ ਵਿਚ ਆਏ ਦੋਸ਼ਾਂ ਵੱਲ ਵੀ ਸਪਸ਼ਟ ਉਂਗਲ ਕੀਤੀ ਹੈ। ਉਸ ਨੇ ਜਿਥੇ ਚੰਗਾ ਕੰਮ ਕਰਨ ਵਾਲੇ ਵਿਅਕਤੀਆਂ ਦੀ ਪ੍ਰਸੰਸਾ ਕੀਤੀ ਹੈ, ਉਥੇ ਗਲਤ ਰਾਹ ‘ਤੇ ਚੱਲਣ ਵਾਲਿਆਂ ਦੇ ਪਾਜ ਅਤੇ ਦੋਗਲੇਪਨ ਨੂੰ ਵੀ ਖੂਬ ਉਘਾੜਿਆ ਹੈ ਅਤੇ ਵਿਅੰਗ ਕੱਸੇ ਹਨ।

ਸ਼ਾਹ ਮੁਹੰਮਦ ਨੇ ਖ਼ਾਲਸਾ ਫੌਜ ਅਤੇ ਅੰਗਰੇਜ਼ੀ ਫੌਜ ਦਾ ਬਹੁਤ ਹੀ ਤੁਲਨਾਤਮਕ ਅਧਿਐਨ ਇਸ ਜੰਗਨਾਮੇ ਵਿਚ ਪੇਸ਼ ਕੀਤਾ ਹੈ। ਪੂਰੀ ਤਰ੍ਹਾਂ ਫੌਜੀ ਤਿਆਰੀ ਕਰਕੇ ਜੰਗ ਦੇ ਮੈਦਾਨ ਵੱਲ ਜਾ ਰਹੀ ਖ਼ਾਲਸਾ ਫੌਜ ਦੀਆਂ ਸਿਫ਼ਤਾਂ ਕਰਦਾ ਹੋਇਆ ਕਵੀ ਲਿਖਦਾ ਹੈ—

ੳ) ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ,

ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ।

ਚੜ੍ਹੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ,

ਜੈਸੇ ਬੇਲਿਓਂ ਨਿਕਲਦੇ ਸ਼ੇਰ ਮੀਆਂ।

ਚੜ੍ਹੇ ਸਭ ਮਝੈਲ ਦੁਆਬੀਏ ਜੀ,

ਜਿਨ੍ਹਾਂ ਕਿਲ੍ਹੇ ਨਿਵਾਏ ਨੀ ਢੇਰ ਮੀਆਂ ।…(58)

ਅ) ਸ਼ਾਮ ਸਿੰਘ ਸਰਦਾਰ ਨੇ ਕੂਚ ਕੀਤਾ,

ਜੱਲ੍ਹੇਵਾਲੀਏ ਬਣਤ ਬਣਾਂਵਦੇ ਨੀ।

ਆਏ ਹੋਰ ਪਹਾੜ ਦੇ ਸਭ ਰਾਜੇ,

ਜਿਹੜੇ ਤੇਗ਼ ਦੇ ਧਨੀ ਕਹਾਂਵਦੇ ਨੀ ।

ਸ਼ਾਹ ਮੁਹੰਮਦਾ ਚੜ੍ਹੀ ਅਕਾਲ ਰਜਮੰਟ,

ਖੰਡੇ ਸਾਰ ਦੇ ਸਿਕਲ ਕਰਾਂਵਦੇ ਨੀ। (59)

ਕਵੀ ਖ਼ਾਲਸਾ ਫੌਜ ਦੇ ਸਾਹਵੇਂ ਅੰਗਰੇਜ਼ੀ ਫੌਜ ਨੂੰ ਵੀ ਮੁਕਾਬਲੇ ਦੀ ਸਮਝਦਾ ਹੋਇਆ, ਉਨ੍ਹਾਂ ਦੀ ਬਰਾਬਰ ਸਿਫ਼ਤ-ਸਲਾਹੁਤਾ ਕਰਦਾ ਹੈ

ੳ) ਅੱਗੇ ਤੋਪਾਂ ਦੇ ਧਨੀ ਭੀ ਹੈਨ ਗੋਰੇ,

ਵੰਗਾਂ ਪਹਿਨ  ਖਲੋਤੀਆਂ ਨਹੀਂ  ਕੁੜੀਆਂ ।….(61)

ਅ) ਮੁੜ ਕੇ ਫੇਰ ਫ਼ਿਰੰਗੀਆਂ ਜ਼ੋਰ ਕੀਤਾ,

ਲਾਟਾਂਦਾਰ ਗੋਲੇ ਜਦੋਂ ਆਣ ਛੁੱਟੇ।

ਉਡੀ ਰਾਲ ਤੇ ਚਾਦਰਾਂ ਕੜਕੀਆਂ ਨੀ,

ਕੌਰਵ ਪਾਂਡਵਾਂ ਦੇ ਜੈਸੇ ਬਾਣ ਛੁੱਟੇ।

ਜਦੋਂ ਡਿੱਠੇ ਨੀ ਹੱਥ ਫ਼ਿਰੰਗੀਆਂ ਦੇ,

ਉਥੋਂ ਕਈਆਂ ਦੇ ਆਣ ਪ੍ਰਾਣ ਛੁੱਟੇ।

ਸ਼ਾਹ ਮੁਹੰਮਦਾ ਇਕ ਸੌ ਤੇਈ ਤੋਪਾਂ,

ਤੋਸ਼ੇਖਾਨੇ ਫ਼ਿਰੰਗੀਆਂ ਆਣ ਲੁੱਟੇ । (76)

ਲੜਾਈ ਦੇ ਮੈਦਾਨ ਵਿਚ ਖ਼ਾਲਸਾ ਫੌਜ ਨੇ ਖ਼ੂਬ ਹੱਥ ਵਿਖਾਏ, ਗੋਰਾ ਫੌਜ ਨੂੰ ਇਕ ਵੇਰ ਤਾਂ ਨਾਨੀ ਯਾਦ ਕਰਾ ਦਿੱਤੀ-

ਫੇਰੂ ਸ਼ਹਿਰ ਦੇ ਹੇਠ ਜਾਂ ਖੇਤ ਰੁੱਧੇ,

ਤੋਪਾਂ ਚੱਲੀਆਂ ਨੀ ਵਾਂਗ ਤੋੜਿਆਂ ਦੇ।

ਸਿੰਘ ਸੂਰਮੇ ਆਣ ਮੈਦਾਨ ਲੱਥੇ,

ਗੰਜ ਲਾਹ ਸੁੱਟੇ ਉਹਨਾਂ ਗੋਰਿਆਂ ਦੇ ।… (71)

ਮੁਕਾਬਲੇ ਉਤੇ ਅੰਗਰੇਜ਼ ਕਿਹੜਾ ਘੱਟ ਸਨ, ਉਨ੍ਹਾਂ ਵੀ ਪੂਰੀ ਬਹਾਦਰੀ ਨਾਲ ਸਿੰਘਾਂ ਦਾ ਟਾਕਰਾ ਕੀਤਾ-

ਹੋਇਆ ਹੁਕਮ ਅੰਗਰੇਜ਼ ਦਾ ਤੁਰਤ ਜਲਦੀ,

ਤੋਪਾਂ ਮਾਰੀਆਂ ਨੀਰ ਦੇ ਆਏ ਪੱਲੇ ।

ਫੂਕ ਸੁੱਟੀਆਂ ਸਾਰੀਆਂ ਮੈਗਜ਼ੀਨਾਂ,

ਸਿੰਘ ਉਠ ਕੇ ਪੱਤਰਾ ਹੋਏ ਚਲੇ।

ਛੌਲਦਾਰੀਆਂ ਤੰਬੂਆਂ ਛੱਡ ਦੌੜੇ,

ਕੋਈ ਚੀਜ਼ ਲਈ ਨਹੀਂ ਮੂਲ ਪੱਲੇ ।

ਓੜਕ ਲਿਆ ਮੈਦਾਨ ਫ਼ਿਰੰਗੀਆਂ ਨੇ,

ਸ਼ਾਹ ਮੁਹੰਮਦਾ ਰਣੋਂ ਨਹੀਂ ਮੂਲ ਹੱਲੇ। (73)

ਅੰਗਰੇਜ਼ਾਂ ਨੂੰ ਉਪ੍ਰੋਕਤ ਜਿੱਤ ਕੋਈ ਸੌਖਿਆਂ ਨਹੀਂ ਸੀ ਮਿਲ ਗਈ, ਬਲਕਿ ਇਸ ਲਈ ਉਨ੍ਹਾਂ ਨੂੰ ਖ਼ਾਲਸਾ ਫੌਜ ਦੇ ਹੱਥੋਂ ਭਾਰੀ ਨੁਕਸਾਨ ਉਠਾਉਣਾ ਪਿਆ ਸੀ-

ਓਧਰ ਆਪ ਫਿਰੰਗੀ ਨੂੰ ਭਾਂਜ ਆਈ,

ਦੌੜੇ ਜਾਣ ਗੋਰੇ ਦਿੱਤੀ ਕੰਡ ਮੀਆਂ ।

ਚੱਲੇ ਤੋਪਖਾਨੇ ਸਾਰੇ ਗੋਰਿਆਂ ਦੇ,

ਮਗਰ ਹੋਈ ਬੰਦੂਕਾਂ ਦੀ ਫੰਡ ਮੀਆਂ।

ਕਿਨ੍ਹੇ ਜਾਇ ਕੇ ਲਿਆਇ ਕੇ ਖ਼ਬਰ ਦਿੱਤੀ,

ਲੰਦਨ ਹੋਇ ਬੈਠੀ ਤੇਰੀ ਰੰਡ ਮੀਆਂ।

ਸ਼ਾਹ ਮੁਹੰਮਦਾ ਦੇਖ ਮੈਦਾਨ ਜਾ ਕੇ,

ਰੁਲਦੀ ਗੋਰਿਆਂ ਦੀ ਪਈ ਝੰਡ ਮੀਆਂ । (74)

ਦੋਵੇਂ ਫੌਜਾਂ ਇਕ ਦੂਜੇ ਤੋਂ ਚੜ੍ਹ ਕੇ ਸਨ, ਕਦੀ ਇਕ ਧਿਰ ਦਾ ਪੱਲੜਾ ਭਾਰੀ ਹੋ ਜਾਂਦਾ ਅਤੇ ਕਦੀ ਦੂਜੀ ਧਿਰ ਹਾਵੀ ਹੋ ਜਾਂਦੀ । ਸ਼ਾਹ ਮੁਹੰਮਦ ਲਿਖਦਾ ਹੈ ਕਿ ਜੇਕਰ ਪਹਾੜਾ ਸਿੰਘ ਗੱਦਾਰੀ ਨਾ ਕਰਦਾ ਅਤੇ ਸਾਰੇ ਭੇਤ ਅੰਗਰੇਜ਼ਾਂ ਨੂੰ ਜਾ ਕੇ ਨਾ ਦੱਸਦਾ ਤਾਂ ਕਦੀ ਵੀ ਖ਼ਾਲਸਾ ਫੌਜ ਦੀ ਹਾਰ ਨਹੀਂ ਸੀ ਹੋ ਸਕਦੀ-

ਪਹਾੜਾ ਸਿੰਘ ਸੀ ਯਾਰ ਫ਼ਿਰੰਗੀਆਂ ਦਾ,

ਸਿੰਘਾਂ ਨਾਲ ਸੀ ਓਸ ਦੀ ਗੈਰਸਾਲੀ ।

ਉਹ ਤਾਂ ਭੱਜ ਕੇ ਲਾਟ ਨੂੰ ਜਾਇ ਮਿਲਿਆ,

ਗੱਲ ਜਾਇ ਦੱਸੀ ਸਾਰੀ ਭੇਤ ਵਾਲੀ ।

ਉਥੋਂ ਹੋ ਗਿਆ ਹਰਨ ਹੈ ਖ਼ਾਲਸਾ ਜੀ,

ਚੌਦਾਂ ਹੱਥ ਦੀ ਮਾਰ ਕੇ ਮਿਰਗ-ਛਾਲੀ ।

ਸ਼ਾਹ ਮੁਹੰਮਦਾ ਸਾਂਭ ਲੈ ਸਿਲ੍ਹੇ-ਖਾਨੇ,

ਛੱਡ ਗਏ ਨੇ ਸਿੰਘ ਮੈਦਾਨ ਖ਼ਾਲੀ । (75)

ਸ਼ਾਹ ਮੁਹੰਮਦ ਯਥਾਰਥ ਨੂੰ ਚਿਤਰਦਾ ਹੋਇਆ, ਪੂਰੀ ਜ਼ਿਮੇਂਵਾਰੀ ਨਾਲ ਆਪਣਾ ਕਵੀ-ਕਰਮ ਨਿਭਾਉਂਦਾ ਹੈ ਅਤੇ ਸਭਰਾਵਾਂ ਦੀ ਜੰਗ ਵਿਚ ਵੀ ਖ਼ਾਲਸੇ ਅਤੇ ਅੰਗਰੇਜ਼ਾਂ ਦੀ ਬਰਾਬਰ ਟੱਕਰ ਵਿਖਾਉਂਦਾ ਹੈ । ਇਸ ਜੰਗ ਦੌਰਾਨ ਸਿੰਘਾਂ ਦੀ ਬਹਾਦਰੀ ਦਾ ਕਾਵਿ ਚਿਤਰਣ ਕਰਦਾ ਹੋਇਆ ਕਵੀ ਲਿਖਦਾ ਹੈ-

ਆਈਆਂ ਪਲਟਨਾਂ ਬੀੜ ਕੇ ਤੋਪਖਾਨੇ,

ਅੱਗੋਂ ਸਿੰਘਾਂ ਨੇ ਪਾਸੜੇ ਤੋੜ ਸੁੱਟੇ ।

ਮੇਵਾ ਸਿੰਘ ਤੇ ਮਾਘੇ ਖਾਂ ਹੋਏ ਸਿੱਧੇ,

ਹੱਲੇ ਤਿੰਨ ਫ਼ਿਰੰਗੀ ਦੇ ਮੋੜ ਸੁੱਟੇ ।

ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ,

ਬੰਨ੍ਹ ਸ਼ਸਤ੍ਰੀ ਜੋੜ-ਵਿਛੋੜ ਸੁੱਟੇ ।

ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,

ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ । (90)

ਓਧਰ ਅੰਗਰੇਜ਼ੀ ਫੌਜ ਨੇ ਵੀ ਸਿੰਘਾਂ ਉਤੇ ਜ਼ੋਰਦਾਰ ਹਮਲਾ ਕੀਤਾ-

ਪਏ ਬਾਵਿਓਂ ਹੋਇ ਕੇ ਫੇਰ ਗੋਰੇ,

ਫਰਾਂਸੀਸ ਤੇ ਜਿਥੇ ਸੀ ਚਾਰ ਯਾਰੀ ।

ਕੁੰਡਲ ਘੱਤਿਆ ਵਾਂਗ ਕਮਾਨ ਗੋਸ਼ੇ,

ਬਣੀ ਆਣ ਸਰਦਾਰਾਂ ਨੂੰ ਬਹੁਤ ਭਾਰੀ ।…. (91)

ਇਕ ਪਾਸੇ ਖ਼ਾਲਸਾ ਫੌਜ ਹੈ ਅਤੇ ਦੂਜੇ ਪਾਸੇ ਅੰਗਰੇਜ਼ੀ ਫੌਜ । ਦੋਨੋਂ ਫੌਜਾਂ ਪੂਰੀ ਤਿਆਰੀ ਵਿਚ ਹਨ, ਪੂਰੇ ਜੋਸ਼ ਵਿਚ ਹਨ, ਮੁਕਾਬਲੇ ਦੀ ਧਿਰ ਦਾ ਟਾਕਰਾ ਕਰਨ ਦੇ ਸਮਰੱਥ ਹਨ। ਸ਼ਾਹ ਮੁਹੰਮਦ ਪੂਰਨ ਨਿਰਪੱਖਤਾ ਦਾ ਸਬੂਤ ਦਿੰਦਾ ਹੋਇਆ ਲਿਖਦਾ ਹੈ-

ਜੰਗ ਹਿੰਦ ਪੰਜਾਬ ਦਾ ਹੋਣ ਲੱਗਾ,

ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ। (92)

ਜੇਕਰ ਦੋਵੇਂ ਫੌਜਾਂ ਬਰਾਬਰ ਦੀਆਂ ਸਨ ਤਾਂ ਖ਼ਾਲਸਾ ਫੌਜ ਹੀ ਕਿਉਂ ਹਾਰੀ ? ਅੰਗਰੇਜ਼ੀ ਫੌਜ ਕਿਉਂ ਨਾ ਹਾਰੀ ? ਇਸਦਾ ਕਾਰਨ ਸ਼ਾਹ ਮੁਹੰਮਦ ਇਹੋ ਦੱਸਦਾ ਹੈ ਕਿ ਖ਼ਾਲਸਾ ਫੌਜ ਮਹਾਰਾਜਾ ਰਣਜੀਤ ਸਿੰਘ ਜਿਹੇ ਦੂਰਅੰਦੇਸ਼ ਸੈਨਾਪਤੀ ਤੋਂ ਹੀਣੀ ਹੋ ਚੁੱਕੀ ਸੀ ਅਤੇ ‘ਸਿਰ ‘ਤੇ ਨਹੀਂ ਕੁੰਡਾ, ਹਾਥੀ ਫਿਰੇ ਲੁੰਡਾ’ ਮੁਹਾਵਰੇ ਮੂਜਬ ਇਕ ਸਰਕਾਰ ਜਾਂ ਇਕ ਸਰਦਾਰ ਬਾਝੋਂ ਖ਼ਾਲਸਾ ਫੌਜ ਇਸ ਲੜਾਈ ਦੌਰਾਨ ਪੂਰੀ ਧਾਂਕ ਜਮਾਉਣ ਦੇ ਬਾਵਜੂਦ ਆਖਰੀ ਪਲਾਂ ‘ਤੇ ਜਾ ਕੇ ਹਾਰ ਗਈ-

ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,

ਜੇੜ੍ਹੀਆਂ ਖ਼ਾਲਸੇ ਨੇ ਤੇਗ਼ਾਂ ਮਾਰੀਆਂ ਨੇ ।….

ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,

ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ।

(92) ਸ਼ਾਹ ਮੁਹੰਮਦ ਦੀ ਸਿਫ਼ਤ ਇਸੇ ਵਿਚ ਹੈ ਕਿ ਉਸ ਨੇ ਆਪਣੀ ਲਿਖਤ ਨੂੰ ਕਿਧਰੇ ਵੀ ਇਕ ਪਾਸੜ ਜਾਂ ਉਲਾਰ ਨਹੀਂ ਹੋਣ ਦਿੱਤਾ, ਜਿਥੇ ਲੋੜ ਪਈ ਹੈ ਖ਼ਾਲਸਾ ਫੌਜ ਦੀ ਸਿਫ਼ਤ ਕੀਤੀ ਹੈ, ਅਤੇ ਜਿਥੇ ਅੰਗਰੇਜ਼ੀ ਫੌਜ ਨੇ ਇਨ੍ਹਾਂ ਨੂੰ ਕਰਾਰੇ ਹੱਥੀਂ ਲਿਆ ਹੈ, ਉਥੇ ਉਨ੍ਹਾਂ ਦੀ ਮਹਿਮਾ ਕਰਨ ਵਿਚ ਵੀ ਪਾਸਾ ਨਹੀਂ ਵੱਟਿਆ। ਇਸ ਸਾਵੀਂ ਸੋਚ ਕਰਕੇ ਹੀ ਸ਼ਾਹ ਮੁਹੰਮਦ ਨੂੰ ਮਹਾਨ ਸਾਹਿਤਕਾਰਾਂ ਵਿਚ ਸ਼ੁਮਾਰ ਕੀਤਾ ਜਾਂਦਾ ਹੈ । ਭਾਵੇਂ ਕੁਝ ਇਤਿਹਾਸਕਾਰਾਂ ਤੇ ਆਲੋਚਕਾਂ ਨੇ ਸ਼ਾਹ ਮੁਹੰਮਦ ਦੀ ਨਿਰਪੱਖਤਾ ਨੂੰ ਉਸਦੀ ਦੇਸ਼-ਭਗਤੀ ਦੇ ਰਾਹ ਦੀ ਰੁਕਾਵਟ ਵੀ ਗਰਦਾਨਿਆ ਹੈ, ਲੇਕਿਨ ਕੁਝ ਨੇ ਸਚਾਈ ਦਾ ਪੱਲਾ ਪਕੜੀ ਰੱਖਣ ਕਾਰਨ ਉਸਦੀ ਭਰਪੂਰ ਸ਼ਲਾਘਾ ਵੀ ਕੀਤੀ ਹੈ ਅਤੇ ਨਿਰਪੱਖ ਤੇ ਯਥਾਰਥਕ ਬਿਆਨ ਨੂੰ ਹੀ ਸੱਚੀ ਦੇਸ਼- ਭਗਤੀ ਕਿਹਾ ਹੈ । ਕਿਉਂਕਿ ਜੋ ਹਮੇਸ਼ਾਂ ਤੁਹਾਡੀਆਂ ਸਿਫ਼ਤਾਂ ਹੀ ਕਰੀ ਜਾਂਦਾ ਹੈ ਅਤੇ ਅਵਗੁਣਾਂ ਜਾਂ ਕਮਜ਼ੋਰੀਆਂ ‘ਤੇ ਵੀ ਜਾਣ ਬੁੱਝ ਕੇ ਪਰਦਾਪੋਸ਼ੀ ਕਰਦਾ ਹੈ, ਉਹ ਤੁਹਾਡਾ ਦੋਸਤ ਨਹੀਂ, ਬਲਕਿ ਦੋਸਤ ਦੇ ਨਕਾਬ ਵਿਚ ਤੁਹਾਡਾ ਦੁਸ਼ਮਣ ਹੈ । ਸੱਚਾ ਦੋਸਤ ਤੁਹਾਨੂੰ ਤੁਹਾਡੀਆਂ ਕਮਜ਼ੋਰੀਆਂ ਤੋਂ ਸੁਚੇਤ ਕਰਾ ਕੇ ਤੁਹਾਨੂੰ ਹਰ ਪੱਖ ਤੋਂ ਸਮਰੱਥ ਇਨਸਾਨ ਵੇਖਣ ਦਾ ਇਛੁਕ ਹੁੰਦਾ ਹੈ । ਇੰਜ ਹੀ ਦੇਸ ਦਾ ਸੱਚਾ ਤੇ ਹਮਦਰਦ ਕਵੀ ਕੌਮ ਨੂੰ ਉਸਦੀਆਂ ਕਮਜ਼ੋਰੀਆਂ ਤੋਂ ਖ਼ਬਰਦਾਰ ਕਰਨਾ ਆਪਣਾ ਪਰਮ ਧਰਮ ਸਮਝਿਆ ਕਰਦਾ ਹੈ । ਇਸ ਦ੍ਰਿਸ਼ਟੀ ਤੋਂ ਸ਼ਾਹ ਮੁਹੰਮਦ ਇਕ ਸੱਚਾ ਦੇਸ਼-ਭਗਤ ਕਵੀ ਹੋ ਨਿੱਬੜਿਆ ਹੈ ਜੋ ਸਿੱਖ ਕੌਮ ਨੂੰ ਉਸਦੇ ਗੱਦਾਰਾਂ ਅਤੇ ਸਰਦਾਰਾਂ ਦੀ ਆਪਸੀ ਖਿੱਚ-ਧੂਹ ਕਾਰਨ ਹੋਈਆਂ ਹਾਰਾਂ ਦੇ ਆਲਮ ਵਿਚੋਂ ਕੱਢ ਕੇ ਮੁੜ ਉਨ੍ਹਾਂ ਦਾ ਗੌਰਵ ਬਹਾਲ ਹੁੰਦਾ ਵੇਖਣ ਦਾ ਚਾਹਵਾਨ ਹੈ ਅਤੇ ਲਹੂ ਦੇ ਅੱਥਰੂ ਕੇਰਦਾ ਹੋਇਆ ਆਖ ਰਿਹਾ ਹੈ ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,

ਸਿਰ ਦੋਹਾਂ ਦੇ ਉਤੇ ਆਫ਼ਾਤ ਆਈ।

ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ,

ਕਦੀ ਨਹੀਂ ਸੀ ਤੀਸਰੀ ਜ਼ਾਤ ਆਈ । (3)

ਜੰਗਨਾਮੇ ਦੇ ਅੰਤ ਵਿਚ ਸ਼ਾਹ ਮੁਹੰਮਦ ਕਹਿੰਦਾ ਹੈ ਕਿ ਅੰਗਰੇਜ਼, ਜੋ ਸ਼ਾਹੂਕਾਰਾਂ ਦੇ ਮੁਨੀਮ ਵਾਂਗ ਹਿੰਦੀਆਂ ਨੂੰ ਕੁੱਟ-ਕੁੱਟ ਅਤੇ ਲੁੱਟ-ਲੁੱਟ ਕੇ ਦੌਲਤਾਂ ਇਕੱਠੀਆਂ ਕਰ ਰਿਹਾ ਹੈ ਅਤੇ ਆਪਣੀ ਹੈਂਕੜ ਵਿਚ ਮਸਤ ਹੈ, ਇਨ੍ਹਾਂ ਨਾਲ ਕੀ ਗੱਲ ਕਰਨੀ ਹੋਈ, ਇਨ੍ਹਾਂ ਨਾਲ ਸਾਡੀ ਕਾਹਦੀ ਸਾਂਝ ? ਪਰਮੇਸ਼ਰ ਭਲੀ ਕਰੇਗਾ ਅਤੇ ਸਿੰਘਾਂ ਦੀ ਮੁੜ ਜੈਜੈਕਾਰ ਹੋਵੇਗੀ-

ਰੱਬ ਚਾਹੇ ਤਾਂ ਕਰੇਗਾ ਮਿਹਰਬਾਨੀ,

ਹੋਣਾ ਸਿੰਘਾਂ ਦਾ ਕੰਮ ਅਰਾਸਤਾ ਈ ।

ਵਡੀ ਸਾਂਝ ਹੈ ਹਿੰਦੂਆਂ ਮੁਸਲਮਾਨਾਂ,

ਉਨ੍ਹਾਂ ਨਾਲ ਨਾ ਕਿਸੇ ਦਾ ਵਾਸਤਾ ਈ ।

ਉਹਦੇ ਨਾਲ ਨਾ ਬੈਠ ਕੇ ਗੱਲ ਕਰਨੀ,

ਖ਼ੁਦੀ ਆਪਣੀ ਵਿਚ ਮਹਾਸਤਾ ਈ ।

ਸ਼ਾਹ ਮੁਹੰਮਦਾ ਦੌਲਤਾਂ ਜਮ੍ਹਾਂ ਕਰਦਾ,

ਸ਼ਾਹੂਕਾਰਾਂ ਦਾ ਪੁੱਤ ਗੁਮਾਸ਼ਤਾ ਈ । (103)

ਕਾਵਿ-ਦੋਸ਼

ਕੋਈ ਸਾਹਿਤਕਾਰ ਕਿਤਨਾ ਵੀ ਸਮਰੱਥ ਅਤੇ ਗੁਣੀ ਕਿਉਂ ਨਾ ਹੋਵੇ, ਕਿਤੇ ਨਾ ਕਿਤੇ ਕੋਈ ਊਣਤਾਈ ਰਹਿ ਹੀ ਜਾਂਦੀ ਹੈ। ਕਈ ਵੇਰ ਤਾਂ ਅਜਿਹਾ ਬੇਧਿਆਨੇ ਹੋ ਜਾਂਦਾ ਹੈ ਅਤੇ ਕਈ ਵੇਰ ਉਸ ਦੀ ਮਜਬੂਰੀ ਵੀ ਹੋ ਸਕਦੀ ਹੈ। ਮਿਸਾਲ ਵਜੋਂ ਸ਼ਾਹ ਮੁਹੰਮਦ ਇਸ ਜੰਗਨਾਮੇ ਵਿਚ ਜਿਥੇ ਬੈਂਤ ਛੰਦ ਦੇ ਵਜ਼ਨ ਵਿਚ ਕਈ ਥਾਈਂ ਖੁੱਲ੍ਹਾਂ ਲੈ ਜਾਂਦਾ ਹੈ, ਉਥੇ ਕਾਫ਼ੀਆ ਮੇਲਣ ਵਿਚ ਵੀ ਕੁਝ ਊਣਤਾਈਆਂ ਨਜ਼ਰੀਂ ਆਉਂਦੀਆਂ ਹਨ ਜਿਵੇਂ ਬੰਦ ਨੰ: 10 ਵਿਚ ‘ਆਇਆ’ ਪਹਿਲੀ ਸਤਰ ਵਿਚ ਵੀ ਹੈ ਅਤੇ ਫਿਰ ਚੌਥੀ ਸਤਰ ਵਿਚ ਵੀ। ਬੰਦ ਨੰ. 69 ਅਤੇ ਬੰਦ ਨੰ: 87 ਵਿਚ ਇਹੋ ਗੱਲ ‘ਵੜਾਂਗੇ’ ਅਤੇ ‘ਨਾਲ ਦੇ ਜੀ’ ਸ਼ਬਦਾਂ ਨਾਲ ਬਣੀ ਹੈ। ਕਵੀ ਨੇ ਰਦੀਫ਼ ਦੀ ਵਰਤੋਂ ਵਿਚ ਵੀ ਕੁਝ ਥਾਈਂ ਉਕਾਈ ਖਾਧੀ ਹੈ। ਜਦੋਂ ਕਿਸੇ ਕਾਵਿ ਰਚਨਾ ਵਿਚ ਬੈਂਤ ਦੀ ਛੰਦ-ਚਾਲ ਚੱਲ ਰਹੀ ਹੋਵੇ ਤਾਂ ਕਾਫ਼ੀਏ ਤੋਂ ਬਾਅਦ ਵਿਚ ਆਉਣ ਵਾਲਾ ਰਦੀਫ਼ ਹਰੇਕ ਬੰਦ ਵਿਚ ਇਕ ਸਾਰ ਹੁੰਦਾ ਹੈ ਅਤੇ ਕਦੇ ਵੀ ਬਦਲਿਆ ਨਹੀਂ ਕਰਦਾ, ਜਿਵੇਂ-

ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ,

ਬੰਨ੍ਹ ਸ਼ਸਤ੍ਰੀ ਜੋੜ-ਵਿਛੋੜ ਸੁੱਟੇ ।

ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,

ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ । (90)

ਉਪ੍ਰੋਕਤ ਬੰਦ ਵਿਚ ‘ਵਿਛੋੜ’ ਤੇ ‘ਨਿਚੋੜ’ ਅਤੇ ਪਹਿਲੀਆਂ ਦੋ ਤੁਕਾਂ ਵਿਚ ‘ਤੋੜ’ ਤੇ ‘ਮੋੜ’ ਕਾਫੀਆ ਹੈ, ਜੋ ਕਿ ਬੜਾ ਸੁਹਣਾ ਮਿਲ ਰਿਹਾ ਹੈ। ਪਰੰਤੂ ਅੰਤ ਵਿਚ ਰਦੀਫ਼ ‘ਸੁੱਟੇ’ ਹੈ ਜੋ ਚਾਰਾਂ ਤੁਕਾਂ ਵਿਚ ਇਕਸਾਰ ਚੱਲ ਰਿਹਾ ਹੈ। ਇੰਜ ਹੀ ਵੱਖ-ਵੱਖ ਬੰਦਾ ਵਿੱਚ ਮੀਆਂ,ਯਾਰੋ,ਨੀ,ਜੀ,ਈ,ਲੈਂਦੇ,ਗਏ,ਗਿਆ ,ਆਦਿ  ਰਦੀਫ਼ ਵੀ ਬੜਾ ਸੁਹਣਾ ਨਿਭਾਇਆ ਗਿਆ ਹੈ। ਲੇਕਿਨ ਜਿੱਥੇ-ਕਿਤੇ ਵੀ ‘ਰਦੀਫ਼’ ਬਰਾਬਰ ਨਹੀਂ ਵਰਤਿਆ ਗਿਆ, ਉਹ ਦਾਲ ਵਿੱਚ ਕੋੜਕੂ ਆ ਜਾਣ ਵਾਂਗ ਬੁਰੀ ਤਰ੍ਹਾਂ ਰੜਕਦਾ ਹੈ । ਮਿਸਾਲ ਵਜੋਂ ਬੰਦ ਨੰ: 76 ਵਿਚ ਰਦੀਫ਼ ‘ਛੁੱਟੇ’ ਚੱਲ ਰਿਹਾ ਹੈ, ਜੋ ਅੰਤਲੀ ਤੁਕ ਵਿੱਚ ‘ਲੁੱਟੇ’ ਹੋ ਗਿਆ ਹੈ। ਇਵੇਂ ਹੀ ਬੰਦ ਨੰ: 11 ਦੀਆਂ ਸਤਰਾਂ ਦੇ ਅੰਤ ਵਿਚ ‘ਆਈ’, ‘ਲਾਈ’, ਤੇ ‘ਸਾਈਂ’ ਸ਼ਬਦ ਰਦੀਫ਼ ਵਜੋਂ ਵਰਤੇ ਗਏ ਹਨ। ਕਾਵਿ ਪੜ੍ਹਨ-ਸੁਣਨ ਵਾਲੇ ਨੂੰ ‘ਆਈ’, ‘ਲਾਈ’ ਦੇ ਨਾਲ ‘ਸਾਈਂ’ ਸ਼ਬਦ ਰੜਕਦਾ ਵੀ ਹੈ ਅਤੇ ਅੱਖੜਦਾ ਵੀ । ਪ੍ਰਿੰਸੀਪਲ ਸੀਤਾ ਰਾਮ ਕੋਹਲੀ ਨੇ ਵੀ ਇਸ ਭੁੱਲ ਜਾਂ ਖੁਲ੍ਹ ਨੂੰ ਸ਼ਾਹ ਮੁਹੰਮਦ ਦਾ ਇਕ ਕਾਵਿ-ਦੋਸ਼ ਮੰਨਿਆਂ ਹੈ, ਪਰੰਤੂ ਡਾ. ਪ੍ਰੀਤਮ ਸੈਨੀ ਇਸ ਨਾਲ ਸਹਿਮਤ ਨਹੀਂ । ਉਹ ਲਿਖਦੇ ਹਨ-

ਪ੍ਰਿੰਸੀਪਲ ਕੋਹਲੀ ਸਾਹਿਬ ਦਾ ਇਹ ਇਤਰਾਜ਼ ਗਲਤ ਹੈ ਕਿ ਬੰਦ ਨੰ: 11 ਵਿਚ ‘ਲਾਈ’ ਤੇ ‘ਸਾਈਂ” ਦਾ ਕਾਫ਼ੀਆ ਇਕ ਦੋਸ਼ ਹੈ । ਕਿਉਂ ਜੁ ਅਰੂਜ਼ ਤੇ ਪਿੰਗਲ ਦੋਨਾਂ ਅਨੁਸਾਰ ਬਿੰਦੀ (‘) ਦਾ ਉਚਾਰਣ ਨਾ ਦੇ ਬਰਾਬਰ ਹੁੰਦਾ ਹੈ। ਇਸ ਲਈ ‘ਲਾਈ’ ਨਾਲ ‘ਸਾਈਂ’ ਦਾ ਕਾਫ਼ੀਆ ਠੀਕ ਹੈ । ਇਵੇਂ ਹੀ ਸ਼ਾਹ ਮੁਹੰਮਦ ਨੇ ਬੰਦ ਨੰ: 99 ਵਿੱਚ ‘ਸਤਾਰਿਆਂ ਨੇ’ ਦੇ ਨਾਲ ‘ਉਜਾੜਿਆਂ ਨੇ’ ਦਾ ਕਾਫ਼ੀਆ ਜੋੜਿਆ ਹੈ, ਇਹ ਵੀ ਸਹੀ ਤੇ ਜਾਇਜ਼ ਹੈ।” (‘ਵਾਰ ਸ਼ਾਹ ਮੁਹੰਮਦ’, ਪੰਨਾ 104)

ਡਾ. ਸੈਨੀ ਹੋਰ ਲਿਖਦੇ ਹਨ-“ਪ੍ਰਸਿੱਧ ਇਤਿਹਾਸਕਾਰ ਪ੍ਰਿੰਸੀਪਲ ਸੀਤਾ ਰਾਮ ਕੋਹਲੀ ਹੋਰਾਂ ਨੇ ਆਪਣੀ ਸੰਪਾਦਿਤ ਕੀਤੀ ਪੁਸਤਕ “ਵਾਰ ਸ਼ਾਹ ਮੁਹੰਮਦ” ਵਿਚ ਸ਼ਾਹ ਮੁਹੰਮਦ ਦੀ ਠੀਕ ਤੁਕਬੰਦੀ ਨੂੰ ਵੀ ਗਲਤ ਕਹਿ ਦਿੱਤਾ ਹੈ। ਪੰਜਾਬੀ ਦੇ ਸਾਰੇ ਮੁਸਲਮਾਨ ਕਵੀ ਪਿੰਗਲ ਨਹੀਂ, ਸਗੋਂ ਅਰੂਜ਼ (ਫ਼ਾਰਸੀ ਦਾ ਛੰਦ ਸ਼ਾਸਤ੍ਰ) ਅਨੁਸਾਰ ਤੁਕਾਂ ਮੇਲਦੇ ਹਨ। ਇਸ ਲਈ ਉਹ ਤ, ਥ, ਟ, ਠ ਅਤੇ ਦ, ਡ ਤੇ ਢ ਆਦਿ ਦੇ ਕਾਫ਼ੀਏ ਮੇਲਣੇ ਜਾਇਜ਼ ਸਮਝਦੇ ਹਨ।

ਪ੍ਰਿੰਸੀਪਲ ਕੋਹਲੀ ਸਾਹਿਬ ਆਪਣੀ ਅਗਿਆਨਤਾ ਕਾਰਣ ਅਜੇਹੇ ਕਾਫ਼ੀਆਂ ਨੂੰ ਗਲਤ ਆਖਦੇ ਹਨ, ਪਰੰਤੂ ਛੰਦਾ-ਬੰਦੀ ਦੇ ਨੇਮਾਂ ਅਨੁਸਾਰ ਇਹ ਠੀਕ ਹਨ-

ਧੌਂਸਾ ਮਾਰ ਕੇ ਪਹੁੰਚ ਲਾਹੌਰ ਜਲਦੀ,

ਅਗੋਂ ਆਏ ਮਿਲਸਣ ਤੈਨੂੰ ਸਭ ਡੇਰੇ ।

ਸ਼ਾਹ ਮੁਹੰਮਦਾ ਮਿਲਣਗੇ ਫੇਰ ਅਫ਼ਸਰ,

ਜਿਸ ਵੇਲੜੇ ਸ਼ਹਿਰ ਦੇ ਗਿਓਂ ਨੇੜੇ । (16)

ਜਾਂ

ਜਿਨ੍ਹਾਂ ਗੋਲੀਆਂ ਨੇ ਮਾਰੀ ਚੰਦ ਕੌਰਾਂ,

ਉਨ੍ਹਾਂ ਤਾਈਂ ਹਜ਼ੂਰ ਚਾ ਸੱਦਿਆ ਈ ।

ਰਾਜੇ ਸਿੰਘਾਂ ਦਾ ਗਿਲਾ ਮਿਟਾਵਣੇ ਨੂੰ,

ਨੱਕ ਕੰਨ ਚਾ ਉਨ੍ਹਾਂ ਦਾ ਵੱਢਿਆ ਈ।

ਰਾਜੇ ਸਿੰਘਾਂ ਨੂੰ ਅੰਦਰੋਂ ਹੁਕਮ ਕੀਤਾ,

ਉਹਨਾਂ ਅੰਦਰੋਂ ਬਾਹਰ ਚਾ ਕੱਢਿਆ ਈ ।

ਸ਼ਾਹ ਮੁਹੰਮਦਾ ਲਾਹ ਕੇ ਸਭ ਜ਼ੇਵਰ,

ਕਾਲਾ ਮੂੰਹ ਕਰ ਕੇ ਫੇਰ ਛੱਡਿਆ ਈ । (21)

ਜਾਂ

ਅੱਗੇ ਛੇੜਿਆ ਨਹੀਂ ਫ਼ਿਰੰਗੀਆਂ ਨੇ,

ਦੋਹਾਂ ਧਿਰਾਂ ਦੇ ਰੁਲਣਗੇ ਬਹੁਤ ਮੁਰਦੇ ।

ਸ਼ਾਹ ਮੁਹੰਮਦਾ ਭੱਜਣਾ ਰਣੋਂ ਭਾਰੀ,

ਜੁਟੇ ਸੂਰਮੇ ਆਖ ਤੂੰ ਕਦੋਂ ਮੁੜਦੇ । (62)

ਜਾਂ

ਅਸਾਂ ਮਾਰੇ ਚੌਫੇਰੇ ਦੇ ਕਿਲ੍ਹੇ ਭਾਰੇ,

ਅਸਾਂ ਮਾਰਿਆ ਕੁਲੂ ਭੁਟੰਤ ਮੀਆਂ ।

ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ,

ਜਿਹੜੀ ਕਰੇਗਾ ਖ਼ਾਲਸਾ ਪੰਥ ਮੀਆਂ । (66)

ਜਾਂ

ਫੇਰੂ ਸ਼ਹਿਰ ਦੇ ਹੇਠ ਜਾ ਖੇਤ ਰੁੱਧੇ,

ਤੋਪਾਂ ਚੱਲੀਆਂ ਨੀ ਵਾਂਗ ਤੋੜਿਆਂ ਦੇ ।

ਸਿੰਘ ਸੂਰਮੇ ਆਣ ਮੈਦਾਨ ਲੱਥੇ,

ਗੰਜ ਲਾਹ ਸੁੱਟੇ ਓਹਨਾਂ ਗੋਰਿਆਂ ਦੇ । (71)

(‘ਵਾਰ ਸ਼ਾਹ ਮੁਹੰਮਦ’ ਪੰਨਾ 103-104)

ਇਹ ਗੱਲ ਸਹੀ ਹੈ ਕਿ ਸ਼ਾਹ ਮੁਹੰਮਦ ਨੂੰ ਦੇਸੀ ਤੇ ਬਿਦੇਸੀ ਭਾਸ਼ਾਵਾਂ ਦਾ ਭਰਪੂਰ ਗਿਆਨ ਹੈ ਅਤੇ ਉਸਦਾ ਸ਼ਬਦ-ਭੰਡਾਰ ਬੜਾ ਵਿਸ਼ਾਲ ਹੈ, ਜਿਸਦਾ ਕਮਾਲ ਉਸ ਨੇ ਇਸ ਜੰਗਨਾਮੇ ਵਿਚ ਵਿਖਾਇਆ ਹੈ, ਪਰੰਤੂ ਕਿਤੇ-ਕਿਤੇ ਕੁਝ ਊਣਤਾਈਆਂ ਵੀ ਵੇਖਣ ਵਿਚ ਆਉਂਦੀਆਂ ਹਨ। ਜਿਵੇਂ ਬੰਦ ਨੰ: 60 ਦੀ ਪਹਿਲੀ ਸਤਰ-‘ਮਜ਼ਹਰ ਅਲੀ ਤੇ ਮਾਘੇ ਖਾਂ ਕੂਚ ਕੀਤਾ, ਤੋਪਾਂ ਸ਼ਹਿਰ ਥੀਂ ਬਾਹਰ ਨਿਕਾਲੀਆਂ ਨੀ’ ਵਿਚ ‘ਨਿਕਾਲੀਆਂ ਨੀ’ ਸ਼ਬਦ ਪੰਜਾਬੀ ਦਾ ਸਹੀ ਸਰੂਪ ਨਹੀਂ ਹੈ। ਇਥੇ ‘ਨਿਕਾਲਣਾ’ ਪੰਜਾਬੀ ਕ੍ਰਿਆ ਨਹੀਂ ਹੈ । ਬੰਦ ਨੰਬਰ 48 ਵਿੱਚ ‘ਆਵਣੀਗੇ’, ‘ਡਾਹਵਣੀਗੇ’, ‘ਪਾਵਣੀਗੇ’ ਤੇ ‘ਲਾਹਵਣੀਗੇ’ ਸ਼ਬਦ ਵੀ ਕੁਝ ਅਲੱਗ ਜਿਹੇ ਹੀ ਲੱਗਦੇ ਹਨ । ਤੁਕਾਂਤ ਦੇ ਮੋਹ ਕਰਕੇ ਵੀ ਕਈ ਥਾਈਂ ਕਵੀ ਪੰਜਾਬੀ ਦੇ ਸਰੂਪ ਨਾਲ ਕੁਝ ਧੱਕਾ ਕਰਦਾ ਪ੍ਰਤੀਤ ਦਿੰਦਾ ਹੈ। ਜਿਵੇਂ ਬੰਦ ਨੰਬਰ 55 ਵਿਚ ‘ਸੱਚੇ ਸਾਹਿਬ ਦੇ ਹੱਥ ਨੀ ਸਭ ਗੱਲਾਂ, ਕਿਸੇ ਹਾਰ ਦੇਵੇ ਕਿਸੇ ਜੇਤ ਮੀਆਂ’ ਅਤੇ ਬੰਦ ਨੰਬਰ 71 ਵਿੱਚ ‘ਸ਼ਾਹ ਮੁਹੰਮਦਾ ਰੰਡ ਬੈਠਾਇ ਨੰਦਨ, ਸਿੰਘ ਜਾਨ ਲੈਂਦੇ ਨਾਲ ਜ਼ੋਰਿਆਂ ਦੇ’ ਸਤਰਾਂ ਵਿਚ ਜਿੱਤ ਲਈ ‘ਜੇਤ’ ਅਤੇ ਜ਼ੋਰ ਲਈ ‘ਜ਼ੋਰਿਆਂ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ।

ਲੇਕਿਨ ਇਨ੍ਹਾਂ ਸਭ ਕਾਵਿ-ਦੋਸ਼ਾਂ ਦੇ ਬਾਵਜੂਦ, ਜੋ ਆਟੇ ਵਿਚ ਲੂਣ ਬਰਾਬਰ ਹਨ, ਸ਼ਾਹ ਮੁਹੰਮਦ ਦੀ ਰਚਨਾ ਕਲਾ ਪੱਖੋਂ ਪੰਜਾਬੀ ਸਾਹਿਤ ਦੀ ਇਕ ਲਾਸਾਨੀ ਅਤੇ ਅਨੂਪਮ ਕਾਵਿ ਕ੍ਰਿਤ ਹੈ, ਜਿਸ ਸਦਕਾ ਉਸਦਾ ਸ਼ੁਮਾਰ ਪੰਜਾਬ ਅਤੇ ਪੰਜਾਬੀਅਤ ਦੇ ਮਹਾਨ ਕਵੀਆਂ ਵਿਚ ਕੀਤਾ ਜਾਂਦਾ ਹੈ ।

ਇਸਤ੍ਰੀ ਨਿੰਦਾ ਦਾ ਨਿੰਦਨੀਯ ਪੱਖ

ਆਦਿ ਕਾਲ ਤੋਂ ਔਰਤ ਸਮਾਜ ਦਾ ਇਕ ਤ੍ਰਿਸਕਾਰਿਆ ਹੋਇਆ ਅੰਗ ਰਹੀ ਹੈ, ਇਸ ਨੂੰ ਪਿਆਰ ਤੇ ਸਤਿਕਾਰ ਵਾਲੀ ਭਾਵਨਾ ਨਾਲ ਘੱਟ ਹੀ ਵੇਖਿਆ ਗਿਆ ਹੈ । ਆਮ ਦੁਨੀਆਂ ਦੀ ਤਾਂ ਗੱਲ ਹੀ ਛੱਡੋ–ਸਾਡੇ ਕਹਿੰਦੇ-ਕਹਾਉਂਦੇ ਮਹਾਂਪੁਰਸ਼ਾਂ ਤੇ ਵਿਦਵਾਨਾਂ ਨੇ ਵੀ ਇਸਤ੍ਰੀ ਲਈ ਬੜੇ ਨਿੰਦਨੀਯ ਤੇ ਅਪਮਾਨਜਨਕ ਸ਼ਬਦ ਵਰਤੇ ਹਨ। ਮਿਸਾਲ ਵਜੋਂ ਅਰਸਤੂ ਨੇ ਇਸਤ੍ਰੀ ਨੂੰ ‘ਇੱਕ ਅਧੂਰੀ ਅਤੇ ਨਾਮੁਕੰਮਲ ਚੀਜ਼’ ਕਿਹਾ ਹੈ। ਸੁਕਰਾਤ ਅਨੁਸਾਰ ‘ਔਰਤ ਸਭ ਬੁਰਾਈਆਂ ਦੀ ਜੜ੍ਹ’ ਹੈ। ਜਰਮਨ ਚਿੰਤਕ ਵਾਇਨਗੇ ਦੀ ਧਾਰਨਾ ਹੈ ਕਿ ‘ਇਸਤ੍ਰੀ ਵਿਚ ਰੂਹ ਹੀ ਨਹੀਂ ਹੁੰਦੀ’। ਸ਼ੈਕਸ਼ਪੀਅਰ ਔਰਤ ਨੂੰ ‘ਕਮਜ਼ੋਰ’ ਅਤੇ ਨੈਪੋਲੀਅਨ ‘ਧੋਖਾ’ ਕਹਿ ਰਿਹਾ ਹੈ । ਮਨੂੰ ਫੈਸਲਾ ਦਿੰਦਾ ਹੈ ਕਿ ‘ਔਰਤ ਜ਼ਾਤ ਅਗਿਆਨਣ, ਝੂਠ ਦੀ ਮੂਰਤ ਅਤੇ ਵੇਦ-ਮੰਤ੍ਰਾਂ ਦੇ ਪਾਠ ਤੋਂ ਵਾਂਝੀ’ ਹੈ । ‘ਤੁਲਸੀ ਰਾਮਾਇਣ’ ਜਿਹੇ ਮਹਾਨ ਗ੍ਰੰਥ ਦੇ ਰਚਣਹਾਰ ਗੋਸਾਈਂ ਤੁਲਸੀ ਦਾਸ ਨੇ ਆਪਣੇ ਇਕ ਸਲੋਕ ‘ਢੋਰ, ਗੰਵਾਰ, ਸ਼ੂਦਰ ਅਰ ਨਾਰੀ । ਏਹ ਸਭ ਤਾੜਨ ਕੇ ਅਧਿਕਾਰੀ’ ਵਿਚ ਇਸਤ੍ਰੀ ਨੂੰ ਪਸ਼ੂਆਂ ਸਮਾਨ ਦਰਜਾ ਦੇ ਦਿੱਤਾ ਹੈ।

ਜੈਨ ਗ੍ਰੰਥਾਂ ਵਿਚ ਨਾਰੀ ਨੂੰ ‘ਬੰਧਨ’, ‘ਮਾਇਆ’ ਅਤੇ ‘ਸਰਪਣੀ’ ਤਕ ਕਿਹਾ ਗਿਆ ਹੈ । ਜੋਗੀਰਾਜ ਗੋਰਖ ਨਾਥ ‘ਇਨ ਬਾਘਣ ਤ੍ਰੈ ਲੋਈ ਖੋਈ’ ਆਖ ਰਿਹਾ ਹੈ ਜਦੋਂ ਕਿ ਕੁਝ ਹੋਰਾਂ ਨੇ ਇਸ ਨੂੰ ‘ਜ਼ਹਿਰ ਦੀ ਗੰਦਲ’, ‘ਤਿੱਖੀ ਛੁਰੀ’, ‘ਨਰਕ ਦਾ ਦੁਆਰਾ’ ਅਤੇ ‘ਸਭ ਪਾਪਾਂ ਦਾ ਮੂਲ’ ਆਦਿ ਦੀ ਸੰਗਿਆ ਦਿੱਤੀ ਹੈ । ਇਹ ਤਾਂ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਸਨ ਜਿਨ੍ਹਾਂ ਨੇ ਬੁਲੰਦ ਆਵਾਜ਼ ਵਿਚ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ’ ਆਖ ਕੇ ਪਹਿਲੀ ਵੇਰ ਔਰਤ ਦੇ ਹੱਕਾਂ ਦੀ ਗੱਲ ਛੇੜੀ। ਆਪ ਜੀ ਦਾ ਪਾਵਨ ਫ਼ੁਰਮਾਨ ਹੈ—

ਭੰਡਿ ਜੰਮੀਐ ਭੰਡਿ ਨਿਮੀਐ ਭੰਡਿ ਮੰਗਣੁ ਵੀਆਹੁ ॥

ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥

ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੇ ਬੰਧਾਨੁ ॥

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ ॥

ਭੰਡਹੁ ਹੀ ਭੰਡਿ ਉਪਜੈ ਭੰਡੈ ਬਾਝੁ ਨ ਕੋਇ ॥

ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥

(ਵਾਰ ਆਸਾ, ਪੰਨਾ 473)

ਉਪਰੋਕਤ ਦਾ ਭਾਵ ਹੈ ਕਿ ਇਸਤ੍ਰੀ ਸਾਰੇ ਜੱਗ ਦੀ ਜਣਨੀ ਹੈ । ਇਸਤ੍ਰੀ ਦੇ ਪੇਟ ਵਿਚ ਹੀ ਪ੍ਰਾਣੀ ਦਾ ਸਰੀਰ ਬਣਦਾ ਅਤੇ ਵਿਕਾਸ ਕਰਦਾ ਹੈ । ਇਸਤ੍ਰੀ ਦੀ ਰਾਹੀਂ ਹੀ ਕੁੜਮਾਈ ਤੇ ਵਿਆਹ ਦੀਆਂ ਰਸਮਾਂ ਪੂਰੀਆਂ ਹੁੰਦੀਆਂ ਹਨ। ਇਸਤ੍ਰੀ ਦੀ ਰਾਹੀਂ ਹੀ ਦੁਨੀਆਂ ਨਾਲ ਸੰਬੰਧ ਬਣਦਾ ਹੈ, ਇਸਤ੍ਰੀ ਤੋਂ ਹੀ ਜਗਤ ਦੀ ਉਤਪਤੀ ਦਾ ਰਸਤਾ ਚੱਲਦਾ ਹੈ । ਜੇਕਰ ਔਰਤ ਮਰ ਜਾਵੇ ਤਾਂ ਹੋਰ ਔਰਤ ਦੀ ਭਾਲ ਕਰੀਦੀ ਹੈ । ਇਸਤ੍ਰੀ ਕਾਰਨ ਹੀ ਹੋਰਨਾਂ ਨਾਲ ਰਿਸ਼ਤੇਦਾਰੀਆਂ ਬਣਦੀਆਂ ਹਨ । ਜੋ ਇਸਤ੍ਰੀ ਰਾਜਿਆਂ-ਰਾਣਿਆਂ (ਤੇ ਸੰਤਾਂ-ਭਗਤਾਂ ਨੂੰ) ਜਨਮ ਦਿੰਦੀ ਹੈ, ਉਸ ਨੂੰ ਮੰਦਾ ਆਖਣਾ ਜਾਂ ਉਸ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਣਾ, ਕਿਧਰੋਂ ਜਾਇਜ਼ ਹੈ ? ਔਰਤ ਨੂੰ ਵੀ ਔਰਤ ਹੀ ਜਨਮ ਦਿੰਦੀ ਹੈ । ਗੱਲ ਕੀ, ਪੂਰੇ ਸੰਸਾਰ ਵਿਚ ਜੀਵ-ਰਚਨਾ ਦੀ ਖੇਡ ਔਰਤ ਕਾਰਨ ਹੀ ਵਾਪਰ ਰਹੀ ਹੈ । ਮਾਦਾ ਤੋਂ ਬਗੈਰ ਕੋਈ ਜੀਵ ਪੈਦਾ ਹੋ ਹੀ ਨਹੀਂ ਸਕਦਾ । ਗੁਰੂ ਸਾਹਿਬ ਫ਼ੁਰਮਾਉਂਦੇ ਹਨ ਕਿ ਕੇਵਲ ਇਕ ਸੱਚਾ ਪਰਮੇਸ਼ਰ ਹੀ ਹੈ, ਜਿਸ ਦੀ ਹੋਂਦ ਵਿਚ ਔਰਤ ਦੀ ਕੋਈ ਭੂਮਿਕਾ ਨਹੀਂ ਹੈ, ਕਿਉਂਕਿ ਇਹ ‘ਸੈਭੰ’ ਹੈ ਅਤੇ ਆਪਣੇ ਆਪ ਸੁਤੇ ਹੀ ਪ੍ਰਕਾਸ਼ਮਾਨ ਹੋਇਆ ਹੈ।

ਪੰਜਾਬੀ ਕਿੱਸਾਕਾਰਾਂ ਦੀਆਂ ਰਚਨਾਵਾਂ ਵਿਚ ਇਸਤ੍ਰੀ ਕੇਂਦਰੀ ਬਿੰਦੂ ਰਹੀ ਹੈ । ਮਰਦ-ਪ੍ਰਧਾਨ ਸਮਾਜ ਹੋਣ ਦੇ ਬਾਵਜੂਦ ਨਾਇਕਾ ਦਾ ਨਾਮ ਵਧੇਰੇ ਕਰਕੇ ਨਾਇਕ ਤੋਂ ਪਹਿਲਾਂ ਲਿਖੇ ਜਾਣ ਦਾ ਰਿਵਾਜ ਵੀ ਰਿਹਾ ਹੈ, ਜਿਵੇਂ- ਹੀਰ ਰਾਂਝਾ, ਲੈਲਾ ਮਜਨੂੰ, ਸ਼ੀਰੀਂ ਫ਼ਰਿਹਾਦ, ਸੋਹਣੀ ਮਹੀਂਵਾਲ, ਸੱਸੀ ਪੁੰਨੂੰ, ਆਦਿ । ਪੰਜਾਬੀ ਕਿੱਸਾ ਪਰੰਪਰਾ ਵਿਚ ਇਹ ਪ੍ਰਵਿਰਤੀ ਵੀ ਵੇਖਣ ਵਿਚ ਆਈ ਹੈ ਕਿ ਕਵੀ ਚੇਤਨ ਜਾਂ ਅਚੇਤਨ ਤੌਰ ‘ਤੇ ਨਾਰੀ ਨਿੰਦਿਆ ਦਾ ਪ੍ਰਸੰਗ ਵੀ ਆਪਣੇ ਕਿੱਸਿਆਂ ਵਿਚ ਛੇੜਦੇ ਹੀ ਰਹੇ ਹਨ। ਡਾ. ਰਤਨ ਸਿੰਘ ਜੱਗੀ ਅਨੁਸਾਰ ‘ਕਿੱਸਿਆਂ ਵਿਚ ਇਸਤ੍ਰੀ ਨਿੰਦਿਆ ਪ੍ਰਤੱਖ ਤੇ ਅਪ੍ਰਤੱਖ ਦੋਹਾਂ ਰੂਪਾਂ ਵਿਚ ਚਿਤਰਿਤ ਹੋਈ ਹੈ । ਉਸ ਵੇਲੇ ਸਮਾਜ ਵਿਚ ਇਸਤ੍ਰੀ, ਮਰਦ ਦੀ ਸੰਪਤੀ ਜਾਂ ਜਾਇਦਾਦ ਦੇ ਸਮਾਨ ਸਮਝੀ ਜਾਂਦੀ ਸੀ ਅਤੇ ਕਿੱਸੇ ਜਾਗੀਰਦਾਰੀ ਸਮਾਜ ਦੀਆਂ ਮਨੋਵਿਰਤੀਆਂ ਦੀ ਪੁਸ਼ਟੀ ਕਰਦੇ ਹਨ, ਇਸ ਲਈ ਇਨ੍ਹਾਂ ਵਿਚ ਇਕ ਸਮਾਜ ਦੀਆਂ ਸਾਰੀਆਂ ਭੈੜੀਆਂ ਪਰੰਪਰਾਵਾਂ ਦਾ ਦਰਸ਼ਨ ਹੋ ਜਾਣਾ ਸੁਭਾਵਿਕ ਹੈ । (‘ਵਿਚਾਰਧਾਰਾ’, ਪੰਨਾ 204)

ਇਸਦੇ ਨਾਲ ਹੀ ਸ਼ਾਹ ਮੁਹੰਮਦ ਦੇ ਸਮੇਂ ਅਤੇ ਬਾਅਦ ਵਿਚ ਵੀ ਕਿੱਸਾ ਸਾਹਿਤ ਅਧਿਕਤਰ ਪੁਰਸ਼ ਸਰੋਤਿਆਂ ਦੇ ਮਨੋਰੰਜਨ ਜਾਂ ਮਾਨਸਿਕ ਸੰਤੁਸ਼ਟੀ ਲਈ ਮਖ਼ਸੂਸ ਸੀ ਅਤੇ ਇਸਤ੍ਰੀਆਂ ਇਸਦੇ ਪਠਨ-ਪਾਠਨ ਤੋਂ ਇਕ ਤਰ੍ਹਾਂ ਅਣਭਿੱਜ ਹੀ ਸਨ, ਇਸ ਕਾ ਵੀ ਕਿੱਸਾਕਾਰਾਂ ਦੇ ਮਨ ਵਿਚ ਜੋ ਆਉਂਦਾ, ਲਿਖੀ ਜਾਂਦੇ ਰਹੇ, ਕਿਉਂਕਿ ਉਨ੍ਹਾਂ ਦੇ ਕਥਨਾਂ ਦਾ ਕਿਸੇ ਪ੍ਰਕਾਰ ਦਾ ਵਿਰੋਧ ਜਾਂ ਪ੍ਰਤੀਕ੍ਰਿਆ ਹੋਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਕਿਉਂਕਿ ਸ਼ਾਹ ਮੁਹੰਮਦ ਵੀ ਇਸੇ ਸਮੇਂ ਦਾ ਕਵੀ ਹੈ ਅਤੇ ਪਰੰਪਰਾਵਾਦੀ ਕਿੱਸਾਕਾਰਾਂ ਦੀ ਜਮਾਤ ਨਾਲ ਵੀ ਜੁੜਿਆ ਹੋਇਆ ਹੈ, ਸੋ ਇਸ ਨੇ ਵੀ ਰਵਾਇਤੀ ਕਿੱਸਾਕਾਰਾਂ ਦੀ ਪੈੜ ਉਤੇ ਚੱਲਦੇ ਹੋਏ ਔਰਤ ਜਾਤੀ ਦੀ ਭਾਰੀ ਨਿਖੇਧੀ ਕੀਤੀ ਹੈ । ਇਸ ਸੰਬੰਧ ਵਿਚ ਜੰਗਨਾਮੇ ਦਾ ਬੰਦ ਨੰ: 102 ਖਾਸ ਤੌਰ ‘ਤੇ ਵਾਚਣ ਯੋਗ ਹੈ—

ਹੁੰਦੇ ਆਏ ਨੀ ਰੰਨਾਂ ਦੇ ਧੁਰੋਂ ਕਾਰੇ,

ਲੰਕਾ ਵਿਚ ਤਾਂ ਰਾਵਣ ਕੁਹਾਇ ਦਿੱਤਾ ।

ਕੌਰਵ ਪਾਂਡਵਾਂ ਨਾਲ ਕੀ ਭਲਾ ਕੀਤਾ,

ਅਠਾਰਾਂ ਖੂਹਣੀਆਂ ਕਟਕ ਮੁਕਾਇ ਦਿੱਤਾ ।

ਰਾਜੇ ਭੋਜ ਦੇ ਮੂੰਹ ਲਗਾਮ ਦਿੱਤੀ,

ਮਾਰ ਅੱਡੀਆਂ ਹੋਸ਼ ਭੁਲਾਇ ਦਿੱਤਾ ।

ਸ਼ਾਹ ਮੁਹੰਮਦਾ ਏਸ ਰਾਣੀ ਜਿੰਦ ਕੌਰਾਂ,

ਸਾਰੇ ਦੇਸ਼ ਦਾ ਫ਼ਰਸ਼ ਉਠਾਇ ਦਿੱਤਾ ।(102)

ਹੁਣ ਜ਼ਰਾ ਵਾਰਿਸ ਸ਼ਾਹ ਦੀ ‘ਹੀਰ’ ਦਾ ਮੁਲਾਹਜ਼ਾ ਵੀ ਫ਼ੁਰਮਾਓ-

ੳ) ਰਾਵਣ ਲੰਕ ਲੁਟਾਇ ਕੇ ਗਰਦ ਹੋਇਆ,

ਸੀਤਾ ਵਾਸਤੇ ਭੇਖ ਵਿਖਾਲਿਆਂ ਨੂੰ । (389)

ਅ) ਰੰਨਾਂ ਦਹਿਸਰੇ ਨਾਲ ਕੀ ਗਾਹ ਕੀਤਾ,

ਰਾਜੇ ਭੋਜ ਨੂੰ ਦੇਣ ਲਗਾਮੀਆਂ ਨੀ । (513)

ੲ) ਰਾਜੇ ਭੋਜ ਜਿਹੇ ਕੀਤੇ ਚਾ ਘੋੜੇ,

ਨਹੀਂ ਜਾਣਦਾ ਸਾਡੀਆਂ ਚਾਲੀਆਂ ਨੂੰ । (389)

ਸ) ਕੌਰੋਂ ਪਾਂਡਵਾਂ ਦੇ ਕਟਕ ਕਈ ਖੂਹਣ,

ਮਾਰ ਤੁਸਾਂ ਦੇ ਸਭ ਨਿਖੁਟਿਆ ਜੇ ।(517)

ਹ) ਠਾਰਾਂ ਖੂਹਣੀ ਕਟਕ ਲੜ ਮੋਏ ਪਾਂਡੋ,

ਡੋਬ ਡਾਬ ਕੇ ਖੱਟਿਆਂ ਘਾਲਿਆਂ ਨੂੰ । (389)

ਸ਼ਾਹ ਮੁਹੰਮਦ ਅਤੇ ਵਾਰਿਸ ਸ਼ਾਹ ਦੇ ਉਪ੍ਰੋਕਤ ਵਾਕ ਪੜ੍ਹਦਿਆਂ ਜ਼ਰਾ ਵੀ ਵੱਖਰਾਪਣ ਪ੍ਰਤੀਤ ਨਹੀਂ ਹੁੰਦਾ । ਇੰਜ ਲੱਗਦਾ ਹੈ ਕਿ ਔਰਤ ਬਾਰੇ ਵਾਰਿਸ ਸ਼ਾਹ ਨੇ ਜੋ ਕੁਝ ਵੀ ਲਿਖਿਆ, ਸ਼ਾਹ ਮੁਹੰਮਦ ਨੇ ਉਸੇ ਨੂੰ ਆਪਣੇ ਸ਼ਬਦਾਂ ਵਿਚ ਬਿਆਨ ਕਰਕੇ, ਇਕ ਤਰ੍ਹਾਂ ਵਾਰਿਸ ਸ਼ਾਹ ਦੀ ਵਿਚਾਰਧਾਰਾ ਉਤੇ ਪ੍ਰੋੜਤਾ ਦੀ ਮੁਹਰ ਲਗਾਈ ਹੈ । ਇਹ ਠੀਕ ਹੈ ਕਿ ਭਰਾ ਜਵਾਹਰ ਸਿੰਘ ਦੇ ਕਤਲ ਕਾਰਨ ਰਾਣੀ ਜਿੰਦਾਂ ਅਤੀ ਦੁਖੀ ਹੈ ਅਤੇ ਬਦਲੇ ਦੀ ਅੱਗ ਨਾਲ ਜਲ-ਬਲ ਰਹੀ ਹੈ, ਲੇਕਿਨ ਇਸ ਪ੍ਰਸੰਗ ਵਿਚ ਕਵੀ ਵੱਲੋਂ ਕੁੱਲ ਨਾਰੀ ਸਮਾਜ ਨੂੰ ਹੀ ਨਿੰਦਣ ਅਤੇ ਪੁਣਨ ਦੀ ਬਿਰਤੀ ਵੀ ਕਿਧਰੋਂ ਠੀਕ ਹੈ ? ਇਹ ਤਾਂ ਹੋ ਸਕਦਾ ਹੈ ਕਿ ਰਾਜੇ ਭੋਜ ‘ਤੇ ਘੋੜ ਸਵਾਰੀ ਕਰਨ ਵਾਲੀ ਗੱਲ ਕਿਸੇ ਹੱਦ ਤੀਕ ਦਰੁਸਤ ਹੋਵੇ, ਪਰੰਤੂ ਸੀਤਾ ਅਤੇ ਦਰੋਪਤੀ ਨੂੰ ਤਾਂ ਅਕਾਰਨ ਹੀ ਭੰਡਿਆ ਗਿਆ ਹੈ ਅਤੇ ਵਾਰਿਸ ਸ਼ਾਹ ਦੀ ਰੀਸੋ- ਰੀਸੀ ਸ਼ਾਹ ਮੁਹੰਮਦ ਵੀ ਇਨ੍ਹਾਂ ਪਵਿੱਤਰ ਆਤਮਾਵਾਂ ਨੂੰ ਦੁਨੀਆ ਦੀਆਂ ਆਮ ਰੰਨਾਂ ਨਾਲ ਜੋੜ ਗਿਆ ਹੈ, ਜੋ ਨਿਆਏ-ਯੁਕਤ ਨਹੀਂ ਲੱਗਦਾ ।

ਸ਼ਾਹ ਮੁਹੰਮਦ ਦੀ ਔਰਤ-ਜ਼ਾਤ ਅਤੇ ਹਿੰਦੂ ਮਿਥਿਹਾਸ ਵਿਚ ਪੂਜਨੀਕ ਪਾਤਰਾਂ ਦੀ ਨਿੰਦਾ ਦਾ ਸੰਭਾਵਤ ਕਾਰਨ ਡਾ. ਪ੍ਰੀਤਮ ਸੈਨੀ ਨੇ ਮਹਾਰਾਣੀ ਜਿੰਦਾਂ ਦੇ ਕਿਰਦਾਰ ਨੂੰ ਮਿਥਿਆ ਹੈ ਕਿ ਉਸਦੀ ਹਠਧਰਮੀ ਕਰਕੇ ਪੰਜਾਬ ਦਾ ਰਾਜ ਪੰਜਾਬੀਆਂ ਤੋਂ ਖੁੱਸ ਗਿਆ ਅਤੇ ਇਹ ਆਜ਼ਾਦ ਖੇਤਰ ਬਾਕੀ ਭਾਰਤ ਵਾਂਗ ਅੰਗਰੇਜ਼ਾਂ ਦੇ ਕਬਜ਼ੇ ਵਿਚ ਆ ਗਿਆ। ਪੰਜਾਬ ਦੇ ਅਣਖੀਲੇ ਕਵੀ ਸ਼ਾਹ ਮੁਹੰਮਦ ਨੂੰ ਇਹ ਗੱਲ ਖਾ ਗਈ । ਉਸ ਨੇ ਕ੍ਰੋਧ ਵਿਚ ਆ ਕੇ ਮਹਾਰਾਣੀ ਜਿੰਦਾਂ ਦੇ ਛਲ ਨੂੰ ਨੰਗਾ ਕਰਨਾ ਆਪਣਾ ਧਰਮ ਸਮਝਿਆ। ਇਵੇਂ ਲਗਦਾ ਹੈ ਕਿ ਉਸ ਨੇ ਇਹ ਜੰਗਨਾਮਾ ਸਤਲੁਜ ਦੇ ਸਾਕੇ ਅਤੇ ਮਹਾਰਾਣੀ ਜਿੰਦਾਂ ਦੇ ਛਲ ਤੋਂ ਪ੍ਰਭਾਵਿਤ ਹੋ ਕੇ ਹੀ ਲਿਖਿਆ ਹੈ।

(‘ਵਾਰ ਸ਼ਾਹ ਮੁਹੰਮਦ’, ਪੰਨਾ 76)

ਸ਼ਾਹ ਮੁਹੰਮਦ ਲਿਖਦਾ ਹੈ—

ਕੀਤਾ ਅਕਲ ਦਾ ਪੇਚ ਰਾਣੀ ਜਿੰਦ ਕੌਰਾਂ,

ਮੱਥਾ ਦੋਹਾਂ ਪਾਤਸ਼ਾਹੀਆਂ ਦਾ ਜੋੜਿਆ ਈ ।

ਗੁੱਝੀ ਰਮਜ਼ ਕਰਕੇ ਆਪ ਰਹੀ ਸੱਚੀ,

ਬਦਲਾ ਤੁਰਤ ਭਰਾਉ ਦਾ ਮੋੜਿਆ ਈ ।

ਲਏ ਤੁਰਤ ਮੁਸਾਹਿਬ ਲਪੇਟ ਰਾਣੀ,

ਲਸ਼ਕਰ ਵਿਚ ਦਰਿਆਉ ਦੇ ਰੋੜ੍ਹਿਆ ਈ ।

ਸ਼ਾਹ ਮੁਹੰਮਦਾ ਕਰੇ ਜਹਾਨ ਗੱਲਾਂ,

ਉਹਨਾਂ ਕੁਫ਼ਰ ਮੁਦਈ ਦਾ ਤੋੜਿਆ ਈ ।

(100)

ਸ਼ਾਹ ਮੁਹੰਮਦ ਨੇ ਸ਼ਸਤਰਹੀਣ ਕੀਤੇ ਪੰਜਾਬੀ ਸੈਨਿਕਾਂ ਦੇ ਮੂੰਹੋਂ ਵੀ ਮਹਾਰਾਣੀ ਜਿੰਦਾਂ ਨੂੰ ਅਖਵਾਇਆ ਹੈ—

ਪਿੱਛੋਂ ਬੈਠ ਕੇ ਸਿੰਘਾਂ ਨੂੰ ਅਕਲ ਆਈ,

ਕੇਹੀ ਚੜ੍ਹੀ ਹੈ ਜ਼ਹਿਰ ਦੀ ਸਾਣ ਮਾਈ ।

ਕਿਨ੍ਹਾਂ ਖੁੰਦਰਾਂ ਵਿਚ ਫਸਾਇ ਕੇ ਜੀ,

ਸਾਡੇ ਲਾਹ ਸੁੱਟੇ ਤੂੰ ਤਾਂ ਘਾਣ ਮਾਈ ।

ਹੱਥ ਧੋ ਕੇ ਮਗਰ ਕਿਉਂ ਪਈ ਸਾਡੇ,

ਘਰੀਂ ਅਜੇ ਨਾ ਦੇਨੀ ਹੈਂ ਜਾਣ ਮਾਈ ।

ਸ਼ਾਹ ਮੁਹੰਮਦਾ ਖੂਹਾ ਹਥਿਆਰ ਬੈਠੇ,

ਨਾਲ ਕੁੜਤੀਆਂ ਲਏ ਪਛਾਣ ਮਾਈ । (101)

ਡਾ. ਸੈਨੀ ਅਨੁਸਾਰ, ਕਿਉਂ ਜੋ ਮਹਾਰਾਣੀ ਜਿੰਦਾਂ ਸਿੰਘਾਂ ਦੀ ਸਤਿਕਾਰ ਯੋਗ ‘ਮਾਈ’ ਸੀ, ਇਸ ਲਈ ਉਸ ਨੂੰ ਬੁਰਾ-ਭਲਾ ਕਹਿਣ ਦੀ ਕਿਸੇ ਵਿਚ ਹਿੰਮਤ ਨਹੀਂ ਸੀ । ਸ਼ਾਹ ਮੁਹੰਮਦ ਨੇ ਉਸ ਦੇ ਪ੍ਰਤੀ ਗੁੱਸੇ ਨੂੰ ਆਮ ਤੀਵੀਆਂ ਦੀ ਨਿੰਦਾ ਕਰਕੇ ਵਿਅਕਤ ਕੀਤਾ ਹੈ ਅਤੇ ਇਸ ਵਿਚ ਉਸ ਨੇ ਸੀਤਾ ਤੇ ਦਰੋਪਤੀ ਜਿਹੀਆਂ ਆਦਰਯੋਗ ਨਾਰੀਆਂ ਨੂੰ ਵੀ ਨਹੀਂ ਬਖਸ਼ਿਆ । ਦੂਜੀ ਗੱਲ ਇਹ ਹੈ ਕਿ ਅੰਗਰੇਜ਼ਾਂ ਦਾ ਰਾਜ ਕਾਇਮ ਹੋ ਚੁੱਕਾ ਸੀ, ਇਸ ਲਈ ਕਵੀ ਉਹਨਾਂ ਦੀ ਬਹੁਤੀ ਨਿੰਦਿਆ ਕਰਨ ਤੋਂ ਡਰਦਾ ਸੀ । ਇਵੇਂ ਹੀ ਹਾਰੇ ਹੋਏ ਸੰਧਾਵਾਲੀਏ, ਡੋਗਰੇ, ਮਿਸ਼ਰ ਤੇ ਮੁਸਲਮਾਨ ਸਰਦਾਰਾਂ ਆਦਿ ਨੇ ਹੁਣ ਅੰਗਰੇਜ਼ੀ ਰਾਜ ਵਿਚ ਮਿਲਜੁਲ ਕੇ ਇਕੱਠੇ ਰਹਿਣਾ ਸੀ। ਕਵੀ ਨੇ ਵੀ ਰੋਜ਼ ਉਹਨਾਂ ਦੇ ਸੰਪਰਕ ਵਿਚ ਆਉਣਾ ਸੀ, ਇਸ ਲਈ ਉਸ ਨੇ ਕਿਸੇ ਨੂੰ ਵੀ ਸ਼ੈਤਾਨ ਦੇ ਰੂਪ ਵਿਚ ਪੇਸ਼ ਨਹੀਂ ਕੀਤਾ। ਜੇ ਉਹ ਇਸ ਚਾਲ ਤੋਂ ਕੰਮ ਨਾ ਲੈਂਦਾ ਤਾਂ ਉਹ ਕਿਸੇ ਵੀ ਧੜੇ ਦੇ ਕਰੋਧ ਦਾ ਸ਼ਿਕਾਰ ਹੋ ਸਕਦਾ ਸੀ । ਹਾਂ, ਉਸ ਨੇ ਆਪਣਾ ਸਾਰਾ ਨਜ਼ਲਾ ਮਹਾਰਾਣੀ ਜਿੰਦਾਂ ’ਤੇ ਡੇਗਿਆ ਹੈ ਕਿਉਂ ਜੋ ਸਤਲੁਜ ‘ਤੇ ਪੰਜਾਬੀ ਜਨਤਾ ਦਾ ਘਾਣ ਕਰਵਾਉਣ ਵਾਲੀ ਮਹਾਰਾਣੀ ਜਿੰਦਾਂ ਅਤੇ ਉਸ ਦੇ ਸਾਥੀ ਹੀ ਸਨ। ਮਹਾਰਾਣੀ ਜਿੰਦਾਂ ਹੁਣ ਬੇਬਸ ਅਤੇ ਅੰਗਰੇਜ਼ਾਂ ਦੇ ਪੰਜੇ ਵਿਚ ਸੀ ਅਤੇ ਕਿਸੇ ਨੂੰ ਵੀ ਕੋਈ ਲਾਭ-ਹਾਣ ਪੁਚਾਉਣ ਦੇ ਯੋਗ ਨਹੀਂ ਸੀ । ਨਾਲ ਹੀ ਵਾਰਿਸ ਸ਼ਾਹ ਜੇਹੇ ਕਿੱਸਾਕਾਰਾਂ ਦੀ ਦੇਖਾ-ਦੇਖੀ ਮਹਾਰਾਣੀ ਜਿੰਦਾਂ ਦਾ ਨਾਂ ਲਾ ਕੇ ਕਵੀ ਨੂੰ ਇਸਤਰੀਆਂ ਵਿਰੁੱਧ ਆਪਣੇ ਮਨ ਦੀ ਭੜਾਸ ਕੱਢਣ ਦਾ ਕਾਫ਼ੀ ਮੌਕਾ ਮਿਲ ਗਿਆ। ਇਸ ਲਈ ਸਾਮੂਹਿਕ ਤੌਰ ਤੇ ਦੇਖਿਆਂ ਇਹ ਕਹਿਣਾ ਹੀ ਪਏਗਾ ਕਿ ਸ਼ਾਹ ਮੁਹੰਮਦ ਨੇ ਆਪਣੀ ਵਾਰ ਵਿਚ ਇਤਿਹਾਸਕਤਾ ਨੂੰ ਘਾਇਲ ਨਹੀਂ ਕੀਤਾ, ਸਗੋਂ ਉਹ ਇਤਿਹਾਸ ਦੇ ਚਰਣ-ਚਿੰਨ੍ਹਾਂ ’ਤੇ ਹੀ ਚੱਲਿਆ ਹੈ ।

(ਵਾਰ ਸ਼ਾਹ ਮੁਹੰਮਦ, ਪੰਨਾ 56) ਉਪ੍ਰੋਕਤ ਸਾਰੀ ਚਰਚਾ ਤੋਂ ਅਸੀਂ ਇਸ ਨਤੀਜੇ ‘ਤੇ ਪੁੱਜਦੇ ਹਾਂ ਕਿ ਇਕ ਔਰਤ ਦੇ ਕਿਰਦਾਰ ਦੀ ਨਿੰਦਾ ਕਰਨ ਦੀ ਥਾਵੇਂ (ਬੇਸ਼ਕ ਇਹ ਵੀ ਗਲਤ ਸੀ,

ਕਿਉਂਕਿ ਤੇਜਾ ਸਿੰਘ ਤੇ ਲਾਲ ਸਿੰਘ ਆਦਿ ਨੇ ਆਪਣੀ ਚਾਤੁਰਤਾ ਸਹਾਰੇ ਮਹਾਰਾਣੀ ਜਿੰਦਾਂ ਵਿਰੁੱਧ ਕੁਝ ਅਜਿਹਾ ਭੰਡੀ ਪ੍ਰਚਾਰ ਕੀਤਾ ਸੀ ਕਿ ਬਿਨਾਂ ਕੁਝ ਸੋਚੇ-ਵਿਚਾਰੇ ਸਭ ਲੋਕ ਭਰਮ-ਭੁਲੇਖਿਆਂ ਦਾ ਸ਼ਿਕਾਰ ਹੁੰਦੇ ਚਲੇ ਗਏ ਅਤੇ ਹਰੇਕ ਕਾਰਵਾਈ ਲਈ ਮਹਾਰਾਣੀ ਜਿੰਦਾਂ ਨੂੰ ਹੀ ਦੋਸ਼ੀ ਠਹਿਰਾਣ ਲੱਗ ਪਏ ਸਨ । ਡੋਗਰਿਆਂ ਨੇ ਅਜਿਹੀ ਹੀ ਕੁਟਲਨੀਤੀ ਪਹਿਲਾਂ ਮਹਾਰਾਜਾ ਖੜਕ ਸਿੰਘ ਤੇ ਮਹਾਰਾਜਾ ਸ਼ੇਰ ਸਿੰਘ ਵੇਲੇ ਵੀ ਵਰਤੀ ਸੀ ਅਤੇ ਪੂਰੀ ਤਰ੍ਹਾਂ ਸਫ਼ਲ ਰਹੇ ਸਨ) ਕੁੱਲ ਔਰਤ ਜ਼ਾਤ ਦੇ ਮਗਰ ਹੱਥ ਧੋ ਕੇ ਪੈ ਜਾਣਾ ਸ਼ਾਹ ਮੁਹੰਮਦ ਜਿਹੇ ਸਮਰੱਥ ਤੇ ਸੱਚੇ ਸ਼ਾਇਰ ਨੂੰ ਬਿਲਕੁਲ ਨਹੀਂ ਸੀ ਸ਼ੋਭਦਾ । ਸੱਚਾਈ ਦੀਆਂ ਤੈਹਾਂ ਤੀਕ ਅੱਪੜਨ ਦੀ ਥਾਂ ਜਾਂ ਸੱਚਾਈ ਤੋਂ ਮੂੰਹ ਮੋੜ ਕੇ ਰਵਾਇਤੀ ਕਿੱਸਾਕਾਰਾਂ ਵਾਂਗ ਪੂਰੇ ਇਸਤ੍ਰੀ ਸਮਾਜ ਨੂੰ ਹੀ ਭੰਡਣਾ ਇਤਿਹਾਸਕਤਾ ਨੂੰ ਘਾਇਲ ਕਰਨ ਵਾਲੀ ਗੱਲ ਹੈ, ਜਿਵੇਂ ਵਾਰਿਸ ਸ਼ਾਹ ਤੇ ਦਮੋਦਰ ਆਦਿ ਕਿੱਸਾਕਾਰ ਕਰਦੇ ਰਹੇ ਹਨ। ਇਸ ਪ੍ਰਸੰਗ ਵਿਚ ਵਾਰਿਸ ਸ਼ਾਹ ਦੀਆਂ ਕੁਝ ਪੰਕਤੀਆਂ ਪਹਿਲਾਂ ਅੰਕਿਤ ਕੀਤੀਆਂ ਜਾ ਚੁਕੀਆਂ ਹਨ । ਦਮੋਦਰ ਵੀ ਤਾਂ ਇਸੇ ਸੁਰ ਵਿਚ ਸੁਰ ਮਿਲਾਉਂਦਾ ਹੋਇਆ ‘ਹੀਰ’ ਦੇ ਕਿੱਸੇ ਵਿਚ ਆਖ ਰਿਹਾ ਹੈ—

ਭੱਠ ਰੰਨਾਂ ਦੀ ਦੋਸਤੀ, ਖੁਰੀ ਜਿਨ੍ਹਾਂ ਦੀ ਮੱਤ।

ਹੱਸ ਹੱਸ ਲਾਵਣ ਯਾਰੀਆਂ, ਅਤੇ ਪਿੱਛੋਂ ਦਿੰਦੀਆਂ ਦੱਸ।

ਹੋਣੀ ਅਤੇ ਪਰਾਸਰੀਰਕ ਅੰਸ਼

ਇਨਸਾਨੀ ਫ਼ਿਤਰਤ ਜਾਂ ਸੁਭਾਓ ਹੀ ਹੈ ਕਿ ਜੋ ਕਾਰਜ ਅਸੀਂ ਨਹੀਂ ਕਰ ਸਕਦੇ, ਉਸ ਦੀ ਸੰਪੂਰਨਤਾ ਜਾਂ ਸਫ਼ਲਤਾ ਲਈ ਕਿਸੇ ਅਗੰਮੀ ਤੇ ਅਦਿੱਸ ਤਾਕਤ ਦਾ ਸਹਾਰਾ ਤੱਕਿਆ ਜਾਂਦਾ ਹੈ । ਇੰਜ ਹੀ ਕੋਈ ਕਾਰਜ ਸਾਡੀ ਇੱਛਾ ਦੇ ਵਿਰੁੱਧ ਹੋ ਜਾਂਦਾ ਹੈ, ਅਸੀਂ ਲੱਖ ਚਾਹੁੰਦੇ ਹੋਏ ਵੀ ਇਸ ਵਿਚ ਅਦਲਾ-ਬਦਲੀ ਨਹੀਂ ਕਰ ਸਕਦੇ ਅਤੇ ਜਿਸ ਨੂੰ ਸਵੀਕਾਰਨਾ ਸਾਡੀ ਮਜਬੂਰੀ ਬਣ ਜਾਂਦਾ ਹੈ ਤਾਂ ਇਸ ਨੂੰ ਵੀ ਉਸ ਗ਼ੈਬੀ ਤਾਕਤ ਵਲੋਂ ਵਰਤ ਰਿਹਾ ‘ਹੁਕਮ’ ਜਾਂ ‘ਭਾਣਾ’ ਆਖ ਕੇ ਮਨ ਨੂੰ ਤਸੱਲੀ ਦੇਣ ਦਾ ਯਤਨ ਕੀਤਾ ਜਾਂਦਾ ਹੈ । ਕੋਈ ਕੰਮ ਸੰਵਰ ਜਾਂਦਾ ਹੈ ਜਾਂ ਮੋਰਚਾ ਫ਼ਤਹ ਹੋ ਜਾਂਦਾ ਹੈ ਤਾਂ ਇਨਸਾਨ ਖੁਸ਼ੀ ਵਿਚ ਫੁੱਲਿਆ ਨਹੀਂ ਸਮਾਉਂਦਾ ਅਤੇ ਇਸ ਸਫ਼ਲਤਾ ਦਾ ਸਾਰਾ ਸਿਹਰਾ ਆਪਣੀ ਹਿੰਮਤ, ਤਾਕਤ ਜਾਂ ਸੂਝ-ਬੂਝ ਦੇ ਸਿਰ ਬੰਨ੍ਹਦਾ ਹੈ । ਇਸ ਦੇ ਉਲਟ, ਜੇਕਰ ਭਾਰੀ ਤਰੱਦਦ ਦੇ ਬਾਵਜੂਦ ਪਾਸਾ ਪੁੱਠਾ ਪੈ ਜਾਂਦਾ ਹੈ ਤਾਂ ਇਹ ਆਪਣੀ ਗਲਤੀ, ਕਮਜ਼ੋਰੀ ਜਾਂ ਅਣਗਹਿਲੀ ਨੂੰ ਮੰਨਣ ਦੀ ਥਾਂ ਸਾਰਾ ਕਸੂਰ ਆਪਣੇ ਕਰਮਾਂ ਦੇ ਸਿਰ ਥੋਪ ਦਿੰਦਾ ਹੈ, ਆਪਣੇ ਭਾਗਾਂ ਨੂੰ ਕੋਸਣ ਲੱਗਦਾ ਹੈ ਜਾਂ ਹੋਣੀ ਨੂੰ ਮਾੜਾ-ਚੰਗਾ ਕਹਿਣ ਲੱਗ ਜਾਂਦਾ ਹੈ । ਆਦਿ ਕਾਲ ਤੋਂ ਇਹੋ ਵਰਤਾਰਾ ਵਰਤਦਾ ਆ ਰਿਹਾ ਹੈ । .

ਕੋਈ ਲੇਖਕ ਜਾਂ ਕਲਾਕਾਰ ਵੀ ਆਖਰ ਇਕ ਇਨਸਾਨ ਹੀ ਹੁੰਦਾ ਹੈ, ਜਿਸ ਉਤੇ ਸਮਾਜ ਵਿਚ ਵਿਆਪਕ ਸੰਸਕਾਰਾਂ ਦਾ ਅਸਰ ਪੈਣਾ ਕੁਦਰਤੀ ਗੱਲ ਹੈ। ਉਸ ਦੀ ਚੇਤਨਾ ‘ਤੇ ਉਸ ਯੁਗ ਦੇ ਵਾਤਾਵਰਣ ਦੀ ਛਾਪ ਅੰਕਿਤ ਹੁੰਦੀ ਹੈ। ਅੱਜ ਵਾਂਗ ਪਹਿਲੇ ਸਮੇਂ ਵੀ ਲੋਕਾਂ ਵਿਚ ਪਰਾਸਰੀਰਕ ਸ਼ਕਤੀਆਂ ਵਿਚ ਅਸੀਮ ਸ਼ਰਧਾ ਤੇ ਵਿਸ਼ਵਾਸ ਸੀ । ਇਸ ਵਿਚਾਰਧਾਰਾ ਅਨੁਸਾਰ ਜੋ ਕੰਮ ਵਿਅਕਤੀ ਆਪ ਨਹੀਂ ਕਰ ਸਕਦਾ, ਉਸ ਨੂੰ ਕੋਈ ਪਰਾਸਰੀਰਕ ਸ਼ਕਤੀ ਹੀ ਨੇਪਰੇ ਚਾੜ੍ਹ ਸਕਦੀ ਹੈ। ਇਹੋ ਕਾਰਨ ਹੈ ਕਿ ਕੋਈ ਵੀ ਲਿਖਤ ਪੜ੍ਹ ਕੇ ਵੇਖ ਲਵੋ, ਚਾਹੇ ਉਹ ਪੌਰਾਣਿਕ ਹੈ, ਅਧਿਆਤਮਕ, ਸਦਾਚਾਰਕ, ਬੀਰਰਸੀ ਜਾਂ ਰੋਮਾਂਟਿਕ, ਉਸ ਵਿਚ ਪਰਾਸਰੀਰਕ ਅਤੇ ਅਦਿੱਖ ਤਾਕਤਾਂ ਦਾ ਵਰਣਨ ਕਿਸੇ ਨਾ ਕਿਸੇ ਰੂਪ ਵਿਚ ਮਿਲ ਹੀ ਜਾਵੇਗਾ। ਦਮੋਦਰ, ਵਾਰਿਸ, ਹਾਸ਼ਮ, ਆਦਿ ਦੀਆਂ ਲਿਖਤਾਂ ਵਿੱਚ ਅਜਿਹੀਆਂ ਅਨੇਕਾਂ ਮਿਸਾਲਾਂ ਮਿਲਦੀਆਂ ਹਨ।

ਸ਼ਾਹ ਮੁਹੰਮਦ ਵੀ ਇਕ ਆਮ ਇਨਸਾਨਾਂ ਵਰਗਾ ਇਨਸਾਨ ਹੈ । ਬੇਸ਼ਕ ਇਸ ਨੂੰ ਕਵਿਤਾ ਦੀ ਇਲਾਹੀ ਦਾਤ ਮਿਲੀ ਹੋਈ ਹੈ, ਲੇਕਿਨ ਸੋਚ ਤਾਂ ਇਨਸਾਨੀ ਹੀ ਹੈ, ਜਿਸ ਕਾਰਨ ਹਰੇਕ ਮੋੜ ਉਤੇ ਉਸ ਨੂੰ ਕੋਈ ਗ਼ੈਬੀ ਸ਼ਕਤੀ ਸਾਰੇ ਸੰਭਵ ਤੇ ਅਸੰਭਵ ਕਾਰਜ ਕਰ ਜਾਂ ਕਰਵਾ ਰਹੀ ਪ੍ਰਤੀਤ ਦਿੰਦੀ ਹੈ । ਕਵੀ ਮਨੁੱਖ ਨੂੰ ਖ਼ੁਦ-ਮੁਖਤਾਰ ਨਹੀਂ ਸਗੋਂ ਮਜਬੂਰ ਰੂਪ ਵਿਚ ਵੇਖ ਰਿਹਾ ਹੈ ਜਿਸ ਦੇ ਹਰੇਕ ਕਾਰਜ ਪਿਛੇ ਪਰਮੇਸ਼ਰ ਦੀ ਕਲਾ ਵਰਤ ਰਹੀ ਹੈ। ਇਹੋ ਕਾਰਨ ਹੈ ਕਿ ਉਸ ਨੇ ਲਾਹੌਰ ਦਰਬਾਰ ਦੇ ਸਭ ਅਮੀਰਾਂ-ਵਜ਼ੀਰਾਂ ਨੂੰ ਹੋਣੀ ਦੇ ਹੱਥਾਂ ਦੀ ਕਠਪੁਤਲੀ ਬਣਾ ਕੇ ਪੇਸ਼ ਕੀਤਾ ਹੈ ।

ਭਾਵੇਂ ਉਸ ਨੇ ਫੌਜ ਦੇ ਭੂਤਰੇ ਜਾਣ ਅਤੇ ਬੇਮੁਹਾਰ ਹੋਣ ‘ਤੇ ਮਹਾਰਾਣੀ ਜਿੰਦਾਂ ਦੁਆਰਾ ਆਪਣੇ ਭਰਾ ਦੇ ਕਤਲ ਦਾ ਬਦਲਾ ਲੈਣ ਦੀ ਭਾਵਨਾ ਨੂੰ ਪੰਜਾਬ ਦੀ ਭਾਂਜ ਤੇ ਤਬਾਹੀ ਦਾ ਕਾਰਣ ਵੀ ਮੰਨਿਆ ਹੈ, ਫੇਰ ਵੀ ਉਹ ਮੁੱਖ ਰੂਪ ਵਿਚ ਸਾਰੇ ਕਾਰਜਾਂ ਦੀ ਡੋਰੀ ਗ਼ੈਬੀ ਤਾਕਤਾਂ ਦੇ ਹੱਥ ਵਿਚ ਦਿੰਦਾ ਹੈ ਅਤੇ ਮੌਤ ਦਾ ਮਾਨਵੀਕਰਣ ਕਰਕੇ ਉਸ ਨੂੰ ਹਰ ਥਾਂ ‘ਤੇ ਹਾਜ਼ਰ-ਨਾਜ਼ਰ ਤੇ ਕ੍ਰਿਆਸ਼ੀਲ ਦੱਸਦਾ ਹੈ ।

ਜੰਗਨਾਮੇ ਦੇ ਪਹਿਲੇ ਬੰਦ ਵਿਚ ਹੀ ਕਵੀ ਰੱਬ ਦੀ ਸਿਫ਼ਤ-ਸਲਾਹ ਇਸ ਰੂਪ ਵਿਚ ਕਰਦਾ ਹੈ ਕਿ ਰੱਬ ਪਿਛਲਿਆਂ ਰਾਜਿਆਂ ਨੂੰ ਤੇ ਰਾਜਾਂ ਨੂੰ ਸਮੇਟ ਕੇ ਉਨ੍ਹਾਂ ਦੀ ਥਾਂ ਤੇ ਨਵੇਂ ਬਾਦਸ਼ਾਹਾਂ ਤੇ ਬਾਦਸ਼ਾਹਤਾਂ ਨੂੰ ਲਿਆਉਂਦਾ ਹੈ । ਉਹ ਰਾਜਿਆਂ ਨੂੰ ਕੰਗਾਲ ਕਰਕੇ ਉਨ੍ਹਾਂ ਕੋਲੋਂ ਭੀਖ ਮੰਗਾਉਂਦਾ ਹੈ—

ਅੱਵਲ ਹਮਦ ਜਨਾਬ ਅਲਾਹ ਦੀ ਨੂੰ,

ਜਿਹੜਾ ਕੁਦਰਤੀਂ ਖੇਲ ਬਣਾਂਵਦਾ ਈ ।

ਚੌਦਾਂ ਤਬਕਾਂ ਦਾ ਨਕਸ਼ੋ ਨਗਾਰ ਕਰ ਕੇ,

ਰੰਗ ਰੰਗ ਦੇ ਬਾਗ਼ ਲਗਾਂਵਦਾ ਈ ।

ਸਫ਼ਾਂ ਪਿਛਲੀਆਂ ਸਭ ਲਪੇਟ ਲੈਂਦਾ,

ਅਗੋਂ ਹੋਰ ਹੀ ਹੋਰ ਵਿਛਾਂਵਦਾ ਈ ।

ਸ਼ਾਹ ਮੁਹੰਮਦਾ ਓਸ ਤੋਂ ਸਦਾ ਡਰੀਏ,

ਬਾਦਸ਼ਾਹਾਂ ਤੋਂ ਭੀਖ ਮੰਗਾਂਵਦਾ ਈ । (1)

ਸੰਸਾਰ ਵਿਚ ਹੋਣ ਵਾਲੇ ਰਾਜ-ਪਲਟਿਆਂ ਜਾਂ ਹੋਰ ਤਬਦੀਲੀਆਂ ਨੂੰ ਕਵੀ ਇਸ ਮਾਇਆ-ਯੁਕਤ ਸੰਸਾਰ ਦੇ ਲਾਜ਼ਮੀ ਸਿੱਟੇ ਦੱਸ ਕੇ ਪਾਠਕਾਂ ਦਿਆਂ ਦਿਮਾਗ਼ਾਂ ਨੂੰ ਜੰਗਨਾਮੇ ਵਿਚ ਵਾਪਰਨ ਵਾਲੀਆਂ ਘਟਨਾਵਾਂ ਨੂੰ ਰੱਬੀ ਭਾਣੇ ਵਾਂਗ ਮੰਨਣ ਲਈ ਪਹਿਲਾਂ ਹੀ ਤਿਆਰ ਕਰ ਲੈਂਦਾ ਹੈ :-

ਏਥੇ ਆਇਆਂ ਨੂੰ ਦੁਨੀਆਂ ਮੋਹ ਲੈਂਦੀ,

ਦਗੇਬਾਜ਼ ਦਾ ਧਾਰ ਕੇ ਭੇਸ ਮੀਆਂ ।

ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ,

ਸਦਾ ਨਹੀਂ ਜੇ ਬਾਲ ਵਰੇਸ ਮੀਆਂ ।

ਬਿਨ ਨਾ ਸਦਾ ਨਹੀਂ ਜੇ ਦੌਲਤਾਂ ਫੀਲ ਘੋੜੇ,

ਸਦਾ ਨਹੀਂ ਜੇ ਰਾਜਿਆਂ ਦੇਸ ਮੀਆਂ ।

ਸ਼ਾਹ ਮੁਹੰਮਦਾ ਸਦਾ ਨਾ ਰੂਪ ਦੁਨੀਆਂ,

ਸਦਾ ਰਹਿਣ ਨਾ ਕਾਲੜੇ ਕੇਸ ਮੀਆਂ ।(2)

ਉਸ ਅਨੁਸਾਰ ਇਸ ਸੰਸਾਰ ਵਿਚ ਅਟੱਲ ਕੇਵਲ ਉਸ ਸੱਚੇ ਰੱਬ ਦੀ ਜ਼ਾਤ ਨੇ ਰਹਿਣਾ ਹੈ। ਬਾਕੀ ਸਭ ਨੇ, ਵੱਡੇ ਤੋਂ ਵੱਡੇ ਰਾਜਿਆਂ-ਮਹਾਰਾਜਿਆਂ ਨੇ ਵੀ, ਕੂੜ ਦੇ ਵਾਜੇ ਵਜਾ ਕੇ ਇਸ ਸਰਾਂ ਰੂਪੀ ਦੁਨੀਆਂ ਵਿਚੋਂ ਕੂਚ ਕਰ ਜਾਣਾ ਹੈ –

ਇਹ ਜੱਗ ਸਰਾਇ ਮੁਸਾਫ਼ਰਾਂ ਦੀ,

ਏਥੇ ਜ਼ੋਰ ਵਾਲੇ ਕਈ ਆਇ ਗਏ ।

ਦਾਦ, ਨਮਰੂਦ, ਫਿਰਊਨ ਜੇਹੇ,

ਦਾਵਾ ਬੰਨ੍ਹ ਖ਼ੁਦਾਇ ਕਹਾਇ ਗਏ ।

ਅਕਬਰ ਸ਼ਾਹ ਜੇਹੇ ਵਿਚ ਦਿੱਲੀ ਦੇ ਜੀ,

ਫੇਰੀ ਵਾਂਗ ਵਣਜਾਰਿਆਂ ਪਾਇ ਗਏ ।

ਨਾਂ ਨੂੰ ਜਾਰ ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ,

ਵਾਜੇ ਕੂੜ ਦੇ ਕਈ ਵਜਾਇ ਗਏ । (4)

ਲਾਹੌਰ ਦਰਬਾਰ ਵਿਚ ਕੰਵਰ ਨੌਨਿਹਾਲ ਸਿੰਘ ਦੀ ਹਾਜ਼ਰੀ ਵਿਚ ਚੇਤ ਸਿੰਘ ਬਾਜਵਾ ਦੇ ਕਤਲ ਨਾਲ ਵੱਢ-ਟੁੱਕ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ—

ਚੇਤ ਸਿੰਘ ਨੂੰ ਮਾਰਿਆ ਕੌਰ ਸਾਹਿਬ,

ਸ਼ੁਰੂ ਹੋਈ ਦਰਬਾਰ ਤਲਵਾਰ ਮੀਆਂ । (6)

ਜਾਂ

ਸ਼ਾਹ ਮੁਹੰਮਦਾ ਹੋਈ ਹੁਣ ਮੌਤ ਸਸਤੀ,

ਖ਼ਾਲੀ ਨਹੀਂ ਜਾਣਾ ਇਕ ਵਾਰ ਮੀਆਂ ।

ਸ਼ਾਹ ਮੁਹੰਮਦ ਅਨੁਸਾਰ ਇਕ ਪਾਸੇ ਕੰਵਰ ਨੌਨਿਹਾਲ ਸਿੰਘ ਨੇ ਚੇਤ ਸਿੰਘ ਬਾਜਵਾ ਨੂੰ ਕਤਲ ਕੀਤਾ ਅਤੇ ਦੂਜੇ ਪਾਸੇ ਆਪਣੇ ਪਿਤਾ ਮਹਾਰਾਜਾ ਖੜਕ ਸਿੰਘ ਦੀ ਮ੍ਰਿਤੂ ਤੇ “ਜ਼ਰਾ ਦਰਦ ਦੇ ਨਾਲ ਨਾ ਮੂਲ ਰੋਇਆ”, ਇਸ ਲਈ ਧਰਮਰਾਜ ਉਸ ਨਾਲ ਨਾਰਾਜ਼ ਹੋ ਗਿਆ। ਫੇਰ ਕੀ ਸੀ, ਧਰਮਰਾਜ ਨੇ ਅਜੇਹੇ ਜ਼ਾਲਿਮ ਅਤੇ ਪਿਤਾ-ਦੁਸ਼ਮਣ ਪੁੱਤਰ ਨੂੰ ਮਾਰਨ ਲਈ ਆਪਣੇ ਦੂਤ ਘੱਲ ਦਿੱਤੇ :- ਖੜਕ ਸਿੰਘ ਮਹਾਰਾਜ ਨੂੰ ਚੁੱਕ ਲਿਆ, ਦੇਖੋ ਸਾੜਨੇ ਨੂੰ ਹੁਣ ਲੈ ਚੱਲੇ ।

ਧਰਮ ਰਾਜ ਨੂੰ ਜਦੋਂ ਇਹ ਖ਼ਬਰ ਹੋਈ,

ਕੌਰ ਮਾਰਨੇ ਨੂੰ ਉਸ ਦੂਤ ਘੱਲੇ ।

ਮਾਰੋ ਮਾਰ ਕਰਦੇ ਦੂਤ ਆਣ ਵੜੇ,

ਜਦੋਂ ਮੌਤ ਦੇ ਹੋਏ ਨੀ ਆਣ ਹੱਲੇ ।

ਸ਼ਾਹ ਮੁਹੰਮਦਾ ਦੇਖ ਰਜ਼ਾਇ ਉਸ ਦੀ,

ਊਧਮ ਸਿੰਘ ਤੇ ਕੌਰ ਦੇ ਸਾਸ ਚੱਲੇ ।

ਕੁਝ ਇਤਿਹਾਸਕਾਰ ਕੰਵਰ ਨੌਨਿਹਾਲ ਸਿੰਘ ਦੀ ਮੌਤ ਵਿਚ ਰਾਜਾ ਧਿਆਨ ਸਿੰਘ ਦਾ ਹੱਥ ਵੇਖਦੇ ਹਨ ਅਤੇ ਕੁਝ ਇਸ ਨੂੰ ਕੁਦਰਤੀ ਦੁਰਘਟਨਾ ਮੰਨਦੇ ਹਨ ਪਰੰਤੂ ਸ਼ਾਹ ਮੁਹੰਮਦ ਨੇ ਇਸ ਨੂੰ ਰੱਬ ਦੀ ਰਜ਼ਾ ਨਾਲ ਜੋੜ ਦਿਤਾ ਹੈ । ਬੇਸ਼ਕ ਇਸ ਗੱਲ ਦਾ ਕੋਈ ਇਤਿਹਾਸਕ ਆਧਾਰ ਨਾ ਹੋਵੇ, ਫਿਰ ਵੀ ਮੁਨਸ਼ੀ ਸੋਹਨ ਲਾਲ ਦੇ ਰੋਜ਼ਨਾਮਚੇ (ਦਫ਼ਤਰ ਚੌਥਾ) ਦੇ ਆਧਾਰ ‘ਤੇ ਮਹਾਰਾਜਾ ਖੜਕ ਸਿੰਘ ਦੀ ਮੌਤ ਤੋਂ ਬਾਅਦ ਅਤੇ ਕੰਵਰ ਦੀ ਮੌਤ ਤੋਂ ਪਹਿਲਾਂ ਕੰਵਰ ਨੂੰ ਇਕ ਵਾਰ ਕਿਸੇ ਗ਼ੈਬੀ ਬੰਦੇ ਨੇ ਖੜਕ ਸਿੰਘ ਦੀ ਹਵੇਲੀ ਦੀਆਂ ਪੌੜੀਆਂ ਤੋਂ ਉਤਰਦਿਆਂ ਪਿੱਠ ਉਤੇ ਥੱਪੜ ਮਾਰੇ, ਦੂਜੀ ਵਾਰ ਖੜਕ ਸਿੰਘ ਦੀ ਅਰਥੀ ਨੂੰ ਟਕਸਾਲੀ ਦਰਵਾਜ਼ੇ ਤੋਂ ਲੰਘਾਉਣ ਵੇਲੇ ਕਿਸੇ ਅਦ੍ਰਿਸ਼ ਸ਼ਕਤੀ ਨੇ ਡੰਡਾ ਮਾਰਿਆ, ਤੀਜੀ ਵੇਰ ਰੋਸ਼ਨਾਈ ਦਰਵਾਜ਼ੇ ਦੇ ਨੇੜੇ ਤੂਤ ਦਾ ਬ੍ਰਿਛ ਡਿੱਗਿਆ । ਇਨ੍ਹਾਂ ਸਾਰੀਆਂ ਘਟਨਾਵਾਂ ਨੇ ਅਜੀਬ ਜਿਹਾ ਮਾਹੌਲ ਪੈਦਾ ਕਰ ਦਿੱਤਾ ਸੀ ਅਤੇ ਕੰਵਰ ਦੀ ਮੌਤ ਕਿਸੇ ਗ਼ੈਬੀ ਸ਼ਕਤੀ ਕਾਰਨ ਹੋਈ ਮੰਨੀ ਜਾਣ ਲੱਗ ਪਈ ਸੀ । ਸ਼ਾਹ ਮੁਹੰਮਦ ਵਲੋਂ ਇਸੇ ਲੋਕ ਮਾਨਤਾ ਨੂੰ ਆਧਾਰ ਬਣਾਇਆ ਲਗਦਾ ਹੈ। ਗ਼ੈਬੀ ਤਾਕਤਾਂ ਨੇ ਕੰਵਰ ਨੌਨਿਹਾਲ ਸਿੰਘ ਨੂੰ ਚੇਤ ਸਿੰਘ ਦੇ ਕਤਲ ਅਤੇ ਪਿਤਾ ਮਹਾਰਾਜਾ ਖੜਕ ਸਿੰਘ ਨਾਲ ਬਦਸਲੂਕੀ ਕਰਨ ਦੇ ਜੁਰਮ ਵਿਚ ਮ੍ਰਿਤੂ ਦੰਡ ਦਿੱਤਾ ਸੀ । ਸ਼ਾਹ ਮੁਹੰਮਦ ਧਰਮਰਾਜ ਤੋਂ ਕੰਵਰ ਨੌਨਿਹਾਲ ਸਿੰਘ ਨੂੰ ਮਾਰਨ ਦਾ ਹੁਕਮ ਲੈ ਕੇ ਆਏ ਦੂਤ ਨੂੰ ਕੰਵਰ ਅਤੇ ਉਸ ਦੇ ਮਿੱਤਰ (ਊਧਮ ਸਿੰਘ) ਉਤੇ ਛੱਜਾ ਡੇਗਦੇ ਵੀ ਦੱਸਦਾ ਹੈ :-

ਇਕ ਦੂਤ ਨੇ ਦੇਖ ਕੇ ਫ਼ਿਕਰ ਕੀਤਾ,

ਪਲਕ ਵਿਚ ਦਰਵਾਜ਼ੇ ਦੇ ਆਇਆ ਈ ।

ਜਿਹੜਾ ਧੁਰ ਦਰਗਾਹ ਦਾ ਹੁਕਮ ਆਂਦਾ,

ਦੇਖੋ ਉਸ ਨੂੰ ਖ਼ੂਬ ਵਜਾਇਆ ਈ ।

ਅੰਦਰ ਤਰਫ਼ ਹਵੇਲੀ ਦੇ ਤੁਰੇ ਜਾਂਦੇ,

ਛੱਜਾ ਢਾਹ ਦੋਹਾਂ ਉਤੇ ਪਾਇਆ ਈ ।

ਸ਼ਾਹ ਮੁਹੰਮਦਾ ਊਧਮ ਸਿੰਘ ਥਾਉਂ ਮੋਇਆ,

ਕੌਰ ਸਾਹਿਬ ਵੀ ਸਹਿਕਦਾ ਆਇਆ ਈ । (10)

ਇਸ ਤੋਂ ਬਾਅਦ ਵਿਚ ਵਾਪਰਨ ਵਾਲੀਆਂ ਦੁਰਘਟਨਾਵਾਂ ਵਿਚ ਵੀ ਕਈ ਥਾਈਂ ਕਵੀ ਮੌਤ ਦੇ ਫਰਿਸ਼ਤਿਆਂ ਜਾਂ ਜਮਦੂਤਾਂ ਦਾ ਹੱਥ ਵੇਖਦਾ ਹੈ । 21 ਦਸੰਬਰ 1844 ਨੂੰ ਜਦ ਰਾਜਾ ਹੀਰਾ ਸਿੰਘ ਤੇ ਪੰਡਿਤ ਜੱਲਾ ਆਪਣੀ ਸੁਰੱਖਿਆ ਲਈ ਜੰਮੂ ਵਲ ਭੱਜਦੇ ਹਨ ਤਾਂ ਮੌਤ ਉਨ੍ਹਾਂ ਦਾ ਪਿੱਛਾ ਕਰ ਰਹੀ ਹੁੰਦੀ ਹੈ

ਘੇਰੇ ਅਜ਼ਲ ਦੇ ਅਕਲ ਨਾ ਮੂਲ ਆਈ,

ਬੁਰਾ ਆਪਣਾ ਆਪ ਕਰਾਂਵਦੇ ਨੀ ।

ਸ਼ਾਹ ਮੁਹੰਮਦਾ ਸਿੰਘ ਲੈ ਮਿਲੇ ਤੋਪਾਂ,

ਅਗੋਂ ਗੋਲਿਆਂ ਨਾਲ ਉਡਾਂਵਦੇ ਨੀ ।(38)

ਇਸ ਪ੍ਰਕਾਰ ਬਾਅਦ ਵਿਚ ਸਾਰੀਆਂ ਯੁੱਧ ਦੀਆਂ ਘਟਨਾਵਾਂ ਪਿੱਛੇ ਸਾਨੂੰ ਰੱਬ ਦਾ ਗ਼ੈਬੀ ਹੱਥ ਨਜ਼ਰ ਆਉਂਦਾ ਹੈ । ਮਹਾਰਾਣੀ ਜਿੰਦਾਂ ਉਸ ਚਮਤਕਾਰੀ ਤੇ ਅਦਿੱਖ ਤਾਕਤ ਦਾ ਇਕ ਹਥਿਆਰ ਹੈ ਜਿਹੜੀ ਆਪਣੇ ਭਰਾ ਦੇ ਕਤਲ ਦਾ ਬਦਲਾ ਲੈਣ ਲਈ ਥਾਂ-ਥਾਂ ‘ਤੇ ਮੌਤ ਵਰਤਾ ਰਹੀ ਹੈ । ਜੰਗ ਦੇ ਖ਼ਾਤਮੇ ‘ਤੇ ਸ਼ਾਹ ਮੁਹੰਮਦ ਫੇਰ ਬੜੀ ਨਿਰਾਸ਼ਾ ਨਾਲ ਸੰਸਾਰ ਦੀ ਨਾਸ਼ਵਾਨਤਾ ਤੇ ਹੋਣੀ ਅੱਗੇ ਮਨੁੱਖ ਦੀ ਮਜਬੂਰੀ ਅਤੇ ਹੋਣੀ ਦੀ ਖੇਡ ਤੋਂ ਬੇਇਲਮੀ ਦਾ ਪ੍ਰਗਟਾਵਾ ਕਰਦਾ ਹੈ । ਸ਼ਾਹ ਮੁਹੰਮਦ ਉਸ ਸਮੇਂ ਪੈਦਾ ਹੋਇਆ, ਜਦੋਂ ਲੋਕਾਂ ਦੀ ਵਿਗਿਆਨਕ ਸੂਝ-ਬੂਝ ਏਨੀਂ ਨਹੀਂ ਬਣੀ ਸੀ । ਉਦੋਂ ਲੋਕ ਹੋਣੀ ਅਤੇ ਕਿਸਮਤ ‘ਤੇ ਹੀ ਵਧੇਰੇ ਯਕੀਨ ਰੱਖਦੇ ਸਨ । ਸ਼ਾਹ ਮੁਹੰਮਦ ਨੇ ਵੀ ਹੋਣੀ ਅਤੇ ਕਿਸਮਤ ਦਾ ਵਰਣਨ ਕਰਕੇ ਲੋਕ ਵਿਸ਼ਵਾਸਾਂ ਨੂੰ ਹੀ ਰੂਪਮਾਨ ਕੀਤਾ ਹੈ-

ਜਿਹੜੀ ਹੋਈ ਸੋ ਲਈ ਹੈ ਵੇਖ ਅੱਖੀਂ,

ਅੱਗੇ ਹੋਰ ਕੀ ਬਣਤ ਬਣਾਵਣੀ ਜੀ ।

ਇਕ ਘੜੀ ਦੀ ਕੁਝ ਉਮੈਦ ਨਾਹੀਂ,

ਕਿਸੇ ਲਈ ਹਾੜੀ ਕਿਸੇ ਸਾਵਣੀ ਜੀ ।….

ਸ਼ਾਹ ਮੁਹੰਮਦਾ ਨਹੀਂ ਮਾਲੂਮ ਸਾਨੂੰ,

ਅੱਗੇ ਹੋਰ ਕੀ ਖੇਡ ਖਿਡਾਵਣੀ ਜੀ । (104)

ਡਾ: ਪ੍ਰੀਤਮ ਸੈਨੀ ਅਨੁਸਾਰ ਅੱਜ ਦੇ ਕਵੀ ਸ਼ਾਹ ਮੁਹੰਮਦ ਵਾਂਗ ਭੌਤਿਕ ਤੇ ਰਾਜਨੀਤਿਕ ਕਾਰਣਾਂ ਨੂੰ ਅੱਖੋਂ ਓਹਲੇ ਕਰ ਕੇ ਇਤਿਹਾਸ ਨੂੰ ਇਸ ਪ੍ਰਕਾਰ ਭਾਗਵਾਦੀ ਜਾਂ ਨਿਰਾਸ਼ਾਵਾਦੀ ਦ੍ਰਿਸ਼ਟੀਕੋਣ ਨਾਲ ਨਹੀਂ ਵੇਖਦੇ ਜਾਂ ਚਿਤਰਦੇ। ਉਹ ਭੂਤਕਾਲ ਦੇ ਗਰਭ ਵਿਚੋਂ ਵਰਤਮਾਨ ਲਈ ਰੌਸ਼ਨੀ ਭਾਲਦੇ ਹਨ ਅਤੇ ਵਰਤਮਾਨ ਦੇ ਝਰੋਖੇ ਵਿਚੋਂ ਭਵਿੱਖਤ ਉੱਤੇ ਵੀ ਝਾਤ ਪਾਉਂਦੇ ਹਨ। ਸ਼ਾਹ ਮੁਹੰਮਦ ਦੇ ਅਪਸਾਰਵਾਦ ਜਾਂ ਪਲਾਇਨਵਾਦ ਦੀ ਇਹ ਹੱਦ ਹੈ ਕਿ ਪੰਜਾਬੀ ਰਾਜ ਵਿੱਚ ਹੋ ਰਹੇ ਜੀਵਨ ਅਤੇ ਮੌਤ ਦੇ ਘੋਲ ਵਿਚੋਂ ਨੱਸ ਕੇ ਤੀਰਥ ਯਾਤਰਾ ਨੂੰ ਚਲੇ ਜਾਣ ਵਾਲਿਆਂ ਨੂੰ “ਅਕਲ ਦਾ ਕੋਟ” (ਬਹੁਤ ਹੀ ਸਿਆਣਾ) ਆਖਦਾ ਹੈ .:-

ਲਹਿਣਾ ਸਿੰਘ ਸਰਦਾਰ ਮਜੀਠੀਆ ਸੀ,

ਵੱਡਾ ਅਕਲ ਦਾ ਕੋਟ ਕਮਾਲ ਮੀਆਂ ।….

ਸ਼ਾਹ ਮੁਹੰਮਦਾ ਤੁਰ ਗਿਆ ਤੀਰਥਾਂ ਨੂੰ,

ਸੱਭੋ ਛੱਡ ਕੇ ਦੰਗ-ਦਵਾਲ ਮੀਆਂ । (31)

1 ਜਿਵੇਂ ਨਜਾਬਤ ਨੇ ਆਪਣੀ ਵਾਰ ਵਿੱਚ ਕਲਜੋਗਣਾਂ ਦਾ ਫ਼ਰਜ਼ੀ ਪਾਤਰ ਘੜਿਆ ਹੈ, ਜਿਸ ਨੂੰ ਪ੍ਰੋ: ਮੋਹਨ ਸਿੰਘ ਵਰਗੇ ਅਗਾਂਹਵਧੂ ਕਵੀ ਨੇ ਆਪਣੇ ਮਹਾਂ- ਕਾਵਿ ਵਿੱਚ ਵੀ ਅਪਣਾਇਆ ਹੈ, ਇਵੇਂ ਹੀ ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਵਿਚ ਮੌਤ ਜਾਂ ਜਮਦੂਤ ਦੇ ਕਿਰਦਾਰ ਨੂੰ ਆਪਣੇ ਕੋਲੋਂ ਘੜਿਆ ਹੈ ਅਤੇ ਉਸ ਦੁਆਰਾ ਪੰਜਾਬ ਦੇ ਇਤਿਹਾਸ ਵਿਚ ਹਲ-ਚਲ ਪਾ ਦੇਣ ਵਾਲੇ ਕੁਝ ਕੰਮ ਵੀ ਕਰਵਾਏ ਹਨ । (‘ਵਾਰ ਸ਼ਾਹ ਮੁਹੰਮਦ’, ਪੰਨਾ 68-70)

ਸ਼ਾਹ ਮੁਹੰਮਦ ਦੀ ਇਹ ਰਚਨਾ ਦੁਖਾਂਤਕ ਹੈ । ਹਰ ਦੁਖਾਂਤਕ ਰਚਨਾ ਦਾ ਅੰਤ ਦੁਖਦਾਈ ਹੁੰਦਾ ਹੈ । ਪਾਠਕ/ਦਰਸ਼ਕ ਦੀ ਨਾਇਕ ਨਾਲ ਹਮਦਰਦੀ ਹੋ ਜਾਂਦੀ ਹੈ । ਕਿਉਂਕਿ ਇਸ ਰਚਨਾ ਵਿਚ ਕਿਸੇ ਇਕ ਵਿਅਕਤੀ ਦਾ ਹੀ ਕਤਲ ਨਹੀਂ ਹੁੰਦਾ, ਬਲਕਿ ਬਹੁਤ ਸਾਰੇ ਰਾਜੇ ਤੇ ਸਾਹਿਬਜ਼ਾਦੇ ਤਲਵਾਰ ਦੀ ਭੇਂਟ ਚੜ੍ਹਦੇ ਹਨ, ਇਸ ਲਈ ਸਭ ਤੋਂ ਦੁਖਾਂਤਕ ਵਾਤਾਵਰਣ ਉਦੋਂ ਬਣਦਾ ਹੈ ਜਦੋਂ ਪੰਜਾਬੀਆਂ ਨੂੰ ਹਾਰ ਦਾ ਮੂੰਹ ਵੇਖਣਾ ਪੈਂਦਾ ਹੈ ।

ਜੰਗਨਾਮੇ ਦੇ ਅੰਤ ਵਿਚ ਕਵੀ ਨੇ ਇਸ ਜੰਗ ਨੂੰ ਹੋਣੀ ਦਾ ਕਾਰਨਾਮਾ ਹੀ, ਦੱਸਿਆ ਹੈ । ਮਨੁੱਖੀ ਚਾਲਾਂ ਜਾਂ ਗਲਤੀਆਂ ਦਾ ਨਾਂ ਲੈ ਕੇ ਉਸ ਨੇ ਪੰਜਾਬ ਦੀ ਧਰਤੀ ਨੂੰ ਖ਼ੂਨ ਦੀ ਪਿਆਸੀ ਆਖ ਕੇ ਇਕ ਭੌਤਿਕ ਸਾਕੇ ਨੂੰ ਪਰਾਸਰੀਰਕ ਰੰਗਣ ਦਿੱਤੀ ਹੈ । ਸੁਰਖ ਸ਼ਰਾਬ ਵਰਗਾ ਮਨੁੱਖੀ ਲਹੂ ਡੁਲ੍ਹਣ ਮਗਰੋਂ ਉਹ ਪਿਆਸੀ ਧਰਤੀ ਤ੍ਰਿਪਤ ਹੋ ਜਾਂਦੀ ਹੈ—

ਹੈਸੀ ਖੂਨ ਦੀ ਉਹ ਜ਼ਮੀਨ ਪਿਆਸੀ,

ਹੋਇਆ ਸੁਰਖ ਸ਼ਰਾਬ ਦੇ ਰੰਗ ਮੀਆਂ। (105)

ਯੁੱਧ ਚਿਤਰਣ ਅਤੇ ਬੀਰ-ਭਾਵਨਾ

ਭਾਰਤੀ ਸਾਹਿਤ ਦਾ ਪ੍ਰਾਰੰਭ ਸੰਸਕ੍ਰਿਤ ਸਾਹਿਤ ਤੋਂ ਮੰਨਿਆ ਜਾਂਦਾ ਹੈ, ਜਿਸ ਵਿਚ ਮਨੁੱਖੀ ਭਾਵਾਂ ਦੀ ਅਭਿਵਿਅਕਤੀ ਲਈ ਨੌਂ ਮੁੱਖ ਰਸ ਮੰਨੇ ਗਏ ਹਨ, ਜੋ ਇਹ ਹਨ-

ਸ਼ਿੰਗਾਰ, ਬੀਰ, ਵੀਭਤਸ, ਰੌਦਰ, ਹਾਸ, ਭਿਆਨਕ, ਕਰੁਣਾ, ਅਦਭੁਤ ਅਤੇ ਸ਼ਾਂਤ ਰਸ । ਕਈ ਗ੍ਰੰਥਕਾਰਾਂ ਨੇ ਵਾਤਸਲ ਅਤੇ ਭਗਤੀ ਰਸ ਆਦਿ ਨੂੰ ਰਸਾਂ ਵਿਚ ਸ਼ਾਮਿਲ ਕਰਕੇ ਇਸ ਗਿਣਤੀ ਵਿਚ ਵਾਧਾ ਕਰ ਦਿੱਤਾ ਹੈ । ਪਰ ਅਗਨੀ ਪੁਰਾਣ ਦੇ ਮਤ ਅਨੁਸਾਰ ਮੋਢੀ ਰਸ ਕੇਵਲ ਚਾਰ ਹੀ ਹਨ- ਸ਼ਿੰਗਾਰ, ਬੀਰ, ਵੀਭਤਸ ਤੇ ਰੌਦਰ । ਹੋਰ ਅੱਗੇ ਜਾਂਦਿਆਂ ਸਾਹਿਤ ਦਰਪਣਕਾਰਾਂ ਨੇ ਬੀਰ ਰਸ ਨੂੰ ਸਭ ਰਸਾਂ ਤੋਂ ਉੱਤਮ ਤੇ ਸ਼ਿਰੋਮਣੀ ਮੰਨਿਆ ਹੈ । ਇਸ ਦਾ ਕਾਰਨ ਇਹੀ ਹੋ ਸਕਦਾ ਹੈ ਕਿ ਸ਼ਿੰਗਾਰ ਤੇ ਹਾਸ ਰਸ ਆਦਿ ਵਿਹਲੇ ਸਮੇਂ ਦੀ ਉਪਜ-ਨਿਪਜ ਹਨ ਜਦੋਂ ਕਿ ਬੀਰ ਰਸ ਦੇਸ਼-ਰੱਖਿਆ ਦਾ ਜਜ਼ਬਾ ਰੱਖਣ ਕਰਕੇ ਸਾਰੇ ਰਸਾਂ ਦਾ ਸੋਮਾਂ ਅਤੇ ਸਾਰ-ਅੰਸ਼ ਹੈ । ਹਿੰਦੀ ਦੇ ਪ੍ਰਸਿੱਧ ਕਵੀ ਸ੍ਰੀ ਵਿਯੋਗੀ ਹਰੀ ਨੇ ਸ਼ਾਇਦ ਇਸੇ ਕਰਕੇ ਸ਼ਿੰਗਾਰ ਰਸ ਦੇ ਮੁਕਾਬਲੇ ’ਤੇ ਬੀਰ ਰਸ ਨੂੰ ਇਹ ਆਖ ਕੇ ਉਚਿਆਇਆ –

ਕਹਾਂ ਕਰੌਂ ਮਾਧੁਰਯ ਲੈ,

ਮ੍ਰਿਦੁਲ ਮੰਜੁ ਬਿਨੁ ਓਜ ।

ਦਿਪੈਂ ਨ ਜਯੋਤਿ ਪ੍ਰਕਾਸ਼ ਬਿਨ,

ਸੁੰਦਰ ਨੈਨ ਸਰੋਜ । (10) ਵੀਰ ਸਤ ਸਈ’

ਅਰਥਾਤ:- ਮੈਂ ਸ਼ਿੰਗਾਰ ਰਸ ਦੀ ਨਰਮ ਨਾਜ਼ਕ ਮਿਠਾਸ ਨੂੰ ਕੀ ਕਰਾਂ ਜੋ ਤੇਜ-ਪ੍ਰਤਾਪ ਤੋਂ ਬਿਨਾਂ ਫਿੱਕੀ ਹੈ, ਕਿਉਂਕਿ ਕਮਲ ਜਿਹੀਆਂ ਸੋਹਣੀਆਂ ਅੱਖਾਂ ਵੀ, ਜੇਕਰ ਉਨ੍ਹਾਂ ਵਿਚ ਜੋਤਿ ਦਾ ਪ੍ਰਕਾਸ਼ ਨਾ ਹੋਵੇ, ਤਾਂ ਮੁਰਦਾ ਹੁੰਦੀਆਂ ਹਨ। ਇਸੇ ਕਰਕੇ ਉਸ ਨੇ ਸ਼ਿੰਗਾਰ ਰਸ ਨੂੰ ਗਿਰਾਵਟ ਅਤੇ ਬੀਰ ਰਸ ਨੂੰ ਜ਼ਿੰਦਗੀ ਦੀ ਨਿਸ਼ਾਨੀ ਮੰਨਿਆ ਹੈ, ਕਿਉਂਕਿ ਬੀਰ ਰਸ ਨਾਲ ਭਰਪੂਰ ਹੋ ਕੇ ਹੀ ਕੌਮਾਂ ਅੱਗੇ ਵਧਦੀਆਂ ਅਤੇ ਆਪਣਾ ਭਵਿੱਖ ਉੱਜਵਲ ਕਰਦੀਆਂ ਹਨ।

ਭਾਰਤ ਵਰਸ਼ ਦਾ ਪੁਰਾਣਾ ਬੀਰ ਸਾਹਿਤ ਸਾਨੂੰ ਰਾਮਾਇਣ ਅਤੇ ਮਹਾਂਭਾਰਤ ਵਿਚੋਂ ਉਪਲਬਧ ਹੁੰਦਾ ਹੈ । ਇਸ ਤੋਂ ਬਿਨਾਂ ਪੁਰਾਤਨ ਬੋਲੀਆਂ ਪ੍ਰਾਕ੍ਰਿਤ, ਮਾਗਧੀ, ਪਿਸ਼ਾਚੀ, ਸੋਰਸੈਨੀ ਅਤੇ ਅਪ੍ਰਭੰਸ਼ ਸਾਹਿਤ ਵਿਚ ਵੀ ਸਾਨੂੰ ਬੀਰ ਰਸ ਦੇ ਸੁੰਦਰ ਪ੍ਰਮਾਣ ਮਿਲਦੇ ਹਨ । ਅਜੋਕੀਆਂ ਭਾਰਤੀ ਬੋਲੀਆਂ ਤਾਮਿਲ, ਤੇਲਗੂ, ਮਰਾਠੀ, ਕੰਨੜ, ਉੜੀਆ, ਮਲਿਆਲਮ, ਆਸਾਮੀ, ਬੰਗਾਲੀ, ਗੁਜਰਾਤੀ, ਉਰਦੂ, ਹਿੰਦੀ ਤੇ ਪੰਜਾਬੀ ਵਿਚ ਵੀ ਬੀਰ ਰਸ ਦੇ ਉੱਜਵਲ ਉਦਾਹਰਣ ਮਿਲਦੇ ਹਨ। ਰਾਜਸਥਾਨੀ ਤੇ ਪੰਜਾਬੀ ਸਾਹਿਤ ਵਿਚ ਬੀਰ ਰਸੀ ਸਾਹਿਤ ਨੇ ਆਪਣੀਆਂ ਸਿਖਰਾਂ ਛੋਹੀਆਂ ਹਨ ।

27 ਜੂਨ, ਸੰਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਦੇ ਅੱਖਾਂ ਮੀਟਣ ਦੇ ਨਾਲ ਹੀ ਸਿੱਖ ਰਾਜ ਦੀ ਅਧੋਗਤੀ ਸ਼ੁਰੂ ਹੋ ਗਈ । ਲਾਹੌਰ ਵਿਚ ਬੁਰਛਾਗਰਦੀ ਦੇ ਦੌਰ ਚੱਲੇ, ਰਾਜ ਦੇ ਵਾਰਸਾਂ ਅਤੇ ਦਾਅਵੇਦਾਰਾਂ ਦੇ ਕਤਲ ਹੋਏ । ਇਸ ਅਧੋਗਤੀ ਦੌਰਾਨ ਹੀ ਖ਼ੂਨ ਦਾ ਤਿਲਕ ਲਗਾ ਕੇ ਪੰਜ ਸਾਲ ਦੇ ਕੰਵਰ ਦਲੀਪ ਸਿੰਘ ਨੂੰ ਰਾਜ-ਗੱਦੀ ਤੇ ਬਿਠਾ ਦਿੱਤਾ ਗਿਆ ਅਤੇ ਰਾਜ ਦੇ ਕੰਮ-ਕਾਜ ਚਲਾਉਣ ਲਈ ਜ਼ਿੰਮੇਵਾਰੀ ਉਸ ਦੀ ਮਾਤਾ ਮਹਾਰਾਣੀ ਜਿੰਦਾਂ ਨੂੰ ਸੌਂਪੀ ਗਈ । ਅੰਗਰੇਜ਼ਾਂ ਅਤੇ ਡੋਗਰਿਆਂ ਦੀ ਸਾਜ਼ਿਸ਼ ਰੰਗ ਲਿਆਈ, ਜਿਸ ਦੇ ਫ਼ਲਸਰੂਪ ਅੰਗਰੇਜ਼ੀ ਤੇ ਸਿੱਖ ਫੌਜਾਂ ਦਰਮਿਆਨ ਮੁਦਕੀ, ਫੇਰੂ ਸ਼ਹਿਰ, ਬਦੋਵਾਲ ਤੇ ਸਭਰਾਵਾਂ ਵਿਖੇ ਲਹੂ- ਵੀਟਵੀਆਂ ਲੜਾਈਆਂ ਹੋਈਆਂ, ਲੇਕਿਨ ਨਮਕ-ਹਰਾਮੀਆਂ ਦੀਆਂ ਚਾਲਾਂ ਸਾਹਮਣੇ ਸਿੱਖ ਸੈਨਿਕਾਂ ਦਾ ਡੁੱਲਿਆ ਖੂਨ ਵੀ ਕੋਈ ਰੰਗ ਨਾ ਲਿਆ ਸਕਿਆ ਅਤੇ ਗੋਰਿਆਂ ਨੂੰ ਨਿੰਬੂਆਂ ਵਾਂਗ ਨਿਚੋੜਨ ਦੇ ਬਾਵਜੂਦ ਸਿੱਖ ਫੌਜ ਨੂੰ ਹਾਰ ਦਾ ਮੂੰਹ ਵੇਖਣਾ ਪਿਆ । ਪੰਜਾਬ ਉੱਤੇ ਸੰਪੂਰਨ ਤੌਰ ਉੱਤੇ ਗੋਰਿਆਂ ਦਾ ਕਬਜ਼ਾ ਹੋ ਗਿਆ, ਜਿਸ ਤੋਂ ਸ਼ਾਹ ਮੁਹੰਮਦ ਪਿੱਟ ਉੱਠਿਆ ਅਤੇ ਇਸ ਸਾਰੀ ਹਾਲਤ ਨੂੰ ਬੈਂਤਾਂ ਵਿਚ ਕਲਮਬੰਦ ਕਰਕੇ ਜੰਗਨਾਮੇ ਦੇ ਰੂਪ ਵਿਚ ਕੌਮ ਦੇ ਰੂਬਰੂ ਕੀਤਾ, ਜਿਸ ਨੂੰ ਅੱਜ ਤੀਕ ਬੜੀ ਲਗਨ ਅਤੇ ਦਿਲਚਸਪੀ ਨਾਲ ਪੜ੍ਹਿਆ ਤੇ ਸੁਣਿਆ ਜਾ ਰਿਹਾ ਹੈ, ਜੋ ਇਸ ਦੀ ਮਕਬੂਲਤਾ ਦਾ ਪ੍ਰਤੱਖ ਪ੍ਰਮਾਣ ਹੈ ।

ਅਸੀਂ ਜੰਗਨਾਮੇ ਦੇ ਪ੍ਰਸੰਗ ਨੂੰ ਮੁੱਖ ਰੂਪ ਵਿਚ ਦੋ ਭਾਗਾਂ ਵਿਚ ਵੰਡ ਸਕਦੇ ਹਾਂ

1) ਪੂਰਵਾਰਧ

2) ਉਤਰਾਰਧ

ਪੂਰਵਾਰਧ ਵਿਚ ਵਧੇਰੇ ਕਰਕੇ ਲਾਹੌਰ ਰਾਜ ਦੀ ਅਰਾਜਕਤਾ, ਅਰਥਾਤ- ਸਿੱਖ ਰਾਜ ਦੇ ਵਾਰਸਾਂ, ਦਾਅਵੇਦਾਰਾਂ, ਇਨ੍ਹਾਂ ਦੇ ਹਮਾਇਤੀਆਂ ਅਤੇ ਵਿਰੋਧ ਕਰਨ ਵਾਲਿਆਂ ਵਿਚਕਾਰ ਛਿੜੇ ਗ੍ਰਹਿ-ਯੁੱਧ ਦਾ ਹੀ ਵਰਣਨ ਹੈ । ਜਦੋਂ ਕਿ ਤਲਵਾਰ ਦਾ ਬਾਜ਼ਾਰ ਖ਼ੂਬ ਗਰਮ ਅਤੇ ਮੌਤ ਸਸਤੀ ਹੈ । ਇਸ ਘਟਨਾ-ਚੱਕਰ ਵਿੱਚ ਚੇਤ ਸਿੰਘ, ਮਹਾਰਾਜਾ ਸ਼ੇਰ ਸਿੰਘ, ਕੰਵਰ ਪ੍ਰਤਾਪ ਸਿੰਘ, ਰਾਜਾ ਧਿਆਨ ਸਿੰਘ, ਮਹਾਰਾਣੀ ਚੰਦ ਕੌਰ, ਅਜੀਤ ਸਿੰਘ, ਲਹਿਣਾ ਸਿੰਘ ਅਤੇ ਜਵਾਹਰ ਸਿੰਘ ਵਰਗੇ ਕਈ ਸ਼ਾਹੀ ਵਿਅਕਤੀਆਂ ਤੇ ਅਮੀਰਾਂ-ਵਜ਼ੀਰਾਂ ਦੇ ਕਤਲ ਹੋਏ । ਪਰੰਤੂ ਇਹ ਘਟਨਾਵਾਂ ਬੀਰ ਭਾਵਨਾ ਨਾਲ ਭਰੀਆਂ ਹੋਈਆਂ ਨਹੀਂ ਹਨ ਕਿਉਂਜੋ ਇਨ੍ਹਾਂ ਦੇ ਸਾਧਨ ਛਲ, ਕਪਟ ਜਾਂ ਫ਼ਰੇਬ ਹਨ ਅਤੇ ਇਨ੍ਹਾਂ ਦੇ ਸਿੱਟੇ ਨਫ਼ਰਤ ਜਾਂ ਘ੍ਰਿਣਾ ਉਪਜਾਉਂਦੇ ਹਨ। ਬੀਰਤਾ ਵਿਚ ਕਪਟ ਨਹੀਂ ਹੁੰਦਾ ਅਤੇ ਸਿੱਟੇ ਵਜੋਂ ਬੀਰਤਾ ਦਰਸਾਉਣ ਵਾਲੇ ਨੂੰ ਸਲਾਹਿਆ ਜਾਂਦਾ ਹੈ ।

ਕੰਵਰ ਨੌਨਿਹਾਲ ਸਿੰਘ ਤੇ ਉਸਦੇ ਸਾਥੀਆਂ ਨੇ ਚੇਤ ਸਿੰਘ ਬਾਜਵਾ ਨੂੰ ਧੋਖੇ ਨਾਲ ਮਾਰਿਆ ਅਤੇ ਉਨ੍ਹਾਂ ਦੇ ਖੜਜੰਤਰ ਦਾ ਸ਼ਿਕਾਰ ਹੋ ਕੇ ਮਹਾਰਾਜਾ ਖੜਕ ਸਿੰਘ ਵੀ ਮਰ ਗਿਆ। ਇਸੇ ਤਰ੍ਹਾਂ ਨੌਨਿਹਾਲ ਸਿੰਘ ਉੱਤੇ ਛੱਜਾ ਡਿੱਗਾ ਤੇ ਉਸ ਨੂੰ ਮਾਰਿਆ ਗਿਆ। ਰਾਣੀ ਚੰਦ ਕੌਰ ਨੂੰ ਗੋਲੀਆਂ ਰਾਹੀਂ ਮਰਵਾਇਆ ਗਿਆ। ਮਹਾਰਾਜਾ ਸ਼ੇਰ ਸਿੰਘ ਨੂੰ ਅਜੀਤ ਸਿੰਘ ਸੰਧਾਵਾਲੀਏ ਨੇ ਧੋਖੇ ਨਾਲ ਮਾਰਿਆ। ਉਸ ਦੇ ਮਾਸੂਮ ਪੁੱਤਰ ਕੰਵਰ ਪ੍ਰਤਾਪ ਸਿੰਘ ਨੂੰ ਲਹਿਣਾ ਸਿੰਘ ਸੰਧਾਵਾਲੀਏ ਨੇ ਮਾਰਿਆ। ਇਸੇ ਤਰ੍ਹਾਂ ਰਾਜਾ ਧਿਆਨ ਸਿੰਘ ਨੂੰ ਕਿਲ੍ਹੇ ਵਿਚ ਘੇਰ ਕੇ ਮਾਰਿਆ ਗਿਆ। ਫੌਜ ਨੇ ਜਵਾਹਰ ਸਿੰਘ ਨੂੰ ਉਸਦੀ ਭੈਣ ਮਹਾਰਾਣੀ ਜਿੰਦਾਂ ਅਤੇ ਭਾਣਜੇ ਮਹਾਰਾਜਾ ਦਲੀਪ ਸਿੰਘ ਦੇ ਸਾਮ੍ਹਣੇ ਕਤਲ ਕਰ ਦਿੱਤਾ। ਇਹ ਸਾਰੀਆਂ ਘਟਨਾਵਾਂ ਪਾਠਕਾਂ ਜਾਂ ਸਰੋਤਿਆਂ ਦੇ ਮਨਾਂ ਵਿਚ ਕਾਤਿਲਾਂ ਦੇ ਵਿਰੁੱਧ ਘ੍ਰਿਣਾ ਪੈਦਾ ਕਰਦੀਆਂ ਹਨ । ਇਸ ਲਈ ਇਨ੍ਹਾਂ ਨੂੰ ਬੀਰਤਾ-ਭਰਪੂਰ ਘਟਨਾਵਾਂ ਨਹੀਂ ਆਖਿਆ ਜਾ ਸਕਦਾ।

ਬੀਰਤਾ-ਭਰਪੂਰ ਘਟਨਾਵਾਂ ਦਾ ਵਰਣਨ ਯੁੱਧ ਦੇ ਸਮੇਂ ਹੀ ਹੁੰਦਾ ਹੈ । ਇਹ ਯੁੱਧ ਪੂਰਵਾਰਧ ਵਿਚ ਵੀ ਹੋਏ ਅਤੇ ਉਤਰਾਰਧ ਵਿਚ ਵੀ । ਪੂਰਵਾਰਧ ਵਿਚ ਪਹਿਲਾ ਯੁੱਧ ਨੌਨਿਹਾਲ ਸਿੰਘ ਦੀ ਮ੍ਰਿਤੂ ਮਗਰੋਂ ਮਹਾਰਾਜਾ ਸ਼ੇਰ ਸਿੰਘ ਦੀਆਂ ਫੌਜਾਂ ਦਾ ਰਾਣੀ ਚੰਦ ਕੌਰ ਦੀਆਂ ਸੈਨਾਵਾਂ ਨਾਲ ਹੋਇਆ। ਕਵੀ ਨੇ ਇਸ ਦਾ ਵਰਣਨ ਬੜਾ ਸੰਖਿਪਤ ਕੀਤਾ ਹੈ:-

ਉਸ ਬਲੀ ਸ਼ਹਿਜ਼ਾਦੇ ਦਾ ਤੇਜ ਭਾਰੀ,

ਜਿਸ ਕਿਲ੍ਹੇ ਨੂੰ ਮੋਰਚਾ ਲਾਇਆ ਈ ।

ਸ਼ਾਹ ਮੁਹੰਮਦਾ ਹਾਰ ਕੇ ਵਿਚਲਿਆਂ ਨੇ,

ਸ਼ੇਰ ਸਿੰਘ ਨੂੰ ਗੱਦੀ ਬਹਾਇਆ ਈ ।(18)

ਦੂਜਾ ਯੁੱਧ ਰਾਜਾ ਧਿਆਨ ਸਿੰਘ ਦੇ ਕਤਲ ਮਗਰੋਂ ਉਸਦੇ ਪੁੱਤਰ ਹੀਰਾ ਸਿੰਘ ਦਾ ਅਜੀਤ ਸਿੰਘ ਤੇ ਲਹਿਣਾ ਸਿੰਘ ਸੰਧਾਵਾਲੀਏ ਨਾਲ ਹੋਇਆ । ਇਸ ਯੁੱਧ ਦਾ ਵਰਣਨ ਵੀ ਸੰਖਿਪਤ ਹੈ। ਕਵੀ ਨੇ ਹੀਰਾ ਸਿੰਘ ਤੇ ਸੰਧਾਵਾਲੀਏ ਸਰਦਾਰਾਂ ਦੀ ਬਹਾਦਰੀ ਦੀ ਸਮਾਨ ਰੂਪ ਵਿੱਚ ਤਾਰੀਫ਼ ਕੀਤੀ ਹੈ:-

ਓ) ਰਾਜਪੂਤ ਸੀ ਡੋਗਰਾ ਬਹੁਤ ਚੰਗਾ,

ਸਾਰੇ ਸੰਧਾਵਾਲੀਆਂ ਦੇ ਨਾਲ ਖ਼ੂਬ ਲੜਿਆ । (27)

ਅ) ਸੰਧਾਵਾਲੀਆਂ ਜੇਹੀ ਨਾ ਕਿਸੇ ਕੀਤੀ,

ਤੇਗ਼ਾਂ ਵਿਚ ਦਰਬਾਰ ਦੇ ਮਾਰੀਆਂ ਨੀ । (29)

ਇ) ਦੋਹਾਂ ਧਿਰਾਂ ਤੋਂ ਬਹੁਤ ਸੂਰਮੱਤ ਹੋਈ, ਖੰਡਾ ਵਿਚ ਮੈਦਾਨ ਵਜਾਇ ਗਏ ।

ਤੀਜਾ ਯੁੱਧ ਸੁਚੇਤ ਸਿੰਘ ਡੋਗਰੇ ਦਾ ਆਪਣੇ ਭਤੀਜੇ ਹੀਰਾ ਸਿੰਘ ਦੇ ਵਿਰੁੱਧ ਹੋਇਆ । ਇਸ ਯੁੱਧ ਵਿਚ ਸ਼ਾਮਿਲ ਹੋਣ ਵਾਲੀਆਂ ਦੋਵੇਂ ਧਿਰਾਂ ਰਾਜਪੂਤ ਸਨ। ਜਦੋਂ ਹੀਰਾ ਸਿੰਘ ਦੀ ਵਜ਼ੀਰੀ ਸਮੇਂ ਪੰਡਿਤ ਜੱਲ੍ਹੇ ਨੇ ਬਹੁਤ ਅੱਤ ਚੁੱਕੀ ਤਾਂ ਸਿੰਘਾਂ ਨੇ ਹੀਰਾ ਸਿੰਘ ਦੇ ਚਾਚੇ ਸੁਚੇਤ ਸਿੰਘ ਨੂੰ ਵਜ਼ੀਰ ਬਣਾਉਣ ਲਈ ਸੱਦ ਲਿਆ। ਸੁਚੇਤ ਸਿੰਘ ਪੂਰੀ ਤਿਆਰੀ ਕਰਕੇ ਜੰਮੂ ਤੋਂ ਲਾਹੌਰ ਵਲ ਆਉਂਦਾ ਹੈ । ਜਦ ਹੀਰਾ ਸਿੰਘ ਨੂੰ ਉਸ ਦੀ ਆਮਦ ਦਾ ਪਤਾ ਲੱਗਾ ਤਾਂ ਉਹ ਫੌਜਾਂ ਨੂੰ ਇਨਾਮ ਦਾ ਲਾਲਚ ਦੇ ਕੇ ਆਪਣੇ ਨਾਲ ਮਿਲਾ ਲੈਂਦਾ ਹੈ । ਹੁਣ ਸੁਚੇਤ ਸਿੰਘ ਦੀ ਬੜੀ ਬੇਇੱਜ਼ਤੀ ਹੁੰਦੀ ਹੈ । ਉਹ ਹੀਰਾ ਸਿੰਘ ਨਾਲ ਲੜੇ ਬਿਨਾਂ ਘਰ ਵਾਪਸ ਨਹੀਂ ਜਾ ਸਕਦਾ । ਇਸ ਤਰ੍ਹਾਂ ਉਸ ਦੀ ਰਾਜਪੂਤੀ ਸ਼ਾਨ ਨੂੰ ਵੱਟਾ ਲੱਗਦਾ ਹੈ । ਉਹ ਸਾਫ਼ ਆਖਦਾ ਹੈ—

ਸਿੰਘੋ ! ਜੀਂਵਦਾ ਜਾਣ ਮੁਹਾਲ ਜੰਮੂ,

ਤਾਨ੍ਹੇ ਦੇਣ ਰਾਜਪੂਤਾਂ ਦੀਆਂ ਬੇਟੀਆਂ ਨੀ । (35)

ਫਿਰ ਕੀ ਸੀ, ਉਹ ਆਪਣੇ ਥੋੜੇ ਜਿਹੇ ਸਾਥੀਆਂ (ਭੀਮ ਸਿੰਘ ਤੇ ਕੇਸਰੀ ਸਿੰਘ ਆਦਿ) ਨੂੰ ਨਾਲ ਲੈ ਕੇ ਸ਼ਾਹੀ ਫੌਜਾਂ ‘ਤੇ ਟੁੱਟ ਪਿਆ ਤੇ ਬੀਰਤਾ ਨਾਲ ਲੜਦਾ ਹੋਇਆ ਮਾਰਿਆ ਗਿਆ। ਭਾਵੇਂ ਸ਼ਾਹ ਮੁਹੰਮਦ ਨੇ ਇਸ ਨਿੱਕੇ ਜਿਹੇ ਯੁੱਧ ਦਾ ਵਰਣਨ ਵੀ ਬੜਾ ਸੰਖਿਪਤ ਕੀਤਾ ਹੈ, ਫਿਰ ਵੀ ਇਸ ਵਿਚ ਪਾਈ ਜਾਣ ਵਾਲੀ ਬੀਰ-ਭਾਵਨਾ ਬੜੀ ਸ਼ਲਾਘਾਯੋਗ ਹੈ । ਸੁਚੇਤ ਸਿੰਘ ਦੀ ਅਣਖ ਤੇ ਬਹਾਦਰੀ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ, ਘੱਟ ਹੈ । ਚੌਥਾ ਯੁੱਧ ਸਿੰਘ ਫੌਜਾਂ ਦਾ ਰਾਜਾ ਹੀਰਾ ਸਿੰਘ, ਜੱਲ੍ਹੇ ਤੇ ਰਾਜਾ ਗੁਲਾਬ ਸਿੰਘ ਨਾਲ ਹੈ । ਫੌਜਾਂ ਨੇ ਹੀਰਾ ਸਿੰਘ ਤੇ ਜੱਲ੍ਹੇ ਨੂੰ ਮਾਰ ਦਿੱਤਾ ਅਤੇ ਗੁਲਾਬ ਸਿੰਘ ਨੂੰ ਬੰਨ੍ਹ ਕੇ ਲਾਹੌਰ ਲੈ ਆਂਦਾ । ਉਸ ਨੇ ਕੰਠੇ ਦੇ ਕੇ ਜਾਨ ਬਚਾਈ ।

10 ਅਸਲ ਯੁੱਧ ਵਰਣਨ ਉਤਰਾਰਧ ਵਿੱਚ ਬੈਂਤ ਨੰ: 58 ਤੋਂ ਸ਼ੁਰੂ ਹੁੰਦਾ ਹੈ । ਅੰਗਰੇਜ਼ਾਂ ਦੁਆਰਾ ਸਤਲੁਜ ਤੋਂ ਪਾਰਲੇ ਲਾਹੌਰ ਦਰਬਾਰ ਦੇ ਪਿੰਡ ਮੱਲੇ ਜਾਣ ਕਾਰਣ ਅਤੇ ਮਹਾਰਾਣੀ ਜਿੰਦਾਂ ਦਾ ਇਕ ਪ੍ਰੇਰਣਾਦਾਇਕ ਭਾਸ਼ਣ ਸੁਣਨ ਮਗਰੋਂ ਸਿੰਘ ਫੌਜਾਂ ਅੰਗਰੇਜ਼ਾਂ ’ਤੇ ਚੜ੍ਹਾਈ ਕਰਨ ਲਈ ਸਤਲੁਜ ਵੱਲ ਵਧਦੀਆਂ ਹਨ-

ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ,

ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ।

ਚੜ੍ਹੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ,

ਜੈਸੇ ਬੇਲਿਓਂ ਨਿਕਲਦੇ ਸ਼ੇਰ ਮੀਆਂ । (58)

ਕਿਤੇ ਝੰਡੇ ਝੁੱਲਦੇ ਹਨ, ਕਿਤੇ ਘੋੜ ਸਵਾਰ ਰਸਾਲੇ ਅੱਗੇ ਵਧਦੇ ਹਨ, ਕਿਤੇ ਮਾਂਜੀਆਂ-ਸੰਵਾਰੀਆਂ ਤੋਪਾਂ ਗੱਡਿਆਂ ਉੱਤੇ ਧਰ ਕੇ ਯੁੱਧ-ਖੇਤਰ ਵੱਲ ਲਿਜਾਈਆਂ ਜਾ ਰਹੀਆਂ ਹਨ ।

ਕਵੀ ਦੀ ਹਮਦਰਦੀ ਸਿੱਖ ਫੌਜ ਨਾਲ ਹੈ । ਉਹ ਅਜਿਹੇ ਵਰਣਨ ਵੇਲੇ ਬਹੁਤ ਭਾਵੁਕ ਹੋ ਜਾਂਦਾ ਹੈ । ਉਸਦਾ ਵਰਣਨ ਇਤਨਾ ਸਜੀਵ ਹੈ ਕਿ ਨਾ ਕੇਵਲ ਉਹ ਆਪ, ਸਗੋਂ ਉਸਦਾ ਲਿਖਿਆ. ਇਕ-ਇਕ ਸ਼ਬਦ ਸ਼ਸਤਰਬੱਧ ਹੋ ਕੇ ਸਿੱਖ ਫੌਜ ਨਾਲ ਯੁੱਧ-ਭੂਮੀ ਵੱਲ ਪ੍ਰਸਥਾਨ ਕਰਦਾ ਹੋਇਆ ਪ੍ਰਤੀਤ ਹੁੰਦਾ ਹੈ । ਇਹ ਸ਼ਬਦ ਪਾਠਕਾਂ ਅਤੇ ਸਰੋਤਿਆਂ ਉੱਤੇ ਸਿੱਧਾ ਅਤੇ ਪ੍ਰਭਾਵਸ਼ਾਲੀ ਅਸਰ ਪਾਉਂਦੇ ਹਨ। ਇਥੇ ਕਵੀ ਦੀ ਸ਼ਬਦ-ਚੋਣ ਵਿਸ਼ੇਸ਼ ਉਲੇਖਨੀਯ ਹੈ ।

ਫੌਜਾਂ ਦੀ ਚੜ੍ਹਤ ਦਾ ਵਾਤਾਵਰਣ ਉੱਤੇ ਪ੍ਰਭਾਵ ਪੈਣਾ ਵੀ ਸੁਭਾਵਿਕ ਹੈ। ਕਵੀ ਨੇ ਸਿੱਖ ਫੌਜ ਦੀ ਚੜ੍ਹਤ ਦਾ ਵਾਤਾਵਰਣ ਉੱਤੇ ਗੰਭੀਰ ਪ੍ਰਭਾਵ ਵਿਖਾ ਕੇ ਫੌਜ ਦੀ ਬਹਾਦਰੀ ਅਤੇ ਸ਼ਕਤੀ ਦਾ ਅਹਿਸਾਸ ਬੜੇ ਗੌਰਵਮਈ ਸ਼ਬਦਾਂ ਵਿਚ ਕਰਾਇਆ ਹੈ । ਸਾਰੇ ਚੌਗਿਰਦੇ ਵਿਚ ਤਰਥੱਲ ਮੱਚ ਜਾਂਦੀ ਹੈ:-

ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ,

ਦਿੱਲੀ ਆਗਰੇ, ਹਾਂਸੀ ਹਿਸਾਰ ਮੀਆਂ ।

ਬੀਕਾਨੇਰ, ਲਖਨਊ, ਅਜਮੇਰ, ਜੈਪੁਰ,

ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ ।

ਚੱਲੀ ਸਭ ਪੰਜਾਬ ਦੀ ਬਾਦਸ਼ਾਹੀ,

ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ ।

ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ,

ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ । (63)

ਇਤਨੀ ਭਾਰੀ ਸ਼ਸ਼ਕਤ ਸੈਨਾ ਦਾ ਪ੍ਰਸਥਾਨ ਵੇਖ ਕੇ ਅੰਗਰੇਜ਼ੀ ਫੌਜ ਘਬਰਾ ਜਾਂਦੀ ਹੈ । ਉਹ ਯੁੱਧ ਕਰਨ ਤੋਂ ਸੰਕੋਚ ਕਰ ਰਹੀ ਹੈ । ਉਹ ਖ਼ਾਲਸੇ ਵੱਲ ਪੱਤਰ ਲਿਖਦੇ ਹਨ-

ਅਰਜ਼ੀ ਲਿਖੀ ਫ਼ਿਰੰਗੀਆਂ ਖ਼ਾਲਸੇ ਨੂੰ,

ਤੁਸੀਂ ਕਾਸ ਨੂੰ ਜੰਗ ਮਚਾਂਵਦੇ ਹੋ ।

ਮਹਾਰਾਜ ਦੇ ਨਾਲ ਸੀ ਨੇਮ ਸਾਡਾ,

ਤੁਸੀਂ ਸੁੱਤੀਆਂ ਕਲਾਂ ਜਗਾਂਵਦੇ ਹੋ ।

ਕਈ ਲੱਖ ਰੁਪਈਆ ਲੈ ਜਾਓ ਸਾਥੋਂ,

ਦਿਆਂ ਹੋਰ ਜੋ ਤੁਸੀਂ ਫ਼ਰਮਾਂਵਦੇ ਹੋ ।

ਓਈ ਤਾਸ਼ਲ ਸ਼ਾਹ ਮੁਹੰਮਦਾ ਅਸਾਂ ਨਾ ਮੂਲ ਲੜਨਾ,

ਤੁਸੀਂ ਏਤਨਾ ਜ਼ੋਰ ਕਿਓਂ ਲਾਂਵਦੇ ਹੋ। (64)

ਪਰ ਸਿੱਖ ਫੌਜ ਜੋ ਯੁੱਧ ਕਰਨ ਲਈ ਪੂਰੀ ਤਰ੍ਹਾਂ ਡਟੀ ਹੋਈ ਹੈ, ਵੱਲੋਂ ਰੋਹ ਭਰਿਆ ਮੋੜਵਾਂ ਉੱਤਰ ਦਿੱਤਾ ਜਾਂਦਾ ਹੈ—

ਸਿੰਘਾਂ ਲਿਖਿਆ ਖ਼ਤ ਫ਼ਿਰੰਗੀਆਂ ਨੂੰ,

ਜਿਧੂ ਤੈਨੂੰ ਮਾਰਾਂਗੇ ਅਸੀਂ ਵੰਗਾਰ ਕੇ ਜੀ।

ਸਾਨੂੰ ਨਹੀਂ ਰੁਪਈਆਂ ਦੀ ਲੋੜ ਕਾਈ,

ਭਾਵੇਂ ਦੇਹ ਤੂੰ ਢੇਰ ਉਸਾਰ ਕੇ ਜੀ ।

ਉਹ ਪੰਥ ਤੇਰੇ ਉਤੇ ਆਣ ਚੜ੍ਹਿਆ,

ਜਿਹੜਾ ਆਇਆ ਸੀ ਜੰਮੂ ਨੂੰ ਮਾਰ ਕੇ ਜੀ ।

ਸ਼ਾਹ ਮੁਹੰਮਦਾ ਸਾਮ੍ਹਣੇ ਡਾਹ ਤੋਪਾਂ,

ਸੂਰੇ ਕੱਢ ਮੈਦਾਨ ਨਿਤਾਰ ਕੇ ਜੀ। (65) ਸਿੰਘ ਇਹ ਵੀ ਲਿਖਦੇ ਹਨ ਕਿ ਅੰਤ ਵਿਚ ਸਾਡੀ ਜਿੱਤ ਹੋਣੀ ਹੈ, ਕਿਤਨਾ ਹੌਸਲਾ ਹੈ ਸਿੱਖ ਫੌਜਾਂ ਵਿਚ-

ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ,

ਜਿਹੜੀ ਕਰੇਗਾ ਖ਼ਾਲਸਾ ਪੰਥ ਮੀਆਂ । (66)

ਕਿਸੇ ਵੀ ਸੈਨਾ ਦੇ ਮੁਖੀਆਂ ਲਈ ਜ਼ਰੂਰੀ ਹੁੰਦਾ ਹੈ ਕਿ ਉਹ ਜੰਗ ਛਿੜਨ ਤੋਂ ਪਹਿਲਾਂ ਯੁੱਧ-ਖੇਤਰ ਦਾ ਪੂਰੀ ਤਰ੍ਹਾਂ ਜਾਇਜ਼ਾ ਲੈਣ । ਅੰਗਰੇਜ਼ ਕਮਾਂਡਰਾਂ ਨੂੰ ਇਸ ਪੱਖੋਂ ਪੂਰੀ ਤਰ੍ਹਾਂ ਟਰੇਨਿੰਗ ਦਿੱਤੀ ਗਈ ਸੀ। ਇਸੇ ਲਈ ਅੰਗਰੇਜ਼ ਕਮਾਂਡਰ ਦੂਰਬੀਨ ਨਾਲ ਆਪਣੀ ਅਤੇ ਸਿੱਖ ਫੌਜ ਦੀ ਸਥਿਤੀ ਦਾ ਨਿਰੀਖਣ ਕਰ ਰਿਹਾ ਹੈ—

ਦੂਰਬੀਨ ਅੰਗਰੇਜ਼ ਨੇ ਹੱਥ ਲੈ ਕੇ,

ਕੀਤਾ ਫ਼ੌਜ ਦਾ ਸਭ ਸ਼ੁਮਾਰ ਮੀਆਂ।

ਜਿਨ੍ਹੀਂ ਥਾਈਂ ਸੀ ਜਮ੍ਹਾਂ ਜਮੂਰਖ਼ਾਨੇ,

ਕੀਤੇ ਸਾਹਿਬ ਮਲੂਮ ਹਜ਼ਾਰ ਮੀਆਂ ।(67)

ਪਹਿਲਾ ਯੁੱਧ ਮੁਦਕੀ ਦੇ ਸਥਾਨ ‘ਤੇ ਹੁੰਦਾ ਹੈ । ਸਿੱਖ ਫੌਜਾਂ ਉਸ ਪਿੰਡ ਦੇ ਨੇੜੇ ਡੇਰਾ ਪਾ ਲੈਂਦੀਆਂ ਹਨ । ਉਨ੍ਹਾਂ ਨੇ ਅੰਗਰੇਜ਼ਾਂ ਨੂੰ ਮਾਰ ਭਜਾਣ ਦਾ ਨਿਸ਼ਚਾ ਕੀਤਾ ਹੋਇਆ ਹੈ। ਦੂਜੇ ਪਾਸੇ ਅੰਗਰੇਜ਼ ਵੀ ਘੱਟ ਨਹੀਂ ਸਨ। ਉਨ੍ਹਾਂ ਝੱਟ ਮੋਰਚਾਬੰਦੀ ਕਰ ਲਈ। ਸਿਪਾਹੀਆਂ ਵਿਚ ਸ਼ਰਾਬ ਵੰਡ ਦਿੱਤੀ ਅਤੇ ਟੁੰਡੇ ਲਾਟ ਜਿਹੇ ਅੰਗਰੇਜ਼ ਅਫ਼ਸਰ ਪਲੋ-ਪਲੀ ਲਾਹੌਰ ਫ਼ਤਹਿ ਕਰਨ ਲਈ ਫੜ੍ਹਾਂ ਮਾਰ ਚੁੱਕੇ ਸਨ । ਇਸ ਲੜਾਈ ਵਿਚ ਸਿੱਖਾਂ ਨੂੰ ਭਾਂਜ ਹੋਈ-

ਤੋਪਾਂ ਚਲੀਆਂ ਕਟਕ ਫ਼ਿਰੰਗੀਆਂ ਦੇ,

ਗੋਲੇ ਤੋੜਦੇ ਮਾਸ ਤੇ ਹੱਡ ਮੀਆਂ ।

ਸ਼ਾਹ ਮੁਹੰਮਦਾ ਪਿਛਾਂ ਨੂੰ ਉਠ ਨੱਠੇ,

ਤੋਪਾਂ ਸਭ ਆਏ ਉਥੇ ਛੱਡ ਮੀਆਂ । (68)

ਦੂਜੀ ਗਹਿਗੱਚ ਲੜਾਈ ਫੇਰੂ ਸ਼ਹਿਰ ਦੇ ਨੇੜੇ ਹੋਈ। ਸ਼ਾਹ ਮੁਹੰਮਦ ਨੇ ਇਨ੍ਹਾਂ ਦੋਹਾਂ ਲੜਾਈਆਂ ਦਾ ਵਰਣਨ ਬੜੀ ਨਿਰਪੱਖਤਾ ਨਾਲ ਕੀਤਾ ਹੈ । ਉਹ ਕਦੀ ਅੰਗਰੇਜ਼ਾਂ ਦੀ ਬਹਾਦਰੀ ਦੀ ਤਾਰੀਫ਼ ਕਰਦਾ ਹੈ ਅਤੇ ਕਦੀ ਸਿੰਘਾਂ ਦੀ । ਉਸ ਨੇ ਸਿੰਘਾਂ ਦੀ ਬਹਾਦਰੀ ਦੀ ਤਾਰੀਫ਼ ਕਰਦੇ ਹੋਏ ਲਿਖਿਆ ਹੈ:-

ੳ) ਫੇਰੂ ਸ਼ਹਿਰ ਦੇ ਹੇਠ ਜਾ ਖੇਤ ਰੁੱਧੇ,

ਤੋਪਾਂ ਚੱਲੀਆਂ ਨੀ ਵਾਂਗ ਤੋੜਿਆਂ ਦੇ ।

ਸਿੰਘ ਸੂਰਮੇ ਆਣ ਮੈਦਾਨ ਲੱਥੇ,

ਗੰਜ ਲਾਹ ਸੁੱਟੇ ਓਹਨਾਂ ਗੋਰਿਆਂ ਦੇ । (71)

ਅ) ਸਿੰਘਾਂ ਮਾਰ ਕੇ ਕਟਕ ਮੁਕਾਇ ਦਿੱਤੇ,

ਹਿੰਦੁਸਤਾਨੀ ਤੇ ਪੂਰਬੀ ਦੱਖਣੀ ਜੀ ।

ਲਸ ਨੰਦਨ ਟਾਪੂਆਂ ਵਿਚ ਕੁਰਲਾਟ ਹੋਈ,

ਕੁਰਸੀ ਚਾਰ ਹਜ਼ਾਰ ਹੈ ਸੱਖਣੀ ਜੀ । (72)

ਇਕ ਪਾਸੇ ਅੰਗਰੇਜ਼ੀ ਲਾਟ ਅੰਗਰੇਜ਼ੀ ਫੌਜਾਂ ਨੂੰ ਇਹ ਕਹਿ ਕੇ ਉਭਾਰਦਾ ਹੈ:

“ਤੁਸੀਂ ਲਾਜ ਅੰਗਰੇਜ਼ ਦੀ ਰੱਖਣੀ ਜੀ”

ਦੂਸਰੇ ਪਾਸੇ ਸ਼ਾਹ ਮੁਹੰਮਦ ਆਪਣੇ ਆਪ ਨੂੰ ਸਿੰਘ ਸੈਨਾ ਦਾ ਇਕ ਅੰਗ ਮੰਨਦੇ ਹੋਏ ਆਖਦਾ ਹੈ :

“ਸ਼ਾਹ ਮੁਹੰਮਦਾ ਤੁਸੀਂ ਪੰਜਾਬੀਉ ਜੀ,

ਕੀਰਤ ਸਿੰਘ ਸਿਪਾਹੀ ਦੀ ਰੱਖਣੀ ਜੀ ।” (72)

ਸਿੰਘਾਂ ਨੇ ਜੈਕਾਰਾ ਬੋਲ ਕੇ ਹੱਲਾ ਕੀਤਾ ਤਾਂ ਅੰਗਰੇਜ਼ਾਂ ਦੇ ਛੱਕੇ ਛੁੱਟ ਗਏ –

ਉਧਰ ਆਪ ਫ਼ਿਰੰਗੀ ਨੂੰ ਭਾਂਜ ਆਈ,

ਦੌੜੇ ਜਾਣ ਗੋਰੇ ਦਿੱਤੀ ਕੰਡ ਮੀਆਂ ।….

ਸ਼ਾਹ ਮੁਹੰਮਦਾ ਦੇਖ ਮੈਦਾਨ ਜਾ ਕੇ,

ਰੁਲਦੀ ਗੋਰਿਆਂ ਦੀ ਪਈ ਝੰਡ ਮੀਆਂ । (74)

ਪਰੰਤੂ ਜਦ ਪਹਾੜਾ ਸਿੰਘ ਦੀ ਗ਼ੱਦਾਰੀ ਕਾਰਣ ਸਿੰਘਾਂ ਦੀ ਕੀਤੀ ਕਰਾਈ ਖੂਹ ਵਿਚ ਪੈ ਗਈ-

ਪਹਾੜਾ ਸਿੰਘ ਸੀ ਯਾਰ ਫ਼ਿਰੰਗੀਆਂ ਦਾ,

ਸਿੰਘਾਂ ਨਾਲ ਸੀ ਓਸ ਦੀ ਗੈਰਸਾਲੀ ।

ਉਹ ਤਾਂ ਭੱਜ ਕੇ ਲਾਟ ਨੂੰ ਜਾਇ ਮਿਲਿਆ,

ਗੱਲ ਜਾਇ ਦੱਸੀ ਸਾਰੀ ਭੇਤ ਵਾਲੀ ।ਮੂਸਲ (75)

ਸਿੰਘ ਫੌਜਾਂ ਮੈਦਾਨ ਛੱਡ ਕੇ ਭੱਜ ਜਾਂਦੀਆਂ ਹਨ ਤਾਂ ਸ਼ਾਹ ਮੁਹੰਮਦ ਉਨ੍ਹਾਂ ‘ਤੇ ਵਿਅੰਗ ਵੀ ਕਰਦਾ ਹੈ :

ਘਰੋਂ ਗਏ ਫ਼ਿਰੰਗੀ ਦੇ ਮਾਰਨੇ ਨੂੰ,

ਬੇੜੇ ਤੋਪਾਂ ਦੇ ਸਭ ਖੁਹਾਇ ਆਇ ।….

ਸ਼ਾਹ ਮੁਹੰਮਦਾ ਕਹਿੰਦੇ ਨੇ ਲੋਕ ਸਿੰਘ ਜੀ,

ਤੁਸੀਂ ਚੰਗੀਆਂ ਪੂਰੀਆਂ ਪਾਇ ਆਇ । (79)

ਸਭਰਾਉਂ ਦੀ ਅੰਤਿਮ ਤੇ ਨਿਰਣੇਜਨਕ ਲੜਾਈ ਤੋਂ ਪਹਿਲਾਂ ਲੁਧਿਆਣਾ ਸੈਕਟਰ ਵੀ ਲੜਾਈ ਦਾ ਕੇਂਦਰ ਬਣਦਾ ਹੈ । ਉਥੇ ਸਰਦਾਰ ਰਣਜੋਧ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਅੰਗਰੇਜ਼ਾਂ ਦੀ ਇਕ ਛਾਉਣੀ ਲੁੱਟ ਲਈ ਤੇ ਸਾੜ- ਫੂਕ ਦਿੱਤੀ :

ਸ਼ਾਹ ਮੁਹੰਮਦਾ ਛਾਵਣੀ ਫੂਕ ਦਿੱਤੀ,

ਵਿਚੋਂ ਜੀਉ ਫਿਰੰਗੀ ਦਾ ਹੱਲਿਆ ਈ । (82)

ਪਰੰਤੂ ਅੰਗਰੇਜ਼ਾਂ ਦੇ ਥੋੜੇ ਜਿਹੇ ਜ਼ੋਰ ਪੈਣ ‘ਤੇ ਹੀ ਸਿੰਘਾਂ ਨੇ ਆਪਣੀਆਂ ਚੌਕੀਆਂ ਛੱਡ ਦਿੱਤੀਆਂ ਹਾਲਾਂ ਕਿ ਉਸ ਸਮੇਂ ਅੰਗਰੇਜ਼ਾਂ ਦੀ ਬਹੁਤੀ ਫੌਜ ਫੀਰੋਜ਼ਪੁਰ ਸੈਕਟਰ ਦੇ ਸਭਰਾਉਂ ਦੇ ਇਰਦ-ਗਿਰਦ ਜਮ੍ਹਾਂ ਸੀ । ਸਿੰਘਾਂ ਦੀ ਯੁੱਧ-ਨੀਤੀ ਦੀ ਇਸ ਭੁੱਲ ਵੱਲ ਸ਼ਾਹ ਮੁਹੰਮਦ ਇਸ਼ਾਰਾ ਕਰਦਾ ਹੋਇਆ ਆਖਦਾ ਹੈ:

ਸ਼ਾਹ ਮੁਹੰਮਦਾ ਸਿੰਘ ਜੇ ਜ਼ੋਰ ਕਰਦੇ,

ਭਾਵੇਂ ਲੁੱਦੇਹਾਣਾ ਤਦੋਂ ਮਾਰ ਲੈਂਦੇ ।(83)

ਉਪ੍ਰੰਤ ਸਿੰਘਾਂ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਤਾਂ ਸਭਨਾਂ ਸਰਦਾਰਾਂ ਨੇ ਇਕੱਠੇ ਹੋ ਕੇ ਇਕ ਵੇਰ ਨਵੇਂ ਸਿਰਿਉਂ ਅੰਗਰੇਜ਼ਾਂ ਨਾਲ ਦੋ ਹੱਥ ਕਰਨ ਦਾ ਗੁਰਮਤਾ ਕੀਤਾ-

ਪਿੱਛੇ ਬੈਠ ਸਰਦਾਰਾਂ ਗੁਰਮਤਾ ਕੀਤਾ,

ਕੋਈ ਅਕਲ ਦਾ ਕਰੋ ਇਲਾਜ ਯਾਰੋ ।

ਛੇੜ ਬੁਰਛਿਆਂ ਦੀ ਸਾਡੇ ਪੇਸ਼ ਆਈ,

ਪੱਗ ਦਾੜ੍ਹੀਆਂ ਦੀ ਰੱਖੋ ਲਾਜ ਯਾਰੋ।

ਮੁੱਠ ਮੀਟੀ ਸੀ ਦੇਸ਼ ਪੰਜਾਬ ਦੀ ਜੀ,

ਇਨ੍ਹਾਂ ਖੋਲ੍ਹ ਦਿੱਤਾ ਅੱਜ ਪਾਜ ਯਾਰੋ ।

ਸ਼ਾਹ ਮੁਹੰਮਦਾ ਮਾਰ ਕੇ ਮਰੋ ਏਥੇ,

ਕਦੀ ਰਾਜ ਨਾ ਹੋਇ ਮੁਹਤਾਜ ਯਾਰੋ । (88)

3 ਫਿਰੋਜ਼ਪੁਰ ਸੈਕਟਰ ਦੀ ਆਖਰੀ ਤੇ ਮਘਦੀ ਹੋਈ ਲੜਾਈ ਸਭਰਾਉਂ ਦੇ ਨੇੜੇ ਲੜੀ ਗਈ-

ਜੰਗ ਹਿੰਦ-ਪੰਜਾਬ ਦਾ ਹੋਣ ਲੱਗਾ,

ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ । (92)

ਲੇਕਿਨ ਇਸ ਲੜਾਈ ਵਿਚ ਵੀ ਪਹਾੜਾ ਸਿੰਘ ਵਾਂਗ ਤੇਜਾ ਸਿੰਘ ਨੇ ਸਿੰਘਾਂ ਨਾਲ ਗ਼ੱਦਾਰੀ ਕੀਤੀ । ਸ. ਸ਼ਾਮ ਸਿੰਘ ਅਟਾਰੀ ਵਾਲੇ ਦਾ ਵਡੇਰੀ ਉਮਰ ਦੇ ਹੁੰਦੇ ਹੋਏ ਵੀ, ਦੇਸ਼ ਤੇ ਪੰਥ ਦੀ ਰੱਖਿਆ ਲਈ ਯੁੱਧ-ਖੇਤਰ ਵਿਚ ਕੁੱਦਣਾ ਬੜੀ ਸ਼ਲਾਘਾ- ਯੋਗ ਘਟਨਾ ਹੈ । ਉਸ ਦੇ ਆਉਣ ਨਾਲ ਸਿੰਘਾਂ ਦੇ ਟੁੱਟੇ ਹੋਏ ਹੌਂਸਲੇ ਮੁੜ ਉਭਰੇ। ਉਹ ਜਿਧਰ ਜਾਂਦਾ, ਸ਼ਤਰੂਆਂ ਦੇ ਛੱਕੇ ਛੁਡਾਉਂਦਾ ਜਾਂਦਾ । ਸ਼ਾਹ ਮੁਹੰਮਦ ਲਿਖਦਾ :-

ਆਈਆਂ ਪਲਟਨਾਂ ਬੀੜ ਕੇ ਤੋਪਖਾਨੇ,

ਅੱਗੋਂ ਸਿੰਘਾਂ ਨੇ ਪਾਸੜੇ ਤੋੜ ਸੁੱਟੇ ।

ਮੇਵਾ ਸਿੰਘ ਤੇ ਮਾਘੇ ਖਾਂ ਹੋਏ ਸਿੱਧੇ,

ਹੱਲੇ ਤਿੰਨ ਫ਼ਿਰੰਗੀ ਦੇ ਮੋੜ ਸੁੱਟੇ ।

ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ,

ਬੰਨ੍ਹ ਸ਼ਸਤ੍ਰੀ ਜੋੜ-ਵਿਛੋੜ ਸੁੱਟੇ ।

ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,

ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ । (90)

ਪਰੰਤੂ ਸਿੰਘ ਕੇਵਲ ਧਾਰਮਿਕ ਪ੍ਰੇਰਨਾ, ਅਣਖ ਅਤੇ ਬੀਰਤਾ ਦੀ ਭਾਵਨਾ ਨਾਲ ਹੀ ਲੜਦੇ ਰਹੇ ਸਨ। ਅੰਗਰੇਜ਼ ਯੁੱਧ-ਨੀਤੀ ਵਿਚ ਬੜੇ ਨਿਪੁੰਨ ਸਨ । ਉਹਨਾਂ ਨੇ ਅੰਦਰੋਂ-ਅੰਦਰੀ ਪੂਰੀ ਤਿਆਰੀ ਕਰਕੇ ਯੁੱਧ ਛੇੜਿਆ ਸੀ । ਸਤਲੁਜ ਦਰਿਆ ਤੇ ਪੁਲ ਬਣਾਉਣ ਲਈ ਉਨ੍ਹਾਂ ਨੇ ਕਈ ਮਹੀਨੇ ਪਹਿਲਾਂ ਦੱਖਣ ਵੱਲੋਂ ਕਿਸ਼ਤੀਆਂ ਬਣਵਾ ਕੇ ਲਿਆਂਦੀਆਂ ਸਨ । ਕਿਸ਼ਤੀਆਂ ਦਾ ਪੁਲ ਲੋੜ ਅਨੁਸਾਰ ਤੋੜਿਆ ਤੇ ਜੋੜਿਆ ਜਾ ਸਕਦਾ ਸੀ । ਜਦ ਸਿੰਘ ਸੈਨਾ ਤਿੰਨਾਂ ਪਾਸਿਆਂ ਤੋਂ ਘਿਰ ਗਈ ਤਾਂ ਪਿਛੇ ਸਤਲੁਜ ਦਰਿਆ ਸੀ । ਉਸ ਨੇ ਪਿਛਾਂਹ ਹਟਣਾ ਤੇ ਦਰਿਆ ਪਾਰ ਕਰਨਾ ਚਾਹਿਆ ਤਾਂ ਜੋ ਦਰਿਆ ਤੋਂ ਪਾਰ ਨਵੀਂ ਮੋਰਚਾਬੰਦੀ ਕੀਤੀ ਜਾਵੇ । ਪਰੰਤੂ ਤੇਜਾ ਸਿੰਘ ਨੇ ਕਿਸ਼ਤੀਆਂ ਦਾ ਉਹ ਪੁਲ ਵੱਢ ਦਿੱਤਾ। ਹੁਣ ਸਿੱਖ ਫੌਜਾਂ ਲਈ ਲੜਨ ਤੇ ਮਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਜਿਹੜੇ ਦਰਿਆ ਵਿਚ ਛਲਾਂਗ ਮਾਰ ਕੇ, ਤੈਰ ਕੇ ਦਰਿਆ ਪਾਰ ਕਰਨਾ ਚਾਹੁੰਦੇ, ਉਨਾਂ ਨੂੰ ਗੋਲੀਆਂ ਦੀ ਬੌਛਾੜ ਨਾਲ ਦਰਿਆ ਵਿਚ ਹੀ ਮਾਰ ਦਿੱਤਾ ਜਾਂਦਾ- ਕਈ ਸੂਰਮੇ ਮਾਰ ਕੇ ਮੋਏ ਓਥੇ,

ਜਿਨ੍ਹਾਂ ਹੱਥ ਕੀਤੇ ਤੇਗ਼ਾਂ ਨੰਗੀਆਂ ਦੇ ।

ਰਹਿੰਦੇ ਘੇਰ ਕੇ ਵਿਚ ਦਰਿਆਓ ਡੋਬੇ,

ਸ਼ੱਰੇ ਮਾਰਿਓ ਨੇ ਤੋਪਾਂ ਚੰਗੀਆਂ ਦੇ । (93)

ਇਸ ਜੰਗ ਵਿਚ ਸਿੱਖ ਸੈਨਾ ਦਾ ਬਹੁਤ ਭਾਰੀ ਨੁਕਸਾਨ ਹੋਇਆ । ਸ਼ਾਹ ਮੁਹੰਮਦ ਖੂਨ ਦੇ ਅੱਥਰੂ ਕੇਰਦਾ ਹੋਇਆ ਲਿਖਦਾ ਹੈ— ਕਈ ਮਾਵਾਂ ਦੇ ਪੁੱਤ ਨੇ ਮੋਏ ਓਥੇ, ਸੀਨੇ ਲੱਗੀਆਂ ਤੇਜ਼ ਕਟਾਰੀਆਂ ਨੀ । ਜਿਨ੍ਹਾਂ ਭੈਣਾਂ ਨੂੰ ਵੀਰ ਨਾ ਮਿਲੇ ਮੁੜ ਕੇ, ਪਈਆਂ ਰੋਂਦੀਆਂ ਫਿਰਨ ਵਿਚਾਰੀਆਂ ਨੀ ।

ਜੰਗੀਂ ਜਿਨ੍ਹਾਂ ਦੇ ਸਿਰਾਂ ਦੇ ਮੋਏ ਵਾਲੀ,

ਖੁਲ੍ਹੇ ਵਾਲ ਤੇ ਫਿਰਨ ਵਿਚਾਰੀਆਂ ਨੀ ।

ਸ਼ਾਹ ਮੁਹੰਮਦਾ ਬਹੁਤ ਸਰਦਾਰ ਮਾਰੇ,

ਪਈਆਂ ਰਾਜ ਦੇ ਵਿਚ ਖੁਆਰੀਆਂ ਨੀ । (94)

ਇਸ ਤਰ੍ਹਾਂ ਸਿੱਖ ਸੈਨਾ ਪੰਜਾਬ ਦੀ ਪਹਿਲੀ ਲੜਾਈ ਹਾਰ ਗਈ। ਇਹ ਹਾਰ ਇਕ ਬਹੁਤ ਵੱਡਾ ਦੁਖਾਂਤ ਸੀ ਕਿਉਂ ਜੋ ਇਸ ਤੋਂ ਬਾਅਦ ਅੰਗਰੇਜ਼ਾਂ ਨੇ ਖ਼ਾਲਸਾ ਫੌਜ ਨੂੰ ਸ਼ਸਤਰਹੀਨ ਕਰਕੇ ਉਨ੍ਹਾਂ ਦੀ ਬਚੀ-ਖੁਚੀ ਤਾਕਤ ਨੂੰ ਵੀ ਖ਼ਤਮ ਕਰ ਦਿੱਤਾ ।

ਸ਼ਾਹ ਮੁਹੰਮਦ ਇਸ ਲੜਾਈ ਵਿਚ ਸਿੰਘਾਂ ਦੀ ਹਾਰ ਦੇ ਤਿੰਨ ਮੁੱਖ ਕਾਰਨ ਦੱਸਦਾ ਹੈ:

(1) ਮਹਾਰਾਣੀ ਜਿੰਦਾਂ ਵੱਲੋਂ ਆਪਣੇ ਭਰਾ ਦੇ ਕਤਲ ਕਾਰਨ ਗੁੱਸੇ ਵਿਚ ਉਠਾਇਆ ਗਿਆ ਕਦਮ । ਜਿਵੇਂ:-

ਕੀਤਾ ਅਕਲ ਦਾ ਪੇਚ ਰਾਣੀ ਜਿੰਦ ਕੌਰਾਂ,

ਮਿਲੀ ਮੱਥਾ ਦੋਹਾਂ ਪਾਤਸ਼ਾਹੀਆਂ ਦਾ ਜੋੜਿਆ ਈ ।

ਗੁੱਝੀ ਰਮਜ਼ ਕਰ ਕੇ ਆਪ ਰਹੀ ਸੱਚੀ,

ਬਦਲਾ ਤੁਰਤ ਭਰਾਉ ਦਾ ਮੋੜਿਆ ਈ । (100)

(2) ਮਹਾਰਾਜਾ ਰਣਜੀਤ ਸਿੰਘ ਦੇ ਸਵਰਗਵਾਸ ਹੋਣ ਕਾਰਨ ਸਿੰਘ ਫੌਜਾਂ ਦਾ ਕੋਈ ਵੀ ਧੜੱਲੇਦਾਰ ਆਗੂ ਨਹੀਂ ਸੀ। ਸ਼ਾਹ ਮੁਹੰਮਦ ਸਿੰਘ ਫੌਜਾਂ ਦੀ ਸਲਾਹੁਣਾ ਕਰਦੇ ਹੋਏ ਮਹਾਰਾਜਾ ਰਣਜੀਤ ਸਿੰਘ ਦੀ ਅਣਹੋਂਦ ਨੂੰ ਬੁਰੀ ਤਰ੍ਹਾਂ ਮਹਿਸੂਸਦ ਹੈ :-

ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,

ਜੇੜੀਆਂ ਖ਼ਾਲਸੇ ਨੇ ਤੇਗ਼ਾਂ ਮਾਰੀਆਂ ਨੇ ।….

ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,

ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ । (92)

(3) ਡੋਗਰਿਆਂ ਅਤੇ ਤੇਜਾ ਸਿੰਘ, ਲਾਲ ਸਿੰਘ, ਜਿਹੇ ਨਮਕ-ਹਰਾਮੀਆਂ ਦੀਆਂ ਸਾਜ਼ਿਸ਼ਾਂ ਨੇ ਵੀ ਸਿੰਘਾਂ ਨੂੰ ਹਰਾਉਣ ਤੇ ਅੰਗਰੇਜ਼ਾਂ ਨੂੰ ਜਿਤਾਉਣ ਵਿਚ ਅਹਿਮ ਰੋਲ ਅਦਾ ਕੀਤਾ, ਜਿਸ ਕਾਰਨ ਕਈ ਵੇਰ ਲੜਾਈ ਦੇ ਪੂਰੇ ਸਿਖਰ ਉੱਤੇ ਪੁੱਜ ਕੇ ਸਿੰਘਾਂ ਨੂੰ ਮੈਦਾਨ ਛੱਡ ਕੇ ਭੱਜਣਾ ਪਿਆ ਅਤੇ ਹਾਰਦੇ-ਹਾਰਦੇ ਗੋਰੇ ਜੇਤੂ ਬਣ ਜਾਂਦੇ ਰਹੇ । ਇਕ ਥਾਵੇਂ ਕਵੀ, ਗੁਲਾਬ ਸਿੰਘ ਡੋਗਰੇ ਵੱਲੋਂ ਨਿਭਾਏ ਗਏ ਦੇਸ਼-ਧਰੋਹੀ ਦੇ ਕਿਰਦਾਰ ਕਾਰਨ ਇਵਜ਼ਾਨਾ ਵਸੂਲ ਕਰਨ ਦੀ ਗੱਲ ਵੀ ਕਰਦਾ ਹੈ—

ਰਾਜਾ ਗਿਆ ਗੁਲਾਬ ਸਿੰਘ ਆਪ ਚੜ੍ਹ ਕੇ,

ਬਾਹੋਂ ਪਕੜ ਲਾਹੌਰ ਲਿਆਂਵਦਾ ਈ ।

ਸਾਹਿਬ ਲੋਕ ਜੀ! ਅਸਾਂ ਪਰ ਦਇਆ ਕਰਨੀ,

ਉਹ ਤਾਂ ਆਪਣਾ ਕੰਮ ਬਣਾਂਵਦਾ ਈ ।

ਦਿੱਤੇ ਕੱਢ ਮਲਵੱਈ ਦੁਆਬੀਏ ਜੀ,

ਵਿਚੋਂ ਸਿੰਘਾਂ ਦੀ ਫੌਜ ਖਿਸਕਾਂਵਦਾ ਈ ।

ਜਥੇ ਸ਼ਾਹ ਮੁਹੰਮਦਾ ਤਰਫ਼ ਪਹਾੜ ਲੈ ਕੇ,

ਤੁਰਤ ਜੰਮੂ ਨੂੰ ਕੂਚ ਕਰਾਂਵਦਾ ਈ । (97)

ਭਾਵੇਂ ਮਹਾਰਾਣੀ ਜਿੰਦਾਂ ਅਤੇ ਡੋਗਰਿਆਂ ਆਦਿ ਦਾ ਰੋਲ ਜਾਂ ਮਹਾਰਾਜਾ ਰਣਜੀਤ ਸਿੰਘ ਦੀ ਅਣਹੋਂਦ ਵੀ ਸਿੱਖ ਫੌਜਾਂ ਦੀ ਹਾਰ ਦਾ ਕਾਰਣ ਬਣ ਗਏ, ਪਰੰਤੂ ਸਾਡੀ ਜਾਚੇ ਇਸ ਹਾਰ ਦਾ ਇਕ ਵੱਡਾ ਕਾਰਣ ਪੁਰਾਣੇ ਤੇ ਨਵੇਂ ਨਿਜ਼ਾਮ ਦੀ ਟੱਕਰ ਅਤੇ ਸਿੱਖ ਫੌਜ ਦੀ ਸਿਖਲਾਈ ਵਿਚ ਰਹੀ ਕਮੀ ਹੈ । ਪੰਜਾਬ ਵਿਚ ਜਾਗੀਰਦਾਰੀ ਜਾਂ ਸਾਮੰਤਵਾਦੀ ਰਾਜ ਸੀ । ਇੰਗਲੈਂਡ ਵਿਚ ਲੋਕ ਰਾਜ ਸੀ। ਉਥੋਂ ਦੇ ਸਾਰੇ ਅਫ਼ਸਰ ਤੇ ਸਿਪਾਹੀ ਖਾਸ ਵਿਧਾਨਿਕ ਨਿਯਮਾਂ ਅਨੁਸਾਰ ਨੌਕਰੀ ਕਰਦੇ ਸਨ, ਤੇ ਆਪਣੀ ਸਰਕਾਰ ਅਤੇ ਦੇਸ਼ ਦੇ ਪੂਰੀ ਤਰ੍ਹਾਂ ਵਫ਼ਾਦਾਰ ਸਨ । ਉਧਰ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਭਾਵੇਂ ਯੂਰਪੀ ਅਫ਼ਸਰ ਵੀ ਸ਼ਾਮਿਲ ਸਨ, ਫਿਰ ਵੀ ਅੰਗਰੇਜ਼ਾਂ ਦੀ ਫੌਜ ਦੀ ਯੁੱਧ ਸਿੱਖਿਆ ਤੇ ਯੁੱਧ ਸਮੱਗਰੀ ਸਿੰਘ ਫੌਜਾਂ ਤੋਂ ਚੰਗੇਰੀ ਸੀ । ਭਾਵੇਂ ਸਿੰਘ ਫੌਜਾਂ ਵਿਚ ਗੁਰੂ ਸਾਹਿਬਾਨ ਅਤੇ ਮਿਸਲਾਂ ਦੇ ਸਮੇਂ ਦੀ ਬਹਾਦਰੀ ਦੀ ਸਪਿਰਟ ਸੀ, ਫੇਰ ਵੀ ਉਨ੍ਹਾਂ ਵਿਚ ਗ਼ੱਦਾਰਾਂ ਦੀ ਘਾਟ ਵੀ ਨਹੀਂ ਸੀ । ਦੂਜੇ ਪਾਸੇ ਅੰਗਰੇਜ਼ੀ ਫੌਜ ਵਿਚ ਗ਼ੱਦਾਰਾਂ ਦੀ ਅਣਹੋਂਦ ਸੀ । ਸਿੰਘ ਫੌਜਾਂ ਵਿਚ ਦੇਸ਼-ਭਗਤੀ ਦੀ ਘਾਟ ਦੀ ਇਕ ਉਦਾਹਰਣ ਵੇਖੋ-

ਜਦੋਂ ਪਿਆ ਹਰਾਸ ਤੇ ਕਰਨ ਗੱਲਾਂ,

ਮੁੰਡੇ ਘੋੜ-ਚੜ੍ਹੇ ਨਵੇਂ ਛੋਕਰੇ ਜੀ ।

ਅੱਧੀ ਰਾਤ ਨੂੰ ਉਠ ਕੇ ਖਿਸਕ ਤੁਰੀਏ,

ਕਿਥੋਂ ਪਏ ਗੋਰੇ ਸਾਨੂੰ ਓਪਰੇ ਜੀ ।

ਵਾਹੀ ਕਰਦੇ ਤੇ ਰੋਟੀਆਂ ਖੂਬ ਖਾਂਦੇ,

ਅਸੀਂ ਜਿਨ੍ਹਾਂ ਦੇ ਹਾਂ ਪੁੱਤ-ਪੋਤਰੇ ਜੀ ।

ਸ਼ਾਹ ਮੁਹੰਮਦਾ ਖੂਹਾਂ ਤੇ ਮਿਲਖ ਵਾਲੇ,

ਅਸੀਂ ਦੱਬ ਕੇ ਲਾਵਾਂਗੇ ਜੋਤਰੇ ਜੀ। (77)

ਇਕ ਥਾਂ ‘ਤੇ ਉਹ ਅੰਗਰੇਜ਼ਾਂ ਨਾਲ ਟਕਰਾਉਣ ਤੋਂ ਇਸ ਤਰ੍ਹਾਂ ਤੌਬਾ ਕਰਦੇ ਹਨ :-

ਸ਼ਾਹ ਮੁਹੰਮਦਾ ਫੇਰ ਨਾ ਰੱਬ ਲਿਆਵੇ,

ਵਿਚ ਜੰਗ ਦੇ ਨਾਲ ਫ਼ਿਰੰਗੀਆਂ ਦੇ । (93)

ਉਪਰੋਕਤ ਨਵੀਂ ਪੀੜ੍ਹੀ ਤੋਂ ਉਲਟ ਪੁਰਾਣੀ ਪੀੜ੍ਹੀ ਦੇ ਲੋਕਾਂ ਵਿਚ ਬੀਰ ਭਾਵਨਾ ਤੇ ਅਣਖ ਵਧੇਰੀ ਮਾਤ੍ਰਾ ਵਿਚ ਸੀ । ਸੁਚੇਤ ਸਿੰਘ ਤੇ ਸ. ਸ਼ਾਮ ਸਿੰਘ ਅਟਾਰੀ ਵਾਲੇ ਦੇ ਉਦਾਹਰਣ ਸਾਡੇ ਸਾਮ੍ਹਣੇ ਹਨ । ਹੀਰਾ ਸਿੰਘ ਨੇ ਯੁੱਧ-ਨੀਤੀ ਵਿਚ ਚੰਗੀ ਨਿਪੁੰਨਤਾ ਵਿਖਾਈ ਸੀ। ਦੂਜੇ ਪਾਸੇ ਲਹਿਣਾ ਸਿੰਘ ਮਜੀਠੀਏ ਵਰਗੇ ਸਰਦਾਰ ਵਿਰਕਤ ਹੋ ਕੇ ਤੀਰਥਾਂ ਨੂੰ ਚਲੇ ਗਏ । ਕੋਈ ਦੇਸ਼ ਦੀ ਖ਼ਾਤਰ ਲੜਨ ਤੋਂ ਦੱਬ ਕੇ ਵਾਹੁਣ ਤੇ ਰੱਜ ਕੇ ਖਾਣ ਨੂੰ ਚੰਗਾ ਸਮਝਦਾ, ਕੋਈ ਮੁੜ ਅੰਗਰੇਜ਼ਾਂ ਨਾਲ ਨਾ ਲੜਨ ਦਾ ਸੰਕਲਪ ਕਰਦਾ । ਜਿਹੜੇ ਲੜਦੇ, ਉਹ ਇਨਾਮ ਜਾਂ ਲਾਲਚਾਂ ਲਈ, ਬਹੁਤੀ ਤਲਬ ਲਈ ਜਾਂ ਕੈਂਠਿਆਂ ਲਈ । ਕੋਈ ਅੰਗਰੇਜ਼ਾਂ ਦੇ ਜ਼ਰ-ਮਾਲ ਲੁੱਟਣ ਅਤੇ ਅੰਗਰੇਜ਼ ਔਰਤਾਂ ਦੇ ਸੰਗ ਮਾਣਨ ਲਈ :- ਮਾ ਭਗਤ ਕਿ

ਜ਼ਬਤ ਕਰਾਂਗੇ ਮਾਲ ਫ਼ਿਰੰਗੀਆਂ ਦੇ,

ਉਥੋਂ ਲਿਆਂਵਾਂਗੇ ਦੌਲਤਾਂ ਬੋਰੀਆਂ ਨੀ

ਪਿਛੋਂ ਵੜਾਂਗੇ ਉਨ੍ਹਾਂ ਦੇ ਸਤਰਖਾਨੇ,

ਬੰਨ੍ਹ ਲਿਆਵਾਂਗੇ ਉਨ੍ਹਾਂ ਦੀਆਂ ਗੋਰੀਆਂ ਨੀ । (57)

ਇਹ ਬੀਰ-ਭਾਵਨਾ ਨਹੀਂ, ਸਗੋਂ ਬੀਰ-ਭਾਵਨਾ ਦਾ ਕੋਝਾ ਮਜ਼ਾਕ ਹੈ । ਵੇਖਿਆ ਜਾਵੇ ਤਾਂ ਬੀਰ-ਭਾਵਨਾ ਦੀ ਘਾਟ ਵੀ ਸਿੱਖਾਂ ਦੀ ਹਾਰ ਦਾ ਮੁੱਖ ਕਾਰਣ ਬਣੀ। ਸ਼ਾਹ ਮੁਹੰਮਦ ਦੀ ਵਡਿਆਈ ਇਸ ਵਿਚ ਹੈ ਕਿ ਉਸ ਨੇ ਸਜੀਵ ਯੁੱਧ ਚਿਤ੍ਰਣ ਦੇ ਨਾਲ-ਨਾਲ ਬੀਰ-ਭਾਵਨਾ ਦੀ ਹੋਂਦ ਤੇ ਅਣਹੋਂਦ ਦੇ ਵੀ ਥਾਂ-ਥਾਂ ‘ਤੇ ਦਰਸ਼ਨ ਕਰਾਏ ਹਨ। ਕਵੀ ਨੇ ਜਿਥੇ ਯੁੱਧ ਵਰਣਨ ਵਿਚ ਹਰੇਕ ਨਿੱਕੀ ਤੋਂ ਨਿੱਕੀ ਗੱਲ ਦੱਸਣ ਦਾ ਯਤਨ ਕੀਤਾ ਹੈ, ਇਤਿਹਾਸਿਕ ਸਾਮੱਗਰੀ ਜੁਟਾਣ ਵਿਚ ਕੋਈ ਕਸਰ ਨਹੀਂ ਰਹਿਣ ਦਿੱਤੀ, ਉਥੇ ਦੋਨੋ ਪਾਸਿਆਂ ਦੇ ਸੈਨਿਕਾਂ ਦਾ ਮਨੋਬਲ ਜਾਂ ਯੁੱਧ- ਕੌਸ਼ਲ ਚਿਤਰਣ ਵੇਲੇ ਨਿਆਇਸ਼ੀਲਤਾ ਦਾ ਪੱਲਾ ਨਹੀਂ ਛੱਡਿਆ । ਜੰਗਾਂ-ਯੁੱਧਾਂ ਦਾ ਹਾਲ ਪਉੜੀ ਛੰਦਾਂ ਵਿਚ ਲਿਖਿਆ ਜਾਂਦਾ ਤਾਂ ਹੋਰ ਰੰਗ ਬੱਝਣਾ ਸੀ, ਲੇਕਿਨ ਬੈਂਤ ਵਰਗੇ ਲਲਿਤ ਛੰਦ ਵਿਚ ਲਿਖੇ ਜਾਣ ਦੇ ਬਾਵਜੂਦ ਬਿੰਬਾਂ, ਅਲੰਕਾਰਾਂ ਦੀ ਸੁੰਦਰ ਜੜਤ, ਸੁਚੱਜੀ ਸ਼ਬਦਾਵਲੀ ਅਤੇ ਰੌਚਿਕ ਵਰਣਨ ਸ਼ੈਲੀ ਆਦਿ ਗੁਣਾਂ ਕਾਰਨ ਇਹ ਜੰਗਨਾਮਾ ਬੇਮਿਸਾਲ ਸਾਹਿਤਕ ਕਿਰਤ ਹੋ ਨਿੱਬੜਿਆ ਹੈ ।

ਸ਼ਾਹ ਮੁਹੰਮਦ ਦਾ ਜੰਗਨਾਮਾ ਜਿਥੇ ਦੇਸ਼-ਪਿਆਰ ਦੀ ਡੂੰਘੀ ਭਾਵਨਾ ਨਾਲ ਭਰਪੂਰ ਹੈ, ਉਥੇ ਪੰਜਾਬੀ ਬੀਰ ਸਾਹਿਤ ਵਿਚ ਵੀ ਇਸਦਾ ਨਿਵੇਕਲਾ ਅਤੇ ਵਿਲੱਖਣ ਸਥਾਨ ਹੈ । ਕਿਸੇ ਵੀ ਕੌਮ ਦੇ ਜਜ਼ਬਿਆਂ ਨੂੰ ਜਾਗਦੇ ਰੱਖਣ ਲਈ, ਮਨੁੱਖੀ ਵਿਚਾਰਧਾਰਾ ਵਿਚ ਚੇਤੰਨਤਾ ਭਰਨ ਲਈ ਅਤੇ ਰਾਸ਼ਟਰੀ ਪਿਆਰ ਪੈਦਾ ਕਰਨ ਲਈ, ਸਾਹਿਤ ਹਮੇਸ਼ਾਂ ਅਹਿਮ ਰੋਲ ਅਦਾ ਕਰਦਾ ਰਿਹਾ ਹੈ । ਸੂਰਬੀਰ ਪੰਜਾਬੀ ਕੌਮ ਨੂੰ ਜਿਨ੍ਹਾਂ ਚੇਤੰਨ ਕਵੀਆਂ ਤੇ ਸਾਹਿਤਕਾਰਾਂ ਨੇ ਆਪਣੀਆਂ ਕਲਮ-ਕਿਰਤਾਂ ਨਾਲ ਜਗਾਈ ਰੱਖਿਆ ਹੈ, ਉਨ੍ਹਾਂ ਵਿਚ ਸ਼ਾਹ ਮੁਹੰਮਦ ਦਾ ਨਾਮ ਵਿਸ਼ੇਸ਼ ਰੂਪ ਵਿਚ ਲਿਆ ਜਾ ਸਕਦਾ ਹੈ ।

ਦੁਨੀਆਂ ਭਰ ਦਾ ਸਾਹਿਤ ਭਾਵੇਂ ਉਹ ਕਿਸੇ ਵੀ ਰੂਪ ਵਿਚ ਹੈ, ਜੀਵਨ- ਸੰਘਰਸ਼ ਦਾ ਪ੍ਰਗਟਾਅ ਹੈ । ਪਰ ਬੀਰ-ਰਸੀ ਸਾਹਿਤ ਵਿਚ ਇਹ ਸੰਘਰਸ਼ ਸੂਖਮ ਰੂਪ ਵਿਚ ਨਾ ਰਹਿ ਕੇ ਇਕ ਠੋਸ ਰੂਪ ਅਖਤਿਆਰ ਕਰ ਲੈਂਦਾ ਹੈ । ਇਥੇ ਨੇਕੀ ਅਤੇ ਬਦੀ ਦੀਆਂ ਤਾਕਤਾਂ ਸਿੱਧੇ ਤੌਰ ਉੱਤੇ ਆਹਮੋ-ਸਾਹਮਣੇ ਆਉਂਦੀਆਂ, ਗੁੱਥਮ-ਗੁੱਥਾ ਹੁੰਦੀਆਂ ਅਤੇ ਲਹੂ-ਲੁਹਾਨ ਹੁੰਦੀਆਂ ਹਨ । ਪ੍ਰੋ: ਕਿਰਪਾਲ ਸਿੰਘ ਕੋਮਲ ਅਨੁਸਾਰ ਬੀਰ ਕਾਵਿ ਦਾ ਮੁੱਢ ਹੀ ਕਿਉਂਕਿ ਯੁੱਧ ਹੁੰਦਾ ਹੈ, ਇਸ ਲਈ ਅਮਨ ਦਾ ਯੁਗ ਬੀਰ-ਕਾਵਿ ਦੀ ਰਚਨਾ ਲਈ ਅਸਮਰਥ ਹੈ । ਬੀਰ-ਕਾਵਿ ਦੀ ਸਭ ਤੋਂ ਮੁਢਲੀ ਆਵੱਸ਼ਕਤਾ ਇਕ ਅਜਿਹਾ ਦਵੰਦਾਤਮਕ ਮਾਹੌਲ ਹੈ, ਜਿਸ ਵਿਚ ਸਮੁੱਚਾ ਸਮਾਜਕ ਆਲਾ-ਦੁਆਲਾ ਅਸਾਧਾਰਨ ਜੋਸ਼ ਨਾਲ ਬੇਚੈਨ ਹੋ ਉੱਠੇ; ਜ਼ਿੰਦਗੀ ਜ਼ੁਲਮ ਦੀਆਂ ਤਾਕਤਾਂ ਵਿਰੁੱਧ ਸ਼ਸਤਰਧਾਰੀ ਹੋ ਕੇ ਡਟ ਖਲੋਏ ; ਘੋੜਿਆਂ ਦੀਆਂ ਸੁੰਮਾਂ ਦੀਆਂ ਟਾਪਾਂ ਨਾਲ ਧਰਤੀ ਹੁੰਗਾਰਾ ਭਰਨ ਲੱਗ ਪਵੇ ਤੇ ਅਣਖੀਲੇ ਯੋਧੇ ਆਪਣੀ ਤੇ ਪੱਗ ਦੀ ਰੱਖਿਆ ਲਈ ਜੂਝ ਮਰਨ ਲਈ ਤਤਪਰ ਹੋ ਜਾਣ । ਅਜਿਹਾ ਅਸਾਧਾਰਣ ਜੰਗੀ ਮਾਹੌਲ ਹੀ ਬੀਰ ਰਸੀ ਸਾਹਿਤ ਪੈਦਾ ਕਰ ਸਕਦਾ ਹੈ ਅਤੇ ਦੁਨੀਆਂ ਭਰ ਦਾ ਮਹਾਨ ਬੀਰ-ਕਾਵਿ ਅਜਿਹੇ ਜੰਗੀ ਮਾਹੌਲ ਵਿਚ ਹੀ ਪੈਦਾ ਹੋਇਆ ਹੈ । (ਲੇਖ –‘ਬੀਰ ਕਾਵਿ ਦੀਆਂ ਆਵੱਸ਼ਕਤਾਵਾਂ’, ਪੰਜਾਬੀ ਦੁਨੀਆ, अप्रैल-भष्टी, 1963, 2ठा 25)

ਸ਼ਾਹ ਮੁਹੰਮਦ ਦੇ ਜੰਗਨਾਮੇ ਨੂੰ ਆਧਾਰ ਬਣਾਉਂਦੇ ਹੋਏ ਅਤੇ ਪੰਜਾਬੀ ਬੀਰ ਸਾਹਿਤ ਵਿਚ ਬੋਲੀ ਦੇ ਮਹੱਤਵ ਦੀ ਚਰਚਾ ਕਰਦੇ ਹੋਏ ਡਾ: ਜੀਤ ਸਿੰਘ ਸੀਤਲ ਦੀ ਧਾਰਨਾ ਹੈ ਕਿ ਬੀਰ ਰਸ ਦੀ ਬੋਲੀ ਛਿੰਜ ਦਾ ਢੋਲ ਹੈ, ਜੋ ਅਸੀਂ ਸਾਰੇ ਪਿੰਡ ਵਿਚ ਖਲੋਤੇ ਵੇਖ-ਸੁਣ ਰਹੇ ਹਾਂ । ਜਾਂ ਇਹ ਇਕ ਵੱਡਾ ਰਣ-ਖੇਤਰ ਹੈ, ਜਿਸ ਵਿਚ ਸੂਰਮੇ ਲਾੜਿਆਂ ਵਾਂਗ ਲੜਦੇ ਹਨ। ਧੌਂਸੇ ਵੱਜਦੇ ਹਨ, ਘੋੜੇ ਹਿਣਕਦੇ ਹਨ, ਧੂੜਾਂ ਉੱਡਦੀਆਂ ਹਨ, ਘਟਾਂ ਚੱਲਦੀਆਂ ਤੇ ਖੰਡੇ ਖੜਕਦੇ ਹਨ; ਤਲਵਾਰਾਂ ਵਗਦੀਆਂ ਹਨ; ਨੇਜ਼ੇ ਨਾਗਾਂ ਦੀਆਂ ਸਿਰੀਆਂ ਵਾਂਗ ਉੱਠ-ਉੱਠ ਸਵਾਰਾਂ ਨੂੰ ਡੱਸਦੇ ਹਨ; ਸ਼ੋਰ-ਖਰੂਦ ਮੱਚਦੇ ਅਤੇ ਸੰਖ ਨਾਦ ਤੇ ਦਮਾਮੇ ਘੂਰਦੇ ਹਨ ।…ਤੁਰਮ ਤੇ ਸ਼ੁਤਰੀ ਕਰਨਾਇ ਵੱਜਦੇ ਹਨ । ਤੰਬੂ-ਬੈਰਕਾਂ ਤੇ ਨਿਸ਼ਾਨ ਝੂਲਦੇ ਹਨ, ਕੋਤਲ ਬੱਘੀਆਂ, ਪਾਲਕੀਆਂ, ਤੋਪਖਾਨੇ ਸਭ ਬੀੜੇ ਦਿੱਸਦੇ ਹਨ; ਧਰਤ ਮਖਮਲ ਵਾਂਗ ਲਾਲੋ-ਲਾਲ, ਜਿਵੇਂ ਫ਼ਾਗ ਖੇਡਦੀ ਸ਼ਰਮਾਕਲ ਨਵਵਿਵਾਹਿਤ ਹੋਵੇ । ਜਿਥੇ ਸ਼ੀਂਹ ਬੁੱਕਦੇ ਤੇ ਸੂਰਮੇ ਗੱਜਦੇ ਹਨ, ਜਿਥੇ ਸ਼ਹੀਦ ਜੀਵਨ-ਖੇਡ ਖੇਡ ਕੇ ਮਦ-ਖਾਧੇ ਮਦਾਰੀਆਂ ਵਾਂਗ ਸੁੱਤੇ ਪਏ ਅਮਰ ਜੀਵਨ ਦਾ ਰਾਜ਼ ਖਾਮੋਸ਼ ਜ਼ਬਾਨ ਨਾਲ ਖੋਲ੍ਹ ਰਹੇ ਦਿਸਦੇ ਹਨ, ਅਤੇ ਜਿਥੇ ਅਰਾਕੀ ਘੋੜਿਆਂ ਤੋਂ ਡਿੱਗਦੇ ਸੂਰਮੇ ਅੰਬਰ ਤੋਂ ਟੁੱਟਦੇ ਤਾਰੇ ਜਾਪਦੇ ਹਨ।

…..ਬੀਰ ਬੋਲੀ ਵਿਚ ਅਟੱਲ ਸਚਿਆਈਆਂ ਦੇ ਮੋਤੀ ਮਿਲਣਗੇ ਅਤੇ ਨਵੇਂ-ਨਵੇਂ ਸਮਾਸ ਤੇ ਸ਼ਬਦ-ਚਿਤਰ ਪ੍ਰਾਪਤ ਹੋਣਗੇ । ਇਸੇ ਤਰ੍ਹਾਂ ਇਸ ਬੋਲੀ ਵਿਚ ਘ, ਝ, ੜ, ਢ, ਣ ਸ਼ਬਦਾਂ ਦੀ ਵਰਤੋਂ ਆਪਣੀ ਵਿਸ਼ੇਸ਼ਤਾਈ ਰੱਖਦੀ ਹੈ। ਸੂਰਮਿਆਂ, ਜੋਧਿਆਂ, ਸ਼ਹੀਦਾਂ, ਧਰਮੀਆਂ, ਦੇਸ਼ ਸੇਵਕਾਂ ਆਦਿ ਦੀਆਂ ਅਮਰ ਕਹਾਣੀਆਂ ਇਸੇ ਬੋਲੀ ਵਿਚ ਅੰਕਤ ਹਨ ।…..ਅਜਿਹੀ ਕਹਾਣੀ ਦੀਆਂ ਸੁਣਨ ਵਾਲੀਆਂ ਭਾਵੇਂ ਮਹਿਲੀਂ ਰੋਂਦੀਆਂ ਹਨ, ਚੂੜੇ ਭੰਨਦੀਆਂ, ਕੱਪੜੇ ਫਾੜਦੀਆਂ, ਗਹਿਣੇ ਉਤਾਰਦੀਆਂ, ਲਿਟਾਂ ਬਾਵਰੀਆਂ, ਹਾਰ ਹਮੇਲਾਂ ਗਲ ‘ਚੋਂ ਤੋੜਦੀਆਂ, ਪਿੱਟ-ਪਿੱਟ ਨੀਲਾ ਹੁੰਦੀਆਂ ਹਨ, ਕਈ ਮਾਵਾਂ ਸੀਨੇ ਤੇਜ਼ ਕਟਾਰੀਆਂ ਖਾ ਕੇ ਮਰਦੀਆਂ ਹਨ ; ਵੀਰਾਂ ਵਿਛੁੰਨੀਆਂ ਭੈਣਾਂ ਰੋ-ਰੋ ਬੇਹਾਲ ਹੁੰਦੀਆਂ ਹਨ ਅਤੇ ਸਿਰੋਂ- ਸਾਈਂ-ਮਰੀਆਂ ਵਿਚਾਰੀਆਂ ਖਵਾਰ ਹੁੰਦੀਆਂ ਫਿਰਦੀਆਂ ਹਨ । ਸ਼ਾਹ ਮੁਹੰਮਦ ਇਨ੍ਹਾਂ ਨਾਲ ਇਵੇਂ ਦਰਦ ਵੰਡਾਉਂਦਾ ਹੈ—

ਚੂੜੇ ਲਹਿਣਗੇ ਬਹੁਤ ਸੁਹਾਗਣਾਂ ਦੇ,

ਨੱਥ, ਚੌਂਕ ਤੇ ਵਾਲੀਆਂ ਡੰਡੀਆਂ ਨੀ ।

ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਘੇ,

ਜਦੋਂ ਹੋਣ ਪੰਜਾਬਣਾਂ ਰੰਡੀਆਂ ਨੀ ।(46)

ਪਰ ਇਹ ਅਮਰ ਗਾਥਾ ਦੀ ਬੋਲੀ ਹੈ, ਜਿਹੜੀ ਜੁਗੋ-ਜੁਗ ਗਾਈ ਤੇ ਸੁਣੀ ਜਾਵੇਗੀ, ਕਿਉਂ ਜੋ ਇਹ ਉਨ੍ਹਾਂ ਮਹਾਨ ਜੋਧਿਆਂ, ਜਾਨ-ਹੂਲਣ ਵਾਲੇ ਸੂਰਬੀਰਾਂ, ਧਰਮ ਤੇ ਦੇਸ ਤੋਂ ਮਰ ਮਿਟਣ ਵਾਲੇ ਧਰਮੀਆਂ ਤੇ ਸ਼ਾਹ-ਸਵਾਰਾਂ ਦੀ ਦਰਦ- ਕਹਾਣੀ ਹੈ, ਜਿਨ੍ਹਾਂ ਨੇ ਵੱਡੀਆਂ ਤੇਗਾਂ ਮਾਰੀਆਂ, ਪਰ ਜਾਨਾਂ ਕਦੀ ਪਿਆਰੀਆਂ ਨਹੀਂ ਕੀਤੀਆਂ ।

(‘ਸੰਪਾਦਕੀ, ‘ਪੰਜਾਬੀ ਦੁਨੀਆ ਦਾ ਬੀਰ ਸਾਹਿਤ ਅੰਕ’, ਅਪ੍ਰੈਲ-ਮਈ 1963, ਪੰਨਾ ਅ-ੲ)

ਯੁੱਧ-ਖੇਤਰ ਵਿਚ ਇਕ ਯੋਧੇ ਦੇ ਕੀ ਫ਼ਰਜ਼ ਬਣਦੇ ਹਨ, ਇਸ ਤੋਂ ਕਵੀ ਭਲੀ ਪ੍ਰਕਾਰ ਜਾਗਰੂਕ ਹੈ ਅਤੇ ‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ, ਕਬਹੂ ਨ ਛਾਡੈ ਖੇਤੁ’ ਦੇ ਪਦ-ਚਿੰਨ੍ਹਾਂ ਉੱਤੇ ਚੱਲਦਾ ਹੋਇਆ ਜੰਗਨਾਮੇ ਦੀ ਅੰਤਮ ਸਤਰ ਵਿਚ ਇਹੋ ਉਲੇਖ ਕਰਦਾ ਹੈ, ਜਿਸ ਨੂੰ ਕਿੱਸਾ ਲਿਖਣ ਦਾ ਮੁੱਖ ਮਨੋਰਥ ਵੀ ਸਹਿਜੇ ਹੀ ਆਂਕਿਆ ਜਾ ਸਕਦਾ ਹੈ—

ਸਾਡਾ ਸ਼ਾਹ ਮੁਹੰਮਦਾ ਸਿਰਾਂ ਦੀ ਲਾਇ ਬਾਜ਼ੀ,

ਨਹੀਂ ਮੋੜਦੇ ਸੂਰਮੇ ਅੰਗ ਮੀਆਂ (105)

ਮਹਾਰਾਣੀ ਜਿੰਦਾਂ ਦੀ ਭੂਮਿਕਾ

ਸਿੱਖ ਰਾਜ ਦੇ ਆਖਰੀ ਵਾਰਸ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਮਹਾਰਾਣੀ ਜਿੰਦ ਕੌਰ ਪਿੰਡ ਚਾਹੜ, ਤਹਿਸੀਲ ਜ਼ੱਫਰਵਾਲ, ਜ਼ਿਲ੍ਹਾ ਸਿਆਲਕੋਟ ਦੇ ਰਹਿਣ ਵਾਲੇ ਸ. ਮੰਨਾ ਸਿੰਘ ਔਲਖ ਦੀ ਸਭ ਤੋਂ ਛੋਟੀ ਪੁੱਤਰੀ ਸੀ ਜਿਸ ਦੀ ਸ਼ਾਦੀ ਸ਼ੇਰੇ- ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਸੰਨ 1835 ਵਿੱਚ ਹੋਈ । ਦਲੀਪ ਸਿੰਘ ਦਾ ਜਨਮ 4 ਸਤੰਬਰ 1838 ਈਸਵੀ ਨੂੰ ਹੋਇਆ, ਸ਼ੇਰੇ-ਪੰਜਾਬ ਦੇ ਸੁਰਗਵਾਸ ਹੋਣ ਸਮੇਂ ਇਸਦੀ ਉਮਰ ਕੇਵਲ 9 ਮਹੀਨੇ ਦੀ ਸੀ ਅਤੇ 15 ਸਤੰਬਰ 1843 ਦੇ ਦਿਨ ਜਦੋਂ ਇਸ ਨੂੰ ਉਸੇ ਦਿਨ ਕਤਲ ਹੋਣ ਵਾਲੇ ਮਹਾਰਾਜਾ ਸ਼ੇਰ ਸਿੰਘ ਤੇ ਕੰਵਰ ਪ੍ਰਤਾਪ ਸਿੰਘ ਦੇ ਲਹੂ ਦਾ ਟਿੱਕਾ ਲਗਾ ਕੇ ਤਖ਼ਤ-ਨਸ਼ੀਨ ਕੀਤਾ ਗਿਆ ਤਾਂ ਇਹ 6 ਸਾਲਾਂ ਦਾ ਵੀ ਨਹੀਂ ਸੀ ਹੋਇਆ। ਰਾਣੀ ਜਿੰਦਾਂ ਨੇ ਤਾਂ ਉਦੋਂ ਹੀ ਆਖ ਦਿੱਤਾ ਸੀ ਕਿ ‘ਮੇਰੇ ਪੁੱਤਰ ਨੂੰ ਜੋ ਲਹੂ ਦਾ ਤਿਲਕ ਲਗਾ ਕੇ ਤਖ਼ਤ ‘ਤੇ ਬੈਠਾਇਆ ਗਿਆ ਹੈ, ਇਹ ਬਹੁਤ ਬੁਰਾ ਸ਼ਗਨ ਹੈ ਅਤੇ ਸਾਨੂੰ ਆਰਾਮ ਦਾ ਸਾਹ ਲੈਣਾ ਸ਼ਾਇਦ ਨਸੀਬ ਨਹੀਂ ਹੋਵੇਗਾ-ਅਤੇ ਇਹ ਗੱਲ ਸੱਚੀ ਹੀ ਸਾਬਤ ਹੋਈ। ਮਹਾਰਾਣੀ ਜਿੰਦਾਂ ਅਤੇ ਮਹਾਰਾਜਾ ਦਲੀਪ ਸਿੰਘ ਦੀ ਲੱਗਭੱਗ ਸਾਰੀ ਉਮਰ ਥਾਂ- ਥਾਂ ਰੁਲਦਿਆਂ ਅਤੇ ਭਾਰੀ ਸੰਤਾਪ ਹੰਢਾਉਂਦਿਆਂ ਹੀ ਬੀਤੀ।

ਜੰਗਨਾਮੇ ਵਿਚ ਮਹਾਰਾਣੀ ਜਿੰਦਾਂ ਦੀ ਬੜੀ ਅਹਿਮ ਭੂਮਿਕਾ ਹੈ, ਸਮੁੱਚੇ ਪ੍ਰਸੰਗ ਦਾ ਦੂਜਾ ਅੱਧ ਤਕਰੀਬਨ ਇਸ ਇਤਿਹਾਸਕ ਕਿਰਦਾਰ ਦੇ ਆਸ-ਪਾਸ ਹੀ ਘੁੰਮਦਾ ਹੈ । ਸ਼ਾਹ ਮੁਹੰਮਦ ਨੇ ਇਸ ਰਚਨਾ ਵਿਚ ਪੰਜਾਬ ਜਾਂ ਪੰਜਾਬੀ ਕੌਮ ਨੂੰ ਨਾਇਕ ਅਤੇ ਮਹਾਰਾਣੀ ਜਿੰਦਾਂ ਨੂੰ ਖਲਨਾਇਕ ਦੇ ਤੌਰ ‘ਤੇ ਪੇਸ਼ ਕੀਤਾ ਹੈ ਅਤੇ ਖ਼ਾਲਸਾ ਫੌਜ ਦੀ ਹਾਰ ਤਥਾ ਰਾਜ ਦੀ ਤਬਾਹੀ ਦਾ ਸਾਰਾ ਦੋਸ਼ ਮਹਾਰਾਣੀ ਜਿੰਦਾਂ ‘ਤੇ ਲਗਾਇਆ ਹੈ । ਸ਼ਾਹ ਮੁਹੰਮਦ ਅਨੁਸਾਰ ਉਸ ਸਾਧਾਰਨ ਜੱਟ ਘਰਾਣੇ ਦੀ ਤੀਵੀਂ ਨੇ ਆਪਣੇ ਭਰਾ ਜਵਾਹਰ ਸਿੰਘ ਦੇ ਕਤਲ ਦਾ ਬਦਲਾ ਲੈਣ ਲਈ ਅੰਗਰੇਜ਼ਾਂ ਨਾਲ ਗੁਪਤ ਸੰਧੀ ਕੀਤੀ ਅਤੇ ਗੱਦਾਰ ਸਰਦਾਰਾਂ ਜਾਂ ਜਾਗੀਰਦਾਰਾਂ ਨਾਲ ਮਿਲ ਕੇ ਪੰਜਾਬ ਦਾ ਬੇੜਾ ਗਰਕ ਕੀਤਾ।

ਮਹਾਰਾਣੀ ਜਿੰਦ ਕੌਰ, ਜੋ ਵਧੇਰੇ ਕਰਕੇ ਮਾਈ ਜਿੰਦਾਂ ਕਰਕੇ ਜਾਣੀ ਜਾਂਦੀ ਸੀ, ਦਾ ਰਾਜ-ਭਾਗ ਦੇ ਕੰਮਾਂ ਵਿਚ ਦਖ਼ਲ ਉਸਦੇ ਨਾਬਾਲਗ ਪੁੱਤਰ ਦਲੀਪ ਸਿੰਘ ਨੂੰ ਤਖ਼ਤ ‘ਤੇ ਬੈਠਾਏ ਜਾਣ ਬਾਅਦ ਹੀ ਸ਼ੁਰੂ ਹੋਇਆ । ਜਵਾਹਰ ਸਿੰਘ ਇਸਦਾ ਵੱਡਾ ਭਰਾ ਸੀ । ਦਲੀਪ ਸਿੰਘ ਦੇ ਮਹਾਰਾਜਾ ਬਣਨ ‘ਤੇ ਲਹਿਣਾ ਸਿੰਘ ਸੰਧਾਵਾਲੀਆ ਦੇ ‘ਵਜ਼ੀਰ’ ਹੋਣ ਦਾ ਐਲਾਨ ਕੀਤਾ ਗਿਆ ਸੀ । ਰਾਜਾ ਧਿਆਨ ਸਿੰਘ ਡੋਗਰੇ ਦੇ ਪੁੱਤਰ ਹੀਰਾ ਸਿੰਘ ਨੇ ਸਿੱਖ ਫੌਜਾਂ ਨੂੰ ਸੰਧਾਵਾਲੀਆਂ ਵਿਰੁੱਧ ਭੜਕਾਇਆ ਕਿ ਇਨ੍ਹਾਂ ਨੇ ਮਹਾਰਾਜਾ ਸ਼ੇਰ ਸਿੰਘ, ਕੰਵਰ ਪ੍ਰਤਾਪ ਸਿੰਘ ਤੇ ਮੇਰੇ ਪਿਤਾ ਧਿਆਨ ਸਿੰਘ ਨੂੰ ਅੰਗਰੇਜ਼ਾਂ ਦੀ ਸ਼ਹਿ ਉਤੇ ਮਾਰਿਆ ਹੈ ਅਤੇ ਪੰਜਾਬ ਦੀ ਆਜ਼ਾਦੀ ਖ਼ਤਮ ਕਰਕੇ ਇਥੇ ਅੰਗਰੇਜ਼ਾਂ ਨੂੰ ਸਥਾਪਤ ਕਰਨਾ ਚਾਹੁੰਦੇ ਹਨ। ਪੰਜਾਬ ਦੀ ਖੁਸ਼ਹਾਲੀ ਲਈ ਇਨ੍ਹਾਂ ਪਾਪੀਆਂ ਦਾ ਖਾਤਮਾ ਕਰੋ, ਆਪ ਨੂੰ ਰੱਜਵੇਂ ਇਨਾਮ ਦਿੱਤੇ ਜਾਣਗੇ ਅਤੇ ਤਨਖਾਹ ਵੀ ਵਧਾਈ ਜਾਵੇਗੀ। ਫੌਜ ਹੀਰਾ ਸਿੰਘ ਦੇ ਝਾਂਸੇ ਵਿਚ ਆ ਗਈ ਅਤੇ ਸੰਧਾਵਾਲੀਆਂ ਨੂੰ ਮਾਰਨ ਲਈ ਭਾਰੀ ਤੋਪਖਾਨੇ ਨਾਲ ਲਾਹੌਰ ਕਿਲ੍ਹੇ ‘ਤੇ ਹਮਲਾ ਕਰ ਦਿੱਤਾ। ਫ਼ਲਸਰੂਪ ਲਹਿਣਾ ਸਿੰਘ ਤੇ ਅਜੀਤ ਸਿੰਘ ਸੰਧਾਵਾਲੀਆ (ਚਾਚਾ-ਭਤੀਜਾ) ਦੋਨੋਂ ਹੀ ਮਾਰੇ ਗਏ। 18 ਸਤੰਬਰ 1843 ਨੂੰ ਮਹਾਰਾਜਾ ਦਲੀਪ ਸਿੰਘ ਨੂੰ ਇਕ ਵੇਰੀ ਫਿਰ ਤਖ਼ਤ ’ਤੇ ਬੈਠਾਇਆ ਗਿਆ। ਇਸ ਵੇਰ ਹੀਰਾ ਸਿੰਘ ਡੋਗਰਾ ਖ਼ੁਦ ਵਜ਼ੀਰ ਬਣਿਆ, ਜਿਸ ਨੇ ਜੱਲੇ ਪੰਡਿਤ ਨੂੰ ਆਪਣਾ ਨਾਇਬ ਨਿਯੁਕਤ ਕੀਤਾ।

ਨਮਕਹਰਾਮ ਡੋਗਰੇ ਬੜੇ ਚੁਸਤ-ਚਲਾਕ ਸਨ, ਉਨ੍ਹਾਂ ਨੇ ਜਿਸ ਨੂੰ ਵੀ ਬਦਨਾਮ ਕਰਨਾ ਹੁੰਦਾ, ਉਸ ‘ਤੇ ‘ਅੰਗਰੇਜ਼ਾਂ ਨਾਲ ਮਿਲ ਗਏ’ ਹੋਣ ਦਾ ਲੇਬਲ ਲਗਾ ਦਿੰਦੇ ਅਤੇ ਮੱਖਣ ਵਿਚੋਂ ਵਾਲ ਵਾਂਗ ਬਾਹਰ ਕੱਢ ਮਾਰਦੇ, ਕੋਈ ਵੀ ਵਿਰੋਧ ਨਾ ਕਰਦਾ। ਜਵਾਹਰ ਸਿੰਘ ਇਨ੍ਹਾਂ ਦੀ ਕੁਟਲਨੀਤੀ ਨੂੰ ਸਮਝਦਾ ਸੀ, ਲੇਕਿਨ ਉਹ ਕੁਝ ਕਰ ਸਕਦਾ, ਉਸ ਤੋਂ ਪਹਿਲਾਂ ਹੀ ਡੋਗਰਿਆਂ ਨੇ ਉਸ ਬਾਰੇ ਵੀ ਅੰਗਰੇਜ਼ਾਂ ਦੇ ਪਿੱਠੂ ਹੋਣ ਦਾ ਭੰਡੀ ਪ੍ਰਚਾਰ ਕਰ ਦਿੱਤਾ ਅਤੇ ਕੈਦ ਕਰ ਲਿਆ। ਸ਼ੇਰੇ-ਪੰਜਾਬ ਦੇ ਪੁੱਤਰਾਂ ਕੰਵਰ ਕਸ਼ਮੀਰਾ ਸਿੰਘ ਤੇ ਪਿਸ਼ੌਰਾ ਸਿੰਘ ਬਾਰੇ ਪ੍ਰਚਾਰ ਕੀਤਾ ਗਿਆ ਕਿ ਇਨ੍ਹਾਂ ਦਾ ਮਹਾਰਾਜਾ ਸ਼ੇਰ ਸਿੰਘ ਦੇ ਕਤਲ ਵਿਚ ਹੱਥ ਹੈ, ਇਨ੍ਹਾਂ ਦੀਆਂ ਜਾਗੀਰਾਂ ਜ਼ਬਤ ਕਰ ਲਈਆਂ ਗਈਆਂ ਅਤੇ ਗ੍ਰਿਫਤਾਰੀ ਲਈ ਫੌਜ ਚੜਾ ਦਿੱਤੀ । ਇਹ ਦੋਵੇਂ ਸਿਆਲਕੋਟ ਛੱਡ ਕੇ ਬਾਬਾ ਬੀਰ ਸਿੰਘ ਜੀ ਨੌਰੰਗਾਬਾਦੀ ਪਾਸ ਆ ਟਿਕੇ ਤਾਂ ਫੌਜਾਂ ਵੀ ਮਗਰੇ ਹੀ ਆਣ ਪੁੱਜੀਆਂ । ਫੌਜ ਨੇ ਭਾਰੀ ਗੋਲਾਬਾਰੀ ਕੀਤੀ, ਨਤੀਜੇ ਵਜੋਂ ਅਨਗਿਣਤ ਸਿੰਘਾਂ ਦੇ ਨਾਲ ਬਾਬਾ ਬੀਰ ਸਿੰਘ ਜੀ ਤੇ ਕੰਵਰ ਕਸ਼ਮੀਰਾ ਸਿੰਘ ਸ਼ਹੀਦੀਆਂ ਪਾ ਗਏ ।

ਲਾਹੌਰ ਦਰਬਾਰ ਵਿਚ ਹੀਰਾ ਸਿੰਘ ਤੇ ਜੱਲੇ ਪੰਡਤ ਦੀ ਪੂਰੀ ਚੌਧਰ ਸੀ, ਇਨ੍ਹਾਂ ਨੇ ਮਹਾਰਾਣੀ ਜਿੰਦਾਂ ਦੀ ਬਦਖੋਹੀ ਤੇ ਬਦਨਾਮੀ ਕਰਨੀ ਜਾਰੀ ਰੱਖੀ ਅਤੇ ਮਹਾਰਾਣੀ ਨੂੰ ਜ਼ਹਿਰ ਦੇ ਕੇ ਮਾਰਨ ਦੀ ਸਾਜਿਸ਼ ਵੀ ਰਚੀ, ਜੋ ਸਿਰੇ ਨਾ ਚੜ੍ਹ ਸਕੀ। ਇਸ ਸਾਜ਼ਿਸ਼ ਦਾ ਜ਼ਿਕਰ 1847 ਵਿੱਚ Major G. Carmichael Symth री लिधी युमउव ‘A History of the Reigning Family of Lahore’ ਵਿਚ ਵੀ ਮਿਲਦਾ ਹੈ । ਫੌਜ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਸ ਨੇ ਬਗਾਵਤ ਕਰ ਦਿੱਤੀ । ਹੀਰਾ ਸਿੰਘ ਤੇ ਜੱਲਾ, ਜੋ ਸ਼ਾਹੀ ਖਜ਼ਾਨੇ ਸਮੇਤ ਚੁੱਪਚਾਪ ਜੰਮੂ ਵਲ ਨਿਕਲ ਤੁਰੇ ਸਨ, ਨੂੰ ਫੌਜ ਨੇ ਰਾਹ ਵਿਚ ਹੀ ਘੇਰ ਲਿਆ। ਇਸ ਝੜਪ ਵਿਚ ਹੀਰਾ ਸਿੰਘ, ਜੱਲਾ ਅਤੇ ਉਸਦੇ ਸਾਥੀ ਮਾਰੇ ਗਏ ।

ਇਹ ਉਹ ਸਮਾਂ ਸੀ ਜਦੋਂ ਲਾਹੌਰ ਦਰਬਾਰ ਵਿਚ ਡੋਗਰਿਆਂ ਦੀ ਕੁਟਲਨੀਤੀ ਅਤੇ ਸਿੱਖ ਸਰਦਾਰਾਂ ਦੀ ਆਪੋਧਾਪੀ ਕਰਕੇ ਕਤਲੋ-ਗਾਰਤ ਤੇ ਬੁਰਛਾਗਰਦੀ ਆਪਣੇ ਸਿਖਰ ‘ਤੇ ਸੀ । ਮਹਾਨ ਸਿੰਘਾਂ ਤੇ ਸੂਰਮਿਆਂ ਵਲੋਂ ਭਾਰੀ ਕੁਰਬਾਨੀਆਂ ਕੀਤੇ ਜਾਣ ਬਾਅਦ ਕਾਇਮ ਹੋਇਆ ਸਿੱਖ ਰਾਜ ਅੱਜ ਖੇਰੂੰ-ਖੇਰੂੰ ਹੋ ਰਿਹਾ ਸੀ ਅਤੇ ਕੋਈ ਵੀ ਵਜ਼ੀਰ ਬਣਨ ਲਈ ਤਿਆਰ ਨਹੀਂ ਸੀ ਹੋ ਰਿਹਾ । ਵਜ਼ੀਰੀ ਦੇ ਤਾਜ ਨੂੰ ਸੂਲਾਂ ਦੀ ਸੇਜ ਅਤੇ ਮੌਤ ਦਾ ਸਿੱਧਾ ਸੱਦਾ ਸਮਝ ਕੇ ਸਾਰੇ ਹੀ ਮੁਖੀ ਆਗੂ ਇਹ ਅਹਿਮ ਜ਼ਿੰਮੇਵਾਰੀ ਸੰਭਾਲਣ ਤੋਂ ਲੁਕਦੇ ਫਿਰਦੇ ਸਨ। ਸ਼ਾਹ ਮੁਹੰਮਦ ਬੜੇ ਦੁਖਿਤ ਹਿਰਦੇ ਨਾਲ ਆਖ ਰਿਹਾ ਹੈ—

ੳ) ਕਿਹਾ ਬੁਰਛਿਆਂ ਆਣ ਅੰਧੇਰ ਪਾਇਆ,

ਜੇਹੜਾ ਬਹੇ ਗੱਦੀ ਉਹਨੂੰ ਮਾਰ ਲੈਂਦੇ ।

ਦੀ ਕੜੇ ਕੈਂਠੇ ਇਨਾਮ ਰੁਪਏ ਬਾਰਾਂ,

ਕਦੇ ਪੰਜ ਤੇ ਸੱਤ ਨਾ ਚਾਰ ਲੈਂਦੇ ।

ਅ) ਕਈ ਤੁਰੇ ਨੀ ਕਿਲ੍ਹੇ ਦੀ ਲੁੱਟ ਕਰਕੇ,

ਕਈ ਸ਼ਹਿਰ ਦੇ ਲੁੱਟ ਬਾਜ਼ਾਰ ਲੈਂਦੇ ।

ਸ਼ਾਹ ਮੁਹੰਮਦਾ ਚੜ੍ਹੇ ਮਝੈਲ ਭੂਹੇ,

ਪੈਸਾ ਤਲਬ ਦਾ ਨਾਲ ਪੈਜ਼ਾਰ ਲੈਂਦੇ ।

ਪਿੱਛੇ ਇਕ ਸਰਕਾਰ ਦੇ ਖੇਡ ਚੱਲੀ,

ਸਿੰਘ ਦੀ ਪਈ ਨਿੱਤ ਹੁੰਦੀ ਮਾਰੋ ਮਾਰ ਮੀਆਂ ।

ਸਿੰਘਾਂ ਮਾਰ ਸਰਦਾਰਾਂ ਦਾ ਨਾਸ ਕੀਤਾ,

ਸੱਭੇ ਕਤਲ ਹੋਏ ਵਾਰੋ ਵਾਰ ਮੀਆਂ। (40)

ਸਿਰ ਫੌਜ ਦੇ ਰਿਹਾ ਨਾ ਕੋਈ ਕੁੰਡਾ,

ਹੋਏ ਸ਼ੁਤਰ ਜਿਉਂ ਬੇਮੁਹਾਰ ਮੀਆਂ ।

ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ,

ਭੂਤ ਮੰਡਲੀ ਹੋਈ ਤਿਆਰ ਮੀਆਂ । (41)

ਅਜਿਹੀ ਹਨੇਰ-ਗਰਦੀ ਦੇ ਵਕਤ, ਜਦੋਂ ਕੋਈ ਵੀ ਸੁਯੋਗ ਆਗੂ ਅੱਗੇ ਲੱਗਣ ਲਈ ਤਿਆਰ ਨਾ ਹੋਇਆ ਤਾਂ ਰਾਣੀ ਜਿੰਦਾਂ ਨੇ ਆਪਣੇ ਭਰਾ ਜਵਾਹਰ ਸਿੰਘ ਨੂੰ ਵਜ਼ੀਰ ਅਤੇ ਤੇਜਾ ਸਿੰਘ ਤੇ ਲਾਲ ਸਿੰਘ ਨੂੰ ਆਪਣੇ ਸਲਾਹਕਾਰ ਥਾਪ ਕੇ ਰਾਜ-ਪ੍ਰਬੰਧ ’ਤੇ ਆਪਣੀ ਪਕੜ ਮਜ਼ਬੂਤ ਕੀਤੀ। ਨਾਲ ਜੋੜੀ ਰੱਖਣ ਲਈ ਫੌਜ ਨੂੰ ਵੀ ਕਈ ਤਰ੍ਹਾਂ ਦੇ ਲੋਭ-ਲਾਲਚ ਦਿੱਤੇ ਗਏ, ਲੇਕਿਨ ਇਹ ਸਮਾਂ ਵੀ ਕੁਝ ਦੇਰ ਲਈ ਹੀ ਬਣਿਆ ।

ਕੰਵਰ ਪਿਸ਼ੌਰਾ ਸਿੰਘ ਦੇ ਕਤਲ ਦਾ ਇਲਜ਼ਾਮ ਲਗਾ ਕੇ ਡੋਗਰੇ ਪਿਰਥੀ ਸਿੰਘ ਨੇ ਫੌਜਾਂ ਨੂੰ ਜਵਾਹਰ ਸਿੰਘ ਦੇ ਖਿਲਾਫ਼ ਭੜਕਾ ਰੱਖਿਆ ਸੀ ਅਤੇ ਮਾਇਆ ਵੀ ਕਾਫ਼ੀ ਵੰਡੀ ਗਈ ਸੀ। ਓਧਰ ਜਵਾਹਰ ਸਿੰਘ ਨੇ ਵੀ ਫੌਜ ਦੀਆਂ ਤਨਖਾਹਾਂ ਵਧਾਉਣ ਦਾ ਇਕਰਾਰ ਕੀਤਾ ਅਤੇ ਉਸ ਨੂੰ ਮਨਾਉਣ ਦੇ ਇਰਾਦੇ ਨਾਲ ਭੈਣ ਮਹਾਰਾਣੀ ਜਿੰਦ ਕੌਰ ਨੂੰ ਨਾਲ ਲੈ, ਹਾਥੀ ‘ਤੇ ਸਵਾਰ ਹੋ ਕੇ ਫੌਜ ਵੱਲ ਤੁਰ ਪਿਆ। ਮਹਾਰਾਜਾ ਦਲੀਪ ਸਿੰਘ ਇਸਦੀ ਗੋਦੀ ਵਿਚ ਸੀ । ਫੌਜ ਵਿਚ ਪੁੱਜੇ ਤਾਂ ਪਿਰਥੀ ਸਿੰਘ ਤੇ ਦੀਵਾਨ ਜਵਾਹਰ ਮੱਲ ਦੇ ਸਿਪਾਹੀਆਂ ਨੇ ਘੇਰ ਲਿਆ। ਗੋਦੀ ਵਿਚੋਂ ਬਾਲਕ ਮਹਾਰਾਜੇ ਨੂੰ ਖੋਹ ਲਿਆ ਗਿਆ ਤੇ ਜਵਾਹਰ ਸਿੰਘ ਨੂੰ ਧੂਅ ਕੇ ਹਾਥੀ ਤੋਂ ਹੇਠਾਂ ਲਾਹ ਲਿਆ । ਭੈਣ ਜਿੰਦ ਕੌਰ ਨੇ ਬੜੇ ਵਾਸਤੇ ਪਾਏ, ਪਰ ਕਿਸੇ ਨੇ ਇਕ ਨਾ ਮੰਨੀ ਅਤੇ ਜਵਾਹਰ ਸਿੰਘ ਨੂੰ ਮਾਰ ਕੇ ਹੀ ਦਮ ਲਿਆ। ਸ਼ਾਹ ਮੁਹੰਮਦ ਲਿਖਦਾ ਹੈ—

ਜਵਾਹਰ ਸਿੰਘ ਦੇ ਉਤੇ ਨੀ ਚੜ੍ਹੇ ਸਾਰੇ,

ਮੱਥਾ ਖ਼ੂਨੀਆਂ ਦੇ ਵਾਂਗ ਵੱਟਿਓ ਨੇ ।

ਡਰਦਾ ਭਾਣਜੇ ਨੂੰ ਲੈ ਕੇ ਮਿਲਣ ਆਇਆ,

ਅਗੋਂ ਨਾਲ ਸੰਗੀਨ ਦੇ ਫੱਟਿਓ ਨੇ ।

ਸੀਖਾਂ ਨਾਲ ਅਤੁੰਬ ਕੇ ਫ਼ੀਲ ਉਤੋਂ,

ਕੱਢ ਹੌਦਿਓਂ ਜ਼ਿਮੀ ਤੇ ਸੁੱਟਿਓ ਨੇ ।

ਸ਼ਾਹ ਮੁਹੰਮਦਾ ਵਾਸਤੇ ਪਾਇ ਰਹਿਆ,

ਸਿਰ ਨਾਲ ਤਲਵਾਰ ਦੇ ਕੱਟਿਓ ਨੇ । (42)

ਭਰਾ ਜਵਾਹਰ ਸਿੰਘ ਦਾ ਕਤਲ, ਜੋ ਰਾਣੀ ਜਿੰਦ ਕੌਰ ਵਲੋਂ ਹੱਥ ਜੋੜ- ਜੋੜ ਕੇ ਤਰਲੇ ਪਾਣ ਦੇ ਬਾਵਜੂਦ ਉਸਦੀਆਂ ਅੱਖਾਂ ਸਾਹਵੇਂ ਹੋਇਆ, ਤੋਂ ਨਿਸਚੇ ਹੀ ਰਾਣੀ ਨੂੰ ਅਸਹਿ ਦੁੱਖ ਦੇ ਨਾਲ-ਨਾਲ ਭਰਾ ਦੇ ਕਾਤਲਾਂ ਉਤੇ ਭਾਰੀ ਗੁੱਸਾ ਵੀ ਆਇਆ ਹੋਵੇਗਾ । ਸ਼ਾਹ ਮੁਹੰਮਦ ਦੇ ਸ਼ਬਦਾਂ ਵਿਚ ਰਾਣੀ ਨੇ ਆਪਣੇ ਰੋਸ ਅਤੇ ਰੋਹ ਦਾ ਇੰਜ ਪ੍ਰਗਟਾਵਾ ਕੀਤਾ-

ਜਿਨ੍ਹਾਂ ਮਾਰਿਆ ਕੋਹਿ ਕੇ ਵੀਰ ਮੇਰਾ,

ਮੈਂ ਤਾਂ ਖੋਹਾਂਗੀ ਉਨ੍ਹਾਂ ਦੀਆਂ ਜੁੰਡੀਆਂ ਨੀ ।

ਧਾਕਾਂ ਜਾਣ ਵਲਾਇਤੀਂ ਦੇਸ ਸਾਰੇ,

ਪਾਵਾਂ ਬੱਕਰੇ ਵਾਂਗ ਚਾ ਵੰਡੀਆਂ ਨੀ ।

ਚੂੜੇ ਲਹਿਣਗੇ ਬਹੁਤ ਸੁਹਾਗਣਾਂ ਦੇ,

ਨੱਥ, ਚੌਂਕ ਤੇ ਵਾਲੀਆਂ ਡੰਡੀਆਂ ਨੀ ।

ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਘੇ,

ਜਦੋਂ ਹੋਣ ਪੰਜਾਬਣਾਂ ਰੰਡੀਆਂ ਨੀ । (46)

ਇਸ ਸਮੇਂ ਰਾਣੀ ਜਿੰਦ ਕੌਰ ਨੂੰ ਇਕ ਤਰ੍ਹਾਂ ਕੈਦ ਕੀਤਾ ਹੋਇਆ ਹੈ ਅਤੇ ਉਹ ਕਨਾਤਾਂ ਪਿੱਛੇ ਡੱਕੀ, ਰੋ-ਰੋ ਕੇ ਉਪ੍ਰੋਕਤ ਭਾਵ ਦੇ ਵੈਣ ਪਾ ਰਹੀ ਹੈ । ਪਰ ਅੱਗੋਂ ਫੌਜੀ, ਜਿਨ੍ਹਾਂ ਨੇ ਲਾਹੌਰ ਦਰਬਾਰ ਨਾਲ ਵਫ਼ਾਦਾਰੀ ਦੀਆਂ ਕਸਮਾਂ ਖਾਧੀਆਂ’ ਸਨ, ਰਾਣੀ ਜਿੰਦ ਕੌਰ ਨੂੰ ਟਿਚਕਰਾਂ ਕਰਦੇ ਹੋਏ ਆਖ ਰਹੇ ਹਨ—

ਮਾਈ ਕੈਦ ਕਨਾਤ ਦੇ ਵਿਚ ਕੀਤੀ,

ਕਿਸ ਨੂੰ ਰੋਇ ਕੇ ਪਈ ਸੁਣਾਵਣੀ ਹੈਂ ?

ਤੇਰਾ ਕੌਣ ਹਮਾਇਤੀ ਸੁਣਨ ਵਾਲਾ,

ਜਿਸ ਨੂੰ ਪਾਇ ਕੇ ਵੈਣ ਦਿਖਾਵਣੀ ਹੈਂ ?

ਕਿਹੜੇ ਪਾਤਸ਼ਾਹ ਦਾ ਪੁੱਤ ਮੋਇਆ ਸਾਥੋਂ,

ਜਿਹੜੇ ਡੂੰਘੜੇ ਵੈਣ ਤੂੰ ਪਾਵਣੀ ਹੈਂ ?

ਸ਼ਾਹ ਮੁਹੰਮਦਾ ਦੇਹ ਇਨਾਮ ਸਾਨੂੰ,

ਸਾਡੇ ਜ਼ੋਰ ਤੇ ਰਾਜ ਕਮਾਵਣੀ ਹੈਂ ? (43)

ਤੀਜੀ ਸਤਰ ਵਿਚ ‘ਕਿਹੜੇ ਪਾਤਸ਼ਾਹ ਦਾ ਪੁੱਤ ਮੋਇਆ ਸਾਥੋਂ’ ਤੋਂ ਫ਼ੌਜੀਆਂ ਦਾ ਇਸ਼ਾਰਾ ਰਾਣੀ ਜਿੰਦ ਕੌਰ ਦੇ ਪੇਕੇ ਪਰਵਾਰ ਵੱਲ ਹੈ, ਜੋ ਸ਼ਾਹੀ ਖਾਨਦਾਨ ਨਾਲ ਸੰਬੰਧਤ ਨਾ ਹੋ ਕੇ ਇਕ ਸਾਧਾਰਨ ਕਿਰਸਾਨੀ ਵਰਗ ਵਿਚੋਂ ਸੀ । ਵਜ਼ੀਰ ਜਵਾਹਰ ਸਿੰਘ ਤੇ ਰਾਣੀ ਜਿੰਦ ਕੌਰ ਦਾ ਪਿਤਾ ਸ. ਮੰਨਾ ਸਿੰਘ ਔਲਖ ਸ਼ੇਰੇ- ਪੰਜਾਬ ਦੇ ਕੁੱਤੇ-ਖਾਨੇ ਦੇ ਸ਼ਿਕਾਰੀ ਕੁੱਤਿਆਂ ਦੀ ਦੇਖ-ਭਾਲ ਕਰਿਆ ਕਰਦਾ ਸੀ। ਫੌਜੀਆਂ ਦੇ ਅਜਿਹੇ ਕਟਾਕਸ਼ ਭਰੇ ਸ਼ਬਦਾਂ ਨੇ ਰਾਣੀ ਜਿੰਦਾਂ ਦੇ ਫੱਟਾਂ ਉਤੇ ਲੂਣ ਧੂੜਨ ਦਾ ਕੰਮ ਕੀਤਾ ਅਤੇ ਉਹ ਜ਼ਖ਼ਮੀ ਨਾਗਣ ਵਾਂਗ ਵਿੱਸ ਘੋਲਦੀ ਹੋਈ ਕਹਿ ਉੱਠੀ-

ਮੈਨੂੰ ਆਣ ਚੁਫੇਰਿਓਂ ਘੂਰਦੇ ਨੀ,

ਲੈਂਦੇ ਮੁਫ਼ਤ ਇਨਾਮ ਰੁਪਏ ਬਾਰਾਂ ।

ਜੱਟੀ ਹੋਵਾਂ ਤਾਂ ਕਰਾਂ ਪੰਜਾਬ ਰੰਡੀ,

ਸਾਰੇ ਦੇਸ਼ ਦੇ ਵਿਚ ਚਾ ਤੁਰਨ ਵਾਰਾਂ ।

ਛੱਡਾਂ ਨਹੀਂ ਲਾਹੌਰ ਵਿਚ ਵੜਨ ਜੋਗੇ,

ਸਣੇ ਵੱਡਿਆਂ ਅਫਸਰਾਂ ਜਮਾਂਦਾਰਾਂ ।

ਪਏ ਰੁਲਣ ਇਹ ਵਿਚ ਪ੍ਰਦੇਸ ਮੁਰਦੇ,

ਦੇਹੁ ਸ਼ਾਹ ਮੁਹੰਮਦਾ ਮਾਰਨੀ ਏਸ ਮਾਰਾਂ । (45)

ਜੰਗਨਾਮੇ ਦੀ ਲਿਖਤ ਮੂਜਬ ਰਾਣੀ ਜਿੰਦਾਂ ਜਿਥੇ ਫੌਜ ਤੋਂ ਆਪਣੇ ਭਰਾ ਦੇ ਕਤਲ ਦਾ ਬਦਲਾ ਲੈਣਾ ਚਾਹੁੰਦੀ ਹੈ, ਉਥੇ ਉਸਦੀ ਤਾਕਤ ਨੂੰ ਵੀ ਘਟਾਉਣਾ ਚਾਹੁੰਦੀ ਹੈ । ਅਜਿਹਾ ਕਰਨ ਲਈ ਉਹ ਅੰਗਰੇਜ਼ਾਂ ਵੱਲ ਹੱਥ ਵਧਾਉਂਦੀ ਹੈ। ਇਕ ਪਾਸੇ ਤਾਂ ਉਹ ਖ਼ਾਲਸਾ ਫੌਜ ਨੂੰ ਅੰਗਰੇਜ਼ਾਂ ਵਿਰੁੱਧ ਭੜਕਾਉਂਦੀ ਹੈ, ਲੇਕਿਨ ਅੰਦਰਖਾਤੇ ਉਨ੍ਹਾਂ ਨਾਲ ਸਾਜ਼-ਬਾਜ਼ ਵੀ ਕਰਦੀ ਹੈ—

ੳ) ਅਰਜ਼ੀ ਲਿਖੀ ਫ਼ਿਰੰਗੀ ਨੂੰ ਕੁੰਜ ਗੋਸ਼ੇ,

ਪਹਿਲੇ ਆਪਣਾ ਸੁਖ ਅਨੰਦ ਵਾਰੀ ।

ਤੇਰੇ ਵਲ ਮੈਂ ਫੌਜ ਨੂੰ ਘਲਣੀ ਆਂ,

ਖੱਟੇ ਕਰੀਂ ਤੂੰ ਇਨ੍ਹਾਂ ਦੇ ਦੰਦ ਵਾਰੀ।

ਜਿਹੜਾ ਜ਼ੋਰ ਤੂੰ ਆਪਣਾ ਸਭ ਲਾਵੀਂ,

ਪਿਛੇ ਖਰਚ ਮੈਂ ਕਰਾਂਗੀ ਬੰਦ ਵਾਰੀ ।

ਸ਼ਾਹ ਮੁਹੰਮਦਾ ਫੇਰ ਨਾ ਆਉਣ ਮੁੜ ਕੇ,

ਮੈਨੂੰ ਏਤਨੀ ਬਾਤ ਪਸੰਦ ਵਾਰੀ । (47)

ਅ) ਪਹਿਲੇ ਪਾਰ ਦਾ ਮੁਲਕ ਤੂੰ ਮੱਲ ਸਾਡਾ,

ਇਸ ਦੇ ਦੋ ਆਪੇ ਖਾ ਗੁੱਸਾ ਤੈਥੋਂ ਆਵਣੀਗੇ।

ਸੋਈ ਲੜਨਗੇ ਹੋਣ ਬੇਖ਼ਬਰ ਜਿਹੜੇ,

ਮੱਥਾ ਕਦੀ ਸਰਦਾਰ ਨਾ ਡਾਹਵਣੀਗੇ

ਏਸ ਵਾਸਤੇ ਫੌਜ ਮੈਂ ਪਾੜ ਛੱਡੀ,

ਕਈ ਭਾਂਜ ਅਚਾਨਕੀ ਪਾਵਣੀਗੇ ।

ਸ਼ਾਹ ਮੁਹੰਮਦਾ ਲਾਟ ਜੀ ਕਟਕ ਤੇਰੇ, (48)

ਮੇਰੇ ਗਲੋਂ ਤਗਾਦੜੀ ਲਾਹਵਣੀਗੇ । ਅੰਗਰੇਜ਼ ਤਾਂ ਪਹਿਲਾਂ ਹੀ ਇਸ ਤਾੜ ਵਿਚ ਸਨ, ਸੋ ਰਾਣੀ ਜਿੰਦਾਂ ਵਲੋਂ ਪੱਤਰ ਮਿਲਦੇ ਹੀ ਉਸ ਦੀ ਵਿਉਂਤ ਅਨੁਸਾਰ ਤੁਰੰਤ ਕਾਰਵਾਈ ਕਰਕੇ ਸਤਲੁਜ ਪਾਰਲੇ ਇਲਾਕੇ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ-

ਸ਼ਾਹ ਮੁਹੰਮਦਾ ਗੋਰਿਆਂ ਛੇੜ ਛੇੜੀ ,

ਮੁਲਕ ਪਾਰ ਦਾ ਮੱਲਿਆ ਆਣ ਮੀਆਂ। (50)

ਰਾਣੀ ਜਿੰਦਾਂ ਨੇ ਫੌਜ ਨੂੰ ਪਾੜਨ ਦੇ ਇਰਾਦੇ ਨਾਲ ਪਹਿਲਾਂ ਫਰਾਂਸੀਸੀ ਜਰਨੈਲਾਂ ਦੁਆਰਾ ਟਰੇਂਡ ਫੌਜ ਨੂੰ ਕਸ਼ਮੀਰ ਵੱਲ ਭੇਜਣ ਦੀ ਚਾਲ ਚੱਲੀ-

ਫਰਾਂਸੀਸਾਂ ਨੂੰ ਅੰਦਰੋਂ ਹੁਕਮ ਹੋਇਆ,

ਤੁਸੀਂ ਜਾਓ ਖਾਂ ਤਰਫ਼ ਕਸ਼ਮੀਰ ਨੂੰ ਜੀ । (51)

ਫਿਰ ਫੌਜ ਦੇ ਤਮਾਮ ਮੁਖੀਆਂ ਨੂੰ ਇਕੱਠਾ ਕਰਕੇ ਉਨ੍ਹਾਂ ਦੇ ਕਾਰਜ-ਖੇਤਰ ਵੰਡੇ ਅਤੇ ਅੰਗਰੇਜ਼ੀ ਇਲਾਕੇ ਵਿਚ ਘੁਸ ਕੇ ਲੁੱਟ-ਖੋਹ ਕਰਨ ਲਈ ਵੀ ਉਕਸਾਇਆ-

ਸਾਰੇ ਪੰਥ ਨੂੰ ਸੱਦ ਕੇ ਕਹਿਣ ਲੱਗੀ,

ਮੈਥੋਂ ਗਏ ਖਜ਼ਾਨੇ ਨਿਖੁੱਟ ਵਾਰੀ ।

ਜਮਨਾਂ ਤੀਕਰਾਂ ਪਿਆ ਜੇ ਦੇਸ਼ ਸੁੰਝਾਂ,

ਬਿ ਖਾਓ ਦੇਸ ਫ਼ਿਰੰਗੀ ਦਾ ਲੁੱਟ ਵਾਰੀ।

ਮਾਰੋ ਸ਼ਹਿਰ ਫ਼ੀਰੋਜ਼ਪੁਰ, ਲੁਧਿਆਣਾ,

ਸੁੱਟੋ ਛਾਵਣੀ ਓਸ ਦੀ ਪੁੱਟ ਵਾਰੀ।

ਸ਼ਾਹ ਮੁਹੰਮਦਾ ਲਵੋ ਇਨਾਮ ਮੈਥੋਂ,

ਕੜੇ ਕੈਂਠੇ ਮੈਂ ਦੇਵਾਂਗੀ ਸੁੱਟ ਵਾਰੀ। (53)

ਫੌਜ ਨੇ ਰਾਣੀ ਦੇ ਹੁਕਮ ਨੂੰ ਸਿਰ ਮੱਥੇ ‘ਤੇ ਕਬੂਲਦੇ ਹੋਏ ਕਿਹਾ-

ਸਿੰਘਾਂ ਆਖਿਆ ਲੜਾਂਗੇ ਹੋ ਟੋਟੇ,

ਸਾਨੂੰ ਖਬਰ ਘੱਲੀਂ ਦਿਨੇ-ਰਾਤ ਮਾਈ ।

ਤੇਰੀ ਨੌਕਰੀ ਵਿਚ ਨਾ ਫਰਕ ਕਰੀਏ,

ਭਾਵੇਂ ਖੂਹ ਘੱਤੀਂ ਭਾਵੇਂ ਖਾਤ ਮਾਈ । (54)

ਫ਼ਲ-ਸਰੂਪ ਦੋਨੋਂ ਫੌਜਾਂ ਪੂਰੀ ਤਿਆਰੀ ਨਾਲ ਇਕ ਦੂਜੇ ਦੇ ਆਹਮੋ-ਸਾਹਮਣੇ ਆਣ ਚੜ੍ਹੀਆਂ । ਪਹਿਲੀ ਲੜਾਈ ਮੁਦਕੀ ਦੇ ਮੁਕਾਮ ਉਤੇ ਹੋਈ ਜਿਸ ਵਿਚ * ਸਿੰਘਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ-

ਤੋਪਾਂ ਚਲੀਆਂ ਕਟਕ ਫ਼ਿਰੰਗੀਆਂ ਦੇ,

ਗੋਲੇ ਤੋੜਦੇ ਮਾਸ ਤੇ ਹੱਡ ਮੀਆਂ l

ਤਕ ਸ਼ਾਹ ਮੁਹੰਮਦਾ ਪਿਛਾਂ ਨੂੰ ਉਠ ਨੱਠੇ,

ਤੋਪਾਂ ਸਭ ਆਏ ਉਥੇ ਛੱਡ ਮੀਆਂ। (68)

ਅਗਲਾ ਭੇੜ ਫੇਰੂ ਸ਼ਹਿਰ ਵਿਖੇ ਹੋਇਆ ਜਿਥੇ ਸਿੰਘਾਂ ਨੇ ਗੋਰਿਆਂ ਦੇ ਖ਼ੂਬ ਗੰਜ ਲਾਹੇ । ਲੇਕਿਨ ਇਥੇ ਵੀ ਮੈਦਾਨ ਫ਼ਿਰੰਗੀਆਂ ਹੱਥ ਰਿਹਾ। ਬੱਦੋਵਾਲ ਤੇ ਅਲੀਵਾਲ ਦੇ ਮੋਰਚੇ ਸਿੰਘਾਂ ਨੇ ਜਿੱਤ ਲੈਣੇ ਸਨ ਪਰੰਤੂ ਰਣਜੋਧ ਸਿੰਘ ਤੇ ਪਹਾੜਾ ਸਿੰਘ ਦੀ ਗ਼ੱਦਾਰੀ ਕਾਰਨ ਹਾਰ ਦਾ ਮੂੰਹ ਵੇਖਣਾ ਪਿਆ। ਇਸ ਲੜਾਈ ਦੀ ਅੰਤਮ ਟੱਕਰ ਸਭਰਾਉਂ ਦੇ ਮੈਦਾਨ ਵਿਚ ਹੋਈ ਜਿਸ ਵਿਚ ਸ. ਸ਼ਾਮ ਸਿੰਘ ਅਟਾਰੀ ਵਾਲੇ ਨੇ ਭਾਰੀ ਬੀਰਤਾ ਵਿਖਾਂਦੇ ਹੋਏ ਸ਼ਹਾਦਤ ਦਾ ਜਾਮ ਪੀਤਾ। ਸ਼ਾਹ ਮੁਹੰਮਦ ਲਿਖਦਾ ਹੈ ਕਿ ਕੌਮ ਦੀ ਏਨੀ ਬਰਬਾਦੀ ਕਰਾਉਣ ਬਾਅਦ ਰਾਣੀ ਜਿੰਦਾਂ ਦਾ ਹਿਰਦਾ ਬਦਲੇ ਦੀ ਅੱਗ ਤੋਂ ਕੁਝ ਸ਼ਾਂਤ ਹੋਇਆ ਅਤੇ ਉਸ ਨੇ ਅੰਗਰੇਜ਼ਾਂ ਨੂੰ ਲਿਖ ਭੇਜਿਆ- ਲਿਖਿਆ ਤੁਰਤ ਪੈਗ਼ਾਮ ਰਾਣੀ ਜਿੰਦ ਕੌਰਾਂ, ਕੋਈ ਤੁਸਾਂ ਨੇ ਦੇਰ ਨਹੀਂ ਲਾਵਣੀ ਜੀ। ਰਹਿੰਦੀ ਫੌਜ ਦਾ ਕਰੋ ਇਲਾਜ ਕੋਈ, ਕਾਬੂ ਤੁਸਾਂ ਬਗ਼ੈਰ ਨਾ ਆਵਣੀ ਜੀ । ਮੇਰੀ ਜਾਨ ਦੇ ਰੱਬ ਜਾਂ ਤੁਸੀਂ ਰਾਖੇ, ਪਾਉ ਵਿਚ ਲਾਹੌਰ ਦੇ ਛਾਵਣੀ ਜੀ । ਸ਼ਾਹ ਮੁਹੰਮਦਾ ਅੱਜ ਮੈਂ ਲਿਆ ਬਦਲਾ, ਅੱਗੇ ਹੋਰ ਕੀ ਰੱਬ ਨੂੰ ਭਾਵਣੀ ਜੀ । (95) ਰਾਣੀ ਜਿੰਦਾਂ ਨੇ ਅੰਗਰੇਜ਼ਾਂ ਦੇ ਕਹਿਣ ਉਤੇ ਆਪਣੀ ਫੌਜ ਦੀ ਗਿਣਤੀ ਵੀ ਘਟਾ ਦਿੱਤੀ, ਜਿਸ ਕਾਰਨ ਆਮ ਜਨਤਾ ਨੂੰ ਭਾਰੀ ਵੀਰਾਨੀ ਤੇ ਤੰਗਦਸਤੀ ਝੱਲਣੀ ਪਈ—

ਰਹਿੰਦਾ ਮੁਲਕ ਫ਼ਿਰੰਗੀ ਦੇ ਪਿਆ ਪੇਟੇ,

ਕੀਤਾ ਹੁਕਮ ਫ਼ਿਰੰਗੀਆਂ ਸਾਰਿਆਂ ਨੇ ।

ਮਾਈ ਫੌਜ ਨੂੰ ਚਾਇ ਜਵਾਬ ਦਿਤਾ;

ਦਿੱਤੀ ਨੌਕਰੀ ਛੱਡ ਵਿਚਾਰਿਆਂ ਨੇ ।

ਪਿਛੋਂ ਸਾਂਭ ਲੀਤਾ ਮੁਲਕ ਕਾਰਦਾਰਾਂ,

ਬਖਤਾਵਰਾਂ ਤੇ ਨੇਕ-ਸਤਾਰਿਆਂ ਨੇ ।

ਸ਼ਾਹ ਮੁਹੰਮਦਾ ਲੋਕ ਵਿਰਾਨ ਹੋਏ,

ਤੋੜ ਸੁੱਟਿਆ ਮੁਲਕ ਉਜਾੜਿਆਂ ਨੇ । (99)

ਪੰਜਾਬ ਦਾ ਰਾਜ ਪੰਜਾਬੀਆਂ ਤੋਂ ਖੁੱਸ ਗਿਆ ਅਤੇ ਬਾਕੀ ਭਾਰਤ ਵਾਂਗ ਅੰਗਰੇਜ਼ਾਂ ਦੇ ਕਬਜ਼ੇ ਵਿਚ ਆ ਗਿਆ। ਕਵੀ ਮੁਤਾਬਕ ਇਸ ਸਭ ਵਰਤਾਰੇ ਲਈ ਰਾਣੀ ਜਿੰਦਾਂ ਜ਼ਿੰਮੇਵਾਰ ਹੈ—

ਕੀਤਾ ਅਕਲ ਦਾ ਪੇਚ ਰਾਣੀ ਜਿੰਦ ਕੌਰਾਂ,

ਮੱਥਾ ਦੋਹਾਂ ਪਾਤਸ਼ਾਹੀਆਂ ਦਾ ਜੋੜਿਆ’

ਗੁੱਝੀ ਰਮਜ਼ ਕਰ ਕੇ ਆਪ ਰਹੀ ਸੱਚੀ,

ਬਦਲਾ ਤੁਰਤ ਭਰਾਉ ਦਾ ਮੋੜਿਆ ਈ ।

ਲਏ ਤੁਰਤ ਮੁਸਾਹਿਬ ਲਪੇਟ ਰਾਣੀ,

ਲਸ਼ਕਰ ਵਿਚ ਦਰਿਆਉ ਦੇ ਰੋੜ੍ਹਿਆ ਈ ।

ਸ਼ਾਹ ਮੁਹੰਮਦਾ ਕਰੇ ਜਹਾਨ ਗੱਲਾਂ,

ਉਹਨਾਂ ਕੁਫ਼ਰ ਮੁਦਈ ਦਾ ਤੋੜਿਆ ਈ । (100)

ਸ਼ਾਹ ਮੁਹੰਮਦ ਨੇ ਜੰਗਨਾਮੇ ਵਿਚ ਸਿੱਖ ਫੌਜਾਂ ਦੀ ਹਾਰ, ਇਨ੍ਹਾਂ ਦੀ ਬੇਕਦਰੀ ਅਤੇ ਫਿਰ ਪੰਜਾਬ ਉਤੇ ਅੰਗਰੇਜ਼ਾਂ ਦੇ ਕਬਜ਼ੇ ਲਈ ਮੁੱਖ ਦੋਸ਼ੀ ਰਾਣੀ ਜਿੰਦਾਂ ਨੂੰ ਗਰਦਾਨਦੇ ਹੋਏ ਇਸ ਨੂੰ ਖ਼ੂਬ ਬੁਰਾ-ਭਲਾ ਕਿਹਾ ਹੈ । ਇੰਜ ਲੱਗਦਾ ਹੈ ਕਿ ਕਵੀ ਰਾਣੀ ਜਿੰਦਾਂ ਨੂੰ ਹੀ ਨਹੀਂ, ਬਲਕਿ ਉਸਦੀ ਓਟ ਵਿਚ ਕੁਲ ਔਰਤ-ਜਾਤੀ ਨੂੰ ਨਿੰਦ ਰਿਹਾ ਹੈ । ਸ਼ਾਹ ਮੁਹੰਮਦ ਦੇ ਸ਼ਬਦ ਹਨ- ਹੁੰਦੇ ਆਏ ਨੀ ਰੰਨਾਂ ਦੇ ਧੁਰੋਂ ਕਾਰੇ, ਲੰਕਾ ਵਿਚ ਤਾਂ ਰਾਵਣ ਕਹਾਇ ਦਿੱਤਾ ।….

ਸ਼ਾਹ ਮੁਹੰਮਦਾ ਏਸ ਰਾਣੀ ਜਿੰਦ ਕੌਰਾਂ,

ਸਾਰੇ ਦੇਸ਼ ਦਾ ਫ਼ਰਸ਼ ਉਠਾਇ ਦਿੱਤਾ । (102)

ਡਾ. ਬਲਬੀਰ ਸਿੰਘ ਪੂਨੀ ਅਨੁਸਾਰ-“ਭਾਵੇਂ ਰਾਣੀ ਜਿੰਦਾਂ ਨੂੰ ਇਸ ਹਾਰ ਦਾ ਪੂਰਾ ਜ਼ਿੰਮੇਵਾਰ ਨਹੀਂ ਕਿਹਾ ਜਾ ਸਕਦਾ, ਲੇਕਿਨ ਸ਼ਾਹ ਮੁਹੰਮਦ ਕਿਉਂਕਿ ਇਸ ਘਟਨਾ ਦਾ ਸਮਕਾਲੀ ਕਵੀ ਹੈ, ਉਸ ਨੇ ਬਹੁਤ ਸਾਰੀਆਂ ਘਟਨਾਵਾਂ ਅੱਖੀਂ ਵੇਖੀਆਂ ਹਨ। ਉਸ ਨੇ ਲੋਕਾਂ ਦੇ ਪ੍ਰਤੀਕਰਮ ਨੂੰ ਵੀ ਜ਼ਰੂਰ ਵੇਖਿਆ ਹੋਵੇਗਾ । ਭਾਵੇਂ ਇਸ ਹਾਰ ਦਾ ਕਾਰਨ ਤੇਜਾ ਸਿੰਘ, ਲਾਲ ਸਿੰਘ, ਗੁਲਾਬ ਸਿੰਘ ਆਦਿ ਵੀ ਹਨ ਪਰੰਤੂ ਆਮ ਲੋਕਾਂ ਦਾ ਇਹ ਵਿਚਾਰ ਸੀ ਕਿ ਇਹ ਸਭ ਕੁਝ ਰਾਣੀ ਜਿੰਦਾਂ ਨੇ ਆਪਣੇ ਭਰਾ ਜਵਾਹਰ ਸਿੰਘ ਦੇ ਕਤਲ ਦਾ ਬਦਲਾ ਲੈਣ ਲਈ ਕੀਤਾ। ਸਾਡੇ ਵਿਚਾਰ ਅਨੁਸਾਰ ਸ਼ਾਹ ਮੁਹੰਮਦ ਨੇ ਲੋਕਾਂ ਦੇ ਵਿਚਾਰਾਂ ਦੀ ਅਭਿਵਿਅਕਤੀ ਇਸ ਕਿੱਸੇ ਵਿਚ ਕੀਤੀ ਹੈ । ਭਾਵੇਂ ਸਿੰਘਾਂ ਅਤੇ ਅੰਗਰੇਜ਼ਾਂ ਦੀ ਲੜਾਈ ਦੇ ਹੋਰ ਵੀ ਕਾਰਨ ਸਨ, ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਹੀ ਪੰਜਾਬ ਉਪਰ ਕਬਜ਼ਾ ਕਰਨਾ ਚਾਹੁੰਦੇ ਸਨ । ਰਾਣੀ ਜਿੰਦਾਂ ਦਾ ਉਨ੍ਹਾਂ ਨੂੰ ਪੰਜਾਬ ਉਪਰ ਹਮਲਾ ਕਰਨ ਲਈ ਕਹਿਣਾ, ਉਨ੍ਹਾਂ ਦੇ ਸੁਪਨੇ ਨੂੰ ਪੂਰਾ ਕਰਨਾ ਸੀ ।”

(ਸ਼ਾਹ ਮੁਹੰਮਦ : ਜੰਗ ਸਿੰਘਾਂ ਤੇ ਅੰਗਰੇਜ਼ਾਂ, ਪੰਨਾ 62) ਜਿਵੇਂ ਪੂਨੀ ਨੇ ਉਪਰ ਦੱਸਿਆ ਹੈ ਕਿ ‘ਸ਼ਾਹ ਮੁਹੰਮਦ ਨੇ ਲੋਕਾਂ ਦੇ ਵਿਚਾਰਾਂ ਦੀ ਅਭਿਵਿਅਕਤੀ ਇਸ ਕਿੱਸੇ ਵਿਚ ਕੀਤੀ ਹੈ’, ਇਸ ਤੋਂ ਇਹੋ ਪ੍ਰਤੀਤ ਹੁੰਦਾ ਹੈ ਕਿ ਸ਼ਾਹ ਮੁਹੰਮਦ ਨੇ ਸਿੱਖ ਰਾਜ ਦੇ ਦੋਖੀਆਂ ਵਲੋਂ ਲੋਕਾਂ ਵਿਚ ਉਡਾਈਆਂ ਅਫਵਾਹਾਂ ਕਾਰਨ ਆਮ ਜਨਤਾ ਵਿਚ ਜੋ ਧਾਰਨਾ ਬਣ ਚੁੱਕੀ ਸੀ, ਉਸੇ ਨੂੰ ਸੱਚ ਮੰਨਦੇ ਹੋਏ ਜੰਗਨਾਮੇ ਦਾ ਹਿੱਸਾ ਬਣਾ ਲਿਆ ਅਤੇ ਅਸਲੀਅਤ ਤੀਕ ਪੁੱਜਣ ਦਾ ਯਤਨ ਨਹੀਂ ਕੀਤਾ । ਕਈ ਵੇਰ ਇੰਜ ਵੀ ਹੁੰਦਾ ਹੈ ਕਿ ਝੂਠੀ ਗੱਲ ਉਤੇ ਲੋਕ ਜਲਦੀ ਵਿਸ਼ਵਾਸ਼ ਕਰ ਲੈਂਦੇ ਹਨ ਅਤੇ ਸੱਚਾਈ ਉਤੇ ਲੰਬਾ ਸਮਾਂ ਪੜਦਾ ਪਿਆ ਰਹਿੰਦਾ ਹੈ। ਰਾਣੀ ਜਿੰਦਾਂ ਦੇ ਕਿਰਦਾਰ ਬਾਰੇ ਵੀ ਕੁਝ ਅਜਿਹਾ ਹੀ ਭਾਣਾ ਵਾਪਰਿਆ ਲੱਗਦਾ ਹੈ । ਜਿਉਂ-ਜਿਉਂ ਸੂਝਵਾਨ ਖੋਜੀ ਅਤੇ ਸੱਚ ਦੇ ਢੂੰਡਾਉ ਇਤਿਹਾਸਕ ਸਾਮੱਗਰੀ ਨੂੰ ਫਰੋਲ ਰਹੇ ਹਨ, ਕੱਚ ਤੇ ਸੱਚ ਦਾ ਨਿਸਤਾਰਾ ਹੋ ਕੈ ਅਸਲੀਅਤ ਸਾਹਮਣੇ ਆ ਰਹੀ ਹੈ । ਉਘੇ ਇਤਿਹਾਸਕਾਰ ਡਾ. ਗੰਡਾ ਸਿੰਘ ਨੇ ਇਸ ਸਬੰਧ ਵਿਚ ਪਏ ਹੋਏ ਭਰਮ-ਭੁਲੇਖਿਆਂ ਨੂੰ ਦੂਰ ਕਰਨ ਦਾ ਕਾਫ਼ੀ ਯਤਨ ਕੀਤਾ ਹੈ । ਆਪ ਲਿਖਦੇ ਹਨ-

“ਸ਼ਾਹ ਮੁਹੰਮਦ ਨੇ ਥਾਂ-ਥਾਂ ਰਾਜ-ਮਾਤਾ ਮਹਾਰਾਣੀ ਜਿੰਦ ਕੌਰ ਨੂੰ ਇਸ ਜੰਗ ਦਾ ਕਾਰਣ ਦੱਸਿਆ ਹੈ ਤੇ ਕਿਹਾ ਹੈ ਕਿ ਉਸ ਨੇ ਆਪਣੇ ਭਾਈ ਸਰਦਾਰ ਜਵਾਹਰ ਸਿੰਘ ਦੇ ਕਤਲ ਦਾ ਬਦਲਾ ਲੈਣ ਲਈ ਸਿੱਖ ਫੌਜਾਂ ਨੂੰ ਅੰਗਰੇਜ਼ਾਂ ਦੇ ਵਿਰੁੱਧ ਝੋਕ ਦਿੱਤਾ । ਅਸਲ ਗੱਲ ਇਹ ਹੈ ਕਿ ਅੰਗਰੇਜ਼ਾਂ ਨੇ ਸਿੱਖ ਦਰਬਾਰ ਦੇ ਦੋ ਸਭ ਤੋਂ ਵੱਡੇ ਅਫਸਰਾਂ ਮਿਸਰ ਤੇਜਾ ਸਿੰਘ ਪੂਰਬੀਏ ਕਮਾਂਡਰ-ਇਨ-ਚੀਫ਼ ਨੂੰ, ਜੋ ਏਕੜੀ ਜ਼ਿਲ੍ਹਾ ਮੇਰਠ ਦਾ ਰਹਿਣ ਵਾਲਾ ਸੀ ਅਤੇ ਵੱਡੇ ਵਜ਼ੀਰ ਮਿਸਰ ਲਾਲ ਸਿੰਘ ਨੂੰ ਅੰਦਰੋਂ-ਅੰਦਰ ਆਪਣੇ ਨਾਲ ਗੰਢ ਲਿਆ ਸੀ ਤੇ ਇਨ੍ਹਾਂ ਨੇ ਅੰਗਰੇਜ਼ਾਂ ਵਿਰੁੱਧ ਲੜੀ ਜਾਣ ਵਾਲੀ ਲੜਾਈ ਦਾ ਨਕਸ਼ਾ ਪਹਿਲਾਂ ਹੀ ਅੰਗਰੇਜ਼ਾਂ ਨੂੰ ਦੇ ਦਿੱਤਾ ਸੀ ਅਤੇ ਲੜਾਈ ਵੇਲੇ ਭੀ ਉਨ੍ਹਾਂ ਦੀ ਸਲਾਹ ਨਾਲ ਹੀ ਆਪਣੀਆਂ ਫੌਜਾਂ ਨੂੰ ਤੋਰਦੇ, ਚਲਾਉਂਦੇ, ਭਜਾਉਂਦੇ ਤੇ ਹਰਾਉਂਦੇ ਰਹੇ । ਇਸ ਲਈ ਆਪਣੀ ਗ਼ੱਦਾਰੀ ਦੇ ਕੰਮਾਂ ਨੂੰ ਲੁਕਾਉਣ ਲਈ ਇਨ੍ਹਾਂ ਨੇ ਸਭ ਕੁਝ ਮਾਈ ਜਿੰਦ ਕੌਰ ਦੇ ਮੱਥੇ ਮੜ੍ਹ ਦਿੱਤਾ ਅਤੇ ਧੁਮਾ ਦਿੱਤਾ ਕਿ ਉਹ ਸਾਰੇ ਕੰਮ ਮਹਾਰਾਣੀ ਜਿੰਦ ਕੌਰ ਦੇ ਹੁਕਮ ਨਾਲ ਕਰ ਰਹੇ ਹਨ । ਨਾ ਕਿਸੇ ਨੇ ਮਹਾਰਾਣੀ ਨੂੰ ਜਾ ਕੇ ਪੁੱਛਿਆ ਅਤੇ ਨਾ ਹੀ ਉਸ ਸੰਬੰਧੀ ਫੈਲਾਈ ਗਈ ਉਜ ਦੀ ਸਫ਼ਾਈ ਹੋ ਸਕੀ ।”

(ਪੰਜਾਬ/ਦੀਆਂ ਵਾਰਾਂ, ਪੰਨਾ 171) ਆਮ ਜਨਤਾ ਨੂੰ ਰਾਜ ਦੀਆਂ ਅੰਦਰ ਦੀਆਂ ਗੁੱਝੀਆਂ ਗੱਲਾਂ ਦਾ ਪਤਾ ਨਹੀਂ ਹੁੰਦਾ ਅਤੇ ਚਾਤੁਰ ਲੋਕ ਇਨ੍ਹਾਂ ਦੀ ਨਜ਼ਰ ਅਤੇ ਨੁਕਤਾਚੀਨੀ ਤੋਂ ਬਚਣ ਲਈ ਕੁਝ ਹੋਰ ਦਾ ਹੋਰ ਧੁਮਾ ਕੇ ਆਪਣੀ ਬਲਾ ਪਰਾਏ ਗਲ ਮੜ੍ਹ ਦਿੰਦੇ ਹਨ। ਮਾਈ ਜਿੰਦ ਕੌਰ ਦੇ ਭਾਈ ਸ. ਜਵਾਹਰ ਸਿੰਘ ਦੇ ਕਤਲ ਨੂੰ ਚੂੰਕਿ ਥੋੜਾ ਚਿਰ ਹੀ ਹੋਇਆ ਸੀ ਅਤੇ ਉਸ ਦਿਨ ਮਾਈ ਵਲੋਂ ਸਿੱਖ ਫੌਜਾਂ ਨੂੰ ਸੋਗ ਅਤੇ ਗੁੱਸੇ ਵਿਚ ਕੋਸਣਾ ਲੋਕਾਂ ਨੂੰ ਤਾਜ਼ਾ ਹੀ ਯਾਦ ਸੀ, ਇਸ ਲਈ ਉਹ ਮਿਸਰ ਤੇਜਾ ਸਿੰਘ ਅਤੇ ਲਾਲ ਸਿੰਘ ਦੇ ਧੋਖੇ ਵਿਚ ਆ ਗਏ ਅਤੇ ਲੜਾਈ ਦੇ ਸੰਬੰਧ ਵਿਚ ਇਨ੍ਹਾਂ ਵਲੋਂ ਆਖੀਆਂ ਤੇ ਉਡਾਈਆਂ ਗਈਆਂ ਗੱਲਾਂ ਨੂੰ ਸੱਚ ਮੰਨ ਗਏ । ਸ਼ਾਹ ਮੁਹੰਮਦ ਰਾਜ ਦਰਬਾਰ ਜਾਂ ਮਿਸਰਾਂ ਦਾ ਖਾਸ ਭੇਤੀ ਤਾਂ ਹੈ ਨਹੀਂ ਸੀ ਕਿ ਉਹ ਅਸਲੀਅਤ ਤੋਂ ਜਾਣੂ ਹੁੰਦਾ, ਇਸ ਲਈ ਉਸ ਨੇ ਭੀ ਜੋ ਸੁਣਿਆ ਸੀ, ਲਿਖ ਦਿੱਤਾ। ਕੁਝ ਵਿਚਾਰਵਾਨਾਂ ਦਾ ਇਹ ਭੀ ਖਿਆਲ ਹੈ ਕਿ ਸ਼ਾਹ ਮੁਹੰਮਦ ਨੇ ਸ਼ਾਇਦ ਮਿਸਰਾਂ ਦੇ ਉਸ ਨੂੰ ਖ਼ੁਦ ਦੱਸਣ ਜਾਂ ਆਖਣ ਜਾਂ ਕਿਸੇ ਦੀ ਰਾਹੀਂ ਅਖਵਾਉਣ ਅਤੇ ਦੱਸਣ ਉਪਰ ਇਹ ਸਭ ਕੁਝ ਲਿਖਿਆ ਹੋਵੇ ਅਤੇ ਇਤਨੇ ਜ਼ੋਰਦਾਰ ਸ਼ਬਦ ਮਹਾਰਾਣੀ ਜਿੰਦ ਕੌਰ ਦੇ ਵਿਰੁੱਧ ਵਰਤੇ ਹੋਣ ਤਾਂ ਕਿ ਆਮ ਪਬਲਿਕ ਵਿਚ ਸਾਰੀ ਬਦਨਾਮੀ ਮਹਾਰਾਣੀ ਜਿੰਦ ਕੌਰ ਦੇ ਮੱਥੇ ਲੱਗ ਜਾਏ ਅਤੇ ਅਸਲੀ ਗ਼ੱਦਾਰਾਂ ਉਤੇ ਕਿਸੇ ਨੂੰ ਸ਼ੱਕ ਹੀ ਨਾ ਪਏ । ਇਕ ਦਲੀਲ ਉਹ ਇਹ ਭੀ ਦਿੰਦੇ ਹਨ ਕਿ ਇਸ ਲੜਾਈ ਵਿਚ ਮਿਸਰਾਂ ਦੀ ਗ਼ੱਦਾਰੀ ਇਤਨੀ ਉੱਘੀ ਹੋ ਗਈ ਸੀ ਕਿ ਕਵੀ ਮਟਕ ਨੇ ਸਾਫ਼ ਤੇ ਖੁਲ੍ਹੇ ਸ਼ਬਦਾਂ ਵਿਚ ਤੇਜਾ ਸਿੰਘ ਤੇ ਲਾਲ ਸਿੰਘ ਨੂੰ ਗ਼ੱਦਾਰ ਤੇ ਗੀਦੀ ਠਹਿਰਾਇਆ ਹੈ ਅਤੇ ਉਨ੍ਹਾਂ ਦੀਆਂ ਬਾਹਰਲੀਆਂ ਮਿੱਠੀਆਂ ਗੱਲਾਂ ਅਤੇ ਅੰਦਰਲੇ ਖੋਟ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ

ੳ) ਦੋ ਮਹੀਨੇ ਰਹੇ ਉੱਤਰੇ, ਸੁਤਲੁੱਦ੍ਰ ਦੇ ਸਿਰ੍ਹਾਣੇ, ਵਡੇ ਸਿਆਣੇ ।

ਤੇਜ ਸਿੰਘ ਔਰ ਲਾਲ ਸਿੰਘ, ਹੈਨ ਮੁਸਾਹਿਬ ਪੁਰਾਣੇ, ਕਰਦੇ ਭਾਣੇ।

ਰੋ ਬਾਹਰੋਂ ਗੱਲਾਂ ਕਰਨ ਮਿੱਠੀਆਂ, ਅੰਦਰੋਂ ਖੋਟ ਕਮਾਣੇ, ਕਰਦੇ ਭਾਣੇ ।…(26)

ਅ) ਲਾਲੂ ਦੀ ਲਾਲੀ ਗਈ, ਤੇਜੂ ਗਿਆ ਤੇਜ ।

ਰਣ ਵਿੱਚ ਪਿੱਠ ਦਿਖਾਇ ਕੇ, ਮੋਢਾ ਆਏ ਫੇਰ ।

ਮੋਢਾ ਆਏ ਫੇਰਿ, ਮੂਜੀ ਮੁਰਦਾਰ ਸਦਾਵਨ ।

ਦੁਸ਼ਾਲੇ ਹੰਢਾਏ ਗੀਦੀਆਂ, ਮੁਫ਼ਤ ਗੁਵਾਵਨ ।

ਕਹਿਤ ਮਟਕ ਵਿਚ ਜਗਤ ਦੇ, ਹੋਤੀ ਚਰਚ ਵਿਚਾਰ ।

ਲਾਲੂ ਤੇਜੂ ਨੱਠ ਕੇ, ਆਇ ਪੀਠ ਦਿਖਾਰ । (34)

ਪਰ ਸ਼ਾਹ ਮੁਹੰਮਦ ਇਨ੍ਹਾਂ ਨਮਕ-ਹਰਾਮਾਂ ਦੇ ਨਿੰਦਨੀਯ ਕੰਮਾਂ ਉਤੇ ਪਰਦਾ ਪਾਈ ਰੱਖਦਾ ਹੈ ਅਤੇ ਪੰਜਾਬੀਆਂ ਦੇ ਸਾਰੇ ਗੁੱਸੇ ਨੂੰ ਇਨ੍ਹਾਂ ਵਲੋਂ ਹੋੜ੍ਹ ਕੇ ਮਾਈ ਜਿੰਦ ਕੌਰ ਵੱਲ ਕਰ ਦਿੰਦਾ ਹੈ । ਡਾ. ਗੰਡਾ ਸਿੰਘ ਨੂੰ ਸੰਦੇਹ ਹੈ ਕਿ ਹੋ ਸਕਦਾ ਹੈ ਸ਼ਾਹ ਮੁਹੰਮਦ ਨੇ ਆਪਣਾ ਕਿੱਸਾ ਉਸ ਵੇਲੇ ਲਿਖਿਆ ਹੋਵੇ ਜਦੋਂ ਮਿਸਰ ਤੇਜਾ ਸਿੰਘ ਆਦਿ ਦੀ ਸਲਾਹ ਨਾਲ ਅੰਗਰੇਜ਼ਾਂ ਨੇ ਮਹਾਰਾਣੀ ਜਿੰਦ ਕੌਰ ਨੂੰ ਸ਼ੇਖੂਪੁਰੇ ਦੇ ਕਿਲ੍ਹੇ ਵਿਚ ਯਾ ਦੇਸ-ਨਿਕਾਲਾ ਦੇ ਕੇ ਬਨਾਰਸੋਂ 16 ਮੀਲ ਦੱਖਣ-ਲਹਿੰਦੇ ਵੱਲ ਚੁਨਾਰ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ ਸੀ, ਜਿਥੋਂ ਕਿ ਮਹਾਰਾਣੀ ਵਲੋਂ ਕੋਈ ਤਰਦੀਦ ਕੀਤੀ ਹੀ ਨਹੀਂ ਸੀ ਜਾ ਸਕਦੀ । ਸ਼ਾਹ ਮੁਹੰਮਦ ਨੂੰ ਵੇਲੇ ਸਿਰ ਅਸਲੀਅਤ ਦਾ ਪਤਾ ਨਹੀਂ ਲੱਗਾ ਜਾਂ ਉਹ ਕਿਸੀ ਕਾਰਣ ਜਾਣ ਬੁੱਝ ਕੇ ਮਿਸਰਾਂ ਦਾ ਪੱਖ ਕਰ ਗਿਆ ਹੈ, ਇਹ ਰੱਬ ਜਾਣੇ । ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿਤਨੇ ਭੀ ਸਰਕਾਰੀ ਯਾਂ ਗੈਰ-ਸਰਕਾਰੀ ਰੀਕਾਰਡ, ਸਮਕਾਲੀ ਪੁਸਤਕ ਅਤੇ ਹੋਰ ਲਿਖਤੀ ਸਬੂਤ ਮਿਲਦੇ ਹਨ, ਉਨ੍ਹਾਂ ਸਭ ਤੋਂ ਇਹ ਸਪਸ਼ਟ ਪਰਤੀਤ ਹੁੰਦਾ ਹੈ ਕਿ ਮਿਸਰ ਤੇਜਾ ਸਿੰਘ ਤੇ ਲਾਲ ਸਿੰਘ ਅੰਗਰੇਜ਼ਾਂ ਨਾਲ ਰਲੇ ਹੋਏ ਸਨ ਅਤੇ ਉਨ੍ਹਾਂ ਦੇ ਇਸ਼ਾਰੇ ਉਤੇ ਕੰਮ ਕਰਦੇ ਸਨ । ਦੂਸਰੇ ਪਾਸੇ ਕੋਈ ਇਕ ਵੀ ਐਸੀ ਲਿਖਤ ਨਹੀਂ ਜਿਸ ਤੋਂ ਇਹ ਸਿੱਧ ਹੋਵੇ ਕਿ ਮਹਾਰਾਣੀ ਨੇ ਫੌਜ ਤੋਂ ਬਦਲਾ ਲੈਣ ਸਬੰਧੀ ਅੰਗਰੇਜ਼ਾਂ ਨਾਲ ਕੋਈ ਲਿਖਾ-ਪੜ੍ਹੀ ਕੀਤੀ ਸੀ । ਇਹ ਵਾਧੂ ਮਨਘੜਤ ਕਲਪਣਾ ਤੇ ਝੂਠੀ ਊਜ ਦਿੱਸਦੀ ਹੈ ਅਤੇ ਮਹਾਰਾਣੀ ਜਿੰਦ ਕੌਰ ਇਸ ਮੁਆਮਲੇ ਵਿਚ ਬਿਲਕੁਲ ਨਿਰਦੋਸ਼ ਹੈ ।…..

(ਪੰਜਾਬ ਦੀਆਂ ਵਾਰਾਂ, ਪੰਨਾ 173) ਇਸ ਸਬੰਧ ਵਿਚ ਇਕ ਹੋਰ ਵਿਦਵਾਨ ਦਾ ਨਿਰਣਾ ਵੀ ਵਾਚਣ ਯੋਗ ਹੈ। ਸ. ਸ਼ਮਸ਼ੇਰ ਸਿੰਘ ਅਸ਼ੋਕ ਲਿਖਦੇ ਹਨ-‘ਲਾਹੌਰ ਦਰਬਾਰ ਦੇ ਕੁਝ ਸਰਦਾਰ, ਜਿਨ੍ਹਾਂ ਵਿਚੋਂ ਰਾਜਾ ਗੁਲਾਬ ਸਿੰਘ ਪ੍ਰਧਾਨ ਸੀ, ਚਾਹੁੰਦੇ ਸਨ ਕਿ ਸਿੱਖ ਰਾਜ ਤਾਂ ਚਾਹੇ ਨਸ਼ਟ ਹੋ ਜਾਵੇ, ਪਰ ਉਨ੍ਹਾਂ ਦੀਆਂ ਸਰਦਾਰੀਆਂ ਨੂੰ ਤੱਤੀ ਆਂਚ ਨਾ ਲੱਗੇ । ਰਾਜਾ ਗੁਲਾਬ ਸਿੰਘ, ਧਿਆਨ ਸਿੰਘ ਅਤੇ ਸੁਚੇਤ ਸਿੰਘ, ਇਹ ਤਿੰਨੇ ਡੋਗਰੇ ਸ਼ੁਰੂ ਤੋਂ ਇਕ ਪਾਸੇ ਸਨ ਅਤੇ ਸੰਧਾਵਾਲੀਏ ਸਰਦਾਰ ਦੂਜੇ ਪਾਸੇ । ਡੋਗਰਿਆਂ ਦੀ ਪਾਲਿਸੀ, ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਨੂੰ ਖੜਯੰਤ੍ਰ ਖੜੇ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਖਤਮ ਕਰਨਾ ਤੇ ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਨੂੰ ਪੰਜਾਬ ਦੀ ਰਾਜ-ਗੱਦੀ ਤੇ ਬਿਠਾਉਣ ਲਈ ਮੈਦਾਨ ਲਈ ਸਾਫ਼ ਕਰਨਾ ਸੀ। ਰਾਜਾ ਗੁਲਾਬ ਸਿੰਘ ਚਾਹੁੰਦਾ ਸੀ ਕਿ ਪਹਾੜ ਦੀ ਹਕੂਮਤ ਉਸਦੇ ਆਪਣੇ ਹੱਥ ਹੋਵੇ ਅਤੇ ਮੈਦਾਨੀ ਇਲਾਕੇ ਦੀ ਹਕੂਮਤ ਚਾਹੇ ਜੈਦ ਦੇ ਸਪੁਰਦ ਹੋਵੇ ਤੇ ਚਾਹੇ ਬਕਰ ਦੇ । ਇਸ ਹੀਲਾ- ਸਾਜ਼ੀ ਵਿਚ ਜਿਥੇ ਸ਼ੇਰੇ-ਪੰਜਾਬ ਦੇ ਰਾਜ ਦੁਲਾਰੇ ਇਕ-ਇਕ ਕਰਕੇ ਮੌਤ ਦੇ ਮੂੰਹ ਵਿਚ ਧਕੇਲੇ ਗਏ, ਉਥੇ ਹੋਰ ਵੀ ਬਹੁਤੇਰਾ ਕੌਮੀ ਨੁਕਸਾਨ ਹੋਇਆ ।……ਕਵੀ ਸ਼ਾਹ ਮੁਹੰਮਦ ਨੇ ਸਿੱਖ ਰਾਜ ਦੇ ਵਿਰੋਧੀਆਂ ਦੀਆਂ ਉਡਾਈਆਂ ਹੋਈਆਂ ਅਫ਼ਵਾਹਾਂ ਦੇ ਅਸਰ ਹੇਠ ਆ ਕੇ ਮਹਾਰਾਣੀ ਜਿੰਦ ਕੌਰ ਬਾਰੇ ਕੁਝ ਅਯੋਗ ਸ਼ਬਦ ਕਹੇ ਹਨ ਅਤੇ ਜ਼ਾਹਰ ਕੀਤਾ ਹੈ ਕਿ ਇਹ ਲੜਾਈ ਛੇੜਨੀ ਵੀ ਉਸ ਦੀ ਇਕ ਚਾਲ ਸੀ ਜੋ (ਆਪਣੇ ਭਰਾ) ਸਰਦਾਰ ਜਵਾਹਰ ਸਿੰਘ ਦੇ ਕਤਲ ਦਾ ਵੈਰ ਲੈਣ ਵਾਸਤੇ ਚੱਲੀ ਗਈ ਸੀ, ਪਰ ਇਹ ਕਥਨ ਵੀ ਮੂਲੋਂ ਹੀ ਗਲਤ ਅਤੇ ਬੇ-ਬੁਨਿਆਦ ਹੈ, ਕਿਉਂਕਿ ਜੇ ਕੁਝ ਸਿੱਖ ਫੌਜੀ ਉਸਦੇ ਲਈ ਓਪਰੇ ਸਨ ਤਦ ਹਕੂਮਤ ਤਾਂ ਉਸਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਦੀ ਸੀ । ਇਸ ਤਰ੍ਹਾਂ ਗਲਤੀ ਕਰਕੇ ਉਹ ਆਪਣੇ ਪੁੱਤਰ ਦੀ ਸੁਤੰਤਰ ਹਕੂਮਤ ਦੇ ਰਾਹ ਵਿਚ ਕਿਵੇਂ ਕੰਡੇ ਬੀਜ ਸਕਦੀ ਸੀ, ਕਦਾਚਿਤ ਨਹੀਂ । (ਪ੍ਰਾਚੀਨ ਵਾਰਾਂ ਤੇ ਜੰਗਨਾਮੇ, ਪੰਨਾ 302)

ਖੋਜੀ ਬਿਰਤੀ ਦੇ ਇਤਿਹਾਸਕਾਰ, ਜਿਨ੍ਹਾਂ ਨੇ ਵੱਖ-ਵੱਖ ਭਾਸ਼ਾਵਾਂ ਵਿਚ ਉਪਲਬਧ ਸਾਮੱਗਰੀ ਦਾ ਡੂੰਘਾ ਅਧਿਐਨ ਕੀਤਾ ਅਤੇ ਸਾਰੀ ਜ਼ਿੰਦਗੀ ਹੀ ਇਸ ਕਾਰਜ ਵਿਚ ਲਾ ਦਿੱਤੀ, ਤਾਂ ਇਸੇ ਨਿਰਣੇ ਉਤੇ ਪੁੱਜੇ ਹਨ ਕਿ ਸ਼ਾਹ ਮੁਹੰਮਦ ਨੇ ਜਨਤਾ ਵਿਚ ਉਡੀਆਂ ਤੇ ਉਡਾਈਆਂ ਗਈਆਂ ਅਫਵਾਹਾਂ ‘ਤੇ ਭਰੋਸਾ ਕਰਦੇ ਹੋਏ ਰਾਣੀ ਜਿੰਦਾਂ ਨੂੰ ਹੀ ਸਭ ਘਟਨਾਵਾਂ ਲਈ ਜ਼ਿੰਮੇਦਾਰ ਠਹਿਰਾ ਦਿੱਤਾ ਹੈ ਅਤੇ ਤੇਜਾ ਸਿੰਘ-ਲਾਲ ਸਿੰਘ ਜਿਹੇ ਖ਼ੁਦ-ਪ੍ਰਸਤ ਆਗੂਆਂ ਨੂੰ ਸਾਫ਼ ਬਰੀ ਕਰ ਦਿੱਤਾ ਹੈ, ਜੋ ਇਤਿਹਾਸਕ-ਦ੍ਰਿਸ਼ਟੀ ਤੋਂ ਠੀਕ ਨਹੀਂ । ਮੰਨਿਆਂ ਕਿ ਉਸ ਨੂੰ ਭਰਾ ਮਾਰੇ ਜਾਣ ਦਾ ਭਾਰੀ ਦੁੱਖ ਸੀ, ਲੇਕਿਨ ਇਸ ਲਈ ਉਸ ਨੇ ਸਮੁੱਚੀ ਕੌਮ ਨੂੰ ਹੀ ਵਖ਼ਤ ਵਿਚ ਪਾ ਦਿੱਤਾ ਹੋਵੇ, ਜਿਵੇਂ ਕਿ ਸ਼ਾਹ ਮੁਹੰਮਦ ਨੇ ਲਿਖਿਆ ਹੈ, ਇਹ ਗੱਲ ਦਰੁਸਤ ਨਹੀਂ ਹੈ । ਅੱਜ ਵੀ ਤਾਂ ਇਹੋ ਵਰਤਾਰਾ ਵਰਤ ਰਿਹਾ ਹੈ, ਕਿਸੇ ਕੌਮੀ ਆਗੂ ਨੂੰ ਨਿੰਦਣਾ ਹੋਵੇ, ਉਸ ਨੂੰ ਸਰਕਾਰੀਆ ਜਾਂ ਬਿਦੇਸ਼ੀ ਤਾਕਤਾਂ ਦਾ ਏਜੰਟ ਆਦਿ ਕਹਿ ਕੇ ਮੀਡੀਏ ਵਿਚ ਪਰਚਾਰ ਦਿਉ, ਲੋਕ ਬਿਨਾਂ ਕੁਝ ਸੋਚੇ-ਵਿਚਾਰੇ ਉਹੋ ਕੁਝ ‘ਸੱਤ’ ਕਰਕੇ ਮੰਨਦੇ ਚਲੇ ਜਾਂਦੇ ਹਨ। ਦੋਸ਼ੀ ਗਰਦਾਨਿਆਂ ਵਿਅਕਤੀ ਹੁਣ ਕਿਸ-ਕਿਸ ਨੂੰ ਆਪਣੀ ਅਸਲੀਅਤ ਦੱਸੇਗਾ ਅਤੇ ਨਗਾਰਖਾਨੇ ਵਿਚ ਉਸਦੀ ਤੂਤੀ ਸੁਣਦਾ ਵੀ ਕਿਹੜਾ ਹੈ ?-ਤਕਰੀਬਨ ਇਹੋ ਕੁਝ ਹਥਲੇ ਪ੍ਰਸੰਗ ਵਿਚ ਮਹਾਰਾਣੀ ਜਿੰਦਾਂ ਨਾਲ ਵਾਪਰਿਆ ਲੱਗਦਾ ਹੈ ।

ਸਾਡੇ ਕੁਝ ਆਲੋਚਕਾਂ ਨੇ ਵੀ ਮਹਾਰਾਣੀ ਜਿੰਦਾਂ ਨਾਲ ਇਨਸਾਫ਼ ਨਹੀਂ ਕੀਤਾ। ਇਕ ਲੇਖਕ ਨੇ ਮਹਾਰਾਣੀ ਜਿੰਦਾਂ ਨੂੰ ‘ਜੰਗਨਾਮੇ ਦੀ ਖਲਪਾਤਰਾ’ ਕਰਾਰ ਦਿੰਦੇ ਹੋਏ ਲਿਖਿਆ ਹੈ ਕਿ ਉਸ ਦੀ ਜਨਤਾ ਵਿਚ ਪਹਿਲਾਂ ਹੀ ਬਹੁਤ ਬਦਨਾਮੀ ਸੀ, ਪਰੰਤੂ ਸ਼ਾਹ ਮੁਹੰਮਦ ਦੇ ਜੰਗਨਾਮੇ ਨੇ ਇਸ ਬਦਨਾਮੀ ਨੂੰ ਸਦੀਵੀ ਬਣਾ ਦਿੱਤਾ। ਮਹਾਰਾਜਾ ਰਣਜੀਤ ਸਿੰਘ ਕਾਲ ਦੇ ਪ੍ਰਸਿੱਧ ਇਤਿਹਾਸਕਾਰ ਪ੍ਰਿੰਸੀਪਲ ਸੀਤਾ ਰਾਮ ਕੋਹਲੀ ਨੇ ਇਸ ਜੰਗਨਾਮੇ ਵਿਚ ਪਾਈਆਂ ਜਾਣ ਵਾਲੀਆਂ ਘਟਨਾਵਾਂ ਨੂੰ ਅੱਖਰ- ਅੱਖਰ ਸੱਚ ਮੰਨਿਆ ਹੈ । (ਦੇਖੋ-ਭੂਮਿਕਾ ‘ਵਾਰ ਸ਼ਾਹ ਮੁਹੰਮਦ’, ਪੰਨਾ 108-109) ਪਰੰਤੂ ਪੰਜਾਬ ਦੇ ਦੂਜੇ ਪ੍ਰਸਿੱਧ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਨੇ ਮਹਾਰਾਣੀ ਜਿੰਦਾਂ ਨੂੰ ਗ਼ੱਦਾਰੀ ਦੇ ਦੋਸ਼ ਤੋਂ ਪੂਰੀ ਤਰ੍ਹਾਂ ਬਰੀ ਕਰ ਦਿੱਤਾ ਹੈ ਅਤੇ ਤੇਜਾ ਸਿੰਘ ਤੇ ਲਾਲ ਸਿੰਘ ਨੂੰ ਹੀ ਗ਼ੱਦਾਰ ਠਹਿਰਾਇਆ ਹੈ ।ਅਸੀਂ ਤੇਜਾ ਸਿੰਘ ਤੋ ਲਾਲ ਸਿੰਘ ਦੀ ਗ਼ੱਦਾਰੀ ਉਤੇ ਪਰਦਾ ਪਾਉਣ ਦੇ ਹੱਕ ਵਿੱਚ ਨਹੀਂ ਪਰੰਤੂ ਮਹਾਰਾਣੀ ਜਿੰਦਾਂ ‘ਤੇ ਲੱਗੀ ਊਜ ਬਿਲਕੁਲ ਨਿਰਮੂਲ ਨਹੀਂ ਹੈ ।…ਸ਼ਾਹ ਮੁਹੰਮਦ ਦੀ ਇਹ ਗੱਲ ਵੀ ਬਿਲਕੁਲ ਸਹੀ ਹੈ ਕਿ ਮਹਾਰਾਣੀ ਜਿੰਦਾਂ ਨੇ ਇਹ ਸਾਰਾ ਕਾਰਾ ਆਪਣੇ ਭਰਾ ਵਜ਼ੀਰ ਜਵਾਹਰ ਸਿੰਘ ਦੇ ਕੀਤੇ ਗਏ ਬੇਰਹਿਮਾਨਾ ਕਤਲ ਦਾ ਬਦਲਾ ਲੈਣ ਲਈ ਕੀਤਾ। ਲਾਹੌਰ ਦਰਬਾਰ ਵਿਚ ਵਾਪਰਨ ਵਾਲੀਆਂ ਦੁਰਘਟਨਾਵਾਂ ਨੂੰ ਨੇੜਿਓਂ ਦੇਖਣ ਵਾਲਾ ਮਹਾਰਾਜਾ ਰਣਜੀਤ ਸਿੰਘ ਦੇ ਤੋਪਖਾਨੇ ਦਾ ਅੰਗਰੇਜ਼ੀ ਕਰਨਲ भलैगलैंड गावठव (Alexander Gardner) भाटी मउर ‘Memoirs of Alexander Gardner, 1898, ぴठा 261-62′ हिच लिधरा वै- The Snake was the evilly disposed violent, yet powerful and splendid Sikh army. It was to be flung upon the British, and so destroyed. Thus did the Rani Jindan, in her turn plan to revenge herself on the murder of her brother Jawahir Singh.”

(ਡਾ. ਪ੍ਰੀਤਮ ਸੈਨੀ, ‘ਵਾਰ ਸ਼ਾਹ ਮੁਹੰਮਦ’, ਪੰਨਾ 80) ਡਾ. ਸੈਨੀ ਅੱਗੇ ਲਿਖਦਾ ਹੈ ਕਿ-ਅੱਜ ਦੇ ਵਿਦਵਾਨ ਇਤਿਹਾਸਕਾਰਾਂ ਤੋਂ ਇਲਾਵਾ ਮਹਾਰਾਣੀ ਜਿੰਦਾਂ ਦੇ ਸਮਕਾਲੀ ਇਤਿਹਾਸਕਾਰਾਂ ਦੀਆਂ ਇਹ ਲਿਖਤਾਂ ਸਿੱਧ ਕਰਦੀਆਂ ਹਨ ਕਿ ਸ਼ਾਹ ਮੁਹੰਮਦ ਨੇ ਇਹ ਗੱਲ ਮਨੋਂ ਨਹੀਂ ਘੜੀ ਅਤੇ ਮਹਾਰਾਣੀ ਜਿੰਦਾਂ ਉਤੇ ਝੂਠੀ ਊਜ ਨਹੀਂ ਲਾਈ । ਸਗੋਂ ਡਾਕਟਰ ਗੰਡਾ ਸਿੰਘ ਦਾ ਇਹ ਕਥਨ ਕਿ “ਮਹਾਰਾਣੀ ਜਿੰਦ ਕੌਰ ਇਸ ਮੁਆਮਲੇ ਵਿਚ ਬਿਲਕੁਲ ਨਿਰਦੋਸ਼ ਹੈ”, ਗ਼ੈਰ ਇਤਿਹਾਸਕ ਸਿੱਧ ਹੁੰਦਾ ਹੈ । ਕੇਵਲ ਮਿਸਰਾਂ ਨੂੰ ਦੋਸ਼ੀ ਅਤੇ ਮਹਾਰਾਣੀ ਨੂੰ ਬਿਲਕੁਲ ਨਿਰਦੋਸ਼ ਆਖਣਾ ਗੰਡਾ ਸਿੰਘ ਦੇ ਸੰਪ੍ਰਦਾਇਕ ਦ੍ਰਿਸ਼ਟੀਕੋਣ ਦਾ ਲਖਾਇਕ ਹੈ । ਸਾਡਾ ਸਾਹਿਤਕਾਰ (ਸ਼ਾਹ ਮੁਹੰਮਦ) ਅਜ ਦੇ ਫ਼ਿਰਕੂ ਇਤਿਹਾਸਕਾਰਾਂ ਤੋਂ ਬਹੁਤ ਉੱਚਾ ਸੀ । ਉਸ ਨੇ ਹਰ ਫਿਰਕੇ ਤੇ ਜਾਗੀਰਦਾਰਾਂ ਦੀ ਪ੍ਰਸੰਸਾ ਕਰਕੇ ਸੰਤੁਲਨ ਨੂੰ ਕਾਇਮ ਰੱਖਿਆ ਹੈ । ਭਾਵੇਂ ਭੈੜੇ ਤੇ ਗ਼ੱਦਾਰ ਜਾਗੀਰਦਾਰਾਂ ਦੀ ਨਿੰਦਿਆ ਕਰਨੀ ਵੀ ਉਸ ਦਾ ਫ਼ਰਜ਼ ਸੀ । ਫੇਰ ਵੀ ਉਹ ਇਸ ਬਾਰੇ ਚੁੱਪ ਰਿਹਾ ਹੈ । ਸ਼ਾਇਦ ਉਹ ਇਸ ਵਡੇਰੀ ਉਮਰ ਵਿਚ ਕਿਸੇ ਫਿਰਕੇ ਜਾਂ ਅੰਗਰੇਜ਼ਾਂ ਦੇ ਕ੍ਰੋਧ ਦਾ ਸ਼ਿਕਾਰ ਨਹੀਂ ਸੀ ਹੋਣਾ ਚਾਹੁੰਦਾ, ਇਸ ਲਈ ਉਸ ਨੇ ਇਕ (ਹੁਣ ਫਸੀ ਹੋਈ ਤੇ ਬੇਬਸ) ਤੀਵੀਂ ਅਤੇ (ਹੁਣ ਸ਼ਸਤ੍ਰੀਣ ਤੇ ਬਿਖਰੀ ਹੋਈ) ਫੌਜ ਤੇ ਹੀ ਆਪਣਾ ਨਜ਼ਲਾ ਡਿਗਾਇਆ ਹੈ । ਪਰੰਤੂ ਹੋਰ ਗ਼ੱਦਾਰਾਂ ਦੀ ਨਿਖੇਧੀ ਨਾ ਕਰਨ ਦਾ ਇਹ ਅਰਥ ਨਹੀਂ ਹੈ ਕਿ ਮਹਾਰਾਣੀ ਜਿੰਦਾਂ ਨੇ ਗ਼ੱਦਾਰੀ ਨਹੀਂ ਕੀਤੀ

।…..

ਅਸਲ ਵਿਚ ਮਹਾਰਾਣੀ ਜਿੰਦਾਂ ਦੇ ਜੀਵਨ ਦੇ ਦੋ ਪੜਾਅ ਹਨ । ਪਹਿਲਾਂ ਹਾਲਾਤ ਨੇ ਉਸ ਨੂੰ ਅੰਗਰੇਜ਼-ਪੱਖੀ ਤੇ ਫੌਜ ਵਿਰੋਧੀ ਬਣਾਇਆ, ਫੇਰ ਅੰਗਰੇਜ਼ਾਂ ਦੇ ਧਰੋਹ ਨੂੰ ਦੇਖ ਕੇ ਉਹ ਅੰਗਰੇਜ਼ ਵਿਰੋਧੀ ਹੋ ਗਈ । ਉਸ ਦੇ ਕਿਰਦਾਰ ਦਾ ਉਪ੍ਰੋਕਤ ਪਹਿਲਾ ਪੜਾਅ ਨਿੰਦਣ ਯੋਗ ਹੈ । ਇਸ ਲਈ ਜੇ ਸ਼ਾਹ ਮੁਹੰਮਦ ਨੇ ਉਸ ਦੀ ਭੰਡੀ ਕੀਤੀ ਹੈ ਤਾਂ ਇਹ ਜਾਇਜ਼ ਹੀ ਹੈ। ਬਾਅਦ ਵਿਚ ਉਸ ਨੇ ਅੰਗਰੇਜ਼ਾਂ ਦੀ ਕੂਟ-ਨੀਤੀ ਦਾ ਵਿਰੋਧ ਕੀਤਾ । ਇਸ ਲਈ ਉਸ ਨੂੰ ਪਹਿਲਾਂ ਸ਼ੇਖੂਪੁਰੇ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ ਗਿਆ, ਫੇਰ ਫ਼ੀਰੋਜ਼ਪੁਰ ਤੇ ਬਨਾਰਸ ਵਿਚ । ਉਹ ਇਕ ਪਾਸੇ ਅੰਗਰੇਜ਼ਾਂ ਕੋਲੋਂ ਆਪਣਾ ਭੱਤਾ ਵਧਾਉਣ ਲਈ ਸੰਘਰਸ਼ ਕਰਦੀ ਰਹੀ ਅਤੇ ਦੂਜੇ ਪਾਸੇ ਚੋਰੀ-ਚੋਰੀ ਆਪਣੇ ਹਿਮਾਇਤੀਆਂ ਨੂੰ ਅੰਗਰੇਜ਼ਾਂ ਦੇ ਵਿਰੁੱਧ ਬਗ਼ਾਵਤ ਕਰਨ ਲਈ ਉਕਸਾਉਂਦੀ ਰਹੀ । 1857 ਦੇ ਗ਼ਦਰ ਵਿਚ ਉਸ ਨੇ ਪੰਜਾਬੀਆਂ ਨੂੰ ਅੰਗਰੇਜ਼ਾਂ ਦਾ ਤਖ਼ਤਾ ਪਲਟਣ ਲਈ ਸੁਨੇਹੇ ਘੱਲੇ । ਅੰਗਰੇਜ਼ਾਂ ਨੇ ਉਸ ਨੂੰ ਚੁਨਾਰ ਦੇ ਕਿਲ੍ਹੇ ਵਿਚ ਕੈਦਿਆ ਤਾਂ ਉਹ ਉਥੋਂ ਪਹਿਰੇਦਾਰਾਂ ਨੂੰ ਧੋਖਾ ਦੇ ਕੇ ਨੇਪਾਲ ਨੱਸ ਗਈ। ਉਸ ਨੇ ਅੰਗਰੇਜ਼ਾਂ ਦੇ ਵਿਰੁੱਧ ਸੰਗਠਿਤ ਵਿਦਰੋਹ ਕਰਨ ਦੀ ਬੜੀ ਕੋਸ਼ਿਸ਼ ਕੀਤੀ ਪਰੰਤੂ ਆਜ਼ਾਦ ਪੰਜਾਬ ਦੀ ਪੁਨਰ ਮਹਾਰਾਣੀ ਬਣਨ ਦਾ ਉਸ ਦਾ ਸੁਫ਼ਨਾ ਸਾਕਾਰ ਨਾ ਹੋ ਸਕਿਆ । ਸਾਰੇ ਦੇਸ਼ ਵਿਚ ਫੈਲੇ ਅੰਗਰੇਜ਼ ਸਾਮਰਾਜ ਦੇ ਵਿਸ਼ਾਲ ਸਾਗਰ ਵਿਚ ਉਸ ਦਾ ਵਿਅਕਤਿਤ੍ਰ ਇੱਕ ਬਿੰਦੂ ਦੀ ਹੈਸੀਅਤ ਰਖਦਾ ਸੀ । ਫੇਰ ਉਸ ਨੇ ਆਪਣੇ ਪੁੱਤਰ ਕੋਲ ਲੰਡਨ ਜਾ ਕੇ ਉਸ ਦੇ ਖਿਆਲਾਂ ਵਿਚ ਹਲ-ਚਲ ਪਾ ਦਿੱਤੀ । ਪਰੰਤੂ ਉਸ ਵੇਲੇ ਉਹ ਬੁਢਾਪੇ ਕਾਰਣ ਬੜੀ ਕਮਜ਼ੋਰ ਹੋ ਚੁਕੀ ਸੀ ਅਤੇ ਉਸ ਦੀ ਨਜ਼ਰ ਵੀ ਘਟ ਗਈ ਸੀ । ਬੜੀ ਬੇਬਸੀ ਦੀ ਦਸ਼ਾ ਵਿਚ ਉਹ ਲੰਡਨ ਵਿਖੇ ਹੀ ਅਕਾਲ ਚਲਾਣਾ ਕਰ ਗਈ ।….

ਪ੍ਰਗਟ ਹੈ ਕਿ ਉਪ੍ਰੋਕਤ ਸਾਰੀਆਂ ਘਟਨਾਵਾਂ ਦੇ ਵਾਪਰਨ ਤੋਂ ਪਹਿਲਾਂ ਹੀ ਸ਼ਾਹ ਮੁਹੰਮਦ ਵੱਲੋਂ ਆਪਣਾ ਜੰਗਨਾਮਾ 1840 ਤੋਂ ਬਾਅਦ ਅਤੇ 1848 ਤੋਂ ਪਹਿਲਾਂ ਰਚਿਆ ਗਿਆ ਸੀ । ਇਸ ਲਈ ਸ਼ਾਹ ਮੁਹੰਮਦ ਨੇ ਆਪਣੇ ਸਮੇਂ ਤਕ ਮਹਾਰਾਣੀ ਦੇ ਜਨਤਾ ਵਿਚ ਮਸ਼ਹੂਰ ਜਾਂ ਬਦਨਾਮ ਪਾਤਰ ਨੂੰ ਬੜੀ ਨਿਰਭੈਤਾ ਨਾਲ ਚਿਤਰਿਆ ਹੈ। ਉਸ ਤੋਂ ਇਹ ਆਸ ਕਰਨੀ ਗੈਰ-ਇਤਿਹਾਸਕ ਅਤੇ ਅਵਿਗਿਆਨਕ ਹੋਵੇਗੀ ਕਿ ਉਸ ਨੇ ਮਹਾਰਾਣੀ ਜਿੰਦਾਂ ਨੂੰ ਗ਼ੱਦਾਰ ਦੇ ਰੂਪ ਵਿਚ ਕਿਉਂ ਪੇਸ਼ ਕੀਤਾ ਹੈ ਅਤੇ ਦੇਸ਼ ਭਗਤ ਦੇ ਰੂਪ ਵਿਚ ਪੇਸ਼ ਕਿਉਂ ਨਹੀਂ ਕੀਤਾ ? ਸੱਚਾ ਇਤਿਹਾਸਕਾਰ ਅਸਲੀਅਤ ਨੂੰ ਦੇਖਦਾ ਹੈ, ਭਾਵਨਾ ਜਾਂ ਜਜ਼ਬੇ ਨੂੰ ਨਹੀਂ । ਕੋਮਲ-ਚਿੱਤ ਰਿਸ਼ੀ ਬਾਲਮੀਕ ਪਹਿਲਾਂ ਕਠੋਰ-ਚਿੱਤ ਸ਼ਿਕਾਰੀ ਸੀ। ਫਰਾਂਸ ਦੀ ਪ੍ਰਸਿੱਧ ਸ਼ੇਰ-ਦਿਲ ਔਰਤ ਜੌਨ ਆਫ਼ ਆਰਕ ਨੂੰ ਪਹਿਲਾਂ ਚੁੜੇਲ ਆਖ ਕੇ ਸਾੜ ਦਿਤਾ ਗਿਆ, ਅੱਜ ਬਰਨਾਰਡ ਸ਼ਾਅ ਉਸ ਨੂੰ ਆਪਣੇ ਨਾਟਕ “Saint John” ਵਿਚ ਇਕ ਉਚ ਧਾਰਮਿਕ ਨਾਰੀ ਦੇ ਰੂਪ ਵਿਚ ਚਿਤ੍ਰਦਾ ਹੈ । ਮਹਾਰਾਣੀ ਜਿੰਦਾਂ ਦੇ ਪੂਰੇ ਕਿਰਦਾਰ ਨੂੰ ਕੋਈ ਆਧੁਨਿਕ ਕਵੀ ਆਪਣੀ ਕਵਿਤਾ ਦੀ ਸਾਮਗ੍ਰੀ ਬਣਾ ਸਕਦਾ ਹੈ, ਪਰੰਤੂ ਅਸੀਂ ਸ਼ਾਹ ਮੁਹੰਮਦ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਕਿ ਉਸ ਨੇ ਮਹਾਰਾਣੀ ਜਿੰਦਾਂ ਦੇ ਮੱਥੇ ਕਾਲਖ ਕਿਉਂ ਲਾਈ ਹੈ ? 1848 ਤੋਂ ਪਹਿਲਾਂ ਜੰਗਨਾਮਾ ਲਿਖਣ ਵਾਲਾ ਕਵੀ ਮਹਾਰਾਣੀ ਜਿੰਦਾਂ ਦੇ 1857 ਦੇ ਕ੍ਰਾਂਤੀ ਸੰਬੰਧੀ ਰੋਲ ਕਿਵੇਂ ਚਿਤ੍ ਸਕਦਾ ਹੈ ? ਮਹਾਰਾਣੀ ਜਿੰਦਾਂ 1843 ਤੱਕ ਗੁਮਨਾਮੀ ਵਿਚ ਹੀ ਰਹਿ ਰਹੀ ਸੀ। ਰਾਜਾ ਧਿਆਨ ਸਿੰਘ ਦੇ ਕਤਲ ਮਗਰੋਂ ਸੰਧਾਵਾਲੀਆਂ ਨੇ ਉਸ ਦੇ ਪੁੱਤਰ ਨੂੰ ਗੱਦੀ ਤੇ ਬਿਠਾ ਕੇ ਉਸ ਨੂੰ ਲਾਹੌਰ ਦਰਬਾਰ ਦੀ ਰਾਜਨੀਤੀ ਵਿਚ ਲਿਆਂਦਾ । ਉਹ ਐਸੀ ਧੜੱਲੇਦਾਰ ਤੇ ਸਿਆਣੀ ਔਰਤ ਸੀ ਕਿ ਅਨਪੜ੍ਹ ਹੁੰਦੀ ਹੋਈ ਵੀ ਸਿਆਸੀ ਸ਼ਤਰੰਜ ਦੇ ਕਈ ਨਿਪੁੰਨ ਖਿਡਾਰੀਆਂ ਨੂੰ ਮਾਤ ਕਰ ਗਈ । ਉਸ ਨੇ ਆਪਣੇ ਮਨ ਦੀ ਅੱਗ ਨੂੰ ਸ਼ਾਂਤ ਕਰਨ ਅਤੇ ਆਪਣੇ ਪੁੱਤਰ ਦੇ ਜੀਵਨ ਨੂੰ ਸੁਆਰਥੀ ਦਰਬਾਰੀਆਂ ਅਤੇ ਲਾਲਚੀ ਫੌਜੀਆਂ ਦੀ ਤਲਵਾਰ ਤੋਂ ਬਚਾਉਣ ਲਈ ਆਪਣੇ ਨਿਕਟਵਰਤੀ “ਹਿਤੈਸ਼ੀਆਂ” ਦੇ ਝਾਂਸੇ ਵਿਚ ਆ ਕੇ ਮੁਲਕ ਤੇ ਕੌਮ ਨਾਲ ਦਗਾ ਕਮਾਇਆ। ਸ਼ਾਹ ਮੁਹੰਮਦ ਅੰਗਰੇਜ਼ਾਂ ਅਤੇ ਦਰਬਾਰੀਆਂ ਨੂੰ ਕੁਝ ਨਹੀਂ ਕਹਿੰਦਾ ਅਤੇ ਸਾਰਾ ਦੋਸ਼ ਮਹਾਰਾਣੀ ਜਿੰਦਾਂ ਦੇ ਸਿਰ ਮੜ੍ਹਦਾ ਹੈ । ਅਸੀਂ ਉਸ ਦੇ ਇਸ ਇਕ-ਪਾਸੜ ਵਤੀਰੇ ਦਾ ਵੀ ਸੁਆਗਤ ਨਹੀਂ ਕਰ ਸਕਦੇ । ਉਸ ਨੂੰ ਵਧੇਰੇ ਸੂਝ-ਬੂਝ ਤੋਂ ਕੰਮ ਲੈ ਕੇ ਸਾਰੇ ਮੁਲਜ਼ਿਮਾਂ ਨੂੰ ਕਟਹਿਰੇ ਵਿਚ ਖੜ੍ਹੇ ਕਰਨਾ ਚਾਹੀਦਾ ਸੀ । ਪਰੰਤੂ ਜੀਂਦੇ- ਜਾਗਦੇ ਤਾਕਤਵਰ ਜਾਗੀਰਦਾਰਾਂ ਅਤੇ ਅੰਗਰੇਜ਼ਾਂ ਹਾਕਿਮਾਂ ਨਾਲ ਘਿਰਿਆ ਹੋਇਆ ਕਵੀ ਮਜਬੂਰ ਸੀ । ਵਾਰਿਸ ਸ਼ਾਹ ਦੇ ਸ਼ਬਦਾਂ ਵਿਚ :-

“ਅੱਗੇ ਅੱਗ, ਪਿਛੇ ਸੱਪ, ਸ਼ੀਂਹ ਪਾਸੀਂ, ਸਾਡੀ ਵਾਹ ਨਾ ਲੱਗਦੀ ਚਵੀਂ ਰਾਹੀਂ ।” ਕਵੀ ਨੇ ਇਕ ਤੀਵੀਂ ਨੂੰ ਹੀ ਆਪਣੇ ਤੀਰ ਦਾ ਨਿਸ਼ਾਨਾ ਬਣਾ ਲਿਆ । ਸ਼ਾਹ ਮੁਹੰਮਦ ਵਿਚਾਰੇ ਨੂੰ ਕੀ ਪਤਾ ਸੀ ਕਿ ਉਹ ਬਦਨਾਮ ਤੀਵੀਂ ਬਾਅਦ ਵਿਚ ਜਨਤਾ ਦੀ ਹਰਮਨ-ਪਿਆਰੀ ਨਾਇਕਾ ਬਣ ਜਾਵੇਗੀ ।

(ਡਾ. ਪ੍ਰੀਤਮ ਸੈਨੀ, ਵਾਰ ਸ਼ਾਹ ਮੁਹੰਮਦ, ਪੰਨਾ 80-82) ਉਪ੍ਰੋਕਤ ਪ੍ਰਸੰਗ ਵਿਚ ਵਿਦਵਾਨ ਆਲੋਚਕ ਵਲੋਂ ਵਰਤੇ ਗਏ ਦੋਹਰੇ ਮਾਪ- ਦੰਡ ਵਾਲੇ ਸ਼ਬਦਾਂ ਨੂੰ ਇਟੈਲਿਕ ਵਿਚ ਕੀਤਾ ਗਿਆ ਹੈ, ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਜਿਥੇ ਕਿਧਰੇ ਸ਼ਾਹ ਮੁਹੰਮਦ ਨੇ ਝਿਜਕ ਵਿਖਾਈ ਹੈ, ਉਸ ਨੂੰ ਤਾਂ ਉਸ ਦੀ ਮਜਬੂਰੀ ਆਖ ਕੇ ਮੁਆਫ਼ ਕਰ ਦਿੱਤਾ ਗਿਆ ਹੈ ਅਤੇ ਜਿਥੇ ਸਿੱਖ ਰਾਜ ਦੇ ਦੋਖੀਆਂ ਵਲੋਂ ਫੈਲਾਈਆਂ ਅਫ਼ਵਾਹਾਂ ਦੇ ਅਸਰ ਹੇਠ ਕਵੀ ਮਹਾਰਾਣੀ ਜਿੰਦਾਂ ਨੂੰ ਮਾੜਾ-ਚੰਗਾ ਆਖ ਰਿਹਾ ਹੈ, ਤਾਂ ਉਸਦੇ ਕਰਤੱਵ ਨੂੰ ਦਲੇਰੀ ਭਰਿਆ ਦੱਸ ਕੇ ਬੇਲੋੜੀ ਵਾਹਵਾ ਕੀਤੀ ਜਾ ਰਹੀ ਹੈ। ਜਿਸ ਔਰਤ ਦੀਆਂ ਅੱਖਾਂ ਸਾਹਵੇਂ ਉਸਦੇ ਸਿਰ ਦੇ ਸਾਈਂ ਮਹਾਰਾਜਾ ਰਣਜੀਤ ਸਿੰਘ ਵਲੋਂ ਭਾਰੀ ਖੇਚਲਾਂ ਕਰਕੇ ਕਾਇਮ ਕੀਤਾ ਸਿੱਖ ਰਾਜ ਖੇਰੂੰ-ਖੇਰੂੰ ਹੋ ਰਿਹਾ ਹੋਵੇ, ਰਾਜ ਘਰਾਣੇ ਦੇ ਵਾਰਸਾਂ ਤੇ ਹਮਦਰਦਾਂ ਨੂੰ ਇਕ-ਇਕ ਕਰਕੇ ਮਾਰਿਆ ਜਾ ਰਿਹਾ ਹੋਵੇ, ਜਿਸਦੇ ਵੱਡੇ ਭਰਾ ਨੂੰ ਇਸ ਵਲੋਂ ਹੱਥ ਜੋੜ ਕੇ, ਮਿੰਨਤਾਂ ਤਰਲੇ ਕਰਨ ਦੇ ਬਾਵਜੂਦ ਕੋਹ-ਕੋਹ ਕੇ ਕਤਲ ਕਰ ਦਿੱਤਾ ਜਾਵੇ, ਉਸ ਬੇਹੱਦ ਦੁਖੀ, ਲਾਚਾਰ ਤੇ ਬੇਵੱਸ ਔਰਤ ਨੂੰ ‘ਬਦਨਾਮ ਤੀਵੀਂ’ ਆਖਣਾ ਵੀ ਕਿਧਰੋਂ ਜਾਇਜ਼ ਹੈ ?

ਇਹ ਤੱਥ ਤਾਂ ਭਲੀ-ਭਾਂਤ ਉਜਾਗਰ ਹੈ ਕਿ ਅੰਗਰੇਜ਼, ਜੋ ਕਦੀ ਈਸਟ ਇੰਡੀਆ ਕੰਪਨੀ ਦੇ ਰੂਪ ਵਿਚ ਕੇਵਲ ਵਪਾਰਕ ਨਜ਼ਰੀਏ ਨਾਲ ਦੇਸ ਵਿਚ ਦਾਖਲ ਹੋਏ ਸਨ, ਹੌਲੇ-ਹੌਲੇ ਵੱਖ-ਵੱਖ ਰਾਜਾਂ ਦੇ ਰਾਜ-ਭਾਗ ਵਿਚ ਦਖ਼ਲ ਦਿੰਦੇ ਹੋਏ, ਪੂਰਨ ਰੂਪ ਵਿਚ ਕਰਤਾ-ਧਰਤਾ ਹੀ ਬਣਦੇ ਚਲੇ ਗਏ । ਸਾਰਾ ਦੇਸ ਹੀ ਤਕਰੀਬਨ ਇਨ੍ਹਾਂ ਦੇ ਕਬਜ਼ੇ ਹੇਠ ਆ ਚੁੱਕਾ ਸੀ, ਹੁਣ ਇਨ੍ਹਾਂ ਦੀਆਂ ਨਜ਼ਰਾਂ ਪੰਜਾਬ ‘ਤੇ ਲੱਗੀਆਂ ਹੋਈਆਂ ਸਨ, ਜੋ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਕ ਵਿਸ਼ਾਲ ਰਾਜ ਬਣ ਚੁੱਕਾ ਸੀ । ਇਕ ਲੱਖ ਚਾਲੀ ਹਜ਼ਾਰ ਮੁਰੱਬਾ ਮੀਲ ਦੇ ਇਲਾਕੇ ਵਿਚ ਸਿੱਖ ਰਾਜ ਦਾ ਝੰਡਾ ਝੁੱਲਦਾ ਸੀ, ਜਿਸ ਦੀਆਂ ਹੱਦਾਂ ਸਿੰਧ, ਅਫ਼ਗਾਨਿਸਤਾਨ, ਬਲੋਚਿਸਤਾਨ, ਚੀਨ ਤੇ ਤਿੱਬਤ ਤੀਕ ਜਾ ਲੱਗਦੀਆਂ ਸਨ । ‘ਬੱਕਰੇ ਦੀ ਮਾਂ ਆਖਰ ਕਦੋਂ ਤੀਕ ਖ਼ੈਰ ਮਨਾਏਗੀ’ ਅਖਾਣ ਮੂਜਬ ਅੱਜ ਜਾਂ ਕੱਲ੍ਹ ਪੰਜਾਬ ਨੇ ਵੀ ਇਨ੍ਹਾਂ ਦੇ ਅਧਿਕਾਰ ਹੇਠ ਆਉਣਾ ਹੀ ਆਉਣਾ ਸੀ । ਫ਼ਿਰੰਗੀ ਬੜੀ ਦੇਰ ਤੋਂ ਪੰਜਾਬ ਵੱਲ ਨਜ਼ਰਾਂ ਲਗਾਈ ਬੈਠੇ ਸਨ ਅਤੇ ਉਨ੍ਹਾਂ ਦੀਆਂ ਚਾਲਾਂ, ਸਾਜ਼ਿਸ਼ਾਂ ਤੇ ਗੰਢ-ਤੁੱਪ ਕਰਨ ਦੀਆਂ ਨੀਤੀਆਂ ਲਗਾਤਾਰ ਜਾਰੀ ਸਨ । ਮਹਾਰਾਣੀ ਜਿੰਦਾਂ ਨੂੰ ਐਵੇਂ ਅਫ਼ਵਾਹਾਂ ਨੇ ਹੀ ਬਦਨਾਮ ਕਰ ਦਿੱਤਾ, ਵਰਨਾ ਜੇਕਰ ਇਸਦੇ ਭਰਾ ਜਵਾਹਰ ਸਿੰਘ ਦਾ ਕਤਲ ਨਾ ਵੀ ਹੁੰਦਾ, ਸ਼ਾਹ ਮੁਹੰਮਦ ਦੇ ਲਿਖਣ ਮੂਜਬ ਜੋ ਇਸ ਨੇ ਰੋ-ਰੋ ਕੇ ਕੀਰਨੇ ਪਾਏ, ਬਦਲਾ ਲੈਣ ਦੇ ਦਾਹਵੇ ਕੀਤੇ ਅਤੇ ਫ਼ਿਰੰਗੀ ਨੂੰ ਚੜਾ ਲਿਆਉਣ ਦੀਆਂ ਗੱਲਾਂ ਕੀਤੀਆਂ- ਅਜਿਹਾ ਕੁਝ ਨਾ ਵੀ ਕਰਦੀ, ਤਦ ਵੀ ਪੰਜਾਬ ਦਾ ਰਾਜ-ਭਾਗ ਸਿੱਖਾਂ ਦੇ ਹੱਥੋਂ ਖੁੱਸਣਾ ਹੀ ਖੁੱਸਣਾ ਸੀ। ਕਿਉਂਕਿ ਸਿੱਖ ਰਾਜ ਰੂਪੀ ਦਰਖ਼ਤ ਨੂੰ ਪਹਾੜੀਏ ਤੇ ਪੂਰਬੀਏ ਅੰਦਰੋ-ਅੰਦਰੀਂ ਘੁਣ ਵਾਂਗ ਖੋਖਲਾ ਕਰੀ ਜਾ ਰਹੇ ਸਨ, ਸਿੱਖ ਸਰਦਾਰਾਂ ਦੀ ਆਪੋ-ਧਾਪੀ ਤੇ ਬੁਰਛਾ-ਗਰਦੀ ਵੱਖਰਾ ਇਸ ਦੀਆਂ ਜੜ੍ਹਾਂ ਵਿਚ ਤੇਲ ਦੇ ਰਹੀ ਸੀ। ਇਸ ਲਈ ਜੇਕਰ ਮਹਾਰਾਣੀ ਜਿੰਦਾਂ ਇਸ ਦਰਖ਼ਤ ਨੂੰ ਹਲੂਣਾ ਦੇਣ ਦਾ ਆਹਰ ਨਾ ਵੀ ਕਰਦੀ, ਜਿਹਾ ਕਿ ਸ਼ਾਹ ਮੁਹੰਮਦ ਨੇ ਕਿਹਾ ਹੈ, ਫਿਰ ਵੀ ਇਸ ਦਰਖ਼ਤ ਨੇ ਆਵੱਸ਼ ਡਿੱਗਣਾ ਸੀ, ਸਿਰਫ਼ ਸਾਲ-ਛੇ ਮਹੀਨੇ ਦਾ ਅੱਗਾ-ਪਿੱਛਾ ਹੀ ਹੋਣਾ ਸੀ।

ਸਿੱਖਾਂ ਤੇ ਅੰਗਰੇਜ਼ਾਂ ਦਾ ਪਹਿਲਾ ਯੁੱਧ, ਜਿਸ ਦੇ ਛੇੜਨ ਦਾ ਮੁੱਖ ਦੋਸ਼ ਮਹਾਰਾਣੀ ਜਿੰਦਾਂ ਦੇ ਸਿਰ ਆਇਦ ਕੀਤਾ ਜਾਂਦਾ ਹੈ, ਬਾਰੇ ਮੈਕਗ੍ਰੇਗਰ ਲਿਖਦਾ ਹੈ ਕਿ ਮਹਾਰਾਣੀ सिंर बैव टिव ललाटी ढेइत रे स्वॅिप मी (The History of the Sikhs, Vol II, W.L.M. Gregor, 1846, p.39) घावरी ग्गी वॉल चिठीभां री, गैर्भिट ਦੇ ਸਾਰੇ ਕਾਗਜ਼ ਤੇ ਸਮਕਾਲੀ ਇਤਿਹਾਸ ਫੋਲ ਵੇਖੋ, ਇਸ ਮਤਲਬ ਦੀ ਰਾਣੀ ਦੀ ਕੋਈ ਚਿੱਠੀ ਨਹੀਂ ਮਿਲਦੀ। ਹਾਂ—ਲਾਲ ਸਿੰਘ, ਤੇਜਾ ਸਿੰਘ ਤੇ ਗੁਲਾਬ ਸਿੰਘ ਦੀਆਂ ਚਿੱਠੀਆਂ ਜ਼ਰੂਰ ਮਿਲਦੀਆਂ ਹਨ। ਬੇੜੀਆਂ ਦਾ ਪੁਲ ਤੋੜਨ, ਬਾਰੂਦ ਦੀਆਂ ਭਰੀਆਂ ਬੇੜੀਆਂ ਦਰਿਆ ਵਿਚ ਡੋਬਣ ਅਤੇ ਬਾਕੀ ਪੇਟੀਆਂ ਵਿਚ ਬਾਰੂਦ ਦੀ ਥਾਂ ਸਰ੍ਹੋਂ ਭਰਨ ਦੀ ਕਰਤੂਤ ਵੀ ਤੇਜਾ ਸਿੰਘ ਦੀ ਸੀ। ਰਾਣੀ ਜਿੰਦ ਕੌਰ ਸਿਰ ਇਹ ਦੂਸ਼ਣ ਸਿਰਫ਼ ਏਸ ਲਈ ਮੜ੍ਹਿਆ ਗਿਆ ਕਿ ਆਮ ਜਨਤਾ ਲਾਲ ਸਿੰਘ, ਤੇਜਾ ਸਿੰਘ, ਗੁਲਾਬ ਸਿੰਘ ਆਦਿ ਦੀਆਂ ਖੋਟੀਆਂ ਚਾਲਾਂ ਨੂੰ ਨਾ ਸਮਝ ਸਕੇ ।

(ਗਿ. ਸੋਹਣ ਸਿੰਘ ਸੀਤਲ, ‘ਸਿੱਖ ਰਾਜ ਕਿਵੇਂ ਗਿਆ’, ਪੰਨਾ 172) ਮਹਾਰਾਣੀ ਜਿੰਦਾਂ ਇਕ ‘ਮਹਾਨ ਦੇਸ਼ਭਗਤ’ (ਗਿ. ਪ੍ਰਤਾਪ ਸਿੰਘ, ‘ਸਿੱਖ ਇਤਿਹਾਸਕ ਲੈਕਚਰ’, ਪੰਨਾ 496), ‘ਸ਼ੇਰ ਦੀ ਬੱਚੀ’ (ਸੰਤ ਸਿੰਘ ਸੇਖੋਂ, ‘ਮੁਇਆਂ ਸਾਰ ਨ ਕਾਈ’) ਅਤੇ ‘ਮਰਦਾਂ ਜਿਹੀ ਦਲੇਰੀ ਰੱਖਣ ਵਾਲੀ ਔਰਤ’ (ਸਿਮਰਨ ਕੌਰ, ‘ਪ੍ਰਮੁਖ ਸਿੱਖ ਸ਼ਖਸੀਅਤਾਂ’, ਪੰਨਾ 181) ਸੀ । ਹਿੰਦੁਸਤਾਨ ਦੇ ਗਵਰਨਰ-ਜਨਰਲ ਲਾਰਡ ਐਲਨ ਬਰੋਅ ਨੇ ਡਿਊਕ ਆਫ਼ ਵਲਿੰਗਟਨ ਨੂੰ 20 ਨਵੰਬਰ, 1863 ਦੀ ਲਿਖੀ ਚਿੱਠੀ ਵਿਚ ਵੀ ਲਿਖਿਆ ਸੀ ਕਿ ਬਾਲਕ ਦਲੀਪ ਸਿੰਘ ਦੀ ਮਾਂ ਮਰਦਾਂ ਵਾਲੀ ਦਲੇਰੀ ਰੱਖਣ ਵਾਲੀ ਔਰਤ ਹੈ ।

ਬੜੇ ਅਫ਼ਸੋਸ ਦੀ ਗੱਲ ਹੈ ਕਿ ਕੁਝ ਲੇਖਕ ਤੇ ਵਿਦਵਾਨ ਸਿੱਖ ਇਤਿਹਾਸ ਬਾਰੇ ਹਮੇਸ਼ਾਂ ਭੁਲੇਖੇ ਪਾਉਂਦੇ ਰਹਿੰਦੇ ਹਨ ਤਾ ਕਿ ਸਿੱਖਾਂ ਦੇ ਨਾਲ-ਨਾਲ ਸਮੁੱਚੀ ਪੰਜਾਬੀ ਕੌਮ ਬਦਨਾਮ ਹੋਵੇ ਅਤੇ ਇਸ ਤੋਂ ਉਨ੍ਹਾਂ ਲੇਖਕਾਂ ਤੇ ਪੱਤਰਕਾਰਾਂ ਨੂੰ ਰਾਤੋ- ਰਾਤ ਭਾਰੀ ਸ਼ੋਹਰਤ ਤੇ ਪ੍ਰਸਿੱਧੀ ਮਿਲ ਸਕੇ, ਉਘੇ ਬੁੱਧੀਜੀਵੀਆਂ ਵਿਚ ਉਨ੍ਹਾਂ ਦਾ ਸ਼ੁਮਾਰ ਹੋ ਸਕੇ ਅਤੇ ਇਸਦੇ ਨਾਲ ਹੀ ਉਨ੍ਹਾਂ ਦੀਆਂ ਜਾਤੀ ਗ਼ਰਜ਼ਾਂ ਨੂੰ ਲਾਭ ਪੁੱਜ ਸਕੇ । ਅਜਿਹਾ ਕਰਨ ਵਿਚ ਉਨ੍ਹਾਂ ਦੀ ਕੋਈ ਨਿੱਜੀ ਮਜ਼ਬੂਰੀ ਵੀ ਹੋ ਸਕਦੀ ਹੈ ਅਤੇ ਸਿੱਖ ਇਤਿਹਾਸ ਤੋਂ ਨਾਵਾਕਫ਼ੀ ਵੀ। ਸਮੇਂ-ਸਮੇਂ ਇਨ੍ਹਾਂ ਕਥਿਤ ਵਿਦਵਾਨਾਂ ਦੀਆਂ ਨਿਰਾਲੀਆਂ ਅਤੇ ਮਨਘੜਤ ਖੋਜਾਂ ਬਾਰੇ ਸੋਧਾਂ ਵੀ ਪੜ੍ਹਨ ਨੂੰ ਮਿਲਦੀਆਂ ਰਹਿੰਦੀਆਂ ਹਨ । ਮਿਸਾਲ ਵਜੋਂ ਉਘੇ ਇਤਿਹਾਸਕਾਰ ਸ: ਸ਼ਮਸ਼ੇਰ ਸਿੰਘ ਅਸ਼ੋਕ ‘ਸਿੱਖ ਇਤਿਹਾਸ ਬਾਰੇ ਪਾਏ ਜਾ ਰਹੇ ਭੁਲੇਖੇ-ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਣੀ ਜਿੰਦ ਕੌਰ’ ਲੇਖ ਵਿੱਚ ਲਿਖਦੇ ਹਨ-

“ਜੱਬਲਪੁਰ (ਮੱਧ ਪ੍ਰਦੇਸ਼) ਦੇ ਹਿੰਦੀ ਪੱਤਰ ‘ਨਵੀਨ ਦੁਨੀਆ’ (17 ਸਤੰਬਰ 1980) ਦੇ ਅੰਕ ਵਿੱਚ ‘ਪੰਜਾਬ ਕੇਸਰੀ ਰਣਜੀਤ ਸਿੰਘ ਪ੍ਰਿਯਤਮਾ ਰਾਣੀ ਜਿੰਦਨ’ ਸਿਰਲੇਖ ਹੇਠ ਜਗਦੀਸ਼ ਪਾਂਡੇਯ ਨਾਮੀ ਗੈਰ-ਮਸ਼ਹੂਰ ਲੇਖਕ ਨੇ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਕਾਇਮ ਹੋਏ ਸਿੱਖ ਰਾਜ, ਮਹਾਰਾਜੇ ਦੀ ਰਾਣੀ ਜਿੰਦ ਕੌਰ ਅਤੇ ਸਿੱਖ ਰਾਜ ਦੇ ਤਤਕਾਲੀਨ ਪ੍ਰਧਾਨ ਮੰਤਰੀ ਗੁਲਾਬ ਸਿੰਘ ਨੂੰ ਕੁਝ ਗਲਤ-ਮਲਤ ਲਿਖਤਾਂ ਦੇ ਅਧਾਰ ‘ਤੇ ਪਾਣੀ ਪੀ-ਪੀ ਕੇ ਕੋਸਿਆ ਤੇ ਉਨ੍ਹਾਂ ਬਾਰੇ ਜ਼ਮੀਨ-ਅਸਮਾਨ ਦੇ ਕਲਾਵੇ ਮੇਲ ਕੇ ਅਨੇਕਾਂ ਗਲਤ ਬਿਆਨੀਆਂ ਕੀਤੀਆਂ ਹਨ।…..

…….ਸਭ ਤੋਂ ਪਹਿਲਾਂ ਵਿਦਵਾਨ ਲੇਖਕ ਨੂੰ ਇਹ ਨਹੀਂ ਪਤਾ ਕਿ ਜਿਸ ਸਿੱਖ ਇਤਿਹਾਸਿਕ ਸ਼ਖਸੀਅਤ ਬਾਰੇ ਉਹ ਟੀਕਾ-ਟਿਪਣੀ ਕਰਨ ਲੱਗਾ ਹੈ, ਉਸਦਾ ਨਾਮ ਕਿਵੇਂ ਲਿਖਣਾ ਹੈ ? ਮਹਾਰਾਣੀ ਜਿੰਦਾਂ ਨੂੰ ਆਪਣੀ ਸਾਰੀ ਲਿਖਤ ਵਿਚ ਅੰਗਰੇਜ਼ੀ ਵਿਚ ਲਿਖੇ ਜਾਂਦੇ JINDAN ਅਨੁਸਾਰ ‘ਜਿੰਦਨ’ ਹੀ ਲਿਖਿਆ ਹੈ। ਦੂਸਰੇ ਇਸ ਲੇਖ ਵਿਚ ਰਾਣੀ ਜਿੰਦਾਂ ਨੂੰ ਇਕ ਮਾਮੂਲੀ ਜਿਹੀ ਚਾਲਾਕ ਨਰਤਕੀ (Dancing Girl) ਦੱਸਿਆ ਹੈ, ਜੋ ਉੱਕਾ ਹੀ ਗਲਤ ਹੈ। ਰਾਣੀ ਜਿੰਦਾਂ ਦਾ ਪਿਤਾ ਸ: ਮੰਨਾ ਸਿੰਘ ਇਕ ਪਤਵੰਤਾ ਜੱਟ ਸਿੱਖ ਸੀ ਅਤੇ ਮਹਾਰਾਜੇ ਦੀ ਫੌਜ ਵਿੱਚ ਇਕ ਅਹਿਮ ਪਦਵੀ ਉਤੇ ਤੈਨਾਤ ਸੀ। ਮਹਾਰਾਜੇ ਦੇ ਕਾਰਿੰਦੇ ਉਸ ਸਮੇਂ ਸਰਦਾਰਾਂ ਵਾਲੀ ਸ਼ਾਨ ਨਾਲ ਰਹਿੰਦੇ ਅਤੇ ਬੜੀ ਇੱਜ਼ਤ ਦੀ ਜ਼ਿੰਦਗੀ ਗੁਜ਼ਾਰਦੇ ਸਨ। ਇਸ ਲਈ ਇਕ ਪਤਵੰਤੇ ਸਰਦਾਰ ਦੀ ਧੀ ਰਾਣੀ ਜਿੰਦ ਕੌਰ ਦਾ ਨਰਤਕੀ ਜਾਂ ਡਾਨਸਿੰਗ ਗਰਲ ਹੋਣਾ ਕੋਈ ਮਾਅਨੇ ਨਹੀਂ ਰੱਖਦਾ, ਕਿਉਂਕਿ ਉਸ ਸਮੇਂ ਜੱਟ ਸਿੱਖ ਚੰਗੇ ਸਰਦਾਰ ਹੋਣ ਦੀ ਹੈਸੀਅਤ ਵਿਚ ਕਦੇ ਆਪਣੀਆਂ ਲੜਕੀਆਂ ਨੂੰ ਨਰਤਕੀਆਂ ਜਾਂ ਡਾਨਸਿੰਗ ਗਰਲਜ਼ ਨਹੀਂ ਸਨ ਬਣਨ ਦਿੰਦੇ । ਜੱਟ ਸਿੱਖ ਉਦੋਂ ਇਸ ਕਿੱਤੇ ਨੂੰ ਘਿਰਣਾ ਦੀ ਨਜ਼ਰ ਨਾਲ ਵੇਖਦੇ ਸਨ।”

(ਗੁਰਦੁਆਰਾ ਗਜ਼ਟ,ਅਕਤੂਬਰ 1980, ਪੰਨਾ 26) ਸੰਨ 1839 ਵਿਚ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਬਾਅਦ ਉਹਨਾਂ ਦੀ ਚਿਤਾ ਵਿਚ ਗਿਆਰਾਂ ਰਾਣੀਆਂ ਦੇ ਸਤੀ ਹੋਣ ਦਾ ਜ਼ਿਕਰ ਕਰਦੇ ਹੋਏ ਜਗਦੀਸ਼ ਪਾਂਡੇਯ ਰਾਣੀ ਜਿੰਦਾਂ ਬਾਰੇ ਲਿਖਦੇ ਹਨ ਕਿ ‘ਉਹ ਪ੍ਰਮੁੱਖ ਰਾਣੀ ਸੀ ਜੋ ਚਿਤਾ ਸੇ ਬਚ ਕਰ ਇਤਿਹਾਸ ਮੇਂ ਬਸ ਗਈ ।’—ਜਦ ਕਿ ਅਸਲੀਅਤ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੱਟ ਸਿੱਖ ਸੀ, ਰਾਜਪੂਤ ਨਹੀਂ ਸੀ। ਜੋ ਰਾਣੀਆਂ ਉਸਦੇ ਮਿਰਤਕ ਸਰੀਰ ਨਾਲ ਸਤੀ ਹੋਈਆਂ, ਉਹ ਸਾਰੀਆਂ ਹੀ ਰਾਜਪੂਤ ਸਨ। ਉਹਨਾਂ ਵਿਚ ਜੱਟ ਜਾਂ ਮੁਸਲਿਮ ਰਾਣੀ ਕੋਈ ਨਹੀਂ ਸੀ । ਰਾਣੀ ਜਿੰਦ ਕੌਰ ਚੂੰਕਿ ਜਾਤ ਦੀ ਜੱਟ ਸੀ, ਇਸੇ ਕਾਰਣ ਉਹ ਸਤੀ ਨਾ ਹੋਈ । ਨਾਲੇ ਉਹ ਪ੍ਰਮੁੱਖ ਰਾਣੀ ਨਹੀਂ ਸੀ, ਹਾਂ ਛੋਟੀ ਰਾਣੀ ਆਵੱਸ਼ ਸੀ ।

ਇਸ ਦੇ ਨਾਲ ਹੀ ਪਾਂਡੇਯ ਹੋਰਾਂ ਦਾ ਕਥਨ ਹੈ ਕਿ ਰਾਣੀ ਜਿੰਦਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦਾ ਉਤਨਾ ਗ਼ਮ ਨਹੀਂ ਸੀ, ਉਸ ਨੂੰ ਚਿੰਤਾ ਸ਼ਾਸਨ ਦੀ ਵਾਗ-ਡੋਰ ਨੂੰ ਆਪਣੇ ਹੱਥ ਵਿਚ ਰੱਖਣ ਦੀ ਸੀ ।-ਇਸ ਦੇ ਉੱਤਰ ਵਿਚ ਅਸ਼ੋਕ ਜੀ ਦਾ ਕਹਿਣਾ ਹੈ ਕਿ ‘ਸ਼ੇਰੇ-ਪੰਜਾਬ ਦੀ ਮੌਤ ਸਮੇਂ ਉਹਨਾਂ ਦਾ ਵੱਡਾ ਪੁੱਤਰ ਖੜਕ ਸਿੰਘ, ਪੋਤਰਾ ਨੌਨਿਹਾਲ ਸਿੰਘ ਤੇ ਕੰਵਰ ਸ਼ੇਰ ਸਿੰਘ ਮੌਜੂਦ ਸਨ, ਫਿਰ ਉਹਨਾਂ ਦੀ ਮੌਜੂਦਗੀ ਵਿਚ ਰਾਣੀ ਜਿੰਦਾਂ ਆਪਣੇ ਹੱਥਾਂ ਵਿਚ ਹਕੂਮਤ ਕਿਵੇਂ ਲੈ ਸਕਦੀ ਸੀ ? ਉਸ ਤੋਂ ਪੰਜ ਵਰ੍ਹੇ ਪਿਛੋਂ ਸੰਨ 1843 ਵਿਚ ਜਦੋਂ ਮਹਾਰਾਜਾ ਸ਼ੇਰ ਸਿੰਘ ਮਾਰਿਆ ਗਿਆ ਤਾਂ ਮਹਾਰਾਣੀ ਜਿੰਦਾਂ ਦੇ ਪੁੱਤਰ ਦਲੀਪ ਸਿੰਘ ਨੂੰ ਗੱਦੀ ਮਿਲੀ, ਜਿਸ ਕਰਕੇ ਹਕੂਮਤ ਦੀ ਵਾਗ-ਡੋਰ ਉਸਦੇ ਹੱਥ ਆ ਗਈ। ਇਸ ਤੋਂ ਪਹਿਲਾਂ ਹਕੂਮਤ ਦੀ ਵਾਗ-ਡੋਰ ਕਿਸੇ ਸੂਰਤ ਵਿਚ ਵੀ ਉਸਦੇ ਹੱਥ ਨਹੀਂ ਸੀ ਆ ਸਕਦੀ । ਇਸ ਲਈ ਸ਼ੇਰੇ-ਪੰਜਾਬ ਦੀ ਮੌਤ ਸਮੇਂ ਰਾਣੀ ਜਿੰਦ ਕੌਰ ਬਾਰੇ ਇਹ ਲਿਖਣਾ ਕਿ ਸਿੱਖ ਹਕੂਮਤ ਸਾਂਭਣ ਲਈ ਆਪਣੇ ਵਿਚਾਰਾਂ ਵਿੱਚ ਡੁੱਬੀ ਹੋਈ ਸੀ—ਉਕਾ ਹੀ ਬੇਬੁਨਿਆਦ ਹੈ।

ਰਾਣੀ ਜਿੰਦਾਂ ‘ਤੇ ਇਹ ਵੀ ਦੋਸ਼ ਹੈ ਕਿ ਉਹ ਰਾਜਾ ਲਾਲ ਸਿੰਘ ਦੇ ਨਾਲ ਪ੍ਰੇਮ-ਲੀਲਾ ਰਚਾਉਂਦੀ ਰਹੀ ਤੇ ਰਾਜਾ ਲਾਲ ਸਿੰਘ ਉਸ ਨੂੰ ਬੇਗਮ ਨੂਰ ਜਹਾਨ ਤੋਂ ਵੀ ਵੱਧ ਸਮਝਦਾ ਸੀ । ਅਸ਼ੋਕ ਹੁਰਾਂ ਦਾ ਮੱਤ ਹੈ ਕਿ ਇਹ ਅਤੇ ਅਜਿਹੇ ਹੋਰ ਸਾਰੇ ਦੇ ਸਾਰੇ ਦੋਸ਼ ਰਾਣੀ ਜਿੰਦ ਕੌਰ ਉਤੇ ਅੰਗਰੇਜ਼ਾਂ ਨੇ ਲਗਾਏ ਸਨ, ਤਾਂ ਜੋ ਉਸ ਨੂੰ ਨਾ ਕੇਵਲ ਪੰਜਾਬ ਵਿਚ ਹੀ, ਸਗੋਂ ਸਾਰੇ ਸੰਸਾਰ ਵਿਚ ਬਦਨਾਮ ਕਰਕੇ ਪੰਜਾਬ ਦਾ ਰਾਜ-ਭਾਗ ਹੜੱਪ ਕਰ ਲਿਆ ਜਾਵੇ । ਇਹ ਦੋਸ਼ ਉਹ ਇਸ ਕਰਕੇ ਵੀ ਲਾਉਂਦੇ ਸਨ ਕਿ ਰਾਣੀ ਜਿੰਦ ਕੌਰ ਬੜੀ ਚਤੁਰ ਤੇ ਦੂਰ-ਅੰਦੇਸ਼ ਸੀ । ਉਹ ਆਪਣਾ ਸਾਰਾ ਰਾਜ-ਭਾਗ ਕਾਬੂ ਕਰਕੇ ਪੰਜਾਬ ‘ਚੋਂ ਅੰਗਰੇਜ਼ਾਂ ਦੇ ਕਦਮ ਉਖਾੜ ਦੇਣ ਦੀ ਚਾਹਵਾਨ ਸੀ । ਬੱਸ ਇਸੇ ਕਾਰਨ ਸਰਕਾਰ ਅੰਗਰੇਜ਼ੀ ਵਲੋਂ ਰਾਣੀ ਜਿੰਦ ਕੌਰ ਇਸ ਉਜ ਦਾ ਨਿਸ਼ਾਨਾ ਬਣਾਈ ਗਈ । (ਉਹੀ, ਪੰਨਾ 28-29)

ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੇ ਰਾਜ ਕਰਮਚਾਰੀ, ਜਿਨ੍ਹਾਂ ਦੀ ਨੀਤੀ ਕਈ ਵਿੰਗੇ-ਟੇਢੇ ਤਰੀਕੇ ਵਰਤ ਕੇ ਪੰਜਾਬ ਉਤੇ ਕਬਜ਼ਾ ਕਰਨ ਦੀ ਸੀ, ਪੰਜਾਬ ਦੇ ਲੋਕਾਂ ਨੂੰ ਬੜੀ ਗਹਿਰੀ ਨਜ਼ਰ ਨਾਲ ਵੇਖਦੇ ਤੇ ਖਾਸ ਕਰਕੇ ਸ਼ੇਰੇ-ਪੰਜਾਬ ਦੇ ਪਰਿਵਾਰ ਨੂੰ ਹਰ ਪਹਿਲੂ ਤੋਂ ਬੁਰੀ ਤਰ੍ਹਾਂ ਭੰਡਦੇ ਸਨ। ਅੰਗਰੇਜ਼ਾਂ ਦੀ ਇਸ ਕੁਟਲ ਨੀਤੀ ਨੂੰ ਸਪਸ਼ਟ ਕਰਦੇ ਹੋਏ ਅਸ਼ੋਕ ਜੀ ਉਪਰੋਕਤ ਲੇਖ ਵਿਚ ਅੱਗੇ ਜ਼ਿਕਰ ਕਰਦੇ ਹਨ ਕਿ ‘ਖ਼ਾਲਸਾ ਦਰਬਾਰ ਲਾਹੌਰ ਦੇ ਰਾਜ ਕਰਮਚਾਰੀਆਂ ਵਿਚ ਫੁੱਟ ਪਾਉਣੀ ਅਤੇ ਮਹਾਰਾਜੇ ਦੇ ਖਾਨਦਾਨ ਨੂੰ ਕਈ ਪ੍ਰਕਾਰ ਦੇ ਭੈੜੇ ਤੋਂ ਭੈੜੇ ਦੂਸ਼ਣ ਲਾ ਕੇ ਨਿੰਦਣਾ ਅੰਗਰੇਜ਼ਾਂ ਦੇ ਸੱਜੇ ਹੱਥ ਦਾ ਕੰਮ ਸੀ, ਜਿਸ ਦੇ ਨਤੀਜੇ ਵਜੋਂ ਅੰਗਰੇਜ਼ ਲੇਖਕਾਂ ਦੀਆਂ ਨਜ਼ਰਾਂ ਵਿਚ ਕੰਵਰ ਖੜਕ ਸਿੰਘ ਤੋਂ ਬਿਨਾਂ ਸ਼ੇਰੇ-ਪੰਜਾਬ ਦੀ ਸਾਰੀ ਹੀ ਸੰਤਾਨ ਉਸ ਦੀ ਆਪਣੀ ਅੰਸ ਨਹੀਂ ਸੀ । ਇਸ ਦਾ ਸਾਰ ਮਤਲਬ ਇਹੋ ਸੀ .ਕਿ ਉਹ ਕੰਵਰ ਖੜਕ ਸਿੰਘ ਤੇ ਉਸ ਦੇ ਪੁੱਤਰ ਨੌਨਿਹਾਲ ਸਿੰਘ ਤੋਂ ਬਾਅਦ ਹੋਰ ਕਿਸੇ ਨੂੰ ਸਿੱਖ ਰਾਜ ਦੀ ਗੱਦੀ ਦਾ ਹੱਕਦਾਰ ਸਾਬਤ ਹੋਣ ਦੇਣਾਂ ਨਹੀਂ ਚਾਹੁੰਦੇ ਸਨ।….

ਬਰਤਾਨਵੀ ਈਸਟ ਇੰਡੀਆ ਕੰਪਨੀ ਦੇ ਅੰਗਰੇਜ਼ ਹਾਕਮ ਚੂੰਕਿ ਇਸ ਤਹਿਰੀਕ ਦੇ ਬਾਨੀ ਮੁਬਾਨੀ ਸਨ, ਇਸ ਲਈ ਉਹਨਾਂ ਨੇ ਹੀ ਸ਼ੇਰੇ-ਪੰਜਾਬ ਦੀ ਰਾਣੀ ਜਿੰਦ ਕੌਰ ਅਥਵਾ ਰਾਣੀ ਜਿੰਦਾਂ ਨੂੰ ਸਾਧਾਰਣ ਨਰਤਕੀ (ਦਾਸੀ) ਦੱਸ ਕੇ ਉਸਦੇ ਪੁੱਤਰ ਦਲੀਪ ਸਿੰਘ ਨੂੰ ਦੱਤਕ ਪੁੱਤਰ ਆਖ ਕੇ ਅਤੇ ਰਾਜਾ ਲਾਲ ਸਿੰਘ ਮਿਸ਼ਰ ਵਜ਼ੀਰ-ਆਲਾ ਨੂੰ ਰਾਣੀ ਜਿੰਦਾਂ ਦਾ ਪ੍ਰੇਮੀ ਦੱਸ ਕੇ ਭੰਡਿਆ, ਤਾ ਕਿ ਪੰਜਾਬੀ ਜਨਤਾ ਦੀ ਹਮਦਰਦੀ ਉਹਨਾਂ ਵਲੋਂ ਹਟੇ ਅਤੇ ਪੰਜਾਬ ਆਪਣੀ ਅਜ਼ਾਦੀ ਗਵਾ ਕੇ ਸਿੱਧਾ ਅੰਗਰੇਜ਼ੀ ਹਕੂਮਤ ਦੇ ਕਬਜ਼ੇ ਵਿਚ ਚਲਾ ਜਾਵੇ । ਇਸੇ ਕਾਰਣ ਸੰਨ 1845-46 ਵਿਚ ਸਤਲੁਜ ਦੇ ਕੰਢੇ ਹੋਈ ਸਿੱਖਾਂ ਤੇ ਅੰਗਰੇਜ਼ਾਂ ਦੀ ਲੜਾਈ ਤੋਂ ਬਾਅਦ ਅੰਗਰੇਜ਼ੀ ਹਕੂਮਤ ਨੇ ਜੰਮੂ ਦੇ ਡੋਗਰਿਆਂ ਦੀ ਮਦਦ ਨਾਲ ਪੰਜਾਬ ਵਿਚ ਆਪਣੇ ਪੈਰ ਜਮਾਉਣੇ ਸ਼ੁਰੂ ਕੀਤੇ । ਦਰਬਾਰ ਲਾਹੌਰ ਤੋਂ ਲੱਕ-ਤੋੜਵਾਂ ਜੰਗੀ ਤਾਵਾਨ ਵਸੂਲ ਕਰਕੇ ਜੰਮੂ ਤੇ ਕਸ਼ਮੀਰ ਦਾ ਰਾਜ ਪੰਜਾਬ ਤੋਂ ਵੱਖ ਕਰਕੇ ਨਮਕ-ਹਰਾਮ ਰਾਜਾ ਗੁਲਾਬ ਸਿੰਘ ਨੂੰ ਦਿੱਤਾ ਗਿਆ ਤੇ ਲਾਹੌਰ ਵਿਚ ਅੰਗਰੇਜ਼ੀ ਰੈਜ਼ੀਡੈਂਸੀ ਕਾਇਮ ਹੋਣ ‘ਤੇ ਪਹਿਲਾਂ ਰਾਜਾ ਲਾਲ ਸਿੰਘ ਤੇ ਰਾਣੀ ਜਿੰਦ ਕੌਰ ਨੂੰ ਦੇਸ ਨਿਕਾਲਾ ਦਿੱਤਾ ਗਿਆ। ਰਾਜਾ ਗੁਲਾਬ ਸਿੰਘ ਜੰਮੂ ਆਦਿ ਦੀ ਸਾਜ਼ਿਸ਼ ਨਾਲ ਹੀ ਸਿੱਖਾਂ ਤੇ ਅੰਗਰੇਜ਼ਾਂ ਦੀ ਪਹਿਲੀ ਲੜਾਈ ਹੋਈ ਸੀ ਅਤੇ ਫੇਰ ਉਸੇ ਸਾਜ਼ਿਸ਼ ਅਧੀਨ ਹੀ ਸਿੱਖ ਰਾਜ ਦਾ ਰਹਿੰਦਾ- ਖੂੰਹਦਾ ਵਕਾਰ ਖੋਹਣ ਲਈ ਸੰਨ 1848-49 ਈਸਵੀ ਦੀ ਦੂਜੀ ਲੜਾਈ ਰਾਮ ਨਗਰ, ਚਿਲੀਆਂ ਵਾਲਾ, ਗੁਜਰਾਤ ਆਦਿ ਥਾਈਂ ਹੋਈ, ਜਿਸਦੇ ਨਤੀਜੇ ਵਜੋਂ ਸਮੁੱਚੇ ਪੰਜਾਬ ਉਤੇ ਅੰਗਰੇਜ਼ੀ ਅਧਿਕਾਰ ਕਾਇਮ ਹੋ ਗਿਆ ਤੇ 12 ਸਾਲ ਦੇ ਨਿਰਦੋਸ਼ ਬਾਲਕ ਮਹਾਰਾਜਾ ਦਲੀਪ ਸਿੰਘ ਨੂੰ ਸੰਨ 1849 ਵਿਚ ਦੇਸ-ਨਿਕਾਲਾ ਦੇ ਕੇ ਦਰਿਆ ਜਮੁਨਾ ਤੋਂ ਪਾਰ ਫ਼ਤਿਹਗੜ੍ਹ ਭੇਜ ਦਿੱਤਾ ਗਿਆ। (ਉਹੀ, ਪੰਨਾ 27)

ਫੌਜ ਦੀ ਭੂਮਿਕਾ

ਕਿਸੇ ਦੇਸ਼ ਜਾਂ ਰਾਸ਼ਟਰ ਦੀ ਆਜ਼ਾਦੀ ਵਧੇਰੇ ਕਰਕੇ ਉਸਦੀ ਫੌਜੀ ਤਾਕਤ ਉਤੇ ਨਿਰਭਰ ਹੋਇਆ ਕਰਦੀ ਹੈ। ਜੇਕਰ ਫੌਜ ਹਰ ਪੱਖ ਤੋਂ ਤਿਆਰ-ਬਰ-ਤਿਆਰ ਭਾਵ ਟਰੇਂਡ ਹੈ, ਉਸ ਪਾਸ ਨਵੀਨਤਮ ਹਥਿਆਰ ਹਨ, ਉਸ ਦੇ ਹੌਸਲੇ ਬੁਲੰਦ ਹਨ, ਰਾਜ ਪ੍ਰਤੀ ਪੂਰੀ ਤਰ੍ਹਾਂ ਵਫ਼ਾਦਾਰ ਹੈ ਤਾਂ ਮੌਕਾ ਪੈਣ ਉਤੇ ਉਹ ਕਦੀ ਵੀ ਮੈਦਾਨ ਛੱਡ ਕੇ ਭੱਜੇਗੀ ਨਹੀਂ, ਪੁਰਜ਼ਾ-ਪੁਰਜ਼ਾ ਹੋ ਕੇ ਜੂਝ ਬੇਸ਼ਕ ਜਾਵੇਗੀ, ਜਿਵੇਂ

ਭਗਤ ਕਬੀਰ ਜੀ ਦਾ ਬੜਾ ਮਹੱਤਵ-ਪੂਰਨ ਫ਼ੁਰਮਾਨ ਹੈ—

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਓ।

ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤੁ।

ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1105)

ਇਸਦੇ ਵਿਪਰੀਤ ਜੇਕਰ ਕਿਸੇ ਦੇਸ ਦੇ ਫੌਜੀਆਂ ਪਾਸ ਨਾ ਤਾਂ ਲੋੜ ਮੁਤਾਬਿਕ ਗੋਲੀ-ਸਿੱਕਾ ਹੈ, ਨਾ ਉਨ੍ਹਾਂ ਨੂੰ ਆਧੁਨਿਕ ਹਥਿਆਰ ਚਲਾਉਣ ਦੀ ਜਾਚ ਹੈ, ਨਾ ਰਵਾਇਤੀ ਹਥਿਆਰ ਚਲਾਉਣ ਦੀ ਹਿੰਮਤ ਜਾਂ ਦਲੇਰੀ ਹੀ ਹੈ, ਦਿਲ ਦੇ ਕਮਜ਼ੋਰ ਹਨ, ਰਾਜ ਪ੍ਰਤੀ ਵੀ ਵਫ਼ਾਦਾਰੀ ਦਾ ਦਮ ਨਹੀਂ ਭਰਦੇ, ਤਾਂ ਜੰਗ ਦੇ ਮਾਰੂ ਬਿਗਲ ਵੱਜਦਿਆਂ ਹੀ ਸਿਰ ‘ਤੇ ਪੈਰ ਰੱਖ ਕੇ ਮੈਦਾਨੋਂ ਭੱਜਣ ਦੀ ਕਰਦੇ ਹਨ; ਰਾਜ ਢੱਠੇ ਖੂਹ ਵਿਚ ਜਾਵੇ— ਉਨ੍ਹਾਂ ਨੂੰ ਇਸ ਦੀ ਕੋਈ ਚਿੰਤਾ ਨਹੀਂ ਹੁੰਦੀ। ਰਣ-ਖੇਤਰ ਵਿਚ ਜੂਝਣ ਵਾਲਿਆਂ ਦੀ ਵੱਖਰੀ ਹੀ ਸ਼ਾਨ ਹੁੰਦੀ ਹੈ। ਜੇਕਰ ਆਪਣੇ ਫਰਜ਼ ਨੂੰ ਨਿਭਾਉਂਦੇ ਹੋਏ ਵੀਰ-ਗਤੀ ਨੂੰ ਪ੍ਰਾਪਤ ਹੋ ਜਾਣ ਤਾਂ ‘ਸ਼ਹੀਦ’ ਦਾ ਮਾਣ-ਮੱਤਾ ਦਰਜਾ ਮਿਲਦਾ ਹੈ, ਉਨ੍ਹਾਂ ਦੇ ਸ਼ਹੀਦੀ-ਸਥਾਨ ਵੀ ਪੂਜਨੀਕ ਬਣ ਜਾਂਦੇ ਹਨ। ਤਿੰਨਾਂ ਹੀ ਲੋਕਾਂ ਵਿਚ ਸਾਰ ਚੱਬਣ ਭਾਵ ਲੋਹੇ ਨਾਲ ਲੋਹਾ ਖੜਕਾਉਣ ਵਾਲੇ ਇਨ੍ਹਾਂ ਸੂਰਮਿਆਂ ਦਾ ਭਾਰੀ ਜੱਸ ਹੁੰਦਾ ਹੈ । ‘ਸੋਢੀਆਂ ਦੀ ਵਾਰ’ ਵਿਚ ਬਹੁਤ ਸੁੰਦਰ ਲਿਖਿਆ ਹੈ—

ਸਾਰ ਚੱਬਣ ਵਿਰਲੇ ਸੂਰਮੇ, ਸਵਾਦ ਚੱਖਣ ਸੇਈ ਕਣੀ ਦਾ।

ਹੋਰ ਗੱਲਾਂ ਸਭ ਭਲੇਰੀਆਂ, ਭੇੜ ਭਿੜਨਾ ਮੁਣਸਾ ਤ੍ਰਣੀ ਦਾ।

ਜੋ ਜੂਝਣ ਸਨਮੁਖ ਬੀਰ ਖੇਤ, ਜਸੁ ਲੋਕਾਂ ਤਿਹਾਂ ਵਿਚ ਸੁਣੀਂਦਾ।

ਜਦੋਂ ਕਿ ਰਣ ‘ਚੋਂ ਭੱਜ ਕੇ ਆਉਣ ਵਾਲਾ ਕਾਇਰ ਤੇ ਬੁਜ਼ਦਿਲ ਜਿਥੇ ਆਪ ਕਿਸੇ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਰਹਿੰਦਾ, ਉਥੇ ਉਸ ਦੇ ਪ੍ਰਵਾਰ ਵਾਲਿਆਂ ਨੂੰ ਵੀ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ । ਜਿਵੇਂ ਹੇਮ ਚੰਦ੍ਰ ਸੂਰੀ ਨੇ ‘ਪ੍ਰਾਕਿਰਤ ਵਿਆਕਰਣ’ ਵਿਚ ਇਕ ਔਰਤ ਦੀ ਮਨੋ-ਦਸ਼ਾ ਬਿਆਨਦੇ ਹੋਏ ਲਿਖਿਆ ਹੈ—

‘ਭਲਾ ਹੂਆ ਜੋ ਮਾਰਿਆ, ਬਹਿਣਿ ਹਮਾਰਾ ਕੰਤ ।

ਲਜੇਜੰ ਤੇ ਵਯੰਸਿਆਹੁ, ਜਇ ਭਗਾ ਘਰ ਅੰਤੁ ।’

(ਅਰਥਾਤ—ਹੇ ਸਖੀ! ਚੰਗਾ ਹੋਇਆ ਕਿ ਮੇਰਾ ਕੰਤ ਜੰਗ ਦੇ ਮੈਦਾਨ ਵਿਚ ਮਾਰਿਆ ਗਿਆ । ਜੇਕਰ ਕਿਤੇ ਉਹ ਪਿੱਠ ਵਿਖਾ ਕੇ ਘਰ ਵਾਪਸ ਆ ਜਾਂਦਾ ਤਾਂ ਮੈਂ ਆਂਢੀਆਂ-ਗੁਆਂਢੀਆਂ ਨੂੰ ਮੂੰਹ ਵਿਖਾਉਣ ਜੋਗੀ ਵੀ ਨਹੀਂ ਸੀ ਰਹਿਣਾ ।)

ਭਾਈ ਗੁਰਦਾਸ ਜੀ ਯੋਧਿਆਂ ਦੇ ਕਰਤੱਵ ਬਿਆਨ ਕਰਦੇ ਲਿਖਦੇ ਹਨ ਕਿ ਮਾਲਕ ਦਾ ਲੂਣ ਖਾ ਕੇ ਜੋ ਸਿਪਾਹੀ ਮੈਦਾਨ ਵਿਚ ਲੜ ਕੇ ਮਰਦਾ ਹੈ, ਉਹੋ ਪ੍ਰਵਾਨ ਹੈ ਅਤੇ ਜੋ ਵੈਰੀ ਦਲਾਂ ਦੇ ਆਹੂ ਲਾਹੁੰਦਾ ਹੈ, ਉਹ ਬਹਾਦਰਾਂ ਤੋਂ ਵੀ ਬਹਾਦਰ ਗਿਣਿਆ ਜਾਂਦਾ ਹੈ—

ਲੂਣ ਸਾਹਿਬ ਦਾ ਖਾਇ ਕੈ, ਰਣ ਅੰਦਰਿ ਲੜਿ ਮਰੈ ਸੁ ਜਾਪੈ।

ਸਿਰ ਵਢੇ ਹਥੀਆਰੁ ਕਰਿ, ਵਰੀਆਮਾ ਵਰਿਆਮੁ ਸਿਞਾਪੈ।….

(ਵਾਰ 30, ਪਉੜੀ 14)

ਫੌਜੀਆਂ ਨੂੰ ਜਿਥੇ ‘ਜੂਝਿ ਮਰੋਂ ਰਨ ਮੈ ਤਜਿ ਭੈ” (ਦਸਮ ਗ੍ਰੰਥ, ਕ੍ਰਿਸ਼ਨਾਵਤਾਰ, 1901-4) ਦਾ ਸਬਕ ਸਿਖਾਇਆ ਜਾਂਦਾ ਹੈ, ‘ਜਬ ਆਵ ਕੀ ਅਉਧ ਨਿਦਾਨ ਬਨੈ, ਅਤ ਹੀ ਰਣ ਮੈ ਤਬ ਜੂਝ ਮਰੋਂ” (ਚੰਡੀ ਚਰਿਤ੍ਰ, 233-1) ਦਾ ਪਾਠ नाष्टिभा नां वै, ये ‘There is not to reason why? There is but to do or die’ (‘ਕਿੰਤੂ-ਪ੍ਰੰਤੂ ਮੂਲ ਨਾ ਕਰਨਾ । ਯੋਧੇ ਦਾ ਕੰਮ ਲੜਨਾ-ਮਰਨਾ’) ਦਾ ਕਰਤੱਵ ਵੀ ਅਮਲੀ ਰੂਪ ਵਿਚ ਦ੍ਰਿੜ ਕਰਵਾਇਆ ਜਾਂਦਾ ਹੈ ।

ਸ਼ਾਹ ਮੁਹੰਮਦ ਨੇ ਜੰਗਨਾਮੇ ਵਿਚ ਮਹਾਰਾਣੀ ਜਿੰਦਾਂ ਵਾਂਗ ਪੰਜਾਬੀ ਫੌਜ ਨੂੰ ਵੀ ਆਪਣੇ ਕ੍ਰੋਧ ਦਾ ਨਿਸ਼ਾਨਾ ਬਣਾਇਆ ਹੈ ਅਤੇ ਫੌਜ ਪ੍ਰਤੀ ਆਪਣੇ ਗ਼ਮ ਤੇ ਗੁੱਸੇ ਨੂੰ ਥਾਂ-ਥਾਂ ਵਿਆਪਕ ਪੱਧਰ ਉਤੇ ਪ੍ਰਗਟਾਇਆ ਹੈ । ਕਵੀ ਨੇ ਰਾਜ ਦੀ ਤਬਾਹੀ ਦੀ ਜ਼ਿੰਮੇਵਾਰੀ ਸਵਾਰਥੀ, ਲਾਲਚੀ, ਬੇਮੁਹਾਰੀ ਅਤੇ ਅਨੁਸ਼ਾਸਨਹੀਨ ਹੋ ਚੁੱਕੀ ਫੌਜ ਦੇ ਸਿਰ ਵੀ ਮੜ੍ਹੀ ਹੈ । ਜੰਗਨਾਮੇ ਦਾ ਪੂਰਵਾਰਧ ਤਾਂ ਲਾਹੌਰ ਦਰਬਾਰ ਦੀ ਖਾਨਾਜੰਗੀ ਅਤੇ ਸਿੰਘ ਸਰਦਾਰਾਂ ਦੀ ਆਪਸੀ ਲੜਾਈ ਨਾਲ ਹੀ ਭਰਪੂਰ ਹੈ, ਜਦੋਂ ਕਿ ਉਤਰਾਰਧ ਵਿਚ ਫੌਜ ਦਾ ਕਿਰਦਾਰ ਪੇਸ਼ ਕੀਤਾ ਹੈ। ਇਹ ਕਿਰਦਾਰ ਆਰੰਭ ਵਿਚ ਤਾਂ ਨਫ਼ਰਤ-ਯੋਗ ਹੈ, ਲੇਕਿਨ ਸਤਲੁਜ ਦੇ ਸਾਕੇ ਬਾਅਦ ਤਰਸਯੋਗ ਅਤੇ ਹਮਦਰਦੀ ਦਾ ਪਾਤਰ ਵੀ ਬਣ ਜਾਂਦਾ ਹੈ ।

ਜੰਗਨਾਮੇ ਵਿਚ ਫੌਜ ਦਾ ਜ਼ਿਕਰ ਸਭ ਤੋਂ ਪਹਿਲਾਂ ਪੰਦਰਵੇਂ ਬੰਦ ਵਿਚ ਆਉਂਦਾ ਹੈ । ਲਾਹੌਰ ਦਰਬਾਰ ਵਿਚ ਕਤਲੋ-ਗਾਰਤ ਦਾ ਸਿਲਸਿਲਾ ਜਾਰੀ ਹੈ ਚੁੱਕਾ ਹੈ । ਦੋਵੇਂ ਧੜੇ ਇਕ ਦੂਜੇ ਨੂੰ ਠਿੱਬੀ ਲਾਉਣ ਦੇ ਯਤਨ ਵਿਚ ਹਨ। ਇਸ ਮੌਕੇ ਰਾਜਾ ਧਿਆਨ ਸਿੰਘ ਜੋ ਦਰਬਾਰ ਦਾ ਵਜ਼ੀਰ ਹੈ, ਸਾਰੇ ਮਸਲੇ ਨੂੰ ਫੌਜ ਵਿਚ ਲੈ ਜਾਂਦਾ ਹੈ ਅਤੇ ਸਲਾਹ ਕਰਦਾ ਹੈ ਕਿ ਕਿਵੇਂ ਮਹਾਰਾਣੀ ਚੰਦ ਕੌਰ ਨੂੰ ਪਾਸੇ ਕਰਕੇ ਕੰਵਰ ਸ਼ੇਰ ਸਿੰਘ ਨੂੰ ਮਹਾਰਾਜਾ ਬਣਾਇਆ ਜਾਵੇ-

ਰਾਜੇ ਲਸ਼ਕਰਾਂ ਵਿਚ ਸਲਾਹ ਕੀਤੀ,

ਸ਼ੇਰ ਸਿੰਘ ਨੂੰ ਕਿਵੇਂ ਸਦਾਈਏ ਜੀ ।

ਉਹ ਤਾਂ ਪੁੱਤ ਸਰਕਾਰ ਦਾ ਫ਼ਤਹਿ-ਜੰਗੀ,

ਗੱਦੀ ਉਸ ਨੂੰ ਚਾ ਬਹਾਈਏ ਜੀ ।

ਸਿੰਘਾਂ ਆਖਿਆ ਰਾਜਾ ਜੀ ਹੁਕਮ ਤੇਰਾ,

ਜਿਸ ਨੂੰ ਕਹੇਂ ਸੋ ਫ਼ਤਹਿ ਬੁਲਾਈਏ ਜੀ ।

ਸ਼ਾਹ ਮੁਹੰਮਦਾ ਗੱਲ ਜੋ ਮੂੰਹੋਂ ਕਢੇ,

ਏਸੇ ਵਖਤ ਹੀ ਚਾ ਪੁਗਾਈਏ ਜੀ । (15)

ਫੌਜ ਧਿਆਨ ਸਿੰਘ ਦੀਆਂ ਗੱਲਾਂ ਵਿਚ ਆ ਜਾਂਦੀ ਹੈ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੰਦੀ ਹੈ ।

ਉਪ੍ਰੰਤ ਜਦੋਂ ਸ਼ੇਰ ਸਿੰਘ ਮਹਾਰਾਜਾ ਬਣਿਆ ਤਾ ਸੰਧਾਵਾਲੀਏ ਸਰਦਾਰ ਅਜੀਤ ਸਿੰਘ ਤੇ ਲਹਿਣਾ ਸਿੰਘ ਨੇ ਫੌਜ ਦੇ ਸਾਹਮਣੇ ਮਹਾਰਾਜਾ ਸ਼ੇਰ ਸਿੰਘ ਅਤੇ ਉਸ ਦੇ ਪੁੱਤਰ ਕੰਵਰ ਪਰਤਾਪ ਸਿੰਘ ਨੂੰ ਕਤਲ ਕੀਤਾ । ਉਹਨਾਂ ਨੇ ਲੱਗੇ ਹੱਥ ਰਾਜਾ ਧਿਆਨ ਸਿੰਘ ਨੂੰ ਵੀ ਫੌਜ ਦੇ ਸਾਹਮਣੇ ਹੀ ਟਿਕਾਣੇ ਲਗਾ ਦਿੱਤਾ । ਇਸ ਨਾਲ ਫੌਜ ਦੇ ਹੌਸਲੇ ਵਧ ਗਏ । ਉਸ ਨੂੰ ਕਿਸੇ ਦਾ ਡਰ ਨਾ ਰਿਹਾ । ਉਸ ਨੂੰ ਪਤਾ ਚੱਲ ਗਿਆ ਕਿ ਸ਼ਾਹੀ ਖਾਨਦਾਨ ਦੇ ਕਿਸੇ ਵੀ ਵਿਅਕਤੀ ਨੂੰ ਗਾਜਰ- ਮੂਲੀ ਵਾਂਗ ਵੱਢਿਆ-ਟੁਕਿਆ ਜਾ ਸਕਦਾ ਹੈ । ਫੌਜ ਨੇ ਇਹ ਵੀ ਜਾਣ ਲਿਆ ਕਿ ਇਹ ਸਭ ਕਤਲ ਦੇਸ ਜਾਂ ਧਰਮ ਲਈ ਨਹੀਂ, ਸਗੋਂ ਨਿੱਜੀ ਸਵਾਰਥ ਲਈ ਹੋ ਰਹੇ ਸਨ । ਇਸ ਲਈ ਫੌਜ ਨੂੰ ਆਪਣੇ ਹਿਤਾਂ ਦੀ ਗੱਲ ਵੀ ਸੁੱਝੀ ।

ਰਾਜਾ ਹੀਰਾ ਸਿੰਘ ਨੇ ਫੌਜਾਂ ਨੂੰ ਤਲਬਾਂ ਵਧਾਉਣ ਅਤੇ ਕੜੇ-ਕੈਂਠੇ ਦੇਣ ਦਾ ਲਾਲਚ ਦੇ ਕੇ ਲਾਹੌਰ ਕਿਲ੍ਹੇ ਉਤੇ ਹਮਲਾ ਕਰ ਦਿੱਤਾ ਅਤੇ ਆਪਣੇ ਪਿਤਾ ਦੇ ਕਾਤਲਾਂ ਨੂੰ ਮਰਵਾ ਕੇ ਖ਼ੁਦ ਵਜ਼ੀਰ ਬਣ ਗਿਆ। ਰਹੀ ਸਹੀ ਕਸਰ ਰਾਜਾ ਹੀਰਾ ਸਿੰਘ ਦੇ ਉਸਤਾਦ ਪੰਡਿਤ ਜੱਲ੍ਹੇ ਨੇ ਪੂਰੀ ਕਰ ਦਿੱਤੀ-

ਦਲੀਪ ਸਿੰਘ ਗੱਦੀ ਉਤੇ ਰਹੇ ਬੈਠਾ,

ਹੀਰਾ ਸਿੰਘ ਜੋ ਰਾਜ ਕਮਾਂਵਦਾ ਈ ।

ਜੱਲ੍ਹਾ ਉਸ ਦਾ ਖਾਸ ਵਜ਼ੀਰ ਹੈ ਸੀ,

ਖ਼ਾਤਰ ਤਲੇ ਨਾ ਕਿਸੇ ਨੂੰ ਲਿਆਂਵਦਾ ਈ ।

ਅੰਦਰ ਬਾਹਰ ਸਰਕਾਰ ਨੂੰ ਪਿਆ ਘੂਰੇ,

ਕਹੇ ਕੁਝ ਤੇ ਕੁਝ ਕਮਾਂਵਦਾ ਈ ।

ਸ਼ਾਹ ਮੁਹੰਮਦਾ ਪੰਥ ਨੂੰ ਦੁਖ ਦੇਂਦਾ,

ਹੀਰਾ ਸਿੰਘ ਦਾ ਨਾਸ ਕਰਾਂਵਦਾ ਈ । (32)

ਜੱਲ੍ਹੇ ਦੀਆਂ ਵਧੀਕੀਆਂ ਨੇ ਫੌਜ ਨੂੰ ਨਾਰਾਜ਼ ਹੀ ਨਹੀਂ, ਸਗੋਂ ਬੇਕਾਬੂ ਤੇ ਬੇਮੁਹਾਰ ਵੀ ਕਰ ਦਿੱਤਾ । ਫੌਜ ਨੇ ਆਪਣਾ ਵੱਖਰਾ ਹੀ ਪੰਚਾਇਤੀ ਸੰਗਠਨ ਬਣਾ ਲਿਆ ਅਤੇ ਪੰਜ ਕੌਂਸਲੀਆਂ (ਪੰਥ) ਦੇ ਮਤਿਆਂ ਰਾਹੀਂ ਅਮੀਰਾਂ-ਵਜ਼ੀਰਾਂ ਨੂੰ ਡਰਾਉਣ-ਧਮਕਾਉਣ ਅਤੇ ਹੁਕਮ ਚਾੜ੍ਹਨ ਲੱਗ ਪਏ । ਜਦ ਪੰਡਿਤ ਜੱਲ੍ਹੇ ਨੇ ਪੰਥ (ਫੌਜ) ਨੂੰ ਵਧੇਰੇ ਹੀ ਪਰੇਸ਼ਾਨ ਕੀਤਾ ਤਾਂ ਉਸ ਨੇ ਰਾਜਾ ਸੁਚੇਤ ਸਿੰਘ ਨੂੰ ਵਜ਼ੀਰ ਬਣਾਉਣ ਲਈ ਜੰਮੂ ਤੋਂ ਸੱਦ ਲਿਆ

ਸਿੰਘਾਂ ਲਿਖਿਆ ਖਤ ਸੁਚੇਤ ਸਿੰਘ ਨੂੰ,

ਬੁਰਾ ਕਰਨਹਾਰਾ ਜੱਲ੍ਹਾ ਠੀਕ ਦਾ ਈ ।

ਜਲਦੀ ਪਹੁੰਚ ਵਜ਼ੀਰ ਬਣਾ ਲਈਏ,

ਤੈਨੂੰ ਖ਼ਾਲਸਾ ਪਿਆ ਉਡੀਕਦਾ ਈ ।

ਅਕਸਰ ਰਾਜ ਪਿਆਰੇ ਨੀ ਰਾਜਿਆਂ ਨੂੰ,

ਹੀਰਾ ਸਿੰਘ ਤਾਂ ਪੁੱਤ ਸ਼ਰੀਕ ਦਾ ਈ ।

ਸ਼ਾਹ ਮੁਹੰਮਦਾ ਜੱਲ੍ਹੇ ਦਾ ਨੱਕ ਵਢੋ,

ਭੱਜ ਜਾਏਗਾ ਮਾਰਿਆ ਲੀਕ ਦਾ ਈ । (33)

ਬੇਸ਼ੱਕ ਸੁਚੇਤ ਸਿੰਘ ਹੀਰਾ ਸਿੰਘ ਦਾ ਚਾਚਾ ਲੱਗਦਾ ਸੀ, ਲੇਕਿਨ ਇਥੇ ਤਾਂ ਵਜ਼ੀਰੀ ਦਾ ਸਵਾਲ ਸੀ । ਸੋ ਸੁਚੇਤ ਸਿੰਘ ਨੂੰ ਰਾਜਾ ਹੀਰਾ ਸਿੰਘ ਨੇ ਬਿੱਲੇ ਲਗਾ ਦਿਤਾ। ਫੇਰ ਫੌਜ ਦੇ ਰੋਹ ਤੋਂ ਡਰ ਕੇ ਰਾਜਾ ਹੀਰਾ ਸਿੰਘ ਅਤੇ ਪੰਡਿਤ ਜੱਲ੍ਹਾ ਜੰਮੂ ਵਲ ਨੱਸੇ ਤਾਂ ਫੌਜ ਨੇ ਉਹਨਾਂ ਨੂੰ ਫੜ ਕੇ ਮਾਰ ਦਿੱਤਾ । ਹੁਣ ਮਹਾਰਾਜਾ ਦਲੀਪ ਸਿੰਘ ਦਾ ਵਜ਼ੀਰ ਮਹਾਰਾਣੀ ਜਿੰਦਾਂ ਦਾ ਭਰਾ ਜਵਾਹਰ ਸਿੰਘ ਬਣਿਆ। ਫੌਜ ਨੇ ਜੰਮੂ ਵਲ ਚੜ੍ਹਾਈ ਕਰਕੇ ਰਾਜਾ ਗੁਲਾਬ ਸਿੰਘ ਨੂੰ ਫੜ ਕੇ ਲਾਹੌਰ ਲੈ ਆਂਦਾ। ਉਸ ਨੇ ਫੌਜ ਨੂੰ ਸੋਨੇ ਦੇ ਕੈਂਠੇ ਦੇ ਕੇ ਆਪਣੀ ਖ਼ਲਾਸੀ ਕਰਾਈ। ਰਾਜਾ ਗੁਲਾਬ ਸਿੰਘ ਨੂੰ ਛੱਡ ਕੇ ਫੌਜ ਵਜ਼ੀਰ ਜਵਾਹਰ ਸਿੰਘ ਦੇ ਗਿਰਦ ਹੋ ਗਈ ਅਤੇ ਉਸ ਕੋਲੋਂ ਵੀ ਕੜੇ ਮੰਗਣ ਲੱਗੀ:-

ਹੀਰਾ ਸਿੰਘ ਤੇ ਜੱਲ੍ਹੇ ਨੂੰ ਮਾਰ ਕੇ ਜੀ,

ਜਵਾਹਰ ਸਿੰਘ ਵਜ਼ੀਰ ਬਣਾਂਵਦੇ ਨੀ।

ਤਰਫ਼ ਜੰਮੂ ਪਹਾੜ ਦੀ ਹੋ ਚੱਲੇ,

ਰਾਹੀਂ ਸ਼ੋਰ ਖਰੂਦ ਮਚਾਂਵਦੇ ਨੀ ।

ਉਥੋਂ ਰਾਜਾ ਗੁਲਾਬ ਸਿੰਘ ਬੰਨ੍ਹ ਆਂਦਾ,

ਕੈਂਠੇ ਫੇਰ ਲੈ ਕੇ ਗਲੀਂ ਪਾਂਵਦੇ ਨੀ। (39)

ਸ਼ਾਹ ਮੁਹੰਮਦ ਜਦ ਫੌਜ ਨੂੰ ਲਾਲਚੀ,ਸੁਆਰਥੀ, ਬੇਮੁਹਾਰੀ, ਲੋਟੂ ਅਤੇ ਨਿਰਦਈ ਰੁਚੀਆਂ ਦਾ ਸ਼ਿਕਾਰ ਵੇਖਦਾ ਹੈ ਤਾਂ ਡਾਢਾ ਅਵਾਜ਼ਾਰ ਹੁੰਦਾ ਹੈ ਅਤੇ ਸ਼ਾਹ ਮੁਹੰਮਦਾ ਅਸਾਂ ਹੁਣ ਕੜੇ ਲੈਣੇ,ਜਵਾਹਰ ਸਿੰਘ ਨੂੰ ਆਖ ਸੁਣਾਂਵਦੇ ਨੀ । (39)

ਫੌਜ ਦੇ ਇਸ ਕਰਮ ਦੀ ਰੱਜ ਕੇ ਨਿਖੇਧੀ ਕਰਦਾ ਹੈ:-

ਕਿਹਾ ਬੁਰਛਿਆਂ ਆਣ ਅੰਧੇਰ ਪਾਇਆ,

ਜੇਹੜਾ ਬਹੇ ਗੱਦੀ ਉਹਨੂੰ ਮਾਰ ਲੈਂਦੇ ।

ਕੜੇ ਕੈਂਠੇ ਇਨਾਮ ਰੁਪਏ ਬਾਰਾਂ,

ਕਦੇ ਪੰਜ ਤੇ ਸੱਤ ਨਾ ਚਾਰ ਲੈਂਦੇ ।

ਕਈ ਤੁਰੇ ਨੀ ਕਿਲ੍ਹੇ ਦੀ ਲੁੱਟ ਕਰਕੇ,

ਕਈ ਸ਼ਹਿਰ ਦੇ ਲੁੱਟ ਬਾਜ਼ਾਰ ਲੈਂਦੇ ।

ਸ਼ਾਹ ਮੁਹੰਮਦਾ ਚੜ੍ਹੇ ਮਝੈਲ ਭੂਹੇ,

ਪੈਸਾ ਤਲਬ ਦਾ ਨਾਲ ਪੈਜ਼ਾਰ ਲੈਂਦੇ ।

ਇਸ ਮੌਕੇ ਕਵੀ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦਾ ਹੈ, ਕਿਉਂ ਜੋ ਫੌਜ ਦਾ ਭੈੜਾ ਚਲਨ ਮਹਾਰਾਜਾ ਦੀ ਮਿਰਤੂ ਮਗਰੋਂ ਹੀ ਹੋਇਆ ਸੀ । ਸ਼ਾਹ ਮੁਹੰਮਦ ਫੌਜ ਦੀ ਭੰਡੀ ਕਰਦਾ ਹੋਇਆ ਉਸ ਨੂੰ ਵਾਰਿਸ ਸ਼ਾਹ ਵਾਂਗ “ਭੂਤ ਮੰਡਲੀ” ਵੀ ਕਹਿ ਜਾਂਦਾ ਹੈ:-

ਪਿੱਛੇ ਇਕ ਸਰਕਾਰ ਦੇ ਖੇਡ ਚੱਲੀ,

ਪਈ ਨਿੱਤ ਹੁੰਦੀ ਮਾਰੋ ਮਾਰ ਮੀਆਂ ।

ਸਿੰਘਾਂ ਮਾਰ ਸਰਦਾਰਾਂ ਦਾ ਨਾਸ ਕੀਤਾ,

ਸੱਭੇ ਕਤਲ ਹੋਏ ਵਾਰੋ ਵਾਰ ਮੀਆਂ ।

ਸਿਰ ਫੌਜ ਦੇ ਰਿਹਾ ਨਾ ਕੋਈ ਕੁੰਡਾ,

ਹੋਏ ਸ਼ੁਤਰ ਜਿਉਂ ਬੇਮੁਹਾਰ ਮੀਆਂ ।

ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ,

ਭੂਤ ਮੰਡਲੀ ਹੋਈ ਤਿਆਰ ਮੀਆਂ । (41)

ਇਸ ਤੋਂ ਬਾਅਦ ਸ਼ਾਹ ਮੁਹੰਮਦ ਫੌਜ ਦੁਆਰਾ ਵਜ਼ੀਰ ਜਵਾਹਰ ਸਿੰਘ ਦੇ ਕਤਲ ਦਾ ਵਰਣਨ ਕਰਦਾ ਹੈ, ਜੋ ਬੜੀ ਬੇਰਹਿਮੀ ਨਾਲ ਉਸ ਦੀ ਭੈਣ ਮਹਾਰਾਣੀ ਜਿੰਦਾਂ ਅਤੇ ਭਾਣਜੇ ਮਹਾਰਾਜਾ ਦਲੀਪ ਸਿੰਘ ਦੀਆਂ ਅੱਖਾਂ ਸਾਹਮਣੇ ਕੀਤਾ ਗਿਆ-

ਸੀਖਾਂ ਨਾਲ ਅਤੁੰਬ ਕੇ ਫ਼ੀਲ ਉਤੋਂ,

ਕੱਢ ਹੌਦਿਓਂ ਜ਼ਿਮੀ ਤੇ ਸੁੱਟਿਓ ਨੇ ।

ਸ਼ਾਹ ਮੁਹੰਮਦਾ ਵਾਸਤੇ ਪਾਇ ਰਹਿਆ,

ਸਿਰ ਨਾਲ ਤਲਵਾਰ ਦੇ ਕੱਟਿਓ ਨੇ । (42)

ਫੌਜ ਐਨੀ ਨਿਰਦਈ ਹੋ ਗਈ ਸੀ ਕਿ ਭੈਣ ਦੇ ਸਾਹਮਣੇ ਭਰਾ ਨੂੰ ਮਾਰ ਕੇ ਵੈਣ ਪਾ ਰਹੀ ਭੈਣ ਨੂੰ ਟਿਚਕਰਾਂ ਕਰਦੀ ਸੀ:-

ਮਾਈ ਕੈਦ ਕਨਾਤ ਦੇ ਵਿਚ ਕੀਤੀ,

ਕਿਸ ਨੂੰ ਰੋਇ ਕੇ ਪਈ ਸੁਣਾਵਣੀ ਹੈਂ ?

ਤੇਰਾ ਕੌਣ ਹਮਾਇਤੀ ਸੁਣਨ ਵਾਲਾ,

ਜਿਸ ਨੂੰ ਪਾਇ ਕੇ ਵੈਣ ਦਿਖਾਵਣੀ ਹੈਂ ?

ਕਿਹੜੇ ਪਾਤਸ਼ਾਹ ਦਾ ਪੁੱਤ ਮੋਇਆ ਸਾਥੋਂ,

ਜਿਹੜੇ ਡੂੰਘੜੇ ਵੈਣ ਤੂੰ ਪਾਵਣੀ ਹੈਂ ?

ਸ਼ਾਹ ਮੁਹੰਮਦਾ ਦੇਹ ਇਨਾਮ ਸਾਨੂੰ,

ਸਾਡੇ ਜ਼ੋਰ ਤੇ ਰਾਜ ਕਮਾਵਣੀ ਹੈਂ ? (43)

ਡਾ. ਪ੍ਰੀਤਮ ਸੈਨੀ ਅਨੁਸਾਰ ‘ਕਿਹੜਾ ਪਾਤਸ਼ਾਹ ਦਾ ਪੁੱਤ ਮੋਇਆ ਸਾਥੋਂ- ਇਹ ਗੱਲ ਸਿੱਧ ਕਰਦੀ ਹੈ ਕਿ ਫੌਜ ਮਹਾਰਾਜਾ ਰਣਜੀਤ ਸਿੰਘ ਦੇ ਆਦਰਸ਼ਾਂ ਤੋਂ ਉਲਟ ਜ਼ਾਤ-ਪਾਤ ਦੇ ਵਿਤਕਰਿਆਂ ਨੂੰ ਮੰਨਦੀ ਹੈ, ਹਾਲਾਂ ਕਿ ਮਹਾਰਾਜਾ ਰਣਜੀਤ ਸਿੰਘ ਵੀ ਜੱਟ ਸੀ ਅਤੇ ਮਹਾਰਾਣੀ ਜਿੰਦਾਂ ਵੀ ਜੱਟੀ ਸੀ। ਅੰਤਰ ਕੇਵਲ ਐਨਾ ਸੀ ਕਿ ਉਹ ਮਹਾਰਾਜਾ ਸੀ ਤੇ ਜਿੰਦਾਂ ਇਕ ਗਰੀਬ ਘਰਾਣੇ ਦੀ ਮੁਟਿਆਰ ਸੀ। ਹੁਣ ਤਾਂ ਉਹ ਵੀ ਮਹਾਰਾਣੀ ਬਣ ਚੁੱਕੀ ਸੀ । ਸੋਹਣ ਲਾਲ ਸੂਰੀ ਨੇ ਲਿਖਿਆ ਹੈ ਕਿ ਜਦੋਂ ਮਹਾਰਾਣੀ ਜਿੰਦਾਂ ਵੈਣ ਪਾਉਂਦੀ ਤਾਂ ਫੌਜੀ ਅੱਗੋਂ “ਮਿਰਜ਼ਾ ਸਾਹਿਬਾਂ” ਅਤੇ “ਸੱਸੀ ਪੁੰਨੂੰ” ਦੇ ਬੈਂਤ ਗਾ ਕੇ ਉਸ ਦੀ ਨਕਲ ਉਤਾਰਦੇ । ਗੱਲ ਇਥੇ ਹੀ ਬੱਸ ਨਹੀਂ, ਸਗੋਂ ਸ਼ਾਹ ਮੁਹੰਮਦ ਅਨੁਸਾਰ ਭਰਾ ਦੇ ਕਤਲ ਲਈ ਭੈਣ ਤੋਂ ਇਨਾਮ ਵੀ ਮੰਗਦੇ ਹਨ ।

(ਵਾਰ ਸ਼ਾਹ ਮੁਹੰਮਦ, ਪੰਨਾ 86)

ਅਜੇਹੇ ਡੂੰਘੇ ਦੁੱਖ, ਘੋਰ ਨਿਰਾਦਰ ਤੇ ਨਿਰਾਸਾ ਦਾ ਸ਼ਿਕਾਰ ਵਿਅਕਤੀ ਕੁਝ ਵੀ ਕਰ ਸਕਦਾ ਹੈ । ਇਹ ਗੱਲ ਸੰਭਵ ਵੀ ਹੈ ਕਿ ਮਹਾਰਾਣੀ ਜਿੰਦਾਂ ਨੇ ਫੌਜ ਤੋਂ ਬਦਲਾ ਲੈ ਕੇ ਆਪਣੇ ਮਨ ਦੇ ਜਵਾਲਾ-ਮੁਖੀ ਨੂੰ ਸ਼ਾਂਤ ਕਰਨ ਦਾ ਸੰਕਲਪ ਬਣਾਇਆ ਹੋਵੇ । ਸ਼ਾਹ ਮੁਹੰਮਦ ਨੇ ਮਹਾਰਾਣੀ ਦੁਆਰਾ ਫੌਜ ਤੋਂ ਬਦਲਾ ਲੈਣ ਦੀ ਭਾਵਨਾ ਨੂੰ ਇੰਜ ਬਿਆਨਿਆ ਹੈ:-

ਪਈ ਝੂਰਦੀ ਏ ਰਾਣੀ ਜਿੰਦ ਕੌਰਾਂ,

ਕਿਥੋਂ ਕੱਢਾਂ ਮੈਂ ਕਲਗੀਆਂ ਨਿਤ ਤੋੜੇ ।

ਮੇਰੇ ਸਾਹਮਣੇ ਕੋਹਿਆ ਏ ਵੀਰ ਮੇਰਾ,

ਜਿਸ ਦੀ ਤਾਬਿਆ ਲੱਖ ਹਜ਼ਾਰ ਘੋੜੇ ।

ਕਿਥੋਂ ਕੱਢਾਂ ਮੈਂ ਦੇਸ਼ ਫਿਰੰਗੀਆਂ ਦਾ,

ਕੋਈ ਮਿਲੇ ਜੋ ਇਹਨਾਂ ਦਾ ਗਰਬ ਤੋੜੇ ।

ਸ਼ਾਹ ਮੁਹੰਮਦਾ ਉਸ ਥੀਂ ਜਾਨ ਵਾਰਾਂ,

ਜਵਾਹਰ ਸਿੰਘ ਦਾ ਵੈਰ ਜੋ ਕੋਈ ਮੋੜੇ ।

ਜੱਟੀ ਹੋਵਾਂ ਤਾਂ ਕਰਾਂ ਪੰਜਾਬ ਰੰਡੀ,(44)

ਅ) ਸਾਰੇ ਦੇਸ਼ ਦੇ ਵਿਚ ਚਾ ਤੁਰਨ ਵਾਰਾਂ ।

ਛੱਡਾਂ ਨਹੀਂ ਲਾਹੌਰ ਵਿਚ ਵੜਨ ਜੋਗੇ,

ਸਣੇ ਵੱਡਿਆਂ ਅਫਸਰਾਂ ਜਮਾਂਦਾਰਾਂ ।

ਪਏ ਰੁਲਣ ਇਹ ਵਿਚ ਪ੍ਰਦੇਸ ਮੁਰਦੇ,

ਸ਼ਾਹ ਮੁਹੰਮਦਾ ਮਾਰਨੀ ਏਸ ਮਾਰਾਂ । (45)

ਜਿਨ੍ਹਾਂ ਮਾਰਿਆ ਕੋਹਿ ਕੇ ਵੀਰ ਮੇਰਾ,

ਮੈਂ ਤਾਂ ਖੋਹਾਂਗੀ ਉਨ੍ਹਾਂ ਦੀਆਂ ਜੁੰਡੀਆਂ ਨੀ ।

ਧਾਕਾਂ ਜਾਣ ਵਲਾਇਤੀਂ ਦੇਸ ਸਾਰੇ,

ਪਾਵਾਂ ਬੱਕਰੇ ਵਾਂਗ ਚਾ ਵੰਡੀਆਂ ਨੀ ।

ਚੂੜੇ ਲਹਿਣਗੇ ਬਹੁਤ ਸੁਹਾਗਣਾਂ ਦੇ,

ਨੱਥ, ਚੌਂਕ ਤੇ ਵਾਲੀਆਂ ਡੰਡੀਆਂ ਨੀ ।

ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਘੇ,

ਜਦੋਂ ਹੋਣ ਪੰਜਾਬਣਾਂ ਰੰਡੀਆਂ ਨੀ । (46)

ਇਵੇਂ ਹੀ ਹੋਇਆ । ਅੰਗਰੇਜ਼ਾਂ ਦੀ ਸਹਾਇਤਾ ਪ੍ਰਾਪਤ ਕਰ ਕੇ ਮਹਾਰਾਣੀ ਜਿੰਦਾਂ ਨੇ ਫੌਜ ਤੋਂ ਬਦਲਾ ਲਿਆ। ਫੌਜ ਦੇ ਮੁਰਦੇ ਪ੍ਰਦੇਸ (ਸਤਲੁਜ ਤੋਂ ਪਾਰ ਅੰਗਰੇਜ਼ੀ ਇਲਾਕੇ) ਵਿਚ ਰੁਲਦੇ ਰਹੇ ।

ਫੌਜ ਨੇ ਯੁੱਧ-ਖੇਤਰ ਵਿਚ ਭਾਰੀ ਸੂਰਬੀਰਤਾ ਵੀ ਵਿਖਾਈ ਪਰੰਤੂ ਕਈ ਹਾਸੋ- ਹੀਣੀਆਂ ਹਰਕਤਾਂ ਵੀ ਕੀਤੀਆਂ । ਪੰਜਾਬੀ ਸੈਨਿਕਾਂ ਦੀ ਵੀਰਤਾ ਨੂੰ ਕਵੀ ਨੇ ਸੱਚੇ ਦਿਲੋਂ ਸਰਾਹਿਆ ਹੈ ਪਰੰਤੂ ਉਹਨਾਂ ਦੀਆਂ ਗਲਤ ਹਰਕਤਾਂ ‘ਤੇ ਚੋਟ ਵੀ ਕੀਤੀ ਹੈ—ਉਨ੍ਹਾਂ ਨੇ ਯੁੱਧ ਦਾ ਆਦਰਸ਼ ਬੜਾ ਨੀਵਾਂ ਬਣਾ ਲਿਆ ਸੀ । ਫ਼ਿਰੰਗੀਆਂ ਦੀ ਦੌਲਤ ਲੁੱਟਣੀ, ਉਹਨਾਂ ਦੀਆਂ ਤੀਵੀਆਂ ਚੁੱਕਣੀਆਂ ਅਤੇ ਪਰਤ ਕੇ ਮਹਾਰਾਣੀ ਕੋਲੋਂ ਕੈਂਠੇ ਲੈਣੇ ਹੀ ਉਹਨਾਂ ਦੇ ਟੀਚੇ ਸਨ:-

ਜ਼ਬਤ ਕਰਾਂਗੇ ਮਾਲ ਫ਼ਿਰੰਗੀਆਂ ਦੇ,

ਉਥੋਂ ਲਿਆਂਵਾਂਗੇ ਦੌਲਤਾਂ ਬੋਰੀਆਂ ਨੀ ।

ਪਿਛੋਂ ਵੜਾਂਗੇ ਉਨ੍ਹਾਂ ਦੇ ਸਤਰਖਾਨੇ,

ਬੰਨ੍ਹ ਲਿਆਵਾਂਗੇ ਉਨ੍ਹਾਂ ਦੀਆਂ ਗੋਰੀਆਂ ਨੀ ।

ਕਾਬਲ ਵਿਚ ਪਠਾਣ ਜਿਉਂ ਅਲੀ ਅਕਬਰ,

ਮਾਰ ਵੱਢ ਕੇ ਕੀਤੀਆਂ ਪੋਰੀਆਂ ਨੀ ।

ਸ਼ਾਹ ਮੁਹੰਮਦਾ ਲਵਾਂਗੇ ਫੇਰ ਕੰਠੇ,

ਤਿੱਲੇਦਾਰ ਜੋ ਰੇਸ਼ਮੀ ਡੋਰੀਆਂ ਨੀ । (57)

ਮੁਦਕੀ ਦੀ ਜੰਗ ਵਿਚ ਹਾਰਨ ਤੋਂ ਬਾਅਦ ਨਵੇਂ ਘੋੜ ਸਵਾਰ ਫੌਜੀ ਢੇਰੀ ਢਾਹ ਕੇ ਬਹਿ ਜਾਂਦੇ ਹਨ ਅਤੇ ਆਪਣੇ ਪੂਰਵਜਾਂ ਦੀਆਂ ਸਾਮਰਾਜੀਆਂ ਨਾਲ ‘ ਟਕਰਾਉਣ ਦੀਆਂ ਸਾਰੀਆਂ ਰਵਾਇਤਾਂ ਨੂੰ ਛਿੱਕੇ ਟੰਗ ਕੇ ਮੁੜ ਤੋਂ ਹਲ-ਵਾਹੀ ਦਾ ਜੀਵਨ ਬਿਤਾਉਣ ਦਾ ਨਿਸ਼ਚਾ ਕਰ ਲੈਂਦੇ ਹਨ:-

ਜਦੋਂ ਪਿਆ ਹਰਾਸ ਤੇ ਕਰਨ ਗੱਲਾਂ,

ਮੁੰਡੇ ਘੋੜ-ਚੜ੍ਹੇ ਨਵੇਂ ਛੋਕਰੇ ਜੀ ।

ਅੱਧੀ ਰਾਤ ਨੂੰ ਉਠ ਕੇ ਖਿਸਕ ਤੁਰੀਏ,

ਕਿਥੋਂ ਪਏ ਗੋਰੇ ਸਾਨੂੰ ਓਪਰੇ ਜੀ ।

ਵਾਹੀ ਕਰਦੇ ਤੇ ਰੋਟੀਆਂ ਖੂਬ ਖਾਂਦੇ,

ਅਸੀਂ ਜਿਨ੍ਹਾਂ ਦੇ ਹਾਂ ਪੁੱਤ-ਪੋਤਰੇ ਜੀ ।

ਸ਼ਾਹ ਮੁਹੰਮਦਾ ਖੂਹਾਂ ਤੇ ਮਿਲਖ ਵਾਲੇ,

ਅਸੀਂ ਦੱਬ ਕੇ ਲਾਵਾਂਗੇ ਜੋਤਰੇ ਜੀ। (77)

ਅਜਿਹੇ ਭਗੌੜਿਆਂ ਉਤੇ ਸ਼ਾਹ ਮੁਹੰਮਦ ਨੇ ਬੜੀ ਕਰਾਰੀ ਚੋਟ ਕੀਤੀ ਹੈ:-

ਘਰੋਂ ਗਏ ਫ਼ਿਰੰਗੀ ਦੇ ਮਾਰਨੇ ਨੂੰ,

ਬੇੜੇ ਤੋਪਾਂ ਦੇ ਸਭ ਖੁਹਾਇ ਆਇ ।

ਛੇੜ ਆਫ਼ਤਾਂ ਨੂੰ ਮਗਰ ਲਾਇਓ ਨੇ,

ਸਗੋਂ ਆਪਣਾ ਆਪ ਗਵਾਇ ਆਇ ।

ਖੁਸ਼ੀ ਵੱਸਦਾ ਸ਼ਹਿਰ ਲਾਹੌਰ ਸਾਰਾ,

ਸਗੋਂ ਕੁੰਜੀਆਂ ਹੱਥ ਫੜਾਇ ਆਇ ।

ਸ਼ਾਹ ਮੁਹੰਮਦਾ ਕਹਿੰਦੇ ਨੇ ਲੋਕ ਸਿੰਘ ਜੀ,

ਤੁਸੀਂ ਚੰਗੀਆਂ ਪੂਰੀਆਂ ਪਾਇ ਆਇ । (79)

ਹਿੰਮਤ ਸਿਪਾਹੀ ਦਾ ਸਭ ਤੋਂ ਵੱਡਾ ਹਥਿਆਰ ਹੋਇਆ ਕਰਦੀ ਹੈ । ਜਦੋਂ ਹਿੰਮਤ ਹੀ ਨਾ ਰਹੀ ਤਾਂ ਕੋਈ ਗੱਲ ਕਿਵੇਂ ਬਣੇ ? ਸੋ ਜੰਗ ਵਿਚ ਹਾਰੇ ਹੋਏ ਫੌਜੀ ਯੁੱਧ-ਖੇਤਰ ਵੱਲ ਮੂੰਹ ਨਹੀਂ ਦਿੰਦੇ:-

ਕਹਿੰਦੇ ਜੀਊਂਦਿਆਂ ਫੇਰ ਨਾ ਕਦੀ ਜਾਣਾ,

ਮੂੰਹ ਨਾ ਲੱਗਣਾ ਉਸ ਚੰਡਾਲ ਦੇ ਜੀ।

ਕਿਤੇ ਜਾਇ ਕੇ ਚਾਰ ਦਿਨ ਕੱਟ ਆਈਏ,

ਢੂੰਡਣ ਆਉਣਗੇ ਸਾਡੇ ਭੀ ਨਾਲ ਦੇ ਜੀ । (87)

ਜਾਂ

ਕਹਿੰਦੇ ਨੌਕਰੀ ਕਾਸ ਨੂੰ ਅਸਾਂ ਕੀਤੀ,

ਆਖੇ ਲੱਗ ਕੇ ਸਾਥੀਆਂ ਸੰਗੀਆਂ ਦੇ ।

ਸਡ ਅੱਡਣ ਸ਼ਾਹ ਮੁਹੰਮਦਾ ਫੇਰ ਨਾ ਰੱਬ ਲਿਆਵੇ,

ਵਿਚ ਜੰਗ ਦੇ ਨਾਲ ਫ਼ਿਰੰਗੀਆਂ ਦੇ । (93).

ਲੇਕਿਨ ਇਹ ਗੱਲ ਵੀ ਸੱਚ ਹੈ ਕਿ ਸਾਰੇ ਹੀ ਹਿੰਮਤ ਹਾਰ ਕੇ ਨਹੀਂ ਸੀ ਬੈਠ ਗਏ, ਸ਼ੇਰ-ਦਿਲ ਸੂਰਮੇ ਅਖੀਰ ਤੀਕ ਡਟੇ ਵੀ ਰਹੇ ਸਨ । ਦੂਜੇ- ਪ੍ਰਸੰਗ ਦੇ ਸ਼ੁਰੂ ਵਿਚ ਸਭ ਦੇ ਹੀ ਹੌਂਸਲੇ ਬੜੇ ਬੁਲੰਦ ਸਨ । ਇਸ ਪੱਖ ਦੀ ਕਵੀ ਨੇ ਬੜੀ ਸ਼ਲਾਘਾ ਕੀਤੀ ਹੈ, ਫੌਜ ਨੂੰ ਹੱਲਾਸ਼ੇਰੀ ਵੀ ਦਿੱਤੀ ਹੈ ਅਤੇ ਉਸ ਦੀ ਹਾਰ ਉਤੇ ਕਰੁਣਾ ਤੇ ਹਮਦਰਦੀ ਵੀ ਪ੍ਰਗਟ ਕੀਤੀ ਹੈ।

ਫੌਜ ਲੜਾਈ ਸਮੇਂ ਮਹਾਰਾਣੀ ਜਿੰਦਾਂ ਦੇ ਹੁਕਮ ਖਿੜੇ-ਮੱਥੇ ਮੰਨਦੀ ਹੈ:-

ਸਿੰਘਾਂ ਆਖਿਆ ਲੜਾਂਗੇ ਹੋ ਟੋਟੇ,

ਸਾਨੂੰ ਖਬਰ ਘੱਲੀਂ ਦਿਨੇ-ਰਾਤ ਮਾਈ ।

ਤੇਰੀ ਨੌਕਰੀ ਵਿਚ ਨਾ ਫਰਕ ਕਰੀਏ,

ਭਾਵੇਂ ਖੂਹ ਘੱਤੀਂ ਭਾਵੇਂ ਖਾਤ ਮਾਈ ।(54)

ਸਿੰਘਾਂ ਦੀ ਚੜ੍ਹਤ ਨੂੰ ਕਵੀ ਨੇ ਬੜੇ ਉਤਸ਼ਾਹ ਤੇ ਵਲਵਲੇ ਨਾਲ ਬਿਆਨਿਆ ਹੈ :-

ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ,

ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ ।

ਚੜ੍ਹੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ,

ਜੈਸੇ ਬੇਲਿਓਂ ਨਿਕਲਦੇ ਸ਼ੇਰ ਮੀਆਂ ।

ਚੜ੍ਹੇ ਸਭ ਮਝੈਲ ਦੁਆਬੀਏ ਜੀ,

ਜਿਨ੍ਹਾਂ ਕਿਲ੍ਹੇ ਨਿਵਾਏ ਨੀ ਢੇਰ ਮੀਆਂ ।… (58)

ਰਣ-ਖੇਤਰ ਵਿਚ ਪੁੱਜ ਕੇ ਪੰਜਾਬੀ ਯੋਧਿਆਂ ਨੇ ਅੰਗਰੇਜ਼ਾਂ ਦੇ ਆਹੂ ਲਾਹ ਦਿੱਤੇ:-

ਉਧਰ ਆਪ ਫ਼ਿਰੰਗੀ ਨੂੰ ਭਾਂਜ ਆਈ,

ਦੌੜੇ ਜਾਣ ਗੋਰੇ ਦਿੱਤੀ ਕੰਡ ਮੀਆਂ ।

ਚੱਲੇ ਤੋਪਖਾਨੇ ਸਾਰੇ ਗੋਰਿਆਂ ਦੇ,

ਮਗਰ ਹੋਈ ਬੰਦੂਕਾਂ ਦੀ ਫੰਡ ਮੀਆਂ ।

ਕਿਨ੍ਹੇ ਜਾਇ ਕੇ ਲਿਆਇ ਕੇ ਖ਼ਬਰ ਦਿੱਤੀ,

ਲੰਦਨ ਹੋਇ ਬੈਠੀ ਤੇਰੀ ਰੰਡ ਮੀਆਂ ।

ਸ਼ਾਹ ਮੁਹੰਮਦਾ ਦੇਖ ਮੈਦਾਨ ਜਾ ਕੇ,

ਰੁਲਦੀ ਗੋਰਿਆਂ ਦੀ ਪਈ ਝੰਡ ਮੀਆਂ । (74)

ਅਲੀਵਾਲ (ਲੁਧਿਆਣਾ) ਦੇ ਮੋਰਚੇ ਵੱਲ ਤਾਂ ਰਣਜੋਧ ਸਿੰਘ ਦੀਆਂ ਫੌਜਾਂ ਨੇ ਅੰਗਰੇਜ਼ਾਂ ਦੇ ਪੈਰ ਪੂਰੀ ਤਰ੍ਹਾਂ ਉਖਾੜ ਦਿੱਤੇ ਸਨ:-

ਸਰਦਾਰ ਰਣਜੋਧ ਸਿੰਘ ਫ਼ੌਜ ਲੈ ਕੇ,

ਤਰਫ਼ ਲਾਡੂਏ ਵਾਲੇ ਦੀ ਚੱਲਿਆ ਈ ।….

ਉਨ੍ਹਾਂ ਜਾਇ ਖੋਹੀਆਂ ਬਾਦਸ਼ਾਹੀਆਂ ਨੀ,

ਉਸ ਦਾ ਜ਼ੋਰ ਨਾ ਕਿਸੇ ਨੇ ਝੱਲਿਆ ਈ । (82)

ਕਵੀ ਨੂੰ ਅਫ਼ਸੋਸ ਹੈ ਕਿ ਜੇ ਪੰਜਾਬੀ ਫੌਜ ਉਸ ਵੇਲੇ ਥੋੜੀ ਜੇਹੀ ਹੋਰ ਹਿੰਮਤ ਕਰਦੀ ਤਾਂ ਅੰਗਰੇਜ਼ਾਂ ਦੇ ਗੜ੍ਹ ਲੁਧਿਆਣੇ ਉਤੇ ਕਬਜ਼ਾ ਕਰ ਲੈਂਦੀ:-

ਤੋਪਾਂ, ਊਠ, ਹਾਥੀ, ਮਾਲ ਲਾਖ ਘੋੜੇ,

ਡੇਰੇ ਆਪਣੇ ਸਿੰਘ ਉਤਾਰ ਲੈਂਦੇ ।

ਸ਼ਾਹ ਮੁਹੰਮਦਾ ਸਿੰਘ ਜੇ ਜ਼ੋਰ ਕਰਦੇ,

ਭਾਵੇਂ ਲੁਧਿਆਣਾ ਤਦੋਂ ਮਾਰ ਲੈਂਦੇ । (83)

ਸਭਰਾਉਂ ਦੀ ਲੜਾਈ ਵਿਚ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਆਮਦ ਅੰਗਰੇਜ਼ਾਂ ਲਈ ਗ਼ੈਬੀ ਆਫ਼ਤ ਤੋਂ ਘੱਟ ਨਹੀਂ ਸੀ । ਉਸ ਨੇ ਗੋਰਿਆਂ ਦੀਆਂ ਸਫਾਂ ਫਾੜ ਦਿੱਤੀਆਂ ਅਤੇ ਉਨ੍ਹਾਂ ਦੇ ਘਾਣ ਲਾਹ ਸੁੱਟੇ:-

ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ,

ਬੰਨ੍ਹ ਸ਼ਸਤ੍ਰੀ ਜੋੜ-ਵਿਛੋੜ ਸੁੱਟੇ । ਤੇ ਮਨੇ ।

ਨਿਉ ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,

ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ ।

ਲੇਕਿਨ ਕੁਝ ਨਮਕ-ਹਰਾਮਾਂ ਦੀ ਕਰਤੂਤ ਨੇ ਜੰਗ ਦਾ ਪਾਸਾ ਹੀ ਪਲਟ ਕੇ ਰੱਖ ਦਿੱਤਾ। ਤੇਜਾ ਸਿੰਘ ਨੇ ਪੁਲ ਵੱਢ ਕੇ ਗ਼ੱਦਾਰੀ ਦਾ ਪੂਰਾ-ਪੂਰਾ ਸਬੂਤ ਦਿੱਤਾ ਅਤੇ ਜਿੱਤਦੀਆਂ ਹੋਈਆਂ ਪੰਜਾਬੀ ਫੌਜਾਂ ਹਾਰ ਗਈਆਂ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਜਿਹੀ ਗ਼ੱਦਾਰੀ ਕਰਨ ਦੀ ਕਿਸੇ ਵਿਚ ਹਿੰਮਤ ਨਹੀਂ ਸੀ। ਇਸ ਲਈ ਕਵੀ ਫੌਜ ਦੀ ਹਾਰ ਉਤੇ ਦੇਸ਼ ਦੇ ਸੁਰਗਵਾਸੀ ਰਾਜੇ ਨੂੰ ਯਾਦ ਕਰਦਾ ਹੈ:-

ਜੰਗ ਹਿੰਦ-ਪੰਜਾਬ ਦਾ ਹੋਣ ਲੱਗਾ,

ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ ।

ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,

ਜੇੜੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੇ ।

ਸਣੇ ਆਦਮੀ ਗੋਲੀਆਂ ਨਾਲ ਉੱਡਣ,

ਹਾਥੀ ਡਿੱਗਦੇ ਸਣੇ ਅੰਬਾਰੀਆਂ ਨੇ ।

ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,

ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ । (92)

ਓਧਰ ਮਹਾਰਾਣੀ ਜਿੰਦਾਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਬਾਕੀ ਬਚੀ ਫੌਜ ਨੂੰ ਸ਼ਸਤ੍ਰੀਣ ਤੇ ਅਸੰਗਠਿਤ (disband) ਕਰ ਦਿੱਤਾ। ਸ਼ਾਹ ਮੁਹੰਮਦ ਬੇਕਾਰ ਸੈਨਿਕਾਂ ਅਤੇ ਉਜੜੇ-ਪੁਜੜੇ-ਲੋਕਾਂ ਨਾਲ ਹਮਦਰਦੀ ਕਰਦਾ ਕਹਿੰਦਾ ਹੈ:-

ਮਾਈ ਫੌਜ ਨੂੰ ਚਾਇ ਜਵਾਬ ਦਿਤਾ,

ਦਿੱਤੀ ਨੌਕਰੀ ਛੱਡ ਵਿਚਾਰਿਆਂ ਨੇ ।….

ਸ਼ਾਹ ਮੁਹੰਮਦਾ ਲੋਕ ਵਿਰਾਨ ਹੋਏ,

ਤੋੜ ਸੁੱਟਿਆ ਮੁਲਕ ਉਜਾੜਿਆਂ ਨੇ । (99)

ਵੈਸੇ ਇਸ ਹਾਰ ਬਾਰੇ ਸ਼ਾਹ ਮੁਹੰਮਦ ਨੇ ਪਹਿਲਾਂ ਹੀ ਕਹਿ ਦਿਤਾ ਸੀ । ਇਕ ਪਾਸੇ ਮੁਲਕ ਤੇ ਕੌਮ ਦੀ ਇੱਜ਼ਤ ਲਈ ਲੜਨ ਵਾਲੇ ਯੋਰਪੀ ਲੜਾਈਆਂ ਦੇ ਹੀਰੋ ਜਰਨੈਲ ਸਨ ਅਤੇ ਦੂਜੇ ਪਾਸੇ ਨਿਜੀ ਹਿਤਾਂ ਲਈ ਦੇਸ਼ ਤੇ ਕੌਮ ਦਾ ਸੌਦਾ ਕਰਨ ਵਾਲੇ ਆਉਂਦੇ ਹਨ, ਜਿਨ੍ਹਾਂ ਵਿਚ ਮਹਾਰਾਣੀ ਜਿੰਦਾਂ, ਗੁਲਾਬ ਸਿੰਘ, ਲਾਲ ਸਿੰਘ, ਤੇਜਾ ਸਿੰਘ ਤੇ ਪਹਾੜਾ ਸਿੰਘ ਆਦਿ ਸ਼ਾਮਲ ਹਨ । ਅਜੇਹੇ ਲੋਕਾਂ ਦੇ ਕਾਰਨ ਹੀ ਲਹਿਣਾ ਸਿੰਘ ਮਜੀਠੀਆ ਤੀਰਥਾਂ ਨੂੰ ਚਲਿਆ ਗਿਆ ਸੀ ਅਤੇ ਸ਼ਾਮ ਸਿੰਘ ਅਟਾਰੀ ਵਾਲਾ ਵੀ ਪਿੰਡ ਆਣ ਬੈਠਾ ਸੀ ।

ਅਸਲ ਵਿਚ ਲਾਹੌਰ ਦਰਬਾਰ ਦੇ ਸਿਆਸੀ ਖਿਡਾਰੀ ਫੌਜ ਨੂੰ ਸ਼ਤਰੰਜ ਦੇ ਮੋਹਰਿਆਂ ਦੇ ਰੂਪ ਵਿਚ ਵਰਤਦੇ ਰਹੇ । ਉਹ ਫੌਜ ਨੂੰ ਦੇਸ਼-ਕੌਮ ਦਾ ਵਾਸਤਾ ਦੇ ਕੇ ਜਾਂ ਮਾਇਕ ਲਾਲਚ ਦੇ ਕੇ ਇਕ ਦੂਜੇ ਦੇ ਵਿਰੁਧ ਉਕਸਾਉਂਦੇ । ਫੌਜ ਦੇ ਆਮ ਲੋਕ ਅਨਪੜ੍ਹ ਅਤੇ ਇਨ੍ਹਾਂ ਰਾਜਨੀਤਕ ਚਾਲਾਂ ਤੋਂ ਬੇਖ਼ਬਰ ਸਨ। ਦਰਬਾਰੀਆਂ ਨੇ ਹੀ ਫੌਜ ਨੂੰ ਵੱਢ-ਟੁੱਕ ਦਾ ਰਾਹ ਦੱਸਿਆ ਸੀ । ਫੇਰ ਉਹ ਫੌਜ ਲਾਲਚੀ ਵੀ ਹੋ ਗਈ । ਖਰਬੂਜ਼ੇ ਨੂੰ ਵੇਖ ਕੇ ਖਰਬੂਜ਼ਾ ਰੰਗ ਫੜਦਾ ਹੈ । ਜੇ ਰਾਜਾ ਗੁਲਾਬ ਸਿੰਘ ਵਰਗੇ ਜਾਗੀਰਦਾਰ ਜੰਮੂ ਵੱਲ ਸੋਨੇ-ਚਾਂਦੀ ਅਤੇ ਹੀਰੇ-ਜਵਾਹਰਾਤ ਦੇ ਗੱਡੇ ਲਈ ਜਾਂਦੇ ਸਨ ਤਾਂ ਫੇਰ ਫੌਜ ਨੇ ਕੀ ਗੁਨਾਹ ਕੀਤਾ ਜੇ ਉਹਨਾਂ ਨੇ ਆਪਣੀ ਤਲਬ ਪੰਜ-ਸੱਤ ਤੋਂ ਬਾਰਾਂ-ਤੇਰਾਂ ਕਰਵਾ ਲਈ ? ਇਹਨਾਂ ਬਾਰਾਂ-ਤੇਰਾਂ ਤਲਬ ਲੈਣ ਵਾਲੇ ਸੈਨਿਕਾਂ ਨੂੰ ਮਹਾਰਾਣੀ ਜਿੰਦਾਂ ਨੇ ਸਭ ਤੋਂ ਪਹਿਲਾਂ ਲੜਾਈ ਵਿਚ ਧੱਕਿਆ ਸੀ :-

ਸ਼ਾਹ ਮੁਹੰਮਦਾ ਜਿਨ੍ਹਾਂ ਦੀ ਤਲਬ ਤੇਰਾਂ,

ਮਜ਼ੇ ਤਿਨ੍ਹਾਂ ਲੜਾਈ ਦੇ ਚੱਖਣੇ ਜੀ । (52)

ਸ਼ਾਹ ਮੁਹੰਮਦ ਨੇ ਜਵਾਹਰ ਸਿੰਘ ਦੇ ਕਤਲ ਨੂੰ ਬੜਾ ਬੇਦਰਦਾਨਾ ਤੇ ਜ਼ਾਲਿਮਾਨਾ ਸਿੱਧ ਕੀਤਾ ਹੈ, ਪਰੰਤੂ ਉਸ ਨੇ ਇਸ ਕਤਲ ਦਾ ਕਾਰਨ ਨਹੀਂ ਲਿਖਿਆ। ਅਸਲ ਵਿਚ ਜਵਾਹਰ ਸਿੰਘ ਨੇ ਕੰਵਰ ਪਿਸ਼ੌਰਾ ਸਿੰਘ ਨੂੰ ਮਰਵਾ ਕੇ ਆਪਣੇ ਭਤੀਜੇ ਮਹਾਰਾਜਾ ਦਲੀਪ ਸਿੰਘ ਦਾ ਰਸਤਾ ਸਾਫ਼ ਕੀਤਾ ਸੀ ਤਾਂ ਜੋ ਮਹਾਰਾਜਾ ਰਣਜੀਤ ਸਿੰਘ ਦੇ ਉਸ ਪੁੱਤਰ ਦੀ ਮੌਤ ਤੋਂ ਬਾਅਦ ਲਾਹੌਰ ਰਾਜ ਦਾ ਕੋਈ ਦਾਹਵੇਦਾਰ ਬਾਕੀ ਨਾ ਰਹੇ ਅਤੇ ਉਹ ਆਪਣੇ ਨਾਬਾਲਿਗ ਭਾਣਜੇ ਨਾਲ ਮਿਲ ਕੇ ਸਦਾ ਲਈ ਨਿਸ਼ਚਿੰਤ ਹੋ ਕੇ ਪੰਜਾਬ ਉਤੇ ਰਾਜ ਕਰਦਾ ਰਹੇ । ਪਰੰਤੂ ਫੌਜ ਨੂੰ ਮਹਾਰਾਜਾ ਰਣਜੀਤ ਸਿੰਘ ਤੇ ਉਸ ਦੀ ਸੰਤਾਨ ਦਾ ਐਨਾ ਆਦਰ ਸੀ ਕਿ ਮਹਾਰਾਜੇ ਦੇ ਪੁੱਤ (ਪਿਸ਼ੌਰਾ ਸਿੰਘ) ਦੇ ਕਾਤਿਲ (ਜਵਾਹਰ ਸਿੰਘ) ਨੂੰ ਉਸ ਨੇ ਕਿਸੇ ਤਰ੍ਹਾਂ ਨਹੀਂ ਬਖਸ਼ਿਆ। ਜਦ ਆਪਣੇ ਭਰਾ ਦੇ ਕਤਲ ‘ਤੇ ਮਹਾਰਾਣੀ ਜਿੰਦਾਂ ਵੈਣ ਪਾਉਂਦੀ ਸੀ ਤਾਂ ਫੌਜ ‘ਸੱਸੀ ਪੁੰਨੂੰ’ ਤੇ ‘ਮਿਰਜ਼ਾ ਸਾਹਿਬਾਂ’ ਦੀਆਂ ਸੱਦਾਂ ਗਾਉਂਦੀ ਸੀ ਪਰੰਤੂ ਨਾਲ ਇਹ ਵੀ ਕਹਿੰਦੀ ਸੀ ਕਿ ਅਸੀਂ ਤੇਰੇ ਵੈਣਾਂ ਨੂੰ ਸੁਣੀਏ ਜਾਂ ਕੰਵਰ ਪਿਸ਼ੌਰਾ ਸਿੰਘ ਦੀ ਮਾਂ ਦੇ ਵਿਰਲਾਪ ? ਅਸੀਂ ਤੇਰੇ ਪੁੱਤ ਨੂੰ ਤਾਂ ਕੁਝ ਨਹੀਂ ਆਖਿਆ। ਅਸਲ ਵਿਚ ਮਹਾਰਾਣੀ ਜਿੰਦਾਂ ਨੇ ਆਪਣਾ ਰਾਹ ਸਾਫ਼ ਕੀਤਾ ਸੀ ਪਰੰਤੂ ਉਹ ਹੋਰ ਕੰਡਿਆਲਾ ਹੋ ਗਿਆ ।

ਫਿਰ ਵੀ ਸਰਦਾਰ ਸ਼ਾਮ ਸਿੰਘ ਅਟਾਰੀ ਵਰਗੇ ਜਰਨੈਲਾਂ ਤੇ ਸੈਨਿਕਾਂ ਨੇ ਸਿੰਘ ਸਿਪਾਹੀ ਦੀ ਕੀਰਤੀ ਨੂੰ ਕਾਇਮ ਰੱਖਿਆ ਜੋ ਅੰਗਰੇਜ਼ੀ ਫੌਜ ਨਾਲ ਜੂਝਦੇ ਹੋਏ ਵੀਰ-ਗਤੀ ਨੂੰ ਪ੍ਰਾਪਤ ਹੋ ਗਏ । ਅਜਿਹੀ ਫੌਜ ਦੀ ਜਿਤਨੀ ਵੀ ਸ਼ਲਾਘਾ ਕੀਤੀ ਜਾਵੇ, ਘੱਟ ਹੈ ।

ਬਾਬਾ ਬੀਰ ਸਿੰਘ ਨੌਰੰਗਾਬਾਦੀ ਦੀ ਸ਼ਹੀਦੀ

27 ਜੂਨ 1839 ਨੂੰ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਅੱਖਾਂ ਕੀ ਮੀਟੀਆਂ, ਖ਼ਾਲਸਾ ਰਾਜ ਦਾ ਲਟ-ਲਟ ਬਲਦਾ ਸੂਰਜ ਅੰਧਕਾਰ ਵਿਚ ਗੋਤੇ ਖਾਣ ਲੱਗਾ ਅਤੇ ਪੰਜਾਬੀਆਂ ਦਾ ਜਾਨਾਂ ਹੂਲ ਕੇ ਨਵ-ਉਸਾਰਿਆ ਕੌਮੀ ਮਹੱਲ ਇੱਟ- ਇੱਟ ਕਰਕੇ ਕਿਰਨ ਲੱਗਾ । ਉਹ ਡੋਗਰੇ ਭਰਾ ਜੋ ਕਦੀ ਲਾਹੌਰ ਦਰਬਾਰ ਦੀ ਵਫ਼ਾਦਾਰੀ ਦਾ ਦਮ ਭਰਦਿਆਂ ਨਹੀਂ ਸੀ ਥੱਕਦੇ, ਇਕ ਦਮ ਅੱਖਾਂ ਫੇਰ ਗਏ ਅਤੇ ਖ਼ਾਲਸਾ ਰਾਜ ਨੂੰ ਮਿੱਟੀ ਵਿਚ ਰੋਲਣ ਲਈ ਖੂਨੀ ਸਾਜ਼ਿਸ਼ਾਂ ਘੜਨ ਲੱਗੇ । ਗੁਰਵਾਕ-“ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ” (ਪੰਨਾ ੧੪੧੨) ਅਨੁਸਾਰ ਲਾਹੌਰ ਸ਼ਹਿਰ ਸਚਮੁੱਚ ਹੀ ਮਨੁੱਖੀ ਕਹਿਰ, ਵਿਦ੍ਰੋਹਾਂ, ਸਿਆਸੀ ਚਾਲਾਂ, ਸਾਜ਼ਿਸ਼ਾਂ, ਦਗ਼ੇਬਾਜ਼ੀਆਂ, ਕਤਲਾਂ, ਤਬਾਹੀਆਂ ਅਤੇ ਬੁਰਛਾ-ਗਰਦੀਆਂ ਦਾ ਅਖਾੜਾ ਬਣ ਗਿਆ। ਹਰ ਕੋਈ ਤਖ਼ਤ-ਬਖ਼ਤ ਤੇ ਧਨ-ਮਾਲ ਲਈ ਈਮਾਨ ਧਰਮ ਵੇਚਣ ਲੱਗਾ। ਦਿਨ-ਦੀਵੀਂ ਮਾਸੂਮ ਜਿੰਦੜੀਆਂ ਦੇ ਕਤਲ ਹੋਣ ਲੱਗੇ । ਕੋਈ ਵੀ ਹੱਕ, ਇਨਸਾਫ਼ ਤੇ ਨਿਆਂ ਦੀ ਹਾਮੀ ਭਰਨ ਵਾਲਾ ਨਾ ਰਿਹਾ। ਉਸ ਸਮੇਂ ਦਾ ਪੰਜਾਬੀਆਂ ਦਾ ਦਰਦ ਰੱਖਣ ਵਾਲਾ ਕਵੀ ਸ਼ਾਹ ਮੁਹੰਮਦ ਵੈਣ ਪਾ-ਪਾ ਲਿਖ ਰਿਹਾ ਹੈ:-

ੳ) ਪਿੱਛੇ ਇਕ ਸਰਕਾਰ ਦੇ ਖੇਡ ਚੱਲੀ,

ਪਈ ਨਿੱਤ ਹੁੰਦੀ ਮਾਰੋ ਮਾਰ ਮੀਆਂ।

ਸਿੰਘਾਂ ਮਾਰ ਸਰਦਾਰਾਂ ਦਾ ਨਾਸ ਕੀਤਾ,

ਸੱਭੇ ਕਤਲ ਹੋਏ ਵਾਰੋ ਵਾਰ ਮੀਆਂ।

ਸਿਰ ਫੌਜ ਦੇ ਰਿਹਾ ਨਾ ਕੋਈ ਕੁੰਡਾ,

ਹੋਏ ਸ਼ੁਤਰ ਜਿਉਂ ਬੇਮੁਹਾਰ ਮੀਆਂ।

ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ,

ਭੂਤ ਮੰਡਲੀ ਹੋਈ ਤਿਆਰ ਮੀਆਂ। (41)

ਅ) ਅੱਗੇ ਰਾਜ ਆਇਆ ਹੱਥ ਬੁਰਛਿਆਂ ਦੇ,

ਪਈ ਖੜਕਦੀ ਨਿੱਤ ਤਲਵਾਰ ਮੀਆਂ।….

ਸ਼ਾਹ ਮੁਹੰਮਦਾ ਧੁਰੋਂ ਤਲਵਾਰ ਵਗਦੀ,

ਖਾਲੀ ਨਹੀਂ ਜਾਣਾ ਕੋਈ ਵਾਰ ਮੀਆਂ। (30)

ੲ) ਕਿਹਾ ਬੁਰਛਿਆਂ ਆਣ ਅੰਧੇਰ ਪਾਇਆ,

ਜੇਹੜਾ ਬਹੇ ਗੱਦੀ ਉਹਨੂੰ ਮਾਰ ਲੈਂਦੇ।

ਕੜੇ ਕੈਂਠੇ ਇਨਾਮ ਰੁਪਏ ਬਾਰਾਂ,

ਕਦੇ ਪੰਜ ਤੇ ਸੱਤ ਨਾਂ ਚਾਰ ਲੈਂਦੇ ।…. (40)

ਮਹਾਰਾਜਾ ਰਣਜੀਤ ਸਿੰਘ ਮਗਰੋਂ ਉਸ ਦਾ ਸਭ ਤੋਂ ਵੱਡਾ ਪੁੱਤਰ ਕੰਵਰ ਖੜਕ ਸਿੰਘ ਰਾਜ-ਗੱਦੀ ‘ਤੇ ਬੈਠਾ ਅਤੇ ਵਜ਼ੀਰੇ-ਆਜ਼ਮ ਸੀ ਧਿਆਨ ਸਿੰਘ ਡੋਗਰਾ, ਜੋ ਚਾਹੁੰਦਾ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਉਸ ਦਾ ਪੁੱਤਰ ਹੀਰਾ ਸਿੰਘ ਪੰਜਾਬ ਦਾ ਬਾਦਸ਼ਾਹ ਬਣੇ । ਉਸ ਸਮੇਂ ਅੰਗਰੇਜ਼ ਬਾਕੀ ਭਾਰਤ ‘ਤੇ ਅਧਿਕਾਰ ਜਮਾਉਣ ਪਿਛੋਂ ਖੁਸ਼ਹਾਲ ਪੰਜਾਬ ‘ਤੇ ਵੀ ਅੱਖ ਰੱਖੀ ਬੈਠਾ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਤੋਂ ਭੈ ਖਾਂਦਾ ਹੋਇਆ ਲਾਹੌਰ ਦਰਬਾਰ ਨਾਲ ਸੰਧੀ ਕਰਨ ‘ਤੇ ਮਜਬੂਰ ਹੋ ਗਿਆ ਸੀ, ਪਰੰਤੂ ਅੰਦਰਖਾਤੇ ਉਸ ਦੀਆਂ ਪੰਜਾਬ ਹਥਿਆਉਣ ਦੀਆਂ ਕੋਸ਼ਿਸ਼ਾਂ ਨਿਰੰਤਰ ਜਾਰੀ ਸਨ ਅਤੇ ਰਾਜ ਦੇ ਵਾਰਸਾਂ ਨੂੰ ਇਕ ਦੂਜੇ ਵਿਰੁਧ ਉਕਸਾ, ਭਿੜਾ ਤੇ ਲੜਾ ਕੇ ਅਰਥਾਤ ਦੂਜਿਆਂ ਦੇ ਮੋਢਿਆਂ ‘ਤੇ ਬੰਦੂਕ ਚਲਾ ਕੇ ਖ਼ੁਦ ਸ਼ਿਕਾਰ ਹੜੱਪ ਕਰਨਾ ਲੋੜਦਾ ਸੀ । ਆਜ਼ਾਦੀ-ਪਸੰਦ ਪੰਜਾਬੀਆਂ ਨੂੰ ਅੰਗਰੇਜ਼ ਦੇ ਨਾਂ ਨਾਲ ਹੀ ਘ੍ਰਿਣਾ ਹੋ ਗਈ ਸੀ ਅਤੇ ਕਿਸੇ ਪ੍ਰਕਾਰ ਇਨ੍ਹਾਂ ਦਾ ਪੱਖ ਪੂਰਨ ਵਾਲੇ ਨੂੰ ਵੀ ਆਪਣਾ ਦੁਸ਼ਮਣ ਤਸੱਵਰ ਕਰਦੇ ਸਨ ।

ਜਿਵੇਂ ਅਜਕਲ੍ਹ ਕਿਸੇ ਨੂੰ ਬਦਨਾਮ ਕਰਨਾ ਹੋਵੇ ਤਾਂ ਝੋਲੀ ਚੁੱਕ, ਪਿੱਠੂ, ਚਮਚਾ, ਏਜੰਸੀ ਦਾ ਆਦਮੀ, ਅੱਤਵਾਦੀ ਤੇ ਵੱਖਵਾਦੀ ਆਦਿ ਆਖਿਆ ਜਾਂਦਾ ਹੈ, ਇਸੇ ਤਰ੍ਹਾਂ ਉਸ ਸਮੇਂ ਕਿਸੇ ਦੀ ਸਮਾਜਿਕ ਮਹਾਨਤਾ ਘਟਾਉਣ ਲਈ ਜਾਂ ਖੁਲ੍ਹੇਆਮ ਭੰਡਣ ਲਈ ਉਸ ਨੂੰ ‘ਫ਼ਿਰੰਗੀ ਦਾ ਯਾਰ’ ਕਹਿ ਦੇਣਾਂ ਹੀ ਕਾਫ਼ੀ ਸੀ ਅਤੇ ਸਾਧਾਰਨ ਲੋਕ ਬਿਨਾਂ ਕੁਝ ਸੋਚਣ, ਵਿਚਾਰਨ ਜਾਂ ਪੜਤਾਲਣ ਦੇ, ਅੰਗਰੇਜ਼ ਦੇ ਕਥਿਤ ਟੋਡੀ ਦੇ ਖਿਲਾਫ਼ ਲੰਗਰ-ਲੰਗੋਟੇ ਕੱਸ ਲੈਂਦੇ ਸਨ ਅਤੇ ਮਰਨ-ਮਾਰਨ ‘ਤੇ ਉਤਰ ਆਉਂਦੇ ਸਨ । ਡੋਗਰਿਆਂ ਨੇ ਵੀ ਆਪਣੀਆਂ ਸਿਆਸੀ ਚਾਲਾਂ ਨੂੰ ਕਾਮਯਾਬ ਬਨਾਣ ਹਿਤ ਕੁਝ ਅਜਿਹੀ ਨੀਤੀ ਦਾ ਹੀ ਸਹਾਰਾ ਲਿਆ ਅਤੇ ਮਹਾਰਾਜਾ ਖੜਕ ਸਿੰਘ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਅਤੇ ਇਸ ਦੀ ਮਾਤਾ ਮਹਾਰਾਣੀ ਚੰਦ ਕੌਰ ਨੂੰ ਇਹ ਪੱਟੀ ਪੜ੍ਹਾ ਕੇ ਮਹਾਰਾਜੇ ਦੇ ਖਿਲਾਫ਼ ਕਰ ਲਿਆ ਕਿ ਉਹ ਤਾਂ ਆਪਣੇ ਸਲਾਹਕਾਰ ਸ. ਚੇਤ ਸਿੰਘ ਬਾਜਵੇ ਦੇ ਢਹੇ ਚੜ੍ਹ ਕੇ ਖ਼ਾਲਸਾ-ਰਾਜ ਫ਼ਿਰੰਗੀਆਂ ਦੇ ਹਵਾਲੇ ਕਰ ਰਿਹਾ ਹੈ ਅਤੇ ਡੋਗਰੇ ਇਸ ਚਾਲ ਵਿਚ ਕਾਮਯਾਬ ਰਹੇ ।

ਸ: ਚੇਤ ਸਿੰਘ ਨੂੰ ਤਾਂ ਕੰਵਰ ਦੀਆਂ ਅੱਖਾਂ ਸਾਹਵੇਂ ਮਾਰ ਦਿੱਤਾ ਪਰੰਤੂ ਮਹਾਰਾਜੇ ਨੂੰ ਜਾਨੋਂ ਬਖਸ਼ ਕੇ ਨਜ਼ਰਬੰਦ ਕਰ ਦਿੱਤਾ ਗਿਆ। ਰਾਜ-ਭਾਗ ਨੌਨਿਹਾਲ ਸਿੰਘ ਨੇ ਸੰਭਾਲ ਲਿਆ। ਉਧਰ ਖੜਕ ਸਿੰਘ ਝੋਰਿਆਂ ਕਾਰਨ ਉਦਾਸ ਰਹਿਣ ਲੱਗਾ, ਡੋਗਰੇ ਪਿਉ-ਪੁੱਤਰ ਦਾ ਮੇਲ ਵੀ ਨਾ ਹੋਣ ਦੇਣ ਤਾਂ ਕਿ ਕਿਧਰੇ ਪੋਲ ਨਾ ਖੁਲ੍ਹ ਜਾਵੇ । ਧਿਆਨ ਸਿੰਘ ਦੀ ਸ਼ਹਿ ‘ਤੇ ਖੜਕ ਸਿੰਘ ਨੂੰ ਦਵਾਈਆਂ ਵਿਚ ਕਸਕਰੀ, ਰਸਕਪੂਰ ਤੇ ਪਾਰਾ ਮਿਲਾ ਕੇ ਦਿੱਤਾ ਜਾਣ ਲੱਗਾ ਜਿਸ ਸਦਕਾ ੫ ਨਵੰਬਰ ੧੮੪੦ ਨੂੰ ਇਸਦੀ ਘੁਲ-ਘੁਲ ਕੇ ਮੌਤ ਹੋ ਗਈ । ਧਿਆਨ ਸਿੰਘ ਦੀ ਹੋਰ ਚਾਲ ਵੇਖੋ- ਜਦੋਂ ਮਹਾਰਾਜਾ ਨੌਨਿਹਾਲ ਸਿੰਘ ਪਿਤਾ ਖੜਕ ਸਿੰਘ ਦਾ ਸਸਕਾਰ ਕਰ ਕੇ ਵਾਪਸ ਕਿਲ੍ਹੇ ਨੂੰ ਪਰਤ ਰਿਹਾ ਸੀ ਤਾਂ ਹਜ਼ੂਰੀ ਬਾਗ ਦੇ ਦਰਵਾਜ਼ੇ ਦੀ ਡਾਟ ਗਿਰਾ ਕੇ ਜ਼ਖਮੀ ਕਰ ਦਿੱਤਾ ਗਿਆ, ਜ਼ਖਮ ਤਾਂ ਛੋਟਾ ਜਿੰਨਾ ਹੀ ਸੀ ਪਰੰਤੂ ਮਹੱਲਾਂ ਵਿਚ ਲਿਜਾ ਕੇ ਇਕ ਬੰਦ ਕਮਰੇ ਵਿਚ ਪੱਥਰਾਂ ਨਾਲ ਸਿਰ ਤੋੜ-ਤੋੜ ਕੇ ਮਾਰ ਦਿੱਤਾ। ਨੋਨਿਹਾਲ ਸਿੰਘ ਦੀ ਮਾਤਾ ਚੰਦ ਕੌਰ ਅਤੇ ਧਰਮ ਪਤਨੀ ਨਾਨਕੀ ਦਰਵਾਜ਼ੇ ਨੂੰ ਹੱਥਾਂ ਨਾਲ ਭੰਨਦਿਆਂ ਲਾਚਾਰ ਹੋ ਗਈਆਂ ਪਰੰਤੂ ਕਿਸੇ ਨੂੰ ਮਹਾਰਾਜੇ ਪਾਸ ਨਾ ਆਉਣ ਦਿੱਤਾ ਗਿਆ ਤੇ ਇੰਜ ਸਾਢੇ ਕੁ ਉੱਨੀ ਸਾਲ ਦੇ ਅਤੀ ਹੋਣਹਾਰ, ਬਹਾਦਰ ਤੇ ਦੂਰ-ਅੰਦੇਸ਼ ਮਹਾਰਾਜੇ ਨੂੰ ਅਣਿਆਈ ਮੌਤੇ ਮਾਰ ਦਿੱਤਾ ਗਿਆ-

“ਮੌਤਾਂ ਇਕਸੇ ਦਿਨ ਹੀ ਦੋ ਹੋਈਆਂ,

ਸੋਗ ਵਿਚ ਪੰਜਾਬ ਵਰਤਾਇ ਦਿੱਤਾ।

ਖੜਕ ਸਿੰਘ ਅਤੇ ਕੌਰ ਸਾਹਿਬ ਤਾਈਂ,

ਖੁਦਗਰਜ਼ੀਆਂ ਪਾਰ ਬੁਲਾਇ ਦਿੱਤਾ।

ਬਾਦਸ਼ਾਹੀ ਦੇ ਤਾਜ ਥਾਂ ਕੌਰ ਦੇ ਸਿਰ,

ਫੜ੍ਹ ਮੌਤ ਦਾ ਤਾਜ ਪਹਿਨਾਇ ਦਿੱਤਾ।

ਉਹਦੇ ਨਾਲ ਹੀ ਰਾਜ ਦੀ ਆਸ ਦਾ ਭੀ,

ਝੰਡਾ ਜੜ੍ਹਾਂ ਤੋਂ ਝੂਣ ਹਿਲਾਇ ਦਿੱਤਾ।

ਹੁਣ ਖ਼ਾਲਸੇ ਦਾ ਰਾਜ ਰਹੇਗਾ ਨਾ,

ਉਸੇ ਵਕਤ ਦਾਨਾਵਾਂ ਸੁਣਾਇ ਦਿੱਤਾ।

ਹੋਣਹਾਰ ਸੀ ਕੰਵਰ ਕਰਤਾਰ ਸਿੰਘਾ,

ਚੁੱਕ ਮੌਤ ਦੀ ਗੋਦ ਸੁਲਾਇ ਦਿੱਤਾ।

ਅਜਿਹੀ ਅਨਹੋਣੀ ਮੌਤ ਬਾਰੇ ਹੀ ਕਿਸੇ ਕਵੀ ਨੇ ਲਿਖਿਆ ਹੈ—

ਫੂਲ ਤੋ ਦੋ ਦਿਨ ਖਿਲੇ, ਅਪਨੀ ਮਹਿਕ ਦਿਖਲਾ ਗਏ।

ਹਸਰਤ ਉਨ ਗੁੰਚੋਂ ਪੇ ਹੈ, ਜੋ ਬਿਨ ਖਿਲੇ ਮੁਰਝਾ ਗਏ।

ਤਥਾ-ਹਾਇ ਗੁਲਚੀਨ ਅਜ਼ਲ ਕਿਆ ਤੁਝ ਸੇ ਨਾਦਾਨੀ ਹੂਈ।

ਫੂਲ ਵੋਹ ਤੋੜਾ ਕਿ ਗੁਲਸ਼ਨ ਭਰ ਮੇਂ ਵੀਰਾਨੀ ਹੂਈ।

12 ਨਵੰਬਰ 1840 ਤੋਂ 18 ਜਨਵਰੀ 1841 ਤਕ ਮਹਾਰਾਣੀ ਚੰਦ ਕੌਰ ਦੀ ਹਕੂਮਤ ਰਹੀ, 16 ਤੋਂ 18 ਜਨਵਰੀ ਤਕ ਡੋਗਰਿਆਂ ਦੀ ਚਾਲ ਸਦਕਾ ਲਾਹੌਰ ਕਿਲ੍ਹੇ ਦੁਆਲੇ ਘੇਰਾ ਪਿਆ ਰਿਹਾ, ਮਹਾਰਾਣੀ ਚੰਦ ਕੌਰ ਅਤੇ ਸ਼ਹਿਜ਼ਾਦਾ ਸ਼ੇਰ ਸਿੰਘ ਦੀਆਂ ਫੌਜਾਂ ਵਿਚਕਾਰ ਗੋਲਾ-ਬਾਰੂਦ ਵਰ੍ਹਦਾ ਰਿਹਾ, ਅੰਤ ਮਹਾਰਾਣੀ ਦੀ ਨਾਕਾਮਯਾਬੀ ਹੋਈ ਅਤੇ ਸ਼ੇਰ ਸਿੰਘ ਲਾਹੌਰ ਕਬਜ਼ੇ ਉਪਰੰਤ 21 ਜਨਵਰੀ 1841 ਨੂੰ ਤਖ਼ਤ-ਨਸ਼ੀਨ ਹੋਇਆ । 12 ਜੂਨ 1842 ਨੂੰ ਮਹਾਰਾਣੀ ਚੰਦ ਕੌਰ ਦਾ ਉਸਦੀਆਂ ਗੋਲੀਆਂ ਪਾਸੋਂ ਹੀ ਖਾਤਮਾ ਕਰਵਾ ਦਿੱਤਾ ਗਿਆ। 15 ਸਤੰਬਰ 1843 ਨੂੰ ਮਹਾਰਾਜਾ ਸ਼ੇਰ ਸਿੰਘ ਅਤੇ ਉਸ ਦੇ ਹੋਣਹਾਰ ਸਪੁਤਰ ਕੰਵਰ ਪ੍ਰਤਾਪ ਸਿੰਘ ਦੇ ਦਰਦਨਾਕ ਕਤਲ ਹੋਏ ਅਤੇ ਇਸੇ ਦਿਨ ਰਾਜਾ ਧਿਆਨ ਸਿੰਘ ਡੋਗਰਾ ਵੀ ਸ੍ਰਦਾਰ ਅਜੀਤ ਸਿੰਘ ਅਤੇ ਸ: ਲਹਿਣਾ ਸਿੰਘ ਸੰਧਾਵਾਲੀਏ ਸਰਦਾਰਾਂ ਹੱਥੋਂ ਮਾਰਿਆ ਗਿਆ । ਪ੍ਰੋ: ਸੀਤਾ ਰਾਮ ਕੋਹਲੀ ਲਿਖਦਾ ਹੈ ਕਿ ਸੰਧਾਵਾਲੀਏ ਸਰਦਾਰਾਂ ਪਾਸੋਂ ਇਹ ਭੁੱਲ ਹੋ ਗਈ ਕਿ ਧਿਆਨ ਸਿੰਘ ਦਾ ਪੁੱਤਰ ਹੀਰਾ ਸਿੰਘ ਅਤੇ ਉਸ ਦੇ ਭਾਈ ਗੁਲਾਬ ਸਿੰਘ ਅਤੇ ਸੁਚੇਤ ਸਿੰਘ ਬਚ ਗਏ । ਜੇ ਉਹਨਾਂ ਨੂੰ ਵੀ ਇਸ ਵੇਲੇ ਬੰਨੇ ਲਾ ਦਿੱਤਾ ਜਾਂਦਾ ਤਾਂ ਸ਼ਾਇਦ ਇਤਿਹਾਸ ਦਾ ਨਕਸ਼ਾ ਕੁਝ ਚਿਰ ਲਈ ਬਦਲ ਜਾਂਦਾ । ਪਰੰਤੂ ਜੋ ਵਿਧਾਤਾ ਨੇ ਲਿਖਿਆ ਹੈ, ਉਸ ਨੂੰ ਕੌਣ ਟਾਲ ਸਕਦਾ ਹੈ । ਡੋਗਰਿਆਂ ਨੇ ਗ਼ੱਦਾਰੀਆਂ ਕਰਨੀਆਂ ਹੀ ਸਨ-

ਬੜੇ ਬੜੇ ਹੋਏ ਨਮਕ-ਹਰਾਮ ਭਾਰੇ,

ਇਨ੍ਹਾਂ ਜਿਹੀ ਨਾ ਮਿਲੇ ਮਿਸਾਲ ਕਿਧਰੇ ।

ਇਨ੍ਹਾਂ ਕੀਤੀਆਂ ਨਿਮਕ-ਹਰਾਮੀਆਂ ਜੋ,

ਨਹੀਂ ਕਰਦੇ ਵਡੇ ਚੰਡਾਲ ਕਿਧਰੇ ।

ਜਿਸ ਇਨ੍ਹਾਂ ਨੂੰ ਰਾਜ ਤੇ ਭਾਗ ਬਖਸ਼ੇ,

ਘਰ ਸੁੱਟਿਆ ਉਸਦਾ ਗਾਲ ਕਿਧਰੇ।

ਲੱਗੇ ਦਾਗ਼ ਇਹ ਰਹਿਣ ਕਰਤਾਰ ਸਿੰਘਾ,

ਨਹੀਂ ਸਕਦੇ ਡੋਗਰੇ ਟਾਲ ਕਿਧਰੇ।

ਮਹਾਰਾਜਾ ਸ਼ੇਰ ਸਿੰਘ ਦੇ ਖਾਤਮੇ ਉਪ੍ਰੰਤ ਪੰਜ ਸਾਲਾ ਦਲੀਪ ਸਿੰਘ, ਜੋ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਸੀ, ਨੂੰ ਖ਼ੂਨ ਦਾ ਟਿੱਕਾ ਲਗਾ ਕੇ ਮਹਾਰਾਜਾ ਬਣਾਇਆ ਗਿਆ । ਰਾਣੀ ਜਿੰਦਾਂ ਨੇ ਉਸੇ ਸਮੇਂ ਆਖ ਦਿੱਤਾ ਸੀ ਕਿ ਮੇਰੇ ਪੁੱਤਰ ਨੂੰ ਖ਼ੂਨ ਦਾ ਟਿੱਕਾ ਲਾ ਕੇ ਤਖ਼ਤ ਤੇ ਬਿਠਾਇਆ ਜਾਣਾ ਬੁਰਾ ਸ਼ਗਨ ਹੋਇਆ ਹੈ ਅਤੇ ਅਸਾਨੂੰ ਆਰਾਮ ਦਾ ਸਾਹ ਲੈਣਾ ਨਸੀਬ ਨਹੀਂ ਹੋਵੇਗਾ। ਸਚਮੁੱਚ ਅਜਿਹਾ ਹੀ ਹੋਇਆ, ਦੋਵੇਂ ਮਾਂ-ਪੁੱਤ ਸਾਰੀ ਉਮਰ ਰੁਲਦੇ-ਖੁਲਦੇ ਅਤੇ ਦਰ-ਦਰ ਠੋਕਰਾਂ ਖਾਂਦੇ ਰਹੇ, ਕਿਸੇ ਇਹਨਾਂ ਦੀ ਹਾਮੀ ਨਾ ਭਰੀ । ਇਥੋਂ ਤੀਕ ਕਿ ਮਾਂ-ਪੁੱਤ ਨੂੰ ਇਕੱਠਿਆਂ ਰਹਿ ਕੇ ਇਕ ਦੂਜੇ ਨਾਲ ਦਰਦ ਸਾਂਝਾ ਕਰਨ ਦਾ ਵੀ ਹੁਕਮ ਨਾ ਮਿਲ ਸਕਿਆ ਤੇ ਵਿਚਾਰੇ ਬਿਦੇਸਾਂ ਵਿਚ ਭਟਕਦੇ ਹੀ ਮਰ-ਖਪ ਗਏ ।

(૨)

15 ਸਤੰਬਰ 1843 ਨੂੰ ਮਹਾਰਾਜਾ ਸ਼ੇਰ ਸਿੰਘ ਤੇ ਕੰਵਰ ਪ੍ਰਤਾਪ ਸਿੰਘ ਦੇ ਨਾਲ ਸੰਧਾਵਾਲੀਏ ਸਰਦਾਰਾਂ ਨੇ ਧਿਆਨ ਸਿੰਘ ਡੋਗਰੇ ਦਾ ਕਤਲ ਵੀ ਕਰ ਦਿੱਤਾ ਸੀ ਜਿਸ ਦਾ ਬਦਲਾ ਰਾਜਾ ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਡੋਗਰੇ ਨੇ ਅਗਲੇ ਹੀ ਦਿਨ ਸ: ਅਜੀਤ ਸਿੰਘ ਤੇ ਸ: ਲਹਿਣਾ ਸਿੰਘ ਸੰਧਾਵਾਲੀਏ ਨੂੰ ਮੌਤ ਦੇ ਘਾਟ ਉਤਾਰ ਕੇ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਲਾਹੌਰ ਦੇ ਗਲੀ-ਬਾਜ਼ਾਰਾਂ ਵਿਚ ਰੋਲ ਕੇ ਲੈ ਲਿਆ । ਸੰਧਾਵਾਲੀਆਂ ਦੀਆਂ ਜਾਗੀਰਾਂ ਜ਼ਬਤ ਕਰ ਲਈਆਂ ਗਈਆਂ ਅਤੇ ਇਹਨਾਂ ਦੇ ਰਾਜਾ ਸਾਂਸੀ ਵਿਚਲੇ ਮਕਾਨ ਢਹਿ-ਢੇਰੀ ਕਰ ਦਿੱਤੇ ਗਏ ਤੇ ਇਸ ਤਰ੍ਹਾਂ ਹੀਰਾ ਸਿੰਘ ਦਾ ਰੋਹ ਕੁਝ ਸ਼ਾਂਤ ਹੋਇਆ। ਹੀਰਾ ਸਿੰਘ ਡੋਗਰਾ ਖ਼ੁਦ ਮਹਾਰਾਜਾ ਦਲੀਪ ਸਿੰਘ ਦਾ ਵਜ਼ੀਰ ਬਣਿਆ ਅਤੇ ਇਸ ਨੇ ਜੱਲ੍ਹੇ ਪੰਡਤ ਨੂੰ ਆਪਣਾ ਨਾਇਬ ਮੁਕੱਰਰ ਕੀਤਾ । ਜੱਲ੍ਹਾ ਡੋਗਰਿਆਂ ਦਾ ਖ਼ਾਨਦਾਨੀ ਪ੍ਰੋਹਤ ਸੀ, ਹੀਰਾ ਸਿੰਘ ਦਾ ਬਚਪਨ ਵਿਚ ਅਧਿਆਪਕ ਰਿਹਾ ਸੀ ਅਤੇ ਖ਼ਾਲਸਾ-ਰਾਜ ਦਾ ਦੋਖੀ ਸੀ, ਇਸ ਨੇ ਵੀ ਆਪਣੇ ਮਨਸੂਬਿਆਂ ਨਾਲ ਸਿੱਖ-ਰਾਜ ਨੂੰ ਖੇਰੂੰ-ਖੇਰੂੰ ਕਰਨ ਵਿਚ ਹਰ ਸੰਭਵ ਤ੍ਰਾਣ ਲਾਇਆ।

ਅਕਾਲ ਪੁਰਖ ਦੀ ਲੀਲ੍ਹਾ ਨਿਆਰੀ ਹੈ—ਹਰ ਸਮੇਂ ਚੰਗਿਆਈ ਤੇ ਬੁਰਿਆਈ ਦੀਆਂ ਤਾਕਤਾਂ ਆਪੋ ਵਿਚ ਟਕਰਾਉਂਦੀਆਂ ਰਹਿੰਦੀਆਂ ਹਨ-ਹਨ੍ਹੇਰੇ ਤੇ ਸਵੇਰੇ ਦਾ ਪ੍ਰਸਪਰ ਤਕਰਾਰ ਬਣਿਆ ਰਿਹਾ ਹੈ । ਕੰਸ ਹੈ ਤਾਂ ਕ੍ਰਿਸ਼ਨ ਵੀ ਹੈ, ਰਾਵਣ ਹੈ ਤਾਂ ਰਾਮ ਵੀ ਹੈ ਅਤੇ ਬਾਬਰ-ਕੇ ਹਨ ਤਾਂ ਬਰਾਬਰ ਉਤੇ ਬਾਬੇ-ਕੇ ਹਨ-ਜੋ ਇਨ੍ਹਾਂ ਦੇ ਜਬਰ ਤੇ ਅਨਿਆਂ ਦਾ ਟਾਕਰਾ ਸ਼ਾਂਤ-ਰਸ ਵਿਚ ਰਹਿੰਦਿਆਂ ਹੋਇਆਂ ਕਰਦੇ ਆਏ ਹਨ । ਜੇਕਰ ਉਨੀਵੀਂ ਸਦੀ ਦੇ ਅੱਧ ਵਿਚ ਲਾਹੌਰ ਵਿਚ ਕਹਿਰ ਤੇ ਫ਼ਰੇਬ ਦੇ ਝੱਖੜ ਝੁੱਲ ਰਹੇ ਸਨ ਤਾਂ ਉਸ ਸਮੇਂ ਦੀ ਪਰਮ-ਉੱਚ ਤੇ ਪਵਿੱਤਰ ਸ਼ਖਸੀਅਤ-ਬਾਬਾ ਬੀਰ ਸਿੰਘ ਜੀ ਨੌਰੰਗਬਾਦੀ ਪ੍ਰਭੂ ਦੇ ਸਿਮਰਨ ਅਤੇ ਲੋਕਾਈ ਦੀ ਸੇਵਾ ਵਿਚ ਸਮਾਂ ਗੁਜ਼ਾਰਦੇ ਹੋਏ ਆਪਣੇ ਜੀਵਨ ਨੂੰ ਸਫ਼ਲਾ ਕਰ ਰਹੇ ਸਨ। ਬਾਬਾ ਜੀ ਦਾ ਅਸਲ ਨਗਰ ਅੰਮ੍ਰਿਤਸਰ ਦੇ ਜ਼ਿਲ੍ਹੇ ਵਿਚ ਗੱਗੋ ਬੂਆ ਸੀ । ਆਪ ਦੇ ਮਾਤਾ-ਪਿਤਾ ਭਾਈ ਸੇਵਾ ਸਿੰਘ ਅਤੇ ਮਾਈ ਧਰਮ ਕੌਰ ਜੀ ਸਨ, ਜਨਮ ੧੭੬੮ ਈਸਵੀ ਦਾ ਸੀ। ਪਹਿਲਾਂ ਆਪ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਨੌਕਰ ਸਨ। ਮਾਝੇ ਵਿਚ ਆਪ ਨੇ ਭਾਰੀ ਸਿੱਖੀ ਪ੍ਰਚਾਰ ਕੀਤਾ। ਨੌਰੰਗਾਬਾਦ ਪਿੰਡ ਵਿਖੇ ਰਹਿਣ ਕਰ ਕੇ ਆਪ ਦੀ ਅੱਲ ‘ਨੌਰੰਗਾਬਾਦੀ’ ਮਸ਼ਹੂਰ ਹੋ ਗਈ। ਸਮੂਹ ਪੰਥ ਵਿਚ ਅਤੇ ਲਾਹੌਰ ਦੇ ਖ਼ਾਲਸਾ-ਦਰਬਾਰ ਵਿਚ ਆਪ ਦੀ ਬੇ-ਲਾਗ ਤੇ ਬੇ-ਦਾਗ਼ ਹਸਤੀ ਦੀ ਭਾਰੀ ਇੱਜ਼ਤ ਸੀ । ਮਹਾਰਾਜਾ ਰਣਜੀਤ ਸਿੰਘ ਆਪ ਦੀ ਬਹੁਤ ਹੀ ਜ਼ਿਆਦਾ ਕਦਰ ਕਰਦੇ ਸਨ, ਖ਼ਾਲਸਾ ਫੌਜਾਂ ਵੀ ਆਪ ਨੂੰ ਸੱਚੇ-ਸੁੱਚੇ ਤੇ ਪੂਰਨ ਗੁਰਸਿੱਖ ਸਮਝ ਕੇ ਸਤਿਕਾਰਦੀਆਂ ਤੇ ਪਿਆਰਦੀਆਂ ਸਨ। ਆਪ ਜੀ ਦੀ ਹਰੇਕ ਰਾਇ ਦਾ ਪੂਰਨ ਸਨਮਾਨ ਕੀਤਾ ਜਾਂਦਾ ਸੀ ।

ਬਾਬਾ ਜੀ ਦਾ ਡੇਰਾ ਇਕ ਸ਼ਾਹੀ ਕਿਲ੍ਹੇ ਵਾਂਗ ਸੀ, ਜਿਥੇ ਆਏ ਗਏ ਮੁਸਾਫ਼ਰਾਂ ਨੂੰ ਬਿਨਾ ਕਿਸੇ ਪ੍ਰਕਾਰ ਦੇ ਵਿਤਕਰੇ ਦੇ, ਹਰ ਸਮੇਂ ਅਤੁੱਟ ਗੁਰੂ ਕਾ ਲੰਗਰ ਅਤੀ ਆਦਰ ਤੇ ਪਿਆਰ ਸਹਿਤ ਛਕਾਇਆ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਵੱਲੋਂ ਵੀ ਲੰਗਰ ਲਈ ਚੋਖੀ ਜਾਗੀਰ ਇਸ ਡੇਰੇ ਦੇ ਨਾਂ ਲੱਗੀ ਹੋਈ ਸੀ । ਮਹਾਰਾਜੇ ਦੇ ਜੀਊਂਦੇ-ਜੀ ਆਪ ਕਈ-ਕਈ ਮਹੀਨੇ ਲਾਹੌਰ ਰਹਿ ਆਇਆ ਕਰਦੇ, ਪਰੰਤੂ ਮਗਰੋਂ ਜਦੋਂ ਸਿੱਖ ਰਾਜ ਵਿਚ ਖਾਨਾਜੰਗੀ ਸ਼ੁਰੂ ਹੋਈ ਤਾਂ ਆਪ ਨੇ ਨੌਰੰਗਾਬਾਦ ਜਾਂ ਸਤਲੁਜ ਦੇ ਕੰਢੇ ਪਿੰਡ ਤੂਤਾਂ ਵਾਲਾ ਵਿਖੇ ਵਧੇਰੇ ਸਮਾਂ ਰਹਿਣਾ ਸ਼ੁਰੂ ਕਰ ਦਿੱਤਾ ।

ਸ: ਅਤਰ ਸਿੰਘ ਸੰਧਾਵਾਲੀਆ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਚਚੇਰਾ ਭਰਾ ਸੀ, ਜਦੋਂ ਇਸ ਦਾ ਭਰਾ ਦਾਰ ਲਹਿਣਾ ਸਿੰਘ ਅਤੇ ਦੂਸਰੇ ਭਰਾ ਬੁੱਧ ਸਿੰਘ ਦਾ ਪੋਤਰਾ ਸ੍ਰਦਾਰ ਅਜੀਤ ਸਿੰਘ ਸੰਧਾਵਾਲੀਆ ਹੀਰਾ ਸਿੰਘ ਡੋਗਰੇ ਦੀ ਸਾਜ਼ਿਸ਼ ਨਾਲ ਮਾਰੇ ਗਏ ਤਾਂ ਦਾਰ ਅਤਰ ਸਿੰਘ ਨੇ ਨੱਠ ਕੇ ਬਾਬਾ ਬੀਰ ਸਿੰਘ ਜੀ ਨੌਰੰਗਾਬਾਦੀਏ ਪਾਸ ਜਾ ਸ਼ਰਨ ਲਈ। ਸ੍ਰਦਾਰ ਅਤਰ ਸਿੰਘ ਹੀਰਾ ਸਿੰਘ ਡੋਗਰੇ ਦੀਆਂ ਅੱਖਾਂ ਵਿਚ ਕਾਲੇ ਨਾਗ ਦੀ ਤਰ੍ਹਾਂ ਰੜਕ ਰਿਹਾ ਸੀ ਅਤੇ ਚਾਹੁੰਦਾ ਸੀ ਕਿ ਕਿਵੇਂ ਨਾ ਕਿਵੇਂ ਇਸ ਨੂੰ ਵੀ ਜਲਦੀ ਪਾਰ ਬੁਲਾ ਕੇ ਇਸ ਪਾਸਿਓਂ ਨਿਸਚਿੰਤ ਹੋਇਆ ਜਾਵੇ । ਉਧਰ ਸੰਧਾਵਾਲੀਆ ਦਾਰ ਵੀ ਸਿੱਖ ਰਾਜ ਦੀ ਬੇਹਤਰੀ ਲਈ ਡੋਗਰਿਆਂ ਦਾ ਅੰਤ ਕਰਨ ਵਿਚ ਹੀ ਭਲਾਈ ਸਮਝਦਾ ਸੀ ਅਤੇ ਕੋਈ ਹੀਲਾ-ਵਸੀਲਾ ਢੂੰਡ ਰਿਹਾ ਸੀ। ਹੀਰਾ ਸਿੰਘ ਚਾਹੁੰਦਾ ਸੀ ਕਿ ਬਾਬਾ ਜੀ ਦੇ ਡੇਰੇ ’ਤੇ ਹੱਲਾ ਬੋਲ ਕੇ ਦਾਰ ਅਤਰ ਸਿੰਘ ਨੂੰ ਮਾਰ ਮੁਕਾਇਆ ਜਾਵੇ, ਪਰੰਤੂ ਬਾਬਾ ਜੀ ਪ੍ਰਤੀ ਪੰਥ ਵਿਚ ਭਾਰੀ ਸ਼ਰਧਾ ਹੋਣ ਕਰਕੇ ਉਹ ਅਜਿਹਾ ਕਰਨ ਤੋਂ ਕੁਝ ਡਰ ਤੇ ਝਕ ਰਿਹਾ ਸੀ। ਅੰਤ ਉਸ ਨੂੰ ਡੇਰੇ ’ਤੇ ਹੱਲਾ ਕਰਨ ਲਈ ਇਕ ਹੋਰ ਬਹਾਨਾ ਮਿਲ ਗਿਆ।

ਡੋਗਰੇ-ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰਾਂ ਕੰਵਰ ਕਸ਼ਮੀਰਾ ਸਿੰਘ ਤੇ ਪਸ਼ੌਰਾ ਸਿੰਘ, ਜੋ ਰਾਣੀ ਦਇਆ ਕੌਰ ਦੀ ਕੁੱਖੋਂ ਸਨ, ਨੂੰ ਵੀ ਕਿਸੇ ਬਿਧ ਬੰਨੇ ਲਗਾਉਣ ਦੀ ਸੋਚ ਰਹੇ ਸਨ; ਇਨ੍ਹਾਂ ਰਾਜ-ਪੁੱਤਰਾਂ ਦੇ ਜੀਵਤ ਹੁੰਦਿਆਂ ਉਨ੍ਹਾਂ ਦੀ ਵਜ਼ੀਰੀ ਤੇ ਖ਼ੁਦ-ਮੁਖਤਾਰੀ ਨੂੰ ਹਰ ਸਮੇਂ ਖਤਰਾ ਹੀ ਖਤਰਾ ਸੀ । ਜਦੋਂ ਇਨ੍ਹਾਂ ਨੇ ਬਾਬਾ ਬੀਰ ਸਿੰਘ ਜੀ ਪਾਸ ਜਾ ਕੇ ਪਨਾਹ ਲਈ ਅਤੇ ਬਾਬਾ ਜੀ ਨੇ ਵੀ ‘ਜੋ ਸਰਨ ਆਵੈ ਤਿਸੁ ਕੰਠਿ ਲਾਵੈ’ ਵਾਕ ਅਨੁਸਾਰ ਇਨ੍ਹਾਂ ਦੇ ਧਨ-ਮਾਲ ਤੇ ਜਿੰਦ- ਜਾਨ ਦੀ ਰੱਖਿਆ ਦਾ ਭਰੋਸਾ ਦਿਤਾ ਤਾਂ ਡੋਗਰਿਆਂ ਨੂੰ ਹੋਰ ਅੱਗ ਲੱਗ ਗਈ ਅਤੇ ਬਾਬਾ ਜੀ ਦੇ ਡੇਰੇ ‘ਤੇ ਹਮਲਾ ਕਰਨ ਦੀ ਤਿਆਰੀ ਵਿਚ ਲੱਗ ਗਏ। ਪਹਿਲਾਂ ਤਾਂ ਫੌਜ ਨੇ ਅਤੇ ਮੁਖੀਆਂ ਨੇ ਵਾ-ਵੇਲਾ ਕੀਤਾ ਕਿ ਅਜਿਹਾ ਭਾਣਾ ਨਾ ਵਰਤਾਇਆ ਜਾਵੇ, ਪਰੰਤੂ ਜਦੋਂ ਡੋਗਰੇ ਵਜ਼ੀਰ ਨੇ ਇਹ ਪ੍ਰਾਪੇ-ਗੰਡਾ ਕੀਤਾ ਕਿ “ਅਤਰ ਸਿੰਘ ਸੰਧਾਵਾਲੀਆ ਭਾਈ ਬੀਰ ਸਿੰਘ ਨਾਲ ਮਿਲ ਕੇ ਪੰਜਾਬ ‘ਤੇ ਫ਼ਿਰੰਗੀਆਂ ਦਾ ਕਬਜ਼ਾ ਕਰਵਾਉਣਾ ਚਾਹੁੰਦਾ ਹੈ” ਤਾਂ ਖ਼ਾਲਸਾ ਫੌਜ ਇਕ ਦਮ ਭੜਕ ਉਠੀ ਅਤੇ ਅੰਗਰੇਜ਼ ਦੇ ਪਿੱਠੂਆਂ ਦਾ ਖਾਤਮਾ ਕਰਨ ਲਈ ਉੱਸਲ-ਵੱਟੇ ਲੈਣ ਲੱਗੀ। ਸੋ ਜਨਰਲ ਕੋਰਟ ਅਤੇ ਮੀਆਂ ਲਾਭ ਸਿੰਘ ਡੋਗਰੇ ਦੀ ਕਮਾਨ ਹੇਠ ਭਾਰੀ ਖ਼ਾਲਸਾ ਫੌਜ ਤੋਪਖਾਨੇ ਸਮੇਤ ਬਾਬਾ ਜੀ ਦੇ ਡੇਰੇ ਵੱਲ ਤੋਰ ਦਿੱਤੀ ਗਈ।

ਫੌਜ ਨੇ ਅੱਪੜਦਿਆਂ ਹੀ ਸਾਰੇ ਡੇਰੇ ਨੂੰ ਘੇਰਾ ਪਾ ਲਿਆ । ਦੋ ਪੈਂਚ ਦਾਰ ਗੁਲਾਬ ਸਿੰਘ ਕਲਕੱਤੀਆ ਤੇ ਬਾਘ ਸਿੰਘ ਮੁਗੜੀ ਬਾਬਾ ਜੀ ਵੱਲ ਭੇਜੇ ਗਏ ਜਿਨ੍ਹਾਂ ਨੇ ਜਾ ਕੇ ਮੰਗ ਦੋਹਰਾਈ ਕਿ ਸ੍ਰਦਾਰ ਅਤਰ ਸਿੰਘ ਤੇ ਕੰਵਰ ਕਸ਼ਮੀਰਾ ਸਿੰਘ ਆਦਿ ਖ਼ਾਲਸਾ ਰਾਜ ਦੇ ਬਾਗ਼ੀਆਂ, ਜਿਨ੍ਹਾਂ ਨੂੰ ਆਪ ਨੇ ਡੇਰੇ ਵਿਚ ਪਨਾਹ ਦਿੱਤੀ ਹੈ, ਨੂੰ ਫੌਜ ਦੇ ਹਵਾਲੇ ਕਰ ਦਿਉ, ਜਾਂ ਇਨ੍ਹਾਂ ਨੂੰ ਡੇਰੇ ਵਿਚੋਂ ਕੱਢ ਦਿਓ ਅਤੇ ਜੇ ਇਨ੍ਹਾਂ ਦੋਹਾਂ ਵਿਚੋਂ ਕੋਈ ਸ਼ਰਤ ਮਨਜ਼ੂਰ ਨਹੀਂ ਤਾਂ ਖ਼ੁਦ ਡੇਰਾ ਛੱਡ ਕੇ ਲਾਂਭੇ ਹੋ ਜਾਓ, ਅਸੀਂ ਆਪੇ ਇਨ੍ਹਾਂ ਰਾਜ-ਧ੍ਰੋਹੀਆਂ ਨਾਲ ਸਿੱਝ ਲਵਾਂਗੇ । ਬਾਬਾ ਜੀ ਨੇ ਬਥੇਰੀ ਵਾਹ ਲਾਈ ਕਿ ਅਮਨ-ਅਮਾਨ ਬਣਿਆ ਰਹੇ ਅਤੇ ਖ਼ਾਲਸਾ ਆਪਸ ਵਿਚ ਭਿੜ-ਭਿੜ ਕੇ ਨਾ ਮਰੇ, ਪਰੰਤੂ ਨੇਕ ਰਾਇ ਨੂੰ ਸੁਣਦਾ ਹੀ ਕੌਣ ਸੀ ? ਬਾਬਾ ਜੀ ਨੇ ਕਿਹਾ ਕਿ ਜਿਨ੍ਹਾਂ ਨੂੰ ਤੁਸੀਂ ਰਾਜ-ਧ੍ਰੋਹੀ ਕਰਾਰ ਦਿੰਦੇ ਹੋ—ਇਹ ਖ਼ਾਲਸਾ ਰਾਜ ਦੇ ਹਮਦਰਦ ਹੀ ਹਨ। ਜੇ ਤੁਸੀਂ ਚਾਹੁੰਦੇ ਹੋ ਕਿ ਇਹ ਤੁਹਾਡੇ ਕੰਮ-ਕਾਰਾਂ ਤੇ ਧਾਂਦਲੀਆਂ ਵਿਚ ਰੋਕ-ਟੋਕ ਨਾ ਪਾਣ ਤਾਂ ਅਜਿਹਾ ਹੀ ਹੋਵੇਗਾ। ਇਹ ਇਥੇ ਰਹਿੰਦਿਆਂ ਕਿਸੇ ਪ੍ਰਕਾਰ ਦੀ ਰਾਜਨੀਤੀ ਵਿਚ ਕਦਾਚਿਤ ਭਾਗ ਨਹੀਂ ਲੈਣਗੇ, ਇਸ ਦਾ ਮੈਂ ਜ਼ਿੰਮਾਂ ਲੈਂਦਾ ਹਾਂ ।” ਪਰੰਤੂ ਕਿਸੇ ‘ਤੇ ਭੋਰਾ ਅਸਰ ਨਾ ਹੋਇਆ ਤੇ ਉਹ ਬਾਬਾ ਜੀ ਵਿਰੁੱਧ ਅਬਾ-ਤਬਾ ਬੋਲਦੇ ਗਏ । ਗੁੱਸੇ ਵਿਚ ਆ ਕੇ ਦਾਰ ਅਤਰ ਸਿੰਘ ਨੇ ਦੋਹਾਂ ਫੌਜੀ ਖੜਪੈਂਚਾਂ ਨੂੰ ਸੋਧ ਦਿੱਤਾ । ਜਿਹਨਾਂ ਦੇ ਮਰਨ ਦੀ ਖਬਰ ਨੇ ਲਾਹੌਰੋਂ ਆਈ ਫੌਜ ਲਈ ਬਲਦੀ ‘ਤੇ ਤੇਲ ਪਾਣ ਦਾ ਕੰਮ ਕੀਤਾ ਅਤੇ ਕਮਾਂਡਰਾਂ ਵਲੋਂ ਇਸ਼ਾਰਾ ਮਿਲਦੇ ਹੀ ਤੋਪਾਂ ਤੇ ਬੰਦੂਕਾਂ ਵਿਚੋਂ ਅੱਗ ਵਰ੍ਹਨੀ ਆਰੰਭ ਹੋ ਗਈ।

ਕੁਝ ਇਤਿਹਾਸਕਾਰਾਂ ਦੀ ਲਿਖਤ ਮੂਜਬ ਇਸ ਸਮੇਂ ਬਾਬਾ ਜੀ ਪਾਸ ਡੇਰੇ ਵਿਚ ਅਟਕੀਆਂ ਸਿੱਖ-ਸੰਗਤਾਂ ਦੀ ਗਿਣਤੀ ਛੇ-ਸੱਤ ਹਜ਼ਾਰ ਦੇ ਕਰੀਬ ਸੀ। ਜਿਨ੍ਹਾਂ ਨੇ ਭਾਈ ਸਾਹਿਬ ਨੂੰ ਬੇਨਤੀ ਕੀਤੀ ਕਿ ਸਾਨੂੰ ਭੀ ਜੰਗ ਕਰਨ ਦੀ ਆਗਿਆ ਦਿਉ ਤਾਂ ਜੋ ਹੰਕਾਰੀ ਤੇ ਤਕੱਬਰੀ ਲਾਹੌਰੀ ਫੌਜਾਂ, ਜੋ ਮਹਾਨ ਪਵਿੱਤਰ ਡੇਰੇ ‘ਤੇ ਹਮਲਾ ਕਰਨ ਤੋਂ ਵੀ ਨਹੀਂ ਫਲੀਆਂ, ਨੂੰ ਗਰੂਰ ਦਾ ਮਜ਼ਾ ਚਖਾ ਸਕੀਏ । ਪਰੰਤੂ ਬਾਬਾ ਜੀ ਸਭ ਨੂੰ ਗੁਰ ਉਪਦੇਸ਼ ਦੇ ਕੇ ਸ਼ਾਂਤ ਕਰਦੇ ਗਏ । ਆਪ ਨੇ ਕਿਹਾ ਕਿ ਜੇ ਇਹ ਭੁੱਲ ਕੇ ਜਾਂ ਕਿਸੇ ਚੁੱਕ ਵਿਚ ਆ ਕੇ ਭਰਾਵਾਂ ‘ਤੇ ਵਾਰ ਕਰਨ ਲਈ ਆਣ ਚੜ੍ਹੇ ਹਨ ਤਾਂ ਕੋਈ ਗੱਲ ਨਹੀਂ । ਸਾਨੂੰ ਭਰਾਵਾਂ ‘ਤੇ ਜਵਾਬੀ ਹਮਲਾ ਨਹੀਂ ਕਰਨਾ ਚਾਹੀਦਾ । ਆਪੇ ਇਹ ਅੱਖਾਂ ਖੁਲ੍ਹਣ ‘ਤੇ ਆਪਣੀ ਗਲਤੀ ਦਾ ਪਛਤਾਵਾ ਕਰਨਗੇ । ਸ਼ਾਇਦ ਵਾਹਿਗੁਰੂ ਨੂੰ ਅਜਿਹਾ ਹੀ ਮਨਜ਼ੂਰ ਹੈ । ਨਾਲੇ ਜੇਕਰ ਕਾਲ ਆ ਪੁੱਜਾ ਹੈ ਤਾਂ ਇਸ ਨੂੰ ਟਾਲਿਆ ਨਹੀਂ ਜਾ ਸਕਦਾ—ਇਹ ਵਰਤ ਕੇ ਹੀ ਰਹੇਗਾ। ਇਸ ਤੋਂ ਬਿਨਾਂ ਜੇਕਰ ਇਹ ਲੋਕ ਗਲਤੀ ਕਰ ਰਹੇ ਹਨ ਤਾਂ ਸਾਨੂੰ ਤਾਂ ਸ਼ਾਂਤ ਰਹਿਣਾ ਚਾਹੀਦਾ ਹੈ । ਇਹ ਸਾਡੇ ਹੀ ਭਰਾ ਹਨ ਅਤੇ ਭਰਾਵਾਂ ‘ਤੇ ਵਾਰ ਕਰਨਾ ਸਾਡੀ ਸਰਾਸਰ ਗਲਤੀ ਹੋਵੇਗੀ।

ਪਰ ਕੁਝ ਅਣਖੀ ਸੂਰੇ ਨਾ ਰਹਿ ਸਕੇ । ਕੰਵਰ ਕਸ਼ਮੀਰਾ ਸਿੰਘ ਤੇ ਸਰਦਾਰ ਅਤਰ ਸਿੰਘ ਆਦਿ ਬਹਾਦਰ ਯੋਧੇ ਜਾਨਾਂ ਹੂਲ ਕੇ ਲੜੇ ਪਰੰਤੂ ਇਹਨਾਂ ਦੀ ਮੁੱਠੀ ਭਰ ਗਿਣਤੀ ਟਿੱਡੀ ਦਲ ਵਾਂਗ ਚੜ੍ਹੀ ਲਾਹੌਰੀ ਫੌਜ ਦਾ ਕਿੰਨੀ ਕੁ ਦੇਰ ਟਾਕਰਾ ਕਰ ਸਕਦੀ ਸੀ । ਇਕ-ਇਕ ਕਰਕੇ ਸਿੰਘ ਸ਼ਹੀਦੀਆਂ ਪਾਉਂਦੇ ਗਏ ਅਤੇ ਦਾਰ ਅਤਰ ਸਿੰਘ ਸੰਧਾਵਾਲੀਆ ਤੇ ਕੰਵਰ ਕਸ਼ਮੀਰਾ ਸਿੰਘ ਵੀ ਪੁਰਜ਼ਾ-ਪੁਰਜ਼ਾ ਕੱਟ ਮਰਦੇ ਹੋਏ ਰਣ-ਖੇਤਰ ਵਿਖੇ ਜੂਝ ਗਏ ।

ਤੋਪਾਂ ਦੇ ਗੋਲਿਆਂ ਤੇ ਗੋਲੀਆਂ ਦੀ ਬੌਛਾਰ ਨੇ ਕੁਲ ਮਕਾਨਾਂ ਨੂੰ ਢਹਿ- ਢੇਰੀ ਕਰ ਦਿੱਤਾ ਸੀ, ਮਨੁੱਖ ਤੇ ਪਸ਼ੂ ਸਭ ਹੌਲੀ-ਹੌਲੀ ਕਾਲ ਦੇ ਮੂੰਹ ਵਿਚ ਜਾਈ ਜਾ ਰਹੇ ਸਨ, ਸਭ ਪਾਸੇ ਖੂਨ ਦੀਆਂ ਨਦੀਆਂ ਵਹਿ ਤੁਰੀਆਂ ਸਨ । ਬਾਬਾ ਬੀਰ ਸਿੰਘ ਜੀ ਇਸ ਸਭ ਕਾਸੇ ਤੋਂ ਨਿਸਚਿੰਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਪਹੁੰਚ, ਆਪਣੀ ਮਨੋਬਿਰਤੀ ਨੂੰ ਗੁਰ ਚਰਨਾਂ ਵਿਚ ਜੋੜ, ਗ੍ਰਾਸ-ਸ਼ਾਸ ਵਾਹਿਗੁਰੂ ਦਾ ਸਿਮਰਨ ਕਰ ਰਹੇ ਸਨ । ਡੋਗਰਿਆਂ ਨੇ ਆਪ ਦਾ ਵੀ ਲਿਹਾਜ਼ ਨਾ ਕੀਤਾ ਅਤੇ ਤੋਪ ਦਾ ਮੂੰਹ ਆਪ ਜੀ ਵੱਲ ਕਰਕੇ ਗੋਲਾ ਦਾਗ਼ ਦਿਤਾ। ‘ਠਾਹ’ ਦੀ ਭਿਆਨਕ ਆਵਾਜ਼ ਨਾਲ ਇਕ ਖੌਫ਼ਨਾਕ ਭਾਣਾ ਵਰਤ ਗਿਆ । ਬਾਬਾ ਜੀ ਦਾ ਸਰੀਰ ਤੂੰਬਾ-ਤੂੰਬਾ ਹੋ ਕੇ ਦੂਰ ਤੀਕ ਖਿੰਡ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਅਗਨੀ ਦੀ ਭੇਂਟ ਹੋ ਗਏ ਅਤੇ ਲਾਹੌਰੀ ਫੌਜ ਡੇਰੇ ਨੂੰ ਲੁੱਟ-ਪੁੱਟ, ਬਾਬਾ ਜੀ ਦੇ ਸਰੀਰ ਦੇ ਇਕੱਠੇ ਕੀਤੇ ਟੁਕੜੇ ਸਤਲੁਜ ਵਿਚ ਜਲ-ਪ੍ਰਵਾਹ ਕਰ, ਅਤੇ ਅਤਰ ਸਿੰਘ ਤੇ ਕਸ਼ਮੀਰਾ ਸਿੰਘ ਦੇ ਸਿਰ ਨੇਜ਼ਿਆਂ ‘ਤੇ ਟੰਗ ਵਾਪਸ ਰਵਾਨਾ ਹੋ ਗਈ। ਜਦੋਂ ਮੀਆਂ ਲਾਭ ਸਿੰਘ ਇਹ ਕਾਰੇ ਕਰ ਕੇ ਫੌਜ ਸਹਿਤ ਲਾਹੌਰ ਪੁੱਜਾ ਤਾਂ ਹੀਰਾ ਸਿੰਘ ਨੇ ਫੌਜ ਨੂੰ ਇਨਾਮ ਦੇਣੇ ਚਾਹੇ, ਪਰ ਫੌਜ ਨੂੰ ਜੋ ਲੋਕਾਂ ਨੇ ਲਾਹਨਤਾਂ ਤੇ ਫਿਟਕਾਰਾਂ ਪਾਈਆਂ ਸਨ, ਉਸ ਤੋਂ ਸ਼ਰਮਸਾਰ ਹੋ ਕੇ ਕਿਸੇ ਨੇ ਕੁਝ ਨਾ ਲਿਆ। ਬਾਬਾ ਜੀ ਨੇ ਦੇਸ਼, ਧਰਮ ਤੇ ਭਰਾਤਰੀ-ਪਿਆਰ ਹਿਤ ਆਪਣੀ ਮਹਾਨ ਕੁਰਬਾਨੀ ਦੇ ਕੇ ਇਕ ਮਿਸਾਲ ਕਾਇਮ ਕਰ ਦਿੱਤੀ। ਆਪ ਦੀ ੭ ਮਈ ੧੮੪੪ ਨੂੰ ਹੋਈ ਸ਼ਹੀਦੀ ਨੇ ਸਿੱਖ ਪੰਥ ਵਿਚ ਤਰਥੱਲੀ ਮਚਾ ਦਿੱਤੀ । ਪ੍ਰਸਿੱਧ ਇਤਿਹਾਸਕਾਰ ਮੁਹੰਮਦ ਲਤੀਫ ਲਿਖਦਾ ਹੈ ਕਿ ਨਜੀਬਾਂ ਵਾਲੀ ਫੌਜ, ਜਿਸ ਨੇ ਬਾਬੇ ਦੇ ਡੇਰੇ ‘ਤੇ ਹਮਲਾ ਕੀਤਾ ਸੀ, ਨੂੰ ਲੋਕ ‘ਗੁਰੂ ਮਾਰੀ’ ਕਹਿੰਦੇ ਸਨ ਅਤੇ ਬਹੁਤ ਦੇਰ ਤਕ ਇਹਨਾਂ ਨਾਲ ਖਾਣਾ-ਪੀਣਾ ਅਤੇ ਹੋਰ ਵਰਤੋਂ-ਵਿਹਾਰ ਵੀ ਬੰਦ ਰਿਹਾ ਸੀ । ਮੀਆਂ ਲਾਭ ਸਿੰਘ ਤੇ ਪੰਡਤ ਜੱਲ੍ਹਾ ਵੀ ਜਲਦੀ ਹੀ ਸਿੰਘਾਂ ਹਥੋਂ ਮਾਰੇ ਗਏ- ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ । ਸ਼ਾਹ ਮੁਹੰਮਦ ਬਾਬਾ ਜੀ ਦੀ ਸ਼ਹੀਦੀ ‘ਤੇ ਗ਼ਮ ਦੇ ਅੱਥਰੂ ਕੇਰਦਾ ਹੋਇਆ ਡੋਗਰਾ-ਗਰਦੀ ਬਾਰੇ ਲਿਖਦਾ ਹੈ

ਪੈਂਚ ਲਿਖਦੇ ਸਾਰੀਆਂ ਪੜਤਾਲਾਂ ਦੇ,

ਸਾਡੀ ਅੱਜ ਹੈ ਵੱਡੀ ਚਲੰਤ ਮੀਆਂ ।

ਵੀਰ ਸਿੰਘ ਨੂੰ ਮਾਰਿਆ ਡਾਹ ਤੋਪਾਂ,

ਨਹੀਂ ਛੱਡਿਆ ਸਾਧ ਤੇ ਸੰਤ ਮੀਆਂ ।(66)

ਸ਼ਾਹ ਮੁਹੰਮਦ ਦੀ ਰਾਸ਼ਟਰੀ ਭਾਵਨਾ

ਗੁਰੂਆਂ ਤੇ ਪੀਰਾਂ ਦਾ ਪੰਜਾਬ-ਰਾਂਝਿਆਂ ਤੇ ਹੀਰਾਂ ਦਾ ਪੰਜਾਬ, ਯੋਧਿਆਂ ਤੇ ਸੂਰਬੀਰਾਂ ਦਾ ਪੰਜਾਬ ਵੀ ਰਿਹਾ ਹੈ, ਜਿਥੇ ਮਾਲਾ ਅਤੇ ਤਸਬੀ ਦੇ ਨਾਲ-ਨਾਲ ਤੀਰ ਅਤੇ ਤਲਵਾਰ ਦੀ ਵਰਤੋਂ ਵੀ ਖ਼ੂਬ ਹੋਈ ਹੈ । ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਰੱਬੀ ਬਾਣੀ ਦੇ ਸੰਗ੍ਰਹਿ ਆਦਿ ਗ੍ਰੰਥ ਨੂੰ ਗੁਰੂ ਦਾ ਦਰਜਾ ਦੇਣ ਦੇ ਨਾਲ-ਨਾਲ ਤੁਪਕਾਂ, ਤਬਰਾਂ, ਤੀਰਾਂ ਤੇ ਤਲਵਾਰਾਂ ਨੂੰ ‘ਯਹੈ ਹਮਾਰੇ ਪੀਰ’ ਆਖ ਕੇ ਵੀ ਨਿਵਾਜਿਆ ਹੈ । ‘ਪੰਜਾਬ ਜੰਮਿਆਂ ਨੂੰ ਨਿੱਤ ਮੁਹਿੰਮਾਂ’ ਅਖਾਣ ਮੂਜਬ ਇਸ ਧਰਤੀ ਦੇ ਬਾਸ਼ਿੰਦਿਆਂ ਨੂੰ ਸਮੇਂ-ਸਮੇਂ ਬਿਦੇਸ਼ੀ ਧਾੜਵੀਆਂ ਅਤੇ ਹਮਲਾਵਰਾਂ ਨਾਲ ਵੀ ਦੋ ਹੱਥ ਕਰਨੇ ਪੈਂਦੇ ਰਹੇ ਹਨ । ਜਦੋਂ ਕਦੀ ਪੰਜਾਬ ਵਾਸੀਆਂ ਨੂੰ ਦੇਸ ਦੀ ਰੱਖਿਆ ਹਿਤ ਸਭ ਤੋਂ ਵੱਧ ਕੁਰਬਾਨੀਆਂ ਦੇਣ ਦਾ ਜ਼ਿਕਰ ਚੱਲਦਾ ਹੈ ਤਾਂ ਯੂ.ਪੀ. ਤੇ ਬਿਹਾਰ ਆਦਿ ਪ੍ਰਾਂਤਾਂ ਵਾਲਿਆਂ ਨੂੰ ਬੜੀ ਈਰਖਾ ਹੁੰਦੀ ਹੈ ਕਿ ਸਾਡੀ ਗੱਲ ਕਿਉਂ ਨਹੀਂ ਕੀਤੀ ਜਾਂਦੀ, ਹਮੇਸ਼ਾਂ ਪੰਜਾਬ ਨੂੰ ਹੀ ਕਿਉਂ ਉਚਿਆਇਆ ਅਤੇ ਵਡਿਆਇਆ ਜਾਂਦਾ ਹੈ ? ਪਰੰਤੂ ਕੋਈ ਉਨ੍ਹਾਂ ਨੂੰ ਪੁੱਛੇ ਕਿ ਤੈਮੂਰ, ਨਾਦਰ ਜਾਂ ਅਬਦਾਲੀ ਆਦਿ ਦੇ ਹਮਲਿਆਂ ਸਮੇਂ ਉਨ੍ਹਾਂ ਨੇ ਕੀ ਭੂਮਿਕਾ ਨਿਭਾਈ ? ਅਥਵਾ ਦੇਸ ਦੀ ਰਾਖੀ ਹਿਤ ਕਿਤਨਾ ਕੁ ਲੜੇ-ਭਿੜੇ ਅਤੇ ਖ਼ੂਨ ਡੋਹਲਿਆ ? ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ‘ਸਿਫ਼ਰ’ ਹੀ ਮਿਲਦਾ ਹੈ । ਪੰਜਾਬ ਵਾਸੀਆਂ ਵਲੋਂ ਇਸ ਖੇਤਰ ਵਿਚ ਪਾਏ ਸਭ ਤੋਂ ਵਧੇਰੇ ਯੋਗਦਾਨ ਦਾ ਮੁੱਖ ਕਾਰਨ ਇਹ ਵੀ ਰਿਹਾ ਕਿ ਪੰਜਾਬ ਕਿਉਂਕਿ ਹਿੰਦੁਸਤਾਨ ਦਾ ਦਰਵਾਜ਼ਾ ਸੀ ਅਤੇ ਬਿਦੇਸ਼ੀ ਧਾੜਵੀ ਤੇ ਹਮਲਾਵਰ ਇਸੇ ਰਸਤਿਉਂ ਦੇਸ ਵਿਚ ਦਾਖ਼ਲ ਹੁੰਦੇ ਸਨ, ਇਸ ਲਈ ਸਭ ਤੋਂ ਪਹਿਲਾਂ ਉਨ੍ਹਾਂ ਦੀ ਟੱਕਰ ਪੰਜਾਬੀਆਂ ਨਾਲ ਹੀ ਹੁੰਦੀ ਸੀ ਜੋ ਡਟ ਕੇ ਬਿਦੇਸ਼ੀ ਤਾਕਤਾਂ ਦਾ ਟਾਕਰਾ ਕਰਿਆ ਕਰਦੇ ਸਨ । ਕਿਉਂਕਿ ਹਮਲਾਵਰ ਆਏ ਹੀ ਇਕੋ ਮਕਸਦ ਲਈ ਹੁੰਦੇ ਸਨ ਅਤੇ ਉਹ ਵੀ ਪੂਰੀ ਤਿਆਰੀ ਨਾਲ, ਉਨ੍ਹਾਂ ਦੇ ਹਥਿਆਰ ਨਵੀਨਤਮ ਹੁੰਦੇ ਸਨ ਅਤੇ ਦਾਰੂ-ਸਿੱਕਾ ਵੀ ਓੜਕਾਂ ਦਾ, ਇਸ ਲਈ ਲੜਦੇ-ਭਿੜਦੇ ਆਪਣੀ ਮੰਜ਼ਿਲੇ- ਮਕਸੂਦ ਦਿੱਲੀ ਤਕ ਅਕਸਰ ਅੱਪੜ ਹੀ ਜਾਇਆ ਕਰਦੇ ਸਨ । ਮਾਇਆ ਦੇ ਅਤੁੱਟ ਭੰਡਾਰਾਂ ਕਾਰਨ ਹਿੰਦੁਸਤਾਨ ਨੂੰ ਉਹਨੀਂ ਦਿਨੀ, ‘ਸੋਨੇ ਦੀ ਚਿੜੀ’ ਆਖਿਆ ਜਾਂਦਾ ਸੀ ਅਤੇ ਹਮਲਾਵਰ ਪੂਰੀ ਰੂਹ ਨਾਲ ਦੇਸ ਦੀ ਲੁੱਟ- ਮਾਰ ਕਰਦੇ  ਿਧਰੇ ਵੀ ਖ਼ਾਸ ਵਿਰੋਧ ਨਾ ਹੁੰਦਾ ਅਤੇ ਲੁਟੇਰੇ ਜਾਂਦੇ ਹੋਏ ਧਨ- ਦੌਲਤ ਹੀ ਨਹੀਂ, ਬਲਕਿ ਗੱਡਿਆਂ ਦੇ ਗੱਡੇ ਹੁਸੀਨ ਮੁਟਿਆਰਾਂ ਦੇ ਵੀ ਭਰ ਲਿਜਾਂਦੇ, ਜਿਨ੍ਹਾਂ ਨੂੰ ਆਪਣੇ ਵਤਨ ਲਿਜਾ ਕੇ ਭੇਡਾਂ-ਬੱਕਰੀਆਂ ਵਾਂਗ ਬਾਜ਼ਾਰਾਂ ਵਿਚ ਵੇਚਿਆ ਅਤੇ ਨੀਲਾਮ ਕੀਤਾ ਜਾਂਦਾ। ਪੰਜਾਬ ਦੇ ਬਹਾਦਰ ਸੂਰਮੇ ਕਈ ਵੇਰ ਇਨ੍ਹਾਂ ਹਮਲਾਵਰਾਂ ਦਾ ਵਾਪਸੀ ਸਫ਼ਰ ਸਮੇਂ ਵੀ ਪਿੱਛਾ ਕਰਦੇ ਅਤੇ ਦੇਸ ਦੀਆਂ ਧੀਆਂ- ਭੈਣਾਂ ਨੂੰ ਉਨ੍ਹਾਂ ਪਾਸੋਂ ਖੋਹ ਕੇ, ਵਾਪਸ ਤਿਨ੍ਹਾਂ ਦੇ ਘਰੋ-ਘਰੀ ਪਹੁੰਚਾਉਣ ਦਾ ਪਰਉਪਕਾਰ ਵੀ ਕਰਦੇ । ਉਦੋਂ ਦਾ ਇਹ ਬੋਲ ਤਾਂ ਅੱਜ ਤੀਕ ਬੜਾ ਮਸ਼ਹੂਰ ਹੈ- “ਮੋੜੀਂ ਬਾਬਾ ਡਾਂਗ ਵਾਲਿਆ, ਛਈ ਰੰਨ ਬਸਰੇ ਨੂੰ ਗਈ ।”

ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਹਿਲੀ ਵੇਰ ਇਤਿਹਾਸ ਨੇ ਪੁੱਠਾ ਗੇੜਾ ਲਿਆ, ਜਦੋਂ ਖ਼ਾਲਸਾ ਫੌਜਾਂ ਨੇ ਬਿਦੇਸ਼ੀ ਹਮਲਾਵਰਾਂ ਦੇ ਮੁੱਖ ਟਿਕਾਣਿਆਂ- ਪਿਸ਼ਾਵਰ, ਕਾਬਲ ਤੇ ਕੰਧਾਰ ਆਦਿ ਤੀਕ ਖ਼ਾਲਸਾਈ ਪਰਚਮ ਲਹਿਰਾਇਆ ਅਤੇ ਦੱਰਾ ਖ਼ੈਬਰ ਦਾ ਰਾਹ ਹਮੇਸ਼ਾਂ ਲਈ ਬੰਦ ਕੀਤਾ । ਖ਼ੈਰ ਇਹ ਧਾੜਵੀ ਤਾਂ ਸਰ ਕਰ ਲਏ ਗਏ, ਲੇਕਿਨ ਦੂਰ ਇੰਗਲੈਂਡ ਤੋਂ ਦੇਸ ਨੂੰ ਹੜੱਪ ਅਤੇ ਬਰਬਾਦ ਕਰਨ ਲਈ ਨਵੀਂ ਟੋਲੀ ਆਣ ਪਹੁੰਚੀ। ਅੰਗਰੇਜ਼ ਪਹਿਲਾਂ ‘ਈਸਟ ਇੰਡੀਆ ਕੰਪਨੀ’ ਦੇ ਰੂਪ ਵਿੱਚ ਕੇਵਲ ਵਪਾਰਕ ਦ੍ਰਿਸ਼ਟੀ ਨਾਲ, ਸਮੁੰਦਰੀ ਰਸਤੇ ਕਲਕੱਤੇ ਦੀ ਬੰਦਰਗਾਹ ਰਾਹੀਂ ਦੇਸ ਵਿਚ ਦਾਖਲ ਹੋਏ ਸਨ, ਲੇਕਿਨ ਸਾਲਸ ਬਣਕੇ ਨਵਾਬਾਂ ਤੇ ਜਾਗੀਰਦਾਰਾਂ ਦੇ ਝਗੜੇ ਨਿਪਟਾਂਦਿਆਂ ਹੋਇਆਂ ਰਾਜ-ਸੱਤਾ ਦਾ ਵੀ ਐਸਾ ਮੋਹ ਜਾਗਿਆ ਕਿ ਹੌਲੀ-ਹੌਲੀ ਸਾਰੇ ਦੇਸ ਨੂੰ ਆਪਣੇ ਕਬਜ਼ੇ ਹੇਠ ਕਰਦੇ ਹੋਏ ਪੰਜਾਬ ਤੀਕ ਆਣ ਪਹੁੰਚੇ । ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਦੂਰ-ਦ੍ਰਿਸ਼ਟੀ ਤੋਂ ਉਦੋਂ ਹੀ ਭਾਂਪ ਲਿਆ ਸੀ ਕਿ ਗੋਰੇ, ਜੋ ਮਾਰੋ-ਮਾਰ ਕਰਦੇ ਹੋਏ ਸਤਲੁਜ ਤੀਕ ਅੱਪੜ ਗਏ ਹਨ, ਇਕ ਦਿਨ ਪੰਜਾਬ ਨੂੰ ਵੀ ਆਪਣੇ ਅਧਿਕਾਰ ਵਿਚ ਕਰਕੇ ਦਮ ਲੈਣਗੇ ਅਤੇ ਇਹ ਕਿਆਸ ਸੱਚ ਹੋ ਕੇ ਰਿਹਾ ।

ਸਾਹਿਤ ਅਤੇ ਸਮਾਜ ਦਾ ਆਪਸ ਵਿਚ ਗਹਿਰਾ ਰਿਸ਼ਤਾ ਹੁੰਦਾ ਹੈ । ਇਕ ਸਾਹਿਤਕਾਰ ਸਮੇਂ ਦੀਆਂ ਸਮਾਜਕ ਹਾਲਤਾਂ ਤੋਂ ਪ੍ਰਭਾਵਤ ਹੋਏ ਬਿਨਾਂ ਨਹੀਂ ਰਹਿ ਸਕਦਾ, ਲੇਕਿਨ ਇਕ ਸੱਚਾ ਸਾਹਿਤਕਾਰ ਵਾਪਰ ਰਹੀਆਂ ਸਮਾਜਕ ਘਟਨਾਵਾਂ ਤੋਂ ਨਿਰਾ-ਪੁਰਾ ਪ੍ਰਭਾਵਤ ਹੀ ਨਹੀਂ ਹੁੰਦਾ, ਬਲਕਿ ਜਨਤਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਂਦਾ ਹੈ ਅਤੇ ਉਨ੍ਹਾਂ ਦੇ ਦੁੱਖ-ਸੁਖ ਵਿੱਚ ਭਾਈਵਾਲ ਬਣਦਾ ਹੋਇਆ ਉਨ੍ਹਾਂ ਦਾ ਸੰਤਾਪ ਘਟਾਉਣ ਹਿਤ ਆਪਣੀ ਪੂਰੀ ਵਾਹ ਵੀ ਲਾਉਂਦਾ ਹੈ । ਗੁਰੂ ਨਾਨਕ ਦੇਵ ਜੀ ਦੇ ਸਮੇਂ ਜੇਕਰ ਰਾਜੇ ਨਿਆਂਕਾਰੀ ਨਹੀਂ ਸਨ ਜਾਂ ਅਹਿਲਕਾਰ ਮਨ ਆਈਆਂ ਕਰ ਰਹੇ ਸਨ ਤੇ ਪਰਜਾ ਨੂੰ ਨਾਜਾਇਜ਼ ਤੰਗ ਕਰ ਰਹੇ ਸਨ ਤਾਂ ਗੁਰੂ ਸਾਹਿਬ ਨੇ “ਰਾਜੇ ਸ਼ੀਹ ਮੁਕਦਮ ਕੁਤੇ ਜਾਇ ਜਗਾਇਨਿ ਬੈਠੇ ਸੁਤੇ” (ਪੰਨਾ 1288) ਅਤੇ “ਕਲਿ ਕਾਤੀ ਰਾਜੇ ਕਾਸਾਈ” (ਪੰਨਾ 145) ਤੱਕ ਕਿਹਾ ਅਤੇ ਜੇਕਰ ਕਾਬਲ ਤੋਂ ਬਾਬਰ ਚੜ੍ਹ ਕੇ ਆਇਆ ਤਾਂ ਉਸ ਦੇ ਖਿਲਾਫ਼ ਵੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ—“ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ” (ਪੰਨਾ 722), ਇਥੋਂ ਤੀਕ ਕਿ ਰੱਬ ਨੂੰ ਵੀ ਬਾਬਰ ਵਲੋਂ ਹਿੰਦੀਆਂ ਉਤੇ ਢਾਏ ਗਏ ਜ਼ੁਲਮ ਲਈ ਉਲਾਹਮਾ ਦਿੱਤਾ “ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ” (ਪੰਨਾ 360) । ਗੁਰੂ ਸਾਹਿਬ ਨੇ ਖਾਲੀ ਬਿਆਨਬਾਜ਼ੀ ਹੀ ਨਹੀਂ ਕੀਤੀ, ਸਗੋਂ ਬੇਕਸੂਰ ਹਿੰਦੀਆਂ ਦੇ ਹੱਕ ਵਿਚ ਬੋਲਣ ਕਰਕੇ ਏਮਨਾਬਾਦ ਵਿਖੇ ਬਾਬਰ ਦੀ ਜੇਲ੍ਹ ਵੀ ਕੱਟੀ ਅਤੇ ਬੰਦੀਖਾਨੇ ਵਿਚ ਚੱਕੀਆਂ ਵੀ ਚਲਾਈਆਂ।

ਸ਼ਾਹ ਮੁਹੰਮਦ ਇਕ ਸੱਚਾ ਸਾਹਿਤਕਾਰ ਤੇ ਕਵੀ ਹੈ, ਜਿਸ ਨੇ ਅੰਗਰੇਜ਼ਾਂ ਦੀ ਆਮਦ ਨੂੰ ‘ਸ਼ੁਭ ਕਦਮ’ ਬਿਲਕੁਲ ਨਹੀਂ ਆਖਿਆ, ਸਗੋਂ ਇਕ ਰਾਸ਼ਟਰਵਾਦੀ ਕਵੀ ਹੋਣ ਦੇ ਫ਼ਰਜ ਨੂੰ ਨਿਭਾਉਂਦੇ ਹੋਏ ਸੰਦੇਹ ਅਤੇ ਤੌਖਲਾ ਪ੍ਰਗਟਾਇਆ ਹੈ ਕਿ ਇਹ ਤੀਜੀ ਜ਼ਾਤ ‘ਆਫ਼ਾਤ’ (ਆਫ਼ਤ) ਵਾਂਗ ਹੈ, ਜਿਸ ਨੇ ਰਾਜ਼ੀ-ਖੁਸ਼ੀ ਰਹਿੰਦੇ ਦੇਸਵਾਸੀਆਂ ਦਾ ਚੈਨ-ਆਰਾਮ ਖੋਹ ਲਿਆ ਹੈ । ਇੰਜ ਕਵੀ ਦੇ ਸੀਨੇ ਵਿਚੋਂ ਦੇਸ ਪਿਆਰ ਦੀ ਧੜਕਣ ਸਹਿਜੇ ਹੀ ਸੁਣੀ ਜਾ ਸਕਦੀ ਹੈ । ਉਸ ਨੇ ਇਕ ਕੌਮੀ ਕਵੀ ਵਾਂਗ ਪੰਜਾਬੀ ਸੁਤੰਤਰਤਾ ਤੇ ਪੰਜਾਬੀ ਸੂਰਬੀਰਤਾ ਦਾ ਪੱਖ ਪੂਰਦੇ ਹੋਏ ਇਸ ਜੰਗਨਾਮੇ ਦੀ ਰਚਨਾ ਕੀਤੀ ਹੈ ।

ਡਾ. ਜੱਗੀ ਅਨੁਸਾਰ ਇਸ ਜੰਗਨਾਮੇ ਦੀ ਮੂਲ-ਭਾਵਨਾ ਦੇਸ-ਪਿਆਰ ‘ਤੇ ਆਧਾਰਿਤ ਹੈ । ਹਰ ਵਿਅਕਤੀ ਦੇ ਮਨ ਵਿਚ ਆਪਣੇ ਘਰ-ਪਰਿਵਾਰ, ਪਿੰਡ ਨਗਰ, ਦੇਸ਼-ਪ੍ਰਾਂਤ ਜਾਂ ਭੂਗੋਲਿਕ ਚੌਗਿਰਦੇ ਪ੍ਰਤੀ ਮੋਹ ਦੀ ਭਾਵਨਾ ਮੌਜੂਦ ਰਹਿੰਦੀ ਹੈ। ਇਹ ਮਨੁੱਖ ਦੀ ਆਦਿ-ਪ੍ਰਵਿਰਤੀ ਹੈ, ਇਹ ਨਿੱਜ-ਅਨੁਭਵ ਆਧਾਰਿਤ ਮਮਤਾ ਹੈ । ਜਿਤਨਾ ਸਤਿਕਾਰ ਕੋਈ ਆਪਣੀ ਮਾਤਾ ਪ੍ਰਤੀ ਰੱਖਦਾ ਹੈ, ਉਤਨਾ ਹੀ ਮਾਭੂਮੀ ਪ੍ਰਤੀ ਵੀ ਰੱਖਦਾ ਹੈ । ਕਿਉਂਕਿ ਉਹ ਉਸ ਦਾ ਅੰਨ, ਜਲ ਖਾ ਪੀ ਕੇ ਅਤੇ ਉਸਦੇ ਵਾਯੂ-ਮੰਡਲ ਵਿਚ ਸੁਆਸ ਲੈ ਕੇ ਵੱਡਾ ਹੋਇਆ ਹੁੰਦਾ ਹੈ । ਇਸ ਲਈ ਭੂਮੀ ਵੀ ਜਨਨੀ ਸਮਾਨ ਹੈ । ਅਥਰਵ ਵੇਦ ਦੇ ‘ਭੂਮੀ ਸੂਕਤ’ ਵਿਚ ਭੂਮੀ ਨੂੰ ਮਾਤਾ ਅਤੇ ਉਸ ਉਪਰ ਵੱਸਣ ਵਾਲਿਆਂ ਨੂੰ ਉਸ ਦੇ ਪੁੱਤਰ ਕਿਹਾ ਗਿਆ ਹੈ। ਇਸ ਤਰ੍ਹਾਂ ਮਾਤ੍ਰ-ਭੂਮੀ ਪ੍ਰਤੀ ਉਸ ਦੇ ਨਿਵਾਸੀਆਂ ਦਾ ਇਕ ਖਾਸ ਕਰਤੱਵ ਬਣ ਜਾਂਦਾ ਹੈ । ਇਹ ਕਰਤੱਵ ਉਨ੍ਹਾਂ ਨੂੰ ਇਕ ਖ਼ਾਸ ਸੰਬੰਧ-ਸੂਤਰ ਵਿਚ ਪਰੋਈ ਰੱਖਦਾ ਹੈ। ਉਹ ਸਾਰੇ ਇਕ-ਵਤਨੀ ਅਖਵਾਉਂਦੇ ਹਨ। ਕੁਝ ਇਕ ਖ਼ਾਸ ਦਿਸ਼ਾਵਾਂ ਵਿਚ ਦੇਸ-ਪਿਆਰ ਦੀ ਭਾਵਨਾ ਅਤਿ ਪ੍ਰਬਲ ਹੋ ਜਾਂਦੀ ਹੈ। ਇਸ ਦਾ ਮਹੱਤਵਪੂਰਨ ਰੂਪ ਉਦੋਂ ਵੇਖਣ ਵਿਚ ਆਉਂਦਾ ਹੈ ਜਦੋਂ ਕੋਈ ਹੋਰ ਤਾਕਤ ਜਾਂ ਦੇਸ਼ ਕਿਸੇ ਦੇਸ਼ ਵਿਸ਼ੇਸ਼ ਉਤੇ ਆਕ੍ਰਮਣ ਕਰ ਦਿੰਦਾ ਹੈ । ਉਦੋਂ ਸਾਰੇ ਦੇਸ਼ਵਾਸੀ ਇਕ ਇਕਾਈ ਬਣ ਕੇ ਆਕ੍ਰਮਣਕਾਰੀ ਵੈਰੀ ਨਾਲ ਲੋਹਾ ਲੈਣ ਲਈ ਤਿਆਰ ਹੋ ਜਾਂਦੇ ਹਨ ਅਤੇ ਵੱਡੇ ਤੋਂ ਵੱਡਾ ਤਿਆਗ, ਆਤਮ-ਉਤਸਰਗ ਕਰ ਦੇਣ ਲਈ ਮੈਦਾਨ ਵਿਚ ਨਿੱਤਰ ਪੈਂਦੇ ਹਨ ਅਤੇ ਤਦ ਤੱਕ ਚੈਨ ਨਹੀਂ ਲੈਂਦੇ, ਜਦ ਤੱਕ ਉਹ ਦੇਸ਼-ਕਲਿਆਣ ਵਿਚ ਸਫ਼ਲ ਨਹੀਂ ਹੋ ਜਾਂਦੇ । (ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ, 1999, ਪੰਨਾ xxvii) ਦੇਸ਼ ਦਾ ਸੀਮਾ-ਗਤ ਸਰੂਪ ਸਮੇਂ ਦੀ ਤੋਰ ਨਾਲ ਵਧਦਾ-ਘਟਦਾ ਰਹਿੰਦਾ ਹੈ। ਮਿਸਾਲ ਵਜੋਂ ਭਾਰਤ ਦੇ ਆਦਿ-ਕਾਲ ਤੋਂ ਲੈ ਕੇ ਹੁਣ ਤਕ ਦਾ ਇਤਿਹਾਸ ਇਸਦੇ ਸਰੂਪ ਅਤੇ ਆਕਾਰ ਦੇ ਸੰਕੋਚ ਅਤੇ ਵਿਸਤਾਰ ਦਾ ਗਵਾਹ ਹੈ । ਇਸ ਸੰਕੋਚ/ਵਿਸਤਾਰ ਦੀ ਪ੍ਰਕ੍ਰਿਆ ਦੇ ਫ਼ਲਸਰੂਪ ਕਵੀ-ਮਨ ਦੀ ਭਾਵਨਾ ਦੀ ਸਥਿਤੀ ਬਦਲਦੀ ਰਹਿੰਦੀ ਹੈ । ਪੰਜਾਬੀ ਸਾਹਿਤ ਦੀ ਆਦਿ-ਕਾਲ ਤੋਂ ਆਧੁਨਿਕ-ਕਾਲ ਦੀ ਯਾਤਰਾ ਇਸ ਭਾਵਨਾ ਤੋਂ ਸੰਕੋਚ/ਵਿਸਤਾਰ ਦੀ ਕਹਾਣੀ ਪੇਸ਼ ਕਰਦੀ ਹੈ। ਦੇਸ਼-ਵੰਡ ਤੋਂ ਬਾਅਦ ਦੇਸ਼-ਸੀਮਾ ਦੇ ਸੰਕੋਚਨ ਨੇ ਵੀ ਇਸ ਭਾਵਨਾ ਦਾ ਰੂਪ ਬਦਲਿਆ ਹੈ । ਅੱਜ ਭਾਰਤ ਤੋਂ ਪਾਕਿਸਤਾਨ ਦਾ ਇਲਾਕਾ ਵੱਖ ਹੋ ਗਿਆ ਹੈ, ਇਸ ਲਈ ਉਹ ਇਲਾਕਾ ਜੋ ਪਹਿਲਾਂ ਭਾਰਤ ਦਾ ਹੀ ਅੰਗ ਸੀ ਅਤੇ ਜਿਸ ਲਈ ਸਾਰੇ ਭਾਰਤ-ਵਾਸੀਆਂ ਦੇ ਮਨ ਵਿਚ ਮੋਹ ਦੀ ਭਾਵਨਾ ਵਿਦਮਾਨ ਸੀ, ਅੱਜ ਉਹ ਗੈਰ-ਦੇਸ਼ ਬਣ ਗਿਆ ਹੈ, ਅਤੇ ਜਦੋਂ ਕਦੀ ਵੀ ਉਸ ਦੇਸ਼ ਨਾਲ ਕਿਸੇ ਪ੍ਰਕਾਰ ਦਾ ਕੋਈ ਤਨਾਓ ਪੈਦਾ ਹੁੰਦਾ ਹੈ, ਤਾਂ ਉਸ ਦੇਸ਼ ਪ੍ਰਤੀ, ਜਿਹੜਾ ਕਦੀ ਆਪਣਾ ਹੀ ਦੇਸ਼ ਸੀ, ਵੈਰ, ਘਿਰਣਾ ਅਤੇ ਬਦਲਾ ਲੈਣ ਦੀ ਭਾਵਨਾ ਭੜਕ ਉੱਠਦੀ ਹੈ। ਫ਼ਲਸਰੂਪ ਦੇਸ਼-ਪਿਆਰ ਦੀ ਭਾਵਨਾ ਯੁਗ ਦੀਆਂ ਪ੍ਰਸਥਿਤੀਆਂ ਅਨੁਸਾਰ ਆਪਣਾ ਧੁਰਾ ਬਦਲਦੀ ਰਹਿੰਦੀ ਹੈ । ਉਸ ਦੇ ਪ੍ਰਭਾਵ ਖੇਤਰ ਵਿਚ ਵਿਸਤਾਰ/ਸੰਕੋਚ ਹੁੰਦਾ ਰਹਿੰਦਾ ਹੈ ।

ਸ਼ਾਹ ਮੁਹੰਮਦ ਦੇ ਸਮੇਂ ਵੀ ਦੇਸ਼-ਭਗਤੀ ਦੀ ਭਾਵਨਾ ਕੁਝ ਉਪ੍ਰੋਕਤ ਪ੍ਰਕਾਰ ਦੀ ਹੀ ਸੀ । ਉਸ ਵਕਤ ਪੰਜਾਬ ਅਤੇ ਹਿੰਦੁਸਤਾਨ ਦੋ ਵੱਖ-ਵੱਖ ਦੇਸ਼ ਸਨ। ਉਦੋਂ ਹਿੰਦੁਸਤਾਨ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਇਕ ਦੇਸ਼ ਨਹੀਂ ਸੀ ਹੁੰਦਾ, ਜਿਵੇਂ ਕਿ ਇਸਦਾ ਅੱਜ ਦਾ ਸਰੂਪ ਹੈ । ਬਲਕਿ ਸੈਂਕੜੇ ਨਿੱਕੀਆਂ-ਵੱਡੀਆਂ ਰਿਆਸਤਾਂ ਵਿਚ ਵੰਡਿਆ ਹੋਇਆ ਸੀ, ਲੋਕ ਆਪੋ-ਆਪਣੇ ਇਲਾਕਿਆਂ ਨੂੰ ਆਪਣਾ ਵਤਨ ਜਾਂ ਦੇਸ ਹੀ ਆਖਦੇ ਸਨ। ਅੱਜ ਵੀ ਤਾਂ ਇਹ ਗੀਤ ਬੜੇ ਉਤਸ਼ਾਹ ਨਾਲ ਗਾਇਆ ਜਾਂਦਾ ਹੈ ‘ਜਿਵੇਂ ਫੁੱਲਾਂ ਵਿਚੋਂ ਫੁੱਲ ਗੁਲਾਬ ਨੀ ਸਹੀਓ । ਸੁਹਣੇ ਦੇਸਾਂ ਵਿਚੋਂ ਦੇਸ ਪੰਜਾਬ ਨੀ ਸਹੀਓ’। ਮਾਲਵਾ ਦੋਸ ਦਾ ਨਾਮ ਆਮ ਰਾਜਸਥਾਨੀ ਗੀਤਾਂ ਵਿਚ ਮਿਲਦਾ ਹੈ । ਬਚਿਤ੍ਰ ਨਾਟਕ ਵਿਚ ਪੰਜਾਬ ਨੂੰ ‘ਮਦਰ ਦੇਸ’ ਕਰਕੇ ਵੀ ਲਿਖਿਆ ਮਿਲਦਾ ਹੈ ।

ਸ਼ਾਹ ਮੁਹੰਮਦ ਦੇ ਜੰਗਨਾਮੇ ਦੀ ਰਚਨਾ ਸਮੇਂ ਪੰਜਾਬ ਨੂੰ ਛੱਡ ਕੇ ਅੰਗਰੇਜ਼ ਲਗ-ਭਗ ਸਾਰੇ ਭਾਰਤ ਨੂੰ ਆਪਣੇ ਅਧੀਨ ਕਰ ਚੁੱਕੇ ਸਨ, ਪੰਜਾਬ ‘ਤੇ ਕਬਜ਼ਾ ਕਰਨ ਦੀ ਪੂਰੀ ਤਿਆਰੀ ਵੀ ਹੋ ਚੁਕੀ ਸੀ । ਕਿਉਂਕਿ ਹਿੰਦੁਸਤਾਨ ਵੱਖ ਦੇਸ਼ ਸੀ ਅਤੇ ਪੰਜਾਬ ਵੱਖ ਦੇਸ, ਇਸੇ ਕਾਰਨ ਕਵੀ ਅੰਗਰੇਜ਼ਾਂ ਤੇ ਸਿੰਘਾਂ ਦੀ ਲੜਾਈ ਨੂੰ ਹਿੰਦ ਤੇ ਪੰਜਾਬ ਦੀ ਜੰਗ ਦਾ ਨਾਮ ਦਿੰਦਾ ਹੈ

ਜੰਗ ਹਿੰਦ-ਪੰਜਾਬ ਦਾ ਹੋਣ ਲੱਗਾ,

ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ । (92)

ਪੰਜਾਬ ਨੂੰ ਆਪਣੇ ਕਬਜ਼ੇ ਵਿਚ ਕਰਨ ਲਈ ਕੁਟਲ ਤੇ ਚਾਲਾਕ ਅੰਗਰੇਜ਼ਾਂ ਨੇ ਕਈ ਰਾਜਨੀਤਕ ਚਾਲਾਂ ਚੱਲੀਆਂ ਅਤੇ ਹੱਥ-ਕੰਡੇ ਅਪਣਾਏ ਸਨ । ਸ਼ੇਰੇ- ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਮਗਰੋਂ, ਖ਼ਾਲਸਾ ਰਾਜ ਬੁਰੀ ਤਰ੍ਹਾਂ ਫੁੱਟ ਦਾ ਸ਼ਿਕਾਰ ਹੋ ਗਿਆ । ਡੋਗਰਿਆਂ ਦੀ ਨੀਤੀ ਵੀ ਆਪਣਾ ਰੰਗ ਵਿਖਾ ਰਹੀ ਸੀ । ‘ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੁੰਡਾ’ ਕਹਾਵਤ ਮੂਜਬ ਹਰ ਪਾਸੇ ਆਪੋ-ਧਾਪੀ ਮੱਚੀ ਹੋਈ ਸੀ । ਭਾਰੀ ਕੁਰਬਾਨੀਆਂ ਨਾਲ ਕਾਇਮ ਕੀਤੇ ਸਿੱਖ ਰਾਜ ਦਾ ਸ਼ੀਰਾਜ਼ਾ ਬਿਖਰ ਰਿਹਾ ਸੀ। ਹਰ ਕੋਈ ਆਪਣੇ ਲਈ ਜਾਂ ਆਪਣਿਆਂ ਲਈ ਰਾਜਸੀ-ਸੱਤਾ ਉਤੇ ਕਾਬਜ਼ ਹੋਣਾ ਚਾਹੁੰਦਾ ਸੀ। ਕਿਉਂਕਿ ਭਰਾ-ਮਾਰੂ ਜੰਗ ਅਤੇ ਨਮਕ-ਹਰਾਮ ਕਾਰਿੰਦਿਆਂ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ ਕਾਫ਼ੀ ਸਿੱਖ ਮੁਖੀ ਇਕ-ਇਕ ਕਰਕੇ ਮਾਰੇ ਜਾ ਚੁੱਕੇ ਸਨ, ਇਸ ਲਈ ਕੋਈ ਵੀ ਅਜਿਹਾ ਦਲੇਰ ਜਾਂ ਦੂਰਅੰਦੇਸ਼ ਵਿਅਕਤੀ ਵਿਖਾਈ ਨਹੀਂ ਸੀ ਦਿੰਦਾ ਜੋ ਪੰਜਾਬ ਵਿਚ ਮੱਚੀ ਹਨੇਰਗਰਦੀ ਨੂੰ ਠੱਲ੍ਹ ਪਾ ਸਕੇ । ਇਸ ਆਪਾ-ਧਾਪੀ ਅਤੇ ਅਰਾਜਿਕਤਾ ਦੇ ਮਾਹੌਲ ਵਿਚ ਅੰਗਰੇਜ਼ਾਂ ਨੂੰ ਸੁਨਹਿਰੀ ਮੌਕਾ ਹੱਥ ਲੱਗ ਗਿਆ ਅਤੇ ਉਨ੍ਹਾਂ ਨੇ ਪੰਜਾਬ ਨੂੰ ਆਪਣੇ ਅਧਿਕਾਰ ਹੇਠ ਲੈਣ ਲਈ ਵਿਉਂਤਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਸਮਾਂ ਵੇਖ ਕੇ ਐਸਾ ਹੱਲਾ ਬੋਲਿਆ ਕਿ ਰਸਾਂ-ਰੰਗਾਂ ਵਿਚ ਵੱਸਦੀ ਪੰਜਾਬ ਦੀ ਧਰਤੀ ‘ਤੇ ਘਮਸਾਣ ਮੱਚ ਗਿਆ ।

ਸ਼ਾਹ ਮੁਹੰਮਦ ਦੇਸ ਪੰਜਾਬ ਦਾ ਸ਼ਾਇਰ ਹੈ, ਉਸ ਨੂੰ ਅੰਗਰੇਜ਼ਾਂ ਦਾ ਪੰਜਾਬ ਵਿੱਚ ਆਉਣਾ ਚੰਗਾ ਨਹੀਂ ਲੱਗਿਆ । ਸ਼ੇਰੇ-ਪੰਜਾਬ ਦੇ ਸਾਂਝੇ ਕੌਮੀ ਰਾਜ ਵਿਚ ਹਿੰਦੂ, ਸਿੱਖ ਤੇ ਮੁਸਲਮਾਨ ਭਰਾਵਾਂ ਵਾਂਗ ਰਹਿ ਰਹੇ ਸਨ, ਅੰਗਰੇਜ਼ਾਂ ਦੀ ਆਮਦ ਨਾਲ ਇਹ ਸਭ ਤਾਣਾ-ਬਾਣਾ ਬਿਖਰ ਗਿਆ। ਕਵੀ ਦਾ ਕੋਮਲ ਹਿਰਦਾ ਇਸ ਵਰਤਾਰੇ ਤੋਂ ਡਾਢਾ ਦੁਖੀ ਹੈ ਅਤੇ ਆਪਣੇ ਦਿਲੀ-ਭਾਵਾਂ ਨੂੰ ਇਨ੍ਹਾਂ ਸ਼ਬਦਾਂ ਵਿਚ ਵਿਅਕਤ ਕਰਦਾ ਹੈ—

ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,

ਸਿਰ ਦੋਹਾਂ ਦੇ ਉਤੇ ਆਫ਼ਾਤ ਆਈ।

ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ,

ਕਦੀ ਨਹੀਂ ਸੀ ਤੀਸਰੀ ਜ਼ਾਤ ਆਈ । (3)

ਉਪ੍ਰੋਕਤ ਸਤਰਾਂ ਵਿਚ ਕਵੀ ਦੇ ਹਿਰਦੇ ਦਾ ਦਰਦ ਡੁੱਲ੍ਹ-ਡੁੱਲ੍ਹ ਪੈਂਦਾ ਹੈ, ਉਹ ਪੰਜਾਬ ਦੀ ਚਿਰ-ਸਥਾਪਤ ਸੁਤੰਤਰਤਾ ਦੇ ਖੁੱਸ ਜਾਣ ‘ਤੇ ਇਕ ਤਰ੍ਹਾਂ ਖੂਨ ਦੇ ਅੱਥਰੂ ਕੇਰਦਾ ਹੈ ।

ਸ਼ਾਹ ਮੁਹੰਮਦ ਪਹਿਲਾ ਕਵੀ ਹੈ ਜੋ ਮਜ਼ਹਬੋ-ਮਿੱਲਤ ਦੇ ਤਮਾਮ ਮਤਭੇਦਾਂ ਤੋਂ ਉਪਰ ਉਠ ਕੇ ਸਮੁੱਚੇ ਪੰਜਾਬੀਆਂ ਦੀ ਤਰਜਮਾਨੀ ਕਰਦਾ ਹੈ। ਆਪ ਬੇਸ਼ੱਕ ਮੁਸਲਮਾਨ ਹੈ, ਲੇਕਿਨ ਸਿੱਖ ਫੌਜਾਂ ਦੀ ਜੰਗ ਲਈ ਕੀਤੀ ਜਾ ਰਹੀ ਤਿਆਰੀ ਨੂੰ ਬੜੇ ਮਾਣ ਨਾਲ ਬਿਆਨ ਕਰਦਾ ਹੈ। ਉਸਦੇ ਮਨ ਵਿਚ ਇਹ ਖਿਆਲ ਕਦਾਚਿਤ ਨਹੀਂ ਆਉਂਦਾ ਕਿ ਇਹ ਉਹੀ ਫੌਜਾਂ ਹਨ ਜਿਨ੍ਹਾਂ ਨੇ ਮੁਸਲਮਾਨ ਹਾਕਮਾਂ ਤੋਂ ਰਾਜ-ਭਾਗ ਖੋਹ ਕੇ ਖ਼ਾਲਸਾ ਰਾਜ ਦੀ ਨੀਂਹ ਰੱਖੀ ਸੀ। ਕਵੀ ਇਕ ਪੰਜਾਬੀ ਹੋਣ ਦੀ ਹੈਸੀਅਤ ਵਿਚ ਪੰਜਾਬ ਦੀ ਆਨ-ਸ਼ਾਨ ਲਈ ਹਰ ਸਮੇਂ ਲਹੂ ਡੋਲ੍ਹਣ ਲਈ ਤਿਆਰ-ਬਰ-ਤਿਆਰ

ਰਹਿਣ ਵਾਲੀਆਂ ਸਿੱਖ ਫੌਜਾਂ ਦੀ ਭਰਵੀਂ ਸ਼ਲਾਘਾ ਕਰਦਾ ਹੋਇਆ ਕਹਿੰਦਾ ਹੈ—

ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ,

ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ ।

ਚੜ੍ਹੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ,

ਜੈਸੇ ਬੇਲਿਓਂ ਨਿਕਲਦੇ ਸ਼ੇਰ ਮੀਆਂ ।

ਚੜ੍ਹੇ ਸਭ ਮਝੈਲ ਦੁਆਬੀਏ ਜੀ,

ਜਿਨ੍ਹਾਂ ਕਿਲ੍ਹੇ ਨਿਵਾਏ ਨੀ ਢੇਰ ਮੀਆਂ ।.. (58)

ਪੰਜਾਬ ਦੇਸ ਉਤੇ ਪੂਰਾ ਹਿੰਦੁਸਤਾਨ ਦੇਸ ਚੜ੍ਹ ਕੇ ਆਇਆ ਸੀ, ਇਸ ਲਈ ਪੰਜਾਬੀਆਂ ਵਾਸਤੇ ਅੰਗਰੇਜ਼ਾਂ ਵਿਰੁੱਧ ਇਹ ਇਕ ਕੌਮੀ ਜੰਗ ਸੀ, ਜਿਸ ਵਿਚ ਸਭ ਕੌਮਾਂ ਦੇ ਸਿਪਾਹੀਆਂ ਨੇ ਪੂਰੇ ਉਤਸ਼ਾਹ ਅਤੇ ਉਮਾਹ ਨਾਲ ਭਾਗ ਲਿਆ, ਜਿਨ੍ਹਾਂ ਵਿਚ ਜਲ੍ਹੇਵਾਲੀਏ, ਸੰਧਾਵਾਲੀਏ, ਡੋਗਰੇ, ਅਕਾਲ ਰਜਮੈਂਟ ਅਤੇ ਮਾਖੇ ਖਾਂ, ਮਜ਼ਹਰ ਅਲੀ, ਇਲਾਹੀ ਬਖਸ਼ ਤੇ ਸੁਲਤਾਨ ਮਹਿਮੂਦ ਜਿਹੇ ਮੁਸਲਮਾਨ ਅਫ਼ਸਰ ਵੀ ਸ਼ਾਮਲ ਸਨ । ਮੁਸਲਮਾਨ ਤੋਪਚੀਆਂ ਦੀ ਤਿਆਰੀ ਦਾ ਜ਼ਿਕਰ ਕਰਦੇ ਹੋਏ ਸ਼ਾਹ ਮੁਹੰਮਦ ਲਿਖਦਾ ਹੈ—

ਮਜ਼ਹਰ ਅਲੀ ਤੇ ਮਾਖੇ ਖਾਂ ਕੂਚ ਕੀਤਾ.

ਤੋਪਾਂ ਸ਼ਹਿਰ ਥੀਂ ਬਾਹਰ ਨਿਕਾਲੀਆਂ ਨੀ ।

ਬੇੜਾ ਚੜ੍ਹਿਆ ਸੁਲਤਾਨ ਮਹਿਮੂਦ ਵਾਲਾ,

ਤੋਪਾਂ ਨਾਲ ਇਮਾਮ ਸ਼ਾਹ ਵਾਲੀਆਂ ਨੀ ।

ਇਲਾਹੀ ਬਖਸ਼ ਪਟੋਲੀ ਨੇ ਮਾਂਜ ਕੇ ਜੀ,

ਧੂਪ ਦੇਇ ਕੇ ਤਖ਼ਤ ਬਹਾਲੀਆਂ ਨੀ ।

ਸ਼ਾਹ ਮੁਹੰਮਦਾ ਐਸੀਆਂ ਲਿਸ਼ਕ ਆਈਆਂ,

ਬਿਜਲੀ ਵਾਂਗ ਜੋ ਦੇਣ ਦਿਖਾਲੀਆਂ ਨੀ । (60)

ਸ਼ਾਹ ਮੁਹੰਮਦ ਸਿੰਘਾਂ ਨੂੰ ਭੁੱਖੇ ਬਾਜ਼ ਅਤੇ ਅੰਗਰੇਜ਼ਾਂ ਨੂੰ ਕੂੰਜਾਂ ਨਾਲ ਤੁਲਨਾ ਦਿੰਦਾ ਹੋਇਆ ਲਿਖਦਾ ਹੈ—

….ਕਰੋ ਹੁਕਮ ਤੇ ਤੇਗ਼ ਉਠਾਈਏ ਜੀ,

ਪਏ ਸਿੰਘ ਕਚੀਚੀਆਂ ਖਾਂਵਦੇ ਨੀ।

ਕੂੰਜਾਂ ਨਜ਼ਰ ਆਈਆਂ ਬਾਜ਼ਾਂ ਭੁੱਖਿਆਂ ਨੂੰ,

ਚੋਟਾਂ ਕੈਸੀਆਂ ਦੇਖੋ ਚਲਾਂਵਦੇ ਨੀ । (70)

ਖ਼ਾਲਸਾ ਫੌਜਾਂ ਨੇ ਆਪਣੀ ਬਹਾਦਰੀ ਦੇ ਭਾਰੀ ਜੌਹਰ ਵਿਖਾਏ । ਜਿੱਧਰ ਹੱਲਾ ਕਰਕੇ ਜਾਂਦੇ, ਇਕ ਵੇਰਾਂ ਤਾਂ ਤਰਥੱਲੀ ਮੱਚ ਜਾਂਦੀ, ਅੰਗਰੇਜ਼ ਫੌਜਾਂ ਦੇ ਸੱਥਰ ਵਿਛ ਜਾਂਦੇ । ਕਵੀ ਇਸ ਬਹਾਦਰੀ ਦੇ ਗੁਣ ਗਾਇਨ ਕਰਦਾ ਹੋਇਆ ਗੌਰਵ- ਮਈ ਸੁਰ ਵਿੱਚ ਆਖਦਾ ਹੈ—

ਫੇਰੂ ਸ਼ਹਿਰ ਦੇ ਹੇਠ ਜਾ ਖੇਤ ਰੁੱਧੇ,

ਤੋਪਾਂ ਚੱਲੀਆਂ ਨੀ ਵਾਂਗ ਤੋੜਿਆਂ ਦੇ ।

ਸਿੰਘ ਸੂਰਮੇ ਆਣ ਮੈਦਾਨ ਲੱਥੇ,

ਗੰਜ ਲਾਹ ਸੁੱਟੇ ਓਹਨਾਂ ਗੋਰਿਆਂ ਦੇ ।… (71)

ਅ)

ਸਿੰਘਾਂ ਮਾਰ ਕੇ ਕਟਕ ਮੁਕਾਇ ਦਿੱਤੇ,

ਹਿੰਦੁਸਤਾਨੀ ਤੇ ਪੂਰਬੀ ਦੱਖਣੀ ਜੀ ।

ਨੰਦਨ ਟਾਪੂਆਂ ਵਿਚ ਕੁਰਲਾਟ ਹੋਈ,

ਕੁਰਸੀ ਚਾਰ ਹਜ਼ਾਰ ਹੈ ਸੱਖਣੀ ਜੀ ।….(72)

ਏ)

ਕਿਨ੍ਹੇ ਜਾਇ ਕੇ ਲਿਆਇ ਕੇ ਖ਼ਬਰ ਦਿੱਤੀ,

ਲੰਦਨ ਹੋਇ ਬੈਠੀ ਤੇਰੀ ਰੰਡ ਮੀਆਂ ।

ਸ਼ਾਹ ਮੁਹੰਮਦਾ ਦੇਖ ਮੈਦਾਨ ਜਾ ਕੇ,

ਰੁਲਦੀ ਗੋਰਿਆਂ ਦੀ ਪਈ ਝੰਡ ਮੀਆਂ । (74)

ਖ਼ਾਲਸਾ ਫੌਜ ਦੀ ਚੜ੍ਹਤਲ ਦਾ ਪ੍ਰਭਾਵ ਪੰਜਾਬ ਜਾਂ ਇਸਦੇ ਆਸ-ਪਾਸ ਦੇ ਇਲਾਕਿਆਂ ਤੀਕ ਹੀ ਸੀਮਤ ਨਹੀਂ ਸੀ, ਬਲਕਿ ਇਸ ਨੂੰ ਹਿੰਦੁਸਤਾਨ ਦੇ ਸਾਰੇ ਖੇਤਰਾਂ ਵਿਚ ਪੈਂਦਾ ਦੱਸਿਆ ਗਿਆ ਹੈ—

ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ, ਆਗਰੇ, ਹਾਂਸੀ, ਹਿਸਾਰ ਮੀਆਂ। ਬੀਕਾਨੇਰ, ਲਖਨਊ, ਅਜਮੇਰ, ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ । ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ । ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ ।

(63)

ਦੁਨੀਆਂ ਵਿਚ ਸਭ ਤਰ੍ਹਾਂ ਦੇ ਰੰਗ ਮਿਲਦੇ ਹਨ, ਇਵੇਂ ਹੀ ਪੰਜਾਬ ਵਿਚ ਜੇਕਰ ਸ਼ੇਰ-ਦਿਲ ਬਹਾਦਰ ਮੌਜੂਦ ਸਨ ਤਾਂ ਉਸਦੇ ਨਾਲ ਹੀ ਦੇਸ ਨਾਲ ਗ਼ੱਦਾਰੀ ਕਰਨ ਵਾਲਿਆਂ ਜਾਂ ਗੀਦੀਆਂ ਅਤੇ ਕਮਜ਼ੋਰ-ਦਿਲਿਆਂ ਦੀ ਵੀ ਕਮੀ ਨਹੀਂ ਸੀ। ਇਕ ਬੰਨੇ ਤਾਂ ਦੋ ਸ਼ਹਿਨਸ਼ਾਹੀਆਂ-ਪੰਜਾਬ ਅਤੇ ਹਿੰਦੁਸਤਾਨ ਵਿਚਾਲੇ ਕਾਂਟੇ ਦੀ ਟੱਕਰ ਚੱਲ ਰਹੀ ਹੈ, ਇਨ੍ਹਾਂ ਲਈ ਜ਼ਿੰਦਗੀ-ਮੌਤ ਦਾ ਸਵਾਲ ਬਣਿਆ ਹੋਇਆ ਹੈ, ਕੌਮ ਤੇ ਦੇਸ ਨਾਲ ਹਿਤ ਰੱਖਣ ਵਾਲੇ ਯੋਧਿਆਂ ਵਾਂਗ ਰਣ-ਖੇਤਰ ਵਿਚ ਜੂਝ ਰਹੇ ਹਨ ਜਦੋਂ ਕਿ ਗ਼ੀਦੀ ਕਿਸਮ ਦੇ ਲੋਕ, ਜਿਨ੍ਹਾਂ ਵਿਚ ਦੇਸ਼-ਭਗਤੀ ਦੀ ਭਾਵਨਾ ਦੀ ਘਾਟ ਹੈ, ਮੈਦਾਨ ਛੱਡ ਕੇ ਭੱਜ ਰਹੇ ਹਨ। ਸ਼ਾਹ ਮੁਹੰਮਦ ਇਨ੍ਹਾਂ ਦੀ ਮਨੋ- ਦਸ਼ਾ ਨੂੰ ਬਿਆਨ ਕਰਦਾ ਹੋਇਆ ਆਖਦਾ ਹੈ—

ਜਦੋਂ ਪਿਆ ਹਰਾਸ ਤੇ ਕਰਨ ਗੱਲਾਂ,

ਮੁੰਡੇ ਘੋੜ-ਚੜ੍ਹੇ ਨਵੇਂ ਛੋਕਰੇ ਜੀ ।

ਅੱਧੀ ਰਾਤ ਨੂੰ ਉਠ ਕੇ ਖਿਸਕ ਤੁਰੀਏ,

ਕਿਥੋਂ ਪਏ ਗੋਰੇ ਸਾਨੂੰ ਓਪਰੇ ਜੀ ।

ਵਾਹੀ ਕਰਦੇ ਤੇ ਰੋਟੀਆਂ ਖ਼ੂਬ ਖਾਂਦੇ,

ਅਸੀਂ ਜਿਨ੍ਹਾਂ ਦੇ ਹਾਂ ਪੁੱਤ-ਪੋਤਰੇ ਜੀ।

ਸ਼ਾਹ ਮੁਹੰਮਦਾ ਖੂਹਾਂ ਤੇ ਮਿਲਖ ਵਾਲੇ,

ਅਸੀਂ ਦੱਬ ਕੇ ਲਾਵਾਂਗੇ ਜੋਤਰੇ ਜੀ।

ਕਹਿੰਦੇ ਨੌਕਰੀ ਕਾਸ ਨੂੰ ਅਸਾਂ ਕੀਤੀ,

ਆਖੇ ਲੱਗ ਕੇ ਸਾਥੀਆਂ ਸੰਗੀਆਂ ਦੇ ।

ਸ਼ਾਹ ਮੁਹੰਮਦਾ ਫੇਰ ਨਾ ਰੱਬ ਲਿਆਵੇ,

ਵਿਚ ਜੰਗ ਦੇ ਨਾਲ ਫ਼ਿਰੰਗੀਆਂ ਦੇ ।

ਇਨ੍ਹਾਂ ਸਤਰਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਕਵੀ ਨੇ ਦੇਸਵਾਸੀਆਂ ਦੀ ਅੰਨ੍ਹੇਵਾਹ ਸਿਫ਼ਤ ਬਿਲਕੁਲ ਨਹੀਂ ਕੀਤੀ। ਸਗੋਂ ਉਨ੍ਹਾਂ ਦੇ ਹਨੇਰੇ ਪੱਖ ਨੂੰ ਵੀ ਉਜਾਗਰ ਕੀਤਾ ਹੈ । ਸੱਚੇ ਰਾਸ਼ਟਰਵਾਦੀ ਜਾਂ ਦੇਸ਼-ਭਗਤ ਕਵੀ ਨੂੰ ਅਜਿਹਾ ਹੀ ਕਰਨਾ ਬਣਦਾ ਹੈ ।

ਇਕ ਪਾਸੇ ਅੰਗਰੇਜ਼ਾਂ ਦੀ ਅਨੁਸ਼ਾਸਨ ਅਤੇ ਜ਼ਾਬਤੇ ਅਧੀਨ ਸੰਗਠਿਤ ਫੌਜ ਸੀ ਅਤੇ ਦੂਜੇ ਪਾਸੇ ਸਾਡੇ ਸੁਆਰਥੀ ਹਿਤਾਂ ਨੂੰ ਮੁੱਖ ਰਖ ਕੇ ਲੜਨ ਵਾਲੇ ਅਫ਼ਸਰਾਂ ਦੇ ਅਧੀਨ ਲੜ ਰਹੀ ਭਾਂਤ-ਭਾਂਤ ਦੀ ਫੌਜ । ਸ਼ਾਹ ਮੁਹੰਮਦ ਪੰਜਾਬੀ ਫੌਜ ਵਿਚਲੀ ਦੇਸ਼-ਭਗਤੀ ਦੀ ਘਾਟ, ਅਨੁਸ਼ਾਸਨਹੀਨਤਾ ਅਤੇ ਸਵਾਰਥ ਨੂੰ ਦਰਸਾਉਂਦਾ ਹੋਇਆ ਲਿਖਦਾ ਹੈ

ਜ਼ਬਤ ਕਰਾਂਗੇ ਮਾਲ ਫ਼ਿਰੰਗੀਆਂ ਦੇ, ਉਥੋਂ ਲਿਆਂਵਾਂਗੇ ਦੌਲਤਾਂ ਬੋਰੀਆਂ ਨੀ । ਪਿਛੋਂ ਵੜਾਂਗੇ ਉਨ੍ਹਾਂ ਦੇ ਸਤਰਖਾਨੇ, ਬੰਨ੍ਹ ਲਿਆਵਾਂਗੇ ਉਨ੍ਹਾਂ ਦੀਆਂ ਗੋਰੀਆਂ ਨੀ । ਕਾਬਲ ਵਿਚ ਪਠਾਣ ਜਿਉਂ ਅਲੀ ਅਕਬਰ, ਮਾਰ ਵੱਢ ਕੇ ਕੀਤੀਆਂ ਪੋਰੀਆਂ ਨੀ । ਸ਼ਾਹ ਮੁਹੰਮਦਾ ਲਵਾਂਗੇ ਫੇਰ ਕੰਠੇ, ਤਿੱਲੇਦਾਰ ਜੋ ਰੇਸ਼ਮੀ ਡੋਰੀਆਂ ਨੀ । (57) ਇਹੋ ਕਾਰਨ ਹੈ ਕਿ ਜਦੋਂ ਅਜਿਹੇ ਸਵਾਰਥੀ ਲੋਕਾਂ ਦੇ ਕਾਰਨਾਮਿਆਂ ਕਰਕੇ

ਫੌਜ ਹਾਰੀ ਤਾਂ ਸ਼ਾਹ ਮੁਹੰਮਦ ਇਨ੍ਹਾਂ ‘ਤੇ ਵਿਅੰਗ ਕਰਦਾ ਹੋਇਆ ਕਹਿੰਦਾ ਹੈ—

ਘਰੋਂ ਗਏ ਫ਼ਿਰੰਗੀ ਦੇ ਮਾਰਨੇ ਨੂੰ,

ਬੇੜੇ ਤੋਪਾਂ ਦੇ ਸਭ ਖੁਹਾਇ ਆਇ ।

ਛੇੜ ਆਫ਼ਤਾਂ ਨੂੰ ਮਗਰ ਲਾਇਓ ਨੇ,

ਸਗੋਂ ਆਪਣਾ ਆਪ ਗਵਾਇ ਆਇ ।

ਖੁਸ਼ੀ ਵੱਸਦਾ ਸ਼ਹਿਰ ਲਾਹੌਰ ਸਾਰਾ,

ਸਗੋਂ ਕੁੰਜੀਆਂ ਹੱਥ ਫੜਾਇ ਆਇ ।

ਸ਼ਾਹ ਮੁਹੰਮਦਾ ਕਹਿੰਦੇ ਨੇ ਲੋਕ ਸਿੰਘ ਜੀ,

ਤੁਸੀਂ ਚੰਗੀਆਂ ਪੂਰੀਆਂ ਪਾਇ ਆਇ । (79)

ਕਵੀ ਜਿਥੇ ਲਾਹੌਰ ਦਰਬਾਰ ਦੀਆਂ ਫੌਜਾਂ ਦੀ ਹਿਰਦੇ-ਵੇਧਕ ਹਾਰ ਤੋਂ ਡਾਢਾ ਦੁਖੀ ਹੈ, ਉਥੇ ਹਾਰੇ ਹੋਏ ਸਿਪਾਹੀਆਂ ‘ਤੇ ਲਾਹਨਤਾਂ ਵੀ ਪਾਉਂਦਾ ਹੈ ਅਤੇ ਤਨਜ਼ ਕੱਸ ‘ਝ ਤੁਸੀਂ ਤਾਂ ਦਿੱਲੀ ਤੱਕ ਫ਼ਤਹਿ ਕਰਨ ਦੇ ਦਾਈਏ ਕਰਦੇ ਸੀ, ਪਰ ਇਸ ਦੇ ਉਲਟ ਤੁਸੀਂ ਤਾਂ ਆਪਣੇ ਇਲਾਕੇ ਵੀ ਹਾਰ ਆਏ ਅਤੇ ਆਪਣੇ ਹਥਿਆਰ ਵੀ ਖੂਹਾ ਆਏ । ਇੰਜ ਪ੍ਰਤੀਤ ਹੁੰਦਾ ਹੈ ਕਿ ਇਥੇ ਵੀ ਕਵੀ ਆਪਣਾ ਦੁੱਖ ਹੀ ਸਾਂਝਾ ਨਹੀਂ ਕਰ ਰਿਹਾ, ਬਲਕਿ ਪੰਜਾਬ ਦੀ ਸਮੁੱਚੀ ਧਰਤੀ ਦੇ ਦੁੱਖ ਨੂੰ ਵਿਅਕਤ ਕਰ ਰਿਹਾ ਹੈ । ਸਾਂਝੇ ਰਾਜ ਦੇ ਖੁੱਸ ਜਾਣ ਅਤੇ ਖੁਸ਼ਹਾਲੀ ਦੇ ਖਤਮ ਹੋ ਜਾਣ ਦਾ ਕਾਰਨ ਫੌਜੀਆਂ ਨੂੰ ਹੀ ਮਿੱਥਦੇ ਹੋਏ, ਲੋਕ ਅੰਤਰੀਵ ਵੇਦਨਾ ਵੱਸ, ਮੈਦਾਨ ਤੋਂ ਭਾਂਜ ਖਾ ਕੇ ਆਏ ਅਤੇ ਸਿਰ ਲੁਕਾਉਂਦੇ ਫਿਰ ਰਹੇ ਫੌਜੀਆਂ ਨੂੰ ਬੜੇ ਦੁਖੀ ਹਿਰਦੇ ਨਾਲ ਮਿਹਣੇ ਮਾਰ ਰਹੇ ਹਨ—

ਸ਼ਾਹ ਮੁਹੰਮਦਾ ਕਹਿੰਦੇ ਨੇ ਲੋਕ ਸਿੰਘ ਜੀ,

ਤੁਸੀਂ ਚੰਗੀਆਂ ਪੂਰੀਆਂ ਪਾਇ ਆਇ । (79)

ਜੰਗ ਦੇ ਮੈਦਾਨ ਵਿਚੋਂ ਨੱਸ ਕੇ ਜਾਂ ਹਾਰ ਕੇ ਆਏ ਫੌਜੀਆਂ ਦੀ ਬੁਜ਼ਦਿਲੀ ਤੇ ਕਾਇਰਤਾ ਨਾਲ ਘਿਰਣਾ ਪ੍ਰਗਟਾਉਣ ਲਈ, ਕਵੀ ਕਿੰਨੇ ਸੰਖੇਪ ਸ਼ਬਦਾਂ ਵਿਚ ਘਿਰਣਾ ਦਾ ਵਾਯੂ-ਮੰਡਲ ਉਸਾਰਦਾ ਹੈ—

ਲੁੱਟੇ ਗਏ ਸਾਰੇ ਰਹੀ ਇਕ ਕੁੜਤੀ,

ਬਾਹਾਂ ਹਿੱਕ ਦੇ ਨਾਲ ਲਗਾਂਵਦੇ ਨੀ ।

ਅੱਗੋਂ ਲੋਕ ਲੜਾਈ ਦੀ ਗੱਲ ਪੁੱਛਣ,

ਜੀਭ ਹੋਠਾਂ ਥੀਂ ਖੋਲ੍ਹ ਦਿਖਾਂਵਦੇ ਨੀ ।

ਸ਼ਾਹ ਮੁਹੰਮਦਾ ਆਣ ਕੇ ਘਰ ਦਿਆਂ ਤੋਂ,

ਨਵੇਂ ਕੱਪੜੇ ਹੋਰ ਸਿਵਾਂਵਦੇ ਨੀ । (86)

ਸਿਰਲੱਥ ਯੋਧਾ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ, ਜੋ ਲਾਹੌਰ ਦੀ ਖਾਨਾਜੰਗੀ ਤੋਂ ਨਿਰਾਸ ਹੋ ਪਿੰਡ ਜਾ ਬੈਠਾ ਸੀ, ਪਰੰਤੂ ਜਦੋਂ ਅੰਗਰੇਜ਼ਾਂ ਵਲੋਂ ਪੰਜਾਬ ‘ਤੇ ਕਾਬਜ਼ ਹੋਣ ਲਈ ਲੜਾਈ ਛੇੜੇ ਜਾਣ ਦਾ ਸਮਾਚਾਰ ਮਿਲਿਆ ਤਾਂ ਸਭ ਗੁੱਸੇ-ਗਿਲੇ ਭੁਲਾ ਕੇ ਜੰਗ ਦੇ ਮੈਦਾਨ ਵਿਚ ਆਣ ਡਟਿਆ ਅਤੇ ਜਿਸ ਸੂਰਮਗਤੀ ਨਾਲ ਵੈਰੀਆਂ ਦੇ ਆਹੂ ਲਾਹੁੰਦੇ ਹੋਏ ਸ਼ਹਾਦਤ ਪ੍ਰਾਪਤ ਕੀਤੀ, ਇਸ ਬੇਮਿਸਾਲ ਕਾਰਨਾਮੇ ਨੂੰ ਸ਼ਾਹ ਮੁਹੰਮਦ ਇੰਜ ਬਿਆਨ ਕਰਦਾ ਹੈ:-

ਆਈਆਂ ਪਲਟਨਾਂ ਬੀੜ ਕੇ ਤੋਪਖਾਨੇ,

ਅੱਗੋਂ ਸਿੰਘਾਂ ਨੇ ਪਾਸੜੇ ਤੋੜ ਸੁੱਟੇ ।

ਸ ਮੇਵਾ ਸਿੰਘ ਤੇ ਮਾਘੇ ਖਾਂ ਹੋਏ ਸਿੱਧੇ,

ਹੱਲੇ ਤਿੰਨ ਫ਼ਿਰੰਗੀ ਦੇ ਮੋੜ ਸੁੱਟੇ ।

ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ,ਕਊ,

ਵਿਚ ਬੰਨ੍ਹ ਸ਼ਸਤ੍ਰੀ ਜੋੜ-ਵਿਛੋੜ ਸੁੱਟੇ ।

ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,

ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ । (90)

ਸ਼ਾਹ ਮੁਹੰਮਦ ਨੇ ਜਿਥੇ ਸਿੱਖ ਫੌਜਾਂ ਅਤੇ ਸੂਰਬੀਰਾਂ ਦੀ ਬਹਾਦਰੀ ਦਾ ਵਰਣਨ ਕੀਤਾ ਹੈ, ਉਥੇ ਅੰਗਰੇਜ਼ੀ ਫੌਜ ਵੱਲੋਂ ਵਿਖਾਈ ਗਈ ਸੂਰਮਗਤੀ ਦਾ ਬਖਾਨ ਵੀ ਕੀਤਾ ਹੈ । ਮਿਸਾਲ ਵਜੋਂ ਕਵੀ ਲਿਖਦਾ ਹੈ—

ਅੱਗੇ ਤੋਪਾਂ ਦੇ ਧਨੀ ਭੀ ਹੈਨ ਗੋਰੇ,

ਵੰਗਾਂ ਪਹਿਨ ਖਲੋਤੀਆਂ ਨਹੀਂ ਕੁੜੀਆਂ ।

ਫੂਕ ਸੁੱਟੀਆਂ ਸਾਰੀਆਂ ਮੈਗਜ਼ੀਨਾਂ,

ਸਿੰਘ ਉਠ ਕੇ ਪੱਤਰਾ ਹੋਏ ਚਲੇ ।….(61)

ਓੜਕ ਲਿਆ ਮੈਦਾਨ ਫ਼ਿਰੰਗੀਆਂ ਨੇ,

ਸ਼ਾਹ ਮੁਹੰਮਦਾ ਰਣੋਂ ਨਹੀਂ ਮੂਲ ਹੱਲੇ ।

ਜਦੋਂ ਡਿਠੇ ਨੀ ਹੱਥ ਫ਼ਿਰੰਗੀਆਂ ਦੇ, (73)

ਓਥੇ ਕਈਆਂ ਦੇ ਆਣ ਪ੍ਰਾਣ ਛੁੱਟੇ । (76)

ਉਪ੍ਰੋਕਤ ਭਾਵ ਦੀਆਂ ਪੰਕਤੀਆਂ ਕਾਰਨ ਕੁਝ ਵਿਦਵਾਨ ਸ਼ਾਹ ਮੁਹੰਮਦ ਦੀ ਦੇਸ਼ਭਗਤੀ ਉਤੇ ਕਿੰਤੂ-ਪ੍ਰੰਤੂ ਕਰਦੇ ਹੋਏ ਕਹਿੰਦੇ ਹਨ ਕਿ ਕਵੀ ਨੂੰ ਵਿਰੋਧੀ ਧਿਰ ਦੀ ਸਿਫ਼ਤ ਬਿਲਕੁਲ ਨਹੀਂ ਸੀ ਕਰਨੀ ਚਾਹੀਦੀ। ਇੰਜ ਹੀ ਸਿੱਖ ਫੌਜ ਦੇ ਹਾਰਨ ਬਾਅਦ ਉਸ ਦੀ ਦੁਰਦਸ਼ਾ ਬਾਰੇ ਕੀਤਾ ਬਿਆਨ ਵੀ ਪਾਠਕਾਂ ਉਤੇ ਚੰਗਾ ਪ੍ਰਭਾਵ ਨਹੀਂ ਪਾਉਂਦਾ । ਕੁਝ ਲੇਖਕਾਂ ਦਾ ਕਹਿਣਾ ਹੈ ਕਿ ਸ਼ਾਹ ਮੁਹੰਮਦ ਨੇ ਨਾ ਤਾਂ ਡੋਗਰਿਆਂ ਦੀਆਂ ਚਾਲਬਾਜ਼ੀਆਂ ਦਾ ਖ਼ਾਸ ਜ਼ਿਕਰ ਕੀਤਾ ਅਤੇ ਨਾ ਹੀ ਲਾਲ ਸਿੰਘ ਤੇ ਤੇਜਾ ਸਿੰਘ ਦੀ ਨੀਯਤ ਨੂੰ ਉਘਾੜਿਆ ਹੈ । ਇਸਦੇ ਵਿਪਰੀਤ ਯਥਾਰਥਕਤਾ ਨੂੰ ਅੱਖੋਂ ਪਰੋਖੇ ਕਰਕੇ ਰਾਣੀ ਜਿੰਦਾਂ ਉਤੇ ਐਵੇਂ ਹੀ ਦੂਸ਼ਣ ਲਗਾਈ ਗਿਆ ਹੈ । ਡਾ. ਫੌਜਾ ਸਿੰਘ ਅਨੁਸਾਰ-“ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅਤੇ ਸਮੇਂ ਦੀ ਲਾਹੌਰ ਸਰਕਾਰ ਦੀ ਬੇਰੁਖੀ ਦੇ ਕਾਰਨ ਫੌਜ ਦਾ ਇਸ ਪੰਥਕ ਜ਼ਿੰਮੇਵਾਰੀ ਦਾ ਅਹਿਸਾਸ ਹੋਰ ਵੀ ਪ੍ਰਚੰਡ ਹੋ ਗਿਆ ਸੀ । ਪਰ ਅਜੀਬ ਗੱਲ ਇਹ ਹੈ ਕਿ ਵਿਦੇਸ਼ੀ ਖ਼ਤਰਿਆਂ ਦੇ ਸਨਮੁਖ ਫੌਜ ਵਿਚ ਜੋ ਮਹਾਨ ਦੇਸ ਪਿਆਰ ਦਾ ਜ਼ਜ਼ਬਾ ਪੈਦਾ ਹੁੰਦਾ ਹੈ, ਸ਼ਾਹ ਮੁਹੰਮਦ ਉਸ ਨੂੰ ਆਕੜ ਜਾਂ ਹੰਕਾਰ ਕਹਿ ਕੇ ਭੰਡਦਾ ਹੈ । ਕਵੀ ਦੀ ਹਮਦਰਦੀ ਵੱਡੇ ਜਾਗੀਰਦਾਰਾਂ ਤੇ ਸਰਦਾਰਾਂ ਨਾਲ ਹੈ, ਫੌਜ ਦੇ ਆਮ ਸਾਧਾਰਨ ਸਿਪਾਹੀਆਂ ਜਾਂ ਉਹਨਾਂ ਦੇ ਪੰਚਾਂ ਨਾਲ ਨਹੀਂ ।” (ਵੇਖੋ-ਡਾ. ਰਤਨ ਸਿੰਘ ਜੱਗੀ, ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ, ਪੰਨਾ xxx) ਵਿਸ਼ਾਲ ਦ੍ਰਿਸ਼ਟੀ ਨਾਲ ਵੇਖੀਏ ਤਾਂ ਉਪ੍ਰੋਕਤ ਦੋਸ਼ਾਂ ਵਿਚੋਂ ਬਹੁਤੇ ਤਰਕ ਦੀ ਕਸੌਟੀ ਉਤੇ ਠੀਕ ਨਹੀਂ ਉਤਰਦੇ । ਜੰਗਨਾਮੇ ਦੀ ਪ੍ਰਧਾਨ ਭਾਵਨਾ ਦੇਸ਼-ਪਿਆਰ ਹੀ ਸਿੱਧ ਹੁੰਦੀ ਹੈ । ਕਵੀ ਨੇ ਰਾਣੀ ਜਿੰਦਾਂ ਦਾ ਕੇਵਲ ਉਹੀ ਪੱਖ ਪੇਸ਼ ਕੀਤਾ ਹੈ ਜੋ ਅੰਗਰੇਜ਼ਾਂ ਨਾਲ ਯੁੱਧ ਤੋਂ ਪਹਿਲਾਂ ਦਾ ਸੀ । ਭਰਾ ਦੇ ਮਾਰੇ ਜਾਣ ਦਾ ਦੁੱਖ ਉਸ ਨੂੰ ਠੀਕ ਸੀ ਅਤੇ ਇੰਜ ਅਚਾਨਕ ਕੋਈ ਕਹਿਰ ਵਾਪਰ ਜਾਵੇ ਤਾਂ ਜਿਸ ਇਨਸਾਨ ਨਾਲ ਭਾਣਾ ਵਾਪਰਿਆ ਹੁੰਦਾ ਹੈ, ਉਹ ਤਾਂ ਰੱਬ ਨੂੰ ਵੀ ਕਈ ਵੇਰ ਤਾਹਨੇ-ਮਿਹਣੇ ਦੇਣ ਲੱਗ ਜਾਂਦਾ ਹੈ ਕਿ ਮੇਰੇ ਨਾਲ ਹੀ ਅਜਿਹਾ ਕਿਉਂ ਕੀਤਾ, ਮੈਂ ਤੇਰਾ ਕੀ ਵਿਗਾੜਿਆ ਸੀ ? ਇਸਦੇ ਨਾਲ ਹੀ ਦੋਸ਼ੀ ਵਿਅਕਤੀਆਂ ਦਾ ਤਾਂ ਉਹ ਖ਼ੂਨ ਪੀ ਜਾਣਾ ਚਾਹੁੰਦਾ ਹੁੰਦਾ ਹੈ ਅਤੇ ਕਈ ਵੇਰ ਤਾਂ ਉਸਦੀ ਮਨੋਦਸ਼ਾ ਅਜਿਹੀ ਹੋ ਜਾਂਦੀ ਹੈ ਕਿ ਉਹ ਸਾਰੇ ਸੰਸਾਰ ਨੂੰ ਅੱਗ ਲਾ ਕੇ ਫੂਕ ਦੇਣਾ ਚਾਹੁੰਦਾ ਹੈ । ਇਹ ਠੀਕ ਹੈ ਕਿ ਦੇਸ-ਧਰੋਹੀਆਂ ਵਲੋਂ ਮਹਾਰਾਣੀ ਜਿੰਦਾਂ ਨੂੰ ਬਦਨਾਮ ਕਰਨ ਲਈ ਉਡਾਈਆਂ ਅਫ਼ਵਾਹਾਂ ਦਾ `ਕਵੀ ਉਤੇ ਵੀ ਅਸਰ ਹੋ ਗਿਆ ਅਤੇ ਉਹ ਕੱਚ-ਸੱਚ ਦੀ ਪਹਿਚਾਣ ਨਾ ਕਰ ਸਕਿਆ, ਪਰੰਤੂ ਉਸ ਦੀ ਭਾਵਨਾ ਨੂੰ ਗਲਤ ਨਹੀਂ ਕਿਹਾ ਜਾ ਸਕਦਾ । ਡਾ. ਜੱਗੀ ਦਾ ਇਸ ਪ੍ਰਸੰਗ ਵਿਚ ਕਹਿਣਾ ਹੈ ਕਿ “ਨਿਰਸੰਦੇਹ ਦੇਸ-ਧਰੋਹੀਆਂ ਦੇ ਕੁ-ਕ੍ਰਿਤਾਂ ਨੂੰ ਸ਼ਾਹ ਮੁਹੰਮਦ ਨੇ ਸਪਸ਼ਟ ਰੂਪ ਵਿਚ ਨਹੀਂ ਚਿਤਰਿਆ, ਪਰ ਇਕ ਤਾਂ ਹਰ ਇਕ ਪੱਖ ਦਾ ਚਿਤ੍ਰਣ ਇਤਨੀ ਛੋਟੇ ਆਕਾਰ ਦੀ ਰਚਨਾ ਵਿਚ ਕਰ ਸਕਣਾ ਸੰਭਵ ਹੀ ਨਹੀਂ ਸੀ, ਨਾਲੇ ਇਹ ਵੀ ਹੋ ਸਕਦਾ ਹੈ ਕਿ ਉਦੋਂ ਤੀਕ ਦੇਸ-ਧਰੋਹੀਆਂ ਦੀਆਂ ਚਾਲਾਂ ਚੰਗੀ ਤਰ੍ਹਾਂ ਸਾਹਮਣੇ ਨਾ ਆਈਆਂ ਹੋਣ ।”

(ਜੰਗਨਾਮਾ ਸਿੰਘਾਂ ਤੇ ਫਿਰੰਗੀਆਂ, ਪੰਨਾ xxx) ਸ਼ਾਹ ਮੁਹੰਮਦ ਦੀ ਦੇਸ਼ਭਗਤੀ ‘ਤੇ ਕਿੰਤੂ ਕਰਨ ਵਾਲੇ ਵਿਦਵਾਨਾਂ ਨੂੰ ਉਸ ਵਲੋਂ ਸਿੱਖ ਫੌਜ ਨੂੰ ‘ਭੂਤ ਮੰਡਲੀ’ ਜਿਹੇ ਘਿਰਣਾਤਮਕ ਸ਼ਬਦਾਂ ਨਾਲ ਸੰਬੋਧਨ ਕੀਤਾ ਜਾਣਾ ਵੀ ਅੱਖੜਦਾ ਹੈ, ਜਿਸ ਨਾਲ ਉਸਦਾ ਦੇਸ਼ਭਗਤੀ ਦਾ ਜ਼ਜ਼ਬਾ ਢਿੱਲਾ ਪੈ ਜਾਂਦਾ ਹੈ

ਸਿਰ ਫੌਜ ਦੇ ਰਿਹਾ ਨਾ ਕੋਈ ਕੁੰਡਾ,

ਹੋਏ ਸ਼ੁਤਰ ਜਿਉਂ ਬੇਮੁਹਾਰ ਮੀਆਂ ।

ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ,

ਭੂਤ ਮੰਡਲੀ ਹੋਈ ਤਿਆਰ ਮੀਆਂ ।

ਇਸ ਸਬੰਧ ਵਿਚ ਡਾ. ਪੂਨੀ ਦੀ ਧਾਰਨਾ ਹੈ ਕਿ ਸ਼ਾਹ ਮੁਹੰਮਦ ਇਕ ਨਿਰਪੱਖ ਇਤਿਹਾਸਕ ਕਵੀ ਹੈ । ਇਹ ਇਕ ਇਤਿਹਾਸਕ ਸਚਾਈ ਹੈ ਕਿ ਸਿੱਖ ਫੌਜ ਆਪ- ਮੁਹਾਰੀ ਤੇ ਆਪ-ਹੁਦਰੀ ਹੋ ਗਈ ਸੀ । ਉਸ ਵਿਚ ਜ਼ਬਤ ਦੀ ਘਾਟ ਆ ਗਈ ਸੀ। ਇਕ ਦੇਸ-ਭਗਤ ਕਵੀ ਜਿਥੇ ਆਪਣੀ ਰਚਨਾ ਰਾਹੀਂ ਆਪਣੇ ਦੇਸ਼ ਵਾਸੀਆਂ ਵਿਚ ਦੇਸ਼ ਭਗਤੀ ਅਤੇ ਬੀਰ ਭਾਵਨਾ ਪੈਦਾ ਕਰਦਾ ਹੈ, ਉਥੇ ਉਹ ਆਪਣੇ ਕਮਜ਼ੋਰ ਪੱਖ ਨੂੰ ਇਸ ਲਈ ਲਿਖਦਾ ਹੈ ਤਾਂ ਕਿ ਆਉਣ ਵਾਲੀਆਂ ਨਸਲਾਂ ਵਿਚ ਉਹ ਕਮਜ਼ੋਰੀ ਮੁੜ ਨਾ ਆਵੇ, ਜਿਸ ਕਾਰਨ ਦੇਸ ਗੁਲਾਮ ਹੋਇਆ ਹੋਵੇ । ਸ਼ਾਹ ਮੁਹੰਮਦ ਨੇ ਉਪ੍ਰੋਕਤ ਬੰਦ ਇਸੇ ਪ੍ਰਸੰਗ ਵਿਚ ਲਿਖਿਆ ਹੈ । ਉਸ ਨੇ ਫੌਜ ਦਾ ਯਥਾਰਥ ਚਿੱਤਰ ਪੇਸ਼ ਕੀਤਾ ਹੈ ਕਿ ਕੁਝ ਲੋਕ ਲਾਲਚੀ ਹੋ ਗਏ ਸਨ । ਜਿਥੇ ਸ੍ਰ. ਸ਼ਾਮ ਸਿੰਘ ਅਟਾਰੀ ਵਰਗੇ ਸੂਰਬੀਰਾਂ ਦਾ ਮੁੱਖ ਨਿਸ਼ਾਨਾ ਜਿੱਤ ਪ੍ਰਾਪਤ ਕਰਨਾ ਸੀ, ਉਥੇ ਲਾਲਚੀ ਤੇ ਸਵਾਰਥੀ ਸਿਪਾਹੀਆਂ ਦਾ ਉਦੇਸ਼ ਲੁੱਟ-ਮਾਰ ਕਰਨਾ ਸੀ। ਉਨ੍ਹਾਂ ਲੋਕਾਂ ਦੀ ਇਹ ਲਾਲਸਾ ਪੂਰੀ ਨਹੀਂ ਹੁੰਦੀ ਤਾਂ ਸ਼ਾਹ ਮੁਹੰਮਦ ਨੇ ਉਨ੍ਹਾਂ ਦੀ ਮਾਨਸਿਕ ਸਥਿਤੀ ਦਾ ਵਰਣਨ ਇੰਜ ਕੀਤਾ ਹੈ—

ਅਸੀਂ ਸ਼ਹਿਦ ਦੇ ਵਾਸਤੇ ਹੱਥ ਪਾਇਆ,

ਅੱਗੋਂ ਡੂਮਣਾ ਛਿੜੇ ਮਖ਼ੀਰ ਮੀਆਂ ।

ਸ਼ਾਹ ਮੁਹੰਮਦਾ ਰਾਹ ਨਾ ਕੋਈ ਲੱਭੇ,

ਜਿਥੇ ਚੱਲੀਏ ਘੱਤ ਵਹੀਰ ਮੀਆਂ । (78)

ਸ਼ਾਹ ਮੁਹੰਮਦ ਦੇ ਉਪ੍ਰੋਕਤ ਦੋਵੇਂ ਬੰਦ ਉਸ ਦੀ ਦੇਸ਼ ਭਗਤੀ ਨੂੰ ਸੱਟ ਨਹੀਂ ਮਾਰਦੇ, ਸਗੋਂ ਉਸ ਲਈ ਅਜਿਹਾ ਵਰਣਨ ਕਰਨਾ ਜ਼ਰੂਰੀ ਸੀ ਤਾਂ ਜੋ ਆਉਣ ਵਾਲੀ ਪੀੜ੍ਹੀ ਸੁਚੇਤ ਰਹੇ ।

(ਸ਼ਾਹ ਮੁਹੰਮਦ: ਜੰਗ ਸਿੰਘਾਂ ਤੇ ਅੰਗਰੇਜ਼ਾਂ, ਪੰਨਾ 70) ਇਕ ਸੱਚੇ ਦੇਸ਼ ਭਗਤ ਵਾਂਗ ਸ਼ਾਹ ਮੁਹੰਮਦ ਨੂੰ ਸਿੰਘਾਂ ਦੇ ਹਾਰਨ ਦਾ ਭਾਰੀ ਦੁੱਖ ਹੈ । ਉਹ ਇਸ ਹਾਰ ਦਾ ਸਭ ਤੋਂ ਵੱਡਾ ਕਾਰਨ ਮਹਾਰਾਜਾ ਰਣਜੀਤ ਸਿੰਘ ਦੀ ਅਣਹੋਂਦ ਨੂੰ ਮੰਨਦਾ ਹੈ । ਕਵੀ ਨੂੰ ਯਕੀਨ ਹੈ ਕਿ ਸ਼ੇਰੇ-ਪੰਜਾਬ ਦੇ ਹੁੰਦੇ ਕੋਈ ਵੀ ਅਮੀਰ-ਵਜ਼ੀਰ ਸਾਂਝੇ ਰਾਜ ਨੂੰ ਫਿਰਕੂ ਲੀਹਾਂ ‘ਤੇ ਨਹੀਂ ਸੀ ਤੋਰ ਸਕਦਾ । ਸ਼ਾਹ ਮੁਹੰਮਦ ਸਿੰਘਾਂ ਨੂੰ ਬਹਾਦਰੀ ਨਾਲ ਲੜਦੇ ਵੇਖ ਕੇ ਜਿਥੇ ਭਾਰੀ ਖੁਸ਼ੀ ਮਹਿਸੂਸ ਕਰਦਾ ਹੈ, ਉਥੇ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਵੀ ਆਉਂਦੀ ਹੈ,ਜਿਨ੍ਹਾਂ ਨੇ ਸਿੰਘਾਂ ਦੀ ਬਹਾਦਰੀ ‘ਤੇ ਅਸ਼-ਅਸ਼ ਕਰ ਉਠਣਾ ਸੀ-

ਅੱਜ ਹੋਏ ਸਰਕਾਰ ਤਾਂ ਮੁੱਲ ਪਾਵੇ,

ਜਿਹੜੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੇ । (92)

ਪਰੰਤੂ ਉਨ੍ਹਾਂ ਦੀ ਹਾਰ ‘ਤੇ ਇਹ ਵੀ ਆਖਦਾ ਹੈ ਕਿ ਜੇਕਰ ਅੱਜ ਮਹਾਰਾਜਾ ਜੀਊਂਦਾ ਹੁੰਦਾ, ਤਾਂ ਕਦੀ ਵੀ ਖ਼ਾਲਸੇ ਨੂੰ ਹਾਰ ਦਾ ਮੂੰਹ ਨਾ ਵੇਖਣਾ ਪੈਂਦਾ-

ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,

ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ । ਭਾਵੇਂ ਪੰਜਾਬ ਉਤੇ ਅੰਗਰੇਜ਼ਾਂ ਦਾ ਰਾਜ ਹੋ ਗਿਆ, ਪਰੰਤੂ ਆਮ ਲੋਕਾਂ ਦੇ ਦਿਲਾਂ ਉਤੇ ਉਹ ਕਬਜ਼ਾ ਨਾ ਕਰ ਸਕੇ । ਲੋਕ ਉਨ੍ਹਾਂ ਦੀ ਨੀਤੀ ਨੂੰ ਭਲੀ-ਭਾਂਤ ਸਮਝਦੇ ਸਨ ਕਿ ਕੇਵਲ ਲੁੱਟ-ਮਾਰ ਹੀ ਇਨ੍ਹਾਂ ਦਾ ਆਸ਼ਾ ਤੇ ਉਦੇਸ਼ ਹੈ । ਜੰਗਨਾਮੇ ਦੇ ਅੰਤ ਵਿਚ ਉਹ ਸਿੰਘਾਂ ਨੂੰ ਮੁੜ ਸਫ਼ਲਤਾ ਦੀ ਆਸ ਬੰਨ੍ਹਾਉਂਦਾ ਹੈ ਅਤੇ ਦੇਸ਼- ਵਾਸੀਆਂ ਦੀ ਸਾਂਝ ’ਤੇ ਵਾਰੇ-ਵਾਰੇ ਜਾਂਦਾ ਹੈ—

ਰੱਬ ਚਾਹੇ ਤਾਂ ਕਰੇਗਾ ਮਿਹਰਬਾਨੀ,

ਹੋਣਾ ਸਿੰਘਾਂ ਦਾ ਕੰਮ ਅਰਾਸਤਾ ਈ ।

ਵਡੀ ਸਾਂਝ ਹੈ ਹਿੰਦੂਆਂ ਮੁਸਲਮਾਨਾਂ,

ਉਨ੍ਹਾਂ ਨਾਲ ਨਾ ਕਿਸੇ ਦਾ ਵਾਸਤਾ ਈ ।

ਉਹਦੇ ਨਾਲ ਨਾ ਬੈਠ ਕੇ ਗੱਲ ਕਰਨੀ,

ਖ਼ੁਦੀ ਆਪਣੀ ਵਿਚ ਮਹਾਸਤਾ ਈ ।

ਸ਼ਾਹ ਮੁਹੰਮਦਾ ਦੌਲਤਾਂ ਜਮ੍ਹਾਂ ਕਰਦਾ,

ਸ਼ਾਹੂਕਾਰਾਂ ਦਾ ਪੁੱਤ ਗੁਮਾਸ਼ਤਾ ਈ । (103)

ਕਵੀ ਨੇ ਨਾ ਕੇਵਲ ਲੋਕਾਂ ਦੀ ਵਲੂੰਧਰੀ ਆਤਮਾ ਦੇ ਵੈਣ ਪਾਏ ਹਨ, ਬਲਕਿ ਅੰਗਰੇਜ਼ਾਂ ਪ੍ਰਤੀ ਉਨ੍ਹਾਂ ਦੇ ਘਿਰਣਾਂ ਤੇ ਗਿਲਾਨੀ ਭਰੇ ਭਾਵਾਂ ਨੂੰ ਵੀ ਜ਼ਬਾਨ ਦਿੱਤੀ ਹੈ । ਸ਼ਾਹ ਮੁਹੰਮਦ ਪਹਿਲਾ ਭਾਰਤੀ ਲੇਖਕ ਹੈ ਜਿਸ ਨੇ ਬਰਤਾਨਵੀ ਹਕੂਮਤ ਦੀ ਗਹਿਰੀ ਚਾਲ ਨੂੰ ਸਮਝਿਆ ਅਤੇ ਨਿਰਸੰਕੋਚ ਬਿਆਨ ਵੀ ਕੀਤਾ । ਇਸ ਪੱਖੋਂ ਕਵੀ ਇਕ ਦੂਰਦਰਸ਼ੀ ਸੂਝ ਦਾ ਲਖਾਇਕ ਪ੍ਰਮਾਣਿਤ ਹੁੰਦਾ ਹੈ ।

ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੇ ਸ਼ਾਹ ਮੁਹੰਮਦ ਨੂੰ ‘ਪੰਜਾਬ ਦੀ ਆਵਾਜ਼’ ਅਤੇ ਡਾ. ਗੰਡਾ ਸਿੰਘ ਨੇ ‘ਪੰਜਾਬ ਦਾ ਕੌਮੀ ਕਵੀ’ ਆਖਿਆ ਹੈ । ਸ਼ਾਹ ਮੁਹੰਮਦ ਨਿਰਸੰਦੇਹ ਪੰਜਾਬ ਦਾ ਪਹਿਲਾ ਦੇਸ਼ਭਗਤ ਅਤੇ ਰਾਸ਼ਟਰਵਾਦੀ ਕਵੀ ਹੈ ਜਿਸ ਨੇ ਦੇਸ ਨੂੰ ਦੂਜਿਆਂ ਦੇ ਹੱਥਾਂ ਵਿਚ ਜਾਂਦਾ ਵੇਖ ਕੇ ਹਾਰਦਿਕ ਪੀੜਾ ਮਹਿਸੂਸ ਕੀਤੀ ਅਤੇ ਪੰਜਾਬੀਆਂ ਦੇ ਸਾਂਝੇ ਰਾਜ ਦੇ ਖਾਤਮੇ ਉਤੇ ਲਹੂ ਦੇ ਅੱਥਰੂ ਕੇਰੇ । ਜਿਸ ਨੇ ਅੰਗਰੇਜ਼ਾਂ ਵਰਗੀ ਜ਼ਬਰਦਸਤ ਹਕੂਮਤ ਦੇ ਖਿਲਾਫ਼ ਨਿਡਰ ਅਤੇ ਬੇਝਿਜਕ ਹੋ ਕੇ ਲਿਖਿਆ ਅਤੇ ਇਤਿਹਾਸ ਵਿਚ ਇਕ ਗਹਿਰੀ ਛਾਪ ਛੱਡੀ। ਇਸ ਜੰਗਨਾਮੇ ਤੋਂ ਪ੍ਰੇਰਨਾ ਲੈ ਕੇ ਨਾ ਜਾਣੇ ਕਿਤਨੇ ਕਵੀਆਂ ਨੇ ਉਤਕ੍ਰਿਸ਼ਟ ਰਾਸ਼ਟਰਵਾਦੀ ਸਾਹਿਤ ਦੀ ਸਿਰਜਨਾ ਕੀਤੀ ਅਤੇ ਦੇਸਵਾਸੀਆਂ ਨੂੰ ਅੰਗਰੇਜ਼ ਸਾਮਰਾਜ ਵਿਰੁੱਧ ਲਾਮਬੰਦ ਕਰਕੇ ਉਨ੍ਹਾਂ ਦਾ ਬਿਸਤਰਾ-ਬੋਰੀਆ ਗੋਲ ਕਰਾਉਣ ਵਿਚ ਆਪਣਾ ਅਹਿਮ ਯੋਗਦਾਨ ਪਾਇਆ

ਸਿੰਘਾਂ ਤੇ ਅੰਗਰੇਜ਼ਾਂ ਦੀ ਲੜਾਈ ਦੇ  ਕਿੱਸਿਆਂ ਦਾ ਤੁਲਨਾਤਮਕ ਅਧਿਐਨ

ਸ਼ਾਹ ਮੁਹੰਮਦ ਤੋਂ ਬਾਅਦ ਦੋ ਹੋਰ ਕਵੀਆਂ- ਮਟਕ ਅਤੇ ਭਾਈ ਕਾਨ੍ਹ ਸਿੰਘ ਬੰਗਾ ਨੇ ਵੀ ਸਿੱਖਾਂ ਤੇ ਅੰਗਰੇਜ਼ਾਂ ਦੀ ਲੜਾਈ ਦੇ ਘਟਨਾ-ਕ੍ਰਮ ਨੂੰ ਆਪਣੀ ਰਚਨਾ ਦਾ ਹਿੱਸਾ ਬਣਾਇਆ ਹੈ। ਤਿੰਨਾਂ ਹੀ ਕਵੀਆਂ ਦੀਆਂ ਇਨ੍ਹਾਂ ਰਚਨਾਵਾਂ ਦਾ ਪੰਜਾਬੀ ਕਿੱਸਾ ਸਾਹਿਤ ਵਿਚ ਵਿਸ਼ੇਸ਼ ਸਥਾਨ ਹੈ । ਬੇਸ਼ੱਕ ਬੋਲੀ, ਸ਼ੈਲੀ ਅਤੇ ਹੋਰ ਸਾਹਿਤਕ ਗੁਣਾਂ ਕਰਕੇ ਸ਼ਾਹ ਮੁਹੰਮਦ ਦਾ ‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’ ਵਧੇਰੇ ਮਕਬੂਲ ਹੋ ਗਿਆ ਹੈ, ਪਰੰਤੂ ਭਾਈ ਕਾਨ੍ਹ ਸਿੰਘ ਬੰਗਾ ਕ੍ਰਿਤ ‘ਜੰਗਨਾਮਾ ਲਾਹੌਰ’ ਅਤੇ ਕਵੀ ਮਟਕ ਰਚਿਤ ‘ਜੰਗ ਸਿੰਘਾਂ ਤੇ ਫ਼ਰੰਗੀਆਂ’ ਦਾ ਆਪਣਾ ਇਤਿਹਾਸਕ ਤੇ ਸਾਹਿਤਕ ਮਹੱਤਵ ਹੈ। ਅਸੀਂ ਤਿੰਨਾਂ ਹੀ ਰਚਨਾਵਾਂ ਦਾ ਸੰਖੇਪ ਵਿਚ ਤੁਲਨਾਤਮਕ ਸਰਵੇਖਣ ਕਰਨ ਦਾ ਯਤਨ ਕਰਦੇ ਹਾਂ ।

‘ਜੰਗਨਾਮਾ ਲਾਹੌਰ’ ਦਾ ਲੇਖਕ ਭਾਈ ਕਾਨ੍ਹ ਸਿੰਘ, ਬੰਗਾ ਜ਼ਿਲ੍ਹਾ ਜਲੰਧਰ ਦਾ ਵਸਨੀਕ ਅਤੇ ਸਿੱਖ ਰਾਜ ਦਾ ਸਮਕਾਲੀ ਕਵੀ ਸੀ । ਕਵੀ ਹਿੰਦੀ-ਪੰਜਾਬੀ ਦੇ ਨਾਲ-ਨਾਲ ਉਰਦੂ ਤੇ ਫ਼ਾਰਸੀ ਦਾ ਵੀ ਚੰਗਾ ਜਾਣਕਾਰ ਸੀ, ਜੋ ਕਿ ਉਸਦਾ ਕਿੱਸਾ ਪੜ੍ਹਨ ਤੋਂ ਸਾਫ਼ ਪ੍ਰਗਟ ਹੁੰਦਾ ਹੈ । ਰਚਨਾ ਦੇ ਅੰਤ ਵਿਚ ਭਾਈ ਕਾਨ੍ਹ ਸਿੰਘ ਨੇ ਇਹ ਵੀ ਲਿਖਿਆ ਹੈ ਕਿ ਉਸ ਨੇ ਇਹ ਰਚਨਾ ਇਕ ਅੰਗਰੇਜ਼ ਅਧਿਕਾਰੀ ਮਿਸਟਰ ਵੈਨਸਟਾਰਟ ਦੇ ਕਹਿਣ ‘ਤੇ ਕੀਤੀ ਜਿਸ ਨੇ ਇਸ ਨੂੰ ਸੰਮਤ 1902 (ਸੰਨ 1845-46 ਦੀ ਜੰਗ ਦੌਰਾਨ) ਸਿੰਘਾਂ ਦੀ ਹਾਰ ਅਤੇ ਅੰਗਰੇਜ਼ਾਂ ਦੀ ਜਿੱਤ ਦਾ ਹਾਲ ਕਲਮ-ਬੱਧ ਕਰਨ ਦੀ ਪ੍ਰੇਰਨਾ ਕੀਤੀ । ਕਵੀ ਲਿਖਦਾ ਹੈ-

ਉੱਨੀ ਸੈ ਕੇ ਊਪਰ ਬਿਤੈ ਦੋਇ ਸਾਲ ।

ਲੀਆ ਮੁਲਕ ਅੰਗਰੇਜ਼ ਨੇ ਕਰ ਕਮਾਲ। (445)

ਕਹਾ ਵੇਨ ਇਸਟਾਟ ਦੀਜੋ ਬਤਾ।

ਸਿੰਘਨ ਹਮਾਰੀ ਸ਼ਿਕਸਤੋ ਫ਼ਤਾਹ ।

ਕੀਆ ਕਾਨ੍ਹ ਸਿੰਘ ਜੰਗ-ਨਾਮਾ ਤਮਾਮ । (446)

ਮੈਂ ਕਰਤਾ ਹੂੰ ਸਭ ਸ਼ਾਇਰੋਂ ਕੋ ਸਲਾਮ ।

ਲਿੱਜੋ ਸ਼ਾਇਰੋ ਭੂਲ ਮੇਰੀ ਬਖਸ਼ । (447)

ਮੈਂ ਬੇ-ਇਲਮ ਹੋਂ, ਫ਼ਾਰਸੀ ਕਾ ਸ਼ਖਸ ।(448)

ਅਜਬ ਦੇਸ ਦੁਆਬਾ ਮੈਂ ਬੰਗਾ ਮਕਾਨ ।

ਕੀਆ ਜੰਗ-ਨਾਮਾ ਉਸੀ ਦਰਮਿਆਨ । (449)

ਮਿਸਟਰ ਵੈਨਸਟਾਰਟ (Mr. Vansitart) ਪੰਜਾਬ ਉਤੇ ਅੰਗਰੇਜ਼ੀ ਕਬਜ਼ਾ ਹੋਣ ਸਮੇਂ ਜਲੰਧਰ ਦਾ ਡਿਪਟੀ ਕਮਿਸ਼ਨਰ ਸੀ ਅਤੇ ਅੰਗਰੇਜ਼ੀ ਰਾਜ ਨੂੰ ਪੱਕਿਆਂ ਕਰਨ ਲਈ ਪੂਰੀ ਤਨਦੇਹੀ ਨਾਲ ਜੁਟਿਆ ਹੋਇਆ ਸੀ । ਸਮਕਾਲੀ ਦੇਸ਼ਭਗਤ ਸਿੱਖ ਆਗੂ ਭਾਈ ਮਹਾਰਾਜ ਸਿੰਘ ਦੀ ਗ੍ਰਿਫ਼ਤਾਰੀ ਨੂੰ ਵੀ ਇਸੇ ਨੇ ਅਮਲ ਵਿਚ ਲਿਆਂਦਾ ਸੀ । ਜਿਵੇਂ ਸ਼ਾਹ ਮੁਹੰਮਦ ਦੇ ਨਗਰ ਬਾਰੇ ਅਜੇ ਤੀਕ ਕੋਈ ਠੋਸ ਨਿਰਣਾ ਨਹੀਂ ਹੋ ਸਕਿਆ ਕਿ ਬਟਾਲਾ ਹੈ ਕਿ ਵਡਾਲਾ ਵੀਰਮ, ਇਵੇਂ ਹੀ ਮਟਕ ਬਾਰੇ ਵੀ ਕੋਈ ਨਹੀਂ ਜਾਣਦਾ ਕਿ ਇਹ ਕਿਥੋਂ ਦਾ ਰਹਿਣ ਵਾਲਾ ਸੀ ? ਇਹ ਹੋਰ ਸ਼ੋਕ ਵਾਲੀ ਗੱਲ ਹੈ ਕਿ ਮਟਕ ਬਾਰੇ ਤਾਂ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਮਟਕ ਦਾ ਅਸਲੀ ਨਾਮ ਕੀ ਸੀ ਅਤੇ ਉਹ ਕਿਸ ਧਰਮ ਨਾਲ ਸਬੰਧ ਰੱਖਦਾ ਸੀ ? ਬੇਸ਼ਕ ਸਾਹਿਤਕਾਰ ਤੇ ਕਲਾਕਾਰ ਨੂੰ ਕਿਸੇ ਵਿਸ਼ੇਸ਼ ਵਰਗ ਜਾਂ ਸਥਾਨ ਨਾਲ ਬੰਨ੍ਹਣਾਂ ਉਸ ਨਾਲ ਇਨਸਾਫ਼ ਨਹੀਂ ਹੁੰਦਾ, ਕਿਉਂਕਿ ਉਹ ਤਾਂ ਸਭ ਦੇ ਸਾਂਝੇ ਹੁੰਦੇ ਹਨ, ਲੇਕਿਨ ਫਿਰ ਵੀ ਉਸ ਦੀ ਵਾਲਦੀਅਤ ਅਤੇ ਜਨਮ ਭੋਂ ਆਦਿ ਬਾਰੇ ਗਿਆਨ ਤਾਂ ਹੋਣਾ ਹੀ ਚਾਹੀਦਾ ਹੈ । ਜਿਥੋਂ ਤੀਕ ਖੋਜ ਹੋਈ ਹੈ ‘ਮਟਕ’’ ਕਵੀ ਦਾ ਅਸਲੀ ਨਾਮ ਨਹੀਂ, ਬਲਕਿ ਉਸਦਾ ਤਖੱਲਸ ਜਾਪਦਾ ਹੈ ਅਤੇ ਧਰਮ ਪੱਖੋਂ ਮਟਕ ਹਿੰਦੂ ਲੱਗਦਾ ਹੈ, ਮੁਸਲਮਾਨ ਨਹੀਂ, ਕਿਉਂਕਿ ਕਿੱਸੇ ਦੇ ਅੰਤਮ ਚਰਣ ਵਿਚ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਸ਼ਹੀਦੀ ਦਾ ਹਾਲ ਬਿਆਨ ਕਰਦੇ ਹੋਏ ਕਵੀ ਸੁਰਗ, ਸੁਰਪਤਿ, ਮੰਦਰ, ਅੱਪਸ਼ਰਾਂ, ਦੇਵ ਲੋਕ ਆਦਿ ਹਿੰਦੂ ਪ੍ਰਸੰਗ ਦੇ ਸ਼ਬਦਾਂ ਦਾ ਪ੍ਰਯੋਗ ਕਰਦਾ ਹੈ । ਮਿਸਾਲ ਵਜੋਂ-

ਕੁੰਡਲੀਆ-

ਸ਼ਾਮ ਸਿੰਘ ਰਣਿ ਜੂਝਿਆ, ਸਨਮੁਖ ਹੋ ਸਰਦਾਰ ।

ਦੇਵ ਲੋਕ ਨੂੰ ਚੜ੍ਹਿ ਗਿਆ, ਦਲਿ ਮੈਂ ਪੜੀ ਪੁਕਾਰ ।

ਦਲਿ ਮੈਂ ਪੜੀ ਪੁਕਾਰ, ਅਪਸਚਰਾਂ ਮਾਰਗ ਖੜੀਆਂ ।

ਪਕੜ ਝਕੜ ਬਹੁ ਵਰੈ, ਤੁਰਤ ਲੈ ਮੰਦਰ ਵੜੀਆਂ ।

ਕਹਿਤ ਮਟਕ ਵਿਚ ਸੁਰਗ ਦੇ, ਕਰਦਾ ਬਹੁਤ ਬਿਲਾਸੁ ।

ਸੁਰਪਤਿ ਬਹੁਤ ਸਲਾਹੁੰਦਾ, ਸ਼ਾਮ ਸਿੰਘ ਸਰਦਾਰ । (33)

ਸ਼ਾਹ ਮੁਹੰਮਦ ਅਤੇ ਭਾਈ ਕਾਨ੍ਹ ਸਿੰਘ ਬੰਗਾ ਦੀਆਂ ਰਚਨਾਵਾਂ ਦੇ ਮੁਕਾਬਲੇ ਮਟਕ ਦਾ ਜੰਗਨਾਮਾ ਬੜੀ ਛੋਟੀ ਜਿਹੀ ਕਿਰਤ ਹੈ, ਅਤੇ ਇਸ ਵਿਚ ਵਿਭਿੰਨ ਘਟਨਾਵਾਂ ਦਾ ਵਿਸਥਾਰ ਨਾ ਹੋਣ ਦੇ ਬਰਾਬਰ ਹੀ ਮਿਲਦਾ ਹੈ । ਜਿਥੇ ਲੜਾਈ ਦਾ ਇਤਿਹਾਸਕ ਪਿਛੋਕੜ ਬਿਆਨਦੇ ਹੋਏ ਸ਼ਾਹ ਮੁਹੰਮਦ ਨੇ ਹਰੇਕ ਸਬੰਧਤ ਘਟਨਾ ਨੂੰ ਬੜੇ ਵਿਸਥਾਰ ਨਾਲ ਵਰਣਨ ਕੀਤਾ ਹੈ, ਅਤੇ ਤਕਰੀਬਨ 46 ਬੰਦ ਪਿਛੋਕੜ ਦੀ ਚਰਚਾ ਕਰਦਿਆਂ ਲਗਾਏ ਹਨ ਅਤੇ ਭਾਈ ਕਾਨ੍ਹ ਸਿੰਘ ਬੰਗਾ ਨੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ-ਚਲਾਣਾ ਕਰਨ ਬਾਅਦ ਡੋਗਰਿਆਂ ਵਲੋਂ ਮਹਾਰਾਜੇ ਦੇ ਖਾਨਦਾਨ ਦੀ ਤਬਾਹੀ ਨੂੰ ਤਫ਼ਸੀਲ ਨਾਲ ਕਲਮਬੰਦ ਕੀਤਾ ਹੈ, ਉਥੇ ਮਟਕ ਦਾ ਜੰਗਨਾਮਾ ਇਕ ਤਰ੍ਹਾਂ ਆਰੰਭ ਹੀ ਜੰਗ ਤੋਂ ਹੁੰਦਾ ਹੈ । ਉਦਾਹਰਣ ਵਜੋਂ-

ਕਹਿਤ ਮਟਕ ਸਬ ਸੁਣੀ ਸੂਰਮੀਂ,

ਮੁੱਛਾਂ ਤਾਉ ਚੜ੍ਹਾਇਆ, ਖੜਗੁ ਉਠਾਇਆ।

ਸਭੀ ਖਾਲਸਾ ਕੱਠਾ ਹੋਇ ਕੇ,

ਸਮਾਧ ਸਰਕਾਰ ਦੀ ਆਇਆ, ਮਤਾ ਪਕਾਇਆ ।…….

ਕਹਿਤ ਮਟਕ ਤੇਜ ਸਿੰਘ ਆਖੇ,

ਸਨਮੁਖ ਲੜਨਾ ਆਇਆ, ਆਖਿ ਸੁਣਾਇਆ । (6)

ਅੰਗਰੇਜ਼ਾਂ ਵਲੋਂ ਪੰਜਾਬ ਦਾ ਸਤਿਲੁਜ ਪਾਰਲਾ ਇਲਾਕਾ ਮੱਲਣਾ ਸਿੰਘਾਂ ਤੇ ਅੰਗਰੇਜ਼ਾਂ ਦੀ ਲੜਾਈ ਦਾ ਮੁੱਖ ਅਤੇ ਤਤਕਾਲੀਨ ਕਾਰਨ ਸੀ। ਬੇਸ਼ਕ ਸ਼ਾਹ ਮੁਹੰਮਦ ਅਤੇ ਭਾਈ ਕਾਨ੍ਹ ਸਿੰਘ ਬੰਗਾ ਨੇ ਰਾਣੀ ਜਿੰਦਾਂ ‘ਤੇ ਇਹ ਦੋਸ਼ ਲਾਇਆ ਹੈ ਕਿ ਉਸ ਨੇ ਆਪਣੇ ਭਰਾ ਜਵਾਹਰ ਸਿੰਘ ਦਾ ਬਦਲਾ ਲੈਣ ਲਈ ਅੰਗਰੇਜ਼ਾਂ ਨੂੰ ਦਰਿਆ ਪਾਰਲਾ ਇਲਾਕਾ ਮੱਲਣ ਲਈ ਉਕਸਾ ਕੇ ਲਿਆਂਦਾ, ਲੇਕਿਨ ਮਟਕ ਕਿੱਸੇ ਦੇ ਸ਼ੁਰੂ ਵਿਚ ਹੀ ਅੰਗਰੇਜ਼ਾਂ ਨੂੰ ਸਤਲੁਜ ਪਾਰਲਾ ਇਲਾਕਾ ਮੱਲਦੇ ਅਤੇ ਉਥੋਂ ਦੇ ਕਿਸਾਨਾਂ ਨੂੰ ਲਾਹੌਰ ਆ ਕੇ ਅੰਗਰੇਜ਼ਾਂ ‘ਤੇ ਇਹ ਦੋਸ਼ ਲਾਉਂਦੇ ਦੱਸਿਆ ਹੈ ਕਿ ਉਹ ਇਨ੍ਹਾਂ ਗ਼ਰੀਬਾਂ ਤੋਂ ਪੈਸੇ ਮੰਗਦੇ ਹਨ-

ਪਾਰ ਸਭ ਹੋਇ ਇਕੱਠੇ, ਪਹੁੰਚੇ ਧੁਰ ਸਰਕਾਰੇ-ਆਣ ਪੁਕਾਰੇ।

ਪੈਸਾ ਸਾਥੋਂ ਮੰਗੇ ਫਿਰੰਗੀ, ਅਸੀਂ ਗਰੀਬ ਵਿਚਾਰੇ-ਖੇਤੀਆਂ ਵਾਲੇ।

ਜੇ ਜ਼ੋਰ ਹੈ ਵਿਚ ਤੁਮਾਰੇ, ਢਿੱਲ ਨਾ ਕਰੋ ਪਿਆਰੇ-ਲਸ਼ਕਰ ਭਾਰੇ ।

ਕਹਿਤ ਮਟਕ ਜਬ ਸੁਣੀ ਪੰਥ ਨੇ, ਗੁੱਸਾ ਚੜ੍ਹਿਆ ਸਾਰੇ-ਭਏ ਤਿਆਰੇ । (3)

ਜਿਥੇ ਸ਼ਾਹ ਮੁਹੰਮਦ ਸਿੱਖਾਂ ਹੀ ਹਾਰ ਦਾ ਮੁੱਖ ਕਾਰਨ ਮਹਾਰਾਜਾ ਰਣਜੀਤ ਸਿੰਘ ਜੈਸੇ ਦੂਰਅੰਦੇਸ਼ ਸਰਦਾਰ ਦੀ ਅਣਹੋਂਦ-‘ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ’ (92), ਕੁਝ ਸਿੱਖ ਆਗੂਆਂ ਦਾ ਗ਼ਦਾਰੀ ਕਰਨਾ-‘ਪਹਾੜਾਂ ਸਿੰਘ ਸੀ ਯਾਰ ਫਿਰੰਗੀਆਂ ਦਾ, ਸਿੰਘਾਂ ਨਾਲ ਸੀ ਓਸ ਦੀ ਗੈਰਸਾਲੀ। ਉਹ ਤਾਂ ਭੱਜ ਕੇ ਲਾਟ ਨੂੰ ਜਾਇ ਮਿਲਿਆ, ਗੱਲ ਜਾਇ

ਦੱਸੀ ਸਾਰੀ ਭੇਤ ਵਾਲੀ’(75) ਅਤੇ ਰਾਣੀ ਜਿੰਦਾਂ ਨੂੰ ਮੰਨਦਾ ਹੈ—‘ਸ਼ਾਹ ਮੁਹੰਮਦਾ ਏਸ ਰਾਣੀ ਜਿੰਦ ਕੌਰਾਂ, ਸਾਰੇ ਦੇਸ਼ ਦਾ ਫਰਸ਼ ਉਠਾਇ ਦਿਤਾ’ (102), ਉਥੇ ਮਟਕ ਸਿੱਖਾਂ ਦੀ ਹਾਰ ਦਾ ਮੁੱਖ ਦੋਸ਼ੀ ਲਾਲ ਸਿੰਘ ਤੇ ਤੇਜਾ ਸਿੰਘ ਨੂੰ ਮੰਨਦਾ ਹੈ

-ਦਿਨੇ ਸਿੰਘ ਸਭ ਖੂਬ ਲਰੇ ਹੈਂ,

ਸਮਾਂ ਰਾਤ ਕਾ ਆਇਆ-ਮੱਥਾ ਡਾਹਿਆ।

ਕਹਿਤ ਮਟਕ ਲਾਲ ਸਿੰਘ ਨੱਠਾ,

ਕੰਪੂ ਗਹਿਣ ਲੰਘਾਇਆ-ਧ੍ਰੋਹ ਕਮਾਇਆ।ਬੈਡ (19)

ਕੰਨੀਂ ਜਿਨ੍ਹਾਂ ਦੀ ਮੋਤੀ ਲਟਕਣ,

ਤਲਬਾਂ ਬੈਨ ਗਿਣਾਵਨ—ਢਾਲ ਭਰਾਵਨ।

ਕਹਿਤ ਮਟਕ ਜਬ ਵਖਤ ਲੜਨ ਕਾ,

ਦੌੜ ਘਰਾਂ ਨੂੰ ਆਵਨ-ਸਿਰ ਲੁਕਾਵਨ। (20)

-ਤੇਜ ਸਿੰਘ ਔ ਲਾਲ ਸਿੰਘ,

ਹੈਨ ਮੁਸਾਹਿਬ ਪੁਰਾਣੇ-ਕਰਦੇ ਭਾਣੇ ।

ਬਾਹਰੋਂ ਗੱਲਾਂ ਕਰਨ ਮਿੱਠੀਆਂ,

ਅੰਦਰੋਂ ਖੋਟ ਕਮਾਣੇ-ਕਰਦੇ ਭਾਣੇਂ । (26)

ਲਾਲੂ ਦੀ ਲਾਲੀ ਗਈ, ਤੇਜੂ ਦਾ ਗਿਆ ਤੇਜ । ?

ਰਣਿ ਵਿਚ ਪਿਠ ਦਿਖਾਇ ਕੇ, ਮੋਢਾ ਆਏ ਫੇਰ ।

ਮੋਢਾ ਆਇ ਫੇਰਿ, ਮੂਜੀ, ਮੁਰਦਾਰ ਸਦਾਵਨ ।

ਦੁਸ਼ਾਲੇ ਹੰਢਾਏ ਗੀਦੀਆਂ, ਮੁਫ਼ਤ ਗੁਵਾਵਨ ।

ਕਹਿਤ ਮਟਕ ਵਿਚ ਜਗਤ ਦੇ, ਹੋਤੀ ਚਰਚ ਵਿਚਾਰ ।

ਲਾਲੂ ਤੇਜੂ ਨੱਠ ਕੇ, ਆਏ ਪੀਠ ਦਿਖਾਰ । (34)

ਕਿੱਸਾਕਾਰ ਭਾਈ ਕਾਨ੍ਹ ਸਿੰਘ ਬੰਗਾ ਅਨੁਸਾਰ ਸਿੱਖਾਂ ਦੀ ਹਾਰ ਦੇ ਕਾਰਨ ਕਈ ਬਣੇ, ਜਿਵੇਂ- ਰਾਣੀ ਜਿੰਦਾਂ ਦਾ ਸਵਾਰਥ, ਸੰਧਾਵਾਲੀਏ ਸਰਦਾਰਾਂ ਦੀ ਜ਼ਾਤੀ ਦੁਸ਼ਮਣੀ, ਸਿੱਖ ਫੌਜਾਂ ਦੀ ਆਪੋ-ਧਾਪੀ, ਗੁਲਾਬ ਸਿੰਘ, ਤੇਜਾ ਸਿੰਘ ਤੇ ਲਾਲ ਸਿੰਘ ਆਦਿ ਦੀ ਨਿਮਕਹਰਾਮੀ । ਇਸ ਤੋਂ ਬਿਨਾਂ ਕਵੀ ਅਨੁਸਾਰ ਸਿੱਖਾਂ ਦੀ ਹਾਰ ਦਾ ਇਕ ਹੋਰ ਕਾਰਨ ਬਾਬਾ ਬੀਰ ਸਿੰਘ ਨੌਰੰਗਾਬਾਦੀ ਜਿਹੇ ਧਰਮਾਤਮਾ ਦਾ ਨਿਰਦੋਸ਼ ਖ਼ੂਨ ਡੁਲ੍ਹਣਾ ਅਤੇ ਸਿੱਖ ਫੌਜਾਂ ਦਾ ਤਕੱਬਰ ਵੀ ਸੀ-

ਅਤਰ ਸਿੰਘ ਪੀਛੇ ਕੀਆ ਜੋਸ਼ ਥਾ ।

ਭਾਈ ਵੀਰ ਸਿੰਘ ਮੈਂ ਨਾ ਕਛੁ ਦੋਸ਼ ਥਾ। (163)

ਉਡਾ ਕਰ ਤਬੈ ਉਸ ਕਾ ਡੇਰਾ ਦੀਆ ।

ਸਭੀ ਸਾਧ ਸੰਤੈਂ ਜੁ ਪੁਰਜੈ ਕੀਆ । (164)

ਲੀਆ ਉਨ ਸਬੂਰੀ ਕਾ ਦਰਜਾ ਕਮਾਲ ।

ਲਗਾ ਤੋਪ ਗੋਲਾ ਚਲਾ ਦਮ ਨਿਕਾਲ ।

ਤਬੈ ਪੰਥ ਪਰ ਕੋਪ ਸਾਧੂ ਹੂਆ।(165)

ਇਸੀ ਬਾਤ ਬਿਨ ਹੈ ਨਾ ਕਾਰਨ ਦੁਆ । (168)

ਕਾਨ੍ਹ ਸਿੰਘ ਬੰਗਾ ਨੇ ਸਿੱਖਾਂ ਦੀ ਹਾਰ ਦੇ ਜੋ ਕਾਰਨ ਦੱਸੇ ਹਨ, ਇਨ੍ਹਾਂ ਦੀ ਇਤਿਹਾਸਕ ਪੱਖੋਂ ਬੜੀ ਮਹਾਨਤਾ ਹੈ । ਬੰਗਾ ਲਾਹੌਰ ਦਰਬਾਰ ਵਿਚ ਨੌਕਰ ਸੀ ਤੇ ਇਸ ਕਾਰਨ ਉਸ ਨੂੰ ਦਰਬਾਰ ਵਿਚ ਵਾਪਰ ਰਹੀਆਂ ਸਾਜਸ਼ਾਂ ਦਾ ਪੂਰਾ ਗਿਆਨ ਸੀ, ਜਦੋਂ ਕਿ ਸ਼ਾਹ ਮੁਹੰਮਦ ਲਾਹੌਰ ਦਰਬਾਰ ਬਾਰੇ ਨਿੱਜੀ ਪੱਧਰ ਉਤੇ ਕੋਈ ਜਾਣਕਾਰੀ ਨਹੀਂ ਸੀ ਰੱਖਦਾ। ਕਵੀ ਕਾਨ੍ਹ ਸਿੰਘ ਦੇ ਜੰਗਨਾਮੇ ਵਿਚ ਇਕ ਵੱਡੀ ਖ਼ੂਬੀ ਉਨ੍ਹਾਂ ਸ਼ਹੀਦ ਸਰਦਾਰਾਂ ਦੇ ਨਾਮ ਹਨ, ਜੋ ਇਸ ਜੰਗ ਵਿਚ ਪੰਜਾਬ ਦੀ ਸ਼ਾਨ ਨੂੰ ਕਾਇਮ ਰੱਖਣ ਲਈ ਆਪਾ ਵਾਰ ਕੇ ਸ਼ਹੀਦ ਹੋਏ ਸਨ । ਸ. ਸ਼ਮਸ਼ੇਰ ਸਿੰਘ ਅਸ਼ੋਕ ਅਨੁਸਾਰ ਇਸ ਤਰ੍ਹਾਂ ਸ਼ਹੀਦਾਂ ਦੇ ਨਾਮ ਕਿਸੇ ਹੋਰ ਜੰਗਨਾਮੇ ਵਿਚ ਨਹੀਂ ਮਿਲਦੇ, ਇਸ ਲਈ ਹੋ ਸਕਦਾ ਹੈ ਕਿ ਇਸ ਲੜਾਈ ਵਿਚ ਕਵੀ ਖ਼ੁਦ ਵੀ ਲਾਹੌਰ ਦਰਬਾਰ ਵਲੋਂ ਸ਼ਾਮਲ ਹੋਇਆ ਹੋਵੇ ਤੇ ਸਾਰੇ ਕਾਰਨਾਮੇ ਉਸ ਨੇ ਵੇਖ- ਸੁਣ ਕੇ ਅੰਕਿਤ ਕੀਤੇ ਹੋਣ ।’ (ਪ੍ਰਾਚੀਨ ਜੰਗਨਾਮੇ, ਪੰਨਾ 196)

ਮੁਦਕੀ, ਫੇਰੂ ਸ਼ਹਿਰ, ਬੱਦੋਵਾਲ ਤੇ ਸਭਰਾਉਂ ਦੇ ਜੰਗ ਵਿਚ ਭਾਈ ਜੈਮਲ ਸਿੰਘ ਅਕਾਲੀ, ਸ. ਚਤਰ ਸਿੰਘ ਕਾਲਿਆਂ ਵਾਲਾ, ਭਾਈ ਬੁੱਧ ਸਿੰਘ ਅਕਾਲੀ, ਸ. ਕੌਰ ਸਿੰਘ, ਸ. ਗੰਡਾ ਸਿੰਘ ਭੰਡਾਰੀ, ਸ. ਨਿਧਾਨ ਸਿੰਘ ਰਈਸ, ਮਾਖੇ ਖਾਨ, ਜਨਰਲ ਸ. ਮੇਵਾ ਸਿੰਘ ਮਜੀਠੀਆ, ਸ. ਬੇਲਾ ਸਿੰਘ ਮੋਕਲ, ਸ. ਪੰਜਾਬ ਸਿੰਘ, ਸ. ਹੁਕਮ ਸਿੰਘ ਮਲਵੱਈ, ਸ. ਫਤਹ ਸਿੰਘ ਜੋਗੀ, ਸ. ਹੀਰਾ ਸਿੰਘ ਤੇ ਸ. ਸ਼ਾਮ ਸਿੰਘ ਅਟਾਰੀ ਆਦਿ ਸੂਰਬੀਰਾਂ ਦੇ ਸ਼ਹੀਦ ਹੋਣ ਦਾ ਜ਼ਿਕਰ ਜੰਗਨਾਮੇ ਵਿਚ ਮਿਲਦਾ वै ।

ਕਾਨ੍ਹ ਸਿੰਘ ਬੰਗਾ ਦਾ ਜੰਗਨਾਮਾ ਫ਼ਾਰਸੀ ਛੰਦ ਮਸਨਵੀ ਦੀ ਚਾਲ ‘ਤੇ ਲਿਖਿਆ ਗਿਆ ਹੈ, ਜਿਸ ਦਾ ਆਪਣਾ ਪ੍ਰਭਾਵ ਹੈ । ਜਦੋਂ ਕਿ ਮਟਕ ਨੇ ਜੰਗਨਾਮੇ ਦੀ ਓਜਸਵੀ ਗਾਥਾ ਨੂੰ ਡਿਉਢ ਵਰਗੀ ਮਟਕ ਵਾਲੀ ਕੋਮਲ ਚਾਲ ਵਿਚ ਬੰਨ੍ਹਿਆ ਹੈ, ਪਰ ਉਹ ਰੰਗ ਨਹੀਂ ਬੰਨ੍ਹ ਸਕਿਆ ਜੋ ਸ਼ਾਹ ਮੁਹੰਮਦ ਨੇ ਬੈਂਤ ਛੰਦ ਦੀ ਵਰਤੋਂ ਕਰਕੇ ਬੰਨ੍ਹਿਆ ਹੈ । ਸ਼ਾਹ ਮੁਹੰਮਦ ਦਾ ‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’ ਬੈਂਤ ਛੰਦ ਦੀ ਠੁੱਕਦਾਰ ਵਰਤੋਂ ਕਰਕੇ ਹੀ ਵਧੇਰੇ ਮਕਬੂਲ ਹੋ ਸਕਿਆ ਹੈ ।

ਜੇਕਰ ਭਾਸ਼ਾ ਦੀ ਗੱਲ ਕਰੀਏ ਤਾਂ ਮਟਕ ਦੀ ਭਾਸ਼ਾ ਪੰਜਾਬੀ, ਹਿੰਦੀ ਤੇ ਉਰਦੂ ਦਾ ਮਿਲ ਗੋਭਾ ਹੈ ਅਤੇ ਘਟਨਾਵਾਂ ਦਾ ਬਿਆਨ ਵੀ ਖਾਸ ਖਿੱਚ ਨਹੀਂ ਪਾਉਂਦਾ । ਇਵੇਂ ਹੀ ਕਾਨ੍ਹ ਸਿੰਘ ਬੰਗਾ ਦੀ ਭਾਸ਼ਾ ਵੀ ਪੰਜਾਬੀ ਨਹੀਂ ਹੈ, ਬਲਕਿ ਉਰਦੂ ਤੇ ਪੰਜਾਬੀ ਦਾ ਮਿਸ਼ਰਣ ਜਿਹਾ ਹੈ । ਕਈ ਥਾਈਂ ਪੰਜਾਬੀ ਸ਼ਬਦਾਂ ਦੀ ਘਾਟ ਵਧੇਰੇ ਹੀ ਰੜਕਦੀ ਹੈ, ਜਦ ਕਿ ਫ਼ਾਰਸੀ ਸ਼ਬਦਾਂ ਦੀ ਵਰਤੋਂ ਕੁਝ ਜ਼ਿਆਦਾ ਹੀ ਹੋਈ ਹੈ । ਕਈ ਵੇਰ ਤਾਂ ਪੂਰੇ ਦੇ ਪੂਰੇ ਬੰਦ ਹੀ ਨਿਰੋਲ ਫ਼ਾਰਸੀ ਵਿਚ ਮਿਲਦੇ ਹਨ, ਇਸੇ ਕਰਕੇ ਇਹ ਜੰਗਨਾਮਾ ਆਮ ਲੋਕਾਂ ਵਿਚ ਵਧੇਰੇ ਪ੍ਰਸਿੱਧੀ ਹਾਸਲ ਨਹੀਂ ਕਰ ਸਕਿਆ, ਮਿਸਾਲ ਵਜੋਂ-

ਸਖਾਵਤ ਕੁਨਦ ਨੇਕ-ਬਖ਼ਤ ਅਖਤਯਾਰ ।

ਕਿ ਮਰਦਿ ਸਖ਼ਾਵਤ ਸ਼ਵਦ ਬਖਤਯਾਰ ।

ਤਵਾਜ਼ੋ ਜ਼ਿਆਦਤ ਕੁਨਦ ਜ਼ਾਹਿਰਾ । (48)

ਕਿ ਅਜ਼ ਮਿਹਰ ਪਰਤੋ ਬਵਦ ਮਾਹ ਰਾ। (54)

ਸਬੂਰੀ ਬਵਦ ਕਾਰਿ ਸਾਹਿਬ ਦਿਲਾਂ ।

ਸਬੂਰੀ ਬਵਦ ਪੇਸ਼ਾਏ ਮੁਕਬਲਾਂ । (166)

ਤਕੱਬਰ ਅਜ਼ਾਜ਼ੀਲ ਰਾ ਖਾਰ ਕਰਦ ।

ਬਜ਼ਿੰਦਾਨਿ ਲਾਨਤ ਗਰਿਫਤਾਰ ਕਰਦ। (193)

ਪਿੰਡਾਂ ਦੀਆਂ ਸੱਥਾਂ ‘ਤੇ ਪੜ੍ਹਨ-ਸੁਣਨ ਸਮੇਂ ਉਪਰੋਕਤ ਭਾਵ ਦੇ ਸ਼ਿਅਰ ਸ਼ਾਇਦ ਹੀ ਕਿਸੇ ਜ਼ਹੀਨ ਸਰੋਤੇ ਦੀ ਸਮਝ ਵਿਚ ਆਉਂਦੇ ਹੋਣ। ਇਸ ਦੇ ਮੁਕਾਬਲੇ ‘ਤੇ ਸ਼ਾਹ ਮੁਹੰਮਦ ਦੇ ਜੰਗਨਾਮੇ ਵਿਚ ਸਰਲ ਅਤੇ ਠੇਠ ਪੰਜਾਬੀ ਦੀ ਵਰਤੋਂ ਹੋਈ ਹੈ। ਅਰਬੀ, ਫ਼ਾਰਸੀ ਤੇ ਅੰਗਰੇਜ਼ੀ ਦੇ ਸ਼ਬਦ ਸ਼ਾਹ ਮੁਹੰਮਦ ਨੇ ਵੀ ਵਰਤੇ ਹਨ, ਲੇਕਿਨ ਉਹੀ ਸ਼ਬਦ ਵਰਤੇ ਗਏ ਜਿਨ੍ਹਾਂ ਦੀ ਅਤੀ ਲੋੜ ਸੀ ਅਤੇ ਜੋ ਪੰਜਾਬੀ ਜੀਵਨ ਵਿਚ ਪੂਰੀ ਤਰ੍ਹਾਂ ਰਚ-ਮਿਚ ਚੁੱਕੇ ਸਨ ਜਿਵੇਂ ਅੰਗਰੇਜ਼ੀ ਸ਼ਬਦ ਸੰਤਰੀ sentry), भढमत (officer), पलटत (platoon), बैंमल (council), लाट (lord) ਅਤੇ ਅੱਵਲ, ਫ਼ੀਲ, ਦਿਲਬਰੀ, ਦਿਲਗੀਰ, ਨਾਹੱਕ, ਰੁਖ਼ਸਤ, ਤਲਬ, ਸ਼ਰੀਕ, ਲਸ਼ਕਰ, ਮੁਹਤਾਜ ਆਦਿ ਸ਼ਬਦ ਬਿਦੇਸ਼ੀ ਹੋਣ ਦੇ ਬਾਵਜੂਦ ਵੀ ਬਿਦੇਸ਼ੀ ਨਹੀਂ ਲੱਗਦੇ ।

ਇਸ ਤੋਂ ਬਿਨਾਂ ਸ਼ਾਹ ਮੁਹੰਮਦ ਦੇ ਬਿਆਨ ਵਿਚ ਰਵਾਨਗੀ ਤੇ ਸਪਸ਼ਟਤਾ ਉਸਦਾ ਮੀਰੀ ਗੁਣ ਹੈ । ਘਟਨਾਵਾਂ ਨੂੰ ਲੜੀ ਵਿਚ ਪਰੋ ਕੇ ਅਜਿਹੇ ਢੰਗ ਨਾਲ ਪੇਸ਼ ਕੀਤਾ ਹੈ ਕਿ ਪੜ੍ਹਨ-ਸੁਣਨ ਵਾਲਿਆਂ ਦੇ ਦਿਲਾਂ ਨੂੰ ਧੂਹ ਪਾਉਂਦਾ ਚਲਾ ਜਾਂਦਾ ਹੈ । ਸ਼ਾਹ ਮੁਹੰਮਦ ਨੇ ਆਪਣਾ ਜੰਗਨਾਮਾ ਪੰਜਾਬੀਆਂ ਦੇ ਰਾਜ ਦੇ ਖ਼ਤਮ ਹੋਣ ’ਤੇ ਦੁੱਖ ਭਰੀ ਦਾਸਤਾਂ ਨਾਲ ਲਿਖਿਆ ਹੈ। ਇਸ ਵਿਚ ਉਸ ਨੇ ਸਿੰਘਾਂ ਦੀ ਬਹਾਦਰੀ ਦੇ ਸੋਹਲੇ ਗਾਏ ਹਨ ਅਤੇ ਗੱਦਾਰ ਜੁੰਡਲੀ ਦੀ ਨਿੰਦਾ ਵੀ ਕੀਤੀ ਹੈ । ਭਾਵੇਂ ਰਾਣੀ ਜਿੰਦਾਂ ਦੇ ਮਾਮਲੇ ਵਿਚ ਉਹ ਕੁਝ ਵਧੇਰੇ ਹੀ ਉਲਾਰ ਹੋ ਗਿਆ ਹੈ, ਪਰੰਤੂ ਪੰਜਾਬ ਦੇ ਇਕ ਕੌਮੀ ਮਸਲੇ ਨੂੰ ਜਿਸ ਤਰੀਕੇ ਨਾਲ ਉਸ ਨੇ ਉਭਾਰਿਆ ਅਤੇ ਦਰਦ ਨਾਲ ਪ੍ਰਸਤੁਤ ਕੀਤਾ ਹੈ, ਉਸ ਨੇ ਸ਼ਾਹ ਮੁਹੰਮਦ ਨੂੰ ਪੰਜਾਬ ਦਾ ਕੌਮੀ ਸ਼ਾਇਰ ਬਣਾ ਦਿੱਤਾ ਹੈ । ਮਟਕ ਦੇ ਜੰਗਨਾਮੇ ਵਿਚ ਬੇਸ਼ਕ ਸ਼ਾਮ ਸਿੰਘ ਜਿਹੇ ਸਰਦਾਰਾਂ ਦੀ ਬਹਾਦਰੀ ਅਤੇ ਗੱਦਾਰਾਂ ਦੀ ਕਾਰਗੁਜ਼ਾਰੀ ਨੂੰ ਕਲਮਬੰਦ ਕੀਤਾ ਗਿਆ ਹੈ, ਲੇਕਿਨ ਦੇਸ਼ਭਗਤੀ ਦੀ ਸੁਰ ਵਧੇਰੇ ਨਹੀਂ ਉੱਘੜ ਸਕੀ । ਇਵੇਂ ਹੀ ਕਾਨ੍ਹ ਸਿੰਘ ਬੰਗਾ ਵੀ ਭਾਵੇਂ ਗੱਲ ਡੋਗਰਿਆਂ ਦੀ ਬੁਰਛਾਗਰਦੀ, ਸਿੱਖ ਸਰਦਾਰਾਂ ਦੀ ਆਪਸੀ ਖਿੱਚੋਤਾਣ ਅਤੇ ਪੰਜਾਬ ਦੇ ਸੰਤਾਪ ਦੀ ਹੀ ਕਰਦਾ ਹੈ, ਲੇਕਿਨ ਅੰਗਰੇਜ਼ਾਂ ਦੇ ਸੋਹਲੇ ਗਾਉਣ ਵਿਚ ਵੀ ਸਭ ਹੱਦਾਂ ਪਾਰ ਕਰ ਜਾਂਦਾ ਹੈ । ਇਸਦਾ ਇਕ ਕਾਰਨ ਤਾਂ ਜਲੰਧਰ ਦੇ ਅੰਗਰੇਜ਼ ਡਿਪਟੀ ਕਮਿਸ਼ਨਰ ਮਿਸਟਰ ਵੈਨਸਟਾਰਟ ਦੇ ਪ੍ਰੇਰਨਾ ਦੇਣ ਉਤੇ ਇਸ ਜੰਗਨਾਮੇ ਦਾ ਲਿਖਿਆ ਜਾਣਾ ਹੈ, ਦੂਜੇ ਕਾਨ੍ਹ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਬਾਅਦ ਖ਼ੁਦ ਵੀ ਅੰਗਰੇਜ਼ਾਂ ਦੀ ਨੌਕਰੀ ਕਰ ਲਈ ਸੀ, ਜਿਸ ਕਰਕੇ ਗੋਰੇ ਹਾਕਮਾਂ ਪ੍ਰਤੀ ਖੁਸ਼ਨੂਦੀ ਦੀ ਭਾਵਨਾ ਦਾ ਪੈਦਾ ਹੋਣਾ ਕੁਦਰਤੀ ਸੀ, ਜਿਵੇਂ ਕਵੀ ਪੂਰੀ ਸ਼ਿੱਦਤ ਨਾਲ ਕਹਿ ਰਿਹਾ ਹੈ— ਅੰਗਰੇਜ਼ ਜੰਗੀ ਬਹਾਦਰ ਹੂਆ ।

ਉਸੇ ਸਾਥ ਲੜਨੇ ਕੋ ਨਾ ਥਾ ਦੁਆ।(26)

ਯਹ ਅੰਗਰੇਜ਼ ਕਾ ਘਰ ਬਡਾ ਬੇਸ਼ੁਮਾਰ ।

ਜ਼ਰੂਰਤ ਹੈ ਲੜਨਾ ਤੋ ਖ਼ੁਦ ਮੁਖਤਿਆਰ ।(236)

ਯਹ ਅੰਗਰੇਜ਼ ਦਾ ਘਰ ਬੜਾ ਬੇਸ਼ੁਮਾਰ ।

ਭਗੈ ਹਰ ਜਗੈ ਫਿਰ ਰਹੈ ਖਬਰਦਾਰ।(321)

ਹੂਆ ਤਪ ਜੋ ਐਸਾ ਹੈ ਅੰਗਰੇਜ਼ ਕਾ।

ਨਹੀਂ ਸਰ ਹੈ ਆਤਾ ਉਸੇ ਤੇਜ ਕਾ।(425)

ਗਵਰਨਰ ਜੋ ਸਾਹਿਬ ਬਹਾਦਰ ਹੂਆ।

ਫ਼ਤਹ ਕਾ ਨਿਸ਼ਾਨਾ ਹੈ ਸਾਦਰ ਹੂਆ। (426)

ਕੀਆ ਜੰਗ ਅੰਗਰੇਜ਼ ਖੁਦ ਜ਼ੋਰ ਸੈ ।

ਕੀਆ ਮੁਲਕ ਅਪਨਾ ਚਹੂੰ ਓਰ ਸੈ।(443)

ਖ਼ੁਦਾ ਅਜੋਂ ਉਨ ਕੇ ਪੈ ਮਿਹਰਬਾਨ ਹੈ ।

ਨਾ ਰਾਖੀਂ ਇਸੀ ਤੇ ਕਿਸੀ ਕੀ ਕਾਨ ਹੈ ।(444)

ਤਿੰਨਾਂ ਜੰਗਨਾਮਿਆਂ ਦਾ ਸਮੁੱਚਾ ਮੁਲੰਕਣ ਕਰਨ ਉਤੇ ਅਸੀਂ ਇਸ ਨਤੀਜੇ ‘ਤੇ ਪੁੱਜਦੇ ਹਾਂ ਕਿ ਸ਼ਾਹ ਮੁਹੰਮਦ ਦੀ ਰਚਨਾ ਬਾਕੀ ਦੋਨਾਂ ਰਚਨਾਵਾਂ ਨਾਲੋਂ ਹਰ ਪੱਖੋਂ ਸਰਵ-ਸ੍ਰੇਸ਼ਟ ਹੈ । ਸ਼ਾਹ ਮੁਹੰਮਦ ਦੀ ਰਚਨਾ ਇਤਿਹਾਸਕ ਤੇ ਸਾਹਿਤਕ ਪੱਖੋਂ ਮਹਾਨ ਹੈ, ਜਦ ਕਿ ਪਿਛਲੇਰੇ ਕਵੀਆਂ ਦੀ ਰਚਨਾ ਉਸ ਪੱਧਰ ਦੇ ਨੇੜੇ-ਤੇੜੇ ਵੀ ਨਹੀਂ ਅੱਪੜਦੀ । ਇਕ ਹੋਰ ਪਹਿਲੂ ਇਹ ਵੀ ਹੈ ਕਿ ਸ਼ਾਹ ਮੁਹੰਮਦ ਨੇ ਬੰਗਾ ਅਤੇ ਮਟਕ ਤੋਂ ਪਹਿਲਾਂ ਆਪਣੀ ਰਚਨਾ ਕੀਤੀ ਹੈ, ਇਸ ਪੱਖੋਂ ਵੀ ਸ਼ਾਹ ਮੁਹੰਮਦ ਦੀ ਰਚਨਾ ਮੌਲਿਕ ਤੇ ਸਿਰਮੌਰ ਹੈ, ਕਿਉਂਕਿ ਉਹ ਦੂਜੇ ਕਵੀਆਂ ਲਈ ਤਾਂ ਰਾਹ- ਦਿਸੇਰਾ ਬਣਿਆ, ਲੇਕਿਨ ਆਪਣੀ ਰਚਨਾ ਨਿਰੋਲ ਆਪਣੇ ਵਿਸ਼ਾਲ ਅਨੁਭਵ, ਸੂਝ-ਬੂਝ ਅਤੇ ਸਾਹਿਤਕ ਕਲਾ-ਜੁਗਤਾਂ ਦੇ ਬਲ-ਬੂਤੇ ’ਤੇ ਕੀਤੀ ।

ਸ਼ਾਹ ਮੁਹੰਮਦ ਦੇ ਜੰਗਨਾਮੇ ਬਾਰੇ ਵਿਦਵਾਨਾਂ ਦੀਆਂ ਰਾਵਾਂ

“ ….ਜਦੋਂ ਪੰਜਾਬ ਦੀ ਆਜ਼ਾਦੀ ਖੁੱਸ ਗਈ, ਪੰਜਾਬ ਦਾ ਜਵਾਨ ਸੂਹਾ ਲਹੂ ਗੋਰੇ ਗਿਰਝਾਂ ਦੀ ਦਾਨਵੀ ਤ੍ਰੇਹ ਮਿਟਾਉਣ ਲਈ ਕੁੱਪੇ ਭਰ-ਭਰ ਵੀਟਿਆ ਗਿਆ। ਪੰਜਾਬ ਦਾ ਸ਼ਾਇਰ ਸ਼ਾਹ ਮੁਹੰਮਦ ਇਸੇ ਸੱਜਰੀ ਰੁੱਤ ਦੀ ਰੰਗਤ ਆਪਣੇ ਜੰਗ- ਨਾਮੇ ਉੱਤੇ ਲਿਆਉਣ ਵਿੱਚ ਸਫ਼ਲ ਹੋਇਆ ਹੈ । ਆਜ਼ਾਦੀ ਦੀ ਸੁਰੱਖਿਆ ਲਈ ਵਗੇ ਖ਼ੂਨ ਵਿੱਚ ਆਪਣੀ ਕਲਮ ਡੁਬੋ ਕੇ ਉਸ ਨੇ ਸੁਤੰਤਰ ਪੰਜਾਬ ਦੇ ਅੰਤਮ ਸਾਕੇ ਉੱਤੇ ਇਕ ਅਦੁੱਤੀ ਵੈਣ ਲਿਖਿਆ ਹੈ ਤੇ ਕਿਵੇਂ ਕਿਹਾ ਜਾਏ ਕਿ ਉਹ ਕੈਸਾ ਹੈ ?—ਉਹ ਪੰਜਾਬੀ ਸਾਹਿਤ ਉੱਤੇ ਸੂਹੇ ਕੁੰਗੂ ਦਾ ਇਕ ਤਰੌਂਕਾ ਹੈ, ਜਿਸ ਦਾ ਰੰਗ ਸ਼ਾਇਦ ਕਦੀ ਵੀ ਫਿੱਕਾ ਨਾ ਹੋਵੇ ।”

-ਪ੍ਰੋ. ਪ੍ਰੀਤਮ ਸਿੰਘ, ਪੰਜਾਬੀ ਕਵਿਤਾ ਵਿੱਚ ਦੇਸ਼ ਭਗਤੀ, ਪੰਜਾਬੀ ਦੁਨੀਆ, ਪਟਿਆਲਾ, ਜਨਵਰੀ, 1957, ਪੰਨਾ 61

“ …..ਵਾਰ ਸ਼ਾਹ ਮੁਹੰਮਦ ਸ਼ਾਹ ਮੁਹੰਮਦ ਦੀ ਅਮਰ ਰਚਨਾ ਹੈ। ਅੰਦਰਲੀਆਂ ਗਵਾਹੀਆਂ ਅਤੇ ਇਤਿਹਾਸਿਕ ਪਰਮਾਣਾਂ ਤੋਂ ਜਾਪਦਾ ਹੈ ਕਿ ਇਹ ਵਾਰ ਸੰਨ 1846 ਈਸਵੀ ਦੀ ਰਚਨਾ ਹੈ। ਇਸ ਵਾਰ ਤੋਂ ਸ਼ਾਹ ਮੁਹੰਮਦ ਪੰਜਾਬ ਦਾ ਪਹਿਲਾ ਦੇਸ਼ਭਗਤ ਕਵੀ ਸਿੱਧ ਹੁੰਦਾ ਹੈ । ਦੂਸਰੀ ਵੱਡੀ ਗੱਲ ਜਿਹੜੀ ਇਸ ਵਾਰ ਤੋਂ ਪ੍ਰਤੱਖ ਹੁੰਦੀ ਹੈ, ਉਹ ਹੈ ਉਸਦਾ ਸਾਂਝਾ ਨਜ਼ਰੀਆ । ਉਸ ਨੇ ਇਹ ਵਾਰ ਇਕ ਪੰਜਾਬੀ ਦੇ ਨੁਕਤੇ ਤੋਂ ਲਿਖੀ ਹੈ, ਨਾ ਕਿ ਇਕ ਮੁਸਲਮਾਨ ਦੇ ਤੌਰ ‘ਤੇ । ਭਾਵੇਂ ਉਹ ਆਪ ਮੁਸਲਮਾਨ ਸੀ, ਪਰੰਤੂ ਉਸ ਨੇ ਫ਼ਿਰਕੂ ਨਜ਼ਰੀਆ ਆਪਣੀ ਰਚਨਾ ਵਿਚ ਨਹੀਂ ਆਉਣ ਦਿੱਤਾ ।…

ਪੰਜਾਬੀ ਕਵਿਤਾ ਵਿਚ ਸ਼ਾਹ ਮੁਹੰਮਦ ਨੇ ਪਹਿਲੀ ਵਾਰ ਮਨੋਭਾਵਾਂ ਤੇ ਬੌਧਿਕ ਸੰਕਲਪਾਂ ਦੇ ਨਵੇਂ ਮਿਆਰ ਪੈਦਾ ਕੀਤੇ ਹਨ। ਸਾਂਝੀ ਪੰਜਾਬੀ ਕੌਮੀਅਤ ਦਾ ਭਾਵੇਂ ਉਹ ਚੇਤੰਨ ਤੌਰ ‘ਤੇ ਪ੍ਰਚਾਰਕ ਨਾ ਹੋਵੇ, ਪਰ ਫਿਰ ਵੀ ਉਸ ਨੇ ਪੰਜਾਬੀਅਤ ਦੇ ਨਵੇਂ ਮਨੋਭਾਵ ਪੈਦਾ ਕੀਤੇ ਹਨ, ਭਾਵੇਂ ਅਰਥ-ਚੇਤਨ ਹੀ ਹਨ, ਜਿਵੇਂ ਕਿ ਹੇਠਲੀ ਸਤਰ ਵਿਚ ਉਹ ਅੰਗਰੇਜ਼ਾਂ ਨੂੰ ਤੀਸਰੀ ਜ਼ਾਤ ਆਖਦਾ ਹੈ—

ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,

ਸਿਰ ਦੋਹਾਂ ਦੇ ਉੱਤੇ ਆਫ਼ਾਤ ਆਈ।

ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ,

ਕਦੇ ਨਹੀਂ ਸੀ ਤੀਸਰੀ ਜ਼ਾਤ ਆਈ।

ਅਰਥਾਤ ਪੰਜਾਬ ਵਿਚ ਪਹਿਲਾਂ ਵੀ ਦੋ ਜ਼ਾਤਾਂ-ਹਿੰਦੂ ਤੇ ਮੁਸਲਮਾਨ ਰਹਿੰਦੀਆਂ ਸਨ, ਉਨ੍ਹਾਂ ਵਿਚ ਭਾਰੀ ਅਮਨ-ਚੈਨ ਸੀ, ਮਿਲ-ਜੁਲ ਕੇ ਖੁਸ਼ੀ-ਖੁਸ਼ੀ ਰਹਿੰਦੇ ਸਨ, ਜਦੋਂ ਕਿ ਦੋਹਾਂ ਦੇ ਸਿਰ ਉੱਤੇ ਅੰਗਰੇਜ਼ ਇਕ ਸਾਂਝੀ ਆਫ਼ਾਤ ਵਾਂਗ ਆਣ ਪਏ ।….

….ਸ਼ਾਹ ਮੁਹੰਮਦ ਕੌਮੀ ਸਦਭਾਵਨਾ ਅਤੇ ਏਕਤਾ ਦਾ ਕਵੀ ਹੈ। ਏਸੇ ਕਾਰਨ ਉਸਨੂੰ ਪੰਜਾਬ ਦਾ ਕੌਮੀ ਕਵੀ ਵੀ ਕਹਿ ਸਕਦੇ ਹਾਂ ।”

-ਪ੍ਰੋ. ਹਮਦਰਦਵੀਰ ਨੁਸ਼ਹਿਰਵੀ, ਪੰਜਾਬੀ ਦੁਨੀਆ,

“….ਸ਼ਾਹ ਮੁਹੰਮਦ ਦੀ ਇਹ ਰਚਨਾ ਜੁਗੋ ਜੁਗ ਗਾਵੀ ਤੇ ਸੁਣੀ ਜਾਵੇਗੀ ਕਿਉਂਕਿ ਇਹ ਉਨ੍ਹਾਂ ਮਹਾਨ ਜੋਧਿਆਂ, ਜਾਨ ਹੂਲਣ ਵਾਲੇ ਸੂਰਬੀਰਾਂ, ਧਰਮ ਤੇ ਦੇਸ਼ ਤੋਂ ਮਰ-ਮਿਟਣ ਵਾਲੇ ਧਰਮੀਆਂ ਤੇ ਸ਼ਾਹ-ਸਵਾਰਾਂ ਦੀ ਦਰਦ-ਕਹਾਣੀ ਹੈ, ਜਿਨ੍ਹਾਂ ਨੇ ਵੱਡੀਆਂ ਤੇਗ਼ਾਂ ਮਾਰੀਆਂ, ਪਰ ਜਾਨਾਂ ਕਦੇ ਪਿਆਰੀਆਂ ਨਹੀਂ ਕੀਤੀਆਂ-ਅਜਿਹੇ ਵੀਰਾਂ ਦੀ ਕਹਾਣੀ ਵਾਰਾਂ ਵਿਚ ਢਾਡੀਆਂ, ਡੂਮਾਂ ਤੇ ਮੀਰਾਸੀਆਂ ਦੀ ਜ਼ਬਾਨੀ ਸੰਸਾਰ ਸਦਾ ਸੁਣਦਾ ਰਹੇਗਾ- ਸਦਾ ਕਰਦਾ ਰਹੇਗਾ- ਗੱਲਾਂ ਹੁੰਦੀਆਂ ਰਹਿਣਗੀਆਂ-ਕਥਾਵਾਂ ਤੁਰਦੀਆਂ ਰਹਿਣਗੀਆਂ-

ਦੁਲੇ ਭੱਟੀ ਨੂੰ ਗਾਂਵਦਾ ਜੱਗ ਸਾਰਾ,

ਜੈਮਲ ਫੱਤੇ ਦੀਆਂ ਵਾਰਾਂ ਸਾਰੀਆਂ ਨੀ।

ਸ਼ਾਹ ਮੁਹੰਮਦਾ ਮੋਏ ਨੇ ਬੀਰ ਹੋਕੇ,

ਜਾਨਾਂ ਕੀਤੀਆਂ ਨਹੀਂ ਪਿਆਰੀਆਂ ਨੀ।”

-ਡਾ: ਜੀਤ ਸਿੰਘ ਸੀਤਲ, ਪੰਜਾਬੀ ਦੁਨੀਆ ਦਾ ਬੀਰ ਸਾਹਿਤ ਅੰਕ, ਅਪ੍ਰੈਲ-ਮਈ 1963, ਪੰਨਾ-ੲ

“….ਸਿੱਖ ਸਰਦਾਰਾਂ ਤੇ ਫਿਰ ਸਿੱਖ ਰਾਜ-ਕਾਲ ਨਾਲ ਸੰਬੰਧ ਰੱਖਣ ਵਾਲੇ ਜੰਗਨਾਮਿਆਂ ਦੀ ਗਿਣਤੀ ਕਾਫ਼ੀ ਲੰਮੀ-ਚੌੜੀ ਹੈ, ਜਿਨ੍ਹਾਂ ਨੂੰ ਆਮ ਲੋਕਾਂ ਵਿਚ ਵਾਰਾਂ, ਬੈਂਤਾਂ, ਸੀਹਰਫ਼ੀਆਂ ਜਾਂ ਕਿੱਸਿਆਂ ਦੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਵਿਚ ਅਸੀਂ ਪੀਰ ਮੁਹੰਮਦ ਰਚਿਤ ਚੱਠਿਆਂ ਦੀ ਵਾਰ, ਸਾਹਿਬ ਸਿੰਘ ਦਾ ਜੰਗਨਾਮਾ, ਸ਼ਾਹ ਮੁਹੰਮਦ ਦੀ ਅੰਗਰੇਜ਼ਾਂ ਤੇ ਸਿੰਘਾਂ ਦੀ ਲੜਾਈ, ਗਵਾਲ ਕਵੀ ਰਚਿਤ ਬਿਜਯ ਬਿਨੋਦ, ਸਹਾਈ ਸਿੰਘ ਤੇ ਕਾਦਰਯਾਰ ਦੀਆਂ ਹਰੀ ਸਿੰਘ ਨਲੂਏ ਦੀਆਂ ਵਾਰਾਂ ਤੇ ਜਾਫ਼ਰ ਬੇਗ ਦੀਆਂ ਸੀਹਰਫ਼ੀਆਂ ਆਦਿ ਨੂੰ ਗਿਣ ਸਕਦੇ ਹਾਂ। ਸ਼ਾਹ ਮੁਹੰਮਦ ਦੀ ਵਾਰ ਤਾਂ ਇਤਨੀ ਪ੍ਰਸਿੱਧੀ ਪ੍ਰਾਪਤ ਕਰ ਗਈ ਹੈ ਕਿ ਬਹੁਤੇ ਪੰਜਾਬੀ ਉਸ ਕਵੀ ਨੂੰ ਜਾਣਦੇ ਹੀ ਕੇਵਲ ਇਸ ਰਚਨਾ ਕਰਕੇ ਹਨ ।”

-ਪ੍ਰਿੰ. ਸਵਰਨ ਸਿੰਘ ਸਨੇਹੀ, ਲੇਖ ‘ਜੰਗਨਾਮੇ ਤੇ ਸ਼ੇਰਿ-ਪੰਜਾਬ’, ਗੁਰਦੁਆਰਾ ਗਜ਼ਟ, ਅੰਮ੍ਰਿਤਸਰ, ਅਕਤੂਬਰ 1980, ਪੰਨਾ 39-40

“ਸ਼ਾਹ ਮੁਹੰਮਦ ਨੇ ਇਸ ਜੰਗ ਉਤੇ ਦੇਸ਼-ਪਿਆਰ ਵਿਚ ਰੁੱਧੀ ਹੋਈ ਇਕ ਵਾਰ ਲਿਖੀ, ਜਿਸ ਵਿਚ ਸਿੱਖ ਰਾਜ ਦੀ ਤਬਾਹੀ ਦੇ ਕਾਰਨਾਂ ਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਪਿੱਛੋਂ ਦੀ ਰਾਜ-ਗਰਦੀ ਦਾ ਹਾਲ ਦੱਸ ਕੇ ਸਿੰਘਾਂ ਤੇ ਫ਼ਿਰੰਗੀਆਂ ਦੇ ਯੁੱਧ ਨੂੰ ਪੂਰੇ ਵੇਰਵੇ ਨਾਲ ਚਿੜਿਆ ਹੈ । ਰਾਣੀ ਜਿੰਦਾਂ ਦੇ ਬਾਰੇ ਫ਼ਿਰੰਗੀ ਤੇ ਪੂਰਬੀ ਸਰਦਾਰਾਂ ਦੀਆਂ ਉਡਾਈਆਂ ਹੋਈਆਂ ਆਵਾਈਆਂ ਨੂੰ ਕਵੀ ਨੇ ਸੱਚ ਜਾਣ ਕੇ ਰਾਣੀ ਨੂੰ ਰਾਜ ਨਾਲ ਧਰੋਹ ਕਰਨ ਉਤੇ ਕੋਸਿਆ ਹੈ। ਪਰ ਇਹ ਇਕ ਇਤਿਹਾਸਕ ਭੁੱਲ ਹੈ । ਆਮ ਕਰਕੇ ਕਵੀ ਨੇ ਤਾਰੀਖ਼ ਦੇ ਬਾਕੀ ਹਾਲ ਬੜੀ ਸੂਝ ਤੇ ਵਾਕਫ਼ੀ ਨਾਲ ਬਿਆਨੇ ਹਨ । …ਕਵੀ ਨੇ ਰੁਚੀ ਨੂੰ ਇਕ ਪਾਸੀ ਨਹੀਂ ਬਣਨ ਦਿੱਤਾ ਤੇ ਜਿਥੇ ਕਿਧਰੇ ਲੋੜ ਪਈ, ਅੰਗਰੇਜ਼ ਫ਼ੌਜਾਂ ਦੀ ਤਾਰੀਫ਼ ਕੀਤੀ ਹੈ । ਇਹ ਰੰਗ ਉਸ ਦੀ ਸਿਆਣਪ ਦੀ ਗਵਾਹੀ ਭਰਦਾ ਹੈ। ਉਸ ਦੀ ਬੋਲੀ ਠੇਠ ਤੇ ਕਵਿਤਾ ਅਲੰਕਾਰਾਂ ਤੋਂ ਬਹੁਤੀ ਥਾਈਂ ਸੱਖਣੀ ਹੈ, ਪਰ ਆਖਣ ਦੀ ਸਾਦਗੀ ਤੇ ਅੰਦਰਲੀ ਹੂਕ ਕਹਿਰ ਪਈ ਢਾਂਹਦੀ ਹੈ ।”

-ਡਾ. ਗੋਪਾਲ ਸਿੰਘ ਦਰਦੀ, ‘ਪੰਜਾਬੀ ਸਾਹਿਤ ਦਾ ਇਤਿਹਾਸ’, ਪੰਨਾ 301, 304

“ਸ਼ਾਹ ਮੁਹੰਮਦ ਨੇ ਸਿੱਖਾਂ ਅਤੇ ਅੰਗਰੇਜ਼ਾਂ ਦੀ ਜੰਗ ਦਾ ਕਿੱਸਾ ਠੇਠ, ਸਰਲ ਤੇ ਫ਼ਾਰਸੀ ਦੇ ਅਸਰ ਤੋਂ ਪਾਕ ਪੰਜਾਬੀ ਵਿਚ ਬੜੇ ਸਾਦੇ ਢੰਗ ਨਾਲ ਲਿਖਿਆ। ਇਹ ਕਿੱਸਾ ਬੀਰ ਰਸ, ਦੇਸ਼ਭਗਤੀ ਤੇ ਇਤਿਹਾਸਕ ਕਵਿਤਾ ਦਾ ਸੁਹਣਾ ਨਮੂਨਾ ਹੈ। ਕਵੀ ਨੇ ਹਿੰਦੂਆਂ-ਮੁਸਲਮਾਨਾਂ ਦੀ ਸਾਂਝ, ਪੰਜਾਬੀਆਂ ਦੀ ਬਹਾਦਰੀ, ਸਰਦਾਰਾਂ ਦੀ ਬੁਰਛਾ-ਗਰਦੀ, ਰਾਣੀ ਜਿੰਦਾਂ ਦੀ ਨੀਤੀ ਤੇ ਹਾਰ ਦਾ ਦੁੱਖ ਬੜੀ ਸਾਦੀ ਪਰ ਜ਼ੋਰਦਾਰ ਤੇ ਢੁਕਵੇਂ ਅਲੰਕਾਰਾਂ ਨਾਲ ਸ਼ਿੰਗਾਰੀ ਪੰਜਾਬੀ ਕਵਿਤਾ ਵਿਚ ਦੱਸਿਆ ਹੈ ।…..ਸ਼ਾਹ ਮੁਹੰਮਦ ਦਾ ਕਿੱਸਾ ਇਕ ਸਾਂਝਾ ਪੰਜਾਬੀ ਕਿੱਸਾ ਹੈ । ਉਸ ਨੇ ਜਿਥੇ ਜੋਧਿਆਂ ਦੀ ਤਾਰੀਫ਼ ਕੀਤੀ ਹੈ, ਉਥੇ ਮੁਸਲਮਾਨਾਂ ਤੇ ਹਿੰਦੂ ਜੋਧਿਆਂ ਦੀ ਬਹਾਦਰੀ ਵੀ ਦੱਸੀ ਹੈ। ਗੱਲ ਕੀ, ਸ਼ਾਹ ਮੁਹੰਮਦ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਪਹਿਲੇ ਦੇਸ਼ਭਗਤ ਪੰਜਾਬੀ ਕਿੱਸਾਕਾਰ ਦੇ ਤੌਰ ‘ਤੇ ਪ੍ਰਸਿੱਧ ਰਹੇਗਾ।” –ਗਿਆਨੀ ਹੀਰਾ ਸਿੰਘ ਦਰਦ, ‘ਪੰਜਾਬੀ ਸਾਹਿਤ ਦਾ ਇਤਿਹਾਸ’, ਪੰਨਾ 341-42

“ …..ਕੁਝ ਇਤਿਹਾਸਕ ਖਾਮੀਆਂ ਹੋਣ ਦੇ ਬਾਵਜੂਦ ਕਿੱਸਾ ਸ਼ਾਹ ਮੁਹੰਮਦ ਸਿੱਖ ਇਤਿਹਾਸ ਲਈ ਇਕ ਅਮੋਲਕ ਚੀਜ਼ ਹੈ । ਇਸ ਤੋਂ ਇਲਾਵਾ ਇਸ ਵਿਚ ਪੰਜਾਬ ਦੀ ਵੀਰਤਾ ਦਾ ਇਕ ਅਮਰ ਸੰਦੇਸ਼ ਹੈ ਜੋ ਆਜ਼ਾਦ ਹੋਣ ਲਈ ਪੁਸ਼ਤਾਂ ਤਕ ਪੰਜਾਬ ਦੀਆਂ ਨੌਜਵਾਨ ਨਸਲਾਂ ਨੂੰ ਟੁੰਬਦਾ ਰਹੇਗਾ, ਕਿ ਜੇ ਜੀਊਣਾ ਹੈ ਤਾਂ ਚੰਗਾ ਇੱਜ਼ਤ ਦਾ ਜੀਵਨ ਜੀਓ, ਅਤੇ ਜੇ ਮਰਨਾ ਹੈ ਤਾਂ ਅਮਰ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਤਰ੍ਹਾਂ ਆਜ਼ਾਦੀ ਦੇ ਜੰਗ ਵਿਚ ਪਿੱਛੇ ਨਾ ਮੁੜਨ ਦੀ ਸੌਂਹ ਖਾ ਕੇ ਸ਼ਹੀਦੀਆਂ ਪ੍ਰਾਪਤ ਕਰੋ ।

ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਦਾ ਅਮਰ ਹੁੰਦੇ ਹਨ ਤੇ ਉਨ੍ਹਾਂ ਨੂੰ ਮੌਤ ਨਹੀਂ ਆਉਂਦੀ, ਜਿਵੇਂ ਅਖੌਤ ਹੈ : “ਜੀਉਣਾ ਜੱਸ ਤੇ ਮਰਨਾ ਅਪਜੱਸ”। ਸ਼ਹੀਦਾਂ ਦੇ ਨਾਲ ਹੀ ਉਨ੍ਹਾਂ ਦੇ ਕਾਰਨਾਮੇ ਲਿਖਣ ਵਾਲੇ ਵੀ ਅਬਨਾਸ਼ੀ ਬੰਦੇ ਹੀ ਹੁੰਦੇ ਹਨ। ਕਵੀ ਸ਼ਾਹ ਮੁਹੰਮਦ ਉਨ੍ਹਾਂ ਅਬਨਾਸ਼ੀ ਬੰਦਿਆਂ ਵਿਚੋਂ ਇਕ ਹੈ ਜਿਸ ਨੇ ਪੰਜਾਬੀਆਂ ਦੀ ਬੀਰਤਾ ਨੂੰ ਬੜੀ ਸਫ਼ਲਤਾ ਨਾਲ ਚਿੜਿਆ ਤੇ ਭਾਵਪੂਰਤ ਸ਼ਬਦਾਂ ਵਿਚ ਗਾਵਿਆ ਹੈ ।”

-ਸ. ਸ਼ਮਸ਼ੇਰ ਸਿੰਘ ਅਸ਼ੋਕ, ‘ਪ੍ਰਾਚੀਨ ਜੰਗ-ਨਾਮੇ’, ਪੰਨਾ 234

“ਸ਼ਾਹ ਮੁਹੰਮਦ ਪੰਜਾਬ ਦਾ ਇਕ ਬੜੇ ਉੱਚੇ ਪਾਏ ਦਾ ਕਵੀ ਹੈ ਜਿਸ ਦੀ ‘ਅੰਗਰੇਜ਼ਾਂ ਤੇ ਸਿੰਘਾਂ ਦੀ ਲੜਾਈ’ ਨਾਮੀ ਪ੍ਰਸਿੱਧ ਤੇ ਦਿਲਖਿੱਚਵੀਂ ਰਚਨਾ ਨੇ ਇਸ ਨੂੰ ਅਮਰ ਕਰ ਦਿੱਤਾ ਹੈ । ਇਹ ਕਿੱਸਾ ਆਪ ਨੇ ਅੰਗਰੇਜ਼ਾਂ ਨਾਲ 1845- 46 ਦੀ ਲੜਾਈ ਤੋਂ ਬਾਅਦ ਅਤੇ 1848-49 ਦੇ ਮੁਲਤਾਨ ਵਿਦਰੋਹ ਅਤੇ ਚੇਲੀਆਂ ਵਾਲੇ ਤੇ ਗੁਜਰਾਤ ਦਿਆਂ ਜੰਗਾਂ ਤੋਂ ਪਹਿਲਾਂ ਲਿਖਿਆ ਹੈ । ਇਸ ਵਿਚ ਸਿੱਖ ਰਾਜ ਦੇ ਵੇਲੇ ਪੰਜਾਬ ਵਿਚ ਸੁਖਾਂ-ਭਰੀ ਜ਼ਿੰਦਗੀ, ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਦੇ ਆਪਸ ਵਿਚ ਪਿਆਰ ਭਰੇ ਸਲੂਕ, ਮਹਾਰਾਜਾ ਰਣਜੀਤ ਸਿੰਘ ਤੋਂ ਬਾਦ ਦੇ ਹਾਲਾਤ, ਅੰਗਰੇਜ਼ਾਂ ਵਲੋਂ ਲੜਾਈ ਦੀ ਛੇੜ, ਸਿੰਘਾਂ ਤੇ ਫਿਰੰਗੀਆਂ ਦੇ ਘੋਰ ਯੁੱਧ ਅਤੇ ਪੰਜਾਬ ਵਿਚ ਅੰਗਰੇਜ਼ਾਂ ਦੇ ਆਵਣ ਦੇ ਹਾਲਾਤ ਦਿੱਤੇ ਹੋਏ ਹਨ। ….ਪੰਜਾਬ ਵਿਚ ਸ਼ਾਹ ਮੁਹੰਮਦ ਦੇ ਬੈਂਤ ਇਤਨੇ ਹਰਮਨ-ਪਿਆਰੇ ਹਨ ਕਿ ਕੀ ਹਿੰਦੂ, ਕੀ ਮੁਸਲਮਾਨ ਅਤੇ ਕੀ ਸਿੱਖ, ਹਰ ਇਕ ਦੀ ਜ਼ਬਾਨ ਉੱਤੇ ਹਨ । ਸੱਚ ਤਾਂ ਇਹ ਹੈ ਕਿ ਸ਼ਾਹ ਮੁਹੰਮਦ ਨੂੰ ‘ਪੰਜਾਬ ਦਾ ਕੌਮੀ ਕਵੀ’ ਕਿਹਾ ਜਾ ਸਕਦਾ ਹੈ।”

-ਡਾ. ਗੰਡਾ ਸਿੰਘ, ‘ਪੰਜਾਬ ਦੀਆਂ ਵਾਰਾਂ’, ਪੰਨਾ 166

“ …ਯੁੱਧ ਦੀ ਸਥਿਤੀ ਨੂੰ ਵੇਰਵਿਆਂ ਦੀ ਬਾਰੀਕੀ ਨਾਲ ਚਿਤਰਣ, ਨਾਇਕ ਨੂੰ ਪਿੱਠ-ਭੂਮੀ ਵਿਚ ਰੱਖ ਕੇ ਉਸ ਦੀ ਸ਼ਖਸੀਅਤ ਨੂੰ ਉਭਾਰਨ, ਤਨਾਓ-ਮਈ ਸਥਿਤੀਆਂ ਨੂੰ ਉਪਜਾਉਣ, ਮਿਸ਼ਰਤ ਵਿਧਾ ਨੂੰ ਸਿਰਜਣ, ਲਟਕਾਓ ਦੀ ਵਰਤੋਂ ਕਰਨ, ਅਜਨਬੀਕ੍ਰਿਤ ਭਾਸ਼ਾ ਦੀ ਰਚਨਾ ਕਰਨ, ਬਿੰਬਾਤਮਕ ਸ਼ੈਲੀ ਦਾ ਉਪਯੋਗ ਕਰਨ, ਉਪਦੇਸ਼ ਤੇ ਚਿੱਤਰ ਨੂੰ ਨਾਲੋ-ਨਾਲ ਤੋਰਨ, ਵਿਅੰਗ ਤੇ ਕਟਾਖਸ਼ ਦਾ ਉਚਿਤ ਪ੍ਰਯੋਗ ਕਰਨ, ਪੰਜਾਬੀ ਸੱਭਿਆਚਾਰ ਦੇ ਮੌਲਿਕ ਤੇ ਨਿਵੇਕਲੇ ਮੁਹਾਵਰੇ ਨੂੰ ਵਰਤਣ ਅਤੇ ਪੰਜਾਬੀ ਜਨ-ਜੀਵਨ ਦੇ ਪੱਛਮੀ ਜੀਵਨ-ਜਾਚ ਨਾਲ ਅੰਤਰਕ੍ਰਿਆ ਵਿਚ ਆਉਣ ਪਿਛੋਂ ਉਸ ਵਿਚ ਸ਼ਾਮਲ ਹੋਈ ਨਵੀਨ ਭਾਸ਼ਾ ਦੀ ਪ੍ਰਸੰਗਿਕ ਵਰਤੋਂ ਕਰਨ ਆਦਿ ਕਾਰਣਾਂ ਸਦਕਾ ਸ਼ਾਹ ਮੁਹੰਮਦ ਦੀ ਇਹ ਰਚਨਾ ਮੱਧਕਾਲੀ ਬਿਰਤਾਂਤਕ ਕਾਵਿਧਾਰਾ ਦਾ ਐਸਾ ਮੁੱਲਵਾਨ ਸਰਮਾਇਆ ਹੈ, ਜਿਹੜਾ ਪੰਜਾਬੀ ਸੱਭਿਆਚਾਰ ਦੀ ਗੁਣਗੁਣਾਹਟ ਨੂੰ ਵੀ ਆਪਣੇ ਅੰਦਰ ਸਮੋਈ ਬੈਠਾ ਹੈ, ਸਾਡੇ ਬੁਨਿਆਦੀ ਜੀਵਨ-ਮੁੱਲਾਂ ਨੂੰ ਵੀ, ਇਤਿਹਾਸਕ ਤੱਥਾਂ ਨੂੰ ਵੀ ਅਤੇ ਪਰੰਪਰਾਗਤ ਤੇ ਨਵੀਨ ਕਾਵਿ-ਰੂੜੀਆਂ ਨੂੰ ਵੀ ।”

-ਡਾ. ਹਰਿਭਜਨ ਸਿੰਘ ਭਾਟੀਆ, ਲੇਖ-‘ਹਿੰਦ ਪੰਜਾਬ ਦਾ ਜੰਗ ਦੀ ਕਾਵਿਕਤਾ’, ‘ਸ਼ਾਹ ਮੁਹੰਮਦ : ਜੰਗ ਸਿੰਘਾਂ ਤੇ ਅੰਗਰੇਜ਼ਾਂ’ (ਡਾ. ਬਲਬੀਰ ਸਿੰਘ ਪੂਨੀ), ਪੰਨਾ 30-31

“…ਦੇਸ ਪਿਆਰ ਦੀ ਧੜਕਣ ਹਰ ਜੀਊਂਦੇ ਕਵੀ ਦੇ ਸੀਨੇ ਵਿਚੋਂ ਸੁਣੀ ਜਾ ਸਕਦੀ ਹੈ । ਦੇਸ਼ਭਗਤੀ ਦਾ ਅਸਲੀ ਸਰੂਪ ਉਦੋਂ ਪ੍ਰਗਟ ਹੁੰਦਾ ਹੈ ਜਦੋਂ ਕੋਈ ਸਾਹਿਤਕਾਰ ਆਪਣੇ ਦੇਸ਼ ਦੀ ਆਜ਼ਾਦੀ ਖੁੱਸ ਜਾਣ ‘ਤੇ ਆਜ਼ਾਦੀ ਸਮੇਂ ਦੀਆਂ ਗੱਲਾਂ ਨੂੰ ਯਾਦ ਕਰਕੇ ਉਨ੍ਹਾਂ ਦੀ ਸਿਫ਼ਤ ਕਰਦਾ ਹੈ ਅਤੇ ਖੁੱਸਣ ਦਾ ਅਫ਼ਸੋਸ ਪ੍ਰਗਟ ਕਰਦਾ ਹੈ । ਸ਼ਾਹ ਮੁਹੰਮਦ ਨੇ ਕੌਮੀ ਕਵੀ ਬਣਕੇ ਪੰਜਾਬੀ ਸੁਤੰਤਰਤਾ ਤੇ ਪੰਜਾਬੀ ਸੂਰਬੀਰਤਾ ਦਾ ਪੱਖ ਪੂਰਦਿਆਂ ਹੋਇਆਂ ਇਹ ਕਿੱਸਾ ਲਿਖਿਆ ਹੈ ।….ਸ਼ਾਹ ਮੁਹੰਮਦ ਨੂੰ ਪੰਜਾਬ ਉਪਰ ਅੰਗਰੇਜ਼ਾਂ ਦਾ ਕਬਜ਼ਾ ਠੀਕ ਨਹੀਂ ਲੱਗਦਾ । ਜਦੋਂ ਕਿ ਉਸ ਦੇ ਸਮਕਾਲੀ ਮਿਰਜ਼ਾ ਗ਼ਾਲਿਬ ਨੇ ਅੰਗਰੇਜ਼ਾਂ ਦੀ ਪਿੱਠ ਠੋਕੀ ਹੈ । ਸ਼ਾਹ ਮੁਹੰਮਦ ਪਹਿਲਾ ਦੇਸ਼ਭਗਤ ਕਵੀ ਹੈ ਜਿਸਨੇ ਪੰਜਾਬੀਆਂ ਦੇ ਰਾਜ ਦੇ ਖਾਤਮੇ ’ਤੇ ਹਾਅ ਦਾ ਨਾਅਰਾ ਮਾਰਿਆ। ਉਸ ਦਾ ਕਿੱਸਾ ਪੰਜਾਬੀ ਦੇਸ਼ਭਗਤ ਕਵਿਤਾ ਦਾ ਸਿਖਰ ਤੇ ਉਸ ਦਾ ਉਚਤਮ ਨਮੂਨਾ ਹੈ ।”

-ਡਾ. ਬਲਬੀਰ ਸਿੰਘ ਪੂਨੀ, ‘ਸ਼ਾਹ ਮੁਹੰਮਦ: ਜੰਗ ਸਿੰਘਾਂ ਤੇ ਅੰਗਰੇਜ਼ਾਂ’, ਪੰਨਾ 65-71

“ ….ਸ਼ਾਹ ਮੁਹੰਮਦ ਕ੍ਰਿਤ ਜੰਗਨਾਮਾ ਆਪਣੇ ਯੁਗ ਦੀ ਇਕ ਪ੍ਰਤੀਨਿਧ ਸਾਹਿਤਕ ਕ੍ਰਿਤੀ ਹੈ, ਜਿਸ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਪੰਜਾਬ ਦੇ ਦੁਖਾਂਤ ਨੂੰ ਬੜੀ ਭਾਵਨਾਮਈ ਸ਼ੈਲੀ ਵਿਚ ਪੇਸ਼ ਕਰਕੇ ਕਵੀ ਨੇ ਆਪਣੀ ਅੰਦਰਲੀ ਪੀੜ ਨੂੰ ਲੋਕਾਂ ਨਾਲ ਸਾਂਝਾ ਕੀਤਾ ਹੈ । ਇਸ ਵਿਚ ਸਿੱਖ ਫੌਜਾਂ ਦੀ ਬਹਾਦਰੀ ਦੇ ਨਾਲ-ਨਾਲ ਸਿੱਖ ਰਾਜ ਦੇ ਸਿਖਰਲੇ ਕਲਸ ਨੂੰ ਹੇਠਾਂ ਡਿੱਗਦਿਆਂ ਚਿਤਰਿਆ ਗਿਆ ਹੈ। ਕਵੀ ਦਾ ਬਿਆਨ ਇਤਨਾ ਜਾਦੂਮਈ ਹੈ ਕਿ ਇਸ ਦੀਆਂ ਪੰਕਤੀਆਂ ਇਕ ਵਾਰ ਪੜ੍ਹਿਆਂ ਹੀ ਯਾਦ ਹੋ ਜਾਂਦੀਆਂ ਹਨ ।

….ਸ਼ਾਹ ਮੁਹੰਮਦ ਦੇ ਕਈ ਹੋਰ ਸਮਕਾਲੀ ਕਵੀਆਂ ਨੇ ਵੀ ਸਿੱਖ ਰਾਜ ਦੀ ਅਧੋਗਤੀ ਸੰਬੰਧੀ ਆਪਣੀਆਂ ਰਚਨਾਵਾਂ ਲਿਖੀਆਂ ਹਨ, ਪਰ ਜੋ ਹੂਕ ਸ਼ਾਹ ਮੁਹੰਮਦ ਆਪਣੀ ਰਚਨਾ ਵਿਚ ਭਰ ਸਕਿਆ, ਉਹ ਹੋਰ ਕਿਸੇ ਦੇ ਹਿੱਸੇ ਨਹੀਂ ਆਈ। ਇਸਦਾ ਕਾਰਣ ਇਹ ਪ੍ਰਤੀਤ ਹੁੰਦਾ ਹੈ ਕਿ ਸ਼ਾਹ ਮੁਹੰਮਦ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਸੱਰਦਿਆਂ ਵੇਖਿਆ ਸੀ ਅਤੇ ਉਸ ਬਾਦਸ਼ਾਹੀ ਵਿਚ ਜੋ ਸਭ ਦੀ ਸਾਂਝੀਵਾਰਤਾ ਦਾ ਸੰਕਲਪ ਹਰ ਪਾਸੇ ਪਸਰਿਆ ਸੀ, ਉਸ ਨੂੰ ਕਵੀ ਨੇ ਭਰਪੂਰ ਰੂਪ ਵਿਚ ਮਾਣਿਆ ਸੀ ਅਤੇ ਅਨੁਭਵ ਕੀਤਾ ਸੀ । ਇਸ ਤੋਂ ਬਾਅਦ ਉਸ ਉੱਚੇ ਕਲਸਾਂ ਵਾਲੀ ਮਹਾਨ ਅਟਾਲਿਕਾ ਨੂੰ ਡਿੱਗਦਿਆਂ ਵੀ ਵੇਖਿਆ ਸੀ । ਸਿੱਟੇ ਵਜੋਂ ਉਸ ਦੇ ਅੰਦਰ ਇਕ ਪੀੜ, ਇਕ ਦਰਦ, ਇਕ ਸੰਤਾਪ ਵਿਆਪ ਗਿਆ, ਜਿਸ ਦੀ ਚੀਸ ਇਸ ਰਚਨਾ ਰਾਹੀਂ ਪ੍ਰਗਟ ਹੋ ਸਕੀ ਹੈ ।”

-ਡਾ. ਰਤਨ ਸਿੰਘ ਜੱਗੀ, ‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’, ਭੂਮਿਕਾ, ů ix, xiv.

“ਇਸ ਰਚਨਾ ਨੇ ਸ਼ਾਹ ਮੁਹੰਮਦ ਨੂੰ ਅਮਰ ਕਰ ਦਿੱਤਾ ਹੈ । ਰਚਨਾ ਵਿਚ ਦਿੱਤੀਆਂ ਘਟਨਾਵਾਂ ਸੱਚ ਦੇ ਬਹੁਤ ਨੇੜੇ ਹਨ। ਇਹ ਰਚਨਾ ਪੰਜਾਬੀ ਵਿਚ ਇਕ ਹਰਮਨ-ਪਿਆਰੀ ਰਚਨਾ ਹੈ ।”

-ਡਾ. ਸੁਰਿੰਦਰ ਸਿੰਘ ਕੋਹਲੀ, ‘ਪੰਜਾਬੀ ਸਾਹਿਤ ਦਾ ਇਤਿਹਾਸ’, ਪੰਨਾ 403

“ਸ਼ਾਹ ਮੁਹੰਮਦ ਨੇ ਸਿੰਘਾਂ ਤੇ ਅੰਗਰੇਜ਼ਾਂ ਦੀ ਲੜਾਈ, ਇਕ ਪੇਸ਼ਾਵਰ ਕਵੀ ਦੀ ਹੈਸੀਅਤ ਵਿਚ ਨਹੀਂ ਲਿਖੀ, ਬਲਕਿ ਨਿਰੋਲ ਹਮਦਰਦੀ ਦੇ ਅਧੀਨ ਲਿਖੀ ਹੈ। ਆਪ ਦੀ ਰਚਨਾ ਇਕ ਉੱਚ ਪਾਏ ਦੀ ਕਵਿਤਾ ਹੈ ਤੇ ਇਸੇ ਕਰਕੇ ਆਪ ਦਾ ਨਾਮ ਸਦਾ ਲਈ ਰੌਸ਼ਨ ਹੈ । ਇਸ ਕਵਿਤਾ ਦੇ ਵੱਡੇ ਗੁਣ ਹਨ-ਕਵੀ ਦੀ ਆਪਣੇ ਮਜ਼ਮੂਨ ਨਾਲ ਅਪਣੱਤ, ਇਸ ਵਿਚਲੀਆਂ ਘਟਨਾਵਾਂ ਨਾਲ ਨੇੜੇ ਦੀ ਦਿਲਚਸਪੀ, ਸਿੰਘਾਂ ਦੀ ਬਹਾਦਰੀ ਵੱਲ ਸ਼ਰਧਾ ਤੇ ਉਨ੍ਹਾਂ ਦੀ ਬੇਸਮਝੀ ਉਤੇ ਅਫ਼ਸੋਸ ਭਰਿਆ ਵਿਅੰਗ । ਕਵਿਤਾ ਬੋਲੀ, ਅਲੰਕਾਰ ਤੇ ਛੰਦ ਸੰਜਮ ਵੱਲੋਂ ਬਹੁਤ ਸਾਫ਼, ਸੁਲਝੀ ਤੇ ਸੰਵਾਰੀ ਹੋਈ ਹੈ ; ਭਾਵੇਂ ਕੋਈ ਕੋਈ ਸਤਰ ਵਧੇਰੇ ਕਰਕੇ ਕਿਤਾਬਤ ਦੇ ਨੁਕਸ ਦੇ ਕਾਰਨ- ਕਮਜ਼ੋਰ ਤੇ ਢਿੱਲੀ ਹੈ, ਪਰ ਆਮ ਕਰਕੇ ਬੈਂਤਾਂ ਦੀ ਚੁਸਤੀ ਤੇ ਰਵਾਨੀ ਸ਼ਲਾਘਾਯੋਗ ਹੈ । ਇਹ ਕਹਿ ਦੇਣਾ ਕਾਫ਼ੀ ਹੈ ਕਿ ਪੰਜਾਬੀ ਵਿਚ ਸਭ ਤੋਂ ਵਧੀਆ ਇਤਿਹਾਸਕ ਕਵਿਤਾ ਹੈ ਤੇ ਆਮ ਕਵਿਤਾ ਵਿਚ ਵੀ ਇਸ ਦਾ ਰੁਤਬਾ ਉੱਚਾ ਹੈ ।

….ਇਹ ਨਿਰਸੰਦੇਹ ਪੰਜਾਬ ਦੀ ਆਨ-ਸ਼ਾਨ, ਜ਼ਿੰਦਗੀ ਦੀ ਸੂਰਬੀਰਤਾ, ਇਕ ਦਰਦ ਭਰਿਆ ਗੀਤ ਹੈ, ਜਿਸ ਨੂੰ ਜਿਉਂ-ਜਿਉਂ ਪੰਜਾਬ ਵਧੇ ਫੁੱਲੇਗਾ, ਗਾਵੇਗਾ।” -ਪ੍ਰਿੰਸੀਪਲ ਸੰਤ ਸਿੰਘ ਸੇਖੋਂ, ‘ਪੰਜਾਬੀ ਸਾਹਿਤ ਦਾ ਇਤਿਹਾਸ’, ਪੰਨਾ 130-31

“ਸ਼ਾਹ ਮੁਹੰਮਦ ਦੀ ਰਚਨਾ ਦਾ ਵੱਡਾ ਕਮਾਲ ਉਸਦਾ ਤੱਤਕਾਲੀਨ ਪ੍ਰਸੰਗ ਦੇ ਵੈਰਾਟ ਸਮਾਚਾਰਾਂ ਵਿਚ ਪੂਰਨ ਤੌਰ ‘ਤੇ ਓਤ-ਪ੍ਰੋਤ ਹੋਣਾ ਹੈ । ਸ਼ਾਹ ਮੁਹੰਮਦ ਦੀ ਇਹ ਰਚਨਾ 4 ਚਰਣਾਂ ਵਾਲੇ ਬੈਂਤਾਂ ਦੇ ਕੁਲ 105 ਬੰਦਾਂ ਜਾਂ 420 ਪੰਕਤੀਆਂ ਤੱਕ ਸੀਮਤ ਹੈ । ਪਰ ਇਸ ਵਿਚਲਾ ਵੇਗ ਤੇ ਦੇਸ਼-ਪ੍ਰੇਮ ਦੀ ਭਾਵਨਾ ਨਾਲ ਭਿੱਜੀ ਹੋਈ ਹੂਕ ਏਨੀ ਤੀਬਰ ਤੇ ਧੂਹ-ਪਾਊ ਹੈ ਕਿ ਇਹ ਇਕ ਦਮ ਆਪਣੇ ਵੱਲ ਧਿਆਨ ਕੇਂਦਰਿਤ ਕਰਨ ਲਈ ਮਜਬੂਰ ਕਰ ਦੇਂਦੀ ਹੈ ।….ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਬਹੁਤ ਘੱਟ ਰਚਨਾਵਾਂ ਅਜਿਹੀਆਂ ਹਨ ਜੋ ਸ਼ਾਹ ਮੁਹੰਮਦ ਸਮਾਨ ਆਪਣੇ ਸਮੇਂ ਦੇ ਸੱਚ ਨੂੰ ਅਜਿਹੀ ਸੁਹਿਰਦਤਾ ਤੇ ਹਿਰਦੇ-ਵੇਧਕ ਹੂਕ ਨਾਲ ਪੇਸ਼ ਕਰਦੀਆਂ ਹੋਣ ਅਤੇ ਉਸ ਵਾਂਗ ਉੱਤਮ ਰਚਨਾਵਾਂ ਵੀ ਸਿੱਧ ਹੋਈਆਂ ਹੋਣ ।”

-ਪ੍ਰੋ: ਕਿਰਪਾਲ ਸਿੰਘ ਕਸੇਲ ਤੇ ਪ੍ਰੋ: ਪਰਮਿੰਦਰ ਸਿੰਘ, ‘ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ’, ਪੰਨਾ 270

“ਸ਼ਾਹ ਮੁਹੰਮਦ ਦਾ ਪਾਤਰ-ਚਿਣ ਦਾ ਢੰਗ ਬਹੁਤ ਸੁਨੱਖਾ ਤੇ ਸੰਖੇਪਤਾ- ਪੂਰਣ ਹੈ । ਉਸ ਨੂੰ ਰਾਜ ਦਰਬਾਰ ਦੇ ਸਾਰੇ ਮੁਸਾਹਿਬਾਂ ਬਾਰੇ ਪੂਰੀ ਵਾਕਫ਼ੀਅਤ ਹੈ ਤੇ ਜੇਕਰ ਉਹ ਆਪਣੇ ਕਿੱਸੇ ਦੇ ਪਿੜ ਨੂੰ ਵਿਸ਼ਾਲ ਕਰਕੇ ਬ੍ਰਿਤਾਂਤ ਨੂੰ ਵਧੇਰੇ ਵਿਸਥਾਰ ਦੇ ਸਕਦਾ ਤਾਂ ਉਹ ਇਕ ਮਹਾਂ-ਕਾਵਿ ਦੀ ਰਚਨਾ ਕਰਨ ਦੀ ਪੂਰੀ- ਪੂਰੀ ਸਮਰੱਥਾ ਰੱਖਦਾ ਸੀ ।”

-ਡਾ. ਸੁਰਿੰਦਰ ਸਿੰਘ ਨਰੂਲਾ, ‘ਪੰਜਾਬੀ ਸਾਹਿਤ ਦਾ ਇਤਿਹਾਸ’, ਪੰਨਾ 269

“ਇਹ ਇਕ ਇਤਿਹਾਸਕ ਕਾਵਿ ਹੋਣ ਦੀ ਹੈਸੀਅਤ ਵਿਚ ਪੰਜਾਬੀ ਸਾਹਿਤ ਅੰਦਰ ਇਕ ਖ਼ਾਸ ਮਹਾਨਤਾ ਰੱਖਦਾ ਹੈ ।….ਬੋਲੀ ਠੇਠ ਪੰਜਾਬੀ ਹੈ । ਤਸ਼ਬੀਹਾਂ ਸੋਹਣੀਆਂ ਵਰਤੀਆਂ ਹਨ :…ਇਹ ਪੰਜਾਬੀ ਦਾ ਪਹਿਲਾ ਕਾਵਿ ਹੈ ਜਿਸ ਨੇ ਪਹਿਲੀ ਵਾਰੀ ਅੰਗਰੇਜ਼ੀ ਦੇ ਸ਼ਬਦ ਕੰਪਨੀ, ਅਫ਼ਸਰ, ਕੌਂਸਲ ਆਦਿ ਆਪਣੀ ਕਵਿਤਾ ਵਿਚ ਵਰਤੇ ।”

-ਪ੍ਰਿੰਸੀਪਲ ਨਿਹਾਲ ਸਿੰਘ ਰਸ, ‘ਪੰਜਾਬੀ ਸਾਹਿਤ ਦਾ ਵਿਕਾਸ’, ਪੰਨਾ 188-194

“ਸ਼ਾਹ ਮੁਹੰਮਦ (1780-1862) ਜਿਸ ਨੇ “ਜੰਗਨਾਮਾ ਸਿੱਖਾਂ ਤੇ ਫ਼ਿਰੰਗੀਆਂ ਦਾ” ਵਰਗੀ ਬਹਾਦਰੀ ਦੀ ਕਵਿਤਾ ਲਿਖੀ । ਇਹ ਕਵਿਤਾ ਪਹਿਲੀ ਸਿੱਖਾਂ ਤੇ ਅੰਗਰੇਜ਼ਾਂ ਦੀ ਲੜਾਈ (1845-46) ਨੂੰ ਸਮਰਪਣ ਹੈ । ਆਪਣੀ ਕਵਿਤਾ ਵਿਚ ਕੌਮੀ ਜਜ਼ਬੇ ਦਾ ਬਹੁਤ ਤਿੱਖਾ ਪ੍ਰਗਟਾ ਕਰਦਾ ਹੈ । ਇਹ ਮਹਾਨ ਸਾਹਿਤਕ ਤੇ ਇਤਿਹਾਸਕ ਮਹੱਤਵ ਦੀ ਕਵਿਤਾ ਹੈ। ਸਭ ਤੋਂ ਪਹਿਲੀ ਗੱਲ, ਇਸ ਦਾ ਲੇਖਕ ਅੱਖੀਂ ਡਿਠੀਆਂ ਘਟਨਾਵਾਂ ਦਾ ਗਵਾਹ ਹੈ ਕਿਉਂਕਿ ਉਹ ਲਾਹੌਰ ਦੇ ਦਰਬਾਰੀਆਂ ਦੇ ਬਹੁਤ ਨੇੜੇ ਸੀ। ਦੂਜੇ ਇਹ ਪੰਜਾਬੀ ਲੋਕਾਂ ਦੇ ਸੰਘਰਸ਼ ਬਾਰੇ ਸਭ ਤੋਂ ਸਾਹਿਤਕ ਬ੍ਰਿਤਾਂਤ ਹੈ ਜਿਸ ਵਿਚ ਕਵੀ ਨੇ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਮਹੱਤਵਪੂਰਣ ਤੇ ਡੂੰਘੇ ਦੁਖਾਂਤ ਦੀ ਘਟਨਾ ਬਾਰੇ ਆਪਣੀ ਜ਼ੋਰਦਾਰ ਜ਼ਬਾਨ ਖੋਲ੍ਹੀ । ਸ਼ਾਹ ਮੁਹੰਮਦ ਕੋਈ ਘਟਨਾਵਾਂ ਦਾ ਰੋਜ਼ਨਾਮਚਾ ਲਿਖਣ ਵਾਲਾ ਨਹੀਂ, ਉਹ ਭਰੇ ਹੋਏ ਦਿਲ ਨਾਲ ਉਨ੍ਹਾਂ ਬਾਹਰਮੁਖੀ ਕਾਰਨਾਂ ਦਾ ਜੋ ਸਿੱਖਾਂ ਦੀ ਹਾਰ ਦਾ ਸਬਬ ਬਣੇ, ਤਿੱਖਾ ਬਿਆਨ ਕਰਦਾ ਹੈ । ਇਨ੍ਹਾਂ ਨੂੰ ਉਹ ਅੰਗਰੇਜ਼ਾਂ ਦੀ ਨੀਤੀ, ਸਿੱਖ ਸਰਦਾਰਾਂ ਦੀ ਗ਼ਦਾਰੀ (ਜਿਨ੍ਹਾਂ ਨੇ ਲੋਕਾਂ ਨੂੰ ਧੋਖਾ ਦਿੱਤਾ) ਸਮਝਦਾ ਹੈ । ਕਵੀ ਦੀ ਹਮਦਰਦੀ ਲੋਕਾਂ ਨਾਲ ਹੈ । ਉਹ ਬੜੇ ਮਾਣ ਨਾਲ ਆਪਣੇ ਆਪ ਨੂੰ ਪੰਜਾਬੀ ਕਹਿੰਦਾ ਹੈ ਅਤੇ ਬੜੇ ਜ਼ੋਰ ਨਾਲ ਬਿਆਨ ਕਰਦਾ ਹੈ ਕਿ ਸਾਰੇ ਪੰਜਾਬੀ ਲੋਕ ਇਕ ਮੁੱਠ ਹਨ ।….ਪਰੰਤੂ ਬਹਾਦਰਾਂ ਦੇ ਜੋਸ਼ੀਲੇ ਯਤਨ ਅਸਫ਼ਲ ਰਹੇ । ਕਵੀ ਜਿਸ ਸਿੱਟੇ ਤੇ ਪੁਜਿਆ ਹੈ, ਉਹ ਦੁਖਦਾਇਕ ਹੈ। ਸਿੱਖ ਸਰਦਾਰ ਆਪਣੀਆਂ ਫ਼ੌਜਾਂ ਨੂੰ ਠੀਕ ਤਰ੍ਹਾਂ ਨਾ ਸੰਭਾਲ ਸਕੇ ਤੇ ਨਾ ਹੀ ਲੋਕਾਂ ਵਿਚਲੇ ਦੇਸ਼-ਭਗਤੀ ਦੇ ਉਭਾਰ ਦਾ ਲਾਭ ਉਠਾ ਸਕੇ, ਲੋਕ ਜਿਹੜੇ ਸੁਤੰਤਰਤਾ ਦੀ ਰਾਖੀ ਲਈ ਉਠ ਖੜੋਤੇ ਸਨ।….ਸ਼ਾਹ ਮੁਹੰਮਦ ਦੀ ਕਵਿਤਾ ਵਾਸਤਵਿਕ ਘਟਨਾਵਾਂ ਦੀ ਸੱਚੀ ਤਸਵੀਰ ਹੈ।”

-ਆਈ ਸੇਰੇਬਰੀਆਕੋਵ (ਰੂਸੀ ਵਿਦਵਾਨ), ‘ਪੰਜਾਬੀ ਸਾਹਿਤ’-ਪੰਨਾ 86-88

“ਹਿੰਦ ਪੰਜਾਬ ਦੇ ਜੰਗ ਦੇ ਸਮਕਾਲੀ ਕਵੀ ਸ਼ਾਹ ਮੁਹੰਮਦ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸਿੱਖ ਰਾਜ ਦੇ ਦੁਖਾਂਤ ਨੂੰ ਇਤਿਹਾਸਕ ਕਾਵਿ ਦੇ ਰੂਪ ਵਿਚ ਉਲੀਕਿਆ ਹੈ । ਇਸਲਾਮੀ ਪਰੰਪਰਾ ਅਨੁਸਾਰ ਇਹ ਜੰਗਨਾਮਾ ਕਰੁਣਾ ਰਸ ਤੋਂ ਆਰੰਭ ਹੋ ਕੇ ਕਾਰਣ ਕਾਰਜ ਰੂਪ ਵਿਚ ਵੀਰ-ਰਸੀ ਘਟਨਾਵਾਂ ਦਾ ਉਲੇਖ ਕਰ ਕੇ ਕਰੁਣਾ ਰਸ ਵਿਚ ਹੀ ਸਮਾਪਤ ਹੋ ਜਾਂਦਾ ਹੈ । ਭਾਰਤੀ ਪਰੰਪਰਾ ਦੇ ਵਾਰ ਸਾਹਿਤ ਵਿਚ ਅਜੇਹੇ ਭਾਵਾਂ ਦਾ ਲਗਭਗ ਅਭਾਵ ਹੈ । ਪਰੰਤੂ ਜੰਗਨਾਮਾ ਸਾਹਿਤ ਵਿਚ ਇਸ ਨੂੰ ਵਿਸ਼ੇਸ਼ ਮਹੱਤਵ ਮਿਲਿਆ ਹੈ। ਪੰਜਾਬੀ ਵਾਰ ਸਾਹਿਤ ਵਿਚ ਨਾਇਕ ਦੀ ਜਿੱਤ ਪ੍ਰਧਾਨ ਰਹੀ ਹੈ। ਇਸੇ ਲਈ ਜਿੱਤੀ ਹੋਈ ਜਾਤੀ ਅੰਦਰ ਨਿਰਾਸ਼ਾ ਤੋਂ ਪੈਦਾ ਹੋਇਆ ਕਰੁਣਾ ਭਾਵ ਨਹੀਂ ਮਿਲਦਾ । ਪਰੰਤੂ ਇਸ ਜੰਗਨਾਮੇ ਵਿਚ ਪੰਜਾਬੀਆਂ ਦੀ ਹਾਰ ਹੁੰਦੀ ਹੈ । ਇਹ ਵੀਰ ਦੁਖਾਂਤ ਹੈ, ਇਕ ਤਰਾਸਦੀ ਹੈ, ਇਸ ਲਈ ਕਰੁਣਾ ਰਸ ਦਾ ਮੇਲ ਸੁਭਾਵਕ ਬਣ ਗਿਆ ਹੈ ।”

-ਡਾ. ਈਸ਼ਰ ਸਿੰਘ ਤਾਂਘ, ‘ਪੰਜਾਬੀ ਸਾਹਿਤ ਦਾ ਪੁਨਰ ਮੁਲਾਂਕਣ’, ਪੰਨਾ 128-29

“ਸ਼ਾਹ ਮੁਹੰਮਦ ਦੇ ਕਲਾਮ ਵਿਚ ਜ਼ੋਰ ਹੈ ਅਤੇ ਉਸਦਾ ਲਿਖਣ-ਢੰਗ ਵੀ ਨਿਰਾਲਾ ਹੈ । ਮੁਢਲੇ ਦੋ ਬੰਦਾਂ ਵਿਚ ਹੀ ਇਕ ਖ਼ਾਸ ਸਮਾਂ ਬੰਨ੍ਹ ਦਿੰਦਾ ਹੈ ।….ਸ਼ਾਹ ਮੁਹੰਮਦ ਵਿਚ ਇਕ ਇਤਿਹਾਸਕ ਕਵੀ, ਦੇਸ਼ ਭਗਤ, ਫ਼ਿਲਾਸਫਰ ਅਤੇ ਮਨੋਵਿਗਿਆਨਕ ਦੀਆਂ ਸਾਰੀਆਂ ਖੂਬੀਆਂ ਸਨ ਅਤੇ ਇਹ ਗੱਲ ਉਸਦੀ ਲੋਕ- ਪ੍ਰੀਯਤਾ ਦਾ ਕਾਰਣ ਹੈ ।”

-ਪ੍ਰਿੰਸੀਪਲ ਸੀਤਾ ਰਾਮ ਕੋਹਲੀ ਅਤੇ ਪ੍ਰੋ: ਸੇਵਾ ਸਿੰਘ, ‘ਵਾਰ ਸ਼ਾਹ ਮੁਹੰਮਦ’, ਪੰਨਾ 127-28

ਜੰਗਨਾਮੇ ਦਾ ਮੂਲ ਪਾਠ

ਨੋਟ:- ਇਹ ਗੱਲ ਧਿਆਨ ਗੋਚਰੇ ਰਹੇ ਕਿ ਸ਼ਾਹ ਮੁਹੰਮਦ ਵਲੋਂ ਸਵੈ-ਲਿਖਤ

ਕੋਈ ਵੀ ਪਾਠ ਉਪਲਬਧ ਨਹੀਂ ਹੈ, ਇਸ ਲਈ ਇਸਦਾ ਸਹੀ ਨਿਰਣਾ ਕਰਨਾ ਅਤੀ ਮੁਸ਼ਕਿਲ ਹੈ ਕਿ ਕਿਹੜਾ ਪਾਠ ਸਹੀ ਹੈ ਜਾਂ ਸਹੀ ਪਾਠ ਦੇ ਵਧੇਰੇ ਨਜ਼ਦੀਕ ਹੈ। ਕਿਆਸ ਕੀਤਾ ਜਾਂਦਾ ਹੈ ਕਿ ਇਹ ਰਚਨਾ ਮੂਲ ਰੂਪ ਵਿਚ ਉਰਦੂ ਵਿਚ ਲਿਖੀ ਗਈ ਹੋਵੇਗੀ ਅਤੇ ਪਹਿਲਾਂ-ਪਹਿਲ ਇਸਦੇ ਉਤਾਰੇ ਵੀ ਵਧੇਰੇ ਕਰਕੇ ਉਰਦੂ ਵਿਚ ਹੀ ਹੋਏ ਹੋਣਗੇ । ਗੁਰਮੁਖੀ ਲਿੱਪੀ ਵਿਚ ਇਸਦਾ ਉਤਾਰਾ ਕਾਫ਼ੀ ਸਾਲ ਬਾਅਦ ਵਿਚ ਹੋਇਆ ਹੋਵੇਗਾ। ਸੋ ਉਤਾਰਿਆਂ ਦੌਰਾਨ ਅਤੇ ਬਾਅਦ ਵਿਚ ਲਿੱਪੀਆਂਤਰ ਕਰਨ ਸਮੇਂ ਉਕਾਈਆਂ ਦੀ ਸੰਭਾਵਨਾ ਹੋ ਸਕਦੀ ਹੈ। ਇਹੋ ਕਾਰਨ ਹੈ ਕਿ ਕੋਈ ਵੀ ਇਕ ਪਾਠ, ਦੂਜੇ ਪਾਠ ਨਾਲ ਨਹੀਂ ਮਿਲਦਾ । ਲੇਕਿਨ ਪਾਠ-ਭੇਦ ਸ਼ਬਦਾਂ, ਸ਼ਬਦ-ਜੋੜਾਂ ਜਾਂ ਵਾਕਾਂਸ਼ਾਂ ਵਿਚ ਹੀ ਹਨ, ਇਤਿਹਾਸਕ ਤੱਥਾਂ ਵਿਚ ਕੋਈ ਅੰਤਰ ਨਹੀਂ ਆਇਆ। ਉਪਲਬਧ ਪਾਠਾਂ ਵਿਚੋਂ ਜੋ-ਜੋ ਪਾਠ ਛੰਦ-ਵਿਧਾਨ ਅਤੇ ਅਰਥ- ਦ੍ਰਿਸ਼ਟੀ ਤੋਂ ਵਧੇਰੇ ਸਹੀ ਜਾਪਿਆ ਹੈ, ਉਹ ਮੂਲ ਪਾਠ ਵਜੋਂ ਰੱਖ ਲਿਆ ਗਿਆ ਹੈ, ਜਦੋਂ ਕਿ ਪਾਠਾਂਤਰ ਭੇਦ ਵਾਲੇ ਸ਼ਬਦ ਇਟੈਲਿਕ ਵਿਚ ਦੇ ਕੇ ਬਾਕੀ ਪਾਠਾਂਤਰ ਟਿੱਪਣੀਆਂ ਦੇ ਰੂਪ ਵਿਚ ਦੇ ਦਿੱਤੇ ਗਏ ਹਨ । ਇਸ ਤੋਂ ਇਲਾਵਾ ਵਧੇਰੇ ਔਖੇ ਸ਼ਬਦਾਂ ਦੇ ਅਰਥ ਵੀ ਟਿੱਪਣੀਆਂ ਵਿਚ ਦਿੱਤੇ ਜਾ ਰਹੇ ਹਨ ।

ਲੇਖਕ

1.

ਅੱਵਲਾ ਹਮਦ ਜਨਾਬ ਅਲਾਹ ਦੀ ਨੂੰ,

ਜਿਹੜਾ ਕੁਦਰਤੀਂ ਖੇਲ ਬਣਾਂਵਦਾ ਈ ।

ਚੌਦਾਂ ਤਬਕਾਂ ਦਾ ਨਕਸ਼ੋ ਨਗਾਰ ਕਰ ਕੇ,

ਰੰਗ ਰੰਗ ਦੇ ਬਾਗ਼ ਲਗਾਂਵਦਾ ਈ ।

ਸਫ਼ਾਂ ਪਿਛਲੀਆਂ ਸਭ ਲਪੇਟ ਲੈਂਦਾ,

ਅਗੋਂ ਹੋਰ ਹੀ ਹੋਰ ਵਿਛਾਂਵਦਾ ਈ ।

ਸ਼ਾਹ ਮੁਹੰਮਦਾ ਓਸ ਤੋਂ ਸਦਾ ਡਰੀਏ,

ਬਾਦਸ਼ਾਹਾਂ ਤੋਂ ਭੀਖ ਮੰਗਾਂਵਦਾ ਈ ।

2.

ਏਥੇ ਆਇਆਂ ਨੂੰ ਦੁਨੀਆਂ ਮੋਹ ਲੈਂਦੀ,

ਦਗੇਬਾਜ਼ਾਂ ਦਾ ਧਾਰ ਕੇ ਭੇਸ ਮੀਆਂ ।

ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ,

ਸਦਾ ਨਹੀਂ ਜੇ ਬਾਲ ਵਰੇਸ ਮੀਆਂ ।

ਸਦਾ ਨਹੀਂ ਜੇ ਦੌਲਤਾਂ ਫੀਲ* ਘੋੜੇ,

ਸਦਾ ਨਹੀਂ ਜੇ ਰਾਜਿਆਂ ਦੇਸ ਮੀਆਂ ।

ਸ਼ਾਹ ਮੁਹੰਮਦਾ ਸਦਾ ਨਾ ਰੂਪ ਦੁਨੀਆਂ,

ਸਦਾ ਰਹਿਣ ਨਾ ਕਾਲੜੇ ਕੇਸ ਮੀਆਂ ।

3.

ਇਕ ਰੋਜ਼ ਵਡਾਲੇ“ ਦੇ ਵਿਚ ਬੈਠੇ,

ਚੱਲੀ ਆਣ ਫਿਰੰਗੀ ਦੀ ਬਾਤ ਆਈ ।

ਸਾਨੂੰ ਆਖਿਆ ਹੀਰੇ ਤੇ ਨੂਰ ਖਾਂ ਨੇ,

ਜਿਨ੍ਹਾਂ ਨਾਲ ਸਾਡੀ ਮੁਲਾਕਾਤ ਆਈ ।

ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,

ਸਿਰ ਦੋਹਾਂ ਦੇ ਉਤੇ ਆਫ਼ਾਤ ਆਈ ।

ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ,

ਕਦੀ ਨਹੀਂ ਸੀ ਤੀਸਰੀ ਜ਼ਾਤ ਆਈ ।

4.

ਇਹ ਜੱਗ ਸਰਾਇ ਮੁਸਾਫ਼ਰਾਂ ਦੀ,

ਏਥੇ ਜ਼ੋਰ ਵਾਲੇ ਕਈ ਆਇ ਗਏ ।

ਦਾਦ, ਨਮਰੂਦ ਫਿਰਊਨ ਜੇਹੇ,

ਦਾਵਾ ਬੰਨ੍ਹ ਖ਼ੁਦਾਇ ਕਹਾਇ ਗਏ ।

ਅਕਬਰ ਸ਼ਾਹ ਜੇਹੇ ਵਿਚ ਦਿੱਲੀ ਦੇ ਜੀ,

ਫੇਰੀ ਵਾਂਗ ਵਣਜਾਰਿਆਂ ਪਾਇ ਗਏ ।

ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ,

ਵਾਜੇ ਕੂੜਾ ਦੇ ਕਈ ਵਜਾਇ ਗਏ ।

5.

ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,

ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ ।

ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ,

ਜੰਮੂ, ਕਾਂਗੜਾ, ਕੋਟ ਨਿਵਾਇ ਗਿਆ।

ਹੋਰ ਦੇਸ਼ ਲੱਦਾਖ ਤੇ ਚੀਨ ਤੋੜੀਂ,

ਸਿੱਕਾ ਆਪਣੇ ਨਾਮ ਚਲਾਇ ਗਿਆ ।

ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,

ਅੱਛਾ ੫ ਰੱਜ ਕੇ ਰਾਜ ਕਮਾਇ ਗਿਆ।

6.

ਜਦੋਂ ਹੋਏ ਸਰਕਾਰ੧੬ ਦੇ ਸ੍ਵਾਸ ਪੂਰੇ,

ਜਮ੍ਹਾਂ ਹੋਏ ਨੀ ਸਭ ਸਰਦਾਰ ਮੀਆਂ ।

ਚੇਤ ਸਿੰਘ ਨੂੰ ਮਾਰਿਆ ਕੌਰ ਸਾਹਿਬ,

ਸ਼ੁਰੂ ਹੋਈ ਦਰਬਾਰ ਤਲਵਾਰ ਮੀਆਂ ।

ਖੜਕ ਸਿੰਘ ਮਹਾਰਾਜ ਨੇ ਢਾਹ ਮਾਰੀ,

ਮੋਇਆ ਮੁੱਢ ਕਦੀਮ ਦਾ ਯਾਰ ਮੀਆਂ ।

ਸ਼ਾਹ ਮੁਹੰਮਦਾ ਅਸਾਂ ਭੀ ਨਾਲ ਮਰਨਾ,

ਸਾਡਾ ਇਹੋ ਸੀ ਕੌਲ ਕਰਾਰ ਮੀਆਂ ।

7.

ਮੇਰੇ ਬੈਠਿਆਂ ਇਨ੍ਹਾਂ ਨੇ ਖ਼ੂਨ ਕੀਤਾ,

ਇਹ ਤਾਂ ਗ਼ਰਕ ਜਾਵੇ ਦਰਬਾਰ ਮੀਆਂ ।

ਪਿਛੇ ਸਾਡੇ ਭੀ ਕੌਰ ਨਾ ਰਾਜ ਕਰਸੀ,

ਐਸੀ ਮਾਰਾਂਗੇ ਏਸ ਨੂੰ ਮਾਰ ਮੀਆਂ ।

ਨਾਹੱਕ ਦਾ ਇਨ੍ਹਾਂ ਨੇ ਖ਼ੂਨ ਕੀਤਾ,

ਇਹ ਤਾਂ ਮਰਨਗੇ ਸਭ ਸਰਦਾਰ ਮੀਆਂ ।

ਸ਼ਾਹ ਮੁਹੰਮਦਾ ਹੋਈ ਹੁਣ ਮੌਤ ਸਸਤੀ,

ਖ਼ਾਲੀ ਨਹੀਂ ਜਾਣਾ ਇਕ ਵਾਰ ਮੀਆਂ ੧੯ ।

8.

ਖੜਕ ਸਿੰਘ ਮਹਾਰਾਜ ਹੋਇਆ ਬਹੁਤ ਮਾਂਦਾ,

ਬਰਸ ਇਕ ਪਿਛੋਂ ਵੱਸ ਕਾਲ ਹੋਇਆ ।

ਆਈ ਮੌਤ ਨਾ ਅਟਕਿਆ ਇਕ ਘੜੀ,

ਚੇਤ ਸਿੰਘ ਦੇ ਗ਼ਮ ਦੇ ਨਾਲ ਮੋਇਆ ।

ਕੌਰ ਸਾਹਿਬ ਮਹਾਰਾਜ ਦੀ ਗੱਲ ਸੁਣ ਕੇ,

ਜ਼ਰਾ ਦਰਦ ਦੇ ਨਾਲ ਨਾ ਮੂਲ ਰੋਇਆ ।

ਸ਼ਾਹ ਮੁਹੰਮਦਾ ਕਈਆਂ ਦੇ ਮਾਰਨੇ ਨੂੰ੧੨,

ਵਿਚ ਕੌਂਸਲੇ ਕੌਰ ਨੂੰ ਹੁਕਮ ੩ ਹੋਇਆ।

9.

ਖੜਕ ਸਿੰਘ ਮਹਾਰਾਜ ਨੂੰ ਚੁੱਕ ਲਿਆ,

ਉ ਦੇਖੋ ਸਾੜਨੇ ਨੂੰ ਹੁਣ ਲੈ ਚੱਲੇ ।

ਧਰਮ ਰਾਜ ਨੂੰ ਜਦੋਂ ਇਹ ਖ਼ਬਰ ਹੋਈ,

ਕੌਰ ਮਾਰਨੇ ਨੂੰ ਉਸ ਦੂਤ ਘੱਲੇ ।

ਮਾਰੋ ਮਾਰ ਕਰਦੇ ਦੂਤ ਆਣ ਵੜੇ,

ਜਦੋਂ ਮੌਤ ਦੇ ਹੋਏ ਨੀ ਆਣ ਹੱਲੇ ।

ਸ਼ਾਹ ਮੁਹੰਮਦਾ ਦੇਖ ਰਜ਼ਾਇ ਉਸ ਦੀ,

ਊਧਮ ਸਿੰਘ੨੫ ਤੇ ਕੌਰ ਦੇ ਸਾਸ ਚੱਲੇ ।

10.

ਇਕ ਦੂਤ ਨੇ ਦੇਖ ਕੇ ਫ਼ਿਕਰ ਕੀਤਾ,

ਪਲਕ ਵਿਚ ਦਰਵਾਜ਼ੇ ਦੇ ਆਇਆ ਈ ।

ਜਿਹੜਾ ਧੁਰ ਦਰਗਾਹ ਦਾ ਹੁਕਮ ਆਂਦਾ,

ਦੇਖੋ ਉਸ ਨੂੰ ਖੂਬ ਵਜਾਇਆ ਈ ।

ਅੰਦਰ ਤਰਫ਼ ਹਵੇਲੀ ਦੇ ਤੁਰੇ ਜਾਂਦੇ,

ਛੱਜਾ ਢਾਹ ਦੋਹਾਂ ਉਤੇ ਪਾਇਆ ਈ।

ਸ਼ਾਹ ਮੁਹੰਮਦਾ ਊਧਮ ਸਿੰਘ ਥਾਉਂ ਮੋਇਆ,

ਕੌਰ ਸਾਹਿਬ ਵੀ ਸਹਿਕਦਾ ਆਇਆ ਈ ।

11.

ਅੱਠ ਪਹਿਰ ਲੁਕਾਇ ਕੇ ਰਖਿਓ ਨੇ,

ਦੂਜੇ ਦਿਨ ਰਾਣੀ ਚੰਦ ਕੌਰ ਆਈ ।

ਖੜਕ ਸਿੰਘ ਦਾ ਮੂਲ ਦਰੇਗ਼ ਨਾਹੀਂ,

ਕੌਰ ਸਾਹਿਬ ਤਾਈਂ ਓਥੇ ਰੋਣ ਆਈ ।

ਹੁਣ ਮੋਇਆ੧੯ ਤੇ ਕਰੋ ਸਸਕਾਰ ਇਸ ਦਾ,

ਭਲਾ ਤੁਸਾਂ ਕਿਉਂ ਇਤਨੀ ਦੇਰ ਲਾਈ ।

ਸ਼ਾਹ ਮੁਹੰਮਦਾ ਰੋਂਦੀ ਏ ਚੰਦ ਕੌਰਾਂ,

ਜਿਸ ਦਾ ਮੋਇਆ ਪੁੱਤਰ ਸੋਹਣਾ ਸ਼ੇਰ ਸਾਈਂ ।

12.

ਸ਼ੇਰ ਸਿੰਘ” ਨੂੰ ਕਿਸੇ ਜਾ ਖ਼ਬਰ ਦਿੱਤੀ,

ਜਿਸ ਦਾ ਮੋਇਆ ਭਤੀਜਾ ਤੇ ਵੀਰ ਯਾਰੋ ।

ਉਸ ਨੇ ਤੁਰਤ ਵਟਾਲਿਉਂ ਕੂਚ ਕੀਤਾ,

ਰਾਤੀ ਆਂਵਦਾ ਘੱਤ ਵਹੀਰ ਯਾਰੋ ।

ਜਦੋਂ ਆਣ ਕੇ ਹੋਇਆ ਲਾਹੌਰ ਦਾਖ਼ਲ,

ਅਖੀਂ ਰੋਇ ਪਲੱਟਦਾ ਨੀਰ ਯਾਰੋ ।

ਸ਼ਾਹ ਮੁਹੰਮਦਾ ਲੋਕ ਦਿਲਬਰੀ ਕਰਦੇ,

ਚੰਦ ਕੌਰ ਹੋਈ ਦਿਲਗੀਰ ਯਾਰੋ ।

13.

ਦਿੱਤੇ ਸੰਤਰੀ ਚਾਰ ਖਲ੍ਹਾਰ ਚੋਰੀਂ,

ਸ਼ੇਰ ਸਿੰਘ ਅੱਜ ਅੰਦਰ ਆਵਣਾ ਜੇ ।

ਤੁਰਤ ਫੂਕ ਦਿਉ ਤੁਸੀਂ ਕਰਾਬੀਨਾਂ੩੪,

ਇਕ ਘੜੀ ਵਿਚ ਮਾਰ ਮੁਕਾਵਣਾ ਜੇ ।

ਸ਼ੇਰ ਸਿੰਘ ਨੂੰ ਰਾਜੇ™ ਨੇ ਖ਼ਬਰ ਦਿੱਤੀ,

ਅੰਦਰ ਅਜੇ ਹਜ਼ੂਰ ਨਹੀਂ ਆਵਣਾ ਜੇ ।

ਸ਼ਾਹ ਮੁਹੰਮਦਾ ਅਜੇ ਨਹੀਂ ਜ਼ੋਰ ਤੇਰਾ,

ਤੈਨੂੰ ਅਸਾਂ ਹੀ ਅੰਤ ਸਦਾਵਣਾ ਜੇ ।

14.

ਚੰਦ ਕੌਰ ਦੀ ਮੰਦੀ ਜੋ ਨਜ਼ਰ ਦੇਖੀ,

ਦਗ਼ੇਬਾਜ਼ੀਆਂ ਹੋਰ ਬਥੇਰੀਆਂ ਨੀ ।

ਉਸ ਨੇ ਤੁਰਤ ਲਾਹੌਰ ਥੀਂ ਕੂਚ ਕੀਤਾ,

ਬੈਠਾ ਜਾਇ ਕੇ ਵਿਚ ਮੁਕੇਰੀਆਂ ਨੀ ।

ਪਿਛੇ ਤਖ਼ਤ ਬੈਠੀ ਰਾਣੀ ਚੰਦ ਕੌਰਾਂ,

ਦੇਂਦੇ ਆਣ ਮੁਸਾਹਿਬ ਦਲੇਰੀਆਂ ਨੀ.।

ਸ਼ਾਹ ਮੁਹੰਮਦਾ ਕੌਰ ਨਾ ਜੰਮਣਾ ਏਂ,

ਕਿਲ੍ਹੇ ਕੋਟ ਤੇ ਰੱਯਤਾਂ ਤੇਰੀਆਂ ਨੀ ।

15.

ਰਾਜੇ-੫ ਲਸ਼ਕਰਾਂ ਵਿਚ ਸਲਾਹ ਕੀਤੀ,

ਸ਼ੇਰ ਸਿੰਘ ਨੂੰ ਕਿਵੇਂ ਸਦਾਈਏ ਜੀ ।

ਉਹ ਤਾਂ ਪੁੱਤ ਸਰਕਾਰ ਦਾ ਫ਼ਤਹਿ-ਜੰਗੀ,

ਗੱਦੀ ਉਸ ਨੂੰ ਚਾ ਬਹਾਈਏ ਜੀ ।

ਸਿੰਘਾਂ ਆਖਿਆ ਰਾਜਾ ਜੀ ਹੁਕਮ ਤੇਰਾ,

ਜਿਸ ਨੂੰ ਕਹੇਂ ਸੋ ਫ਼ਤਹਿ ਬੁਲਾਈਏ ਜੀ ।

ਸ਼ਾਹ ਮੁਹੰਮਦਾ ਗੱਲ ਜੋ ਮੂੰਹੋਂ ਕਢੇਂ,

ਏਸੇ ਵਖਤ ਹੀ ਚਾ ਪੁਗਾਈਏ ੬ ਜੀ ।

16.

ਬਾਈ ਦਿਨਾਂ ਦੀ ਰਾਜੇ ਨੇ ਲਈ ਰੁਖ਼ਸਤ,

ਜੋ ਤੁਰਤ ਜੰਮੂ ਨੂੰ ਹੋਏ ਨੀ ਕੂਚ ਡੇਰੇ ।

ਸ਼ੇਰ ਸਿੰਘ ਤਾਈਂ ਲਿਖ ਘੱਲੀ ਚਿੱਠੀ੩੭,

ਮੈਂ ਤਾਂ ਰਫੂ ਕਰ ਛੱਡੇ ਨੀ ਕੰਮ ਤੇਰੇ ।

ਧੌਂਸਾ ਮਾਰ ਕੇ ਪਹੁੰਚ ਲਾਹੌਰ ਜਲਦੀ,

ਅਗੋਂ ਆਏ ਮਿਲਸਣ ਤੈਨੂੰ ਸਭ ਡੇਰੇ ।

ਸ਼ਾਹ ਮੁਹੰਮਦਾ ਮਿਲਣਗੇ ਫੇਰ ਅਫ਼ਸਰ,

ਜਿਸ ਵੇਲੜੇ ਸ਼ਹਿਰ ਦੇ ਗਿਓਂ ਨੇੜੇ ।

17.

ਸ਼ੇਰ ਸਿੰਘ ਨੇ ਰਾਜੇ ਦਾ ਖ਼ਤ ਪੜ੍ਹ ਕੇ,

ਫ਼ੌਜਾਂ ਤੁਰਤ ਲਾਹੌਰ ਨੂੰ ਘੱਲੀਆਂ ਨੀ ।

ਘੋੜੇ ਹਿਣਕਦੇ ਤੇ ਮਾਰੂ੩੮ ਵੱਜਦੇ ਨੀ,

ਧੂੜਾਂ ਉਡ ਕੇ ਘਟਾਂ ਹੋ ਚੱਲੀਆਂ ਨੀ ।

ਆਵੇ ਬੁਧੂ ਦੇ ਲਾਏ ਨੀ ਪਾਸ ਡੇਰੇ,

ਫ਼ੌਜਾਂ ਲੱਥੀਆਂ ਆਣ ਇਕੱਲੀਆਂ ਨੀ ।

ਸ਼ਾਹ ਮੁਹੰਮਦਾ ਆਣ ਜਾਂ ਮਿਲੇ ਅਫ਼ਸਰ੯,

ਗੱਲਾਂ ਵਿਚ ਲਾਹੌਰ ਦੇ ਚੱਲੀਆਂ ਨੀ ।

18.

ਸ਼ੇਰ ਸਿੰਘ ਤਾਂ ਬੁਧੂ ਦੇ ਆਵਿਓਂ ਜੀ,

ਕਰ ਤੁਰਮ॰ ਲਾਹੌਰ ਵਲ ਧਾਇਆ ਈ ।

ਫ਼ਤੇ ਪਲਟਨਾਂ ਨੇ ਅੱਗੋਂ ਬਾਤ ਕੀਤੀ*੧,

ਸ਼ੇਰ ਸਿੰਘ ਨੂੰ ਤੁਰਤ ਲੰਘਾਇਆ ਈ ।

ਉਸ ਬਲੀ ਸ਼ਹਿਜ਼ਾਦੇ ਦਾ ਤੇਜ ਭਾਰੀ,

ਜਿਸ ਕਿਲ੍ਹੇ ਨੂੰ ਮੋਰਚਾ ਲਾਇਆ ਈ ।

ਸ਼ਾਹ ਮੁਹੰਮਦਾ ਹਾਰ ਕੇ ਵਿਚਲਿਆਂ ਨੇ,

ਸ਼ੇਰ ਸਿੰਘ ਨੂੰ ਗੱਦੀ ਬਹਾਇਆ ਈ ।

19.

ਸ਼ੇਰ ਸਿੰਘ ਗੱਦੀ ਉਤੇ ਬੈਠ ਕੇ ਜੀ੩,

ਰਾਣੀ ਕੈਦ ਕਰ ਕੇ ਕਿਲ੍ਹੇ ਵਿਚ ਪਾਈ ।

ਘਰ ਬੈਠਿਆਂ ਰੱਬ ਨੇ ਰਾਜ ਦਿੱਤਾ,

ਦੇਖੋ ਮੱਲ ਬੈਠਾ ਸਾਰੀ ਪਾਤਸ਼ਾਹੀ ।

ਬਰਸ ਹੋਇਆ ਜਾਂ ਉਸ ਨੂੰ ਕੈਦ ਅੰਦਰ,

ਰਾਣੀ ਦਿਲ ਦੇ ਵਿਚ ਜੋ ਜਿੱਚ “ ਆਹੀ ।

ਸ਼ਾਹ ਮੁਹੰਮਦਾ ਮਾਰ ਕੇ ਚੰਦ ਕੌਰਾਂ,

ਸ਼ੇਰ ਸਿੰਘ ਨੇ ਗਲੋਂ ਬਲਾ ਲਾਹੀ ।

20.

ਸ਼ੇਰ ਸਿੰਘ ਨੂੰ ਰੱਬ ਨੇ ਰਾਜ ਦਿੱਤਾ,

ਲਿਆ ਖੋਹ ਲਾਹੌਰ ਜੋ ਰਾਣੀਆਂ ਥੀਂ ।

ਸੰਧਾਵਾਲੀਆਂ ਦੇ ਦੇਸੋਂ ਪੈਰ ਖਿਸਕੇ ੬,

ਜਾ ਕੇ ਪੂਛ ਲੈ ਰਾਹ ਪਧਾਣੀਆਂ ਥੀਂ ।

ਮੁੜ ਕੇ ਫੇਰ ਅਜੀਤ ਸਿੰਘ ਲਈ ਬਾਜ਼ੀ,

ਪੈਦਾ ਹੋਇਆ ਸੀ ਅਸਲ ਸਵਾਣੀਆਂ ਥੀਂ ।

ਸ਼ਾਹ ਮੁਹੰਮਦ ਜੰਮਿਆ ਅਲੀ ਅਕਬਰ,

ਆਂਦਾ ਬਾਪ ਨੂੰ ਕਾਲਿਆਂ ਪਾਣੀਆਂ ਥੀਂ ।

21.

ਜਿਨ੍ਹਾਂ ਗੋਲੀਆਂ ਨੇ ਮਾਰੀ ਚੰਦ ਕੌਰਾਂ,

ਉਨ੍ਹਾਂ ਤਾਈਂ ਹਜ਼ੂਰ ਚਾ ਸੱਦਿਆ੭ ਈ ।

ਰਾਜੇ ਸਿੰਘਾਂ ਦਾ ਗਿਲਾ ਮਿਟਾਵਣੇ ਨੂੰ,

ਨੱਕ ਕੰਨ ਚਾ ਉਨ੍ਹਾਂ ਦਾ ਵੱਢਿਆ੮ ਈ ।

ਰਾਜੇ ਸਿੰਘਾਂ ਨੂੰ ਅੰਦਰੋਂ ਹੁਕਮ ਕੀਤਾ੪੯,

ਉਹਨਾਂ ਅੰਦਰੋਂ ਬਾਹਰ ਚਾ ਕੱਢਿਆ੫੦ ਈ ।

ਸ਼ਾਹ ਮੁਹੰਮਦਾ ਲਾਹ ਕੇ ਸਭ ਜ਼ੇਵਰ,

ਕਾਲਾ ਮੂੰਹ ਕਰ ਕੇ ਫੇਰ ਛੱਡਿਆ ਈ ।

22.

ਬਰਸ ਹੋਇਆ ਤਾਂ੫੨ ਹਾਜ਼ਰੀ ਲੈਣ ਬਦਲੇ,

ਡੇਰਾ ਸ਼ਾਹ ਬਿਲਾਵਲ੫੩ ਲਗਾਂਵਦਾ ਈ ।

ਅਜੀਤ ਸਿੰਘ ਗੁੱਝੀ ਕਰਾਬੀਨ ਲੈ ਕੇ,

ਸ਼ੇਰ ਸਿੰਘ ਨੂੰ ਆਣ ਵਿਖਾਂਵਦਾ ਈ ।

ਸਿੱਧੀ ਜਦੋਂ ਸ਼ਾਹਜ਼ਾਦੇ ਨੇ ਨਜ਼ਰ ਕੀਤੀ,

ਜਲਦੀ ਨਾਲ ਚਾ ਕਲਾ ਦਬਾਂਵਦਾ ਈ ।

ਸ਼ਾਹ ਮੁਹੰਮਦਾ ਜ਼ਿਮੀਂ ਤੇ ਪਿਆ ਤੜਫ਼ੇ,

ਤੇਗ਼ ਮਾਰ ਕੇ ਸੀਸ ਉਡਾਂਵਦਾ ਈ੫੪ |

23.

ਲਹਿਣਾ ਸਿੰਘ ਜੋ ਬਾਗ਼ ਦੀ ਤਰਫ਼ ਆਇਆ,

ਅੱਗੇ ਕੌਰ ਜੋ ਹੋਮ ਕਰਾਂਵਦਾ ਈ ।

ਲਹਿਣਾ ਸਿੰਘ ਦੀ ਮੰਦੀ ਜੋ ਨਜ਼ਰ ਦੇਖੀ,

ਅੱਗੋਂ ਰੱਬ ਦਾ ਵਾਸਤਾ ਪਾਂਵਦਾ ਈ ।

ਮੈਂ ਤਾਂ ਕਰਾਂਗਾ ਬਾਬਾ ਜੀ ਟਹਿਲ ਤੇਰੀ,

ਹੱਥ ਜੋੜ ਕੇ ਸੀਸ ਨਿਵਾਂਵਦਾ ਈ ।

ਸ਼ਾਹ ਮੁਹੰਮਦਾ ਓਸ ਨਾ ਇਕ ਮੰਨੀ,

ਤੇਗ਼ ਮਾਰ ਕੇ ਸੀਸ ਉਡਾਂਵਦਾ ਈ ।

24.

ਸ਼ੇਰ ਸਿੰਘ, ਪਰਤਾਪ ਸਿੰਘ ਮਾਰ ਕੇ ਜੀ,

ਸੰਧਾਵਾਲੀਏ ਸ਼ਹਿਰ ਨੂੰ ਉਠ ਧਾਏ ।

ਰਾਜਾ੫੬ ਮਿਲਿਆ ਤਾਂ ਕਿਹਾ ਅਜੀਤ ਸਿੰਘ ਨੇ,

ਸ਼ੇਰ ਸਿੰਘ ਨੂੰ ਮਾਰ ਕੇ ਅਸੀਂ ਆਏ ।

ਗੱਲੀਂ ਲਾਇ ਕੇ ਕਿਲ੍ਹੇ ਦੇ ਵਿਚ ਆਂਦਾ,

ਕੈਸੇ ਅਕਲ ਦੇ ਉਨ੍ਹਾਂ ਨੇ ਪੇਚ ਪਾਏ ।

ਜਿਨ੍ਹਾਂ ਮਾਰੀ ਸੀ ਰਾਣੀ ਚੰਦ ਕੌਰਾਂ,

ਸ਼ਾਹ ਮੁਹੰਮਦਾ ਉਨ੍ਹਾਂ ਦੇ ਸੀਸ ਲਾਹੇ ।

25.

ਗੁਰਮੁਖ ਸਿੰਘ ਗਿਆਨੀ ਨੇ ਮੱਤ ਦਿੱਤੀ,

ਤੁਸਾਂ ਇਹ ਕਿਉਂ ਜੀਉਂਦਾ ਛੱਡਿਆ ਜੇ ।

ਮਗਰੋਂ ਮਿਹਰ ਘਸੀਟਾ ਤਾਂ ਬੋਲਿਆ ਈ,

ਇਹ ਸੁਖਨ ਸਲਾਹ ਦਾ ਕੱਢਿਆ ਜੇ।

ਇਕ ਅੜਦਲੀ ਨੇ ਕਰਾਬੀਨ ਮਾਰੀ,

ਰੱਸਾ ਆਸ ਉਮੈਦ ਦਾ ਵੱਢਿਆ ਜੇ ।

ਸ਼ਾਹ ਮੁਹੰਮਦਾ ਜ਼ਿਮੀਂ ਤੇ ਪਿਆ ਤੜਫ਼ੇ,

ਦਲੀਪ ਸਿੰਘ੫੮ ਤਾਈਂ ਫੇਰ ਸੱਦਿਆ ਜੇ ।

26.

ਪਹਿਲਾਂ ਰਾਜੇ ਦੇ ਖ਼ੂਨ ਦਾ ਲਾਇ ਟਿੱਕਾ,

ਪਿਛੋਂ ਦਿੱਤੀਆਂ ਚਾਰ੫੯ ਪ੍ਰਦੱਖਣਾ੬੦ ਈ ।

ਤੇਰੇ ਵਾਸਤੇ ਹੋਏ ਨੇ ਸਭ ਕਾਰੇ,

ਅਗੇ ਸਾਹਿਬ ਸੱਚੇ ਤੈਨੂੰ ਰੱਖਣਾ ਈ ।

ਸਾਨੂੰ ਘੜੀ ਦੀ ਕੁਝ ਉਮੈਦ ਨਾਹੀਂ,

ਅਜ ਰਾਤ ਪ੍ਰਸ਼ਾਦ ਕਿਨ ਚੱਖਣਾ ਈ ।

ਤੇਰੇ ਵੱਲ ਜੋ ਕਰੇਗਾ ਨਜ਼ਰ ਮੰਦੀ,

ਸ਼ਾਹ ਮੁਹੰਮਦਾ ਕਰਾਂਗੇ ਸੱਖਣਾ ਈ ।

27.

ਹੀਰਾ ਸਿੰਘ੬੨ ਨੂੰ ਰਾਜੇ ਦੀ ਖ਼ਬਰ ਹੋਈ,

ਸੂਬੇਦਾਰਾਂ ਨੂੰ ਸੱਦ ਕੇ ਤੁਰਤ ਚੜ੍ਹਿਆ ।

ਧੌਂਸਾ ਮਾਰ ਕੇ ਫੌਜ ਲੈ ਨਾਲ ਸਾਰੀ ੩,

ਗੁੱਸੇ ਨਾਲ ਉਹ ਸ਼ਹਿਰ ਦੇ ਵਿਚ ਵੜਿਆ ।

ਰਾਜਪੂਤ ਸੀ ਡੋਗਰਾ ਬਹੁਤ ਚੰਗਾ,

ਸੰਧਾਵਾਲੀਆਂ ਦੇ ਨਾਲ ਖੂਬ ਲੜਿਆ ।

ਸ਼ਾਹ ਮੁਹੰਮਦਾ ਅਜੀਤ ਸਿੰਘ ਮੋਇਆ ਲੱਧਾ੬੪,

ਲਹਿਣਾ ਸਿੰਘ ਜੋ ਜੀਂਵਦਾ ਆਣ ਫੜਿਆ ।

28

ਦੋਹਾਂ ਧਿਰਾਂ ਤੋਂ ਬਹੁਤ ਸੂਰਮੱਤ ੬੫ ਹੋਈ,

ਸੀ ਖੰਡਾ ਵਿਚ ਮੈਦਾਨ ਵਜਾਇ ਗਏ ।

ਸ਼ੇਰ ਸਿੰਘ ਨਾ ਕਿਸੇ ਨੂੰ ਵਧਣ ਦੇਂਦਾ,

ਸਾਰੇ ਮੁਲਖ ਥੀਂ ਕਲਾ ਮਿਟਾਇ ਗਏ ।

ਰਾਜਾ ਕਰਦਾ ਸੀ ਮੁਲਖ ਦੀ ਪਾਤਸ਼ਾਹੀ,

ਪਿਛੇ ਰਯਤਾਂ ਨੂੰ ਵਖਤ ਪਾਇ ਗਏ ।

ਸ਼ਾਹ ਮੁਹੰਮਦਾ ਮਾਰ ਕੇ ਮੋਏ ਦੋਵੇਂ,

ਚੰਗੇ ਸੂਰਮੇ ਹੱਥ ਵਿਖਾਏ ਗਏ ।

29.

ਦੁੱਲੇ ਭੱਟੀ ਨੂੰ ਗਾਂਵਦਾ ਜੱਗ ਸਾਰਾ,

ਜੈਮਲ ਫੱਤੇ ਦੀਆਂ ਵਾਰਾਂ ਸਾਰੀਆਂ ਨੀ ।

ਮੀਰ ਦਾਦ ਚੁਹਾਨ ਦੇ ਸਤਰ ਅੰਦਰ,

ਮੋਈਆਂ ਰਾਣੀਆਂ ਮਾਰ ੬੬ ਕਟਾਰੀਆਂ ਨੀ ।

ਸੰਧਾਵਾਲੀਆਂ ਜੇਹੀ ਨਾ ਕਿਸੇ ਕੀਤੀ,

ਤੇਗ਼ਾਂ ਵਿਚ ਦਰਬਾਰ ਦੇ ਮਾਰੀਆਂ ਨੀ ।

ਸ਼ਾਹ ਮੁਹੰਮਦਾ ਮੋਏ ਨੀ ਬੀਰ ਹੋ ਕੇ੬੭,

ਜਾਨਾਂ ਕੀਤੀਆਂ ਨਹੀਂ ਪਿਆਰੀਆਂ ਨੀ ।

30.

ਪਿਛੋਂ ਆ ਕੇ ਸਭਨਾਂ ਨੂੰ ਫ਼ਿਕਰ ਹੋਇਆ,

ਸੋਚੀਂ ਪਏ ਨੀ ਸਭ ਸਰਦਾਰ ਮੀਆਂ ।

‘ ਅੱਗੇ ਰਾਜ ਆਇਆ ਹੱਥ ਬੁਰਛਿਆਂ ਦੇ,

ਪਈ ਖੜਕਦੀ ਨਿਤ ਤਲਵਾਰ ਮੀਆਂ ।

ਗੱਦੀ ਵਾਲਿਆਂ ਨੂੰ ਜਿਹੜੇ ਮਾਰ ਲੈਂਦੇ੬੯,

ਹੋਰ ਕਹੋ ਕਿਸ ਦੇ ਪਾਣੀਹਾਰ ਮੀਆਂ ।

ਸ਼ਾਹ ਮੁਹੰਮਦਾ ਧੁਰੋਂ ਤਲਵਾਰ ਵਗਦੀ॰,

ਖ਼ਾਲੀ ਨਹੀਂ ਜਾਣਾ ਕੋਈ ਵਾਰ ਮੀਆਂ ।

31.

ਲਹਿਣਾ ਸਿੰਘ ਸਰਦਾਰ ਮਜੀਠੀਆ ਸੀ,

ਵੱਡਾ ਅਕਲ ਦਾ ਕੋਟ ਕਮਾਲ ਮੀਆਂ ।

ਮਹਾਂ-ਬਲੀ ਸਰਦਾਰ ਸੀ ਪੰਥ ਵਿਚੋਂ,

ਡਿੱਠੀ ਬਣੀ ਕੁਚੱਲਣੀ ਚਾਲ ਮੀਆਂ ।

ਰੋ ਦਿਲ ਆਪਣੇ ਬੈਠ ਵਿਚਾਰ ਕਰਦਾ,

ਏਥੇ ਕਈਆਂ ਦੇ ਹੋਣਗੇ ਕਾਲ ਮੀਆਂ ।

ਸ਼ਾਹ ਮੁਹੰਮਦਾ ਤੁਰ ਗਿਆ ਤੀਰਥਾਂ ਨੂੰ,

ਸੱਭੋ ਛੱਡ ਕੇ ਦੰਗ-ਦਵਾਲ ਮੀਆਂ ।

32.

ਦਲੀਪ ਸਿੰਘ ਗੱਦੀ ਉਤੇ ਰਹੇ ਬੈਠਾ,

ਹੀਰਾ ਸਿੰਘ ਜੋ ਰਾਜ ਕਮਾਂਵਦਾ ਈ ।

ਜੱਲ੍ਹਾ ਉਸ ਦਾ ਖਾਸ ਵਜ਼ੀਰ ਹੈ ਸੀ,

ਖ਼ਾਤਰ ਤਲੇ ਨਾ ਕਿਸੇ ਨੂੰ ਲਿਆਂਵਦਾ ਈ ।

ਅੰਦਰ ਬਾਹਰ ਸਰਕਾਰ ਨੂੰ ਪਿਆ ਘੂਰੇ,

ਕਹੇ ਕੁਝ ਤੇ ਕੁਝ ਕਮਾਂਵਦਾ ਈ ।

ਸ਼ਾਹ ਮੁਹੰਮਦਾ ਪੰਥ ਨੂੰ ਦੁਖ ਦੇਂਦਾ,

ਹੀਰਾ ਸਿੰਘ ਦਾ ਨਾਸ ਕਰਾਂਵਦਾ ਈ ।

33.

ਸਿੰਘਾਂ ਲਿਖਿਆ ਖਤ ਸੁਚੇਤ ਸਿੰਘ ਨੂੰ,

ਬੁਰਾ ਕਰਨ ਹਾਰਾ ਜੱਲ੍ਹਾ ਠੀਕ ਦਾ ਈ ।

ਜਲਦੀ ਪਹੁੰਚ ਵਜ਼ੀਰ ਬਣਾ ਲਈਏ,

ਤੈਨੂੰ ਖ਼ਾਲਸਾ ਪਿਆ ਉਡੀਕਦਾ ਈ ।

ਅਕਸਰ ਰਾਜ ਪਿਆਰੇ ਨੀ ਰਾਜਿਆਂ ਨੂੰ,

ਹੀਰਾ ਸਿੰਘ ਤਾਂ ਪੁੱਤ ਸ਼ਰੀਕ ਦਾ ਈ ।

ਸ਼ਾਹ ਮੁਹੰਮਦਾ ਜੱਲ੍ਹੇ ਦਾ ਨੱਕ ਵਢੋ,

ਭੱਜ ਜਾਏਗਾ ਮਾਰਿਆ ਲੀਕ ਦਾ ਈ ।

34.

ਜਿਸ ਵੇਲੜੇ ਰਾਜੇ ਨੇ ਖ਼ਤ ਪੜ੍ਹਿਆ,

ਜਾਮੇ ਵਿਚ ਨਾ ਮੂਲ ਸਮਾਂਵਦਾ ਈ ।

ਵੱਗਾ-ਤੱਗ” ਲਾਹੌਰ ਨੂੰ ਅਸਾਂ ਜਾਣਾ,

ਡੇਰੇ ਕਾਠੀਆਂ ਚਾ ਪਵਾਂਵਦਾ ਈ੬ ।

ਮੰਜੀ ਕਾਕੜੀ ਫੌਜ ਉਤਾਰ ਕੇ ਜੀ”,

ਬਾਈ ਆਦਮੀ ਨਾਲ ਲੈ ਆਂਵਦਾ ਈ ।

ਸ਼ਾਹ ਮੁਹੰਮਦਾ ਆਣ ਲਾਹੌਰ ਪਹੁੰਚਾ,

ਮੀਆਂ ਮੀਰ ਡੇਰਾ ਆਣ ਲਗਾਂਵਦਾ ਈ ।

35.

ਹੀਰਾ ਸਿੰਘ ਨੂੰ ਰਾਜੇ ਦੀ ਖ਼ਬਰ ਹੋਈ,

ਤੁਰਤ ਪੜਤਲਾਂ ਸਭ ਲਪੇਟੀਆਂ ਨੀ ।

ਸਿੰਘਾਂ ਆਖਿਆ ਰਾਜਾ ਜੀ ਜਾਓ ਮੁੜ ਕੇ,

ਫੌਜਾਂ ਰਹਿੰਦੀਆਂ ਨਹੀਂ ਸਮੇਟੀਆਂ ਨੀ ।

ਸਿੰਘੋ ! ਜੀਂਵਦਾ ਜਾਣ ਮੁਹਾਲ ਜੰਮੂ,

ਤਾਨ੍ਹੇ ਦੇਣ ਰਾਜਪੂਤਾਂ ਦੀਆਂ ਬੇਟੀਆਂ ਨੀ ।

ਸ਼ਾਹ ਮੁਹੰਮਦਾ ਆਇਆ ਵਜ਼ੀਰੀ ਲੈ ਕੇ,

ਆਖਣ ਸਭ ਪਹਾੜ ਡੁਮੇਟੀਆਂ ਨੀ ।

36.

ਤੋਪਾਂ ਜੋੜ ਕੇ ਪਲਟਨਾਂ ਨਾਲ ਲੈ ਕੇ,

ਚਾਚੇ ਸੱਕੇ ਉਤੇ ਹੀਰਾ ਸਿੰਘ ਚੜ੍ਹਦਾ ।

ਜਦੋਂ ਫ਼ੌਜ ਨੇ ਘੱਤਿਆ ਆਣ ਘੇਰਾ,

ਖੰਡਾ ਖਿੱਚ ਕੇ ਸਾਰਾਂ ਦਾ ਹੱਥ ਫੜਦਾ ।

ਭੀਮ ਸਿੰਘ ਤੇ ਕੇਸਰੀ ਸਿੰਘ ਸਾਰੇ,

ਲੈ ਕੇ ਦੋਹਾਂ ਨੂੰ ਕਟਕ ਦੇ ਵਿਚ ਵੜਦਾ ।

ਸ਼ਾਹ ਮੁਹੰਮਦਾ ਟਿੱਕੇ ਦੀ ਲਾਜ ਰੱਖੀਂ,

ਮੱਥੇ ਸਾਹਮਣੇ ਹੋਇ ਕੇ ਖ਼ੂਬ ਲੜਦਾ੫ ।

37.

ਸਿੰਘ ਜੱਲ੍ਹੇ ਦੇ ਹੱਥੋਂ ਜੋ ਤੰਗ ਆਹੇ੬,

ਦਿਲਾਂ ਵਿਚ ਕਚੀਚੀਆਂ ਖਾਂਵਦੇ ਨੀ ।

ਅੱਗੇ ਸੱਤ ਤੇ ਅੱਠ ਸੀ ਤਲਬ ਸਾਰੀ,

ਬਾਰਾਂ ਜ਼ੋਰ ਦੇ ਨਾਲ ਕਰਾਂਵਦੇ ਨੀ ।

ਕਈ ਆਖਦੇ ਦਿਓ ਇਨਾਮ ਸਾਨੂੰ,

ਲੈ ਕੇ ਬੁਤਕੀਆਂ ਗਲੇ ਚਾ ਪਾਂਵਦੇ ਨੀ।

ਸ਼ਾਹ ਮੁਹੰਮਦਾ ਜੱਲ੍ਹੇ ਦੇ ਮਾਰਨੇ ਨੂੰ,

ਪੰਜ ਕੌਂਸਲੀ ਚਾ ਬਣਾਂਵਦੇ ਨੀ ।

38.

ਹੋਇਆ ਹੁਕਮ ਜਾਂ ਬਹੁਤ ਮਹਾਵਤਾਂ ਨੂੰ,

ਹੌਦੇ ਸੋਨੇ ਦੇ ਚਾਇ ਕਸਾਂਵਦੇ ਨੀ ।

ਤਰਫ਼ ਜੰਮੂ ਦੀ ਮੂੰਹ ਮੋੜ° ਚਲੇ,

ਸਾਨੂੰ ਆਇ ਕੇ ਸਿੰਘ ਮਨਾਂਵਦੇ ਨੀ ।

ਘੇਰੇ ਅਜ਼ਲ ਦੇ ਅਕਲ ਨਾ ਮੂਲ ਆਈ,

ਬੁਰਾ ਆਪਣਾ ਆਪ ਕਰਾਂਵਦੇ ਨੀ।

ਸ਼ਾਹ ਮੁਹੰਮਦਾ ਸਿੰਘ ਲੈ ਮਿਲੇ ਤੋਪਾਂ,

ਅਗੋਂ ਗੋਲਿਆਂ ਨਾਲ ਉਡਾਂਵਦੇ ਨੀ।

39.

ਹੀਰਾ ਸਿੰਘ ਤੇ ਜੱਲ੍ਹੇ ਨੂੰ ਮਾਰ ਕੇ ਜੀ,

ਜਵਾਹਰ ਸਿੰਘ ਵਜ਼ੀਰ ਬਣਾਂਵਦੇ ਨੀ੯੩।

ਤਰਫ਼ ਜੰਮੂ ਪਹਾੜ ਦੀ ਹੋ ਚੱਲੇ,

ਰਾਹੀਂ ਸ਼ੋਰ ਖਰੂਦ ਮਚਾਂਵਦੇ ਨੀ੯੫ ।

ਉਥੋਂ ਰਾਜਾ ਗੁਲਾਬ ਸਿੰਘ ਬੰਨ੍ਹ ਆਂਦਾ,

ਕੈਂਠੇ ਫੇਰ ਲੈ ਕੇ ਗਲੀਂ ਪਾਂਵਦੇ ਨੀ੯੬ ।

ਸ਼ਾਹ ਮੁਹੰਮਦਾ ਅਸਾਂ ਹੁਣ ਕੜੇ ਲੈਣੇ,

ਜਵਾਹਰ ਸਿੰਘ ਨੂੰ ਆਖ ਸੁਣਾਂਵਦੇ ਨੀ੭।

40.

ਕਿਹਾ ਬੁਰਛਿਆਂ ਆਣ ਅੰਧੇਰਾ ਪਾਇਆ,

ਜੇਹੜਾ ਬਹੇ ਗੱਦੀ ਉਹਨੂੰ ਮਾਰ ਲੈਂਦੇ ।

ਕੜੇ ਕੈਂਠੇ ਇਨਾਮ ਰੁਪਏ ਬਾਰਾਂ,

ਕਦੇ ਪੰਜ ਤੇ ਸੱਤ ਨਾ ਚਾਰ ਲੈਂਦੇ ।

ਕਈ ਤੁਰੇ ਨੀ ਕਿਲ੍ਹੇ ਦੀ ਲੁੱਟ ਕਰਕੇ੯੯,

ਕਈ ਸ਼ਹਿਰ ਦੇ ਲੁੱਟ ਬਾਜ਼ਾਰ ਲੈਂਦੇ ।

ਸ਼ਾਹ ਮੁਹੰਮਦਾ ਚੜ੍ਹੇ ਮਝੈਲ ਭੂਹੇ॰॰,

ਪੈਸਾ ਤਲਬ ਦਾ ਨਾਲ ਪੈਜ਼ਾਰ ਲੈਂਦੇ ।

41.

ਪਿੱਛੇ ਇਕ ਸਰਕਾਰ ਦੇ ਖੇਡ ਚੱਲੀ,

ਪਈ ਨਿੱਤ ਹੁੰਦੀ ਮਾਰੋ ਮਾਰ ਮੀਆਂ੧੦੨ ।

ਸਿੰਘਾਂ ਮਾਰ ਸਰਦਾਰਾਂ ਦਾ ਨਾਸ ਕੀਤਾ੧੦੩,

ਸੱਭੇ ਕਤਲ ਹੋਏ ਵਾਰੋ ਵਾਰ ਮੀਆਂ੧੦੪ ।

ਸਿਰ ਫੌਜ ਦੇ ਰਿਹਾ ਨਾ ਕੋਈ ਕੁੰਡਾ੧੦੫,

ਹੋਏ ਸ਼ੁਤਰਾ੬ ਜਿਉਂ ਬੇਮੁਹਾਰ ਮੀਆਂ੧੦੭ |

ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ੧੦੮,

ਭੂਤ ਮੰਡਲੀ ਹੋਈ ਤਿਆਰ ਮੀਆਂ੧੦੯ ।

42.

ਜਵਾਹਰ ਸਿੰਘ ਦੇ ਉਤੇ ਨੀ ਚੜ੍ਹੇ ਸਾਰੇ,

ਮੱਥਾ ਖੂਨੀਆਂ ਦੇ ਵਾਂਗ ਵੱਟਿਓ ਨੇ ।

ਡਰਦਾ ਭਾਣਜੇ ਨੂੰ ਲੈ ਕੇ ਮਿਲਣ ਆਇਆ੧੧੧,

ਅਗੋਂ ਨਾਲ ਸੰਗੀਨਾ੧੨ ਦੇ ਫੱਟਿਓ ਨੇ ।

ਸੀਖਾਂ ਨਾਲ ਅਤੁੰਬਾਂ੧੩ ਕੇ ਫ਼ੀਲ ਉਤੋਂ,

ਕੱਢ ਹੌਦਿਓਂ ਜ਼ਿਮੀ ਤੇ ਸੁੱਟਿਓ ਨੇ ।

ਸ਼ਾਹ ਮੁਹੰਮਦਾ ਵਾਸਤੇ ਪਾਇ ਰਹਿਆ ੧੧੪,

ਸਿਰ ਨਾਲ ਤਲਵਾਰ ਦੇ ਕੱਟਿਓ ਨੇ ।

43.

ਮਾਈ੧੧੫ ਕੈਦ ਕਨਾਤ ਦੇ ਵਿਚ ਕੀਤੀ,

ਕਿਸ ਨੂੰ ਰੋਇ ਕੇ ਪਈ ਸੁਣਾਵਣੀ ਹੈਂ ?

ਤੇਰਾ ਕੌਣ ਹਮਾਇਤੀ ਸੁਣਨ ਵਾਲਾ,

ਜਿਸ ਨੂੰ ਪਾਇ ਕੇ ਵੈਣ ਦਿਖਾਵਣੀ ਹੈਂ ?

ਕਿਹੜੇ ਪਾਤਸ਼ਾਹ ਦਾ ਪੁੱਤ ੧੬ ਮੋਇਆ ਸਾਥੋਂ,

ਜਿਹੜੇ ਡੂੰਘੜੇ੭ ਵੈਣ ਤੂੰ ਪਾਵਣੀ ਹੈਂ ?

ਸ਼ਾਹ ਮੁਹੰਮਦਾ ਦੇਹ ਇਨਾਮ ਸਾਨੂੰ,

ਸਾਡੇ ਜ਼ੋਰ ਤੇ ਰਾਜ ਕਮਾਵਣੀ ਹੈਂ ?

44

ਪਈ ਝੂਰਦੀ ਏ ਰਾਣੀ ਜਿੰਦ ਕੌਰਾਂ,

ਕਿਥੋਂ ਕੱਢਾਂ ਮੈਂ ਕਲਗੀਆਂ ਨਿਤ ਤੋੜੇ ।

ਮੇਰੇ ਸਾਹਮਣੇ ਕੋਹਿਆ ਏ ਵੀਰ ਮੇਰਾ,

ਜਿਸ ਦੀ੧੧੮ ਤਾਬਿਆ੧੧੯ ਲੱਖ ਹਜ਼ਾਰ ਘੋੜੇ ।

ਕਿਥੋਂ ਕੱਢਾਂ ਮੈਂ ਦੇਸ਼ ਫਿਰੰਗੀਆਂ ਦਾ,

ਕੋਈ ਮਿਲੇ ੨੦ ਜੋ ਇਹਨਾਂ ਦਾ ਗਰਬਾਂ੨੧ ਤੋੜੇ ।

ਸ਼ਾਹ ਮੁਹੰਮਦਾ ਉਸ ਥੀਂ ਜਾਨ ਵਾਰਾਂ,

ਜਵਾਹਰ ਸਿੰਘ ਦਾ ਵੈਰ ਜੋ ਕੋਈ ਮੋੜੇ ।

45.

ਮੈਨੂੰ ਆਣ ਚੁਫੇਰਿਓਂ ਘੂਰਦੇ ਨੀ,

ਲੈਂਦੇ ਮੁਫ਼ਤ ਇਨਾਮ ਰੁਪਏ ਬਾਰਾਂ ।

ਜੱਟੀ ਹੋਵਾਂ ਤਾਂ੧੨੨ ਕਰਾਂ ਪੰਜਾਬ ਰੰਡੀ,

ਸਾਰੇ ਦੇਸ਼ਾਂ ਦੇ ਵਿਚ ਚਾ ਤੁਰਨ੧੨੪ ਵਾਰਾਂ ।

ਛੱਡਾਂ ਨਹੀਂ ਲਾਹੌਰ ਵਿਚ ਵੜਨ ਜੋਗੇ,

ਸਣੇ ਵੱਡਿਆਂ ਅਫਸਰਾਂ ਜਮਾਂਦਾਰਾਂ ।

ਪਏ ਰੁਲਣ ਇਹਾ੨੫ ਵਿਚ ਪ੍ਰਦੇਸ ਮੁਰਦੇ,

ਸ਼ਾਹ ਮੁਹੰਮਦਾ ਮਾਰਨੀ ਏਸਾ੨੬ ਮਾਰਾਂ ।

46.

ਜਿਨ੍ਹਾਂ ਮਾਰਿਆ ਕੋਹਿ ਕੇ੨੭ ਵੀਰ ਮੇਰਾ,

ਮੈਂ ਤਾਂ ਖੋਹਾਂਗੀ੨੮ ਉਨ੍ਹਾਂ ਦੀਆਂ ਜੁੰਡੀਆਂ ਨੀ।

ਧਾਕਾਂ੧੨੯ ਜਾਣ੧੩੦ ਵਲਾਇਤੀਂ ਦੇਸ ਸਾਰੇ,

ਪਾਵਾਂ ਬੱਕਰੇ ਵਾਂਗ ਚਾ ਵੰਡੀਆਂ ਨੀ ।

ਚੂੜੇ ਲਹਿਣਗੇ ਬਹੁਤ ਸੁਹਾਗਣਾਂ ਦੇ, ਨੱਥ,

ਚੌਂਕ ਤੇ ਵਾਲੀਆਂ ਡੰਡੀਆਂ ਨੀ ।

ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਘੇ,

ਜਦੋਂ ਹੋਣ ਪੰਜਾਬਣਾਂ ਰੰਡੀਆਂ ਨੀ ।

47.

ਅਰਜ਼ੀ ਲਿਖੀ ਫ਼ਿਰੰਗੀ ਨੂੰ ਕੁੰਜ ਗੋਸ਼ੇ ੩,

ਪਹਿਲੇ ਆਪਣਾ੧੩੨ ਸੁਖ ਅਨੰਦ ਵਾਰੀ ।

ਤੇਰੇ ਵਲ ਮੈਂ ਫੌਜ ਨੂੰ ਘਲਣੀ ਆਂ੧੩੩,

ਖੱਟੇ ਕਰੀਂ ਤੂੰ ਇਨ੍ਹਾਂ ਦੇ ਦੰਦ ਵਾਰੀ ।

ਜਿਹੜਾ ਜ਼ੋਰ ਤੂੰ ਆਪਣਾ੧੩੪ ਸਭ ਲਾਵੀਂ,

ਪਿਛੇ ਖਰਚ ਮੈਂ ਕਰਾਂਗੀ ਬੰਦ ਵਾਰੀ ।

ਸ਼ਾਹ ਮੁਹੰਮਦਾ ਫੇਰ ਨਾ ਆਉਣ ਮੁੜ ਕੇ,

ਮੈਨੂੰ ਏਤਨੀ ਬਾਤ ਪਸੰਦ ਵਾਰੀ ।

48.

ਪਹਿਲੇ ਪਾਰ ਦਾ ਮੁਲਕ ਤੂੰ ਮੱਲ ਸਾਡਾ,

ਆਪੇ ਖਾ੧੩੫ ਗੁੱਸਾ ਤੈਥੋਂ ਆਵਣੀਗੇ ।

ਸੋਈ ਲੜਨਗੇ ਹੋਣ ਬੇਖ਼ਬਰ ਜਿਹੜੇ,

ਮੱਥਾ ਕਦੀ ਸਰਦਾਰ ਨਾ ਡਾਹਵਣੀਗੇ੧੩੬।

ਏਸ ਵਾਸਤੇ ਫੌਜ ਮੈਂ ਪਾੜ ਛੱਡੀ,

ਕਈ ਭਾਂਜ ਅਚਾਨਕੀ ਪਾਵਣੀਗੇਂ੩੭।

ਸ਼ਾਹ ਮੁਹੰਮਦਾ ਲਾਟ ਜੀ ਕਟਕ ਤੇਰੇ,

ਮੇਰੇ ਗਲੋਂ ਤਗਾਦੜੀ੩੮ ਲਾਹਵਣੀਗੇਂ੧੩੯ ।

49.

ਲੰਦਨਾ ਕੰਪਨੀ ਸਾਹਿਬ ਕਿਤਾਬ ਡਿੱਠੀ,

ਇਨ੍ਹਾਂ ਲਾਟਾਂ ਵਿਚੋਂ ਕੌਣ ਲੜੇਗਾ ਜੀ ।

ਟੁੰਡੇ ਲਾਟ ੪੧ ਨੇ ਚੁੱਕਿਆ ਆਣ ਬੀੜਾ,

ਸ ਹਮ ਸੀਖਾ੪੨ ਸਿਉਂ ਜਾਇਕੇ ਲੜੇਗਾ੧੪੩ ਜੀ ।

ਘੰਟੇ੧੪੪ ਤੀਨ ਮੇਂ ਜਾ੧੪੫ ਲਾਹੌਰ ਮਾਰਾਂ,

ਇਸ ਬਾਤ ਮੇਂ ਫ਼ਰਕ ਨਾ ਪੜੇਗਾ ਜੀ ।

ਸ਼ਾਹ ਮੁਹੰਮਦਾ ਫੱਗਣੋਂ ਤੇਰ੍ਹਵੀਂ ਨੂੰ,

ਹਮ ਸ਼ਹਿ ੪੬ ਲਾਹੌਰ ਵਿਚ ਵੜੇਗਾ ਜੀ।

50.

ਵੱਜੀ ਤੁਰਮ੦੪੭, ਤੰਬੂਰ੧੪੮, ਕਰਨੈਲ੧੪੯ ਸ਼ੁਤਰੀ੧੫੦,

ਤੰਬੂ ਬੈਰਕਾਂ ਨਾਲਾ੫੧ ਨਿਸ਼ਾਨ ਮੀਆਂ ।

ਕੋਤਲ ਬੱਘੀਆਂ ਪਾਲਕੀ ਤੋਪ ਖਾਨੇ,

ਦੂਰਬੀਨ ਚੰਗੀ੫੨ ਸਾਇਬਾਨ੧੫੩ ਮੀਆਂ ।

ਚੜ੍ਹਿਆ ਲੰਦਨੋਂ੫੪ ਲਾਟ ਉਠਾਇ ਬੀੜਾ,

ਡੇਰਾ ਪਾਂਵਦਾ ਵਿਚ ਮੈਦਾਨ ਮੀਆਂ ।

ਸ਼ਾਹ ਮੁਹੰਮਦਾ ਗੋਰਿਆਂ ਛੇੜ ਛੇੜੀ,

ਮੁਲਕ ਪਾਰ ਦਾ ਮੱਲਿਆ ਆਣ ਮੀਆਂ ।

51.

ਫਰਾਂਸੀਸਾਂ ਨੂੰ ਅੰਦਰੋਂ ਹੁਕਮ ਹੋਇਆ,

ਤੁਸੀਂ ਜਾਓ ਖਾਂ ਤਰਫ਼ ਕਸ਼ਮੀਰ ਨੂੰ੧੫੫ ਜੀ ।

ਉਨ੍ਹਾਂ ਰੱਬ ਦਾ ਵਾਸਤਾ ਪਾਇਆ ਈ,

ਮਾਈ ਫੜੀ ਨਾ ਕੁਝ੧੫੬ ਤਕਸੀਰ੫੭ ਨੂੰ ਜੀ ।

ਪਾਰੋਂ ਮੁਲਕ ਫ਼ਿਰੰਗੀਆਂ ਮੱਲ ਲਿਆ,

ਅਸੀਂ ਮਾਰਾਂਗੇ ਉਸ ਬੇਪੀ ੫੮ ਨੂੰ ਜੀ ।

ਸ਼ਾਹ ਮੁਹੰਮਦਾ ਆਇ ਨੀ ਹੋਰ ਪਰਿਓਂ,

ਅਸੀਂ ਡੱਕਣਾ ਓਸ ਵਹੀਰ ਨੂੰ ਜੀ ।

52.

ਮਾਈ ਆਖਿਆ ਸਭੇ੧੫੯ ਚੜ੍ਹ ਜਾਣ ਫੌਜਾਂ,

ਬੂਹੇ ਸ਼ਹਿਰ ਦੇ ਰਹਿਣ ਨਾ ਸੱਖਣੇ ਜੀ ।

ਮੁਸਲਮਾਨੀਆਂ ਪੜਤਲਾਂ੧੬੦ ਰਹਿਣ ਏਥੇ ੬੧,

ਘੋੜ-ਚੜ੍ਹੇ ਨਾਹੀਂ ਏਥੇ ੬੨ ਰੱਖਣੇ ਜੀ ।

ਕਲਗੀ ਵਾਲੜੇ ਖ਼ਾਲਸਾ੧੬੩ ਹੋਣ ਮੋਹਰੇ੧੬੪,

ਅੱਗੇ੧੬੫ ਹੋਰ ਗ਼ਰੀਬ ਨਾ ਧੱਕਣੇ ਜੀ ।

ਸ਼ਾਹ ਮੁਹੰਮਦਾ ਜਿਨ੍ਹਾਂ ਦੀ ਤਲਬ ਤੇਰਾਂ,

ਮਜ਼ੇ ਤਿਨ੍ਹਾਂ ਲੜਾਈ੧੬੬ ਦੇ ਰੱਖਣੇ ਜੀ ।

53.

ਸਾਰੇ ਪੰਥ ਨੂੰ ਸੱਦ ਕੇ ਕਹਿਣ ਲੱਗੀ,

ਮੈਥੋਂ ਗਏ ਖਜ਼ਾਨੇ ਨਿਖੁੱਟ੧੬੭ ਵਾਰੀ ।

ਜਮਨਾਂ ਤੀਕਰਾਂ ਪਿਆ ਜੇ ਦੇਸ਼ ਸੁੰਞਾ੧੬੮,

ਖਾਓ ਦੇਸ ਫ਼ਿਰੰਗੀ ਦਾ ਲੁੱਟ ਵਾਰੀ।

ਮਾਰੋ ਸ਼ਹਿਰ ਫ਼ੀਰੋਜ਼ਪੁਰ੬੯, ਲੁਧਿਆਣਾ੧੭੦,

ਸੁੱਟੋ ਛਾਵਣੀ ਓਸ ਦੀ ਪੁੱਟ ਵਾਰੀ।

ਸ਼ਾਹ ਮੁਹੰਮਦਾ ਲਵੋ ਇਨਾਮ ਮੈਥੋਂ,

ਕੜੇ ਕੈਂਠੇ ਮੈਂ ਦੇਵਾਂਗੀ ਸੁੱਟ ਵਾਰੀ ।

54.

ਸਿੰਘਾਂ ਆਖਿਆ ਲੜਾਂਗੇ ਹੋ੭੨ ਟੋਟੇ,

ਸਾਨੂੰ ਖਬਰ ਘੱਲੀ੭੩ ਦਿਨੇ-ਰਾਤ ਮਾਈ ।

ਤੇਰੀ ਨੌਕਰੀ ਵਿਚ ਨਾ ਫਰਕ ਕਰੀਏ੧੭੪

ਭਾਵੇਂ ਖੂਹ ਘੱਤੀਂ ਭਾਵੇਂ ਖਾਤ ਮਾਈ ।

ਸਿੰਘਾਂ ਭੋਲਿਆਂ ਮੂਲ ਨਾ ਸਹੀ ਕੀਤੀ੭੫,

ਗੁੱਝਾ ਕਰਨ ਲੱਗੀ ਸਾਡਾ ਘਾਤ ਮਾਈ।

ਸ਼ਾਹ ਮੁਹੰਮਦਾ ਅਜੇ ਨਾ ਜਾਣਿਓਂ ਨੇ,

ਖਾਲੀ ਪਈ ਏ ਚੋਪੜੀ੭੬ ਪ੍ਰਾਤ ਮਾਈ ।

55.

ਦਿੱਤੀ ਮਾਈ ਨੇ ਜਦੋਂ ਦਿਲਬਰੀ੭੭ ਭਾਰੀ,

ਸਿੰਘ ਬੈਠੇ ਨੀ ਹੋਏ ਸੁਚੇਤ ਮੀਆਂ ।

ਸੱਚੇ ਸਾਹਿਬ ਦੇ ਹੱਥ ਨੀ ਸਭ ਗੱਲਾਂ,

ਕਿਸੇ ਹਾਰ ਦੇਵੇ੭੮ ਕਿਸੇ ਜੇਤ ਮੀਆਂ ।

ਇਕ ਲੱਖ ਬੇਟਾ ਸਵਾ ਲੱਖ ਪੋਤਾ,

ਰਾਵਣ ਮਾਰਿਆ ਘਰ ਦੇ ਭੇਤ ਮੀਆਂ ।

ਸ਼ਾਹ ਮੁਹੰਮਦਾ ਜਾਣਦਾ ਜੱਗ ਸਾਰਾ,

ਕੇਈ੭੯ ਸੂਰਮੇ ਆਉਣਗੇ ਖੇਤ ਮੀਆਂ ।

56.

ਸਿੰਘਾਂ ਸਾਰਿਆਂ ਬੈਠ ਗੁਰਮਤਾ ਕੀਤਾ,

ਚਲੋ ਜਾਏ੮੦ ਫ਼ਿਰੰਗੀ ਨੂੰ ਮਾਰੀਏ ਜੀ ।

ਇਕ ਵਾਰੀ ਜੇ ਸਾਹਮਣੇ ਹੋਇ ਸਾਡੇ,

ਇਕ ਘੜੀ ਵਿਚ ਪਾ੮੧ ਉਤਾਰੀਏ੧੨ ਜੀ ।

ਭਾਈ ਵੀਰ ਸਿੰਘ ਜੇਹੇ ਅਸਾਂ¤ ਨਹੀਂ ਛੱਡੇ,

ਅਸੀਂ ਕਦੀ ਨਾ੧੮੪ ਓਸ ਤੋਂ ਹਾਰੀਏ ਜੀ ।

ਸ਼ਾਹ ਮੁਹੰਮਦਾ ਮਾਰ ਕੇ ਲੁਧਿਆਣਾ੧੮੫,

ਫ਼ੌਜਾਂ ਦਿੱਲੀ ਦੇ ਵਿਚ ਉਤਾਰੀਏ ਜੀ ।

57.

ਜ਼ਬਤ੮੬ ਕਰਾਂਗੇ ਮਾਲ ਫ਼ਿਰੰਗੀਆਂ ਦੇ,

ਉਥੋਂ੮੭ ਲਿਆਂਵਾਂਗੇ ਦੌਲਤਾਂ ਬੋਰੀਆਂ ਨੀ ।

ਪਿਛੋਂ ਵੜਾਂਗੇ ਉਨ੍ਹਾਂ ਦੇ ਸਤਰਖਾਨੇ,

ਬੰਨ੍ਹ ਲਿਆਵਾਂਗੇ ਉਨ੍ਹਾਂ ਦੀਆਂ੧੮੯ ਗੋਰੀਆਂ ਨੀ ।

ਕਾਬਲ ਵਿਚ ਪਠਾਣ ਜਿਉਂ ਅਲੀ ਅਕਬਰ,

ਮਾਰ ਵੱਢ ਕੇ ਕੀਤੀਆਂ ਪੋਰੀਆਂ ਨੀ ।

ਸ਼ਾਹ ਮੁਹੰਮਦਾ ਲਵਾਂਗੇ ਫੇਰ ਕੰਠੇ ੯੦,

ਤਿੱਲੇਦਾਰ ਜੋ ਰੇਸ਼ਮੀ ਡੋਰੀਆਂ ਨੀ ।

58.

ਝੰਡੇ ਨਿਕਲੇ੯੧ ਕੂਚ ਦਾ ਹੁਕਮ ਹੋਇਆ,

ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ ।

ਚੜ੍ਹੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ,

ਜੈਸੇ ਬੇਲਿਓਂ ਨਿਕਲਦੇ ਸ਼ੇਰ ਮੀਆਂ ।

ਚੜ੍ਹੇ ਸਭ ਮਝੈਲ ਦੁਆਬੀਏ ਜੀ,

ਜਿਨ੍ਹਾਂ ਕਿਲ੍ਹੇ ਨਿਵਾਏ ਨੀ੯੨ ਢੇਰ ਮੀਆਂ।

ਸ਼ਾਹ ਮੁਹੰਮਦਾ ਚੜ੍ਹੇ ਜੰਬੂਰਖਾਨੇ ੧੯੪,

ਹੋਇਆ ਹੁਕਮ ਨਾ ਲਾਂਵਦੇ ਦੇਰ ਮੀਆਂ।

59.

ਸ਼ਾਮ ਸਿੰਘ੧੯੫ ਸਰਦਾਰ ਨੇ ਕੂਚ ਕੀਤਾ,

ਜੱਲ੍ਹੇਵਾਲੀਏ ਬਣਤ ਬਣਾਂਵਦੇ ਨੀ।

ਆਏ੧੯੬ ਹੋਰ ਪਹਾੜ ਦੇ ਸਭ ਰਾਜੇ,

ਜਿਹੜੇ ਤੇਗ਼ ਦੇ ਧਨੀ ਕਹਾਂਵਦੇ ਨੀ।

ਆਏ ਸਭ ਮਝੈਲ ਦੁਆਬੀਏ ਜੀ੧੯੭,

ਸੰਧਾਵਾਲੀਏ ਕਾਠੀਆਂ ਪਾਂਵਦੇ ਨੀ ।

ਸ਼ਾਹ ਮੁਹੰਮਦਾ ਚੜ੍ਹੀ ਅਕਾਲ ਰਜਮੰਟਾ੯੮,

ਖੰਡੇ ਸਾਰ ਦੇ ਸਿਕਲਾ੯ ਕਰਾਂਵਦੇ ਨੀ ।

60

ਮਜ਼ਹਰ ਅਲੀ ਤੇ ਮਾਖੇ ਖਾਂ੨੦੦ ਕੂਚ ਕੀਤਾ

ਤੋਪਾਂ ਸ਼ਹਿਰ ਥੀਂ ਬਾਹਰ ਨਿਕਾਲੀਆਂ ਨੀ ।

ਬੇੜਾ ਚੜ੍ਹਿਆ ਸੁਲਤਾਨ ਮਹਿਮੂਦ ਵਾਲਾ,

ਤੋਪਾਂ ਨਾਲ°° ਇਮਾਮਾ ਸ਼ਾਹ ਵਾਲੀਆਂ ਨੀ ।,

ਇਲਾਹੀ ਬਖਸ਼ ਪਟੋਲੀ ਨੇ ਮਾਂਜ ਕੇ ਜੀ

ਧੂਪ ਦੇਇ ਕੇ ਤਖ਼ਤ ਬਹਾਲੀਆਂ ਨੀ ।

ਸ਼ਾਹ ਮੁਹੰਮਦਾ ਐਸੀਆਂ ਲਿਸ਼ਕ ਆਈਆਂ੨੦੪,

ਬਿਜਲੀ ਵਾਂਗ ਜੋ੧੦੫ ਦੇਣ ਦਿਖਾਲੀਆਂ ਨੀ ।

61.

ਸੁਣ ਕੇ ਖ਼ਬਰ ਫ਼ਿਰੰਗੀ ਦੀ ਚੜ੍ਹੇ ਸੱਭੇ,

ਫੌਜਾਂ ਬੇਮੁਹਾਰੀਆਂ ਹੋਇ੧੦੬ ਤੁਰੀਆਂ ।

ਅੱਗੇ ਵਾਰ ਕੁਵਾਰ ਨਾ ਕਿਸੇ ਡਿੱਠਾ,

ਇਕ ਦੂਸਰੇ ਦੇ ਅੱਗੇ ਲੱਗ ਤੁਰੀਆਂ ।

ਅੱਗੇ ਤੋਪਾਂ ਦੇ ਧਨੀ ਭੀ ਹੈਨ ਗੋਰੇ,

ਵੰਗਾਂ ਪਹਿਨ ਖਲੋਤੀਆਂ ਨਹੀਂ੦੯ ਕੁੜੀਆਂ ।

ਸ਼ਾਹ ਮੁਹੰਮਦਾ ਵਰਜਣ੧੦ ਜਾਂਦਿਆਂ ਨੂੰ,

ਫੌਜਾਂ ਹੋ ਮੁਹਾਣੀਆਂ੨੧੧ ਕਦੋਂ ੧੨ ਮੁੜੀਆਂ ।

62.

ਚੜ੍ਹੇ ਸ਼ਹਿਰ ਲਾਹੌਰ ਥੀਂ ਮਾਰ ਧੌਂਸੇ,

ਸਭੇ ਗਭਰੂ ਨੇ ਨਾਲ ਹੰਕਾਰ੧੩ ਤੁਰਦੇ ।

ਉਰੇ ਦੋਹਾਂ ਦਰਿਆਵਾਂ ਤੇ ਨਹੀਂ ਅਟਕੇ,

ਪੱਤਣ ਲੰਘੇ ਨੀ ਜ ਫੀਰੋਜ਼ਪੁਰ੧੧੪ ਦੇ ।

ਅੱਗੇ ਛੇੜਿਆ੧੧੫ ਨਹੀਂ ਫ਼ਿਰੰਗੀਆਂ ਨੇ ੧੬,

ਦੋਹਾਂ ਧਿਰਾਂ ਦੇ ਰੁਲਣਗੇ ਬਹੁਤ ਮੁਰਦੇ ।

ਸ਼ਾਹ ਮੁਹੰਮਦਾ ਭੱਜਣਾ ਰਣੋਂ ਭਾਰੀ,

ਜੁਟੇ ਸੂਰਮੇ ਆਖ ਤੂੰ ਕਦੋਂ ਮੁੜਦੇ ।

63.

ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ,

ਦਿੱਲੀ ਆਗਰੇ, ਹਾਂਸੀ ਹਿਸਾਰ੧੭ ਮੀਆਂ ।

ਬੀਕਾਨੇਰ, ਲਖਨਊ, ਅਜਮੇਰ, ਜੈਪੁਰ,

ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ ।

ਚੱਲੀ ਸਭ ਪੰਜਾਬ ਦੀ ਬਾਦਸ਼ਾਹੀ,

ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ ।

ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ,

ਸਿੰਘ ਰਹਿਣਗੇ੨੧੯ ਦਿੱਲੀ ਨੂੰ ਮਾਰ ਮੀਆਂ ।

64.

ਅਰਜ਼ੀ ਲਿਖੀ ਫ਼ਿਰੰਗੀਆਂ੨੨੦ ਖ਼ਾਲਸੇ ਨੂੰ,

ਤੁਸੀਂ ਕਾਸ ਨੂੰ ਜੰਗ ਮਚਾਂਵਦੇ ਹੋ ।

ਮਹਾਰਾਜ ਦੇ ਨਾਲ ਸੀ ਨੇਮ ਸਾਡਾ,

ਤੁਸੀਂ ਸੁੱਤੀਆਂ ਕਲਾਂ ਜਗਾਂਵਦੇ ਹੋ ।

ਕਈ ਲੱਖ ਰੁਪਈਆ੧੨੧ ਲੈ ਜਾਓ ਸਾਥੋਂ,

ਦਿਆਂ੨੨੨ ਹੋਰ ਜੋ ਤੁਸੀਂ ਫ਼ਰਮਾਂਵਦੇ ਹੋ।

ਸ਼ਾਹ ਮੁਹੰਮਦਾ ਅਸਾਂ ਨਾ ਮੂਲ ਲੜਨਾ,

ਤੁਸੀਂ ਏਤਨਾ ਜ਼ੋਰ ਕਿਓਂ ੨੩ ਲਾਂਵਦੇ ਹੋ ।

65.

ਸਿੰਘਾਂ ਲਿਖਿਆ ਖ਼ਤ ਫ਼ਿਰੰਗੀਆਂ ਨੂੰ,

ਤੈਨੂੰ ਮਾਰਾਂਗੇ ਅਸੀਂ ਵੰਗਾਰ ਕੇ ਜੀ।

ਸਾਨੂੰ ਨਹੀਂ ਰੁਪਈਆਂ੨੨੪ ਦੀ ਲੋੜ ਕਾਈ,

ਭਾਵੇਂ ਦੇਹ ਤੂੰ ਢੇਰ ਉਸਾਰ ਕੇ ਜੀ।

ਉਹ੧੨੫ ਪੰਥ ਤੇਰੇ ਉਤੇ ਆਣ ਚੜ੍ਹਿਆ,

ਜਿਹੜਾ ਆਇਆ ਸੀ ਜੰਮੂ ਨੂੰ ਮਾਰ ਕੇ ਜੀ।

ਸ਼ਾਹ ਮੁਹੰਮਦਾ ਸਾਮ੍ਹਣੇ ਡਾਹ ਤੋਪਾਂ,

ਸੂਰੇ ਕੱਢ ਮੈਦਾਨ ਨਿਤਾਰ ਕੇ ਜੀ।

66.

ਪੈਂਚ ਲਿਖਦੇ੨੨੬ ਸਾਰੀਆਂ ਪੜਤਾਲਾਂ ਦੇ੨੨੭,

ਸਾਡੀ ਅੱਜ ਹੈ ਵੱਡੀ ਚਲੰਤ ਮੀਆਂ ।

ਵੀਰ ਸਿੰਘ ਨੂੰ ਮਾਰਿਆ ਡਾਹ੨੯ ਤੋਪਾਂ,

ਨਹੀਂ ਛੱਡਿਆ ਸਾਧ ਤੇ ਸੰਤ ਮੀਆਂ ।

ਅਸਾਂ ਮਾਰੇ ਚੌਫੇਰੇ ਦੇ ਕਿਲ੍ਹੇ ਭਾਰੇ,

ਅਸਾਂ ਮਾਰਿਆ ਕੁੱਲੂ ਭੁਟੰਤ ਮੀਆਂ ।

ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ,

ਜਿਹੜੀ ਕਰੇਗਾ ਖ਼ਾਲਸਾ ਪੰਥ ਮੀਆਂ ।

67.

ਦੂਰਬੀਨ ਅੰਗਰੇਜ਼੧੩੦ ਨੇ ਹੱਥ ਲੈ ਕੇ,

ਕੀਤਾ ਫ਼ੌਜ ਦਾ ਸਭ ਸ਼ੁਮਾਰ ੩੧ ਮੀਆਂ ।

ਜਿਨ੍ਹੀਂ ਥਾਈਂ ਸੀ ਜਮ੍ਹਾਂ ਜਮੂਰਖ਼ਾਨੇ੨੩੨,

ਕੀਤੇ ਸਾਹਿਬ ਮਲੂਮ ਹਜ਼ਾਰ ਮੀਆਂ ।

ਦਾਰੂ ਵੰਡਿਆ ਸੂਰਿਆਂ ਜੰਗੀਆਂ੨੩੩ ਨੂੰ,

ਦੋ ਦੋ ਬੋਤਲਾਂ ਕੈਫ਼ ਖ਼ੁਮਾਰ ਮੀਆਂ ।

ਸ਼ਾਹ ਮੁਹੰਮਦਾ ਪੀ ਸ਼ਰਾਬ ਗੋਰੇ,

ਹੋਏ ਜੰਗ ਨੂੰ ਤੁਰਤ ਤਿਆਰ ਮੀਆਂ ।

68.

ਇਕ ਪਿੰਡ ਦਾ ਨਾਮ ੩੪ ਜੋ ਮੁਦਕੀ ਸੀ,

ਉਥੇ ਭਰੀ ਸੀ ਪਾਣੀ ਦੀ ਖੱਡ ਮੀਆਂ ।

ਘੋੜ-ਚੜ੍ਹੇ ਅਕਾਲੀਏ ਨਵੇਂ ਸਾਰੇ੨੩੫,

ਝੰਡੇ ਦਿਤੇ ਨੀ ਜਾਇ ਕੇ੧੩੬ ਗੱਡ ਮੀਆਂ ।

ਤੋਪਾਂ ਚਲੀਆਂ ਕਟਕ ਫ਼ਿਰੰਗੀਆਂ ਦੇ੧੩੭ ,

ਗੋਲੇ ਤੋੜਦੇ ਮਾਸ ਤੇ ਹੱਡ ਮੀਆਂ ।

ਸ਼ਾਹ ਮੁਹੰਮਦਾ ਪਿਛਾਂ ਨੂੰ ਉਠ ਨੱਠੇ੨੩੮,

ਤੋਪਾਂ ਸਭ ਆਏ ਉਥੇ ਛੱਡ ਮੀਆਂ ।

69.

ਡੇਰੇ ਆਣ ਕੇ ਬੈਠ੧੩੯ ਸਲਾਹ ਕਰਦੇ,

ਐਤਵਾਰ ਅਸੀਂ ਖੰਡਾ ਫੜਾਂਗੇ ਜੀ ।

ਤੇਜਾ ਸਿੰਘ ਦੀ ਵੱਡੀ ਉਡੀਕ ਸਾਨੂੰ,

ਉਸ ਦੇ ਆਏ ਬਗ਼ੈਰ ੪੦ ਨਾ ਲੜਾਂਗੇ ਜੀ ।

ਸਰਫ਼ਾ੨੪੧ ਜਾਨ ਦਾ ਨਹੀਂ ਜੇ ਤਦੋਂ ਕਰਨਾ,

ਜਦੋਂ ਵਿਚ ਮੈਦਾਨ ਦੇ ਵੜਾਂਗੇ੨੪੩ ਜੀ ।

ਸ਼ਾਹ ਮੁਹੰਮਦਾ ਅੰਦਰੋਂ ਇਕ ਹੋ ਕੇ੨੪੪,

ਡੇਰੇ ਚੱਲ ਫ਼ਿਰੰਗੀ ਦੇ ਵੜਾਂਗੇ ਜੀ।

70

ਤੇਜਾ ਸਿੰਘ ਭੀ੨੪੫ ਲਸ਼ਕਰੀਂ ਆਣ ਵੜਿਆ,

ਹੁੱਦੇਦਾਰ੨੪੬ ਸੱਭੇ ਓਥੇ ਆਂਵਦੇ ਨੀ ।

ਕਰੋ ਹੁਕਮ ਤੇ ਤੇਗ਼ ਉਠਾਈਏ ਜੀ੨੪੭

ਪਏ ਸਿੰਘ ਕਚੀਚੀਆਂ ਖਾਂਵਦੇ ਨੀ ।

ਕੂੰਜਾਂ ਨਜ਼ਰ ਆਈਆਂ ਬਾਜ਼ਾਂ ਭੁੱਖਿਆਂ ਨੂੰ,

ਚੋਟਾਂ ਕੈਸੀਆਂ ਦੇਖੋ੨੪੮ ਚਲਾਂਵਦੇ ਨੀ ।

ਸ਼ਾਹ ਮੁਹੰਮਦਾ ਓਸ ਥੀ੨੪੯ ਹੁਕਮ ਲੈ ਕੇ,

ਹੱਲਾ ਕਰਨ ਦੀ ਡੌਲ੧੫੦ ਬਣਾਂਵਦੇ ਨੀ।

71.

ਫੇਰੂ ਸ਼ਹਿਰ ਦੇ ਹੇਠ ਜਾ ਖੇਤ ਰੁੱਧੇ,

ਤੋਪਾਂ ਚੱਲੀਆਂ ਨੀ ਵਾਂਗ ਤੋੜਿਆਂ੨੫੧ ਦੇ ।

ਸਿੰਘ ਸੂਰਮੇ ਆਣ ਮੈਦਾਨ ਲੱਥੇ,

ਗੰਜ ਲਾਹ ਸੁੱਟੇ ਓਹਨਾਂ੨੫੨ ਗੋਰਿਆਂ ਦੇ ।

ਟੁੰਡੇ ਲਾਟ ਨੇ ਅੰਤ ਨੂੰ ਖਾਇ ਗੁੱਸਾ,

ਫੇਰ ਦਿੱਤੇ ਨੀ ਲੱਖ ਢੰਡੋਰਿਆਂ ਦੇ ।

ਸ਼ਾਹ ਮੁਹੰਮਦਾ ਰੰਡ ਬੈਠਾਇ ਨੰਦਨ,

ਸਿੰਘ ਜਾਨ ਲੈਂਦੇ੨੫੩ ਨਾਲ ਜ਼ੋਰਿਆਂ ਦੇ ।

72.

ਹੁਕਮ ਲਾਟ ਕੀਤਾ ਲਸ਼ਕਰ ਆਪਣੇ ਨੂੰ,

ਤੁਸਾਂ ਲਾਜ ਅੰਗਰੇਜ਼ ਦੀ ਰੱਖਣੀ ਜੀ।

ਸਿੰਘਾਂ ਮਾਰ ਕੇ ਕਟਕ ਮੁਕਾਇ ਦਿੱਤੇ,

ਹਿੰਦੁਸਤਾਨੀ ਤੇ ਪੂਰਬੀ ਦੱਖਣੀ ਜੀ ।

ਨੰਦਨ ਟਾਪੂਆਂ ਵਿਚ ਕੁਰਲਾਟ ਹੋਈ੨੫੪

ਕੁਰਸੀ ਚਾਰ ਹਜ਼ਾਰ ਹੈ ਸੱਖਣੀ ਜੀ।

ਸ਼ਾਹ ਮੁਹੰਮਦਾ ਲਾਟ ਹੁਣ ਕਹਿਣ ਲੱਗਾ,

ਰੱਤ ਸਿੰਘ ਸਿਪਾਹੀ ਦੀ ਚੱਖਣੀ ਜੀ ੨੫੫

73.

ਹੋਇਆ ਹੁਕਮ ਅੰਗਰੇਜ਼ ਦਾ ਤੁਰਤ ਜਲਦੀ,

ਤੋਪਾਂ ਮਾਰੀਆਂ੨੫੬ ਨੀਰ ਦੇ ਆਏ ਪੱਲੇ ।

ਫੂਕ ਸੁੱਟੀਆਂ ਸਾਰੀਆਂ ਮੈਗਜ਼ੀਨਾਂ੨੫੭,

ਸਿੰਘ ਉਠ੨੫੮ ਕੇ ਪੱਤਰਾ ਹੋਏ ਚਲੇ ।

ਛੌਲਦਾਰੀਆਂ ਤੰਬੂਆਂ ਛੱਡ ਦੌੜੇ,

ਕੋਈ ਚੀਜ਼ ਲਈ ਨਹੀਂ੨੫੯ ਮੂਲ ਪੱਲੇ ।

ਓੜਕ ਲਿਆ ਮੈਦਾਨ ਫ਼ਿਰੰਗੀਆਂ ਨੇ,

ਸ਼ਾਹ ਮੁਹੰਮਦਾ ਰਣੋਂ ਨਹੀਂ ਮੂਲ ਹੱਲੇ ।

74.

ਉਧਰ ਆਪ ਫ਼ਿਰੰਗੀ ਨੂੰ ਭਾਂਜ ਆਈ,

ਦੌੜੇ ਜਾਣ ਗੋਰੇ ਦਿੱਤੀ ਕੰਡ ਮੀਆਂ ।

ਚੱਲੇ ਤੋਪਖਾਨੇ ਸਾਰੇ ਗੋਰਿਆਂ ਦੇ,

ਮਗਰ੧੬੦ ਹੋਈ ਬੰਦੂਕਾਂ ਦੀ ਫੰਡ ਮੀਆਂ ।

ਕਿਨ੍ਹੇ ਜਾਇ ਕੇ ਲਿਆਇ ਕੇ੨੬ ਖ਼ਬਰ ਦਿੱਤੀ,

ਲੰਦਨ ਹੋਇ ਬੈਠੀ ਤੇਰੀ ਰੰਡ ਮੀਆਂ ।

ਸ਼ਾਹ ਮੁਹੰਮਦਾ ਦੇਖ ਮੈਦਾਨ ਜਾ ਕੇ,

ਰੁਲਦੀ ਗੋਰਿਆਂ ਦੀ ਪਈ੧੬੩ ਝੰਡ ਮੀਆਂ ।

ਪਹਾੜਾ ਸਿੰਘ ਸੀ ਯਾਰ ਫ਼ਿਰੰਗੀਆਂ ਦਾ,

ਸਿੰਘਾਂ ਨਾਲ ਸੀ ਓਸ ਦੀ ਗੈਰਸਾਲੀ੨੦੪ ।

ਉਹ ਤਾਂ ਭੱਜ ਕੇ੧੬੫ ਲਾਟ ਨੂੰ ਜਾਇ ਮਿਲਿਆ,

ਗੱਲ ਜਾਇ ਦੱਸੀ ਸਾਰੀ ਭੇਤ ਵਾਲੀ ।

ਉਥੋਂ ਹੋ ਗਿਆ ਹਰਨ੨ ੬੬ ਹੈ ਖ਼ਾਲਸਾ ਜੀ,

ਚੌਦਾਂ ਹੱਥ ਦੀ ਮਾਰ ਕੇ ਮਿਰਗਛਾਲੀ੨੬੭ ।

ਸ਼ਾਹ ਮੁਹੰਮਦਾ ਸਾਂਭ ਲੈ੧੬੮ ਸਿਲ੍ਹੇ-ਖਾਨੇ੨੬੯,

ਛੱਡ ਗਏ ਨੇ੨੭੦ ਸਿੰਘ ਮੈਦਾਨ ਖ਼ਾਲੀ ।

76.

ਮੁੜ ਕੇ ਫੇਰ ਫ਼ਿਰੰਗੀਆਂ ਜ਼ੋਰ ਕੀਤਾ,

ਲਾਟਾਂਦਾਰ ਗੋਲੇ ਜਦੋਂ੭੧ ਆਣ ਛੁੱਟੇ ।

ਉੱਡੀ ਰਾਲ੭੨ ਤੇ ਚਾਦਰਾਂ੩ ਕੜਕੀਆਂ ਨੀ,

ਕੌਰਵ ਪਾਂਡਵਾਂ ਦੇ ਜੈਸੇ ਬਾਣ ਛੁੱਟੇ ।

ਜਦੋਂ ਡਿਠੇ ਨੀ ਹੱਥ ਫ਼ਿਰੰਗੀਆਂ ਦੇ,

ਓਥੇ ਕਈਆਂ ਦੇ ਆਣ ਪ੍ਰਾਣ ਛੁੱਟੇ ।

ਸ਼ਾਹ ਮੁਹੰਮਦਾ ਇਕ ਸੌ ਤੇਈ ਤੋਪਾਂ,

ਤੋਸ਼ੇ-ਖਾਨੇ੨੭੪ ਫ਼ਿਰੰਗੀਆਂ ਆਣ ਲੁੱਟੇ ।

77.

ਜਦੋਂ ਪਿਆ ਹਰਾਸ੨੭੫ ਤੇ ਕਰਨ ਗੱਲਾਂ,

ਮੁੰਡੇ ਘੋੜ-ਚੜ੍ਹੇ ਨਵੇਂ ਛੋਕਰੇ ਜੀ ।

ਅੱਧੀ ਰਾਤ ਨੂੰ ਉਠ ਕੇ ਖਿਸਕ ਤੁਰੀਏ,

ਕਿਥੋਂ ਪਏ ਗੋਰੇ ਸਾਨੂੰ ਓਪਰੇ ਜੀ ।

ਵਾਹੀ ਕਰਦੇ ਤੇ ਰੋਟੀਆਂ ਖੂਬ ਖਾਂਦੇ,

ਅਸੀਂ ਜਿਨ੍ਹਾਂ ੭੬ ਦੇ ਹਾਂ ਪੁੱਤ-ਪੋਤਰੇ ਜੀ ।

ਸ਼ਾਹ ਮੁਹੰਮਦਾ ਖੂਹਾਂ ਤੇ ਮਿਲਖ੭ ਵਾਲੇ,

ਅਸੀਂ ਦੱਬ ਕੇ ਲਾਵਾਂਗੇ ਜੋਤਰੇ ਜੀ ।

78.

ਜਿਹੜੇ ਜੀਂਵਦੇ ਰਹੇ ਸੋ ਪਏ ਸੋਚੀਂ,

ਹੋਏ ਭੁੱਖ ਦੇ ਨਾਲ ਜ਼ਹੀਰ੧੭੯ ਮੀਆਂ ।

ਬਰੇ ਜਿੰਨ ਹੋ ਕੇ ਸਾਨੂੰ ਪਏ ਗੋਰੇ,

ਅਸੀਂ ਜਾਣਦੇ ਸਾਂ ਕੋਈ ਕੀਰ੮੦ ਮੀਆਂ ।

ਅਸੀਂ ਸ਼ਹਿਦ ਦੇ ਵਾਸਤੇ ਹੱਥ ਪਾਇਆ,

ਅੱਗੋਂ ਡੂਮਣਾ੨੧ ਛਿੜੇ ਮਖ਼ੀਰ ਮੀਆਂ ।

ਸ਼ਾਹ ਮੁਹੰਮਦਾ ਰਾਹ ਨਾ ਕੋਈ ਲੱਭੇ,

ਜਿਥੇ ਚੱਲੀਏ ਘੱਤ ਵਹੀਰ ਮੀਆਂ ।

79.

ਘਰੋਂ ਗਏ ਫ਼ਿਰੰਗੀ ਦੇ ਮਾਰਨੇ ਨੂੰ,

ਬੇੜੇ ਤੋਪਾਂ ਦੇ ਸਭ ਖੁਹਾਇ ਆਇ ।

ਛੇੜ ਆਫ਼ਤਾਂ੨੮੨ ਨੂੰ ਮਗਰ ਲਾਇਓ ਨੇ,

ਸਗੋਂ ਆਪਣਾ ਆਪ ਗਵਾਇ ਆਇ ।

ਖੁਸ਼ੀ੨੮੩ ਵੱਸਦਾ ਸ਼ਹਿਰ ਲਾਹੌਰ ਸਾਰਾ,

ਸਗੋਂ ਕੁੰਜੀਆਂ ਹੱਥ ਫੜਾਇ ਆਇ ।

ਸ਼ਾਹ ਮੁਹੰਮਦਾ ਕਹਿੰਦੇ ਨੇ ਲੋਕ ਸਿੰਘ ਜੀ,

ਤੁਸੀਂ ਚੰਗੀਆਂ ਪੂਰੀਆਂ ਪਾਇ ਆਇ ।

80.

ਘਰੀਂ ਜਾਇ ਕੇ ਫੇਰ੧੮੪ ਆਰਾਮ ਕੀਤਾ,

ਕਿਸੇ ਰਾਤ ਕਿਸੇ ਦੋਇ ਰਾਤ ਮੀਆਂ ।

ਪਿਛੋਂ ਫੇਰ ੮੫ ਸਰਦਾਰਾਂ ਨੇ ਸੱਦ ਭੇਜੇ,

ਜੋ ਕੋਈ ਸਿੰਘ ਸਿਪਾਹੀ ਦੀ ਜ਼ਾਤ ਮੀਆਂ ।

ਕਿਥੇ ਲੁਕੋਗੇ ਜਾਇ ਕੇ ਖ਼ਾਲਸਾ ਜੀ,

ਦੱਸੋ ਖੋਲ੍ਹ ਕੇ ਅਸਲ ਦੀ ਬਾਤ ਮੀਆਂ ।

ਸ਼ਾਹ ਮੁਹੰਮਦਾ ਫੇਰ ਇਕੱਠ ਹੋਇਆ੧੮੬,

ਲੱਗੀ ਚਾਨਣੀ ਹੋਰ ਕਨਾਤ ਮੀਆਂ ।

81.

ਕੰਢੇ ਪਾਰ ਦੇ ਜਮ੍ਹਾਂ ਜਾਂ ਹੋਏ ਡੇਰੇ,

ਇਹ ਤਾਂ ਨੌਕਰੀ ਘਰੀਂ ਨ ਮਿਲਣ ਜਾਣੇ ।

ਡੇਰੀਂ ਆਣ ਕੇ ਬਹੁਤ ਵਿਰਲਾਪ੮ ਹੋਇਆ,

ਹੋਈਆਂ ਭਰਤੀਆਂ ਬੰਦ, ਨਾ ਵਿਕਣ ਦਾਣੇ੧੮੯ ।

ਛਹੀ੨੯੦ ਕੱਢ ਕੇ ਮੋਰਚੀਂ ਆਇ ਬਹਿੰਦੇ,

ਡੇਰੀਂ ਆਇ੧੯੧ ਕੇ ਫੇਰ ਪ੍ਰਸ਼ਾਦਿ ਖਾਣੇ ।

ਸ਼ਾਹ ਮੁਹੰਮਦਾ ਸਭ ਮਾਲੂਮ ਕੀਤੀ,

ਕੀਕੂੰ ਹੋਈ ਸੀ ਦੱਸ ਖਾਂ ਲੁੱਦੇਹਾਣੇ੧੯੨ |

82.

ਸਰਦਾਰ ਰਣਜੋਧ ਸਿੰਘ ਫ਼ੌਜ ਲੈ ਕੇ,

ਤਰਫ਼ ੯੩ ਲਾਡੂਏ ਵਾਲੇ੨੯੪ ਦੀ ਚੱਲਿਆ ਈ।

ਓਥੇ੧੯੫ ਸਭ ਕਬੀਲੇ ਸੀ ਕੈਦ ਹੋਏ,

ਕੋਈ ਲਾਟ ਫ਼ਿਰੰਗੀ ਨੇ ਘੱਲਿਆ ਈ।

ਉਨ੍ਹਾਂ ਜਾਇ ਖੋਹੀਆਂ ਬਾਦਸ਼ਾਹੀਆਂ ਨੀ੧੯੬,

ਉਸ ਦਾ ਜ਼ੋਰ ਨਾ ਕਿਸੇ ਨੇ ਝੱਲਿਆ ਈ।

ਸ਼ਾਹ ਮੁਹੰਮਦਾ ਛਾਵਣੀ ਫੂਕ ਦਿੱਤੀ,

ਵਿਚੋਂ ਜੀਉ ਫਿਰੰਗੀ ਦਾ ਹੱਲਿਆ ਈ੧੯੭ ।

83.

ਚਾਰ ਪੜਤਲਾਂ੨੯੮ ਲੈ ਮੇਵਾ ਸਿੰਘ ਆਇਆ,

ਸਿੰਘ ਆਪਣੇ ਹੱਥ ਹਥਿਆਰ ਲੈਂਦੇ ।

ਇਹਨਾਂ ਬਹੁਤ ਫ਼ਿਰੰਗੀ ਦੀ ਫੌਜ ਮਾਰੀ,

ਲੁੱਟਾਂ ਭਾਰੀਆਂ ਬਾਝ ਸ਼ੁਮਾਰ ਲੈਂਦੇ ।

ਤੋਪਾਂ, ਊਠ, ਹਾਥੀ, ਮਾਲ ਲਾਖ ਘੋੜੇ੧੯੯,

ਡੇਰੇ ਆਪਣੇ ਸਿੰਘ ਉਤਾਰ ਲੈਂਦੇ ।

ਸ਼ਾਹ ਮੁਹੰਮਦਾ ਸਿੰਘ ਜੇ ਜ਼ੋਰ ਕਰਦੇ,

ਭਾਵੇਂ ਲੁੱਦੇਹਾਣਾ੩੦ ਤਦੋਂ ਮਾਰ ਲੈਂਦੇ ।

84.

ਮੁਹਕਮ ਦੀਨ ਸਰਦਾਰ ਨੇ ਲਿਖੀ ਅਰਜ਼ੀ,

ਤੁਸਾਂ ਰਸਦ ਲੁੱਟੇ ਚੰਗੇ ਸ਼ਾਨ ਦੇ ਜੀ ।

ਦੇਹੋ ਭੇਜ ਉਰਾਰ ਸਭ ਕਾਰਖ਼ਾਨੇ੩,

ਪਇਓ ਗੱਜਿਓ ਵਿਚ ਮੈਦਾਨ ਦੇ ਜੀ੩੦੪ ।

ਤੈਨੂੰ ਅਜ ਹਜ਼ੂਰ ਥੀਂ ਫ਼ਤਹਿ ਆਈ,

ਖਬਰਾਂ ਉਡੀਆਂ ਵਿਚ ਜਹਾਨ ਦੇ ਜੀ।

ਸ਼ਾਹ ਮੁਹੰਮਦਾ ਵੈਰੀ ਨੂੰ ਜਾਣ ਹਾਜ਼ਰ,

ਸਦਾ ਰੱਖੀਏ ਵਿਚ ਧਿਆਨ ਦੇ ਜੀ।

85.

ਸੱਠਾਂ ਕੋਹਾਂ ਦਾ ਪੰਧ ਸੀ ਲੁੱਦੇਹਾਣਾ੩੦੫,

ਰਾਤੋ ਰਾਤ ਕੀਤੀ ਟੁੰਡੇ੬ ਦੌੜ ਮੀਆਂ ।

ਉਹ ਵੀ ਲੁੱਟਿਆ ਲਾਟ ਨੇ ਆਣ ਡੇਰਾ,

ਤੋਪਾਂ ਸਭ ਖੋਹੀਆਂ ਕੀਤੀ ਚੌੜ ਮੀਆਂ ।

ਝੱਲੀ ਅਬੂਤਬੇਲੇ ਦੀਆਂ ਪੜਤਲਾਂ ਨੇ,

ਅੱਧੀ੩੦੮ ਘੜੀ ਲੜਾਈ ਦੀ ਸੌੜ ਮੀਆਂ ।

ਸ਼ਾਹ ਮੁਹੰਮਦਾ ਸਿੰਘ ਲੁਟਾਇ ਡੇਰੇ੩੦੯,

ਕਰ ਆਏ ਨੇ ੧੦ ਤੁੱਟੀਆਂ ਚੌੜ ਮੀਆਂ।

86.

ਪਹਿਲੇ ਹੱਲਿਓਂ ਸਿੰਘ ਜੋ ਨਿਕਲ ਸਾਰੇ ੧੧

ਪਏ ਔਝੜੇ ਔਝੜੇ ੧੨ ਜਾਂਵਦੇ ਨੀ ।

ਲੁੱਟੇ ੧੩ ਗਏ ਸਾਰੇ ਰਹੀ ਇਕ ਕੁੜਤੀ,

ਬਾਹਾਂ ਹਿੱਕ ਦੇ ਨਾਲ ਲਗਾਂਵਦੇ ਨੀ।

ਅੱਗੋਂ ਲੋਕ ਲੜਾਈ ਦੀ ਗੱਲ ਪੁੱਛਣ,

ਜੀਭ ਹੋਠਾਂ ਥੀਂ ਖੋਲ੍ਹ ੧੪ ਦਿਖਾਂਵਦੇ ਨੀ।

ਸ਼ਾਹ ਮੁਹੰਮਦਾ ਆਣ ਕੇ ੧੫ ਘਰ ਦਿਆਂ ਤੋਂ,

ਨਵੇਂ ਕਪੜੇ ਹੋਰ ਸਿਵਾਂਵਦੇ ਨੀ ।

87.

ਕਹਿੰਦੇ ਜੀਊਂਦਿਆਂ ਫੇਰ ਨਾ ਕਦੀ ਜਾਣਾ,

ਮੂੰਹ ਨਾ ਲੱਗਣਾ ਉਸ ਚੰਡਾਲ ਦੇ ਜੀ ।

ਕਿਤੇ ਜਾਇ ਕੇ ਚਾਰ ਦਿਨ ਕੱਟ ਆਈਏ੩੧੬, ,

ਢੂੰਡਣ ਆਉਣਗੇ ਸਾਡੇ ਭੀ ਨਾਲ ਦੇ ਜੀ।

ਤੁਸਾਂ ਆਖਣਾ ਮਰ ਗਿਆ ਲੁੱਦੇਹਾਣੇ੩੧੮,

ਅਸੀਂ ਫਿਰਦੇ ਹਾਂ ਢੂੰਡਦੇ-ਭਾਲਦੇ ਜੀ ।

ਸ਼ਾਹ ਮੁਹੰਮਦਾ ਰਹੇ ਹੁਸ਼ਿਆਰ੩੧੯ ਓਥੇ,

ਲੜੇ ਨਹੀਂ ਅਜੇ ੨੦ ਸਾਡੇ ਨਾਲ ਦੇ ਜੀ।

88

ਪਿੱਛੇ ਬੈਠ ਸਰਦਾਰਾਂ ਗੁਰਮਤਾ ਕੀਤਾ੩੨੧,

ਪਤ ਕੋਈ ਅਕਲ ਦਾ ਕਰੋ ਇਲਾਜ ਯਾਰੋ ।

ਛੇੜ ੨੨ ਬੁਰਛਿਆਂ ਦੀ ਸਾਡੇ ਪੇਸ਼ ਆਈ,

ਪੱਗ ੩ ਦਾੜ੍ਹੀਆਂ ਦੀ ਰੱਖੋ ਲਾਜ ਯਾਰੋ ।

ਮੁੱਠ ਮੀਟੀ ਸੀ ਦੇ ੨੪ ਪੰਜਾਬ ਦੀ ਜੀ,

ਇਨ੍ਹਾਂ ਖੋਲ੍ਹ ਦਿੱਤਾ ਅੱਜ੩੨੫ ਪਾਜ ਯਾਰੋ ।

ਸ਼ਾਹ ਮੁਹੰਮਦਾ ਮਾਰ ਕੇ ਮਰੋ ਏਥੇ,

ਕਦੀ ਰਾਜ ਨਾ ਹੋਇ ਮੁਹਤਾਜ੩੨੬ ਯਾਰੋ ।

89.

ਤੀਜੀ੩੨੭ ਵਾਰ ਲਲਕਾਰ ਕੇ ਪਏ ਗੋਰੇ,

ਵੇਲੇ ਫਜ਼ਰ ਦੇ ਹੋਇਆ੩੨੮ ਤੰਬੂਰ ਮੀਆਂ ।

ਕੱਸ ਲਈਆਂ ਨੀ ਸਿੰਘਾਂ ਨੇ ਤੁਰਤ ਕਮਰਾਂ,

ਕਾਇਮ ਜੰਗ ਨੂੰ ਹੋਇ ਜ਼ਰੂਰ ਮੀਆਂ ।

ਪਹਿਲਾਂ ਬਾਵਿਓਂ ਆਣ ਕੇ ਜ਼ੋਰ ਦਿੱਤਾ,

ਪਿਆ ਦਿਲਾਂ ਦੇ ਵਿਚ ਫ਼ਤੂਰ ੨੯ ਮੀਆਂ ।

ਸ਼ਾਹ ਮੁਹੰਮਦਾ ਨੱਸ ੩੦ ਕੇ ਜਾਣ ਕਿਥੇ,

ਏਥੋਂ ਸ਼ਹਿਰ ਲਾਹੌਰ ਹੈ ਦੂਰ ਮੀਆਂ ।

90.

ਆਈਆਂ ਪਲਟਨਾਂ੩੩੧ ਬੀੜ ਕੇ ਤੋਪਖਾਨੇ,

ਅੱਗੋਂ ਸਿੰਘਾਂ ਨੇ ਪਾਸੜੇ ੩੨ ਤੋੜ ਸੁੱਟੇ ।

ਮੇਵਾ ਸਿੰਘ ਤੇ ਮਾਘੇ ਖਾਂ੩੩੩ ਹੋਏ ਸਿੱਧੇ,

ਹੱਲੇ ਤਿੰਨ ਫ਼ਿਰੰਗੀ ਦੇ ਮੋੜ ਸੁੱਟੇ ।

ਸ਼ਾਮ੩੩੪ ਸਿੰਘ ਸਰਦਾਰ ਅਟਾਰੀ ਵਾਲੇ,

ਬੰਨ੍ਹ ‘ਸ਼ਸਤ੍ਰੀ ਜੋੜ-ਵਿਛੋੜ ਸੁੱਟੇ । ।

ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,

ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ ।

91.

ਪਏ ਬਾਂਵਿਓਂ ਹੋਇ੩੫ ਕੇ ਫੇਰ ਗੋਰੇ,

ਫਰਾਂਸੀਸ੩੩੬ ਤੇ ਜਿਥੇ ਸੀ ਚਾਰ ਯਾਰੀ੩੩੭ ।

ਕੁੰਡਲ ਘੱਤਿਆ ਵਾਂਗ ਕਮਾਨ ਗੋਸ਼ੇ੩੩੮,

ਬਣੀ ਆਣ ਸਰਦਾਰਾਂ ਨੂੰ ਬਹੁਤ ਭਾਰੀ੩੩੯ ।

ਤੇਜਾ ਸਿੰਘ ਸਰਦਾਰ ਪੂਲ ਵੱਢ ਦਿੱਤਾ,

ਘਰੀਂ ਨੱਸ ਨਾ ਜਾਇ ਇਹ ਫੌਜ ਸਾਰੀ ।

ਸ਼ਾਹ ਮੁਹੰਮਦਾ ਮਰਨ ਸ਼ਹੀਦ ਹੋ ਕੇ,

ਅਤੇ ਜਾਨ ਨਾ ਕਰਨਗੇ ਫੇਰ ਪਿਆਰੀ ।

92.

ਜੰਗ ਹਿੰਦ-ਪੰਜਾਬ ਦਾ ਹੋਣ ਲੱਗਾ,

ਦੋਵੇਂ ਪਾਤਸ਼ਾਹੀ੩੪੧ ਫੌਜਾਂ ਭਾਰੀਆਂ ਨੇ੩੪੨ ।

ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,

ਜੇੜ੍ਹੀਆਂ ਖ਼ਾਲਸੇ ਨੇ ਤੇਗ਼ਾਂ ਮਾਰੀਆਂ ਨੇ੩੪੨ ।

ਸਣੇ ੪੩ ਆਦਮੀ ਗੋਲੀਆਂ੩੪੪ ਨਾਲ ਉੱਡਣ,

ਹਾਥੀ ਡਿੱਗਦੇ੩੪੫ ਸਣੇ ਅੰਬਾਰੀਆਂ ਨੇ੩੪੨ ।

ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ੩੪੬,

ਫੌਜਾਂ ਜਿੱਤ ਕੇ੩੪੭ ਅੰਤ ਨੂੰ ਹਾਰੀਆਂ ਨੇ੩੪੨ ।

93.

ਕਈ ਸੂਰਮੇ ਮਾਰ ਕੇ ਮੋਏ ਓਥੇ,

ਜਿਨ੍ਹਾਂ ਹੱਥ ਕੀਤੇ ਤੇਗ਼ਾਂ ਨੰਗੀਆਂ ਦੇ ।

ਰਹਿੰਦੇ ਘੇਰ ਕੇ ਵਿਚ ਦਰਿਆਓ ਡੋਬੇ,

ਸ਼ੱਰੇ੩੪੮ ਮਾਰਿਓ ਨੇ ਤੋਪਾਂ ਚੰਗੀਆਂ ਦੇ ।

ਕਹਿੰਦੇ ਨੌਕਰੀ ਕਾਸ ਨੂੰ ਅਸਾਂ ਕੀਤੀ,

ਆਖੇ ਲੱਗ ਕੇ ਸਾਥੀਆਂ ਸੰਗੀਆਂ ਦੇ ।

ਸ਼ਾਹ ਮੁਹੰਮਦਾ ਫੇਰ ਨਾ ਰੱਬ ੪੯ ਲਿਆਵੇ,

ਵਿਚ ਜੰਗ ਦੇ ਨਾਲ ਫ਼ਿਰੰਗੀਆਂ ਦੇ ।

94.

ਕਈ੩੫੦ ਮਾਵਾਂ ਦੇ ਪੁੱਤ ਨੇ ਮੋਏ ਓਥੇ,

ਸੀਨੇ ਲੱਗੀਆਂ ਤੇਜ਼ ਕਟਾਰੀਆਂ ਨੀ ।

ਜਿਨ੍ਹਾਂ ਭੈਣਾਂ ਨੂੰ ਵੀਰ ਨਾ ਮਿਲੇ ਮੁੜ ਕੇ,

ਪਈਆਂ ਰੋਂਦੀਆਂ ਫਿਰਨ ਵਿਚਾਰੀਆਂ ਨੀ ।

ਜੰਗੀ ੩੫੧ ਜਿਨ੍ਹਾਂ ਦੇ ਸਿਰਾਂ ਦੇ ਮੋਏ ਵਾਲੀ,

ਖੁਲ੍ਹੇ ਵਾਲ ਤੇ ਫਿਰਨ ਵਿਚਾਰੀਆਂ੩੫੨ ਨੀ ।

ਸ਼ਾਹ ਮੁਹੰਮਦਾ ਬਹੁਤ ਸਰਦਾਰ ਮਾਰੇ,

ਪਈਆਂ ਰਾਜ ਦੇ ਵਿਚ ਖੁਆਰੀਆਂ ਨੀ ।

95.

ਲਿਖਿਆ ਤੁਰਤ ਪੈਗ਼ਾਮ ਰਾਣੀ ਜਿੰਦ ਕੌਰਾਂ,

ਕੋਈ ਤੁਸਾਂ ਨੇ ਦੇਰ ਨਹੀਂ ੩੫੩ ਲਾਵਣੀ ਜੀ ।

ਰਹਿੰਦੀ ਫੌਜ ਦਾ ਕਰੋ ਇਲਾਜ ਕੋਈ,

ਕਾਬੂ ਤੁਸਾਂ ਬਗ਼ੈਰ ਨਾ੩੫੪ ਆਵਣੀ ਜੀ ।

ਮੇਰੀ ਜਾਨ ਦੇ ਰੱਬ ਜਾਂ ਤੁਸੀਂ ਰਾਖੇ,

ਪਾਉ ਵਿਚ ਲਾਹੌਰ ਦੇ ਛਾਵਣੀ ਜੀ ।

ਸ਼ਾਹ ਮੁਹੰਮਦਾ ਅੱਜ ਮੈਂ ਲਿਆ ਬਦਲਾ,

ਅੱਗੇ ਹੋਰ ਕੀ ਰੱਬ ਨੂੰ ਭਾਵਣੀ ਜੀ ।

96.

ਪੁਲ ਬੱਧਾ ਫ਼ਿਰੰਗੀ ਨੇ ੫੫ ਖ਼ਬਰ ਸੁਣ ਕੇ,

ਲਾਂਘੇ ਪਾਏ ਨੀ ਵਿਚ ਪਲਕਾਰਿਆਂ ਦੇ ।

ਆਏ ਸ਼ਹਿਰ ਲਾਹੌਰ ਨੂੰ ਖੁਸ਼ੀ ਕਰਦੇ੩੫੬,

ਵਾਜੇ ਵੱਜਦੇ੩੫੭ ਨਾਲ ਨਗਾਰਿਆਂ ਦੇ ।

ਅੱਗੋਂ ਸਭ ਪਠਾਣ ਲੈ ਮਿਲੇ ਨਜ਼ਰਾਂ,

ਪਿਛੋਂ ਪੈਂਚ ਆਏ ਮੁਲਖਾਂ ਸਾਰਿਆਂ ਦੇ੩੫੮ ॥

ਸ਼ਾਹ ਮੁਹੰਮਦਾ ਆਣ ਲੁਹਾਣ ਲੱਥੇ,

ਅੱਛੇ ਦੇਸ ਤੇ ਥਾਉਂ ਟਿਕਾਣਿਆਂ ਦੇ੩੫੯ |

97.

ਰਾਜਾ ਗਿਆ ਗੁਲਾਬ ਸਿੰਘ ਆਪ ਚੜ੍ਹ ਕੇ,

ਬਾਹੋਂ ਪਕੜ ਲਾਹੌਰ ਲਿਆਂਵਦਾ੩੬੦ ਈ ।

ਸਾਹਿਬ ਲੋਕ ਜੀ! ਅਸਾਂ ਪਰ ਦਇਆ ਕਰਨੀ,

ਉਹ ਤਾਂ ਆਪਣਾ ਕੰਮ ਬਣਾਂਵਦਾ ਈ ।

ਦਿੱਤੇ ਕੱਢ ਮਲਵੱਈ ਦੁਆਬੀਏ ਜੀ,

ਵਿਚੋਂ ਸਿੰਘਾਂ ਦੀ ਫੌਜ ਖਿਸਕਾਂਵਦਾ ਈ ।

ਸ਼ਾਹ ਮੁਹੰਮਦਾ ਤਰਫ਼੬੨ ਪਹਾੜ ਲੈ ਕੇ,

ਤੁਰਤ ਜੰਮੂ ਨੂੰ ਕੂਚ ਕਰਾਂਵਦਾ ਈ ।

98.

ਬਣੇ ਮਾਈ ਦੇ ਆਣ ਅੰਗਰੇਜ਼ ਰਾਖੇ,

ਪਾਈ ਛਾਵਣੀ ਵਿਚ ਲਾਹੌਰ ਦੇ ਜੀ ।

ਹੋਰ ੬੪ ਮਾਲਵਾ ਪਾਰ ਦਾ ਮੁਲਕ ਸਾਰਾ,

ਠਾਣਾ ਘੱਤਿਆ ਵਿਚ ਫਿਲੌਰ ਦੇ ਜੀ ।

ਲਿਆ ਸ਼ਹਿਰ ਹੁਸ਼ਿਆਰਪੁਰ ਤਲਕ ਸਾਰਾ੩੬੫,

ਜਿਹੜੇ ਟਕੇ ਆਵਣ ਨੰਦਾ ਚੌਰ ਦੇ ਜੀ।

ਸ਼ਾਹ ਮੁਹੰਮਦਾ ਕਾਂਗੜਾ ਮਾਰ ਲੀਤਾ,

ਉਹਦੇ ਕੰਮ ਗਏ ਸਭੇ੩੬੬ ਸੌਰਦੇ ਜੀ ।

99.

ਰਹਿੰਦਾ ਮੁਲਕ ਫ਼ਿਰੰਗੀ ਦੇ ਪਿਆ ਪੇਟੇ,

ਕੀਤਾ ਹੁਕਮ ਫ਼ਿਰੰਗੀਆਂ ਸਾਰਿਆਂ ਨੇ ।

ਮਾਈ੩੬੭ ਫੌਜ ਨੂੰ ਚਾਇ ਜਵਾਬ ਦਿਤਾ,

ਦਿੱਤੀ ਨੌਕਰੀ ਛੱਡ ਵਿਚਾਰਿਆਂ ਨੇ ।

ਪਿਛੋਂ ਸਾਂਭ ਲੀਤਾ ਮੁਲਕ ਕਾਰਦਾਰਾਂ,

ਬਖਤਾਵਰਾਂ ਤੇ ਨੇਕ-ਸਤਾਰਿਆਂ ਨੇ ।

ਸ਼ਾਹ ਮੁਹੰਮਦਾ ਲੋਕ ਵਿਰਾਨ ਹੋਏ੩੬੮,

ਤੋੜ ਸੁੱਟਿਆ ਮੁਲਕ ਉਜਾੜਿਆਂ੩੬੯ ਨੇ ।

100.

ਕੀਤਾ ਅਕਲ ਦਾ ਪੇਚ ਰਾਣੀ੩੭॰ ਜਿੰਦ ਕੌਰਾਂ,

ਮੱਥਾ ਦੋਹਾਂ ਪਾਤਸ਼ਾਹੀਆਂ ਦਾ ਜੋੜਿਆ ਈ ।

ਗੁੱਝੀ ਰਮਜ਼ ਕਰ ਕੇ ਆਪ ਰਹੀ੩੭੧ ਸੱਚੀ,

ਬਦਲਾ ਤੁਰਤ ਭਰਾਉ੩੭ ਦਾ ਮੋੜਿਆ ਈ ।

ਲਏ ਤੁਰਤ ਮੁਸਾਹਿਬ ਲਪੇਟ ਰਾਣੀ,

ਲਸ਼ਕਰ ਵਿਚ ਦਰਿਆਉ ਦੇ ਰੋੜ੍ਹਿਆ ਈ ।

ਸ਼ਾਹ ਮੁਹੰਮਦਾ ਕਰੇ ਜਹਾਨ ਗੱਲਾਂ,

ਉਹਨਾਂ੩੭੩ ਕੁਫ਼ਰ ਮੁਦਈ ਦਾ ਤੋੜਿਆ ਈ ।

101

ਪਿਛੋਂ ਬੈਠ ਕੇ ਸਿੰਘਾਂ ਨੂੰ ਅਕਲ ਆਈ,

ਕੇਹੀ ਚੜ੍ਹੀ ਹੈ ਜ਼ਹਿਰ ੭੪ ਦੀ ਸਾਣ ਮਾਈ ।

ਕਿਨ੍ਹਾਂ ਖੁੰਦਰਾਂ੩੭੫ ਵਿਚ ਫਸਾਇ ਕੇ ਜੀ,

ਸਾਡੇ ਲਾਹ ਸੁੱਟੇ ਤੂੰ ਤਾਂ ਘਾਣ ਮਾਈ ।

ਹੱਥ ਧੋ ਕੇ ਮਗਰ ਕਿਉਂ ਪਈ ਸਾਡੇ੩੭੬,

ਘਰੀਂ ਅਜੇ ਨਾ ਦੇਨੀ ਹੈਂ ਜਾਣ ਮਾਈ ।

ਸ਼ਾਹ ਮੁਹੰਮਦਾ ਖੂਹਾ ਹਥਿਆਰ ਬੈਠੇ੩੭੭,

ਨਾਲ ਕੁੜਤੀਆਂ ਲਏ ਪਛਾਣ ਮਾਈ ।

102.

ਹੁੰਦੇ੩੮ ਆਏ ਨੀ ਰੰਨਾਂ ਦੇ ਧੁਰੋਂ ਕਾਰੇ,

ਲੰਕਾ ਵਿਚ ਤਾਂ ਰਾਵਣ ਕੁਹਾਇ ਦਿੱਤਾ੩੭੯ ।

ਕੌਰਵ ਪਾਂਡਵਾਂ ਨਾਲ ਕੀ ਭਲਾ ਕੀਤਾ,

ਅਠਾਰਾਂ੩੮੧ ਖੂਹਣੀਆਂ ਕਟਕ ਮੁਕਾਇ ਦਿੱਤਾ ।

ਰਾਜੇ ਭੋਜ ਦੇ ਮੂੰਹ ਲਗਾਮ ਦਿੱਤੀ,

ਮਾਰ ਅੱਡੀਆਂ ਹੋਸ਼ ਭੁਲਾਇ ਦਿੱਤਾ ।

ਸ਼ਾਹ ਮੁਹੰਮਦਾ ਏਸ ਰਾਣੀ ਜਿੰਦ ਕੌਰਾਂ,

ਸਾਰੇ ਦੇਸ਼ ਦਾ ਫ਼ਰਸ਼ ਉਠਾਇ ਦਿੱਤਾ ।

103.

ਰੱਬ ਚਾਹੇ ਤਾਂ ਕਰੇਗਾ ਮਿਹਰਬਾਨੀ,

ਹੋਣਾ੩੮੩ ਸਿੰਘਾਂ ਦਾ ਕੰਮ ਅਰਾਸਤਾ੩੮੪ ਈ ।

ਵਡੀ ਸਾਂਝ ਹੈ ਹਿੰਦੂਆਂ ਮੁਸਲਮਾਨਾਂ,

ਉਨ੍ਹਾਂ ਨਾਲ ਨਾ੩੮੫ ਕਿਸੇ ਦਾ ਵਾਸਤਾ ਈ ।

ਉਹਦੇ੩੮੬ ਨਾਲ ਨਾ ਬੈਠ ਕੇ ਗੱਲ ਕਰਨੀ,

ਖ਼ੁਦੀ੩੮੭ ਆਪਣੀ ਵਿਚ ਮਹਾਸਤਾ੩੮੮ ਈ ।

ਸ਼ਾਹ ਮੁਹੰਮਦਾ ਦੌਲਤਾਂ ਜਮ੍ਹਾਂ ਕਰਦਾ,

ਸ਼ਾਹੂਕਾਰਾਂ ਦਾ ਪੁੱਤ੩੮੯ ਗੁਮਾਸ਼ਤਾ੩੯੦ ਈ

104.

ਜਿਹੜੀ ਹੋਈ ਸੋ ਲਈ ਹੈ ਵੇਖ ਅੱਖੀਂ,

ਅੱਗੇ ਹੋਰ ਕੀ ਬਣਤ ਬਣਾਵਣੀ ਜੀ ।

ਇਕ ਘੜੀ ਦੀ ਕੁਝ ਉਮੈਦ ਨਾਹੀਂ,

ਕਿਸੇ ਲਈ ਹਾੜੀ ਕਿਸੇ ਸਾਵਣੀ ਜੀ ।

ਨਿੱਕੇ ਪੋਚ ੯੧ ਹੁਣ ਬੈਠ ਕੇ ਕਰਨ ਗੱਲਾਂ,

ਅਸਾਂ ਡਿੱਠੀ੩੯੨ ਫ਼ਿਰੰਗੀ ਦੀ ਛਾਵਣੀ ਜੀ ।

ਸ਼ਾਹ ਮੁਹੰਮਦਾ ਨਹੀਂ ਮਾਲੂਮ ਸਾਨੂੰ,

ਅੱਗੇ ਹੋਰ ਕੀ ਖੇਡ ਖਿਡਾਵਣੀ ੯੩ ਜੀ ।

105.

ਸੰਮਤ ਉੱਨੀ ਸੈ ਦੂਸਰਾ ਉਤਰਿਆ੩੯੪ ਸੀ,

ਜਦੋਂ ਹੋਇਆ ਫ਼ਿਰੰਗੀ ਦਾ ਜੰਗ ਮੀਆਂ ।

ਹੈਸੀ ਖੂਨ ਦੀ ਉਹ੩੯੫ ਜ਼ਮੀਨ ਪਿਆਸੀ,

ਹੋਇਆ੩੯੬ ਸੁਰਖ੩੯੭ ਸ਼ਰਾਬ ਦੇ ਰੰਗ ਮੀਆਂ ।

ਧਰਤੀ ਵੱਢ ਕੇ ਧੂੜ ਦੇ ਬਣੇ ਬੱਦਲ,

ਜੈਸੇ ਚੜ੍ਹੇ ਆਕਾਸ਼ ਪਤੰਗ ਮੀਆਂ ।

ਸ਼ਾਹ ਮੁਹੰਮਦਾ ਸਿਰਾਂ ਦੀ ਲਾਇ ਬਾਜ਼ੀ,

ਨਹੀਂ ਮੋੜਦੇ ਸੂਰਮੇ ਅੰਗ ਮੀਆਂ ।

ਸ਼ਾਹ ਮੁਹੰਮਦ ਦਾ ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ ਪ੍ਰਿੰ: ਨਿਰਵੈਰ ਸਿੰਘ ਅਰਸ਼ੀ

ਨਾਵਾਂ ਤੇ ਥਾਵਾਂ ਦਾ ਵੇਰਵਾ 

(ਜੰਗਨਾਮੇ ਦੀ ਤਰਤੀਬ ਅਨੁਸਾਰ)

  1. ਚੌਦਾਂ ਤਬਕ

ਚੌਦਾਂ ਲੋਕ (ਸੱਤ ਆਕਾਸ਼ ਤੇ ਸੱਤ ਪਾਤਾਲ) । ‘ਤਬਕ’ ਅਰਬੀ ਦਾ ਸ਼ਬਦ ਹੈ, ਜਿਸ ਦੇ ਅਰਥ ਦੇਸ, ਖੰਡ, ਮੰਡਲ ਵੀ ਕੀਤੇ ਜਾਂਦੇ ਹਨ, ਜਿਵੇਂ ‘ਤਬਕ ਚੌਦਹਿ ਜਾਨੀਏ’ (ਸਰਬਲੋਹ ਗ੍ਰੰਥ)। ਪੁਰਾਤਨ ਗ੍ਰੰਥਾਂ ਵਿੱਚ ਸੱਤ ਆਕਾਸ਼ ਤੇ ਸੱਤ ਪਾਤਾਲ ਇਹ ਮੰਨੇ ਹਨ—ਭੂ:, ਭੁਵ:, ਸ੍ਰ:, ਮਹ:, ਜਨ:, ਤਪ: ਅਤੇ ਸਤਯ: । ਅਤਲ, ਸੁਤਲ, ਵਿਤਲ, ਤਲਾਤਲ, ਮਹਾਤਲ, ਰਸਾਤਲ ਅਤੇ ਪਾਤਾਲ । ਜੋਤਿਸ਼ ਗ੍ਰੰਥ ‘ਸਿਧਾਂਤ ਸ਼ਿਰੋਮਣਿ’ ਵਿਚ ਜ਼ਮੀਨ ਉਤੇ ਹੀ ਚੌਦਾਂ ਲੋਕ ਹੋਣੇ ਮੰਨੇ ਗਏ ਹਨ ।

  1. ਦਾਦ

ਅਰਬ ਦੇਸ ਦੀ ‘ਆਦ’ ਕੌਮ ਦਾ ਇਕ ਪ੍ਰਾਚੀਨ ਬਾਦਸ਼ਾਹ, ਜਿਸਦਾ ਵੇਰਵਾ ਕੁਰਾਨ ਵਿਚ ਵੀ ਮਿਲਦਾ ਹੈ, ਬਹੁਤ ਹੀ ਵਧੇਰੇ ਜ਼ਾਲਮ ਤੇ ਅੱਤਿਆਚਾਰੀ ਸੀ। ਇਹ ਇਰਾਕ ਦੇਸ ਦੇ ਹਜਰਮੌਤ ਸ਼ਹਿਰ ਦਾ ਵਸਨੀਕ ਸੀ । ਸ਼ੱਦਾਦ ਤੇ ਸ਼ੱਦੀਦ ਦੋ ਭਰਾ ਸਨ । ਸ਼ੋਦੀਦ ਬਹੁਤ ਹੀ ਨਿਆਂਕਾਰੀ ਬਾਦਸ਼ਾਹ ਸੀ, ਲੇਕਿਨ ਸ਼ੱਦਾਦ ਇਸ ਦੇ ਐਨ ਉਲਟ ਬੜਾ ਹੀ ਹੰਕਾਰੀ ਤੇ ਜ਼ਾਲਮ ਸੀ । ਜਦੋਂ ਬੱਦਾਦ ਗੱਦੀ ‘ਤੇ ਬੈਠਿਆ ਤਾਂ ਹਜ਼ਰਤ ਹੂਟ ਨੇ ਇਸ ਨੂੰ ਸਿੱਧੇ ਰਸਤੇ ‘ਤੇ ਪਾਉਣ ਦਾ ਬਹੁਤ ਯਤਨ ਕੀਤਾ ਅਤੇ ਇਹ ਵੀ ਯਕੀਨ ਦਿਵਾਇਆ ਕਿ ਅਜੇਹੇ ਨੇਕ ਕਰਮ ਕਰਨ ਨਾਲ ਉਹ ਮਰਨ ਬਾਅਦ ਜੱਨਤ ਵਿਚ ਜਾਵੇਗਾ। ਸ਼ੱਦਾਦ ਨੇ ਹੰਕਾਰ ਨਾਲ ਉਤਰ ਦਿੱਤਾ ਕਿ ਮੌਤ ਤੋਂ ਬਾਅਦ ਜੱਨਤ ਕਿਸ ਕੰਮ ? ਮੈਂ ਇਸ ਸੰਸਾਰ ਵਿਚ ਆਪਣੀ ਜੱਨਤ ਉਸਾਰ ਲਵਾਂਗਾ।

ਹਜਰਮੌਤ ਸ਼ਹਿਰ ਵਿਚ 12 ਕੋਹ ਖੇਤਰ ਵਿਚ ਇਸ ਨੇ ਆਪਣਾ ਸਵਰਗ ਬਣਾਇਆ। ਸਵਰਗ ਦੀ ਇਮਾਰਤ ਲਈ ਸੋਨੇ ਦੀਆਂ ਇੱਟਾਂ ਲਾਈਆਂ ਗਈਆਂ। ਉਪ੍ਰੰਤ ਦੁਰਲੱਭ ਵਸਤਾਂ ਉਸ ਵਿਚ ਰਖਾਈਆਂ ਅਤੇ ਸੁੰਦਰ ਔਰਤਾਂ ਨੂੰ ਹੂਰਾਂ ਵਲੋਂ ਰੱਖਿਆ ਗਿਆ । ਸਾਰੀ ਤਿਆਰੀ ਮੁਕੰਮਲ ਹੋ ਜਾਣ ‘ਤੇ ਲਸ਼ਕਰ ਸਮੇਤ ਇਸ ਨੂੰ ਵੇਖਣ ਲਈ ਗਿਆ, ਪਰੰਤੂ ਦਾਖ਼ਲ ਹੋਣ ਦਾ ਅਵਸਰ ਨਾ ਮਿਲ ਸਕਿਆ ਅਤੇ ਦਰਵਾਜ਼ੇ ‘ਤੇ ਪੁੱਜ ਕੇ ਘੋੜੇ ਤੋਂ ਡਿੱਗ ਕੇ ਮਰ ਗਿਆ ।

  1. ਨਮਰੂਦ

ਬੇਬੀਲੋਨੀਆ (ਅਰਬ) ਦੇਸ ਦਾ ਇਕ ਹੰਕਾਰੀ ਤੇ ਜ਼ਾਲਮ ਬਾਦਸ਼ਾਹ, ਜਿਸ ਨੇ ਬੁੱਤਪ੍ਰਸਤੀ ਉਤੇ ਵਧੇਰੇ ਜ਼ੋਰ ਦਿੱਤਾ। ਇਹ ਵੀ ਆਪਣੇ ਆਪ ਨੂੰ ਖ਼ੁਦਾ ਕਹਿੰਦਾ ਸੀ । ਜਦੋਂ ਹਜ਼ਰਤ ਇਬਰਾਹੀਮ ਨੇ ਮੂਰਤੀਆਂ ਨੂੰ ਤੋੜਿਆ ਤਾਂ ਨਮਰੂਦ ਨੇ ਉਸ ਨੂੰ ਅੱਗ ਵਿਚ ਸੁਟਵਾ ਦਿੱਤਾ, ਲੇਕਿਨ ਕੁਦਰਤ ਨੇ ਅੱਗ ਨੂੰ ਫੁੱਲਾਂ ਵਿਚ ਬਦਲ ਦਿੱਤਾ। ਉਰਦੂ ਸ਼ਿਅਰ ਵੀ ਹੈ—ਨਾਰ (ਅੱਗ) ਕੋ ਗੁਲਜ਼ਾਰ ਕੀਆ, ਕਿਸ ਨੇ ਕੀਆ ਯਾਰ ਕੀਆ । ਨਮਰੂਦ ਦੀ ਆਪਣੀ ਮੌਤ ਇਕ ਮੱਛਰ ਦੇ ਇਸ ਦੀ ਨਾਸ ਵਿਚ ਵੜਨ ਅਤੇ ਡੰਗ ਮਾਰੇ ਜਾਣ ਕਾਰਨ ਹੋਈ ਸੀ ।

  1. ਫਿਰਊਨ

ਫਿਰਊਨ (PHARAOH) ਨਾਮ ਦੇ ਅਨੇਕਾਂ ਬਾਦਸ਼ਾਹ ਮਿਸਰ ਵਿਚ ਹੋਏ ਹਨ। ਇਹ ਨਾਮ ‘ਜਨਕ’ ਦੀ ਤਰ੍ਹਾਂ ਰਾਜਗੱਦੀ ਦੀ ਅੱਲ (ਉਪਾਧੀ) ਸੀ, ਪਰ ਸਭ ਤੋਂ ਵਧੇਰੇ ਪ੍ਰਸਿੱਧ ਫਿਰਊਨ ਜਿਸਦਾ ਅਸਲ ਨਾਮ ਵਲੀਦ ਬਿਨ ਮੁਅਸਬ ਸੀ, ਮੂਸਾ ਦੇ ਸਮੇਂ ਹੋਇਆ ਹੈ। ਇਹ ਬਹੁਤ ਹੀ ਹੰਕਾਰੀ ਤੇ ਨਿਰਦਈ ਬਾਦਸ਼ਾਹ ਹੋਇਆ ਹੈ, ਜਿਸ ਨੇ ਮੂਸਾ ਸਮੇਤ ਇਸਰਾਈਲੀਆਂ ਉਪਰ ਭਾਰੀ ਜ਼ੁਲਮ ਕੀਤੇ । ਇਹ ਖ਼ੁਦਾ ਹੋਣ ਦਾ ਦਾਹਵਾ ਵੀ ਕਰਦਾ ਸੀ। ਇਕ ਵੇਰ ਮਿਸਰੀ ਲੋਕਾਂ ਵਿਚ ਪਲੇਗ ਫੈਲ ਗਈ । ਹਜ਼ਰਤ ਮੂਸਾ ਨੇ ਯਹੂਦੀ ਕੌਮ ਸਮੇਤ ਮਿਸਰ ਛੱਡਣ ਦੇ ਇਰਾਦੇ ਨਾਲ ਕੂਚ ਕੀਤਾ ਤਾਂ ਫਿਰਊਨ ਨੇ ਫੌਜ ਸਮੇਤ ਪਿੱਛਾ ਕੀਤਾ। ਹਜ਼ਰਤ ਮੂਸਾ ਤਾਂ ਆਪਣੇ ਸਾਥੀਆਂ ਸਮੇਤ ਨੀਲ ਦਰਿਆ ਤੋਂ ਪਾਰ ਹੋ ਗਿਆ, ਪਰੰਤੂ ਫਿਰਊਨ, ਲਸ਼ਕਰ ‘ ਸਮੇਤ ਸਮੁੰਦਰ ਵਿਚ ਡੁੱਬ ਗਿਆ ।

  1. ਅਕਬਰ

ਬਾਦਸ਼ਾਹ ਹੁਮਾਯੂੰ ਦਾ ਪੁੱਤਰ, ਜੋ 15 ਅਕਤੂਬਰ ਸੰਨ 1542 ਨੂੰ ਅਮਰਕੋਟ (ਸਿੰਧ) ਵਿਚ ਹਮੀਦਾ ਬਾਨੋ ਦੇ ਉਦਰ ਤੋਂ ਉਸ ਵੇਲੇ ਪੈਦਾ ਹੋਇਆ, ਜਦੋਂ ਹੁਮਾਯੂੰ ਸ਼ੇਰਸ਼ਾਹ ਸੂਰੀ ਤੋਂ ਹਾਰ ਖਾ ਕੇ ਭਾਰਤ ਤੋਂ ਵਿਦਾ ਹੋ ਰਿਹਾ ਸੀ। ‘ਮਹਾਨਕੋਸ਼’ ਕ੍ਰਿਤ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਅਕਬਰ ਦਾ ਜਨਮ 23 ਨਵੰਬਰ ਦਾ ਸੀ, ਲੇਕਿਨ ਨਜੂਮੀਆਂ ਦੇ ਕਹਿਣ ਉਤੇ ਬੁਰੇ ਅਸਰ ਤੋਂ ਬਚਣ ਲਈ ਜਨਮ ਦੀ ਮਿਤੀ 15 ਅਕਤੂਬਰ ਥਾਪੀ ਗਈ, ਇੰਜ ਹੀ ਨਾਮ ਵੀ ਬਦਰੁੱਦੀਨ ਅਹਮਦ ਤੋਂ ਜਲਾਲੁੱਦੀਨ ਅਕਬਰ ਬਦਲਿਆ ਗਿਆ । 15 ਕੁ ਵਰ੍ਹੇ ਦੀ ਆਯੂ ਵਿਚ ਅਕਬਰ ਦਿੱਲੀ ਦੇ ਤਖ਼ਤ ‘ਤੇ ਬੈਠਾ ਅਤੇ ਆਪਣੀ ਯੋਗਤਾ ਅਤੇ ਸੈਨਿਕ ਤਾਕਤ ਦੁਆਰਾ ਰਾਜ ਦੀਆਂ ਸੀਮਾਵਾਂ ਬਹੁਤ ਵਿਸਤ੍ਰਿਤ ਕੀਤੀਆਂ । ਸਭ ਧਰਮਾਂ ਲਈ ਉਦਾਰ ਨੀਤੀ ਰੱਖੀ । ਬੀਰਬਲ, ਦੀਵਾਨ ਟੋਡਰ ਮੱਲ, ਤਾਨਸੈਨ ਆਦਿ ਗੁਣੀ ਇਸ ਦੇ ਦਰਬਾਰ ਦੇ ਭੂਸ਼ਣ ਸਨ । ਅਕਬਰ ਦੀ ਮੌਤ 16 ਅਕਤੂਬਰ ਸੰਨ 1605 ਨੂੰ ਹੋਈ, ਆਗਰੇ ਪਾਸ ਸਿਕੰਦਰੇ ਵਿਚ ਇਸ ਦੀ ਸੁੰਦਰ ਕਬਰ ਮੌਜੂਦ ਹੈ ।

  1. ਮਹਾਰਾਜਾ ਰਣਜੀਤ ਸਿੰਘ (13 ਨਵੰਬਰ 1780 ਨੂੰ ਜਨਮ)

ਸ. ਨੌਧ ਸਿੰਘ ਸ਼ੁਕਰਚੱਕੀਆ ਦਾ ਪੜਪੋਤਰਾ, ਸ. ਚੜ੍ਹਤ ਸਿੰਘ ਦਾ ਪੋਤਰਾ ਅਤੇ ਸ. ਮਹਾਂ ਸਿੰਘ ਦਾ ਪੁੱਤਰ, ਜੋ 1792 ਵਿੱਚ ਪਿਤਾ ਦੀ ਮੌਤ ਬਾਅਦ ਸ਼ੁਕਰਚੱਕੀਆ ਮਿਸਲ ਦਾ ਮੁਖੀ ਬਣਿਆ। ਆਪ ਦਾ ਪਹਿਲਾ ਨਾਮ ‘ਬੁੱਧ ਸਿੰਘ’ ਸੀ । ਜਦੋਂ ਪਿਤਾ ਸ. ਮਹਾਂ ਸਿੰਘ ਨੂੰ ਪੁੱਤਰ ਦੇ ਜਨਮ ਦੀ ਖਬਰ ਮਿਲੀ ਤਾਂ ਆਪ ਇਕ ਜੰਗ ਨੂੰ ਜਿੱਤ ਕੇ ਆ ਰਹੇ ਸਨ, ਇਸ ਲਈ ਨਾਮ ਰਣਜੀਤ ਸਿੰਘ ਰੱਖਿਆ ਗਿਆ ਅਤੇ ਇਹੋ ਪ੍ਰਸਿੱਧ ਹੋ ਗਿਆ। ਆਪ ਨੇ 1799 ਵਿਚ ਲਾਹੌਰ ਫ਼ਤਹ ਕੀਤਾ ਅਤੇ 1801 ਦੀ ਵੈਸਾਖੀ ਦੇ ਦਿਨ ‘ਮਹਾਰਾਜਾ’ ਦੀ ਪਦਵੀ ਧਾਰਨ ਕੀਤੀ। ਜੀਵਨ-ਕਾਲ ਦੌਰਾਨ ਸਿੱਖ ਰਾਜ ਦੀ ਸੀਮਾਂ ਵਿਚ ਭਾਰੀ ਵਾਧਾ ਕੀਤਾ ਅਤੇ ਪੰਜਾਬੀਆਂ ਨੂੰ ਧਰਮ-ਨਿਰਪੱਖ, ਆਦਰਸ਼ਕ ਤੇ ਨਿਆਂਕਾਰੀ ਰਾਜ ਦਿੱਤਾ । 27 ਜੂਨ 1839 ਨੂੰ ਆਪ ਦੇ ਦੇਹਾਂਤ ਦੇ ਨਾਲ ਹੀ ਸਿੱਖ ਰਾਜ ਦਾ ਸੂਰਜ ਢਲਣਾ ਸ਼ੁਰੂ ਹੋ ਗਿਆ ਅਤੇ ਡੋਗਰਿਆਂ ਦੀ ਮਦਦ ਨਾਲ ਅੰਗਰੇਜ਼ ਪੰਜਾਬ ‘ਤੇ ਕਬਜ਼ਾ ਕਰਨ ਵਿਚ ਸਫ਼ਲ ਹੋ ਗਏ । ਮਹਾਰਾਜਾ ਰਣਜੀਤ ਸਿੰਘ ਦੇ ਸੱਤ ਪੁੱਤਰ ਸਨ। ਮਹਾਰਾਣੀ ਦਾਤਾਰ ਕੌਰ (ਰਾਜ ਕੌਰ) ਦੀ ਕੁੱਖੋਂ ਮਹਾਰਾਜਾ ਖੜਕ ਸਿੰਘ, ਮਹਾਰਾਣੀ ਮਹਿਤਾਬ ਕੌਰ ਦੀ ਕੁੱਖੋਂ ਮਹਾਰਾਜਾ ਸ਼ੇਰ ਸਿੰਘ ਤੇ ਕੰਵਰ ਤਾਰਾ ਸਿੰਘ, ਮਹਾਰਾਣੀ ਰਤਨ ਕੌਰ ਦੀ ਕੁੱਖੋਂ ਕੰਵਰ ਮੁਲਤਾਨਾ ਸਿੰਘ, ਮਹਾਰਾਣੀ ਦਇਆ ਕੌਰ ਦੀ ਕੁੱਖੋਂ ਕੰਵਰ ਕਸ਼ਮੀਰਾ ਸਿੰਘ ਤੇ ਕੰਵਰ ਪਿਸ਼ੌਰਾ ਸਿੰਘ ਅਤੇ ਮਹਾਰਾਣੀ ਜਿੰਦ ਕੌਰ ਦੀ ਕੁੱਖੋਂ ਮਹਾਰਾਜਾ ਦਲੀਪ ਸਿੰਘ ।

  1. ਚੇਤ ਸਿੰਘ ਬਾਜਵਾ

ਮਹਾਰਾਜਾ ਖੜਕ ਸਿੰਘ ਦਾ ਨਿਕਟਵਰਤੀ ਤੇ ਭਰੋਸੇਯੋਗ ਮਿੱਤਰ, ਜੋ ਸਹੁਰਿਆਂ ਵਲੋਂ ਰਿਸ਼ਤੇਦਾਰ ਵੀ ਲੱਗਦਾ ਸੀ । ਮਹਾਰਾਜੇ ਨੇ ਚੇਤ ਸਿੰਘ ਨੂੰ ਆਪਣਾ ਨਿੱਜੀ ਸਲਾਹਕਾਰ ਬਣਾ ਲਿਆ ਤਾਂ ਡੋਗਰਿਆਂ ਦੀ ਹਰ ਕੰਮ ਵਿਚ ਦਖ਼ਲਅੰਦਾਜ਼ੀ ਨੂੰ ਕੁਝ ਲਗਾਮ ਪਈ । ਰਾਜਾ ਧਿਆਨ ਸਿੰਘ ਡੋਗਰੇ ਨੇ ਇਹ ਗੱਲ ਉਡਾ ਦਿੱਤੀ ਕਿ ਮਹਾਰਾਜਾ ਖੜਕ ਸਿੰਘ ਚੇਤ ਸਿੰਘ ਦੀ ਸਲਾਹ ‘ਤੇ ਅੰਗਰੇਜ਼ਾਂ ਨਾਲ ਮਿਲ ਗਿਆ ਹੈ ਅਤੇ ਲਾਹੌਰ ਦਰਬਾਰ ਦੀ ਆਮਦਨੀ ਵਿਚੋਂ 6 ਆਨੇ ਉਨ੍ਹਾਂ ਨੂੰ ਦੇਣੇ ਮੰਨੇ ਹਨ । ਇੰਜ ਪਿਉ-ਪੁੱਤਰ ਵਿੱਚ ਵੀ ਮਤਭੇਦ ਪਾ ਦਿੱਤਾ ਅਤੇ ਭਰਾ ਗੁਲਾਬ ਸਿੰਘ ਤੇ ਕੰਵਰ ਨੌਨਿਹਾਲ ਸਿੰਘ ਨਾਲ ਮਹਾਰਾਜਾ ਖੜਕ ਸਿੰਘ ਦੇ ਸੌਣ ਵਾਲੇ ਕਮਰੇ ਵਿੱਚ ਜਾ ਕੇ ਮਹਾਰਾਜੇ ਦੀਆਂ ਅੱਖਾਂ ਸਾਹਵੇਂ ਚੇਤ ਸਿੰਘ ਦਾ ਕਤਲ ਕਰ ਦਿੱਤਾ, ਜਿਸ ਦਾ ਮਹਾਰਾਜਾ ਖੜਕ ਸਿੰਘ ਨੇ ਬਹੁਤ ਬੁਰਾ ਮਨਾਇਆ।

  1. ਕੌਰ ਸਾਹਿਬ (ਕੰਵਰ ਨੌਨਿਹਾਲ ਸਿੰਘ)

ਸਰਦਾਰ ਜੈਮਲ ਸਿੰਘ ਕਨ੍ਹੈਯਾ ਮਿਸਲ ਦੇ ਰਈਸ ਦੀ ਪੁੱਤਰੀ ਚੰਦ ਕੌਰ ਦੇ ਉਦਰ ਤੋਂ ਮਹਾਰਾਜਾ ਖੜਕ ਸਿੰਘ ਦਾ ਪੁੱਤਰ, ਜਿਸ ਦਾ ਜਨਮ 11 ਫਰਵਰੀ ਸੰਨ 1820 ਨੂੰ ਲਾਹੌਰ ਵਿੱਚ ਹੋਇਆ। ਇਸ ਦੀ ਧਾਰਮਿਕ ਸਿਖਿਆ ਭਾਈ ਸੰਤ ਸਿੰਘ ਗਿਆਨੀ ਅਤੇ ਸ਼ਸਤਰ ਵਿਦਿਆ ਦੇ ਉਸਤਾਦ ਸ: ਲਹਿਣਾ ਸਿੰਘ ਮਜੀਠੀਆ, ਸ. ਹਰੀ ਸਿੰਘ ਨਲਵਾ ਅਤੇ ਜਨਰਲ ਵੈਂਤੂਰਾ ਰਹੇ। ਕੰਵਰ ਨੌਨਿਹਾਲ ਸਿੰਘ ਦੀ ਸ਼ਾਦੀ ਸ. ਸ਼ਾਮ ਸਿੰਘ ਰਈਸ ਅਟਾਰੀ ਵਾਲੇ ਦੀ ਸਪੁੱਤਰੀ ਬੀਬੀ ਨਾਨਕੀ ਨਾਲ ਮਾਰਚ ਸੰਨ 1837 ਵਿੱਚ ਹੋਈ । ਬਚਪਨ ਤੋਂ ਹੀ ਬੜਾ ਦਲੇਰ ਦਿਲ ਸੀ। ਪਿਸ਼ੌਰ ਦੀ ਫ਼ਤੇਹ ਵਿਚ ਆਪ ਦਾ ਖਾਸ ਹਿੱਸਾ ਸੀ ।

ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਬਾਅਦ ਆਪ ਦੇ ਪਿਤਾ ਮਹਾਰਾਜਾ ਬਣੇ ਤਾਂ ਡੋਗਰਿਆਂ ਨੇ ਇਹ ਅਫ਼ਵਾਹ ਫੈਲਾ ਕੇ ਕਿ ਮਹਾਰਾਜਾ ਖੜਕ ਸਿੰਘ ਚੇਤ ਸਿੰਘ ਰਾਹੀਂ ਅੰਗਰੇਜ਼ਾਂ ਨਾਲ ਮਿਲ ਰਿਹਾ ਹੈ, ਪਿਤਾ-ਪੁੱਤਰ ਵਿਚ ਚੰਗਾ ਪਾਟਕ ਪਾ ਦਿੱਤਾ ਅਤੇ ਫਿਰ ਚੇਤ ਸਿੰਘ ਦਾ ਕਤਲ ਵੀ ਕਰ ਦਿੱਤਾ ਗਿਆ।

ਕੰਵਰ ਨੇ ਪਿਤਾ ਨੂੰ ਨਜ਼ਰਬੰਦ ਕਰਕੇ ਰਾਜ-ਭਾਗ ਆਪ ਸਾਂਭ ਲਿਆ ਅਤੇ ਮਹਾਰਾਜਾ ਖੜਕ ਸਿੰਘ ਦੀ ਮੌਤ ਬਾਅਦ 7 ਨਵੰਬਰ ਸੰਨ 1840 ਨੂੰ ਸਸਕਾਰ ਕਰਕੇ ਮੁੜਦੇ ਸਮੇਂ ਇਸ ਨੂੰ ਵੀ ਛੱਜਾ ਡੇਗਣ ਦੀ ਸਾਜਿਸ਼ ਅਧੀਨ ਜ਼ਖਮੀ ਕਰਕੇ ਤੇ ਕਿਲ੍ਹੇ ਵਿਚ ਲਿਜਾ ਕੇ ਮਾਰ ਦਿੱਤਾ ਗਿਆ । .

  1. ਮਹਾਰਾਜਾ ਖੜਕ ਸਿੰਘ

ਮਹਾਰਾਣੀ ਦਾਤਾਰ ਕੌਰ ਦੀ ਕੁੱਖੋਂ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ। ਮਹਾਰਾਣੀ ਦਾਤਾਰ ਕੌਰ, ਜੋ ਸ. ਰਣ ਸਿੰਘ ਨਕਈ ਰਈਸ ਦੀ ਪੁੱਤਰੀ ਸੀ, ਦਾ ਪੇਕਾ ਨਾਮ ਰਾਜ ਕੌਰ ਸੀ, ਲੇਕਿਨ ਮਹਾਰਾਜੇ ਦੀ ਮਾਤਾ ਦਾ ਨਾਮ ਵੀ ਰਾਜ ਕੌਰ ਹੋਣ ਕਰਕੇ, ਇਸ ਦਾ ਨਾਮ ਬਦਲ ਕੇ ਦਾਤਾਰ ਕੌਰ ਰੱਖਿਆ ਗਿਆ ।

ਮਹਾਰਾਜਾ ਰਣਜੀਤ ਸਿੰਘ ਦੀ ਨੀਤੀ ਸੀ ਕਿ ਸ਼ਹਿਜ਼ਾਦਿਆਂ ਅਤੇ ਰਾਜ ਦੇ ਵਾਰਸਾਂ ਨੂੰ ਜ਼ਿੰਮੇਵਾਰੀਆਂ ਨਿਭਾਉਣ ਦਾ ਅਭਿਆਸ ਕਰਵਾਇਆ ਜਾਵੇ । ਇਸੇ ਨੀਤੀ ਮੂਜਬ ਸੰਨ 1816 ਦੁਸਹਿਰੇ ਦੇ ਮੌਕੇ ‘ਤੇ ਸ਼ਹਿਜ਼ਾਦਾ ਖੜਕ ਸਿੰਘ ਨੂੰ ਰਾਜ-ਤਿਲਕ ਦੇ ਕੇ ਆਪਣਾ ਜ਼ਾਨਸ਼ੀਨ ਥਾਪਿਆ। 27 ਜੂਨ 1839 ਨੂੰ ਸ਼ੇਰੇ- ਪੰਜਾਬ ਦੀ ਮੌਤ ਬਾਅਦ ਆਪ ਮਹਾਰਾਜਾ ਬਣੇ, ਲੇਕਿਨ ਜਲਦੀ ਹੀ ਬਾਅਦ ਡੋਗਰਿਆਂ ਨੇ ਮਹਾਰਾਜਾ ਖੜਕ ਸਿੰਘ ਉੱਤੇ ਅੰਗਰੇਜ਼ਾਂ ਨਾਲ ਮਿਲੇ ਹੋਣ ਦਾ ਇਲਜ਼ਾਮ ਲਾ ਕੇ ਕੰਵਰ ਨੌਨਿਹਾਲ ਸਿੰਘ ਨੂੰ ਅਜਿਹੀ ਚੁੱਕ ਦਿੱਤੀ ਕਿ ਉਹ ਪਿਤਾ ਦੇ ਖਿਲਾਫ਼ ਹੀ ਨਾ ਹੋਇਆ ਸਗੋਂ ਉਸਦੇ ਵਿਸ਼ਵਾਸਪਾਤਰ ਸਾਥੀ ਚੇਤ ਸਿੰਘ ਦਾ ਮਹਾਰਾਜੇ ਦੇ ਸਾਹਮਣੇ ਕਤਲ ਕੀਤਾ ਅਤੇ ਮਹਾਰਾਜੇ ਨੂੰ ਨਜ਼ਰਬੰਦ ਕਰਾਕੇ ਕੰਵਰ ਨੂੰ ਗੱਦੀ ‘ਤੇ ਬਿਠਾ ਦਿੱਤਾ । ਮਹਾਰਾਜਾ ਖੜਕ ਸਿੰਘ ਨੂੰ ਚੇਤ ਸਿੰਘ ਦੇ ਕਤਲ ਦਾ ਗ਼ਮ ਅਤੇ ਗੱਦੀਉਂ ਲਾਂਭੇ ਕਰਨ ਦਾ ਦੁੱਖ ਹੀ ਲੈ ਬੈਠਾ । ਕਿਹਾ ਜਾਂਦਾ ਹੈ ਕਿ ਉਸ ਨੂੰ ਖਾਣੇ ਵਿਚ ਪਾਰਾ ਆਦਿ ਮਿਲਾ ਕੇ ਵੀ ਦਿੱਤਾ ਜਾਂਦਾ ਰਿਹਾ । ਸਾਲ ਦੇ ਕਰੀਬ ਇਕੱਲਤਾ ਭੋਗਣ ਬਾਅਦ 5 ਨਵੰਬਰ 1840 ਨੂੰ ਆਪ ਦਾ ਦੇਹਾਂਤ ਹੋ ਗਿਆ।

  1. ਧਰਮਰਾਜ

ਸੰਸਕ੍ਰਿਤ ਦੇ ਗ੍ਰੰਥਾਂ ਅਨੁਸਾਰ ਜੀਵਾਂ ਦੇ ਅਮਲਾਂ ਦਾ ਲੇਖਾ-ਜੋਖਾ ਰੱਖਣ ਵਾਲੀ ਅਤੇ ਕੁਝ ਸੂਰਤਾਂ ਵਿਚ ਸਜ਼ਾਵਾਂ ਦੇਣ ਅਤੇ ਭੁਗਤਾਉਣ ਵਾਲੀ ਦੈਵੀ ਹਸਤੀ।

  1. ਊਧਮ ਸਿੰਘ (ਮੀਆਂ)

ਰਾਜਾ ਗੁਲਾਬ ਸਿੰਘ ਦਾ ਪੁੱਤਰ, ਜੋ ਕੰਵਰ ਨੌਨਿਹਾਲ ਸਿੰਘ ਦਾ ਨਿੱਘਾ ਦੋਸਤ ਸੀ । ਪਿਤਾ ਮਹਾਰਾਜਾ ਖੜਕ ਸਿੰਘ ਦਾ ਸਸਕਾਰ ਕਰਕੇ ਕੰਵਰ ਨੌਨਿਹਾਲ ਸਿੰਘ ਮਹਿਲਾਂ ਨੂੰ ਵਾਪਸ ਆਉਂਦਾ ਹੋਇਆ ਜਦੋਂ ਕਿਲ੍ਹੇ ਦਾ ਛੱਜਾ ਡਿੱਗਣ ਨਾਲ ਜ਼ਖ਼ਮੀ ਹੋਇਆ ਤਾਂ ਉਸ ਸਮੇਂ ਮੀਆਂ ਊਧਮ ਸਿੰਘ ਕੰਵਰ ਦੇ ਨਾਲ ਹੀ ਸੀ, ਦੋਵੇਂ ਇਕ ਦੂਜੇ ਦੇ ਹੱਥ ਵਿਚ ਹੱਥ ਪਾਈ ਆ ਰਹੇ ਸਨ । ਮੀਆਂ ਊਧਮ ਸਿੰਘ ਛੱਜਾ ਡਿੱਗਣ ਨਾਲ ਸਖ਼ਤ ਜ਼ਖ਼ਮੀ ਹੋ ਗਿਆ ਸੀ ਅਤੇ ਮੌਕੇ ‘ਤੇ ਹੀ ਪ੍ਰਾਣ ਤਿਆਗ ਗਿਆ ਸੀ । ਇਸ ਘਟਨਾ ਕਾਰਨ ਰਾਜਾ ਗੁਲਾਬ ਸਿੰਘ ਅਤੇ ਰਾਜਾ ਧਿਆਨ ਸਿੰਘ ਡੋਗਰੇ ਵਿਚਕਾਰ ਕਾਫ਼ੀ ਸਮਾਂ ਮਨ-ਮੁਟਾਵ ਵੀ ਰਿਹਾ ।

  1. ਰਾਣੀ ਚੰਦ ਕੌਰ

ਫ਼ਤੇਹਗੜ੍ਹ (ਜ਼ਿਲ੍ਹਾ ਗੁਰਦਾਸਪੁਰ) ਦੇ ਰਈਸ ਸਰਦਾਰ ਜੈਮਲ ਸਿੰਘ ਕਨ੍ਹੈਯੇ ਦੀ ਸਪੁੱਤਰੀ, ਜੋ ਸੰਨ 1812 ਵਿਚ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਪੁੱਤਰ ਸ਼ਹਿਜ਼ਾਦਾ ਖੜਕ ਸਿੰਘ ਨੂੰ ਵਿਆਹੀ ਗਈ, ਜਿਸ ਦੀ ਕੁੱਖ ਤੋਂ ਕੰਵਰ ਨੌਨਿਹਾਲ ਸਿੰਘ ਦਾ ਜਨਮ ਹੋਇਆ । ਇਹ ਆਪਣੇ ਪਤੀ ਅਤੇ ਪੁੱਤਰ ਦੀ ਮੌਤ ਬਾਅਦ ਕੁਝ ਸਮੇਂ ਲਈ ਲਾਹੌਰ ਦਾ ਰਾਜ-ਪ੍ਰਬੰਧ ਵੀ ਕਰਦੀ ਰਹੀ। ਰਾਜਾ ਧਿਆਨ ਸਿੰਘ ਡੋਗਰੇ ਅਤੇ ਮਹਾਰਾਜਾ ਸ਼ੇਰ ਸਿੰਘ ਦੀ ਸਾਜ਼ਿਸ਼ ਨਾਲ ਇਸ ਨੂੰ 12 ਜੂਨ ਸੰਨ 1842 ਨੂੰ ਗੋਲੀਆਂ ਪਾਸੋਂ ਮਰਵਾ ਦਿੱਤਾ ਗਿਆ ।

13 ਮਹਾਰਾਜਾ ਸ਼ੇਰ ਸਿੰਘ (1807-1843 ਈਸਵੀ)

ਮਹਾਰਾਣੀ ਮਹਿਤਾਬ ਕੌਰ ਦੀ ਕੁੱਖੋਂ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ, ਜੋ ਕੰਵਰ ਨੌਨਿਹਾਲ ਸਿੰਘ ਦੀ ਮੌਤ ਅਤੇ ਕੁਝ ਸਮਾਂ ਮਹਾਰਾਣੀ ਚੰਦ ਕੌਰ ਵਲੋਂ ਰਾਜ-ਭਾਗ ਚਲਾਏ ਜਾਣ ਬਾਅਦ 18 ਜਨਵਰੀ 1841 ਨੂੰ ਗੱਦੀ ‘ਤੇ ਬੈਠਿਆ। ਇਹ ਚੰਗਾ ਬਹਾਦਰ ਅਤੇ ਨੀਤੀਵਾਨ ਸੀ, ਅਟਕ ਵਾਲਾ ਜਹਾਂਗੀਰ ਦਾ ਕਿਲ੍ਹਾ ਇਸੇ ਨੇ ਮੁਸਲਮਾਨਾਂ ਪਾਸੋਂ ਜਿੱਤਿਆ ਸੀ, ਲੇਕਿਨ ਡੋਗਰਿਆਂ ਦੀ ਕੁਟਲਨੀਤੀ ਤੇ ਸਰਦਾਰਾਂ ਦੀ ਖਾਨਾਜੰਗੀ ਸਾਹਵੇਂ ਕੋਈ ਪੇਸ਼ ਨਾ ਗਈ ਅਤੇ 15 ਸਤੰਬਰ 1843 ਨੂੰ ਸ. ਅਜੀਤ ਸਿੰਘ ਸੰਧਾਵਾਲੀਏ ਨੇ ਸ਼ਾਹ ਬਿਲਾਵਲ ਪਾਸ ਬਾਰਾਂਦਰੀ ਵਿਚ ਫੌਜੀ ਪਰੇਡ ਵੇਖ ਰਹੇ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਢੇਰੀ ਕਰ ਦਿੱਤਾ। 14. ਸੰਧਾਵਾਲੀਏ ਮਹਾਰਾਜਾ ਰਣਜੀਤ ਸਿੰਘ ਦੇ ਰਿਸ਼ਤੇਦਾਰ ਸਰਦਾਰ ਅਤਰ ਸਿੰਘ, ਸਰਦਾਰ ਲਹਿਣਾ ਸਿੰਘ ਤੇ ਸਰਦਾਰ ਅਜੀਤ ਸਿੰਘ । ਇਨ੍ਹਾਂ ਦਾ ਵਡੇਰਾ ਸ. ਚੰਦਾ ਸਿੰਘ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਪੜਦਾਦਾ ਸ. ਨੌਧ ਸਿੰਘ ਭਰਾ-ਭਰਾ ਸਨ ਜੋ ਸ. ਬੁੱਢਾ ਸਿੰਘ ਦੇ ਲੜਕੇ ਸਨ । ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸ. ਚੜ੍ਹਤ ਸਿੰਘ ਨੇ ਸੰਧਾਵਾਲਾ ਪਿੰਡ ਚਾਚੇ ਦੇ ਪੁੱਤ-ਭਰਾ ਦੀਦਾਰ ਸਿੰਘ ਨੂੰ ਦਿੱਤਾ, ਜਿਸ ਤੋਂ ਇਨ੍ਹਾਂ ਦੀ ਅੱਲ ਸੰਧਾਵਾਲੀਆ ਪੈ ਗਈ । ਦੀਦਾਰ ਸਿੰਘ ਜੋ 1784 ਈ. ਵਿਚ ਇਕ ਜੰਗ ਵਿਚ ਮਾਰਿਆ ਗਿਆ, ਦੇ ਪੁੱਤਰ ਅਮੀਰ ਸਿੰਘ, ਗੁਰਬਖਸ਼ ਸਿੰਘ ਤੇ ਰਤਨ ਸਿੰਘ, ਸ. ਮਹਾਂ ਸਿੰਘ ਦੀਆਂ ਮੁਹਿੰਮਾਂ ਵਿਚ ਸਾਥੀ ਰਹੇ । ਸ. ਅਮੀਰ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਮੁੱਢਲੇ ਜਰਨੈਲਾਂ ਵਿਚੋਂ ਸੀ । ਇਸ ਨੇ ਕਈ ਪਿੰਡ ਜਾਗੀਰ ਵਜੋਂ ਹਾਸਿਲ ਕੀਤੇ । ਇਸ ਦੇ ਚਾਰ ਪੁੱਤਰ ਸਨ-ਅਤਰ ਸਿੰਘ, ਬੁੱਧ ਸਿੰਘ, ਵਸਾਵਾ ਸਿੰਘ ਤੇ ਲਹਿਣਾ ਸਿੰਘ । ਇਹ ਸਾਰੇ ਹੀ ਮਹਾਰਾਜੇ ਦੇ ਪ੍ਰਸਿੱਧ ਜਰਨੈਲ ਸਨ । ਮਹਾਰਾਜਾ ਨੌਨਿਹਾਲ ਸਿੰਘ ਦੀ ਮੌਤ ਬਾਅਦ ਸੰਧਾਵਾਲੀਆਂ ਨੇ ਮਹਾਰਾਣੀ ਚੰਦ ਕੌਰ ਦੀ ਮਦਦ ਕੀਤੀ। ਜਿਸ ਦੇ ਫ਼ਲਸਰੂਪ ਕੰਵਰ ਸ਼ੇਰ ਸਿੰਘ ਨੇ ਮਹਾਰਾਜਾ ਬਣਦੇ ਹੀ ਇਨ੍ਹਾਂ ਦੀਆਂ ਜਾਗੀਰਾਂ ਜ਼ਬਤ ਕਰ ਲਈਆਂ । ਸ. ਲਹਿਣਾ ਸਿੰਘ ਤੇ ਕਿਹਰ ਸਿੰਘ ਕੈਦ ਕਰ ਲਏ ਗਏ । ਸ. ਅਤਰ ਸਿੰਘ ਤੇ ਅਜੀਤ ਸਿੰਘ ਨੱਸ ਕੇ ਥਾਨੇਸਰ ਚਲੇ ਗਏ । ਗਿ. ਗੁਰਮੁਖ ਸਿੰਘ ਦੇ ਕਹਿਣ ਤੇ ਲਹਿਣਾ ਸਿੰਘ ‘ਤੇ ਕਿਹਰ ਸਿੰਘ ਰਿਹਾ ਕੀਤੇ ਗਏ । ਸ. ਅਜੀਤ ਸਿੰਘ ਵੀ ਮਹਾਰਾਜੇ ਦੇ ਬੁਲਾਵੇ ਤੇ ਆ ਗਿਆ। ਇਨ੍ਹਾਂ ਦੀਆਂ ਜਾਗੀਰਾਂ ਵੀ ਬਹਾਲ ਕਰ ਦਿੱਤੀਆਂ ਗਈਆਂ । ਸ. ਅਤਰ ਸਿੰਘ ਰਾਜਾ ਹੀਰਾ ਸਿੰਘ ਡੋਗਰੇ ਦੀ ਵਜ਼ੀਰੀ ਸਮੇਂ 7 ਮਈ 1844 ਨੂੰ ਭਾਈ ਬੀਰ ਸਿੰਘ ਨੌਰੰਗਾਬਾਦੀ ਨਾਲ ਡੇਰੇ ਵਿਖੇ ਸ਼ਹੀਦੀ ਪਾ ਗਿਆ । ਦੂਜੇ ਸਿੱਖ ਯੁੱਧ ਸਮੇਂ ਅਤਰ ਸਿੰਘ ਦੇ ਪੁੱਤਰ ਕਿਹਰ ਸਿੰਘ ਨੇ ਅੰਗਰੇਜ਼ਾਂ ਨਾਲ ਦੋਸਤੀ ਨਿਭਾਈ, ਜਿਸ ਕਾਰਨ ਅੰਗਰੇਜ਼ਾਂ ਨੇ ਉਸ ਨੂੰ 26000/ ਰੁਪੈ ਸਾਲਾਨਾ ਦੀ ਜਾਗੀਰ ਦਿੱਤੀ ।

  1. ਅਜੀਤ ਸਿੰਘ ਸੰਧਾਵਾਲੀਆ

ਸ. ਲਹਿਣਾ ਸਿੰਘ ਸੰਧਾਵਾਲੀਆ ਦਾ ਭਤੀਜਾ ਅਤੇ ਸ. ਵਸਾਵਾ ਸਿੰਘ ਦਾ ਲੜਕਾ, ਜਿਸ ਨੇ ਚਾਚਾ ਲਹਿਣਾ ਸਿੰਘ ਨਾਲ ਮਿਲ ਕੇ 15 ਸਤੰਬਰ 1843 ਈਸਵੀ ਨੂੰ ਪਹਿਲਾਂ ਮਹਾਰਾਜਾ ਸ਼ੇਰ ਸਿੰਘ ਦਾ ਕਤਲ ਕੀਤਾ ਅਤੇ ਫਿਰ ਧਿਆਨ ਸਿੰਘ ਡੋਗਰੇ ਨੂੰ ਸੋਧਿਆ । ਅਗਲੇ ਹੀ ਦਿਨ ਰਾਜਾ ਧਿਆਨ ਸਿੰਘ ਦੇ ਪੁੱਤਰ ਰਾਜਾ ਹੀਰਾ ਸਿੰਘ ਡੋਗਰੇ ਨੇ ਸੈਨਾ ਭੇਜ ਕੇ ਲਾਹੌਰ ਦੇ ਕਿਲ੍ਹੇ ਵਿਚ ਘੇਰ ਲਿਆ। ਲਹਿਣਾ ਸਿੰਘ ਤਾਂ ਜੀਊਂਦਾ ਫੜ ਕੇ ਕਤਲ ਕਰ ਦਿੱਤਾ ਗਿਆ ਜਦੋਂ ਕਿ ਅਜੀਤ ਸਿੰਘ ਲੜਦਾ ਹੋਇਆ ਮਾਰਿਆ ਗਿਆ । fo 60s wit

  1. ਲਹਿਣਾ ਸਿੰਘ ਸੰਧਾਵਾਲੀਆ

ਸ. ਅਮੀਰ ਸਿੰਘ ਦਾ ਪੁੱਤਰ, ਜਿਸ ਨੇ 15 ਸਤੰਬਰ 1843 ਈਸਵੀ ਨੂੰ ਮਹਾਰਾਜਾ ਸ਼ੇਰ ਸਿੰਘ ਦੇ ਪੁੱਤਰ ਕੰਵਰ ਪ੍ਰਤਾਪ ਸਿੰਘ ਦਾ ਕਤਲ ਕੀਤਾ ਅਤੇ ਫਿਰ ਭਤੀਜੇ ਅਜੀਤ ਸਿੰਘ ਨਾਲ ਮਿਲ ਕੇ ਰਾਜਾ ਧਿਆਨ ਸਿੰਘ ਨੂੰ ਸੋਧਿਆ। ਅਗਲੇ ਹੀ ਦਿਨ ਹੀਰਾ ਸਿੰਘ ਡੋਗਰੇ ਨੇ ਲਾਹੌਰ ਦਾ ਕਿਲ੍ਹਾ ਘੇਰ ਕੇ ਇਸ ਨੂੰ ਫੌਜ ਪਾਸੋਂ ਮਰਵਾ ਦਿੱਤਾ । ਜਾਗੀਰ ਜ਼ਬਤ ਕਰ ਲਈ ਅਤੇ ਮਕਾਨ ਢਹਿ-ਢੇਰੀ ਕਰ ਦਿੱਤੇ ਗਏ ।

  1. ਸ਼ਾਹ ਬਿਲਾਵਲ

ਸ਼ਾਲਾਮਾਰ ਬਾਗ਼ ਲਾਹੌਰ ਦੇ ਨਜ਼ਦੀਕ ਇਕ ਸਥਾਨ, ਜਿਥੋਂ ਦੀ ਬਾਰਾਂਦਰੀ ਵਿਚ ਪਰੇਡ ਵੇਖ ਰਹੇ ਮਹਾਰਾਜਾ ਸ਼ੇਰ ਸਿੰਘ ਨੂੰ ਸ. ਅਜੀਤ ਸਿੰਘ ਸੰਧਾਵਾਲੀਏ ਨੇ 15 ਸਤੰਬਰ 1843 ਨੂੰ ਦੋਨਾਲੀ ਬੰਦੂਕ ਨਾਲ ਗੋਲੀਆਂ ਦਾ ਨਿਸ਼ਾਨਾ ਬਣਾਇਆ। ਇor

  1. ਕੰਵਰ ਪ੍ਰਤਾਪ ਸਿੰਘ

ਮਹਾਰਾਜਾ ਸ਼ੇਰ ਸਿੰਘ ਦਾ ਪੁੱਤਰ, ਜਿਸ ਨੂੰ 15 ਸਤੰਬਰ ਸੰਨ 1843 ਈਸਵੀ ਨੂੰ ਸ. ਲਹਿਣਾ ਸਿੰਘ ਸੰਧਾਵਾਲੀਆ ਨੇ ਬੜੀ ਬੇਦਰਦੀ ਨਾਲ ਮਾਰਿਆ ।

  1. ਗੁਰਮੁਖ ਸਿੰਘ ਗਿਆਨੀ

8 ਚਨਿਓਟ ਦੇ ਸਿੱਖ ਪਰਚਾਰਕ ਭਾਈ ਸੂਰਤ ਸਿੰਘ ਦਾ ਪੋਤਰਾ ਅਤੇ ਹਰਿਮੰਦਰ ਸਾਹਿਬ ਦੇ ਗਿ. ਸੰਤ ਸਿੰਘ ਦਾ ਪੁੱਤਰ, ਜੋ ਸੰਧਾਵਾਲੀਏ ਸਰਦਾਰਾਂ ਦਾ ਹਮਾਇਤੀ ਅਤੇ ਸਿੱਖ ਰਾਜ ਦੀ ਚੜ੍ਹਦੀਕਲਾ ਦਾ ਚਾਹਵਾਨ ਸੀ। ਰਾਜਾ ਧਿਆਨ ਸਿੰਘ ਅਤੇ ਦੂਜੇ ਡੋਗਰਿਆਂ ਨੂੰ ਬੁਰੀ ਤਰ੍ਹਾਂ ਖਟਕਦਾ ਸੀ । ਰਾਜਾ ਧਿਆਨ ਸਿੰਘ ਦਾ ਕਤਲ ਸੰਧਾਵਾਲੀਆਂ ਨੇ ਇਸ ਦੇ ਕਹਿਣ ‘ਤੇ ਹੀ ਕੀਤਾ। ਜਿਸ ਦੇ ਫ਼ਲਸਰੂਪ ਰਾਜਾ ਹੀਰਾ ਸਿੰਘ ਨੇ ਵਜ਼ੀਰ ਬਣਕੇ ਗਿ. ਗੁਰਮੁਖ ਸਿੰਘ ਨੂੰ ਕਤਲ ਕਰਵਾ ਦਿੱਤਾ ਅਤੇ ਉਸ ਦੇ ਘਰਾਣੇ ਦੀਆਂ ਕੁੱਲ ਜਾਗੀਰਾਂ ਜ਼ਬਤ ਕਰ ਲਈਆਂ। ਉਸ ਦੇ ਪੁੱਤਰਾਂ ਨੂੰ ਅੰਮ੍ਰਿਤਸਰ ਕੈਦ ਕਰਕੇ ਬੜੇ ਤਸੀਹੇ ਦਿੱਤੇ ਗਏ। ਰਾਜਾ ਹੀਰਾ ਸਿੰਘ ਦੇ ਕਤਲ ਬਾਅਦ ਇਨ੍ਹਾਂ ਨੂੰ ਕੁਝ ਰਾਹਤ ਮਿਲੀ ।

  1. ਮਿਹਰ ਘਸੀਟਾ

ਸੰਧਾਵਾਲੀਆਂ ਦਾ ਮੁੱਖ ਕਾਰਦਾਰ ।

  1. ਰਾਜਾ ਹੀਰਾ ਸਿੰਘ ਡੋਗਰਾ

ਰਾਜਾ ਧਿਆਨ ਸਿੰਘ ਦਾ ਇਕਲੌਤਾ ਪੁੱਤਰ, ਜਿਸ ਉੱਤੇ ਮਹਾਰਾਜਾ ਰਣਜੀਤ ਸਿੰਘ ਵਧੇਰੇ ਹੀ ਮਿਹਰਬਾਨ ਸੀ ਅਤੇ ਆਪਣੇ ਪੁੱਤਰਾਂ ਕੰਵਰ ਖੜਕ ਸਿੰਘ ਤੇ ਸ਼ੇਰ ਸਿੰਘ ਵਾਂਗ ਹੀ ਪਿਆਰ ਕਰਦਾ ਸੀ । ਬਹੁਤ ਹੀ ਚੁਸਤ ਤੇ ਮੌਕਾ-ਸ਼ਨਾਸ ਜਰਨੈਲ ਸੀ, ਫੌਜਾਂ ਵੀ ਇਸਦਾ ਖਾਸ ਆਦਰ ਕਰਦੀਆਂ ਸਨ । ਪਿਤਾ ਦੇ ਕਤਲ ਮਗਰੋਂ ਕਾਤਲਾਂ-ਸ. ਲਹਿਣਾ ਸਿੰਘ ਤੇ ਸ. ਅਜੀਤ ਸਿੰਘ ਸੰਧਾਵਾਲੀਆ ਨੂੰ ਫੌਜਾਂ ਪਾਸੋਂ ਮਰਵਾਉਣ ਵਿਚ ਜ਼ਰਾ ਢਿੱਲ ਨਾ ਕੀਤੀ ਅਤੇ ਮਹਾਰਾਜਾ ਦਲੀਪ ਸਿੰਘ ਦਾ ਮੁੱਖ ਵਜ਼ੀਰ ਬਣਿਆ । ਜੱਲਾ ਪੰਡਤ ਇਸਦਾ ਸਲਾਹਕਾਰ ਸੀ। 21 ਦਸੰਬਰ 1844 ਨੂੰ ਸਿੱਖ ਸੈਨਾ ਦੇ ਵਿਰੋਧ ਕਾਰਨ ਜੰਮੂ ਨੂੰ ਜਾਂਦਾ ਮਾਰਿਆ ਗਿਆ।

  1. ਰਾਜਾ ਧਿਆਨ ਸਿੰਘ ਡੋਗਰਾ

ਜੰਮੂ ਦੇ ਰਾਜਾ ਜ਼ੋਰਾਵਰ ਸਿੰਘ ਡੋਗਰੇ ਦਾ ਪੋਤਾ ਤੇ ਰਾਜਾ ਕਿਸ਼ੋਰ ਸਿੰਘ ਦਾ ਪੁੱਤਰ, ਜੋ 1779 ਈਸਵੀ ਵਿਚ ਪੈਦਾ ਹੋਇਆ । 40 ਸਾਲ ਦੀ ਉਮਰ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਮਾਮੂਲੀ ਘੋੜਸਵਾਰ ਵਜੋਂ ਭਰਤੀ ਹੋਇਆ, ਲੇਕਿਨ ਆਪਣੀ ਲਿਆਕਤ ਤੇ ਦੂਰਅੰਦੇਸ਼ੀ ਸਦਕਾ ਪਹਿਲਾਂ ਡਿਉੜੀ ਇਨਚਾਰਜ ਬਣਿਆ ਅਤੇ ਫਿਰ ਹੌਲੀ-ਹੌਲੀ ਵਜ਼ੀਰ ਦੀ ਪਦਵੀ ਤਕ ਪੁੱਜਾ । ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ‘ਰਾਜਾ’ ਦਾ ਖਿਤਾਬ 1826 ਈ: ਵਿਚ ਦਿੱਤਾ । ਮਹਾਰਾਜਾ ਇਸ ਉੱਤੇ ਬੜਾ ਭਰੋਸਾ ਕਰਦਾ ਸੀ ਅਤੇ ਮੌਤ ਤੋਂ ਪਹਿਲਾਂ ਖੜਕ ਸਿੰਘ ਦੀ ਬਾਂਹ ਵੀ ਇਸ ਦੇ ਹੱਥ ਫੜਾਈ, ਲੇਕਿਨ ਇਸ ਨੇ ਹਮੇਸ਼ਾਂ ਧੋਖਾ ਹੀ ਕੀਤਾ । ਮਹਾਰਾਜਾ ਖੜਕ ਸਿੰਘ ਤੇ ਕੰਵਰ ਨੌਨਿਹਾਲ ਸਿੰਘ ਵਿੱਚ ਪਾਟਕ ਪਾਉਣ ‘ਤੇ ਕੰਵਰ ਨੌਨਿਹਾਲ ਨੂੰ ਮਾਰਨ ਵਿਚ ਇਸ ਦਾ ਖ਼ਾਸ ਹੱਥ ਸੀ । 15 ਸਤੰਬਰ 1843 ਨੂੰ ਸੰਧਾਵਾਲੀਆਂ ਹੱਥੋਂ ਇਸ ਦਾ ਕਤਲ ਹੋਇਆ ।

  1. ਦੁੱਲਾ ਭੱਟੀ

ਸਾਂਦਲਬਾਰ ਦੇ ਰਹਿਣ ਵਾਲਾ ਭੱਟੀ ਜ਼ਾਤ ਦਾ ਅਣਖੀਲਾ ਰਾਜਪੂਤ, ਜਿਸ ਨੇ ਬਾਦਸ਼ਾਹ ਅਕਬਰ ਦੀ ਅਧੀਨਗੀ ਕਬੂਲਣ ਨਾਲੋਂ ਮੌਤ ਨੂੰ ਤਰਜੀਹ ਦਿੱਤੀ।

  1. ਜੈਮਲ ਫੱਤਾ

ਅਕਬਰ ਦੇ ਸਮੇਂ ਹੋਏ ਮੇਵਾੜਪਤੀ ਰਾਣਾ ਉਦੈ ਸਿੰਘ ਦੇ ਦੋ ਰਾਜਪੂਤ ਯੋਧੇ, ਜਿਨ੍ਹਾਂ ਨੇ ਸੰਮਤ 1624 ਵਿਚ ਚਿਤੌੜ ਦੇ ਕਿਲ੍ਹੇ ਦੀ ਰਾਖੀ ਲਈ ਆਪਣੀਆਂ ਜਾਨਾਂ ਵਾਰੀਆਂ । ਇਨ੍ਹਾਂ ਦੀ ਬਹਾਦਰੀ ਦੇ ਕਿੱਸੇ ਅੱਜ ਵੀ ਰਾਜਸਥਾਨ ਵਿਚ ਬੜੇ ਚਾਅ ਨਾਲ ਪੜ੍ਹੇ-ਸੁਣੇ ਜਾਂਦੇ ਹਨ । ਜੈਮਲ ਬੇਦਨੋਰ ਦਾ ਰਈਸ ਸੀ, ਜਦੋਂ ਕਿ ਫੱਤਾ (ਪੱਤੋ) ਕੈਲਵਾਰਾ ਦਾ ਸਰਦਾਰ ਸੀ ।

  1. ਮੀਰਦਾਦ ਚੌਹਾਨ

ਇਕ ਹਠੀ ਤੇ ਅਣਖੀਲਾ ਰਾਜਪੂਤ ਸਰਦਾਰ ।

  1. ਮਹਾਰਾਜਾ ਦਲੀਪ ਸਿੰਘ (1837-1893 ਈ:)

ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ, ਜੋ ਮਹਾਰਾਣੀ ਜਿੰਦ ਕੌਰ ਦੀ ਕੁੱਖੋਂ ਫਰਵਰੀ ਸੰਨ 1837 ਨੂੰ ਲਾਹੌਰ ਵਿਚ ਪੈਦਾ ਹੋਇਆ । ਮਹਾਰਾਜਾ ਸ਼ੇਰ ਸਿੰਘ ਦੇ ਕਤਲ ਬਾਅਦ ਸੰਧਾਵਾਲੀਆਂ ਦੀ ਮਦਦ ਨਾਲ 18 ਸਤੰਬਰ 1843 ਈ: ਨੂੰ ਲਾਹੌਰ ਦੇ ਤਖ਼ਤ ‘ਤੇ ਬੈਠਾ । ਸਿੱਖਾਂ ਤੇ ਅੰਗਰੇਜ਼ਾਂ ਦੀਆਂ ਲੜਾਈਆਂ ਬਾਅਦ ਜਦੋਂ ਪੰਜਾਬ ਅੰਗਰੇਜ਼ਾਂ ਦੇ ਅਧੀਨ ਹੋ ਗਿਆ ਤਾਂ ਇਸ ਨੂੰ ਸਰ ਜਾਹਨ ਲਾਗਨ ਦੀ ਨਿਗਰਾਨੀ ਹੇਠ ਪਹਿਲਾਂ ਫਤਹਗੜ੍ਹ (ਯੂ.ਪੀ.) ਵਿਖੇ ਰੱਖਿਆ ਗਿਆ ਅਤੇ 19 ਅਪ੍ਰੈਲ 1854 ਨੂੰ ਇੰਗਲੈਂਡ ਤੋਰ ਦਿੱਤਾ ਗਿਆ। ਇਸ ਨੇ ਅੰਗਰੇਜ਼ਾਂ ਦੇ ਪ੍ਰਭਾਵ ਹੇਠ ਆ ਕੇ ਈਸਾਈ ਧਰਮ ਅਖ਼ਤਿਆਰ ਕਰ ਲਿਆ। 7 ਜੂਨ 1854 ਨੂੰ ਇਸ ਦੀ ਸ਼ਾਦੀ ਜਰਮਨ ਲੜਕੀ ਮਿਸ ਬੰਬਾ ਮੂਲਰ (Miss Bamba Muller) ਨਾਲ ਹੋਈ, ਜਿਸ ਤੋਂ ਤਿੰਨ ਪੁੱਤਰ ਵਿਕਟਰ, ਫਰੈਡਰਿਕ ਤੇ ਐਡਵਰਡ ਦਲੀਪ ਸਿੰਘ ਅਤੇ ਤਿੰਨ ਧੀਆਂ ਮਿੱਸ ਬੰਬਾ, ਮਿੱਸ ਸੋਫੀਆ ਤੇ ਮਿੱਸ ਕੈਥਰੀਨ ਦਲੀਪ ਸਿੰਘ ਹੋਈਆਂ । ਇਸ ਦੇ ਅੰਤਮ ਦਿਨ ਬਹੁਤ ਕਸ਼ਟਮਈ ਗੁਜ਼ਰੇ । ਇਕ ਸਮੇਂ ਭਾਰਤ ਆ ਰਿਹਾ ਸੀ ਕਿ ਅਦਨ ਦੀ ਬੰਦਰਗਾਹ ਤੇ ਰੋਕ ਲਿਆ ਗਿਆ । ਇਸ ਦੀ ਮੌਤ 22 ਅਕਤੂਬਰ 1893 ਨੂੰ ਪੈਰਿਸ ਦੇ ਗਰੈਂਡ ਹੋਟਲ ਵਿਚ ਬੇਨਾਮ ਹਾਲਤ ਵਿਚ ਹੋਈ । ਉਪ੍ਰੰਤ ਦੇਹ ਇੰਗਲੈਂਡ ਲਿਜਾ ਕੇ ਐਲਵਡਨ (Elveden) ਵਿਖੇ ਦਫ਼ਨਾਈ ਗਈ ।

  1. ਲਹਿਣਾ ਸਿੰਘ

ਇਕ ਮਜੀਠੀਆ ਸਰਦਾਰ, ਜੋ ਤੋਪਖਾਨੇ ਵਿਚ ਅਧਿਕਾਰੀ ਸੀ, ਇਸ ਦੇ ਬਣਾਏ ਗੋਲਿਆਂ ਦਾ ਬਦਲ ਅੰਗਰੇਜ਼ਾਂ ਪਾਸ ਵੀ ਨਹੀਂ ਸੀ। 1854 ਵਿਚ ਬਨਾਰਸ ਵਿਖੇ ਮੌਤ ਹੋਈ ।

28 . ਜੱਲਾ ਪੰਡਿਤ

ਡੋਗਰਿਆਂ ਦਾ ਕੁਲ ਪੁਰੋਹਤ ਅਤੇ ਰਾਜਾ ਹੀਰਾ ਸਿੰਘ ਦਾ ਰਾਜਨੀਤਿਕ ਮੁਸ਼ੀਰ, ਜੋ ਖ਼ਾਲਸਾ ਦਰਬਾਰ ਦਾ ਕੱਟੜ ਵੈਰੀ ਸੀ। ਇਹ ਹੀਰਾ ਸਿੰਘ ਦਾ ਬਚਪਨ ਵਿਚ ਅਧਿਆਪਕ ਰਿਹਾ ਸੀ, ਸੋ ਜਦੋਂ ਹੀਰਾ ਸਿੰਘ ਮਹਾਰਾਜਾ ਦਲੀਪ ਸਿੰਘ ਦਾ ਵਜ਼ੀਰ ਬਣਿਆ ਤਾਂ ਇਸ ਨੇ ਆਪਣੇ ਉਸਤਾਦ ਜੱਲੇ ਪੰਡਤ ਨੂੰ ਆਪਣਾ ਨਾਇਬ ਮੁਕੱਰਰ ਕੀਤਾ। ਜੱਲੇ ਨੇ ਸਿੱਖ ਰਾਜ ਨੂੰ ਖੇਰੂੰ-ਖੇਰੂੰ ਕਰਨ ਵਿਚ ਆਪਣੀ ਹਰ ਸੰਭਵ ਕੋਸ਼ਿਸ਼ ਕੀਤੀ । ਬਾਬਾ ਬੀਰ ਸਿੰਘ ਜੀ ਨੌਰੰਗਾਬਾਦੀ ਦੇ ਡੇਰੇ ‘ਤੇ ਫੌਜਾਂ ਚਾੜ੍ਹਨ ਵਿਚ ਵੀ ਇਸ ਨੇ ਮੁੱਖ ਰੋਲ ਨਿਭਾਇਆ। ਹੀਰਾ ਸਿੰਘ ਸਮੇਤ ਸ਼ਾਹੀ ਖਜ਼ਾਨਾ ਲੈ ਕੇ ਜੰਮੂ ਨੂੰ ਜਾ ਰਿਹਾ ਸੀ ਕਿ ਰਸਤੇ ਵਿਚ ਸਿੱਖ ਫੌਜ ਨੇ ਘੇਰ ਲਿਆ। ਇਸ ਸਮੇਂ ਹੋਈ ਝੜਪ ਵਿਚ ਹੀਰਾ ਸਿੰਘ, ਮੀਆਂ ਲਾਭ ਸਿੰਘ ਆਦਿ ਸਮੇਤ ਜੱਲਾ ਵੀ ਮਾਰਿਆ ਗਿਆ। 21 ਦਸੰਬਰ 1844 ਨੂੰ ਹੀਰਾ ਸਿੰਘ ਅਤੇ ਜੱਲੇ ਦੇ ਸਿਰਾਂ ਨੂੰ ਨੇਜ਼ਿਆਂ ਉੱਤੇ ਟੰਗ ਕੇ ਲਾਹੌਰ ਦੀਆਂ ਗਲੀਆਂ ਵਿਚ ਫੇਰਿਆ ਗਿਆ ।

  1. ਸੁਚੇਤ ਸਿੰਘ ਡੋਗਰਾ (1801-1844 ਈ:)

ਜੰਮੂ ਦੇ ਰਾਜਾ ਕਿਸ਼ੋਰ ਸਿੰਘ ਦਾ ਪੁੱਤਰ ਅਤੇ ਰਾਜਾ ਧਿਆਨ ਸਿੰਘ ਤੇ ਰਾਜਾ ਗੁਲਾਬ ਸਿੰਘ ਡੋਗਰੇ ਦਾ ਛੋਟਾ ਭਰਾ, ਜੋ ਮਹਾਰਾਜਾ ਰਣਜੀਤ ਸਿੰਘ ਦੀ ਘੋੜਸਵਾਰ ਸੈਨਾ ਦਾ ਕਮਾਂਡਰ ਰਿਹਾ । ਮਹਾਰਾਜੇ ਦੀ ਮੌਤ ਬਾਅਦ ਜਦੋਂ ਲਾਹੌਰ ਵਿਚ ਖਾਨਾਜੰਗੀ ਚੱਲ ਰਹੀ ਸੀ ਤਾਂ ਸਿੱਖ ਫੌਜ ਨੇ ਰਾਜਾ ਹੀਰਾ ਸਿੰਘ ਤੇ ਜੱਲੇ ਪੰਡਤ ਤੋਂ ਤੰਗ ਆ ਕੇ ਇਸ ਨੂੰ ਵਜ਼ੀਰ ਬਣਨ ਦਾ ਸੱਦਾ ਦਿੱਤਾ । ਸੁਚੇਤ ਸਿੰਘ ਲਾਹੌਰ ਪੁੱਜਾ ਤਾਂ ਓਧਰ ਹੀਰਾ ਸਿੰਘ ਨੇ ਨਾਰਾਜ਼ ਫੌਜਾਂ ਨੂੰ ਭਾਰੀ ਲਾਲਚ ਦੇ ਕੇ ਆਪਣੇ ਵੱਲ ਕਰ ਲਿਆ ਅਤੇ ਜੱਲੇ ਪੰਡਤ ਦੇ ਕਹਿਣ ‘ਤੇ ਚਾਚੇ ‘ਤੇ ਚੜ੍ਹਾਈ ਕਰ ਦਿੱਤੀ। 27 ਮਾਰਚ 1844 ਈ: ਨੂੰ ਹੋਈ ਝੜਪ ਵਿਚ ਰਾਜਾ ਸੁਚੇਤ ਸਿੰਘ ਆਪਣੇ ਸਾਥੀਆਂ ਦੀਵਾਨ ਭੀਮ ਸੈਨ, ਰਾਏ ਕੇਸਰੀ ਸਿੰਘ ਆਦਿ ਸਹਿਤ ਮਾਰਿਆ ਗਿਆ। ਕਿਉਂਕਿ ਸੁਚੇਤ ਸਿੰਘ ਦੇ ਕੋਈ ਸੰਤਾਨ ਨਹੀਂ ਸੀ, ਸੋ ਇਸ ਦਾ ਇਲਾਕਾ ਰਾਜਾ. ਗੁਲਾਬ ਸਿੰਘ ਨੇ ਸਾਂਭ ਲਿਆ।

  1. ਜਵਾਹਰ ਸਿੰਘ ਵਜ਼ੀਰ

ਸ. ਮੰਨਾ ਸਿੰਘ ਔਲਖ ਜੱਟ, ਪਿੰਡ ਚਾਹੜ, ਤਹਿਸੀਲ ਜ਼ੱਫਰਵਾਲ, ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ) ਦਾ ਪੁੱਤਰ ਅਤੇ ਮਹਾਰਾਣੀ ਜਿੰਦ ਕੌਰ ਦਾ ਭਰਾ, ਜੋ ਹੀਰਾ ਸਿੰਘ ਦੇ ਕਤਲ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਦਾ ਵਜ਼ੀਰ ਬਣਿਆ। ‘ ਮਹਾਰਾਜਾ ਰਣਜੀਤ ਸਿੰਘ ਦੇ ਲੜਕੇ ਕੰਵਰ ਪਿਸ਼ੌਰਾ ਸਿੰਘ ਦੇ ਕਤਲ ਦੇ ਦੋਸ਼ ਵਿਚ ਖ਼ਾਲਸਾ ਫੌਜਾਂ ਇਸ ਤੋਂ ਭਾਰੀ ਨਾਰਾਜ਼ ਹੋਈਆਂ ਅਤੇ ਕੈਂਪ ਵਿਚ ਸੱਦ ਭੇਜਿਆ। ਜਦੋਂ ਇਹ ਫੌਜਾਂ ਵਿਚ ਵੰਡੇ ਜਾਣ ਲਈ ਇਨਾਮਾਂ-ਇਕਰਾਮਾਂ ਦੀ ਭਾਰੀ ਮਾਇਆ ਲੈ ਕੇ ਪੁੱਜਾ ਤਾਂ ਪੰਚਾਂ ਨੇ ਧੂਅ ਕੇ ਹਾਥੀ ਤੋਂ ਲਾਹ ਲਿਆ । ਗੋਦੀ ਵਿਚੋਂ ਮਹਾਰਾਜਾ ਦਲੀਪ ਸਿੰਘ ਨੂੰ ਖੋਹ ਕੇ ਇਕ ਪਾਸੇ ਕਰ ਲਿਆ ਅਤੇ ਮਹਾਰਾਣੀ ਜਿੰਦ ਕੌਰ ਵਲੋਂ ਜਾਨ-ਬਖ਼ਸ਼ੀ ਲਈ ਵਾਸਤੇ ਪਾਉਣ ਦੇ ਬਾਵਜੂਦ ਮੌਤ ਦੇ ਘਾਟ ਉਤਾਰ ਕੇ ਦਮ ਲਿਆ । ਭਰਾ ਦੇ ਕਤਲ ਤੋਂ ਮਹਾਰਾਣੀ ਜਿੰਦਾਂ ਨੂੰ ਬੜਾ ਦੁੱਖ ਹੋਇਆ ਅਤੇ ਸ਼ਾਹ ਮੁਹੰਮਦ ਦੇ ਲਿਖੇ ਅਨੁਸਾਰ ਪ੍ਰਣ ਕੀਤਾ ਕਿ ਭਰਾ ਦੀ ਮੌਤ ਦਾ ਬਦਲਾ ਲੈ ਕੇ ਰਹਾਂਗੀ ।

  1. ਗੁਲਾਬ ਸਿੰਘ ਡੋਗਰਾ (1788-1857 ਈ:)

ਜੰਮੂ ਦੇ ਰਾਜਾ ਕਿਸ਼ੋਰ ਸ਼ਿੰਘ ਦਾ ਪੁੱਤਰ, ਜੋ ਭਰਾਵਾਂ ਧਿਆਨ ਸਿੰਘ ਤੇ ਸੁਚੇਤ ਸਿੰਘ ਤੋਂ ਵੀ ਵਧੇਰੇ ਚਲਾਕ ਤੇ ਮੌਕਾ-ਸ਼ਨਾਸ ਸੀ । ਭਾਵੇਂ ਆਪਣੀ ਜਾਗੀਰ ‘ਤੇ ਜੰਮੂ ਰਹਿੰਦਾ ਸੀ ਲੇਕਿਨ ਲਾਹੌਰ ਦਰਬਾਰ ਦੀ ਹਰ ਨਿੱਕੀ ਤੋਂ ਨਿੱਕੀ ਖ਼ਬਰ ਇਸ ਨੂੰ ਮਿਲਦੀ ਰਹਿੰਦੀ ਸੀ । ਸਿੱਖ ਫੌਜਾਂ ਦੀ ਅੰਗਰੇਜ਼ਾਂ ਨਾਲ ਹੋਈ ਮੁਦਕੀ, ਫੇਰੂ ਸ਼ਹਿਰ ਤੇ ਅਲੀਵਾਲ ਦੀ ਲੜਾਈ ਬਾਅਦ ਇਸ ਨੂੰ 28 ਜਨਵਰੀ 1846 ਨੂੰ ਲਾਹੌਰ ਦਾ ਮੁੱਖ ਮੰਤਰੀ ਬਣਾਇਆ ਗਿਆ । 10 ਫਰਵਰੀ 1846 ਨੂੰ ਸਭਰਾਉਂ ਦੀ ਲੜਾਈ ਬਾਅਦ ਇਹ ਲਾਹੌਰ ਸਰਕਾਰ ਦਾ ਪ੍ਰਤੀਨਿਧ ਬਣਕੇ ਅੰਗਰੇਜ਼ ਗਵਰਨਰ ਨਾਲ ਸਮਝੌਤੇ ਦੀਆਂ ਸ਼ਰਤਾਂ ਤਹਿ ਕਰਨ ਲਈ 15 ਫਰਵਰੀ ਨੂੰ ਕਸੂਰ ਗਿਆ। 18 ਫਰਵਰੀ 1846 ਨੂੰ ਅੰਗਰੇਜ਼ ਸੈਨਾ ਲੈ ਕੇ ਲਾਹੌਰ ਦਾਖ਼ਲ ਹੋਇਆ। ਇਸ ਵਿਚੋਲਗਿਰੀ ਕਾਰਨ ਅੰਗਰੇਜ਼ਾਂ ਨੇ ਜੰਮੂ-ਕਸ਼ਮੀਰ ਦਾ ਇਲਾਕਾ ਤੇ ਮਹਾਰਾਜਾ ਦਾ ਖ਼ਿਤਾਬ ਦਿੱਤਾ । ਇਸ ਦਾ ਦੇਹਾਂਤ 1857 ਵਿਚ ਜੰਮੂ ਹੋਇਆ ।

  1. ਮਹਾਰਾਣੀ ਜਿੰਦ ਕੌਰ

ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ, ਜੋ ਪਿੰਡ ਚਾਹੜ, ਤਹਿਸੀਲ ਜੱਫ਼ਰਵਾਲ, ਜ਼ਿਲ੍ਹਾ ਸਿਆਲਕੋਟ ਦੇ ਸ. ਮੰਨਾ ਸਿੰਘ ਔਲਖ ਦੀ ਧੀ ਸੀ। ਇਸ ਦਾ ਜਨਮ 1817 ਵਿਚ ਹੋਇਆ ਅਤੇ ਮਹਾਰਾਜੇ ਨਾਲ ਵਿਆਹ 1835 ਈਸਵੀ ਵਿਚ ਹੋਇਆ । ਇਸ ਦੀ ਕੁੱਖੋਂ ਮਹਾਰਾਜਾ ਦਲੀਪ ਸਿੰਘ ਦਾ ਜਨਮ ਹੋਇਆ। ਮਹਾਰਾਜਾ ਸ਼ੇਰ ਸਿੰਘ ਤੇ ਕੰਵਰ ਪਰਤਾਪ ਸਿੰਘ ਦੇ ਕਤਲ ਬਾਅਦ 16 ਸਤੰਬਰ 1843 ਨੂੰ ਦਲੀਪ ਸਿੰਘ ਪੰਜਾਬ ਦਾ ਮਹਾਰਾਜਾ ਬਣਿਆ ਤਾਂ ਨਾਬਾਲਗ ਹੋਣ ਕਰਕੇ ਇਸ ਨੂੰ ਮਜਬੂਰਨ ਰਾਜਨੀਤੀ ਵਿਚ ਆਉਣਾ ਪਿਆ। ਸ਼ਾਹ ਮੁਹੰਮਦ ਅਨੁਸਾਰ ਸਿੱਖਾਂ ਤੇ ਅੰਗਰੇਜ਼ਾਂ ਦਾ ਪਹਿਲਾ ਯੁੱਧ ਰਾਣੀ ਜਿੰਦਾਂ ਦੇ ਤ੍ਰੀਆਹਠ ਕਰਕੇ ਹੋਇਆ, ਜਿਸ ਨੇ ਭਰਾ ਜਵਾਹਰ ਸਿੰਘ ਦੇ ਕਤਲ ਦਾ ਬਦਲਾ ਲੈਣ ਲਈ ਅੰਗਰੇਜ਼ਾਂ ਨੂੰ ਖ਼ੁਦ ਸੱਦਿਆ ਅਤੇ ਸੱਚੀ ਹੋਣ ਲਈ ਸਿੱਖ ਫੌਜਾਂ ਨੂੰ ਇਨ੍ਹਾਂ ਖਿਲਾਫ਼ ਭੜਕਾਇਆ।

29 ਮਾਰਚ 1849 ਨੂੰ ਪੰਜਾਬ ਉੱਤੇ ਅੰਗਰੇਜ਼ਾਂ ਦਾ ਪੂਰਨ ਕਬਜ਼ਾ ਹੋਇਆ ਤਾਂ ਰਾਣੀ ਜਿੰਦਾਂ ਨੂੰ ਨਜ਼ਰਬੰਦ ਕਰਕੇ ਸ਼ੇਖੂਪੁਰਾ ਤੇ ਫਿਰ ਚੁਨਾਰ ਦੇ ਕਿਲ੍ਹੇ ਵਿਚ ਰੱਖਿਆ ਗਿਆ, ਜਿਥੋਂ ਇਹ ਫ਼ਕੀਰਨੀ ਦਾ ਭੇਸ ਧਾਰ ਕੇ ਨਿਪਾਲ ਨਿਕਲ ਗਈ। ਇਸ ਨੇ ਆਪਣੀ ਆਖਰੀ ਜ਼ਿੰਦਗੀ ਬੜੇ ਦੁੱਖਾਂ ਵਿਚ ਕੱਟੀ। 1861 ਵਿਚ ਆਪਣੇ ਪੁੱਤਰ ਪਾਸ ਇੰਗਲੈਂਡ ਚਲੀ ਗਈ ਅਤੇ ਇਥੇ ਹੀ 1 ਅਗਸਤ 1863 ਵਿਚ 46 ਸਾਲ ਦੀ ਉਮਰ ਵਿਚ ਕਿੰਗਸਟਨ ਵਿਖੇ ਇਸ ਦਾ ਦੇਹਾਂਤ ਹੋ ਗਿਆ । ਇਸ ਦਾ ਅੰਤਮ ਸੰਸਕਾਰ ਨਾਸਿਕ (ਮਹਾਂਰਾਸ਼ਟਰ) ਵਿਚ ਕੀਤਾ ਗਿਆ ।

  1. ਮੀਆਂ ਮੀਰ

ਲਾਹੌਰ ਦੇ ਨਜ਼ਦੀਕ ਇਕ ਫੌਜੀ ਛਾਉਣੀ, ਜਿਸ ਦਾ ਨਾਮ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਅਤੇ ਸ਼ਰਧਾਲੂ ਸੂਫ਼ੀ ਫ਼ਕੀਰ ਸਾਈਂ ਮੀਆਂ ਮੀਰ ਜੀ ਦੇ ਨਾਮ ਤੇ ਰੱਖਿਆ ਗਿਆ ਹੈ । ਸਾਈਂ ਮੀਆਂ ਮੀਰ ਜੀ ਪਾਸੋਂ ਹੀ ਸਤਿਗੁਰਾਂ ਨੇ ਸਰਬ-ਸਾਂਝੇ ਧਰਮ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦਾ ਨੀਂਹ ਪੱਥਰ ਰਖਵਾਇਆ ਸੀ ।

  1. ਵਲਾਇਤ

ਇੰਗਲੈਂਡ ਜਾਂ ਇੰਗਲਿਸਤਾਨ, ਜਿਸ ਨੂੰ ਅੱਜ-ਕਲ੍ਹ ਬਰਤਾਨੀਆ ਤੇ ਗਰੇਟ ਬ੍ਰਿਟੇਨ (Great Britain) ਵੀ ਆਖਿਆ ਜਾਂਦਾ ਹੈ ।

35 ਲੰਦਨ/ਨੰਦਨ

ਇੰਗਲੈਂਡ ਦੀ ਰਾਜਧਾਨੀ ਲੰਡਨ (London) ।

  1. ਟੁੰਡੇ ਲਾਟ

ਸਰ ਹੈਨਰੀ ਹਾਰਡਿੰਗ (Sir Henry Harding) ਜੋ 23 ਜੁਲਾਈ ਸੰਨ 1844 ਤੋਂ 1848 ਤੀਕ ਹਿੰਦੁਸਤਾਨ ਦਾ ਗਵਰਨਰ-ਜਨਰਲ ਰਿਹਾ। ਲਾਰਡ ਹਾਰਡਿੰਗ ਨੇ ਨੈਪੋਲੀਅਨ ਵਿਰੁੱਧ ਜੰਗ ਕਰਦੇ ਹੋਏ 16 ਜੂਨ ਸੰਨ 1815 ਨੂੰ ਆਪਣਾ ਖੱਬਾ ਹੱਥ ਗਵਾ ਲਿਆ ਸੀ, ਇਸੇ ਲਈ ਪੰਜਾਬੀ ਇਸ ਨੂੰ ‘ਟੁੰਡਾਲਾਟ’ ਆਖਦੇ ਸਨ।

  1. ਰਾਵਣ

ਹਿੰਦੂ ਮਿਥਿਹਾਸ ਵਿਚ ਵਰਣਿਤ ਲੰਕਾ ਦਾ ਪ੍ਰਸਿੱਧ ਰਾਜਾ, ਜਿਸ ਦਾ ਸ੍ਰੀ ਰਾਮ ਚੰਦਰ ਜੀ ਨਾਲ ਯੁੱਧ ਹੋਇਆ ਸੀ । ਬਾਲਮੀਕੀ ਰਾਮਾਇਣ ਤੇ ਪੁਰਾਣ ਸਾਹਿਤ ਅਨੁਸਾਰ ਰਾਵਣ ਕੁਲ ਪਰੰਪਰਾ ਤੋਂ ਬ੍ਰਹਮਾ ਦੇ ਪੁੱਤਰ ਪੁਲਸਤਯ ਦਾ ਪੋਤਰਾ ਤੇ ਵਿਸ਼ਵਾ ਦਾ ਪੁੱਤਰ ਸੀ । ਰਾਵਣ ਨੇ ‘ਸ਼ਿਵ’ ਦੀ ਤਪੱਸਿਆ ਕਰ ਕੇ ਕਦੀ ਵੀ ਨਾ ਮਰਨ ਦੇ ਵਰ ਪ੍ਰਾਪਤ ਕਰ ਰੱਖੇ ਸਨ ਅਤੇ ਬੜਾ ਤੇਜਸਵੀ, ਸਾਹਸੀ ਤੇ ਪ੍ਰਾਕਰਮੀ ਯੋਧਾ ਸੀ, ਪਰੰਤੂ ਪੰਚਬਟੀ ਤੋਂ ਸੀਤਾ ਨੂੰ ਚੁੱਕਣ ਦੇ ਕਰਮ ਕਰਕੇ ਵੱਡੇ ਪਾਪਾਂ ਦਾ ਭਾਗੀ ਬਣ ਗਿਆ । ਸ੍ਰੀ ਰਾਮ ਚੰਦਰ ਨਾਲ ਹੋਏ ਭੀਸ਼ਣ ਲੰਕਾ ਯੁੱਧ ਸਮੇਂ ਇਸ ਦਾ ਅੰਤ ਹੋਇਆ ।

38 . ਬਾਬਾ ਬੀਰ ਸਿੰਘ (ਨੌਰੰਗਾਬਾਦੀ )

ਬਾਬਾ ਜੀ ਦਾ ਅਸਲ ਪਿੰਡ ਅੰਮ੍ਰਿਤਸਰ ਦੇ ਜ਼ਿਲ੍ਹੇ ਵਿਚ ਗੱਗੋਬੂਆ ਸੀ । ਆਪ ਦੇ ਮਾਤਾ-ਪਿਤਾ ਭਾਈ ਸੇਵਾ ਸਿੰਘ ਤੇ ਮਾਈ ਧਰਮ ਕੌਰ ਸਨ ਅਤੇ ਜਨਮ 1768 ਈਸਵੀ ਦਾ ਸੀ । ਪਹਿਲਾਂ ਆਪ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਸ਼ਾਮਿਲ ਸਨ ਲੇਕਿਨ ਬਾਅਦ ਵਿਚ ਬਿਰਤੀ ਭਜਨ-ਬੰਦਗੀ ਵਿਚ ਲੱਗ ਗਈ । ਆਪ ਨੇ ਮਾਝੇ ਵਿਚ ਭਾਰੀ ਸਿੱਖੀ ਪ੍ਰਚਾਰ ਕੀਤਾ । ਨੌਰੰਗਾਬਾਦ ਵਿਚ ਰਹਿਣ ਕਰਕੇ ਆਪ ਦੀ ਅੱਲ ਨੌਰੰਗਾਬਾਦੀ ਮਸ਼ਹੂਰ ਹੋ ਗਈ । ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਲਾਹੌਰ ਵਿਚ ਖਾਨਾਜੰਗੀ ਸ਼ੁਰੂ ਹੋਈ ਤਾਂ ਸ. ਅਤਰ ਸਿੰਘ ਸੰਧਾਵਾਲੀਆ, ਕੰਵਰ ਕਸ਼ਮੀਰਾ ਸਿੰਘ ਤੇ ਹੋਰ ਸਰਦਾਰਾਂ ਨੇ ਆਪ ਦੇ ਡੇਰੇ ਸ਼ਰਨ ਲਈ । ਡੋਗਰਿਆਂ ਦੀ ਸ਼ਹਿ ‘ਤੇ ਲਾਹੌਰੀ ਫੌਜਾਂ ਨੇ ਡੇਰੇ ਪੁੱਜ ਕੇ ਭਾਰੀ ਤਬਾਹੀ ਕੀਤੀ, ਤੋਪ ਦਾ ਗੋਲਾ ਫਟਣ ਨਾਲ 7 ਮਈ, 1844 ਨੂੰ ਬਾਬਾ ਜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਹੀ ਸ਼ਹੀਦੀ ਪਾ ਗਏ । ਇਸ ਕਹਿਰ ਕਾਰਨ ਲਾਹੌਰੀ ਫੌਜ ਦਾ ਨਾਮ ‘ਗੁਰੂ ਮਾਰੀ’ ਪੈ ਗਿਆ ਸੀ ।

  1. ਅਲੀ ਅਕਬਰ

ਕਾਬਲ ਦੇ ਬਾਦਸ਼ਾਹ ਅਮੀਰ ਦੋਸਤ ਮੁਹੰਮਦ ਖਾਂ ਦਾ ਪੁੱਤਰ, ਜਿਸ ਨੇ ਅੰਗਰੇਜ਼ਾਂ ਦੀ ਕੁਟਲਨੀਤੀ ਕਾਰਨ ਗੱਦੀਉਂ ਉਤਾਰੇ ਅਤੇ ਫਿਰ ਕੈਦ ਕੀਤੇ ਗਏ ਪਿਤਾ ਨੂੰ ਬੀਰਤਾ ਅਤੇ ਹਰਮਨ-ਪਿਆਰਤਾ ਸਦਕਾ ਫਿਰ ਤੋਂ ਗੱਦੀ ਉੱਤੇ ਬਿਠਾਇਆ ।

  1. भरैल

ਮਾਝੇ ਦੇ ਇਲਾਕੇ ਨਾਲ ਸਬੰਧਤ, ਜਿਸ ਵਿਚ ਸਾਂਝੇ ਪੰਜਾਬ ਦਾ ਵਿਚਕਾਰਲਾ ਹਿੱਸਾ ਅਤੇ ਅੱਜ-ਕਲ੍ਹ ਦੇ ਹਿਸਾਬ ਨਾਲ ਰਾਵੀ ਤੇ ਬਿਆਸ ਵਿਚਲਾ ਇਲਾਕਾ ਆਉਂਦਾ ਹੈ ।

  1. ਦੁਆਬੀਏ

ਦੁਆਬੇ ਦੇ ਵਸਨੀਕ, ਜਿਸ ਵਿਚ ਸਤਿਲੁਜ ਤੇ ਬਿਆਸ ਵਿਚਲਾ ਇਲਾਕਾ ਆਉਂਦਾ ਹੈ ।

  1. ਅਕਾਲ ਰਜਮੈਂਟ

ਇਹ ਰਜਮੈਂਟ ਫਰਾਂਸੀਸੀ ਅਫ਼ਸਰਾਂ ਵਲੋਂ ਟ੍ਰੇਡ ਕੀਤੀ ਗਈ ਸੀ। ਸਿੰਘਾਂ ਅਤੇ ਅੰਗਰੇਜ਼ਾਂ ਦੀ ਪਹਿਲੀ ਲੜਾਈ ਵਿਚ ਇਸ ਨੇ ਭਾਗ ਲਿਆ।

  1. ਜੱਲ੍ਹੇ ਵਾਲੀਏ

ਸਰਦਾਰ ਰਾਮ ਸਿੰਘ, ਅਮਰ ਸਿੰਘ, ਆਦਿ ਜੱਲ੍ਹੇ ਵਾਲੀਏ ਸਰਦਾਰ, ਜਿਨ੍ਹਾਂ ਨੇ ਮੁਦਕੀ ਦੀ ਜੰਗ ਵਿਚ ਭਾਗ ਲਿਆ ।

  1. ਮਜ਼ਹਰ ਅਲੀ

ਘੋੜਿਆਂ ਰਾਹੀਂ ਖਿੱਚੀਆਂ ਜਾਣ ਵਾਲੀਆਂ ਤੋਪਾਂ-‘ਤੋਪਖਾਨਾ ਅਸਪੀ’ ਦਾ ਕੁਮੇਦਾਨ । ਇਹ ਸੰਨ 1818 ਤੋਂ ਖ਼ਾਲਸਾ ਫੌਜ ਦੀ ਨੌਕਰੀ ਵਿਚ ਸੀ।

  1. भाये थां

ਊਠਾਂ ਦੀ ਪਿੱਠ ‘ਤੇ ਰੱਖ ਕੇ ਚਲਾਈਆਂ ਜਾਣ ਵਾਲੀਆਂ ਛੋਟੀਆਂ ਤੋਪਾਂ ਦਾ ਕੁਮੇਦਾਨ ।

  1. ਸੁਲਤਾਨ ਮਹਿਮੂਦ

ਭਾਰੀ ਤੋਪਖਾਨੇ ਦਾ ਇਕ ਅਫ਼ਸਰ । ਸੁਲਤਾਨ ਮਹਿਮੂਦ ਦਾ ਖਾਨਦਾਨ ਤਿੰਨ ਪੁਸ਼ਤਾਂ ਤੀਕ ਤੋਪਖਾਨੇ ਦੀ ਨੌਕਰੀ ਵਿਚ ਰਿਹਾ । ਇਸ ਦਾ ਪਿਤਾ ਗੌਸ ਖਾਂ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸ. ਮਹਾਂ ਸਿੰਘ ਦੇ ਤੋਪਖਾਨੇ ਦਾ ਦਰੋਗਾ ਸੀ । ਪਿਛੋਂ ਮਹਾਰਾਜਾ ਰਣਜੀਤ ਸਿੰਘ ਸਮੇਂ ਵੀ ਇਸੇ ਅਹੁਦੇ ‘ਤੇ ਰਿਹਾ । ਉਸ ਦੇ ਮਰਨ ਮਗਰੋਂ ਸੁਲਤਾਨ ਮਹਿਮੂਦ ਤੋਪਖਾਨੇ ਦਾ ਅਫ਼ਸਰ ਨਿਯੁਕਤ ਕੀਤਾ ਗਿਆ। ਅੱਗੋਂ ਇਸ ਦਾ ਪੁੱਤਰ ਸੁਲਤਾਨ ਅਹਿਮਦ ਵੀ ਤੋਪਖਾਨੇ ਵਿਚ ਕਰਨਲ ਪਦਵੀ ‘ਤੇ ਤੈਨਾਤ ਸੀ।

  1. ਇਮਾਮ ਸ਼ਾਹ

‘ਤੋਪਖਾਨਾ ਅਸਪੀ’ ਦਾ ਇਕ ਅਫ਼ਸਰ । ਇਮਾਮ ਸ਼ਾਹ ਤੋਪਖਾਨਾ ਅਸਪੀ ਵਿਚ ਕੁਮੇਦਾਨ ਸੀ । ਇਸ ਦਾ ਪਿਤਾ ਲਖਨਊ ਦੇ ਨਵਾਬ ਪਾਸ ਥਾਣੇਦਾਰ ਅਤੇ ਇਸ ਦਾ ਦਾਦਾ ਨਾਦਰਸ਼ਾਹ ਦੀ ਸੈਨਾ ਵਿਚ ਵੱਡਾ ਅਫ਼ਸਰ ਰਿਹਾ । ਇਮਾਮ ਸ਼ਾਹ ਪਹਿਲਾਂ ਸ. ਜੋਧ ਸਿੰਘ ਵਜ਼ੀਰਾਬਾਦ ਪਾਸ ਤੋਪਖਾਨੇ ਦਾ ਅਫ਼ਸਰ ਸੀ ਅਤੇ ਸਰਦਾਰ ਦੇ ਮਰਨ ਬਾਅਦ ਸੰਨ 1810 ਵਿਚ ਮਹਾਰਾਜਾ ਰਣਜੀਤ ਸਿੰਘ ਪਾਸ ਆ ਗਿਆ मी।

  1. ਇਲਾਹੀ ਬਖ਼ਸ਼ ਪਟੋਲੀ

ਇਕ ਵਿਸ਼ੇਸ਼ ਤੋਪਖਾਨੇ ਦਾ ਅਫ਼ਸਰ । ਇਹ ਸੰਨ 1804 ਦੇ ਕਰੀਬ ਗੋਲਾਅੰਦਾਜ਼ ਵਲੋਂ ਭਰਤੀ ਹੋਇਆ ਸੀ, ਲੇਕਿਨ ਆਪਣੀ ਯੋਗਤਾ ਕਰਕੇ ਤਰੱਕੀ ਕਰਦਾ ਹੋਇਆ, ਜਰਨੈਲੀ ਦੇ ਪਦ ਤੀਕ ਪੁੱਜਾ । 1822 ਤੋਂ ਇਸ ਦਾ ਤੋਪਖਾਨਾ ਡੇਰਾ ਫਰਾਂਸਿਸ ਨਾਲ ਲੱਗਾ ਹੋਇਆ ਸੀ ।

  1. ਮੁਦਕੀ

ਫਿਰੋਜ਼ਪੁਰ ਦੇ ਨਜ਼ਦੀਕ ਇਕ ਪਿੰਡ ਜਿੱਥੇ ਸਿੱਖਾਂ ਤੇ ਅੰਗਰੇਜ਼ਾਂ ਦਰਮਿਆਨ 18 ਦਸੰਬਰ 1845 ਨੂੰ ਜੰਗ ਹੋਈ ।

  1. ਮਿਸਰ ਤੇਜਾ ਸਿੰਘ

ਨਿੱਧੇ ਮਿਸਰ ਦਾ ਪੁੱਤਰ ਅਤੇ ਜਮਾਂਦਾਰ ਖ਼ੁਸ਼ਹਾਲ ਸਿੰਘ ਦਾ ਭਤੀਜਾ, ਜੋ ਸਿੱਖ ਰਾਜ ਵਿਚ ‘ਰਾਜਾ’ ਦੀ ਪਦਵੀ ਰੱਖਦਾ ਸੀ । ਸੰਨ 1845 ਵਿਚ ਜਦੋਂ ਇਹ ਲਾਹੌਰ ਦਰਬਾਰ ਦਾ ਸੈਨਾਪਤੀ ਸੀ ਤਾਂ ਪਹਿਲਾਂ ਸਿੱਖ ਤਾਕਤਾਂ ਨੂੰ ਕਮਜ਼ੋਰ ਕਰਨ ਲਈ ਫੌਜਾਂ ਨੂੰ ਭੜਕਾ ਕੇ ਅੰਗਰੇਜ਼ਾਂ ਨਾਲ ਜੰਗ ਛੇੜੇ ਅਤੇ ਫਿਰ ਜੰਗ ਸ਼ੁਰੂ ਹੋ ਜਾਣ ਉੱਤੇ ਜਿਥੇ ਅੰਗਰੇਜ਼ਾਂ ਨੂੰ ਸਿੱਖ ਸੈਨਾਂ ਦੇ ਭੇਤ ਦਿੱਤੇ ਉਥੇ ਸਾਥੀਆਂ ਸਮੇਤ ਮੈਦਾਨ ਛੱਡ ਕੇ ਭੱਜ ਜਾਂਦਾ ਰਿਹਾ, ਜਿਸ ਦੇ ਫ਼ਲਸਰੂਪ ਸਿੱਖ ਜਿੱਤੀ ਬਾਜ਼ੀ ਹਾਰ ਜਾਂਦੇ ਰਹੇ । ਦੂਜੇ ਸਿੱਖ ਯੁੱਧ ਵਿਚ ਵੀ ਇਸ ਨੇ ਅੰਗਰੇਜ਼ਾਂ ਦਾ ਪੂਰਾ ਸਾਥ ਦਿੱਤਾ। ਪੰਜਾਬ ਦੀ ਜ਼ਬਤੀ ਸਮੇਂ ਇਸ ਦੀ ਸਾਲਾਨਾ ਜਾਗੀਰ 92779 ਰੁਪੈ ਸੀ । ਇਸ ਦਾ ਦੇਹਾਂਤ ਸੰਨ 1862 ਨੂੰ ਲਾਹੌਰ ਵਿਚ ਹੋਇਆ ।

  1. ਫੇਰੂ ਸ਼ਹਿਰ

ਜ਼ਿਲ੍ਹਾ ਮੁਕਤਸਰ ਦਾ ਇਕ ਪਿੰਡ, ਜਿਸ ਦਾ ਨਾਮ ਫੇਰੂ ਸ਼ਾਹ, ਫੀਰੋਜ਼ਸ਼ਾਹ ਅਤੇ ਫਿਰੋਜ਼ ਸ਼ਹਿਰ ਵੀ ਲਿਖਿਆ ਮਿਲਦਾ ਹੈ । ਇਥੇ 21 ਤੇ 22 ਦਸੰਬਰ ਸੰਨ 1845 ਨੂੰ ਅੰਗਰੇਜ਼ਾਂ ਤੇ ਸਿੰਘਾਂ ਵਿਚਕਾਰ ਗਹਿਗੱਚ ਲੜਾਈ ਹੋਈ । ਸਿੰਘਾਂ ਨੇ ਭਾਰੀ ਸੂਰਮਗਤੀ ਵਿਖਾਈ, ਲੇਕਿਨ ਤੇਜਾ ਸਿੰਘ, ਲਾਲ ਸਿੰਘ ਅਤੇ ਪਹਾੜਾ ਸਿੰਘ ਆਦਿ ਦੀ ਗ਼ੱਦਾਰੀ ਕਾਰਨ ਖ਼ਾਲਸੇ ਦੀ ਜਿੱਤ, ਹਾਰ ਵਿਚ ਬਦਲ ਗਈ। ਕਨਿੰਘਮ ਅਨੁਸਾਰ ਇਸ ਜੰਗ ਵਿਚ ਅੰਗਰੇਜ਼ੀ ਫੌਜ ਦਾ ਸੱਤਵਾਂ ਹਿੱਸਾ ਮਾਰਿਆ ਗਿਆ।

  1. ਪਹਾੜਾ ਸਿੰਘ

ਫਰੀਦਕੋਟ ਦਾ ਰਾਜਾ, ਜਿਸ ਨੂੰ ਅੰਗਰੇਜ਼ਾਂ ਦੀ ਸਰਪ੍ਰਸਤੀ ਹਾਸਲ ਸੀ। ਫੇਰੂ ਸ਼ਹਿਰ ਦੀ ਜੰਗ ਵਿਚ ਇਸ ਨੇ ਸਿੱਖ ਫੌਜ ਦੀ ਕਤਾਰਬੰਦੀ ਦੇ ਸਾਰੇ ਭੇਤ ਅੰਗਰੇਜ਼ਾਂ ਨੂੰ ਦੱਸ ਕੇ ਆਪਣੀ ਕੌਮ ਨਾਲ ਭਾਰੀ ਗ਼ੱਦਾਰੀ ਕੀਤੀ । ਇਹ ਚੜ੍ਹਤ ਸਿੰਘ ਬਰਾੜ ਦਾ ਪੁੱਤਰ ਸੀ ਜੋ ਸੰਨ 1827 ਵਿਚ ਫਰੀਦਕੋਟ ਦੀ ਗੱਦੀ ‘ਤੇ ਬੈਠਾ । ਇਸ ਦਾ ਦੇਹਾਂਤ ਸੰਨ 1849 ਵਿਚ ਹੋਇਆ ।

  1. ਕੌਰਵ ਪਾਂਡਵ

4 ਰਾਜਾ ਭਰਤ ਦੀ ਵੰਸ਼ ਵਿਚ ਚੰਦਰਵੰਸ਼ੀ ਰਾਜਾ ਸਰਵਣ ਦਾ ਪੁੱਤਰ ‘ਕੁਰੁ’ ਹੋਇਆ ਹੈ, ਜੋ ਰਾਣੀ ਤਾਪਤੀ ਦੇ ਉਦਰ ਤੋਂ ਪੈਦਾ ਹੋਇਆ । ਇਹ ਬੜਾ ਧਰਮਾਤਮਾ ਸੀ । ਇਸ ਤੋਂ ਕੁਰੁ ਵੰਸ਼ ਚੱਲਿਆ, ਜੋ ਕੌਰਵ ਕਰਕੇ ਪ੍ਰਸਿੱਧ ਹੈ । ਭਾਵੇਂ ਪਾਂਡਵ ਵੀ ਕੁਰੁ ਵੰਸ਼ ਵਿਚੋਂ ਸਨ, ਪਰੰਤੂ ਪਾਂਡੁ ਰਾਜੇ ਦੇ ਵੰਸ਼ਜ ਹੋਣ ਕਰਕੇ ਪਾਂਡਵ ਕਹਿਲਾਏ। ਪਾਂਡਵਾਂ ਦੀ ਰਾਜਧਾਨੀ ਇੰਦ੍ਰਪ੍ਰਸਥ (ਦਿੱਲੀ) ਸੀ ਅਤੇ ਕੌਰਵਾਂ ਦੀ ਹਸਤਨਾਪੁਰ । ਕੌਰਵਾਂ ਤੇ ਪਾਂਡਵਾਂ ਵਿਚ ਕੁਰਖੇਤਰ ਵਿਖੇ ਮਹਾਨ ਯੁੱਧ ਹੋਇਆ ਜਿਸ ਵਿਚ ਸ੍ਰੀ ਕ੍ਰਿਸ਼ਨ ਜੀ ਨੇ ਪਾਂਡਵਾਂ ਦੀ ਮਦਦ ਕੀਤੀ ।

  1. ਸਰਦਾਰ ਰਣਜੋਧ ਸਿੰਘ (ਮਜੀਠੀਆ)

ਫਿਲੌਰ ਦਾ ਗਵਰਨਰ, ਜਿਸ ਨੇ ਲਾਡਵੇ ਵਾਲੇ ਸ. ਅਜੀਤ ਸਿੰਘ ਨਾਲ ਮਿਲ ਕੇ ਬੱਦੋਵਾਲ ਦੀ ਲੜਾਈ ਵਿਚ ਅੰਗਰੇਜ਼ਾਂ ਨੂੰ ਹਰਾਇਆ । ਲੇਕਿਨ ਬਾਅਦ ਵਿਚ ਫੌਜ ਨੂੰ ਲੁੱਟ-ਮਾਰ ‘ਤੇ ਲਗਾ ਕੇ ਆਪ ਪਾਸੇ ਹੋ ਗਿਆ ਅਤੇ ਅੰਗਰੇਜ਼ਾਂ ਦਾ ਪਿੱਛਾ ਨਾ ਕੀਤਾ। ਜੇਕਰ ਇਸ ਮੌਕੇ ਰਣਜੋਧ ਸਿੰਘ ਫੌਜ ਨਾਲ ਧਰੋਹ ਨਾ ਕਰਦਾ ਅਤੇ ਮੈਦਾਨ ਛੱਡ ਕੇ ਨਾ ਭੱਜਦਾ ਤਾਂ ਲੁਧਿਆਣੇ ਉੱਤੇ ਸਹਿਜੇ ਹੀ ਸਿੰਘਾਂ ਦਾ ਕਬਜ਼ਾ ਹੋ ਸਕਦਾ ਸੀ ਅਤੇ ਦਿੱਲੀ ਤੋਂ ਆ ਰਿਹਾ ਖਜ਼ਾਨਾ ਤੇ ਅਸਲਾ ਵੀ ਇਨ੍ਹਾਂ ਦੇ ਹੱਥ ਲੱਗ ਜਾਣਾ ਸੀ। ਇੰਜ ਜੰਗ ਦੀ ਸਾਰੀ ਸਥਿਤੀ ਹੀ ਕੁਝ ਹੋਰ ਬਣ ਜਾਣੀ मी ।

  1. ਲਾਡੂਏ ਵਾਲੇ

ਲਾਡਵਾ, ਜ਼ਿਲ੍ਹਾ ਕਰਨਾਲ ਦੇ ਸਰਦਾਰ ਅਜੀਤ ਸਿੰਘ ਦਾ ਇਲਾਕਾ ਅੰਗਰੇਜ਼ਾਂ ਨੇ ਖੋਹ ਲਿਆ ਸੀ ਅਤੇ ਇਸ ਦੇ ਪ੍ਰਵਾਰ ਨੂੰ ਬੱਦੋਵਾਲ ਵਿਚ ਕੈਦੀ ਬਣਾ ਰੱਖਿਆ ਸੀ । ਸਰ ਆਕਲੈਂਡ ਨੇ ਅਜੀਤ ਸਿੰਘ ਨੂੰ ‘ਰਾਜਾ’ ਦਾ ਖ਼ਿਤਾਬ ਵੀ ਦਿੱਤਾ ਸੀ, ਲੇਕਿਨ ਉਹ ਅੰਗਰੇਜ਼ਾਂ ਨੂੰ ਵਿਦੇਸ਼ੀ ਸਮਝ ਕੇ ਸਖ਼ਤ ਨਫ਼ਰਤ ਕਰਦਾ ਸੀ । ਇਸ ਨੇ ਲੁਧਿਆਣੇ ਦੀ ਛਾਉਣੀ ‘ਤੇ ਹਮਲਾ ਕਰਕੇ ਉਸ ਦਾ ਇਕ ਹਿੱਸਾ ਜਲਾ ਕੇ ਰਾਖ ਕਰ ਦਿੱਤਾ ਸੀ । ਸ. ਅਜੀਤ ਸਿੰਘ ਨੇ ਬੱਦੋਵਾਲ ਦੀ ਲੜਾਈ ਵਿਚ ਭਰਵਾਂ ਹਿੱਸਾ ਲਿਆ । ਲੜਾਈ ਬਾਅਦ ਅੰਗਰੇਜ਼ਾਂ ਨੇ ਫਿਰ ਉਸ ਦਾ ਸਾਰਾ ਇਲਾਕਾ ਜ਼ਬਤ ਕਰ ਲਿਆ ਤੇ ਅਲਾਹਾਬਾਦ ਕੈਦ ਕਰ ਦਿੱਤਾ, ਜਿਥੋਂ ਉਹ ਰਾਖੇ ਨੂੰ ਕਤਲ ਕਰਕੇ ਭੱਜ ਨਿਕਲਿਆ । ਕਸ਼ਮੀਰ ਵਿਚ ਭਟਕਦੇ ਹੋਏ ਉਸ ਦੀ ਮੌਤ ਹੋਈ ।

  1. ਮੁਹਕਮਦੀਨ

ਜਗਰਾਵਾਂ ਦੇ ਮੁਨਸ਼ੀ ਰਜਬ ਅਲੀ ਦਾ ਰਿਸ਼ਤੇਦਾਰ ਅਤੇ ਸਿੱਖ ਸੈਨਾ ਨਾਲ ਸਬੰਧਤ ।

  1. ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ

ਇਹ ਉਘੇ ਕੌਮ-ਸੇਵਕ ਸ. ਨਿਹਾਲ ਸਿੰਘ ਅਟਾਰੀ ਦਾ ਪੁੱਤਰ ਸੀ, ਜਿਸ ਨੇ ਮਹਾਰਾਜਾ ਰਣਜੀਤ ਸਿੰਘ ਦੀ ਬੀਮਾਰੀ ਸਮੇਂ ਆਪ ਦੀ ਮੰਜੀ ਦੁਆਲੇ ਪਰਕਰਮਾ ਅਤੇ ਸੱਚੇ ਦਿਲੋਂ ਅਰਦਾਸ ਕਰਕੇ ਮਹਾਰਾਜੇ ਦੀ ਬੀਮਾਰੀ ਖ਼ੁਦ ਸਹੇੜ ਲਈ ਸੀ। ਕੁਝ ਦਿਨਾਂ ਬਾਅਦ ਮਹਾਰਾਜਾ ਤੰਦਰੁਸਤ ਹੋ ਗਿਆ ਜਦੋਂ ਕਿ ਸ. ਨਿਹਾਲ ਸਿੰਘ ਕੁਝ ਸਮਾਂ ਬੀਮਾਰ ਰਹਿਣ ਮਗਰੋਂ ਚੜ੍ਹਾਈ ਕਰ ਗਿਆ । ਸ. ਸ਼ਾਮ ਸਿੰਘ ਨੇ 1803 ਈਸਵੀ ਵਿਚ ਮਹਾਰਾਜੇ ਦੀ ਫੌਜ ਵਿਚ ਭਰਤੀ ਹੋ ਕੇ ਬਹੁਤ ਸੂਰਮਗਤੀ ਵਿਖਾਈ। 1818 ਵਿਚ ਮੁਲਤਾਨ ਅਤੇ 1819 ਵਿਚ ਕਸ਼ਮੀਰ ਦੀ ਜੰਗ ਵਿਚ ਭਰਵਾਂ ਯੋਗਦਾਨ ਦਿੱਤਾ ਅਤੇ ਜਿੱਤਾਂ ਪ੍ਰਾਪਤ ਕੀਤੀਆਂ। 1837 ਵਿਚ ਆਪ ਦੀ ਸਪੁੱਤਰੀ ਬੀਬੀ ਨਾਨਕੀ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਅਤੇ ਕੰਵਰ ਖੜਕ ਸਿੰਘ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਨਾਲ ਹੋਇਆ । ਇਤਿਹਾਸਕਾਰਾਂ ਅਨੁਸਾਰ ਦੁਨੀਆਂ ਵਿਚ ਕਿਤੇ ਵੀ ਕਿਸੇ ਵਿਆਹ ਉਪਰ ਨਾ ਤਾਂ ਇਤਨਾ ਖਰਚ ਹੋਇਆ ਅਤੇ ਨਾ ਹੀ ਇਤਨੇ ਲੋਕ ਸ਼ਾਮਿਲ ਹੋਏ । ਮਹਾਰਾਜਾ ਸਾਹਿਬ ਦੇ ਮਹਿਮਾਨਾਂ ਦੀ ਗਿਣਤੀ ਪੰਜ ਲੱਖ ਦੇ ਕਰੀਬ ਸੀ ਅਤੇ ਆਪ ਨੇ ਇਕ ਦਿਨ ਵਿਚ 20 ਲੱਖ ਰੁਪਿਆ ਗਰੀਬਾਂ ਵਿਚ ਵੰਡਿਆ ਸੀ ।

ਮਹਾਰਾਜੇ ਦੀ ਮੌਤ ਬਾਅਦ ਲਾਹੌਰ ਦੀ ਖਾਨਾਜੰਗੀ ਤੋਂ ਨਿਰਾਸ ਹੋ ਕੇ ਆਪ ਅਟਾਰੀ ਆਪਣੇ ਘਰ ਆ ਬੈਠੇ ਸਨ, ਲੇਕਿਨ ਬਾਅਦ ਵਿਚ ਜਦੋਂ ਸਿੰਘਾਂ ਤੇ ਅੰਗਰੇਜ਼ਾਂ ਦਰਮਿਆਨ ਲੜਾਈ ਸ਼ੁਰੂ ਹੋਈ ਅਤੇ ਮਹਾਰਾਣੀ ਜਿੰਦਾਂ ਨੇ ਬਾਰ-ਬਾਰ ਬੇਨਤੀ ਕੀਤੀ ਤਾਂ ਆਪਣਾ ਕਰਤੱਵ ਸਮਝ ਕੇ ਸਭਰਾਉਂ ਦੀ ਲੜਾਈ ਵਿਚ ਸ਼ਾਮਲ ਹੋਏ । ਮਿਸਰ ਤੇਜਾ ਸਿੰਘ ਗ਼ੱਦਾਰੀ ਕਰ ਗਿਆ ਅਤੇ ਸਾਥੀਆਂ ਸਮੇਤ ਮੈਦਾਨ ਵਿਚੋਂ ਭੱਜ ਤੁਰਿਆ, ਪਰੰਤੂ ਆਪ ਜਵਾਂ-ਮਰਦਾਂ ਵਾਂਗ ਡਟੇ ਰਹੇ ਅਤੇ10 ਫਰਵਰੀ 1846 ਨੂੰ ਅਨੇਕਾਂ ਦੁਸ਼ਮਣਾਂ ਨੂੰ ਸੋਧਣ ਬਾਅਦ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਸ਼ਹਾਦਤ ਪਾ ਗਏ ।

  1. ਮਲਵੱਈ

ਮਾਲਵੇ ਦੇ ਵਸਨੀਕ । ਮਾਲਵੇ ਵਿਚ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ, ਪਟਿਆਲਾ, ਸੰਗਰੂਰ, ਮੋਗਾ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਬਠਿੰਡਾ, ਮਾਨਸਾ ਆਦਿ ਦੇ ਇਲਾਕੇ ਆਉਂਦੇ ਹਨ ।

ਮੱਧ ਭਾਰਤ ਦਾ ਇਕ ਇਲਾਕਾ ਵੀ ਮਾਲਵਾ ਕਹਾਉਂਦਾ ਹੈ, ਜਿਸ ਵਿਚ ਇੰਦੌਰ, ਭੁਪਾਲ, ਧਾਰ, ਰਤਲਾਮ, ਰਾਜਗੜ੍ਹ ਅਤੇ ਨਰਸਿੰਘ ਗੜ੍ਹ ਆਦਿ ਰਿਆਸਤਾਂ ਆਉਂਦੀਆਂ ਸਨ ।

  1. ਅਬੂਤਬੇਲਾ (1791-1850 ਈ 🙂

ਸਿੱਖ ਫੌਜ ਦਾ ਇਕ ਇਟੈਲੀਅਨ ਜਰਨੈਲ । ਇਸ ਦਾ ਪੂਰਾ ਨਾਮ ‘ਪਾਉਲੋ ਦੀ ਟੋਲੋਮੀਉ ਏਵੀਤਾਬਲੇ’ ਸੀ । ਇਹ ਇਟਲੀ ਦੇ ਸ਼ਹਿਰ ਨੇਪਲਜ਼ ਦਾ ਵਸਨੀਕ ਸੀ। ਇਸ ਨੇ ਕੁਝ ਸਾਲ ਨੇਪਲਜ਼ ਦੀ ਫੌਜ ਵਿਚ ਅਤੇ ਫਿਰ ਨੈਪੋਲੀਅਨ ਦੇ ਭਰਾ ਜੋਜ਼ਫ ਬੋਨਾਪਾਰਟ ਦੀ ਫੌਜ ਵਿਚ ਨੌਕਰੀ ਕੀਤੀ । ਸੰਨ 1827 ਵਿਚ ਮਹਾਰਾਜਾ ਰਣਜੀਤ ਸਿੰਘ ਦੀ ਖ਼ਿਦਮਤ ਵਿਚ ਹਾਜ਼ਰ ਹੋਇਆ ਅਤੇ ਵੱਖ-ਵੱਖ ਪਦਾਂ ਉੱਤੇ ਸ਼ਲਾਘਾਯੋਗ ਕੰਮ ਕੀਤਾ। ਕੁਝ ਸਮਾਂ ਵਜ਼ੀਰਾਬਾਦ ਦਾ ਗਵਰਨਰ ਵੀ ਰਿਹਾ । ਇਤਾਲਵੀ ਤੋਂ ਇਲਾਵਾ ਫਰਾਂਸੀਸੀ, ਫ਼ਾਰਸੀ ਤੇ ਹਿੰਦੁਸਤਾਨੀ ਭਾਸ਼ਾਵਾਂ ਆਸਾਨੀ ਨਾਲ ਬੋਲ ਲੈਂਦਾ ਸੀ । 1837 ਵਿਚ ਸ. ਹਰੀ ਸਿੰਘ ਨਲਵੇ ਦੀ ਮੌਤ ਬਾਅਦ ਪਿਸ਼ਾਵਰ ਦਾ ਗਵਰਨਰ ਨਿਯੁਕਤ ਕੀਤਾ ਗਿਆ। ਅਬੂਤਬੇਲਾ ਚੰਗੇ ਕੱਦ-ਕਾਠ ਦਾ ਤੇ ਸ਼ਾਹਾਨਾ ਤਬੀਅਤ ਦਾ ਸ਼ਖਸ ਸੀ । ਖਾਣਾ ਬਣਾਉਣ ਲਈ ਘਰ ਅੱਠ ਖਾਨਸਾਮੇ ਰੱਖੇ ਹੋਏ ਹਨ ਅਤੇ ਕਿੰਨੀਆਂ ਹੀ ਖ਼ੂਬਸੂਰਤ ਕਸ਼ਮੀਰੀ ਲੜਕੀਆਂ ਮਹਿਲਾਂ ਵਿਚ ਰੱਖੀਆਂ ਹੋਈਆਂ ਸਨ । 1843 ਈਸਵੀ ਵਿਚ ਪੰਜਾਬ ਛੱਡ ਕੇ ਵਾਪਸ ਨੇਪਲਜ਼ ਚਲਾ ਗਿਆ ਅਤੇ ਵਧੇਰੇ ਸ਼ਰਾਬ ਪੀਣ ਕਰਕੇ ਚੰਗੀ ਤਕੜੀ ਜਾਇਦਾਦ ਛੱਡ ਕੇ ਜਲਦੀ ਹੀ ਮਰ ਗਿਆ।

  1. ਖੂਹਣੀਆਂ

ਪੁਰਾਤਨ ਮਿੱਥ ਅਨੁਸਾਰ ਇਕ ਸੈਨਿਕ ਖੂਹਣੀ ਵਿਚ 218700 ਗਿਣਤੀ ਦੀ ਫੌਜ ਹੁੰਦੀ ਸੀ, ਜਿਸ ਵਿਚ 109350 ਪਿਆਦੇ ਸਿਪਾਹੀ, 65610 ਘੋੜੇ, 21870 ਹਾਥੀ ਅਤੇ 21870 ਰੱਥ ਹੁੰਦੇ ਸਨ ।

  1. ਰਾਜਾ ਭੋਜ

ਉਜੈਨ ਦਾ ਮਹਾਪ੍ਰਤਾਪੀ ਤੇ ਵਿਦਵਾਨ ਰਾਜਾ, ਜਿਸ ਦੀ ਰਾਣੀ ਲੀਲ੍ਹਾਵਤੀ ਨੇ ਉਸ ਨੂੰ ਤਿਆ-ਚਲਿੱਤਰ ਰਾਹੀਂ ਘੋੜਾ ਬਣਾ ਕੇ ਉਪਰ ਸਵਾਰੀ ਕੀਤੀ। ਰਾਜਾ ਭੋਜ ਸੰਸਕ੍ਰਿਤ ਦਾ ਮਹਾਨ ਪੰਡਿਤ ਸੀ, ਜਿਸ ਨੇ ਅਨੇਕ ਗ੍ਰੰਥਾਂ ਦੀ ਰਚਨਾ ਕੀਤੀ। ਇਹ ਸੰਨ 1018 ਵਿਚ ਗੱਦੀ ‘ਤੇ ਬੈਠਾ ਅਤੇ 42 ਸਾਲ ਰਾਜ ਕਰਕੇ ਸੰਨ 1060 ਵਿਚ ਪੂਰਾ ਹੋਇਆ ।

ਮਹਾਰਾਜਾ ਰਣਜੀਤ ਸਿੰਘ ਦਾ ਪਰਿਵਾਰ 

ਮਹਾਰਾਜਾ ਰਣਜੀਤ ਸਿੰਘ ਦੀਆਂ 20 ਰਾਣੀਆਂ ਤੇ 8 ਪੁੱਤਰ ਸਨ, ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-

  1. ਮਹਾਰਾਣੀ ਮਹਿਤਾਬ ਕੌਰ : ਕਨ੍ਹਈਆ ਮਿਸਲ ਦੇ ਸਰਦਾਰ ਗੁਰਬਖਸ਼ ਸਿੰਘ ਤੇ ਮਾਈ ਸਦਾ ਕੌਰ ਦੀ ਸਪੁੱਤਰੀ ਸੀ । ਇਸ ਦੇ ਤਿੰਨ ਪੁੱਤਰ : ਈਸ਼ਰ ਸਿੰਘ, ਮਹਾਰਾਜਾ ਸ਼ੇਰ ਸਿੰਘ ਤੇ ਕੰਵਰ ਤਾਰਾ ਸਿੰਘ ਸਨ ।
  2. ਰਾਣੀ ਦਾਤਾਰ ਕੌਰ : ਇਸ ਦਾ ਅਸਲੀ ਨਾਮ ਰਾਜ ਕੌਰ ਸੀ, ਪਰ ਮਹਾਰਾਜਾ ਰਣਜੀਤ ਸਿੰਘ ਦੀ ਮਾਂ ਦਾ ਨਾਮ ਵੀ ਰਾਜ ਕੌਰ ਹੋਣ ਕਰਕੇ, ਇਸ ਦਾ ਨਾਂ ਦਾਤਾਰ ਕੌਰ ਰੱਖਿਆ ਗਿਆ ਸੀ । ਮਹਾਰਾਜਾ ਸਾਹਿਬ ਨਕੈਣ ਕਹਿ ਕੇ ਬੁਲਾਇਆ ਕਰਦੇ ਸਨ । ਇਹ ਸ. ਰਣ ਸਿੰਘ ਸੰਧੂ ਨਕਈ ਦੀ ਸਪੁੱਤਰੀ ਸੀ । ਇਸ ਦੀ ਸ਼ਾਦੀ 1798 ਈ. ਵਿਚ ਹੋਈ ਸੀ ਤੇ ਮਹਾਰਾਜਾ ਖੜਕ ਸਿੰਘ ਦੀ ਮਾਂ ਸੀ ।
  3. ਰਾਣੀ ਰੂਪ ਕੌਰ : ਸਪੁੱਤਰੀ ਸ. ਜੈ ਸਿੰਘ ਨੰਬਰਦਾਰ, ਪਿੰਡ ਕੌਰ ਸੱਯਦ ਮਹਿਮੂਦ, ਅੰਮ੍ਰਿਤਸਰ ।
  4. ਰਾਣੀ ਲੱਛਮੀ : ਸਪੁੱਤਰੀ ਸ. ਦੇਸਾ ਸਿੰਘ ਸੰਧੂ, ਪਿੰਡ ਯੋਗ-ਕੀ-ਖਾਨ, ਜ਼ਿਲ੍ਹਾ ਗੁਜਰਾਂਵਾਲਾ ।
  5. ਰਾਣੀ ਮਹਿਤਾਬ ਦੇਵੀ : ਜਿਸ ਨੂੰ ਮਹਾਰਾਜਾ ਸਾਹਿਬ ਰਾਣੀ ਗੱਦਨ ਕਹਿ ਕੇ ਵੀ ਬੁਲਾਇਆ ਕਰਦੇ ਸਨ, ਸਪੁੱਤਰੀ ਰਾਜਾ ਸੰਸਾਰ ਚੰਦ ਕਟੋਚ, ਕਾਂਗੜਾ (ਹਿਮਾਚਲ ਪ੍ਰਦੇਸ਼) ।
  6. ਰਾਣੀ ਰਾਜ ਬੰਸੋ : ਇਹ ਰਾਣੀ ਮਹਿਤਾਬ ਦੇਵੀ ਦੀ ਛੋਟੀ ਭੈਣ ਤੇ ਰਾਜਾ ਸੰਸਾਰ ਚੰਦ ਕਟੋਚ ਦੀ ਸਪੁੱਤਰੀ ਸੀ ।
  7. ਰਾਣੀ ਰਾਜ ਦੇਵੀ : ਸਪੁੱਤਰੀ ਮੀਆਂ ਪਦਮ ਸਿੰਘ ।
  8. ਰਾਣੀ ਹਰ ਦੇਵੀ : ਸਪੁੱਤਰੀ ਚੌਧਰੀ ਰਾਮ ਸਲਾਰੀਆ ਰਾਜਪੂਤ, ਪਿੰਡ ਅਟੱਲ ਗੜ੍ਹ, ਜ਼ਿਲ੍ਹਾ ਗੁਰਦਾਸਪੁਰ ।
  9. ਰਾਣੀ ਦੇਵਨੋ : ਪਿੰਡ ਦੇਵਾ-ਵਟਲਾ, ਜੰਮੂ ।
  10. ਰਾਣੀ ਮੋਰਾਂ : ਇਹ ਇਕ ਮੁਸਲਮਾਨ ਨਾਚੀ ਸੀ, ਜਿਸ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਨਾਲ 1802 ਈ. ਵਿਚ ਹੋਇਆ ਸੀ ।
  11. ਰਾਣੀ ਗੁਲਬੇਗਮ : ਇਹ ਅੰਮ੍ਰਿਤਸਰ ਦੀ ਇਕ ਮੁਸਲਮਾਨ ਲੜਕੀ ਸੀ। ਇਸ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਨਾਲ 1833 ਈ. ਵਿਚ ਹੋਇਆ ਤੇ ਇਸ ਦੀ ਮ੍ਰਿਤੂ 1863 ਈ. ਵਿਚ ਹੋਈ ਸੀ ।
  12. ਰਾਣੀ ਰਾਮ ਦੇਵੀ : ਸਪੁੱਤਰੀ ਸ. ਗੁਰਮੁਖ ਸਿੰਘ ਗੁਜਰਾਂਵਾਲਾ ।
  13. ਰਾਣੀ ਦੇਵੀ : ਸਪੁੱਤਰੀ ਵਜ਼ੀਰ ਨਕੋਦਾ, ਪਿੰਡ ਜਸਵਾਨ, ਜ਼ਿਲ੍ਹਾ ਹੁਸ਼ਿਆਰਪੁਰ ।
  14. ਰਾਣੀ ਰਤਨ ਕੌਰ : ਗੁਜਰਾਤ ਦੇ ਸਰਦਾਰ, ਸ. ਸਾਹਿਬ ਸਿੰਘ ਭੰਗੀ ਦੀ ਵਿਧਵਾ ਪਤਨੀ ਤੇ ਕੰਵਰ ਮੁਲਤਾਨਾ ਸਿੰਘ ਦੀ ਮਾਂ ਸੀ ।
  15. ਰਾਣੀ ਦਯਾ ਕੌਰ : ਇਹ ਵੀ ਗੁਜਰਾਤ ਦੇ ਸਰਦਾਰ, ਸ. ਸਾਹਿਬ ਸਿੰਘ ਭੰਗੀ ਦੀ ਵਿਧਵਾ ਪਤਨੀ ਤੇ ਕੰਵਰ ਕਸ਼ਮੀਰਾ ਸਿੰਘ ਤੇ ਕੰਵਰ ਪਿਸ਼ੌਰਾ ਸਿੰਘ ਦੀ ਮਾਂ ਸੀ । ਮਹਾਰਾਜੇ ਨੇ 1811 ਈ. ਵਿਚ ਇਸ ‘ਤੇ ਚਾਦਰ ਪਾਈ ਸੀ ।
  16. ਰਾਣੀ ਚੰਦ ਕੌਰ : ਸਪੁੱਤਰੀ ਸ. ਜੈ ਸਿੰਘ, ਪਿੰਡ ਚੈਨ ਪੁਰ ਜ਼ਿਲ੍ਹਾ ਅੰਮਿ੍ਤਸਰ।
  17. ਰਾਣੀ ਮਹਿਤਾਬ ਕੌਰ : ਸਪੁੱਤਰੀ ਚੌਧਰੀ ਸੁਜਾਨ ਸਿੰਘ, ਪਿੰਡ ਮੱਲਾ, ਜ਼ਿਲ੍ਹਾ ਗੁਰਦਾਸਪੁਰ ।
  18. ਰਾਣੀ ਸੁਮਨ ਕੌਰ : ਸਪੁੱਤਰੀ ਸੂਬਾ ਸਿੰਘ ਮਲਵਈ ।
  19. ਰਾਣੀ ਗੁਲਾਬ ਕੌਰ : ਇਹ ਪਿੰਡ ਜਗਰਾਉਂ, ਜ਼ਿਲ੍ਹਾ ਅੰਮ੍ਰਿਤਸਰ ਦੇ ਇਕ ਜ਼ਿਮੀਂਦਾਰ ਦੀ ਸਪੁੱਤਰੀ ਸੀ ।
  20. ਮਹਾਰਾਣੀ ਜਿੰਦ ਕੌਰ : ਜੋ ਮਾਈ ਜਿੰਦਾਂ ਕਰਕੇ ਜਾਣੀ ਜਾਂਦੀ ਹੈ। ਪਿੰਡ ਚਾਹੜ, ਜ਼ਿਲ੍ਹਾ ਸਿਆਲਕੋਟ ਦੇ ਸ. ਮੰਨਾ ਸਿੰਘ ਔਲਖ ਦੀ ਸਪੁੱਤਰੀ ਅਤੇ ਪੰਜਾਬ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਦੀ ਮਾਂ ਸੀ ।

18 ਮਹਾਰਾਜਾ ਰਣਜੀਤ ਸਿੰਘ ਦੇ 8 ਪੁੱਤਰ ਸਨ। ਜਿਨ੍ਹਾਂ ਵਿਚੋਂ ਖੜਕ ਸਿੰਘ, ਸ਼ੇਰ ਸਿੰਘ ਤੇ ਦਲੀਪ ਸਿੰਘ ਤੋਂ ਇਲਾਵਾ ਕਿਸੇ ਨੇ ਵੀ ਲਾਹੌਰ ਦਰਬਾਰ ਦੀ ਰਾਜਨੀਤੀ ਵਿਚ ਕੋਈ ਵਿਸ਼ੇਸ਼ ਯੋਗਦਾਨ ਨਹੀਂ ਪਾਇਆ ।

  1. ਈਸ਼ਰ ਸਿੰਘ : ਇਸ ਦਾ ਜਨਮ ਮਹਾਰਾਣੀ ਮਹਿਤਾਬ ਕੌਰ ਦੀ ਕੁੱਖੋਂ 1804 ਈ: ਨੂੰ ਹੋਇਆ ਸੀ ਤੇ ਇਸ ਦੀ 1806 ਈ: ਨੂੰ ਮ੍ਰਿਤੂ ਹੋ ਗਈ ਸੀ।
  2. ਕੰਵਰ ਤਾਰਾ ਸਿੰਘ : ਇਸ ਦਾ ਜਨਮ ਮਹਾਰਾਣੀ ਮਹਿਤਾਬ ਕੌਰ ਦੀ ਕੁੱਖੋਂ ਹੋਇਆ ਤੇ ਮਹਾਰਾਜਾ ਸ਼ੇਰ ਸਿੰਘ ਦਾ ਜੌੜਾ ਭਾਈ ਸੀ। ਇਸ ਦੀ 1859 ਈ: ਵਿਚ ਦਸੂਹਾ (ਹੁਸ਼ਿਆਰਪੁਰ) ਵਿਚ ਮ੍ਰਿਤੂ ਹੋ ਗਈ ਸੀ ।
  3. ਕੰਵਰ ਕਸ਼ਮੀਰਾ ਸਿੰਘ : ਇਸ ਦਾ ਜਨਮ ਮਹਾਰਾਣੀ ਦਯਾ ਕੌਰ ਦੀ ਕੁੱਖੋਂ 1819 ਈ: ਵਿਚ ਹੋਇਆ ਸੀ ਤੇ ਇਸ ਦੀ ਮ੍ਰਿਤੂ 1844 ਈ: ਵਿਚ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਡੇਰੇ ਵਿਖੇ ਹੋਈ ਸੀ।
  4. ਕੰਵਰ ਪਿਸ਼ੌਰਾ ਸਿੰਘ : ਇਹ ਕਸ਼ਮੀਰਾ ਸਿੰਘ ਦਾ ਭਰਾ ਸੀ ਤੇ ਰਾਣੀ ਦਯਾ ਕੌਰ ਦਾ ਸਪੁੱਤਰ ਸੀ । ਇਸ ਨੂੰ ਵਜ਼ੀਰ ਜਵਾਹਰ ਸਿੰਘ ਦੇ ਹੁਕਮ ਨਾਲ ਫ਼ਤੇਹ ਖਾਨ ਟਿਵਾਣਾ ਨੇ 1845 ਈ: ਨੂੰ ਕਤਲ ਕਰ ਦਿੱਤਾ ਸੀ ।
  5. ਕੰਵਰ ਮੁਲਤਾਨਾ ਸਿੰਘ : ਇਸ ਦਾ ਜਨਮ ਮਹਾਰਾਣੀ ਰਤਨ ਕੌਰ ਦੀ ਕੁੱਖੋਂ 1819 ਈ: ਨੂੰ ਹੋਇਆ ਤੇ ਇਸ ਦੀ ਮ੍ਰਿਤੂ 1846 ਈ: ਵਿਚ ਹੋਈ ਸੀ।
  6. ਮਹਾਰਾਜਾ ਖੜਕ ਸਿੰਘ : ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਵੱਡਾ ਪੁੱਤਰ ਸੀ। ਜਿਸ ਦਾ ਜਨਮ ਮਹਾਰਾਣੀ ਦਾਤਾਰ ਕੌਰ ਦੀ ਕੁੱਖੋਂ 1802 ਈ: ਨੂੰ ਹੋਇਆ । ਮਹਾਰਾਜਾ ਰਣਜੀਤ ਸਿੰਘ ਮੌਤ ਤੋਂ 7 ਦਿਨ ਪਹਿਲਾਂ ਆਪ ਨੂੰ ਆਪਣਾ ਉੱਤਰਾਧਿਕਾਰੀ ਥਾਪ ਗਏ ਸਨ, ਲੇਕਿਨ ਆਪ ਕੁਸ਼ਲ ਮਹਾਰਾਜਾ ਸਾਬਿਤ ਨਾ ਹੋਏ । 5 ਨਵੰਬਰ 1840 ਨੂੰ 38 ਸਾਲ ਦੀ ਆਯੂ ਭੋਗ ਕੇ ਚਲਾਣਾ ਕਰ ਗਏ ।
  7. ਮਹਾਰਾਜਾ ਸ਼ੇਰ ਸਿੰਘ : ਆਪ ਦਾ ਜਨਮ 1807 ਈ: ਵਿਚ ਮਹਾਰਾਣੀ ਮਹਿਤਾਬ ਕੌਰ ਦੀ ਕੁੱਖੋਂ ਹੋਇਆ। ਕੁਸ਼ਲ ਰਾਜ ਪ੍ਰਬੰਧਕ ਸੀ । 18 ਜਨਵਰੀ 1841 ਈ: ਨੂੰ ਗੱਦੀ ਤੇ ਬੈਠਿਆ ਅਤੇ 15 ਸਤੰਬਰ 1843 ਈ: ਨੂੰ ਸ. ਅਜੀਤ ਸਿੰਘ ਸੰਧਾਵਾਲੀਏ ਹੱਥੋਂ ਮਾਰਿਆ ਗਿਆ ।
  8. ਮਹਾਰਾਜਾ ਦਲੀਪ ਸਿੰਘ : ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਜੋ ਮਹਾਰਾਣੀ ਜਿੰਦ ਕੌਰ ਦੀ ਕੁੱਖੋਂ 1837 ਵਿਚ ਲਾਹੌਰ ਵਿਖੇ ਪੈਦਾ ਹੋਇਆ। ਮਹਾਰਾਜਾ ਸ਼ੇਰ ਸਿੰਘ ਦੇ ਕਤਲ ਬਾਦ 18 ਸਤੰਬਰ 1843 ਈ: ਨੂੰ ਤਖ਼ਤ ‘ਤੇ ਬਿਠਾਇਆ ਗਿਆ । ਇਸ ਦਾ ਸਾਰਾ ਜੀਵਨ ਸੰਘਰਸ਼ ਭਰਿਆ ਬੀਤਿਆ। 22 ਅਕਤੂਬਰ 1893 ਈ: ਨੂੰ ਪੈਰਿਸ ਦੇ ਗਰੈਂਡ ਹੋਟਲ ਵਿਚ ਮ੍ਰਿਤੂ ਹੋਈ ।

ਸਹਾਇਕ ਗ੍ਰੰਥ ਸੂਚੀ

ਪੰਜਾਬੀ ਪੁਸਤਕਾਂ

  1. ਸ. ਸ਼ਮਸ਼ੇਰ ਸਿੰਘ ਅਸ਼ੋਕ, ‘ਪ੍ਰਾਚੀਨ ਜੰਗ-ਨਾਮੇ’, ਸ਼੍ਰੋ: ਗੁ: ਪ੍ਰਬੰਧਕ ਕਮੇਟੀ ਅੰਮ੍ਰਿਤਸਰ, 1950
  2. ਡਾ. ਬਲਬੀਰ ਸਿੰਘ ਪੂਨੀ, ‘ਸ਼ਾਹ ਮੁਹੰਮਦ : ਜੰਗ ਸਿੰਘਾਂ ਤੇ ਅੰਗਰੇਜ਼ਾਂ’, ਵਾਰਿਸਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, 2000
  3. ਡਾ. ਗੰਡਾ ਸਿੰਘ, ‘ਪੰਜਾਬ ਦੀਆਂ ਵਾਰਾਂ’, ਅੰਮ੍ਰਿਤਸਰ, 1946
  4. ਬੀਬੀ ਸਿਮਰਨ ਕੌਰ, ‘ਪ੍ਰਮੁੱਖ ਸਿੱਖ ਸ਼ਖਸੀਅਤਾਂ’, ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ, ਅੰਮ੍ਰਿਤਸਰ, 2000
  5. ਗਿ. ਪ੍ਰਤਾਪ ਸਿੰਘ, ‘ਸਿੱਖ ਇਤਿਹਾਸਕ ਲੈਕਚਰ’, ਭਾਈ ਜਵਾਹਰ ਸਿੰਘ ਕ੍ਰਿਪਾਲ ਸਿੰਘ, ਅੰਮ੍ਰਿਤਸਰ, 1973
  6. ਗਿ. ਸੋਹਣ ਸਿੰਘ ਸੀਤਲ, ‘ਸਿੱਖ ਰਾਜ ਕਿਵੇਂ ਗਿਆ’, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1997
  7. ਪ੍ਰੋ. ਸੰਤ ਸਿੰਘ ਸੇਖੋਂ, ‘ਮੁਇਆਂ ਸਾਰ ਨ ਕਾਈ’ (ਨਾਟਕ), ਲਾਹੌਰ ਬੁੱਕ ਸ਼ਾਪ, ਲੁਧਿਆਣਾ, 1987
  8. ਸ. ਸ਼ਮਸ਼ੇਰ ਸਿੰਘ ਅਸ਼ੋਕ, ‘ਸੀਹਰਫ਼ੀਆਂ ਸਾਧੂ ਵਜ਼ੀਰ ਸਿੰਘ ਜੀ ਕੀਆਂ’, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1988
  9. ਕਨੱਈਆ ਲਾਲ, ‘ਤਾਰੀਖ਼-ਇ-ਪੰਜਾਬ’, (ਅਨੁਵਾਦਕ-ਡਾ: ਜੀਤ ਸਿੰਘ ਸੀਤਲ), ਪੰਜਾਬੀ ਯੂਨੀਵਰਸਿਟੀ, ਪਟਿਆਲਾ, 1987
  10. ਡਾ. ਐੱਮ. ਐੱਸ. ਅੰਮ੍ਰਿਤ, ‘ਪੰਜਾਬੀ ਸੋਹਣੀ ਕਾਵਿ ਦਾ ਆਲੋਚਨਾਤਮਕ

ਅਧਿਐਨ’, ਅੰਮ੍ਰਿਤਸਰ, 1989

  1. ਗਿਆਨੀ ਗਿਆਨ ਸਿੰਘ, ‘ਪੰਥ ਪ੍ਰਕਾਸ਼’, ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, 1987
  2. ਡਾ. ਬਿਕਰਮ ਸਿੰਘ ਘੁੰਮਣ, ‘ਪੰਜਾਬੀ ਕਿੱਸਾ ਅਤੇ ਬੀਰ ਕਾਵਿ’, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1998
  3. ਪ੍ਰੋ. ਸੰਤ ਸਿੰਘ ਸੇਖੋਂ, ‘ਪੰਜਾਬੀ ਸਾਹਿਤ ਦਾ ਇਤਿਹਾਸ’, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1973
  4. ਆਈ. ਸੇਰੇਬਰੀਆਕੋਵ, ‘ਪੰਜਾਬੀ ਸਾਹਿਤ’ (ਅਨੁਵਾਦਕ ਸ੍ਰੀਮਤੀ ਜੀ, ਮਨਜੀਤ ਕੌਰ ਤੇ ਸ੍ਰੀ ਜੀ. ਸਿੰਘ), ਨੀਊ ਏਜ ਬੁੱਕ ਸੈਂਟਰ, ਅੰਮ੍ਰਿਤਸਰ, 1971
  5. ਪ੍ਰੋ. ਕਰਤਾਰ ਸਿੰਘ, ‘ਸਿੱਖ ਇਤਿਹਾਸ’ (ਭਾਗ ਦੂਜਾ), ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ, ਅੰਮ੍ਰਿਤਸਰ, 2003
  6. ਗਿ. ਹੀਰਾ ਸਿੰਘ ਦਰਦ (ਸੰਪਾਦਕ), ‘ਸ. ਕਰਮ ਸਿੰਘ ਹਿਸਟੋਰੀਅਨ ਦੀ ਇਤਿਹਾਸਿਕ ਖੋਜ’, ਭਾਗ 2 ਤੇ 3, ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ, ਅੰਮਿ੍ਤਸਰ, 1997
  7. ਗਿ. ਪਾਲ ਸਿੰਘ ਪੰਛੀ, ‘ਪੰਛੀ ਪੈਲਾਂ’ (ਵਾਰਾਂ ਤੇ ਪ੍ਰਸੰਗ), ਅੰਮ੍ਰਿਤਸਰ, 2004
  8. ਡਾ. ਅਮਰਜੀਤ ਸਿੰਘ (ਸੰਪਾ.), ‘ਸ਼ਾਹ ਮੁਹੰਮਦ : ਇਕ ਸਰਵੇਖਣ’, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1982
  9. ਡਾ. ਰਤਨ ਸਿੰਘ ਜੱਗੀ (ਸੰਪਾ.), ‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1999
  10. ਡਾ. ਪ੍ਰੀਤਮ ਸੈਨੀ, ‘ਵਾਰ ਸ਼ਾਹ ਮੁਹੰਮਦ’, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1988
  11. ਗਿ. ਸੋਹਣ ਸਿੰਘ ਸੀਤਲ, ‘ਸਿੱਖ ਮਿਸਲਾਂ ਤੇ ਸਰਦਾਰ ਘਰਾਣੇ’, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1993
  12. ਡਾ. ਕਿਸ਼ਨ ਸਿੰਘ ਗੁਪਤਾ, ‘ਸ਼ਾਹ ਮੁਹੰਮਦ : ਜੰਗ ਸਿੰਘਾਂ ਤੇ ਫਰੰਗੀਆਂ’,

ਕਸਤੂਰੀ ਲਾਲ ਐਂਡ ਸਨਜ਼, ਅੰਮ੍ਰਿਤਸਰ, 1982

  1. ਪ੍ਰੋ. ਸ਼ਰਨਜੀਤ ਸਿੰਘ, ‘ਮਹਾਰਾਜਾ ਦਲੀਪ ਸਿੰਘ ਤੇ ਸ. ਹੀਰਾ ਸਿੰਘ’, ਨੈਸ਼ਨਲ ਬੁੱਕ ਸ਼ਾਪ, ਦਿੱਲੀ, 2000
  2. ਪ੍ਰੋ. ਸੀਤਾ ਰਾਮ ਕੋਹਲੀ ਤੇ ਸੇਵਾ ਸਿੰਘ ਗਿਆਨੀ, ‘ਵਾਰ ਸ਼ਾਹ ਮੁਹੰਮਦ’, लुपिभाटा, 1960
  3. ਡਾ. ਗੋਪਾਲ ਸਿੰਘ, ‘ਰਾਣੀ ਜਿੰਦਾਂ’, ਰਾਵਲਪਿੰਡੀ, 1941
  4. ਗਿ. ਸੋਹਣ ਸਿੰਘ ਸੀਤਲ, ‘ਮਹਾਰਾਣੀ ਜਿੰਦਾਂ’, ਲੁਧਿਆਣਾ, 1982
  5. ਸ. ਹਰਚਰਨ ਸਿੰਘ ਢਿਲਵਾਂ, ‘ਪੰਜਾਬ ਨਾਲ ਅੰਗਰੇਜ਼ਾਂ ਦੀ ਚਾਲ’, ਅੰਮ੍ਰਿਤਸਰ, 1951
  6. ਪ੍ਰੋ. ਸੁਰਿੰਦਰ ਸਿੰਘ ਨਰੂਲਾ, ‘ਪੰਜਾਬੀ ਸਾਹਿਤ ਦੀ ਜਾਣ ਪਛਾਣ’, ਅੰਮ੍ਰਿਤਸਰ, 1943
  7. ਬਾਵਾ ਬੁੱਧ ਸਿੰਘ, ‘ਬੰਬੀਹਾ ਬੋਲ’, ਲਾਹੌਰ ਬੁੱਕ ਸ਼ਾਪ, ਲਾਹੌਰ, 1925
  8. ਸ. ਸ਼ਮਸ਼ੇਰ ਸਿੰਘ ਅਸ਼ੋਕ, ‘ਜੰਗਨਾਮਾ ਸ਼ਾਹ ਮੁਹੰਮਦ’, ਕਸਤੂਰੀ ਲਾਲ ਐਂਡ ਸਨਜ਼, ਅੰਮ੍ਰਿਤਸਰ, 1964
  9. ਸ. ਸ. ਅਮੋਲ, ‘ਸਾਡੇ ਪੁਰਾਣੇ ਕਵੀ’, ਅੰਮ੍ਰਿਤਸਰ, 1941
  10. ‘ਪੰਜਾਬੀ ਕੋਸ਼’, ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, 1982
  11. ਡਾ. ਰਤਨ ਸਿੰਘ ਜੱਗੀ, ‘ਪੰਜਾਬੀ ਸਾਹਿਤ ਸੰਧਰਭ ਕੋਸ਼’, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1994.
  12. ਭਾਈ ਕਾਨ੍ਹ ਸਿੰਘ ਨਾਭਾ, ਗੁਰਸ਼ਬਦ ਰਤਨਾਕਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, 1981.

ENGLISH

  1. Prof. Ramesh Chander Dogra and Dr. Gobind Singh Mansukhani, ‘Encyclopaedia of Sikh Religion & Culture’, Vikas Publishing House Pvt. Ltd., New Delhi, 1995
  2. S. Khushwant Singh, ‘A History of the Sikhs’, Vol 2: 1839- 1974, Oxford University Press, New Delhi, 1981.
  3. J.M. Honigberger, ‘Thirty five years in the East’, H. Balliere, London, 1852
  4. Hugh Pearse (Edited), ‘Memoirs of Alexander Gardner’, William Blackwood & Sons, London, 1898
  5. H.C.Wylly (Ed.), ‘Military Memoirs of Lieut. Gen. Sir

Joseph Thackwell’, John Murray, London, 1908

  1. S. Karnail Singh, ‘Anglo-Sikh Wars’, S.G.P.C. Amritsar, 1984
  2. Prof. Teja Singh & Dr. Ganda Singh (Ed.), ‘Maharaja Ranjit Singh’, Languages Deptt. Punjab, Patiala, 1970.
  3. Dr. Gopal Singh, ‘History of the Sikh People’, New Delhi, 1979.
  4. Dr. Bhagat Singh, ‘A History of the Sikh Misals’, Punjabi

University., Patiala 1993 44. Lt. Col. Gulcharan Singh, ‘Ranjit Singh and his Generals’, Jalandhar, 1996

  1. Major G. C. Smyth, ‘A History of the Reigning Family of Lahore’, London, 1847
  2. M. L. Ahluwalia, ‘Maharani Jind Kaur’, Singh Brothers.

Amritsar, 2001

  1. J.D. Cunningham, ‘A History of the Sikhs’, London, 1849
  2. Hugh Cook, ‘The Sikh Wars’ (1845-1849), Delhi, 1975
  3. General John J. H. Gordon, ‘The Sikhs’, London, 1904
  4. W. L. G. Gregor, ‘The History of the Sikhs’, Vol. II, London 1846
  5. General Charles Gough, ‘The Sikhs and the Sikh Wars’, London, 1899
  6. Prof. Sita Ram Kohli, ‘Sunset of the Sikh Empire’, New

Delhi, 1967

  1. S.Kuldip Singh Attariwala, ‘Ranjit Singh’s Khalsa Darbar and Attariwala Sardars’, National Book Shop, Delhi, 1994

 

Credit –  ਪ੍ਰਿੰ: ਨਿਰਵੈਰ ਸਿੰਘ ਅਰਸ਼ੀ

 

 

Leave a comment