ਵਿਦੇਸ਼ੀ ਨਹੀਂ/ਪੰਜਾਬੀਆਂ ਦਾ ਆਪਣਾ ਮਹਿਬੂਬ ਲੇਖਕ ਰਸੂਲ ਹਮਜ਼ਾਤੋਵ
ਭਾਵੇਂ ਇਕ ਕਵੀ ਦੇ ਤੌਰ ਤੇ ਰਸੂਲ ਹਮਜ਼ਾਤੋਵ ਸੋਵੀਅਤ ਯੂਨੀਅਨ ਵਿਚ ਪਿਛਲੀ ਸਦੀ ਦੇ ਅੱਧ ਵਿਚ ਹੀ ਆਪਣਾ ਥਾਂ ਬਣਾ ਗਿਆ ਸੀ, ਉਸਨੂੰ 1952 ਵਿਚ ਹੀ ਸਟਾਲਿਨ ਅਵਾਰਡ ਮਿਲ ਗਿਆ ਸੀ ਪਰ ਪੰਜਾਬੀ ਹਲਕਿਆਂ ਵਿਚ ਉਸਦਾ ਧਮਾਕੇਦਾਰ ਪ੍ਰਵੇਸ਼ ਕਾਵਿਮਈ ਵਾਰਤਕ ਦੀ ਪੁਸਤਕ “ਮੇਰਾ ਦਾਗਿਸਤਾਨ” ਨਾਲ ਵੀਹਵੀਂ ਸਦੀ ਦੇ 8ਵੇਂ ਦਹਾਕੇ ਦੇ ਅੰਤਲੇ ਸਾਲਾਂ ਵਿਚ ਹੋਇਆ ਜਦੋਂ ਪੰਜਾਬ ਬੁਕ ਸੈਂਟਰ ਨੇ ਪ੍ਰਗਤੀ ਪ੍ਰਕਾਸ਼ਨ ਮਾਸਕੋ ਦੀ ਛਾਪੀ ਅਤੇ ਗੁਰਬਖਸ਼ ਸਿੰਘ ਫਰੈਂਕ ਦੀ ਅਨੁਵਾਦਤ ਇਹ ਪੁਸਤਕ ਜਾਰੀ ਕੀਤੀ। ਉਦੋਂ ਸਾਨੂੰ ਇਹ ਪੁਸਤਕ ਪਹਿਲਾਂ ਪੇਸ਼ਗੀ ਆਰਡਰ ਦੇਣ ਕਰਕੇ (6 ਰੁਪਏ ਦੀ ਥਾਂ) 4 ਰੁਪਏ ਵਿਚ ਮਿਲ ਗਈ ਸੀ।
ਰਸੂਲ ਹਮਜ਼ਾਤੋਵ ਦੀ ਸ਼ੈਲੀ ਨੇ, ਨਿਕੇ-ਨਿਕੇ ਕਾਵਿ ਟੋਟਕਿਆਂ, ਕਥਾਵਾਂ ਅਤੇ ਅਟਲ ਸਚਾਈਆਂ ਨਾਲ ਭਰਪੂਰ ਕਥਨਾਂ ਵਾਲੀ ਇਸ ਕਵਿਤਾ ਵਰਗੀ ਪੁਸਤਕ ਨੇ ਪੰਜਾਬੀ ਪਾਠਕਾਂ ਨੂੰ ਦਾਗਿਸਤਾਨ ਦੇ ਸਭਿਆਚਾਰ ਅਤੇ ਲੋਕਾਂ ਤੇ ਅਜਿਹੀ ਝਾਤ ਪੁਆਈ ਕਿ ਉਹ ਦਾਗਿਸਤਾਨੀ ਨਸਲਾਂ ਅਤੇ ਰਸੂਲ ਹਮਜ਼ਾਤੋਵ ਦੇ ਸ਼ੈਦਾਈ ਹੋ ਗਏ। ਇਸ ਕਿਤਾਬ ਵਿਚੋਂ ਲੈ-ਲੈ ਕੇ ਕਥਨ ਅਖਬਾਰਾਂ/ਰਸਾਲਿਆਂ ਵਿਚ ਛਾਪੇ ਗਏ ਅਤੇ ਬੁਲਾਰਿਆਂ ਨੇ ਆਪਣੇ ਭਾਸ਼ਣਾਂ ਨੂੰ ਰੌਚਕ ਬਣਾਉਣ ਲਈ ਹਵਾਲੇ ਦਿਤੇ। ਖਾਸ ਕਰਕੇ ਮਾਂ-ਬੋਲੀ ਦੇ ਬਾਰੇ, ਅਤੇ ਬਘਿਆੜ ਦੀ ਗੁਫਾ ਵਿਚ ਸਿਰ ਵਾੜਣ ਵਾਲੇ ਬੰਦੇ ਦਾ ਸਿਰ ਸੀ ਜਾਂ ਨਹੀਂ ਉਸਦੀ ਪਤਨੀ ਨੂੰ ਪੁੱਛਣ ਬਾਰੇ ਅਤੇ ਸੈਂਕੜੇ ਹੋਰ।
ਮੇਰਾ ਦਾਗਿਸਤਾਨ ਦੇ ਹੁਣ ਤਕ ਪੰਜਾਬੀ ਵਿਚ ਦਸਵਾਂ ਸੰਸਕਰਣ ਛਪ ਚੁੱਕੇ ਹਨ। ਇਸਦੇ ਥੋੜ੍ਹਾ ਚਿਰ ਮਗਰੋਂ ਇਹ ਪੁਸਤਕ ‘ਮੇਰਾ ਦਾਗਿਸਤਾਨ- ਭਾਗ ਪਹਿਲਾ’ ਬਣ ਗਈ ਅਤੇ ਇਸਦਾ ਦੂਜਾ ਹਿੱਸਾ ਆ ਗਿਆ ‘ਮੇਰਾ ਦਾਗਿਸਤਾਨ – ਭਾਗ ਦੂਜਾ’ (ਇਸਦਾ ਅਨੁਵਾਦ ਗੁਰਦੀਪ ਨੇ ਕੀਤਾ ਹੈ) ਇਸਦਾ ਵੀ ਇਹ ਹਥਲਾ ਛੇਵਾਂ ਸੰਸਕਰਣ ਹੈ।….
ਰਸੂਲ ਹਮਜ਼ਾਤੋਵ ਦਾ ਜਨਮ 8 ਸਤੰਬਰ 1923 ਨੂੰ ਉਤਰ-ਪੂਰਬੀ ਕਾਕੇਸ਼ੀਆ ਵਿਚ ਦਾਗਿਸਤਾਨ ਦੇ ਅਵਾਰ ਨਸਲ ਦੇ ਪਿੰਡ ਤਸਾਦਾ ਵਿਚ ਹੋਇਆ। ਉਹ ਦੇ ਪਿਤਾ ਜੀ ਹਮਜ਼ਾਤ ਤਸਾਦਾਸਾ ਮਸ਼ਹੂਰ ਗੀਤਕਾਰ ਸਨ ਜੋ ਇਸ ਵੇਲੇ ਵੀ ਪਹਾੜਾਂ ਵਿਚ ਪ੍ਰਚਲਤ ਭੱਟ-ਗੀਤਕਾਰੀ ਦੇ ਰਵਾਇਤੀ ਵਾਰਸ ਸਨ। ਦਾਗਿਸਤਾਨ ਵਿਚ ਅਵਾਰਾਂ ਦੀ ਵਸੋਂ 5 ਲੱਖ ਸੀ। ਦੇਸ ਦੀ ਕੁਲ 20 ਲੱਖ ਦੀ ਵਸੋਂ ਵਿਚ ਫਿਰ ਵੀ ਅਵਾਰ ਲੋਕ ਦੇਰਗੀਨਾਂ, ਲਜ਼ਗੀਨਾਂ ਅਤੇ ਕੁਮਿਕਾਂ ਆਦਿ ਨਸਲਾਂ ਨਾਲ ਮਿਲਕੇ 36 ਬੋਲੀਆਂ ਬੋਲਣ ਵਾਲੇ ਲੋਕਾਂ ਚੋਂ ਅਹਿਮ ਨਸਲ ਸਨ। ਜ਼ਰਾ ਸੋਚ ਕੇ ਵੇਖੋ ਜਿਸ ਬੋਲੀ/ਭਾਸ਼ਾ ਨੂੰ ਕੁਲ 5 ਲੱਖ ਲੋਕ ਬੋਲਦੇ ਹਨ ਉਸ ਅਵਾਰ ਬੋਲੀ ਦਾ ਕਵੀ ਸੋਵੀਅਤ ਯੂਨੀਅਨ ਦੀਆਂ ਸਰਹੱਦਾਂ ਤੋਂ ਪਾਰ ਮਹਾਨ ਕਵੀ ਵਜੋਂ ਸਨਮਾਨਤ ਹੋ ਗਿਆ। ਉਸ ਛੋਟੇ ਜਿਹੇ ਦੇਸ ਵਿਚ 36 ਭਾਸ਼ਾਵਾਂ ਕਿਵੇਂ ਪੈਦਾ ਹੋਈਆਂ ਇਸਦੀ ਵੀ ਲੋਕ ਕਹਾਣੀ ਰਸੂਲ ਦੱਸਦਾ ਹੈ। ਬੋਲੀਆਂ ਵੰਡਣ ਵਾਲਾ ਥੱਕ ਟੁੱਟ ਕੇ ਦਾਗਿਸਤਾਨ ਦੇ ਪਹਾੜਾਂ ਤੇ ਪੁੱਜਿਆ, ਤੂਫ਼ਾਨ ਵਿਚ ਅੱਗੇ ਤੁਰਨ ਦੀ ਹਿੰਮਤ ਨਹੀਂ ਸੀ, ਬਸ ਬੋਲੀਆਂ ਵਾਲਾ ਸਾਰਾ ਥੈਲਾ ਵਾਦੀਆਂ ਵਿਚ ਹੀ ਖ਼ਾਲੀ ਕਰ ਦਿਤਾ ਗਿਆ ਅਤੇ ਕਿਹਾ ਕਿ ਜਿਸਨੂੰ ਜਿਹੜੀ ਭਾਸ਼ਾ ਚੰਗੀ ਲੱਗਦੀ ਹੈ ਚੁੱਕ ਲਵੇ ਤੇ ਇੰਜ ਛੋਟੇ ਜਿਹੇ ਪਹਾੜੀ ਦੇਸ਼ ਵਿਚ 36 ਭਾਸ਼ਾਵਾਂ ਹੋ ਗਈਆਂ।
ਜਦੋਂ ਰਸੂਲ ਅਜੇ ਬੱਚਾ ਸੀ ਤਾਂ ਉਹ ਬੜੀ ਲਗਨ ਨਾਲ ਪਿਤਾ ਵਲੋਂ ਸੁਣਾਏ ਗੀਤਾਂ/ਕਹਾਣੀਆਂ ਨੂੰ ਸੁਣਦਾ ਹੁੰਦਾ ਸੀ। ਜਦੋਂ ਪਿਤਾ ਜੀ ਗੀਤ ਸੁਣਾਉਂਦੇ ਸਨ ਤਾਂ ਉਸ ਵੇਲੇ ਨਿੱਕਾ ਰਸੂਲ ਪਿਤਾ ਦੇ ਖੱਲ ਦੇ ਕੋਟ ਵਿਚ ਅੰਦਰ ਲਿਪਟਿਆ ਸਭ ਸੁਣਦਾ ਰਹਿੰਦਾ ਸੀ। ਛੋਟਾ ਹੁੰਦਾ ਰਸੂਲ ਇਕ ਗੁਆਂਢੀ ਦੇ ਘੋੜੇ ਨੂੰ ਤਿੰਨ ਦਿਨ ਚਾਰਦਾ ਰਹਿੰਦਾ ਸੀ ਤਾਂ ਜੋ ਮਿਹਨਤਾਨੇ ਵਜੋਂ ਉਸ ਤੋਂ ਕਹਾਣੀ ਸੁਣ ਸਕੇ।
ਕਵਿਤਾਵਾਂ-ਗੀਤ ਉਹਦੇ ਖੂਨ ਵਿਚ ਸਨ। ਉਹਦੀ ਪਹਿਲੀ ਝਲਕ 1934 ਵਿਚ ਮਿਲੀ ਜਦੋਂ ਉਹ ਸਿਰਫ 11 ਸਾਲਾਂ ਦਾ ਸੀ। ਉਹਨੇ ਆਪਣੇ ਘਰ ਦੀ ਬਾਲਕੋਨੀ ਵਿਚ ਬੈਠਿਆਂ ਉਹਨਾਂ ਮੁੰਡਿਆਂ ਬਾਰੇ ਕਵਿਤਾ ਲਿਖੀ ਜਿਹੜੇ ਆਪਣੇ ਪਿੰਡ ਨੇੜੇ ਖਾਲੀ ਥਾਂ ਵਿਚ ਪਹਿਲੀ ਵਾਰ ਉਤਰੇ ਹਵਾਈ ਜਹਾਜ਼ ਨੂੰ ਦੇਖਣ ਲਈ ਭੱਜੇ ਜਾਂਦੇ ਸਨ। ਪ੍ਰਕਾਸ਼ਨ ਦੇ ਰੂਪ ਵਿਚ ਉਹਦੀ ਪਹਿਲੀ ਕਵਿਤਾ 1934 (ਅਰਥਾਤ 14 ਸਾਲ ਦੀ ਉਮਰ ਵਿਚ) ਸਾਹਮਣੇ ਆਈ।
ਅਧਿਆਪਨ ਸੰਸਥਾਨ ਤੋਂ ਪੜ੍ਹਣ ਬਾਦਅ 1940 ਵਿਚ ਵਾਪਸ ਪਿੰਡ ਦੇ ਸਕੂਲ ਵਿਚ ਆ ਕੇ ਉਹਨੇ ਕੁਝ ਦੇਰ ਪੜ੍ਹਾਇਆ ਵੀ। ਫਿਰ ਉਹ ਕਈ ਕਿਸਮ ਦੇ ਕੰਮਾਂ ‘ਚ ਹੱਥ ਅਜਮਾਉਂਦਾ ਰਿਹਾ ਪਰ ਕਿਸੇ ਵਿਚ ਵੀ ਨਾ ਉਹਦਾ ਦਿਲ ਲੱਗਿਆ ਨਾ ਹੀ ਉਹ ਉਹਨਾਂ ਲਈ ਬਣਿਆ ਸੀ। ਉਹ ਤਾਂ ਕਿਸੇ ਹੋਰ ਹੀ ਕਾਰਜ ਖੇਤਰ ਲਈ ਸਿਰਜਿਆ ਗਿਆ ਸੀ- ਸਿਰਜਣਾ ਦੇ ਖੇਤਰ ਲਈ। ਉਹਦੀ ਕਵਿਤਾਵਾਂ ਦੀ ਪਹਿਲੀ ਕਿਤਾਬ 1943 ਵਿਚ ਸਾਹਮਣੇ ਆਈ “ਪ੍ਰਬਲ ਪਿਆਰ ਤੇ ਪ੍ਰਚੰਡ ਨਫਰਤ” ‘ਗੋਰਕੀ ਸਾਹਿਤ ਸੰਸਥਾਨ ਮਾਸਕੋ’ ਵਿਚ ਉਹ 1945 ਵਿਚ ਦਾਖਲ ਹੋਇਆ ਜਿਥੇ ਉਹਨੇ ਸੋਵੀਅਤ ਯੂਨੀਅਨ ਅਤੇ ਸੰਸਾਰ ਦੇ ਕਵੀਆਂ ਤੇ ਸਾਹਿਤ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਉਹਦਾ ਦਿਸਹਦਾ ਦਾਗਿਸਤਾਨ ਦੇ ਪਹਾੜਾਂ ਨੂੰ ਦੁਨੀਆਂ ਦੇ ਪ੍ਰਸੰਗ ਵਿਚ ਵੇਖਣ ਲੱਗਾ।
ਦਾਗਿਸਤਾਨ ਦੀਆਂ 36 ਭਾਸ਼ਾਵਾਂ ਵਿਚੋਂ ਇਕ ਮੁੱਠੀ ਭਰ ਲੋਕਾਂ ਦੀ ਭਾਸ਼ਾ ਅਵਾਰ ਵਿਚ ਲਿਖਣ ਵਾਲਾ ਕਵੀ ਰਸੂਲ ਹਮਜ਼ਾਤੋਵ ਇਕ ਪਖੋਂ ਖੁਸ਼ਕਿਸਮਤ ਰਿਹਾ ਕਿ ਉਹਨੂੰ ਚੰਗੇ ਅਨੁਵਾਦਕ ਮਿਲ ਗਏ ਅਤੇ ਉਹਦੀਆਂ ਕਵਿਤਾਵਾਂ ਸੋਵੀਅਤ ਪਾਠਕਾਂ ਅਤੇ ਫਿਰ ਦੁਨੀਆਂ ਦੇ ਪਾਠਕਾਂ ਕੋਲ ਪਹੁੰਚ ਗਈਆਂ (ਅਤੇ ਫਿਰ ਗੁਰਬਖਸ਼ ਸਿੰਘ ਫਰੈਂਕ ਅਤੇ ਗੁਰਦੀਪ ਦੀ ਮਿਹਨਤ ਤੇ ਸੁਹਿਰਦਗੀ ਸਦਕਾ ਪੰਜਾਬੀ ਪਾਠਕਾਂ ਕੋਲ ਆ ਗਈਆਂ)।
ਰਸੂਲ ਹਮਜ਼ਾਤੋਵ ਨੂੰ ਅਨੇਕਾਂ ਇਨਾਮਾਂ-ਸਨਮਾਨਾਂ ਨਾਲ ਸਤਕਾਰਿਆ ਗਿਆ। ਉਸਦੇ ਕਾਵਿ ਸੰਗ੍ਰਹਿ ‘ਮੇਰਾ ਜਨਮ ਵਰ੍ਹਾ’ (1950) ਨੂੰ 1952 ਵਿਚ ਸੋਵੀਅਤ ਰਾਜਕੀ ਇਨਾਮ ਦਿਤਾ ਗਿਆ। ਉਸਦੇ ਸੰਗ੍ਰਹਿ ‘ਗੌਰਵਮਈ ਸਿਤਾਰੇ’ ਨੂੰ ਲੈਨਿਨ ਪੁਰਸਕਾਰ ਦਿਤਾ ਗਿਆ। ਉਸਦੀਆਂ ਕੁਝ ਹੋਰ ਮਸ਼ਹੂਰ ਰਚਨਾਵਾਂ ਹਨ ‘ਵੱਡੇ ਵੀਰ ਬਾਰੇ ਸ਼ਬਦ’ (1952) (ਰਸੂਲ ਦਾ ਵੱਡਾ ਭਰਾ ਦੂਜੀ ਮਹਾਨ ਦੇਸ਼ਭਗਤਕ ਜੰਗ ਵਿਚ ਸਟਾਲਿਨਗਰਾਦ ਦੀ ਲੜਾਈ ਵਿਚ ਸ਼ਹੀਦ ਹੋ ਗਿਆ ਸੀ), ‘ਦਾਗਿਸਤਾਨੀ ਝਰਨਾ’ (1955), ਖਾਣ-ਮਜ਼ਦੂਰ (1959), ‘ਮੇਰਾ ਦਿਲ ਪਹਾੜਾਂ ਵਿਚ’ (1959), ਦੋ ਸ਼ਾਲ, ਚਿੱਠੀਆਂ (1963), ਵਰ੍ਹਿਆਂ ਦੀ ਗੁਲਾਬ-ਵਾੜੀ (1968), ਚੁਲ੍ਹੇ ਲਾਗੇ (1978), ਇਸਤਰੀਆਂ ਦਾ ਟਾਪੂ (1983), ਜੀਵਨ ਚੱਕਰ (1987) ਅਤੇ ਕਾਵਿ-ਮਈ ਨਾਵਲ ‘ਮੇਰਾ ਦਾਗਿਸਤਾਨ’ (1967- 1971)
1959 ਵਿਚ ਹਮਜ਼ਾਤੋਵ ਨੂੰ ‘ਦਾਗਿਸਤਾਨ ਦਾ ਲੋਕ ਕਵੀ’ ਐਲਾਨਿਆ ਗਿਆ ਅਤੇ 1974 ਵਿਚ ਉਹਨੂੰ ‘ਸਮਾਜਵਾਦੀ ਕਿਰਤ ਦਾ ਹੀਰੋ’ ਉਪਾਧੀ ਨਾਲ ਸਨਮਾਨਿਆ ਗਿਆ। ਸੰਨ 1950 ਵਿਚ ਉਹਨੂੰ ਦਾਗਿਸਤਾਨੀ ਲੇਖਕ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ ਸੀ, ਜੋ ਅਹੁਦਾ ਉਸ ਕੋਲ ਸਾਰੀ ਉਮਰ ਰਿਹਾ—ਯਾਨੀ 53 ਸਾਲ। ਸਾਲ 2003 ਵਿਚ ਉਹਦੀ ਆਉਣ ਵਾਲੀ 80ਵੀਂ ਜਨਮ ਵਰ੍ਹੇਗੰਢ ਦੇ ਮਾਣ ਵਿਚ ਸਾਲ 2003 ਨੂੰ ਦਾਗਿਸਤਾਨ ਵਿਚ “ਰਸੂਲ ਹਮਜ਼ਾਤੋਵ ਦਾ ਸਾਲ” ਐਲਾਨ ਦਿਤਾ ਗਿਆ। ਸੋਵੀਅਤ ਯੂਨੀਅਨ ਦੇ ਪਤਨ ਅਤੇ ਦਾਗਿਸਤਾਨ ਦੇ ਗੈਰ-ਕਮਿਊਨਿਸਟ ਆਜ਼ਾਦ ਮੁਲਕ ਬਣਨ ਮਗਰੋਂ ਵੀ ਰਸੂਲ ਹਮਜ਼ਾਤੋਵ ਨੂੰ ਲੋਕ ਬੇਬਹਾ ਪਿਆਰ ਅਤੇ ਸਤਿਕਾਰ ਕਰਦੇ ਰਹੇ। ਯੂਰਪ, ਏਸ਼ੀਆ, ਅਮਰੀਕਾ ਅਤੇ ਭਾਰਤ ਸਮੇਤ ਉਹ ਸੈਂਕੜੇ ਦੇਸਾਂ ਵਿਚ ਘੁੰਮਿਆ ਅਤੇ ਉਹਨੂੰ ਲੋਕਾਂ ਨੇ ਅੱਖਾਂ ਤੇ ਬਿਠਾਇਆ।
ਉਹ 1944 ਵਿਚ ਸੋਵੀਅਤ ਕਮਿਊਨਿਸਟ ਪਾਰਟੀ ਦਾ ਮੈਂਬਰ ਬਣ ਗਿਆ ਸੀ ਅਤੇ ਸਾਰੀ ਉਮਰ ਵਿਚਾਰਧਾਰਾ ਨੂੰ ਪਰਣਾਇਆ ਰਿਹਾ। ਉਹ ਅਨੇਕਾਂ ਵਾਰ ਸੋਵੀਅਤ ਯੂਨੀਅਨ ਦੀ ਸੁਪਰੀਮ ਸੋਵੀਅਤ ਦਾ ਮੈਂਬਰ ਰਿਹਾ। ਉਹ ਇਸਦੇ ਪ੍ਰਧਾਨਗੀ ਮੰਡਲ ਦਾ ਮੈਂਬਰ ਵੀ ਰਿਹਾ। ਉਹ ਅਫਰੀਕੀ ਏਸ਼ੀਆਈ ਦੇਸਾਂ ਨਾਲ ਨਾਲ ਸੋਵੀਅਤ ਇਕਮੁਠਤਾ ਕਮੇਟੀ ਦਾ ਮੈਂਬਰ ਰਿਹਾ ਅਤੇ ਦੁਨੀਆਂ ਵਿਚ ਅਮਨ ਤੇ ਦੋਸਤੀ ਦਾ ਸੰਦੇਸ਼ ਦਿੰਦਾ ਰਿਹਾ। ਬਹੁਤ ਸਾਲ ਰਸੂਲ ਆਪਣੀਆਂ ਤਿੰਨ ਧੀਆਂ ਜ਼ਰੇਮਾ, ਪਾਤੀਮਾਤ ਅਤੇ ਸਾਲੀਖਤ ਨਾਲ ਕਾਸਪੀ ਸਾਗਰ ਦੇ ਕੰਢੇ ਤੇ ਦਾਗਿਸਤਾਨ ਦੀ ਰਾਜਧਾਨੀ ਮਖਾਚਕਲਾ ਵਿਚ ਰਹਿੰਦਾ ਰਿਹਾ। ਮੌਤ ਦੇ ਕਰੂਰ ਹੱਥਾਂ ਨੇ 3 ਨਵੰਬਰ 2003 ਨੂੰ ‘ਕੇਂਦਰੀ ਡਾਕਟਰੀ ਹਸਪਤਾਲ ਮਾਸਕੋ’ ਵਿਚ ਦੁਨੀਆਂ ਦੇ ਪਿਆਰੇ ਅਵਾਰ ਸ਼ਾਇਰ ਰਸੂਲ ਹਮਜ਼ਾਤੋਵ ਨੂੰ ਸਾਡੇ ਕੋਲੋਂ ਖੋਹ ਲਿਆ। ਪਰ ਉਹ ਆਪਣੀਆਂ ਰਚਨਾਵਾਂ ਵਿਚ ਸਦਾ ਲਈ ਜ਼ਿੰਦਾ ਹੈ ਅਤੇ ਅਸੀਂ ਗੁਰਬਖਸ਼ ਸਿੰਘ ਫਰੈਂਕ ਜਿਹਨਾਂ ਮੇਰਾ ਦਾਗਿਸਤਾਨ ਦਾ ਪਹਿਲਾ ਭਾਗ ਪੰਜਾਬ ਪਾਠਕਾਂ ਦੀ ਝੋਲੀ ਪਾਇਆ ਅਤੇ ਗੁਰਦੀਪ ਸਿੰਘ (ਜੋ ਪੰਜਾਬ ਯੂਨੀਵਰਸਿਟੀ ਦੇ ਮੁਲਾਜ਼ਮਾਂ ਦਾ ਆਗੂ ਤੇ ਸੈਨੇਟਰ ਮੈਂਬਰ ਰਿਹਾ ਅਤੇ ਅੰਗਰੇਜ਼ੀ-ਪੰਜਾਬੀ ਡਿਕਸ਼ਨਰੀ ਬਣਾਉਣ ਵਿਚ ਡਾ. ਬਲਬੀਰ ਸਿੰਘ ਸੰਧੂ ਦੀ ਟੀਮ ਵਿਚ ਯੋਗਦਾਨ ਪਾਉਂਦਾ ਰਿਹਾ ਅਤੇ ਅੱਜ ਵੀ ਲੋਕਾਂ ਤੇ ਸਾਹਿਤ ਨੂੰ ਪ੍ਰਣਾਈ ਕਿਰਿਆਸ਼ੀਲ ਜ਼ਿੰਦਗੀ ਦਾ ਸੰਗਰਾਮੀਆ ਹੈ) ਵਲੋਂ ਹਥਲੀ ਪੁਸਤਕ “ਮੇਰਾ ਦਾਗਿਸਤਾਨ-ਭਾਗ ਦੂਜਾ” ਪੰਜਾਬੀ ਸਾਹਿਤ ਦਾ ਅਣਮੋਲ ਖਜ਼ਾਨਾ ਹੋਰ ਭਰਪੂਰ ਕਰਨ ਲਈ ਧੰਨਵਾਦ ਪ੍ਰਗਟ ਕਰਨਾ ਆਪਣਾ ਫਰਜ਼ ਸਮਝਦੇ ਹਾਂ ਜਿਸਨੇ ਪੁਸਤਕ ਨੂੰ ਅਨੁਵਾਦਿਤ ਨਾਲੋਂ ਮੌਲਿਕ ਪੁਸਤਕ ਵਧੇਰੇ ਬਣਾ ਦਿਤਾ ਹੈ। ਕਵਿਤਾਵਾਂ ਵੀ ਇੰਜ ਉਲਥਾਈਆਂ ਹਨ। ਕਿ ਆਪ ਲਿਖੀਆਂ ਜਾਪਦੀਆਂ ਹਨ।
ਗੁਰਨਾਮ ਕੰਵਰ
“ਨਿੱਕੀ ਜਿਹੀ ਚਾਬੀ ਨਾਲ ਵੱਡਾ ਸਾਰਾ ਸੰਦੂਕ ਖੋਲ੍ਹਿਆ ਜਾ ਸਕਦੈ”-ਮੇਰੇ ਪਿਤਾ ਜੀ ਕਦੇ ਕਦੇ ਇੰਜ ਕਹਿੰਦੇ ਸਨ। ਮਾਤਾ ਜੀ ਤਰ੍ਹਾਂ ਤਰ੍ਹਾਂ ਦੇ ਕਿੱਸੇ-ਕਹਾਣੀਆਂ ਸੁਣਾਉਂਦੇ ਹੁੰਦੇ ਹਨ। “ਸਮੁੰਦਰ ਵੱਡਾ ਏ ਨਾ?” ” ਆਹਖੋ, ਵੱਡਾ ਏ।” “ਕਿਵੇਂ ਬਣਿਆ ਸੀ ਸਮੁੰਦਰ? ਛੋਟੀ ਜਿਹੀ ਚਿੜੀ ਨੇ ਛੋਟੀ ਜਿਹੀ ਚੁੰਝ ਜ਼ਮੀਨ ਉਤੇ ਮਾਰੀ-ਚਸ਼ਮਾ ਫੁਟ ਨਿਕਲਿਆ। ਚਸ਼ਮੇ ਵਿਚੋਂ ਬਹੁਤ ਵੱਡਾ ਸਮੁੰਦਰ ਵਹਿ ਤੁਰਿਆ।”
ਮਾਤਾ ਜੀ ਮੈਨੂੰ ਇਹ ਵੀ ਕਹਿੰਦੇ ਹੁੰਦੇ ਸਨ ਕਿ ਜਦੋਂ ਕਾਫੀ ਦੇਰ ਤਕ ਦੌੜ ਲਓ-ਤਾਂ ਦਮ ਲੈ ਲੈਣਾ ਚਾਹੀਦਾ ਹੈ, ਬੇਸ਼ੱਕ ਉਦੋਂ ਤਕ ਹੀ, ਜਦੋਂ ਤਕ ਕਿ ਹਵਾ ਵਿਚ ਉਤਾਂਹ ਨੂੰ ਸੁੱਟੀ ਹੋਈ ਟੋਪੀ ਥੱਲੇ ਆ ਡਿੱਗਦੀ ਹੈ। ਬਹਿ ਜਾਓ, ਸਾਹ ਲੈ ਲਓ।
ਆਮ ਕਿਸਾਨਾਂ ਨੂੰ ਇਹ ਪਤਾ ਹੈ ਕਿ ਜੇ ਇਕ ਪੈਲੀ, ਭਾਵੇਂ ਉਹ ਕਿੰਨੀ ਵੀ ਛੋਟੀ ਕਿਉਂ ਨਾ ਹੋਵੇ ਪੂਰੀ ਵਾਹ ਲਈ ਜਾਵੇ ਅਤੇ ਦੂਜੀ ਪੈਲੀ ਵਾਹੁਣੀ ਸ਼ੁਰੂ ਕਰਨੀ ਹੋਵੇ ਤਾਂ ਜ਼ਰੂਰੀ ਹੈ ਕਿ ਇਸਤੋਂ ਪਹਿਲਾਂ ਬੰਨੇ ਉਤੇ ਬਹਿਕੇ ਚੰਗੀ ਤਰ੍ਹਾਂ ਆਰਾਮ ਕਰ ਲਿਆ ਜਾਵੇ।
ਦੋ ਪੁਸਤਕਾਂ ਵਿਚਲਾ ਇਹ ਵਕਫ਼ਾ- ਇਹੋ ਜਿਹਾ ਬੰਨਾ ਹੀ ਤਾਂ ਨਹੀਂ ? ਮੈਂ ਉਹਦੇ ਉਤੇ ਲੰਮਾ ਪੈ ਗਿਆ ਸੀ। ਲੋਕ ਕੋਲੋਂ ਲੰਘਦੇ ਸਨ, ਮੇਰੇ ਵਲ ਵੇਖਦੇ ਸਨ ਅਤੇ ਕਹਿੰਦੇ ਸਨ – ਹਾਲੀ ਹਲ ਵਾਹੁੰਦਿਆਂ ਵਾਹੁੰਦਿਆਂ ਥੱਕ ਗਿਆ ਹੈ, ਸੋ ਗਿਆ ਹੈ।
ਮੇਰਾ ਇਹ ਬੰਨਾਂ ਦੋ ਪਿੰਡਾਂ ਦੇ ਵਿਚਕਾਰਲੀ ਘਾਟੀ ਜਾਂ ਦੋ ਘਾਟੀਆਂ ਦੇ ਵਿਚਕਾਰ ਟਿੱਲੇ ਉਤੇ ਵੱਸੇ ਪਿੰਡ ਵਰਗਾ ਸੀ।
ਮੇਰਾ ਬੰਨਾ ਦਾਗਿਸਤਾਨ ਅਤੇ ਬਾਕੀ ਸਾਰੀ ਦੁਨੀਆਂ ਦੇ ਵਿਚਕਾਰ ਇਕ ਹੱਦ ਵਾਂਗ ਸੀ। ਮੈਂ ਆਪਣੇ ਬੰਨੇ ਉਤੇ ਲੰਮਾ ਤਾਂ ਪਿਆ ਹੋਇਆ ਸੀ ਪਰ ਸੁੱਤਾ ਹੋਇਆ ਨਹੀਂ मी।
ਮੈਂ ਇੰਜ ਲੰਮਾ ਪਿਆ ਹੋਇਆ ਸੀ ਜਿਵੇਂ ਪਕੇ ਵਾਲਾਂ ਵਾਲੀ ਬੁੱਢੀ ਲੂੰਬੜੀ ਉਦੋਂ ਲੰਮੀ ਪਈ ਹੁੰਦੀ ਹੈ ਜਦੋਂ ਉਹਦੇ ਤੋਂ ਥੋੜ੍ਹੀ ਜਿਹੀ ਦੂਰ ਤਿੱਤਰਾਂ ਦੇ ਬੱਚੇ ਦਾਣਾ ਚੁਗਦੇ ਹੁੰਦੇ ਹਨ। ਮੇਰੀ ਇਕ ਅੱਖ ਅੱਧੀ ਖੁੱਲ੍ਹੀ ਹੋਈ ਸੀ ਅਤੇ ਦੂਸਰੀ ਅੱਧੀ ਬੰਦ ਸੀ। ਮੇਰਾ ਇਕ ਕੰਨ ਪੰਜੇ ਉਤੇ ਟਿਕਿਆ ਹੋਇਆ ਸੀ ਅਤੇ ਦੂਸਰੇ ਉਤੇ ਮੈਂ ਪੰਜਾ ਰੱਖ ਲਿਆ। ਸੀ। ਇਸ ਪੰਜੇ ਨੂੰ ਮੈਂ ਵਿਚੋਂ ਵਿਚੋਂ ਜ਼ਰਾ ਕੁ ਉਤਾਂਹ ਚੁੱਕ ਲੈਂਦਾ ਸੀ ਅਤੇ ਕੰਨ ਲਾ ਕੇ ਸੁਣਦਾ ਸੀ। ਮੇਰੀ ਪਹਿਲੀ ਪੁਸਤਕ ਲੋਕਾਂ ਤਕ ਪਹੁੰਚ ਚੁੱਕੀ ਹੈ ਜਾਂ ਨਹੀਂ? ਉਨ੍ਹਾਂ ਨੇ ਉਹਨੂੰ ਪੜ੍ਹ ਲਿਆ ਹੈ ਜਾਂ ਨਹੀਂ? ਉਹ ਉਹਦੀ ਚਰਚਾ ਕਰਦੇ ਨੇ ਕਿ ਨਹੀਂ? ਕੀ ਕਹਿੰਦੇ ਨੇ ਉਹ ਉਹਦੇ ਬਾਰੇ?
ਪਿੰਡ ਵਿਚ ਹੋਕਾ ਦੇਣ ਵਾਲਾ, ਜਿਹੜਾ ਉੱਚੀ ਛੱਤ ਉਤੇ ਚੜ੍ਹਕੇ ਤਰ੍ਹਾਂ ਤਰ੍ਹਾਂ ਦੇ ਐਲਾਨ ਕਰਦਾ ਹੈ, ਉਸ ਵਕਤ ਤਕ ਕੋਈ ਵੀ ਨਵਾਂ ਐਲਾਨ ਨਹੀਂ ਕਰਦਾ ਜਦੋਂ ਤਕ ਉਹਨੂੰ ਇਹ ਯਕੀਨ ਨਹੀਂ ਹੋ ਜਾਂਦਾ ਕਿ ਲੋਕਾਂ ਨੇ ਉਹਦਾ ਕੀਤਾ ਪਹਿਲਾਂ ਵਾਲਾ ਐਲਾਨ ਸੁਣ ਲਿਆ ਹੈ।
ਗਲੀ ਵਿਚੋਂ ਲੰਘਦਾ ਹੋਇਆ ਕੋਈ ਪਹਾੜੀ ਆਦਮੀ ਜੇ ਇਹ ਵੇਖਦਾ ਹੈ ਕਿ ਕਿਸੇ ਘਰ ਵਿਚੋਂ ਕੋਈ ਪਰਾਹੁਣਾ ਤਿਉੜੀ ਪਾਈ, ਨਾਰਾਜ਼ ਅਤੇ ਫੇ ਨੂੰ ਕਰਦਾ ਬਾਹਰ ਆਉਂਦਾ ਹੈ ਤਾਂ ਕੀ ਉਹ ਉਸ ਘਰ ਵਿਚ ਵੜੇਗਾ?
ਮੈਂ ਪੁਸਤਕਾਂ ਦੇ ਵਿਚਕਾਰਲੇ ਬੰਨੇ ਤੇ ਲੰਮਾ ਪਿਆ ਹੋਇਆ ਸੀ ਅਤੇ ਇਹ ਸੁਣਦਾ ਪਿਆ ਸੀ ਕਿ ਮੇਰੀ ਪਹਿਲੀ ਪੁਸਤਕ ਦੇ ਬਾਰੇ ਵੱਖੋ ਵੱਖ ਲੋਕਾਂ ਨੇ ਵੱਖੋ ਵੱਖ ਅਸਰ ਵਿਖਾਇਆ ਹੈ।
ਇਹ ਗੱਲ ਸਮਝ ਵੀ ਆਉਂਦੀ ਹੈ – ਕਿਸੇ ਨੂੰ ਸੇਬ ਚੰਗੇ ਲੱਗਦੇ ਨੇ ਤੇ ਕਿਸੇ ਨੂੰ ਅਖਰੋਟ। ਸੇਬ ਖਾਣ ਵੇਲੇ ਉਹਦਾ ਛਿਲਕਾ ਲਾਹਿਆ ਜਾਂਦਾ ਹੈ ਅਤੇ ਅਖਰੋਟ ਦੀਆਂ ਗਿਰੀਆਂ ਕੱਢਣ ਲਈ ਉਹਨੂੰ ਤੋੜਨਾ ਪੈਂਦਾ ਹੈ। ਤਰਬੂਜ਼ ਅਤੇ ਖਰਬੂਜ਼ੇ ਜਾਂ ਸਰਦੇ ਵਿਚੋਂ ਉਨ੍ਹਾਂ ਦੇ ਬੀਅ ਕੱਢਣੇ ਪੈਂਦੇ ਨੇ। ਇਸੇ ਤਰ੍ਹਾਂ ਵਿਭਿੰਨ ਪੁਸਤਕਾਂ ਦੇ ਬਾਰੇ ਵਿਭਿੰਨ ਦਰਿਸ਼ਟੀਕੋਣ ਹੋਣਾ ਚਾਹੀਦਾ ਹੈ। ਅਖਰੋਟ ਤੋੜਣ ਵਾਸਤੇ ਖਾਣੇ ਦੀ ਮੇਜ਼ ਤੇ ਕੰਮ ਆਉਣ ਵਾਲੀ ਛੁਰੀ ਦੀ ਨਹੀਂ ਮੁਗਲੀ ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਕੋਮਲ ਅਤੇ ਮਹਿਕਦੇ ਹੋਏ ਸੇਬ ਨੂੰ ਛਿੱਲਣ ਲਈ ਮੁਗਲੀ ਤੋਂ ਕੰਮ ਨਹੀਂ ਲਿਆ ਜਾ ਸਕਦਾ।
ਕਿਤਾਬ ਪੜ੍ਹਦਿਆਂ ਹੋਇਆਂ ਹਰ ਪਾਠਕ ਨੂੰ ਉਸ ਵਿਚ ਕੋਈ ਨਾ ਕੋਈ ਖ਼ਾਮੀ, ਕੋਈ ਤਰੁੱਟੀ ਮਿਲ ਹੀ ਜਾਂਦੀ ਹੈ। ਕਹਿੰਦੇ ਨੇ ਕਿ ਖ਼ਾਮੀਆਂ-ਘਾਟਾਂ ਤਾਂ ਮੁੱਲਾਂ ਦੀ ਧੀ ਵਿਚ ਵੀ ਹੁੰਦੀਆਂ ਨੇ, ਫਿਰ ਮੇਰੀ ਕਿਤਾਬ ਦੀ ਤਾਂ ਗੱਲ ਹੀ ਕੀ ਹੈ।
ਖੈਰ, ਮੈਂ ਥੋੜ੍ਹਾ ਜਿਹਾ ਦਮ ਲੈ ਲਿਆ ਹੈ ਅਤੇ ਹੁਣ ਮੈਂ ਆਪਣੀ ਦੂਸਰੀ ਕਿਤਾਬ ਲਿਖਣ ਲੱਗਾ ਹਾਂ। ਕਿਨੇ ਪਾਠਕਾਂ ਲਈ ਮੈਂ ਇਹ ਲਿਖਣ ਲੱਗਾ ਹਾਂ, ਮੈਨੂੰ ਨਹੀਂ ਪਤਾ। ਇਸਦੀਆਂ ਕਿੰਨੀਆਂ ਕਾਪੀਆਂ ਛਪਣਗੀਆਂ, ਇਸ ਤੋਂ ਤਾਂ ਕੋਈ ਵੀ ਸਿੱਟਾ ਨਹੀਂ ਕੱਢਿਆ ਜਾ ਸਕਦਾ। ਇਹੋ ਜਿਹੀਆਂ ਕਿਤਾਬਾਂ ਹੋਗੀਆਂ ਨੇ ਜਿਨ੍ਹਾਂ ਦੀਆਂ ਇਕ-ਇਕ ਲੱਖ ਕਾਪੀਆਂ ਛਪੀਆਂ ਹੋਈਆਂ ਨੇ ਪਰ ਉਨ੍ਹਾਂ ਨੂੰ ਕੋਈ ਵੀ ਨਹੀਂ ਪੜ੍ਹਦਾ, ਉਹ ਕਿਤਾਬਾਂ ਦੀਆਂ ਦੁਕਾਨਾਂ ਤੇ, ਲਾਈਬਰੇਰੀਆਂ ਦੇ ਖਾਨਿਆਂ ਵਿਚ ਜਾਂ ਅਲਮਾਰੀਆਂ ਵਿਚ ਪਈਆਂ ਰਹਿੰਦੀਆਂ ਨੇ। ਪਰ ਕਿਸੇ ਹੋਰ ਕਿਤਾਬ ਦੀ ਸਿਰਫ ਇਕੋ ਕਾਪੀ ਹੀ ਹੁੰਦੀ ਹੈ ਉਹ ਲਗਾਤਾਰ ਇਕ ਪਾਠਕ ਤੋਂ ਦੂਸਰੇ ਪਾਠਕ ਦੇ ਹੱਥ ਜਾਂਦੀ ਰਹਿੰਦੀ ਹੈ ਅਤੇ ਉਹਨੂੰ ਅਨੇਕਾਂ ਲੋਕ ਪੜ੍ਹਦੇ ਨੇ। ਮੈਨੂੰ ਤਾਂ ਨਾ ਪਹਿਲੀ ਚੀਜ਼ ਦੀ ਲੋੜ ਹੈ ਅਤੇ ਨਾ ਦੂਸਰੀ ਦੀ। ਜੇ ਇਕ ਪਾਠਕ ਵੀ ਮੇਰੀ ਪੁਸਤਕ ਨੂੰ ਪੜ੍ਹ ਲਵੇਗਾ ਮੈਨੂੰ ਖੁਸ਼ੀ ਹੋਵੇਗੀ। ਮੈਂ ਇਸ ਪਾਠਕ ਨੂੰ ਆਪਣੇ ਛੋਟੇ ਜਿਹੇ ਮਾਣਮੱਤੇ ਦੇਸ਼ ਦੇ ਬਾਰੇ ਦੱਸਣਾ ਚਾਹੁੰਦਾ ਹਾਂ। ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਦੇਸ਼ ਕਿੱਥੇ ਹੈ, ਇਹਦੇ ਨਿਵਾਸੀ ਕਿਹੜੀ ਬੋਲੀ ਬੋਲਦੇ ਨੇ, ਕਿਹੜੀਆਂ ਗੱਲਾਂ ਦੀ ਚਰਚਾ ਕਰਦੇ ਨੇ ਅਤੇ ਕਿਹਾ ਜਿਹੇ ਗੀਤ ਗਾਉਂਦੇ ਨੇ।
ਮੈਂ ਸਾਰਾ ਕੁਝ ਤਾਂ ਨਹੀਂ ਦੱਸ ਸਕਦਾ। ਵੱਡੇ ਵਡੇਰਿਆਂ ਨੇ ਸਾਨੂੰ ਇਹ ਸਿਖਾਇਆ ਸੀ – “ਸਾਰਾ ਕੁਝ ਤਾਂ ਸਿਰਫ ਸਾਰੇ ਹੀ ਦੱਸ ਸਕਦੇ ਨੇ। ਪਰ ਤੂੰ ਉਹ ਦੱਸ, ਜੋ ਦੱਸ ਸਕਨੇ ਤੇ ਫਿਰ ਆਪੇ ਸਾਰਾ ਕੁਝ ਹੀ ਦੱਸਿਆ ਜਾ ਚੁੱਕਾ ਹੋਵੇਗਾ। ਹਰੇਕ ਨੇ ਆਪੋ ਆਪਣਾ ਘਰ ਬਣਾਇਆ ਤੇ ਨਤੀਜਾ ਇਹ ਹੋਇਆ ਪਈ ਪਿੰਡ ਬਣ ਗਿਆ। ਹਰੇਕ ਨੇ ਆਪੋ ਆਪਣੀ ਪੈਲੀ ਵਾਹੀ ਨਤੀਜੇ ਵਜੋਂ ਸਾਰੀ ਪਰਿਥਵੀ ਵਾਹੀ ਗਈ।”
ਸੋ, ਮੈਂ ਤੜਕੇ ਹੀ ਉੱਠ ਪਿਆ ਸੀ। ਅੱਜ ਮੈਂ ਪਹਿਲਾ ਸਿਆੜ ਕੱਢਾਂਗਾ। ਨਵੀਂ ਪੈਲੀ ਵਿਚ ਨਵਾਂ ਸਿਆੜ। ਪਰਾਚੀਨ ਪਰੰਪਰਾ ਅਨੁਸਾਰ ਇਕ ਹੀ ਅੱਖਰ ਤੋਂ ਸ਼ੁਰੂ ਹੋਣ ਵਾਲੀਆਂ ਸੱਤ ਚੀਜ਼ਾਂ ਮੇਜ਼ ਉਤੇ ਹੋਣੀਆਂ ਚਾਹੀਦੀਆਂ ਨੇ। ਮੈਂ ਆਪਣੀ ਮੇਜ਼ ਉਤੇ ਨਜ਼ਰ ਮਾਰਦਾ ਹਾਂ ਅਤੇ ਮੈਨੂੰ ਸੱਤੇ ਚੀਜ਼ਾਂ ਇਥੇ ਪਈਆਂ ਦਿਸਦੀਆਂ ਨੇ। ਇਹ ਚੀਜ਼ਾਂ ਹਨ :-
- ਕੋਰਾ ਕਾਗਜ਼
- ਚੰਗੀ ਤਰ੍ਹਾਂ ਘੜੀ ਹੋਈ ਪੈਸਿਲ
- ਮਾਂ ਦੀ ਫੋਟੋ
- ਦੇਸ਼ ਦਾ ਨਕਸ਼ਾ
- ਦੁੱਧ ਤੋਂ ਬਿਨਾਂ ਤੇਜ਼ ਕਾਫੀ
- ਉੱਚ ਕੋਟੀ ਦੀ ਦਾਗਿਸਤਾਨੀ ਬਰਾਂਡੀ
- ਸਿਗਰਟਾਂ ਦਾ ਪੈਕੇਟ
ਜੇ ਹੁਣ ਵੀ ਮੈਂ ਕਿਤਾਬ ਨਾ ਲਿਖ ਸਕਿਆ ਤਾਂ ਫਿਰ ਕਦੋਂ ਲਿਖਾਂਗਾ?
ਚੁੱਲ੍ਹਾ ਮਘ ਗਿਆ ਹੈ। ਉਸ ਉਤੇ ਰੱਖੀ ਹੋਈ ਪਤੀਲੀ ਵਿਚੋਂ ਭਾਫ ਨਿਕਲਣ ਲੱਗ ਪਈ ਹੈ। ਬਾਹਰ ਹਲਕੀ ਹਲਕੀ ਅਤੇ ਵਿਰਲੀ ਵਿਰਲੀ ਕਿਣ ਮਿਣ ਵਿਚੋਂ ਸੂਰਜ ਦੀਆਂ ਕਿਰਨਾਂ ਛਣ ਕੇ ਆ ਰਹੀਆਂ ਨੇ। ਕਹਿੰਦੇ ਨੇ ਕਿ ਇਹੋ ਜਿਹੇ ਦਿਨ ਪਹਾੜਾਂ ਵਿਚ ਸਭ ਜਾਨਵਰ ਰੱਸੇ ਉਤੇ ਤੁਰਨ ਵਾਲੇ ਬਾਜ਼ੀਗਰਾਂ ਵਾਂਗ ਸਤਰੰਗ ਇੰਦਰ ਧਨੁਸ਼ ਉਤੇ ਨੱਚਦੇ ਨੇ। ਜਦੋਂ ਕਦੇ ਇਹੋ ਜਿਹੇ ਦਿਨ ਆਉਂਦੇ ਸਨ ਤਾਂ ਮਾਂ ਕਹਿੰਦੀ ਹੁੰਦੀ ਸੀ ਕਿ ਆਸਮਾਨ ਬਾਰਿਸ਼ ਦੇ ਧਾਗਿਆਂ ਨਾਲ ਕੱਢਿਆ ਹੋਇਆ ਹੈ ਅਤੇ ਸੂਰਜ ਦੀਆਂ ਕਿਰਨਾਂ ਸੂਈਆਂ ਨੇ।
ਅੱਜ ਪਹਾੜਾਂ ਵਿਚ ਬਸੰਤ ਹੈ, ਬਸੰਤ ਦਾ ਪਹਿਲਾ ਦਿਨ ਹੈ। ਮੇਰੇ ਵਾਂਗ ਉਹ ਵੀ ਅੱਜ ਪਹਿਲਾ ਸਿਆੜ ਕੱਢਣ ਲੱਗੀ ਹੈ।
“ਦਾਗਿਸਤਾਨ ਦੀ ਬਸੰਤ, ਇਹ ਦੱਸ ਪਈ ਤੇਰੇ ਕੋਲ ਇਹੋ ਜਿਹੇ ਕਿਹੜੇ ਸੱਤ ਤੋਹਫ਼ੇ ਨੇ ਜਿਹੜੇ ਇਕੋ ਹੀ ਅੱਖਰ ਨਾਲ ਸ਼ੁਰੂ ਹੁੰਦੇ ਨੇ?”
“ਮੇਰੇ ਕੋਲ ਇਹੋ ਜਿਹੇ ਤੋਹਫ਼ੇ ਹੈਗੇ ਨੇ”, ਬਸੰਤ ਨੇ ਉੱਤਰ ਦਿੱਤਾ, “ਦਾਗਿਸਤਾਨ ਨੇ ਹੀ ਮੈਨੂੰ ਭੇਟ ਕੀਤੇ ਨੇ। ਮੈਂ ਆਪਣੀ ਭਾਸ਼ਾ ਵਿਚ ਇਨ੍ਹਾਂ ਤੋਹਫ਼ਿਆਂ ਦੇ ਨਾਂਅ ਲਵਾਂਗੀ ਤੇ ਤੂੰ ਉਂਗਲੀਆਂ ਉਤੇ ਉਨ੍ਹਾਂ ਨੂੰ ਗਿਣਦਾ ਰਹੀਂ।
1 ਤਸਾ -ਅੱਗ। ਜ਼ਿੰਦਗੀ ਲਈ। ਪਿਆਰ ਤੇ ਨਫਰਤ ਲਈ।
2 ਤਸਾਰ -ਨਾਮ। ਇੱਜ਼ਤ ਵਾਸਤੇ । ਬਹਾਦਰੀ ਵਾਸਤੇ। ਕਿਸੇ ਨੂੰ ਨਾਂਅ ਲੈ ਕੇ ਬੁਲਾਉਣ ਵਾਸਤੇ।
3 ਤਸਾਮ -ਲੂਣ। ਜ਼ਿੰਦਗੀ ਦੇ ਸੁਆਦ ਲਈ, ਜੀਵਨ ਦੀ ਮਰਿਆਦਾ ਲਈ।
4 ਤਸਵਾ -ਤਾਰਾ। ਉੱਚੇ ਆਦਰਸ਼ਾਂ ਅਤੇ ਆਸਾਂ ਲਈ।
5 ਤਸੂਮ -ਉਕਾਬ। ਮਿਸਾਲ ਅਤੇ ਆਦਰਸ਼ ਲਈ।
6 ਤਸਮੂਰ -ਘੰਟੀ, ਵੱਡਾ ਘੜਿਆਲ, ਤਾਂ ਕਿ ਸਾਰਿਆਂ ਨੂੰ ਇਕ ਥਾਂ ਇਕੱਠੇ ਕੀਤਾ ਜਾ ਸਕੇ।
7 ਤਸਲਕੂ —ਛੱਜ, ਛਾਣਨੀ, ਤਾਂ ਕਿ ਅਨਾਜ ਦੇ ਚੰਗੇ ਦਾਣਿਆਂ ਨੂੰ ਨਿਕੰਮੇ ਕੱਖ-ਕੰਡੇ ਤੋਂ ਵੱਖ ਕੀਤਾ ਜਾ ਸਕੇ।”
ਦਾਗਿਸਤਾਨ! ਇਹ ਸੱਤ ਚੀਜ਼ਾਂ -ਤੇਰੇ ਮਜ਼ਬੂਤ ਜੜ੍ਹਾਂ ਵਾਲੇ ਬਿਰਖ ਦੇ ਸੱਤ ਟਾਹਣੇ ਨੇ। ਇਨ੍ਹਾਂ ਨੂੰ ਆਪਣੇ ਸਾਰੇ ਪੁੱਤਰਾਂ ਵਿਚ ਵੰਡ ਦੇਹ, ਮੈਨੂੰ ਵੀ ਦੇ ਦੇਹ। ਮੈਂ ਅੱਗ ਅਤੇ ਲੂਣ, ਉਕਾਬ ਅਤੇ ਤਾਰਾ, ਘੜਿਆਲ ਅਤੇ ਛੱਜ-ਛਾਣਨੀ ਬਣਨਾ ਚਾਹੁੰਦਾ ਹਾਂ। ਮੈਂ ਇਮਾਨਦਾਰ ਆਦਮੀ ਵਾਲਾ ਨਾਂਅ ਹਾਸਲ ਕਰਨਾ ਚਾਹੁੰਦਾ ਹਾਂ।
ਮੈਂ ਅੱਖ ਚੁੱਕ ਕੇ ਉਤਾਂਹ ਨੂੰ ਵੇਖਦਾ ਹਾਂ ਅਤੇ ਮੈਨੂੰ ਸੂਰਜ ਅਤੇ ਬਰਖਾ, ਅੱਗ ਅਤੇ ਪਾਣੀ ਨਾਲ ਬੁਣਿਆ ਹੋਇਆ ਆਸਮਾਨ ਦਿਸਦਾ ਹੈ। ਮਾਤਾ ਜੀ ਹਮੇਸ਼ਾ ਕਹਿੰਦੇ ਹੁੰਦੇ ਸਨ ਕਿ ਸੁਪਨੇ ਵੇਲੇ ਹੀ ਅੱਗ ਅਤੇ ਪਾਣੀ ਨਾਲ ਦਾਗਿਸਤਾਨ ਬਣਾਇਆ ਗਿਆ तो।
ਅੱਗ ਪਿਤਾ, ਪਾਣੀ ਮਾਂ
-ਅੱਗ ਨਾਲ ਨਾ ਖੇਡੋ
-ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸਨ।
-ਪਾਣੀ ਵਿਚ ਇੱਟ ਵੱਟਾ ਨਾ ਸੁੱਟੋ
-ਮੇਰੇ ਮਾਤਾ ਜੀ ਕਹਿੰਦੇ ਹੁੰਦੇ ਸਨ।
ਵੱਖ ਵੱਖ ਲੋਕਾਂ ਨੂੰ ਉਨ੍ਹਾਂ ਦੀ ਮਾਂ ਵੱਖੋ ਵੱਖ ਰੂਪਾਂ ਵਿਚ ਯਾਦ ਆਉਂਦੀ ਹੈ। ਮੈਂ ਆਪਣੇ ਮਾਤਾ ਜੀ ਨੂੰ ਸਵੇਰੇ, ਦੁਪਹਿਰੀਂ ਅਤੇ ਸ਼ਾਮੀਂ ਯਾਦ ਕਰਦਾ ਹਾਂ।
ਮੇਰੇ ਮਾਤਾ ਜੀ ਸਵੇਰੇ ਪਾਣੀ ਦਾ ਭਰਿਆ ਹੋਇਆ ਘੜਾ ਲੈ ਕੇ ਚਸ਼ਮੇ ਤੋਂ ਮੁੜਦੇ ਸਨ। ਉਹ ਬਹੁਤ ਹੀ ਕੀਮਤੀ ਚੀਜ਼ ਵਾਂਗ ਉਹਨੂੰ ਲੈ ਕੇ ਆਉਂਦੇ ਸਨ। ਉਹ ਪੱਥਰ ਦੀਆਂ ਪੌੜੀਆਂ ਚੜ੍ਹਦੇ, ਘੜੇ 6 ਨੂੰ ਨੂੰ ਜ਼ ਜ਼ਮੀਨ ਉਤੇ ਰੱਖ ਦਿੰਦੇ ਅਤੇ ਚੁਲ੍ਹੇ ਵਿਚ ਅੱਗ ਬਾਲਣ ਲੱਗ ਪੈਂਦੇ ਸਨ। ਅੱਗ ਵੀ ਉਹ ਬਹੁਤ ਕੀਮਤੀ ਚੀਜ਼ ਵਾਂਗ ਬਾਲਦੇ ਸਨ। ਅੱਗ ਚੰਗੀ ਤਰ੍ਹਾਂ
ਬਲ ਜਾਣ ਤਕ ਉਹ ਪੰਘੂੜਾ ਝੁਲਾਉਂਦੇ ਰਹਿੰਦੇ ਸਨ। ਉਹਨੂੰ ਵੀ ਉਹ ਬੜੀ ਕੀਮਤੀ ਚੀਜ਼ ਵਾਂਗ ਝੁਲਾਉਂਦੇ ਸਨ। ਮਾਂ ਜੀ ਦੁਪਹਿਰੀ ਵੀ ਖਾਲੀ ਘੜਾ ਲੈ ਕੇ ਪਾਣੀ ਲਿਆਉਣ ਲਈ ਚਸ਼ਮੇ ਤੇ ਜਾਂਦੇ ਸਨ। ਆ ਕੇ ਅੱਗ ਬਾਲਦੇ ਸਨ। ਇਸ ਤੋਂ ਬਾਅਦ ਪੰਘੂੜਾ ਝੁਲਾਉਂਦੇ ਸਨ। ਸ਼ਾਮ ਨੂੰ ਵੀ ਮਾਂ ਜੀ ਪਾਣੀ ਲਿਆਉਂਦੇ, ਪੰਘੂੜਾ ਝੁਲਾਉਂਦੇ, ਅੱਗ ਬਾਲਦੇ।
ਉਹ ਬਸੰਤ, ਗਰਮੀ, ਪਤਝੜ ਅਤੇ ਪਾਲੇ ਵਿਚ ਹਰ ਦਿਨ ਇੰਜ ਹੀ ਕਰਦੇ ਸਨ। ਉਹ ਹੌਲੀ ਹੌਲੀ, ਬੜੀ ਗੰਭੀਰਤਾ ਨਾਲ ਇੰਜ ਕਰਦੇ ਸਨ, ਜਿਵੇਂ ਕੋਈ ਸਭ ਤੋਂ ਵਧ ਜ਼ਰੂਰੀ ਅਤੇ ਅਹਿਮ ਕੰਮ ਕਰ ਰਹੇ ਹੋਣ। ਉਹ ਪਾਣੀ ਲੈਣ ਜਾਂਦੇ, ਪੰਘੂੜਾ ਬੁਲਾਉਂਦੇ, ਅੱਗ ਬਾਲਦੇ। ਅੱਗ ਬਾਲਦੇ, ਪਾਣੀ ਲੈਣ ਜਾਂਦੇ, ਪੰਘੂੜਾ ਝੁਲਾਉਂਦੇ। ਪੰਘੂੜਾ ਝੁਲਾਉਂਦੇ, ਅੱਗ ਬਾਲਦੇ, ਪਾਣੀ ਲੈਣ ਜਾਂਦੇ। ਮੇਰੇ ਮਨ ਵਿਚ ਮੇਰੀ ਮਾਤਾ ਜੀ ਦੀ ਤਸਵੀਰ ਇਸੇ ਰੂਪ ਵਿਚ ਉੱਕਰੀ ਹੋਈ ਹੈ। ਪਾਣੀ ਲੈਣ ਜਾਣ ਵੇਲੇ ਉਹ ਸਦਾ ਮੈਨੂੰ ਕਹਿੰਦੇ ਸਨ-“ਅੱਗ ਦਾ ਧਿਆਨ ਰੱਖੀਂ”।
ਅੱਗ ਦੀ ਚਿੰਤਾ ਕਰਦਿਆਂ ਹੋਇਆਂ ਉਹ ਮੈਨੂੰ ਨਸੀਹਤ ਦਿੰਦੇ ਹੁੰਦੇ ਸਨ-
“ਇਹਨੂੰ ਬੁੱਝਣ ਨਾ ਦਈਂ, ਪਾਣੀ ਨਾ ਪਾਈਂ।” ਮੈਨੂੰ ਲੋਰੀ ਦਿੰਦਿਆਂ ਹੋਇਆਂ ਉਹ ਇਹ ਵੀ ਕਹਿੰਦੇ ਹੁੰਦੇ ਸਨ-“ ਦਾਗਿਤਸਾਨ ਵਾਸਤੇ ਅੱਗ ਪਿਤਾ ਏ ਤੇ ਪਾਣੀ ਮਾਂ”।
ਸਾਡੇ ਪਰਬਤ ਤਾਂ ਸੱਚਮੁਚ ਹੀ ਸੋਨਰੰਗੀ ਅੱਗ ਜਿਹੇ ਲੱਗਦੇ ਨੇ। ਤਾਂ ਆਓ ਅੱਗ ਦੀ ਚਰਚਾ ਕਰੀਏ।
ਪੱਥਰ ਨਾਲ ਪੱਥਰ ਟਕਰਾਓ-ਨਿਕਲੇਗੀ ਉਨ੍ਹਾਂ ਵਿਚੋਂ ਚਿੰਗਿਆੜੀ। ਦੋ ਚਟਾਨਾਂ ਨੂੰ ਟਕਰਾਓ-ਨਿਕਲੇਗੀ ਉਨ੍ਹਾਂ ਵਿਚੋਂ ਚਿੰਗਿਆੜੀ। ਤਲੀ ਨਾਲ ਤਲੀ ਟਕਰਾਓ-ਨਿਕਲੇਗੀ ਉਨ੍ਹਾਂ ਵਿਚੋਂ ਚਿੰਗਿਆੜੀ। ਸ਼ਬਦ ਨਾਲ ਸ਼ਬਦ ਟਕਰਾਓ-ਨਿਕਲੇਗੀ ਉਨ੍ਹਾਂ ਵਿਚੋਂ ਚਿੰਗਿਆੜੀ। ਜ਼ੁਰਨੇ ਦੇ ਤਾਰਾਂ ਨੂੰ ਛੇੜੋ-ਨਿਕਲੇਗੀ ਉਨ੍ਹਾਂ ਵਿਚੋਂ ਚਿੰਗਿਆੜੀ। ਵਾਦਕ, ਗਾਇਕ ਦੀਆਂ ਅੱਖਾਂ ਵਿਚ ਝਾਕੋ, ਲੱਭੇਗੀ ਚਿੰਗਿਆੜੀ।
ਮੇਮਣੇ ਦੀ ਖੱਲ ਨਾਲ ਸੀਤੀ ਹੋਈ ਪਹਾੜੀ ਆਦਮੀ ਦੀ ਟੋਪੀ ਵਿਚੋਂ ਵੀ ਚਿੰਗਿਆੜੀਆਂ ਨਿਕਲਦੀਆਂ ਹਨ, ਖਾਸ ਕਰਕੇ ਉਦੋਂ ਜਦੋਂ ਉਹਦੇ ਉਤੇ ਹੱਥ ਫੇਰਿਆ ਜਾਂਦਾ ਹੈ।
ਪਹਾੜੀ ਆਦਮੀ ਇਹੋ ਜਿਹੀ ਟੋਪੀ ਪਾ ਕੇ ਜਦੋਂ ਆਪਣੇ ਘਰ ਦੀ ਛੱਤ ਉਤੇ ਆਉਂਦਾ ਹੈ ਤਾਂ ਗੁਆਂਢ ਦੇ ਪਹਾੜ ਉਤੇ ਬਰਫ਼ ਪਿਘਲਣ ਲੱਗ ਪੈਂਦੀ ਹੈ।
ਖੁਦ ਬਰਫ਼ ਵਿਚੋਂ ਵੀ ਅੱਗ ਦੀਆਂ ਚਿੰਗਿਆੜੀਆਂ ਨਿਕਲਦੀਆਂ ਰਹਿੰਦੀਆਂ ਹਨ। ਪਹੁ ਫੁਟਣ ਵੇਲੇ ਪਹਾੜ ਦੀ ਚੋਟੀ ਉਤੇ ਖਲੋਤੇ ਪਹਾੜੀ ਬੱਕਰੇ ਦੇ ਸਿੰਗਾਂ ਉਤੇ ਵੀ ਅੱਗ ਚਮਕਦੀ ਹੁੰਦੀ ਹੈ। ਸੂਰਜ ਡੁੱਬਣ ਵੇਲੇ ਪਹਾੜੀ ਚੱਟਾਨਾਂ ਵੀ ਲਾਲ-ਲਾਲ ਅੱਗ ਨਾਲ ਪਿਘਲਦੀਆਂ ਹੁੰਦੀਆਂ ਹਨ।
ਪਹਾੜੀ ਕਹਾਵਤ ਅਤੇ ਪਹਾੜੀ ਜ਼ਨਾਨੀ ਦੇ ਅੱਥਰੂਆਂ ਵਿਚ ਵੀ ਅੱਗ ਹੁੰਦੀ ਹੈ। ਬੰਦੂਕ ਦੀ ਨਲੀ ਦੇ ਸਿਰੇ ਅਤੇ ਮਿਆਨ ਵਿਚੋਂ ਕੱਢੇ ਗਏ ਖੰਜਰ ਦੀ ਧਾਰ ਵਿਚ ਵੀ ਅੱਗ ਹੁੰਦੀ ਹੈ। ਪਰ ਸਭ ਤੋਂ ਵਧ ਦਿਆਲੂ ਅਤੇ ਸਨੇਹ ਭਰੀ ਅੱਗ ਮਾਂ ਦੇ ਹਿਰਦੇ ਅਤੇ ਹਰ ਘਰ ਦੇ ਚੁੱਲ੍ਹੇ ਵਿਚ ਹੁੰਦੀ ਹੈ।
ਪਹਾੜੀ ਆਦਮੀ ਜਦੋਂ ਆਪਣੇ ਬਾਰੇ ਕੁਝ ਚੰਗੇ ਸ਼ਬਦ ਕਹਿਣੇ ਚਾਹੁੰਦਾ ਹੈ ਜਾਂ ਸਿਰਫ ਆਪਣੀ ਫੜ੍ਹ ਮਾਰਨੀ ਚਾਹੁੰਦਾ ਹੈ ਤਾਂ ਕਹਿੰਦਾ ਹੈ—“ਮੈਨੂੰ ਕਿਸੇ ਕੋਲ ਅੱਗ ਮੰਗਣ ਲਈ ਤਾਂ ਅਜੇ ਤਕ ਜਾਣਾ ਨਹੀਂ ਪਿਆ।”
ਪਹਾੜੀ ਆਦਮੀ ਜਦੋਂ ਕਿਸੇ ਬੁਰੇ, ਕਿਸੇ ਅਣਭਾਉਂਦੇ ਬੰਦੇ ਬਾਰੇ ਕੁਝ ਕਹਿਣਾ ਚਾਹੁੰਦਾ ਹੈ ਤਾਂ ਕਹਿੰਦਾ ਹੈ—“ਉਹਦੀ ਚਿਮਨੀ ਵਿਚੋਂ ਨਿਕਲਣ ਵਾਲਾ ਧੂੰਆਂ ਚੂਹੇ ਦੀ ਪੂਛਲ ਤੋਂ ਵੱਡਾ ਨਹੀਂ।”
ਜਦੋਂ ਦੋ ਪਹਾੜੀ ਬੁੱਢੀਆਂ ਇਕ-ਦੂਜੀ ਨਾਲ ਝਗੜਦੀਆਂ ਨੇ ਤਾਂ ਉਨ੍ਹਾਂ ਵਿਚੋਂ ਇਕ ਚੀਖ ਕੇ ਕਹਿੰਦੀ ਹੈ “ਤੁਹਾਡੇ ਚੁੱਲ੍ਹੇ ਵਿਚ ਕਦੇ ਅੱਗ ਨਾ ਬਲੇ।” “ਤੁਹਾਡੇ ਚੁੱਲ੍ਹੇ ਵਿਚ ਬਲਦੀ ਅੱਗ ਬੁੱਝ ’ਜੇ” ਦੂਜੀ ਜਵਾਬ ਦਿੰਦੀ ਹੈ।
ਕਿਸੇ ਬਹਾਦਰ ਦਲੇਰ ਆਦਮੀ ਦੀ ਚਰਚਾ ਕਰਦਿਆਂ ਹੋਇਆਂ ਪਹਾੜੀ ਲੋਕ ਕਹਿੰਦੇ ਨੇ—“ਉਹ ਬੰਦਾ ਨਹੀਂ, ਅੱਗ ਏ।”
ਇਕ ਨੌਜਵਾਨ ਦੀਆਂ ਨੀਰਸ ਅਤੇ ਅਕਾਊ ਕਵਿਤਾਵਾਂ ਸੁਣਨ ਮਗਰੋਂ ਮੇਰੇ ਪਿਤਾ ਜੀ ਬੋਲੇ-“ਇਨ੍ਹਾਂ ਕਵਿਤਾਵਾਂ ਵਿਚ ਇਕ ਤਰ੍ਹਾਂ ਹੈ ਤਾਂ ਸਭ ਕੁਝ ਈ। ਪਰ ਇੰਜ ਵੀ ਹੁੰਦੈ, ਘਰ ਏ, ਚੁੱਲ੍ਹਾ ਏ, ਲਕੜੀ ਏ, ਪਤੀਲਾ ਏ, ਪਤੀਲੇ ਵਿਚ ਮਾਸ ਵੀ ਏ, ਪਰ ਅੱਗ ਨਹੀਂ। ਘਰ ਵਿਚ ਠੰਢ ਏ, ਪਤੀਲੇ ਵਿਚ ਕੁਝ ਉਬਲਦਾ ਨਹੀਂ, ਮਾਸ ਸੁਆਦੀ ਨਹੀਂ। ਅੱਗ ਨਹੀਂ-ਜ਼ਿੰਦਗੀ ਨਹੀਂ। ਇਸ ਲਈ ਤੇਰੀਆਂ ਕਵਿਤਾਵਾਂ ਨੂੰ ਅੱਗ ਦੀ ਲੋੜ ਏ।”
ਸ਼ਾਮੀਲ ਕੋਲੋਂ ਇਕ ਵਾਰ ਪੁੱਛਿਆ ਗਿਆ-“ ਇਮਾਮ ਸਾਹਬ! ਇਹ ਦੱਸੋ, ਭਲਾ ਇਹ ਕਿਵੇਂ ਹੋਇਆ ਪਈ ਛੋਟਾ ਜਿਹਾ ਅੱਧ ਭੁੱਖਾ ਦਾਗਿਸਤਾਨ ਸਦੀਆਂ ਤਕ ਵੱਡੀਆਂ ਵੱਡੀਆਂ ਸ਼ਕਤੀਸ਼ਾਲੀ ਹਕਮੂਤਾਂ ਦੇ ਖਿਲਾਫ ਜੂਝਦਾ ਰਿਹੈ ਤੇ ਉਨ੍ਹਾਂ ਦਾ ਮੁਕਾਬਲਾ ਕਰਦਾ ਰਿਹੈ? ਕਿਵੇਂ ਉਹ ਪੂਰੇ ਤੀਹ ਸਾਲ ਬਹੁਤ ਹੀ ਸ਼ਕਤੀਸ਼ਾਲੀ ਗੋਰੇ ਜ਼ਾਰ ਦੇ ਵਿਰੁਧ ਸੰਘਰਸ਼ ਕਰਦਾ ਰਿਹੈ?”
ਸ਼ਾਮੀਲ ਨੇ ਜਵਾਬ ਦਿੱਤਾ- “ਜੇ ਦਾਗਿਸਤਾਨ ਦੇ ਸੀਨੇ ਵਿਚ ਪਿਆਰ ਤੇ ਨਫਰਤ ਦੀ ਅੱਗ ਨਾ ਬਲਦੀ ਹੁੰਦੀ ਤਾਂ ਉਹ ਕਦੇ ਵੀ ਇਹੋ ਜਿਹਾ ਸੰਘਰਸ਼ ਨਾ ਕਰ ਸਕਦਾ? ਏਸੇ ਅੱਗ ਨੇ ਚਮਤਕਾਰ ਕੀਤੇ ਤੇ ਬਹਾਦਰੀ ਦੇ ਕਾਰਨਾਮੇ ਵਿਖਾਏ। ਇਹ ਅੱਗ ਹੀ ਦਾਗਿਸਤਾਨ ਦੀ ਆਤਮਾ ਯਾਨੀ ਖੁਦ ਦਾਗਿਸਤਾਨ ਏ।”
” ਮੈਂ ਖੁਦ ਵੀ ਕੌਣ ਆਂ?” ਸ਼ਾਮੀਲ ਬੋਲੀ ਗਿਆ, “ਗੀਮਰੀ ਨਾਂਅ ਦੇ ਇਕ ਦੂਰ ਦੁਰਾਡੇ ਦੇ ਪਿੰਡ ਦੇ ਮਾਲੀ ਦਾ ਪੁੱਤਰ। ਹੋਰਨਾਂ ਦੇ ਮੁਕਾਬਲੇ ਮੈਂ ਨਾ ਤਾਂ ਲੰਮਾ ਈ ਆਂ ਤੇ ਨਾ ਈ ਚੌੜੀ ਛਾਤੀ ਵਾਲਾ ਆਂ। ਬਚਪਨ ਵਿਚ ਮੈਂ ਤਾਂ ਬਹੁਤ ਈ ਛੋਟਾ ਤੇ ਸੁੱਕਾ ਜਿਹਾ ਮੁੰਡਾ ਸਾਂ। ਮੈਨੂੰ ਵੇਖ ਕੇ ਵੱਡੇ ਬੁੱਢੇ ਇਹੀ ਕਹਿੰਦੇ ਸਨ ਪਈ ਬਾਹਲੇ ਦਿਨ ਜਿਉਂਦਾ ਨਹੀਂ ਰਹਿੰਦਾ ਇਹ। ਸ਼ੁਰੂ ਵਿਚ ਮੇਰਾ ਨਾਂਅ ਆਲੀ ਸੀ। ਮੇਰੇ ਬਿਮਾਰ ਰਹਿਣ ਕਰਕੇ ਇਸ ਉਮੀਦ ਨਾਲ ਪਈ ਮੇਰੇ ਪੁਰਾਣੇ ਨਾਂਅ ਨਾਲ ਮੇਰੀ ਬਿਮਾਰੀ ਵੀ ਖਤਮ ਹੋ ਜਾਏਗੀ ਮੇਰਾ ਨਾਂਅ ਬਦਲ ਕੇ ਸ਼ਾਮੀਲ ਰੱਖ ਦਿੱਤਾ ਗਿਆ। ਮੈਂ ਬਾਹਲੀ ਦੁਨੀਆਂ ਨਹੀਂ ਵੇਖੀ ਹੋਈ ਸੀ। ਵੱਡੇ ਸ਼ਹਿਰਾਂ ਵਿਚ ਮੇਰਾ ਪਾਲਣ ਪੋਸਣ ਨਹੀਂ ਹੋਇਆ ਸੀ। ਮੇਰੇ ਕੋਲ ਬਾਹਲੀ ਦੌਲਤ ਵੀ ਨਹੀਂ ਸੀ। ਆਪਣੇ ਪਿੰਡ ਦੇ ਮਦਰੱਸੇ ਵਿਚੋਂ ਮੈਂ ਤਾਲੀਮ ਹਾਸਲ ਕੀਤੀ। ਮੇਰੇ ਮਾਂ ਪਿਓ ਗਧੇ ਉਤੇ ਗੀਮਰੀ ਦੇ ਆੜੂ ਲੱਦ ਕੇ ਮੈਨੂੰ ਤੇਮੀਰਖਾਂ-ਸ਼ੁਰਾ ਮੰਡੀ ਵਿਚ ਵੇਚਣ ਲਈ ਘੱਲਦੇ ਹੁੰਦੇ ਸਨ। ਬਹੁਤ ਸਮੇਂ ਤਕ ਮੈਂ ਗਧੇ ਨੂੰ ਹਕਦਿਆਂ ਹੋਇਆਂ ਪਹਾੜੀ ਡੰਡੀਆਂ ਉਤੇ ਆਉਂਦਾ ਜਾਂਦਾ ਰਿਹਾਂ। ਇਕ ਦਿਨ ਮੇਰੇ ਨਾਲ ਇਕ ਘਟਨਾ ਹੋਈ। ਇਹ ਬਹੁਤ ਪੁਰਾਣੀ ਗੱਲ ਏ, ਪਰ ਮੈਂ ਇਹਨੂੰ ਭੁੱਲ ਨਹੀਂ ਸਕਦਾ ਅਤੇ ਭੁੱਲਣਾ ਵੀ ਨਹੀਂ ਚਾਹੁੰਦਾ । ਉਹ ਇਸ ਕਰਕੇ ਪਈ ਉਦੋਂ ਹੀ ਮੇਰੀ ਹਿੰਮਤ, ਮੇਰੇ ਅੰਦਰ ਅੱਗ ਜਾਗੀ ਸੀ। ਉਦੋਂ ਹੀ ਮੈਂ ਸ਼ਾਮੀਲ ਬਣਿਆ ਸਾਂ।
“ਤੇਮੀਰਖਾਂ-ਸ਼ੂਰਾ ਮੰਡੀ ਦੇ ਨੇੜੇ, ਇਕ ਪਿੰਡ ਦੇ ਲਾਗੇ ਮੈਨੂੰ ਕੁਝ ਸ਼ਰਾਰਤੀ ਮੁੰਡੇ ਮਿਲ ਪਏ ਜਿਹੜੇ ਮੇਰਾ ਮਜ਼ਾਕ ਉਡਾਉਣਾ ਚਾਹੁੰਦੇ ਸਨ। ਇਕ ਮੁੰਡੇ ਨੇ ਮੇਰੇ ਸਿਰ ਤੋਂ ਸਮੂਰੀ ਟੋਪੀ ਲਾਹੀ ਅਤੇ ਉਹਨੂੰ ਲੈ ਕੇ ਭੱਜ ਗਿਆ। ਜਦੋਂ ਉਸ ਸ਼ੈਤਾਨ ਮੁੰਡੇ ਨੂੰ ਫੜਨ ਲਈ ਮੈਂ ਉਹਦੇ ਪਿੱਛੇ ਭੱਜਿਆ ਤਾਂ ਪਿੱਛੋਂ ਦੂਜੇ ਮੁੰਡੇ ਮੇਰੇ ਗਧੇ ਉਤੋਂ ਫਲਾਂ ਦੀਆਂ ਟੋਕਰੀਆਂ ਲਾਹੁਣ ਲੱਗ ਪਏ। ਮੇਰੀ ਵਿਚਾਰੀ ਜਿਹੀ ਤੇ ਰੋਂਦੂ ਜਿਹੀ ਸੂਰਤ ਵੇਖ ਕੇ ਸਾਰੇ ਖਿੜਖਿੜਾਕੇ ਹੱਸ ਰਹੇ ਸਨ, ਖੂਬ ਮਜ਼ਾ ਲੈ ਰਹੇ ਸਨ। ਉਨ੍ਹਾਂ ਦੇ ਇਹ ਮਜ਼ਾਕ ਮੈਨੂੰ ਚੰਗੇ ਨਹੀਂ ਲੱਗੇ ਤੇ ਮੇਰੇ ਅੰਦਰ ਉਹ ਅੱਗ ਬਲ ਉੱਠੀ ਜਿਸ ਤੋਂ ਮੈਂ ਅਜ ਤਕ ਅਣਜਾਣ ਸਾਂ। ਮੈਂ ਹੱਡੀ ਦੇ ਸਫੇਦ ਦਸਤੇ ਵਾਲਾ ਖੰਜਰ ਮਿਆਨ ਵਿਚੋਂ ਕੱਢ ਲਿਆ। ਉਸ ਮੁੰਡੇ ਨੂੰ, ਜਿਹੜਾ ਮੇਰੀ ਟੋਪੀ ਲੈ ਕੇ ਭੱਜਿਆ ਸੀ, ਮੈਂ ਪਿੰਡ ਦੇ ਫਾਟਕ ਕੋਲ ਜਾ ਫੜਿਆ। ਉਸਨੂੰ ਗੰਦੀ ਨਾਲੀ ਵਿਚ ਸੁੱਟ ਕੇ ਮੈਂ ਉਹਦੀ ਗਰਦਨ ਉਤੇ ਤੇਜ਼ ਖੰਜਰ ਰੱਖ ਦਿੱਤਾ। ਉਹਨੇ ਮੁਆਫੀ ਮੰਗੀ।”
‘ਤੂੰ ਅੱਗ ਨਾਲ ਨਾ ਖੇਡ।
“ਇਸ ਸ਼ਰਾਰਤੀ ਮੁੰਡੇ ਨੂੰ ਗੰਦੀ ਨਾਲੀ ਵਿਚ ਹੀ ਛੱਡ ਕੇ ਮੈਂ ਏਧਰ ਉਧਰ ਨਜ਼ਰ ਮਾਰੀ। ਮੇਰੇ ਆੜੂਆਂ ਨੂੰ ਏਧਰ ਉਧਰ ਖਿਲਾਰਨ ਵਾਲੇ ਮੁੰਡੇ ਵੱਖ ਵੱਖ ਪਾਸਿਆਂ ਨੂੰ ਭੱਜ ਗਏ ਸਨ। ਫਿਰ ਮੈਂ ਇਕ ਘਰ ਦੀ ਛੱਤ ਉਤੇ ਚੜ੍ਹ ਕੇ ਜ਼ੋਰ ਦੀ ਆਵਾਜ਼ ਵਿਚ ਆਖਿਆ-
“ ‘—ਓਏ, ਕੰਨ ਖੋਲ੍ਹ ਕੇ ਸੁਣ ਲੌ! ਜੇ ਮੇਰੇ ਖੰਜਰ ਦੀ ਅੱਗ ਨਾਲ ਆਪਣੇ ਢਿੱਡ ਨਹੀਂ ਸਾੜਨਾ ਚਾਹੁੰਦੇ ਤਾਂ ਸਭ ਕੁਝ ਉਵੇਂ ਹੀ ਕਰ ਦਿਓ ਜਿਵੇਂ ਪਹਿਲਾਂ ਸੀ।’
ਮਜ਼ਾਕ ਕਰਨ ਵਾਲੇ ਛੋਕਰਿਆਂ ਨੇ ਮੈਨੂੰ ਦੂਜੀ ਵਾਰ ਆਪਣੇ ਲਫ਼ਜ਼ ਦੁਹਰਾਉਣ ਲਈ ਮਜਬੂਰ ਨਹੀਂ ਕੀਤਾ।
“ ਉਸੇ ਦਿਨ ਮੈਂ ਵੱਡਿਆਂ-ਬੁੱਢਿਆਂ ਨੂੰ ਮੰਡੀ ਵਿਚ ਇਹ ਕਹਿੰਦਿਆਂ ਸੁਣਿਆ -‘ਇਹ ਮੁੰਡਾ ਅਜੇ ਬਹੁਤ ਕੁਝ ਕਰਕੇ ਵਿਖਾਏਗਾ।
“ਮੈਂ ਆਪਣੀ ਸਮੂਰੀ ਟੋਪੀ ਨੂੰ ਭਵਾਂ ਤਕ ਹੇਠਾਂ ਖਿੱਚ ਲਿਆ ਤੇ ਆਪਣੇ ਭਲੇ ਗਧੇ ਨੂੰ ਹੱਕਦਾ ਹੋਇਆ ਅਗਾਂਹ ਨੂੰ ਤੁਰ ਪਿਆ। ਭਲਾ ਮੈਂ ਸ਼ੋਰ ਸ਼ਰਾਬਾ ਤੇ ਲੜਾਈ ਝਗੜਾ ਚਾਹੁੰਦਾ ਸਾਂ? ਉਨ੍ਹਾਂ ਨੇ ਹੀ ਮੇਰੇ ਸਬਰ ਦਾ ਬੰਨ੍ਹ ਤੋੜ ਦਿੱਤਾ ਸੀ, ਮੇਰੇ ਦਿਲ ਦੀ ਅੱਗ ਨੂੰ ਬਾਹਰ ਆਉਣ ਲਈ ਮਜਬੂਰ ਕਰ ਦਿੱਤਾ ਸੀ।
“ਇਸ ਤੋਂ ਮਗਰੋਂ ਕਈ ਸਾਲ ਲੰਘ ਗਏ। ਇਕ ਦਿਨ ਸਵੇਰੇ ਮੈਂ ਬਾਗ ਵਿਚ ਕੰਮ ਰਿਹਾ ਸੀ। ਬਾਹਾਂ ਚੜ੍ਹਾ ਕੇ ਉਪਜਾਊ ਮਿੱਟੀ ਨੂੰ ਮੈਂ ਹੇਠੋਂ ਉਤਾਂਹ ਨੂੰ ਲਿਆ ਰਿਹਾ ਸੀ ਤੇ ਹਰ ਰੁੱਖ ਦੇ ਆਲੇ ਦੁਆਲੇ ਪਾ ਰਿਹਾ ਸੀ। ਮੈਂ ਪੁਰਾਣੀ ਸਮੂਰੀ ਟੋਪੀ ਵਿਚ ਮਿੱਟੀ ਭਰ ਭਰ ਕੇ ਲਿਜਾਂਦਾ ਸਾਂ। ਉਦੋਂ ਤਕ ਮੇਰੇ ਪਿੰਡੇ ਤੇ ਕਈ ਜ਼ਖਮ ਲੱਗ ਚੁੱਕੇ ਸਨ। ਇਹ ਜ਼ਖਮ ਵੱਖੋ ਵੱਖ ਮੁਠਭੇੜਾਂ ਵਿਚ ਮੇਰੇ ਸ਼ਰੀਰ ਉਤੇ ਹੋਏ ਸਨ। ਬਹੁਤ ਦੂਰ ਦੇ ਪਿੰਡਾਂ ਦੇ ਸਾਡੇ ਪਹਾੜੀ ਲੋਕ ਮੇਰੇ ਕੋਲ ਆਏ ਅਤੇ ਕਹਿਣ ਲੱਗੇ ਕਿ ਮੈਂ ਆਪਣੇ ਘੋੜੇ ਉਤੇ ਜ਼ੀਨ ਕੱਸ ਲਵਾਂ ਅਤੇ ਹਥਿਆਰ ਬੰਨ੍ਹ ਲਵਾਂ। ਮੈਂ ਹਥਿਆਰ ਬੰਨ੍ਹਣੇ ਨਹੀਂ ਚਾਹੁੰਦਾ ਸਾਂ, ਮੈਂ ਇਨਕਾਰ ਕਰ ਦਿੱਤਾ,
ਕਿਉਂਕਿ ਲੜਾਈ ਦੇ ਮੁਕਾਬਲੇ ਮੈਨੂੰ ਬਾਗਬਾਨੀ ਕਿਤੇ ਜ਼ਿਆਦਾ ਪਸੰਦ ਸੀ। “ਫਿਰ ਵੱਖੋ ਵੱਖ ਪਿੰਡਾਂ ਤੋਂ ਆਏ ਇਹ ਪਹਾੜੀਏ ਮੈਨੂੰ ਕਹਿਣ ਲੱਗੇ- “ ‘ ਸ਼ਮੀਲ ! ਬੇਗਾਨੇ ਘੋੜੇ ਸਾਡੇ ਚਸ਼ਮਿਆਂ ਤੋਂ ਪਾਣੀ ਪੀਂਦੇ ਨੇ । ਤੂੰ ਆਪੇ ਈ ਘੋੜੇ ਤੇ ਚੜ੍ਹਨੈਂ ਕਿ ਅਸੀਂ ਚੜ੍ਹਾਈਏ ਤੈਨੂੰ?
“ਮੇਰੇ ਦਿਲ ਵਿਚ ਉਸੇ ਤਰ੍ਹਾਂ ਦੀ ਅੱਗ ਭੜਕ ਉੱਠੀ ਜਿਵੇਂ ਉਦੋਂ ਭੜਕੀ ਸੀ ਜਦੋਂ ਮੁੰਡਿਆਂ ਨੇ ਮੇਰੇ ਸਿਰ ਉਤੋਂ ਸਮੂਰੀ ਟੋਪੀ ਲਾਹ ਕੇ ਆੜੂ ਖਿਲਾਰ ਕੇ ਮੇਰੇ ਦਿਲ ਨੂੰ ਠੇਸ ਲਾਈ ਸੀ। ਉਸੇ ਤਰ੍ਹਾਂ ਸਗੋਂ ਉਸ ਤੋਂ ਵੀ ਜ਼ਿਆਦਾ ਜ਼ੋਰ ਨਾਲ ਮੇਰੇ ਦਿਲ ਵਿਚ ਅੱਗ ਭੜਕ ਉਠੀ। ਮੈਨੂੰ ਆਪਣੇ ਬਾਗ ਤੇ ਦੁਨੀਆਂ ਦੀ ਕਿਸੇ ਚੀਜ਼ ਦੀ ਸੁੱਧ-ਬੁੱਧ ਨਾ ਰਹੀ। ਉਹ ਅੱਗ, ਜਿਹੜੀ ਪੱਚੀ ਸਾਲਾਂ ਤੋਂ ਮੈਨੂੰ ਪਹਾੜਾਂ ਵਿਚ ਏਧਰ ਉੱਧਰ ਲਈ ਜਾਂਦੀ ਏ, ਉਹਨੂੰ ਨਾ ਬਾਰਿਸ਼, ਨਾ ਹਵਾ ਤੇ ਨਾ ਹੀ ਠੰਢ ਬੁਝਾ ਸਕਦੀ ਏ। ਪਿੰਡ ਧੂ ਧੂ ਕਰਕੇ ਬਲਦੇ ਪਏ ਨੇ, ਜੰਗਲਾਂ ਵਿਚੋਂ ਧੂੰਆਂ ਨਿਕਲਦਾ ਪਿਐ, ਲੜਾਈ ਦੇ ਸਮੇਂ ਧੂਏਂ ਵਿਚੋਂ ਅੱਗ ਦੀਆਂ ਲਾਟਾਂ ਚਮਕਦੀਆਂ ਨੇ, ਪੂਰਾ ਕਾਕੇਸ਼ੀਆ ਹੀ ਬਲ ਰਿਹੈ। ਤਾਂ ਇਹੋ ਜਿਹੀ ਚੀਜ਼ ਏ ਅੱਗ!”
ਸਾਡੇ ਲੋਕ ਸੁਣਾਉਂਦੇ ਹੁੰਦੇ ਨੇ ਕਿ ਪੁਰਾਣੇ ਵੇਲਿਆਂ ਵਿਚ ਜੇ ਦੁਸ਼ਮਣ ਦਾਗਿਸਤਾਨ ਦੀ ਹੱਦ ਵਿਚ ਵੜ ਆਉਂਦੇ ਸਨ ਤਾਂ ਸਭ ਤੋਂ ਉੱਚੇ ਪਹਾੜ ਉਤੇ ਮੀਨਾਰ ਜਿੰਨੀ ਉੱਚੀ ਅੱਗ ਬਾਲ ਦਿਤੀ ਜਾਂਦੀ ਸੀ। ਉਹਨੂੰ ਵੇਖਦਿਆਂ ਹੀ ਸਾਰੇ ਪਿੰਡ ਆਪਣੇ ਭਾਂਬੜ ਬਾਲ ਲੈਂਦੇ ਸਨ। ਇਹੀ ਉਹ ਜ਼ੋਰਦਾਰ ਹੋਕਾ ਹੁੰਦਾ ਸੀ ਜਿਹੜਾ ਪਹਾੜੀ ਲੋਕਾਂ ਨੂੰ ਆਪਣੇ ਜੰਗੀ ਘੋੜਿਆਂ ਉਤੇ ਸਵਾਰ ਹੋਣ ਲਈ ਪਰੇਰਤ ਕਰਦਾ ਸੀ। ਹਰ ਘਰ ਤੋਂ ਘੁੜਸਵਾਰ ਰਵਾਨਾ ਹੁੰਦੇ ਸਨ। ਹਰ ਪਿੰਡ ਤੋਂ ਤਿਆਰ ਦਸਤੇ ਰਵਾਨਾ ਹੁੰਦੇ ਸਨ। ਅੱਗ ਦੇ ਹੋਕੇ ਤੇ ਘੋੜਸਵਾਰ ਅਤੇ ਪੈਦਲ ਲੋਕ ਦੁਸ਼ਮਣ ਨਾਲ ਲੋਹਾ ਲੈਣ ਚੱਲ ਪੈਂਦੇ ਸਨ। ਜਦੋਂ ਤਕ ਪਹਾੜਾਂ ਉਤੇ ਭਾਂਬੜ ਬਲਦੇ ਰਹਿੰਦੇ ਸਨ। ਪਿੰਡਾਂ ਵਿਚ ਪਿੱਛੇ ਰਹਿ ਗਏ ਬੁੱਢਿਆਂ, ਔਰਤਾਂ ਅਤੇ ਬੱਚਿਆਂ ਨੂੰ ਇਹ ਪਤਾ ਹੁੰਦਾ ਸੀ ਕਿ ਦੁਸ਼ਮਣ ਅਜੇ ਦਾਗਿਸਤਾਨ ਦੀਆਂ ਹੱਦਾਂ ਵਿਚ ਹੀ ਹੈ। ਭਾਂਬੜ ਬੁਝ ਜਾਂਦੇ ਸਨ ਤਾਂ ਇਹਦਾ ਮਤਲਬ ਹੁੰਦਾ ਸੀ ਕਿ ਖਤਰਾ ਟਲ ਗਿਆ ਹੈ ਅਤੇ ਪੁਰਖਿਆਂ ਦੀ ਧਰਤੀ ਉਤੇ ਮੁੜ ਕੇ ਸ਼ਾਂਤੀ ਦਾ ਸਮਾਂ ਆ ਗਿਆ ਹੈ। ਸਦੀਆਂ ਦੇ ਲੰਮੇ ਇਤਿਹਾਸ ਵਿਚ ਪਹਾੜੀ ਲੋਕਾਂ ਨੂੰ ਬਹੁਤ ਵਾਰ ਪਹਾੜਾਂ ਦੀਆਂ ਚੋਟੀਆਂ ਉਤੇ ਲੜਾਈ ਦਾ ਸੰਕੇਤ ਦੇਣ ਵਾਲੀ ਇਸ ਤਰ੍ਹਾਂ ਦੀ ਅੱਗ ਬਾਲਣੀ ਪਈ ਹੈ।
ਇਸ ਤਰ੍ਹਾਂ ਦੀ ਅੱਗ ਲੜਾਈ ਦਾ ਝੰਡਾ ਵੀ ਹੁੰਦੀ ਸੀ- ਅਤੇ ਉਸਦਾ ਆਦੇਸ਼ ਵੀ। ਪਹਾੜੀ ਲੋਕਾਂ ਲਈ ਇਹ ਆਧੁਨਿਕ ਤਕਨੀਕੀ ਸਾਧਨਾਂ-ਰੇਡੀਓ, ਤਾਰ ਅਤੇ ਟੈਲੀਫੋਨ ਦਾ ਕੰਮ ਦਿੰਦੀ ਸੀ । ਪਹਾੜੀ ਢਲਾਣਾਂ ਉਤੇ ਅੱਜ ਵੀ ਇਹੋ ਜਿਹੀਆਂ ਬਣਹੀਣ ਥਾਵਾਂ ਵੇਖੀਆਂ ਜਾ ਸਕਦੀਆਂ ਨੇ ਜਿੱਥੇ ਇੰਜ ਲੱਗਦਾ ਹੈ ਜਿਵੇਂ ਦੈਂਤਾਂ ਜਿੱਡੇ ਜਿੱਡੇ ਝੋਟੇ ਲੇਟੇ ਪਏ ਹੋਣ।
ਪਹਾੜੀ ਲੋਕਾਂ ਦਾ ਕਹਿਣਾ ਹੈ ਕਿ ਖੰਜਰ ਲਈ ਸਭ ਤੋਂ ਜ਼ਿਆਦਾ ਭਰੋਸੇ ਦੀ ਥਾਂ ਮਿਆਨ ਹੈ, ਅੱਗ ਲਈ-ਚੁੱਲ੍ਹਾ ਅਤੇ ਮਰਦ ਲਈ-ਘਰ। ਪਰ ਜੇ ਅੱਗ ਚੁਲ੍ਹਿਓਂ ਬਾਹਰ ਨਿਕਲ ਕੇ ਪਹਾੜਾਂ ਦੀਆਂ ਚੋਟੀਆਂ ਉਤੇ ਭੜਕਣ ਲੱਗ ਪੈਂਦੀ ਹੈ ਤਾਂ ਮਿਆਨ ਵਿਚ ਚੈਨ ਨਾਲ ਪਿਆ ਖੰਜਰ ਖੰਜਰ ਨਹੀਂ ਅਤੇ ਘਰ ਦੇ ਚੁੱਲ੍ਹੇ ਕੋਲ ਬੈਠਾ ਰਹਿਣ ਵਾਲਾ ਮਰਦ ਮਰਦ ਨਹੀਂ।
ਦਾਗਿਸਤਾਨ ਦੇ ਗਡਰੀਆਂ ਦੇ ਕੰਮ ਬੜੀ ਕਰੜਾਈ ਨਾਲ ਵੰਡੇ ਹੋਏ ਹੁੰਦੇ ਹਨ। ਕੁਝ ਗਡਰੀਏ ਦਿਨੇ ਭੇਡਾਂ ਚਾਰਦੇ ਹਨ ਅਤੇ ਬਾਕੀ ਰਾਤ ਵੇਲੇ ਉਨ੍ਹਾਂ ਦਾ ਕੰਮ ਸਾਂਭ ਲੈਂਦੇ ਹਨ ਅਤੇ ਭੇਡਾਂ ਦੇ ਇੱਜੜਾਂ ਦੀ ਬਘਿਆੜਾਂ ਤੋਂ ਰਾਖੀ ਕਰਦੇ ਹਨ। ਪਰੰਤੂ ਉਨ੍ਹਾਂ ਵਿਚ ਇਕ ਇਹੋ ਜਿਹਾ ਬੰਦਾ ਵੀ ਹੁੰਦਾ ਹੈ ਜਿਸਨੂੰ ਨਾ ਤਾਂ ਭੇਡਾਂ ਦੀ ਅਤੇ ਨਾ ਹੀ ਉਨ੍ਹਾਂ ਨੂੰ ਬਘਿਆੜਾਂ ਤੋਂ ਬਚਾਉਣ ਦੀ ਕੋਈ ਚਿੰਤਾ ਹੁੰਦੀ ਹੈ। ਉਹਦਾ ਕੰਮ ਅੱਗ ਦੀ ਰਾਖੀ ਕਰਨਾ, ਉਹਨੂੰ ਬਾਲੀ ਰੱਖਣਾ, ਉਹਨੂੰ ਬੁੱਝਣ ਨਾ ਦੇਣਾ ਹੁੰਦਾ ਹੈ। ਉਹਨੂੰ ਅੱਗ ਦਾ ਰਾਖਾ, ਅੱਗ ਬਾਲੀ ਰੱਖਣ ਵਾਲਾ ਕਿਹਾ ਜਾਂਦਾ ਹੈ। ਇੰਜ ਕਹਿਣਾ ਠੀਕ ਨਹੀਂ ਹੋਵੇਗਾ ਕਿ ਕਿਸੇ ਇਕੋ ਆਦਮੀ ਨੂੰ ਖਾਸ ਕਰਕੇ ਇਹੀਓ ਕੰਮ ਸੌਂਪ ਦਿੱਤਾ ਜਾਂਦਾ ਹੈ ਕਿ ਇਹ ਆਦਮੀ ਸਿਰਫ਼ ਅੱਗ ਦੀ ਹੀ ਰਾਖ਼ੀ ਕਰੇਗਾ, ਸਗੋਂ ਰਾਤ ਤੋਂ ਪਹਿਲਾਂ ਹੀ ਗਡਰੀਏ ਵਾਕਈ ਕੋਈ ਇਹੋ ਜਿਹਾ ਬੰਦਾ ਚੁਣਦੇ ਨੇ ਅਤੇ ਉਹਨੂੰ ਅੱਗ ਦੀ ਚਿੰਤਾ ਕਰਨ ਦਾ ਕੰਮ ਸੌਂਪ ਦਿੰਦੇ ਨੇ।
ਇਹ ਬਹੁਤ ਜ਼ਰੂਰੀ ਅਤੇ ਮੁਸ਼ਕਲ ਕੰਮ ਹੈ। ਖਾਣਾ ਪਕਾਉਣਾ, ਨਿੱਘ ਲੈਣਾ, ਗਿੱਲੇ ਕਪੜੇ ਸੁਕਾਉਣਾ, ਰੌਸ਼ਨੀ, ਚੰਗੀ ਗੱਲਬਾਤ ਅਤੇ ਬੰਦਿਆਂ ਦੀ ਗੰਭੀਰ ਗੱਲਬਾਤ ਦੇ ਸਮੇਂ ਅਤੀ ਅਧਿਕ ਜ਼ਰੂਰੀ ਗੱਲ ਤੰਬਾਕੂ ਦਾ ਧੂੰਆਂ ਪੀਂਦੇ ਰਹਿਣਾ-ਇਹ ਸਭ ਕੁਝ ਅੱਗ ਉਤੇ ਨਿਰਭਰ ਕਰਦਾ ਹੈ।
ਗਡਰੀਆਂ ਦੇ ਝੌਂਪੜਿਆਂ ਵਿਚ ਚੁੱਲ੍ਹੇ ਨਹੀਂ ਹੁੰਦੇ। ਅੱਗ ਬਾਹਰ ਬਲਦੀ ਰਹਿੰਦੀ ਹੈ ਅਤੇ ਉਹਦੇ ਵਾਸਤੇ ਖਾਸ ਭੱਜ ਦੌੜ ਅਤੇ ਚਿੰਤਾ ਦੀ ਲੋੜ ਹੁੰਦੀ ਹੈ। ਤਲੀਆਂ, ਸਮੂਰੀ ਟੋਪੀ, ਲਬਾਦੇ ਦੇ ਪੱਲੇ ਨਾਲ ਅੱਗ ਨੂੰ ਬੁਰੇ ਮੌਸਮ-ਬਾਰਿਸ਼ ਅਤੇ ਬਰਫ਼ ਦੇ ਤੂਫਾਨ ਤੋਂ ਬਚਾਉਣਾ ਪੈਂਦਾ ਹੈ।
ਭਲਾ ਸੂਰਮਿਆਂ, ਕਵੀਆਂ, ਗੀਤਕਾਰਾਂ, ਕਥਾਕਾਰਾਂ, ਨਚਾਰਾਂ ਅਤੇ ਸੰਗੀਤਕਾਰਾਂ- ਲੈਅਕਾਰਾਂ ਨੂੰ ਅੱਗ ਦੇ ਰਾਖੇ ਕਹਿਣਾ ਠੀਕ ਨਹੀਂ ਹੋਵੇਗਾ? ਸਾਡੇ ਇੱਥੇ ਬਹੁਤ ਸਾਰੇ ਇਹੋ ਜਿਹੇ ਲੋਕ ਨੇ, ਜਿਨ੍ਹਾਂ ਦੇ ਦਿਲਾਂ ਵਿਚ ਕਵਿਤਾ, ਸਮਰਪਣ ਅਤੇ ਮਾਤਭੂਮੀ ਲਈ ਪਿਆਰ ਦੀ ਕਦੇ ਨਾ ਬੁੱਝਣ ਵਾਲੀ ਅੱਗ ਬਲਦੀ ਹੈ, ਜਿਹੜੇ ਉਹਨੂੰ ਸੰਭਾਲਦੇ ਨੇ ਅਤੇ ਦੂਸਰੇ ਲੋਕਾਂ ਤੱਕ ਪਹੁੰਚਾਉਂਦੇ ਨੇ।
ਮੈਂ ਵੀ ਆਪਣੇ ਹਿਰਦੇ ਵਿਚ ਕਦੇ ਨਾ ਬੁੱਝਣ ਵਾਲੀ ਇਸ ਅੱਗ ਨੂੰ ਮਹਿਸੂਸ ਕਰਦਾ ਹਾਂ। ਮੈਂ ਵੀ ਇਹਨੂੰ ਆਪਣਾ ਫਰਜ਼ ਸਮਝਦਾ ਹਾਂ ਕਿ ਇਸ ਚਿੰਗਿਆੜੀ ਨੂੰ ਬੁੱਝਣ ਨਾ ਦਿਆਂ। ਇਹਨੂੰ ਹੋਰ ਜ਼ਿਆਦਾ ਤੇਜ਼ ਹੋਣ ਅਤੇ ਜ਼ਿਆਦਾ ਰੌਸ਼ਨੀ ਅਤੇ ਨਿੱਘ ਦੇਣ ਲਈ ਮਜਬੂਰ ਕਰਨਾ ਮੇਰਾ ਫਰਜ਼ ਹੈ ਤਾਂ ਕਿ ਮੇਰੇ ਪਿੱਛੇ ਪਿੱਛੇ ਆਉਣ ਵਾਲਾ ਬੰਦਾ ਇਸ ਮਸ਼ਾਲ ਨੂੰ ਮੇਰੇ ਹੱਥੋਂ ਲੈ ਕੇ ਇਹਨੂੰ ਅਗਾਂਹ ਲੈ ਜਾਵੇ।
ਆਪਣੇ ਦਿਲ ਦੀ ਅੱਗ ਨੂੰ ਸਾਨੂੰ ਇਸ ਤਰ੍ਹਾਂ ਸੰਭਾਲਣਾ ਚਾਹੀਦਾ ਹੈ ਜਿਵੇਂ ਅਸੀਂ ਬਾਹਰ ਦੀ ਆਮ ਅੱਗ ਤੋਂ ਆਪਣੇ ਆਪਨੂੰ ਸੰਭਾਲਦੇ ਅਤੇ ਬਚਾਉਂਦੇ ਹਾਂ।
ਕਿਸੇ ਜਸ਼ਨ ਦੇ ਮੌਕੇ ਪਿੰਡ ਵਿਚ ਗਾਉਣ ਤੋਂ ਮਗਰੋਂ ਸਦਾ ਹਾਸਾ ਠੱਠਾ ਹੁੰਦਾ ਹੈ, ਸੰਗੀਤ ਅਤੇ ਨਾਚ ਤੋਂ ਮਗਰੋਂ ਗੱਲਬਾਤ ਚਲਦੀ ਹੈ। ਜਸ਼ਨ ਦੇ ਸ਼ਬਦਾਂ ਵਿਚ ਅੱਗ ਦਾ ਗੁਣਗਾਨ ਕਰਨ ਤੋਂ ਬਾਅਦ ਲੋਕ ਇਹ ਸੁਣਾਉਂਦੇ ਹਨ ਕਿ ਕਿਵੇਂ ਸਾਡੇ ਦਾਗਿਸਤਾਨ ਵਿਚ ਹਿਮ-ਮਾਨਵ ਦੀ ਖੋਜ ਕੀਤੀ ਗਈ ਸੀ।
ਮੈਂ ਖੁਦ ਉਸ ਬਹੁਤ ਵੱਡੇ ਤਮਾਸ਼ੇ ਦਾ ਚਸ਼ਮਦੀਦ ਗਵਾਹ ਹਾਂ, ਜਿਹੜਾ ਹਿਮ- ਮਾਨਵ ਦੀ ਖੋਜ ਕਰਨ ਲਈ ਸਾਡੇ ਇਥੇ ਕੁਝ ਵਿਗਿਆਨੀਆਂ ਦੇ ਆਉਣ ਸਮੇਂ ਪਹਾੜੀ ਲੋਕਾਂ ਨੇ ਵੇਖਿਆ ਸੀ।
ਅਵਾਰ ਜਾਤੀ ਦੇ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਸੀ-“ਤੁਸੀਂ ਦਾਰਗੀਨਾਂ ਵੱਲ ਜਾਓ, ਸ਼ਾਇਦ ਉਹ ਜਿਸਨੂੰ ਤੁਸੀਂ ਲੱਭਦੇ ਪਏ ਓ, ਉਨ੍ਹਾਂ ਵੱਲ ਰਹਿੰਦੇ।”
ਦਾਰਗੀਨਾਂ ਨੇ ਉਨ੍ਹਾਂ ਨੂੰ ਲਾਕਤੀਆਂ ਵੱਲ ਭੇਜ ਦਿੱਤਾ, ਲਾਕਤੀਆਂ ਨੇ ਲੇਜ਼ਗੀਨਾਂ ਵਲ, ਲੇਜ਼ਗੀਨਾਂ ਨੇ ਕੁਮਿਕਾਂ ਵਲ, ਕੁਮਿਕਾਂ ਨੇ ਸਤੰਪੀ ਵਿਚ ਰਹਿਣ ਵਾਲੇ ਨੋਗਾਈਆਂ ਵਲ, ਨੋਗਾਈਆਂ ਨੇ ਤਾਬਾਸਾਰਾਂਤਸੀਆਂ ਵਲ। ਇਹ ਵਿਗਿਆਨਕ ਕਾਰਕੁਨ ਸਾਰੇ ਦਾਗਿਸਤਾਨ ਵਿਚ ਭਟਕਦੇ ਰਹੇ। ਬੁਰੀ ਤਰ੍ਹਾਂ ਥੱਕ ਹਾਰ ਕੇ ਉਹ ਕਿਕੂਨੀ ਪਿੰਡ ਵਿਚ ਆ ਕੇ ਠਹਿਰੇ, ਜਿਥੇ ਸਾਡਾ ਮਹਾਂਬਲੀ ਉਸਮਾਨ ਅਬਦੁਰ ਰਹਿਮਾਨੋਵ ਰਹਿੰਦਾ ਹੈ। ਸੰਭਵ ਹੈ ਕਿ ਇਨ੍ਹਾਂ ਸਤਰਾਂ ਨੂੰ ਪੜ੍ਹ ਰਹੇ ਕੁਝ ਲੋਕਾਂ ਨੇ ਉਸਮਾਨ ਨੂੰ “ਖਜ਼ਾਨਿਆਂ ਦਾ ਟਾਪੂ” ਫਿਲਮ ਵਿਚ ਵੇਖਿਆ ਹੋਵੇ। ਉਹ ਫਿਲਮ ਵਿਚ ਤਿੰਨ ਆਦਮੀਆਂ ਨੂੰ ਇਕੱਠਿਆਂ ਫੜ ਕੇ ਜਹਾਜ਼ ਦੇ ਡੈੱਕ ਤੋਂ ਸਮੁੰਦਰ ਵਿਚ ਸੁੱਟ ਦਿੰਦਾ ਹੈ।
ਹੋਇਆ ਏਦਾਂ ਕਿ ਇਨ੍ਹਾਂ ਵਿਗਿਆਨਕ ਕਾਰਕੁਨਾਂ ਦੀ ਕਾਰ ਪਿੰਡ ਦੇ ਨਜ਼ਦੀਕ ਇਕ ਛੋਟੀ ਜਿਹੀ ਨਦੀ ਵਿਚ ਫਸ ਗਈ। ਵਿਗਿਆਨੀ ਉਹਨੂੰ ਅਗਾਂਹ ਪਿਛਾਂਹ ਧੱਕਦੇ ਰਹੇ, ਪਰ ਕਾਰ ਨੂੰ ਨਦੀ ਵਿਚੋਂ ਕੱਢ ਨਹੀਂ ਸਕੇ।
ਉਸ ਵੇਲੇ ਉਸਮਾਨ ਆਪਣੇ ਘਰ ਦੀ ਛੱਤ ਉਤੇ ਬੈਠਾ ਸੀ। ਉਸਨੇ ਵੇਖਿਆ ਕਿ ਕਿਵੇਂ ਉਹ ਲਾਚਾਰ ਲੋਕ ਪਰੇਸ਼ਾਨ ਹੁੰਦੇ ਹੋਏ ਕਾਰ ਦੇ ਆਸੇ ਪਾਸੇ ਕੁਝ ਕਰ ਰਹੇ ਹਨ। ਉਹ ਹੇਠਾਂ ਉਤਰਿਆ ਅਤੇ ਮਹਾਂਬਲੀ ਵਾਲੀ ਹੌਲੀ ਹੌਲੀ ਚਾਲ ਨਾਲ ਉਨ੍ਹਾਂ ਦੇ ਕੋਲ ਗਿਆ। ਉਸਨੇ, ਮਿੱਟੀ ਦੇ ਚਿਕਨਾਹਟ ਵਾਲੇ ਪਿਆਲੇ ਵਿਚੋਂ ਬਾਹਰ ਨਿਕਲਣ ਵਿਚ ਅਸਮਰੱਥ ਬੀਂਡੇ ਵਾਂਗ ਫਸੀ ਕਾਰ ਉਤਾਂਹ ਚੁੱਕੀ ਅਤੇ ਕੰਢੇ ਉਤੇ ਲਿਆ ਰੱਖੀ।
ਵਿਗਿਆਨੀ ਆਪੋ ਵਿਚ ਖੁਸਰ ਫੁਸਰ ਅਤੇ ਕਾਨਾਫੂਸੀ ਕਰਨ ਲੱਗੇ ਕਿ ਕਿਤੇ ਹਿਮ-ਮਾਨਵ ਹੀ ਤਾਂ ਉਨ੍ਹਾਂ ਦੀ ਮਦਦ ਵਾਸਤੇ ਨਹੀਂ ਆ ਗਿਆ? ਪਰ ਉਸਮਾਨ ਉਨ੍ਹਾਂ ਦੀ ਗੱਲਬਾਤ ਸਮਝ ਗਿਆ ਅਤੇ ਬੋਲਿਆ-
“ਫਜ਼ੂਲ ਹੀ ਤੁਸੀਂ ਉਹਨੂੰ ਇੱਥੇ ਲੱਭਦੇ ਫਿਰਦੇ ਓ। ਅਸੀਂ ਪਹਾੜੀ ਲੋਕ ਬਰਫ਼ ਦੇ ਨਹੀਂ ਸਗੋਂ ਅੱਗ ਦੇ ਬਣੇ ਹੋਏ ਆਂ। ਜੇ ਮੇਰੇ ਅੰਦਰ ਅੱਗ ਨਾ ਹੁੰਦੀ ਤਾਂ ਤੁਹਾਡੀ ਕਾਰ ਨੂੰ ਮੈਂ ਚਿੱਕੜ ਵਿਚੋਂ ਬਾਹਰ ਕਿਵੇਂ ਕੱਢ ਲਿਆਉਂਦਾ?”
ਇਸ ਤੋਂ ਬਾਅਦ ਉਸਨੇ ਬੜੀ ਤਸੱਲੀ ਨਾਲ ਸਿਗਰਟ ਵਲ੍ਹੇਟੀ, ਆਰਾਮ ਨਾਲ ਚਕਮਕ ਕੱਢਿਆ, ਉਸ ਨਾਲ ਚਿੰਗਿਆੜੀ ਪੈਦਾ ਕਰਕੇ ਸਿਗਰਟ ਬਾਲੀ ਅਤੇ ਮੂੰਹ ਵਿਚੋਂ ਧੂੰਏਂ ਦਾ ਬੱਦਲ ਕੱਢਿਆ। ਫਿਰ ਧੂੰਏਂ ਦੇ ਨਾਲ ਹੀ ਉਸਮਾਨ ਦੀ ਚੌੜੀ ਛਾਤੀ ਵਿਚੋਂ ਬੱਦਲ ਦੀ ਗਰਜ ਜਿਹਾ ਠਹਾਕਾ ਗੂੰਜ ਉੱਠਿਆ। ਪਹਾੜਾਂ ਵਿਚ ਚਟਾਨ ਦੇ ਟੁਕੜੇ ਡਿੱਗਣ ਤੇ ਇਹੋ ਜਿਹੀ ਆਵਾਜ਼ ਹੁੰਦੀ ਹੈ, ਪੱਥਰਾਂ ਨੂੰ ਰੋੜ੍ਹਦਾ ਹੋਇਆ ਪਾਣੀ ਇਹੋ ਸ਼ੋਰ ਪੈਦਾ ਕਰਦਾ ਹੈ, ਪਹਾੜਾਂ ਨੂੰ ਝੰਜੋੜਦਾ ਹੋਇਆ ਭੂਚਾਲ ਇਹੋ ਜਿਹੀ ਹੀ ਗਰਜ ਪੈਦਾ ਕਰਦਾ ਹੈ।
ਇਸ ਕਿੱਸੇ ਨੂੰ ਸੁਣ ਕੇ ਅਬੂਤਾਲਿਬ ਨੇ ਨਾਲ ਏਨਾ ਕਹਿ ਦਿੱਤਾ- “ ਇਹੋ ਜਿਹੇ ਫਜ਼ੂਲ ਦੇ ਕੰਮਾਂ ਵਿਚ ਉਲਝਣ ਵਾਲੇ ਲੋਕਾਂ ਦੀਆਂ ਕਾਰਾਂ ਚਿੱਕੜ ਵਿਚ ਫਸਣੋਂ ਨਹੀਂ ਰਹਿ ਸਕਦੀਆਂ।”
ਮੈਂ ਰੌਸ਼ਨੀਆਂ ਦੇ ਤਿਉਹਾਰ ਦਿਵਾਲੀ ਦੇ ਮੌਕੇ ਭਾਰਤ ਗਿਆ ਸੀ। ਕਿੰਨੀ ਚੰਗੀ ਗੱਲ ਹੈ ਕਿ ਲੋਕਾਂ ਦੇ ਇਹੋ ਜਿਹੇ ਪੁਰਬ-ਤਿਉਹਾਰ ਵੀ ਹਨ। ਮੈਨੂੰ ਉੱਥੇ ਬਲਦਾ ਹੋਇਆ ਦੀਵਾ ਭੇਟ ਕੀਤਾ ਗਿਆ ਅਤੇ ਮੈਂ ਉਹਨੂੰ ਆਪਣੇ ਪਹਾੜੀ-ਖੇਤਰ ਲਈ ਦੂਰ ਦੁਰਾਡੇ ਦੇ ਦੇਸ਼ ਦੇ ਸਲਾਮ ਵਜੋਂ ਆਪਣੇ ਨਾਲ ਲੈ ਆਇਆ। ਰੂਸੀ ਅਤੇ ਸਾਡੀਆਂ ਕਈ ਹੋਰ ਬੋਲੀਆਂ ਵਿਚ ਅਸੀਂ ਅਕਸਰ ਕਹਿਦੇ ਹਾਂ- “ਦਗਦਾ ਹੋਇਆ ਸਲਾਮ! ਉਨ੍ਹਾਂ ਨੂੰ ਦਗਦਾ ਹੋਇਆ ਸਲਾਮ ਕਰੋ।” ਸ਼ਾਇਦ ਕਦੇ ਇਹੋ ਜਿਹਾ ਵਕਤ ਵੀ ਹੁੰਦਾ ਹੋਵੇਗਾ ਜਦੋਂ ਸਲਾਮ ਲਈ ਸ਼ਬਦ ਦੀ ਬਿਜਾਏ ਅੱਗ, ਜਵਾਲਾ ਜਾਂ ਮਸ਼ਾਲ ਭੇਜੀ ਜਾਂਦੀ ਹੋਵੇਗੀ। ਸ਼ਾਂਤੀ ਭਰੀ ਜਵਾਲਾ। ਭਸਮ ਕਰਨ ਵਾਲੀ ਅੱਗ ਅਤੇ ਲੜਾਈ ਦੀ ਜਵਾਲਾ ਨਹੀਂ ਸਗੋਂ ਚੁੱਲ੍ਹੇ ਦੀ ਅੱਗ, ਨਿੱਘ ਅਤੇ ਰੌਸ਼ਨੀ ਦੀ ਅੱਗ।
ਸਾਡੇ ਵੱਲ ਏਧਰ ਇਕ ਪਰੰਪਰਾ ਹੈ – ਸਿਆਲ ਦੇ ਪਹਿਲੇ ਦਿਨ ਦੀ ਸ਼ਾਮ ਨੂੰ (ਕਦੇ ਕਦੇ ਬਸੰਤ ਦੇ ਪਹਿਲੇ ਦਿਨ ਦੀ ਸ਼ਾਮ ਨੂੰ ਵੀ) ਪਹਾੜੀ ਪਿੰਡਾਂ ਵਿਚ ਚੱਟਾਨਾਂ ਉਤੇ ਸਲਾਮ ਵਜੋਂ ਭਾਂਬੜ ਬਾਲੇ ਜਾਂਦੇ ਹਨ। ਹਰ ਪਿੰਡ ਇਕ ਭਾਂਬੜ ਬਾਲਦਾ ਹੈ। ਇਹ ਭਾਂਬੜ ਦੂਰ ਦੂਰ ਤਕ ਦਿਸਦੇ ਹਨ। ਖੱਡਾਂ, ਖਾਈਆਂ ਅਤੇ ਚੱਟਾਨਾਂ ਦੇ ਵਿਚੋਂ ਦੀ ਪਿੰਡ ਇਕ ਦੂਜੇ ਨੂੰ ਸਿਆਲ ਜਾਂ ਬਸੰਤ ਦੇ ਆਗਮਨ ਦੀ ਵਧਾਈ ਦਿੰਦੇ ਹਨ। ਅਗਨ ਰੂਪੀ ਸਲਾਮ, ਅਗਨ ਰੂਪੀ ਸ਼ੁੱਭ-ਕਾਮਨਾਵਾਂ ਭੇਜਦੇ ਹਨ। ਖੁਦ ਮੈਂ ਵੀ ਆਪਣੇ ਤਸਾਦਾ ਪਿੰਡ ਦੇ ਉੱਪਰ ਖੜੀ ਖਾਮੀਰਖੋ ਚੱਟਾਨ ਉਤੇ ਅਨੇਕ ਵਾਰ ਇਹੋ ਜਿਹੇ ਭਾਂਬੜ ਬਾਲੇ ਹਨ।
ਇਹ ਸੰਜੋਗ ਦੀ ਗੱਲ ਨਹੀਂ ਕਿ ਦਾਗਿਸਤਾਨ ਦੇ ਪਹਿਲੇ ਕਾਰਖਾਨੇ ਨੂੰ “ਦਾਗਿਸਤਾਨ ਦਾ ਚਿਰਾਗ਼” ਨਾਂਅ ਦਿੱਤਾ ਗਿਆ। ਹੁਣ ਭਾਂਬੜ ਤੋਂ ਇਲਾਵਾ ਅਨੇਕਾਂ ਹੋਰ ਰੌਸ਼ਨੀ ਦੇ ਨਵੇਂ ਸਾਧਨ ਸਾਹਮਣੇ ਆ ਗਏ ਨੇ। ਬਿਜਲੀ ਦੇ ਖੰਭੇ ਉਤੇ ਪੰਛੀ ਉਸੇ ਤਰ੍ਹਾਂ ਹੀ ਸਹਿਜ ਢੰਗ ਨਾਲ ਬਹਿੰਦੇ ਨੇ ਜਿਵੇਂ ਰੁੱਖਾਂ ਉਤੇ। ਚੱਟਾਨਾਂ ਦੇ ਉੱਪਰ ਬਲਦੀਆਂ ਬਿਜਲੀ ਦੀਆਂ ਬੱਤੀਆਂ ਤੋਂ ਕਬੂਤਰ ਭੋਰਾ ਨਹੀਂ ਡਰਦੇ।
ਇਕ ਵਾਰ ਮੈਂ ਕਾਸਪੀ ਸਾਗਰ ਨੂੰ ਬਲਦਿਆਂ ਹੋਇਆ ਵੇਖਿਆ। ਪੂਰੇ ਇਕ ਹਫਤੇ ਤਕ ਲਹਿਰਾਂ ਬੁਝਾ ਨਹੀਂ ਸਕੀਆਂ। ਇਹ ਇਜ਼ਬੇਰਬਾਸ਼ ਸ਼ਹਿਰ ਦੇ ਨੇੜੇ ਦੀ ਗੱਲ ਹੈ। ਆਖਰ ਜਦੋਂ ਅੱਗ ਬੁੱਝਣ ਲੱਗੀ ਅਤੇ ਹੌਲੀ ਹੌਲੀ ਬੁੱਝ ਗਈ ਤਾਂ ਉਹਨੇ ਡੁੱਬਦੇ ਹੋਏ ਜਹਾਜ਼ ਦੀ ਯਾਦ ਤਾਜ਼ਾ ਕਰ ਦਿੱਤੀ।
ਸਮੁੰਦਰ ਦੀ ਅੱਗ ਬੁੱਝ ਸਕਦੀ ਹੈ, ਪਰ ਦਾਗਿਸਤਾਨ ਦੇ ਦਿਲ ਵਿਚ ਭਬਕਦੀ ਹੋਈ ਅੱਗ ਕਦੇ ਨਹੀਂ ਬੁੱਝ ਸਕਦੀ। ਕੀ ਆਦਮੀ ਦੇ ਦਿਲ ਵਿਚ ਭਬਕਦੀ ਹੋਈ ਅੱਗ ਪਾਣੀ ਤੋਂ ਡਰਦੀ ਹੈ? ਉਹ ਤਾਂ ਪਾਣੀ ਨੂੰ ਢੂੰਡਦੀ ਹੈ, ਪਾਣੀ ਮੰਗਦੀ ਹੈ। ਅੰਦਰਲੀ ਅੱਗ ਨਾਲ ਸੁੱਕਣ, ਫਟਣ, ਦਗਣ ਅਤੇ ਸੜਨ ਵਾਲੇ ਬੁੱਲ੍ਹ ਕੀ ਇਹ ਨਹੀਂ ਬੁੜਬੁੜਾਉਂਦੇ- “ਪਾਣੀ, ਪਾਣੀ।”
ਇਸਦਾ ਮਤਲਬ ਹੈ ਕਿ ਪਾਣੀ ਅਤੇ ਅੱਗ ਦੇ ਵਿਚਕਾਰ ਸੱਗੀ ਨਾਲ ਪਰਾਂਦੇ ਜਿਹੀ ਸਾਂਝ ਹੈ।
ਮੇਰੇ ਮਾਤਾ ਜੀ ਕਿਹਾ ਕਰਦੇ ਸਨ ਕਿ ਚੁੱਲ੍ਹਾ ਘਰ ਦਾ ਦਿਲ ਅਤੇ ਚਸ਼ਮਾ ਪਿੰਡ ਦਾ ਦਿਲ ਹੈ।
ਪਹਾੜਾਂ ਨੂੰ ਅੱਗ ਚਾਹੀਦੀ ਹੈ ਅਤੇ ਘਾਟੀਆਂ ਨੂੰ ਪਾਣੀ। ਦਾਗਿਸਤਾਨ – ਇੱਥੇ ਤਾਂ ਪਹਾੜ ਵੀ ਹਨ ਅਤੇ ਘਾਟੀਆਂ ਵੀ, ਇਹਨਾਂ ਨੂੰ ਅੱਗ ਵੀ ਚਾਹੀਦੀ ਹੈ ਅਤੇ ਪਾਣੀ दी।
ਜੇ ਕੋਈ ਆਦਮੀ ਸਫ਼ਰ ਲਈ ਨਿਕਲਣ ਵੇਲੇ ਜਾਂ ਮੁੜਨ ਵੇਲੇ ਪਿੰਡ ਦੇ ਕਿਨਾਰੇ ਤੇ ਇਕ ਦਰਪਣ ਵਾਂਗ ਚਸ਼ਮੇ ਵਿਚ ਝਾਕ ਲੈਂਦਾ ਹੈ ਤਾਂ ਇਸਦਾ ਅਰਥ ਹੈ ਕਿ ਇਸ ਵਿਅਕਤੀ ਦੇ ਹਿਰਦੇ ਵਿਚ ਪਿਆਰ ਹੈ, ਅੱਗ ਹੈ। ਪਹਾੜੀ ਲੋਕ ਇੰਜ ਮੰਨਦੇ ਹਨ।
ਪਰੰਤੂ ਕੀ ਸਾਰਾ ਦਾਗਿਸਤਾਨ ਹੀ ਕਾਸਪੀ ਸਾਗਰ ਦੇ ਉਜਲੇ ਦਰਪਣ ਵਿਚ ਆਪਣੇ ਆਪ ਨੂੰ ਨਹੀਂ ਵੇਖਦਾ? ਕੀ ਉਹ ਹੁਣੇ ਹੁਣੇ ਪਾਣੀ ਵਿਚੋਂ ਬਾਹਰ ਆਉਣ ਵਾਲੇ ਸੁੱਘੜ-ਸੁਡੌਲ ਅਤੇ ਜੋਸ਼ੀਲੇ ਗੱਭਰੂ ਜਿਹਾ ਨਹੀਂ?
ਮੇਰਾ ਦਾਗਿਸਤਾਨ ਕਾਸਪੀ ਸਾਗਰ ਦੇ ਉਤੇ ਇੰਜ ਝੁਕਿਆ ਹੋਇਆ ਹੈ ਜਿਵੇਂ ਪਹਾੜੀ ਆਦਮੀ ਚਸ਼ਮੇ ਉਤੇ। ਉਹ ਆਪਣੀ ਪੌਸ਼ਾਕ ਠੀਕ-ਠਾਕ ਕਰਦਾ ਹੈ, ਮੁੱਛਾਂ ਨੂੰ ਤਾਅ ਦਿੰਦਾ ਹੈ।
ਪਹਾੜੀ ਲੋਕ ਇਕ ਬਦਦੁਆ ਦਿੰਦੇ ਹਨ-“ਜਿਹੜਾ ਬੰਦਾ ਚਸ਼ਮੇ ਨੂੰ ਗੰਦਾ ਕਰਦੈ, ਉਹਦਾ ਘੋੜਾ ਮਰ ਜੇ।” ਇਕ ਹੋਰ ਸਰਾਪ ਇੰਜ ਹੈ- ਤੇਰੇ ਘਰ ਦੇ ਨੇੜੇ ਤੇੜਿਓਂ ਸਾਰੇ ਚਸ਼ਮੇ ਸੁੱਕ ਜਾਣ।” ਪਰਸ਼ੰਸਾ ਕਰਦਿਆਂ ਹੋਇਆਂ ਪਹਾੜੀਏ ਕਹਿੰਦੇ ਹਨ—“ਸ਼ਾਇਦ ਇਸ ਪਿੰਡ ਦੇ ਵਾਸੀ ਚੰਗੇ ਨੇ-ਇੱਥੇ ਚਸ਼ਮਾ ਤੇ ਕਬਰਸਤਾਨ ਚੰਗੀ ਹਾਲਤ ਵਿਚ ਨੇ, ਸਾਫ-ਸੁਥਰੇ ਨੇ।”
ਸਾਡੇ ਇੱਥੇ ਸ਼ਹੀਦ ਹੋਏ ਲੋਕਾਂ ਦੇ ਮਾਣ ਵਿਚ ਅਨੇਕ ਚਸ਼ਮੇ ਅਤੇ ਖੂਹ ਪੁੱਟੇ ਗਏ ਹਨ, ਉਨ੍ਹਾਂ ਦੇ ਨਾਂਅ ਵੀ ਰੱਖੇ ਗਏ ਹਨ-ਅਲੀ ਦਾ ਚਸ਼ਮਾ, ਓਮਾਰ ਦਾ ਚਸ਼ਮਾ, ਹਾਜੀ- ਮੁਰਾਤ ਦਾ ਖੂਹ, ਮਹਿਮੂਦ ਦਾ ਚਸ਼ਮਾ।
ਮੁਟਿਆਰਾਂ ਜਦੋਂ ਮੋਢਿਆਂ ਤੇ ਘੜੇ ਰੱਖ ਕੇ ਚਸ਼ਮਿਆਂ ਵੱਲ ਜਾਂਦੀਆਂ ਨੇ ਤਾਂ ਗੱਭਰੂ ਵੀ ਉਨ੍ਹਾਂ ਨੂੰ ਵੇਖਣ ਅਤੇ ਆਪਣੀ ਲਾੜੀ ਚੁਣਨ ਦੀ ਖਾਤਰ ਇੱਥੇ ਆਉਂਦੇ ਨੇ। ਪਤਾ ਨਹੀਂ ਕਿੰਨੀਆਂ ਪਰੇਮ-ਭਾਵਨਾਵਾਂ ਜਾਗੀਆਂ ਨੇ ਇਨ੍ਹਾਂ ਚਸ਼ਮਿਆਂ ਕੋਲ, ਪਤਾ ਨਹੀਂ ਭਵਿੱਖ ਦੇ ਕਿੰਨੇ ਪਰਿਵਾਰਾਂ ਦੇ ਵਿਆਹ ਅਤੇ ਰਿਸ਼ਤਿਆਂ ਦੀਆਂ ਗੰਢਾਂ ਇੱਥੇ ਬੱਝੀਆਂ ते।
ਤੈਨੂੰ ਨਹੀਂ ਪਤਾ, ਕਿ ਇਹ ਗੀਤ, ਕਿਹਦੇ ਲਈ ਰਚਿਆ ਹੈ?
ਆ, ਖੁਦ ਚਸ਼ਮੇ ਤੇ ਆਕੇ ਵੇਖ, ਕੌਣ ਗੀਤ ਵਿਚ ਛੁਪਿਆ ਹੈ। ਸਾਡੇ ਸ਼ਾਇਰ ਮਹਿਮੂਦ ਨੇ ਇਸ ਤਰ੍ਹਾਂ ਲਿਖਿਆ ਹੈ। ਇਕ ਵਾਰ ਪਰਬਤ ਵਲ ਜਾਂਦਿਆਂ ਹੋਇਆਂ ਮੈਂ ਗੋਤਸਾਤਲ ਪਿੰਡ ਦੇ ਚਸ਼ਮੇ ਕੋਲ ਰੁਕਿਆ। ਮੈਂ ਕੀ ਵੇਖਿਆ ਕਿ ਇਕ ਰਾਹੀ ਚਸ਼ਮੇ ਉਤੇ ਝੁਕਿਆ ਹੋਇਆ ਬੁੱਕ ਭਰ ਭਰ ਕੇ ਨਿਰਮਲ ਜਲ ਪੀ ਰਿਹਾ ਹੈ ਅਤੇ ਕਹਿੰਦਾ ਜਾ ਰਿਹਾ ਹੈ—
“ਵਾਹ, ਸੁਆਦ ਆ ਗਿਆ!”
“ਗਲਾਸ ਲੈ ਲਓ,” ਮੈਂ ਪੇਸ਼ਕਸ਼ ਕੀਤੀ
“ਮੈਂ ਦਸਤਾਨੇ ਪਾ ਕੇ ਰੋਟੀ ਨਹੀਂ ਖਾਂਦਾ, ” ਰਾਹੀ ਨੇ ਜਵਾਬ ਦਿੱਤਾ।
ਪਿਤਾ ਜੀ ਨੂੰ ਇਹ ਕਹਿਣਾ ਚੰਗਾ ਲੱਗਦਾ ਸੀ-ਬਾਰਿਸ਼ ਅਤੇ ਨਦੀ ਦੇ ਸ਼ੋਰ ਤੋਂ ਵੱਧ ਮਧੁਰ ਹੋਰ ਸੰਗੀਤ ਨਹੀਂ ਹੁੰਦਾ। ਵਹਿੰਦੇ ਪਾਣੀ ਦੀ ਕਲ ਕਲ ਸੁਣਦਿਆਂ ਅਤੇ ਉਹਨੂੰ ਵੇਖਦਿਆਂ ਹੋਇਆਂ ਕਦੇ ਜੀਅ ਨਹੀਂ ਭਰਦਾ।
ਬਸੰਤ ਵਿਚ ਜਦੋਂ ਪਹਾੜਾਂ ਵਿਚ ਬਰਫ਼ ਪਿਘਲਣ ਲੱਗਦੀ ਸੀ ਤਾਂ ਮੇਰੇ ਮਾਤਾ ਜੀ ਘਾਟੀ ਵਿਚ ਤੇਜ਼ ਤੇਜ਼ ਵਹਿੰਦੀਆਂ ਆਉਂਦੀਆਂ ਪਾਣੀ ਦੀਆਂ ਧਾਰਾਵਾਂ ਨੂੰ ਘੰਟਿਆਂ- ਬੱਧੀ ਵੇਖਦੇ ਰਹਿ ਸਕਦੇ ਸਨ। ਉਹ ਤਾਂ ਸਿਆਲ ਵਿਚ ਵੀ ਲੱਕੜੀ ਦੇ ਪੀਪੇ ਬਣਾਉਣ ਲੱਗ ਪੈਂਦੇ ਸਨ ਤਾਂ ਕਿ ਗਰਮੀਆਂ ਵਿਚ ਉਨ੍ਹਾਂ ਨੂੰ ਪਾੜਛਿਆਂ ਹੇਠਾਂ ਰੱਖ ਕੇ ਮੀਂਹ ਦਾ ਪਾਣੀ ਇਕੱਠਾ ਕੀਤਾ ਜਾ ਸਕੇ।
ਮੇਰਾ ਸਭ ਤੋਂ ਪਿਆਰਾ ਸ਼ੌਕ ਤਾਂ ਮੀਂਹ ਦੇ ਪਾਣੀ ਨਾਲ ਭਰੀਆਂ ਛੱਪੜੀਆਂ ਵਿਚ ਨੰਗੇ ਪੈਰੀਂ ਛਪ ਛਪ ਕਰਦੇ ਫਿਰਨਾ ਸੀ। ਮੀਂਹ ਤੋਂ ਜ਼ਰਾ ਵੀ ਡਰੇ ਬਿਨਾਂ ਅਸੀਂ ਪਾਣੀ ਦੀਆਂ ਧਾਰਾਵਾਂ ਨੂੰ ਰੋਕਣ ਵਾਲੇ ਬੰਨ੍ਹ ਖੜ੍ਹੇ ਕਰਦੇ ਅਤੇ ਇਸ ਤਰ੍ਹਾਂ ਛੋਟੇ ਛੋਟੇ ਤਲਾਅ ਬਣ ਜਾਂਦੇ ਸਨ।
ਮੈਂ ਕਲਪਨਾ ਕਰ ਸਕਦਾ ਹਾਂ ਕਿ ਪਰਿੰਦੇ ਜਦੋਂ ਪਥਰੀਲੇ ਪਿਆਲਿਆਂ ਵਿਚੋਂ ਪਾਣੀ ਪੀਂਦੇ ਹਨ ਤਾਂ ਉਨ੍ਹਾਂ ਨੂੰ ਕਿਹੋ ਜਿਹਾ ਆਨੰਦ ਪਰਾਪਤ ਹੁੰਦਾ ਹੋਵੇਗਾ।
ਸ਼ਾਮੀਲ ਆਪਣੇ ਸੂਰਮਿਆਂ ਨੂੰ ਕਹਿੰਦਾ ਹੁੰਦਾ ਸੀ- “ਇਹ ਕੋਈ ਗੱਲ ਨਹੀਂ ਪਈ ਦੁਸ਼ਮਣ ਨੇ ਸਾਡੇ ਸਾਰੇ ਪਿੰਡ, ਸਾਡੇ ਸਾਰੇ ਖੇਤਾਂ ਉਤੇ ਕਬਜ਼ਾ ਕਰ ਲਿਐ। ਪਰ ਚਸ਼ਮਾ ਤਾਂ ਅਜੇ ਸਾਡੇ ਕੋਲ ਹੈਗੇ, ਅਸੀਂ ਜਿੱਤਾਂਗੇ।”
ਦੁਸ਼ਮਣਾਂ ਦਾ ਹਮਲਾ ਹੋਣ ਵੇਲੇ ਕਠੋਰ ਇਮਾਮ ਸ਼ਾਮੀਲ ਸਭ ਤੋਂ ਪਹਿਲਾਂ ਤਾਂ ਪਿੰਡ ਦੇ ਚਸ਼ਮੇ ਦੀ ਰਖਵਾਲੀ ਕਰਨ ਦਾ ਹੁਕਮ ਦਿੰਦਾ ਸੀ। ਜਦੋਂ ਖੁਦ ਦੁਸ਼ਮਣ ਉੱਤੇ ਹਮਲਾ ਕਰਦਾ ਸੀ ਤਾਂ ਸਭ ਤੋਂ ਪਹਿਲਾਂ ਪਿੰਡ ਦੇ ਚਸ਼ਮੇ ਉਤੇ ਕਬਜ਼ਾ ਕਰਨ ਦਾ ਹੁਕਮ ਦਿੰਦਾ ਸੀ।
ਪੁਰਾਣੇ ਵਕਤਾਂ ਵਿਚ ਜੇ ਕੋਈ ਬੰਦਾ ਆਪਣੇ ਜਾਨੀ ਦੁਸ਼ਮਣ ਨੂੰ ਨਦੀ ਵਿਚ ਨਹਾਉਂਦਿਆਂ ਵੇਖ ਲੈਂਦਾ ਸੀ ਤਾਂ ਉਹਦੇ ਪਾਣੀ ਵਿਚੋਂ ਬਾਹਰ ਆ ਜਾਣ ਅਤੇ ਆਪਣੇ ਹਥਿਆਰ ਕਸ ਲੈਣ ਤੋਂ ਪਹਿਲਾਂ ਕਦੇ ਵੀ ਉਹਦੇ ਉਤੇ ਵਾਰ ਨਹੀਂ ਕਰਦਾ ਸੀ।
ਪਰੰਤੂ ਮੈਨੂੰ ਅਕਸਰ ਹੀ ਇਕ ਬਹੁਤ ਜ਼ਿਆਦਾ ਸ਼ਾਂਤੀ-ਭਰੀ ਰਵਾਇਤ ਯਾਦ ਆਉਂਦੀ ਹੈ ਅਤੇ ਉਹਦਾ ਸਬੰਧ ਵੀ ਪਾਣੀ ਨਾਲ ਹੈ। ਇਸਨੂੰ “ਨੰਨ੍ਹਾ ਬਾਰਿਸ਼ੀ ਗਧਾ” ਕਿਹਾ ਜਾਂਦਾ ਹੈ।
“ਦਾਗਿਸਤਾਨ ਘਾਟੀ ਦੀ ਬਲਦੀ ਦੁਪਹਿਰ ਵਿਚ”* -ਇਹ ਐਵੇਂ ਹੀ ਨਹੀਂ ਕਿਹਾ ਗਿਆ। ਦੁਪਹਿਰ ਦੀ ਗਰਮੀ ਸਾਡੇ ਇੱਥੇ ਬੜੀ ਭਿਆਨਕ ਅਤੇ ਸਭ ਕੁਝ ਸੁਕਾ ਦੇਣ ਵਾਲੀ ਹੁੰਦੀ ਹੈ। ਗਰਮੀ ਵਿਚ ਧਰਤੀ ਫਟ ਜਾਂਦੀ ਹੈ, ਚੱਟਾਨਾਂ ਵਲੋਂ ਧੂ ਧੂ ਕਰਦੀ ਭੱਠੀ ਵਾਂਗ ਗਰਮ ਹਵਾ ਦੀਆਂ ਲਹਿਰਾਂ ਆਉਂਦੀਆਂ ਹਨ। ਰੁੱਖਾਂ ਦੀਆਂ ਟਹਿਣੀਆਂ ਝੁਕ ਜਾਂਦੀਆਂ ਹਨ। ਖੇਤ ਸੁਕ ਜਾਂਦੇ ਹਨ। ਸਭ ਕੁਝ-ਰੁੱਖ-ਬੂਟੇ, ਪੰਛੀ, ਭੇਡਾਂ ਅਤੇ ਯਕੀਨਨ ਲੋਕ ਵੀ ਆਸਮਾਨ ਦੇ ਪਾਣੀ ਯਾਨੀ ਬਾਰਿਸ਼ ਲਈ ਤਰਸਦੇ ਹਨ। ਉਸ ਸਮੇਂ ਪਿੰਡ ਦੇ ਕਿਸੇ ਛੋਹਰ ਨੂੰ ਫੜ ਕੇ ਧੁੱਪ ਵਿਚ ਮੁਰਝਾਏ ਤਰ੍ਹਾਂ ਤਰ੍ਹਾਂ ਦੇ ਘਾਹ ਦੀ ਪੋਸ਼ਾਕ ਪੁਆ ਕੇ ਰੈੱਡ ਇੰਡੀਅਨ ਜਿਹਾ ਬਣਾ ਦਿੰਦੇ ਹਨ। ਇਹੀ ਹੈ “ਨੰਨ੍ਹਾ ਬਾਰਿਸ਼ੀ ਗਧਾ”, ਉਸੇ ਮੁੰਡੇ ਜਿਹੇ ਬਾਕੀ ਮੁੰਡੇ ਉਹਨੂੰ ਰੱਸੀ ਨਾਲ ਬੰਨ੍ਹ ਕੇ ਪਿੰਡ ਵਿਚ ਘੁੰਮਾਉਂਦੇ ਹਨ ਅਤੇ ਇਹ ਭਜਨ ਜਾਂ ਪਰਾਰਥਨਾ-ਗੀਤ ਗਾਉਂਦੇ ਹਨ-
“ਅੱਲ੍ਹਾ, ਅੱਲ੍ਹਾ, ਛੇਤੀ ਛੇਤੀ ਬਾਰਿਸ਼ ਦੇਹ ਧਰਤੀਓਂ ਅੰਬਰ ਤਾਈਂ ਸਾਰੇ, ਪਾਣੀ ਹੀ ਕਰ ਦੇਹ! ਪਾੜਛਿਆਂ ਵਿਚ ਬਾਰਿਸ਼, ਜਲ ਦਾ ਸ਼ੋਰ ਮਚੇ ਰੱਬਾ ਰੱਬਾ ਮੀਂਹ ਵਰ੍ਹਾ, ਇਹੀਓ ਹਰ ਕੋਈ ਪਿਆ ਕਹੇ! ਬੱਦਲ ਅਤੇ ਘਟਾਓ, ਅੰਬਰ ਤੇ ਛਾ ਜਾਓ ਪਾਣੀ ਦੀਆਂ ਬਣ ਨਦੀਆਂ ਜ਼ਿੰਮੀ ‘ਤੇ ਆ ਜਾਓ। ਪਿਆਰੀ ਪਿਆਰੀ ਸਾਰੀ ਧਰਤੀ ਧੁਪ ਜਾਏ ਖੇਤਾਂ ਵਿਚ ਮੁੜ ਕੇ ਹਰਿਆਲੀ ਛਾ ਜਾਏ।
ਪਿੰਡ ਦੇ ਬਾਲਗ ਲੋਕ ਬਾਹਰ ਗਲੀ ਵਿਚ ਆ ਜਾਂਦੇ ਹਨ, “ਨੰਨ੍ਹੇ ਬਾਰਿਸ਼ੀ ਗਧੇ” ਉਤੇ ਘੜੇ ਜਾਂ ਚਿਲਮਚੀ ਨਾਲ ਪਾਣੀ ਪਾਉਂਦੇ ਹਨ ਅਤੇ ਬੱਚਿਆਂ ਦੇ ਉਸੇ ਗੀਤ ਨੂੰ ਦੁਹਰਾਉਂਦੇ ਹੋਏ “ਆਮੀਨ”। “ਆਮੀਨ”! ਕਹਿੰਦੇ ਹਨ।
ਇਕ ਵਾਰ ਮੈਂ ਵੀ “ਨੰਨ੍ਹਾ ਬਾਰਿਸ਼ੀ ਗਧਾ” ਬਣਿਆ ਸਾਂ । ਮੇਰੇ ਉਤੇ ਏਨਾ ਪਾਣੀ ਪਾਇਆ ਗਿਆ ਜਿਹੜਾ ਸਚਮੁਚ ਅੱਧੀ ਬਾਰਿਸ਼ ਜਿੰਨਾ ਹੋਵੇਗਾ।
ਪਰੰਤੂ ਅੱਲ੍ਹਾ ਜਾਂ ਆਸਮਾਨ ਸਾਡੇ ਇਹੋ ਜਿਹੇ ਗੀਤਾਂ ਨੂੰ ਬਹੁਤ ਘੱਟ ਸੁਣਦੇ ਸਨ। ਸੂਰਜ ਅੱਗ ਵਰ੍ਹਾਉਂਦਾ ਰਹਿੰਦਾ ਸੀ, ਉਹ ਸਾਡੇ ਦਾਗਿਸਤਾਨ ਉਤੇ ਜਾਣੋ ਗਰਮ ਲੋਹਾ ਫੇਰਦਾ ਰਹਿੰਦਾ ਸੀ। ਉਹ ਦੁੱਖ-ਕਸ਼ਟ ਦਿੰਦਾ ਸੀ । ਅਸੀਂ ਉਹਨੂੰ ਦੁਖਦਾਈ ਸੂਰਜ ਹੀ ਕਹਿੰਦੇ ਸਾਂ। ਸੈਂਕੜੇ, ਹਜ਼ਾਰਾਂ ਸਾਲਾਂ ਤਕ ਧਰਤੀ ਦੁਖਦਾਈ ਸੂਰਜ ਦੀ ਅੱਗ ਦੇ ਹੇਠਾਂ ਝੁਲਸਦੀ ਰਹੀ। ਜੇ ਯੂਰਪ ਨੂੰ ਧਿਆਨ ਵਿਚ ਰੱਖਿਆ ਜਾਏ ਤਾਂ ਸਭ ਤੋਂ ਜ਼ਿਆਦਾ ਧੁੱਪ ਵਾਲੇ ਦਿਨ ਦਾਗਿਸਤਾਨ ਦੇ ਗੁਨੀਬ ਪਿੰਡ ਦੇ ਹੀ ਹਿੱਸੇ ਆਉਂਦੇ ਹਨ। ਮੇਰਾ ਪਿੰਡ ਤਸਾਦਾ ਵੀ ਉਹਦੇ ਨਾਲੋਂ ਕੋਈ ਪਿੱਛੇ ਨਹੀਂ। ਬਾਕੀ ਪਿੰਡਾਂ ਦੇ ਬਾਰੇ ਵੀ ਇਹੀ ਕਿਹਾ ਜਾ ਸਕਦਾ ਹੈ। ਐਵੇਂ ਹੀ ਤਾਂ ਇਨ੍ਹਾਂ ਨੂੰ “ਪਾਣੀ ਦੇ ਤਿਹਾਏ” ਨਹੀਂ ਆਖਿਆ ਜਾਂਦਾ।
ਮੈਨੂੰ ਮਾਤਾ ਜੀ ਦਾ ਥੱਕਿਆ ਹੋਇਆ ਚਿਹਰਾ ਯਾਦ ਆਉਂਦਾ ਹੈ, ਜਦੋਂ ਉਹ ਪਾਣੀ ਨਾਲ ਭਰਿਆ ਹੋਇਆ ਘੜਾ ਪਿੱਠ ਤੇ ਲੱਦੀ ਅਤੇ ਗਾਗਰ ਹੱਥ ਵਿਚ ਫੜੀ ਹੋਏ ਮੁੜਦੇ ਸਨ। ਪਾਣੀ ਸਾਡੇ ਪਿੰਡੋਂ ਤਿੰਨ ਕਿਲੋਮੀਟਰ ਉਤੇ ਸੀ।
ਮੈਨੂੰ ਮਾਤਾ ਜੀ ਦਾ ਖੁਸ਼ੀ ਨਾਲ ਖਿੜਿਆ ਹੋਇਆ ਚਿਹਰਾ ਯਾਦ ਆਉਂਦਾ ਹੈ, ਜਦੋਂ ਮੀਂਹ ਵਰ੍ਹਦਾ ਸੀ, ਧਰਤੀ ਭਿੱਜ ਜਾਂਦੀ ਸੀ ਅਤੇ ਪਾੜਛਿਆਂ ਦੇ ਹੇਠਾਂ ਰੱਖੇ ਪੀਪਿਆਂ ਵਿਚ ਪਾਣੀ ਡਿੱਗਦਾ ਸੀ, ਉਹ ਪਾਣੀ ਨਾਲ ਭਰ ਜਾਂਦੇ ਸਨ ਅਤੇ ਉਨ੍ਹਾਂ ਦੇ ਕੰਢਿਆਂ ਤੋਂ ਪਾਣੀ ਛਲਕ ਕੇ ਬਾਹਰ ਡਿੱਗਣ ਲੱਗ ਪੈਂਦਾ ਸੀ।
ਮੈਨੂੰ ਯਾਦ ਆਉਂਦੀ ਹੈ ਆਪਣੇ ਪਿੰਡ ਦੀ ਕੁੱਬੀ ਹੋ ਚੁੱਕੀ ਬੁੱਢੀ ਹਬੀਬਾਤ ਦੀ। ਰੋਜ਼ ਸਵੇਰੇ ਮੋਢੇ ਉਤੇ ਕਹੀ ਰੱਖ ਕੇ ਉਹ ਪਿੰਡ ਦੀ ਹਦੂਦ ਤੋਂ ਪਰ੍ਹਾਂ ਜਾਂਦੀ ਸੀ ਅਤੇ ਇਧਰ ਉਧਰ ਜ਼ਮੀਨ ਪੁੱਟਣ ਲੱਗਦੀ ਸੀ। ਉਸਦੇ ਦਿਮਾਗ ਵਿਚ ਪਾਣੀ ਲੱਭਣ ਦਾ ਖਬਤ ਸੀ ਅਤੇ ਉਹ ਲਗਾਤਾਰ ਉਹਨੂੰ ਲੱਭਦੀ ਰਹਿੰਦੀ ਸੀ।
ਸਾਰੇ ਇਹ ਜਾਣਦੇ ਸਨ ਕਿ ਉਹ ਫਜ਼ੂਲ ਕੋਸ਼ਿਸ਼ ਕਰ ਰਹੀ ਹੈ ਪਰ ਕੋਈ ਵੀ ਉਹਨੂੰ ਕੁਝ ਨਹੀਂ ਸੀ ਕਹਿੰਦਾ। ਸਿਰਫ ਮੈਂ ਨਿਆਣੇ ਛੋਹਰ ਨੇ ਵੀ ਇਕ ਵਾਰ ਉਹਨੂੰ ਕਿਹਾ- “ਮਾਸੀ ਹਬੀਬਾਤ, ਤੁਸੀਂ ਐਵੇਂ ਫਜ਼ੂਲ ਮਿਹਨਤ ਕਰਦੇ ਰਹਿੰਦੇ ਓ, ਇੱਥੇ ਪਾਣੀ ਹੈ ਨਹੀਂ।”
ਇਸ ਗੱਲ ਉਤੇ ਮੇਰੇ ਪਿਤਾ ਜੀ ਮੇਰੇ ਤੇ ਬਹੁਤ ਗੁੱਸੇ ਹੋਏ।
“ ਪਰ ਉੱਥੇ ਤਾਂ ਪਾਣੀ ਹੈ ਈ ਨਹੀਂ।”
“ਇਉਂ ਵੀ ਹੁੰਦੈ ਪਈ ਲੋਕਾਂ ਕੋਲ ਰੋਟੀ ਨਹੀਂ ਹੁੰਦੀ। ਪਰ ਉਨ੍ਹਾਂ ਉਤੇ ਭਲਾ ਹੱਸਿਆ ਜਾਣਾ ਚਾਹੀਦੈ? ਮੇਰੇ ਬੇਟੇ, ਇਹ ਗੱਲ ਯਾਦ ਰੱਖ ਪਈ ਗਰੀਬੀ ਤੇ ਉਨ੍ਹਾਂ ਲੋਕਾਂ ਦੀ ਕਦੇ ਵੀ ਖਿੱਲੀ ਨਹੀਂ ਉਡਾਉਣੀ ਚਾਹੀਦੀ ਜਿਹੜੇ ਪਾਣੀ ਦੀ ਤਲਾਸ਼ ਕਰਦੇ ਨੇ।”
“ਪਰ ਤੁਸੀਂ ਖੁਦ ਹੀ ਇਸ ਬਾਰੇ ਇਕ ਮਜ਼ਾਕੀਆ ਕਵਿਤਾ ਲਿਖੀ ਸੀ ਪਈ ਇਨਕਵਾਚੂਲੀਨੀਆਂ ਨੇ ਇਸ ਮੰਤਵ ਨਾਲ ਪੁਲ ਨੂੰ ਲੰਮਾ ਕਰਨ ਦੀ ਕੋਸ਼ਿਸ਼ ਕੀਤੀ ਕਿਵੇਂ ਸੀ ਕਿ ਉਨ੍ਹਾਂ ਨੂੰ ਜ਼ਿਆਦਾ ਪਾਣੀ ਮਿਲ ਸਕੇ।”
“ਇਸ ਮਜ਼ਾਕ ਵਿਚ ਤਾਂ ਹੰਝੂ ਰਲੇ ਹੋਏ ਨੇ। ਜਵਾਨ ਲੋਕ ਇਹਨੂੰ ਨਹੀਂ ਸਮਝ ਸਕਦੇ। ਤੈਨੂੰ ਅਜ ਇਹ ਨਹੀਂ ਪਤਾ ਪਈ ਦਾਗਿਸਤਾਨ ਲਈ ਪਾਣੀ ਦੀ ਕੀ ਅਹਿਮੀਅਤ ਏ। ਤੂੰ ਸੋਚ, ਪਈ ਮਾਸੀ ਹਬੀਬਾਤ ਦੇ ਮਨ ਵਿਚ ਕਿੰਨੀ ਤੀਬਰ ਇੱਛਾ ਹੋਵੇਗੀ ਪਈ ਉਹ ਉਸ ਥਾਂ ਪਾਣੀ ਲੱਭਦੀ ਪਈ ਏ ਜਿਥੇ ਉਹ ਹੈ ਈ ਨਹੀਂ। ਪਰ ਖੈਰ, ਹੁਣ ਇਹੀ ਚੰਗਾ ਹੋਵੇਗਾ ਪਈ ਤੂੰ ਚੁਪ ਰਹਿ- ਬਾਰਿਸ਼ ਹੋਣ ਲੱਗੀ ਏ।”
ਇਸ ਸਮੇਂ ਸੱਚਮੁੱਚ ਹਲਕੀ ਹਲਕੀ, ਸਰਸਰਾਉਂਦੀ ਫੁਹਾਰ ਪੈਣ ਲੱਗ ਪਈ ਸੀ।
-ਕਿਉਂ ਤੁਸੀਂ ਖਾਮੋਸ਼ ਹੋ। ਤੜਕਿਓਂ ਹੀ, ਪੰਛੀਓ?
—ਹੋ ਰਹੀ ਏ ਬਾਰਿਸ਼, ਅਸੀਂ ਉਹਨੂੰ ਸੁਣ ਰਹੇ!
-ਕਿਉਂ ਤੁਸੀਂ ਖਾਮੋਸ਼ ਹੋ, ਸਭ ਸ਼ਾਇਰੋ, ਸਭ ਕਵੀਓ?
—ਹੋ ਰਹੀ ਏ ਬਾਰਿਸ਼, ਅਸੀਂ ਉਹਨੂੰ ਸੁਣ ਰਹੇ।
ਪਿਤਾ ਜੀ ਹਮੇਸ਼ਾ ਇਹ ਕਹਿੰਦੇ ਹੁੰਦੇ ਸਨ ਕਿ ਉਨ੍ਹਾਂ ਦੇ ਜੀਵਨ ਵਿਚ ਸਭ ਤੋਂ ਵਧ ਖੁਸ਼ੀ ਦਾ ਦਿਨ ਉਹ ਸੀ ਜਦੋਂ ਦੂਰ ਦੁਰਾਡੇ ਪਰਬਤ ਤੋਂ ਪਾਈਪਾਂ ਵਿਚ ਵਹਿੰਦਾ ਹੋਇਆ ਪਾਣੀ ਉਨ੍ਹਾਂ ਦੇ ਪਿੰਡ ਆਇਆ ਸੀ। ਇਸ ਤੋਂ ਪਹਿਲਾਂ ਪਿਤਾ ਜੀ ਹਰ ਰੋਜ਼ ਕਹੀ ਲੈ ਕੇ ਹੋਰ ਸਾਰੇ ਲੋਕਾਂ ਨਾਲ ਮਿਲ ਕੇ ਪਾਣੀ ਦੀ ਖਾਲ ਬਣਾਉਣ ਲਈ ਕੰਮ ਕਰਦੇ ਰਹਿੰਦੇ ਸਨ। ਸਾਡੇ ਪਿੰਡ ਵਿਚ ਪਾਣੀ ਆਉਣ ਦਾ ਉਹ ਦਿਨ ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ। ਜਦੋਂ ਪਾਣੀ ਵਹਿਣ ਲੱਗਾ ਤਾਂ ਪਿਤਾ ਜੀ ਨੇ ਉਸ ਵਿਚ ਫੁੱਲ ਤਕ ਸੁਟਣ ਤੋਂ ਰੋਕ ਦਿੱਤਾ ਸੀ।
ਪਿੰਡ ਵਾਲਿਆਂ ਨੇ ਇਕ ਸੌ ਸਾਲਾ ਬੁੱਢੀ ਨੂੰ ਪਾਣੀ ਦਾ ਪਹਿਲਾ ਘੜਾ ਭਰਨ ਲਈ ਚੁਣਿਆ। ਬੁੱਢੀ ਨੇ ਘੜਾ ਭਰ ਲਿਆ ਅਤੇ ਉਹਦੇ ਵਿਚੋਂ ਪਾਣੀ ਦਾ ਪਹਿਲਾ ਗਲਾਸ ਭਰ ਕੇ ਉਹ ਮੇਰੇ ਪਿਤਾ ਜੀ ਕੋਲ ਲੈ ਗਈ।
ਤਮਗਿਆਂ ਅਤੇ ਉਪਾਧੀਆਂ ਨਾਲ ਸਨਮਾਨਤ ਪਿਤਾ ਜੀ ਨੇ ਕਿਹਾ ਕਿ ਏਨਾ ਕੀਮਤੀ ਤੋਹਫਾ ਉਨ੍ਹਾਂ ਨੂੰ ਪਹਿਲਾਂ ਕਦੇ ਨਹੀਂ ਮਿਲਿਆ। ਉਸੇ ਦਿਨ ਉਨ੍ਹਾਂ ਨੇ ਪਾਣੀ ਦੇ ਬਾਰੇ ਇਕ ਕਵਿਤਾ ਰਚੀ। ਇਸ ਕਵਿਤਾ ਵਿਚ ਉਨ੍ਹਾਂ ਨੇ ਪੰਛੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹੁਣ ਉਹ ਫੜ੍ਹ ਨਾ ਮਾਰਨ, ਉਨ੍ਹਾਂ ਦੇ ਮੁਕਾਬਲੇ ਹੁਣ ਅਸੀਂ ਵੀ ਕੋਈ ਮਾੜਾ ਪਾਣੀ ਨਹੀਂ ਪੀਂਦੇ। ਉਨ੍ਹਾਂ ਨੇ ਕਿਹਾ ਕਿ ਕਿਸੇ ਵਿਆਹ ਅਤੇ ਕਿਸੇ ਵੀ ਜਸ਼ਨ ਦੇ ਮੌਕੇ ਉਨ੍ਹਾਂ ਨੇ ਪਾਣੀ ਦੀ ਕਲਕਲ ਨਾਲੋਂ ਵਧ ਮਧੁਰ ਅਤੇ ਪਿਆਰਾ ਸੰਗੀਤ ਨਹੀਂ ਸੁਣਿਆ। ਉਨ੍ਹਾਂ ਨੇ ਵਿਸ਼ਵਾਸ ਦੁਆਇਆ ਕਿ ਕਦਮ ਕਦਮ ਚੱਲਣ ਵਾਲਾ ਕੋਈ ਘੋੜਾ ਜਾਂ ਕੋਈ ਜਵਾਨ ਘੋੜੀ ਹੁਣ ਪਾਣੀ ਲਿਆਉਣ ਲਈ ਜਾਣ ਵਾਲੀ ਔਰਤ ਦੀ ਚਾਲ ਦਾ ਮੁਕਾਬਲਾ ਨਹੀਂ ਕਰ ਸਕਦੀ। ਉਨ੍ਹਾਂ ਕਹੀ, ਫਹੁੜੇ ਅਤੇ ਖਾਲ ਦਾ ਧੰਨਵਾਦ ਕੀਤਾ। ਉਨ੍ਹਾਂ ਉਸ ਸਮੇਂ ਦੀ ਯਾਦ ਦੁਆਈ ਜਦੋਂ ਪਾਣੀ ਜਮ੍ਹਾਂ ਕਰਨ ਲਈ ਚੁੱਲ੍ਹਿਆਂ ਦੇ ਨੇੜੇ ਬਰਫ਼ ਪਿਘਲਾਈ ਜਾਂਦੀ ਸੀ। ਉਦੋਂ ਹਰ ਰੋਜ਼ ਪਾਣੀ ਨਾਲ ਭਰੇ ਭਾਰੇ ਘੜੇ ਲਿਆਉਣ ਕਾਰਨ ਸਾਡੀਆਂ ਪਹਾੜੀ ਔਰਤਾਂ ਦੀ ਵਕਤ ਤੋਂ ਪਹਿਲੋਂ ਹੀ ਪਿੱਠ ਝੁਕ ਜਾਂਦੀ ਸੀ । ਹਾਂ, ਪਿਤਾ ਜੀ ਲਈ ਇਹ ਇਕ ਮਹਾਨ ਦਿਨ ਸੀ।
ਮੈਨੂੰ ਮਖਾਚਕਲਾ ਵਿਚ ਜੁਲਾਈ ਦੀ ਭਿਆਨਕ ਗਰਮੀ ਯਾਦ ਆ ਰਹੀ ਹੈ। ਪਿਤਾ ਜੀ ਸਖਤ ਬਿਮਾਰ ਸਨ, ਡਾਕਟਰਾਂ ਅਤੇ ਦਵਾਈਆਂ ਨਾਲ ਘਿਰੇ ਰਹਿੰਦੇ ਸਨ। ਉਹ ਕਹਿਣ ਲੱਗੇ- “ਮੈਨੂੰ ਬਹੁਤ ਤਕਲੀਫ਼ ਹੁੰਦੀ ਪਈ ਏ। ਵੀਹਾਂ ਜਮੂਰ ਮੇਰੇ ਸਰੀਰ ਨੂੰ ਵੱਖੋ ਵੱਖ ਪਾਸਿਆਂ ਵੱਲ ਖਿੱਚਦੇ ਪਏ ਨੇ।”
ਉਹ ਇਹ ਮੰਨਦਿਆਂ ਹੋਇਆਂ ਕਿ ਦਵਾਈਆਂ ਪੀਣ ਦੇ ਮਾਮਲੇ ਵਿਚ ਬਹੁਤ ਦੇਰ ਹੋ ਚੁੱਕੀ ਹੈ ਅਤੇ ਉਨ੍ਹਾਂ ਨਾਲ ਕੋਈ ਫਾਇਦਾ ਨਹੀਂ ਹੋਣਾ, ਹੁਣ ਉਨ੍ਹਾਂ ਨੂੰ ਉਹ ਪੀਂਦੇ ਨਹੀਂ ਸਨ। ਉਹ ਤਾਂ ਸਿਰਹਾਣਾ ਠੀਕ ਕਰਨ ਵਿਚ ਵੀ ਕੋਈ ਤੁਕ ਨਾ ਵੇਖਦੇ ਹੋਏ ਉਹਨੂੰ ਵੀ ਠੀਕ ਨਹੀਂ ਕਰਨ ਦਿੰਦੇ ਸਨ। ਜਦੋਂ ਉਨ੍ਹਾਂ ਦੀ ਤਬੀਅਤ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ ਤਾਂ ਉਨ੍ਹਾਂ ਨੇ ਮੈਨੂੰ ਆਪਣੇ ਕੋਲ ਬੁਲਾ ਕੇ ਆਖਿਆ-
“ਇਕ ਇਹੋ ਜਿਹੀ ਦਵਾਈ ਏ ਜਿਹਨੂੰ ਪੀਣ ਨਾਲ ਮੇਰੀ ਤਬੀਅਤ ਬਿਹਤਰ ਹੋ ਜਾਵੇਗੀ।”
“विग्ज्ञी?”
“ਬੁਤਸਰਾਬ ਖੱਡ ਵਿਚ ਇਕ ਛੋਟਾ ਜਿਹਾ ਖੂਹ ਏ…. ਇਕ ਚਸ਼ਮਾ ਏ…ਮੈਂ ਹੀ ਉਹ ਲੱਭੇ ਸਨ. ਉਥੋਂ ਇਕ ਘੁੱਟ ਪਾਣੀ ਮੰਗਵਾ ਦੇ।”
ਅਗਲੇ ਦਿਨ ਇਕ ਪਹਾੜੀ ਔਰਤ ਉਸ ਚਸ਼ਮੇ ਤੋਂ ਪਾਣੀ ਲੈ ਆਈ। ਪਿਤਾ ਜੀ ਨੇ ਅੱਖਾਂ ਬੰਦ ਕਰਕੇ ਉਹਨੂੰ ਤਸੱਲੀ ਨਾਲ ਪੀਤਾ।
“ਸ਼ੁਕਰੀਆ, ਮੇਰੇ ਡਾਕਟਰ।”
ਅਸੀਂ ਉਨ੍ਹਾਂ ਕੋਲੋਂ ਇਹ ਨਹੀਂ ਪੁੱਛਿਆ ਕਿ ਉਨ੍ਹਾਂ ਨੇ ਡਾਕਟਰ ਕਿਹਨੂੰ ਆਖਿਆ ਹੈ- ਪਾਣੀ ਨੂੰ, ਪਾਣੀ ਲਿਆਉਣ ਵਾਲੀ ਔਰਤ ਨੂੰ, ਦੂਰ ਖੱਡ ਦੇ ਚਸ਼ਮੇ ਨੂੰ ਜਾਂ ਉਸ ਚਸ਼ਮੇ ਨੂੰ ਜਨਮ ਦੇਣ ਵਾਲੀ ਆਪਣੀ ਸਾਰੀ ਮਾਤਭੂਮੀ ਨੂੰ।
ਮਾਤਾ ਜੀ ਮੈਨੂੰ ਕਹਿੰਦੇ ਹੁੰਦੇ ਹਨ- ਹਰ ਕਿਸੇ ਦਾ ਮਨ ਚਾਹਿਆ ਸੋਮਾ ਹੋਣਾ ਚਾਹੀਦਾ ਹੈ। ਉਹ ਇਹ ਵੀ ਕਹਿੰਦੇ ਹੁੰਦੇ ਸਨ ਕਿ ਜੇ ਖੇਤ ਦੇ ਕੋਲ ਠੰਢੇ ਪਾਣੀ ਦਾ ਚਸ਼ਮਾ ਵਹਿੰਦਾ ਹੋਵੇ ਤਾਂ ਫਸਲ ਵੱਢਣ ਵਾਲੀ ਔਰਤ ਕਦੇ ਨਹੀਂ ਥੱਕਦੀ।
ਇਕ ਕਿੱਸਾ ਅੱਜ ਤਕ ਸੁਣਨ ਨੂੰ ਮਿਲਦਾ ਹੈ ਕਿ ਜਵਾਨੀ ਦੇ ਦਿਨਾਂ ਵਿਚ ਹੀ ਸ਼ਾਮੀਲ ਅਤੇ ਉਸਦੇ ਉਸਤਾਦ ਕਾਜ਼ੀ-ਮੁਹੰਮਦ ਗੀਮਰੀ ਖੱਡ ਦੀ ਇਕ ਬੁਰਜੀ ਵਿਚ ਦੁਸ਼ਮਣਾਂ ਨਾਲ ਘਿਰ ਗਏ ਸਨ। ਸ਼ਾਮੀਲ ਦੁਸ਼ਮਣਾਂ ਦੀਆਂ ਸੰਗੀਨਾਂ ਵਿਚੋਂ ਬੁਰਜੀ ਤੋਂ ਹੇਠਾਂ ਛਾਲ ਮਾਰ ਗਿਆ ਅਤੇ ਉਹਨੇ ਖੰਜਰ ਚਲਾਉਂਦਿਆਂ ਹੋਇਆਂ ਆਪਣੇ ਨਿਕਲ ਜਾਣ ਲਈ ਰਾਹ ਬਣਾ ਲਿਆ। ਉਸ ਵੇਲੇ ਤਕ ਉਹਦੇ ਸਰੀਰ ਉਤੇ ਉੱਨੀ ਜ਼ਖਮ ਹੋ ਚੁੱਕੇ ਸਨ, ਫਿਰ ਵੀ ਉਹ ਬਚ ਨਿਕਲਿਆ ਸੀ, ਪਹਾੜਾਂ ਵਿਚ ਭੱਜ ਗਿਆ ਸੀ। ਪਹਾੜੀ ਲੋਕਾਂ ਦਾ ਖਿਆਲ ਸੀ ਕਿ ਉਹ ਮਰ ਗਿਆ ਹੈ। ਜਦੋਂ ਉਹ ਪਿੰਡ ਮੁੜ ਕੇ ਆਇਆ ਤਾਂ ਉਹਦੀ ਮਾਂ ਨੇ, ਜਿਹੜੀ ਮਾਤਮੀ ਕੱਪੜੇ ਪਾ ਚੁੱਕੀ ਸੀ, ਹੇਰਾਨ ਅਤੇ ਖੁਸ਼ ਹੁੰਦਿਆਂ ਪੁੱਛਿਆ-
“ਸ਼ਾਮੀਲ, ਮੇਰਿਆ ਪੁੱਤਰਾ, ਤੂੰ ਬਚਿਆ ਕਿਵੇਂ?
“ਉਤੇ ਪਹਾੜਾਂ ਵਿਚ ਮੈਨੂੰ ਇਕ ਚਸ਼ਮਾ ਮਿਲ ਗਿਆ ਸੀ,” ਸ਼ਾਮੀਲ ਨੇ ਜਵਾਬ
ਦਿੱਤਾ।
ਅਤੇ ਜਦੋਂ ਪਹਾੜੀ ਲੋਕਾਂ ਨੇ ਸੁਣਿਆ ਕਿ ਉਨ੍ਹਾਂ ਨੂੰ ਇਮਾਮ, ਉਨ੍ਹਾਂ ਦਾ ਬੁੱਢਾ ਸ਼ਾਮੀਲ ਅਰਬੀ ਰੇਗਿਤਸਾਨ ਵਿਚ ਊਠ ਤੋਂ ਡਿੱਗ ਕੇ ਮਰ ਗਿਆ ਹੈ ਤਾਂ ਆਪਣੇ ਪਿੰਡਾਂ ਵਿਚ
ਘਰਾਂ • ਦੇ ਦਹਿਲੀਜ਼ਾਂ ਉਤੇ ਬੈਠਿਆ ਉਨ੍ਹਾਂ ਕਿਹਾ-
ਅਫਸੋਸ! ਕੋਲ ਕੋਈ ਦਾਗਿਸਤਾਨੀ ਚਸ਼ਮਾ ਨਹੀਂ ਸੀ।” ”
ਨੂਹਾ ਵਿਚ ਮੈਂ ਹਾਜੀ-ਮੁਰਾਤ ਦੀ ਕਬਰ ਉਤੇ ਹੋ ਆਇਆ ਹਾਂ, ਮੈਂ ਕਬਰ ਉਤੇ ਲੱਗੇ ਪੱਥਰ ਉਤੇ ਲਿਖੇ ਹੋਏ ਇਹ ਸ਼ਬਦ ਵੀ ਪੜ੍ਹੇ ਹਨ-“ਇਥੇ ਦਾਗਿਸਤਾਨ ਦਾ ਸ਼ੇਰ ਬੱਬਰ ਦਫਨ ਹੈ।” ਮੈਂ ਇਸ ਸ਼ੇਰ ਬੱਬਰ ਦਾ ਵੱਢਿਆ ਹੋਇਆ ਸਿਰ ਵੀ ਵੇਖਿਆ ਹੈ।
“ਐ, ਸਿਰ, ਤੂੰ ਧੜ ਨਾਲੋਂ ਵੱਖ-ਕਿਵੇਂ ਹੋ ਗਿਆ?
“ਦਾਗਿਸਤਾਨ, ਆਪਣੀ ਮਾਤ-ਭੂਮੀ, ਆਪਣੇ ਚਸ਼ਮੇ ਦਾ ਰਾਹ ਭੁੱਲ ਗਿਆ ਸਾਂ, ਭਟਕ ਗਿਆ ਸਾਂ।”
ਮੇਰਾ ਪਿੰਡ ਪਹਾੜ ਦੀ ਝੋਲੀ ਵਿਚ ਵਸਿਆ ਹੋਇਆ ਹੈ। ਉਹਦੇ ਸਾਹਮਣੇ ਪੱਧਰਾ ਪਠਾਰ ਹੈ, ਜਿੱਥੇ ਕਾਫੀ ਫਾਸਲੇ ਤੇ ਜ਼ਹ ਕਿਲਾ ਦਿੱਸਦਾ ਹੈ। ਕਿਲੇ ਦੇ ਸਾਰੇ ਪਾਸੇ ਖਾਸੀ ਦੂਰੀ ਤੇ ਵੱਸੇ ਪਿੰਡਾਂ ਨੇ ਉਹਨੂੰ ਘੇਰਿਆ ਹੋਇਆ ਹੈ। ਸਭ ਪਾਸਿਆਂ ਤੇ ਕਿਲੇ ਤੋਂ ਗੋਲੀਆਂ ਚਲਾਉਣ ਲਈ ਉਸ ਵਿਚ ਬਣਾਏ ਛੇਕ ਦਿਸਦੇ ਹਨ-ਕਿਲਾ ਡਰਾਉਂਦਾ- ਧਮਕਾਉਂਦਾ ਅਗਾਂਹ ਵਧਣ ਤੋਂ ਰੋਕਦਾ ਅਤੇ ਸਭ ਕੁਝ ਵੇਖਦਾ ਜਾਪਦਾ ਹੈ। ਕਿਲੇ ਦੇ ਛੇਕਾਂ ਵਿਚੋਂ ਚੈਨ ਤੋਂ ਬੇਖਬਰ ਅਤੇ ਕਿਸੇ ਅੱਗੇ ਨਾ ਝੁਕਣ ਵਾਲੇ ਪਹਾੜੀ ਲੋਕਾਂ ਉਤੇ ਅਕਸਰ ਗੋਲੀਆਂ ਚਲੀਆਂ ਹਨ। ਮੇਰੇ ਪਿੰਡ ਤਸਾਦਾ ਦੇ ਕਬੂਤਰ ਇਸ ਕਿਲੇ ਦੀਆਂ ਗੋਲੀਆਂ ਦੀ ਆਵਾਜ਼ ਤੋਂ ਡਰ ਕੇ ਬਹੁਤ ਵਾਰ ਉੱਡੇ ਹਨ ਅਤੇ ਪਿੰਡ ਦੇ ਉੱਪਰ ਚੱਕਰ ਕੱਢਦੇ ਰਹੇ ਹਨ। “ਕਿਹਦੀ ਸਭ ਤੋਂ ਖਤਰਨਾਕ ਨਜ਼ਰ ਅਤੇ ਉੱਚੀ ਆਵਾਜ਼ ਏ?” ਪਹਾੜੀ ਲੋਕ ਪੁੱਛਦੇ ਹੁੰਦੇ ਸਨ। “ਖੂੰਜ਼ਹ ਕਿਲੇ ਦੀ।”
ਪਰ ਮੇਰੇ ਜ਼ਮਾਨੇ ਵਿਚ ਖੂੰਜ਼ਹ ਕਿਲੇ ਦੀ ਭਿਆਨਕਤਾ ਸਿਰਫ ਕਿੱਸੇ-ਕਹਾਣੀਆਂ ਵਿਚ ਰਹਿ ਗਈ ਹੈ। ਗੋਲੀਆਂ ਚਲਾਉਣ ਲਈ ਬਣਾਏ ਗਏ ਉਸਦੇ ਛੇਕਾਂ ਵਿਚੋਂ ਅਸੀਂ ਸਕੂਲ ਦੇ ਵਿਦਿਆਰਥੀ ਇਕ ਦੂਸਰੇ ਉਤੇ ਸੇਬਾਂ ਦੇ ਟੁਕੜੇ ਜਾਂ ਬਰਫ਼ ਦੇ ਗੋਲੇ ਸੁੱਟਦੇ ਹੁੰਦੇ ਸੀ ਜਾਂ ਬਿਗਲ ਵਜਾਉਂਦੇ ਹੁੰਦੇ ਸੀ ਅਤੇ ਇੰਜ ਕਰਦਿਆਂ ਹੋਇਆਂ ਅਸੀਂ ਵੀ ਆਲੇ ਦੁਆਲੇ ਦੀਆਂ ਚੱਟਾਨਾਂ ਤੋਂ ਕਬੂਤਰਾਂ ਨੂੰ ਉੱਡਣ ਵਾਸਤੇ ਮਜਬੂਰ ਕਰ ਦਿੰਦੇ ਸੀ। ਹਾਂ, ਖੂੰਜ਼ਹ ਕਿਲੇ ਨੂੰ ਸਕੂਲ ਬਣਾ ਦਿੱਤਾ ਗਿਆ ਸੀ ਜਿੱਥੇ ਮੈਂ ਸੱਤ ਸਾਲ ਤਕ ਤਾਲੀਮ ਹਾਸਲ ਕੀਤੀ ਹੈ।
ਹੁਣ ਮੈਂ ਕਿਤੇ ਵੀ ਕਿਉਂ ਨਾ ਜਾਵਾਂ, ਕਿਸੇ ਵੀ ਥਾਂ ਤੇ ਕਿਉਂ ਨਾ ਹੋਵਾਂ, ਸਿੰਫਨੀ ਦੀ ਜ਼ੋਰਦਾਰ ਗੂੰਜ ਅਤੇ ਨਾਚ ਦੀਆਂ ਧੁਨਾਂ ਵਿਚ ਮੈਨੂੰ ਅਪਣੇ ਬਚਪਨ ਦਾ ਮਧੁਰ ਸੰਗੀਤ ਸੁਣਾਈ ਦਿੰਦਾ ਹੈ, ਸਕੂਲ ਦੀ ਘੰਟੀ ਦੀ ਪਿਆਰੀ ਟਣਟਣ ਸੁਣਾਈ ਦਿੰਦੀ ਹੈ, ਖਾਸ ਕਰਕੇ ਉਸ ਘੰਟੀ ਦੀ ਸੁਖਾਵੀਂ ਆਵਾਜ਼ ਜਿਹੜੀ ਪਾਠ ਦੀ ਸਮਾਪਤੀ ਦੀ ਸੂਚਨਾ ਦਿੰਦੀ ਸੀ। ਮੈਂ ਹੁਣ ਵੀ ਉਹਨੂੰ ਸੁਣ ਰਿਹਾ ਹਾਂ ਉਹ ਮੈਨੂੰ ਵਿਹੜੇ ਜਾਂ ਗਲੀ ਵਾਲੇ ਪਾਸੇ ਨਹੀਂ; ਸਗੋਂ, ਇਸਦੇ ਉਲਟ, ਸਕੂਲ ਵਲ, ਜਮਾਤ ਅਤੇ ਹੋਸਟਲ ਵਲ ਬੁਲਾਉਂਦੀ ਹੈ।
ਸਾਡੀ ਜਮਾਤ ਵਿਚ ਅਸੀਂ ਤੀਹ ਵਿਦਿਆਰਥੀ ਸੀ। ਮਹੀਨੇ ਵਿਚ ਇਕ ਵਾਰ ਸਾਡੇ ਵਿਚੋਂ ਹਰੇਕ ਨੂੰ ਪੜ੍ਹਾਈ ਤੋਂ ਵਿਹਲਾ ਕਰ ਦਿੱਤਾ ਜਾਂਦਾ ਸੀ ਅਤੇ ਉਹਨੂੰ ਪਾਣੀ ਲਿਆਉਣ ਦਾ ਕੰਮ ਕਰਨਾ ਪੈਂਦਾ ਸੀ। ਸਜ਼ਾ ਵਜੋਂ ਦੋ ਦਿਨ ਤਕ ਵੀ ਇਹ ਡਿਊਟੀ ਕਰਨੀ ਪੈ ਸਕਦੀ ਸੀ। ਉਂਜ ਮੈਂ ਤਾਂ ਕਿਸੇ ਜੁਰਮ ਦੀ ਸਜ਼ਾ ਤੋਂ ਬਿਨਾਂ ਵੀ ਹਮੇਸ਼ਾ ਲਗਾਤਾਰ ਦੋ ਦਿਨ ਤਕ ਪਾਣੀ ਲਿਆਉਂਦਾ ਸੀ। ਉਹ ਇਸ ਲਈ ਕਿ ਮੇਰਾ ਇਵਜ਼ੀ ਅਬਦੁਲ ਗਫ਼ ਰ ਯੁਸੂਪੋਵ ਆਪਣੀ ਵਾਰੀ ਆਉਣ ਤੇ ਹਮੇਸ਼ਾ ਬਿਮਾਰ ਹੋ ਜਾਂਦਾ ਸੀ । ਮੈਨੂੰ ਯਾਦ ਆ ਰਿਹਾ ਹੈ ਕਿ ਹਮੇਸ਼ਾ ਹਰ ਮਹੀਨੇ ਦੀ ਸੱਤਵੀਂ ਅੱਠਵੀਂ ਤਾਰੀਖ ਨੂੰ ਹੀ ਮੇਰੀ ਵਾਰੀ ਆਉਂਦੀ ਸੀ।
ਪਾਣੀ ਦਾ ਚਸ਼ਮਾ ਕਿਲੇ ਤੋਂ ਬਾਹਰ ਸੀ। ਉੱਥੇ ਜਾਣਾ ਤਾਂ ਸੌਖਾ ਸੀ-ਸਭ ਤੋਂ ਪਹਿਲਾਂ ਤਾਂ ਇਸ ਲਈ ਕਿ ਬਾਲਟੀ ਖਾਲੀ ਹੁੰਦੀ ਸੀ, ਦੂਜੇ ਇਸ ਲਈ ਕਿ ਪੱਗਡੰਡੀ ਸਿੱਧੀ ਹੇਠਾਂ ਨੂੰ ਜਾਂਦੀ ਸੀ। ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਮੁੜਦੇ ਵੇਲੇ ਸਭ ਕੁੱਝ ਬੇਹੱਦ ਬਦਲ ਜਾਂਦਾ ਸੀ। ਇਸ ਤੋਂ ਇਲਾਵਾ ਇਕ ਤੰਗ ਜਿਹੀ ਗਲੀ ਵਿਚ ਐਲੂਮੀਨੀਅਮ ਦੇ ਮੱਗ ਹੱਥਾਂ ਵਿਚ ਫੜੀ ਵਿਦਿਆਰਥੀਆਂ ਦੀ ਭੀੜ ਮੇਰਾ ਇੰਤਜ਼ਾਰ ਕਰਦੀ ਹੁੰਦੀ ਸੀ। ਉਹ ਪਾਣੀ ਪੀਣਾ ਚਾਹੁੰਦੇ ਸਨ, ਉਹ ਮੇਰੀ ਬਾਲਟੀ ਉਤੇ ਟੁੱਟ ਪੈਂਦੇ ਸਨ, ਅੱਧਾ ਪਾਣੀ ਪੀ ਲੈਂਦੇ ਸਨ ਅੱਧਾ ਡੋਲ੍ਹ ਦਿੰਦੇ ਸਨ-ਉਨ੍ਹਾਂ ਤੋਂ ਬਚਣਾ ਸੌਖਾ ਨਹੀਂ ਸੀ ਹੁੰਦਾ। ਪਰ ਮੇਰੇ ਲਈ ਸਕੂਲ ਤਕ ਪਾਣੀ ਪੁਚਾਉਣਾ ਜ਼ਰੂਰੀ ਹੁੰਦਾ ਸੀ।
ਇਸ ਚਸ਼ਮੇ ਦੇ ਬਾਰੇ ਬਹੁਤ ਸਾਰੀਆਂ ਕਥਾ-ਕਹਾਣੀਆਂ ਹਨ। ਉਨ੍ਹਾਂ ਵਿਚੋਂ ਇਕ ਕਿੱਸਾ ਮੈਂ ਇੱਥੇ ਉਸੇ ਤਰ੍ਹਾਂ ਸੁਣਾ ਰਿਹਾ ਹਾਂ ਜਿਸ ਤਰ੍ਹਾਂ ਮੇਰੇ ਪਿਤਾ ਜੀ ਨੇ ਮੈਨੂੰ ਸੁਣਾਇਆ ਸੀ।
ਇਸ ਕਿਲੇ ਦੀਆਂ ਦੀਵਾਰਾਂ ਗੋਲੀਆਂ ਦੇ ਨਿਸ਼ਾਨਾਂ ਨਾਲ ਛਾਨਣੀ ਹੋਈਆਂ ਪਈਆਂ ਹਨ। ਇਸ ਦੀਆਂ ਬੁਰਜੀਆਂ ਉਤੇ ਕਈ ਵਾਰੀ ਝੰਡੇ ਬਦਲੇ ਹਨ। ਘਰੇਲੂ ਯੁੱਧ ਦੇ ਦਿਨਾਂ ਵਿਚ ਇਸ ਕਿਲੇ ਉਤੇ ਵਾਰ ਵਾਰ ਕਬਜ਼ਾ ਬਦਲਦਾ ਰਹਿੰਦਾ ਸੀ- ਕਦੇ ਸਫੇਦ ਗਾਰਡ ਅਤੇ ਕਦੇ ਲਾਲ ਸੈਨਕ ਇਸ ਉਤੇ ਆਪਣਾ ਕਬਜ਼ਾ ਕਰ ਲੈਂਦੇ ਸਨ। ਛਾਪੇਮਾਰਾਂ ਨੇ ਛੇ ਮਹੀਨੇ ਤਕ ਇਸ ਕਿਲੇ ਦੀ ਦੁਸ਼ਮਣਾਂ ਤੋਂ ਰਾਖੀ ਕੀਤੀ। ਪਰ ਹਰ ਰੋਜ਼ ਦੋ ਘੰਟਿਆਂ ਲਈ ਗੋਲੀਬਾਰੀ ਬੰਦ ਕਰ ਦਿੱਤੀ ਜਾਂਦੀ ਸੀ। ਇਨ੍ਹਾਂ ਦੋ ਘੰਟਿਆਂ ਦੌਰਾਨ ਕਿਲੇ ਦੇ ਰਾਖਿਆਂ ਦੀਆਂ ਘਰਵਾਲੀਆਂ ਪਾਣੀ ਲੈਣ ਲਈ ਕਿਲੇ ਤੋਂ ਬਾਹਰ ਜਾਂਦੀਆਂ ਸਨ। ਇਕ ਦਿਨ ਕਰਨਲ ਅਲੀਖਾਨੋਵ ਨੇ ਕਰਨਲ ਜਫ਼ਾਰੋਵ ਨੂੰ ਕਿਹਾ-
“ਆਓ, ਆਪਾਂ ਜ਼ਨਾਨੀਆਂ ਨੂੰ ਚਸ਼ਮੇ ਉਤੇ ਜਾਣ ਤੋਂ ਰੋਕ ਦੇਈਏ। ਅਤਾਯੋਵ ਦੇ ਦਸਤੇ ਨੂੰ ਤਰਿਹਾਏ ਮਰਨ ਦਿੱਤਾ ਜਾਏ।”
ਕਰਨਲ ਜਫ਼ਾਰੋਵ ਨੇ ਜਵਾਬ ਦਿੱਤਾ-
“ਜੇ ਆਪਾਂ ਪਾਣੀ ਲੈਣ ਜਾਂਦੀਆਂ ਜ਼ਨਾਨੀਆਂ ਉਤੇ ਗੋਲੀਆਂ ਚਲਾਵਾਂਗੇ ਤਾਂ ਸਾਰਾ ਦਾਗਿਸਤਾਨ ਸਾਡੇ ਤੋਂ ਮੂੰਹ ਫੇਰ ਲਵੇਗਾ।”
ਤੇ ਇਸ ਤਰ੍ਹਾਂ ਜਦੋਂ ਤਕ ਜ਼ਨਾਨੀਆਂ ਚਸ਼ਮੇ ਦਾ ਪਾਣੀ ਲੈ ਕੇ ਵਾਪਸ ਨਹੀਂ ਸਨ ਚਲੀਆਂ ਜਾਂਦੀਆਂ ਦੋਵੇਂ ਧਿਰਾਂ ਕਿਸੇ ਵੀ ਸਮਝੌਤੇ ਤੋਂ ਬਿਨਾਂ ਸ਼ਾਂਤੀ ਕਾਇਮ ਰੱਖਦੀਆਂ ਸਨ।
ਜਦੋਂ ਮੇਰੇ ਮਾਤਾ ਜੀ ਨੂੰ, ਜਿਹੜੇ ਉਦੋਂ ਬਿਮਾਰ ਸਨ, ਇਹ ਦੱਸਿਆ ਗਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਲੈਨਿਨ ਪੁਰਸਕਾਰ ਦਿੱਤਾ ਗਿਆ ਹੈ ਤਾਂ ਉਨ੍ਹਾਂ ਨੇ ਹਉਕਾ ਭਰਿਆ ਅਤੇ ਬੋਲੇ- “ਚੰਗੀ ਖਬਰ ਏ । ਪਰ ਮੈਨੂੰ ਇਹ ਸੁਣ ਕੇ ਵੱਧ ਖੁਸ਼ੀ ਹੁੰਦੀ ਪਈ ਮੇਰੇ ਪੁੱਤਰ ਨੇ ਕਿਸੇ ਗਰੀਬ ਆਦਮੀ ਜਾਂ ਯਤੀਮ ਦੀ ਮਦਦ ਕੀਤੀ ਏ। ਮੈਂ ਤਾਂ ਇਹੀ ਚਾਹੁੰਨੀ ਆਂ ਪਈ ਉਹ ਪਾਣੀ ਲਈ ਤਰਸਦੇ ਕਿਸੇ ਪਿੰਡ ਵਿਚ ਪਾਣੀ ਪਹੁੰਚਾਉਣ ਦੀ ਖਾਤਰ ਇਹ ਰਕਮ ਦੇ ਦੇਵੇ। ਲੋਕ ਉਹਦੀ ਤਾਰੀਫ ਕਰਨਗੇ। ਉਹਦੇ ਪਿਤਾ ਜੀ ਨੂੰ ਜਦੋਂ ਪੁਰਸਕਾਰ ਮਿਲਿਆ ਸੀ ‘ ਤਾਂ ਉਨ੍ਹਾਂ ਨੇ ਸਾਰੀ ਰਕਮ ਨਵੇਂ ਚਸ਼ਮਿਆਂ ਦੀ ਤਲਾਸ਼ ਵਾਸਤੇ ਦੇ ਦਿੱਤੀ ਸੀ। ਜਿੱਥੇ ਚਸ਼ਮਾ ਏ, ਉਥੇ ਡੰਡੀ ਏ, ਜਿੱਥੇ ਡੰਡੀ ਏ ਉੱਥੇ ਰਾਹ ਏ। ਤੇ ਰਾਹ ਦੀ ਸਾਰੇ ਲੋਕਾਂ ਨੂੰ, ਹਰ ਕਿਸੇ ਨੂੰ ਲੋੜ ਏ। ਰਾਹ ਤੋਂ ਬਿਨਾਂ ਬੰਦਾ ਘਰ ਨਹੀਂ ਲੱਭ ਸਕੇਗਾ, ਕਿਸੇ ਖੱਡ-ਖਾਈ ਵਿਚ ਰਿੜ੍ਹ ਜਾਏਗਾ।”
ਮੇਰੇ ਪਿਤਾ ਜੀ ਸਦਾ ਇਹ ਗੱਲ ਦੁਹਰਾਉਂਦੇ ਸਨ ਕਿ ਮੇਰਾ ਉਸ ਸਾਲ ਵਿਚ ਜਨਮ ਹੋਇਆ ਸੀ, ਜਦੋਂ ਦਾਗਿਸਤਾਨ ਵਿਚ ਪਹਿਲੀ ਨਹਿਰ ਪੁੱਟੀ ਗਈ ਸੀ। ਉਹ ਸੁਲਾਕ ਤੋਂ ਮਖਾਚਕਲਾ ਤਕ ਬਣਾਈ ਗਈ ਸੀ। “ਪਾਣੀ ਨਹੀਂ, ਜ਼ਿੰਦਗੀ ਨਹੀਂ”- ਪਲਾਈਵੁੱਡ ਦੀ ਤਖਤੀ ਉਤੇ ਲਿਖਿਆ ਹੋਇਆ ਇਹ ਨਾਅਰਾ ਨਹਿਰ ਪੁੱਟਣ ਵਾਲੇ ਆਪਣੇ ਨਾਲ ਲੈ ਕੇ ਆਏ ਸਨ।
ਪਾਣੀ ! ਲਓ, ਹੁਣ ਚੱਟਾਨਾਂ ਵਿਚੋਂ ਪਾਣੀ ਇਉਂ ਵਹਿੰਦਾ ਹੈ ਜਿਵੇਂ ਕਿਸੇ ਦਾ ਸ਼ਕਤੀਸ਼ਾਲੀ ਹੱਥ ਉਨ੍ਹਾਂ ਨੂੰ ਨਿਚੋੜ ਰਿਹਾ ਹੋਵੇ। ਲਓ, ਪਾਣੀ ਦੀਆਂ ਕੁਲਾਂ ਬੜੀ ਤੇਜ਼ੀ ਨਾਲ ਪਰਬਤ ਤੋਂ ਹੇਠਾਂ ਨੂੰ ਵਹਿੰਦੀਆਂ ਹਨ, ਪੱਥਰਾਂ ਦੇ ਵਿਚੋਂ ਛਾਲਾਂ ਲਾਉਂਦੀਆਂ ਹਨ, ਚੱਟਾਨਾਂ ਤੋਂ ਹੇਠਾਂ ਕੁੱਦਦੀਆਂ ਹਨ, ਜ਼ਖਮੀ ਦਰਿੰਦੇ ਵਾਂਗੂੰ ਦੱਰਰਿਆਂ ਵਿਚ ਗਰਜਦੀਆਂ ਦਹਾੜਦੀਆਂ ਹਨ ਅਤੇ ਹਰੀਆਂ ਭਰੀਆਂ ਘਾਟੀਆਂ ਵਿਚ ਮੇਮਣੇ ਵਾਂਗ ਟਪੂਸੀਆਂ ਮਾਰਦੀਆਂ ਹਨ।
ਮੇਰੇ ਦਾਗਿਸਤਾਨ ਦੇ ਦੁਆਲੇ ਚਾਰ ਚਾਂਦੀ ਰੰਗੀਆਂ ਪੇਟੀਆਂ ਬੱਝੀਆਂ ਹੋਈਆਂ ਹਨ। ਚਾਰ ਕੋਇਸੁ ਨਦੀਆਂ ਇਹਦੇ ਦੁਆਲੇ ਵਹਿੰਦੀਆਂ ਹਨ। ਸੁਲਾਕ ਅਤੇ ਸਾਮੂਰ ਦੋਵੇਂ ਨਗਰ ਸੱਕੀਆ ਭੈਣਾਂ ਵਾਂਗ ਉਨ੍ਹਾਂ ਦਾ ਸਵਾਗਤ ਕਰਦੇ ਹਨ। ਇਸ ਤੋਂ ਬਾਅਦ ਇਹ ਸਾਰੀਆਂ—ਦਾਗਿਸਤਾਨ ਦੀਆਂ ਨਦੀਆਂ-ਸਾਗਰ ਦੀ ਗੋਦ ਵਿਚ ਸਮਾ ਜਾਂਦੀਆਂ ਹਨ।
ਅੱਗ ਅਤੇ ਪਾਣੀ ਕੁੱਲ ਰਈਅਤ ਦੀ ਕਿਸਮਤ ਹਨ, ਅੱਗ ਅਤੇ ਪਾਣੀ ਦਾਗਿਸਤਾਨ ਦੇ ਮਾਂ-ਪਿਓ ਹਨ, ਅੱਗ ਅਤੇ ਪਾਣੀ ਉਹ ਗੁਥਲੀਆਂ ਹਨ ਜਿਨ੍ਹਾਂ ਵਿਚ ਸਾਡੀ ਸਾਰੀ ਦੌਲਤ ਜਮ੍ਹਾਂ ਹੈ।
ਸਾਡੇ ਦਾਗਿਸਤਾਨ ਵਿਚ ਬਜ਼ੁਰਗਾਂ ਅਤੇ ਇਕ ਅੱਧ ਕਿਸੇ ਹੋਰ ਬੰਦੇ ਕੋਲ ਗੱਭਰੂ-ਮੁਟਿਆਰਾਂ ਆਉਂਦੇ ਹਨ ਤਾਂ ਕਿ ਘਰੇਲੂ ਕੰਮ ਵਿਚ ਉਨ੍ਹਾਂ ਦੀ ਕੁਝ ਮਦਦ ਕਰ ਦੇਣ। ਸਭ ਤੋਂ ਪਹਿਲਾਂ ਉਹ ਕੀ ਕਰਦੇ ਹਨ? ਅੱਗ ਬਾਲਣ ਲਈ ਲੱਕੜਾਂ ਪਾੜਦੇ ਹਨ। ਅਤੇ ਘੜੇ ਵਿਚ ਪਾਣੀ ਭਰ ਕੇ ਲਿਆਉਂਦੇ ਹਨ। ਕਾਲੇ ਕਾਵਾਂ ਨੂੰ ਪਤਾ ਨਹੀਂ, ਇਹ ਕਿਵੇਂ ਮਹਿਸੂਸ ਹੋ ਜਾਂਦਾ ਹੈ ਕਿ ਕਿਹੜੇ ਪਹਾੜੀ ਘਰ ਵਿਚ ਅੱਗ ਬੁਝ ਗਈ ਹੈ। ਉਹ ਫੌਰਨ
ਉੱਡ ਕੇ ਉੱਥੇ ਜਾ ਬਹਿੰਦੇ ਹਨ ਅਤੇ ਕਾਂ-ਕਾਂ ਕਰਨ ਲੱਗ ਪੈਂਦੇ ਹਨ। ਅੱਗ ਅਤੇ ਪਾਣੀ- ਇਹ ਦੋ ਹਸਤਾਖਰ, ਦੋ ਪਰਤੀਕ ਹਨ ਜਿਹੜੇ ਦਾਗਿਸਤਾਨ ਦੀ ਰਚਨਾ ਦੇ ਸਮਝੌਤੇ ਦੇ ਹੇਠਾਂ ਅੰਕਤ ਹਨ।
ਦਾਗਿਸਤਾਨ ਦੀਆਂ ਅੱਧੀਆਂ ਲੋਕ ਕਹਾਣੀਆਂ ਉਸ ਦਲੇਰ ਨੌਜਵਾਨ ਬਾਰੇ ਹਨ ਜਿਹੜਾ ਅਜਗਰ ਨੂੰ ਮਾਰ ਕੇ ਅੱਗ ਲਿਆਉਂਦਾ ਹੈ ਤਾਂ ਕਿ ਪਿੰਡ ਵਿਚ ਨਿੱਘ ਅਤੇ ਰੌਸ਼ਨੀ ਹੋਵੇ।
ਦਾਗਿਸਤਾਨ ਦੀਆਂ ਲੋਕ-ਕਹਾਣੀਆਂ ਦਾ ਦੂਜਾ ਹਿੱਸਾ—ਉਸ ਸਮਝਦਾਰ ਕੁੜੀ ਬਾਰੇ ਹੈ ਜਿਹੜੀ ਚਾਲਾਕੀ ਨਾਲ ਅਜਗਰ ਨੂੰ ਸੁਆ ਕੇ ਪਾਣੀ ਲਿਆਉਂਦੀ ਹੈ ਤਾਂ ਕਿ ਪਿੰਡ ਦੇ ਲੋਕ ਜੀਅ ਭਰ ਕੇ ਪਾਣੀ ਪੀ ਸਕਣ ਅਤੇ ਖੇਤਾਂ ਨੂੰ ਸਿੰਜ ਸਕਣ।
ਸਾਹਸੀ ਗੱਭਰੂ ਅਤੇ ਸਮਝਦਾਰ ਮੁਟਿਆਰ ਵਲੋਂ ਮਾਰਿਆ ਗਿਆ ਅਜਗਰ ਪਰਬਤ ਅਤੇ ਕੱਥੇ ਰੰਗੀਆਂ ਪਰਬਤੀ ਚੋਟੀਆਂ ਵਿਚ ਬਦਲ ਗਿਆ।
ਦਾਗ ਦਾ ਅਰਥ ਹੈ ਪਰਬਤ ਅਤੇ ਸਤਾਨ ਦਾ ਅਰਥ ਹੈ ਦੇਸ਼। ਇੰਜ ਦਾਗਿਸਤਾਨ ਦਾ ਅਰਥ ਹੈ ਪਰਬਤੀ ਦੇਸ਼, ਪਰਬਤ-ਦੇਸ਼, ਪਹਾੜੀ ਮੁਲਕ, ਮਾਣ ਮੱਤਾ ਦੇਸ਼- ਦਾਗਿਸਤਾਨ।
ਅੱਖਰ ਜੋੜ ਜੋੜ ਕੇ ਜਿੱਦਾਂ
ਪੜ੍ਹਦਾ ਏ ਬਾਲ
ਉਸੇ ਤਰ੍ਹਾਂ ਹੀ ਮੈਂ ਦੋਹਰਾਵਾਂ
ਕਹਿੰਦਿਆਂ ਕਦੇ ਨਾ ਥੱਕਾਂ
ਦਾਗਿਸਤਾਨ, ਦਾਗਿਸਤਾਨ!
ਕੌਣ ਅਤੇ ਕੀ? ਦਾਗਿਸਤਾਨ
ਕਿਹਦੇ ਬਾਰੇ ਮੈਂ ਗਾਵਾਂ? ਸਿਰਫ ਉਹਦੇ ਬਾਰੇ।
ਤੇ ਸੁਣਾਵਾਂ ਇਹ ਮੈਂ ਕਿਹਨੂੰ? ਉਹਨੂੰ, ਦਾਗਿਸਤਾਨ ਨੂੰ।
ਸਾਡੇ ਛੋਟੇ ਜਿਹੇ ਜਨਗਣ ਨੂੰ ਇਸ ਕਰਕੇ ਕਿ ਇਹਦੇ ਕੋਲ ਹਮੇਸ਼ਾ ਅੱਗ ਅਤੇ ਪਾਣੀ ਰਹਿਣ, ਅਨੇਕ ਅਜਗਰਾਂ ਨੂੰ ਜਿੱਤਣਾ ਪਿਆ ਹੈ। ਨਦੀਆਂ ਹੁਣ ਰੌਸ਼ਨੀ ਦਿੰਦੀਆਂ ਹਨ, ਪਾਣੀ ਅੱਗ ਦਾ ਰੂਪ ਲੈਂਦਾ ਹੈ। ਅਨਾਦੀ ਦੇ ਇਹ ਦੋ ਪਰਤੀਕ ਹੁਣ ਇਕ ਵਿਚ ਬਦਲ ਗਏ ਹਨ।
ਚੁੱਲ੍ਹਾ ਅਤੇ ਚਸ਼ਮਾ- ਪਹਾੜੀ ਲੋਕਾਂ ਲਈ ਇਹ ਦੋ ਸ਼ਬਦ ਸਭ ਨਾਲੋਂ ਪਿਆਰੇ ਹਨ। ਦਲੇਰ ਆਦਮੀ ਬਾਰੇ ਕਿਹਾ ਜਾਂਦਾ ਹੈ—“ਉਹ ਆਦਮੀ ਨਹੀਂ, ਅੱਗ ਏ,” ਬੇਗੁਣੇ, ਨਾਲਾਇਕ ਆਦਮੀ ਬਾਰੇ ਆਖਿਆ ਜਾਂਦਾ ਹੈ—“ ਉਹ ਉਨ੍ਹਾਂ ਵਿਚੋਂ ਏ ਜਿਹੜੇ ਚਸ਼ਮੇ ਜਾਂ ਸੋਤੇ ਦੇ ਪਾਣੀ ਵਿਚ ਥੁੱਕ ਵੀ ਸੱਕਦੇ ਨੇ।”
ਦਾਰੂ ਨਾਲ ਭਰਿਆ ਹੋਇਆ ਜਾਮ ਹੱਥ ਵਿਚ ਲੈ ਕੇ ਅਸੀਂ ਵੀ ਇਹੀ ਕਹਾਂਗੇ—
ਚੁਲ੍ਹਾ, ਚਸ਼ਮਾ-ਦੋ ਅਨਾਦੀ ਆਧਾਰਾਂ ਦੀਆਂ ਜਿਹੜੇ ਸਿਫ਼ਤਾਂ ਗਾਉਣ—ਹੋਵੇ ਅਮਰ ਉਨ੍ਹਾਂ ਦੀ ਮਹਿਮਾ ਬਹੁਤ ਵਧੇ ਜੱਸ ਉਨ੍ਹਾਂ ਦਾ, ਛਿਲਤਰ ਇਕ ਬਾਲ ਦੇਣ ਜੋ ਕੇਵਲ ਅਤੇ ਕਹੀ ਪੁੱਟ ਸਕੇ ਜਿਨ੍ਹਾਂ ਦੀ ਝਰਨਾ।
ਇਕ ਬਜ਼ੁਰਗ ਪਹਾੜੀਏ ਨੇ ਜਵਾਨ ਨੂੰ ਪੁੱਛਿਆ-
“
ਤੂੰ ਆਪਣੀ ਜ਼ਿੰਦਗੀ ਵਿਚ ਕਦੇ ਅੱਗ ਵੇਖੀ ਏ, ਕਦੇ ਉਹਦੇ ਵਿਚੋਂ ਲੰਘਿਆ
टें।”
“ਮੈਂ ਉਹਦੇ ਵਿਚ ਇੰਜ ਛਾਲ ਮਾਰੀ ਸੀ ਜਿਵੇਂ ਪਾਣੀ ਵਿਚ”।
“ਬਰਫ਼ ਜਿਹੇ ਠੰਢੇ ਪਾਣੀ ਨਾਲ ਕਦੇ ਤੇਰਾ ਵਾਹ ਪਿਐ, ਕਦੇ ਉਹਦੇ ਵਿਚ ਛਾਲ ਮਾਰੀ ਏ?”
“ਜਿਵੇਂ ਅੱਗ ਵਿਚ।”
“ਫਿਰ ਤੂੰ ਬਾਲਗ ਹੋ ਚੁੱਕਾ ਪਹਾੜੀਆ ਏਂ। ਆਪਣੇ ਘੋੜੇ ਉਤੇ ਜ਼ੀਨ ਕੱਸ, ਮੈਂ ਤੈਨੂੰ ਪਹਾੜਾਂ ਵਿਚ ਲੈ ਚਲਨਾਂ।”
ਦੋ ਪਹਾੜੀ ਬੰਦਿਆਂ ਦਾ ਆਪੋ ਵਿਚ ਝਗੜਾ ਹੋ ਜਾਣ ਤੇ ਇਕ ਨੇ ਦੂਸਰੇ ਨੂੰ
ਕਿਹਾ-
“ਦੱਸ ਖਾਂ, ਮੇਰੇ ਘਰ ਦੀ ਛੱਤ ਉਤੇ ਤੇਰੇ ਘਰ ਦੀ ਛੱਤ ਨਾਲੋਂ ਕੋਈ ਘੱਟ ਸੰਘਣਾ ਧੂੰਐਂ? ਮੈਂ ਕਦੇ ਕਿਸੇ ਕੋਲ ਪਾਣੀ ਮੰਗਣ ਗਿਆਂ? ਜੇ ਤੂੰ ਇੰਜ ਸਮਝਨੈਂ ਤਾਂ ਆ ਫਿਰ, ਉਸ ਪਹਾੜੀ ਦੇ ਪਿੱਛੇ ਚੱਲੀਏ ਤੇ ਮਾਮਲਾ ਤੈਅ ਕਰ ਲੈਨੇ ਆਂ।”
ਦਰਵਾਜ਼ਿਆਂ ਉਤੇ ਮੈਂ ਇਹ ਲਿਖਿਆ ਵੇਖਿਆ ਹੈ—“ਚੁੱਲ੍ਹੇ ਵਿਚ ਅੱਗ ਬਲਦੀ ਪਈ ਏ, ਪਰਾਹੁਣੇ ਅੰਦਰ ਆਉਣ ਦੀ ਕਿਰਪਾਲਤਾ ਕਰਨ।” ਬੜੇ ਅਫਸੋਸ ਦੀ ਗੱਲ ਹੈ ਕਿ ਦਾਗਿਸਤਾਨ ਵਿਚ ਇਹੋ ਜਿਹੇ ਫਾਟਕ ਨਹੀਂ ਜਿਨ੍ਹਾਂ ਉਤੇ ਇਹ ਸ਼ਬਦ ਲਿਖੇ ਜਾ ਸਕਣ-“ਚੁੱਲ੍ਹੇ ਵਿਚ ਅੱਗ ਬਲਦੀ ਪਈ ਏ, ਪਰਾਹੁਣੇ ਅੰਦਰ ਆਉਣ ਦੀ ਕਿਰਪਾਲਤਾ ਕਰਨ।”
ਅੱਗ ਤਾਂ ਸੱਚਮੁੱਚ ਬਲ ਰਹੀ ਹੈ। ਸਿਰਫ ਕਹਿਣ ਲਈ ਹੀ, ਸ਼ਬਦ ਆਡੰਬਰੀ ਰੂਪ ਵਿਚ ਤੁਹਾਨੂੰ ਆਉਣ ਦੀ ਦਾਅਵਤ ਨਹੀਂ ਦਿੱਤੀ ਜਾ ਰਹੀ-ਸ਼ਰਮਾਓ ਨਾ, ਅੰਦਰ ਆਓ, ਚੁਲ੍ਹੇ ਵਿਚ ਅੱਗ ਬਲਦੀ ਪਈ ਹੈ ਅਤੇ ਚਸ਼ਮਿਆਂ ਵਿਚ ਨਿਰਮਲ ਜਲ ਹੈ, ਸਵਾਗਤ ਹੈ ਤੁਹਾਡਾ!
ਘਰ
ਅਵਾਰ ਭਾਸ਼ਾ ਦੇ “ਰੰਗ” ਸ਼ਬਦ ਦੇ ਦੋ ਭਿੰਨ ਅਰਥ ਹਨ-“ਉਮਰ” ਅਤੇ “ਘਰ”। ਮੇਰੇ ਵਾਸਤੇ ਇਹ ਦੋਵੇਂ ਸ਼ਬਦ ਇਕ ਵਿਚ ਹੀ ਘੁਲ ਮਿਲ ਜਾਂਦੇ ਹਨ। ਉਮਰ- ਘਰ। ਉਮਰ ਹੋ ਗਈ ਤਾਂ ਆਪਣਾ ਘਰ ਵੀ ਚਾਹੀਦਾ ਹੈ। ਜੇ ਅਵਾਰ ਭਾਸ਼ਾ ਦੀ ਇਸ ਕਹਾਵਤ ਦਾ ਉਚਾਰਨ ਕੀਤਾ ਜਾਵੇ (ਸਾਡੇ ਇੱਥੇ ਇਕ ਇਹੋ ਜਿਹੀ ਕਹਾਵਤ ਹੈ) ਤਾਂ ਸ਼ਬਦਾਂ ਦੀ ਇਹੋ ਜਿਹੀ ਖੇਡ ਸਾਹਮਣੇ ਆਉਂਦੀ ਹੈ ਜਿਸਦਾ ਅਨੁਵਾਦ ਨਹੀਂ-“ਰੰਗ- ਗੰਗ”, ਉਮਰ-ਘਰ।
ਤਾਂ ਇੰਜ ਮੰਨਿਆ ਜਾ ਸਕਦਾ ਹੈ ਕਿ ਦਾਗਿਸਤਾਨ ਬਹੁਤ ਪਹਿਲਾਂ ਹੀ ਬਾਲਗ ਹੋ ਚੁੱਕਾ ਹੈ ਅਤੇ ਇਸ ਲਈ ਦੁਨੀਆਂ ਵਿਚ ਉਸਦਾ ਉਚਿੱਤ ਤੌਰ ਤੇ ਬਣਦਾ ਅਤੇ ਠੋਸ ਥਾਂ ਹੈ।
ਮੈਂ ਅਕਸਰ ਮਾਤਾ ਜੀ ਨੂੰ ਪੁੱਛਦਾ ਹੁੰਦਾ ਸੀ-
“ਦਾਗਿਸਤਾਨ ਕਿੱਥੇ ਹੈ?”
“ਤੇਰੇ ਪੰਘੂੜੇ ਵਿਚ,” ਮੇਰੇ ਸੂਝਵਾਨ ਮਾਤਾ ਜੀ ਜਵਾਬ ਦਿੰਦੇ ਹੁੰਦੇ ਸਨ।
“ਤੁਹਾਡਾ ਦਾਗਿਸਤਾਨ ਕਿੱਥੇ ਹੈ?” ਆਂਦੀ ਪਿੰਡ ਦੇ ਇਕ ਵਿਅਕਤੀ ਤੋਂ ਕਿਸੇ ਨੇ ਪੁੱਛਿਆ।
ਉਹਨੇ ਚਕਰਾਉਂਦੇ ਹੋਏ ਆਪਣੇ ਆਲੇ-ਦੁਆਲੇ ਵੇਖਿਆ।
ਇਹ ਟਿੱਲਾ ਦਾਗਿਸਤਾਨ ਹੈ, ਇਹ ਘਾਹ ਦਾਗਿਸਤਾਨ ਹੈ, ਇਹ ਨਦੀ ਦਾਗਿਸਤਾਨ ਹੈ, ਪਰਬਤ ਉਤੇ ਪਈ ਹੋਈ ਬਰਫ਼ ਦਾਗਿਸਤਾਨ ਹੈ, ਸਿਰ ਦੇ ਉੱਤੇ ਬੱਦਲ, ਕੀ ਇਹ ਦਾਗਿਸਤਾਨ ਨਹੀਂ? ਫਿਰ ਸਿਰ ਦੇ ਉਤੇ ਸੂਰਜ ਵੀ ਦਾਗਿਸਤਾਨ ਨਹੀਂ?
“ਮੇਰਾ ਦਾਗਿਸਤਾਨ-ਹਰ ਥਾਂ ਏਂ।” ਆਂਦੀ ਪਿੰਡ ਦੇ ਵਾਸੀ ਨੇ ਜਵਾਬ ਦਿੱਤਾ। ਘਰੇਲੂ ਯੁੱਧ ਤੋਂ ਮਗਰੋਂ, 1921 ਵਿਚ ਸਾਡੇ ਪਿੰਡ ਤਬਾਹਹਾਲ ਸਨ, ਲੋਕ ਭੁੱਖੇ ਰਹਿੰਦੇ ਸਨ ਅਤੇ ਨਹੀਂ ਜਾਣਦੇ ਸਨ ਕਿ ਅਗਾਂਹ ਕੀ ਹੋਵੇਗਾ। ਉਦੋਂ ਹੀ ਤਾਂ ਪਹਾੜੀ ਲੋਕਾਂ ਦਾ ਇਕ ਵਫ਼ਦ ਲੈਨਿਨ ਨੂੰ ਮਿਲਣ ਗਿਆ ਸੀ। ਲੈਨਿਨ ਦੇ ਕਮਰੇ ਵਿਚ ਜਾ ਕੇ ਦਾਗਿਸਤਾਨ ਦੇ ਇਹ ਨੁਮਾਇੰਦੇ ਕੁਝ ਵੀ ਕਹੇ ਬਿਨਾਂ ਦੁਨੀਆਂ ਦਾ ਇਕ ਬਹੁਤ ਵੱਡਾ ਨਕਸ਼ਾ ਖੋਲ੍ਹਣ ਲੱਗੇ।
” ਇਹ ਨਕਸ਼ਾ ਤੁਸੀਂ ਕਾਹਦੇ ਵਾਸਤੇ ਲਿਆਏ ਓ?” ਲੈਨਿਨ ਨੇ ਹੈਰਾਨ ਹੁੰਦਿਆਂ ਹੋਇਆਂ ਪੁੱਛਿਆ।
“ਤੁਹਾਨੂੰ ਅਨੇਕਾਂ ਜਨਗਣਾਂ ਦੇ ਬਹੁਤ ਸਾਰੇ ਫਿਕਰ ਨੇ, ਤੁਸੀਂ ਇਹ ਯਾਦ ਨਹੀਂ ਰੱਖ ਸਕਦੇ ਪਈ ਕੌਣ ਲੋਕ ਕਿੱਥੇ ਰਹਿੰਦੇ ਨੇ। ਇਸ ਲਈ ਅਸੀਂ ਤੁਹਾਨੂੰ ਇਹ ਵਿਖਾਉਣਾ ਚਾਹੁੰਨੇ ਆਂ ਪਈ ਦਾਗਿਸਤਾਨ ਕਿੱਥੇ ਏ।”
ਪਰ ਸਾਡੇ ਪਹਾੜੀ ਲੋਕ ਭਾਵੇਂ ਕਿੰਨਾ ਹੀ ਕਿਉਂ ਨਾ ਲੱਭਦੇ ਰਹੇ ਪਰ ਆਪਣੇ ਇਲਾਕੇ ਨੂੰ ਨਾ ਲੱਭ ਸਕੇ, ਵੱਡੇ ਨਕਸ਼ੇ ਦੇ ਗੜਬੜ ਘੁਟਾਲੇ ਵਿਚ ਫਸ ਗਏ, ਆਪਣਾ ਛੋਟਾ ਜਿਹਾ ਦੇਸ਼ ਗੁਆ ਬੈਠੇ। ਫਿਰ ਲੈਨਿਨ ਨੇ ਕਿਸੇ ਤਰ੍ਹਾਂ ਦੀ ਖੋਜ-ਭਾਲ ਕੀਤੇ ਬਿਨਾਂ ਫੌਰਨ ਹੀ ਪਹਾੜੀ ਲੋਕਾਂ ਨੂੰ ਉਹ ਵਿਖਾ ਦਿੱਤਾ ਜੋ ਉਹ ਲੱਭਦੇ ਪਏ ਸਨ।
“ਇਹੀ ਤਾਂ ਹੈ ਤੁਹਾਡਾ ਦਾਗਿਸਤਾਨ,” ਅਤੇ ਉਹ ਚਹਿਕਦੇ ਹੋਏ ਹੱਸ ਪਏ। “ਇਹਨੂੰ ਕਹਿੰਦੇ ਨੇ ਦਿਮਾਗ,” ਸਾਡੇ ਪਹਾੜੀਆਂ ਨੇ ਸੋਚਿਆ ਅਤੇ ਲੈਨਿਨ ਨੂੰ ਦੱਸਿਆ ਕਿ ਉਨ੍ਹਾਂ ਕੋਲ ਆਉਣ ਤੋਂ ਪਹਿਲਾਂ ਉਹ ਲੋਕ-ਕਮੀਸਾਰ ਕੋਲ ਗਏ ਸਨ ਅਤੇ ਉਹ ਲਗਾਤਾਰ ਉਨ੍ਹਾਂ ਨੂੰ ਹੀ ਦੱਸਣ ਲਈ ਕਹਿੰਦਾ ਰਿਹਾ ਕਿ ਦਾਗਿਸਤਾਨ ਕਿੱਥੇ ਹੈ। ਲੋਕ-ਕਮੀਸਾਰ ਦੇ ਸਹਿਕਰਮੀ ਤਰ੍ਹਾਂ ਤਰ੍ਹਾਂ ਦੇ ਅਨੁਮਾਨ ਅਟਕਲਾਂ ਲਾਉਂਦੇ ਰਹੇ ਸਨ। ਇਕ ਨੇ ਕਿਹਾ ਕਿ ਉਹ ਕਿਤੇ ਜਾਰਜੀਆ ਵਿਚ ਹੈ ਅਤੇ ਦੂਸਰੇ ਨੇ ਕਿਹਾ ਕਿ ਤੁਰਕਿਸਤਾਨ ਵਿਚ। ਇਕ ਸਹਿਕਰਮੀ ਨੇ ਤਾਂ ਇਥੋਂ ਤਕ ਦਾਅਵਾ ਕੀਤਾ ਕਿ ਉਹ ਦਾਗਿਸਤਾਨ ਵਿਚ ਹੀ ਬਸਮਾਚੀਆਂ* ਨਾਲ ਲੋਹਾ ਲੈਂਦਾ ਰਿਹਾ ਹੈ।
ਲੈਨਿਨ ਤਾਂ ਹੋਰ ਵੀ ਜ਼ਿਆਦਾ ਜ਼ੋਰ ਨਾਲ ਹੱਸ ਪਏ-
“ਕਿੱਥੇ, ਕਿੱਥੇ, ਤੁਰਕਿਸਤਾਨ ਵਿਚ? ਬਹੁਤ ਖੂਬ। ਇਹ ਤਾਂ ਹੋਰ ਵੀ ਕਮਾਲ ਹੋ ਗਿਐ।”
ਲੈਨਿਨ ਨੇ ਉਸੇ ਵੇਲੇ ਟੈਲੀਫੋਨ ਦਾ ਰਿਸੀਵਰ ਹੱਥ ਵਿਚ ਲਿਆ ਅਤੇ ਉਸ ਲੋਕ-ਕਮੀਸਾਰ ਨੂੰ ਇਹ ਸਪੱਸ਼ਟ ਕੀਤਾ ਕਿ ਤੁਰਕਿਸਤਾਨ ਕਿੱਥੇ ਹੈ, ਦਾਗਿਸਤਾਨ ਕਿੱਥੇ, ਬਸਮਾਚੀ ਅਤੇ ਮਿਉਰੀਦ ਕਿੱਥੇ।
ਕਰੈਮਲਿਨ ਵਿਚ ਲੈਨਿਨ ਦੇ ਕਮਰੇ ਵਿਚ ਅਜੇ ਤਕ ਕਾਕੇਸ਼ੀਆ ਦਾ ਬਹੁਤ ਵੱਡਾ ਨਕਸ਼ਾ ਲਟਕਿਆ ਹੋਇਆ ਹੈ।
ਹੁਣ ਦਾਗਿਸਤਾਨ ਇਕ ਜਨਤੰਤਰ ਹੈ। ਇਹ ਛੋਟਾ ਹੈ ਜਾਂ ਵੱਡਾ ਇਸ ਦੀ ਕੋਈ ਅਹਿਮੀਅਤ ਨਹੀਂ। ਇਹ ਉਹੋ ਜਿਹਾ ਹੀ ਹੈ ਜਿਹੋ ਜਿਹਾ ਹੋਣਾ ਚਾਹੀਦਾ ਹੈ। ਸਾਡੇ ਸੋਵੀਅਤ ਦੇਸ਼ ਵਿਚ ਤਾਂ ਸ਼ਾਇਦ ਹੁਣ ਕੋਈ ਇਹ ਨਹੀਂ ਕਹੇਗਾ ਕਿ ਦਾਗਿਸਤਾਨ ਤੁਰਕਿਸਤਾਨ ਵਿਚ ਹੈ, ਪਰ ਦੂਰ ਦੁਰਾਡੇ ਦੇ ਕਿਸੇ ਦੇਸ਼ ਵਿਚ ਤਾਂ ਮੈਨੂੰ ਸਪਸ਼ੱਟੀਕਰਨ ਦੇਣ ਵਾਲੀ ਇਸ ਤਰ੍ਹਾਂ ਦੀ ਗੱਲਬਾਤ ਲਾਜ਼ਮੀ ਕਰਨੀ ਪੈਂਦੀ ਹੈ—
“ਤੁਸੀਂ ਕਿੱਥੋਂ ਸਾਡੇ ਇੱਥੇ ਆਏ ਓ?”
“ਦਾਗਿਸਤਾਨ ਤੋਂ।”
“ਦਾਗਿਸਤਾਨ ਦਾਗਿਸਤਾਨ ਇਹ ਕਿੱਥੇ ਏ?”
“ਕਾਕੇਸ਼ੀਆ ਵਿਚ।”
“ਪੂਰਬ ਵਿਚ ਜਾਂ ਪੱਛਮ ਵਿਚ,”
“ਕਾਸਪੀ ਸਾਗਰ ਦੇ ਤੱਟ ਉਤੇ।”
“ਅੱਛਾ ਬਾਕੂ?”
“ਨਹੀਂ ਜੀ ਬਾਕੂ ਨਹੀਂ। ਕੁੱਝ ਉੱਤਰ ਵਾਲੇ ਪਾਸੇ।”
“ਤੁਹਾਡੀਆਂ ਹੱਦਾਂ ਕਿਹਦੇ ਨਾਲ ਮਿਲਦੀਆਂ ਨੇ?”
“ਰੂਸ, ਜਾਰਜੀਆ ਅਤੇ ਆਜ਼ਰਬਾਈਜਾਨ ਨਾਲ…”
“ਪਰ ਉੱਥੇ ਚੇਰਕੇਸ ਨਹੀਂ ਰਹਿੰਦੇ? ਅਸੀਂ ਤਾਂ ਸੋਚਿਆ ਸੀ ਪਈ ਉੱਥੇ ਚੇਰਕੇਸ
ਰਹਿੰਦੇ ਨੇ।”
“ਚੇਰਕੇਸ ਤਾਂ ਚੇਰਕੇਸੀਆ ਵਿਚ ਰਹਿੰਦੇ ਨੇ ਅਤੇ ਦਾਗਿਸਤਾਨ ਵਿਚ ਦਾਗਿਸਤਾਨੀ ਰਹਿੰਦੇ ਨੇ। ਟਾਲਸਟਾਏ ਹਾਜੀ-ਮੁਰਾਤ ਟਾਲਸਟਾਏ ਦੀ ਇਹ ਰਚਨਾ ਪੜ੍ਹੀ ਏ? ਬੇਸਤੁਜੇਵ-ਮਾਰਲਿੰਸਕੀ* ਜਾਂ ਫਿਰ ਲੇਰਮਨੋਤੋਵ ‘ਦਾਗਿਸਤਾਨ ਘਾਟੀ ਦੀ ਬਲਦੀ ਦੁਪਹਿਰ ਵਿਚ ਪੜ੍ਹੀ ਏ…?”
“ਭਲਾ ਇਹ ਉੱਥੇ ਈ ਏ ਜਿੱਥੇ ਐਲਬਰੂਸ ਏ?”
“ਐਲਬਰੂਸ ਤਾਂ ਕਾਬਾਰਦੀਨੋ- ਬਲਕਾਰੀਆ ਵਿਚ ਏ, ਕਜ਼ਬੇਕ-ਜਾਰਜੀਆ ਵਿਚ ਅਤੇ ਸਾਡੇ ਇੱਥੇ ਗੁਨੀਬ ਪਿੰਡ ਏ, ਤਸਾਦਾ ਪਿੰਡ ਏ।”
ਦੂਰ ਦੁਰਾਡੇ ਦੇ ਦੇਸ਼ ਵਿਚ ਮੈਨੂੰ ਕਦੇ ਕਦੇ ਇਹ ਸਭ ਕੁਝ ਕਹਿਣਾ ਪੈਂਦਾ ਹੈ। ਇਹ ਤਾਂ ਸਾਰੇ ਹੀ ਜਾਣਦੇ ਹਨ ਕਿ ਨੂੰਹ ਨੂੰ ਇਸ਼ਾਰੇ ਨਾਲ ਕੋਈ ਗੱਲ ਸਮਝਾਉਣ ਲਈ ਧੀ ਨੂੰ ਝਿੜਕਿਆ ਜਾਂਦਾ ਹੈ। ਸ਼ਾਇਦ ਸਾਡੇ ਦੇਸ਼ ਵਿਚ ਵੀ ਕੋਈ ਇਹੋ ਜਿਹਾ ਹੋਛਾ ਬੰਦਾ ਮਿਲ ਜਾਏ ਜਿਹੜਾ ਇਹ ਸੋਚਦਾ ਹੋਵੇ ਕਿ ਦਾਗਿਸਤਾਨ ਵਿਚ ਚੇਰਕੇਸ ਰਹਿੰਦੇ ਹਨ ਜਾਂ ਸ਼ਾਇਦ ਇੰਜ ਕਹਿਣਾ ਹੋਰ ਜ਼ਿਆਦਾ ਸਹੀ ਹੋਵੇਗਾ ਕਿ ਉਹ ਕੁਝ ਵੀ ਨਾ ਸੋਚਦਾ ਹੋਵੇ।
ਮੈਨੂੰ ਬਹੁਤ ਦੂਰ ਦੂਰ ਦੇ ਦੇਸ਼ਾਂ ਵਿਚ ਜਾਣ ਦਾ ਮੌਕਾ ਮਿਲਿਆ ਹੈ। ਮੈਂ ਭਿੰਨ ਭਿੰਨ ਸੰਮੇਲਨਾਂ, ਕਾਂਗਰਸਾਂ ਅਤੇ ਗੋਸ਼ਠੀਆਂ ਵਿਚ ਭਾਗ ਲਿਆ ਹੈ।
ਵਿਭਿੰਨ ਮਹਾਂਦੀਪਾਂ-ਏਸ਼ੀਆ, ਯੂਰਪ, ਅਫਰੀਕਾ, ਅਮਰੀਕਾ ਅਤੇ ਆਸਟਰੇਲੀਆ ਦੇ ਲੋਕ ਇਕੱਠੇ ਹੁੰਦੇ ਹਨ। ਉੱਥੇ ਜਿੱਥੇ ਸਭ ਚੀਜ਼ਾਂ ਦੀ ਮਹਾਂਦੀਪਾਂ ਦੇ ਪੱਧਰ ਤੇ ਚਰਚਾ ਕੀਤੀ ਜਾਂਦੀ ਹੈ, ਮੈਂ ਤਾਂ ਉੱਥੇ ਵੀ ਇਹੀ ਕਹਿੰਦਾ ਹਾਂ ਕਿ ਮੈਂ ਦਾਗਿਸਤਾਨ ਤੋਂ ਆਇਆ ਹਾਂ।
“ਤੁਸੀਂ ਏਸ਼ੀਆ ਦੇ ਜਾਂ ਯੂਰਪ ਦੇ ਨੁਮਾਇੰਦੇ ਹੋ, ਇਹ ਸਪੱਸ਼ਟ ਕਰਨ ਦੀ ਮਿਹਰਬਾਨੀ ਕਰੋ।” ਮੈਨੂੰ ਬੇਨਤੀ ਕੀਤੀ ਜਾਂਦੀ ਹੈ। “ ਤੁਹਾਡਾ ਦਾਗਿਸਤਾਨ ਕਿਸ ਮਹਾਂਦੀਪ ਵਿਚ ਏ?”
“ਮੇਰਾ ਇਕ ਪੈਰ ਏਸ਼ੀਆ ਵਿਚ ਏ ਅਤੇ ਦੂਸਰਾ ਯੂਰਪ ਵਿਚ। ਕਦੀ ਕਦੀ ਇੰਜ ਹੁੰਦੈ ਪਈ ਦੋ ਬੰਦੇ ਇਕੱਠੇ ਹੀ ਘੋੜੇ ਦੀ ਗਰਦਨ ਉਤੇ ਆਪਣਾ ਹੱਥ ਰੱਖ ਦਿੰਦੇ ਨੇ—ਇਕ ਬੰਦਾ ਇਕ ਪਾਸਿਓਂ ਅਤੇ ਦੂਸਰਾ ਦੂਜੇ ਪਾਸਿਓਂ। ਠੀਕ ਇਸੇ ਤਰ੍ਹਾਂ ਦਾਗਿਸਤਾਨ ਦੇ ਪਹਾੜਾਂ ਦੀ ਚੋਟੀ ਉਤੇ ਦੋ-ਮਹਾਂਦੀਪਾਂ ਨੇ ਇਕੱਠਿਆਂ ਹੀ ਹੱਥ ਰੱਖ ਦਿੱਤੇ ਨੇ। ਮੇਰੀ ਧਰਤੀ ਉਤੇ ਉਨ੍ਹਾਂ ਦੇ ਹੱਥ ਮਿਲ ਗਏ ਨੇ ਅਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਏ।”
ਪਰਿੰਦੇ ਅਤੇ ਨਦੀਆਂ, ਪਹਾੜੀ ਬੱਕਰੇ ਅਤੇ ਲੂੰਬੜੀਆਂ ਤੇ ਬਾਕੀ ਸਾਰੇ ਜਾਨਵਰ ਵੀ ਇਕੱਠਿਆਂ ਹੀ ਯੂਰਪ ਅਤੇ ਏਸ਼ੀਆ ਦੇ ਹਨ। ਮੈਨੂੰ ਇੰਜ ਲੱਗਦਾ ਹੈ ਕਿ ਉਨ੍ਹਾਂ ਨੇ ਯੂਰਪ ਅਤੇ ਏਸ਼ੀਆ ਦੀ ਏਕਤਾ ਕਮੇਟੀ ਬਣਾਈ ਹੋਈ ਹੈ। ਆਪਣੀਆਂ ਕਵਿਤਾਵਾਂ ਸਮੇਤ ਮੈਂ ਬੜੀ ਖੁਸ਼ੀ ਨਾਲ ਇਹੋ ਜਿਹੀ ਕਮੇਟੀ ਦਾ ਮੈਂਬਰ ਬਣਨ ਨੂੰ ਤਿਆਰ ਹਾਂ।
ਫਿਰ ਵੀ ਕੁਝ ਲੋਕ ਜਿਵੇਂ ਮੇਰਾ ਮੂੰਹ ਚਿੜਾਉਂਦੇ ਹੋਏ ਜਾਣਬੁੱਝ ਕੇ ਮੈਨੂੰ ਇਹ ਕਹਿੰਦੇ ਹਨ- “ਤੈਨੂੰ ਕੋਈ ਆਖੇ ਵੀ ਤਾਂ ਤੂੰ ਭਲਾ ਏਸ਼ੀਆਈ ਬਣ ਜਾਏਂਗਾ?” ਜਾਂ ਇਸ ਤੋਂ ਉਲਟ, ਏਸ਼ੀਆ ਦੇ ਕਿਸੇ ਦੂਰ ਦੁਰਾਡੇ ਥਾਂ ਉਤੇ ਮੈਨੂੰ ਇੰਜ ਆਖਿਆ ਜਾਂਦਾ ਹੈ-“ਤੇਰੇ ਕੋਲੋਂ ਕੋਈ ਦੂਜੀ ਉਮੀਦ ਹੀ ਕੀ ਕੀਤੀ ਜਾ ਸਕਦੀ ਏ- ਤੂੰ ਯੂਰਪੀ ਬੰਦਾ ਜੁ ਹੋਇਆ।” ਮੈਂ ਨਾ ਤਾਂ ਪਹਿਲਿਆਂ ਦੀ ਅਤੇ ਨਾ ਹੀ ਮਗਰਲੇ ਬੰਦਿਆਂ ਦੀ ਗੱਲ ਦਾ ਖੰਡਨ ਕਰਦਾ ਹਾਂ। ਦੋਵੇਂ ਹੀ ਸਹੀ ਨੇ।
ਜਦੋਂ ਕਦੇ ਮੈਂ ਕਿਸੇ ਔਰਤ ਲਈ ਆਪਣੀ ਪਰੇਮ-ਭਾਵਨਾ ਪ੍ਰਗਟ ਕਰਨ ਲੱਗਦਾ ਹਾਂ ਤਾਂ ਉਹ ਸ਼ੱਕ ਭਰੇ ਢੰਗ ਨਾਲ ਆਪਣਾ ਸਿਰ ਹਿਲਾ ਕੇ ਕਹਿੰਦੀ ਹੈ—
“ਉਫ, ਇਹ ਚਲਾਕੀ ਅਤੇ ਮੱਕਾਰੀ ਨਾਲ ਭਰਿਆ ਹੋਇਆ ਪੂਰਬ!” ਜਦੋਂ ਕਦੇ ਮੇਰੇ ਕੋਲ ਦਾਗਿਸਤਾਨੀ ਪਰਾਹੁਣੇ ਆਉਂਦੇ ਹਨ ਤਾਂ ਉਹ ਆਪਣੇ
ਸਿਰ ਹਿਲਾਉਂਦੇ ਹਨ ਅਤੇ ਕਹਿ ਉੱਠਦੇ ਹਨ-
“ਓਹ! ਇਹ ਯੂਰਪੀ ਅੰਦਾਜ਼!”
ਹਾਂ, ਦਾਗਿਸਤਾਨ ਪੂਰਬ ਨੂੰ ਪਿਆਰ ਕਰਦਾ ਹੈ, ਪਰ ਪੱਛਮ ਵੀ ਉਹਦੇ ਲਈ ਬੇਗਾਨਾ ਨਹੀਂ। ਉਹ ਉਸ ਰੁੱਖ ਵਾਂਗ ਹੈ ਜਿਸਦੀਆਂ ਜੜ੍ਹਾਂ ਇਕੱਠਿਆਂ ਦੋ ਮਹਾਂਦੀਪਾਂ
ਵਿਚ ਹਨ। ਕਿਊਬਾ ਵਿਚ ਮੈਂ ਫਿਡਲ ਕਾਸਟਰੋ ਨੂੰ ਦਾਗਿਸਤਾਨੀ ਲਬਾਦਾ ਭੇਟ ਕੀਤਾ।
“ਇਹਦੇ ਵਿਚ ਬਟਨ ਕਿਉਂ ਨਹੀਂ ਲੱਗੇ ਹੋਏ।” ਫਿਡਲ ਕਾਸਟਰੋ ਨੇ ਹੈਰਾਨ ਹੁੰਦਿਆਂ ਹੋਇਆਂ ਪੁੱਛਿਆ।
“ਇਸ ਲਈ ਪਈ ਲੋੜ ਪੈਣ ਤੇ ਇਹਨੂੰ ਝਟਪਟ ਮੋਢੇ ਤੋਂ ਲਾਹ ਸੁੱਟਿਆ ਜਾਵੇ ਅਤੇ ਹੱਥ ਵਿਚ ਤਲਵਾਰ ਫੜੀ ਜਾ ਸਕੇ।”
“ ਅਸਲੀ ਛਾਪੇਮਾਰਾਂ ਦੀ ਪੌਸ਼ਾਕ ਏ।” ਛਾਪੇਮਾਰ ਫਿਡਲ ਕਾਸਟਰੋ ਨੇ ਸਹਿਮਤੀ ਪ੍ਰਗਟ ਕੀਤੀ।
ਦੂਸਰੇ ਦੇਸਾਂ ਨਾਲ ਦਾਗਿਸਤਾਨ ਦੀ ਤੁਲਨਾ ਕਰਨ ਵਿਚ ਕੋਈ ਤੁਕ ਨਹੀਂ। ਉਹ ਜਿਹੋ ਜਿਹਾ ਵੀ ਹੈ ਉਹੋ ਜਿਹਾ ਹੀ ਚੰਗਾ ਹੈ। ਉਸਦੀ ਛੱਤ ਵਿਚੋਂ ਪਾਣੀ ਨਹੀਂ ਚੋਂਦਾ, ਉਸ ਦੀਆਂ ਦੀਵਾਰਾਂ ਟੇਢੀਆਂ ਮੇਢੀਆਂ ਨਹੀਂ, ਦਰਵਾਜ਼ੇ ਚਰਮਰਾਉਂਦੇ ਨਹੀਂ, ਖਿੜਕੀਆਂ ਵਿਚੋਂ ਤੇਜ਼ ਹਵਾ ਨਹੀਂ ਆਉਂਦੀ। ਪਹਾੜਾਂ ਵਿਚ ਥਾਂ ਤੰਗ ਹੈ ਪਰ ਦਿਲ ਵੱਡੇ ਹਨ।
“ ਤੂੰ ਕਹਿਨੈਂ, ਮੇਰੀ ਧਰਤੀ ਛੋਟੀ ਏ ਤੇ ਤੁਹਾਡੀ ਵੱਡੀ?” ਆਂਦੀ ਪਿੰਡ ਦੇ ਇਕ ਵਾਸੀ ਨੇ ਕਿਸੇ ਆਦਮੀ ਨੂੰ ਚੁਣੌਤੀ ਦੇ ਅੰਦਾਜ਼ ਵਿਚ ਆਖਿਆ। “ ਤਾਂ ਆਓ, ਇਸ ਚੀਜ਼ ਦਾ ਮੁਕਾਬਲਾ ਕਰੀਏ ਪਈ ਅਸੀਂ ਕਿਹਦੀ ਧਰਤੀ ਦਾ ਛੇਤੀ ਪੈਦਲ ਚੱਕਰ ਲਾਉਂਨੇ ਆਂ, ਤੂੰ ਮੇਰੀ ਧਰਤੀ ਦਾ ਤੇ ਮੈਂ ਤੇਰੀ ਧਰਤੀ ਦਾ? ਮੈਂ ਵੀ ਵੇਖਾਂਗਾ ਪਈ ਕਿਵੇਂ ਤੂੰ ਸਾਡੀਆਂ ਪਹਾੜੀ ਚੋਟੀਆਂ ਉਤੇ ਚੜ੍ਹੇਗਾ, ਚੌਪਾਇਆ ਵਾਂਗ ਹੱਥਾਂ-ਪੈਰਾਂ ਦੇ ਭਾਰ ਕਿਵੇਂ ਚੱਟਾਨਾਂ ਉਤੇ ਉੱਪਰ ਨੂੰ ਜਾਏਂਗਾ, ਸਾਡੀਆਂ ਖੱਡਾਂ ਵਿਚ ਕਿਵੇਂ ਰਿੜ ਕੇ ਅਗਾਂਹ ਵਧੇਗਾ, ਸਾਡੀਆਂ ਖਾਈਆਂ ਵਿਚ ਕਿਵੇਂ ਕਲਾਬਾਜ਼ੀਆਂ ਲਾਏਂਗਾ!”
ਮੈਂ ਦਾਗਿਸਤਾਨ ਦੀ ਸਭ ਤੋਂ ਉੱਚੀ ਚੋਟੀ ਉਤੇ ਚੜ੍ਹ ਜਾਂਦਾ ਹਾਂ ਅਤੇ ਉਥੋਂ ਸਾਰੇ ਪਾਸੇ ਨਜ਼ਰ ਮਾਰਦਾ ਹਾਂ। ਦੂਰ ਦੂਰ ਤੱਕ ਰਾਹ ਦਿੱਸਦੇ ਹਨ, ਦੂਰ ਦੂਰ ਤਕ ਰੌਸ਼ਨੀਆਂ ਝਿਲਮਿਲਾਉਂਦੀਆਂ ਦਿੱਸਦੀਆਂ ਹਨ ਅਤੇ ਕਾਫੀ ਦੂਰ ਤਕ ਕਿਤੇ ਘੰਟੀਆਂ ਵੱਜਦੀਆਂ ਸੁਣਦੀਆਂ ਹਨ, ਧਰਤੀ ਨੀਲੇ ਨੀਲੇ ਧੂੰਏਂ ਦੀ ਚਾਦਰ ਵਿਚ ਵਲ੍ਹੇਟੀ ਪਈ ਹੈ। ਆਪਣੇ ਪੈਰਾਂ ਹੇਠਾਂ ਆਪਣੀ ਮਾਤਭੂਮੀ ਨੂੰ ਮਹਿਸੂਸ ਕਰਦਿਆਂ ਹੋਇਆਂ ਮੈਨੂੰ ਦੁਨੀਆਂ ਉਤੇ ਨਜ਼ਰ ਮਾਰਨਾ ਚੰਗਾ ਲੱਗਦਾ ਹੈ।
ਬੰਦਾ ਜਦੋਂ ਇਸ ਦੁਨੀਆਂ ਵਿਚ ਜਨਮ ਲੈਂਦਾ ਹੈ ਤਾਂ ਉਹ ਆਪਣੀ ਮਾਤਭੂਮੀ ਚੁਣਦਾ ਨਹੀਂ- ਜੋ ਵੀ ਮਿਲ ਜਾਂਦੀ ਹੈ, ਸੋ ਮਿਲ ਜਾਂਦੀ ਹੈ। ਮੇਰੇ ਕੋਲੋਂ ਵੀ ਕਿਸੇ ਨੇ ਇਹ ਨਹੀਂ ਪੁੱਛਿਆ ਕਿ ਮੈਂ ਦਾਗਿਸਤਾਨੀ ਬਣਨਾ ਚਾਹੁੰਦਾ ਹਾਂ ਜਾਂ ਨਹੀਂ। ਬੜਾ ਮੁਮਕਿਨ ਹੈ। ਕਿ ਜੇ ਮੈਂ ਦੁਨੀਆਂ ਦੇ ਕਿਸੇ ਹੋਰ ਹਿੱਸੇ ਵਿਚ ਜਨਮ ਲਿਆ ਹੁੰਦਾ, ਮੇਰੇ ਮਾਤਾ-ਪਿਤਾ ਵੀ ਹੋਰ ਹੀ ਹੁੰਦੇ ਤਾਂ ਮੇਰੇ ਲਈ ਉਸ ਧਰਤੀ ਤੋਂ ਜ਼ਿਆਦਾ ਪਿਆਰੀ ਹੋਰ ਕੋਈ ਧਰਤੀ ਨਾ ਹੁੰਦੀ, ਜਿੱਥੇ ਮੈਂ ਪੈਦਾ ਹੋਇਆ ਹੁੰਦਾ। ਮੇਰੇ ਕੋਲੋਂ ਇਸ ਬਾਰੇ ਪੁੱਛਿਆ ਨਹੀਂ ਗਿਆ। ਪਰ ਜੇ ਹੁਣ ਪੁੱਛਿਆ ਜਾਂਦਾ ਹੈ ਤਾਂ ਮੈਂ ਕੀ ਜਵਾਬ ਦਿਆਂ?
ਦੂਰ ਕਿਤੇ ਮੈਨੂੰ ਪੰਦੂਰਾ ਵਜਦਾ ਸੁਣਾਈ ਦੇ ਰਿਹਾ ਹੈ। ਧੁਨ ਜਾਣੀ ਪਛਾਣੀ ਹੈ। ਸ਼ਬਦ ਵੀ ਜਾਣੇ ਪਛਾਣੇ ਹਨ।
ਨਦ-ਨਾਲੇ ਤਾਂ ਸਦਾ ਤੜਪਦੇ, ਜਾ ਸਾਗਰ ਮਿਲ ਜਾਵਣ
ਚੈਨ ਬਿਨਾਂ ਪਰ ਨਦ-ਨਾਲਿਆਂ, ਸਾਗਰ ਵੀ ਕਿੰਜ ਪਾਵਣ?
ਦੋ ਹੱਥਾਂ ਵਿਚ ਦਿਲ ਲੈ ਲਈਏ, ਇੰਜ ਤਾਂ ਸੰਭਵ ਹੋਵੇ ਪਰ ਸਮੋਈਏ ਦਿਲ ‘ਚ ਦੁਨੀਆਂ, ਇੰਜ ਨਾ ਸੰਭਵ ਹੋਵੇ। ਸਭ ਦੇਸ਼ ਦੁਨੀਆਂ ਦੇ ਚੰਗੇ, ਸੋਹਣੇ ਦੇਸ਼ ਬਥੇਰੇ ਦਾਗਿਸਤਾਨ ਪਿਆਰਾ ਮੈਨੂੰ, ਉੱਕਰਿਆ ਦਿਲ ਤੇ ਮੇਰੇ।
ਪੰਦੂਰਾ ਵਜਾ ਕੇ ਨਾਲ ਗਾਉਣ ਵਾਲਾ ਨਹੀਂ, ਸਗੋਂ ਆਪਣੇ ਮੂੰਹ ਨਾਲ ਖੁਦ ਦਾਗਿਸਤਾਨ ਇਹ ਕਹਿੰਦਾ ਹੈ—
ਮੈਨੂੰ ਵੇਖਕੇ, ਜੋ ਵੀ ਨੱਕ ਚੜ੍ਹਾਏ ਚੰਗਾ ਏ ਉਹ ਵਾਪਸ ਘਰ ਨੂੰ ਜਾਏ।
ਸਾਡੇ ਇੱਥੇ ਇਕ ਪੁਰਾਣੀ ਪਰੰਪਰਾ ਹੈ- ਸਿਆਲ ਦੀਆਂ ਲੰਮੀਆਂ ਰਾਤਾਂ ਵਿਚ ਨੌਜਵਾਨ ਲੋਕ ਕਿਸੇ ਵੱਡੇ ਘਰ ਵਿਚ ਜਮ੍ਹਾਂ ਹੁੰਦੇ ਹਨ ਅਤੇ ਭਾਂਤ ਭਾਂਤ ਦੀਆਂ ਖੇਡਾਂ ਖੇਡਦੇ ਹਨ। ਮਿਸਾਲ ਵਜੋਂ ਕਿਸੇ ਮੁੰਡੇ ਨੂੰ ਕੁਰਸੀ ਉਤੇ ਬਿਠਾ ਦਿੱਤਾ ਜਾਂਦਾ ਹੈ। ਉਹਦੇ ਦੁਆਲੇ ਇਕ ਕੁੜੀ ਚੱਕਰ ਕੱਢਦੀ ਹੋਈ ਕੁੱਝ ਗਾਉਂਦੀ ਹੈ। ਮੁੰਡੇ ਨੇ ਵੀ ਗਾਣੇ ਵਿਚ ਹੀ ਉਹਦੇ ਸਵਾਲਾਂ ਦੇ ਜਵਾਬ ਦੇਣੇ ਹੁੰਦੇ ਹਨ। ਇਸ ਤੋਂ ਬਾਅਦ ਕੁੜੀ ਨੂੰ ਕੁਰਸੀ ਉਤੇ ਬਿਠਾ ਦਿੱਤਾ ਜਾਂਦਾ ਹੈ ਅਤੇ ਮੁੰਡਾ ਉਹਦੇ ਦੁਆਲੇ-ਚੱਕਰ ਕੱਢਦਾ ਹੋਇਆ ਗਾਉਂਦਾ ਹੈ। ਇਹ ਗਾਣੇ-ਪੂਰੀ ਤਰ੍ਹਾਂ ਰੂਸੀ ਭਾਸ਼ਾ ਵਿਚ ਪਰਚਲਤ ਚੌਪਾਈਆਂ ਜਿਹੇ ਤਾਂ ਨਹੀਂ ਹੁੰਦੇ, ਪਰ ਉਨ੍ਹਾਂ ਵਿਚ ਕੁਝ ਸਮਾਨਤਾ ਜ਼ਰੂਰ ਹੁੰਦੀ ਹੈ। ਇਸ ਤਰ੍ਹਾਂ ਜਵਾਨ ਲੋਕਾਂ ਵਿਚ ਇਕ ਤਰ੍ਹਾਂ ਦਾ ਵਾਰਤਾਲਾਪ ਹੋਣ ਲੱਗਦਾ ਹੈ। ਤਿੱਖੇ-ਚੁੱਭਵੇਂ ਸ਼ਬਦ ਦੇ ਜਵਾਬ ਵਿਚ ਹੋਰ ਵੀ ਤਿੱਖਾ- ਚੁੱਭਵਾਂ ਸ਼ਬਦ ਕਿਹਾ ਜਾਣਾ ਚਾਹੀਦਾ ਹੈ, ਨਪੇ ਤੁਲੇ ਸਵਾਲ ਦਾ ਨਪਿਆ ਤੁਲਿਆ ਜਵਾਬ ਹੋਣਾ ਚਾਹੀਦਾ ਹੈ। ਇਸ ਮੁਕਾਬਲੇ ਵਿਚ ਜਿਹੜਾ ਵੀ ਜਿੱਤ ਜਾਂਦਾ ਹੈ, ਉਹਨੂੰ ਸਿੰਗ ਦਾ ਬਣਾਇਆ ਗਿਆ ਜਾਮ ਸ਼ਰਾਬ ਨਾਲ ਭਰ ਕੇ ਦਿੱਤਾ ਜਾਂਦਾ ਹੈ।
ਇਸ ਤਰ੍ਹਾਂ ਦੀਆਂ ਖੇਡਾਂ ਸਾਡੇ ਘਰ ਦੀ ਪਹਿਲੀ ਮੰਜ਼ਲ ਉਤੇ ਵੀ ਖੇਡੀਆਂ ਜਾਂਦੀਆਂ ਸਨ। ਉਦੋਂ ਮੈਂ ਛੋਟਾ ਸੀ, ਇਨ੍ਹਾਂ ਖੇਡਾਂ ਵਿਚ ਹਿੱਸਾ ਨਹੀਂ ਸੀ ਲੈਂਦਾ। ਇਸ ਬੈਂਤਬਾਜ਼ੀ ਨੂੰ ਸਿਰਫ ਸੁਣਦਾ ਹੀ ਹੁੰਦਾ ਸੀ। ਮੈਨੂੰ ਯਾਦ ਹੈ ਕਿ ਚੁੱਲ੍ਹੇ ਕੋਲ ਫੈਨਿਲ ਸ਼ਰਾਬ ਅਤੇ ਘਰ ਵਿਚ ਬਣਾਈਆਂ ਗਈਆਂ ਸਾਸੇਜਾਂ ਰੱਖੀਆਂ ਹੁੰਦੀਆਂ ਸਨ। ਕਮਰੇ ਦੇ ਐਨ ਵਿਚਕਾਰ ਤਿੰਨ ਲੱਤਾਂ ਵਾਲੀ ਕੁਰਸੀ ਰੱਖ ਦਿੱਤੀ ਜਾਂਦੀ ਸੀ। ਮੁੰਡੇ ਅਤੇ ਕੁੜੀਆਂ ਵਾਰੀ ਵਾਰੀ ਇਸ ਕੁਰਸੀ ਉਤੇ ਬਹਿੰਦੇ ਰਹਿੰਦੇ ਸਨ। ਗਾਣਿਆਂ ਦੇ ਵਾਰਤਾਲਾਪ ਦੌਰਾਨ ਉਨ੍ਹਾਂ ਵਿਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸਨ, ਪਰੰਤੂ ਵਾਰਤਾਲਾਪ ਦਾ ਅੰਤਮ ਭਾਗ ਦਾਗਿਸਤਾਨ ਨੂੰ ਸਮੱਰਪਤ ਹੁੰਦਾ ਸੀ। ਇਹੋ ਜਿਹੇ ਸਵਾਲਾਂ ਦਾ ਕਮਰੇ ਵਿਚ ਮੌਜੂਦ ਸਾਰੇ ਜਣੇ ਮਿਲ ਕੇ ਜਵਾਬ ਦਿੰਦੇ ਸਨ।
“ ਤੂੰ ਕਿੱਥੇ ਏਂ ਦਾਗਿਸਤਾਨ?”
“ਉੱਚੀ ਚੱਟਾਨ ਉੱਤੇ, ਕੋਇਸੂ ਨਦੀ ਦੇ ਤੱਟ ਉਤੇ।”
“ ਤੂੰ ਕੀ ਕਰ ਰਿਹੈਂ ਦਾਗਿਸਤਾਨ?”
“ਮੁੱਛਾਂ ਨੂੰ ਤਾਅ ਦੇ ਰਿਹਾਂ।”
“ਤੂੰ ਕਿੱਥੇ ਏਂ ਦਾਗਿਸਤਾਨ?”
“ਮੈਨੂੰ ਵਾਦੀ ‘ਚ ਲੱਭੋ।”
” ਤੂੰ ਕੀ ਕਰਨਾਂ ਪਿਐਂ ਦਾਗਿਸਤਾਨ?”
“ਜੌਂ ਦੇ ਸਿੱਟਿਆਂ ਦਾ ਪੂਲਾ ਬਣ ਕੇ ਖਲੋਤਾਂ ਆਂ।”
“ਤੂੰ ਕੌਣ ਏਂ ਦਾਗਿਸਤਾਨ?”
“ਮੈਂ-ਖੰਜਰ ਉਤੇ ਚਾੜ੍ਹਿਆ ਹੋਇਆ ਗੋਸ਼ਤ ਹਾਂ।”
“ ਤੂੰ ਕੌਣ ਏਂ ਦਾਗਿਸਤਾਨ?”
“ਖੰਜਰ-ਜਿਹਨੇ ਆਪਣੀ ਧਾਰ ਉਤੇ ਗੋਸ਼ਤ ਚੜ੍ਹਾਇਆ ਹੋਇਆ ਹੈ।”
“ ਤੂੰ ਕੌਣ ਏਂ ਦਾਗਿਸਤਾਨ?”
“ਨਦੀ ਤੋਂ ਪਾਣੀ ਪੀਣ ਵਾਲਾ ਹਿਰਨ।”
“ ਤੂੰ ਕੌਣ ਏਂ ਦਾਗਿਸਤਾਨ?”
“ਹਿਰਨ ਨੂੰ ਪਾਣੀ ਪਿਆਉਣ ਵਾਲੀ ਨਦੀ।”
“ਤੂੰ ਕਿਹੋ ਜਿਹਾ ਏਂ ਦਾਗਿਸਤਾਨ?”
“ਮੈਂ ਛੋਟਾ ਜਿਹਾ ਹਾਂ, ਮੁੱਠੀ ਵਿਚ ਆ ਸਕਨਾਂ।”
“ਤੂੰ ਕਿੱਧਰ ਚਲ ਪਿਐਂ ਦਾਗਿਸਤਾਨ?”
“ਆਪਣੇ ਲਈ ਕੁਝ ਵੱਡਾ ਲੱਭਣ ਲਈ।”
ਤਾਂ ਗੱਭਰੂ ਤੇ ਮੁਟਿਆਰਾਂ ਇਕ ਦੂਜੇ ਨੂੰ ਜਵਾਬ ਦਿੰਦਿਆਂ ਹੋਇਆਂ ਇੰਜ ਗਾਉਂਦੇ ਸਨ। ਕਦੇ ਕਦੇ ਮੈਨੂੰ ਇੰਜ ਲੱਗਦਾ ਹੈ ਕਿ ਮੇਰੀਆਂ ਸਾਰੀਆਂ ਕਿਤਾਬਾਂ ਵਿਚ ਇਸੇ ਤਰ੍ਹਾਂ ਦੇ ਸਵਾਲ-ਜਵਾਬ ਹਨ। ਸਿਰਫ ਕੁਰਸੀ ਉਤੇ ਬੈਠੀ ਹੋਈ ਕੁੜੀ ਨਹੀਂ ਜਿਹਦੇ ਦੁਆਲੇ ਮੈਂ ਚੱਕਰ ਲਾਉਂਦਾ ਰਹਿੰਦਾ ਸੀ। ਖੁਦ ਹੀ ਸਵਾਲ ਕਰਦਾ ਹਾਂ, ਖੁਦ ਹੀ ਜਵਾਬ ਦਿੰਦਾ ਹਾਂ। ਜੇ ਕੋਈ ਵਧੀਆ ਜਵਾਬ ਸੁੱਝ ਜਾਂਦਾ ਹੈ ਤਾਂ ਕੋਈ ਵੀ ਮੈਨੂੰ ਸ਼ਰਾਬ ਨਾਲ ਭਰਿਆ ਹੋਇਆ ਸਿੰਗ ਪੇਸ਼ ਨਹੀਂ ਕਰਦਾ।
“ਤੂੰ ਕਿਥੇ ਏਂ ਦਾਗਿਸਤਾਨ?”
“ਉੱਥੇ ਜਿੱਥੇ ਮੇਰੇ ਸਾਰੇ ਪਹਾੜੀ ਲੋਕ ਨੇ।”
“ਤੇਰੇ ਪਹਾੜੀ ਲੋਕ ਕਿੱਥੇ ਨੇ?”
“ਉਹ, ਹੁਣ ਉਹ ਕਿੱਥੇ ਨਹੀਂ!”
“ਦੁਨੀਆਂ-ਬਹੁਤ ਵੱਡੀ ਤਸ਼ਤਰੀ ਏ ਤੇ ਤੂੰ ਛੋਟਾ ਜਿਹਾ ਚਮਚ। ਕੀ ਏਨੀ ਵੱਡੀ ਤਸ਼ਤਰੀ ਲਈ ਉਹ ਬਹੁਤ ਹੀ ਛੋਟਾ ਨਹੀਂ?”
ਮੇਰੇ ਮਾਤਾ ਜੀ ਕਹਿੰਦੇ ਹੁੰਦੇ ਸਨ ਕਿ ਛੋਟਾ ਮੂੰਹ ਵੀ ਵੱਡੀ ਗੱਲ ਕਹਿ ਸਕਦਾ है।
ਮੇਰੇ ਮਾਤਾ ਜੀ ਕਹਿੰਦੇ ਹੁੰਦੇ ਸਨ ਕਿ ਛੋਟਾ ਜਿਹਾ ਰੁੱਖ ਵੀ ਵੱਡੇ ਬਾਗ ਦੀ ਸ਼ਾਨ ਵਧਾਉਂਦਾ ਹੈ।
ਸ਼ਾਮੀਲ ਵੀ ਕਹਿੰਦਾ ਹੁੰਦਾ ਸੀ ਕਿ ਛੋਟੀ ਜਿਹੀ ਗੋਲੀ ਵੱਡੇ ਸਾਰੇ ਜਹਾਜ਼ ਵਿਚ
ਛੇਕ ਕਰ ਦਿੰਦੀ ਹੈ। ਆਪਣੀਆਂ ਕਵਿਤਾਵਾਂ ਵਿਚ ਤੂੰ ਤਾਂ ਖੁਦ ਹੀ ਇਹ ਕਿਹਾ ਹੈ ਕਿ ਛੋਟੇ
ਜਿਹੇ ਦਿਲ ਵਿਚ ਵਿਰਾਟ ਸੰਸਾਰ ਅਤੇ ਬਹੁਤ ਵੱਡਾ ਪਿਆਰ ਸਮਾ ਜਾਂਦਾ ਹੈ। ਜਾਮ ਚੁੱਕਦਿਆਂ ਹੋਇਆਂ ਤੁਸੀਂ ਹਮੇਸ਼ਾਂ ਹੀ ਇਹ ਕਿਉਂ ਕਹਿੰਦੇ ਹੈ—”ਨੇਕੀ ਦੇ ਨਾਂਅ?”
“ਤੁਸੀਂ ਪੱਥਰਾਂ ਤੇ ਚੱਟਾਨਾਂ ਉਤੇ ਕਿਉਂ ਘਰ ਬਣਾਉਂਦੇ ਹੋ?”
“ਇਸ ਲਈ ਪਈ ਨਰਮ ਧਰਤੀ ਉਤੇ ਤਰਸ ਆਉਂਦੈ। ਉਥੇ ਮੈਂ ਥੋੜ੍ਹਾ ਜਿਹਾ ਅੰਨ ਉਗਾਉਨਾਂ। ਮੈਂ ਤਾਂ ਪੱਧਰੀਆਂ ਛੱਤਾਂ ਉਤੇ ਵੀ ਅੰਨ ਉਗਾਉਨਾਂ। ਚੱਟਾਨਾਂ ਉਤੇ ਮਿੱਟੀ ਲੈ ਜਾਨਾਂ ਤੇ ਉੱਥੇ ਵੀ ਆਪਣਾ ਅੰਨ ਉਗਾਉਂਨਾਂ। ਇਹੋ ਜਿਹਾ ਹੀ ਏ ਮੇਰਾ ਅੰਨ।”
ਦਾਗਿਸਤਾਨ ਦੇ ਤਿੰਨ ਖਜ਼ਾਨੇ
ਸਾਡੇ ਪਹਾੜੀ ਲੋਕ ਚਿਰਾਂ ਤੋਂ ਮੁਸਾਫ਼ਰ ਹਨ। ਉਨ੍ਹਾਂ ਵਿਚੋਂ ਕੁਝ ਧਨ ਦੌਲਤ ਲਈ ਸਫ਼ਰ ਤੇ ਜਾਂਦੇ ਹਨ, ਕਈ ਨਾਂਅ ਕਮਾਉਣ ਲਈ ਅਤੇ ਕਈ ਸੱਚ ਦੀ ਖੋਜ ਵਿਚ।
ਅਤੇ ਲਓ, ਉਹ, ਜਿਹੜੇ ਧਨ ਦੌਲਤ ਕਮਾਉਣ ਲਈ ਗਏ ਸਨ ਉਹਨੂੰ ਹਾਸਲ ਕਰਕੇ ਮੁੜ ਆਏ ਹਨ ਅਤੇ ਹੁਣ ਆਪਣੀ ਯਾਤਰਾ ਦੇ ਫਲਾਂ ਦਾ ਆਨੰਦ ਮਾਣ ਰਹੇ ਹਨ।
ਅਤੇ ਇਹ ਹਨ ਉਹ ਜਿਹੜੇ ਨਾਂਅ ਕਮਾਉਣ ਲਈ ਗਏ ਸਨ, ਉਨ੍ਹਾਂ ਨੇ ਮਸ਼ਹੂਰੀ ਤਾਂ ਹਾਸਲ ਕਰ ਲਈ ਪਰ ਹੁਣ ਇਹ ਸਮਝਦਿਆਂ ਹੋਇਆਂ ਜ਼ਿੰਦਗੀ ਲੰਘਾ ਰਹੇ ਹਨ ਕਿ ਇਸਦੀ ਦੋ ਕੌਡੀ ਵੀ ਕੀਮਤ ਨਹੀਂ ਰਹੀ ਅਤੇ ਐਵੇਂ ਹੀ ਇਹਦੇ ਲਈ ਐਨੀ ਭੱਜ ਨੱਠ रीडी।
ਪਰ ਜਿਹੜੇ ਸੱਚ ਦੀ ਖੋਜ ਲਈ ਨਿਕਲੇ ਸਨ, ਉਨ੍ਹਾਂ ਦਾ ਰਾਹ ਸਭ ਨਾਲੋਂ ਲੰਮਾ ਅਤੇ ਅੰਤਹੀਣ ਸੀ। ਸੱਚ ਦੀ ਖੋਜ ਕਰਨ ਵਾਲੇ ਨੇ ਆਪਣੀ ਕਿਸਮਤ ਅਮੁੱਕ ਮਾਰਗ ਦੇ ਹਵਾਲੇ ਕਰ ਦਿੱਤੀ।
ਕੋਈ ਪਹਾੜੀ ਆਦਮੀ ਜਦੋਂ ਕਦੇ ਕਿਤੇ ਜਾਂਦਾ ਹੈ ਤਾਂ ਉਹ ਆਪਣੇ ਗਧੇ ਨੂੰ ਲਾਜ਼ਮੀ ਨਾਲ ਲੈ ਜਾਂਦਾ ਹੈ। ਇਸ ਦਿਆਲੂ ਜਾਨਵਰ ਦੀ ਪਿੱਠ ਉਤੇ ਹਮੇਸ਼ਾ ਤਿੰਨ ਚੀਜ਼ਾਂ ਲੱਦੀਆਂ ਹੋਈਆਂ ਦਿੱਸਦੀਆਂ ਹਨ- ਕਿਸੇ ਚੀਜ਼ ਨਾਲ ਭਰੀ ਹੋਈ ਵੱਡੀ ਬੋਰੀ, ਉਹਦੇ ਨੇੜੇ ਹੀ ਖੱਲ ਦਾ ਬਣਿਆ ਹੋਇਆ ਸ਼ਰਾਬ ਦਾ ਥੈਲਾ ਅਤੇ ਉਹਦੇ ਕੋਲ ਹੀ ਗਾਗਰ।
ਸੈਂਕੜੇ ਸਾਲਾਂ ਤੋਂ ਪਹਾੜੀ ਆਦਮੀ ਯਾਤਰਾ ਕਰ ਰਿਹਾ ਹੈ। ਇਕ ਪਿੰਡੋਂ ਦੂਜੇ ਪਿੰਡ ਅਤੇ ਇਕ ਇਲਾਕੇ ਤੋਂ ਦੂਜੇ ਇਲਾਕੇ ਵਿਚ। ਉਹਦੇ ਅੱਗੇ ਅੱਗੇ ਉਹਦਾ ਗਧਾ ਅਵੱਸ਼ ਹੀ ਤੁਰਿਆ ਹੁੰਦਾ ਹੈ ਅਤੇ ਗਧੇ ਦੀ ਪਿੱਠ ਉਤੇ ਬੋਰੀ, ਖੱਲ ਦਾ ਬਣਿਆ ਹੋਇਆ ਸ਼ਰਾਬ ਦਾ ਛੋਟਾ ਜਿਹਾ ਥੈਲਾ ਅਤੇ ਗਾਗਰ ਹੁੰਦੀ ਹੈ।
ਇਕ ਖੁਸ਼ਹਾਲ ਪਰਦੇਸ਼ ਵਿਚ ਪਹਾੜੀ ਆਦਮੀ ਦੇ ਗਧੇ ਕੋਲੋਂ ਕਿਤੇ ਲਾਂਭੇ ਹੋ ਜਾਣ ਨਾਲ ਚੰਗੇ ਖਾਂਦੇ ਪੀਂਦੇ ਨਿਕੰਮੇ ਲੋਕਾਂ ਨੇ ਵਿਚਾਰੇ ਜਾਨਵਰ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਹ ਉਹਦੇ ਜਿਸਮ ਉੱਤੇ ਨੁਕੀਲੇ ਡੰਡੇ ਅਤੇ ਕੰਡੇ ਚੁਭਣ ਲੱਗੇ ਅਤੇ ਉਹਨੂੰ ਦੁਲੱਤੀਆਂ ਮਾਰਨ ਲਈ ਮਜਬੂਰ ਕਰਨ ਲੱਗੇ। ਇਨ੍ਹਾਂ ਬੇਹੂਦਾ ਲੋਕਾਂ ਨੂੰ ਇੰਜ ਲੱਗਾ ਕਿ ਗਧਾ ਉਨ੍ਹਾਂ ਵਲੋਂ ਚੁਭੋਏ ਕੰਡਿਆਂ ਕਰਕੇ ਟਪੂਸੀਆਂ ਮਾਰ ਰਿਹਾ ਹੈ।
ਪਹਾੜੀ ਆਦਮੀ ਨੇ ਵੇਖਿਆ ਕਿ ਉਹਦੇ ਵਫਾਦਾਰ ਦੋਸਤ ਯਾਨੀ ਗਧੇ ਦੀ ਖਿੱਲੀ ਉਡਾਈ ਜਾ ਰਹੀ ਹੈ ਅਤੇ ਉਹਨੇ ਖੰਜਰ ਕੱਢ ਲਿਆ।
“ਪਹਾੜੀ ਆਦਮੀ ਨੂੰ ਚਿੜਾਉਣ ਦੀ ਬਿਜਾਏ ਤੁਸੀਂ ਕਿਸੇ ਰਿੱਛ ਨੂੰ ਚਿੜਾਉਂਦੇ ਤਾਂ ਤੁਹਾਡੇ ਲਈ ਉਹ ਜ਼ਿਆਦਾ ਚੰਗਾ ਹੁੰਦਾ।” ਉਹਨੇ ਕਿਹਾ।
ਪਰ ਇਹ ਨਿਕੰਮੇ ਜਵਾਨ ਡਰ ਗਏ, ਉਨ੍ਹਾਂ ਨੇ ਮਾਫੀ ਮੰਗੀ, ਤਰ੍ਹਾਂ ਤਰ੍ਹਾਂ ਦੇ ਮਿੱਠੇ ਲਫ਼ਜ਼ ਕਹੇ ਅਤੇ ਇਸ ਤਰ੍ਹਾਂ ਪਹਾੜੀ ਅਦਾਮੀ ਨੂੰ ਖੰਜਰ ਮਿਆਨ ਵਿਚ ਰੱਖਣ ਵਾਸਤੇ ਰਾਜ਼ੀ ਕਰ ਲਿਆ। ਜਦੋਂ ਸ਼ਾਂਤੀ ਨਾਲ ਗੱਲ ਸ਼ੁਰੂ ਹੋਈ ਤਾਂ ਉਨ੍ਹਾਂ ਜਵਾਨਾਂ ਨੇ ਪੁੱਛਿਆ-
“ਤੇਰੇ ਗਧੇ ਉਤੇ ਕੀ ਲੱਦਿਆ ਹੋਇਐ? ਇਹ ਤੂੰ ਸਾਨੂੰ ਵੇਚ ਦੇਹ।”
“ਇਹਨੂੰ ਖਰੀਦਣ ਜੋਗਾ ਨਾ ਤਾਂ ਤੁਹਾਡੇ ਕੋਲ ਸੋਨਾ ਹੋਣੇ ਤੇ ਨਾ ਹੀ ਚਾਂਦੀ।”
“ਤੂੰ ਇਹਦੀ ਕੀਮਤ ਦੱਸ ਫਿਰ ਵੇਖੀ ਜਾਉਗੀ।”
“ਇਹਦੀ ਕੋਈ ਕੀਮਤ ਨਹੀਂ ਹੋ ਸਕਦੀ।”
“ਤੇਰੀਆਂ ਬੋਰੀਆਂ ਵਿਚ ਇਹੋ ਜਿਹੀ ਕਿਹੜੀ ਚੀਜ਼ ਏ ਜਿਹਦੀ ਕੀਮਤ ਨਹੀਂ ਹੋ ਸਕਦੀ?”
“ਮੇਰਾ ਵਤਨ, ਮੇਰਾ ਦਾਗਿਸਤਾਨ!”
“ਗਧੇ ਦੀ ਪਿੱਠ ਉਤੇ ਵਤਨ ਲੱਦਿਆ ਹੋਇਐ।” ਜਵਾਨ ਠਹਾਕਾ ਮਾਰ ਕੇ ਹੱਸ ਪਏ। “ਜ਼ਰਾ ਵਿਖਾਈਂ ਖਾਂ ਆਪਣਾ ਵਤਨ।”
ਪਹਾੜੀ ਆਦਮੀ ਨੇ ਬੋਰੀ ਖੋਲ੍ਹੀ ਅਤੇ ਲੋਕਾਂ ਨੂੰ ਉਹਦੇ ਵਿਚ ਆਮ ਮਿੱਟੀ ਦਿਸੀ।
ਪਰ ਇਹ ਆਮ ਮਿੱਟੀ ਨਹੀਂ ਸੀ। ਉਹਦੇ ਵਿਚ ਤਿੰਨ ਚੌਥਾਈ ਕੰਕਰ-ਪੱਥਰ ਸਨ।
“ ਬਸ, ਇਹੀਓ ਕੁਝ ਏ ਇਹਦੇ ਵਿਚ! ਇਹੀ ਏ ਤੇਰਾ ਖਜ਼ਾਨਾ?”
“ਆਹਖੋ, ਇਹ ਮੇਰੇ ਪਹਾੜਾਂ ਦੀ ਮਿੱਟੀ ਏ, ਇਹ ਮੇਰੇ ਪਿਤਾ ਜੀ ਦੀ ਪਹਿਲੀ ਪਰਾਰਥਨਾ ਏਂ, ਮੇਰੀ ਮਾਂ ਦਾ ਪਹਿਲਾ ਹੰਝੂ ਏ, ਮੇਰੀ ਪਹਿਲੀ ਕਸਮ ਏ, ਮੇਰੇ ਦਾਦੇ ਵਲੋਂ ਛੱਡੀ ਆਖਰੀ ਚੀਜ਼ ਏ ਜਿਹੜੀ ਮੈਂ ਆਪਣੇ ਪੋਤੇ ਲਈ ਛੱਡ ਜਾਵਾਂਗਾ।”
“ਤੇ ਐਹ ਦੂਜੀ ਚੀਜ਼ ਕੀ ਏ?”
“ਪਹਿਲਾਂ ਮੈਨੂੰ ਆਪਣੀ ਬੋਰੀ ਬੰਨ੍ਹ ਲੈਣ ਦਿਓ।”
ਬੋਰੀ ਬੰਨ੍ਹ ਕੇ ਅਤੇ ਉਹਨੂੰ ਗਧੇ ਦੀ ਪਿੱਠ ਉਤੇ ਟਿਕਾ ਕੇ ਪਹਾੜੀ ਆਦਮੀ ਨੇ ਗਾਗਰ ਦਾ ਢੱਕਣ ਲਾਹਿਆ। ਸਾਰਿਆਂ ਨੇ ਵੇਖਿਆ ਕਿ ਉਹਦੇ ਵਿਚ ਆਮ ਪਾਣੀ ਹੈ। ਏਨਾ ਹੀ ਨਹੀਂ ਇਹ ਪਾਣੀ ਤਾਂ ਕੁਝ ਕੁਝ ਲੂਣਾ ਵੀ ਸੀ।
“ਤੂੰ ਇਹੋ ਜਿਹਾ ਪਾਣੀ ਆਪਣੇ ਨਾਲ ਲਈ ਫਿਰਨੈਂ ਜਿਹਨੂੰ ਪੀਣਾ ਵੀ ਸੰਭਵ ਨਹੀਂ।”
“ਇਹ ਕਾਸਪੀ ਸਾਗਰ ਦਾ ਪਾਣੀ ਏਂ। ਕਾਸਪੀ ਸਾਗਰ ਚੋਂ ਦਾਗਿਸਤਾਨ ਇੰਜ ਦਿਸਦਾ ਏ ਜਿਵੇਂ ਕਿਸੇ ਸ਼ੀਸ਼ੇ ਚੋਂ।”
“ਤੇ ਖੱਲ ਦੇ ਇਸ ਥੈਲੇ ‘ਚ ਕੀ ਏ?”
“ਦਾਗਿਸਤਾਨ ਦੇ ਤਿੰਨ ਹਿੱਸੇ ਨੇ : ਪਹਿਲਾ-ਧਰਤੀ, ਦੂਜਾ-ਸਾਗਰ, ਤੇ
ਤੀਸਰਾ-ਬਾਕੀ ਸਭ ਕੁਝ।”
“ਮਤਲਬ ਇਹ ਏ ਪਈ ਖੱਲ ਦੇ ਇਸ ਥੈਲੇ ਵਿਚ ਬਾਕੀ ਸਭ ਕੁਝ ਏ?”
“ਹਾਂ, ਸਭ ਕੁਝ ਏ।”
“ਤੂੰ ਆਪਣੇ ਨਾਲ ਇਹ ਭਾਰ ਕਾਹਨੂੰ ਲਈ ਫਿਰਨੈ?”
“ਇਸ ਲਈ ਕਿ ਮੇਰੀ ਮਾਤਭੂਮੀ, ਮੇਰਾ ਵਤਨ ਹਮੇਸ਼ਾ ਮੇਰੇ ਨਾਲ ਰਹੇ। ਜੇ ਕਿਤੇ ਰਾਹ ‘ਚ ਮੈਨੂੰ ਮੌਤ ਆ ਜਾਏ ਤਾਂ ਮੇਰੀ ਕਬਰ ਉਤੇ ਇਹ ਮਿੱਟੀ ਪਾ ਦਿੱਤੀ ਜਾਏ ਅਤੇ ਕਬਰ ਉਤੇ ਲਾਏ ਜਾਣ ਵਾਲੇ ਪੱਥਰ ਨੂੰ ਸਾਗਰ ਦੇ ਪਾਣੀ ਨਾਲ ਧੋ ਦਿੱਤਾ ਜਾਏ।”
ਪਹਾੜੀ ਆਦਮੀ ਨੇ ਆਪਣੇ ਵਤਨ ਦੀ ਚੁਟਕੀ ਕੁ ਮਿੱਟੀ ਲਈ, ਉਹਨੂੰ ਉਂਗਲਾਂ ਉਤੇ ਮਲਿਆ ਤੇ ਫਿਰ ਉਂਗਲਾਂ ਨੂੰ ਸਾਗਰ ਦੇ ਪਾਣੀ ਨਾਲ ਧੋ ਲਿਆ।
“ਤੂੰ ਇੰਜ ਕਿਉਂ ਕੀਤਾ?”
“ਇਸ ਕਰਕੇ ਪਈ ਜਿਹੜੇ ਹੱਥ ਨਿਕੰਮੇ ਅਤੇ ਅਲਗਰਜ਼ ਲੋਕਾਂ ਨੂੰ ਲੱਗੇ ਹੋਣ ਉਨ੍ਹਾਂ ਨੂੰ ਧੋ ਲੈਣਾ ਚਾਹੀਦੈ।”
ਪਹਾੜੀ ਆਦਮੀ ਅਗਾਂਹ ਨੂੰ ਤੁਰ ਪਿਆ। ਉਸਦਾ ਸਫਰ ਅਜੇ ਵੀ ਜਾਰੀ ਹੈ।
ਇਸ ਤਰ੍ਹਾਂ ਦਾਗਿਸਤਾਨ ਦੇ ਤਿੰਨ ਖਜ਼ਾਨੇ ਹਨ -ਪਰਬਤ, ਸਾਗਰ ਅਤੇ ਬਾਕੀ ਸਭ ਕੁਝ।
ਪਹਾੜੀ ਲੋਕਾਂ ਦੇ ਤਿੰਨ ਹੀ ਗੀਤ ਹਨ । ਪਰਾਰਥਨਾ ਕਰਨ ਵਾਲਿਆਂ ਦੀਆਂ ਤਿੰਨ ਹੀ ਪਰਾਰਥਨਾਵਾਂ ਹਨ। ਮੁਸਾਫਰ ਦੇ ਤਿੰਨ ਹੀ ਉਦੇਸ਼ ਹਨ-ਧਨ-ਦੌਲਤ, ਮਸ਼ਹੂਰੀ ਅਤੇ ਸੱਚਾਈ।
ਬਚਪਨ ਵਿਚ ਮਾਤਾ ਜੀ ਮੈਨੂੰ ਕਹਿੰਦੇ ਹੁੰਦੇ ਸਨ-ਦਾਗਿਸਤਾਨ-ਇਹ ਇਕ ਪੰਛੀ ਹੈ ਅਤੇ ਉਹਦੇ ਖੰਭਾਂ ਵਿਚ ਤਿੰਨ ਬਹੁਮੁੱਲੇ ਰੋਮ ਹਨ।
ਪਿਤਾ ਜੀ ਕਹਿੰਦੇ ਹੁੰਦੇ ਸਨ-ਤਿੰਨ ਕਾਰੀਗਰਾਂ ਨੇ ਤਿੰਨ ਕੀਮਤੀ ਚੀਜ਼ਾਂ ਨਾਲ ਸਾਡਾ ਦਾਗਿਸਤਾਨ ਬਣਾਇਆ ਹੈ।
ਪਰ ਅਸਲ ਵਿਚ ਤਾਂ ਜਿਨ੍ਹਾਂ ਚੀਜ਼ਾਂ ਅਤੇ ਪਦਾਰਥਾਂ ਨਾਲ ਦਾਗਿਸਤਾਨ ਦੀ ਰਚਨਾ ਹੋਈ ਹੈ, ਉਨ੍ਹਾਂ ਦੀ ਗਿਣਤੀ ਕਿਤੇ ਵੱਧ ਹੈ। ਇਕ ਕੌੜੇ ਤਜਰਬੇ ਦੇ ਆਧਾਰ ਤੇ ਮੈਨੂੰ ਇਹਦਾ ਵਿਸ਼ਵਾਸ ਹੈ।
ਕੋਈ ਪੱਚੀ ਸਾਲ ਪਹਿਲਾਂ ਮੈਨੂੰ ਦਾਗਿਸਤਾਨ ਦੇ ਬਾਰੇ ਫਿਲਮ ਲਈ ਕਥਾ ਲਿਖਣ ਵਾਸਤੇ ਆਖਿਆ ਗਿਆ ਤੇ ਮੈਂ ਉਹ ਲਿਖੀ। ਉਹਦੇ ਉਤੇ ਵਿਚਾਰ ਵਟਾਂਦਰਾ ਹੋਣ ਲੱਗ ਪਿਆ। ਉਸ ਵੇਲੇ ਬਹੁਤ ਸਾਰੇ ਲੋਕਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ।
ਕੁਝ ਨੇ ਕਿਹਾ ਕਿ ਫੁੱਲਾਂ ਦੀ ਚਰਚਾ ਨਹੀਂ ਕੀਤੀ ਗਈ, ਕੁਝ ਦੂਸਰਿਆਂ ਨੇ ਕਿਹਾ ਕਿ ਮਧੂ ਮੱਖੀਆਂ ਦਾ ਜ਼ਿਕਰ ਨਹੀਂ ਹੋਇਆ, ਕੁਝ ਹੋਰਾਂ ਨੇ ਵਿਚਾਰ ਪਰਗਟ ਕੀਤਾ ਕਿ ਰੁੱਖਾਂ ਬਾਰੇ ਕੁਝ ਨਹੀਂ ਲਿਖਿਆ। ਹਰ ਬੁਲਾਰੇ ਨੇ ਕਿਸੇ ਚੀਜ਼ ਦੀ ਘਾਟ ਦਾ ਜ਼ਿਕਰ ਕੀਤਾ, ਇਹ ਕਿਹਾ ਗਿਆ ਕਿ ਅਤੀਤ ਉਤੇ ਘੱਟ ਰੌਸ਼ਨੀ ਪਾਈ ਗਈ ਹੈ ਅਤੇ ਇਹ ਵੀ ਕਿਹਾ ਗਿਆ ਕਿ ਵਰਤਮਾਨ ਉਤੇ ਮੁਨਾਸਬ ਰੌਸ਼ਨੀ ਨਹੀਂ ਪਾਈ ਗਈ। ਆਖਰ ਗੱਲ ਇੱਥੇ ਆ ਕੇ ਮੁੱਕੀ ਕਿ ਫਿਲਮ ਦੀ ਇਸ ਕਥਾ ਵਿਚ ਗਧੇ ਅਤੇ ਗਧੀ ਨੂੰ ਥਾਂ ਹੀ ਨਹੀਂ ਦਿਤੀ ਗਈ ਅਤੇ ਉਨ੍ਹਾਂ ਤੋਂ ਬਿਨ੍ਹਾਂ ਦਾਗਿਸਤਾਨ ਦੀ ਕਲਪਨਾ ਹੀ ਕਿਵੇਂ ਕੀਤੀ ਜਾ ਸਕਦੀ ਹੈ।
ਜੇ ਫਿਲਮ ਵਿਚ ਉਹ ਸਭ ਕੁਝ ਵਿਖਾਇਆ ਜਾਂਦਾ ਜਿਹਦੀ ਉਸ ਵੇਲੇ ਚਰਚਾ ਕੀਤੀ ਗਈ ਸੀ ਤਾਂ ਫਿਲਮ ਦੀ ਸ਼ੂਟਿੰਗ ਅਜੇ ਤਕ ਚਲਦੀ ਰਹਿਣੀ ਸੀ।
ਫਿਰ ਵੀ ਦਾਗਿਸਤਾਨ ਦੇ ਤਿੰਨ ਹਿੱਸੇ ਹਨ- ਪਰਬਤ (ਧਰਤੀ), ਸਾਗਰ (ਕਾਸਪੀ) ਅਤੇ ਹੋਰ ਸਭ ਕੁਝ।
ਹਾਂ, ਧਰਤੀ ਦਾ ਮਤਲਬ ਹੈ, ਪਰਬਤ, ਖੱਡ, ਪਹਾੜੀ ਪਗਡੰਡੀਆਂ ਅਤੇ ਚੱਟਾਨਾਂ। ਫਿਰ ਵੀ ਇਹ ਸਾਡੀ ਮਾਤਭੂਮੀ ਹੈ, ਸਾਡੇ ਪੁਰਖਿਆਂ ਦੇ ਖੂਨ-ਪਸੀਨੇ ਨਾਲ ਸਿੰਜੀ ਹੋਈ। ਇਹ ਕਹਿਣਾ ਔਖਾ ਹੈ ਕਿ ਇੱਥੇ ਪਸੀਨਾ ਜ਼ਿਆਦਾ ਵਗਿਆ ਹੈ ਕਿ ਖੂਨ। ਲੰਮੇ ਯੁੱਧ, ਛੋਟੀਆਂ-ਛੋਟੀਆਂ ਲੜਾਈਆਂ ਮੁੱਠਭੇੜਾਂ ਅਤੇ ਖੂਨ ਦਾ ਬਦਲਾ ਖੂਨ ਨਾਲ ਲੈਣ ਦੀ ਰੀਤ… ਪਹਾੜੀ ਲੋਕਾਂ ਦੀ ਬਗਲ ਵਿਚ ਸਿਰਫ ਸੋਹਣਾ ਲੱਗਣ ਵਾਸਤੇ ਹੀ ਸਦੀਆਂ ਤਕ ਖੰਜਰ ਨਹੀਂ ਲਟਕਦਾ ਰਿਹਾ।
ਇਕ ਲੋਕਗੀਤ ਵਿਚ ਇੰਜ ਕਿਹਾ ਗਿਆ ਹੈ—
ਜਿਸ ਥਾਂ ਹੁੰਦਾ ਏ ਤਿੰਨ ਸੇਰ ਅੰਨ ਪੈਦਾ ਵੀਹਾਂ ਸੂਰਿਆਂ ਦਾ ਵਗਿਆ ਏ ਖੂਨ ਉੱਥੇ, ਪੰਦਰਾਂ ਸੇਰ ਉੱਗਦਾ ਏ ਅੰਨ ਜਿੱਥੇ, ਸੋਆਂ ਵੀਰਾਂ ਦਾ ਹੋਇਆ ਏ ਅੰਤ ਉੱਥੇ,
ਮੇਰੇ ਪਿਤਾ ਜੀ ਨੇ ਸਾਡੀ ਧਰਤੀ ਬਾਰੇ ਇਹ ਲਿਖਿਆ ਸੀ—
ਬੇਸ਼ੁਮਾਰ ਦਫ਼ਨ ਨੇ ਜਿਸਮ ਏਥੇ,
ਮਰੇ ਹੋਇਆਂ ਤੋਂ ਮਾਰੇ ਗਏ ਕਿਤੇ ‘ਜ਼ਾਦਾ
ਭੂਗੋਲ ਦੀ ਪਾਠ ਪੁਸਤਕ ਵਿਚ ਜਾਣਕਾਰੀ ਦੇਣ ਵਾਲੇ ਅੰਕੜਿਆਂ ਵਿਚ ਇਹ ਛਪਿਆ ਹੈ ਕਿ ਧਰਤੀ ਦਾ ਇਕ ਤਿਹਾਈ ਹਿੱਸਾ ਬੰਜਰ ਚੱਟਾਨਾਂ ਦਾ ਹਿੱਸਾ ਹੈ।
ਮੈਂ ਵੀ ਇਹਦੇ ਬਾਰੇ ਇਹ ਲਿਖਿਆ ਹੈ
ਜਿੱਥੇ ਵਾਦੀਆਂ ਧੁੰਦ-ਧੁੰਦਲੀਆਂ, ਰੁੱਖ ਸਿੰਗ ਜਿਹੇ ਬਿਨ ਫਲਾਂ, ਊਠ ਦੀ ਪਿੱਠ ਤੋਂ ਉੱਚੇ ਪਰਬਤ, ਝਰ ਝਰ ਝਰਨੇ ਵਹਿਣ ਤਹਾਂ, ਏਦਾਂ ਜਿੱਦਾਂ ਸ਼ੇਰ ਦਹਾੜਨ, ਪਹਾੜੀ ਨਦੀਆਂ ਗਰਜਦੀਆਂ, ਜਲ-ਝਰਨੇ ਨੇ ਵਾਂਗ ਅਯਾਲਾਂ, ਪੰਖੀ ਨੈਣ ਜਿਹੇ ਸੋਤ ਤਹਾਂ। ਸਿੱਧੀਆਂ ਸੁੱਖੜ ਚੱਟਾਨਾਂ ਵਿਚੋਂ, ਜਿਉਂ ਪੱਥ ਪੱਥਰਾਂ ‘ਚੋਂ ਨਿਕਲਦੇ ਗੀਤ ਗੂੰਜਦੇ ਟਿੱਲਿਆਂ ਵਿਚੋਂ ਧੂਹ ਲੈਂਦੇ ਦਿਲ ਇਨਸਾਨਾਂ ਦੇ।
ਸਵੇਰੇ ਰੇਡੀਓ ਤੋਂ ਮੌਸਮ ਦਾ ਹਾਲ ਸੁਣਦਿਆਂ ਹੋਇਆਂ ਇਹ ਪਤਾ ਲੱਗਦਾ ਹੈ ਕਿ ਖੰਹ ਵਿਚ ਬਰਫ਼ ਪੈ ਰਹੀ ਹੈ, ਆਖ਼ਤਾ ਵਿਚ ਮੀਂਹ ਪੈ ਰਿਹਾ ਹੈ, ਦੇਰਬੇਂਤ ਵਿਚ
ਖੁਰਮਾਨੀਆਂ ਉਤੇ ਬੂਰ ਆ ਰਿਹਾ ਹੈ ਅਤੇ ਕੁਮੁਖ ਵਿਚ ਸਖਤ ਗਰਮੀ ਹੈ। ਛੋਟੇ ਜਿਹੇ ਦਾਗਿਸਤਾਨ ਵਿਚ ਇਕੋ ਵੇਲੇ ਪਾਲਾ, ਪਤਝੜ, ਬਸੰਤ ਅਤੇ ਗਰਮੀ ਹੁੰਦੀ ਹੈ। ਪਥਰੀਲੇ, ਸ਼ਾਂਤ, ਗੜਗੜ ਕਰਦੇ ਅਤੇ ਉੱਚੇ-ਉੱਚੇ ਪਰਬਤ ਸਾਲ ਦੇ ਇਨ੍ਹਾਂ
ਮੌਸਮਾਂ ਨੂੰ ਇਕ ਦੂਸਰੇ ਤੋਂ ਅਲੱਗ ਕਰਦੇ ਹਨ।
ਅਵਾਰ ਭਾਸ਼ਾ ਦੇ “ਮੇਏਰ” ਸ਼ਬਦ ਦੇ ਦੋ ਅਰਥ ਹਨ- ਪਰਬਤ ਅਤੇ ਨੱਕ। ਮੇਰੇ ਪਿਤਾ ਜੀ ਨੇ ਇਨ੍ਹਾਂ ਦੋਹਾਂ ਅਰਥਾਂ ਦਾ ਇਸ ਤਰ੍ਹਾਂ ਮੇਲ ਮਿਲਾਇਆ ਸੀ- ਪਰਬਤ ਵਿਸ਼ਵ ਦੀ ਹਰ ਘਟਨਾ ਅਤੇ ਮੌਸਮ ਦੀ ਹਰ ਤਬਦੀਲੀ ਨੂੰ ਸੁੰਘ ਲੈਂਦੇ ਹਨ।
ਮੈਦਾਨ ਇਹ ਵੇਖਣ ਲਈ ਆਪਣੇ ਪਿਛਲੇ ਪੈਰਾਂ ਉਤੇ ਖੜ੍ਹੇ ਹੋ ਗਏ ਕਿ ਉਨ੍ਹਾਂ ਵਲ ਕੌਣ ਆ ਰਿਹਾ ਹੈ। ਇੰਜ ਪਰਬਤਾਂ ਦਾ ਜਨਮ ਹੋਇਆ। ਹਾਜੀ-ਮੁਰਾਤ ਇੰਜ ਕਹਿੰਦਾ ਹੁੰਦਾ ਸੀ।
ਮਾਤਾ ਜੀ ਮੇਰੇ ਪੰਘੂੜੇ ਕੋਲ ਮੂੰਹ ਵਿਚ ਹੀ ਕਹਿੰਦੇ ਹੁੰਦੇ ਸਨ ਕਿ ਮੈਂ ਪਰਬਤ ਵਾਂਗ ਵੱਡਾ ਹੋ ਜਾਵਾਂ।
ਕਿੰਨੇ ਮੂੜ੍ਹ ਨੇ ਪਾਣੀ ਨਦੀ ਪਹਾੜੀ ਦੇ
ਨਮੀਓਂ ਬਿਨਾਂ ਚੱਟਾਨਾਂ ਏਥੇ ਤਿੜਕਦੀਆਂ,
ਕਿਉਂ ਏਨੇ ਕਾਹਲੇ ਉਧਰ ਵਹਿੰਦੇ ਜਾਂਦੇ ਓ,
ਬਿਨਾਂ ਤੁਹਾਡੇ ਜਿੱਥੇ ਲਹਿਰਾਂ ਮਚਲਦੀਆਂ?
ਬੜੀ ਮੁਸੀਬਤ ਹੈਂ ਤੂੰ ਮੇਰੇ ਦਿਲ ਪਾਗਲ
ਪਿਆਰੇ ਨੇ ਜੋ, ਪਿਆਰ ਉਨ੍ਹਾਂ ਨੂੰ ਨਹੀਂ ਕਰਦਾ,
ਖਿੱਚਿਆ ਜਾਨੈਂ ਤੂੰ ਤਾਂ ਉਧਰ ਹੀ ਸਦਾ
ਜਿਧਰ ਕੋਈ ਨੈਣ ਨਾ ਤੇਰੀ ਰਾਹ ਤੱਕਦਾ।
ਮੇਰੇ ਮਾਤਾ ਜੀ ਜਦੋਂ ਕਦੇ ਬੱਲਹਾਰ ਜਾਤੀ ਦੇ ਲੋਕਾਂ ਨੂੰ ਘੜੇ, ਮਿੱਟੀ ਦੇ ਬਰਤਨ ਅਤੇ ਰਕਾਬੀਆਂ ਵੇਚਦਿਆਂ ਹੋਇਆਂ ਵੇਖਦੇ ਤਾਂ ਹਮੇਸ਼ਾ ਹੀ ਕਹਿੰਦੇ ਹੁੰਦੇ ਸਨ- “ਐਨੀ ਮਿੱਟੀ ਬਰਬਾਦ ਕਰਦਿਆਂ ਹੋਇਆਂ ਇਨ੍ਹਾਂ ਨੂੰ ਦੁੱਖ ਨਹੀਂ ਹੁੰਦਾ? ਮਿੱਟੀ ਵੇਚਣ ਵਾਲੇ ਤਾਂ ਮੈਨੂੰ ਜਮਾ ਨ੍ਹੀ ਚੰਗੇ ਲੱਗਦੇ।”
ਇਸ ਵਿਚ ਤਾਂ ਜ਼ਰਾ ਵੀ ਸ਼ੱਕ ਨਹੀਂ ਕਿ ਬੱਲਹਾਰ ਲੋਕ ਆਪਣੀ ਕਲਾ ਦੇ ਮਾਹਰ ਹਨ। ਪਰ ਪਹਾੜਾਂ ਵਿਚ ਜਿੱਥੇ ਮਿੱਟੀ ਏਨੀ ਘੱਟ ਹੈ, ਸਦਾ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਬੱਲਹਾਰਾਂ ਦੇ ਘੜਿਆਂ ਦੇ ਮੁਕਾਬਲੇ ਮਿੱਟੀ ਵਧੇਰੇ ਕੀਮਤੀ ਹੈ।
ਪੁਰਾਣੇ ਜ਼ਮਾਨੇ ਦੀ ਗੱਲ ਹੈ ਕਿ ਇਕ ਹਰਕਾਰਾ ਸਰਪਟ ਘੋੜਾ ਦੌੜਾਉਂਦਾ ਹੋਇਆ ਪਿੰਡ ਵਿਚ ਆਇਆ। ਉਸ ਵੇਲੇ ਸਾਰੇ ਮਰਦ ਮਸਜਿਦ ਵਿਚ ਨਮਾਜ਼ ਪੜ੍ਹ ਰਹੇ ਸਨ। ਘੋੜਸਵਾਰ, ਜਿਹੜਾ ਚਰਵਾਹਾ ਸੀ, ਜੁੱਤੀਆਂ ਸਮੇਤ ਹੀ ਮਸਜਿਦ ਵਿਚ ਜਾ ਵੜਿਆ।
“ਓਏ ਬੁੱਧੂਆ, ਓਏ ਕਾਫਰਾਂ”, ਮੁੱਲਾਂ ਨੇ ਚੀਖ਼ ਕੇ ਕਿਹਾ, “ਓਏ ਤੈਨੂੰ ਇਹ ਵੀ ਨਹੀਂ ਪਤਾ ਪਈ ਮਸਜਿਦ ਵਿਚ ਵੜਨ ਤੋਂ ਪਹਿਲਾਂ ਜੁੱਤੀ ਲਾਹੀਦੀ ਏ?”
“ਮੇਰੀਆਂ ਜੁੱਤੀਆਂ ਉਤੇ ਲੱਗੀ ਮਿੱਟੀ ਮੇਰੀ ਪਿਆਰੀ ਵਾਦੀ ਦੀ ਧੂੜ ਏ। ਉਹ ਇਨ੍ਹਾਂ ਕਾਲੀਨਾਂ ਨਾਲੋਂ ਕਿਤੇ ਜ਼ਿਆਦਾ ਕੀਮਤੀ ਏ, ਕਿਉਂਕਿ ਇਸ ਮਿੱਟੀ ਉਤੇ ਦੁਸ਼ਮਣ ਟੁੱਟ ਪਿਐ।”
ਪਹਾੜੀ ਲੋਕ ਭੱਜ ਕੇ ਮਸਜਿਦ ਵਿਚੋਂ ਬਾਹਰ ਆ ਗਏ ਅਤੇ ਆਪਣੇ ਘੋੜਿਆਂ ਨੂੰ ਸਰਪਟ ਦੌੜਾਉਣ ਲੱਗੇ।
“ਦੂਰੋਂ ਆਉਣ ਵਾਲਾ ਪਰਾਹੁਣਾ ਜ਼ਿਆਦਾ ਪਿਆਰਾ ਹੁੰਦੈ।” ਅਬੂ ਤਾਲਿਬ ਨੂੰ ਇਉਂ ਕਹਿਣਾ ਚੰਗਾ ਲੱਗਦਾ ਸੀ । ਦੂਰ ਦੁਰਾਡਿਉਂ ਆਉਣ ਵਾਲਾ ਪਰਾਹੁਣਾ ਬੜੀ ਖੁਸ਼ੀ, ਬੜਾ ਪਿਆਰ ਜਾਂ ਬੜਾ ਦੁੱਖ-ਗ਼ਮ ਲੈ ਕੇ ਆਉਂਦਾ ਹੈ। ਕੋਈ ਉਦਾਸੀਨ ਵਿਅਕਤੀ ਦੂਰੋਂ ਨਹੀਂ ਆਏਗਾ।
ਇਕ ਪਰੰਪਰਾ ਵੀ ਹੈ—ਜੇ ਪਰਾਹੁਣੇ ਨੂੰ ਤੁਹਾਡੇ ਘਰ ਵਿਚ ਕੋਈ ਚੀਜ਼ ਪਸੰਦ ਆ ਜਾਂਦੀ ਹੈ ਅਤੇ ਉਹ ਉਹਦੀ ਪਰਸ਼ੰਸਾ ਕਰਦਾ ਹੈ ਤਾਂ ਤੁਹਾਨੂੰ ਬੇਸ਼ਕ ਹੰਝੂ ਵਹਾਉਣੇ ਪੈਣ, ਉਹ ਚੀਜ਼ ਉਹਨੂੰ ਭੇਟ ਕਰ ਦਿਓ। ਕਹਿੰਦੇ ਨੇ ਇਕ ਨੌਜਵਾਨ ਨੇ ਆਪਣੀ ਮੰਗੇਤਰ ਤਕ, ਜਿਸ ਉੱਤੇ ਪਿੰਡ ਦੇ ਚਸ਼ਮੇ ਦੇ ਨੇੜੇ ਉਹਦੇ ਦੋਸਤ ਦੀ ਨਜ਼ਰ ਟਿਕ ਗਈ ਸੀ, ਭੇਟ ਕਰ ਦਿੱਤੀ ਸੀ। ਇਹੀ ਸਮਝਣਾ ਚਾਹੀਦਾ ਹੈ ਕਿ ਉਹ ਨੌਜਵਾਨ ਦੋ ਸੌ ਪਰੱਤੀਸ਼ਤ ਉੱਚੇ ਦਰਜੇ ਦਾ ਪਹਾੜੀਆ ਸੀ।
ਬੇਹਯਾ ਕਿਸਮ ਦਾ ਪਰਾਹੁਣਾ ਸਾਡੇ ਪੁਰਾਣੇ ਰੀਤੀ ਰਿਵਾਜਾਂ ਦਾ ਸਦਾ ਹੀ ਫਾਇਦਾ ਉਠਾ ਸਕਦਾ ਹੈ। ਪਰ ਪਹਾੜੀ ਲੋਕ ਵੀ ਹੁਣ ਜ਼ਿਆਦਾ ਸਮਝਦਾਰ ਹੋ ਗਏ ਹਨ- ਸੁੰਦਰ ਚੀਜ਼ਾਂ ਨੂੰ ਪਰਾਹੁਣਿਆਂ ਦੀ ਨਜ਼ਰ ਤੋਂ ਲਾਂਭੇ ਕਰ ਦਿੰਦੇ ਹਨ।
ਤੇ ਬਹੁਤ ਸਮਾਂ ਪਹਿਲਾਂ ਇਕ ਵਾਰੀ ਇੰਜ ਹੋਇਆ ਕਿ ਕੁਮੁਖ ਤੋਂ ਇਕ ਪਰਾਹੁਣਾ ਆਇਆ ਤੇ ਸਾਰੀਆਂ ਚੀਜ਼ਾਂ ਦੀ ਤਾਰੀਫ ਕਰਨ ਲੱਗਾ। ਉਹ ਸਾਰੀਆਂ ਚੀਜ਼ਾਂ, ਜਿਨ੍ਹਾਂ ਨੂੰ ਉਹਨੇ ਲਲਚਾਈਆਂ ਨਜ਼ਰਾਂ ਨਾਲ ਵੇਖਿਆ, ਉਹਨੂੰ ਭੇਟ ਕਰ ਦਿੱਤੀਆਂ ਗਈਆਂ। ਪਰ ਵਿਦਾ ਕਰਨ ਤੋਂ ਪਹਿਲਾਂ ਉਹਨੂੰ ਆਪਣੇ ਬੂਟਾਂ ਉਤੋਂ ਮਿੱਟੀ ਝਾੜਨ ਲਈ ਮਜਬੂਰ ਕੀਤਾ ਗਿਆ।
“ਮਿੱਟੀ ਭੇਟ ਨਹੀਂ ਕੀਤੀ ਜਾਂਦੀ,” ਪਹਾੜੀ ਲੋਕਾਂ ਨੇ ਉਹਨੂੰ ਇਹ ਵੀ ਕਹਿ ਦਿੱਤਾ, “ਮਿੱਟੀ ਦੀ ਤਾਂ ਖੁਦ ਸਾਡੇ ਕੋਲ ਵੀ ਕਿੱਲਤ ਏ। ਲੋਕ ਬੂਟਾਂ ਉਤੇ ਹੀ ਸਾਰੀ ਮਿੱਟੀ ਲੈ ਜਾਣਗੇ ਤਾਂ ਅਸੀਂ ਅੰਨ ਕਿੱਥੇ ਉਗਾਵਾਂਗੇ?”
ਇਕ ਵਿਦੇਸ਼ੀ ਨੇ ਸਾਡੀ ਧਰਤੀ ਨੂੰ ਪਥਰੀਲੇ ਬੋਰੇ ਦਾ ਨਾਂਅ ਦਿੱਤਾ ਹੈ।
ਹਾਂ, ਸਾਡੀ ਧਰਤੀ ਵਿਚ ਕੋਮਲਤਾ ਦੀ ਘਾਟ ਹੈ। ਪਹਾੜਾਂ ਉਤੇ ਰੁੱਖ ਵੀ ਅਕਸਰ ਨਜ਼ਰ ਨਹੀਂ ਆਉਂਦੇ। ਸਾਡੇ ਪਹਾੜ ਜੋਗੀਆਂ ਦੇ ਮੁੰਨੇ ਹੋਏ ਸਿਰਾਂ, ਹਾਥੀਆਂ ਦੇ ਸਪਾਟ, ਚੀਕਣੇ ਕੰਨ੍ਹਿਆਂ ਜਿਹੇ ਹਨ। ਬਿਜਾਈ ਲਈ ਜ਼ਮੀਨ ਥੋੜ੍ਹੀ ਹੈ, ਉਸ ਵਿਚੋਂ ਹਾਸਲ ਹੋਣ ਵਾਲੀ ਫਸਲ ਵੀ ਬਹੁਤ ਘੱਟ ਹੁੰਦੀ ਹੈ।
ਕਦੇ ਸਾਡੇ ਵਾਲੇ ਪਾਸੇ ਆਖਿਆ ਜਾਂਦਾ ਸੀ- “ਉਸ ਵਿਚਾਰੇ ਦੀ ਫਸਲ ਤਾਂ ਗੁਆਂਢੀਆਂ ਦੀਆਂ ਨਾਸਾਂ ਵਿਚ ਭਰਨ ਜੋਗੀ ਵੀ ਨਹੀਂ ਹੋਣੀ।”
ਹਾਂ, ਸਾਡੇ ਪਹਾੜੀ ਲੋਕਾਂ ਦੀਆਂ ਨੱਕਾਂ ਵੀ ਖੂਬ ਵੱਡੀਆਂ ਵੱਡੀਆਂ, ਬਹੁਤ ਗਜ਼ਬ ਦੀਆਂ ਹਨ। ਦੁਸ਼ਮਣ ਘੁਰਾੜਿਆਂ ਦੀ ਆਵਾਜ਼ ਸੁਣ ਕੇ ਹੀ ਬਹੁਤ ਦੂਰੋਂ ਇਹ ਸਮਝ ਲੈਂਦੇ ਸਨ ਕਿ ਪਹਾੜੀਏ ਸੁੱਤੇ ਪਏ ਹਨ ਅਤੇ ਇਸੇ ਨਿਸ਼ਾਨੀ ਤੇ ਕਈ ਵਾਰੀ ਹਮਲਾ ਕਰ ਦਿੰਦੇ ਸਨ।
ਕਿਸੇ ਦੇ ਚਿਹਰੇ ਉਤੇ ਚੇਚਕ ਦੇ ਢੇਰ ਸਾਰੇ ਨਿਸ਼ਾਨ ਵੇਖ ਕੇ ਅਬੂਤਾਲਿਬ ਨੇ ਕਿਹਾ- “ਮੇਰੇ ਪਿਤਾ ਜੀ ਦੇ ਖੇਤ ਵਿਚ ਉੱਗੇ ਅੰਨ ਦੇ ਸਾਰੇ ਦਾਣੇ ਇਸ ਵਿਚਾਰੇ ਦੇ ਚਿਹਰੇ ਉਤੇ ਜਾ ਚਿਪਕੇ ਨੇ ਤਾਂ ਕਿ ਉਸ ਉਤੇ ਨਿਸ਼ਾਨ ਪਾ ਸਕਣ।”
ਪਹਾੜੀ ਲੋਕਾਂ ਕੋਲ ਜ਼ਮੀਨ ਘੱਟ ਅਤੇ ਘੱਟ ਹੀ ਉਪਜਾਊ ਵੀ ਹੈ। ਇਹਦੇ ਬਾਰੇ ਇਕ ਕਿੱਸਾ ਹੈ, ਜਿਹੜਾ ਸ਼ਾਇਦ ਕਈ ਵਾਰੀ ਸੁਣਿਆ ਹੋਵੇ, ਕਿਉਂਕਿ ਉਹ ਬੜੇ ਅਰਸੇ ਤੋਂ ਇਕ ਭਾਸ਼ਾ ਤੋਂ ਦੂਜੀ ਭਾਸ਼ਾ ਅਤੇ ਇਕ ਸਪਾਟ ਛੱਤ ਤੋਂ ਦੂਜੀ ਸਪਾਟ ਛੱਤ ਤਕ ਸੁਣਾਇਆ ਜਾਂਦਾ ਰਿਹਾ ਹੈ। ਬੇਸ਼ਕ ਉਹ ਲੋਕ ਮੈਨੂੰ ਕੋਸਣਗੇ ਜਿਨ੍ਹਾਂ ਨੇ ਪਹਿਲਾਂ ਇਹ ਸੁਣਿਆ ਹੋਇਆ ਹੈ, ਫਿਰ ਵੀ ਇਹਨੂੰ ਸੁਣਾਏ ਬਿਨਾਂ ਨਹੀਂ ਰਹਿ ਸਕਦਾ।
ਕਿਸੇ ਪਹਾੜੀਏ ਨੇ ਆਪਣੀ ਪੈਲੀ ਵਾਹੁਣ ਦਾ ਇਰਾਦਾ ਬਣਾਇਆ। ਉਹਦੀ ਪੈਲੀ ਪਿੰਡੋਂ ਦੂਰ ਸੀ। ਉਹ ਸ਼ਾਮ ਨੂੰ ਹੀ ਉੱਥੇ ਚਲਾ ਗਿਆ ਤਾਂ ਕਿ ਤੜਕੇ ਹੀ ਕੰਮ ਉਤੇ ਜੁਟ ਜਾਵੇ। ਇਹ ਪਹਾੜੀ ਆਦਮੀ ਉਥੇ ਪਹੁੰਚਿਆ, ਉਹਨੇ ਆਪਣਾ ਲਬਾਦਾ ਉਥੇ ਵਿਛਾਇਆ ਤੇ ਸੌਂ ਗਿਆ। ਉਹ ਸਾਝਰੇ ਹੀ ਉੱਠ ਪਿਆ ਤਾਂ ਕਿ ਪੈਲੀ ਵਿਚ ਹਲ ਵਾਹ ਸਕੇ ਪਰ ਪੈਲੀ ਤਾਂ ਕਿਤੇ ਹੈ ਨਹੀਂ ਸੀ। ਉਹਨੇ ਏਧਰ ਉਧਰ ਨਜ਼ਰ ਮਾਰੀ ਪਰ ਪੈਲੀ ਤਾਂ ਉਹਨੂੰ ਕਿਤੇ ਦਿਸੀ ਹੀ ਨਹੀਂ। ਗੁਨਾਹਾਂ ਦੀ ਸਜ਼ਾ ਦੇਣ ਵਾਸਤੇ ਅੱਲ੍ਹਾ ਨੇ ਉਹਦੇ ਕੋਲੋਂ ਪੈਲੀ ਖੋਹ ਲਈ ਸੀ ਜਾਂ ਇਮਾਨਦਾਰ ਬੰਦੇ ਦਾ ਮਜ਼ਾਕ ਉਡਾਉਣ ਲਈ ਸ਼ੈਤਾਨ ਨੇ ਉਹਨੂੰ ਕਿਤੇ ਛੁਪਾ ਦਿੱਤਾ ਸੀ।
ਕੋਈ ਚਾਰਾ ਨਹੀਂ ਸੀ। ਪਹਾੜੀ ਆਦਮੀ ਮਨੋਮਨੀਂ ਦੁੱਖੀ ਹੁੰਦਾ ਰਿਹਾ ਅਤੇ ਆਖਰ ਉਹਨੇ ਘਰ ਮੁੜਨ ਦਾ ਫੈਸਲਾ ਕੀਤਾ। ਉਹਨੇ ਜ਼ਮੀਨ ਉਤੋਂ ਲਬਾਦਾ ਚੁੱਕਿਆ ਅਤੇ–ਵਾਹ ਓਏ ਰੱਬਾ !—ਇਹ ਪਈ ਏ ਲਬਾਦੇ ਹੇਠਾਂ ਉਹਦੀ ਪੈਲੀ !
ਪਹਾੜੀ ਲੋਕਾਂ ਲਈ ਉੱਚੀ ਪਹਾੜੀ ਜ਼ਮੀਨ ਬੜੀ ਕੀਮਤੀ ਹੈ ਭਾਵੇਂ ਉਨ੍ਹਾਂ ਦੀ ਜ਼ਿੰਦਗੀ ਖਾਸੀ ਮੁਸ਼ਕਲ ਹੈ। ਰਾਹੀ ਪਰਬਤਾਂ ਦੀਆਂ ਢਲਾਣਾਂ ਅਤੇ ਕਦੇ ਕਦੇ ਚੱਟਾਨਾਂ ਉਤੇ ਖੇਤਾਂ ਦੇ ਇਨ੍ਹਾਂ ਟੁਕੜਿਆਂ, ਪੱਥਰਾਂ ਵਿਚ ਉਗਾਏ ਬਾਗ-ਬਗੀਚਿਆਂ ਅਤੇ ਖੱਡ ਦੇ ਉਤੇ ਡੰਡੀਓ ਡੰਡੀ ਜਾਂਦੀਆਂ ਭੇਡਾਂ ਨੂੰ ਵੇਖ ਕੇ ਹੈਰਾਨ ਰਹਿ ਜਾਂਦੇ ਹਨ, ਜਿਹੜੀਆਂ ਰੱਸੇ ਉਤੇ ਤੁਰਦੇ ਬਾਜ਼ੀਗਰਾਂ ਜਿਹੀ ਨਿਪੁੰਨਤਾ ਤੇ ਫੁਰਤੀ ਨਾਲ ਵੱਡੀਆਂ ਵੱਡੀਆਂ ਖੱਡਾਂ ਨੂੰ ਲੰਘਦੀਆਂ ਹਨ।
ਇਹ ਸਭ ਕੁਝ ਵੇਖਣ ਨੂੰ ਅਸਾਧਾਰਨ ਰੂਪ ਵਿਚ ਸੁੰਦਰ ਹੈ, ਇਸੇ ਲਈ ਬਣਾਇਆ ਗਿਆ ਹੈ ਕਿ ਕਵਿਤਾਵਾਂ ਵਿਚ ਇਸਦਾ ਗੁਣਗਾਣ ਕੀਤਾ ਜਾਵੇ ਪਰ ਇੱਥੇ ਕੰਮ ਕਰਨਾ ਅਤੇ ਜਿਉਣਾ ਕਠਨ ਹੈ।
ਇਹਦੇ ਬਾਵਜੂਦ ਜੇ ਕਿਸੇ ਪਹਾੜੀ ਆਦਮੀ ਨੂੰ ਮੈਦਾਨਾਂ ਵਿਚ ਜਾ ਕੇ ਵੱਸਣ ਲਈ ਕਿਹਾ ਜਾਏ ਤਾਂ ਇਹੋ ਜਿਹੀ ਤਜਵੀਜ਼ ਨੂੰ ਉਹ ਆਪਣਾ ਅਪਮਾਨ ਸਮਝੇਗਾ। ਲੋਕ ਦਸਦੇ ਹਨ ਕਿ ਇਕ ਪਹਾੜੀ ਆਦਮੀ ਦਾ ਪੁੱਤਰ ਸ਼ਹਿਰੋਂ ਆਇਆ ਤੇ ਆਪਣੇ ਬੁੱਢੇ ਪਿਓ ਨੂੰ ਸ਼ਹਿਰ ਚੱਲਣ ਵਾਸਤੇ ਮਨਾਉਣ ਲੱਗਾ।
“ਇਹੋ ਜਿਹੇ ਲਫ਼ਜ਼ਾਂ ਨਾਲ ਮੇਰਾ ਦਿਲ ਦੁਖਾਉਣ ਦੀ ਬਿਜਾਏ ਬਿਹਤਰ ਹੁੰਦਾ ਜੇ ਤੂੰ ਖੰਜਰ ਮਾਰ ਕੇ ਮੇਰਾ ਢਿੱਡ ਪਾੜ ਦਿੰਦਾ,” ਬੁੱਢੇ ਪਹਾੜੀਏ ਨੇ ਜਵਾਬ ਦਿੱਤਾ।
ਇਹ ਸਮੱਸਿਆ ਮੌਜੂਦ ਹੈ ਅਤੇ ਕਾਫੀ ਕਠਨ ਹੈ। ਬਹੁਤ ਸਾਲ ਪਹਿਲਾਂ ਪਿੰਡਾਂ ਵਿਚ ਇਕ ਬੜਾ ਅਸਰਦਾਰ ਨਾਹਰਾ ਲਾਇਆ ਗਿਆ ਸੀ-“ ਅਸੀਂ ਪਥਰੀਲੇ ਬੋਰਿਆਂ ‘ਚੋਂ ਨਿਕਲਕੇ ਫੁੱਲਾਂ ਵਾਲੇ ਮੈਦਾਨਾਂ ਵਿਚ ਜਾ ਵੱਸਾਂਗੇ।”
“ਪਹਾੜਾਂ ਵਿਚ ਧੂਏ ਵਾਲੇ ਚੁੱਲ੍ਹੇ ਦੇ ਕੋਲ ਮੈਦਾਨ ਦੀ ਵਧੀਆ ਭੱਠੀ ਨਾਲੋਂ ਕਿਤੇ ਜ਼ਿਆਦਾ ਸੁਆਦ ਏ।” “ਜਿਹਨੂੰ ਢਿੱਡ ਦਾ ਫਿਕਰ ਏ ਉਹ ਬੇਸ਼ਕ ਉੱਥੇ ਚਲਾ ਜਾਏ ਤੇ ਜਿਹਨੂੰ ਦਿਲ ਦਾ ਫਿਕਰ ਏ ਉਹ ਇੱਥੇ ਰਹੇਗਾ।” “ਅਸੀਂ ਕਿਸੇ ਦਾ ਕਤਲ ਨਹੀਂ ਕੀਤਾ, ਕਿਸੇ ਦੇ ਘਰ ਨਹੀਂ ਸਾੜੇ ਤਾਂ ਫਿਰ ਕਿਉਂ ਸਾਨੂੰ ਜਲਾਵਤਨ ਕੀਤਾ ਜਾ ਰਿਹੈ।” “ਮਸ਼ੀਨਾਂ ਤਾਂ ਇੱਥੇ ਵੀ ਕੰਮ ਕਰ ਸਕਦੀਆਂ ਨੇ।” “ ਤਾਰ ਤਾਂ ਇਥੋਂ ਵੀ ਚਲੀ ਜਾਏਗੀ।” “ਮੱਛਰਾਂ ਅਤੇ ਮੱਖੀਆਂ ਦਾ ਪੇਟ ਭਰਨ ਲਈ ਅਸੀਂ ਜਨਮ ਨਹੀਂ ਲਿਆ।” “ਪੈਟਰੋਲ ਦੀ ਮੁਸ਼ਕ ਨਾਲੋਂ ਪਾਥੀ ਦਾ ਧੂੰਆਂ ਕਿਤੇ ਬੇਹਤਰ ਏ।” “ਪਹਾੜੀ ਫੁੱਲ ਜ਼ਿਆਦਾ ਚਟਕੀਲੇ ਨੇ।” “ਨਲਕੇ ਦੇ ਪਾਣੀ ਨਾਲੋਂ ਚਸ਼ਮੇ ਦਾ ਪਾਣੀ ਕਿਤੇ ਮਿੱਠਾ ਏ।” ” ਅਸੀਂ ਇੱਥੋਂ ਕਿਤੇ ਨਹੀਂ ਜਾਣਾ।”
“ਅਸੀਂ ਪਥਰੀਲੇ ਬੋਰਿਆਂ ‘ਚੋਂ ਨਿਕਲਕੇ ਫੁੱਲਾਂ ਵਾਲੇ ਮੈਦਾਨਾਂ ਵਿਚ ਜਾ ਵੱਸਾਂਗੇ,” ਇਸ ਨਾਹਰੇ ਦਾ ਹਰ ਪਹਾੜੀ ਆਦਮੀ ਨੇ ਆਪਣੇ ਢੰਗ ਨਾਲ ਇੰਜ ਜਵਾਬ ਦਿੱਤਾ।
ਪਹਾੜੀ ਲੋਕ ਇਸੇ ਸਿਲਸਲੇ ਵਿਚ ਸਲਾਹ ਲੈਣ ਲਈ ਮੇਰੇ ਪਿਤਾ ਜੀ ਕੋਲ ਵੀ ਆਏ ਕਿ ਉਹ ਕਿਸੇ ਹੋਰ ਥਾਂ ਜਾ ਵੱਸਣ ਕਿ ਇੱਥੇ ਹੀ ਰਹਿਣ। ਕੋਈ ਪੱਕਾ ਜਵਾਬ ਦੇਣ ਤੋਂ ਪਿਤਾ ਜੀ ਨੇ ਝਿਜਕ ਮਹਿਸੂਸ ਕੀਤੀ।
“ਜੇ ਏਥੇ ਹੀ ਰਹਿਣ ਦੀ ਸਲਾਹ ਦੇ ਦਿਆਂਗਾ ਤੇ ਬਾਅਦ ਵਿਚ ਇਨ੍ਹਾਂ ਨੂੰ ਪਤਾ ਲੱਗਾ ਪਈ ਮੈਦਾਨਾਂ ਵਿਚ ਜ਼ਿੰਦਗੀ ਬੇਹਤਰ ਏ ਤਾਂ ਮੈਨੂੰ ਬੁਰਾ ਭਲਾ ਆਖਣਗੇ । ਜੇ ਇਹ ਸਲਾਹ ਦੇਨਾਂ ਪਈ ਹੇਠਾਂ ਜਾ ਵੱਸਣ ਤੇ ਉੱਥੇ ਜ਼ਿੰਦਗੀ ਕਿਸੇ ਢੰਗ ਦੀ ਨਾ ਹੋਈ ਤਾਂ ਮੈਨੂੰ ਕੋਸਣਗੇ।”
“ਖੁਦ ਹੀ ਤੈਅ ਕਰੋ।” ਮੇਰੇ ਪਿਤਾ ਜੀ ਹਮਜ਼ਾਤ ਤਸਾਦਾਸਾ ਨੇ ਉਦੋਂ ਉਨ੍ਹਾਂ ਨੂੰ ਜਵਾਬ ਦਿੱਤਾ।
ਵਕਤ ਬਦਲਦਾ ਹੈ ਤੇ ਉਹਦੇ ਨਾਲ ਹੀ ਜ਼ਿੰਦਗੀ ਵੀ। ਸਿਰ ਦੀਆਂ ਟੋਪੀਆਂ ਹੀ ਨਹੀਂ ਬਦਲੀਆਂ (ਫਰ ਦੀਆਂ ਟੋਪੀਆਂ ਦੀ ਥਾਂ ਛੱਜੇਦਾਰ ਹਲਕੀਆਂ ਟੋਪੀਆਂ) ਸਗੋਂ ਟੋਪੀਆਂ ਦੇ ਹੇਠਾਂ ਜਵਾਨ ਲੋਕਾਂ ਦੇ ਦਿਮਾਗਾਂ ਵਿਚ ਵਿਚਾਰ ਵੀ ਬਦਲੇ ਹਨ। ਤਰ੍ਹਾਂ ਤਰ੍ਹਾਂ ਦੀਆਂ ਜਾਤੀਆਂ, ਕਬੀਲਿਆਂ ਅਤੇ ਬਰਾਦਰੀਆਂ ਦਾ ਆਪਸ ਵਿਚ ਮੇਲ ਹੋ ਰਿਹਾ ਹੈ। ਸਾਡੇ ਪੁੱਤਰਾਂ ਦੀਆਂ ਕਬਰਾਂ ਪਿਓਵਾਂ ਦੇ ਪਿੰਡਾਂ ਤੋਂ ਵਧ ਤੋਂ ਵਧ ਦੂਰ ਹੁੰਦੀਆਂ ਜਾ ਰਹੀਆਂ ਹਨ। ਪੱਥਰ, ਸਿਲਾਂ, ਵੱਡੇ ਵੱਡੇ ਪੱਥਰ, ਛੋਟੇ ਛੋਟੇ ਕੰਕਰ, ਗੋਲ ਪੱਥਰ, ਨੁਕੀਲੇ ਪੱਥਰ। ਇਨ੍ਹਾਂ ਪੱਥਰਾਂ ਵਿਚ ਕੁਝ ਉਗਾਉਣ ਲਈ ਪਹਾੜ ਦੇ ਪਾਸੇ ਵਿਚੋਂ ਟੋਕਰੀਆਂ ਭਰ ਭਰ ਕੇ ਮਿੱਟੀ ਉੱਪਰ ਢੋਈ ਜਾਂਦੀ ਹੈ। ਪਤਝੜ ਅਤੇ ਸਿਆਲਾਂ ਵਿਚ ਘਾਹ ਨਾਲ ਢੱਕੀਆਂ ਢਲਾਣਾਂ ਨੂੰ ਸਾੜਿਆ ਜਾਂਦਾ ਹੈ ਤਾਂ ਕਿ ਵਧੇਰੇ ਚੰਗਾ ਘਾਹ ਉੱਗੇ। ਪਹਾੜਾਂ ਵਿਚ ਇਹ ਅਨੇਕ ਅੱਗਾਂ ਮੈਨੂੰ ਯਾਦ ਹਨ। ਪਹਿਲੇ ਸਿਆਲ ਦਾ ਜਸ਼ਨ ਵੀ ਮੈਨੂੰ ਯਾਦ ਹੈ। ਬਸੰਤ। ਉਦੋਂ ਬੁੱਢੇ ਇਕ ਦੂਜੇ ਉਤੇ ਮਿੱਟੀ ਦੇ ਗੋਲੇ ਸੁੱਟਦੇ ਹਨ।
ਕੰਮਕਾਰ ਵਾਲੇ ਆਦਮੀ ਦੇ ਬਾਰੇ ਸਾਡੇ ਵਾਲੇ ਪਾਸੇ ਆਖਿਆ ਜਾਂਦਾ ਹੈ ਕਿ “ ਬਹੁਤ ਸਾਰੇ ਪਰਬਤ ਤੇ ਚੋਟੀਆਂ ਲੰਘੀਆਂ ਨੇ ਉਹਨੇ।”
ਨਿਕੰਮੇ ਆਦਮੀ ਬਾਰੇ ਕਿਹਾ ਜਾਂਦਾ ਹੈ—“ ਉਹਨੇ ਤਾਂ ਪੱਥਰ ਉਤੇ ਇਕ ਵਾਰੀ ਵੀ ਕਹੀ ਨਹੀਂ ਚਲਾਈ।”
“ਤੁਹਾਡੇ ਖੇਤਾਂ ਵਿਚ ਫਸਲਾਂ ਦੇ ਏਨੇ ਸਿੱਟੇ ਹੁਣ ਪਈ ਉਨ੍ਹਾਂ ਨੂੰ ਰੱਖਣ ਲਈ ਥਾਂ ਥੋੜ੍ਹੀ ਪੈ ‘ਜੇ।” ਪਹਾੜੀ ਲੋਕਾਂ ਦੀ ਇਹ ਸਭ ਤੋਂ ਵਧੀਆ ਸ਼ੁਭ ਕਾਮਨਾ ਹੁੰਦੀ ਹੈ ।
“ਤੇਰੀ ਜ਼ਮੀਨ ਸੁੱਕ ’ਜੇ, ਬੰਜਰ ਹੋ ’ਜੇ,” ਸਭ ਤੋਂ ਵੱਡਾ ਸਰਾਪ ਹੁੰਦਾ ਹੈ। “ਇਸ ਧਰਤੀ ਦੀ ਸਹੁੰ,” ਸਭ ਤੋਂ ਪੱਕੀ ਸਹੁੰ ਇਹ ਹੁੰਦੀ ਹੈ।
ਕਿਸੇ ਪਰਾਏ ਖੇਤ ਵਿਚ ਜਾਣ ਵਾਲੇ ਗਧੇ ਦੀ ਹੱਤਿਆ ਕੀਤੀ ਜਾ ਸਕਦੀ ਹੈ ਅਤੇ ਇਹਦੇ ਵਾਸਤੇ ਕੋਈ ਸਜ਼ਾ ਨਹੀਂ ਹੁੰਦੀ ਸੀ। ਇਕ ਪਹਾੜੀ ਆਦਮੀ ਚੀਖਦਾ ਹੋਇਆ ਕਹਿੰਦਾ ਰਹਿੰਦਾ ਸੀ-“ਜੇ ਹਾਜੀ ਮੁਰਾਤ ਦਾ ਗਧਾ ਵੀ ਮੇਰੀ ਧਰਤੀ ਉਤੇ ਆ ‘ਜੇਗਾ- ਤਾਂ ਉਹਦੀ ਵੀ ਖੈਰ ਨਹੀਂ!”
ਹਰ ਪਿੰਡ ਦੇ ਆਪਣੇ ਨਿਯਮ ਹਨ। ਪਰ ਸਾਰੇ ਥਾਈਂ ਖੇਤ ਜਾਂ ਧਰਤੀ ਨੂੰ ਨੁਕਸਾਨ ਪੁਚਾਉਣ ਵਾਸਤੇ ਸਭ ਤੋਂ ਵੱਡਾ ਜੁਰਮਾਨਾ ਵਸੂਲ ਕੀਤਾ ਜਾਂਦਾ ਸੀ।
ਸੰਨ 1859 ਦੇ ਅਗਸਤ ਮਹੀਨੇ ਵਿਚ ਗੁਨੀਬ ਪਰਬਤ ਉਤੇ ਇਮਾਮ ਸ਼ਾਮੀਲ ਆਪਣੇ ਜੰਗੀ ਘੋੜੇ ਉਤੇ ਹੇਠਾਂ ਉਤਰਿਆ ਅਤੇ ਉਹਨੇ ਇਕ ਮਹਾਨ ਕੈਦੀ ਦੇ ਰੂਪ ਵਿਚ ਖੁਦ ਨੂੰ ਪਰਿੰਸ ਬਰਿਆਤਿੰਸਕੀ* ਦੇ ਸਾਮ੍ਹਣੇ ਪੇਸ਼ ਕੀਤਾ, ਖੱਬੇ ਪੈਰ ਨੂੰ ਥੋੜ੍ਹਾ ਜਿਹਾ ਅਗਾਂਹ ਕਰਕੇ ਅਤੇ ਉਹਨੂੰ ਇਕ ਪੱਥਰ ਉਤੇ ਟਿਕਾ ਕੇ ਅਤੇ ਸੱਜੇ ਹੱਥ ਨੂੰ ਤਲਵਾਰ ਦੇ ਮੁੱਠੇ ਉਤੇ ਰੱਖ ਕੇ ਆਲੇ ਦੁਆਲੇ ਦੇ ਪਹਾੜਾਂ ਉਤੇ ਧੁੰਦਲੀ ਜਿਹੀ ਨਜ਼ਰ ਮਾਰ ਕੇ ਸ਼ਾਮੀਲ ਨੇ ਕਿਹਾ-
“ਹਜ਼ੂਰ! ਇਨ੍ਹਾਂ ਪਹਾੜਾਂ ਤੇ ਇਨ੍ਹਾਂ ਪਹਾੜੀ ਲੋਕਾਂ ਦੀ ਇੱਜ਼ਤ ਬਚਾਉਣ ਦੀ
ਖਾਤਰ ਮੈਂ ਪੱਚੀ ਸਾਲ ਤਕ ਲੜਦਾ ਰਿਹਾਂ। ਮੇਰੇ ਉੱਨੀ ਜ਼ਖਮ ਟੀਸਾਂ ਮਾਰਦੇ ਨੇ ਤੇ ਉਹ ਕਦੇ ਨਹੀਂ ਭਰਨੇ। ਹੁਣ ਮੈਂ ਕੈਦੀ ਵਜੋਂ ਆਪਣੇ ਆਪ ਨੂੰ ਤੇ ਆਪਣੀ ਧਰਤੀ ਨੂੰ ਤੁਹਾਡੇ ਹਵਾਲੇ ਕਰਦਾ ਹਾਂ।”
“ਇਹਦੇ ਵਾਸਤੇ ਏਨਾ ਦੁੱਖੀ ਹੋਣ ਦੀ ਕੀ ਲੋੜ ਏ? ਕਮਾਲ ਦੀ ਏ ਤੇਰੀ ਧਰਤੀ ਵੀ – ਸਿਰਫ ਚੱਟਾਨਾਂ ਤੇ ਪੱਥਰ ਹੀ ਤਾਂ ਹੈਣ!”
“ਹਜ਼ੂਰ, ਇਹ ਦਸੋ ਪਈ ਸਾਡੀ ਇਸ ਜੰਗ ਵਿਚ ਕੌਣ ਜ਼ਿਆਦਾ ਸਹੀ ਸੀ— ਅਸੀਂ, ਜਿਹੜੇ ਇਸ ਧਰਤੀ ਨੂੰ ਸ਼ਾਨਦਾਰ ਮੰਨਦਿਆਂ ਹੋਇਆਂ ਇਹਦੇ ਲਈ ਆਪਣੀਆਂ ਜਾਨਾਂ ਕੁਰਬਾਨ ਕਰਦੇ ਰਹੇ ਹਾਂ ਜਾਂ ਤੁਸੀਂ, ਜਿਹੜੇ ਇਹਨੂੰ ਬੁਰੀ ਸਮਝਦਿਆਂ ਹੋਇਆਂ ਇਹਦੀ ਖਾਤਰ ਮਰਦੇ ਰਹੇ ਓ?”
ਕੈਦੀ ਸ਼ਾਮੀਲ ਨੂੰ ਇਕ ਮਹੀਨੇ ਤਕ ਦਾ ਪੈਂਡਾ ਤੈਅ ਕਰਕੇ ਪੀਟਰਸਬਰਗ ਲਿਜਾਇਆ ਗਿਆ।
ਪੀਟਰਸਬਰਗ ਵਿਚ ਸਮਰਾਟ ਨੇ ਉਹਦੇ ਕੋਲੋਂ ਪੁੱਛਿਆ-
“ਤੈਨੂੰ ਰਾਹ ਕਿਹੋ ਜਿਹਾ ਲੱਗੈ?”
“ਵੱਡਾ ਮੁਲਕ ਏ ! ਬਹੁਤ ਵੱਡਾ ਮੁਲਕ !”
“ਇਮਾਮ, ਇਹ ਦੱਸ ਪਈ ਜੇ ਤੈਨੂੰ ਇਹ ਪਤਾ ਲੱਗ ਜਾਂਦਾ ਪਈ ਮੇਰਾ ਰਾਜ ਏਨਾ ਵੱਡਾ ਤੇ ਏਨਾ ਸ਼ਕਤੀਸ਼ਾਲੀ ਏ ਤਾਂ ਤੂੰ ਇਹਦੇ ਖਿਲਾਫ ਫਿਰ ਵੀ ਏਨੀ ਦੇਰ ਤਕ ਲੜਦਾ ਰਹਿੰਦਾ ਜਾਂ ਸਮਝਦਾਰੀ ਵਿਖਾਉਂਦਿਆਂ ਹੋਇਆਂ ਠੀਕ ਵਕਤ ਤੇ ਹੀ ਹਥਿਆਰ ਸੁੱਟ ਦਿੰਦਾ?”
“ ਪਰ ਤੁਸੀਂ ਵੀ ਤਾਂ ਇਹ ਜਾਣਦਿਆਂ ਹੋਇਆ ਪਈ ਸਾਡਾ ਦੇਸ਼ ਏਨਾ ਛੋਟਾ ਏ ਤੇ ਕਮਜ਼ੋਰ ਏ, ਐਨਾ ਚਿਰ ਸਾਡੇ ਖਿਲਾਫ ਲੜਦੇ ਰਹੇ ਓ !”*
ਮੇਰੇ ਪਿਤਾ ਜੀ ਕੋਲ ਸ਼ਾਮੀਲ ਦਾ ਇਕ ਖਤ, ਜ਼ਿਆਦਾ ਸਹੀ ਹੋਵੇਗਾ ਜੇ ਕਹੀਏ ਕਿ ਉਹਦਾ ਜਵਾਬ ਵਿਦਾਈ ਦਾ ਖ਼ਤ ਸਾਂਭਿਆ ਪਿਆ ਰਿਹਾ ਹੈ। ਇਹ ਹੈ ਉਹ ਖ਼ਤ।
“ਮੇਰੇ ਪਹਾੜੀ ਲੋਕੋ ! ਆਪਣੀਆਂ ਨੰਗੀਆਂ ਅਤੇ ਵੀਰਾਨ ਚੱਟਾਨਾਂ ਨੂੰ ਪਿਆਰ ਕਰੋ। ਇਹ ਬਹੁਤ ਘੱਟ ਦੌਲਤ ਲਿਆਈਆਂ ਨੇ ਤੁਹਾਡੇ ਲਈ, ਪਰ ਇਨ੍ਹਾਂ ਚੱਟਾਨਾਂ ਤੋਂ ਬਿਨਾਂ ਤੁਹਾਡੀ ਧਰਤੀ ਤੁਹਾਡੀ ਧਰਤੀ ਜਿਹੀ ਨਹੀਂ ਹੋਵੇਗੀ ਅਤੇ ਧਰਤੀ ਦੇ ਬਿਨਾਂ ਵਿਚਾਰੇ ਪਹਾੜੀ ਲੋਕਾਂ ਵਾਸਤੇ ਆਜ਼ਾਦੀ ਨਹੀਂ ਹੋਵੇਗੀ। ਇਨ੍ਹਾਂ ਚੱਟਾਨਾਂ ਲਈ ਜੂਝੋ, ਇਨ੍ਹਾਂ ਦੀ ਰਾਖੀ ਕਰੋ। ਇਹੀ ਖਾਹਸ਼ ਏ ਪਈ ਤੁਹਾਡੀਆਂ ਤਲਵਾਰਾਂ ਦੀ ਟਣਕਾਰ ਕਬਰ ਵਿਚਲੀ ਮੇਰੀ ਨੀਂਦ ਨੂੰ ਮਿੱਠੀ ਬਣਾ ਦੇਵੇ।”
ਸ਼ਾਮੀਲ ਨੇ ਪਹਾੜੀ ਲੋਕਾਂ ਦੀ ਤਲਵਾਰ ਦੀ ਟਣਕਾਰ ਅਤੇ ਆਵਾਜ਼ ਅਨੇਕਾਂ ਵਾਰ ਸੁਣੀ, ਭਾਵੇਂ ਪਹਾੜੀ ਲੋਕ ਹੁਣ ਕਿਸੇ ਹੋਰ ਨਿਸ਼ਾਨੇ ਲਈ ਜੂਝ ਰਹੇ ਸਨ। ਦਾਗਿਸਤਾਨ ਦੀ ਭੂਮੀ ਹੁਣ ਵੱਡੀ ਹੋ ਗਈ ਹੈ। ਉਨ੍ਹਾਂ ਦੀਆਂ ਕਬਰਾਂ ਯੁਕਰੇਨ, ਬੇਲੋਰੂਸ, ਮਾਸਕੋ ਦੇ ਨੇੜੇ, ਹੰਗਰੀ, ਪੋਲੈਂਡ, ਚੈਕੋਸਲੋਵਾਕੀਆ, ਕਾਰਪੇਥੀਆ ਅਤੇ ਬਲਕਾਨ ਤੇ ਬਰਲਿਨ ਦੇ ਨਜ਼ਦੀਕ ਤਕ ਖਿੰਡੀਆਂ ਪਈਆਂ ਹਨ।
“ਇਕ ਪਿੰਡ ਦੇ ਲੋਕ ਪਹਿਲਾਂ ਕਿਸ ਚੀਜ਼ ਲਈ ਲੜਦੇ ਭਿੜਦੇ ਸਨ?”
“ਦੋ ਪਹਾੜੀ ਲੋਕਾਂ ਦੇ ਖੇਤਾਂ ਦੇ ਵਿਚਕਾਰਲੀ ਗਿੱਠ ਕੁ ਜ਼ਮੀਨ ਛੋਟੀ ਜਿਹੀ
ਢਲਾਣ ਤੇ ਪੱਥਰ ਲਈ।” “ਦੋ ਗੁਆਂਢੀ ਪਿੰਡਾਂ ਦੇ ਲੋਕ ਪਹਿਲਾਂ ਕਾਹਦੇ ਲਈ ਲੜਦੇ ਭਿੜਦੇ ਸਨ?”
“ਪਿੰਡਾਂ ਦੇ ਖੇਤਾਂ ਦੇ ਵਿਚਕਾਰ ਗਿੱਠ ਕੁ ਜ਼ਮੀਨ ਲਈ।”
“ਦਾਗਿਸਤਾਨ ਕਾਹਦੇ ਵਾਸਤੇ ਦੂਜੇ ਰਾਜਾਂ ਨਾਲ ਲੜਦਾ-ਜੂਝਦਾ ਸੀ?”
“ਦਾਗਿਸਤਾਨ ਦੀਆਂ ਹੱਦਾਂ ਉਤੇ ਗਿੱਠ ਕੁ ਜ਼ਮੀਨ ਲਈ।”
ਬਾਦ ਵਿਚ ਦਾਗਿਸਤਾਨ ਕਿਸ ਚੀਜ਼ ਲਈ ਲੜਦਾ-ਭਿੜਦਾ ਰਿਹਾ?”
“ਮਹਾਨ ਸੋਵੀਅਤ ਯੂਨੀਅਨ ਦੇਸ਼ ਦੀਆਂ ਹੱਦਾਂ ਉਤੇ ਗਿੱਠ ਕੁ ਜ਼ਮੀਨ
ਲਈ।”
“ਦਾਗਿਸਤਾਨ ਹੁਣ ਕਾਹਦੇ ਵਾਸਤੇ ਜੂਝ ਰਿਹੈ?”
“ਸਾਰੀ ਦੁਨੀਆਂ ਵਿਚ ਸ਼ਾਂਤੀ ਲਈ।”
ਸ਼ਾਮੀਲ ਦੇ ਨਾਲ ਉਹਦੇ ਦੋ ਪੁੱਤਰਾਂ ਨੂੰ ਵੀ ਗਿਰਫਤਾਰ ਕੀਤਾ ਗਿਆ ਸੀ। ਉਨ੍ਹਾਂ ਦੀ ਕਿਸਮਤ ਵੱਖੋ ਵੱਖ ਰਹੀ। ਛੋਟਾ ਪੁੱਤਰ, ਮੁਹੰਮਦ ਸ਼ਫੀ ਜ਼ਾਰ ਦਾ ਜਨਰਲ ਬਣ ਗਿਆ, ਜਦੋਂ ਕਿ ਵੱਡਾ ਪੁੱਤਰ ਗ਼ਾਜੀ-ਮੁਹੰਮਦ ਤੁਰਕੀ ਚਲਾ ਗਿਆ।
ਇਕ ਵਾਰ ਤੁਰਕੀ ਪਹਿਰਾਵੇ ਵਾਲੀ ਇਕ ਬਜ਼ੁਰਗ ਔਰਤ ਮੇਰੇ ਕੋਲ ਆਈ। ਜਾਰਜਿਆਈ ਜਾਤੀ ਦੀ ਇਸ ਔਰਤ ਨੇ ਜਵਾਨੀ ਦੇ ਦਿਨਾਂ ਵਿਚ ਹੀ ਇਕ ਤੁਰਕ ਨਾਲ ਵਿਆਹ ਕਰਵਾ ਲਿਆ ਸੀ, ਚਾਲੀ ਸਾਲ ਤਕ ਇਸਤੰਬੂਲ ਵਿਚ ਰਹਿ ਚੁੱਕੀ ਸੀ। ਬਾਦ ਵਿਚ ਪਤੀ ਦੀ ਮੌਤ ਹੋਣ ਅਤੇ ਇਕੱਲੀ ਰਹਿ ਜਾਣ ਤੇ ਜਾਰਜੀਆ ਮੁੜ ਆਈ ਸੀ। ਤੇ ਉਹ ਮੇਰੇ ਕੋਲ ਆਈ। ਉਹਦੇ ਆਉਣ ਦਾ ਕਾਰਨ ਇਹ ਸੀ—ਇਸਤੰਬੂਲ ਵਿਚ ਰਹਿੰਦਿਆਂ ਹੋਇਆਂ ਸ਼ਾਮੀਲ ਦੇ ਸਭ ਤੋਂ ਛੋਟੇ ਪੁੱਤਰ ਦੀ ਪਿੱਛੇ ਰਹੀ ਕੁੱਲ ਨਾਲ ਉਹਦੀ ਦੋਸਤੀ मी।
“ਕਿਵੇਂ ਹਾਲ-ਚਾਲ ਏ ਉਨ੍ਹਾਂ ਦਾ?” ਮੈਂ ਪੁੱਛਿਆ।
“ਬੁਰਾ ਹਾਲ ਏ।”
“ਕਿਹੜੀ ਗੱਲੇ?”
“ਏਸ ਗੱਲੇ ਪਈ ਉਨ੍ਹਾਂ ਦਾ ਦਾਗਿਸਤਾਨ ਨਹੀਂ। ਕਾਸ਼! ਤੁਹਾਨੂੰ ਇਹ ਪਤਾ ਹੁੰਦਾ ਪਈ ਕਿਵੇਂ ਉਹ ਉੱਥੇ ਉਦਾਸ ਮਹਿਸੂਸ ਕਰਦੇ ਨੇ। ਕਦੇ ਕਦੇ ਸਰਕਾਰੀ ਕਰਮਚਾਰੀ ਇਹ ਧਮਕੀ ਦਿੰਦਿਆਂ ਹੋਇਆਂ ਪਈ ਉਨ੍ਹਾਂ ਕੋਲ ਜਿਹੜੀ ਜ਼ਮੀਨ ਏਂ, ਉਹ ਨੂੰ ਖੋਹ ਲੈਣਗੇ, ਉਨ੍ਹਾਂ ਦੀ ਬੇਇਜ਼ਤੀ ਕਰਦੇ ਨੇ। ‘ਖੋਹ ਲਓ’, ਇਮਾਮ ਦੀ ਕੁੱਲ ਦੇ ਜੀਅ ਜਵਾਬ ਦਿੰਦੇ ਨੇ। ‘ਦਾਗਿਸਤਾਨ ਤਾਂ ਸਾਡੇ ਕੋਲ ਹੈ ਨਹੀਂ, ਦੂਜੀ ਕੋਈ ਜ਼ਮੀਨ ਸਾਨੂੰ ਪਿਆਰੀ ਨਹੀਂ”। ਇਹ ਪਤਾ ਲੱਗਣ ਤੇ ਪਈ ਮੈਂ ਮਾਤਭੂਮੀ ਨੂੰ ਵਾਪਸ ਜਾ ਰਹੀ ਆਂ”, ਜਾਰਜੀਆਈ ਬੀਬੀ ਕਹਿੰਦੀ ਗਈ, “ਉਨ੍ਹਾਂ ਨੇ ਮੈਨੂੰ ਗੁਜਾਰਿਸ਼ ਕੀਤੀ ਪਈ ਮੈਂ ਦਾਗਿਸਤਾਨ ਜਾਵਾਂ, ਸ਼ਾਮੀਲ ਦੇ ਪੈਦਾਇਸ਼ ਵਾਲੇ ਪਿੰਡ ਵੀ ਜਾਵਾਂ, ਜਿੱਥੇ ਉਹ ਲੜਦਾ ਰਿਹੈ ਤੇ ਤੁਹਾਨੂੰ ਵੀ ਮਿਲਾਂ। ਉਨ੍ਹਾਂ ਨੇ ਮੈਨੂੰ ਇਹ ਰੁਮਾਲ ਦਿਤੈ ਤਾਂ ਜੋ ਤੁਸੀਂ ਇਹਦੇ ਵਿਚ ਦਾਗਿਸਤਾਨ ਦੀ
ਥੋੜ੍ਹੀ ਜਿਹੀ ਮਿੱਟੀ ਬੰਨ੍ਹ ਕੇ ਭੇਜ ਦੇਵੋ।” ਮੈਂ ਰੁਮਾਲ ਖੋਲ੍ਹਿਆ ਉਹਦੇ ਉਤੇ ਅਰਬੀ ਭਾਸ਼ਾ ਵਿਚ “ਸ਼ਾਮੀਲ” ਕੱਢਿਆ ਹੋਇਆ ਸੀ।
ਜਾਰਜੀਆਈ ਬੀਬੀ ਨੇ ਜੋ ਕੁਝ ਦੱਸਿਆ ਉਹਨੇ ਮੇਰੇ ਦਿਲ ਨੂੰ ਮੋਹ ਲਿਆ। ਮੈਂ ਮਿੱਟੀ ਭੇਜਣ ਦਾ ਬਚਨ ਦਿੱਤਾ। ਇਸ ਸਬੰਧ ਵਿਚ ਮੈਂ ਕਈ ਬਜ਼ੁਰਗਾਂ ਨਾਲ ਸਲਾਹ- ਮਸ਼ਵਰਾ ਕੀਤਾ
“ਵਿਦੇਸ਼ ਵਿਚ ਰਹਿਣ ਵਾਲਿਆਂ ਨੂੰ ਸਾਡੀ ਮਿੱਟੀ ਭੇਜਣ ਵਿਚ ਕੋਈ ਤੁਕ ਹੈਗੀ ਏ?”
“ਦੂਸਰਿਆਂ ਨੂੰ ਭੇਜਣ ਦੀ ਤਾਂ ਲੋੜ ਈ ਨਹੀਂ ਸੀ, ਪਰ ਸ਼ਾਮੀਲ ਦੀ ਕੁੱਲ ਦੇ ਜੀਆਂ ਨੂੰ ਭੇਜ ਦਿਓ,” ਬਜ਼ੁਰਗਾਂ ਨੇ ਜਵਾਬ ਦਿੱਤਾ।
ਇਕ ਬਜ਼ੁਰਗ ਨੇ ਸ਼ਾਮੀਲ ਦੇ ਪਿੰਡੋਂ ਮੁੱਠੀ ਕੁ ਮਿੱਟੀ ਮੈਨੂੰ ਲਿਆ ਦਿੱਤੀ ਅਤੇ ਅਸੀਂ ਉਸ ਰੁਮਾਲ ਵਿਚ, ਜਿਸ ਉਤੇ ਸ਼ਾਮੀਲ ਕੱਢਿਆ ਹੋਇਆ ਸੀ, ਵਲ੍ਹੇਟ ਦਿੱਤੀ। ਬਜ਼ੁਰਗ ਨੇ ਕਿਹਾ—
“ਉਨ੍ਹਾਂ ਨੂੰ ਸਾਡੀ ਮਿੱਟੀ ਭੇਜ ਦਿਓ ਪਰ ਇਹ ਵੀ ਦੱਸ ਦਿਓ ਜੇ ਪਈ ਉਹਦਾ ਹਰ ਜ਼ੱਰਾ ਬੜਾ ਕੀਮਤੀ ਏ। ਉਨ੍ਹਾਂ ਨੂੰ ਇਹ ਵੀ ਲਿਖ ਦਿਓ ਪਈ ਸਾਡੀ ਇਸ ਧਰਤੀ ਉਤੇ ਜ਼ਿੰਦਗੀ ਹੁਣ ਬਦਲ ਗਈ ਏ, ਏਥੇ ਹੁਣ ਨਵਾਂ ਵਕਤ ਆ ਗਿਐ। ਸਭ ਕੁਝ ਦੇ ਬਾਰੇ ਲਿਖ ਦੇਈਂ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ‘ਜੇ।”
ਪਰ ਮੈਨੂੰ ਲਿਖਣਾ ਨਹੀਂ ਪਿਆ। ਛੇਤੀ ਹੀ ਮੈਂ ਖੁਦ ਤੁਰਕੀ ਗਿਆ। ਕੀਮਤੀ ਤੋਹਫਾ ਵੀ ਮੈਂ ਆਪਣੇ ਨਾਲ ਲੈ ਗਿਆ।
ਮੈਂ ਸ਼ਾਮੀਲ ਦੀ ਕੁੱਲ ਦੇ ਜੀਆਂ ਨੂੰ ਲੱਭਿਆ, ਪਰ ਉਨ੍ਹਾਂ ਨਾਲ ਮੇਰੀ ਮੁਲਾਕਾਤ ਨਾ ਹੋਈ। ਮੈਨੂੰ ਦੱਸਿਆ ਗਿਆ ਕਿ ਇਮਾਮ ਸ਼ਾਮੀਲ ਦਾ ਪੜਪੋਤਰਾ ਸ਼ਾਇਦ ਮੱਕੇ ਚਲਾ ਗਿਆ ਹੈ। ਪੜਪੋਤਰੀਆਂ ਨਜਾਵਤ ਅਤੇ ਨਾਜਿਆਤ ਵੀ ਮੈਨੂੰ ਮਿਲਣ ਨਹੀਂ ਆਈਆਂ। ਮੈਨੂੰ ਦੱਸਿਆ ਗਿਆ ਕਿ ਇਕ ਦੇ ਸਿਰ ਵਿਚ ਦਰਦ ਹੈ ਅਤੇ ਦੂਜੀ ਨੂੰ ਦਿਲ ਦਾ ਦੌਰਾ ਪੈ ਗਿਆ ਹੈ। ਕਿਹਨੂੰ ਮੈਂ ਆਪਣੇ ਵਤਨ ਦੀ ਮਿੱਟੀ ਦਿਆਂ? ਉੱਥੇ ਅਵਾਰ ਜਾਤੀ ਦੇ ਹੋਰ ਲੋਕ ਵੀ ਸਨ ਪਰ ਉਹ ਆਪਣੀ ਇੱਛਾ ਨਾਲ ਦਾਗਿਸਤਾਨ ਛੱਡ ਕੇ ਗਏ ਸਨ।
ਫਿਰ ਮੈਂ ਸਮਝ ਗਿਆ ਕਿ ਉਨ੍ਹਾਂ ਦਾ ਸ਼ਾਮੀਲ ਤੇ ਮੇਰਾ ਸ਼ਾਮੀਲ- ਵੱਖਰੇ ਵੱਖਰੇ ਸ਼ਾਮੀਲ ਹਨ।
ਦੂਰ ਦੁਰਾਡੇ ਤੁਰਕੀ ਵਿਚ ਮੈਂ ਆਪਣੇ ਪਿਆਰੇ ਦਾਗਿਸਤਾਨ ਦੀ ਮੁੱਠੀ ਕੁ ਮਿੱਟੀ ਹੱਥ ਵਿਚ ਲਈ ਬੈਠਾ ਸੀ। ਜਿਸ ਥੋੜ੍ਹੀ ਜਿਹੀ ਮਿੱਟੀ ਵਿਚ ਮੈਂ ਆਪਣੇ ਪਿੰਡਾਂ- ਗੁਨੀਬ, ਚਿਰਕੇਈ, ਆਖ਼ਤਾ, ਕੁਮੁਖ, ਖੰਜ਼ੂਹ, ਤਸਾਦਾ, ਤਸੂਤਾ ਅਤੇ ਚਾਰੋਦਾ ਦੀ ਝਲਕ ਵੇਖਦਾ ਹਾਂ.. ਇਹ ਸਭ ਮੇਰੀ ਧਰਤੀ ਹੈ। ਮੈਂ ਇਹਦੇ ਬਾਰੇ ਬਹੁਤ ਕੁਝ ਲਿਖਿਆ ਹੈ ਅਤੇ ਲਿਖਾਂਗਾ। ਇਹਨੂੰ ਹੁਣ ਲਬਾਦੇ ਨਾਲ ਨਹੀਂ ਢੱਕਿਆ ਜਾ ਸਕਦਾ, ਜਿਵੇਂ ਕਿ ਉਸ ਬਦਕਿਸਮਤ ਪਹਾੜੀ ਆਦਮੀ ਨਾਲ ਹੋਇਆ ਸੀ, ਜਿਹਦੇ ਬਾਰੇ ਮਜ਼ਾਕੀਆ ਕਿੱਸਾ ਸੁਣਾਇਆ ਜਾਂਦਾ ਹੈ।
ਦਾਗਿਸਤਾਨ ਦਾ ਦੂਜਾ ਖਜ਼ਾਨਾ ਹੈ-ਸਾਗਰ।
ਮਾਸਕੋ ਅਤੇ ਗੁਨੀਬ ਪਿੰਡ ਦੇ ਵਿਚਕਾਰ ਟੈਲੀਫੋਨ ਉਤੇ ਇਹ ਗੱਲਬਾਤ ਹੁੰਦੀ वै।
“ਹੈਲੋ, ਹੈਲੋ, ਗੁਨੀਬ? ਉਮਾਰ, ਤੂੰ ਬੋਲਨਾਂ ਪਿਐ? ਤੂੰ ਮੇਰੀ ‘ਵਾਜ ਸੁਣਨਾ ਪਿਐਂ? ਦਿਨ ਕਿਹੋ ਜਿਹਾ ਏ, ਮੂਡ ਕਿਹਾ ਜਿਹਾ ਏ?”
“ਸੁਣਨਾਂ ਪਿਆਂ। ਸਾਡੇ ਇੱਥੇ ਸਭ ਕੁਝ ਠੀਕ-ਠਾਕ ਏ। ਅੱਜ ਸਵੇਰੇ ਹੀ ਸਾਗਰ ਦਿਸਦਾ ਪਿਐ!…”
नां-
“ਹੈਲੋ, ਗੁਨੀਬ? ਇਹ ਤੂੰ ਬੋਲਨੀ ਪਈ ਏਂ? ਫਾਤਮਾਂ? ਕੀ ਹਾਲ ਚਾਲ ਏ, ਮੂਡ ਕਿਹੋ ਜਿਹਾ?”
“ਮੂਡ ਤਾਂ ਇਹੋ ਜਿਹਾ ਈ ਏ। ਧੁੰਦ ਪਈ ਏ। ਸਾਗਰ ਦਿਸਦਾ ਨਹੀਂ ਪਿਆ।” “ਅੱਬਾ ਜਾਨ, ਸਮੁੰਦਰ ਨਹੀਂ ਦਿਸਦਾ ਪਿਆ,” ਸ਼ਾਮੀਲ ਦੇ ਪੁੱਤਰ ਜਮਾਲੂਦੀਨ ਨੇ ਕਿਹਾ।
ਉਹ ਜ਼ਾਰ ਦਾ ਕੈਦੀ ਸੀ- ਜ਼ਾਰ ਦੇ ਫੌਜੀ ਕਾਲਜ ਵਿਚ ਅਫਸਰ ਦੀ ਸਿੱਖਿਆ ਪਰਾਪਤ ਕਰ ਰਿਹਾ ਸੀ ਅਤੇ ਮਾਤਭੂਮੀ ਵਾਪਸ ਜਾ ਕੇ ਗੋਰੇ ਜ਼ਾਰ ਦੇ ਵਿਰੁੱਧ ਪਿਤਾ ਅਤੇ ਪਹਾੜੀ ਲੋਕਾਂ ਦੇ ਸੰਘਰਸ਼ ਨੂੰ ਫਜ਼ੂਲ ਸਮਝਦਾ ਸੀ।
“ਤੂੰ ਸਮੁੰਦਰ ਨੂੰ ਵੇਖ ਲਵੇਂਗਾ ਮੇਰੇ ਬੇਟੇ, ” ਸ਼ਾਮੀਲ ਨੇ ਜਵਾਬ ਦਿੱਤਾ। “ ਪਰ ਉਹਨੂੰ ਮੇਰੀਆਂ ਅੱਖਾਂ ਨਾਲ ਵੇਖ।”
ਗੁਨੀਬ ਪਰਬਤ ਤੋਂ ਸਾਗਰ ਡੇਢ ਸੌ ਕਿਲੋਮੀਟਰ ਦੂਰ ਹੈ। ਦਿਨ ਕਿੰਨਾ ਸਾਫ, ਸਾਗਰ ਕਿੰਨਾ ਨੀਲਾ ਅਤੇ ਚਮਕਦਾ ਹੋਇਆ ਅਤੇ ਨਜ਼ਰਾਂ ਕਿੰਨੀਆਂ ਤੇਜ਼ ਹੋਣੀਆਂ ਚਾਹੀਦੀਆਂ ਹਨ, ਪਰਬਤ ਕਿੰਨਾ ਉੱਚਾ ਹੋਣਾ ਚਾਹੀਦਾ ਹੈ ਤਾਂ ਕਿ ਸਹਿਜ ਭਾਅ ਕਿਹਾ ਜਾ ਸਕੇ- “ਸਾਗਰ ਦਿਸਦਾ ਪਿਐ।”
ਇਥੋਂ ਤਕ ਕਿ ਉਨ੍ਹਾਂ ਪਿੰਡਾਂ ਵਿਚ, ਜਿੱਥੇ ਸਾਗਰ ਵੇਖਣਾ ਸੰਭਵ ਨਹੀਂ ਜਦੋਂ ਇਹ ਪੁੱਛਿਆ ਜਾਂਦਾ ਹੈ ਕਿ ਮੂਡ ਕਿਹੋ ਜਿਹਾ ਹੈ, ਤਾਂ ਕਦੇ ਕਦੇ ਇਹ ਜਵਾਬ ਮਿਲਦਾ ਹੈ- “ਬਹੁਤ ਵਧੀਆਂ ਮੂਡ ਏ ਜਿਵੇਂ ਸਾਗਰ ਅੱਖਾਂ ਦੇ ਸਾਹਮਣੇ ਹੋਵੇ।”
ਕੌਣ ਕਿਹਦੀ ਸ਼ਾਨ ਵਧਾਉਂਦਾ ਹੈ—ਕਾਸਪੀ ਸਾਗਰ ਦਾਗਿਸਤਾਨ ਦੀ ਜਾਂ ਦਾਗਿਸਤਾਨ ਕਾਸਪੀ ਸਾਗਰ ਦੀ? ਕੌਣ ਇਹਦੇ ਉਤੇ ਮਾਣ ਕਰਦਾ ਹੈ—ਪਹਾੜੀ ਲੋਕ ਸਾਗਰ ਉਤੇ ਜਾਂ ਸਾਗਰ ਪਹਾੜੀ ਲੋਕਾਂ ਉੱਤੇ?
ਜਦੋਂ ਮੈਂ ਸਾਗਰ ਨੂੰ ਵੇਖਦਾ ਹਾਂ ਤਾਂ ਸਾਰੇ ਸੰਸਾਰ ਨੂੰ ਵੇਖਦਾ ਹਾਂ। ਜਦੋਂ ਸਾਗਰ ਵਿਚ ਉਥਲ-ਪੁਥਲ ਹੁੰਦੀ ਹੈ ਤਾਂ ਲੱਗਦਾ ਹੈ ਕਿ ਸਾਰੀ ਦੁਨੀਆਂ ਵਿਚ ਬੇਚੈਨੀ ਹੈ, ਤੂਫਾਨੀ ਮੌਸਮ ਹੈ। ਜਦੋਂ ਉਹ ਸ਼ਾਂਤ ਹੁੰਦਾ ਹੈ ਤਾਂ ਲੱਗਦਾ ਹੈ ਕਿ ਸਭ ਥਾਈਂ ਸ਼ਾਂਤੀ ਛਾਈ ਹੋਈ ਹੈ।
ਮੈਂ ਅਜੇ ਮੁੰਡਾ ਹੀ ਸੀ ਜਦੋਂ ਸਾਗਰ ਨਾਲ ਮੇਰਾ ਸਬੰਧ ਜੁੜ ਗਿਆ ਸੀ। ਮੈਂ ਖੜ੍ਹੀਆਂ ਤੇ ਟੇਢੀਆਂ-ਮੇਢੀਆਂ ਪਹਾੜੀ ਡੰਡੀਆਂ ਤੋਂ ਹੇਠਾਂ ਲਹਿ ਕੇ ਸਾਗਰ ਦੇ ਕੋਲ ਪਹੁੰਚਿਆ ਸੀ। ਉਸ ਸਮੇਂ ਤੋਂ ਹੀ ਮੇਰੇ ਘਰ ਦੀਆਂ ਖਿੜਕੀਆਂ ਸਾਗਰ ਵਾਲੇ ਪਾਸੇ ਖੁਲ੍ਹਦੀਆਂ ਹਨ। ਖੁਦ ਦਾਗਿਸਤਾਨ ਦੀਆਂ ਖਿੜਕੀਆਂ ਵੀ ਉਧਰ ਹੀ ਖੁਲ੍ਹਦੀਆਂ ਹਨ।
ਮੈਂ ਜਦੋਂ ਸਮੁੰਦਰ ਦੀ ਗਰਜ ਨਹੀਂ ਸੁਣਦਾ ਤਾਂ ਮੈਨੂੰ ਔਖਿਆਂ ਹੀ ਨੀਂਦ ਆਉਂਦੀ ਹੈ
ਪਰ ਤੂੰ ਕਿਉਂ ਨਹੀਂ ਸੌਦਾ, ਦਾਗਿਸਤਾਨ?”
“ਸਾਗਰ ਸ਼ੇਰ ਨਹੀਂ ਮਚਾ ਰਿਹਾ, ਨੀਂਦ ਨਹੀਂ ਆਉਂਦੀ, ”
ਬੜੇ ਭੜਕੀਲੇ ਰੰਗ ਬਾਰੇ ਅਸੀਂ ਕਹਿੰਦੇ ਹਾਂ-ਸਾਗਰ ਜਿਹਾ। ਬੜੇ ਤੇਜ਼ ਸ਼ੋਰ ਬਾਰੇ ਅਸੀਂ ਕਹਿੰਦੇ ਹਾਂ-ਸਾਗਰ ਵਾਂਗ। ਕੁਟੂ ਦੇ ਉੱਚੇ ਉੱਚੇ ਖੇਤਾਂ ਬਾਰੇ ਅਸੀਂ ਕਹਿੰਦੇ ਹਾਂ– ਸਾਗਰ ਵਾਂਗ।
ਅਕਲ ਅਤੇ ਆਤਮਾ ਦੀ ਗਹਿਰਾਈ ਬਾਰੇ ਕਹਿੰਦੇ ਹਨ-ਸਾਗਰ ਵਾਂਗ। ਨਿਰਮਲ ਆਕਾਸ਼ ਤਕ ਦੇ ਬਾਰੇ ਅਸੀਂ ਕਹਿੰਦੇ ਹਾਂ-ਸਾਗਰ ਵਾਂਗ।
ਜਦੋਂ ਸਾਡੀ ਗਾਂ ਬਹੁਤ ਦੁੱਧ ਦਿੰਦੀ ਸੀ ਤਾਂ ਮਾਤਾ ਜੀ ਉਹਨੂੰ ਕਹਿੰਦੇ ਹੁੰਦੇ
ਸਨ- “ਮੇਰਾ ਸਾਗਰ।”
ਮੈਨੂੰ ਖੱਟੀ ਕਰੀਮ ਦਾ ਮਟਕਾ ਹੱਥਾਂ ਵਿਚ ਫੜੀ ਛੱਜੇ ਵਿਚ ਖਲੋਤੇ ਆਪਣੇ ਮਾਤਾ ਜੀ ਯਾਦ ਆਉਂਦੇ ਹਨ। ਉਹ ਆਪਣੇ ਆਲੇ-ਦੁਆਲੇ ਖੇਡਦੇ ਸਾਨੂੰ ਬੱਚਿਆਂ ਨੂੰ ਖੁਆਉਣ ਲਈ ਉਸ ਵਿਚੋਂ ਮੱਖਣ ਕੱਢਦੇ ਹੁੰਦੇ ਸਨ। ਉਸ ਮਟਕੇ ਦੀ ਗਰਦਨ ਸਾਗਰ ਦੀਆਂ ਸਿੱਪੀਆਂ ਦੀ ਮਾਲਾ ਨਾਲ ਸਜੀ ਹੋਈ ਸੀ।
“ਤਾਂ ਜੋ ਜ਼ਿਆਦਾ ਮੱਖਣ ਨਿਕਲੇ, ” ਮਾਤਾ ਜੀ ਸਾਨੂੰ ਮਾਲਾ ਦਾ ਮਹੱਤਵ ਸਮਝਾਉਂਦੇ ਹੁੰਦੇ ਸਨ। ਇਸ ਤੋਂ ਇਲਾਵਾ ਉਹ ਇਹ ਵੀ ਕਹਿੰਦੇ ਹੁੰਦੇ ਸਨ ਕਿ ਸਿੱਪੀਆਂ ਬੁਰੀ ਨਜ਼ਰ ਤੋਂ ਬਚਾਉਂਦੀਆਂ ਹਨ।
ਦਾਗਿਸਤਾਨ ਦਾ ਪਥਰੀਲਾ ਲੱਕ ਵੀ ਸਿੱਪੀਆਂ ਦੀ ਮਾਲਾ, ਤਟਵਰਤੀ ਪੱਥਰਾਂ ਦੀ ਮਾਲਾ, ਸਾਗਰ ਤਰੰਗਾਂ ਦੀ ਮਾਲਾ ਨਾਲ ਸਜਿਆ ਹੋਇਆ ਹੈ।
ਦਾਗਿਸਤਾਨ ਕਾਸਪੀ ਸਾਗਰ ਦੀਆਂ ਲਹਿਰਾਂ ਦਾ ਆਦੀ ਹੈ, ਚੁੱਪ ਚਾਂ ਵਿਚ ਉਹਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ਅਤੇ ਜੇ ਉਹ ਸਾਗਰ ਤੋਂ ਵਾਂਝਾ ਰਹਿ ਜਾਂਦਾ ਹੈ ਤਾਂ ਉਸਨੂੰ ਬਿਲਕੁਲ ਹੀ ਨੀਂਦ ਨਹੀਂ ਆਉਂਦੀ।
ਬਰਫ-ਸਫੈਦ ਸਾਗਰ ਦੀਓ ਲਹਿਰੇ ਦੱਸੇ ਤਾਂ ਜ਼ਰਾ
ਕਿਸ ਬੋਲੀ ਵਿਚ ਗੱਲ ਕਰਦੀਆਂ, ਮੈਨੂੰ ਦਿਓ ਸਮਝਾ।
ਨਾਲ ਚੱਟਾਨਾਂ ਤੁਸੀਂ ਟਕਰਾਕੇ ਸ਼ੋਰ ਮਚਾਓ ਏਦਾਂ
ਪਿੰਡ ਦੀ ਮੰਡੀ ਦੇ ਵਿਚ ਰੋਲਾ ਪੈਂਦਾ ਰਹਿੰਦਾ ਜਿੱਦਾਂ।
ਉੱਥੇ ਵੀਹਾਂ ਭਾਸ਼ਾਵਾਂ ਦਾ ਰੋਲ ਘਚੋਲਾ ਚੱਲੇ
ਅੱਲ੍ਹਾ ਵੀ ਚਾਹੇ ਤਾਂ ਉਹਦੇ ਪੈਂਦਾ ਨਾ ਕੁਝ ਪੱਲੇ।
ਜ਼ਰਾ ਨਾ ਗਰਜਨ ਹੋਵੇ ਐਸਾ ਕਦੇ ਕਦੇ ਦਿਨ ਆਵੇ
ਲਹਿਰਾਂ ਹੌਲੀ ਵਹਿਣ ਕਿ ਜਾਣੇ ਘਾਹ ਕਿਤੇ ਲਹਿਰਾਵੇ।
ਕਦੇ ਕਦੇ ਇਹ ਸਾਹ ਤੁਹਾਡੇ ਚੱਲਣ ਤੇਜ਼ ਤੇ ਭਾਰੇ ਗੈਰੇ
ਜਿਉਂ ਪੁੱਤਰ ਦੇ ਗਮ ਵਿਚ ਸਿਸਕੇ ਮਾਂ ਲੈ ਲੈ ਹਟਕੋਰੇ।
ਵਾਰਸ ਆਪਣਾ ਮਰ ਜਾਣ ਤੇ ਬੁੱਢਾ ਬਾਪ ਭਰੇ ਜਿਉਂ ਆਹਾਂ
ਵਹਿੰਦੀਆਂ ਲਹਿਰਾਂ ਵਿਚ ਡੋਲਦਾ, ਜਿਉਂ ਘੋੜਾ ਲੱਭ ਰਾਹਾਂ।
ਛਲਛਲ ਕਰਦਿਆਂ ਕਦੇ ਕਦੇ ਤੂੰ ਉੱਚਾ ਸ਼ੇਰ ਮਚਾਉਨੇਂ
ਆਪਣੀ ਭਾਸ਼ਾ ਵਿਚ ਤੂੰ ਸਾਗਰ, ਦਿਲ ਦੀ ਗੱਲ ਸੁਣਾਉਨੇਂ।
ਤੇਰੇ-ਮੇਰੇ ਦਿਲ ਦੀ ਗਹਿਰਾਈ ਵਿਚ ਏ ਕੋਈ ਬੰਧਨ
ਤਾਹੀਓਂ ਸਮਝ ਜਾਵਾਂ ਮੈਂ ਤੇਰੇ ਸਾਰੇ ਰੂਪ ਜੋ ਬਦਲਣ।
ਕੀ ਕਦੇ ਨਾ ਮੇਰੇ ਦਿਲ ਵਿਚ ਖੂਨ ਉਬਾਲੇ ਖਾਂਦਾ
ਟਕਰਾਕੇ ਕੌੜੀਆਂ ਜੀਵਨ-ਲਹਿਰਾਂ ਸੰਗ ਫਿਰ ਫਿਰੇ ਪਛਤਾਂਦਾ।
ਪਰ ਮਗਰੋਂ ਹੌਲੀ ਹੌਲੀ ਆਪੇ ਸ਼ਾਂਤ ਤੂੰ ਹੀ ਹੋ ਜਾਵੇ
ਸ਼ਕਤੀਹੀਣ ਹੋ ਢਾਲੂ ਤੱਟ ਨੂੰ ਤੂੰਹੀਓਂ ਨਾ ਸਹਿਲਾਵੇਂ?
ਤੇਰੀ ਗਹਿਰਾਈ ਵਿਚ ਸਾਗਰ ਤੇਰੇ ਰਾਜ਼ ਛਪੇ ਨਾ ਹੋਏ?
ਸਾਡੇ ਦੋਹਾਂ ਦੇ ਸੁੱਖ-ਦੁੱਖ ਦਾ ਇਕੋ ਰੂਪ ਨਾ ਹੋਏ?
ਪਰ ਵੱਖਰਾ ਇਕ, ਖਾਸ ਦਰਦ ਜੋ, ਮੇਰਾ, ਮੈਂ ਸੁਣਾਵਾਂ,
ਪੀ ਨਾ ਸੱਕਾਂ ਸਾਗਰ, ਖਾਰਾ, ਜੋ ਮੈਂ ਪੀਣਾ ਚਾਹਵਾਂ।
ਮਾਸਕੋ ਤੋਂ ਮਖਾਚਕਲਾ ਜਾਣ ਵਾਲੀ ਗੱਡੀ ਉੱਥੇ ਤੜਕੇ ਪਹੁੰਚਦੀ ਹੈ। ਰਾਹ ਵਿਚ ਬੀਤਣ ਵਾਲੀ ਇਹ ਰਾਤ ਮੇਰੇ ਵਾਸਤੇ ਸਭ ਤੋਂ ਵਧ ਬੇਚੈਨੀ ਦੀ ਰਾਤ ਹੁੰਦੀ ਹੈ। ਮੈਂ ਰਾਤ ਨੂੰ ਉੱਠ ਕੇ ਹਨ੍ਹੇਰੇ ਵਿਚ ਵਲ੍ਹੇਟੀ ਹੋਈ ਖਿੜਕੀ ਵਿਚੋਂ ਬਾਹਰ ਝਾਕਦਾ ਹਾਂ। ਖਿੜਕੀ ਦੇ ਬਾਹਰ ਅਜੇ ਸਤੈਪੀ-ਮੈਦਾਨ ਹੁੰਦਾ ਹੈ। ਗੱਡੀ ਸ਼ੋਰ ਮਚਾਉਂਦੀ ਹੁੰਦੀ ਹੈ। ਗੱਡੀ ਦੇ ਡੱਬੇ ਤੋਂ ਬਾਹਰ ਬਹੁਤ ਜ਼ੋਰ ਨਾਲ ਹਵਾ ਸਰਸਰਾਉਂਦੀ ਹੁੰਦੀ ਹੈ। ਮੈਂ ਦੂਜੀ ਵਾਰ ਉੱਠ ਕੇ ਖਿੜਕੀ ਤੋਂ ਬਾਹਰ ਵੇਖਦਾ ਹਾਂ-ਫਿਰ ਉਹ ਸਤੰਪੀ-ਮੈਦਾਨ। ਆਖਰ ਤੀਸਰੀ ਵਾਰ ਉੱਠ ਕੇ ਬਾਹਰ ਨਜ਼ਰ ਮਾਰਦਾ ਹਾਂ-ਸਾਗਰ ਦਿਸਦਾ ਹੈ। ਇਹਦਾ ਮਤਲਬ ਹੈ ਕਿ ਇਹ ਮੇਰਾ ਦਾਗਿਸਤਾਨ ਹੈ।
ਸ਼ੁਕਰੀਆ ਤੇਰਾ, ਨੀਲੇ ਸਾਗਰ, ਜਲ ਦੇ ਵਿਸ਼ਾਲ ਫੈਲਾਅ! ਤੂੰ ਹੀ ਸਭ ਤੋਂ ਪਹਿਲਾਂ ਮੈਨੂੰ ਸੂਚਨਾ ਦਿੰਦਾ ਹੈ ਕਿ ਮੈਂ ਆਪਣੇ ਘਰ ਪਹੁੰਚ ਗਿਆ ਹਾਂ।
ਮੇਰੇ ਪਿਤਾ ਜੀ ਨੂੰ ਇਹ ਕਹਿਣਾ ਚੰਗਾ ਲੱਗਦਾ ਸੀ-“ਜਿਹਦੇ ਕੋਲ ਸਮੁੰਦਰ ਏ, ਉਹਦਾ ਘਰ ਪਰਾਹੁਣਿਆਂ ਦਾ ਘਰ ਏ।” ਜਵਾਬ ਵਿਚ ਅਬੂਤਾਲਿਬ ਕਹਿੰਦਾ ਹੁੰਦਾ ਸੀ-“ਜਿਹਦੇ ਕੋਲ ਸਮੁੰਦਰ ਏ, ਉਹਦਾ ਜੀਵਨ ਸੁੰਦਰ ਤੇ ਖੁਸ਼ਹਾਲ ਏ। ਪਹਾੜ ਹੀ ਸਮੁੰਦਰ ਤੋਂ ਵਧ ਖੂਸਸੂਰਤ ਹੋ ਸਕਦੇ ਨੇ ਪਰ ਸਾਡੇ ਕੋਲ ਤਾਂ ਉਹ ਵੀ ਨੇ।”
ਇਹ ਦੋਵੇਂ ਬਜ਼ੁਰਗ-ਮੇਰੇ ਪਿਤਾ ਜੀ ਤੇ ਅਬੂਤਾਲਿਬ ਪਹਿਲਾਂ ਹੀ ਕੁਝ ਤੈਅ ਕੀਤੇ ਬਿਨਾਂ ਜਦੋਂ ਕਦੇ ਮਿਲਦੇ ਸਨ ਤਾਂ ਅਕਸਰ ਹੀ ਸਾਗਰ ਵਲ ਚਲੇ ਜਾਂਦੇ ਸਨ। ਉਹ ਉਸ ਟਿੱਲੇ ਉਤੇ ਚੜ੍ਹ ਜਾਂਦੇ ਸਨ ਜਿੱਥੋਂ ਬੰਦਰਗਾਹ ਵਿਚ ਆਉਣ ਵਾਲੇ ਸਾਰੇ ਜਹਾਜ਼ ਨਜ਼ਰ ਆਉਂਦੇ ਸਨ। ਮੱਛੀਆਂ ਅਤੇ ਲੂਣ ਦੀ ਮਹਿਕ ਇਨ੍ਹਾਂ ਦੋਹਾਂ ਬਜ਼ੁਰਗਾਂ ਤਕ ਪਹੁੰਚਦੀ ਰਹਿੰਦੀ ਸੀ। ਇਹ ਦੋਵੇਂ ਸਿਰਫ ਸਾਗਰ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੰਦਿਆਂ ਹੋਇਆਂ ਘੰਟਿਆਂ ਬੱਧੀ ਚੁੱਪਚਾਪ ਬੈਠੇ ਰਹਿੰਦੇ ਸਨ।
ਸਾਗਰ ਆਪਣੀ ਗੱਲ ਕਹੇ ਤੁਸੀਂ ਧਾਰੀ ਮੌਨ ਰਹੋ ਆਪਣੀਆਂ ਖੁਸ਼ੀਆਂ ਤੇ ਨਾ ਆਪਣੇ ਦਿਲ ਦਾ ਦਰਦ ਕਹੈ। ਉਹ ਮਹਾਂ ਕਵੀ ਦਾਂਤੇ ਵੀ ਉਸ ਰਾਤ ਮੂਕ ਸੀ ਰਹਿੰਦਾ। ਕਿਤੇ ਪਾਸ ਜਦ ਉਹਦੇ ਨੀਲਾ ਸਾਗਰ ਕਦੇ ਸੀ ਵਹਿੰਦਾ। ਸਾਗਰ-ਤਟ ਤੇ ਭੀੜ ਹੋਵੇ ਜਾਂ ਹੋਵੇ ਸੁੰਨਮਸਾਣ, ਮੂੰਹ ‘ਚੋਂ ਸ਼ਬਦ ਨਾ ਇਕ ਵੀ ਕੱਢ ਸਾਗਰ ਨੂੰ ਦਿਓ ਗਾਣ। ਉਹ ਗੱਲਾਂ ਦੇ ਫਨ ਦਾ ਮਾਹਰ, ਪੁਸ਼ਕਿਨ ਵੀ ਚੁਪ ਰਹਿੰਦਾ, ਜਦ-ਜਦ ਸਾਗਰ ਆਪਣੇ ਦਿਲ ਦੀ, ਆਪਣੇ ਮਨ ਦੀ ਕਹਿੰਦਾ।
ਮੇਰੇ ਪਿਤਾ ਜੀ ਕਹਿੰਦੇ ਸਨ ਸਾਗਰ ਨੂੰ ਸੁਣਦਿਆਂ ਹੋਇਆਂ ਉਹਦੀ ਗੱਲ ਸਮਝਣਾ ਸਿੱਖੋ। ਸਾਗਰ ਨੇ ਬਹੁਤ ਕੁਝ ਵੇਖਿਆ ਹੈ, ਉਹ ਬਹੁਤ ਕੁਝ ਜਾਣਦਾ ਹੈ।
ਸਾਗਰ ਮੈਨੂੰ ਇਹ ਤਾਂ ਦੱਸ ਦੇਹ ਕਿਉਂ ਤੇਰੇ ਜਲ ਖਾਰੇ? ਕਿਉਂ ਜੋ ਲੋਕਾਂ ਦੇ ਮਿਲੇ ਨੇ ਇਸ ਵਿਚ ਹੰਝੂ ਖਾਰੇ। ਸਾਗਰ ਮੈਨੂੰ ਇਹ ਤਾਂ ਦੱਸ ਦੇਹ ਕਿਨ ਰੂਪ ਸੰਵਾਰਿਆ ਤੇਰਾ? ਮੂੰਗਿਆਂ ਅਤੇ ਮੋਤੀਆਂ ਨੇ ਹੀ ਰੂਪ ਨਿਖਾਰਿਆ ਮੇਰਾ। ਸਾਗਰ ਮੈਨੂੰ ਇਹ ਤਾਂ ਦੱਸ ਦੇਹ, ਕਿਉਂ ਤੂੰ ਏਨਾ ਬਿਹਬਲ? ਕਿਉਂਕਿ ਭੰਵਰਾਂ ਵਿਚ ਨੇ ਡੁੱਬ ‘ਗੇ ਕਿੰਨੇ ਹੀ ਸੂਰੇ ਬੀਰਬਲ। ਕੁਝ ਨੇ ਚਾਹਿਆ, ਸੁਪਨ ਵੇਖਿਆ, ਮਿੱਠਾ ਕਰ ਦੇਣੈ ਜਲ ਖਾਰਾ ਬਾਕੀ ਮੂੰਗੇ ਲੱਭਣ ਨਿਕਲੇ ਦਿਲ ਵਿਚ ਚਾਅ ਪਿਆਰਾ !
ਬੱਗੇ-ਵਾਲਾਂ ਵਾਲੇ ਦੇ ਪਹਾੜੀ ਬਜ਼ੁਰਗ, ਦੋ ਕਵੀ, ਦੋ ਬੁੱਢੇ ਉਕਾਬਾਂ ਵਾਂਗ ਟਿੱਲੇ ਉਤੇ ਬੈਠੇ ਹਨ। ਚੁੱਪਚਾਪ ਅਤੇ ਅਹਿਲ ਬਹਿ ਕੇ ਸਾਗਰ ਨੂੰ ਸੁਣ ਰਹੇ ਹਨ। ਸਾਗਰ ਸ਼ੋਰ ਮਚਾ ਰਿਹਾ ਹੈ, ਜੀਵਨ ਦੇ ਬਾਰੇ, ਜਿਹੜਾ ਉਹਦੇ ਜਿਹਾ ਹੀ ਹੈ, ਸੋਚਣ ਲਈ ਮਜਬੂਰ ਕਰਦਾ ਹੈ ਅਤੇ ਉਹਦੇ ਖੁਲ੍ਹੇ ਅਤੇ ਭਿਆਨਕ ਵਿਸਤਾਰ ਵਿਚ ਭਾਵੇਂ ਕਿਸੇ ਵੀ ਤਰ੍ਹਾਂ ਦੇ ਮੌਸਮ ਦਾ ਸਾਮ੍ਹਣਾ ਨਾ ਕਰਨਾ ਪਵੇ, ਉਹਦੇ ਇਕ ਤੱਟ ਤੋਂ ਦੂਸਰੇ ਤੱਟ ਤਕ ਤਾਂ ਜਾਣਾ ਹੀ ਪਵੇਗਾ। ਪਰ ਸਾਗਰ ਤੋਂ ਵੱਖਰੀ ਤਰ੍ਹਾਂ ਦੀ, ਜੀਵਨ ਵਿਚ ਸ਼ਾਂਤ ਬੰਦਰਗਾਹ, ਸ਼ਾਂਤ ਘਾਟ ਨਹੀਂ। ਕੋਈ ਚਾਹੇ ਜਾਂ ਨਾ ਚਾਹੇ ਜੀਵਨ ਸਾਗਰ ਦੇ ਪਾਰ ਤਾਂ ਜਾਣਾ ਹੀ ਪਵੇਗਾ। ਸਿਰਫ ਇਕ, ਆਖਰੀ ਬੰਦਰਗਾਹ, ਸਿਰਫ ਇਕ, ਆਖਰੀ ਘਾਟ ਹੀ ਹੋਵੇਗਾ।
ਕਾਸਪੀ ਸਾਗਰ ਸ਼ੋਰ ਮਚਾਉਂਦਾ ਹੈ, ਖਵਾਲਿੰਸਕੀ* ਸਾਗਰ ਸ਼ੋਰ ਮਚਾਉਂਦਾ ਰਹਿੰਦਾ ਹੈ। ਉਸ ਵਿਚ ਨਦੀਆਂ ਆ ਕੇ ਪੈਂਦੀਆਂ ਹਨ- ਇਕ ਪਾਸਿਉਂ ਵੋਲਗਾ ਤੇ ਯੁਰਾਲ ਅਤੇ ਦੂਸਰੇ ਪਾਸਿਉਂ ਕੂਰਾ, ਤੇਰੇਕ ਤੇ ਸੁਲਾਕ। ਇਹ ਸਭ ਆਪਸ ਵਿਚ ਘੁਲਮਿਲ ਗਈਆਂ ਹਨ ਅਤੇ ਇਨ੍ਹਾਂ ਨੂੰ ਇਕ ਦੂਜੇ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਵਾਸਤੇ ਸਾਗਰ ਵੀ ਇਕ ਤਰ੍ਹਾਂ ਨਾਲ ਆਖਰੀ ਘਾਟ ਹੈ। ਹਾਂ ਇਹ ਸਹੀ ਹੈ ਕਿ ਇਨ੍ਹਾਂ ਦਾ ਪਾਣੀ ਲੁਪਤ ਨਹੀਂ ਹੋਵੇਗਾ, ਗਤੀਹੀਣ ਨਹੀਂ ਹੋਵੇਗਾ, ਵਹਿੰਦਾ ਰਹੇਗਾ, ਨੀਲੀਆਂ ਨੀਲੀਆਂ ਲਹਿਰਾਂ ਦੀ ਸ਼ਕਲ ਵਿਚ ਉੱਪਰ ਨੂੰ ਉੱਠਦਾ ਰਹੇਗਾ। ਇਨ੍ਹਾਂ ਲਹਿਰਾਂ ਉਤੇ ਦੁਨੀਆਂ ਦੇ ਭਿੰਨ ਭਿੰਨ ਕੋਨਿਆਂ ਤਕ ਵੱਡੇ ਵੱਡੇ ਜਹਾਜ਼ ਜਾਂਦੇ ਰਹਿਣਗੇ।
ਪਹਾੜੀ ਲੋਕੋ, ਦਾਗਿਸਤਾਨ ਦੇ ਧੀਓ-ਪੁੱਤਰੋ, ਤੁਹਾਡੇ ਭਾਗ ਵੀ ਤਾਂ ਇਨ੍ਹਾਂ ਨਦੀਆਂ ਜਿਹੇ ਨਹੀਂ? ਤੁਸੀਂ ਵੀ ਤਾਂ ਸਾਡੇ ਮਹਾਨ ਭਾਈਚਾਰੇ ਦੇ ਸਾਂਝੇ ਸਾਗਰ ਵਿਚ ਸ਼ਾਮਲ ਹੋ ਕੇ ਘੁਲਮਿਲ ਗਏ ਹੋ।
ਕਾਸਪੀ ਸਾਗਰ ਸ਼ੋਰ ਮਚਾ ਰਿਹਾ ਹੈ। ਪੱਕੇ ਹੋਏ ਵਾਲਾਂ ਵਾਲੇ ਦੋ ਬਜ਼ੁਰਗ ਚੁਪਚਾਪ ਖੜ੍ਹੇ ਹਨ ਅਤੇ ਉਨ੍ਹਾਂ ਦੇ ਨਾਲ ਮੈਂ ਇਕ ਗਭਰੇਟ ਵੀ ਖੜ੍ਹਾਂ ਹਾਂ। ਬਾਅਦ ਵਿਚ ਜਦੋਂ ਅਸੀਂ ਘਰ ਵਲ ਨੂੰ ਰਵਾਨਾ ਹੋਏ ਤਾਂ ਅਬੂਤਾਲਿਬ ਨੇ ਮੇਰੇ ਪਿਤਾ ਜੀ ਨੂੰ ਕਿਹਾ-
“ਤੇਰਾ ਪੁੱਤਰ ਵੱਡਾ ਹੁੰਦਾ ਜਾਂਦੈ। ਅੱਜ ਉਹਨੂੰ ਉੱਚੀ ਭਾਵਨਾ ਦਾ ਅਹਿਸਾਸ ਹੋਇਐ।”
“ਜਿੱਥੇ ਆਪਾਂ ਖਲੋਤੇ ਸਾਂ ਉੱਥੇ ਕਿਸੇ ਨੂੰ ਵੀ ਛੋਟਾ ਨਹੀਂ ਹੋਣਾ ਚਾਹੀਦਾ।” ਮੇਰੇ ਪਿਤਾ ਜੀ ਨੇ ਅਬੂਤਾਲਿਬ ਨੂੰ ਜਵਾਬ ਦਿੱਤਾ।
ਹੁਣ, ਜਦੋਂ ਕਦੇ ਵੀ ਮੈਂ ਸਾਗਰ ਤੱਟ ਉੱਤੇ ਜਾਂਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਪਿਤਾ ਜੀ ਦੇ ਨਾਲ ਖਲੋਤਾ ਹਾਂ।
ਕਹਿੰਦੇ ਨੇ ਕਿ ਕਾਸਪੀ ਦੀ ਸਾਲ ਦਰ ਸਾਲ ਗਹਿਰਾਈ ਘਟਦੀ ਜਾ ਰਹੀ ਹੈ। ਜਿੱਥੇ ਕਿਤੇ ਪਾਣੀ ਛਲਛਲ ਕਰਦਾ ਹੁੰਦਾ ਸੀ ਹੁਣ ਉੱਥੇ ਸ਼ਹਿਰੀ ਮਕਾਨ ਖਲੋਤੇ ਹਨ। ਸ਼ਾਇਦ ਇਹ ਠੀਕ ਹੈ ਕਿ ਸਾਗਰ ਘੱਟ ਡੂੰਘਾ ਹੁੰਦਾ ਜਾ ਰਿਹਾ ਹੈ। ਪਰ ਮੈਂ ਇਹ ਵਿਸ਼ਵਾਸ ਨਹੀਂ ਕਰਦਾ ਕਿ ਸਾਗਰ ਸਾਗਰ ਨਹੀਂ ਰਹੇਗਾ। ਸੰਭਵ ਹੈ ਕਿ ਇਹ ਘੱਟ ਡੂੰਘਾ ਹੁੰਦਾ ਜਾ ਰਿਹਾ ਹੋਵੇ ਪਰ ਫਿਰ ਵੀ ਉਸ ਵਿਚ ਤੁੱਛਤਾ ਨਹੀਂ ਆ ਰਹੀ।
ਮੈਂ ਤਾਂ ਆਪਣੇ ਲੋਕਾਂ ਨੂੰ ਵੀ ਸਦਾ ਇਹੀ ਕਹਿੰਦਾ ਹਾਂ ਕਿ ਘੱਟ ਗਿਣਤੀ ਹੋਣ ਤੇ ਵੀ ਤੁਹਾਡੇ ਵਿਚ ਤੁੱਛਤਾ ਨਹੀਂ ਆਉਣੀ ਚਾਹੀਦੀ।
ਸਿਰ ਵਿਦਵਾਨ ਪਤੀ ਹਿਲਾਵੇ ਦੁੱਖ ਵਿਚ ਵਿਆਕੁਲ ਹੋਕੇ, ਕਵੀ, ਲੇਖਕ ਸੰਤਾਪ ਭੋਗਦੇ ਦਿਲ ਵਿਚ ਦਰਦ ਸੰਜੋਕੇ। ਦੁੱਖ ਇਨ੍ਹਾਂ ਨੂੰ ਇਹੀਓ ਹੈ ਕਿ ਕਾਸਪੀ ਤਟ ਤੋਂ ਹਟਦਾ ਜਾਏ, ਹੁੰਦੀ ਜਾਏ ਘੱਟ ਗਹਿਰਾਈ ਇਹ ਨੀਵਾਂ ਹੁੰਦਾ ਜਾਏ। ਇਹ ਬਕਵਾਸ ਹੈ ਸਾਰੀ ਮੈਨੂੰ ਕਦੇ ਕਦੇ ਇੰਜ ਲਗਦਾ, ਬੁੱਢਾ ਕਾਸਪੀ ਘੱਟ ਡੂੰਘਾ ਹੋਜੇ ਹੋ ਕਦੇ ਨਹੀਂ ਸਕਦਾ, ਤੁੱਛ ਹੋ ਰਹੇ ਕੁਝ ਲੋਕਾਂ ਦੇ ਦਿਲ ਇਹੀਓ ਹੀ ਡਰ ਮੈਨੂੰ, ਬਾਕੀ ਸਭ ਚੀਜ਼ਾਂ ਤੋਂ ਜ਼ਿਆਦਾ, ਚਿੰਤਤ ਵਿਆਕੁਲ ਕਰਦਾ।
ਮਖਾਚ ਨੇ ਵੀ ਸਾਗਰ ਦੀ ਚਰਚਾ ਕੀਤੀ ਹੈ। ਉਹ ਦਾਗਿਸਤਾਨ ਦੀ ਕਰਾਂਤੀਕਾਰੀ
ਕਮੇਟੀ ਦਾ ਪਹਿਲਾ ਕਮੀਸਾਰ ਸੀ ਤੇ ਸਾਡੀ ਰਾਜਧਾਨੀ ਉਸੇ ਦੇ ਨਾਂਅ ਤੇ ਮਖਾਚਕਲਾ
ਕਹਾਉਂਦੀ ਹੈ। ਇਸ ਤੋਂ ਪਹਿਲਾਂ ਇਹਨੂੰ ਪੋਰਟ ਪੈਤਰੋਵਸਕ ਕਿਹਾ ਜਾਂਦਾ ਸੀ, ਘਰੇਲੂ ਯੁੱਧ
ਦੇ ਸਮੇਂ ਮਖਾਚ ਨੇ ਇਹਨੂੰ ਕਦੇ ਨਾ ਟੁੱਟਣ ਵਾਲਾ ਕਿਲਾ ਬਣਾ ਦਿੱਤਾ ਸੀ।
ਤੇ ਸਾਗਰ ਦੇ ਬਾਰੇ ਮਖਾਚ ਨੇ ਆਖਿਆ ਸੀ-“ਦੁਸ਼ਮਣ ਭਾਵੇਂ ਕਿੰਨੇ ਵੀ ਕਿਉਂ ਨਾ ਹੋਣ, ਅਸੀਂ ਉਨ੍ਹਾਂ ਸਾਰਿਆਂ ਨੂੰ ਸਾਗਰ ਵਿਚ ਸੁੱਟ ਦਿਆਂਗੇ। ਸਾਗਰ ਡੂੰਘੈ, ਉਹਦੇ ਤਲੇ ਵਿਚ ਉਨ੍ਹਾਂ ਸਾਰਿਆਂ ਜੋਗੀ ਥਾਂ ਹੋਵੇਗੀ।”
ਪਹਾੜੀ ਲੋਕ ਜਦੋਂ ਜ਼ਿੰਦਗੀ ਦੇ ਮਸਲਿਆਂ ਉਤੇ ਸੋਚ ਵਿਚਾਰ ਕਰਨ ਲਈ ਮਸਜਿਦ ਦੇ ਕੋਲ ਜਾਂ ਕਿਸੇ ਰੁੱਖ ਹੇਠਾਂ ਜਮ੍ਹਾ ਹੁੰਦੇ ਹਨ ਤਾਂ ਇਹੋ ਜਿਹੀ ਮਜਲਿਸ ਨੂੰ ਸਾਡੇ ਪਾਸੇ ਗੋਦੇਕਾਨ ਦਾ ਨਾਂਅ ਦਿੱਤਾ ਜਾਂਦਾ ਹੈ। ਇਹੋ ਜਿਹੀ ਇਕ ਮਜਲਿਸ ਵਿਚ ਪਹਾੜੀ ਲੋਕਾਂ ਕੋਲੋਂ ਇਕ ਵਾਰ ਪੁੱਛਿਆ ਗਿਆ—ਕਿਹੜੀ ਆਵਾਜ਼ ਰੂਹ ਨੂੰ ਸਭ ਤੋਂ ਵਧ ਭਾਉਂਦੀ ਹੈ? ਪਹਾੜੀ ਲੋਕਾਂ ਨੇ ਸੋਚ ਵਿਚਾਰ ਕੇ ਜਵਾਬ ਦੇਣਾ ਸ਼ੁਰੂ ਕੀਤਾ-
“ਚਾਂਦੀ ਦੀ ਖਣਕ।”
“ਘੋੜੇ ਦੀ ਹਿਣਕ।”
“ਮਹਿਬੂਬਾ ਦੀ ਆਵਾਜ਼।”
“ਪਹਾੜੀ ਦੱਰੇ ਵਿਚ ਘੋੜੇ ਦੀਆਂ ਨਾਲਾਂ ਦੀ ਗੂੰਜ।”
“ਬੱਚੇ ਦਾ ਹਾਸਾ।”
“ਮਾਂ ਦੀ ਲੋਰੀ।”
“ਪਾਣੀ ਦੀ ਛਲ ਛਲ।”
ਪਰ ਇਕ ਪਹਾੜੀ ਆਦਮੀ ਨੇ ਜਵਾਬ ਦਿੱਤਾ-
ਸਾਗਰ ਦੀ ਆਵਾਜ਼। ਵਜ੍ਹਾ ਇਹ ਏ ਪਈ ਸਾਗਰ ਵਿਚ ਉਹ ਸਾਰੀਆਂ ਅਵਾਜ਼ਾਂ ਸ਼ਾਮਲ ਨੇ ਜਿਹੜੀਆਂ ਤੁਸੀਂ ਹੁਣ ਗਿਣੀਆਂ ਨੇ।”
ਕਿਸੇ ਦੂਸਰੇ ਮੌਕੇ ਤੇ ਇਹ ਇਹੋ ਜਿਹੀ ਮਜਲਿਸ ਵਿਚ ਹੀ ਪਹਾੜੀ ਲੋਕਾਂ ਕੋਲੋਂ ਇਹ ਪੁੱਛਿਆ ਗਿਆ-ਕਿਸ ਚੀਜ਼ ਦਾ ਰੰਗ ਰੂਹ ਨੂੰ ਸਭ ਤੋਂ ਵਧ ਭਾਉਂਦਾ ਹੈ। ਪਹਾੜੀ ਲੋਕ ਕੁਝ ਦੇਰ ਸੋਚਣ ਤੋਂ ਬਾਅਦ ਜਵਾਬ ਦੇਣ ਲੱਗੇ।-
“ਨਿਰਮਲ ਆਕਾਸ਼ ਦਾ।”
“ਸਫੈਦ ਬਰਫ਼ ਨਾਲ ਮੜ੍ਹੀਆਂ ਪਰਬਤੀ ਚੋਟੀਆਂ ਦਾ।”
“ਮਾਂ ਦੀਆਂ ਅੱਖੀਆਂ ਦਾ।”
“ਪੁੱਤਰ ਦੇ ਵਾਲਾਂ ਦਾ।”
“ਆੜੂ ਦੇ ਬੂਰ ਭਰੇ ਰੁੱਖ ਦਾ।”
“ਪਤਝੜ ਵਿਚ ਸਰਵਾੜ ਦਾ।”
“ਚਸ਼ਮੇ ਦੇ ਪਾਣੀ ਦਾ।”
ਪਰ ਇਕ ਪਹਾੜੀਏ ਨੇ ਜਵਾਬ ਦਿੱਤਾ-
“ਸਾਗਰ ਦਾ। ਵਜ੍ਹਾ ਇਹ ਏ ਪਈ ਸਾਗਰ ਵਿਚ ਉਹ ਸਾਰੇ ਰੰਗ ਸ਼ਾਮਲ ਨੇ ਜਿਨ੍ਹਾਂ ਦੀ ਤੁਸੀਂ ਹੁਣ ਗਿਣਤੀ ਕੀਤੀ ਏ।”
ਇਹੋ ਜਿਹੀਆਂ ਮਜਲਿਸਾਂ ਵਿਚ ਬੂਆਂ, ਪੀਣ ਵਾਲੀਆਂ ਚੀਜ਼ਾਂ ਜਾਂ ਕਿਸੇ ਹੋਰ ਚੀਜ਼ ਬਾਰੇ ਪੁੱਛਿਆ ਗਿਆ ਤਾਂ ਗੱਲ ਹਮੇਸ਼ਾ ਸਾਗਰ ਤੇ ਆ ਕੇ ਹੀ ਮੁੱਕਦੀ ਸੀ।
ਸਾਗਰ ਤੋਂ ਪਰਭਾਵਤ ਹੋ ਕੇ ਆਮ ਜਨਤਾ ਨੇ ਨੌਜਵਾਨ ਅਤੇ ਸਮੁੰਦਰੀ ਰਾਜ ਕੁਮਾਰੀ ਤੇ ਆਸਮਾਨੀ ਰੰਗ ਦੇ ਉਸ ਪੰਛੀ ਬਾਰੇ ਕਿੱਸੇ ਘੜੇ ਹੋਏ ਹਨ ਜਿਹੜਾ ਜਿੱਥੇ ਵੀ ਚੁੰਝ ਮਾਰਦਾ ਹੈ, ਉੱਥੇ ਹੀ ਚਸ਼ਮਾ ਫੁੱਟ ਨਿਕਲਦਾ ਹੈ।
ਯਕੀਨਨ ਮਜਲਿਸ ਵਿਚ ਹਰ ਕੋਈ ਆਪਣੇ ਘੋੜੇ ਦੀਆਂ ਸਿਫਤਾਂ ਦੇ ਪੁਲ ਬੰਨ੍ਹਦਾ ਹੈ। ਆਪਣੇ ਕਾਸਪੀ ਸਾਗਰ ਦੀ ਤਾਰੀਫ ਕਰਦਿਆਂ ਹੋਇਆਂ ਕੀ ਮੈਂ ਵੀ ਇਹੀ ਨਹੀਂ ਕਰ ਰਿਹਾ। ਕਦੇ ਕਦੇ ਮੈਨੂੰ ਇਹ ਕਿਹਾ ਜਾਂਦਾ ਹੈ—ਕਾਸਪੀ ਦੀ ਕੀ ਫੜ੍ਹ ਮਾਰਦੇ ਪਏ ਓ। ਇਹ ਤਾਂ ਸਾਗਰ ਹੈ ਵੀ ਨਹੀਂ, ਵੱਡੀ ਸਾਰੀ ਝੀਲ ਹੈ। ਅਸਲੀ ਸਾਗਰ ਤਾਂ ਕਾਲਾ ਸਾਗਰ ਹੈ।
ਹਾਂ, ਇਹ ਸਹੀ ਹੈ ਕਿ ਕਾਸਪੀ ਸਾਗਰ ਕਾਲੇ ਸਾਗਰ ਜਿਹਾ ਮਖ਼ਮਲੀ ਅਤੇ ਕੋਮਲ ਨਹੀਂ। ਅਡਰਿਆਟਿਕ ਜਾਂ ਈਓਨੀਚੇਸਕੀ ਸਾਗਰ ਜਿਹਾ ਵੀ ਨਹੀਂ। ਪਰ ਉੱਥੇ ਤਾਂ ਲੋਕ ਮੁੱਖ ਤੌਰ ਤੇ ਨਹਾਉਣ ਅਤੇ ਆਰਾਮ ਕਰਨ ਜਾਂਦੇ ਹਨ, ਜਦੋਂ ਕਿ ਕਾਸਪੀ ਸਾਗਰ ਉਤੇ ਮੁੱਖ ਤੌਰ ਤੇ ਕੰਮ ਕਰਨ ਆਉਂਦੇ ਹਨ। ਕਾਸਪੀ ਸਾਗਰ-ਮਛੇਰਿਆਂ, ਖਣਿਜ ਤੇਲ ਕੱਢਣ ਵਾਲਿਆਂ ਅਤੇ ਮਿਹਨਤਕਸ਼ਾਂ ਦਾ ਸਾਗਰ ਹੈ। ਇਸੇ ਲਈ ਇਹਦਾ ਮਿਜ਼ਾਜ ਵੀ ਕੁੱਝ ਜ਼ਿਆਦਾ ਕਠੋਰ ਹੈ। ਕੋਈ ਕਰ ਹੀ ਕੀ ਸਕਦਾ ਹੈ। . ਕੀ ਦਾਗਿਸਤਾਨ ਦੇ ਪਰਬਤ ਸੁਭਾਅ ਵਜੋਂ ਜਾਰਜੀਆ, ਅਬਖਾਜ਼ੀਆ ਅਤੇ ਹੋਰਨਾਂ ਥਾਵਾਂ ਤੇ ਪਰਬਤਾਂ ਤੋਂ ਵੱਖਰੇ ਪਰ ਸੱਚ ਦਸਾਂ ਤਾਂ ਮੈਨੂੰ ਸਾਰੇ ਸਾਗਰ ਇਕੋ ਜਿਹੇ ਲੱਗਦੇ ਹਨ। ਜਦੋਂ ਜਹਾਜ਼ ਉਤੇ ਕਾਲੇ ਸਾਗਰ ਵਿਚ ਯਾਤਰਾ ਕਰਦਾ ਹੁੰਦਾ ਹਾਂ ਤਾਂ ਮੈਨੂੰ ਕਾਸਪੀ ਦੀ ਯਾਦ ਆਉਂਦੀ ਹੈ, ਜਦੋਂ ਕਾਸਪੀ ਵਿਚ ਯਾਤਰਾ ਕਰਦਾ ਹੁੰਦਾ ਹਾਂ ਤਾਂ ਮਹਾਂਸਾਗਰ ਨੂੰ ਵੀ ਯਾਦ ਕਰ ਸਕਦਾ ਹਾਂ। ਸਾਡਾ ਸਾਗਰ ਦੂਜੇ ਸਾਗਰਾਂ ਨਾਲੋਂ ਕਿਸੇ ਤਰ੍ਹਾਂ ਵੀ ਊਣਾ ਨਹੀਂ। ਬਾਕੀ ਸਾਗਰਾਂ ਵਾਂਗ ਹੀ ਸਾਰੇ ਲੋਕ ਮੰਨਤ ਅਨੁਸਾਰ ਉਸ ਵਿਚ ਇਸੇ ਲਈ ਕੋਈ ਸਿੱਕਾ ਸੁੱਟਦੇ ਹਨ ਕਿ ਮੁੜ ਕੇ ਸਾਗਰ ਵਿਚ ਆ ਸਕਾਂਗੇ ਕਿ ਨਹੀਂ।
ਪਿਤਾ ਜੀ ਕਹਿੰਦੇ ਹੁੰਦੇ ਸਨ ਕਿ ਜੇ ਕਿਸੇ ਵਿਅਕਤੀ ਨੂੰ ਸਾਗਰ ਸੋਹਣਾ ਨਹੀਂ ਲੱਗਤਾ ਤਾਂ ਇਹਦਾ ਮਤਲਬ ਇਹੀ ਹੈ ਕਿ ਉਹ ਬੰਦਾ ਖੁਦ ਸੋਹਣਾ ਨਹੀਂ।
ਕਿਸੇ ਨੇ ਇਕ ਵਾਰ ਅਬੂਤਾਲਿਬ ਨੂੰ ਕਿਹਾ—
“ਸਾਗਰ ਅੱਜ ਬੜੀ ਬੁਰੀ ਤਰ੍ਹਾਂ ਸ਼ੋਰ ਮਚਾ ਰਿਹੈ।”
“ ਤੂੰ ਮੇਰੇ ਕੰਨਾਂ ਨਾਲ ਸੁਣ।”
ਤਾਂ ਤੁਸੀਂ ਕਾਸਪੀ ਸਾਗਰ ਨੂੰ ਦਾਗਿਸਤਾਨ ਦੀਆਂ ਨਜ਼ਰਾਂ ਨਾਲ ਵੇਖੋ ਤੇ ਫਿਰ ਉਹ ਤੁਹਾਨੂੰ ਬਹੁਤ ਸੋਹਣਾ ਦਿਸੇਗਾ।
ਦਾਗਿਸਤਾਨ ਦੇ ਮੇਗੇਬ ਪਿੰਡ ਦੇ ਰਹਿਣ ਵਾਲੇ ਪਣਡੁੱਬੀ ਦੇ ਦੂਜੀ ਸ਼ਰੇਣੀ ਦੇ ਪਰਸਿੱਧ ਕਪਤਾਨ ਮੁਹੰਮਦ ਗਾਜ਼ੀਯੇਵ ਦੀ ਬਹਾਦਰੀ ਦੇ ਕਾਰਨਾਮਿਆਂ ਤੋਂ ਸਾਰਾ ਜੰਗੀ ਜਹਾਜ਼ੀ ਬੇੜਾ ਵਾਕਫ਼ ਹੈ। ਉਹਨੇ ਬਾਲਟਿਕ, ਉਤਰੀ ਅਤੇ ਬਾਰੇਂਤਸੇਵ ਸਾਗਰ ਵਿਚ ਵੀ ਦੁਸ਼ਮਣ ਦੇ ਖਿਲਾਫ਼ ਲੋਹਾ ਲਿਆ। ਮੁਹੰਮਦ ਗਾਜ਼ੀਯੇਵ ਦੇ ਤਾਰਪੀਡੋ ਨਾਲ ਅਨੇਕ ਫਾਸਿਸਟ ਜੰਗੀ ਜਹਾਜ਼ਾਂ ਦੀਆਂ ਠੰਢੇ ਪਾਣੀ ਵਿਚ ਕਬਰਾਂ ਬਣੀਆਂ। ਮਹਾਨ ਦੇਸ਼ਭਗਤੀ ਭਰੇ ਯੁੱਧ ਦੇ ਇਤਿਹਾਸ ਵਿਚ ਉਹਦੀ ਪਣਡੁੱਬੀ ਨੇ ਪਹਿਲੀ ਵਾਰ ਫਾਸਿਸਟ ਜੰਗੀ ਸਮੁੰਦਰੀ ਬੇੜੇ ਨਾਲ ਆਮੋ ਸਾਮ੍ਹਣੇ ਲੜਾਈ ਲੜੀ ਸੀ। ਉਸਦਾ ਇਕ ਨਿਯਮ ਸੀ—ਜਦੋਂ ਤਕ ਦੁਸ਼ਮਣ ਦਾ ਕੋਈ ਜੰਗੀ ਜਹਾਜ਼ ਨਾ ਡੁਬੋ ਲਓ, ਉਦੋਂ ਤਕ ਮੁਛਾਂ ਸਾਫ ਨਾ ਕਰੋ।
ਮੁਹੰਮਦ ਗਾਜ਼ੀਯੇਵ ਨਾਲ ਮੇਰੀ ਇਕ ਮੁਲਾਕਾਤ ਹੋਈ। ਉਸੇ ਵੇਲੇ ਮੈਂ ਬੁਈਨਾਕਸਕ ਸ਼ਹਿਰ ਦੇ ਅਬਾਸ਼ੀਲੋਵ ਨਾਂਅ ਦੇ ਅਧਿਆਪਕ-ਸਿਖਲਾਈ ਕਾਲਜ ਵਿਚ ਪੜ੍ਹਦਾ ਸੀ।। ਮੁਹੰਮਦ ਗਾਜ਼ੀਯੇਵ ਛੁੱਟੀ ਤੇ ਸੀ ਅਤੇ ਅਸੀਂ ਉਹਨੂੰ ਆਪਣੇ ਕਾਲਜ ਬੁਲਾਇਆ। ਅਸੀਂ ਉਹਨੂੰ ਪੁੱਛਿਆ-
“ਇੰਜ ਕਿਵੇਂ ਹੋ ਗਿਆ ਪਈ ਪਹਾੜਾਂ-ਚੱਟਾਨਾਂ ਵਿਚ ਜਨਮ ਲੈ ਕੇ ਵੀ ਤੁਸੀਂ ਜਹਾਜ਼ੀ ਬਣ ਗਏ?”
“ਬਚਪਨ ਵਿਚ ਇਕ ਪਰਬਤ ਦੇ ਸਿਖਰ ਉਤੇ ਚੜ੍ਹ ਕੇ ਮੈਂ ਕਾਸਪੀ ਸਾਗਰ ਵੇਖਿਆ ਤੇ ਹੈਰਾਨੀ ਦੇ ਕਾਰਨ ਮੈਨੂੰ ਆਪਣੀਆਂ ਅੱਖਾਂ ਉਤੇ ਵਿਸ਼ਵਾਸ ਨਹੀਂ ਆਇਆ। ਉਹਨੇ ਮੈਨੂੰ ਬੁਲਾਇਆ ਤੇ ਮੈਂ ਉਹਦੇ ਵੱਲ ਤੁਰ ਪਿਆ। ਮੈਂ ਸਾਗਰ ਦੀ ਪੁਕਾਰ ਦੀ ਅਵੱਗਿਆ ਨਹੀਂ ਸਾਂ ਕਰ ਸਕਦਾ।”
ਪਹਾੜਾਂ ਦਾ ਰਹਿਣ ਵਾਲਾ, ਸੋਵੀਅਤ ਸੰਘ ਦਾ ਵੀਰ, ਮੁਹੰਮਦ ਗਾਜ਼ੀਯੇਵ ਬਾਰੇਂਤਸੇਵ ਸਾਗਰ ਵਿਚ ਸ਼ਹੀਦੀ ਪਾ ਗਿਆ। ਉਸੇ ਦੇ ਨਾਂਅ ਤੇ ਬਣੇ ਕਾਰਖਾਨੇ ਦੇ ਸਾਹਮਣੇ ਮਖਾਚਕਲਾ ਵਿਚ ਬਣੀ ਹੋਈ ਉਹਦੀ ਯਾਦਗਾਰ ਨੇ ਫੈਲਾਅ ਉਤੇ ਹੀ ਨਜ਼ਰ ਟਿਕਾਈ ਹੋਈ ਹੈ। ਸੇਵੇਰੋਮੋਰਸਕ ਵਿਚ ਉਸਦੇ ਨਾਂਅ ਦਾ ਇਕ ਸਕੂਲ ਵੀ ਹੈ।
ਦਲੇਰ ਲੋਕ ਹੀ ਸਾਗਰ ਵਿਚ ਕੰਮ ਕਰਨ ਜਾਂਦੇ ਹਨ ਪਰ ਸਾਰੇ ਹੀ ਉਥੋਂ ਵਾਪਸ ਨਹੀਂ ਆਉਂਦੇ। ਇਸੇ ਲਈ ਪਹਾੜੀ ਲੋਕ ਬਸੰਤ ਦੇ ਪਹਿਲੇ ਫੁੱਲ ਸਾਗਰ ਨੂੰ ਭੇਟ ਕਰਦੇ ਹਨ ਅਤੇ ਇਸ ਤਰ੍ਹਾਂ ਸਦਾ ਲਈ ਸਾਗਰ ਵਿਚ ਰਹਿ ਜਾਣ ਵਾਲੇ ਸਾਰੇ ਸੂਰਮਿਆਂ ਨੂੰ ਸ਼ਰਧਾਂਜਲੀ ਅਰਪਣ ਕਰਦੇ ਹਨ। ਮੇਰੇ ਫੁੱਲ ਵੀ ਲਹਿਰਾਂ ਉਤੇ ਅਨੇਕ ਵਾਰ ਤੈਰਦੇ ਸਨ।
ਬਾਰੇਂਤਸੇਵ ਸਾਗਰ ਵਿਚ, ਉਸ ਥਾਂ, ਜਿੱਥੇ ਗਾਜ਼ੀਯੇਵ ਅਤੇ ਉਸਦੇ ਸਾਥੀ ਸ਼ਹੀਦ ਹੋਏ, ਗਾਜ਼ੀਯੇਵ ਦੀ ਯਾਦ ਨੂੰ ਸ਼ਰਧਾਂਜਲੀ ਅਰਪਣ ਕਰਨ ਵਾਸਤੇ ਜਹਾਜ਼ ਰੁਕ ਜਾਂਦੇ ਹਨ।
ਕਾਸਪੀ ਸਾਗਰ ਵਿਚ ਵੀ ਇਹੋ ਜਿਹੀ ਹੀ ਪਰੰਪਰਾ ਹੈ। ਜਹਾਜ਼ ਉੱਥੇ ਰੁਕਦੇ ਹਨ, ਸ਼ਹੀਦੀ ਪਰਾਪਤ ਕਰਨ ਵਾਲਿਆਂ ਦੀ ਯਾਦ ਵਿਚ ਜਹਾਜ਼ੀ ਤਿੰਨ ਮਿੰਟ ਤਕ ਮੌਨ ਰੱਖਦੇ ਹਨ।
ਸਾਡਾ ਸ਼ਹਿਰ ਮਖਾਚਕਲਾ ਇਕ ਜਹਾਜ਼ ਵਾਂਗ ਘਾਟ ਉਤੇ ਖੜ੍ਹਾ ਹੈ। ਕਿਨਾਰੇ ਬਣੇ ਪਾਰਕ ਤੋਂ ਪੁਸ਼ਕਿਨ ਦੀ ਮੂਰਤੀ ਅਤੇ ਉਸਦੇ ਕੋਲ ਹੀ ਸੁਲੇਮਾਨ ਸਤਾਲਸਕੀ ਦੀ ਮੂਰਤੀ ਸਾਗਰ ਵਲ ਵੇਖ ਰਹੀ ਹੈ, ਬਿਰਖਪੱਥ ਵਲੋਂ ਮੇਰੇ ਪਿਤਾ ਜੀ ਦੇ ਬੁੱਤ ਨੇ ਕਾਸਪੀ ਉਤੇ ਨਜ਼ਰ ਟਿਕਾਈ ਹੋਈ ਹੈ।
ਕਹਿੰਦੇ ਹਨ ਕਿ ਸਾਗਰ ਦੀ ਥਾਂ ਕਦੇ ਉਦਾਸ ਅਤੇ ਬਨਸਪਤੀਹੀਣ ਮਾਰੂਥਲ ਸੀ। ਬਾਅਦ ਵਿਚ ਉਸਨੇ ਪਰਬਤਾਂ ਨੂੰ ਵੇਖਿਆ ਅਤੇ ਖੁਸ਼ੀ ਤੇ ਖੇੜੇ ਨਾਲ ਭਰ ਕੇ ਉਨ੍ਹਾਂ ਦੀ ਝੋਲੀ ਵਿਚ ਆਪਣਾ ਨੀਲਾ ਵਿਸਤਾਰ ਫੈਲਾਅ ਦਿੱਤਾ।
ਕਹਿੰਦੇ ਹਨ ਕਿ ਪਰਬਤ ਕਦੇ ਆਪਸ ਵਿਚ ਲੜਨ ਵਾਲੇ ਅਜਗਰ ਸਨ। ਕਿਤੇ ਬਾਅਦ ਵਿਚ ਉਨ੍ਹਾਂ ਨੇ ਸਾਗਰ ਨੂੰ ਵੇਖਿਆ ਤੇ ਹੈਰਾਨ ਹੋਏ ਬੁੱਤ ਬਣੇ ਰਹਿ ਗਏ ਅਤੇ ਪੱਥਰਾਂ ਵਿਚ ਬਦਲ ਗਏ।
ਮਾਤਾ ਜੀ ਮੇਰੇ ਪੰਘੂੜੇ ਕੋਲ ਗਾਉਂਦੇ ਹੁੰਦੇ ਸਨ-
ਬੇਟੇ, ਵੱਡਾ ਹੋ ਕੇ, ਕਰ ਲੈ ਹਾਸਲ
ਪਰਬਤ ਦੀ ਉੱਚਾਈ,
ਬੇਟੇ, ਵੱਡਾ ਹੋ ਕੇ, ਕਰ ਲੈ ਹਾਸਲ
ਸਾਗਰ ਦੀ ਚੌੜਾਈ।
ਮੁਟਿਆਰ ਨੇ ਆਪਣੇ ਜਵਾਨ ਪਰੀਤਮ ਲਈ ਇਹ ਗਾਇਆ-
ਜਨਮ ਹੋਇਐ ਉੱਚੇ ਪਰਬਤ ਤੇ
ਸਾਫ਼ ਨਜ਼ਰ ਇਹ ਆਉਂਦਾ ਏ,
ਟੇਢੀ ਟੋਪੀ ਪਹਿਨ ਘੁਮੰਡੀ
ਆਕੜ ਪਿਆ ਵਿਖਾਉਂਦਾ ਏ।
ਜਵਾਨ ਜਿਗੀਤ, ਅਰਥਾਤ ਸੂਰਮੇ ਨੇ ਸੁੰਦਰ ਪਹਾੜੀ ਮੁਟਿਆਰ ਲਈ ਇਹ ਗਾਇਆ-
ਸਾਗਰ-ਤਲ ਤੋਂ ਆਈ ਏਂ ਤੂੰ
ਸੁਣ ਐ ਰੂਪ ਦੀ ਰਾਣੀ?
ਪਹਿਲਾਂ ਕਦੇ ਨਾ ਡਿੱਠੀ ਐਸੀ
ਸੁੰਦਰ ਸ਼ੋਖ ਜਵਾਨੀ।
ਇਕ ਸਭਾ ਵਿਚ ਮੈਂ ਹੇਠ ਲਿਖੀ ਗੱਲਬਾਤ ਸੁਣੀ-
“ਅਸੀਂ ਹਰ ਵਕਤ ਸਾਗਰ ਤੇ ਪਹਾੜਾਂ, ਪਹਾੜਾਂ ਤੇ ਸਾਗਰ ਦਾ ਹੀ ਰਾਗ ਕਿਉਂ ਅਲਾਪਦੇ ਰਹਿਨੇ ਆਂ? ਸਾਡੇ ਵੱਲ ਕੁਝ ਦੂਸਰੀ ਤਰ੍ਹਾਂ ਦੇ ਪਹਾੜ ਅਤੇ ਸਾਗਰ ਵੀ ਹੈਗੇ ਨੇ ਜਿਨ੍ਹਾਂ ਦਾ ਸਾਨੂੰ ਜ਼ਿਕਰ ਕਰਨਾ ਚਾਹੀਦੈ। ਸਾਡੇ ਵਲ ਲੇਜ਼ਗੀਨੀ ਬਾਗਾਂ ਵਾਲਾ ਸਾਗਰ ਵੀ ਏ, ਮਵੇਸ਼ੀਆ ਦਾ ਸਾਗਰ ਏ, ਉਨ ਦੇ ਪਹਾੜ ਨੇ।”
ਪਰ ਠੀਕ ਹੀ ਕਿਹਾ ਜਾਂਦਾ ਹੈ-“ਤਿੰਨੇ ਗਾਣੇ ਖੁਦ ਹੀ ਨਾ ਗਾਓ। ਇਕ ਸਾਡੇ ਲਈ ਵੀ ਰਹਿਣ ਦਿਓ। ਤਿੰਨੇ ਨਮਾਜ਼ਾਂ ਖੁਦ ਹੀ ਨਾ ਅਦਾ ਕਰੋ, ਇਕ ਸਾਡੇ ਲਈ ਵੀ ਰਹਿਣ ਦਿਓ।”
ਦਾਗਿਸਤਾਨ ਜਿਨ੍ਹਾਂ ਹਿੱਸਿਆਂ ਨੂੰ ਮਿਲਾ ਕੇ ਬਣਿਆ ਹੋਇਆ ਹੈ—ਉਨ੍ਹਾਂ ਵਿਚੋਂ ਦੋ ਮੁੱਖ ਹਿੱਸਿਆਂ ਦਾ ਵਰਨਣ ਮੈਂ ਕੀਤਾ ਹੈ। ਬਾਕੀ ਸਭ ਕੁਝ- ਉਸਦਾ ਤੀਸਰਾ ਹਿੱਸਾ ਹੈ। ਕੀ ਇਹਦੇ ਰਾਹਾਂ ਅਤੇ ਨਦੀਆਂ, ਰੁੱਖਾਂ ਅਤੇ ਘਾਹ-ਬੂਟ ਦੀ ਘਟ ਚਰਚਾ ਕੀਤੀ ਜਾ ਸਕਦੀ ਹੈ। ਸਭ ਕੁਝ ਦਾ ਵਰਨਣ ਕਰਨ ਜੋਗੀ ਤਾਂ ਪੂਰੀ ਜ਼ਿੰਦਗੀ ਵੀ ਨਹੀਂ ਹੋਵੇਗੀ। ਗੀਤਾਂ-ਗਾਣਿਆਂ ਬਾਰੇ ਵੀ ਇਹੀ ਸਹੀ ਹੈ। ਦੁਨੀਆਂ ਵਿਚ ਸਿਰਫ ਤਿੰਨ ਗੀਤ ਹਨ- ਪਹਿਲਾ, ਮਾਂ ਦਾ ਗੀਤ- ਦੂਜਾ, ਮਾਂ ਦਾ ਗੀਤ-ਅਤੇ, ਤੀਸਰਾ ਗੀਤ ਬਾਕੀ ਸਾਰੇ ਗੀਤ।
ਪਹਾੜੀ ਲੋਕ ਇਹ ਕਹਿੰਦਿਆਂ ਹੋਇਆਂ ਕਿਸੇ ਨੂੰ ਆਪਦੇ ਘਰ ਸੱਦਾ ਦਿੰਦੇ ਹਨ-“ਸਾਡੇ ਵੱਲ ਤਸ਼ਰੀਫ ਲਿਆਇਓ। ਸਾਡੇ ਪਰਬਤ, ਸਾਡਾ ਸਾਗਰ ਤੇ ਸਾਡੇ ਦਿਲ ਤੁਹਾਡੀ ਸੇਵਾ ਵਿਚ ਹਾਜ਼ਰ ਨੇ। ਸਾਡੀ ਧਰਤੀ-ਧਰਤੀ ਹੈ, ਘਰ-ਘਰ ਹੈ, ਘੋੜਾ-ਘੋੜਾ ਹੈ, ਆਦਮੀ-ਆਦਮੀ ਹੈ। ਉਨ੍ਹਾਂ ਵਿਚ ਤੀਸਰਾ ਕੁਝ ਨਹੀਂ।”
ਇਨਸਾਨ
ਅਵਾਰ ਭਾਸ਼ਾ ਵਿਚ ਇਨਸਾਨ ਅਤੇ ਆਜ਼ਾਦੀ ਲਈ ਇਕ ਹੀ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। “ਉਜ਼ਦੇਨ”- ਇਨਸਾਨ, “ਉਜ਼ਦੇਨਲੀ”-ਆਜ਼ਾਦੀ। ਇਸ ਲਈ ਜਦੋਂ ਇਨਸਾਨ ਦਾ ਜ਼ਿਕਰ ਕੀਤਾ ਜਾਂਦਾ ਹੈ ਤਾਂ ਇਸਦਾ ਇਹ ਮਤਲਬ ਵੀ ਹੁੰਦਾ ਹੈ ਕਿ ਉਹ ਆਜ਼ਾਦ ਹੈ।
ਇਕ ਕਬਰ ਦੇ ਪੱਥਰ ਉਤੇ ਉੱਕਰੇ ਸ਼ਬਦ-
ਬੁੱਧੀਮਾਨ ਹੋਣ ਦਾ ਉਹਨੇ ਕਦੇ ਨਾ ਨਾਂਅ ਕਮਾਇਆ,
ਵੀਰ-ਸੂਰਮਾ ਬਾਂਕਾ ਉਹ ਤਾਂ ਕਦੇ ਨਹੀਂ ਅਖਵਾਇਆ,
ਪਰ ਸਾਹਮਣੇ ਉਹਦੇ ਸਾਰੇ ਆਪਣਾ ਸੀਸ ਝੁਕਾਓ ਕਿਉਂਜੋ ਸਹੀ ਮਾਇਨਿਆਂ ਅੰਦਰ ਇਨਸਾਨ ਭਲਾ ਬਣ ਛਾਇਆ।
ਖੰਜਰ ਉਤੇ ਉੱਕਰੇ ਸ਼ਬਦ-
ਮਿਲੇ ਬਣ ਮਿੱਤਰ ਜਾਂ ਬਣ ਵੈਰੀ
ਜੀਵਨ ਵਿਚ ਕਦੇ ਜੇ ਕਿਤੇ ਕੋਈ
ਹੈ “ਇਨਸਾਨ ਉਹ” ਸਦਾ ਯਾਦ ਰੱਖੀ
ਖੰਜਰ ਵਾਲਿਆ, ਆਪਣੇ ਮਨ ਇਹੀ।
ਬਹੁਤ ਸਮਾਂ ਗੈਰ ਹਾਜ਼ਰ ਰਹਿਣ ਤੋਂ ਬਾਅਦ ਇਕ ਪਹਾੜੀਆ ਜਦੋਂ ਆਪਣੀ ਮਾਤਭੂਮੀ ਵਿਚ ਵਾਪਸ ਮੁੜਿਆ ਤਾਂ ਉਸਨੂੰ ਪੁੱਛਿਆ ਗਿਆ-
“ਇਓਂ ਦੱਸ ਉੱਥੇ ਹਾਲ ਕੀ ਏ? ਉੱਥੇ ਜ਼ਮੀਨ ਕਿਹੋ ਜਿਹੀ ਏ? ਉੱਥੋਂ ਦੇ ਤੌਰ ਤਰੀਕੇ ਕਿਹੋ ਜਿਹੇ ਨੇ?”
“ਉੱਥੇ ਇਨਸਾਨ ਰਹਿੰਦੇ ਨੇ,” ਪਹਾੜੀ ਆਦਮੀ ਨੇ ਜਵਾਬ ਦਿੱਤਾ। ਜਦੋਂ ਹਾਜੀ-ਮੁਰਾਤ ਅਤੇ ਸ਼ਾਮੀਲ ਦਾ ਆਪਸ ਵਿਚ ਝਗੜਾ ਹੋ ਗਿਆ ਤਾਂ ਕੁਝ ਲੋਕਾਂ ਨੇ ਨਾਇਬ (ਸਹਾਇਕ) ਯਾਨੀ ਹਾਜੀ-ਮੁਰਾਤ ਨੂੰ ਖੁਸ਼ ਕਰਨ ਲਈ ਸ਼ਾਮੀਲ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ। ਸਖਤ ਇਸ਼ਾਰੇ ਨਾਲ ਉਨ੍ਹਾਂ ਨੂੰ ਚੁੱਪ ਕਰਾਉਂਦਿਆਂ ਹੋਇਆਂ ਹਾਜੀ-ਮੁਰਾਤ ਨੇ ਕਿਹਾ-
“ਖਬਰਦਾਰ, ਜੇ ਇਹੋ ਜਿਹੇ ਮਾੜੇ ਬੋਲ ਮੂੰਹੋਂ ਕੱਢੇ। ਉਹ ਇਨਸਾਨ ਏ ਤੇ ਆਪਣੇ ਝਗੜੇ ਅਸੀਂ ਖੁਦ ਨਿਬੇੜ ਸਕਨੇਂ ਆਂ।”
ਹਾਜੀ-ਮੁਰਾਤ ਬੇਸ਼ਕ ਸ਼ਾਮੀਲ ਨੂੰ ਛੱਡ ਕੇ ਚਲਾ ਗਿਆ, ਫਿਰ ਵੀ ਗੁਨੀਬ ਪਹਾੜ ਉਤੇ ਆਖਰੀ ਲੜਾਈ ਦੇ ਸਮੇਂ ਆਪਣੇ ਨਾਇਬ ਦੀ ਬਹਾਦਰੀ ਅਤੇ ਦਲੇਰੀ ਨੂੰ ਯਾਦ ਕਰਦਿਆਂ ਹੋਇਆਂ ਸ਼ਾਮੀਲ ਨੇ ਕਿਹਾ- ਹੁਣ ਉਹੋ ਜਿਹੇ ਲੋਕ ਨਹੀਂ ਰਹੇ। ਉਹ ਇਨਸਾਨ ਸੀ।” ”
ਅਨੇਕ ਸਦੀਆਂ ਤੋਂ ਪਹਾੜੀ ਲੋਕ ਪਹਾੜਾਂ ਵਿਚ ਰਹਿ ਰਹੇ ਹਨ ਅਤੇ ਹਮੇਸ਼ਾ ਹੀ ਉਨ੍ਹਾਂ ਨੂੰ ਇਨਸਾਨ ਦੀ ਲੋੜ ਮਹਿਸੂਸ ਹੁੰਦੀ ਰਹੀ ਹੈ। ਇਨਸਾਨ ਦੀ ਲੋੜ ਹੈ। ਇਨਸਾਨ ਤੋਂ ਬਿਨਾਂ ਕਿਸੇ ਤਰ੍ਹਾਂ ਵੀ ਕੰਮ ਨਹੀਂ ਚਲ ਸਕਦਾ।
ਪਹਾੜੀ ਆਦਮੀ ਭਰੋਸਾ ਦੁਆਉਂਦਾ ਹੈ—ਇਨਸਾਨ ਜੰਮਿਆਂ ਹਾਂ ਤੇ ਇਨਸਾਨ ਹੀ ਮਰਾਂਗਾ!
ਪਹਾੜੀਆਂ ਦਾ ਇਹ ਨਿਯਮ ਹੈ ਕਿ-ਜ਼ਮੀਨ ਵੇਚ ਦਿਓ ਘਰ ਵੇਚ ਦਿਓ, ਸਾਰੀ ਜਾਇਦਾਦ ਗੁਆ ਦਿਓ, ਪਰ ਆਪਣੇ ਅੰਦਰਲੇ ਇਨਸਾਨ ਨੂੰ ਨਾ ਵੇਚੋ ਤੇ ਨਾ ਹੀ ਗੁਅਓ।
ਪਹਾੜੀਏ ਆਪਣੇ ਆਪ ਨੂੰ ਇਉਂ ਸਰਾਪ ਦਿੰਦੇ ਹਨ-ਸਾਡੇ ਵੰਸ਼ ਵਿਚ ਨਾ ਇਨਸਾਨ ਹੋਵੇ, ਨਾ ਘੋੜਾ।
ਜਦੋਂ ਕਿਸੇ ਨਾਕਾਬਲ, ਤੁੱਛ ਅਤੇ ਕਮੀਨੇ ਬੰਦੇ ਦਾ ਜ਼ਿਕਰ ਹੁੰਦਾ ਹੈ ਤਾਂ ਪਹਾੜੀਏ ਵਿਚੋਂ ਹੀ ਟੋਕ ਕੇ ਕਹਿੰਦੇ ਹਨ-
“ਉਹਦੇ ਬਾਰੇ ਆਪਣੇ ਲਫਜ਼ ਬਰਬਾਦ ਨਾ ਕਰੋ, ਉਹ ਤਾਂ ਇਨਸਾਨ ਹੀ ਨਹੀਂ।” ਜਦੋਂ ਕਦੇ ਕਿਸੇ ਆਦਮੀ ਦੀ ਭੁੱਲ, ਦੋਸ਼-ਅਪਰਾਧ, ਤਰੁੱਟੀ-ਕਮਜ਼ੋਰੀ ਦਾ
ਜ਼ਿਕਰ ਸ਼ੁਰੂ ਕੀਤਾ ਜਾਂਦਾ ਹੈ ਤਾਂ ਪਹਾੜੀਏ ਵਿਚੋਂ ਹੀ ਟੋਕ ਕੇ ਕਹਿੰਦੇ ਹਨ-
“ਉਹ ਇਨਸਾਨ ਏ ਤੇ ਉਹਦੇ ਇਸ ਜੁਰਮ ਨੂੰ ਮੁਆਫ ਕੀਤਾ ਜਾ ਸਕਦੈ।”
ਜਿਸ ਪਿੰਡ ਵਿਚ ਕੋਈ ਸਹੀ ਬੰਦੋਬਸਤ ਨਹੀਂ ਹੁੰਦਾ, ਜਿਹੜਾ ਤੰਗ ਅਤੇ ਗੰਦਾ ਹੁੰਦਾ ਹੈ, ਜਿੱਥੇ ਲੜਾਈ ਝਗੜਾ ਹੁੰਦਾ ਰਹਿੰਦਾ ਹੈ ਅਤੇ ਜਿਹੜਾ ਕਿਸੇ ਕੰਮ ਦਾ ਨਹੀਂ ਹੁੰਦਾ, ਉਹਦੇ ਬਾਰੇ ਪਹਾੜੀ ਲੋਕ ਕਹਿੰਦੇ ਹਨ-
“ਉੱਥੇ ਇਨਸਾਨ ਹੀ ਨਹੀਂ।”
ਜਿਸ ਪਿੰਡ ਵਿਚ ਬੰਦੋਬਸਤ ਸਹੀ ਹੁੰਦਾ ਹੈ ਅਤੇ ਸ਼ਾਂਤੀ ਹੁੰਦੀ ਹੈ, ਉਹਦੇ ਬਾਰੇ ਕਿਹਾ ਜਾਂਦਾ ਹੈ—
“ਉਥੇ ਇਨਸਾਨ ਨੇ।”
ਇਨਸਾਨ—ਇਹ ਮੁੱਖ ਲੱਛਣ, ਅਣਮੁੱਲਾ ਗਹਿਣਾ ਅਤੇ ਮਹਾਨ ਚਮਤਕਾਰ ਹੈ। ਦਾਗਿਸਤਾਨ ਵਿਚ ਇਨਸਾਨ ਕਿੱਥੋਂ ਪਰਗਟ ਹੋਇਆ, ਪਹਾੜੀ ਲੋਕਾਂ ਦੇ ਅਨੂਠੇ ਕਬੀਲੇ ਦੀ ਸ਼ੁਰੂਆਤ ਕਿਵੇਂ ਹੋਈ। ਇਹਦੀਆਂ ਜੜ੍ਹਾਂ ਕਿੱਥੇ ਨੇ? ਇਹਦੇ ਬਾਰੇ ਬਹੁਤ ਸਾਰੀਆਂ ਦੰਦ-ਕਥਾਵਾਂ ਤੇ ਕਿੱਸੇ ਕਹਾਣੀਆਂ ਹਨ। ਇਨ੍ਹਾਂ ਵਿਚੋਂ ਇਕ ਮੈਂ ਬਚਪਨ ਵਿਚ ਸੁਣੀ ਸੀ।
ਧਰਤੀ ਉਤੇ ਤਰ੍ਹਾਂ ਤਰ੍ਹਾਂ ਦੇ ਜਾਨਵਰ ਅਤੇ ਪਰਿੰਦਿਆਂ ਦਾ ਜਨਮ ਹੋ ਚੁੱਕਿਆ ਸੀ ਅਤੇ ਉਨ੍ਹਾਂ ਦੇ ਨਿਸ਼ਾਨ ਲੱਭਦੇ ਸਨ ਪਰ ਇਨਸਾਨ ਦੇ ਪੈਰਾਂ ਦੇ ਨਿਸ਼ਾਨ ਕਿਤੇ ਵੀ ਨਹੀਂ ਸਨ। ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸਨ ਪਰ ਸਿਰਫ ਇਨਸਾਨ ਦੀ ਆਵਾਜ਼ ਸੁਣਨ ਨੂੰ ਨਹੀਂ ਮਿਲਦੀ ਸੀ। ਇਨਸਾਨ ਤੋਂ ਬਿਨਾਂ ਧਰਤੀ ਜ਼ਬਾਨ ਤੋਂ ਬਿਨਾਂ ਮੂੰਹ ਅਤੇ ਦਿਲ ਤੋਂ ਬਗੈਰ ਛਾਤੀ ਵਾਂਗ ਸੀ।
ਇਸ ਧਰਤੀ ਉਤੇ ਬੜੇ ਸ਼ਕਤੀਸ਼ਾਲੀ ਅਤੇ ਬਹਾਦਰ ਉਕਾਬ ਆਸਮਾਨ ਵਿਚ ਉੱਡਦੇ ਰਹਿੰਦੇ ਸਨ। ਜਿਸ ਦਿਨ ਦਾ ਜ਼ਿਕਰ ਚਲ ਰਿਹਾ ਹੈ ਉਸ ਦਿਨ ਐਨੇ ਜ਼ੋਰ ਨਾਲ ਬਰਫ਼ ਪੈ ਰਹੀ ਸੀ ਜਾਣੋ ਪਰਿਥਵੀ ਦੇ ਸਾਰੇ ਪੰਛੀਆਂ ਦੇ ਖੰਭ ਖੋਹੇ ਜਾ ਰਹੇ ਹੋਣ ਅਤੇ ਉਹ ਹਵਾ ਵਿਚ ਉੱਡ ਰਹੇ ਹੋਣ। ਕਾਲੇ ਬੱਦਲਾਂ ਨੇ ਆਕਾਸ਼ ਨੂੰ ਢੱਕ ਲਿਆ, ਧਰਤੀ ਬਰਫ਼ ਨਾਲ ਕੱਜੀ ਗਈ, ਸਭ ਰਲਗੱਡ ਹੋ ਗਿਆ ਅਤੇ ਇਹ ਸਮਝ ਸਕਣਾ ਕਠਨ ਸੀ ਕਿ ਧਰਤੀ ਕਿੱਥੇ ਹੈ ਅਤੇ ਆਕਾਸ਼ ਕਿੱਥੇ। ਇਸ ਵਕਤ ਇਕ ਉਕਾਬ, ਜਿਹਦੇ ਖੰਭ ਤਲਵਾਰਾਂ ਜਿਹੇ ਅਤੇ ਚੁੰਝ ਖੰਜਰ ਵਰਗੀ ਸੀ, ਆਪਣੇ ਟਿਕਾਣੇ ਵਲ ਮੁੜ ਰਿਹਾ ਸੀ।
ਜਾਂ ਤਾਂ ਉਕਾਬ ਉਚਾਈ ਬਾਰੇ ਭੁੱਲ ਗਿਆ ਸੀ ਤੇ ਜਾਂ ਫਿਰ ਉਚਾਈ ਉਹਦੇ ਬਾਰੇ ਭੁੱਲ ਗਈ ਸੀ ਪਰ ਉੱਡਦਿਆਂ ਉੱਡਦਿਆਂ ਹੀ ਉਹ ਕਠੋਰ ਚੱਟਾਨ ਨਾਲ ਜਾ ਟਕਰਾਇਆ। ਅਵਾਰ ਜਾਤੀ ਦੇ ਲੋਕਾਂ ਦਾ ਕਹਿਣਾ ਹੈ ਕਿ ਗੁਨੀਬ ਪਰਬਤ ਉਤੇ ਏਦਾਂ ਹੋਇਆ ਸੀ, ਲਾਕ ਜਾਤੀ ਵਾਲੇ ਕਹਿੰਦੇ ਹਨ ਕਿ ਇਹ ਘਟਨਾ ਤੁਰਚੀਦਾਗ ਪਰਬਤ ਉਤੇ ਵਾਪਰੀ ਸੀ, ਲੇਜ਼ਗੀਨ ਜਾਤੀ ਦੇ ਲੋਕ ਵਿਸ਼ਵਾਸ ਦੁਆਉਂਦੇ ਹਨ ਕਿ ਇਹ ਤਾਂ ਸ਼ਾਹਦਾਗ ਪਰਬਤ ਉਤੇ ਹੋਇਆ ਸੀ। ਪਰ ਇਹ ਘਟਨਾ ਭਾਵੇਂ ਕਿਤੇ ਵੀ ਕਿਉਂ ਨਾ ਵਾਪਰੀ ਹੋਵੇ, ਚੱਟਾਨ ਤਾਂ ਚੱਟਾਨ ਹੈ ਅਤੇ ਉਕਾਬ ਉਕਾਬ। ਐਵੇਂ ਹੀ ਤਾਂ ਇਹ ਨਹੀਂ ਆਖਿਆ ਜਾਂਦਾ- “ਪਰਿੰਦੇ ਨੂੰ ਪੱਥਰ ਮਾਰੋ-ਪਰਿੰਦਾ ਮਰ ਜਾਏਗਾ, ਪਰਿੰਦੇ ਨੂੰ ਪੱਥਰ ਉਤੇ ਮਾਰੋ, ਪਰਿੰਦਾ ਮਰ ਜਾਏਗਾ।”
ਮੁਮਕਿਨ ਹੈ ਕਿ ਚੱਟਾਨ ਉਤੇ ਡਿੱਗ ਕੇ ਮਰਨ ਵਾਲਾ ਇਹ ਪਹਿਲਾ ਉਕਾਬ ਨਹੀਂ ਸੀ। ਪਰ ਇਹ ਉਕਾਬ, ਜਿਹਦੇ ਖੰਭ ਤਲਵਾਰਾਂ ਜਿਹੇ ਸਨ ਅਤੇ ਚੁੰਝ ਖੰਜਰ ਜਿਹੀ, ਚੱਟਾਨ ਨਾਲ ਟਕਰਾ ਕੇ ਮਰਿਆ ਨਹੀਂ। ਇਹਦੇ ਖੰਭ ਟੁੱਟ ਗਏ, ਪਰ ਦਿਲ ਧੜਕਦਾ ਰਿਹਾ, ਤਿੱਖੀ ਚੁੰਝ ਅਤੇ ਲੋਹੇ ਵਾਂਗ ਮਜ਼ਬੂਤ ਪੰਜੇ ਜਿਉਂ ਦੇ ਤਿਉਂ ਬਣੇ ਰਹੇ। ਇਸ ਨੂੰ ਆਪਣੀ ਜ਼ਿੰਦਗੀ ਲਈ ਸੰਘਰਸ਼ ਕਰਨਾ ਪਿਆ, ਖੰਭਾਂ ਬਿਨਾਂ ਖੁਰਾਕ ਹਾਸਲ ਕਰਨਾ ਮੁਸ਼ਕਲ ਹੈ, ਖੰਭਾਂ ਦੇ ਬਿਨਾਂ ਦੁਸ਼ਮਣ ਨਾਲ ਜੂਝਣਾ ਕਠਨ ਹੈ। ਇਹ ਉਕਾਬ ਹਰ ਰੋਜ਼ ਇਕ ਪੱਥਰ ਤੋਂ ਦੂਸਰੇ ਪੱਥਰ ਉਤੇ ਅਤੇ ਇਕ ਚੱਟਾਨ ਤੋਂ ਦੂਸਰੀ ਚੱਟਾਨ ਉਤੇ ਵਧ ਤੋਂ ਵਧ ਉੱਪਰ ਨੂੰ ਚੜ੍ਹਦਾ ਹੋਇਆ ਉਤੇ ਚੱਟਾਨ ਤਕ ਪਹੁੰਚ ਗਿਆ ਜਿਸ ਉਤੇ ਬਹਿ ਕੇ ਇਹਨੂੰ ਆਲੇ ਦੁਆਲੇ ਪਰਬਤਾਂ ਉਤੇ ਨਜ਼ਰ ਮਾਰਨਾ ਚੰਗਾ ਲੱਗਦਾ ਸੀ।
ਖੰਭਾਂ ਤੋਂ ਬਿਨਾਂ ਖੁਰਾਕ ਹਾਸਲ ਕਰਨਾ ਮੁਸ਼ਕਲ ਸੀ, ਦੁਸ਼ਮਣ ਤੋਂ ਖੁਦ ਨੂੰ ਬਚਾਉਣਾ ਕਠਨ ਸੀ, ਉਚਾਈ ਉਤੇ ਜਾਣਾ ਅਤੇ ਆਲ੍ਹਣਾ ਬਣਾਉਣਾ ਆਸਾਨ ਨਹੀਂ ਸੀ। ਇਨ੍ਹਾਂ ਸਾਰੇ ਕਠਨ ਕੰਮਾਂ ਦੇ ਦੌਰਾਨ ਉਕਾਬ ਦੇ ਪੱਠੇ ਬਦਲ ਗਏ ਅਤੇ ਬਾਹਰੀ ਸ਼ਕਲ ਸੂਰਤ ਵੀ ਬਦਲਣ ਲੱਗੀ। ਜਦੋਂ ਆਲ੍ਹਣਾ ਬਣ ਗਿਆ ਤਾਂ ਉਹ ਅਸਲ ਵਿਚ ਪਹਾੜੀ ਘਰ ਹੀ ਸੀ ਅਤੇ ਖੰਭਾਂ ਤੋਂ ਬਿਨਾਂ ਉਕਾਬ ਪਹਾੜੀ ਆਦਮੀ।
ਉਹ ਪੈਰਾਂ ਉਤੇ ਖੜ੍ਹਾ ਹੋ ਗਿਆ ਤੇ ਟੁੱਟੇ ਹੋਏ ਖੰਭਾਂ ਦੀ ਥਾਂ ਉਹਦੀਆਂ ਬਾਹਾਂ ਨਿਕਲ ਆਈਆਂ। ਉਹਦੀ ਅੱਧੀ ਚੁੰਝ ਆਮ ਜਿਹੀ, ਪਰ ਵੱਡੀ ਨੱਕ ਵਿਚ ਬਦਲ ਗਈ ਅਤੇ ਬਾਕੀ ਅੱਧੀ ਚੁੰਝ ਪਹਾੜੀ ਆਦਮੀ ਦੀ ਪੇਟੀ ਨਾਲ ਲਟਕਣ ਵਾਲਾ ਖੰਜਰ ਬਣ ਗਈ। ਸਿਰਫ ਉਹਦਾ ਦਿਲ ਨਹੀਂ ਬਦਲਿਆ, ਉਹ ਪਹਿਲਾਂ ਵਾਂਗੂੰ ਉਕਾਬ ਦਾ ਦਿਲ ਹੀ ਬਣਿਆ ਰਿਹਾ।
“ਵੇਖਿਐ ਫਿਰ ਬੇਟੇ ਤੂੰ,” ਮਾਤਾ ਜੀ ਨੇ ਇਹ ਕਿੱਸਾ ਖਤਮ ਕਰਦਿਆਂ ਹੋਇਆਂ ਕਿਹਾ—“ਪਹਾੜੀ ਆਦਮੀ ਬਣਨ ਤੋਂ ਪਹਿਲਾ ਉਕਾਬ ਨੂੰ ਕਿੰਨੀ ਜ਼ਿਆਦਾ ਮੁਸ਼ਕਲ ਦਾ ਸਾਮ੍ਹਣਾ ਕਰਨਾ ਪਿਆ ਸੀ। ਤੈਨੂੰ ਇਸ ਚੀਜ਼ ਦੀ ਅਹਿਮੀਅਤ ਨੂੰ ਸਮਝਣਾ ਚਾਹੀਦੈ।”
ਮੈਨੂੰ ਨਹੀਂ ਪਤਾ ਇਹ ਸਾਰਾ ਕੁਝ ਇਸ ਤਰ੍ਹਾਂ ਹੋਇਆ ਹੈ ਕਿ ਨਹੀਂ ਪਰ ਇਕ ਗੱਲ ਨਿਰਵਿਵਾਦ ਹੈ ਕਿ ਪਰਿੰਦਿਆਂ ਵਿਚੋਂ ਪਹਾੜੀ ਲੋਕਾਂ ਨੂੰ ਉਕਾਬ ਹੀ ਸਭ ਤੋਂ ਜ਼ਿਆਦਾ ਪਿਆਰਾ ਹੈ। ਨੇਕ ਅਤੇ ਬਹਾਦਰ ਆਦਮੀ ਨੂੰ ਉਕਾਬ ਕਿਹਾ ਜਾਂਦਾ ਹੈ । ਪੁੱਤਰ ਦਾ ਜਨਮ ਹੁੰਦਾ ਹੈ ਤਾਂ ਪਿਓ ਇਹ ਐਲਨ ਕਰਦਾ ਹੈ ਕਿ ਮੇਰੇ ਘਰ ਉਕਾਬ ਦਾ ਜਨਮ ਹੋਇਆ ਹੈ। ਧੀ ਜਦੋਂ ਛੇਤੀ ਛੇਤੀ ਅਤੇ ਬੜੀ ਫੁਰਤੀ ਨਾਲ ਘਰ ਮੁੜਦੀ ਹੈ ਤਾਂ ਮਾਂ ਕਹਿੰਦੀ ਹੈ- “ਮੇਰੀ ਉਕਾਬ ਧੀ ਆ ਗਈ ਏ ਉੱਡ ਕੇ।”
ਮਹਾਨ ਦੇਸ਼ ਭਗਤੀ ਭਰੇ ਯੁੱਧ ਵੇਲੇ ਦਾਗਿਸਤਾਨ ਦੇ ਸੂਰਮਿਆਂ ਦੇ ਬਾਰੇ ਇਕ ਕਿਤਾਬ ਲਿਖੀ ਗਈ ਸੀ ਜਿਹਦਾ ਨਾਂਅ ਸੀ-“ਪਹਾੜੀ ਉਕਾਬ।”
ਪੁਰਾਣੇ ਘਰਾਂ ਦੇ ਦਰਵਾਜ਼ਿਆਂ, ਪੰਘੂੜਿਆਂ ਅਤੇ ਖੰਜਰਾਂ ਉਤੇ ਅਕਸਰ ਪੱਚੀਕਾਰੀ ਦੇ ਰੂਪ ਵਿਚ ਜਾਂ ਕਿਸੇ ਹੋਰ ਸ਼ਕਲ ਵਿਚ ਉਕਾਬ ਦੀ ਸ਼ਕਲ ਬਣੀ ਹੋਈ ਦਿਸਦੀ ਸੀ।
ਇਹ ਸਹੀ ਹੈ ਕਿ ਇਸ ਸਿਲਸਲੇ ਵਿਚ ਹੋਰ ਕਿੱਸੇ-ਕਹਾਣੀਆਂ ਵੀ ਹਨ।
ਜਦੋਂ ਇਸ ਦੁਨੀਆਂ ਵਿਚ ਕਿਸਮਤ ਦੇ ਚੱਕਰਾਂ ਬਾਰੇ ਸੋਚਿਆ ਜਾਂਦਾ ਹੈ, ਜਦੋਂ ਪਿਓ ਮਾਤਭੂਮੀ ਤੋਂ ਦੂਰ ਦੂਸਰੀ ਦੁਨੀਆਂ ਨੂੰ ਕੂਚ ਕਰਨ ਵਾਲੇ ਪੁੱਤਰਾਂ ਨੂੰ ਯਾਦ ਕਰਦੇ ਹਨ ਜਾਂ ਜਦੋਂ ਪੁੱਤਰ ਪਰਲੋਕ ਸਿਧਾਰ ਗਏ ਪਿਓਵਾਂ ਨੂੰ ਯਾਦ ਕਰਦੇ ਹਨ ਤਾਂ ਇਸ ਤਰ੍ਹਾਂ ਮੰਨਦੇ ਹਨ ਕਿ ਪਹਾੜੀ ਆਦਮੀ ਉਕਾਬ ਤੋਂ ਨਹੀਂ, ਸਗੋਂ ਉਕਾਬ ਪਹਾੜੀ ਆਦਮੀਆਂ ਤੋਂ ਬਣੇ ਹਨ।
-ਨਦੀਆਂ ਅਤੇ ਚੱਟਾਨਾਂ ਉੱਪਰ ਉੱਚਾ ਉੱਡਣ ਵਾਲੇ
ਕਿਹੜੇ ਤੇਰਾ ਵੰਸ਼ ਉਕਾਬਾ ਕਿਸ ਥਾਂ ਤੋਂ ਤੂੰ ਆਇਆ?
—ਅਨੇਕਾਂ ਤੇਰੇ ਪੁੱਤ-ਪੋਤਰੇ ਮਾਤਭੂਮੀ ਲਈ ਮਰ ਮਿਟੇ
ਦਿਲ ਉਨ੍ਹਾਂ ਦਾ ਖੰਭ ਉਨ੍ਹਾਂ ਦੇ
ਸਾਡੇ ਵਿਚੋਂ ਹਰ ਕੋਈ ਲਾ ਕੇ ਇਸ ਧਰਤੀ ਤੇ ਆਇਆ!
—ਦੂਰ ਹਨ੍ਹੇਰੇ ਅੰਬਰ ਦੇ ਵਿਚ ਝਿਲਮਿਲ ਕਰਦੇ ਤਾਰਿਓ,
ਤੁਹਾਡਾ ਕਿਹੜਾ ਵੰਸ਼ ਏ ਦੱਸੋ ਕਿਸ ਥਾਂ ਤੋਂ ਹੋ ਆਏ?
—ਅਨੇਕਾਂ ਤੇਰੇ ਵੀਰ ਸੂਰਮੇ ਰਣ ਖੇਤਰ ਜੋ ਰਹਿ ਗਏ
ਚਮਕ ਉਨ੍ਹਾਂ ਦੀ ਅੱਖ ਦੀ ਲੈਕੇ, ਹਾਂ ਬਣ ਰੌਸ਼ਨੀ ਆਏ।
ਤੇ ਇਹੀ ਵਜ੍ਹਾ ਹੈ ਕਿ ਦਾਗਿਸਤਾਨ ਦੇ ਲੋਕ ਪਿਆਰ ਅਤੇ ਆਸ ਨਾਲ ਆਕਾਸ਼ ਵਲ ਵੇਖਦੇ ਹਨ। ਉੱਡ ਕੇ ਆਉਣ ਅਤੇ ਉੱਡ ਕੇ ਜਾਣ ਵਾਲੇ ਪੰਛੀਆਂ ਨੂੰ ਵੀ ਇਸੇ ਤਰ੍ਹਾਂ ਹੀ ਵੇਖਦੇ ਹਨ। ਪਹਾੜੀ ਲੋਕ ਨੀਲੇ ਅੰਬਰ ਨੂੰ ਬਹੁਤ ਚਾਹੁੰਦੇ ਹਨ।
1942 ਦਾ ਸਾਲ ਯਾਦ ਆ ਰਿਹਾ ਹੈ। ਫੀਲਡ ਮਾਰਸ਼ਲ ਕਲੇਇਸਟ ਦੀਆਂ ਫੌਜਾਂ ਨੇ ਕਾਕੇਸ਼ੀਆ ਦੀਆਂ ਉੱਚੀਆਂ ਥਾਵਾਂ ਉੱਤੇ ਕਬਜ਼ਾ ਕਰ ਲਿਆ ਸੀ। ਫਾਸਿਸਟਾਂ ਦੇ ਹਵਾਈ ਜਹਾਜ਼ ਗਰੋਜ਼ਨੀ ਸ਼ਹਿਰ ਦੇ ਖਣਿਜ ਤੇਲ ਦੇ ਟਿਕਾਣਿਆਂ ਉਤੇ ਬੰਬਾਰੀ ਕਰਦੇ ਸਨ। ਸਾਡੇ ਦਾਗਿਸਤਾਨ ਦੀਆਂ ਉੱਚਾਈਆਂ ਤੋਂ ਅੱਗ ਦਾ ਧੂੰਆਂ ਦਿੱਸਦਾ ਸੀ।
ਉਨ੍ਹੀਂ ਦਿਨੀਂ ਕਾਕੇਸ਼ੀਆ ਦੀਆਂ ਸਾਰੀਆਂ ਰਿਪਬਲਿਕਾਂ ਦੇ ਨੌਜਵਾਨਾਂ ਦੇ ਨੁਮਾਇੰਦੇ ਗਰੋਜ਼ਨੀ ਵਿਚ ਇਕੱਠੇ ਹੋਏ। ਦਾਗਿਸਤਾਨ ਦੇ ਵਫਦ ਵਿਚ ਮੈਂ ਵੀ ਸ਼ਾਮਲ ਸੀ। ਸਾਡੀ ਮੀਟਿੰਗ ਵਿਚ ਸੋਵੀਅਤ ਸੰਘ ਦੇ ਸੂਰਮੇ, ਲੇਜ਼ਗੀਨ ਜਾਤੀ ਦੇ ਮਸ਼ਹੂਰ ਹਵਾਬਾਜ਼ ਵਾਲੇਂਤੀਨ ਅਮੀਰੋਵ ਨੇ ਭਾਸ਼ਣ ਦਿੱਤਾ। ਮੈਂ ਨਾ ਤਾਂ ਮੰਚ ਉਤੇ ਦਿੱਤੇ ਗਏ ਉਹਦੇ ਭਾਸ਼ਣ ਅਤੇ ਨਾ ਹੀ ਮੀਟਿੰਗ ਤੋਂ ਬਾਅਦ ਉਹਦੇ ਨਾਲ ਹੋਈ ਥੋੜ੍ਹੀ ਜਿਹੀ ਗੱਲਬਾਤ ਹੀ ਕਦੇ ਭੁੱਲ ਸਕਾਂਗਾ। ਉਥੋਂ ਜਾਣ ਵੇਲੇ ਉਹਨੇ ਅੱਖਾਂ ਨਾਲ ਆਕਾਸ਼ ਵਲ ਇਸ਼ਾਰਾ ਕਰਦਿਆਂ ਹੋਇਆਂ ਕਿਹਾ—
“ਉਥੇ ਜਾਣ ਦੀ ਕਾਹਲ ‘ਚ ਆਂ। ਧਰਤੀ ਦੇ ਮੁਕਾਬਲੇ ਮੇਰੀ ਉੱਥੇ ਜ਼ਿਆਦਾ ਲੋੜ ਏ।”
ਦੋ ਹਫਤੇ ਮਗਰੋਂ ਉਹਦੀ ਮੌਤ ਦੀ ਖਬਰ ਆਈ। ਦਾਗਿਸਤਾਨ ਦਾ ਪ੍ਰਸਿੱਧ ਸਪੁੱਤਰ ਮੌਤ ਦੇ ਮੂੰਹ ਵਿਚ ਚਲਿਆ ਗਿਆ, ਸੜ ਗਿਆ। ਪਰ ਹਰ ਵਾਰ ਹੀ, ਜਦੋਂ ਮੈਂ ਆਪਣੇ ਸਿਰ ਉੱਤੋਂ ਚੀਖਦੇ ਹੋਏ ਉਕਾਬ ਨੂੰ ਉੱਡਦੇ ਜਾਂਦਿਆਂ ਵੇਖਦਾ ਹਾਂ ਤਾਂ ਇਹ ਵਿਸ਼ਵਾਸ ਕਰਦਾ ਹਾਂ ਕਿ ਉਹਦੇ ਸੀਨੇ ਵਿਚ ਵਾਲੇਂਤੀਨ ਦਾ ਦਗਦਾ ਹੋਇਆ ਦਿਲ ਹੈ।
ਸੰਨ 1945; ਮਾਸਕੋ। ਅਸੀਂ ਵਿਦਿਆਰਥੀ ਪਹਾੜੀ ਇਲਾਕੇ, ਮਖ਼ਾਚਕਲਾ ਦੀਆਂ ਖਬਰਾਂ ਪਤਾ ਕਰਨ ਲਈ ਮਾਸਕੋ ਵਿਚ ਦਾਗਿਸਤਾਨ ਪਰਤੀਨਿਧੀ ਭਵਨ ਵਿਚ ਜਾਂਦੇ ਸੀ। ਸਾਡੀ ਰਿਪਬਲਿਕ ਉਸ ਵੇਲੇ ਆਪਣੀ ਸਿਲਵਰ ਜੁਬਲੀ ਮਨਾਉਣ ਦੀ ਤਿਆਰੀ ਕਰ ਰਹੀ ਸੀ। ਇਕ ਵਾਰ ਉੱਥੇ ਨਬੀ ਅਮੀਨਤਾਯੇਵ ਨਾਲ ਮੇਰੀ ਮੁਲਾਕਾਤ ਹੋ ਗਈ। ਦਾਗਿਸਤਾਨ ਵਿਚ ਉਸ ਵੇਲੇ ਸ਼ਾਇਦ ਕੋਈ ਹੀ ਅਜੇਹਾ ਵਿਅਕਤੀ ਹੋਵੇਗਾ ਜਿਹੜਾ ਲਾਕ ਤਾਤ ਦੇ ਨਬੀ ਅਮੀਨਤਾਯੇਵ ਨੂੰ ਨਾ ਜਾਣਦਾ ਹੋਵੇ। ਆਕਾਸ਼ ਦਾ ਛਤਰੀਬਾਜ਼ ਸੂਰਮਾ, ਉਹ ਨਿਮਰ ਵਿਅਕਤੀ ਪੈਰਾਸ਼ੂਟ ਦੇ ਸਹਾਰੇ ਕਈ ਵਾਰੀ ਦੁਸ਼ਮਣ ਦੇ ਇਲਾਕੇ ਵਿਚ ਉਤਰਿਆ ਸੀ ਅਤੇ ਹਰ ਵਾਰ ਹੀ ਸਹੀ ਸਲਾਮਤ ਵਾਪਸ ਆ ਗਿਆ ਸੀ।
“ਹੁਣ ਤਾਂ ਜੰਗ ਨਹੀਂ, ਤੂੰ ਦਾਗਿਸਤਾਨ ਮੁੜ ਆ”, ਮੈਂ ਉਹਨੂੰ ਆਖਿਆ। “ ਆਕਾਸ਼ ਤਾਂ ਹੈਗਾ।”
ਕੁਝ ਦਿਨ ਬਾਅਦ “ਪਰਾਵਦਾ” ਅਖਬਾਰ ਨੇ ਉਹਦੀ ਫੋਟੋ ਛਾਪੀ, ਉਹਦੇ ਹੇਠਾਂ ਲਿਖਿਆ ਸੀ- “ਨਬੀ ਅਮੀਨਤਾਯੇਵ ਨੇ ਪੈਰਾਸ਼ੂਟ ਤੋਂ ਛਾਲ ਮਾਰਨ ਦਾ ਸੰਸਾਰ ਰਿਕਾਰਡ ਕਾਇਮ ਕੀਤਾ ਹੈ। ਨਬੀ ਅਮੀਨਤਾਯੇਵ ਨੇ ਆਪਣਾ ਰਿਕਾਰਡ ਦਾਗਿਸਤਾਨ ਨੂੰ ਅਰਪਣ ਕੀਤਾ ਹੈ।”
ਕੁਝ ਦਿਨ ਬਾਦ ਮੇਰੀ ਫਿਰ ਨਬੀ ਨਾਲ ਮੁਲਾਕਾਤ ਹੋਈ।
“ਆਓ, ਦਾਗਿਸਤਾਨ ਚੱਲੀਏ।”
“ਆਕਾਸ਼ ਇੰਤਜ਼ਾਰ ਕਰ ਰਿਹੈ। ਮੈਂ ਆਕਾਸ਼ ਤੋਂ ਬਿਨਾਂ ਨਹੀਂ ਰਹਿ ਸਕਦਾ।” ਪਰ ਜ਼ਿੰਦਗੀ ਛੋਟੀ ਜਿਹੀ ਹੈ। ਇਕ ਵਾਰ ਪੈਰਾਸ਼ੂਟ ਨੇ ਦਗਾ ਦੇ ਦਿੱਤਾ ਤੇ ਸਾਡਾ ਨਬੀ ਜਿਵੇਂ ਟੁੱਟੇ ਹੋਏ ਖੰਭਾਂ ਵਾਲੇ ਉਕਾਬ ਵਾਂਗ ਹੇਠਾਂ ਡਿੱਗ ਕੇ ਮਰ ਗਿਆ। ਉਦੋਂ ਤੋਂ ਹੁਣ ਤਕ ਅਨੇਕਾਂ ਸਾਲ ਬੀਤ ਗਏ ਹਨ ਪਰ ਜਦੋਂ ਵੀ ਮੈਂ ਆਕਾਸ਼ ਵਿਚ ਉਕਾਬ ਦੀ ਚੀਖ ਸੁਣਦਾ ਹਾਂ ਤਾਂ ਇਹੀ ਸੋਚਦਾ ਹਾਂ ਕਿ ਉਸਦੇ ਸੀਨੇ ਵਿਚ ਨਬੀ ਦਾ ਦਗਦਾ ਹੋਇਆ ਦਿਲ ਹੈ।
ਖੂਬਸੂਰਤ ਰੇਜ਼ੇਦਾ ਵੀ ਮੈਨੂੰ ਯਾਦ ਆ ਰਹੀ ਹੈ। ਦਾਗਿਸਤਾਨ ਦੇ ਆਸਮਾਨ ਤੋਂ ਉਹਨੇ ਗੁਨੀਬ ਪਰਬਤ ਉਤੇ ਛਾਲ ਮਾਰੀ ਸੀ। ਉਹਦੀ ਖਿੜਕੀ ਦੇ ਹੇਠਾਂ ਉਦੋਂ ਕਿੰਨੇ ਪੰਦੂਰਾ ਵਾਜੇ ਗੂੰਜ ਉੱਠੇ ਸਨ। ਇਕ ਵੀ ਤਾਂ ਜਵਾਨ ਕਵੀ ਇਹੋ ਜਿਹਾ ਨਹੀਂ ਸੀ ਜਿਹਨੇ ਆਪਣੀ ਕਵਿਤਾ ਉਹਨੂੰ ਸਮਰਪਤ ਨਾ ਕੀਤੀ ਹੋਵੇ। ਬੂਈਨਾਕਸਕ ਸ਼ਹਿਰ ਵਿਚ ਇੱਟਾਂ ਦਾ ਇਕ ਛੋਟਾ ਜਿਹਾ ਘਰ ਹੈ। ਉਨ੍ਹੀਂ ਦਿਨੀਂ ਕਿੰਨੀਆਂ ਨਜ਼ਰਾਂ ਉਹਦੇ ਉਤੇ ਟਿੱਕੀਆਂ ਰਹਿੰਦੀਆਂ ਸਨ। ਖੂੰਜ਼ਹ, ਗੁਨੀਬ ਅਤੇ ਕੁਮੁਖ ਪਿੰਡਾਂ ਵਿਚ ਘੋੜਿਆਂ ਉਤੇ ਜ਼ੀਨ ਕੱਸੇ ਗਏ ਤਾਂ ਕਿ ਲੰਮੀਆਂ ਗੁੱਤਾਂ ਵਾਲੀ ਹੁਸੀਨਾ ਨੂੰ ਅਗਵਾ ਕਰ ਲਿਆ ਜਾਏ। ਪਰ ਇਕ ਲੈਨਿਨਗਰਾਦ ਵਾਸੀ ਆਇਆ ਤੇ ਸਾਡੀ ਰੋਜ਼ੇਦਾ ਨੂੰ ਹਵਾਈ ਜਹਾਜ਼ ਵਿਚ ਬਿਠਾ ਕੇ ਨਾਲ ਲੈ ਗਿਆ। ਉਹਨੇ ਹਵਾ ਵਿਚ ਉੱਡਦੇ ਹਵਾਈ ਜਹਾਜ਼ ਤੋਂ ਹੱਥ ਹਿਲਾ ਹਿਲਾ ਕੇ ਹੇਠਾਂ ਧਰਤੀ ਉੱਤੇ ਰਹਿ ਜਾਣ ਵਾਲੇ ਆਪਣੇ ਸਾਰੇ ਆਸ਼ਕਾਂ ਨੂੰ ਅਲਵਿਦਾ ਕਹਿ ਦਿੱਤੀ। ਸਾਡੇ ਕਵੀ ਉਹਨੂੰ ਜਾਂਦੀ ਹੋਇਆ ਮੂੰਹ ਖੋਲ੍ਹੀ ਵੇਖਦੇ ਰਹਿ ਗਏ ਅਤੇ ਬਾਅਦ ਵਿਚ ਉਸ ਕਬੂਤਰੀ ਦੇ ਬਾਰੇ ਕਵਿਤਾਵਾਂ ਰਚਣ ਲੱਗੇ ਜਿਹਨੂੰ ਉਕਾਬ ਆਪਣੇ ਨਾਲ ਉੱਡਾ ਕੇ ਲੈ ਗਿਆ ਸੀ …।
ਦੂਸਰੇ ਵਿਸ਼ਵਯੁੱਧ ਦੇ ਸਮੇਂ ਰੇਜ਼ੇਦਾ ਲੈਨਿਨਗਰਾਦ ਵਿਚ ਸੀ। ਉਹਨੇ ਲਿਖਿਆ- “ਇਸ ਸ਼ਹਿਰ ਵਿਚ ਨਾ ਸਿਰਫ ਹੁਣ ਦੁਧ ਰੰਗੀਆਂ ਜਾਂ ਚਾਂਦੀ ਵੰਨੀਆਂ ਰਾਤਾਂ ਹੀ ਨਹੀਂ ਰਹੀਆਂ ਸਗੋਂ ਦਿਨ ਵੀ ਕਾਲੇ ਹੋ ਗਏ ਨੇ। ਲੈਨਿਨਗਰਾਦ ਅੱਗ ਦੀਆਂ ਲਾਟਾਂ ਵਿਚ ਏ। ਮੈਂ ਵੀ ਲਾਟਾਂ ਵਿਚ ਘਿਰੀ ਹੋਈ ਆਂ। ਧੂੰਏ ਅਤੇ ਅੱਗ ਵਿਚੋਂ ਆਕਾਸ਼ ਨੂੰ ਵੇਖਨੀ ਆਂ। ਪਰ ਆਕਾਸ਼ ਵਿਚ ਵੀ ਲੜਾਈ ਚਲਦੀ ਪਈ ਏ। ਮੇਰੇ ਪਤੀ ਸਈਦ ਅਨੇਕਾਂ ਵਾਰ ਦੁਸ਼ਮਣ ਦੀਆਂ ਅਖੀਰਲੀਆਂ ਸਫਾਂ ਤਾਈਂ ਹੋ ਕੇ ਆਏ ਨੇ। ਹੁਣ ਮੈਂ ਇਸ ਇਤਲਾਹ ਵਾਲੀਆਂ ਤਿੰਨ ਚਿੱਠੀਆਂ ਹਾਸਲ ਕਰ ਚੁੱਕੀ ਹਾਂ ਕਿ ਉਹ ਸ਼ਹੀਦੀ ਪਰਾਪਤ ਕਰ ਚੁੱਕੇ ਨੇ। ਉਹ ਦੁਸ਼ਮਣ ਦੀਆਂ ਸਫਾਂ ਵਿਚ ਜਾ ਕੇ ਕੰਮ ਕਰਨ ਵਾਲੇ ਡਾਕਟਰ ਸਨ। ਮੇਰੇ ਕੋਲ ਉਹ ਲੋਕ
ਆਉਂਦੇ ਰਹਿੰਦੇ ਨੇ ਜਿਨ੍ਹਾਂ ਦੀਆਂ ਉਨ੍ਹਾਂ ਨੇ ਜਾਨਾਂ ਬਚਾਈਆਂ ਨੇ।” ਰੇਜ਼ੇਦਾ ਦਾਗਿਸਤਾਨ ਮੁੜ ਆਈ। ਆਪਣੇ ਦਾਗਿਸਤਾਨ ਦੇ ਆਕਾਸ਼ ਵਿਚ ਜਦੋਂ ਉਹ ਉਕਾਬ ਦੀ ਚੀਖ ਸੁਣਦੀ ਹੈ ਤਾਂ ਇਹੀ ਸੋਚਦੀ ਹੈ ਕਿ ਉਸਨੇ ਸੀਨੇ ਵਿਚ ਸਈਦ ਦਾ ਸਹਿਕਦਾ ਦਿਲ ਹੈ
ਮੇਰੇ ਵੀਰ ਅਖੀਲਚੀ ਤੂੰ ਤਾਂ ਇਕ ਦਮ ਧਰਤੀ ਨਾਲ ਸਬੰਧਤ ਖੇਤੀ ਵਿਗਿਆਨ ਦੀ ਸੰਸਥਾ ਵਿਚ ਵਿੱਦਿਆ ਹਾਸਲ ਕਰ ਰਿਹਾ ਸੀ ਪਰ ਯੁਧ ਦੇ ਸਮੇਂ ਤੂੰ ਵੀ ਆਸਮਾਨ ਨੂੰ ਹੀ ਚੁਣਿਆ, ਹਵਾਬਾਜ਼ ਬਣ ਗਿਆ ਸੀ। ਕਾਲੇ ਸਾਗਰ ਦੇ ਉੱਤੇ ਤੂੰ ਸ਼ਹੀਦੀ ਪਾ ਗਿਆ ਸੀ। ਉਸ ਵੇਲੇ ਤੇਰੀ ਉਮਰ ਬਾਈ ਸਾਲ ਸੀ। ਮੈਨੂੰ ਇਹ ਪਤਾ ਹੈ ਕਿ ਤੁਸੀਂ ਆਪਣੇ ਜਨਮ ਸਥਾਨ ਦੇ ਪਿਆਰੇ ਪਹਾੜੀ ਘਰ ਵਿਚ ਹੁਣ ਕਦੇ ਨਹੀਂ ਮੁੜੋਗੇ। ਪਰ ਹਰ ਵਾਰੀ ਹੀ ਜਦੋਂ ਮੇਰੇ ਉਤੇ ਕਿਤੇ ਉਕਾਬ ਦੀ ਚੀਖ ਸੁਣਾਈ ਦਿੰਦੀ ਹੈ ਤਾਂ ਮੈਂ ਮੰਨਦਾ ਹਾਂ ਕਿ ਇਹ ਅਖੀਲਚੀ ਦਾ ਦਿਲ ਹੈ ਜਿਹੜਾ ਮੈਨੂੰ, ਆਪਣੇ ਭਰਾ ਨੂੰ ਕੁਝ ਕਹਿ ਰਿਹਾ ਹੈ।
ਦਾਗਿਸਤਾਨ ਦੇ ਆਕਾਸ਼ ਵਿਚ ਉਕਾਬ ਉੱਡਦੇ ਰਹਿੰਦੇ ਹਨ। ਬੜੀ ਗਿਣਤੀ ਹੈ ਉਨ੍ਹਾਂ ਦੀ। ਪਰ ਇਹੋ ਜਿਹੇ ਵੀਰ ਸੂਰਮਿਆਂ ਦੀ ਗਿਣਤੀ ਵੀ ਕੋਈ ਘੱਟ ਨਹੀਂ ਜਿਨ੍ਹਾਂ ਨੇ ਆਪਣੀ ਮਾਤਭੂਮੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਹਨ। ਉਕਾਬ ਦੀ ਹਰ ਚੀਖ ਵਿਚ ਬਹਾਦਰੀ ਅਤੇ ਦਲੇਰੀ ਦੀ ਲਲਕਾਰ ਹੁੰਦੀ ਹੈ। ਹਰ ਚੀਖ-ਲੜਾਈ ਵਿਚ ਕੁੱਦਣ ਲਈ ਇਕ ਸੱਦਾ ਹੁੰਦੀ ਹੈ।
ਮੈਨੂੰ ਪਤਾ ਹੈ ਕਿ ਇਹ ਖੂਬਸੂਰਤ ਕਿੱਸਾ, ਇਕ ਮਨਘੜਤ ਕਹਾਣੀ ਹੈ। ਲੋਕ ਚਾਹੁੰਦੇ ਹਨ ਕਿ ਇੰਜ ਹੀ ਹੋਵੇ। ਪਰ ਇਕ ਵਿਅਕਤੀ ਨੂੰ, ਜਿਹੜਾ ਬਹੁਤ ਉਚਾਈ ਤਕ ਚੜ੍ਹ ਗਿਆ ਸੀ, ਆਂਦੀ ਜਾਤੀ ਦੇ ਇਕ ਆਦਮੀ ਨੇ ਕਿਹਾ-
“ਇਨਸਾਨ ਬਣਨ ਲਈ ਉਕਾਬ ਤਕ ਧਰਤੀ ਉਤੇ ਉਤਰ ਆਉਂਦੇ ਨੇ। ਤੂੰ ਵੀ ਆਪਣੀਆਂ ਉੱਚਾਈਆਂ ਤੋਂ ਹੇਠਾਂ ਲਹਿ ਆ। ਸਾਰੇ ਲੋਕਾਂ ਦਾ ਇਥੇ ਧਰਤੀ ਉੱਤੇ ਜਨਮ ਹੋਇਐ। ਪਹਾੜੀਆ ਇਸੇ ਲਈ ਅਖਵਾਉਂਦੈ ਕਿ ਉਹ ਪਹਾੜਾਂ ਦਾ ਧਰਤੀ ਦਾ ਬੰਦੈ। ਸਾਡੇ ਵਾਲੇ ਪਾਸੇ ‘ਉਡਾਣਾਂ’ ਸ਼ਬਦ ਬਹੁਤ ਪਸੰਦ ਕੀਤਾ ਜਾਂਦੈ। ਘੁੜਸਵਾਰ ਸਰਪਟ ਘੋੜਾ ਦੌੜਾਉਂਦੈ ਤਾਂ ਅਸੀਂ ਕਹਿਨੇ ਆਂ- ਉੱਡਿਆ ਆਉਂਦੈ। ਗੀਤ ਜਾਂ ਗਾਣਾ ਉੱਡ ਰਿਹੈ। ਸਾਡੇ ਜ਼ਿਆਦਾਤਰ ਗੀਤ ਗਾਣੇ ਉਕਾਬਾਂ ਬਾਰੇ ਨੇ।”
ਅਨੇਕ ਵਾਰ ਮੇਰੀ ਇਸ ਗੱਲ ਲਈ ਆਲੋਚਨਾ ਕੀਤੀ ਗਈ ਹੈ ਕਿ ਆਪਣੀਆਂ ਕਵਿਤਾਵਾਂ ਵਿਚ ਮੈਂ ਅਕਸਰ ਉਕਾਬਾਂ ਦਾ ਜ਼ਿਕਰ ਕਰਦਾ ਹਾਂ। ਪਰ ਦੂਜੇ ਪੰਛੀਆਂ ਦੇ ਮੁਕਾਬਲੇ ਮੈਨੂੰ ਉਕਾਬ ਜ਼ਿਆਦਾ ਚੰਗੇ ਲੱਗਦੇ ਹਨ ਤਾਂ ਮੈਂ ਕੀ ਕਰਾਂ? ਉਹ ਦੂਰ ਦੂਰ ਤਕ ਅਤੇ ਉੱਚੀ ਉਡਾਣ ਭਰਦੇ ਹਨ, ਜਦੋਂ ਕਿ ਦੂਸਰੇ ਪੰਛੀ ਜੁਆਰ-ਬਾਜਰੇ ਦੇ ਦਾਣਿਆਂ ਦੇ ਕੋਲ ਹੀ ਭੱਜ-ਨੱਠ ਕਰਦੇ ਅਤੇ ਚਹਿਕਦੇ ਰਹਿੰਦੇ ਹਨ। ਉਕਾਬਾਂ ਦੀ ਆਵਾਜ਼ ਵੀ ਉੱਚੀ ਅਤੇ ਸਾਫ ਹੈ। ਜਿਉਂ ਹੀ ਠੰਢ ਸ਼ੁਰੂ ਹੁੰਦੀ ਹੈ, ਦੂਜੇ ਪੰਛੀ ਦਾਗਿਸਤਾਨ ਨਾਲ ਗਦਾਰੀ ਕਰਕੇ ਪਰਾਏ ਖੇਤਰਾਂ ਵਲ ਉੱਡ ਜਾਂਦੇ ਹਨ। ਪਰ ਉਕਾਬ ਤਾਂ ਕਦੇ ਆਪਣੀ ਮਾਤਭੂਮੀ ਨੂੰ ਨਹੀਂ ਛੱਡਦੇ, ਭਾਵੇਂ ਕਿਹੋ ਜਿਹਾ ਵੀ ਮੌਸਮ ਕਿਉਂ ਨਾ ਹੋਵੇ, ਗੋਲੀਆ ਦੀ ਕਿੰਨੀ ਹੀ ਠਾਹ ਠਾਹ ਭਾਵੇਂ ਕਿਹੋ ਜਿਹੀ ਵੀ ਦਹਿਸ਼ਤ ਪੈਦਾ ਕਿਉਂ ਨਾ ਕਰੇ। ਉਕਾਬਾਂ ਲਈ ਗਰਮ ਸਿਹਤਬਖਸ਼ ਥਾਵਾਂ ਦੀ ਹੋਂਦ ਨਹੀਂ। ਬਾਕੀ ਪੰਛੀ ਹਰ ਵੇਲੇ ਜ਼ਮੀਨ ਨਾਲ ਚਿਪਕੇ ਰਹਿੰਦੇ ਹਨ, ਇਕ ਛੱਤ ਤੋਂ ਦੂਸਰੀ ਛੱਤ ਅਤੇ ਧੂੰਏ ਦੀ ਇਕ ਚਿਮਨੀ ਤੋਂ ਦੂਸਰੀ ਉਤੇ, ਇਕ ਖੇਤ ਤੋਂ ਦੂਸਰੇ ਖੇਤ ਵਿਚ ਉੱਡਦੇ ਰਹਿੰਦੇ ਹਨ। ਕਿਸੇ ਛੋਟੇ ਜਿਹੇ ਦੱਰਰੇ ਨੂੰ ਸਾਡੇ ਵਾਲੇ ਪਾਸੇ ਪੰਛੀ ਦਾ ਦੱਰਰਾ ਕਹਿੰਦੇ ਹਨ।
ਕਿਸੇ ਬਹੁਤ ਵੱਡੀ ਚੱਟਾਨ ਨੂੰ ਸਾਡੇ ਵਾਲੇ ਪਾਸੇ ਉਕਾਬ ਦੀ ਚੱਟਾਨ ਕਿਹਾ ਜਾਂਦਾ ਹੈ।
ਇਸ ਧਰਤੀ ਉਤੇ ਜਨਮ ਲੈਣ ਵਾਲਾ ਹਰ ਆਦਮੀ ਇਨਸਾਨ ਨਹੀਂ ਹੁੰਦਾ ਉੱਡਣ ਵਾਲਾ ਹਰ ਪਰਿੰਦਾ ਉਕਾਬ ਨਹੀਂ ਹੁੰਦਾ।
ਪਹਾੜੀ ਉਕਾਬ
ਮੇਰੀ ਧਰਤੀ ਓਤਪੋਤ ਹੈ ਸ਼ਕਤੀ ਸ਼ਾਨੋ ਸ਼ੌਕਤ ਨਾਲ,
ਤਰ੍ਹਾਂ ਤਰ੍ਹਾਂ ਦੇ ਪੰਛੀ ਪਿਆਰੇ, ਜਿਨ੍ਹਾਂ ਦੇ ਮਧੁਰ ਤਰਾਨੇ ਨੇ,
ਉਨ੍ਹਾਂ ਦੇ ਉਤੇ ਉੱਡਦੇ ਰਹਿੰਦੇ ਪੰਛੀ ਦੇਵਤਿਆਂ ਦੇ ਵਰਗੇ,
ਉਹ ਉਕਾਬ, ਜਿਨ੍ਹਾਂ ਦੇ ਬਾਰੇ ਬਹੁਤ ਹੀ ਗੀਤ ਅਫਸਾਨੇ ਨੇ।
ਇਸੇ ਲਈ ਕਿ ਉੱਚੇ ਨਭ ਵਿਚ, ਉਨ੍ਹਾਂ ਦੀ ਮਿਲਦੀ ਝਲਕ ਰਹੇ,
ਬਣੇ ਸੰਤਰੀ ਰਹਿਣ, ਭਿਆਨਕ ਦੁਰਦਿਨ ਜਦੋਂ ਵੀ ਆਉਂਦੇ ਨੇ,
ਦੂਰ, ਪਹੁੰਚ ਤੋਂ ਬਾਹਰ ਚੱਟਾਨਾਂ, ਉੱਚੀਆਂ ਉੱਚੀਆਂ ਦਿੱਸਣ ਜੋ,
ਰਹਿਣ ਲਈ ਉਹ, ਅੰਬਰ ਛੂੰਹਦੇ, ਆਲ੍ਹਣੇ ਉੱਥੇ ਪਾਉਂਦੇ ਨੇ।
ਕਦੇ ਇਕੱਲਾ, ਬੜੀ ਸ਼ਾਨ ਨਾਲ, ਜਦੋਂ ਉੱਡਾਰੀ ਭਰਦਾ ਏ,
ਖੰਭਾਂ ਨਾਲ ਧੁੰਦ ਚੀਰ ਚੀਰ ਕੇ ਫਿਰ ਉਹ ਅੱਗੇ ਵਧਦਾ ਏ,
ਭੀੜ ਕਦੇ ਵੀ ਪੈ ਜਾਵੇ ਜੇ, ਝੁੰਡ ਉਨ੍ਹਾਂ ਦਾ ਬਣ ਕੇ ਲਸ਼ਕਰ,
ਨੀਲੇ ਸਾਗਰ, ਮਹਾਂਸਾਗਰ ਦੇ, ਉੱਤੇ ਉੱਤੇ ਉੱਡਦਾ ਏ।
ਦੂਰ, ਬਹੁਤ ਉਚਾਈਆਂ ਤੇ ਉਹ, ਧਰਤ ਦੇ ਉੱਤੇ ਉੱਡਦੇ ਨੇ,
ਬਣ ਕੇ ਰਾਖੇ ਏਸ ਧਰਤ ਨੂੰ ਤੇਜ਼ ਨਜ਼ਰ ਨਾਲ ਤੱਕਦੇ ਨੇ,
ਡੂੰਘੀ ਭਾਰੀ, ਸੁਰ ਦੀ ਕਿਲਕਾਰੀ, ਸੁਣ ਕੇ ਕਾਲੇ ਕਾਂ,
ਭੱਜ ਜਾਂਦੇ ਨੇ ਡਰ ਕੇ ਦੂਰ, ਦਿਲ ਧੱਕ ਧੱਕ ਉਨ੍ਹਾਂ ਦੇ ਕਰਦੇ ਨੇ।
ਜਿਵੇਂ ਆਪਣੇ ਬਚਪਨ ਵਿਚ ਮੈਂ, ਚੋਟੀਆਂ ਬਰਫ਼ਾਂ ਮੜ੍ਹੀਆਂ ਨੂੰ,
ਘੰਟਿਆਂ ਬੱਧੀ ਵੇਂਹਦਾ ਸਾਂ, ਵੇਖ ਅਜੇ ਵੀ ਸਕਦਾ ਹਾਂ,
ਉੱਥੇ ਆਪਣੇ ਖੰਭ ਫੈਲਾ ਕੇ ਕਿਦਾਂ ਉੱਡਣ ਉਕਾਬ,
ਮਜਨੂੰ ਜੇਹਾ ਮਸਤ ਦੀਵਾਨਾ ਹੋ ਅਜੇ ਵੀ ਸਕਦਾ ਹਾਂ।
ਦੂਰ ਕਦੇ ਪਹਾੜਾਂ ਉਤੋਂ ਆਪਣੀ ਨਜ਼ਰ ਦੌੜਾਉਂਦੇ ਨੇ,
ਸਤੈਪੀ ਦੇ ਮੈਦਾਨਾਂ ਵਿਚੋਂ ਕਦੇ ਉਹ ਉੱਡਦੇ ਜਾਂਦੇ ਨੇ,
ਸਭ ਤੋਂ ਵਧ ਦਲੇਰ ਤੇ ਸਾਹਸੀ ਪਰਬਤਵਾਸੀ ਜੋ ਹੁੰਦੇ,
ਉਹ ਉਕਾਬ ਧਰਤ ਮੇਰੀ ਦੇ, ਸਭ ਥਾਈਂ ਅਖਵਾਉਂਦੇ ਨੇ।
ਜਾਪਾਨੀ ਲੋਕ ਸਾਰਸਾਂ ਨੂੰ ਸਭ ਤੋਂ ਵਧ ਮਹੱਤਵਪੂਰਨ ਪੰਛੀ ਮੰਨਦੇ ਹਨ। ਉਨ੍ਹਾਂ ਵਿਚ ਅਜੇਹਾ ਮੰਨਿਆ ਜਾਂਦਾ ਹੈ ਕਿ ਜੇ ਕੋਈ ਬੀਮਾਰ ਬੰਦਾ ਕਾਗਜ਼ ਦੇ ਇਕ ਹਜ਼ਾਰ ਸਾਰਸ ਬਣਾ ਲੈਂਦਾ ਹੈ ਤਾਂ ਉਹ ਸਿਹਤਯਾਬ ਹੋ ਜਾਏਗਾ। ਉੱਡਦੇ ਹੋਏ ਸਾਰਸਾਂ, ਖਾਸ ਤੌਰ ਤੇ ਫੂਜ਼ੀਯਾਮਾਂ ਪਰਬਤ ਦੇ ਉਤੋਂ ਉੱਡਦੇ ਜਾ ਰਹੇ ਸਾਰਸਾਂ ਨਾਲ ਜਾਪਾਨੀ ਲੋਕ ਆਪਣੀਆਂ ਖੁਸ਼ੀਆਂ ਤੇ ਗਮੀਆਂ, ਮਿਲਣ ਤੇ ਜੁਦਾਈ, ਸੁਪਨਿਆਂ ਅਤੇ ਪਿਆਰੀਆਂ ਯਾਦਾਂ ਦੇ ਸੂਤਰ-ਸਬੰਧ ਜੋੜਦੇ ਹਨ।
ਸਾਰਸ ਮੈਨੂੰ ਵੀ ਚੰਗੇ ਲੱਗਦੇ ਹਨ। ਫਿਰ ਵੀ ਜਦੋਂ ਜਾਪਾਨੀਆਂ ਨੇ ਮੈਨੂੰ ਪੁੱਛਿਆ ਕਿ ਕਿਹੜਾ ਪੰਛੀ ਮੈਨੂੰ ਸਭ ਤੋਂ ਪਿਆਰਾ ਲੱਗਦਾ ਹੈ ਤਾਂ ਮੈਂ ਜਵਾਬ ਦਿੱਤਾ- ਉਕਾਬ। ਉਨ੍ਹਾਂ ਨੂੰ ਇਹ ਚੰਗਾ ਨਹੀਂ ਲੱਗਾ।
ਪਰੰਤੂ ਕੁਝ ਹੀ ਸਮੇਂ ਮਗਰੋਂ ਟੋਕੀਓ ਵਿਚ ਕਰਵਾਏ ਗਏ ਮੁਕਾਬਲੇ ਵਿਚ ਜਦੋਂ ਸਾਡਾ ਭਲਵਾਨ ਅਲੀ ਅਲੀਯੇਵ ਵਿਸ਼ਵ-ਚੈਂਪੀਅਨ ਬਣ ਗਿਆ ਤਾਂ ਮੇਰੇ ਇਕ ਜਾਪਾਨੀ ਦੋਸਤ ਨੇ ਮੈਨੂੰ ਕਿਹਾ
“ਤੁਹਾਡੇ ਉਕਾਬ ਕੋਈ ਬੁਰੇ ਪਰਿੰਦੇ ਨਹੀਂ।”
ਆਪਣੇ ਪਹਾੜੀ ਲੋਕਾਂ ਕੋਲ ਮੈਂ ਤੁਰਕੀ ਦੇ ਆਕਾਸ਼ ਵਿਚ ਉਕਾਬਾਂ ਅਤੇ ਸਾਰਸਾਂ ਵਿਚ ਹੋਈ ਲੜਾਈ ਦੀ ਚਰਚਾ ਕੀਤੀ। ਜਦੋਂ ਮੈਂ ਉਨ੍ਹਾਂ ਨੂੰ ਇਹ ਦੱਸਿਆ ਕਿ ਇਸ ਲੜਾਈ ਵਿਚ ਉਕਾਬ ਹਾਰ ਗਏ ਸਨ ਤਾਂ ਪਹਾੜੀ ਲੋਕ ਹੈਰਾਨ ਰਹਿ ਗਏ ਅਤੇ ਕਈਆਂ ਨੇ ਬੁਰਾ ਵੀ ਮਨਾਇਆ। ਉਨ੍ਹਾਂ ਨੇ ਮੇਰੇ ਲਫਜ਼ਾਂ ਉਤੇ ਵਿਸ਼ਵਾਸ ਨਹੀਂ ਕਰਨਾ ਚਾਹਿਆ। ਪਰ ਜੋ ਸੱਚਾਈ ਸੀ ਉਹ ਤਾਂ ਸੱਚਾਈ ਹੀ ਸੀ।
“ਤੂੰ ਠੀਕ ਕਹਿਨੈਂ, ਰਸੂਲ,” ਆਖਰ ਇਕ ਪਹਾੜੀਏ ਨੇ ਕਿਹਾ। “ਸ਼ਾਇਦ ਉਕਾਬ ਲੜਾਈ ਵਿਚ ਹਾਰੇ ਨਹੀਂ, ਸਗੋਂ ਸਾਰੇ ਦੇ ਸਾਰੇ ਮਾਰੇ ਗਏ ਹੋਣੇ ਨੇ। ਪਰ ਇਹ ਤਾਂ ਬਿਲਕੁਲ ਦੂਸਰੀ ਗੱਲ ਏ।”
ਦੋ ਵਾਰ ਸੋਵੀਅਤ ਸੰਘ ਦੇ ਸੂਰਮੇ ਦੀ ਉਪਾਧੀ ਨਾਲ ਸਨਮਾਨਤ ਮੇਰਾ ਇਕ ਮਸ਼ਹੂਰ ਦੋਸਤ ਸੀ- ਅਹਿਮਦ ਖਾਂ ਸੁਲਤਾਨ। ਉਹਦੇ ਪਿਤਾ ਜੀ ਦਾਗਿਸਤਾਨੀ ਅਤੇ ਮਾਤਾ ਜੀ ਤਾਤਾਰ ਸਨ। ਉਹ ਮਾਸਕੋ ਵਿਚ ਰਹਿੰਦਾ ਸੀ । ਦਾਗਿਸਤਾਨੀ ਉਹਨੂੰ ਆਪਣਾ ਅਤੇ ਤਾਤਾਰ ਉਹਨੂੰ ਆਪਣਾ ਸੂਰਮਾ ਮੰਨਦੇ ਸਨ।
“ਤੂੰ ਕਿਨ੍ਹਾਂ ਦਾ ਸੂਰਮਾ?” ਮੈਂ ਇਕ ਵਾਰ ਉਹਦੇ ਕੋਲੋਂ ਪੁੱਛਿਆ। “ਮੈਂ ਨਾ ਤਾਂ ਤਾਤਾਰਾਂ ਦਾ ਤੇ ਨਾ ਈ ਦਾਗਿਸਤਾਨੀਆਂ ਦੀ ਲਾਕ ਜਾਤੀ ਦੇ ਲੋਕਾਂ ਦਾ ਹੀ ਸੂਰਮਾਂ ਆਂ। ਮੈਂ ਤਾਂ ਸੋਵੀਅਤ ਸੰਘ ਦਾ ਸੂਰਮਾਂ ਆਂ। ਕਿਹਦਾ ਪੁੱਤਰ ਆਂ? ਆਪਣੇ ਮਾਂ ਪਿਓ ਦਾ। ਭਲਾ, ਉਨ੍ਹਾਂ ਨੂੰ ਇਕ ਦੂਜੇ ਨਾਲੋਂ ਅਲਹਿਦਾ ਕੀਤਾ ਜਾ ਸਕਦੈ? ਮੈਂ—ਇਨਸਾਨ ਆਂ।”
ਸ਼ਾਮੀਲ ਨੇ ਆਪਣੇ ਸਕੱਤਰ ਮੁਹੰਮਦ ਤਾਹਿਰ ਅਲ ਕਾਰਾਹੀ ਕੋਲੋਂ ਇਕ ਵਾਰ
ਪੁੱਛਿਆ-
“ਦਾਗਿਸਤਾਨ ਵਿਚ ਕਿੰਨੇ ਲੋਕ ਰਹਿੰਦੇ ਨੇ?”
ਮੁਹੰਮਦ ਤਾਹਿਰ ਨੇ ਆਬਾਦੀ ਦੇ ਅੰਕੜਿਆਂ ਦੀ ਕਿਤਾਬ ਲੈ ਕੇ ਉਨ੍ਹਾਂ ਦੀ ਗਿਣਤੀ ਦੱਸ ਦਿੱਤੀ।
“ਮੈਂ ਅਸਲੀ ਇਨਸਾਨਾਂ ਦੇ ਬਾਰੇ ਪੁੱਛਨਾ ਪਿਆਂ,” ਸ਼ਾਮੀਲ ਨੇ ਝੁੰਜਲਾ ਕੇ ਆਖਿਆ।
“ਪਰ ਮੇਰੇ ਕੋਲ ਇਹੋ ਜਿਹੇ ਅੰਕੜੇ ਤਾਂ ਹੈ ਨਹੀਂ।”
“ਅਗਲੀ ਲੜਾਈ ਵਿਚ ਉਨ੍ਹਾਂ ਦੀ ਗਿਣਤੀ ਕਰਨੀ ਨਾ ਭੁੱਲੀ,” ਇਮਾਮ ਨੇ ਹੁਕਮ ਦਿੱਤਾ, ਪਹਾੜੀ ਲੋਕਾਂ ਵਿਚ ਕਿਹਾ ਜਾਂਦਾ ਹੈ-“ਕਿਸੇ ਇਨਸਾਨ ਦੀ ਅਸਲੀ ਕੀਮਤ ਜਾਣਨ ਲਈ ਹੇਠ ਲਿਖਿਆਂ ਸਤਾਂ ਕੋਲੋਂ ਉਹਦੇ ਬਾਰੇ ਪੁੱਛਣਾ ਚਾਹੀਦੈ-
1 ਮੁਸੀਬਤ ਕੋਲੋਂ।
2 ਖੁਸ਼ੀ ਕੋਲੋਂ।
3 ਔਰਤ ਕੋਲੋਂ।
4 ਤਲਵਾਰ ਕੋਲੋਂ।
5 ਚਾਂਦੀ ਕੋਲੋਂ ।
6 ਬੋਤਲ ਕੋਲੋਂ।
7 ਖੁਦ ਉਹਦੇ ਕੋਲੋਂ।”
ਹਾਂ, ਇਨਸਾਨ ਅਤੇ ਆਜ਼ਾਦੀ, ਇਨਸਾਨ ਅਤੇ ਇੱਜ਼ਤ, ਇਨਸਾਨ ਅਤੇ ਬਹਾਦਰੀ-ਇਨ੍ਹਾਂ ਸਾਰਿਆਂ ਦਾ ਇਕ ਹੀ ਅਰਥ ਹੈ। ਪਹਾੜੀ ਲੋਕ ਇਸ ਗੱਲ ਦੀ ਕਲਪਨਾ ਵੀ ਨਹੀਂ ਕਰ ਸਕਦੇ ਕਿ ਉਕਾਬ ਦੁਰੰਗੀ ਚਾਲ ਚੱਲਣ ਵਾਲਾ ਵੀ ਹੋ ਸਕਦਾ ਹੈ। ਉਹ ਕਾਂ ਨੂੰ ਦੋ ਰੰਗਾ ਮੰਨਦੇ ਹਨ। ਇਨਸਾਨ-ਇਹ ਸਿਰਫ ਨਾਂਅ ਹੀ ਨਹੀਂ, ਉਪਾਧੀ ਹੈ, ਤੇ ਉਹ ਵੀ ਬਹੁਤ ਉੱਚੀ ਅਤੇ ਇਹਨੂੰ ਹਾਸਲ ਕਰਨਾ ਕੋਈ ਸੌਖਾ ਨਹੀਂ।
ਕੁਝ ਹੀ ਸਮਾਂ ਪਹਿਲਾਂ ਮੈਂ ਬੋਤਲੀਖ ਵਿਚ ਇਕ ਔਰਤ ਨੂੰ ਇਕ ਅਜੇਹੇ ਮਰਦ ਦੇ ਬਾਰੇ, ਜੋ ਕਿਸੇ ਕੰਮ ਦਾ ਨਾ ਹੋਵੇ, ਇਹ ਗੀਤ ਗਾਉਂਦਿਆਂ ਸੁਣਿਆ-
ਉਹਦੇ ਵਿਚ ਕੁਝ ਘੋੜੇ ਜੇਹਾ, ਕੁਝ ਏ ਭੇਡ ਸਮਾਨ, ਅੰਸ਼ ਇੱਲ ਦਾ, ਅਤੇ ਲੂੰਬੜੀ ਦੀ, ਹੁੰਦੀ ਕੁਝ ਪਛਾਣ, ਕੁਝ ਮੱਛੀ ਜਿਹਾ, ਪਰ ਵੀਰਤਾ, ਉਹਦਾ ਨਹੀਂ ਨਿਸ਼ਾਨ, ਕਿੱਥੇ ਇੱਜ਼ਤ-ਮਾਣ ਇਕ ਹੋਰ ਤਰੀਮਤ ਦੇ ਮੂੰਹੋਂ ਮੈਂ ਝੂਠੇ ਅਤੇ ਕਪਟੀ ਪੁਰਖ ਦੇ ਬਾਰੇ ਇਹ ਗੀਤ ਸੁਣਿਆ-
ਤੂੰ ਬੰਦਾ ਏਂ, ਮੈਂ ਸੋਚਿਆ,
ਭੇਤ ਸੁਣਾਇਆ ਖੁੱਲ੍ਹ ਕੇ,
ਤੂੰ ਅਖਰੋਟ ਸੀ ਬਿਨਾਂ ਗਿਰੀ ਤੋਂ,
ਰਹਿ ‘ਗੀ ‘ਕੱਲੀ ਪੱਥ ਤੇ।
ਚਿਰ ਮਗਰੋਂ ਮੈਂ ਤੈਨੂੰ ਸਮਝੀ,
ਦੋਸ਼ ਇਹ ਮੇਰੇ ਮੱਥੇ,
ਤਨ ਦੇ ਬਿਨਾਂ ਲਬਾਦਾ ਏਂ ਤੂੰ,
ਪੱਗ ਵਾਲਾ, ਬਿਨਾਂ ਸਿਰ ਦੇ।
ਆਪਣੇ ਲਈ ਵਰ ਦੀ ਤਲਾਸ਼ ਕਰਨ ਵਾਲੀ ਮੁਟਿਆਰ ਨੇ ਗਿਲਾ ਕਰਦਿਆਂ ਹੋਇਆਂ ਕਿਹਾ—
“ਜੇ ਮੈਨੂੰ ਸਮੂਰ ਦੀ ਟੋਪੀ ਪਾਉਣ ਵਾਲੇ ਵਰ ਦੀ ਤਲਾਸ਼ ਹੁੰਦੀ ਤਾਂ ਮੈਂ ਉਹਨੂੰ ਕਦੋਂ ਦਾ ਲੱਭ ਲਿਆ ਹੁੰਦਾ। ਜੇ ਮੁੱਛਾਂ ਵਾਲੇ ਵਰ ਦੀ ਤਲਾਸ਼ ਹੁੰਦੀ ਤਾਂ ਉਹ ਵੀ ਮਿਲ ਗਿਆ ਹੁੰਦਾ। ਮੈਂ ਤਾਂ ਇਨਸਾਨ ਦੀ ਤਲਾਸ਼ ਵਿਚ ਆਂ।”
ਪਹਾੜੀ ਲੋਕ ਜਦੋਂ ਭੇਡ ਖਰੀਦਦੇ ਹਨ ਤਾਂ ਉਹਦੀ ਪੂਛਲ, ਉੱਨ ਅਤੇ ਮੋਟਾਪਾ ਜਾਂ ਚਰਬੀ ਵੱਲ ਧਿਆਨ ਦਿੰਦੇ ਹਨ। ਜਦੋਂ ਉਹ ਘੋੜਾ ਖਰੀਦਦੇ ਹਨ ਤਾਂ ਉਹਦੀ ਬੂਥੀ, ਲੱਤਾਂ ਅਤੇ ਬਾਹਰਲੀ ਪੂਰੀ ਡੀਲ ਡੌਲ ਨੂੰ ਜਾਂਚਦੇ-ਪਰਖਦੇ ਹਨ। ਪਰ ਇਨਸਾਨ ਦਾ ਮੁਲਾਂਕਣ ਕਿਵੇਂ ਕੀਤਾ ਜਾਏ? ਉਹਦੇ ਕਿਨ੍ਹਾਂ ਲੱਛਣਾਂ ਵਲ ਧਿਆਨ ਦਿੱਤਾ ਜਾਵੇ? ਉਹਦੇ ਨਾਂਅ ਅਤੇ ਕੰਮ ਵਲ ਪਰਸੰਗਵੱਸ ਇਹ ਦੱਸਣਾ ਵੀ ਉਚਿਤ ਹੋਵੇਗਾ ਕਿ ਅਵਾਰ ਭਾਸ਼ਾ ਵਿਚ “ਨਾਂਅ” ਸ਼ਬਦ ਦੇ ਦੋ ਅਰਥ ਹਨ। ਪਹਿਲਾ ਅਰਥ ਤਾਂ ਨਾਂਅ ਹੀ ਹੈ ਅਤੇ ਦੂਸਰਾ ਅਰਥ ਹੈ ਕਿਸੇ ਆਦਮੀ ਦਾ ਕੰਮ, ਉਹਦੀ ਕਾਬਲੀਅਤ—ਸੇਵਾ, ਉਹਦੀ ਸੂਰਮਤਾਈ ਦੇ ਕੰਮ। ਜਦੋਂ ਸਾਡੇ ਇੱਥੇ ਕਿਸੇ ਦੇ ਪੁੱਤਰ ਜੰਮਦਾ ਹੈ ਤਾਂ ਕਾਮਨਾ ਕੀਤੀ ਜਾਂਦੀ ਹੈ—“ਉਹਦਾ ਕੰਮ ਉਹਦਾ ਨਾਂਅ ਪੈਦਾ ਕਰੇ।” ਕਿਸੇ ਵੱਡੇ ਕੰਮ ਜਾਂ ਹਾਸਲ ਤੋਂ ਬਿਨਾਂ ਨਾਂਅ ਤਾਂ ਨਿਰਾਰਥਕ ਧੁਨੀ ਹੈ।
ਮਾਤਾ ਜੀ ਮੈਨੂੰ ਸਿੱਖਿਆ ਦਿੰਦੇ ਸਨ-“ਨਾਂਅ ਤੋਂ ਵੱਡਾ ਕੋਈ ਇਨਾਮ ਨਹੀਂ, ਜ਼ਿੰਦਗੀ ਤੋਂ ਵੱਡਾ ਕੋਈ ਖਜ਼ਾਨਾ ਨਹੀਂ। ਇਹਨੂੰ ਸਾਂਭ ਕੇ ਰੱਖੋ।” ਸਿੰਗੀ ਉਤੇ ਉੱਕਰੇ ਸ਼ਬਦ :
ਸਾਲ ਹਜ਼ਾਰਾਂ-ਲੱਖਾਂ ਬੀਤੇ,
ਫਿਰ ਬਾਂਦਰ, ਹੌਲੀ ਹੌਲੀ
ਬਣਿਆ ਬੰਦਾ, ਪਿਅਕੜ ਮੁੜ ਕੇ,
ਹਾਏ! ਫਿਰ ਬਣਿਆ ਵਹਿਸ਼ੀ!
ਸ਼ਾਮੀਲ ਨੇ ਜਦੋਂ ਗੁਨੀਬ ਪਹਾੜ ਉਤੇ ਮਜ਼ਬੂਤ ਕਿਲੇਬੰਦੀ ਕਰ ਲਈ ਤਾਂ ਉਹਨੂੰ ਹਰਾਉਣਾ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਰਿਹਾ। ਪਰ ਇਕ ਅਜੇਹਾ ਗੱਦਾਰ ਨਿਕਲ ਆਇਆ ਜਿਹਨੇ ਦੁਸ਼ਮਣ ਨੂੰ ਗੁਪਤ ਪਗਡੰਡੀ ਵਿਖਾ ਦਿੱਤੀ। ਫੀਲਡ ਮਾਰਸ਼ਲ ਪਰਿੰਸ ਬਰਿਆਤਿੰਸਕੀ ਨੇ ਇਸ ਪਹਾੜੀਏ ਨੂੰ ਬਹੁਤ ਸਾਰਾ ਸੋਨਾ ਇਨਾਮ ਦਿੱਤਾ।
ਬਾਅਦ ਵਿਚ ਜਦੋਂ ਕੈਦ ਕੀਤਾ ਸ਼ਾਮੀਲ ਕਾਲੂਗਾ ਪਹੁੰਚ ਚੁੱਕਿਆ ਸੀ ਤਾਂ ਇਹ ਗੱਦਾਰ ਆਪਣੇ ਘਰ ਵਾਪਸ ਆਇਆ। ਪਰ ਉਹਨੇ ਪਿਤਾ ਨੇ ਕਿਹਾ-
“ਤੂੰ ਗੱਦਾਰ ਏਂ, ਪਹਾੜੀਆ ਨਹੀਂ, ਇਨਸਾਨ ਨਹੀਂ। ਤੂੰ ਮੇਰਾ ਪੁੱਤਰ ਨਹੀਂ।” ਏਨਾਂ ਕਹਿਕੇ ਉਹਨੇ ਉਹਦਾ ਕਤਲ ਕਰ ਦਿੱਤਾ, ਧੌਣ ਲਾਹ ਦਿੱਤੀ ਅਤੇ ਸੋਨੇ ਸਮੇਤ ਉਹਨੂੰ ਚੱਟਾਨ ਤੋਂ ਨਦੀ ਵਿਚ ਸੁੱਟ ਦਿੱਤਾ। ਦੇਸ਼ ਧਰੋਹੀ ਦਾ ਪਿਓ ਵੀ ਹੁਣ ਆਪਣੇ ਇਸ ਪਿੰਡ ਵਿਚ ਨਹੀਂ ਸੀ ਰਹਿ ਸਕਦਾ ਅਤੇ ਲੋਕਾਂ ਨਾਲ ਨਜ਼ਰਾਂ ਨਹੀਂ ਸੀ ਮਿਲਾ ਸਕਦਾ। ਪੁੱਤਰ ਦੇ ਕਾਰਨ ਉਹਦਾ ਸਿਰ ਵੀ ਸ਼ਰਮ ਨਾਲ ਝੁਕ ਜਾਂਦਾ ਸੀ। ਉਹ ਕਿਤੇ ਚਲਾ
ਗਿਆ ਅਤੇ ਉਦੋਂ ਤੋਂ ਉਹਦਾ ਕੋਈ ਅਤਾ-ਪਤਾ ਨਹੀਂ। ਉਸ ਥਾਂ ਦੇ ਕੋਲੋਂ ਲੰਘਦਿਆਂ ਹੋਇਆਂ, ਜਿੱਥੇ ਗੱਦਾਰ ਦਾ ਸਿਰ ਸੁੱਟਿਆ ਗਿਆ ਸੀ, ਪਹਾੜੀ ਲੋਕ ਅੱਜ ਵੀ ਪੱਥਰ ਸੁੱਟਦੇ ਹਨ। ਕਿਹਾ ਜਾਂਦਾ ਹੈ ਕਿ ਇਸ ਚੱਟਾਨ ਦੇ ਉਤੋਂ ਉੱਡਦਿਆਂ ਹੋਇਆਂ ਪਰਿੰਦੇ ਵੀ “ਗੱਦਾਰ, ਗੱਦਾਰ!” ਬੋਲਦੇ ਹੋਏ ਲੰਘਦੇ ਹਨ।
ਇਕ ਵਾਰ ਮਖਾਚ ਦਾਖਾਦਾਯੇਵ ਆਪਣੀ ਫੌਜ ਵਿਚ ਫੌਜੀ ਭਰਤੀ ਕਰਨ ਵਾਸਤੇ ਪਿੰਡ ਆਇਆ। ਗੋਦੇਕਾਨ ਵਿਚ ਉਹਨੇ ਦੋ ਪਹਾੜੀ ਬੰਦਿਆਂ ਨੂੰ ਤਾਸ਼ ਖੇਡਦਿਆਂ ਵੇਖਿਆ।
“ਅਸਲਾਮਾਲੇਕੁਮ! ਤੁਹਾਡੇ ਮਰਦ ਕਿੱਥੇ ਨੇ, ਉਨ੍ਹਾਂ ਨੂੰ ਜ਼ਰਾ ਇਕੱਠੇ ਕਰੋ।” “ਸਾਡੇ ਸਿਵਾ ਪਿੰਡ ਵਿਚ ਹੋਰ ਕੋਈ ਮਰਦ ਨਹੀਂ।”
“ਵਾਹ! ਬਈ ਵਾਹ! ਮਰਦਾਂ ਤੋਂ ਬਿਨਾਂ ਵੀ ਪਿੰਡ ਹੁੰਦੈ! ਕਿੱਥੇ ਨੇ ਉਹ?” “ਲੜਨ ਗਏ ਨੇ।”
“ਤਾਂ ਇੰਜ ਆਖੋ ਨਾ! ਇਹਦਾ ਮਤਲਬ ਇਹ ਹੋਇਆ ਪਈ ਤੁਹਾਨੂੰ ਦੋਹਾਂ ਨੂੰ ਛੱਡ ਕੇ ਬਾਕੀ ਸਭ ਮਰਦ ਨੇ !”
ਅਬੂਤਾਲਿਬ ਨਾਲ ਇਕ ਵਾਰੀ ਇਹ ਕਿੱਸਾ ਹੋਇਆ। ਇਕ ਘੜੀਸਾਜ਼ ਕੋਲ ਉਹ ਘੜੀ ਠੀਕ ਕਰਵਾਉਣ ਗਿਆ। ਘੜੀਸਾਜ਼ ਇਕ ਨੌਜਵਾਨ ਦੀ ਘੜੀ ਮੁਰੰਮਤ ਕਰਨ ਵਿਚ ਰੁੱਝਿਆ ਹੋਇਆ ਸੀ।
“ਬਹਿਜੋ,” ਘੜੀਸਾਜ਼ ਨੇ ਅਬੂਤਾਲਿਬ ਨੂੰ ਕਿਹਾ। “ਤੇਰੇ ਕੋਲ ਤਾਂ ਬੰਦੇ ਬੈਠੇ ਨੇ। ਮੈਂ ਫਿਰ ਆ ‘ਜਾਂਗਾ।”
“ਤੈਨੂੰ ਬੰਦਾ ਕਿੱਥੋਂ ਦਿਸ ਪਿਐ ਏਥੇ?” ਘੜੀਸਾਜ਼ ਨੇ ਹੈਰਾਨ ਹੋਕੇ ਪੁੱਛਿਆ।
“ਇਹ ਗੱਭਰੂ?”
“ ਜੇ ਇਹ ਸਹੀ ਮਾਇਨਿਆਂ ਵਿਚ ਇਨਸਾਨ ਹੁੰਦਾ ਤਾਂ ਤੇਰੇ ਏਥੇ ਆਉਣ ਤੇ ਹੀ ਉਠ ਖਲੋਤਾ ਹੁੰਦਾ ਤੇ ਆਪਣੀ ਥਾਂ ਤੇ ਤੈਨੂੰ ਬਿਠਾ ਦਿੰਦਾ ਦਾਗਿਸਤਾਨ ਨੇ ਇਹਤੋਂ ਕੀ ਲੈਣਾ ਦੇਣੈ ਪਈ ਏਸ ਨਿਕੰਮੇ ਦੀ ਘੜੀ ਠੀਕ ਵਕਤ ਦੇਂਦੀ ਏ ਜਾਂ ਨਹੀਂ ਪਰ ਤੁਹਾਡੀ ਘੜੀ ਠੀਕ ਤਰ੍ਹਾਂ ਚੱਲਣੀ ਚਾਹੀਦੀ ਏ।”
ਅਬੂਤਾਲਿਬ ਨੇ ਬਾਅਦ ਵਿਚ ਦੱਸਿਆ ਕਿ ਜਦੋਂ ਉਹਨੂੰ ਦਾਗਿਸਤਾਨ ਦੇ ਲੋਕ ਕਵੀ ਦਾ ਖਿਤਾਬ ਦਿੱਤਾ ਗਿਆ ਤਾਂ ਉਸ ਵੇਲੇ ਉਹਨੂੰ ਏਨੀ ਖੁਸ਼ੀ ਨਹੀਂ ਸੀ ਹੋਈ ਜਿੰਨੀ ਇਸ ਘੜੀਸਾਜ਼ ਦੀ ਦੁਕਾਨ ਤੇ ਹੋਈ ਸੀ।
ਦਾਗਿਸਤਾਨ ਵਿਚ ਤੀਹ ਨਸਲਾਂ ਦੇ ਲੋਕ ਰਹਿੰਦੇ ਹਨ, ਪਰੰਤੂ ਕੁਝ ਬੁੱਧੀਮਾਨ ਇਹ ਦਾਅਵਾ ਕਰਦੇ ਹਨ ਕਿ ਦਾਗਿਸਤਾਨ ਵਿਚ ਸਿਰਫ ਦੋ ਆਦਮੀ ਰਹਿੰਦੇ ਹਨ।
“ਇਹ ਕਿਵੇਂ ਮੁਮਕਿਨ ਏ?”
“ਬਿਲਕੁਲ ਮੁਮਕਿਨ ਏ। ਇਕ ਭਲਾ ਆਦਮੀ ਤੇ ਇਕ ਬੁਰਾ ਆਦਮੀ।”
“ਜੇ ਏਸੇ ਨਜ਼ਰੀਏ ਤੋਂ ਵੇਖਿਆ ਜਾਏ,” ਦੁਸਰੇ ਨੇ ਉਹਦੀ ਗਲਤੀ ਸੁਧਾਰੀ, “ਤਾਂ ਦਾਗਿਸਤਾਨ ਵਿਚ ਸਿਰਫ ਇਕ ਆਦਮੀ ਰਹਿੰਦੈ, ਕਿਉਂਕਿ ਬੁਰੇ ਆਦਮੀ ਤਾਂ ਆਦਮੀ ਹੀ ਨਹੀਂ ਹੁੰਦੇ।”
ਕੁਸ਼ੀਨ ਦੇ ਕਾਰੀਗਰ ਸਮੂਰ ਦੀਆਂ ਟੋਪੀਆਂ ਬਣਾਉਂਦੇ ਹਨ, ਪਰ ਕੁਝ ਲੋਕ ਤਾਂ ਉਨ੍ਹਾਂ ਨੂੰ ਸਿਰ ਤੇ ਪਾਉਂਦੇ ਹਨ, ਜਦੋਂ ਕਿ ਬਾਕੀ ਕਿੱਲੀਆਂ ਉਤੇ ਟੰਗਦੇ ਹਨ।
ਅਮਗੂਜ਼ਿਨ ਦੇ ਲੋਹਾਰ ਖੰਜਰ ਬਣਾਉਂਦੇ ਹਨ, ਪਰ ਕੁਝ ਲੋਕ ਤਾਂ ਉਨ੍ਹਾਂ ਨੂੰ ਆਪਣੀਆਂ ਲੱਕ ਨਾਲ ਬੰਨ੍ਹੀਆਂ ਪੇਟੀਆਂ ਵਿਚ ਲਟਕਾਉਂਦੇ ਹਨ ਪਰ ਕੁਝ ਕਿੱਲਾਂ ਨਾਲ।
ਆਂਦੀ ਦੇ ਕਾਰੀਗਰ ਲਬਾਦੇ ਬਣਾਉਂਦੇ ਹਨ ਪਰ ਕੁਝ ਤਾਂ ਉਨ੍ਹਾਂ ਨੂੰ ਭੈੜੇ ਮੌਸਮ ਵਿਚ ਪਾ ਲੈਂਦੇ ਹਨ ਜਦੋਂ ਕਿ ਬਾਕੀ ਸੰਦੂਕਾਂ ਵਿਚ ਲੁਕੋ ਕੇ ਰੱਖ ਦਿੰਦੇ ਹਨ।
ਲੋਕਾਂ ਬਾਰੇ ਵੀ ਇਹੀ ਸਹੀ ਹੈ ਕੁਝ ਤਾਂ ਹਮੇਸ਼ਾਂ ਕੰਮ ਕਾਰ ਵਿਚ ਜੁਟੇ ਰਹਿੰਦੇ ਹਨ, ਧੁੱਪ ਤੇ ਹਵਾ ਦਾ ਸਾਹਮਣਾ ਕਰਦੇ ਹਨ, ਜਦੋਂ ਕਿ ਬਾਕੀ ਸੰਦੂਕਾਂ ਵਿਚ ਬੰਦ ਪਏ ਲਬਾਦੇ, ਕਿੱਲੀ ਉਤੇ ਟੰਗੀ ਸਮੂਰ ਦੀ ਟੋਪੀ ਅਤੇ ਕਿੱਲ ਨਾਲ ਲਟਕਦੇ ਖੰਜਰ ਵਰਗੇ ਹਨ।
ਇਕ ਤਰ੍ਹਾਂ ਇੰਜ ਕਿਹਾ ਜਾ ਸਕਦਾ ਹੈ ਜਿਵੇਂ ਤਿੰਨ ਤਰ੍ਹਾਂ ਦੇ ਅਕਲਮੰਦ ਬਜ਼ੁਰਗ ਦਾਗਿਸਤਾਨ ਉਤੇ ਨਜ਼ਰ ਟਿਕਾਈ ਬੈਠੇ ਹਨ। ਜਾਣੋ ਉਹ ਕਈ ਸਦੀਆਂ ਜਿਉਂ ਚੁੱਕੇ ਹਨ, ਉਨ੍ਹਾਂ ਨੇ ਸਭ ਕੁਝ ਵੇਖਿਆ ਹੋਇਆ ਹੈ ਅਤੇ ਉਹ ਸਭ ਕੁਝ ਜਾਣਦੇ ਹਨ। ਉਨ੍ਹਾਂ ਵਿਚੋਂ ਇਕ ਇਤਿਹਾਸ ਦੀਆਂ ਡੂੰਘਾਈਆਂ ਵਿਚ ਜਾ ਕੇ ਪਰਾਚੀਨ ਕਬਰਾਂ ਉਤੇ ਨਜ਼ਰ ਮਾਰ ਕੇ ਅਤੇ ਆਕਾਸ਼ ਵਿਚ ਉੱਡਦੇ ਹੋਏ ਪੰਛੀਆਂ ਦੇ ਬਾਰੇ ਸੋਚਦਿਆਂ ਹੋਇਆਂ ਕਹਿੰਦਾ ਹੈ—
“ਦਾਗਿਸਤਾਨ ਵਿਚ ਕਦੇ ਅਸਲੀ ਇਨਸਾਨ ਹੁੰਦੇ ਸਨ।” ਦੂਜਾ ਬਜ਼ੁਰਗ ਅੱਜ ਦੀ ਦੁਨੀਆਂ ਉਤੇ ਨਜ਼ਰ ਮਾਰਦਿਆਂ ਹੋਇਆਂ, ਦਾਗਿਸਤਾਨ ਵਿਚ ਜਗਮਗਾਉਂਦੀਆਂ ਬੱਤੀਆਂ ਵੱਲ ਇਸ਼ਾਰਾ ਕਰਦਿਆਂ ਹੋਇਆਂ, ਅਤੇ ਦਲੇਰਾਂ-ਬਹਾਦਰਾਂ ਦੇ ਨਾਂਅ ਲੈਂਦਿਆਂ ਹੋਇਆਂ ਕਹਿੰਦਾ ਹੈ—“ ਹਾਂ, ਦਾਗਿਸਤਾਨ ਵਿਚ ਇਨਸਾਨ ਹੈਣ।” ਤੀਜੀ ਤਰ੍ਹਾਂ ਦਾ ਬਜ਼ੁਰਗ ਮਨ ਵਿਚ ਹੀ ਭਵਿੱਖ ਤੇ ਨਜ਼ਰ ਮਾਰਦਿਆਂ ਹੋਇਆਂ, ਉਸ ਨੀਂਹ ਦਾ ਮੁਲਾਂਕਣ ਕਰਦਿਆਂ ਹੋਇਆਂ ਜਿਹੜੀ ਅਸੀਂ ਭਵਿੱਖ ਵਾਸਤੇ ਅੱਜ ਰੱਖੀ ਹੈ, ਇਹ ਕਹਿੰਦਾ ਹੈ—“ ਦਾਗਿਸਤਾਨ ਵਿਚ ਕਦੇ ਇਨਸਾਨ ਹੋਇਆ ਕਰਨਗੇ।”
ਸ਼ਾਇਦ ਤਿੰਨਾਂ ਹੀ ਤਰ੍ਹਾਂ ਦੇ ਬਜ਼ੁਰਗ ਸਹੀ ਹਨ।
ਕੁਝ ਸਮਾਂ ਪਹਿਲਾਂ ਪਰਸਿੱਧ ਪੁਲਾੜ ਯਾਤਰੀ ਆਂਦਰਿਆਨ ਨਿਕੋਲਾਯੇਵ ਦਾਗਿਸਤਾਨ ਤਸ਼ਰੀਫ਼ ਲਿਆਏ। ਉਹ ਮੇਰੇ ਘਰ ਵੀ ਆਏ। ਮੇਰੀ ਛੋਟੀ ਧੀ ਨੇ ਪੁੱਛਿਆ-
“ਭਲਾ ਦਾਗਿਸਤਾਨ ਦਾ ਕੋਈ ਆਪਣਾ ਪੁਲਾੜ ਯਾਤਰੀ ਨਹੀਂ ਹੈਗਾ?”
“ਨਹੀਂ,” ਮੈਂ ਜਵਾਬ ਦਿੱਤਾ।
“ਹੋਵੇਗਾ?”
“ਹਾਂ, ਹੋਵੇਗਾ।”
ਇਸ ਲਈ ਹੋਵੇਗਾ ਕਿ ਬੱਚੇ ਜਨਮ ਲੈਂਦੇ ਹਨ, ਅਸੀਂ ਉਨ੍ਹਾਂ ਨੂੰ ਨਾਂਅ ਦਿੰਦੇ ਹਾਂ, ਉਹ ਵਡੇ ਹੁੰਦੇ ਹਨ, ਅਤੇ ਸਾਡੇ ਦੇਸ਼ ਨਾਲ ਕਦਮ ਮਿਲਾ ਕੇ ਚਲਦੇ ਹਨ। ਹਰ ਕਦਮ ਦੇ ਵਧਣ ਤੇ ਉਹ ਆਪਣੇ ਇੱਛਤ ਨਿਸ਼ਾਨੇ ਦੇ ਨੇੜੇ ਪਹੁੰਚਦੇ ਜਾਂਦੇ ਹਨ। ਸਾਡੀ ਤਾਂ ਇਹੀ ਕਾਮਨਾ ਹੈ ਕਿ ਦੂਸਰੀਆਂ ਥਾਵਾਂ ਉਤੇ ਦਾਗਿਸਤਾਨ ਦੇ ਬਾਰੇ ਉਹੋ ਜਿਹਾ ਹੀ ਕਿਹਾ ਜਾਏ ਜਿਹੋ ਜਿਹਾ ਅਸੀਂ ਉਸ ਪਿੰਡ ਦੇ ਸਬੰਧ ਵਿਚ ਕਹਿੰਦੇ ਹਾਂ ਜਿਸ ਵਿਚ ਅਮਨ ਕਾਨੂੰਨ ਹੈ- ਉੱਥੇ ਇਨਸਾਨ ਹਨ।
ਜਨਗਣ
“ਇਹ ਦੱਸ ਭਲਾ ਅਮਰੀਕਾ ਸਾਡੇ ਦੇਸ਼ ਜਿੰਨਾਂ ਈ ਵੱਡਾ ਏ? ਓਥੇ ਜ਼ਿਆਦਾ ਆਬਾਦੀ ਏ ਜਾਂ ਸਾਡੇ ਏਥੇ?” 1959 ਵਿਚ ਅਮਰੀਕਾ ਤੋਂ ਵਾਪਸ ਆਉਣ ਤੇ ਮੇਰੀ ਮਾਤਾ ਜੀ ਨੇ ਮੈਥੋਂ ਪੁੱਛਿਆ।
ਆਪਣਾ ਮਨ ਪਰਚਾਏ ਬਿਨ ਸ਼ੋਰ ਮਚਾਏ
ਹੰਝੂ ਬਿਨਾਂ ਵਹਾਏ ਰੋ ਲੈਂਦਾ ਏ,
ਚੁੱਪ ਕੀਤਾ ਮਰ ਜਾਏ, ਪਰ ਕਹੇ ਨਾ ਹਾਏ,
ਏਹੋ ਜੇਹਾ ਲੋਕ, ਪਹਾੜੀ ਬੰਦਾ ਏ।
ਰਾਤ ਦੇ ਸੰਨਾਟੇ ਅਤੇ ਸੁੱਤੇ ਹੋਏ ਪਿੰਡ ਵਿਚ ਭਾਵੇਂ ਮੀਂਹ ਪੈ ਰਿਹਾ ਹੋਵੇ ਜਾਂ
ਵਧੀਆ ਮੌਸਮ ਹੋਵੇ, ਖਿੜਕੀ ਉਤੇ ਹਲਕੀ ਜਿਹੀ ਦਸਤਕ ਹੁੰਦੀ ਹੈ।
“ਕਿਉਂ ਬਈ, ਇੱਥੇ ਮਰਦ ਹੈ ਕੋਈ? ਘੋੜੇ ਉਤੇ ਜ਼ੀਨ ਕੱਸੋ।”
” ਤੂੰ ਕੌਣ ਏ?”
“ਜੇ ਇਹ ਪੁੱਛਨੈਂ ਪਈ ਮੈਂ ਕੌਣ ਆਂ ਤਾਂ ਘਰ ਈ ਰਹਿ। ਤੇਰਾ ਕੋਈ ਫਾਇਦਾ
ਨਹੀਂ ਹੋਣਾ।”
ਫੇਰ ਦੂਜੀ ਖਿੜਕੀ ਉਤੇ ਦਸਤਕ ਹੁੰਦੀ ਹੈ-“ਠਕ-ਠਕ।”
“ਕਿਉਂ ਬਈ, ਇਸ ਘਰ ਵਿਚ ਕੋਈ ਮਰਦ ਹੈ? ਘੋੜੇ ਤੇ ਜ਼ੀਨ ਕੱਸੋ”
“ਕਿੱਥੇ ਜਾਣ ਲਈ? ਕਾਹਦੇ ਲਈ?”
“ਜੇ ‘ਕਿਥੇ’ ਅਤੇ ‘ਕਾਹਦੇ ਲਈ’ ਪੁੱਛਨੈਂ ਤਾਂ ਘਰ ਹੀ ਰਹਿ। ਤੇਰਾ ਕੋਈ ਫਾਇਦਾ ਨਹੀਂ ਹੋਣਾ।”
ਤੀਜੀ ਖਿੜਕੀ ਉਤੇ ਦਸਤਕ ਹੁੰਦੀ ਹੈ।
“ਕਿਉਂ ਬਈ, ਇਸ ਘਰ ਵਿਚ ਕੋਈ ਮਰਦ ਹੈ? ਘੋੜੇ ਉਤੇ ਜ਼ੀਨ ਕੱਸੋ!”
“ਹੁਣੇ ਲੈ, ਮੈਂ ਤਿਆਰ ਹਾਂ।”
ਤਾਂ ਇਹ ਮਰਦ ਹੈ, ਇਹ ਪਹਾੜੀ ਆਦਮੀ ਹੈ। ਅਤੇ ਇਹ ਦੋਵੇਂ ਚਲ ਪੈਂਦੇ ਹਨ। ਫੇਰ ਠੱਕ-ਠੱਕ। “ਏਥੇ ਕੋਈ ਮਰਦ ਹੈ? ਘੋੜੇ ਉਤੇ ਜ਼ੀਨ ਕੱਸੋ।” ਅਤੇ ਹੁਣ ਉਹ ਦੋ ਨਹੀਂ, ਤਿੰਨ ਨਹੀਂ, ਦਸ ਨਹੀਂ ਸਗੋਂ ਸੈਂਕੜੇ ਅਤੇ ਹਜ਼ਾਰਾਂ ਹਨ। ਉਕਾਬ ਦੇ ਕੋਲ ਉਕਾਬ ਉੱਡ ਕੇ ਆ ਗਿਆ, ਇਕ ਵਿਅਕਤੀ ਦੇ ਪਿੱਛੇ ਦੂਜਾ ਵਿਅਕਤੀ ਤੁਰ ਪਿਆ। ਇਸ ਤਰ੍ਹਾਂ ਦਾਗਿਸਤਾਨ ਦੇ ਜਨਗਣ ਇਸ ਦੀ ਜਨਤਾ ਨੇ ਸ਼ਕਲ ਅਖ਼ਤਿਆਰ ਕੀਤੀ। ਵਾਦੀ ਵਿਚੋਂ ਆਉਣ ਵਾਲੀਆਂ ਹਵਾਵਾਂ ਪੰਘੂੜੇ ਦੇ ਝੂਟੇ ਦਿੰਦੀਆਂ ਹਨ, ਪਹਾੜੀ ਲੋਰੀ ਗਾਉਂਦੀਆਂ J어-
“ ਤੂੰ ਕਿੱਥੇ ਗਿਆ ਸੈਂ, ਡਿੰਗੀਰ- ਡਾਂਗਾਰਚੂ?”
“ਮੈਂ ਬੇਲੇ ਗਿਆ ਸਾਂ, ਡਿੰਗੀਰ- ਡਾਂਗਾਰਚੂ।”
ਪੁੱਤਰ ਦਾ ਜਨਮ ਹੋਇਆ—ਉਹਦੇ ਸਿਰ੍ਹਾਣੇ ਹੇਠਾਂ ਖੰਜਰ ਰੱਖ ਦਿੱਤਾ ਗਿਆ। ਖੰਜਰ ਉਤੇ ਇਹ ਲਿਖਿਆ ਸੀ-“ਤੇਰੇ ਪਿਤਾ ਦਾ ਇਹੋ ਜਿਹਾ ਹੱਥ ਸੀ ਜਿਸ ਵਿਚ ਤੂੰ ਕੰਬਦਾ ਨਹੀਂ ਸੀ। ਭਲਾ ਤੇਰਾ ਹੱਥ ਵੀ ਇਹੋ ਜਿਹਾ ਹੋਵੇਗਾ?”
ਧੀ ਦਾ ਜਨਮ ਹੋਇਆ, ਪੰਘੂੜੇ ਉੱਤੇ ਇਕ ਘੰਟੀ ਲਟਕਾ ਦਿੱਤੀ ਗਈ। ਜਿਹਦੇ ਉਤੇ ਲਿਖਿਆ ਸੀ-“ ਸੱਤ ਭਰਾਵਾਂ ਦੀ ਭੈਣ ਹੋਵੇਗੀ।”
ਇਕ ਚੱਟਾਨ ਤੋਂ ਦੂਜੀ ਚੱਟਾਨ ਤੱਕ ਫੈਲਾਈਆਂ ਗਈਆਂ ਰੱਸੀਆਂ ਦੇ ਸਹਾਰੇ ਘਾਟੀ ਵਿਚ ਪੰਘੂੜੇ ਝੂਲਦੇ ਹਨ। ਪੁੱਤਰ ਵੱਡੇ ਹੋ ਰਹੇ ਹਨ। ਧੀਆਂ ਵੀ ਵੱਡੀਆਂ ਹੋ ਰਹੀਆਂ ਹਨ। ਦਾਗਿਸਤਾਨ ਦੇ ਜਨਗਣ ਵੱਡੇ ਹੋ ਗਏ। ਉਨ੍ਹਾਂ ਦੀਆਂ ਮੁੱਛਾਂ ਵੀ ਵੱਡੀਆਂ ਹੋ ਗਈਆਂ, ਹੁਣ ਉਨ੍ਹਾਂ ਤੇ ਤਾਅ ਦਿੱਤਾ ਜਾ ਸਕਦਾ ਹੈ।
ਦਾਗਿਸਤਾਨ ਵਿਚ ਸੋਲਾਂ ਲੱਖ ਬਹੱਤਰ ਹਜ਼ਾਰ ਲੋਕ ਹੋ ਗਏ। ਦੂਰ ਦੂਰ ਦੇ ਪਹਾੜਾਂ ਤੱਕ ਉਨ੍ਹਾਂ ਦੀ ਮਸ਼ਹੂਰੀ ਹੋ ਗਈ। ਇਸ ਮਸ਼ਹੂਰੀ ਨਾਲ ਕਦੇ ਨਾ ਤਰਿਪਤ ਹੋਣ ਵਾਲੇ ਮੁਹਿੰਮਬਾਜ਼ਾਂ ਦੇ ਮੂੰਹ ਵਿਚ ਪਾਣੀ ਭਰ ਆਇਆ। ਅਤੇ ਉਨ੍ਹਾਂ ਨੇ ਦਾਗਿਸਤਾਨ ਵੱਲ ਆਪਣੇ ਲਾਲਚੀ ਹੱਥ ਵਧਾਏ।
ਦਾਗਿਸਤਾਨੀਆਂ ਨੇ ਆਖਿਆ-“ਸਾਨੂੰ ਸਾਡੇ ਘਰਾਂ ਵਿਚ ਮਾਵਾਂ-ਪਿਉਵਾਂ ਅਤੇ ਬੀਵੀਆਂ ਨਾਲ ਚੈਨ ਨਾਲ ਰਹਿਣ ਦਿਉ। ਸਾਡੀ ਗਿਣਤੀ ਤਾਂ ਉਂਜ ਵੀ ਘੱਟ ਏ।”
ਪਰ ਦੁਸ਼ਮਣਾਂ ਨੇ ਜਵਾਬ ਦਿੱਤਾ-“ਜੇ ਤੁਹਾਡੀ ਗਿਣਤੀ ਘੱਟ ਏ ਤਾਂ ਅਸੀਂ ਤੁਹਾਡੇ ਦੋ ਦੋ ਟੁਕੜੇ ਕਰ ਦੇਨੇ ਆਂ ਤੇ ਤੁਹਾਡੀ ਗਿਣਤੀ ਦੁੱਗਣੀ ਹੋ ਜਾਵੇਗੀ।”
ਲੜਾਈਆਂ ਸ਼ੁਰੂ ਹੋ ਗਈਆਂ।
ਦਾਗਿਸਤਾਨ ਵਿਚ ਅੱਗਾਂ ਭੜਕਣ ਲੱਗੀਆਂ, ਦਾਗਿਸਤਾਨ ਧੂ-ਧੂ ਕਰਕੇ ਬਲਣ ਲੱਗਾ। ਪਹਾੜੀ ਢਲਵਾਣਾਂ, ਘਾਟੀਆਂ-ਦਰੱਰਿਆਂ ਵਿਚ ਅਤੇ ਚੱਟਾਨਾਂ ਉੱਤੇ ਦਾਗਿਸਤਾਨ ਦੇ ਸਭ ਤੋਂ ਵਧੀਆ ਇਕ ਲੱਖ ਸਪੁੱਤਰ, ਇਕਦਮ ਜਵਾਨ, ਮਜ਼ਬੂਤ ਅਤੇ ਦਲੇਰ ਬੇਟੇ ਰਣਖੇਤਰ ਵਿਚ ਜੂਝ ਮਰੇ।
ਪਰ ਦਸ ਲੱਖ ਦਾਗਿਸਤਾਨੀ ਜਿਉਂਦੇ ਬਚੇ ਰਹਿ ਗਏ। ਹਵਾਵਾਂ ਪਹਿਲਾਂ ਵਾਂਗ ਹੀ ਪੰਘੂੜੇ ਝੂਟਾਉਂਦੀਆਂ ਰਹੀਆਂ, ਲੋਰੀਆਂ ਗਾਈਆਂ ਜਾਂਦੀਆਂ ਰਹੀਆਂ, ਇਕ ਲੱਖ ਨਵੇਂ ਦਾਗਿਸਤਾਨੀ ਬੇਟੇ ਖੜ੍ਹੇ ਹੋ ਗਏ, ਉਨ੍ਹਾਂ ਨੂੰ ਰਣਖੇਤਰ ਵਿਚ ਜੂਝ ਮਰਨ ਵਾਲੇ ਸੂਰਮਿਆਂ ਦੇ ਨਾਂਅ ਦਿੱਤੇ ਗਏ। ਫਿਰ ਦਾਗਿਸਤਾਨ ਉਤੇ ਹਮਲਾ ਕਰ ਦਿੱਤਾ ਗਿਆ।
ਬਹੁਤ ਵੱਡੀ ਲੜਾਈ ਹੋਈ, ਲੜਾਈ ਦਾ ਬਹੁਤ ਭਾਰੀ ਸ਼ੋਰ ਸ਼ਰਾਬਾ ਰਿਹਾ। ਵੱਢੇ ਹੋਏ ਸਿਰ ਪੱਥਰਾਂ ਵਾਂਗ ਦਰੱਰਿਆਂ ਅਤੇ ਘਾਟੀਆਂ ਵਿਚ ਰਿੜ੍ਹਦੇ ਰਹੇ। ਦਾਗਿਸਤਾਨ ਦੇ ਸਭ ਤੋਂ ਵਧੀਆ ਇਕ ਲੱਖ ਸਪੁੱਤਰ ਸ਼ਹੀਦ ਹੋ ਗਏ। ਇਕ ਲੱਖ ਫੌਜੀ, ਇਕ ਲੱਖ ਹਾਲੀ, ਇਕ ਲੱਖ ਵਰ, ਇਕ ਲੱਖ ਪਿਤਾ।
ਪਰ ਦਸ ਲੱਖ ਬਚੇ ਰਹਿ ਗਏ। ਪੰਘੂੜੇ ਝੂਲਦੇ ਰਹੇ, ਗਾਣੇ ਗਾਏ ਜਾਂਦੇ ਰਹੇ। ਜਵਾਨ ਸੂਰਮੇ ਆਪਣੀਆਂ ਮਹਿਬੂਬਾਂ ਨੂੰ ਭਜਾ ਕੇ ਲੈ ਜਾਂਦੇ ਰਹੇ। ਇਕੋ ਹੀ ਲਬਾਦੇ ਹੇਠਾਂ ਜਿਸਮ ਗਰਮਾਉਂਦੇ ਅਤੇ ਜੱਫੀਆਂ ਪਾਉਂਦੇ ਰਹੇ, ਦਾਗਿਸਤਾਨ ਦੇ ਵੰਸ਼ ਵਿਚ ਵਾਧਾ ਕਰਦੇ ਰਹੇ। ਇਕ ਲੱਖ ਨਵੇਂ ਧੀਆਂ ਪੁੱਤਰਾਂ ਦਾ ਜਨਮ ਹੋਇਆ, ਇਕ ਲੱਖ ਦਾਤਰੀਆਂ, ਖੰਜਰ, ਪੰਦੂਰੇ ਅਤੇ ਡਫਲੀਆਂ ਸਾਮ੍ਹਣੇ ਆ ਗਈਆਂ।
ਫਿਰ ਇਕ ਨਵਾਂ ਯੁੱਧ ਸ਼ੁਰੂ ਹੋਇਆ। ਘਾਟੀਆਂ ਵਿਚ ਅਤੇ ਪਹਾੜੀ ਰਸਤਿਆਂ ਉਤੇ ਤੋਪਾਂ ਦਨਦਨਾ ਉੱਠੀਆਂ। ਪਹਾੜੀ ਜੰਗਲਾਂ ਦੀਆਂ ਢਲਾਣਾਂ ਉਤੇ ਕੁਹਾੜੇ ਚੱਲਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਸੰਗੀਨਾਂ ਚਮਕ ਉੱਠੀਆਂ, ਗੋਲੀਆਂ ਠਾਏਂ ਠਾਏਂ ਕਰਨ ਲੱਗੀਆਂ।
ਉਦੋਂ ਯੁਰਾਲ ਤੋਂ ਲੈ ਕੇ ਡੇਨਯੂਬ ਤਾਈ,
ਚੌੜੀ ਨਦੀ ਦੇ ਆਰ ਤੋਂ ਪਾਰ ਤਾਈਂ,
ਫੌਜਾਂ ਫੌਜਾਂ ਹੀ ਵਧਦੀਆਂ ਜਾਂਦੀਆਂ ਸਨ,
ਚਮਕ ਚਮਕ ਸੰਗੀਨਾਂ ਡਰਾਉਂਦੀਆਂ ਸਨ।
ਸਾਫ ਚਿੱਟੀਆਂ ਟੋਪੀਆਂ ਲਹਿਰਾਉਂਦੀਆਂ ਸਨ,
ਹਰੀ ਘਾਹ ਜਿਹੀਆਂ ਵਲ ਖਾਂਦੀਆਂ ਸਨ।
ਧੂੜ ਜਿਨ੍ਹਾਂ ਦੇ ਘੋੜੇ ਉਡਾਂਵਦੇ ਸਨ,
ਉਹ ਉਲਾਨ* ਵੀ ਵਧਦੇ ਜਾਂਵਦੇ ਸਨ।
ਸਜ-ਧਜ, ਜੁੜ-ਜੁੜ ਤੁਰਦੀਆਂ ਨੇ,
ਫੌਜਾਂ ਕਦਮ ਮਿਲਾ ਕੇ ਵਧਦੀਆਂ ਨੇ,
ਝੰਡੇ ਉਨ੍ਹਾਂ ਦੇ ਅੱਗੇ ਲਹਿਰਾਂਵਦੇ ਨੇ,
ਪਏ ਢੋਲਚੀ ਢੋਲ ਵਜਾਂਵਦੇ ਨੇ।
ਤੋਪਾਂ ਉਨ੍ਹਾਂ ਦੀਆਂ ਸ਼ੋਰ ਮਚਾਉਂਦੀਆਂ ਨੇ।
ਗੋਲੇ ਦਨਾਦਨ ਵਰਾਉਂਦੀਆਂ ਨੇ।
ਸਰਨ ਸਰਨ ਪਲੀਤੇ ਪਏ ਬਲਦੇ,
ਧਾਏ ਧਾਏਂ ਗੋਲੇ ਵੀ ਪਏ ਚਲਦੇ।
ਵਾਲਾਂ ਚਿੱਟਿਆਂ ਵਾਲਾ ਜਰਨੈਲ ਏ ਉਹ,
ਜਿਹੜਾ ਕਰਦਾ ਪਿਆ ਅਗਵਾਈ ਏ ਜੀ।
ਅੱਖਾਂ ਉਹਦੀਆਂ ਵਿਚੋਂ ਅੰਗਾਰ ਵਰ੍ਹਦੇ,
ਅੱਗ ਨਜ਼ਰ ਨੂੰ ਦਿੰਦੀ ਦਿਖਾਈ ਏ ਜੀ।
ਫੌਜਾਂ ਵਧਦੀਆਂ ਏਦਾਂ ਨਾਲ ਕਹਿਰਾਂ,
ਜਿਵੇਂ ਤੇਜ਼ ਦਹਾੜਦੀਆਂ ਜਲ-ਲਹਿਰਾਂ।
ਵਾਂਗ ਬਦਲਾਂ ਛਾਂਦੀਆਂ ਜਾਂਦੀਆਂ ਨੇ,
ਘੋਰ ਘਟਾ ਤਰ੍ਹਾਂ ਗੜਗੜਾਂਦੀਆਂ ਨੇ,
ਵਲ ਪੂਰਬ ਦੇ ਵਧਦੀਆਂ ਜਾਣ ਉਹੋ,
ਬੁਰੇ ਬੁਰੇ ਮਨਸੂਬੇ ਬਣਾਉਣ ਉਹੋ।
ਦੁੱਖ ਚਿੰਤਾ ਵਿਚ ਕਜ਼ਬੇਕ** ਡੁੱਬਿਆ
ਵੇਖ ਦੁਸ਼ਮਣਾਂ ਨੂੰ ਘਬਰਾਉਂਦਾ ਏ।
ਪਤਾ ਲੱਗੇ ਨਾ ਗਿਣਤੀ ਹੈ ਕਿੰਨੀ,
ਪਰ ਗਿਣਤੀ ਕਰਨੀ ਉਹ ਚਾਹੁੰਦਾ ਏ।
ਹਾਂ, ਉਨ੍ਹਾਂ ਦੀ ਗਿਣਤੀ ਕਰਨੀ ਮੁਸ਼ਕਲ ਸੀ। ਸਾਡੇ ਗੀਤਾਂ ਵਿਚ ਇਹ ਗਾਇਆ ਜਾਂਦਾ ਹੈ ਕਿ ਸਾਡੇ ਇਕ ਬੰਦੇ ਨੂੰ ਇਕ ਸੰ ਦੁਸ਼ਮਣਾਂ ਦਾ ਸਾਹਮਣਾ ਕਰਨਾ ਪਿਆ। “ਇਕ ਹੱਥ ਵੱਢਿਆ ਜਾਂਦਾ ਤਾਂ ਉਹ ਦੂਸਰੇ ਹੱਥ ਨਾਲ ਲੜਦਾ, ਸਿਰ ਵੱਢਿਆ ਜਾਂਦਾ ਤਾਂ ਉਹਦਾ ਧੜ ਲੜਦਾ ਰਹਿੰਦਾ,” ਬੁੱਢੇ ਉਸ ਯੁੱਧ ਦੇ ਬਾਰੇ ਇਹੋ ਜਿਹੀਆਂ ਗੱਲਾਂ ਦੱਸਦੇ ਸਨ। ਮਰਿਆਂ ਹੋਇਆਂ ਘੋੜਿਆਂ ਨਾਲ ਰਾਹ ਅਤੇ ਦਰਰੇ ਡੱਕੇ ਜਾਂਦੇ ਸਨ, ਫੌਜੀ ਉੱਚੀਆਂ ਉੱਚੀਆਂ ਚੱਟਾਨਾਂ ਤੋਂ ਸੰਗੀਨਾਂ ਉਤੇ ਛਾਲ ਮਾਰਦੇ ਸਨ। ਸਾਨੂੰ ਇਹ ਕਿਹਾ ਜਾਂਦਾ ਸੀ ਕਿ ਖੂਨ ਵਹਾਉਣਾ ਬੰਦ ਕਰੋ। ਵਿਰੋਧ ਕਰਨ ਵਿਚ ਕੋਈ ਤੁੱਕ ਨਹੀਂ। ਕਿੱਥੇ ਜਾਓਗੇ ਤੁਸੀਂ? ਤੁਹਾਡੇ ਖੰਭ ਨਹੀਂ ਲੱਗੇ ਹੋਏ ਕਿ ਅਸਮਾਨ ਵਿਚ ਉੱਡ ਜਾਓਗੇ। ਤੁਹਾਡੇ ਇਹੋ ਜਿਹੇ ਨਹੁੰ ਨਹੀਂ ਕਿ ਧਰਤੀ ਨੂੰ ਪੁੱਟ ਕੇ ਉਹਦੇ ਵਿਚ ਸਮਾ ਜਾਉਗੇ।
ਪਰ ਸ਼ਾਮੀਲ ਜਵਾਬ ਦਿੰਦਾ ਸੀ-
“ਮੇਰੀ ਤਲਵਾਰ ਖੰਭ ਏ, ਸਾਡੇ ਖੰਜਰ ਤੇ ਤੀਰ ਸਾਡੇ ਨਹੁੰ ਨੇ।”
ਪੱਚੀ ਸਾਲ ਤਕ ਪਹਾੜੀ ਲੋਕ ਸ਼ਾਮੀਲ ਦੀ ਅਗਵਾਈ ਵਿਚ ਲੜਦੇ ਰਹੇ। ਇਨ੍ਹਾਂ ਸਾਲਾਂ ਦੌਰਾਨ ਨਾ ਸਿਰਫ ਦਾਗਿਸਤਾਨ ਦਾ ਬਾਹਰੀ ਰੰਗ ਰੂਪ ਹੀ ਬਦਲਿਆ ਸਗੋਂ ਥਾਵਾਂ ਅਤੇ ਨਦੀਆਂ ਦੇ ਨਾਂਅ ਵੀ ਬਦਲ ਗਏ। ਅਵਾਰ-ਕੋਈਸੂ ਦਾ ਨਾਂਅ ਕਾਰਾ-ਕੋਇਸੂ ਯਾਨੀ ਕਾਲੀ ਨਦੀ ਹੋ ਗਿਆ। “ਜ਼ਖਮੀ ਚੱਟਾਨਾਂ” ਅਤੇ “ਮੌਤ ਦਾ ਦਰਰਾ” ਪਰਗਟ ਹੋ ਗਿਆ, ਵਾਲੇਰਿਕ ਨਦੀ ਮਸ਼ਹੂਰ ਹੋ ਗਈ। ਸ਼ਾਮੀਲ ਦੀ ਪਗਡੰਡੀ, ਸ਼ਾਮੀਲ ਦਾ ਰਾਹ ਅਤੇ ਸ਼ਾਮੀਲ ਦਾ ਨਾਚ ਲੋਕਾਂ ਦੀ ਯਾਦ ਵਿਚ ਉੱਕਰਿਆ ਗਿਆ।
ਗੁਨੀਬ ਪਰਬਤ ਇਸ ਯੁੱਧ ਦੇ ਅਪਾਰ ਦੁੱਖ ਦਾ ਸਿਖਰ ਬਣ ਕੇ ਰਹਿ ਗਿਆ। ਇਮਾਮ ਨੇ ਇਸੇ ਦੀ ਚੋਟੀ ਤੇ ਆਖਰੀ ਵਾਰ ਇਬਾਦਤ ਕੀਤੀ ਸੀ। ਇਬਾਦਤ ਦੇ ਵਕਤ ਉਤਾਂਹ ਉੱਠੇ ਹੋਏ ਹੱਥਾਂ ਵਿਚ ਗੋਲੀ ਲੱਗ ਗਈ। ਸ਼ਾਮੀਲ ਕੰਬਿਆ ਨਹੀਂ ਅਤੇ ਉਹਨੇ ਆਪਣੀ ਨਮਾਜ਼ ਜਾਰੀ ਰੱਖੀ। ਇਮਾਮ ਸ਼ਾਮੀਲ ਦੇ ਗੋਡਿਆਂ ਅਤੇ ਉਸ ਸਿਲ ਉਤੇ, ਜਿਸ ਉਤੇ ਉਹ ਖਲੋਤਾ ਸੀ, ਲਹੂ ਡਿੱਗਦਾ ਰਿਹਾ। ਜ਼ਖਮੀ ਇਮਾਮ ਨੇ ਆਪਣੀ ਨਮਾਜ਼ ਪੂਰੀ ਕੀਤੀ। ਜਦੋਂ ਉਹ ਉੱਠ ਕੇ ਖਲੋਤਾ ਤਾਂ ਲੋਕਾਂ ਨੇ ਕਿਹਾ-
“ਤੂੰ ਜ਼ਖਮੀ ਏਂ, ਇਮਾਮ।”
“ਇਹ ਜ਼ਖਮ ਤਾਂ ਮਾਮੂਲੀ ਜਿਹਾ ਈ ਏ ਠੀਕ ਹੋ ‘ਜੇਗਾ।” ਸ਼ਾਮੀਲ ਨੇ ਮੁੱਠੀ ਕੁ ਘਾਹ ਤੋੜਿਆ ਅਤੇ ਹੱਥਾਂ ‘ਚੋਂ ਵਗ ਰਹੇ ਖੂਨ ਨੂੰ ਪੂੰਝਣ ਲੱਗਾ। “ਦਾਗਿਸਤਾਨ ਲਹੂ ਲੁਹਾਨ ਹੋ ਰਿਹਾ ਏ। ਇਸ ਜ਼ਖਮ ਦਾ ਇਲਾਜ ਕਿਤੇ ਜ਼ਿਆਦਾ ਮੁਸ਼ਕਲ ਏ।”
ਇਸ ਮੁਸ਼ਕਲ ਘੜੀ ਵਿਚ ਇਮਾਮ ਨੇ ਸਹਾਇਤਾ ਲਈ ਆਪਣੇ ਉਨ੍ਹਾਂ ਸੂਰਮਿਆ ਨੂੰ ਸੱਦਾ ਦਿੱਤਾ ਜਿਹੜੇ ਬਹੁਤ ਪਹਿਲਾਂ ਹੀ ਕਬਰਾਂ ਵਿਚ ਜਾ ਚੁੱਕੇ ਸਨ। ਉਹਨੇ ਉਨ੍ਹਾਂ ਨੂੰ ਦਰਖਾਸਤ ਕੀਤੀ ਜਿਨ੍ਹਾਂ ਨੇ ਅਖੂਲਗੇ ਵਿਚ ਆਪਣੇ ਪਰਾਣ ਦੇ ਦਿੱਤੇ ਸਨ। ਉਨ੍ਹਾਂ ਨੂੰ ਜਿਨ੍ਹਾਂ ਨੇ ਖੂੰਹ ਵਿਚ ਆਪਣੇ ਪਰਾਣ ਦੇ ਦਿੱਤੇ ਸਨ, ਉਨ੍ਹਾਂ ਨੂੰ ਜਿਹੜੇ ਸਾਲਟੀ ਪਿੰਡ ਦੇ ਨੇੜੇ ਪਥਰੀਲੀ ਧਰਤੀ ਉਤੇ ਮੁਰਦਾ ਪਏ ਰਹੇ, ਉਨ੍ਹਾਂ ਨੂੰ ਜਿਹੜੇ ਗੋਰਗੋਬਿਲ ਵਿਚ ਦਫਨ ਹਨ, ਉਨ੍ਹਾਂ ਨੂੰ ਜਿਹੜੇ ਦਾਰਗੋ ਵਿਚ ਸ਼ਹੀਦ ਹੋ ਗਏ।
ਇਮਾਮ ਸ਼ਾਮੀਲ ਨੇ ਆਪਣੇ ਹੀ ਪਿੰਡ ਵਾਸੀ ਅਤੇ ਆਗੂ, ਪਹਿਲੇ ਇਮਾਮ ਕਾਜ਼ੀ, ਮੁਹੰਮਦ, ਲੰਗੜੇ ਹਾਜੀ-ਮੁਰਾਤ, ਅਲੀਬੇਕੀਲਾਵ, ਅਖਬੇਰਦੀਲਾਵ ਅਤੇ ਅਨੇਕਾਂ ਹੋਰ ਸੂਰਮਿਆਂ ਨੂੰ ਯਾਦ ਕੀਤਾ, ਇਨ੍ਹਾਂ ਵਿਚੋਂ ਕੋਈ ਸਿਰ ਤੋਂ ਬਿਨਾਂ, ਕੋਈ ਹੱਥ ਤੋਂ ਬਿਨਾਂ ਅਤੇ ਕੋਈ ਗੋਲੀਆਂ ਨਾਲ ਛਾਨਣੀ ਹੋਏ ਹੋਏ ਦਿਲ ਨਾਲ ਦਾਗਿਸਤਾਨ ਦੀ ਧਰਤੀ ਵਿਚ ਦਫਨ ਪਿਆ ਹੈ। ਯੁੱਧ ਦਾ ਮਤਲਬ ਹੈ ਮੌਤ। ਦਾਗਿਸਤਾਨ ਦੇ ਇਕ ਲੱਖ ਸਭ ਤੋਂ ਵਧੀਆ ਪੁੱਤਰ।
ਪਰ ਸ਼ਾਮੀਲ ਵਿਸ਼ਾਲ ਰੂਸ ਦੀ ਧਰਤੀ ਤੋਂ ਲੰਘਦਿਆਂ ਹੋਇਆਂ ਲਗਾਤਾਰ ਇਹੀ ਦੁਹਰਾਉਂਦਾ ਰਿਹਾ–
“ਦਾਗਿਸਤਾਨ ਛੋਟਾ ਏ, ਸਾਡੇ ਲੋਕਾਂ ਦੀ ਗਿਣਤੀ ਘੱਟ ਏ, ਕਾਸ਼, ਮੇਰੇ ਕੋਲ ਇਕ ਹਜ਼ਾਰ ਸੂਰਮੇ ਹੋਰ ਹੁੰਦੇ।”
ਵੇਰਖਨੀ (ਉਪਰ ਵਾਲੇ) ਗੁਨੀਬ ਵਿਚ ਇਹ ਪੱਥਰ ਅਜੇ ਤੱਕ ਸੁਰੱਖਿਅਤ ਹੈ ਜਿਸ ਉਤੇ ਲਿਖਿਆ ਹੈ-“ਪਰਿਸ (ਬਰਿਆਤਿੰਸਕੀ) ਨੇ ਇਸੇ ਉਤੇ ਬੈਠ ਕੇ ਕੈਦੀ ਸ਼ਾਮੀਲ ਨਾਲ ਗੱਲਬਾਤ ਕੀਤੀ ਸੀ।”
“ਤੇਰੀਆਂ ਸਾਰੀਆਂ ਕੋਸ਼ਿਸ਼ਾਂ, ਤੇਰਾ ਸਾਰਾ ਸੰਘਰਸ਼ ਬੇਕਾਰ ਰਿਹਾ, ” ਪਰਿਸ ਬਰਿਆਤਿੰਸਕੀ ਨੇ ਆਪਣੇ ਕੈਦੀ ਨੂੰ ਕਿਹਾ।
“ਨਹੀਂ, ਬੇਕਾਰ ਨਹੀਂ ਰਿਹਾ,” ਸ਼ਾਮੀਲ ਨੇ ਜਵਾਬ ਦਿੱਤਾ। “ਲੋਕਾਂ ਦੇ ਦਿਲਾਂ ਵਿਚ ਉਹਦੀ ਯਾਦ ਕਾਇਮ ਰਹੇਗੀ। ਮੇਰੇ ਸੰਘਰਸ਼ ਨੇ ਅਨੇਕਾਂ ਜਾਨੀ ਦੁਸ਼ਮਣਾਂ ਨੂੰ ਭਰਾ ਬਣਾ ਦਿਤੈ, ਆਪਸ ਵਿਚ ਦੁਸ਼ਮਣੀ ਰੱਖਣ ਵਾਲੇ ਅਨੇਕਾਂ ਪਿੰਡਾਂ ਵਿਚ ਦੋਸਤੀ ਪੈਦਾ ਕਰ ਦਿੱਤੀ ਏ। ਇਕ ਦੂਸਰੇ ਨਾਲ ਵੈਰ ਰੱਖਣ ਵਾਲੇ ਅਤੇ ‘ਮੇਰੇ ਲੋਕ’, ‘ਮੇਰੀ ਜਾਤੀ’ ਦੀ ਰੱਟ ਲਾਉਣ ਵਾਲੇ ਬਹੁਤ ਸਾਰੇ ਜਨਗਣਾਂ ਨੂੰ ਇਕਜੁੱਟ ਕਰ ਦਿੱਤੇ। ਮੈਂ ਮਾਤ ਭੂਮੀ, ਅਖੰਡ ਦਾਗਿਸਤਾਨ ਦੀ ਭਾਵਨਾ ਪੈਦਾ ਕਰ ਦਿੱਤੀ ਏ ਤੇ ਉਹਨੂੰ ਆਪਣੀਆਂ ਅਗਲੀਆਂ ਪੀੜ੍ਹੀਆਂ ਲਈ ਛੱਡ ਕੇ ਜਾ ਰਿਹਾਂ। ਭਲਾ, ਇਹ ਘੱਟ ਏ?”
ਮੈਂ ਪਿਤਾ ਜੀ ਕੋਲੋਂ ਪੁੱਛਿਆ-
“ਕਾਹਦੇ ਲਈ ਦੁਸ਼ਮਣਾਂ ਨੇ ਸਾਡੇ ਦੇਸ਼ ਉਤੇ ਹਮਲਾ ਕੀਤਾ, ਲਹੂ ਡੋਲ੍ਹਿਆ, ਈਰਖਾ ਅਤੇ ਨਫਰਤ ਦੇ ਬੀਜ ਬੀਜੇ? ਕਾਹਦੇ ਲਈ ਉਨ੍ਹਾਂ ਨੂੰ ਦਾਗਿਸਤਾਨ ਦੀ ਲੋੜ ਸੀ, ਜਿਹੜਾ ਪਿਆਰ-ਮੁਹੱਬਤ ਤੋਂ ਅਣਜਾਣ ਬਘਿਆੜ ਦੇ ਬੱਚੇ ਜਿਹਾ ਏ?”
“ਮੈਂ ਤੈਨੂੰ ਇਕ ਬਹੁਤ ਈ ਅਮੀਰ ਆਦਮੀ ਦਾ ਕਿੱਸਾ ਸੁਣਾਉਨਾਂ। ਉਹ ਆਦਮੀ ਬੇਹੱਦ ਅਮੀਰ ਸੀ। ਇਕ ਟਿੱਲੇ ਤੇ ਚੜ੍ਹ ਕੇ ਉਹਨੇ ਜਦੋਂ ਸਭ ਪਾਸੇ ਨਜ਼ਰ ਮਾਰੀ ਤਾਂ ਵੇਖਿਆ ਕਿ ਪਹਾੜ ਕੋਲੋਂ ਸ਼ੁਰੂ ਕਰਕੇ ਸਾਗਰ-ਤੱਟ ਤਕ ਸਾਰੀ ਘਾਟੀ ਵਿਚ ਉਸੇ ਦੀਆਂ ਭੇਡਾਂ ਦੇ ਇੱਜੜ ਚੁਗਦੇ ਪਏ ਸਨ। ਉਹਦੇ ਡੰਗਰਾਂ ਅਤੇ ਤੇਜ਼ ਘੋੜਿਆਂ ਦੇ ਝੁੰਡਾਂ ਦਾ ਕੋਈ ਅੰਤ ਨਹੀਂ ਸੀ। ਹਵਾ ਵਿਚ ਉਸੇ ਦੇ ਮੇਮਣਿਆਂ ਦੀ ਆਵਾਜ਼ ਗੂੰਜ ਰਹੀ ਸੀ। ਉਸ ਅਮੀਰ ਆਦਮੀ ਦਾ ਦਿਲ ਖੁਸ਼ੀ ਨਾਲ ਨੱਚ ਪਿਆ ਪਈ ਸਾਰੀ ਜ਼ਮੀਨ ਉਹਦੀ ਏ ਤੇ ਉਸ ਜ਼ਮੀਨ ਉਤੇ ਸਾਰੇ ਪਸ਼ੂ ਵੀ ਉਹਦੇ ਨੇ।
“ਪਰ ਉਸ ਅਮੀਰ ਆਦਮੀ ਨੂੰ ਫਿਰ ਅਚਾਨਕ ਜ਼ਮੀਨ ਦਾ ਇਕ ਅਜਿਹਾ ਟੁਕੜਾ ਦਿਸ ਪਿਆ ਜਿਹੜਾ ਖਾਲੀ ਪਿਆ ਸੀ ਤੇ ਜਿਹਦੇ ਉਤੇ ਉਹਦੇ ਪਸ਼ੂਆਂ ਦਾ ਵੱਗ ਨਹੀਂ ਸੀ। ਇਹ ਵੇਖਕੇ ਉਹਦਾ ਦਿਲ ਇੰਜ ਟੀਸ ਮਾਰ ਉੱਠਿਆ ਜਾਣੋ ਕਿਸੇ ਨੇ ਉਹਦੇ ਦਿਲ ਵਿਚ ਡੂੰਘਾ ਜ਼ਖਮ ਕਰ ਦਿੱਤਾ ਹੋਵੇ। ਅਮੀਰ ਆਦਮੀ ਗੁੱਸੇ ਵਿਚ ਆ ਕੇ ਭਿਆਨਕ ਆਵਾਜ਼ ਵਿਚ ਚੀਖ ਉੱਠਿਆ—‘ਓਏ! ਇਹ ਵਾਲਾਂ ਤੋਂ ਸੱਖਣੀ ਖੱਲ ਵਰਗਾ ਜ਼ਮੀਨ ਦਾ ਟੁਕੜਾ ਕਿਉਂ ਪਿਐ? ਭਲਾ ਉਹਨੂੰ ਭਰਨ ਜੋਗੀਆਂ ਮੇਰੇ ਕੋਲ ਭੇਡਾਂ ਨਹੀਓਂ ਰਹੀਆਂ? ਮੇਰੇ
ਇੱਜੜ ਓਧਰ ਭੇਜ ਦਿਓ, ਮੇਰੇ ਪਸ਼ੂਆਂ-ਘੋੜਿਆਂ ਦੇ ਝੁੰਡ ਓਧਰ ਹੱਕ ਦਿਓ ! ” ਪਰ ਮੇਰੇ ਪਿਤਾ ਜੀ ਨੂੰ ਖੁਦ ਸ਼ਾਮੀਲ ਦੇ ਬਾਰੇ ਗੱਲਾਂ ਸੁਣਾਉਣਾ ਕਿਤੇ ਜ਼ਿਆਦਾ ਪਸੰਦ ਸੀ।
ਮਿਸਾਲ ਦੇ ਤੌਰ ਤੇ ਇਹ ਕਿ ਸ਼ਾਮੀਲ ਨੇ ਇਕ ਦਲੇਰ ਡਾਕੂ ਉਤੇ ਕਿਵੇਂ ਜਿੱਤ ਹਾਸਲ ਕੀਤੀ ਸੀ।
ਇਕ ਵਾਰ ਆਪਣੇ ਮੁਰੀਦਾਂ ਨਾਲ ਇਮਾਮ ਇਕ ਪਿੰਡ ਵਿਚ ਗਿਆ। ਪਿੰਡ ਦੇ ਬਜ਼ੁਰਗ-ਚੌਧਰੀ ਉਹਨੂੰ ਬੜੀ ਕੜਵਾਹਟ ਨਾਲ ਮਿਲੇ। ਉਹ ਬੋਲੇ-
“ਅਸੀਂ ਜੰਗ ਤੋਂ ਤੰਗ ਆ ਗਏ ਆਂ। ਅਸੀਂ ਅਮਨ-ਚੈਨ ਨਾਲ ਰਹਿਣਾ ਚਾਹੁੰਨੇ ਆਂ। ਜੇ ਤੂੰ ਨਾ ਹੁੰਦਾ ਤਾਂ ਅਸੀਂ ਬਹੁਤ ਚਿਰ ਪਹਿਲਾਂ ਈ ਜ਼ਾਰ ਨਾਲ ਸੁਲਾਹ ਕਰ ਲਈ ਹੋਣੀ ਸੀ।”
“ਓਏ ਤੁਸੀਂ ਲੋਕ, ਜਿਹੜੇ ਕਦੇ ਪਹਾੜੀਏ ਹੁੰਦੇ ਸੀ, ਤੁਸੀਂ ਭਲਾ ਦਾਗਿਸਤਾਨ ਦਾ ਅੰਨ ਖਾ ਕੇ ਉਹਦੇ ਦੁਸ਼ਮਣਾਂ ਦੀ ਖਿਦਮਤ ਕਰਨਾ ਚਾਹੁੰਨੇ ਓਂ। ਮੈਂ ਤੁਹਾਡੇ ਅਮਨ- ਚੈਨ ਵਿਚ ਖਲਲ ਪਾਇਐ? ਮੈਂ ਤਾਂ ਉਹਦੀ ਰਾਖੀ ਕਰਨਾ ਪਿਆਂ।”
“ਇਮਾਮ ਅਸੀਂ ਵੀ ਦਾਗਿਸਤਾਨੀਆਂ, ਪਰ ਵੇਖਨੇ ਪਏ ਆਂ ਪਈ ਅਸੀਂ ਏਸ ਲੜਾਈ ਨਾਲ ਦਾਗਿਸਤਾਨ ਦਾ ਕੋਈ ਭਲਾ ਨਹੀਂ ਹੋਂਦਾ ਪਿਆ ਤੇ ਨਾ ਈ ਅਗੋਂ ਹੋਵੇਗਾ। ਨਿਰੀ ਜ਼ਿੱਦ ਨਾਲ ਤਾਂ ਕੁਝ ਵੀ ਹਾਸਲ ਨਹੀਂ ਹੋ ਸਕਣਾ।”
“ਉਏ, ਤੁਸੀਂ ਦਾਗਿਸਤਾਨੀ ਓ? ਤੁਸੀਂ ਏਥੇ ਰਹਿੰਦੇ ਓ ਏਸ ਲਿਹਾਜ਼ ਨਾਲ ਤਾਂ ਤੁਸੀਂ ਦਾਗਿਸਤਾਨੀ ਹੈਗੇ ਓ, ਪਰ ਤੁਹਾਡੇ ਦਿਲ ਖਰਗੋਸ਼ ਜਿਹੇ ਨੇ। ਤੁਹਾਨੂੰ ਆਪਣੇ ਚੁਲ੍ਹਿਆਂ ਵਿਚ ਉਸ ਵੇਲੇ ਅੱਗ ਖੋਰਨਾ ਚੰਗਾ ਲੱਗਦੈ ਜਦੋਂ ਦਾਗਿਸਤਾਨ ਲਹੂ ਲੁਹਾਣ ਹੋਇਆ ਪਿਆ ਹੋਵੇ। ਆਪਣੇ ਪਿੰਡ ਦਾ ਦਰਵਾਜ਼ਾ ਖੋਲ੍ਹ ਦਿਓ, ਨਹੀਂ ਤਾਂ ਅਸੀਂ ਆਪੇ ਈ ਆਪਣੀਆਂ ਤਲਵਾਰਾਂ ਨਾਲ ਇਹਨੂੰ ਖੋਲ੍ਹ ‘ਲਾਂਗੇ।”
ਪਿੰਡ ਦੇ ਬਜ਼ੁਰਗ ਚੌਧਰੀ ਬੜਾ ਚਿਰ ਇਮਾਮ ਨਾਲ ਗਲਬਾਤ ਕਰਦੇ ਰਹੇ ਅਤੇ ਆਖਰ ਉਨ੍ਹਾਂ ਨੇ ਉਨ੍ਹਾਂ ਨੂੰ ਆਪਣੇ ਪਿੰਡ ਵਿਚ ਆਉਣ ਦੀ ਇਜਾਜ਼ਤ ਦੇਣ ਅਤੇ ਇੱਜ਼ਤਦਾਰ ਪਰਾਹੁਣੇ ਦੇ ਰੂਪ ਵਿਚ ਉਹਦਾ ਸੁਆਗਤ-ਸਤਕਾਰ ਕਰਨ ਦਾ ਫੈਸਲਾ ਕੀਤਾ। ਇਹਦੇ ਬਦਲੇ ਸ਼ਾਮੀਲ ਨੇ ਉਨ੍ਹਾਂ ਨੂੰ ਕੌਲ ਦਿੱਤਾ ਕਿ ਉਹ ਇਸ ਪਿੰਡ ਦੇ ਇਕ ਵੀ ਵਿਅਕਤੀ ਨੂੰ ਕਤਲ ਨਹੀਂ ਕਰੇਗਾ ਅਤੇ ਪੁਰਾਣੀਆਂ ਰੰਜਸ਼ਾਂ ਤੇ ਝਗੜੇ-ਝੇੜਿਆਂ ਨੂੰ ਆਪਣੀ ਜ਼ਬਾਨ ਤੇ ਨਹੀਂ ਲਿਆਏਗਾ। ਇਮਾਮ ਸ਼ਾਮੀਲ ਆਪਣੇ ਇਕ ਵਫਾਦਾਰ ਦੋਸਤ ਦੇ ਪਹਾੜੀ ਘਰ ਵਿਚ ਠਹਿਰਿਆ ਅਤੇ ਪਿੰਡ ਦੇ ਬਜ਼ੁਰਗ ਚੌਧਰੀਆਂ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨੇ ਇੱਥੇ ਕੁਝ ਦਿਨ ਬਿਤਾਏ।
ਇਨ੍ਹੀਂ ਦਿਨੀਂ ਇਸ ਪਿੰਡ ਅਤੇ ਇਸਦੇ ਲਾਗੇ ਚਾਗੇ ਦੇ ਇਲਾਕਿਆਂ ਵਿਚ ਦੋ ਮੀਟਰ ਤੋਂ ਵੀ ਜ਼ਿਆਦਾ ਲੰਮੇ ਕੱਦ ਦਾ ਇਕ ਮਹਾਂਬਲੀ, ਇਕ ਭਿਆਨਕ ਡਾਕੂ ਲੁੱਟਮਾਰ ਕਰਦਾ ਹੁੰਦਾ ਸੀ। ਉਹ ਅੰਨ੍ਹੇਵਾਹ ਸਭ ਨੂੰ ਲੁੱਟੀ ਜਾਂਦਾ ਸੀ, ਪਿੰਡ ਵਾਲਿਆਂ ਦੇ ਕਤਲ ਕਰਦਾ ਸੀ ਅਤੇ ਉਨ੍ਹਾਂ ਨੂੰ ਡਰਾਉਂਦਾ ਧਮਕਾਉਂਦਾ ਸੀ। ਉਹਦੇ ਲਈ ਕੁਝ ਵੀ ਪਾਕ- ਪਵਿੱਤਰ ਨਹੀਂ ਸੀ। ਅੱਲਾਹ, ਜ਼ਾਰ ਅਤੇ ਇਮਾਮ ਸ਼ਬਦਾਂ ਦਾ ਉਹਦੇ ਲਈ ਕੋਈ ਅਰਥ ਨਹੀਂ ਸੀ।
ਇਸ ਲਈ ਪਿੰਡ ਦੇ ਬਜ਼ੁਰਗ ਚੌਧਰੀਆਂ ਨੇ ਸ਼ਾਮੀਲ ਨੂੰ ਬੇਨਤੀ ਕੀਤੀ- “ਇਮਾਮ, ਕਿਸੇ ਵੀ ਤਰ੍ਹਾਂ ਸਾਨੂੰ ਇਸ ਲੁਟੇਰੇ ਤੋਂ ਮੁਕਤੀ ਦੁਆ।”
“ਕਿੱਤਰਾਂ ਮੁਕਤੀ ਦੁਆਵਾਂ ਮੈਂ ਤੁਹਾਨੂੰ ਉਹਦੇ ਕੋਲੋਂ?”
“ਉਹਨੂੰ ਮਾਰ ਸੁੱਟ, ਇਮਾਮ, ਮਾਰ ਸੁੱਟ। ਉਹਨੇ ਤਾਂ ਖੁਦ ਬੜੇ ਲੋਕਾਂ ਨੂੰ ਕਤਲ
रीडै।”
“ਮੈਂ ਤਾਂ ਤੁਹਾਡੀ ਪੰਚਾਇਤ ਨੂੰ ਇਸ ਪਿੰਡ ਵਿਚ ਇਕ ਵੀ ਬੰਦੇ ਦਾ ਕਤਲ ਨਾ ਕਰਨ ਦਾ ਕੌਲ ਦਿੱਤੈ। ਮੈਨੂੰ ਆਪਣਾ ਕੌਲ ਨਿਭਾਉਣਾ ਪੈਣੇ।”
“ਇਮਾਮ, ਸਾਨੂੰ ਇਸ ਦੁਸ਼ਟ ਤੋਂ ਮੁਕਤੀ ਦੁਆਉਣ ਦਾ ਕੋਈ ਉਪਾਅ ਕੱਢੋ।” ਕੁੱਝ ਦਿਨਾਂ ਮਗਰੋਂ ਸ਼ਾਮੀਲ ਦੇ ਮੁਰੀਦਾਂ ਨੇ ਇਸ ਲੁਟੇਰੇ ਨੂੰ ਘੇਰ ਲਿਆ, ਫੜ ਕੇ ਮੁਸ਼ਕਾਂ ਕੱਸ ਦਿੱਤੀਆਂ ਅਤੇ ਪਿੰਡ ਵਿਚ ਲਿਆ ਕੇ ਇਕ ਭੋਰੇ ਵਿਚ ਡੱਕ ਦਿੱਤਾ। ਇਸ ਮੁਜਰਮ ਨੂੰ ਇਸਦੇ ਭਿਆਨਕ ਜੁਰਮਾਂ ਦੀ ਸਜ਼ਾ ਦੇਣ ਲਈ ਇਕ ਖਾਸ ਅਦਾਲਤ- ਦੀਵਾਨ ਬੈਠਾ। ਇਹ ਤੈਅ ਕੀਤਾ ਗਿਆ ਕਿ ਇਸ ਬਦਮਾਸ਼ ਦੀਆਂ ਅੱਖਾਂ ਕੱਢ ਦਿੱਤੀਆਂ ਜਾਣ। ਅੰਨ੍ਹਾ ਕਰਕੇ ਇਸ ਸ਼ੈਤਾਨ ਨੂੰ ਮੁੜ ਕੇ ਭੋਰੇ ਵਿਚ ਪਾ ਦਿੱਤਾ ਅਤੇ ਬੂਹੇ ਉੱਤੇ ਜੰਦਰਾ ਮਾਰ ਦਿੱਤਾ।
ਕੁਝ ਦਿਨ ਲੰਘ ਗਏ। ਇਕ ਰਾਤ ਮਗਰੋਂ ਜਦੋਂ ਪਹੁ ਫੁੱਟਣ ਵਾਲੀ ਸੀ ਅਤੇ ਸ਼ਾਮੀਲ ਡੂੰਘੀ ਨੀਂਦਰੇ ਸੁੱਤਾ ਪਿਆ ਸੀ, ਉਹਦੇ ਕਮਰੇ ਵਿਚ ਰੌਲਾ ਅਤੇ ਖਟਪਟ ਸੁਣਾਈ ਦਿੱਤੀ। ਇਮਾਮ ਉਛਲ ਕੇ ਬਿਸਤਰੇ ਵਿਚੋਂ ਉੱਠਿਆ। ਉਹਨੇ ਆਪਣੇ ਆਲੇ-ਦੁਆਲੇ ਨਜ਼ਰ ਮਾਰੀ, ਉਹਨੇ ਵੇਖਿਆ ਕਿ ਕੁਹਾੜੇ ਨਾਲ ਦਰਵਾਜ਼ੇ ਦੇ ਟੁਕੜੇ ਟੁਕੜੇ ਕਰਕੇ ਇਕ ਪਹਾੜ ਜਿਹਾ, ਜੰਗਲੀ ਦਰਿੰਦੇ ਅਤੇ ਰਾਕਸ਼ ਜਿਹਾ ਬੰਦਾ ਚਿੰਘਾੜਦਾ ਹੋਇਆ ਅਤੇ ਉਹਨੂੰ ਕੋਸਦਾ ਹੋਇਆ ਉਹਦੇ ਵੱਲ ਵਧ ਰਿਹਾ ਹੈ। ਇਮਾਮ ਸਮਝ ਗਿਆ ਕਿ ਇਹ ਲੁਟੇਰਾ ਕਿਸੇ ਤਰ੍ਹਾਂ ਭੋਰੇ ਦਾ ਬੂਹਾ ਭੰਨ ਕੇ ਨਿਕਲਣ ਵਿਚ ਕਾਮਯਾਬ ਹੋ ਗਿਆ ਹੈ ਅਤੇ ਬਦਲਾ ਲੈਣ ਲਈ ਇੱਥੇ ਆਇਆ ਹੈ।
ਦੰਦ ਕਰੀਚਦਾ ਹੋਇਆ ਇਹ ਦਾਨਵ ਵਧਦਾ ਆ ਰਿਹਾ ਸੀ। ਉਹਦੇ ਇਕ ਹੱਥ ਵਿਚ ਬਹੁਤ ਵੱਡਾ ਖੰਜਰ ਅਤੇ ਦੂਸਰੇ ਵਿਚ ਕੁਹਾੜਾ ਸੀ। ਇਮਾਮ ਨੇ ਵੀ ਆਪਣਾ ਖੰਜਰ ਲੈ ਲਿਆ। ਉਹਨੇ ਮੁਰੀਦਾਂ ਨੂੰ ਆਵਾਜ਼ ਮਾਰੀ ਪਰ ਇਸ ਬਦਮਾਸ਼ ਨੇ ਉਨ੍ਹਾਂ ਨੂੰ ਤਾਂ ਪਹਿਲਾਂ ਹੀ ਦੂਸਰੀ ਦੁਨੀਆਂ ਵਿਚ ਪਹੁੰਚਾ ਦਿੱਤਾ ਸੀ। ਪਿੰਡ ਦੇ ਲੋਕੀ ਸੁੱਤੇ ਪਏ ਸਨ। ਕਿਸੇ ਨੇ ਵੀ ਇਮਾਮ ਦੀ ਪੁਕਾਰ ਨਹੀਂ ਸੁਣੀ।
ਸ਼ਾਮਿਲ ਪਿਛਾਂਹ ਹਟਦਿਆਂ ਹਟਦਿਆਂ ਦੁਸ਼ਮਣ ਉਤੇ ਵਾਰ ਕਰਨ ਦਾ ਕੋਈ ਵਧੀਆਂ ਮੌਕਾ ਲੱਭ ਰਿਹਾ ਸੀ। ਅੰਨ੍ਹਾ ਬਦਮਾਸ਼ ਏਧਰ ਓਧਰ ਟੱਪ-ਕੁੱਦ ਰਿਹਾ ਸੀ ਅਤੇ ਕੁਹਾੜਾ ਚਲ ਰਿਹਾ ਸੀ। ਕਮਰੇ ਵਿਚ ਜੋ ਕੁਝ ਵੀ ਸੀ ਉਹਨੇ ਉਹ ਸਾਰਾ ਕੁਝ ਤੋੜ ਭੰਨ ਸੁੱਟਿਆ ਸੀ।
“ਕਿੱਥੇ ਏਂ ਤੂੰ ਵੱਡਿਆ ਸੂਰਮਿਆਂ ਜਿਹਦੀ ਕਿਤਾਬਾਂ ਵਿਚ ਚਰਚਾ ਕੀਤੀ ਜਾਂਦੀ ਏ?” ਉਹ ਲੰਮਾ-ਚੌੜਾ ਲੁਟੇਰਾ ਚੀਖ਼ ਰਿਹਾ ਸੀ। “ ਕਿੱਥੇ ਲੁਕ ਗਿਐ ਤੂੰ? ਏਧਰ ਆ, ਮੇਰੇ ਹੱਥ ਬੰਨ੍ਹ, ਮੈਨੂੰ ਫੜ, ਕੱਢ ਓ ਮੇਰੀਆਂ ਅੱਖਾਂ!”
“ਮੈਂ ਏਥੇ ਆਂ!” ਇਮਾਮ ਨੇ ਜ਼ੋਰ ਨਾਲ ਚੀਖਦਿਆਂ ਹੋਇਆਂ ਜਵਾਬ ਦਿੱਤਾ ਅਤੇ ਉਸ ਪਲ ਛਾਲ ਮਾਰ ਕੇ ਪਾਸੇ ਹੋ ਗਿਆ। ਕੁਹਾੜਾ ਉਸੇ ਥਾਂ ਦੀਵਾਰ ਵਿਚ ਡੂੰਘਾ ਜਾ ਧੱਸਿਆ, ਜਿੱਥੇ ਇਕ ਛਿਣ ਪਹਿਲਾਂ ਸ਼ਾਮੀਲ ਖਲੋਤਾ ਸੀ। ਫਿਰ ਇਮਾਮ ਉਸੇ ਛਿਣ ਦਾ ਫਾਇਦਾ ਉਠਾਉਂਦਿਆਂ ਹੋਇਆਂ ਆਪਣੇ ਦੁਸ਼ਮਣ ਉਤੇ ਝਪਟਿਆ। ਲੁਟੇਰਾ ਜ਼ਿਆਦਾ ਤਾਕਤਵਰ ਅਤੇ ਪਰਚੰਡ ਸੀ। ਉਹ ਸ਼ਾਮੀਲ ਨੂੰ ਇਧਰ- ਉਧਰ ਸੁੱਟਣ ਅਤੇ ਬੁੜ੍ਹਕਾਉਣ- ਪਟਕਾਉਣ ਲੱਗਾ ਅਤੇ ਕਈ ਵਾਰੀ ਜ਼ਖਮੀ ਕਰਨ ਵਿਚ ਵੀ ਸਫਲ ਹੋ ਗਿਆ। ਪਰ ਸ਼ਾਮੀਲ ਦੀ ਚੁਸਤੀ-ਫੁਰਤੀ ਨੇ ਹਰ ਵਾਰ ਹੀ ਉਹਦੀ ਮਦਦ ਕੀਤੀ ਅਤੇ ਉਹ ਘਾਤਕ ਰੂਪ ਵਿਚ ਜ਼ਖਮੀ ਹੋਣ ਤੋਂ ਬਚ ਗਿਆ। ਇਹ ਸੰਘਰਸ਼ ਕੋਈ ਦੋ ਘੰਟੇ ਚਲਦਾ ਰਿਹਾ, ਆਖਰ ਉਸ ਬਦਮਾਸ਼ ਨੇ ਸ਼ਾਮੀਲ ਨੂੰ ਫੜ ਲਿਆ, ਸਿਰ ਤੋਂ ਉਤਾਂਹ ਚੁੱਕ ਲਿਆ, ਉਹਨੂੰ ਜ਼ੋਰ ਨਾਲ ਫਰਸ਼ ਉਤੇ ਪਟਕਾਅ ਮਾਰਿਆ ਅਤੇ ਫਿਰ ਉਹਦਾ ਸਿਰ ਵੱਢ ਦੇਣਾ ਚਾਹਿਆ। ਪਰ ਹਵਾ ਵਿਚ ਉਤਾਂਹ ਚੁਕਿਆ ਹੋਇਆ ਸ਼ਾਮੀਲ ਫੁਰਤੀ ਤੋਂ ਕੰਮ ਲੈਂਦਿਆਂ ਹੋਇਆਂ ਲੁਟੇਰੇ ਦੇ ਸਿਰ ਉਤੇ ਖੰਜਰ ਨਾਲ ਕਈ ਵਾਰ ਕਰਨ ਵਿਚ ਸਫਲ ਹੋ ਗਿਆ। ਬਦਮਾਸ਼ ਡਾਕੂ ਅਚਾਨਕ ਝੁਕ ਗਿਆ, ਉਹਦਾ ਸਰੀਰ ਢਿੱਲਾ ਪੈ ਗਿਆ। ਲੜਖੜਾਇਆ ਅਤੇ ਉਹ ਇੱਟਾਂ ਦੀ ਮੀਨਾਰ ਵਾਂਗ ਹੇਠਾਂ ਡਿੱਗ ਪਿਆ। ਉਹਦੇ ਹੱਥਾਂ ਵਿਚੋਂ ਖੰਜਰ ਡਿੱਗ ਪਿਆ। ਸਵੇਰ ਹੋਣ ਤੇ ਲੋਕਾਂ ਨੇ ਉਨ੍ਹਾਂ ਦੋਹਾਂ ਨੂੰ ਖੂਨ ਦੇ ਛੱਪੜ ਵਿਚ ਪਿਆ ਵੇਖਿਆ। ਸ਼ਾਮੀਲ ਦੇ ਜਿਸਮ ਉਤੇ ਨੌਂ ਜ਼ਖਮ ਲੱਗੇ ਸਨ ਅਤੇ ਉਹਨੂੰ ਇਕ ਮਹੀਨੇ ਤਕ ਇਸੇ ਪਿੰਡ ਵਿਚ ਇਲਾਜ ਕਰਵਾਉਣਾ ਪਿਆ।
ਸ਼ਕਤੀਸ਼ਾਲੀ ਬਾਹਰੀ ਦੁਸ਼ਮਣ ਦੇ ਖਿਲਾਫ ਸ਼ਾਮੀਲ ਦਾ ਸੰਘਰਸ਼ ਇਸ ਭੇੜ ਦੇ ਬਰਾਬਰ ਸੀ। ਬਾਹਰ ਤੋਂ ਆਉਣ ਵਾਲਾ ਦੁਸ਼ਮਣ ਉਹਦੇ ਲਈ ਅਜਨਬੀ ਪਹਾੜਾਂ ਵਿਚ ਅੰਨ੍ਹੇ ਜਿਹੀਆਂ ਹਰਕਤਾਂ ਕਰਦਾ ਸੀ। ਸ਼ਾਮੀਲ ਬੜੀ ਫੁਰਤੀ ਨਾਲ ਉਸਦੇ ਹਮਲਿਆਂ ਤੋਂ ਬਚ ਨਿਕਲਦਾ ਸੀ ਅਤੇ ਫਿਰ ਅਚਾਨਕ ਕਦੇ ਵੱਖੀ ਵਲੋਂ ਅਤੇ ਕਦੇ ਪਿਛੋਂ ਉਹਦੇ ਉਤੇ ਹਮਲਾ ਜਾ ਕਰਦਾ ਸੀ।
ਹਰ ਪਹਾੜੀ ਆਦਮੀ ਦੇ ਮਨ ਵਿਚ ਸ਼ਾਇਦ ਸ਼ਾਮੀਲ ਦਾ ਆਪਣਾ ਹੀ ਇਕ ਬਿੰਬ ਹੈ। ਮੈਂ ਵੀ ਉਹਨੂੰ ਅਪਣੇ ਹੀ ਢੰਗ ਨਾਲ ਵੇਖਦਾ ਹਾਂ।
ਉਹ ਅਜੇ ਜਵਾਨ ਹੈ। ਅਖੂਲਗੋ ਨਾਂਅ ਦੀ ਪੱਧਰੀ ਚੱਟਾਨ ਉਤੇ ਗੋਡਿਆਂ ਭਾਰ ਹੋ ਕੇ ਉਹ ਅਵਾਰ ਨਸਲ ਦੇ ਇਲਾਕੇ ਵਿਚ ਵਗਦੀ ਕੋਇਸੂ ਨਦੀ ਦੀ ਲਹਿਰ ਵਿਚ ਹੁਣੇ ਹੁਣੇ ਧੋਤੇ ਆਪਣੇ ਹੱਥ ਉਤਾਂਹ ਚੁੱਕਦਾ ਹੈ। ਉਹਦੇ ਚੇਰਕੇਸਕਾ* ਦੀਆਂ ਆਸਤੀਨਾਂ ਉਤਾਂਹ ਚੜ੍ਹੀਆਂ ਹੋਈਆਂ ਹਨ। ਉਸਦੇ ਬੁੱਲ੍ਹ ਕੁਝ ਬੁੜਬੁੜਾ ਰਹੇ ਹਨ- ਕਈ ਲੋਕੀ ਆਖਦੇ ਹਨ ਕਿ ਇਬਾਦਤ ਦੇ ਵਕਤ ਜਦੋਂ ਉਹ “ਅੱਲਾਹ” ਸ਼ਬਦ ਬੁੜਬੁੜਾਉਂਦਾ ਸੀ ਤਾਂ ਲੋਕਾਂ ਨੂੰ “ਆਜ਼ਾਦੀ” ਸ਼ਬਦ ਸੁਣਾਈ ਦਿੰਦਾ ਸੀ ਅਤੇ ਜਦੋਂ “ਆਜ਼ਾਦੀ” ਸ਼ਬਦ ਬੁੜਬੁੜਾਉਂਦਾ ਸੀ ਤਾਂ “ਅੱਲਾਹ” ਸੁਣਾਈ ਦਿੰਦਾ ਸੀ।
ਉਹ ਬੁੱਢਾ ਹੋ ਗਿਆ ਹੈ, ਕਾਸਪੀ ਸਾਗਰ ਦੇ ਤਟ ਤੇ ਉਹ ਸਦਾ ਲਈ ਦਾਗਿਸਤਾਨ ਤੋਂ ਵਿਦਾ ਲੈਂਦਾ ਹੈ। ਉਹ ਗੋਰੇ ਜ਼ਾਰ ਦਾ ਕੈਦੀ ਹੈ। ਇਕ ਪੱਥਰ ਉਤੇ ਚੜ੍ਹਕੇ ਉਹਨੇ ਕਾਸਪੀ ਦੀਆਂ ਝੱਗ ਉੱਗਲਦੀਆਂ ਲਹਿਰਾਂ ਉਤੇ ਨਜ਼ਰ ਮਾਰੀ। ਉਹਦੇ ਬੁੱਲ੍ਹ “ਅੱਲਾਹ” ਅਤੇ “ਆਜ਼ਾਦੀ” ਦੀ ਥਾਂ “ਵਿਦਾ” ਬੁੜਬੁੜਾ ਰਹੇ ਸਨ। ਲੋਕੀ ਕਹਿੰਦੇ ਹਨ ਕਿ ਉਸ ਛਿਣ ਉਹਦੀਆਂ ਗੱਲ੍ਹਾਂ ਉਤੇ ਨਮੀ ਦੇ ਤੁਪਕੇ ਦਿਸੇ ਸਨ। ਪਰ ਸ਼ਾਮੀਲ ਤਾਂ ਕਦੇ ਵੀ ਰੋਂਦਾ ਨਹੀਂ ਸੀ। ਸ਼ਾਇਦ ਇਹ ਤੁਪਕੇ ਸਾਗਰ ਦੀਆਂ ਫੁਹਾਰਾਂ ਸਨ।
ਪਰ ਸਭ ਤੋਂ ਵਧ ਤਿੱਖੇ ਰੂਪ ਵਿਚ ਮੈਂ ਪਿਤਾ ਜੀ ਵਲੋਂ ਸੁਣਾਏ ਗਏ ਕਿੱਸੇ ਦੇ ਅਨੁਸਾਰ ਹੀ ਉਹਦੀ ਕਲਪਨਾ ਕਰਦਾ ਹਾਂ—ਇਕ ਤੰਗ ਪਹਾੜੀ ਘਰ ਵਿਚ ਗੁੱਸੇ ਨਾਲ ਪਾਗਲ ਹੋਏ ਡਾਕੂ ਨਾਲ ਇੱਕਲਿਆਂ ਹੀ ਹੱਥੋਪਾਈ ਹੁੰਦਿਆਂ, ਲੰਮੇ ਅਤੇ ਖੂਨੀ ਸੰਘਰਸ਼ ਵਿਚ ਉਲਝਿਆ ਹੋਇਆ।
ਹਾਜੀ-ਮੁਰਾਤ ਨਾਲ ਸ਼ਾਮੀਲ ਦੀ ਕਦੇ ਤਾਂ ਅਮਨ-ਅਮਾਨ ਨਾਲ ਨਿਭੀ ਪਰ ਕਈ ਵਾਰੀ ਉਨ੍ਹਾਂ ਦਾ ਝਗੜਾ ਵੀ ਹੁੰਦਾ ਰਿਹਾ। ਇਨ੍ਹਾਂ ਦੋਹਾਂ ਬਾਰੇ ਬਹੁਤ ਸਾਰੀਆਂ ਦੰਦ- ਕਥਾਵਾਂ ਅਤੇ ਕਿੱਸੇ-ਕਹਾਣੀਆਂ ਚਲਦੀਆਂ ਹਨ।
ਹਾਜੀ-ਮੁਰਾਤ ਨੂੰ ਆਪਣਾ ਨਾਇਬ ਬਣਾ ਕੇ ਸ਼ਾਮੀਲ ਨੇ ਉਹਨੂੰ ਹਾਈਦਾਕ ਅਤੇ ਤਾਬਾਸਾਰਾਨ ਪਿੰਡਾਂ ਵਿਚ ਭੇਜਿਆ ਤਾਂ ਕਿ ਉਥੋਂ ਦੇ ਲੋਕਾਂ ਨੂੰ ਆਪਣੇ ਪੱਖ ਵਿਚ ਕਰ ਲਵੇ ਜਾਂ ਸ਼ਾਇਦ ਇਹ ਕਹਿਣਾ ਜ਼ਿਆਦਾ ਸਹੀ ਹੋਵੇਗਾ ਕਿ ਉਨ੍ਹਾਂ ਨੂੰ ਯੁੱਧ ਵਿਚ ਖਿੱਚ ਲਵੇ। ਉਹਨੂੰ ਆਸ ਸੀ ਕਿ ਹਾਜੀ-ਮੁਰਾਤ ਲੋਕਾਂ ਨੂੰ ਸਮਝਾ-ਬੁਝਾ ਕੇ ਆਪਣੇ ਪੱਖ ਵਿਚ ਕਰੇਗਾ, ਪਰ ਨਵੇਂ ਨਾਇਬ ਨੇ ਇੰਜ ਕਰਨ ਦੀ ਬਜਾਏ ਹਾਈਦਾਕ ਅਤੇ ਤਾਬਾਸਾਰਾਨ ਵਿਚ ਕੋਰੜਿਆਂ ਅਤੇ ਬੰਦੂਕ ਤੋਂ ਕੰਮ ਲਿਆ। ਜੇ ਕੋਈ ਕਾਨੂੰਨ ਦੇ ਬਾਰੇ ਮੂੰਹ ਤੋਂ ਸ਼ਬਦ ਕੱਢਣ ਦੀ ਹਿੰਮਤ ਕਰਦਾ ਤਾਂ ਹਾਜੀ-ਮੁਰਾਤ ਉਹਨੂੰ ਘਸੁੰਨ ਵਿਖਾ ਕੇ ਕਹਿੰਦਾ—“ਇਹ ਏ ਤੇਰਾ ਕਾਨੂੰਨ। ਮੈਂ ਖੂੰਜ਼ਹ ਦਾ ਰਹਿਣ ਆਲਾ ਹਾਜੀ-ਮੁਰਾਤ ਆਂ। ਤੇਰੇ ਵਾਸਤੇ ਮੈਂ ਸਭ ਤੋਂ
ਵੱਡਾ ਕਾਨੂੰਨ ਆਂ।” ਹਾਜੀ-ਮੁਰਾਤ ਦੀਆਂ ਕਰਤੂਤਾਂ ਦੀਆਂ ਖਬਰਾਂ ਸ਼ਾਮੀਲ ਤਕ ਪਹੁੰਚੀਆਂ। ਉਹਨੇ ਹਰਕਾਰੇ ਨੂੰ ਭੇਜ ਕੇ ਨਾਇਬ ਨੂੰ ਆਪਣੇ ਕੋਲ ਬੁਲਾਇਆ। ਹਾਜੀ-ਮੁਰਾਤ ਲੁੱਟ ਦਾ ਬਹੁਤ ਸਾਰਾ ਮਾਲ ਲੈਕੇ ਵਾਪਸ ਮੁੜ ਆਇਆ। ਉਹਦਾ ਫੌਜੀ ਦਸਤਾ, ਡੰਗਰਾਂ ਦਾ ਵੱਗ, ਭੇਡਾਂ ਦਾ ਇੱਜੜ ਅਤੇ ਘੋੜਿਆਂ ਦਾ ਝੁੰਡ ਆਪਣੇ ਅੱਗੇ ਅੱਗੇ ਹੱਕਦਾ ਆ ਰਿਹਾ ਸੀ। ਖੁਦ ਹਾਜੀ-ਮਰਾਤ ਉਧਾਲੀ ਹੋਈ ਇਕ ਖੂਬਸੂਰਤ ਮੁਟਿਆਰ ਨੂੰ ਆਪਣੇ ਘੋੜੇ ਉਤੇ ਬਿਠਾਈ ਲਿਆਉਂਦਾ ਸੀ।
“ਅਸਸਲਾਮਵਾਲੇਕੁਮ, ਇਮਾਮ!” ਹਾਜੀ-ਮੁਰਾਤ ਨੇ ਘੋੜੇ ਤੋਂ ਹੇਠਾਂ ਲਹਿੰਦਿਆਂ ਹੋਇਆਂ ਆਪਣੇ ਸੈਨਾਪਤੀ ਨੂੰ ਸਤਕਾਰ ਭੇਟ ਕੀਤਾ।
“ਵਾਲੇਕੁਮ-ਸਲਾਮ, ਨਾਇਬ। ਖੁਸ਼ਆਮਦੀਦ। ਕੀ ਖੁਸ਼ਖਬਰੀ ਲੈ ਕੇ ਆਇਐਂ?”
“ਖਾਲੀ ਹੱਥੀਂ ਨਹੀਂ ਮੁੜਿਆ। ਚਾਂਦੀ ਲਿਆਇਆਂ, ਭੇਡਾਂ ਦੇ ਇੱਜੜ, ਘੋੜੇ ਅਤੇ ਕਾਲੀਨ ਵੀ। ਤਾਬਾਸਾਰਨ ਵਿਚ ਵਧੀਆ ਕਾਲੀਨ ਬੁਣੇ ਜਾਂਦੇ ਨੇ।”
“ਭਲਾ ਕੋਈ ਹੁਸੀਨਾ ਨਹੀਂ ਲਿਆਇਆ?”
“ਹੁਸੀਨਾ ਵੀ ਲਿਆਇਆਂ। ਤੇ, ਉਹ ਵੀ ਬੜੀ ਗਜਬ ਦੀ। ਤੇਰੇ ਵਾਸਤੇ ਈ ਲਿਆਇਆਂ, ਇਮਾਮ।”
ਦੋਵੇਂ ਯੋਧੇ ਕੁਝ ਚਿਰ ਤਕ ਇਕ ਦੂਸਰੇ ਨੂੰ ਘੂਰਦੇ ਰਹੇ। ਇਸਤੋਂ ਬਾਅਦ ਸ਼ਾਮੀਲ ਨੇ ਕਿਹਾ—
“ਤੂੰ ਇਹ ਦਸ ਭਲਾ ਪਈ ਮੈਂ ਇਹ ਹੁਸੀਨਾ ਨੂੰ ਆਪਣੇ ਨਾਲ ਲੈ ਕੇ ਲੜਨ ਜਾਵਾਂਗਾ? ਮੈਨੂੰ ਭੇਡਾਂ ਦੀ ਨਹੀਂ ਲੋਕਾਂ ਦੀ ਲੋੜ ਏ। ਮੈਨੂੰ ਘੋੜੇ ਨਹੀਂ, ਘੁੜਸਵਾਰ ਚਾਹੀਦੇ ਨੇ। ਤੂੰ ਉਨ੍ਹਾਂ ਦੇ ਡੰਗਰ ਭਜਾ ਲਿਆਇਐਂ। ਇੰਜ ਕਰਕੇ ਤੂੰ ਉਨ੍ਹਾਂ ਦੇ ਦਿਲਾਂ ਨੂੰ ਠੇਸ ਲਾਈ ਏ ਤੇ ਉਨ੍ਹਾਂ ਨੂੰ ਸਾਡੇ ਖਿਲਾਫ ਕਰ ਦਿੱਤੈ। ਉਨ੍ਹਾਂ ਨੂੰ ਸਾਡੇ ਸਿਪਾਹੀ ਬਣਕੇ ਸ਼ਹੀਦ ਹੋਣ ਅਤੇ ਜ਼ਖਮੀ ਹੋਣ ਵਾਲੇ ਸਾਡੇ ਸਿਪਾਹੀਆਂ ਦੀ ਥਾਂ ਲੈਣੀ ਚਾਹੀਦੀ ਸੀ। ਹੁਣ ਕੌਣ ਉਨ੍ਹਾਂ ਦੀ ਥਾਂ ਲਵੇਗਾ? ਜੇ ਹਾਈਦਾਕ ਅਤੇ ਤਾਬਾਸਾਰਨ ਦੇ ਲੋਕ ਸਾਡੇ ਨਾਲ ਹੁੰਦੇ ਤਾਂ ਭਲਾ ਸਾਡੇ ਨਾਲ ਉਹੋ ਜਿਹੀ ਹੋ ਸਕਦੀ ਸੀ, ਜਿਹੋ ਜਿਹੀ ਸਾਲਟੀ ਤੇ ਗੇਰਗੇਬਿਲ ਪਿੰਡਾਂ ਨਾਲ ਹੋਈ ਸੀ? ਭਲਾ ਇਹ ਚੰਗੀ ਗੱਲ ਏ ਪਈ ਕੁਝ ਦਾਗਿਸਤਾਨੀ ਦੂਸਰੇ ਦਾਗਿਸਤਾਨੀ ਨੂੰ ਲੁੱਟਣ?”
“ ਪਰ ਇਮਾਮ, ਉਹ ਲੋਕੀ ਤਾਂ ਦੂਸਰੀ ਜ਼ਬਾਨ ਸਮਝਦੇ ਹੀ ਨਹੀ।”
“ਭਲਾ ਤੂੰ ਖੁਦ ਉਨ੍ਹਾਂ ਦੀ ਜ਼ਬਾਨ ਸਮਝਣ ਦੀ ਕੋਸ਼ਿਸ਼ ਕੀਤੀ ਸੀ? ਜੇ ਸਮਝ ਜਾਂਦਾ ਤਾਂ ਕੋਰੜਿਆਂ ਤੇ ਬੰਦੂਕ ਤੋਂ ਕੰਮ ਨਾ ਲੈਂਦਾ। ਦੱਸ ਭਲਾ, ਮੇਰੇ ਨਾਇਬ ਲੁਟੇਰੇ ठे?”
“ਇਮਾਮ, ਮੈਂ ਖੂੰਜ਼ਹ ਦਾ ਰਹਿਣ ਆਲਾ ਹਾਜੀ-ਮੁਰਾਤ ਆਂ।”
“ਮੈਂ ਵੀ ਗੀਮਰੀ ਦਾ ਰਹਿਣ ਆਲਾ ਆਂ। ਕੇਬੇਦ-ਮੁਹੰਮਦ ਤੇਲੇਤਲ ਤੇ ਹੁਸੈਨ ਚਿਰਕੋਈ ਦਾ ਰਹਿਣ ਆਲੈ। ਇਹਦੇ ਨਾਲ ਕੀ ਫਰਕ ਪੈਂਦੇ? ਅਵਾਰ, ਹਿੰਦਾਲਯਾਲ, ਕੁਮਿਕ, ਲੇਜ਼ਗੀਨ, ਲਾਕ ਤੇ ਤੇਰੇ ਵਲੋਂ ਲੁਟੇ ਗਏ ਹਾਈਦਾਕ ਤੇ ਤਾਬਾਸਾਰਾਨ ਦੇ ਲੋਕ, ਅਸੀਂ ਸਾਰੇ ਇਕੋ ਹੀ ਦਾਗਿਸਤਾਨ ਦੇ ਪੁੱਤਰ ਆਂ। ਸਾਨੂੰ ਇਕ ਦੂਸਰੇ ਨੂੰ ਸਮਝਣਾ ਚਾਹੀਦੈ।
ਅਸੀਂ ਤਾਂ ਇਕ ਹੀ ਹੱਥ ਦੀਆਂ ਉਗਲੀਆਂ ਆਂ। ਘਸੁੰਨ ਬਣਨ ਲਈ ਸਾਰੀਆਂ ਉਂਗਲੀਆਂ
ਨੂੰ ਬੜੀ ਮਜ਼ਬੂਤੀ ਨਾਲ ਇਕ ਦੂਸਰੀ ਨਾਲ ਜੁੜ ਜਾਣਾ ਚਾਹੀਦੈ। ਬਹਾਦਰੀ ਲਈ ਤੇਰਾ
ਸ਼ੁਕਰੀਆ। ਬਹਾਦਰੀ ਲਈ ਤੂੰ ਕਿਸੇ ਵੀ ਇਨਾਮ ਦਾ ਹੱਕਦਾਰ ਏਂ। ਪੱਗ ਤੇਰੇ ਸਿਰ ਦੀ ਸ਼ਾਨ ਵਧਾਉਂਦੀ ਪਈ ਏ। ਪਰ ਇਸ ਵਾਰ ਤੂੰ ਜੋ ਕੁੱਝ ਕੀਤੈ, ਮੈਂ ਇਹਦੀ ਹਮਾਇਤ ਨਹੀਂ ਕਰ ਸਕਦਾ।”
“ਜਦੋਂ ਇਹੋ ਜਿਹੀਆਂ ਪਗੜੀਆਂ ਬੰਨ੍ਹਣ ਵਾਲੇ ਦੂਸਰੇ ਲੋਕਾਂ ਨੇ ਲੁੱਟ ਮਚਾਈ ਸੀ ਉਦੋਂ ਤਾਂ ਉਨ੍ਹਾਂ ਨੂੰ ਤੂੰ ਕੁੱਝ ਨਹੀਂ ਆਖਿਆ, ਇਮਾਮ। ਪਰ ਹੁਣ ਸਾਰਿਆਂ ਦਾ ਦੋਸ਼ ਮੇਰੇ ਮੱਥੇ ਮੜ੍ਹਿਆ ਜਾਂਦਾ ਪਿਐ।”
“ਮੈਂ ਜਾਣਨਾਂ ਤੂੰ ਕਿਹਦੇ ਵੱਲ ਇਸ਼ਾਰਾ ਕਰਨਾ ਪਿਐਂ, ਹਾਜੀ-ਮੁਰਾਤ, ਤੇਰਾ ਮਤਲਬ ਅਖਬੇਰਦੀਲਾਵ ਤੋਂ ਏ, ਮੇਰੇ ਪੁੱਤਰ ਕਾਜ਼ੀ-ਮੁਹੰਮਦ ਜਾਂ ਖੁਦ ਮੇਰੇ ਤੋਂ ਏ। ਪਰ ਅਖਬੇਰਦੀਲਾਵ ਨੇ ਮੋਜ਼ਦੋਕ ਵਿਚ ਸਾਡੇ ਦੁਸ਼ਮਣ ਨੂੰ ਲੁੱਟਿਆ ਸੀ। ਮੈਂ ਉਨ੍ਹਾਂ ਦੀ ਦੌਲਤ ਲੁੱਟੀ ਸੀ ਜਿਹੜੇ ਸਾਡਾ ਸਾਥ ਨਹੀਂ ਦੇਣਾ ਚਾਹੁੰਦੇ ਸਨ ਅਤੇ ਜਿਨ੍ਹਾਂ ਨੇ ਸਾਡਾ ਵਿਰੋਧ ਤਕ ਕਰਨ ਦੀ ਕੋਸ਼ਿਸ਼ ਕੀਤੀ। ਨਹੀਂ, ਹਾਜੀ-ਮੁਰਾਤ! ਨਾਇਬ ਬਣਨ ਲਈ ਦਲੇਰ ਦਿਲ ਅਤੇ ਤੇਜ਼ ਖੰਜਰ ਹੀ ਕਾਫੀ ਨਹੀਂ। ਇਹਦੇ ਲਈ ਚੰਗਾ ਦਿਮਾਗ ਵੀ ਹੋਣਾ ਚਾਹੀਦੈ।”
ਸ਼ਾਮੀਲ ਅਤੇ ਹਾਜੀ-ਮੁਰਾਤ ਦੇ ਵਿਚਕਾਰ ਇਸ ਤਰ੍ਹਾਂ ਦੀਆਂ ਬਹਿਸਾਂ ਅਕਸਰ ਹੁੰਦੀਆਂ ਰਹਿੰਦੀਆਂ ਸਨ। ਅਫਵਾਹਾਂ ਦੇ ਕਾਰਨ ਇਹ ਝਗੜੇ ਵਧਦੇ ਗਏ ਅਤੇ ਹੋਰ ਵੀ ਤਿੱਖਾ ਰੂਪ ਲੈਂਦੇ ਗਏ ਅਤੇ ਆਖਰ ਦਵੈਖਭਰੀ ਦੁਸ਼ਮਣੀ ਨੇ ਉਨ੍ਹਾਂ ਨੂੰ ਵੱਖ ਕਰ ਦਿੱਤਾ। ਹਾਜੀ-ਮੁਰਾਤ ਸ਼ਾਮੀਲ ਨੂੰ ਛੱਡ ਕੇ ਦੁਸ਼ਮਣਾਂ ਨਾਲ ਰਲ ਗਿਆ ਅਤੇ ਉਹਦਾ ਸਿਰ ਵੱਢ ਦਿੱਤਾ ਗਿਆ। ਉਹਦਾ ਧੜ ਨੂਖਾ ਵਿਚ ਦਫਨ ਹੈ। ਉਹਦੀ ਦੇਹ ਦੀ ਇਹ ਵੰਡੀ ਵੀ ਬੜੀ ਅਰਥ ਭਰਪੂਰ ਹੈ—ਉਹਦਾ ਸਿਰ ਦੁਸ਼ਮਣ ਕੋਲ ਚਲਾ ਗਿਆ ਅਤੇ ਦਿਲ ਦਾਗਿਸਤਾਨ ਵਿਚ ਰਹਿ ਗਿਆ। ਕੈਸੀ ਕਿਸਮਤ ਸੀ ਉਹਦੀ !
ਹਾਜੀ-ਮੁਰਾਤ ਦਾ ਸਿਰ
ਵੱਢਿਆ ਪਿਆ ਸਿਰ ਵੇਖ ਰਿਹਾ ਹਾਂ
ਲਹੂ ਦੀਆਂ ਨਦੀਆਂ ਵਹਿਣ ‘ਪੀਆਂ
ਵੱਢੋ,ਮਾਰੋ ਦਾ ਸ਼ੋਰ ਮੱਚੇ
ਕਿਵੇਂ ਲੋਕੀ ਸੋਚਣ ਚੈਨ ਦੀਆਂ।
ਤਿੱਖੀਆਂ ਤੇਜ਼-ਧਾਰ ਤਲਵਾਰਾਂ
ਉੱਚੀਆਂ-ਉੱਚੀਆਂ ਲਹਿਰਾਵਣ
ਰਾਹਾਂ ਟੇਢੀਆਂ ਓਝੜ ਉਤੇ
ਸ਼ੇਰ-ਮੁਰੀਦ ਗੱਜਦੇ ਜਾਵਣ।
ਲਹੂ ਗੜੁੱਚ ਸਿਰ ਤੋਂ ਇਹ ਪੁੱਛਿਆ-
“ਕਿਰਪਾ ਕਰਕੇ ਦਸ ਤਾਂ ਏਹ
ਸੁਰਮਿਆ, ਮੈਂ ਗਿਆ ਕਿਸ ਤਰ੍ਹਾਂ
ਨਾਲ ਤੂੰ ਸੱਤ ਬੇਗਾਨਿਆਂ ਦੇ?”
“ਰੱਖਾਂ ਭੇਦ ਨਾ ਕਦੇ ਲੁਕਾ ਕੇ
ਹਾਜੀ-ਮੁਰਾਤ ਦਾ ਸਿਰ ਹਾਂ ਮੈਂ
ਭਟਕਿਆ ਸਾਂ ਤਾਂ ਵੱਢਿਆ ਗਿਆ ਹਾਂ
ਏਨਾ ਦਸ ਰਿਹਾ ਹਾਂ ਮੈਂ।
ਰਾਹ ਗਲਤ ਤੇ ਚੱਲਿਆ ਸਾਂ ਮੈਂ
ਮਾਰਿਆ ਹੋਇਆ ਘਮੰਡ ਦਾ ਸਾਂ….”
ਭਟਕਿਆ ਹੋਇਆ ਸਿਰ ਵੇਖ ਰਿਹਾ ਸਾਂ।
ਵੱਢਿਆ ਪਿਆ ਸੀ ਜੋ ਵਿਚਾਰਾ
ਪੁਰਖ ਪਹਾੜਾਂ ਵਿਚ ਜੋ ਜੰਮਦੇ
ਬੇਸ਼ਕ ਦੂਰ ਦੁਰਾਡੇ ਜਾਈਏ ਹੋਈਏ
ਜ਼ਿੰਦਾ ਜਾਂ ਫਿਰ ਮੁਰਦਾ
ਆਖਰ ਮੁੜ ਕੇ ਏਥੇ ਆਈਏ।
ਇਮਾਮ ਸ਼ਾਮੀਲ ਨੂੰ ਦਾਗਿਸਤਾਨ ਤੋਂ ਲਿਜਾਇਆ ਗਿਆ। ਸਭ ਪਾਸੇ ਤੋਪਾਂ ਅਤੇ ਬੰਦੂਕਾਂ ਚਲਾਉਣ ਵਾਲੇ ਝਰੋਖਿਆਂ ਵਾਲੇ ਦੁਰਗ ਬਣਾ ਦਿੱਤੇ ਗਏ। ਇਨ੍ਹਾਂ ਝਰੋਖਿਆ ਵਿਚੋਂ ਤੋਪਾਂ ਅਤੇ ਬੰਦੂਕਾਂ ਦੇ ਮੂੰਹ ਬਾਹਰ ਨਿਕਲੇ ਰਹਿੰਦੇ ਸਨ। ਭਾਵੇਂ ਉਹ ਗੋਲੇ ਗੋਲੀਆਂ ਨਹੀਂ ਚਲਾਉਂਦੀਆਂ ਸਨ ਫਿਰ ਵੀ ਇਹ ਕਹਿੰਦੀਆਂ ਪਰਤੀਤ ਹੁੰਦੀਆਂ ਸਨ- ਚੈਨ ਨਾਲ ਬੈਠੇ ਹੋਰ, ਪਹਾੜੀ ਲੋਕੋ, ਢੰਗ ਦਾ ਵਤੀਰਾ ਰੱਖੋ, ਕਿਸੇ ਤਰ੍ਹਾਂ ਦਾ ਉਧਮੂਲ ਨਾ ਮਚਾਓ।”
ਵਿਚ ਦੁੱਖ ਦੇ ਡੁੱਬੇ ਪਹਾੜ ਵਾਸੀ,
ਡੁੱਬੀਆਂ ਨਦੀਆਂ ਪਰਿੰਦੇ ਜਨੌਰ ਸਾਰੇ,
ਕਾਲ-ਕੋਠੜੀ ‘ਚੋਂ ਬਾਝੋਂ ਮੌਤ ਏਥੇ
ਕੁਝ ਹੋਰ ਨਾ ਦਿਸੇ ਬਾਹਰ ਵਾਰੇ।
ਜਾਂਗਲੀਆਂ ਦੀ ਧਰਤੀ”, ਇਕ ਗਵਰਨਰ ਨੇ ਦਾਗਿਸਤਾਨ ਤੋਂ ਜਾਂਦਿਆਂ ਹੋਇਆਂ ਆਖਿਆ। “ਇਹ ਧਰਤੀ ਤੇ ਨਹੀਂ ਖੱਡ ਵਿਚ ਰਹਿੰਦੇ ਨੇ,” ਦੂਸਰੇ ਨੇ ਲਿਖਿਆ।
“ਇਹਨਾਂ ਅਸੱਭਿਆ ਆਦੀਵਾਸੀਆਂ ਕੋਲ ਜਿੰਨੀ ਕੁ ਧਰਤੀ ਹੈ ਵੀ ਏ, ਉਹ ਵੀ ਫਾਲਤੂ ਏ,” ਤੀਸਰੇ ਨੇ ਪੁਸ਼ਟੀ ਕੀਤੀ।
ਪਰ ਉਸ ਬੁਰੇ ਵਕਤ ਵਿਚ ਵੀ ਦਾਗਿਸਤਾਨ ਦੇ ਪੱਖ ਵਿਚ ਲੇਰਮੋਨਤੋਵ, ਦੋਬਰੋਲਿਊਬੋਵ, ਚੇਰਨੀਸ਼ੇਵਸਕੀ, ਬੇਸਤੁਜ਼ੇਵ-ਮਾਰਲਿੰਸਕੀ ਅਤੇ ਪਿਰੋਗੋਵ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਹਾਂ ਜ਼ਾਰ ਦੇ ਦੌਰ ਵਿਚ ਵੀ ਅਜੇਹੇ ਲੋਕ ਸਨ ਜਿਹੜੇ ਪਹਾੜੀ ਲੋਕਾਂ ਦੀ ਆਤਮਾ ਨੂੰ ਸਮਝਦੇ ਸਨ, ਜਿਨ੍ਹਾਂ ਨੇ ਦਾਗਿਸਤਾਨੀ ਜਨਗਣਾਂ ਦੇ ਬਾਰੇ ਕੁਝ ਚੰਗੇ ਸ਼ਬਦ ਕਹੇ, ਕਾਸ਼! ਪਹਾੜੀ ਲੋਕ ਉਸ ਵੇਲੇ ਉਨ੍ਹਾਂ ਦੀ ਭਾਸ਼ਾ ਸਮਝ ਸਕਦੇ।
ਵਿਛੀ ਜੋ ਪਰਬਤ ਮਾਲਾ ਉਤੇ, ਅਜ਼ਲੀ ਬਰਫ ਦੀ ਚਾਦਰ ਏ ਫੈਲੀ ਰਾਰ ਸਦੀਵੀ ਏਥੇ, ਛਾਇਆ ਨ੍ਹੇਰਾ ਉਪਰ ਏ।
-ਆਪਣੀ ਮਾਤਭੂਮੀ ਨੂੰ ਵੇਖਦਿਆਂ ਹੋਇਆਂ ਸੁਲੇਮਾਨ ਸਤਾਲਸਕੀ ਨੇ ਕਦੇ ਕਿਹਾ ਸੀ।
“ਦਾਗਿਸਤਾਨ ਨੂੰ ਜਦੋਂ ਤੋਂ ਕਾਲ-ਕੋਠੜੀ ਵਿਚ ਬੰਦ ਕੀਤਾ ਹੋਇਐ, ਸਾਲ ਦੇ ਹਰ ਮਹੀਨੇ ਦੇ ਇਕੱਤੀ ਦਿਨ ਹੋ ਗਏ ਨੇ, ” ਮੇਰੇ ਪਿਤਾ ਜੀ ਨੇ ਕਦੇ ਲਿਖਿਆ ਸੀ।
“ਪਰਬਤੋ, ਅਸੀਂ ਤੁਹਾਡੇ ਨਾਲ ਤਹਿਖਾਨੇ ਵਿਚ ਬੰਦ ਪਏ ਆਂ।” ਅਬੂਤਾਲਿਬ ਨੇ ਕਦੇ ਕਿਹਾ ਸੀ।
“ਅਜੇਹੇ ਦੁੱਖ ਨਾਲ ਤਾਂ ਪਹਾੜਾਂ ਵਿਚ ਪਹਾੜੀ ਬੱਕਰਾ ਵੀ ਉਦਾਸ ਹੋ ਰਿਹੈ,” ਅਨਖੀਲ ਮਾਰੀਨ ਨੇ ਕਦੇ ਗਾਇਆ ਸੀ।
“ਇਸ ਦੁਨੀਆਂ ਦੇ ਬਾਰੇ ਤਾਂ ਸੋਚਣਾ ਈ ਫਜ਼ੂਲ ਏ। ਜਿਹਦੀ ਥਾਲੀ ਵਿਚ ਜ਼ਿਆਦਾ ਘਿਓ ਏ, ਉਸੇ ਦੀ ਮਸ਼ਹੂਰੀ ਏ,” ਮਹਿਮੂਦ ਨੇ ਨਿਰਾਸ਼ਾ ਵਿਚ ਕਿਹਾ ਸੀ।
“ਸੁੱਖ ਕਿਤੇ ਨਹੀਂ,” ਕੁਬਾਚੀ ਦੇ ਰਹਿਣ ਵਾਲੇ ਅਹਿਮਦ ਮੂੰਗੀ ਨੇ ਸਾਰੀ ਦੁਨੀਆਂ ਦਾ ਚੱਕਰ ਲਾਉਣ ਤੋਂ ਮਗਰੋਂ ਇਹ ਨਤੀਜਾ ਕੱਢਿਆ।
ਪਰ ਇਸੇ ਤਰ੍ਹਾਂ ਇਰਚੀ ਕਜ਼ਾਕ ਨੇ ਲਿਖਿਆ-” ਦਾਗਿਸਤਾਨ ਦੇ ਮਰਦ ਨੂੰ ਤਾਂ ਹਰ ਥਾਂ ਦਾਗਿਸਤਾਨ ਦਾ ਮਰਦ ਹੋਣਾ ਚਾਹੀਦੈ।”
ਮਰਨ ਤੋਂ ਪਹਿਲਾਂ ਬਾਤੀਰਾਏ ਨੇ ਇਹ ਲਿਖਿਆ-” ਬਹਾਦਰਾਂ ਦੇ ਘਰ ਬੁਜ਼ਦਿਲ ਪੁੱਤਰ ਨਾ ਪੈਦਾ ਹੋਣ।”
ਉਸੇ ਮਹਿਮੂਦ ਨੇ ਇਹ ਗਾਇਆ-
ਵਿਚ ਹਨ੍ਹੇਰੇ, ਪਹਾੜਾਂ ਅੰਦਰ, ਜੇ ਪਹਾੜੀ ਬੱਕਰਾ ਗੁੰਮ ਹੋ ਜਾਏ, ਜਾਂ ਤਾਂ ਉਹ ਪਗਡੰਡੀ ਲੱਭੇ ਜਾਂ ਫਿਰ ਮੌਤ ਨੂੰ ਗਲੇ ਲਗਾਏ।
ਉਸੇ ਅਬੂਤਾਲਿਬ ਨੇ ਇਹ ਵੀ ਕਿਹਾ ਸੀ- “ਇਸ ਦੁਨੀਆਂ ਵਿਚ ਹੁਣ ਧਮਾਕਾ ਹੋਇਆ ਕਿ ਹੋਇਆ। ਚੰਗਾ ਇਹ ਏ ਪਈ ਇਹ ਧਮਾਕਾ ਜ਼ਰਾ ਜ਼ੋਰ ਨਾਲ ਹੋਵੇ।”
ਅਤੇ ਉਹ ਵਕਤ ਆ ਗਿਆ-ਜ਼ੋਰ ਦਾ ਧਮਾਕਾ ਹੋਇਆ। ਧਮਾਕਾ ਤਾਂ ਦੂਰ ਹੋਇਆ, ਉਹਦੀ ਗੂੰਜ ਉਸੇ ਵੇਲੇ ਦਾਗਿਸਤਾਨ ਤਕ ਨਹੀਂ ਪਹੁੰਚੀ, ਫਿਰ ਵੀ ਕੁਝ ਸਾਫ ਦਿੱਸਣ ਵਾਲੇ ਲਾਲ ਨਿਸ਼ਾਨ ਕੋਲੋਂ ਉਹ ਦੋ ਹਿੱਸਿਆਂ ਵਿਚ ਵੰਡਿਆ ਗਿਆ : ਉਹਦਾ ਇਤਿਹਾਸ, ਕਿਸਮਤ, ਹਰ ਵਿਅਕਤੀ ਦਾ ਜੀਵਨ, ਪੂਰੀ ਮਾਨਵ ਜਾਤੀ। ਕਰੋਧ ਅਤੇ ਪਿਆਰ, ਵਿਚਾਰ ਅਤੇ ਸੁਪਨੇ-ਸਭ ਕੁਝ ਦੇ ਹਿੱਸਿਆਂ ਵਿਚ ਵੰਡਿਆ ਗਿਆ।
“ਧਮਾਕਾ ਹੋ ਗਿਐ….!
“ਕਿੱਥੇ ਹੋਇਆ ਧਮਾਕਾ ?”
“ਪੂਰੇ ਰੂਸ ਵਿਚ।”
“ਕਿਸ ਚੀਜ਼ ਦਾ ਧਮਾਕਾ ਹੋਇਐ ?”
“ਇਨਕਲਾਬ ਦਾ।”
“ਕਿਹਦੇ ਇਨਕਲਾਬ ਦਾ?”
“ਮਿਹਨਤਕਸ਼ਾਂ ਦੇ ਇਨਕਲਾਬ ਦਾ।”
“ਉਹਦਾ ਟੀਚਾ ?”
“ਜਿਨ੍ਹਾਂ ਕੋਲ ਨਹੀਂ ਸੀ ਕੱਖ, ਹੁਣ ਸੱਭੇ ਕੁਝ ਉਨ੍ਹਾਂ ਦੇ ਹੱਥ।”
“ਉਹਦਾ ਰੰਗ ਕਿਹੜੇ?”
“लाल।”
“ਉਹਦਾ ਗੀਤ ਕੀ ਏ?”
“ਇਹ ਜੰਗ ਆਖਰੀ ਤੇ ਫੈਸਲਾਕੁਨ ਜੰਗ ਏ।”*
“ਉਹਦੀ ਫੌਜ?”
“ਸਾਰੇ ਭੁੱਖੇ ਤੇ ਦੀਨ ਦੁੱਖੀ। ਕਿਰਤ ਦੀ ਮਹਾਨ ਸੈਨਾ।”
“ਉਹਦੀ ਭਾਸ਼ਾ, ਉਹਦੀ ਨਸਲ?”
“ਸਾਰੀਆਂ ਭਾਸ਼ਾਵਾਂ, ਸਾਰੀਆਂ ਨਸਲਾਂ, ”
“ਉਹਦਾ ਨੇਤਾ?”
“ਲੈਨਿਨ।”
“ਦਾਗਿਸਤਾਨ ਦੇ ਪਹਾੜੀ ਲੋਕਾਂ ਨੂੰ ਇਨਕਲਾਬ ਕੀ ਕਹਿੰਦੈ? ਸਾਨੂੰ ਉਲਥਾ ਕਰਕੇ ਦੱਸੋ।”
ਸੂਰਮਿਆਂ ਅਤੇ ਗਵੱਈਆਂ ਨੇ ਦਾਗਿਸਤਾਨ ਦੀਆਂ ਸਾਰੀਆਂ ਭਾਸ਼ਾਵਾਂ- ਬੋਲੀਆਂ ਵਿਚ ਇਹਦਾ ਉਲਥਾ ਕਰ ਦਿੱਤਾ-
“ਸਦੀਆਂ ਤੋਂ ਪੀੜਤ ਦਾਗਿਸਤਾਨ ਦੇ ਜਨਗਣ!” ਟੇਢੀਆਂ-ਮੇਢੀਆਂ ਪਹਾੜੀ ਪਗਡੰਡੀਆਂ ਨਾਲ ਘਿਰੇ ਸਾਡੇ ਘਰਾਂ, ਸਾਡੇ ਖੇਤਾਂ ਵਿਚ ਇਨਕਲਾਬ ਆਇਐ। ਉਹਨੂੰ ਸੁਣੋ ਅਤੇ ਆਪਣੇ ਆਪ ਨੂੰ ਉਹਦੀ ਸੇਵਾ ਵਿਚ ਅਰਪਣ ਕਰ ਦਿਓ। ਉਹ ਤੁਹਾਨੂੰ ਅਜੇਹੈ ਸ਼ਬਦ ਕਹਿੰਦੈ ਜਿਹੜੇ ਤੁਸੀਂ ਕਦੇ ਸੁਣੇ ਨਹੀਂ। ਉਹ ਕਹਿੰਦੈ—
“ਭਰਾਓ! ਨਵਾਂ ਰੂਸ ਤੁਹਾਡੇ ਵਲ ਦੋਸਤੀ ਦਾ ਹੱਥ ਵਧਾਉਂਦੈ। ਉਸ ਹੱਥ ਨੂੰ ਫੜ ਲਓ, ਬੜੇ ਨਿੱਘ ਨਾਲ ਆਪਣਾ ਹੱਥ ਉਹਦੇ ਹੱਥ ਨਾਲ ਮਿਲਾਓ। ਉਸੇ ਵਿਚ ਤੁਹਾਡੀ ਸ਼ਕਤੀ ਅਤੇ ਵਿਸ਼ਵਾਸ ਲੁਕਿਆ ਪਿਐ।”
“ਵਾਦੀਆਂ ਅਤੇ ਪਰਬਤਾਂ ਦੇ ਧੀਆਂ-ਪੁੱਤਰੋ! ਵਡੀ ਦੁਨੀਆਂ ਵੱਲ ਖਿੜਕੀਆਂ ਖੋਲ੍ਹੋ। ਨਵਾਂ ਦਿਨ ਨਹੀਂ, ਸਗੋਂ ਕਿਸਮਤ ਦਾ ਸਵਾਗਤ ਕਰੋ।”
“ਹੁਣ ਤੁਹਾਨੂੰ ਸਕਤਿਆਂ ਵਾਸਤੇ ਲੱਕ ਨਹੀਂ ਤੁੜਵਾਉਣਾ ਪੈਣਾ। ਹੁਣ ਬੇਗਾਨੇ ਲੋਕ ਤੁਹਾਡੇ ਘੋੜਿਆਂ ਉਤੇ ਸਵਾਰੀ ਨਹੀਂ ਕਰਨਗੇ। ਹੁਣ ਤੁਹਾਡੇ ਘੋੜੇ—ਤੁਹਾਡੇ ਘੋੜੇ ਹੋਣਗੇ, ਤੁਹਾਡੇ ਖੰਜਰ-ਤੁਹਾਡੇ ਖੰਜਰ ਹੋਣਗੇ, ਤੁਹਾਡੇ ਖੇਤ-ਤੁਹਾਡੇ ਖੇਤ ਹੋਣਗੇ, ਤੁਹਾਡੀ ਆਜ਼ਾਦੀ—ਤੁਹਾਡੀ ਆਜ਼ਾਦੀ ਹੋਵੇਗੀ।”
“ਅਵਰੋਰਾ” ਜਹਾਜ਼ ਉਤੇ ਅਕਤੂਬਰ ਇਨਕਲਾਬ ਦੇ ਆਰੰਭ ਦਾ ਸੰਕੇਤ ਦੇਣ ਵਾਲੀ ਤੋਪ ਦੀ ਗਰਜ ਦਾ ਦਾਗਿਸਤਾਨ ਦੇ ਜਨਗਣ ਦੀਆਂ ਭਾਸ਼ਾਵਾਂ ਵਿਚ ਉਪਰੋਕਤ ਉਲਥਾ ਕੀਤਾ ਗਿਆ। ਇਸ ਨੂੰ ਉਲਥਾਇਆ ਮਖਾਚ, ਉਲੂਬੀ, ਓਸਕਾਰ, ਜਲਾਲ, ਕਾਜ਼ੀ ਮੁਹੰਮਦ, ਮੁਹੰਮਦ-ਮਿਰਜ਼ਾ, ਹਾਰੂੰ ਅਤੇ ਇਨਕਲਾਬ ਦੇ ਹੋਰ ਮੁਰੀਦਾਂ ਨੇ ਜਿਹੜੇ ਦਾਗਿਸਤਾਨ ਦੇ ਦੁਖੜਿਆਂ ਤੋਂ ਚੰਗੀ ਤਰ੍ਹਾਂ ਵਾਕਫ ਸਨ।
ਅਤੇ ਦਾਗਿਸਤਾਨ ਆਪਣੀ ਕਿਸਮਤ ਦੇ ਸੁਆਗਤ ਲਈ ਵਧਿਆ। ਪਹਾੜੀ ਲੋਕਾਂ ਨੇ ਇਨਕਲਾਬ ਦੇ ਰੰਗ ਅਤੇ ਉਹਦੇ ਗੀਤਾਂ ਨੂੰ ਅਪਣਾ ਲਿਆ। ਪਰ ਇਨਕਲਾਬ ਦੇ ਦੁਸ਼ਮਣ ਭੈਭੀਤ ਹੋ ਗਏ। ਇਹ ਤਾਂ ਉਨ੍ਹਾਂ ਦੇ ਹੀ ਸਿਰਾਂ ਤੇ ਬਿਜਲੀ ਕੜਕ ਪਈ ਸੀ। ਉਨ੍ਹਾਂ ਦੇ ਹੀ ਪੈਰਾਂ ਹੇਠੋਂ ਧਰਤੀ ਖਿਸਕ ਗਈ ਸੀ, ਉਨ੍ਹਾਂ ਦੀਆਂ ਹੀ ਪਿੱਠਾਂ ਪਿੱਛੇ ਚੱਟਾਨਾਂ ਟੁੱਟ ਗਈਆਂ ਸਨ। ਪੁਰਾਣੀ ਦੁਨੀਆਂ ਜ਼ੋਰ ਨਾਲ ਕੰਬੀ ਅਤੇ ਢਹਿ ਗਈ। ਇਕ ਬਹੁਤ ਡੂੰਘੀ ਖਾਈ ਬਣ ਗਈ।
“ਆਪਣਾ ਹੱਥ ਸਾਡੇ ਵਲ ਵਧਾਓ।” ਇਨਕਲਾਬ ਦੇ ਦੁਸ਼ਮਣਾਂ ਨੇ ਆਪਣੇ ਆਪ ਨੂੰ ਦਾਗਿਸਤਾਨ ਦਾ ਦੋਸਤ ਦੱਸਦਿਆਂ ਹੋਇਆਂ ਕਿਹਾ।
“ਤੁਹਾਡੇ ਹੱਥ ਤਾਂ ਲਹੂ ਨਾਲ ਲਿਬੜੇ ਹੋਏ ਨੇ।”
“ਜ਼ਰਾ ਰੁਕ, ਤੂੰ ਪਿੱਛੇ ਨਾ ਜਾਹ, ਪਿੱਛੇ ਮੁੜ ਕੇ ਵੇਖ ਦਾਗਿਸਤਾਨ।”
“ਕਿਸ ਚੀਜ਼ ਨੂੰ ਪਿਛੇ ਮੁੜ ਕੇ ਵੇਖਿਆ ਜਾਏ, ਕੀ ਏ ਪਿੱਛੇ ਵੇਖਣ ਨੂੰ? ਗਰੀਬੀ,
ਝੂਠ, ਹਨ੍ਹੇਰਾ ਤੇ ਖੂਨ।”
“ਓਏ ਛੋਟੇ ਜਿਹੇ ਦਾਗਿਸਤਾਨ, ਕਿਧਰ ਤੁਰ ਪਿਐਂ ਤੂੰ?”
“ਕੁਝ ਵੱਡਾ ਲੱਭਣ ਲਈ।”
“ਮਹਾਂਸਾਗਰ ਵਿਚ ਤੂੰ ਇਕ ਛੋਟੀ ਜਿਹੀ ਕਿਸ਼ਤੀ ਵਰਗਾ ਹੋਵੇਂਗਾ। ਤੂੰ ਕਿਤੋਂ ਦਾ ਨਹੀਂ ਰਹੇਂਗਾ। ਤੇਰੀ ਭਾਸ਼ਾ, ਤੇਰਾ ਧਰਮ, ਤੇਰਾ ਰੰਗ-ਢੰਗ, ਤੇਰੀ ਸਮੂਰੀ ਟੇਪੀ, ਤੇਰਾ ਸਿਰ—ਇਨ੍ਹਾਂ ਵਿਚੋਂ ਕੁਝ ਵੀ ਤਾਂ ਬਾਕੀ ਨਹੀਂ ਰਹੇਗਾ।” ਇਨ੍ਹਾਂ ਲੋਕਾਂ ਨੇ ਡਰਾਇਆ।
“ਮੈਨੂੰ ਤੰਗ ਪਹਾੜੀਆਂ ਤੇ ਚੱਲਣ ਦੀ ਆਦਤ ਏ। ਭਲਾ ਹੁਣ ਖੁਲ੍ਹੇ ਰਾਵਾਂ ਤੇ ਮੈਂ ਆਪਣੇ ਪੈਰ ਤੁੜਵਾ ਲਾਂ’ਗਾ? ਬੜੇ ਚਿਰ ਤੋਂ ਮੈਂ ਇਹ ਰਾਹ ਲੱਭਨਾਂ ਪਿਆਂ। ਮੇਰਾ ਵਾਲ ਵੀ ਬਾਂਕਾ ਨਹੀਂ ਹੋਣ ਲੱਗਾ।”
“ਦਾਗਿਸਤਾਨ ਧਰਮ ਭਰੱਸ਼ਟ ਹੋ ਗਿਐ। ਇਹ ਨਸ਼ਟ ਹੁੰਦਾ ਪਿਐ। ਦਾਗਿਸਤਾਨ ਨੂੰ ਬਚਾਓ।” ਕਾਵਾਂ ਨੇ ਕਾਂ-ਕਾਂ ਕੀਤੀ, ਬਘਿਆੜਾਂ ਨੇ ਚੰਘਿਆੜਾਂ ਮਾਰੀਆਂ। ਚੰਗਾ ਰੌਲਾ ਪਾਇਆ, ਧਮਕੀਆਂ ਦਿੱਤੀਆਂ, ਮਿੰਨਤਾਂ ਕੀਤੀਆਂ ਗਈਆਂ, ਕਤਲ ਕੀਤੇ ਗਏ, ਛਲ-ਕਪਟ ਕੀਤਾ ਗਿਆ। ਇਨਕਲਾਬ ਦਾ ਜਿਹੜਾ ਚਿਰਾਗ ਬਲ ਪਿਆ ਸੀ, ਉਹਨੂੰ ਬੁਝਾਉਣ ਦੀਆਂ ਕਿੰਨੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ ! ਇਸ ਮਹਾਨ ਪੁਲ ਨੂੰ ਸਾੜ ਸੁੱਟਣ ਦੇ ਕਿੰਨੇ ਯਤਨ ਕੀਤੇ ਗਏ! ਇਕ ਤੋਂ ਬਾਅਦ ਇਕ ਝੰਡਾ ਬਦਲਿਆ, ਇਕ ਤੋਂ ਬਾਅਦ ਇਕ ਲੁਟੇਰਾ ਆਇਆ। ਸਰਦੀ ਦੀ ਬੇਹਦ ਠੰਢੀ ਰਾਤ ਵਿਚ ਸਮੂਰ ਦੇ ਕੋਟ ਵਾਂਗ ਉਨ੍ਹਾਂ ਨੇ ਛੋਟੇ ਜਿਹੇ ਦਾਗਿਸਤਾਨ ਨੂੰ ਆਪਣੇ ਆਪਣੇ ਵਲ ਖਿੱਚਿਆ, ਇਹਦੀਆਂ ਲੀਰਾਂ ਲੀਰਾਂ ਕਰ ਸੁੱਟੀਆਂ। ਅਤੇ, ਉਹ ਸੰਗਲੀ ਵਿਚੋਂ ਖੁੱਲ੍ਹੇ ਪਹਾੜੀ ਬੱਕਰੇ ਵਾਂਗੂੰ ਕਦੇ ਇਕ ਪਾਸੇ ਅਤੇ ਦੂਜੇ ਪਾਸੇ ਭੱਜਦਾ ਰਿਹਾ। ਹਰ ਕੋਈ ਹਿੰਸਕ ਜਿਹੀ ਤਿੱਖੀ ਲਾਲਸਾ ਨਾਲ ਉਹਨੂੰ ਫੜਨ ਵਾਸਤੇ ਉਹਦੇ ਉਤੇ ਝਪਟ ਰਿਹਾ ਸੀ। ਕਿਹੋ ਕਿਹੋ ਜਿਹੇ ਸ਼ਿਕਾਰੀਆਂ ਨੇ ਉਹਦੇ ਉਤੇ ਗੋਲੀਆਂ ਨਹੀਂ ਚਲਾਈਆਂ।
“ਮੈਂ ਦਾਗਿਸਤਾਨ ਦਾ ਇਮਾਮ ਨਜਮੁਦੀਨ ਗੋਤਸਿੰਸਕੀ ਆਂ ਜਿਹਨੂੰ ਆਂਦੀ ਦੀ ਝੀਲ ਦੇ ਤਟ ਤੇ ਲੋਕਾਂ ਨੇ ਚੁਣਿਐ। ਮੇਰੀ ਤਲਵਾਰ ਇਹੋ ਜਿਹੀਆਂ ਸਮੂਰੀ ਟੋਪੀਆਂ ਦੀ ਤਲਾਸ਼ ਵਿਚ ਏ ਜਿਨ੍ਹਾਂ ਉਤੇ ਲਾਲ ਕੱਪੜੇ ਦੇ ਟੁਕੜੇ ਲੱਗੇ ਨੇ।” “ਇਕੋ ਈ ਮਜ਼ਬ ਨੂੰ ਮੰਨਣ ਵਾਲਿਓ, ਮੁਸਲਮਾਨ ਭਰਾਓ ! ਮੇਰੇ ਪਿੱਛੇ-ਪਿੱਛੇ ਆਓ! ਮੈਂ ਹੀ ਇਸਲਾਮ ਦਾ ਹਰਾ ਝੰਡਾ ਉਤਾਂਹ ਚੁਕਿਐ!” ਇਕ ਹੋਰ ਆਦਮੀ ਬੜੇ ਜ਼ੋਰ ਨਾਲ ਚੀਕ ਕੇ ਇੰਜ ਕਹਿੰਦਾ ਸੀ। ਉਹਦਾ ਨਾਂਅ ਸੀ ਉਜ਼ੂਨ-ਹਾਜੀ।
“ਜਦੋਂ ਤਕ ਮੈਂ ਆਖਰੀ ਬਾਲਸ਼ਵਿਕ ਦਾ ਸਿਰ ਬਾਂਸ ‘ਤੇ ਟੰਗ ਕੇ ਉਹਦੀ ਸਭ ਤੋਂ ਉਚੇ ਪਰਬਤ ਉਤੇ ਨੁਮਾਇਸ਼ ਨਹੀਂ ਲਾ ਦੇਂਦਾ ਉਦੋਂ ਤਕ ਆਪਣੀ ਬੰਦੂਕ ਕਿੱਲੀ ਤੇ ਨਹੀਂ ਟੰਗਾਂਗਾ।” ਪਰਿੰਸ ਨੁਹਬੇਕ ਤਾਰਕੋਵਸਕੀ ਇਹ ਸ਼ੋਰ ਮਚਾਉਂਦਾ ਹੁੰਦਾ ਸੀ।
ਇਸੇ ਸਾਲ ਜ਼ਾਰ ਦੀ ਫੌਜ ਦੇ ਕਰਨਲ ਕਾਈਤਮਾਜ਼ ਅਲੀਖਾਨੋਵ ਨੇ ਖੂੰਜ਼ਹ ਵਿਚ ਆਪਣੇ ਵਾਸਤੇ ਇਕ ਮਹਿਲ ਬਣਵਾਇਆ। ਉਹਨੇ ਇਕ ਪਹਾੜੀਏ ਨੂੰ ਆਪਣਾ ਘਰ ਵਿਖਾਉਣ ਲਈ ਆਪਣੇ ਕੋਲ ਬੁਲਾਇਆ। ਖ਼ੁਦ ਆਪਣੇ ਉਤੇ ਆਪਣੇ ਮਹਿਲ ਉਤੇ ਮੁਗਧ ਹੁੰਦਿਆਂ ਕਾਈਤਮਾਜ਼ ਨੇ ਪੁੱਛਿਆ-
“ਕਿਉਂ, ਵਧੀਐ ਨਾ ਮੇਰਾ ਮਹਿਲ?”
“ਮਰਦੇ ਹੋਏ ਆਦਮੀ ਲਈ ਤਾਂ ਬਹੁਤ ਈ ਵਧੀਐ,” ਪਹਾੜੀ ਆਦਮੀ ਨੇ ਜਵਾਬ ਦਿੱਤਾ।
“ਮੇਰੇ ਮਰਨ ਦਾ ਭਲਾ ਕੀ ਸਵਾਲ ਪੈਦਾ ਹੁੰਦੇ?”
“ਇਨਕਲਾਬ…”
“ਮੈਂ ਉਹਨੂੰ ਖੂੰਜ਼ਹ ਵਿਚ ਤਾਂ ਨਹੀਓਂ ਆਉਣ ਦੇਣ ਲੱਗਾ।” ਕਰਨਲ ਅਲੀਖਾਨੋਵ ਨੇ ਜਵਾਬ ਦਿਤਾ ਅਤੇ ਛਾਲ ਮਾਰ ਕੇ ਤੇਜ਼, ਸਫ਼ੈਦ ਘੋੜੇ ਉਤੇ ਸਵਾਰ ਹੋ ਗਿਆ।
“ਮੈਂ ਸਈਦਬੇਈ ਆਂ- ਇਮਾਮ ਸ਼ਾਮੀਲ ਦਾ ਸੱਕਾ ਪੋਤਰਾ। ਮੈਂ ਤੁਰਕੀ ਦੇ ਸੁਲਤਾਨ ਵਲੋਂ ਏਥੇ ਆਇਆ ਆਂ ਕਿ ਉਹਦੇ ਬਹਾਦਰਾਂ ਦੀ ਮਦਦ ਨਾਲ ਦਾਗਿਸਤਾਨ ਨੂੰ ਆਜ਼ਾਦ ਕਰਵਾਵਾਂ, ” ਬਾਹਰ ਤੋਂ ਆਉਣ ਵਾਲੇ ਇਕ ਹੋਰ ਵਿਅਕਤੀ ਨੇ ਅਜੇਹਾ ਐਲਾਨ ਕੀਤਾ ਅਤੇ ਉਹਦੇ ਨਾਲ ਸਭ ਤਰ੍ਹਾਂ ਦੇ ਤੁਰਕ ਪਾਸ਼ਾ ਅਤੇ ਬੇਈ ਸਨ।
“ਅਸੀਂ ਦਾਗਿਸਤਾਨ ਦੇ ਦੋਸਤ ਆਂ,” ਮੁਦਾਖਲਤ ਕਰਨ ਵਾਲਿਆਂ ਨੇ ਚੀਖ ਕੇ ਆਖਿਆ ਅਤੇ ਦਾਗਿਸਤਾਨ ਦੀ ਧਰਤੀ ਉਤੇ ਤੋੜ ਫੋੜ ਦੀਆਂ ਕਾਰਵਾਈਆਂ ਕਰਨ ਵਾਲੇ ਬਰਤਾਨਵੀ ਫੌਜੀ ਆ ਧਮਕੇ।
“ਦਾਗਿਸਤਾਨ-ਇਹ ਬਾਕੂ ਦਾ ਫਾਟਕ ਏ। ਇਸ ਫਾਟਕ ਉਤੇ ਮੈਂ ਮਜ਼ਬੂਤ ਜੰਦਰਾ ਮਾਰ ਦਿਆਂਗਾ।” ਜ਼ਾਰ ਦੀ ਫੌਜ ਦੇ ਕਰਨਲ ਬਿਚੇਰਾਖੋਵ ਨੇ ਫੜ੍ਹ ਮਾਰੀ ਅਤੇ ਪੋਰਟ-ਪੇਤਰੋਵਸਕ ਨੂੰ ਤਬਾਹ ਕਰ ਸੁੱਟਿਆ।
ਬਹੁਤ ਸਾਰੇ ਬਿਨਾਂ ਬੁਲਾਏ ਮਹਿਮਾਨ ਆਏ। ਕਿਹਦੇ ਕਿਹਦੇ ਗੰਦੇ ਹੱਥ ਨੇ ਦਾਗਿਸਤਾਨ ਦੀ ਛਾਤੀ ਉਤੋਂ ਕਮੀਜ਼ ਨੂੰ ਨਹੀਂ ਪਾੜਿਆ। ਕਿਹੋ-ਕਿਹੋ ਜਿਹੇ ਝੰਡਿਆਂ ਦੀ ਝਲਕ ਇੱਥੇ ਨਹੀਂ ਮਿਲੀ। ਕਿਹਾ-ਕਿਹੋ ਜਿਹੀਆਂ ਹਵਾਵਾਂ ਇੱਥੇ ਨਹੀਂ ਚੱਲੀਆਂ। ਕਿਹੋ- ਕਿਹੋ ਜਿਹੀਆਂ ਲਹਿਰਾਂ ਪਥਰਾਂ ਨਾਲ ਨਹੀਂ ਟਕਰਾਈਆਂ।
“ਦਾਗਿਸਤਾਨ, ਜੇ ਤੂੰ ਸਾਡੀ ਗੱਲ ਨਹੀਂ ਮੰਨੇਗਾ ਤਾਂ ਅਸੀਂ ਤੈਨੂੰ ਧੱਕ ਕੇ ਸਮੁੰਦਰ ਵਿਚ ਡਬੋ ਦਿਆਂਗੇ।” ਬਾਹਰੋਂ ਆਉਣ ਵਾਲਿਆਂ ਨੇ ਧਮਕੀ ਦਿੱਤੀ।
ਮੇਰੇ ਪਿਤਾ ਜੀ ਨੇ ਉਸ ਵਕਤ ਲਿਖਿਆ ਸੀ-” ਦਾਗਿਸਤਾਨ ਅਜੇਹੇ ਜਾਨਵਰ ਵਰਗਾ ਹੈ ਜਿਹਨੂੰ ਸਾਰੇ ਪਾਸਿਓਂ ਪਰਿੰਦੇ ਚੂੰਡਦੇ ਹਨ।”
ਗੋਲੀਬਾਰੀ ਹੋਈ, ਅੱਗ ਦੀਆਂ ਲਾਟਾਂ ਉੱਠੀਆਂ, ਲਹੂ ਡੁੱਲ੍ਹਿਆ, ਚੱਟਾਨਾਂ ਵਿਚੋਂ ਧੂੰਆਂ ਉੱਠਿਆ, ਫਸਲਾਂ ਸੜੀਆਂ, ਪਿੰਡ ਤਬਾਹ ਹੋਏ, ਬਿਮਾਰੀਆਂ ਨੇ ਲੋਕਾਂ ਦੀਆਂ ਜਾਨਾਂ ਲਈਆਂ, ਕਿਲੇ ਕਦੇ ਇਕ ਦੇ ਹੱਥ ਅਤੇ ਕਦੇ ਦੂਸਰੇ ਦੇ ਹੱਥ ਆਉਂਦੇ ਜਾਂਦੇ ਰਹੇ। ਇਹ ਸਭ ਕੁਝ ਚਾਰ ਸਾਲ ਤਕ ਚਲਦਾ ਰਿਹਾ।
“ਪੈਲੀ ਵੇਚ ਕੇ ਘੋੜਾ ਖਰੀਦਿਆ, ਗਾਂ ਵੇਚ ਕੇ ਤਲਵਾਰ ਖਰੀਦੀ,” ਪਹਾੜੀ ਲੋਕ ਉਨ੍ਹੀਂ ਦਿਨੀਂ ਇੰਜ ਕਹਿੰਦੇ ਹੁੰਦੇ ਸਨ। ਸਵਾਰਾਂ ਨੂੰ ਗੁਆ ਕੇ ਘੋੜੇ ਹਿਣਹਿਣਾਉਂਦੇ ਰਹੇ। ਕਾਂ ਮੁਰਦਿਆਂ ਦੀਆਂ ਅੱਖਾਂ ਕੱਢਦੇ ਰਹੇ।
ਮੇਰੇ ਪਿਤਾ ਜੀ ਨੇ ਉਸ ਸਮੇਂ ਦੇ ਦਾਗਿਸਤਾਨ ਦੀ ਅਜੇਹੇ ਪੱਥਰ ਨਾਲ ਤੁਲਨਾ ਕੀਤੀ ਸੀ ਜਿਹਦੇ ਨੇੜਿਓਂ ਅਨੇਕ ਨਦੀਆਂ ਸ਼ੋਰ ਮਚਾਉਂਦੀਆਂ ਹੋਈਆਂ ਲੰਘੀਆਂ ਹੋਣ। ਮੇਰੀ ਮਾਂ ਨੇ ਅਨੇਕ ਤੂਫਾਨੀ ਵਹਿਣਾਂ ਦੇ ਉਲਟ ਜਾਣ ਵਾਲੀ ਮੱਛੀ ਨਾਲ ਉਹਦੀ ਤੁਲਨਾ ਕੀਤੀ ਸੀ।
ਅਬੂਤਾਲਿਬ ਨੇ ਯਾਦ ਕਰਦਿਆਂ ਹੋਇਆਂ ਲਿਖਿਆ ਸੀ, “ਸਾਡੇ ਦੇਸ਼ ਦੇ ਕਿਹੋ -ਕਿਹੋ ਜਿਹੇ ਜੁਰਨਾਂ ਵਜਾਉਣ ਵਾਲਿਆਂ ਨੂੰ ਨਹੀਂ ਦੇਖਿਆ।” ਖੁਦ ਅਬੂਤਾਲਿਬ ਛਾਪਾਮਾਰ ਦਸਤੇ ਦਾ ਜੁਰਨਾਂ ਵਜਾਉਣ ਵਾਲਾ ਸੀ।
ਹੁਣ ਕਲਮਾਂ ਨਾਲ ਉਸ ਕਿੱਸੇ, ਉਸ ਕਹਾਣੀ ਨੂੰ ਲਿਖਿਆ ਜਾਂਦਾ ਹੈ ਜਿਸ ਨੂੰ ਤਲਵਾਰਾਂ ਨਾਲ ਲਿਖਿਆ ਗਿਆ ਸੀ। ਹੁਣ ਉਨ੍ਹਾਂ ਦਿਨਾਂ ਦਾ ਅਧਿਅਨ ਕਰਦਿਆਂ ਹੋਇਆਂ ਮਸ਼ਹੂਰੀ ਅਤੇ ਬਹਾਦਰੀ ਦੇ ਕਾਰਨਾਮਿਆਂ ਨੂੰ ਤੱਕੜੀ ਤੇ ਤੋਲਿਆ ਜਾਂਦਾ ਹੈ। ਵੀਰਾਂ-ਸੂਰਮਿਆਂ ਦਾ ਮੁਲਾਂਕਣ ਕਰਦਿਆਂ ਹੋਇਆਂ ਵਿਦਵਾਨ ਆਪਸ ਵਿਚ ਬਹਿਸ ਕਰਦੇ ਹਨ, ਅਸੀਂ ਕਹਿ ਸਕਦੇ ਹਾਂ ਕਿ ਉਹ ਆਪਸ ਵਿਚ ਜੂਝਦੇ ਹਨ।
ਪਰ ਖੈਰ, ਵੀਰਾਂ ਨੇ ਲੜਾਈ ਲੜ ਲਈ। ਮੇਰੇ ਵਾਸਤੇ ਸੱਚਮੁੱਚ ਇਸ ਗੱਲ ਦਾ ਕੋਈ ਮਹੱਤਵ ਨਹੀਂ ਕਿ ਇਨ੍ਹਾਂ ਵਿਚੋਂ ਕਿਹਨੂੰ ਪਹਿਲਾ, ਦੂਸਰਾ ਜਾਂ ਤੀਸਰਾ ਥਾਂ ਦਿੱਤਾ ਜਾਵੇ। ਵਧੇਰੇ ਮਹੱਤਵਪੂਰਣ ਤਾਂ ਇਹ ਚੀਜ਼ ਹੈ ਕਿ ਇਨਕਲਾਬ ਨੇ ਚੇਰਕੇਸਕਾ ਦੇ ਪੱਲੇ ਨਾਲ ਮੌਤ ਦੇ ਘਾਟ ਉਤਾਰੇ ਗਏ ਆਪਣੇ ਆਖਰੀ ਦੁਸ਼ਮਣ ਦਾ ਖੂਨ ਪੂੰਝ ਕੇ ਖੰਜਰ ਨੂੰ ਮਿਆਨ ਵਿਚ ਰੱਖ ਲਿਆ। ਪਹਾੜੀ ਆਦਮੀ ਨੇ ਇਹਦੀ ਦਾਤਰੀ ਬਣਾ ਲਈ। ਆਪਣੀ ਨੋਕੀਲੀ ਸੰਗੀਨ ਨੂੰ ਉਸ ਨੇ ਪਹਾੜੀ ਢਾਲ ਉਤੇ ਪੱਥਰਾਂ ਵਿਚ ਗੱਡ ਦਿੱਤਾ। ਹਲ ਵਿਚ ਆਪਣੀ ਤਾਕਤ ਲਾਉਂਦਿਆਂ ਹੋਇਆਂ ਉਹ ਆਪਣੀ ਜ਼ਮੀਨ ਨੂੰ ਵਾਹੁਣ-ਬੀਜਣ ਲੱਗਾ, ਬਲਦਾਂ ਨੂੰ ਹੱਕਦਿਆਂ ਹੋਇਆਂ ਆਪਣੀ ਪੈਲੀ ਵਿਚੋਂ ਘਾਹ ਨੂੰ ਗੱਡੇ ਤੇ ਲੱਦ ਕੇ ਲਿਜਾਉਣ ਲੱਗ ਪਿਆ।
ਪਹਾੜ ਦੀ ਚੋਟੀ ਉਤੇ ਲਾਲ ਝੰਡਾ ਲਹਿਰਾ ਕੇ ਦਾਗਿਸਤਾਨ ਨੇ ਆਪਣੀਆਂ ਮੁਛਾਂ ਤੇ ਤਾਅ ਦਿੱਤਾ। ਨਕਲੀ ਈਮਾਮ ਗੋਤਸਿੰਸਕੀ ਦੀ ਪੱਗ ਨਾਲ ਉਹਨੇ ਕਾਵਾਂ ਚਿੜੀਆਂ ਨੂੰ ਡਰਾਉਣ ਵਾਲਾ ਡਰਨਾ ਬਣਾ ਕੇ ਖੇਤ ਵਿਚ ਖੜ੍ਹਾ ਕਰ ਦਿੱਤਾ ਅਤੇ ਖੁਦ ਇਮਾਮ ਨੂੰ ਤਾਂ ਇਨਕਲਾਬ ਨੇ ਹੀ ਸਜ਼ਾ ਦਿੱਤੀ। ਗੋਤਸਿੰਸਕੀ ਅਦਾਲਤ ਵਿਚ ਗਿੜਗੜਾਉਂਦਾ ਰਿਹਾ—”ਗੋਰੇ ਜ਼ਾਰ ਨੇ ਸ਼ਾਮੀਲ ਨੂੰ ਜ਼ਿੰਦਾ ਛੱਡ ਦਿੱਤਾ ਸੀ। ਉਹਦਾ ਕੁਝ ਵੀ ਨਹੀਂ ਵਿਗੜਿਆ ਸੀ। ਤੁਸੀਂ ਮੈਨੂੰ ਮੌਤ ਦੀ ਸਜ਼ਾ ਦੇ ਰਹੇ ਓ?”
ਦਾਗਿਸਤਾਨ ਅਤੇ ਇਨਕਲਾਬ ਨੇ ਉਹਦਾ ਜਵਾਬ ਦਿੱਤਾ-ਤੇਰੇ ਜਿਹੇ ਦਾ ਤਾਂ ਸ਼ਾਮੀਲ ਨੇ ਵੀ ਸਿਰ ਵੱਢ ਸੁਟਿਆ ਹੁੰਦਾ। ਉਹ ਆਖਦਾ ਹੁੰਦਾ ਸੀ-“ਗੱਦਾਰ ਦਾ ਤਾਂ ਧਰਤੀ ਦੇ ਉਤੇ ਰਹਿਣ ਦੀ ਬਜਾਏ ਉਹਦੇ ਹੇਠਾਂ ਹੋਣਾ ਕਿਤੇ ਜ਼ਿਆਦਾ ਚੰਗੇ।” ਹਾਂ, ਉਹਨੂੰ ਸਜ਼ਾ ਦਿੱਤੀ ਗਈ, ਇਕ ਵੀ ਪਹਾੜੀ ਨਹੀਂ ਕੰਬੀ। ਕਿਸੇ ਨੇ ਵੀ ਅੱਥਰੂ ਨਹੀਂ ਕੇਰੇ, ਕਿਸੇ ਨੇ ਵੀ ਉਸਦੀ ਕਬਰ ਉਤੇ ਯਾਦ ਦਾ ਪੱਥਰ, ਕੁਤਬਾ ਨਹੀਂ ਲਾਇਆ।
ਕਾਈਤਮਾਜ਼ ਅਲੀਖਾਨੋਵ ਆਪਣੇ ਚਿੱਟੇ ਘੋੜੇ ਤੇ ਸਵਾਰ ਹੋ ਕੇ ਤਸੂਨਤੀ ਇਲਾਕੇ ਦੇ ਜੰਗਲਾਂ ਵਿਚੋਂ ਭੱਜ ਤੁਰਿਆ। ਉਹਦੇ ਦੋ ਪੁੱਤਰ ਉਹਦੇ ਨਾਲ ਭੱਜ ਰਹੇ ਸਨ ਪਰ ਉਹ ਲਾਲ ਛਾਪਾ ਮਾਰਾਂ ਦੀਆਂ ਗੋਲੀਆਂ ਦੇ ਸ਼ਿਕਾਰ ਹੋ ਗਏ। ਕਰਨਲ ਦਾ ਸਫ਼ੈਦ ਘੋੜਾ ਉਦਾਸ ਹੁੰਦਾ ਅਤੇ ਇਕ ਲੱਤ ਤੇ ਲੰਗੜਾਉਂਦਾ ਹੋਇਆ ਖੂਹ ਦੇ ਕਿਲੇ ਵਿਚ
ਵਾਪਸ ਮੁੜ ਗਿਆ। “ਤੈਨੂੰ ਗਲਤ ਰਾਹ ਤੇ ਛੱਡ ਦਿੱਤਾ ਸੀ ਉਹਨਾਂ ਨੇ,” ਮੁਸਲਮ ਅੱਤਾਯੇਵ ਨੇ ਵਿਚਾਰੇ ਘੋੜੇ ਨੂੰ ਕਿਹਾ। “ਉਹ ਤਾਂ ਦਾਗਿਸਤਾਨ ਨੂੰ ਵੀ ਉਸੇ ਰਾਹ ਤੇ ਲਿਜਾਣਾ ਚਾਹੁੰਦੇ
प्ती।”
ਬਿਚੇਰਾਖੋਵ ਨੂੰ ਵੀ ਭਜਾ ਦਿੱਤਾ ਗਿਆ। ਉਹਦੇ ਇਧਰ ਉਧਰ ਖਿਲਰੇ ਹੋਏ ਫੌਜੀ ਦਸਤੇ ਕਾਸਪੀ ਦੀਆਂ ਲਹਿਰਾਂ ਵਿਚ ਡੁੱਬ ਗਏ। “ਅਮੀਨ,” ਉਨ੍ਹਾਂ ਨੂੰ ਆਪਣੇ ਹੇਠਾਂ ਛੁਪਾਉਂਦਿਆਂ ਹੋਇਆਂ ਲਹਿਰਾਂ ਨੇ ਕਿਹਾ। “ਅਮੀਨ,” ਪਹਾੜ ਕਹਿ ਉੱਠੇ, “ਅੱਲਾਹ ਕਰੇ ਉਹ ਜਹੱਨਮ ਵਿਚ ਚਲੇ ਜਾਣ ਜਿਹੜੇ ਇਸ ਧਰਤੀ ਉਤੇ ਜਹੱਨਮ ਬਣਾ ਰਹੇ ਸਨ।” ਇਸਤੰਬੂਲ ਵਿਚ ਮੈਂ ਬਾਜ਼ਾਰ ਗਿਆ। ਮੇਰੇ ਆਲੇ ਦੁਆਲੇ ਜਮ੍ਹਾਂ ਸਾਬਕਾ ਆਵਾਰ ਲੋਕਾਂ ਨੇ ਮੈਨੂੰ ਭੀੜ ਵਿਚੋਂ ਜਾਂਦਾ ਹੋਇਆ ਇਕ ਬੁੱਢਾ ਵਿਖਾਇਆ। ਉਹ ਇਕ ਅਜਿਹੀ ਬੋਰੀ ਜਿਹਾ ਲੱਗਦਾ ਸੀ ਜਿਸ ਵਿਚੋਂ ਅੰਨ ਦੇ ਦਾਣੇ ਕਿਰਦੇ ਪਏ ਹੋਣ।
“ਇਹ ਕਾਜ਼ਿਮਬੇਈ ਏ।”
“ਕਿਹੜਾ ਕਾਜ਼ਿਮਬੇਈ?”
“ਉਹ ਜਿਹੜਾ ਤੁਰਕੀ ਦੇ ਸੁਲਤਾਨ ਦੀਆਂ ਫੌਜਾਂ ਲੈ ਕੇ ਦਾਗਿਸਤਾਨ ਗਿਆ
मी।”
“ਭਲਾ ਉਹ ਅਜੇ ਤਕ ਜਿਉਂਦੈ?”
“ਜਿਵੇਂ ਵੇਖਨੇ ਪਏ ਆਂ, ਉਹਦਾ ਜਿਸਮ ਤਾਂ ਅਜੇ ਤੱਕ ਜਿਉਂਦੈ।”
ਸਾਡੀ ਜਾਣ ਪਛਾਣ ਕਰਵਾਈ ਗਈ।
“ਦਾਗਿਸਤਾਨ…. ਮੈਂ ਜਾਣਨਾ ਉਸ ਦੇਸ਼ ਨੂੰ,” ਬੁੱਢੇ ਖੂਸੜ ਨੇ ਕਿਹਾ।
“ਤੁਹਾਨੂੰ ਵੀ ਦਾਗਿਸਤਾਨ ਵਿਚ ਜਾਣਦੇ ਨੇ,” ਮੈਂ ਜਵਾਬ ਦਿੱਤਾ।
“ ਹਾਂ ਮੈਂ ਉੱਥੇ ਗਿਆ ਸੀ।”
“ਫੇਰ ਜਾਉਗੇ?” ਮੈਂ ਜਾਣ ਬੁੱਝ ਕੇ ਪੁੱਛਿਆ।
“ਹੁਣ ਕਦੇ ਨਹੀਂ ਜਾਵਾਂਗਾ, ” ਉਸਨੇ ਜਵਾਬ ਦਿੱਤਾ ਅਤੇ ਛੇਤੀ ਛੇਤੀ ਆਪਣੀ ਦੁਕਾਨ ਵੱਲ ਚਲਾ ਗਿਆ।
ਇਸਤੰਬੂਲ ਦੇ ਬਾਜ਼ਾਰ ਦਾ ਇਹ ਛੋਟਾ ਜਿਹਾ ਦੁਕਾਨਦਾਰ ਭਲਾ ਇਹ ਭੁੱਲ ਗਿਆ ਹੈ ਕਿ ਕਾਸੂਮ ਕੈਂਟ ਵਿਚ ਕਿਵੇਂ ਉਹਨੇ ਪੈਲੀਆਂ ਵਿਚ ਹੀ ਤਿੰਨ ਅਮਨ ਪਸੰਦ ਹਾਲੀਆਂ ਨੂੰ ਮਾਰ ਸੁੱਟਿਆ ਸੀ? ਭਲਾ ਕਿਹਨੂੰ ਪਹਾੜਾਂ ਵਿਚਲੀ ਉਹ ਚੱਟਾਨ ਯਾਦ ਨਹੀਂ ਜਿੱਥੋਂ ਇਕ ਪਹਾੜੀ ਮੁਟਿਆਰ ਨੇ ਇਸ ਕਰਕੇ ਖੱਡ ਵਿਚ ਛਾਲ ਮਾਰ ਦਿੱਤੀ ਸੀ ਕਿ ਤੁਰਕੀ ਸਿਪਾਹੀਆਂ ਦੇ ਹੱਥਾਂ ਵਿਚ ਨਾ ਪੈ ਜਾਵੇ? ਭਲਾ ਇਸ ਦੁਕਾਨਦਾਰ ਨੂੰ ਇਹ ਯਾਦ ਨਹੀਂ ਕਿ ਕਿਵੇਂ ਬਾਗ ਵਿਚੋਂ ਇਕ ਮੁੰਡੇ ਨੂੰ ਉਹਦੇ ਸਾਹਮਣੇ ਲਿਆਂਦਾ ਗਿਆ ਸੀ, ਕਿਵੇਂ ਇਹਨੇ ਉਹਦੀਆਂ ਚੈਰੀਆਂ ਖੋਹ ਲਈਆਂ ਸਨ ਅਤੇ ਮੂੰਹ ਵਿਚੋਂ ਗਿਟਕ ਉਸਦੀ ਅੱਖ ਵਿਚ ਥੁੱਕ ਮਾਰੀ ਸੀ? ਪਰ ਖੈਰ, ਉਹ ਇਹ ਤਾਂ ਨਹੀਂ ਭੁੱਲਿਆ ਹੋਵੇਗਾ ਕਿ ਉਹ ਕਿਵੇਂ ਇਕੱਲੇ ਕੱਛੇ ਵਿਚ ਭੱਜਿਆ ਸੀ ਅਤੇ ਇਕ ਪਹਾੜੀ ਔਰਤ ਨੇ ਪਿਛੋਂ ਆਵਾਜ਼ ਮਾਰ ਕੇ ਆਖਿਆ ਸੀ- “ਮਖਿਆ, ਤੂੰ ਆਪਣੀ ਸਮੂਰ ਦੀ ਟੋਪੀ ਤਾਂ ਭੁੱਲ ਈ ਗਿਐਂ।”
ਭੰਨ ਤੋੜ ਦੀਆਂ ਕਾਰਵਾਈਆਂ ਕਰਨ ਵਾਲੇ ਦਾਗਿਸਤਾਨ ਵਿਚੋਂ ਭੱਜ ਗਏ। ਕਾਜ਼ਿਮਬੇਈ ਵੀ ਭੱਜ ਗਿਆ, ਸ਼ਾਮੀਲ ਦਾ ਪੋਤਰਾ ਸਈਦਬੇਈ ਵੀ ਭੱਜ ਗਿਆ।
“ਸਈਦਬੇਈ ਹੁਣ ਕਿੱਥੇ ਏ?” ਮੈਂ ਇਸਤੰਬੂਲ ਵਿਚ ਪੁੱਛਿਆ।
“ਸਉਦੀ ਅਰਬ ਚਲਾ ਗਿਐ।”
“ਕਾਹਦੇ ਲਈ?”
“ਵਪਾਰ ਕਰਨ ਵਾਸਤੇ, ਉਥੇ ਉਹਦੀ ਥੋੜ੍ਹੀ ਜਿਹੀ ਜ਼ਮੀਨ ਏ।”
ਵਪਾਰੀਓ! ਤੁਹਾਨੂੰ ਦਾਗਿਸਤਾਨ ਵਿਚ ਵਪਾਰ ਕਰਨ ਦਾ ਮੌਕਾ ਨਹੀਂ ਮਿਲਿਆ।
ਇਨਕਲਾਬ ਨੇ ਕਿਹਾ-“ਬਾਜ਼ਾਰ ਬੰਦ ਹੈ।” ਲਹੂ ਵਿਚ ਭਿੱਜੇ ਝਾੜੂ ਨਾਲ ਉਹਨੇ ਪਹਾੜੀ ਧਰਤੀ ਤੋਂ ਸਾਰਾ ਕੂੜਾ-ਕਰਕਟ ਸਾਫ ਕਰ ਦਿੱਤਾ ਹੈ। ਹੁਣ ਤਾਂ ਦਾਗਿਸਤਾਨ ਦੇ ਅਖੌਤੀ ਰਾਖਿਆਂ ਅਤੇ ਬਚਾਉਣ ਵਾਲਿਆਂ ਦੇ ਪਿੰਜਰ ਹੀ ਬੇਗਾਨੇ ਦੇਸ਼ਾਂ ਵਿਚ ਭਟਕਦੇ ਫਿਰਦੇ ਹਨ।
ਕੁਝ ਸਾਲ ਪਹਿਲਾਂ ਬੈਰੂਤ ਵਿਚ ਏਸ਼ੀਆ ਅਤੇ ਅਫਰੀਕਾ ਦੇ ਲੇਖਕਾਂ ਦੀ ਕਾਨਫਰੰਸ ਹੋਈ। ਮੈਨੂੰ ਵੀ ਇਸ ਕਾਨਫਰੰਸ ਵਿਚ ਭੇਜਿਆ ਗਿਆ। ਮੈਨੂੰ ਕਾਨਫਰੰਸ ਵਿਚ ਹੀ ਨਹੀਂ, ਕਦੇ ਕਦੇ ਉਹਨਾਂ ਦੂਸਰੀਆਂ ਥਾਵਾਂ ਤੇ ਵੀ ਬੋਲਣਾ ਪਿਆ ਜਿੱਥੇ ਸਾਨੂੰ ਬੁਲਾਇਆ ਗਿਆ ਸੀ। ਇਹੋ ਜਿਹੀ ਹੀ ਇਕ ਸਭਾ ਵਿਚ ਮੈਂ ਆਪਣੇ ਦਾਗਿਸਤਾਨ, ਆਪਣੇ ਲੋਕਾਂ ਅਤੇ ਰਸਮਾਂ ਰਿਵਾਜਾਂ ਦੀ ਚਰਚਾ ਕੀਤੀ, ਦਾਗਿਸਤਾਨ ਦੇ ਵੱਖੋ ਵੱਖ ਕਵੀਆਂ ਦੀਆਂ ਅਤੇ ਆਪਣੀਆਂ ਕਵਿਤਾਵਾਂ ਵੀ ਸੁਣਾਈਆਂ।
ਇਸ ਸਭਾ ਦੇ ਖਤਮ ਹੋਣ ਤੇ ਇਕ ਸੁੰਦਰ ਅਤੇ ਜਵਾਨ ਔਰਤ ਨੇ ਮੈਨੂੰ ਪੌੜੀਆਂ ਦੇ ਕੋਲ ਰੋਕ ਲਿਆ।
“ਜਨਾਬ ਹਮਜ਼ਾਤੋਵ, ਮੈਂ ਤੁਹਾਡੇ ਨਾਲ ਕੋਈ ਗੱਲਬਾਤ ਕਰ ਸਕਨੀ ਆਂ, ਤੁਸੀਂ ਮੈਨੂੰ ਆਪਣਾ ਕੁਝ ਵਕਤ ਦੇ ਸਕਦੇ ਓ?” ਅਸੀਂ ਸ਼ਾਮ ਦੀ ਚਾਦਰ ਵਿਚ ਲਿਪਟੀਆਂ ਹੋਈਆਂ ਬੈਰੂਤ ਦੀਆਂ ਸੜਕਾਂ ਉਤੇ ਤੁਰ ਪਏ। “ਦਾਗਿਸਤਾਨ ਦੇ ਬਾਰੇ ਦੱਸੋ। ਮਿਹਰਬਾਨੀ ਕਰਕੇ ਸਭ ਕੁਝ?” ਅਚਾਨਕ ਹੀ ਮੇਰੇ ਨਾਲ ਤੁਰਦੀ ਇਸ ਔਰਤ ਨੇ ਗੁਜ਼ਾਰਿਸ਼ ਕੀਤੀ।
“ਮੈਂ ਤਾਂ ਪੂਰੇ ਇਕ ਘੰਟੇ ਤੋਂ ਇਹੀ ਦੱਸਦਾ ਰਿਹਾਂ।”
“ਹੋਰ ਦੱਸੋ, ਹੋਰ ਦੱਸੋ!”
“ਤੁਹਾਡੀ ਜ਼ਿਆਦਾ ਦਿਲਚਸਪੀ ਕਿਸ ਚੀਜ਼ ਵਿਚ ਏ?”
“ਹਰ ਚੀਜ਼ ਵਿਚ! ਦਾਗਿਸਤਾਨ ਨਾਲ ਸਬੰਧਤ ਸਾਰੀਆਂ ਚੀਜ਼ਾਂ ਵਿਚ!”
ਮੈਂ ਦੱਸਣਾ ਸ਼ਰੂ ਕਰ ਦਿੱਤਾ। ਅਸੀਂ ਏਧਰ ਉਧਰ ਘੁੰਮਦੇ ਰਹੇ। ਮੇਰਾ ਬਿਆਨ
ਖਤਮ ਹੋਣ ਤੋਂ ਪਹਿਲਾਂ ਹੀ ਉਹ ਫਿਰ ਜ਼ੋਰ ਦੇਣ ਲੱਗ ਪੈਂਦੀ-
“ਹੋਰ ਦੱਸੋ, ਹੋਰ ਦੱਸੋ!”
ਮੈਂ ਦੱਸਦਾ ਰਿਹਾ।
” ਅਵਾਰ ਭਾਸ਼ਾ ਵਿਚ ਆਪਣੀਆਂ ਕਵਿਤਾਵਾਂ ਸੁਣਾਓ।”
“ ਪਰ ਤੁਸੀਂ ਤਾਂ ਉਨ੍ਹਾਂ ਨੂੰ ਸਮਝੋਗੇ ਨਹੀਂ।”
“ਫੇਰ ਵੀ ਸੁਣਾਓ।”
ਮੈਂ ਕਵਿਤਾਵਾਂ ਸੁਣਾਈਆਂ। ਜਦੋਂ ਕੋਈ ਖੂਬਸੂਰਤ ਅਤੇ ਜਵਾਨ ਔਰਤ ਕਿਸੇ ਕੰਮ ਲਈ ਗੁਜ਼ਾਰਿਸ਼ ਕਰੇ ਤਾਂ ਅਸੀਂ ਕੀ ਕੁਝ ਨਹੀਂ ਕਰਦੇ। ਫਿਰ ਉਸਦੀ ਆਵਾਜ਼ ਵਿਚ ਦਾਗਿਸਤਾਨ ਵਾਸਤੇ ਸੱਚੀ ਦਿਲਚਸਪੀ ਦਾ ਅਹਿਸਾਸ ਹੋ ਰਿਹਾ ਸੀ ਕਿ ਇਨਕਾਰ ਕਰਨਾ ਸੰਭਵ ਨਹੀਂ ਸੀ।
“ਤੁਸੀਂ ਕੋਈ ਅਵਾਰ ਗਾਣਾ ਨਹੀਂ ਗਾਉਂਦੇ ?”
“ਜੀ ਨਹੀਂ, ਮੈਨੂੰ ਗਾਣਾ ਨਹੀਂ ਆਉਂਦਾ।”
ਅਜੇ ਤਾਂ ਇਹ ਮੈਨੂੰ ਨੱਚਣ ਲਈ ਵੀ ਮਜਬੂਰ ਕਰੇਗੀ।
“ਜੇ ਤੁਸੀਂ ਕਹੋ ਤਾਂ ਮੈਂ ਗਾਵਾਂ ?”
“ਬੜੀ ਮਿਹਰਬਾਨੀ ਹੋਵੇਗੀ।”
ਇਸ ਸਮੇਂ ਅਸੀਂ ਸਾਗਰ ਕੰਢੇ ਪਹੁੰਚ ਗਏ ਸਾਂ। ਉੱਜਲ ਚਾਨਣੀ ਵਿਚ ਸਾਗਰ ਹਰੀ ਜਿਹੀ ਭਾਅ ਮਾਰਦਾ ਹੋਇਆ ਚਮਕ ਰਿਹਾ ਸੀ।
ਤਾਂ ਬਹੁਤ ਦੂਰ ਬੈਰੂਤ ਵਿਚ ਇਕ ਅਜਨਬੀ ਸੁੰਦਰੀ ਸਮਝ ਵਿਚ ਨਾ ਆਉਣ ਵਾਲੀ ਬੋਲੀ ਵਿਚ ਮੈਨੂੰ ਦਾਗਿਸਤਾਨੀ “ਦਾਲਾਲਾਈ” ਗਾਣਾ ਸੁਣਾਉਣ ਲੱਗੀ। ਪਰ ਜਦੋਂ ਉਹ ਦੂਸਰਾ ਗਾਣਾ ਗਾਉਣ ਲੱਗੀ ਤਾਂ ਮੈਂ ਸਮਝ ਗਿਆ ਕਿ ਉਹ ਕੁਮਿਕ ਭਾਸ਼ਾ ਵਿਚ ਗਾ ਰਹੀ ਹੈ।
ਪੁੱਛਿਆ। “ਤੁਸੀਂ ਕੁਮਿਕ ਬੋਲੀ ਕਿਵੇਂ ਜਾਣਦੇ ਹੋ?” ਮੈਂ ਹੈਰਾਨ ਹੁੰਦਿਆਂ ਹੋਇਆਂ
ਬਦਕਿਸਮਤੀ ਨਾਲ ਮੈਂ ਉਹਨੂੰ ਨਹੀਂ ਜਾਣਦੀ।
“ਪਰ ਗਾਣਾ…”
“ਇਹ ਗਾਣਾ ਤਾਂ ਮੈਨੂੰ ਮੇਰੇ ਦਾਦਾ ਜੀ ਨੇ ਸਿਖਾਇਆ ਸੀ।”
“ਭਲਾ ਉਹ ਕਦੇ ਦਾਗਿਸਤਾਨ ਗਏ ਸਨ?”
“ਹਾਂ, ਇਕ ਤਰ੍ਹਾਂ ਨਾਲ ਗਏ ਈ ਸਨ।”
“ਬਹੁਤ ਪਹਿਲਾਂ?”
“ਇਹ ਗੱਲ ਏ ਕਿ ਨੂਹਬੇਕ ਤਾਰਕੋਵਸਕੀ ਮੇਰੇ ਦਾਦਾ ਜੀ ਸਨ।”
“ਕਰਨਲ! ? ਹੁਣ ਕਿੱਥੇ ਨੇ ਉਹ ?”
“ਉਹ ਤਹਿਰਾਨ ਵਿਚ ਰਹਿੰਦੇ ਸਨ। ਇਸ ਸਾਲ ਚਲ ਵਸੇ। ਮਰਨ ਵੇਲੇ ਉਹ ਲਗਾਤਾਰ ਮੈਨੂੰ ਇਹੀ ਗਾਣਾ ਗਾਉਣ ਲਈ ਕਹਿੰਦੇ ਰਹੇ।”
“ਕਿਸ ਬਾਰੇ ਏ ਗਾਣਾ ?”
“ਮੌਸਮੀ ਪਰਿੰਦਿਆਂ ਦੇ ਬਾਰੇ ਉਹਨਾਂ ਨੇ ਮੈਨੂੰ ਦਾਗਿਸਤਾਨ ਨਾਚ ਵੀ ਸਿਖਾਇਆ ਸੀ। ਵੇਖੋ!”
ਉਹ ਔਰਤ ਨਵੇਂ ਚੰਨ ਤਾਰੇ ਵਾਂਗ ਚਮਕ ਉੱਠੀ, ਉਹਨੇ ਬੜੀ ਲੋਚ ਨਾਲ ਹੱਥ ਫੈਲਾਏ ਅਤੇ ਝੀਲ ਵਿਚ ਤੈਰਨ ਵਾਲੀ ਹੰਸਣੀ ਵਾਂਗ ਗੇੜੇ ਕੱਢਣ ਗੱਲੀ।
ਕੁਝ ਦੇਰ ਮਗਰੋਂ ਮੈਂ ਉਹਦੇ ਕੋਲੋਂ ਮੌਸਮੀ ਪਰਿੰਦਿਆਂ ਦੇ ਬਾਰੇ ਮੁੜ ਕੇ ਗਾਣਾ ਸੁਣਨ ਦੀ ਗੁਜ਼ਾਰਿਸ਼ ਕੀਤੀ। ਉਹਨੇ ਮੈਨੂੰ ਗਾਣੇ ਦੇ ਸ਼ਬਦਾਂ ਦਾ ਅਰਥ ਵੀ ਦੱਸਿਆ। ਹੋਟਲ ਵਿਚ ਵਾਪਸ ਆ ਕੇ ਮੈਂ ਯਾਦਾਸ਼ਤ ਦੇ ਆਧਾਰ ਤੇ ਅਵਾਰ ਭਾਸ਼ਾ ਵਿਚ ਅਨੁਵਾਦ ਕਰਕੇ ਇਹ ਗਾਣਾ ਲਿਖ ਲਿਆ।
ਹਾਂ, ਦਾਗਿਸਤਾਨ ਵਿਚ ਬਸੰਤ ਆ ਗਈ ਹੈ। ਮੈਂ ਲਗਾਤਾਰ ਇਹ ਸੋਚਦਾ ਰਹਿੰਦਾ ਹਾਂ ਕਿ ਪਰਿੰਸ ਨੂਹਬੇਕ ਤਾਰਕੋਵਸਕੀ ਦਾ ਮੌਸਮੀ ਪਰਿੰਦਿਆਂ ਦੇ ਬਾਰੇ ਇਸ ਗਾਣੇ ਨਾਲ ਕੀ ਸੰਬੰਧ ਹੋ ਸਕਦਾ ਹੈ? ਤਹਿਰਾਨ ਵਿਚ ਰਹਿਣ ਵਾਲੇ ਉਸ ਕਰਨਲ ਨੂੰ, ਜਿਹੜਾ ਇਨਕਲਾਬੀ ਖੇਤਰ ਅਤੇ ਦਾਗਿਸਤਾਨ ਦੇ ਬਦਲੇ ਤੋਂ ਬਚ ਕੇ ਭੱਜ ਗਿਆ ਸੀ, ਕਾਹਦੇ ਲਈ ਪਹਾੜਾਂ ਦੇ ਇਨਕਲਾਬੀ ਲਾਲ ਸੂਰਜ ਦੀ ਯਾਦ ਆਉਂਦੀ ਸੀ ? ਉਹਨੂੰ ਕਿਵੇਂ ਮਾਤਭੂਮੀ ਤੋਂ ਜੁਦਾਈ ਦੀ ਤੜਪ ਮਹਿਸੂਸ ਹੋ ਸਕਦੀ ਸੀ ?
ਇਰਾਨ ਵਿਚ ਰਹਿੰਦਿਆਂ ਹੋਇਆਂ ਸ਼ੁਰੂ ਵਿਚ ਤਾਂ ਤਾਰਕੋਵਸਕੀ ਇਹ ਕਹਿੰਦਾ ਰਿਹਾ—“ਮੇਰੇ ਤੇ ਦਾਗਿਸਤਾਨ ਨਾਲ ਜੋ ਕੁਝ ਹੋਇਆ ਏ, ਇਹ ਕਿਸਮਤ ਦੀ ਭੁੱਲ ਏ ਤੇ ਇਸ ਭੁੱਲ ਨੂੰ ਸੁਧਾਰਨ ਵਾਸਤੇ ਮੈਂ ਉੱਥੇ ਵਾਪਸ ਜਾਵਾਂਗਾ।” ਤਾਰਕੋਵਸਕੀ ਅਤੇ ਉਹਦੇ ਨਾਲ ਹੋਰ ਪਰਵਾਸੀ ਵੀ ਹਰ ਰੋਜ਼ ਕਾਸਪੀ ਸਾਗਰ ਦੇ ਕੰਢੇ ਤੇ ਜਾਂਦੇ ਹਨ ਤਾਂ ਕਿ ਦਾਗਿਸਤਾਨ ਤੋਂ ਆਉਣ ਵਾਲੀ ਕੋਈ ਖਬਰ ਦਾ ਪਤਾ ਲੱਗ ਸਕੇ। ਪਰ ਉਨ੍ਹਾਂ ਨੂੰ ਹਰ ਵਾਰ ਹੀ ਇਹ ਵੇਖਣ ਨੂੰ ਮਿਲਦਾ ਕਿ ਕਾਸਪੀ ਸਾਗਰ ਤੋਂ ਆਉਣ ਵਾਲੇ ਜਹਾਜ਼ਾਂ ਦੇ ਮਸਤੂਲਾਂ ਉਤੇ ਲਾਲ ਝੰਡੇ ਲਹਿਰਾਅ ਰਹੇ ਸਨ। ਪਤਝੜ ਵਿਚ ਉਤਰ ਵੱਲੋਂ ਉੱਡ ਕੇ ਆਉਣ ਵਾਲੇ ਪੰਛੀਆਂ ਨੂੰ ਵੇਖ ਕੇ ਮਾਤਭੂਮੀ ਦੀ ਯਾਦ ਵਿਚ ਹੂਕ ਮਹਿਸੂਸ ਕਰਦਿਆਂ ਹੋਇਆਂ ਉਹਦੀ ਪਤਨੀ ਗੀਤ ਗਾਉਂਦੀ। ਉਹ ਮੌਸਮੀ ਪਰਿੰਦਿਆਂ ਬਾਰੇ ਉਪਰੋਕਤ ਗੀਤ ਗਾਉਂਦੀ ਸੀ। ਸ਼ੁਰੂ ਵਿਚ ਤਾਂ ਪਰਿੰਸ ਤਾਰਕੋਵਸਕੀ ਨੂੰ ਇਹ ਗੀਤ ਬਿਲਕੁਲ ਚੰਗਾ ਨਹੀਂ ਲੱਗਦਾ ਸੀ। ਸਾਲ ਬੀਤਦੇ ਗਏ। ਬੱਚੇ ਵੱਡੇ ਹੋ ਗਏ। ਕਰਨਲ ਤਾਰਕੋਵਸਕੀ ਬੁੱਢਾ ਹੋ ਗਿਆ। ਉਹ ਸਮਝ ਗਿਆ ਕਿ ਹੁਣ ਕਦੇ ਵੀ ਉਹ ਦਾਗਿਸਤਾਨ ਵਾਪਸ ਨਹੀਂ ਜਾ ਸਕੇਗਾ। ਉਸਦੀ ਸਮਝ ਵਿਚ ਇਹ ਗੱਲ ਆ ਗਈ ਕਿ ਦਾਗਿਸਤਾਨ ਦੀ ਕਿਸਮਤ ਦੂਸਰੀ ਹੀ ਹੈ, ਕਿ ਦਾਗਿਸਤਾਨ ਨੇ ਖੁਦ ਹੀ ਆਪਣੇ ਵਾਸਤੇ ਇਹ ਇਕੋ ਇਕ ਅਤੇ ਸਹੀ ਰਾਹ ਚੁਣਿਆ ਹੈ ਫਿਰ ਬੁੱਢਾ ਪਰਿਸ ਵੀ ਪਰਿੰਦਿਆਂ ਦੇ ਬਾਰੇ ਇਹ ਗੀਤ ਗਾਉਣ ਲੱਗ ਪਿਆ।
ਪਿਤਾ ਜੀ ਕਹਿੰਦੇ ਹੁੰਦੇ ਸਨ-
“ਦਾਗਿਸਤਾਨ ਉਨ੍ਹਾਂ ਦਾ ਸਾਥ ਨਹੀਂ ਦੇਵੇਗਾ ਜਿਨ੍ਹਾਂ ਨੇ ਦਾਗਿਸਤਾਨ ਦਾ ਸਾਥ ਨਹੀਂ ਦਿੱਤਾ।”
ਅਬੂਤਾਲਿਬ ਇਹਦੇ ਨਾਲ ਜੋੜਦਾ ਹੁੰਦਾ ਸੀ-
“ਜਿਹੜਾ ਬੇਗਾਨੇ ਘੋੜੇ ਉਤੇ ਸਵਾਰ ਹੁੰਦਾ ਏ, ਉਹ ਛੇਤੀ ਡਿੱਗ ਪੈਂਦੇ। ਸਾਡਾ
ਖੰਜਰ ਦੂਸਰੇ ਦੀ ਪੌਸ਼ਾਕ ਨਾਲ ਸ਼ੋਭਾ ਨਹੀਂ ਦਿੰਦਾ।”
ਸੁਲੇਮਾਨ ਸਤਾਲਸਕੀ ਨੇ ਲਿਖਿਆ ਸੀ-
“ਮੈਂ ਜ਼ਮੀਨ ਵਿਚ ਦੱਬੇ ਹੋਏ ਖੰਜਰ ਵਰਗਾ ਆਂ। ਸੋਵੀਅਤ ਸੱਤਾ ਨੇ ਮੈਨੂੰ ਬਾਹਰ ਕੱਢਿਐ। ਮੇਰਾ ਜ਼ੰਗਾਲ ਸਾਫ ਕਰ ਦਿੱਤੇ ਤੇ ਮੈਂ ਚਮਕ ਉਠਿਆਂ।”
ਪਿਤਾ ਜੀ ਏਹ ਵੀ ਕਹਿੰਦੇ ਹੁੰਦੇ ਸਨ-
“ਅਸੀਂ ਬੇਸ਼ੱਕ ਹਮੇਸ਼ਾਂ ਈ ਪਹਾੜੀ ਲੋਕ ਸਾਂ ਪਰ ਪਹਾੜ ਦੀ ਚੋਟੀ ਉਤੇ ਸਿਰਫ ਹੁਣ ਈ ਚੜ੍ਹੇ ਆਂ।”
ਅਬੂਤਾਲਿਬ ਕਹਿੰਦਾ ਹੁੰਦਾ ਸੀ-
“ਦਾਗਿਸਤਾਨ ਭੋਰੇ ‘ਚੋਂ ਬਾਹਰ ਨਿਕਲ ਆ।”
ਪੰਘੂੜਾ ਝੁਲਾਉਂਦਿਆਂ ਹੋਇਆਂ ਮੇਰੇ ਮਾਤਾ ਜੀ ਗਾਉਂਦੇ ਹੁੰਦੇ ਸਨ-
ਬੜੇ ਚੈਨ ਨਾਲ ਸੌ ਜਾ ਪੁੱਤਰਾ, ਸ਼ਾਂਤੀ ਵਿਚ ਪਹਾੜਾਂ ਆਈ,
ਕਿਤੇ ਗੋਲੀਆਂ ਦੀਆਂ ਆਵਾਜ਼ਾਂ, ਦੇਂਦੀਆਂ ਨਹੀਂ ਸੁਣਾਈ।
“ਫਰਵਰੀ ਦਾ ਮਹੀਨਾ ਸਭ ਤੋਂ ਛੋਟਾ ਏ, ਪਰ ਕਿੰਨਾ ਮਹਤਵਪੂਰਨ ਏ,” ਅਬੂਤਾਲਿਬ ਦਾ ਹੀ ਕਹਿਣਾ ਸੀ, “ਫਰਵਰੀ ਵਿਚ ਜ਼ਾਰ ਦਾ ਤਖਤਾ ਪਲਟਿਆ ਗਿਆ, ਫਰਵਰੀ ਵਿਚ ਲਾਲ ਫੌਜ ਬਣੀ ਅਤੇ ਫਰਵਰੀ ਵਿਚ ਹੀ ਲੈਨਿਨ ਪਹਾੜੀ ਲੋਕਾਂ ਦੇ ਵਫਦ ਨੂੰ ਮਿਲੇ।”
ਇਸੇ ਸਮੇਂ ਦੂਰ-ਦੁਰਾਡੇ ਰਗੂਜਾ ਪਿੰਡ ਵਿਚ ਤਰੀਮਤਾਂ ਨੇ ਲੈਨਿਨ ਦੇ ਬਾਰੇ ਇਕ
ਗੀਤ ਰਚਿਆ-
ਤੂੰ ਹੀ ਸਭ ਤੋਂ ਪਹਿਲਾਂ ਆ ਕੇ ਸਾਨੂੰ ਕਿਹਾ ਇਨਸਾਨ, ਦਿੱਤਾ ਸਭ ਤੋਂ ਪਹਿਲਾਂ ਤੂੰਹੀਓਂ ਫਤੇਹ ਦਾ ਨਿਸ਼ਾਨ, ਸੁਣ ਉਕਾਬ ਦੀ ਚੀਖ ਜਿਸ ਤਰ੍ਹਾਂ ਉੱਡ ਜਾਂਦੇ ਕਲਹੰਸ ਕਿਤੇ, ਉਦੇ ਲੈਨਿਨੀ ਸੂਰਜ ਹੋਇਆ ਕਾਲੀ ਰਾਤ ਨਾ ਰਹੀ ਕਿਤੇ।
ਸਾਡੇ ਛੋਟੇ ਜਿਹੇ ਜਨਗਣ ਦੀ ਵੱਡੀ ਕਿਸਮਤ ਹੈ। ਦਾਗਿਸਤਾਨ ਦੇ ਪੰਛੀ ਗਾਉਂਦੇ ਹਨ। ਇਨਕਲਾਬ ਦੇ ਸਪੁੱਤਰਾਂ ਦੇ ਸ਼ਬਦ ਗੂੰਜਦੇ ਹਨ। ਬੱਚੇ ਉਨ੍ਹਾਂ ਦੀ ਚਰਚਾ ਕਰਦੇ ਹਨ। ਉਨ੍ਹਾਂ ਦੀਆਂ ਕਬਰਾਂ ਦੇ ਪੱਥਰਾਂ ਉਤੇ ਉਨ੍ਹਾਂ ਦੇ ਨਾਂਅ ਉੱਕਰੇ ਹੋਏ ਹਨ ਪਰ ਕੁਝ ਸੂਰਮਿਆਂ ਦੀਆਂ ਕਬਰਾਂ ਅਗਿਆਤ ਹਨ।
ਸ਼ਾਂਤ ਰਾਤ ਵਿਚ ਮੈਨੂੰ ਦਾਗਿਸਤਾਨ ਦੀਆਂ ਸੜਕਾਂ ਉਤੇ ਘੁੰਮਣਾ ਚੰਗਾ ਲੱਗਦਾ ਹੈ। ਜਦੋਂ ਮੈਂ ਸੜਕਾਂ ਤੇ ਨਾਂਅ ਪੜ੍ਹਦਾ ਹਾਂ ਤਾਂ ਮੈਨੂੰ ਇੰਜ ਪਰਤੀਤ ਹੁੰਦਾ ਹੈ ਕਿ ਮੁੜ ਕੇ ਸਾਡੇ ਜਨਤੰਤਰ ਦੀ ਇਨਕਲਾਬੀ ਕਮੇਟੀ ਦੀ ਮੀਟਿੰਗ ਹੋ ਰਹੀ ਹੈ। ਮਖਾਚ ਦਾਖਾਦਾਯੇਵ। ਮੈਨੂੰ ਉਹਦੀ ਆਵਾਜ਼ ਸੁਣਦੀ ਹੈ-“ਅਸੀਂ ਇਨਕਲਾਬ ਦੇ ਮੁਜਾਹਦ ਆਂ। ਸਾਡੀਆਂ ਬੋਲੀਆਂ ਸਾਡੇ ਨਾਂਅ ਅਤੇ ਰੌ ਵੱਖੋ-ਵੱਖ ਨੇ ਪਰ ਇਕ ਚੀਜ਼ ਸਾਡੇ ਸਭ ਵਿਚ ਇਕੋ ਜਿਹੀ ਏ-ਇਨਕਲਾਬ ਤੇ ਦਾਗਿਸਤਾਨ ਲਈ ਵਫ਼ਾਦਾਰੀ। ਇਨਕਲਾਬ ਤੇ ਦਾਗਿਸਤਾਨ ਲਈ ਸਾਡੇ ਵਿਚੋਂ ਕੋਈ ਵੀ ਨਾ ਤਾਂ ਆਪਣਾ ਲਹੂ ਡੋਲ੍ਹਣ ਤੇ ਨਾ ਹੀ ਜਾਨ ਕੁਰਬਾਨ ਕਰਨ ਤੇ ਝਿਜਕੇਗਾ।”
ਪਰਿਸ ਤਾਰਕੋਵਸਕੀ ਦੇ ਦਸਤੇ ਦੇ ਬਦਮਾਸ਼ਾਂ ਨੇ ਮਖਾਚ ਨੂੰ ਕਤਲ ਕਰ ਦਿੱਤਾ ती।
ਉਲੂਬੀ ਬੁਈਨਾਸਕੀ-ਮੈਨੂੰ ਉਸਦੀ ਆਵਾਜ਼ ਸੁਣ ਰਹੀ ਹੈ—” ਦੁਸ਼ਮਣ ਮੈਨੂੰ ਮਾਰ ਸੁੱਟਣਗੇ। ਉਹ ਮੇਰੇ ਦੋਸਤ ਨੂੰ ਵੀ ਕਤਲ ਕਰ ਦੇਣਗੇ ਪਰ ਇਕ ਮੁੱਕੇ ਦੀ ਸ਼ਕਲ ਵਿਚ ਬੱਝੀਆਂ ਹੋਈਆਂ ਸਾਡੀਆਂ ਉਂਗਲੀਆਂ ਨੂੰ ਕੋਈ ਵੀ ਵੱਖ ਨਹੀਂ ਕਰ ਸਕੇਗਾ। ਇਹ ਮੁੱਕਾ ਭਾਰੀ ਤੇ ਭਰੋਸੇ ਦਾ ਏ ਕਿਉਂਕਿ ਦਾਗਿਸਤਾਨ ਦੇ ਦੁੱਖਾਂ, ਦਰਦਾਂ ਤੇ ਇਨਕਲਾਬ ਦੇ ਵਿਚਾਰਾਂ ਨੇ ਉਹਨੂੰ ਮੁੱਕੇ ਦਾ ਰੂਪ ਦਿੱਤਾ। ਉਹ ਦਮਨਕਾਰੀਆਂ ਦੀ ਸ਼ਾਮਤ ਲਿਆ ਦੇਵੇਗਾ। ਇਹ ਪਤਾ ਹੋਣਾ ਚਾਹੀਦੈ।”
ਦੇਨੀਕਿਨ ਦੇ ਫੌਜੀਆਂ ਨੇ ਦਾਗਿਸਤਾਨ ਦੇ ਜਵਾਨ ਕਮਿਊਨਿਸਟ, ਅਠਾਈ ਵਰ੍ਹਿਆਂ ਦੇ ਉਲੂਬੀ ਨੂੰ ਕਤਲ ਕਰ ਦਿੱਤਾ। ਉਹਨਾਂ ਉਹਨੂੰ ਰੇਗਿਸਤਾਨ ਵਿਚ ਮਾਰਿਆ ਸੀ। ਹੁਣ ਉਥੇ ਪੋਸਤ ਦੇ ਫੁੱਲ ਖਿੜਦੇ ਹਨ।
ਮੈਨੂੰ ਉਸਕਾਰ ਲੇਸ਼ਚਿੰਸਕੀ, ਕਾਜ਼ੀ ਮੁਹੰਮਦ, ਅਗਾਸੀਯੇਵ, ਹਾਰੂੰਸਈਦੋਵ, ਅਲੀਬੇਕ ਬਗਾਤੀਰੋਵ, ਸਾਫਾਰ ਦੁੱਦਾਰੋਵ, ਸੋਲਤਨ-ਸਯੀਦ ਕਜ਼ਬੇਕੋਵ, ਪਿਉ ਪੁੱਤਰ ਬਾਤਰਮੁਰਜ਼ਾਯੇਵ, ਉਮਾਰੋਵ-ਚੌਖਸਕੀ ਦੀਆਂ ਆਵਾਜ਼ਾਂ ਵੀ ਸੁਣਦੀਆਂ ਸਨ। ਬਹੁਤ ਵੱਡੀ ਗਿਣਤੀ ਹੈ ਉਨ੍ਹਾਂ ਦੀ ਜਿਨ੍ਹਾਂ ਨੂੰ ਕਤਲ ਕੀਤਾ ਗਿਆ ਸੀ ਪਰ ਹਰ ਨਾਂਅ ਜਵਾਲਾ ਹੈ। ਚਮਕਦਾ ਸਿਤਾਰਾ ਅਤੇ ਗੀਤ ਹੈ। ਉਹ ਸਾਰੇ ਸੂਰਮੇ ਹਨ ਜਿਹੜੇ ਚਿਰਾਂ ਤੱਕ ਨੌਜਵਾਨ ਬਣੇ ਰਹਿਣਗੇ। ਉਹ ਸਾਡੇ ਦਾਗਿਸਤਾਨ ਦੇ ਚਾਪਾਯੇਵ, ਸ਼ੋਰਸ ਅਤੇ ਸ਼ਾਊਮਿਆਨ ਹਨ। ਆਖਤੀ, ਆਯਾ-ਕਾਕਾ ਦੇ ਦਰੱਰੇ, ਕਾਸੂਮ ਕੈਂਟ ਦੇ ਝਰਨੇ, ਖੂੰਜ਼ਹ ਕਿਲੇ ਦੀ ਦੀਵਾਰ ਦੇ ਪਿੱਛੇ ਸਾੜ ਦਿੱਤੇ ਗਏ ਹਾਸਾਵਿਉਰਤ ਅਤੇ ਪਰਾਚੀਨ ਦੇਰਬੈਂਤ ਵਿਚ ਉਨ੍ਹਾਂ ਦੀਆਂ ਜਾਨਾਂ ਗਈਆਂ। ਅਰਾਕਾਨ ਦਰੱਰੇ ਵਿਚ ਇਕ ਵੀ ਅਜਿਹਾ ਪੱਥਰ ਨਹੀਂ ਜਿਹੜਾ ਦਾਗਿਸਤਾਨ ਦੇ ਕਮੀਸਾਰਾਂ ਦੇ ਲਹੂ ਨਾਲ ਲਥਪਥ ਨਾ ਹੋਇਆ ਹੋਵੇ। ਮੋਚੋਖ ਪਰਬਤਮਾਲਾ ਵਿਚ ਹੀ ਬਗਾਤੀਰੋਵ ਨੂੰ ਫਸਾਉਣ ਵਾਸਤੇ ਫੌਜੀ ਫੰਦੇ ਦਾ ਇੰਤਜ਼ਾਮ ਕੀਤਾ ਗਿਆ ਸੀ। ਤੈਮੀਰਖਾਨ-ਬੂਰਾ, ਪੋਰਟ-ਪੇਤਰੋਵਸਕ ਅਤੇ ਚਾਰਾਂ ਕੋਈਸੁ ਨਦੀਆਂ ਨੇ ਵੀ, ਜਿੱਥੇ ਹੁਣ ਸ਼ਹੀਦਾਂ ਦੀ ਯਾਦ ਵਿਚ ਫੁੱਲ ਸੁੱਟੇ ਜਾਂਦੇ ਹਨ, ਲਹੂ ਵਹਿੰਦਾ ਵੇਖਿਆ ਸੀ। ਇਕ ਲੱਖ ਦਾਗਿਸਤਾਨੀ ਕਮਿਊਨਿਸਟ ਅਤੇ ਪਾਰਟੀਜ਼ਾਨ ਜਾਂ ਛਾਪਾਮਾਰ ਰਣਖੇਤਰ ਵਿਚ ਜੂਝ ਮਰੇ । ਪਰ ਦੂਜੇ ਜਨਗਣਾਂ ਨੂੰ ਦਾਗਿਸਤਾਨ ਦੇ ਬਾਰੇ ਪਤਾ ਲੱਗ ਗਿਆ। ਲੱਖਾਂ ਹੀ ਲੋਕਾਂ ਨੇ ਲਾਲ ਦਾਗਿਸਤਾਨ ਵੱਲ ਦੋਸਤੀ ਦੇ ਹੱਥ ਵਧਾਏ। ਇਨ੍ਹਾਂ ਦੋਸਤੀ ਭਰੇ ਹੱਥਾਂ ਦਾ ਨਿੱਘ ਮਹਿਸੂਸ ਕਰਕੇ ਦਾਗਿਸਤਾਨ ਦੇ ਲੋਕਾਂ ਨੇ ਕਿਹਾ-“ਹੁਣ ਸਾਡੀ ਗਿਣਤੀ ਘਟ ਨਹੀਂ ਰਹੀ।”
ਜੰਗ ਵਿਚੋਂ ਲੋਕਾਂ ਦਾ ਜਨਮ ਨਹੀਂ ਹੁੰਦਾ ਪਰ ਇਨਕਲਾਬੀ ਲੜਾਈਆਂ ਦੀ ਅੱਗ ਵਿਚੋਂ ਨਵੇਂ ਦਾਗਿਸਤਾਨ ਦਾ ਜਨਮ ਹੋਇਆ।
13 ਨਵੰਬਰ 1920 ਨੂੰ ਦਾਗਿਸਤਾਨ ਦੇ ਜਨਗਣ ਦੀ ਪਹਿਲੀ ਅਸਾਧਾਰਨ ਕਾਂਗਰਸ ਹੋਈ। ਇਸ ਕਾਂਗਰਸ ਵਿਚ ਰੂਸੀ ਸੰਘ ਦੀ ਸਰਕਾਰ ਵੱਲੋਂ ਸਟਾਲਿਨ ਨੇ ਭਾਸ਼ਣ ਦਿੱਤਾ। ਉਨ੍ਹਾਂ ਨੇ ਪਰਬਤੀ ਦੇਸ਼ ਦਾਗਿਸਤਾਨ ਨੂੰ ਖੁਦ ਮੁਖਤਿਆਰ ਐਲਾਨ ਦਿੱਤਾ। ਨਵਾਂ ਨਾਂਅ, ਨਵਾਂ ਰਾਹ, ਨਵੀਂ ਕਿਸਮਤ।
ਛੇਤੀ ਹੀ ਮਗਰੋਂ ਦਾਗਿਸਤਾਨ ਦੇ ਜਨਗਣ ਨੂੰ ਇਕ ਤੋਹਫਾ ਮਿਲਿਆ। ਲੈਨਿਨ ਨੇ “ਲਾਲ ਦਾਗਿਸਤਾਨ ਵਾਸਤੇ” ਇਹ ਸ਼ਬਦ ਲਿਖ ਕੇ ਆਪਣੀ ਤਸਵੀਰ ਭੇਜੀ। ਕੁਬਾਚੀ ਦੇ ਸੁਨਿਆਰਿਆਂ ਅਤੇ ਉਂਤਸੂਕੁਲ ਦੇ ਲੱਕੜੀ ਉਤੇ ਨੱਕਾਸ਼ੀ ਕਰਨ ਵਾਲਿਆਂ ਨੇ ਇਸ ਤਸਵੀਰ ਵਾਸਤੇ ਅਨੌਖਾ ਚੌਖਟਾ ਬਣਾਇਆ। ਇਸੇ ਸਾਲ ਮਖਾਚ ਕਲਾ ਦੀ ਬੰਦਰਗਾਹ ਤੋਂ “ਲਾਲ ਦਾਗਿਸਤਾਨ” ਨਾਂਅ ਦਾ ਇਕ ਨਵਾਂ ਜਹਾਜ਼ ਪਾਣੀ ਵਿਚ ਉਤਰਿਆ। ਪਰ ਖੁਦ ਦਾਗਿਸਤਾਨ ਹੀ ਹੁਣ ਇਕ ਅਜਿਹੇ ਸ਼ਕਤੀਸ਼ਾਲੀ ਜਹਾਜ਼ ਵਰਗਾ ਸੀ ਜਿਹੜਾ ਬਹੁਤ ਲੰਮੇ ਅਤੇ ਨਵੇਂ ਸਫਰ ਉਤੇ ਰਵਾਨਾ ਹੋਇਆ ਸੀ।
“ਸਰਘੀ ਦਾ ਤਾਰਾ”—ਦਾਗਿਸਤਾਨ ਦੇ ਪਹਿਲੇ ਰਸਾਲੇ ਨੂੰ ਇਹੀ ਨਾਂਅ ਦਿੱਤਾ ਗਿਆ ਸੀ। ਦਾਗਿਸਤਾਨ ਵਿਚ ਸੁਬਹਾ ਹੋ ਗਈ ਸੀ। ਵਿਸ਼ਾਲ ਸੰਸਾਰ ਵਲ ਖਿੜਕੀ ਖੁੱਲ੍ਹ ਗਈ ਸੀ।
ਘਰੇਲੂ ਜੰਗ ਦੇ ਮੁਸ਼ਕਲਾਂ ਭਰੇ ਦਿਨਾਂ ਵਿਚ, ਜਦੋਂ ਪਹਾੜਾਂ ਵਿਚ ਗੋਤਸਿੰਸਕੀ ਦੇ ਫੌਜੀ ਦਸਤਿਆਂ ਦਾ ਬੋਲਬਾਲਾ ਸੀ, ਮੇਰੇ ਪਿਤਾ ਜੀ ਨੂੰ ਸਕੂਲ ਦੇ ਆਪਣੇ ਇਕ ਜਮਾਤੀ ਦੀ ਚਿੱਠੀ ਮਿਲੀ।
ਇਸ ਚਿੱਠੀ ਵਿਚ ਉਨ੍ਹਾਂ ਦੇ ਸਾਬਕਾ ਜਮਾਤੀ ਨੇ ਗੋਤਸਿੰਸਕੀ ਅਤੇ ਉਸਦੀਆਂ ਫੌਜਾਂ ਦੀ ਚਰਚਾ ਕੀਤੀ ਸੀ। ਚਿੱਠੀ ਦੇ ਆਖੀਰ ਵਿਚ ਲਿਖਿਆ ਸੀ- “ਇਮਾਮ ਨਜਮੂਦੀਨ ਤੇਰੇ ਤੇ ਨਾਖੁਸ਼ ਏ। ਮੈਨੂੰ ਲੱਗਾ ਸੀ ਪਈ ਉਹਦੀ ਡਾਢੀ ਇੱਛਾ ਸੀ ਪਈ ਤੂੰ ਪਹਾੜੀ ਗਰੀਬਾਂ ਨੂੰ ਸੰਬੋਧਤ ਕਰਦਿਆਂ ਹੋਇਆਂ ਕਵਿਤਾਵਾਂ ਲਿਖੇ ਜਿਨ੍ਹਾਂ ਵਿਚ ਇਮਾਮ ਬਾਰੇ ਸੱਚਾਈ ਦੱਸੀ ਹੋਵੇ। ਮੈਂ ਤੇਰੇ ਨਾਲ ਤਾਲਮੇਲ ਕਰਨ ਦੀ ਜ਼ਿੰਮੇਵਾਰੀ ਲਈ ਏ ਤੇ ਉਹਨੂੰ ਇਹ ਕੋਲ ਦਿਤੇ ਪਈ ਤੂੰ ਇੰਜ ਕਰ ਦੇਵੇਂਗਾ। ਤੈਨੂੰ ਆਪਣੀ ਬੇਨਤੀ ਅਤੇ ਇਮਾਮ ਦੀ ਇੱਛਾ ਪੂਰੀ ਕਰਨ ਦੀ ਗੁਜ਼ਾਰਿਸ਼ ਕਰਨਾਂ। ਨਜਮੂਦੀਨ ਨੂੰ ਤੇਰੇ ਜਵਾਬ ਦਾ ਇੰਤਜ਼ਾਰ ਪਿਤਾ ਜੀ ਨੇ ਉੱਤਰ ਦਿੱਤਾ- “ਜੇ ਤੂੰ ਆਪਣੇ ਉਤੇ ਇਹੋ ਜਿਹੀ ਜ਼ਿੰਮੇਵਾਰੀ ਲਈ ਏ ਤਾਂ ਤੂੰ ਈ ਨਜਮੂਦੀਨ ਦੇ ਬਾਰੇ ਕਵਿਤਾ ਲਿਖ। ਜਿੱਥੋਂ ਤਕ ਮੇਰਾ ਸਬੰਧ ਏ ਉਹਦੀ ਪਣਚੱਕੀ ਨੂੰ ਚਲਾਉਣ ਲਈ ਪਾਣੀ ਪਹੁੰਚਾਉਣ ਦਾ ਮੇਰਾ ਕੋਈ ਇਰਾਦਾ ਨਹੀਂ। ਵਾਸਸਲਾਮ, ਵਾਕਲਾਮ….”
ਇਸ ਵੇਲੇ ਬਾਲਸ਼ਵਿਕ ਮੁਹੰਮਦ ਮਿਰਜ਼ਾ ਖਿਜ਼ਰੋਯੇਵ ਨੇ ਪਿਤਾ ਜੀ ਨੂੰ ਤੇਮੀਰਖਾਨ-ਸੂਰਾ ਤੋਂ ਨਿਕਲਣ ਵਾਲੇ “ਲਾਲ ਪਰਬਤ” ਅਖਬਾਰ ਦੇ ਨਾਲ ਸਹਿਯੋਗ ਕਰਨ ਲਈ ਬੁਲਾਇਆ। ਇਸੇ ਸਮਾਚਾਰ ਪੱਤਰ ਵਿਚ ਪਿਤਾ ਜੀ ਦੀ ਕਵਿਤਾ “ਪਹਾੜੀ ਗਰੀਬਾਂ ਨੂੰ ਅਪੀਲ” ਛਪੀ।
ਪਿਤਾ ਜੀ ਨਵੇਂ ਦਾਗਿਸਤਾਨ ਦੇ ਬਾਰੇ ਲਿਖਦੇ ਰਹੇ, “ਲਾਲ ਪਰਬਤ” ਅਖਬਾਰ ਵਿਚ ਕੰਮ ਕਰਦੇ ਰਹੇ। ਵਕਤ ਬੀਤਿਆ। ਮੁਹੰਮਦ-ਮਿਰਜ਼ਾ ਖਿਜ਼ਰੋਯੇਵ ਦੇ ਘਰ ਧੀ ਦਾ ਜਨਮ ਹੋਇਆ। ਪਿਤਾ ਜੀ ਨੂੰ ਬੱਚੀ ਦਾ ਨਾਂਅ ਰੱਖਣ ਲਈ ਬੁਲਾਇਆ ਗਿਆ। ਬੱਚੀ ਨੂੰ ਹੱਥਾਂ ਵਿਚ ਉਤਾਂਹ ਚੁੱਕ ਕੇ ਪਿਤਾ ਜੀ ਨੇ ਉਸਦੇ ਨਾਂਅ ਦਾ ਐਲਾਨ ਕੀਤਾ-
“ਜਾਗਰਾ !”
ਜਾਗਰਾ ਦਾ ਅਰਥ ਹੈ-ਸਿਤਾਰਾ।
ਨਵੇਂ ਸਿਤਾਰਿਆਂ ਦਾ ਜਨਮ ਹੋਇਆ। ਰਣਖੇਤਰ ਵਿਚ ਜੂਝ ਮਰਨ ਵਾਲੇ ਸੂਰਮਿਆਂ ਦੇ ਨਾਵਾਂ ਵਾਲੇ ਬੱਚੇ ਵੱਡੇ ਹੋ ਰਹੇ ਸਨ। ਪੂਰਾ ਦਾਗਿਸਤਾਨ ਇਕ ਬਹਤੁ ਵੱਡੇ
ਪੰਘੂੜੇ ਜਿਹਾ ਬਣ ਗਿਆ ਸੀ।
ਕਾਸਪੀ ਸਾਗਰ ਦੀਆਂ ਲਹਿਰਾਂ ਉਹਦੇ ਵਾਸਤੇ ਲੋਰੀ ਗਾਉਂਦੀਆਂ ਸਨ। ਵਿਰਾਟ ਸੋਵੀਅਤ ਯੂਨੀਅਨ ਜਿਵੇਂ ਬੱਚੇ ਜਿਹੇ ਦਾਗਿਸਤਾਨ ਦੀ ਚਿੰਤਾ ਕਰਨ ਲਈ ਉਹਦੇ ਉਤੇ ਝੁਕ ਗਿਆ।
ਮੇਰੇ ਮਾਤਾ ਜੀ ਉਸ ਸਮੇਂ ਅਬਾਬੀਲਾਂ, ਪੱਥਰਾਂ ਹੇਠੋਂ ਉੱਗਣ ਵਾਲੇ ਘਾਹਵਾਂ, ਖੁਸ਼ਹਾਲ ਪਤਝੜ ਦੇ ਬਾਰੇ ਗੀਤ ਗਾਉਂਦੇ ਹੁੰਦੇ ਸਨ। ਇਨ੍ਹਾਂ ਲੋਰੀਆਂ ਦੇ ਸਾਏ ਵਿਚ ਸਾਡੇ ਘਰ ਵਿਚ ਤਿੰਨ ਪੁੱਤਰ ਅਤੇ ਇਕ ਧੀ ਵੱਡੀ ਹੋ ਰਹੀ ਸੀ।
ਦਾਗਿਸਤਾਨ ਵਿਚ ਮੁੜ ਕੇ ਇਕ ਲੱਖ ਪੁੱਤਰ-ਧੀਆਂ ਵੱਡੇ ਹੋ ਗਏ। ਹਾਲੀ, ਪਾਲੀ, ਮਾਲੀ, ਮਛੇਰੇ, ਬੁੱਤਤਰਾਸ਼, ਪੱਚੀਕਾਰ, ਖੇਤੀਮਾਹਰ, ਡਾਕਟਰ, ਅਧਿਆਪਕ, ਇੰਜੀਨੀਅਰ, ਕਵੀ ਅਤੇ ਕਲਾਕਾਰ ਜਵਾਨ ਹੋ ਗਏ। ਜਹਾਜ਼ ਠਿੱਲ੍ਹ ਪਏ, ਹਵਾਈ ਜਹਾਜ਼ ਉੱਡਾਰੀਆਂ ਭਰਨ ਨੱਗੇ ਅਤੇ ਹੁਣ ਤਕ ਅਣਵੇਖੀਆਂ-ਅਣਜਾਣੀਆਂ ਬੱਤੀਆਂ ਜਗਮਗਾ ਉੱਠੀਆਂ।
“ਹੁਣ ਮੈਂ ਬਹੁਤ ਵੱਡੀ ਦੌਲਤ ਦਾ ਮਾਲਕ ਬਣ ਗਿਆ, ” ਸੁਲੇਮਾਨ ਸਤਾਲਸਕੀ ਨੇ ਕਿਹਾ।
” ਹੁਣ ਮੈਂ ਸਿਰਫ ਆਪਣੇ ਪਿੰਡ ਲਈ ਹੀ ਨਹੀਂ ਸਗੋਂ ਪੂਰੇ ਦੇਸ਼ ਲਈ ਜਵਾਬਦੇਹ ਆਂ,” ਮੇਰੇ ਪਿਤਾ ਜੀ ਕਹਿ ਉੱਠੇ।
“ਮੇਰੇ ਗੀਤੋ, ਕਰੈਮਲਿਨ ਨੂੰ ਉੱਡ ਜਾਓ!” ਅਬੂਤਾਲਿਬ ਨੇ ਉਤਸ਼ਾਹ ਨਾਲ
ਨਵੀਆਂ ਪੀੜ੍ਹੀਆਂ ਨੇ ਸਾਡੀ ਜਨਤਾ ਲਈ ਨਵੇਂ ਲੱਛਣ ਪਰਦਾਨ ਕੀਤੇ।
ਕਿਹਾ।
ਸੋਵੀਅਤ ਦਾ ਮਹਾਨ ਦੇਸ਼-ਇਕ ਬਹੁਤ ਸ਼ਕਤੀਸ਼ਾਲੀ ਰੁੱਖ ਹੈ। ਦਾਗਿਸਤਾਨ ਉਹਦੀ ਇਕ ਟਹਿਣੀ ਹੈ।
ਇਸ ਰੁੱਖ ਨੂੰ ਜੁੜ੍ਹੋਂ ਪੁੱਟਣ ਲਈ, ਇਸਦੇ ਤਣੇ ਅਤੇ ਟਾਹਣਿਆਂ ਨੂੰ ਸਾੜ ਸੁੱਟਣ ਲਈ ਫਾਸਿਸਟਾਂ ਨੇ ਸਾਡੇ ਉਤੇ ਹਮਲਾ ਕਰ ਦਿੱਤਾ।
ਉਸ ਦਿਨ ਜੀਵਨ ਆਪਣੇ ਆਮ ਢੰਗ ਨਾਲ ਚਲਣ ਵਾਲਾ ਸੀ। ਖੂੰਜ਼ਹ ਵਿਚ ਐਤਵਾਰ ਦੇ ਦਿਨ ਹੀ ਮੰਡੀ ਲੱਗੀ ਹੋਈ ਸੀ। ਕਿਲੇ ਵਿਚ ਖੇਤੀ ਖੇਤਰ ਦੀਆਂ ਪਰਾਪਤੀਆਂ ਦੀ ਨੁਮਾਇਸ਼ ਲੱਗੀ ਹੋਈ ਸੀ । ਗੱਭਰੂਆਂ ਦਾ ਜਥਾ ਸੇਦਲੋ ਪਹਾੜ ਦੀ ਚੋਟੀ ਉਤੇ ਫਤੇਹ ਹਾਸਲ ਕਰਨ ਗਿਆ ਹੋਇਆ ਸੀ। ਅਵਾਰ ਥਿਏਟਰ ਮੇਰੇ ਪਿਤਾ ਜੀ ਦਾ ਨਾਟਕ “ਮੁਸੀਬਤਾਂ ਨਾਲ ਭਰਿਆ ਹੋਇਆ ਸੰਦੂਕ” ਪੇਸ਼ ਕਰਨ ਦੀ ਤਿਆਰੀ ਕਰ ਰਿਹਾ ਸੀ। ਉਸ ਸ਼ਾਮ ਉਹਦੀ ਪਹਿਲੀ ਪੇਸ਼ਕਾਰੀ ਹੋਣ ਵਾਲੀ ਸੀ।
ਪਰ ਸਵੇਰ ਵੇਲੇ ਮੁਸੀਬਤਾਂ ਦਾ ਅਜੇਹਾ ਸੰਦੂਕ ਖੁੱਲ੍ਹਿਆ ਕਿ ਬਾਕੀ ਸਭ ਮੁਸੀਬਤਾਂ ਭੁੱਲ ਜਾਣੀਆਂ ਪਈਆਂ। ਸਵੇਰੇ ਯੁੱਧ ਆਰੰਭ ਹੋ ਗਿਆ।
ਉਸੇ ਵੇਲੇ ਵੱਖ ਵੱਖ ਪਿੰਡਾਂ ਤੋਂ ਆਉਣ ਵਾਲੇ ਮਰਦਾਂ ਅਤੇ ਗੱਭਰੂਆਂ ਦਾ ਤਾਂਤਾ ਬੱਝ ਗਿਆ। ਇਕ ਦਿਨ ਪਹਿਲੋਂ ਤਕ ਇਹ ਲੋਕ ਸ਼ਾਂਤੀ ਭਰਿਆ ਜੀਵਨ ਬਿਤਾਉਣ ਵਾਲੇ ਆਜੜੀ-ਚਰਵਾਹੇ ਅਤੇ ਹਾਲੀ ਸਨ ਅਤੇ ਹੁਣ ਮਾਤਭੂਮੀ ਦੇ ਰਖਵਾਲੇ। ਦਾਗਿਸਤਾਨ ਦੇ ਸਾਰੇ ਪਿੰਡਾਂ ਦੇ ਘਰਾਂ ਦੀਆਂ ਛੱਤਾਂ ਉਤੇ ਬੁੱਢੀਆਂ, ਬੱਚੇ ਅਤੇ ਔਰਤਾਂ ਖਲੋਤੀਆਂ ਅਤੇ ਚਿਰ ਤਕ ਮੋਰਚੇ ਤੇ ਜਾਣ ਵਾਲੇ ਇਨ੍ਹਾਂ ਲੋਕਾਂ ਨੂੰ ਵੇਖਦੀਆਂ ਰਹੀਆਂ। ਇਹ ਬਹੁਤ ਸਮੇਂ ਲਈ ਅਤੇ ਕੁਝ ਤਾਂ ਸਦਾ ਸਦਾ ਲਈ ਆਪਣੇ ਘਰਾਂ ਤੋਂ ਚਲੇ ਗਏ ਸਨ। ਬਸ, ਇਹੀ ਸੁਣਨ ਨੂੰ ਮਿਲਦਾ ਸੀ
“ਅਲਵਿਦਾ, ਮਾਂ।”
“ਖੁਸ਼ ਰਹੋ, ਪਿਤਾ ਜੀ।”
“ਅਲਵਿਦਾ ਦਾਗਿਸਤਾਨ।”
“ਤੁਹਾਨੂੰ ਸਫਰ ਮੁਬਾਰਕ, ਬੱਚਿਓ, ਫਤੇਹਯਾਬ ਹੋ ਕੇ ਆਵੋ।”
ਸਾਗਰ ਨੂੰ ਪਰਬਤਾਂ ਨਾਲੋਂ ਜਿਵੇਂ ਅਲੱਗ ਕਰਦੀਆਂ ਹੋਈਆਂ ਗੱਡੀਆਂ ਤੇ ਗੱਡੀਆਂ ਮਖਾਚਕਲਾ ਤੋਂ ਤੁਰੀਆਂ ਜਾ ਰਹੀਆਂ ਸਨ। ਉਹ ਦਾਗਿਸਤਾਨ ਦੀ ਜਵਾਨੀ, ਸ਼ਕਤੀ ਅਤੇ ਖੂਬਸੂਰਤੀ ਨੂੰ ਆਪਣੇ ਨਾਲ ਲਈ ਜਾ ਰਹੀਆਂ ਸਨ। ਸਾਰੇ ਦੇਸ਼ ਨੂੰ ਇਸ
ਸ਼ਕਤੀ ਦੀ ਲੋੜ ਸੀ। ਰਹਿ ਰਹਿ ਕੇ ਇਹੀ ਸੁਣਨ ਨੂੰ ਮਿਲਦਾ ਸੀ—
“ਅਲਵਿਦਾ, ਮੇਰੀ ਮੰਗੇਤਰ।”
“ਨਮਸਤੇ, ਪਿਆਰੀ ਪਤਨੀ।”
“ਮੈਨੂੰ ਛੱਡ ਕੇ ਨਾ ਜਾਹ, ਮੈਂ ਵੀ ਤੇਰੇ ਨਾਲ ਜਾਣਾ ਚਾਹੁੰਨੀ ਆਂ।”
“ਫਤੇਹਯਾਬ ਹੋ ਕੇ ਆਵਾਂਗੇ।”
ਗੱਡੀਆਂ ਜਾ ਰਹੀਆਂ ਸਨ। ਲਗਾਤਾਰ ਗੱਡੀਆਂ ਜਾ ਰਹੀਆਂ ਸਨ।
ਮੈਨੂੰ ਆਪਣਾ ਪਿਆਰਾ ਅਧਿਆਪਕ ਸਿਖਲਾਈ ਕਾਲਜ ਯਾਦ ਆਉਂਦਾ ਹੈ। ਇਨਕਲਾਬੀ ਸ਼ਹੀਦਾਂ ਦੇ ਬੰਧੂ-ਕਬਰਿਸਤਾਨ ਦੇ ਨੇੜੇ ਦਾਗਿਸਤਾਨ ਦੀ ਘੁੜ-ਰੈਜਮੈਂਟ ਤਿਆਰ ਖਲੋਤੀ ਸੀ। ਲਾਲ ਛਾਪਾਮਾਰ, ਪਰਸਿੱਧ ਕਾਰਾ ਕਾਰਾਯੇਵ ਨੇ ਉਹਦੀ ਕਮਾਨ ਸੰਭਾਲੀ ਹੋਈ ਸੀ। ਘੋੜ-ਸਵਾਰ ਫੌਜੀਆਂ ਦੇ ਚਿਹਰੇ ਬੜੇ ਸਖਤ ਅਤੇ ਗੰਭੀਰ ਸਨ। ਰੈਜਮੈਂਟ ਵਫਾਦਰੀ ਦੀ ਸਹੁੰ ਖਾ ਰਹੀ ਸੀ।
ਨੱਬੇ ਸਾਲ ਦੇ ਪਹਾੜੀ ਬਜ਼ੁਰਗ ਨੇ ਰੈਜਮੈਂਟ ਨੂੰ ਵਿਦਾ ਕਰਦਿਆਂ ਹੋਇਆਂ ਇਹ ਸ਼ਬਦ ਕਹੇ—
“ਅਫਸੋਸ ਦੀ ਗੱਲ ਏ ਕਿ ਮੇਰੀ ਉਮਰ ਅੱਜ ਤੀਹ ਸਾਲ ਨਹੀਂ। ਫਿਰ ਵੀ ਮੈਂ ਆਪਣੇ ਤਿੰਨ ਪੁੱਤਰਾਂ ਨਾਲ ਜਾ ਸਕਨਾਂ।”
ਬਾਅਦ ਵਿਚ “ਦਾਗਿਸਤਾਨ” ਨਾਂਅ ਦਾ ਲੜਾਕੂ ਹਵਾਈ ਜਹਾਜ਼ਾਂ ਦਾ ਦਸਤਾ ਬਣਿਆ, “ਸ਼ਾਮੀਲ” ਨਾਂਅ ਦਾ ਟੈਂਕ-ਦਲ ਅਤੇ “ਦਾਗਿਸਤਾਨ ਕੋਮਸੋਮੋਲ” ਨਾਂਅ ਦੀ ਬਕਤਰਬੰਦ ਮੋਟਰਗੱਡੀ। ਪਿਓ ਤੇ ਪੁੱਤਰ ਇਕ ਹੀ ਕਤਾਰ ਵਿਚ ਦੁਸ਼ਮਣ ਦੇ ਖਿਲਾਫ ਲੜ ਰਹੇ ਸਨ। ਪਹਾੜਾਂ ਦੇ ਉਤੇ ਮੁੜ ਕੇ ਫੌਜੀ ਸ਼ਾਨ ਚਮਕ ਵਿਖਾਉਣ ਲੱਗੀ। ਸਾਡੀਆਂ ਔਰਤਾਂ ਨੇ ਆਪਣੇ ਕੰਗਣ ਅਤੇ ਝੁਮਕੇ, ਪੇਟੀਆਂ ਅਤੇ ਅੰਗੂਠੀਆਂ, ਆਪਣੇ ਚੁਣੇ ਹੋਏ ਵਰਾਂ, ਬਾਲਮਾਂ ਤੇ ਬਾਬਲਾਂ ਦੇ ਤੋਹਫੇ, ਸੋਨਾ-ਚਾਂਦੀ, ਰਤਨ-ਹੀਰੇ ਅਤੇ ਦਾਗਿਸਤਾਨ ਦੀਆਂ ਪਰਾਚੀਨ ਕਲਾ-ਕਿਰਤਾਂ ਵੱਡੇ ਸੋਵੀਅਤ ਦੇਸ਼ ਨੂੰ ਭੇਟ ਕਰ ਦਿੱਤੀਆਂ, ਤਾਂ ਕਿ ਉਹ ਫਤੇਹ ਹਾਸਲ ਕਰ ਸਕੇ।
ਹਾਂ, ਦਾਗਿਸਤਾਨ ਮੋਰਚੇ ਤੇ ਚਲਾ ਗਿਆ। ਉਹਨੇ ਪੂਰੇ ਦੇਸ਼ ਨਾਲ ਮਿਲ ਕੇ ਜੰਗ ਵਿਚ ਹਿੱਸਾ ਲਿਆ। ਫੌਜ ਦੇ ਹਰ ਹਿੱਸੇ-ਜਹਾਜ਼ੀਆਂ, ਪੈਦਲ ਫੌਜੀਆਂ, ਟੈਂਕਚੀਆਂ, ਹਵਾਬਾਜ਼ਾਂ ਅਤੇ ਤੋਪਚੀਆਂ ਵਿਚ ਕਿਸੇ ਨਾ ਕਿਸੇ ਦਾਗਿਸਤਾਨੀ ਨਿਸ਼ਾਨੇਬਾਜ਼, ਹਵਾਬਾਜ਼, ਕਮਾਂਡਰ ਜਾਂ ਛਾਪੇਮਾਰ ਨੂੰ ਵੇਖਿਆ ਜਾ ਸਕਦਾ ਸੀ । ਬਹੁਤ ਦੂਰ-ਦੂਰ ਤਕ ਫੈਲੇ ਮੋਰਚਿਆਂ ਤੋਂ ਛੋਟੇ ਦਾਗਿਸਤਾਨ ਵਿਚ ਸੋਗਭਰੀਆਂ ਚਿੱਠੀਆਂ ਆਉਂਦੀਆਂ ਸਨ।
ਸਾਡੇ ਤਸਾਦਾ ਪਿੰਡ ਵਿਚ ਸੱਤਰ ਪਹਾੜੀ ਘਰ ਹਨ। ਲਗਭਗ ਏਨੇ ਹੀ ਗੱਭਰੂ ਲੜਾਈ ਵਿਚ ਗਏ। ਜੰਗ ਦੇ ਸਾਲਾਂ ਵਿਚ ਮਾਤਾ ਜੀ ਕਹਿੰਦੇ ਹੁੰਦੇ ਸਨ-“ ਮੈਂ ਸੁਪਨੇ ਵਿਚ ਅਕਸਰ ਇਹ ਵੇਖਨੀ ਆਂ ਜਿਵੇਂ ਸਾਡੇ ਤਸਾਦਾ ਪਿੰਡ ਦੇ ਸਾਰੇ ਜਵਾਨ ਨੀਜ਼ਨੀ ਵਿਚ ਜਮ੍ਹਾਂ ਹੋ ਰਹੇ ਨੇ।” ਕਦੇ-ਕਦੇ ਆਕਾਸ਼ ਵਿਚ ਤਾਰਾ ਵੇਖ ਕੇ ਉਹ ਕਹਿੰਦੇ—“ਸ਼ਾਇਦ ਇਸ ਵੇਲੇ ਸਾਡੇ ਪਿੰਡ ਦੇ ਗੱਭਰੂ ਵੀ ਲੈਨਿਨਗਰਾਦ ਦੇ ਨੇੜੇ ਹੀ ਕਿਤੇ ਇਸ ਤਾਰੇ ਨੂੰ ਵੇਖ ਰਹੇ ਨੇ।” ਜਦੋਂ ਮੌਸਮੀ ਪੰਛੀ ਉੱਤਰ ਵਲੋਂ ਉੱਡ ਕੇ ਸਾਡੇ ਵਾਲੇ ਪਾਸੇ ਆਉਂਦੇ ਤਾਂ ਮੇਰੇ ਮਾਤਾ ਜੀ ਉਨ੍ਹਾਂ ਕੋਲੋਂ ਪੁੱਛਦੇ—“ਤੁਸੀਂ ਸਾਡੇ ਤਸਾਦਾ ਦੇ ਗੱਭਰੂਆਂ ਨੂੰ ਤਾਂ ਨਹੀਂ ਵੇਖਿਆ?” ਪਹਾੜੀ ਔਰਤਾਂ ਚਿੱਠੀਆਂ ਪੜ੍ਹਦਿਆਂ ਅਤੇ ਰੇਡੀਓ ਸੁਣਦਿਆਂ ਹੋਇਆਂ ਆਪਣੇ ਲਈ ਔਖੇ ਅਤੇ ਸਮਝ ਨਾ ਆਉਣ ਵਾਲੇ—ਕੋਰਚ, ਬਰੇਸਤ, ਕੋਰਸੂਨ-ਸ਼ੇਵਚੇਨਕੋਵਸਕੀ,ਪਲੋਯੇਸ਼ਟੀ, ਕੋਨਸਤਾਂਤਸਾ, ਫਰੈਂਕਫੋਰਟ, ਓਨ ਮਾਈਨ, ਬਰਾਂਡੇਨ ਬਰਗ-ਆਦਿ ਸ਼ਬਦਾਂ ਨੂੰ ਮੂੰਹ ਜ਼ਬਾਨੀ ਯਾਦ ਕਰਨ ਦੀ ਕੋਸ਼ਿਸ਼ ਕਰਦੀਆਂ। ਪਹਾੜੀ ਔਰਤਾਂ ਖਾਸ ਕਰਕੇ ਦੇ ਸ਼ਹਿਰਾਂ ਦੇ ਮਾਮਲੇ ਵਿਚ ਗੜਬੜ ਕਰਦੀਆਂ ਸਨ। ਇਹ ਦੇ ਸ਼ਹਿਰ ਸਨ-ਬੁਖਾਰੈਸਟ ਅਤੇ ਬੁਡਾਪੈਸਟ- ਅਤੇ ਹੈਰਾਨ ਹੁੰਦੀਆਂ ਸਨ ਕਿ ਇਹ ਦੋ ਵੱਖਰੇ ਵੱਖਰੇ ਸ਼ਹਿਰ ਹਨ। ਹਾਂ, ਕਿੱਥੇ-ਕਿੱਥੇ ਨਹੀਂ ਗਏ ਸਾਡੇ ਤਸਾਦਾ ਪਿੰਡ ਦੇ ਨੌਜਵਾਨ!
ਸੰਨ 1943 ਵਿਚ ਆਪਣੇ ਪਿਤਾ ਜੀ ਦੇ ਨਾਲ ਮੈਂ ਬਾਲਾਸ਼ੇਵ ਸ਼ਹਿਰ ਗਿਆ। ਉਥੇ ਮੇਰੇ ਵੱਡੇ ਭਰਾ ਦਾ ਹਸਪਤਾਲ ਵਿਚ ਦੇਹਾਂਤ ਹੋ ਗਿਆ ਸੀ। ਛੋਟੀ ਜਿਹੀ ਨਦੀ ਦੇ ਕੰਢੇ ਅਸੀਂ ਉਹਦੀ ਕਬਰ ਲੱਭ ਲਈ ਅਤੇ ਉਹਦੇ ਉਤੇ ਇਹ ਸ਼ਬਦ ਪੜ੍ਹੇ-“ਮੁਹੰਮਦ ਹਮਜ਼ਾਤੋਵ।”
ਪਿਤਾ ਜੀ ਨੇ ਇਸ ਕਬਰ ਉਤੇ ਰੂਸੀ ਬੇਰਯੋਜ਼ਾ ਯਾਨੀ ਭਰਜ ਰੁੱਖ ਲਾਇਆ। ਪਿਤਾ ਜੀ ਨੇ ਕਿਹਾ-“ਸਾਡਾ ਤਸਾਦਾ ਦਾ ਕਬਰਸਤਾਨ ਹੁਣ ਬਹੁਤ ਫੈਲ ਗਿਐ। ਸਾਡਾ ਪਿੰਡ ਹੁਣ ਵੱਡਾ ਹੋ ਗਿਐ।”
ਮਾਂ-ਬੋਲੀ
ਤਸਾਦਾ ਦਾ ਕਬਰਿਸਤਾਨ…..,
ਸਫ਼ੈਦ ਕਫ਼ਨ ਨਾਲ, ਹਨ੍ਹੇਰੇ ਵਿਚ ਢੱਕੇ,
ਪਿਆਰੇ ਹਮਸਾਇਓ, ਕਬਰਾਂ ਵਿਚ ਹੋ ਦਫਨ ਪਏ,
ਤੁਸੀਂ ਓ ਨੇੜੇ, ਫਿਰ ਵੀ ਘਰ ਨਾ ਪਰਤੋਗੇ
ਮੁੜਿਆ ਮੈਂ ਘਰ, ਦੂਰ ਦੂਰ ਜਾ, ਕਿਤੇ ਕਿਤੇ।
ਮੇਰੇ ਪਿੰਡ ਦੇ ਬੇਲੀ ਬਹੁਤ ਹੀ ਘੱਟ ਰਹਿ ‘ਗੇ,
ਰਿਸ਼ਤੇਦਾਰ ਹੁਣ ਮੇਰੇ ਬਾਹਲੇ ਰਹਿ ‘ਗੇ ਨਾ,
ਵੱਡੇ ਵੀਰ ਦੀ ਬੇਟੀ ਮੇਰੀ ਭਤੀਜੀ ਵੀ,
ਸਵਾਗਤ ਕਰੇ, ਬੁਲਾਏ ਚਾਚਾ ਕਹਿਕੇ ਨਾ।
ਹੱਸਮੁੱਖ ਅੱਲ੍ਹੜ ਬੱਚੀਏ ਤੇਰੇ ਤੇ ਬੀਤੀ ਕੀ?
ਲੰਘਦੇ ਜਾਂਦੇ ਸਾਲ ਜਿੱਦਾਂ ਨਦੀ ਵਹੋ,
ਖਤਮ ਹੋਈ ਪੜ੍ਹਾਈ ਨਾਲ ਦੀਆਂ ਸਖੀਆਂ ਦੀ,
ਪਰ ਤੂੰ ਜਿੱਥੇ ਏ ਓਥੇ ਕੁਝ ਨਾ ਕਦੀ ਬਚੇ।
ਲੱਗਾ ਮੈਨੂੰ ਅਜਬ, ਬੇਤੁਕਾ ਬਾਹਲਾ ਈ,
ਏਥੇ ਨਾ ਕੋਈ ਜੀਅ ਸਭ ਸੁੰਨਸਾਨ ਪਿਆ,
ਓਥੇ ਜਿੱਥੇ ਕਬਰ ਏ ਮੇਰੇ ਬੇਲੀ ਦੀ,
ਅਚਾਨਕ ਉਹਦਾ ਜੁਰਨਾ ਵਾਜਾ ਟੁਣਕ ਪਿਆ।
ਜਿਵੇਂ ਪੁਰਾਣੇ ਵੇਲਿਆਂ ਵਾਂਗੂੰ ਓਦਾਂ ਹੀ,
ਖੋਜੜੀ ਉਹਦੇ ਸਾਥੀ ਦੀ ਵੀ ਗੂੰਜ ਪਈ,
ਮੈਨੂੰ ਲੱਗਾ ਜਿੱਦਾਂ ਕਿਸੇ ਗੁਆਂਢੀ ਦੀ,
ਖੁਸ਼ੀ ਮਨਾਉਂਦੇ ਪਏ ਨੇ ਉਹਦੀ ਸ਼ਾਦੀ ਦੀ।
ਨਹੀਂ, ਏਥੇ ਜੋ ਰਹਿੰਦੇ ਸ਼ੋਰ ਮਚਾਉਂਦੇ ਨਹੀਂ,
ਕੋਈ ਵੀ ਤਾਂ ਏਥੇ ਦਏ ਜਵਾਬ ਨਾ,
ਕਬਰਿਸਤਾਨ ਤਸਾਦਾ ਦਾ ਸੁੰਨਸਾਨ ਈ,
ਅੰਤਮਘਰ ਏ ਇਹ ਮੇਰੇ ਪਿੰਡ ਵਾਸੀਆਂ ਦਾ।
ਤੂੰ ਵਧਦਾ ਜਾਏਂ, ਤੇਰੀਆਂ ਹੱਦਾਂ ਫੋਲ ‘ਗੀਆਂ,
ਤੰਗ ਹੁੰਦਾ ਜਾਂਦਾ ਤੇਰਾ ਹਰ ਇਕ ਕੋਨਾ ਏ,
ਹੈ ਮੈਨੂੰ ਪਤਾ ਕਿ ਇਕ ਦਿਨ ਐਸਾ ਆਏਗਾ,
ਜਦ ਆਖਰ ਮੈਨੂੰ ਏਥੇ ਪੈਣਾ ਸੌਣਾ ਏ।
ਲੈ ਜਾਣ ਰਾਹਾਂ ਕਿਤੇ ਵੀ ਸਾਨੂੰ, ਆਖਰ ਤਾਂ,
ਹਸ਼ਰ ਏ ਸਭ ਦਾ ਇਕੋ ਮਿਲਦੀਆਂ ਸਭ ਇਥੇ,
ਪਰ ਤਸਾਦਾ ਦੇ ਕੁਝ ਲੋਕਾਂ ਦੀਆਂ ਕਬਰਾਂ,
ਨਜ਼ਰ ਨਾ ਆਉਂਦੀਆਂ ਮੈਨੂੰ ਲੱਭਿਆਂ ਵੀ ਕਿਤੇ।
ਨੌਜਵਾਨ ਵੀ, ਬੁੱਢੇ ਵੀਰ ਸਿਪਾਹੀ ਵੀ,
ਸੌਣ ਹਨ੍ਹੇਰੀ ਕਬਰੀ ਘਰ ਤੋਂ ਦੂਰ ਜਾ,
ਪਤਾ ਨ੍ਹੀਂ ਕਿੱਥੇ ਹਸਨ, ਕਿੱਥੇ ਮਹਿਮੂਦ ਏ,
ਪੁੱਤ-ਪੋਤਰੇ ਮੋਏ ਕਿਧਰੇ ਦੂਰ ਜਾ।
ਤੁਸੀਂ ਵੀਰਨੇ ਕਿੱਥੇ ਗਏ ਸ਼ਹੀਦ ਹੈ,
ਨਾਲ ਤੁਹਾਡੇ ਮੇਲ ਨ੍ਹੀਂ ਹੋਣਾ ਪਤਾ ਹੈ ਇਹ,
ਪਰ ਤੁਹਾਡੀਆਂ ਕਬਰਾਂ ਵਿਚ ਤਸਾਦਾ ਦੇ,
ਮਿਲਦੀਆਂ ਨਹੀਓਂ ਦੁੱਖੀ ਕਰੇਂਦਾ ਹਾਲ ਇਹ।
ਦੂਰ ਕਿਤੇ ਜਾ ਗੋਲੀ ਵੱਜੀ ਸੀਨੇ ਤੇ,
ਪਿੰਡੋਂ ਦੂਰ, ਜ਼ਖਮੀ ਹੈ ਮਰ ਗਏ ਕਿਤੇ,
ਕਬਰਾਂ ਤੇਰੀਆਂ ਕਬਰਿਸਤਾਨ ਤਸਾਦਾ ਦੇ,
ਫੈਲੀਆਂ ਕਿੰਨੀਆਂ ਦੂਰ ਦੂਰ ਪਰੇ ਕਿਤੇ।
ਠੰਢੀਆਂ ਥਾਵਾਂ, ਹੁਣ ਤਾਂ ਗਰਮ ਪਰਦੇਸਾਂ ਤੇ,
ਵਰ੍ਹਦੀ ਅੱਗ, ਜਿੱਥੇ ਹਿਮ-ਤੂਫਾਨ ਚਲੇ,
ਲੋਕੀ ਆਉਂਦੇ ਲੈ ਕੇ ਫੁੱਲ ਪਿਆਰਾਂ ਦੇ,
ਸ਼ਰਧਾ ਵਾਲੇ ਸੀਸ, ਉਹ ਝੁਕਾਣ ਪਏ।
ਜੰਗ ਦੇ ਸਮੇਂ ਸਾਡੇ ਪਿੰਡ ਦੀ ਪਿੰਡ ਸੋਵੀਅਤ ਵਿਚ ਇਕ ਬਹੁਤ ਵੱਡਾ ਨਕਸ਼ਾ ਟੰਗਿਆ ਹੋਇਆ ਸੀ। ਉਸ ਵਕਤ ਸਾਰੇ ਦੇਸ਼ ਵਿਚ ਇਸ ਤਰ੍ਹਾਂ ਦੇ ਬਹੁਤ ਸਾਰੇ ਨਕਸ਼ੇ ਟੰਗੇ ਹੋਏ ਸਨ। ਆਮ ਤੌਰ ਤੇ ਉੱਥੇ ਲਾਲ ਝੰਡੀਆਂ ਦੇ ਰੂਪ ਵਿਚ ਮੋਰਚੇ ਦੀ ਰੇਖਾ ਬਣਾਈ ਜਾਂਦੀ ਸੀ। ਸਾਡੇ ਨਕਸ਼ੇ ਉਤੇ ਵੀ ਝੰਡੀਆਂ ਬਣੀਆਂ ਹੋਈਆਂ ਸਨ, ਪਰ ਉਨ੍ਹਾਂ ਦਾ ਮਕਸਦ ਹੋਰ ਸੀ। ਇਹ ਝੰਡੀਆਂ ਉਨ੍ਹਾਂ ਥਾਵਾਂ ਤੇ ਗੱਡੀਆਂ ਗਈਆਂ ਸਨ, ਜਿੱਥੇ ਸਾਡੇ ਤਸਾਦਾਵਾਸੀ ਰਣਖੇਤਰ ਵਿਚ ਜੂਝ ਮਰੇ ਸਨ। ਅਨੇਕ ਝੰਡੀਆਂ ਸਨ ਨਕਸ਼ੇ ਉਤੇ। ਓਨੀਆਂ ਹੀ ਜਿੰਨੀਆਂ ਮਾਵਾਂ ਦੇ ਦਿਲ ਇਨ੍ਹਾਂ ਤਿੱਖੇ ਸੂਇਆਂ ਨਾਲ ਜ਼ਖ਼ਮੀ ਹੋਏ ਸਨ।
ਹਾਂ, ਤਸਾਦਾ ਦਾ ਕਬਰਿਸਤਾਨ ਕੋਈ ਛੋਟਾ ਨਹੀਂ ਸੀ, ਪਤਾ ਨਹੀਂ ਲੱਗਾ ਕਿ ਸਾਡਾ ਪਿੰਡ ਵੀ ਕੋਈ ਛੋਟਾ ਪਿੰਡ ਨਹੀਂ ਸੀ।
ਪੁੱਤਰਾਂ ਦੀ ਯਾਦ ਵਿਚ ਤੜਫਣ ਵਾਲੀਆਂ ਮਾਵਾਂ ਨਜੂਮ ਲਾਉਣ ਵਾਲੀਆਂ ਕੋਲ ਜਾਂਦੀਆਂ, ਨਜੂਮ ਲਾਉਣ ਵਾਲੀਆਂ ਪਹਾੜਨਾਂ ਨੂੰ ਤਸੱਲੀ ਦਿੰਦੀਆਂ-“ਵੇਖੋ, ਇਹ ਏ ਰਾਹ। ਇਹ ਏ ਮੋਰਚਾ। ਇਹ ਏ ਫਤੇਹ। ਤੇਰਾ ਪੁੱਤਰ ਤੇਰੇ ਕੋਲ ਮੁੜ ਆਵੇਗਾ। ਸ਼ਾਂਤੀ ਅਤੇ ਅਮਨ ਚੈਨ ਹੋ ਜਾਵੇਗਾ।”
ਨਜੂਮ ਲਾਉਣ ਵਾਲੀਆਂ ਚਾਲਾਕੀ ਤੋਂ ਕੰਮ ਲੈਂਦੀਆਂ ਸਨ। ਪਰ ਫਤੇਹ ਬਾਰੇ ਉਨ੍ਹਾਂ ਨੇ ਗਲਤੀ ਨਹੀਂ ਕੀਤੀ ਸੀ। ਰੇਈਖਸਤਾਗ ਦੀ ਕੰਧ ਉਤੇ ਹੋਰ ਬਹੁਤ ਕੁਝ ਲਿਖੇ ਹੋਏ ਦੇ ਨਾਲ ਨਾਲ ਸੰਗੀਨ ਨਾਲ ਇਹ ਵੀ ਉੱਕਰਿਆ ਹੋਇਆ ਹੈ—”ਅਸੀਂ ਦਾਗਿਸਤਾਨੀ गं।”
ਮੁੜ ਕੇ ਬੁੱਢੇ, ਔਰਤਾਂ ਅਤੇ ਬੱਚੇ ਆਪਣੇ ਘਰਾਂ ਦੀਆਂ ਛੱਤਾਂ ਉਤੇ ਖਲੋ ਕੇ ਦੂਰ ਤਕ ਨਜ਼ਰ ਦੌੜਾਉਂਦੇ ਸਨ। ਪਰ ਹੁਣ ਉਹ ਆਪਣੇ ਸੂਰਮਿਆਂ ਨੂੰ ਵਿਦਾ ਨਹੀਂ ਕਰਦੇ ਸਨ, ਸਗੋਂ ਉਨ੍ਹਾਂ ਦਾ ਸਵਾਗਤ ਕਰਦੇ ਸਨ। ਪਹਾੜੀ ਰਾਹਾਂ ਉਤੇ ਲੋਕਾਂ ਦੀਆਂ ਕਤਾਰਾਂ ਨਹੀਂ ਸਨ। ਉਹ ਗਏ ਤਾਂ ਇਕੱਠੇ ਸਨ ਪਰ ਮੁੜਦੇ ਇਕੱਲੇ-ਇੱਕਲੇ ਹੀ ਪਏ ਸਨ। ਕੁਝ ਔਰਤਾਂ ਨੇ ਆਪਣੇ ਸਿਰਾਂ ਉਤੇ ਚਮਕੀਲੇ ਅਤੇ ਹੋਰ ਕਾਲੇ ਰੁਮਾਲ ਬੰਨ੍ਹੇ ਹੋਏ ਸਨ। ਮੁੜ ਕੇ ਆਉਣ ਵਾਲੇ ਜਵਾਨਾਂ ਕੋਲੋਂ ਦੂਸਰਿਆਂ ਦੀਆਂ ਮਾਵਾਂ ਪੁੱਛਦੀਆਂ ਸਨ-
“ਮੇਰਾ ਓਮਾਰ ਕਿੱਥੇ ਏ?”
” ਤੂੰ ਮੇਰੇ ਅਲੀ ਨੂੰ ਤਾਂ ਨਹੀਂ ਵੇਖਿਆ?”
“ਮੇਰਾ ਮੁਹੰਮਦ ਛੇਤੀ ਹੀ ਮੁੜ ਆਏਗਾ ਨਾ?”
ਮੇਰੇ ਮਾਤਾ ਜੀ ਨੇ ਵੀ ਆਪਣੇ ਸਿਰ ਉਤੇ ਕਾਲਾ ਰੁਮਾਲ ਬੰਨ੍ਹਿਆ ਹੋਇਆ ਸੀ। ਉਨ੍ਹਾਂ ਦੇ ਦੋ ਪੁੱਤਰ, ਮੇਰੇ ਦੋ ਭਰਾ-ਮੁਹੰਮਦ ਅਤੇ ਅਖੀਲਚੀ-ਮੋਰਚੇ ਤੋਂ ਨਹੀਂ ਮੁੜੇ ਸਨ। ਉਨ੍ਹਾਂ ਵਿਚੋਂ ਅਨੇਕਾਂ ਵਾਪਸ ਆ ਗਏ ਸਨ ਜਿਨ੍ਹਾਂ ਨੂੰ ਮਾਤਾ ਜੀ ਆਪਣੀਆਂ ਖਿੜਕੀਆਂ ਵਿਚੋਂ ਨੀਜ਼ਨੀ ਵਿਚ ਖੇਡਦਿਆਂ ਹੋਇਆਂ ਵੇਖਦੇ ਰਹਿੰਦੇ ਸਨ। ਉਹ ਨਹੀਂ ਮੁੜੇ ਜਿਨ੍ਹਾਂ ਦੇ ਬਾਰੇ ਨਜੂਮ ਲਾਉਣ ਵਾਲੀਆਂ ਨੇ ਛੇਤੀ ਹੀ ਮੁੜ ਆਉਣ ਦੀ ਭਵਿੱਖਬਾਣੀ ਕੀਤੀ ਸੀ। ਸਾਡੇ ਛੋਟੇ ਜਿਹੇ ਪਿੰਡ ਵਿਚ ਇਕ ਸੌ ਬੰਦੇ ਨਹੀਂ ਮੁੜੇ। ਪੂਰੇ ਦਾਗਿਸਤਾਨ ਵਿਚ ਇਕ ਲੱਖ ਲੋਕੀਂ ਮੁੜ ਕੇ ਘਰੀਂ ਨਹੀਂ ਆਏ।
ਮੈਂ ਨਕਸ਼ੇ ਉਤੇ ਲੱਗੀਆਂ ਝੰਡੀਆਂ ਵੇਖਦਾ ਹਾਂ, ਥਾਵਾਂ ਦੇ ਨਾਂਅ ਪੜ੍ਹਦਾ ਹਾਂ ਅਤੇ ਹਮਵਤਨਾਂ ਦੇ ਨਾਂਅ ਯਾਦ ਕਰਦਾ ਹਾਂ। ਮੁਹੰਮਦ ਗਾਜ਼ੀਯੇਵ ਬਾਰੇਂਤਸੇਵ ਸਾਗਰ ਵਿਚ ਹੀ ਰਹਿ ਗਿਆ। ਟੈਂਕਚੀ ਮੁਹੰਮਦ ਜ਼ਾਗੀਦ ਅਬਦੁਲਮਾਨਾਪੋਵ ਸਿੰਫਰੋਪੋਲ ਵਿਚ ਸ਼ਹੀਦ ਹੋਇਆ। ਮਸ਼ੀਨਗੰਨ ਚਲਾਉਣ ਵਾਲਾ ਖਾਨਪਾਸ਼ਾ ਨੂਰਾਦੀਲੋਵ, ਜਿਹੜਾ ਚੇਚੇਨ ਨਸਲ ਦਾ ਸੀ, ਪਰ ਦਾਗਿਸਤਾਨ ਦਾ ਪੁੱਤਰ ਸੀ, ਸਟਾਲਿਨਗਰਾਦ ਵਿਚ ਰਣਖੇਤਰ ਵਿਚ ਜੂਝ ਮੋਇਆ ਸੀ। ਬਹਾਦਰ ਕਾਮਾਲੋਵ ਨੇ ਇਟਲੀ ਵਿਚ ਛਾਪਾਮਾਰਾਂ ਦੀ ਅਗਵਾਈ ਕਰਦਿਆਂ ਹੋਇਆਂ ਸ਼ਹੀਦੀ ਜਾਮ ਪੀਤਾ ਸੀ।
ਹਰ ਪਿੰਡ ਵਿਚ ਪਿਰਾਮਿਡ ਯਾਦਗਾਰਾਂ ਖਲੋਤੀਆਂ ਹਨ ਅਤੇ ਉਨ੍ਹਾਂ ਉਤੇ ਨਾਂਅ ਹੀ ਨਾਂਅ ਲਿਖੇ ਹਨ। ਉਨ੍ਹਾਂ ਦੇ ਕੋਲ ਪਹੁੰਚ ਕੇ ਪਹਾੜੀ ਲੋਕ ਘੋੜਿਆਂ ਤੋਂ ਹੇਠਾਂ ਲਹਿ ਜਾਂਦੇ ਹਨ ਅਤੇ ਪੈਦਲ ਤੁਰਨ ਵਾਲੇ ਆਪਣੇ ਸਿਰਾਂ ਤੋਂ ਸਮੂਰ ਦੀ ਟੋਪੀ ਲਾਹ ਲੈਂਦੇ ਹਨ। ਪਹਾੜਾਂ ਵਿਚ ਸ਼ਹੀਦਾਂ ਦੇ ਨਾਂਅ ਵਾਲੇ ਚਸ਼ਮੇ ਵਹਿੰਦੇ ਹਨ। ਬਜ਼ੁਰਗ ਲੋਕ ਚਸ਼ਮਿਆਂ ਦੇ ਕੋਲ ਬਹਿੰਦੇ ਹਨ, ਕਿਉਂਕਿ ਉਹ ਪਾਣੀ ਦੀ ਭਾਸ਼ਾ ਸਮਝਦੇ ਹਨ। ਹਰ ਘਰ ਵਿਚ ਬਹੁਤ ਹੀ ਸਤਕਾਰ ਭਰੇ ਥਾਂ ਉਤੇ ਉਨ੍ਹਾਂ ਦੀਆਂ ਤਸਵੀਰਾਂ ਲਟਕੀਆਂ ਹੋਈਆਂ ਹਨ ਜਿਨ੍ਹਾਂ ਨੇ ਚਿਰਾਂ ਤਕ ਜਵਾਨ ਅਤੇ ਚਿਰਾਂ ਤਕ ਖੂਬਸੂਰਤ ਬਣਿਆ ਰਹਿਣਾ ਹੈ।
ਜਦੋਂ ਕਦੇ ਮੈਂ ਦੂਰ-ਦੁਰਾਡੇ ਦੇ ਕਿਸੇ ਸਫਰ ਤੋਂ ਮੁੜਦਾ ਹਾਂ ਤਾਂ ਕੁਝ ਮਾਵਾਂ ਦਿਲ ਵਿਚ ਛੁਪੀ ਆਸ ਲਈ ਮੈਨੂੰ ਪੁੱਛਦੀਆਂ ਹਨ-“ਮੇਰੇ ਪੁੱਤਰ ਨਾਲ ਸਬੱਬੀਂ ਕਿਤੇ ਮੇਲ ਤਾਂ ਨਹੀਂ ਹੋਇਆ?” ਇਸੇ ਤਰ੍ਹਾਂ ਮਨ ਵਿਚ ਆਸ ਅਤੇ ਕਸਕ ਲਈ ਉਹ ਸਾਰਸਾਂ ਦੇ ਲੰਮੇ ਲੰਮੇ ਕਾਫਲਿਆਂ ਨੂੰ ਵੇਖਦੀਆਂ ਰਹਿੰਦੀਆਂ ਹਨ। ਮੈਂ ਵੀ ਆਪਣੇ ਕੋਲੋਂ ਉੱਡੇ ਜਾਂਦੇ ਸਾਰਸਾਂ ਉਤੋਂ ਆਪਣੀ ਨਜ਼ਰ ਨਹੀਂ ਹਟਾ ਸਕਦਾ।
ਸਾਰਸ
ਕਦੇ ਕਦੇ ਲਗਦੈ ਉਹ ਸੂਰੇ,
ਰੱਤੀ ਤੋਂ ਤੋਂ ਜੋ ਮੁੜ ਨਾ ਆਏ,
ਮਰੇ ਨਹੀਂ ਬਣ ਸਾਰੇ ਸਾਰਸ,
ਉੱਡੇ ਗਗਨੀਂ, ਉਨ੍ਹਾਂ ਖੰਡ ਫੈਲਾਏ।
ਉਨ੍ਹਾਂ ਹੀ ਦਿਨਾਂ ਤੋਂ, ਬੀਤੇ ਯੁੱਗ ਤੋਂ,
ਉੱਡਦੇ ਗਗਨੀ, ਵਾਜਾਂ ਗੂੰਜਣ,
ਕੀ ਏਸੇ ਕਾਰਨ ਅੱਖਾਂ ਚੁੱਪ ਰਹਿਕੇ,
ਭਾਰੇ ਮਨ ਨਾਲ ਨੀਲਾ ਨਭ ਤੱਕਣ।
ਅੱਜ ਸ਼ਾਮ ਜਿਉਂ ਘਿਰਨ ਹਨ੍ਹੇਰੇ,
ਧੁੰਦ ਵਿਚ ਵੇਖਾਂ ਸਾਰਸ ਉੱਡਦੇ,
ਫੌਜ ਬਣਾ ਇਨਸਾਨਾਂ ਵਾਂਗੂੰ,
ਜਿਉਂ ਸਨ ਚਲਦੇ ਧਰਤੀ ਉਤੇ।
ਉੱਡਣ, ਲੰਮੀਆਂ ਮੰਜ਼ਲਾਂ ਤੈਅ ਕਰਦੇ,
ਤੇ ਜਿਉਂ ਬੋਲਣ ਨਾਂਅ ਕਿਸੇ ਦੇ,
ਸ਼ਾਇਦ ਏਸੇ ਬੋਲੀ ਦੇ ਨਾਲ,
ਸ਼ਬਦ ਅਸਾਡੀ ਬੋਲੀ ਦੇ ਮਿਲਦੇ।
ਥੱਕੇ ਥੱਕੇ ਸਾਰਸ ਉੱਡਦੇ ਜਾਂਦੇ,
ਧੁੰਦ ਵਿਚ ਵੀ, ਜਦੋਂ ਦਿਨ ਢਲਦਾ,
ਉਨ੍ਹਾਂ ਦੀ ਤਿਕੋਣ ‘ਚ ਜੋ ਖਾਲੀ ਥਾਂ ਏ,
ਮੇਰੇ ਲਈ ਏ, ਮੈਨੂੰ ਲੱਗਦਾ।
ਸਾਰਸ-ਦਲ ਨਾਲ ਉੱਡ ਜਾਵਾਂਗਾ,
ਨੀਲੇ-ਗਗਨੀ, ਉਹ ਦਿਨ ਆਏਗਾ,
ਧਰਤ ਤੇ ਪਿਛੇ ਰਹਿ ਗਿਆ ਨੂੰ,
ਸਾਰਸਾਂ ਵਾਂਗੂੰ ਮਾਰਾਂਗਾ ਵਾਜਾਂ।
ਸਾਰਸ ਉੱਡਦੇ ਹਨ, ਘਾਹ ਉੱਚਾ ਹੁੰਦਾ ਹੈ, ਪੰਘੂੜੇ ਝੁਟਾਏ ਜਾਂਦੇ ਹਨ। ਮੇਰੇ ਘਰ ਵਿਚ ਵੀ ਤਿੰਨਾਂ ਨੂੰ ਪੰਘੂੜੇ ਵਿਚ ਝੁਟਾਇਆ ਗਿਆ। ਮੇਰੇ ਘਰ ਤਿੰਨ ਧੀਆਂ ਨੇ ਜਨਮ ਲਿਆ। ਕਿਸੇ ਹੋਰ ਦੇ ਦੋ ਚਾਰ, ਕਿਸੇ ਹੋਰ ਦੇ ਦਸ ਅਤੇ ਕਿਸੇ ਹੋਰ ਦੇ ਪੰਦਰਾਂ ਬੱਚਿਆਂ ਨੇ ਜਨਮ ਲਿਆ। ਤਸਾਦਾ ਪਿੰਡ ਵਿਚ ਇਕ ਸੌ ਪੰਘੂੜੇ ਝੁਟਾਏ ਜਾਂਦੇ ਹਨ। ਜਨਮ-ਦਰ ਦੇ ਪਖੋਂ ਦਾਗਿਸਤਾਨ ਦਾ ਰੂਸੀ ਸੰਘ ਵਿਚ ਪਹਿਲਾ ਥਾਂ ਹੈ। ਅਸੀਂ ਪੰਦਰਾਂ ਲੱਖ ਹੋ ਗਏ। ਜਿੰਨੇ ਜ਼ਿਆਦਾ ਲੋਕ ਹੁੰਦੇ ਹਨ ਉਨੇ ਹੀ ਜ਼ਿਆਦਾ ਵਿਆਹ ਹੁੰਦੇ ਹਨ ਅਤੇ ਜਿੰਨੇ ਜ਼ਿਆਦਾ ਵਿਆਹ ਹੁੰਦੇ ਹਨ ਉਨੇ ਹੀ ਜ਼ਿਆਦਾ ਲੋਕ।
ਪਹਾੜੀ ਲੋਕਾਂ ਵਿਚ ਕਿਹਾ ਜਾਂਦਾ ਹੈ ਕਿ ਤਿੰਨ ਮਾਮਲਿਆਂ ਵਿਚ ਕਦੇ ਵੀ ਚਿਰ ਨਹੀਂ ਲਾਉਣਾ ਚਾਹੀਦਾ-ਜਦੋਂ ਮੁਰਦੇ ਨੂੰ ਦਫਨਾਉਣਾ ਹੋਵੇ, ਜਦੋਂ ਮਹਿਮਾਨ ਨੂੰ ਰੋਟੀ ਖੁਆਉਣੀ ਹੋਵੇ ਅਤੇ ਜਦੋਂ ਜਵਾਨ ਧੀ ਦਾ ਵਿਆਹ ਕਰਨਾ ਹੋਵੇ।
ਇਨ੍ਹਾਂ ਤਿੰਨਾਂ ਮਾਮਲਿਆਂ ਵਿਚ ਦਾਗਿਸਤਾਨ ਵਿਚ ਕਦੇ ਵੀ ਦੇਰ ਨਹੀਂ ਹੋਣ ਦਿੰਦੇ। ਲਓ, ਢੋਲ ਢਮਢਮ ਕਰਨ ਲੱਗ ਪਿਆ ਹੈ, ਜ਼ੁਰਨਾ ਝਣਝਣਾ ਉੱਠਿਆ ਹੈ ਅਤੇ ਵਿਆਹ ਸ਼ੁਰੂ ਹੋ ਗਏ ਹਨ। ਸ਼ਰਾਬ ਦਾ ਪਹਿਲਾ ਹਾੜਾ ਚੁੱਕ ਕੇ ਕਾਮਨਾ ਕੀਤੀ ਜਾਂਦੀ ਹੈ— “ਵਹੁਟੀ ਪੁੱਤਰ ਜੰਮੇ”।
ਤਿੰਨ ਹੋਰ ਚੀਜ਼ਾਂ ਵੀ ਹਨ ਜਿਹੜੀਆਂ ਪਹਾੜੀ ਲੋਕਾਂ ਨੂੰ ਜ਼ਰੂਰ ਹੀ ਪੂਰੀਆਂ ਕਰਨੀਆਂ ਚਾਹੀਦੀਆਂ ਹਨ-ਸ਼ਰਾਬ ਦੇ ਭਰੇ ਹੋਏ ਸਿੰਗ ਨੂੰ ਪੀਣਾ ਚਾਹੀਦਾ ਹੈ, ਆਪਣੇ ਨਾਂਅ ਨੂੰ ਦਾਗ ਨਹੀਂ ਲੱਗਣ ਦੇਣਾ ਚਾਹੀਦਾ ਅਤੇ ਔਖੀ ਇਮਤਿਹਾਨ ਦੀ ਘੜੀ ਹੌਸਲਾ ਨਹੀਂ ਛੱਡਣਾ ਚਾਹੀਦਾ।
ਪਹਾੜੀ ਲੋਕਾਂ ਨੂੰ ਕਾਫੀ ਪਰਖ-ਆਜ਼ਮਾਇਸ਼ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਕਿਸਮਤ ਦੇ ਹਥੌੜੇ ਨੇ ਦਾਗਿਸਤਾਨ ਦੇ ਘਰਾਂ ਨੂੰ ਤੋੜਨ ਲਈ ਕੋਈ ਘੱਟ ਸੱਟਾਂ ਨਹੀਂ ਮਾਰੀਆਂ ਪਰ ਉਨ੍ਹਾਂ ਨੇ ਇਨ੍ਹਾਂ ਸੱਟਾਂ ਨੂੰ ਸਹਿ ਲਿਆ ਹੈ।
ਵੈਸੇ ਸੰਸਾਰ ਵਿਚ ਅੱਜ ਵੀ ਸ਼ਾਂਤੀ ਨਹੀਂ। ਸਾਡੀ ਪ੍ਰਿਥਵੀ ਉਤੇ ਕਦੇ ਇੱਥੇ ਕਦੇ ਉੱਥੇ ਗੋਲਾਬਾਰੀ ਹੋਣ ਲੱਗ ਪੈਂਦੀ ਹੈ, ਬੰਬ ਫਟਦੇ ਹਨ ਅਤੇ ਹਮੇਸ਼ਾ ਵਾਂਗ ਅੱਜ ਵੀ ਮਾਵਾਂ ਆਪਣੇ ਬੱਚਿਆਂ ਨੂੰ ਛਾਤੀ ਨਾਲ ਘੁੱਟ ਲੈਂਦੀਆਂ ਹਨ।
ਜਦੋਂ ਆਕਾਸ਼ ਵਿਚ ਮੀਂਹ ਵਰ੍ਹਾਉਣ ਵਾਲੀਆਂ ਘਟਾਵਾਂ ਛਾ ਜਾਂਦੀਆਂ ਹਨ ਤਾਂ ਕਿਸਾਨ ਵੱਢੀ ਹੋਈ ਫਸਲ ਨੂੰ ਸਮੇਟਣ ਵਾਸਤੇ ਖੇਤਾਂ ਵੱਲ ਭੱਜਦੇ ਹਨ। ਜਦੋਂ ਸਾਡੀ ਪ੍ਰਿਥਵੀ ਉਤੇ ਖਤਰੇ ਦੇ ਬੱਦਲ ਮੰਡਰਾਉਣ ਲੱਗਦੇ ਹਨ ਤਾਂ ਲੋਕ ਸ਼ਾਂਤੀ ਦੀ ਰਾਖੀ ਕਰਨ ਲਈ, ਉਹਨੂੰ ਜੰਗ ਦੇ ਖਤਰੇ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹਨ।
ਦਾਗਿਸਤਾਨ ਵਿਚ ਕਿਹਾ ਜਾਂਦਾ ਹੈ—ਲੜਾਕੇ ਸਾਨ੍ਹ ਦੇ ਸਿੰਗ ਵੱਢ ਦਿੱਤੇ ਜਾਂਦੇ ਹਨ ਅਤੇ ਵੱਢਣ ਵਾਲੇ ਕੁੱਤੇ ਨੂੰ ਜ਼ੰਜੀਰ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਹੈ। ਜੇ ਸਾਡੀ ਦੁਨੀਆਂ ਵਿਚ ਵੀ ਅਜੇਹੀ ਰੀਤ-ਪਰੰਪਰਾ ਹੁੰਦੀ ਤਾਂ ਜਿਉਣਾ ਸੌਖਾ ਹੁੰਦਾ। ਹੁਣ ਛੋਟਾ ਜਿਹਾ ਦਾਗਿਸਤਾਨ ਏਨੀ ਵੱਡੀ ਦੁਨੀਆਂ ਦੇ ਬਾਰੇ ਚਿੰਤਾ ਕਰਦਾ ਹੋਇਆ ਜਿਉਂਦਾ ਹੈ।
ਪਹਿਲੇ ਵੇਲਿਆਂ ਵਿਚ ਪਹਾੜੀ ਲੋਕ ਜਦੋਂ ਕਦੇ ਕਿਤੇ ਧਾਵਾ ਬੋਲਣ ਲਈ ਜਾਂਦੇ ਸਨ ਤਾਂ ਨਵੇਂ ਗੱਭਰੂ ਸੂਰਮਿਆਂ ਨੂੰ ਆਪਣੇ ਨਾਲ ਨਹੀਂ ਲੈਂਦੇ ਸਨ। ਪਰ ਸ਼ਾਮੀਲ ਨੇ ਆਖਿਆ ਕਿ ਇੰਜ ਕਰਨਾ ਚਾਹੀਦਾ ਹੈ। ਚੀਚੀ ਉਂਗਲੀ ਬਹੁਤ ਛੋਟੀ ਹੁੰਦੀ ਹੈ ਪਰ ਉਹਦੇ ਬਿਨਾਂ ਮਜ਼ਬੂਤ ਘਸੁੰਨ ਨਹੀਂ ਬਣਦਾ ਸਾਡੇ ਦੇਸ਼ ਦੇ ਵੱਡੇ ਅਤੇ ਭਾਰੀ ਘਸੁੰਨ ਵਿਚ ਦਾਗਿਸਤਾਨ ਬੇਸ਼ਕ ਚੀਚੀ ਉਂਗਲੀ ਜਿਹਾ ਹੀ ਹੋਵੇ ਪਰ ਸਾਡੇ ਦੁਸ਼ਮਣ ਆਪਣਾ ਅੱਡੀ-ਚੋਟੀ ਦਾ ਜ਼ੋਰ ਲਾ ਕੇ ਵੀ ਇਸ ਘਸੁੰਨ ਨੂੰ ਕਮਜ਼ੋਰ ਨਹੀਂ ਕਰ ਸਕਣਗੇ।
ਇਹ ਘਸੁੰਨ ਤਾਂ ਦੁਸ਼ਮਣ ਲਈ ਹੈ, ਪਰ ਦੋਸਤ ਦੇ ਮੋਢੇ ਉਤੇ ਤਾਂ ਚੌੜੀ ਤਲੀ ਹੀ ਟਿਕੀ ਰਹਿੰਦੀ ਹੈ ਉਸ ਤਲੀ ਵਿਚ ਵੀ ਚੀਚੀ ਉਂਗਲੀ ਹੁੰਦੀ ਹੈ।
ਜਦੋਂ ਮੈਂ ਵਿਦੇਸ਼ਾਂ ਵਿਚ ਜਾਂਦਾ ਹਾਂ ਤਾਂ ਸਭ ਤੋਂ ਪਹਿਲਾਂ ਕਵੀਆਂ ਅਤੇ ਸ਼ਾਇਰਾਂ ਨਾਲ ਜਾਣ-ਪਛਾਣ ਕਰਦਾ ਹਾਂ । ਗੀਤ ਗੀਤ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਇਸ ਤੋਂ ਇਲਾਵਾ ਮੈਂ ਹਮਵਤਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦਾ ਹਾਂ, ਜੇ ਉਹ ਉੱਥੇ ਹੋਣ। ਬੇਸ਼ਕ ਇਹ ਸਹੀ ਹੈ ਕਿ ਵਿਦੇਸ਼ਾਂ ਵਿਚ ਹਮਵਤਨ ਵੀ ਵੱਖ ਵੱਖ ਤਰ੍ਹਾਂ ਦੇ ਹਨ। ਪਰ ਹਮਵਤਨਾਂ ਵੱਲ ਘਮੰਡ ਨੂੰ ਮੈਂ ਇਸ ਕਰਕੇ ਬਰਦਾਸ਼ਤ ਨਹੀਂ ਕਰ ਸਕਦਾ ਕਿ ਉਹ ਵੱਖ ਵੱਖ ਤਰ੍ਹਾਂ ਦੇ ਹਨ। ਮੇਰੀ ਉਨ੍ਹਾਂ ਨਾਲ ਤੁਰਕੀ, ਸੀਰੀਆ ਅਤੇ ਪੱਛਮੀ ਜਰਮਨੀ ਵਿਚ ਅਤੇ ਕਿੰਨੀਆਂ ਹੀ ਦੂਸਰੀਆਂ ਥਾਵਾਂ ਤੇ ਮੁਲਾਕਾਤ ਹੋਈ ਹੈ।
ਕੁਝ ਦਾਗਿਸਤਾਨੀ ਤਾਂ ਸ਼ਾਮੀਲ ਦੇ ਵਕਤ ਹੀ ਆਪਣੀ ਮਾਤਭੂਮੀ ਤੋਂ ਦੂਰ ਚਲੇ ਗਏ ਸਨ। ਉਹ ਆਪਣੇ ਘਰ-ਬਾਰ ਛੱਡ ਕੇ ਉਸ ਸੁੱਖ ਦੀ ਤਲਾਸ਼ ਵਿਚ ਚਲੇ ਗਏ ਸਨ ਜਿਹੜਾ ਉਨ੍ਹਾਂ ਨੂੰ ਆਪਣੇ ਵਤਨ ਵਿਚ ਨਹੀਂ ਮਿਲਿਆ ਸੀ।
ਦੂਸਰੇ ਇਸ ਲਈ ਚਲੇ ਗਏ ਸਨ ਕਿ ਉਨ੍ਹਾਂ ਨੇ ਇਨਕਲਾਬ ਨੂੰ ਨਹੀਂ ਸਮਝਿਆ ਜਾਂ ਸਮਝ ਗਏ, ਪਰ ਡਰ ਗਏ ਸਨ। ਕੁਝ ਅਜੇਹੇ ਸਨ ਜਿਨ੍ਹਾਂ ਨੂੰ ਖੁਦ ਇਨਕਲਾਬ ਨੇ ਹੀ ਬਾਹਰ ਕੱਢ ਦਿੱਤਾ ਸੀ। ਚੌਥੀ ਕਿਸਮ ਦੇ ਲੋਕ ਵੀ ਸਨ ਜਿਹੜੇ ਇਕਦਮ ਤੁੱਛ, ਤਰਸ ਦੇ ਪਾਤਰ ਅਤੇ ਭਟਕੇ ਹੋਏ ਹਨ। ਇਨ੍ਹਾਂ ਨੇ ਮਹਾਨ ਦੇਸ਼ਭਗਤ ਜੰਗ ਵਿਚ ਮਾਤਭੂਮੀ ਨਾਲ ਗੱਦਾਰੀ ਕੀਤੀ ਸੀ।
ਵੱਖ ਵੱਖ ਤਰ੍ਹਾਂ ਦੇ ਦਾਗਿਸਤਾਨੀਆਂ ਨੂੰ ਮਿਲਿਆਂ ਹਾਂ ਮੈਂ। ਤੁਰਕੀ ਵਿਚ ਤਾਂ ਦਾਗਿਸਤਾਨੀ ਪਿੰਡ ਵਿਚ ਵੀ ਗਿਆ ਸਾਂ।
“ਸਾਡੇ ਪਾਸੇ ਵੀ ਏਧਰ ਇਕ ਛੋਟਾ ਜਿਹਾ ਦਾਗਿਸਤਾਨ ਏ,” ਇਸ ਪਿੰਡ ਦੇ ਵਾਸੀਆਂ ਨੇ ਮੈਨੂੰ ਕਿਹਾ।
“ਤੁਸੀਂ ਠੀਕ ਨਹੀਂ ਕਹਿ ਰਹੇ। ਦਾਗਿਸਤਾਨ ਤਾਂ ਸਿਰਫ ਇਕ ਈ ਏ। ਦੋ ਦਾਗਿਸਤਾਨ ਨਹੀਂ ਹੋ ਸਕਦੇ।”
“ਫਿਰ ਤੁਹਾਡੇ ਖਿਆਲ ਵਿਚ ਅਸੀਂ ਕੌਣ ਆਂ, ਕਿੱਥੋਂ ਆਏ ਆਂ?”
“ਹਾਂ, ਤੁਸੀਂ ਕੌਣ ਓ ਤੇ ਕਿੱਥੋਂ ਆਏ ਓ?”
“ਅਸੀਂ ਕਾਰਾਤ, ਬਤਲੂਖ, ਖੂੰਜ਼ਹ, ਆਕੁਸ਼, ਕੁਮੁਖ, ਚੋਖ ਤੇ ਸੋਗਰਾਤਲ ਦੇ ਰਹਿਣ ਆਲੇ ਆਂ। ਅਸੀਂ ਦਾਗਿਸਤਾਨ ਦੇ ਵੱਖ ਵੱਖ ਪਿੰਡਾਂ ਤੋਂ ਆਏ ਆਂ, ਠੀਕ ਉਸੇ ਤਰ੍ਹਾਂ, ਜਿਸ ਤਰ੍ਹਾਂ ਉਹ ਜਿਹੜੇ ਸਾਡੇ ਪਿੰਡ ਦੇ ਕਬਿਰਸਤਾਨ ਵਿਚ ਹਮੇਸ਼ਾ ਲਈ ਸੁੱਤੇ ਪਏ ਨੇਂ। ਅਸੀਂ ਵੀ ਇਕ ਛੋਟਾ ਜਿਹਾ ਦਾਗਿਸਤਾਨ ਆਂ।” “ਤੁਸੀਂ ਕਦੇ ਸੀ। ਕੁਝ ਅਜੇ ਵੀ ਦਾਗਿਸਤਾਨੀ ਬਣੇ ਰਹਿਣਾ ਚਾਹੁੰਦੇ ਨੇ। ਸ਼ਾਇਦ ਇਹ ਵੀ ਦਾਗਿਸਤਾਨੀ ਨੇ?” ਮੈਂ ਗੋਤਸਿਸਕੀ, ਅਲੀਖਾਨੋਵ ਅਤੇ ਉਜ਼ੂਨ-ਹਾਜੀ ਦੀਆਂ ਤਸਵੀਰਾਂ ਵਲ ਇਸ਼ਾਰਾ ਕਰਦਿਆਂ ਹੋਇਆਂ ਪੁੱਛਿਆ।
“ਜੇ ਦਾਗਿਸਤਾਨੀ ਨਹੀਂ ਤਾਂ ਕੌਣ ਨੇ ਇਹ? ਇਸ ਸਾਡੇ ਈ ਲੋਕਾਂ ਵਿਚੋਂ ਨੇ।
ਸਾਡੀ ਹੀ ਬੋਲੀ ਬੋਲਦੇ ਨੇ।” “ਦਾਗਿਸਤਾਨ ਇਨ੍ਹਾਂ ਦੀ ਬੋਲੀ ਨਹੀਂ ਸਮਝ ਸਕਿਆ ਅਤੇ ਇਹ ਦਾਗਿਸਤਾਨ
री।”
“ਹਰ ਕੋਈ ਅਪਣੇ ਹੀ ਢੰਗ ਨਾਲ ਦਾਗਿਸਤਾਨ ਨੂੰ ਸਮਝਦੈ। ਹਰ ਕਿਸੇ ਦੇ ਵਿਚ ਆਪਣਾ ਦਾਗਿਸਤਾਨ ਏ।” ਦਿਲ
“ਪਰ ਦਾਗਿਸਤਾਨ ਹਰ ਕਿਸੇ ਨੂੰ ਆਪਣਾ ਪੁੱਤਰ ਨਹੀਂ ਮੰਨਦਾ।”
“ਕਿਹਨੂੰ ਮੰਨਦੈ?”
“ਉੱਥੇ ਆਓ, ਜਿੱਥੇ ਸਾਡੇ ਬੱਚਿਆਂ ਦੇ ਪੰਘੂੜੇ ਝੁਟਾਏ ਜਾਂਦੇ ਨੇ।”
“ਉੱਥੇ ਸਾਡੇ ਬਾਰੇ ਕੀ ਆਖਿਆ ਜਾਂਦੇ?”
“ਅਜੇਹੇ ਪੱਥਰ, ਜਿਹੜੇ ਦਾਗਿਸਤਾਨ ਦੀ ਉਸਾਰੀ ਵੇਲੇ ਉਸਦੀ ਇਮਾਰਤ ਦੀ ਦੀਵਾਰ ਵਿਚ ਨਹੀਂ ਚਿਣੇ ਜਾ ਸਕੇ ਤੇ ਵਾਧੂ ਪਏ ਰਹੇ। ਅਜੇਹੇ ਪੱਤੇ ਜਿਨ੍ਹਾਂ ਨੂੰ ਪਤਝੜ ਦੀ ਹਵਾ ਉਡਾ ਕੇ ਲੈ ਗਈ, ਅਜੇਹੇ ਤਾਰ ਜਿਹੜੇ ਪੰਦੂਰੇ ਦੀਆਂ ਮੁੱਖ ਤਾਰਾਂ ਦੇ ਨਾਲ ਇਕ ਹੀ ਸੁਰ ਵਿਚ ਨਹੀਂ ਵਜ ਸਕੇ।”
ਤਾਂ ਫਿਰ ਇੰਜ ਕੀਤੀਆਂ ਗੱਲਾਂ, ਮੈਂ ਵਿਦੇਸ਼ਾਂ ਵਿਚ ਰਹਿੰਦੇ ਹਮਵਤਨਾਂ ਨਾਲ। ਉਨ੍ਹਾਂ ਵਿਚ ਅਮੀਰ ਵੀ ਹਨ, ਗਰੀਬ ਵੀ, ਦਿਆਲੂ ਵੀ, ਕਰੋਧੀ ਵੀ, ਇਮਾਨਦਾਰ ਅਤੇ ਬੇਈਮਾਨ ਵੀ, ਧੋਖੇ ਵਿਚ ਆਉਣ ਵਾਲੇ ਵੀ ਤੇ ਧੋਖਾ ਦੇਣ ਵਾਲੇ ਵੀ। ਉਨ੍ਹਾਂ ਨੇ ਮੇਰੇ ਸਾਮ੍ਹਣੇ ਲੇਜ਼ਗੀਕਾ ਨਾਚ ਨੱਚਿਆ, ਪਰ ਡਫ਼ਲੀ ਪਰਾਈ ਸੀ।
ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਦਾਗਿਸਤਾਨ ਵਿਚ ਅਸੀਂ ਪੰਦਰਾਂ ਲੱਖ ਹਾਂ ਤਾਂ ਉਨ੍ਹਾਂ ਲੋਕਾਂ ਨੂੰ ਨਹੀਂ ਗਿਣਦੇ ਜਿਨ੍ਹਾਂ ਦਾ ਉੱਪਰ ਜ਼ਿਕਰ ਕੀਤਾ ਗਿਆ ਹੈ। ਜਦੋਂ ਮੈਂ ਸੀਰੀਆ ਤੋਂ ਰਵਾਨਾ ਹੋ ਰਿਹਾ ਸਾਂ ਤਾਂ ਇਕ ਅਵਾਰ ਔਰਤ ਮੈਨੂੰ ਲਗਾਤਾਰ ਇਹ ਜ਼ੋਰ ਦੇ ਕੇ ਕਹਿ ਰਹੀ ਸੀ ਕਿ ਮੈਂ ਗੋਰਗੋਬਿਲ ਪਿੰਡ ਵਿਚ ਖੂਬਾਨੀਆਂ ਦੇ
ਰੁੱਖ ਨੂੰ ਹੱਥਾਂ ਨਾਲ ਛੁਹ ਕੇ ਨਮਸਤੇ ਕਹਾਂ।
ਸੰਗਮਰਮਰ ਸਾਗਰ ਦੇ ਤਟ ਉਤੇ ਅਵਾਰ ਨਸਲ ਦੇ ਕੁਝ ਬੱਚਿਆਂ ਨੇ ਜਿਨ੍ਹਾਂ ਦਾ ਪਿਤਾ ਹੱਜ ਕਰਨ ਲਈ ਮੱਕੇ ਗਿਆ ਹੋਇਆ ਸੀ, ਮੈਨੂੰ ਕਿਹਾ-
“ਸਾਡੇ ਲਈ ਤਾਂ ਦਾਗਿਸਤਾਨ ਈ ਮੱਕਾ ਏ। ਮੱਕੇ ਜਾ ਕੇ ਆਉਣ ਵਾਲੇ ਨੂੰ ਹਾਜੀ ਆਖਿਆ ਜਾਂਦੈ। ਪਰ ਸਾਡੇ ਲਈ ਤਾਂ ਹੁਣ ਉਹੀ ਹਾਜੀ ਏ ਜਿਹਨੂੰ ਦਾਗਿਸਤਾਨ ਜਾ ਆਉਣ ਦਾ ਸੁਭਾਗ ਪਰਾਪਤ ਹੋਇਆ ਹੋਵੇ।”
ਮਖਾਚਕਲਾ ਵਿਚ ਮੇਰੇ ਕੋਲ ਇਕ ਅਜੇਹਾ ਹੀ ਹਾਜੀ ਆਇਆ ਸੀ ਜਿਹੜਾ ਚਾਲੀ ਸਾਲ ਤਕ ਆਪਣੀ ਮਾਤਭੂਮੀ ਤੋਂ ਦੂਰ ਰਿਹਾ ਸੀ।
“ਹਾਂ ਮੈਂ ਉੱਥੇ ਇਹ ਸਭ ਕੁਝ ਦੱਸਾਂਗਾ ਤਾਂ ਲੋਕ ਯਕੀਨ ਨਹੀਂ ਕਰਨਗੇ। ਪਰ ਮੈਂ ਉਨ੍ਹਾਂ ਨੂੰ ਇਕੋ ਈ ਗੱਲ ਆਖਾਂਗਾ-ਦਾਗਿਸਤਾਨ ਕਾਇਮ ਏ।”
ਮੇਰਾ ਦਾਗਿਸਤਾਨ ਕਾਇਮ ਹੈ! ਇਹ ਜਨਤੰਤਰ ਹੈ! ਇਸ ਵਿਚ ਜਨਗਣ ਹਨ, ਭਾਸ਼ਾ ਹੈ, ਨਾਂਅ ਹੈ, ਰਸਮੋ-ਰਿਵਾਜ ਹਨ। ਇਹੋ ਜਿਹੀ ਹੈ ਦਾਗਿਸਤਾਨ ਦੀ ਕਿਸਮਤ। ਵਿਆਹ ਹੁੰਦੇ ਹਨ, ਪੰਘੂੜੇ ਝੁਟਾਏ ਜਾਂਦੇ ਹਨ, ਜਾਮ ਚੁੱਕੇ ਜਾਂਦੇ ਹਨ, ਗਾਣੇ ਗਾਏ ਜਾਂਦੇ ਹਨ।
ਸ਼ਬਦ
ਅਵਾਰ ਭਾਸ਼ਾ ਵਿਚ “ਮਿੱਲਤ” ਸ਼ਬਦ ਦੇ ਦੋ ਅਰਥ ਹਨ-ਨਸਲ ਅਤੇ ਚਿੰਤਾ। “ਜਿਹੜਾ ਅਪਣੀ ਨਸਲ ਦੀ ਚਿੰਤਾ ਨਹੀਂ ਕਰਦਾ, ਉਹ ਸਾਰੀ ਦੁਨੀਆਂ ਦੀ ਚਿੰਤਾ ਨਹੀਂ ਕਰ ਸਕਦਾ, ” ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸਨ।
“ਭਲਾ ਨਸਲ ਨੂੰ ਉਹਦੀ ਚਿੰਤਾ ਕਰਨੀ ਚਾਹੀਦੀ ਏ ਜਿਹੜਾ ਨਸਲ ਦੀ ਚਿੰਤਾ ਨਹੀਂ ਕਰਦਾ?” ਅਬੂਤਾਲਿਬ ਨੇ ਸਵਾਲ ਕੀਤਾ ਸੀ।
“ਲਗਦੈ ਪਈ ਕੁੱਕੜਾਂ-ਕੁੱਕੜੀਆਂ, ਹੰਸ ਅਤੇ ਚੂਹਿਆਂ ਦੀ ਨਸਲ ਨਹੀਂ ਹੁੰਦੀ, ਪਰ ਲੋਕਾਂ ਦੀ ਨਸਲ ਹੋਣੀ ਚਾਹੀਦੀ ਹੈ, ” ਮੇਰੇ ਮਾਤਾ ਜੀ ਕਹਿੰਦੇ ਹੁੰਦੇ ਸਨ। ਇਕ ਨਸਲ ਅਤੇ ਦੋ ਜਨਤੰਤਰ ਹੁੰਦੇ ਹਨ, ਜਿਵੇਂ ਸਾਡੇ ਓਸੇਤੀ ਗੁਆਂਢੀਆਂ ਦੇ
ਹਨ। ਇਕ ਜਨਤੰਤਰ ਅਤੇ ਉਸ ਵਿਚ ਚਾਲੀ ਨਸਲਾਂ ਵੀ ਹੁੰਦੀਆਂ ਹਨ। “ਬੋਲੀਆਂ ਅਤੇ ਨਸਲਾਂ ਦਾ ਤਾਂ ਇਹ ਪੂਰਾ ਢੇਰ ਈ ਏ,” ਕਿਸੇ ਰਾਹੀ ਨੇ
ਦਾਗਿਸਤਾਨ ਦੇ ਬਾਰੇ ਕਿਹਾ ਸੀ। “ਇਕ ਹਜ਼ਾਰ ਸਿਰਾਂ ਵਾਲਾ ਅਜਗਰ,” ਦੁਸ਼ਮਣ ਦਾਗਿਸਤਾਨ ਦੇ ਬਾਰੇ ਕਹਿੰਦੇ ਸਨ। “ਅਨੇਕਾਂ ਟਾਹਣਿਆਂ ਵਾਲਾ ਰੁੱਖ,” ਦਾਗਿਸਤਾਨ ਦੇ ਬਾਰੇ ਮਿੱਤਰ ਕਹਿੰਦੇ ਹਨ ।
“ਬੇਸ਼ਕ ਦਿਨੇ ਵੀ ਦੀਵਾ ਲੈ ਕੇ ਸਾਰੀ ਦੁਨੀਆਂ ਵਿਚ ਢੂੰਡ ਆਓ, ਕਿਤੇ ਵੀ ਅਜੇਹੀ ਥਾਂ ਨਹੀਂ ਮਿਲੇਗੀ ਜਿੱਥੇ ਏਨੇ ਘੱਟ ਲੋਕ ਅਤੇ ਏਨੀਆਂ ਜ਼ਿਆਦਾ ਨਸਲਾਂ ਹੋਣ, ” ਸੈਲਾਨੀਆਂ ਨੇ ਇਹ ਰਾਏ ਜ਼ਾਹਰ ਕੀਤੀ ਸੀ।
ਅਬੂਤਾਲਿਬ ਨੂੰ ਇਹ ਜ਼ਾਹਰ ਕਰਨਾ ਪਸੰਦ ਸੀ-
“ਅਸੀਂ ਜਾਰਜੀਆਈ ਸਭਿਆਚਾਰ ਦੇ ਵਿਕਾਸ ਲਈ ਬੜਾ ਹਿੱਸਾ ਪਾਇਐ।”
“ਇਹ ਤੁਸੀਂ ਆਖਦੇ ਪਏ ਓ? ਉਨ੍ਹਾਂ ਦਾ ਸਭਿਆਚਾਰ ਤਾਂ ਹਜ਼ਾਰਾਂ ਸਾਲ ਪੁਰਾਣੇ। ਪਰਸਿੱਧ ਜਾਰਜੀਆਈ ਕਵੀ ਸ਼ਤਾ ਰਸਤਾਵੇਲੀ ਤਾਂ ਅੱਠ ਸੌ ਸਾਲ ਪਹਿਲਾਂ ਹੋਏ ਸਨ, ਜਦੋਂ ਕਿ ਅਸੀਂ ਕੁਝ ਹੀ ਸਾਲ ਪਹਿਲਾਂ ਲਿਖਣਾ ਸਿੱਖਿਐ। ਭਲਾ ਅਸੀਂ ਉਨ੍ਹਾਂ ਦੀ ਮਦਦ ਕਿਵੇਂ ਕੀਤੀ?”
“ਅਸੀਂ ਇਸ ਤਰ੍ਹਾਂ ਮਦਦ ਕੀਤੀ। ਸਾਡੇ ਹਰ ਪਿੰਡ ਦੀ ਆਪਣੀ ਭਾਸ਼ਾ ਏ। ਸਾਡੇ ਜਾਰਜੀਆਈ ਗੁਆਂਢੀਆਂ ਨੇ ਇਨ੍ਹਾਂ ਭਾਸ਼ਾਵਾਂ ਦਾ ਅਧਿਅਨ ਤੇ ਉਨ੍ਹਾਂ ਦੀ ਤੁਲਨਾ ਕਰਨ ਦਾ ਨਿਰਨਾ ਕੀਤਾ। ਖੋਜ ਕਰਨ ਵਾਲਿਆਂ ਨੇ ਇਨ੍ਹਾਂ ਦੇ ਬਾਰੇ ਲੇਖ ਤੇ ਵਿਗਿਆਨਕ ਪੁਸਤਕਾਂ ਲਿਖੀਆਂ। ਉਹ ਵਿਦਵਾਨ ਬਣ ਗਏ, ਉਨ੍ਹਾਂ ਨੇ ਪੀ ਐਚ ਡੀ ਅਤੇ ਡੀ ਲਿਟ ਦੀਆਂ ਉਪਾਧੀਆਂ ਪਰਾਪਤ ਕਰ ਲਈਆਂ। ਜੇ ਪੂਰੇ ਦਾਗਿਸਤਾਨ ਵਿਚ ਇਕ ਹੀ ਭਾਸ਼ਾ ਹੁੰਦੀ ਤਾਂ ਭਲਾ ਉਨ੍ਹਾਂ ਕੋਲ ਭਾਸ਼ਾ ਵਿਗਿਆਨ ਦੇ ਏਨੇ ਡਾਕਟਰ ਹੋ ਸਕਦੇ ਸਨ? ਤਾਂ ਇੰਜ ਕੀਤੀ ਅਸੀਂ ਉਨ੍ਹਾਂ ਦੀ ਮਦਦ।”
ਹਾਂ, ਦਾਗਿਸਤਾਨ ਦੀਆਂ ਭਾਸ਼ਾਵਾਂ ਦੇ ਵਿਆਕਰਨ, ਵਾਕ-ਬੁਣਤੀ, ਉਚਾਰਨ ਅਤੇ ਸ਼ਬਦ-ਕੋਸ਼ ਦੇ ਬਾਰੇ ਸਭ ਤਰ੍ਹਾਂ ਦੀਆਂ ਪੁਸਤਕਾਂ ਲਿਖੀਆਂ ਜਾਂਦੀਆਂ ਹਨ। ਇੱਥੇ ਕੰਮ ਕਰਨ ਲਈ ਬੜੀ ਸਾਮੱਗਰੀ ਹੈ। ਵਿਦਵਾਨੋ, ਤਸ਼ਰੀਫ ਲਿਆਓ, ਤੁਹਾਡੇ ਅਤੇ ਤੁਹਾਡੇ ਬੱਚਿਆਂ ਲਈ ਵੀ ਕਾਫੀ ਕੰਮ ਹੈ।
ਵਿਦਵਾਨ ਆਪਸ ਵਿਚ ਬਹਿਸ ਕਰਦੇ ਹਨ। ਕੁਝ ਕਹਿੰਦੇ ਹਨ ਕਿ ਦਾਗਿਸਤਾਨ ਵਿਚ ਏਨੀਆਂ ਭਾਸ਼ਾਵਾਂ ਹਨ ਤੇ ਕੁਝ ਕਹਿੰਦੇ ਹਨ ਕਿ ਏਨੀਆਂ। ਕੁਝ ਕਹਿੰਦੇ ਹਨ ਕਿ ਇਨ੍ਹਾਂ ਭਾਸ਼ਾਵਾਂ ਦਾ ਜਨਮ ਇਸ ਤਰ੍ਹਾਂ ਹੋਇਆ ਅਤੇ ਕੁਝ ਕਹਿੰਦੇ ਹਨ ਕਿ ਇਸ ਤਰ੍ਹਾਂ। ਇਨ੍ਹਾਂ ਦੇ ਮਤਭੇਦਾਂ ਅਤੇ ਸਬੂਤਾਂ ਵਿਚ ਬਹੁਤ ਸਾਰੇ ਵਿਰੋਧਾਭਾਸ ਹਨ।
ਪਰ ਮੈਂ ਤਾਂ ਸਿਰਫ਼ ਏਨਾ ਜਾਣਦਾ ਹਾਂ ਕਿ ਸਾਡੇ ਵਲ ਇਕ ਗੱਡੇ ਉਤੇ ਪੰਜ ਬੋਲੀਆਂ ਬੋਲਣ ਵਾਲੇ ਲੋਕ ਯਾਤਰਾ ਕਰਦੇ ਵੇਖੇ ਜਾ ਸਕਦੇ ਹਨ। ਜੇ ਕਿਸੇ ਚੌਰਾਹੇ ਉਤੇ ਪੰਜ ਗੱਡੇ ਰੁਕ ਜਾਣ ਤਾਂ ਉੱਥੇ ਤੀਹ ਬੋਲੀਆਂ ਵੀ ਸੁਣੀਆਂ ਜਾ ਸਕਦੀਆਂ ਹਨ।
ਜਦੋਂ ਉਲੂਬੀ ਬੁਇਨਾਕਸਕੀ ਦੀ ਅਗਵਾਈ ਵਿਚ ਪਾਰਟੀ ਦੇ ਗੁਪਤ ਸੰਗਠਨ ਦੇ ਮੈਂਬਰਾਂ ਨੂੰ, ਜਿਨ੍ਹਾਂ ਦੀ ਗਿਣਤੀ ਛੇ ਸੀ, ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ ਤਾਂ ਉਨ੍ਹਾਂ ਨੇ ਪੰਜ ਵੱਖ ਵੱਖ ਭਾਸ਼ਾਵਾਂ ਵਿਚ ਦੁਸ਼ਮਣ ਨੂੰ ਸਰਾਪ ਦਿੱਤਾ ਸੀ-
ਉਲੂਬੀ ਬੁਇਨਾਕਸਕੀ ਨੇ ਕੁਮਿਕ ਭਾਸ਼ਾ ਵਿਚ। ਸਈਦ ਅਬਦੁਲਗਾਲੀਮੋਵ ਨੇ ਅਵਾਰ ਭਾਸ਼ਾ ਵਿਚ ਅਬਦੁਲ-ਵਾਗਾਬ ਗਾਜ਼ੀਯੇਵ ਨੇ ਦਾਰਗੀਨ ਭਾਸ਼ਾ ਵਿਚ। ਅਜੀਦ ਅਲਲ-ਓਗਲੀ ਨੇ ਕੁਮਿਕ ਭਾਸ਼ਾ ਵਿਚ। ਅਬਦੁਰਰਹਿਮਾਨ-ਇਸਮਾਈਲੋਵ ਨੇ ਲੇਜ਼ਗੀਨ ਭਾਸ਼ਾ ਵਿਚ। ਓਸਕਾਰ ਲੇਸ਼ਚੀਂਸਕੀ ਨੇ ਰੂਸੀ ਭਾਸ਼ਾ ਵਿਚ।
ਦਾਗਿਸਤਾਨੀ ਲੇਖਕ ਮੁਹੰਮਦ ਸੁਲੀਮਾਨੋਵ ਨੇ ਦਾਗਿਸਤਾਨ ਦੀਆਂ ਪੰਦਰਾਂ ਵੱਖੋ ਵੱਖ ਨਸਲਾਂ ਦੇ ਪੰਦਰਾਂ ਮੁਹੰਮਦਾਂ ਦੇ ਬਾਰੇ ਪੰਦਰਾਂ ਦਿਲਚਸਪ ਕਹਾਣੀਆਂ ਲਿਖੀਆਂ ਹਨ। ਇਨ੍ਹਾਂ ਕਹਾਣੀਆਂ ਦੇ ਸੰਕਲਨ ਦਾ ਨਾਂਅ ਵੀ ਇਹੀ ਹੈ-‘ਪੰਦਰਾਂ ਮੁਹੰਮਦ’।
ਰੂਸੀ ਲੇਖਕ ਦਮਿਤਰੀ ਤਰੁਨੋਵ ਨੇ ਇਕ ਅਜੇਹੇ ਸਮੂਹਿਕ ਫਾਰਮ ਦੇ ਬਾਰੇ ਸ਼ਬਦ-ਚਿੱਤਰ ਲਿਖਿਆ ਹੈ, ਜਿੱਥੇ ਬੱਤੀ ਨਸਲਾਂ-ਨੀਮ ਨਸਲਾਂ ਦੇ ਲੋਕ ਕੰਮ ਕਰਦੇ ਹਨ।
ਏਫ਼ੈਦੀ ਕਾਪੀਯੇਵ ਦੀ ਨੋਟਬੁਕ ਵਿਚ ਇਹ ਲਿਖਿਆ ਹੋਇਆ ਹੈ ਕਿ ਕਿਵੇਂ ਉਹ ਅਤੇ ਤਿੰਨ ਹੋਰ ਦਾਗਿਸਤਾਨੀ ਲੇਖਕ-ਸੁਲੇਮਾਨ ਸਤਾਲਸਕੀ, ਹਮਜ਼ਾਤ ਤਸਾਦਾਸਾ ਅਤੇ ਅਬਦੁੱਲ ਮੁਹੰਮਦੋਵ ਰੇਲਗੱਡੀ ਦੇ ਇਕ ਹੀ ਕੈਬਿਨ ਵਿਚ ਸੋਵੀਅਤ ਸੰਘ ਦੇ ਲੇਖਕਾਂ ਦੀ ਪਹਿਲੀ ਕਾਂਗਰਸ ਵਿਚ ਹਿੱਸਾ ਲੈਣ ਲਈ ਮਾਸਕੋ ਗਏ। ਦਾਗਿਸਤਾਨ ਦੇ ਇਹ ਸਾਰੇ ਲੋਕ-ਕਵੀ ਤਿੰਨ ਦਿਨ ਤਿੰਨ ਰਾਤਾਂ ਤਕ ਗੱਡੀ ਵਿਚ ਸਫ਼ਰ ਕਰਦੇ ਰਹੇ, ਪਰ ਇਕ ਦੂਸਰੇ ਨਾਲ ਗੱਲਬਾਤ ਨਹੀਂ ਕਰ ਸਕੇ। ਹਰੇਕ ਦੀ ਆਪਣੀ ਭਾਸ਼ਾ ਸੀ। ਇਸ਼ਾਰਿਆਂ ਨਾਲ ਇਕ ਦੂਸਰੇ ਨੂੰ ਆਪਣੀ ਗੱਲ ਸਮਝਾਉਂਦੇ ਸਨ ਅਤੇ ਬੜੀ ਮੁਸ਼ਕਲ ਨਾਲ ਇਕ ਦੂਸਰੇ ਨੂੰ ਸਮਝ ਸਕਦੇ ਸਨ।
ਛਾਪਾਮਾਰਾਂ ਨਾਲ ਬਿਤਾਏ ਆਪਣੇ ਜੀਵਨ ਦੀ ਚਰਚਾ ਕਰਦਿਆਂ ਹੋਇਆਂ
ਅਬੂਤਾਲਿਬ ਨੇ ਲਿਖਿਆ ਹੈ-“ਦਲੀਏ ਦੀ ਇਕ ਦੇਗ ਦੇ ਦੁਆਲੇ ਵੀਹ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ। ਆਟੋ ਦੀ ਇਕ ਬੋਰੀ ਵੀਹ ਨਸਲਾਂ ਵਿਚ ਵੰਡੀ ਜਾਂਦੀ ਸੀ।” ਸਾਡੇ ਵੱਲ ਨੀਜ਼ਨੀ ਜੇਨਗੁਤਾਈ ਅਤੇ ਵੇਰਖਨੀ ਜੇਨਗੁਤਾਈ ਨਾਂਅ ਦੇ ਪਿੰਡ ਹਨ। ਉਨ੍ਹਾਂ ਵਿਚਕਾਰ ਤਿੰਨ ਕਿਲੋਮੀਟਰ ਦਾ ਫਾਸਲਾ ਹੈ। ਨੀਜ਼ਨੀ ਜੇਨਗੁਤਾਈ ਵਿਚ ਕੁਮਿਕ ਭਾਸ਼ਾ ਬੋਲੀ ਜਾਂਦੀ ਹੈ ਅਤੇ ਵੇਰਖਨੀ ਜੇਨਗੁਤਾਈ ਵਿਚ ਅਵਾਰ।
ਦਾਰਗੀਨ ਨਸਲ ਦੇ ਲੋਕਾਂ ਦਾ ਕਹਿਣਾ ਹੈ ਕਿ ਮੇਗੇਬ ਵਿਚ ਦਾਰਗੀਨ ਰਹਿੰਦੇ ਹਨ ਅਤੇ ਅਵਾਰ ਨਸਲ ਵਾਲੇ ਕਹਿੰਦੇ ਹਨ ਕਿ ਅਵਾਰ ਰਹਿੰਦੇ ਹਨ। ਪਰ ਖੁਦ ਮੇਗੇਬ ਵਾਸੀਆਂ ਦਾ ਕੀ ਕਹਿਣਾ ਹੈ? ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਨਾ ਤਾਂ ਦਾਰਗੀਨ ਹਾਂ ਅਤੇ ਨਾ ਹੀ ਅਵਾਰ। ਅਸੀਂ ਤਾਂ ਮੇਗੇਬੀ ਹਾਂ। ਸਾਡੀ ਆਪਣੀ ਮੇਗੇਬੀ ਭਾਸ਼ਾ ਹੈ। ਮੇਗ਼ੇਬ ਤੋਂ ਸੱਤ ਕਿਲੋਮੀਟਰ ਦੂਰ ਜਾਣ ਤੇ ਅਸੀਂ ਚੋਖ ਪਿੰਡ ਵਿਚ ਪਹੁੰਚ ਜਾਂਦੇ ਹਾਂ। ਮੇਗੇਬੀ ਭਾਸ਼ਾ ਨਾਲ ਉੱਥੇ ਨਾ ਜਾਓ ਕਿਉਂਕਿ ਚੋਖ ਦੀ ਆਪਣੀ ਭਾਸ਼ਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਕੁਬਾਰੀ ਦੇ ਸੁਨਿਆਰਿਆਂ ਦੀ ਕਲਾ ਇਸ ਕਰਕੇ ਬਹੁਤ ਅਰਸੇ ਤਕ ਯਕੀਨੀ ਤੌਰ ਤੇ ਗੁਪਤ ਬਣੀ ਰਹੀ ਕਿ ਕੋਈ ਵੀ ਉਨ੍ਹਾਂ ਦੀ ਭਾਸ਼ਾ ਨਹੀਂ ਸਮਝ ਸਕਦਾ ਸੀ। ਜੇ ਕੋਈ ਭੇਤ ਖੋਲ੍ਹਣਾ ਵੀ ਚਾਹੁੰਦਾ ਤਾਂ ਕਿਹਦੇ ਕੋਲ ਖੋਲ੍ਹਦਾ?
ਇਹ ਵੀ ਕਿਹਾ ਜਾ ਸਕਦਾ ਹੈ ਕਿ ਖੰਹ ਦੇ ਖਾਨ ਨੇ ਇਸ ਉਦੇਸ਼ ਨਾਲ ਗ੍ਰੀਦਾਤਲੀ ਵਿਚ ਆਪਣਾ ਜਾਸੂਸ ਭੇਜਿਆ ਕਿ ਉਹ ਉਥੋਂ ਦੀਆਂ ਭਾਸ਼ਾਵਾਂ ਅਤੇ ਬਾਜ਼ਾਰਾਂ ਵਿਚ ਜਾ ਕੇ ਲੋਕਾਂ ਦੀਆਂ ਸਾਰੀਆਂ ਗੱਲਾਂ ਸੁਣੇ ਤਾਂ ਕਿ ਇਹ ਪਤਾ ਲਾ ਸਕੇ ਕਿ ਗੀਦਾਤਲੀ ਦੇ ਲੋਕ ਕੀ ਸੋਚਦੇ ਹਨ।
ਜਾਸੂਸ ਬਹੁਤ ਛੇਤੀ ਹੀ ਵਾਪਸ ਆ ਗਿਆ। “ਸਾਰਾ ਕੁਝ ਪਤਾ ਕਰ ਆਇਐਂ ?” “ਕੁਝ ਵੀ ਪਤਾ ਨਹੀਂ ਕਰ ਸਕਿਆ।”
“ਕਿਉਂ ?”
“ਓਥੇ ਹਰ ਕੋਈ ਆਪਣੀ ਬੋਲੀ ਬੋਲਦੈ। ਉਨ੍ਹਾਂ ਦੀਆਂ ਬੋਲੀਆਂ ਸਾਡੀ ਸਮਝ ਵਿਚ ਨਹੀਂ ਪੈਂਦੀਆਂ।”
ਇਕ ਪਹਾੜੀਆ ਆਪਣੇ ਵਾਸਤੇ ਲਬਾਦਾ ਖਰੀਦਣ ਦੇ ਖਿਆਲ ਨਾਲ ਆਂਦੀ ਪਿੰਡ ਗਿਆ। ਉਸਨੇ ਲਬਾਦਾ ਪਸੰਦ ਕੀਤਾ, ਕੀਮਤ ਪੁੱਛੀ ਅਤੇ ਭਾਅ ਕਰਨ ਲੱਗਾ। ਭਾਅ ਹੁੰਦਾ ਰਿਹਾ, ਹੁੰਦਾ ਰਿਹਾ ਅਤੇ ਅਚਾਨਕ ਆਂਦੀ ਪਿੰਡ ਦੇ ਦੁਕਾਨਦਾਰ ਆਪਣੀ ਭਾਸ਼ਾ ਵਿਚ ਬੋਲਣ ਲੱਗ ਪਏ। ਗਾਹਕ ਪਹਾੜੀਏ ਨੇ ਇਤਰਾਜ਼ ਕਰਦਿਆਂ ਹੋਇਆਂ ਕਿਹਾ-
“ਕਿਉਂ ਜੋ ਮੈਂ ਗਾਹਕ ਆਂ, ਇਸ ਲਈ ਤੁਹਾਨੂੰ ਅਜੇਹੀ ਭਾਸ਼ਾ ਵਿਚ ਗੱਲ ਕਰਨੀ ਚਾਹੀਦੀ ਏ ਜਿਹੜੀ ਮੇਰੀ ਸਮਝ ਵਿਚ ਆ ਸਕੇ।”
“ਅਸੀਂ ਤੇਰੀ ਭਾਸ਼ਾ ਵਿਚ ਉਦੋਂ ਗੱਲ ਕਰਾਂਗੇ ਜਦੋਂ ਤੂੰ ਸਾਡੀ ਦੱਸੀ ਕੀਮਤ ਮਨਜ਼ੂਰ ਕਰ ਲਏਂਗਾ।”
ਹਾਂ, ਇਹ ਸੱਚ ਹੈ ਕਿ ਆਂਦੀ ਪਿੰਡ ਦੇ ਲੋਕਾਂ ਨੇ ਵਪਾਰ ਵਿਚ ਅਜੇ ਤਕ ਕਦੇ ਮਾਰ ਨਹੀਂ ਖਾਧੀ।
ਕਿਸੇ ਪਹਾੜੀਏ ਨੂੰ ਇਕ ਹੁਸੀਨਾ ਨਾਲ ਮੁਹੱਬਤ ਹੋ ਗਈ। ਉਸਨੇ ਇਸ ਸੁੰਦਰੀ ਨੂੰ ਇਹ ਪਾਵਨ ਸ਼ਬਦ, “ਮੈਂ ਤੈਨੂੰ ਪਿਆਰ ਕਰਦਾ ਹਾਂ,” ਲਿਖਣ ਦਾ ਨਿਰਨਾ ਕੀਤਾ, ਪਰ ਚਿੱਠੀ ਦੇ ਰੂਪ ਵਿਚ ਨਹੀਂ, ਸਗੋਂ ਉਸ ਥਾਂ, ਜਿੱਥੇ ਉਹ ਮੁਟਿਆਰ ਆਉਂਦੀ-ਜਾਂਦੀ ਹੋਵੇ ਅਤੇ ਜਿੱਥੇ ਉਹ ਉਸਦੀ ਪਰੇਮ ਭਾਵਨਾ ਦਾ ਪਰਗਟਾਵਾ ਵੇਖ ਸਕਦੀ ਹੋਵੇ। ਉਸਨੇ ਉਪਰੋਕਤ ਸ਼ਬਦਾਂ ਨੂੰ ਕਿਸੇ ਚੱਟਾਨ, ਚਸ਼ਮੇ ਵੱਲ ਜਾਣ ਵਾਲੀ ਪਗਡੰਡੀ, ਉਸਦੇ ਘਰ ਦੀ ਦੀਵਾਰ, ਆਪਣੇ ਪੰਦੂਰਾ ਵਾਜੇ ਉਤੇ ਲਿਖਣ ਦਾ ਨਿਰਨਾ ਕੀਤਾ, ਇਸ ਵਿਚ ਵੀ ਕੋਈ ਵੱਖਰੀ ਗੱਲ ਨਹੀਂ ਸੀ। ਪਰ ਇਸ ਪਰੇਮੀ ਦੇ ਮਨ ਵਿਚ ਇਹ ਸਨਕ ਆ ਗਈ ਕਿ ਇਨ੍ਹਾਂ ਸ਼ਬਦਾਂ ਨੂੰ ਉਹ ਦਾਗਿਸਤਾਨ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਲਿਖੇ। ਇਸੇ ਮਨੋਰਥ ਨਾਲ ਉਹ ਆਪਣੇ ਰਾਹ ਤੁਰ ਪਿਆ। ਉਹਦਾ ਖਿਆਲ ਸੀ ਕਿ ਉਹਦੀ ਇਹ ਯਾਤਰਾ ਬਹੁਤੀ ਲੰਮੀ ਨਹੀਂ ਰਹੇਗੀ। ਪਰ ਅਸਲ ਵਿਚ ਉਹਨੇ ਇਹ ਵੇਖਿਆ ਕਿ ਹਰ ਪਿੰਡ ਵਿਚ ਇਨ੍ਹਾਂ ਸ਼ਬਦਾਂ ਨੂੰ ਆਪਣੇ ਹੀ ਢੰਗ ਨਾਲ ਕਿਹਾ ਜਾਦਾ ਹੈ ਅਵਾਰ ਭਾਸ਼ਾ ਵਿਚ ਇਕ ਢੰਗ ਨਾਲ, ਲੇਜ਼ਗੀਨੀ ਵਿਚ ਦੂਸਰੇ ਢੰਗ ਨਾਲ, ਲਾਰਸਕੀ ਵਿਚ ਤੀਸਰੇ ਢੰਗ ਨਾਲ, ਦਾਰਗਿੰਸਕੀ ਵਿਚ ਚੌਥੇ ਢੰਗ ਨਾਲ, ਕੁਮਿਸਕੀ ਵਿਚ ਪੰਜਵੇਂ ਢੰਗ ਨਾਲ, ਤਾਬਾਸਾਰੰਸਕੀ ਵਿਚ ਛੇਵੇਂ ਢੰਗ ਨਾਲ, ਤਾਤਸਕੀ ਵਿਚ ਸਤਵੇਂ ਢੰਗ ਨਾਲ, ਆਦਿ ਆਦਿ।
ਲੋਕੀ ਕਹਿੰਦੇ ਹਨ ਕਿ ਉਹ ਪਰੇਮੀ ਅਜੇ ਤਕ ਪਹਾੜਾਂ ਵਿਚ ਭਟਕਦਾ ਫਿਰ ਰਿਹਾ ਹੈ, ਉਸਦੀ ਪਰੇਮਕਾ ਦੀ ਸ਼ਾਦੀ ਹੋਇਆਂ ਇਕ ਜ਼ਮਾਨਾ ਬੀਤ ਗਿਆ, ਉਹ ਬੁੱਢੀ ਵੀ ਹੋ ਗਈ, ਪਰ ਸਾਡਾ ਇਹ ਆਸ਼ਕ ਸੂਰਮਾ ਅਜੇ ਤਕ ਆਪਣੇ ਪਰੇਮ ਦੇ ਸ਼ਬਦ ਲਿਖਦਾ ਜਾ ਰਿਹਾ ਹੈ।
“ਮੈਂ ਤੈਨੂੰ ਪਿਆਰ ਕਰਨਾਂ, ਇਨ੍ਹਾਂ ਸ਼ਬਦਾਂ ਨੂੰ ਤੇਰੀ ਭਾਸ਼ਾ ਵਿਚ ਕਿਵੇਂ ਕਿਹਾ ਜਾਂਦੈ, ਤੈਨੂੰ ਇਹ ਪਤਾ ਏ ਜਾਂ ਨਹੀਂ?” ਇਕ ਬਜ਼ੁਰਗ ਨੇ ਕਿਸੇ ਨੌਜਵਾਨ ਤੋਂ ਪੁੱਛਿਆ।
ਨੌਜਵਾਨ ਨੇ ਆਪਣੇ ਨੇੜੇ ਖਲੋਤੀ ਮੁਟਿਆਰ ਨੂੰ ਜੱਫੀ ਵਿਚ ਲੈਂਦਿਆਂ ਹੋਇਆਂ ਜਵਾਬ ਦਿੱਤਾ-
“ਮੇਰੀ ਭਾਸ਼ਾ ਵਿਚ ਇਹ ਸ਼ਬਦ ਇੰਜ ਕਹੇ ਜਾਂਦੇ ਨੇ।” ਦਾਗਿਸਤਾਨ ਵਿਚ ਹਰ ਛੋਟੇ ਜਿਹੇ ਪਰਿੰਦੇ, ਹਰ ਫੁੱਲ, ਹਰ ਨਦੀ ਨਾਲੇ ਦੇ ਵੀਹਾਂ ਨਾਂਅ ਹਨ।
ਸੰਵਿਧਾਨ ਅਨੁਸਾਰ ਸਾਡੇ ਇੱਥੇ ਅੱਠ ਮੁੱਖ ਨਸਲਾਂ ਹਨ- ਅਵਾਰ, ਦਾਰਗੀਨ, ਕੁਮਿਕ, ਲੇਜ਼ਗੀਨ, ਲਾਕ, ਤਾਤ, ਤਾਬਾਸਾਰਾਨ ਅਤੇ ਨੋਗਾਈ।
ਅਸੀਂ ਪੰਜ ਭਾਸ਼ਾਵਾਂ ਵਿਚ ਪੰਜ ਸਾਹਿਤਕ ਸੰਕਲਨ ਕੱਢਦੇ ਹਾਂ। ਉਨ੍ਹਾਂ ਦੇ ਨਾਂਅ ਹਨ-‘ਦੁਸਤਵਾਲ’, ‘ਦੋਸਲੂਕ’, ‘ਗਾਲਮਾਗਦੇਸ਼’, ‘ਗੁਦੂਲੀ’, ‘ਦੁਸਸ਼ੀਵੂ’। ਵੈਸੇ ਇਨ੍ਹਾਂ ਸਾਰਿਆਂ ਦਾ ਇਕ ਸਾਂਝਾ ਨਾਂਅ ਹੈ। ‘ਦਰੁਜਬਾ’ ਯਾਨੀ ਦੋਸਤੀ।
ਦਾਗਿਸਤਾਨ ਵਿਚ ਨੌ ਭਾਸ਼ਾਵਾਂ ਵਿਚ ਕਿਤਾਬਾਂ ਛਪਦੀਆਂ ਹਨ। ਪਰ ਕਿੰਨੀਆਂ ਭਾਸ਼ਾਵਾਂ ਵਿਚ ਗੀਤ ਗਾਏ ਜਾਂਦੇ ਹਨ? ਹਰ ਕਾਲੀਨ ਉਤੇ ਆਪਣੇ ਵੱਖਰੀ ਤਰ੍ਹਾਂ ਦੇ ਵੇਲ
ਬੂਟੇ ਹੁੰਦੇ ਹਨ। ਹਰ ਤਲਵਾਰ ਉਤੇ ਆਪਣੀ ਹੀ ਲਿਖਤ ਉੱਕਰੀ ਹੁੰਦੀ ਹੈ। ਪਰ ਇਹ ਕਿਵੇਂ ਹੋਇਆ ਕਿ ਹੱਥ ਉਤੇ ਏਨੀਆਂ ਜ਼ਿਆਦਾ ਉਂਗਲੀਆਂ ਹੋ ਗਈਆਂ? ਇਹ ਕਿਵੇਂ ਹੋਇਆ ਕਿ ਦਾਗਿਸਤਾਨ ਵਿਚ ਏਨੀਆਂ ਜ਼ਿਆਦਾ ਭਾਸ਼ਾਵਾਂ ਹੋ ਗਈਆਂ?
ਵਿਦਵਾਨ ਲੋਕ ਆਪਣੇ ਢੰਗ ਨਾਲ ਇਹਨੂੰ ਸਪੱਸ਼ਟ ਕਰਦੇ ਰਹਿਣ। ਪਰ ਇਸ ਸੰਬੰਧ ਵਿਚ ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸਨ-
“ਅੱਲਾਹ ਦਾ ਭੇਜਿਆ ਹੋਇਆ ਇਕ ਦੂਤ ਖੱਚਰ ਉਤੇ ਸਵਾਰ ਹੋ ਕੇ ਇਸ ਪ੍ਰਿਥਵੀ ਉਤੇ ਜਾ ਰਿਹਾ ਸੀ ਤੇ ਬਹੁਤ ਵੱਡੀ ਖੁਰਜੀ ਵਿਚੋਂ ਭਾਸ਼ਾਵਾਂ ਕੱਢ-ਕੱਢ ਕੇ ਜਨਗਣਾਂ ਅਤੇ ਕੌਮਾਂ ਨੂੰ ਦਿੰਦਾ ਜਾਂਦਾ ਸੀ । ਚੀਨੀਆਂ ਨੂੰ ਉਹਨੇ ਚੀਨੀ ਭਾਸ਼ਾ ਦੇ ਦਿੱਤੀ। ਅਰਬਾਂ ਵੱਲ ਗਿਆ ਉਨ੍ਹਾਂ ਨੂੰ ਅਰਬੀ ਭਾਸ਼ਾ ਦੇ ਦਿੱਤੀ। ਯੂਨਾਨੀਆਂ ਨੂੰ ਯੂਨਾਨੀ, ਰੂਸੀਆਂ ਨੂੰ ਰੂਸੀ ਅਤੇ ਫਰਾਂਸੀਸੀਆਂ ਨੂੰ ਉਹਨੇ ਫਰਾਂਸੀਸੀ ਭਾਸ਼ਾ ਦੇ ਦਿੱਤੀ। ਭਾਸ਼ਾਵਾਂ ਵੱਖ-ਵੱਖ ਕਿਸਮ ਦੀਆਂ ਸਨ-ਕੁਝ ਮਿੱਠੀਆਂ ਸਨ ਅਤੇ ਅਤੇ ਕੁਝ ਸਖ਼ਤ, ਕੁਝ ਲੱਛੇਦਾਰ ਤੇ ਕੁਝ ਕੋਮਲ। ਜਨਗਣ ਇਹੋ ਜਿਹੇ ਤੋਹਫ਼ੇ ਨਾਲ ਬਹੁਤ ਖੁਸ਼ ਹੋਏ ਤੇ ਉਸੇ ਵੇਲੇ ਆਪਣੀ- ਆਪਣੀ ਭਾਸ਼ਾ ਵਿਚ ਬੋਲਣ ਲੱਗੇ। ਆਪਣੀਆਂ ਭਾਸ਼ਾਵਾਂ ਦੀ ਬਦੌਲਤ ਲੋਕ ਇਕ ਦੂਸਰੇ ਨੂੰ ਵਧੇਰੇ ਚੰਗੀ ਤਰ੍ਹਾਂ ਜਾਣਨ-ਸਮਝਣ ਲੱਗ ਪਏ ਅਤੇ ਜਨਗਣ ਦੂਜੇ ਜਨਗਣ, ਗੁਆਂਢੀ ਜਨਗਣ ਨੂੰ ਜ਼ਿਆਦਾ ਚੰਗੀ ਤਰ੍ਹਾਂ ਜਾਣਨ-ਪਛਾਣਨ ਲੱਗ ਪਏ। “ਆਪਣੇ ਖੱਚਰ ਉਤੇ ਸਵਾਰੀ ਕਰਦਿਆਂ ਹੋਇਆਂ ਇਹ ਆਦਮੀ ਸਾਡੇ ਦਾਗਿਸਤਾਨ ਤਕ ਪਹੁੰਚ ਗਿਆ। ਕੁਝ ਹੀ ਸਮਾਂ ਪਹਿਲਾਂ ਉਹਨੇ ਜਾਰਜੀਆਈ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ ਦਿੱਤੀ ਸੀ ਜਿਸ ਭਾਸ਼ਾ ਵਿਚ ਮਗਰੋਂ ਸ਼ੋਤਾ ਬੋਸਤਾਵੇਲੀ ਨੇ ਆਪਣਾ ਮਹਾਂਕਾਵ ਰਚਿਆ ਸੀ, ਕੁਝ ਹੀ ਸਮਾਂ ਪਹਿਲਾਂ ਓਸੇਤੀਆਂ ਉਤੇ ਕਿਰਪਾ ਕਰਦਿਆਂ ਹੋਇਆਂ ਉਨ੍ਹਾਂ ਨੂੰ ਉਨ੍ਹਾਂ ਦੀ ਭਾਸ਼ਾ ਦਿੱਤੀ ਸੀ ਜਿਸ ਭਾਸ਼ਾ ਵਿਚ ਬਾਅਦ ਵਿਚ ਕੋਸਤਾ ਹੇਤਾਗੁਰੋਵ ਨੇ ਸਾਹਿਤ ਸਿਰਜਣਾ ਕੀਤੀ ਸੀ। ਆਖਰ ਸਾਡੀ ਵਾਰੀ ਵੀ ਆ ਗਈ।
“ਪਰ ਕੁਝ ਏਤਰਾਂ ਹੋਇਆ ਪਈ ਦਾਗਿਸਤਾਨ ਦੇ ਪਹਾੜਾਂ ਵਿਚ ਉਸ ਦਿਨ ਬਰਫ਼ ਦਾ ਤੂਫਾਨ ਝੁੱਲਦਾ ਪਿਆ ਸੀ। ਦਰੱਰਿਆਂ ਵਿਚ ਬਰਫ਼ ਜ਼ੋਰ ਜ਼ੋਰ ਦੀ ਚੱਕਰ ਕੱਢਦੀ ਪਈ ਸੀ ਤੇ ਆਕਾਸ਼ ਤਕ ਉਤਾਂਹ ਜਾਂਦੀ ਪਈ ਸੀ। ਕੁਝ ਵੀ ਦਿਸਦਾ ਨਹੀਂ ਸੀ ਪਿਆ- ਰਾਹ, ਨਾ ਘਰ, ਨਾ ਮਕਾਨ। ਸਿਰਫ਼ ਹਨ੍ਹੇਰੇ ਵਿਚ ਹਵਾ ਜ਼ੋਰ ਨਾਲ ਸੀਟੀਆਂ ਵਜਾਉਂਦੀ ਹੋਈ ਸੁਣਦੀ ਸੀ, ਕਦੇ ਕਦੇ ਪੱਥਰ ਟੁੱਟ ਕੇ ਡਿੱਗਦੇ ਸਨ ਤੇ ਚਾਰ ਨਦੀਆਂ, ਸਾਡੀਆਂ ਚਾਰ ਕੋਇਸੁ ਰੌਲਾ ਪਾਉਂਦੀਆਂ ਪਈਆਂ ਸਨ।
‘ਨਹੀਂ’, ਭਾਸ਼ਾਵਾਂ ਵੰਡਣ ਵਾਲੇ ਨੇ ਕਿਹਾ, ਜਿਹਦੀਆਂ ਮੁੱਛਾਂ ਉਤੇ ਬਰਫ਼ ਜੰਮਣ ਲਗ ਪਈ ਸੀ, ‘ਮੈਂ ਇਨ੍ਹਾਂ ਚੱਟਾਨਾਂ ਉਤੇ ਨਹੀਂ ਚੜ੍ਹਨਾ ਤੇ ਉਹ ਵੀ ਏਤਰਾਂ ਦੇ ਭੈੜੇ ਮੌਸਮ ਵਿਚ।
“ਉਹਨੇ ਆਪਣੀ ਖੁਰਜੀ ਲਈ ਜਿਸਦੇ ਥੱਲੇ ਲੱਗੀਆਂ ਦੋ ਕੁ ਮੁੱਠੀ ਭਾਸ਼ਾਵਾਂ ਪਈਆਂ ਸਨ ਜਿਹੜੀਆਂ ਅਜੇ ਤਕ ਉਹਦੇ ਕੋਲੋਂ ਵੰਡੀਆਂ ਨਹੀਂ ਗਈਆਂ ਸਨ ਤੇ ਇਨ੍ਹਾਂ ਭਾਸ਼ਾਵਾਂ ਨੂੰ ਉਹਨੇ ਸਾਡੇ ਪਹਾੜਾਂ ਉਤੇ ਖਿਲਾਰ ਦਿੱਤਾ।
८८ ‘ਜਿਹਨੂੰ ਜਿਹੜੀ ਚੰਗੀ ਲੱਗੇ, ਉਹੀ ਭਾਸ਼ਾ ਲੈ ’ਲੇ,’ ਉਹਨੇ ਕਿਹਾ ਤੇ ਅੱਲਾਹ ਕੋਲ ਵਾਪਸ ਚਲਾ ਗਿਆ।
“ਏਤਰਾਂ ਖਿੱਲਰੀਆਂ ਹੋਈਆਂ ਭਾਸ਼ਾਵਾਂ ਨੂੰ ਬਰਫ਼ ਦੇ ਤੁਫ਼ਾਨ ਨੇ ਝਪਟ ਲਿਆ ਤੇ ਉਨ੍ਹਾਂ ਨੂੰ ਦਰੱਰਿਆਂ ਤੇ ਚੱਟਾਨਾਂ ਉਤੇ ਲੈ ਜਾਣ ਤੇ ਏਧਰ ਓਧਰ ਸੁੱਟਣ ਲੱਗਾ। ਪਰ ਏਸੇ ਵੇਲੇ ਸਾਰੇ ਦਾਗਿਸਤਾਨੀ ਇਕੋ ਦਮ ਘਰਾਂ ਵਿਚੋਂ ਉੱਲਰ ਕੇ ਬਾਹਰ ਆ ਗਏ। ਹੜਬੜਾਏ ਹੋਏ ਤੇ ਇਕ ਦੂਸਰੇ ਨੂੰ ਧੱਕੇ ਮਾਰਦੇ ਹੋਏ ਉਹ ਭਾਸ਼ਾਵਾਂ ਦੀ ਇਸ ਸੁਖਦਾਈ ਅਤੇ ਪਿਆਰੀ ਸੁਨਹਿਰੀ ਵਰਖਾ ਵਲ ਭੱਜਣ ਲੱਗੇ ਜਿਸਦੀ ਉਨ੍ਹਾਂ ਨੂੰ ਇਕ ਮੁੱਦਤ ਤੋਂ ਉਡੀਕ ਸੀ। ਉਹ ਇਸ ਅੰਨ ਦੇ ਕੀਮਤੀ ਦਾਣਿਆਂ ਨੂੰ, ਜਿਨ੍ਹਾਂ ਨੂੰ ਜੋ ਵੀ ਮਿਲ ਗਿਆ, ਬਟੋਰਨ ਲੱਗੇ। ਫਿਰ ਹਰੇਕ ਨੇ ਆਪਣੀ-ਆਪਣੀ ਮਾਂ ਬੋਲੀ ਲੈ ’ਲੀ। ਆਪਣੀ-ਆਪਣੀ ਭਾਸ਼ਾ ਲੈ ਕੇ ਪਹਾੜੀ ਲੋਕ ਘਰੀਂ ਜਾਕੇ ਬਰਫ਼ ਦੇ ਮੁੱਕਣ ਦਾ ਇੰਤਜ਼ਾਰ ਕਰਨ ਲੱਗੇ।
“ਜਦੋਂ ਸਵੇਰ ਹੋਈ ਤਾਂ ਧੁੱਪ ਖਿੜੀ ਹੋਈ ਸੀ—ਬਰਫ਼ ਤਾਂ ਜਿਵੇਂ ਪਈ ਹੀ ਨਹੀਂ ਸੀ। ਲੋਕਾਂ ਨੇ ਵੇਖਿਆ-ਸਾਹਮਣੇ ਪਹਾੜ ਏ! ਤਾਂ ਇਹ ਹੁਣ ‘ਪਹਾੜ’ ਸੀ। ਉਹਨੂੰ ਪਹਾੜ ਆਖਿਆ ਜਾ ਸਕਦਾ ਸੀ। ਲੋਕਾਂ ਨੇ ਵੇਖਿਆ ਸਾਹਮਣੇ ਸਮੁੰਦਰ ਹੈ। ਤਾਂ ਇਹ ਹੁਣ “ਸਮੁੰਦਰ” ਸੀ। ਉਹਨੂੰ ਸਮੁੰਦਰ ਆਖਿਆ ਜਾ ਸਕਦਾ ਸੀ । ਸਾਹਮਣੇ ਆਉਣ ਵਾਲੀ ਹਰ ਚੀਜ਼ ਨੂੰ ਹੀ ਹੁਣ ਕੋਈ ਨਾਂਅ ਦਿੱਤਾ ਜਾ ਸਕਦਾ ਸੀ। ਕਿੰਨੀ ਖੁਸ਼ੀ ਦੀ ਗੱਲ ਸੀ। ਇਹ ਰੋਟੀ ਏ, ਇਹ-ਮਾਂ ਏ, ਇਹ-ਪਹਾੜੀ ਘਰ ਏ, ਇਹ-ਚੁੱਲ੍ਹਾ ਏ, ਇਹ-ਪੁੱਤਰ ਏ, ਇਹ-ਗੁਆਂਢੀ ਏ, ਇਹ-ਲੋਕ ਨੇ।
“ਸਾਰੇ ਲੋਕ ਸੜਕ ਉਤੇ ’ਕੱਠੇ ਹੋ ਗਏ, ਸਾਰੇ ਲੋਕ ਰਲ ਕੇ ਚੀਖੇ-‘ਪਹਾੜ! ਉਨ੍ਹਾਂ ਨੇ ਕੰਨ ਲਾ ਕੇ ਪਰਤਵੀਂ ਗੂੰਜ ਸੁਣੀ-ਸਾਰਿਆਂ ਨੇ ਇਸ ਸ਼ਬਦ ਨੂੰ ਵੱਖ ਵੱਖ ਢੰਗ ਨਾਲ ਕਿਹਾ ਸੀ। ਸਾਰੇ ਰਲ ਕੇ ਚੀਖੇ-‘ਸਮੁੰਦਰ! ਸਾਰਿਆਂ ਨੇ ਇਸ ਸ਼ਬਦ ਨੂੰ ਵੱਖ ਵੱਖ ਢੰਗ ਨਾਲ ਕਿਹਾ ਸੀ। ਇਸੇ ਸਮੇਂ ਤੋਂ ‘ਆਵਾਰ, ਲੇਜ਼ਗੀਨ, ਦਾਰਗੀਨ, ਕੁਮਕ, ਤਾਤ ਅਤੇ ਲਾਕ ਨਸਲਾਂ ਦੀਆਂ ਭਾਸ਼ਾਵਾਂ ਬਣ ਗਈਆਂ ਤੇ ਉਸੇ ਸਮੇਂ ਤੋਂ ਹੀ ਇਹ ਸਭ ਕੁਝ ਦਾਗਿਸਤਾਨ ਅਖਵਾਉਂਦੈ। ਲੋਕ ਭੇਡਾਂ, ਬਘਿਆੜਾਂ, ਘੋੜਿਆਂ ਤੇ ਟਿੱਡੀਆਂ ਤੋਂ ਅਲਹਿਦਾ ਹੋ ਗਏ… ਕਹਿੰਦੇ ਨੇ ਪਈ ‘ਘੋੜੇ ਦੇ ਇਨਸਾਨ ਬਣਨ ਵਿਚ ਜ਼ਰਾ ਜਿੰਨੀ ਹੀ ਕਸਰ ਏ’।”
ਪਰ ਅੱਲਾਹ ਦੇ ਭੇਜੇ ਹੋਏ ਦੂਤ। ਤੂੰ ਉਸ ਵੇਲੇ ਬਰਫ਼ ਦੇ ਤੂਫਾਨ ਅਤੇ ਖੜ੍ਹੇ ਹੋਏ ਪਰਬਤਾਂ ਤੋਂ ਘਬਰਾ ਕਿਉਂ ਗਿਆ? ਕਾਹਦੇ ਲਈ ਤੂੰ ਸੋਚੇ ਸਮਝੇ ਬਿਨਾਂ ਭਾਸ਼ਾਵਾਂ ਖਿਲਾਰ ਦਿੱਤੀਆਂ? ਇਹ ਤੂੰ ਕੀ ਕੀਤਾ? ਜਿਹੜੇ ਲੋਕ ਆਪਣੀ ਭਾਵਨਾ, ਆਪਣੇ ਦਿਲ, ਆਚਾਰ-ਵਿਹਾਰ, ਰਸਮੋ-ਰਿਵਾਜ ਅਤੇ ਜੀਵਨ ਦੇ ਰੰਗ ਢੰਗ ਦੇ ਨਜ਼ਰੀਏ ਤੋਂ ਇਕ ਦੂਸਰੇ ਦੇ ਏਨੇ ਜ਼ਿਆਦਾ ਨੇੜੇ ਹਨ, ਤੂੰ ਉਨ੍ਹਾਂ ਨੂੰ ਵੰਡ ਦਿੱਤਾ। ਭਾਸ਼ਾਵਾਂ ਦੇ ਕਾਰਨ ਇਕ ਦੂਜੇ ਤੋਂ ਅਲਹਿਦਾ ਕਰ ਦਿੱਤਾ।
ਖੈਰ, ਇਹਦੇ ਲਈ ਵੀ ਸ਼ੁਕਰੀਆ। ਬੁਰੀਆਂ ਭਾਸ਼ਾਵਾਂ ਨਹੀਂ ਹੁੰਦੀਆਂ। ਬਾਕੀ ਚੀਜ਼ਾਂ ਦੇ ਮਾਮਲੇ ਵਿਚ ਅਸੀਂ ਖੁਦ ਹੀ ਸੋਚ ਸਮਝ ਲਵਾਂਗੇ। ਇਕ ਦੂਜੇ ਦੇ ਨੇੜੇ ਹੋਣ ਦਾ ਰਾਹ ਲੱਭ ਲਵਾਂਗੇ, ਅਜੇਹਾ ਕਰਾਂਗੇ ਕਿ ਵਿਭਿੰਨ ਭਾਸ਼ਾਵਾਂ ਸਾਨੂੰ ਅਲਹਿਦਾ ਕਰਨ ਦੀ ਬਿਜਾਏ ਇਕ ਸੂਤਰ ਵਿਚ ਪਰੋ ਦੇਣ।
ਬਾਅਦ ਵਿਚ ਲੰਗੜੇ ਤੈਮੂਰ, ਅਰਬਾਂ ਅਤੇ ਇਰਾਨ ਦੇ ਸ਼ਾਹ ਨੇ ਸਾਡੇ ਉਤੇ ਚੜ੍ਹਾਈ ਕੀਤੀ ਅਤੇ ਹਰ ਇਕ ਨੇ ਸਾਡੇ ਉਤੇ ਆਪਣੀ ਭਾਸ਼ਾ ਲੱਦਣ ਦੀ ਕੋਸ਼ਿਸ਼ ਕੀਤੀ। ਪਰ ਸਾਡਾ ਹੱਥ ਝੰਜੋੜੇ ਜਾਣ ਨਾਲ ਸਾਡੀਆਂ ਉਂਗਲੀਆਂ ਟੁਟ ਕੇ ਡਿੱਗੀਆਂ ਨਹੀਂ, ਸਾਡੇ ਰੁੱਖ ਦੇ ਝੰਜੋੜੇ ਜਾਣ ਨਾਲ ਸਾਡੀਆਂ ਟਹਿਣੀਆਂ ਟੁੱਟੀਆਂ ਨਹੀਂ।
ਕਿਹਾ ਸੀ। “ਭਾਸ਼ਾ ਦੀ ਰਾਖੀ ਮਾਤ-ਭੂਮੀ ਵਾਂਗ ਹੀ ਕਰਨੀ ਚਾਹੀਦੀ ਏ,” ਸ਼ਾਮੀਲ ਨੇ “ਸ਼ਬਦ—ਇਹ ਤਾਂ ਗੋਲੀਆਂ ਨੇ, ਇਨ੍ਹਾਂ ਨੂੰ ਫਜ਼ੂਲ ਬਰਬਾਦ ਨਾ ਕਰੋ,” ਹਾਜੀ- ਮੁਰਾਤ ਨੇ ਜੋੜਿਆ ਸੀ।
“ਜਦੋਂ ਪਿਓ ਮਰਦੈ ਤਾਂ ਉਹ ਵਿਰਸੇ ਵਿਚ ਪੁੱਤਰਾਂ ਵਾਸਤੇ ਘਰ, ਖੇਤ, ਤਲਵਾਰ ਅਤੇ ਪੰਦੂਰਾ ਛੱਡ ਕੇ ਜਾਂਦੈ। ਪਰ ਮਰਨ ਵਾਲੀਆਂ ਪੀੜ੍ਹੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵਿਰਸੇ ਵਿਚ ਭਾਸ਼ਾ ਛੱਡਦੀਆਂ ਨੇ। ਜਿਹਦੇ ਕੋਲ ਭਾਸ਼ਾ ਏ ਉਹ ਆਪਣੇ ਵਾਸਤੇ ਘਰ ਵੀ ਬਣਾ ਲਏਗਾ, ਖੇਤ ਵੀ ਵਾਹ ਬੀਜ ਲਏਗਾ, ਤਲਵਾਰ ਵੀ ਬਣਾ ਲਏਗਾ, ਪੰਦੂਰੇ ਨੂੰ ਸੁਰ ਵਿਚ ਕਰ ਲਏਗਾ ਤੇ ਉਹਨੂੰ ਨੇ ਵਜਾ ਲਏਗਾ,” ਮੇਰੇ ਪਿਤਾ ਜੀ ਕਿਹਾ ਕਰਦੇ ਸਨ। ਮੇਰੀ ਪਿਆਰੀ ਮਾਂ ਬੋਲੀ। ਮੈਨੂੰ ਪਤਾ ਨਹੀਂ ਤੂੰ ਮੈਥੋਂ ਖੁਸ਼ ਏਂ ਜਾਂ ਨਹੀਂ, ਪਰ ਤੂੰ ਮੇਰੇ ਹਰ ਸਾਹ ਵਿਚ ਵੱਸੀ ਹੋਈ ਏਂ ਤੇ ਮੈਂ ਤੇਰੇ ਉਤੇ ਮਾਣ ਕਰਦਾ ਹਾਂ। ਜਿਵੇਂ ਚਸ਼ਮੇ ਦਾ ਨਿਰਮਲ ਜਲ ਹਨ੍ਹੇਰੀਆਂ ਡੂੰਘਾਈਆਂ ਵਿਚੋਂ ਧੁੱਪ ਨਹਾਈ ਥਾਂ ਵਲ, ਜਿੱਥੇ ਹਰਿਆਲੀ ਹੈ, ਜਾਣ ਦੀ ਕੋਸ਼ਿਸ਼ ਕਰਦਾ ਹੈ, ਉਸੇ ਤਰ੍ਹਾਂ ਹੀ ਮਾਂ ਬੋਲੀ ਦੇ ਸ਼ਬਦ ਵੀ ਬੜੀ ਤੇਜ਼ੀ ਨਾਲ ਮੇਰੇ ਦਿਲ ਦੀਆ ਕਰਦਾ ਹੈ ਉਸ ਮੇਰੇ ਕੰਨ ਵਲ ਵਧਦੇ ਹਨ। ਬੁੱਲ੍ਹ ਬੁੜਬੁੜਾਉਂਦੇ ਹਨ।
ਮੈਂ ਆਪਣੀ ਬੁੜਬੁੜਾਹਟ ਨੂੰ ਬੜੇ ਧਿਆਨ ਨਾਲ ਸੁਣਦਾ ਹਾਂ, ਮੇਰੀ ਭਾਸ਼ਾ, ਮੈਂ ਤੇਰੇ ਉਤੇ ਕੰਨ ਲਾ ਦਿੰਦਾ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਕੋਈ ਬਹੁਤ ਹੀ ਪਰੱਬਲ ਪਹਾੜੀ ਨਦੀ ਆਪਣੇ ਲਈ ਰਾਹ ਬਣਾਉਣ ਵਾਸਤੇ ਦਰੱਰੇ ਵਿਚ ਦਹਾੜ ਰਹੀ ਹੈ। ਮੈਨੂੰ ਪਾਣੀ ਦਾ ਸ਼ੋਰ ਚੰਗਾ ਲੱਗਦਾ ਹੈ। ਜਦੋਂ ਮਿਆਨ ਵਿਚੋਂ ਨਿਕਲੇ ਹੋਏ ਦੋ ਖੰਜਰ ਆਪਸ ਵਿਚ ਟਕਰਾਉਂਦੇ ਹਨ ਤਾਂ ਲੋਹੇ ਦੀ ਖਣਕ ਵੀ ਮੈਨੂੰ ਚੰਗੀ ਲਗਦੀ ਹੈ। ਮੇਰੀ ਭਾਸ਼ਾ ਵਿਚ ਸਭ ਕੁਝ ਹੈ। ਮੈਨੂੰ ਪਿਆਰ ਦੀ ਫੁਸਫਸਾਹਟ ਵੀ ਬਹੁਤ ਚੰਗੀ ਲੱਗਦੀ ਹੈ।
ਮੇਰੀ ਮਾਂ ਬੋਲੀ, ਮੇਰੇ ਲਈ ਇਹ ਕਰਨਾ ਬਹੁਤ ਮੁਸ਼ਕਲ ਹੈ ਕਿ ਸਾਰੇ ਤੈਨੂੰ ਜਾਣ ਲੈਣ। ਕਿੰਨੀ ਸਮੁੰਦਰ ਏਂ ਤੂੰ ਧੁਨੀਆਂ ਦੇ ਪੱਖੋਂ, ਕਿੰਨੀਆਂ ਜ਼ਿਆਦਾ ਧੁਨੀਆਂ ਨੇ ਤੇਰੇ ਵਿਚ, ਜਿਹੜਾ ਅਵਾਰ ਨਸਲ ਦਾ ਵਿਅਕਤੀ ਨਹੀਂ, ਕਿੰਨਾ ਮੁਸ਼ਕਲ ਹੈ ਉਹਦੇ ਲਈ ਇਨ੍ਹਾਂ ਦਾ ਉਚਾਰਨ ਕਰਨਾ। ਪਰ ਜਿਹੜਾ ਇਨ੍ਹਾਂ ਦਾ ਉਚਾਰਨ ਕਰ ਲੈਂਦਾ ਹੈ, ਉਹਦੇ ਲਈ ਉਹ ਕਿੰਨੀਆਂ ਮਿੱਠੀਆਂ ਹਨ। ਮਿਸਾਲ ਵਜੋਂ ਦਸ ਤਕ ਦੀ ਮਾਮੂਲੀ ਗਿਣਤੀ- ਤਸੋ (ਇਕ), ਕੀਗੋ (ਦੋ), ਲਾਬੱਗੋ (ਤਿੰਨ), ਉਂਕਗੋ (ਚਾਰ), ਸ਼ਚੂਗੋ (ਪੰਜ), ਅਨਲਗੋ (ਛੇ), ਮੀਕਗੋ (ਸੱਤ), ਇਚਗੋ (ਅੱਠ), ਅੰਤਸਗੋ (ਨੌ)। ਜਦੋਂ ਕਦੇ ਅਵਾਰ ਭਾਸ਼ਾ ਵਿਚ ਦਸ ਤਕ ਸਹੀ ਉਚਾਰਨ ਕਰਨ ਵਾਲੇ ਕਿਸੇ ਵਿਅਕਤੀ ਨਾਲ ਮੇਰੀ ਮੁਲਾਕਾਤ ਹੁੰਦੀ ਹੈ ਤਾਂ ਮੈਂ ਉਹਦੇ ਬਹਾਦਰੀ ਦੇ ਇਸ ਕਾਰਨਾਮੇ ਦੀ ਉਸ ਵਿਅਕਤੀ ਦੀ ਵੀਰਤਾ ਨਾਲ ਤੁਲਨਾ ਕਰਦਾ ਹਾਂ ਜਿਹੜਾ ਮੋਢੇ ਉਤੇ ਭਾਰਾ ਪੱਥਰ ਚੁੱਕ ਕੇ ਹੜ੍ਹ ਨਾਲ ਉਛਾਲੇ ਮਾਰਦੀ ਨਦੀ ਨੂੰ ਇਕ ਤੱਟ ਤੋਂ ਦੂਸਰੇ ਤੱਟ ਤਕ ਪਾਰ ਕਰ ਲਵੇ। ਜੇ ਕੋਈ ਵਿਅਕਤੀ ਦਸ ਤਕ ਸਹੀ ਗਿਣਤੀ ਕਰ ਸਕਦਾ ਹੈ ਤਾਂ ਉਹ ਅਗਾਂਹ ਵੀ ਵਧ ਸਕਦਾ ਹੈ। ਉਹ ਤੈਰਨਾ ਵੀ ਜਾਣਦਾ ਹੈ। ਹੌਸਲੇ ਨਾਲ ਅਗਾਂਹ ਵਧਦਾ ਜਾਵੇ।
ਦੂਸਰੀਆਂ ਨਸਲਾਂ ਦੇ ਲੋਕਾਂ ਦੀ ਤਾਂ ਗੱਲ ਹੀ ਕੀ ਕੀਤੀ ਜਾਵੇ। ਸਾਡੀ ਅਵਾਰ ਨਸਲ ਦੇ ਬਾਲਕਾਂ ਨੂੰ ਵੀ ਬਜ਼ੁਰਗ ਲੋਕ ਕਿਹਾ ਕਰਦੇ ਸਨ-ਇਸ ਵਾਕ ਨੂੰ ਅਟਕੇ ਬਿਨਾਂ ਤਿੰਨ ਵਾਰ ਦੋਹਰਾਓ ਤਾਂ—“ਕਿਓਦਾ ਗਿਓਰਕ ਕਵੇਰਕ ਕਵਾਕਵਾਦਾਨਾ” (ਪੁਲ ਦੇ ਹੇਠਾਂ ਗੱਡੀ ਟਰਟਰਾਉਂਦੀ ਪਈ ਸੀ)। ਅਵਾਰ ਭਾਸ਼ਾ ਦੇ ਇਸ ਵਾਕ ਵਿਚ ਸਿਰਫ਼ ਚਾਰ ਸ਼ਬਦ ਹਨ, ਪਰ ਬਾਹਲੀ ਵਾਰੀ ਇੰਜ ਹੁੰਦਾ ਸੀ ਕਿ ਪਿੰਡ ਦੇ ਅਸੀਂ ਬਾਲਕ ਇਸ ਵਾਕ ਨੂੰ ਸਹੀ ਢੰਗ ਨਾਲ ਅਤੇ ਛੇਤੀ ਛੇਤੀ ਕਹਿ ਸਕਣ ਵਾਸਤੇ ਸਾਰਾ ਸਾਰਾ ਦਿਨ ਅਭਿਆਸ ਕਰਦੇ ਰਹਿੰਦੇ ਸਾਂ।
ਅਬੂਤਾਲਿਬ ਅਵਾਰ ਭਾਸ਼ਾ ਬੋਲ ਲੈਂਦਾ ਸੀ। ਉਸਨੇ ਆਪਣੇ ਪੁੱਤਰ ਨੂੰ ਤਸਾਦਾ ਪਿੰਡ ਵਿਚ ਸਾਡੇ ਵਲ ਇਸ ਲਈ ਭੇਜਿਆ ਸੀ ਕਿ ਉਹ ਵੀ ਅਵਾਰ ਭਾਸ਼ਾ ਸਿੱਖ ਲਵੇ। ਪੁੱਤਰ ਦੇ ਘਰ ਮੁੜਨ ਤੇ ਅਬੂਤਾਲਿਬ ਨੇ ਉਸ ਕੋਲੋਂ ਪੁੱਛਿਆ-
“ਗਧੇ ਉਤੇ ਸਵਾਰੀ ਕੀਤੀ?”
“ਹਾਂ ਕੀਤੀ ਸੀ।”
“ਦਸ ਤਕ ਗਿਣਤੀ ਕਰ ਸਕਨੈਂ?”
“ਆਹਖੋ, ਕਰ ਸਕਨਾਂ।”
“ਇਕ ਵਾਕ ਤਿੰਨ ਵਾਰ ਲਗਾਤਾਰ ਦੋਹਰਾਓ- ‘ਕਿਓਦਾ, ਗਿਓਰਕ ਕਵੇਰਕ ਕਵਾਕਵਾਦਾਨਾ’।”
ਪੁੱਤਰ ਨੇ ਦੁਹਰਾਇਆ।
“ਵਾਹ, ਇਹ ਮੰਨਿਆਂ ਜਾ ਸਕਦੈ ਪਈ ਤੂੰ ਨਾਮੁਮਕਿਨ ਨੂੰ ਮੁਮਕਿਨ ਕਰ ਵਿਖਾਇਐ।”
ਹਾਂ ਜੀ, ਇਹੋ ਜਿਹੀਆਂ ਨੇ ਚੱਟਾਨਾਂ ਵਿਚ ਦੱਬੇ ਹੋਏ ਸਾਡੇ ਪਿੰਡਾਂ ਦੀਆਂ ਭਾਸ਼ਾਵਾਂ-ਬੋਲੀਆਂ। ਸਾਡੇ ਉਚਾਰਨ, ਸਾਡੀਆਂ ਕੰਠੀ ਅਤੇ ਸੁਆਸ ਧੁਨੀਆਂ ਨੂੰ ਲਿਖਣ ਲਈ ਅਰਥਾਤ ਵਿਦਵਾਨਾਂ ਦੀ ਭਾਸ਼ਾ ਵਿਚ ਉਨ੍ਹਾਂ ਦਾ ਲਿਪਾਂਤਰਨ ਕਰਨ ਲਈ ਕਿਸੇ ਵੀ ਵਰਣਮਾਲਾ ਵਿਚ ਅੱਖਰ ਨਹੀਂ ਮਿਲੇ। ਇਸ ਲਈ ਜਦੋਂ ਸਾਡੀ ਲਿਪੀ ਬਣਾਈ ਗਈ ਤਾਂ ਰੂਸੀ ਭਾਸ਼ਾ ਦੀ ਵਰਣਮਾਲਾ ਵਿਚ ਵਿਸ਼ੇਸ਼ ਅੱਖਰ ਅਤੇ ਜੁਟ ਅੱਖਰ ਜੋੜਨੇ ਪਏ। ਵਿਅੰਜਨ ਦੇ ਮਾਮਲੇ ਵਿਚ ਤਾਂ ਖਾਸ ਤੌਰ ਤੇ ਇੰਜ ਹੀ ਕਰਨਾ ਪਿਆ।
ਸ਼ਾਇਦ ਇਨ੍ਹਾਂ ਫਾਲਤੂ ਅੱਖਰਾਂ ਦੇ ਕਾਰਨ ਅਵਾਰ ਭਾਸ਼ਾ ਦੀ ਰੂਸੀ ਵਿਚ ਅਨੁਵਾਦਤ ਪੁਸਤਕ ਕਿਤੇ ਪਤਲੀ ਲਗਦੀ ਹੈ। ਉਸਦੀ ਅਜੇਹੇ ਪਹਾੜੀ ਆਦਮੀ ਨਾਲ ਤੁਲਨਾ ਕੀਤੀ ਜਾ ਸਕਦੀ ਹੈ ਜਿਹਨੇ ਲਗਾਤਾਰ ਤਿੰਨ ਮਹੀਨਿਆਂ ਤਕ ਰੋਜ਼ੇ ਰੱਖੇ ਹੋਣ।
ਸ਼ਾਮੀਲ ਕੋਲੋਂ ਕਿਸੇ ਨੇ ਪੁੱਛਿਆ-
“ਦਾਗਿਸਤਾਨ ਨੂੰ ਏਨੀਆਂ ਜ਼ਿਆਦਾ ਨਸਲਾਂ ਦੀ ਕੀ ਲੋੜ ਹੈ?”
“ਇਸ ਲਈ ਪਈ ਇਕ ਦੇ ਮੁਸੀਬਤ ਵਿਚ ਪੈ ਜਾਣ ਨਾਲ ਦੂਸਰੀ ਉਹਦੀ ਮਦਦ ਕਰ ਸਕੇ। ਇਸ ਲਈ ਪਈ ਜੇ ਇਕ ਨਸਲ ਕੋਈ ਗੀਤ ਗਾਉਣਾ ਸ਼ੁਰੂ ਕਰ ਦੇਵੇ ਤਾਂ ਦੂਸਰੀ ਉਹਦਾ ਸਾਥ ਦੇ ਸਕੇ।”
“ਤਾਂ ਭਲਾ ਸਾਰੀਆਂ ਨਸਲਾਂ ਕਿਸੇ ਇਕ ਦੀ ਮਦਦ ਲਈ ਅੱਗੇ ਆਈਆਂ?” ਹੁਣ ਮੇਰੇ ਕੋਲੋਂ ਪੁੱਛਿਆ ਜਾਂਦਾ ਹੈ।
“ਹਾਂ ਆਈਆ। ਹਰ ਨਸਲ ਨੇ ਮਦਦ ਕੀਤੀ।”
“ਭਲਾ ਇਕੋ ਹੀ ਸੁਰ ਵਿਚ ਗਾਣਾ ਗਾਇਆ ਗਿਆ?”
“ਹਾਂ ਗਾਇਆ ਗਿਆ। ਆਖਰ ਸਾਡੀ ਮਾਤਭੂਮੀ ਤਾਂ ਇਕ ਹੀ ਹੈ।” “ਅਨੇਕ ਧੁਨਾਂ ਹਨ, ਪਰ ਉਹ ਮਿਲ ਕੇ ਇਕ ਹੀ ਗਾਣੇ ਦਾ ਰੂਪ ਲੈਂਦੀਆਂ ਨੇ।
ਬੋਲੀਆਂ ਦੇ ਵਿਚਕਾਰ ਹੱਦਾਂ ਨੇ, ਪਰ ਦਿਲਾਂ ਦੇ ਵਿਚਕਾਰ ਹੱਦਾਂ ਨਹੀਂ। ਵੱਖ ਵੱਖ ਲੋਕਾਂ ਦੇ ਵੀਰਤਾ ਭਰੇ ਕਾਰਨਾਮੇ ਅੰਤ ਵਿਚ ਇਕੋ ਹੀ ਵੀਰਤਾ ਭਰੇ ਕਾਰਨਾਮੇ ਵਿਚ ਘੁਲ ਮਿਲ ਗਏ ਨੇ।”
“ਫਿਰ ਵੀ ਵੱਖ ਵੱਖ ਨਸਲਾਂ ਵਿਚ ਕੁਝ ਫਰਕ ਤਾਂ ਹੈ? ਕੀ ਫਰਕ ਏ ਉਹ?”
ਇਸ ਸਵਾਲ ਦਾ ਜਵਾਬ ਦੇਣਾ ਬੜਾ ਮੁਸ਼ਕਲ ਏ।”
” ਸਾਡੀਆਂ ਨਸਲਾਂ ਬਾਰੇ ਕਿਹਾ ਜਾਂਦਾ ਹੈ—ਕੁਝ ਲੜਨ ਲਈ ਬਣੀਆਂ ਹਨ, ਕੁਝ ਹਥਿਆਰ ਬਣਾਉਣ ਲਈ, ਕੁਝ ਭੇਡਾਂ ਚਾਰਨ ਲਈ, ਕੁਝ ਜ਼ਮੀਨ ਤੇ ਹਲ ਵਾਹੁਣ ਲਈ ਅਤੇ ਕੁਝ ਬਾਗ ਬਗੀਚੇ ਲਾਉਣ ਲਈ ਪਰ ਇਹ ਬੇਤੁਕੀ ਗੱਲ ਏ। ਹਰ ਨਸਲ ਦੇ ਆਪਣੇ ਫੌਜੀ, ਆਜੜੀ, ਲੋਹਾਰ ਅਤੇ ਬਾਗਬਾਨ ਹਨ। ਹਰੇਕ ਦੇ ਆਪਣੇ ਸੂਰਮੇ, ਗਾਇਕ ਅਤੇ ਮਾਹਰ ਕਾਰੀਗਰ ਹਨ।
ਅਵਾਰਾਂ ਦੇ-ਸ਼ਾਮੀਲ, ਹਾਜੀ-ਮੁਰਾਤ, ਹਮਜ਼ਾਤ, ਮਹਿਮੂਦ, ਮਖਾਚ।
ਦਾਰਗੀਨਾਂ ਦੇ-ਬਾਤੀਰਾਏ, ਬਗਾਤੀਰੇਵ, ਅਹਿਮਦ ਮੂੰਗੀ, ਰਾਬਾਦਾਨ ਨੂਰੋਵ, ਕਾਰਾਯੇਵ। ਕਾਰਾ
ਲੇਜ਼ਗੀਨਾਂ ਦੇ-ਸੁਲੇਮਾਨ, ਏਮੀਨ, ਤਾਹਿਰ, ਅਗਾਸੀਯੇਵ, ਅਮੀਰੋਵ।
ਕੁਮਿਕਾਂ ਦੇ-ਇਰਚੀ ਕਜ਼ਾਕ, ਅਲੀਮ-ਪਾਸ਼ਾ, ਉਲੂਬੀ, ਸੋਲਤਨ-ਸਈਦ, ਜ਼ਾਈਨੁਲਾਬੀਦ ਬਾਤਿਰ ਮੁਰਜ਼ਾਯੇਵ, ਨੁਖਾਈ।
ਲਾਕਾਂ ਦੇ-ਹਾਰੂੰ ਸਈਦੋਵ, ਸਈਦ ਹਾਬੀਯੇਵ, ਏਫੱਦੀ ਕਾਪੀਯੇਵ, ਸੁਰਖਾਈ ਅਤੇ ਮੇਰਾ ਦੋਸਤ ਅਬੂਤਾਲਿਬ।
ਅਨੇਕ ਨਸਲਾਂ ਵਿਚੋਂ ਮੈਂ ਸਿਰਫ਼ ਉਨ੍ਹਾਂ ਦਾ ਹੀ ਜ਼ਿਕਰ ਕੀਤਾ ਹੈ ਜਿਹੜੀਆਂ ਸਭ ਤੋਂ ਪਹਿਲਾਂ ਮੇਰੇ ਮਨ ਵਿਚ ਆਈਆਂ ਹਨ। ਹਰੇਕ ਨਸਲ ਵਿਚੋਂ ਮੈਂ ਸਿਰਫ਼ ਉਨ੍ਹਾਂ ਨਾਵਾਂ ਦਾ ਹੀ ਜ਼ਿਕਰ ਕੀਤਾ ਹੈ ਜਿਹੜੇ ਸਭ ਤੋਂ ਪਹਿਲਾਂ ਮੈਨੂੰ ਯਾਦ ਆ ਗਏ। ਪਰ ਵੈਸੇ ਸਾਡੇ ਵੱਲ ਅਨੇਕਾਂ ਨਸਲਾਂ ਹਨ ਅਤੇ ਅਨੇਕ ਮੰਨੇ-ਪਰਮੰਨੇ ਨਾਂਅ ਹਨ।
ਕੁਝ ਨਸਲਾਂ ਦੇ ਲੋਕਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਚੰਚਲ ਸੁਭਾਅ ਦੇ ਹਨ,
ਕੁਝ ਦੇ ਬਾਰੇ ਇਹ ਕਿ ਉਹ ਬੁੱਧੂ ਹਨ, ਕੁਝ ਦੇ ਬਾਰੇ ਇਹ ਕਿ ਉਹ ਚੋਰ-ਉਚੱਕੇ ਹਨ, ਕੁਝ
ਦੇ ਬਾਰੇ ਇਹ ਕਿ ਉਹ ਧੋਖੇਬਾਜ਼ ਹਨ। ਸ਼ਾਇਦ ਇਹ ਸਭ ਨਿੰਦਿਆ ਚੁਗਲੀ ਹੈ ਹਰ ਜਾਤੀ ਵਿਚ ਵਧੀਆ ਅਤੇ ਘਟੀਆ, ਰੂਪਵਾਨ ਅਤੇ ਕੁਰੂਪ ਲੋਕ ਹੁੰਦੇ ਹਨ। ਉਸ ਵਿਚ ਚੋਰ ਅਤੇ ਚੁਗਲਖੋਰ ਵੀ ਮਿਲ ਜਾਣਗੇ। ਪਰ ਇਹ ਨਸਲ ਨਹੀਂ, ਇਹ ਤਾਂ ਕੂੜਾ-ਕਰਕਟ ਹੋਣਗੇ।
ਮੇਰਾ ਇਕ ਹੋਰ ਮਿੱਤਰ ਇੰਜ ਕਹਿੰਦਾ ਹੁੰਦਾ ਸੀ-
“ਮੈਨੂੰ ਹਮੇਸ਼ਾ ਪਹਿਲੋਂ ਹੀ ਪਤਾ ਲੱਗ ਜਾਂਦੇ ਪਈ ਕਿਹੜਾ ਬੰਦਾ ਕਿਸ ਨਸਲ ਦੇ।”
“ਇਹ ਕਿਵੇਂ?”
“ਬੜਾ ਸੰਖਿਆਂ ਈ। ਦਾਗਿਸਤਾਨ ਦੀ ਇਕ ਨਸਲ (ਅਸੀਂ ਉਹਦਾ ਨਾਂਅ ਨਹੀਂ ਲੈਂਦੇ) ਦੇ ਲੋਕ ਮਖਾਚਕਲਾ ਵਿਚ ਆਉਂਦਿਆਂ ਹੀ ਸਭ ਤੋਂ ਪਹਿਲਾਂ ਇਹ ਲੱਭਦੇ ਨੇ ਪਈ ਏਥੇ ਰੇਸਤਰਾਂ ਕਿੱਥੇ ਏ। ਕਿਸੇ ਖੂਬਸੂਰਤ ਕੁੜੀ ਨਾਲ ਜਾਣ ਪਛਾਣ ਹੋ ਸਕਦੀ ਏ। ਇਨ੍ਹਾਂ ਦੇ ਤਿੰਨ ਆਦਮੀ ਕਿਸੇ ਸ਼ੋਰ-ਗੁਲ ਮਚਾਉਣ ਵਾਲੀ ਮੰਡਲੀ ਜਾਂ ਦਾਅਵਤ ਦੇ ਵੱਡੇ ਮੇਜ਼ਾਂ ਉਤੇ ਜਮ੍ਹਾਂ ਹੋਣ ਵਾਲੇ ਲੋਕਾਂ ਦੀ ਥਾਂ ਲੈ ਸਕਦੇ ਹਨ। ਦੂਸਰੀ ਨਸਲ (ਅਸੀਂ ਇਹਦਾ ਵੀ ਨਾਂਅ ਨਹੀਂ ਲਵਾਂਗ) ਦੇ ਲੋਕ ਸਿਨੇਮਾ, ਥਿਏਟਰ ਜਾਂ ਕੰਨਸਰਟ ਹਾਲ ਵੱਲ ਜਾਣ ਲਈ ਉਤਾਵਲੇ ਹੁੰਦੇ ਨੇ। ਇਨ੍ਹਾਂ ਦੇ ਤਿੰਨ ਆਦਮੀ ਜਿੱਥੇ ਹੋਣ ਉੱਥੇ ਆਰਕੈਸਟਰਾ ਬਣ ਜਾਂਦੇ, ਜਿੱਥੇ ਪੰਜ ਹੁੰਦੇ ਨੇ ਓਥੇ ਨੱਚਣ ਗਾਉਣ ਵਾਲੀ ਮੰਡਲੀ। ਤੀਜੀ ਨਸਲ ਦੇ ਲੋਕ ਲਾਇਬਰੇਰੀ ਵੱਲ ਭੱਜਦੇ ਨੇ, ਇੰਸਟੀਚਿਊਟ ਵਿਚ ਦਾਖ਼ਲਾ ਲੈਣ ਅਤੇ ਖੋਜ-ਪਰਬੰਧ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਸ ਨਸਲ ਦੇ ਤਿੰਨ ਆਦਮੀ ਜਿੱਥੇ ਇਕੱਠੇ ਹੋ ਜਾਂਦੇ ਹਨ ਓਥੇ ਵਿਦਵਾਨ-ਪਰੀਸ਼ਦ ਬਣ ਜਾਂਦੀ ਏ। ਚੌਥੀ ਨਸਲ (ਇਹਦਾ ਨਾਂਅ ਵੀ ਅਸੀਂ ਨਹੀਂ ਲੈਣਾ) ਦੇ ਲੋਕ ਸਿਰਫ਼ ਇਹੀ ਸੋਚਦੇ ਨੇ ਪਈ ਕਿਸ ਤਰ੍ਹਾਂ ਕਾਰ ਖਰੀਦੀ ਜਾਵੇ ਤੇ ਉਹ ਟੈਕਸੀ ਦੇ ਡਰਾਇਵਰ ਬਣ ਜਾਣ ਤੇ ਜੇ ਹੋਰ ਕੁਝ ਨਹੀਂ ਤਾਂ ਟਰੈਫਿਕ ਕੰਟਰੋਲ ਕਰਨ ਵਾਲੇ ਪੁਲਸਮੈਨ ਹੀ ਬਣ ਜਾਣ। ਇਸ ਨਸਲ ਦੇ ਤਿੰਨ ਆਦਮੀ ਜਿੱਥੇ ਹੁੰਦੇ ਨੇ ਓਥੇ ਮੋਟਰਾਂ ਦਾ ਅੱਡਾ ਤੇ ਜਿੱਥੇ ਪੰਜ ਹੁੰਦੇ ਨੇ ਓਥੇ ਟੈਕਸੀਆਂ ਦਾ ਵੱਡਾ ਸਟੈਂਡ ਬਣ ਜਾਂਦੇ। ਪੰਜਵੀਂ ਨਸਲ ਦੇ ਲੋਕ ਸਹਿਕਾਰੀ ਸਭਾ, ਕਿਸੇ ਦੁਕਾਨ, ਵਪਾਰ ਕੇਂਦਰ, ਢਾਬੇ ਜਾਂ ਘੱਟੋ ਘੱਟ ਸਟਾਲ ਨੂੰ ਤਰਜੀਹ ਦਿੰਦੇ ਹਨ। ਇਸ ਨਸਲ ਦੇ ਤਿੰਨ ਵਿਅਕਤੀ ਜਿੱਥੇ ਇਕੱਠੇ ਹੋ ਜਾਂਦੇ ਨੇ ਓਥੇ ਡਿਪਾਰਟਮੈਂਟ ਸਟੋਰ ਬਣ ਜਾਂਦੇ ਤੇ ਜਿੱਥੇ ਪੰਜ ਇਕੱਠੇ ਹੋ ਜਾਂਦੇ ਨੇ ਉਥੇ ਕਾਰਖਾਨਾ ਬਣ ਜਾਂਦੇ।”
ਪਰ ਇਹ ਸਭ ਤਾਂ ਮਜ਼ਾਕ ਵਜੋਂ ਕਿਹਾ ਜਾਂਦਾ ਹੈ। ਭਲਾ ਕੋਈ ਇਹੋ ਜਿਹੀ ਨਸਲ ਵੀ ਹੈ ਜਿਸ ਦੇ ਮਰਦ ਲੋਕ ਖੂਬਸੂਰਤ ਮੁਟਿਆਰ ਨੂੰ ਨਾ ਚਾਹੁੰਦੇ ਹੋਣ ਜਾਂ ਰੇਸਤਰਾਂ ਵਿਚ ਬੈਠਣ ਦੀ ਇੱਛਾ ਨਾ ਰੱਖਦੇ ਹੋਣ ?
ਸਾਰੀਆਂ ਨਸਲਾਂ ਦੇ ਆਪਣੇ ਥਿਏਟਰ, ਆਪਣੇ ਨਾਚ, ਆਪਣੇ ਗਾਣੇ ਹਨ। ਸਾਡੇ ਵੱਲ ਤਾਂ ਸਾਰੀਆਂ ਨਸਲਾਂ ਦੀ ਇਕ ਸਾਂਝੀ ਕਲਾ ਮੰਡਲੀ ‘ਲੇਜ਼ਗੀਕਾ’ ਵੀ ਹੈ। ਸਾਰੀਆਂ ਨਸਲਾਂ ਵਿਚ ‘ਵੋਲਗਾ’ ਕਾਰ ਖਰੀਦਣ ਜਾਂ ਕਿਸੇ ਦੁਕਾਨ ਉਤੇ ਕੰਮ ਕਰਨ ਦੇ ਚਾਹਵਾਨ ਲੋਕ ਵੀ ਮਿਲ ਜਾਣਗੇ ਪਰ ਭਲਾ ਇਹ ਕੋਈ ਨਸਲੀ ਲੱਛਣ ਏ? ਅਬੂਤਾਲਿਬ ਨੇ ਇਕ ਵਾਰ ਇਹੋ ਜਿਹੀ ਹੀ ਇਕ ਬਿਮਾਰੀ ਦਾ ਨਾਂਅ ਲਿਆ ਜਿਹਦੇ ਬਾਰੇ ਦਾਗਿਸਤਾਨ
ਵਿਚ ਪਹਿਲਾਂ ਕਦੇ ਕਿਸੇ ਨੇ ਸੁਣਿਆਂ ਹੀ ਨਹੀਂ ਸੀ। ਇਹ ਬਿਮਾਰੀ ਸੀ-ਸ਼ਰਾਬਨੋਸ਼ੀ। ਅਬੂਤਾਲਿਬ ਨੇ ਇਸ ਢੰਗ ਨਾਲ ਆਪਣੀ ਗੱਲ ਆਖੀ-“ਪਹਿਲਾਂ ਸਾਡੇ ਪਿੰਡ ਇਕ ਸ਼ਰਾਬੀ ਸੀ ਤੇ ਉਹ ਇਸੇ ਕਰਕੇ ਮਸ਼ਹੂਰ ਸੀ। ਸਾਰੇ ਇਲਾਕੇ ਵਿਚ ਲੋਕ ਉਹਨੂੰ ਜਾਣਦੇ ਸਨ। ਹੁਣ ਸਾਡੇ ਪਿੰਡ ਸ਼ਰਾਬ ਨਾ ਪੀਣ ਵਾਲਾ ਸਿਰਫ ਇਕ ਆਦਮੀ ਏ। ਇਕ ਅਜੂਬੇ ਵਜੋਂ ਉਹਨੂੰ ਵੇਖਣ ਵਾਸਤੇ ਦੂਰ ਦੂਰ ਤੋਂ ਲੋਕੀਂ ਆਉਂਦੇ ਨੇ।”
ਇਸ ਸਿਲਸਿਲੇ ਵਿਚ ਅਬੂਤਾਲਿਬ ਨੂੰ ਬਹੁਤ ਸਾਰੇ ਕਿੱਸੇ-ਕਹਾਣੀਆਂ ਯਾਦ ਹਨ। ਪਰ ਜੇ ਅਸੀਂ ਉਹਦੇ ਕਿੱਸੇ ਕਹਾਣੀਆਂ ਦੇ ਚੱਕਰ ਵਿਚ ਪੈ ਗਏ ਤਾਂ ਮੈਨੂੰ ਖਤਰਾ ਹੈ ਕਿ ਅਸੀਂ ਇਹ ਪੂਰੀ ਤਰ੍ਹਾਂ ਭੁੱਲ ਜਾਵਾਂਗੇ ਕਿ ਗੱਲ ਕਿਹੜੀ ਕਰ ਰਹੇ ਸਾਂ। ਅਸੀਂ ਇਸ ਚੀਜ਼ ਬਾਰੇ ਵਿਚਾਰ ਕਰ ਰਹੇ ਸਾਂ ਕਿ ਕਿਨ੍ਹਾਂ ਲੱਛਣਾਂ ਦੇ ਆਧਾਰ ਤੇ ਦਾਗਿਸਤਾਨ ਦੀ ਕਿਸੇ ਨਸਲ ਦੇ ਆਦਮੀ ਨੂੰ ਦੂਸਰੀ ਨਸਲ ਦੇ ਆਦਮੀ ਤੋਂ ਵੱਖਰਿਆਇਆ ਜਾ ਸਕਦਾ ਹੈ। ਸ਼ਾਇਦ ਪਹਿਰਾਵੇ ਦੇ ਆਧਾਰ ਤੇ? ਸਮੂਰੀ ਟੋਪੀ ਦੀ ਬਨਾਵਟ ਅਤੇ ਉਹਨੂੰ ਪਾਉਣ ਦੇ ਢੰਗ ਦੇ ਆਧਾਰ ਤੇ? ਪਰ ਹੁਣ ਤਾਂ ਸਾਰੇ ਇਕੋ ਜਿਹੇ ਕੋਟ, ਇਕੋ ਜਿਹੀ ਪੈਂਟ, ਇਕੋ ਜਿਹੇ ਬੂਟ ਅਤੇ ਇਕੋ ਜਿਹੀ ਛੱਜਦਾਰ ਟੋਪੀ ਜਾਂ ਟੋਪ ਪਾਉਂਦੇ ਹਨ। ਜੇ ਕੋਈ ਅਜੇਹੀ ਚੀਜ਼ ਰਹਿ ਗਈ ਹੈ ਜਿਹੜੀ ਫੈਸਲਾਕੁਨ ਢੰਗ ਨਾਲ ਕਿਸੇ ਨਸਲ ਦਾ ਖਾਸ ਲੱਛਣ ਪੇਸ਼ ਕਰਦੀ ਹੈ ਅਤੇ ਉਹਨੂੰ ਦੂਸਰੀ ਨਸਲ ਤੋਂ ਤਿੰਨ ਬਣਾਉਂਦੀ ਹੈ ਤਾਂ ਉਹ ਹੈ—ਭਾਸ਼ਾ। ਇਸ ਸਬੰਧ ਵਿਚ ਇਹ ਗੱਲ ਵੀ ਦਿਲਚਸਪ ਹੈ ਕਿ ਜਦੋਂ ਲੇਜ਼ਗੀਨ ਜਾਂ ਤਾਤ ਅਵਾਰ ਜਾਂ ਦਾਰਗੀਨ ਨਸਲ ਦਾ ਕੋਈ ਵਿਅਕਤੀ ਰੂਸੀ ਭਾਸ਼ਾ ਬੋਲਦਾ ਹੈ ਤਾਂ ਉਸਦੇ ਲਹਿਜੇ ਤੋਂ ਹੀ ਯਾਨੀ ਰੂਸੀ ਭਾਸ਼ਾ ਦੇ ਵਿਗੜੇ ਹੋਏ ਉਚਾਰਨ ਤੋਂ ਹੀ ਕੁਮਿਕ ਨੂੰ ਲਾੱਕ ਅਤੇ ਲੇਜ਼ਗੀਨ ਨੂੰ ਕੁਮਿਕ ਤੋਂ ਫੋਰਨ ਵੱਖਰੇ ਤੌਰ ਤੇ ਪਛਾਣਿਆ ਜਾ ਸਕਦਾ ਹੈ।
ਮਿਸਾਲ ਦੇ ਤੌਰ ਤੇ ਰੂਸੀ ਭਾਸ਼ਾ ਦਾ ਹਰ ਸ਼ਬਦ ਜਿਹੜਾ “ਸ” ਅੱਖਰ ਨਾਲ ਸ਼ੁਰੂ ਹੁੰਦਾ ਹੈ, ਅਵਾਰ ਨਸਲ ਦੇ ਲੋਕ ਉਸਦਾ ਉਚਾਰਨ ਕਰਨ ਵੇਲੇ ਉਸ ਵਿਚ “ਈ” ਜੋੜ ਦਿੰਦੇ ਹਨ। ਉਹ “ਸਤੰਬੂਲ” ਨੂੰ “ਇਸਤੰਬੂਲ”, “ਸਤਾਕਾਨ” (ਗਿਲਾਸ) ਨੂੰ “ਇਸਤਾਕਾਨ”, “ਸਤਾਲਸਕੀ” ਨੂੰ “ਇਸਤਾਲਸਕੀ”, “ਸੋਨ” (ਸੁਪਨਾ) ਨੂੰ “ਇਸੋਨ” ਕਹਿੰਦੇ ਹਨ।
ਜੇ ਕਿਸੇ ਸ਼ਬਦ ਦੇ ਵਿਚਕਾਰ “ਈ” ਦੀ ਧੁਨੀ ਆ ਜਾਂਦੀ ਹੈ ਤਾਂ ਅਵਾਰ ਨਸਲ ਦੇ ਲੋਕ ਉਸਦਾ ਉਚਾਰਨ ਨਹੀਂ ਕਰਦੇ। ਇਸ ਲਈ ਉਹ “ਸੀਬੀਰ” (ਸਾਇਬੇਰੀਆ) ਦੀ ਥਾਂ “ਸਬੀਰ”, “ਬੇਲੀਬੇਰਦਾ” (ਬਕਵਾਸ) ਦੀ ਥਾਂ “ਬੇਲਬੇਰਦਾ” ਕਹਿੰਦੇ ਹਨ। “ਤ” ਦੀ ਧੁਨੀ ਦੇ ਬਾਅਦ ਅਸੀਂ ਥੋੜ੍ਹਾ ਰੁਕਦੇ ਹਾਂ ਜਿਵੇਂ ਜ਼ਰਾ ਕੁ ਠੋਕਰ ਲੱਗੀ ਹੋਵੇ।
ਦਾਰਗੀਨ ਜਾਤੀ ਦੇ ਲੋਕਾਂ ਦੇ ਉਚਾਰਨ ਵਿਚ “ਓ” ਦੀ ਥਾਂ ਅਕਸਰ “ਊ” ਅਤੇ “ਯੂ” ਦੀ ਥਾਂ ਵੀ ਅਕਸਰ “ਊ” ਦੀ ਧੁਨੀ ਸੁਣਾਈ ਦੇਂਦੀ ਹੈ। ਉਹ “ਪੋਚਤਾ” (ਡਾਕਖਾਨਾ) ਦੀ ਥਾਂ “ਪੂਚਤਾ” ਅਤੇ “ਕੋਸ਼ਕਾ (ਬਿੱਲੀ) ਦੀ ਥਾਂ “ਕੂਸ਼ਕਾ” ਅਤੇ “ਲਿਉਬੋਵ” (ਪਿਆਰ) ਦੀ ਥਾਂ “ਲੁਬੋਵ” ਕਹਿੰਦੇ ਹਲ। ਕਿਸੇ ਸ਼ਬਦ ਦੇ ਅੰਤ ਵਿਚ ਉਹ “ਈ” ਦਾ ਉਚਾਰਨ ਤਾਂ ਕਰਦੇ ਹੀ ਨਹੀਂ।
ਸੰਖੇਪ ਵਿਚ ਇਹ ਕਿ ਕੁਝ ਨਸਲਾਂ ਦੇ ਲੋਕ ਵਿਅੰਜਨਾਂ ਨੂੰ ਲੰਬਾ ਖਿੱਚਦੇ ਹਨ, ਦੂਸਰੇ ਉਨ੍ਹਾਂ ਨੂੰ ਛੋਟਾ ਕਰਦੇ ਹਨ ਤੇ ਕੁਝ ਛੱਡ ਵੀ ਦਿੰਦੇ ਹਨ, ਕੁਝ ਕਠੋਰ ਅਤੇ ਕੁਝ ਕੋਮਲ ਉਚਾਰਨ ਕਰਦੇ ਹਨ। ਕੁਝ “ਫ” ਦੀ ਥਾਂ “ਪ” ਕਹਿੰਦੇ ਹਨ।
ਇਕ ਵਾਰ ਅਸੀਂ ਅਬੂਤਾਲਿਬ ਦੀ ਮੌਜੂਦਗੀ ਵਿਚ ਆਪਣੀਆਂ ਭਾਸ਼ਾਵਾਂ ਬਾਰੇ ਚਰਚਾ ਕਰ ਰਹੇ ਸਾਂ ਅਤੇ ਮੇਰਾ ਸਹਿਭਾਸ਼ੀ ਸਾਡੇ ਉਚਾਰਨਾਂ ਦੀ ਨਕਲ ਕਰਦਿਆਂ ਹੋਇਆਂ ਉਨ੍ਹਾਂ ਦੇ ਫਰਕ ਨੂੰ ਸਪਸ਼ਟ ਕਰ ਰਿਹਾ ਸੀ। ਅਬੂਤਾਲਿਬ ਸ਼ੁਰੂ ਵਿਚ ਤਾਂ ਸੁਣਦਾ ਰਿਹਾ, ਪਰ ਬਾਅਦ ਵਿਚ ਉਹਨੇ ਉਹਨੂੰ ਟੈਕ ਦਿੱਤਾ ਅਤੇ ਕਿਹਾ-
“ਚੁੱਪ ਹੋ ਕੇ ਬਹਿ ‘ਜੋ। ਤੁਸੀਂ ਬੜਾ ਬੋਲ ਲਿਐ ਤੇ ਹੁਣ ਮੈਂ ਆਪਣੀ ਗੱਲ ਕਹਿਨਾਂ। ਕਿਸੇ ਇਕ ਵਿਅਕਤੀ ਦੇ ਦੋਸ਼ਾਂ- ਤਰੁੱਟੀਆਂ ਨੂੰ ਸਾਰੀ ਨਸਲ ਉਤੇ ਨਹੀਂ ਥੋਪਣਾ ਚਾਹੀਦਾ। ਇਕ ਰੁੱਖ ਨਾਲ ਜੰਗਲ ਨਹੀਂ ਬਣਦਾ, ਤਿੰਨ ਰੁੱਖਾਂ ਨਾਲ ਵੀ ਇੰਜ ਨਹੀਂ ਹੁੰਦਾ। ਇਕ ਸੌ ਰੁੱਖ ਹੋ ਜਾਣ ਤਾਂ ਵੀ ਜੰਗਲ ਨਹੀਂ ਬਣ ਜਾਂਦਾ। ਸਾਡੀਆਂ ਭਾਸ਼ਾਵਾਂ ਦਾ ਸਵਾਲ ਬੜਾ ਗੁੰਝਲਦਾਰ ਸਵਾਲ ਏ। ਇਹ ਤਿੰਨ ਗੰਢਾਂ ਵਾਲੀ ਗੰਢ ਏ ਜਿਹੜੀ ਉਸ ਵੇਲੇ ਬਣਦੀ ਹੈ ਜਦੋਂ ਗਿੱਲੀ ਰੱਸੀ ਨੂੰ ਬੰਨ੍ਹਿਆ ਜਾਂਦੈ। ਕਿਸੇ ਵੇਲੇ ਇਹ ਮੰਨਿਆ ਜਾਂਦਾ ਸੀ ਪਈ ਇਸ ਸਵਾਲ ਦਾ ਬੜਾ ਸਿੱਧਾ ਸਾਦਾ ਹੱਲ ਇਹ ਵਿਖਾਵਾ ਕਰਨੈ ਪਈ ਇਸ ਦੀ ਹੋਂਦ ਹੀ ਨਹੀਂ। ਇਹਦੀ ਚਰਚਾ ਈ ਨਾ ਕਰੋ, ਇਹਨੂੰ ਛੁਹੋ ਈ ਨਾ-ਮਸਲਾ ਹੱਲ ਹੋ ਗਿਆ। ਪਰ ਇਹ ਮਸਲਾ ਤਾਂ ਕਾਇਮ ਏ। ਪੁਰਾਣੇ ਵੇਲਿਆਂ ਵਿਚ ਲੋਕ ਸਭ ਤੋਂ ਜ਼ਿਆਦਾ ਤਾਂ ਨਸਲੀ ਜਾਂ ਕੌਮੀ ਮੱਤ-ਭੇਦਾਂ ਦੇ ਕਾਰਨ ਹੀ ਤਲਵਾਰਾਂ ਸੂਤ ਕੇ ਇਕ ਦੂਸਰੇ ਦੇ ਸਾਹਮਣੇ ਆ ਖਲੋਂਦੇ 어।”
ਮੈਨੂੰ ਮਖ਼ਾਚ ਕਲਾ ਵਿਚ ਹੋਏ ਇਕ ਪਤਰਕਾਰ ਸੰਮੇਲਨ ਦੀ ਯਾਦ ਆ ਰਹੀ ਹੈ। ਮਾਸਕੋ ਤੋਂ ਉਨੱਤੀ ਰਾਜਾਂ ਦੀ ਨੁਮਾਇੰਦਗੀ ਕਰਨ ਵਾਲੇ ਅਠੱਤੀ ਨਾਮਾਨਿਗਾਰ ਦਾਗਿਸਤਾਨ ਆਏ। ਸ਼ੁਰੂ ਵਿਚ ਉਨ੍ਹਾਂ ਨੇ ਸਾਡੇ ਪਿੰਡ ਦਾ ਦੌਰਾ ਕੀਤਾ, ਸਾਡੇ ਪਹਾੜੀ ਮਰਦਾਂ ਔਰਤਾਂ ਨਾਲ ਗੱਲਬਾਤ ਕੀਤੀ ਅਤੇ ਇਸ ਤੋਂ ਬਾਅਦ ਪੱਤਰਕਾਰ ਸੰਮੇਲਨ ਹੋਇਆ। ਫੋਟੋ ਕੈਮਰਿਆਂ ਦੀ ਖਟਖਟ ਅਤੇ ਵੀਡੀਓ-ਕੈਮਰਿਆਂ ਦੀ ਖਰਖਰ ਹੋਈ। ਨਾਮਾਨਿਗਾਰਾਂ ਨੇ ਆਪਣੀਆਂ ਪੈਨਸਲਾਂ ਦੀਆਂ ਚੁੰਝਾਂ ਸਵਾਰੀਆਂ ਅਤੇ ਕੋਰੇ ਕਾਗਜ਼ ਆਪਣੇ ਸਾਹਮਣੇ ਰੱਖ ਲਏ।
ਇਕ ਬਹੁਤ ਵੱਡੇ ਮੇਜ਼ ਦੇ ਦੁਆਲੇ ਅਸੀਂ ਸਾਰੇ ਬਹਿ ਗਏ। ਅਬੂਤਾਲਿਬ ਸਾਡੇ ਵਿਚੋਂ ਸਭ ਤੋਂ ਜ਼ਿਆਦਾ ਬਜ਼ੁਰਗ ਸੀ। ਉਹਨੂੰ ਹੀ ਇਸ ਸੰਮੇਲਨ ਦਾ ਉਦਘਾਟਨ ਕਰਨ ਵਾਸਤੇ ਕਿਹਾ ਗਿਆ। ਅਬੂਤਾਲਿਬ ਨੇ ਕਹਿਣਾ ਸ਼ੁਰੂ ਕੀਤਾ-
“ਬੀਬੀਓ ਤੇ ਸੱਜਣੋ, ਸਾਥੀਓ! (ਅਸੀਂ ਉਹਨੂੰ ਇਹ ਸਿਖਾ ਦਿੱਤਾ ਸੀ ਕਿ ਇਨ੍ਹਾਂ ਸ਼ਬਦਾਂ ਨਾਲ ਸੰਮੇਲਨ ਦਾ ਉਦਘਾਟਨ ਕਰਨਾ ਚਾਹੀਦਾ ਹੈ, ਇਸ ਤੋਂ ਬਾਅਦ ਉਹਨੇ ਜੋ ਕੁਝ ਵੀ ਕਿਹਾ, ਉਹ ਖੁਦ ਹੀ ਕਿਹਾ) ਆਉ, ਜਾਣ-ਪਛਾਣ ਕਰ ਲਈਏ। ਇਹ ਸਾਡਾ ਘਰ ਏ। ਇਹ ਅਸੀਂ ਆਂ। ਇਹ ਸਾਡੇ ਮਸ਼ਹੂਰ ਸ਼ਾਇਰ ਨੇ” ਅਬੂਤਾਲਿਬ ਨੇ ਕੰਧ ਉਤੇ ਲਟਕੀਆਂ ਹੋਈਆਂ ਤਸਵੀਰਾਂ ਵਲ ਇਸ਼ਾਰਾ ਕੀਤਾ। ਕੰਧ ਉਤੇ ਬਾਤੀਰਾਏ, ਕਜ਼ਾਕ, ਮਹਿਮੂਦ, ਸੁਲੇਮਾਨ, ਹਮਜ਼ਾਤ ਅਤੇ ਏਫੰਦੀ ਦੀਆਂ ਤਸਵੀਰਾਂ ਟੰਗੀਆਂ ਹੋਈਆਂ ਸਨ।
ਇਨ੍ਹਾਂ ਸ਼ਾਇਰਾਂ ਵਿਚੋਂ ਹਰੇਕ ਦੇ ਬਾਰੇ ਅਬੂਤਾਲਿਬ ਨੇ ਕੁਝ ਸ਼ਬਦ ਕਹੇ-ਕਿਹੜਾ
ਕਿਸ ਨਸਲ ਦਾ ਹੈ, ਕਿਹਨੇ ਕਿਸ ਭਾਸ਼ਾ ਵਿਚ ਸਿਰਜਣਾ ਕੀਤੀ, ਕਿਨ੍ਹਾਂ ਭਾਵਨਾਵਾਂ ਤੋਂ
ਪਰੇਰਤ ਹੋਇਆ ਅਤੇ ਕਿਹੋ ਜਿਹੀ ਸ਼ੋਹਰਤ ਖੱਟੀ। ਜਦੋਂ ਖੁਦ ਅਬੂਤਾਲਿਬ ਦੀ ਤਸਵੀਰ ਦੀ ਵਾਰੀ ਆਈ ਤਾਂ ਕਿਸੇ ਤਰ੍ਹਾਂ ਦੀ ਝਿਜਕ ਮਹਿਸੂਸ ਕੀਤੇ ਬਿਨਾਂ ਉਸਨੇ ਕਿਹਾ- “ਇਹ ਮੈਂ ਆਂ। ਮਿਹਰਬਾਨੀ ਕਰਕੇ ਇਹ ਨਾ ਸੋਚਿਓ ਪਈ ਮੈਂ ਕੰਧੋਂ ਲਹਿ ਕੇ ਮੇਜ਼ ਪਿਛੇ ਆ ਗਿਆਂ। ਮੈਂ ਤਾਂ ਏਥੇ ਹੀ ਸਾਂ, ਮੇਜ਼ ਦੇ ਪਿਛਿਓਂ ਕੰਧ ਉਤੇ ਪਹੁੰਚ ਗਿਆਂ।” ਇਸ ਤੋਂ ਬਾਅਦ ਅਬੂਤਾਲਿਬ ਨੇ ਮਹਿਮਾਨਾਂ ਦੀ ਮੇਜ਼ ਦੇ ਦੁਆਲੇ ਬੈਠੇ ਕਵੀਆਂ – ਦੀ ਜਾਣ-ਪਛਾਣ ਕਰਵਾਈ ਅਤੇ ਨਾਲ ਹੀ ਇਹ ਕਹਿ ਦਿੱਤਾ- “ਮੁਮਕਿਨ ਏਂ ਪਈ ਇਨ੍ਹਾਂ ਵਿਚੋਂ ਵੀ ਕੁਝ ਨੂੰ ਇਸ ਕੰਧ ਉਤੇ ਥਾਂ ਮਿਲ ‘ਜੇ। ਲਓ, ਜਾਣ-ਪਛਾਣ ਇਉਂ ਏਂ-ਅਹਿਮਦਖਾਂ ਅਬੂਬਕਾਰ, ਕੁਬਾਚੀ ਦਾ ਸੁਨਿਆਰਾ ਅਤੇ ਦਾਗਿਸਤਾਨ ਦਾ ਲੋਕ-ਲੇਖਕ।
“ਫਾਜ਼ੂ ਅਤੇ ਮੂਸਾ-ਪਤਨੀ ਤੇ ਪਤੀ। ਇਕੋ ਟੱਬਰ ਵਿਚ ਦੋ ਲੇਖਕ, ਦੋ ਨਾਵਲਕਾਰ, ਦੇ ਅਤੇ ਮੁਸਾਟਕਕਾਰਾਂ ਕਦੇ-ਕਦੇ ਇਕੱਠਿਆਂ ਤੇ ਕਦੇ-ਕਦੇ ਵੱਖਰਿਆਂ ਲਿਖਦੇ ਨੇ।
“ਮੁਤਾਲਿਬ ਮਿਤਾਰੋਵ-ਅਵਾਰ ਨਸਲ ਦਾ ਜਵਾਈ, ਤਾਬਾਸਾਰਾਨ ਨਸਲ ਦਾ ਕਵੀ।
“ਸ਼ਾਹ-ਏਮੀਰ ਮੁਰਾਦੋਵ-‘ਸ਼ਾਂਤੀ-ਕਪੋਤ।’ ਲੇਜ਼ਗੀਨ ਨਸਲ ਦਾ ਕਵੀ। ਹਮੇਸ਼ਾ ਕਪੋਤਾਂ ਜਾਂ ਕਬੂਤਰਾਂ ਬਾਰੇ ਲਿਖਦੈ।
“ਜਾਮਦੀਨ-ਸਾਡਾ ਵਿਅੰਗਕਾਰ, ਸਾਡਾ ਮਾਰਕ ਟਵੇਨ।
“ਅਨਵਰ-ਦਾਗਿਸਤਾਨ ਦਾ ਲੋਕ-ਕਵੀ, ਸਾਡੇ ਪੰਜ ਸਾਹਿਤਕ ਸੰਕਲਨਾਂ ਦਾ ਪਰਧਾਨ ਸੰਪਾਦਕ।
“ਤਰੁਨੋਵ-ਦਾਗਿਸਤਾਨ ਵਿਚ ਰਹਿਣ ਵਾਲਾ ਰੂਸੀ ਲੇਖਕ।
“ਹਿਜ਼ਗਿਲ ਅਵਸ਼ਾਲੂਮੋਵ—ਤਾਤ ਨਸਲ ਦਾ ਲੇਖਕ, ਆਪਣੀ ਮਾਂ ਬੋਲੀ ਤੇ ਰੂਸੀ ਵਿਚ ਲਿਖਦੈ।”
ਮਹਿਮਾਨ ਪੱਤਰਕਾਰਾਂ ਨੂੰ ਦਾਗਿਸਤਾਨ ਦੇ ਲੇਖਕਾਂ ਦੀ ਜਾਣ-ਪਛਾਣ ਕਰਾਉਣੀ ਜਾਰੀ ਰੱਖਦਿਆਂ ਹੋਇਆਂ ਅਬੂਤਾਲਿਬ ਨੇ ਬਾਦਾਵੀ, ਸੁਲੇਮਾਨ, ਸਾਸ਼ਾ ਗਰਾਚ, ਇਬਰਾਹੀਮ, ਅਲੀਰਜ਼ਾ, ਮੇਦਜੀਦ, ਅਸ਼ੂਗਾ ਰੂਤੂਲਸਕੀ ਨੂੰ ਉਨ੍ਹਾਂ ਦੇ ਸਾਹਮਣੇ ਪੇਸ਼ ਕੀਤਾ। ਉਹਨੇ ਸਾਹਿਤਕ ਸੰਕਲਨਾਂ ਦੇ ਸੰਪਾਦਕਾਂ ਨਾਲ ਮਹਿਮਾਨਾਂ ਦੀ ਜਾਣ-ਪਛਾਣ ਕਰਵਾਈ ਅਤੇ ਇਹਦੇ ਬਾਅਦ ਕਿਹਾ-
“ਮਹਿਮਾਨ ਨਿਵਾਜ਼ੀ ਦੇ ਅਸੂਲ ਸਾਨੂੰ ਇਹ ਇਜਾਜ਼ਤ ਨਹੀਂ ਦੇਂਦੇ ਪਈ ਅਸੀਂ ਮਹਿਮਾਨਾਂ ਦੇ ਨਾਂਅ ਪੁਛੀਏ….”
ਪਰ ਅਬੂਤਾਲਿਬ ਦੇ ਅਜੇਹਾ ਕਹਿਣ ਤੇ ਸਾਰੇ ਮਹਿਮਾਨ ਵਾਰੀ ਵਾਰੀ ਨਾਲ ਉੱਠ ਕੇ ਆਪਣੀ ਜਾਣ-ਪਛਾਣ ਕਰਵਾਉਣ ਅਤੇ ਇਹ ਦੱਸਣ ਲੱਗੇ ਕਿ ਉਹ ਕਿਸ ਦੇਸ਼ ਅਤੇ ਕਿਸ ਅਖਬਾਰ ਜਾਂ ਰਸਾਲੇ ਦੀ ਨੁਮਾਇੰਦਗੀ ਕਰਦੇ ਹਨ।
ਇਸ ਤੋਂ ਬਾਅਦ, ਜਿਵੇਂ ਕਿ ਪੱਤਰਕਾਰ ਸੰਮੇਲਨ ਵਿਚ ਹੁੰਦਾ ਹੀ ਹੈ, ਸਵਾਲ- ਜਵਾਬ ਸ਼ੁਰੂ ਹੋ ਗਏ।
ਸਵਾਲ-“ਤੁਹਾਡੇ ਇੱਥੇ ਏਨੀਆਂ ਜ਼ਿਆਦਾ ਭਾਸ਼ਾਵਾਂ, ਏਨੀਆਂ ਜ਼ਿਆਦਾ ਨਸਲਾਂ ਨੇ ਪਈ ਉਨ੍ਹਾਂ ਦਾ ਪੂਰਾ ਰੋਲ-ਘਚੋਲਾ ਪਿਆ ਹੋਇਐ। ਤੁਸੀਂ ਭਲਾ ਇਕ ਦੂਸਰੇ ਨੂੰ ਸਮਝ ਕਿਸ ਤਰ੍ਹਾਂ ਲੈਂਦੇ ਓ ?”
ਅਬੂਤਾਲਿਬ ਦਾ ਜਵਾਬ- “ਜਿਹੜੀਆਂ ਬੋਲੀਆਂ ਅਸੀਂ ਬੋਲਨੇ ਆਂ- ਵੱਖੋ ਵੱਖ ਨੇ, ਪਰ ਸਾਡੇ ਮੂੰਹ ਵਿਚ ਜਿਹੜੀਆਂ ਜ਼ਬਾਨਾਂ ਨੇ, ਉਹ ਇਕੋ ਜਿਹੀਆਂ ਨੇ। (ਦਿਲ ਉਤੇ ਹੱਥ ਰੱਖ ਕੇ) ਇਹ ਸਭ ਕੁਝ ਚੰਗੀ ਤਰ੍ਹਾਂ ਸਮਝਦਾ ਹੈ। (ਆਪਣੇ ਕੰਨਾਂ ਨੂੰ ਖਿਚਦਿਆਂ ਹੋਇਆਂ) ਪਰ ਇਹ ਬੁਰੀ ਤਰ੍ਹਾਂ।”
ਸਵਾਲ-“ਮੈਂ ਬਲਗਾਰੀਆ ਦੇ ਅਖਬਾਰ ਦਾ ਨਾਮਾਨਿਗਾਰ ਆਂ। ਇਹ ਦੱਸੋ ਪਈ ਦਾਗਿਸਤਾਨ ਦੀਆਂ ਵੱਖੋ-ਵੱਖ ਭਾਸ਼ਾਵਾਂ ਵਿਚ ਉਸੇ ਤਰ੍ਹਾਂ ਦੀ ਨੇੜਤਾ ਹੈਗੀ ਏ ਜਿਵੇਂ ਮਿਸਾਲ ਦੇ ਤੌਰ ਤੇ ਬਲਗਾਰੀਆਈ ਤੇ ਰੂਸੀ ਭਾਸ਼ਾ ਵਿਚ ਏ?”
ਅਬੂਤਾਲਿਬ ਦਾ ਜਵਾਬ-“ਬਲਗਾਰੀਆਈ ਅਤੇ ਰੂਸੀ ਭਾਸ਼ਾਵਾਂ ਸੱਕੀਆਂ ਭੈਣਾਂ ਵਰਗੀਆਂ ਨੇ ਪਰ ਸਾਡੀਆਂ ਭਾਸ਼ਾਵਾਂ ਤਾਂ ਬਹੁਤ ਦੂਰ ਦੇ ਰਿਸ਼ਤੇ ਦੀਆਂ ਰਚੇਰੀਆਂ-ਮਮੇਰੀਆਂ ਭੈਣਾਂ ਜਿਹੀਆਂ ਵੀ ਨਹੀਂ। ਇਨ੍ਹਾਂ ਵਿਚ ਮਿਲਦੇ ਜੁਲਦੇ ਸ਼ਬਦ ਤਾਂ ਹੈ ਈ ਨਹੀਂ। ਸਾਡੇ ਲੇਖਕਾਂ ਵਿਚ ਤਾਂ ਕੁਝ ਧੜੇਬੰਦੀ ਹੋਗੀ ਏ, ਪਰ ਸਾਡੀਆਂ ਭਾਸ਼ਾਵਾਂ ਵਿਚ ਕਿਸੇ ਤਰ੍ਹਾਂ ਦੀ ਧੜੇਬੰਦੀ ਨਹੀਂ। ਹਰ ਭਾਸ਼ਾ ਦਾ ਵੱਖਰਾ ਰੂਪ ਏ।”
ਸਵਾਲ-“ਤੁਹਾਡੀਆਂ ਭਾਸ਼ਾਵਾਂ ਦੀ ਹੋਰ ਕਿਨ੍ਹਾਂ ਭਾਸ਼ਾਵਾਂ ਨਾਲ ਗੂੜ੍ਹੀ ਸਾਂਝ ਏ ਤੇ ਇਨ੍ਹਾਂ ਦਾ ਕਿਨ੍ਹਾਂ ਭਾਸ਼ਾਈ ਟੱਬਰਾਂ ਨਾਲ ਸਬੰਧ ਏ।”
ਅਬੂਤਾਲਿਬ ਦਾ ਜਵਾਬ-“ਤਾਤ ਨਸਲ ਦੇ ਲੋਕਾਂ ਦਾ ਕਹਿਣੇ ਪਈ ਉਹ ਤਾਜਿਕ ਭਾਸ਼ਾ ਸਮਝਦੇ ਨੇ ਤੇ ਹਫ਼ੀਜ਼ ਸਾਹਿਤ ਪੜ੍ਹ ਸਕਦੇ ਨੇ। ਪਰ ਮੈਂ ਉਨ੍ਹਾਂ ਤੋਂ ਪੁੱਛਨਾਂ ਪਈ ਜੇ ਤੁਸੀਂ ਸ਼ੇਖ ਸਾਅਦੀ ਅਤੇ ਉਮਰ ਖ਼ਿਆਮ ਦੀ ਜ਼ਬਾਨ ਸਮਝਦੇ ਓ ਤਾਂ ਉਨ੍ਹਾਂ ਵਰਗੀ ਸਿਰਜਣਾ ਵੀ ਕਿਉਂ ਨਹੀਂ ਕਰਦੇ?
“ਪੁਰਾਣੇ ਵਕਤਾਂ ਵਿਚ ਕੁੜਮਾਈ ਕਰਨ ਵੇਲੇ ਵਰ ਦੀ ਪਰਸੰਸਾ ਕਰਦਿਆਂ ਹੋਇਆਂ ਕਿਹਾ ਜਾਂਦਾ ਸੀ- ‘ਉਹ ਕੁਮਿਕ ਭਾਸ਼ਾ ਜਾਣਦੈ’ ਇਹਦਾ ਮਤਲਬ ਇਹ ਹੁੰਦਾ ਸੀ ਪਈ ਵਰ ਬਹੁਤ ਹੀ ਜਾਣਨ ਸਮਝਣ ਵਾਲਾ ਬੰਦਾ ਏ, ਇਹੋ ਜਿਹੇ ਬੰਦੇ ਦੀ ਪਤਨੀ ਬੜੀ ਸੁਖੀ ਰਹੇਗੀ।
“ਵਾਕਈ ਕੁਮਿਕ ਭਾਸ਼ਾ ਜਾਣਨ ਵਾਲਾ ਆਦਮੀ ਤੁਰਕੀ, ਆਜ਼ਰਬਾਈਜਾਨੀ, ਤਾਤਾਰੀ, ਬਲਕਾਰ, ਕਜ਼ਾਖ਼, ਉਜ਼ਬੇਕ, ਕਿਰਗਿਜ਼, ਬਸ਼ਕੀਰੀ ਆਪਸ ਵਿਚ ਮਿਲਦੀਆਂ ਜੁਲਦੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਹੋਰ ਭਾਸ਼ਾਵਾਂ ਵੀ ਸਮਝ ਸਕਦੇ। ਅਨੁਵਾਦ ਤੋਂ ਬਿਨਾਂ ਹਿਕਮਤ, ਕਾਈਸੀਨ ਕੁਲੀਯੇਵ ਅਤੇ ਮੁਸਤਾਈ ਕਰੀਮ ਦੀਆਂ ਰਚਨਾਵਾਂ ਪੜ੍ਹ ਸਕਦੈ ਪਰ ਮੇਰੀ ਭਾਸ਼ਾ! ਸਾਡੇ ਲੋਕਾਂ ਤੋਂ ਇਲਾਵਾ ਇਹਨੂੰ ਉਹ ਵਿਦਵਾਨ ਈ ਸਮਝਦੇ ਹੋਣਗੇ ਜਿਨ੍ਹਾਂ ਨੇ ਡੀ-ਲਿਟ ਦੀ ਉਪਾਧੀ ਹਾਸਲ ਕਰਨ ਲਈ ਇਹਦੇ ਅਧਿਅਨ ਵਿਚ ਅਨੇਕ ਸਾਲ ਲਾਏ ਹੋਣਗੇ।
“ਲਾੱਕ ਨਸਲ ਦਾ ਇਕ ਪ੍ਰਸਿੱਧ ਵਿਅਕਤੀ ਸਾਰੀ ਦੁਨੀਆਂ ਵਿਚ ਘੁੰਮ ਕੇ ਇਥੋਪੀਆ ਪਹੁੰਚ ਗਿਆ ਤੇ ਓਥੇ ਮੰਤਰੀ ਬਣ ਗਿਆ। ਉਹਨੇ ਇਸ ਗੱਲ ਉਤੇ ਜ਼ੋਰ ਦਿੱਤਾ ਪਈ ਆਪਣੀ ਲੰਮੀ ਯਾਤਰਾ ਦੇ ਦੌਰਾਨ ਉਹਦੀ ਸਾਡੀ ਲਾੱਕ ਭਾਸ਼ਾ ਨਾਲ ਮਿਲਦੀ ਜੁਲਦੀ ਇਕ ਵੀ ਭਾਸ਼ਾ ਨਾਲ ਜਾਣ-ਪਛਾਣ ਨਹੀਂ ਹੋਈ।”
ਓਮਾਰ-ਹਾਜੀ-“ਸਾਡੀ ਅਵਾਰ ਭਾਸ਼ਾ ਵੀ ਕਿਸੇ ਹੋਰ ਭਾਸ਼ਾ ਵਰਗੀ ਨਹੀਂ।”
ਅਬੂਤਾਲਿਬ-“ਦਾਰਗੀਨ, ਲੇਜ਼ਗੀਨ ਅਤੇ ਤਾਬਾਸਾਰਾਨ ਭਾਸ਼ਾਵਾਂ ਨਾਲ ਮਿਲਦੀਆਂ-ਜੁਲਦੀਆਂ ਭਾਸ਼ਾਵਾਂ ਵੀ ਹੈ ਨਹੀਂ।”
ਸਵਾਲ-“ਇਕ ਦੂਸਰੀ ਨਾਲ ਨਾ ਮਿਲਦੀਆਂ ਜੁਲਦੀਆਂ ਇਹ ਸਾਰੀਆਂ ਭਾਸ਼ਾਵਾਂ ਤੁਸੀਂ ਕਿਵੇਂ ਸਿੱਖ ਲਈਆਂ ਨੇ?”
ਅਬੂਤਾਲਿਬ-“ਕਿਸੇ ਵੇਲੇ ਮੈਂ ਦਾਗਿਸਤਾਨ ਵਿਚ ਬਹੁਤ ਘੁੰਮਦਾ ਰਿਹਾ। ਲੋਕਾਂ ਨੂੰ ਗੀਤਾਂ-ਗਾਣਿਆਂ ਦੀ ਤੇ ਮੈਨੂੰ ਰੋਟੀ ਦੀ ਲੋੜ ਸੀ। ਜਦੋਂ ਕੋਈ ਆਦਮੀ ਬੇਗਾਨੇ ਪਿੰਡ ਜਾਂਦੈ ਤੇ ਉਥੋਂ ਦੀ ਭਾਸ਼ਾ ਨਹੀਂ ਜਾਣਦਾ ਤਾਂ ਕੁੱਤੇ ਵੀ ਉਸ ਉਤੇ ਜ਼ਿਆਦਾ ਗੁੱਸੇ ਨਾਲ ਭੌਂਕਦੇ ਨੇ। ਲੋੜ ਨੇ ਮੈਨੂੰ ਸਾਰੇ ਦਾਗਿਸਤਾਨ ਦੀਆਂ ਭਾਸ਼ਾਵਾਂ ਸਿੱਖਣ ਲਈ ਮਜਬੂਰ ਕੀਤਾ।”
ਸਵਾਲ-“ਫਿਰ ਵੀ ਭਲਾ ਦਾਗਿਸਤਾਨ ਦੀਆਂ ਭਾਸ਼ਾਵਾਂ ਦੀ ਸਮਾਨਤਾ ਅਤੇ ਅਸਮਾਨਤਾ ਦੇ ਲੱਛਣਾਂ ਦੀ ਵਧੇਰੇ ਵਿਸਤਾਰ ਨਾਲ ਚਰਚਾ ਕਰਨਾ ਸੰਭਵ ਨਹੀਂ? ਭਲਾ ਇਹ ਕਿਵੇਂ ਹੋਇਆ ਪਈ ਏਨੇ ਛੋਟੇ ਜਿਹੇ ਦੇਸ਼ ਵਿਚ ਏਨੀਆਂ ਵੱਖ ਵੱਖ ਭਾਸ਼ਾਵਾਂ ਨੇ?”
ਅਬੂਤਾਲਿਬ-“ਸਾਡੀਆਂ ਭਾਸ਼ਾਵਾਂ ਦੀ ਸਮਾਨਤਾ ਦੇ ਬਾਰੇ ਅਨੇਕ ਪੁਸਤਕਾਂ ਲਿਖੀਆਂ ਜਾ ਚੁੱਕੀਆਂ ਨੇ। ਮੈਂ ਵਿਦਵਾਨ ਜਾਂ ਭਾਸ਼ਾ ਦਾ ਮਾਹਰ ਨਹੀਂ, ਪਰ ਜਿਸ ਰੂਪ ਵਿਚ ਇਸ ਸਮੱਸਿਆ ਦੀ ਕਲਪਨਾ ਕਰਨਾਂ, ਉਹਨੂੰ ਤੁਹਾਡੇ ਸਾਮ੍ਹਣੇ ਪੇਸ਼ ਕਰਨਾਂ। ਅਸੀਂ ਜਿਹੜੇ ਏਥੇ ਬੈਠੇ ਹੋਏ ਆਂ ਸਾਡੇ ਵਿਚੋਂ ਕੁਝ ਦਾ ਪਹਾੜਾਂ ਵਿਚ ਤੇ ਕੁਝ ਦਾ ਮੈਦਾਨਾਂ ਵਿਚ ਜਨਮ ਹੋਇਆ ਸੀ ਅਤੇ ਅਸੀਂ ਉਥੇ ਹੀ ਵੱਡੇ ਹੋਏ ਸਾਂ। ਕੁਝ ਗਰਮ ਇਲਾਕਿਆਂ ਵਿਚ ਤੇ ਕੁਝ ਠੰਢੇ ਇਲਾਕਿਆਂ ਵਿਚ, ਕੁਝ ਨਦੀ ਦੇ ਕੰਢੇ ਤੇ ਕੁਝ ਸਾਗਰ ਕੰਢੇ ਪੈਦਾ ਹੋਏ ਅਤੇ ਵੱਡੇ ਹੋਏ। ਕੁਝ ਨੇ ਓਥੇ ਜਨਮ ਲਿਐ ਜਿੱਥੇ ਖੇਤ ਨੇ ਪਰ ਬਲਦ ਨਹੀਂ, ਕੁਝ ਓਥੇ ਪੈਦਾ ਹੋਏ ਨੇ ਜਿਥੇ ਬਲਦ ਨੇ ਪਰ ਖੇਤ ਨਹੀਂ। ਕੁਝ ਓਥੇ ਜਨਮੇ ਨੇ ਜਿੱਥੇ ਅੱਗ ਏ, ਪਰ ਪਾਣੀ ਨਹੀਂ ਤੇ ਕੁਝ ਨੇ ਓਥੇ ਜਨਮ ਲਿਐ ਜਿਥੇ ਪਾਣੀ ਏ ਪਰ ਅੱਗ ਨਹੀਂ। ਇਕ ਥਾਂ ਮਾਸ ਏ, ਦੂਜੀ ਥਾਂ ਅੰਨ ਤੇ ਤੀਜੀ ਥਾਂ ਫਲ। ਜਿੱਥੇ ਪਨੀਰ ਰੱਖਿਆ ਜਾਂਦੈ ਓਥੇ ਚੂਹੇ ਹੋ ਜਾਂਦੇ ਨੇ, ਜਿੱਥੇ ਭੇਡਾਂ ਚਾਰੀਆਂ ਜਾਂਦੀਆਂ ਨੇ ਓਥੇ ਬਘਿਆੜਾਂ ਦੀ ਭਰਮਾਰ ਹੋ ਜਾਂਦੀ ਏ। ਇਹਦੇ ਇਲਾਵਾ- ਇਤਿਹਾਸ, ਜੰਗ, ਭੂਗੋਲ ਵੱਖੋ-ਵੱਖ ਗੁਆਂਢੀਆਂ ਤੇ ਕੁਦਰਤ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦੈ।
“ਸਾਡੇ ਵੱਲ ‘ਪਰੱਕਰਿਤੀ’ ਸ਼ਬਦ ਦੇ ਦੋ ਅਰਥ ਨੇ। ਇਹਦਾ ਇਕ ਤਾਂ ਅਰਥ ਏ-ਭੋਂਇੰ, ਘਾਹ, ਰੁੱਖ, ਪਰਬਤ; ਤੇ ਦੂਜਾ ਅਰਥ ਏ-ਮਨੁੱਖ ਦਾ ਸੁਭਾ। ਵੱਖੋ ਵੱਖ ਥਾਵਾਂ ਉਤੇ ਵੱਖੋ ਵੱਖ ਤਰ੍ਹਾਂ ਦੀ ਪਰੱਕਰਿਤੀ ਨੇ ਵੱਖੋ ਵੱਖ ਨਾਵਾਂ, ਨਿਯਮਾਂ ਅਤੇ ਰਸਮਾਂ ਰਿਵਾਜਾਂ ਦੇ ਪਰਗਟ ਹੋਣ ਵਿਚ ਹਿੱਸਾ ਪਾਇਐ।
“ਵੱਖ ਵੱਖ ਥਾਵਾਂ ਉਤੇ ਵੱਖ ਵੱਖ ਢੰਗ ਨਾਲ ਸਮੂਰੀ ਟੋਪੀ ਪਾਈ ਜਾਂਦੀ ਏ। ਵੱਖ ਵੱਖ ਢੰਗ ਨਾਲ ਕਪੜੇ ਪਾਏ ਜਾਂਦੇ ਨੇ ਤੇ ਮਕਾਨ ਬਣਾਏ ਜਾਂਦੇ ਨੇ। ਪੰਘੂੜੇ ਕੋਲ ਵੱਖ ਵੱਖ ਤਰ੍ਹਾਂ ਦੀਆਂ ਲੋਰੀਆਂ ਗਾਈਆਂ ਜਾਂਦੀਆਂ ਨੇ। ਮਹਿਮੂਦ ਨੇ ਦੋ ਤਾਰਾਂ ਵਾਲੇ ਪੰਦੂਰੇ ਤੇ ਆਪਣੇ ਗੀਤ ਗਾਏ, ਇਰਚੀ ਕਜ਼ਾਕ ਦੇ ਪੰਦੂਰੇ ਵਿਚ ਤਿੰਨ ਤਾਰ ਸਨ। ਲੇਜ਼ਗੀਨ ਨਸਲ ਦਾ ਸੁਲੇਮਾਨ ਸਤਾਲਸਕੀ ਤਾਰਾ ਨਾਂਅ ਦਾ ਵਾਜਾ ਵਜਾਉਂਦਾ ਸੀ। ਕੁਝ ਵਾਜਿਆਂ ਵਾਸਤੇ ਬੱਕਰੀ ਦੀਆਂ ਆਂਦਰਾਂ ਤੇ ਕੁਝ ਵਾਸਤੇ ਲੋਹੇ ਦੇ ਤਾਰ ਬਣਾਏ ਜਾਂਦੇ ते।
“ਨਸਲਾਂ ਜਾਂ ਜਨਗਣ ਅਨੇਕ ਨੇ ਤੇ ਹਰ ਇਕ ਦੇ ਆਪਣੇ ਰਸਮੋ-ਰਿਵਾਜ ਨੇ। ਸਭ ਥਾਈਂ ਇਸ ਤਰ੍ਹਾਂ ਈ ਏ। ਬੱਚੇ ਦਾ ਜਨਮ ਹੁੰਦੈ। ਇਕ ਸਾਲ ਵਿਚ ਬੱਚੇ ਨੂੰ ਬਪਤਿਸਮਾ ਦਿੱਤਾ ਜਾਂਦੈ, ਦੂਜੀ ਵਿਚ ਉਹਦੀ ਸੁੰਨਤ ਕੀਤੀ ਜਾਂਦੀ ਏ ਤੇ ਤੀਜੀ ਵਿਚ ਉਹਦੇ ਜਨਮ ਦਾ ਸਰਟੀਫਿਕੇਟ ਤਿਆਰ ਕੀਤਾ ਜਾਂਦੈ। ਮੁੰਡਾ ਜਦੋਂ ਬਾਲਗ ਹੁੰਦੇ ਤਾਂ ਹੋਰ ਰਸਮੋ ਰਿਵਾਜ ਸਾਹਮਣੇ ਆਉਂਦੇ ਨੇ। ਕਿਸੇ ਕੁੜੀ ਨਾਲ ਉਹਦੀ ਕੁੜਮਾਈ ਕੀਤੀ ਜਾਂਦੀ ਏ.. ਵੈਸੈ, ਕੁੜਮਾਈ ਕਰਨਾ—ਇਹ ਵੀ ਇਕ ਰੀਤ ਈ ਏ। ਮੈਂ ਇਹ ਕਹਿਣਾ ਚਾਹੁੰਨਾਂ ਪਈ ਕੋਈ ਗੱਭਰੂ ਵਿਆਹ ਕਰਦੇ ਤਾਂ ਤੀਜੇ ਢੰਗ ਦੇ ਰਸਮੋ-ਰਿਵਾਜ ਨਾਲ ਵਾਹ ਪੈਂਦਾ। ਦਾਗਿਸਤਾਨ ਵਿਚ ਵਿਆਹ ਦੇ ਰਸਮੋ-ਰਿਵਾਜ ਦੀ ਚਰਚਾ ਕਰਨ ਵਾਸਤੇ ਤਾਂ ਪੂਰੇ ਇਕ ਦਿਨ ਦਾ ਸਮਾਂ ਵੀ ਨਾ-ਕਾਫੀ ਰਹੇਗਾ ਜੇ ਤੁਹਾਡੇ ਵਿਚੋਂ ਕੋਈ ਉਨ੍ਹਾਂ ਦੇ ਬਾਰੇ ਜਾਣਨਾ ਚਾਹੁੰਦੇ ਤਾਂ ਉਹਨੂੰ ਅਸੀਂ ‘ਦਾਗਿਸਤਾਨ’ ਦੇ ਜਨਗਣ ਦੇ ਰਸਮੋ-ਰਿਵਾਜ, ਪੁਸਤਕ ਭੇਟ ਕਰ ਦਿਆਂਗੇ। ਤੁਸੀਂ ਘਰ ਜਾ ਕੇ ਉਹਨੂੰ ਪੜ੍ਹ ਲਿਓ ਜੇ।”
ਸਵਾਲ-“ਰਸਮੋ-ਰਿਵਾਜ ਵੀ ਵੱਖ ਵੱਖ ਨੇ। ਏਸ ਹਾਲਤ ਵਿਚ ਕਿਹੜੀ ਚੀਜ਼ ਤੁਹਾਡੇ ਲੋਕਾਂ ਨੂੰ ਨੇੜੇ ਲਿਆਉਂਦੀ ਏ, ਇਕ ਲੜੀ ਵਿਚ ਪਰੋਂਦੀ ਏਂ?”
ਅਬੂਤਾਲਿਬ-“ਦਾਗਿਸਤਾਨ”।
ਸਵਾਲ-“ਦਾਗਿਸਤਾਨ ਸਾਨੂੰ ਇਹ ਦੱਸਿਆ ਗਿਐ ਪਈ ਦਾਗਿਸਤਾਨ ਦਾ ਅਰਥ ‘ਪਰਬਤਾਂ ਦਾ ਦੇਸ਼’ ਏ। ਇਹਦਾ ਮਤਲਬ ਤਾਂ ਇਹ ਹੋਇਆ ਪਈ ਦਾਗਿਸਤਾਨ ਇਕ ਥਾਂ ਦਾ ਨਾਂਅ ਏ?”
ਅਬੂਤਾਲਿਬ-“ਥਾਂ ਦਾ ਨਾਂਅ ਨਹੀਂ ਸਗੋਂ ਮਾਤ-ਭੂਮੀ ਗਣਰਾਜ ਦਾ ਨਾਂਅ ਏ। ਜਿਹੜੇ ਪਹਾੜਾਂ ਵਿਚ ਰਹਿੰਦੇ ਨੇ ਤੇ ਜਿਹੜੇ ਵਾਦੀਆਂ ਵਿਚ—ਉਹਨਾਂ ਸਾਰਿਆਂ ਲਈ ਇਸ ਸ਼ਬਦ ਦੇ ਇਕੋ ਜਿਹੇ ਅਰਥ ਨੇ। ਨਹੀਂ, ਦਾਗਿਸਤਾਨ-ਇਹ ਸਿਰਫ ਭੂਗੋਲਿਕ ਧਾਰਨਾ ਨਹੀਂ। ਦਾਗਿਸਤਾਨ ਦਾ ਆਪਣਾ ਰੰਗ ਰੂਪ ਏ, ਉਹਦੀਆਂ ਆਪਣੀਆਂ ਖਾਹਸ਼ਾਂ, ਅਭਿਲਾਸ਼ਾਵਾਂ ਤੇ ਸੁਪਨੇ ਨੇ। ਉਹਦਾ ਸਾਂਝਾ ਇਤਿਹਾਸ, ਸਾਂਝੀ ਕਿਸਮਤ, ਸਾਂਝੇ ਸੁੱਖ- ਦੁੱਖ ਨੇ, ਭਲਾ ਇਕ ਉਂਗਲੀ ਦਾ ਦਰਦ ਦੂਜੀ ਉਂਗਲੀ ਮਹਿਸੂਸ ਨਹੀਂ ਕਰਦੀ? ਸਾਡੇ ਇਥੇ ‘ਅਕਤੂਬਰ ਇਨਕਲਾਬ’, ‘ਲੈਨਿਨ’ ਤੇ ‘ਰੂਸ’ ਜਿਹੇ ਸਾਂਝੇ ਸ਼ਬਦ ਵੀ ਨੇ। ਇਨ੍ਹਾਂ ਸ਼ਬਦਾਂ ਦਾ ਹਰ ਭਾਸ਼ਾ ਵਿਚ ਅਨੁਵਾਦ ਕਰਨ ਦੀ ਵੀ ਲੋੜ ਨਹੀਂ। ਅਨੁਵਾਦ ਤੋਂ ਬਿਨਾਂ ਹੀ ਉਹ ਤਾਂ ਸਮਝ ਆ ਜਾਂਦੇ ਨੇ। ਸਾਡੇ ਲੇਖਕਾਂ ਵਿਚ ਬਹੁਤ ਸਾਰੇ ਵਾਦ-ਵਿਵਾਦ ਹੁੰਦੇ ਨੇ ਪਰ ਇਨ੍ਹਾਂ ਤਿੰਨ ਸ਼ਬਦਾਂ ਦੇ ਬਾਰੇ ਸਾਡੇ ਵਿਚ ਕੋਈ ਮੱਤਭੇਦ ਨਹੀਂ। ਤੁਸੀਂ ਸਮਝ ਗਏ ग्रेगे ?”
ਸਵਾਲ-“ਇਹ ਤਾਂ ਅਸੀਂ ਸਮਝ ਈ ਗਏ ਆਂ, ਪਰ ਮੈਂ ਇਕ ਹੋਰ ਗੱਲ ਪੁੱਛਣੀ ਚਾਹੁੰਨਾਂ । ਇਕ ਅਖਬਾਰ ਵਿਚ ਮੈਂ ਅੱਜ ਅਦਾਲੋ ਅਲੀਯੇਵ ਦੀ ਕਵਿਤਾ ਪੜ੍ਹੀ ਸੀ। ਅਨਾਤੋਲੀ ਜਾਇਤਸ ਨੇ ਉਹਦਾ ਰੂਸੀ ਵਿਚ ਅਨੁਵਾਦ ਕੀਤਾ ਸੀ। ਓਥੇ ਕਿਹਾ ਗਿਆ ਸੀ ਪਈ ਅਨੁਵਾਦ ਦਾਗਿਸਤਾਨੀ ਭਾਸ਼ਾ ਤੋਂ ਕੀਤਾ ਗਿਆ ਏ। ਇਹ ਕਿਹੜੀ ਭਾਸ਼ਾ.ਏ?”
ਅਬੂਤਾਲਿਬ-“ਇਹ ਭਾਸ਼ਾ ਤਾਂ ਮੈਂ ਵੀ ਨਹੀਂ ਜਾਣਦਾ। ਅਦਾਲੋ ਅਲੀਯੇਵ ਨਾਲ ਮੇਰੀ ਕੱਲ੍ਹ ਮੁਲਾਕਾਤ ਹੋਈ ਸੀ ਤੇ ਉਹਦੇ ਨਾਲ ਗੱਲਬਾਤ ਕੀਤੀ ਸੀ। ਕੱਲ੍ਹ ਤਕ ਤਾਂ ਉਹ ਅਵਾਰ ਸੀ। ਪਤਾ ਨਹੀਂ ਉਹਦੇ ਵਿਚ ਇਹੋ ਜਿਹੀ ਕਿਹੜੀ ਤਬਦੀਲੀ ਹੋ ਗਈ ਏ। ਪਰ ਤੁਸੀਂ ਇਸ ਮਾਮਲੇ ਵਲ ਕੋਈ ਧਿਆਨ ਨਾ ਦਿਓ, ਇਹ ਤਾਂ ਮਹਿਜ਼ ਗਲਤੀ ਏ।”
ਸਵਾਲ-“ਸਾਡੇ ਸੰਯੁਕਤ ਰਾਜ ਅਮਰੀਕਾ ਵਿਚ ਵੀ ਅਨੇਕ ਨਸਲਾਂ ਤੇ ਭਾਸ਼ਾਵਾਂ ਨੇ। ਪਰ ਮੂਲ ਤੇ ਸਰਕਾਰੀ ਭਾਸ਼ਾ ਅੰਗਰੇਜ਼ੀ ਏ। ਸਾਰੇ ਕੰਮ-ਕਾਰ, ਪੈਦਾਵਾਰ ਦੇ ਸਾਰੇ ਮਾਮਲੇ ਤੇ ਦਸਤਾਵੇਜ਼ਾਂ ਵਿਚ ਇਸੇ ਭਾਸ਼ਾ ਦੀ ਵਰਤੋਂ ਹੁੰਦੀ ਏ। ਪਰ ਤੁਹਾਡੇ ਏਥੇ? ਤੁਹਾਡੇ ਏਥੇ ਕਿਹੜੀ ਮੂਲ ਭਾਸ਼ਾ ਏ?”
ਅਬੂਤਾਲਿਬ-“ਹਰੇਕ ਵਿਅਕਤੀ ਲਈ ਉਹਦੀ ਮੂਲ ਭਾਸ਼ਾ ਉਹਦੀ ਮਾਂ ਦੀ
ਭਾਸ਼ਾ ਏ। ਜਿਹੜਾ ਆਦਮੀ ਆਪਣੇ ਪਹਾੜਾਂ ਨੂੰ ਪਿਆਰ ਨਹੀਂ ਕਰਦਾ ਉਹ ਬੇਗਾਨੇ
ਮੈਦਾਨਾਂ ਨੂੰ ਵੀ ਪਿਆਰ ਨਹੀਂ ਕਰ ਸਕਦਾ। ਜਿਹੜਾ ਸੁੱਖ ਘਰ ਨਹੀਂ ਮਿਲਿਆ ਉਹ ਬਾਹਰ
ਸੜਕ ਤੇ ਵੀ ਨਹੀਂ ਮਿਲੇਗਾ। ਜਿਹੜਾ ਆਪਣੀ ਮਾਂ ਦੀ ਚਿੰਤਾ ਨਹੀਂ ਕਰਦਾ ਉਹ ਬੇਗਾਨੀ
ਔਰਤ ਦੀ ਚਿੰਤਾ ਵੀ ਨਹੀਂ ਕਰੇਗਾ। ਜਦੋਂ ਹੱਥ ਵਿਚ ਮਜ਼ਬੂਤੀ ਨਾਲ ਤਲਵਾਰ ਫੜਨੀ
ਹੋਵੇ ਜਾਂ ਕਿਸੇ ਦੋਸਤ ਨਾਲ ਨਿੱਘ ਭਰੇ ਜੋਸ਼ ਨਾਲ ਹੱਥ ਮਿਲਾਉਣਾ ਹੋਵੇ ਤਾਂ ਹੱਥ ਦੀਆਂ
ਸਾਰੀਆਂ ਉਂਗਲਾਂ ਮੂਲ ਹੁੰਦੀਆਂ ਨੇ।”
ਸਵਾਲ-“ਮੈਂ ਮੁਤਾਲਿਬ ਮਿਤਾਰੋਵ ਦੀ ਲੰਮੀ ਕਵਿਤਾ ਪੜ੍ਹੀ ਏ। ਉਸ ਵਿਚ ਉਹਨੇ ਇਸ ਗੱਲ ਉਤੇ ਜ਼ੋਰ ਦਿੱਤੇ ਪਈ ਉਹ ਨਾ ਤਾਂ ਅਵਾਰ, ਨਾ ਤਾਤ, ਨਾ ਤਾਬਾਸਾਰਾਨਾ ਤੇ ਨਾ ਹੀ ਦਾਗਿਸਤਾਨੀ ਏਂ। ਤੁਸੀਂ ਇਹਦੇ ਬਾਰੇ ਕੀ ਕਹਿ ਸਕਦੇ ਓ ?”
ਅਬੂਤਾਲਿਬ-(ਮਿਤਾਰੋਵ ਨੂੰ ਲੱਭਦਿਆਂ ਹੋਇਆਂ)- “ਸੁਣ ਮਿਤਾਰੋਵ, ਤੂੰ ਅਵਾਰ, ਕੁਮਿਕ, ਤਾਤ, ਨੋਗਾਈ, ਲੇਜ਼ਗੀਨ ਨਹੀਂ, ਇਹ ਤਾਂ ਮੈਨੂੰ ਬੜੇ ਚਿਰ ਤੋਂ ਪਤੇ ਪਰ ਤੂੰ ਤਾਬਾਸਾਰਾਨਾ ਵੀ ਨਹੀਂ ਇਹ ਤਾਂ ਮੈਂ ਪਹਿਲੀ ਵਾਰੀ ਸੁਣਨਾਂ ਪਿਆਂ। ਆਖਰ ਤੂੰ ਕੌਣ ਏਂ? ਕੱਲ੍ਹ ਤਾਂ ਤੂੰ ਸ਼ਾਇਦ ਇਹ ਵੀ ਕਹਿ ਦੇਵੇਂਗਾ ਪਈ ਤੂੰ ਮੁਤਾਲਿਬ ਵੀ ਨਹੀਂ ਤੇ ਮਿਤਾਰੋਵ ਵੀ ਨਹੀਂ। ਮਿਸਾਲ ਦੇ ਤੌਰ ਤੇ ਮੈਂ ਅਬੂਤਾਲਿਬ ਗਫੂਰੋਵ ਆਂ। ਮੈਂ ਸਭ ਤੋਂ ਪਹਿਲਾਂ ਤਾਂ ਲਾੱਕ ਨਸਲ ਦਾ ਆਂ, ਦੂਸਰੇ ਦਾਗਿਸਤਾਨੀ ਆਂ, ਤੀਸਰੇ ਸੋਵੀਅਤ ਦੇਸ਼ ਦਾ ਸ਼ਾਇਰ ਆਂ, ਜਾਂ ਇਹਦੇ ਉਲਟ ਇਹ ਆਖਿਆ ਜਾ ਸਕਦੈ-ਸਭ ਤੋਂ ਪਹਿਲਾਂ ਮੈਂ ਸੋਵੀਅਤ ਸ਼ਾਇਰ ਆਂ, ਦੂਸਰੇ ਇਹ ਪਈ ਮੈਂ ਦਾਗਿਸਤਾਨ ਗਣਰਾਜ ਵਿਚ ਰਹਿੰਨਾਂ ਤੇ ਤੀਸਰੇ ਇਹ ਕਿ ਲਾੱਕ ਨਸਲ ਦਾ ਆਂ ਤੇ ਲਾੱਕ ਭਾਸ਼ਾ ਵਿਚ ਲਿਖਨਾਂ। ਇਹ ਸਭ ਕੁਝ ਮੇਰੇ ਨਾਲ ਅਟੁੱਟ ਰੂਪ ਵਿਚ ਜੁੜਿਆ ਹੋਇਐ। ਇਹ ਮੇਰਾ ਸਭ ਤੋਂ ਕੀਮਤੀ ਖ਼ਜ਼ਾਨੇ। ਮੈਂ ਇਨ੍ਹਾਂ ਵਿਚੋਂ ਕਿਸੇ ਵੀ ਚੀਜ਼ ਤੋਂ ਇਨਕਾਰ ਨਹੀਂ ਕਰਨਾ ਚਾਹੁੰਦਾ। ਇਨ੍ਹਾਂ ਲਈ ਮੈਂ ਆਪਣੀ ਜਾਨ ਦੀ ਬਾਜ਼ੀ ਵੀ ਲਾ ਦਿਆਂਗਾ।”
ਸਵਾਲ-(ਜਰਮਨ ਜਨਵਾਦੀ ਜਨਤੰਤਰ ਦਾ ਨਾਮਾਨਿਗਾਰ)—“ਮੇਰੇ ਹੱਥ ਵਿਚ ਚਿਕਿਤਸਾ ਵਿਗਿਆਨ ਦੇ ਪੀ.ਐਚ.ਡੀ. ਸਾਥੀ ਅਲੀ ਕਿਸ਼ੀਯੇਵ ਦੀ ਕਿਤਾਬ ਏ। ਇਹਦਾ ਸਿਰਲੇਖ ਏ- ‘ਦਾਗਿਸਤਾਨ ਵਿਚ ਲੰਮੀ ਉਮਰ’। ਇਸ ਵਿਚ ਲੇਖਕ ਨੇ ਇਕ ਸੌ ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੇ ਬਾਰੇ ਲਿਖਿਐ ਤੇ ਇਹ ਸਾਬਤ ਕੀਤੇ ਪਈ ਲੰਮੀ ਉਮਰ ਦੇ ਨਜ਼ਰੀਏ ਤੋਂ ਦਾਗਿਸਤਾਨ ਦੀ ਸੋਵੀਅਤ ਸੰਘ ਵਿਚ ਪਹਿਲੀ ਥਾਂ ਏ। ਪਰ ਉਹਨੇ ਅਗਾਂਹ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਏ ਪਈ ਏਥੋਂ ਦੀਆਂ ਨਸਲਾਂ ਵਿਚ ਹੌਲੀ ਹੌਲੀ ਇਕ ਦੂਸਰੇ ਦੇ ਨੇੜੇ ਹੋਣ ਦੀ ਬਿਰਤੀ ਦਿਸਦੀ ਪਈ ਏ ਤੇ ਆਖਰਕਾਰ ਦਾਗਿਸਤਾਨ ਵਿਚ ਇਕ ਹੀ ਨਸਲ ਹੋ ਜਾਣ ਦੀ ਸੰਭਾਵਨਾ ਏਂ। ਕੁਝ ਸਾਲਾਂ ਬਾਅਦ ਅਵਾਰ, ਦਾਰਗੀਨ ਅਤੇ ਨੰਗਾਈ ਨਸਲ ਦੇ ਲੋਕ ਆਪਣੇ ਆਪ ਨੂੰ ਦਾਗਿਸਤਾਨੀ ਮੰਨਣ ਲੱਗ ਪੈਣਗੇ ਤੇ ਪਾਸਪੋਰਟ ਵਿਚ ਵੀ ਇੰਜ ਹੀ ਲਿਖਣਗੇ। ਮੈਂ ਤੁਹਾਡੇ ਇਕ ਹੋਰ ਵਿਦਵਾਨ ਦੇ ਲੇਖ ਵੀ ਪੜ੍ਹੇ ਨੇ। ਉਹ ਇਸ ਗੱਲ ਦੀ ਪੁਸ਼ਟੀ ਕਰਦੈ ਪਈ ਤੁਹਾਡਾ ਸਾਹਿਤ ਨਸਲਾਂ ਦੀਆਂ ਹੱਦਾਂ ਤੋੜ ਕੇ ਪੂਰੇ ਦਾਗਿਸਤਾਨ ਦਾ ਸਾਹਿਤ ਬਣਦਾ ਜਾ ਰਿਹੈ। ਜੇ ਵਿਗਿਆਨ ਦੇ ਪੀ.ਐਚ.ਡੀ. ਤੇ ਡੀ.ਲਿਟ. ਆਪਣੀਆਂ ਕਿਤਾਬਾਂ ਅਤੇ ਲੇਖਾਂ ਵਿਚ ਇਹੋ ਜਿਹੇ ਸਵਾਲ ਚੁੱਕਦੇ ਨੇ ਤਾਂ ਇਹਦਾ ਮਤਲਬ ਏ ਪਈ ਇਹ ਸਵਾਲ ਅਹਿਮ ਤੇ ਡੂੰਘੈ?”
ਅਬੂਤਾਲਿਬ-“ਸਾਥੀ ਅਲੀ ਕਿਸ਼ੀਯੇਵ ਨੂੰ ਵੀ ਮੈਂ ਜਾਣਨਾਂ, ਉਹ ਸਾਡੇ ਈ ਇਲਾਕੇ ਦਾ ਰਹਿਣ ਵਾਲੈ। ਇਹ ਵਿਦਵਾਨ ਅਨੇਕ ਬਜ਼ੁਰਗਾਂ ਨੂੰ ਇਸ ਲਈ ਮਿਲਿਆ ਪਈ ਉਹ ਉਹਨੂੰ ਆਪਣੇ ਜੀਵਨ ਦੇ ਬਾਰੇ ਦੱਸਣ। ਪਰ ਸਾਰੀਆਂ ਨਸਲਾਂ ਦੀ ਇਕ ਨਸਲ ਬਣਾਉਣ ਦਾ ਵਿਚਾਰ ਸ਼ਾਇਦ ਕਿਸੇ ਹੀ ਸਤਕਾਰਤ ਬਜ਼ੁਰਗ ਨੇ ਪਰਗਟ ਕੀਤਾ ਹੋਵੇ। ਇਹ ਉਹਦੇ ਆਪਣੇ ਹੀ ਦਿਮਾਗ ਦੀ ਉਪਜ ਏ। ਮੈਂ ਬਹੁਤ ਸਾਰੇ ਅਜੇਹੇ ‘ਮਿਚੂਰਿਨਾਂ’* ਨੂੰ ਜਾਣਨਾਂ ਜਿਨ੍ਹਾਂ ਨੇ ਆਪਣੀਆਂ ‘ਪਰਯੋਗਸ਼ਾਲਾਵਾਂ’ ਵਿਚ ਵੱਖ ਵੱਖ ਭਾਸ਼ਾਵਾਂ ਨੂੰ ਮਿਲਾ ਕੇ ਤੇ ਉਨ੍ਹਾਂ ਉਤੇ ਖਰਗੋਸ਼ਾਂ ਵਾਂਗ ਤਰ੍ਹਾਂ ਤਰ੍ਹਾਂ ਦੇ ਤਜਰਬੇ ਕਰਕੇ ਇਕ ਮਿਸ਼ਰਤ ਭਾਸ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਏ। ਦਾਗਿਸਤਾਨ ਦੇ ਸੱਤ ਨਸਲੀ ਥਿਏਟਰਾਂ ਨੂੰ ਮਿਲਾ ਕੇ ਇਕ ਥਿਏਟਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਦਾਗਿਸਤਾਨ ਦੇ ਪੰਜ ਨਸਲਾਂ ਦੇ ਅਖਬਾਰ ਨੂੰ ਮਿਲਾ ਕੇ ਇਕ ਅਖਬਾਰ ਬਣਾਉਣ ਦਾ ਯਤਨ ਕੀਤਾ ਗਿਆ। ਸਾਡੀ ਲੇਖਕ ਸਭਾ ਦੇ ਅਨੇਕ ਵਿਭਾਗਾਂ ਨੂੰ ਇਕ ਵਿਭਾਗ ਵਿਚ ਮਿਲਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ ਸਾਰੀਆਂ ਕੋਸ਼ਿਸ਼ਾਂ ਤਾਂ ਉਹੋ ਜਿਹੀਆਂ ਈ ਨੇ ਜਿਵੇਂ ਅਨੇਕ ਸ਼ਾਖਾਵਾਂ ਵਾਲੇ ਰੁੱਖ ਨੂੰ ਇਕ ਸਿੱਧੇ ਤਣੇ ਵਿਚ ਬਦਲ ਦੇਣ ਲਈ ਹੋਣ।”
ਸਵਾਲ-“ਮੈਂ ਹਿੰਦੁਸਤਾਨੀ ਅਖਬਾਰ ਦਾ ਨਾਮਾਨਿਗਾਰ ਆਂ। ਸਾਡੇ ਹਿੰਦੁਸਤਾਨ ਵਿਚ ਵੀ ਅਨੇਕ ਭਾਸ਼ਾਵਾਂ ਨੇ- ਹਿੰਦੀ, ਉਰਦੂ, ਬੰਗਾਲੀ ਕੁਝ ਕੌਮ ਪਰੱਸਤਾਂ ਨੇ ਚਾਹਿਆ ਪਈ ਉਨ੍ਹਾਂ ਦੀ ਭਾਸ਼ਾ ਹੀ ਸਾਰੇ ਭਾਰਤ ਦੀ ਰਾਜਕੀ ਭਾਸ਼ਾ ਹੋਵੇ। ਇਹਦੇ ਕਾਰਨ ਵਾਦ- ਵਿਵਾਦ ਅਤੇ ਖੂਨੀ ਦੰਗੇ-ਫਸਾਦ ਵੀ ਹੋਏ। ਤੁਹਾਡੇ ਇੱਥੇ ਤਾਂ ਇਹੋ ਜਿਹਾ ਕੁਝ ਨਹੀਂ ਹੋਇਆ?”
ਅਬੂਤਾਲਿਬ-“ਇਕ ਵਾਰੀ ਦੋ ਮੁੰਡਿਆਂ ਵਿਚ ਏਤਰਾਂ ਦਾ ਝਗੜਾ ਹੋ ਪਿਆ ਸੀ। ਅਵਾਰ ਅਤੇ ਕਮਿਕ ਨਸਲ ਦੇ ਦੋ ਮੁੰਡੇ ਇਕ ਗਧੇ ਉਤੇ ਜਾ ਰਹੇ ਸਨ। ਅਵਾਰ ਨਸਲ ਦਾ ਮੁੰਡਾ ਚੀਕਣ ਡਿਹਾ ਸੀ-‘ਖਿਆ! ਖਆ। ਖਆਮਾ ‘ ਤੇ ਕੁਮਿਕ ਮੁੰਡਾ ਚੀਕਦਾ ਪਿਆ ਸੀ- ‘ਏਸ਼! ਏਸ਼! ਏਸ਼ੇਕ’ ਇਨ੍ਹਾਂ ਦੋਹਾਂ ਸ਼ਬਦਾਂ ਦਾ ਇਕ ਈ ਅਰਥ ਸੀ-ਗਧਾ। ਪਰ ਮੁੰਡਿਆਂ ਦਾ ਝਗੜਾ ਏਨਾ ਜ਼ਿਆਦਾ ਵਧ ਗਿਆ ਪਈ ਦੋਵੇਂ ਈ ਗਧੇ ਤੋਂ ਡਿੱਗ ਪਏ ਤੇ ‘ਖਆਮਾ’ ਤੇ ‘ਏਸ਼ੇਕ’ ਦੇ ਬਿਨਾਂ ਰਹਿ ਗਏ। ਖੈਰ, ਇਹ ਤਾਂ ਬੱਚਿਆਂ ਦਾ ਵਾਦ-ਵਿਵਾਦ ਏ। ਅਸੀਂ ਆਪਣੀਆਂ ਬੋਲੀਆਂ ਨੂੰ ਬਘਿਆੜੀਆਂ ਨਹੀਂ ਬਣਾਉਂਦੇ। ਉਹ ਸਾਨੂੰ ਚੀਰਦੀਆਂ- ਪਾੜਦੀਆਂ ਨਹੀਂ। ਸਾਡੇ ਏਥੇ ਤਾਂ ਇਹ ਵੀ ਆਖਿਆ ਜਾਂਦੈ- ‘ਘਰੇਲੂ ਮੂਰਖ ਆਪਣੇ ਗੁਆਂਢੀਆਂ ਦੀ ਨਿੰਦਿਆ ਕਰਦੈ, ਪਿੰਡ ਦਾ ਮੂਰਖ ਗੁਆਂਢ ਦੇ ਪਿੰਡ ਦੀ ਨਿੰਦਿਆ ਕਰਦੈ ਤੇ ਕੌਮੀ ਮੂਰਖ ਦੂਸਰੇ ਦੇਸ਼ਾਂ ਦੀ ਨਿੰਦਿਆ ਕਰਦੈ। ਜਿਹੜਾ ਬੰਦਾ ਕਿਸੇ ਦੂਸਰੀ ਭਾਸ਼ਾ ਦੇ ਬਾਰੇ ਕੁਝ ਬੁਰਾ ਕਹਿੰਦੈ, ਉਹਨੂੰ ਸਾਡੇ ਵੱਲ ਆਦਮੀ ਈ ਨਹੀਂ ਮੰਨਿਆ ਜਾਂਦਾ।”
ਸਵਾਲ-“ਤਾਂ ਤੁਸੀਂ ਇਹ ਕਹਿਣਾ ਚਾਹੁੰਦੇ ਓ ਪਈ ਇਸ ਸਵਾਲ ਨੂੰ ਲੈ ਕੇ ਤੁਹਾਡੇ ਏਥੇ ਵਾਦ-ਵਿਵਾਦ ਤੇ ਕਿਸੇ ਤਰ੍ਹਾਂ ਦੀਆਂ ਗਲਤ ਫਹਿਮੀਆਂ ਪੈਦਾ ਨਹੀਂ ਹੋਈਆਂ।”
ਅਬੂਤਾਲਿਬ-“ਵਾਦ-ਵਿਵਾਦ ਤਾਂ ਹੋਏ। ਪਰ ਸਾਡੀਆਂ ਭਾਸ਼ਾਵਾਂ ਦੇ ਮਾਮਲੇ
ਵਿਚ ਕਦੇ ਤੇ ਕਿਸੇ ਨੇ ਵੀ ਗੰਭੀਰ ਦਖ਼ਲ ਨਹੀਂ ਦਿੱਤਾ। ਸਾਡੇ ਨਾਵਾਂ ਦੇ ਮਾਮਲੇ ਵਿਚ ਵੀ। ਹਰ ਕੋਈ ਉਸ ਭਾਸ਼ਾ ਵਿਚ ਲਿਖ, ਪੜ੍ਹ, ਗਾ ਤੇ ਗੱਲਬਾਤ ਕਰ ਸਕਦੈ ਜਿਸ ਵਿਚ ਚਾਹੁੰਦੈ। ਇਹ ਸਾਬਤ ਕਰਦਿਆਂ ਹੋਇਆਂ ਬਹਿਸ ਤਾਂ ਕੀਤੀ ਜਾ ਸਕਦੀ ਏ ਪਈ ਫਲਾਣੀ ਚੀਜ਼ ਚੰਗੀ ਜਾਂ ਭੈੜੀ, ਸਹੀ ਜਾਂ ਗਲਤ ਤੇ ਸੁੰਦਰ ਜਾਂ ਕੁਰੂਪ ਏ ਪਰ ਭਲਾ ਪੂਰੀਆਂ ਦੀਆਂ ਪੂਰੀਆਂ ਨਸਲਾਂ ਜਾਂ ਨੀਮ ਨਸਲਾਂ ਗਲਤ, ਬੁਰੀਆਂ ਜਾਂ ਕੁਰੂਪ ਹੋ ਸਕਦੀਆਂ ਨੇ? ਜੇ ਇਸ ਵਿਸ਼ੇ ਤੇ ਵਾਦ-ਵਿਵਾਦ ਹੋਏ ਵੀ ਤਾਂ ਉਨ੍ਹਾਂ ਵਿਚ ਨਾ ਤਾਂ ਕਿਸੇ ਦੀ ਜਿੱਤ ਹੋਈ ਤੇ ਨਾ ਈ ਕਿਸੇ ਦੀ ਹਾਰ ਹੋਈ।”
ਸਵਾਲ-“ਫਿਰ ਵੀ ਭਲਾ ਇਹ ਜ਼ਿਆਦਾ ਚੰਗਾ ਨਹੀਂ ਹੋਵੇਗਾ ਪਈ ਦਾਗਿਸਤਾਨ ਵਿਚ ਇਕ ਹੀ ਨਸਲ ਤੇ ਇਕ ਹੀ ਭਾਸ਼ਾ ਹੋਵੇ?”
ਅਬੂਤਾਲਿਬ-“ ਅਨੇਕ ਲੋਕ ਇਉਂ ਕਹਿੰਦੇ ਨੇ। ‘ਕਾਸ਼! ਸਾਡੀ ਇਕੋ ਹੀ ਭਾਸ਼ਾ ਹੁੰਦੀ ! ਲੰਗੜੇ ਰਾਜਬਾਦਿਨ ਨੇ ਜਾਰਜੀਆ ਉਤੇ ਆਪਣੀ ਇਕ ਚੜ੍ਹਾਈ ਦੇ ਵਕਤ ਜ਼ਾਰ ਇਰਾਕਲੀ ਨੂੰ ਇਹ ਕਿਹਾ-‘ਇਸ ਸਾਰੀ ਮੁਸੀਬਤ ਦੀ ਜੜ੍ਹ ਇਹ ਏ ਪਈ ਅਸੀਂ ਇਕ ਦੂਸਰੇ ਦੀ ਭਾਸ਼ਾ ਨਹੀਂ ਜਾਣਦੇ।’ ਹਾਜੀ-ਮੁਰਾਤ ਨੇ ਹਾਈਦਾਕ ਤਾਬਾਸਾਰਾਨ ਤੋਂ ਆਪਣੇ ਇਮਾਮ ਨੂੰ ਇਹ ਲਿਖਿਆ-‘ਅਸੀਂ ਇਕ ਦੂਸਰੇ ਨੂੰ ਨਹੀਂ ਸਮਝੇ।
“ਬੇਸ਼ੱਕ ਇਹ ਜ਼ਿਆਦਾ ਚੰਗਾ ਰਹਿੰਦੈ, ਜਦੋਂ ਲੋਕ ਸੌਖਿਆਂ ਹੀ ਤੇ ਪਹਿਲੇ ਹੀ ਸ਼ਬਦ ਨਾਲ ਇਕ ਦੂਸਰੇ ਨੂੰ ਸਮਝ ਜਾਂਦੇ ਨੇ ਫਿਰ ਬਹੁਤ ਕੁਝ ਜ਼ਿਆਦਾ ਸੌਖਾ ਹੋ ਜਾਂਦੈ, ਕਿਤੇ ਘੱਟ ਮਿਹਨਤ ਨਾਲ ਬਹੁਤ ਕੁਝ ਪਰਾਪਤ ਕੀਤਾ ਜਾ ਸਕਦੈ। ਪਰ ਜੇ ਪਰਵਾਰ ਵਿਚ ਬਾਹਲੇ ਬੱਚੇ ਹੋਣ ਤਾਂ ਇਹਦੇ ਵਿਚ ਵੀ ਕੋਈ ਬੁਰੀ ਗੱਲ ਨਹੀਂ। ਪਰਵਾਰ ਨੂੰ ਹਰ ਬੱਚੇ ਦੀ ਚਿੰਤਾ ਕਰਨੀ ਚਾਹੀਦੀ ਏ। ਬਹੁਤ ਘੱਟ ਮਾਂ ਪਿਓ ਈ ਮਗਰੋਂ ਇਹਦੇ ਤੇ ਪਛਤਾਉਂਦੇ ਨੇ ਪਈ ਉਨ੍ਹਾਂ ਦੇ ਬੱਚੇ ਬਹੁਤ ਨੇ।
“ਕੁਝ ਲੋਕ ਕਹਿੰਦੇ ਨੇ- ਦੇਰਬੰਤ ਦੀਆਂ ਹੱਦਾਂ ਤੋਂ ਪਰ੍ਹਾਂ ਸਾਡੀ ਭਾਸ਼ਾ ਦੀ ਕਿਹਨੂੰ ਲੋੜ ਏ? ਸਾਨੂੰ ਤਾਂ ਓਥੇ ਕੋਈ ਵੀ ਨਹੀਂ ਸਮਝ ਸਕੇਗਾ।
“ ਦੂਸਰੇ ਕਹਿੰਦੇ ਨੇ- ਅਰਾਕਾਨ ਦੱਰਰੇ ਤੋਂ ਅਗਾਂਹ ਸਾਡੀ ਭਾਸ਼ਾ ਕਿਸ ਕੰਮ ਦੀ
टे?’ ਸਕਣਗੇ।’ “ਕੁਝ ਹੋਰ ਸ਼ਕਾਇਤ ਕਰਦੇ ਨੇ- ‘ਸਾਡੇ ਗੀਤ ਤਾਂ ਸਾਗਰ ਤੱਕ ਵੀ ਨਹੀਂ ਪਹੁੰਚ
“ਪਰ ਅਜਿਹੇ ਲੋਕ ਆਪਣੀਆਂ ਭਾਸ਼ਾਵਾਂ ਨੂੰ ਪੁਰਾਲੇਖ ਭਵਨਾਂ ਵਿਚ ਭੇਜਣ ਦੀ ਬਹੁਤ ਹੀ ਕਾਹਲੀ ਕਰਦੇ ਪਏ ਨੇ।”
ਸਵਾਲ-“ਸਮੇਕਨ ਜਾਂ ਇਕਜੁੱਟਤਾ ਦੇ ਬਾਰੇ ਤੁਹਾਡੀ ਕੀ ਰਾਏ ਏ?”
ਅਬੂਤਾਲਿਬ-“ਸਮੇਕਨ ਦੀ ਪਰਾਏ ਤੇ ਬੇਗਾਨੇ ਲੋਕਾਂ ਨੂੰ ਲੋੜ ਹੁੰਦੀ ਏ। ਭਰਾਵਾਂ ਨੇ ਸਮੇਕਨ ਤੋਂ ਕੀ ਲੈਣਾ ਦੇਣਾ ਏ।”
ਸਵਾਲ-“ਫਿਰ ਵੀ ਏਸ ਲਈ ਭਰਾ ਭਰਾ ਨਾਲ ਗੱਲ ਕਰ ਸਕੇ, ਉਨ੍ਹਾਂ ਦੀ ਇਕ ਹੀ ਭਾਸ਼ਾ ਹੋਣੀ ਚਾਹੀਦੀ ਏ?”
ਅਬੂਤਾਲਬ-“ਸਾਡੇ ਏਥੇ ਇਹੋ ਜਿਹੀ ਇਕ ਭਾਸ਼ਾ ਏ।”
ਸਵਾਲ-“ਕਿਹੜੀ ?”
ਅਬੂਤਾਲਿਬ-“ਉਹ ਭਾਸ਼ਾ ਜਿਹਦੇ ਵਿਚ ਏਸ ਵੇਲੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੇ ਪਏ ਆਂ ਹਾਂ। ਇਹ ਰੂਸੀ ਭਾਸ਼ਾ ਏ। ਇਹਨੂੰ ਅਵਾਰ, ਦਾਰਗੀਨ, ਲੇਜ਼ਗੀਨ, ਕੁਮਿਕ, ਲਾੱਕ ਤੇ ਤਾਤ ਸਾਰੀਆਂ ਨਸਲਾਂ ਦੇ ਲੋਕ ਸਮਝਦੇ ਨੇ।” (ਅਬੂਤਾਲਿਬ ਨੇ ਲੇਰਮੋਨਤੋਵ, ਪੁਸ਼ਕਿਨ ਤੇ ਲੈਨਿਨ ਦੀਆਂ ਤਸਵੀਰਾਂ ਵੱਲ ਇਸ਼ਾਰਾ ਕੀਤਾ) “ਇਨ੍ਹਾਂ ਨਾਲ ਤਾਂ ਅਸੀਂ ਇਕ ਦੂਸਰੇ ਨੂੰ ਬੜੀ ਚੰਗੀ ਤਰ੍ਹਾਂ ਸਮਝਨੇ ਆਂ।”
ਸਵਾਲ-“ਮੈਂ ਰਸੂਲ ਹਮਜ਼ਾਤੋਵ ਦੀਆਂ ਦੋ ਜਿਲਦਾਂ ਵਿਚ ਛਪੀਆਂ ਰਚਨਾਵਾਂ ਪੜ੍ਹੀਆਂ ਨੇ। ਪਹਿਲੀ ਜਿਲਦ ਵਿਚ ‘ਮਾਂ ਬੋਲੀ’ ਨਾਂ ਦੀ ਕਵਿਤਾ ਵਿਚ ਉਨ੍ਹਾਂ ਨੇ ਅਵਾਰ ਬੋਲੀ ਦਾ ਗੁਣਗਾਣ ਕੀਤੈ, ਪਰ ਦੂਸਰੀ ਜਿਲਦ ਵਿਚ ਇਸੇ ਸਿਰਲੇਖ ਦੀ ਕਵਿਤਾ ਵਿਚ ਉਨ੍ਹਾਂ ਨੇ ਰੂਸੀ ਭਾਸ਼ਾ ਦੀ ਉਸਤਤ ਕੀਤੀ ਏ। ਭਲਾ ਇਕੋ ਵੇਲੇ ਦੋ ਘੋੜਿਆਂ ਉਤੇ ਸਵਾਰ ਹੋਇਆ ਜਾ ਸਕਦੈ? ਅਸੀਂ ਕਿਸ ਹਮਜ਼ਾਤੋਵ ਉਤੇ ਵਿਸ਼ਵਾਸ ਕਰੀਏ-ਪਹਿਲੀ ਜਾਂ ਦੂਸਰੀ ਜਿਲਦ ਵਾਲੇ ਹਮਜ਼ਾਤੋਵ ਉਤੇ?”
ਅਬੂਤਾਲਿਬ-“ਇਸ ਸਵਾਲ ਦਾ ਖੁਦ ਰਸੂਲ ਹਮਜ਼ਾਤੋਵ ਹੀ ਜਵਾਬ ਦੇਣ।”
ਰਸੂਲ-“ਮੈਂ ਵੀ ਇਹੀ ਸਮਝਨਾਂ ਪਈ ਇਕੋ ਵੇਲੇ ਦੋ ਘੋੜਿਆਂ ਤੇ ਸਵਾਰ ਨਹੀਂ ਹੋਇਆ ਜਾ ਸਕਦਾ। ਪਰ ਦੇ ਘੋੜਿਆਂ ਨੂੰ ਇਕੋ ਈ ਗੱਡੀ ਜਾਂ ਬੱਘੀ ‘ਚ ਜੋਇਆ ਜਾ ਸਕਦੇ। ਦੋਵੇਂ ਬੱਘੀ ਨੂੰ ਖਿੱਚਣ। ਦੇ ਘੋੜੇ-ਦੋ ਭਾਸ਼ਾਵਾਂ ਦਾਗਿਸਤਾਨ ਨੂੰ ਅੱਗੇ ਲੈ ਜਾਂਦੀਆਂ ਨੇਂ। ਉਨ੍ਹਾਂ ਵਿਚੋਂ ਇਕ ਰੂਸੀ ਏ ਤੇ ਦੂਜੀ ਸਾਡੀ-ਅਵਾਰ ਨਸਲ ਵਾਲਿਆਂ ਲਈ ਅਵਾਰ ਲਾਕਾਂ ਲਈ ਲਾਕ। ਮੈਨੂੰ ਆਪਣੀ ਮਾਂ ਬੋਲੀ ਪਿਆਰੀ ਏ। ਮੈਨੂੰ ਆਪਣੀ ਦੂਜੀ ਮਾਂ ਬੋਲੀ ਵੀ ਪਿਆਰੀ ਏ ਜਿਹੜੀ ਮੈਨੂੰ ਇਨ੍ਹਾਂ ਪਰਬਤਾਂ, ਇਨ੍ਹਾਂ ਪਹਾੜੀ ਪਗਡੰਡੀਆਂ ਵਿਚੋਂ ਪਰਿਥਵੀ ਦੇ ਖੁੱਲ੍ਹੇ ਵਿਸਤਾਰ, ਬਹੁਤ ਵੱਡੀ ਤੇ ਖੁਸ਼ਹਾਲ ਦੁਨੀਆਂ ਵਿਚ ਲੈ ਗਈ। ਸੱਕੇ ਨੂੰ ਈ ਮੈਂ ਸੱਕਾ ਕਹਿਨਾਂ ਮੈਂ ਹੋਰ ਕੁਝ ਕਰ ਈ ਨਹੀਂ ਸਕਦਾ।”
ਸਵਾਲ-“ਇਸ ਸਬੰਧ ਵਿਚ ਮੈਂ ਰਸੂਲ ਹਮਜ਼ਾਤੋਵ ਤੋਂ ਕੁਝ ਹੋਰ ਵੀ ਪੁੱਛਣਾ ਚਾਹੁੰਨਾਂ। ਆਪਣੀ ਕਵਿਤਾ ਵਿਚ ਉਨ੍ਹਾਂ ਨੇ ਲਿਖਿਐ-‘ਜੇ ਅਵਾਰ ਭਾਸ਼ਾ ਦੀ ਕਿਸਮਤ ਵਿਚ ਕੱਲ੍ਹ ਮਰਨਾ ਲਿਖਿਐ ਤਾਂ ਮੈਂ ਦਿਲ ਦੇ ਦੌਰੇ ਨਾਲ ਅੱਜ ਹੀ ਮਰ ‘ਜਾਂ।’ ਪਰ ਤੁਹਾਡੇ ਏਧਰ ਤਾਂ ਇਹ ਵੀ ਆਖਿਆ ਜਾਂਦਾ ਪਈ ‘ਜਦੋਂ ਵੱਡਾ ਆ ਜਾਏ ਤਾਂ ਛੋਟੇ ਨੂੰ ਉੱਠ ਕੇ ਖੜ੍ਹੇ ਹੋ ਜਾਣਾ ਚਾਹੀਦੈ।’ ਰੂਸੀ ਭਾਸ਼ਾ ਆ ਗਈ। ਭਲਾ ਛੋਟੀ, ਸਥਾਨਕ ਭਾਸ਼ਾ ਨੂੰ ਉਹਦੇ ਲਈ ਆਪਣੀ ਥਾਂ ਛੱਡਣੀ ਨਹੀਂ ਚਾਹੀਦੀ? ਤੁਹਾਡੇ ਲੋਕਾਂ ਦੇ ਸ਼ਬਦਾਂ ਵਿਚ ਈ ਸਿਰ ਉਤੇ ਦੋ ਟੋਪੀਆਂ ਇਕੱਠੀਆਂ ਨਹੀਂ ਪਾਉਣੀਆਂ ਚਾਹੀਦੀਆਂ ਜਾਂ ਕਾਹਦੇ ਲਈ ਇਕੱਠੀਆਂ ਈ ਦੋ ਸਿਗਰਟਾਂ ਮੂੰਹ ਵਿਚ ਪਾ ਲਈਆਂ ਜਾਣ?”
ਰਸੂਲ-“ ਭਾਸ਼ਾਵਾਂ ਨਾ ਤਾਂ ਟੋਪੀਆਂ ਨੇ ਤੇ ਨਾ ਹੀ ਸਿਗਰਟਾਂ। ਭਾਸ਼ਾ ਦੀ ਭਾਸ਼ਾ ਨਾਲ ਦੁਸ਼ਮਣੀ ਨਹੀਂ ਹੁੰਦੀ। ਇਕ ਗੀਤ ਦੂਸਰੇ ਗੀਤ ਨੂੰ ਕਤਲ ਨਹੀਂ ਕਰਦਾ। ਪੁਸ਼ਕਿਨ ਦੇ ਦਾਗਿਸਤਾਨ ਵਿਚ ਆ ਜਾਣ ਤੇ ਮਹਿਮੂਦ ਨੂੰ ਆਪਣੀ ਮਾਤਭੂਮੀ ਨਹੀਂ ਛੱਡਣੀ ਚਾਹੀਦੀ। ਲੇਰਮੋਨਤੋਵ ਕਾਹਦੇ ਲਈ ਬਾਤੀਰਾਏ ਦੀ ਥਾਂ ਲਏ। ਜੇ ਕੋਈ ਚੰਗਾ ਦੋਸਤ ਸਾਡੇ ਨਾਲ ਹੱਥ ਮਿਲਾਉਂਦਾ ਏ ਤਾਂ ਸਾਡਾ ਹੱਥ ਉਹਦੇ ਹੱਥ ਵਿਚ ਗਾਇਬ ਨਹੀਂ ਹੋ ਜਾਂਦਾ। ਉਹ ਵਧੇਰੇ ਗਰਮ ਤੇ ਮਜ਼ਬੂਤ ਈ ਹੋ ਜਾਂਦਾ ਏ। ਭਾਸ਼ਾਵਾਂ ਸਿਗਰਟਾਂ ਨਹੀਂ, ਜੀਵਨ ਦੇ ਚਿਰਾਗ਼ ਨੇ। ਮੇਰੇ ਦੋ ਚਿਰਾਗ਼ ਨੇ। ਇਕ ਨੇ ਪਿਤਾ ਪੁਰਖੀ ਘਰ ਦੀ ਖਿੜਕੀ ਤੋਂ ਮੇਰਾ ਰਾਹ ਰੋਸ਼ਨ ਕੀਤਾ। ਉਹਨੂੰ ਮੇਰੀ ਮਾਂ ਨੇ ਜਗਾਇਆ ਸੀ ਤਾਂ ਕਿ ਮੈਂ ਰਾਹ ਵਿਚ ਭਟਕ ਨਾ ਜਾਵਾਂ। ਜੇ ਇਹ ਚਿਰਾਗ਼ ਬੁਝ ਜਾਏਗਾ ਤਾਂ ਸੱਚਮੁੱਚ ਮੇਰਾ ਜੀਵਨ ਚਿਰਾਗ਼ ਵੀ ਬੁਝ ਨਾ ਜਾਏਗਾ? ਜੇ ਮੈਂ ਸਰੀਰਕ ਰੂਪ ਵਿਚ ਨਹੀਂ ਮਰਾਂਗਾ ਤਾਂ ਵੀ ਮੇਰਾ ਜੀਵਨ ਡੂੰਘੇ ਹਨ੍ਹੇਰੇ ਵਿਚ ਡੁੱਬ ਜਾਏਗਾ। ਦੂਸਰਾ ਚਿਰਾਗ਼ ਮੇਰੇ ਮਹਾਨ ਦੇਸ਼, ਮੇਰੀ ਵੱਡੀ ਮਾਤਭੂਮੀ ਰੂਸ ਨੇ ਜਗਾਇਆ ਏ ਤਾਂ ਕਿ ਮੈਂ ਵੱਡੀ ਦੁਨੀਆਂ ਵਿਚ ਆਪਣਾ ਰਾਹ ਨਾ ਭੁੱਲ ਜਾਵਾਂ। ਉਹਦੇ ਤੋਂ ਬਿਨਾਂ ਮੇਰਾ
ਜੀਵਨ ਹਨ੍ਹੇਰਾ ਤੇ ਤੁੱਛ ਹੋ ਜਾਏਗਾ।” ਅਬੂਤਾਲਿਬ-“ਪੱਥਰ ਚੁੱਕਣਾ ਕਿਵੇਂ ਜ਼ਿਆਦਾ ਸੌਖੈ? ਇਕ ਹੱਥ ਨਾਲ ਮੋਢੇ ਉਤੋਂ ਦੀ ਜਾਂ ਦੋਹਾਂ ਹੱਥਾਂ ਨਾਲ ਛਾਤੀ ਉਤੋਂ ਦੀ?”
ਸਵਾਲ-“ਫਿਰ ਵੀ ਪਹਾੜੀ ਲੋਕ ਆਪਣੇ ਉਨ੍ਹਾਂ ਘਰਾਂ ਨੂੰ ਛੱਡ ਕੇ ਜਾ ਰਹੇ ਨੇ ਜਿੱਥੇ ਉਨ੍ਹਾਂ ਦੀਆਂ ਮਾਵਾਂ ਨੇ ਚਿਰਾਗ਼ ਜਗਾਏ ਸਨ ਤੇ ਉਹ ਜਾ ਕੇ ਮੈਦਾਨਾਂ ਵਿਚ ਵੱਸਦੇ ਪਏ ਨੇ?”
ਅਬੂਤਾਲਿਬ-“ਪਰ ਦੂਸਰੀਆਂ ਥਾਵਾਂ ਤੇ ਜਾ ਕੇ ਵੱਸਣ ਵੇਲੇ ਉਹ ਆਪਣੀ ਬੋਲੀ ਤੇ ਨਾਂਅ ਵੀ ਨਾਲ ਲੈ ਜਾਂਦੇ ਨੇ। ਉਹ ਆਪਣੀ ਸਮੂਰੀ ਟੋਪੀ ਵੀ ਲਜਾਣਾ ਨਹੀਂ ਭੁੱਲਦੇ। ਉਨ੍ਹਾਂ ਦੀਆਂ ਖਿੜਕੀਆਂ ਵਿਚ ਰੋਸ਼ਨੀ ਵੀ ਉਹੀ ਜਗਮਗਾਉਂਦੀ ਏ।”
ਸਵਾਲ-“ ਪਰ ਨਵੀਆਂ ਥਾਵਾਂ ਤੇ ਨੌਜਵਾਨ ਅਕਸਰ ਦੂਜੀਆਂ ਨਸਲਾਂ ਦੀਆਂ ਮੁਟਿਆਰਾਂ ਨਾਲ ਵਿਆਹ ਕਰਵਾ ਲੈਂਦੇ ਨੇ। ਉਹ ਕਿਸ ਬੋਲੀ ਵਿਚ ਗੱਲ ਕਰਦੇ ਨੇ? 3 ਬਾਅਦ ਵਿਚ ਉਨ੍ਹਾਂ ਦੇ ਬੱਚੇ ਕਿਸ ਬੋਲੀ ਵਿਚ ਗੱਲ ਕਰਦੇ ਨੇ?”
ਅਬੂਤਾਲਿਬ-“ਸਾਡੇ ਏਧਰ ਇਕ ਪੁਰਾਣਾ ਕਿੱਸਾ ਏ। ਇਕ ਨੌਜਵਾਨ ਨੂੰ ਕਿਸੇ ਦੂਸਰੀ ਨਸਲ ਦੀ ਮੁਟਿਆਰ ਨਾਲ ਮੁਹੱਬਤ ਹੋ ਗਈ ਤੇ ਉਹਨੇ ਉਹਦੇ ਨਾਲ ਵਿਆਹ ਕਰਨ ਦਾ ਫੈਸਲਾ ਕਰ ਲਿਆ। ਮੁਟਿਆਰ ਨੇ ਆਖਿਆ-‘ਮੈਂ ਤੇਰੇ ਨਾਲ ਉਦੋਂ ਵਿਆਹ ਕਰਾਂਵਾਂਗੀ ਜਦੋਂ ਤੂੰ ਮੇਰੀਆਂ ਸੌ ਖਾਹਸ਼ਾਂ ਪੂਰੀਆਂ ਕਰ ਦੇਵੇਂਗਾ। ਨੌਜਵਾਨ ਉਹਦੇ ਖਬਤ ਪੂਰੇ ਕਰਨ ਲੱਗਾ। ਸਭ ਤੋਂ ਪਹਿਲਾਂ ਤਾਂ ਉਹਨੇ ਨੌਜਵਾਨ ਨੂੰ ਅਜਿਹੀ ਚੱਟਾਨ ਉਤੇ ਚੜ੍ਹਨ ਲਈ ਮਜਬੂਰ ਕੀਤਾ ਜਿਸ ਵਿਚ ਪੈਰ ਅੜਾਉਣ ਵਾਸਤੇ ਕੋਈ ਥਾਂ ਨਹੀਂ ਸੀ। ਇਸ ਤੋਂ ਬਾਅਦ ਇਸ ਚੱਟਾਨ ਤੋਂ ਹੇਠਾਂ ਛਾਲ ਮਾਰਨ ਲਈ ਕਿਹਾ। ਨੌਜਵਾਨ ਨੇ ਛਾਲ ਮਾਰ ਦਿੱਤੀ। ਉਹਦੀ ਲੱਤ ਉਤੇ ਸੱਟ ਲੱਗੀ। ਮੁਟਿਆਰ ਨੇ ਤੀਜੀ ਖ਼ਾਹਸ਼ ਇਹ ਦੱਸੀ ਪਈ ਉਹ ਲੰਗੜਾਏ ਬਿਨਾਂ ਤੁਰੇ। ਖੈਰ, ਨੌਜਵਾਨ ਨੇ ਲੰਗੜਾਉਣਾ ਬੰਦ ਕਰ ਦਿੱਤਾ। ਮੁਟਿਆਰ ਨੇ ਉਹਨੂੰ ਤਰ੍ਹਾਂ ਤਰ੍ਹਾਂ ਦੇ ਕੰਮ ਸੌਂਪੇ, ਜਿਵੇਂ ਖੁਰਜੀ ਨੂੰ ਭਿੱਜਣ ਨਾ ਦੇ ਕੇ ਤੈਰਦਿਆਂ ਹੋਇਆਂ ਨਦੀ ਨੂੰ ਪਾਰ ਕਰੇ। ਸਰਪਟ ਦੌੜੇ ਆਉਂਦੇ ਘੋੜੇ ਨੂੰ ਰੋਕ ਦੇਵੇ। ਘੋੜੇ ਨੂੰ ਗੋਡਿਆਂ ਭਾਰ ਹੋਣ ਲਈ ਮਜਬੂਰ ਕਰੇ। ਇਥੋਂ ਤੱਕ ਕਿ ਉਹ ਸੇਬ ਨੂੰ ਵੀ ਕੱਟ ਸੁਟੇ ਜਿਹਨੂੰ ਮੁਟਿਆਰ ਨੇ ਆਪਣੀ ਛਾਤੀ ਉਤੇ ਰੱਖ ਲਿਆ ਸੀ… ਨੌਜਵਾਨ ਨੇ ਮੁਟਿਆਰ ਦੇ 99 ਹੁਕਮ ਪੂਰੇ ਕਰ ਦਿੱਤੇ। ਸਿਰਫ ਇਕੋ ਹੀ ਬਾਕੀ ਰਹਿ ਗਿਆ। ਫਿਰ ਮੁਟਿਆਰ ਨੇ ਕਿਹਾ- ‘ਹੁਣ ਤੂੰ ਆਪਣੀ ਮਾਂ, ਪਿਓ, ਤੇ ਬੋਲੀ ਨੂੰ ਭੁੱਲ ਜਾ।’ ਇਹ ਸੁਣਦਿਆਂ ਈ ਨੌਜਵਾਨ ਛਾਲ ਮਾਰ ਕੇ ਘੋੜੇ ਤੇ ਸਵਾਰ ਹੋ ਗਿਆ ਤੇ ਸਦਾ ਸਦਾ ਲਈ ਉਹਦੇ ਨਾਲੋਂ ਨਾਤਾ ਤੋੜ ਕੇ ਚਲਾ ਗਿਆ।”
ਸਵਾਲ-“ਕਿੱਸਾ ਖੂਬਸੂਰਤ ਏ। ਪਰ ਹਕੀਕਤ ਕੀ ਏ?”
ਅਬੂਤਾਲਿਬ-“ ਹਕੀਕਤ ਤਾਂ ਇਹ ਏ ਪਈ ਕੋਈ ਨੌਜਵਾਨ ਤੇ ਮੁਟਿਆਰ ਜਦੋਂ ਦੰਪਤੀ ਜੀਵਨ ਸ਼ੁਰੂ ਕਰਦੇ ਨੇ ਤਾਂ ਆਪਣੇ ਉਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਲੈਂਦੇ ਨੇ। ਪਰ ਕੋਈ ਵੀ ਦੂਸਰੇ ਨੂੰ ਆਪਣੀ ਭਾਸ਼ਾ ਭੁੱਲ ਜਾਣ ਲਈ ਨਹੀਂ ਕਹਿੰਦਾ। ਇਹਦੇ ਉਲਟ, ਹਰ ਕੋਈ ਦੂਸਰੇ ਦੀ ਭਾਸ਼ਾ ਨੂੰ ਜਾਣਨ ਦੀ ਕੋਸ਼ਿਸ਼ ਕਰਦੈ।
“ਹਕੀਕਤ ਤਾਂ ਇਹ ਪਈ ਏ ਅਸੀਂ ਬੜੀ ਉਦਾਸੀ ਨਾਲ ਤੇ ਫਿਟਕਾਰਦਿਆਂ ਹੋਇਆਂ ਉਨ੍ਹਾਂ ਵਲ ਵੇਖਨੇ ਆਂ ਜਿਹੜੇ ਆਪਣੇ ਮਾਂ-ਪਿਓ ਦੀ ਭਾਸ਼ਾ ਨਹੀਂ ਜਾਣਦੇ। ਖੁਦ ਬੱਚੇ ਹੀ ਮਾਂ ਪਿਓ ਦੀ ਇਸ ਲਈ ਨਿੰਦਿਆ ਕਰਨ ਲੱਗ ਪੈਂਦੇ ਨੇ ਪਈ ਉਨ੍ਹਾਂ ਨੇ ਉਨ੍ਹਾਂ ਨੂੰ ਆਪਣੀ ਭਾਸ਼ਾ ਨਹੀਂ ਸਿਖਾਈ। ਅਜੇਹੇ ਲੋਕਾਂ ਉਤੇ ਤਰਸ ਆਉਂਦੈ।
“ਹਕੀਕਤ ਇਹ ਏ ਪਈ ਅਸੀਂ ਤੁਹਾਡੇ ਸਾਮ੍ਹਣੇ ਬੈਠੇ ਆਂ। ਇਹ ਪਈਆਂ ਨੇ ਸਾਡੀਆਂ ਕਵਿਤਾਵਾਂ, ਕਹਾਣੀਆਂ, ਨਾਵਲਿਟ ਤੇ ਕਿਤਾਬਾਂ। ਇਹ ਨੇ ਸਾਡੀਆਂ ਅਖਬਾਰਾਂ ਤੋਂ ਇਹ ਨੇ ਸਾਡੇ ਰਬਾ ਕਣ ਸਿੱਖ ਵੱਖ ਭਾਸ਼ਾਵਾਂ ਵਿਚ ਛਪਦੀਆਂ ਨੇ ਤੇ ਹਰ ਸਾਲ ਵੱਧ ਤੋਂ ਵੱਧ ਗਿਣਤੀ ਵਿਚ ਖਾਧੀਆਂ ਜਾਂਦੀਆਂ ਨੇ। ਇਸ ਵਿਰਾਟ ਦੇਸ਼ ਨੇ ਸਾਡੀਆਂ ਬੋਲੀਆਂ ਨੂੰ ਪਿਛੇ ਨਹੀਂ ਧੱਕਛਾਪ ਉਹਨੇ ਇਨ੍ਹਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਏ, ਉਨ੍ਹਾਂ ਦੀ ਕੀਤੀ ਇੱਕ ਉਚਤਾ ਗਿਆ ਵਾਂਗੂੰ ਨਾਲ ਗੱਲ ਕਰਦੈ।* ਅਸੀਂ ਦੂਸਰਿਆਂ ਨੂੰ ਵੇਖਨੇਂ ਆਂ ਤੇ ਦੂਸਰੇ ਸਾਨੂੰ ਵੇਖਦੇ ਨੇ। ਜੇ ਇਉਂ ਨਾ ਹੁੰਦਾ ਤਾਂ ਤੁਸੀਂ ਵੀ ਸਾਡੇ ਬਾਰੇ ਕੁਝ ਨਾ ਸੁਣਿਆ ਹੁੰਦਾ, ਸਾਡੇ ਵਿਚ ਕੋਈ ਦਿਲਸਚਪੀ ਨਾ ਲਈ ਹੁੰਦੀ। ਸਾਡੀ ਇਹ ਮੁਲਾਕਾਤ ਵੀ ਨਾ ਹੁੰਦੀ। ਸੋ, ਹਕੀਕਤ ਤਾਂ ਇਹੋ ਜਿਹੀ प्टे…।”
ਸਵਾਲ-ਜਵਾਬ, ਸਵਾਲ-ਜਵਾਬ ਜੇ ਵਕਤ ਹੁੰਦਾ ਤਾਂ ਲੱਗਦਾ ਹੈ ਕਿ ਸਾਡਾ ਇਹ ਸੰਮੇਲਨ ਕਦੇ ਖਤਮ ਨਾ ਹੁੰਦਾ। ਸਾਰੇ ਜਨਗਣਾਂ ਵਿਚ ਲਗਾਤਾਰ ਭਾਸ਼ਾ ਦੇ ਬਾਰੇ ਗੱਲਬਾਤ ਹੁੰਦੀ ਰਹੀ ਹੈ ਤੇ ਹੋ ਰਹੀ ਹੈ ਪਰ ਇਸ ਗੱਲਬਾਤ ਦਾ ਕਦੇ ਵੀ ਅੰਤ ਹੁੰਦਾ ਨਜ਼ਰ ਨਹੀਂ ਆਉਂਦਾ।
“ਸਾਡਾ ਇਹ ਪੱਤਰਕਾਰ ਸੰਮੇਲਨ ਝੁਮਰ, ਨਾਚ-ਗਾਣੇ ਦੀ ਖੇਡ ਵਰਗੈ ਜਿਸ ਵਿਚ ਕੁਝ ਲੋਕ ਸਵਾਲ ਪੁੱਛਦੇ ਨੇ ਤੇ ਦੂਜੇ ਜਵਾਬ ਦਿੰਦੇ ਨੇ।” ਇਸ ਤਰ੍ਹਾਂ ਦੇ ਸੰਮੇਲਨ ਦੇ ਆਦੀ ਨਾ ਹੋਣ ਕਾਰਨ ਬੁਰੀ ਤਰ੍ਹਾਂ ਥੱਕੇ ਹਾਰ ਅਬੂਤਾਲਿਬ ਨੇ ਆਖਰ ਵਿਚ ਕਿਹਾ।
ਸਵਾਲ- ਇਹ ਤਾਂ ਕਮਾਨ ਵਿਚੋਂ ਛੱਡਿਆ ਹੋਇਆ ਉਹ ਤੀਰ ਹੈ ਜਿਹੜਾ ਕਿਤੇ ਵੀ ਡਿੱਗ ਸਕਦਾ ਹੈ। ਜਵਾਬ-ਇਹ ਤਾਂ ਨਿਸ਼ਾਨੇ ਤੇ ਜਾ ਲੱਗਣ ਵਾਲਾ ਤੀਰ ਹੈ। ਸਵਾਲ-ਜਵਾਬ। ਸਵਾਲੀਆ ਨਿਸ਼ਾਨ-ਵਿਸਮਿਕ ਚਿੰਨ੍ਹ। ਅਤੀਤ-ਸਵਾਲ ਹੈ। ਵਰਤਮਾਨ- ਜਵਾਬ ਹੈ।
ਪੁਰਾਣਾ ਦਾਗਿਸਤਾਨ ਪੱਥਰ ਉਤੇ ਬੈਠੀ ਹੋਈ ਬੁੱਢੀ ਵਰਗਾ ਹੈ। ਉਹ ਸਵਾਲੀਆ ਨਿਸ਼ਾਨ ਸੀ। ਅੱਜ ਦਾ ਦਾਗਿਸਤਾਨ- ਵਿਸਮਿਕ ਚਿੰਨ੍ਹ ਹੈ। ਉਹ ਮਿਆਨ ਵਿਚੋਂ ਨਿਕਲੀ ਹੋਈ ਅਤੇ ਤਣੀ ਹੋਈ ਤਲਵਾਰ ਹੈ। ਜਦੋਂ ਦਾਗਿਸਤਾਨ ਵਿਚ ਇਨਕਲਾਬ ਪਹੁੰਚਿਆ ਤਾਂ ਉਸ ਤੋਂ ਡਰਨ ਵਾਲੇ ਲੋਕਾਂ ਨੇ ਕਿਹਾ ਕਿ ਛੇਤੀ ਹੀ ਨਸਲਾਂ, ਬੋਲੀਆਂ, ਨਾਂਅ ਅਤੇ ਰੰਗ ਅਲੋਪ ਹੋ ਜਾਣਗੇ। ਸਾਡੀਆਂ ਔਰਤਾਂ ਦਾ ਮੇਸੇਦਾ ਨਾਂਅ ਮਾਰੂਸੇਯਾ ਬਣ ਜਾਏਗਾ ਅਤੇ ਮਰਦਾਂ ਦਾ ਮੂਸਾ ਨਾਂਅ ਵਾਸਿਆ ਹੋ ਜਾਏਗਾ। ਇਹ ਵੀ ਕਿਹਾ ਗਿਆ ਕਿ ਆਦਮੀ ਨੂੰ ਇਹ ਤੱਕ ਸੋਚਣ ਦੀ ਫੁਰਸਤ ਨਹੀਂ ਹੋਵੇਗੀ ਕਿ ਉਹ ਕਿਸ ਨਸਲ ਤੇ ਕਿਸ ਥਾਂ ਦਾ ਹੈ। ਸਾਰਿਆਂ ਨੂੰ ਇਕ ਸਾਂਝੇ ਕੰਬਲ ਹੇਠਾਂ ਲਿਟਾ ਦਿੱਤਾ ਜਾਵੇਗਾ। ਬਾਅਦ ਵਿਚ ਜ਼ਿਆਦਾ ਤਾਕਤਵਰ ਲੋਕ ਕੰਬਲ ਨੂੰ ਆਪਣੇ ਵੱਲ ਖਿੱਚ ਲੈਣਗੇ ਅਤੇ ਜ਼ਿਆਦਾ ਕਮਜ਼ੋਰ ਲੋਕ ਠੰਢ ਨਾਲ ਕੰਬਦੇ ਰਹਿ ਜਾਣਗੇ।
ਦਾਗਿਸਤਾਨ ਨੇ ਇਹੋ ਜਿਹੇ ਲੋਕਾਂ ਦੀਆਂ ਗੱਲਾਂ ਤੇ ਕੰਨ ਨਹੀਂ ਧਰਿਆ। ਪਰਬਤੀ ਸਰਕਾਰ ਦੇ ਮੈਂਬਰ, ਹੈਦਰ ਬਾਮਾਤੋਵ ਨੇ ਵਿਦੇਸ਼ ਜਾਣ ਵੇਲੇ ਜਹਾਜ਼ ਉਤੇ ਚੜ੍ਹਦਿਆਂ ਹੋਇਆਂ ਕਿਹਾ ਸੀ- “ਉਨ੍ਹਾਂ ਦੀਆਂ ਆਤਮਾਵਾਂ ਨੇ ਮੇਰੇ ਸ਼ਬਦਾਂ ਨੂੰ ਸਵੀਕਾਰ ਨਹੀਂ ਕੀਤਾ। ਵੇਖਾਂਗੇ ਪਈ ਅੱਗੇ ਕੀ ਹੁੰਦੈ।”
ਅੱਗੇ ਕੀ ਹੋਇਆ, ਇਹ ਸਾਰੇ ਦੇਖ ਰਹੇ ਹਨ। ਇਸਨੂੰ ਪੁਸਤਕ ਵਿਚ ਲਿਖਿਆ ਜਾ ਚੁੱਕਾ ਹੈ। ਗੀਤਾਂ ਵਿਚ ਗਾਇਆ ਜਾ ਚੁੱਕਾ ਹੈ। ਜਿਨ੍ਹਾਂ ਦੇ ਕੰਨ ਹਨ- ਉਹ ਸੁਣ ਲੈਣਗੇ, ਜਿਨ੍ਹਾਂ ਦੀਆਂ ਅੱਖਾਂ ਹਨ-ਉਹ ਵੇਖ ਲੈਣਗੇ।
ਇਕ ਪਹਾੜੀਏ ਨੇ ਸਾਂਝੇ ਕੰਬਲ ਤੋਂ ਡਰ ਕੇ ਦਾਗਿਸਤਾਨ ਛੱਡ ਦਿੱਤਾ ਅਤੇ ਤੁਰਕੀ ਚਲਾ ਗਿਆ। ਪੰਜਾਹ ਸਾਲ ਮਗਰੋਂ ਉਹ ਦਾਗਿਸਤਾਨ ਵਿਚ ਇਹ ਵੇਖਣ ਲਈ ਆਇਆ ਕਿ ਸਾਡੇ ਏਥੇ ਜ਼ਿੰਦਗੀ ਦਾ ਰੰਗ ਢੰਗ ਕਿਹਾ ਜਿਹਾ ਹੈ। ਮੈਂ ਉਹਨੂੰ ਮਖ਼ਾਚ ਕਲਾ ਵਿਚ ਜਿਹਨੂੰ ਪਹਿਲਾਂ ਪੋਰਟ-ਪਿਤਰੋਵਸਕ ਕਿਹਾ ਜਾਂਦਾ ਸੀ, ਘੁੰਮਣ ਲਈ ਸੱਦਾ ਦਿੱਤਾ। ਰੂਸੀ ਜ਼ਾਰ ਦੇ ਨਾਂਅ ਵਾਲੇ ਸ਼ਹਿਰ ਦਾ ਹੁਣ ਦਾਗਿਸਤਾਨ ਦੇ ਇਨਕਲਾਬੀ ਮਖ਼ਾਚ ਦੇ ਨਾਂਅ ਉਤੇ ਨਾਂਅ ਰੱਖਿਆ ਹੋਇਆ ਹੈ। ਮੈਂ ਮਹਿਮਾਨ ਨੂੰ ਦਾਗਿਸਤਾਨ ਦੇ ਸਪੁੱਤਰਾਂ- ਬਾਤੀਰਾਏ, ਉਲੂਬੀ, ਕਾਪੀਯੇਵ-ਦੇ ਮਾਣ ਵਿਚ ਬਣੀਆਂ ਉਨ੍ਹਾਂ ਦੇ ਨਾਵਾਂ ਵਾਲੀਆਂ ਸੜਕਾਂ ਵਿਖਾਈਆਂ। ਮਹਿਮਾਨ ਸਾਗਰ ਕੰਢੇ ਦੇ ਚੌਂਕ ਵਿਚ ਸੁਲੇਮਾਨ ਸਤਾਲਸਕੀ ਦੀ ਯਾਦਗਾਰ ਦੇਰ ਤੱਕ ਵੇਖਦਾ ਰਿਹਾ। ਲੈਨਿਨ ਸੜਕ ਉਤੇ ਉਸਨੇ ਮੇਰੇ ਪਿਤਾ—ਹਮਜ਼ਾਤ ਤਸਾਦਾਸਾ-ਦੀ ਯਾਦਗਾਰ ਵੇਖੀ। ਪਤਾ ਲੱਗਾ ਕਿ ਦਾਗਿਸਤਾਨ ਛੱਡ ਕੇ ਜਾਣ ਤੋਂ ਪਹਿਲਾਂ ਉਹ ਮੇਰੇ ਪਿਤਾ ਜੀ ਨੂੰ ਜਾਣਦਾ ਸੀ।
ਵਿਗਿਆਨ ਅਕਾਦਮੀ ਦੀ ਸ਼ਾਖਾ ਦੇ ਵਿਦਵਾਨਾਂ ਨੇ ਉਹਦੇ ਨਾਲ ਮੁਲਾਕਾਤ ਕੀਤੀ। ਉਸਨੇ ਇਤਿਹਾਸ, ਭਾਸ਼ਾ ਅਤੇ ਸਾਹਿਤ ਦੇ ਵਿਗਿਆਨਕ ਖੋਜ ਇੰਸਟੀਚਿਊਟ ਦੇ ਹਮਕਾਰਕੁਨਾਂ ਨਾਲ ਗੱਲਬਾਤ ਕੀਤੀ। ਉਸਨੇ ਦਾਗਿਸਤਾਨ ਦੇ ਇਤਿਹਾਸ ਅਤੇ ਕਲਾਭਵਨਾਂ ਦੇ ਹਾਲ ਵੇਖੇ। ਉਹ ਯੂਨੀਵਰਸਿਟੀ ਵੀ ਗਿਆ ਜਿੱਥੇ ਪਹਾੜੀ ਗੱਭਰੂ- ਮੁਟਿਆਰਾਂ ਪੰਦਰਾਂ ਵਿਭਾਗਾਂ ਵਿਚ ਸਿੱਖਿਆ ਪਰਾਪਤ ਕਰਦੇ/ਕਰਦੀਆਂ ਹਨ। ਸ਼ਾਮ ਨੂੰ ਅਸੀਂ ਰਾਜਕੀ ਅਵਾਰ ਥਿਏਟਰ ਗਏ, ਅਵਾਰ ਨਸਲ ਦੇ ਨਾਂਅ ਵਾਲੇ ਥਿਏਟਰ ਵਿਚ ਅਵਾਰ ਲੋਕੀ ਅਵਾਰ ਲੇਖਕ ਦਾ ਅਵਾਰ ਮੁਟਿਆਰ ਬਾਰੇ ਲਿਖਿਆ ਹੋਇਆ ਨਾਟਕ ਵੇਖ ਰਹੇ ਸਨ। ਇਹ ਹਾਜੀ ਜ਼ਾਲੋਵ ਦਾ ਲਿਖਿਆ ਹੋਇਆ ‘ਅਨਖੀਲ ਮਾਰੀਨ’ ਨਾਟਕ ਸੀ। ਜਦੋਂ ਰੂਸੀ ਸੰਘ ਦੇ ਲੋਕ ਕਲਾਕਾਰ ਪਾਤੀਮਾਤ ਹਿਜ਼ਰੋਯੇਵਾ ਨੇ, ਜਿਹੜੀ ਮਾਰੀਨ ਦੀ ਭੂਮਿਕਾ ਨਿਭਾ ਰਹੀ ਸੀ, ਇਕ ਪੁਰਾਣਾ ਅਵਾਰ ਗਾਣਾ ਗਾਇਆ ਤਾਂ ਸਾਡਾ ਮਹਿਮਾਨ ਆਪਣੀਆਂ ਭਾਵਨਾਵਾਂ ਨੂੰ ਵੱਸ ਵਿਚ ਨਹੀਂ ਰੱਖ ਸਕਿਆ ਅਤੇ ਉਸ ਦੀਆਂ ਅੱਖਾਂ ਛਲਕ ਪਈਆਂ।
ਚੌਂਕ ਵਿਚ ਉਹ ਦੇਰ ਤੱਕ ਲੈਨਿਨ ਦੀ ਯਾਦਗਾਰ ਦੇ ਸਾਹਮਣੇ ਖਲੋਤਾ ਰਿਹਾ। ਇਹਦੇ ਬਾਅਦ ਬੋਲਿਆ-
“ਮੈਂ ਇਹ ਸੁਪਨਾ ਤਾਂ ਨਹੀਂ ਵੇਖ ਰਿਹਾ ?”
“ਇਸ ਸੁਪਨੇ ਦੇ ਬਾਰੇ ਤੁਰਕੀ ਵਿਚ ਰਹਿਣ ਵਾਲੇ ਅਵਾਰ ਨਸਲ ਦੇ ਲੋਕਾਂ ਨੂੰ ਦੱਸਿਓ ਜੇ।”
“ਉਹ ਯਕੀਨ ਨਹੀਂ ਕਰਨਗੇ। ਜੇ ਮੈਂ ਆਪਣੀਆਂ ਅੱਖਾਂ ਨਾਲ ਇਹ ਸਭ ਕੁਝ ਨਾ ਵੇਖਿਆ ਹੁੰਦਾ ਤਾਂ ਮੈਂ ਵੀ ਯਕੀਨ ਨਾ ਕਰਦਾ।”
ਅਬੂਤਾਲਿਬ ਨੇ ਇਉਂ ਕਿਹਾ ਸੀ-“ ਪਹਿਲੀ ਵਾਰੀ ਮੈਂ ਬਾਂਸ ਵੱਢਿਆ, ਉਹਦੀ ਉਸਰੀ ਬਣਾਈ ਤੇ ਉਹਨੂੰ ਵਜਾਇਆ। ਮੇਰੇ ਪਿੰਡ ਨੇ ਮੇਰੀ ਬੰਸਰੀ ਦੀ ਆਵਾਜ਼ ਸੁਣਗੇ ਇਹਤੋਂ ਬਾਅਦ ਮੈਂ ਉਹ ਦੀ ਵੱਡੀ ਟਾਹਣੀ ਵੱਢੀ, ਉਹਦੀ ਤੱਤ੍ਰੀ ਬਣਾਈ ਤੇ ਉਸ ਉਤੇ ਦੂਸਰਾ ਗਾਣਾ ਗਾਇਆ। ਮੇਰੀ ਆਵਾਜ਼ ਦੂਰ ਪਹਾੜਾਂ ਤੱਕ ਸੁਣੀ ਗਈ। ਇਸ ਤੋਂ ਬਾਅਦ ਮੈਂ ਰੁੱਖ ਵੱਢ ਕੇ ਉਸਦਾ ਜ਼ੁਰਨਾ ਬਣਾਇਆ ਤੇ ਉਹਦੀ ਆਵਾਜ਼ ਸਾਰੇ ਦਾਗਿਸਤਾਨ ਵਿਚ ਗੂੰਜ ਗਈ। ਇਸ ਤੋਂ ਬਾਅਦ ਮੈਂ ਛੋਟੀ ਜਿਹੀ ਪੈਂਸਿਲ ਲੈ ਕੇ ਕਾਗਜ਼ ਉਤੇ ਕਵਿਤਾ ਲਿਖ ਦਿੱਤੀ। ਉਹ ਦਾਗਿਸਤਾਨ ਦੀਆਂ ਹੱਦਾਂ ਤੋਂ ਕਿਤੇ ਦੂਰ ਉੱਡ ਗਈ।”
ਸੋ, ਭਾਸ਼ਾਵਾਂ ਵੰਡਣ ਵਾਲੇ ਰੱਬ ਦੇ ਦੂਤ, ਤੇਰਾ ਇਕ ਵਾਰ ਫਿਰ ਸ਼ੁਕਰੀਆ, ਇਸ ਚੀਜ਼ ਵਾਸਤੇ ਸ਼ੁਕਰੀਆ ਕਿ ਤੂੰ ਸਾਡੇ ਪਰਬਤਾਂ, ਸਾਡੇ ਪਿੰਡਾਂ ਅਤੇ ਸਾਡੇ ਦਿਲਾਂ ਦੀ ਅਵੱਗਿਆ ਨਹੀਂ ਕੀਤੀ।
ਉਨ੍ਹਾਂ ਸਭ ਦਾ ਸ਼ੁਕਰੀਆ ਜਿਹੜੇ ਆਪਣੀਆਂ ਮਾਂ ਬੋਲੀਆਂ ਵਿਚ ਗਾਉਂਦੇ ਅਤੇ ਸੋਚਦੇ ਹਨ।
ਗੀਤ
“ਬਾਕਅਨ।” ਅਵਾਰ ਭਾਸ਼ਾ ਦੇ ਇਸ ਸ਼ਬਦ ਦੇ ਦੋ ਅਰਥ ਹਨ- ਧੁਨ, ਲੈਅ- ਸੁਰ ਅਤੇ ਤਬੀਅਤ, ਕਿਸੇ ਵਿਅਕਤੀ ਦਾ ਹਾਲਚਾਲ, ਸੰਸਾਰ ਦੀ ਖੈਰ-ਸੁੱਖ। ਜਦੋਂ ਕੋਈ ਵਿਅਕਤੀ ਇਹ ਗੁਜ਼ਾਰਿਸ਼ ਕਰਨਾ ਚਾਹੁੰਦਾ ਹੈ—“ਮੇਰੇ ਲਈ ਇਕ ਧੁਨ ਵਜਾ ਦਿਓ,” ਤਾਂ “ਬਾਕਅਨ” ਸ਼ਬਦ ਕਿਹਾ ਜਾਂਦਾ ਹੈ। ਜਦੋਂ ਇਹ ਪੁੱਛਿਆ ਜਾਂਦਾ ਹੈ—“ ਤੇਰੀ ਤਬੀਅਤ ਕਿਹੋ ਜਿਹੀ ਏ ਜਾਂ ਤੇਰਾ ਹਾਲਚਾਲ ਕੀ ਏ?” ਤਾਂ ਵੀ “ਬਾਕਆਨ” ਸ਼ਬਦ ਕਿਹਾ ਜਾਂਦਾ ਹੈ, ਸੋ, ਇਸ ਤਰ੍ਹਾਂ ਹਾਲਚਾਲ ਅਤੇ ਗੀਤ-ਇਕ ਹੀ ਸ਼ਬਦ ਵਿਚ ਘੁਲਮਿਲ ਜਾਂਦੇ ਹਨ। ਪੰਦੂਰੇ ਉਤੇ ਲਿਖੇ ਸ਼ਬਦ-
ਹੱਸਦੇ ਗਾਉਂਦੇ ਬੰਦੇ ਨੂੰ, ਖੰਜਰ, ਮੌਤ ਦੀ ਸੇਜ ਸੁਆਏ
ਪਰ ਪੰਦੂਰਾ ਮਰੇ ਪਏ ਨੂੰ, ਜਿਉਂਦਾ ਕਰੇ, ਉਠਾਏ।
ਸ਼ਬਦਾਂ, ਗੱਲਬਾਤ ਨੂੰ ਛਾਨਣੀ ‘ਚੋਂ ਦੀ ਛਾਣ ਲਉ- ਗੀਤ ਬਣ ਜਾਏਗਾ। ਘਿਰਨਾ ਕਰੋਧ ਅਤੇ ਪਿਆਰ ਨੂੰ ਛਾਨਣੀ ਵਿਚੋਂ ਛਾਣ ਲਓ- ਗੀਤ ਬਣ ਜਾਏਗਾ। ਘਟਨਾਵਾਂ, ਲੋਕਾਂ ਦੇ ਕੰਮਕਾਜ, ਪੂਰੇ ਜੀਵਨ ਨੂੰ ਛਾਨਣੀ ਵਿਚੋਂ ਛਾਣ ਲਓ- ਗੀਤ ਬਣ ਜਾਏਗਾ।
ਪਹਾੜੀ ਲੋਕਾਂ ਦਾ ਇਕ ਗਾਣਾ ਤਾਂ ਖਾਸ ਤੌਰ ਤੇ ਅਬੂਤਾਲਿਬ ਦਾ ਮਨ ਛੋਹ ਲੈਂਦਾ ਸੀ। ਉਸਦੇ ਸ਼ਬਦ ਤਾਂ ਗਿਣੇ-ਚੁਣੇ ਹੀ ਸਨ ਅਤੇ ਉਸਦਾ ਸਾਰਾ ਸੁਹਜ ਉਹਦੀ ਕਰੁਣਾਮਈ ਟੇਕ ‘ਆਈ! ਦਾਈ, ਦਿੱਲਾਲਾਈ !’ ਵਿਚ ਹੀ ਸਮਾਈ ਹੋਈ ਸੀ। ਯੇਰੋਸ਼ਕਾ ਨੇ ਗਾਣੇ ਦੇ ਸ਼ਬਦਾਂ ਦਾ ਅਨੁਵਾਦ ਕੀਤਾ- ‘ਇਕ ਨੌਜਵਾਨ ਭੇਡਾਂ ਨੂੰ ਚਾਰਨ ਲਈ ਪਿੰਡ ਦੇ ਪਹਾੜ ਤੇ ਲੈ ਗਿਆ, ਮਗਰੋਂ ਰੂਸੀ ਆ ਗਏ, ਉਨ੍ਹਾਂ ਨੇ ਪਿੰਡ ਸਾੜ ਦਿੱਤਾ, ਸਾਰੇ ਮਰਦਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਸਾਰੀਆਂ ਔਰਤਾਂ ਨੂੰ ਬੰਦੀ ਬਣਾ ਲਿਆ। ਨ ਮਰਨਾਂ ਪੈਰਾੜ ਤੋਂ ਮੁੜਿਆ- ਜਿੱਥੇ ਪਿੰਡ ਸੀ, ਉਥੇ ਹੁਣ ਵੀਰਾਨਾ ਸੀ, ਮਾਂ ਨਹੀਂ ਸੀ, ਭਰਾ ਨਹੀਂ ਸਨ, ਘਰ ਨਹੀਂ ਸੀ, ਸਿਰਫ਼ ਇਕ ਰੁੱਖ ਰਹਿ ਗਿਆ ਸੀ। ਨੌਜਵਾਨ ਰੁੱਖ ਹੇਠਾਂ ਬਹਿ ਗਿਆ ਅਤੇ ਜ਼ਾਰੇ ਜ਼ਾਰ ਰੋਣ ਲੱਗਾ। ਉਹ ਇਕੱਲਾ ਰਹਿ ਗਿਆ ਸੀ ਅਤੇ ਦੁੱਖੀ ਹੋਇਆ ਗਾਉਣ
ਲੱਗਾ- ‘ਆਈ, ਦਾਈ! ਦੁੱਲਾਲਾਈ! (ਲਿਉ ਟਾਲਸਟਾਏ, ‘ਕਜ਼ਾਕ’)। …..ਆਈ, ਦਾਈ, ਦਾਲਾ-ਲਾਈ, ਦਾਲਾ, ਦਾਲਾ, ਦੁੱਲਾ-ਲਾਈ- ਦੁੱਲਾ ਲਾਈ। ਪਹਾੜਾਂ ਦੇ ਪਿਆਰ ਅਤੇ ਦਰਦ ਭਰੇ ਗੀਤੋ, ਤੁਹਾਡਾ ਕਦੋਂ ਕਿਥੇ ਅਤੇ ਕਿਵੇਂ ਜਨਮ ਹੋਇਆ? ਕਿਥੋਂ ਆ ਗਏ ਤੁਸੀਂ ਏਨੇ ਅਦਭੁਤ ਅਤੇ ਏਨੇ ਪਿਆਰੇ?
ਪੰਦੂਰੇ ਉਤੇ ਲਿਖੇ ਸ਼ਬਦ-
ਤੈਨੂੰ ਜਾਪਦੀਆਂ ਇਹ ਧੁਨੀਆਂ ਤਾਰਾਂ ਦਾ ਕਮਾਲ
ਪਰ ਧੁਨੀਆਂ ਵਿਚ ਗੂੰਜੇ ਦਿਲ ਸਾਡੇ ਦਾ ਹਾਲ!
ਖੰਜਰ ਉਤੇ ਲਿਖੇ ਸ਼ਬਦ-
ਦੋ ਗੀਤ, ਦੋ ਤੇਜ਼ ਫਲ, ਦੋ ਪੱਖ, ਦਿਸ਼ਾਵਾਂ
ਮੌਤ ਉਨ੍ਹਾਂ ਵਿਚ ਵੈਰੀ ਦੀ, ਆਜ਼ਾਦੀ ਦੀਆਂ ਸਦਾਵਾਂ।
ਪੰਘੂੜੇ ਉਤੇ ਲਿਖੇ ਸ਼ਬਦ-
ਕੋਈ ਨਾ ਬੰਦਾ ਇਸ ਦੁਨੀਆਂ ਵਿਚ
ਜਿਹਦੇ ਪੰਘੂੜੇ ਉਤੇ
ਪਿਆਰੀਆਂ ਪਿਆਰੀਆਂ ਮਧੁਰ ਲੋਰੀਆਂ
ਮਾਂ ਦੇ ਗੀਤ ਨਾ ਗੂੰਜੇ।
ਸੜਕ ਕਿਨਾਰੇ ਦੇ ਪੱਥਰ ਉਤੇ ਲਿਖੇ ਸ਼ਬਦ-
ਪੰਧ ਤੇ ਗੀਤ, ਬਸ, ਇਹ ਦੋਵੇਂ ਭਾਗ ਜਵਾਨ ਦੇ
ਨਾਲ ਸਦਾ ਹੀ ਦੋਵੇਂ ਰਹਿੰਦੇ ਉਹਦੇ ਜਾਨ ਪਰਾਣ ਦੇ।
ਕਬਰ ਦੇ ਪੱਥਰ ਉਤੇ ਲਿਖੇ ਸ਼ਬਦ-
ਜਦੋਂ ਉਹ ਗਾਉਂਦਾ ਸੀ, ਸੁਣਦੇ ਸੀ ਲੋਕ,
ਹੁਣ ਸੁਣਦਾ ਏ ਉਹ, ਗਾਉਂਦੇ ਨੇ ਲੋਕ।
ਪੁਰਾਣੇ ਗੀਤ, ਨਵੇਂ ਗੀਤ ਲੋਰੀਆਂ, ਵਿਆਹ ਦੇ ਗੀਤ, ਵਾਰਾਂ। ਲੰਮੇ ਅਤੇ ਛੋਟੇ ਗੀਤ। ਵੈਣ ਅਤੇ ਸਿੱਠਣੀਆਂ। ਸਾਰੀ ਪਰਿਥਵੀ ਉਤੇ ਇਨ੍ਹਾਂ ਨੂੰ ਗਾਇਆ ਜਾਂਦਾ ਹੈ। ਸ਼ਬਦ ਤਾਂ ਮਾਲਾ ਵਾਂਗੂੰ ਰੁਪਹਿਲੇ ਧਾਗੇ ਵਿਚ ਪਰੋਏ ਜਾਂਦੇ ਹਨ। ਸ਼ਬਦ ਤਾਂ ਕਿੱਲ ਵਾਂਗੂੰ ਮਜ਼ਬੂਤੀ ਨਾਲ ਗੱਡ ਦਿੱਤੇ ਜਾਂਦੇ ਹਨ। ਸ਼ਬਦ ਤਾਂ ਜਿਵੇਂ ਕਿਸੇ ਹੁਸੀਨਾ ਦੇ ਹੰਝੂਆਂ ਵਾਂਗੂੰ ਸਹਿਜੇ ਹੀ ਜਨਮ ਲੈਂਦੇ ਅਤੇ ਨਿਕਲ ਆਉਂਦੇ ਹਨ। ਸ਼ਬਦ ਕਿਸੇ ਸਿਧਾਏ ਹੋਏ, ਤਜਰਬਾਕਾਰ ਹੱਥ ਨਾਲ ਛੱਡੇ ਗਏ ਤੀਰ ਵਾਂਗੂੰ ਠੀਕ ਨਿਸ਼ਾਨੇ ਉਤੇ ਜਾ ਕੇ ਲੱਗਦੇ ਹਨ। ਸ਼ਬਦ ਤੇਜ਼ੀ ਨਾਲ ਉੱਡਦੇ ਹਨ ਅਤੇ ਪਹਾੜੀ ਪਗਡੰਡੀਆਂ ਵਾਂਗੂੰ, ਜਿਨ੍ਹਾਂ ਉਤੇ ਆਖਰਕਾਰ ਪਰਿਥਵੀ ਦੇ ਕੰਢੇ ਤੱਕ ਜਾਇਆ ਜਾ ਸਕਦਾ ਹੈ, ਦੂਰ ਲੈ ਜਾਂਦੇ ਹਨ।
ਸਤਰਾਂ ਦੇ ਵਿਚਕਾਰਲੀ ਥਾਂ ਜਿਵੇਂ ਸੜਕ ਹੋਵੇ ਜਿੱਥੇ ਤੁਹਾਡੀ ਪਰੀਤਮਾ ਦਾ ਘਰ ਖੜ੍ਹਾ ਹੈ। ਇਹ ਥਾਂ ਤਾਂ ਪਿਤਾ ਦੇ ਖੇਤ ਦਾ ਬੰਨਾ ਹੈ। ਇਹ ਤਾਂ ਦਿਨ ਨੂੰ ਰਾਤ ਤੋਂ ਵੱਖ ਕਰਨ ਵਾਲੀ ਊਸ਼ਾ ਅਤੇ ਸੰਧਿਆ ਹੈ।
ਕਾਗਜ਼ ਉਤੇ ਲਿਖੇ ਹੋਏ ਅਤੇ ਕਾਗਜ਼ ਉਤੇ ਅਣਲਿਖੇ ਗੀਤ । ਪਰ ਭਾਵੇਂ ਕੋਈ
ਵੀ ਗੀਤ ਕਿਉਂ ਨਾ ਹੋਵੇ, ਉਹਨੂੰ ਗਾਇਆ ਜਾਣਾ ਚਾਹੀਦਾ ਹੈ। ਗਾਇਆ ਨਾ ਜਾਣ
ਵਾਲਾ ਗੀਤ ਤਾਂ ਜਾਣੋ ਉੱਡ ਨਾ ਸਕਣ ਵਾਲਾ ਪਰਿੰਦਾ ਹੈ, ਜਾਣੋ ਨਾ ਫਰਕਣ ਵਾਲਾ, ਨਾ
ਧੜਕਣ ਵਾਲਾ ਦਿਲ ਹੈ।
ਸਾਡੇ ਪਹਾੜੀ ਇਲਾਕਿਆਂ ਵਿਚ ਕਿਹਾ ਜਾਂਦਾ ਹੈ ਕਿ ਆਜੜੀ ਜਦੋਂ ਗੀਤ ਨਹੀਂ ਗਾਉਂਦੇ ਤਾਂ ਭੇਡਾਂ ਘਾਹ ਚੁਗਣਾ ਬੰਦ ਕਰ ਦਿੰਦੀਆਂ ਹਨ। ਪਰ ਜਦੋਂ ਪਹਾੜ ਦੀ ਹਰੀ ਭਰੀ ਢਲਾਣ ਉਤੇ ਗੀਤ ਗੂੰਜਦਾ ਹੈ ਤਾਂ ਕੁਝ ਹੀ ਸਮਾਂ ਪਹਿਲਾਂ ਜਨਮੇ ਅਤੇ ਘਾਹ ਚੁਗਣਾ ਨਾ ਜਾਣਨ ਵਾਲੇ ਮੇਮਣੇ ਵੀ ਘਾਹ ਚੁਗਣ ਲੱਗਦੇ ਹਨ।
ਇਕ ਪਹਾੜੀਏ ਨੇ ਆਪਣੇ ਪਹਾੜੀ ਦੋਸਤ ਨੂੰ ਕਿਹਾ ਕਿ ਉਹ ਆਪਣੀ ਮਾਂ ਬੋਲੀ ਵਿਚ ਗੀਤ ਗਾਏ। ਜਾਂ ਤਾਂ ਮਹਿਮਾਨ ਇਕ ਵੀ ਗਾਣਾ ਨਹੀਂ ਗਾਉਂਦਾ ਸੀ, ਜਾਂ ਉਹਨੂੰ ਗਾਉਣਾ ਹੀ ਨਹੀਂ ਆਉਂਦਾ ਸੀ, ਪਰ ਉਹਨੇ ਜਵਾਬ ਦਿੱਤਾ ਕਿ ਉਹਦੇ ਜਨਗਣ ਵਿਚ ਇਕ ਵੀ ਗਾਣਾ ਨਹੀਂ।
“ਫਿਰ ਤਾਂ ਇਹ ਵੇਖਣਾ ਪਏਗਾ ਪਈ ਤੁਸੀਂ ਖੁਦ ਵੀ ਹੈਗੇ ਓ ਜਾਂ ਨਹੀਂ? ਗੀਤਾਂ-ਗਾਣਿਆਂ ਤੋਂ ਬਿਨਾਂ ਜਨਗਣ ਦੀ ਹੋਂਦ ਨਹੀਂ ਹੋ ਸਕਦੀ।”
ਆਈ, ਦਾਈ, ਦਿੱਲਾਲਾਈ! ਦਿੱਲ-ਦਾਲਾ, ਦੁੱਲ-ਲਾਈ। ਗੀਤ-ਇਹ ਤਾਂ ਉਹ ਚਾਬੀਆਂ ਨੇ ਜਿਨ੍ਹਾਂ ਨਾਲ ਭਾਸ਼ਾਵਾਂ ਦੇ ਬੰਦ ਪਏ ਸੰਦੂਕ ਖੋਲ੍ਹੇ ਜਾਂਦੇ ਹਨ। ਆਈ, ਦਾਈ, ਦਿੱਲ-ਲਾਈ! ਦਿੱਲ-ਦਾਲਾ ਦੁੱਲਾ – ਲਾਈ।
ਮੈਂ ਇਹ ਦਸਦਾ ਹਾਂ ਕਿ ਗੀਤ ਦਾ ਜਨਮ ਕਿਵੇਂ ਹੋਇਆ। ਇਹਦੇ ਬਾਰੇ ਮੈਂ ਬਹੁਤ ਪਹਿਲੋਂ ਇਕ ਕਵਿਤਾ ਰਚੀ ਸੀ। ਇੱਥੇ ਪੇਸ਼ ਹੈ
ਖੰਜਰ ਅਤੇ ਕੁਮੁਜ਼
ਇਕ ਗੱਭਰੂ ਦਰੱਰੇ ਦੇ ਪਿਛੇ
ਰਹਿੰਦਾ ਸੀ ਪਰਬਤ ਦੇ ਉਤੇ
ਅੰਜੀਰ ਦਾ ਰੁੱਖ ਤੇ ਦੂਜਾ ਖੰਜਰ
ਬੱਸ, ਇਹੀ ਸਨ ਉਹਦਾ ਕੁੱਲ ਜ਼ਰ।
ਇਕ ਸੀ ਬੱਕਰੀ ਉਹਦੇ ਕੋਲ
ਰੋਜ਼ ਚਰਾਵੇ ਜਾ ਕੇ ਬਣ
ਇਕ ਦਿਨ ਕਿਸੇ ਖਾਨ ਦੀ ਬੇਟੀ
ਵੱਸ ਗਈ ਆ ਕੇ ਉਹਦੇ ਮਨ।
ਉਹ ਗੱਭਰੂ ਸੀ ਸ਼ੇਰ ਸਿਆਣਾ
ਡੋਲੇ ਲਈ, ਕਿਹਾ ਖਾਨ ਨੂੰ ਜਾ ਕੇ
ਹੱਸਿਆ ਖਾਨ ਗੱਭਰੂ ਦੀ ਸੁਣ ਕੇ
ਦਿਤਾ ਜੁਆਬ ਸਾਫ਼ ਉਲਟਾ ਕੇ।
“ਇਕ ਰੁੱਖ ਤੇ ਖੰਜਰ ਦਾ ਮਾਲਕ
ਜਾਹ, ਮੂੰਹ ਧੋ ਰੱਖ ਆਪਣਾ ਜਾ ਕੇ।
ਕੱਢਿਆ ਕਰ ਧਾਰ ਬੱਕਰੀ ਦੀ
‘ਰਾਮ ਨਾਲ ਆਪਣੇ ਘਰ ਜਾ ਕੇ।”
ਧੀ ਦਿੱਤੀ ਉਸ ਖਾਨ ਨੇ ਉਹਨੂੰ
ਕੋਲ ਜਿਹਦੇ ਸਨ ਢੇਰਾਂ ਮੋਹਰਾਂ।
ਚਰਦੀਆਂ ਰਹਿਣ ਚਰਾਂਦਾਂ ਅੰਦਰ
ਭੇਡ ਬੱਕਰੀਆਂ ਇੱਜੜ ਢੇਰਾਂ।
ਗਮਾਂ ਵਿਚ ਡੁੱਬ ਗਿਆ ਉਹ ਗੱਭਰੂ
ਦਿਲ ਦਾ ਚੂਰਾ ਚੂਰਾ ਹੋਇਆ।
ਬਿਰਹ-ਤੜਪ ਵਿਚ ਤੜਪ ਕੇ ਉਹਨੇ
ਖੰਜਰ ਹੱਥ ਵਿਚ ਚੁੱਕ ਲਿਆ।
ਪਹਿਲੋਂ ਉਹਨੇ ਬੱਕਰੀ ਵੱਢੀ
ਵੱਢ ਦਿਤਾ ਫਿਰ ਰੁੱਖ ਉਹ ਜਾ ਕੇ।
ਜਿਹਨੂੰ ਪਿਆਰ ਨਾਲ ਸੀ ਲਾਇਆ
ਕੀਤਾ ਵੱਡਾ ਸਿੰਜ ਸਿੰਜਾ ਕੇ।
ਰੁੱਖ ਦਾ ਉਸ ਕੁਮੁਜ਼ ਬਣਾਇਆ
ਬਣਾ ਕੇ ਕੀਤਾ ਵਾਜਾ ਤਿਆਰ।
ਬੱਕਰੀ ਦੀਆਂ ਉਸ ਲੈ ਕੇ ਆਂਦਰਾਂ
ਉਤੇ ਖੂਬ ਚੜ੍ਹਾਈ ਤਾਰ।
ਵਾਜੇ ਦੀ ਜਿਉਂ ਤਾਰ ਉਸ ਛੇੜੀ
ਸੁਰ ਇਕ ਐਸਾ ਨਿਕਲਿਆ
ਧਰਮ ਗਰੰਥ ਦਾ ਸ਼ਬਦ ਜਿਉਂ ਹੋਵੇ
ਹੋਵੇ ਜਿਉਂ ਕੋਈ ਸੁਰਗ-ਕਲਾ।
ਇਹ ਮਹਿਬੂਬਾ ਹੋਏ ਨਾ ਬੁੱਢੀ
ਹੈ ਜਦੋਂ ਤੋਂ ਉਹਦੇ ਕੋਲ
ਕੁਮੁਜ਼ ਤੇ ਖੰਜਰ ਦੇ ਖਜ਼ਾਨੇ
ਬਸ ਇਹੀ ਨੇ ਜਿਹਦੇ ਕੋਲ।
ਪਿੰਡ ਸਦਾ ਹੀ ਧੁੰਦ ‘ਚ ਘਿਰਿਆ
ਉਤਾਂਹ, ਚੱਟਾਨਾਂ ਉੱਤੇ
ਕੁਮੁਜ਼ ਤੇ ਖੰਜਰ ਲਟਕ ਰਹੇ ਨੇ
ਨਾਲੋ ਨਾਲ ਹੀ ਉੱਥੇ।
ਕੁਮੁਜ਼ ਅਤੇ ਖੰਜਰ। ਲੜਾਈ ਅਤੇ ਗੀਤ। ਪਿਆਰ ਅਤੇ ਵੀਰਤਾ। ਮੇਰੀ ਜਨਤਾ ਦਾ ਇਤਿਹਾਸ। ਇਨ੍ਹਾਂ ਦੋ ਚੀਜ਼ਾਂ ਨੂੰ ਸਾਡੇ ਪਹਾੜੀ ਲੋਕ ਸਭ ਤੋਂ ਵਧ ਸਤਕਾਰਤ ਥਾਂ ਦਿੰਦੇ ਹਨ।
ਪਹਾੜੀ ਘਰਾਂ ਵਿਚ, ਦੀਵਾਰੀ ਕਾਲੀਨਾਂ ਉਤੇ ਇਹ ਦੋਵੇਂ ਨਿਧੀਆਂ ਇਕ ਦੂਸਰੀ ਦੇ ਸਾਮ੍ਹਣੇ ਇਉਂ ਟੰਗੀਆਂ ਹਨ ਜਿਵੇਂ ਕੁੱਲ-ਚਿੰਨ੍ਹ । ਪਹਾੜੀ ਲੋਕ ਬੜੀ ਸਾਵਧਾਨੀ, ਆਦਰ ਅਤੇ ਪਿਆਰ ਨਾਲ ਇਨ੍ਹਾਂ ਨੂੰ ਹੱਥਾਂ ਵਿਚ ਲੈਂਦੇ ਹਨ। ਲੋੜ ਤੋਂ ਬਿਨਾਂ ਤਾਂ ਬਿਲਕੁਲ ਹੱਥ ਵਿਚ ਨਹੀਂ ਲੈਂਦੇ। ਜਦੋਂ ਕੋਈ ਵਿਅਕਤੀ ਖੰਜਰ ਨੂੰ ਕਾਲੀਨ ਉਤੋਂ ਲਾਹੁਣ ਲੱਗਦਾ ਹੈ ਤਾਂ ਪਿੱਛਿਓਂ ਕੋਈ ਬਜ਼ੁਰਗ ਹੀ ਇਹ ਕਹਿ ਉੱਠਦਾ ਹੈ—“ਸੰਭਾਲ ਕੇ, ਉਂਗਲਾਂ ਨਾ ਵੱਢਾ ਲਈ।” ਖੰਜਰ ਉਤੇ ਪੰਦੂਰੇ ਅਤੇ ਪਦੂਰੇ ਉਤੇ ਖੰਜਰ ਦੀ ਪੱਚੀਕਾਰੀ ਕੀਤੀ ਜਾਂਦੀ ਹੈ। ਮੁਟਿਆਰ ਦੀ ਚਾਂਦੀ ਦੀ ਪੇਟੀ ਅਤੇ ਲੱਕ ਦੇ ਚਾਂਦੀ ਦੇ ਗਹਿਣਿਆਂ ਉਤੇ ਕੁਮੁਜ਼ ਅਤੇ ਖੋਜਰ ਨੂੰ ਉਸੇ ਤਰ੍ਹਾਂ ਨਾਲ ਨਾਲ ਚਿਤਰਿਤ ਕੀਤਾ ਜਾਂਦਾ ਹੈ, ਜਿਵੇਂ ਉਹ ਕਾਲੀਨ ਉਤੇ ਨਾਲੋਂ ਨਾਲ ਲਟਕਦੇ ਰਹਿੰਦੇ ਹਨ। ਪਹਾੜੀ ਲੋਕ ਜੰਗ ਨੂੰ ਜਾਣ ਵੇਲੇ ਖੰਜਰ ਅਤੇ ਕੁਮੁਜ਼ ਨਾਲ ਲੈ ਜਾਂਦੇ ਹਨ। ਪਹਾੜੀ ਘਰ ਦੀ ਸਤਕਾਰਤ ਕੰਧ ਸੁੰਨੀ ਅਤੇ ਨੰਗੀ-ਬੁੱਚੀ ਹੋ ਜਾਂਦੀ ਹੈ
“ਪਰ ਰਣ-ਖੇਤਰ ਵਿਚ ਪੰਦੂਰਾ ਕਿਉਂ ਲਿਜਾਇਆ ਜਾਵੇ?”
“ਬਈ ਵਾਹ! ਜਿਉਂ ਈ ਤਾਰਾਂ ਨੂੰ ਟੁਣਕਾਇਆ ਜਾਂਦੈ, ਜਿਉਂ ਈ ਉਨ੍ਹਾਂ ਨੂੰ ਛੇੜਿਆ ਜਾਂਦੈ, ਤਿਉਂ ਈ ਪਿਓ ਦਾਦੇ ਦਾ ਖੇਤਰ, ਪਿਆਰਾ ਪਿੰਡ ਅਤੇ ਮਾਂ ਦੀਆਂ ਯਾਦਾਂ ਵਾਲਾ ਪਹਾੜੀ ਘਰ ਸਭ ਕੁਝ ਸਾਡੇ ਕੋਲ ਆ ਜਾਂਦੈ। ਇਸੇ ਲਈ ਤਾਂ ਲੜਨ ਮਰਨ ਦੀ ਕੋਈ ਤੁਕ ਏ।”
“ਜਦੋਂ ਤਲਵਾਰਾਂ ਦੀ ਟੁਣਕਾਰ ਹੁੰਦੀ ਏ ਤਾਂ ਪਿੰਡ ਨੇੜੇ ਆ ਜਾਂਦੇ ਨੇ,” ਕਦੇ
ਸਾਡੇ ਸੂਰਮੇ ਕਹਿੰਦੇ ਹੁੰਦੇ ਸਨ। ਪਰ ਪਿਆਰੇ ਪਿੰਡਾਂ ਦੇ ਪੈਂਡਿਆਂ ਨੂੰ ਪੰਦੂਰੇ ਦੀ ਟਣਕ ਨਾਲ ਕੋਈ ਘੱਟ ਨਹੀਂ ਕਰਦਾ।
“ਆਈ, ਦਾਈ, ਦਾਲਾ-ਲਾਈ। ਦਾਲਾ-ਦਾਲਾ-ਦੁੱਲਾ-ਲਾਈ।”
ਮਹਿਮੂਦ ਕਾਰਪੇਥੀਆ ਦੇ ਪਹਾੜਾਂ ਵਿਚ ਗਾਉਂਦਾ ਸੀ ਅਤੇ ਆਪਣੇ ਪਿੰਡ, ਆਪਣੇ ਪਿਆਰੇ ਪਰਬਤਾਂ ਨੂੰ ਆਪਣੇ ਨੇੜੇ ਮਹਿਸੂਸ ਕਰਦਾ ਸੀ। ਉਹਦੀ ਮਰੀਅਮ ਵੀ ਜਾਣੋਂ ਉਹਦੇ ਨੇੜੇ ਹੁੰਦੀ ਸੀ। ਬਾਅਦ ਵਿਚ ਮਹਿਮੂਦ ਨੇ ਵਸੀਅਤ ਕੀਤੀ
ਮਿੱਟੀ ਉੱਥੇ ਘੱਟ ਹੀ ਪਾਇਓ ਜਿੱਥੇ ਮੇਰੀ ਕਬਰ ਬਣੇ,
ਸੁਣਨ ‘ਚ ਕੋਈ ਰੋੜਾ ਵੱਟਾ ਕਦੇ ਰੁਕਾਵਟ ਨਾ ਬਣੇ।
ਤਾਂ ਜੋ ਕੰਨਾਂ ਤੇ ਦਿਲ ਤਾਈਂ, ਸਿੱਧੇ ਗੀਤ ਉਹ ਆਵਣ,
ਜਿਹੜੇ ਮੇਰੇ ਪਿੰਡ ਦੇ ਲੋਕੀ ਸੁਣਨ ਅਤੇ ਸੁਣਾਵਣ।
ਇਹ ਪੰਦੂਰਾ ਪਿਆਰਾ ਮੇਰਾ ਨਾਲ ਹੀ ਮੇਰੇ ਦਬਾਇਓ
ਤਾਂ ਜੋ ਨਾ ਮੇਰੇ ਗੀਤਾਂ ਕਾਰਨ ਗਹਿਰੀ ਨੀਂਦ ਸੌ ਜਾਵਣ।
ਤਾਂ ਜੋ ਦਰਦ ‘ਚ ਡੁੱਬੀ ਹੋਈ ਮੇਰੀ ਇਹ ਆਵਾਜ਼
ਮੇਰੇ ਪਿੰਡ ਦੀਆਂ ਮੁਟਿਆਰਾਂ ਸਭੇ ਸੁਣਨ ਸੁਣਾਵਣ।
ਮਹਿਮੂਦ ਨੇ ਜਾਣੋ ਇਉਂ ਵੀ ਕਿਹਾ ਸੀ-
ਪਰਬਤ ਤਕ ਵੀ ਝੁਕ ਜਾਂਦੇ ਨੇ, ਮੇਰਾ ਪੰਦੂਰਾ ਸੁਣ ਕੇ
ਪਰ ਪਿਘਲਾਵਾਂ ਤੇਰਾ ਦਿਲ ਕਿੱਦਾਂ, ਮੇਰੀ ਮਰੀਅਮ ਪਿਆਰੀ?
ਨਾਗ-ਨਾਗਣਾਂ ਨੱਚਣ ਲੱਗਣ ਮੇਰੀ ਪੰਦੂਰਾ ਧੁਨ ਤੇ
ਪਰ ਪਿਘਲਾਵਾਂ ਤੇਰਾ ਦਿਲ ਕਿੱਦਾਂ, ਮੇਰੀ ਮਰੀਅਮ ਪਿਆਰੀ?
ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਪਹਾੜੀ ਗੀਤਾਂ ਦਾ ਜਨਮ ਕਿਵੇਂ ਹੋਇਆ ?
ਲੋਕਾਂ ਦੇ ਸੁਪਨਿਆਂ ਵਿਚੋਂ ਇਹਨੇ ਜਨਮ ਲਿਆ।
ਪਰ ਨਾ ਕੋਈ ਜਾਣੇ, ਕਦੋਂ ਕਿਥੇ ਸੀ, ਇਹਨੇ ਜਨਮ ਲਿਆ।
ਜਾਣੋ ਚੌੜੀ ਛਾਤੀ ਅੰਦਰ ਇਹ ਸੀ ਪਿਘਲਿਆ,
ਗਰਮ ਖੂਨ ਦੀਆਂ ਵਹਿਣੀਆਂ ਅੰਦਰ ਇਹ ਸੀ ਉਬਲਿਆ।
ਇਹ ਸੀ ਗਗਨ ਦੇ ਤਾਰਿਆਂ ਕੋਲੋਂ ਧਰਤ ਦੇ ਉਤੇ ਆਇਆ।
ਦਾਗਿਸਤਾਨੀ ਪਿੰਡਾਂ ਦੇ ਲੋਕਾਂ ਖੂਬ ਹੀ ਇਹਨੂੰ ਗਾਇਆ।
ਉਸ ਤੋਂ ਪਹਿਲੋਂ ਜਦੋਂ ਕਿਸੇ ਨੇ ਤੈਨੂੰ ਇਹ ਸੁਣਾਇਐ।
ਪੁਸ਼ਤਾਂ ਸੈਆਂ ਤੋਂ ਲੋਕਾਂ ਨੇ ਸੁਣਿਆ ਅਤੇ ਸੁਣਾਇਐ।
ਗੀਤ-ਇਹ ਤਾਂ ਪਹਾੜੀ ਕੂਲ਼ਾਂ ਹਨ। ਗੀਤ-ਇਹ ਤਾਂ ਮੈਦਾਨੇ ਜੰਗ ਵਿਚੋਂ ਘੋੜੇ ਨੂੰ ਸਰਪਟ ਦੌੜਾਉਂਦਿਆਂ ਹੋਇਆਂ ਸਮਾਚਾਰ ਲੈ ਕੇ ਆਉਣ ਵਾਲੇ ਹਰਕਾਰੇ ਹਨ। ਗੀਤ-ਇਹ ਤਾਂ ਅਚਾਨਕ ਮਹਿਮਾਨ ਦੇ ਰੂਪ ਵਿਚ ਆ ਜਾਣ ਵਾਲੇ ਦੋਸਤ ਹਨ, ਮਿੱਤਰ ਹਨ। ਤੁਸੀਂ ਆਪਣੇ ਤਰ੍ਹਾਂ ਤਰ੍ਹਾਂ ਦੇ ਵਾਜੇ-ਪੰਦੂਰਾ, ਚੋਂਗੂਰ, ਚਾਗਾਨ, ਤੁਰਹੀ, ਕੇਮਾਂਚੂ, ਜ਼ੁਰਨਾ, ਖੰਜੜੀ, ਹਾਰਮੋਨੀਅਮ, ਢੋਲ ਹੱਥਾਂ ਵਿਚ ਲੈ ਲਓ ਜਾਂ ਚਿਲਮਚੀ ਜਾਂ ਤਾਂਬੇ- ਕਹਿੰ ਦੀ ਥਾਲੀ ਹੀ ਲੈ ਲਓ। ਤਾੜੀ ਨਾਲ ਹੀ ਤਾਲ ਦੇ ਦਿਓ। ਫਰਸ਼ ਉਤੇ ਅੱਡੀਆਂ ਹੀ ਵਜਾਈ ਜਾਓ। ਸੁਣੋ, ਤਲਵਾਰਾਂ ਕਿਵੇਂ ਤਲਵਾਰਾਂ ਨਾਲ ਟਕਰਾਉਂਦੀਆਂ ਹਨ। ਸੁਣੋ, ਪਰੋਮਕਾ ਦੀ ਖਿੜਕੀ ਵਿਚ ਸੁੱਟਿਆ ਹੋਇਆ ਰੋੜਾ ਕਿਹੋ ਜਿਹੀ ਆਵਾਜ਼ ਪੈਦਾ ਕਰਦਾ ਹੈ। ਸਾਡੇ ਗੀਤਾਂ ਨੂੰ ਗਾਓ ਅਤੇ ਸੁਣੋ। ਇਹ ਗ਼ਮ ਅਤੇ ਖੁਸ਼ੀ ਦੇ ਦੂਤ ਹਨ। ਇਹ ਇੱਜ਼ਤ- ਆਬਰੂ ਅਤੇ ਬਹਾਦਰੀ ਦੇ ਪਾਸਪੋਰਟ ਹਨ, ਵਿਚਾਰਾਂ ਅਤੇ ਕੰਮਾਂ ਦੇ ਪਰਮਾਣ ਪੱਤਰ ਹਨ। ਇਹ ਜਵਾਨਾਂ ਨੂੰ ਸਾਹਸੀ ਅਤੇ ਬੁੱਧੀਮਾਨਾਂ ਨੂੰ ਜਵਾਨ ਬਣਾਉਂਦੇ ਹਨ। ਇਹ ਘੁੜਸਵਾਰ ਨੂੰ ਘੋੜੇ ਤੋਂ ਉਤਰਨ ਅਤੇ ਇਨ੍ਹਾਂ ਨੂੰ ਸੁਣਨ ਲਈ ਮਜਬੂਰ ਕਰਦੇ ਹਨ। ਇਹ ਪੈਦਲ ਜਾਣ ਵਾਲੇ ਨੂੰ ਛਾਲ ਮਾਰ ਕੇ ਘੋੜੇ ਉਤੇ ਸਵਾਰ ਹੋਣ ਅਤੇ ਪੰਛੀ ਵਾਂਗ ਉੱਡਣ ਲਈ ਮਜਬੂਰ ਕਰਦੇ ਹਨ। ਨਸ਼ੇ ਵਿਚ ਧੁੱਤ ਹੋਏ ਨੂੰ ਇਹ ਨਸ਼ਾ ਦੂਰ ਕਰਕੇ ਗੰਭੀਰ ਬਣਾਉਂਦੇ ਹਨ ਅਤੇ ਆਪਣੀ ਕਿਸਮਤ ਦੇ ਬਾਰੇ ਸੋਚਣ ਲਈ ਮਜਬੂਰ ਕਰਦੇ ਹਨ ਅਤੇ ਜਿਹੜਾ ਨਸ਼ੇ ਵਿਚ ਨਾ ਹੋਵੇ ਉਹਨੂੰ ਜਾਂਬਾਜ਼ ਦਲੇਰ ਅਤੇ ਜਾਣੋ ਨਸ਼ੇ ਵਿਚ ਧੁੱਤ ਕਰਦੇ ਹਨ। ਇਸ ਦੁਨੀਆਂ ਵਿਚ ਕਿਸ ਕਿਸ ਲਈ ਗੀਤ ਨਹੀਂ ਹਨ। ਪਹਾੜੀ ਆਦਮੀ ਨੂੰ ਆਪਣੇ ਗਰਮ ਚੁੱਲ੍ਹੇ ਕੋਲ ਬਿਠਾਓ, ਉਹਦੇ ਲਈ ਘਰ ਬਣਾਈ ਝੱਗ ਵਾਲੀ ਬੀਅਰ ਨਾਲ ਭਰਿਆ ਸਿੰਗ ਲਿਆਓ ਅਤੇ ਉਹਨੂੰ ਗਾਉਣ ਲਈ ਗੁਜ਼ਾਰਿਸ਼ ਕਰੋ। ਉਹ ਗਾਉਣ ਲੱਗ ਪਵੇਗਾ। ਤੁਸੀਂ ਚਾਹੋਗੇ ਤਾਂ ਉਹ ਸਵੇਰ ਤਕ ਗਾਉਂਦਾ ਰਹੇਗਾ, ਸਿਰਫ਼ ਤੁਸੀਂ ਉਹਨੂੰ ਜ਼ੋਰ ਦੇ ਕੇ ਗੁਜ਼ਾਰਿਸ਼ ਕਰੋ ਅਤੇ ਇਹ ਵੀ ਦਸ ਦਿਓ ਕਿ ਉਹ ਕਾਹਦੇ ਬਾਰੇ ਗਾਏ। ਪਿਆਰ ਦੇ ਬਾਰੇ? ਤੁਸੀਂ ਪਿਆਰ ਦੇ ਬਾਰੇ ਵੀ ਗੀਤ ਸੁਣ ਸਕੋਗੇ।
ਆਈ, ਦਾਈ, ਦਾਲਾਲਾਈ।
ਪਿਆਰ ਰੱਤ ਜਿਹਾ ਲਾਲ ਏ।
ਪਿਆਰ ਤਾਂ ਲਾਲ ਗੁਲਾਲ ਏ।
ਪਿਆਰ ਰਾਤ ਜਿਹਾ ਸਿਆਹ ਕਾਲਾ।
ਧੋਖੇ, ਛਲ, ਫਰੇਬਾਂ ਵਾਲਾ।
ਪਿਆਰ ਸਫੈਦ, ਜਿਉਂ ਰਿਬਨ ਏ ਸਿਰ ਦਾ।
ਪਿਆਰ ਸਫ਼ੈਦ, ਕਫਨ ਚਾਦਰ ਦਾ।
ਇਹ ਨੀਲਾ ਬਰਫ਼ ਆਸਮਾਨ ਜਿਹਾ।
ਜਿਉਂ ਤਾਰਿਕਾ ਮੰਡਲ ਚਮਕ ਰਿਹਾ।
ਝੜ ਜਾਂਦੀ ਏ ਬਰਫ਼, ਤੇ ਸੁੱਕ ਜਾਂਦੇ ਨੇ ਵਹਿਣ।
ਪਰੇਮ-ਪੁਰਸ਼ ਦੇ ਰੰਗ ਹਮੇਸ਼ਾ, ਖਿੜੇ ਮਹਿਕਦੇ ਰਹਿਣ।
– ਇਸ ਦੁਨੀਆਂ ਵਿਚ ਸਭ ਤੋਂ ਵਧ ਸੋਹਣਾ ਕੀ ਹੈ?
ਪਹਾੜਾਂ ਵਿਚ ਬਨਫ਼ਸ਼ੇ ਦਾ ਫੁੱਲ।
ਪਹਾੜਾਂ ਵਿਚ ਬਨਫ਼ਸ਼ੇ ਦੇ ਫੁੱਲ ਤੋਂ ਜ਼ਿਆਦਾ ਸੋਹਣਾ ਕੀ ਹੈ?
ਪਿਆਰ ।
ਦੁਨੀਆਂ ਵਿਚ ਸਭ ਤੋਂ ਵੱਧ ਉੱਜਲ ਕੀ ਹੈ?
ਪਹਾੜਾਂ ਵਿਚ ਸਵੇਰ ਵੇਲੇ ਦਾ ਸੂਰਜ।
ਪਹਾੜਾਂ ਵਿਚ ਸਵੇਰ ਵੇਲੇ ਸੂਰਜ ਨਾਲੋਂ ਜ਼ਿਆਦਾ ਉੱਜਲ ਕੀ ਹੈ?
ਪਿਆਰ।
ਆਈ ਦਾਈ, ਦਾਲਾ ਲਾਈ ! ਤੁਹਾਨੂੰ ਹੋਰ ਕਾਹਦੇ ਬਾਰੇ ਗੀਤ ਸੁਣਾਈਏ?
– ਪਿਆਰ ਦੇ ਕਾਰਨ ਮਰਨ ਵਾਲੇ ਪਰੇਮੀਆਂ ਦੇ ਬਾਰੇ।
ਰੋਮੀਓ ਅਤੇ ਜੂਲੀਅਟ, ਤਾਹਿਰ ਅਤੇ ਜ਼ਹਰਾ, ਤਰਿਸਤਾਨ ਅਤੇ ਇਜ਼ੋਲਡਾ
ਭਲਾ ਘੱਟ ਗਿਣਤੀ ਸੀ ਉਨ੍ਹਾਂ ਦੀ ਸਾਡੇ ਦਾਗਿਸਤਾਨ ਵਿਚ? ਕਿੰਨੇ ਸਨ ਸਾਡੇ ਏਥੇ ਅਜਿਹੇ ਪਰੇਮੀ ਜਿਹੜੇ ਇਕ ਦੂਸਰੇ ਦੇ ਨਹੀਂ ਬਣ ਸਕੇ। ਉਨ੍ਹਾਂ ਦੇ ਸੁਪਨੇ ਸਾਕਾਰ ਨਹੀਂ ਹੋਏ, ਉਨ੍ਹਾਂ ਦੇ ਹੇਠ ਅਤੇ ਹੱਥ ਨਹੀਂ ਮਿਲ ਸਕੇ। ਅਨੇਕ ਜਵਾਨਾਂ ਨੂੰ ਜੰਗ ਨਿਗਲ ਗਈ ਅਤੇ ਅਨੇਕ ਪਿਆਰ ਦੇ ਕਾਰਨ ਮੌਤ ਦੇ ਮੂੰਹ ਵਿਚ ਚਲੇ ਗਏ। ਉਹ ਉਹਦੀ ਅੱਗ ਵਿਚ ਸੜ ਗਏ, ਉੱਚੀ ਚੱਟਾਨ ਕਾ ਹੇਠਾਂ ਛਾਲ ਮਾਰ ਗਏ, ਤੂਫਾਨੀ ਨਦੀਆਂ ਦੀਆਂ ਲਹਿਰਾਂ ਵਿਚ ਸਮਾ ਗਏ। ਅਜ਼ਾਇਨੀ ਪਿੰਡ ਦੀ ਮੁਟਿਆਰ ਅਤੇ ਕੁਮੁਖ ਪਿੰਡ ਦਾ ਗੱਭਰੂ। ਤਾਂ ਇਹ ਹੋ ਉਨ੍ਹਾਂ ਦਾ ਕਿੱਸਾ, ਉਨ੍ਹਾਂ ਦਾ ਪਿਆਰ ਦਾ ਕਿੱਸਾ। ਮੈਂ ਤੁਹਾਨੂੰ ਉਨ੍ਹਾਂ ਦੇ ਪਿਆਰ ਦਾ ਅੰਤ ਦਸਦਾ ਹਾਂ ਜਿਸਨੂੰ ਦਾਗਿਤਤਾਨ ਦੇ ਸਾਰੇ ਲੋਕ ਜਾਣਦੇ ਹਨ।
ਕੁਮੁਖ ਪਿੰਡ ਦਾ ਗੱਭਰੂ ਆਪਣੀ ਪਰੇਮਕਾ ਨੂੰ ਇਕ ਨਜ਼ਰ ਵੇਖਣ ਲਈ ਅਜ਼ਾਇਨੀ ਪਿੰਡ ਗਿਆ। ਪਰ ਉਹ ਨਜ਼ਰ ਨਹੀਂ ਆਈ। ਗੱਭਰੂ ਨੇ ਚਾਰ ਦਿਨ ਅਤੇ ਚਾਰ ਰਾਤਾਂ ਤਕ ਵਾਟ ਵੇਖੀ। ਪੰਜਵੇਂ ਦਿਨ ਉਹ ਆਪਣੇ ਘਰ ਮੁੜ ਆਉਣ ਲਈ ਘੋੜੇ ਉਤੇ ਸਵਾਰ ਹੈ। ਗਿਆ।
ਜਦੋਂ ਤੱਕਿਆ ਹੇਠਾਂ, ਤਾਂ ਸੁੱਕੀ ਧਰਤੀ ਨਜ਼ਰ ਪਈ, ਆਕਾਸ਼ ਸੀ ਨੀਲਾ, ਜਿਸ ‘ਲੇ ਉਤਾਂਹ ਨੂੰ ਨਜ਼ਰ ਗਈ। ਕਿਧਰੋਂ ਆਈ ਵਰਖਾ ਹੈ ਤੇ ਕਿਧਰੋਂ ਵਰ੍ਹਿਐ ਪਾਣੀ ਗੱਭਰੂ ਦਾ ਲਬਾਦਾ ਜਿਹਨੇ ਭਿਉਂਤੇ ਹੇਠਾਂ ਤਾਣੀ। ਉਥੇ ਮੇਸੇਦਾ, ਮਹਿਬੂਬਾ, ਖੜੀ ਸੀ ਛੱਤ ਦੇ ਉਪਰ, ਹੰਝੂ ਵਹਿੰਦੇ ਇਉਂ ਅੱਖਾਂ ‘ਚੋਂ ਜਿਉਂ ਝਰਨਾ ਵਹਿੰਦਾ ਝਰਝਰ। -“ਚਾਰ ਦਿਨ ਤੇ ਰਾਤਾਂ ਤਕ ਮੈਂ ਤੇਰਾ ਤੱਕਿਐ ਰਾਹ। ਕਿਸ ਕਾਰਨ ਤੂੰ ਮੈਥੋਂ, ਕਿਸ ਥਾਂ ਛੁੱਪ ਗਈ ਜਾ?”
-“ਜਿਉਂ ਹੀ ਘੋੜੇ ਦੀਆਂ ਟਾਪਾਂ, ਦੂਰੋਂ ਹੀ ਸੁਣ ਗਈਆਂ, ਘਰ ਦੀਆਂ ਚਾਰੇ ਦਹਿਲੀਜ਼ਾਂ ਜੰਦਰਿਆਂ ਮੱਲ ਲਈਆਂ। ਜੁਲਮ ਮੇਰੇ ਭਰਾਵਾਂ ਨੇ ਹੀ ਮੇਰੇ ਤੇ ਉਹ ਢਾਇਐ ਚਾਰ ਦਿਨਾਂ ਤੋਂ ਏਸੇ ਕਰਕੇ ਮਨ ਨੂੰ ਮਾਰ ਬਿਠਾਇਐ। ਪਰ ਪੰਜਵੇਂ ਦਿਨ ਘੋੜੇ ਉਤੇ, ਤੂੰ ਜਿਸ ‘ਲੇ ਬੈਠ ਗਿਆ। ਮੇਰੇ ਧੀਰ-ਸਬਰ ਦਾ ਬੰਧਨ ਹਰ ਇਕ ਟੁੱਟ ਗਿਆ। ਚਾਰੇ ਮੈਂ ਦਰਵਾਜ਼ੇ ਤੋੜੇ, ਦਿੱਤੇ ਤਾਲੇ ਤੋੜ ਝੁੱਲਿਆ ਪਿਆਰ-ਤੂਫਾਨ ਜਿਉਂ ਮੇਰਾ ਸਭ ਕੁਝ ਦਿੱਤਾ ਰੋੜ। ਵਾਂਗ ਮਾਲ ਦੇ ਹੀ ਤਾਂ ਮੈਨੂੰ ਵੇਚਿਆ ਜਾਣੇ ਏਥੇ, ਸਭ ਸੌਦਾਗਰ, ਰਿਸ਼ਤੇਦਾਰ ਨਾ ਕੋਈ ਅਖਾਵੇ ਏਥੇ। ਸ਼ਾਦੀ ਉਹਦੇ ਨਾਲ ਰਚਾਵਣ, ਨਾ ਜਿਹਨੂੰ ਪਿਆਰ ਕਰਾਂ ਤੂੰ ਨਾ ਜਾਹ, ਰੁਕ ਜਾ ਏਥੇ, ਤੇਰੀ ਮਿਨਤ ਕਰਾਂ।”
ਪਰ ਕੁਮੁਖ ਤੋਂ ਤੋਂ ਆਉਣ ਵਾਲਾ ਨੌਜਵਾਨ ਹੁਣ ਰੁਕਣਾ ਨਹੀਂ ਚਾਹੁੰਦਾ ਸੀ।
“ਘੋੜੇ ਉਤੇ ਕੱਸੀ ਜ਼ੀਨ ਨੂੰ, ਕਿਵੇਂ ਦਿਆਂ ਮੈਂ ਲਾਹ ?
ਕਹਿਣਗੇ ਕੀ ਹਮਸਾਏ, ਸਾਥੀ, ਇਹ ਵੀ ਦੱਸ ਜ਼ਰਾ ?
ਸ਼ੁੱਭ ਯਾਤਰਾ ਕਹਿਕੇ ਮਿੱਤਰ ਕਰ ਦਏ ਜਦੋਂ ਵਿਦਾ ?
ਫਿਰ ਮੁੜ ਜਾਵਾਂ ਘਰ ਮੈਂ ਉਹਦੇ, ਇਹ ਸੰਭਵ ਕਿਸ ਤਰ੍ਹਾਂ ?
ਮੈਂ ਜਾਂਦਾ ਹਾਂ, ਦਿਲ ਆਪਣਾ ਮੈਂ, ਤੇਰੇ ਕੋਲ ਛੱਡ ਜਾਵਾਂ”
“ਚੂੰਡ ਲੈਣਾ ਏਂ ਕਾਵਾਂ ਵਾਂਗੂੰ, ਇਹਨੂੰ, ਮੇਰੇ ਜ਼ਾਲਮ ਭਰਾਵਾਂ”
“ਬੜੀ ਖੁਸ਼ੀ ਨਾਲ ਆਪਣੀਆਂ ਅੱਖਾਂ ਤੇਰੇ ਕੋਲ ਛੱਡ ਜਾਵਾਂ” “
ਉਹ ਖਾ ਜਾਣਗੇ ਸਮਝ ਕੇ ਦਾਖਾਂ ਤੈਨੂੰ ਮੈਂ ਸਮਝਾਵਾਂ।
ਹਰ ਹਾਲਤ ਦਿਲ ਤੇਰਾ ਜੇਕਰ ਛੱਡ ਕੇ ਜਾਣਾ ਚਾਹੇ,
ਹੌਲੀ ਹੌਲੀ ਲੈ ਜੀ ਘੋੜਾ, ਬਾਹਰ ਪਿੰਡ ਦੇ ਰਾਹ ਤੇ।
ਫੜ ਲਗਾਮ ਘੋੜੇ ਦੀ, ਹੌਲੀ ਹੌਲੀ ਬਾਹਰ ਜਾਈ
ਉੱਥੇ ਜਾ ਕੇ ਮੇਰੇ ਵਲ ਤੂੰ ਮੁੜ ਕੇ ਨਜ਼ਰ ਦੌੜਾਈ।
ਪਹੁੰਚ ਕੇ ਵਾਦੀ ਅੰਦਰ, ਘੋੜੇ ਨੂੰ ਘਾਹ ਖੁਆਈ,
ਫਿਰ ਨਦੀ ਤੋਂ ਠੰਢਾ ਪਾਣੀ, ਇਹਨੂੰ ਜਾ ਪਿਆਈ।
ਹੈ ‘ਜੇ ਰਾਤ ਜਦੋਂ, ਲਬਾਦਾ ਉਤੇ ਲੈ ਸੋ ਜਾਵੀਂ,
ਖੁੱਲ੍ਹੇ ਜਦੋਂ ਅੱਖ ਤਾਂ ਹਿਰਦੇ ਮੇਰੀ ਯਾਦ ਲਿਆਵੀਂ।
ਜਦੋਂ ਵੀ ਹੋਵੇ ਵਰਖਾ ਸਮਝੀ, ਹੰਝੂ ਮੇਰੇ ਵਰਸੇ
ਬਰਫ਼ ਪਵੇ ਤਾਂ ਸਮਝੀ ਏਦਾਂ, ਮੇਰਾ ਦਿਲ ਤੜਪੇ, ਤਰਸੇ।”
ਮਾਣਮੱਤੇ ਨੌਜਵਾਨ ਨੇ ਘੋੜੇ ਤੇ ਤਿੰਨ ਵਾਰ ਚਾਬਕ ਵਰ੍ਹਾਇਆ, ਤਿੰਨ ਵਾਰ ਪਿੱਛੇ ਮੁੜਕੇ ਵੇਖਿਆ ਅਤੇ ਪਿੰਡ ਚਲਾ ਗਿਆ। ਤਿੰਨ ਹਫ਼ਤੇ ਲੰਘ ਗਏ। ਬਰਫ਼ ਨੇ ਪਰਬਤਾਂ ਨੂੰ ਢੱਕ ਲਿਆ। ਕਿਸਮਤ ਦੀ ਮਾਰੀ ਮੇਸੇਦਾ ਨੇ ਉਸ ਵਿਅਕਤੀ ਨਾਲ ਸ਼ਾਦੀ ਨਹੀਂ ਕਰਨੀ ਚਾਹੀ ਜਿਹਨੂੰ ਪਿਆਰ ਨਹੀਂ ਕਰਦੀ ਸੀ ਅਤੇ ਇਸੇ ਲਈ ਚੱਟਾਨ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਸੇ ਸ਼ਾਮ ਪਿਤਾ ਅਤੇ ਭਰਾਵਾਂ ਨੇ ਆਗਿਆ ਦੀ ਉਲੰਘਣਾ ਕਰਨ ਵਾਲੀ ਮੇਸੇਦਾ ਨੂੰ ਬਰਫ਼ ਦੇ ਤੂਫ਼ਾਨ ਵਿਚ ਬਾਹਰ ਸੜਕ ਤੇ ਕੱਢ ਦਿੱਤਾ ਸੀ।
ਉਸ ਰਾਤ ਉਹ ਇਹ ਗੀਤ ਗਾਉਂਦੀ ਰਹੀ ਸੀ-
ਏਹੀ ਚਾਹਾਂ ਸੋ ਪੋਤੀਆਂ ਜਨਮ ਪਿਤਾ ਘਰ ਲੈਣ,
ਛੇਤੀ ਪਿਤਾ ਉਨ੍ਹਾਂ ਨੂੰ ਵੇਚਣ ਪੈਸਾ ਵਿਆਹ ਕੇ ਲੈਣ।
ਵਿਆਹ ਵਿਚ ਉਨ੍ਹਾਂ ਦੇ ਜੀਅ ਭਰ ਭਰ, ਮੌਜਾਂ ਉਹ ਕਰ ਜਾਣ,
ਉਹ ਐਨੀ ਦੌਲਤ, ਸੋਨਾ ਲੈ ਲੈਣ, ਲੈ ਕੇ ਤੇ ਮਰ ਜਾਣ।
ਇਹ ਚਾਹਾਂ ਮੈਂ, ਧਨੀ ਲਾੜੀਆਂ ਢੂੰਡਣ ਮੇਰੇ ਭਾਈ,
ਪਿਆਰ ਉਨ੍ਹਾਂ ਨੂੰ ਕਰਨ ਨਾ ਭੋਰਾ ਮੁਕਦੇ ਜੀਵਨ ਤਾਈ।
ਉਹ ਹੇਠਾਂ ਨੂੰ ਚੁੰਮਣ ਨਾਹੀਂ ਦੌਲਤ ਨੂੰ ਉਹ ਚੁੰਮਣ,
ਵੱਢਣ ਤਨ ਜੇ ਮੇਰਾ ਹਿਮ-ਕਣ, ਚਾਂਦੀ ਵਿਚ ਉਹ ਬਦਲਣ।
ਪੈਰ ਛੂੰਹਦੀਆਂ ਨਦੀ-ਧਾਰਾਵਾਂ, ਧਾਰਦੀਆਂ ਰੂਪ ਅਨੇਕਾਂ,
ਪਿਤਾ ਡਰਾਵਾਂ ਦੇ ਲਾਲਚ ਨੂੰ ਕਰਨ ਤਰਿਪਰ ਇਹ ਤਾਂ।
ਮੇਰੇ ਪਰੀਤਮ, ਬਰਫ਼-ਹਨ੍ਹੇਰੀ, ਉਹਦਾ ਸ਼ੋਰ ਸੁਣੋ,
ਰਾਤ ਬਿਤਾਵਣ ਖਾਤਰ ਕੋਈ ਚੰਗੀ ਜਗ੍ਹਾ ਚੁਣੋ।
ਪਰੀਤਮ ਪੈਰਾਂ ਹੇਠ ਹਿਮ-ਪਰਤਾਂ ਸੰਭਲ ਪੈਰ ਧਰੋ,
ਅੱਗੇ ਵੇਖੋ, ਪਿੱਛੇ ਨਾ ਘੁੰਮੋ, ਨਾ ਪਿੱਛੇ ਨਜ਼ਰ ਕਰੋ।
ਜਾਂ ਤਾਂ ਨੌਜਵਾਨ ਨੂੰ ਮੌਤ ਦੇ ਮੂੰਹ ਵਿਚ ਜਾਂਦੀ ਹੋਈ ਆਪਣੀ ਮਸੇਦਾ ਦੀਆਂ ਆਹਾਂ ਸੁਣ ਗਈਆਂ ਸਨ ਜਾਂ ਉਸਦੇ ਦਿਲ ਨੇ ਉਹਨੂੰ ਸਭ ਕੁਝ ਦੱਸ ਦਿੱਤਾ ਸੀ, ਪਰ ਉਹ ਪਸੀਨੇ ਨਾਲ ਤਰ-ਬ-ਤਰ ਆਪਣੇ ਘੋੜੇ ਨੂੰ ਸਰਪਟ ਦੌੜਾਉਂਦਾ ਹੋਇਆ ਕ੍ਰਮੁਖ ਤੋਂ ਇਥੇ ਪਹੁੰਚ ਗਿਆ। ਉਹਨੂੰ ਦੁੱਖਦਾਈ ਘਟਨਾ ਦਾ ਪਤਾ ਲੱਗਾ। ਉਹਨੇ ਲਗਾਮਾਂ ਸੁੱਟ ਦਿੱਤੀਆਂ, ਘੋੜੇ ਨੂੰ ਛੱਡ ਦਿੱਤਾ। ਉਹਨੇ ਪੇਟੀ ਖੋਲ੍ਹੀ ਅਤੇ ਬੰਦੂਕ ਲਾਹ ਕੇ ਸੁੱਟ ਦਿੱਤੀ। ਬੰਦੂਕ ਪੱਥਰ ਨਾਲ ਟਕਰਾ ਕੇ ਟੁੱਟ ਗਈ। ਇਸ ਦੁਨੀਆਂ ਤੋਂ ਕੂਚ ਕਰ ਗਈ ਆਪਣੀ ਪਰੇਮਕਾ ਦੇ ਪਿਤਾ ਅਤੇ ਭਰਾਵਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਨੌਜਵਾਨ ਨੇ ਕਿਹਾ—
“ਮੈਂ ਨਹੀਂ ਚਾਹੁੰਦਾ ਭੰਗ ਕਰ ਦੇਣਾ ਚੈਨ ਤੁਹਾਡੇ ਘਰ ਦਾ।
ਪਰ ਏਥੇ ਹੀ ਤੇਜ਼ ਕਰਾਂ ਮੈਂ ਫਲ ਆਪਣੇ ਖੰਜਰ ਦਾ।
ਨਹੀਂ ਚਲਾਉਣਾ ਚਾਹੁੰਦਾ ਗੋਲੀ ਤੇ ਮੈਂ ਨਾ ਹੀ ਖੰਜਰ।
ਪਰ ਵੇਖਣਾ ਚਾਹੁੰਨਾ ਉਹਦਾ ਪਿਆਰਾ ਮੁੱਖੜਾ ਪਲ ਭਰ।
ਮੈਂ ਜਵਾਨੀ-ਮੱਤੀ, ਗੋਰੀ, ਛਾਤੀ ਵੇਖਣੀ ਚਾਹਵਾਂ,
ਅੰਤਮ ਝਲਕ ਅੱਖਾਂ ਵਿਚ ਉਹਦੀ ਲੈ ਕੇ ਰੱਖਣੀ ਚਾਹਵਾਂ।”
ਬਿਰਧ ਪਿਤਾ ਨੇ ਸੁਣ ਕੇ ਏਹੇ ਮੂੰਹ ਤੋਂ ਕਫ਼ਨ ਹਟਾਇਆ,
ਹੋਇਆ ਚਿਹਰਾ ਗੱਭਰੂ ਦਾ ਪੀਲਾ, ਘਿਰੀ ਮੌਤ ਦੀ ਛਾਇਆ,
ਗੋਰੀ ਛਾਤੀ ਵੇਖੀ ਉਹਨੇ ਸਿਰ ਉਹਦਾ ਚਕਰਾਇਆ
ਲੜਖੜਾਉਂਦਾ ਧਰਤੀ ਢੱਠਾ, ਇਉਂ ਅੰਤਮ ਪਲ ਆਇਆ।
ਕਿਸਮਤ ਨੇ ਉਨ੍ਹਾਂ ਨੂੰ ਮਿਲਾ ਕੇ ਇਕ ਕਰ ਦਿੱਤਾ ਸੀ, ਸਿਰਫ਼ ਉਨ੍ਹਾਂ ਦੇ ਜਿਸਮ ਹੀ ਵੱਖਰੇ ਪਏ ਸਨ। ਇਨ੍ਹਾਂ ਦੋਹਾਂ ਦਾ ਅੰਤਮ ਸੰਸਕਾਰ ਕਿਵੇਂ ਕੀਤਾ ਜਾਵੇ, ਇਨ੍ਹਾਂ ਨੂੰ ਦਫਨਾਇਆ ਕਿਵੇਂ ਜਾਵੇ? ਫਿਰ ਇਕ ਬਹੁਤ ਵੱਡਾ ਇਕੱਠ ਹੋਇਆ। ਪੂਰੇ ਦਾਗਿਸਤਾਨ ਤੋਂ ਬੁੱਧੀਮਾਨ ਲੋਕ ਆਏ, ਸਭ ਮਿਲਕੇ ਸੋਚ-ਵਿਚਾਰ ਕਰਨ ਲੱਗੇ।
ਇਸ਼ਕ ਦੇ ਮੰਨੇ ਪਰਮੰਨੇ ਪੈਗੰਬਰ ਨੇ ਕਿਹਾ-
ਬੁੱਝ ਗਈ ਜੀਵਨ ਜੋਤ ਇਨ੍ਹਾਂ ਦੀ, ਰੁਕਿਆ ਰੱਤ ਸੰਚਾਰ,
ਐਪਰ ਬਹੁਤ ਹੀ ਸੱਚਾ, ਦੋਹਾਂ ਦਾ ਸੀ ਪਿਆਰ।
ਇਨ੍ਹਾਂ ਦਾ ਇਕੋ ਪਿਆਰ ਸੀ ਭਾਵੇਂ ਬੇਸ਼ਕ ਤਨ ਸਨ ਦੋ,
ਇਕੋ ਮੌਤ ਏ ਮਿਲੀ ਉਨ੍ਹਾਂ ਨੂੰ ਬੇਸ਼ਕ ਜੀਵਨ ਸਨ ਦੋ।
ਇਨ੍ਹਾਂ ਦੋਹਾਂ ਲਈ ਵੱਡੀ ਸਾਰੀ ਇਕੋ ਕਬਰ ਹੋ ਜਾਏ,
ਤਾਂ ਕਿ ਉੱਥੇ ਕਿਸੇ ਤਰ੍ਹਾਂ ਵੀ ਜਗ੍ਹਾ ਘਟ ਨਾ ਜਾਏ।
ਇਨ੍ਹਾਂ ਨੂੰ ਭਾਵੇਂ ਪਲਾਂ ਛਿਣਾਂ ਲਈ ਵੱਖ ਜੀਵਨ ਨੇ ਕੀਤੈ,
ਪਰ ਮੌਤ ਨੇ ਸਦਾ ਸਦਾ ਲਈ ਇਕ ਇਨ੍ਹਾਂ ਨੂੰ ਕੀਤੈ।
‘ਕਠਿਆਂ ਦਈਏ ਵਲ੍ਹੇਟ ਦੋਹਾਂ ਨੂੰ ਇਕ ਲਬਾਦੇ ਅੰਦਰ,
ਇਕੋ ਢੇਰ ਤੋਂ ਪਾਈਏ ਮਿੱਟੀ ਇਨ੍ਹਾਂ ਦੀ ਕਬਰ ਦੇ ਅੰਦਰ।
ਉਸ ਥਾਂ ਉਤੇ ਅਸੀਂ ਦੋਹਾਂ ਦਾ ਪੱਥਰ ਇਕੋ ਲਾਈਏ,
ਇਹ ਪਰੇਮੀ ਸੌਣਗੇ ਜਿਸ ਵੀ ਇਕ ਕਬਰ ਦੇ ਅੰਦਰ।
ਜਿਵੇਂ ਕਿਹਾ ਗਿਆ, ਸਭ ਕੁਝ ਉਸੇ ਤਰ੍ਹਾਂ ਹੀ ਕੀਤਾ ਗਿਆ। ਇਨ੍ਹਾਂ ਦੋਹਾਂ ਆਸ਼ਕਾਂ ਦੀ ਕਬਰ ਉਤੇ ਲੱਗੇ ਪੱਥਰ ਕੋਲ ਇਕ ਲਾਲ ਫੁੱਲ ਖਿੜ ਉੱਠਿਆ। ਉਹਦੀਆਂ ਪੰਖੜੀਆਂ ਤਾਂ ਬਰਫ਼ ਦੇ ਹੇਠਾਂ ਵੀ ਮੁਰਝਾਉਂਦੀਆਂ ਨਹੀਂ ਸਨ। ਬਰਫ਼ ਇਸ ਫੁੱਲ ਨੂੰ ਛੋਂਹਦਿਆਂ ਹੀ ਪਿਘਲ ਜਾਂਦੀ ਸੀ ਜਿਵੇਂ ਇਹ ਲਾਲ ਫੁੱਲ ਅੱਗ ਹੋਵੇ। ਕਬਰ ਦੇ ਦੋਹੀਂ ਪਾਸੀਂ ਦੋ ਰੁੱਖ ਉੱਗ ਪਏ। ਇਹੋ ਜਿਹੇ ਸੋਹਣੇ ਰੁੱਖ ਤਾਂ ਕਿੱਸਿਆਂ ਕਹਾਣੀਆਂ ਵਿਚ ਵੀ ਨਹੀਂ ਹੁੰਦੇ। ਜਦੋਂ ਠੰਢੀ ਹਵਾ ਚਲਦੀ ਤਾਂ ਉਹ ਆਪਣੀਆਂ ਟਾਹਣੀਆਂ ਨੂੰ ਏਧਰ-ਓਧਰ ਹਿਲਾਉਂਦਿਆਂ-ਜੁਲਾਉਂਦਿਆਂ ਵੱਖ ਹੋ ਜਾਂਦੇ ਅਤੇ ਜਦੋਂ ਗਰਮ ਹਵਾ ਚਲਦੀ ਤਾਂ ਉਹ ਮੁੜ ਕੇ ਮਿਲ ਜਾਂਦੇ ਜਾਣੋ ਦੋ ਆਸ਼ਕ-ਕੁਮੁਖ ਦਾ ਨੌਜਵਾਨ ਅਤੇ ਅਜ਼ਾਇਨੀ ਦੀ ਮੁਟਿਆਰ-ਇਕ ਦੂਸਰੇ ਨੂੰ ਗਲਵਕੜੀ ਪਾ ਰਹੇ ਹੋਣ।
ਮੈਂ ਅਲੀ ਦੇ ਬਾਰੇ ਵੀ ਇਕ ਗੀਤ ਗਾ ਦਿੱਤਾ ਹੁੰਦਾ ਪਰ ਉਹ ਬਹੁਤ ਲੰਬਾ ਹੈ। ਇਸ ਲਈ ਮੈਨੂੰ ਇਹ ਇਜਾਜ਼ਤ ਦਿਓ ਕਿ ਪਹਿਲੇ ਗੀਤ ਵਾਂਗੂੰ ਹੀ ਉਹਨੂੰ ਕਿਤੇ ਤਾਂ ਗਾ ਦਿਆਂ ਅਤੇ ਕਿਤੇ ਆਪਣੇ ਸ਼ਬਦਾਂ ਵਿਚ ਬਿਆਨ ਕਰ ਦਿਆਂ।
ਕਿਸੇ ਪਿੰਡ ਵਿਚ ਅਲੀ ਰਹਿੰਦਾ ਸੀ। ਉਸਦੀ ਖੂਬਸੂਰਤ ਜਵਾਨ ਬੀਵੀ ਅਤੇ ਬੁੱਢੀ ਮਾਂ ਵੀ ਸਨ। ਅਲੀ ਭੇਡਾਂ ਚਾਰਨ ਲਈ ਲੰਮੇ ਅਰਸੇ ਤਕ ਪਹਾੜਾਂ ਵਿਚ ਚਲਾ ਗਿਆ।
ਇਕ ਦਿਨ ਕੋਈ ਆਦਮੀ ਉਹਦੀ ਮਾਂ ਦਾ ਇਹ ਹੁਕਮ ਲੈ ਕੇ ਅਲੀ ਕੋਲ ਆਇਆ ਕਿ ਉਹ ਆਪਣੀਆਂ ਭੇਡਾਂ ਛੱਡ-ਛਡਾ ਕੇ ਛੇਤੀ ਛੇਤੀ ਘਰ ਪਹੁੰਚੇ। ਅਲੀ ਦੇ ਦਿਲ ਵਿਚ ਬੁਰੇ ਬੁਰੇ ਖਿਆਲ ਆਉਣ ਲੱਗੇ। ਕੋਈ ਵੱਡੀ ਮੁਸੀਬਤ ਤਾਂ ਨਹੀਂ ਆ ਗਈ? ਘੋਲ ਉਹਦੀ ਕੀ ਲੋੜ ਹੋ ਸਕਦੀ ਸੀ? ਪਰ ਜੇ ਕੋਈ ਵੱਡੀ ਮੁਸੀਬਤ ਆ ਗਈ ਹੈ ਗਾਈ ਘਰ ਉਹਦੀ ਕੀ ਲਿਵਾਇ ਕਿਹਦੇ ਕੋਲੋਂ ਇਹਦੀ ਉਮੀਦ ਕੀਤੀ ਜਾ ਸਕਦੀ ਹੈ?
ਅਲੀ ਨੇ ਸੁਨੇਹਾ ਲਿਆਉਣ ਵਾਲੇ ਤੋਂ ਪੁੱਛਿਆ, ਪਰ ਉਹ ਚੁੱਪ ਰਿਹਾ। ਅਲੀ ਜ਼ੋਰ ਦੇਣ ਲੱਗਾ। ਉਸ ਉਤੇ ਔਖਾ ਭਾਰਾ ਹੋਣ ਲੱਗਾ ਅਤੇ ਖੰਜਰ ਵਿਖਾ ਕੇ ਧਮਕਾਉਣ ਲੱਗਾ। ਫਿਰ ਸੁਨੇਹਾ ਲਿਆਉਣ ਵਾਲੇ ਨੇ ਉਹਨੂੰ ਇਹ ਕਿਹਾ-
ਅਲੀ, ਹੈ ਬੀਵੀ ਤੇਰੀ ਸੋਹਣੀ ਅੰਤਾਂ ਦੀ,
ਜਦੋਂ ਰਾਤ ਨੂੰ, ਘਰ ਦੇ ਸਭ ਸੋ ਜਾਂਦੇ ਨੇ।
ਮੈਨੂੰ ਦੱਸ ਤਾਂ ਮਿੱਤਰਾ ਵਿਚ ਹਨ੍ਹੇਰੇ ਦੇ।
ਖਿੜਕੀ ਦੇ ਪੱਲੇ ਦੋਵੇਂ ਕਿਉਂ ਖੁੱਲ੍ਹ ਜਾਂਦੇ ਨੇ।
ਅਲੀ, ਹੈ ਜੋਬਨ-ਮੱਤੀ ਬੀਵੀ ਤੇਰੀ ਉਹ,
ਬਰਫ਼ਾਂ ਢੱਕੀ ਹੋਈ ਪਰ ਉਸ ਧਰਤੀ ਤੇ,
ਮੈਨੂੰ ਦੱਸ ਤਾਂ ਮਿੱਤਰਾ ਭਲਾ ਕਿਉਂ ਪੈਰਾਂ ਦੇ,
ਚਿੰਨ੍ਹ ਕਿਸੇ ਦੇ ਉੱਥੇ ਕਿਉਂ ਨੇ ਉੱਭਰਦੇ।
ਹਵਾ ਨਾਲ ਤਾਂ ਕਦੇ ਨਾ ਖਿੜਕੀ ਖੁੱਲ੍ਹਦੀ ਏ,
ਖੋਲ੍ਹੇ ਤੇਰੀ ਬੀਵੀ, ਹੋਵੇ ਪਰੇਮ-ਮਿਲਣ।
ਤੇਰੀ ਦਿੱਤੀ ਹੋਈ ਅੰਗੂਠੀ ਪਾਵੇ ਨਾ,
ਨਾ ਹੀ ਦਿੱਤਾ ਤੇਰਾ ਪਾਵੇ ਉਹ ਕੰਗਣ।
ਜ਼ਾਹਿਰ ਹੈ ਕਿ ਅਲੀ ਛੇਤੀ ਛੇਤੀ ਪਿੰਡ ਨੂੰ ਤੁਰ ਪਿਆ। ਫ਼ੌਰਨ ਮਾਂ ਕੋਲ ਨਾ ਜਾ ਕੇ ਬੀਵੀ ਕੋਲ ਗਿਆ। ਬੀਵੀ ਨੇ ਪਤੀ ਦਾ ਲਬਾਦਾ ਅਤੇ ਸਮੂਰ ਦੀ ਟੋਪੀ ਲਾਹ ਕੇ ਹੇਠਾਂ ਰੱਖਣੀ ਚਾਹੀ, ਘਰ ਦੀ ਬਣੀ ਬੀਅਰ ਪਿਲਾਉਣੀ ਚਾਹੀ, ਇਹ ਚਾਹਿਆ ਕਿ ਉਹ ਸਫ਼ਰ ਦੀ ਥਕਾਵਟ ਮਿਟਾ ਲਵੇ।
-“ਕੇਟ ਆਪਣਾ ਲਾਹਵੇ,
ਲਿਆਵਾਂ ਬੀਅਰ ਮੈਂ,”
-“ਜਦੋਂ ਮੈਂ ਏਥੇ, ਤੇਰੇ ਕੋਲ ਨਾ ਹੁੰਦਾ ਸਾਂ,
ਕਿਹਨੂੰ ਰਹੀ ਪੁਆਂਦੀ, ਤੂੰ ਲਬਾਦਾ ਸੈਂ।”
-“ਮੇਰੇ ਸੁਆਮੀ, ਪਿਆਰੇ, ਫਰ ਦੀ ਟੋਪੀ ਨੂੰ,
ਰੱਖੋ ਲਾਹ ਕੇ ਹੁਣ ਜ਼ਰਾ ਕੁ ਪਾਸੇ ਤਾਂ,” –
“ ਕਿਹਨੂੰ ਰਹੀ ਪਿਆਉਂਦੀ, ਉਦੋਂ ਤੂੰ ਬੀਅਰ ਸੈਂ ,
ਜਦੋਂ ਮਾਰਕੇ ਮਨ, ਗਿਆ ਮੈਂ ਪਾਸੇ ਸਾਂ?”
ਅਲੀ ਨੇ ਖੰਜਰ ਕੱਢਿਆ ਅਤੇ ਬੀਵੀ ਉਤੇ ਦੋ ਵਾਰ ਕੀਤੇ।
-“ਕਿਸਮਤ ਵਾਲਾ ਰਹੇ ਓ, ਅਲੀ ਸੂਰਿਆ,
ਜੀਵੇਂ ਤਿੰਨ ਸੋ ਸਾਲ ਸਾਡੀ ਧਰਤ ਤੇ,
ਪਰ ਜ਼ਰਾ ਕੁ ਏਧਰ ਵੇਖੀਂ ਸੂਰਿਆ,
ਲਹੂ-ਲੁਹਾਣ ਪਈ ਮੈਂ ਏਥੇ ਧਰਤ ਤੇ।
ਅੱਲ੍ਹਾ ਤੇਰੇ ਉਤੇ ਰਹਿਮਤ ਵਰਸਾਏ,
ਲੈ ਕੁੱਲ ਜੱਗ ਦੀਆਂ ਖੁਸ਼ੀਆਂ ਓ ਦਿਲ ਜਾਨੀਆ।
ਏਹੋ ਇਕੋ ਅਰਜ ਕਿ ਆਪਣੇ ਹੱਥੀਂ ਤੂੰ,
ਲੈ ਜਾ ਚੁੱਕ ਪਲੰਘ ਤੇ, ਓ ਦਿਲ ਜਾਨੀਆ।”
-“ਅਰਜ਼ ਕਰਾਂ ਇਹ ਪੂਰੀ ਪਹਿਲੋਂ ਦਸ ਦੇਹ ਏਹ,
ਕਹਿ ਦੇ ਸਭ ਕੁਝ ਖੁੱਲ੍ਹ ਕੇ ਕੁਝ ਛਪਾਈ ਨਾ।
ਨਾ ਤੂੰ ਆਪਣੇ ਬਾਹੀਂ ਕੰਗਣ ਪਾਇਆ ਏ,
ਉਂਗਲੀ ਵਿਚ ਅੰਗੂਠੀ ਤੂੰ ਕਿਉਂ ਪਾਈ ਨਾ?”
-“ਕੰਗਣ ਤੇ ਅੰਗੂਠੀ, ਓ ਦਿਲ ਜਾਨੀਆ,
ਰੱਖੋ ਦੋਵੇਂ ਸਾਂਭ ਵਿਚ ਸੰਦੂਕ ਦੇ।
ਜਦ ਨਹੀਂ ਮੇਰੇ ਕੋਲ ਤੂੰ, ਓ ਦਿਲ ਜਾਨੀਆਂ,
ਕਿਸ ਵਿਖਾਵਾਂ ਹਾਰ-ਸ਼ਿੰਗਾਰ ਤੇ ਰੂਪ ਏਹ।”
ਅਲੀ ਭੱਜ ਕੇ ਮਾਂ ਕੋਲ ਗਿਆ-
ਤੂੰ ਮੈਨੂੰ ਕਿਉਂ ਬੁਲਵਾਇਐ, ਕੀ ਗੱਲ ਹੋ ਗਈ ਏ?”
” “ਤੇਰੇ ਬਿਨਾਂ ਤੇਰੀ ਬੀਵੀ ਬਹੁਤ ਉਦਾਸ ਹੋ ਗਈ ਸੀ, ਬੱਚੇ ਵੀ ਉਦਾਸ ਹੋ ਰਹੇ ਸਨ। ਫਿਰ ਮੈਂ ਇਹ ਵੀ ਸੋਚਿਆ ਕਿ ਤੂੰ ਭੇਡ ਦਾ ਤਾਜ਼ਾ-ਤਾਜ਼ਾ ਗੋਸ਼ਤ ਵੀ ਆਪਣੇ ਨਾਲ ਲਿਆਏਂਗਾ। ਬਹੁਤ ਦਿਨਾਂ ਤੋਂ ਨਹੀਂ ਖਾਧਾ।”
ਅਲੀ ਨੇ ਆਪਣਾ ਸਿਰ ਫੜ ਲਿਆ ਅਤੇ ਉਹ ਭੱਜ ਕੇ ਪਤਨੀ ਕੋਲ ਗਿਆ।
ਬੁੱਝਦੀ ਜਾਂਦੀ ਜੋਤ ਸੀ ਉਹਦੇ ਨੈਣਾਂ ਦੀ,
ਹੱਥ ਬੀਵੀ ਦੇ ਠੰਢੇ ਜ਼ਰਾ ਸਾਹ ਨਾ ਆਏ,
ਅੱਖਾਂ ਝਰਨੇ ਬਣੀਆਂ, ਸੂਰੇ ਅਲੀ ਦੀਆਂ,
ਪਰ ਵਧਦੀ ਉਹ ਪਰਲੋਕ ਦੇ ਹੀ ਰਾਹ ਜਾਏ।
ਫਿਰ ਅਲੀ ਨੇ ਆਪਣਾ ਖੰਜਰ ਕੱਢ ਲਿਆ,
ਲਹੂ ‘ਚ ਭਿੱਜਿਆ ਖੰਜਰ ਤਿੱਖੀ ਧਾਰ ਦਾ।
ਆਪਣਾ ਆਪ ਉਹਨੇ ਉਥੇ ਵੱਢ ਲਿਆ.
ਡਿੱਗਿਆ ਬੀਵੀ ਕੋਲ, ਖੁਦ ਨੂੰ ਮਾਰ ‘ਤਾ।
ਤਾਂ ਇਉਂ ਅੰਤ ਹੋਇਆ ਇਸ ਘਟਨਾ ਦਾ। ਇਨ੍ਹਾਂ ਦੋਹਾਂ ਨੂੰ ਇਕ ਦੂਸਰੇ ਦੇ ਨਾਲ ਨਾਲ ਦਫਨਾਇਆ ਗਿਆ। ਇਨ੍ਹਾਂ ਦੀ ਕਬਰ ਕੋਲ ਦੋ ਰੁੱਖ ਉੱਗ ਆਏ।
ਤਾਂ ਮੈਂ ਕਿਹਦੀ ਗਾਥਾ ਗਾਵਾਂ? ਸ਼ਾਇਦ ਕਾਮਾਲੀਲ ਬਾਸ਼ੀਰ ਦੀ? ਕੌਣ ਸੀ ਇਹ ਕਾਮਾਲੀਲ ਬਾਸ਼ੀਰ? ਉਹ ਸਾਡੇ ਦਾਗਿਸਤਾਨ ਦਾ, ਇਉਂ ਕਿਹਾ ਜਾ ਸਕਦਾ ਹੈ, ਡੋਨ- ਜੁਆਨ ਸੀ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਪਾਣੀ ਪੀਂਦਾ ਸੀ ਤਾਂ ਉਹਦੇ ਗਲੇ ਵਿਚੋਂ ਨਿਰਮਲ ਜਲ ਸਾਫ਼ ਤੇ ਹੇਠਾਂ ਜਾਂਦਾ ਹੋਇਆ ਦਿਸਦਾ ਸੀ। ਏਨੀ ਨਰਮ ਸੀ ਉਹਦੀ ਤੁਚਾ। ਉਸ ਦੀ ਇਸ ਧੌਣ ਨੂੰ ਉਹਦੇ ਪਿਓ ਨੇ ਵੱਢ ਸੁਟਿਆ ਸੀ। ਕਿਸ ਕਾਰਨ? ਇਸ ਕਾਰਨ ਕਿ ਪੁੱਤਰ ਬਹੁਤ ਹੀ ਖੂਬਸੂਰਤ ਸੀ।
ਕਾਮਾਲੀਲ ਬਾਸ਼ੀਰ ਤਾਂ ਮਰ ਗਿਆ, ਪਰ ਪਿਆਰ ਦੇ ਬਾਰੇ ਤਾਂ ਉਸੇ ਤਰ੍ਹਾਂ ਗਾਇਆ ਜਾਂਦਾ ਹੈ। ਜਿਵੇਂ ਪਹਿਲਾਂ ਗਾਇਆ ਜਾਂਦਾ ਸੀ।
ਬੱਚਾ ਤਾਂ ਪੰਘੂੜੇ ਵਿਚ ਹੀ ਹੁੰਦਾ ਹੈ ਪਰ ਪਰੇਮ ਦਾ ਗੀਤ ਉਹਦੇ ਉੱਪਰ ਗੂੰਜਣ ਲੱਗ ਪੈਂਦਾ ਹੈ।
ਮੁੜ ਕੇ ਮੈਂ ਸਾਡੇ ਵੱਲ ਦੀ ਇਕ ਸਿੱਧੀ ਸਾਦੀ ਲੋਕ-ਖੇਡ ਦੀ ਯਾਦ ਦੁਆਉਣਾ ਚਾਹੁੰਦਾ ਹਾਂ।
ਇਸ ਖੇਡ ਵਿਚ ਗੀਤਮਇਤਾ, ਹਾਜ਼ਰ ਜਵਾਬੀ, ਆਵੱਸ਼ਕ ਅਤੇ ਠੀਕ ਸ਼ਬਦ
ਢੂੰਡ ਸਕਣ ਦੀ ਸਮਰੱਥਾ ਦਾ ਮੁਕਾਬਲਾ ਹੁੰਦਾ ਹੈ। ਇਹੋ ਜਿਹੀ ਖੇਡ ਹੈ ਇਹ। ਦਾਗਿਸਤਾਨ ਦੇ ਹਰ ਪਿੰਡ ਵਿਚ ਲੋਕ ਇਹਨੂੰ ਜਾਣਦੇ ਹਨ। ਸਿਆਲਾਂ ਦੀਆਂ ਲੰਮੀਆਂ ਰਾਤਾਂ ਵਿਚ ਪਿੰਡ ਦੇ ਗੱਭਰੂ-ਮੁਟਿਆਰਾਂ ਕਿਸੇ ਪਹਾੜੀ ਘਰ ਵਿਚ ਜਮ੍ਹਾਂ ਹੋ ਜਾਂਦੇ ਹਨ। ਉਹ ਨਾ ਤਾਂ ਵੋਦਕਾ ਪੀਂਦੇ ਹਨ, ਨਾ ਤਾਸ਼ ਖੇਡਦੇ ਹਨ, ਨਾ ਬੀਜ ਛਿੱਲ ਕੇ ਖਾਂਦੇ ਹਨ ਅਤੇ ਨਾ ਬੇਹੂਦਾ ਹਰਕਤਾਂ ਕਰਦੇ ਹਨ। ਹੈ ਨਾ ਇਹ ਬਹੁਤ ਵਧੀਆ ਗੱਲ!
ਇਕ ਛੋਟੀ ਜਿਹੀ ਛੜੀ ਲਿਆਂਦੀ ਜਾਂਦੀ ਹੈ । ਕੋਈ ਮੁਟਿਆਰ ਉਹਨੂੰ ਹੱਥ ਵਿਚ ਲੈ ਲੈਂਦੀ ਹੈ। ਮੁਟਿਆਰ ਇਸ ਛੜੀ ਨਾਲ ਕਿਸੇ ਗੱਭਰੂ ਨੂੰ ਛੂੰਹਦੀ ਹੈ ਅਤੇ ਗਾਉਂਦੀ ਹੈ
ਚੁੱਕ ਲੈ ਵੇ ਛੜੀ, ਜੋ ਸਭ ਤੋਂ ਸੋਹਣੀ ਏਂ
ਚੁਣ ਲੈ ਵੇ ਤੂੰ ਕੁੜੀ, ਜੋ ਸਭ ਤੋਂ ਸੋਹਣੀ ਏਂ।
ਗੱਭਰੂ ਕਿਸੇ ਮੁਟਿਆਰ ਨੂੰ ਚੁਣ ਲੈਂਦਾ ਹੈ ਅਤੇ ਉਹ ਸਟੂਲ ਉਤੇ ਬਹਿ ਜਾਂਦੀ ਹੈ। ਇਨ੍ਹਾਂ ਦੋਹਾਂ ਵਿਚ ਕਵਿਤਾ ਵਿਚ ਗੱਲਬਾਤ ਸ਼ੁਰੂ ਹੁੰਦੀ ਹੈ।
ਸੁਣ ਬੱਲੀਏ, ਸੁਣ ਬੱਲੀਏ,
ਦੱਸ ਕੀ ਤੇਰਾ ਨਾਂਅ ?
ਦੱਸ ਬੱਲੀਏ, ਦੱਸ ਬੱਲੀਏ,
ਕੁੱਲ, ਪਿਤਾ, ਕੌਣ ਮਾਂ ?
ਬਾਕੀ ਸਭ ਗੱਭਰੂ ਤਾੜੀਆਂ ਮਾਰਦੇ ਹੋਏ ਗਾਉਂਦੇ ਹਨ-“ਆਈ, ਦਾਈ ਦਾਲਾਲਾਈ।”
ਆਪਣਾ ਨਾਂਅ ਮੈਂ ਦੱਸਿਐ ਤੈਨੂੰ,
ਹੋਰ ਕਿਸੇ ਨੂੰ ਦੱਸਿਆ ਨਹੀਂ।
ਕੋਲ ਪਿਆਰ ਦਾ ਦਿਤੇ ਤੈਨੂੰ,
ਹੋਰ ਕਿਸੇ ਨੂੰ ਦਿੱਤਾ ਨਹੀਂ।
ਮੁਟਿਆਰ ਸਟੂਲ ਤੋਂ ਉੱਠਦੀ ਹੈ, ਛੜੀ ਨਾਲ ਕਿਸੇ ਗੱਭਰੂ ਨੂੰ ਚੁਣਦੀ ਹੈ ਜਿਹੜਾ ਉਹਦੀ ਥਾਂ ਬਹਿ ਜਾਂਦਾ ਹੈ। ਇਹ ਨਵਾਂ ਜੋੜਾ ਨਵਾਂ ਕਾਵ-ਵਾਰਤਾਲਾਪ ਆਰੰਭ ਕਰਦਾ ਹੈ—
ਮੁਟਿਆਰ-
ਪੈਂਦੀਆਂ ਬਰਫ਼ਾਂ ਪਰਬਤਾਂ ਉਤੇ,
ਰਾਹ ਕਿਤੇ ਵੀ ਲੱਭੇ ਨਾ।
ਲੇਲਾ ਪਿਆਰਾ ਘਾਹ ਪਿਆ ਢੂੰਡੇ,
ਕਿਥੋਂ ਉਹਨੂੰ ਲੱਭੇ ਜਾ।
ਗੱਭਰੂ-
ਬਰਫ਼ ਤਾਂ ਹਰ ਪਲ ਪਿਘਲੀ ਜਾਵੇ,
ਵਹਿੰਦੇ ਵਹਿਣ ਨੇ ਚਾਂਦੀ ਵੰਨੇ,
ਪਿਆਰੇ ਪਿਆਰੇ ਲੇਲੇ ਤਾਈਂ,
ਲੱਭਦਾ ਘਾਹ ਏ ਤੇਰੇ ਸੀਨੇ।
“ਆਈ, ਦਾਈ, ਦੱਲਾਲਾਈ।” ਨਵਾਂ ਜੋੜਾ ਅੱਗੇ ਆਉਂਦਾ ਹੈ।
ਮੁਟਿਆਰ-
ਜਿੱਥੇ ਸ਼ੀਤਲ-ਜਲ ਦਾ ਖੂਹ ਏ,
ਰਹਿੰਦੇ ਉੱਥੇ ਅਜਗਰ।
ਬੱਕਰੇ ਲਈ ਤਾਂ ਪਾਣੀ ਪੀਣਾ,
ਉਹ ਕਰ ਦੇਂਦੇ ਦੁਭਰ।
ਗੱਭਰੂ-
ਬੇਸ਼ਕ ਉਥੇ ਰਹਿੰਦੇ ਅਜਗਰ
ਪਰ ਨਹੀਂ ਉਹਦਾ ਕੋਈ ਵੀ ਡਰ।
ਤੇਰੇ ਨੈਣ-ਪਿਆਲਿਆਂ ਵਿਚੋਂ,
ਪੀ ਲਵੇਗਾ ਉਹੋ ਜੀ ਭਰ।
“ਆਈ, ਦਾਈ, ਦਾਲਾਲਾਈ।” ਨਵਾਂ ਜੋੜਾ ਅੱਗੇ ਆਉਂਦਾ ਹੈ। ਗੱਭਰੂ-
ਦਰੱਰੇ ਵਿਚ ਤੂਫਾਨ ਗਰਜਦਾ, ਵਿਛੀ ਨਦੀ ਤੇ ਹਿਮ ਚਾਦਰ ਵਿਆਹ ਤੇਰੇ ਨਾਲ ਕਰਨਾ ਚਾਹਾਂ, ਤੇ ਵਸਾਉਣਾ ਚਾਹੁੰਨਾਂ ਘਰ।
ਮੁਟਿਆਰ-
ਪਿੰਡ ਦੀ ਜਾਹ ਕਿਸੇ ਹੋਰ ਗਲੀ ਵਿਚ,
ਆਪਣੀ ਲਾੜੀ ਲੱਭ ਲੈ,
ਬੰਧਨ ਮੁਰਗੀਖਾਨੇ ਵਾਲੇ,
ਤਿੱਤਰੀ ਕੋਲੋਂ ਲੱਭਨੇਂ।
“ਆਈ, ਦਾਈ, ਦਾਲਾਲਾਈ।” ਸਾਰੇ ਤਾੜੀਆਂ ਮਾਰਦੇ ਹਨ ਤੇ ਹੱਸਦੇ ਹਨ। ਇੰਜ ਲੰਘਦੀਆਂ ਨੇ ਸਿਆਲ ਦੀਆਂ ਲੰਮੀਆਂ ਰਾਤਾਂ। ਪਿਆਰ ਦੇ ਬਾਰੇ ਦਾਗਿਸਤਾਨੀ ਗੀਤ ਗਾਣੇ ! ਜਦੋਂ ਤੱਕ ਇਸ ਗੱਭਰੂ ਨੇ ਇਹ ਮਿੰਨਤ ਕੀਤੀ ਕਿ ਇਹ ਮੁਟਿਆਰ ਉਹਦੇ ਨਾਲ ਵਿਆਹ ਕਰ ਲਵੇ, ਦੂਸਰੇ ਗੱਭਰੂ ਕਿਸੇ ਤਰ੍ਹਾਂ ਦੀ ਰਸਮ ਦੇ ਬਿਨਾਂ ਹੀ ਉਹਨੂੰ ਚੁਰਾ ਲੈ ਜਾਂਦੇ ਹਨ।
ਜਦੋਂ ਤੱਕ ਇਸ ਮੁਟਿਆਰ ਦੇ ਦਰਵਾਜ਼ੇ ਉਤੇ ਅਦਬ ਨਾਲ ਦਸਤਕ ਦਿੱਤੀ ਜਾਂਦੀ ਰਹੀ, ਦੂਜੇ ਗੱਭਰੂ ਖਿੜਕੀ ‘ਚੋਂ ਦੀ ਛਾਲ ਮਾਰ ਕੇ ਉਹਦੇ ਕੋਲ ਜਾ ਪਹੁੰਚੇ। ਸਦੀਆਂ ਲੰਘਦੀਆਂ ਰਹਿੰਦੀਆਂ ਹਨ ਪਰ ਗਾਣੇ ਜਿਉਂ ਦੇ ਤਿਉਂ ਹੀ ਜਿਉਂਦੇ ਰਹਿੰਦੇ ਹਨ। ਗਾਇਕ ਉਨ੍ਹਾਂ ਨੂੰ ਰਚਦੇ ਹਨ ਪਰ ਗੀਤ ਸਾਰੇ ਗਾਇਕਾਂ ਨੂੰ ਜਨਮ ਦਿੰਦੇ
ਹਨ। ਭਲਾ ਗੀਤਾਂ ਗਾਣਿਆਂ ਤੋਂ ਬਿਨਾਂ ਵਿਆਹ ਹੋ ਸਕਦਾ ਹੈ? ਭਲਾ ਗਾਣਿਆਂ ਤੋਂ ਬਿਨਾਂ ਇਕ ਦਿਨ ਵੀ ਲੰਘ ਸਕਦਾ ਹੈ? ਭਲਾ ਕੋਈ ਆਦਮੀ ਗਾਣੇ ਤੋਂ ਬਿਨਾਂ ਵੀ ਜ਼ਿੰਦਗੀ ਬਿਤਾ ਸਕਦਾ ਹੈ?
ਸਾਡੇ ਵੱਲ ਇਹ ਕਿਹਾ ਜਾਂਦਾ ਹੈ ਕਿ ਜਿਹਨੂੰ ਗਾਣਾ ਨਹੀਂ ਆਉਂਦਾ ਉਹਨੂੰ ਡੰਗਰਾਂ ਦੇ ਵਾੜੇ ਵਿਚ ਰਹਿਣਾ ਚਾਹੀਦਾ ਹੈ।
ਇਹ ਵੀ ਕਿਹਾ ਜਾਂਦਾ ਹੈ ਕਿ ਪਿਆਰ ਤੋਂ ਅਣਜਾਣ ਮਹਾਂਬਲੀ ਕਿਸੇ ਪਰੇਮ ਦਿਵਾਨੇ ਦੇ ਕੱਛ ਤੱਕ ਵੀ ਨਹੀਂ ਪਹੁੰਚਦਾ।
ਮਹਿਮੂਦ ਦੇ ਬਾਰੇ ਇਹ ਕਿੱਸਾ ਸੁਣਾਇਆ ਜਾਂਦਾ ਹੈ-ਪਹਿਲੇ ਵਿਸ਼ਵ ਯੁੱਧ ਦੇ ਵਕਤ ਉਹ ਦਾਗਿਸਤਾਨੀ ਘੋੜ ਸਵਾਰ ਰੈਜਮੈਂਟ ਦੇ ਨਾਲ ਕਾਰਪੇਥੀਆ ਦੇ ਮੋਰਚੇ ਤੇ ਸੀ। ਉਹਨੇ ਆਪਣੇ ਪ੍ਰਸਿੱਧ ਗੀਤ ‘ਮਰੀਅਮ’ ਦੀ ਰਚਨਾ ਉੱਥੇ ਹੀ ਕੀਤੀ ਸੀ ਅਤੇ ਮਹਿਮੂਦ ਦੇ ਫੌਜੀ ਸਾਥੀ ਉਹਨੂੰ ਪੜਾਵਾਂ ਤੇ ਗਾਉਣ ਲੱਗ ਪਏ ਸਨ। ਇਸ ਗਾਣੇ ਦੀ ਕਹਾਣੀ ਇਹ
ਇਕ ਘਮਸਾਨ ਲੜਾਈ ਵਿਚ ਰੂਸੀ ਫੌਜਾਂ ਨੇ ਆਸਟਰਿਆਈ ਫੌਜਾਂ ਨੂੰ ਭਜਾ ਦਿੱਤਾ ਅਤੇ ਇਕ ਪਿੰਡ ਉਤੇ ਕਬਜ਼ਾ ਕਰ ਲਿਆ। ਭੱਜਦੇ ਹੋਏ ਦੁਸ਼ਮਣ ਦਾ ਪਿੱਛਾ ਕਰਦਿਆਂ ਹੋਇਆਂ ਮਹਿਮੂਦ ਇਕ ਗਿਰਜੇ ਕੋਲ ਪਹੁੰਚ ਗਿਆ। ਇਕ ਡਰਿਆ ਸਹਿਮਿਆ ਆਸਟਰਿਆਈ ਗਿਰਜੇ ਦੇ ਦਰਵਾਜ਼ੇ ਤੋਂ ਭੱਜ ਕੇ ਬਾਹਰ ਆਇਆ, ਪਰ ਗੁੱਸੇ ਨਾਲ ਦਹਿਕਦੇ ਇਕ ਪਹਾੜੀ ਘੋੜ ਸਵਾਰ ਨੂੰ ਆਪਣੇ ਸਾਹਮਣੇ ਵੇਖ ਕੇ ਗਿਰਜੇ ਵਿਚ ਭੱਜ
ਗਿਆ। ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਮਹਿਮੂਦ ਦਾ ਭਰਾ ਲੜਾਈ ਵਿਚ ਮਾਰਿਆ ਗਿਆ ਸੀ ਅਤੇ ਉਹ ਬਦਲਾ ਲੈਣ ਲਈ ਬੇਚੈਨ ਸੀ। ਜ਼ਿਆਦਾ ਸੋਚ ਵਿਚਾਰ ਕੀਤੇ ਬਿਨਾਂ ਉਹਨੇ ਘੋੜੇ ਉਤੋਂ ਛਾਲ ਮਾਰੀ, ਖੰਜਰ ਕੱਢਦਿਆਂ ਹੋਇਆਂ ਇਹ ਇਰਾਦਾ ਬਣਾ ਲਿਆ ਕਿ ਅੰਦਰ ਜਾ ਕੇ ਫੋਰਨ ਇਸ ਆਸਟਰਿਆਈ ਦੀ ਜਾਨ ਲੈ ਲਵੇਗਾ ਪਰ ਭੱਜਦਿਆਂ
ਹੋਇਆਂ ਗਿਰਜੇ ਵਿਚ ਜਾਣ ਤੇ ਮਹਿਮੂਦ ਚੱਕਾ ਰਹਿ ਗਿਆ। ਉਹਨੇ ਆਸਟਰਿਆਈ ਨੂੰ ਗੋਡਿਆਂ ਭਾਰ ਬੈਠਿਆਂ ਹੋਇਆਂ ਈਸਾ ਦੀ ਮਾਂ ਮਰੀਅਮ ਦੀ ਮੂਰਤੀ ਦੇ ਸਾਹਮਣੇ ਪਰਾਰਥਨਾ ਕਰਦਿਆਂ ਵੇਖਿਆ।
ਦਾਗਿਸਤਾਨ ਵਿਚ ਤਾਂ ਗੋਡੇ ਟੇਕ ਦੇਣ ਵਾਲੇ ਉਤੇ ਉਂਜ ਵੀ ਹੱਥ ਨਹੀਂ ਚੁਕਿਆ ਜਾਂਦਾ ਅਤੇ ਪਰਭੂ ਈਸਾ ਵੀ ਮਾਂ ਮੂਰਤੀ ਦੇ ਸਾਹਮਣੇ ਪਰਾਰਥਨਾ ਕਰਨ ਵਾਲੇ ਉਤੇ ਹੱਥ ਭੌਂਕਣ ਦਾ ਪਰਸਤ ਈਸਾ ਦੀ ਮਾਂ ਮਗਰੀ ਦਾ ਸੀ। ਇਸ ਤੋਂ ਇਲਾਵਾ ਮਹਿਮੂਦ ਉਸ ਔਰਤ ਦੀ ਖੂਬਸੂਰਤੀ ਨੂੰ ਵੇਖ ਕੇ ਵੀ ਭੌਚੱਕਾ ਰਹਿ ਗਿਆ ਸੀ, ਜਿਹਦੀ ਆਸਟਰਿਆਈ ਪੂਜਾ ਕਰ ਰਿਹਾ ਸੀ।
ਮਹਿਮੂਦ ਨੇ ਅਚਾਨਕ ਇਹ ਵੇਖਿਆ ਕਿ ਉਹਦੇ ਸਾਹਮਣੇ ਉਹਦੀ ਪਰੇਮਕਾ ਮੂਈ ਹੈ, ਉਸੇ ਦੀਆਂ ਅੱਖਾਂ ਹਨ, ਅੱਖਾਂ ਵਿਚ ਉਸੇ ਦੀ ਪੀੜ ਹੈ, ਉਸੇ ਦਾ ਚਿਹਰਾ ਮੂਹਰਾ, ਉਸੇ ਦੀ ਪੁਸ਼ਾਕ ਹੈ। ਮਹਿਮੂਦ ਦੇ ਹੱਥੋਂ ਖੰਜਰ ਡਿੱਗ ਪਿਆ। ਇਹ ਤਾਂ ਨਹੀਂ ਪਤਾ ਇਸ ਘਟਨਾ ਦੇ ਬਾਰੇ ਆਸਟਰਿਆਈ ਨੇ ਬਾਅਦ ਵਿਚ ਕੀ ਕਿਹਾ ਪਰ ਗੁੱਸੇ ਨਾਲ ਉਬਲਦਾ ਮਹਿਮੂਦ ਵੀ ਉਹਦੇ ਨੇੜੇ ਹੀ ਗੋਡੇ ਟੇਕ ਕੇ ਇਸਾਈਆਂ ਦੇ ਢੰਗ ਨਾਲ ਪਰਾਰਥਨਾ ਕਰਨ ਲੱਗਾ, ਅਵੱਲੇ ਜਿਹੇ ਢੰਗ ਨਾਲ ਮੱਥੇ, ਮੋਢਿਆਂ ਅਤੇ ਛਾਤੀ ਨਾਲ ਆਪਣੀਆਂ ਉਂਗਲੀਆਂ ਛੁਹਾਉਣ ਲੱਗਾ। ਆਸਟਰਿਆਈ ਕਦੋਂ ਉਥੋਂ ਖਿਸਕ ਗਿਆ, ਮਹਿਮੂਦ ਨੇ ਇਹ ਨਹੀਂ ਵੇਖਿਆ। ਹੋਸ਼ ਹਵਾਸ ਟਿਕਾਣੇ ਆਉਣ ਤੇ ਉਹਨੇ ਆਪਣੀ ਪਰਸਿੱਧ ਕਵਿਤਾ ‘ਮਰੀਅਮ’ ਯਾਨੀ ਮਰੀਆ ਦੇ ਬਾਰੇ ਕਵਿਤਾ ਦੀ ਰਚਨਾ ਕੀਤੀ, ਪਰ ਸੋਚਦਾ ਰਿਹਾ ਮੂਈ ਦੇ ਬਾਰੇ, ਸਿਰਜਣਾ ਕੀਤੀ ਮੂਈ ਦੇ ਸਬੰਧ ਵਿਚ ਪਰ ਸੋਚਦਾ ਰਿਹਾ ਮਰੀਆ ਦੇ ਸਬੰਧ ਵਿਚ।
ਇਸ ਤੋਂ ਬਾਅਦ ਤਾਂ ਮਹਿਮੂਦ ਪਰੇਮ ਤੋਂ ਇਲਾਵਾ ਕਿਸੇ ਦੂਜੀ ਚੀਜ਼ ਨੂੰ ਇਸ ਦੁਨੀਆਂ ਵਿਚ ਮਾਨਤਾ ਹੀ ਨਹੀਂ ਦਿੰਦਾ ਸੀ। ਉਸ ਦੀ ਆਤਮਾ ਦੂਜੇ ਗੀਤਾਂ ਨੂੰ ਗਰਹਿਣ ਹੀ ਨਹੀਂ ਕਰਦੀ ਸੀ। ਦਾਗਿਸਤਾਨ ਦੇ ਕਵੀਆਂ ਵਿਚ ਹੋਰ ਕੋਈ ਵੀ ਅਜਿਹਾ ਨਹੀਂ ਸੀ ਜਿਹੜਾ ਉਸਦੀਆਂ ਭਾਵਨਾਵਾਂ ਦੇ ਆਵੇਗ ਦੀ ਉੱਚਾਈ ਨੂੰ ਛੂਹ ਸਕਦਾ, ਉਹਦੇ ਗੀਤਾਂ ਦੀ ਗਹਿਰਾਈ ਤੱਕ ਜਾ ਸਕਦਾ। ਉਹਨੂੰ ਤਾਂ ਇਸ ਗੱਲ ਦੀ ਸੋਝੀ ਵੀ ਨਹੀਂ ਰਹੀ ਸੀ ਕਿ ਉਹ ਕਵਿਤਾ ਦੀ ਰਚਨਾ ਕਰ ਰਿਹਾ ਹੈ, ਕਿ ਕਵਿਤਾ ਵਿਚ ਗੱਲ ਕਰ ਰਿਹਾ ਹੈ, ਕਿ ਬੋਲ ਨਹੀਂ ਰਿਹਾ, ਸਗੋਂ ਗਾ ਰਿਹਾ ਹੈ। ਜਾਣੋ ਕੋਈ ਹੋਰ ਹੀ ਉਹਦੀ ਥਾਂ ਬੋਲ ਅਤੇ ਗਾ ਰਿਹਾ ਹੋਵੇ। ਉਹ ਮੂਈ ਅਤੇ ਉਹਦੇ ਵੱਲ ਆਪਣੀਆਂ ਭਾਵਨਾਵਾਂ ਨੂੰ ਹੀ ਆਪਣੀਆਂ ਸਾਰੀਆਂ ਕਾਮਯਾਬੀਆਂ ਦਾ ਸਿਹਰਾ ਦਿੰਦਾ ਸੀ। ਜੇ ਉਹਦਾ ਕੋਈ ਦੋਸਤ ਉਹਦੇ ਨਾਲ ਮੂਈ ਦੀ ਗੱਲ ਨਹੀਂ ਕਰਦਾ ਸੀ ਤਾਂ ਉਹ ਉਹਦੀ ਗੱਲ ਹੀ ਸੁਣਨੀ ਬੰਦ ਕਰ ਦਿੰਦਾ ਸੀ। ਮਹਿਮੂਦ ਦੇ ਬਾਰੇ ਮੇਰੇ ਪਿਤਾ ਜੀ ਨੇ ਮੈਨੂੰ ਇਹ ਦੱਸਿਆ ਸੀ।
ਮਹਿਮੂਦ ਦੇ ਕੋਲ ਬਹੁਤ ਸਾਰੇ ਲੋਕ ਆਉਣ ਲੱਗੇ ਪਰ ਆਉਂਦੇ ਸਿਰਫ ਪਰੇਮ ਦੀਵਾਨੇ ਹੀ ਸਨ। ਉਹ ਮਹਿਮੂਦ ਦੇ ਸ਼ਬਦਾਂ ਦੀ ਸ਼ਕਤੀ ਨੂੰ ਸਮਝਦੇ ਸਨ ਅਤੇ ਉਸਨੂੰ ਆਪਣੇ ਲਈ ਕਵਿਤਾ ਦੀ ਰਚਨਾ ਕਰਨ ਦੀ ਗੁਜ਼ਾਰਿਸ਼ ਕਰਦੇ ਸਨ। ਇਹੋ ਜਿਹਾ ਪਰੇਮੀ ਵੀ ਆਉਂਦਾ ਜਿਸ ਨੂੰ ਪਹਿਲੀ ਵਾਰੀ ਕਿਸੇ ਕੁੜੀ ਨਾਲ ਪਿਆਰ ਹੋਇਆ ਹੁੰਦਾ ਸੀ ਅਤੇ ਉਹ ਇਹ ਨਹੀਂ ਸੀ ਜਾਣਦਾ ਕਿ ਉਸ ਨਾਲ ਇਸ ਗੱਲ ਦੀ ਚਰਚਾ ਕਿਵੇਂ ਕਰੇ। ਇਹੋ ਜਿਹਾ ਪਰੇਮੀ ਵੀ ਆਉਂਦਾ ਸੀ ਜਿਸਦੀ ਪਰੇਮਕਾ ਨੇ ਕਿਸੇ ਦੂਸਰੇ ਨਾਲ ਵਿਆਹ ਕਰ ਲਿਆ ਸੀ ਅਤੇ ਉਹ ਵਿਚਾਰਾ ਇਹ ਨਹੀਂ ਜਾਣਦਾ ਸੀ ਕਿ ਆਪਣੇ ਬਿਰਹਾ ਨਾਲ ਬਿਹਬਲ ਹਿਰਦੇ ਦਾ ਕੀ ਕਰੇ। ਇਹੋ ਜਿਹਾ ਵਿਅਕਤੀ ਵੀ ਆਉਂਦਾ ਸੀ ਜਿਸਨੂੰ ਕਿਸੇ ਵਿਧਵਾ ਨਾਲ ਪਰੇਮ ਹੋ ਗਿਆ ਹੁੰਦਾ ਸੀ ਤੇ ਜਿਹੜੀ ਆਪਣੇ ਮਰਹੂਮ ਪਤੀ ਲਈ ਵਫ਼ਾਦਾਰ ਬਣੀ ਰਹਿੰਦੀ ਸੀ ਅਤੇ ਪਰੇਮੀ ਨੂੰ ਇਹ ਨਹੀਂ ਪਤਾ ਸੀ ਕਿ ਉਹ ਉਸ ਵਿਧਵਾ ਦੇ ਦਿਲ ਨੂੰ ਮੋਮ ਕਿਵੇਂ ਕਰੇ।
ਮਹਿਮੂਦ ਦੇ ਕੋਲ ਅਜਿਹੇ ਪਰੇਮੀਂ ਵੀ ਆਉਂਦੇ ਸੀ ਜਿਨ੍ਹਾਂ ਦੀਆਂ ਪਰੇਮਕਾਵਾਂ ਨੇ ਉਹਨਾਂ ਨਾਲ ਬੇਵਫਾਈ ਕੀਤੀ ਸੀ। ਅਜਿਹੇ ਵੀ ਆਉਂਦੇ ਸਨ ਜਿਨ੍ਹਾਂ ਦੇ ਦਿਲ ਪਰੇਮ ਦਾ ਜਵਾਬ ਪਰੇਮ ਨਾ ਮਿਲਣ ਦੇ ਕਾਰਨ ਤੜਫਦੇ ਸਨ। ਅਜਿਹੇ ਵੀ ਆਉਂਦੇ ਸਨ ਜਿਨ੍ਹਾਂ ਦਾ ਆਪਣੀਆਂ ਪਰੇਮਕਾਵਾਂ ਨਾਲ ਝਗੜਾ ਹੋ ਜਾਂਦਾ ਸੀ। ਅਜਿਹੇ ਵੀ ਆਉਂਦੇ ਸਨ ਜਿਹੜੇ ਵਿੱਛੜ ਜਾਂਦੇ ਸਨ।
ਜਿੰਨੇ ਲੋਕ ਹਨ, ਉਨੇ ਹੀ ਪਰੇਮ ਦੀਵਾਨੇ ਹਨ। ਜਿੰਨੇ ਪਰੇਮ ਦੀਵਾਨੇ ਹਨ ਉਨ੍ਹਾਂ ਦੇ ਪਰੇਮ ਦੇ ਰੂਪ ਵੀ ਉਨੇ ਹੀ ਭਿੰਨ ਹਨ। ਦੋ ਪਰੇਮੀ ਇਕੋ ਜਿਹੇ ਨਹੀਂ ਹੁੰਦੇ।
ਮਹਿਮੂਦ ਹਰੇਕ ਵਿਸ਼ੇਸ਼ ਪਰੇਮ-ਸਮੱਸਿਆ ਦੇ ਅਨੁਰੂਪ ਕਵਿਤਾ ਦੀ ਰਚਨਾ ਕਰਦਾ ਸੀ। ਜਿਨ੍ਹਾਂ ਪਰੇਮੀਆਂ ਦਾ ਆਪਸ ਵਿਚ ਝਗੜਾ ਹੋ ਜਾਂਦਾ ਸੀ ਉਹ ਫਿਰ ਮਿਲ ਜਾਂਦੇ ਸਨ, ਉਨ੍ਹਾਂ ਵਿਚ ਸੁਲ੍ਹਾ ਹੋ ਜਾਂਦੀ ਸੀ, ਕਠੋਰ ਅਤੇ ਦੁੱਖ ਵਿਚ ਡੁੱਬੀ ਵਿਧਵਾ ਦਾ ਦਿਲ ਮੋਮ ਹੋ ਜਾਂਦਾ ਸੀ। ਝਿਜਕਦੇ-ਘਬਰਾਉਂਦੇ ਨੌਜਵਾਨ ਦੇ ਦਿਲ ਵਿਚ ਹੌਸਲਾ ਭਰ ਜਾਂਦਾ ਸੀ, ਬੇਵਫ਼ਾਈ ਕਰਨ ਵਾਲੇ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦੇ ਸਨ। ਧੋਖਾ ਖਾਣ ਵਾਲੇ ਮਾਫ਼ ਕਰ ਦਿੰਦੇ ਸਨ। .
ਇਕ ਵਾਰ ਮਹਿਮੂਦ ਕੋਲੋਂ ਪੁੱਛਿਆ ਗਿਆ-
“ਤੂੰ ਬਹੁਤ ਈ ਵੱਖਰੀ ਵੱਖਰੀ ਕਿਸਮ ਦੇ ਲੋਕਾਂ ਦੀ ਮਨੋਸਥਿਤੀ ਦੇ ਅਨੁਰੂਪ ਕਵਿਤਾਵਾਂ ਦੀ ਰਚਨਾ ਕਿਵੇਂ ਕਰ ਲੈਨੈਂ ?”
“ਸਭ ਲੋਕਾਂ ਦੀ ਕਿਸਮਤ ਇਕ ਮਨੁੱਖ ਦੇ ਹਿਰਦੇ ਵਿਚ ਹੀ ਸਮਾ ਸਕਦੀ ਏ। ਭਲਾ ਮੈਂ ਉਨ੍ਹਾਂ ਦੇ ਬਾਰੇ ਕਵਿਤਾ ਦੀ ਰਚਨਾ ਕਰਨਾਂ? ਉਨ੍ਹਾਂ ਦੇ ਪਿਆਰ, ਉਨ੍ਹਾਂ ਦੀ ਵੇਦਨਾ ਦੇ ਬਾਰੇ? ਨਹੀਂ, ਮੈਂ ਤਾਂ ਆਪਣੇ ਬਾਰੇ ਕਵਿਤਾ ਦੀ ਰਚਨਾ ਕਰਨਾਂ। ਲਕੜੀ ਦਾ ਕੋਲਾ ਬਣਾਉਣ ਵਾਲੇ ਇਕ ਗਰੀਬ ਆਦਮੀ ਦੇ ਪੁੱਤਰ ਯਾਨੀ ਮੈਨੂੰ ਚੜ੍ਹਦੀ ਜਵਾਨੀ ਦੇ ਦਿਨਾਂ ਵਿਚ ਈ ਬੇਤਲਾ ਪਿੰਡ ਦੀ ਰਹਿਣ ਵਾਲੀ ਮੂਈ ਨਾਲ ਪਿਆਰ ਹੋ ਗਿਆ ਸੀ। ਬਾਅਦ ਵਿਚ ਮੂਈ ਦਾ ਕਿਸੇ ਦੂਸਰੇ ਨਾਲ ਵਿਆਹ ਹੋ ਗਿਆ। ਮੇਰਾ ਦਿਲ ਖੂਨ ਦੇ ਹੰਝੂ ਰੋਇਆ। ਸਾਲ ਬੀਤੇ ਅਤੇ ਮੂਈ ਦੇ ਪਤੀ ਦਾ ਦੇਹਾਂਤ ਹੋ ਗਿਆ। ਮੇਰੀ ਆਤਮਾ ਨੂੰ ਪਹਿਲਾਂ ਵਾਂਗ ਹੀ ਚੈਨ ਨਹੀਂ ਮਿਲਿਆ ਨਹੀਂ, ਮੈਂ ਪਰੇਮ ਬਾਰੇ ਸਭ ਕੁਝ ਜਾਣਨਾਂ ਅਤੇ ਮੈਨੂੰ ਦੂਸਰਿਆਂ ਦੇ ਬਾਰੇ ਕਵਿਤਾ ਦੀ ਰਚਨਾ ਕਰਨ ਦੀ ਕੋਈ ਲੋੜ ਨਹੀਂ।”
ਲੋਕ ਆਉਂਦੇ ਸਨ। ਪੱਤਰਾਂ ਦੀਆਂ ਮਾਵਾਂ, ਵੀਰਾਂ ਦੀਆਂ ਭੈਣਾਂ, ਪਤੀਆਂ ਦੀਆਂ ਪਤਨੀਆਂ ਕਹਿੰਦੇ ਨੇ ਕਿ ਮਹਿਮੂਦ ਕੋਲ ਰਣਖੇਤਰ ਵਿਚ ਹੀ ਰਹਿ ਜਾਣ ਵਾਲਿਆਂ ਜਾਂ ਸ਼ਹੀਦ ਹੋ ਜਾਣ ਵਾਲਿਆਂ ਦੇ ਬਾਰੇ ਵੀ ਕਵਿਤਾ ਦੀ ਰਚਨਾ ਕਰਨ ਦੀ ਗੁਜ਼ਾਰਿਸ਼ ਲੈ ਕੇ ਅਤੇ ਲੈ ਕੇ ਆਉਂਦੀਆਂ ਸਨ ਪਰ ਮਹਿਮੂਦ ਇਕ ਵੀ ਮੰਗਤਰਾਂ ਸਿਫਤਾ ਦੀ ਰਚਨਾ ਨਹੀਂ ਕਰ ਸਕਦਾ ਸੀ। ਉਹ ਉੱਤਰ ਦਿੰਦਾ –
“ਜੇ ਯੁੱਧ ਵਿਚ ਵੀ ਮੈਂ ਪਰੇਮ ਦੀਆਂ ਕਵਿਤਾਵਾਂ ਦੀ ਰਚਨਾ ਕੀਤੀ ਏ ਤਾਂ ਮੈਂ ਅਮਨ ਭਰੇ ਪਿੰਡ ਵਿਚ ਯੁੱਧ ਦੇ ਬਾਰੇ ਕਿਵੇਂ ਲਿਖ ਸਕਨਾਂ?”
ਪਰ ਪਹਾੜੀ ਲੋਕ ਇਸ ਸਿਲਸਿਲੇ ਵਿਚ ਇਹ ਵੀ ਕਹਿੰਦੇ ਹਨ-“ਅਮਨ ਦੇ ਗੀਤ ਦੀ ਅਸਲੀ ਅਹਿਮੀਅਤ ਉਦੋਂ ਹੀ ਸਮਝ ਆਉਂਦੀ ਏ, ਜਦੋਂ ਲੜਾਈ ਹੁੰਦੀ ਏ” ਉਹ ਇਹ ਵੀ ਕਹਿੰਦੇ ਹਨ- “ਆਪਣੇ ਪਰੇਮ ਦੀ ਪਰੀਖਿਆ ਲੈਣੀ ਹੋਵੇ ਤਾਂ ਮੈਦਾਨੇ ਜੰਗ ਵਿਚ ਜਾਓ।”
ਖੰਜਰ ਦੋ ਧਾਰਾ ਹੁੰਦਾ ਹੈ; ਉਸਦੀ ਇਕ ਧਾਰ ਹੈ—ਮਾਤਭੂਮੀ ਲਈ ਪਿਆਰ, ਦੂਸਰੀ—ਦੁਸ਼ਮਣੀ ਲਈ ਨਫ਼ਰਤ। ਪੰਦੂਰੇ ਦੀਆਂ ਦੋ ਤਾਰਾਂ ਹੁੰਦੀਆਂ—ਇਕ ਤਾਰ ਨਫ਼ਰਤ ਦਾ ਗੀਤ ਗਾਉਂਦੀ ਹੈ, ਦੂਸਰੀ-ਪਿਆਰ ਦਾ।
ਸਾਡੇ ਪਹਾੜੀ ਲੋਕਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਉਹ ਇਕ ਹੱਥ ਨਾਲ ਪਰੇਮਕਾ ਨੂੰ ਜੱਫੀ ਪਾ ਕੇ ਲੰਮੇ ਪਏ ਹੁੰਦੇ ਹਨ ਤਾਂ ਉਨ੍ਹਾਂ ਦਾ ਦੂਸਰਾ ਹੱਥ ਖੰਜਰ ਨੂੰ ਫੜ ਕੇ ਰੱਖਦਾ ਹੈ। ਇਹ ਬੇਵਜ੍ਹਾ ਨਹੀਂ ਕਿ ਸਾਡੇ ਬਹੁਤ ਸਾਰੇ ਗੀਤ ਅਤੇ ਪੁਰਾਣੀਆਂ ਕਥਾ- ਕਹਾਣੀਆਂ ਖੰਜਰ ਦੇ ਵਾਰ ਨਾਲ ਖਤਮ ਹੁੰਦੀਆਂ ਹਨ। ਪਰ ਬਹੁਤ ਸਾਰੀਆਂ ਕਥਾ- ਕਹਾਣੀਆਂ ਇਸ ਤਰ੍ਹਾਂ ਵੀ ਖਤਮ ਹੁੰਦੀਆਂ ਹਨ ਕਿ ਪਹਾੜੀ ਆਦਮੀ ਆਪਣੀ ਪਰੇਮਕਾ ਨੂੰ ਜ਼ੀਨ ਉਤੇ ਆਪਣੇ ਅੱਗੇ ਬਿਠਾਈ ਪਿੰਡ ਮੁੜਦਾ ਹੈ।
ਪਹਾੜਾਂ ਵਿਚ ਜਦੋਂ ਪੁਰਾਣੀਆਂ ਕਬਰਾਂ ਨੂੰ ਪੁਟਿਆ ਜਾਂਦਾ ਹੈ ਤਾਂ ਉਨ੍ਹਾਂ ਵਿਚੋਂ ਖੰਜਰ ਅਤੇ ਤਲਵਾਰਾਂ ਮਿਲਦੀਆਂ ਹਨ।
“ਓਥੇ ਪੰਦੂਰਾ ਕਿਉਂ ਨਹੀਂ ਮਿਲਦਾ?”
“ਪੰਦੂਰੇ ਜਿਊਂਦਿਆਂ ਲਈ ਰਹਿ ਜਾਂਦੇ ਨੇ ਤਾਂ ਕਿ ਜਿਊਣ ਵਾਲੇ ਸ਼ਹੀਦ ਸੂਰਮਿਆਂ ਦੇ ਬਾਰੇ ਗੀਤ ਗਾਉਣ। ਇਸ ਲਈ ਜਦੋਂ ਸਾਡੀ ਪਰਿਥਵੀ ਤੋਂ ਸਾਰੇ ਅਸਤਰ ਸ਼ਸਤਰ ਅਲੋਪ ਹੋ ਜਾਣਗੇ, ਇਕ ਵੀ ਖੰਜਰ ਬਾਕੀ ਨਹੀਂ ਰਹੇਗਾ ਤਾਂ ਗੀਤ ਤਾਂ ਉਦੋਂ ਵੀ ਅਲੋਪ ਨਹੀਂ ਹੋਵੇਗਾ।”
ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸਨ ਕਿ ਸਾਧਾਰਨ ਮਹਿਮਾਨ ਤਾਂ ਤੁਹਾਡੇ ਘਰ ਦਾ ਮਹਿਮਾਨ ਹੁੰਦਾ ਹੈ। ਪਰ ਗਾਇਕ ਮਹਿਮਾਨ, ਸੰਗੀਤਕਾਰ- ਮਹਿਮਾਨ ਉਹ ਤਾਂ ਸਾਰੇ ਪਿੰਡ ਦਾ ਮਹਿਮਾਨ ਹੁੰਦਾ ਹੈ। ਸਾਰਾ ਪਿੰਡ ਉਹਦਾ ਸਵਾਗਤ ਕਰਦਾ ਹੈ ਅਤੇ ਉਹਨੂੰ ਵਿਦਾ ਕਰਦਾ ਹੈ। ਮਿਸਾਲ ਦੇ ਤੌਰ ਤੇ ਮਹਿਮੂਦ ਦਾ ਹਰ ਥਾਂ ਗਵਰਨਰ ਤੋਂ ਵੀ ਵਧ ਸਵਾਗਤ ਸਤਕਾਰ ਕੀਤਾ ਜਾਂਦਾ ਸੀ। ਸ਼ਾਇਦ ਇਸੇ ਲਈ ਗਵਰਨਰਾਂ ਨੂੰ ਸੁਤੰਤਰ ਕਵੀ-ਗਾਇਕ ਚੰਗੇ ਨਹੀਂ ਲੱਗਦੇ ਸਨ?
ਪਿਤਾ ਜੀ ਨੇ ਇਹ ਕਿੱਸਾ ਸੁਣਾਇਆ ਕਿ ਕਿਵੇਂ ਦੋ ਮੁਸਾਫ਼ਰ ਦਾਗਿਸਤਾਨ ਵਿਚੋਂ ਲੰਘ ਰਹੇ ਸਨ। ਜਦੋਂ ਸ਼ਾਮ ਦਾ ਘੁਸਮੁਸਾ ਹੋ ਗਿਆ ਤਾਂ ਇਕ ਮੁਸਾਫ਼ਰ ਨੇ ਦੂਸਰੇ ਨੂੰ ਕਿਹਾ-
“ਭਲਾ ਸਾਡੇ ਆਰਾਮ ਕਰਨ ਦਾ ਵਕਤ ਨਹੀਂ ਹੋ ਗਿਆ? ਛੇਤੀ ਈ ਰਾਤ ਹੋ ਜਾਣੀ ਏ। ਮੈਂ ਵੇਖ ਰਿਹਾਂ ਪਈ ਤੂੰ ਥੱਕ ਗਿਐਂ ਤੇ ਡਰ ਵੀ ਰਿਹੈਂ। ਵੇਖ ਉਹ ਸਾਮ੍ਹਣੇ ਪਿੰਡ ਦਿਸਦੈ। ਆਪਾਂ ਓਧਰ ਈ ਚਲੇ ਜਾਨੇਂ ਆਂ। ਉਥੇ ਰਾਤ ਗੁਜ਼ਾਰਨ ਲਈ ਕੋਈ ਥਾਂ ਢੂੰਡ ਲੈਨੇਂ ਆਂ।”
“ਮੈਂ ਤਾਂ ਸਚੀਂ ਥੱਕ ਗਿਆਂ। ਡਰ ਵੀ ਗਿਆਂ। ਸ਼ਾਇਦ ਮੈਂ ਤਾਂ ਬਿਮਾਰ ਈ ਹੈ ਗਿਆ। ਪਰ ਇਸ ਪਿੰਡ ਵਿਚ ਮੈਂ ਨਹੀਂ ਠਹਿਰਨਾ।”
“ਕਿਉਂ ?”
“ਕਿਉਂਕਿ ਇਹ ਪਿੰਡ ਉਦਾਸੀ ਭਰਿਐ। ਇੱਥੇ ਅੱਜ ਤਕ ਕਿਸੇ ਨੇ ਕਿਸੇ ਨੂੰ ਗਾਉਂਦਿਆਂ ਨਹੀਂ ਸੁਣਿਆ।”
ਬਹੁਤ ਮੁਮਕਿਨ ਹੈ ਕਿ ਮੁਸਾਫ਼ਰਾਂ ਦੇ ਰਾਹ ਵਿਚ ਇਹੋ ਜਿਹਾ ਪਿੰਡ ਆ ਗਿਆ ਹੋਵੇ। ਪਰ ਪੂਰੇ ਦਾਗਿਸਤਾਨ ਦੇ ਬਾਰੇ ਤਾਂ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਇਹ ਅਜੇਹਾ ਦੇਸ਼ ਹੈ, ਜਿੱਥੇ ਗਾਣੇ ਸੁਣਾਈ ਨਹੀਂ ਦਿੰਦੇ ਅਤੇ ਇਸ ਲਈ ਉਹ ਇਹਦੇ ਤੋਂ ਬਚ ਕੇ ਨਿਕਲ ਜਾਣ।
ਬੇਸਤੁਜੇਵ-ਮਾਰਲਿੰਸਕੀ ਨੇ ਆਪਣੀ ਪੁਸਤਕ ਵਿਚ ਦਾਗਿਸਤਾਨੀ ਗੀਤਾਂ ਨੂੰ ਥਾਂ ਦਿੱਤੀ ਹੈ ਅਤੇ ਬੇਲਿੰਸਕੀ ਨੇ ਇਨ੍ਹਾਂ ਦੇ ਬਾਰੇ ਕਿਹਾ ਸੀ ਕਿ ਉਹ ਖੁਦ ਪੁਸਤਕ ਨਾਲੋਂ ਜ਼ਿਆਦਾ ਕੀਮਤੀ ਹਨ। ਉਨ੍ਹਾਂ ਨੇ ਕਿਹਾ ਸੀ ਕਿ ਪੁਸ਼ਕਿਨ ਨੂੰ ਵੀ ਉਨ੍ਹਾਂ ਨੂੰ ਆਪਣਾ
ਕਹਿੰਦਿਆਂ ਹੋਇਆਂ ਸ਼ਰਮ ਮਹਿਸੂਸ ਨਾ ਹੁੰਦੀ। ਨਵਉਮਰ ਨੌਜਵਾਨ ਲੋਰਮੋਨਤੋਵ ਵੀ ਤੇਮੀਰਖਾਨ-ਸੂਰਾ ਵਿਚ ਪਹਾੜੀ ਗੀਤਾਂ- ਗਾਣਿਆਂ ਨੂੰ ਸੁਣਦੇ ਰਹੇ ਸਨ। ਬੇਸ਼ਕ ਉਹ ਸਾਡੀ ਭਾਸ਼ਾ ਨਹੀਂ ਸਮਝਦੇ ਸਨ ਫਿਰ ਵੀ
ਉਨ੍ਹਾਂ ਨਾਲ ਆਨੰਦ ਮਗਨ ਹੋ ਜਾਂਦੇ ਸਨ।
ਪਰੋਫ਼ੈਸਰ ਉਸਲਾਰ ਨੇ ਕਿਹਾ ਸੀ ਕਿ ਗੁਨੀਬ ਪਿੰਡ ਦੀਆਂ ਧੁਨਾਂ ਮਾਨਵ ਜਾਤੀ ਲਈ ਅਦਭੁਤ ਉਪਹਾਰ ਹਨ।
ਕਿਹਨੇ ਸਾਨੂੰ ਇਹ ਧੁਨਾਂ ਅਤੇ ਇਹ ਗੀਤ-ਗਾਣੇ ਦਿੱਤੇ? ਪਹਾੜੀ ਲੋਕਾਂ ਵਿਚ ਕਿਹਨੇ ਇਹੋ ਜਿਹੀਆਂ ਭਾਵਨਾਵਾਂ ਪੈਦਾ ਕੀਤੀਆਂ? ਉਕਾਬਾਂ ਅਤੇ ਘੋੜਿਆਂ ਨੇ, ਤਲਵਾਰਾਂ ਅਤੇ ਘਾਹ ਨੇ, ਪੰਘੂੜੇ ਅਤੇ ਚਾਰ ਕੋਇਸੂ ਨਦੀਆਂ ਨੇ, ਕਾਸਪੀ ਸਾਗਰ ਦੀਆਂ ਲਹਿਰਾਂ ਅਤੇ ਮਹਿਮੂਦ ਦੀ ਪਰੋਮਕਾ ਮਰੀਅਮ ਨੇ, ਦਾਗਿਸਤਾਨ ਦੇ ਪੂਰੇ ਇਤਿਹਾਸ ਅਤੇ ਉਸ ਵਿਚ ਮੌਜੂਦ ਸਾਰੀਆਂ ਭਾਸ਼ਾਵਾਂ ਨੇ, ਪੂਰੇ ਦਾਗਿਸਤਾਨ ਨੇ।
ਅਬੂਤਾਲਿਬ ਤੋਂ ਇਕ ਵਾਰੀ ਪੁੱਛਿਆ ਗਿਆ-
“ਦਾਗਿਸਤਾਨ ਵਿਚ ਕਿੰਨੇ ਕਵੀ ਨੇ?”
“ਕੋਈ ਤੀਹ-ਚਾਲੀ ਲੱਖ ਹੋਣਗੇ?”
” ਇਹ ਕਿਵੇਂ? ਸਾਡੀ ਤਾਂ ਕੁਲ ਆਬਾਦੀ ਹੀ ਦੋ ਲੱਖ ਏ।”
“ਹਰ ਆਦਮੀ ਦੀ ਆਤਮਾ ਵਿਚ ਤਿੰਨ-ਚਾਰ ਗੀਤ-ਗਾਣੇ ਹੁੰਦੇ ਨੇ। ਹਾਂ,
ਇਹ ਸਹੀ ਏ ਪਈ ਨਾ ਤਾਂ ਸਾਰੇ ਈ ਤੇ ਨਾ ਹਮੇਸ਼ਾ ਈ ਲੋਕ ਉਨ੍ਹਾਂ ਨੂੰ ਗਾਉਂਦੇ ਨੇ। ਸਾਰਿਆਂ ਨੂੰ ਇਹ ਪਤਾ ਵੀ ਨਹੀਂ ਹੁੰਦਾ।”
“ਫਿਰ ਵੀ ਸਭ ਤੋਂ ਵਧੀਆ ਗਾਇਕ-ਕਵੀ ਕੌਣ ਨੇ?”
“ਹਮੇਸ਼ਾ ਈ ਚੰਗੇ ਤੋਂ ਚੰਗਾ ਗਾਇਕ-ਕਵੀ ਮਿਲ ਜਾਏਗਾ। ਪਰ ਇਕ ਦਾ ਜ਼ਿਕਰ ਮੈਂ ਕਰ ਸਕਨਾਂ।”
“ਕੌਣ ਏ ਉਹ?”
“ਦਾਗਿਸਤਾਨੀ ਮਾਂ। ਕੁੱਲ ਮਿਲਾ ਕੇ ਪਹਾੜੀ ਲੋਕਾਂ ਵਿਚ ਤਿੰਨ ਗਾਣੇ ਮੰਨੇ ਜਾਂਦੇ ਨੇ।”
“ਕਿਹੜੇ ਕਿਹੜੇ?”
“ਪਹਿਲਾ ਗਾਣਾ ਤਾਂ ਪਹਾੜਨ ਮਾਂ ਉਦੋਂ ਗਾਉਂਦੀ ਏ ਜਦੋਂ ਉਹਦੇ ਪੁੱਤਰ ਹੁੰਦੇ ਤੇ ਉਹ ਉਹਦੇ ਪੰਘੂੜੇ ਕੋਲ ਬਹਿੰਦੀ ਏ।”
“ਤੇ ਦੂਸਰਾ?”
“ਦੂਸਰਾ ਗਾਣਾ ਪਹਾੜਨ-ਮਾਂ ਉਦੋਂ ਗਾਉਂਦੀ ਏ ਜਦੋਂ ਪੁੱਤਰ ਤੋਂ ਵਾਂਝੀ ਹੋ
ਜਾਂਦੀ ਏ।”
“ਤੇ ਤੀਸਰਾ?”
“ਤੀਸਰਾ ਗਾਣਾ- ਬਾਕੀ ਸਭ ਗਾਣੇ ਨੇ।”
ਹਾਂ, ਮਾਂ….ਉਹੀ ਖਿੜਨ ਮੁਰਝਾਉਣ, ਜੰਮਣ ਮਰਨ, ਇਸ ਦੁਨੀਆਂ ਵਿਚ ਆਉਣ ਅਤੇ ਇੱਥੋਂ ਜਾਣ ਵਾਲਿਆਂ ਦੀ ਸੱਚੀ ਅਤੇ ਲਗਾਅ ਰੱਖਣ ਵਾਲੀ ਗਵਾਹ ਹੁੰਦੀ ਹੈ। ਮਾਂ, ਜਿਹੜੀ ਪੰਘੂੜਾ ਝੁਟਾਉਂਦੀ ਹੈ, ਬੱਚੇ ਨੂੰ ਗੋਦੀ ਵਿਚ ਲਈ ਰੱਖਦੀ ਹੈ ਅਤੇ ਜਿਹੜੀ ਹਮੇਸ਼ਾ ਲਈ ਛੱਡ ਕੇ ਜਾਣ ਵਾਲੇ ਪੁੱਤਰ ਨੂੰ ਗਲ ਲਾਉਂਦੀ ਹੈ। ਇਹੀ ਹੈ ਸੁਹਜ, ਸੱਚ ਅਤੇ ਗੌਰਵ। ਭਲੇ-ਬੁਰੇ ਲੋਕ ਹੁੰਦੇ ਹਨ, ਇਥੋਂ ਤਕ ਕਿ ਭਲੇ-ਬੁਰੇ ਗੀਤ ਗਾਣੇ ਵੀ ਹੁੰਦੇ ਹਨ। ਪਰ ਮਾਂ ਤਾਂ ਹਮੇਸ਼ਾ ਅਦਭੁਤ ਹੁੰਦੀ ਹੈ ਅਤੇ ਮਾਂ ਦਾ ਗਾਣਾ ਵੀ ਅਦਭੁਤ ਹੁੰਦਾ ਹੈ। ਮੇਰੇ ਪੰਘੂੜੇ ਉਤੇ ਜਿਹੜੇ ਗਾਣੇ ਗਾਏ ਗਏ, ਜ਼ਾਹਿਰ ਹੈ, ਮੈਨੂੰ ਉਹ ਯਾਦ ਨਹੀਂ। ਪਰ ਬਾਅਦ ਵਿਚ ਮੈਂ ਵੱਖ ਵੱਖ ਪਿੰਡਾਂ ਵਿਚ ਬਹੁਤ ਸਾਰੇ ਚੰਗੇ ਗਾਣੇ, ਚੰਗੀਆਂ ਲੋਰੀਆਂ ਸੁਣੀਆਂ। ਉਦਾਹਰਣ ਲਈ ਉਨ੍ਹਾਂ ਵਿਚੋਂ ਇਕ ਪੇਸ਼ ਹੈ—
ਮੇਰੇ ਲਾਲ ਤੂੰ ਵੱਡਾ ਹੋ ਕੇ ਸ਼ਕਤੀਵਾਨ ਹੋ ਜਾਵੇਂਗਾ।
ਖੂਨੀ ਬਘਿਆੜਾਂ ਦੇ ਦੰਦੋਂ ਕੱਢ ਕੇ ਮਾਸ ਲਿਆਏਂਗਾ।
ਹੋਵੇਗਾ ਜਦ ਲਾਲ ਤੂੰ ਵੱਡਾ, ਫੁਰਤੀ ਐਸੀ ਆਏਗੀ,
ਚੀਤੇ ਦੇ ਪੰਜਿਆਂ ਵਿਚੋਂ ਪੰਛੀ ਕੱਢ ਲਿਆਏਂਗਾ।
ਹੋਵੇਗਾ ਜਦ ਲਾਲ ਤੂੰ ਵੱਡਾ, ਫਨ ਤੈਨੂੰ ਸਭ ਆਵਣਗੇ,
ਵੱਡਿਆਂ ਦੀ ਗੱਲ ਮੰਨੇਗਾ ਤੂੰ, ਮੀਰ ਬਹੁਤ ਬਣ ਜਾਵਣਗੇ।
ਹੋਵੇਂਗਾ ਜਦ ਲਾਲ ਤੂੰ ਵੱਡਾ, ਸਮਝਦਾਰ ਬਣ ਜਾਵੇਗਾ।
ਤੰਗ ਪੰਘੂੜਾ ਹੋ ਜਾਵਣ ਤੇ, ਲਾ ਕੇ ਖੰਭ ਉੱਡ ਜਾਵੇਗਾ।
ਮੈਂ ਹੀ ਜਨਮ ਏ ਦਿੱਤਾ ਤੈਨੂੰ, ਮੇਰਾ ਪੁੱਤਰ ਰਹੇਗਾ ਤੂੰ,
ਜਿਹਦਾ ਬਣੇਂਗਾ ਤੂੰ ਜੁਆਈ, ਉਹਨੂੰ ਸੱਸ ਕਰੇਂਗਾ ਤੂੰ।
ਜਦੋਂ ਜੁਆਨ ਹੋਵੇਗਾ ਪੁੱਤਰਾ, ਸੋਹਣੀ ਵਹੁਟੀ ਲਿਆਵੇਗਾ,
ਪਿਆਰੇ ਦੇਸ਼, ਵਤਨ ਦੀ ਖਾਤਰ, ਮਧੁਰ ਤਰਾਨੇ ਗਾਵੇਗਾ।
ਕਿੰਨਾ ਵਿਸ਼ਵਾਸ ਹੈ ਇਸ ਲੋਰੀ ਵਿਚ। ਪਿਤਾ ਜੀ ਕਿਹਾ ਕਰਦੇ ਸਨ ਕਿ ਇਕ ਵੀ ਅਜੇਹੀ ਮਾਂ ਨਹੀਂ ਜਿਹੜੀ ਗਾ ਨਾ ਸਕਦੀ ਹੋਵੇ। ਅਜੇਹੀ ਮਾਂ ਹੈ ਹੀ ਨਹੀਂ ਜਿਹਦੀ ਆਤਮਾ ਵਿਚ ਕਵੀ ਨਾ ਵੱਸਿਆ ਹੋਵੇ।
ਖੁਸ਼ਕ, ਗਰਮ ਮੌਸਮ ਵਿਚ ਵਰਖਾ-ਮੇਰੇ ਬੱਚੇ, ਤੂੰ ਏਂ ਉਹ।
ਬਰਸਾਤੀ ਗਰਮੀ ਵਿਚ ਸੂਰਜ-ਮੇਰੇ ਬੱਚੇ, ਤੂੰ ਏਂ ਉਹ।
ਹੇਠ ਸ਼ਹਿਦੇਂ ਵੀ ਮਿੱਠੇ ਮਿੱਠੇ—ਮੇਰੇ ਬੱਚੇ, ਤੂੰ ਏਂ ਉਹ।
ਸਿਆਹ ਅੰਗੂਰਾਂ ਜਿਹੀਆਂ ਅੱਖਾਂ-ਮੇਰੇ ਬੱਚੇ, ਤੂੰ ਏਂ ਉਹ।
ਨਾਂਅ ਵੀ ਸ਼ਹਿਦ ਤੋਂ ਵੱਧ ਕੇ ਮਿੱਠਾ—ਮੇਰੇ ਬੱਚੇ, ਤੂੰ ਏਂ ਉਹ।
ਚੰਨ ਨੈਣਾਂ ਨੂੰ ਜੋ ਮੁੱਖ ਦੇਵੇ-ਮੇਰੇ ਬੱਚੇ, ਤੂੰ ਏਂ ਉਹ।
ਜਿਉਂਦਾ ਦਿਲ ਜੋ ਧੜਕ ਰਿਹਾ ਏ-ਮੇਰੇ ਬੱਚੇ, ਤੂੰ ਏਂ ਉਹ।
ਧੜਕੇ ਦਿਲ ਦੀ ਚਾਬੀ ਵਾਂਗੂੰ—ਮੇਰੇ ਬੱਚੇ, ਤੂੰ ਏਂ ਉਹ।
ਸੰਦੂਕ ਜੋ ਚਾਂਦੀ ਨਾਲ ਏ ਮੜ੍ਹਿਆ-ਮੇਰੇ ਬੱਚੇ, ਤੂੰ ਏਂ ਉਹ
ਸੰਦੂਕ ਜੋ ਸੋਨੇ ਨਾਲ ਏ ਭਰਿਆ-ਮੇਰੇ ਬੱਚੇ, ਤੂੰ ਏਂ ਉਹ।
ਅੱਜੇ ਨਿਰਾ ਧਾਗੇ ਦਾ ਗੋਲਾ
ਇਕ ਦਿਨ ਗੋਲੀ ਬਣ ਜਾਵੇਗਾ।
ਤੋੜੇਗਾ ਤੂੰ ਪਰਬਤ, ਪੱਥਰ,
ਭਾਰੀ ‘ਥੋੜ੍ਹਾ ਬਣ ਜਾਵੇਗਾ।
ਤੀਰ ਬਣੇਂਗਾ ਇਕ ਦਿਨ ਐਸਾ,
ਐਨ ਨਿਸ਼ਾਨੇ ਜਾਵੇਗਾ।
ਨਾਚ ਹੋਵੇਗਾ ਤੇਰਾ ਦਿਲਕਸ਼,
ਮਧੁਰ ਤਰਾਨੇ ਗਾਵੇਂਗਾ।
ਆਪਣੇ ਹਰ ਇਕ ਹਾਣੀ ਨਾਲੋਂ,
ਦੌੜਾਂ ਤੇਜ਼ ਲਗਾਵੇਗਾ।
ਘੜ ਦੌੜਾਂ ਵਿਚ ਹਰ ਇਕ ਤਾਈਂ,
ਪਿੱਛੇ ਛੱਡ ਤੂੰ ਜਾਵੇਂਗਾ।
ਵਾਦੀ ਵਿਚੋਂ ਤੇਜ਼ ਦੌੜਾਂਦਾ,
ਘੋੜਾ ਤੂੰ ਲੈ ਜਾਵੇਗਾ।
ਬਣ ਕੇ ਬੱਦਲ ਅੰਬਰ ਪਹੁੰਚੇ,
ਉਹ ਐਸੀ ਧੂੜ ਉਡਾਵੇਂਗਾ।
ਮੇਰੇ ਪਿਤਾ ਜੀ ਕਿਹਾ ਕਰਦੇ ਸਨ ਕਿ ਜਿਸਨੇ ਮਾਂ ਦੀ ਲੋਰੀ ਨਹੀਂ ਸੁਣੀ, ਉਹ ਬੱਚਾ ਤਾਂ ਜਾਣੋਂ ਅਨਾਥ ਦੇ ਰੂਪ ਵਿਚ ਹੀ ਵੱਡਾ ਹੋਇਆ ਹੈ। ਪਰ ਜਿਹਦੇ ਪੰਘੂੜੇ ਉਤੇ ਸਾਡੇ ਦਾਗਿਸਤਾਨੀ ਗਾਣੇ ਗਾਏ ਗਏ ਹਨ, ਉਹ ਤਾਂ ਮਾਂ-ਪਿਓ ਦੇ ਬਿਨਾਂ ਵੱਡਾ ਹੋਣ ਤੇ ਵੀ ਅਨਾਥ ਨਹੀਂ। ਪਰ ਜੇ ਉਹਦੀ ਨਾ ਤਾਂ ਮਾਂ ਹੈ ਅਤੇ ਨਾ ਪਿਓ ਤਾਂ ਇਹ ਗਾਣੇ ਕਿਹਨੇ ਗਾਏ? ਖੁਦ ਦਾਗਿਸਤਾਨ ਨੇ, ਉੱਚੇ ਉੱਚੇ ਪਰਬਤਾਂ ਨੇ ਗਾਏ ਨੇ ਇਹ ਗਾਣੇ, ਉੱਚੇ ਪਰਬਤਾਂ ਤੋਂ ਵਹਿਣ ਵਾਲੀਆਂ ਨਦੀਆਂ ਨੇ, ਨਾਲਿਆਂ ਨੇ, ਪਹਾੜਾਂ ਵਿਚ ਰਹਿਣ ਵਾਲੇ ਲੋਕਾਂ ਨੇ ਗਾਏ ਨੇ-
ਸੋਨ ਸੁਨਹਿਰੇ, ਧਾਗੇ ਦੇ ਗੋਲੇ ਜੇਹੀ-ਧੀ ਮੇਰੀ ਏ।
ਚਾਂਦੀ ਵੰਨੇ, ਚਮਚਮ ਕਰਦੇ, ਫੀਤੇ ਜੇਹੀ-ਧੀ ਮੇਰੀ ਏ।
ਉੱਚੇ ਪਰਬਤ ਉੱਤੇ ਜੋ ਚਮਕੇ, ਉਸ ਚੰਨ ਜੇਹੀ-ਧੀ ਮੇਰੀ ਏ।
ਪਰਬਤ ਉੱਤੇ ਜੋ ਕੁੱਦੇ ਟੱਪੇ, ਉਸ ਬੱਕਰੀ ਜੇਹੀ-ਧੀ ਮੇਰੀ ਏ।
ਕਾਇਰ, ਬੁਜ਼ਦਿਲ, ਜਾਹ ਦੂਰ ਹੋ ਜਾ,
ਮਿਲੇ ਨਾ ਕਿਸੇ ਵੀ ਕਾਇਰ ਤਾਈਂ-ਇਹ ਮੇਰੀ ਧੀ ।
ਝੋਂਪੂ ਬੂਹੇ ਨਾ ਆਈ ਸਾਡੇ,
ਮਿਲੇ ਨਾ ਕਿਸੇ ਵੀ ਝੇਂਪੂ ਤਾਈਂ—ਇਹ ਮੇਰੀ ਧੀ।
ਬਸੰਤੀ ਫੁੱਲਾਂ, ਜੇਹੀ ਸੋਹਣੀ-ਧੀ ਮੇਰੀ ਏ।
ਬਸੰਤੀ ਫੁੱਲਾਂ ਦੀ ਮਾਲਾ ਜੇਹੀ-ਧੀ ਮੇਰੀ ਏ।
ਹਰੇ ਮਖਮਲੀ ਘਾਹ ਜਿਹੀ ਕੋਮਲ-ਧੀ ਮੇਰੀ ਏ।
ਇੱਜੜ ਤਿੰਨ ਭੇਡਾਂ ਦੇ ਭੇਜੇ,
ਨਾ ਧੀ ਦੇ ਭਰਵੱਟੇ ਦਾ ਵੀ ਵਾਲ ਦਿਆਂ।
ਬੋਲੀਆਂ ਤਿੰਨ ਸੋਨੇ ਦੀਆਂ ਭੇਜੇ,
ਨਾ ਧੀ ਦੀ ਗੱਲ੍ਹ ਨੂੰ ਛੋਹਣ ਦਿਆਂ।
ਬੋਲੀਆਂ ਤਿੰਨ ਦੇ ਬਦਲੇ ਵਿਚ ਵੀ,
ਨਾ ਧੀ ਦੀ ਗੱਲ੍ਹ ਦਾ ਜਲਾਲ ਦੀਆਂ।
ਕਾਲੇ ਕਾਂ ਨੂੰ ਧੀ ਨਾ ਦੇਵਾਂ,
ਨਾ ਦੇਵਾਂ ਮੇਰ ਦਿਆਲੂ ਨੂੰ।
ਤੂੰ ਏ ਧੀਏ- ਤਿਤਲੀ ਮੇਰੀ
ਨੰਨ੍ਹੀ ਮੁੰਨੀ ਸਾਰਸ ਮੇਰੀ।
ਦੂਸਰੀ ਮਾਂ ਦੂਸਰੇ ਢੰਗ ਨਾਲ ਗਾਉਂਦੀ ਹੈ
ਮਾਰ ਕੇ ਡੰਡਾ ਚੀਤਾ ਸੁੱਟੇ, ਧੀ ਉਸੇ ਨੂੰ ਦੇ ਦੇਵਾਂ।
ਮਾਰ ਕੇ ਮੁੱਕਾ ਪੱਥਰ ਭੰਨੇ, ਧੀ ਉਸੇ ਨੂੰ ਦੇ ਦੇਵਾਂ।
ਮਾਰ ਕੋਰੜੇ ਗੜ੍ਹਾਂ ਨੂੰ ਜਿੱਤੇ, ਧੀ ਉਸੇ ਨੂੰ ਦੇ ਦੇਵਾਂ।
ਵਾਂਗ ਪਨੀਰ ਜੋ ਚੰਨ ਨੂੰ ਚੀਰੇ, ਧੀ ਉਸੇ ਨੂੰ ਦੇ ਦੇਵਾਂ।
ਰੋਕੇ ਨਦੀ ਦੇ ਵਹਿਣਾਂ ਨੂੰ ਜੋ, ਧੀ ਉਸੇ ਨੂੰ ਦੇ ਦੇਵਾਂ।
ਤਾਰੇ ਫੁੱਲਾਂ ਵਾਂਗੂੰ ਤੋੜੇ, ਧੀ ਉਸ ਨੂੰ ਦੇ ਦੇਵਾਂ,
ਬੰਨ੍ਹੇ ਖੰਡ ਪੈਣ ਦੇ ਜਿਹੜਾ, ਧੀ ਉਸੇ ਨੂੰ ਦੇ ਦੇਵਾਂ।
ਲਾਲ ਸੇਬ ਜਿਹੀਆਂ ਗੱਲਾਂ ਵਾਲੀ, ਤੂੰ ਏਂ ਮੇਰੀ ਪਿਆਰੀ ਧੀ।
ਜਾਂ ਫਿਰ ਖਾਹਸ਼ ਨੂੰ ਜ਼ਾਹਰ ਕਰਨ ਵਾਲਾ ਇਹ ਗੀਤ-
ਜਦੋਂ ਕਿਤੇ ਵੀ ਖਿੜਦੀ ਏ ਕੋਈ ਕਲੀ,
ਪਹਿਲੋਂ ਉਸ ਤੋਂ ਖਿੜ ਜਾਂਦੀ ਏ ਮੇਰੀ ਧੀ।
ਨਦੀਆਂ ਜਦ ਤਕ ਉਛਲਣ ਭਰ ਭਰ ਪਾਣੀਆਂ,
ਆਪਣੀ ਧੀ ਲਈ ਗੁੰਦਾਂ ਸੁੰਦਰ ਵੇਣੀਆਂ।
ਧਰਤੀ ਉਤੇ ਬਰਫ਼ ਅੱਜੇ ਤਕ ਨਹੀਂ ਆਈ,
ਆਏ ਕਿੰਨੇ ਲੋਕ ਲੈ ਕੇ ਕੁੜਮਾਈ।
ਕੁੜਮਾਈ ਮੇਰੀ ਧੀ ਦੀ ਲੈ ਕੇ ਜੋ ਆਵਣ,
ਭਰਿਆ ਸ਼ਹਿਦ ਦਾ ਪੀਪਾ ਲੈਕੇ ਉਹ ਆਵਣ।
ਲੈ ਆਉਣ ਉਹ ਲੇਲੇ ਭੇਡਾਂ ਬੱਕਰੀਆਂ,
ਹੈ ਕੁੜੀ ਦਾ ਬਾਪ, ਅਸੀਂ ਇਹ ਦੱਸਦੀਆਂ।
ਭੇਜਣ ਪਿਤਾ ਦੇ ਕੋਲ, ਜੇ ਘੋੜੇ ਹਵਾ ਸਮਾਨ,
ਕਰਨ ਪਿਤਾ ਦਾ ਏਦਾਂ, ਉਹ ਇੱਜ਼ਤ ਤੇ ਮਾਣ ।
ਪੰਘੂੜੇ ਉਤੇ ਗਾਇਆ ਜਾਣ ਵਾਲਾ ਇਹ ਕਾਮਨਾ ਗੀਤ-
ਇਸ ਤੋਂ ਪਹਿਲੋਂ ਕਿ ਸਰਘੀ ਵੇਲੇ, ਪੰਛੀ ਗੀਤ ਸੁਣਾਏ।
ਖੇਤਾਂ ਬੰਨੇ ਮੇਰੀ ਧੀ ਦਾ, ਕੋਈ ਮਨ ਪਰਚਾਏ।
ਇਸ ਤੋਂ ਪਹਿਲੋਂ, ਕਿ ਦੂਰ ਦੁਰਾਡੇ ਕੋਈ ਕੋਇਲ ਕੂਕੇ ਜੰਗਲੀ।
ਖੇਡੇ-ਕੁੱਦੇ ਵਿਚ ਚਰਾਂਦਾਂ ਮੌਜ ਕਰੋ ਉਹ ਮਨ ਦੀ।
ਜਦ ਤਕ ਨਾਲ ਦੀਆਂ ਮੁਟਿਆਰਾਂ ਨਿਕਲਣਗੀਆਂ ਸੱਜਕੇ।
ਮੇਰੀ ਧੀ ਤਾਂ ਲੈ ਆਵੇਗੀ, ਚਸ਼ਮੇ ਤੋਂ ਪਾਣੀ ਭਰ ਕੇ।
ਜੇ ਲੋਰੀਆਂ ਨਾ ਹੁੰਦੀਆਂ ਤਾਂ ਦੁਨੀਆਂ ਵਿਚ ਸ਼ਾਇਦ ਦੂਸਰੇ ਗੀਤ ਵੀ ਨਾ ਹੁੰਦੇ। ਲੋਕਾਂ ਦੀ ਜ਼ਿੰਦਗੀ ਵਿਚ ਰੰਗੀਨੀ ਨਾ ਹੁੰਦੀ, ਸੂਰਮਤਾਈ ਭਰੇ ਕਾਰਨਾਮੇ ਘੱਟ ਹੁੰਦੇ, ਜੀਵਨ ਵਿਚ ਕਵਿਤਾ ਘੱਟ ਹੁੰਦੀ।
ਮਾਵਾਂ-ਉਹੀ ਪਹਿਲੀਆਂ ਕਵਿਤਰੀਆਂ ਹੁੰਦੀਆਂ ਹਨ। ਉਹੀ ਆਪਣੇ ਧੀਆਂ ਪੁੱਤਰਾਂ ਦੀ ਆਤਮਾ ਵਿਚ ਕਵਿਤਾ ਦੇ ਬੀਜ ਬੀਜਦੀਆਂ ਹਨ ਜਿਹੜੇ ਬਾਅਦ ਵਿਚ ਅੰਕੁਰ ਬਣ ਕੇ ਫੁੱਟਦੇ ਹਨ, ਫੁੱਲਾਂ ਦੇ ਰੂਪ ਵਿਚ ਖਿੜਦੇ ਹਨ। ਮਰਦ ਆਪਣੇ ਜੀਵਨ ਦੇ ਸਭ ਤੋਂ ਔਖੇ, ਬੋਝਲ ਅਤੇ ਭਿਆਨਕ ਦਿਨਾਂ ਵਿਚ ਇਨ੍ਹਾਂ ਲੋਰੀਆਂ ਨੂੰ ਯਾਦ ਕਰਦੇ ਹਨ।
ਇਕ ਡਰਪੋਕ ਫੌਜੀ ਨੂੰ ਹਾਜੀ-ਮੁਰਾਤ ਨੇ ਕਿਹਾ ਸੀ-“ਸ਼ਾਇਦ ਤੇਰੇ ਪੰਘੂੜੇ ਉਤੇ ਤੇਰੀ ਮਾਂ ਨੇ ਲੋਰੀ ਨਹੀਂ ਗਾਈ ਸੀ।”
ਪਰ ਜਦੋਂ ਖੁਦ ਹਾਜੀ-ਮੁਰਾਤ ਸ਼ਾਮੀਲ ਨਾਲ ਗੱਦਾਰੀ ਕਰਕੇ ਉਹਦੇ ਦੁਸ਼ਮਣਾਂ ਨਾਲ ਜਾ ਮਿਲਿਆ ਤਾਂ ਸ਼ਾਮੀਲ ਨੇ ਤਿਰਸਕਾਰ ਭਰੇ ਲਹਿਜੇ ਵਿਚ ਕਿਹਾ ਸੀ-“ ਉਹ ਮਾਂ ਦੀ ਲੋਰੀ ਭੁੱਲ ਗਿਐ।”
ਹਾਜੀ-ਮੁਰਾਤ ਦੀ ਲੋਰੀ ਇਹ ਸੀ-
ਮੁੱਖੜੇ ‘ਤੇ ਮੁਸਕਾਨ ਲਿਆ ਕੇ,
ਸੁਣ ਪੁੱਤਰਾ ਮੈਂ ਗੀਤ ਸੁਣਾਵਾਂ।
ਇਕ ਸੂਰਮੇ ਦਾ ਇਹ ਕਿੱਸਾ,
ਸੂਰੇ ਪੁੱਤਰ ਤਾਈਂ ਸੁਣਾਵਾਂ।
ਮਾਣ ਬੜੇ ਨਾਲ ਖੜਗ ਆਪਣੀ,
ਲੱਕ ਦੇ ਨਾਲ ਉਹ ਬੰਨ੍ਹਦਾ ਸੀ।
ਸਰਪਟ ਘੋੜੇ ਉਤੇ ਉੱਛਲ,
ਵੱਸ ਵਿਚ ਉਹਨੂੰ ਕਰਦਾ ਸੀ।
ਤੇਜ਼ ਪਹਾੜੀ ਨਦੀਆਂ ਵਾਂਗੂ,
ਹੱਦਾਂ ਲੰਘਦਾ ਜਾਂਦਾ ਸੀ।
ਉੱਚੀਆਂ ਪਰਬਤ ਦੀਆਂ ਕਤਾਰਾਂ,
ਨਾਲ ਖੜਗ ਦੇ ਵੱਢਦਾ ਜਾਂਦਾ ਸੀ।
ਸਦੀ ਪੁਰਾਣੇ ਸ਼ਾਹ ਬਲੂਤ ਨੂੰ,
ਇਕੋ ਹੱਥ ਨਾਲ ਉਹ ਮੋੜੇ।
ਉਹੋ ਜਿਹਾ ਹੀ ਬਣੇਂ ਸੂਰਮਾ,
ਸੰਗ ਸੂਰਿਆਂ ਜਾ ਜੋੜੇ।
ਮਾਂ ਪੁੱਤਰ ਦੇ ਮੁਸਕੁਰਾਉਂਦੇ ਹੋਏ ਪਿਆਰੇ ਜਿਹੇ ਚਿਹਰੇ ਨੂੰ ਵੇਖਦੀ ਸੀ ਅਤੇ ਆਪਣੀ ਲੋਰੀ ਦੇ ਸ਼ਬਦਾਂ ਉਤੇ ਵਿਸ਼ਵਾਸ ਕਰਦੀ ਸੀ। ਉਹਨੂੰ ਨਹੀਂ ਸੀ ਪਤਾ ਕਿ ਉਹਦੇ ਪੁੱਤਰ, ਹਾਜੀ-ਮੁਰਾਤ ਨੂੰ ਕਿਹੋ-ਕਿਹੋ ਜਿਹੀਆਂ ਔਖੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪਵੇਗਾ।
ਇਹ ਪਤਾ ਲੱਗਣ ਤੇ ਕਿ ਹਾਜੀ-ਮੁਰਾਤ ਆਪਣੇ ਆਗੂ ਸ਼ਾਮਿਲ ਨੂੰ ਛੱਡ ਕੇ ਉਹਦੇ ਦੁਸ਼ਮਣਾਂ ਨਾ ਲਗਣ ਲਿਆ ਹੈ, ਮਾਂ ਨੇ ਦੂਸਰਾ ਗਾਣਾ ਗਾਇਆ-
ਤੂੰ ਪਹਾੜਾਂ ਉਤੋਂ, ਖੱਡਾਂ ਵਿਚ ਛਾਲਾਂ ਮਾਰੀਆਂ,
ਘਬਰਾਹਟ ਕਦੇ ਵੀ ਛੋਹੀ, ਤੇਰੇ ਮਨ ਦੇ ਤਾਈਂ ਨਾ।
ਪਰ ਜਿੰਨਾਂ ਨੀਵਾਂ ਜਾ ਕੇ, ਹੁਣ ਤੂੰ ਡਿਗ ਗਿਆ ਏਂ,
ਉਥੋਂ ਕਦੇ ਵੀ ਮੁੜ ਕੇ, ਘਰ ਨੂੰ ਵਾਪਸ ਆਈ ਨਾ।
ਤੇਰੇ ਪਹਾੜਾਂ ਉਤੇ, ਜਦ ਜਦ ਵੀ ਹਮਲੇ ਹੋਏ,
ਰਾਹ ਤੇਰਾ ਰੋਕ ਨਾ ਸਕੇ, ਕਾਲੇ ਸ਼ਾਹ ਹਨ੍ਹੇਰੇ,
ਤੂੰ ਬਣਿਆ ਜਾ ਕੇ ਆਪੇ, ਦੁਸ਼ਮਣ ਦਾ ਸ਼ਿਕਾਰ,
ਕਦੇ ਨਾ ਮੁੜ ਕੇ ਆਈ, ਏਧਰ ਘਰ ਨੂੰ ਮੇਰੇ।
ਮੈਂ ਮਾਂ ਹਾਂ, ਮੇਰੇ ਦਿਨ ਵੀ, ਹੁਣ ਤੋਂ ਹੋਏ ਕਾਲੇ,
ਕੜਵਾਹਟ, ਸੁੰਨੇਪਣ ਦੇ ਫੈਲੇ ਸੰਘਣੇ ਸਾਏ,
ਫੌਲਾਦੀ ਪੰਜਿਆਂ ਵਿਚੋਂ, ਫਾਂਸੀ ਫੰਦਿਆਂ ਵਿਚੋਂ,
ਕਦੇ ਨਾ ਕੋਈ ਨਿਕਲੇ, ਨਾ ਵਾਪਸ ਘਰ ਨੂੰ ਆਏ।
ਜ਼ਾਰ, ਸ਼ਾਮੀਲ ਦੇ ਤਾਈਂ, ਨਫ਼ਰਤ ਜੇ ਕੋਈ ਕਰਦੇ,
ਸਮਝ ਆ ਜਾਵੇ ਇਹ ਗੱਲ, ਹਰ ਇਕ ਨੂੰ ਸਭਨਾਂ ਤਾਈਂ,
ਪਰ ਤੂੰ ਨਿਰਾਦਰ ਕੀਤੇ, ਏਹਨਾਂ ਪਰਬਤਾਂ ਦਾ,
ਹੁਣ ਕਦੇ ਵੀ ਮੁੜ ਕੇ, ਤੂੰ ਵਾਪਸ ਘਰ ਨਾ ਆਈ।
ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ, ਬਾਅਦ ਵਿਚ ਹਾਜੀ-ਮੁਰਾਤ ਨੇ ਰੂਸੀਆਂ ਦਾ ਸਾਥ ਛੱਡ ਕੇ ਮੁੜ ਆਪਣੇ ਲੋਕਾਂ ਕੋਲ ਆਉਣਾ ਚਾਹਿਆ ਸੀ। ਪਰ ਭੱਜ ਨਿਕਲਣ ਵੇਲੇ ਉਹ ਮਾਰਿਆ ਗਿਆ ਸੀ। ਉਦੋਂ ਪਹਾੜਾਂ ਵਿਚ ਮਾਂ ਦੇ ਇਕ ਹੋਰ ਗੀਤ ਦਾ ਜਨਮ ਹੋਇਆ-
ਚੱਲੇ ਖੜਗ ਦੇ ਵਾਰ ਭਰਪੂਰ ਉਹਦੇ,
ਸਿਰ ਧੜ ‘ਤੇ ਨਹੀਂ ਰਿਹਾ ਉਹਦੇ,
ਕੋਈ ਜੰਗ ਦਾ ਭੇੜ ਜਾਂ ਜੁਗਤਬੰਦੀ,
ਹੁੰਦੀ ਕਦੇ ਨਾ ਸੀ ਬਿਨਾਂ ਉਹਦੇ।
ਇਹ ਫਜ਼ੂਲ ਏ ਸੜਕ ਦੇ ਕਿਸੇ ਕੰਢੇ,
ਦਫਨ ਸਿਰ ਤੋਂ ਬਿਨਾਂ ਏ ਧੜ ਉਹਦਾ
ਕਿਲਿਆਂ, ਜੰਗਾਂ ਵਿਚ ਹੱਥ ਤੇ ਪਏ ਮੋਢੇ,
ਕਿਵੇਂ ਛੱਡਾਂਗੇ ਅਸੀਂ ਭਈ ਲੜ ਉਹਦਾ।
ਪੁੱਛੇ ਖੰਜਰ ਤੇ ਆਪਣੀ ਖੜਗ ਤਾਈ,
ਭਲਾ ਹਾਜੀ ਹੁਣ ਕਿਤੇ ਰਿਹਾ ਨਹੀਓਂ?
ਭਲਾ ਮੁਸ਼ਕ ਬਾਰੂਦ ਦੀ ਪਰਬਤਾਂ ‘ਚੋਂ,
ਕਿਤੋਂ ਆਵੇ ਜਾਂ ਉੱਡਦਾ ਧੂੰਆਂ ਨਹੀਓਂ?
ਵਾਂਗ ਗਰੁੜ ਦੇ ਉੱਡ ਕੇ ਚੋਟੀਆਂ ਤੇ,
ਉਹਦਾ ਨਾਂਅ ਗਿਆ, ਅੰਤ ਨੂੰ ਧੁੰਦਲਾਇਆ।
ਵਲ ਸਭ ਸ਼ਮਸ਼ੀਰਾਂ ਕਰ ਦੇਣ ਸਿੱਧੇ,
ਲਾਹ ਦੇਣਗੀਆਂ ਧੱਬਾ ਜੇ ਖੁਦ ਲਾਇਆ।
ਮਾਂ ਦਾ ਗੀਤ-ਉਹ ਮਨੁੱਖ ਦੇ ਸਾਰੇ ਗੀਤਾਂ ਦਾ ਆਰੰਭ-ਬਿੰਦੂ, ਉਨ੍ਹਾਂ ਦਾ ਸਰੋਤ ਹੈ। ਪਹਿਲੀ ਮੁਸਕਰਾਹਟ ਅਤੇ ਆਖਰੀ ਹੰਝੂ-ਇਹੋ ਜਿਹਾ ਹੈ ਮਾਂ ਦਾ ਗੀਤ। ਗੀਤਾਂ ਦਾ ਜਨਮ ਦਿਲ ਵਿਚ ਹੁੰਦਾ ਹੈ, ਫਿਰ ਦਿਲ ਉਨ੍ਹਾਂ ਨੂੰ ਜ਼ਬਾਨ ਤਕ ਪੁਚਾਉਂਦਾ ਹੈ, ਇਸ ਤੋਂ ਬਾਅਦ ਜ਼ਬਾਨ ਉਨ੍ਹਾਂ ਨੂੰ ਸਭ ਲੋਕਾਂ ਦੇ ਦਿਲਾਂ ਤਕ ਪੁਚਾਉਂਦੀ ਹੈ ਅਤੇ ਸਾਰੇ ਲੋਕਾਂ ਦੇ ਦਿਲ ਉਹ ਗੀਤ ਆਉਣ ਵਾਲੀਆਂ ਸਦੀਆਂ ਨੂੰ ਸੌਂਪ ਦਿੰਦੇ ਹਨ। ਅਜੇਹੇ ਗੀਤਾਂ ਦੀ ਚਰਚਾ ਕਰਨਾ ਵੀ ਇੱਥੇ ਉਚਿਤ ਹੀ ਹੋਵੇਗਾ।
ਸ਼ਾਮੀਲ ਦੀ ਮਾਂ ਦਾ ਗੀਤ
“ਗੀਤਾਂ ਵਿਚ ਦੋ ਵਿਚੋਂ ਕੋਈ ਇਸ ਚੀਜ਼ ਹੋ ਸਕਦੀ ਏ-ਜਾਂ ਤਾਂ ਹਾਸਾ, ਜਾਂ ਹੰਝੂ। ਇਸ ਵੇਲੇ ਸਾਨੂੰ ਪਹਾੜੀ ਲੋਕਾਂ ਨੂੰ ਇਨ੍ਹਾਂ ਦੋਹਾਂ ਵਿਚੋਂ ਇਕ ਦੀ ਵੀ ਲੋੜ ਨਹੀਂ। ਅਸੀਂ ਜੰਗ ਵਿਚ ਰੁਝੇ ਹੋਏ ਆਂ। ਸਾਹਸ ਨੂੰ ਭਾਵੇਂ ਕਿੰਨੀਆਂ ਵੀ ਔਖੀਆਂ ਅਜ਼ਮਾਇਸ਼ਾਂ ਵਿਚੋਂ ਕਿਉਂ ਨਾ ਲੰਘਣਾ ਪਵੇ ਉਹਨੂੰ ਨਾ ਤਾਂ ਸ਼ਿਕਵਾ-ਸ਼ਿਕਾਇਤ ਕਰਨੀ ਚਾਹੀਦੀ ਏ ਅਤੇ ਨਾ ਹੀ ਰੋਣਾ ਧੋਣਾ ਚਾਹੀਦੈ। ਦੂਜੇ ਪਾਸੇ, ਸਾਡੇ ਲਈ ਖੁਸ਼ ਹੋਣ ਦੀ ਕੋਈ ਗੱਲ ਨਹੀਂ। ਸਾਡੇ ਦਿਲ ਗ਼ਮ ਅਤੇ ਦੁੱਖ ਦਰਦ ਨਾਲ ਭਰੇ ਪਏ ਨੇ। ਕੱਲ੍ਹ ਮੈਂ ਉਨ੍ਹਾਂ ਜਵਾਨ ਲੋਕਾਂ ਨੂੰ ਸਜ਼ਾ ਦੇ ਦਿੱਤੀ ਸੀ ਜਿਹੜੇ ਮਸਜਿਦ ਕੋਲ ਨੱਚਦੇ ਗਾਉਂਦੇ ਪਏ ਸੀ। ਉਹ ਮੂਰਖ ਨੇ। ਫਿਰ ਕਦੇ ਏਤਰਾਂ ਵੇਖਿਆ ਤਾਂ ਫਿਰ ਸਜ਼ਾ ਦਿਆਂਗਾ। ਜੇ ਤੁਹਾਨੂੰ ਲੋਕਾਂ ਨੂੰ ਕਵਿਤਾ ਚਾਹੀਦੀ ਏ ਤਾਂ ਕੁਰਾਨ ਪੜ੍ਹੋ। ਪੈਗੰਬਰ ਦੀਆਂ ਰਚੀਆਂ ਹੋਈਆਂ ਕਵਿਤਾਵਾਂ ਨੂੰ ਰਹੇ। ਉਨ੍ਹਾਂ ਦੀਆਂ ਕਵਿਤਾਵਾਂ ਤਾ ਕਾਅਬੇ ਦੇ ਫਾਟਕਾਂ ਉਤੇ ਵੀ ਉੱਕਰੀਆਂ ਹੋਈਆਂ ਨੇ।”
ਤਾਂ ਇਮਾਮ ਸ਼ਾਮੀਲ ਨੇ ਇਸ ਤਰ੍ਹਾਂ ਦਾਗਿਸਤਾਨ ਵਿਚ ਗਾਉਣ ਦੀ ਮਨਾਹੀ ਕਰ ਦਿੱਤੀ। ਗਾਉਣ ਵਾਲੀ ਜ਼ਨਾਨੀ ਨੂੰ ਝਾੜੂ ਨਾਲ ਕੁੱਟਿਆ ਜਾਂਦਾ ਸੀ ਤੇ ਮਰਦ ਨੂੰ ਕੋਰੜਿਆਂ ਨਾਲ। ਹੁਕਮ ਤਾਂ ਹੁਕਮ ਹੈ। ਉਨ੍ਹਾਂ ਸਾਲਾਂ ਵਿਚ ਬਹੁਤ ਸਾਰੇ ਗਾਇਕਾਂ ਨੂੰ ਕੋਰੜੇ ਲਾਏ ਗਏ।
ਪਰ ਭਲਾ ਗੀਤਾਂ ਨੂੰ ਖਾਮੋਸ਼ ਹੋ ਜਾਣ ਲਈ ਮਜਬੂਰ ਕੀਤਾ ਜਾ ਸਕਦਾ ਹੈ? ਗਾਇਕ ਨੂੰ ਚੁੱਪ ਰਹਿਣ ਲਈ ਮਜਬੂਰ ਕੀਤਾ ਜਾ ਸਕਦਾ ਹੈ ਪਰ ਗੀਤਾਂ ਨੂੰ ਕਦੇ ਨਹੀਂ। ਅਸੀਂ ਕਬਰਾਂ ਉਤੇ ਬਹੁਤ ਸਾਰੇ ਪੱਥਰ ਲੱਗੇ ਹੋਏ ਵੇਖਦੇ ਹਾਂ। ਉੱਥੇ ਲੋਕ ਦਫਨ ਹਨ ਪਰ ਗੀਤਾਂ ਦੀਆਂ ਕਬਰਾਂ ਕਿਹਨੇ ਵੇਖੀਆਂ ਹਨ।
ਇਕ ਕਬਰ ਦੇ ਪੱਥਰ ਉਤੇ ਮੈਂ ਇਹ ਪੜ੍ਹਿਆ-“ਮਰ ਗਿਆ, ਮਰਦੇ ਹਨ, ਮਰਨਗੇ।” ਗੀਤ ਦੇ ਬਾਰੇ ਇਹ ਕਿਹਾ ਜਾ ਸਕਦਾ ਹੈ—“ਨਹੀਂ ਮਰਿਆ, ਨਹੀਂ ਮਰਦਾ, ਨਹੀਂ ਮਰੇਗਾ।” ਇਸਲਾਮੀ ਜਿਹਾਦ ਦੇ ਉਸ ਜ਼ਮਾਨੇ ਵਿਚ ਗੀਤਾਂ ਨਾਲ ਚਾਹੇ ਕਿਹੋ ਜਿਹਾ ਵੀ ਬੁਰਾ ਵਰਤਾਉ ਕਿਉਂ ਨਾ ਕੀਤਾ ਗਿਆ ਹੋਵੇ ਫਿਰ ਵੀ ਉਹ ਨਾ ਸਿਰਫ ਜਿਉਂਦੇ ਰਹੇ ਹਨ ਅਤੇ ਸਾਡੇ ਵਕਤਾਂ ਤੱਕ ਪਹੁੰਚ ਗਏ, ਸਗੋਂ ਕਿਸਮਤ ਦੀ ਹੈਰਾਨੀ ਭਰੀ ਕਮਾਲ ਵੇਖੋ ਕਿ ਉਨ੍ਹਾਂ ਨੂੰ “ਸ਼ਾਮੀਲ ਦੇ ਗੀਤ” ਕਿਹਾ ਜਾਂਦਾ ਹੈ।
ਹਾਂ ਤਾਂ ਸ਼ਾਮੀਲ ਦੀ ਮਾਂ ਦੇ ਗਾਣੇ ਦੇ ਬਾਰੇ ਉਨ੍ਹਾਂ ਦਿਨਾਂ ਵਿਚ ਦੁਸ਼ਮਣ ਦੀਆਂ ਫੌਜਾਂ ਨੇ ਅਖੁਲਗੋ ਪਿੰਡ ਉਤੇ ਕਬਜ਼ਾ ਕਰ ਲਿਆ ਸੀ। ਇਸ ਲੜਾਈ ਨੇ ਅਨੇਕਾਂ ਸੂਰਮਿਆਂ ਨੂੰ ਜਨਮ ਦਿੱਤਾ ਪਰ ਉਹ ਸਾਰੇ ਰਣਖੇਤਰ ਵਿਚ ਹੀ ਜੂਝ ਮਰੇ। ਉਨ੍ਹਾਂ ਜ਼ਖ਼ਮੀਆਂ ਨੇ ਜਿਹੜੇ ਦੁਸ਼ਮਣ ਦੇ ਗੁਲਾਮ ਨਹੀਂ ਬਣਨਾ ਚਾਹੁੰਦੇ ਸਨ ਅਵਾਰ ਖੇਤਰ ਦੀ ਕੋਇਸੂ ਨਦੀ ਵਿਚ ਛਾਲ ਮਾਰ ਕੇ ਜਾਨ ਦੇ ਦਿੱਤੀ। ਦੁਸ਼ਮਣ ਦੇ ਘੇਰੇ ਵਿਚ ਆਉਣ ਵਾਲਿਆਂ ਵਿਚ ਬੱਚਿਆਂ ਸਮੇਤ ਸ਼ਾਮੀਲ ਦੀ ਭੈਣ ਵੀ ਸੀ।
ਇਸ ਬਹੁਤ ਹੀ ਔਖੇ ਸਮੇਂ ਵਿਚ ਥੱਕਿਆ ਹਾਰਿਆ ਅਤੇ ਜ਼ਖਮੀ ਇਮਾਮ ਸ਼ਾਮੀਲ ਆਪਣੇ ਜਨਮ ਵਾਲੇ ਪਿੰਡ ਗੀਮਰੀ ਆਇਆ। ਉਹਨੇ ਆਪਣੇ ਮੁਰੀਦਾਂ ਨੂੰ ਘੋੜੇ ਦੀਆਂ ਲਗਾਮਾਂ ਫੜਾਈਆਂ ਹੀ ਸਨ ਕਿ ਉਹਨੂੰ ਇਕ ਗੀਤ ਸੁਣਾਈ ਦਿੱਤਾ। ਜ਼ਿਆਦਾ ਸਹੀ ਤੌਰ ਤੇ ਕਿਹਾ ਜਾਏ ਤਾਂ ਵਿਰਲਾਪ ਸੁਣਾਈ ਦਿੱਤਾ-
ਕਰੋ ਹੰਝੂ ਮਨਾਵੋ ਸੋਗ ਸਾਰੇ, ਪਿੰਡ ਪਿੰਡ ਵਿਚ ਤੁਸੀਂ ਜਾ ਲੋਕੋ।
ਗਾਵੋ ਜੱਸ ਤੁਸੀਂ ਉਨ੍ਹਾਂ ਸੂਰਿਆਂ ਦਾ, ਜਿਨ੍ਹਾਂ ਵਿਚੋਂ ਨਾ ਕੋਈ ਰਿਹਾ ਲੋਕੋ।
ਹੁਣ ਅਖੂਲਗੋ ਉਤੇ ਵੀ ਵੈਰੀਆਂ ਨੇ, ਕਰ ਲਿਆ ਏ ਕਬਜ਼ਾ ਆਣ ਉਥੇ।
ਕੋਈ ਰਿਹਾ ਨਾ ਜੀਵਦਾ ਕਿਤੇ ਬਾਕੀ, ਵਾਰ ਗਏ ਨੇ ਸਭ ਪਰਾਣ ਉਥੇ।
ਇਸ ਗੀਤ ਵਿਚ ਅੱਗੇ ਉਨ੍ਹਾਂ ਸਾਰੇ ਸੂਰਮਿਆਂ ਦੇ ਨਾਂਅ ਗਿਣਾਏ ਗਏ ਸਨ ਜਿਨ੍ਹਾਂ ਨੇ ਸ਼ਹੀਦੀ ਪਰਾਪਤ ਕੀਤੀ ਸੀ। ਗੀਤ ਦੇ ਰਚੇਤਾ ਨੇ ਸਾਰਿਆਂ ਨੂੰ ਇਹ ਗੁਜ਼ਾਰਿਸ਼ ਕੀਤੀ ਸੀ ਕਿ ਉਹ ਮਾਤਮੀ ਪੋਸ਼ਾਕ ਪਾ ਲੈਣ। ਇਹ ਵੀ ਕਿਹਾ ਗਿਆ ਸੀ ਕਿ ਅਜੇਹੇ ਦੁੱਖ ਵੇ ਬਾਰੇ ਸੁਣ ਕੇ ਸਾਰੇ ਪਹਾੜੀ ਚਸ਼ਮੇ ਸੁੱਕ ਗਏ ਸਨ। ਇਸ ਗੀਤ ਵਿਚ ਅੱਲਾਹ ਕੋਲ ਇਹ ਅਰਜ਼ੋਈ ਕੀਤੀ ਗਈ ਸੀ ਕਿ ਉਹ ਪਹਾੜੀ ਲੋਕਾਂ ਦੀ ਰਾਖੀ ਕਰੋ, ਇਮਾਮ ਸ਼ਾਮੀਲ ਨੂੰ ਭਗਤੀ ਦੇਵੇ ਅਤੇ ਸ਼ਾਮੀਲ ਦੇ ਅੱਠ ਸਾਲਾ ਪੁੱਤਰ ਜਮਾਲੁਦੀਨ ਦੀ ਜਾਨ ਬਚਾਏ ਜਿਹੜਾ ਪੀਟਰਸਬਰਗ ਵਿਚ ਗੋਰੇ ਜ਼ਾਰ ਦੇ ਕੈਦੀਆਂ ਵਿਚੋਂ ਇਕ ਸੀ।
ਸ਼ਾਮੀਲ ਇਕ ਪੱਥਰ ਤੇ ਬਹਿ ਗਿਆ, ਉਹਨੇ ਮਹਿੰਦੀ ਨਾਲ ਰੰਗੀ ਹੋਈ ਆਪਣੀ ਸੰਘਣੀ ਦਾਹੜੀ ਵਿਚ ਉਂਗਲੀਆਂ ਪਾ ਲਈਆਂ, ਆਪਣੇ ਆਲੇ-ਦੁਆਲੇ ਖਲੋਤੇ ਲੋਕਾਂ ਨੂੰ ਤਿੱਖੀ ਨਜ਼ਰ ਨਾਲ ਵੇਖਿਆ ਅਤੇ ਫਿਰ ਇਕ ਤੋਂ ਪੁੱਛਿਆ– f
“ਯੂਨਸ, ਇਸ ਗੀਤ ਵਿਚ ਕਿੰਨੀਆਂ ਪੰਕਤੀਆਂ ਨੇ?”
“ਇਕ ਸੌ ਦੋ ਪੰਕਤੀਆਂ ਨੇ, ਇਮਾਮ।”
“ਇਹ ਗੀਤ ਬਣਾਉਣ ਵਾਲੇ ਨੂੰ ਢੂੰਡੋ ਤੇ ਇਕ ਸੌ ਕੋਰੜੇ ਮਾਰੋ, ਦੋ ਕੋਰੜੇ ਮੇਰੇ ਲਈ ਛੱਡ ਦਿਓ ਜੇ।”
ਮੁਰੀਦ ਨੇ ਫੌਰਨ ਕੋਰੜਾ ਕੱਢ ਲਿਆ।
“ਕਿਹਨੇ ਬਣਾਇਐ ਇਹ ਗੀਤ?”
ਸਭ ਖਾਮੋਸ਼ ਰਹੇ।
“ਮੈਂ ਪੁੱਛਨਾਂ ਕਿਹਨੇ ਬਣਾਇਐ ਇਹ ਗੀਤ?”
ਇਸੇ ਵੇਲੇ ਸ਼ਾਮੀਲ ਦੀ ਕੁੱਬੀ ਹੋਈ ਅਤੇ ਦੁੱਖ ਵਿਚ ਡੁੱਬੀ ਮਾਂ ਉਹਦੇ ਸਾਮ੍ਹਣੇ ਆ ਖਲੋਤੀ। ਉਹਦੇ ਹੱਥ ਵਿਚ ਝਾੜੂ ਸੀ।
“ਮੇਰਿਆ ਪੁੱਤਰਾ, ਇਹ ਗੀਤ ਮੈਂ ਬਣਾਇਐ। ਸਾਡੇ ਘਰ ਵਿਚ ਅੱਜ ਸੋਗ ਏ। ਤੂੰ ਇਹ ਝਾੜੂ ਫੜ ਕੇ ਆਪਣਾ ਹੁਕਮ ਪੂਰਾ ਕਰ।”
ਇਮਾਮ ਸੋਚੀਂ ਪੈ ਗਿਆ। ਉਹਨੇ ਮਾਂ ਦੇ ਹੱਥ ਤੋਂ ਝਾੜੂ ਲੈ ਲਿਆ ਅਤੇ ਕੰਧ ਦਾ ਸਹਾਰਾ ਲੈ ਲਿਆ।
“ਮਾਂ, ਤੂੰ ਘਰ ਚਲੀ ਜਾਹ।”
ਬੇਟੇ ਵਲ ਮੁੜ ਕੇ ਵੇਖਦਿਆਂ ਹੋਇਆਂ ਮਾਂ ਘਰ ਵਲ ਤੁਰ ਪਈ। ਜਿਉਂ ਹੀ ਉਹ ਗਲੀ ਵਿਚ ਗਾਇਬ ਹੋਈ, ਤਿਉਂ ਹੀ ਸ਼ਾਮੀਲ ਨੇ ਤਲਵਾਰ ਅਤੇ ਕਮਰਬੰਦ ਤੇ ਆਪਣਾ ਚਰਕੇਸਕਾ ਲਾਹ ਸੁੱਟਿਆ।
“ਮਾਂ ਨੂੰ ਕੁੱਟਿਆ ਨਹੀਂ ਜਾ ਸਕਦਾ। ਉਹਦੇ ਕਸੂਰ ਦੀ ਮੈਨੂੰ, ਉਹਦੇ ਪੁੱਤਰ ਸ਼ਾਮੀਲ ਨੂੰ
ਸਜ਼ਾ ਭੁਗਤਣੀ ਪਵੇਗੀ।” ਲੱਕ ਤੱਕ ਨੰਗਾ ਹੋ ਕੇ ਉਹ ਜ਼ਮੀਨ ਤੇ ਲੇਟ ਗਿਆ ਅਤੇ ਉਸਨੇ ਆਪਣੇ ਮੁਰੀਦ ਨੂੰ ਕਿਹਾ-ਤੂੰ ਕੋਰੜਾ ਕਿਉਂ ਛੁਪਾ ਲਿਐ? ਉਹਨੂੰ ਕੱਢ ਤੇ ਜੋ ਮੈਂ ਕਹਿੰਨਾਂ, ਉਹ ਕਰ।” ਮੁਰੀਦ ਦੁਚਿੱਤੀ ਵਿਚ ਪੈ ਗਿਆ। ਇਮਾਮ ਨੇ ਤਿਉੜੀਆਂ ਪਾ ਲਈਆਂ ਅਤੇ ਮੁਰੀਦ ਦਸਰਿਆਂ ਨਾਲੋਂ ਤਾਂ ਇਹ ਜਿਆਦਾ ਚੰਗੀ ਤਰਾਂ ਜਾਣਦਾ ਸੀ ਕਿ ਇਸ ਦਾ “ਤੂੰ ਕੋਰੜਾ ਕਿਉਂ ਛੁਪਾ ਲਿਐ? ਉਹਨੂੰ ਕੱਢ ਤੇ ਜੋ ਮੈਂ ਕਹਿੰਨਾਂ, ਉਹ ਕਰ।” ਮੁਰੀਦ ਦੁਚਿੱਤੀ ਵਿਚ ਪੈ ਗਿਆ। ਇਮਾਮ ਨੇ ਤਿਉੜੀਆਂ ਪਾ ਲਈਆਂ ਅਤੇ ਨਤੀਜਾ ਕੀ ਹੋ ਸਕਦਾ ਹੈ
ਮੁਰੀਦ ਆਪਣੇ ਇਮਾਮ ਨੂੰ ਕੋਰੜੇ ਮਾਰਨ ਲੱਗਾ, ਪਰ ਬਹੁਤ ਹੌਲੀ ਹੌਲੀ ਜਿਵੇਂ ਸਜ਼ਾ ਨਾ ਦੇ ਰਿਹਾ ਹੋਵੇ ਪਚਕਾਰ ਰਿਹਾ ਹੋਵੇ। ਸ਼ਾਮੀਲ ਅਚਾਨਕ ਉੱਠ ਕੇ ਖੜ੍ਹਾ ਹੋ ਗਿਆ ਅਤੇ ਉਹਨੇ ਚੀਖਦਿਆਂ ਹੋਇਆਂ ਕਿਹਾ-
“ਮੇਰੇ ਆਲੀ ਥਾਂ ਤੇ ਪੈ ਜਾ।”
ਮੁਰੀਦ ਬੈਂਚ ਤੇ ਲੇਟ ਗਿਆ। ਸ਼ਾਮੀਲ ਨੇ ਉਹਦਾ ਕੋਰੜਾ ਲੈ ਕੇ ਤਿੰਨ ਵਾਰ ਖੂਬ ਜ਼ੋਰ ਨਾਲ ਵਰ੍ਹਾਇਆ। ਮੁਰੀਦ ਦੀ ਪਿੱਠ ਉਤੇ ਲਾਲ ਲਕੀਰਾਂ ਉੱਭਰ ਆਈਆਂ।
“ਇਉਂ ਮਾਰਨੇ ਚਾਹੀਦੇ ਨੇ ਕੋਰੜੇ। ਸਮਝ ਗਿਐਂ? ਹੁਣ ਸ਼ੁਰੂ ਕਰ। ਮੁੜ ਕੇ ਚਾਲਾਕੀ ਕਰਨ ਦੀ ਗੱਲ ਨਾ ਸੋਚੀਂ।”
ਮੁਰੀਦ ਜ਼ੋਰ ਜ਼ੋਰ ਨਾਲ ਕੋਰੜੇ ਮਾਰਨ ਅਤੇ ਗਿਣਨ ਲੱਗਾ।
“ਅਠਾਈ, ਉਨੱਤੀ…”
“ਨਹੀਂ, ਅੱਜੇ ਤਾਂ ਠਾਈ ਹੋਏ ਨੇ। ਵਿਚੋਂ ਛੱਡ ਨਾ, ਛਾਲਾਂ ਨਾ ਮਾਰ।”
ਮੁਰੀਦ ਮੁੜ੍ਹਕੇ ਨਾਲ ਤਰ ਹੋ ਰਿਹਾ ਸੀ ਅਤੇ ਉਹ ਖੱਬੇ ਹੱਥ ਨਾਲ ਉਹਨੂੰ ਪੂੰਝਦਾ ਜਾਂਦਾ ਸੀ। ਇਮਾਮ ਸ਼ਾਮੀਲ ਦੀ ਪਿੱਠ ਅਜੇਹੀ ਪਹਾੜੀ ਚੋਟੀ ਵਾਂਗ ਲੱਗ ਰਹੀ ਸੀ ਜਿਸ ਉਤੇ ਇਕ ਦੂਜੇ ਨੂੰ ਕੱਟਦੇ ਹੋਏ ਅਨੇਕ ਰਾਹ ਅਤੇ ਪਗਡੰਡੀਆਂ ਬਣੀਆਂ ਹੋਣ ਜਾਂ ਟਿੱਲੇ
ਦੀ ਉਸ ਢਾਲ ਜਿਹੀ ਜਿਸ ਨੂੰ ਘੋੜਿਆਂ ਦੇ ਅਨੇਕ ਝੁੰਡਾਂ ਨੇ ਦਰੜ ਸੁੱਟਿਆ ਹੋਵੇ। ਆਖਰ ਇਹ ਤਸੀਹਾ ਦੇਣਾ ਬੰਦ ਹੋਇਆ। ਮੁਰੀਦ ਹਾਰਿਆ ਹੋਇਆ ਇਕ ਪਾਸੇ ਹੋ ਗਿਆ। ਸ਼ਾਮੀਲ ਨੇ ਕੱਪੜੇ ਪਾਏ, ਹਥਿਆਰ ਬੰਨ੍ਹ ਲਏ। ਲੋਕਾਂ ਨੂੰ ਸੰਬੋਧਤ ਕਰਦਿਆਂ ਹੋਇਆਂ ਉਹਨੇ ਕਿਹਾ—
“ਪਹਾੜੀ ਲੋਕੋ, ਅਸੀਂ ਲੜਨੈ। ਸਾਡੇ ਕੋਲ ਗੀਤ ਬਣਾਉਣ ਤੇ ਉਨ੍ਹਾਂ ਨੂੰ ਗਾਉਣ ਤੇ ਕਥਾ-ਕਹਾਣੀਆਂ ਸੁਣਾਉਣ ਦਾ ਵਕਤ ਨਹੀਂ। ਜ਼ਿਆਦਾ ਚੰਗਾ ਇਹ ਹੋਵੇਗਾ ਪਈ ਦੁਸ਼ਮਣ ਸਾਡੇ ਬਾਰੇ ਗੀਤ ਗਾਉਣ। ਸਾਡੀਆਂ ਤਲਵਾਰਾਂ ਉਨ੍ਹਾਂ ਨੂੰ ਇਹ ਸਿਖਾਉਣਗੀਆਂ। ਅੱਥਰੂ ਪੂੰਝ ਲੌ ਤੇ ਤਲਵਾਰਾਂ ਦੀਆਂ ਧਾਰਾਂ ਤੇਜ਼ ਕਰੋ। ਅਸੀਂ ਅਖੂਲਗੋ ਗੁਆ ਲਿਆ, ਪਰ ਦਾਗਿਸਤਾਨ ਤਾਂ ਅਜੇ ਕਾਇਮ ਏ, ਲੜਾਈ ਤਾਂ ਨਹੀਂ ਮੁੱਕੀ।”
ਉਸ ਦਿਨ ਤੋਂ ਪੱਚੀ ਸਾਲ ਬਾਅਦ ਤਕ ਦਾਗਿਸਤਾਨ ਦੁਸ਼ਮਣ ਨਾਲ ਲੋਹਾ ਲੈਂਦਾ ਰਿਹਾ, ਉਸ ਵਕਤ ਤਕ ਜਦੋਂ ਤਕ ਆਖਰੀ ਲੜਾਈ ਖਤਮ ਨਹੀਂ ਹੋ ਗਈ ਅਤੇ ਗੁਨੀਬ ਦੁਸ਼ਮਣ ਦੇ ਹੱਥਾਂ ਵਿਚ ਨਹੀਂ ਚਲਾ ਗਿਆ।
ਗੁਨੀਬ ਦੀ ਲੜਾਈ, ਜਿਹੜੀ ਕਈ ਦਿਨਾਂ ਤਕ ਜਾਰੀ ਰਹੀ, ਜਦੋਂ ਆਪਣੇ ਪੂਰੇ
ਜ਼ੋਰਾਂ ਤੇ ਸੀ ਤਾਂ ਇਕ ਦਿਨ ਇਮਾਮ ਮਸਜਿਦ ਵਿਚ ਇਬਾਦਤ ਕਰ ਰਿਹਾ ਸੀ। “ਇਹੋ ਜਿਹੀ ਮੁਸੀਬਤ ਦਾਗਿਸਤਾਨ ਨੇ ਪਹਿਲਾਂ ਤਾਂ ਕਦੇ ਨਹੀਂ ਸੀ ਵੇਖੀ।” ਸ਼ਾਮੀਲ ਦੀ ਪਹਿਲੀ, ਵੱਡੀ ਬੀਵੀ ਨੇ ਕਿਹਾ।
“ ਤੂੰ ਗਲਤ ਕਹਿਨੀ ਪਈ ਏਂ, ਪਾਤੀਮਾਤ, ਦਾਗਿਸਤਾਨ ਇਸ ਤੋਂ ਪਹਿਲੋਂ ਵੀ ਇਕ ਮੁਸੀਬਤ ਵੇਖ ਚੁੱਕੈ।
“ਉਹ ਕਿਹੜੀ?”
“ਜਦੋਂ ਮੈਂ ਤੇਰੇ ਜਿਹੀ ਬੀਵੀ ਦੇ ਹੁੰਦਿਆਂ ਵੀ ਇਕ ਹੋਰ ਬੀਵੀ ਬਣਾ ‘ਲੀ ਸੀ ਯਾਨੀ ਸੁਆਈਨਾਤ ਨਾਲ ਵਿਆਹ ਕਰਵਾ ਲਿਆ ਸੀ।”
ਸ਼ਾਮੀਲ ਹੱਸ ਪਿਆ। ਇੱਥੇ ਮਸਜਿਦ ਵਿਚ ਲੇਟੇ ਹੋਏ ਉਸਦੇ ਜ਼ਖਮੀ ਮੁਰੀਦ ਵੀ ਹੱਸ ਪਏ। ਇੰਜ ਲੱਗਾ ਜਿਵੇਂ ਇਮਾਮ ਨੂੰ ਪਹਿਲੀ ਵਾਰੀ ਹੱਸਦਿਆਂ ਸੁਣ ਕੇ ਸਾਰਾ ਦਾਗਿਸਤਾਨ ਹੱਸ ਪਿਆ ਹੋਵੇ।
ਉਹ ਦਾਗਿਸਤਾਨ ਦੀ ਸਭ ਤੋਂ ਮੁਸ਼ਕਲ ਘੜੀ ਵਿਚ ਹੱਸਿਆ ਸੀ ਜਦੋਂ ਉਹ ਸਭ ਕੁਝ ਤਬਾਹ ਹੋ ਰਿਹਾ ਸੀ ਜਿਸਦਾ ਉਸਨੇ ਨਿਰਮਾਣ ਕੀਤਾ ਸੀ ਅਤੇ ਜਿਸ ਉਤੇ ਉਹਨੂੰ ਮਾਣ ਸੀ। ਉਹ ਆਪਣੇ ਕੈਦੀ ਬਣਾਏ ਜਾਣ ਤੋਂ ਪਹਿਲਾਂ ਹੱਸਿਆ ਸੀ।
ਸ਼ਾਮੀਲ ਅਚਾਨਕ ਖਾਮੋਸ਼ ਅਤੇ ਸੰਜੀਦਾ ਹੋ ਗਿਆ। ਆਪਣੀਆਂ ਤਿੰਨਾਂ ਬੀਵੀਆਂ ਨੂੰ ਉਹਨੇ ਗੁਨੀਬ ਦੇ ਪੱਥਰਾਂ ਉਤੇ ਆਪਣੇ ਕੋਲ ਬਿਠਾ ਲਿਆ ਅਤੇ ਉਨ੍ਹਾਂ ਨੂੰ ਗੁਜ਼ਾਰਿਸ਼ बीडी-
“ਮੈਨੂੰ ਉਹ ਗੀਤ ਸੁਣਾਓ ਜਿਹੜਾ ਅੱਲਾਹ ਨੂੰ ਪਿਆਰੀ ਹੋ ਗਈ ਮੇਰੀ ਮਾਂ ਨੇ ਬਣਾਇਆ ਸੀ।”
ਪਾਤੀਮਾਤ, ਨਾਪੀਸਾਤ ਅਤੇ ਸੁਆਈਨਾਤ ਨੇ ਗਾਉਣਾ ਸ਼ੁਰੂ ਕੀਤਾ- ਕਰੋ ਹੰਝੂ, ਮਨਾਵੋ ਸੋਗ ਸਾਰੇ,
ਪਿੰਡ ਪਿੰਡ ਵਿਚ ਤੁਸੀਂ ਜਾ ਲੋਕੋ…. ਗੀਤ ਦੀਆਂ ਆਖਰੀ ਧੁਨਾਂ ਸ਼ਾਂਤ ਹੋ ਗਈਆਂ ਸਨ। ਆਸਮਾਨ ਵਿਚ ਚੰਨ ਚਮਕ ਰਿਹਾ ਸੀ। ਇਮਾਮ ਉਦਾਸ ਹੋ ਗਿਆ.
“ਮੁੜ ਕੇ ਗਾਓ।”
ਪਾਤੀਮਾਤ, ਨਾਪੀਸਾਤ ਅਤੇ ਸੁਆਈਨਾਤ ਇਸ ਗੀਤ ਨੂੰ ਫਿਰ ਗਾਉਣ ਲੱਗ ਪਈਆਂ। ਇਸ ਵਾਰ ਇਹ ਗੀਤ ਦੂਰ ਦੂਰ ਤਕ ਪਹੁੰਚ ਗਿਆ। ਇਹਨੂੰ ਚਾਨਣੀ ਵਿਚ ਚਮਕਦੀਆਂ ਤੇ ਦੁੱਖ ਵਿਚ ਡੁੱਬੀਆਂ ਚੱਟਾਨਾਂ, ਬੇਦਮਜਨੂੰ ਅਤੇ ਗੁਨੀਬ ਦੇ ਚਿਨਾਰਾਂ ਨੇ ਸੁਣਿਆ।
“ਇਹਨੂੰ ਤੀਜੀ ਵਾਰ ਗਾਓ।” ਸ਼ਾਮੀਲ ਨੇ ਉੱਚੀ ਆਵਾਜ਼ ਵਿਚ ਕਿਹਾ। ਗੀਤ ਦੀਆ ਧੁੰਨਾਂ ਹੋਰ ਅਗਾਂਹ ਪਹੁੰਚ ਗਈਆਂ। ਇਹਨੂੰ ਹੁਣ ਗੁਨੀਬ ਦੇ ਕੋਲ ਸੜ ਰਹੇ ਪਿੰਡਾਂ ਅਤੇ ਦੂਰ ਦੇ ਪਹਾੜਾਂ ਵਿਚ ਖਾਮੋਸ਼ ਸਾਰੇ ਪਿੰਡ ਅਤੇ ਮਰਹੂਮ ਮੁਰੀਦਾਂ ਨੂੰ ਆਪਣੀਆਂ ਕਬਰਾਂ ਵਿਚ ਸੁਣਿਆ। ਪਰ ਇਸ ਸਮੇਂ ਪਹੁ ਫੁੱਟ ਗਈ, ਮੁੜ ਕੇ ਘਮਸਾਣ ਦੀ ਲੜਾਈ ਹੋਣ ਲੱਗ ਪਈ, ਆਖਰੀ ਲੜਾਈ। ਜਦੋਂ ਹਥਿਆਰਾਂ ਦਾ ਸ਼ੋਰ ਅਤੇ ਗੂੰਜ ਖਤਮ ਹੋਈ ਤਾਂ ਗੀਤ ਦੀਆਂ ਧੁਨਾਂ ਵੀ ਨਾ ਰਹੀਆਂ ਇਮਾਮ ਸ਼ਾਮੀਲ ਸਨਮਾਨਤ ਕੈਦੀ ਬਣ ਚੁੱਕਿਆ ਸੀ। ਉਹਦੇ ਅਸਤਰ ਸ਼ਸਤਰ ਅਤੇ ਘੋੜੇ ਮੋੜ ਦਿੱਤੇ ਗਏ ਸਨ. ਉਹਦੀਆਂ ਬੀਵੀਆਂ ਵੀ ਉਹਦੇ ਕੋਲ ਹੀ ਛੱਡ ਦਿੱਤੀਆਂ ਗਈਆਂ ਸਨ ਰਹਿ ਗਿਆ ਸੀ ਜਿਹਨੂੰ ਉਹਦੀ ਬੁੱਢੀ ਮਾਂ ਨੇ ਕਦੇ ਰਚਿਆ ਸੀ। ਸ਼ੁਰੂ ਵਿਚ ਸਨਮਾਨਤ ਕੈਦੀ ਨੂੰ ਉਸਦੀਆਂ ਤਿੰਨੇ ਬੀਵੀਆਂ ਇਹ ਗੀਤ ਸੁਣਾਉਂਦੀਆਂ ਰਹੀਆਂ। ਬਾਅਦ ਵਿਚ ਨਾਪੀਸਾਤ ਅਤੇ ਸ਼ੁਆਈਨਾਤ ਰਹਿ ਗਈਆਂ। ਕੁਝ ਹੋਰ ਅਰਸੇ ਮਗਰੋਂ, ਦੂਰ ਦੁਰਾਡੇ ਅਰਬ ਰੇਗਿਸਤਾਨ ਵਿਚ ਆਖਰੀ ਸਾਹ ਲੈਂਦੇ ਹੋਏ ਸ਼ਾਮੀਲ ਨੂੰ ਉਸਦੀਆਂ ਦੋਹਾਂ ਵੱਡੀਆਂ ਬੀਵੀਆਂ ਤੋਂ ਮਗਰੋਂ ਜਿਉਂਦੀ ਰਹਿ ਗਈ ਉਹਦੀ ਆਖਰੀ ਬੀਵੀ ਸ਼ੁਆਈਨਾਤ ਇਹ ਅੰਤਮ ਗੀਤ ਸੁਣਾਉਂਦੀ ਰਹੀ।
ਜਦੋਂ ਸ਼ੁਆਈਨਾਤ ਦੀ ਚਰਚਾ ਚਲਦੀ ਤਾਂ ਮੇਰੇ ਪਿਤਾ ਜੀ ਕਹਿੰਦੇ-
“ਸ਼ਾਮੀਲ ਦੇ ਘਰ ਵਿਚ ਉਹ ਸਭ ਤੋਂ ਜ਼ਿਆਦਾ ਖੂਬਸੂਰਤ ਔਰਤ ਸੀ। ਉਹ ਇਮਾਮ ਦੀ ਆਖਰੀ ਬੀਵੀ ਤੇ ਉਹਦਾ ਪਹਿਲਾ ਪਿਆਰ ਸੀ। ਸਾਰੇ ਪਹਾੜੀ ਲੋਕਾਂ ਵਾਂਗ ਇਮਾਮ ਵੀ ਸਾਡੇ ਰਸਮੋ ਰਿਵਾਜਾਂ ਦੇ ਮੁਤਾਬਕ ਵਿਆਹ ਕਰਵਾਉਂਦਾ ਸੀ। ਪਰ ਇਹ ਬੀਵੀ ਤਾਂ ਸੰਜੋਗਵਸ ਮਿਲਣ ਵਾਲਾ ਤੋਹਫ਼ਾ ਸੀ। ਜਦੋਂ ਸ਼ਾਮੀਲ ਦੇ ਇਕ ਬਹੁਤ ਹੀ ਬਹਾਦਰ ਨਾਇਬ ਅਖ਼ਵੇਰਦਿਲ ਮੁਹੰਮਦ ਨੇ ਮੋਜ਼ਦੋਕ ਉਤੇ ਧਾਵਾ ਬੋਲਿਆ ਤਾਂ ਉਹ ਆਰਮੀਨੀ ਸੌਦਾਗਰ ਦੀ ਧੀ, ਬਹੁਤ ਹੀ ਖੂਰਸੂਰਤ ਅੱਨਾਂ ਨੂੰ ਉਥੋਂ ਉੜਾ ਲਿਆਇਆ। ਅੱਨਾਂ ਦਾ ਵਿਆਹ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਇਉਂ ਕੀਤਾ ਗਿਆ ਸੀ। ਮੁਰੀਦ ਆਪਣੇ ਇਸ ਸ਼ਿਕਾਰ ਨੂੰ, ਲਬਾਦੇ ਵਿਚ ਵਲ੍ਹੇਟੀ ਹੋਈ ਅੱਨਾਂ ਨੂੰ, ਇਮਾਮ ਦੇ ਮਹਿਲ ਵਿਚ ਲੈ ਗਿਆ। ਜਦੋਂ ਲਬਾਦਾ ਲਾਹਿਆ ਗਿਆ ਤਾਂ ਇਮਾਮ ਨੂੰ ਦੋ ਵੱਡੀਆਂ-ਵੱਡੀਆਂ ਨੀਲੀਆਂ ਅੱਖਾਂ ਦੇ ਸਿਵਾਏ, ਜਿਨ੍ਹਾਂ ਨੂੰ ਜਾਣੋ ਦਾਗਿਸਤਾਨ ਦੇ ਨੀਲੇ ਆਕਾਸ਼ ਤੋਂ ਬਣਾਇਆ ਗਿਆ ਹੋਵੇ, ਹੋਰ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ। ਇਹ ਅੱਖਾਂ ਕਿਸੇ ਵੀ ਤਰ੍ਹਾਂ ਦੇ ਡਰ ਭੈਅ ਤੋਂ ਬਿਨਾਂ ਇਮਾਮ ਨੂੰ ਟਿਕਟਿਕੀ ਬੰਨ੍ਹੀ ਵੇਖ ਰਹੀਆਂ ਸਨ। ਉਹ ਪਤਲੇ, ਨਰਮ ਚਮੜੇ ਦੇ ਬੂਟ, ਇਮਾਮ ਦੇ ਹਥਿਆਰ, ਉਹਦੀ ਦਾੜ੍ਹੀ ਅਤੇ ਅੱਖਾਂ ਨੂੰ ਵੇਖ ਰਹੀ ਸੀ। ਆਰਮੀਨੀ ਮੁਟਿਆਰ ਨੇ ਆਪਣੇ ਸਾਹਮਣੇ ਅਜਿਹਾ ਆਦਮੀ ਵੇਖਿਆ ਜਿਹਨੂੰ ਕਿਸੇ ਵੀ ਤਰ੍ਹਾਂ ਜਵਾਨ ਜਾਂ ਸੋਹਣਾ ਨਹੀਂ ਕਿਹਾ ਜਾ ਸਕਦਾ ਸੀ ਪਰ ਉਹਦੀ ਸ਼ਕਲ ਸੂਰਤ ਵਿਚ ਕੁਝ ਇਹੋ ਜਿਹਾ ਤਾਂ ਸੀ ਜਿਹੜਾ ਉਹਨੂੰ ਆਪਣੇ ਵੱਲ ਖਿੱਚਦਾ ਸੀ, ਆਕਰਸ਼ਤ ਕਰਦਾ ਸੀ, ਉਹਦੀ ਸ਼ਖਸੀਅਤ ਵਿਚ ਰੋਅਬ ਦਾਬ ਅਤੇ ਸ਼ਕਤੀ ਦੇ ਨਾਲ ਨਾਲ ਕੋਮਲਤਾ ਅਤੇ ਉਦਾਰਤਾ ਦਾ ਵੀ ਅਹਿਸਾਸ ਹੁੰਦਾ ਸੀ। ਇਨ੍ਹਾਂ ਦੋਹਾਂ ਦੀਆਂ ਅੱਖਾਂ ਮਿਲੀਆਂ। ਸਖਤ ਫੌਜੀ ਨੇ ਆਪਣੇ ਦਿਲ ਵਿਚ ਕੁਝ ਕਮਜ਼ੋਰੀ ਮਹਿਸੂਸ ਕੀਤੀ । ਉਹ ਅਜਿਹੀ ਕਮਜ਼ੋਰੀ ਦਾ ਆਦੀ ਨਹੀਂ ਸੀ। ਇਸ ਲਈ ਡਰ ਗਿਆ। ਉਸੇ ਵਕਤ ਉਹਦੀ ਰੋਅਬ ਭਰੀ ਆਵਾਜ਼ ਗੂੰਜ ਉੱਠੀ-
“ ਇਸ ਕੁੜੀ ਨੂੰ ਫੌਰਨ ਉੱਥੇ ਛੱਡ ਆਓ ਜਿਥੋਂ ਲੈ ਕੇ ਆਏ ਓ।”! “ਕਾਹਦੇ ਲਈ ਇਮਾਮ? ਏਨੀ ਹਸੀਨ ਕੁੜੀ ਏ। ਇਹਦੇ ਵਿਚ ਤਾਂ ਕਿਤੇ ਕੋਈ ਕਮੀ ਈ ਨਹੀਂ।”
“ਮੈਂ ਜਾਣਨਾਂ ਪਈ ਕਾਹਦੇ ਲਈ ਇੰਜ ਕਰਨਾ ਚਾਹੀਦੈ। ਤੇਰਾ ਕੰਮ ਤਾਂ ਘੋੜੇ ਤੇ ਜ਼ੀਨ ਕੱਸਣੈ।”
“ਇਹਨੂੰ ਮੋੜਨ ਬਦਲੇ ਕੀ ਲਿਆ ਜਾਏ?”
“ਬਦਲੇ ਵਿਚ ਕੁਝ ਵੀ ਲਏ ਬਿਨਾਂ ਮੌੜ ਦਿਉ ਜੇ।”
ਅਖ਼ਵੇਰਦਿਲ ਮੁਹੰਮਦ ਨੂੰ ਬੜੀ ਹੈਰਾਨੀ ਹੋਈ। ਸ਼ਾਮੀਲ ਨੇ ਬਦਲੇ ਵਿਚ ਕੁਝ ਵੀ ਲਏ ਬਿਨਾਂ ਕਦੇ ਕੋਈ ਵੈਰੀ ਰਿਹਾਅ ਨਹੀਂ ਕੀਤਾ ਸੀ ਪਰ ਉਹ ਇਮਾਮ ਦੇ ਸਾਹਮਣੇ ਇਤਰਾਜ਼ ਕਰਨ ਦੀ ਹਿੰਮਤ ਨਹੀਂ ਕਰ ਸਕਦਾ ਸੀ।
ਆਪਣੀ ਇਸ ਕੈਦੀ ਨੂੰ ਉਹਨੇ ਕਿਹਾ-
“ਮੈਂ ਹੁਣੇ ਤੈਨੂੰ ਤੇਰੇ ਮਾਂ ਪਿਓ ਕੋਲ ਵਾਪਸ ਛਡ ਆਉਨਾਂ। ਉਨ੍ਹਾਂ ਨੂੰ ਬਹੁਤ ਖੁਸ਼ੀ ਹੋਵੇਗੀ। ਤੂੰ ਉਨ੍ਹਾਂ ਨੂੰ ਕਹਿ ਦੇਈਂ ਕਿ ਸ਼ਾਮੀਲ ਕੋਈ ਡਾਕੂ ਲੁਟੇਰਾ ਨਹੀਂ।”
ਜਦੋਂ ਮੁਰੀਦ ਦੇ ਉਤਲੇ ਸ਼ਬਦਾਂ ਦਾ ਅਨੁਵਾਦ ਕੀਤਾ ਗਿਆ ਤਾਂ ਅੱਨਾਂ ਨੇ ਹੈਰਾਨੀ ਨਾਲ ਸ਼ਾਮਿਲ ਵੱਲ ਵੇਖਿਆ। ਸਾਰਿਆਂ ਨੇ ਇਹ ਸਮਝਿਆ ਕਿ ਉਹਨੂੰ ਆਪਣੀ ਇਸ ਖੁਸ਼ਕਿਸਮਤੀ ਤੇ ਯਕੀਨ ਨਹੀਂ ਹੋ ਰਿਹਾ।
ਉਹਨੂੰ ਦੂਜੀ ਵਾਰ ਇਹ ਕਿਹਾ ਗਿਆ।
“ਇਮਾਮ ਨੂੰ, ਜੋ ਹੋਇਐ, ਉਹਦਾ ਬਹੁਤ ਅਫਸੋਸ ਏ। ਉਹ ਬਦਲੇ ਵਿਚ ਕੁਝ ਵੀ ਲਏ ਬਿਨਾਂ ਤੈਨੂੰ ਮੁਕਤ ਕਰ ਰਿਹੈ।”
ਫੇਰ ਖੂਬਸੂਰਤ ਅੱਨਾ ਨੇ ਸ਼ਾਮੀਲ ਨੂੰ ਸੰਬੋਧਤ ਕਰਦਿਆਂ ਹੋਇਆਂ ਕਿਹਾ- “ਐ, ਦਾਗਿਸਤਾਨ ਦੇ ਰਾਹਨੁਮਾ, ਮੈਨੂੰ ਕੋਈ ਵੀ ਭਜਾ ਕੇ ਨਹੀਂ ਲਿਆਇਆ। ਮੈਂ ਤਾਂ ਤੇਰੀ ਕੈਦਣ ਬਣਨ ਵਾਸਤੇ ਆਪੇ ਈ ਏਥੇ ਤੁਰ ਆਈ ਆਂ।”
“ਇਹ ਕਿਵੇਂ, ਕਾਹਦੇ ਲਈ?”
“ਤਾਂ ਕਿ ਉਸ ਸੂਰਮੇ ਨੂੰ ਆਪਣੀਆਂ ਅੱਖਾਂ ਨਾਲ ਵੇਖ ਸੱਕਾਂ ਜਿਹਦੀ ਸਾਰਾ ਕਾਕੇਸ਼ੀਆ, ਸਾਰੀ ਦੁਨੀਆਂ ਚਰਚਾ ਕਰਦੀ ਏ। ਤੇਰੇ ਮਨ ਵਿਚ ਜੋ ਵੀ ਆਏ, ਤੂੰ ਕਰ ਸਕਨੈਂ, ਪਰ ਆਪਣੀ ਮਰਜ਼ੀ ਨਾਲ ਚੁਣੀ ਹੋਈ ਇਸ ਕੈਦ ਨੂੰ ਮੈਂ ਕਿਸੇ ਵੀ ਹੋਰ ਸ਼ਕਲ ਵਿਚ ਨਹੀਂ ਵਟਾਉਣਾ। ਮੈਂ ਏਥੋਂ ਕਦੇ ਨਹੀਂ ਜਾਣਾ।”
” ਨਹੀਂ ਤੇਰਾ ਇਥੋਂ ਜਾਣਾ ਈ ਜ਼ਿਆਦਾ ਚੰਗਾ ਹੋਵੇਗਾ।”
“ਇਹ ਤੂੰ ਕਹਿਨੈ, ਇਹ ਸ਼ਾਮੀਲ ਕਹਿੰਦਾ ਪਿਐ? ਜਿਹਨੂੰ ਸਾਰੇ ਬਹਾਦਰ ਮਰਦ ਮੰਨਦੇ ਨੇ।”
“ਇੰਜ ਅੱਲ੍ਹਾ ਕਹਿੰਦਾ ਪਿਐ।”
“ਖੁਦਾ ਇੰਜ ਨਹੀਂ ਕਹਿ ਸਕਦਾ।”
“ਮੇਰਾ ਅੱਲ੍ਹਾ ਤੇ ਤੇਰਾ ਖੁਦਾ ਵੱਖ ਵੱਖ ਬੋਲੀਆਂ ਬੋਲਦੇ ਨੇ।” “ਐ ਦਾਗਿਸਤਾਨ ਦੇ ਰਾਹਨੁਮਾ, ਅੱਜ ਤੋਂ ਮੈਂ ਤੇਰੀ ਕੈਦਣ, ਤੇਰੀ ਗੁਲਾਮ
ਇਆਂ, ਅੱਜ ਤੋਂ ਤੇਰਾ ਅੱਲ੍ਹਾ’ ਹੀ ਮੇਰਾ ਖੁਦਾ ਹੋਵੇਗਾ। ਬਚਪਨ ਵਿਚ ਈ ਮੈਂ ਤੇਰੇ ਬਾਰੇ ਗੀਤ ਸੁਣੇ ਸਨ। ਉਨ੍ਹਾਂ ਵਿੱਚੋਂ ਇਕ ਮੈਨੂੰ ਯਾਦ ਰਹਿ ਗਿਐ। ਉਹਨੇ ਮੇਰੇ ਦਿਲ ਵਿਚ ਘਰ ਕਰ ਲਿਐ।”
ਆਰਮੀਨੀ ਮੁਟਿਆਰ ਅਚਾਨਕ ਕਿਸੇ ਦੀ ਵੀ ਸਮਝ ਵਿਚ ਨਾ ਆਉਣ ਵਾਲੀ ਭਾਸ਼ਾ ਵਿਚ ਇਕ ਪਿਆਰਾ ਜਿਹਾ ਗੀਤ ਗਾਉਣ ਲੱਗ ਪਈ। ਉੱਚੇ ਪਰਬਤਾਂ ਪਿੱਛੇ ਅਸਮਾਨ ਵਿਚ ਚੰਨ ਨਿਕਲ ਆਇਆ ਅਤੇ ਆਰਮੀਨੀਆਂ ਦੀ ਧੀ ਅਜੇ ਵੀ ਸ਼ਾਮਿਲ ਬਾਰੇ ਗੀਤ ਗਾਉਂਦੀ ਪਈ ਸੀ।
ਮੁਰੀਦ ਅੰਦਰ ਆਇਆ,
“ਇਮਾਮ, ਘੋੜੇ ਉਤੇ ਜ਼ੀਨ ਕੱਸਿਆ ਜਾ ਚੁੱਕੇ। ਮੈਂ ਇਸ ਕੁੜੀ ਨੂੰ ਲਿਜਾ ਸਕਨਾਂ?”
“ਇਹਨੂੰ ਏਥੇ ਹੀ ਰਹਿਣ ਦੇ। ਇਹਨੂੰ ਇਹ ਗੀਤ ਅੰਤ ਤੱਕ ਗਾਣਾ ਪਵੇਗਾ। ਬੇਸ਼ੱਕ ਇਹਦੇ ਲਈ ਇਹਨੂੰ ਪੂਰੀ ਜ਼ਿੰਦਗੀ ਈ ਲਾਉਣੀ ਪਏ।”
ਕੁਝ ਦਿਨਾਂ ਮਗਰੋਂ ਦਾਗਿਸਤਾਨ ਵਿਚ ਦੱਬੀ ਆਵਾਜ਼ ਵਿਚ ਗੱਲਾਂ ਹੋਣ ਲੱਗ ਪਈਆਂ। ਸੜਕ ਉਤੇ ਜਾਂਦਿਆਂ ਇਕ ਆਦਮੀ ਦੂਜੇ ਦੇ ਕੰਨ ਵਿਚ, ਇਕ ਪਿੰਡ ਦੇ ਲੋਕ ਦੂਜੇ ਪਿੰਡ ਦੇ ਲੋਕਾਂ ਦੇ ਕੰਨਾਂ ਵਿਚ ਕਹਿੰਦੇ-
“ਸੁਣਿਐ ਤੂੰ? ਸ਼ਾਮੀਲ ਨੇ ਇਕ ਹੋਰ ਬੀਵੀ ਲੈ ਆਂਦੀ ਏ।”
“ਧਰਮ ਇਮਾਨ ਨੂੰ ਮੰਨਣ ਵਾਲੇ ਇਮਾਮ ਨੇ ਇਕ ਆਰਮੀਨੀ ਕੁੜੀ ਨਾਲ
ਵਿਆਹ ਕਰਵਾ ਲਿਐ।” “ਇਕ ਕਾਫਰ ਕੁੜੀ ਹੁਣ ਇਮਾਮ ਦੀ ਪੱਗ ਧੋਂਦੀ ਏ। ਇਬਾਦਤ ਦੀ ਥਾਂ ਉਹਨੂੰ ਗੀਤ ਸੁਣਾਉਂਦੀ ਏ।”
ਸਾਰੇ ਦਾਗਿਸਤਾਨ ਵਿਚ ਇਹ ਕਾਨਾਫੂਸੀ ਹੋਣ ਲੱਗ ਪਈ ਪਰ ਇਹ ਅਫਵਾਹਾਂ ਸੱਚੀਆਂ ਸਨ। ਇਮਾਮ ਨੇ ਤੀਸਰਾ ਵਿਆਹ ਕਰਵਾ ਲਿਆ ਸੀ। ਅੱਨਾ ਨੇ ਇਸਲਾਮ ਕਬੂਲ ਕਰ ਲਿਆ ਸੀ। ਸਿਰ ਤੇ ਪਹਾੜੀ ਢੰਗ ਨਾਲ ਦੁਪੱਟਾ ਲੈਂਦੀ ਸੀ। ਅਵਾਰ ਜਾਤੀ ਵਾਲਾ ਨਾਂਅ ਰੱਖ ਕੇ ਅੱਨਾ ਤੋਂ ਸ਼ੁਆਈਨਾਤ ਬਣ ਗਈ ਸੀ। ਇਮਾਮ ਨੂੰ ਉਹੀ ਖਾਣਾ ਸਭ ਤੋਂ ਜ਼ਿਆਦਾ ਲਜ਼ੀਜ਼ ਲੱਗਦਾ ਸੀ ਜਿਹੜਾ ਸ਼ੁਆਈਨਾਤ ਬਣਾਉਂਦੀ ਸੀ, ਉਹੀ ਬਿਸਤਰਾ ਸਭ ਤੋਂ ਜ਼ਿਆਦਾ ਨਰਮ ਲੱਗਦਾ ਸੀ ਜਿਹੜਾ ਉਹ ਵਿਛਾਉਂਦੀ ਸੀ, ਉਸੇ ਦਾ ਕਮਰਾ ਸਭ ਤੋਂ ਜ਼ਿਆਦਾ ਰੌਸ਼ਨ ਅਤੇ ਸੁੱਖਦਾਈ ਲੱਗਦਾ ਸੀ, ਉਸੇ ਦੀ ਬੋਲੀ ਸਭ ਤੋਂ ਜ਼ਿਆਦਾ ਪਿਆਰੀ ਲੱਗਦੀ ਸੀ। ਇਮਾਮ ਦਾ ਸਖ਼ਤ ਚਿਹਰਾ ਨਰਮ, ਸਨੇਹ ਭਰਿਆ ਅਤੇ ਦਿਆਲੂ ਹੋ ਗਿਆ ਸੀ। ਮੋਜ਼ਦੋਕ ਤੋਂ ਅਨੇਕ ਵਾਰ ਸ਼ੁਆਈਨਾਤ ਦੇ ਮਾਤਾ-ਪਿਤਾ ਵਲੋਂ ਭੇਜੇ ਕਾਸਦ ਇਹ ਗੁਜ਼ਾਰਿਸ਼ ਲੈ ਕੇ ਸ਼ਾਮੀਲ ਕੋਲ ਆਏ ਕਿ ਉਹ ਬਦਲੇ ਵਿਚ ਕੋਈ ਵੀ ਕੀਮਤ ਲੈ ਕੇ, ਜੋ ਉਹ ਖੁਦ ਹੀ ਤੈਅ ਕਰ ਲਵੇ, ਉਹਨੂੰ ਵਾਪਸ ਘਰ ਭੇਜ ਦੇਵੇ। ਸ਼ਾਮੀਲ ਇਹ ਸਭ
ਸ਼ੁਆਈਨਾਤ ਨੂੰ ਦਸਦਾ, ਪਰ ਉਸਦਾ ਇਕ ਹੀ ਜਵਾਬ ਹੁੰਦਾ- “ਇਮਾਮ, ਤੂੰ ਮੇਰਾ ਖਾਵੰਦ ਏਂ। ਬੇਸ਼ਕ ਮੇਰੀ ਧੌਣ ਵੱਢ ਸੁੱਟ ਪਰ ਮੈਂ ਘਰ ਨਹੀਂ ਜਾਵਾਂਗੀ।”
ਇਮਾਮ ਮੋਜ਼ਦੋਕ ਤੋਂ ਆਉਣ ਵਾਲੇ ਕਾਸਦਾਂ ਨੂੰ ਬੀਵੀ ਦਾ ਇਹੀ ਜਵਾਬ ਸੁਣਾ ਦਿੰਦਾ। ਇਕ ਵਾਰ ਸੁਆਈਨਾਤ ਦਾ ਸੱਕਾ ਭਰਾ ਇਮਾਮ ਕੋਲ ਆਇਆ। ਇਮਾਮ ਨੇ ਉਹਦਾ ਪਿਆਰ ਭਰਿਆ ਸਤਕਾਰ ਕੀਤਾ। ਉਹਨੂੰ ਸੁਆਈਨਾਤ ਨਾਲ ਮਿਲਣ ਅਤੇ ਗੱਲਬਾਤ ਕਰਨ ਦੀ ਇਜਾਜ਼ਤ ਦੇ ਦਿੱਤੀ। ਭੈਣ ਭਰਾ ਦੋ ਘੰਟਿਆਂ ਤਕ ਇਕਾਂਤ ਵਿਚ ਰਹੇ। ਭਰਾ ਨੇ ਭੈਣ ਕੋਲ ਪਿਤਾ ਦੇ ਦੁੱਖ ਅਤੇ ਮਾਂ ਦੇ ਹੰਝੂਆਂ ਦੀ ਚਰਚਾ ਕੀਤੀ, ਇਹ ਕਿਹਾ ਕਿ ਘਰ ਜਾ ਕੇ ਉਹਦੀ ਜ਼ਿੰਦਗੀ ਕਿੰਨੀ ਖੁਸ਼ੀਆਂ ਭਰੀ ਹੋਵੇਗੀ। ਉਸ ਬਦਕਿਸਮਤ ਜਵਾਨ ਵਰ ਦਾ ਜ਼ਿਕਰ ਕੀਤਾ ਜਿਹੜਾ ਅਜੇ ਤਕ ਉਹਨੂੰ ਮੁਹੱਬਤ ਕਰਦਾ ਸੀ।
ਕੋਈ ਫਾਇਦਾ ਨਾ ਹੋਇਆ। ਸ਼ੁਆਈਨਾਤ ਨੇ ਇਨਕਾਰ ਕਰ ਦਿੱਤਾ। ਭਰਾ ਆਪਣਾ ਜਿਹਾ ਮੂੰਹ ਲੈ ਕੇ ਵਾਪਸ ਚਲਾ ਗਿਆ। ਇਮਾਮ ਦੀ ਪਹਿਲੀ ਬੀਵੀ ਪਾਤੀਮਾਤ ਨੇ ਚੰਗਾ ਜਿਹਾ ਮੌਕਾ ਵਿਖਾ ਕੇ ਸ਼ਾਮੀਲ
ਨੂੰ ਕਿਹਾ-
“ਇਮਾਮ, ਚਾਰੇ ਪਾਸੇ ਲਹੂ ਡੁੱਲ੍ਹਦਾ ਪਿਐ, ਲੋਕ ਮਰਦੇ ਪਏ ਨੇ। ਤੂੰ ਇਬਾਦਤ ਵਾਂਗੂ ਸ਼ੁਆਈਨਾਤ ਦੇ ਗਾਣੇ ਕਿਵੇਂ ਸੁਣ ਸਕਨੈਂ। ਤੂੰ ਤਾਂ ਦਾਗਿਸਤਾਨ ਵਿਚ ਗਾਉਣ ਦੀ ਮਨਾਹੀ ਕਰ ਦਿੱਤੀ ਏ। ਤੂੰ ਤਾਂ ਆਪਣੀ ਮਾਂ ਦੇ ਗਾਣੇ ਤੋਂ ਵੀ ਇਨਕਾਰ ਕਰ ਦਿੱਤਾ मी।”
“ਪਾਤੀਮਾਤ”, ਇਮਾਮ ਨੇ ਜਵਾਬ ਦਿੱਤਾ, “ਸੁਆਈਨਾਤ ਉਹ ਗੀਤ ਗਾਉਂਦੀ ਏ ਜਿਹੜੇ ਸਾਡੇ ਦੁਸ਼ਮਣ ਸਾਡੇ ਬਾਰੇ ਗਾਉਂਦੇ ਨੇ। ਜੇ ਮੈਂ ਹੰਝੂਆਂ ਭਰੇ ਗੀਤਾਂ ਦੇ ਪਰਚਾਰ ਦੀ ਇਜਾਜ਼ਤ ਦੇ ਦੇਂਦਾ ਤਾਂ ਉਹ ਦੁਸ਼ਮਣ ਤਕ ਪਹੁੰਚ ਜਾਂਦੇ ਤੇ ਦੁਸ਼ਮਣ ਸਾਡੇ ਬਾਰੇ ਦੂਸਰੇ ਹੀ ਢੰਗ ਨਾਲ ਸੋਚਣ ਲੱਗ ਪੈਂਦਾ। ਉਸ ਵੇਲੇ ਮੈਨੂੰ ਉਨ੍ਹਾਂ ਮਾਵਾਂ ਨਾਲ ਅੱਖਾਂ ਮਿਲਾਉਂਦਿਆਂ ਹੋਇਆਂ ਸ਼ਰਮ ਆਉਣੀ ਸੀ ਜਿਨ੍ਹਾਂ ਦੇ ਪੁੱਤਰ ਮੇਰੇ ਨਾਲ ਜੰਗ ਵਿਚ ਜਾ ਕੇ ਜੂਝ ਮਰੇ ਹਨ। ਪਰ ਦੁਸ਼ਮਣ ਸਾਡੇ ਬਾਰੇ ਬੇਸ਼ਕ ਗਾਣੇ ਗਾਉਂਦੇ ਰਹਿਣ। ਮੈਂ ਖੁਸ਼ੀ ਨਾਲ ਉਨ੍ਹਾਂ ਨੂੰ ਸੁਣਾਂਗਾ। ਉਨ੍ਹਾਂ ਨੂੰ ਸੁਣਨ ਵਾਸਤੇ ਦੂਸਰਿਆਂ ਨੂੰ ਵੀ ਆਪਣੇ ਕੋਲ ਬੁਲਾ ਲਵਾਂਗਾ।”
ਪਾਤੀਮਾਤ ਦੇ ਦੁੱਖ ਦਾ ਕਾਰਨ ਇਹ ਨਹੀਂ ਕਿ ਇਮਾਮ ਜਵਾਨ ਬੀਵੀ ਦੇ ਗਾਣੇ ਸੁਣਦਾ ਸੀ ਸਗੋਂ ਇਹ ਸੀ ਕਿ ਆਪਣੀਆਂ ਪਹਿਲੀਆਂ ਦੋਹਾਂ ਬੀਵੀਆਂ ਨੂੰ ਉਹ ਪਹਿਲਾਂ ਵਾਂਗ ਆਪਣੇ ਦੁੱਖ-ਸੁੱਖ ਦਾ ਭਾਈਵਾਲ ਨਹੀਂ ਬਣਾਉਂਦਾ ਸੀ। ਛੇਤੀ ਹੀ ਹੇਠਲੀ ਘਟਨਾ ਵਾਪਰ ਗਈ।
ਇਕ ਵਾਰ ਇਮਾਮ ਨੂੰ ਇਹ ਇਤਲਾਹ ਦਿੱਤੀ ਗਈ ਕਿ ਰੂਸ ਦਾ ਗੋਰਾ ਜ਼ਾਰ ਉਹਦੇ ਪੁੱਤਰ ਜਮਾਲੁਦੀਨ ਨੂੰ, ਜਿਹੜਾ ਉਸ ਵੇਲੇ ਪੀਟਰਸਬਰਗ ਦੇ ਫੌਜੀ ਸਕੂਲ ਵਿਚ ਤਾਲੀਮ ਹਾਸਲ ਕਰ ਰਿਹਾ ਸੀ, ਸੁਆਈਨਾਤ ਦੇ ਬਦਲੇ ਮੋੜਨ ਨੂੰ ਤਿਆਰ ਹੈ। ਇਉਂ ਕਰਨਾ ਤਾਂ ਬੜਾ ਮੁਸ਼ਕਲ ਸੀ। ਇਮਾਮ ਨੇ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਦੀ ਸੰਭਾਵਨਾ ਦੇ ਬਾਰੇ ਸ਼ਾਮੀਲ ਨੇ ਕਿਸੇ ਨੂੰ ਨਹੀਂ ਦੱਸਿਆ, ਪਰ ਇਹ ਖਬਰ ਕਿਸੇ ਤਰ੍ਹਾਂ ਪਾਤੀਮਾਤ ਕੋਲ ਪਹੁੰਚ ਗਈ।
ਇਕ ਦਿਨ ਉਹ ਆਪਣੀ ਜਵਾਨ ਸੰਕਣ ਕੋਲ ਗਈ।
“ਸੁਆਈਨਾਤ, ਮੈਨੂੰ ਇਹ ਬਚਨ ਦੇਂਨੀ ਏਂ ਪਈ ਅੱਲਾਹ ਦੇ ਸਿਵਾਏ ਸਾਡੀ ਗੱਲਬਾਤ ਦਾ ਹੋਰ ਕਿਸੇ ਨੂੰ ਪਤਾ ਨਹੀਂ ਲੱਗੇਗਾ?”
“ਬਚਨ ਦੇਂਨੀ ਆਂ।”
“ਤੈਨੂੰ ਮੇਰੇ ਤੋਂ ਤਾਂ ਕਿਤੇ ਜ਼ਿਆਦਾ ਪੜੋ ਪਈ ਪਿਛਲੇ ਕੁਝ ਚਿਰ ਤੋਂ ਸ਼ਾਮੀਲ ਨੂੰ ਨੀਂਦ ਨਹੀਂ ਆਉਂਦੀ। ਉਹ ਬਹੁਤ ਪਰੇਸ਼ਾਨ ਤੇ ਦੁੱਖੀ ਰਹਿੰਦੈ?”
“ਹਾਂ, ਪਾਤੀਮਾਤ, ਮੈਂ ਇਹ ਵੇਖਨੀ ਪਈ ਆਂ।”
“ਤੈਨੂੰ ਪਤੈ ਏਤਰਾਂ ਕਿਉਂ ਏ?”
“ਮੈਨੂੰ ਨਹੀਂ ਪਤਾ।”
“ਮੈਨੂੰ ਪਤੈ। ਜੇ ਤੂੰ ਚਾਹੇਂ ਤਾਂ ਉਹਦਾ ਇਲਾਜ ਕਰ ਸਕਨੀ ਏਂ।”
“ਤਾਂ ਮੈਨੂੰ ਦੱਸ ਉਹ ਇਲਾਜ, ਮਿਹਰਬਾਨੀ ਕਰਕੇ ਦੱਸ।”
“ਤੂੰ ਮੇਰੇ ਤੇ ਸ਼ਾਮੀਲ ਦੇ ਪੁੱਤਰ ਜਮਾਲੁਦੀਨ ਬਾਰੇ ਤਾਂ ਸੁਣਿਆ ਈ ਹੋਣੈ।”
“ਆਹਖੋ, ਸੁਣਿਆ ਹੋਇਐ।”
“ਉਹਦਾ ਏਥੇ ਵਾਪਸ ਆਉਣਾ ਤੇਰੇ ਤੇ ਨਿਰਭਰ ਕਰਦੈ। ਤੂੰ ਆਪਣੀ ਮਾਂ ਨੂੰ ਯਾਦ ਕਰਨੀ ਰਹਿੰਨੀ ਏਂ। ਮੈਂ ਵੀ ਮਾਂ ਆਂ। ਮੈਂ ਦਸਾਂ ਸਾਲਾਂ ਤੋਂ ਆਪਣੇ ਪੁੱਤਰ ਨੂੰ ਨਹੀਂ ਵੇਖਿਆ। ਮਦਦ ਕਰ। ਮੇਰੀ ਖਾਤਰ ਨਹੀਂ, ਸ਼ਾਮੀਲ ਦੀ ਖਾਤਰ ਹੀ ਇਉਂ ਕਰ।”
“ਸ਼ਾਮੀਲ ਦੀ ਖਾਤਰ ਮੈਂ ਸਭ ਕੁਝ ਕਰਨ ਨੂੰ ਤਿਆਰ ਆਂ। ਪਰ ਕਿਵੇਂ ਮਦਦ ਕਰਾਂ?”
“ਜੇ ਤੂੰ ਆਪਣੇ ਮਾਂ-ਪਿਓ ਕੋਲ ਵਾਪਸ ਚਲੀ ਜਾਏਂ ਤਾਂ ਜ਼ਾਰ ਸਾਨੂੰ ਸਾਡਾ ਪੁੱਤਰ ਵਾਪਸ ਮੋੜ ਦੇਵੇਗਾ। ਮੈਨੂੰ ਮੇਰਾ ਪੁੱਤਰ ਮੋੜ ਦੇਹ। ਉਹਦੇ ਲਈ ਅੱਲ੍ਹਾ ਤੈਨੂੰ ਜੰਨਤ ਵਿਚ ਥਾਂ ਦੇਵੇਗਾ। ਮੈਂ ਤੇਰੀ ਮਿੰਨਤ ਕਰਨੀ ਆਂ।”
ਸ਼ੁਆਈਨਾਤ ਦੀਆਂ ਅੱਖਾਂ ਵਿਚ ਹੰਝੂ ਚਮਕ ਉੱਠੇ।
“ ਸਭ ਕੁਝ ਕਰਾਂਗੀ, ਪਾਤੀਮਾਤ, ਸਭ ਕੁਝ ਕਰਾਂਗੀ।” ਉਸਨੇ ਕਿਹਾ ਅਤੇ ਚਲੀ
ਗਈ।
ਆਪਣੇ ਕਮਰੇ ਵਿਚ ਜਾ ਕੇ ਉਹ ਕਾਲੀਨ ਉਤੇ ਡਿੱਗ ਪਈ। ਪਹਿਲਾਂ ਤਾਂ ਕਾਫੀ ਦੇਰ ਰੋਂਦੀ ਰਹੀ, ਫਿਰ ਦਰਦ ਭਰਿਆ ਗੀਤ ਗਾਉਣ ਲੱਗ ਪਈ। ਸ਼ਾਮੀਲ ਘਰ ਆਇਆ।
“ਕੀ ਗੱਲ ਏ, ਸ਼ੁਆਈਨਾਤ?”
“ਇਮਾਮ, ਮੈਨੂੰ ਮੇਰੇ ਮਾਂ-ਪਿਓ ਕੋਲ ਜਾਣ ਦੀ ਇਜਾਜ਼ਤ ਦੇ ਦਿਓ।”
“ਇਹ ਤੂੰ ਕੀ ਕਹਿੰਨੀ ਪਈ ਏਂ।”
“ਮੈਨੂੰ ਉਨ੍ਹਾਂ ਕੋਲ ਵਾਪਸ ਜਾਣਾ ਈ ਚਾਹੀਦੈ।”
“ਕਾਹਦੇ ਲਈ? ਕੀ ਗੱਲ ਕਰਨੀ ਪਈ ਏਂ ਤੂੰ? ਤੂੰ ਆਪੇ ਈ ਤਾਂ ਇਨਕਾਰ ਕੀਤਾ ਸੀ ਤੇ ਹੁਣ ਮੈਂ ਤੈਨੂੰ ਇਹਦੀ ਇਜਾਜ਼ਤ ਨਹੀਂ ਦੇ ਸਕਦਾ।”
“ਸ਼ਾਮੀਲ, ਮੈਨੂੰ ਮੇਰੇ ਘਰ ਭੇਜ ਦਿਓ। ਹੋਰ ਕੋਈ ਚਾਰਾ ਨਹੀਂ।”
“ਲੱਗਦੈ ਤੂੰ ਬਿਮਾਰ ਏ।”
ਮੈਂ ਚਾਹੁੰਨੀ ਆਂ ਪਈ ਤੂੰ ਜਮਾਲੁਦੀਨ ਨੂੰ ਮਿਲ ਸਕੇ।”
“ ” ਅੱਛਾ, ਤਾਂ ਇਹ ਮਾਮਲਾ ਏ। ਤੂੰ ਕਿਤੇ ਨਹੀਂ ਜਾਏਂਗੀ, ਸੁਆਈਨਾਤ। ਜੇ ਮੈਂ ਉਹਨੂੰ ਤੇਰੇ ਬਦਲੇ ਈ ਹਾਸਲ ਕਰ ਸਕਨਾਂ ਤਾਂ ਮੈਂ ਹਮੇਸ਼ਾ ਲਈ ਉਹਦੇ ਤੋਂ ਬਿਨਾਂ ਰਹਿਣਾ ਬਿਹਤਰ ਸਮਝਾਂਗਾ। ਜੇ ਉਹ ਮੇਰਾ ਪੁੱਤਰ ਏ ਤਾਂ ਆਪੇ ਈ ਆਪਣੀ ਮਾਂ, ਆਪਣੇ ਵਤਨ ਤਕ ਪਹੁੰਚਣ ਦਾ ਰਾਹ ਲੱਭ ਲਵੇਗਾ। ਮੈਂ ਤੇਰੇ ਬਣਾਏ ਰਾਹ ਉੱਤੇ ਆਪਣੇ ਪੁੱਤਰ ਦੇ ਕੋਲ ਨਹੀਂ ਜਾਵਾਂਗਾ। ਮੈਂ ਉਹਦੇ ਕੋਲ ਪਹੁੰਚਣ ਦਾ ਅਜੇਹਾ ਰਾਹ ਲੱਭਾਂਗਾ ਜਿਹੜਾ ਮੇਰੀ ਤੇ ਉਹਦੀ ਸ਼ਾਨ ਦੇ ਲਾਇਕ ਹੋਵੇਗਾ। ਜ਼ਿਆਦਾ ਚੰਗਾ ਇਹੀ ਹੋਵੇਗਾ ਪਈ ਤੂੰ ਮੇਰਾ ਘੋੜਾ ਲੈ ਆ
ਸ਼ੁਆਈਨਾਤ ਫਾਟਕ ਤੋਂ ਇਮਾਮ ਦਾ ਘੋੜਾ ਲੈ ਆਈ। ਉਹਨੇ ਕਿੱਲੀ ਤੋਂ ਚਾਬੁਕ ਲਾਹ ਕੇ ਉਹਨੂੰ ਦੇ ਦਿੱਤਾ।
ਸ਼ਾਮੀਲ ਦੀਆਂ ਸਾਰੀਆਂ ਮੁਹਿੰਮਾਂ, ਦੌਰਾਨ-ਉਹ ਚਾਹੇ ਦਾਗਿਸਤਾਨ, ਪੀਟਰਸਬਰਗ, ਕਾਲੂਗਾ ਜਾਂ ਅਰਬ ਧਰਤੀ ਨਾਲ ਸਬੰਧਤ ਸਨ-ਉਹਦੀ ਬੀਵੀ ਸੁਆਈਨਾਤ ਇਮਾਮ ਦੀ ਜ਼ਿੰਦਗੀ ਦੀ ਆਖਰੀ ਘੜੀ ਤਕ ਸਦਾ ਉਹਦੇ ਨਾਲ ਰਹੀ। ਅੱਜ ਵੀ, ਸਾਡੇ ਜ਼ਮਾਨੇ ਵਿਚ ਵੀ ਇਸ ਅਦਭੁਤ ਔਰਤ ਬਾਰੇ ਕਥਾ-ਕਹਾਣੀਆਂ ਸੁਣਾਈਆਂ ਜਾਂਦੀਆਂ ਹਨ। ਆਖਰ ਤਾਂ ਉਹਨੇ ਇਹਦੇ ਵਿਚ ਵੀ ਉਹਦੀ ਮਦਦ ਕੀਤੀ ਕਿ ਇਮਾਮ ਦਾ ਬੇਟਾ ਜਮਾਲੁਦੀਨ ਉਹਦੇ ਕੋਲ ਮੁੜ ਆਇਆ। ਪਰ ਇਹ ਇਕ ਵੱਖਰੀ ਕਹਾਣੀ ਹੈ।
ਜਮਾਲੁਦੀਨ ਦਾ ਗੀਤ
ਅੱਠ ਸਾਲ ਦੀ ਉਮਰ ਵਿਚ ਕੈਦ ਕੀਤਾ ਗਿਆ ਜਮਾਲੁਦੀਨ ਚੌਵੀ ਸਾਲਾਂ ਦੇ ਜਵਾਨ ਦੇ ਰੂਪ ਵਿਚ ਦਾਗਿਸਤਾਨ ਮੁੜਿਆ। ਪੁੱਤਰ ਨੂੰ ਵਾਪਸ ਲਿਆਉਣ ਵਾਸਤੇ ਇਮਾਮ ਸ਼ਾਮੀਲ ਨੂੰ ਬਹੁਤ ਸਾਰੀ ਸ਼ਕਤੀ ਲਾਉਣੀ ਪਈ-ਬਹੁਤ ਸਬਰ ਅਤੇ ਚਲਾਕੀ ਤੋਂ ਕੰਮ ਲੈਣਾ ਪਿਆ। ਸ਼ਾਮੀਲ ਨੇ ਕੈਦ ਕੀਤੇ ਗਏ ਅਨੇਕ ਰੂਸੀ ਫੌਜੀ ਪੁੱਤਰ ਦੇ ਬਦਲੇ ਦੇਣ ਦੀਆਂ ਕਈ ਪੇਸ਼ਕਸ਼ਾਂ ਜ਼ਾਰ ਦੇ ਸਾਹਮਣੇ ਰੱਖੀਆਂ ਪਰ ਜ਼ਾਰ ਰਾਜ਼ੀ ਨਹੀਂ ਹੋਇਆ। ਜ਼ਾਰ ਨੂੰ ਦਾਗਿਸਤਾਨ ਦੇ ਇਸ ਨਵਉਮਰ ਗੱਭਰੂ ਦੀ ਪੀਟਰਸਬਰਗ ਵਿਚ ਲੋੜ ਸੀ। ਉਹਨੂੰ ਮੌਤ ਦੇ ਘਾਟ ਉਤਾਰ ਦੇਣ ਦੀ ਧਮਕੀ ਦੇ ਕੇ ਜ਼ਾਰ ਸ਼ਾਮੀਲ ਨੂੰ ਵਿਅਰਥ ਦੀ ਲੜਾਈ ਖਤਮ ਕਰਨ ਲਈ ਮਜਬੂਰ ਕਰਨਾ ਚਾਹੁੰਦਾ ਸੀ। ਇਮਾਮ ਨੇ ਇਨ੍ਹਾਂ ਧਮਕੀਆਂ ਦੀ ਕੋਈ ਪਰਵਾਹ ਨਹੀਂ ਕੀਤੀ। ਪੁੱਤਰ ਵਲੋਂ (ਸ਼ਾਇਦ ਖੁਦ ਪੁੱਤਰ ਨੇ) ਇਮਾਮ ਨੂੰ ਇਹ ਲਿਖਿਆ ਕਿ ਜਾਰ ਬਹੁਤ ਸ਼ਕਤੀਸ਼ਾਲੀ ਹੈ ਅਤੇ ਉਹਦੇ ਉੱਤੇ ਜਿੱਤ ਹਾਸਲ ਕਰਨ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਦਾਗਿਸਤਾਨ ਵਿਚ ਖੂਨ ਵਹਿ ਰਿਹਾ ਹੈ ਅਤੇ ਜ਼ਾਰ ਦੇ ਵਿਰੁੱਧ ਰਹਿਣ ਨਾਲ ਨੁਕਸਾਨ ਅਤੇ ਦੁੱਖ ਤਕਲੀਫ਼ ਤੋਂ ਬਿਨਾਂ ਕੁਝ ਵੀ ਨਹੀਂ ਮਿਲਣਾ।
ਜ਼ਿੱਦੀ ਇਮਾਮ ਨੇ ਇਸ ਗੱਲ ਤੇ ਵੀ ਕੰਨ ਨਹੀਂ ਧਰਿਆ। ਇਉਂ ਹੋਇਆ ਕਿ ਕੁਝ ਮੁਰੀਦਾਂ ਨੂੰ ਲੈ ਕੇ ਹਾਜੀ-ਮੁਰਾਤ ਰੂਸੀਆਂ ਨਾਲ ਜਾ ਮਿਲਿਆ। ਪਰ ਆਪਣੇ ਪਰਵਾਰ-ਮਾਂ, ਬੀਵੀ, ਭੈਣ ਅਤੇ ਪੁੱਤਰ ਨੂੰ ਉਹਨੇ ਪਹਾੜਾਂ ਵਿਚ ਛੱਡ ਦਿਤਾ। ਜ਼ਾਹਿਰ ਹੈ ਕਿ ਉਹ ਸਭ ਸ਼ਾਮੀਲ ਦੇ ਹੱਥ ਆ ਗਏ। ਜੇ ਤੂੰ ਵਾਪਸ ਨਹੀਂ ਆਏਂਗਾ,” ਸ਼ਾਮੀਲ ਨੇ ਹਾਜੀ-ਮੁਰਾਤ ਨੂੰ ਲਿਖਿਆ,” ਤਾਂ ਤੇਰੇ ਪੁੱਤਰ ਬਲੂਚ ਅੱਢ ਸੁੱਟਾਂਗਾ ਤੇ ਤੇਰੀ ਮਾਂ, ਭੈਣ ਅਤੇ ਬੀਵੀ ਦੀ ਮਿੱਟੀ ਪਲੀਤ ਕਰਨ ਲਈ ਉਨ੍ਹਾਂ ਨੂੰ ਫੌਜੀਆਂ ਦੇ ਹਵਾਲੇ ਕਰ ਦਿਆਂਗਾ।”
ਓਧਰ ਹਾਜੀ-ਮੁਰਾਤ ਵੀ ਆਪਣੇ ਟੱਬਰ ਨੂੰ ਬਚਾਉਣ ਲਈ ਰਾਹ ਲੱਭ ਰਿਹਾ ਸੀ ਅਤੇ ਇਸ ਤਰ੍ਹਾਂ ਜ਼ਿੱਦੀ ਇਮਾਮ ਦੇ ਖਿਲਾਫ ਸੰਘਰਸ਼ ਕਰਨ ਲਈ ਖੁਦ ਨੂੰ ਆਜ਼ਾਦ ਕਰ ਲੈਣਾ ਚਾਹੁੰਦਾ ਸੀ। ਉਨ੍ਹੀਂ ਦਿਨੀਂ ਉਹਨੇ ਕਿਹਾ ਸੀ- “ਮੈਂ ਰੱਸੀ ਨਾਲ ਬੱਝਿਆ ਹੋਇਆਂ ਤੇ ਰੱਸੀ ਦਾ ਸਿਰਾ ਸ਼ਾਮੀਲ ਦੇ ਹੱਥ ‘ਚ ਏ।” ਬਦਲੇ ਵਿਚ ਧਨ-ਦੌਲਤ ਦੇ ਕੇ ਪਰਵਾਰ ਛੁਡਾਉਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਸ਼ਾਮੀਲ ਨੂੰ ਜਦੋਂ ਇਹ ਪਤਾ ਲੱਗਾ ਕਿ ਉਸਦਾ ਸਾਬਕਾ ਮੁਰੀਦ ਧਨ-ਦੌਲਤ ਦੇ ਕੇ ਆਪਣਾ ਪਰਵਾਰ ਛੁਡਾ ਲੈਣਾ ਚਾਹੁੰਦਾ ਹੈ ਤਾਂ ਉਸਨੇ ਕਿਹਾ- “ਲਗਦੈ ਪਈ ਹੋਰ ਸਭ ਚੀਜ਼ਾਂ ਤੋਂ ਇਲਾਵਾ, ਹਾਜੀ ਮੁਰਾਤ ਦਾ ਦਿਮਾਗ ਵੀ ਫਿਰ ਗਿਐ।”
ਪਰ ਜੇ ਸ਼ਾਮੀਲ ਦੇ ਹੱਥਾਂ ਵਿਚ ਹਾਜੀ-ਮੁਰਾਤ ਨੂੰ ਬੰਨ੍ਹਣ ਵਾਲੀ ਰੱਸੀ ਦਾ ਸਿਰਾ ਸੀ ਤਾਂ ਹਾਜੀ-ਮੁਰਾਤ ਦੇ ਹੱਥਾਂ ਵਿਚ ਉਹ ਧਾਗਾ ਸੀ ਜਿਹੜਾ ਸਿੱਧਾ ਸ਼ਾਮੀਲ ਦੇ ਦਿਲ ਤਕ ਪਹੁੰਚਦਾ ਸੀ। ਇਹ ਧਾਗਾ ਜਮਾਲੁਦੀਨ ਸੀ। ਹਾਂਜੀ-ਮੁਰਾਤ ਨੇ ਵੋਰੋਨਤਸੋਵ ਨੂੰ ਗੁਜ਼ਾਰਿਸ਼ ਕੀਤੀ-“ਜ਼ਾਰ ਨੂੰ ਆਖੋ ਪਈ ਉਹ ਜਮਾਲੁਦੀਨ ਉਹਦੇ ਪਿਓ ਨੂੰ ਮੋੜ ਦੇਵੇ। ਫਿਰ ਇਹ ਮੁਮਕਿਨ ਏ ਪਈ ਸ਼ਾਮੀਲ ਮੇਰੇ ਪਰਵਾਰ ਦੇ ਜੀਆਂ ਨੂੰ ਆਜ਼ਾਦ ਕਰ ਦੇਵੇ। ਜਦੋਂ ਤਕ ਮੇਰਾ ਪਰਵਾਰ ਸ਼ਾਮੀਲ ਦੇ ਹੱਥਾਂ ਵਿਚ ਏ ਮੇਰੇ ਲਈ ਉਹਦੇ ਖਿਲਾਫ਼ ਲੜਨ ਦਾ ਮਤਲਬ ਏ-ਆਪਣੇ ਈ ਹੱਥੀਂ ਆਪਣੀ ਮਾਂ, ਪੁੱਤਰ ਅਤੇ ਬੀਵੀ ਯਾਨੀ ਪੂਰੇ ਕੁਨਬੇ ਨੂੰ ਕਤਲ ਕਰ ਸੁੱਟਣਾ।”
ਵੇਰੋਨਤਸੋਵ ਨੇ ਜ਼ਾਰ ਨੂੰ ਇਹ ਸਭ ਕੁਝ ਦੱਸਿਆ ਅਤੇ ਜ਼ਾਰ ਇਹਦੇ ਲਈ ਰਾਜ਼ੀ ਹੋ ਗਿਆ। ਸ਼ਾਮੀਲ ਨੂੰ ਇਹ ਲਿਖਿਆ ਗਿਆ- “ਜੇ ਤੂੰ ਹਾਜੀ-ਮੁਰਾਤ ਦੇ ਪਰਵਾਰ ਨੂੰ ਛੱਡ ਦੇਵੇਂਗਾ ਤਾਂ ਤੈਨੂੰ ਤੇਰਾ ਪੁੱਤਰ ਮਿਲ ਜਾਏਗਾ।”
ਹੁਣ ਸ਼ਾਮੀਲ ਦੇ ਸਾਹਮਣੇ ਇਹ ਤਕਲੀਫ਼ਦੇਹ ਚੋਣ ਸੀ। ਤਿੰਨ ਰਾਤਾਂ ਤਕ ਨਾ ਤਾਂ ਉਹ ਖੁਦ ਅਤੇ ਨਾ ਹੀ ਉਸਦਾ ਪਰਵਾਰ ਹੀ ਸੁੱਤਾ। ਚੌਥੇ ਦਿਨ ਇਮਾਮ ਨੇ ਹਾਜੀ- ਮੁਰਾਤ ਦੇ ਪੁੱਤਰ ਬੂਲਿਚ ਨੂੰ ਆਪਣੇ ਕੋਲ ਬੁਲਾਇਆ।
“ਤੂੰ ਹਾਜੀ-ਮੁਰਾਤ ਦਾ ਪੁੱਤਰ ਏਂ?”
“ਆਹਖੋਂ, ਮੈਂ ਹਾਜੀ-ਮੁਰਾਤ ਦਾ ਪੁੱਤਰ ਆਂ, ਇਮਾਮ।” “ ਤੈਨੂੰ ਪਤੈ ਨਾ ਉਹਨੇ ਕੀ ਕੀਤੈ?”
“ਪਤੈ, ਇਮਾਮ।”
“ਇਹਦੇ ਬਾਰੇ ਤੂੰ ਕੀ ਕਹਿਣੇਂ?”
“ਇਹਦੇ ਬਾਰੇ ਕੀ ਕਿਹਾ ਜਾ ਸਕਦੈ?”
“ਉਹਨੂੰ ਮਿਲਣਾ ਚਾਹੁੰਨੇਂ?”
“ਬਹੁਤ ਚਾਹੁੰਨਾਂ?”
“ਮੈਂ ਤੈਨੂੰ, ਤੇਰੀ ਮਾਂ, ਦਾਦੀ, ਪੂਰੇ ਪਰਵਾਰ ਦੇ ਨਾਲ ਉਹਦੇ ਕੋਲ ਜਾਣ ਲਈ ਆਜ਼ਾਦ ਕਰਨਾਂ।”
“ਨਹੀਂ, ਮੈਂ ਪਿਤਾ ਜੀ ਕੋਲ ਨਹੀਂ ਜਾ ਸਕਦਾ। ਮੇਰੀ ਥਾਂ ਦਾਗਿਸਤਾਨ ਵਿਚ ਏ। ਪਰ ਉੱਥੇ ਤਾਂ ਦਾਗਿਸਤਾਨ ਹੈ ‘ਨੀ।”
“ਤੈਨੂੰ ਜਾਣਾ ਚਾਹੀਦੈ, ਬੂਲਿਚ। ਇਹ ਮੇਰਾ ਹੁਕਮ ਏ।”
“ਮੈਂ ਨਹੀਂ ਜਾਣਾ, ਇਮਾਮ। ਬੇਹਤਰ ਇਹੀ ਏ ਪਈ ਤੁਸੀਂ ਏਥੇ ਈ ਤੇ ਏਸੇ ਵਕਤ
ਮੇਰੀ ਜਾਨ ਲੈ ਲੌ।”
“ਮੈਂ ਵੇਖਨਾ ਪਈ ਆਪਣੇ ਪਿਓ ਵਾਂਗ ਤੂੰ ਵੀ ਹੁਕਮ ਮੰਨਣਾ ਨਹੀਂ ਜਾਣਦਾ।”
“ਅਸੀਂ ਸਾਰੇ ਤੁਹਾਡਾ ਹੁਕਮ ਮੰਨਣ ਨੂੰ ਤਿਆਰ ਆਂ, ਇਮਾਮ। ਪਰ ਮੈਨੂੰ ਇਹ ਨਾ ਆਖੋ ਪਈ ਮੈਂ ਓਥੇ ਜਾਵਾਂ। ਜ਼ਿਆਦਾ ਚੰਗਾ ਤਾਂ ਇਹੀ ਹੋਵੇਗਾ ਪਈ ਤੁਸੀਂ ਮੈਨੂੰ ਜੰਗ ਵਿਚ ਭੇਜ ਦਿਓ। ਮੈਂ ਆਪਣੀ ਜਾਨ ਦੀ ਪਰਵਾਹ ਨਹੀਂ ਕਰਾਂਗਾ।”
“ਪਿਓ ਦੇ ਖਿਲਾਫ਼ ਲੜਨ ਲਈ।”
“ਦੁਸ਼ਮਣਾਂ ਦੇ ਖਿਲਾਫ਼।”
ਉਸ ਦਿਨ ਸ਼ਾਮੀਲ ਨੇ ਆਪਣਾ ਸਭ ਤੋਂ ਵਧੀਆ ਖੰਜਰ ਬੂਲਿਚ ਨੂੰ ਭੇਟ ਕੀਤਾ।
“ਆਪਣੇ ਪਿਤਾ ਵਾਂਗ ਈ ਇਹਦੀ ਵਰਤੋਂ ਦਾ ਕਮਾਲ-ਹਾਸਲ ਕਰ। ਪਰ ਹਮੇਸ਼ਾ
ਇਹ ਧਿਆਨ ਰੱਖੀਂ ਪਈ ਇਹਦੇ ਨਾਲ ਵਾਰ ਕਿਹਦੇ ਤੇ ਕਰਨੇਂ।”
ਹਾਜੀ-ਮੁਰਾਤ ਦੀ ਸੌਦੇਬਾਜ਼ੀ ਕਾਮਯਾਬ ਨਹੀਂ ਹੋਈ। ਉਹਦਾ ਪੁੱਤਰ ਉਹਦੇ ਕੋਲ ਨਹੀਂ ਆਇਆ। ਜਮਾਲੁਦੀਨ ਇਮਾਮ ਕੋਲ ਵਾਪਸ ਨਹੀਂ ਆਇਆ।
ਪਰ ਏਸੇ ਸਮੇਂ ਵਿਚ ਸ਼ਾਮੀਲ ਨੇ ਆਪਣੇ ਹੋਰ ਉਪਾਅ ਕੀਤੇ। ਉਹਨੇ ਆਪਣੇ ਦੂਜੇ ਪੁੱਤਰ ਕਾਜ਼ੀ ਮੁਹੰਮਦ ਨੂੰ ਜਾਰਜਿਆਈ ਰਿਆਸਤ ਤਿਸਨਾਨਦਾਲੀ ਉਤੇ ਧਾਵਾ ਬੋਲਣ ਲਈ ਭੇਜ ਦਿੱਤਾ। ਇਹਦੇ ਸਿੱਟੇ ਵਜੋਂ ਰਾਜਕੁਮਾਰੀ ਚਾਵਚਾਵਾਦਜ਼ੇ, ਰਾਜਕੁਮਾਰੀ ਓਰਬੇਲਿਅਨੀ ਅਤੇ ਇਨ੍ਹਾਂ ਨਾਲ ਇਨ੍ਹਾਂ ਦੀਆਂ ਫਰਾਂਸੀਸੀ ਅਧਿਆਪਕਾਵਾਂ ਕੈਦ ਕਰ ਲਈਆਂ ਗਈਆਂ। ਨੀਨਾ ਗਰਿਬੋਯੇਦੋਵਾ ਦੀ ਭੈਣ ਯੇਕਾਤਾਰੀਨਾ ਚਾਵਚਾਵਾਦਜ਼ੇ ਨੂੰ ਮੁਰੀਦਾਂ ਨੇ ਰੁੱਖ ਦੇ ਖੋੜ ਵਿਚ ਲੁਕੀ ਹੋਈ ਵੇਖਿਆ ਅਤੇ ਉਨ੍ਹਾਂ ਨੇ ਉਹਨੂੰ ਉਥੋਂ ਕੱਢ ਕੇ ਕੈਦੀ ਬਣਾ ਲਿਆ ਸੀ । ਹੁਣ ਤਾਂ ਸ਼ਾਮੀਲ ਜ਼ਾਰ ਨੂੰ ਆਪਣੀਆਂ ਸ਼ਰਤਾਂ ਮੰਨਣ ਲਈ ਮਜਬੂਰ ਕਰ ਸਕਦਾ
ਕਾਰਨ ਇਹ ਸੀ ਕਿ ਜ਼ਾਰ ਹਰ ਹਾਲਤ ਵਿਚ ਜਾਰਜਿਆਈ ਰਾਜਕੁਮਾਰੀਆਂ ਨੂੰ ਬਚਾਉਣਾ ਚਾਹੇਗਾ।
“ਆਪਣੇ ਪੁੱਤਰ ਦੇ ਬਦਲੇ ਈ ਰਾਜਕੁਮਾਰੀਆਂ ਮੋੜਾਂਗਾ, ” ਸ਼ਾਮੀਲ ਨੇ ਆਪਣਾ ਆਖਰੀ ਫੈਸਲਾ ਸੁਣਾ ਦਿੱਤਾ
ਫਿਰ ਉਹ ਦਿਨ ਆ ਗਿਆ। ਚੌੜੀ ਨਦੀ ਵਹਿ ਰਹੀ ਸੀ। ਉਹਦੇ ਇਕ ਕੰਢੇ ਉਤੇ ਕੈਦੀ ਬਣਾ ਕੇ ਲਿਆਦੀਆਂ ਹੋਈਆਂ ਰਾਜਕੁਮਾਰੀਆਂ ਆਪਣੇ ਆਜ਼ਾਦ ਹੋਣ ਦਾ ਰਾਹ ਵੇਖ ਰਹੀ ਰਹੀਆਂ ਸਨ। ਦੂਸਰੇ ਤੱਟ ਉਤੇ ਰੂਸੀ ਫੌਜੀਆਂ ਨਾਲ ਇਮਾਮ ਦਾ ਪੁੱਤਰ ਸਾਹਮਣੇ ਆਇਆ। ਸ਼ਾਮੀਲ ਵੀ ਆਪਣੇ ਘੋੜੇ ਉਤੇ ਸਵਾਰ ਹੋ ਕੇ ਨਦੀ ਕੰਢੇ ਆ ਗਿਆ। ਉਹ ਦੂਸਰੇ ਕੱਢੇ ਹੋਰਨਾਂ ਲੋਕਾਂ ਵਿਚ ਆਪਣੇ ਪੁੱਤਰ ਨੂੰ ਵੇਖਣ ਪਛਾਣਨ ਦਾ ਯਤਨ ਕਰ ਰਿਹਾ ਸੀ। ਉਨ੍ਹਾਂ ਨੇ ਏਨੇ ਵਰ੍ਹੇ ਇਕ ਦੂਜੇ ਨੂੰ ਵੇਖਿਆ ਜੁ ਨਹੀਂ ਸੀ। ਕੀ ਪਿਓ ਪੁੱਤਰ ਇਕ ਦੂਸਰੇ ਨੂੰ ਪਛਾਣ ਲੈਣਗੇ?
ਇਮਾਮ ਨੂੰ ਸੁਨਹਿਰੀ ਫੀਤੀਆਂ ਵਾਲਾ ਫੌਜੀ ਓਵਰਕੋਟ ਪਾਈ ਇਕ ਸੁੱਘੜ- ਸੁਡੋਲ ਰੂਸੀ ਫੌਜੀ ਵਿਖਾਇਆ ਗਿਆ। ਉਹ ਅਫਸਰ ਦੂਸਰੇ ਰੂਸੀ ਅਫ਼ਸਰਾਂ ਨਾਲ ਗੱਲਬਾਤ ਕਰ ਰਿਹਾ ਸੀ। ਉਹਨੇ ਉਨ੍ਹਾਂ ਕੋਲੋਂ ਵਿਦਾ ਲਈ ਅਤੇ ਉਨ੍ਹਾਂ ਨੂੰ ਗਲ ਲਾਇਆ। ਇਸ ਤੋਂ ਬਾਅਦ ਉਹ ਇਕ ਪਾਸੇ ਵੱਖਰੀ ਖਲੋਤੀ ਮੁਟਿਆਰ ਕੋਲ ਗਿਆ ਅਤੇ ਉਹਦਾ ਹੱਥ ਚੁੰਮਿਆ। ਕਦੇ ਕਦੇ ਉਹ ਸਫ਼ੈਦ ਘੋੜੇ ਉਤੇ ਸਵਾਰ ਆਪਣੇ ਪਿਤਾ ਵਲ ਵੀ ਵੇਖ ਲੈਂਦਾ ਸੀ।
“ਭਲਾ ਇਹੀਓ ਏ ਮੇਰਾ ਪੁੱਤਰ?” ਇਮਾਮ ਨੇ ਇਸ ਅਫ਼ਸਰ ਨੂੰ ਟਿਕਟਿਕੀ ਬੰਨ੍ਹ ਕੇ ਵੇਖਦਿਆਂ ਅਤੇ ਉਸਦੀ ਕਿਸੇ ਵੀ ਸਰਗਰਮੀ ਨੂੰ ਨਜ਼ਰੋਂ ਓਹਲੇ ਨਾ ਕਰਨ ਦੀ ਕੋਸ਼ਿਸ਼ ਕਰਦਿਆਂ ਹੋਇਆਂ ਪੁੱਛਿਆ।
“ਆਹਖੋ, ਇਹੀਓ ਏ ਜਮਾਲੁਦੀਨ।”
“ਚੇਰਕੇਸਕਾ ਤੇ ਸਾਡੇ ਹਥਿਆਰ ਲੈ ਜਾ ਕੇ ਪਾਰਲੇ ਕੰਢੇ ਉਹਨੂੰ ਦੇ ਦਿਓ। ਇਸ ਪਲ ਤੋਂ ਉਹ ਜ਼ਾਰ ਦੀ ਫੌਜ ਦਾ ਅਫ਼ਸਰ ਨਹੀਂ ਸਗੋਂ ਦਾਗਿਸਤਾਨ ਦਾ ਸਿਪਾਹੀ ਏ। ਜਿਹੜੇ ਕੱਪੜੇ ਉਹਨੇ ਇਸ ਵੇਲੇ ਪਾਏ ਹੋਏ ਨੇ ਉਨ੍ਹਾਂ ਨੂੰ ਨਦੀ ਵਿਚ ਸੁੱਟ ਦਿਓ। ਨਹੀਂ ਤਾਂ ਮੈਂ ਬੇਟੇ ਨੂੰ ਆਪਣੇ ਕੋਲ ਨਹੀਂ ਆਉਣ ਦਿਆਂਗਾ।”
ਜਮਾਲੁਦੀਨ ਨੇ ਪਿਤਾ ਦੀ ਇੱਛਾ ਅਨੁਸਾਰ ਆਪਣੇ ਕੱਪੜੇ ਬਦਲ ਲਏ। ਪਹਾੜੀ ਚੇਰਕੇਸਕਾ ਦੇ ਉਤੇ ਉਹਨੇ ਪਹਾੜੀ ਲੋਕਾਂ ਦੇ ਹਥਿਆਰ ਬੰਨ੍ਹ ਲਏ। ਪਰ ਚੇਰਕੇਸਕਾ ਅਤੇ ਸਮੂਰ ਦੀ ਵੱਡੀ ਟੋਪੀ ਦੇ ਹੇਠਾਂ ਜਮਾਲੁਦੀਨ ਦਾ ਦਿਲ ਅਤੇ ਸਿਰ ਤਾਂ ਉੱਥੇ ਦੇ ਉੱਥੇ ਈ ਰਹਿ ਗਏ ਸਨ ਅਤੇ ਉਨ੍ਹਾਂ ਨੂੰ ਤਾਂ ਕਿਸੇ ਤਰ੍ਹਾਂ ਵੀ ਬਦਲਣਾ ਮੁਮਕਿਨ ਨਹੀਂ ਸੀ।
ਆਖਰ ਨਦੀ ਪਾਰ ਕਰਕੇ ਉਹ ਪਿਤਾ ਦੇ ਕੋਲ ਆਇਆ।
“ਮੇਰਾ ਪਿਆਰਾ ਬੇਟਾ।”
“ਮੇਰੇ ਅੱਬਾ।”
ਜਮਾਲੁਦੀਨ ਨੂੰ ਘੋੜਾ ਦਿੱਤਾ ਗਿਆ। ਵੇਦੇਨੋ ਤਕ ਦੇ ਪੂਰੇ ਰਾਹ ਪਿਓ ਪੁੱਤਰ ਨਾਲੋ ਨਾਲ ਸਵਾਰੀ ਕਰਦੇ ਰਹੇ। ਇਮਾਮ ਸ਼ਾਮੀਲ ਕਦੇ-ਕਦੇ ਪੁੱਛਦਾ-
“ਜਮਾਲੁਦੀਨ, ਇਹ ਦੱਸ, ਤੈਨੂੰ ਇਹ ਥਾਵਾਂ ਯਾਦ ਨੇ? ਤੂੰ ਇਨ੍ਹਾਂ ਚੱਟਾਨਾਂ ਨੂੰ ਭੁੱਲ ਤਾਂ ਨਹੀਂ ਗਿਆ? ਤੈਨੂੰ ਆਪਣਾ ਗੀਮਰੀ ਪਿੰਡ ਯਾਦ ਏ? ਅਖੂਲਗੋ ਯਾਦ ਏ?
“ਅੱਬਾ ਮੈਂ ਤਾਂ ਉਦੋਂ ਬਹੁਤ ਛੋਟਾ ਸੀ।”
“ਇਹ ਦੱਸ ਪਈ ਤੂੰ ਦਾਗਿਸਤਾਨ ਵਾਸਤੇ ਕਦੇ ਇਕ ਵਾਰ ਵੀ ਅੱਲ੍ਹਾ ਦੇ ਦਰਬਾਰ ਵਿਚ ਇਬਾਦਤ ਕੀਤੀ ਸੀ? ਤੂੰ ਆਪਣੀ ਇਬਾਦਤ ਤਾਂ ਨਹੀਂ ਭੁੱਲ ਗਿਆ?
ਕੁਰਾਨ ਦੀਆਂ ਆਇਤਾਂ ਤਾਂ ਨਹੀਂ ਭੁੱਲ ਗਿਆ?” “ਉੱਥੇ, ਜਿੱਥੇ ਰਹਿੰਦਾ ਸੀ, ਕੁਰਾਨ ਹੈ ਈ ਨਹੀਂ ਸੀ,” ਜਮਾਲੁਦੀਨ ਨੇ ਮਨ ਮਾਰ ਕੇ ਜਵਾਬ ਦਿੱਤਾ।
” ਭਲਾ ਤੂੰ ਕਦੇ ਇਕ ਵਾਰ ਵੀ ਸਰਬਸ਼ਕਤੀਮਾਨ ਅੱਲ੍ਹਾ ਦੇ ਸਾਹਮਣੇ ਸਿਰ ਨਹੀਂ ਝੁਕਾਇਆ? ਉਹਦੀ ਇਬਾਦਤ ਨਹੀਂ ਕੀਤੀ? ਰੋਜ਼ੇ ਨਹੀਂ ਰੱਖੇ? ਨਮਾਜ਼ ਅਦਾ ਨਹੀਂ बीडी?”
“ਅੱਬਾ, ਸਾਨੂੰ ਕੋਈ ਗੱਲ ਵੀ ਕਰਨੀ ਚਾਹੀਦੀ ਏ!”
ਪਰ ਸ਼ਾਮੀਲ ਨੇ ਕੋਈ ਗੱਲ ਨਾ ਕਹਿ ਕੇ ਘੋੜੇ ਨੂੰ ਅੱਡੀ ਲਾ ਦਿੱਤੀ। ਅਗਲੇ ਦਿਨ ਇਮਾਮ ਨੇ ਪੁੱਤਰ ਨੂੰ ਆਪਣੇ ਕੋਲ ਬੁਲਵਾ ਘੱਲਿਆ।
“ਵੇਖ, ਜਮਾਲੁਦੀਨ, ਪਹਾੜਾਂ ਦੇ ਪਿੱਛੋਂ ਸੂਰਜ ਉਤਾਂਹ ਨੂੰ ਆਉਂਦਾ ਪਿਐ। ਹੁਣ
ਖੂਬਸੂਰਤ ਨਜ਼ਾਰਾ ਏ ਨਾ ?”
“ਹਾਂ ਖੂਬਸੂਰਤ ਏ, ਅੱਬਾ।”
“ਤੂੰ ਇਨ੍ਹਾਂ ਪਹਾੜਾਂ, ਇਸ ਸੂਰਜ ਲਈ ਜ਼ਿੰਦਗੀ ਕੁਰਬਾਨ ਕਰਨ ਲਈ ਤਿਆਰ
“ਅੱਬਾ, ਸਾਨੂੰ ਕੋਈ ਗੱਲ ਕਰਨੀ ਚਾਹੀਦੀ ਏ।”
“ਤਾਂ ਕਰ ਲੈ।”
“ਅੱਬਾ, ਜ਼ਾਰ ਮਹਾਨ ਏ, ਬਹੁਤ ਅਮੀਰ ਏ, ਬੜਾ ਤਾਕਤਵਰ ਏ। ਸਾਨੂੰ ਇਨ੍ਹਾਂ ਪਹਾੜਾਂ ਦੀ ਗਰੀਬੀ, ਖਸਤਾਹਾਲੀ ਅਤੇ ਜਹਾਲਤ ਦੀ ਰਾਖੀ ਕਰਨ ਦੀ ਕੀ ਲੋੜ ਏ? ਰੂਸ ਵਿਚ ਮਹਾਨ ਸਾਹਿਤ, ਮਹਾਨ ਸੰਗੀਤ ਤੇ ਮਹਾਨ ਭਾਸ਼ਾ ਏ। ਇਹ ਸਾਰੇ ਸਾਡੇ ਹੋ ਜਾਣਗੇ। ਰੂਸ ਨਾਲ ਮਿਲ ਜਾਣ ਤੇ ਦਾਗਿਸਤਾਨ ਦਾ ਭਲਾ ਹੋਵੇਗਾ। ਅੱਖਾਂ ਖੋਲ੍ਹ ਕੇ ਸੱਚਾਈ ਨੂੰ ਵੇਖਣ, ਹਥਿਆਰ ਸੁੱਟਣ ਅਤੇ ਜ਼ਖਮਾਂ ਨੂੰ ਭਰਨ ਦਾ ਵਕਤ ਆ ਗਿਆ। ਯਕੀਨ ਜਾਣੋਂ, ਮੈਂ ਦਾਗਿਸਤਾਨ ਨੂੰ ਤੁਹਾਡੇ ਨਾਲੋਂ ਘੱਟ ਪਿਆਰ ਨਹੀਂ ਕਰਦਾ…”
“ਜਮਾਲੁਦੀਨ!…”
“ਅੱਬਾ ਜਾਨ, ਦਾਗਿਸਤਾਨ ਵਿਚ ਇਕ ਵੀ ਤਾਂ ਅਜੇਹਾ ਪਿੰਡ ਨਹੀਂ ਜਿਹੜਾ ਘੱਟੋ ਘੱਟ ਇਕ ਵਾਰ ਨਾ ਸੜਿਆ ਹੋਵੇ। ਇਕ ਵੀ ਤਾਂ ਅਜੇਹੀ ਚੱਟਾਨ ਨਹੀਂ ਜਿਹੜੀ ਜ਼ਖਮੀ ਨਾ ਹੋਈ ਹੋਵੇ। ਇਕ ਵੀ ਤਾਂ ਅਜੇਹਾ ਪੱਥਰ ਨਹੀਂ ਜਿਹੜਾ ਲਹੂ ਨਾਲ ਰੰਗਿਆ ਨਾ ਗਿਆ ਹੋਵੇ।”
“ਮੈਂ ਵੇਖਨਾਂ ਪਿਆਂ ਪਈ ਤੂੰ ਨਾ ਤਾਂ ਇਨ੍ਹਾਂ ਜ਼ਖਮੀ ਚੱਟਾਨਾਂ ਦੀ ਹਿਫ਼ਾਜ਼ਤ ਕਰਨ ਲਈ ਤਿਆਰ ਏਂ ਤੇ ਨਾ ਹੀ ਏਨਾ ਕਰਨ ਜੋਗਾ ਏਂ।”
“ਅੱਬਾ ਜਾਨ!”
“ਮੈਂ ਤੇਰਾ ਅੱਬਾ ਨਹੀਂ। ਤੇ ਤੂੰ ਮੇਰਾ ਪੁੱਤਰ ਵੀ ਸਾਬਤ ਨਹੀਂ ਹੋਇਆ। ਤੇਰੇ ਲਫ਼ਜ਼ ਸੁਣ ਕੇ ਤਾਂ ਮੁਰਦਿਆਂ ਨੂੰ ਕਬਰਾਂ ਵਿਚੋਂ ਨਿਕਲ ਆਉਣਾ ਚਾਹੀਦੈ। ਪਰ ਜਦ ਮੈਂ ਤੇਰੇ ਮੂੰਹੋਂ ਇਹ ਸਾਰਾ ਕੁਝ ਸੁਣ ਰਿਹਾਂ ਤਾਂ ਮੈਂ ਜਿਉਂਦਾ ਬੰਦਾ ਕੀ ਕਰਾਂ? ਵੇਖਨੈਂ, ਚੱਟਾਨਾਂ ਕਿਵੇਂ ਕਾਲੀਆਂ ਹੋ ਗਈਆਂ ਨੇ?”
ਸ਼ਾਮੀਲ ਨੇ ਆਪਣੇ ਸਭ ਤੋਂ ਵਫਾਦਾਰ ਬੰਦਿਆਂ ਅਤੇ ਘਰ ਵਾਲਿਆਂ ਨੂੰ ਬੁਲਵਾ ਘੱਲਿਆ।
“ਲੋਕੋ, ਮੈਂ ਤੁਹਾਨੂੰ ਉਹ ਕੁੱਝ ਦੱਸਣਾ ਚਾਹੁੰਨਾ ਜੋ ਮੇਰਾ ਪੁੱਤਰ ਆਖਦੈ। ਇਹ ਆਖਦੈ ਪਈ ਗੋਰਾ ਜ਼ਾਰ ਮਹਾਨ ਏ, ਪਈ ਦੁਸ਼ਮਣ ਤਾਕਤਵਰ ਏ, ਪਈ ਜ਼ਾਰ ਦਾ ਰਾਜ ਬਹੁਤ ਵੱਡੈ ਤੇ ਅਸੀਂ ਬੇਕਾਰ ਉਹਦੇ ਖਿਲਾਫ਼ ਲੜਨੇ ਪਏ ਆਂ। ਇਹ ਆਖਦੈ ਸਾਨੂੰ ਆਪਣੇ ਹਥਿਆਰ ਸੁੱਟ ਕੇ ਬੜੀ ਨਿਮਰਤਾ ਨਾਲ ਜ਼ਾਰ ਦੇ ਸਾਮ੍ਹਣੇ ਆਪਣਾ ਸਿਰ ਝੁਕਾ ਦੇਣਾ ਚਾਹੀਦੈ। ਮੈਂ ਇਹ ਮੰਨਦਾ ਸੀ ਪਈ ਜਿਹੜਾ ਆਦਮੀ ਨਾ ਸਿਰਫ਼ ਏਨਾ ਕਹਿਣ ਸਗੋਂ ਇਉਂ ਸੋਚਣ ਦੀ ਵੀ ਹਿੰਮਤ ਕਰੇਗਾ, ਮੈਂ ਉਹਨੂੰ ਇਕ ਘੰਟਾ ਵੀ ਦਾਗਿਸਤਾਨ ਵਿਚ ਨਹੀਂ ਰਹਿਣ ਦਿਆਂਗਾ। ਅੱਜ ਮੈਂ ਇਹ ਸ਼ਬਦ ਸੁਣ ਰਿਹਾਂ ਤੇ ਉਹ ਵੀ ਕਿੱਥੇ? ਆਪਣੇ ਘਰ ਵਿਚ। ਕੌਣ ਬੋਲਦਾ ਪਿਐ ਇਹ ਸ਼ਬਦ? ਮੇਰਾ ਪੁੱਤਰ। ਇਹਦੇ ਨਾਲ, ਇਹੋ ਜਿਹੇ ਆਦਮੀ ਨਾਲ ਕੀ ਕੀਤਾ ਜਾਏ ਜਿਹਨੂੰ ਜ਼ਾਰ ਨੇ ਦਾਗਿਸਤਾਨ ਤੇ ਮੈਨੂੰ ਬੇਇਜ਼ਤ ਕਰਨ ਲਈ ਏਥੇ ਘੱਲਿਐ? ਤੁਸੀਂ ਸਾਰੇ ਜਣੇ ਚੰਗੀ ਤਰ੍ਹਾਂ ਜਾਣਦੇ ਓ ਪਈ ਦੁਸ਼ਮਣ ਦੀਆਂ ਸੰਗੀਨਾਂ ਨੇ ਕਿੰਨੀ ਵਾਰ ਦਾਗਿਸਤਾਨ ਤੇ ਖੁਦ ਮੇਰੀ ਛਾਤੀ ਨੂੰ ਜ਼ਖਮੀ ਕੀਤੈ। ਪਰ ਜਿਹੜੀ ਸੰਗੀਨ ਮੈਂ ਖੁਦ ਬਣਾਈ ਸੀ, ਜ਼ਾਰ ਨੇ ਉਹਨੂੰ ਤੇਜ਼ ਕਰਕੇ ਉਹਦੇ ਨਾਲ ਮੇਰੇ ਈ ਦਿਲ ਨੂੰ ਨਿਸ਼ਾਨਾ ਬਣਾਇਐ। ਦੱਸੋ, ਹੁਣ ਕੀ ਕੀਤਾ ਜਾਏ?”
ਇਮਾਮ ਦੇ ਨਜ਼ਦੀਕੀ ਬੰਦਿਆਂ ਨੇ ਬੜੇ ਦੁੱਖੀ ਮਨ ਨਾਲ ਇਹ ਸ਼ਬਦ ਸੁਣੇ। ਸਿਰਫ਼ ਮਾਂ ਹੀ ਇਸ ਸਭ ਕੁਝ ਉਤੇ ਯਕੀਨ ਕਰਨ ਨੂੰ ਤਿਆਰ ਨਹੀਂ ਸੀ। ਸ਼ਾਮੀਲ ਨੇ ਜਮਾਲੁਦੀਨ ਨੂੰ ਸੰਬੋਧਤ ਹੁੰਦਿਆਂ ਕਿਹਾ—
“ਓਏ ਪਹਾੜਾਂ ਦਿਆਂ ਦੁਸ਼ਮਣਾਂ! ਤੂੰ ਉੱਥੇ ਰਹੇਂਗਾ ਜਿੱਥੇ ਮੈਨੂੰ ਤੇਰੀ ਆਵਾਜ਼ ਵੀ ਨਾ ਸੁਣੇ। ਨਾ ਤਾਂ ਹੁਣ ਤੇਰਾ ਪਿਓ ਏ ਤੇ ਨਾ ਈ ਦਾਗਿਸਤਾਨ। ਮੈਂ ਜਾਰਜਿਆਈ ਰਾਜਕੁਮਾਰੀਆਂ ਦੇ ਬਦਲੇ ਵਿਚ ਤੈਨੂੰ ਲੈ ਿ ਿ ਲਐ, ਪਰ ਤੈਨੂੰ ਕਿਹਦੇ ਬਦਲੇ ਦਿਆਂ? ਮੈਂ ਤੇਰਾ ਕੀ ਕਰਾਂ?”
“ਆਪਣੇ ਪੁੱਤਰ ਨਾਲ ਤੁਸੀਂ ਜੋ ਵੀ ਚਾਹੋ, ਕਰ ਸਕਦੇ ਓ। ਭਾਵੇਂ ਜਾਨ ਲੈ ਲੋ, ਪਰ ਪਹਿਲਾਂ ਮੇਰੀ ਗੱਲ ਸੁਣ ਲੌ।”
“ਰਹਿਣ ਦੇਹ ਆਪਣੀ ਗੱਲ। ਮੈਂ ਹਮੇਸ਼ਾ ਅੱਲਾਹ ਦੀ ਗੱਲ ਸੁਣਦਾ ਰਿਹਾਂ, ਪਰ ਅੱਜ ਉਹ ਵੀ ਨਹੀਂ ਸੁਣਦਾ ਪਿਆ। ਅੱਲਾਹ ਆਖਦਾ ਪਿਐ- ‘ਇਸ ਦੁਸ਼ਮਣ ਨੂੰ ਕਤਲ ਕਰ ਸੁੱਟੇ। ਪਰ ਮੈਂ ਉਹਨੂੰ ਜਵਾਬ ਦੇਨਾਂ ਪਈ ਇਹ ਦੁਸ਼ਮਣ ਨਹੀਂ, ਗੁਮਰਾਹ ਹੋ ਜਾਣ ਵਾਲਾ ਪੁੱਤਰ ਏ। ਮੈਂ ਉਹਨੂੰ ਆਖਨਾਂ ਪਈ ਮੇਰੇ ਵਿਚ ਆਪਣੇ ਹੱਥ ਦੀ ਉਂਗਲੀ ਵੱਢਣ . ਦੀ ਹਿੰਮਤ ਨਹੀਂ। ਇਸ ਕਰਕੇ ਤੂੰ ਜਿਉਂਦਾ ਰਹਿ। ਪਰ ਖੰਜਰ ਲਾਹ ਦੇਹ। ਹਥਿਆਰ ਦੀ ਉਹਨੂੰ ਲੋੜ ਹੁੰਦੀ ਏ ਜਿਹੜਾ ਦੁਸ਼ਮਣ ਨਾਲ ਲੋਹਾ ਲੈਣ ਲਈ ਤਿਆਰ ਹੋਵੇ।”
ਸ਼ਾਮੀਲ ਨੇ ਆਪਣੇ ਪੁੱਤਰ ਨੂੰ ਦੂਰ ਦੁਰਾਡੇ ਦੇ ਇਕ ਪਿੰਡ ਵਿਚ ਭੇਜ ਦਿੱਤਾ। ਜਮਾਲੁਦੀਨ ਉੱਥੇ ਰੁਖੋਂ ਡਿਗੇ ਪੱਤੇ ਵਾਂਗ ਰਹਿੰਦਾ ਸੀ। ਦੁੱਖ ਭਰੇ ਵਿਚਾਰਾਂ ਨਾਲ ਕਮਜ਼ੋਰ ਹੋਣ, ਭੈੜੀ ਖੁਰਾਕ ਅਤੇ ਅਜੇਹੇ ਜਲਵਾਯੂ ਦੇ ਕਾਰਨ, ਜਿਹਦਾ ਉਹ ਆਦੀ ਨਹੀਂ ਸੀ, ਜਮਾਲੁਦੀਨ ਨੂੰ ਤਪੇਦਿਕ ਹੋ ਗਈ। ਇਮਾਮ ਦੁਸ਼ਮਣ ਨਾਲ ਮੋਰਚਾ ਲਾਈ ਬੈਠਾ ਸੀ ਅਤੇ ਉਧਰ ਪੁੱਤਰ ਲਈ ਸਾਹ ਲੈਣਾ ਵੱਧ ਤੋਂ ਵੱਧ ਔਖਾ ਹੋਈ ਜਾਂਦਾ ਸੀ। ਉਹਨੂੰ ਉਹਦੀ ਕਿਸਮਤ ਉਤੇ ਛੱਡ ਦਿੱਤਾ ਗਿਆ। ਇਸੇ ਦੌਰਾਨ ਇਮਾਮ ਤੋਂ ਚੋਰੀ-ਛਿਪੇ ਜਮਾਲੁਦੀਨ ਦੀ ਮਾਂ, ਪਾਤੀਮਾਤ, ਉਹਦੇ ਕੋਲ ਗਈ। ਉਹ ਰੋਟੀ ਨਾਲ ਬਣਾਏ ਹੋਏ ਖਿਡੌਣੇ ਆਪਣੇ ਨਾਲ ਲੈ ਗਈ ਸੀ। ਅਜੇਹੇ ਹੀ ਇਕ ਖਿਡੌਣੇ ਦੀ ਸ਼ਕਲ ਖੰਜਰ ਜਿਹੀ ਸੀ, ਦੂਸਰੇ ਦੀ ਉਕਾਬ ਜਿਹੀ ਅਤੇ ਤੀਸਰੇ ਦੀ ਤਲਵਾਰ ਜਿਹੀ। ਇਸ ਤੋਂ ਬਾਅਦ ਉਹਨੇ ਅਹਾਤੇ ਵਿਚੋਂ ਪਾਥੀਆਂ ਲਿਆ ਕੇ ਅੱਗ ਬਾਲੀ । ਪਾਤੀਮਾਤ ਨੇ ਰੋਟੀ ਦੇ ਖਿਡੌਣੇ ਗਰਮ ਕੀਤੇ, ਆਪਣੇ ਗੋਡਿਆਂ ਉਤੇ ਰਗੜ ਕੇ ਉਨ੍ਹਾਂ ਤੋਂ ਸੁਆਹ ਸਾਫ਼ ਕੀਤੀ ਅਤੇ ਉਨ੍ਹਾਂ ਵਿਚੋਂ ਇਕ ਖਿਡੌਣੇ ਨੂੰ ਤੋੜ ਕੇ ਜਮਾਲੁਦੀਨ ਨੂੰ ਇੰਜ ਦਿੱਤਾ ਜਿਵੇਂ ਉਹ ਬੱਚਾ ਹੋਵੇ।
“ਜਦੋਂ ਮਾਂ ਦਾ ਆਪਣਾ ਦੁੱਧ ਨਹੀਂ ਉਤਰਦਾ ਤਾਂ ਉਹ ਬੱਚੇ ਨੂੰ ਪਹਾੜੀ ਬੱਕਰੀ ਦੇ ਦੁੱਧ ਦਾ ਆਦੀ ਬਣਾਉਣ ਦੀ ਕੋਸ਼ਿਸ਼ ਕਰਦੀ ਏ,” ਪਾਤੀਮਾਤ ਨੇ ਕਿਹਾ।
ਜਮਾਲੁਦੀਨ ਹੈਰਾਨੀ ਨਾਲ ਮਾਂ ਨੂੰ ਵੇਖ ਰਿਹਾ ਸੀ। ਉਹਨੂੰ ਲੱਗਾ ਜਿਵੇਂ ਉਹ ਉਹਨੂੰ ਪਹਿਲੀ ਵਾਰ ਵੇਖ ਰਿਹਾ ਹੋਵੇ। ਅਚਾਨਕ ਉਸਨੂੰ ਉਹ ਜਵਾਨ ਅਤੇ ਖੂਸਸੂਰਤ ਨਾਰੀ ਦੇ ਰੂਪ ਵਿਚ ਯਾਦ ਆਈ। ਬਚਪਨ ਵਿਚ ਉਹ ਉਸਨੂੰ ਇਵੇਂ ਹੀ ਰੋਟੀਆਂ ਖੁਆਂਦੀ ਹੁੰਦੀ ਸੀ। ਘੋੜੇ ਦੀ ਸ਼ਕਲ ਵਾਲੇ ਪੰਘੂੜੇ ਕੋਲ ਬਹਿ ਕੇ ਉਹ ਉਹਨੂੰ ਸ਼ੇਰਨੀ ਦਾ ਦੁੱਧ ਪਿਆ ਕੇ ਪਾਲੇ ਪੋਸੇ ਗਏ ਗੱਭਰੂ ਦੇ ਬਾਰੇ ਗਾਣਾ ਸੁਣਾਉਂਦੀ ਹੁੰਦੀ ਸੀ। ਉਹਦੇ ਸਿਰ੍ਹਾਣੇ ਛੋਟੇ ਜਿਹੇ ਤਕੀਏ ਦੇ ਹੇਠਾਂ ਲੱਕੜੀ ਦਾ ਛੋਟਾ ਜਿਹਾ ਖੰਜਰ ਪਿਆ ਹੁੰਦਾ ਸੀ।
“ਅੰਮਾ!” ਜਮਾਲੁਦੀਨ ਬਚਪਨ ਦੇ ਵਕਤ ਦੀ ਤਰ੍ਹਾਂ ਹੀ ਚੀਕ ਉੱਠਿਆ। “ਜਮਾਲ, ਮੇਰੇ ਬੇਟੇ, ਤੂੰ ਮੁੜ ਕੇ ਮੇਰਾ ਬੇਟਾ ਬਣ ਜਾ।” ਪਾਤੀਮਾਤ ਨੇ ਕਿਹਾ। ਜਮਾਲੁਦੀਨ ਨੇ ਆਪਣੀ ਮਾਂ ਨੂੰ ਪਛਾਣ ਲਿਆ। ਚੁੱਲ੍ਹੇ ਦੀ ਬੁੱਝਦੀ ਅੱਗ ਦੇ ਕੋਲ ਬਹਿ ਕੇ ਅਤੇ ਬਿਮਾਰ ਪੁੱਤਰ ਦੇ ਉੱਪਰ ਝੁੱਕ ਕੇ ਮਾਂ ਉਹਨੂੰ ਉਸੇ ਤਰ੍ਹਾਂ ਲੋਰੀਆਂ ਸੁਣਾਉਂਦੀ ਪਈ ਸੀ ਜਿਸ ਤਰ੍ਹਾਂ ਉਸਦੇ ਜੀਵਨ ਦੇ ਪਹੁਫੁਟਾਲੇ ਵੇਲੇ।
ਪੁੱਤਰ ਆਪਣੇ ਜਿਸ ਪਿਤਾ ਨੂੰ ਸਮਝ ਨਹੀਂ ਸੀ ਸਕਿਆ, ਉਹ ਮੁਰੀਦਾਂ ਨਾਲ ਕਿਤੇ ਦੂਰ ਮੋਰਚੇ ਉਤੇ ਜੂਝ ਰਿਹਾ ਸੀ ਅਤੇ ਉਸਦੀ ਬੀਵੀ ਪਾਤੀਮਾਤ ਆਖਰੀ ਸਾਹ ਗਿਣਦੇ ਆਪਣੇ ਪਲੇਠੇ ਲਈ ਚਿਰ ਵਿਦਾਈ ਦਾ ਗੀਤ ਗਾ ਰਹੀ ਸੀ।
ਜਮਾਲੁਦੀਨ ਨੂੰ ਲੱਗਾ ਕਿ ਕਿਤੇ ਨੇੜੇ ਹੀ ਚੱਟਾਨਾਂ ਵਿਚ ਕੋਈ ਦਰਿਆ ਹੂੰਘ ਰਿਹਾ ਹੈ। ਉਹਨੂੰ ਇਹੋ ਜਿਹਾ ਅਹਿਸਾਸ ਹੋਇਆ ਕਿ ਦਰਵਾਜ਼ੇ ਕੋਲ ਵੱਢ ਕੇ ਰੱਖੇ ਹੋਏ ਸੁੱਕੇ ਘਾਹ ਉੱਤੇ ਵੱਛਾ ਲੇਟਿਆ ਹੋਇਆ ਹੈ।
ਉਹਨੂੰ ਗੀਮਰੀ ਵਿਚ ਆਪਣੇ ਘਰ, ਆਪਣੇ ਪਿਤਾ, ਆਪਣੇ ਪਹਿਲੇ ਘੋੜੇ ਦੀ ਯਾਦ ਆ ਗਈ। ਮਾਂ ਖੁਸ਼ਮਿਜ਼ਾਜ ਡਿੱਗੀਰ-ਡੰਗਾਰਚੂ ਬਾਰੇ ਗਾਣਾ ਗਾ ਰਹੀ ਸੀ ਜਿਹੜਾ ਮੀਂਹ ਦੀ ਧਾਰ ਦੇ ਸਹਾਰੇ ਆਕਾਸ਼ ਵਿਚ ਚੜ੍ਹ ਗਿਆ ਸੀ।
-“ਕਿੱਥੇ ਗਿਆ ਸੀ ਇਹ ਦੱਸ ਤਾਂ, —ਡਿੰਗੀਰ-ਡੰਗਾਰਚੂ?”
—“ਜੰਗਲਾਂ ਵਿਚ ਗਿਆ ਸਾਂ ਮੈਂ,—ਡਿੰਗੀਰ-ਡੰਗਾਰਚੂ।”
-“ਕੀ ਕਰਨ ਗਿਆ ਸੈਂ ਉਥੇ ਤੂੰ, —ਡਿੰਗੀਰ-ਡੰਗਾਰਚੂ?”
—“ਲੈਣ ਗਿਆ ਸੀ ਲੱਕੜੀ ਮੈਂ—ਡਿੰਗੀਰ-ਡੰਗਾਰਚੂ।”
-“ਕਾਹਤੋਂ ਲੋੜ ਸੀ ਲਕੜੀ ਦੀ,—ਡਿੰਗੀਰ-ਡੰਗਾਰਚੂ?”
-“ਤਾਂ ਜੋ ਬਣਾਵਾਂ ਘਰ ਆਪਣਾ—ਡਿੰਗੀਰ-ਡੰਗਾਰਚੂ।”
-“ਤੈਨੂੰ ਲੋੜ ਏ ਘਰ ਦੀ ਕਿਉਂ,—ਡਿੰਗੀਰ-ਡੰਗਾਰਚੂ?”
-“ਵਿਆਹ ਰਚਾਉਣਾ ਚਾਹੁੰਨਾ ਮੈਂ—ਡਿੰਗੀਰ-ਡੰਗਾਰਚੂ।”
-“ਵਿਆਹ ਰਚਾਉਣਾ ਕਿਉਂ ਚਾਹਵੇਂ, —ਡਿੰਗੀਰ-ਡੰਗਾਰਚੂ?”
-“ਤਾਂ ਜੋ ਜੰਮਾਂ ਸੂਰੇ ਮੈਂ—ਡਿੰਗੀਰ-ਡੰਗਾਰਚੂ।”
-“ਤੈਨੂੰ ਲੋੜ ਕੀ ਸੂਰਿਆਂ ਦੀ,—ਡਿੰਗੀਰ-ਡੰਗਾਰਚੂ?”
-“ਜੱਗ ਉਨ੍ਹਾਂ ‘ਤੇ ਮਾਣ ਕਰੇ,—ਡਿੰਗੀਰ-ਡੰਗਾਰਚੂ।”
ਜਮਾਲੁਦੀਨ ਦੀਆਂ ਨਜ਼ਰਾਂ ਦੇ ਸਾਹਮਣੇ ਉਹਦੇ ਆਪਣੇ, ਪਿਆਰੇ ਪਰਬਤ ਉੱਭਰ ਆਏ। ਬਰਫ਼ ਪਿਘਲ ਰਹੀ ਹੈ, ਕੂਲ੍ਹਾਂ ਵਿਚ ਕੰਕਰ ਪੱਥਰ ਸ਼ੋਰ ਮਚਾ ਰਹੇ ਹਨ। ਪਰਬਤ ਮਾਲਾ ਉਤੇ ਬੱਦਲ ਤੈਰ ਰਹੇ ਸਨ। ਬੇਗਾਨੇ ਇਲਾਕੇ ਵਿਚ ਰਹਿੰਦਿਆਂ ਹੋਇਆਂ ਜਿਸ ਦਾਗਿਸਤਾਨ ਨੂੰ ਉਹ ਭੁੱਲ ਗਿਆ ਸੀ ਉਹਨੇ ਉਹਨੂੰ ਸਾਰੇ ਪਾਸਿਉਂ ਘੇਰ ਲਿਆ ਤੇ ਮਾਂ ਗਾਉਂਦੀ ਜਾ ਰਹੀ ਸੀ, ਗਾਉਂਦੀ ਜਾ ਰਹੀ ਸੀ। ਉਹਨਾਂ ਵਿਚ ਉਹ ਵੀ ਗੀਤ ਸਨ ਜਿਹੜੇ ਬੱਚੇ ਦੇ ਜਨਮ ਤੇ ਗਾਏ ਜਾਂਦੇ ਹਨ ਅਤੇ ਉਹ ਵੀ ਜਿਹੜੇ ਪੁੱਤਰਾਂ ਦੇ ਮਰਨ ਤੇ ਗਾਏ ਜਾਂਦੇ ਹਨ। ਉਹਨਾਂ ਵਿਚ ਇਹ ਵੀ ਕਿਹਾ ਗਿਆ ਸੀ ਕਿ ਪੁੱਤਰਾਂ ਦੇ ਮਰ ਜਾਣ ਤੇ ਉਹਨਾਂ ਦੇ ਬਾਰੇ ਗੀਤ ਕਾਇਮ ਰਹਿੰਦੇ ਹਨ। ਮਾਂ ਗਾਉਂਦੀ ਪਈ ਸੀ—ਸ਼ਾਮੀਲ ਦੇ ਬਾਰੇ, ਹਾਜੀ-ਮੁਰਾਤ, ਕਾਜ਼ੀ ਮੁਹੰਮਦ, ਹਮਜ਼ਾਤ ਬੇਕ, ਬਹਾਦਰ ਖੋਚਵਾਰ, ਪਾਰਤੂ ਪਾਤੀਮਾਤ, ਨਾਦਰਸ਼ਾਹ ਦੇ ਛੱਕੇ ਛਡਾਏ ਜਾਣ ਅਤੇ ਉਹਨਾਂ ਬਹਾਦਰਾਂ ਦੇ ਬਾਰੇ ਜਿਹੜੇ ਜੰਗ ਦੀਆਂ ਮੁਹਿੰਮਾਂ ਤੋਂ ਵਾਪਸ ਨਹੀਂ ਆਏ।
ਚੁੱਲ੍ਹੇ ਵਿਚੋਂ ਅੱਗ ਬੁੱਝਦੀ ਜਾਂਦੀ ਸੀ। ਦਾਗਿਸਤਾਨ ਜੰਗ ਦੇ ਭਾਂਬੜਾਂ ਵਿਚ ਬਲ ਰਿਹਾ ਸੀ। ਜਮਾਲੁਦੀਨ ਦੀਆਂ ਅੱਖਾਂ ਵਿਚ ਹੁਣ ਇਹ ਦੋਵੇਂ ਲਾਟਾਂ ਪਰੱਤੀਬਿੰਬਤ ਹੋ ਰਹੀਆਂ ਸਨ। ਮਾਂ ਦੇ ਗੀਤ ਨੇ ਉਹਨੂੰ ਬਿਹਬਲ ਕਰ ਦਿੱਤਾ। ਪੁੱਤਰ ਦੇ ਦਿਲ ਵਿਚ ਦਾਗਿਸਤਾਨ ਲਈ ਪਰੇਮ ਨੇ ਪਲਕ ਖੋਲ ਲਈ, ਉਹ ਭੜਕ ਉੱਠਿਆ। ਉਹ ਉਹਨੂੰ ਪਿਓ ਦੇ ਨਾਲ ਖੜ੍ਹਾ ਹੋਣ ਲਈ ਬੁਲਾਉਣ ਲੱਗਾ।
“ਮਾਂ, ਮੈਂ ਤਾਂ ਦਾਗਿਸਤਾਨ ਹੁਣੇ ਈ ਮੁੜਿਐਂ। ਆਪਣੇ ਅੱਬਾ ਨੂੰ ਹੁਣੇ ਈ ਮਿਲਿਆਂ, ਮੈਨੂੰ ਹਥਿਆਰ ਲਿਆ ਦੇ। ਮੈ—ਸ਼ਾਮੀਲ ਦਾ ਪੁੱਤਰ ਆਂ। ਮੈਨੂੰ ਘਰ ਦੇ ਚੁਲ੍ਹੇ ਕੋਲ ਦਮ ਨਹੀਂ ਤੋੜਨਾ ਚਾਹੀਦਾ। ਮੈਨੂੰ ਓਥੇ ਜਾਣ ਦੇ, ਜਿੱਥੇ ਗੋਲੀਆਂ ਚੱਲਦੀਆਂ ਨੇ।” ਤਾਂ ਇਸ ਤਰ੍ਹਾਂ ਮਾਂ ਦੇ ਗੀਤ ਨੇ ਉਹ ਕੁਝ ਕਰ ਵਿਖਾਇਆ ਜਿਹੜਾ ਕੁਰਾਨ ਅਤੇ ਪਿਤਾ ਦੇ ਹੁਕਮ ਨਹੀਂ ਕਰ ਸਕੇ।
ਪਰ ਇਹ ਤਾਂ ਅੰਗਾਰੇ ਦੇ ਭੜਕ ਉੱਠਣ ਵਾਂਗ ਸੀ। ਮਾਂ ਦੀਆਂ ਲੋਰੀਆਂ ਅਤੇ ਗੀਤ ਜਮਾਲੁਦੀਨ ਦੇ ਦਿਲ ਵਿਚ ਵੱਸੇ ਹੋਏ ਦੂਸਰੇ ਗਾਣਿਆਂ ਨੂੰ ਮੁਕ ਨਹੀਂ ਬਣਾ ਸਕਦੇ ਸਨ। ਉਹ ਪੀਟਰਜ਼ਬਰਗ ਨੂੰ ਭੁੱਲ ਨਹੀਂ ਸਕਦਾ ਸੀ, ਜਿੱਥੇ ਉਹ ਵੱਡਾ ਹੋਇਆ ਸੀ। ਉਹ ਦਾਗਿਸਤਾਨ ਦੇ ਪਹਾੜੀ ਲੋਕਾਂ ਦੀ ਸਮਝ ਵਿਚ ਨਾ ਆਉਣ ਵਾਲੀ ਭਾਸ਼ਾ ਅਤੇ ਉਹਨਾਂ ਦੀ ਸਮਝ ਵਿਚ ਨਾ ਆਉਣ ਵਾਲੀਆਂ ਪੰਕਤੀਆਂ ਸੁਣਾਉਂਦਾ ਸੀ-
ਐ, ਪੀਟਰ ਦੀ ਰਚਨਾ, ਤੈਨੂੰ ਬੇਹੱਦ ਪਿਆਰ ਕਰਾਂ,
ਸੁੱਘੜ, ਗਹਿਰ-ਗੰਭੀਰ, ਪਿਆਰਾ, ਸੋਹਣਾ ਰੂਪ ਤੇਰਾ।
ਸਹਿਜੇ ਵਹਿਣ ਵਹੇ ਨੇਵਾ ਦਾ, ਪੱਥਰ ਤੱਟ ਦਾ ਪਿਆਰਾ ਰਾਹ,
ਲੋਹੇ ਦੇ ਜੰਗਲੇ ਪਿਆਰੇ ਪਿਆਰੇ, ਖੁਦੀ ਨੱਕਾਸ਼ੀ ਸੋਹਣੀ ਆ।
ਚਿੰਤਨ ਵਿਚ ਨੇ ਡੁੱਬੀਆਂ ਰਾਤਾਂ, ਸਾਫ਼-ਸ਼ਫ਼ਾਫ ਸਭ ਸ਼ਾਮਾਂ ਨੇ,
ਲੁਕਣ-ਮੀਟੀ ਖੇਡਣ ਏਥੇ, ਦੋਵੇਂ ਦਿਨ ਤੇ ਰਾਤਾਂ ਏਹ।
ਬਿਨਾਂ ਚੰਨ ਤੋਂ ਅੰਬਰ ਤੇਰੇ ਚਾਨਣੀਆਂ ਦੀ ਛਹਿਬਰ ਏ,
ਪੜ੍ਹਾਂ ਮੈਂ ਆਪਣੇ ਕਮਰੇ ਅੰਦਰ ਬਿਨਾਂ ਰੌਸ਼ਨੀ ਦੀਪਕ ਦੇ।
ਉੱਚੇ ਉੱਚੇ ਭਵਨ ਉਂਘਦੇ, ਸੜਕਾਂ ਨਿਰਜਨ, ਵੀਰਾਨੀ,
ਸਾਫ਼ ਦਿਸੇ ਸਭ ਮੈਨੂੰ ਏਥੇ, ਰੋਸ਼ਨੀਆਂ ਦੀ ਲੋੜ ਨਹੀਂ।
ਏਸ ਸ਼ਹਿਰ ਵਿਚ ਸਭ ਨੂੰ ਦਿਸੇ ਉੱਪਰ ਸਭ ਤੋਂ ਦਮਕਦਾ,
“ਐਡਮਿਰੈਲਟੀ” ਉੱਤੇ ਲੱਗਾ, ਲੋਹੇ ਦਾ ਡੰਡਾ ਚਮਕਦਾ।
ਧੂੰਏਂ ਨਾਲ ਭਰੇ ਹੋਏ ਪਹਾੜੀ ਘਰ ਵਿਚ ਇਨ੍ਹਾਂ ਸ਼ਬਦਾਂ ਦੀ ਗੂੰਜ ਅਜੀਬ ਜਿਹੀ ਲੱਗਦੀ। ਜਮਾਲੁਦੀਨ ਨੂੰ ਰਾਤੀਂ ਸੁਪਨੇ ਆਉਂਦੇ ਜਿਵੇਂ ਉਹ ਮੁੜ ਕੇ ਜ਼ਾਰ ਦੇ ਸੈਨਿਕ ਸਕੂਲ ਵਿਚ ਸਿੱਖਿਆ ਪਰਾਪਤ ਕਰ ਰਿਹਾ ਹੈ, ਜਿਵੇਂ ਗਰਮੀ ਰੁੱਤ ਦੇ ਬਾਗ ਦੇ ਜੰਗਲੇ ਦੇ ਕੋਲ ਉਹ ਜਾਰਜਿਆਈ ਸੁੰਦਰੀ ਨੀਨਾ ਨੂੰ ਮਿਲ ਰਿਹਾ ਹੈ…
ਜਮਾਲੁਦੀਨ ਦੇ ਦਿਲ ਵਿਚ ਦੋ ਉਕਾਬ ਨਾਲੋ ਨਾਲ ਜਿਉਂ ਰਹੇ ਸਨ ਅਤੇ ਦੋਵੇਂ ਉਹਨੂੰ ਆਪਣੇ ਆਪਣੇ ਵੱਲ ਖਿੱਚ ਰਹੇ ਸਨ। ਉਸਦੀ ਆਤਮਾ ਵਿਚ ਦੋ ਗੀਤ ਗੂੰਜਦੇ ਰਹਿੰਦੇ ਸਨ। ਉਹਦੀ ਪਿਆਰੀ ਨੀਨਾ ਬਹੁਤ ਦੂਰ ਸੀ। ਉਹਨਾਂ ਦੇ ਵਿਚਕਾਰ ਜ਼ੋਰੇ ਜ਼ੋਰ ਵਹਿੰਦਾ ਨਦੀ ਦਾ ਵਹਿਣ ਸੀ। ਇਸ ਨਦੀ ਦੇ ਪਾਰ ਡਾਕ ਵੀ ਨਹੀਂ ਜਾਂਦੀ ਸੀ। ਰੂਸੀ ਅਫਸਰ, ਦਾਗਿਸਤਾਨ ਦੇ ਇਮਾਮ ਦਾ ਪੁੱਤਰ ਜਿਵੇਂ ਇਸ ਨਦੀ ਵਿਚ ਡੁੱਬ ਗਿਆ ਸੀ। ਇਹ ਨਦੀ ਉਸਦੇ ਸਾਰੇ ਸੁਪਨਿਆਂ ਨੂੰ ਰੋੜ੍ਹ ਕੇ ਲੈ ਗਈ ਅਤੇ ਉਹਨਾਂ ਸੁਪਨਿਆਂ ਵਿਚ ਉਹਦਾ ਇਕ ਸਭ ਤੋਂ ਵੱਡਾ ਸੁਪਨਾ ਵੀ ਸੀ।
ਜਮਾਲੁਦੀਨ ਦਾ ਸਭ ਤੋਂ ਪਿਆਰਾ ਸੁਪਨਾ ਇਸ ਜ਼ੋਰੋ-ਜ਼ੋਰ ਵਹਿੰਦੀ ਨਦੀ ਉੱਤੇ ਪੁਲ ਬਣਾਉਣ ਦਾ ਸੀ, ਦੋਹਾਂ ਕਿਨਾਰਿਆਂ ਨੂੰ ਜੋੜਨ ਦਾ ਸੀ, ਜੰਗ ਦੀ ਬੇਰਹਿਮ ਅਰਥਹੀਣ ਵੱਢ-ਟੁਕ ਦੀ ਥਾਂ ਦੋਸਤੀ, ਪਿਆਰ ਅਤੇ ਜ਼ਿੰਦਗੀ ਦੇ ਸੁੱਖਦਾਈ ਸੂਤਰ ਜੋੜਨ ਦਾ ਸੀ। ਉਹ ਪਹਾੜਾਂ ਵਿਚ ਗਾਏ ਜਾਣ ਵਾਲੇ ਗੀਤਾਂ, ਮਾਂ ਦੇ ਗੀਤਾਂ ਨੂੰ ਸਮਝਦਾ ਸੀ। ਪਰ ਨਾਲ ਹੀ ਪੁਸ਼ਕਿਨ ਦੇ ਗੀਤਾਂ ਨੂੰ ਵੀ ਸਮਝਦਾ ਸੀ। ਉਹਦੇ ਦਿਲ ਵਿਚ ਦੋ ਗੀਤ ਇਕ ਦੂਜੇ ਨਾਲ ਘੁਲ ਮਿਲ ਗਏ ਸੀ। ਕਾਸ਼, ਉਸਦੇ ਪਿਤਾ ਜੀ ਇਹ ਸਮਝ ਸਕਦੇ, ਕਾਸ਼, ਗੀਤ ਇਕ ਦੂਸਰੇ ਨੂੰ ਸਮਝ ਲੈਂਦੇ ਅਤੇ ਪਿਆਰ ਕਰਦੇ।
ਪਰ ਗੀਤ ਤਾਂ ਤਲਵਾਰਾਂ ਵਾਂਗ ਸਨ। ਉਹ ਹਵਾ ਵਿਚ ਟਕਰਾਉਂਦੇ ਸਨ, ਉਹਨਾਂ ਵਿਚੋਂ ਚੰਗਿਆੜੀਆਂ ਨਿਕਲਦੀਆਂ ਸਨ। ਲਹੂ-ਲੁਹਾਨ ਹੋਇਆ ਦਾਗਿਸਤਾਨ ਖੂਨ, ਬਹਾਦਰਾਂ, ਕਾਵਾਂ ਵੱਲੋਂ ਚੂੰਡੀਆਂ ਜਾਂਦੀਆਂ ਅੱਖਾਂ, ਘੋੜਿਆਂ ਦੀ ਹਿਣਕ, ਖੰਜਰ ਦੀ ਖਣਕ ਅਤੇ ਉਸ ਘੋੜੇ ਦੇ ਬਾਰੇ ਹੀ ਗੀਤ ਗਾਉਂਦਾ ਸੀ ਜਿਹੜਾ ਆਪਣੇ ਸਵਾਰ ਨੂੰ ਮੈਦਾਨੇ ਜੰਗ ਵਿਚ ਗੁਆ ਕੇ ਘਰ ਵਾਪਸ ਆ ਜਾਂਦਾ ਸੀ।
ਅਤੇ, ਜਦੋਂ ਗੀਤ ਇਕ ਦੂਸਰੇ ਨੂੰ ਸਮਝ ਜਾਂਦੇ ਸਨ, ਜਦੋਂ ਇਕ ਕਿਨਾਰੇ ਦੇ ਲੋਕ ਦੂਜੇ ਕਿਨਾਰੇ ਦੇ ਲੋਕਾਂ ਨੂੰ ਸਮਝ ਜਾਂਦੇ ਸਨ ਤਾਂ ਗੋਲੀਆਂ ਚੱਲਣੀਆਂ ਬੰਦ ਹੋ ਜਾਂਦੀਆਂ ਸਨ। ਖੰਜਰਾਂ ਦੀ ਖਣਕ ਸ਼ਾਂਤ ਹੋ ਜਾਂਦੀ ਸੀ, ਲਹੂ ਡੁੱਲ੍ਹਣਾ ਬੰਦ ਹੋ ਜਾਦਾ ਸੀ, ਹੱਥ ਬਦਲਾ ਲੈਣ ਨੂੰ ਨਹੀਂ ਉੱਠਦਾ ਸੀ ਅਤੇ ਦਿਲ ਵਿਚ ਗੁੱਸੇ ਦੀ ਬਜਾਏ ਪਿਆਰ ਉਛਾਲੇ ਮਾਰਨ ਲੱਗਦਾ ਸੀ।
ਵਾਲੇਰਿਕ ਨਦੀ ਦੇ ਕੰਢੇ ਹੋਈ ਲੜਾਈ ਵਿਚ ਸ਼ਾਮੀਲ ਦਾ ਜ਼ਖਮੀ ਹੋ ਜਾਣ ਵਾਲਾ ਮੁਰੀਦ ਮੁੱਲਾ-ਮੁਹੰਮਦ ਰੂਸੀਆਂ ਦੇ ਹੱਥ ਲੱਗ ਗਿਆ। ਪਿੰਡ ਦੇ ਲੋਕਾਂ ਨੇ ਇਹ ਸਮਝਦਿਆਂ ਹੋਇਆਂ ਕਿ ਉਹ ਲੜਾਈ ਵਿਚ ਮਾਰਿਆ ਗਿਆ ਹੈ ਉਹਦਾ ਸੋਗ ਵੀ ਮਨਾ ਲਿਆ। ਪਰ ਇਕ ਮਹੀਨੇ ਮਗਰੋਂ ਉਹ ਜਿਉਂਦਾ ਜਾਗਦਾ ਤੇ ਬਿਲਕੁਲ ਸਿਹਤਮੰਦ ਵਿਅਕਤੀ ਦੇ ਰੂਪ ਵਿਚ ਘਰ ਮੁੜ ਆਇਆ। ਹੈਰਾਨ ਹੋਏ ਲੋਕ ਉਹਨੂੰ ਪੁੱਛਣ ਲੱਗੇ ਕਿ ਆਜ਼ਾਦ ਹੋਣ ਵਿਚ ਉਹਨੂੰ ਕਾਮਯਾਬੀ ਕਿਵੇਂ ਮਿਲ ਗਈ। ਮੁਰੀਦ ਨੂੰ ਇਹ ਗੱਲ ਬੁਰੀ ਲੱਗੀ ਅਤੇ ਉਹਨੇ ਕਿਹਾ—
“ਇਹ ਨਾ ਸੋਚਿਓ ਪਈ ਮੁਲਾਂ-ਮੁਹੰਮਦ ਝੂਠ ਜਾਂ ਖੁਸ਼ਾਮਦ ਦੀ ਬਦੌਲਤ ਆਜ਼ਾਦ ਹੋ ਕੇ ਆ ਗਿਐ। ਮੈਂ ਬੁਜ਼ਦਿਲ ਨਹੀਂ ਆਂ।”
“ਅਸੀਂ ਜਾਣਨੇ ਆਂ ਪਈ ਤੂੰ ਬਹਾਦਰ ਮੁਰੀਦ ਏਂ। ਸ਼ਾਇਦ ਤੂੰ ਤਲਵਾਰ ਦੀ ਮੱਦਦ ਨਾਲ ਆਜ਼ਾਦੀ ਹਾਸਲ ਕੀਤੀ ਹੋਵੇ।”
“ਮੇਰੇ ਕੋਲ ਤਲਵਾਰ ਨਹੀਂ ਸੀ ਤੇ ਜੇ ਹੁੰਦੀ ਤਾਂ ਵੀ ਉਹ ਮੇਰੀ ਮੱਦਦ ਨਾ ਕਰ ਸਕਦੀ।”
ਤਾਂ ਫਿਰ ਤੂੰ ਕਿਵੇਂ ਬਚ ਕੇ ਨਿਕਲ ਆਇਐਂ?”
” “ਮੈਨੂੰ ਤਹਿਖਾਨੇ ਵਿਚ ਬੰਦ ਕਰ ਦਿੱਤਾ ਗਿਆ ਸੀ। ਦਰਵਾਜ਼ੇ ਉਤੇ ਜੰਦਰਾ ਮਾਰ ਦਿੱਤਾ ਗਿਆ ਸੀ।”
“ਤਾਂ ਉੱਥੇ ਤੂੰ ਆਪਣੇ ਆਪ ਨੂੰ ਕਿਹੋ ਜਿਹਾ ਮਹਿਸੂਸ ਕੀਤਾ?” “ਫੰਦੇ ਵਿਚ ਫਸ ਗਏ ਪਹਾੜੀ ਬੱਕਰੇ ਵਾਂਗ। ਪਰ ਇਸ ਤਹਿਖਾਨੇ ਵਿਚ ਮੈਨੂੰ
ਅਚਾਨਕ ਅਲੀ ਬਾਰੇ, ਜਿਹਨੂੰ ਉਹਦੇ ਮੱਕਾਰ ਭਰਾਵਾਂ ਨੇ ਉੱਚੀ ਚੱਟਾਨ ਉਤੇ ਇਕੱਲਾ ਛੱਡ ਦਿੱਤਾ ਸੀ, ਗੀਤ ਯਾਦ ਆ ਗਿਆ। ਮੈਂ ਉਹ ਗੀਤ ਗਾਇਆ। ਇਸ ਤੋਂ ਬਾਅਦ ਮੈਂ ਦੂਸਰੇ ਗੀਤ ਗਾਉਣ ਲੱਗ ਗਿਆ। ਮੈਂ ਬਸੰਤ ਵਿਚ ਮੁੜ ਆਉਣ ਵਾਲੇ ਮੌਸਮੀ ਪਰਿੰਦਿਆਂ, ਪੋਤਝੜ ਵਿਚ ਉੱਡ ਜਾਣ ਵਾਲੇ ਸਾਰਸਾਂ ਬਾਰੇ ਗੀਤ ਗਾਏ। ਉਹ ਹਿਰਨ ਦੇ ਬਾਰੇ ਵੀ ਗੀਤ ਗਾਇਆ ਜਿਹਨੂੰ ਅਨਾੜੀ ਸ਼ਿਕਾਰੀ ਨੇ ਨੌ ਵਾਰ ਜ਼ਖਮੀ ਕੀਤਾ ਸੀ। ਪੱਤਝੜ ਅਤੇ ਸਰਦੀ ਦੇ ਬਾਰੇ ਵੀ ਗੀਤ ਗਾਏ। ਮੈਂ ਇਹੋ ਜਿਹੇ ਗੀਤ ਗਾਉਂਦਾ ਰਿਹਾ ਜਿਹਨੂੰ ਅਜੇ ਤੱਕ ਕਿਸੇ ਨਹੀਂ ਗਾਇਆ ਸੀ। ਤਿੰਨ ਦਿਨ ਤੱਕ ਮੈਂ ਗੀਤ ਗਾਉਣ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਕੀਤਾ। ਪਹਿਰੇਦਾਰਾਂ ਨੇ ਕੋਈ ਰੁਕਾਵਟ ਨਹੀਂ ਪਾਈ। ਜੇ ਗੀਤ ਦੇ ਬੋਲ ਸਾਰਿਆਂ ਦੇ ਸਮਝ ਵਿਚ ਨਾ ਵੀ ਆਏ ਹੋਣ ਤਾਂ ਵੀ ਗੀਤ ਤਾਂ ਗੀਤ ਈ ਏ। ਗੀਤ ਨੂੰ ਸਾਰੇ ਸੁਣਦੇ ਨੇ। ਇਕ ਦਿਨ ਇਕ ਜਵਾਨ ਅਫਸਰ ਪਹਿਰੇਦਾਰਾਂ ਕੋਲ ਆਇਆ। ਮੈਂ ਸੋਚਿਆ ਹੁਣ ਮੇਰੀ ਕਹਾਣੀ ਖਤਮ। ਏਸ ਅਫਸਰ ਦੇ ਨਾਲ ਇਕ ਹੋਰ ਆਦਮੀ ਵੀ ਸੀ ਜਿਹੜਾ ਸਾਡੀ ਭਾਸ਼ਾ ਜਾਣਦਾ ਸੀ। ਉਸ ਆਦਮੀ ਨੇ ਮੈਨੂੰ ਕਿਹਾ-‘ਅਫਸਰ ਜਾਣਨਾ ਚਾਹੁੰਦੈ ਪਈ ਤੂੰ ਕਿਹਦੇ ਬਾਰੇ ਗੀਤ ਗਾਉਂਨੈਂ। ਤੇਰੇ ਗੀਤ ਦਾ ਵਿਸ਼ਾ ਕੀ ਏ? ਤੂੰ ਸਾਡੇ ਲਈ ਫਿਰ ਇਕ ਵਾਰ ਇਹ ਗੀਤ ਗਾ।’ ਮੈਂ ਅੱਗ ਦੇ ਭਾਂਬੜਾਂ ਵਿਚ ਬਲਦੇ ਹੋਏ ਦਾਗਿਸਤਾਨ ਬਾਰੇ ਗੀਤ ਗਾਉਣ ਲੱਗਾ। ਮੈਨੂੰ ਹੋਰ ਗੀਤ ਗਾਉਣ ਲਈ ਕਿਹਾ ਗਿਆ। ਮੈਂ ਵਿਚਾਰੀ ਮਾਂ ਅਤੇ ਪਿਆਰੀ ਪਤਨੀ ਬਾਰੇ ਗੀਤ ਗਾਇਆ। ਅਫਸਰ ਸੁਣਦਾ ਰਿਹਾ। ਪਹਾੜਾਂ ਵੱਲ ਵੇਖਦਾ ਰਿਹਾ। ਪਹਾੜ ਬੱਦਲਾਂ ਨਾਲ ਢੱਕੇ ਹੋਏ ਸਨ। ਉਹਨੇ ਪਹਿਰੇਦਾਰਾਂ ਨੂੰ ਮੈਨੂੰ ਛੱਡ ਦੇਣ ਵਾਸਤੇ ਕਿਹਾ। ਸਾਡੀ ਭਾਸ਼ਾ ਜਾਣਨ ਵਾਲੇ ਆਦਮੀ ਨੇ ਮੈਨੂੰ ਦੱਸਿਆ- ‘ਇਹ ਸਾਹਬ ਹੁਣ ਤੈਨੂੰ ਰਿਹਾਅ ਕਰਦੇ ਨੇ। ਇਨ੍ਹਾਂ ਨੂੰ ਤੇਰੇ ਗੀਤ ਬਹੁਤ ਚੰਗੇ ਲੱਗੇ ਨੇ। ਇਸ ਤੋਂ ਬਾਅਦ ਮੈਂ ਕਦੇ-ਕਦੇ ਇਹ ਸੋਚਨਾ ਪਈ ਸ਼ਾਇਦ ਲਹੂ-ਡੋਲ੍ਹਣ ਦੀ ਬਜਾਏ ਦਾਗਿਸਤਾਨ ਨੂੰ ਹਮੇਸ਼ਾ
ਆਪਣੇ ਗੀਤ ਹੀ ਗਾਉਣੇ ਚਾਹੀਦੇ ਨੇ।” ਪੁੱਛਿਆ- ਪਰ ਸ਼ਾਮੀਲ ਨੇ ਦੁਸ਼ਮਣ ਦੀ ਕੈਦ ‘ਚੋਂ ਰਿਹਾਅ ਹੋ ਕੇ ਆਏ ਮੁਰੀਦ ਕੋਲੋਂ
ਰਿਹੈਂ?” “ਮੈਂ ਤਾਂ ਗਾਉਣ ਦੀ ਮਨਾਹੀ ਕਰ ਦਿੱਤੀ ਏ ਫੇਰ ਤੂੰ ਕਾਹਦੇ ਲਈ ਗਾਉਂਦਾ
“ਇਮਾਮ ਤੂੰ ਦਾਗਿਸਤਾਨ ਵਿਚ ਗਾਉਣ ਦੀ ਮਨਾਹੀ ਕੀਤੀ ਏ ਪਰ ਉੱਥੇ ਗਾਉਣ ਦੀ ਤਾਂ ਨਹੀਂ ਕੀਤੀ।”
“ਤੇਰਾ ਜਵਾਬ ਮੈਨੂੰ ਪਸੰਦ ਆਇਐ,” ਸ਼ਾਮੀਲ ਨੇ ਆਖਿਆ ਅਤੇ ਕੁਝ ਦੇਰ ਸੋਚਣ ਮਗਰੋਂ ਏਨਾ ਹੋਰ ਜੋੜ ਦਿੱਤਾ” ਤੈਨੂੰ ਗਾਉਣ ਦੀ ਆਜ਼ਾਦੀ ਦੋਨਾਂ ਆਂ, ਮੁੱਲਾ- ਮੁਹੰਮਦ।”
ਉਦੋਂ ਤੋਂ ਲੋਕ ਮੁੱਲਾ-ਮੁਹੰਮਦ ਨੂੰ ਅਜੇਹਾ ਮੁਹੰਮਦ ਆਖਣ ਲੱਗ ਪਏ ਜਿਸਨੂੰ ਗਾਣੇ ਨੇ ਬਚਾ ਲਿਆ ਸੀ।
ਦਾਗਿਸਤਾਨ ਨੂੰ ਬਚਾਉਣ ਲਈ ਵੀ ਗੀਤ ਦੀ ਜ਼ਰੂਰਤ ਸੀ ਪਰ ਭਲਾ ਸਾਰਿਆ ਨੇ ਉਹਨੂੰ ਉਸੇ ਤਰ੍ਹਾਂ ਸਮਝ ਲੈਣਾ ਸੀ ਜਿਵੇਂ ਉਸ ਅਫਸਰ ਨੇ ਸਮਝਿਆ ਸੀ? ਅਤੇ ਕੌਣ ਸੀ ਉਹ ਫੌਜੀ ਅਫਸਰ? ਭਲਾ ਲੈਫਟੀਨੈਂਟ ਲੇਰਮੋਰਨਤੋਵ ਤਾਂ ਨਹੀਂ ? ਉਹਨੇ ਵੀ ਤਾਂ ਵਾਲੇਰਿਕ ਦੀ ਲੜਾਈ ਵਿਚ ਹਿੱਸਾ ਲਿਆ ਸੀ।
ਇਕ ਹੋਰ ਘਟਨਾ ਪੇਸ਼ ਹੈ। ਤੇਮੀਰਖਾਨ-ਸੂਰਾ ਉਤੇ ਕਾਮਯਾਬੀ ਨਾਲ ਧਾਵਾ ਬੋਲਣ ਤੋਂ ਮਗਰੋਂ ਹਾਜੀ-ਮੁਰਾਤ ਆਪਣੀ ਫੌਜ ਨਾਲ ਵਾਪਸ ਮੁੜਦਾ ਪਿਆ ਸੀ। ਸੜਕ ਤੋਂ ਕੁਝ ਦੂਰ ਇਕ ਜੰਗਲ ਵਿਚ ਉਹਨੂੰ ਦੋ ਰੂਸੀ ਫੌਜੀ ਨਜ਼ਰ ਆਏ। ਉਹ ਅੱਗ ਕੋਲ ਬੈਠੇ ਮੌਜ ਨਾਲ ਗੀਤ ਗਾਉਂਦੇ ਪਏ ਸਨ। ਹਾਜੀ-ਮੁਰਾਤ ਨੇ ਥੋੜ੍ਹੀ ਬਹੁਤ ਰੂਸੀ ਸਮਝਣ ਵਾਲੇ ਆਪਣੇ ਇਕ ਫੌਜੀ ਕੋਲੋਂ ਪੁੱਛਿਆ-
“ਇਹ ਕਾਹਦੇ ਬਾਰੇ ਗਾਉਂਦੇ ਪਏ ਨੇ?”
“ਆਪਣੀ ਮਾਂ, ਆਪਣੀ ਪਰੇਮਕਾ ਅਤੇ ਦੂਰ-ਦੁਰਾਡੇ ਰਹਿ ਗਈ ਮਾਤ-ਭੂਮੀ ਦੇ ਬਾਰੇ।”
ਹਾਜੀ-ਮੁਰਾਤ ਬੜਾ ਚਿਰ ਰੂਸੀ ਗੀਤ ਸੁਣਦਾ ਰਿਹਾ। ਮਗਰੋਂ ਹੋਲੀ ਜਿਹੀ ਬੋਲਿਆ-
“ਇਹ ਬੰਦੇ ਦੁਸ਼ਮਣ ਨਹੀਂ। ਇਨ੍ਹਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ। ਗਾਉਂਦੇ ਰਹਿਣ ਮਾਂ ਦੇ ਬਾਰੇ ਆਪਣਾ ਗੀਤ।”
ਇਸ ਤਰ੍ਹਾਂ ਗੀਤ ਨੇ ਲੋਕਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਨ ਤੋਂ ਬਚਾ ਲਿਆ। ਜੇ ਲੋਕ ਇਕ ਦੂਜੇ ਨੂੰ ਸਮਝ ਸਕਦੇ ਤਾਂ ਇਹੋ ਜਿਹੀਆਂ ਕਿੰਨੀਆਂ ਹੀ ਗੋਲੀਆਂ ਚੱਲਣ ਤੋਂ ਰੁਕ ਜਾਂਦੀਆਂ, ਲੋਕਾਂ ਦੀਆਂ ਜਾਨਾਂ ਬਚ ਜਾਂਦੀਆਂ।
ਤੀਸਰੀ ਘਟਨਾ। ਦਾਗਿਸਤਾਨ ਦੀ ਇਨਕਲਾਬੀ ਕਮੇਟੀ ਦੇ ਪਰਧਾਨ ਮਖਾਚ ਨੇ ਮਸ਼ਹੂਰ ਸ਼ਾਇਰ ਮਹਿਮੂਦ ਨੂੰ ਇਕ ਬਹੁਤ ਮਹੱਤਵਪੂਰਨ ਰੁੱਕਾ ਦੇ ਕੇ ਖੂੰਜ਼ਹ ਦੇ ਛਾਪਾਮਾਰਾਂ ਕੋਲ ਭੇਜਿਆ ਅਤੇ ਉਹਨੂੰ ਕਿਹਾ-
“ਖੰਜਰ ਨਾਲ ਨਹੀਂ, ਸਗੋਂ ਪੰਦਰੇ ਨਾਲ ਆਪਣਾ ਰਾਹ ਬਣਾਈ।” ਤਸਾਦਾ ਪਿੰਡ ਵਿਚ ਮਹਿਮੂਦ ਨੂੰ ਗਿਰਫ਼ਤਾਰ ਕਰਕੇ ਕਾਲ-ਕੋਠੜੀ ਵਿਚ ਬੰਦ ਕਰ ਦਿੱਤਾ ਗਿਆ। ਮਹਿਮੂਦ ਕੋਲੋਂ ਉਨ੍ਹਾਂ ਨੂੰ ਮਖਾਚ ਦਾ ਰੁੱਕਾ ਵੀ ਮਿਲ ਗਿਆ ਅਤੇ ਜ਼ਾਹਿਰ ਹੈ ਕਿ ਉਹਨੂੰ ਗੋਲੀ ਮਾਰ ਦਿੱਤੀ ਹੁੰਦੀ। ਕਾਲ-ਕੋਠੜੀ ਵਿਚ ਬੈਠਾ ਸ਼ਾਇਰ ਮਹਿਮੂਦ ਆਪਣੇ ਪਿਆਰ ਬਾਰੇ ਗੀਤ ਗਾਉਣ ਲੱਗਾ। ਸਾਰਾ ਪਿੰਡ ਉਹਦਾ ਗੀਤ ਸੁਣਨ ਲਈ ਇਕੱਠਾ ਹੋ ਗਿਆ। ਦੂਜੇ ਪਿੰਡਾਂ ਤਕ ਦੇ ਲੋਕ ਵੀ ਆ ਗਏ। ਫਿਰ ਨਜਮੁਦੀਨ ਗੋਤਸਿੰਸਕੀ ਇਹ ਸਮਝ ਗਿਆ-“ਜੇ ਅੱਜ ਮੈਂ ਇਸ ਗਾਇਕ ਦੀ ਜਾਨ ਲੈ ਲੈਨਾਂ ਤਾਂ ਕੱਲ੍ਹ ਸਾਰੇ ਪਹਾੜੀ ਲੋਕ ਮੇਰੇ ਤੋਂ ਮੂੰਹ ਮੋੜ ਲੈਣਗੇ।” ਸ਼ਾਇਰ ਮਹਿਮੂਦ ਨੂੰ ਰਿਹਾਅ ਕਰ ਦਿੱਤਾ ਗਿਆ।
ਇਰਚੀ ਕਜ਼ਾਕ ਕਹਿੰਦਾ ਹੁੰਦਾ ਸੀ ਕਿ ਸਾਈਬੇਰੀਆ ਦੀ ਜਲਾਵਤਨੀ ਵੇਲੇ ਜੋ ਗੀਤ ਉਹਦਾ ਸਾਥ ਨਾ ਦਿੰਦੇ ਤਾਂ ਗ਼ਮ ਵਿਚ ਉਹਦੀ ਜਾਨ ਚਲੀ ਗਈ ਹੁੰਦੀ।
ਇਹੋ ਜਿਹੀਆਂ ਅਨੇਕ ਕਥਾ-ਕਹਾਣੀਆਂ ਹਨ। ਉਨ੍ਹਾਂ ਉਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਗੀਤਾਂ-ਗਾਣਿਆਂ ਨੇ ਅਨੇਕਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਹਨ, ਅਨੇਕ ਪਿਆਦਿਆਂ ਨੂੰ ਘੁੜਸਵਾਰ ਬਣਾਇਆ ਹੈ। ਬਹਾਦਰਾਂ ਬਾਰੇ ਗੀਤ ਸੁਣ ਕੇ ਅਨੇਕ ਡਰਪੋਕ ਲੋਕਾਂ ਨੇ ਡਰਨਾ ਛੱਡਿਆ ਹੈ।
ਇਹ ਕਿੱਸਾ ਮੈਂ ਅਬੂਤਾਲਿਬ ਤੋਂ ਸੁਣਿਆ ਸੀ।
ਜਦੋਂ ਮੈਂ ਭਾਰਤ ਤੋਂ ਵਾਪਸ ਆਇਆ ਤਾਂ ਅਬੂਤਾਲਿਬ ਨੇ ਇਸ ਦੇਸ਼ ਦੇ ਬਾਰੇ ਬਹੁਤ ਕੁਝ ਪੁੱਛਿਆ। ਮੈਂ ਉਹਨੂੰ ਦੱਸਿਆ ਕਿ ਕਿਸ ਤਰ੍ਹਾਂ ਭਾਰਤ ਵਿਚ ਫਕੀਰ, ਸੱਪਾਂ ਨੂੰ ਵਸ ਵਿਚ ਕਰਨ ਵਾਲੇ ਸਪੇਰੇ, ਇਕ ਖਾਸ ਤਰ੍ਹਾਂ ਦੀ ਬੀਨ ਵਜਾਉਂਦਿਆਂ ਹੋਇਆਂ ਕੋਬਰਾ ਨਾਗ ਨੂੰ ਬੈਲੇ-ਨਰਤਕੀ ਵਾਂਗੂੰ ਨਚਾਉਂਦੇ ਹਨ।
“ਇਹ ਤਾਂ ਕੋਈ ਖਾਸ ਹੈਰਾਨੀ ਦੀ ਗੱਲ ਨਹੀਂ,” ਅਬੂਤਾਲਿਬ ਨੇ ਕਿਹਾ, “ਸਾਡੇ ਆਜੜੀ ਵੀ ਤਾਂ ਉੱਚੇ ਪਹਾੜਾਂ ਵਿਚ ਬੰਸਰੀ ਵਜਾ ਕੇ ਪਹਾੜੀ ਬੱਕਰਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੰਦੇ ਸਨ। ਮੈਂ ਆਪਣੀਆਂ ਅੱਖਾਂ ਨਾਲ ਵੇਖਿਐ ਪਈ ਸਾਡੈ ਸਭ ਤੋਂ ਜ਼ਿਆਦਾ ਡਰਪੋਕ ਹਿਰਨ ਵੀ ਸੰਗੀਤ ਦੀ ਧੁਨ ਤੇ ਕਿੰਨੀ ਖੁਸ਼ੀ ਨਾਲ ਉਹਦੇ ਵਲ ਖਿੱਚੇ ਆਉਂਦੇ ਨੇ। ਮੈਂ ਜ਼ੁਰਨੇ ਦੀਆਂ ਸੁਰ-ਲਹਿਰਾਂ ਉਤੇ ਉਨ੍ਹਾਂ ਨੂੰ ਨੱਚਦਿਆਂ ਵੇਖਿਐ।” ਅਬੂਤਾਲਿਬ ਕੁਝ ਛਿਣ ਚੁਪ ਰਿਹਾ ਅਤੇ ਉਸ ਤੋਂ ਬਾਅਦ ਬੋਲਿਆ, “ਸੰਗੀਤ ਨੇ ਮੇਰੇ ਜੀਵਨ ਵਿਚ ਵੀ ਮਦਦ ਕੀਤੀ ਏ। ਤੂੰ ਤਾਂ ਸ਼ਾਇਦ ਜਾਣਨਾ ਈਂ ਏਂ ਪਈ ਮੈਂ ਜ਼ੁਰਨੇ ਨੂੰ ਈ ਸਭ ਤੋਂ ਜ਼ਿਆਦਾ ਪਿਆਰ ਕਰਨਾਂ। ਉਹਦੀ ਆਵਾਜ਼ ਦੂਰ ਤਕ ਗੂੰਜਦੀ ਏ। ਉਹ ਤਾਂ ਪੁੱਤਰ ਦੇ ਜਨਮ-ਦਿਨ, ਦੋਸਤ ਤੇ ਆਗਮਨ ਅਤੇ ਸ਼ਾਦੀ-ਵਿਆਹ ਦਾ ਐਲਾਨ ਕਰਦੈ। ਕੋਈ ਕੁਸ਼ਤੀ ਜਿੱਤਦਾ ਏ ਜਾਂ ਘੁੜਦੌੜ ਵਿਚ-ਦਾਗਿਸਤਾਨ ਵਿਚ ਜ਼ੁਰਨਾ ਹੀ ਸਭ ਖੁਸ਼ੀਆਂ ਦੀ ਸੂਚਨਾ ਦੇਂਦਾ ਏ। ਸਾਰੇ ਸੰਗੀਤ-ਵਾਜਿਆਂ ਤੇ ਸਾਜ਼ਾਂ ਵਿਚ ਉਹਦੀ ਹੈਸੀਅਤ ਦਾਅਵਤ ਦੇ ਟੋਸਟ-ਮਾਸਟਰ ਜਿਹੀ ਏ। ਮੈਂ ਇਸ ਕਰਕੇ ਵੀ ਜ਼ੁਰਨੇ ਨੂੰ ਪਿਆਰ ਕਰਨਾਂ ਪਈ ਜਵਾਨੀ ਦੇ ਦਿਨਾਂ ਵਿਚ ਇਹਨੇ ਮੇਰਾ ਢਿੱਡ ਭਰਿਐ, ਮੈਨੂੰ ਰੋਟੀ ਦਿੱਤੀ ਏ। ਇਕ ਵਾਰ . ਮੇਰੇ ਨਾਲ ਜਿਹੜੀ ਘਟਨਾ ਵਾਪਰੀ, ਮੈਂ ਤੈਨੂੰ ਉਹ ਸੁਣਾਉਂਨਾਂ।
“ਇਹ ਮੇਰੇ ਜਵਾਨੀ ਦੇ ਦਿਨਾਂ ਦੀ ਗੱਲ ਏ। ਇਕ ਵਾਰ ਮੈਨੂੰ ਦੂਰ ਦੇ ਇਕ ਪਹਾੜੀ ਪਿੰਡੋਂ ਵਿਆਹ ਦਾ ਸੱਦਾ ਆਇਆ। ਸਰਦੀਆਂ ਦੇ ਦਿਨ ਸਨ। ਡਾਢੇ ਜ਼ੋਰ ਨਾਲ ਬਰਫ਼ ਪੈਂਦੀ ਪਈ ਸੀ। ਰਾਹ ਟੇਢਾ-ਮੇਢਾ ਤੇ ਸੱਪ ਵਾਂਗ ਵਲ ਖਾਂਦਾ ਜਾਂਦਾ ਸੀ। ਮੈਂ ਥੱਕ ਕੇ ਇਕ ਪੱਥਰ ਉਤੇ ਆਰਾਮ ਕਰਨ ਲਈ ਬਹਿ ਗਿਆ। ਪਿੰਡ ਅਜੇ ਏਨੀ ਦੂਰ ਸੀ ਕਿ ਸਿਗਰਟ ਪੀਂਦਿਆਂ ਪੀਂਦਿਆਂ ਤਮਾਕੂ ਦੀ ਥੈਲੀ ਖਤਮ ਹੋ ਜਾਣੀ ਸੀ। ਅਚਾਨਕ ਮੋੜ ਦੇ ਪਿਛੋਂ ਘੰਟੀਆਂ ਦੀ ਆਵਾਜ਼ ਸੁਣੀ ਤੇ ਇਕ ਫਿਟਨ ਸਾਮ੍ਹਣੇ ਆਈ। ਫਿਟਨ ਵਿਚ ਖੂਬ ਢਿੱਡ ਭਰ ਕੇ ਖਾਣ ਆਵਾਜ਼ਾ ਸਪੀਡ ਬਾਅਦ ਸ਼ੇਰ-ਗੁੱਲ ਮਚਾਉਣ ਵਾਲੇ ਤਿੰਨ ਆਦਮੀ ਬੈਠੇ ਸਨ। ਇਹ ਅਮੀਰ ਲੋਕ ਸਨ। ਫਿਟਨ ਵਿਚ ਜੁੱਪੇ ਹੋਏ ਦੇ ਘੋੜਿਆਂ ਵਿਚੋਂ ਇਕ ਚੀਨੀ ਵਾਂਗ ਸਫ਼ੈਦ ਅਤੇ ਦੂਸਰਾ ਕਾਲਾ ਸੀ ਜਿਹਦੇ ਮੱਥੇ ਉਤੇ ਸਫ਼ੈਦ ਪਦਮ ਸਵੇ ” ਅਸਸਲਾਮਾਲੇਕਮ”-“ਵਾਸਸਲਾਮਾਲੇਕਮ”-ਸਲਾਮ-ਦੁਆ ਹੋਈ। ਇਹ ਪਤਾ ਲੱਗਣ ਤੇ ਪਈ ਫਿਟਨ ਵਿਚ ਸਵਾਰ ਲੋਕ ਵੀ ਉਸੇ ਵਿਆਹ ਤੇ ਜਾਂਦੇ ਪਏ ਨੇ ਜਿੱਥੇ ਮੈਂ ਜਾਣਾ ਸੀ, ਮੈਂ ਉਨ੍ਹਾਂ ਨੂੰ ਗੁਜ਼ਾਰਿਸ਼ ਕੀਤੀ ਪਈ ਉਹ ਮੈਨੂੰ ਆਪਣੇ ਨਾਲ ਬਿਠਾ ਲੈਣ। ਪਰ ਉਨ੍ਹਾਂ ਨੇ ਓਤਰਾਂ ਈ ਜਿਤਰਾਂ ਅੱਜ ਕੱਲ੍ਹ ਕਾਰ ਵਾਲੇ ਭੈੜੇ ਬੰਦੇ, ਟੈਕਸੀ ਡਰਾਈਵਰ ਕਰਦੇ ਨੇ, ਨਾਂਹ ਕਰ ‘ਤੀ ਤੇ ਇਹਦੇ ਨਾਲ ਈ ਮੇਰਾ ਮਜ਼ਾਕ ਵੀ ਉਡਾਇਆ-‘ਕੋਈ ਗੱਲ ਨਹੀਂ ਤੂੰ ਅਗਲੇ ਵਿਆਹ ਤੱਕ ਪਿੰਡ ਪਹੁੰਚ ‘ਜੇਂਗਾ। ਲੱਗਦੇ ਇਹਦੇ ‘ਚ ਤਾਂ ਤੇਰੇ ਤੋਂ ਬਿਨਾਂ ਈ ਕੰਮ ਸਰ ‘ਜੇਗਾ ।
“ਮੈਂ ਥੱਕੇ ਹਾਰੇ ਨੇ ਉਨ੍ਹਾਂ ਦੇ ਠੱਠੇ ਕਾਰਨ ਸੜੇ ਬਲੇ ਬੰਦੇ ਨੇ ਆਪਣਾ ਜੁਰਨਾ ਕੱਢਿਆ, ਵਜਾਉਣ ਲੱਗ ਪਿਆ। ਐਨਾ ਵਧੀਆ ਜ਼ੁਰਨਾ ਮੈਂ ਪਹਿਲਾਂ ਕਦੇ ਨਹੀਂ ਸੀ ਵਜਾਇਆ, ਬਸ ਕਮਾਲ ਈ ਹੋ ਗਿਆ। ਜੁਰਨਾ ਸੁਣ ਕੇ ਘੋੜੇ ਏਤਰਾਂ ਰੁਕ ਗਏ ਜਿਵੇਂ ਉਨ੍ਹਾਂ ਦੇ ਪੈਰਾਂ ਵਿਚ ਕਿੱਲ ਠੋਕ ‘ਤੇ ਹੋਣ। ਫਿਟਨ ਵਿਚ ਬੈਠੇ ਬੰਦੇ ਆਪੇ ਤੋਂ ਬਾਹਰ ਹੁੰਦੇ ਪਏ ਸਨ, ਘੋੜਿਆਂ ਤੇ ਚਾਬਕ ਵਰ੍ਹਾ ਰਹੇ ਸਨ, ਪਰ ਬੇਫਾਇਦਾ। ਘੋੜੇ ਟੱਸ ਤੋਂ ਮੱਸ ਨਹੀਂ ਸਨ ਹੁੰਦੇ ਪਏ। ਸ਼ਾਇਦ ਉਨ੍ਹਾਂ ਨੂੰ ਮੇਰੀ ਧੁਨ ਚੰਗੀ ਲੱਗੀ ਸੀ। ਹੋ ਸਕਦੈ ਪਈ ਘੋੜਿਆਂ ਵਿਚ ਉਨ੍ਹਾਂ ਦੇ ਮਾਲਕਾਂ ਦੇ ਮੁਕਾਬਲੇ ਜ਼ਿਆਦਾ ਇਨਸਾਨੀਅਤ ਸੀ। ਬੜਾ ਚਿਰ ਇਹ ਖਿਚੋਤਾਣ ਚੱਲਦੀ ਰਹੀ। ਘੋੜਿਆਂ ਨੇ ਮੇਰਾ ਸਾਥ ਦਿੱਤਾ ਤੇ ਮਾਲਕਾਂ ਨੂੰ ਮਜਬੂਰ ਹੋ ਕੇ ਮੈਨੂੰ ਆਪਣੀ ਫਿਟਨ ਵਿਚ ਬਹਾਉਣਾ ਪਿਆ। ਤਾਂ ਮੇਰੇ ਜ਼ੁਰਨੇ ਨੇ ਏਤਰਾਂ ਮੇਰੀ ਮੱਦਦ ਕੀਤੀ। ਗੀਤ ਈ ਤਾਂ ਮੈਨੂੰ ਤਹਿਖਾਨੇ ‘ਚੋਂ ਬਾਹਰ ਕੱਢ ਕੇ ਆਦਰ ਸਤਕਾਰ ਵਾਲੇ ਵੱਡੇ ਰਾਹ ਤੇ ਲੈ ਗਏ ਸਨ।”
ਮੈਂ ਅਬੂਤਾਲਿਬ ਨੂੰ ਪੁਛਿਆ-
“ ਤੂੰ ਤਾਂ ਮੁਰਲੀ, ਜ਼ੁਰਨਾ ਤੇ ਸਭ ਤਰ੍ਹਾਂ ਦੀਆਂ ਬੰਸਰੀਆਂ ਵੀ ਵਜਾਉਨੈਂ। ਤੂੰ ਨਾ ਸਿਰਫ ਉਨ੍ਹਾਂ ਨੂੰ ਵਜਾਉਣਾ ਜਾਣਨੇ ਸਗੋਂ ਆਪਣੇ ਹੱਥਾਂ ਨਾਲ ਉਨ੍ਹਾਂ ਨੂੰ ਬਣਾਉਨਾਂ ਵੀ ਏਂ। ਪਰ ਤੂੰ ਵਾਇਲਨ ਕਿਉਂ ਨਹੀਂ ਵਜਾਉਂਦਾ? ਤੈਨੂੰ ਤਾਂ ਪਤੇ ਪਈ ਪਹਾੜੀ ਲੋਕਾਂ ਨੂੰ ਵਾਇਲਨ ਬੇਹੱਦ ਪਸੰਦ ਏ।”
“ਤੈਨੂੰ ਦੱਸਾਂ ਪਈ ਮੈਂ ਵਾਇਲਨ ਕਿਉਂ ਨਹੀਂ ਵਜਾਉਂਦਾ? ਲੈ ਸੁਣ! ਜਦ ਮੈਂ ਜਵਾਨ ਸਾਂ ਤਾਂ ਵਾਇਲਨ ਵਜਾਉਂਦਾ ਹੁੰਦਾ ਸਾਂ। ਇਕ ਵਾਰੀ ਸਾਡੇ ਲੱਕ ਪਿੰਡ ਵਿਚ ਇਕ ਬਦਕਿਸਮਤ ਤੇ ਥੱਕਿਆ ਹਾਰਿਆ ਅਵਾਰ ਆਇਆ। ਉਹਨੇ ਆਪਣੇ ਪਿੰਡ ਦੇ ਇਕ ਬੰਦੇ ਦਾ ਕਤਲ ਕਰ ‘ਤਾ ਸੀ ਤੇ ਇਹਦੇ ਲਈ ਉਹਨੂੰ ਪਿੰਡੋਂ ਕੱਢ ‘ਤਾ ਗਿਆ ਸੀ। ਇਹੋ ਜਿਹੇ ਕੱਢੇ ਹੋਏ ਬੰਦੇ ਨੂੰ ਹਮੇਸ਼ਾਂ ਪਿੰਡ ਦੇ ਸਿਰੇ ਆਲਾ ਪਹਾੜੀ ਘਰ ਰਹਿਣ ਵਾਸਤੇ ਦਿਤਾ ਜਾਂਦੇ। ਲੋਕ ਉਹਦੇ ਕੋਲ ਆਉਂਦੇ ਜਾਂਦੇ ਨਹੀਂ ਸਨ। ਉਹ ਵੀ ਕਿਸੇ ਵੱਲ ਆਉਂਦਾ ਜਾਂਦਾ ਨਹੀਂ ਸੀ ਕਿਉਂ ਜੋ ਮੈਂ ਥੋੜ੍ਹੀ ਬਾਹਲੀ ਅਵਾਰ ਬੋਲੀ ਜਾਣਦਾ ਸੀ। ਇਸ ਕਰਕੇ ਕਦੇ ਕਦੇ ਉਹਦੇ ਵੱਲ ਆਉਣ ਜਾਣ ਲੱਗ ਪਿਆ। ਇਕ ਸ਼ਾਮ ਮੈਂ ਆਪਣੀ ਵਾਇਲਨ ਲੈ ਕੇ ਉਹਦੇ ਵੱਲ ਗਿਆ। ਉਹ ਚੁੱਲ੍ਹੇ ਕੋਲ ਬੈਠਾ ਪਤੀਲੇ ਦੇ ਹੇਠਾਂ ਫੂਸ ਦੇ ਅੰਗਿਆਰਾਂ ਨੂੰ ਹਿਲਾਉਂਦਾ ਜੁਲਾਉਂਦਾ ਪਿਆ ਸੀ। ਪਤੀਲੇ ਵਿਚ ਵੀ ਫੂਸ ਉਬਲਦਾ ਪਿਆ ਸੀ। ਮੈਂ ਵਾਇਲਨ ਵਜਾਉਣ ਲੱਗ ਪਿਆ ਤੇ ਕਿਸਮਤ ਦਾ ਮਾਰਿਆ ਅਵਾਰ ਅੱਗ ਵੱਲ ਵੇਖਦਾ ਹੋਇਆ ਚੁੱਪ ਚਾਪ ਉਹਨੂੰ ਸੁਣਦਾ ਰਿਹਾ। ਇਹਦੇ ਤੋਂ ਬਾਅਦ ਉਹਨੇ ਅਚਾਨਕ ਮੇਰੀ ਵਾਇਲਨ ਆਪਣੇ ਹੱਥ ਲੈ ਲਈ, ਉਹਨੂੰ ਗੌਰ ਨਾਲ ਵੇਖਿਆ, ਉਹਨੂੰ ਏਧਰ-ਉਧਰ ਘੁੰਮਾਇਆ, ਉਹਦੇ ਕੁਝ ਤਾਰ ਕੱਸੇ ਤੇ ਵਜਾਉਣ ਲੱਗ ਪਿਆ।
“ਵਾਹ! ਵਾਹ! ਕਿੰਨੀ ਵਧੀਆ ਵਾਇਲਨ ਵਜਾਉਂਦਾ ਸੀ ਉਹ, ਰਸੂਲ! ਮੈਂ ਜ਼ਿੰਦਗੀ ਭਰ ਉਹਦਾ ਵਾਇਲਨ ਵਜਾਉਣਾ ਨਹੀਂ ਭੁੱਲ ਸੱਕਾਂਗਾ। ਚੁੱਲ੍ਹੇ ਵਿਚ ਫੂਸ ਬਲਦਾ ਜਾਂਦਾ ਸੀ। ਕਦੇ ਕਦੇ ਉਹ ਜ਼ੋਰ ਨਾਲ ਭੜਕ ਪੈਂਦਾ ਸੀ ਤੇ ਉਦੋਂ ਉਹਦੀ ਲਾਟ ਦੀ ਰੋਸ਼ਨੀ ਵਿਚ ਸਾਡੀਆਂ ਅੱਖਾਂ ਚਮਕ ਉੱਠਦੀਆਂ ਸਨ। ਸਾਡੀਆਂ ਅੱਖਾਂ ‘ਚੋਂ ਕਦੇ ਕਦੇ ਹੰਝੂ ਵਹਿੰਦੇ ਹੁੰਦੇ। ਮੈਂ ਆਪਣੀ ਵਾਇਲਨ ਇਸ ਅਵਾਰ ਕੋਲ ਈ ਛੱਡ ਕੇ ਘਰ ਆ ਗਿਆ। ਅਗਲੇ ਦਿਨ ਮੈਂ ਪਹਾੜਾਂ ਵਿਚ ਗਿਆ, ਮੈਂ ਉਹਦਾ ਪਿੰਡ ਲੱਭਿਆ ਤੇ ਫੇਰ ਉਹਦੇ ਤੋਂ ਖੂਨ ਦਾ ਬਦਲਾ ਲੈਣ ਵਾਲਿਆਂ ਨੂੰ ਢੂੰਡਿਆ। ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਪਿੰਡੋਂ ਕੱਢੇ ਹੋਏ ਅਵਾਰ ਦੇ ਘਰ ਲਿਆਇਆ। ਦਿਨੇ ਉਹ ਮੇਰੇ ਘਰ ਬੈਠੇ ਰਹਿੰਦੇ ਤੇ ਰਾਤੀਂ ਮੇਰੇ ਨਾਲ ਇਹ ਸੁਣਨ ਜਾਂਦੇ ਪਈ ਉਨ੍ਹਾਂ ਦਾ ਜਾਨੀ ਦੁਸ਼ਮਣ ਕਿਨੀ ਵਧੀਆ ਵਾਇਲਨ ਵਜਾਉਂਦੈ। ਲਗਾਤਾਰ ਤਿੰਨ ਰਾਤਾਂ ਇਹ ਸਿਲਸਿਲਾ ਚੱਲਦਾ ਰਿਹਾ। ਚੌਥੇ ਦਿਨ ਖੂਨ ਦਾ ਬਦਲਾ ਖੂਨ ਚਾਹੁੰਣ ਵਾਲਿਆਂ ਨੇ ਆਪਣੀ ਇਹ ਇੱਛਾ ਖਤਮ ਕਰ ‘ਤੀ। ਉਨ੍ਹਾਂ ਨੇ ਆਪਣੇ ਪਿੰਡ ਵਾਸੀ ਨੂੰ ਆਖਿਆ- ‘ਤੂੰ ਘਰ ਮੁੜ ਆ, ਅਸੀਂ ਤੈਨੂੰ ਮਾਫ਼ ਕਰ ’ਤੈ। ਮੇਰੇ ਤੋਂ ਵਿਦਾ ਲੈਣ ਵੇਲੇ ਉਸ ਅਵਾਰ ਨੇ ਮੇਰੀ ਵਾਇਲਨ ਮੈਨੂੰ ਮੋੜਨੀ ਚਾਹੀ, ਪਰ ਮੈਂ ਨਹੀਂ ਲਈ। ਮੈਂ ਉਹਨੂੰ ਆਖਿਆ- ‘ਤੇਰੇ ਵਾਂਗੂੰ ਵਾਇਲਨ ਵਜਾਉਣੀ ਮੈਨੂੰ ਕਦੇ ਆਉਣੀ ਨਹੀਂ ਤੇ ਤੇਰੇ ਤੋਂ ਮਾੜੀ ਹੁਣ ਮੈਂ ਵਜਾ ਨਹੀਂ ਸਕਦਾ। ਇਸ ਲਈ ਇਸ ਵਾਇਲਨ ਦੀ ਹੁਣ ਮੈਨੂੰ ਲੋੜ ਨਹੀਂ। ਪਰ ਜਿਸ ਸੰਗੀਤ ਨੇ ਖੂਨੀ ਦੁਸ਼ਮਣਾਂ ਵਿਚ ਸੁਲ੍ਹਾ ਕਰਵਾ ਦਿੱਤੀ ਉਹਨੂੰ ਮੈਂ ਕਦੇ ਨਹੀਂ ਭੁੱਲਾਂਗਾ। ਮੈਂ ਅਕਸਰ ਇਹ ਸੋਚਨਾਂ ਪਈ ਜੇ ਸਾਰੇ ਲੋਕ ਵਾਇਲਨ ਉਤੇ ਏਤਰਾਂ ਦਾ ਸੰਗੀਤ ਸੁਣ ਸਕਦੇ ਤਾਂ ਬੁਰਾਈ ਕਰਨ ਵਾਲਾ ਇਕ ਵੀ ਬੰਦਾ ਦੁਨੀਆਂ ਵਿਚ ਨਾ ਲੱਭਦਾ ਤੇ ਕਿਤੇ ਵੀ ਵੈਰ- ਭਾਵ ਨਾ ਹੁੰਦਾ।”
ਹੁਣ ਮੈਂ ਆਪਣੇ ਪਿਤਾ ਜੀ ਨਾਲ ਸਬੰਧਤ ਦੋ ਘਟਨਾਵਾਂ ਦਾ ਜ਼ਿਕਰ ਕਰਦਾ ਹਾਂ। ਗੋਤਸਾਤਲ ਪਿੰਡ ਦੇ ਵਾਸੀ ਹਾਜੀ ਨਾਂਅ ਦੇ ਇਕ ਵਿਅਕਤੀ ਨੇ ਖੂੰਜ਼ਹ ਵਿਚ ਇਕ ਰੇਸਤਰਾਂ ਖੋਲ੍ਹਿਆ। ਉਹਨੇ ਮੇਰੇ ਪਿਤਾ ਜੀ ਨੂੰ ਬੁਲਾ ਕੇ ਉਨ੍ਹਾਂ ਨੂੰ ਕਿਹਾ–
“ਤੁਸੀਂ ਪਹਾੜੀ ਇਲਾਕਿਆਂ ਵਿਚ ਬੜੇ ਪਰਸਿੱਧ ਇਨਸਾਨ ਓ। ਤੁਸੀਂ ਮੇਰੇ ਰੇਸਤਰਾਂ ਬਾਰੇ ਇਕ ਗੀਤ ਬਣਾ ਦਿਓ, ਉਸ ਵਿਚ ਕੁਝ ਪਰਸ਼ੰਸਾ ਕਰ ਦਿਓ, ਤਾਂ ਜੋ ਸਾਰੇ ਲੋਕਾਂ ਨੂੰ ਇਹਦੇ ਬਾਰੇ ਪਤਾ ਲੱਗ ‘ਜੇ। ਇਹਦੇ ਵਾਸਤੇ ਮਿਹਨਤਾਨਾ ਦੇਣ ਦੇ ਮਾਮਲੇ ਵਿਚ ਜ਼ਰਾ ਜਿੰਨੀ ਵੀ ਦੇਰ ਨਹੀਂ ਹੋਵੇਗੀ।”
ਪਿਤਾ ਜੀ ਨੇ ਸੱਚੀਮੁੱਚੀ ਇਕ ਗੀਤ ਰਚ ਦਿੱਤਾ ਅਤੇ ਗੋਤਸਾਤਲ ਪਿੰਡ ਦੇ ਉਸ ਨਿਵਾਸੀ ਦੇ ਇਸ ਰੇਸਤਰਾਂ ਨੂੰ ਮਸ਼ਹੂਰ ਕਰ ਦਿੱਤਾ ਪਰ ਗੰਦੇ ਅਤੇ ਬੇਹੂਦਾ ਰੇਸਤਰਾਂ ਦੇ ਰੂਪ ਵਿਚ। ਇਸਸ ਰੇਸਤਰਾਂ ਨੂੰ ਮਸ਼ਹੂਰ ਇਸ ਰੇਸਤਰਾਂ ਅਤੇ ਇਸਦੇ ਮਾਲਕ ਵੱਲ ਇਸ਼ਾਰਾ ਕਰਕੇ ਕਹਿੰਦੇ—“ਇਹ ਏ ਉਹ ਆਦਮੀ ਜਿਹਨੂੰ ਸਾਡੇ ਹਮਜ਼ਾਤ ਨੇ ਮਿੱਟੀ ਵਿਚ ਮਿਲਾ ਦਿਤੈ।”
ਰੇਸਤਰਾਂ ਦੇ ਮਾਲਕ ਨੂੰ ਜਦੋਂ ਇਹ ਪਤਾ ਲੱਗਾ ਕਿ ਉਹਦੇ ਰੇਸਤਰਾਂ ਦੇ ਬਾਰੇ ਕੋਈ ਇਹੋ ਜਿਹਾ ਗੀਤ ਹੈ ਤਾਂ ਉਹ ਪਰੇਸ਼ਾਨ ਹੋ ਉੱਠਿਆ।
ਉਸਨੇ ਪਿਤਾ ਜੀ ਨੂੰ ਕਿਹਾ ਕਿ ਜੇ ਉਹ ਆਪਣੇ ਇਸ ਗੀਤ ਦਾ ਆਮ ਲੋਕਾਂ ਵਿਚ ਪਰਚਾਰ ਨਹੀਂ ਕਰਨਗੇ ਤਾਂ ਇਹਦੇ ਬਦਲੇ ਉਹ ਉਨ੍ਹਾਂ ਨੂੰ ਜ਼ੀਨ ਸਮੇਤ ਘੋੜਾ ਦੇਣ ਲਈ ਤਿਆਰ ਹੈ। ਪਰ ਜਦੋਂ ਕੋਈ ਸ਼ਬਦ ਇਕ ਦਰੱਰਾ ਲੰਘ ਜਾਂਦਾ ਹੈ ਤਾਂ ਸਾਰੇ ਪਹਾੜਾਂ ਵਿਚ ਪਹੁੰਚ ਜਾਂਦਾ ਹੈ ਅਤੇ ਕੋਈ ਵੀ ਉਹਨੂੰ ਰੋਕ ਨਹੀਂ ਸਕਦਾ। ਕਿਸਮਤ ਦੇ ਮਾਰੇ ਇਸ ਹਾਜੀ ਬਾਰੇ ਰਚਿਆ ਗਿਆ ਇਹ ਗੀਤ ਛੇਤੀ ਹੀ ਸਾਰੇ ਪਿੰਡਾਂ ਵਿਚ ਪਹੁੰਚ ਗਿਆ। ਲੋਕ ਉਹਨੂੰ ਅਜੇ ਤਕ ਗਾਉਂਦੇ ਹਨ। ਅਤੇ, ਹਾਜੀ ਨੂੰ ਆਪਣਾ ਰੇਸਤਰਾਂ ਬੰਦ ਕਰਨਾ ਪਿਆ।
ਇਕ ਵਾਰ ਸਾਡੇ ਘਰੋਂ ਭੇਡ ਦਾ ਧੁੱਪ ਵਿਚ ਸੁਕਾਇਆ ਹੋਇਆ ਮਾਸ ਗਾਇਬ ਹੋ ਗਿਆ। ਉਹਦੇ ਵਾਪਸ ਮਿਲਣ ਦੀ ਕੋਈ ਉਮੀਦ ਨਹੀਂ ਸੀ ਜੋ ਸਕਦੀ। ਪਰ ਅਚਾਨਕ ਪਿੰਡ ਵਿਚ ਇਕ ਅਫ਼ਵਾਹ ਫੈਲ ਗਈ ਕਿ ਹਮਜ਼ਾਤ ਨੇ ਚੋਰ ਬਾਰੇ ਇਕ ਗੀਤ ਰਚਿਆ ਹੈ। ਨਤੀਜਾ ਇਹ ਨਿਕਲਿਆ ਕਿ ਸੁਕਾਇਆ ਹੋਇਆ ਇਹ ਮਾਸ ਉਸੇ ਦਿਨ ਸਾਡੇ ਛੱਜੇ ਵਿਚ ਸੁੱਟ ਦਿੱਤਾ ਗਿਆ, ਹਾਲਾਂਕਿ ਮੇਰੇ ਪਿਤਾ ਜੀ ਦਾ ਇਹੋ ਜਿਹਾ ਗੀਤ ਦੀ ਰਚਨਾ ਕਰਨ ਦਾ ਜ਼ਰਾ ਵੀ ਇਰਾਦਾ ਨਹੀਂ ਸੀ।
ਨਵੇਂ ਵਿਆਹੇ ਜੋੜਿਆਂ ਵਿਚ ਕਦੇ-ਕਦੇ ਝਗੜਾ ਹੋ ਜਾਂਦਾ ਹੈ। ਇਹੋ ਜਿਹੇ ਮੌਕਿਆਂ ਤੇ ਨਵੇਂ ਵਿਆਹੇ ਜੋੜਿਆਂ ਦੇ ਮਿੱਤਰ, ਅਕਸਰ ਜਵਾਨ ਪਤੀ ਦੇ ਮਿੱਤਰ, ਖਿੜਕੀ ਹੇਠਾਂ ਖਲੋ ਕੇ ਚੋਂਗੂਰ ਵਾਜਾ ਵਜਾਉਂਦੇ ਹਨ। ਚੋਂਗੂਰ ਦੀਆਂ ਧੁਨਾਂ ਨਵੇਂ ਵਿਆਹੇ ਜੋੜੇ ਨੂੰ ਆਪਣੇ ਛੋਟੇ ਜਿਹੇ ਝਗੜੇ ਬਾਰੇ ਭੁੱਲਣ ਲਈ ਮਜਬੂਰ ਕਰ ਦਿੰਦੀਆਂ ਹਨ।
ਅਮੀਨ ਚੁਤੂਯੇਵ ਨਾਂਅ ਦਾ ਇਕ ਮੇਰਾ ਵੀ ਬਹੁਤ ਚੰਗਾ ਦੋਸਤ ਸੀ। ਫੋਟੋਗਰਾਫ਼ਰ ਅਤੇ ਸੰਗੀਤਕਾਰ। ਮੇਰੇ ਵਿਆਹ ਦੇ ਪਹਿਲੇ ਸਾਲ ਉਹਨੂੰ ਮੇਰੀਆਂ ਖਿੜਕੀਆਂ ਹੇਠਾਂ ਅਕਸਰ ਚੋਂਗੂਰ ਵਜਾਉਣਾ ਪੈਂਦਾ ਸੀ।
ਅਮੀਨ ਚੁਤੂਯੇਵ, ਤੂੰ ਆਪਣੀ ਵਾਇਲਨ ਲੈ ਕੇ ਦੁਨੀਆਂ ਦੀਆਂ ਖਿੜਕੀਆਂ ਹੇਠਾਂ ਕਿਉਂ ਨਹੀਂ ਵਜਾਉਂਦਾ ਤਾਂ ਕਿ ਸਾਡੇ ਯੁੱਗ ਦੇ ਝਗੜੇ ਸੁਲਝ ਜਾਣ, ਸ਼ਾਂਤ ਹੋ ਜਾਣ ?
ਸ਼ਿਕਾਗੋ ਦੀ ਇਕ ਮੁਲਾਕਾਤ ਵਿਚ ਇਕ ਅਮਰੀਕੀ ਸਹਿਯੋਗੀ ਨਾਲ ਮੇਰੀ ਬਹੁਤ ਹੀ ਗਰਮਾ-ਗਰਮ ਬਹਿਸ ਹੋ ਗਈ। ਬਹਿਸ ਨੇ ਬੜੀ ਹੀ ਤਿੱਖੀ ਸ਼ਕਲ ਅਖਤਿਆਰ ਕਰ ਲਈ ਅਤੇ ਇਉਂ ਲੱਗਦਾ ਸੀ ਕਿ ਇਹ ਕਦੇ ਖਤਮ ਨਹੀਂ ਹੋ ਸਕਦੀ। ਪਰ ਬਾਅਦ ਵਿਚ ਅਮਰੀਕੀ ਨੇ ਅਚਾਨਕ ਆਪਣੇ ਭਰਾ ਦੀ, ਜਿਹੜਾ ਪਹਿਲੇ ਯੁੱਧ ਦੇ ਸਮੇਂ ਮਾਰਿਆ ਗਿਆ ਸੀ, ਕਵਿਤਾ ਸੁਣਾ ਦਿੱਤੀ। ਮੈਂ ਵੀ ਉਸੇ ਸਮੇਂ ਮੌਤ ਦੇ ਮੂੰਹ ਵਿਚ ਜਾਣ ਵਾਲੇ ਆਪਣੇ ਭਰਾ ਦੀ ਕਵਿਤਾ ਸੁਣਾਈ। ਸਾਡਾ ਵਾਦ-ਵਿਵਾਦ ਸ਼ਾਂਤ ਹੋ ਗਿਆ। ਸਿਰਫ਼ ਕਵਿਤਾਵਾਂ ਹੀ ਬਾਕੀ ਰਹਿ ਗਈਆਂ। ਕਾਸ਼! ਅਸੀਂ ਅਕਸਰ ਹੀ ਸ਼ਹੀਦੀ ਪਰਾਪਤ ਕਰਨ ਵਾਲਿਆਂ ਨੂੰ ਯਾਦ ਕਰਦੇ, ਕਾਸ਼! ਅਸੀਂ ਅਕਸਰ ਹੀ ਕਵਿਤਾਵਾਂ ਅਤੇ ਗੀਤਾਂ ਵੱਲ ਧਿਆਨ ਦਿੰਦੇ।
ਮੇਰੇ ਪੂਰਵਜ ਗੁਆਂਢੀ ਜਾਰਜੀਆ ਉਤੇ ਅਕਸਰ ਹਮਲੇ ਕਰਦੇ ਸਨ। ਅਜੇਹੇ ਹੀ ਇਕ ਹਮਲੇ ਵੇਲੇ ਉਹ ਜਵਾਨ ਦਵਿਦ ਗੁਰਾਮਿਸ਼ਵੀਲੀ ਨੂੰ, ਜਿਹੜਾ ਮਗਰੋਂ ਜਾਰਜੀਆ ਦਾ ਕਲਾਸਿਕ ਕਵੀ ਬਣਿਆ, ਉੱਥੋਂ ਭਜਾ ਕੇ ਅਵਾਰ ਪਰਬਤਾਂ ਵਿਚ ਲੈ ਆਏ।
ਉੱਚੇ ਪਹਾੜਾਂ ਉਂਤਸੁਕੂਲ ਦੇ ਇਕ ਡੂੰਘੇ ਤਹਿਖਾਨੇ ਵਿਚ ਬੰਦ ਇਹ ਬਦਕਿਸਮਤ ਕੈਦੀ ਜਾਰਜੀਆਈ ਗੀਤ ਗਾਉਂਦਾ ਰਹਿੰਦਾ ਸੀ। ਉੱਥੇ ਹੀ ਉਹ ਕਵਿਤਾ ਦੀ ਰਚਨਾ ਕਰਨ ਲੱਗ ਪਿਆ। ਉਹਨੂੰ ਉਂਤਸੁਕੂਲ ਤੋਂ ਰੂਸ ਭੱਜਣ ਵਿਚ ਕਾਮਯਾਬੀ ਮਿਲ ਗਈ ਅਤੇ ਉਥੋਂ ਉਹ ਉਕਰਾਈਨਾ ਚਲਾ ਗਿਆ।
ਇਸ ਅਨੂਠੇ ਕਵੀ ਦੀ ਬਰਸੀ ਦੇ ਸਮੇਂ ਮੈਂ ਤਿਬਲੀਸੀ ਗਿਆ। ਮੈਨੂੰ ਉੱਥੇ ਬੋਲਣ ਲਈ ਕਿਹਾ ਗਿਆ। ਮੈਂ ਮਜ਼ਾਕ ਕਰਦਿਆਂ ਕਿਹਾ ਕਿ ਦਵਿਦ ਗੁਰਾਮਿਸ਼ਵੀਲੀ ਜਿਹੇ ਵੱਡੇ ਕਵੀ ਲਈ ਜਾਰਜੀਆ ਸਾਡੇ, ਦਾਗਿਸਤਾਨੀਆਂ ਦੇ ਅਹਿਸਾਨ ਥੱਲੇ ਹੈ। ਜੇ ਅਸੀਂ ਉਹਨੂੰ ਭਜਾ ਨਾ ਲੈ ਜਾਂਦੇ, ਡੂੰਘੇ ਤਹਿਖਾਨੇ ਵਿਚ ਬੰਦ ਨਾ ਕਰ ਦਿੰਦੇ ਤਾਂ ਸ਼ਾਇਦ ਉਹ ਕਵਿਤਾ ਦੀ ਰਚਨਾ ਨਾ ਕਰਨ ਲੱਗਦਾ, ਰੂਸ ਅਤੇ ਉਕਰਾਇਨਾ ਨਾ ਪਹੁੰਚ ਸਕਦਾ। ਉਸਦੀ ਜਵਾਨੀ ਨੇ ਦੂਸਰਾ ਹੀ ਰੂਪ ਲੈ ਲਿਆ ਹੁੰਦਾ। ਪਰ ਇਸ ਤੋਂ ਬਾਅਦ ਮੈਂ ਇਹ ਵੀ ਕਿਹਾ- “ਮੇਰੇ ਵਡੇਰੇ ਜਦੋਂ ਜਵਾਨ ਪਰਿੰਸ ਨੂੰ ਭਜਾ ਕੇ ਲੈ ਗਏ ਸਨ ਤਾਂ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਪਈ ਉਹ ਕਿਸੇ ਕਵੀ ਨੂੰ ਭਜਾ ਕੇ ਲੈ ਜਾ ਰਹੇ ਹਨ। ਜੇ ਉਨ੍ਹਾਂ ਨੂੰ ਇਹ ਪਤਾ ਹੁੰਦਾ ਤਾਂ ਉਹ ਕਦੇ ਇੰਜ ਨਾ ਕਰਦੇ। ਖੈਰ, ਜੋ ਹੋਇਆ, ਸੋ ਹੋਇਆ, ਪਰ ਏਨਾ ਜ਼ਰੂਰ ਏ ਪਈ ਜੇ ਪਹਿਲਾਂ ਦਾਗਿਸਤਾਨ ਨੇ ਦਵਿਦ ਗੁਰਾਮਿਸ਼ਵੀਲੀ ਨੂੰ ਆਪਣਾ ਕੈਦੀ ਬਣਾਇਆ ਸੀ ਤਾਂ ਹੁਣ ਦਾਗਿਸਤਾਨ ਉਹਦੀ ਕਵਿਤਾ ਦੇ ਜਾਦੂ ਵਿਚ ਬੱਝਾ ਹੋਇਆ ਹੈ। ਕਿੰਨਾ
ਉਲਟ ਫੇਰ ਹੋਇਐ ਜ਼ਮਾਨੇ ਵਿਚ।” ਹੁਣ ਨਵੇਂ ਗੀਤ ਗਾਏ ਜਾਂਦੇ ਹਨ। ਪਰੰਤੂ ਅਸੀਂ ਪੁਰਾਣੇ ਗੀਤਾਂ ਨੂੰ ਵੀ ਨਹੀਂ ਭੁੱਲੇ। ਹੁਣ ਦਾਗਿਸਤਾਨ ਦੀ ਜਨਤਾ ਆਪਣੇ ਇਹ ਬਹੁਮੁੱਲੇ ਖਜ਼ਾਨੇ ਸਾਰੀ ਦੁਨੀਆਂ ਨੂੰ ਭੇਟ ਕਰਦੀ ਹੈ।
ਪਰਬਤਾਂ ਵਿਚ ਕੁਦਰਤ ਆਪਣਾ ਕਠੋਰ ਰੂਪ ਵਿਖਾਉਂਦੀ ਹੈ। ਪੁਰਾਣੇ ਵਕਤਾਂ ਵਿਚ ਇੱਥੇ ਵੱਡੀ ਗਿਣਤੀ ਵਿਚ ਬੱਚੇ ਮਰਦੇ ਸਨ। ਪਰ ਜਿਹੜੇ ਜਿਉਂਦੇ ਰਹਿ ਜਾਂਦੇ ਸਨ, ਉਹ ਬਹੁਤ ਲੰਮੀ ਉਮਰ ਤਕ, ਸੌ ਸਾਲ ਤੋਂ ਵੀ ਜ਼ਿਆਦਾ ਸਮੇਂ ਤਕ ਜਿਉਂਦੇ ਰਹਿੰਦੇ ਸਨ।
ਗਾਏ ਗਏ ਸਾਰੇ ਗੀਤ ਜਿਉਂਦੇ ਨਹੀਂ ਰਹੇ, ਪਰ ਜਿਹੜੇ ਜਿਉਂਦੇ ਰਹਿ ਗਏ ਹਨ ਉਹ ਸਦੀਆਂ ਤਕ ਜਿਉਂਦੇ ਰਹਿਣਗੇ।
ਬਚਪਨ ਵਿਚ ਜ਼ਿਆਦਾਤਰ ਮੁੰਡੇ ਹੀ ਮਰਦੇ ਸਨ। ਕੁੜੀਆਂ ਜ਼ਿਆਦਾ ਸ਼ਕਤੀਸ਼ਾਲੀ, ਜ਼ਿਆਦਾ ਜਾਨਦਾਰ ਸਿੱਧ ਹੁੰਦੀਆਂ ਸਨ।
ਗੀਤਾਂ ਦੇ ਬਾਰੇ ਵੀ ਇਹ ਠੀਕ ਹੈ। ਮਰਦਾਵੇਂ, ਜਵਾਨ ਸੂਰਮਿਆਂ ਦੇ ਗੀਤ,
ਜੰਗ ਦੇ ਗੀਤ, ਹਮਲਿਆਂ ਅਤੇ ਮਾਰ ਵੱਢ ਦੇ ਗੀਤ, ਕਬਰਾਂ, ਬਦਲੇ, ਖੂਨ, ਸਾਹਸ ਅਤੇ
ਬਹਾਦਰੀ ਦੇ ਗੀਤ, ਪਿਆਰ ਦੇ ਗੀਤਾਂ ਦੀ ਤੁਲਨਾ ਵਿਚ ਕਿਤੇ ਘੱਟ ਜਿਉਂਦੇ ਬਚੇ ਹਨ। ਪਰ ਸਾਰੇ ਪੁਰਾਣੇ ਗੀਤ ਜਿਵੇਂ ਦਾਗਿਸਤਾਨ ਦੇ ਨਵੇਂ ਸੰਗੀਤ ਦੀ ਭੂਮਿਕਾ ਹਨ। ਪੁਰਾਣੇ ਪੰਦੂਰੇ ਉਤੇ ਨਵੀਆਂ ਤਾਰਾਂ ਲਾਈਆਂ ਜਾ ਰਹੀਆਂ ਹਨ ਅਤੇ ਹੁਣ ਪਹਾੜੀ ਔਰਤਾਂ ਦੀਆਂ ਫੁਰਤੀਲੀਆਂ ਉਂਗਲੀਆਂ ਪਿਆਨੋ ਦੇ ਸਫ਼ੈਦ ਅਤੇ ਕਾਲੇ ਪਰਦਿਆਂ ਉਤੇ ਵੀ ਦੌੜਦੀਆਂ ਹਨ।
ਗੀਤਾਂ ਵਾਲੇ ਘਰ ਮੇਰਾ ਜਨਮ ਹੋਇਆ ਅਤੇ ਮੈਂ ਉਥੇ ਹੀ ਵੱਡਾ ਹੋਇਆ। ਮੈਂ ਬਹੁਤ ਝਿਜਕਦਿਆਂ-ਝਿਜਕਦਿਆਂ ਪੈਂਸਿਲ ਹੱਥ ਵਿਚ ਲਈ। ਮੈਂ ਕਵਿਤਾ ਨਾਲ ਨਾਤਾ ਜੋੜਨ ਲੱਗਾ ਘਬਰਾਉਂਦਾ ਸਾਂ, ਪਰ ਇੰਜ ਕੀਤੇ ਬਿਨਾਂ ਰਹਿ ਨਹੀਂ ਸੀ ਸਕਦਾ। ਮੇਰੀ ਹਾਲਤ ਬੜੀ ਭੈੜੀ ਸੀ। ਹਮਜ਼ਾਤ ਤਸਾਦਾਸਾ ਦੇ ਬਾਅਦ ਰਸੂਲ ਤਸਾਦਾਸਾ (ਯਾਨੀ ਤਸਾਦਾਸਾ ਦੇ ਵਾਸੀ) ਦੀ ਕਿਹਨੂੰ ਲੋੜ ਹੋ ਸਕਦੀ ਸੀ। ਉਸੇ ਪਿੰਡ, ਉਸੇ ਦਾਗਿਸਤਾਨ ਦੇ ਰਸੂਲ ਦੀ।
ਮੈਂ ਕਿਤੇ ਵੀ ਕਿਉਂ ਨਾ ਗਿਆ, ਕਿਸੇ ਵੀ ਥਾਂ ਮੈਨੂੰ ਲੋਕਾਂ ਨਾਲ ਮਿਲਣ ਅਤੇ ਗੱਲ ਕਰਨ ਦਾ ਮੌਕਾ ਕਿਉਂ ਨਾ ਮਿਲਿਆ, ਹੁਣ ਵੀ ਜਦੋਂ ਮੇਰੇ ਵਾਲ ਚਿੱਟੇ ਹੋ ਗਏ ਹਨ, ਹਰ ਥਾਂ ਅਤੇ ਹਮੇਸ਼ਾ ਇਹੀ ਕਿਹਾ ਜਾਂਦਾ ਹੈ- “ਹੁਣ ਸਾਡੇ ਹਮਜ਼ਾਤ ਦੇ ਪੁੱਤਰ ਰਸੂਲ ਨੂੰ ਆਪਣੇ ਵਿਚਾਰ ਪਰਗਟ ਕਰਨ ਦੀ ਗੁਜ਼ਾਰਿਸ਼ ਕੀਤੀ ਜਾਂਦੀ ਏ।” ਬੇਸ਼ਕ ਇਹ ਸਹੀ ਹੈ ਕਿ ਹਮਜ਼ਾਤ ਦਾ ਪੁੱਤਰ ਹੋਣਾ ਕੋਈ ਘੱਟ ਮਾਣ ਵਾਲੀ ਗੱਲ ਨਹੀਂ ਪਰ ਦਿਲ ਚਾਹੁੰਦਾ ਹੈ ਕਿ ਮੇਰੀ ਕੋਈ ਵੱਖਰੀ ਪਛਾਣ ਹੋਵੇ।
ਇਕ ਵਾਰ ਮੈਂ ਇਕ ਪਹਾੜੀ ਇਲਾਕੇ ਵਿਚ ਗਿਆ। ਕਈ ਪਿੰਡਾਂ ਵਿਚ ਜਾਣ ਤੋਂ ਮਗਰੋਂ ਰਾਹ ਵਿਚ ਤਸੁਮਾਦਾ ਨਾਂਅ ਦਾ ਇਕ ਹੀ ਪਿੰਡ ਬਾਕੀ ਰਹਿ ਗਿਆ ਸੀ। ਮੈਂ ਦੂਰੋਂ ਵੇਖਿਆ ਕਿ ਪਿੰਡ ਦੇ ਇਕ ਕੋਨੇ ਵਲ ਬਹੁਤ ਸਾਰੇ ਲੋਕ ਇਕੱਠੇ ਹੋਏ ਹੋਏ ਹਨ। ਜੁਰਨਾ ਅਤੇ ਗੀਤਾਂ ਦੀਆਂ ਧੁਨਾਂ ਸੁਣਾਈ ਦੇ ਰਹੀਆਂ ਸਨ। ਕਿਸੇ ਦਾ ਸਵਾਗਤ ਹੋਣ ਵਾਲਾ ਹੈ। ਪਰ ਮੇਰੇ ਸਿਵਾ ਤਾਂ ਹੋਰ ਕੋਈ ਉਥੇ ਆਉਣ ਵਾਲਾ ਨਹੀਂ ਸੀ । ਮੈਨੂੰ ਇਹ ਚੰਗਾ ਵੀ ਲੱਗਾ ਅਤੇ ਕੁਝ ਸ਼ਰਮ ਵੀ ਮਹਿਸੂਸ ਹੋਈ, ਕਿਉਂਕਿ ਮੈਂ ਤਾਂ ਜਿਵੇਂ ਅਜੇ ਇਹੋ ਜਿਹੇ ਸਵਾਗਤ- ਸਤਕਾਰ ਦੇ ਲਾਇਕ ਨਹੀਂ ਹੋਇਆ ਸਾਂ। ਸਾਡੀ ਮੋਟਰ ਲੋਕਾਂ ਦੇ ਨੇੜੇ ਪਹੁੰਚੀ। ਅਸੀਂ ਮੋਟਰ ਵਿਚੋਂ ਬਾਹਰ ਨਿਕਲੇ। ਲੋਕਾਂ ਨੇ ਪੁੱਛਿਆ
“ਬਜ਼ੁਰਗ ਹਮਜ਼ਾਤ ਕਿੱਥੇ ਨੇ?”
“ਹਮਜ਼ਾਤ ਤਾਂ ਮਖਾਚਕਲਾ ਨੇ। ਉਨ੍ਹਾਂ ਦਾ ਤਾਂ ਇੱਥੇ ਆਉਣ ਦਾ ਕੋਈ ਪਰੋਗਰਾਮ ਨਹੀਂ ਸੀ। ਮੈਂ ਹਮਜ਼ਾਤ ਦਾ ਪੁੱਤਰ ਰਸੂਲ ਤੁਹਾਡੇ ਕੋਲ ਆਇਆਂ।”
“ਪਰ ਸਾਨੂੰ ਤਾਂ ਇਹ ਦੱਸਿਆ ਗਿਆ ਸੀ ਪਈ ਹਮਜ਼ਾਤ ਹੁਰੀਂ ਆਉਣਗੇ।”
ਲੋਕ ਆਪਣੇ ਘਰਾਂ ਨੂੰ ਜਾਣ ਲੱਗ ਪਏ। ਕੁਝ ਜਵਾਨ ਜਣੇ ਹੀ ਮੇਰੇ ਕੋਲ ਰਹਿ ਗਏ। ਅਸੀਂ ਗੀਤ ਗਾਉਣ ਲੱਗੇ। ਅਸੀਂ ਬਹੁਤ ਗੀਤ ਗਾਏ। ਉਹ ਗੀਤ ਜਿਨ੍ਹਾਂ ਨੂੰ ਜਨਤਾ ਨੇ ਰਚਿਆ ਸੀ, ਜਿਨ੍ਹਾਂ ਨੂੰ ਮੇਰੇ ਪਿਤਾ ਜੀ ਨੇ ਰਚਿਆ ਸੀ ਅਤੇ ਇਥੋਂ ਤੱਕ ਕਿ ਮੇਰਾ ਰਚਿਆ ਹੋਇਆ ਇਕ ਗੀਤ ਵੀ।
ਮੇਰਾ ਇਹ ਗੀਤ ਉਸ ਮੁੰਡੇ ਵਰਗਾ ਸੀ ਜਿਹੜਾ ਹੱਥ ਵਿਚ ਛੋਟਾ ਜਿਹਾ ਚਾਬਕ ਫੜੀ ਪੌੜੀਆਂ ਰਾਹ ਜਾਂਦੇ ਆਪਣੇ ਪਿਤਾ ਦੇ ਪਿੱਛੇ ਪੌੜੀਆਂ ਚੜ੍ਹਦਾ ਜਾਂਦਾ ਹੈ।
ਸਾਡੇ ਪਹਾੜੀ ਪੰਦੂਰੇ! ਜਿਉਂ ਜਿਉਂ ਮੇਰੀ ਉਮਰ ਵਧਦੀ ਜਾਂਦੀ ਹੈ, ਜਿਉਂ ਜਿਉਂ ਮੈਨੂੰ ਜੀਵਨ, ਲੋਕਾਂ ਅਤੇ ਦੁਨੀਆਂ ਦਾ ਵਧ ਤੋਂ ਵਧ ਗਿਆਨ ਹੁੰਦਾ ਜਾਂਦਾ ਹੈ, ਤਿਉਂ ਤਿਉਂ ਮੈਂ ਤੈਨੂੰ ਹੱਥਾਂ ਵਿਚ ਲੈਂਦਿਆਂ ਹੋਇਆਂ ਵਧ ਤੋਂ ਵਧ ਘਬਰਾਉਂਦਾ ਹਾਂ। ਹਜ਼ਾਰਾਂ ਸਾਲਾਂ ਤੋਂ ਤੇਰੀਆਂ ਤਾਰਾਂ ਨੂੰ ਕੱਸਿਆ ਅਤੇ ਸੁਰ ਵਿਚ ਕੀਤਾ ਜਾ ਰਿਹਾ ਹੈ। ਹਜ਼ਾਰਾਂ ਗਾਇਕਾਂ ਨੇ ਤੇਰੇ ਵਿਚੋਂ ਅਦਭੁਤ ਧੁਨੀਆਂ ਕੱਢੀਆਂ ਹਨ। ਜਦੋਂ ਮੈਂ ਤੇਰੀਆਂ ਤਾਰਾਂ ਕੱਸਣ ਲੱਗਦਾ ਹਾਂ ਤਾਂ ਮੇਰੇ ਦਿਲ ਦੀ ਧੜਕਣ ਬੰਦ ਹੋ ਜਾਂਦੀ ਹੈ। ਜੇ ਇਸ ਪਲ ਤਾਰ ਟੁੱਟ ਜਾਏ ਤਾਂ ਮੈਨੂੰ ਲੱਗਦਾ ਹੈ ਕਿ ਮੇਰੇ ਦਿਲ ਦੇ ਟੁਕੜੇ ਟੁਕੜੇ ਹੋ ਜਾਣਗੇ। ਤਾਰ ਤਾਂ ਬੜੀ ਆਸਾਨੀ ਨਾਲ ਟੁੱਟ ਸਕਦੀ ਹੈ। ਇਹਦਾ ਮਤਲਬ ਹੈ ਕਿ ਗੀਤ ਦੀ ਹੱਤਿਆ ਹੋ ਜਾਏਗੀ।
ਪਰ ਚਾਹੇ ਕੁਝ ਵੀ ਕਿਉਂ ਨਾ ਹੋ ਜਾਵੇ ਮੈਨੂੰ ਤੈਨੂੰ ਹੱਥਾਂ ਵਿਚ ਲੈਣਾ ਹੀ ਪੈਣਾ ਹੈ, ਸੁਰ ਵਿਚ ਕਰਨਾ ਅਤੇ ਆਪਣਾ ਗੀਤ ਗਾਉਣਾ ਹੀ ਪੈਣਾ ਹੈ। ਬੇਸ਼ਕ ਉਹ ਦਾਗਿਸਤਾਨ ਦੇ ਹੋਰਨਾਂ ਗੀਤਾਂ ਵਿਚ ਗੁਆਚ ਜਾਏ, ਕਿਉਂਕਿ ਮੇਰੀ ਆਵਾਜ਼ ਤਾਂ ਪੁਰਾਣੇ ਗਾਇਕਾਂ ਦੀ ਆਵਾਜ਼ ਦੀ ਬਰਾਬਰੀ ਨਹੀਂ ਕਰ ਸਕਦੀ। ਫਿਰ ਸਾਡੇ ਗੀਤ ਵੀ ਭਿੰਨ ਹਨ।
“ਭਲਾ ਮਹਿਮੂਦ ਤੋਂ ਮਗਰੋਂ ਕਦੇ ਕਿਸੇ ਨੇ ਮੁਹੱਬਤ ਨਹੀਂ ਕੀਤੀ? ਪਰ ਹੁਣ ਪਰੇਮ-ਗੀਤ ਸੁਣਾਈ ਨਹੀਂ ਦਿੰਦੇ।”
“ਮੁਹੱਬਤ ਤਾਂ ਕੀਤੀ ਗਈ ਏ। ਪਰ ਗੀਤਾਂ ਦੀ ਕੀ ਲੋੜ ਏ? ਅੱਜ ਦੀ ਮੂਈ ਜਿਹੀ ਪਰੇਮਕਾ ਨੂੰ ਗੀਤ ਸੁਣਾਉਣ ਤੇ ਭਜਾ ਲੈ ਜਾਣ ਦੀ ਲੋੜ ਨਹੀਂ ਰਹੀ। ਉਹ ਤਾਂ ਆਪੇ ਆ ਜਾਂਦੀ ਏ।”
“ਭਲਾ ਸ਼ਾਮੀਲ ਤੋਂ ਬਾਅਦ ਬਹਾਦਰਾਂ ਦਾ ਨਾਮੋਨਿਸ਼ਾਨ ਮਿਟ ਗਿਐ? ਹੁਣ ਤਾਂ ਬਹਾਦਰਾਂ ਦੇ ਸੂਰਮਤਾਈ ਵਾਲੇ ਕਾਰਨਾਮਿਆਂ ਅਤੇ ਸ਼ਾਨਦਾਰ ਲੜਾਈਆਂ ਦੇ ਗੀਤ ਸੁਣਾਈ ਨਹੀਂ ਦਿੰਦੇ।”
“ਬਹਾਦਰ ਤਾਂ ਸ਼ਾਇਦ ਹੁਣ ਵੀ ਨੇ। ਪਰ ਹੁਣ ਲੜਾਈਆਂ ਦੇ ਗੀਤਾਂ ਦੀ ਕੀ ਲੋੜ ਏ ਜਦੋਂ ਕਿ ਖੁਦ ਤਲਵਾਰ ਵੀ ਚੈਨ ਚਾਹੁੰਦੀ ਏ।”
ਇਹਦੇ ਵਿਚ ਭਲਾ ਕੀ ਫਰਕ ਪੈਂਦਾ ਹੈ ਕਿ ਮੇਰੀ ਆਵਾਜ਼ ਦਾਗਿਸਤਾਨ ਦੀਆਂ ਦੂਸਰੀਆਂ ਆਵਾਜ਼ਾਂ ਵਿਚ ਗੁਆਚ ਜਾਏਗੀ। ਦੂਸਰੇ ਗਾਇਕ ਆਉਣਗੇ ਜਿਹੜੇ ਉਹ ਗਾ ਦੇਣਗੇ ਜਿਹਨੂੰ ਮੈਂ ਨਹੀਂ ਗਾ ਸਕਿਆ। ਬੁਢਾਪਾ ਆਦਮੀ ਨੂੰ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਖੁਸ਼ੀਆਂ ਤੋਂ ਵਾਂਝਿਆਂ ਕਰ ਦਿੰਦਾ ਹੈ। ਉਹ ਇਨਸਾਨ ਦੀ ਤਾਕਤ, ਅੱਖਾਂ ਦੀ ਤੇਜ਼ ਰੌਸ਼ਨੀ, ਚੰਗੀ ਤਰ੍ਹਾਂ ਸੁਣਨ ਦੀ ਸਮਰੱਥਾ ਖੋਹ ਲੈਂਦਾ ਹੈ। ਉਸਦੇ ਸਾਹਮਣੇ ਘੁਸਮੁਸੇ ਦਾ ਪਰਦਾ ਸੁਟ ਕੇ ਦੁਨੀਆਂ ਤੋਂ ਅਲਹਿਦਾ ਕਰ ਦਿੰਦਾ ਹੈ। ਕਦੇ ਕਦੇ ਤਾਂ ਉਹਦਾ ਹੱਥ ਸ਼ਰਾਬ ਦੇ ਜਾਮ ਤਕ ਨੂੰ ਵੀ ਨਹੀਂ ਸੰਭਾਲ ਸਕਦਾ।
ਪਰ ਮੈਂ ਬੁਢਾਪੇ ਤੋਂ ਨਹੀਂ ਡਰਦਾ ਕਿਉਂਕਿ ਉਹ ਮੇਰਾ ਸਭ ਕੁਝ ਖੋਹ ਕੇ ਵੀ ਮੇਰਾ ਗੀਤ ਮੈਥੋਂ ਨਹੀਂ ਖੋਹ ਸਕੇਗਾ। ਉਹ ਮੇਰੇ ਕੋਲੋਂ ਮੇਰਾ ਮਹਿਮੂਦ, ਬਾਤੀਰਾਏ, ਪੁਸ਼ਕਿਨ, ਹਾਨੀਏ, ਬਲੋਕ, ਸਭ ਮਹਾਨ ਗਾਇਕਾਂ ਨੂੰ, ਜਿਨ੍ਹਾਂ ਵਿਚ ਦਾਗਿਸਤਾਨ ਜਿਹਾ ਗਾਇਕ ਵੀ ਸ਼ਾਮਲ ਹੈ, ਕਦੇ ਨਹੀਂ ਖੋਹ ਸਕੇਗਾ। ਜਦੋਂ ਤਕ ਦਾਗਿਸਤਾਨ ਹੈ, ਉਦੋਂ ਤਕ ਸਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਉਹ ਕਾਇਮ ਰਹੇਗਾ ਤਾਂ ਸਾਡਾ ਵਾਲ ਵੀ ਬਾਂਕਾ ਨਹੀਂ ਹੋਵੇਗਾ, ਅਸੀਂ ਵੀ ਕਾਇਮ ਰਹਾਂਗੇ।
ਇਕ ਪਹਾੜੀ ਪਿੰਡ ਵਿਚ ਬੱਚਿਆਂ ਦੀ ਇਕ ਖੇਡ ਹੈ ਜਿਸਨੂੰ ਕੁਝ ਇਹੋ ਜਿਹਾ ਨਾਂਅ ਦਿੱਤਾ ਜਾ ਸਕਦਾ ਹੈ—“ਜਿਹੜਾ ਲੱਭਦੈ, ਉਹਨੂੰ ਮਿਲਦੈ, ਜਿਹਨੂੰ ਮਿਲਦੈ, ਉਹ ਉਸੇ ਦਾ ਹੋ ਜਾਂਦੈ।” ਇਕ ਵਾਰ ਮੈਂ ਇਸ ਖੇਡ ਵਿਚ ਹਿੱਸਾ ਲਿਆ ਸੀ।
ਇਕ ਮੁੰਡੇ ਨੂੰ ਦੂਸਰੇ ਕਮਰੇ ਵਿਚ ਭੇਜ ਦਿੱਤਾ ਜਾਦਾ ਹੈ, ਤਾਂ ਕਿ ਉਹ ਇਹ ਨਾ ਵੇਖ ਸਕੇ ਕਿ ਲੜਕੀਆਂ ਵਿਚੋਂ ਕੋਈ ਇਕ ਕਿੱਥੇ ਲੁਕੀ ਹੋਈ ਹੈ। ਏਨਾਂ ਹੀ ਨਹੀਂ, ਮੁੰਡੇ ਦੀਆਂ ਅੱਖਾਂ ਉਤੇ ਪੱਟੀ ਬੰਨ੍ਹ ਦਿੱਤੀ ਜਾਂਦੀ ਹੈ। ਕੁਝ ਦੇਰ ਬਾਅਦ ਇਹ ਮੁੰਡਾ ਉਸ ਕਮਰੇ ਵਿਚ ਜਾਕੇ ਜਿੱਥੇ ਕੁੜੀ ਲੁਕੀ ਹੋਈ ਹੁੰਦੀ ਹੈ, ਉਹਨੂੰ ਢੂੰਡਣ ਲੱਗ ਪੈਂਦਾ ਹੈ। ਸਾਰੇ ਕੁੜੀਆਂ ਮੁੰਡੇ ਮਿਲ ਕੇ “ਆਈ, ਦਾਈ, ਦੱਲਾਲਾਈ” ਗਾਉਂਦੇ ਹਨ। ਮੁੰਡਾ ਜਦੋਂ ਗਲਤ ਥਾਂ ਢੂੰਡਦਾ ਹੈ ਤਾਂ ਗਾਉਣ ਵਾਲੇ ਧੀਮੀ ਅਤੇ ਕਰੁਣਾਮਈ ਆਵਾਜ਼ ਵਿਚ ਗਾਉਂਦੇ ਹਨ। ਜਦੋਂ ਉਹ ਠੀਕ ਪਾਸੇ ਵਲ ਜਾਂਦਾ ਹੈ ਤਾਂ ਉਹ ਬੜੇ ਉਤਸ਼ਾਹ ਅਤੇ ਖੁਸ਼ੀ ਭਰੀ ਆਵਾਜ਼ ਵਿਚ ਗਾਉਣ ਲੱਗ ਪੈਂਦੇ ਹਨ। ਜਦੋਂ ਉਹ ਕੁੜੀ ਨੂੰ ਲੱਭ ਲੈਂਦਾ ਹੈ ਤਾਂ ਸਾਰੇ ਤਾੜੀਆਂ ਵਜਾਉਂਦੇ ਹਨ ਅਤੇ ਉਨ੍ਹਾਂ ਦੋਹਾਂ ਨੂੰ ਨੱਚਣ ਲਈ ਮਜਬੂਰ ਕਰਦੇ ਹਨ। ਇਸ ਤਰ੍ਹਾਂ ਗਾਣਾ ਉਸ ਮੁੰਡੇ ਨੂੰ ਜਿਹਦੀਆਂ ਅੱਖਾਂ ਉਤੇ ਪੱਟੀ ਬੱਝੀ ਹੁੰਦੀ ਹੈ, ਸਹੀ ਰਾਹ ਵਿਖਾਉਂਦਾ ਹੈ ਅਤੇ ਉਹਨੂੰ ਮਨਚਾਹੇ ਨਿਸ਼ਾਨੇ ਤੇ ਪਹੁੰਚਾਉਂਦਾ ਹੈ।
ਗੀਤਾਂ ਵਾਲੇ ਘਰ, ਗੀਤਾਂ ਵਾਲੇ ਦਾਗਿਸਤਾਨ, ਗੀਤਾਂ ਵਾਲੇ ਰੂਸ ਅਤੇ ਗੀਤਾਂ ਵਾਲੀ ਦੁਨੀਆਂ ਵਿਚ ਮੇਰਾ ਜਨਮ ਹੋਇਆ ਹੈ। ਮੈਂ ਗੀਤ ਦੀ ਸ਼ਕਤੀ, ਗੀਤ ਦਾ ਮਹੱਤਵ ਜਾਣਦਾ ਹਾਂ। ਜੇ ਦਾਗਿਸਤਾਨ ਕੋਲ ਗੀਤ ਨਾ ਹੁੰਦੇ ਤਾਂ ਕੋਈ ਵੀ ਉਹਨੂੰ ਇਸ ਤਰ੍ਹਾਂ ਨਾ ਜਾਣਦਾ ਜਿਵੇਂ ਅੱਜ ਸਾਰੇ ਲੋਕੀ ਜਾਣਦੇ ਹਨ। ਉਸ ਹਾਲਤ ਵਿਚ ਦਾਗਿਸਤਾਨ ਭਟਕੇ ਹੋਏ ਪਹਾੜੀ ਬੱਕਰੇ ਜਿਹਾ ਹੁੰਦਾ ਹੈ। ਪਰ ਸਾਡਾ ਗੀਤ ਸਾਨੂੰ ਖੜੀਆਂ ਪਹਾੜੀ ਪਗਡੰਡੀਆਂ ਤੋਂ ਵਿਰਾਟ ਸੰਸਾਰ ਵਿਚ ਲੈ ਗਿਆ, ਉਸਨੇ ਸਾਨੂੰ ਦੋਸਤ ਦਿੱਤੇ।
“ ਤੂੰ ਗਾਣਾ ਗਾ ਦੇ ਤੇ ਮੈਂ ਤੈਨੂੰ ਦੱਸ ਦਿਆਂਗਾ ਬਈ ਤੂੰ ਕਿਹੋ ਜਿਹਾ ਬੰਦਾ ਏਂ, ” ਅਬੂਤਾਲਿਬ ਆਖਦਾ ਹੁੰਦਾ ਸੀ | ਦਾਗਿਸਤਾਨ ਨੇ ਆਪਣਾ ਗੀਤ ਗਾਇਆ ਤੇ ਦੁਨੀਆਂ ਉਹਨੂੰ ਸਮਝ ਗਈ।
ਪੁਸਤਕ
ਅਵਾਰਾ ਭਾਸ਼ਾ ਵਿਚ ਤਯੇਹ ਸ਼ਬਦ ਦੇ ਦੋ ਅਰਥ ਹਨ- ਭੇਡ ਦੀ ਖੱਲ ਅਤੇ ਪੁਸਤਕ।
ਕਿਹਾ ਜਾਂਦਾ ਹੈ ਕਿ ” ਹਰ ਇਕ ਨੂੰ ਆਪਣਾ ਸਿਰ ਤੇ ਸਿਰ ਉਤੇ ਸਮੂਰੀ ਟੋਪੀ ਨੂੰ ਸੁਰੱਖਿਅਤ ਰੱਖਣਾ ਚਾਹੀਦੈ।” ਜਿਵੇਂ ਕਿ ਸਾਰੇ ਜਾਣਦੇ ਹਨ, ਸਾਡੇ ਵੱਲ ਸਮੂਰੀ ਟੋਪੀ ਭੇਡ ਦੀ ਖੱਲ ਦੀ ਬਣਾਈ ਜਾਂਦੀ ਹੈ। ਪਰ ਪਹਾੜੀ ਆਦਮੀ ਦਾ ਸਿਰ ਸੈਂਕੜੇ ਸਾਲਾਂ ਤੱਕ ਮਹਿਜ਼ ਇਕ ਅਣਲਿਖੀ ਪੁਸਤਕ ਰਿਹਾ ਜਿਸ ਵਿਚ ਸਾਡੀ ਭਾਸ਼ਾ, ਸਾਡਾ ਇਤਿਹਾਸ, ਸਾਡੀਆਂ ਦਾਸਤਾਨਾਂ, ਸਾਡੀਆਂ ਕਥਾ-ਕਹਾਣੀਆਂ, ਬਾਤਾਂ, ਰਸਮੋ-ਰਿਵਾਜ ਅਤੇ ਉਹ ਸਭ ਕੁਝ ਸੁਰੱਖਿਅਤ ਰਿਹਾ ਜਿਸਦੀ ਜਨਤਾ ਨੇ ਕਲਪਨਾ ਕੀਤੀ ਸੀ। ਭੇਡ ਦੀ ਖੱਲ ਨੇ ਸਦੀਆਂ ਤੱਕ ਦਾਗਿਸਤਾਨ ਦੀ ਅਣਲਿਖੀ ਪੁਸਤਕ-ਪਹਾੜੀ ਆਦਮੀ ਦੇ ਸਿਰ-ਦੀ ਰਾਖੀ ਕੀਤੀ, ਉਹਨੂੰ ਗਰਮਾਇਆ, ਉਹਨੂੰ ਸੰਭਾਲ ਕੇ ਰੱਖਿਆ। ਬਹੁਤ ਕੁਝ ਤਾਂ ਸੁਰੱਖਿਅਤ ਰਹਿ ਗਿਆ ਤੇ ਸਾਡੇ ਤੱਕ ਪਹੁੰਚ ਗਿਆ ਪਰ ਬਹੁਤ ਕੁਝ ਗੁਆਚ ਗਿਆ, ਰਾਹ ਭਟਕ ਗਿਆ ਅਤੇ ਹਮੇਸ਼ਾ ਲਈ ਤਬਾਹ ਹੋ ਗਿਆ।
ਇਸ ਪੁਸਤਕ ਦੇ ਕਈ ਪੰਨੇ ਉਸੇ ਤਰ੍ਹਾਂ ਹੀ ਨਸ਼ਟ ਕੀਤੇ ਗਏ ਜਿਵੇਂ ਜੰਗ ਦੀ ਅੱਗ ਵਿਚ ਸੂਰਮੇ ਨਸ਼ਟ ਹੋ ਜਾਂਦੇ ਹਨ। (ਸਮੂਰੀ ਟੋਪੀ ਗੋਲੀ ਅਤੇ ਤਲਵਾਰ ਤੋਂ ਤਾਂ ਨਹੀਂ ਬਚਾ ਸਕਦੀ), ਪਰ ਕੁਝ ਬਦਕਿਸਮਤ ਰਾਹੀਆਂ ਵਾਂਗ ਨਸ਼ਟ ਹੋ ਗਏ ਜਿਹੜੇ ਰਾਹ ਵਿਚ ਭਟਕ ਜਾਂਦੇ ਹਨ। ਬਰਫ਼ੀਲੇ ਤੂਫਾਨ ਵਿਚ ਘਿਰ ਜਾਂਦੇ ਹਨ। ਜਿਨ੍ਹਾਂ ਦੀ ਤਾਕਤ ਜਵਾਬ ਦੇ ਜਾਂਦੀ ਹੈ, ਜਿਹੜੇ ਖਾਈ ਖੱਡ ਵਿਚ ਡਿੱਗ ਪੈਂਦੇ ਹਨ, ਗਲੇਸ਼ੀਅਰ ਦੀ ਲਪੇਟ ਵਿਚ ਆ ਜਾਂਦੇ ਹਨ, ਕਿਸੇ ਡਾਕੂ ਲੁਟੇਰੇ ਦੇ ਖੰਜਰ ਦਾ ਸ਼ਿਕਾਰ ਹੋ ਜਾਂਦੇ ਹਨ।
ਕਿਹਾ ਜਾਂਦਾ ਹੈ ਕਿ ਭੁਲਿਆ ਅਤੇ ਗਵਾਚਿਆ ਹੋਇਆ ਹੀ ਸਭ ਤੋਂ ਚੰਗਾ ਅਤੇ ਮਹਾਨ ਹੁੰਦਾ ਹੈ।
ਕਿਉਂਕਿ ਜਦੋਂ ਅਸੀਂ ਕਵਿਤਾ ਸੁਣਾਉਂਦੇ ਹਾਂ ਤੇ ਕੋਈ ਇਕ ਪੰਕਤੀ ਭੁੱਲ ਜਾਂਦੇ ਹਾਂ ਤਾਂ ਸਾਨੂੰ ਉਸੇ ਦੀ ਸਭ ਤੋਂ ਵਧ ਲੋੜ ਮਹਿਸੂਸ ਹੁੰਦੀ ਹੈ।
ਕਿਉਂਕਿ ਜਦੋਂ ਮਰ ਚੁੱਕੀ ਗਾਂ ਦੀ ਯਾਦ ਆਉਂਦੀ ਹੈ ਤਾਂ ਲੱਗਦੈ ਕਿ ਦੂਸਰੀਆਂ ਗਊਆਂ ਨਾਲੋਂ ਉਹੀ ਸਭ ਤੋਂ ਜ਼ਿਆਦਾ ਦੁੱਧ ਦਿੰਦੀ ਸੀ ਅਤੇ ਉਸੇ ਦਾ ਦੁੱਧ ਸਭ ਤੋਂ ਵੱਧ ਗਾੜ੍ਹਾ ਹੁੰਦਾ ਸੀ।
ਮਹਿਮੂਦ ਦੇ ਪਿਤਾ ਨੇ ਆਪਣੇ ਸ਼ਾਇਰ ਪੁੱਤਰ ਦੇ ਖਰੜਿਆਂ ਨਾਲ ਭਰਿਆ ਹੋਇਆ ਸੰਦੂਕ ਸਾੜ ਸੁੱਟਿਆ ਸੀ। ਪਿਤਾ ਨੂੰ ਇਉਂ ਲੱਗਾ ਸੀ ਕਿ ਕਵਿਤਾਵਾਂ ਉਨ੍ਹਾਂ ਦੇ ਨਿਕੰਮੇ ਪੁੱਤਰ ਦਾ ਸੱਤਿਆਨਾਸ ਕਰਦੀਆਂ ਹਨ। ਹੁਣ ਇਹ ਸਾਰੇ ਕਹਿੰਦੇ ਹਨ ਕਿ ਉਸ ਸੰਦੂਕ ਵਿਚ ਮਹਿਮੂਦ ਦੀਆਂ ਸਭ ਤੋਂ ਵਧੀਆ ਕਵਿਤਾਵਾਂ ਸਨ।
ਬਾਤੀਰਾਏ ਆਪਣੇ ਇਕ ਗੀਤ ਨੂੰ ਕਦੇ ਦੋ ਵਾਰ ਨਹੀਂ ਗਾਉਂਦਾ ਸੀ। ਉਹ ਅਕਸਰ ਵਿਆਹ ਵਿਚ ਨਸ਼ੇ ਨਾਲ ਧੁੱਤ ਲੋਕਾਂ ਸਾਹਮਣੇ ਗਾਉਂਦਾ ਹੁੰਦਾ ਸੀ। ਇਹ ਗੀਤ ਉੱਥੇ ਹੀ ਰਹਿ ਗਏ, ਕਿਸੇ ਨੇ ਵੀ ਉਨ੍ਹਾਂ ਨੂੰ ਸੰਭਾਲਿਆ ਨਹੀਂ। ਹੁਣ ਸਾਰੇ ਲੋਕ ਕਹਿੰਦੇ ਹਨ। ਕਿ ਉਹੀ ਉਸਦੇ ਸਭ ਤੋਂ ਵਧੀਆ ਗੀਤ ਸਨ।
ਇਰਚੀ ਕਜ਼ਾਕ ਨੇ ਸ਼ਾਮਹਾਲ* ਦੇ ਦਰਬਾਰ ਵਿਚ ਬਹੁਤ ਸਾਰੇ ਗੀਤ ਗਾਏ। ਪਰ ਉਹਦੇ ਬਹੁਤ ਘੱਟ ਗੀਤ ਹੀ ਦਰਬਾਰ ਦੀ ਸੀਮਾ ਤੋਂ ਬਾਹਰ ਆਮ ਲੋਕਾਂ ਤੱਕ ਪਹੁੰਚੇ। ਇਰਚੀ ਕਜ਼ਾਕ ਖੁਦ ਇਹ ਕਿਹਾ ਕਰਦਾ ਸੀ—ਭਾਵੇਂ ਕਿੰਨਾਂ ਈ ਕਿਉਂ ਨਾ ਗਾਉ, ਗੀਤਾਂ ਨੂੰ ਨਾ ਸ਼ਾਮਹਾਲ ਸਮਝਦਾ ਹੈ ਤੇ ਨਾ ਹੀ ਗਧਾ। ਕਿਹਾ ਜਾਂਦਾ ਹੈ ਕਿ ਇਰਚੀ ਕਜ਼ਾਕ ਦੀਆਂ ਦਰਬਾਰ ਵਿਚ ਗੁਆਚ ਗਈਆਂ ਕਵਿਤਾਵਾਂ ਹੀ ਸਭ ਤੋਂ ਵਧੀਆ ਸਨ।
ਅੱਗ ਵਿਚ ਸਾੜ ਦਿੱਤੇ ਗਏ ਪੰਦੂਰੇ ਦੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚੀ। ਨਦੀ ਵਿਚ ਸੁੱਟ ਦਿੱਤੇ ਗਏ ਚੌਗੂਰਿਆਂ ਦੀਆਂ ਮਧੁਰ ਧੁਨਾਂ ਸਾਡੇ ਤੱਕ ਨਹੀਂ ਪਹੁੰਚ ਸਕੀਆਂ। ਮੌਤ ਦੇ ਘਾਟ ਉਤਾਰ ਦਿੱਤੇ ਗਏ ਅਤੇ ਮਰ ਚੁੱਕੇ ਲੋਕਾਂ ਲਈ ਅੱਜ ਮੇਰਾ ਦਿਲ ਉਦਾਸ ਹੁੰਦਾ ਹੈ। ਪਰ ਜੋ ਬਾਕੀ ਬਚ ਗਿਆ ਹੈ, ਜਦ ਮੈਂ ਉਹਨੂੰ ਸੁਣਦਾ ਅਤੇ ਪੜ੍ਹਦਾ ਹਾਂ ਤਾਂ ਮੇਰਾ ਦਿਲ ਖਿੜ ਉੱਠਦਾ ਹੈ, ਮੈਂ ਸੱਚੇ ਦਿਲੋਂ ਗਰੀਬ ਪਹਾੜੀ ਲੋਕਾਂ ਦਾ ਸ਼ੁਕਰੀਆ ਅਦਾ ਕਰਦਾ ਹਾਂ ਜਿਨ੍ਹਾਂ ਨੇ ਸਾਡੀਆਂ ਅਣਲਿਖੀਆਂ ਪੁਸਤਕਾਂ ਨੂੰ ਆਪਣੇ ਹਿਰਦਿਆਂ ਵਿਚ ਸਾਂਭ ਕੇ ਰੱਖਿਆ ਅਤੇ ਉਨ੍ਹਾਂ ਨੂੰ ਸਾਡੇ ਸਮਿਆਂ ਤੱਕ ਲਿਆਏ।
ਇਹ ਦਾਸਤਾਨਾਂ, ਇਹ ਕਥਾ-ਕਹਾਣੀਆਂ, ਇਹ ਗੀਤ ਜਿਵੇਂ ਹੁਣ ਕਲਮ ਨਾਲ ਕਾਗਜ਼ ਉੱਤੇ ਲਿਖਿਆਂ ਹੋਇਆਂ ਅਤੇ ਕਿਤਾਬਾਂ ਦੇ ਰੂਪ ਵਿਚ ਛਪਿਆਂ ਹੋਇਆਂ ਨੂੰ ਕਹਿੰਦੇ ਹਨ—“ਅਸੀਂ ਜਿਹੜੇ ਅਣਲਿਖੇ ਹਾਂ, ਸੈਂਕੜਿਆਂ ਸਾਲਾਂ ਤੱਕ ਸਭ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਹੋਇਆਂ ਜਿਉਂਦੇ ਰਹੇ ਤੇ ਤੁਹਾਡੇ ਤੱਕ ਪਹੁੰਚ ਗਏ। ਪਰ ਇਹ ਜਾਣਨਾ ਦਿਲਚਸਪ ਹੋਵੇਗਾ ਪਈ ਤੁਸੀਂ ਜਿਹੜੇ ਐਨੇ ਸੁੰਦਰ ਢੰਗ ਨਾਲ ਛਪੇ ਹੋਏ ਹੋ, ਅਗਲੀ ਪੀੜ੍ਹੀ ਤੱਕ ਵੀ ਪਹੁੰਚ ਸਕੋਗੇ ਜਾਂ ਨਹੀਂ? ਅਸੀਂ ਵੇਖਾਂਗੇ,” ਉਹ ਕਹਿੰਦੇ ਹਨ-“ ਲਾਇਬਰੇਰੀਆਂ ਜਾਂ ਪੁਸਤਕ ਭੰਡਾਰ ਭਵਨ ਜ਼ਿਆਦਾ ਭਰੋਸੇ ਵਾਲੇ ਪੁਸਤਕ ਭੰਡਾਰ ਹਨ ਜਾਂ ਮਨੁੱਖੀ ਹਿਰਦਾ।”
ਬਹੁਤ ਕੁਝ ਭੁੱਲ ਜਾਂਦਾ ਹੈ। ਸੈਂਕੜੇ ਪੰਕਤੀਆਂ ਵਿਚੋਂ ਸਿਰਫ਼ ਇਕੋ ਪੰਕਤੀ ਬਚੀ ਰਹਿ ਜਾਂਦੀ ਹੈ ਅਤੇ ਜੇ ਉਹ ਬਚੀ ਰਹਿ ਜਾਂਦੀ ਹੈ ਤਾਂ ਸਦਾ ਲਈ।
ਜਾਂਦੇ ਸਨ। ਕਿਹਾ ਜਾ ਚੁੱਕਾ ਹੈ ਕਿ ਪਹਿਲਾਂ ਅਨੇਕ ਬੱਚੇ ਬਹੁਤ ਈ ਛੋਟੀ ਉਮਰ ਵਿਚ ਮਰ
ਇਮਾਮ ਸ਼ਾਮੀਲ ਜ਼ਖਮੀਆਂ ਨੂੰ ਨਦੀ ਵਿਚ ਛਾਲ ਮਾਰਨ ਲਈ ਮਜਬੂਰ ਕਰਦਾ ਸੀ। ਵੱਢ-ਟੁੱਕੇ ਫੌਜੀਆਂ ਦੀ ਉਹਨੂੰ ਕੋਈ ਲੋੜ ਨਹੀਂ ਸੀ ਹੁੰਦੀ, ਕਿਉਂਕਿ ਉਹ ਦੁਸ਼ਮਣ ਨਾਲ ਲੋਹਾ ਲੈਣ ਵਿਚ ਅਸਮਰੱਥ ਹੁੰਦੇ ਸਨ। ਪਰ ਉਨ੍ਹਾਂ ਨੂੰ ਖੁਆਉਣਾ ਪਿਆਉਣਾ ਤਾਂ ਪੈਂਦਾ ਸੀ।
ਹੁਣ ਦੂਸਰਾ ਜ਼ਮਾਨਾ ਹੈ। ਬੱਚਿਆਂ ਦੀ ਬਹੁਤ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾਂਦੀ ਹੈ, ਡਾਕਟਰ ਉਨ੍ਹਾਂ ਦੀ ਚਿੰਤਾ ਕਰਦੇ ਹਨ, ਜ਼ਖ਼ਮੀਆਂ ਦੀ ਮੱਲਮ ਪੱਟੀ ਕੀਤੀ ਜਾਂਦੀ ਹੈ। ਲੰਗੜਿਆਂ ਲੂਹਲਿਆਂ ਨੂੰ ਨਕਲੀ ਲੱਤਾਂ ਅਤੇ ਪੈਰ ਲਾਏ ਜਾਂਦੇ ਹਨ। ਲੋਕਾਂ ਦੇ ਮਾਮਲੇ ਵਿਚ ਤਾਂ ਇਨ੍ਹਾਂ ਤਬਦੀਲੀਆਂ ਨੂੰ ਬਹੁਤ ਹੀ ਸਲਾਹੁਣ ਯੋਗ ਅਤੇ ਮਾਨਵੀ ਮੰਨਿਆਂ ਜਾ ਸਕਦਾ ਹੈ।
ਪਰ ਵੱਢੇ-ਟੁੱਕੇ ਵਿਚਾਰਾਂ, ਕਮਜ਼ੋਰ ਕਵਿਤਾਵਾਂ, ਅੱਧਮੋਈਆਂ ਭਾਵਨਾਵਾਂ ਅਤੇ
ਮੁਰਦਾ ਹੀ ਪੈਦਾ ਹੋਣ ਵਾਲੇ ਗੀਤਾਂ ਦੇ ਮਾਮਲੇ ਵਿਚ ਤਾਂ ਅਜੇਹਾ ਨਹੀਂ ਹੁੰਦਾ? ਸਭ ਕੁਝ ਪੁਸਤਕ ਵਿਚ ਹੀ ਰਹਿ ਜਾਂਦਾ ਹੈ। ਸਭ ਕੁਝ ਕਾਗਜ਼ ਉਤੇ ਹੀ ਰਹਿ ਜਾਂਦਾ ਹੈ।
ਪਹਿਲਾਂ ਇਹ ਕਿਹਾ ਜਾਂਦਾ ਸੀ-“ਮੂੰਹ ਜ਼ਬਾਨੀ ਆਖੀ ਗੱਲ ਗੁਆਚ ਜਾਂਦੀ ਏ, ਲਿਖੀ ਹੋਈ ਪਿੱਛੇ ਰਹਿ ਜਾਂਦੀ ਏ।” ਕਿਤੇ ਹੁਣ ਇਸ ਤੋਂ ਉਲਟ ਹੀ ਨਾ ਹੋ ਜਾਏ।
ਪਰ ਤੁਸੀਂ ਇਹ ਨਾ ਸਮਝ ਲੈਣਾ ਕਿ ਮੈਂ ਪੁਸਤਕ ਅਤੇ ਲਿਖਤ ਭਾਸ਼ਾ ਦੀ ਨਿੰਦਿਆ ਕਰ ਰਿਹਾਂ ਹਾਂ। ਉਹ ਤਾਂ ਉਸ ਸੂਰਜ ਵਾਂਗ ਹਨ ਜਿਹਨੇ ਪਰਬਤਾਂ ਦੇ ਪਿੱਛੋਂ ਉੱਠ ਕੇ ਵਾਦੀ ਨੂੰ ਰੌਸ਼ਨ ਕਰ ਦਿੱਤਾ ਹੈ। ਹਨ੍ਹੇਰੇ ਅਤੇ ਜਹਾਲਤ ਨੂੰ ਖਿੰਡਾ ਮੁੰਡਾ ਦਿੱਤਾ ਹੈ।
ਮੇਰੀ ਮਾਂ ਨੇ ਮੈਨੂੰ ਇਕ ਲੂੰਬੜੀ ਅਤੇ ਇਕ ਘੁੱਗੀ ਦੀ ਕਹਾਣੀ ਸੁਣਾਈ। ਉਹ ਇਸ ਤਰ੍ਹਾਂ ਸੀ। ਕਿਸੇ ਰੁੱਖ ਉਤੇ ਇਕ ਘੁੱਗੀ ਰਹਿੰਦੀ ਸੀ। ਉਹਦਾ ਆਲ੍ਹਣਾ ਮਜ਼ਬੂਤ ਅਤੇ ਚੰਗਾ ਨਿੱਘਾ ਸੀ ਜਿਸ ਵਿਚ ਉਹ ਆਪਣੇ ਬੱਚੇ ਪਾਲਦੀ ਸੀ। ਸਭ ਕੁੱਝ ਚੰਗੀ ਤਰ੍ਹਾਂ ਚਲ ਰਿਹਾ ਸੀ ਪਰ ਇਕ ਦਿਨ ਲੂੰਬੜੀ ਆਈ। ਰੁੱਖ ਦੇ ਹੇਠਾਂ ਬਹਿ ਕੇ ਗਾਉਣ ਲੱਗੀ—
ਇਹ ਸਾਰੇ ਪਰਬਤ ਪੱਥਰ ਮੇਰੇ,
ਇਹ ਸਾਰਾ ਮੈਦਾਨ ਵੀ।
ਇਹ ਸਾਰਾ ਪੈਲੀ-ਬੰਨਾ-ਮੇਰਾ,
ਇਹ ਸਾਰਾ ਆਲ-ਦੁਆਲ ਵੀ।
ਇਸ ਆਪਣੀ ਧਰਤੀ ਉਤੇ ਮੈਂ ਤਾਂ,
ਆਪਣਾ ਰੁੱਖ ਉਗਾਇਐ।
ਏਸੇ ਹੀ ਰੁੱਖ ਉਤੇ ਆਕੇ,
ਚਾ ਤੂੰ ਆਲ੍ਹਣਾ ਪਾਇਐ।
ਏਸੇ ਲਈ ਤੂੰ ਦੇ ਦੇ ਮੈਨੂੰ,
ਸਿਰਫ਼ ਇਕ ਆਪਣਾ ਬੱਚਾ।
ਨਹੀਂ ਤਾਂ ਵੱਢੂੰ ਰੁੱਖ ਮੈਂ ਆਪਣਾ,
ਬਚੂ ਨਾ ਕੋਈ ਵੀ ਬੱਚਾ।
ਆਪਣੇ ਪਿਆਰੇ ਰੁੱਖ, ਪਿਆਰੇ ਆਲ੍ਹਣੇ ਅਤੇ ਬਾਕੀ ਬੱਚਿਆਂ ਨੂੰ ਬਚਾਉਣ ਲਈ ਘੁੱਗੀ ਨੇ ਆਪਣਾ ਸਭ ਤੋਂ ਛੋਟਾ ਬੱਚਾ ਲੂੰਬੜੀ ਨੂੰ ਦੇ ਦਿੱਤਾ।
ਅਗਲੇ ਦਿਨ ਲੂੰਬੜੀ ਫਿਰ ਆ ਗਈ, ਉਹਨੇ ਫਿਰ ਆਪਣਾ ਉਹੀ ਗਾਣਾ
ਗਾਇਆ। ਘੁੱਗੀ ਨੂੰ ਆਪਣਾ ਦੂਸਰਾ ਬੱਚਾ ਕੁਰਬਾਨ ਕਰਨਾ ਪਿਆ। ਇਸ ਤੋਂ ਬਾਅਦ
ਤਾਂ ਘੁੱਗੀ ਨੂੰ ਆਪਣੇ ਬੱਚਿਆਂ ਦਾ ਸੋਗ ਵੀ ਨਹੀਂ ਮਨਾ ਸਕਦੀ ਸੀ। ਰੋਜ਼ ਹੀ ਇਕ ਬੱਚਾ
ਲੂੰਬੜੀ ਦੇ ਮੂੰਹ ‘ਚ ਚਲਾ ਜਾਂਦਾ ਸੀ। ਦੂਜੇ ਪੰਛੀਆਂ ਨੂੰ ਇਸ ਘੁੱਗੀ ਦੀ ਬਦਕਿਸਮਤੀ ਬਾਰੇ ਪਤਾ ਲੱਗਾ। ਉਹ ਸਾਰੇ ਉੱਡ ਕੇ ਉਹਦੇ ਕੋਲ ਆਏ ਤੇ ਪੁੱਛਣ ਲੱਗੇ ਕਿ ਕੀ ਮਾਮਲਾ ਹੈ । ਬੁੱਧੂ ਘੁੱਗੀ ਨੇ ਆਪਣੀ ਦਰਦ ਕਹਾਣੀ ਸੁਣਾਈ। ਸਮਝਦਾਰ ਪੰਛੀਆਂ ਨੇ ਗਾਉਂਦਿਆਂ ਹੋਇਆਂ ਉਹਨੂੰ ਕਿਹਾ-
ਘੁੱਗੀਏ ਖੁਦ ਹੀ ਦੋਸ਼ੀ ਏਂ ਤੂੰ,
ਤੂੰ ਭੋਲੀ, ਤੂੰ ਬੁੱਧੂ।
ਠੱਗ ਲੂੰਬੜੀ ਤੈਨੂੰ ਆ ਕੇ,
ਖੂਬ ਬਣਾਇਐ ਝੁੱਡੂ।
ਵੱਢੇਗੀ ਉਹ ਰੁੱਖ ਨੂੰ ਕਿੱਦਾਂ,
ਭਲਾ ਨਾਲ ਪੂਛਲ ਦੇ ?
ਬੱਚਿਆਂ ਤਕ ਪਹੁੰਚੇਗੀ ਕਿੱਦਾਂ,
ਭਲਾ ਨਾਲ ਪੂਛਲ ਦੇ?
ਕਿੱਥੇ ਦੱਸ ਕੁਹਾੜੀ ਉਹਦੀ ?
ਦੱਸ ਕਿੱਥੇ ਏ ਆਰੀ ?
ਲੱਗੀ ਰਹਿਣ ਨਾਲ ਚੈਨ ਦੇ,
ਸਾਡੀ ਘੁੱਗੀ ਪਿਆਰੀ ।
ਪਰ ਲੂੰਬੜੀ ਨੂੰ ਤਾਂ ਇਹ ਕੁਝ ਵੀ ਪਤਾ ਨਹੀਂ ਸੀ ਅਤੇ ਉਹ ਫਿਰ ਡਰਾਉਣ ਧਮਕਾਉਣ ਅਤੇ ਬੱਚਾ ਮੰਗਣ ਆਈ। ਉਹ ਫਿਰ ਇਹ ਗਾਣਾ ਗਾਉਣ ਲੱਗ ਪਈ ਕਿ ਰੁੱਖ ਨੂੰ ਵੱਢ ਸੁਟੇਗੀ, ਘੁੱਗੀ ਦੇ ਸਾਰੇ ਬੱਚਿਆਂ ਨੂੰ ਮਾਰ ਸੁਟੇਗੀ। ਪਰ ਉਹੀ ਸ਼ਬਦ ਜਿਨ੍ਹਾਂ ਤੋਂ ਘੁੱਗੀ ਬੁਰੀ ਤਰ੍ਹਾਂ ਭੈਅਭੀਤ ਹੋ ਜਾਂਦੀ ਸੀ, ਹੁਣ ਉਹਨੂੰ ਹਾਸੇ ਭਰੇ, ਫੜ੍ਹ ਮਾਰਨ ਵਾਲੇ ਵਿਅਰਥ ਪਰਤੀਤ ਹੋਏ। ਘੁੱਗੀ ਨੇ ਲੂੰਬੜੀ ਨੂੰ ਜਵਾਬ ਦਿੱਤਾ-
ਏਸ ਰੁੱਖ ਦੀਆਂ ਜੜ੍ਹਾਂ ਡੂੰਘੀਆਂ,
ਲਿਆ ਕਹੀ ਤੇ ਪੱਟ ਦੇਹ।
ਤਣਾ ਬੜਾ ਮਜ਼ਬੂਰ ਏ ਇਹਦਾ,
ਲਿਆ ਕੁਹਾੜਾ ਵੱਢ ਦੇਹ।
ਆਲ੍ਹਣਾ ਮੇਰਾ ਬਹੁਤ ਹੀ ਉੱਚਾ,
ਆ ਜਾ ਪੌੜੀ ਲਾ ਕੇ।
ਲੂੰਬੜੀ ਮੂੰਹ ਬਣਾਉਂਦੀ ਹੋਈ ਚਲੀ ਗਈ ਅਤੇ ਉਹਨੇ ਉੱਥੇ ਆਉਣਾ ਛੱਡ ਦਿੱਤਾ। ਘੁੱਗੀ ਤਾਂ ਹੁਣ ਵੀ ਉੱਥੇ ਰਹਿੰਦੀ ਹੈ। ਬੱਚੇ ਪੈਦਾ ਕਰਦੀ ਹੈ ਤੇ ਬੱਚੇ ਵੱਡੇ ਹੁੰਦੇ ਹਨ ਤੇ ਤਰਾਨੇ ਗਾਉਂਦੇ ਹਨ।
ਦਾਗਿਸਤਾਨ ਨੇ ਆਪਣੀ ਜਹਾਲਤ, ਪਛੜੇਪਨ ਅਤੇ ਅਗਿਆਨਤਾ ਦੇ ਕਾਰਨ ਆਪਣੇ ਕਿੰਨੇ ਬੱਚਿਆਂ ਨੂੰ ਨਸ਼ਟ ਕਰ ਸੁੱਟਿਆ ਹੈ। ਖੁਦ ਨੂੰ ਸਮਝਣ ਵਾਸਤੇ ਕਿਤਾਬ ਦੀ ਲੋੜ ਹੈ। ਦੂਸਰਿਆਂ ਨੂੰ ਸਮਝਣ ਵਾਸਤੇ ਵੀ ਕਿਤਾਬ ਦੀ ਲੋੜ ਹੈ। ਕਿਤਾਬ ਤੋਂ ਬਿਨਾਂ ਕੋਈ ਵੀ ਜਾਤੀ ਉਸ ਆਦਮੀ ਵਰਗੀ ਹੈ ਜਿਸਦੀ ਅੱਖ ਉਤੇ ਪੱਟੀ ਬੱਝੀ ਹੋਵੇ ਜਿਹੜਾ ਇੱਧਰ ਉੱਧਰ ਭਟਕਦਾ ਰਹਿੰਦਾ ਹੈ ਅਤੇ ਦੁਨੀਆਂ ਨੂੰ ਦੇਖ ਨਹੀਂ ਸਕਦਾ। ਪੁਸਤਕ ਦੇ ਬਿਨਾਂ ਕੋਈ ਵੀ ਜਾਤੀ ਉਸ ਵਿਅਕਤੀ ਵਰਗੀ ਹੈ ਜਿਹਦੇ ਕੋਲ ਦਰਪਣ ਨਾ ਹੋਵੇ ਜਿਹੜੀ ਆਪਣਾ ਚਿਹਰਾ ਨਹੀਂ ਵੇਖ ਸਕਦੀ।
“ਪਛੜੇ ਹੋਏ ਅਤੇ ਜਹਾਲਤ ਦੇ ਮਾਰੇ ਲੋਕ,” ਦਾਗਿਸਤਾਨ ਦੀ ਯਾਤਰਾ ਕਰਨ ਵਾਲਿਆਂ ਨੇ ਸਾਡੇ ਬਾਰੇ ਇਉਂ ਲਿਖਿਆ ਅਤੇ ਕਿਹਾ। ਇਨ੍ਹਾਂ ਸ਼ਬਦਾਂ ਵਿਚ ਸਰੇਸ਼ਠਤਾ ਦੇ ਪਰਗਟਾਵੇ ਜਾਂ ਦੁਰਭਾਵਨਾ ਦੀ ਤੁਲਨਾ ਵਿਚ ਸੱਚਾਈ ਜ਼ਿਆਦਾ ਹੈ।”ਇਹ ਬਾਲਗ ਬੱਚੇ ਹਨ।” ਸਾਡੇ ਸਬੰਧ ਵਿਚ ਇਕ ਵਿਦੇਸ਼ੀ ਨੇ ਲਿਖਿਆ-
“ਇਨ੍ਹਾਂ ਕੋਲ ਗਿਆਨ ਨਹੀਂ, ਇਹਦਾ ਫਾਇਦਾ ਉਠਾਉਣਾ ਚਾਹੀਦੈ।” ਸਾਡੇ ਦੁਸ਼ਮਣਾਂ ਦਾ ਕਹਿਣਾ ਸੀ।
“ਜੇ ਇਥੋਂ ਦੇ ਜਨਗਣ ਜੰਗੀ ਵਿੱਦਿਆ ਵਿਚ ਪਰਵੀਨ ਹੋ ਜਾਣ ਤਾਂ ਕੋਈ ਵੀ ਇਨ੍ਹਾਂ ਉਤੇ ਹੱਥ ਚੁੱਕਣ ਦੀ ਜੁਰਅੱਤ ਨਾ ਕਰੇ।” ਇਕ ਸੈਨਾਪਤੀ ਨੇ ਕਿਹਾ ਸੀ।
“ਕਾਸ਼! ਅਸੀਂ ਹਾਜੀ-ਮੁਰਾਤ ਦੀ ਦਲੇਰੀ ਤੇ ਮਹਿਮੂਦ ਦੀ ਪਰਤਿੱਭਾ ਵਿਚ ਅੱਜ ਦਾ ਗਿਆਨ ਜੋੜ ਸਕਦੇ!” ਪਹਾੜੀ ਲੋਕ ਕਹਿੰਦੇ ਹਨ।
“ਇਮਾਮ ਅਸੀਂ ਰੁਕ ਕਿਉਂ ਗਏ ਹਾਂ?” ਇਕ ਵਾਰ ਹਾਜੀ-ਮੁਰਾਤ ਨੇ ਸ਼ਾਮੀਲ ਨੂੰ ਪੁੱਛਿਆ। “ਸਾਡੇ ਸੀਨਿਆਂ ਵਿਚ ਦਿਲ ਧੜਕਦੈ ਤੇ ਹੱਥ ਵਿਚ ਖੰਜਰ ਏ। ਉਡੀਕ ਕਿਸ ਗੱਲ ਦੀ ਏ? ਅਸੀਂ ਅੱਗੇ ਵੱਧ ਕੇ ਆਪਣੇ ਵਾਸਤੇ ਰਾਹ ਬਣਾਵਾਂਗੇ।”
“ਜ਼ਰਾ ਸਬਰ ਤੋਂ ਕੰਮ ਲਉ, ਕਾਹਲੀ ਨਾ ਕਰੋ, ਹਾਜੀ-ਮੁਰਾਤ, ਤੇਜ਼ ਦੌੜਨ ਵਾਲੀਆਂ ਨਦੀਆਂ ਕਦੇ ਸਾਗਰ ਤੱਕ ਨਹੀਂ ਪਹੁੰਚਦੀਆਂ। ਮੈਂ ਕਿਤਾਬ ਤੋਂ ਸਲਾਹ ਲਵਾਂਗਾ- ਉਹ ਕੀ ਸਲਾਹ ਦੇਂਦੀ ਏ। ਕਿਤਾਬ ਸਮਝਦਾਰੀ ਦੀ ਚੀਜ਼ ਏ।”
“ਇਮਾਮ, ਸ਼ਾਇਦ ਤੇਰੀ ਕਿਤਾਬ ਸਮਝਦਾਰੀ ਦੀ ਚੀਜ਼ ਹੋਵੇ ਪਰ ਸਾਨੂੰ ਤਾਂ ਬਹਾਦਰੀ ਦੀ ਲੋੜ ਏ ਤੇ ਬਹਾਦਰੀ ਏ ਤੇਜ਼ ਤਲਵਾਰ ਤੇ ਘੋੜੇ ਦੀ ਸਵਾਰੀ ਵਿਚ।”
“ਕਿਤਾਬਾਂ ਵੀ ਬਹਾਦਰ ਹੁੰਦੀਆਂ ਨੇ।”
ਕਿਤਾਬ…ਅੱਖਰ, ਪੰਕਤੀਆਂ, ਪੰਨਾ। ਹਾਂ, ਪੰਨਾ ਇਕ ਮਾਮੂਲੀ ਜਿਹਾ ਕਾਗਜ਼ ਲੱਗਦਾ ਹੋ ਸਕਦਾ ਹੈ ਪਰ ਉਹ ਸ਼ਬਦਾਂ ਦਾ ਸੰਗੀਤ, ਭਾਸ਼ਾ ਦੇ ਸੁਰੀਲੇਪਨ ਅਤੇ ਵਿਚਾਰਾਂ ਦਾ ਭੰਡਾਰ ਹੈ। ਇਹ ਤਾਂ ਮੈਂ ਹਾਂ ਜਿਹਨੇ ਉਹਨੂੰ ਲਿਖਿਆ, ਉਹ ਦੂਸਰੇ ਲੋਕ ਹਨ ਜਿਨ੍ਹਾਂ ਦੇ ਬਾਰੇ ਮੈਂ ਲਿਖਿਆ। ਇਹ ਕਾਗਜ਼ ਤਾਂ ਤੇਜ਼ ਗਰਮੀ ਹੈ, ਸਰਦੀਆਂ ਦਾ ਬਰਫ਼ੀਲਾ ਤੂਫਾਨ, ਕੱਲ੍ਹ ਦੀਆਂ ਘਟਨਾਵਾਂ, ਅੱਜ ਦੇ ਸੁਪਨੇ, ਭਵਿੱਖ ਦਾ ਕੰਮ ਹੈ।
ਵਿਸ਼ਵ ਇਤਿਹਾਸ ਅਤੇ ਹਰ ਆਦਮੀ ਦੀ ਕਿਸਮਤ ਨੂੰ ਦੋ ਹਿੱਸਿਆਂ ਵਿਚ ਵੰਡਣਾ ਚਾਹੀਦਾ ਹੈ-ਪੁਸਤਕ ਦੇ ਪਰਗਟ ਹੋਣ ਤੋਂ ਪਹਿਲਾ ਅਤੇ ਉਸ ਤੋਂ ਬਾਅਦ ਦਾ ਹਿੱਸਾ। ਪਹਿਲਾ ਹਿੱਸਾ ਕਾਲੀ ਰਾਤ ਹੈ, ਦੂਸਰਾ ਹਿੱਸਾ ਉੱਜਲ ਦਿਨ। ਪਹਿਲਾ ਹਿੱਸਾ- ਤੰਗ ਹਨ੍ਹੇਰਾ ਦੱਰਰਾ ਹੈ ਅਤੇ ਦੂਸਰਾ ਹਿੱਸਾ ਖੁੱਲ੍ਹਾ ਮੈਦਾਨ ਜਾਂ ਪਰਬਤ ਦੀ ਚੋਟੀ।
“ਸ਼ਾਇਦ ਜਹਾਲਤ ਹੀ ਉਹ ਗੁਨਾਹ ਏ ਜਿਹਦੇ ਕਰਕੇ ਇਤਿਹਾਸ ਨੇ ਸਾਨੂੰ ਏਨੀ ਦੇਰ ਤੱਕ ਤੇ ਏਨੀ ਸਖਤ ਸਜ਼ਾ ਦਿੱਤੀ ਏ,” ਪਿਤਾ ਜੀ ਕਹਿੰਦੇ ਹੁੰਦੇ ਸਨ।
ਦੇ ਦੌਰ-ਪੁਸਤਕ ਵਾਲਾ ਅਤੇ ਪੁਸਤਕ ਤੋਂ ਬਿਨਾਂ। ਇਨਸਾਨ ਕੋਲ ਹੁਣ ਬਹੁਤ ਛੇਤੀ ਹੀ, ਉਸੇ ਵਕਤ ਜਦੋਂ ਉਹ ਪਹਿਲਾ ਕਦਮ ਚੁੱਕਦਾ ਹੈ, ਪੈਂਤੀ ਅੱਖਰੀ ਦੇ ਰੂਪ ਵਿਚ ਕਿਤਾਬ ਆ ਜਾਂਦੀ ਹੈ। ਪਰ ਦਾਗਿਸਤਾਨ ਕੋਲ ਹਜ਼ਾਰਾਂ ਸਾਲ ਬੀਤਣ ਤੇ ਹੀ ਪੁਸਤਕ ਆਈ। ਦਾਗਿਸਤਾਨ ਨੇ ਬਹੁਤ ਦੇਰ ਨਾਲ, ਬਹੁਤ ਹੀ ਦੇਰ ਨਾਲ ਪੜ੍ਹਨਾ
ਲਿਖਣਾ ਸਿੱਖਿਆ।
ਇਸ ਤੋਂ ਪਹਿਲਾਂ ਪਹਾੜੀ ਲੋਕਾਂ ਵਾਸਤੇ ਅਨੇਕ ਸਦੀਆਂ ਤੱਕ ਆਸਮਾਨ ਪੰਨਾ ਸੀ ਤੇ ਤਾਰੇ ਵਰਣਮਾਲਾ। ਕਾਲੇ ਬੱਦਲ ਦਵਾਤ ਸਨ, ਵਰਖਾ ਸਿਆਹੀ, ਪਰਿਥਵੀ ਕਾਗਜ਼, ਘਾਹ ਅਤੇ ਫੁੱਲ-ਅੱਖਰ ਸਨ ਅਤੇ ਖੁਦ ਉਚਾਈ ਇਹੋ ਜਿਹੇ ਪੰਨੇ ਉਤੇ ਪੜ੍ਹਨ ਲਈ ਝੁਕ ਜਾਂਦੀ ਸੀ।
ਸੂਰਜ ਦੀਆਂ ਲਾਲ ਕਿਰਨਾਂ ਕਲਮਾਂ ਸਨ। ਉਹਨਾਂ ਨੇ ਚੱਟਾਨਾਂ ਉਤੇ ਸਾਡਾ ਭੁੱਲਾਂ ਭਰਿਆ ਇਤਿਹਾਸ ਲਿਖਿਆ।
ਮਰਦ ਦਾ ਜਿਸਮ-ਦਵਾਤ ਸੀ। ਖੂਨ-ਸਿਆਹੀ, ਅਤੇ ਖੰਜਰ-ਕਲਮ। ਫੇਰ ਮੌਤ ਦੀ ਕਿਤਾਬ ਲਿਖੀ ਗਈ। ਉਹਦੀ ਭਾਸ਼ਾ ਹਰੇਕ ਦੀ ਸਮਝ ਵਿਚ ਆ ਜਾਂਦੀ ਸੀ, ਉਸਦੇ ਉਲਥੇ ਦੀ ਲੋੜ ਨਹੀਂ ਪੈਂਦੀ ਸੀ।
ਔਰਤ ਦੀ ਬਦਕਿਸਮਤੀ-ਦਵਾਤ ਸੀ, ਹੰਝੂ ਸਿਆਹੀ, ਸਿਰ੍ਹਾਣਾ-ਕਾਗਜ਼। ਫਿਰ ਦੁੱਖਾਂ ਦਰਦਾਂ ਦੀ ਕਿਤਾਬ ਲਿਖੀ ਗਈ ਪਰ ਬਹੁਤ ਹੀ ਘੱਟ ਲੋਕਾਂ ਨੇ ਉਹਨੂੰ ਪੜ੍ਹਿਆ, ਪਹਾੜੀ ਔਰਤਾਂ ਕਿਸੇ ਦੂਸਰੇ ਨੂੰ ਆਪਣੇ ਹੰਝੂ ਨਹੀਂ ਵਿਖਾਉਂਦੀਆਂ।
ਪੁਸਤਕ, ਲਿਖਤ ਭਾਸ਼ਾ… ਇਹ ਹਨ ਉਹ ਦੋ ਖਜ਼ਾਨੇ ਜਿਹੜੇ ਭਾਸ਼ਾਵਾਂ ਵੰਡਣ ਵਾਲਾ ਸਾਨੂੰ ਦੇਣੇ ਭੁੱਲ ਗਿਆ।
ਪੁਸਤਕਾਂ-ਉਹ ਘਰ ਦੀਆਂ ਖੁੱਲ੍ਹੀਆਂ ਖਿੜਕੀਆਂ ਹਨ, ਪਰ ਅਸੀ ਬੰਦ ਦੀਵਾਰਾਂ ਅੰਦਰ ਬੈਠੇ ਰਹੇ… ਖਿੜਕੀਆਂ ਵਿਚੋਂ ਪਰਿਥਵੀ ਅਤੇ ਸਾਗਰ ਵਿਸਤਾਰ ਅਤੇ ਲਹਿਰਾਂ ਉਤੇ ਤੈਰਨ ਵਾਲੇ ਅਦਭੂਤ ਜਹਾਜ਼ਾਂ ਨੂੰ ਵੇਖਿਆ ਜਾ ਸਕਦਾ ਸੀ। ਅਸੀਂ ਉਨ੍ਹਾਂ ਪੰਛੀਆਂ ਵਰਗੇ ਸਾਂ ਜਿਹੜੇ ਪਤਾ ਨਹੀਂ ਕਿਉਂ ਸਰਦੀਆਂ ਵਿਚ ਗਰਮ ਇਲਾਕਿਆਂ ਵਿਚ ਨਾ ਜਾ ਕੇ ਠੰਢ ਵਿਚ ਹੀ ਰਹਿ ਜਾਂਦੇ ਹਨ ਅਤੇ ਠੰਢ ਲੱਗਣ ਤੇ ਖਿੜਕੀਆਂ ਉਤੇ ਆਪਣੀਆਂ ਚੁੰਝਾਂ ਮਾਰਦੇ ਹਨ ਤਾਂ ਕਿ ਉਨ੍ਹਾਂ ਨੂੰ ਘਰ ਦੇ ਅੰਦਰ ਨਿੱਘ ਵਿਚ ਆਉਣ ਦਿੱਤਾ ਜਾਏ।
ਪਹਾੜੀ ਲੋਕਾਂ ਦੇ ਬੁੱਲ੍ਹ ਸੁੱਕੇ ਹੋਏ ਅਤੇ ਤਰੇਹ ਦੇ ਕਾਰਨ ਮੁਰਝਾਏ ਹੋਏ ਹਨ – ਸਾਡੀਆਂ ਅੱਖਾਂ ਭੁੱਖੀਆਂ ਅਤੇ ਬਲਦੀਆਂ ਪਈਆਂ ਹਨ।
ਜੇ ਅਸੀਂ ਕਾਗਜ਼ ਅਤੇ ਕਲਮ ਦੀ ਵਰਤੋਂ ਕਰਨੀ ਜਾਣਦੇ ਹੁੰਦੇ ਤਾਂ ਖੰਜਰ ਨਾਲ ਏਨਾਂ ਅਕਸਰ ਕੰਮ ਨਾ ਲੈਂਦੇ।
‘ਅਸੀਂ ਤਲਵਾਰ ਬੰਨ੍ਹਣ, ਘੋੜੇ ਉਤੇ ਜ਼ੀਨ ਕੱਸਣ, ਛਾਲ ਮਾਰ ਕੇ ਘੋੜੇ ਉਤੇ ਸਵਾਰ ਹੋਣ ਅਤੇ ਮੈਦਾਨੇ ਜੰਗ ਵਿਚ ਪਹੁੰਚਣ ਵਿਚ ਕਦੇ ਦੇਰ ਨਹੀਂ ਲਾਉਂਦੇ ਸਾਂ। ਇਸ ਮਾਮਲੇ ਵਿਚ ਸਾਡੇ ਵੱਲ ਨਾ ਤਾਂ ਲੰਗੜੇ ਲੂਹਲੇ, ਨਾ ਬੋਲੇ ਅਤੇ ਨਾ ਅੰਨ੍ਹੇ ਹੁੰਦੇ ਸਨ ਪਰ ਅਸੀਂ ਬਹੁਤ ਛੋਟੇ ਛੋਟੇ, ਜਾਣੋ ਮਾਮੂਲੀ ਅੱਖਰਾਂ ਨੂੰ ਵੀ ਸਮਝਣ ਵਿਚ ਬਹੁਤ ਦੇਰ ਲਾ ਦਿੱਤੀ। ਇਹ ਤਾਂ ਸਭ ਨੂੰ ਪਤਾ ਹੈ ਕਿ ਜਿਹਦੇ ਭਾਵ, ਜਿਹਦੇ ਵਿਚਾਰ ਲੰਗੜੇ ਲੂਹਲੇ ਹਨ, ਉਸਦੀ ਤਾਂ ਸਹਾਰਾ ਦੇਣ ਵਾਲੀ ਲਾਠੀ ਵੀ ਕੋਈ ਸਹਾਇਤਾ ਨਹੀਂ ਕਰਦੀ।
ਡੇਢ ਹਜ਼ਾਰ ਸਾਲ ਪਹਿਲਾਂ ਆਰਮੀਨੀਆਂ ਦੇ ਮਸ਼ਹੂਰ ਯੋਧੇ ਮੇਸਰੋਪ ਮਾਸ਼ਤੋਤਸ ਦੇ ਦਿਮਾਗ ਵਿਚ ਇਹ ਖਿਆਲ ਆਇਆ ਕਿ ਲਿਖਤ ਭਾਸ਼ਾ ਅਸਤਰਾਂ ਸ਼ਸਤਰਾਂ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੈ ਅਤੇ ਉਸਨੇ ਆਰਮੀਨੀ ਵਰਣਮਾਲਾ ਦੀ ਰਚਨਾ ਕੀਤੀ।
ਮੈਂ ਮਾਤੇਨਾਦਾਰਾਨ ਜਾ ਚੁੱਕਾ ਹਾਂ ਜਿੱਥੇ ਪਰਾਚੀਨਤਮ ਖਰੜੇ ਸੁਰੱਖਿਅਤ ਰੱਖੇ ਜਾ ਰਹੇ ਹਨ।
ਉੱਥੇ ਬਹੁਤ ਹੀ ਦੁੱਖੀ ਮਨ ਨਾਲ ਮੈਂ ਦਾਗਿਸਤਾਨ ਦੇ ਬਾਰੇ ਸੋਚਦਾ ਰਿਹਾ ਜਿਸਨੇ ਕਿਤਾਬਾਂ ਅਤੇ ਲਿਖਤ ਭਾਸ਼ਾ ਤੋਂ ਬਿਨਾਂ ਹਜ਼ਾਰਾਂ ਸਾਲ ਬਿਤਾ ਦਿੱਤੇ ਸਨ। ਸਮੇਂ ਦੀ ਛਾਨਣੀ ਵਿਚੋਂ ਇਤਿਹਾਸ ਛਣਦਾ ਰਿਹਾ ਅਤੇ ਉਸਦੇ ਜ਼ਰਾ ਵੀ ਨਿਸ਼ਾਨ ਬਾਕੀ ਨਹੀਂ ਰਹੇ। ਸਿਰਫ ਧੁੰਦਲੀਆਂ ਬਾਤਾਂ ਅਤੇ ਗੀਤ ਹੀ ਸਨ ਜੋ ਹਮੇਸ਼ਾਂ ਪਰਮਾਣਿਕ ਨਹੀਂ ਹੁੰਦੇ ਸਨ। ਇਕ ਵਿਅਕਤੀ ਦੇ ਮੂੰਹ ਤੋਂ ਦੂਜੇ ਵਿਅਕਤੀ ਦੇ ਮੂੰਹ ਤੱਕ, ਇਕ ਹਿਰਦੇ ਤੋਂ ਦੂਸਰੇ ਹਿਰਦੇ ਤੱਕ ਜਾਂਦਿਆਂ ਹੋਇਆਂ ਸਾਡੇ ਕੋਲ ਪਹੁੰਚਦੇ ਰਹੇ।
ਯਾਦ ਰੱਖਣਾ ਹੈ ਉਹ ਸੌਖਾ,
ਜੋ ਸਾਂਭਿਆ ਵਿਚ ਕਥਾਵਾਂ।
ਮਾਂ ਤੋਂ ਸੁਣਿਆਂ ਸੀ ਜੋ ਕਿੱਸਾ,
ਉਹੀ ਮੈਂ ਦੋਹਰਾਵਾਂ।
ਕਿਸੇ ਸੂਰਮੇ ਕਿਸੇ ਪਿੰਡ ਵਿਚ,
ਉੱਚਾ ਨਾਂਅ ਕਮਾਇਆ।
ਵੱਡੇ ਖਾਨ ਨੇ ਸ਼ਕਤੀਮਾਨ ਨੇ,
ਤੱਦ ਉਹਨੂੰ ਬੁਲਵਾਇਆ।
ਨਾਂਅ ਸਲੀਮ, ਜਦ ਸਾਡਾ ਸੂਰਾ,
ਵੱਡੇ ਮਹਿਲੀਂ ਆਇਆ।
ਖੁੱਲ੍ਹਦੇ ਸਭ ਦਰਵਾਜ਼ੇ ਵੇਖੇ,
ਪੈਰ ਜਦ ਉਹਨੇ ਪਾਇਆ।
ਝਾੜ, ਕਾਲੀਨ ਤੇ ਹੋਵੇ ਜਗਮਗ,
ਚਾਂਦੀ ਜਿਹੇ ਫੁਹਾਰੇ।
ਧਨੀ ਖਾਨ ਨੇ ਮਾਲ ਖਜ਼ਾਨੇ,
ਖੋਲ੍ਹ ਦਿੱਤੇ ਸਨ ਸਾਰੇ।
ਔਖਾ ਸਭ ਕੁਝ ਦੱਸਣਾ ਉਹੋ,
ਜੋ ਵੇਖਿਆ ਸੂਰੇ ਏਥੇ।
ਜੋ ਕੁਝ ਵੀ ਹੈ ਇਸ ਦੁਨੀਆਂ ਵਿਚ,
ਮਿਲਦਾ ਸਭ ਕੁਝ ਏਥੇ।
ਕਿਹਾ ਖਾਨ ਨੇ—“ਸੁਣ ਸੂਰਿਆ
ਲੈ ਲੈ ਜੋ ਵੀ ਚਾਹੇ।
ਦੇ ਦੇਵਾਂਗਾ ਉਹ ਸਭ ਤੈਨੂੰ,
ਜੋ ਤੈਨੂੰ ਜਚ ਜਾਵੇ।”
“ਸੱਭੇ ਚੀਜ਼ਾਂ ਵਧੀਆ ਏਥੇ,
ਰੱਖੀਂ ਏਨਾਂ ਯਾਦ।
ਕਰ ਨਾ ਬੈਠੀ ਕਾਹਲੀ ਕਿਧਰੇ,
ਨਾ ਪਛਤਾਵੀਂ ਬਾਅਦ।”
ਦਿੱਤਾ ਉਸ ਜਵਾਬ ਸੂਰਮੇ–
“ਦੇਹ ਤਲਵਾਰ ਤੇ ਖੰਜਰ।
ਘੋੜਾ ਤੇਜ਼ ਤੂੰ ਦੇ ਦੇਹ ਮੈਨੂੰ,
ਕਰਾਂ ਸਵਾਰੀ ਤਿਸ ਪਰ।
“ਹੀਰੇ-ਮੋਤੀ, ਮਾਲ-ਖਜ਼ਾਨੇ,
ਇਹ ਸਭ ਕੁਝ ਨਾ ਚਾਹਵਾਂ।
ਜੇ ਤਲਵਾਰ ਤੇ ਘੋੜਾ ਹੇਗਾ,
ਦੇਹ ਲੈ ਕੇ ਮੈਂ ਜਾਵਾਂ।”
ਵਾਹ ਬਜ਼ੁਰਗਾ ਮੋਰਿਆ।
ਤੂੰ ਤਾਂ ਐਸੀ ਗਲਤੀ ਕੀਤੀ।
ਲਈ ਤਲਵਾਰ, ਲਿਆ ਘੋੜਾ ਵੀ,
ਕਿਉਂ ਪੁਸਤਕ ਨਾ ਲੀਤੀ
ਦਸ ਭਲਾ ਤੂੰ ਕਾਹਤੋਂ ਨਹੀਓਂ,
ਪੈਂਸਲ ਕਾਗਜ਼ ਚੁੱਕੇ ?
ਭੁੱਲ ਗਿਆ ਤੂੰ ਕਲਮ ਨੂੰ ਕਾਹਤੋਂ,
ਵਿਚ ਝੋਲੇ ਕਿਉਂ ਨਾ ਰੱਖੇ।
ਬੇਸ਼ਕ ਮਨ ਸੀ ਨਿਰਮਲ ਤੇਰਾ,
ਪਰ ਅਕਲ ਦੇ ਪੱਖੋਂ ਖੁੰਝਿਆ।
ਪੁਸਤਕ ਖੰਜਰ ਨਾਲੋਂ ਵਧ ਏ,
ਇਹ ਨਾ ਤੈਨੂੰ ਸੁੱਝਿਆ।
ਕਿਸਮਤ ਸੌਂਪ ਲੋਹੇ ਨੂੰ ਆਪਣੀ,
ਅਸੀਂ ਸਮਝ ਨਾ ਸਕੇ। ਖੰਜਰਾਂ,
ਘੋੜਿਆਂ ਨਾਲੋਂ ਵਧ ਕੇ,
ਪੁਸਤਕ ਕੁਝ ਦੇ ਸਕੇ।
ਸੂਝ-ਬੂਝ ਦੇ ਰਾਜ਼ ਛੁਪੇ ਨੇ,
ਨਾਲੇ ਸੁੰਦਰਤਾ ਦੇ।
ਸਦੀਆਂ ਤਕ ਗਏ ਸਾਂ ਪੱਛੜ,
ਪੈ ਕੇ ਵਸ ਖੰਜਰਾਂ ਦੇ।
ਤੇਰੀ ਭੁੱਲ ਦਾ ਹੀ ਸਿੱਟਾ ਹੈ,
ਜੋ ਪੱਛੜ ਸਕੂਲੇ ਆਏ।
ਬਾਕੀ ਅੱਗੇ ਪੜ੍ਹਦੇ ਜਾਂਦੇ,
ਉਹ ਪਿੱਛੇ ਹੀ ਰਹਿ ਜਾਏ।
ਪਰਬਤ ਮਾਲਾ ਦੇ ਪਿੱਛੇ, ਸਾਡੇ ਬਿਲਕੁਲ ਨੇੜੇ ਹੀ ਜਾਰਜੀਆ ਹੈ। ਅਨੇਕ ਸਦੀਆਂ ਪਹਿਲਾਂ ਸ਼ੋਤਾ ਰੁਸਤਾਵੇਲੀ ਨੇ ਆਪਣਾ ਅਮਰ ਮਹਾਂਕਾਵਿ ‘ਸ਼ੇਰ ਦੀ ਖੱਲ ਵਿਚ ਸੂਰਮਾ’ ਰਚ ਕੇ ਜਾਰਜੀਆਈ ਲੋਕਾਂ ਨੂੰ ਭੇਟ ਕਰ ਦਿੱਤਾ। ਜਾਰਜੀਆਈ ਲੋਕ ਬਹੁਤ ਅਰਸੇ ਤੱਕ ਮਹਾਂਕਵੀ ਦੀ ਕਬਰ ਲੱਭਦੇ ਰਹੇ, ਉਨ੍ਹਾਂ ਨੇ ਪੂਰਬ ਦੇ ਸਾਰੇ ਦੇਸ਼ ਛਾਣ ਮਾਰੇ। “ਮਹਾਂਕਵੀ ਦੀ ਕਬਰ ਤਾਂ ਕਿਤੇ ਨਹੀਂ ਪਰ ਉਨ੍ਹਾਂ ਦੇ ਜਿਉਂਦੇ ਦਿਲ ਦੀ ਧੜਕਣ ਹਰ ਥਾਂ ਸੁਣੀ ਜਾ ਸਕਦੀ ਏ,” ਇਕ ਔਰਤ ਨੇ ਕਿਹਾ ਮਾਨਵ ਜਾਤੀ ਕਾਕੇਸ਼ੀਆ ਦੀ ਚੱਟਾਨ ਨਾਲ ਬੱਝੇ ਹੋਏ ਪਰੋਮੇਥੀਊ ਦੀ ਦਾਸਤਾਨ ਪੜ੍ਹਦੀ ਹੈ।
ਅਰਬ ਲੋਕ ਹਜ਼ਾਰਾਂ ਸਾਲਾਂ ਤੋਂ ਕਵਿਤਾਵਾਂ ਪੜ੍ਹ ਪੜ੍ਹ ਕੇ ਸਿਰ ਖਪਾਉਂਦੇ ਹਨ। ਹਜ਼ਾਰਾਂ ਸਾਲ ਪਹਿਲਾਂ ਹਿੰਦੂਆਂ ਨੇ ਤਾੜ ਦੇ ਪੱਤਿਆਂ ਉੱਤੇ ਆਪਣੇ ਸੱਚ ਅਤੇ ਭਰਮ-ਭੁਲੇਖੇ ਲਿਖੇ। ਮੈਂ ਕੰਬਦੇ ਹੱਥਾਂ ਨਾਲ ਇਨ੍ਹਾਂ ਪੱਤਿਆਂ ਨੂੰ ਛੂਹਿਆ ਅਤੇ ਆਪਣੀਆਂ ਅੱਖਾਂ ਨਾਲ ਲਾਇਆ।
ਤਿੰਨ ਪੰਕਤੀਆਂ ਵਾਲੀ ਜਾਪਾਨੀ ਕਵਿਤਾ ਵਾਕਈ ਹੀ ਬੜੀ ਸੁਹਜ ਭਰਪੂਰ ਹੈ! ਕਿੰਨੀ ਪਰਾਚੀਨ ਹੈ ਚੀਨ ਦੀ ਭਾਸ਼ਾ ਜਿਸ ਵਿਚ ਹਰ ਅੱਖਰ, ਜ਼ਿਆਦਾ ਸਹੀ ਤੌਰ ਤੇ * ਹਰ ਚਿੰਨ੍ਹ ਦੇ ਪਿੱਛੇ ਇਕ ਪੂਰੀ ਧਾਰਨਾ ਛੁਪੀ ਹੋਈ ਹੈ।
ਜੇ ਇਰਾਨ ਦੇ ਸ਼ਾਹ ਅੱਗ ਅਤੇ ਤਲਵਾਰ ਦੀ ਬਜਾਏ ਫਿਰਦੌਸੀ ਦੀ ਬੁੱਧੀਮਾਨੀ, ਹਫੀਜ਼ ਦੀ ਮੁਹੱਬਤ, ਸ਼ੇਖ਼ ਸਾਅਦੀ ਦਾ ਸਾਹਸ ਅਤੇ ਅਬੀਸਿਨ ਦੇ ਵਿਚਾਰ ਲੈ ਕੇ ਦਾਗਿਸਤਾਨ ਆਉਂਦੇ ਤਾਂ ਉਨ੍ਹਾਂ ਨੂੰ ਇਥੋਂ ਸਿਰ ਤੇ ਪੈਰ ਰੱਖ ਕੇ ਨਾ ਭੱਜਣਾ ਪੈਂਦਾ।
ਨੀਸ਼ਾਪੁਰ ਵਿਚ ਮੈਂ ਉਮਰ ਖ਼ਯਾਮ ਦੀ ਕਬਰ ਉਤੇ ਗਿਆ। ਉੱਥੇ ਮੈਂ ਸੋਚਿਆ- “ਮੇਰੇ ਦੋਸਤ ਖ਼ਯਾਮ ! ਇਰਾਨ ਦੇ ਸ਼ਾਹ ਦੀ ਬਜਾਏ ਜੇ ਤੂੰ ਸਾਡੇ ਵੱਲ ਆਇਆ ਹੁੰਦਾ ਤਾਂ ਇਸ ਪਹਾੜੀ ਜਨਗਣ ਨੇ ਕਿੰਨੀ ਖੁਸ਼ੀ ਨਾਲ ਤੇਰਾ ਸਵਾਗਤ ਕੀਤਾ ਹੁੰਦਾ।”
ਅਲਜਬਰੇ ਦਾ ਜਨਮ ਹੋ ਚੁੱਕਿਆ ਸੀ ਅਤੇ ਅਸੀਂ ਗਿਣਤੀ ਕਰਨੀ ਵੀ ਨਹੀਂ ਜਾਣਦੇ ਸਾਂ। ਵੱਡੇ-ਵੱਡੇ ਮਹਾਂਕਾਵਿ ਗੂੰਜਦੇ ਸਨ ਅਤੇ ਅਸੀਂ “ਮਾਂ” ਸ਼ਬਦ ਵੀ ਨਹੀਂ ਲਿਖ ਸਕਦੇ ਸਾਂ।
ਰੂਸੀ ਫੌਜੀਆਂ ਨਾਲ ਸਾਡਾ ਵਾਹ ਪਹਿਲਾਂ ਪਿਆ ਅਤੇ ਰੂਸੀ ਕਵੀਆਂ ਨਾਲ ਸਾਡੀ ਪਛਾਣ ਬਾਅਦ ਵਿਚ ਹੋਈ।
ਜੇ ਪਹਾੜੀ ਲੋਕਾਂ ਨੇ ਪੁਸ਼ਕਿਨ ਅਤੇ ਲੇਰਮੋਨਤੋਵ ਨੂੰ ਪੜ੍ਹਿਆ ਹੁੰਦਾ ਤਾਂ ਸਾਡਾ ਇਤਿਹਾਸ ਸ਼ਾਇਦ ਹੋਰ ਹੀ ਰਾਹ ਅਖਤਿਆਰ ਕਰ ਲੈਂਦਾ।
ਜਦੋਂ ਕਿਸੇ ਪਹਾੜੀ ਆਦਮੀ ਨੂੰ ਲਿਓ ਤਾਲਸਤਾਏ ਦੀ ‘ਹਾਜੀ-ਮੁਰਾਤ’ ਕਿਤਾਬ ਪੜ੍ਹ ਕੇ ਸੁਣਾਈ ਗਈ ਤਾਂ ਉਹਨੇ ਕਿਹਾ-“ਇਹੋ ਜਿਹੀ ਅਕਲਮੰਦੀ ਵਾਲੀ ਪੁਸਤਕ ਮਨੁੱਖ ਨਹੀਂ ਰੱਬ ਹੀ ਲਿਖ ਸਕਦਾ ਸੀ।”
ਪੁਸਤਕ ਲਈ ਜੋ ਕੁਝ ਚਾਹੀਦਾ ਹੈ, ਸਾਡੇ ਕੋਲ ਸਭ ਕੁਝ ਸੀ। ਦਹਿਕਦਾ ਹੋਇਆ ਪਿਆਰ, ਬਹਾਦਰ-ਸੂਰਮੇ, ਦੁੱਖਦਾਈ ਘਟਨਾਵਾਂ, ਕਠੋਰ ਕੁਦਰਤ, ਬਸ ਸਿਰਫ਼ ਪੁਸਤਕ ਹੀ ਨਹੀਂ ਸੀ।
ਦੁੱਖਾਂ-ਦਰਦਾਂ ਨਾਲ ਚਿਰਾਂ ਤੋਂ, ਇਸ ਧਰਤੀ ਦਾ ਵਾਹ ਰਿਹਾ,
ਈਰਖਾ-ਸਾੜੇ ਮਰਦ ਵੀ ਏਥੇ ਹੱਥੀਂ ਖੰਜਰ ਚੁੱਕਦੇ ਰਹੇ।
ਕਈ ਪਹਾੜੀ ਦੇਜ਼ਦੇਮੋਨਾ, ਹੱਥੀਂ ਉਨ੍ਹਾਂ ਵੱਢੀਆਂ ਨੇ,
ਬੇਦਰਦੀ ਨਾਲ ਖੰਜਰ ਏਹੋ, ਉਨ੍ਹਾਂ ਦੀ ਛਾਤੀ ਖੁੱਭਦੇ ਰਹੇ।
ਉੱਚ-ਪਰਬਤੀ ਏਸ ਧਰਤ ਤੇ, ਜਾਣੋਂ ਦੁਨੀਆਂ ਦੀ ਛੱਤ ਤੇ,
ਸਦੀਆਂ ਲੰਮੇ ਅਰਸੇ ਦੇ ਵਿਚ, ਕੀ ਕੀ ਏਥੇ ਹੋਇਆ ਨਾ
ਜੂਲੀਅਟ ਅਤੇ ਓਫਲਿਆਂ ਏਥੇ, ਹੈਮਲੇਟ ਏਥੇ ਹੋਏ ਨੇ,
ਸ਼ੈਕਸਪੀਅਰ ਪਰ ਪੈਦਾ ਕੋਈ ਏਸ ਧਰਤ ਤੇ ਹੋਇਆ ਨਾ।
ਏਥੇ ਮਧੁਰ ਸੰਗੀਤ ਗੂੰਜਦਾ, ਨਦੀਆਂ ਕਲ-ਕਲ ਕਰਨ ’ਪੀਆਂ,
ਏਥੇ ਗਾਉਣ ਤਰਾਨੇ ਪੰਛੀ ਝਰਨੇ ਝਰ ਝਰ ਕਰਦੇ ਨੇ।
ਪਰ ਬਾਖ਼ ਤਾਂ ਫਿਰ ਵੀ ਕੋਈ ਹੋਇਆ ਨਾ ਇਸ ਧਰਤੀ ਤੇ,
ਬਿਥੋਵਨ ਦੀਆਂ ਰਚਨਾਵਾਂ ਦੇ ਵੀ ਸੁਰ ਨਾ ਰੌਣਕ ਕਰਦੇ ਰਹੇ।
‘ ਕਿਸੇ ਜੂਲੀਅਟ ਦੇ ਜੀਵਨ ਦਾ ਦੁੱਖਦਾਈ ਅੰਤ ਜਦ ਹੁੰਦਾ ਸੀ,
ਕੌਣ ਸੀ ਕਰਦਾ ਉਹਦੀ ਚਰਚਾ, ਕਿਹੜਾ ਹਾਲ ਸੁਣਾਉਂਦਾ ਸੀ?
ਉਹੀ ਲੋਕ ਜੋ ਮਾਰ ਕੇ ਉਹਨੂੰ ਬਦਲਾ ਆਪਣਾ ਲੈਂਦੇ ਸਨ,
ਪਰ ਕਦੇ ਕਵੀ ਨਾ ਕੋਈ ਉਹਦੀ ਗਾਥਾ ਕਿਤੇ ਵੀ ਗਾਉਂਦਾ ਸੀ।
ਕੁਮੁਖ ਪਿੰਡ ਦੇ ਕੋਲ ਤੈਮੂਰ ਦੇ ਗਿਰੋਹ ਨਾਲ ਭਿਆਨਕ ਲੜਾਈ ਤੋਂ ਬਾਅਦ ਪਹਾੜੀ ਲੋਕ ਜਦੋਂ ਜਿੱਤਿਆ ਹੋਇਆ ਮਾਲ ਲੁੱਟ ਰਹੇ ਸਨ ਤਾਂ ਇਕ ਮੁਰਦਾ ਫੌਜੀ ਦੀ ਜੇਬ ਵਿਚੋਂ ਉਨ੍ਹਾਂ ਨੂੰ ਪੁਸਤਕ ਮਿਲ ਗਈ। ਸਾਰੇ ਫੌਜੀਆਂ ਨੇ ਉਹਦੇ ਪੰਨੇ ਉਲਟਾਏ ਪਲਟਾਏ, ਅੱਖਰਾਂ ਉਤੇ ਝੁਕ ਕੇ ਉਨ੍ਹਾਂ ਨੂੰ ਬੜੇ ਗੌਰ ਨਾਲ ਵੇਖਿਆ। ਪਰ ਉਨ੍ਹਾਂ ਵਿਚੋਂ ਇਕ ਵੀ ਅਜੇਹਾ ਨਹੀਂ ਸੀ ਜਿਹੜਾ ਉਨ੍ਹਾਂ ਨੂੰ ਪੜ੍ਹ ਸਕਦਾ ਹੋਵੇ। ਫਿਰ ਪਹਾੜੀਆਂ ਨੇ ਉਹਨੂੰ ਸਾੜ ਦੇਣਾ ਚਾਹਿਆ, ਉਹਨੂੰ ਪਾੜ ਕੇ ਪੰਨਿਆਂ ਨੂੰ ਹਵਾ ਵਿਚ ਉੱਡਾ ਦੇਣਾ ਚਾਹਿਆ। ਪਰ ਸਮਝਦਾਰ ਅਤੇ ਬਹਾਦਰ ਪਾਰਤੂ-ਪਾਤੀਮਾਤ ਨੇ ਅਗਾਂਹ ਹੋ ਕੇ ਕਿਹਾ—
“ਦੁਸ਼ਮਣ ਤੋਂ ਮਿਲੇ ਹਥਿਆਰਾਂ ਨਾਲ ਇਹਨੂੰ ਵੀ ਸੰਭਾਲ ਕੇ ਰੱਖੋ।”. “ਸਾਨੂੰ ਇਹਦੀ ਕੀ ਲੋੜ ਏ? ਸਾਡੇ ਵਿਚੋਂ ਤਾਂ ਕੋਈ ਵੀ ਇਹਨੂੰ ਪੜ੍ਹ ਨਹੀਂ ਸਕਦਾ।”
“ਜੇ ਅਸੀਂ ਪੜ੍ਹ ਨਹੀਂ ਸਕਦੇ ਤਾਂ ਸਾਡੇ ਪੁੱਤ-ਪੋਤਰੇ ਇਹਨੂੰ ਪੜ੍ਹਨਗੇ। ਆਖਰ ਅਸੀਂ ਤਾਂ ਇਹ ਨਹੀਂ ਜਾਣਦੇ ਪਈ ਇਹਦੇ ਵਿਚ ਕੀ ਲੁਕਿਆ ਹੋਇਐ। ਹੋ ਸਕਦੈ ਇਸੇ ਵਿਚ ਸਾਡੀ ਕਿਸਮਤ ਛੁਪੀ ਹੋਵੇ।”
ਅਰਬਾਂ ਨਾਲ ਸੁਰਾਕਾਤ ਤਾਨੁਸਿੰਸਕੀ ਦੀ ਲੜਾਈ ਦੇ ਸਮੇਂ ਇਕ ਅਰਬ ਕੈਦੀ ਨੇ ਪਹਾੜੀ ਲੋਕਾਂ ਨੂੰ ਆਪਣਾ ਘੋੜਾ, ਹਥਿਆਰ ਅਤੇ ਢਾਲ ਵੀ ਦੇ ਦਿੱਤੀ, ਪਰ ਕਿਤਾਬ ਨੂੰ ਛਾਤੀ ਨਾਲ ਚਿਪਕਾ ਕੇ ਛੁਪਾ ਲਿਆ, ਉਹ ਨਹੀਂ ਦੇਣੀ ਚਾਹੀ। ਸੁਰਾਕਾਤ ਨੇ ਘੋੜਾ ਹਥਿਆਰ ਕੈਦੀ ਨੂੰ ਮੋੜ ਦਿੱਤੇ, ਪਰ ਕਿਤਾਬ ਖੋਹ ਲੈਣ ਦਾ ਹੁਕਮ ਦਿੱਤਾ। ਉਹਨੇ ਕਿਹਾ-
“ਘੋੜਿਆਂ ਅਤੇ ਤਲਵਾਰਾਂ ਦੀ ਤਾਂ ਖੁਦ ਸਾਡੇ ਕੋਲ ਵੀ ਕੋਈ ਥੁੜ ਨਹੀਂ, ਪਰ ਕਿਤਾਬ ਇਕ ਵੀ ਨਹੀਂ। ਤੁਹਾਡੇ ਅਰਬਾਂ ਕੋਲ ਤਾਂ ਅਨੇਕਾਂ ਕਿਤਾਬਾਂ ਨੇ। ਤੈਨੂੰ ਇਹ ਇਕ ਦੇਂਦਿਆਂ ਕਿਉਂ ਅਫ਼ਸੋਸ ਹੋ ਰਿਹੈ?”
ਫੌਜੀਆਂ ਨੇ ਹੈਰਾਨ ਹੋ ਕੇ ਆਪਣੇ ਸੈਨਾਪਤੀ ਨੂੰ ਪੁੱਛਿਆ-
“ਅਸੀਂ ਇਸ ਕਿਤਾਬ ਦਾ ਕੀ ਕਰਨੈਂ? ਸਾਨੂੰ ਤਾਂ ਨਾ ਸਿਰਫ਼ ਇਹ ਪੜ੍ਹਨੀ ਈ ਨਹੀਂ ਆਉਂਦੀ, ਸਗੋਂ ਸਾਨੂੰ ਇਹਨੂੰ ਢੰਗ ਨਾਲ ਹੱਥ ਵਿਚ ਲੈਣਾ ਵੀ ਨਹੀਂ ਆਉਂਦਾ। ਘੋੜਿਆਂ ਦੀ ਅਤੇ ਹਥਿਆਰਾਂ ਦੀ ਬਜਾਏ ਇਹਨੂੰ ਲੈਣਾ ਕਿੱਥੋਂ ਦੀ ਸਮਝਦਾਰੀ ਏ?”
“ਉਹ ਵਕਤ ਆਏਗਾ, ਜਦੋਂ ਇਹਨੂੰ ਪੜ੍ਹਿਆ ਜਾਏਗਾ। ਉਹ ਵਕਤ ਆਏਗਾ, ਜਦੋਂ ਇਹ ਪਹਾੜੀ ਲੋਕਾਂ ਲਈ ਚੇਰਕੇਸਕਾ, ਸਮੂਰੀ ਟੋਪੀ, ਘੋੜੇ ਅਤੇ ਖੰਜਰ ਦੀ ਥਾਂ ਲੈ ਲਵੇਗੀ।”
ਦਾਗਿਸਤਾਨ ਉਤੇ ਹਮਲਾ ਕਰਨ ਵਾਲੇ ਇਰਾਨ ਦੇ ਸ਼ਾਹ ਦੀ ਜਦੋਂ ਹਾਲਤ ਖਾਸੀ ਪਤਲੀ ਹੋ ਗਈ ਤਾਂ ਉਹਨੇ ਆਪਣਾ ਸੋਨਾ-ਚਾਂਦੀ ਅਤੇ ਹੀਰੇ-ਮੋਤੀ, ਜਿਨ੍ਹਾਂ ਨੂੰ ਉਹ ਸਦਾ ਕੋਲ ਰੱਖਦਾ ਸੀ, ਜ਼ਮੀਨ ਵਿਚ ਦੱਬ ਦਿੱਤੇ। ਇਸ ਟੋਏ ਉਤੇ ਪੱਥਰ ਲਾ ਕੇ ਉਸ ਉਤੇ ਜਾਣਕਾਰੀ ਲਈ ਅੱਖਰ ਲਿਖ ਦਿੱਤੇ। ਮੌਕੇ ਤੇ ਵੇਖਣ ਵਾਲਿਆਂ ਨੂੰ ਸ਼ਾਹ ਨੇ ਮਰਵਾ ਦਿੱਤਾ। ਪਰ ਮੁਰਤਾਜ਼ ਅਲੀ ਖਾਂ ਨੇ ਫਿਰ ਵੀ ਇਸ ਟੋਏ ਨੂੰ ਲੱਭ ਲਿਆ। ਸੋਨੇ-ਚਾਂਦੀ ਅਤੇ ਹੀਰਿਆਂ-ਮੋਤੀਆਂ ਨਾਲ ਭਰੇ ਹੋਏ ਸੰਦੂਕ-ਉਹ ਸਭ ਕੁਝ ਜਿਹੜਾ ਇਰਾਨ ਦੇ ਸ਼ਾਹ ਨੇ ਉਦੋਂ ਲੁੱਟਿਆ ਸੀ-ਕੱਢ ਲਏ। ਵੀਹ ਖੱਚਰਾਂ ਉਤੇ ਸ਼ਾਹ ਦੀ ਸਾਰੀ ਦੌਲਤ ਲੱਦ ਕੇ ਲਿਆਂਦੀ ਗਈ। ਬਾਕੀ ਕੀਮਤੀ ਚੀਜ਼ਾਂ ਦੇ ਇਲਾਵਾ ਫਾਰਸੀ ਦੀਆਂ ਕੁੱਝ ਕਿਤਾਬਾਂ ਵੀ ਸਨ। ਮੁਰਤਾਜ਼ ਅਲੀ ਖਾਂ ਦੇ ਪਿਤਾ ਸੁਰਹਾਤ ਨੇ, ਜਿਹਦੇ ਦੋਵੇਂ ਹੱਥ ਵੱਢੇ ਹੋਏ ਸਨ, ਇਹ ਸਾਰਾ ਖਜ਼ਾਨਾ ਵੇਖ ਕੇ ਕਿਹਾ-
“ਮੇਰਿਆ ਪੁੱਤਰਾ, ਬੜਾ ਵੱਡਾ ਖਜ਼ਾਨਾ ਲੱਭਿਆ ਤੂੰ। ਇਹਨੂੰ ਫੌਜੀਆਂ ਵਿਚ ਵੰਡ ਦੇਹ, ਜੇ ਚਾਹੁੰਨੇਂ ਤਾਂ ਵੇਚ ਦੇਹ। ਇਹ ਤਾਂ ਹਰ ਹਾਲਤ ਖਤਮ ਹੋ ਜਾਏਗਾ। ਪਰ ਸੋ ਸਾਲ ਬਾਅਦ ਵੀ ਪਹਾੜੀ ਲੋਕਾਂ ਨੂੰ ਇਨ੍ਹਾਂ ਕਿਤਾਬਾਂ ਵਿਚ ਛੁਪੇ ਹੋਏ ਮੋਤੀ ਮਿਲ ਜਾਣਗੇ। ਇਹ ਨਾ ਦੇਵੀਂ। ਇਹ ਸਾਰੀਆਂ ਕੀਮਤੀ ਚੀਜ਼ਾਂ ਨਾਲੋਂ ਵੀ ਜ਼ਿਆਦਾ ਕੀਮਤੀ हे।”
ਇਮਾਮ ਸ਼ਾਮੀਲ ਦਾ ਮੁਹੰਮਦ ਤਾਹਿਰ ਅਲ-ਕਾਮਾਖੀ ਨਾਂਅ ਦਾ ਸਕੱਤਰ ਸੀ। ਸ਼ਾਮੀਲ ਉਹਨੂੰ ਕਦੇ ਵੀ ਖਤਰਨਾਕ ਥਾਂ ਤੇ ਜਾਣ ਨਹੀਂ ਸੀ ਦਿੰਦਾ। ਮੁਹੰਮਦ ਤਾਹਿਰ ਨੂੰ ਇਹ ਬਹੁਤ ਬੁਰਾ ਲੱਗਦਾ। ਇਕ ਦਿਨ ਉਹਨੇ ਕਿਹਾ-
“ਇਮਾਮ, ਸ਼ਾਇਦ ਤੂੰ ਮੇਰੇ ਉਤੇ ਭਰੋਸਾ ਨਹੀਂ ਕਰਦਾ? ਮੈਨੂੰ ਮੈਦਾਨੇ ਜੰਗ ਵਿਚ ਜਾਣ ਦੇਹ।”
” ਜੇ ਸਾਰੇ ਮਰ ਜਾਣ ਤਾਂ ਤੈਨੂੰ ਤਾਂ ਫਿਰ ਵੀ ਜਿਉਂਦਾ ਰਹਿਣਾ ਚਾਹੀਦੈ। ਤਲਵਾਰ ਹੱਥ ਵਿਚ ਲੈ ਕੇ ਲੜ ਤਾਂ ਕੋਈ ਵੀ ਸਕਦੈ ਪਰ ਇਤਿਹਾਸ ਲਿਖਣ ਦਾ ਕੰਮ ਹਰ ਕੋਈ ਨਹੀਂ ਕਰ ਸਕਦਾ। ਤੂੰ ਸਾਡੇ ਸੰਘਰਸ਼ ਦੀ ਕਿਤਾਬ ਲਿਖਦਾ ਰਹਿ।”
ਮੁਹੰਮਦ ਤਾਹਿਰ ਆਪਣੀ ਕਿਤਾਬ ਪੂਰੀ ਕੀਤੇ ਬਿਨਾਂ ਹੀ ਇਸ ਦੁਨੀਆਂ ਤੋਂ ਕੂਚ ਕਰ ਗਿਆ। ਪਰ ਉਹਦੇ ਪੁੱਤਰ ਨੇ ਪਿਤਾ ਦੇ ਅਧੂਰੇ ਛੱਡੇ ਹੋਏ ਕੰਮ ਨੂੰ ਪੂਰਾ ਕੀਤਾ। ਇਸ ਪੁਸਤਕ ਦਾ ਨਾਂਅ ਹੈ-‘ਕੁਝ ਲੜਾਈਆਂ ਵਿਚ ਇਮਾਮ ਦੀ ਤਲਵਾਰ ਦੀ ਚਮਕ।
ਇਮਾਮ ਸ਼ਾਮੀਲ ਦੀ ਬੜੀ ਵੱਡੀ ਨਿੱਜੀ ਲਾਇਬਰੇਰੀ ਸੀ। ਪੱਚੀ ਸਾਲ ਉਹ
ਵੀਹਾਂ ਖੱਚਰਾਂ ਉਤੇ ਉਹਨੂੰ ਇਧਰ-ਉਧਰ ਲਿਜਾਂਦਾ ਰਿਹਾ। ਉਹਦੇ ਬਿਨਾਂ ਤਾਂ ਉਹਨੂੰ ਚੈਨ
ਹੀ ਨਹੀਂ ਮਿਲਦਾ ਸੀ। ਬਾਅਦ ਵਿਚ ਗੁਨੀਬ ਪਰਬਤ ਉਤੇ ਕੈਦੀ ਬਣਨ ਵੇਲੇ ਉਹਨੇ ਗੁਜ਼ਾਰਿਸ਼ ਕੀਤੀ ਕਿ ਉਹਦੀ ਤਲਵਾਰ ਅਤੇ ਕਿਤਾਬਾਂ ਉਹਦੇ ਕੋਲ ਹੀ ਰਹਿਣ ਦਿੱਤੀਆਂ ਜਾਣ। ਕਾਲੂਗਾ ਵਿਚ ਰਹਿੰਦਿਆਂ ਹੋਇਆਂ ਉਹ ਕਿਤਾਬਾਂ ਹਾਸਲ ਕਰਨ ਲਈ ਲਗਾਤਾਰ ਮਿੰਨਤਾਂ ਕਰਦਾ ਰਿਹਾ। ਉਹ ਕਹਿੰਦਾ ਹੁੰਦਾ ਸੀ-“ ਤਲਵਾਰ ਦੇ ਕਾਰਨ ਤਾਂ ਬਹੁਤ ਸਾਰੀਆਂ ਲੜਾਈਆਂ ਹਾਰੀਆਂ ਗਈਆਂ ਨੇ ਪਰ ਕਿਤਾਬ ਦੇ ਕਾਰਨ ਇਕ ਵੀ ਨਹੀਂ।”
ਇਮਾਮ ਦਾ ਪੁੱਤਰ ਜਮਾਲੁਦੀਨ ਜਦੋਂ ਰੂਸ ਤੋਂ ਮੁੜਿਆ ਤਾਂ ਇਮਾਮ ਨੇ ਉਹਨੂੰ ਪਹਾੜੀ ਪੁਸ਼ਾਕ ਪਹਿਨਣ ਲਈ ਮਜਬੂਰ ਕੀਤਾ ਪਰ ਉਹਦੀਆਂ ਕਿਤਾਬਾਂ ਨੂੰ ਛੂਹਿਆ ਤਕ ਨਹੀਂ। ਜਿਨ੍ਹਾਂ ਲੋਕਾਂ ਨੇ ਇਮਾਮ ਨੂੰ ਇਹ ਕਿਹਾ ਸੀ ਕਿ “ਕਾਫਰਾਂ ਦੀਆਂ ਕਿਤਾਬਾਂ” ਨਦੀ ਵਿਚ ਸੁੱਟ ਦਿੱਤੀਆਂ ਜਾਣ, ਤਾਂ ਉਹਨੇ ਇਹ ਜਵਾਬ ਦਿੱਤਾ-“ਇਨ੍ਹਾਂ ਕਿਤਾਬਾਂ ਨੇ ਸਾਡੀ ਧਰਤੀ ਉਤੇ, ਸਾਡੇ ਉਤੇ ਗੋਲੀਆਂ ਨਹੀਂ ਚਲਾਈਆਂ। ਇਨ੍ਹਾਂ ਨੇ ਸਾਡੇ ਪਿੰਡ ਨਹੀਂ ਸਾੜੇ, ਲੋਕਾਂ ਨੂੰ ਮੌਤ ਦੇ ਘਾਟ ਨਹੀਂ ਉਤਾਰਿਆ। ਜੋ ਕੋਈ ਵੀ ਕਿਤਾਬ ਦੀ ਬੇਇਜ਼ਤੀ ਕਰੇਗਾ, ਉਹ ਉਹਦੀ ਬੇਇਜ਼ਤੀ ਕਰ ਦੇਵੇਗੀ।”
ਕਾਸ਼ ! ਹੁਣ ਸਾਨੂੰ ਇਹ ਪਤਾ ਲੱਗ ਸਕਦਾ ਕਿ ਜਮਾਲੁਦੀਨ ਪੀਟਰਸਬਰਗ ਤੋਂ ਕਿਹੜੀਆਂ ਕਿਤਾਬਾਂ ਲਿਆਇਆ ਸੀ?
ਆਪਣੀ ਲਿਖਤ ਭਾਸ਼ਾ ਨਾ ਹੋਣ ਕਾਰਨ ਦਾਗਿਸਤਾਨ ਦੇ ਲੋਕ ਪਰਾਈਆਂ ਭਾਸ਼ਾਵਾਂ ਵਿਚ ਕਦੇ-ਕਦਾਈਂ ਇਕ ਅੱਧਾ ਸ਼ਬਦ ਲਿਖਦੇ ਸਨ ਜਿਹੜੇ ਅਰਬੀ, ਤੁਰਕੀ ਜਾਰਜੀਆਈ ਅਤੇ ਫ਼ਾਰਸੀ ਵਿਚ ਲਿਖੇ ਜਾਂਦੇ ਸਨ। ਇਹ ਪੰਘੂੜੇ, ਖੰਜਰਾਂ, ਛੱਤ ਦੇ ਤਖਤਿਆਂ ਅਤੇ ਕਬਰਾਂ ਦੇ ਪੱਥਰਾਂ ਉਤੇ ਲਿਖੇ ਜਾਣ ਵਾਲੇ ਸ਼ਬਦ ਹੁੰਦੇ ਸਨ। ਇਸ ਤਰ੍ਹਾਂ ਦੇ ਸ਼ਬਦਾਂ, ਵੇਲ-ਬੂਟਿਆਂ ਦੀ ਗਿਣਤੀ ਬਹੁਤ ਵੱਡੀ ਹੈ, ਇਨ੍ਹਾਂ ਸਾਰਿਆਂ ਨੂੰ ਜਮ੍ਹਾਂ ਕਰਨਾ ਸੰਭਵ ਨਹੀਂ। ਪਰ ਆਪਣੀ ਭਾਸ਼ਾ ਵਿਚ ਪੜ੍ਹਨ ਲਈ ਕੁਝ ਵੀ ਨਹੀਂ, ਆਪਣਾ ਨਾਂਅ ਤਕ ਨਾ ਲਿਖਣਾ ਜਾਣਨ ਵਾਲੇ ਪਹਾੜੀ ਲੋਕ ਤਲਵਾਰਾਂ, ਘੋੜਿਆਂ ਅਤੇ ਪਰਬਤਾਂ ਦੇ ਰੂਪ ਵਿਚ ਇਹਨੂੰ ਪਰਗਟ ਕਰਦੇ ਸਨ।
ਕਬਰਾਂ ਉਤੇ ਲਿਖੇ ਗਏ ਕੁਝ ਕੁਤਬਿਆਂ ਦਾ ਉਲਥਾ ਕੀਤਾ ਜਾ ਸਕਦਾ ਹੈ— “ਇੱਥੇ ਬੁਗਬ-ਬਾਈ ਨਾਂਅ ਦੀ ਔਰਤ ਦਫ਼ਨ ਹੈ ਜਿਹੜੀ ਆਪਣੀ ਮਨਚਾਹੀ ਉਮਰ ਤਕ ਜਿਉਂਦੀ ਰਹੀ ਅਤੇ ਦੋ ਸੌ ਸਾਲ ਦੀ ਹੋ ਕੇ ਮਰੀ।” “ਇੱਥੇ ਕੂਬਾ-ਅਲੀ ਦਫ਼ਨ ਹੈ ਜਿਹੜਾ ਅਦਜ਼ਾਰਖਾਨ ਨਾਲ ਹੋਈ ਲੜਾਈ ਵਿਚ ਤਿੰਨ ਸੌ ਸਾਲ ਦੀ ਉਮਰ ਵਿਚ ਮਾਰਿਆ ਗਿਆ ਸੀ।”
ਕਈ ਜਿਲਦਾਂ ਵਾਲੇ ਇਤਿਹਾਸ ਦੀ ਥਾਂ ਕੁਝ ਤਰਸ ਭਰੇ ਅੰਸ਼, ਖਿੰਡੇ-ਪੁੰਡੇ ਸ਼ਬਦ ਅਤੇ ਵਾਕ।
ਜਦੋਂ ਮੈਂ ਸਾਹਿਤ-ਸੰਸਥਾਨ ਦਾ ਵਿਦਿਆਰਥੀ ਸਾਂ ਤਾਂ ਸਫ਼ੈਦ ਵਾਲਾਂ ਵਾਲੇ ਦਿਆਲੂ ਸਰਗੇਈ ਇਵਾਨੋਵਿਚ ਰਾਦਤਸੀਗ ਸਾਨੂੰ ਪਰਾਚੀਨ ਯੂਨਾਨੀ ਸਾਹਿਤ ਪੜ੍ਹਾਉਂਦੇ ਸਨ। ਉਨ੍ਹਾਂ ਨੂੰ ਪਰਾਚੀਨ ਸਾਹਿਤ ਮੂੰਹ-ਜ਼ਬਾਨੀ ਯਾਦ ਸੀ, ਉਹ ਪਰਾਚੀਨ ਯੂਨਾਨੀ ਭਾਸ਼ਾ ਵਿਚ ਵੱਡੇ ਵੱਡੇ ਖੰਡ ਸੁਣਾਉਂਦੇ ਹੁੰਦੇ ਸਨ, ਪਰਾਚੀਨ ਯੂਨਾਨੀਆਂ ਦੇ ਦੀਵਾਨੇ ਸਨ ਅਤੇ ਉਨ੍ਹਾਂ ਨੂੰ ਆਪਣੇ ਮਨ ਉਤੇ ਪੈਣ ਵਾਲੇ ਉਨ੍ਹਾਂ ਦੇ ਅਸਰਾਂ ਦੀ ਚਰਚਾ ਕਰਨਾ ਬਹੁਤ ਚੰਗਾ ਲੱਗਦਾ ਸੀ। ਪਰਾਚੀਨ ਕਵੀਆਂ ਦੀਆਂ ਕਵਿਤਾਵਾਂ ਦਾ ਉਹ ਇਸ ਤਰ੍ਹਾਂ ਪਾਠ ਕਰਦੇ ਸਨ ਜਿਵੇਂ ਖੁਦ ਰਚੇਤਾ ਕਵੀ ਉਨ੍ਹਾਂ ਦਾ ਪਾਠ ਸੁਣਾ ਰਹੇ ਹੋਣ, ਜਿਵੇਂ ਪੱਕੇ ਮੁਸਲਮਾਨ ਵਾਂਗ ਡਰਦੇ ਹੋਣ ਕਿ ਕਿਤੇ ਅਚਾਨਕ ਕੁਰਾਨ ਪੜ੍ਹਦਿਆਂ ਹੋਇਆਂ ਗਲਤੀ ਨਾ ਹੋ ਜਾਏ। ਉਨ੍ਹਾਂ ਦਾ ਖਿਆਲ ਸੀ ਕਿ ਉਹ ਸਾਨੂੰ ਜੋ ਕੁਝ ਦੱਸਦੇ ਹਨ, ਅਸੀਂ ਬਹੁਤ ਪਹਿਲੋਂ ਹੀ ਅਤੇ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ। ਉਹ ਤਾਂ ਇਸ ਗੱਲ ਦੀ ਕਲਪਨਾ ਤਕ ਨਹੀਂ ਕਰ ਸਕਦੇ ਸਨ ਕਿ ਕੋਈ ‘ਓਡੀਸੀ’ ਜਾਂ ‘ਇਲੀਅਡ’ ਤੋਂ ਅਣਜਾਣ ਹੋ ਸਕਦਾ ਹੈ। ਉਹ ਇਹੀ ਸਮਝਦੇ ਸਨ ਕਿ ਜੰਗ ਦੇ ਮੋਰਚੇ ਤੋਂ ਵਾਪਸ ਆਉਣ ਵਾਲੇ ਇਹ ਨੌਜਵਾਨ, ਚਾਰ ਸਾਲ ਪਹਿਲਾਂ ਜਦੋਂ ਲੜਾਈ ਵਿਚ ਨਹੀਂ ਗਏ ਸਨ ਤਾਂ ਬਸ ਹੋਮਰ, ਏਸਖੀਲ ਅਤੇ ਏਵਰੀਪੀਡ ਨੂੰ ਹੀ ਪੜ੍ਹਦੇ ਰਹਿੰਦੇ ਸਨ।
ਇਕ ਵਾਰ ਇਹ ਦੇਖਕੇ ਕਿ ਯੂਨਾਨੀ ਸਾਹਿਤ ਬਾਰੇ ਸਾਡੀ ਜਾਣਕਾਰੀ ਕਿੰਨੀ ਘੱਟ ਹੈ, ਉਹ ਲਗਭਗ ਰੋ ਹੀ ਪਏ ਸਨ।
ਮੈਂ ਤਾਂ ਉਨ੍ਹਾਂ ਨੂੰ ਖਾਸ ਤੌਰ ਤੇ ਬਹੁਤ ਹੈਰਾਨ ਕੀਤਾ। ਦੂਸਰੇ ਤਾਂ ਥੋੜਾ ਬਹੁਤਾ ਜਾਣਦੇ ਹੀ ਸਨ। ਜਦੋਂ ਉਨ੍ਹਾਂ ਨੇ ਮੇਰੇ ਕੋਲੋਂ ਹੋਮਰ ਦੇ ਬਾਰੇ ਪੁੱਛਿਆ ਤਾਂ ਮੈਂ ਮੈਕਸਿਮ ਗੋਰਕੀ ਦੇ ਇਹ ਸ਼ਬਦ ਯਾਦ ਕਰਕੇ ਕਿ ਉਨ੍ਹਾਂ ਨੇ ਸੁਲੇਮਾਨ ਸਤਾਲਸਕੀ ਨੂੰ ਵੀਹਵੀਂ ਸਦੀ ਦਾ ਹੋਮਰ ਕਿਹਾ ਸੀ, ਉਨ੍ਹਾਂ ਦੇ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ। ਬੜੇ ਦੁੱਖ ਨਾਲ ਮੇਰੇ ਵੱਲ ਵੇਖ ਕੇ ਪਰੋਫ਼ੈਸਰ ਨੇ ਮੈਨੂੰ ਪੁੱਛਿਆ-
“ਤੂੰ ਕਿੱਥੇ ਜੰਮਿਆ ਪਲਿਐਂ ਜਿੱਥੇ ਤੂੰ ‘ਓਡੀਸੀ’ ਵੀ ਨਹੀਂ ਪੜ੍ਹੀ?” ਮੈਂ ਜਵਾਬ ਦਿੱਤਾ ਕਿ ਮੈਂ ਦਾਗਿਸਤਾਨ ਵਿਚ ਜੰਮਿਆ ਪਲਿਆਂ, ਜਿੱਥੇ ਕਿਤਾਬ ਕੁਝ ਹੀ ਸਮਾਂ ਪਹਿਲਾਂ ਪਰਗਟ ਹੋਈ ਹੈ। ਆਪਣੇ ਅਪਰਾਧ ਦੀ ਥੋੜ੍ਹੀ ਜਿਹੀ ਸਫ਼ਾਈ ਦੇਣ ਲਈ ਮੈਂ ਆਪਣੇ ਆਪ ਨੂੰ ਅਸੱਭਿਆ ਪਹਾੜੀਏ ਵਜੋਂ ਪੇਸ਼ ਕੀਤਾ। ਫਿਰ ਪਰੋਫ਼ੈਸਰ ਨੇ ਉਹ ਸ਼ਬਦ ਕਹੇ ਜਿਨ੍ਹਾਂ ਨੂੰ ਮੈਂ ਕਦੇ ਵੀ ਨਹੀਂ ਭੁੱਲ ਸਕਾਂਗਾ-
“ਨੌਜਵਾਨ, ਜੇ ਤੂੰ ‘ਓਡੀਸੀ’ ਨਹੀਂ ਪੜ੍ਹੀ ਤਾਂ ਤੂੰ ਅਸੱਭਿਆ ਪਹਾੜੀਏ ਤੋਂ ਵੀ ਗਿਆ-ਗੁਜ਼ਰਿਐਂ, ਤੂੰ ਤਾਂ ਨਿਰਾ ਜੰਗਲੀ ਤੇ ਬਰਬਰ ਏਂ।”
ਹੁਣ ਮੈਂ ਜਦੋਂ ਕਦੇ ਯੂਨਾਨ ਅਤੇ ਇਟਲੀ ਜਾਂਦਾ ਹਾਂ ਤਾਂ ਆਪਣੇ ਪਰੋਫ਼ੈਸਰ, ਉਨ੍ਹਾਂ ਦੇ ਸ਼ਬਦਾਂ ਅਤੇ ਪਰਾਚੀਨ ਸਾਹਿਤ ਵੱਲ ਉਨ੍ਹਾਂ ਦੇ ਰਵੱਈਏ ਦੀ ਮੈਨੂੰ ਅਕਸਰ ਯਾਦ ਰਹਿੰਦੀ ਹੈ।
ਪਰ ਜੇ ਮੈਂ ਰੂਸੀ ਭਾਸ਼ਾ ਵੀ ਬੜੀ ਮੁਸ਼ਕਲ ਨਾਲ ਬੋਲ ਅਤੇ ਲਿਖ ਸਕਦਾ ਸਾਂ ਤਾਂ ਹੋਮਰ, ਸੋਫ਼ੋਕਲ, ਅਰਸਤੂ ਅਤੇ ਹੇਸੀਓਡ ਨੂੰ ਕਿਵੇਂ ਜਾਣ ਸਕਦਾ ਸਾਂ? ਦੁਨੀਆਂ ਵਿਚ ਬਹੁਤ ਕੁਝ ਅਜੇਹਾ ਸੀ ਜਿਹੜਾ ਦਾਗਿਸਤਾਨ ਦੀ ਪਹੁੰਚ ਤੋਂ ਬਾਹਰ ਸੀ, ਬਹੁਤ ਸਾਰੇ ਖਜ਼ਾਨੇ ਉਹਦੇ ਲਈ ਨਹੀਂ ਸਨ।
ਮੈਂ ਇਸ ਗੱਲ ਦਾ ਜ਼ਿਕਰ ਕਰ ਚੁੱਕਾ ਹਾਂ ਕਿ ਸਾਡੇ ਗਾਇਕ ਤਾਤਮ ਮੁਰਾਦੋਵ ਦਾ ਗਾਣਾ ਸੁਣਦਿਆਂ ਹੋਇਆਂ ਮਾਕਸਾਕੋਵਾ* ਕਿਵੇਂ ਰੋਈ ਸੀ। ਮੁਰਾਦੋਵ ਨੇ ਕਿਸੇ ਵੀ ਤਰ੍ਹਾਂ ਦੀ ਤਾਲੀਮ ਹਾਸਲ ਨਹੀਂ ਕੀਤੀ ਸੀ ਅਤੇ ਉਸ ਵੇਲੇ ਉਸਦੀ ਉਮਰ ਸੱਠ ਸਾਲ ਸੀ। ਸਾਰਿਆਂ ਨੇ ਇਹ ਸੋਚਿਆ ਸੀ ਕਿ ਆਵਾਜ਼ ਨੇ ਮਾਕਸਾਕੋਵਾ ਦੇ ਦਿਲ ਨੂੰ ਛੂਹ ਲਿਆ ਹੈ, ਪਰ ਉਹਨੇ ਕਿਹਾ ਸੀ—
“ਮੈਂ ਤਾਂ ਅਫ਼ਸੋਸ ‘ਚ ਰੋਨੀ ਪਈ ਆਂ। ਕਿੰਨੀ ਗ਼ਜ਼ਬ ਦੀ ਆਵਾਜ਼ ਏ। ਜੇ ਠੀਕ ਵਕਤ ਤੇ ਇਸ ਗਾਇਕ ਨੂੰ ਉਸਤਾਦ ਮਿਲ ਜਾਂਦੇ ਤਾਂ ਇਹਨੇ ਆਪਣੇ ਗਾਣੇ ਨਾਲ ਦੁਨੀਆਂ ਨੂੰ ਹੈਰਤ ਵਿਚ ਪਾ ਦਿੱਤਾ ਹੁੰਦਾ। ਪਰ ਹੁਣ ਕੁਝ ਵੀ ਨਹੀਂ ਹੋ ਸਕਦਾ।”
ਦਾਗਿਸਤਾਨ ਦੀ ਕਿਸਮਤ ਬਾਰੇ ਸੋਚਦਿਆਂ ਮੈਨੂੰ ਉਤਲੇ ਸ਼ਬਦ ਬਹੁਤ ਯਾਦ ਆਉਂਦੇ ਹਨ। ਉਹ ਸਿਰਫ ਤਾਤਮ ਦੇ ਬਾਰੇ ਹੀ ਨਹੀਂ ਬੋਲੇ ਗਏ। ਭਲਾ ਸਾਡੇ ਅਨੇਕ ਗਾਇਕ, ਯੋਧੇ, ਚਿਤਰਕਾਰ, ਪਹਿਲਵਾਨ, ਆਪਣੇ ਗੁਣਾਂ, ਆਪਣੀ ਪਰਤਿੱਭਾ ਦੀ ਪਛਾਣ ਕਰਵਾਏ ਬਿਨਾਂ ਹੀ ਕਬਰਾਂ ਵਿਚ ਨਹੀਂ ਚਲੇ ਗਏ? ਉਨ੍ਹਾਂ ਦੇ ਨਾਂਅ ਅਗਿਆਤ ਹੀ ਰਹਿ ਗਏ ਹਨ। ਸ਼ਾਇਦ ਸਾਡੇ ਵੀ ਆਪਣੇ ਸ਼ਾਲਯਾਪਿਨ**, ਆਪਣੇ ਪੋਦਦੂਬੱਨੀ*** ਸਨ। ਜੇ ਉਸਮਾਨ ਅਬਦੁਰ ਰਹਿਮਾਨ ਨੂੰ, ਸਾਡੇ ਹਰਕੁਲੀਸ ਨੂੰ, ਤਾਕਤ ਦੇ ਨਾਲ ਨਾਲ ਕੁਸ਼ਤੀ ਦੀ ਕਲਾ ਦੀ ਸਿੱਖਿਆ ਅਤੇ ਕਮਾਲ ਵੀ ਹਾਸਲ ਹੋ ਜਾਂਦਾ ਤਾਂ ਸ਼ਾਇਦ ਕੋਈ ਵੀ ਉਹਦੇ ਉਤੇ ਜਿੱਤ ਹਾਸਲ ਨਾ ਕਰ ਸਕਦਾ। ਪਰ ਉਹਨੂੰ ਸਿੱਖਿਆ ਦੇਣ ਵਾਲਾ ਕੋਈ ਨਹੀਂ ਸੀ। ਸਾਡੇ ਵਲ ਸੰਗੀਤ ਦੇ ਕਾਲਜ, ਥਿਏਟਰ, ਇੰਸਟੀਚਿਊਟ, ਅਕਾਦਮੀਆਂ, ਇੱਥੋਂ ਤਕ ਕਿ ਸਕੂਲ ਵੀ ਨਹੀਂ ਸਨ।
ਬੀਤੀਆਂ ਸਦੀਆਂ ਦੀਆਂ ਗਾਥਾਵਾਂ ਸ਼ਿਲਾਲੇਖ ਤਾਂ ਦਸਦੇ ਨਾ, ਫਿਰ ਵੀ ਅਸੀਂ ਆਪਣੇ ਰਾਹ ਤੇ, ਅੱਗੇ ਵਧਦੇ ਜਾਵਾਂਗੇ। ਤਲਵਾਰਾਂ ਨਾਲ ਸਾਡੇ ਵੱਡਿਆਂ ਕਿੱਸੇ ਜਿਹੜੇ ਲਿਖੇ ਕਦੀ, ਆਪਣੀ ਕਲਮ ਦੇ ਨਾਲ ਉਨ੍ਹਾਂ ਨੂੰ ਅੱਗੇ ਅਸੀਂ ‘ਲਜਾਵਾਗੇ।
ਪਹਾੜੀ ਲੋਕ ਕਲਮ ਹੱਥ ਵਿਚ ਲੈਣ, ਉਸ ਨਾਲ ਅੱਖਰ ਲਿਖਣ ਦਾ ਢੰਗ ਨਹੀਂ ਜਾਣਦੇ ਸਨ। ਉਨ੍ਹਾਂ ਦੁਸ਼ਮਣਾਂ ਨੂੰ, ਜਿਹੜੇ ਉਨ੍ਹਾਂ ਨੂੰ ਗੋਡੇ ਟੇਕਣ ਲਈ ਕਹਿੰਦੇ ਸਨ, ਉਹ ਠੁੱਠ ਹੀ ਵਿਖਾਉਂਦੇ ਸਨ। ਜਾਂ ਫਿਰ ਕੁਝ ਹੋਰ ਸਾਫ਼ ਢੰਗ ਨਾਲ ਇਹਨੂੰ ਚਿਤਰਿਤ ਕਰਕੇ ਦੁਸ਼ਮਣ ਕੋਲ ਹੀ ਭੇਜ ਦਿੰਦੇ ਸਨ।
ਦਾਗਿਸਤਾਨ ਦੇ ਬਾਰੇ ਕਿਹਾ ਜਾਂਦਾ ਸੀ-“ਇਹ ਦੇਸ਼ ਪੱਥਰ ਦੇ ਸੰਦੂਕ ਵਿਚ ਇਕ ਅਜੇਹੇ ਗੀਤ ਵਾਂਗ ਪਿਆ ਹੋਇਐ ਜਿਹਨੂੰ ਨਾਂ ਲਿਖਤੀ ਰੂਪ ਦਿੱਤਾ ਗਿਐ ਨਾ ਗਾਇਆ ਗਿਐ। ਕੌਣ ਇਹਨੂੰ ਕੱਢੇਗਾ, ਕੌਣ ਇਹਦੇ ਬਾਰੇ ਗਾਏਗਾ ਅਤੇ ਲਿਖੇਗਾ?” ਅੱਖਰ, ਸ਼ਬਦ, ਪੁਸਤਕਾਂ-ਇਹੀ ਉਸ ਜੰਦਰੇ ਦੀ ਕੁੰਜੀ ਹਨ ਜਿਹੜਾ ਉਸ ਸੰਦੂਕ ਉਤੇ ਲੱਗਾ ਹੋਇਆ ਹੈ। ਦਾਗਿਸਤਾਨ ਦੇ ਭਾਰੇ ਅਤੇ ਸਦੀਆਂ ਪੁਰਾਣੇ ਜੰਦਰਿਆਂ ਦੀਆਂ ਚਾਬੀਆਂ ਕਿਹਦੇ ਹੱਥ ਹਨ?
ਵੱਖ ਵੱਖ ਇਨ੍ਹਾਂ ਜੰਦਰਿਆਂ ਕੋਲ ਆਏ ਅਤੇ ਕਦੇ ਕਦੇ ਤਾਂ ਉਨ੍ਹਾਂ ਨੇ ਸੰਦੂਕ ਉਤੇ ਅੰਦਰ ਝਾਕਣ ਲਈ ਉਹਦਾ ਢੱਕਣ ਵੀ ਉਤਾਂਹ ਚੁੱਕਿਆ। ਦਾਗਿਸਤਾਨ ਦੇ ਲੋਕ ਜਦੋਂ ਖੁਦ ਤਾਂ ਕਲਮ ਹੱਥ ਵਿਚ ਲੈਣਾ ਵੀ ਨਹੀਂ ਜਾਣਦੇ ਸਨ, ਉਸ ਵਕਤ ਵੀ ਅਨੇਕ ਮਾਹਿਮਾਨਾਂ, ਮੁਸਾਫ਼ਰਾਂ ਅਤੇ ਮਾਹਰ-ਖੋਜੀਆਂ ਨੇ ਦੂਸਰੀਆਂ ਭਾਸ਼ਾਵਾਂ-ਅਰਬੀ, ਫਾਰਸੀ, ਤੁਰਕੀ, ਯੂਨਾਨੀ, ਜਾਰਜੀਆਈ, ਆਰਮੀਨੀ, ਫਰਾਂਸੀਸੀ ਅਤੇ ਰੂਸੀ ਵਿਚ ਦਾਗਿਸਤਾਨ ਦੇ ਬਾਰੇ ਲਿਖਿਆ ਸੀ….
ਦਾਗਿਸਤਾਨ, ਮੈਂ ਪੁਰਾਣੀਆਂ ਲਾਇਬਰੇਰੀਆਂ ਵਿਚ ਤੇਰਾ ਨਾਂਅ ਲੱਭਦਾ ਹਾਂ ਅਤੇ ਉਹਨੂੰ ਵਿਭਿੰਨ ਭਾਸ਼ਾਵਾਂ ਵਿਚ ਲਿਖਿਆ ਹੋਇਆ ਵੇਖਦਾ ਹਾਂ। ਦੇਰਬੇਂਤ, ਦੁਬਾਰੀ, ਚਿਰਕੇ ਅਤੇ ਖੂਜ਼ਹ ਦਾ ਜ਼ਿਕਰ ਮਿਲਦਾ ਹੈ। ਮੁਸਾਫ਼ਰ ਦਾ ਸ਼ੁਕਰੀਆ। ਉਹ ਤੇਰੀ ਪੂਰੀ ਡੂੰਘਾਈ ਅਤੇ ਗੁੰਝਲਾਂ ਦੀ ਤਹਿ ਤਕ ਨਹੀਂ ਜਾ ਸਕੇ, ਫਿਰ ਵੀ ਉਨ੍ਹਾਂ ਨੇ ਸਭ ਤੋਂ ਪਹਿਲਾਂ ਤੇਰੇ ਨਾਂਅ ਨੂੰ ਪਰਬਤਾਂ ਦੀਆਂ ਹੱਦਾਂ ਤੋਂ ਬਾਹਰ ਪਹੁੰਚਾਇਆ।
ਫਿਰ ਤਪਦੀ ਹੋਈ ਦੁਪਹਿਰ ‘ਚ ਮੈਂ ਤਾਂ ਦਾਗਿਸਤਾਨੀ ਵਾਦੀ ਅੰਦਰ, ਪਿਆ ਹੋਇਆ ਸਾਂ ਬਿਲਕੁਲ ਨਿਸ਼ਚਲ ਸੀਨੇ ਆਪਣੇ ਗੋਲੀ ਖਾ ਕੇ …
ਅਦਭੁੱਤ ਪੰਕਤੀਆਂ ਨੇ ਇਹ। ਅਤੇ ਬੇਸਤੂਜੋਵ-ਮਾਰਲੇਂਸਕੀ ਨੇ ਆਪਣੀ ‘ਅਮਾਲਾਤ ਬੇਕ’ ਰਚਨਾ ਰਚੀ। ਦੇਰਬੇਂਤ-ਕਬਰਸਤਾਨ ਵਿਚ ਅਜੇ ਤੱਕ ਮਾਰਲੇਂਸਕੀ ਵੱਲੋਂ ਉਹਦੀ ਮੰਗੇਤਰ ਦੀ ਕਬਰ ਉਤੇ ਲਾਇਆ ਹੋਇਆ ਪੱਥਰ ਕਾਇਮ ਹੈ।
ਇਲੈਕਸਾਂਦਰ ਦਯੂਮਾ ਦਾਗਿਸਤਾਨ ਵਿਚ ਆਏ ਸਨ। ਪੋਲੇਜਾਯੋਵ ਨੇ ਆਪਣੀਆਂ ਲੰਬੀਆਂ ਕਵਿਤਾਵਾਂ ‘ਏਰਪੇਲੀ’ ਅਤੇ ‘ਚੀਰਯੂਰਤ’ ਰਚੀਆਂ। ਹਰ ਕਿਸੇ ਨੇ ਤੇਰੇ ਬਾਰੇ ਵੱਖ-ਵੱਖ ਢੰਗ ਨਾਲ ਲਿਖਿਆ ਹੈ, ਪਰ ਕਿਸੇ ਨੇ ਵੀ ਤੈਨੂੰ ਐਨੀ ਗਹਿਰਾਈ ਵਿਚ ਜਾ ਕੇ ਅਤੇ ਐਨੀ ਚੰਗੀ ਤਰ੍ਹਾਂ ਨਹੀਂ ਸਮਝਿਆ ਜਿੰਨੀ ਚੰਗੀ ਤਰ੍ਹਾਂ ਨਾਲ ਜਨਾਬ ਲੇਰਮੋਨਤੋਵ ਅਤੇ ਬਜ਼ੁਰਗ ਟਾਲਸਟਾਏ ਨੇ । ਤੇਰੇ ਇਨ੍ਹਾਂ ਗਾਇਕਾਂ ਦੇ ਸਾਹਮਣੇ ਮੈਂ ਆਪਣਾ ਸਫ਼ੈਦ ਸਿਰ ਝੁਕਾਉਂਦਾ ਹਾਂ, ਇਹ ਕਿਤਾਬਾਂ ਮੈਂ ਉਸੇ ਤਰ੍ਹਾਂ ਹੀ ਪੜ੍ਹਦਾ ਹਾਂ ਜਿਵੇਂ ਮੁਸਲਮਾਨ ਕੁਰਾਨ ਨੂੰ।
ਬੇਟੇ ਦੇ ਨਾਮਕਰਨ ਦੀ ਰਸਮ ਦਾ ਦਿਨ- ਬੜੀ ਖੁਸ਼ੀ ਦਾ ਦਿਨ ਹੁੰਦਾ ਹੈ। ਅਜੇਹਾ ਦਿਨ ਤਾਂ ਉਹੀ ਦਿਨ ਹੋਣਾ ਚਾਹੀਦਾ ਹੈ ਜਦੋਂ ਦਾਗਿਸਤਾਨ ਦੇ ਬੇਟਿਆਂ ਨੇ ਪਹਿਲੀ ਵਾਰ ਆਪਣੀਆਂ ਮਾਂ ਬੋਲੀਆਂ ਵਿਚ ਉਹਦੇ ਬਾਰੇ ਲਿਖਿਆ। ਮੈਨੂੰ ਯਾਦ ਹੈ ਕਿ ਜਦੋਂ ਮੇਰੀ ਪਹਿਲੀ ਅਧਿਆਪਕਾ ਵੇਰਾ ਵਸੀਲਯੇਵਨਾ ਨੇ ਮੈਨੂੰ ਬਲੈਕਬੋਰਡ ਕੋਲ ਬੁਲਾ ਕੇ ਤੇਰਾ ਨਾਂਅ ਲਿਖਣ ਲਈ ਕਿਹਾ ਸੀ ਤਾਂ ਮੈਂ ਕਿਹੜੀ ਗਲਤੀ ਕੀਤੀ ਸੀ। ਮੈਂ ‘ਦ’ ਨੂੰ ਵਡੇ ਅੱਖਰ ਵਿਚ ਲਿਖੇ ਬਿਨਾਂ ਦਾਗਿਸਤਾਨ ਲਿਖ ਦਿੱਤਾ ਸੀ। ਵੇਰਾ ਵਸੀਲਯੋਵਨਾ ਨੇ ਮੈਨੂੰ ਸਮਝਾਇਆ ਕਿ ਦਾਗਿਸਤਾਨ ਇਕ ਵਿਅਕਤੀਵਾਚਕ ਨਾਂਅ ਹੈ ਅਤੇ ਇਸ ਕਰਕੇ ਇਹਦਾ ਪਹਿਲਾ ਅੱਖਰ ਵੱਡਾ ਹੋਣਾ ਚਾਹੀਦਾ ਹੈ। ਫੇਰ ਮੈਂ ਵਡਾ ‘ਦ’ ਲਿਖ ਕੇ ਉਹਦੇ ਅੱਗੇ ਦਾਗਿਸਤਾਨ ਯਾਨੀ ‘ਦਾ ਦਾਗਿਸਤਾਨ’ ਲਿਖ ਦਿੱਤਾ। ਮੈਨੂੰ ਲੱਗਾ ਕਿ ਵੱਡਾ ਤੇ ਛੋਟਾ। ਦੋਵੇਂ ‘ਦ’ ਲਿਖਣੇ ਚਾਹੀਦੇ ਹਨ। ਇੰਜ ਕਰਨਾ ਵੀ ਗਲਤ ਸੀ। ਇਸ ਤੋਂ ਬਾਅਦ ਤੀਜੀ ਵਾਰ ਮੈਂ ਸਹੀ ਲਿਖਿਆ। ਕੀ ਤੈਨੂੰ ਵੀ ਇਸੇ ਤਰ੍ਹਾਂ ਨਾਮ ਲਿਖਣਾ ਨਹੀਂ ਸਿਖਾਇਆ ਗਿਆ, ਦਾਗਿਸਤਾਨ? ਕੀ ਤੈਨੂੰ ਵੀ ਇਸੇ ਤਰ੍ਹਾਂ ਆਪਣੇ ਬਾਰੇ ਦੱਸਣਾ ਨਹੀਂ ਸਿਖਾਇਆ ਗਿਆ? ਵਰਣਮਾਲਾ ਰੁਣੀ। ਤੂੰ ਅਰਬੀ, ਲਾਤੀਨੀ, ਰੂਸੀ ਅੱਖਰਾਂ ਵਿਚ ਲਿਖਿਆ। ਬਹੁਤ ਸਾਰੀਆ ਗਲਤੀਆਂ ਹੋਈਆਂ, ਕਿਉਂਕਿ ਜੋ ਕੁਝ ਵੱਡੇ ਅੱਖਰਾਂ ਵਿਚ ਲਿਖਿਆ ਜਾਣਾ ਚਾਹੀਦਾ ਸੀ, ਉਹਨੂੰ ਛੋਟੇ ਅੱਖਰਾਂ ਵਿਚ ਲਿਖਿਆ ਗਿਆ, ਕਿਉਂਕਿ ਜੋ ਕੁਝ ਛੋਟੇ ਅੱਖਰ ਨਾਲ ਲਿਖਿਆ ਜਾਣਾ ਚਾਹੀਦਾ ਸੀ ਉਹ ਵਡੇ ਅੱਖਰ ਨਾਲ ਲਿਖਿਆ ਗਿਆ। ਸਿਰਫ ਤੀਜੀ ਵਾਰ ਹੀ ਤੂੰ ਸਹੀ ਢੰਗ ਨਾਲ ਲਿਖਣਾ ਸਿੱਖਿਆ ਹੈ, ਮੇਰੇ ਦਾਗਿਸਤਾਨ। ਦਾਗਿਸਤਾਨ ਦੀਆਂ ਕੁਝ ਪਹਿਲੀਆਂ ਪੁਸਤਕਾਂ, ਰਸਾਲਿਆਂ ਅਤੇ ਅਖਬਾਰਾਂ ਦੇ ਨਾਂ ਪੇਸ਼ ਹਨ-‘ਸਰਘੀ ਦਾ ਤਾਰਾ’, ‘ਨਵੀਂ ਕਿਰਨ,’ ‘ਲਾਲ ਪਹਾੜੀਆ’, ‘ਪਹਾੜੀ ਹਿਰਨ,’ ‘ਪਹਾੜੀ ਕਹਾਵਤਾਂ,’ ‘ਕੁਮਿਕ ਲੋਕ ਕਥਾਵਾਂ’, ‘ਲਾਕ ਜਾਤੀ ਦੀਆਂ ਧੁਨਾਂ’, ‘ਦਾਰਗੀਨ ਦਾਸਤਾਨ’, ‘ਲੇਜ਼ਗੀਨ ਕਵਿਤਾਵਾਂ’, ‘ਸੋਵੀਅਤ ਦਾਗਿਸਤਾਨ’ । ਇਹ ਸਾਰੇ ਦਾਗਿਸਤਾਨ ਦੀਆਂ ਮਾਂ ਬੋਲੀਆਂ ਵਿਚ ਹਨ ਅਤੇ ਸਿਰਫ ਨਾਂਅ ਹੀ ਨਹੀਂ ਸਗੋਂ ਖੰਭ ਹਨ।
1921 ਵਿਚ ਦਾਗਿਸਤਾਨ ਦੇ ਵਫਦ ਨਾਲ ਗੱਲਬਾਤ ਕਰਨ ਮਗਰੋਂ ਲੈਨਿਨ ਨੇ ਸਾਡੇ ਪਹਾੜੀ ਪਰਦੇਸ਼ ਨੂੰ ਤਿੰਨ ਸਭ ਤੋਂ ਵੱਧ ਲਾਜ਼ਮੀ ਚੀਜ਼ਾਂ ਭੇਜੀਆਂ-ਅਨਾਜ, ਕੱਪੜਾ ਅਤੇ ਛਾਪੇਖਾਨੇ ਦੇ ਟਾਈਪ। ਘੋੜਾ ਅਤੇ ਖੰਜਰ ਦਾਗਿਸਤਾਨ ਕੋਲ ਸਨ। ਲੈਨਿਨ ਨੇ ਅਨਾਜ ਨਾਲ ਉਸਨੂੰ ਪੁਸਤਕ ਦਿੱਤੀ। ਅਕਤੂਬਰ ਇਨਕਲਾਬ ਨੇ ਦਾਗਿਸਤਾਨੀ ਬਾਲ ਦੇ ਪੰਘੂੜੇ ਦੀ ਚਿੰਤਾ ਕੀਤੀ। ਦਾਗਿਸਤਾਨ ਨੇ ਸਾਗਰ, ਖੁਦ ਆਪਣੇ ਆਪ ਨੂੰ ਵੇਖਿਆ, ਆਪਣੇ ਅਤੀਤ ਅਤੇ ਭਵਿੱਖ ਨੂੰ ਵੇਖਿਆ ਅਤੇ ਉਸਨੇ ਆਪਣੇ ਬਾਰੇ ਖੁਦ ਲਿਖਣਾ ਸ਼ੁਰੂ ਕੀਤਾ।
ਸੁਲੇਮਾਨ ਸਤਾਲਸਕੀ ਨੇ ਮੈਕਸਿਮ ਗੋਰਕੀ ਨੂੰ ਕਿਹਾ—“ ਆਪਾਂ ਦੋਵੇਂ ਬੁੱਢੇ ਹੋ ਗਏ ਆਂ। ਆਪਣੀ ਜ਼ਿੰਦਗੀ ਜਿਉਂ ਚੁੱਕੇ ਆ? ਦੁਨੀਆਂ ਵੇਖ ਚੁੱਕੇ ਆਂ, ਆਪਣੀਆਂ ਦੋਹਾਂ ਦੀਆਂ ਕਿਤਾਬਾਂ ਨੇ। ਪਰ ਤੂੰ ਕਾਗਜ਼ ਉਤੇ ਲਿਖਨੈਂ, ਤੂੰ ਪੜ੍ਹਿਆ ਲਿਖਿਐ। ਮੈਂ ਗਾਉਂਨਾਂ । ਵਜ੍ਹਾ ਇਹ ਏ ਪਈ ਮੈਨੂੰ ਲਿਖਣਾ ਨਹੀਂ ਆਉਂਦਾ। ਆਪਾਂ ਰੂਸ ਤੇ ਦਾਗਿਸਤਾਨ ਦੇ ਸਾਕਾਰ ਰੂਪ ਆਂ। ਰੂਸ ਪੜ੍ਹਿਆ ਲਿਖਿਐ। ਦਾਗਿਸਤਾਨ ਵਿਚ ਜ਼ਿਆਦਾਤਰ ਲੋਕ ਅੱਜੇ ਤੱਕ ਆਪਣਾ ਨਾਂਅ ਲਿਖਣਾ ਨਹੀਂ ਜਾਣਦੇ। ਉਹ ਦਸਤਖਤ ਕਰਨ ਦੀ ਬਜਾਏ ਅੰਗੂਠਾ ਲਾਉਂਦੇ ਨੇ। ਭਲਾ ਤੂੰ ਇਹੋ ਜਿਹੇ ਪੜ੍ਹੇ ਲਿਖੇ ਲੇਖਕਾਂ ਦਾ ਗਰੁੱਪ ਏਥੇ ਨਹੀਂ ਭੇਜ ਸਕਦਾ ਤਾਂ ਜੋ ਉਹ ਸਾਰੇ ਸੇਵੀਅਤ ਦੇਸ਼, ਸਾਰੀ ਦੁਨੀਆਂ ਨੂੰ ਸਾਡੇ ਦਾਗਿਸਤਾਨੀਆਂ ਦੇ ਬਾਰੇ ਦੱਸ ਸਕਣ।”
ਸੁਲੇਮਾਨ ਸਤਾਲਸਕੀ ਅਤੇ ਗੋਰਕੀ ਦੀ ਗੱਲਬਾਤ ਦਾ ਏਫੰਦੀ ਕਾਪੀਯੇਵ ਉਲਥਾ ਕਰ ਰਿਹਾ ਸੀ। ਗੋਰਕੀ ਨੇ ਸੁਲੇਮਾਨ ਦੀ ਗੁਜ਼ਾਰਿਸ਼ ਪੁਰੀ ਕਰਨ ਦਾ ਵਚਨ ਦਿੱਤਾ ਪਰ ਕਾਪੀਯੇਵ ਵੱਲ ਇਸ਼ਾਰਾ ਕਰਦਿਆਂ ਹੋਇਆਂ ਇਹ ਵੀ ਕਿਹਾ ਕਿ ਹੁਣ ਦਾਗਿਸਤਾਨ ਵਿਚ ਪੜ੍ਹੇ ਲਿਖੇ ਅਤੇ ਪਰਤਿਭਾਸ਼ਾਲੀ ਨੌਜਵਾਨਾਂ ਦੀ ਪੀੜ੍ਹੀ ਤਿਆਰ ਹੋ ਗਈ ਹੈ ਅਤੇ ਇਹ ਕਿਤੇ ਜ਼ਿਆਦਾ ਚੰਗਾ ਹੋਏਗਾ ਕਿ ਇਸ ਜਨਗਣ ਦੀਆਂ ਸਾਰੀਆਂ ਬੋਲੀਆਂ ਵਿਚ ਆਪਣੀ ਧਰਤੀ ਦੇ ਬਾਰੇ ਖੁਦ ਦਾਗਿਸਤਾਨੀ ਹੀ ਲਿਖਣ। ਕਾਰਨ ਇਹ ਕਿ, ਜਿਵੇਂ ਤੁਹਾਡੇ ਵੱਲ ਕਿਹਾ ਜਾਂਦਾ ਹੈ “ਘਰ ਦੀ ਹਾਲਤ ਬਾਰੇ ਉਸ ਦੀਆਂ ਦੀਵਾਰਾਂ ਹੀ ਸਭ ਤੋਂ ਚੰਗੀ ਤਰ੍ਹਾਂ ਜਾਣਦੀਆਂ ਹਨ।”
ਗੋਰਕੀ ਨੇ ਜਿਨ੍ਹਾਂ ਨੌਜਵਾਨਾਂ ਦਾ ਜ਼ਿਕਰ ਕੀਤਾ ਸੀ, ਉਹ ਹੁਣ ਵੱਡੇ ਅਤੇ ਬੁੱਢੇ ਵੀ ਹੋ ਚੁੱਕੇ ਹਨ। ਉਹ ਦਾਗਿਸਤਾਨ ਦੇ ਬਾਰੇ ਪੁਸਤਕਾਂ ਲਿਖ ਚੁੱਕੇ ਹਨ ਤੇ ਹੋਰ ਵੀ ਲਿਖਣਗੇ। ਪਹਿਲੇ ਵੇਲਿਆਂ ਵਿਚ ਪਿਤਾ ਆਪਣੇ ਪੁੱਤਰਾਂ ਵਾਸਤੇ ਵਿਰਸੇ ਵਿਚ ਤਲਵਾਰ ਅਤੇ ਪੰਦੂਰਾ ਛੱਡ ਕੇ ਜਾਂਦੇ ਸਨ। ਹੁਣ-ਕਲਮ ਅਤੇ ਕਿਤਾਬ। ਦਾਗਿਸਤਾਨ ਵਿਚ ਇਹੋ ਜਿਹਾ ਕੋਈ ਦਿਨ ਨਹੀਂ ਹੁੰਦਾ ਜਦੋਂ ਕਿਸੇ ਨਾ ਕਿਸੇ ਦੇ ਪੁੱਤਰ ਦਾ ਜਨਮ ਨਾ ਹੁੰਦਾ ਹੋਵੇ। ਐਥੇ ਇਹੋ ਜਿਹਾ ਦਿਨ ਵੀ ਨਹੀਂ ਹੁੰਦਾ ਜਦੋਂ ਕੋਈ ਨਵੀਂ ਪੁਸਤਕ ਪਰਕਾਸ਼ਤ ਨਾ ਹੋਵੇ। ਹਰ ਕੋਈ ਆਪਣੇ ਹੀ ਦਾਗਿਸਤਾਨ ਦੇ ਬਾਰੇ ਲਿਖਦਾ ਹੈ। ਪੰਜਾਹ ਤੋਂ ਵਧ ਸਾਲਾਂ ਤੱਕ ਮੇਰੇ ਪਿਤਾ ਜੀ ਲਿਖਦੇ ਰਹੇ। ਪੂਰੀ ਜ਼ਿੰਦਗੀ ਹੀ ਕਾਫੀ ਨਹੀਂ ਰਹੀ। ਹੁਣ ਮੈਂ ਲਿਖਦਾ ਹਾਂ ਪਰ ਮੈਂ ਵੀ ਉਹ ਸਭ ਕੁਝ ਨਹੀਂ ਲਿਖ ਸਕਾਂਗਾ ਜੋ ਕੁਝ ਲਿਖਣਾ ਚਾਹੁੰਦਾ ਹਾਂ। ਇਸ ਲਈ ਮੈਂ ਬੱਚਿਆਂ ਦੇ ਸਿਰ੍ਹਾਣੇ ਖੰਜਰ ਦੀ ਬਜਾਏ ਕਲਮ ਅਤੇ ਕੋਰੀ ਕਾਪੀ ਰੱਖਦਾ ਹਾਂ। ਮੇਰੇ ਪਿਤਾ ਜੀ ਦਾ ਅਤੇ ਮੇਰਾ ਇਕੋ ਹੀ ਦਾਗਿਸਤਾਨ ਹੈ। ਪਰ ਸਾਡੀਆਂ ਕਲਮਾਂ ਦੀਆਂ ਬੋਲੀਆਂ ਵਿਚ ਉਹ ਕਿੰਨਾ ਭਿੰਨ ਹੈ। ਸਾਡੀ ਆਪਣੀ-ਆਪਣੀ ਲਿਖਾਈ, ਆਪਣੇ-ਆਪਣੇ ਅੱਖਰ, ਆਪਣੇ-ਆਪਣੇ ਢੰਗ ਅਤੇ ਆਪਣਾ ਤਰਾਨਾ ਹੈ। ਆਪਣੇ ਲੰਮੇ ਰਸਤੇ ਉਤੇ ਭਾਰ ਢੋਣ ਵਾਲਿਆਂ ਨੂੰ ਬਦਲਦਿਆਂ ਹੋਇਆਂ ਇਹ ਗੱਡਾ ਇਸੇ ਤਰ੍ਹਾਂ ਚੱਲਦਾ ਜਾ ਰਿਹਾ ਹੈ। ਪਿਤਾ ਜੀ ਕਿਹਾ ਕਰਦੇ ਸਨ- “ਉਹੀ ਲਿਖੋ ਜੋ ਜਾਣਦੇ ਓ ਤੇ ਲਿਖ ਸਕਦੇ ਓ। ਤੇ ਜੋ ਨਹੀਂ ਜਾਣਦੇ ਉਹਨੂੰ ਦੂਸਰਿਆਂ ਦੀਆਂ ਕਿਤਾਬਾਂ ਵਿਚੋਂ ਪੜ੍ਹੋ।”
ਕਿਤਾਬ
ਖੁੱਲ੍ਹੇ ਦਿਲ ਨੇ ਪੰਨੇ ਜਿਹਦੇ, ਪੁਸਤਕ ਨੂੰ ਪਿਆਰ ਕਰੇ,
ਤੇਰੀ ਹੀ ਉਡੀਕ ਏ ਉਹਨੂੰ, ਕਦੇ ਨਾ ਧੋਖਾ ਦੇਂਦੀ ਏਹ।
ਭਾਵੇਂ ਤੂੰ ਏ ਧਨੀ ਖਾਨ, ਜਾਂ ਨਿਰਧਨ ਤੇ ਕੰਗਾਲ ਸਹੀ,
ਹਰ ਹਾਲਤ ਵਿਚ ਵਫਾਦਾਰ ਏ, ਨਜ਼ਰ ਫੇਰ ਨਾ ਲੈਂਦੀ ਏਹ।
ਬੜੇ ਯਤਨ ਤੇ ਲਗਨ ਨਾਲ ਪੁਸਤਕ ਦੇ ਪੰਨੇ ਪਲਟੋ ਤਾਂ,
ਸੂਝ-ਬੂਝ ਦਾ ਸ਼ਹਿਦ ਤਾਂ ਇਹਦੀ ਹਰ ਪੰਕਤੀ ਵਿਚ ਭਰਿਆ ਏ।
ਭੁੱਖ ਗਿਆਨ ਦੀ ਜਿੰਨੀ ਤਿੱਖੀ ਪੁੱਤਰਾ ਏਨਾ ਸਮਝ ਲੈ ਤੂੰ,
ਮਿਟਣੀ ਇਹਦੇ ਅੰਦਰੋਂ ਹੀ ਏ, ਇਸ ਵਿਚ ਸਭ ਕੁਝ ਭਰਿਆ ਏ।
ਇਹ ਹੈ ਐਸੀ ਅਸਤਰ ਪੁੱਤਰਾ ਹੱਥੋਂ ਕਦੇ ਗਵਾਈਂ ਨਾ,
ਵਾਰ ਨਾ ਬੇਸ਼ਕ ਕਰੋ, ਰਹੇਗੀ, ਸਾਥੀ ਬਣਕੇ ਇਹ ਸੱਚੀ।
ਬੁਰਾ ਨਾ ਮੰਨੇ ਜੇ ਸੁੱਟ ਦੇਵੇਂ ਭਾਵੇਂ ਤੂੰ ਮੂੰਹ ਮੋੜ ਲਵੇਂ,
ਏਨੀ ਵਧੀਆ ਮੀਤ ਇਹੀ ਹੈ, ਦੋਸਤ ਇਹੀਓ ਹੈ ਸੱਚੀ।
ਨਾਲ ਗਿਆਨ ਦੇ ਕਰੋ ਦੋਸਤੀ, ਸਭ ਕੁਝ ਉਹਦੇ ਘਰ ਵਿਚ,
ਉਹਦੇ ਫਲ ਨੇ ਮਿੱਠੇ ਮਿੱਠੇ, ਬਾਗ਼ ਬਗੀਚੇ ਹਰੇ ਭਰੇ,
ਸਦਾ ਸਵਾਗਤ ਹੋਵੇ ਏਥੇ, ਮਨਚਾਹੇ ਤੁਸੀਂ ਪਰਾਹੁਣੇ ਓ,
ਜੀਵਨ ਭਰ ਲਈ ਫਲ ਖਾਓ ਤੇ ਰਹਿਣ ਖਜ਼ਾਨੇ ਭਰੇ ਭਰੇ।
ਪੁਸਤਕ ਦੇ ਨਾਲ ਜੋੜੇ ਰਿਸ਼ਤਾ ਆਪਣੇ ਜੀਵਨ ਸੁਪਨੇ ਦਾ,
ਅਤੇ ਸਮਝ ਲੋ, ਆਣ ਅਚਾਨਕ, ਕਵੀ ਅੰਦਰ ਛਾ ਜਾਏਗਾ।
ਜੋ ਮਨ ਵਿਚ ਹੈ, ਕਵਿਤਾ ਵਿਚ ਦਸੋ, ਮਧੁਰ ਉਹਦੀ ਮੁਸਕਾਨ ਹੈ,
ਹਰ ਸਵਾਲ ਦਾ ਦੇਵੇ ਉੱਤਰ, ਮਨ ਚੰਨ ਆ ਜਾਏਗਾ।
ਜਦੋਂ ਜਵਾਨ ਕਵੀ ਆਪਣੀਆਂ ਕਵਿਤਾਵਾਂ ਲੈ ਕੇ ਪਿਤਾ ਜੀ ਦੇ ਕੋਲ ਆਉਂਦੇ ਤਾਂ ਸਭ ਤੋਂ ਪਹਿਲਾਂ ਉਹ ਉਹਨਾਂ ਦੀ ਲਿਖਾਈ ਵੱਲ ਧਿਆਨ ਦੇਂਦੇ। ਕਿਉਂਕਿ “ਜਿਹੇ ਜਿਹਾ ਸਿਆੜ ਉਹੋ ਜਿਹਾ ਈ ਪੈਲੀ ਦਾ ਮਾਲਕ।” ਇਸ ਤੋਂ ਬਾਅਦ ਉਹ ਗਲਤੀਆਂ ਠੀਕ ਕਰਦੇ, ਵਿਰਾਮ ਚਿੰਨ੍ਹ ਲਾਉਂਦੇ। ਅਫਸੋਸ ਨਾਲ ਆਪਣਾ ਸਿਰ ਹਿਲਾਉਂਦਿਆਂ ਹੋਇਆ ਜਿਵੇਂ ਕਹਿੰਦੇ-ਸਹੀ ਢੰਗ ਨਾਲ ਲਿਖਣਾ ਸਿੱਖੋ। ਕੁਝ ਜਵਾਨ ਜਣੇ ਦੱਬੀ ਜ਼ਬਾਨ ਵਿਚ ਇਹ ਖਿਆਲ ਜ਼ਾਹਰ ਕਰਦੇ-“ਵੀਹਵੀਂ ਸਦੀ ਦੇ ਹੋਮਰ” ਅਨਪੜ੍ਹ ਸਨ। “ਮੈਨੂੰ ਤਾਂ ਇਹ ਪਤਾ ਨਹੀਂ ਸੀ।” ਪਿਤਾ ਜੀ ‘ਜਵਾਨ ਹੋਮਰ ਨੂੰ ਜਵਾਬ ਦੇਂਦੇ । ਦਾਗਿਸਤਾਨ ਵਿਚ ਅਜੇ ਵੀ ਇਹੋ ਜਿਹੇ ਅਨੇਕ ‘ਹਮਰ’ ਹਨ। ਕਵਿਤਾ ਵਿਚ ਵਿਆਕਰਨ ਦੀ ਗਲਤੀ ਤੋਂ ਵੀ ਪਿਤਾ ਜੀ ਨੂੰ ਬੜੀ ਝੁੰਜਲਾਹਟ ਹੁੰਦੀ ਸੀ। ਜਦੋਂ ਪਿਤਾ ਜੀ ਦੀ ਇਕ ਕਵਿਤਾ ਛਪਾਈ ਦੀਆਂ ਅਨੇਕ ਗਲਤੀਆਂ ਨਾਲ ਅਖਬਾਰ ਵਿਚ ਛਪੀ ਸੀ ਤਾਂ ਉਨ੍ਹਾਂ ਨੇ ਇਹ ਕਵਿਤਾ ਲਿਖੀ ਸੀ-
ਅੱਜ ਅਚਾਨਕ ਗੀਤ ਮੇਰੇ ਤੇ,
ਇਕ ਮੁਸੀਬਤ ਆਈ ਏ।
ਛਪਣ ਲਈ ਅਖਬਾਰ ਨੂੰ ਦਿੱਤਾ,
ਹਾਏ, ਮੇਰੀ ਦੁਹਾਈ ਏ।
ਦਿੱਤਾ ਇੰਜ ਵਿਗਾੜ ਏ ਇਹਨੂੰ,
ਹਾਲ ਬੁਰਾ ਕਰ ਛੱਡਿਆ ਏ।
ਜਿੱਦਾਂ ਡੰਡਿਆਂ ਡਾਂਗਾਂ ਦੇ ਨਾਲ,
ਡਾਢਾ ਹੀ ਕੁੱਟ ਕੱਢਿਆ ਏ।
ਚੂਰ ਨਸ਼ੇ ਵਿਚ ਲੋਕਾਂ ਜਿੱਦਾਂ,
ਇਹ ਨੂੰ ਖੂਬ ਦਬੱਲਿਆ ਏ।
ਕੁਝ ਦਿਖਾਈ ਦੇਂਦੇ ਏਦਾਂ,
ਡਾਢਾ ਇਹਨੂੰ ਖੱਲਿਆ ਏ।
ਘਸੁੰਨ ਤੇ ਮੁੱਕੇ ਲੱਗਦੈ ਇਹਨੂੰ,
ਰਾਹ ਜਾਂਦਿਆਂ ਪਏ ਨੇ ਜਿੱਦਾਂ।
ਦੁਸ਼ਮਣ ਕੋਲੋਂ ਜਾਨ ਬਚਾ ਕੇ,
ਪਤਾ ਨਹੀਂ ਨਿਕਲਿਐ ਕਿੱਦਾਂ?
ਫੜਕੇ ਢਾਹ ਚੌਪਾਈ ਉਨ੍ਹਾਂ,
ਇਹਦੀ ਧੋਣ ਮਰੋੜੀ ਏ।
ਵਿਚੋਂ ਅਰਥ ਹੀ ਹੋਇਐ ਗਾਇਬ,
ਟੰਗ ਕੁਝ ਏਦਾਂ ਤੋੜੀ ਏ।
ਦੋਹਰਿਆਂ ਉਤੇ ਪਏ ਕੋਰੜੇ,
ਦਿਸਦਾ ਏ ਕੁਝ ਇਸੇ ਤਰ੍ਹਾਂ।
ਭਰਦੇ ਆਹਾਂ ਪਏ ਕਰਾਹੁੰਦੇ,
ਮਿਲਦਾ ਚੈਨ ਨਾ ਕਿਸੇ ਤਰ੍ਹਾਂ।
ਖੋਪੜੀ ਇਹਦੀ ਜ਼ਖਮੀ ਏਨੀ,
ਜ਼ਖਮ ਗਿਣੇ ਵੀ ਨਹੀਂ ਜਾਂਦੇ।
ਬਾਹਲੀ ਗੱਲ ਅਜੀਬ ਏ ਸੱਚਮੁੱਚ,
ਬਾਹਲੇ ਈ ਖੇਲ੍ਹ ਭਿਆਨਕ ਨੇ।
ਨਾ ਦਿਸਦੀਆਂ ਕਿਤੇ ਆਂਦਰਾਂ,
ਗੀਤ ਦੀ ਨਜ਼ਰੀਂ ਧੁੰਦ ਏ।
ਕੁੱਟ ਕੁੱਟ ਜਿਉਂ ਕਿਸੇ ਸਿਪਾਹੀ,
ਕੀਤਾ ਸ਼ਰਾਬੀ ਕੁੰਦ ਏ।
ਜੋ ਗ਼ਲਤੀਆਂ ਹਰ ਅੰਕ ਵਿਚ,
ਇੰਜੇ ਹੋਂਦੀਆਂ ਰਹਿਣਗੀਆਂ।
ਕੋਹਾਂ ਦੂਰ ਫੈਲੇਗੀ ਤੇਰੀ, ਸ਼ੁਹਰਤ,
ਵਾਹ ਓ ਸੂਰਮਿਆਂ।
ਗਲਰੀ ਤਾਂ ਹੀ ਸੁਧਰੇ,
ਜੇਕਰ ਕਰੀਏ ਖੁਦ ਆਲੋਚਨਾ।
ਛਾਪੋ ਇਹ ਆਲੋਚਨਾ ਮੇਰੀ,
ਹੁਣ ਵੀ ਇਹੀ ਅਰਜ਼ ਕਰਾਂ।
ਮੇਰੇ ਪਿਤਾ ਜੀ…ਉਨ੍ਹਾਂ ਨੂੰ ਜਾਣਨ ਵਾਲਾ ਹਰ ਵਿਅਕਤੀ ਸ਼ਾਇਦ ਆਪਣੇ ਹੀ *ਢੰਗ ਨਾਲ ਉਨ੍ਹਾਂ ਦੀ ਕਲਪਨਾ ਕਰਦਾ ਸੀ।
ਜ਼ਾਹਿਰ ਹੈ ਕਿ ਉਹ ਜ਼ਮੀਨ ਵਾਹੁੰਦੇ ਸਨ, ਘਾਹ ਵੱਢਦੇ ਸਨ, ਗੱਡੇ ਉਤੇ ਘਾਹ- ਪੱਠਾ ਲੱਦਦੇ ਸਨ, ਪਰ ਮੈਂ ਉਨ੍ਹਾਂ ਨੂੰ ਹੱਥ ਵਿਚ ਕਿਤਾਬ ਲਿਆਂ ਹੋਇਆਂ ਹੀ ਵੇਖਦਾ ਹਾਂ। ਉਹ ਕਿਤਾਬ ਨੂੰ ਇਸ ਤਰ੍ਹਾਂ ਹੱਥ ਵਿਚ ਫੜ ਕੇ ਰੱਖਦੇ ਸਨ ਜਿਵੇਂ ਉਹ ਹੱਥਾਂ ਵਿਚੋਂ ਨਿਕਲ ਕੇ ਕਿਸੇ ਵੀ ਪਲ ਉੱਡ ਸਕਦੀ ਹੈ। ਮਹਿਮਾਨਾਂ ਨੂੰ ਚਾਹੁੰਦਿਆਂ ਹੋਇਆਂ ਵੀ ਉਹ ਉਸ ਵਕਤ ਬੇਚੈਨੀ ਅਤੇ ਘਬਰਾਹਟ ਮਹਿਸੂਸ ਕਰਦੇ ਸਨ, ਜਦੋਂ ਕੋਈ ਅਚਾਨਕ ਆ ਕੇ ਉਨ੍ਹਾਂ ਦੇ ਅਧਿਅਨ ਵਿਚ ਰੁਕਾਵਟ ਪਾ ਦਿੰਦਾ ਸੀ ਜਿਵੇਂ ਕੋਈ ਉਨ੍ਹਾਂ ਦੀ ਮਹੱਤਵਪੂਰਨ ਪਰਾਰਥਨਾ ਭੰਗ ਕਰ ਰਿਹਾ ਹੋਵੇ। ਪਿਤਾ ਜੀ ਜਦੋਂ ਕੁਝ ਪੜ੍ਹਦੇ ਸਨ ਤਾਂ ਮਾਂ ਜੀ ਪੋਲੇ ਪੋਲੇ ਪੈਰੀਂ ਤੁਰਦੇ ਸਨ, ਮੂੰਹ ਉਤੇ ਲਗਾਤਾਰ ਉਂਗਲੀ ਰੱਖਦਿਆਂ ਹੋਇਆਂ ਸਭ ਨੂੰ ਚੁੱਪ ਰਹਿਣ ਦਾ ਸੰਕੇਤ ਕਰਦੇ ਸਨ ਅਤੇ ਸਾਨੂੰ ਫੁਸਫੁਸਾਕੇ ਗੱਲ ਕਰਨ ਲਈ ਮਜਬੂਰ ਕਰ ਦਿੰਦੇ ਸਨ।
“ਰੌਲਾ ਨਾ ਪਾਓ, ਤੁਹਾਡੇ ਪਿਤਾ ਜੀ ਕੰਮ ਕਰਦੇ ਪਏ ਨੇ।” ਉਹ ਠੀਕ ਹੀ ਸਮਝਦੇ ਸਨ। ਲੇਖਕ ਲਈ ਕਿਤਾਬਾਂ ਪੜ੍ਹਨਾ—ਇਹ ਉਸਦਾ ਕੰਮ ਹੀ ਹੈ।
ਉਹ ਕਦੇ-ਕਦੇ ਹਿੰਮਤ ਜੁਟਾ ਕੇ ਆਪ ਵੀ ਇਹ ਜਾਣਨ ਲਈ ਉਨ੍ਹਾਂ ਦੇ ਕਮਰੇ ਵਿਚ ਚਲੇ ਜਾਂਦੇ ਸਨ ਕਿ ਉਨ੍ਹਾਂ ਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ, ਉਨ੍ਹਾਂ ਦੀ ਦਵਾਤ ਵਿਚੋਂ ਸਿਆਹੀ ਤਾਂ ਖਤਮ ਨਹੀਂ ਹੋ ਰਹੀ। ਪਿਤਾ ਜੀ ਦੀ ਦਵਾਤ ਉਤੇ ਮਾਂ ਜੀ ਕਰੜੀ ਨਜ਼ਰ ਰੱਖਦੇ ਸਨ ਅਤੇ ਉਸ ਵਿਚ ਕਦੇ ਵੀ ਸਿਆਹੀ ਨਹੀਂ ਸੁੱਕਣ ਦਿੰਦੇ ਸਨ।
ਪਿਤਾ ਜੀ ਦੇ ਜੀਵਨ ਵਿਚ ਜੇ ਖੁਸ਼ੀ ਦੇ ਦੋ ਦਿਨ ਵੀ ਆਏ ਸਨ ਤਾਂ ਉਨ੍ਹਾਂ ਨੂੰ ਇਹ ਕਿਤਾਬਾਂ ਨੇ ਹੀ ਦਿਤੇ ਸਨ।
ਪਿਤਾ ਜੀ ਦੇ ਜੀਵਨ ਵਿਚ ਜੇ ਗਮ ਦੇ ਦੋ ਦਿਨ ਵੀ ਆਏ ਸਨ ਤਾਂ ਉਨ੍ਹਾਂ ਨੂੰ ਇਹ ਕਿਤਾਬਾਂ ਨੇ ਹੀ ਦਿਤੇ ਸਨ।
ਸਨ। ਉਨ੍ਹਾਂ ਕਿਤਾਬਾਂ ਨੇ, ਜਿਨ੍ਹਾਂ ਨੂੰ ਉਹ ਪੜ੍ਹਦੇ ਸਨ ਅਤੇ ਜਿਨ੍ਹਾਂ ਨੂੰ ਉਹ ਲਿਖਦੇ
ਲੋਕ ਉਨ੍ਹਾਂ ਕੋਲੋਂ ਜੋ ਵੀ ਮੰਗਦੇ ਸਨ, ਉਹ ਉਨ੍ਹਾਂ ਨੂੰ ਉਹ ਦੇਣ ਤੋਂ ਕਦੇ ਇਨਕਾਰ ਨਹੀਂ ਕਰ ਸਕਦੇ ਸਨ। ਕਿਸੇ ਚੀਜ਼ ਦੇ ਆਪਣੇ ਕੋਲ ਹੁੰਦਿਆਂ ਹੋਇਆਂ ਉਸ ਤੋਂ ਇਨਕਾਰ ਕਰਨ ਨੂੰ ਪਿਤਾ ਜੀ ਸਭ ਤੋਂ ਵੱਡਾ ਝੂਠ ਅਤੇ ਸਭ ਤੋਂ ਵੱਡਾ ਪਾਪ ਮੰਨਦੇ ਸਨ। ਜਦੋਂ ਕੋਈ ਉਨ੍ਹਾਂ ਕੋਲੋਂ ਉਨ੍ਹਾਂ ਦੀ ਕੋਈ ਪਿਆਰੀ ਪੁਸਤਕ ਮੰਗ ਲੈਂਦਾ ਸੀ, ਫਿਰ ਤਾਂ ਉਨ੍ਹਾਂ ਦੀ ਹਾਲਤ ਸੱਚਮੁਚ ਤਰਸਯੋਗ ਹੋ ਜਾਂਦੀ ਸੀ। ਪੁਸਤਕ ਦੇ ਦਿੱਤੀ ਗਈ ਸੀ। ਉਹ ਪਰਾਏ ਹੱਥਾਂ ਵਿਚ ਸੀ, ਪਰ ਪਿਤਾ ਜੀ ਦੇ ਹੱਥ ਅਜੇ ਵੀ ਉਹਦੇ ਵੱਲ ਫੈਲੇ ਹੋਏ ਸਨ।
ਜਦੋਂ ਪੁਸਤਕ ਮੰਗ ਕੇ ਲੈ ਜਾਣ ਵਾਲਾ ਵਿਅਕਤੀ ਬਹੁਤ ਦੇਰ ਤਕ ਉਹਨੂੰ ਵਾਪਸ ਨਹੀਂ ਕਰਦਾ ਸੀ ਤਾਂ ਪਿਤਾ ਜੀ ਉਹਨੂੰ ਲਿਖਦੇ ਸਨ- “ਮੈਂ ਆਪਣੇ ਉਸ ਦੋਸਤ੍ਰ ਲਈ ਬਹੁਤ ਉਦਾਸ ਹਾਂ ਜਿਹਨੂੰ ਤੂੰ ਪਿਛਲੀ ਵਾਰ ਆਪਣੇ ਨਾਲ ਲੈ ਗਿਆ ਸੈਂ। ਭਲਾ ਤੂੰ ਉਹਨੂੰ ਮੋੜਨ ਬਾਰੇ ਨਹੀਂ ਸੋਚ ਰਿਹਾ?”
ਮੇਰੇ ਪਿਤਾ ਜੀ ਸੱਤ ਭੈਣਾਂ ਦੇ ਇਕੋ ਇਕ ਭਰਾ ਸਨ (ਟੱਬਰ ਵਿਚੋਂ ਇਕੋ ਇਕ ਮਰਦ) ਅਤੇ ਇਹ ਸਾਰੇ ਛੋਟੀ ਉਮਰ ਵਿਚ ਹੀ ਯਤੀਮ ਹੋ ਗਏ ਸਨ। ਪਿਤਾ ਜੀ ਨੇ ਆਪਣਾ ਜਨਮ ਵਾਲਾ ਪਿੰਡ ਵੀ ਛੇਤੀ ਹੀ ਛੱਡ ਦਿੱਤਾ ਸੀ। ਇਨ੍ਹਾਂ ਯਤੀਮਾਂ ਦੀ ਸਰਪਰੱਸਤੀ ਕਰਨ ਵਾਲੇ ਚਾਚੇ ਨੇ ਇਹ ਕਹਿਕੇ ਉਨ੍ਹਾਂ ਨੂੰ ਦੂਸਰੇ ਪਿੰਡ ਦੇ ਮਦਰੱਸੇ ਵਿਚ ਪੜ੍ਹਨ ਭੇਜ ਦਿੱਤਾ ਸੀ ਕਿ ਵੱਡੇ ਪਿੰਡ ਵਿਚ ਅਕਲ ਵੀ ਵੱਡੀ ਹੁੰਦੀ ਹੈ। ਉਦੋਂ ਤੋਂ ਹੀ ਪਿਤਾ ਜੀ ਮੋਢੇ ਉਤੇ ਖੁਰਜੀ ਰੱਖੀ ਜਾਂ ਝੋਲਾ ਲਟਕਾਈ ਇਕ ਪਿੰਡ ਤੋਂ ਦੂਸਰੇ ਪਿੰਡ ਜਾਂਦੇ ਰਹੇ-ਉਨ੍ਹਾਂ ਦੇ ਇਕ ਥੈਲੇ ਵਿਚ ਕਿਤਾਬਾਂ ਹੁੰਦੀਆਂ ਸਨ ਅਤੇ ਦੂਜੇ ਵਿਚ ਭੱਜਿਆ ਹੋਇਆ ਆਟਾ ਕਹਿਣਾ ਚਾਹੀਦਾ ਹੈ ਕਿ ਉਹ ਧਨੀ ਬਣਕੇ ਉਥੋਂ ਵਾਪਸ ਆਏ। ਪਿੰਡ ਪਿੰਡ ਭਟਕਣ ਦੇ ਵਰ੍ਹਿਆਂ ਵਿਚ ਉਨ੍ਹਾਂ ਦਾ ਗਿਆਨ ਭੰਡਾਰ ਬਹੁਤ ਅਮੀਰ ਹੋ ਗਿਆ ਸੀ। ਪਿੰਡ ਦੀ ਪੰਚਾਇਤ ਵਿਚ ਉਸ ਵਕਤ ਉਨ੍ਹਾਂ ਨੂੰ ਕਿਹਾ ਗਿਆ ਕਿ ਜੇ ਤੁਸੀਂ ਆਪਣੇ ਗਿਆਨ ਅਤੇ ਪਰੱਤਿਭਾ ਨੂੰ ਕਿਸੇ ਗੱਡੇ ਵਿਚ ਜੋਅ ਦਿਓਗੇ ਤਾਂ ਬਹੁਤ ਲੰਮੀ ਯਾਤਰਾ ਕਰੋਗੇ।
ਪੰਚਾਇਤ ਦੀ ਭਵਿੱਖ ਬਾਣੀ ਠੀਕ ਨਿਕਲੀ, ਪਿਤਾ ਜੀ ਦਾ ਨਾਂਅ ਪ੍ਰਸਿੱਧ ਹੋ ਗਿਆ। ਉਨ੍ਹਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਤਾਂ ਕਹਾਵਤਾਂ ਹੀ ਬਣ ਗਈਆਂ।
ਪਿਤਾ ਜੀ ਨੇ ਵੱਡਿਆਂ ਅਤੇ ਬੱਚਿਆਂ ਲਈ ਜਿਹੜੇ ਇਸ ਦੁਨੀਆਂ ਵਿਚ ਆਉਂਦੇ ਅਤੇ ਇਸ ਦੁਨੀਆਂ ਤੋਂ ਜਾਂਦੇ ਹਨ, ਉਨ੍ਹਾਂ ਸਭ ਲਈ ਬਹੁਤ ਕੁਝ ਲਿਖਿਆ। ਉਨ੍ਹਾਂ ਨੇ ਕਵਿਤਾਵਾਂ, ਖੰਡ-ਕਾਵ, ਨਾਟਕ, ਗਲਪ ਅਤੇ ਕਥਾਵਾਂ ਲਿਖੀਆਂ। ਉਨ੍ਹਾਂ ਦੀ ਲਿਖਾਈ ਸਿੱਧੀ ਅਤੇ ਚੰਗੀ ਸੀ। ਉਨ੍ਹਾਂ ਦੀ ਭਾਸ਼ਾ ਵੀ ਇਹੋ ਜੇਹੀ ਹੀ ਸੀ। ਹਮਜ਼ਾਤ ਦੀ ਚੰਗੀ ਲਿਖਾਈ ਦੇ ਕਾਰਨ ਹੀ ਉਨ੍ਹਾਂ ਦੀ ਜਵਾਨੀ ਦੇ ਦਿਨਾਂ ਵਿਚ ਉਨ੍ਹਾਂ ਨੂੰ ਮਹੱਤਵਪੂਰਣ ਦਸਤਾਵੇਜ਼ਾਂ-ਫੈਸਲਿਆਂ ਅਤੇ ਜਨਤਾ ਦੇ ਨਾਂਅ ਅਪੀਲਾਂ-ਦੀ ਨਕਲ ਕਰਨ ਦੀ ਗੁਜ਼ਾਰਿਸ਼ ਕੀਤੀ ਜਾਂਦੀ ਸੀ। ਉਹ ਵੱਖੋ ਵੱਖ ਲਿਪੀਆਂ-ਅਰਬੀ, ਲਾਤੀਨੀ ਅਤੇ ਰੂਸੀ- ਦੀ ਵਰਤੋਂ ਕਰਦੇ ਸਨ। ਉਹ ਸੱਜਿਉਂ ਖੱਬੇ ਅਤੇ ਖੱਬਿਉਂ ਸੱਜੇ ਲਿਖਦੇ ਸਨ।
ਉਨ੍ਹਾਂ ਤੋਂ ਇਹ ਪੁੱਛਿਆ ਜਾਂਦਾ-
“ਖੱਬਿਉਂ ਸੱਜੇ ਕਿਉਂ ਲਿਖਦੇ ਓ?”
“ਕਿਉਂਕਿ ਖੱਬੇ ਪਾਸੇ ਦਿਲ ਏ, ਪਰੇਰਨਾ ਏਂ। ਅਸੀਂ ਜਿਸ ਚੀਜ਼ ਨੂੰ ਵੀ ਬਹੁਤ ਜ਼ਿਆਦਾ ਪਿਆਰ ਕਰਨੇ ਆਂ ਉਹਨੂੰ ਆਪਣੀ ਛਾਤੀ ਦੇ ਖੱਬੇ ਪਾਸੇ ਚਿਪਕਾ ਲੈਂਨੇ ਆਂ।”
“ਸੱਜਿਉਂ ਖੱਬੇ ਕਿਉਂ ਲਿਖਦੇ ਓ?”
“ਕਿਉਂਕਿ ਆਦਮੀ ਵਿਚ ਸੱਜੇ ਪਾਸੇ ਤਾਕਤ ਹੁੰਦੀ ਏ, ਸੱਜਾ ਹੱਥ ਏ। ਅਸੀਂ ਸੱਜੀ ਅੱਖ ਨਾਲ ਈ ਨਿਸ਼ਾਨਾ ਬੰਨ੍ਹਨੇ ਆਂ।”
ਜ਼ਾਹਿਰ ਹੈ ਕਿ ਇਹ ਸ਼ਬਦ ਮਜ਼ਾਕ ਨਾਲ ਕਹਿ ਰਹੇ ਸਨ ਪਰ ਵਿਭਿੰਨ ਲਿਪੀਆਂ ਲਿਖਣਾ ਸਿੱਖਣਾ ਮਜ਼ਾਕ ਨਹੀਂ ਸੀ। ਹਾਂ, ਇਹ ਸਹੀ ਹੈ ਕਿ ਕਵਿਤਾਵਾਂ ਤਾਂ ਉਹ ਲੱਗਭਗ ਸਦਾ ਹੀ ਆਪਣੀ ਮਾਂ ਬੋਲੀ ਯਾਨੀ ਅਵਾਰ ਭਾਸ਼ਾ ਵਿਚ
ਲਿਖਦੇ ਸਨ। ਪਿਤਾ ਜੀ ਨੇ ਕੁਝ ਕਵਿਤਾਵਾਂ ਅਰਬੀ ਵਿਚ ਵੀ ਰਚੀਆਂ ਸਨ। ਮੁੱਖ ਤੌਰ ਤੇ ਅੰਤਰੰਗ ਕਵਿਤਾਵਾਂ। ਪਰਵਾਰ ਦਾ ਕੋਈ ਵੀ ਜੀਅ ਉਨ੍ਹਾਂ ਨੂੰ ਨਹੀਂ ਪੜ੍ਹ ਸਕਦਾ ਸੀ ਪਰੰਤੂ ਅਜਿਹੀਆਂ ਕਵਿਤਾਵਾਂ ਬਹੁਤ ਘੱਟ ਹਨ। ਹਮਜ਼ਾਤ ਤਾਂ ਸਿਧਾਂਤ ਰੂਪ ਵਿਚ ਹੀ ਇਹੈ ਜਿਹੀਆਂ ਕਵਿਤਾਵਾਂ ਦੇ ਖਿਲਾਫ਼ ਸਨ। ਉਹ ਕਹਿੰਦੇ ਹੁੰਦੇ ਸਨ-“ਕਵਿਤਾਵਾਂ ਇਹੋ ਜਿਹੀਆਂ ਨਹੀਂ ਹੋਣੀਆਂ ਚਾਹੀਦੀਆਂ ਪਈ ਮਾਂ, ਧੀ ਜਾਂ ਭੈਣ ਉਨ੍ਹਾਂ ਨੂੰ ਨਾ ਪੜ੍ਹ ਸਕੇ। ਮੈਨੂੰ ਉਹ ਫਿਲਮਾਂ ਬਿਲਕੁਲ ਪਸੰਦ ਨਹੀਂ ਜਿਨ੍ਹਾਂ ਨੂੰ ਸੋਲਾਂ ਸਾਲ ਤਕ ਦੇ ਬੱਚਿਆਂ ਨੂੰ ਵੇਖਣ ਦੀ ਇਜਾਜ਼ਤ ਨਾ ਹੋਵੇ।”
ਪਿਤਾ ਜੀ ਅਕਸਰ ਅਰਬੀ ਲਿਪੀ ਦੀ ਵਰਤੋਂ ਕਰਦੇ ਸਨ। ਉਨ੍ਹਾਂ ਨੂੰ ਉਸ ਦੇ ਅੱਖਰ, ਉਨ੍ਹਾਂ ਦੀ ਬਨਾਵਟ ਬਹੁਤ ਪਸੰਦ ਸੀ, ਉਨ੍ਹਾਂ ਨੂੰ ਉਨ੍ਹਾਂ ਵਿਚ ਸੁੰਦਰਤਾ ਨਜ਼ਰ ਆਉਂਦੀ ਸੀ। ਝਰੀਟਾਂ ਵਾਲੀ ਅਤੇ ਭੈੜੀ ਲਿਖਾਈ ਤਾਂ ਉਨ੍ਹਾਂ ਨੂੰ ਫੁੱਟੀ ਅੱਖ ਨਹੀਂ ਸੀ ਭਾਉਂਦੀ। ਇਕ ਵਾਰ ਉਨ੍ਹਾਂ ਨੂੰ ਆਪਣੇ ਇਕ ਪੁਰਾਣੇ ਸਾਥੀ ਦਾ ਅਰਬੀ ਵਿਚ ਲਾਪਰਵਾਹੀ ਨਾਲ ਲਿਖਿਆ ਹੋਇਆ ਖਤ ਮਿਲਿਆ ਅਤੇ ਉਨ੍ਹਾਂ ਨੇ ਇਕ ਕਵਿਤਾ ਵਿਚ ਉਸਦਾ ਇਸ ਤਰ੍ਹਾਂ ਮਜ਼ਾਕ ਉਡਾਇਆ।
ਜਿਉਂ ਪਾਟੀ ਹੋਈ ਡਫਲੀ ਹੋਵੇ, ਇਉਂ ਤੇਰੇ ਇਕ ਅੱਖਰ।
ਨੁਕਤਾ ਇਜ ਤੂੰ ਲਾਇਐ ਜਿੱਦਾਂ ਭਾਰਾ ਰੱਖਿਐ ਪੱਥਰ।
ਦੂਜਾ ਅੱਖਰ ਏਦਾਂ ਲੱਗਾ ਜਿਉਂ ਟੁੱਟਾ-ਭੱਜਾ ਛੱਪਰ।
ਜਿਹਦੇ ਕੇਵਲ ਖੰਡੇ ਦਿਸਦੇ, ਕੱਖ ਕਾਨਾ ਟਿਕਿਐ ਉੱਪਰ।
ਕਿਸੇ ਪਹਾੜ ਦੇ ਹੇਠਾਂ ਦੱਬਿਆ ਜਿਉਂ ਇਹ ਨਭਾਗਾ ਅੱਖਰ।
ਕਿੱਦਾਂ ਤੂੰ ਦਬਾਇਆ ਇਹਨੂੰ ਕਿੱਦਾਂ ਗ਼ਜ਼ਬ ਇਹ ਢਾਇਐ?
ਚੌਥੇ ਅੱਖਰ ਦੇ ਭਰਵੱਟਿਆਂ ਤਾਈਂ ਟੋਪੀ ਖਿੱਚ ਲਿਆਇਆ।
ਤੁੜਿਐ ਏਦਾਂ ਇਕ ਸਤਰ ਵਿਚ ਸਫ਼ਾ ਪੂਰੇ ਦਾ ਪੂਰਾ।
ਸ਼ਾਇਦ ਕਲਮ ਦੇ ਨਾਲ ਨਹੀਂ ਲਿਖਦਾ ਕੋਈ ਛਡਦੇ ਕੰਨ ਖਜੂਰਾ?
ਹਰ ਅੱਖਰ ਹੈ ਰੁੱਖ ਕਿ ਝਾੜੀ, ਸ਼ਾਖਾਂ ਏਧਰ ਓਧਰ ਜਾਵਣ।
ਹਰ ਸਫ਼ਾ ਹੈ ਜੰਗਲ ਜੇਹਾ ਜਿੱਥੇ ਵਾ’ ਵਰੋਲੇ ਆਵਣ।
ਜਿਸ ਵਿਚ ਚਾਰੇ ਪਾਸੇ ਚੱਲੇ ਪੂਰੇ ਜ਼ੋਰ ਕੁਹਾੜਾ।
ਸਿੱਖਿਐ ਏਦਾਂ ਕਿੱਦਾਂ ਲਿਖਣਾ ਹੈ ਮੇਰੀ ਸਮਝ ਤੋਂ ਬਾਹਰਾ।
ਇਸ ਕਵਿਤਾ ਨੇ ਆਪਣੇ ਵਕਤ ਵਿਚ ਬਹੁਤ ਸਾਰੇ ਲੋਕਾਂ ਨੂੰ ਨਾਰਾਜ਼ ਕੀਤਾ। ਕੁਝ ਇਸ ਲਈ ਨਾਰਾਜ਼ ਹੋ ਗਏ ਕਿ ਉਨ੍ਹਾਂ ਨੇ ਇਸ ਕਵਿਤਾ ਨੂੰ ਠੀਕ ਢੰਗ ਨਾਲ ਨਹੀਂ ਸਮਝਿਆ ਸੀ ਅਤੇ ਕੁਝ ਇਸ ਕਾਰਨ ਕਿ ਇਹਨੂੰ ਬਹੁਤ ਚੰਗੀ ਤਰ੍ਹਾਂ ਸਮਝ ਗਏ ਸਨ। ਕੁਝ ਲੋਕਾਂ ਨੇ ਇੰਜ ਸਮਝਿਆ ਕਿ ਹਮਜ਼ਾਤ ਭੱਦੇ ਢੰਗ ਨਾਲ ਲਿਖੇ ਗਏ ਅਰਬੀ ਦੇ ਅੱਖਰਾਂ ਦਾ ਨਹੀਂ ਸਗੋਂ ਲਿਪੀ ਦਾ ਮਜ਼ਾਕ ਉਡਾਉਂਦੇ ਹਨ।
ਪਰ ਪਿਤਾ ਜੀ ਦੇ ਦਿਮਾਗ਼ ਵਿਚ ਪੂਰੀ ਲਿਪੀ ਦੀ ਆਲੋਚਨਾ ਕਰਨ ਦਾ ਤਾਂ ਖਿਆਲ ਤੱਕ ਨਹੀਂ ਆਇਆ ਸੀ। ਉਨ੍ਹਾਂ ਨੇ ਤਾਂ ਉਨ੍ਹਾਂ ਨੂੰ ਚੋਭ ਮਾਰੀ ਸੀ ਜਿਹੜੇ ਆਪਣੀ ਲਾਪਰਵਾਹੀ ਦੇ ਕਾਰਨ ਇਸ ਲਿਪੀ ਨੂੰ ਵਿਗਾੜਦੇ ਸਨ। ਇਸਦਾ ਇਸਤੇਮਾਲ ਕਰਨਾ ਨਹੀਂ ਜਾਣਦੇ ਸਨ। ਪਿਤਾ ਜੀ ਨੇ ਕਦੇ ਕਿਸੇ ਲਿਪੀ ਦੀ ਬੁਰਾਈ ਨਹੀਂ ਕੀਤੀ ਸੀ ਜਿਹੜੇ ਲੋਕ ਕਿਸੇ ਵੀ ਲਿਪੀ ਨੂੰ ਵਿਗਾੜਦੇ ਸਨ ਉਨ੍ਹਾਂ ਨੂੰ ਤਿਰਸਕਾਰ ਦੀ ਨਜ਼ਰ ਨਾਲ ਵੇਖਦੇ ਸਨ।”
“ਇਹ ਸਹੀ ਏ ਪਈ ਅਰਬਾਂ ਨੇ ਦਾਗਿਸਤਾਨ ਉਤੇ ਹਮਲਾ ਕੀਤਾ ਸੀ,” ਪਿਤਾ ਜੀ ਕਹਿੰਦੇ ਹੁੰਦੇ ਸਨ, “ਪਰ ਇਹਦੇ ਲਈ ਅਰਬੀ ਲਿਪੀ ਤੇ ਅਰਬੀ ਭਾਸ਼ਾ ਦੀਆਂ ਕਿਤਾਬਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।”
ਦੁਪਿਹਰ ਦੀ ਰੋਟੀ ਤੋਂ ਬਾਅਦ ਪਿੰਡ ਦੇ ਲੋਕ ਸਾਡੇ ਘਰ ਦੀ ਛੱਤ ਤੇ ਜਮ੍ਹਾਂ ਹੋ ਜਾਂਦੇ ਸਨ। ਪਿਤਾ ਜੀ ਉਨ੍ਹਾਂ ਨੂੰ ਅਦਭੁੱਤ ਨਾਵਲਿਟ, ਕਹਾਣੀਆਂ ਅਤੇ ਕਵਿਤਾਵਾਂ ਪੜ੍ਹ ਕੇ ਸੁਣਾਉਂਦੇ ਸਨ। ਅਰਬੀ ਦੀਆਂ ਕਵਿਤਾਵਾਂ ਦੇ ਅਨੇਕ ਛੰਦਾਂ ਦਾ ਲੈਅਬੱਧ ਸੰਗੀਤ ਗੂੰਜਦਾ ਰਹਿੰਦਾ ਸੀ।
ਪਿਤਾ ਜੀ ਰੂਸੀ ਭਾਸ਼ਾ ਨਹੀਂ ਜਾਣਦੇ ਸਨ। ਉਨ੍ਹਾਂ ਨੂੰ ਅਰਬੀ ਭਾਸ਼ਾ ਵਿਚ ਹੀ ਚੈਖੋਵ, ਟਾਲਸਟਾਏ ਅਤੇ ਰੋਮੇ ਰੋਲਾਂ ਨੂੰ ਪੜ੍ਹਨਾ ਪਿਆ। ਉਸ ਸਮੇਂ ਇਨ੍ਹਾਂ ਵਿਚੋਂ ਕਿਸੇ ਬਾਰੇ ਵੀ ਪਹਾੜੀ ਲੋਕ ਕੁਝ ਨਹੀਂ ਜਾਣਦੇ ਸਨ। ਦੂਸਰੇ ਲੇਖਕਾਂ ਦੇ ਮੁਕਾਬਲੇ ਪਿਤਾ ਜੀ ਨੂੰ ਚੈਖੋਵ ਜ਼ਿਆਦਾ ਪਸੰਦ ਸਨ, ਚੈਖੋਵ ਦੀ ‘ਗਿਰਗਿਟ’ ਕਹਾਣੀ ਤਾਂ ਉਨ੍ਹਾਂ ਨੂੰ ਖਾਸ ਤੌਰ ਤੇ ਬਹੁਤ ਚੰਗੀ ਲੱਗਦੀ ਸੀ ਅਤੇ ਉਨ੍ਹਾਂ ਨੇ ਉਹ ਕਈ ਵਾਰ ਪੜ੍ਹੀ ਸੀ।
ਕੁਲ ਮਿਲਾ ਕੇ ਅਰਬੀ ਭਾਸ਼ਾ ਦਾ ਕਾਫੀ ਚਲਨ ਸੀ। ਕੁਝ ਲੇਖਕ ਤਾਂ ਇਸ ਲਈ ਅਰਬੀ ਵਿਚ ਲਿਖਦੇ ਸਨ ਕਿ ਦਾਗਿਸਤਾਨ ਦੀ ਆਪਣੀ ਕੋਈ ਲਿਪੀ ਨਹੀਂ ਸੀ, ਕੁਝ ਇਸ ਲਈ ਕਿ ਉਨ੍ਹਾਂ ਨੂੰ ਦਾਗਿਸਤਾਨੀ ਭਾਸ਼ਾਵਾਂ ਢੀ-ਤੁਲਨਾ ਵਿਚ ਅਰਬੀ ਜ਼ਿਆਦਾ – ਅਮੀਰ ਅਤੇ ਖੂਬਸੂਰਤ ਪਰਤੀਤ ਹੁੰਦੀ ਸੀ। ਸਾਰੇ ਸਰਕਾਰੀ ਕਾਗਜ਼ਾਤ ਅਤੇ ਦਸਤਾਵੇਜ਼ ਅਰਬੀ ਵਿਚ ਲਿਖੇ ਜਾਂਦੇ ਸਨ। ਸਭ ਮਕਬਰਿਆਂ ਉਤੇ ਅਰਬੀ ਵਿਚ ਹੀ ਸਾਰੇ ਕੁਤਬੇ ਉੱਕਰੇ ਜਾਂਦੇ ਸਨ। ਪਿਤਾ ਜੀ ਇਨ੍ਹਾਂ ਕੁਤਬਿਆਂ ਨੂੰ ਬਹੁਤ ਚੰਗੀ ਤਰ੍ਹਾਂ ਪੜ੍ਹ ਅਤੇ ਸਮਝ ਸਕਦੇ ਸਨ।
ਬਾਅਦ ਵਿਚ ਇਹੋ ਜਿਹੇ ਸਾਲ ਆਏ ਜਦੋਂ ਅਰਬੀ ਭਾਸ਼ਾ ਨੂੰ ਬੁਰਜੂਆ ਰਹਿੰਦ ਖੂੰਹਦ ਵਜੋਂ ਐਲਾਨ ਦਿੱਤਾ ਗਿਆ। ਅਰਬੀ ਵਿਚ ਲਿਖਣ ਅਤੇ ਪੜ੍ਹਨ ਵਾਲੇ ਲੋਕਾਂ ਨੂੰ ਬਹੁਤ ਨੁਕਸਾਨ ਪਹੁੰਚਿਆ, ਪੁਸਤਕਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਿਆ। ਦਾਗਿਸਤਾਨ ਵਿਚ ਜਾਗਰਤੀ ਲਿਆਉਣ ਵਾਲਿਆਂ, ਗਿਆਨ ਪਰਚਾਰਕਾਂ ਅਲੀਬੇਕ ਤਾਖੋ-ਗੋਦੀ ਅਤੇ ਜਲਾਲ ਕੋਰਕਮਾਸੋਵ ਵੱਲੋਂ ਬਹੁਤ ਮਿਹਨਤ ਨਾਲ ਜਮ੍ਹਾਂ ਕੀਤੀਆਂ ਗਈਆਂ ਪੂਰੀਆਂ ਦੀਆਂ ਪੂਰੀਆਂ ਲਾਇਬਰੇਰੀਆਂ ਨੂੰ ਨਸ਼ਟ ਕਰ ਦਿੱਤਾ ਗਿਆ। ਜਲਾਲ ਨੇ ਸੋਰਬੋਨਾ ਵਿਚ ਸਿੱਖਿਆ ਪਰਾਪਤ ਕੀਤੀ ਸੀ। ਉਹ ਬਾਰਾਂ ਭਾਸ਼ਾਵਾਂ ਜਾਣਦੇ ਸਨ ਅਤੇ ਅਨਾਤੋਲ ਫਰਾਂਸ ਨਾਲ ਉਨ੍ਹਾਂ ਦੀ ਦੋਸਤੀ ਸੀ। ਪਹਾੜੀ ਪਿੰਡਾਂ ਵਿਚ ਉਹ ਪੁਰਾਣੀਆਂ ਕਿਤਾਬਾਂ ਜਮ੍ਹਾਂ ਕਰਦੇ ਸਨ, ਉਨ੍ਹਾਂ ਦੇ ਬਦਲੇ ਹਥਿਆਰ, ਘੋੜਾ ਤੇ ਗਊ ਅਤੇ ਬਾਅਦ ਵਿਚ ਮੁੱਠੀ ਭਰ ਆਟਾ ਅਤੇ ਕੱਪੜੇ ਦਾ ਟੁਕੜਾ ਦਿੰਦੇ ਸਨ। ਬਹੁਤ ਸਾਰੇ ਖਰੜੇ ਵੀ ਗੁਆਚ ਗਏ। ਇਹ ਅਜਿਹਾ ਨਾਕਾਬਲੇ ਮੁਆਫੀ ਨੁਕਸਾਨ ਸੀ ਜਿਸ ਨੂੰ ਕਦੇ ਵੀ ਪੂਰਾ ਨਹੀਂ ਸੀ ਕੀਤਾ ਜਾ ਸਕਦਾ।
ਬਹੁਤ ਦੁੱਖਾਂ-ਦਰਦਾਂ ਨਾਲ ਭਰੀ ਹੋਈ ਏਂ ਤੂੰ, ਦਾਗਿਸਤਾਨ ਦੀ ਕਿਤਾਬ, ਤੈਨੂੰ ਵਿਭਿੰਨ ਲਿਖਾਈਆਂ, ਵਿਭਿੰਨ ਲਿਪੀਆਂ ਵਿਚ ਲਿਖਿਆ ਗਿਆ ਹੈ। ਇਸ ਲਈ ਲਿਖਿਆ ਗਿਆ ਹੈ ਕਿ ਲੇਖਕ ਅਜਿਹਾ ਕੀਤੇ ਬਿਨਾਂ ਰਹਿ ਨਹੀਂ ਸਕਦੇ ਸਨ, ਉਨ੍ਹਾਂ ਨੇ ਇਹਨੂੰ ਬੇਗਰਜ਼ ਭਾਵਨਾ ਨਾਲ ਲਿਖਿਆ ਹੈ, ਬਦਲੇ ਵਿਚ ਕਿਸੇ ਤਰ੍ਹਾਂ ਦੇ ਮਿਹਨਤਾਨੇ ਦੀ ਮੰਗ ਨਹੀਂ ਕੀਤੀ। ਇਨਕਲਾਬ ਨੇ ਇਸ ਪੁਸਤਕ ਦਾ ਪਰਕਾਸ਼ਨ ਕੀਤਾ।
‘ਲਾਲ ਪਰਬਤ’ ਅਖਬਾਰ ਨਿਕਲਣ ਲੱਗਾ ਜਿਹਨੂੰ ਬਾਅਦ ਵਿਚ ‘ਪਹਾੜੀਆ’ ਅਤੇ ਫਿਰ ‘ਬਾਲਸ਼ਵਿਕ ਪਹਾੜੀਆ’ ਨਾਂਅ ਦਿੱਤਾ ਗਿਆ। ਇਸੇ ਅਖਬਾਰ ਵਿਚ ਸਭ ਤੋਂ ਪਹਿਲਾਂ ਮੇਰੇ ਪਿਤਾ ਜੀ ਦੀਆਂ ਕਵਿਤਾਵਾਂ ਛਪੀਆਂ ਸਨ। ਉਨ੍ਹਾਂ ਨੇ ਇਸ ਅਖਬਾਰ ਨਾਲ ਕਈ ਵਰ੍ਹੇ ਤਕ ਨਾ ਸਿਰਫ ਸਹਿਯੋਗ ਹੀ ਕੀਤਾ ਸੀ ਸਗੋਂ ਉਹ ਇਹਦੇ ਸਕੱਤਰ ਵਜੋਂ ਕੰਮ ਵੀ ਕਰਦੇ ਰਹੇ। ਉਦੋਂ ਮੈਨੂੰ ਇਸ ਗੱਲ ਦੀ ਹੈਰਾਨੀ ਹੁੰਦੀ ਸੀ ਕਿ ਅਖਬਾਰ ਏਨੀ ਛੇਤੀ ਕਵਿਤਾਵਾਂ ਛਾਪ ਦਿੰਦਾ ਸੀ । ਵਾਕਈ ਮੈਂ ਹੈਰਾਨ ਹੋਏ ਬਿਨਾਂ ਰਹਿ ਵੀ ਨਹੀਂ ਸਕਦਾ ਸੀ। ਕਾਰਨ ਇਹ ਕਿ ਪਿਤਾ ਜੀ ਨੇ ਇਕ ਦਿਨ ਪਹਿਲਾਂ ਜਿਹੜੀਆਂ ਕਵਿਤਾਵਾਂ ਮੇਰੇ ਸਾਮ੍ਹਣੇ ਲਿਖੀਆਂ ਹੁੰਦੀਆਂ ਸਨ, ਅਗਲੇ ਦਿਨ ਉਨ੍ਹਾਂ ਨੂੰ ਅਖਬਾਰ ਵਿਚ ਪੜ੍ਹਿਆ ਜਾ ਸਕਦਾ ਸੀ। ਬਾਅਦ ਵਿਚ ਇਹ ਕਵਿਤਾਵਾਂ ਪੁਸਤਕ ਦਾ ਰੂਪ ਲੈ ਲੈਂਦੀਆਂ ਸਨ। ਮੋਟੀਆਂ ਮੋਟੀਆਂ ਚਾਰ ਜਿਲਦਾਂ ਵਿਚ ਪਿਤਾ ਜੀ ਦਾ ਸਾਰਾ ਜੀਵਨ ਉਨ੍ਹਾਂ ਦੀ ਪੂਰੀ ਸਿਰਜਣਾ ਦਾ ਸੰਗਰਹਿ ਕੀਤਾ ਹੋਇਆ ਹੈ।
ਪਿਤਾ ਜੀ ਦਾ ਉਨ੍ਹਾਂ ਦੇ ਅਧਿਅਨ ਕਮਰੇ ਵਿਚ, ਉਨ੍ਹਾਂ ਦੀਆਂ ਪੁਸਤਕਾਂ,
ਕਲਮਾਂ, ਪੈਂਸਿਲਾਂ, ਲਿਖੇ ਹੋਏ ਅਤੇ ਬਿਨਾਂ ਲਿਖੇ ਹੋਏ ਕਾਗਜ਼ਾਂ ਦੇ ਕੋਲ ਹੀ, ਜਿਨ੍ਹਾਂ ਨੂੰ ਉਹ
ਲਿਖ ਨਹੀਂ ਸਕੇ, ਦੇਹਾਂਤ ਹੋਇਆ। ਖੈਰ, ਕੋਈ ਗੱਲ ਨਹੀਂ, ਕੋਈ ਹੋਰ ਲੋਕ ਉਨ੍ਹਾਂ ਕਾਗਜ਼ਾਂ ਨੂੰ ਲਿਖ ਦੇਣਗੇ। ਦਾਗਿਸਤਾਨ ਹੁਣ ਸਿਖਿਆ ਪਰਾਪਤ ਕਰ ਰਿਹਾ ਹੈ, ਦਾਗਿਸਤਾਨ ਪੜ੍ਹਦਾ ਹੈ, ਦਾਗਿਸਤਾਨ ਲਿਖਦਾ ਹੈ।
ਹੁਣ ਮੈਂ ਤੁਹਾਨੂੰ ਇਹ ਦਸਦਾ ਹਾਂ ਕਿ ਖੁਦ ਮੈਂ ਕਿਵੇਂ ਲਿਖਣਾ ਸਿੱਖਿਆ। ਇਹ ਕਹਿਣਾ ਜ਼ਆਦਾ ਠੀਕ ਹੋਵੇਗਾ ਕਿ ਕਿਵੇਂ ਮੈਨੂੰ ਪੜ੍ਹਨਾ-ਲਿਖਣਾ ਸਿੱਖਣ ਲਈ ਮਜਬੂਰ ਕੀਤਾ ਗਿਆ।
ਉਦੋਂ ਮੈਂ ਪੰਜ ਸਾਲਾਂ ਦਾ ਸੀ। ਸਾਰਾ ਦਾਗਿਸਤਾਨ ਹੀ ਪੜ੍ਹਨ-ਲਿਖਣ ਲੱਗ ਪਿਆ ਸੀ। ਇਕ ਤੋਂ ਮਗਰੋਂ ਦੂਜਾ ਸਕੂਲ, ਅਤੇ ਕਾਲਜ ਅਤੇ ਤਕਨੀਕੀ ਕਾਲਜ ਖੁਲ੍ਹਦੇ ਜਾ ਰਹੇ ਸਨ। ਬੱਚੇ ਅਤੇ ਬੁੱਢੇ, ਔਰਤਾਂ ਅਤੇ ਮਰਦ ਸਾਰੇ ਪੜ੍ਹਦੇ ਸਨ। ਨਿਰਖੱਰਤਾ- ਮਿਟਾਓ ਕੇਂਦਰ ਅਤੇ ਸਿੱਖਿਆ-ਮੁਹਿੰਮਾਂ ਚਲਾਈਆਂ ਜਾਂਦੀਆਂ ਸਨ। ਮੈਨੂੰ ਪਹਿਲਾ ਕਾਇਦਾ, ਪਹਿਲੀ ਕਾਪੀ ਵੀ ਯਾਦ ਹੈ ਜਿਹੜੀ ਪਿਤਾ ਜੀ ਨੇ ਮੈਨੂੰ ਖਰੀਦ ਕੇ ਦਿੱਤੀ ਸੀ। ਉਹ ਖੁਦ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਪੜ੍ਹਨ ਦੀ ਅਪੀਲ ਕਰਦੇ ਸਨ।
ਨਵੀਂ ਲਿਪੀ ਸਾਮ੍ਹਣੇ ਆਈ। ਪਿਤਾ ਜੀ ਨੇ ਬੜੇ ਉਤਸ਼ਾਹ ਨਾਲ ਉਹਦਾ ਸਵਾਗਤ ਕੀਤਾ। ਉਨ੍ਹਾਂ ਨੂੰ ਹਮੇਸ਼ਾਂ ਇਸ ਗੱਲ ਦਾ ਅਫਸੋਸ ਹੁੰਦਾ ਰਹਿੰਦਾ ਸੀ ਕਿ ਲਿਪੀ ਨਾ ਹੋਣ ਕਾਰਨ ਦਾਗਿਸਤਾਨ ਮਹਾਨ ਰੂਸੀ ਸਭਿਆਚਾਰ ਨਾਲੋਂ ਕੱਟਿਆ ਹੋਇਆ ਹੈ। ਉਹ ਕਹਿੰਦੇ ਹੁੰਦੇ ਸਨ-“ਦਾਗਿਸਤਾਨ ਸਾਡੇ ਮਹਾਨ ਦੇਸ਼ ਦਾ ਅੰਗ ਏ। ਉਹਦੇ ਲਈ ਜਾਣਨਾ, ਪੂਰੀ ਮਾਨਵ ਜਾਤੀ ਨੂੰ ਜਾਣਨਾ, ਉਹਦੇ ਜੀਵਨ ਦੀ ਪੁਸਤਕ ਪੜ੍ਹਨਾ, ਉਹਦੀ ਲਿਖਾਈ ਨੂੰ ਸਮਝਣਾ-ਪਛਾਣਨਾ ਜ਼ਰੂਰੀ ਏ।”
“ਨਵਾਂ ਪੱਥ”, “ਨਵੀਂ ਰੌਸ਼ਨੀ”, “ਨਵੇਂ ਲੋਕ”—ਇਹ ਸਨ ਉਨ੍ਹਾਂ ਦਿਨਾਂ ਦੇ ਨਾਹਰੇ। ਵਕਤ ਦੀ ਇਸ ਪੁਕਾਰ ਉਤੇ ਪਿਤਾ ਜੀ ਨੇ ਆਪਣੇ ਬੱਚਿਆਂ ਨੂੰ ਵੀ ਅਗਾਂਹ ਭੇਜਿਆ। ਨਵੇਂ ਜੀਵਨ ਲਈ ਆਪਣਾ ਰਾਹ ਲੱਭਣਾ ਆਸਾਨ ਨਹੀਂ ਸੀ। ਨਵੇਂ ਜੀਵਨ ਦੇ ਰਾਹ ਤੇ ਪੱਥਰ ਸੁੱਟਣ ਵਾਲਿਆਂ ਦੀ ਗਿਣਤੀ ਬਹੁਤ ਸੀ। ਪਹਿਲਾਂ ਸਕੂਲ ਦੀਆਂ ਬਹੁਤ ਸਾਰੀਆਂ ਖਿੜਕੀਆਂ ਤੋੜੀਆਂ ਗਈਆਂ। ਸਿੱਖਿਆ ਅਤੇ ਗਿਆਨ-ਪਰਚਾਰ ਦੇ ਦੁਸ਼ਮਣ ਇਹ ਕਹਿੰਦੇ ਸਨ-“ਇਹ ਭਲਾ ਕਿਹੋ ਜਿਹੀ ਦੁਨੀਆਂ ਏਂ ਜਿਸ ਵਿਚ ਆਜੜੀ ਕਿਤਾਬ ਪੜ੍ਹਦੈ ਤੇ ਆਟੇ ਦੀ ਚੱਕੀ ਦਾ ਮਾਲਕ ਪਾਠ ਤਿਆਰ ਕਰਦੈ? ਉਨ੍ਹਾਂ ਨੂੰ ਤਾਂ ਭੇਡਾਂ ਚਾਰਨੀਆਂ ਚਾਹੀਦੀਆਂ ਨੇ, ਆਟਾ ਪੀਹਣਾ ਚਾਹੀਦੈ।” ਮੈਨੂੰ ਯਾਦ ਹੈ ਕਿ ਕਿਵੇਂ ਅਧਿਆਪਕ ਨੂੰ ਮਾਰਨ ਲਈ ਚਲਾਈ ਗਈ ਗੋਲੀ ਸਕੂਲ ਦੀ ਦੀਵਾਰ ਉਤੇ ਲਟਕੇ ਨਕਸ਼ੇ ਉਤੇ ਜਾ ਲੱਗੀ ਸੀ ਅਤੇ ਕਿਵੇਂ ਇਸ ਸਬੰਧ ਵਿਚ ਪਿਤਾ ਜੀ ਨੇ ਇਹ ਸ਼ਬਦ ਕਹੇ ਸਨ—“ ਇਸ ਬਦਮਾਸ਼ ਨੇ ਇਕ ਈ ਗੋਲੀ ਨਾਲ ਤਕਰੀਬਨ ਸਾਰੀ ਦੁਨੀਆਂ ਨੂੰ ਹੀ ਛਾਨਣੀ ਕਰ ਦਿਤੈ।”
ਉਨ੍ਹਾਂ ਮੁੱਢਲੇ ਸਾਲਾਂ ਵਿਚ ਅਨੇਕ ਪਿੰਡਾਂ ਵਿਚ ਨਵੀਂ ਸਿੱਖਿਆ ਦਾ ਪੁਰਾਣੀ, ਧਾਰਮਕ ਸਿੱਖਿਆ ਦੇ ਨਾਲ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਅਜਿਹਾ . ਵੀ ਹੋਇਆ ਕਿ ਇਹ ਦੋਵੇਂ ਆਪਸ ਵਿਚ ਘੁਲਮਿਲ ਗਈਆਂ। ਇਹ ਪਤਾ ਕਰਨਾ ਮੁਸ਼ਕਲ ਸੀ ਕਿ ਕਿੱਥੇ ਦੁਕਾਨ ਹੈ ਅਤੇ ਕਿੱਥੇ ਬਾਜ਼ਾਰ, ਕਿੱਥੇ ਅਲੀ ਹੈ ਤੇ ਕਿੱਥੇ ਉਮਰ। ਮੇਰੇ ਵੱਡੇ ਭਰਾ ਨੌਜਵਾਨਾਂ ਦੇ ਸਕੂਲ ਵਿਚ ਪੜ੍ਹਨ ਜਾਂਦੇ ਸਨ। ਮੈਨੂੰ ਉਨ੍ਹਾਂ ਨਾਲ ਬੜੀ ਈਰਖਾ ਹੁੰਦੀ ਸੀ ਪਰ ਕੁਝ ਵੀ ਨਹੀਂ ਸੀ ਕਰ ਸਕਦਾ ਅਤੇ ਹਰ ਰੋਜ਼ ਬੜੀ ਬੇਚੈਨੀ ਨਾਲ ਉਨ੍ਹਾਂ ਦਾ ਇੰਤਜ਼ਾਰ ਕਰਦਾ ਸਾਂ। ਮੈਂ ਪੜ੍ਹਨ ਨੂੰ ਬਹੁਤ ਉਤਸੁਕ ਸਾਂ ਪਰ ਉਦੋਂ ਮੈਂ ਅਜੇ ਸੱਤ ਸਾਲ ਦਾ ਨਹੀਂ ਹੋਇਆ ਸਾਂ।
ਇਸੇ ਸਮੇਂ ਸਾਡੇ ਪਿੰਡ ਵਿਚ ਉਨ੍ਹਾਂ ਲਈ ਸਕੂਲ ਖੁੱਲ੍ਹ ਗਿਆ ਜਿਹੜੇ ਆਪਣੇ ਬੱਚਿਆਂ ਨੂੰ ਖੂੰਜ਼ਹ ਦੇ ਕਿਲੇ ਵਿਚ ਪੜ੍ਹਨ ਲਈ ਨਹੀਂ ਭੇਜਣਾ ਚਾਹੁੰਦੇ ਸਨ। ਇਹ ਅਰਧ ਧਾਰਮਕ ਸਕੂਲ ਸੀ। ਇਹਨੂੰ ‘ਹਸਨ ਦਾ ਸਕੂਲ’ ਕਿਹਾ ਜਾਂਦਾ ਸੀ।
ਹਸਨ ਅਤੇ ਕੈਦੀ
ਛਾਪੇਮਾਰਾਂ ਨੇ ਇਕ ਉਲਟ ਇਨਕਲਾਬੀ ਫੌਜੀ ਨੂੰ ਕੈਦ ਕਰ ਲਿਆ। ਉਹਨੂੰ ਰਖਵਾਲੇ ਦੀ ਨਿਗਰਾਨੀ ਵਿਚ ਮੁਸਲਿਮ ਅੱਤਾਯੇਵ ਦੇ ਮੁੱਖ ਫੌਜੀ ਦਫਤਰ ਵਿਚ ਪਹੁੰਚਾਉਣਾ ਸੀ। ਇਹ ਕੰਮ ਹਸਨ ਨੂੰ ਸੌਂਪਿਆ ਗਿਆ। ਸ਼ੁਰੂ ਵਿਚ ਤਾਂ ਸਭ ਕੁਝ ਠੀਕ ਰਿਹਾ ਪਰ ਆਖਰ ਨਮਾਜ਼ ਅਦਾ ਕਰਨ ਦਾ ਵਕਤ ਹੋ ਗਿਆ। ਹਸਨ ਇਕ ਛੋਟੀ ਜਿਹੀ ਨਦੀ ਕੋਲ ਰੁਕ ਕੇ ਨਮਾਜ਼ ਪੜ੍ਹਨ ਲੱਗ ਪਿਆ ਅਤੇ ਕੈਦੀ ਨੂੰ ਉਹਨੇ ਆਪਣੇ ਨੇੜੇ ਪੱਥਰ ਉਤੇ ਬਿਠਾ ਦਿੱਤਾ। ਕੈਦੀ ਨੇ ਉਹਨੂੰ ਬੇਨਤੀ ਕੀਤੀ ਕਿ ਉਹ ਉਹਦੇ ਹੱਥ ਖੋਲ੍ਹ ਦੇਵੇ ਤਾਂ ਕਿ ਉਹ ਵੀ ਨਮਾਜ਼ ਅਦਾ ਕਰ ਲਵੋ। ਹਸਨ ਨੇ ਹੈਰਾਨੀ ਨਾਲ ਪੁੱਛਿਆ-
“ਤੂੰ ਕਾਹਦੇ ਲਈ ਇਬਾਦਤ ਕਰਨੀ ਚਾਹੁੰਨੇਂ। ਤੂੰ ਤਾਂ ਸਫੈਦ ਗਾਰਡਾਂ ਦਾ ਸਾਥ ਦੋਨਾਂ ਪਿਐਂ। ਤੂੰ ਭਾਵੇਂ ਕਿੰਨੀਆਂ ਵੀ ਇਬਾਦਤਾਂ ਕਿਉਂ ਨਾ ਕਰ ਲੇਂ ਹਰ ਹਾਲਤ ਵਿਚ ਜਹੰਨੁਮ ਵਿਚ ਹੀ ਜਾਵੇਂਗਾ।”
“ਫਿਰ ਵੀ ਮੈਂ ਹਾਂ ਤਾਂ ਮੁਸਲਮਾਨ। ਮੁਸਲਿਮ ਅੱਤਾਯੇਵ ਨੇ ਤਾਂ ਮੇਰੇ ਉਤੇ ਰਹਿਮ ਨਹੀਂ ਕਰਨਾ। ਫੌਰਨ ਦੂਸਰੀ ਦੁਨੀਆਂ ਨੂੰ ਰਵਾਨਾ ਕਰ ਦੇਵੇਗਾ। ਇਸ ਲਈ ਮੈਨੂੰ ਆਖਰੀ ਵਾਰ ਅੱਲ੍ਹਾ ਦੀ ਇਬਾਦਤ ਕਰ ਲੈਣੀ ਚਾਹੀਦੀ ਏ।”
ਹਸਨ ਨੇ ਕਹਿੰਦਿਆਂ ਹੋਇਆਂ ਉਹਦੇ ਹੱਥ ਖੋਲ੍ਹ ਦਿੱਤੇ-
” ਤੂੰ ਤਾਂ ਸੋਵੀਅਤ ਸੱਤਾ ਨੂੰ ਕੋਸਦਾ ਸੈਂ। ਇਹ ਕਹਿੰਦੇ ਮੈਂ ਪਈ ਇਹ ਮੁਸਲਮਾਨਾਂ ਨੂੰ ਅੱਲ੍ਹਾ ਉਤੇ ਯਕੀਨ ਕਰਨ ਤੋਂ ਮਨ੍ਹਾ ਕਰਦੀ ਏ। ਹੁਣ ਤੂੰ ਕਿੰਨੀ ਵੀ ਚਾਹੇਂ ਜੀ ਭਰ ਕੇ ਇਬਾਦਤ ਕਰ ਸਕਨੈਂ।”
ਇਸ ਤੋਂ ਬਾਅਦ ਹਸਨ ਇਬਾਦਤ ਵਿਚ ਐਨਾ ਗੁਆਚ ਗਿਆ ਕਿ ਜਦੋਂ ਉਸਨੇ ਮੁੜ ਕੇ ਵੇਖਿਆ ਤਾਂ ਕੈਦੀ ਗਾਇਬ ਸੀ। ਉਹ ਭੱਜ ਗਿਆ। ਫੇਰ ਗੁੱਸੇ ਨਾਲ ਲਾਲ-ਪੀਲਾ ਹੁਂਦਾ ਹੋਇਆ ਹਸਨ ਚੀਖਿਆ-
“ਅੱਲ੍ਹਾ ਤੇ ਇਨਕਲਾਬ ਦੀ ਕਸਮ ਖਾ ਕੇ ਕਹਿੰਨਾਂ ਬਈ ਮੈਂ ਤੈਨੂੰ ਹਰ ਹਾਲਤ ਢੂੰਡ ਕੇ ਫੜ ਲਾਂ’ਗਾ।”
ਅਤੇ ਉਹਨੇ ਸੱਚਮੁੱਚ ਈ ਉਹਨੂੰ ਇਕ ਪਿੰਡ ਵਿਚ ਜਾ ਫੜਿਆ ਅਤੇ ਉੱਥੇ ਪੁਚਾ ਦਿੱਤਾ ਜਿੱਥੇ ਪੁਚਾਉਣਾ ਸੀ।
ਇਬਾਦਤ ਅਤੇ ਗਾਣਾ
ਸੋਵੀਅਤ ਸੱਤਾ ਦੇ ਸ਼ੁਰੂ ਦੇ ਸਾਲਾਂ ਵਿਚ ਹਸਨ ਗਰਾਮ ਸੋਵੀਅਤ ਦਾ ਸਕੱਤਰ
ਸੀ। ਇਨ੍ਹਾਂ ਸਾਲਾਂ ਦੇ ਦੌਰਾਨ ਗਰਾਮ ਸੋਵੀਅਤ ਦੀ ਮੋਹਰ ਪੁਰੀ ਘਸ ਗਈ ਅਤੇ ਇਕ ਦਮ ਸਪਾਟ ਹੋ ਗਈ ਸੀ, ਕਿਉਂਕਿ ਹਸਨ ਉਹਦੇ ਉਤੇ ਜ਼ਰਾ ਵੀ ਰਹਿਮ ਨਹੀਂ ਕਰਦਾ ਸੀ ਅਤੇ ਹਰ ਤਰ੍ਹਾਂ ਦੇ ਕਾਗਜ਼ ਜਾਂ ਦਸਤਾਵੇਜ਼ ਉਤੇ ਮੋਹਰ ਲਾ ਦਿੰਦਾ ਸੀ। ਕਹਿੰਦਾ- ਜੇ ਕੋਈ ਮੁਸ਼ਕਲ ਅਤੇ ਮਹੱਤਪੂਰਣ ਮਸਲਾ ਸਾਹਮਣੇ ਆ ਜਾਂਦਾ ਤਾਂ ਉਹ
” ਸਲਾਹ ਮਸ਼ਵਰਾ ਕਰਨਾ ਪਏਗਾ।”
ਪਰਸੰਗਵਸ ਇਹ ਵੀ ਦੱਸ ਦਿਆਂ ਕਿ ਉਹਨੇ ਐਤਵਾਰ ਦੀ ਥਾਂ ਸ਼ੁੱਕਰਵਾਰ ਨੂੰ ਯਾਨੀ ਰਮਜ਼ਾਨ ਦੇ ਦਿਨ ਨੂੰ ਛੁੱਟੀ ਦਾ ਦਿਨ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਉਹ ਸੋਵੀਅਤ ਸੱਤਾ ਦੀਆਂ ਹਦਾਇਤਾਂ ਅਤੇ ਫੈਸਲਿਆਂ ਦਾ ਅਣਥੱਕ ਤੌਰ ਤੇ ਲੋਕਾਂ ਵਿਚ ਪਰਚਾਰ ਕਰਦਾ ਸੀ, ਉਹਨਾਂ ਨੂੰ ਸਮਝਾਉਂਦਾ ਸੀ ਅਤੇ ਅਮਲੀ ਸ਼ਕਲ ਦਿੰਦਾ ਸੀ। ਇਹਦੇ ਨਾਲ ਹੀ ਉਹਨੇ ਉਸ ਮਸਜਿਦ ਦੀ ਮੁਰੰਮਤ ਵੀ ਕਰਵਾਈ ਜਿਹੜੀ ਘਰੇਲੂ ਜੰਗ ਦੇ ਦਿਨਾਂ ਵਿਚ ਟੁੱਟ ਭੱਜ ਗਈ ਸੀ।
ਮਸਜਿਦ ਦੀ ਮੁਰੰਮਤ ਹੋ ਜਾਣ ਤੇ ਉਹਦੇ ਸਮਾਰੋਹੀ ਉਦਘਾਟਨ ਦਾ ਦਿਨ ਨੀਯਤ ਕੀਤਾ ਗਿਆ। ਇਸੇ ਸਮੇਂ ਉਸ ਇਲਾਕੇ ਵਿਚ ਸਭਿਆਚਾਰਕ ਕਾਮਿਆਂ- ਲੇਖਕਾਂ, ਚਿਤਰਕਾਰਾਂ, ਕਲਾਕਾਰਾਂ, ਗਾਇਕਾਂ ਅਤੇ ਸਰਕਾਰਾਂ-ਸੰਗੀਤਕਾਰਾਂ-ਦਾ ਇਕ ਵੱਡਾ ਦਲ ਆ ਗਿਆ। ਖੇਤਰੀ ਕੇਂਦਰ ਤੋਂ ਇਸ ਪੂਰੇ ਦਲ ਨੂੰ ਉਸ ਪਿੰਡ ਵਿਚ ਭੇਜ ਦਿੱਤਾ ਗਿਆ ਜਿੱਥੇ ਹਸਨ ਨੇ ਮਸਜਿਦ ਦੇ ਸਮਾਰੋਹੀ ਉਦਘਾਟਨ ਦੀ ਤਿਆਰੀ ਕੀਤੀ ਹੋਈ ਸੀ। ਪਿੰਡ ਵਿਚ ਮਹਿਮਾਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਨੂੰ ਘੁੜਦੌੜਾਂ, ਕੁਸ਼ਤੀਆਂ ਅਤੇ ਕੁੱਕੜਾਂ ਦੀ ਲੜਾਈ ਵਿਖਾਈ ਗਈ। ਮਹਿਮਾਨ ਵੀ ਪਿੱਛੇ ਨਹੀਂ ਰਹੇ—ਉਨ੍ਹਾਂ ਵਿਚੋਂ ਕਿਸੇ ਨੇ ਭਾਸ਼ਨ ਦਿੱਤਾ, ਨੇੜ ਭਵਿੱਖ ਦੀਆਂ ਆਰਥਕ ਜ਼ਿੰਮੇਵਾਰੀਆਂ ਦੀ ਚਰਚਾ ਕੀਤੀ ਅਤੇ ਫਿਰ ਉਨ੍ਹਾਂ ਨੇ ਕੰਨਸਰਟ ਪੇਸ਼ ਕੀਤਾ।
ਕੰਨਸਰਟ ਜਦੋਂ ਆਪਣੇ ਪੂਰੇ ਰੰਗ ਵਿਚ ਸੀ ਤਾਂ ਮੁਅੱਜ਼ਿਨ ਨੇ ਮਸਜਿਦ ਦੀ ਮੀਨਾਰ ਉਤੇ ਚੜ੍ਹ ਕੇ ਬਾਂਗ ਦਿੱਤੀ ਅਤੇ ਇਸ ਤਰ੍ਹਾਂ ਸੱਚੇ ਮੁਸਲਮਾਨਾਂ ਨੂੰ ਸ਼ਾਮ ਦੀ ਨਮਾਜ਼ ਲਈ ਬੁਲਾਇਆ। ਫਿਰ ਹਸਨ ਉੱਠ ਕੇ ਖੜ੍ਹਾ ਹੋਇਆ ਅਤੇ ਉਹਨੇ ਪਰਾਹੁਣਿਆਂ ਨੂੰ ਮੁਖ਼ਾਤਬ ਹੁੰਦਿਆਂ ਹੋਇਆਂ ਕਿਹਾ-
“ ਬਹੁਤ ਸ਼ੁਕਰੀਆ ਪਈ ਤੁਸੀਂ ਸਾਨੂੰ ਇਹ ਇੱਜ਼ਤ ਬਖਸ਼ੀ ਤੇ ਇਹੋ ਜਿਹੇ ਅਹਿਮ ਦਿਨ ਦੇ ਉਦਘਾਟਨ ਦੇ ਦਿਨ ਏਥੇ ਤਸ਼ਰੀਫ਼ ਲਿਆਏ ਓ। ਕੰਨਸਰਟ ਲਈ ਵੀ ਸ਼ੁਕਰੀਆ। ਹੁਣ ਅਸੀਂ ਨਮਾਜ਼ ਪੜ੍ਹਨ ਜਾਨੇ ਆਂ। ਤੁਸੀਂ ਚਾਹੋ ਤਾਂ ਕੰਨਸਰਟ ਜਾਰੀ ਰੱਖ ਸਕਦੇ ਓ, ਚਾਹੋ ਤਾਂ ਸਾਡੇ ਮੁੜਨ ਤੱਕ ਇੰਤਜ਼ਾਰ ਕਰ ਸਕਦੇ ਓ, ਚਾਹੋ ਤਾਂ ਸਾਡੇ ਨਾਲ ਚੱਲ ਸਕਦੇ ਓ ”
ਪਿੰਡ ਦੇ ਕੁਝ ਲੋਕ ਮਸਜਿਦ ਵਿਚ ਚਲੇ ਗਏ, ਕੁਝ ਮਹਿਮਾਨਾਂ ਦੇ ਗਾਣੇ ਸੁਣਨ ਲਈ ਰੁਕੇ ਰਹੇ, ਕੁਝ ਦੁਚਿੱਤੀ ਵਿਚ ਪਏ ਖਲੋਤੇ ਰਹਿ ਗਏ। ਉਨ੍ਹਾਂ ਦੀ ਸਮਝ ਵਿਚ ਇਹ ਨਹੀਂ ਸੀ ਆ ਰਿਹਾ ਕਿ ਕੀ ਕਰਨ। ਮਹਿਮਾਨ ਵੀ ਉਲਝਣ ਵਿਚ ਪੈ ਗਏ ਪਰ ਬਾਅਦ ਵਿਚ ਛੱਤ ਉਤੇ ਜੋ ਇਕ ਤਰ੍ਹਾਂ ਮੰਚ ਦਾ ਕੰਮ ਦੇ ਰਹੀ ਸੀ ਪਰਸਿੱਧ ਗਾਇਕ ਅਰਾਸ਼ੀਲ, ਉਮਾਰ, ਗ਼ਾਜ਼ੀ ਮੁਹੰਮਦ ਅਤੇ ਕੇਗੇਰ ਦੀ ਗਾਇਕਾ ਪਾਤੀਮਾਤ ਸਾਹਮਣੇ ਆਏ। ਦੋ ਮਰਦਾਨਾ ਸਮੂਰੀ ਟੋਪੀਆਂ, ਇਕ ਦੁਪੱਟਾ, ਦੋ ਪੰਦੂਰੇ ਅਤੇ ਇਕ ਖੰਜੜੀ। ਅਤੇ ਪਰਬਤਾਂ ਉਤੇ ਇਕ ਨਵਾਂ ਗਾਣਾ ਗੂੰਜ ਉੱਠਿਆ। ਇਹ ਗਾਣਾ ਲੈਨਿਨ, ਲਾਲ ਸਿਤਾਰੇ ਅਤੇ ਦਾਗਿਸਤਾਨ ਦੇ ਬਾਰੇ ਸੀ। ਉਹ ਕਦੇ ਪੰਦੂਰੇ ਅਤੇ ਖੰਜੜੀ ਨੂੰ ਸਿਰ ਤੋਂ ਉੱਚਾ ਚੁੱਕ ਕੇ ਅਤੇ ਕਦੇ ਉਨ੍ਹਾਂ ਨੂੰ ਛਾਤੀ ਲਾ ਕੇ ਗਾਉਂਦੇ ਸਨ।
ਇਸ ਗਾਣੇ ਨੂੰ ਸੁਣ ਕੇ ਨਮਾਜ਼ ਪੜ੍ਹਨ ਵਾਲੇ ਕੁਝ ਮਸਜਿਦ ਵਿਚੋਂ ਬਾਹਰ ਆ ਗਏ ਅਤੇ ਕੁਝ ਇਹਤੋਂ ਉਲਟ ਮਸਜਿਦ ਵਿਚ ਚਲੇ ਗਏ।
ਇਹ ਦਿਲਚਸਪ ਘਟਨਾ ਹਸਨ ਦੇ ਪਿੰਡ ਅੱਜ ਤੱਕ ਸੁਣਾਈ ਜਾਂਦੀ ਹੈ। ਸੱਭਿਆਚਾਰਕ ਕਾਮਿਆਂ ਦੇ ਦਲ ਵਿਚ ਮੇਰੇ ਪਿਤਾ ਹਮਜ਼ਾਤ ਤਸਾਦਾਸਾ ਵੀ ਸਨ ਅਤੇ ਉਨ੍ਹਾਂ ਅੱਗੇ ਘੋੜੇ ਉਤੇ ਮੈਂ ਬੈਠਾ ਹੋਇਆ ਸਾਂ, ਉਸ ਵਕਤ ਕੁਝ ਵੀ ਨਹੀਂ ਸਮਝਦਾ ਸਾਂ।
ਪਿੰਡ ਤੋਂ ਵਿਦਾ ਲੈਣ ਵੇਲੇ ਮਹਿਮਾਨਾਂ ਨੇ ਗਰਾਮੋਫੋਨ ਅਤੇ ਲਾਉਡ ਸਪੀਕਰ ਭੇਟ ਕੀਤਾ।
ਲਾਉਡ ਸਪੀਕਰ ਅਤੇ ਹਸਨ
ਮੈਨੂੰ ਇਹ ਪਤਾ ਨਹੀਂ ਕਿ ਕਿਹਨੇ ਇਉਂ ਕਰਨ ਦਾ ਹੁਕਮ ਦਿੱਤਾ ਸੀ, ਸ਼ਾਇਦ ਖੁਦ ਹਸਨ ਨੇ ਹੀ, ਪਰ ਮਹਿਮਾਨਾਂ ਵਲੋਂ ਭੇਟ ਕੀਤੇ ਗਏ ਲਾਉਡ ਸਪੀਕਰ ਨੂੰ ਮਸਜਿਦ ਕੋਲ ਟੈਲੀਫ਼ੋਨ ਦੇ ਖੰਭੇ ਉਤੇ ਲਟਕਾ ਦਿੱਤਾ ਗਿਆ ਸੀ। ਪਿੰਡ ਵਿਚ ਹੁਣ ਸਵੇਰ ਤੋਂ ਸ਼ਾਮ ਤਕ ਰੇਡੀਓ ਦਾ ਪਰੋਗਰਾਮ ਚਲਦਾ ਰਹਿੰਦਾ। ਇਹ ਨੇੜੇ ਤੇੜੇ ਦੇ ਪਹਾੜਾਂ ਉਤੇ ਕਦੇ ਤਾਂ ਪਾਇਨੀਅਰਾਂ ਦੇ ਬਿਗਲਾਂ ਦੀ ਆਵਾਜ਼, ਕਦੇ ਕੋਈ ਗਾਣਾ, ਕਦੇ ਸੰਗੀਤ ਗੁੰਜਾਉਂਦਾ ਰਹਿੰਦਾ ਅਤੇ ਕੋਈ ਵਾਰਤਾ ਸੁਣਾਉਂਦਾ ਰਹਿੰਦਾ ਅਤੇ ਕਦੇ ਸਿਰਫ਼ ਖੜ-ਖੜ, ਗੜ-ਗੜ ਕਰਦਾ ਰਹਿੰਦਾ।
ਕਦੇ ਕਦੇ ਮਸਜਿਦ ਦੀ ਮੀਨਾਰ ਤੋਂ ਮੁਅੱਜ਼ਿਨ ਦੀ ਬਾਂਗ ਅਤੇ ਰੇਡੀਓ ਦੀ ਆਵਾਜ਼ ਆਪਸ ਵਿਚ ਘੁਲ ਮਿਲ ਜਾਂਦੀਆਂ ਸਨ ਅਤੇ ਉਸ ਵਕਤ ਕੁਝ ਵੀ ਸਮਝ ਸੱਕਣਾ ਅਸੰਭਵ ਸੀ।
ਇਕ ਦਿਨ ਕੀ ਹੋਇਆ ਕਿ ਮੁਅੱਜ਼ਿਨ ਦੇ ਬਾਂਗ ਦੇਣ ਲਈ ਮੀਨਾਰ ਉਤੇ ਜਾਣ ਤੋਂ ਕੁਝ ਹੀ ਪਹਿਲਾਂ ਲਾਉਡ ਸਪੀਕਰ ਖ਼ਾਮੋਸ਼ ਹੋ ਗਿਆ। ਕਿਸੇ ਨੇ ਚਾਲਾਕੀ ਨਾਲ ਖੰਭੇ ਤੋਂ ਤਾਰ ਕੱਟ ਦਿੱਤੀ। ਧਰਮ-ਇਮਾਨ ਨੂੰ ਮੰਨਣ ਵਾਲੇ ਮੁਸਲਮਾਨਾਂ ਦੇ ਨਮਾਜ਼ ਅਦਾ ਕਰ ਲੈਣ ਤੋਂ ਫੌਰਨ ਬਾਅਦ ਹਸਨ ਨੇ ਖੰਭੇ ਉਤੇ ਚੜ੍ਹ ਕੇ ਤਾਰ ਜੋੜ ਦਿੱਤੀ ਅਤੇ ਲਾਉਡ ਸਪੀਕਰ ਮੁੜ ਕੰਮ ਕਰਨ ਲੱਗ ਪਿਆ।
ਅਗਲੇ ਦਿਨ ਵੀ ਨਮਾਜ਼ ਤੋਂ ਪਹਿਲਾਂ ਲਾਉਡ ਸਪੀਕਰ ਚੁੱਪ ਹੋ ਗਿਆ। ਨਮਾਜ਼ ਖਤਮ ਹੋ ਜਾਣ ਤੋਂ ਬਾਅਦ ਹਸਨ ਨੂੰ ਫਿਰ ਖੰਭੇ ਉਤੇ ਚੜ੍ਹਨਾ ਪਿਆ।
ਇਹ ਕਿੱਸਾ ਕਈ ਦਿਨ ਚਲਦਾ ਰਿਹਾ। ਸਾਰੇ ਹੈਰਾਨ ਸਨ ਕਿ ਹਸਨ ਇਸ ਮਾਮਲੇ ਵਲ ਧਿਆਨ ਕਿਉਂ ਨਹੀਂ ਦਿੰਦਾ ਅਤੇ “ਭੰਨ-ਤੋੜ” ਦੀ ਇਹੋ ਜਿਹੀ ਹਰਕਤ ਕਰਨ ਵਾਲਿਆਂ ਦਾ ਪਤਾ ਕਿਉਂ ਨਹੀਂ ਲਾਉਂਦਾ।
ਜਦੋਂ ਇਹ ਪਤਾ ਲੱਗਾ ਕਿ ਖੁਦ ਹਸਨ ਹੀ ਰੇਡੀਓ ਨੂੰ ਹਰ ਰੋਜ਼ ਖਰਾਬ ਕਰ ਦਿੰਦਾ ਸੀ ਤਾਂ ਪਿੰਡ ਦੇ ਸਾਰੇ ਲੋਕਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ।
ਹਸਨ ਦੇ ਮਨ ਵਿਚ ਦੋ ਸ਼ਕਤੀਆਂ-ਇਬਾਦਤ ਅਤੇ ਗਾਣੇ-ਵਿਚਕਾਰ ਸੰਘਰਸ਼ ਹੁੰਦਾ ਰਹਿੰਦਾ ਸੀ। ਉਹ ਇਨ੍ਹਾਂ ਦੋਹਾਂ ਵਿਚ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰਦਾ ਸੀ। ਉਹ ਨਵੇਂ ਜੋੜਿਆਂ ਦਾ ਮਸਜਿਦ ਵਿਚ ਵਿਆਹ ਕਰਵਾਉਂਦਾ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਗਰਾਮ-ਸੋਵੀਅਤ ਵਿਚ ਰਜਿਸਟਰੀ ਕਰਵਾਉਣ ਲਈ ਲੈ ਜਾਂਦਾ ਸੀ।
ਕੁਦਰਤ ਦਾ ਅਧਿਅਨ ਕਰਨ ਦਾ ਵੀ ਉਹਦਾ ਆਪਣਾ ਹੀ ਤਰੀਕਾ ਸੀ। ਉਹ ਖਲੋ ਕੇ ਕਿਸੇ ਤਾਰੇ ਜਾਂ ਚੱਟਾਨ ਨੂੰ ਵੇਖਦਾ ਰਹਿੰਦਾ ਸੀ । ਘੰਟੇ ਬੀਤ ਜਾਂਦੇ ਪਰ ਹਸਨ ਉੱਥੇ ਹੀ ਖਲੋਤਾ ਰਹਿੰਦਾ। ਜੇ ਉਹਨੇ ਕਿਸੇ ਕੰਮ-ਕਾਜ ਲਈ ਕਿਤੇ ਜਾਣਾ ਹੁੰਦਾ ਤਾਂ ਉਹ ਆਪਣੀ ਬੀਵੀ ਜਾਂ ਕਦੇ-ਕਦੇ ਸਾਨੂੰ ਛੋਹਰਾਂ ਨੂੰ ਉਥੇ ਖਲੋਤਿਆਂ ਹੀ ਕਹਿ ਦਿੰਦਾ ਸੀ।
ਸਕੂਲ ਵਿਚ ਉਹ ਸਾਨੂੰ ਨੱਛਤਰਾਂ ਦੀ ਗਤੀ ਦੇ ਨਿਯਮ ਸਮਝਾਉਂਦਾ ਸੀ। ਉਹ ਸਾਨੂੰ ਭੁਚਾਲਾਂ, ਚੰਨ ਅਤੇ ਸੂਰਜ ਗ੍ਰਹਿਣ, ਜਵਾਰ ਅਤੇ ਭਾਟਿਆਂ ਦੇ ਬਾਰੇ ਬਹੁਤ ਕੁਝ ਦੱਸਦਾ। ਇਹ ਸਭ ਕੁਝ ਉਹ ਜਾਣੇ ਦਿਲਚਸਪ, ਪਰ ਕੁਝ ਅਜਿਹੇ ਅਜੀਬ ਢੰਗ ਨਾਲ ਦੱਸਦਾ ਕਿ ਹੁਣ ਉਸਦੀਆਂ ਗੱਲਾਂ ਵਿਚੋਂ ਮੇਰੇ ਦਿਮਾਗ਼ ਵਿਚ ਕੁਝ ਵੀ ਬਾਕੀ ਨਹੀਂ ਰਿਹਾ।
ਉਹਦੀ ਸਿੱਖਿਆ ਦੇਣ ਦੀ ਤਰਤੀਬ ਵਿਚ ਸਭ ਕੁਝ-ਅਰਥੀ, ਰੂਸੀ ਅਤੇ ਲਾਤੀਨੀ- ਰਲਗੱਡ ਹੋ ਗਿਆ ਸੀ।
ਉਹ ਪਲਾਈਵੁੱਡ ਦੇ ਬਹੁਤ ਵੱਡੇ ਟੁਕੜੇ ਉਤੇ ਅਰਬੀ ਵਿਚ ਅੱਖਰ ਲਿਖਦਾ ਅਤੇ ਕਹਿੰਦਾ-
“ਇਨ੍ਹਾਂ ਅੱਖਰਾਂ ਨੂੰ ਲਿਖਣਾ ਸਿੱਖੋ। ਤੇਰੇ ਪਿਤਾ ਜੀ ਜ਼ਿੰਦਗੀ ਭਰ ਇਨ੍ਹਾਂ ਅੱਖਰਾ ਨੂੰ ਲਿਖਦੇ ਅਤੇ ਪੜ੍ਹਦੇ ਰਹੇ।”
ਇਸ ਤੋਂ ਬਾਅਦ ਉਹ ਰੂਸੀ ਭਾਸ਼ਾ ਦੇ ਏਨੇ ਹੀ ਵੱਡੇ-ਵੱਡੇ ਅੱਖਰ ਲਿਖਦਾ ਅਤੇ ਕਹਿੰਦਾ-
“ਇਨ੍ਹਾਂ ਨੂੰ ਸਿੱਖੋ। ਤੇਰੇ ਪਿਤਾ ਜੀ ਨੇ ਉਸ ਉਮਰ ਵਿਚ, ਜਦੋਂ ਐਨਕ ਲਾਈ ਜਾਂਦੀ ਏ, ਇਨ੍ਹਾਂ ਅੱਖਰਾਂ ਨੂੰ ਲਿਖਣਾ ਸਿੱਖ ਲਿਆ ਸੀ। ਇਹ ਤੇਰੇ ਕੰਮ ਆਉਣਗੇ।” ਕਦੇ-ਕਦੇ ਉਹ ਸਾਨੂੰ ਕੁਝ ਯਾਦ ਕਰਨ ਦਾ ਕੰਮ ਦੇ ਕੇ ਖੁਦ ਨਮਾਜ਼ ਪੜ੍ਹਨ ਚਲਾ नारा।
ਜਦੋਂ ਉਹ ਸਾਨੂੰ ਅਰਬੀ ਲਿਪੀ ਸਿਖਾਉਂਦਾ ਤਾਂ ਉਹਦੇ ਹੱਥ ਵਿਚ ਡੰਡਾ ਹੁੰਦਾ ਸੀ ਅਤੇ ਗਲਤੀਆਂ ਜਾਂ ਲਾਪਰਵਾਹੀਆਂ ਲਈ ਉਹਦੇ ਨਾਲ ਹੀ ਸਾਡੀ ਕੁਟਾਈ ਹੁੰਦੀ ਸੀ। ਜਦੋਂ ਰੂਸੀ ਵਰਣਮਾਲਾ ਸਿਖਾਉਣ ਦਾ ਵਕਤ ਆਇਆ ਤਾਂ ਉਹ ਆਪਣੇ ਹੱਥ ਵਿਚ ਲਕੀਰਾਂ ਖਿੱਚਣ ਵਾਲਾ ਰੂਲ ਲੈ ਲੈਂਦਾ। ਇਸ ਤਰ੍ਹਾਂ ਕਦੇ ਤਾਂ ਡੰਡੇ ਅਤੇ ਕਦੇ ਰੂਲ ਨਾਲ ਸਾਡੀ ਕੁਟਾਈ ਹੁੰਦੀ।
ਮੇਰੀ ਕੁਟਾਈ ਹੋਣ ਦਾ ਕਾਰਨ ਇਹ ਸੀ। ਸਾਡਾ ਘਰ ਮਸਜਿਦ ਦੇ ਬਿਲਕੁਲ ਨੇੜੇ ਸੀ। ਇਨ੍ਹਾਂ ਦੋਹਾਂ ਵਿਚਕਾਰ ਇਕ ਕਦਮ ਤੋਂ ਜ਼ਿਆਦਾ ਦਾ ਫਾਸਲਾ ਨਹੀਂ ਸੀ। ਮੈਨੂੰ ਇਕ ਛੱਤ ਤੋਂ ਦੂਸਰੀ ਉਤੇ ਛਾਲ ਮਾਰਨ ਦੀ ਆਦਤ ਪੈ ਗਈ ਸੀ। ਇਹਦੇ ਕਰਕੇ ਹਸਨ ਨੇ ਮੇਰੀ ਚੰਗੀ ਤਰ੍ਹਾਂ ਕੁਟਾਈ ਕੀਤੀ। ਇਸ ਤੋਂ ਬਾਅਦ ਮਸਜਿਦ ਬੰਦ ਕਰਕੇ ਉੱਥੇ ਇਕ ਤਰ੍ਹਾਂ ਦਾ ਗਰਾਮ-ਕਲੱਬ ਬਣਾ ਦਿੱਤਾ ਗਿਆ। ਮੈਂ ਪਹਿਲਾਂ ਵਾਂਗ ਹੀ ਆਪਣੀਆਂ ਛਾਲਾਂ ਮਾਰਨਾ ਜਾਰੀ ਰੱਖਿਆ। ਹਸਨ ਨੇ ਇਹਦੇ ਲਈ ਫਿਰ ਮੈਨੂੰ ਸਜ਼ਾ ਦਿੱਤੀ।
ਪਿਤਾ ਜੀ ਨੇ ਹਸਨ ਦਾ ਪੱਖ ਲਿਆ ਅਤੇ ਮੈਨੂੰ ਕਿਹਾ- ” ਤੂੰ ਟਿੱਡਾ ਤਾਂ ਨਹੀਂ ਪਈ ਟੱਪਦਾ-ਕੁੱਦਦਾ ਰਹੇ। ਧਰਤੀ ਉਤੇ ਤੁਰਨਾ ਸਿੱਖ।
ਕੁਝ ਸਮੇਂ ਬਾਅਦ ਮੇਰੀ ਉਮਰ ਸੱਤ ਸਾਲ ਦੀ ਹੋ ਗਈ ਅਤੇ ਮੇਰਾ ਟੱਪਣਾ- ਕੱਦਣਾ, ਮੇਰੀਆਂ ਛਾਲਾਂ ਆਪਣੇ ਆਪ ਹੀ ਬੰਦ ਹੋ ਗਈਆਂ। ਮੈਂ ਖੂੰਜ਼ਹ ਕਿਲੇ ਦੇ ਸਕੂਲ ਵਿਚ ਪੜ੍ਹਨੇ ਪੈ ਗਿਆ।
ਹਸਨ ਦੇ ਸਕੂਲ ਦੀ ਪੜ੍ਹਾਈ ਕੋਈ ਵੀ ਖਤਮ ਨਹੀਂ ਕਰ ਸੱਕਿਆ, ਉਹਨੂੰ ਬੰਦ ਕਰ ਦਿੱਤਾ ਗਿਆ। ਹਸਨ ਸਮੂਹਿਕ ਫਾਰਮ ਵਿਚ ਕੰਮ ਕਰਨ ਲੱਗ ਪਿਆ। ਉਹਨੂੰ ਸਰਬ ਸੰਘ ਖੇਤੀ ਪਰਦਰਸ਼ਨੀ ਵਿਚ ਭੇਜਿਆ ਗਿਆ ਅਤੇ ਉਥੋਂ ਉਹ ਤਮਗਾ ਲੈ ਕੇ ਮੁੜਿਆ। ਦੇ ਹੋਰ ਤਮਗੇ ਉਹਨੂੰ ਮੋਰਚੇ ਤੇ ਮਿਲੇ। ਯੁੱਧ ਤੋਂ ਮਗਰੋਂ ਉਹ ਕਹਿੰਦਾ ਹੁੰਦਾ ਸੀ-
“ਮੈਂ ਭਾਵੇਂ ਕਿਸੇ ਵੀ ਥਾਂ ਕਿਉਂ ਨਾ ਰਿਹਾ, ਹਰ ਹਾਲਤ ਵਿਚ, ਇੱਥੋਂ ਤਕ ਕਿ ਪੂਰੇ ਯੁੱਧ ਦੇ ਦੌਰਾਨ ਬਾਕਾਇਦਾ ਤੌਰ ਤੇ ਨਮਾਜ਼ ਪੜ੍ਹਦਾ ਰਿਹਾਂ। ਜੇ ਮੈਂ ਇਉਂ ਨਾ ਕਰਦਾ ਤਾਂ ਭਲਾ ਜਿਉਂਦਾ-ਜਾਗਦਾ ਤੇ ਪੂਰੀ ਤਰ੍ਹਾਂ ਸਹੀ ਸਲਾਮਤ ਘਰ ਵਾਪਸ ਆ ਸਕਦਾ
ਹਾਂ ?” ਥੋੜ੍ਹੇ ਸ਼ਬਦਾਂ ਵਿਚ ਇਹ ਕਿ ਹਸਨ ਜਿਹੇ ਜਿਹਾ ਸੀ, ਅਜੇ ਵੀ ਉਹੋ ਜਿਹਾ ਹੀ ਹੈ। ਹੁਣ ਉਹ ਅਵਾਰ ਖਾਨ ਸੁਰਾਕਾਤ ਦੇ ਬਾਰੇ ਸਾਮੱਗਰੀ ਜਮ੍ਹਾਂ ਕਰ ਰਿਹਾ ਹੈ। ਉਹ ਪਹਿਲਾਂ ਵਾਂਗ ਹੀ ਖੁਸ਼ਮਿਜ਼ਾਜ, ਬੇਹੱਦ ਇਮਾਨਦਾਰ, ਬੇਸ਼ੱਕ ਕੁਝ ਸਨਕੀ ਆਦਮੀ ਹੈ।
ਜਦੋਂ ਕਦੇ ਮੈਂ ਆਪਣੇ ਪਿੰਡ ਜਾਂਦਾ ਹਾਂ ਤਾਂ ਉਹਨੂੰ ਜ਼ਰੂਰ ਮਿਲਦਾ ਹਾਂ, ਕਿਉਂਕਿ ਉਹਨੂੰ ਆਪਣਾ ਪਹਿਲਾ ਅਧਿਆਪਕ ਮੰਨਦਾ ਹਾਂ।
ਮੈਨੂੰ ਆਮ ਸਕੂਲ ਵਿਚ ਆਪਣਾ ਦੂਸਰਾ ਅਧਿਆਪਕ ਵੀ ਯਾਦ ਹੈ। ਉਹ ਸਾਨੂੰ ਹਰ ਰੋਜ਼ ਆਪਣੇ ਬਾਰੇ ਹੀ ਕਥਾ-ਕਹਾਣੀਆਂ ਸੁਣਾਉਂਦਾ ਰਹਿੰਦਾ ਸੀ। ਹੁਣ ਤਾਂ ਮੈਂ ਇਹ ਗੱਲ ਚੰਗੀ ਤਰ੍ਹਾਂ ਸਮਝਦਾ ਹਾਂ ਕਿ ਉਹ ਅਸਲੀ ਅਵਾਰ ਮਿਉਨਖਗਾਉਜ਼ਨ* ਸੀ। ਉਹ ਆਪਣਾ ਹਰ ਪਾਠ ਇਨ੍ਹਾਂ ਆਮ ਸ਼ਬਦਾਂ ਨਾਲ ਸ਼ੁਰੂ ਕਰਦਾ ਸੀ-
“ਤਾਂ ਬੱਚਿਓ, ਤੁਹਾਨੂੰ ਆਪਣੇ ਜੀਵਨ ਦੀ ਇਕ ਘਟਨਾ ਸੁਣਾਵਾਂ?”
“ਸੁਣਾਓ!” ਅਸੀਂ ਸਾਰੇ ਮਿਲ ਕੇ ਚੀਖਦੇ।
“ਇਕ ਵਾਰ ਮੈਂ ਅਵਾਰ ਕੋਇਸੂ ਦੇ ਉਤੇ ਰੱਸਿਆਂ ਦੇ ਬਣੇ ਰਾਹ ਉਤੋਂ ਦੀ ਜਾ ਰਿਹਾ ਸਾਂ। ਸਾਮ੍ਹਣਿਓਂ ਇਕ ਦਿਓ ਕਾਇਆ ਵਾਲਾ ਰਿੱਛ ਆ ਰਿਹਾ ਸੀ। ਸਾਡੇ ਲਈ ਵੱਖ ਵੱਖ ਦਿਸ਼ਾਵਾਂ ਵਲ ਜਾਣਾ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਸੀ। ਰਿੱਛ ਵੀ ਪਿਛਾਂਹ ਨਹੀਂ ਹਟਣਾ ਚਾਹੁੰਦਾ ਸੀ ਤੇ ਮੈਂ ਵੀ। ਰੱਸਿਆਂ ਦੇ ਬਣੇ ਰਾਹ ਦੇ ਵਿਕਚਾਰ ਅਸੀਂ ਗੁੱਥਮਗੁੱਥਾ ਹੋ ਗਏ। ਇਹ ਰਿੱਛ ਉਨ੍ਹਾਂ ਸਾਰੇ ਰਿੱਛਾਂ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਸੀ ਜਿਨ੍ਹਾਂ ਨਾਲ ਮੇਰਾ ਪਹਿਲਾਂ ਵਾਹ ਪਿਆ ਸੀ। ਫਿਰ ਮੈਂ ਵੀ ਬੜੀ ਫੁਰਤੀ ਦਿਖਾਈ, ਉਹਨੂੰ ਅਯਾਲ ਤੋਂ ਫੜ ਕੇ ਨਦੀ ਵਿਚ ਸੁੱਟਤਾ।”
ਅਸੀਂ ਮੂੰਹ ਖੋਲ੍ਹੀ ਆਪਣੇ ਅਧਿਆਪਕ ਦੀਆਂ ਗੱਲਾਂ ਸੁਣਦੇ ਹੁੰਦੇ ਸਾਂ।
“ਪਿਛਲੇ ਹਫਤੇ ਮੈਂ ਆਪਣੇ ਖੇਤ ਵਿਚ ਜਾ ਕੇ ਬੜੇ ਆਰਾਮ ਨਾਲ ਹਲ ਵਾਹੁਣ ਲੱਗ ਪਿਆ। ਮੇਰੇ ਢੱਗੇ ਚੰਗੇ, ਤਕੜੇ ਨੇ। ਪਰ ਉਹ ਅਚਾਨਕ ਰੁਕ ਗਏ ਅਤੇ ਉਨ੍ਹਾਂ ਨੇ ਹਲ ਅਗਾਂਹ ਖਿੱਚਣਾ ਬੰਦ ਕਰ ‘ਤਾ। ਕੀ ਗੱਲ ਹੋ ‘ਗੀ? ਮੈਂ ਗੌਰ ਨਾਲ ਵੇਖਿਆ ਤਾਂ ਪਤਾ ਲੱਗਾ ਈ ਬਾਂਹ ਜਿੰਨੇ ਮੋਟੇ ਨੌਂ ਸੱਪ ਮੇਰੀ ਹਲ ਨਾਲ ਚਿੰਬੜੇ ਹੋਏ ਨੇ। ਉਨ੍ਹਾਂ ਵਿਚੋਂ ਦੋ ਮੇਰੇ ਹੱਥਾਂ ਵੱਲ ਸਰਕ ਰਹੇ ਸਨ। ਆਪਣੇ ਹੋਸ਼ ਹਵਾਸ ਟਿਕਾਣੇ ਰੱਖਦਿਆਂ ਮੈਂ ਪਿਸਤੌਲ ਕੱਢੀ ਤੇ ਸਾਰੇ ਦੇ ਸਾਰੇ ਸੱਪਾਂ ਨੂੰ ਗੋਲੀਆਂ ਨਾਲ ਉਡਾ ਦਿਤਾ। ਏਨਾ ਲਹੂ ਵਗਿਆ ਪਈ ਪੂਰਾ ਖੇਤ ਸਿੰਜਿਆ ਗਿਆ। ਮੈਂ ਆਰਾਮ ਨਾਲ ਹਲ ਵਾਹ ਕੇ ਘਰ ਚਲਾ ਗਿਆ। ਕਦੇ-ਕਦੇ ਇਹ ਚਿੰਤਾ ਜ਼ਰੂਰ ਹੋ ਜਾਂਦੀ ਏ ਪਈ ਖੇਤ ਵਿਚ ਅਨਾਜ ਦੀ ਥਾਂ ਸੱਪ ਈ ਨਾ ਉੱਗ ਆਉਣ?”
“ਤੁਹਾਨੂੰ ਇਹ ਦੱਸਾਂ ਪਈ ਮੈਂ ਆਪਣੀ ਬੀਵੀ ਨੂੰ ਕਿਵੇਂ ਭਜਾ ਕੇ ਲਿਆਇਆ ਸੀ। ਉਨ੍ਹੀਂ ਦਿਨੀਂ ਮੈਂ ਤਸੂਨਤੀ ਦੇ ਜੰਗਲਾਂ ਵਿਚ ਡਾਕੂਆਂ ਨੂੰ ਫੜਦਾ ਹੁੰਦਾ ਸੀ। ਇਕ ਦਿਨ ਮੈਂ ਸਭ ਤੋਂ ਜ਼ਿਆਦਾ ਖਤਰਨਾਕ ਡਾਕੂ ਦੇ ਘਰ ਪਹੁੰਚਿਆ। ਉਹ ਆਪ ਤਾਂ ਭੱਜਣ ਵਿਚ ਕਾਮਯਾਬ ਹੋ ਗਿਆ ਪਰ ਆਪਣੀ ਚਾਂਦੀ ਵਰਗੀ ਛੋਟੀ ਧੀ ਪਿਛੇ ਘਰ ਵਿਚ ਈ ਛੱਡ ਗਿਆ। ਸਾਡੀਆਂ ਦੋਹਾਂ ਦੀਆਂ ਅੱਖਾਂ ਚਾਰ ਹੋਈਆਂ ਤੇ ਸਾਨੂੰ ਫੌਰਨ ਹੀ ਇਕ ਦੂਸਰੇ ਨਾਲ ਮੁਹੱਬਤ ਹੋ ਗਈ। ਮੈਂ ਉਹਨੂੰ ਗੋਦੀ ਚੁੱਕ ਕੇ ਘੋੜੇ ਦੀ ਜ਼ੀਨ ਤੇ ਬਿਠਾਇਆ ਤੇ ਸਰਪਟ ਘੋੜਾ ਦੁੜਾ ਲਿਆ। ਅਚਾਨਕ ਮੈਂ ਕੀ ਵੇਖਿਆ ਪਈ ਬਹੁਤ ਈ ਖਤਰਨਾਕ ਚਾਲੀ ਡਾਕੂ ਮੇਰਾ ਪਿੱਛਾ ਕਰਦੇ ਪਏ ਨੇ। ਉਨ੍ਹਾਂ ਵਿਚੋਂ ਹਰ ਇਕ ਨੇ ਦੰਦਾਂ ਵਿਚ ਖੰਜਰ ਦਬਾਇਆ ਹੋਇਆ ਸੀ। ਹਰ ਇਕ ਦੇ ਇਕ ਹੱਥ ਵਿਚ ਤਲਵਾਰ ਤੇ ਦੂਸਰੇ ਵਿਚ ਪਿਸਤੌਲ ਸੀ। ਮੈਂ ਮੁੜ ਕੇ ਵੇਖਿਆ ਤੇ ਬੜੇ ਪੱਕੇ ਨਿਸ਼ਾਨੇ ਬੰਨ੍ਹ ਕੇ ਗੋਲੀਆਂ ਮਾਰੀਆਂ ਸਾਰਿਆਂ ਨੂੰ ਦੂਜੀ ਦੁਨੀਆਂ ਵਿਚ ਪਹੁੰਚਾ ਦਿੱਤਾ। ਇਹ ਕਿੱਸਾ ਤਾਂ ਦਾਗਿਸਤਾਨ ਵਿਚ ਹਰ ਕੋਈ ਜਾਣਦੈ।” ਇਕ ਦਿਨ ਪਾਠ ਪੜ੍ਹਨ ਦੇ ਵਕਤ ਮੈਂ ਡੈਸਕ ਉਤੇ ਆਪਣੇ ਨਾਲ ਬਹਿੰਦੇ ਬਸ਼ੀਰ ਨਾਲ ਗੱਲਾਂ ਕਰਦਾ ਪਿਆ ਸੀ । ਅਧਿਆਪਕ ਨੇ ਮੈਨੂੰ ਆਪਣੇ ਕੋਲ ਬੁਲਾ ਕੇ ਬੜੀ ਸਖਤੀ ਨਾਲ ਪੁੱਛਿਆ-
“ ਤੁਸੀਂ ਪੜ੍ਹਾਈ ਦੇ ਵੇਲੇ ਗੱਲਾਂ ਕਿਉਂ ਮਾਰੀ ਜਾਦੇ ਓ? ਬਸ਼ੀਰ ਨਾਲ ਤੂੰ ਘੰਟੇ ਤੋਂ ਕੀ ਬਕ-ਬਕ ਕਰਨਾ ਪਿਐਂ?”
“ਸਾਡੀ ਬਹਿਸ ਹੁੰਦੀ ਪਈ ਏ। ਬਸ਼ੀਰ ਆਖਦਾ ਪਿਆ ਸੀ ਪਈ ਉਸ ਦਿਨ ਖੇਤ ਵਿਚ ਹਲ ਵਾਹੁੰਦਿਆਂ ਤੁਸੀਂ ਅੱਠ ਸੱਪ ਸਾਰੇ ਸਨ ਪਰ ਮੈਂ ਆਖਦਾ ਪਿਆ ਸੀ ‘ਠਾਰਾਂ।”
“ ਤੂੰ ਬਸ਼ੀਰ ਨੂੰ ਕਹਿ ਦੇ ਉਹਦੀ ਨਹੀਂ ਤੇਰੀ ਗੱਲ ਠੀਕ ਏ।” ਉਸ ਦਿਨ ਤੋਂ ਮਗਰੋਂ ਮੇਰੇ ਮਾਤਾ ਪਿਤਾ ਹਮੇਸ਼ਾ ਈ ਏਸ ਗੱਲੋਂ ਹੈਰਾਨ ਹੁੰਦੇ ਸਨ। ਕਿ ਮੈਂ ਕੁਝ ਵੀ ਪੜ੍ਹੇ-ਲਿਖੇ ਬਿਨਾਂ ਸਕੂਲ ਵਿਚ ਚੰਗੇ ਨੰਬਰ ਕਿਵੇਂ ਲੈ ਲੈਂਦਾ ਹਾਂ।
ਬੜਾ ਦਿਆਲੂ ਵਿਅਕਤੀ ਸੀ ਉਹ, ਹਰ ਇਕ ਹੀ ਥਾਂ ਤੇ ਜ਼ਿਆਦਾ ਚਿਰ ਟਿਕ ਕੇ ਨਹੀਂ ਰਹਿੰਦਾ ਸੀ। ਉਹਨੂੰ ਬਹੁਤ ਦੂਰ ਦੂਰ ਦੇ ਸੁੰਨਸਾਨ ਪਿੰਡਾਂ ਵਿਚ ਭੇਜਿਆ ਜਾਂਦਾ ਸੀ-ਕਦੇ ਸੀਲੂਖ ਤੇ ਕਦੇ ਅਰਾਦੇਰੀਖ ਵਿਚ, ਪਰ ਉੱਥੇ ਵੀ ਉਹ ਕੁਝ ਜ਼ਿਆਦਾ ਸਮੇਂ ਤੱਕ ਨਹੀਂ ਰੁਕਦਾ ਸੀ।
‘ਕੁਝ ਈ ਸਮਾਂ ਪਹਿਲਾਂ ਉਹ ਲੇਖਕ ਸੰਘ ਦੇ ਦਫਤਰ ਵਿਚ ਮੇਰੇ ਕੋਲ ਆਇਆ ਅਤੇ ਬੋਲਿਆ ਕਿ ਮੈਂ ਉਹਨੂੰ ਕੋਈ ਕੰਮ ਦੇ ਦਿਆਂ।
“ਤੁਸੀਂ ਕੀ ਕੰਮ ਕਰਨਾ ਚਾਹੋਗੇ?”
“ਮੈਂ ਜੰਗ ਬਾਰੇ ਯਾਦਾਂ ਲਿਖ ਸਕਨਾਂ। ਗੱਲ ਇਹ ਏ ਪਈ ਸਾਰੇ ਮਾਰਸ਼ਲ ਮੇਰੇ ਦੋਸਤ ਸਨ। ਉਨ੍ਹਾਂ ਵਿਚੋਂ ਕੁਝ ਨੂੰ ਤਾਂ ਮੈਂ ਮੌਤ ਦੇ ਮੂੰਹੋਂ ਬਚਾਇਐ।”
‘ਮੇਰੇ ਕਈ ਅਧਿਆਪਕ ਰਹੇ। ਪਹਿਲਾ, ਦੂਸਰਾ, ਤੀਸਰਾ। ਪਰ ਆਪਣਾ ਅਸਲੀ ਪਹਿਲਾ ਅਧਿਆਪਕ ਮੈਂ ਦਿਆਲੂ ਰੂਸੀ ਅਧਿਆਪਕ ਵੇਰਾ ਵਸੀਲਯੇਵਨਾ ਨੂੰ ਹੀ ਮੰਨਦਾ ਹਾਂ। ਉਨ੍ਹਾਂ ਨੇ ਹੀ ਮੈਨੂੰ ਰੂਸੀ ਭਾਸ਼ਾ ਦੇ ਸੁਹਜ ਅਤੇ ਰੂਸੀ ਸਾਹਿਤ ਦੀ ਮਹਾਨਤਾ ਤੋਂ ਜਾਣੂ
ਕਰਾਇਆ ਸੀ। ਅਵਾਰ ਅਧਿਆਪਕ ਸਿਖਲਾਈ ਕਾਲਜ ਦੇ ਪਰੋਫੈਸਰ ਅਤੇ ਮਾਸਕੋ ਦੇ ਸਾਹਿਤ-ਸੰਸਥਾਨ ਦੇ ਪਰੋਫੈਸਰ ਸਾਹਿਬਾਨ :
ਮਨਸੂਰ ਹੈਦਰਬੇਕੋਵ ਅਤੇ ਪੇਸਪੇਲੋਵ, ਮੁਹੰਮਦ ਹੈਦਾਰੋਵ ਅਤੇ ਗਾਲੀਤਸਕੀ, ਸ਼ਾਂਬੀਨਾਗੋ, ਰਾਦਤਸੀਗ, ਅਸਮੂਸ, ਫੋਖ਼ਤ ਬੋਂਦੀ, ਰੇਫੋਰਮਾਤਸਕੀ, ਵਸੀਲੀ ਸੇਮਯੋਨੋਵਿਚ ਸਿਦੋਰੀਨ… ਬੇਸ਼ੱਕ ਇਹ ਸਹੀ ਹੈ ਕਿ ਇਮਤਿਹਾਨਾਂ ਵੇਲੇ ਮੈਂ ਆਪਣੇ ਸਵਾਲਾਂ ਦੇ ਚੰਗੀ ਤਰ੍ਹਾਂ ਜਵਾਬ ਨਹੀਂ ਦਿੱਤੇ, ਕਿਉਂਕਿ ਉਦੋਂ ਰੂਸੀ ਭਾਸ਼ਾ ਵੀ ਚੰਗੀ ਤਰ੍ਹਾਂ ਨਹੀਂ ਜਾਣਦਾ ਸਾਂ। ਪਰ ਮੈਨੂੰ ਇਉਂ ਲੱਗਦਾ ਹੈ ਕਿ ਮੇਰੇ ਇਮਤਿਹਾਨ ਅਜੇ ਤੱਕ ਖਤਮ ਨਹੀਂ ਹੋਏ। ਕਦੇ ਕਦੇ ਮੈਨੂੰ ਲੱਗਦਾ ਹੈ ਜਿਵੇਂ ਕਿ ਮੈਂ ਆਪਣੇ ਲਈ ਅਜੇ ਵੀ ਔਖੇ ਇਤਿਤਿਹਾਨ ਦੇ ਰਿਹਾ ਹਾਂ, ਉਨ੍ਹਾਂ ਵਿਚ ਅਸਫਲ ਹੋ ਰਿਹਾ ਹਾਂ ਅਤੇ ਮੁੜ ਪਹਿਲੇ ਵਰ੍ਹੇ ਦਾ ਹੀ ਵਿਦਿਆਰਥੀ ਬਣਿਆ ਹੋਇਆ ਹਾਂ।
ਅਸਲ ਵਿਚ ਤਾਂ ਜਦੋਂ ਕਦੇ ਮੇਰੀ ਕੋਈ ਨਵੀਂ ਪੁਸਤਕ ਨਿਕਲਦੀ ਹੈ ਤਾਂ ਮੈਂ ਕਾਮਨਾ ਕਰਦਾ ਰਹਿੰਦਾ ਹਾਂ ਕਿ ਸ਼ਾਇਦ ਇਹ ਮੇਰੇ ਅਧਿਆਪਕਾਂ ਦੇ ਹੱਥਾਂ ਵਿਚ ਪਹੁੰਚ ਜਾਏ ਅਤੇ ਉਹ ਉਹਨੂੰ ਪੜ੍ਹਨ। ਉਸ ਸਮੇਂ ਮੈਂ ਭਾਸ਼ਾ ਵਿਗਿਆਨ ਜਾਂ ਪਰਾਚੀਨ ਯੂਨਾਨੀ ਸਾਹਿਤ ਦੇ ਇਮਤਿਹਾਨਾਂ ਦੀ ਤੁਲਨਾ ਵਿਚ ਵੀ ਆਪਣੇ ਦਿਲ ਵਿਚ ਕਿਤੇ ਜ਼ਿਆਦਾ ਘਬਰਾਹਟ ਮਹਿਸੂਸ ਕਰਦਾ ਹਾਂ। ਹੋ ਸਕਦਾ ਹੈ ਕਿ ਮੇਰੇ ਅਧਿਆਪਕਾਂ ਵਿਚੋਂ ਕਿਸੇ ਨੂੰ ਕੋਈ ਉਹ ਪੁਸਤਕ ਪਸੰਦ ਨਾ ਆਏ, ਉਹਨੂੰ ਅੰਤ ਤੱਕ ਪੜ੍ਹੇ ਬਿਨਾਂ ਹੀ ਉਹ ਪਾਸੇ ਰੱਖ ਦੇਣ ਅਤੇ ਇਹ ਕਹਿਣ—“ਰਸੂਲ ਨੇ ਚੰਗੀ ਕਿਤਾਬ ਨਹੀਂ ਲਿਖੀ, ਲੱਗਦੈ ਜਲਦਬਾਜ਼ੀ ਕੀਤੀ ਏ।” ਇਹੀ ਤਾਂ ਮੇਰਾ ਸਭ ਤੋਂ ਮੁਸ਼ਕਲ ਇਮਤਿਹਾਨ ਹੈ।
ਦਾਗਿਸਤਾਨ! ਤੇਰੇ ਵੀ ਭਿੰਨ-ਭਿੰਨ ਅਧਿਆਪਕ ਸਨ। ਤੇਰੇ ਵੀ ਹਸਨ ਅਤੇ ਮਿਊਨਖਨਗਾਉਜ਼ਨ ਸਨ। ਉਨ੍ਹਾਂ ਵਿਚ ਕੁਝ ਤਾਂ ਉਸ ਵਿਚ ਵਿਸ਼ਵਾਸ ਨਹੀਂ ਰੱਖਦੇ ਸਨ
ਜਿਸਦੀ ਸਿੱਖਿਆ ਦੇਂਦੇ ਸਨ। ਕੁਝ ਧੋਖਾ ਦੇਂਦੇ ਸਨ। ਕੁਝ ਰਾਹੋਂ ਭਟਕ ਜਾਂਦੇ ਸਨ ਪਰ ਬਾਅਦ ਵਿਚ ਇਕ ਮਹਾਨ ਅਤੇ ਇਨਸਾਫ ਪਸੰਦ, ਸਾਹਸੀ ਅਤੇ ਦਿਆਲੂ ਅਧਿਆਪਕ ਆਇਆ। ਇਹ ਅਧਿਆਪਕ ਸੀ-ਰੂਸ, ਸੋਵੀਅਤ ਸੰਘ, ਅਕਤੂਸਰ ਸਮਾਜਵਾਦੀ ਇਨਕਲਾਬ, ਨਵੀਂ ਜ਼ਿੰਦਗੀ, ਨਵਾਂ ਸਕੂਲ, ਨਵੀਂ ਕਿਤਾਬ।
ਪਹਿਲਾਂ ਤਾਂ ਪੂਰੇ ਪਿੰਡ ਵਿਚ ਇਕ ਮੁੱਲਾਂ ਹੀ ਖਤ ਜਾਂ ਕਿਤਾਬ ਪੜ੍ਹ ਸਕਦਾ ਸੀ। ਹੁਣ ਮੁੱਲਾਂ ਨੂੰ ਛੱਡ ਕੇ ਬਾਕੀ ਸਾਰੇ ਕਿਤਾਬਾਂ ਪੜ੍ਹਦੇ ਹਨ। ਛੋਟੀ ਜਾਤੀ ਦੀ ਕਿਸਮਤ ਵੱਡੀ ਨਿਕਲੀ। ਦਾਗਿਸਤਾਨ ਦੇ ਬਾਰੇ ਅਜੇ ਵੀ ਕਿਤਾਬ ਲਿਖੀ ਜਾ ਰਹੀ ਹੈ। ਉਹਦਾ ਨਾ ਤਾਂ ਅੰਤ ਹੋਇਆ ਹੈ ਅਤੇ ਨਾ ਹੀ ਕਦੇ ਹੋਵੇਗਾ ਹੀ। ਜੇ ਇਸ ਸੁਨਿਹਰੀ ਅਤੇ ਕਦੇ ਨਾ ਮਿਟਣ ਵਾਲੀ ਕਿਤਾਬ ਵਿਚ ਮੇਰਾ ਲਿਖਿਆ ਹੋਇਆ ਇਕ ਪੰਨਾ ਵੀ ਹੋਵੇਗਾ ਤਾਂ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਾਂਗਾ। ਮੈਂ ਆਪਣਾ ਗੀਤ ਗਾ ਰਿਹਾ ਹਾਂ, ਤੂੰ ਇਹਨੂੰ ਸਵੀਕਾਰ ਕਰ, ਦਾਗਿਸਤਾਨ!
ਮਿਲਿਐ ਮੈਨੂੰ ਲੋਕਾਂ ਕੋਲੋਂ, ਜੋ ਕੁਝ ਦਾਗਿਸਤਾਨ।
ਉਹਦੇ ਉਤੇ ਤੇਰਾ ਵੀ ਏ ਬਣਦਾ ਹੱਕ ਬਰਾਬਰ।
ਤਮਗੇ ਸਭ ਖਿਤਾਬ ਆਪਣੇ ਜੋ ਵੀ ਕਦੇ ਮਿਲੇ ਨੇ।
ਮੀਤ ਸਜਾਵਾਂ ਤੇਰੇ ਉਤੇ, ਚਮਕਣ ਸਭ ਸਿਖਰ।
ਆਪਣੇ ਸਭ ਕਸੀਦੇ ਲਿਖੇ ਤੈਨੂੰ ਭੇਟ ਕਰਾਂ,
ਸ਼ਬਦ ਪਰੋ ਕੇ ਜੋ ਬਣਾਈ ਸਭੇ ਨਜ਼ਮੇ-ਨਸਰ।
ਮੈਨੂੰ ਤਾਂ ਤੂੰ ਦੇ ਦੇ ਆਪਣਾ ਜੰਗਲਾਂ ਦਾ ਲਬਾਦਾ।
ਬਰਫ਼ ਢੱਕੀਆਂ ਚੋਟੀਆਂ ਦੀ ਦੇ ਦੇ ਟੋਪੀ ਸੁੰਦਰ।
ਤਾਂ ਬੱਸ, ਹੁਣ ਕਲਮ ਰੱਖਦਾ ਹਾਂ। ਸਾਡੇ ਵਿਛੜਨ ਦਾ ਸਮਾਂ ਆ ਗਿਆ ਹੈ। ਜੇ ਅੱਲਾਹ ਨੇ ਚਾਹਿਆ ਤਾਂ ਫਿਰ ਮਿਲਾਂਗੇ।
ਦੂਸਰੀ ਜਿਲਦ ਖਤਮ
ਇਹ ਵੱਖੋ ਵੱਖ ਥਾਵਾਂ ਉਤੇ- ਤਸਾਦਾ ਪਿੰਡ ਵਿਚ, ਮਾਸਕੋ, ਮਖਾਚਕਲਾ, ਦਿਲੀਜਾਨ ਅਤੇ ਅਨੇਕ ਹੋਰ ਸ਼ਹਿਰਾਂ ਵਿਚ ਲਿਖੀ ਗਈ। ਮੈਂ ਇਹ ਕਦੋਂ ਲਿਖਣੀ ਸ਼ੁਰੂ ਕੀਤੀ, ਯਾਦ ਨਹੀਂ, ਹਾਂ, ਖਤਮ 25 ਸਤੰਬਰ, 1970 ਨੂੰ ਕੀਤੀ।
ਵਾਸਸਲਾਮ, ਵਾਕਲਾਮ।
Credit – ਰਸੂਲ ਹਮਜ਼ਾਤੋਵ