ਆਰੰਭਕ ਸ਼ਬਦ
ਦਾਗਿਸਤਾਨੀ ਪਹਾੜਾਂ ਦੇ ਐਨ ਵਿਚਕਾਰ, ਵਿਸ਼ਾਲ ਵਾਦੀ ਦੇ ਬਿਲਕੁਲ ਕੰਢੇ ਉੱਤੇ ਅਵਾਰ ਆਊਲ ਤਸਾਦਾ ਟਿਕੀ ਹੋਈ ਹੈ। ਇਸ ਆਉਲ ਵਿਚ ਇਕ ਸਕਲੀਆ ਹੈ, ਜੋ ਬਾਹਰੋਂ ਬਾਕੀ ਸਭ ਨਾਲੋਂ ਵੱਖਰੀ ਨਹੀਂ—ਉਸੇ ਤਰ੍ਹਾਂ ਦੀ ਪੱਥਰੀ ਛੱਤ, ਤੇ ਇਸ ਉਤੇ ਪਿਆ ਉਸੇ ਤਰ੍ਹਾਂ ਦਾ ਪੱਥਰ ਦਾ ਰੋਲਰ, ਉਸੇ ਤਰ੍ਹਾਂ ਦੇ ਦਰਵਾਜ਼ੇ ਤੇ ਉਸੇ ਤਰ੍ਹਾਂ ਦਾ ਵਿਹੜਾ। ਪਰ ਇਸ ਨਿੱਕੀ ਜਿਹੀ ਸਕਲੀਆ ਤੋਂ, ਇਸ ਦੇਖਣ ਵਿੱਚ ਰੁੱਖੇ ਜਿਹੇ ਤੇ ਪਹਾੜੀ ਆਲ੍ਹਣੇ ਤੋਂ ਦੋ ਕਾਵਿ-ਹਸਤੀਆਂ ਉੱਡ ਕੇ ਵਿਸ਼ਾਲ ਦੁਨੀਆਂ ਵਿਚ ਗਈਆਂ। ਉਹਨਾਂ ਵਿਚੋਂ ਪਹਿਲੀ ਸੀ ਦਾਗਿਸਤਾਨ ਦਾ ਲੋਕ ਕਵੀ ਹਮਜ਼ਾਤ ਤਸਾਦਾਸਾ, ਤੇ ਦੂਜੀ ਸੀ ਦਾਗਿਸਤਾਨ ਦਾ ਲੋਕ ਕਵੀ ਰਸੂਲ ਹਮਜ਼ਾਤੋਵ। ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਰਸੂਲ, ਜਿਹੜਾ ਬਜ਼ੁਰਗ ਪਹਾੜੀ ਕਵੀ ਦੇ ਪਰਵਾਰ ਵਿਚ ਜੰਮਿਆਂ ਤੇ ਵੱਡਾ ਹੋਇਆ, ਬਚਪਨ ਤੋਂ ਹੀ ਕਵਿਤਾ ਨੂੰ ਪਿਆਰ ਕਰਨ ਲੱਗਾ ਤੇ ਸਮਾਂ ਪਾ ਕੇ ਆਪ ਵੀ ਕਵਿਤਾ ਲਿਖਣ ਲੱਗ ਪਿਆ। ਪਰ ਕਵੀ ਦਾ ਬੇਟਾ ਆਪ ਕਵੀ ਬਣਿਆ, ਤਾਂ ਪਿਓ ਨਾਲੋਂ ਵੀ ਜ਼ਿਆਦਾ ਮਸ਼ਹੂਰ, ਤੇ ਜੇ ਵਧੇਰੇ ਨਿਰਸੰਕੋਚ ਹੋ ਕੇ ਕਿਹਾ ਜਾਏ ਤਾਂ, ਉਸ ਨਾਲੋਂ ਵੀ ਮਹਾਨ ਬਣ ਗਿਆ। ਬਜ਼ੁਰਗ ਹਮਜ਼ਾਤ ਨੇ ਆਪਣੀ ਜ਼ਿੰਦਗੀ ਵਿੱਚ ਲੰਮੇ ਤੋਂ ਲੰਮਾਂ ਸਫਰ ਦਾਗਿਸਤਾਨ ਤੋਂ ਮਾਸਕੋ ਤੱਕ ਦਾ ਕੀਤਾ ਸੀ । ਪਰ ਰਸੂਲ ਹਮਜ਼ਾਤੋਵ ਬਹੁ-ਕੌਮੀ ਸੋਵੀਅਤ ਸਭਿਆਚਾਰ ਦੇ ਦੂਤ ਵਜੋਂ ਦੁਨੀਆਂ ਦੇ ਕਈ ਦੇਸ਼ਾਂ ਦਾ ਦੌਰਾ ਕਰ ਚੁੱਕਾ ਹੈ।
ਬਾਹਰੋਂ ਨਜ਼ਰ ਮਾਰਿਆਂ, ਉਸਦੀ ਜੀਵਨੀ ਵਿੱਚ ਕੋਈ ਵਿਸ਼ੇਸ਼ ਚੀਜ਼ ਨਹੀਂ ਲਗਦੀ। ਰਸੂਲ ਹਮਜ਼ਾਤੋਵ ਦਾਗਿਸਤਾਨ ਦੀ ਖੁਦਇਖਤਿਆਰ ਸੋ. ਸੋ. ਰੀਪਬਲਿਕ ਦੀ ਆਊਲ ਤਸਾਦਾ ਵਿੱਚ ੧੯੨੩ ਵਿਚ ਪੈਦਾ ਹੋਇਆ। ਅਰਾਨਿਨ ਮਿਡਲ ਸਕੂਲ ਤੋਂ ਪੜ੍ਹਾਈ ਮੁਕਾ ਕੇ ਉਹ ਬੂਈਨਾਕਸਕ ਦੇ ਅਵਾਰ ਅਧਿਆਪਕ ਸਿਖਲਾਈ ਦੇ ਇਨਸਟੀਚਿਊਟ ਵਿਚ ਦਾਖਲ ਹੋ ਗਿਆ। ਕੁਝ ਦੇਰ ਪੜਾਉਂਦਾ ਰਿਹਾ, ਅਵਾਰ ਥੇਟਰ ਵਿਚ ਕੰਮ ਕੀਤਾ, ਰੀਪਬਲਿਕ ਦੇ ਅਖਬਾਰ ਵਿਚ ਕੰਮ ਕਰਦਾ ਰਿਹਾ। ਪਹਿਲੀਆਂ ਕਵਿਤਾਵਾਂ ੧੯੩੭ ਵਿਚ ਪ੍ਰਕਾਸ਼ਤ ਹੋਈਆਂ।
ਰਸੂਲ ਹਮਜ਼ਾਤੋਵ ਦੇ ਰਚਣੇਈ ਜੀਵਨ ਵਿਚ ਮੋੜ ਉਦੋਂ ਆਇਆ ਜਦੋਂ ਉਹ ਮਾਸਕੋ ਦੇ ਸਾਹਿਤਕ ਇਨਸਟੀਚਿਊਟ ਵਿਚ ਦਾਖਲ ਹੋ ਗਿਆ। ਇਥੇ ਉਸਨੂੰ ਮਾਸਕੋ ਦੇ ਪ੍ਰਸਿਧ ਕਵੀਆਂ ਦੇ ਰੂਪ ਵਿਚ ਸਿਰਫ ਅਧਿਆਪਕ ਹੀ ਨਾ ਮਿਲੇ, ਸਗੋਂ ਦੋਸਤ ਵੀ ਮਿਲੇ ਜਿਹੜੇ ਨਾਲ ਹੀ ਪੜ੍ਹਦੇ ਸਨ। ਇਥੇ ਹੀ ਉਸਨੂੰ ਪਹਿਲੇ ਅਨੁਵਾਦਕ ਮਿਲੇ, ਜਾਂ, ਸ਼ਾਇਦ ਇਹ ਕਹਿਣਾ ਵਧੇਰੇ ਠੀਕ ਹੋਵੇਗਾ ਕਿ ਅਨੁਵਾਦਕਾਂ ਨੂੰ ਉਹ ਮਿਲ ਗਿਆ। ਇੱਥੇ ਉਸਦੀ ਅਵਾਰ ਕਵਿਤਾ ਰੂਸੀ ਕਵਿਤਾ ਦਾ ਹਿੱਸਾ ਬਣ ਗਈ। ਉਦੋਂ ਤੋਂ ਲੈ ਕੇ ਮਾਖਾਚ-ਕਲਾ ਵਿਚ ਉਸਦੀ ਮਾਂ-ਬੋਲੀ ਵਿਚ ਤੇ ਮਾਸਕੋ ਵਿਚ ਰਸੂਲ ਹਮਜ਼ਾਤੋਵ ਦੇ ਲਗਭਗ ਚਾਲੀ ਕਾਵਿ-ਸੰਗ੍ਰਹਿ ਛਪ ਚੁੱਕੇ ਹਨ। ਹੁਣ ਉਸਦਾ ਨਾਂ ਵਿਸ਼ਾਲ ਪ੍ਰਸਿੱਧੀ ਦਾ ਮਾਲਕ ਹੈ, ਉਸਨੂੰ ਲੈਨਿਨ ਇਨਾਮ, ਤੇ ਦਾਗਿਸਤਾਨ ਦੇ ਲੋਕ-ਕਵੀ ਦਾ ਖਿਤਾਬ ਮਿਲ ਚੁੱਕਾ ਹੈ । ਉਸਦੀ ਕਵਿਤਾ ਦੁਨੀਆਂ ਦੀਆਂ ਕਈ ਜ਼ਬਾਨਾਂ ਵਿਚ ਛਪ ਚੁੱਕੀ ਹੈ।
ਇਹ ਹਥਲੀ ਕਿਤਾਬ ਰਸੂਲ ਹਮਜ਼ਾਤੋਵ ਦੀ ਪਹਿਲੀ ਵਾਰਤਕ ਰਚਨਾ ਹੈ । ਪਹਿਲਾਂ ਹੀ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਖੇਤਰ ਵਿਚ ਵੀ ਰਸੂਲ ਆਪਣੇ ਹੀ ਵੱਖਰੇ ਰੰਗ ਵਿਚ ਸਾਮ੍ਹਣੇ ਆਵੇਗਾ ਤੇ ਉਸਦੀ ਵਾਰਤਕ ਨਾ ਨਾਵਲ ਨਾਲ ਮਿਲਦੀ ਹੋਵੇਗੀ, ਨਾ ਹੀ ਕਹਾਣੀ ਨਾਲ। ਤੇ ਇਸੇ ਤਰ੍ਹਾਂ ਹੀ ਇਹ ਹੈ। ਪਰ ਤਾਂ ਵੀ ਇਸ ਵਾਰਤਕ-ਲਿਖਤ ਦੀ ਮੌਲਕਤਾ ਕੁਝ ਸਪਸ਼ਟੀਕਰਨ ਦੀ ਮੰਗ ਕਰਦੀ ਹੈ।
ਰਸੂਲ ਹਮਜ਼ਾਤੋਵ ਇਸ ਤਰ੍ਹਾਂ ਲਿਖਦਾ ਹੈ, ਜਿਸ ਤਰ੍ਹਾਂ ਆਪਣੀ ਕਿਸੇ ਕਿਤਾਬ ਦਾ ਮੁਖਬੰਧ ਲਿਖ ਰਿਹਾ ਹੋਵੇ, ਜਿਹੜੀ ਅਜੇ ਉਸ ਨੇ ਭਵਿੱਖ ਵਿਚ ਲਿਖਣੀ ਹੈ। ਉਹ ਦਸਦਾ ਹੈ ਕਿ ਇਹ ਕਿਸ ਤਰ੍ਹਾਂ ਦੀ ਹੋਵੇਗੀ, ਕਿਸ ਸਾਹਿਤ-ਰੂਪ ਵਿਚ ਇਹ ਲਿਖੀ ਜਾਣੀ ਚਾਹੀਦੀ ਹੈ, ਇਸਦਾ ਨਾਂ ਕੀ ਹੋਵੇਗਾ, ਇਸ ਦੀ ਬੋਲੀ, ਸ਼ੈਲੀ, ਬਿੰਬਾਵਲੀ ਤੇ, ਅਖੀਰ, ਵਿਸ਼ਾ-ਵਸਤੂ ਕੀ ਹੋਣਾ ਚਾਹੀਦਾ ਹੈ। ਕੋਈ ਪਾਠਕ ਰਸੂਲ ਹਮਜ਼ਾਤੋਵ ਦੀ ਇਹ ਕਿਤਾਬ ਪੜ੍ਹ ਕੇ ਪੁੱਛ ਸਕਦਾ ਹੈ : “ਮੁਆਫ਼ ਕਰਨਾ, ਇਹ ਤਾਂ ਹੋਇਆ ਮੁਖਬੰਧ, ਪਰ ਕਿਤਾਬ ਕਿਥੇ ਹੈ ?” ਪਰ ਇਥੇ ਪਾਠਕ ਗਲਤੀ ਖਾ ਰਿਹਾ ਹੋਵੇਗਾ। ਇਹ ਦੇਖਣਾ ਕੋਈ ਮੁਸ਼ਕਲ ਨਹੀਂ ਕਿ ਭਵਿਖ ਵਿਚ ਲਿਖੀ ਜਾਣ ਵਾਲੀ ਕਿਤਾਬ ਦੀ ਗੱਲ ਕਰਨਾ ਸਿਰਫ ਇਕ ਸਾਹਿਤਕ ਢੰਗ ਹੀ ਹੈ। ਹੌਲੀ ਹੌਲੀ ਉਸ ਕਿਤਾਬ ਦਾ ਮੁਖਬੰਧ ਅਪੋਹ ਤਰੀਕੇ ਨਾਲ ਵਧ ਕੇ ਇਕ ਸਵੈਧੀਨ, ਭਰਪੂਰ ਵਿਸ਼ੇ- ਵਸਤੂ ਵਾਲੀ ਮੁਕੰਮਲ ਕਿਤਾਬ ਦਾ ਰੂਪ ਧਾਰ ਲੈਂਦਾ ਹੈ—ਜਿਹੜੀ ਕਿਤਾਬ ਮਾਤਭੂਮੀ ਬਾਰੇ ਹੈ, ਮਾਤਭੂਮੀ ਨੂੰ ਪਿਆਰ ਕਰਨ ਵਾਲੇ ਉਸਦੇ ਸਪੂਤ ਦੇ ਉਸ ਵੱਲ ਵਤੀਰੇ ਬਾਰੇ ਹੈ, ਕਵੀ ਦੀ ਦਿਲਚਸਪ ਤੇ ਮੁਸ਼ਕਲ ਥਾਂ ਬਾਰੇ ਹੈ, ਤੇ ਇਕ ਸ਼ਹਿਰੀ ਦੀ ਥਾਂ ਬਾਰੇ ਹੈ, ਜੋ ਘੱਟ ਦਿਲਚਸਪ ਤੇ ਘੱਟ ਮੁਸ਼ਕਲ ਨਹੀਂ।
ਇਹ ਪੁਸਤਕ ਇਕ ਤਰ੍ਹਾਂ ਦੀ ਆਤਮ-ਕਥਾ ਹੈ। ਕਿਸੇ ਹੱਦ ਤੱਕ ਇਹ ਇਕਬਾਲੀਆ ਲਿਖਤ ਹੈ। ਇਹ ਸੱਚੇ ਦਿਲ ਨਾਲ ਲਿਖੀ ਗਈ ਹੈ, ਕਾਵਿਕ ਹੈ, ਤੇ ਲੇਖਕ ਦਾ ਹਲਕਾ-ਫੁਲਕਾ ਹਾਸਰਸ ਤੇ, ਮੈਂ ਕਹਿ ਸਕਦਾ ਹਾਂ, ਵਿਅੰਗ-ਵਿਨੋਦ ਇਸ ਕਿਤਾਬ ਵਿਚ ਚਾਨਣ ਦਾ ਕੰਮ ਕਰਦਾ ਹੈ। ਮਤਲਬ ਕੀ ਕਿ ਇਹ ਕਿਤਾਬ ਤੇ ਰਸੂਲ ਹਮਜ਼ਾਤੋਵ ਇਸ ਤਰ੍ਹਾਂ ਰਲਦੇ ਮਿਲਦੇ ਹਨ, ਜਿਸ ਤਰ੍ਹਾਂ ਦੋ ਪਾਣੀ ਦੇ ਤੁਪਕੇ । ਐਵੇਂ ਹੀ ਨਹੀਂ ਸੀ ਇਸ ਕਿਤਾਬ ਬਾਰੇ ਇਕ ਕਾਂਡ ਇਕ ਕੇਂਦਰੀ ਅਖਬਾਰ ਵਿਚ “ਜ਼ਿੰਦਗੀ ਦਾ ਮੁਖਬੰਧ” ਸਿਰਲੇਖ ਹੇਠ ਛਾਪਿਆ ਗਿਆ।
ਪਾਠਕ ਨੂੰ ਇਸ ਪੁਸਤਕ ਵਿਚ ਬਹੁਤ ਸਾਰੇ ਅਵਾਰ ਅਖਾਣ ਤੇ ਮੁਹਾਵਰੇ, ਖੁਸ਼ੀ ਦੇਣ ਵਾਲੀਆਂ ਤੇ ਉਦਾਸ ਕਰਨ ਵਾਲੀਆਂ ਕਹਾਣੀਆਂ ਮਿਲਣਗੀਆਂ, ਜਿਹੜੀਆਂ ਜਾਂ ਤਾਂ ਖੁਦ ਲੇਖਕ ਨਾਲ ਵਾਪਰੀਆਂ ਹਨ ਜਾਂ ਲੋਕਾਂ ਦੀ ਯਾਦ ਦੇ ਖਜ਼ਾਨੇ ਵਿਚ ਸਾਂਭੀਆਂ ਪਈਆਂ ਹਨ; ਪਾਠਕ ਨੂੰ ਜ਼ਿੰਦਗੀ ਬਾਰੇ ਤੇ ਕਲਾ ਬਾਰੇ ਪਰੌਢ ਵਿਚਾਰ ਮਿਲਣਗੇ। ਕਿਤਾਬ ਵਿਚ ਬਹੁਤ ਸਾਰੀ ਦਿਆਲਤਾ, ਲੋਕਾਂ ਲਈ ਤੇ ਪਿਤਾਭੂਮੀ ਲਈ ਪਿਆਰ ਮਿਲਦਾ ਹੈ।
ਖੁਦ ਰਸੂਲ ਹਮਜ਼ਾਤੋਵ, ਆਪਣੀ ਰਚਣਾ ਬਾਰੇ ਦੱਸਦਿਆਂ ਤੇ ਪਾਠਕ ਨੂੰ ਅਪੀਲ ਕਰਦਿਆਂ ਕਹਿੰਦਾ ਹੈ : “ਕੁਝ ਲੋਕ ਐਸੇ ਵੀ ਹੁੰਦੇ ਹਨ ਜਿਹੜੇ ਬੀਤੇ ਬਾਰੇ ਸੋਗੀ, ਅਫਸੋਸੀਆਂ ਯਾਦਾਂ ਰਖਦੇ ਹਨ। ਇਸ ਤਰ੍ਹਾਂ ਦੇ ਲੋਕਾਂ ਦੇ ਵਰਤਮਾਨ ਤੇ ਭਵਿਖ ਬਾਰੇ ਵੀ ਇਸੇ ਤਰ੍ਹਾਂ ਦੇ ਗਮਗੀਨ ਖਿਆਲ ਹੁੰਦੇ ਹਨ। ਕੁਝ ਲੋਕ ਹੁੰਦੇ ਹਨ, ਜਿਹੜੇ ਬੀਤੇ ਬਾਰੇ ਰੌਸ਼ਨ, ਧੁਪਹਿਲੀਆਂ ਯਾਦਾਂ ਰਖਦੇ ਹਨ। ਉਹਨਾਂ ਦੇ ਚਿੰਤਨ ਵਿਚ ਵਰਤਮਾਨ ਤੇ ਭਵਿਖ ਵੀ ਰੌਸ਼ਨ ਹੈ। ਤੀਜੀ ਤਰ੍ਹਾਂ ਦੇ ਲੋਕ ਹੁੰਦੇ ਹਨ, ਜਿਨ੍ਹਾਂ ਦੀਆਂ ਯਾਦਾਂ ਵਿਚ ਖੁਸ਼ੀ ਵੀ ਹੁੰਦੀ ਹੈ, ਉਦਾਸੀ ਵੀ, ਧੁੱਪ ਵੀ ਹੁੰਦੀ ਹੈ, ਛਾਂ ਵੀ। ਵਰਤਮਾਨ ਤੇ ਭਵਿਖ ਬਾਰੇ ਉਹਨਾਂ ਦੇ ਵਿਚਾਰਾਂ ਵਿਚ ਵੀ ਵਨ-ਸੁਵੰਨੇ ਭਾਵ, ਖਿਆਲ, ਸੰਗੀਤ ਤੇ ਰੰਗ ਭਰੇ ਹੁੰਦੇ ਹਨ। ਮੈਂ ਤੀਜੀ ਤਰ੍ਹਾਂ ਦੇ ਲੋਕਾਂ ਵਿਚੋਂ ਹਾਂ।
“ਮੇਰਾ ਰਾਹ ਹਮੇਸ਼ਾ ਹੀ ਸਿਧਾ ਨਹੀਂ ਰਿਹਾ, ਮੇਰੀ ਜ਼ਿੰਦਗੀ ਹਮੇਸ਼ਾ ਹੀ ਸੌਖੀ ਨਹੀਂ ਰਹੀ। ਬਿਲਕੁਲ ਤੇਰੇ ਵਾਂਗ ਹੀ, ਮੇਰੇ ਸਮਕਾਲੀ, ਮੈਂ ਮਧ ਕਾਲ ਵਿਚ, ਦੁਨੀਆਂ ਦੇ ਕੇਂਦਰ ਵਿਚ, ਭਾਰੀ ਘਟਨਾਵਾਂ ਨਾਲ ਘਿਰਿਆ ਹੋਇਆ ਰਹਿੰਦਾ ਰਿਹਾ ਹਾਂ। ਇਥੇ ਕਿਹਾ ਜਾ ਸਕਦਾ ਹੈ ਕਿ ਹਰ ਸਦਮਾ ਲੇਖਕ ਲਈ ਦਿਲ ਕੰਬਾ ਦੇਣ ਵਾਲਾ ਹੁੰਦਾ ਹੈ। ਘਟਣਾਵਾਂ ਦਾ ਗ਼ਮ ਤੇ ਖੁਸ਼ੀ ਲੇਖਕ ਦੇ ਕੋਲੋਂ ਦੀ ਨਹੀਂ ਲੰਘ ਜਾਣੀ ਚਾਹੀਦੀ। ਉਹ ਬਰਫ ਉਤੇ ਰਾਹ ਵਾਂਗ ਨਹੀਂ ਪੱਥਰ ਉਪਰ ਪਈ ਲਕੀਰ ਵਾਂਗ ਹਨ। ਤੇ ਮੈਂ, ਇਥੇ ਬੀਤੇ ਸਮੇਂ ਬਾਰੇ ਆਪਣੀਆਂ ਗਵਾਹੀਆਂ ਨੂੰ, ਤੇ ਭਵਿਖ ਬਾਰੇ ਸੋਚਾਂ ਨੂੰ ਇਕ ਥਾਂ ਇਕੱਠਾ ਕਰਦਿਆਂ, ਤੁਹਾਡੇ ਕੋਲ ਆ ਰਿਹਾ ਹਾਂ, ਤੁਹਾਡਾ ਦਰ ਖਟਖਟਾ ਰਿਹਾ ਹਾਂ ਤੇ ਕਹਿੰਦਾ ਹਾਂ : ਚੰਗੇ ਦੋਸਤ, ਇਹ ਮੈਂ ਹਾਂ, ਰਸੂਲ ਹਮਜ਼ਾਤੋਵ।”
ਵਲਾਦੀਮੀਰ ਸੋਲੋਊਖਿਨ
ਰਾਹੀਆ, ਜੇ ਤੂੰ ਸਾਡੇ ਕੋਲੋਂ ਲੰਘ ਜਾਵੇਂ ਮੂੰਹ ਫੇਰ,
ਘੋਰ ਤੂਫਾਨ ਤੇ ਬਿਜਲੀਆਂ ਤੈਨੂੰ ਲੈਸਨ ਰਾਹ ਵਿਚ ਘੇਰ!
ਜੇ ਤੈਨੂੰ ਨਾ ਖੁਸ਼ੀ ਮਿਲੇ ਮੇਰੇ ਘਰ ਆਏ ਮਹਿਮਾਨ,
ਮੈਨੂੰ ਢਾਹ ਢੇਰੀ ਕਰਨ ਫਿਰ ਬਿਜਲੀਆਂ ਤੇ ਤੂਫਾਨ !
(ਦਰਵਾਜ਼ੇ ਉਤੇ ਉੱਕਰੇ ਸ਼ਬਦ)
ਜੇ ਬੀਤੇ ਉੱਤੇ ਪਿਸਤੌਲ ਨਾਲ ਗੋਲੀ ਚਲਾਓਗੇ,
ਤਾਂ ਭਵਿਖ ਤੁਹਾਨੂੰ ਤੋਪ ਨਾਲ ਫੁੰਡੇਗਾ।
(ਅਬੂਤਾਲਿਬ ਦਾ ਕਥਨ)
ਮੁਖਬੰਧ ਦੀ ਥਾਂ, ਆਮ ਕਰਕੇ ਮੁਖਬੰਧਾਂ ਬਾਰੇ
ਨੀਂਦ ਖੁਲ੍ਹੇ ਤਾਂ ਇਕਦਮ ਨਾ ਬਿਸਤਰੇ ਵਿਚੋਂ ਕੁੱਦ ਪਵੋ ਜਿਵੇਂ ਤੁਹਾਨੂੰ ਕਿਸੇ ਨੇ ਡੰਗਿਆ ਹੋਵੇ। ਪਹਿਲਾਂ, ਜੋ ਕੁਝ ਤੁਸੀਂ ਸੁਪਨੇ ਵਿਚ ਦੇਖਿਆ ਸੀ, ਉਸ ਬਾਰੇ ਵਿਚਾਰੋ।
ਮੇਰਾ ਖਿਆਲ ਹੈ ਕਿ ਖੁਦ ਅੱਲਾਹ ਵੀ, ਆਪਣੇ ਸੇਵਕਾਂ ਨੂੰ ਕੋਈ ਦਿਲ ਬਹਿਲਾਉਂਦੀ ਕਹਾਣੀ ਸੁਨਾਉਣ, ਜਾਂ ਇਕ ਹੋਰ ਮਹਾਂਵਾਕ ਉਚਰਨ ਤੋਂ ਪਹਿਲਾਂ, ਸਿਗਰਟ ਬਾਲਦਾ ਹੋਵੇਗਾ, ਅਲਸਾਏ ਜਿਹੇ ਕਸ਼ ਭਰਦਾ ਹੋਵੇਗਾ ਤੇ ਅੰਤਰਧਿਆਨ ਹੋ ਕੇ ਸੋਚਦਾ ਹੋਵੇਗਾ।
ਹਵਾ ਵਿਚ ਉੱਡਣ ਤੋਂ ਪਹਿਲਾਂ ਹਵਾਈ ਜਹਾਜ਼ ਬਹੁਤ ਸ਼ੋਰ ਮਚਾਉਂਦਾ ਹੈ: ਇਸਨੂੰ ਸਾਰੇ ਹਵਾਈ ਅੱਡੇ ਦੇ ਵਿਚੋਂ ਦੀ ਕੱਢ ਕੇ ਰੱਨ-ਵੇ ਤੱਕ ਲਿਜਾਇਆ ਜਾਂਦਾ ਹੈ, ਉਹ ਹੋਰ ਵੀ ਜ਼ਿਆਦਾ ਸ਼ੋਰ ਮਚਾਉਂਦਾ ਹੈ, ਤੇ ਫਿਰ ਆਪਣੀ ਦੌੜ ਸ਼ੁਰੂ ਕਰ ਦੇਂਦਾ ਹੈ। ਇਹ ਸਾਰਾ ਕੁਝ ਕਰਨ ਤੋਂ ਪਿਛੋਂ ਹੀ, ਉਹ ਉਪਰ ਨੂੰ ਉਠਦਾ ਹੈ। ਹੈਲੀਕਾਪਟਰ ਨੂੰ ਦੌੜ ਨਹੀਂ ਲਾਉਣੀ ਪੈਂਦੀ, ਪਰ ਇਹ ਵੀ ਹਵਾ ਵਿਚ ਉੱਡਣ ਤੋਂ ਪਹਿਲਾਂ ਬਹੁਤ ਸਾਰਾ ਸ਼ੋਰ ਮਚਾਉਂਦਾ ਹੈ, ਗਰਜਦਾ ਹੈ ਤੇ ਗੜਗੜਾਹਟ ਪੈਦਾ ਕਰਦਾ ਹੈ, ਤੇ ਬੁਰੀ ਤਰ੍ਹਾਂ ਕੰਬਣੀਆਂ ਖਾਂਦਾ ਹੈ।
ਸਿਰਫ ਪਹਾੜੀ ਉਕਾਬ ਹੀ ਆਪਣੀ ਚਟਾਨ ਤੋਂ ਸਿਧਾ ਉਤਾਂਹ ਵੱਲ ਨੂੰ ਨੀਲੱਤਣ ਵੱਲ ਨੂੰ ਸ਼ੂਟ ਵੱਟਦਾ ਹੈ, ਜਿਥੇ ਇਹ ਠਾਠ ਨਾਲ ਉੱਡਦਾ, ਹੋਰ ਉੱਚਾ, ਹੋਰ ਉੱਚਾ ਜਾਈ ਜਾਂਦਾ ਹੈ ਤੇ ਆਖਰ ਦਿੱਸਣੋਂ ਹਟ ਜਾਂਦਾ ਹੈ।
ਕੋਈ ਵੀ ਚੰਗੀ ਕਿਤਾਬ ਇਸ ਤਰ੍ਹਾਂ ਨਾਲ ਸ਼ੁਰੂ ਹੋਣੀ ਚਾਹੀਦੀ ਹੈ, ਬਿਨਾਂ ਲੰਮੀਆਂ-ਚੌੜੀਆਂ ਤੇ ਅਕਾਵੀਆਂ ਭੂਮਿਕਾਵਾਂ ਦੇ । ਜੇ ਤੁਸੀਂ ਸਾਨ੍ਹ ਨੂੰ ਸਿੰਗਾਂ ਤੋਂ ਫੜਣ ਵਿਚ ਸਫਲ ਨਹੀਂ ਹੁੰਦੇ ਜਦੋਂ ਇਹ ਤੁਹਾਡੇ ਕੋਲੋਂ ਦੀ ਦੌੜਦਾ ਲੰਘ ਰਿਹਾ ਹੁੰਦਾ ਹੈ, ਤਾਂ ਤੁਸੀਂ ਇਸਨੂੰ ਪੂਛ ਤੋਂ ਵੀ ਫੜ ਕੇ ਰੋਕਣ ਦੇ ਸਮਰੱਥ ਨਹੀਂ ਹੋਣ ਲੱਗੇ।
ਮੰਨ ਲਵੋ ਕਿ ਇਕ ਗਾਇਕ ਨੇ ਆਪਣਾ ਪਾਂਡੂਰ* ਚੁੱਕ ਲਿਆ ਹੈ। ਮੈਨੂੰ ਪਤਾ ਹੈ ਕਿ ਉਸਦੀ ਆਵਾਜ਼ ਚੰਗੀ ਹੈ, ਪਰ ਗੀਤ ਸ਼ੁਰੂ ਕਰਨ ਤੋਂ ਪਹਿਲਾਂ ਉਸਦੀਆਂ ਉਂਗਲਾਂ ਕਿਉਂ ਤਾਰਾਂ ਉੱਤੇ ਬਿਨਾਂ ਮੰਤਵ ਭਟਕਦੀਆਂ ਨੇ? ਕਿਸੇ ਕਾਨਸਰਟ ਤੋਂ ਪਹਿਲਾਂ ਪੜ੍ਹੀ ਜਾਂਦੀ ਰੀਪੋਰਟ ਬਾਰੇ, ਜਾਂ ਨਾਟਕ ਤੋਂ ਪਹਿਲਾਂ ਲੈਕਚਰ ਬਾਰੇ ਜਾਂ ਆਪਣੇ ਜਵਾਈ ਨੂੰ ਮੇਜ਼ ਉਤੇ ਆਉਣ ਦਾ ਸੱਦਾ ਦੇਣ ਜਾਂ ਉਸਨੂੰ ਪਿਆਲਾ ਭਰ ਕੇ ਸ਼ਰਾਬ ਦਾ ਭੇਟ ਕਰਨ ਦੀ ਥਾਂ ਸਹੁਰੇ ਵੱਲੋਂ ਦਿੱਤੀ ਗਈ ਅਕਾਵੀਂ ਸਿੱਖਿਆ ਬਾਰੇ ਵੀ ਮੈਂ ਇਹੀ ਕਹਾਂਗਾ।
ਇਕ ਵਾਰੀ ਕੁਝ ਮੁਰੀਦ ਆਪਣੀਆਂ ਤਲਵਾਰਾਂ ਦੇ ਫਲਾਂ ਦੀ ਪਾਨ ਬਾਰੇ ਇਕ ਦੂਜੇ ਅੱਗੇ ਸ਼ੇਖੀਆਂ ਮਾਰ ਰਹੇ ਸਨ। ਉਹ ਉਸ ਉੱਚ ਦਰਜੇ ਦੇ ਫੌਲਾਦ ਦੀਆਂ ਗੱਲਾਂ ਕਰ ਰਹੇ ਸਨ, ਜਿਸ ਤੋਂ ਉਹਨਾਂ ਦੇ ਫਲ ਢਾਲੇ ਗਏ ਸਨ, ਤੇ ਉਹਨਾਂ ਫਲਾਂ ਉਤੇ ਉਕਰੀਆਂ ਕੁਰਾਨ ਸ਼ਰੀਫ ਦੀਆਂ ਸਰਵ-ਸਰੇਸ਼ਠ ਆਇਤਾਂ ਬਾਰੇ ਗੱਲਾਂ ਕਰ ਰਹੇ ਸਨ। ਮੁਰੀਦਾਂ ਵਿਚ ਵੱਡੇ ਸ਼ਾਮਿਲ ਦਾ ਨਾਇਬ ਹਾਜੀ-ਮੁਰਾਦ ਵੀ ਸੀ। ਉਹ ਬੋਲਿਆ :
“ਦਰਖਤ ਦੀ ਠੰਡੀ ਛਾਂ ਹੇਠ ਬੈਠੇ ਤੁਸੀਂ ਕੀ ਬਹਿਸਾਂ ਕਰ ਰਹੇ ਹੋ? ਭਲਕੇ ਪਹੁ-ਫੁੱਟਦੀ ਨੂੰ ਹੋਣ ਵਾਲੀ ਲੜਾਈ ਵਿਚ ਤੁਹਾਡੀਆਂ ਤਲਵਾਰਾਂ ਆਪਣੇ ਬਾਰੇ ਆਪ ਦਸਣਗੀਆਂ ।”
ਤਾਂ ਵੀ, ਮੈਨੂੰ ਯਕੀਨ ਹੈ ਕਿ ਅੱਲਾਹ ਉਚਰਨਾ ਸ਼ੁਰੂ ਕਰਨ ਤੋਂ ਪਹਿਲਾਂ ਬਿਨਾਂ ਕਾਹਲੀ ਕੀਤਿਆਂ ਸਿਗਰਟ ਜ਼ਰੂਰ ਬਾਲਦਾ ਹੋਵੇਗਾ।
ਤਾਂ ਵੀ, ਮੇਰੇ ਜੱਦੀ ਪਹਾੜਾਂ ਵਿਚ ਇਹ ਰੀਤ ਨਹੀਂ ਕਿ ਕੋਈ ਘੋੜ-ਸਵਾਰ ਆਪਣੀ ਸਕਲੀਆ** ਦੀਆਂ ਬਰੂਹਾਂ ਤੋਂ ਹੀ ਆਪਣੇ ਘੋੜੇ ਉਤੇ ਪਲਾਕੀ ਮਾਰ ਕੇ ਬੈਠ ਜਾਏ। ਉਹ ਸਗੋਂ ਆਪਣੇ ਘੋੜੇ ਨੂੰ ਲਗਾਮ ਤੋਂ ਫੜ ਕੇ ਮਗਰ ਤੋਰੀ ਲਿਆਇਗਾ, ਜਿੰਨਾਂ ਚਿਰ ਤੱਕ ਉਹ ਆਊਲ*** ਤੋਂ ਬਾਹਰ ਨਹੀਂ ਆ ਜਾਂਦੇ। ਕਾਰਨ ਸ਼ਾਇਦ ਇਹ ਹੈ ਕਿ ਉਹ ਨਵੇਂ ਸਿਰਿਉਂ ਵਿਚਾਰ ਕਰਦਾ ਹੋਵੇਗਾ ਕਿ ਉਹ ਪਿੱਛੇ ਕੀ ਛੱਡ ਕੇ ਜਾ ਰਿਹਾ ਹੈ, ਤੇ ਅਗਲੀ ਵਾਟ ਉਤੇ ਉਸਨੂੰ ਕੀ ਉਡੀਕ ਰਿਹਾ ਹੈ। ਭਾਵੇਂ ਉਸਦਾ ਕੰਮ ਕਿੰਨਾਂ ਵੀ ਜਲਦੀ ਦਾ ਕਿਉਂ ਨਾ ਹੋਵੇ, ਉਹ ਸੋਚਾਂ ਵਿਚ ਮਗਨ ਤੇ ਬਿਨਾਂ ਕਾਹਲੀ ਕੀਤਿਆਂ ਆਪਣੇ ਘੋੜੇ ਨੂੰ ਤੋਰ ਕੇ ਆਉਲ ਤੋਂ ਬਾਹਰ ਲਿਆਉਂਦਾ ਹੈ, ਤੇ ਉਸਤੋਂ ਪਿਛੋਂ ਹੀ ਉਹ, ਰਕਾਬ ਨੂੰ ਛੁਹੇ ਤੋਂ ਬਿਨਾਂ, ਪਲਾਕੀ ਮਾਰ ਕੇ ਕਾਠੀ ਉਤੇ ਬਹਿ ਜਾਂਦਾ ਹੈ, ਹੰਨੇ ਉਤੇ ਝੁਕਦਾ, ਤੇ ਧੂੜ ਦੇ ਬੱਦਲਾਂ ਵਿਚ ਅਲੋਪ ਹੋ ਜਾਂਦਾ ਹੈ।
ਮੈਂ ਵੀ ਆਪਣੀ ਕਿਤਾਬ ਦੀ ਕਾਠੀ ਉਤੇ ਪਲਾਕੀ ਮਾਰ ਕੇ ਚੜ੍ਹਣ ਤੋਂ ਪਹਿਲਾਂ ਅੰਤਰਧਿਆਨ ਹੋ ਕੇ ਤੁਰਦਾ ਹਾਂ । ਮੈਂ ਆਪਣੀ ਘੋੜੀ ਨੂੰ ਇਸਦੀ ਲਗਾਮ ਤੋਂ ਫੜੀ, ਇਸਦੇ ਨਾਲ ਨਾਲ ਤੁਰੀ ਜਾਂਦਾ ਹਾਂ। ਮੈਂ ਸੋਚਾਂ ਵਿਚ ਮਗਨ ਹਾਂ। ਕੋਈ ਲਫਜ਼ ਕਹਿਣ ਤੋਂ ਪਹਿਲਾਂ ਮੈਂ ਜ਼ਰਾ ਰੁਕ ਜਾਂਦਾ ਹਾਂ ।
ਕੋਈ ਲਫਜ਼ ਹੋ ਸਕਦਾ ਹੈ ਆਦਮੀ ਦੀ ਜ਼ਬਾਨ ਤੋਂ ਨਿਕਲਣ ਲਗਿਆਂ
ਦੇਰ ਲਾਵੇ, ਸਿਰਫ ਇਸ ਲਈ ਨਹੀਂ ਕਿ ਉਹ ਥੱਥਾ ਹੋਵੇਗਾ, ਸਗੋਂ ਇਸ ਲਈ ਵੀ ਕਿ ਉਹ ਸਭ ਤੋਂ ਢੁਕਵਾਂ, ਜ਼ਰੂਰੀ ਤੇ ਸਿਆਣਾ ਲਫਜ਼ ਲੱਭ ਰਿਹਾ ਹੁੰਦਾ ਹੈ। ਮੈਂ ਕਿਸੇ ਨੂੰ ਆਪਣੀ ਸਿਆਣਪ ਨਾਲ ਚਕ੍ਰਿਤ ਨਹੀਂ ਕਰਨਾ ਚਾਹੁੰਦਾ, ਪਰ ਮੈਂ ਥੱਥਾ ਵੀ ਨਹੀਂ। ਮੈਂ ਢੁੱਕਵੇਂ ਲਫਜ਼ਾਂ ਦੀ ਭਾਲ ਵਿਚ ਹਾਂ, ਇਸ ਲਈ ਹੋ ਸਕਦਾ ਹੈ ਮੈਂ ਕਦੀ ਕਦੀ ਅਟਕ ਜਾਵਾਂ।
ਅਬੂਤਾਲਿਬ ਦਾ ਕਹਿਣਾ ਸੀ : ਕਿਤਾਬ ਦਾ ਮੁਖਬੰਧ ਵਹਿਮਣ ਔਰਤ ਵਲੋਂ ਦੰਦਾਂ ਵਿਚਕਾਰ ਫੜੇ ਤਿਨਕੇ ਵਾਂਗ ਹੁੰਦਾ ਹੈ, ਜਦ ਕਿ ਉਹ ਆਪਣੇ ਪਤੀ ਦਾ ਭੇਡ ਦੀ ਖੱਲ ਵਾਲਾ ਕੋਟ ਮੁਰੰਮਤ ਕਰ ਰਹੀ ਹੁੰਦੀ ਹੈ। ਆਮ ਵਿਸ਼ਵਾਸ ਇਹ ਹੈ ਕਿ ਇਹੋ ਜਿਹਾ ਕੰਮ ਕਰਦਿਆਂ ਜੇ ਉਹ ਦੰਦਾਂ ਵਿਚ ਤਿਨਕਾ ਨਹੀਂ ਫੜੇਗੀ, ਤਾਂ ਭੇਡ ਦੀ ਖੱਲ ਵਾਲਾ ਕੋਟ ਉਸਦੇ ਕਫਨ ਵਿਚ ਬਦਲ ਸਕਦਾ ਹੈ।
ਅਬੂਤਾਲਿਬ ਦਾ ਹੀ ਕਹਿਣਾ ਸੀ : ਮੈਂ ਐਸੇ ਮਨੁੱਖ ਵਾਂਗ ਹਾਂ ਜੋ ਹਨੇਰੇ ਵਿਚ ਦਰਵਾਜ਼ਾ ਟੋਹ ਰਿਹਾ ਹੋਵੇ, ਜਾਂ ਐਸੇ ਮਨੁੱਖ ਵਾਂਗ, ਜਿਸਨੂੰ ਸਬੱਬ ਨਾਲ ਦਰਵਾਜ਼ਾ ਮਿਲ ਤਾਂ ਗਿਆ ਹੈ ਪਰ ਜਿਸਨੂੰ ਯਕੀਨ ਨਹੀਂ ਕਿ ਅੰਦਰ ਜਾਣਾ ਸੰਭਵ ਜਾਂ ਕਸ਼ਟ ਕਰਨ ਯੋਗ ਹੈ ਜਾਂ ਨਹੀਂ। ਏਨੇ ਚਿਰ ਵਿਚ ਉਹ ਬੂਹਾ ਖੜਕਾਉਂਦਾ ਹੈ: ठव-ठव, ठव-ठर।
“ਹੇ, ਦਰਵਾਜ਼ੇ ਤੋਂ ਪਾਰ ਰਹਿਣ ਵਾਲਿਓ : ਜੇ ਤੁਸੀਂ ਕੁਝ ਮਾਸ ਰਿੰਨ੍ਹਣ ਦੀ ਇੱਛਾ ਰੱਖਦੇ ਹੋ, ਤਾਂ ਸਮਾਂ ਏ ਕਿ ਉਠੋ ਤੇ ਸ਼ੁਰੂ ਕਰੋ!”
“ਹੇ, ਦਰਵਾਜ਼ੇ ਤੋਂ ਪਾਰ ਰਹਿਣ ਵਾਲਿਓ : ਜੇ ਤੁਸੀਂ ਜਵੀ ਦਾ ਦਲੀਆ ਕੁੱਟਣਾ ਚਾਹੁੰਦੇ ਹੋ, ਤਾਂ ਕਾਹਲੀ ਦੀ ਕੋਈ ਲੋੜ ਨਹੀਂ! ਤੁਸੀਂ ਭਾਵੇਂ ਹੋਰ ਸੌਂ ਲਵੋ!”
“ਹੇ, ਦਰਵਾਜ਼ੇ ਤੋਂ ਪਾਰ ਰਹਿਣ ਵਾਲਿਓ : ਜੇ ਤੁਸੀਂ ਚੰਗੀ ਬੂਜ਼ਾ* ਪੀਣ ਦੀ ਸਲਾਹ ਰੱਖਦੇ ਹੋ, ਤਾਂ ਆਪਣੇ ਗੁਆਂਢੀ ਨੂੰ ਸੱਦਾ ਦੇਣਾ ਨਾ ਭੁੱਲਣਾ !”
ਠਕ ਠਕ, ਠਕ ਠਕ
“ਅੱਛਾ, ਮੈਂ ਤੁਹਾਡੇ ਵਿਚ ਸ਼ਾਮਲ ਹੋਵਾਂ ਜਾਂ ਮੇਰੇ ਤੋਂ ਬਿਨਾਂ ਹੀ ਸਰ ਜਾਇਗਾ ?”
ਬੱਚੇ ਨੂੰ ਬੋਲਣਾ ਸਿਖਣ ਲਈ ਦੋ ਸਾਲ ਲਗਦੇ ਨੇ; ਆਦਮੀ ਨੂੰ ਆਪਣੀ ਜ਼ਬਾਨ ਸੰਭਾਲਣੀ ਸਿੱਖਣ ਉੱਤੇ ਸੱਠ ਸਾਲ ਲੱਗ ਜਾਂਦੇ ਨੇ।
ਮੈਂ ਦੋ ਸਾਲਾਂ ਦਾ ਨਹੀਂ; ਨਾ ਮੈਂ ਸੱਠਾਂ ਦਾ ਹੋ ਗਿਆ ਹਾਂ। ਮੈਂ ਜ਼ਿੰਦਗੀ ਦੇ ਅੱਧ-ਵਿਚਾਲੇ ਹਾਂ, ਤਾਂ ਵੀ ਮੈਂ ਦੂਜੀ ਸੀਮਾ ਦੇ ਜ਼ਿਆਦਾ ਨੇੜੇ ਹਾਂ, ਤੇ ਇਸੇ ਕਰਕੇ ਮੇਰੇ ਲਈ ਅਨ-ਕਿਹਾ ਲਫਜ਼ ਕਹੇ ਗਏ ਸਾਰੇ ਲਫਜ਼ਾਂ ਨਾਲੋਂ ਵਧੇਰੇ ਕੀਮਤੀ ਹੈ।
ਜਿਹੜੀ ਕਿਤਾਬ ਅਜੇ ਮੈਂ ਨਹੀਂ ਲਿਖੀ, ਉਹ ਉਹਨਾਂ ਸਾਰੀਆਂ ਕਿਤਾਬਾਂ ਨਾਲੋਂ ਮੇਰੇ ਲਈ ਵਧੇਰੇ ਕੀਮਤੀ ਹੈ ਜਿਹੜੀਆਂ ਮੇਰੀ ਕਲਮ ਤੋਂ ਆਈਆਂ ਨੇ । ਇਹ ਕੀਮਤ ਤੋਂ ਉੱਪਰ ਹੈ, ਮੇਰੇ ਦਿਲ ਦੇ ਸਭ ਤੋਂ ਨੇੜੇ, ਤੇ ਸੱਚ ਦੀ ਮੰਗ ਕਰਨ ਵਿਚ ਸਭ ਤੋਂ ਵੱਧ ਡਾਹਢੀ।
ਨਵੀਂ ਕਿਤਾਬ ਮੇਰੇ ਲਈ ਉਸ ਗੁਫਾ ਵਾਂਗ ਹੈ ਜਿਸ ਵਿਚ ਮੈਂ ਕਦੀ ਦਾਖਲ ਨਹੀਂ ਹੋਇਆ, ਪਰ ਜਿਸਦੀਆਂ ਦੀਵਾਰਾਂ ਪਹਿਲਾਂ ਹੀ ਮੇਰੇ ਅੱਗਿਉਂ ਲਾਂਭੇ ਹਟ ਰਹੀਆਂ ਹਨ, ਤੇ ਮੈਨੂੰ ਧੁੰਦਲੀ ਦੂਰੀ ਦੇ ਅੰਦਰ ਆਉਣ ਲਈ ਇਸ਼ਾਰੇ ਸੁੱਟਦੀ ਹੈ। ਨਵੀਂ ਕਿਤਾਬ ਉਸ ਘੋੜੀ ਵਾਂਗ ਹੈ, ਜਿਸ ਉੱਤੇ ਮੈਂ ਕਦੀ ਕਾਠੀ ਨਹੀਂ ਪਾਈ, ਉਸ ਕਟਾਰ ਵਾਂਗ, ਜਿਸਨੂੰ ਮੈਂ ਕਦੀ ਮਿਆਨ ਵਿਚੋਂ ਨਹੀਂ ਕੱਢਿਆ।
ਪਹਾੜੀ ਲੋਕ ਕਿਹਾ ਕਰਦੇ ਨੇ : “ਬਿਨਾਂ ਯੋਗ ਕਾਰਨ ਦੇ ਆਪਣੀ ਕਟਾਰ ਕਦੀ ਨਾ ਕੱਢੋ, ਪਰ ਜੇ ਤੁਹਾਨੂੰ ਕੱਢਣੀ ਪਵੇ, ਤਾਂ ਇੰਝ ਚਲਾਓ ਕਿ ਘੋੜੀ ਤੇ ਸਵਾਰ ਦੋਹਾਂ ਨੂੰ ਚਿੱਤ ਕਰ ਦਿਓ।”
ਤੁਸੀਂ ਕਿੰਨਾਂ ਠੀਕ ਕਿਹੈ, ਪਹਾੜਾਂ ਦੇ ਵਾਸੀਓ।
ਤਾਂ ਵੀ : ਕਟਾਰ ਮਿਆਨ ਵਿਚੋਂ ਕਢਣ ਤੋਂ ਪਹਿਲਾਂ, ਪੱਕਾ ਕਰ ਲਓ ਕਿ ਇਸਦੀ ਧਾਰ ਚੰਗੀ ਤੇਜ਼ ਹੋਵੇ।
ਓ, ਪੁਸਤਕੇ ਮੇਰੀਏ, ਤੂੰ ਮੇਰੇ ਅੰਦਰ ਕਈ ਸਾਲ ਵੱਸੀਂ ਏ ! ਤੂੰ ਉਸ ਪ੍ਰੀਤਮਾ ਦੇ ਵਾਂਗ ਏ, ਜਿਸਨੂੰ ਦੂਰੋਂ ਦੇਖਿਆ ਹੋਵੇ, ਜਿਸਦੇ ਸੁਪਨੇ ਲਏ ਹੋਣ, ਪਰ ਕਦੀ ਛੁਹਣ ਦੀ ਦਲੇਰੀ ਨਾ ਕੀਤੀ ਹੋਵੇ। ਕਦੀ ਕਦੀ ਉਹ ਬਿਲਕੁਲ ਨੇੜੇ ਰਹੀ ਹੈ, ਲਗਭਗ ਪਹੁੰਚ ਵਿਚ, ਪਰ ਮੈਂ ਡਰਦਾ ਤੇ ਸੰਗਦਾ, ਲਾਲ-ਬਿੰਬ ਹੁੰਦਾ ਤੇ ਪਿੱਛੇ ਹਟ ਜਾਂਦਾ ਰਿਹਾ ਹਾਂ।
ਪਰ ਜੋ ਹੋ ਚੁੱਕਾ, ਸੋ ਹੋ ਚੁੱਕਾ। ਮੈਂ ਦਲੇਰੀ ਨਾਲ ਉਸ ਕੋਲ ਜਾਣ ਦਾ ਤੇ ਉਸਦਾ ਹੱਥ ਆਪਣੇ ਹੱਥ ਵਿਚ ਲੈਣ ਦਾ ਫੈਸਲਾ ਕਰ ਲਿਆ ਹੈ। ਸੰਗਾਊ ਪਰੇਮੀ ਤੋਂ ਮੈਂ ਦਲੇਰ ਤੇ ਤਜਰਬਾਕਾਰ ਆਦਮੀ ਵਿਚ ਬਦਲਣਾ ਚਾਹੁੰਦਾ ਹਾਂ। ਮੈਂ ਆਪਣੇ ਘੋੜੇ ਉਤੇ ਕਾਠੀ ਪਾਉਂਦਾ ਤੇ ਤਿੰਨ ਵਾਰੀ ਚਾਬਕ ਮਾਰਦਾ ਹਾਂ। ਜੋ ਹੁੰਦਾ ਹੈ, ਸੋ ਹੋਵੇ !
ਤਾਂ ਵੀ, ਪਹਿਲਾਂ ਮੈਂ ਆਪਣੇ ਲਈ ਆਪਣੇ ਪਹਾੜੀ, ਘਰ-ਉਗਾਏ ਤੰਬਾਕੂ ਦੀ ਸਿਗਰਟ ਵਲਦਾ ਹਾਂ, ਤੇ ਇਸ ਉੱਤੇ ਸਮਾਂ ਲਾਉਂਦਾ ਹਾਂ । ਜੇ ਸਿਗਰਟ ਵਲਣੀ ਹੀ ਏਨਾਂ ਸੁਆਦ ਦੇਂਦੀ ਹੈ, ਤਾਂ ਸਿਗਰਟ ਪੀਣੀ ਕਿੰਨੀਂ ਜ਼ਿਆਦਾ ਖੁਸ਼ੀ ਦੇਵੇਗੀ!
ਓ ਪੁਸਤਕੇ ਮੇਰੀਏ, ਤੈਨੂੰ ਲਿਖਣਾ ਸ਼ੁਰੂ ਕਰਨ ਤੋਂ ਪਹਿਲਾਂ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਤੂੰ ਮੇਰੇ ਅੰਦਰ ਕਿਵੇਂ ਕਰੂੰਬਲ ਵਾਂਗ ਫੁੱਟੀ, ਕਿਵੇਂ ਮੈਨੂੰ ਤੇਰਾ ਨਾਂ ਮਿਲਿਆ, ਤੇ ਕਿਉਂ ਮੈਂ ਤੈਨੂੰ ਲਿਖ ਰਿਹਾ ਹਾਂ, ਤੇ ਜ਼ਿੰਦਗੀ ਵਿਚ ਮੇਰੇ ਕੀ ਨਿਸ਼ਾਨੇ ਨੇ।
ਮੈਂ ਆਪਣੇ ਮਹਿਮਾਨ ਨੂੰ ਰਸੋਈ ਵਿਚ ਲੈ ਜਾਂਦਾ ਹਾਂ, ਜਿਥੇ ਭੇਡ ਅਜੇ ਬਣਾਈ ਜਾ ਰਹੀ ਹੈ, ਤੇ ਵਾਸ਼ਨਾ ਅਜੇ ਕਬਾਬ ਦੀ ਨਹੀਂ ਸਗੋਂ, ਖੂਨ ਦੀ, ਚਰਬੀ ਦੀ ਤੇ ਹੁਣੇ ਹੁਣੇ ਲਾਹੀ ਖੱਲ ਦੀ ਹੈ।
ਮੈਂ ਆਪਣੇ ਦੋਸਤਾਂ ਨੂੰ ਆਪਣੇ ਕੰਮ ਦੀ ਗੁਫਾ ਵਿਚ ਲੈ ਜਾਂਦਾ ਹਾਂ ਜਿਥੇ ਮੇਰੀਆਂ ਹੱਥਲਿਖਤਾਂ ਪਈਆਂ ਹਨ, ਤੇ ਉਹਨਾਂ ਨੂੰ ਉਥੇ ਵੋਲਾ-ਫਾਲੀ ਕਰਨ ਦੇਂਦਾ ਹਾਂ ।
ਭਾਵੇਂ ਮੇਰੇ ਪਿਤਾ ਜੀ ਕਿਹਾ ਕਰਦੇ ਸਨ ਕਿ ਜਿਹੜਾ ਕੋਈ ਦੂਜੇ ਲੋਕਾਂ ਦੀਆਂ ਹੱਥਲਿਖਤਾਂ ਦੀ ਫੋਲਾ-ਫਾਲੀ ਕਰਦਾ ਹੈ ਉਹ ਉਸ ਆਦਮੀ ਵਰਗਾ ਹੈ, ਜਿਹੜਾ ਦੂਜਿਆਂ ਦੀਆਂ ਜੇਬਾਂ ਟੋਲਦਾ ਫਿਰਦਾ ਹੈ।
ਪਿਤਾ ਜੀ ਇਹ ਵੀ ਕਿਹਾ ਕਰਦੇ ਸਨ : ਮੁਖਬੰਧ ਇਕ ਵੱਡਾ ਉੱਚਾ ਜੱਤ ਦਾ ਟੋਪ ਪਾਈ ਚੌੜੀ ਪਿੱਠ ਵਾਲੇ ਆਦਮੀ ਵਾਂਗ ਹੁੰਦਾ ਹੈ ਜਿਹੜਾ ਥੇਟਰ ਵਿਚ ਅਗਲੀ ਕਤਾਰ ਵਿਚ ਤੁਹਾਡੇ ਅੱਗੇ ਬੈਠਾ ਹੋਵੇ। ਬੰਦੇ ਨੂੰ ਸ਼ੁਕਰ ਕਰਨਾ ਚਾਹੀਦਾ ਹੈ ਜੇ ਉਹ ਸਿੱਧਾ ਬੈਠਾ ਰਹੇ ਤਾਂ, ਬਿਨਾਂ ਸੱਜੇ ਜਾਂ ਖੱਬੇ ਵੱਲ ਝੁਕਿਆਂ। ਇਕ ਦਰਸ਼ਕ ਵਜੋਂ ਇਹੋ ਜਿਹਾ ਆਦਮੀ ਮੇਰੇ ਲਈ ਬੜੀ ਔਖ ਪੈਦਾ ਕਰਦਾ ਹੈ, ਤੇ ਅਖੀਰ ਮੈਨੂੰ ਖਿਝ ਚਾੜ੍ਹ ਦੇਂਦਾ ਹੈ।
ਆਪਣੀ ਨੋਟਬੁਕ ਵਿਚੋਂ : ਮੈਨੂੰ ਮਾਸਕੋ ਜਾਂ ਦੂਜੇ ਰੂਸੀ ਸ਼ਹਿਰਾਂ ਵਿਚ ਕਵਿਤਾ ਦੀਆਂ ਸ਼ਾਮਾਂ ਵੇਲੇ ਅਕਸਰ ਸਰੋਤਿਆਂ ਸਾਮ੍ਹਣੇ ਬੋਲਣਾ ਪੈਂਦਾ ਹੈ। ਉੱਥੇ ਲੋਕ ਮੇਰੀ ਮਾਤਭਾਸ਼ਾ ਅਵਾਰ ਨੂੰ ਨਹੀਂ ਸਮਝਦੇ। ਮੈਂ ਆਪਣੇ ਉਚਾਰਨ ਨਾਲ, ਉਹਨਾਂ ਨੂੰ ਕੁਝ ਆਪਣੇ ਬਾਰੇ ਦੱਸਣ ਨਾਲ ਸ਼ੁਰੂ ਕਰਦਾ ਹਾਂ, ਜਿਸ ਤੋਂ ਪਿਛੋਂ ਮੇਰੇ ਰੂਸੀ ਕਵੀ ਦੋਸਤ ਮੇਰੀਆਂ ਕਵਿਤਾਵਾਂ ਦੇ ਅਨੁਵਾਦ ਸੁਣਾਉਂਦੇ ਹਨ। ਉਹਨਾਂ ਦੇ ਸ਼ੁਰੂ ਕਰਨ ਤੋਂ ਪਹਿਲਾਂ, ਮੈਨੂੰ ਅਕਸਰ ਕਿਹਾ ਜਾਂਦਾ ਹੈ ਕਿ ਮੈਂ ਇਕ ਕਵਿਤਾ ਮੂਲ ਬੋਲੀ ਵਿਚ ਸੁਣਾਵਾਂ। “ਅਸੀਂ ਅਵਾਰ ਬੋਲੀ ਦਾ ਸੰਗੀਤ ਤੇ ਕਵਿਤਾ ਦਾ ਸੰਗੀਤ ਸੁਣਨਾ ਚਾਹੁੰਦੇ ਹਾਂ।” ਮੈਂ ਪੜ੍ਹਦਾ ਹਾਂ, ਤੇ ਮੇਰਾ ਪੜ੍ਹਨਾ, ਗੀਤ ਸ਼ੁਰੂ ਕਰਨ ਤੋਂ ਪਹਿਲਾਂ ਪਾਂਡੂਰ ਦੀਆਂ ਤਾਰਾਂ ਟੁਣਕਾਉਣ ਤੋਂ ਛੁੱਟ ਕੁਝ ਨਹੀਂ ਹੁੰਦਾ।
ਕਿਸੇ ਕਿਤਾਬ ਦਾ ਮੁਖਬੰਧ ਕੋਈ ਇਹੋ ਜਿਹੀ ਚੀਜ਼ ਹੀ ਨਹੀਂ ਹੁੰਦੀ ?
ਆਪਣੀ ਨੋਟਬੁਕ ਵਿਚੋਂ : ਜਦੋਂ ਮੈਂ ਮਾਸਕੋ ਵਿਚ ਪੜ੍ਹਦਾ ਸਾਂ ਤਾਂ ਮੇਰੇ ਪਿਤਾ ਨੇ ਮੈਨੂੰ ਕੁਝ ਪੈਸੇ ਭੇਜੇ ਕਿ ਮੈਂ ਇਸ ਨਾਲ ਸਰਦੀਆਂ ਲਈ ਕੋਟ ਖਰੀਦ ਲਵਾਂ। ਹੋਇਆ ਇਹ ਕਿ ਮੈਂ ਪੈਸੇ ਖਰਚ ਲਏ ਤੇ ਕੋਟ ਖਰੀਦਿਆ ਨਾ। ਮੈਨੂੰ ਸਰਦੀਆਂ ਦੀਆਂ ਛੁੱਟੀਆਂ ਵਿਚ ਦਾਗਿਸਤਾਨ ਆਪਣੇ ਘਰ ਉਹਨਾਂ ਹੀ ਕਪੜਿਆਂ ਵਿਚ ਜਾਣਾ ਪਿਆ, ਜਿਨ੍ਹਾਂ ਵਿਚ ਮੈਂ ਗਰਮੀਆਂ ਵਿਚ ਮਾਸਕੋ ਗਿਆ ਸਾਂ ।
ਜਦੋਂ ਮੈਂ ਉੱਥੇ ਪੁੱਜਾ ਤਾਂ ਮੈਂ ਹਰ ਤਰ੍ਹਾਂ ਦੇ ਬਹਾਨੇ ਸੋਚਣੇ ਸ਼ੁਰੂ ਕਰ ਦਿੱਤੇ ਪਰ ਹਰ ਨਵਾਂ ਬਹਾਨਾ ਪਹਿਲੇ ਨਾਲੋਂ ਜ਼ਿਆਦਾ ਬੋਦਾ ਤੇ ਹਾਸੋਹੀਣਾ ਨਿਕਲਦਾ । ਜਦੋਂ ਮੈਂ ਆਪਣੇ ਆਪ ਨੂੰ ਗੁੰਝਲਾਂ ਵਿਚ ਪੂਰੀ ਤਰ੍ਹਾਂ ਫਸਾ ਲਿਆ ਤਾਂ ਮੇਰੇ ਪਿਤਾ ਨੇ ਮੈਨੂੰ
ਰੋਕਿਆ ਤੇ ਕਹਿਣ ਲੱਗੇ :
“ਠਹਿਰ ਜਾ, ਰਸੂਲ। ਮੈਂ ਤੈਨੂੰ ਦੋ ਸਵਾਲ ਪੁੱਛਣਾ ਚਾਹੁੰਦਾ ਹਾਂ।”
“ਚਲੋ, ਪੁੱਛੋ।”
“ਤੂੰ ਆਪਣੇ ਲਈ ਕੋਟ ਖਰੀਦਿਐ?”
“ਨਹੀਂ।”
“ਤੂੰ ਪੈਸੇ ਖਰਚ ਲਏ ਨੇ?”
“ਹਾਂ ן”
“ਹੁਣ ਸਭ ਕੁਝ ਸਾਫ ਏ। ਐਵੇਂ ਵਾਧੂ ਦਾ ਏਨਾਂ ਕੁਝ ਕਹਿਣ ਦੀ ਤੇ ਏਨੀਂ ਲੰਮੀਂ ਭੂਮਿਕਾ ਬੰਨ੍ਹਣ ਦੀ ਕੀ ਲੋੜ, ਜੇ ਤੱਤ ਦੋ ਲਫਜ਼ਾਂ ਵਿਚ ਪੇਸ਼ ਕੀਤਾ ਜਾ ਸਕਦੈ ਤਾਂ।”
ਇਹ ਸੀ ਜੋ ਮੇਰੇ ਪਿਤਾ ਨੇ ਮੈਨੂੰ ਸਿਖਾਇਆ।
ਤਾਂ ਵੀ : ਨਵ-ਜਨਮਿਆ ਬਾਲ ਇਕਦਮ ਬੋਲਣਾ ਨਹੀਂ ਸ਼ੁਰੂ ਕਰ ਦੇਂਦਾ। ਲਫਜ਼ ਬੋਲਣ ਤੋਂ ਪਹਿਲਾਂ ਉਹ ਵਾਵੇਲੀਆਂ ਲੈਂਦਾ ਹੈ। ਜਦੋਂ ਕਦੀ ਕਦੀ ਉਹ ਰੋ ਪੈਂਦਾ ਹੈ ਕਿਉਂਕਿ ਕੋਈ ਚੀਜ਼ ਤਕਲੀਫ ਦੇ ਰਹੀ ਹੁੰਦੀ ਹੈ, ਤਾਂ ਉਸਦੀ ਮਾਂ ਨੂੰ ਵੀ ਸਮਝ ਨਹੀਂ ਆਉਂਦੀ ਕਿ ਕਿਹੜੀ ਚੀਜ਼ ਕਸ਼ਟ ਦੇ ਰਹੀ ਹੈ।
ਕੀ ਕਵੀ ਦੀ ਆਤਮਾ ਉਸ ਬਾਲ ਦੀ ਆਤਮਾ ਵਰਗੀ ਨਹੀਂ ਹੁੰਦੀ ?
ਪਿਤਾ ਜੀ ਕਿਹਾ ਕਰਦੇ ਸਨ : ਜਦੋਂ ਭੇਡਾਂ ਦੇ ਇੱਜੜ ਦੀ ਪਹਾੜੀ ਚਰਾਗਾਹਾਂ ਤੋਂ ਮੁੜਨ ਦੀ ਉਡੀਕ ਹੁੰਦੀ ਹੈ, ਤਾਂ ਸਭ ਤੋਂ ਪਹਿਲਾਂ ਲੋਕਾਂ ਨੂੰ ਬੱਕਰੀ ਦੇ ਸਿੰਗ ਦਿਖਾਈ ਦੇਂਦੇ ਨੇ, ਜਿਹੜੀ ਸਭ ਤੋਂ ਅੱਗੇ ਚੱਲ ਰਹੀ ਹੁੰਦੀ ਹੈ, ਫਿਰ ਬੱਕਰੀ ਤੇ ਇਸ ਤੋਂ ਮਗਰੋਂ ਜਾ ਕੇ ਇੱਜੜ ਦਿਖਾਈ ਦੇਂਦਾ ਹੈ।
ਜਦੋਂ ਜੰਝ ਚੜ੍ਹਨੀ ਜਾਂ ਨੜੋਆ ਨਿਕਲਣਾ ਹੋਵੇ, ਤਾਂ ਸਭ ਤੋਂ ਪਹਿਲਾਂ ਲੋਕ ਨਾਈ ਨੂੰ ਦੇਖਦੇ ਨੇ।
ਜਦੋਂ ਪਹਾੜੀ ਪਿੰਡ ਵਿੱਚ ਕੋਈ ਹਰਕਾਰਾ ਆਉਣਾ ਹੋਵੇ, ਲੋਕਾਂ ਨੂੰ ਸਭ ਤੋਂ ਪਹਿਲਾਂ ਧੂੜ ਦੇ ਬੱਦਲ ਦਿਖਾਈ ਦੇਂਦੇ ਨੇ, ਤੇ ਫਿਰ ਘੋੜ-ਸਵਾਰ।
ਜਦੋਂ ਸ਼ਿਕਾਰੀ ਦੇ ਮੁੜਨ ਦੀ ਆਸ ਹੋਵੇ, ਤਾਂ ਲੋਕਾਂ ਨੂੰ ਸਭ ਤੋਂ ਪਹਿਲਾਂ ਉਸਦਾ ਕੁੱਤਾ ਨਜ਼ਰ ਆਉਂਦਾ ਹੈ।
ਇਹ ਕਿਤਾਬ ਕਿਵੇਂ ਜਨਮੀ ਤੇ ਕਿਥੇ ਲਿਖੀ ਗਈ
ਨਿੱਕੇ ਬਾਲ ਵੀ ਵੱਡੇ ਸੁਪਨੇ ਲੈ ਸਕਦੇ ਨੇ ।
(ਪੰਘੂੜੇ ਉਪਰ ਉੱਕਰੇ ਸ਼ਬਦ)
ਹਥਿਆਰ, ਜਿਨ੍ਹਾਂ ਦੀ ਇਕ ਵਾਰੀ ਹੀ ਲੋੜ ਪਵੇਗੀ, ਜ਼ਿੰਦਗੀ ਭਰ ਚੁੱਕਣੇ ਪੈਂਦੇ ਨੇ। ਕਵਿਤਾ, ਜੋ ਜੀਵਨ ਭਰ ਦੁਹਰਾਈ ਜਾਇਗੀ, ਇਕ ਵਾਰੀ ਵਿਚ ਲਿਖੀ ਜਾਂਦੀ ਏ ।
ਬਹਾਰ ਦਾ ਇਕ ਪੰਛੀ ਬਹਾਰ-ਆਈ ਆਊਲ ਉਪਰੋਂ ਦੀ ਉੱਡ ਰਿਹਾ ਸੀ, ਕਿਸੇ ਥਾਂ ਨੂੰ ਟੋਲਦਾ ਜਿਥੇ ਉਹ ਉਤਰ ਸਕੇ। ਇਕ ਸਕਲੀਆ ਦੀ ਚੌੜੀ, ਪੱਧਰੀ ਤੇ ਸਾਫ ਛੱਤ ਉੱਤੇ ਨਜ਼ਰ ਪੈਂਦਿਆਂ, ਜਿਸ ਉੱਤੇ ਇਕ ਪੱਥਰ ਦਾ ਰੋਲਰ ਵੀ ਸੀ, ਪੰਛੀ ਨੀਲੱਤਣਾਂ ‘ਚੋਂ ਉਤਰਿਆ ਤੇ ਆਰਾਮ ਲਈ ਕਿੱਲ ਉਤੇ ਆ ਬੈਠਾ। ਇਕ ਫੁਰਤੀਲੀ ਔਰਤ ਨੇ ਪੰਛੀ ਨੂੰ ਫੜ ਲਿਆ ਤੇ ਸਕਲੀਆ ਦੇ ਅੰਦਰ ਲੈ ਗਈ। ਪੰਛੀ ਨੇ ਦੇਖਿਆ ਕਿ ਘਰ ਦੇ ਸਾਰੇ ਬੰਦੇ ਉਸ ਵੱਲ ਮਿਹਰਬਾਨ ਹਨ, ਤੇ ਉਥੇ ਹੀ ਟਿਕ ਗਿਆ। ਪੁਰਾਣੀ ਧੁਆਂਖੀ ਹੋਈ ਛਤੀਰੀ ਉਤੇ ਕਿੱਲਾਂ ਨਾਲ ਠੋਕੀ ਘੋੜੇ ਦੀ ਖੁਰੀ ਵਿਚ ਉਸਨੇ ਆਪਣਾ ਆਲ੍ਹਣਾ ਪਾ ਲਿਆ।
ਕੀ ਮੇਰੀ ਕਿਤਾਬ ਕੁਝ ਇਸੇ ਤਰ੍ਹਾਂ ਦੀ ਚੀਜ਼ ਨਹੀਂ ?
ਕਿੰਨੀ ਵਾਰੀ ਮੈਂ ਆਪਣੀਆਂ ਕਾਵਿ ਨੀਲੱਤਣਾਂ ਵਿਚੋਂ ਹੇਠਾਂ ਵਾਰਤਕ ਦੀ ਵਾਦੀ ਵਿਚ ਨਜ਼ਰ ਮਾਰੀ ਹੈ, ਮੇਰੀਆਂ ਨਜ਼ਰਾਂ ਟਿਕਣ ਲਈ ਕੋਈ ਉਤਾਰੇ ਵਾਸਤੇ ਥਾਂ ਢੂੰਡਦੀਆਂ ਰਹੀਆਂ ਹਨ।
ਨਹੀਂ, ਇਕ ਹਵਾਈ ਜਹਾਜ਼ ਨਾਲ ਤੁਲਨਾ ਦੇਣੀ ਜ਼ਿਆਦਾ ਚੰਗੀ ਰਹੇਗੀ, ਜਿਹੜਾ ਹਵਾਈ ਅੱਡੇ ਉਤੇ ਉਤਰਨ ਹੀ ਵਾਲਾ ਹੈ। ਉਤਾਰੇ ਤੋਂ ਪਹਿਲਾਂ ਮੈਂ ਢਾਲਵਾਂ ਮੋੜ ਕੱਟ ਰਿਹਾ ਹਾਂ, ਪਰ ਕੰਟਰੋਲ ਵਾਲੇ ਮੈਨੂੰ ਮੌਸਮ ਦੀ ਖਰਾਬੀ ਕਰਕੇ ਉਤਰਨ ਦੀ ਆਗਿਆ ਨਹੀਂ ਦੇਂਦੇ। ਚੌੜੇ ਮੋੜ ਤੋਂ ਮੈਂ ਸਿੱਧੀ ਉਡਾਣ ਉਤੇ ਜਾ ਪੈਂਦਾ ਹਾਂ, ਤੇ ਉੱਡਦਾ ਜਾਂਦਾ ਹਾਂ, ਮੇਰੀ ਇੱਛਤ ਧਰਤੀ ਇਕ ਵਾਰੀ ਫਿਰ ਹੇਠਾਂ ਰਹਿ ਜਾਂਦੀ ਹੈ। …ਕਈ ਮੌਕਿਆਂ ਉਤੇ ਇੰਝ ਹੋਇਆ ਹੈ।
ਇਸ ਲਈ, ਮੈਂ ਸੋਚਿਆ ਕਿ ਆਪਣੇ ਪੈਰਾਂ ਹੇਠ ਕੋਈ ਪੱਕਾ ਪੱਥਰ ਦਾ ਆਸਰਾ ਰਖਣਾ ਮੇਰੇ ਭਾਗਾਂ ਵਿਚ ਨਹੀਂ ਲਿਖਿਆ ਹੋਇਆ; ਮੇਰੇ ਪੈਰਾਂ ਦੀ ਕਿਸਮਤ ਵਿਚ ਧਰਤੀ ਨੂੰ ਕੱਛਣਾ ਲਿਖਿਆ ਹੈ, ਮੇਰੀਆਂ ਅੱਖਾਂ ਲਈ ਧਰਤੀ ਉਪਰ ਨਵੀਆਂ ਥਾਵਾਂ ਢੂੰਡਣ ਤੋਂ ਚੈਨ ਨਾ ਪਾਉਣਾ ਲਿਖਿਆ ਹੈ, ਮੇਰੇ ਦਿਲ ਦੀ ਹੋਣੀ ਵਿਚ ਨਵੇਂ ਗੀਤਾਂ ਨੂੰ ਜਨਮ ਦੇਣ ਤੋਂ ਆਰਾਮ ਨਾ ਪਾਉਣਾ ਲਿਖਿਆ ਹੈ।
ਉਸ ਹਾਲੀ ਵਾਂਗ ਜਿਹੜਾ, ਉਸ ਬੱਦਲੀ ਦੀ, ਜਿਹੜੀ ਉਸਦੇ ਸਿਰ ਉਤੋਂ ਦੀ ਲੰਘ ਗਈ ਹੈ, ਜਾਂ ਕੂੰਜਾਂ ਦੀ ਡਾਰ ਦੀ, ਜਿਹੜੀ ਉਡਦੀ ਹੋਈ ਕੋਲੋਂ ਦੀ ਲੰਘ ਗਈ ਹੈ, ਸਿਫਤ ਕਰਨ ਪਿਛੋਂ ਸੱਜਰੀ ਹਿੰਮਤ ਨਾਲ ਮੁੱਠੀ ਨੂੰ ਫੜ ਲੈਂਦਾ ਹੈ, ਮੈਂ ਅੱਧ-ਵਿਚਾਲੇ ਛੱਡੀ ਕਵਿਤਾ ਨੂੰ ਮੁੜ ਸ਼ੁਰੂ ਕਰ ਦੇਂਦਾ।
ਮੈਂ ਆਪਣੀ ਕਵਿਤਾ ਦੀ ਤੁਲਨਾ ਭਾਵੇਂ ਕਿੰਨੀਂ ਵੀ ਸਿਤਾਰਿਆਂ ਜੜੇ ਆਕਾਸ਼ੀ ਗੁੰਬਦ ਨਾਲ ਕਿਉਂ ਨਾ ਕਰਦਾ ਰਿਹਾ ਹੋਵਾਂ, ਪਰ ਮੇਰੇ ਲਈ, ਸੱਚਮੁਚ, ਇਹ ਮੇਰੇ ਕਣਕ ਦੇ ਖੇਤ ਵਾਂਗ ਰਹੀ ਹੈ, ਹਲ ਨੂੰ ਉਡੀਕਦੀ ਜ਼ਮੀਨ ਵਾਂਗ, ਚੜ੍ਹਦੇ ਨੂੰ ਜਾਣ ਵਰਗੇ ਮੁਸ਼ਕਲ ਕੰਮ ਵਾਂਗ । ਹੁਣ ਤੱਕ ਮੈਂ ਕੋਈ ਵਾਰਤਿਕ ਨਹੀਂ ਲਿਖੀ। ਇਕ ਦਿਨ ਮੈਨੂੰ ਇਕ ਚਿੱਠੀ ਮਿਲੀ। ਲਫਾਫੇ ਵਿਚ ਇਕ ਰਸਾਲੇ ਦੇ ਸੰਪਾਦਕ ਦਾ ਸੰਦੇਸ਼ ਸੀ, ਜਿਸ ਰਸਾਲੇ ਦੀ ਮੈਂ ਬੜੀ ਇੱਜ਼ਤ ਕਰਦਾ ਹਾਂ। ਵੈਸੇ, ਇੱਜ਼ਤ ਮੈਂ ਉਸਦੇ ਸੰਪਾਦਕ ਦੀ ਵੀ ਕਰਦਾ ਹਾਂ। ਸੰਪਾਦਕ ਨੇ ਆਪਣੀ ਚਿੱਠੀ ਇਹਨਾਂ ਲਫਜ਼ਾਂ ਨਾਲ ਸ਼ੁਰੂ ਕੀਤੀ ਹੋਈ ਸੀ, “ਸਤਿਕਾਰਯੋਗ ਰਸੂਲ।” ਸਮੁੱਚੇ ਤੌਰ ਉਤੇ ਹਰ ਚੀਜ਼ ਹੀ ਸਤਿਕਾਰ ਵਿਚ ਲਪੇਟੀ ਹੋਈ ਸੀ।
ਜਦੋਂ ਮੈਂ ਚਿੱਠੀ ਖੋਹਲੀ, ਤਾਂ ਇਹ ਮੈਨੂੰ ਮੱਝ ਦੀ ਖੱਲ ਵਰਗੀ ਲੱਗੀ ਜਿਹੜੀ ਸਾਡੇ ਪਹਾੜੀ ਲੋਕ ਆਪਣੀਆਂ ਪੱਧਰੀਆਂ ਛੱਤਾਂ ਉਤੇ ਸੁੱਕਣ ਲਈ ਪਾ ਦੇਂਦੇ ਹਨ। ਜਦੋਂ ਮੈਂ ਪੜ੍ਹ ਲਈ, ਤਾਂ ਸਫਿਆਂ ਨੇ ਮੱਝ ਦੀ ਖੱਲ ਨਾਲੋਂ ਘੱਟ ਕੜ-ਕੜ ਨਾ ਕੀਤੀ, ਜਦੋਂ ਇਹ ਸੁੱਕ ਜਾਂਦੀ ਹੈ ਤੇ ਸਕਲੀਆ ਦੇ ਅੰਦਰ ਲਿਜਾਣ ਲਈ ਜੋੜੀ ਜਾਂਦੀ ਹੈ। ਕਮੀ ਸਿਰਫ ਖੱਲ ਵਾਲੀ ਨੱਕ-ਸਾੜਦੀ ਬੋ ਦੀ ਸੀ। ਚਿੱਠੀ ਵਿਚੋਂ ਕੋਈ ਬੋ ਨਹੀਂ ਸੀ ਆ ਰਹੀ।
ਸੰਪਾਦਕ ਨੇ ਲਿਖਿਆ ਸੀ : “ਅਸੀਂ ਫੈਸਲਾ ਕੀਤਾ ਹੈ ਕਿ ਆਪਣੇ ਰਸਾਲੇ ਦੇ ਕੁਝ ਅਗਲੇ ਅੰਕਾਂ ਵਿਚ ਦਾਗਿਸਤਾਨ ਦੀਆਂ ਪ੍ਰਾਪਤੀਆਂ, ਇਸਦੇ ਚੰਗੇ ਕੰਮਾਂ ਤੇ ਨਿੱਤਾ-ਪ੍ਰਤਿ ਕਿਰਤ ਬਾਰੇ ਦੱਸੀਏ। ਬੇਸ਼ਕ ਇਹ ਸਾਡੇ ਸਾਧਾਰਨ ਮਜ਼ਦੂਰ ਮਰਦਾਂ ਔਰਤਾਂ ਦੀ ਕਹਾਣੀ ਹੋਵੇ; ਉਹਨਾਂ ਦੇ ਮਾਅਰਕਿਆਂ ਤੇ ਉਹਨਾਂ ਦੀਆਂ ਇੱਛਾਵਾਂ ਦੀ ਕਹਾਣੀ, ਤੁਹਾਡੀ ਪਹਾੜੀ ਸਰਜ਼ਮੀਨ ਦੀ ਉਜਲੀ ‘ਤਲਕ’ ਦੀ, ਇਸਦੀਆਂ ਯੁੱਗਾਂ ਪੁਰਾਣੀਆਂ ਪ੍ਰੰਪਰਾਵਾਂ ਦੀ, ਪਰ ਜ਼ਿਆਦਾ ਇਸਦੇ ਸ਼ਾਨਦਾਰ ‘ਅੱਜ’ ਦੀ ਕਹਾਣੀ ਹੋਵੇ। ਅਸੀਂ ਫੈਸਲਾ ਕੀਤਾ ਹੈ ਕਿ ਇਸ ਤਰ੍ਹਾਂ ਦੀ ਚੀਜ਼ ਤੁਹਾਡੇ ਨਾਲੋਂ ਜ਼ਿਆਦਾ ਚੰਗੀ ਕੋਈ ਨਹੀਂ ਲਿਖ ਸਕਦਾ। ਰੂਪ ਤੁਸੀਂ ਆਪ ਚੁਣੋ-ਨਿੱਕੀ ਕਹਾਣੀ, ਲੇਖ, ਚਿਤਰ, ਜਾਂ ਨੋਟ। ਲੰਬਾਈ ਨੌ-ਦਸ ਟਾਈਪ ਕੀਤੇ ਸਫੇ ਹੋਵੇ, ਤੇ ਵੀਹ ਤੋਂ ਪੰਝੀ ਦਿਨਾਂ ਦੇ ਅੰਦਰ ਅੰਦਰ ਸਾਨੂੰ ਮਿਲ ਜਾਏ। ਸਾਨੂੰ ਆਸ ਹੈ… ਤੇ ਸ਼ੁਕਰੀਆ ਅਗੇਤੇ ਹੀ….”
ਕਦੀ ਸਮਾਂ ਸੀ ਜਦੋਂ ਕੁੜੀ ਦੀ ਮਰਜ਼ੀ ਪੁੱਛਣ ਤੋਂ ਬਿਨਾਂ ਹੀ, ਸਿਰਫ ਤੈਅ-ਸ਼ੁਦਾ ਹਕੀਕਤ ਹੀ ਉਸਦੇ ਸਾਮ੍ਹਣੇ ਲਿਆ ਕੇ, ਜਿਵੇਂ ਕਿ ਅੱਜ ਦੇ ਲੋਕੀਂ ਕਹਿਣਗੇ, ਉਸਦਾ ਵਿਆਹ ਕਰ ਦਿੱਤਾ ਜਾਂਦਾ ਸੀ । ਉਸਨੂੰ ਦਸਿਆ ਜਾਂਦਾ ਸੀ ਕਿ ਸਭ ਕੁਝ ਤੈਅ ਹੋ ਚੁੱਕਾ ਹੈ। ਪਰ ਉਹਨਾਂ ਦਿਨਾਂ ਵਿਚ ਵੀ ਸਾਡੇ ਪਹਾੜਾਂ ਵਿਚ ਕੋਈ ਆਪਣੇ ਮੁੰਡੇ ਦੀ ਸ਼ਾਦੀ ਬਿਨਾਂ ਉਸਦੀ ਰਜ਼ਾਮੰਦੀ ਦੇ ਕਰਨ ਦੀ ਹਿੰਮਤ ਨਹੀਂ ਸੀ ਕਰਦਾ। ਕਹਿੰਦੇ ਨੇ, ਕਿ ਹਿਦਾਤਲੀ ਦੇ ਕਿਸੇ ਆਦਮੀ ਨੇ ਇਕ ਵਾਰੀ ਇੰਝ ਕੀਤਾ ਸੀ। ਪਰ ਕੀ ਮੇਰਾ ਸਤਿਕਾਰਯੋਗ ਸੰਪਾਦਕ ਪਹਾੜੀ ਪਿੰਡ ਹਿਦਾਤਲੀ ਦਾ ਰਹਿਣ ਵਾਲਾ ਸੀ? ਉਸਨੇ ਮੇਰੇ ਲਈ ਸਭ ਕੁਝ ਤੈਅ ਕਰ ਦਿੱਤਾ ਸੀ। ਪਰ ਕੀ ਮੈਂ ਆਪਣੇ ਦਾਗਿਸਤਾਨ ਦੀ ਕਹਾਣੀ ਨੌਂ ਸਫਿਆਂ ਵਿਚ ਤੇ ਵੀਹ ਦਿਨਾਂ ਦੇ ਅੰਦਰ ਅੰਦਰ ਦੱਸਣ ਦਾ ਮਨ ਬਣਾ ਲਿਆ ਸੀ ?
ਗੁੱਸੇ ਵਿਚ ਮੈਂ ਉਹ ਚਿੱਠੀ, ਜਿਸਨੇ ਮੇਰੇ ਨਾਲ ਇਸ ਤਰ੍ਹਾਂ ਵਧੀਕੀ ਕੀਤੀ ਸੀ, ਜਿੰਨੀ ਦੂਰ ਸੁੱਟ ਸੱਕਦਾ ਸਾਂ, ਸੁੱਟ ਪਾਈ। ਕੁਝ ਸਮਾਂ ਮਗਰੋਂ ਮੇਰਾ ਟੈਲੀਫੂਨ ਲਗਾਤਾਰ ਵੱਜਣਾ ਸ਼ੁਰੂ ਹੋ ਗਿਆ, ਜਿਸ ਤਰ੍ਹਾਂ ਇਹ ਟੈਲੀਫੂਨ ਨਾ ਹੋਵੇ, ਸਗੋਂ ਹੁਣੇ ਹੁਣੇ ਆਂਡਾ ਦੇ ਕੇ ਆਈ ਕੁਕੜੀ ਹੋਵੇ। ਬੇਸ਼ਕ, ਟੈਲੀਫੂਲ ਰਸਾਲੇ ਦੇ ਦਫ਼ਤਰੋਂ ਸੀ।
“ਹੱਲੋ, ਰਸੂਲ। ਸਾਡੀ ਚਿੱਠੀ ਪਹੁੰਚੀ ਕਿ ਨਹੀਂ ?”
“ਪਹੁੰਚੀ ਏ।”
“ਸੋ, ਮਸਾਲਾ ਕਿਥੇ ਐ?”
“ਹੂੰ.. ਦੇਖੋ ਨਾ ਹਰ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਧਿਆਨ ਮੰਗਣ ਵਾਲੀਆਂ… ਮੈਨੂੰ ਸਮਾਂ ਨਹੀਂ ਮਿਲਿਆ।”
“ਸੁਣ, ਰਸੂਲ, ਤੂੰ ਸਾਨੂੰ ਇੰਝ ਸ਼ਰਮਿੰਦਾ ਨਾ ਕਰਵਾ। ਸਾਡੇ ਰਸਾਲੇ ਦੀ ਦੱਸ ਲੱਖ ਦੀ ਛਾਪ ਏ। ਸਾਡਾ ਰਸਾਲਾ ਬਦੇਸ਼ੀਂ ਵੀ ਪੜ੍ਹਿਆ ਜਾਂਦੈ। ਜੇ ਤੂੰ ਸੱਚਮੁਚ ਰੁੱਝਾ ਹੋਇਆ ਏਂ, ਤਾਂ ਅਸੀਂ ਇਕ ਆਦਮੀ ਭੇਜ ਦੇਂਦੇ ਹਾਂ । ਤੂੰ ਉਸਨੂੰ ਬਸ ਕੁਝ ਵਿਚਾਰ ਸੁੱਟ ਦੇਵੀਂ ਤੇ ਵਿਸਥਾਰ ਦੇ ਦੇਈਂ, ਤੇ ਬਾਕੀ ਉਹ ਸਭ ਕਰ ਲਵੇਗਾ। ਤੈਨੂੰ ਸਿਰਫ ਉਸਦੇ ਮਸੌਦੇ ਉਤੇ ਸਰਸਰੀ ਨਜ਼ਰ ਮਾਰਨੀ ਪਵੇਗੀ, ਆਪਣੇ ਹਿਸਾਬ ਨਾਲ ਠੀਕ ਠਾਕ ਕਰਨਾ ਪਵੇਗਾ, ਤੇ ਆਪਣੇ ਦਸਖਤ ਕਰਨੇ ਪੈਣਗੇ। ਵੱਡੀ ਗੱਲ ਤੇਰੇ ਦਸਖਤਾਂ ਦੀ ਏ।”
“ਜਿਹੜਾ ਵੀ ਕੋਈ ਘਰ ਆਏ ਮਹਿਮਾਨ ਨੂੰ ਦੇਖ ਕੇ ਖੁਸ਼ ਨਹੀਂ ਹੁੰਦਾ, ਉਹ ਇਸ ਗੱਲ ਦਾ ਹੱਕਦਾਰ ਏ ਕਿ ਉਸਦੀਆਂ ਸਭ ਹੱਡੀਆਂ ਤੋੜ ਦਿੱਤੀਆਂ ਜਾਣ । ਜੇ ਕੋਈ ਵੱਟੇ ਮੂੰਹ ਨਾਲ ਜਾਂ ਮੱਥੇ ਤਿਉੜੀ ਪਾ ਕੇ ਮਹਿਮਾਨ ਨੂੰ ਮਿਲਦਾ ਏ, ਤਾਂ ਰੱਬ ਕਰੇ ਉਸਦੇ ਘਰ ਕੋਈ ਸਲਾਹ ਦੇਣ ਵਾਲੇ ਸਿਆਣੇ ਜਾਂ ਸਲਾਹ ਸੁਣਨ ਵਾਲੇ ਛੋਟੇ ਨਾ ਹੋਣ। ਆਪਣੇ ਇਲਾਕੇ ਵਿਚ ਅਸੀਂ ਪਰਾਹੁਣਿਆਂ ਵੱਲ ਇੰਝ ਦੇਖਦੇ ਹਾਂ । ਸਿਰਫ ਰੱਬ ਦੇ ਵਾਸਤੇ, ਸਾਲੀਖਾਲੋਵ* ਨੂੰ ਮੇਰੇ ਕੋਲ ਨਾ ਭੇਜਣਾ। ਮੈਂ ਆਪਣੀ ਡਫ ਉਸਦੀ ਸਹਾਇਤਾ ਤੋਂ ਬਿਨਾਂ ਹੀ ਕਸ ਸਕਦਾ ਹਾਂ । ਮੈਂ ਆਪਣੇ ਮਟਕੇ ਨੂੰ ਆਪ ਹੱਥੀ ਲਾ ਲਵਾਂਗਾ। ਜੇ ਮੇਰੀ ਪਿੱਠ ਉੱਤੇ ਖੁਰਕ ਹੋਵੇ, ਤਾਂ ਕੋਈ ਵੀ ਮੇਰੇ ਆਪਣੇ ਨਾਲੋਂ ਚੰਗਾ ਨਹੀਂ ਖੁਰਕ ਸਕਦਾ।”
ਇਥੇ ਆ ਕੇ ਸਾਡੀ ਗੱਲਬਾਤ ਮੁੱਕੀ। ਵਾ-ਸਲਾਮ, ਵਾ-ਲ-ਕਲਮ ।** ਮਹੀਨੇ ਦੀ ਛੁੱਟੀ ਲਈ ਤੇ ਆਪਣੀ ਜਨਮ ਆਊਲ ਤਸਾਦਾ ਵੱਲ ਤੁਰ ਪਿਆ।
ਮੈਂ ਤਸਾਦਾ! ਸੱਤਰ ਨਿੱਘੇ ਚੁੱਲ੍ਹੇ। ਸੱਤਰ ਧੂਕਸ਼ਾਂ ਵਿਚੋਂ ਨਿਰਮਲ ਪਹਾੜੀ। ਆਕਾਸ਼ ਵੱਲ ਨੂੰ ਜਾਂਦਾ ਨੀਲਾ ਧੂੰਆਂ। ਕਾਲੀ ਮਿੱਟੀ ਉੱਤੇ ਖੜੀਆਂ ਚਿੱਟੀਆਂ ਸਕਲੀਆਂ। ਆਊਲ ਤੇ ਚਿੱਟੀਆਂ ਝੁੱਗੀਆਂ ਦੇ ਸਾਮ੍ਹਣੇ ਪਾਸੇ ਪੱਧਰੇ ਹਰੇ ਖੇਤ। ਪਿੰਡ ਤੋਂ ਪਾਰ ਪਹਾੜ। ਸਲੇਟੀ ਚੱਟਾਨਾਂ ਸਾਡੀ ਆਉਲ ਦੇ ਉੱਤੇ ਝੁਕੀਆਂ ਹੋਈਆਂ ਹਨ, ਕਿੰਨੇ ਸਾਰੇ ਬੱਚਿਆਂ ਵਾਂਗ ਜਿਹੜੇ ਵਿਹੜੇ ਵਿਚ ਹੋ ਰਹੇ ਵਿਆਹ ਨੂੰ ਦੇਖਣ ਲਈ ਪੱਧਰੀ ਛੱਤ ਉਤੇ ਇਕੱਠੇ ਹੋ ਗਏ ਹੋਣ।
ਜਦੋਂ ਮੈਂ ਤਸਾਦਾ ਪੁੱਜਾ, ਤਾਂ ਮੈਨੂੰ ਇਕ ਚਿੱਠੀ ਬਾਰੇ ਯਾਦ ਆਇਆ ਜਿਹੜੀ ਮੇਰੇ ਪਿਤਾ ਨੇ ਪਹਿਲੀ ਵਾਰੀ ਮਾਸਕੋ ਦੇਖਣ ਤੋਂ ਪਿਛੋਂ ਲਿਖੀ ਸੀ। ਇਹ ਦੱਸਣਾ ਹਮੇਸ਼ਾ ਹੀ ਮੁਸ਼ਕਲ ਹੁੰਦਾ ਸੀ ਕਿ ਪਿਤਾ ਜੀ ਕਦੋਂ ਮਜ਼ਾਕ ਕਰ ਰਹੇ ਹਨ, ਤੇ ਕਦੋਂ ਉਹ ਗੰਭੀਰ ਹੁੰਦੇ ਹਨ। ਪਿਤਾ ਜੀ ਲਈ ਮਾਸਕੋ ਅਚੰਭਾ ਸੀ।
“ਇੰਝ ਲਗਦਾ ਏ ਕਿ ਮਾਸਕੋ ਵਿਚਲੇ ਲੋਕ ਖਾਣਾ ਪਕਾਣ ਲਈ ਆਪਣੇ ਚੁਲ੍ਹੇ ਨਹੀਂ ਬਾਲਦੇ, ਕਿਉਂਕਿ ਮੈਂ ਕਿਸੇ ਔਰਤ ਨੂੰ ਆਪਣੇ ਘਰ ਦੀਆਂ ਕੰਧਾਂ ਉਤੇ ਕਿਜ਼ਿਆਕ* ਥਪਦਿਆਂ ਜਾਂ ਅਬੂਤਾਲਿਬ ਦੀ ਜੱਤ ਦੀ ਪਾਟੀ ਹੋਈ ਟੋਪੀ ਵਾਂਗ ਘਰਾਂ ਤੋਂ ਧੂਆਂ ਉਠਦਾ ਨਹੀਂ ਦੇਖਿਆ। ਨਾ ਹੀ ਮੈਨੂੰ ਪੱਥਰ ਦੇ ਰੋਲਰ ਦਿੱਸੇ ਹਨ। ਜਿਨ੍ਹਾਂ ਨੂੰ ਅਸੀਂ ਆਪਣੀਆਂ ਛੱਤਾਂ ਉਪਰਲੀ ਮਿੱਟੀ ਬਿਠਾਉਣ ਲਈ ਵਰਤਦੇ ਹਾਂ। ਨਾ ਮੈਂ ਲੋਕਾਂ ਨੂੰ ਆਪਣੀਆਂ ਛੱਤਾਂ ਉਤੇ ਤੂੜੀ ਸੁਕਾਉਂਦਿਆਂ ਦੇਖਿਆ ਹੈ। ਪਰ ਜੇ ਉਹ ਤੂੜੀ ਨਹੀਂ ਸੁਕਾਉਂਦੇ ਤਾਂ ਆਪਣੀਆਂ ਗਾਈਆਂ ਨੂੰ ਚਾਰਾ ਕਾਹਦਾ ਪਾਉਂਦੇ ਨੇ? ਮੈਂ ਇਕ ਵੀ ਔਰਤ ਨੂੰ ਛਟੀਆਂ ਚੁੱਕੀ ਜਾਂ ਘਾਹ ਦੀ ਪੰਡ ਚੁੱਕੀ ਲੰਘਦਿਆਂ ਨਹੀਂ ਦੇਖਿਆ। ਮੈਂ ਸੁਰਨੇ** ਦੀ ਧੁਨ ਜਾਂ ਡਫ ਦੀਆਂ ਆਵਾਜ਼ਾਂ ਨਹੀਂ ਸੁਣੀਆਂ। ਹੋ ਸਕਦੈ ਬੰਦੇ ਨੂੰ ਲੱਗੇ ਜਿਵੇਂ ਇੱਥੇ ਲੋਕੀਂ ਵਿਆਹ ਹੀ ਨਹੀਂ ਕਰਾਉਂਦੇ, ਜਾਂ ਵਿਆਹ ਦੀਆਂ ਖੁਸ਼ੀਆਂ ਨਹੀਂ ਮਣਾਈਆਂ ਜਾਂਦੀਆਂ। ਮੈਂ ਇਸ ਅਜੀਬ ਸ਼ਹਿਰ ਦੀਆਂ ਗਲੀਆਂ ਭਾਵੇਂ ਕਿੰਨੀਆਂ ਹੀ ਗਾਹੀਆਂ ਹਨ, ਮੈਨੂੰ ਇਕ ਵੀ ਭੇਡ ਨਜ਼ਰ ਨਹੀਂ ਆਈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਕੋਈ ਪਰਾਹੁਣਾ ਬਰੂਹਾਂ ਆਣ ਚੜ੍ਹਦਾ ਹੈ ਤਾਂ ਮਾਸਕੋ ਵਾਲੇ ਕਿਸਦਾ ਝਟਕਾ ਕਰਦੇ ਨੇ? ਜੇ ਉਹ ਭੇਡ ਨੀਂ ਝਟਕਾਉਂਦੇ ਤਾਂ ਉਹ ਆਪਣੇ ਪਿਆਰੇ ਮਿੱਤਰ ਦੇ ਆਉਣ ਦਾ ਚਾਅ ਕਿਵੇਂ ਮਣਾਉਂਦੇ ਨੇ? ਨਹੀਂ, ਮੈਨੂੰ ਇਸ ਜੀਵਨ-ਢੰਗ ਲਈ ਕੋਈ ਖਿੱਚ ਨਹੀਂ। ਮੈਂ ਵਾਪਸ ਤੁਸਾਦਾ ਆਪਣੇ ਘਰ ਪਹੁੰਚਣਾ ਚਾਹੁੰਦਾ ਹਾਂ, ਜਿੱਥੇ ਮੈਂ ਆਪਣੀ ਵਹੁਟੀ ਨੂੰ ਇਹ ਕਹਿ ਕੇ, ਕਿ ਥੋਮ ਖੂਬ ਪਾਵੀਂ, ਜੀਅ ਭਰ ਕੇ ਖੀਨਕਾਲ*** ਖਾ ਸਕਦਾ ਹਾਂ…”
ਪਿਤਾ ਜੀ ਨੂੰ ਮਾਸਕੋ ਵਿਚ ਕਈ ਹੋਰ ਨੁਕਸ ਦਿੱਸੇ ਜਦੋਂ ਉਹਨਾਂ ਨੇ ਇਸਦਾ ਮੁਕਾਬਲਾ ਆਪਣੀ ਆਊਲ ਨਾਲ ਕੀਤਾ। ਬੇਸ਼ਕ, ਉਹ ਮਜ਼ਾਕ ਕਰ ਰਹੇ ਸਨ ਜਦੋਂ ਉਹਨਾਂ ਨੇ ਮਾਸਕੋ ਦੀਆਂ ਕੰਧਾਂ ਉਤੇ ਸੁੱਕਦੀ ਕੋਈ ਕਿਜ਼ਿਆਕ ਨਾ ਦਿੱਸਣ ਉਤੇ ਹੈਰਾਨੀ ਪ੍ਰਗਟ ਕੀਤੀ ਸੀ, ਪਰ ਜਦੋਂ ਉਹਨਾਂ ਨੇ ਇਹ ਕਿਹਾ ਕਿ ਮੈਂ ਇਸ ਮਹਾਂ ਨਗਰੀ ਨਾਲੋਂ ਆਪਣੀ ਨਿੱਕੀ ਜਿਹੀ ਆਉਲ ਨੂੰ ਤਰਜੀਹ ਦਿੰਦਾ ਹਾਂ, ਤਾਂ ਉਹ ਮਜ਼ਾਕ ਨਹੀਂ ਸਨ ਕਰ ਰਹੇ। ਉਹ ਆਪਣੇ ਤਸਾਦਾ ਨੂੰ ਪਿਆਰ ਕਰਦੇ ਸਨ ਤੇ ਇਸ ਧਰਤੀ ਉਪਰਲੀਆਂ ਸਾਰੀਆਂ ਰਾਜਧਾਨੀਆਂ ਨਾਲ ਵੀ ਇਸਨੂੰ ਵਟਾਉਣ ਲਈ ਤਿਆਰ ਨਹੀਂ ਸਨ।
ਮੇਰਾ ਪਿਆਰਾ ਤਸਾਦਾ ! ਮੈਂ ਉਸ ਵਿਸ਼ਾਲ ਦੁਨੀਆਂ ਤੋਂ ਤੇਰੇ ਵੱਲ ਮੁੜਿਆ ਹਾਂ, ਜਿਸ ਦੁਨੀਆਂ ਵਿਚ ਪਿਤਾ ਜੀ ਨੂੰ ਏਨੇ “ਨੁਕਸ” ਦਿਸੇ ਸਨ। ਮੈਂ ਉਹ ਸਾਰੀ ਦੁਨੀਆਂ ਘੁੰਮਿਸਆਂ ਹਾਂ ਤੇ ਅਚੰਭੇ ਵਿਚ ਪਾਉਣ ਵਾਲਾ ਕਿੰਨਾਂ ਕੁਝ ਦੇਖਿਆ ਹੈ। ਸੁੰਦਰਤਾ ਦੀ ਭਰਮਾਰ ਦੇਖ ਕੇ ਮੇਰੀਆਂ ਅੱਖਾਂ ਚੁੰਧਿਆ ਜਾਂਦੀਆਂ ਰਹੀਆਂ ਨੇ, ਕਿਸੇ ਇਕ ਚੀਜ਼ ਉਤੇ ਨਹੀਂ ਸਨ ਟਿਕ ਸਕਦੀਆਂ । ਮੇਰੀ ਨਜ਼ਰ ਇਕ ਸ਼ਾਨਦਾਰ ਮੰਦਰ ਤੋਂ ਦੂਜੇ ਵੱਲ, ਇਕ ਸੁੰਦਰ ਚਿਹਰੇ ਤੋਂ ਦੂਜੇ ਵੱਲ ਭਟਕਦੀ ਰਹੀ ਹੈ, ਪਰ ਮੈਨੂੰ ਇਹ ਪਤਾ ਹੁੰਦਾ ਸੀ ਕਿ ਮੈਂ ਹੁਣ ਜੋ ਦੇਖ ਰਿਹਾ ਹਾਂ, ਉਹ ਭਾਵੇਂ ਕਿੰਨਾਂ ਹੀ ਸੁੰਦਰ ਹੈ, ਭਲਕ ਨੂੰ ਮੈਂ ਇਸ ਨਾਲੋਂ ਵੀ ਸੁੰਦਰ ਕੁਝ ਦੇਖਾਂਗਾ ਇਹ ਦੁਨੀਆਂ, ਦੇਖਦਾ ਨਹੀਂ, ਅਥਾਹ वै।
ਭਾਰਤ ਦੇ ਬੁੱਧ-ਮੰਦਰਾਂ ਤੋਂ, ਮਿਸਰ ਦੇ ਤਿਕੋਣ ਮੀਨਾਰਾਂ ਤੋਂ ਤੇ ਇਟਲੀ ਦੇ ਸ਼ਾਹੀ ਮਹੱਲਾਂ ਤੋਂ ਮੈਂ ਬੜੀ ਨਿਮਰਤਾ ਨਾਲ ਮੁਆਫੀ ਚਾਹੁੰਦਾ ਹਾਂ; ਅਮਰੀਕਾ ਦੀਆਂ ਸ਼ਾਹਰਾਹਾਂ, ਪੈਰਿਸ ਦੀਆਂ ਹਰਿਆਲੀਆਂ ਸੜਕਾਂ, ਬਰਤਾਨੀਆ ਦੇ ਪਾਰਕਾਂ ਤੇ ਸਵਿਟਜ਼ਰਲੈਂਡ ਦੇ ਪਹਾੜਾਂ ਤੋਂ ਵੀ, ਤੇ ਪੋਲੈਂਡ, ਜਾਪਾਨ ਤੇ ਰੋਮ ਦੀਆਂ ਔਰਤਾਂ ਤੋਂ ਵੀ ਉਸੇ ਤਰ੍ਹਾਂ ਨਿਮਰਤਾ ਨਾਲ ਮੁਆਫੀ ਚਾਹੁੰਦਾ ਹਾਂ । ਮੈਂ ਤੁਹਾਨੂੰ ਸਭ ਨੂੰ ਸਲਾਹਿਆ ਹੈ, ਪਰ ਮੇਰੇ ਦਿਲ ਦੀ ਧੜਕਣ ਇਕਸਾਰ ਰਹੀ ਹੈ; ਜੇ ਮੇਰੀ ਧੜਕਣ ਜ਼ਰਾ ਕੁ ਤੇਜ਼ ਹੋ ਜਾਂਦੀ ਰਹੀ ਹੈ ਤਾਂ ਇਹ ਏਨੀ ਤੇਜ਼ ਨਹੀਂ ਹੁੰਦੀ ਰਹੀ ਕਿ ਮੇਰਾ ਮੂੰਹ ਸੁੱਕਣਾ ਸ਼ੁਰੂ ਹੋ ਜਾਏ ਜਾਂ ਮੈਂ ਘੜੀ ਪਲ ਲਈ ਚਕਰਾ ਜਾਵਾਂ।
ਇਸ ਲਈ ਕੀ ਗੱਲ ਹੈ ਕਿ ਚਟਾਨਾਂ ਦੇ ਪੈਰਾਂ ਨਾਲ ਚਿਮਟੀਆਂ ਸੱਤਰ ਝੁੱਗੀਆਂ ਉਤੇ ਨਜ਼ਰ ਪੈਂਦਿਆਂ ਹੀ ਮੇਰਾ ਦਿਲ ਏਡੀ ਜ਼ੋਰ ਦੀ ਧੜਕਣ ਲੱਗ ਪੈਂਦਾ ਹੈ ਕਿ ਮੇਰੀਆਂ ਪਸਲੀਆਂ ਦੁਖਣ ਲੱਗ ਪੈਂਦੀਆਂ ਹਨ, ਮੇਰੀਆਂ ਅੱਖਾਂ ਅੱਗੇ ਧੁੰਦ ਆ ਜਾਂਦੀ ਹੈ ਤੇ ਮੇਰਾ ਸਿਰ ਭਾਰਾ ਹੋ ਜਾਂਦਾ ਹੈ ਜਿਵੇਂ ਮੈਂ ਬੀਮਾਰ ਹੋਵਾਂ, ਜਾਂ ਪੀਤੀ ਹੋਵੇ?
ਕੀ ਐਸਾ ਹੋ ਸਕਦਾ ਹੈ ਕਿ ਦਾਗਿਸਤਾਨ ਦਾ ਛੋਟਾ ਪਿੰਡ ਵੀਨਸ, ਕਾਹਿਰਾ ਜਾਂ ਕਲਕੱਤੇ ਨਾਲੋਂ ਵਧੇਰੇ ਸੁੰਦਰ ਹੋਵੇ? ਕੀ ਅਵਾਰ ਔਰਤ, ਜਿਸਨੂੰ ਮੈਂ ਛਟੀਆਂ ਦੀ ਗੱਠ ਚੁੱਕੀ ਪਹੇ ਉਤੇ ਜਾਂਦੀ ਨੂੰ ਦੇਖਦਾ ਹਾਂ, ਉੱਚੀ-ਲੰਮੀ ਕੱਕੇ ਵਾਲਾਂ ਵਾਲੀ ਸਕੈਂਡੇਨੇਵੀਅਨ ਔਰਤ ਨਾਲੋਂ ਜ਼ਿਆਦਾ ਛਬੀਲੀ ਹੈ ?
ਤਸਾਦਾ! ਮੈਂ ਤੇਰੇ ਖੇਤਾਂ ਵਿਚ ਭੌਂਦਾ ਫਿਰਦਾ ਹਾਂ ਤੇ ਸਵੇਰ ਦੀ ਠੰਡੀ ਤੇਲ ਮੇਰੇ ਥੱਕੇ ਪੈਰਾਂ ਨੂੰ ਧੋਂਦੀ ਹੈ। ਮੈਂ ਆਪਣਾ ਮੂੰਹ ਧੋਂਦਾ ਹਾਂ, ਪਹਾੜੀ ਨਦੀਆਂ ਦੇ ਪਾਣੀ ਨਾਲ ਵੀ ਨਹੀਂ, ਸਗੋਂ ਚਸ਼ਮਿਆਂ ਦੇ ਪਾਣੀਆਂ ਨਾਲ। ਕਹਿੰਦੇ ਨੇ ਕਿ ਜੇ ਤਿਹਾਏ ਹੋ ਤਾਂ ਧਰਤੀ ਤੋਂ ਫੁੱਟਦੇ ਚਸ਼ਮੇ ਤੋਂ ਪਾਣੀ ਪੀਓ। ਇਹ ਵੀ ਕਹਿੰਦੇ ਨੇ—ਤੇ ਪਿਤਾ ਜੀ ਨੇ ਵੀ ਇਹੀ ਕਿਹਾ ਸੀ-ਕਿ ਸਿਰਫ ਦੋ ਮੌਕਿਆਂ ਉੱਤੇ ਆਦਮੀ ਨੂੰ ਗੋਡਿਆਂ ਭਾਰ ਹੋਣਾ ਚਾਹੀਦਾ ਹੈ—ਚਸ਼ਮੇ ਤੋਂ ਪਾਣੀ ਪੀਣ ਲਈ ਤੇ ਫੁੱਲ ਤੋੜਣ ਲਈ। ਤਸਾਦਾ,
ਤੂੰ ਮੇਰਾ ਚਸ਼ਮਾ ਏਂ। ਮੈਂ ਗੋਡਿਆਂ ਭਾਰ ਹੁੰਦਾ ਤੇ ਤੇਰੇ ਲੰਮੇਂ ਲੰਮੇਂ ਘੁੱਟ ਭਰਦਾ ਹਾਂ। ਮੈਨੂੰ ਇਕ ਪੱਥਰ ਨਜ਼ਰੀਂ ਪੈਂਦਾ ਹੈ ਤੇ ਇਸ ਉਤੇ ਇਕ ਧੁੰਦਲਾ ਜਿਹਾ ਆਕਾਰ ਰੂਪ ਧਾਰਦਾ ਦਿਸਦਾ ਹੈ—ਇਹ ਖੁਦ ਮੈਂ ਹਾਂ, ਤੀਹ ਸਾਲ ਪਹਿਲਾਂ ਦਾ। ਮੈਂ ਪੱਥਰ ਉਤੇ ਬੈਠਾ ਹਾਂ, ਭੇਡਾਂ ਦੇ ਇੱਜੜ ਉਤੇ ਨਜ਼ਰ ਰੱਖ ਰਿਹਾ। ਮੇਰੇ ਸਿਰ ਉਤੇ ਫਟਿਆ ਜਿਹਾ ਜੱਤ ਦਾ ਟੋਪ ਹੈ, ਹੱਥਾਂ ਵਿਚ ਲੰਮੀਂ ਸਾਰੀ ਡਾਂਗ ਤੇ ਪੈਰਾਂ ਉਤੇ ਧੂੜ।
ਮੇਰੀ ਨਜ਼ਰੇ ਇਕ ਪਹਿਆ ਪੈਂਦਾ ਹੈ ਤੇ ਇਸ ਉਤੇ ਉਹੀ ਧੁੰਦਲਾ ਜਿਹਾ ਆਕਾਰ ਦਿਸਦਾ ਹੈ—ਇਹ ਮੈਂ ਹਾਂ, ਤੀਹ ਸਾਲ ਪਹਿਲਾਂ । ਮੈਂ ਨਾਲ ਲਗਦੀ ਆਊਲ ਵੱਲ ਜਾ ਰਿਹਾ ਹਾਂ, ਸ਼ਾਇਦ ਪਿਤਾ ਜੀ ਦਾ ਕੋਈ ਕੰਮ ਕਰਨ।
ਹਰ ਕਦਮ ਉਤੇ ਮੇਰਾ ਆਪਣੇ ਆਪ ਨਾਲ, ਆਪਣੇ ਬਚਪਨ ਦੇ ਸਾਲਾਂ ਨਾਲ, ਉਹਨਾਂ ਦੀਆਂ ਝੜੀਆਂ, ਉਹਨਾਂ ਦੇ ਫੁੱਲਾਂ ਤੇ ਪਤਝੜ ਨੂੰ ਡਿੱਗਦੇ ਪੱਤਿਆਂ ਨਾਲ ਮਿਲਾਪ ਹੁੰਦਾ ਹੈ।
ਮੈਂ ਕਪੜੇ ਲਾਹ ਮਾਰਦਾ ਹਾਂ ਤੇ ਝਰਨੇ ਦੇ ਲਿਸ਼ਕਾਂ ਮਾਰਦੇ ਪਾਣੀ ਹੇਠ ਜਾ ਖੜੋਂਦਾ ਹਾਂ। ਚਟਾਨ ਤੋਂ ਡਿਗਦੀ ਇਸਦੀ ਧਾਰ ਅੱਠ ਝਰੀਆਂ ਵਿਚ ਵੰਡੀ ਜਾਂਦੀ ਹੈ, ਜਿਹੜੀਆਂ ਫਿਰ ਮੁੜ ਮੁੜ ਇਕ ਦੂਜੀ ਨਾਲ ਮਿਲਦੀਆਂ ਜਾਂਦੀਆਂ ਨੇ, ਜਦ ਤੱਕ ਕਿ ਇਹ ਮੇਰੇ ਮੋਢਿਆਂ ਉਤੇ, ਮੇਰੀਆਂ ਬਾਹਾਂ, ਮੇਰੇ ਸਿਰ ਉਤੇ ਨਹੀਂ ਆ ਵਜਦੀ। ਮੇਰੇ ਠੰਡੇ ਝਰਨੇ ਦੇ ਮੁਕਾਬਲੇ ਉਤੇ ਪੈਰਿਸ ਦੇ “ਪੈਲੇਸ ਰਾਇਲ” ਹੋਟਲ ਦੇ ਫੁਹਾਰੇ ਹੇਠ ਅਸ਼ਨਾਨ ਇਕ ਪਲਾਸਟਿਕ ਦਾ ਖਿਡੌਣਾ ਹੈ।
ਪਹਾੜੀ ਨਦੀ ਤੋਂ ਲਾਂਭੇ ਡਿਗਦੇ ਤੁਪਕਾ ਤੁਪਕਾ ਪਾਣੀ ਨਾਲ ਪੱਥਰਾਂ ਦੇ ਵਿਚਕਾਰ ਇਕ ਗਰਮ ਪਾਣੀ ਦਾ ਟੋਭਾ ਜਿਹਾ ਬਣ ਗਿਆ ਹੈ। ਮੇਰੇ ਪਹਾੜੀ ਅਸ਼ਨਾਨ-ਸਥਾਨ ਦੇ ਮੁਕਾਬਲੇ ਉਤੇ ਲੰਡਨ ਦੇ ਮੀਟਰੋਪੋਲ ਹੋਟਲ ਦਾ ਨੀਲੀ ਭਾਹ ਮਾਰਦਾ ਨਹਾਉਣ ਵਾਲਾ ਟੱਬ ਸਿਰਫ ਇਕ ਹੱਥ ਧੋਣ ਵਾਲੇ ਬੇਸਿਨ ਵਾਂਗ ਹੈ।
ਬੇਸ਼ਕ ਮੈਂ ਵਡੇ ਵਡੇ ਸ਼ਹਿਰਾਂ ਵਿਚ ਘੁੰਮਣ-ਫਿਰਨ ਦਾ ਸ਼ੁਕੀਨ ਹਾਂ, ਪਰ ਪੰਜ ਜਾਂ ਛੇ ਲੰਮੀਆਂ ਸੈਰਾਂ ਤੋਂ ਪਿਛੋਂ, ਸ਼ਹਿਰ ਜਾਣਿਆ-ਪਛਾਣਿਆ ਲੱਗਣ ਲੱਗ ਪੈਂਦਾ ਹੈ, ਤੇ ਸੈਰ ਕਰਨਾ ਜਾਰੀ ਰੱਖਣ ਦੀ ਸਾਰੀ ਇੱਛਾ ਮਾਂਦ ਪੈ ਜਾਂਦੀ ਹੈ।
ਪਰ ਇਥੇ ਮੈਂ ਆਪਣੀ ਆਊਲ ਦੀਆਂ ਨਿੱਕੀਆਂ ਨਿੱਕੀਆਂ ਗਲੀਆਂ ਨੂੰ ਹਜ਼ਾਰਵੀਂ ਵਾਰ ਕੱਛ ਰਿਹਾ ਹਾਂ, ਪਰ ਸੰਤੁਸ਼ਟ ਅਜੇ ਵੀ ਨਹੀਂ ਹੋਇਆ, ਉਹਨਾਂ ਨੂੰ ਕੱਛਣ ਦੀ ਇੱਛਾ ਮਾਂਦ ਨਹੀਂ ਪਈ।
ਇਸ ਵਾਰੀ ਮੈਂ ਹਰ ਘਰ ਵਿਚ ਗਿਆ। ਹਰ ਚੁੱਲ੍ਹੇ ਅੱਗੇ, ਭਾਵੇਂ ਉਸ ਵਿਚ ਅੱਗ ਬਲ ਰਹੀ ਸੀ, ਜਾਂ ਭੁੱਬਲ ਅਜੇ ਵੀ ਮਘ ਰਹੀ ਸੀ, ਤੇ ਭਾਵੇਂ ਸਵਾਹ ਠੰਡੀ ਸੀਤ ਹੋ ਚੁੱਕੀ ਸੀ, ਮੈਂ ਆਪਣਾ ਸਿਰ ਝੁਕਾਇਆ, ਜਿਹੜਾ ਖੁਦ ਸਮੇਂ ਦੀ ਠੰਡੀ ਚਿੱਟੀ ਧੂੜ ਨਾਲ ਕੱਜਿਆ ਪਿਆ ਸੀ ।
ਮੈਂ ਪੰਘੂੜਿਆਂ ਦੇ ਕੋਲ ਖੜੋਤਾ ਜਿਨ੍ਹਾਂ ਵਿਚ ਭਵਿਖ ਦੇ ਪਹਾੜੀ ਔਰਤਾਂ ਮਰਦ ਹਵਾਂ-ਹਵਾਂ ਕਰ ਰਹੇ ਸਨ, ਕੁਝ ਹੋਰਨਾਂ ਕੋਲ ਜਾ ਖੜੋਤਾ ਜਿਹੜੇ ਖਾਲੀ ਸਨ ਪਰ ਅਜੇ ਨਿੱਘੇ ਸਨ, ਤੇ ਕੁਝ ਹੋਰਨਾਂ ਕੋਲ ਜਿਨ੍ਹਾਂ ਵਿਚਲੇ ਕੰਬਲ ਤੇ ਸਿਰਹਾਣੇ ਕਦੇ ਦੇ ਠੰਡੇ ਹੋ ਚੁੱਕੇ ਸਨ। ਹਰ ਪੰਘੂੜੇ ਕੋਲ ਮੈਨੂੰ ਇੰਝ ਲੱਗਾ ਜਿਵੇਂ ਮੈਂ ਖੁਦ ਉਥੇ ਪਿਆ ਹੋਵਾਂ ਤੇ ਜ਼ਿੰਦਗੀ ਦੀ ਹਰ ਸ਼ੈਅ ਅਜੇ ਮੇਰੇ ਅੱਗੇ ਆਉਣੀ ਹੈ : ਪਹਾੜੀ ਰਾਹ, ਰੂਸ ਦੀਆਂ ਚੌੜੀਆਂ ਸੜਕਾਂ, ਤੇ ਦੂਰ-ਦੁਰਾਡੇ ਦੇ ਦੇਸਾਂ ਦੀਆਂ ਜਰਨੈਲੀ ਸੜਕਾਂ ਤੇ ਹਵਾਈ ਅੱਡੇ।
ਮੈਂ ਬਾਲਾਂ ਉਪਰ ਝੁਕ ਕੇ ਗੀਤ ਗੁਣਗੁਣਾਏ, ਉਹਨਾਂ ਨੂੰ ਲੋਰੀਆਂ ਸੁਣਾਈਆਂ, ਜਦ ਤੱਕ ਕਿ ਉਹ ਮੇਰੇ ਸਾਦੇ ਜਿਹੇ ਗੀਤ ਸੁਣਦੇ ਸੁਣਦੇ ਸੌਂ ਨਾ ਗਏ। ਮੈਂ ਤਸਾਦਾ ਦੇ ਕਬਰਿਸਤਾਨ ਵਿਚ ਵੀ ਘੁੰਮਦਾ ਰਿਹਾ ਜਿਥੇ ਪੁਰਾਣੀਆਂ ਘਾਹ-ਕੱਜੀਆਂ ਕਬਰਾਂ ਦੇ ਵਿਚ ਵਿਚ ਸੱਜਰੀਆਂ ਕਬਰਾਂ ਵੀ ਮਿਲੀਆਂ ਹੋਈਆਂ ਹਨ, ਜਿਨ੍ਹਾਂ ਤੋਂ ਅਜੇ ਹੁਣੇ ਹੁਣੇ ਉਲਟਾਈ ਮਿੱਟੀ ਦੀ ਵਾਸ਼ਨਾ ਆ ਰਹੀ ਸੀ।
ਮੈਂ ਉਹਨਾਂ ਘਰਾਂ ਵਿਚ ਮੋਨ ਬੈਠਾ ਰਿਹਾ, ਜਿਨ੍ਹਾਂ ਵਿਚ ਕਿਰਿਆ-ਕ੍ਰਮ ਹੋ ਰਹੇ ਸਨ, ਤੇ ਵਿਆਹਾਂ-ਸ਼ਾਦੀਆਂ ਉਤੇ ਮੈਂ ਖੁਸ਼ੀ ਖੁਸ਼ੀ ਭੰਗੜੇ ਪਾਏ। ਮੈਂ ਕਈ ਵਿਥਿਆਵਾਂ ਤੇ ਕਹਾਣੀਆਂ ਸੁਣੀਆਂ ਜੋ ਪਹਿਲਾਂ ਕਦੀ ਨਹੀਂ ਸਨ ਸੁਣੀਆਂ; ਬੜਾ ਕੁਝ, ਜੋ ਮੈਨੂੰ ਪਤਾ ਸੀ ਪਰ ਭੁੱਲ ਚੁੱਕਾ ਸੀ, ਮੁੜ ਪਰਤ ਆਇਆ, ਚੇਤੇ ਦੀਆਂ ਬੇ- ਤਲ ਤੇ ਹਨੇਰੀਆਂ ਡੂੰਘਾਣਾਂ ਤੋਂ ਸਤਹ ਉਪਰ ਨਿੱਤਰ ਆਇਆ।
ਨਵੇਂ ਨੂੰ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ, ਪੁਰਾਣੇ ਬਾਰੇ ਮੈਂ ਸੁਣਿਆ, ਤੇ ਯਾਦਾਂ ਵਿਚ ਲਹਿ ਗਿਆ, ਤੇ ਮੇਰੀਆਂ ਸੋਚਾਂ ਰੰਗ-ਬਰੰਗੀਆਂ ਤੰਦਾਂ ਵਾਂਗ ਸਨ ਜਿਹੜੀਆਂ ਤੱਕਲੇ ਦੁਆਲੇ ਵਲੀਆਂ ਹੋਣ। ਆਪਣੇ ਹੀ ਮਨ ਵਿਚ ਮੈਂ ਉਸ ਬਹੁਰੰਗੇ ਕਾਲੀਨ ਨੂੰ ਚਿਤਰਿਆ, ਜਿਹੜਾ ਇਹਨਾਂ ਤੰਦਾਂ ਨਾਲ ਉਣਿਆ ਜਾ ਸਕਦਾ ਹੈ।
ਅਜੇ ਕੱਲ ਹੀ ਤਾਂ ਬਾਲ-ਦੋਸਤਾਂ ਦੇ ਨਾਲ ਰਲ ਕੇ, ਰੌਲਾ ਪਾਉਂਦੇ, ਪੰਛੀਆਂ ਦੇ ਸਾਂ ਆਲ੍ਹਣੇ ਢਾਹੁੰਦੇ । ਫਿਰ ਇਕਦਮ ਹੀ ਚੜ੍ਹੀ ਜਵਾਨੀ, ਆਈ ਮੁਹੱਬਤ, ਨੀਲ-ਕਮਲ ਦੋ ਨੈਨ ਤੱਕੇ, ਪਾਣੀ ਭਰਵਾਉਂਦੇ।
ਅਜੇ ਕੱਲ ਹੀ ਤਾਂ ਸੋਚ ਰਿਹਾ ਸਾਂ, ਮੈਂ ਹੋਇਆ ਹਾਂ, ਰਹਿੰਦੇ ਦਿਨਾਂ ਤੱਕ ਗਹਿਰ-ਗੰਭੀਰ, ਅਡੋਲ, ਸਿਆਣਾ। ਆਈ ਮੁਹੱਬਤ, ਤੇ ਐਵੇਂ ਤੱਕ ਕੇ ਮੁਸਕਾਈ, ਤੇ ਮੈਂ ਉਸਦੇ ਸਾਹਵੇਂ ਬਣ ਗਿਆ ਫੇਰ ਨਿਆਣਾ।
ਹਾਂ, ਮੇਰੇ ਕੋਲ ਪਿਆਰ ਦੀ ਅਧੂਰੀ ਕਵਿਤਾ ਪਈ ਹੈ। ਗੱਭਰੂ ਤੇ ਮੁਟਿਆਰ । ਮੈਂ ਉਹ ਗੱਭਰੂ ਹਾਂ; ਮੁਖ ਨਾਇਕਾ ਮੇਰੀ ਪ੍ਰੀਤਮਾ ਹੈ। ਮੈਨੂੰ ਟਿਕ ਕੇ ਕਵਿਤਾ ਪੂਰੀ ਕਰਨੀ ਚਾਹੀਦੀ ਹੈ, ਪਰ ਮੈਨੂੰ ਮਹਿਸੂਸ ਹੁੰਦਾ ਹੈ, ਜਿਵੇਂ ਮੈਨੂੰ ਹੁਣੇ ਤ੍ਰਾਹ ਕੱਢਣ ਵਾਲੀ ਤਾਰ ਮਿਲੀ ਹੈ ਤੇ ਮੈਨੂੰ ਸਾਰਾ ਕੁਝ ਛੱਡ ਕੇ ਹਵਾਈ ਅੱਡੇ ਲਈ ਤੁਰ ਪੈਣਾ ਚਾਹੀਦਾ ਹੈ।
ਜਾਂ ਇੰਝ ਵੀ ਵਾਪਰ ਸਕਦਾ ਹੈ, ਜਦੋਂ ਕੋਈ ਪਹਾੜੀ ਔਰਤ ਤੜਕਸਾਰ ਚੁੱਲ੍ਹੇ ਵਿਚ ਅੱਗ ਬਾਲ ਰਹੀ ਹੈ। ਉਹ ਕੱਲ ਦੇ ਬਚੇ ਖਾਣੇ ਨੂੰ ਗਰਮ ਕਰਨ ਹੀ ਵਾਲੀ ਹੈ, ਜਿਹੜਾ ਸਾਰੇ ਪਰਵਾਰ ਲਈ ਕਾਫੀ ਹੋਵੇਗਾ। ਪਰ ਅਚਨਚੇਤ, ਬਰੂਹਾਂ ਉਤੇ ਕੋਈ ਪਰਾਹੁਣਾ ਦਿਸਦਾ ਹੈ, ਤੇ ਕੱਲ ਦੇ ਖਾਣੇ ਵਾਲੀ ਕਾੜ੍ਹਨੀ ਲਾਂਭੇ ਰਖ ਦੇਣੀ ਤੇ ਸੱਜਰਾ ਖਾਣਾ ਤਿਆਰ ਕਰਨਾ ਜ਼ਰੂਰੀ ਹੋ ਜਾਂਦਾ ਹੈ।
ਜਾਂ ਇੰਝ ਵੀ ਵਾਪਰ ਸਕਦਾ ਹੈ, ਕਿਸੇ ਵਿਆਹ ਉਤੇ ਨੌਜਵਾਨ ਆਪਣੇ ਦੋਸਤ ਤੇ ਸਾਥੀ ਲਾੜੇ ਦੇ ਆਸ ਪਾਸ ਬੈਠੇ ਹਨ, ਪਰ ਅਚਾਨਕ ਉਹਨਾਂ ਨੂੰ ਉੱਠਣਾ ਪੈਂਦਾ ਤੇ ਆਪਣੀਆਂ ਥਾਵਾਂ ਛੱਡਣੀਆਂ ਪੈਂਦੀਆਂ ਹਨ, ਕਿਉਂਕਿ ਉਹਨਾਂ ਦੇ ਵਡੇਰੇ ਕਮਰੇ ਵਿਚ ਆ ਗਏ ਹਨ।
ਜਾਂ ਇੰਝ ਵੀ ਵਾਪਰ ਸਕਦਾ ਹੈ, ਕਿਸੇ ਦੀਵਾਨਖਾਨੇ ਵਿਚ ਬਜ਼ੁਰਗ ਸਭਾ ਲਾਈ ਬੈਠੇ ਹਨ, ਜਦ ਕਿ ਬੱਚੇ ਉਥੇ ਖੇਡ ਰਹੇ ਹਨ। ਅਚਾਨਕ ਬੱਚਿਆਂ ਨੂੰ ਕਮਰੇ ਵਿਚੋਂ ਬਾਹਰ ਭੇਜ ਦਿੱਤਾ ਜਾਂਦਾ ਹੈ ਕਿਉਂਕਿ ਵੱਡੇ ਕਿਸੇ ਮਹੱਤਵਪੂਰਨ ਮਸਲੇ ਬਾਰੇ ਵਿਚਾਰ ਕਰਨਾ ਚਾਹੁੰਦੇ ਹਨ।
ਮੈਨੂੰ ਕਦੀ ਕਦੀ ਲਗਦਾ ਹੈ ਕਿ ਮੈਂ ਇਕ ਸ਼ਿਕਾਰੀ ਵਾਂਗ, ਇਕ ਮਾਹੀਗੀਰ ਵਾਂਗ, ਜਾਂ ਇਕ ਘੋੜ-ਸਵਾਰ ਵਾਂਗ ਹਾਂ। ਮੈਂ ਵਿਚਾਰਾਂ ਦੀ ਸੂਹ ਵਿਚ ਰਹਿੰਦਾ ਹਾਂ, ਉਹਨਾਂ ਨੂੰ ਫੜਦਾ ਤੇ ਉਹਨਾਂ ਉਪਰ ਕਾਠੀ ਪਾਉਂਦਾ ਤੇ ਉਹਨਾਂ ਨੂੰ ਅੱਡੀ ਲਾਉਂਦਾ ਹਾਂ, ਤੇ ਉਪਰਲੇ ਤੋਂ ਉਲਟ, ਵਿਚਾਰ, ਸੋਚਾਂ ਤੇ ਭਾਵਨਾਵਾਂ ਮੇਰੀ ਤਲਾਸ਼ ਵਿਚ ਰਹਿੰਦੀਆਂ ਹਨ, ਮੈਨੂੰ ਫੜਦੀਆਂ ਹਨ, ਮੇਰੇ ਉਤੇ ਕਾਠੀ ਪਾਉਂਦੀਆਂ ਤੇ ਮੈਨੂੰ ਕਾਬੂ ਵਿਚ ਰੱਖਦੀਆਂ ਹਨ।
ਬੇਸ਼ਕ ਭਾਵਨਾਵਾਂ ਤੇ ਵਿਚਾਰ ਇੰਝ ਆਉਂਦੇ ਹਨ ਜਿਵੇਂ ਪਹਾੜਾਂ ਵਿਚ ਪਰਾਹੁਣੇ, ਬਿਨਾਂ ਬੁਲਾਏ ਤੇ ਬਿਨਾਂ ਪਤਾ ਦਿੱਤੇ। ਪਰਾਹੁਣੇ ਵਾਂਗ ਹੀ, ਤੁਸੀਂ ਉਹਨਾਂ ਤੋਂ ਲੁਕ ਨਹੀਂ ਸਕਦੇ, ਨੱਠ ਨਹੀਂ ਸਕਦੇ।
ਸਾਡੇ ਲਈ, ਸਾਡੇ ਪਹਾੜੀ ਹਿੱਸਿਆਂ ਵਿਚ, ਪਰਾਹੁਣਿਆਂ ਦੀ ਮਹੱਤਵਪੂਰਨ ਤੇ ਮਹੱਤਵਹੀਣ ਵਿਚ, ਉੱਚੇ ਤੇ ਨੀਵੇਂ ਵਿਚ ਵੰਡ ਨਹੀਂ ਕੀਤੀ ਜਾਂਦੀ। ਸਭ ਤੋਂ ਵੱਧ ਵਿਲੱਖਣ ਪਰਾਹੁਣਾ ਸਾਡੇ ਲਈ ਸਿਰਫ ਇਸ ਲਈ ਮਹੱਤਵਪੂਰਨ ਹੈ ਕਿ ਉਹ ਪਰਾਹੁਣਾ ਹੈ। ਸਭ ਤੋਂ ਵੱਧ ਤੁਛ ਪਰਾਹੁਣੇ ਨੂੰ ਸਭ ਤੋਂ ਬਜ਼ੁਰਗ ਮੀਜ਼ਬਾਨਾਂ ਨਾਲੋਂ ਵਧੇਰੇ ਇੱਜ਼ਤ ਨਾਲ ਦੇਖਿਆ ਜਾਂਦਾ ਹੈ। ਇਹ ਪੁੱਛੇ ਬਿਨਾਂ ਕਿ ਉਹ ਕਿਹੜੇ ਇਲਾਕੇ ਵਿਚੋਂ ਆਇਆ ਹੈ, ਅਸੀਂ ਮਹਿਮਾਨ ਨੂੰ ਬਰੂਹਾਂ ਵਿਚ ਮਿਲਦੇ ਹਾਂ, ਉਸਨੂੰ ਅੱਗ ਦੇ ਨੇੜੇ ਸਨਮਾਨਿਤ ਥਾਂ ਉਤੇ ਲੈ ਜਾਂਦੇ ਹਾਂ, ਤੇ ਬੈਠਣ ਲਈ’ ਗਦੈਲੇ ਦੇਂਦੇ ਹਾਂ।
ਪਹਾੜਾਂ ਵਿਚ ਪਰਾਹੁਣਾ ਹਮੇਸ਼ਾ ਅਚਨਚੇਤ ਹੀ ਆਉਂਦਾ ਹੈ, ਪਰ ਉਹ ਕਦੀ ਵੀ ਹੈਰਾਨੀ ਵਿਚ ਨਹੀਂ ਪਾਉਂਦਾ, ਕਿਉਂਕਿ ਅਸੀਂ ਹਮੇਸ਼ਾ ਹੀ ਪਰਾਹੁਣਿਆਂ ਨੂੰ ਉਡੀਕਦੇ ਹਾਂ—ਕਿਸੇ ਵੀ ਦਿਨ, ਕਿਸੇ ਵੀ ਘੜੀ, ਕਿਸੇ ਵੀ ਪਲ।
ਇਸ ਪੁਸਤਕ ਦਾ ਵਿਚਾਰ ਮੈਨੂੰ ਇੰਝ ਆਇਆ ਹੈ ਜਿਵੇਂ ਪਹਾੜਾਂ ਵਿਚ ਪਰਾਹੁਣਾ ਆਉਂਦਾ ਹੈ।
ਜਾਂ ਇੰਝ ਵੀ ਵਾਪਰ ਸਕਦਾ ਹੈ, ਕਿ ਤੁਸੀਂ ਅਲਸਾਏ ਜਿਹੇ ਤਰੀਕੇ ਨਾਲ ਕੰਧ ਤੋਂ ਪਾਂਡੂਰ ਲਾਹੁੰਦੇ ਹੋ, ਕਿਉਂਕਿ ਤੁਹਾਡੇ ਕੋਲ ਕਰਨ ਲਈ ਹੋਰ ਕੁਝ ਚੰਗੇਰਾ ਨਹੀਂ, ਸਿਰਫ ਇਹ ਦੇਖਣ ਲਈ ਕਿ ਇਹ ਸੁਰ ਕੀਤਾ ਹੋਇਆ ਹੈ ਜਾਂ ਨਹੀਂ, ਤੇ ਇਸਨੂੰ ਟੁਣਕਾਉਣਾ ਸ਼ੁਰੂ ਕਰ ਦੇਂਦੇ ਹੋ, ਕਿ ਤੁਹਾਡੇ ਮਨ ਦੇ ਵਿਚ ਧੁਨ ਜਨਮ ਲੈ ਲੈਂਦੀ ਹੈ, ਸੁਰਾਂ ਲੈਅ ਵਿਚ ਵਹਿਣ ਲੱਗ ਪੈਂਦੀਆਂ ਹਨ ਤੇ ਤੁਸੀਂ ਗਾਉਣਾ ਸ਼ੁਰੂ ਕਰ ਦੇਂਦੇ ਹੋ, ਬਿਨਾਂ ਖਿਆਲ ਕੀਤਿਆਂ ਕਿ ਰਾਤ ਮੁੱਕਣ ਵਾਲੀ ਹੈ ਤੇ ਪਹੁ-ਫੁਟਾਲਾ ਹੋਣ ਵਾਲਾ ਹੈ।
ਜਾਂ ਇੰਝ ਵੀ ਵਾਪਰ ਸਕਦਾ ਹੈ, ਕਿ ਕੋਈ ਨੌਜਵਾਨ ਐਵੇਂ ਕੋਈ ਮਾੜਾ ਜਿਹਾ ਕੰਮ ਕਰਨ ਲਈ ਨਾਲ ਦੀ ਆਉਲ ਵਿਚ ਜਾਂਦਾ ਹੈ ਤੇ ਆਪਣੇ ਪਿੱਛੇ ਕਾਠੀ ਉਤੇ ਆਪਣੀ ਵਹੁਟੀ ਨੂੰ ਬਿਠਾਈ ਵਾਪਸ ਮੁੜਦਾ ਹੈ।
ਪਿਆਰੇ ਸੰਪਾਦਕ, ਮੈਂ ਤੁਹਾਡੀ ਚਿੱਠੀ ਵਿਚ ਕੀਤੀ ਗਈ ਬੇਨਤੀ ਨੂੰ ਪੂਰਾ ਕਰਾਂਗਾ। ਮੈਂ ਜਲਦੀ ਹੀ ਦਾਗਿਸਤਾਨ ਬਾਰੇ ਕਿਤਾਬ ਸ਼ੁਰੂ ਕਰਾਂਗਾ । ਪਰ ਮੈਨੂੰ ਮੁਆਫ ਕਰ ਦੇਣਾ ਜੇ ਮੈਂ ਤੁਹਾਡੇ ਵੱਲੋਂ ਮਿਥੇ ਸਮੇਂ ਦੇ ਵਿਚ ਵਿਚ ਇਹ ਪੂਰੀ ਨਾ ਕਰ ਸਕਾਂ। ਮੇਰੇ ਗਾਹੁਣ ਲਈ ਬਹੁਤ ਪਗਡੰਡੀਆਂ ਪਈਆਂ ਨੇ, ਤੇ ਸਾਡੇ ਪਹਾੜਾਂ ਦੀਆਂ ਪਗਡੰਡੀਆਂ ਬੜੀਆਂ ਮੁਸ਼ਕਲ ਤੇ ਢਲਾਣ ਵਾਲੀਆਂ ਹਨ।
ਮੇਰੇ ਪਹਾੜ ਦੂਰ ਰਹੱਸਮਈ ਢੰਗ ਨਾਲ ਲਿਸ਼ਕਦੇ ਹਨ, ਕਿੰਨੇ ਸਾਰੇ ਅਣਘੜੇ ਹੀਰਿਆਂ ਵਾਂਗ। ਮੇਰੀ ਘੋੜੀ ਨੂੰ ਵਿਸ਼ਾਲ ਚੁੜੱਤਣਾਂ ਦੀ ਲੋੜ ਹੈ, ਤੇ ਇਹ ਉਸ ਤੰਗ ਖੱਡ ਵਿਚ ਨਹੀਂ ਦੁੜਕੀ ਲਾਉਣਾ ਚਾਹੁੰਦੀ, ਜਿਸ ਵੱਲ ਤੁਸੀਂ ਇਸ਼ਾਰਾ ਕੀਤਾ ਹੈ।
ਮੈਂ ਤੁਹਾਡੇ ਦੱਸੇ ਨੌਂ ਜਾਂ ਦੱਸ ਸਫਿਆਂ ਵਿਚ ਵੀ ਆਪਣੇ ਦਾਗਿਸਤਾਨ ਨੂੰ ਨਹੀਂ ਲਪੇਟ ਸਕਦਾ। ਨਾ ਹੀ ਮੈਂ “ਪ੍ਰਾਪਤੀਆਂ, ਚੰਗੇ ਕੰਮਾਂ, ਤੇ ਨਿੱਤਾ-ਪ੍ਰਤਿ ਕਿਰਤ ਬਾਰੇ”, “ਸਾਧਾਰਨ ਮਜ਼ਦੂਰ ਮਰਦਾਂ, ਔਰਤਾਂ, ਉਹਨਾਂ ਦੇ ਮਾਅਰਕਿਆਂ ਤੇ ਉਹਨਾਂ ਦੀਆਂ ਆਸ਼ਾਵਾਂ ਬਾਰੇ”, ਤੇ “ਆਪਣੀ ਪਹਾੜੀ ਸਰਜ਼ਮੀਨ ਦੀ ‘ਭਲਕ’, ਇਸਦੀਆਂ ਯੁਗਾਂ ਪੁਰਾਣੀਆਂ ਪ੍ਰੰਪਰਾਵਾਂ, ਤੇ ਜ਼ਿਆਦਾ ਇਸਦੇ ਸ਼ਾਨਦਾਰ ‘ਅੱਜ’ ਬਾਰੇ ਵੀ ਦਸਦਾ” ਕੁਝ ਲਿਖਣ ਦੇ ਸਮਰੱਥ ਹੋ ਸਕਾਂਗਾ।
ਮੇਰੀ ਕਮਜ਼ੋਰ ਕਲਮ ਏਨਾਂ ਬੋਝ ਨਹੀਂ ਉਠਾ ਸਕਦੀ। ਇਸਦੀ ਨਿੱਬ ਉਪਰਲਾ ਸਿਆਹੀ ਦਾ ਇਕ ਤੁਪਕਾ ਵੱਡੇ ਵੱਡੇ ਸਹਿਜ ਚਾਲ ਚਲਦੇ ਦਰਿਆਵਾਂ ਤੇ ਰੀਲੇ ਪਹਾੜੀ ਝਰਨਿਆਂ ਨੂੰ, ਦੁਨੀਆਂ ਦੀ ਕਿਸਮਤ ਤੇ ਇਕ ਮਨੁੱਖ ਦੀ ਹੋਣੀ ਨੂੰ ਨਹੀਂ ਸਮਾ ਸਕਦਾ।
ਵੱਡੇ ਪੰਛੀ ਵਿਚ ਬਹੁਤ ਖੂਨ ਹੁੰਦਾ ਹੈ, ਛੋਟੇ ਪੰਛੀ ਵਿਚ ਥੋਹੜਾ ਖੂਨ ਹੁੰਦਾ ਹੈ। ਖੂਨ ਦੀ ਮਾਤਰਾ ਪੰਛੀ ਉਤੇ ਨਿਰਭਰ ਕਰਦੀ ਹੈ।
ਕਹਾਵਤ ਹੈ : ਫਲ ਦੀ ਗਿਟਕ ਇਕ ਵਾਰੀ ਸੁੱਟ ਦਿੱਤੀ ਗਈ। ਇਹ ਹਿਰਨ ਦੇ ਸਿਰ ਉਤੇ ਜਾ ਡਿੱਗੀ, ਜਿਸ ਤੋਂ ਅਤਿ ਸੁਹਣੇ ਸ਼ਾਖਾਂ ਵਾਲੇ ਸਿੰਗ ਉਗ ਖੜੋਤੇ।
ਕਹਾਵਤ ਹੈ : ਜੇ ਦੁਨੀਆਂ ਵਿਚ ਕੋਈ ਅਲੀ ਨਾ ਹੁੰਦਾ ਤਾਂ ਕੋਈ ਉਮਰ ਵੀ ਪੈਦਾ ਨਾ ਹੁੰਦਾ। ਜੇ ਰਾਤ ਨਾ ਹੁੰਦੀ ਤਾਂ ਸਵੇਰ ਦੇ ਚੜ੍ਹਣ ਲਈ ਕੋਈ ਥਾਂ ਨਾ ਹੁੰਦੀ।
ਕਹਾਵਤ ਹੈ :
“ਉਕਾਬ! ਤੂੰ ਕਿਥੇ ਜੰਮਿਆ ਸੈਂ ?”
“ਤੰਗ ਗੁਫਾ ਵਿਚ।”
“ਉਕਾਬ! ਤੂੰ ਕਿਧਰ ਨੂੰ ਉਡਦਾ ਜਾ ਰਿਹੈ ?”
“ਵਿਸ਼ਾਲ ਆਕਾਸ਼ ਵੱਲ।”
ਇਸ ਕਿਤਾਬ ਦੇ ਭਾਵ ਤੇ ਇਸਦੇ ਨਾਂ ਬਾਰੇ
ਦਿਨ-ਦਿਹਾਰ ਨੂੰ ਦੇਂਦਾ ਹੈ ਇਹ ਖੁਸ਼ੀਆਂ ਦਾ ਸੰਦੇਸ਼, ਕਦੀ ਇਹਦੀ ਟੁਣਕਾਰ ਸੁਝਾਵੇ ਬਿਪਤਾ ਅਤੇ ਕਲੇਸ਼।
(ਘੜਿਆਲ ਉਤੇ ਉੱਕਰੇ ਸ਼ਬਦ)
ਸੂਰਬੀਰ ਸੀ ਪਿਤਾ, ਸਤਯਵਾਨ ਸੀ ਪਿਤਾ ਸਦਾ ਰਿਹਾ। ਨਾਮ ਓਸਦਾ ਸੰਭਾਲੀ, ਏਥੇ ਸੌਂ ਰਿਹਾ ਏ ਬਾਲ ਨਿੱਕਾ ਜਿਹਾ। ਵੱਡਾ ਹੋ ਕੇ ਓਸਦਾ ਖੰਜਰ ਇਹ ਗਲ ਵਿਚ ਪਾਇਗਾ, ਲਾਜ ਉਸਦੇ ਨਾਮ ਨੂੰ ਨਹੀਂ ਇਹ ਕਦੀ ਵੀ ਲਾਇਗਾ।
(ਪੰਘੂੜੇ ਉਤੇ ਉੱਕਰੇ ਸ਼ਬਦ)
ਪਹਾੜਾਂ ਵਿਚ ਰਹਿਣ ਵਾਲੇ ਲਈ ਦੋ ਚੀਜ਼ਾਂ ਪਿਆਰੀਆਂ ਹੋਣੀਆਂ ਚਾਹੀਦੀਆਂ ਹਨ-ਆਪਣਾ ਪਾਪਾਖਾ* ਤੇ ਆਪਣਾ ਨਾਂ। ਸਿਰਫ ਉਹ ਬੰਦਾ ਹੀ ਜਿਸਦਾ ਆਪਣੇ ਪਾਪਾਖਾ ਹੇਠਾਂ ਸਿਰ ਹੈ, ਇਸ ਟੋਪ ਨੂੰ ਪਾ ਕੇ ਰਖ ਸਕੇਗਾ; ਸਿਰਫ ਉਹ ਬੰਦਾ ਹੀ, ਜਿਸਦੇ ਦਿਲ ਵਿਚ ਅੱਗ ਹੈ, ਆਪਣੇ ਨਾਂ ਨੂੰ ਪਾਕ-ਪਵਿੱਤਰ ਰਖ ਸਕੇਗਾ।
ਸਾਡੀਆਂ ਸਕਲੀਆ ਦੀ ਚਾਰ ਦੀਵਾਰੀ ਦੇ ਉਪਰਲੀ ਛੱਤ ਗੋਲੀਆਂ ਦੇ ਕਈ ਨਿਸ਼ਾਨਾਂ ਨਾਲ ਭਰੀ ਹੋਈ ਹੈ। ਮੇਰੇ ਪਿਤਾ ਜੀ ਦੇ ਦੋਸਤ ਆਪਣੀਆਂ ਪਿਸਤੌਲਾਂ ਵਿਚੋਂ ਛੱਤ ਉਤੇ ਗੋਲੀਆਂ ਚਲਾਉਂਦੇ, ਤਾਂ ਕਿ ਆਸ ਪਾਸ ਦੇ ਪਹਾੜਾਂ ਵਿਚ ਦੂਰ ਉਪਰ ਆਪਣੇ ਆਲ੍ਹਣਿਆਂ ਵਿਚ ਬੈਠੇ ਉਕਾਬਾਂ ਨੂੰ ਪਤਾ ਲੱਗ ਜਾਏ ਕਿ ਉਹਨਾਂ ਦਾ ਭਰਾ ਪੈਦਾ ਹੋਇਆ ਹੈ, ਕਿ ਦਾਗਿਸਤਾਨ ਵਿਚ ਇਕ ਹੋਰ ਉਕਾਬ ਪੈਦਾ ਹੋ ਗਿਆ ਹੈ।
ਬੇਸ਼ਕ, ਗੋਲੀ ਚਲਾਉਣਾ ਪੁੱਤਰ ਪੈਦਾ ਨਹੀਂ ਕਰੇਗਾ, ਪਰ ਪੁੱਤਰ ਦਾ ਜਨਮ ਮਨਾਉਣ ਲਈ ਗੋਲੀ ਲੱਭਣੀ ਹਮੇਸ਼ਾ ਲਾਜ਼ਮੀ ਹੈ।
ਮੇਰੇ ਪਿਤਾ ਜੀ ਦੇ ਇਕ ਦੋਸਤ ਨੇ ਮੇਰੇ ਸਨਮਾਨ ਵਿਚ ਦੋ ਗੋਲੀਆਂ ਚਲਾਈਆਂ—ਛੱਤ ਵਿਚ, ਜਦੋਂ ਮੈਂ ਜਨਮਿਆਂ ਤੇ ਫਰਸ਼ ਉਤੇ, ਜਦੋਂ ਮੇਰਾ ਨਾਂ ਰਖਿਆ ਗਿਆ।
ਮਾਂ ਨੇ ਮੈਨੂੰ ਦਸਿਆ ਕਿ ਮੇਰਾ ਨਾਂ ਕਿਸ ਤਰ੍ਹਾਂ ਰਖਿਆ ਗਿਆ ਸੀ। ਮੈਂ ਆਪਣੇ ਪ੍ਰਵਾਰ ਵਿਚ ਤੀਜਾ ਬੇਟਾ ਸਾਂ। ਇਕ ਕੁੜੀ ਵੀ ਸੀ, ਮੇਰੀ ਭੈਣ, ਪਰ ਅਸੀਂ ਮਰਦਾਂ ਦੀ ਗੱਲ ਕਰ ਰਹੇ ਹਾਂ, ਬੇਟਿਆਂ ਦੀ।
ਪਹਿਲੇ ਬੇਟੇ ਦੇ ਨਾਂ ਦਾ ਉਸਦੇ ਜਨਮ ਤੋਂ ਵੀ ਬਹੁਤ ਪਹਿਲਾਂ ਪਤਾ ਸੀ, ਕਿਉਂਕਿ ਰੀਤ ਅਨੁਸਾਰ, ਉਸਨੂੰ ਆਪਣੇ ਸਵਰਗਵਾਸੀ ਬਾਬੇ ਦਾ ਨਾਂ ਦਿੱਤਾ ਜਾਂਦਾ ਹੈ। ਆਉਲ ਦੇ ਹਰ ਵਾਸੀ ਨੂੰ ਇਹ ਯਾਦ ਸੀ, ਤੇ ਸਾਰੇ ਕਹਿੰਦੇ ਸਨ ਕਿ ਹਮਜ਼ਾਤ ਪ੍ਰਵਾਰ ਵਿਚ ਜਲਦੀ ਹੀ ਇਕ ਹੋਰ ਮੁਹੰਮਦ ਪੈਦਾ ਹੋਵੇਗਾ।
ਮੇਰੇ ਬਾਬੇ ਦੇ ਵਿਹੜੇ ਵਿਚ ਕਦੀ ਕੋਈ ਚੌਪਾਯਾ ਜਾਨਵਰ ਨਹੀਂ ਸੀ ਵੜਿਆ, ਸਿਵਾਏ ਸ਼ਾਇਦ ਕੁੱਤਿਆਂ ਜਾਂ ਬਿੱਲੀਆਂ ਦੇ । ਉਹ ਸ਼ਾਇਦ ਹੀ ਹੈ ਕਦੀ ਕੰਬਲ ਹੇਠ ਸੁੱਤਾ ਹੋਵੇ, ਹੇਠਾਂ ਪਾਉਣ ਵਾਲੇ ਕੱਪੜਿਆਂ ਦਾ ਤਾਂ ਉਸਨੂੰ ਮਤਲਬ ਹੀ ਨਹੀਂ ਸੀ ਪਤਾ। ਦੁਨੀਆਂ ਵਿਚ ਕੋਈ ਵੀ ਡਾਕਟਰ ਇਸ ਗੱਲ ਦੀ ਫੜ੍ਹ ਨਹੀਂ ਸੀ ਮਾਰ ਸਕਦਾ ਕਿ ਉਸਨੇ ਕਦੀ ਉਸਦੇ ਦੰਦ ਦੇਖੇ ਹੋਣ, ਉਸਦੀ ਨਬਜ਼ ਦੇਖੀ ਹੋਵੇ, ਉਸਨੂੰ ਡੂੰਘੇ ਸਾਹ ਜਾਂ ਹੌਲੀ ਹੌਲੀ ਸਾਹ ਲੈਣ ਲਈ ਕਿਹਾ ਹੋਵੇ, ਜਾਂ ਆਮ ਕਰਕੇ ਉਸਦੇ ਸ਼ਰੀਰ ਦਾ ਮੁਆਇਨਾ ਕੀਤਾ ਹੋਵੇ। ਨਾ ਹੀ ਆਉਲ ਵਿਚ ਕਿਸੇ ਨੂੰ ਉਸਦੇ ਜੰਮਣ ਮਰਨ ਦੀਆਂ ਤਰੀਕਾਂ ਦਾ ਹੀ ਠੀਕ ਠੀਕ ਪਤਾ ਸੀ। ਜੇ ਪਿਤਾ ਜੀ ਦਾ ਨਾਂ ਮਲੀਨ ਕਰਨ ਲਈ ਲਿਖੇ ਗਏ ਬਿਆਨ ਉਤੇ ਯਕੀਨ ਕੀਤਾ ਜਾ ਸਕਦਾ ਹੋਵੇ ਤਾਂ ਬਾਬੇ ਮੁਹੰਮਦ ਨੂੰ ਕੁਝ ਅਰਬੀ ਵੀ ਆਉਂਦੀ ਸੀ। ਮੇਰੇ ਪਿਤਾ ਜੀ ਨੇ ਆਪਣੇ ਪਹਿਲੇ ਬੱਚੇ ਨੂੰ ਮੇਰੇ, ਸਭ ਤੋਂ ਵੱਡੇ ਭਰਾ ਨੂੰ, ਉਸਦਾ ਨਾਂ ਦਿੱਤਾ ਸੀ।
ਪਿਤਾ ਜੀ ਦਾ ਇਕ ਚਾਚਾ ਵੀ ਸੀ ਜਿਹੜਾ ਦੂਜੇ ਬੇਟੇ ਦੇ ਜਨਮ ਤੋਂ ਜ਼ਰਾ ਹੀ ਪਹਿਲਾਂ ਚੱਲ ਵਸਿਆ ਸੀ। ਚਾਚੇ ਦਾ ਨਾਂ ਅਖੀਲਚੀ ਸੀ।
“ਸੋ ਇਕ ਹੋਰ ਅਖੀਲਚੀ ਪੈਦਾ ਹੋ ਗਿਆ ਹੈ,” ਆਉਲ ਦੇ ਵਾਸੀ ਖੁਸ਼ੀ ਨਾਲ ਕੂਕ ਉਠੇ, ਜਦੋਂ ਸਾਡੇ ਪ੍ਰਵਾਰ ਵਿਚ ਦੂਜਾ ਬੇਟਾ ਆਇਆ। “ਸਾਡਾ ਅਖੀਲਚੀ ਮੁੜ ਆਇਆ ਹੈ । ਸ਼ਾਲਾ, ਇਹ ਚੰਗਾ ਸ਼ਗਣ ਹੋਵੇ, ਨਾ ਕਿ ਬਦਕਿਸਮਤੀ ਦਾ ਚਿੰਨ੍ਹ, ਜੇ ਉਸਦੀ ਨਿਰਮਾਣ ਜਿਹੀ ਸਕਲੀਆ ਉਤੇ ਕੋਈ ਕਾਂ ਆ ਬੈਠਦਾ ਹੈ। ਸ਼ਾਲਾ, ਵੱਡਾ ਹੋ ਕੇ ਮੁੰਡੇ ਦਾ ਸੁਭਾਅ ਏਨਾਂ ਹੀ ਉੱਤਮ ਹੋਵੇ, ਜਿੰਨਾਂ ਉਸਦਾ ਸੀ ਜਿਸਦਾ ਉਸਨੂੰ ਹੁਣ ਨਾਂ ਦਿੱਤਾ ਗਿਆ ਹੈ।”
ਜਦੋਂ ਮੇਰੇ ਹੋਣ ਦਾ ਸਮਾਂ ਨੇੜੇ ਆਇਆ, ਤਾਂ ਪਿਤਾ ਜੀ ਕੋਲ ਰੱਖਣ ਲਈ ਹੋਰ ਕੋਈ ਨਾਂ ਨਹੀਂ ਸੀ, ਜਾਂ ਕੋਈ ਰਿਸ਼ਤੇਦਾਰ ਜਾਂ ਦੋਸਤ ਨਹੀਂ ਸਨ ਜਿਹੜੇ ਹੁਣੇ ਹੁਣੇ ਕਾਲਵੱਸ ਹੋਏ ਹੁੰਦੇ, ਜਾਂ ਬਦੇਸ਼ਾਂ ਵਿਚ ਗੁੰਮ ਹੋਏ ਹੁੰਦੇ, ਕੋਈ ਵੀ ਜਿਸਦਾ ਨਾਂ ਮੈਨੂੰ ਸਾਰੀ ਉਮਰ ਮਾਨ ਨਾਲ ਰੱਖਣ ਲਈ ਬਖਸ਼ਿਆ ਜਾ ਸਕਦਾ।
ਜਦੋਂ ਮੇਰਾ ਜਨਮ ਹੋਇਆ ਤਾਂ ਪਿਤਾ ਜੀ ਨੇ ਆਪਣੀ ਆਉਲ ਦੇ ਸਭ ਤੋਂ ਵਧ ਸਤਿਕਾਰ-ਯੋਗ ਲੋਕਾਂ ਨੂੰ ਨਾਮ-ਸੰਸਕਾਰ ਲਈ ਆਪਣੇ ਘਰ ਬੁਲਾਇਆ। ਉਹ ਸਕਲੀਆ ਵਿਚ ਇੰਝ ਗਹਿਰ-ਗੰਭੀਰ ਤੇ ਸਹਿਜ-ਸੁਭਾਅ ਆਣ ਬਿਰਾਜੇ ਜਿਵੇਂ ਉਹਨਾਂ ਸਾਮ੍ਹਣੇ ਸਾਰੇ ਦੇਸ ਦੀ ਹੋਣੀ ਦਾ ਫੈਸਲਾ ਕਰਨ ਦਾ ਕੰਮ ਰਖਿਆ ਗਿਆ ਹੋਵੇ। ਉਹਨਾਂ ਵਿਚੋਂ ਹਰ ਇਕ ਦੇ ਹੱਥ ਵਿਚ, ਸਾਡੇ ਬਲਹਾਰ ਘੁਮਾਰਾਂ ਦੀ ਕਿਰਤ, ਸ਼ਰਾਬ ਪੀਣ ਵਾਲਾ ਇਕ ਇਕ ਗੋਲ ਪਿਆਲਾ ਸੀ । ਬੇਸ਼ਕ, ਕੱਪ ਝੱਗ ਵਾਲੀ ਬੂਜ਼ਾ ਨਾਲ ਭਰੇ ਪਏ ਸਨ। ਸਿਰਫ ਇਕ ਆਦਮੀ, ਉਹਨਾਂ ਵਿਚੋਂ ਸਭ ਤੋਂ ਬਜ਼ੁਰਗ, ਦੁੱਧ ਚਿੱਟੇ ਵਾਲਾਂ ਤੇ ਦਾੜ੍ਹੀ ਵਾਲੇ, ਪੈਗ਼ੰਬਰ ਵਾਂਗ ਲਗਦੇ ਇਕ ਬਜ਼ੁਰਗ ਨੇ ਹੀ ਹੱਥਾਂ ਵਿਚ ਕੁਝ ਨਹੀਂ ਸੀ ਫੜਿਆ ਹੋਇਆ।
ਇਹ ਬਜ਼ੁਰਗ ਸੀ ਜਿਸਦੇ ਹੱਥਾਂ ਵਿਚ ਮਾਂ ਨੇ ਮੈਨੂੰ ਦੇ ਦਿਤਾ, ਜਦੋਂ ਉਹ . ਨਾਲ ਦੇ ਕਮਰੇ ਵਿਚੋਂ ਦਾਖਲ ਹੋਈ। ਮੈਂ ਬਜ਼ੁਰਗ ਦੀਆਂ ਬਾਹਵਾਂ ਵਿਚ ਘੋਲ ਕਰਨ ਲੱਗਾ, ਜਦ ਕਿ ਮੇਰੀ ਮਾਂ ਨੇ ਉਸਨੂੰ ਸੰਬੋਧਨ ਕਰਦਿਆਂ ਕਿਹਾ :
“ਮੇਰੇ ਵਿਆਹ ਉੱਤੇ ਤੁਸੀਂ ਆਪਣੇ ਗੀਤ ਗਾਏ ਸਨ, ਕਦੀ ਪਾਂਡੂਰ ਵਜਾਉਂਦਿਆਂ, ਕਦੀ ਡਫ ਵਜਾਉਂਦਿਆਂ । ਤੁਹਾਡੇ ਗੀਤ ਸੁਹਣੇ ਸਨ । ਤੁਸੀਂ ਹੁਣ ਕਿਹੜਾ ਗੀਤ ਗਾਓਗੇ, ਜਿਸ ਵੇਲੇ ਤੁਹਾਡੀਆਂ ਬਾਹਵਾਂ ਵਿਚ ਮੇਰਾ ਬੱਚਾ ਹੈ ?”
“ਭਾਗਵਾਨੇ! ਗੀਤ ਤੂੰ ਗਾਇੰਗੀ, ਮਾਂ ਵਜੋਂ, ਜਦੋਂ ਤੂੰ ਇਸਦਾ ਪੰਘੂੜਾ ਹਿਲਾ ਰਹੀ ਹੋਵੇਂਗੀ। ਮਗਰੋਂ ਪੰਛੀ ਤੇ ਦਰਿਆ ਹੋਣਗੇ, ਜਿਹੜੇ ਇਸਨੂੰ ਗਾਣਾ ਸੁਨਾਉਣਗੇ। ਤਲਵਾਰਾਂ ਤੇ ਗੋਲੀਆਂ ਵੀ ਇਸਨੂੰ ਗੀਤ ਸੁਨਾਉਣਗੀਆਂ, ਪਰ ਸ਼ਾਲਾ, ਇਸਦੀ ਪਤਨੀ ਇਸਨੂੰ ਉਹ ਗੀਤ ਸੁਣਾਏ, ਜਿਹੜਾ ਸਭ ਗੀਤਾਂ ਤੋਂ ਸੁੰਦਰ ਹੋਵੇ।”
“ਤਾਂ ਫਿਰ ਇਸ ਲਈ ਨਾਂ ਚੁਣੋ, ਤਾਂ ਕਿ ਮੈਂ, ਇਸਦੀ ਮਾਂ, ਸਾਡੀ ਸਾਰੀ ਆਉਲ, ਤੇ ਸਾਰਾ ਦਾਗਿਸਤਾਨ ਉਹ ਨਾਂ ਸੁਣ ਸਕੇ, ਜਿਹੜਾ ਤੁਸੀਂ ਹੁਣ ਇਸਨੂੰ ਦੇਵੋਗੇ।”
ਬਜ਼ੁਰਗ ਨੇ ਮੈਨੂੰ ਉਤਾਂਹ ਛੱਤ ਵੱਲ ਨੂੰ ਚੁੱਕਿਆ ਤੇ ਬੋਲਿਆ :
“ਕੁੜੀ ਦਾ ਨਾਂ ਸਿਤਾਰੇ ਦੀ ਚਮਕ ਵਾਂਗ ਜਾਂ ਫੁੱਲ ਦੀ ਸੁਗੰਧੀ ਵਾਂਗ ਹੋਣਾ ਚਾਹੀਦਾ ਹੈ। ਆਦਮੀ ਦਾ ਨਾਂ ਤਲਵਾਰਾਂ ਦੀ ਖੜਕਾਰ ਜਾਂ ਗਰੰਥਾਂ ਦੀ ਸਿਆਣਪ ਵਰਗਾ ਹੋਣਾ ਚਾਹੀਦਾ ਹੈ। ਕਿਤਾਬਾਂ ਤੋਂ ਮੈਨੂੰ ਕਈ ਨਾਵਾਂ ਦਾ ਪਤਾ ਲੱਗਿਆ; ਤਲਵਾਰਾਂ ਦੀ ਗੂੰਜਾਰ ਵਿਚੋਂ ਵੀ ਕਈ ਨਾਂ ਮੇਰੇ ਕੰਨੀ ਪਏ ਨੇ । ਮੇਰੇ ਗਰੰਥ ਤੇ ਮੇਰੀਆਂ ਤਲਵਾਰਾਂ ਇਕ ਨਾਂ ਮੇਰੇ ਕੰਨਾਂ ਵਿਚ ਲੈ ਰਹੀਆਂ ਨੇ। ਇਹ ਨਾਂ ਏ- ਰਸੂਲ ।”
ਫਿਰ ਬਜ਼ੁਰਗ, ਜਿਹੜਾ ਪੈਗ਼ੰਬਰ ਵਾਂਗ ਲਗਦਾ ਸੀ, ਮੇਰੇ ਉਤੇ ਝੁਕਿਆ ਤੇ ਹੌਲੀ ਜਿਹੀ ਮੇਰੇ ਇਕ ਕੰਨ ਵਿਚ ਬੋਲਿਆ: “ਰਸੂਲ”, ਉੱਚੀ ਸਾਰੀ ਦੂਜੇ ਕੰਨ ਵਿਚ ਚੀਕਿਆ-“ਰਸੂਲ”। ਉਸਨੇ ਰੋਂਦਾ ਬੱਚਾ ਉਸਦੀ ਮਾਂ ਦੇ ਹਵਾਲੇ ਕਰ ਦਿੱਤਾ ਤੇ ਉਸਨੂੰ, ਤੇ ਬਾਕੀ ਹਾਜ਼ਰ ਸਾਰਿਆਂ ਨੂੰ ਸੰਬੋਧਨ ਕਰਦਿਆਂ ਉਹ ਬੋਲਿਆ :
“ਆਹ ਦੇਖੋ ਰਸੂਲ।”
ਸਕਲੀਆ ਵਿਚਲੀ ਚੁੱਪ ਨੇ ਮੇਰੇ ਨਾਂ ਦੀ ਪੁਸ਼ਟੀ ਕੀਤੀ। ਪੰਚਾਂ ਨੇ ਆਪਣੇ ਪਿਆਲੇ ਖਾਲੀ ਕੀਤੇ, ਪੁੱਠੇ ਹੱਥਾਂ ਨਾਲ ਆਪਣੀਆਂ ਮੁੱਛਾਂ ਪੂੰਝੀਆਂ, ਹੁੰਗਾਰੇ ਨਾਲ ਰਜ਼ਾਮੰਦੀ ਜ਼ਾਹਰ ਕੀਤੀ।
ਪਰਬਤ-ਵਾਸੀ ਨੂੰ ਦੋ ਚੀਜ਼ਾਂ ਪਿਆਰੀਆਂ ਹੋਣੀਆਂ ਚਾਹੀਦੀਆਂ ਨੇ- ਉਸਦਾ ਪਾਪਾਖਾ ਤੇ ਉਸਦਾ ਨਾਂ । ਪਾਪਾਖਾ ਹੋ ਸਕਦਾ ਹੈ ਸਿਰ ਲਈ ਬੜਾ ਭਾਰਾ ਸਾਬਤ ਹੋਵੇ। ਇਸੇ ਤਰ੍ਹਾਂ ਨਾਂ ਵੀ ਸਾਬਤ ਹੋ ਸਕਦਾ ਹੈ। ਲਗਦਾ ਹੈ ਕਿ ਬੱਗੇ ਵਾਲਾਂ ਵਾਲੇ ਬਜ਼ੁਰਗ ਨੇ; ਜਿਹੜਾ ਬਹੁਤ ਘੁੰਮਿਆਂ ਹੋਇਆ ਤੇ ਬਹੁਤ ਪੜ੍ਹਿਆ ਹੋਇਆ ਸੀ, ਮੇਰੇ ਨਾਂ ਵਿਚ ਖਾਸ ਅਰਥ ਤੇ ਮੰਤਵ ਭਰ ਦਿੱਤੇ।
ਰਸੂਲ ਅਰਬੀ ਦਾ ਲਫਜ਼ ਹੈ ਜਿਸਦਾ ਮਤਲਬ ਹੈ “ਸੰਦੇਸ਼ਵਾਹਕ” ਜਾਂ, ਵਧੇਰੇ ਠੀਕ ਹੋਵੇਗਾ, “ਪ੍ਰਤਿਨਿਧ”। ਤਾਂ ਮੈਂ ਕਿਸਦਾ ਸੰਦੇਸ਼ਵਾਹਕ, ਕਿਸਦਾ ਪ੍ਰਤਿਨਿਧ ਹਾਂ ?
ਆਪਣੀ ਨੋਟਬੁੱਕ ਵਿਚੋਂ : ਬੈਲਜੀਅਮ। ਮੈਂ ਦੁਨੀਆਂ ਭਰ ਤੋਂ ਆਏ ਵਖੋ ਵਖਰੀਆਂ ਕੌਮਾਂ ਤੇ ਦੇਸ਼ਾਂ ਦੇ ਕਵੀਆਂ ਦੇ ਇਕੱਠ ਵਿਚ ਹਿੱਸਾ ਲੈ ਰਿਹਾ ਹਾਂ। ਜਿਹੜਾ ਵੀ ਕੋਈ ਬੋਲਣ ਲਈ ਉਂਠਦਾ, ਉਹ ਆਪਣੇ ਲੋਕਾਂ ਬਾਰੇ, ਉਹਨਾਂ ਦੇ ਸਭਿਆਚਾਰ, ਕਵਿਤਾ ਤੇ ਭਵਿੱਖ ਬਾਰੇ ਦਸਦਾ। ਪਰ ਕੁਝ ਐਸੇ ਪ੍ਰਤਿਨਿਧ ਵੀ ਸਨ ਜਿਵੇਂ ਕਿ ਲੰਡਨ ਤੋਂ ਹੰਗੇਰੀਅਨ; ਪੈਰਿਸ ਤੋਂ ਐਸਤੋਨੀਅਨ, ਤੇ ਸਾਨ ਫਰਾਂਸਿਸਕੋ ਤੋਂ ਪੋਲ…। ਇੰਝ ਸੀ ਇਹ : ਕਿਸਮਤ ਨੇ ਉਹਨਾਂ ਲੋਕਾਂ ਨੂੰ ਵੱਖੋ ਵੱਖਰੇ ਦੇਸਾਂ ਵਿਚ, ਸਮੁੰਦਰਾਂ ਤੋਂ ਪਾਰ, ਪਹਾੜਾਂ ਤੋਂ ਪਾਰ, ਆਪਣੀ ਜਨਮਭੂਮੀ ਤੋਂ ਦੂਰ-ਦੁਰਾਡੇ ਫੈਲਾ ਦਿੱਤਾ ਸੀ।
ਮੈਨੂੰ ਸਭ ਤੋਂ ਵੱਧ ਹੈਰਾਨੀ ਇਕ ਕਵੀ ਉਤੇ ਹੋਈ ਜਿਸ ਨੇ ਐਲਾਨ ਕੀਤਾ “ਸੱਜਣੋ, ਤੁਸੀਂ ਇਥੇ ਵਖੋ ਵਖਰੇ ਦੇਸਾਂ ਤੋਂ ਆਏ ਹੋ। ਤੁਸੀਂ ਵਖੋ ਵਖਰੀਆਂ ਕੌਮਾਂ ਦੇ ਪ੍ਰਤਿਨਿਧ ਹੋ। ਸਿਰਫ ਮੈਂ ਹੀ ਕਿਸੇ ਖਾਸ ਕੌਮ ਦੀ ਤੇ ਕਿਸੇ ਖਾਸ ਦੇਸ ਦੀ ਪ੍ਰਤਿਨਿਧਤਾ ਨਹੀਂ ਕਰਦਾ। ਮੈਂ ਸਭ ਕੌਮਾਂ ਤੇ ਸਭ ਦੇਸਾਂ ਦੀ ਪ੍ਰਤਿਨਿਧਤਾ ਕਰਦਾ ਹਾਂ। ਮੈਂ ਕਵਿਤਾ ਦੀ ਪ੍ਰਤਿਨਿਧਤਾ ਕਰਦਾ ਹਾਂ। ਹਾਂ, ਮੈਂ ਕਵਿਤਾ ਹਾਂ। ਮੈਂ ਉਹ ਸੂਰਜ ਹਾਂ ਜਿਹੜਾ ਸਾਰੀ ਦੁਨੀਆਂ ਲਈ ਚਮਕਦਾ ਹੈ; ਮੈਂ ਉਹ ਵਰਖਾ ਹਾਂ ਜਿਹੜੀ ਜ਼ਮੀਨ ਨੂੰ ਪਾਣੀ ਦੇਂਦੀ ਹੈ, ਇਸਦੀ ਕੌਮੀਅਤ ਬਾਰੇ ਜ਼ਰਾ ਵੀ ਕੁਝ ਸੋਚਣ ਬਿਨਾਂ; ਮੈਂ ਐਸਾ ਦਰਖਤ ਹਾਂ, ਜਿਹੜਾ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਇਕੋ ਜਿੰਨਾਂ ਵੱਧ ਫੁੱਲ ਸਕਦਾ ਹੈ।”
ਏਨਾਂ ਕਹਿ ਕੇ ਉਹ ਮੰਚ ਤੋਂ ਉਤਰ ਆਇਆ। ਸਰੋਤਿਆਂ ਵਿਚੋਂ ਕਈਆਂ ਨੇ ਤਾਲੀਆਂ ਵਜਾਈਆਂ । ਮੈਂ ਸੋਚਣ ਲੱਗ ਪਿਆ: ਉਹ ਠੀਕ ਹੈ, ਸਚਮੁਚ, ਅਸੀਂ ਕਵੀ ਸਾਰੀ ਦੁਨੀਆਂ ਲਈ ਜ਼ਿਮੇਵਾਰ ਹਾਂ, ਪਰ ਜਿਹੜਾ ਕੋਈ ਆਪਣੀ ਜਨਮਭੂਮੀ ਲਈ ਪਿਆਰ ਨਹੀਂ ਰਖਦਾ, ਉਹ ਸਾਰੀ ਦੁਨੀਆਂ ਦੀ ਪ੍ਰਤਿਨਿਧਤਾ ਨਹੀਂ ਕਰ ਸਕਦਾ। ਮੇਰੇ ਲਈ ਉਹ ਉਸ ਆਦਮੀ ਵਾਂਗ ਹੈ, ਜਿਹੜਾ ਆਪਣੀ ਜਨਮਭੂਮੀ ਤੋਂ ਨਿਕਲ ਆਇਆ ਹੈ, ਕਿਸੇ ਹੋਰ ਦੇਸ ਵਿਚ ਰਹਿਣ ਲੱਗ ਪਿਆ ਹੈ ਤੇ ਘਰ ਵਸਾ ਲਿਆ ਹੈ, ਤੇ ਆਪਣੀ ਸੱਸ ਨੂੰ ਮਾਂ ਕਹਿੰਦਾ ਹੈ । ਸੱਸ ਦੇ ਖਿਲਾਫ ਮੈਨੂੰ ਕੋਈ ਗਿਲਾ ਨਹੀਂ, ਪਰ ਮਾਂ ਤੋਂ ਬਿਨਾਂ ਕੋਈ ਮਾਂ ਨਹੀਂ ਹੋ ਸਕਦੀ।
ਜਦੋਂ ਤੁਹਾਨੂੰ ਪੁਛਿਆ ਜਾਂਦਾ ਹੈ ਕਿ ਤੁਸੀਂ ਕੌਣ ਹੋ, ਤਾਂ ਤੁਸੀਂ ਪ੍ਰਮਾਣ ਪੇਸ਼ ਕਰ ਸਕਦੇ ਹੋ, ਆਪਣਾ ਪਾਸਪੋਰਟ, ਜਿਹੜਾ ਤੁਹਾਡੇ ਬਾਰੇ ਸਭ ਵਿਸਥਾਰ ਦਸਦਾ ਹੈ। ਜਦੋਂ ਕਿਸੇ ਕੌਮ ਨੂੰ ਪੁਛਿਆ ਜਾਂਦਾ ਹੈ ਕਿ ਉਹ ਕੀ ਹੈ, ਤਾਂ ਉਹ ਲਿਖਤੀ ਪ੍ਰਮਾਣ ਵਾਂਗ ਹੀ, ਆਪਣੇ ਸਾਇੰਸਦਾਨਾਂ, ਆਪਣੇ ਲੇਖਕਾਂ, ਆਪਣੇ ਕਲਾਕਾਰਾਂ ਤੇ ਆਪਣੇ ਸਿਆਸਤਦਾਨਾਂ ਨੂੰ ਪੇਸ਼ ਕਰਦੀ ਹੈ।
ਚੜ੍ਹਦੀ ਜਵਾਨੀ ਤੋਂ ਹੀ ਬੰਦੇ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਉਹ ਦੁਨੀਆਂ ਵਿਚ ਆਪਣੀ ਕੌਮ ਦਾ ਪ੍ਰਤਿਨਿਧ ਬਣ ਕੇ ਆਇਆ ਹੈ ਤੇ ਉਸਨੂੰ ਉਹ ਰੋਲ ਧਾਰਨ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ।
ਆਦਮੀ ਨੂੰ ਇਕ ਨਾਂ, ਪਾਪਾਖਾ ਤੇ ਹਥਿਆਰ ਦਿਤਾ ਜਾਂਦਾ ਹੈ; ਪੰਘੂੜੇ ਤੋਂ ਹੀ ਉਸਨੂੰ ਆਪਣੀ ਕੌਮ ਦੇ ਗੀਤ ਸਿਖਾਏ ਜਾਂਦੇ ਹਨ।
ਜਦੋਂ ਮੇਰੀ ਕਿਸਮਤ ਮੈਨੂੰ ਕਿਸੇ ਕੋਨੇ ਵਿਚ ਵੀ ਲੈ ਜਾਏ, ਮੈਂ ਹਮੇਸ਼ਾ ਹੀ ਆਪਣੇ ਆਪ ਨੂੰ ਉਸ ਧਰਤੀ ਦਾ, ਉਹਨਾਂ ਪਹਾੜਾਂ ਦਾ ਤੇ ਉਸ ਆਊਲ ਦਾ ਪ੍ਰਤਿਨਿਧ ਸਮਝਦਾ ਹਾਂ ਜਿਥੇ ਮੈਂ ਸਭ ਤੋਂ ਪਹਿਲਾਂ ਘੋੜੇ ਉਤੇ ਕਾਠੀ ਪਾਉਣੀ ਸਿਖੀ। ਮੈਂ ਜਿਥੇ ਵੀ ਕਿਤੇ ਹੋਵਾਂ, ਆਪਣੇ ਆਪ ਨੂੰ ਆਪਣੇ ਦਾਗਿਸਤਾਨ ਦਾ ਵਿਸ਼ੇਸ਼ ਪੱਤਰਪ੍ਰੇਰਕ ਸਮਝਦਾ ਹਾਂ।
ਪਰ, ਜਦੋਂ ਮੈਂ ਆਪਣੇ ਦਾਗਿਸਤਾਨ ਵਾਪਸ ਆਉਂਦਾ ਹਾਂ ਤਾਂ ਸਮੁੱਚੇ ਤੌਰ ਉਤੇ ਮਨੁੱਖਾਂ ਸਭਿਆਚਾਰ ਦੇ ਵਿਸ਼ੇਸ਼ ਪੱਤਰ ਪ੍ਰੇਰਕ ਵਜੋਂ, ਆਪਣੇ ਸਾਰੇ ਦੇਸ ਦੇ, ਸਗੋਂ ਸਾਰੀ ਦੁਨੀਆਂ ਦੇ ਵੀ ਪ੍ਰਤਿਨਿਧ ਵਜੋਂ ਵਾਪਸ ਆਉਂਦਾ ਹਾਂ।
ਦੇਸਾਂ ਵਿਚੋਂ ਦੇਸ ਆਪਣੇ ਦੀ ਗੱਲ ਕਰਨੀ
ਚਾਹਾਂ ਜਿਵੇਂ, ਪਰ ਇਕ ਵੀ ਅੱਖਰ ਬੋਲ ਨਹੀਂ ਸਕਦਾ।
ਨਾਲ ਆਪਣੇ ਲਿਆਇਆ ਹਾਂ ਮੈਂ ਭਰੀਆਂ ਪੰਡਾਂ,
ਪਰ ਕਮਬਖਤੀ, ਉਹਨਾਂ ਨੂੰ ਮੈਂ ਖੋਹਲ ਨਹੀਂ ਸਕਦਾ!
ਕੋਈ ਟੁਣਕਵਾਂ ਗੀਤ ਆਪਣੀ ਮਾਂ-ਬੋਲੀ ਵਿਚ
ਦੁਨੀਆਂ ਬਾਰੇ ਮੈਂ ਹਾਲੇ ਤੱਕ ਗਾ ਨਹੀਂ ਸਕਿਆ।
ਮੋਢਿਆਂ ਉਤੇ ਲੈ ਆਇਆ ਸੰਦੂਕ ਉਠਾ ਕੇ,
ਪਰ ਉਸਨੂੰ ਖੋਹਲਣ ਦੀ ਕੁੰਜੀ ਪਾ ਨਹੀਂ ਸਕਿਆ।
ਆਪਣੀ ਸਕਲੀਆ ਦੀ ਪੱਧਰੀ ਛੱਤ ਉਤੇ ਮੈਂ ਤੇ ਮੇਰੇ ਪਿੰਡਵਾਸੀ ਬੈਠੇ ਹੁੰਦੇ ਹਾਂ, ਤੇ ਮੈਂ ਉਹਨਾਂ ਦੇ ਅਣਗਿਣਤ ਸਵਾਲਾਂ ਦਾ ਜਵਾਬ ਦੇਂਦਾ ਹਾਂ।
“ਦੂਰ-ਦੁਰਾਡੇ ਦੇਸਾਂ ਵਿਚ ਤੈਨੂੰ ਆਪਣਾ ਸਾਥੀ ਦੇਸਵਾਸੀ ਵੀ ਕੋਈ ਮਿਲਿਆ ਸੀ?”
“ਦੁਨੀਆਂ ਵਿਚ ਹੋਰ ਕਿਤੇ ਸਾਡੇ ਪਹਾੜਾਂ ਵਰਗੇ ਪਹਾੜ ਹੈਗੇ ਨੇ ?”
“ਬਦੇਸ਼ਾਂ ਵਿਚ ਤੂੰ ਘਰ ਲਈ ਓਦਰਿਆ ਸੈਂ ? ਸਾਡੀ ਆਊਲ ਤੈਨੂੰ ਯਾਦ ਆਈ ਸੀ?”
“ਦੂਜੇ ਦੇਸਾਂ ਵਿਚ ਰਹਿੰਦੇ ਲੋਕ ਸਾਡੇ ਬਾਰੇ ਵੀ ਕੁਝ ਜਾਣਦੇ ਨੇ, ਕਿ ਅਸੀਂ ਵੀ ਦੁਨੀਆਂ ਵਿਚ ਰਹਿੰਦੇ ਹਾਂ?”
ਮੈਂ ਜਵਾਬ ਦੇਂਦਾ ਹਾਂ:
“ਉਹ ਸਾਡੇ ਬਾਰੇ ਕੀ ਜਾਣ ਸਕਦੇ ਹਨ ਜੇ ਅਸੀਂ ਖ਼ੁਦ ਆਪਣੇ ਆਪ ਨੂੰ ਠੀਕ ਤਰ੍ਹਾਂ ਨਾਲ ਨਹੀਂ ਜਾਣਦੇ? ਅਸੀਂ ਦਸ ਲੱਖ ਦੇ ਕਰੀਬ ਹਾਂ, ਦਾਗਿਸਤਾਨੀ ਪਹਾੜਾਂ ਦੀ ਚਟਾਨੀ ਮੁੱਠੀ ਵਿਚ ਇਕੱਠੇ ਹੋਏ। ਦਸ ਲੱਖ ਲੋਕ, ਚਾਲ੍ਹੀ ਵਖੋ ਵਖ ਬੋਲੀਆਂ ਬੋਲਦੇ.”
“ਤਾਂ ਸਾਨੂੰ ਸਾਡੇ ਬਾਰੇ ਦਸ, ਤੇ ਬਾਕੀ ਸਾਰੀ ਦੁਨੀਆਂ ਵਿਚ ਰਹਿਣ ਵਾਲਿਆਂ ਨੂੰ ਸਾਡੇ ਬਾਰੇ ਦਸ । ਸਾਰੀਆਂ ਸਦੀਆਂ ਵਿਚ ਸਾਡਾ ਇਤਿਹਾਸ ਤਲਵਾਰ ਤੇ ਕਟਾਰ ਨਾਲ ਲਿਖਿਆ ਜਾਂਦਾ ਰਿਹਾ ਹੈ। ਇਹਨਾਂ ਅੱਖਰਾਂ ਨੂੰ ਮਨੁਖਾ ਬੋਲੀ ਵਿਚ ਉਲਥਾ ਦੇਹ। ਜੇ ਤੂੰ ਇਹ ਨਹੀਂ ਕਰ ਸਕਦਾ, ਤੂੰ ਜਿਹੜਾ ਤਸਾਦਾ ਆਉਲ ਵਿਚ ਜੰਮਿਆ ਸੈਂ, ਤਾਂ ਹੋਰ ਕੋਈ ਵੀ ਇਹ ਕੰਮ ਤੇਰੇ ਲਈ ਨਹੀਂ ਕਰੇਗਾ।
“ਆਪਣੇ ਖਿਆਲਾਂ ਨੂੰ ਚੋਣਵੇਂ ਘੋੜਿਆਂ ਵਾਂਗ ਤਰਤੀਬ ਦੇਹ, ਹਰ ਘੋੜਾ ਦੂਜੇ ਜਿੰਨਾਂ ਹੀ ਯੋਗ ਹੋਵੇ, ਉਹਨਾਂ ਵਿਚੋਂ ਕੋਈ ਵੀ ਦੂਜੇ ਨਾਲੋਂ ਘੱਟ ਨਾ ਹੋਵੇ ਆਪਣੇ ਵਿਚਾਰਾਂ ਨੂੰ ਡਰੇ ਹੋਏ ਘੋੜਿਆਂ ਵਾਂਗ ਜਾਂ ਮੱਝਾਂ ਦੇ ਵੱਗ ਵਾਂਗ ਸਫਿਆਂ ਉਤੇ ਦੌੜਣ ਦੇਹ।
“ਆਪਣੇ ਵਿਚਾਰਾਂ ਨੂੰ ਲੁਕਾ ਕੇ ਨਾ ਰੱਖ। ਜੇ ਤੂੰ ਇੰਝ ਕਰੇਗਾ ਤਾਂ ਤੂੰ ਭੁਲ ਜਾਇੰਗਾ ਕਿ ਤੂੰ ਉਹਨਾਂ ਨੂੰ ਕਿੱਥੇ ਰਖਿਆ ਹੈ, ਉਸੇ ਤਰ੍ਹਾਂ ਜਿਸ ਤਰ੍ਹਾਂ ਕੋਈ ਕੰਜੂਸ ਉਸ ਗੁਪਤ ਥਾਂ ਨੂੰ ਭੁੱਲ ਜਾਂਦਾ ਹੈ ਜਿਥੇ ਉਸਨੇ ਆਪਣੇ ਪੈਸੇ ਲੁਕਾ ਕੇ ਰਖੇ ਹੁੰਦੇ ਹਨ, ਤੇ ਆਪਣੇ ਲਾਲਚ ਕਰਕੇ ਹੀ ਉਹਨਾਂ ਨੂੰ ਗੁਆ ਬੈਠਦਾ ਹੈ।
“ਪਰ ਆਪਣੇ ਵਿਚਾਰ ਕਿਸੇ ਨੂੰ ਨਾ ਦਸੀਂ। ਕੀਮਤੀ ਔਜ਼ਾਰ ਬੱਚੇ ਨੂੰ ਖੇਡਣ ਲਈ ਨਹੀਂ ਦੇਣਾ ਚਾਹੀਦਾ। ਉਹ ਔਜ਼ਾਰ ਤੋੜ ਦੇਵੇਗਾ, ਜਾਂ ਗਵਾ ਦੇਵੇਗਾ ਜਾਂ ਫਿਰ ਆਪਣਾ ਕੋਈ ਅੰਗ ਕੱਟ ਲਵੇਗਾ।
“ਤੁਹਾਡੇ ਘੋੜੇ ਦੇ ਤੌਰ-ਤਰੀਕੇ ਨੂੰ ਤੁਹਾਡੇ ਆਪਣੇ ਨਾਲੋਂ ਚੰਗਾ ਕੋਈ ਵੀ ਨਹੀਂ ਜਾਣ ਸਕਦਾ।”
ਉਸ ਰਸਤੇ ਬਾਰੇ ਇਕ ਵਾਰਤਾ, ਜਿਸ ਉਤੇ ਮੇਰੇ ਪਿਤਾ ਜੀ ਚੱਲਿਆ ਕਰਦੇ ਸਨ : ਸਾਡੇ ਨਿਕੇ ਜਿਹੇ ਪਿੰਡ ਤਸਾਦਾ ਤੋਂ ਇਕ ਪੱਕੀ ਸੜਕ ਮਹੱਤਵਪੂਰਨ ਆਊਲ ਖੂਨਜ਼ਾਮ ਨੂੰ ਜਾਂਦੀ ਹੈ, ਜੋ ਕਿ ਜ਼ਿਲਾ ਕੇਂਦਰ ਹੈ। ਜਦੋਂ ਵੀ ਪਿਤਾ ਜੀ ਖੂਨਜ਼ਾਮ ਜਾਇਆ ਕਰਦੇ ਸਨ ਤਾਂ ਉਹ ਉਸ ਸਾਂਝੀ ਸੜਕ ਉਤੋਂ ਨਹੀਂ ਸਨ ਜਾਇਆ ਕਰਦੇ ਸਗੋਂ ਆਪਣੇ ਹੀ ਚੁਣੇ ਹੋਏ ਪਹੇ ਉਤੇ ਦੀ ਜਾਂਦੇ ਹੁੰਦੇ ਸਨ। ਉਹਨਾਂ ਨੇ ਇਸ ਨੂੰ ਲਭਿਆ, ਬਣਾਇਆ ਤੇ ਹਰ ਸਵੇਰ ਤੇ ਹਰ ਸ਼ਾਮ ਵਰਤਿਆ ਸੀ।
ਪਿਤਾ ਜੀ ਨੂੰ ਉਥੇ ਸ਼ਾਨਦਾਰ ਫੁੱਲ ਲੱਭਣ ਦਾ ਢਬ ਆਉਂਦਾ ਸੀ, ਜਿਨ੍ਹਾਂ ਨੂੰ ਉਹ ਹੋਰ ਵੀ ਵਿਚਿਤ੍ਰ ਗੁਲਦਸਤਿਆਂ ਵਿਚ ਤਰਤੀਬ ਦੇ ਦੇਂਦੇ ਸਨ।
ਸਰਦੀਆਂ ਵਿਚ ਉਹ ਪਹੇ ਦੇ ਦੋਵੇਂ ਪਾਸੇ ਲੋਕਾਂ ਦੇ, ਘੋੜਿਆਂ ਤੇ ਘੋੜ ਸਵਾਰਾਂ ਦੇ ਨਿਕੇ ਨਿਕੇ ਬੁੱਤ ਬਰਫ ਨਾਲ ਬਣਾ ਦੇਂਦੇ ਸਨ। ਤਸਾਦਾ ਜਾਂ ਖੂਨਜ਼ਾਮ ਦੇ ਲੋਕ ਉਥੇ ਜਾਂਦੇ, ਉਹਨਾਂ ਬੁੱਤਾਂ ਦੀ ਪ੍ਰਸੰਸਾ ਕਰਦੇ।
ਫੁੱਲਾਂ ਦੇ ਗੁਲਦਸਤੇ ਕਦੇ ਦੇ ਕੁਮਲਾ ਚੁੱਕੇ ਨੇ ਤੇ ਬਰਫ ਦੇ ਨਿੱਕੇ ਨਿੱਕੇ ਬੁਤ ਮੁਦਤਾਂ ਦੇ ਢਲ ਚੁੱਕੇ ਨੇ, ਪਰ ਦਾਗਿਸਤਾਨ ਦੇ ਫੁੱਲ ਤੇ ਪਹਾੜ-ਵਾਸੀਆਂ ਦੇ ਚਿਤਰ ਪਿਤਾ ਜੀ ਦੀਆਂ ਕਵਿਤਾਵਾਂ ਵਿਚ ਜਿਊਂਦੇ ਨੇ ।
ਇਕ ਵਾਰੀ ਜਦੋਂ ਮੈਂ ਅਜੇ ਛੁਹਰਾ ਜਿਹਾ ਹੀ ਸਾਂ, ਤੇ ਪਿਤਾ ਜੀ ਅਜੇ ਜਿਊਂਦੇ ਸਨ, ਤਾਂ ਮੈਨੂੰ ਖੂਨਜ਼ਾਮ ਜਾਣ ਦਾ ਮੌਕਾ ਮਿਲਿਆ। ਮੈਂ ਪੱਕੀ ਸੜਕ ਤੋਂ ਲਾਂਭੇ ਚਲਾ ਗਿਆ ਤੇ ਆਪਣੇ ਪਿਤਾ ਜੀ ਵਾਲੇ ਪਹੇ ਉਤੇ ਪੈਰ ਰੱਖਣ ਹੀ ਵਾਲਾ ਸਾਂ, ਕਿ ਇਕ ਬਜ਼ੁਰਗ ਦੀ ਨਜ਼ਰ ਮੇਰੇ ਉਤੇ ਪਈ। ਉਸਨੇ ਮੈਨੂੰ ਰੋਕ ਲਿਆ ਤੇ ਬੋਲਿਆ :
“ਆਪਣੇ ਪਿਤਾ ਦੇ ਬਣਾਏ ਪਹੇ ਨੂੰ ਛਡ ਦੇਹ। ਆਪਣਾ ਰਸਤਾ ਤੂੰ ਆਪ ਲਭ ।” ਮੈਂ ਉਸਦੀ ਸਲਾਹ ਮੰਨ ਲਈ ਤੇ ਕੋਈ ਹੋਰ ਰਾਹ ਲੱਭਣ ਲੱਗ ਪਿਆ। ਮੇਰੇ ਗੀਤਾਂ ਦਾ ਰਾਹ ਬੜਾ ਲੰਮਾਂ ਤੇ ਬੜਾ ਬਿਖੜਾ ਰਿਹਾ ਹੈ, ਪਰ ਮੈਂ ਅਜੇ ਵੀ ਇਸ ਉਤੇ ਚਲ ਰਿਹਾ ਹਾਂ, ਤੇ ਖੁਦ ਆਪਣੇ ਗੁਲਦਸਤੇ ਲਈ ਫੁੱਲ ਚੁਗ ਰਿਹਾ ਹਾਂ। ਇਸ ਰਾਹ ਉਤੇ ਚਲਦਿਆਂ ਮੈਨੂੰ ਇਹ ਕਿਤਾਬ ਲਿਖਣ ਦਾ ਫੁਰਨਾ ਫੁਰਿਆ।
ਇਹੋ ਜਿਹਾ ਵਿਚਾਰ ਫੁਰਨਾ ਗਰਭ ਠਹਿਰਣ ਦੇ ਕਾਰਜ ਵਾਂਗ ਹੈ। ਬੇਸ਼ਕ, ਬੱਚਾ ਆਪਣੇ ਵੇਲੇ ਸਿਰ ਆ ਜਾਇਗਾ, ਪਰ ਅਣਜਨਮਿਆ ਬੱਚਾ ਔਰਤ ਦੀ ਕੁੱਖ ਵਿਚਲੇ ਭਰੂਣ ਵਾਂਗ ਪੱਕਣਾ ਚਾਹੀਦਾ ਹੈ ਤਾਂ ਕਿ ਲਹੂ-ਪਸੀਨਾ ਇਕ ਕਰਕੇ ਤੇ ਜੰਮਣ-ਪੀੜਾਂ ਸਹਿਕੇ ਉਸਨੂੰ ਜਨਮ ਦਿੱਤਾ ਜਾ ਸਕੇ। ਕੋਈ ਕਿਤਾਬ ਇਸ ਤਰ੍ਹਾਂ ਨਾਲ ਲਿਖੀ ਜਾਂਦੀ ਹੈ।
ਬੱਚੇ ਦਾ ਨਾਂ ਉਸਦੇ ਜਨਮ ਤੋਂ ਪਹਿਲਾਂ ਹੀ ਚੁਣਿਆ ਜਾ ਸਕਦਾ ਹੈ। ਆਪਣੀ ਕਿਤਾਬ ਨੂੰ ਮੈਂ ਕੀ ਨਾਂ ਦੇਵਾਂਗਾ? ਕੀ ਮੈਂ ਫੁੱਲ ਦੇ ਨਾਂ ਉਤੇ ਇਸਦਾ ਨਾਂ ਰੱਖਾਂ? ਜਾਂ ਸਿਤਾਰੇ ਦੇ ਨਾਂ ਉਤੇ? ਕੀ ਮੈਂ ਇਹ ਨਾਂ ਦੂਜੇ ਸਿਆਣਪਾਂ ਵਾਲੇ ਗਰੰਥਾਂ ਦੇ ਨਾਵਾਂ ਉਤੇ ਰਖ ਸਕਦਾ ਹਾਂ ?
ਨਹੀਂ, ਮੈਂ ਦੂਜੇ ਬੰਦੇ ਦੀ ਕਾਠੀ ਆਪਣੀ ਘੋੜੀ ਉੱਤੇ ਨਹੀਂ ਪਾਵਾਂਗਾ। ਬਾਹਰਲੇ ਸੋਮਿਆਂ ਤੋਂ ਉਧਾਰ ਲਿਆ ਗਿਆ ਨਾਂ ਸਿਰਫ ਉਪ-ਨਾਮ, ਕੋਈ ਅੱਲ ਹੀ ਹੋ ਸਕਦਾ ਹੈ, ਅਸਲੀ ਨਾਂ ਨਹੀਂ ਹੋ ਸਕਦਾ।
ਇਹ ਸਭ ਠੀਕ ਹੈ, ਪਰ ਜੇ ਤੁਸੀਂ ਨਾਂ ਲਭ ਰਹੇ ਹੋ ਤਾਂ ਤੁਸੀਂ ਉਸ ਵਸਤੂ ਨਾਲ ਬੱਝ ਜਾਂਦੇ ਹੋ, ਜਿਹੜੀ ਵਸਤੂ ਤੁਸੀਂ ਕਿਤਾਬ ਵਿਚ ਰਖਣਾ ਚਾਹੁੰਦੇ ਹੋ, ਤੇ ਉਸ ਨਿਸ਼ਾਨੇ ਨਾਲ ਵੀ ਜਿਸ ਮਗਰ ਤੁਸੀਂ ਚੱਲ ਰਹੇ ਹੋ। ਤੁਸੀਂ ਉਹ ਪਾਪਾਖਾ ਚੁਣਦੇ ਹੋ ਜਿਹੜਾ ਸਿਰ ਉਤੇ ਠੀਕ ਬੈਠੇ, ਨਾ ਕਿ ਇਸ ਤੋਂ ਉਲਟ। ਤਾਰਾਂ ਦੀ ਲੰਬਾਈ ਪਾਂਡੂਰ ਦੇ ਆਕਾਰ ਤੋਂ ਨਿਸਚਿਤ ਹੁੰਦੀ ਹੈ।
ਮੇਰੀ ਆਉਲ, ਮੇਰੇ ਪਹਾੜੋ, ਮੇਰੇ ਦਾਗਿਸਤਾਨ! ਤੁਸੀਂ ਮੇਰੇ ਵਿਚਾਰਾਂ, ਮੇਰੇ ਭਾਵਾਂ, ਤੇ ਮੇਰੀਆਂ ਆਸ਼ਾਵਾਂ ਦਾ ਆਲ੍ਹਣਾ ਹੋ । ਉਸ ਆਲ੍ਹਣੇ ਤੋਂ ਹੀ ਮੈਂ ਹਵਾ ਵਿਚ ਜਾ ਉਡਿਆ ਸਾਂ ਜਦੋਂ ਵੀ ਮੈਂ ਉੱਡਣਯੋਗ ਹੋਇਆ ਸਾਂ । ਮੇਰੇ ਸਾਰੇ ਗੀਤ ਉਸ ਆਲ੍ਹਣੇ ਤੋਂ ਆਉਂਦੇ ਨੇ। ਦਾਗਿਸਤਾਨ ਮੇਰਾ ਘਰ, ਮੇਰਾ ਪੰਘੂੜਾ ਹੈ।
ਤਾਂ ਫਿਰ ਇਹ ਸਾਰੀ ਢੂੰਡ ਕਾਹਦੇ ਲਈ? ਪਹਾੜਾਂ ਵਿਚ ਬੇਟੇ ਦਾ ਨਾਂ ਆਮ ਕਰਕੇ ਉਸਦੇ ਬਾਬੇ ਦੇ ਨਾਂ ਉਤੇ ਰਖਿਆ ਜਾਂਦਾ ਹੈ। ਇਹ ਕਿਤਾਬ ਮੇਰੇ ਦਿਮਾਗ਼ ਦੀ ਸੰਤਾਨ ਹੋਵੇਗੀ, ਤੇ ਮੈਂ ਦਾਗਿਸਤਾਨ ਦਾ ਸਪੂਤ ਹਾਂ। ਸੋ ਮੈਂ ਇਸਨੂੰ “ਦਾਗਿਸਤਾਨ” ਨਾਂ ਦੇਵਾਂਗਾ। ਕੀ ਇਸ ਤੋਂ ਵਧੇਰੇ ਢੁੱਕਵਾਂ, ਵਧੇਰੇ ਸੁਹਣਾ ਜਾਂ ਵਧੇਰੇ ਠੀਕ ਕੋਈ ਨਾਂ ਹੋ ਸਕਦਾ ਹੈ ?
ਕੋਈ ਰਾਜਪੂਤ ਜਿਸ ਦੇਸ਼ ਦੀ ਪ੍ਰਤਿਨਿਧਤਾ ਕਰਦਾ ਹੈ, ਉਸਦੀ ਪਛਾਣ ਉਸਦੀ ਕਾਰ ਉਤੇ ਲੱਗੇ ਝੰਡੇ ਤੋਂ ਹੋ ਸਕਦੀ ਹੈ। ਮੇਰੀ ਕਿਤਾਬ ਮੇਰਾ ਦੇਸ ਹੈ ਤੇ ਇਸਦਾ ਨਾਂ ਇਸਦਾ ਝੰਡਾ ਹੋਵੇਗਾ।
ਲੇਖਕ ਨਾਲ ਹੁੰਦਾ ਇਹ ਹੈ ਕਿ ਹਰ ਸਫੇ ਉਤੇ, ਹਰ ਸਤਰ ਉਤੇ ਤੇ ਹਰ ਲਫਜ਼ ਲਈ ਵਿਚਾਰ ਉਸ ਨਾਲ ਦਲੀਲਬਾਜ਼ੀ ਕਰਨ ਲੱਗ ਪੈਂਦੇ ਹਨ। ਮੇਰੇ ਵਿਚਾਰ ਵੀ ਇਸ ਕਿਤਾਬ ਦੇ ਨਾਂ ਬਾਰੇ ਮੇਰੇ ਨਾਲ ਦਲੀਲਬਾਜ਼ੀ ਕਰਨ ਲਗ ਪਏ ਹਨ। ਕਿਸੇ ਕੌਮਾਂਤਰੀ ਕਾਨਫਰੰਸ ਵਿਚਲੇ ਕਿੰਨੇ ਸਾਰੇ ਮੰਤਰੀਆਂ ਵਾਂਗ, ਉਹ ਏਜੰਡੇ ਤੋਂ ਹੀ ਸ਼ੁਰੂ ਕਰਕੇ ਲਫਜ਼ਾਂ ਦੀ ਜੰਗ ਵਿਚ ਜੁੱਟ ਜਾਂਦੇ ਹਨ।
ਇਸ ਤਰ੍ਹਾਂ, ਇਹਨਾਂ ਵਿਚੋਂ ਇਕ ਮੰਤਰੀ ਤਜਵੀਜ਼ ਦੇਂਦਾ ਹੈ ਕਿ ਲਿਖੀ ਜਾਣ ਵਾਲੀ ਕਿਤਾਬ ਦਾ ਇਕ-ਸ਼ਬਦੀ ਨਾਂ ਹੋਣਾ ਚਾਹੀਦਾ ਹੈ—“ਦਾਗਿਸਤਾਨ”। ਇਕ ਹੋਰ ਮੰਤਰੀ ਇਸ ਵਿਚਾਰ ਉਤੇ ਇਤਰਾਜ਼ ਕਰਦਾ ਹੈ। ਆਪਣੇ ਕਾਗ਼ਜ਼ ਆਪਣੇ ਸਾਮ੍ਹਣੇ ਠੀਕ-ਠਾਕ ਕਰਦਿਆਂ ਉਹ ਕਹਿੰਦਾ ਹੈ :
“ਇਹ ਨਹੀਂ ਚਲੇਗਾ। ਇਹ ਬਿਲਕੁਲ ਨਹੀਂ ਚਲੇਗਾ। ਤੁਸੀਂ ਕਿਸੇ ਕਿਤਾਬ ਨੂੰ ਸਾਰੇ ਦੇਸ ਦਾ ਨਾਂ ਕਿਵੇਂ ਦੇ ਸਕਦੇ ਹੋ? ਜੇ ਪਿਤਾ ਦਾ ਪਾਪਾਖਾ ਬੱਚੇ ਦੇ ਸਿਰ ਉਤੇ ਰਖ ਦਿੱਤਾ ਜਾਏ ਤਾਂ ਸਿਰ ਵਿਚ ਬਸ ਲੁਕ ਹੀ ਜਾਇਗਾ।”
“ਇਹ ਕਿਉਂ ਨਹੀਂ ਚਲੇਗਾ?” ਤਜਵੀਜ਼ ਦੇਣ ਵਾਲਾ ਇਤਰਾਜ਼ ਕਰਦਾ ਹੈ।“ਜਦੋਂ ਚੰਨ ਉਪਰ ਆਕਾਸ਼ ਵਿਚ ਤਰ ਰਿਹਾ ਹੈ ਤਾਂ ਹੇਠਾਂ ਸਮੁੰਦਰ ਜਾਂ ਦਰਿਆ ਦੇ ਪਾਣੀਆਂ ਵਿਚ ਉਸਦੀ ਝਲਕ ਦਿਸਦੀ ਹੈ, ਤਾਂ ਅਸੀਂ ਉਸਨੂੰ ਵੀ ‘ਚੰਨ’ ਹੀ ਕਹਿੰਦੇ ਹਾਂ, ਕੋਈ ਹੋਰ ਨਾਂ ਨਹੀਂ ਦੇਂਦੇ। ਇਸ ਪਰਤੌਅ ਲਈ ਕਿਸੇ ਵਿਸ਼ੇਸ਼ ਨਾਂ ਦੀ ਕਾਢ ਕਢਣ ਦੀ ਲੋੜ ਹੈ? ਠੀਕ ਹੈ ਕਿ ਇਕ ਕਹਾਣੀ ਵਿਚ ਇਕ ਲੂੰਬੜੀ ਇਕ ਭੇੜੀਏ ਨੂੰ ਯਕੀਨ ਕਰਾ ਦੇਂਦੀ ਹੈ ਕਿ ਚੰਨ ਦਾ ਪਰਤੌਅ ਚਰਬੀ ਦਾ ਟੋਟਾ ਹੈ, ਜਿਸ ਉਤੇ ਮੂਰਖ ਭੇੜੀਆ ਉਸ ਚਰਬੀ ਨੂੰ ਕਾਬੂ ਕਰਨ ਲਈ ਦਰਿਆ ਵਿਚ ਕੁੱਦ ਪੈਂਦਾ ਹੈ। ਪਰ ਫਿਰ, ਲੂੰਬੜੀ ਆਪਣੇ ਕਪਟੀ ਤੇ ਮੱਕਾਰ ਹੋਣ ਕਰਕੇ ਪ੍ਰਸਿੱਧ ਹੈ।”
“ਤਾਂ ਵੀ ਇਹ ਨਹੀਂ ਚਲੇਗਾ। ਇਹ ਬਿਲਕੁਲ ਚੰਗਾ ਨਹੀਂ,” ਦੂਜਾ ਮੰਤਰੀ ਜ਼ਿੱਦ ਕਰਦਾ ਹੈ। “ਦਾਗਿਸਤਾਨ ਪਹਿਲੀ ਥਾਂ ਉਤੇ ਇਕ ਭੂਗੋਲਕ ਸੰਕਲਪ ਹੈ। ਇਸ ਵਿਚ ਪਹਾੜ, ਦਰਿਆ, ਘਾਟੀਆਂ, ਚਸ਼ਮੇ, ਤੇ ਇੱਥੋਂ ਤੱਕ ਕਿ ਸਮੁੰਦਰ ਵੀ ਆਉਂਦੇ ਹਨ। ਜਦੋਂ ਮੈਂ ਲਫਜ਼ ‘ਦਾਗਿਸਤਾਨ’ ਸੁਣਦਾ ਹਾਂ ਤਾਂ ਪਹਿਲੀ ਥਾਂ ਉਤੇ ਮੇਰੀਆਂ ਅੱਖਾਂ ਸਾਮ੍ਹਣੇ ਇਕ ਨਕਸ਼ਾ ਆ ਜਾਂਦਾ ਹੈ।”
“ਓ, ਨਹੀਂ,” ਮੈਂ ਵਿਚੋਂ ਟੋਕਦਾ ਹਾਂ। “ਮੇਰਾ ਦਿਲ ਦਾਗਿਸਤਾਨ ਨਾਲ ਨੱਕੋ-ਨੱਕ ਭਰਿਆ ਹੋਇਆ ਹੈ, ਤੇ ਮੇਰਾ ਦਿਲ ਯਕੀਨਨ ਕੋਈ ਨਕਸ਼ਾ ਨਹੀਂ। ਮੇਰੇ ਦਾਗਿਸਤਾਨ ਦੀਆਂ ਕੋਈ ਭੂਗੋਲਕ ਜਾਂ ਆਮ ਤੌਰ ਉਤੇ ਕੋਈ ਦੂਜੀਆਂ ਸਰਹੱਦਾਂ ਨਹੀਂ। ਨਾ ਹੀ ਮੇਰਾ ਦਾਗਿਸਤਾਨ ਇਕ ਸਦੀ ਤੋਂ ਦੂਜੀ ਸਦੀ ਵਿਚ ਨਿਰਵਿਘਣ ਜਾਂ ਇਕਸਾਰ ਵਹਿੰਦਾ ਚਲਾ ਜਾਂਦਾ ਹੈ। ਜੇ ਮੈਂ ਇਸਨੂੰ ਲਿਖ ਹੀ ਲੈਂਦਾ ਹਾਂ ਤਾਂ ਮੇਰੀ ਕਿਤਾਬ ਦਾਗਿਸਤਾਨ ਦੀ ਗਾਈਡ ਨਹੀਂ ਹੋਵੇਗੀ। ਮੈਂ ਸਦੀਆਂ ਨੂੰ ਇਕ ਦੂਜੀ ਵਿਚ ਮਿਲਾ ਦਿਆਂਗਾ, ਤੇ ਫਿਰ ਇਤਿਹਾਸਕ ਘਟਣਾਵਾਂ ਦਾ ਬਿਲਕੁਲ ਤੱਤ, ਲੋਕਾਂ ਦਾ ਬਿਲਕੁਲ ਤੱਤ ਤੇ ਸ਼ਬਦ ‘ਦਾਗਿਸਤਾਨ’ ਦਾ ਬਿਲਕੁਲ ਤੱਤ ਨਿਚੋੜ ਕੱਢਾਂਗਾ।”
ਹੋ ਸਕਦਾ ਹੈ ਕਿ ਇੰਝ ਲੱਗੇ ਕਿ ਦਾਗਿਸਤਾਨ ਦਾ ਮਤਲਬ ਸਾਰੇ ਦਾਗਿਸਤਾਨੀਆਂ ਲਈ ਇਕੋ ਹੈ। ਤਾਂ ਵੀ, ਉਹਨਾਂ ਵਿਚੋਂ ਹਰ ਇਕ ਨੂੰ ਆਪਣਾ ਹੀ ਦਾਗਿਸਤਾਨ ਦਿਸਦਾ ਹੈ।
ਮੇਰਾ ਵੀ ਆਪਣਾ ਦਾਗਿਸਤਾਨ ਹੈ, ਇਕੋ ਇਕ ਜਿਹੜਾ ਮੈਂ ਦੇਖ ਸਕਦਾ; ਤੇ ਜਾਣ ਸਕਦਾ ਹਾਂ। ਉਸਦਾ ਤਾਣਾ ਤੇ ਉਸਦਾ ਪੇਟਾ ਉਸ ਸਭ ਕਾਸੇ ਤੋਂ ਉਣਿਆ ਗਿਆ ਹੈ ਜੋ ਕੁਝ ਮੈਂ ਤੇ ਸਾਰੇ ਪਿਛਲੇ ਤੇ ਹੁਣ ਦੇ ਦਾਗਿਸਤਾਨੀਆਂ ਨੇ ਭੋਗਿਆ ਹੈ, ਉਸਦੇ ਗੀਤਾਂ ਤੇ ਦਰਿਆਵਾਂ ਤੋਂ, ਉਸਦੀਆਂ ਅਖਾਉਤਾਂ ਤੇ ਉਸਦੀਆਂ ਚਟਾਨਾਂ ਤੋਂ, ਉਸਦੇ ਉਕਾਬਾਂ ਤੇ ਉਸਦੇ ਘੋੜਿਆਂ ਦੀਆਂ ਖੁਰੀਆਂ ਤੋਂ ਉਣਿਆ ਗਿਆ ਹੈ।
ਆਪਣੀ ਨੋਟਬੁੱਕ ‘ਚੋਂ : ਕਿਸਲੋਵੋਦਸਕ ਸਿਹਤ-ਸਥਾਨ ਵਿਖੇ ਮੇਰਾ ਕਮਰਾ
ਉਜ਼ਬੇਕਿਸਤਾਨ ਤੋਂ ਆਏ ਇਕ ਆਦਮੀ ਨਾਲ ਸਾਂਝਾ ਹੈ। ਪਹੁਫੁਟਾਲੇ ਤੇ ਸੰਧਿਆ ਵੇਲੇ ਅਸੀਂ ਬਾਰੀ ਵਿਚੋਂ ਪਹਾੜ ਅਲਬਰੂਸ ਦੀਆਂ ਜੌੜੀਆਂ ਚੋਟੀਆਂ ਦੇਖ ਸਕਦੇ ਹਾਂ। ਮੈਨੂੰ ਖਿਆਲ ਆਉਂਦਾ ਹੈ ਕਿ ਦੋ ਚੋਟੀਆਂ ਦੋ ਦੋਸਤਾਂ ਦੇ ਮੁੰਨੇ ਹੋਏ ਤੇ ਜੰਗ ਦੇ ਫੱਟਾਂ ਵਾਲੇ ਸਿਰਾਂ ਨਾਲ ਬਹੁਤ ਰਲਦੀਆਂ ਮਿਲਦੀਆਂ ਹਨ, ਜਿਹੜੇ ਦੋਸਤ ਸ਼ਾਮਿਲ ਦੇ ਨਿਧੜਕ ਮੁਰੀਦ ਸਨ।
ਅਚਨਚੇਤ ਮੇਰਾ ਗੁਆਂਢੀ ਟਿਪਣੀ ਕਰਦਾ ਹੈ : “ਦੋ ਚੋਟੀਆਂ ਮੈਨੂੰ ਬੁਖਾਰੇ ਤੋਂ ਆਏ ਧੌਲੇ ਸਿਰ ਵਾਲੇ ਬਜ਼ੁਰਗ ਦੀ ਯਾਦ ਦੁਆਉਂਦੀਆਂ ਨੇ, ਜਿਹੜਾ ਪੁਲਾਓ ਦੀਆਂ ਦੋ ਥਾਲੀਆਂ ਲੈ ਕੇ ਜਾ ਰਿਹਾ ਹੋਵੇ ਤੇ ਆਪਣੇ ਸਾਮ੍ਹਣੇ ਦੀ ਵਾਦੀ ਦੇ ਪ੍ਰਭਾਤ ਦੇ ਦ੍ਰਿਸ਼ ਤੋਂ ਮੁਗਧ ਹੋਇਆ ਹੋਇਆ ਰਸਤੇ ਵਿਚ ਹੀ ਰੁਕ ਗਿਆ ਹੋਵੇ।”
ਆਪਣੀ ਨੋਟਬੁੱਕ ਵਿਚੋਂ : ਜਦੋਂ ਮੈਂ ਕਲਕੱਤੇ ਸਾਂ, ਤਾਂ ਮੈਂ ਰਾਬਿੰਦਰ ਨਾਥ ਟੈਗੋਰ ਦਾ ਘਰ ਦੇਖਣ ਗਿਆ, ਜਿਥੇ ਮੈਂ ਇਕ ਪੰਛੀ ਦਾ ਚਿਤਰ ਦੇਖਿਆ, ਜਿਹੜਾ ਦੁਨੀਆਂ ਵਿਚ ਕਿਤੇ ਵੀ ਕਦੀ ਨਹੀਂ ਸੀ ਪਾਇਆ ਜਾਂਦਾ। ਇਹ ਟੈਗੋਰ ਦੀ ਆਤਮਾ ਵਿਚ ਉਸਦੀ ਕਲਪਣਾ ਦੇ ਫਲ ਵਜੋਂ ਜਨਮਿਆ ਤੇ ਜੀਵਿਆ ਸੀ। ਬੇਸ਼ਕ, ਜੇ ਉਸਨੂੰ ਸਚਮੁਚ ਮੌਜੂਦ ਪੰਛੀਆਂ ਦਾ ਗਿਆਨ ਨਾ ਹੁੰਦਾ, ਤਾਂ ਉਹ ਕਦੀ ਵੀ ਆਪਣੇ ਕਾਲਪਣਿਕ ਪੰਛੀ ਦਾ ਚਿਤਰ ਨਾ ਪੈਦਾ ਕਰ ਸਕਦਾ।
ਮੇਰੇ ਕੋਲ ਵੀ ਇਹੋ ਜਿਹਾ ਅਦਭੁਤ ਪੰਛੀ ਹੈ —ਮੇਰਾ ਦਾਗਿਸਤਾਨ। ਇਸੇ ਕਰਕੇ, ਜੇ ਵਧੇਰੇ ਠੀਕ ਕਹਿਣਾ ਹੋਵੇ, ਤਾਂ ਮੇਰੀ ਕਿਤਾਬ ਦਾ ਨਾਂ “ਮੇਰਾ ਦਾਗਿਸਤਾਨ” ਹੋਣਾ ਚਾਹੀਦਾ ਹੈ, ਇਸ ਲਈ ਨਹੀਂ ਕਿ ਇਹ ਮੇਰੀ ਮਲਕੀਅਤ ਹੈ, ਸਗੋਂ ਇਸ ਲਈ ਦਾਗਿਸਤਾਨ ਬਾਰੇ ਮੇਰਾ ਸੰਕਲਪ ਦੂਜੇ ਲੋਕਾਂ ਦੇ ਸੰਕਲਪ ਨਾਲੋਂ ਵੱਖਰਾ ਹੈ।
ਤੇ ਇਸ ਲਈ, ਮਾਮਲਾ ਤੈਅ ਹੋਇਆ। ਮੇਰੀ ਕਿਤਾਬ ਦੀ ਜਿਲਦ ਉਤੇ ਲਿਖਿਆ ਹੋਵੇਗਾ-“ਮੇਰਾ ਦਾਗਿਸਤਾਨ।”
ਮੰਤਰੀਆਂ ਦੀ ਕਾਨਫਰੰਸ ਵਿਚ ਘੜੀ ਪਲ ਲਈ ਚੁੱਪ ਛਾ ਜਾਂਦੀ ਹੈ, ਤੇ ਕੋਈ ਹੋਰ ਇਤਰਾਜ਼ ਨਹੀਂ ਹੁੰਦੇ । ਇਕਦਮ ਇਕ ਮੰਤਰੀ ਉਠਦਾ ਹੈ ਤੇ ਮੰਚ ਤੇ ਚੜ੍ਹ ਜਾਂਦਾ ਹੈ।
“ਮੇਰਾ ਦਾਗਿਸਤਾਨ। ਮੇਰੇ ਪਹਾੜ। ਮੇਰੇ ਦਰਿਆ। ਹਾਂ, ਇਹ ਸ਼ਾਇਦ ਏਨਾਂ ਮਾੜਾ ਨਾ ਹੋਵੇ। ਪਰ ਜਦੋਂ ਤੁਸੀਂ ਜਵਾਨ ਹੁੰਦੇ ਹੋ, ਵਿਦਿਆਰਥੀ ਉਮਰੇ, ਸਿਰਫ ਉਦੋਂ ਹੀ ਤੁਹਾਨੂੰ ਹੋਸਟਲ ਵਿੱਚ ਰਹਿਣ ਦਾ ਮਜ਼ਾ ਆਉਂਦਾ ਹੈ। ਮਗਰੋਂ, ਆਦਮੀ ਆਪਣਾ ਕਮਰਾ, ਸਗੋਂ ਆਪਣਾ ਘਰ ਵੱਖਰਾ ਲੈਣਾ ਚਾਹੁੰਦਾ ਹੈ। ਸਿਰਫ ਇਹ ਕਹਿਣਾ ਕਾਫੀ ਨਹੀਂ ‘ਮੇਰਾ ਚੁੱਲ੍ਹਾ’ —ਉਸ ਚੁੱਲ੍ਹੇ ਵਿਚ ਅੱਗ ਵੀ ਬਲਦੀ ਹੋਣੀ ਚਾਹੀਦੀ ਹੈ। ਨਾ ਹੀ ਇਹ ਕਹਿਣਾ ਕਾਫੀ ਹੈ ‘ਮੇਰਾ ਪੰਘੂੜਾ’ —ਉਸ ਪੰਘੂੜੇ ਵਿਚ ਕੋਈ ਬੱਚਾ ਵੀ ਪਿਆ ਹੋਣਾ ਚਾਹੀਦਾ ਹੈ। ਤਾਂ ਫਿਰ, ‘ਮੇਰਾ ਦਾਗਿਸਤਾਨ’ ਕਹਿਣਾ ਕਾਫੀ ਨਹੀਂ —ਇਹਨਾਂ ਲਫਜ਼ਾਂ ਪਿੱਛੇ ਕੋਈ ਵਿਚਾਰ ਹੋਣਾ ਚਾਹੀਦਾ ਹੈ : ਦਾਗਿਸਤਾਨ ਦੀ ਹੋਣੀ, ਦਾਗਿਸਤਾਨ, ਜਿਵੇਂ ਕਿ ਇਹ ਅੱਜ ਹੈ । ਤੁਸੀਂ ਸਾਰਿਆਂ ਨੇ ਸਾਡੇ ਕੌਮੀ ਕਵੀ, ਸੁਲੇਮਾਨ ਸਤਾਲਸਕੀ ਦੀ ਸਿਆਣਪ ਬਾਰੇ ਸੁਣਿਆ ਹੋਇਆ ਹੈ। ਉਹ ਸਮਝਦਾ ਸੀ, ਜੋ ਕੁਝ ਮੈਂ ਹੁਣ ਕਹਿਣ ਲੱਗਾ ਹਾਂ। ਉਸਨੇ ਇਹ ਕਿਹਾ ਸੀ, ‘ਮੈਂ ਲੇਜ਼ਗੀਨ, ਜਾਂ ਦਾਗਿਸਤਾਨੀ ਜਾਂ ਕਾਕੇਸ਼ੀਆਈ ਕਵੀ ਨਹੀਂ ਹਾਂ। ਮੈਂ ਸੋਵੀਅਤ ਕਵੀ ਹਾਂ, ਤੇ ਇਸ ਸਾਰੀ ਵਿਸ਼ਾਲ ਭੂਮੀ ਦਾ ਮਾਲਕ।’ ਇਹ ਕਿਹਾ ਸੀ ਇਸ ਧੌਲੇ ਸਿਰ ਵਾਲੇ ਸਿੱਧਪੁਰਸ਼ ਨੇ । ਤੇ ਤੂੰ ਇਕੋ ਰਾਗ ਮੁੜ ਮੁੜ ਕੇ ਅਲਾਪੀ ਜਾਂਦਾ ਹੈ –ਮੇਰੀ ਆਉਲ, ਮੇਰੇ ਪਹਾੜ, ਮੇਰਾ ਦਾਗਿਸਤਾਨ। ਕਿਸੇ ਨੂੰ ਇੰਝ ਲੱਗ ਸਕਦਾ ਹੈ ਕਿ ਜਿਵੇਂ ਤੇਰੇ ਲਈ ਸਾਰੀ ਦੁਨੀਆਂ ਦਾਗਿਸਤਾਨ ਨਾਲ ਸ਼ੁਰੂ ਹੁੰਦੀ ਤੇ ਉਥੇ ਹੀ ਜਾ ਮੁੱਕਦੀ ਹੈ। ਕੀ ਕ੍ਰੈਮਲਿਨ ਨਹੀਂ, ਜਿਥੋਂ ਸਾਰੀ ਦੁਨੀਆਂ ਦਾ ਆਰੰਭ ਹੁੰਦਾ ਹੈ ? ਇਹ ਗੱਲ ਹੈ ਜਿਹੜੀ ਮੈਨੂੰ ਤੇਰੇ ਸਿਰਲੇਖ ਵਿਚ ਨਹੀਂ ਦਿਸਦੀ। ਤੂੰ ਸੀਨਾ ਤਾਂ ਬਣਾ ਲਿਆ ਹੈ ਪਰ ਉਸਦੇ ਅੰਦਰ ਇਕ ਧੜਕਦਾ ਦਿਲ ਰੱਖਣਾ ਭੁੱਲ ਗਿਆ ਹੈਂ । ਤੂੰ ਦੋ ਅੱਖਾਂ ਬਣਾ ਦਿੱਤੀਆਂ ਨੇ, ਪਰ ਉਹਨਾਂ ਨੂੰ ਚਿੰਤਨ ਦੀ ਚਮਕ ਬਖਸ਼ਣਾ ਭੁੱਲ ਗਿਆ ਹੈਂ। ਨਿਰਜਿੰਦ ਅੱਖਾਂ ਦੋ ਅੰਗੂਰਾਂ ਵਰਗੀਆਂ ਲਗਦੀਆਂ ਨੇ, ਤੇ ਬੱਸ।”
ਇਹ ਪ੍ਰਭਾਵਸ਼ਾਲੀ ਉਪਮਾ ਦੇਣ ਤੋਂ ਪਿਛੋਂ ਤੀਜਾ ਮੰਤਰੀ ਸਵੈ-ਮਹਤਤਾ ਵਾਲੇ ਅੰਦਾਜ਼ ਨਾਲ ਮੰਚ ਤੋਂ ਹੇਠਾਂ ਉਤਰ ਆਉਂਦਾ ਹੈ, ਤੇ ਆਪਣੀ ਥਾਂ ਉਤੇ ਆ ਬੈਠਦਾ ਹੈ : ਉਸਦੀ ਕੱਛ ਵਿਚ ਮੋਟੀਆਂ ਮੋਟੀਆਂ ਤੇ ਬੜੀਆਂ ਗੰਭੀਰ ਸੈਂਚੀਆਂ ਵਿਚੋਂ ਟੂਕਾਂ ਵਾਲੇ ਕਾਗ਼ਜ਼ਾਂ ਦਾ ਥੱਬਾ ਹੈ। ਉਸਦੀ ਨਜ਼ਰ ਕਹਿੰਦੀ ਲਗਦੀ ਹੈ ਕਿ ਕੋਈ ਗੱਲ ਨਹੀਂ ਰਹਿ ਗਈ, ਜਿਹੜੀ ਦੂਜੇ ਮੇਰੀ ਗੱਲ ਨਾਲ ਰਲਾ ਸਕਣ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਅਦਾਲਤ ਵਲੋਂ ਦਿੱਤੇ ਗਏ ਫੈਸਲੇ ਵਿਚ ਕੁਝ ਨਹੀਂ ਜਮਾਂ ਕੀਤਾ ਜਾ ਸਕਦਾ।
ਇਸ ਨੁਕਤੇ ਉਤੇ ਆ ਕੇ ਕਾਨਫਰੰਸ ਦਾ ਇਕ ਹੋਰ ਮੈਂਬਰ ਮੰਚ ਉਪਰ ਆਉਂਦਾ ਹੈ, ਚੁਸਤ ਤੇ ਖੁਸ਼-ਮਿਜ਼ਾਜ ਆਦਮੀ ਜਿਹੜਾ ਦੂਜਿਆਂ ਨਾਲੋਂ ਕੁਝ ਵਧੇਰੇ ਨੌਜਵਾਨ ਲਗਦਾ ਹੈ। ਉਸਦਾ ਭਾਸ਼ਨ ਦੂਜਿਆਂ ਨਾਲੋਂ ਇਸ ਗੱਲੋਂ ਵੱਖਰਾ ਹੈ ਕਿ ਇਹ ਕਵਿਤਾ ਵਿਚ ਹੈ :
ਬੈਠੇ ਜਨ ਦੀ ਕੋਈ ਨਾ ਦਸ ਸਕੇ ਚਾਲ,
ਸੁਚਾਲ ਸੁੱਤੇ ਤੋਂ ਕੀ ਜਾਣੀਏ ਕਿ ਉਹ ਨੇਤਰਹੀਣ ?
ਖਾਂਦਿਆਂ ਦੇਖ ਕਿਸੇ ਦੀ ਹਿੰਮਤ ਦੱਸਣੀ ਬੜੀ ਮੁਹਾਲ
ਚੁੱਪ ਕਦੀ ਨਾ ਦੱਸਦੀ ਕੋਈ ਸਾਫਦਿਲ ਏ ਜਾਂ ਮਲੀਨ।
“ਹੁਣ, ਜੋ ਮੈਂ ਕਹਿਣਾ ਚਾਹੁੰਦਾ ਹਾਂ, ਉਹ ਇਹ ਹੈ”, ਉਹ ਗੱਲ ਤੋਰਦਾ ਹੈ।“ਬੜੀ ਚੰਗੀ ਗੱਲ ਹੈ ਜਦੋਂ ਕੋਈ ਵਿਚਾਰ ਮੌਜੂਦ ਹੋਵੇ, ਖਾਸ ਕਰਕੇ ਉਸ ਤਰ੍ਹਾਂ ਦਾ, ਜਿਸ ਤਰ੍ਹਾਂ ਦਾ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਨੇ ਦੱਸਿਆ ਹੈ। ਪਰ ਕਦੀ ਕਦੀ ਇੰਝ ਵਾਪਰਦਾ ਹੈ ਕਿ ਲੋਕਾਂ ਕੋਲ ਹੋ ਸਕਦਾ ਹੈ ਨਾ ਸਿਰਫ ਕਿੰਨੇ ਸਾਰੇ ਵਿਚਾਰ ਹੀ ਹੋਣ, ਸਗੋਂ ਬਹੁਤ ਜ਼ਿਆਦਾ ਵਿਚਾਰਧਾਰਾ ਵੀ ਹੋਵੇ, ਜਿਹੜੀ ਕਿ ਹਥਲੇ ਵਿਚਾਰ ਲਈ ਹਾਨੀਕਾਰਕ ਹੋ ਸਕਦੀ ਹੈ।”
ਕਿਤਾਬ ਦਾ ਨਾਂ ਪਾਪਾਖਾ ਵਾਂਗ ਹੁੰਦਾ ਹੈ। ਕਿਹੜੀ ਚੀਜ਼ ਜ਼ਿਆਦਾ ਮਹੱਤਵਪੂਰਨ ਹੈ-ਪਾਪਾਖਾ ਜਾਂ ਇਸ ਹੇਠਲਾ ਸਿਰ? ਮੈਂ ਤੁਹਾਨੂੰ ਇਕ ਕਹਾਣੀ ਸੁਨਾਉਣੀ ਚਾਹੁੰਦਾ ਹਾਂ ਕਿ ਤਿੰਨ ਸ਼ਿਕਾਰੀਆਂ ਨੇ ਭੇੜੀਏ ਨੂੰ ਕਿਵੇਂ ਫੜਿਆ।
ਕੀ ਸ਼ਿਕਾਰੀ ਦੇ ਮੋਢਿਆਂ ਉਤੇ ਸਚਮੁਚ ਸਿਰ ਹੈ ਸੀ?
ਤਿੰਨ ਸ਼ਿਕਾਰੀਆਂ ਨੂੰ ਪਤਾ ਲੱਗਾ ਕਿ ਇਕ ਭੇੜੀਆ ਉਹਨਾਂ ਦੇ ਪਿੰਡ ਦੇ ਨੇੜੇ ਹੇਠਾਂ ਖੱਡ ਵਿਚ ਰਹਿ ਰਿਹਾ ਹੈ। ਉਹਨਾਂ ਨੇ ਉਸਨੂੰ ਫੜਣ ਤੇ ਮਾਰਨ ਦਾ ਫੈਸਲਾ ਕੀਤਾ। ਉਹਨਾਂ ਨੇ ਇਹ ਕੰਮ ਕਿਵੇਂ ਕੀਤਾ, ਇਸ ਬਾਰੇ ਲੋਕਾਂ ਵਿਚ ਕਈ ਕਹਾਣੀਆਂ ਪ੍ਰਚਲਤ ਨੇ । ਇਕ ਇਸ ਪ੍ਰਕਾਰ ਹੈ, ਜਿਹੜੀ ਮੈਂ ਬਚਪਨ ਵਿਚ ਸੁਣੀ मी।
ਸ਼ਿਕਾਰੀਆਂ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਭੇੜੀਏ ਨੇ ਇਕ ਗੁਫਾ ਵਿਚ ਸ਼ਰਨ ਲੈ ਲਈ। ਇਸ ਦੇ ਅੰਦਰ ਜਾਣ ਲਈ ਸਿਰਫ ਇਕ ਰਾਹ ਸੀ, ਜਿਹੜਾ ਬੜਾ ਤੰਗ ਸੀ, ਸਿਰਫ ਆਦਮੀ ਦਾ ਸਿਰ ਹੀ ਅੰਦਰ ਜਾ ਸਕਦਾ ਸੀ, ਜ਼ਿਆਦਾ ਨਹੀਂ। ਸ਼ਿਕਾਰੀਆਂ ਨੇ ਚਟਾਨ ਦੇ ਪਿੱਛੇ ਪੁਜ਼ੀਸ਼ਨਾਂ ਲੈ ਲਈਆਂ, ਬੰਦੂਕਾਂ ਗੁਫਾ ਦੇ ਮੂੰਹ ਵੱਲ ਸੇਧ ਲਈਆਂ ਤੇ ਭੇੜੀਏ ਦੇ ਬਾਹਰ ਨਿਕਲਣ ਦੀ ਉਡੀਕ ਕਰਨ ਲੱਗੇ । ਪਰ ਭੇੜੀਆ ਕੋਈ ਮੂਰਖ ਨਹੀਂ ਸੀ, ਤੇ ਆਪਣੀ ਸ਼ਰਨ ਵਾਲੀ ਥਾਂ ਆਰਾਮ ਨਾਲ ਪਿਆ ਰਿਹਾ। ਇਸ ਲੜਾਈ ਵਿਚ ਉਸੇ ਧਿਰ ਨੇ ਹਾਰਨਾ ਸੀ ਜਿਸਦਾ ਸਬਰ ਪਹਿਲਾਂ ਖਤਮ ਹੋ ਜਾਂਦਾ।
ਇਕ ਸ਼ਿਕਾਰੀ ਉਡੀਕ ਉਡੀਕ ਕੇ ਅੱਕ ਗਿਆ ਤੇ ਉਸਨੇ ਗੁਫਾ ਦੇ ਅੰਦਰ ਘੁਸੜਣ ਦਾ ਤੇ ਭੇੜੀਏ ਨੂੰ ਡਰਾਉਣ ਦਾ ਫੈਸਲਾ ਕੀਤਾ। ਉਹ ਗੁਫਾ ਦੇ ਮਘੋਰੇ ਕੋਲ ਗਿਆ ਤੇ ਆਪਣਾ ਸਿਰ ਅੰਦਰ ਤੁੰਨ ਦਿੱਤਾ। ਕਿੰਨਾਂ ਚਿਰ ਉਸਦੇ ਸਾਥੀ ਉਸਨੂੰ ਦੇਖਦੇ ਰਹੇ ਪਰ ਉਹਨਾਂ ਨੂੰ ਸਮਝ ਨਾ ਆਵੇ ਕਿ ਕਿਉਂ ਉਹ ਅੰਦਰ ਜਾਣ ਦੀ, ਜਾਂ ਘੱਟੋ-ਘੱਟ ਆਪਣਾ ਸਿਰ ਬਾਹਰ ਕੱਢਣ ਦੀ ਕੋਈ ਕੋਸ਼ਿਸ਼ ਨਹੀਂ ਸੀ ਕਰ ਰਿਹਾ। ਜਦੋਂ ਆਖਰ ਉਹ ਉਡੀਕ ਉਡੀਕ ਕੇ ਥੱਕ ਗਏ ਤੇ ਉਸਨੂੰ ਖਿੱਚ ਕੇ ਬਾਹਰ ਕਢਿਆ, ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉਸਦਾ ਤਾਂ ਸਿਰ ਹੀ ਨਹੀਂ।
ਉਹਨਾਂ ਨੇ ਇਕ ਦੂਜੇ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਕੀ ਉਸਦੇ ਮੋਢਿਆਂ ਉਤੇ ਸਿਰ ਹੈ ਸੀ ਜਦੋਂ ਉਸਨੇ ਗੁਫਾ ਦੇ ਅੰਦਰ ਵੜਣ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਵਿਚੋਂ ਇਕ ਨੇ ਕਿਹਾ ਕਿ ਲਗਦਾ ਤਾਂ ਸੀ ਕਿ ਉਸਦਾ ਸਿਰ ਹੈ, ਪਰ ਦੂਜੇ ਨੂੰ ਯਕੀਨ ਸੀ ਕਿ ਸਿਰ ਹੋ ਹੀ ਨਹੀਂ ਸੀ ਸਕਦਾ।
ਸਿਰ ਤੋਂ ਬਿਨਾਂ ਸ਼ਰੀਰ ਆਊਲ ਵਿਚ ਲਿਆਂਦਾ ਗਿਆ ਤੇ ਵਾਸੀਆਂ ਨੂੰ ਪਤਾ ਲੱਗਾ ਕਿ ਕੀ ਵਾਪਰ ਗਿਆ ਸੀ । ਇਕ ਬਜ਼ੁਰਗ ਬੋਲਿਆ ਕਿ ਜਿਸ ਤਰ੍ਹਾਂ ਨਾਲ ਸ਼ਿਕਾਰੀ ਨੇ ਭੇੜੀਏ ਨੂੰ ਕਾਬੂ ਕਰਨ ਲਈ ਘੁਸੜ ਕੇ ਗੁਫਾ ਵਿਚ ਵੜਣ ਦੀ ਕੋਸ਼ਿਸ਼ ਕੀਤੀ ਸੀ, ਉਸਤੋਂ ਅੰਦਾਜ਼ਾ ਲਾਇਆ ਤਾਂ ਉਸਦੇ ਮੋਢਿਆਂ ਉਪਰ ਮੁੱਦਤਾਂ ਤੋਂ, ਸ਼ਾਇਦ ਉਸਦੇ ਜਨਮ ਤੋਂ ਹੀ ਕੋਈ ਸਿਰ ਨਹੀਂ ਸੀ । ਮਾਮਲਾ ਉਸਦੀ ਵਿਧਵਾ ਕੋਲ ਲਿਆਂਦਾ ਗਿਆ ਕਿ ਉਹ ਇਸ ਸਵਾਲ ਦਾ ਜਵਾਬ ਦੇਵੇ।
“ਮੈਨੂੰ ਕੀ ਪਤਾ ਮੇਰੇ ਘਰ ਵਾਲੇ ਦਾ ਸਿਰ ਹੈ ਸੀ ਜਾਂ ਨਹੀਂ? ਮੈਨੂੰ ਤਾਂ ਏਨਾਂ ਯਾਦ ਹੈ ਕਿ ਉਹ ਹਰ ਸਾਲ ਆਪਣੇ ਲਈ ਨਵਾਂ ਪਾਪਾਖਾ ਖਰੀਦਦਾ ਹੁੰਦਾ मी।”
ਵਿਚਾਰ ਕਰਨੀ ਵਿਚ ਪ੍ਰਗਟ ਹੋਣਾ ਚਾਹੀਦਾ ਹੈ, ਕਥਨੀ ਵਿਚ ਨਹੀਂ। ਇਹ ਖੁਦ ਕਿਤਾਬ ਵਿਚ ਮਿਲਿਆ ਹੋਣਾ ਚਾਹੀਦਾ ਹੈ, ਇਸਨੂੰ ਕਿਤਾਬ ਦੀ ਜਿਲਦ ਤੋਂ ਹੀ ਪਾਟੀ ਹੋਈ ਆਵਾਜ਼ ਵਿਚ ਨਹੀਂ ਚਿੱਲਾਉਣਾ ਚਾਹੀਦਾ। ਜਿਹੜਾ ਲਫਜ਼ ਤਕਰੀਰ ਦੇ ਅਖੀਰ ਉਤੇ ਬੋਲਿਆ ਜਾ ਸਕਦਾ ਹੈ ਉਹ ਆਰੰਭ ਵਿਚ ਹੀ ਨਹੀਂ ਬੋਲਿਆ ਜਾਣਾ ਚਾਹੀਦਾ।’
ਨਵ-ਜਨਮੇ ਬਾਲ ਦੇ ਚੰਗੇ-ਜੀਵਨ ਨੂੰ ਯਕੀਨੀ ਬਨਾਉਣ ਲਈ ਤੇ ਬੀਮਾਰੀ, ਦੁੱਖ ਤੇ ਪੀੜਾ ਨੂੰ ਦੂਰ ਰੱਖਣ ਲਈ ਉਸਦੇ ਗਲ ਵਿਚ ਅਕਸਰ ਤਵੀਤ ਪਾ ਦਿੱਤਾ ਜਾਂਦਾ ਹੈ। ਆਓ ਹੁਣ ਇਸ ਬਾਰੇ ਦਿਮਾਗ਼ ਨਾ ਲੜਾਈਏ ਕਿ ਤਵੀਤ ਇਹ ਸਾਰਾ ਕੁਝ ਸਚਮੁਚ ਕਰਦਾ ਹੈ ਜਾਂ ਨਹੀਂ, ਪਰ ਸਾਨੂੰ ਸਭ ਨੂੰ ਪਤਾ ਹੈ ਕਿ ਇਹ ਨਜ਼ਰੋਂ ਓਹਲੇ ਪਹਿਨਿਆ ਜਾਂਦਾ ਹੈ, ਸ਼ਰੀਰ ਦੇ ਨਾਲ, ਤੇ ਦਿਖਾਇਆ ਨਹੀਂ तांरा।…
ਹਰ ਕਿਤਾਬ ਵਿਚ ਕੋਈ ਇਸ ਤਰ੍ਹਾਂ ਦਾ ਤਵੀਤ ਹੋਣਾ ਚਾਹੀਦਾ ਹੈ, ਕਿਤੇ ਨਜ਼ਰ ਤੋਂ ਪਰ੍ਹੇ, ਪਾਠਕ ਦੇ ਅੰਦਾਜ਼ਾ ਲਾਉਣ ਲਈ ਕਿ ਇਹ ਕੀ ਹੈ।
ਜਾਂ, ਜਦੋਂ ਊਰਬੇਚ ਬਣਾਈ ਜਾਂਦੀ ਹੈ ਤਾਂ ਇਸ ਵਿਚ ਥੋਹੜਾ ਜਿਹਾ ਸ਼ਹਿਦ ਮਿਲਾ ਦਿੱਤਾ ਜਾਂਦਾ ਹੈ। ਸ਼ਹਿਦ ਮਿੱਠੀ ਤੇ ਖ਼ੁਸ਼ਬੂਦਾਰ ਸ਼ਰਾਬ ਵਿਚ ਘੁਲ ਜਾਂਦਾ ਹੈ, ਪਰ ਤੁਸੀਂ ਨਾ ਇਸਨੂੰ ਦੇਖ ਸਕਦੇ ਹੋ, ਨਾ ਮਹਿਸੂਸ ਕਰ ਸਕਦੇ ਹੋ।
ਜਾਂ ਬੰਬਈ ਸ਼ਹਿਰ ਵਿਚ ਇਕ ਬਾਗ਼ ਹੈ ਜਿਹੜਾ ਦੇਖਣ ਨੂੰ ਹਮੇਸ਼ਾ ਹੀ ਹਰਿਆ-ਭਰਿਆ ਲਗਦਾ ਹੈ। ਇਹ ਆਪਣੇ ਆਸ-ਪਾਸ ਦੀ ਲੂਹ ਦੇਣ ਵਾਲੀ ਗਰਮੀ ਦੇ ਬਾਵਜੂਦ ਕਦੀ ਨਹੀਂ ਸੁੱਕਦਾ ਜਾਂ ਕੁਮਲਾਉਂਦਾ। ਇਹ ਇਸ ਲਈ ਕਿਉਂਕਿ ਇਸਦੇ ਹੇਠਾਂ ਧਰਤੀ ਵਿਚ ਇਕ ਛੱਪੜ ਹੈ, ਨਜ਼ਰਾਂ ਤੋਂ ਲੁਕਿਆ ਹੋਇਆ, ਜਿਹੜਾ ਦਰਖਤਾਂ ਨੂੰ ਠੰਡਾ ਤੇ ਜੀਵਨਦਾਤਾ ਪਾਣੀ ਦੇਂਦਾ ਰਹਿੰਦਾ ਹੈ।
ਕੋਈ ਵਿਚਾਰ ਉਸ ਪ੍ਰਕਾਰ ਦਾ ਪਾਣੀ ਨਹੀਂ ਹੁੰਦਾ ਜਿਹੜਾ ਚਟਾਨਾਂ ਦੇ ਵਿਚੋਂ ਦੀ ਦੁੜੰਗੇ ਲਾਉਂਦਾ, ਫੁਹਾਰਾਂ ਦਾ ਬੱਦਲ ਛੱਡਦਾ ਹੋਇਆ ਹੇਠਾਂ ਆਉਂਦਾ ਹੈ, ਸਗੋਂ ਐਸਾ ਪਾਣੀ ਹੁੰਦਾ ਹੈ ਜਿਹੜਾ ਅੱਖਾਂ ਤੋਂ ਉਹਲੇ, ਤਪੀ ਹੋਈ ਧਰਤੀ ਨੂੰ ਨਮੀ ਪੁਚਾਉਂਦਾ ਤੇ ਬੂਟਿਆਂ ਤੇ ਦਰਖਤਾਂ ਦੀਆਂ ਜੜ੍ਹਾਂ ਨੂੰ ਪਾਲਦਾ ਹੈ।
“ਇਹ ਸਭ ਕੁਝ ਕਹਿਣ ਤੋਂ ਤੁਹਾਡਾ ਕੀ ਮਤਲਬ ਹੈ,” ਕਿਤਾਬਾਂ ਵਿਚਕਾਰ ਤੇ ਦੂਜੇ ਹਵਾਲਾ-ਸੋਮਿਆਂ ਵਿਚਕਾਰ ਘਿਰਿਆ ਬੈਠਾ ਮੰਤਰੀ, ਮੇਜ਼ ਨੂੰ ਆਪਣੇ ਮੁੱਕੇ ਨਾਲ ਕੁੱਟਦਾ ਹੋਇਆ ਕੂਕ ਉਠਿਆ। “ਕੀ ਇਸ ਵਿਚ ਕੋਈ ਫਰਕ ਨਹੀਂ ਕਿ ਪਾਪਾਖਾ ਨੂੰ ਕੀ ਸਜਾ ਰਿਹਾ ਹੈ—ਚਿੱਟੀ ਪਗੜੀ, ਜਾਂ ਲਾਲ ਰਿਬਨ, ਜਾਂ ਪੰਜ-ਕੋਨਾ ਸਿਤਾਰਾ ? ਕੀ ਇਸ ਵਿਚ ਕੋਈ ਫਰਕ ਨਹੀਂ ਕਿ ਆਦਮੀ ਨੇ ਆਪਣੀ ਛਾਤੀ ਉਤੇ ਕੀ ਲਾਇਆ ਹੋਇਆ ਹੈ—ਲਾਲ ਆਰਡਰ ਜਾਂ ਕਾਲਾ ਕਰਾਸ ? ਸੋ ਤੁਹਾਡਾ ਖਿਆਲ ਹੈ ਕਿ ਸਭ ਤੋਂ ਮਹੱਤਵਪੂਰਨ ਚੀਜ਼ ਕੁਦਰਤੀ ਮਨੁਖੀ ਦਿਆਲਤਾ ਹੈ ? ਬੰਦੇ ਨੂੰ ਇਕੋ ਵੇਲੇ ਤਾਨੂਸੀ ਆਉਲ ਦੇ ਹਸਨ ਵਰਗਾ ਨਹੀਂ ਹੋਣਾ ਚਾਹੀਦਾ: ਗੋਨੋਖ ਵਿਚ ਅਧਿਆਪਕ, ਗਿਨਵਚੂਤਲ ਵਿਚ ਯੁਵਕ ਕਮਿਊਨਿਸਟ ਲੀਗ ਦਾ ਪ੍ਰਬੰਧਕ ਤੇ ਖੂਨਜ਼ਾਮ ਵਿਚ ਮੁੱਲਾ। ਇਹੀ ਗੱਲ ਕਿਤਾਬ ਉਤੇ ਢੁੱਕਦੀ ਹੈ। ਨਹੀਂ, ਨਹੀਂ, ਤੇ ਇਕ ਵਾਰੀ ਫੇਰ, ਨਹੀਂ! ਵਿਚਾਰ ਇਕ ਝੰਡੇ ਵਾਂਗ ਹੁੰਦਾ ਹੈ, ਜਿਸਨੂੰ ਨਜ਼ਰਾਂ ਤੋਂ ਲੁਕਾਇਆ ਨਹੀਂ ਜਾਣਾ ਚਾਹੀਦਾ । ਇਸਨੂੰ ਬੁਲੰਦ ਰਖਿਆ ਜਾਣਾ ਚਾਹੀਦਾ ਹੈ ਤੇ ਇਸ ਤਰ੍ਹਾਂ ਨਾਲ ਲਿਜਾਇਆ ਜਾਣਾ ਚਾਹੀਦਾ ਹੈ ਕਿ ਲੋਕ ਇਸਨੂੰ ਦੇਖ ਸਕਣ ਤੇ ਇਸਦੇ ਮਗਰ ਲਗ ਸਕਣ।”
“ਆਹ, ਜਿਹੜਾ ਇਹਨਾਂ ਲਫਜ਼ਾਂ ਉਤੇ ਇਤਰਾਜ਼ ਕਰਦਾ ਹੈ, ਰੱਬ ਕਰੇ ਉਸਦੀ ਪਤਨੀ ਉਸ ਵੱਲ ਬੇਵਫਾ ਹੋਵੇ,” ਨੌਜਵਾਨ ਮੰਤਰੀ ਨੇ ਜਵਾਬ ਦਿੱਤਾ, “ਪਰ ਤੁਸੀਂ ਜੋ ਚਾਹੁੰਦੇ ਹੋ ਉਹ ਇਹ ਹੈ ਕਿ ਝੰਡਾ ਉਹਨਾਂ ਲੋਕਾਂ ਤੋਂ ਵੱਖ ਰਹੇ ਜਿਹੜੇ ਇਸ ਵੱਲ ਦੇਖ ਰਹੇ ਹਨ। ਦੂਜੇ ਸ਼ਬਦਾਂ ਵਿਚ, ਤੁਸੀਂ ਚਾਹੁੰਦੇ ਹੋ ਕਿ ਵਿਚਾਰ ਨੂੰ ਮਨੁਖਾ ਰੂਹਾਂ ਤੇ ਦਿਲਾਂ ਤੋਂ ਅੱਡ ਹੋ ਕੇ ਜਿਊਣਾ ਚਾਹੀਦਾ ਹੈ। ਤੁਸੀਂ ਉਹਨਾਂ ਨੂੰ ਦੋ ਵੱਖੋ ਵਖਰੇ ਛਕੜਿਆਂ ਵਿਚ ਰਖ ਦਿਓਗੇ। ਪਰ ਫਰਜ਼ ਕਰੋ ਕਿ ਦੋਵੇਂ ਛਕੜੇ ਵਖੋ ਵਖਰਾ ਰਾਹ ਫੜ ਲੈਂਦੇ ਹਨ ? ਤੁਸੀਂ ਕਹਿੰਦੇ ਹੋ ਕਿ ਆਦਮੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਪ ਨੂੰ ਅਵਾਰ ਜਾਂ ਦਾਗਿਸਤਾਨੀ ਨਾ ਸਮਝੇ ਸਗੋਂ ਸਿਰਫ ਇਕ ਸੋਵੀਅਤ ਸ਼ਹਿਰੀ ਸਮਝੇ। ਪਰ ਮੈਂ, ਉਦਾਹਰਣ ਵਜੋਂ, ਆਪਣੇ ਆਪ ਨੂੰ ਇਕੋ ਵੇਲੇ ਇਕ ਅਵਾਰ, ਦਾਗਿਸਤਾਨ ਦਾ ਸਪੂਤ, ਤੇ ਸੋਵੀਅਤ ਸ਼ਹਿਰੀ ਸਮਝਦਾ ਹਾਂ। ਯਕੀਨਨ, ਇਹ ਸੰਕਲਪ ਇਕ ਦੂਜੇ ਨੂੰ ਬੇਦਖਲ ਨਹੀਂ ਕਰਦੇ।”
“ਇਹ ਸਾਰੇ ਜਾਣਦੇ ਹਨ ਕਿ ਦੁਨੀਆਂ ਕੈਮਲਿਨ ਤੋਂ ਸ਼ੁਰੂ ਹੁੰਦੀ ਹੈ। ਮੇਰਾ ਵੀ ਇਹੀ ਖਿਆਲ ਹੈ। ਪਰ ਮੇਰੇ ਲਈ ਦੁਨੀਆਂ ਮੇਰੇ ਉਸ ਘਰ ਤੋਂ ਵੀ, ਜਿਥੇ ਮੈਂ ਜੰਮਿਆਂ ਸਾਂ, ਮੇਰੀ ਸਕਲੀਆ ਦੀਆਂ ਬਰੂਹਾਂ ਤੋਂ, ਤੇ ਉਸ ਆਊਲ ਤੋਂ ਵੀ ਸ਼ੁਰੂ ਹੁੰਦੀ ਹੈ, ਜਿਸ ਵਿਚ ਮੈਂ ਰਹਿੰਦਾ ਹਾਂ । ਕ੍ਰੈਮਲਿਨ ਤੇ ਮੇਰੀ ਆਉਲ, ਕਮਿਊਨਿਜ਼ਮ ਦੇ ਵਿਚਾਰ ਤੇ ਦੇਸ਼ਭਗਤੀ ਦੀ ਭਾਵਨਾ ਪੰਛੀ ਦੇ ਦੋ ਪਰ੍ਹਾਂ ਵਾਂਗ ਹਨ, ਮੇਰੇ ਪਾਂਡੂਰ ਦੀਆਂ ਦੋ ਤਾਰਾਂ ਵਾਂਗ।
“ਕੋਈ ਇਕੋ ਲੱਤ ਉਤੇ ਕਿਉਂ ਕੁੱਦੇ? ਇਸੇ ਲਈ ਤੁਹਾਨੂੰ ਇਸ ਕਿਤਾਬ ਦਾ ਦੂਜਾ ਸਿਰਲੇਖ ਲੱਭਣਾ ਪਵੇਗਾ, ਉਹ ਸਿਰਲੇਖ ਜਿਹੜਾ ਇਸਦੇ ਅੰਦਰਲੇ ਤੱਤ ਨੂੰ ਪ੍ਰਗਟ ਕਰੇਗਾ।”
ਮੈਂ ਹਰ ਥਾਂ ਇਸਨੂੰ ਢੂੰਡਿਆ। ਭਾਰਤ ਵਿਚ ਆਪਣੀ ਯਾਤਰਾ ਦੇ ਦੌਰਾਨ ਮੈਂ ਦਾਗਿਸਤਾਨ ਬਾਰੇ ਸੋਚਦਾ ਸਾਂ । ਉਸ ਦੇਸ ਦੇ ਪੁਰਾਤਨ ਸਭਿਆਚਾਰ ਵਿਚ ਤੇ ਉਸਦੀ ਫਿਲਾਸਫੀ ਵਿਚ ਮੈਨੂੰ ਕਿਸੇ ਰਹੱਸਮਈ ਆਵਾਜ਼ ਦੀ ਗੂੰਜ ਸੁਣਾਈ ਦਿੱਤੀ। ਮੇਰੇ ਦਾਗਿਸਤਾਨ ਦੀ ਆਵਾਜ਼ ਮੇਰੇ ਲਈ ਬੜੀ ਠੋਸ ਹੈ, ਕਿਉਂਕਿ ਇਸਨੂੰ ਦੁਨੀਆਂ ਭਰ ਵਿਚ ਸੁਣਿਆ ਜਾ ਸਕਦਾ ਹੈ। ਐਸਾ ਸਮਾਂ ਸੀ ਜਦੋਂ ਸ਼ਬਦ ਦਾਗਿਸਤਾਨ ਸਿਰਫ ਖਾਲੀ ਘਾਟੀਆਂ ਤੇ ਨੰਗੀਆਂ ਚਟਾਨਾਂ ਵਿਚ ਹੀ ਗੂੰਜ ਪੈਦਾ ਕਰਦਾ ਸੀ। ਅੱਜ ਇਹ ਸਾਰੇ ਦੇਸ ਵਿਚ, ਸਾਰੀ ਦੁਨੀਆਂ ਵਿਚ ਗੂੰਜਦਾ ਹੈ, ਤੇ ਕਰੋੜਾਂ ਦਿਲ ਇਸਨੂੰ ਹੁੰਗਾਰਾ ਭਰਦੇ ਹਨ।
ਮੈਂ ਬਾਈ ਰੋਗ-ਨਾਸ਼ਕ ਸੋਮਿਆਂ ਵਾਲੇ ਦੇਸ, ਨੇਪਾਲ, ਦੇ ਬੋਧੀ ਮੰਦਰਾਂ ਵਿਚ ਵੀ ਦਾਗਿਸਤਾਨ ਬਾਰੇ ਸੋਚਦਾ ਸਾਂ । ਪਰ ਨੇਪਾਲ ਅਜੇ ਅਣਘੜਿਆ ਹੀਰਾ ਹੈ ਤੇ ਮੈਂ ਇਸਦੀ ਤੁਲਨਾ ਦਾਗਿਸਤਾਨ ਨਾਲ ਨਹੀਂ ਕਰ ਸਕਦਾ, ਕਿਉਂਕਿ ਦਾਗਿਸਤਾਨ ਦਾ ਹੀਰਾ ਪਹਿਲਾਂ ਹੀ ਇਕ ਤੋਂ ਬਹੁਤੇ ਸ਼ੀਸ਼ੇ ਕੱਟ ਚੁੱਕਾ ਹੈ।
ਅਫਰੀਕਾ ਵਿਚ ਵੀ ਮੈਂ ਦਾਗਿਸਤਾਨ ਬਾਰੇ ਸੋਚਦਾ ਸਾਂ । ਉਹ ਧਰਤੀ ਮੈਨੂੰ ਐਸੀ ਕਟਾਰ ਦੀ ਯਾਦ ਦੁਆਉਂਦੀ ਹੈ ਜਿਸਦੇ ਫਲ ਦਾ ਚੌਥਾ ਹਿੱਸਾ ਹੀ ਇਸ ਦੀ ਮਿਆਨ ਵਿਚੋਂ ਨਿਕਲਿਆ ਹੋਇਆ ਹੈ। ਦੂਜੇ ਦੇਸਾਂ ਵਿਚ ਵੀ-ਕੈਨੇਡਾ, ਬਰਤਾਨੀਆ, ਸਪੇਨ, ਮਿਸਰ ਜਾਂ ਜਾਪਾਨ ਵਿਚ ਵੀ-ਮੈਂ ਦਾਗਿਸਤਾਨ ਬਾਰੇ ਸੋਚਦਾ ਸਾਂ, ਸਾਂਝਾਂ ਤੇ ਫਰਕ ਲੱਭਦਾ ਸਾਂ।
ਇਕ ਵਾਰੀ, ਯੂਗੋਸਲਾਵੀਆ ਦੇ ਦੌਰੇ ਸਮੇਂ, ਮੈਂ ਐਡਰੀਆਟਿਕ ਤੱਟ ਉਪਰਲੇ ਅਦਭੁਤ ਸ਼ਹਿਰ ਦੁਬਰੋਵਨਿਕ ਵਿਚ ਗਿਆ। ਇਸ ਸ਼ਹਿਰ ਦੇ ਘਰ ਤੇ ਬਾਜ਼ਾਰ ਘਾਟੀਆਂ ਤੇ ਚਟਾਨਾਂ ਨਾਲ, ਅਣਗਿਣਤ ਕਿੰਗਰਿਆਂ ਤੇ ਵਧਾਣਾਂ ਵਾਲੇ ਟਿੱਲਿਆਂ ਨਾਲ ਮਿਲਦੇ ਹਨ। ਘਰਾਂ ਦੇ ਦਰਵਾਜ਼ੇ, ਠੋਸ ਪੱਥਰਾਂ ਨਾਲ ਬਣੇ, ਕਦੀ ਕਦੀ ਗੁਫਾਵਾਂ ਦੇ ਮੂੰਹਾਂ ਵਰਗੇ ਲਗਦੇ ਹਨ, ਪਰ ਇਹਨਾਂ ਲੰਮੀਆਂ ਆਧੁਨਿਕ ਇਮਾਰਤਾਂ ਦੇ ਨਾਲ ਹੀ ਮਧਕਾਲੀਨ, ਸਗੋਂ ਪੁਰਾਤਨ ਸਮਿਆਂ ਦੀਆਂ ਵੀ ਬਚੀਆਂ ਇਮਾਰਤਾਂ ਘੁਲੀਆਂ ਮਿਲੀਆਂ ਖੜੀਆਂ ਹਨ।
ਸ਼ਹਿਰ ਦੇ ਦੁਆਲੇ ਇਕ ਫਸੀਲ ਵਲੀ ਹੋਈ ਹੈ, ਬਿਲਕੁਲ ਜਿਸ ਤਰ੍ਹਾਂ ਸਾਡਾ ਦੇਰਬੇਤ ਹੈ। ਮੈਂ ਡੂੰਘੀਆਂ ਤੇ ਤੰਗ ਗਲੀਆਂ, ਤੇ ਪੱਥਰ ਦੀਆਂ ਪੌੜੀਆਂ ਰਾਹੀਂ ਫਸੀਲ ਦੇ ਉੱਤੇ ਚੜ੍ਹਿਆ। ਇਸ ਫਸੀਲ ਉਤੇ ਇਕੋ ਜਿਹੇ ਫਾਸਲੇ ਉਤੇ ਪੱਥਰ ਦੇ ਮੀਨਾਰ ਹਨ, ਉਹਨਾਂ ਵਿਚੋਂ ਹਰ ਇਕ ਵਿਚ ਦੋ ਦੋ ਛੇਕ ਹਨ, ਗੁਸੈਲ ਅੱਖਾਂ ਵਰਗੇ। ਇਹ ਮੀਨਾਰ ਇਮਾਮ ਦੇ ਮੁਰੀਦਾਂ ਵਾਂਗ ਹਨ, ਆਪਣੀਆਂ ਚੌਕੀਆਂ ਉਤੇ ਇਕਸਾਰ ਤੇ ਲਗਨ ਨਾਲ ਖੜੋਤੇ ਹੋਏ।
ਜਦੋਂ ਮੈਂ ਫਸੀਲ ਦੀ ਸਿੱਖਰ ਉਤੇ ਪੁੱਜਾ, ਤਾਂ ਮੈਂ ਛੇਕਾਂ ਵਿਚੋਂ ਮੀਨਾਰ ਦੇ ਬਾਹਰ ਦੇਖਣਾ ਚਾਹੁੰਦਾ ਸਾਂ, ਪਰ ਸੈਲਾਨੀਆਂ ਦੇ ਹਜੂਮ ਨੇ ਮੈਨੂੰ ਰੋਕ ਲਿਆ, ਜਿਹੜੇ ਆਪ ਨੇੜਿਉਂ ਹੋ ਕੇ ਦੇਖਣਾ ਚਾਹੁੰਦੇ ਸਨ। ਜਿਥੇ ਮੈਂ ਖੜਾ ਸਾਂ, ਉਥੋਂ ਛੇਕਾਂ ਵਿਚੋਂ ਦੀ ਮੈਨੂੰ ਜੋ ਕੁਝ ਦਿਸਦਾ ਸੀ, ਉਹ ਸਨ ਕਿਸੇ ਨੀਲੀ ਜਿਹੀ ਚੀਜ਼ ਦੇ ਨਿੱਕੇ ਨਿੱਕੇ ਟੋਟੇ। ਇਹ ਟੋਟੇ ਛੇਕਾਂ ਜਿੱਡੇ ਹੀ ਸਨ, ਜਿਹੜੇ ਹਥੇਲੀ ਤੋਂ ਵਡੇ ਨਹੀਂ ਸਨ।
ਪਰ ਜਦੋਂ ਮੈਂ ਇਕ ਛੇਕ ਦੇ ਨੇੜੇ ਹੋਇਆ ਤਾਂ ਮੈਂ ਵਿਸ਼ਾਲ ਸਮੁੰਦਰ ਦਾ ਦ੍ਰਿਸ਼ ਦੇਖ ਕੇ ਚਕ੍ਰਿਤ ਰਹਿ ਗਿਆ, ਜਿਹੜਾ ਜਨਵਰੀ ਦੀ ਧੁੱਪ ਵਿਚ ਚਮਕਾਂ ਮਾਰਦਾ ਪਿਆ ਸੀ; ਸੁਖਦਾਈ, ਕਿਉਂਕਿ ਆਖਰ ਇਹ ਐਡਰੀਆਟਿਕ ਸੀ, ਤੇ ਤੂਫਾਨੀ ਕਿਉਂਕਿ ਆਖਰ ਇਹ ਜਨਵਰੀ ਦਾ ਮਹੀਨਾ ਸੀ। ਸਮੁੰਦਰ ਨੀਲਾ ਨਹੀਂ, ਸਗੋਂ ਕਈ ਰੰਗਾਂ ਦਾ ਸੀ । ਇਹ ਆਪਣੀਆਂ ਲਹਿਰਾਂ ਚਟਾਨੀ ਤੱਟ ਵੱਲ ਸੁੱਟ ਰਿਹਾ ਸੀ, ਤੇ ਲਹਿਰਾਂ ਤੱਟ ਨਾਲ ਬਿਜਲੀ ਦੀ ਗਰਜ ਨਾਲ ਆ ਕੇ ਵਜਦੀਆਂ ਤੇ ਵਾਪਸ ਰਿੜ੍ਹ ਜਾਂਦੀਆਂ ਸਨ। ਸਮੁੰਦਰ ਵਿਚ ਜਹਾਜ਼ ਤਰ ਰਹੇ ਸਨ, ਤੇ ਹਰ ਜਹਾਜ਼ ਸਾਡੀ ਆਉਲ ਜਿੱਡਾ ਸੀ।
ਉਸ ਵੇਲੇ ਮੈਂ, ਜਿਹੜਾ ਸੈਲਾਨੀਆਂ ਦੇ ਪਿੱਛੇ ਪੱਬਾਂ ਭਾਰ ਖੜਾ ਰਿਹਾ ਸਾਂ ਤਾਂ ਕਿ ਇਸ ਵਿਸ਼ਾਲ ਸੰਸਾਰ ਉਤੇ ਝਾਤ ਮਾਰ ਸੱਕਾਂ, ਤੇ ਫਿਰ ਚੰਗੀ ਤਰ੍ਹਾਂ ਦੇਖਣ ਲਈ ਛੇਕ ਦੇ ਨੇੜੇ ਆ ਗਿਆ ਸਾਂ, ਫਿਰ ਦਾਗਿਸਤਾਨ ਨੂੰ ਯਾਦ ਕੀਤਾ।
ਇਹ ਵੀ, ਇਹ ਸਾਰਾ ਸਮਾਂ ਆਪਣੀ ਵਾਰੀ ਉਡੀਕਦਾ ਪਿੱਛੇ ਪੱਬਾਂ ਭਾਰ ਖੜਾ ਰਿਹਾ ਸੀ, ਤੇ ਉਹਨਾਂ ਦੀਆਂ ਚੌੜੀਆਂ ਪਿੱਠਾਂ ਇਸਦਾ ਰਾਹ ਰੋਕੀ ਖੜੀਆਂ ਸਨ ਜਿਹੜੇ ਵਧੇਰੇ ਖੁਸ਼ਕਿਸਮਤ ਸਨ ਤੇ ਅੱਗੇ ਖੜੇ ਸਨ। ਫਿਰ ਇਸ ਨੇ ਗੜ੍ਹੀ ਦੀ ਕੰਧ ਵਿਚਲੇ ਛੇਕ ਵਿਚੋਂ ਸਾਰੀ ਦੁਨੀਆਂ ਨੂੰ ਦੇਖਿਆ। ਹੁਣ ਇਹ ਵਿਸ਼ਾਲ ਸੰਸਾਰ ਨਾਲ ਰਲ-ਮਿਲ ਚੁੱਕਾ ਸੀ, ਤੇ ਆਪਣੇ ਨਾਲ ਆਪਣੀਆਂ ਰਹੁ-ਰੀਤਾਂ, ਤੌਰ- ਤਰੀਕੇ, ਗੀਤ ਤੇ ਮਾਨ ਦੀ ਭਾਵਨਾ ਲੈ ਕੇ ਆਇਆ ਸੀ।
ਵਖੋ ਵਖਰੇ ਸਮੇਂ ਤੇ ਵਖੋ ਵਖਰੇ ਬਿੰਬਾਂ ਦੀ ਖੋਜ ਰਾਹੀਂ ਹਰ ਤਰ੍ਹਾਂ ਦੇ ਕਵੀਆਂ ਨੇ ਦਾਗਿਸਤਾਨ ਬਾਰੇ ਆਪਣੇ ਸੰਕਲਪਾਂ ਨੂੰ ਸ਼ਕਲ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੋਗੀ ਕਵੀ ਮਹਿਮੂਦ ਨੇ ਦਾਗਿਸਤਾਨ ਦੇ ਲੋਕਾਂ ਬਾਰੇ ਕਿਹਾ ਸੀ ਕਿ ਉਹ ਪਹਾੜੀ ਨਦੀਆਂ ਵਾਂਗ ਹਨ ਜਿਹੜੀਆਂ ਲਗਾਤਾਰ ਇਕੋ ਧਾਰਾ ਵਿਚ ਇਕਮਿਕ ਹੋਣ ਦੀ ਕੋਸ਼ਿਸ਼ ਕਰਦੀਆਂ ਹਨ, ਪਰ ਇੰਝ ਨਹੀਂ ਕਰ ਸਕਦੀਆਂ ਤੇ ਆਪਣੇ ਆਪਣੇ ਤਰੀਕੇ ਵਹਿੰਦੀਆਂ ਰਹਿੰਦੀਆਂ ਹਨ। ਉਸਨੇ ਇਹ ਵੀ ਕਿਹਾ ਸੀ ਕਿ ਦਾਗਿਸਤਾਨ ਦੇ ਲੋਕ ਇਕ ਤਰ੍ਹਾਂ ਨਾਲ ਉਸਨੂੰ ਤੰਗ ਘਾਟੀ ਵਿਚ ਉਗਦੇ ਫੁੱਲਾਂ ਦੀ ਯਾਦ ਦੁਆਉਂਦੇ ਹਨ, ਜਿਹੜੇ ਇਕ ਦੂਜੇ ਤਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ, ਪਰ ਗਲਵਕੜੀ ਨਹੀਂ ਪਾ ਸਕਦੇ। ਪਰ ਕੀ ਦਾਗਿਸਤਾਨ ਦੇ ਲੋਕ ਹੁਣ ਮਿਲ ਕੇ ਇਕੋ ਇਕ ਪਹਾੜੀ ਧਾਰਾ, ਇਕੋ ਇਕ ਗੁਲਦਸਤਾ ਨਹੀਂ ਬਣ ਗਏ ? ਬਾਤੀਰਾਏ ਨੇ ਇਕਵਾਰੀ ਕਿਹਾ ਸੀ : ਜਿਸ ਤਰ੍ਹਾਂ ਕੋਈ ਗ਼ਰੀਬ ਆਪਣਾ ਪਾਟਾ ਭੇਡ ਦੀ ਖੱਲ ਵਾਲਾ ਕੋਟ ਦੂਰ ਤੋਂ ਦੂਰ ਹਨੇਰੇ ਕੋਨੇ ਵਿਚ ਸੁੱਟ ਛਡਦਾ ਹੈ, ਦਾਗਿਸਤਾਨ ਨੂੰ ਵੀ ਮਰੋੜ-ਮਰਾੜ ਕੇ ਪਹਾੜੀ ਘਾਟੀਆਂ ਵਿਚ ਸੁੱਟ ਦਿਤਾ ਗਿਆ ਹੋਇਆ ਹੈ।
ਦਾਗਿਸਤਾਨ ਦਾ ਇਤਿਹਾਸ ਪੜ੍ਹਨ ਤੋਂ ਪਿਛੋਂ, ਪਿਤਾ ਜੀ ਨੇ ਇਸਦੀ ਤੁਲਨਾ ਸ਼ਰਾਬ ਪੀਣ ਵਾਲੇ ਸਿੰਗ ਨਾਲ ਕੀਤੀ ਸੀ, ਜਿਹੜਾ ਸ਼ਰਾਬ ਦੇ ਦੌਰ ਸਮੇਂ ਆਮ ਕਰਕੇ ਮੇਜ਼ ਉਤੇ ਹੱਥੋ-ਹੱਥੀ ਫੇਰਿਆ ਜਾਂਦਾ ਹੈ।
ਮੇਰੇ ਦਾਗਿਸਤਾਨ, ਮੈਂ ਤੇਰੀ ਕਿਸਦੇ ਨਾਲ ਤੁਲਨਾ ਕਰਾਂ ? ਤੇਰੀ ਕਹਾਣੀ , ਤੇ ਤੇਰੀ ਹੋਣੀ ਬਾਰੇ ਆਪਣੇ ਵਿਚਾਰਾਂ ਨੂੰ ਜ਼ਬਾਨ ਦੇਣ ਲਈ ਮੈਂ ਕਿਹੜੀ ਬਿੰਬਾਵਲੀ ਵਰਤਾਂ ? ਸ਼ਾਇਦ ਜ਼ਿਆਦਾ ਸੁੰਦਰ ਤੇ ਜ਼ਿਆਦਾ ਢੁਕਵੇਂ ਸ਼ਬਦ ਮਗਰੋਂ ਮੈਨੂੰ ਅਹੁੜਣਗੇ, ਪਰ ਅੱਜ ਮੈਂ ਕਹਿੰਦਾ ਹਾਂ, “ਇਕ ਨਿੱਕੀ ਜਿਹੀ ਬਾਰੀ, ਜਿਹੜੀ ਦੁਨੀਆਂ ਦੇ ਵਿਸ਼ਾਲ ਸਾਗਰ ਉਪਰ ਝਾਤੀ ਪੁਆਉਂਦੀ ਹੈ,” ਜਾਂ ਸੰਖੇਪ ਵਿਚ “ਮਹਾਂਸਾਗਰ ਵੱਲ ਖੁਲ੍ਹਦੀ ਨਿੱਕੀ ਬਾਰੀ।”
ਤਾਂ, ਮੇਰੇ ਮੰਤਰੀਓ, ਤੁਹਾਡੇ ਸਾਮ੍ਹਣੇ ਕਿਤਾਬ ਦਾ ਦੂਜਾ ਨਾਂ ਹੈ, ਜਿਹੜਾ ਮੈਂ ਲਿਖਣ ਲੱਗਾ ਹਾਂ। ਮੈਂ ਮੰਨਦਾ ਹਾਂ ਕਿ ਮੇਰੇ ਦਾਗਿਸਤਾਨ ਦੇ ਗੁਆਂਢੀ ਦੂਜੇ ਦੇਸ ਵੀ ਆਪਣੇ ਬਾਰੇ ਉਹੀ ਕਹਿ ਸਕਦੇ ਹਨ। ਤਾਂ ਕੀ ਹੋਇਆ, ਉਸਨੂੰ ਕੁਝ ਨਾਂ- ਸਿਰਨਾਵੇਂ ਮਿਲ ਜਾਣਗੇ।
ਮੈਂ ਤੁਹਾਨੂੰ ਆਪਣਾ ਪਾਪਾਖਾ ਪੇਸ਼ ਕਰਦਾ ਹਾਂ—“ਮੇਰਾ ਦਾਗਿਸਤਾਨ”, ਤੇ ਇਸ ਪਾਪਾਖਾ ਉਪਰਲਾ ਸਿਤਾਰੇ ਵਾਲਾ ਬੈਜ ਹੈ-“ਮਹਾਂਸਾਗਰ ਵੱਲ ਖੁਲ੍ਹਦੀ ਨਿਕੀ ਬਾਰੀ।”
ਵਜਾਉਣਾ ਸ਼ੁਰੂ ਕਰਨ ਵਾਲੇ ਵਾਂਗ, ਮੈਂ ਆਪਣਾ ਦੋ ਤਾਰਾਂ ਵਾਲਾ ਪਾਂਡੂਰ ਸੁਰ ਕਰ ਲਿਆ ਹੈ; ਸਿਊਣਾ ਸ਼ੁਰੂ ਕਰਨ ਵਾਲੇ ਵਾਂਗ ਮੈਂ ਆਪਣੀ ਸੂਈ ਵਿਚ ਧਾਗਾ ਪਾ ਲਿਆ ਹੈ।…
ਮੇਰੇ ਮੰਤਰੀਆਂ ਨੇ ਕਿਤਾਬ ਦੇ ਨਾਂ ਨੂੰ ਪ੍ਰਵਾਨਗੀ ਦੇ ਦਿਤੀ ਹੈ, ਜਿਸ ਤਰ੍ਹਾਂ ਕਿਸੇ ਕੌਮਾਂਤਰੀ ਕਾਨਫਰੰਸ ਵਿਚ ਆਖਰ ਮੰਤਰੀ ਏਜੰਡੇ ਨੂੰ ਪ੍ਰਵਾਨਗੀ ਦੇ ਦੇਂਦੇ ਹਨ।
ਇੰਝ ਵਾਪਰ ਸਕਦਾ ਹੈ ਕਿ ਦੋ ਭਰਾ ਇਕੋ ਘੋੜੇ ਉਤੇ ਸ਼ਾਂਤੀ ਨਾਲ ਸਵਾਰੀ ਕਰੀ ਜਾਣ; ਇਹ ਵੀ ਵਾਪਰ ਸਕਦਾ ਹੈ ਕਿ ਇਕੋ ਸ਼ਾਹ-ਸਵਾਰ ਇਕੋ ਲਗਾਮ ਨਾਲ ਦੋ ਘੋੜਿਆਂ ਨੂੰ ਪਾਣੀ ਡਾਹੁਣ ਲਈ ਲੈ ਜਾਏ।
ਅਬੂਤਾਲਿਬ ਨੇ ਕਿਹਾ ਸੀ : ਉਸਨੇ ਲਿਓ ਤਾਲਸਤਾਏ ਦੇ ਟੋਪ ਵਰਗਾ ਟੋਪ ਖਰੀਦ ਲਿਆ ਹੈ। ਉਹ ਉਸੇ ਤਰ੍ਹਾਂ ਦਾ ਸਿਰ ਕਿਥੋਂ ਖਰੀਦ ਸਕਦਾ ਹੈ?
ਕਹਾਵਤ ਹੈ : ਉਸਨੂੰ ਚੰਗਾ ਨਾਂ ਤਾਂ ਦੇ ਦਿਤਾ ਗਿਆ ਹੈ। ਉਹ ਆਦਮੀ ਕਿਸ ਤਰ੍ਹਾਂ ਦਾ ਬਣੇਗਾ ?
ਇਸ ਕਿਤਾਬ ਦੇ ਰੂਪ ਬਾਰੇ ਤੇ ਇਸਨੂੰ ਕਿਵੇਂ ਲਿਖਿਆ ਜਾਏ
ਮਿਆਨੋ ਕਦੀ ਕਟਾਰ ਨਾ ਨਿਕਲੇ ਤਾਂ ਉਸਨੂੰ ਲਗ ਜਾਵੇ ਜ਼ੰਗ;
ਸਦਾ ਹੀ ਨੀਂਦ-ਵਿਗੁੱਤੇ ਯੋਧੇ ਦੇ ਸਿੱਥਲ ਹੋ ਜਾਂਦੇ ਅੰਗ।
(ਖੰਜਰ ਉਤੇ ਉੱਕਰੇ ਸ਼ਬਦ)
ਸੂਈ ‘ਚ ਧਾਗਾ ਪਾ ਲਿਐ ਹੁਣ ਚੋਲਾ ਸੀਵਾਂਗਾ ਕੋਈ, ਪਰ ਕਿਸ ਤਰ੍ਹਾਂ ਦਾ ?
ਪਾਂਡੂਰ ਨੂੰ ਸੁਰ ਕਰ ਲਿਆ ਹੁਣ ਗੀਤ ਗਾਵਾਂਗਾ ਕੋਈ, ਪਰ ਕਿਸ ਤਰ੍ਹਾਂ ਦਾ ?
ਮੇਰੀ ਬੇਸਬਰ, ਵਫਾਦਾਰ ਘੋੜੀ ਨੂੰ ਚੰਗੀ ਤਰ੍ਹਾਂ ਖੁਰੀਆਂ ਲਗੀਆਂ ਹੋਈਆਂ ਨੇ। ਮੈਂ ਹਰ ਖੁਰ ਦਾ ਮੁਆਇਨਾ ਕੀਤਾ ਹੈ ਤੇ ਇਸਦੀਆਂ ਖੁਰੀਆਂ ਦੀ ਹਾਲਤ ਦੇਖੀ ਹੈ। ਮੈਂ ਕਾਠੀ ਪਾ ਲਈ ਹੈ ਤੇ ਤੰਗ ਕੱਸ ਦਿਤੀ ਹੈ। ਮੈਂ ਪੇਟੀ ਦੇ ਹੇਠਾਂ ਆਪਣੀ ਉਂਗਲ ਵੀ ਨਹੀਂ ਵਾੜ ਸਕਦਾ। ਹਾਂ, ਮੇਰੀ ਘੋੜੀ ਉਪਰ ਚੰਗੀ ਤਰ੍ਹਾਂ ਤੇ ਧਿਆਨ ਨਾਲ ਕਾਠੀ ਪਾ ਦਿੱਤੀ ਗਈ ਹੈ।
ਮੇਰੇ ਪਿਤਾ ਦੀ ਯਾਦ ਦੁਆਉਂਦਾ ਇਕ ਧੌਲੀ ਦਾਹੜੀ ਵਾਲਾ ਮੈਨੂੰ ਲਗਾਮ ਫੜਾਉਂਦਾ ਹੈ; ਇਕ ਹੁਸ਼ਿਆਰ ਨਜ਼ਰਾਂ ਵਾਲੀ ਬੱਚੀ ਮੈਨੂੰ ਚਾਬਕ ਫੜਾਉਂਦੀ ਹੈ। ਕਿਸੇ ਨਾਲ ਦੀ ਸਕਲੀਆ ਦੀ ਪਹਾੜੀ ਕੁੜੀ ਪਾਣੀ ਦਾ ਭਰਿਆ ਘੜਾ ਚੁੱਕੀ ਸਾਮ੍ਹਣੇ ਆਉਂਦੀ ਹੈ, ਜੋ ਕਿ ਸਫਰ ਲਈ ਸ਼ੁਭਕਾਮਨਾ ਕਰਨ ਦਾ ਪ੍ਰੰਪਰਾਈ ਤਰੀਕਾ ਹੈ। ਆਪਣੀ ਘੋੜੀ ਨੂੰ ਵਾਗ ਤੋਂ ਫੜਕੇ ਪਿੰਡੋਂ ਬਾਹਰ ਲਿਜਾਂਦਿਆਂ ਮੈਂ ਜਿਸਦੇ ਵੀ ਕੋਲੋਂ ਦੀ ਲੰਘਦਾ ਹਾਂ, ਉਹ ਲਾਂਭੇ ਹੋ ਕੇ ਖੜੋ ਜਾਂਦਾ ਤੇ ਮੇਰੇ ਚੰਗੇ ਸਫਰ ਦੀ ਕਾਮਨਾ ਕਰਦਾ ਹੈ।
ਆਊਲ ਦੇ ਸਿਰੇ ਉਤੇ ਇਕ ਹੋਰ ਕੁੜੀ ਆਪਣੀ ਬਾਰੀ ਦੀ ਸਿਲ ਉਤੇ ਦੀਵਾ ਬਾਲ ਕੇ ਰਖਦੀ ਹੈ, ਜਿਵੇਂ ਮੈਨੂੰ ਕਹਿ ਰਹੀ ਹੋਵੇ :
“ਇਸ ਬਾਰੀ ਨੂੰ ਨਾ ਭੁਲੀਂ । ਇਸ ਲੋਅ ਨੂੰ ਨਾ ਭੁਲੀਂ । ਇਹ ਤੇਰੇ ਵਾਪਸ ਆਉਂਦਿਆਂ ਤੱਕ ਬਲਦੀ ਰਹੇਗੀ। ਤੂੰ ਜਦੋਂ ਆਪਣੇ ਲੰਮੇਂ ਪੈਂਡੇ ਪਿਆ ਹੋਵੇਂਗਾ, ਤੇ ਭੈੜੇ ਮੌਸਮ ਵੇਲੇ ਦੁਖਦਾਈ ਰੈਨ-ਬਸੇਰਿਆਂ ਵਿਚ, ਇਹ ਸਾਲਾਂ ਤੇ ਰਾਤਾਂ ਦੇ ਵਿਚੋਂ ਦੀ ਤੈਨੂੰ ਚਾਨਣ ਦੇਂਦੀ ਰਹੇਗੀ। ਤੇ ਜਦੋਂ ਸਫਰ ਦਾ ਥੱਕਾ ਟੁੱਟਾ ਤੂੰ ਆਪਣੀ ਜਨਮ- ਆਉਲ ਦੇ ਨੇੜੇ ਆਏਂਗਾ, ਤਾਂ ਇਸਦੀ ਲੋਅ ਸਭ ਤੋਂ ਪਹਿਲਾਂ ਤੇਰੀਆਂ ਅੱਖਾਂ ਵਿਚ ਚਮਕੇਗੀ। ਇਹ ਬਾਰੀ ਤੇ ਇਹ ਲੋਅ ਯਾਦ ਰੱਖੀਂ।”
ਮੈਂ ਪਰਤ ਕੇ ਆਪਣੀ ਜਨਮ-ਆਉਲ ਨੂੰ ਇਕ ਵਾਰੀ ਹੋਰ ਦੇਖਦਾ ਹਾਂ। ਆਪਣੀ ਸਕਲੀਆ ਦੀ ਛੱਤ ਉਤੇ ਮੈਨੂੰ ਮਾਂ ਨਜ਼ਰ ਪੈਂਦੀ ਹੈ, ਸਿੱਧੀ ਤੇ ਇਕੱਲੀਕਾਰੀ ਖੜੀ। ਉਸਦਾ ਸ਼ਰੀਰ ਨਿੱਕਾ, ਤੇ ਹੋਰ ਨਿੱਕਾ ਹੋਈ ਜਾਂਦਾ ਹੈ, ਜਦ ਤਕ ਕਿ ਉਹ ਪੱਧਰੀ ਛੱਤ ਦੀਆਂ ਆਡੀਆਂ ਲੀਹਾਂ ਉਤੇ ਇਕ ਨਿੱਕੀ ਜਿਹੀ ਲਕੀਰ ਖੜੀ ਲਗਦੀ ਹੈ। ਆਖ਼ਰ, ਜਦੋਂ ਮੈਂ ਸੜਕ ਉਤੇ ਇਕ ਹੋਰ ਮੋੜ ਕੱਟਦਾ ਹਾਂ, ਤਾਂ ਸਾਡੇ ਵਿਚਕਾਰ ਇਕ ਪਹਾੜੀ ਆ ਜਾਂਦੀ ਹੈ। ਤੇ ਜਦੋਂ ਮੈਂ ਪਰਤ ਕੇ ਦੇਖਦਾ ਹਾਂ, ਤਾਂ ਮੈਨੂੰ ਪਹਾੜਾਂ ਤੋਂ ਬਿਨਾਂ ਕੁਝ ਨਹੀਂ ਦਿਸਦਾ।
ਮੇਰੇ ਅੱਗੇ ਵੀ ਪਹਾੜ ਹੈ, ਪਰ ਮੈਨੂੰ ਪਤਾ ਹੈ ਕਿ ਇਸ ਤੋਂ ਪਰ੍ਹੇ ਵਿਸ਼ਾਲ ਸੰਸਾਰ ਪਿਆ ਹੈ—ਦੂਜੇ ਸ਼ਹਿਰ ਤੇ ਪਿੰਡ, ਸਾਗਰ ਤੇ ਮਹਾਂਸਾਗਰ, ਰੇਲਵੇ ਸਟੇਸ਼ਨ, ਹਵਾਈ ਅੱਡੇ, ਤੇ ਕਿਤਾਬਾਂ।
ਮੇਰੀ ਜਨਮ-ਭੂਮੀ ਦਾਗਿਸਤਾਨ ਦੀ ਉੱਚੀ-ਨੀਵੀਂ ਸੜਕ ਉਤੇ ਮੇਰੇ ਘੋੜੇ ਦੇ ਖੁਰਾਂ ਦੀ ਟਾਪ ਗੂੰਜਦੀ ਹੈ। ਉੱਪਰ, ਪਹਾੜਾਂ ਦੀਆਂ ਚੋਟੀਆਂ ਵਿਚ ਜੜਿਆ, ਆਕਾਸ਼ ਹੈ, ਹੁਣ ਧੁੱਪ ਨਾਲ ਭਰਿਆ ਹੋਇਆ, ਹੁਣ ਸਿਤਾਰਿਆਂ ਨਾਲ ਜੜਿਆ ਹੋਇਆ, ਹੁਣ ਬੱਦਲਾਂ ਹੇਠ ਆਇਆ ਹੋਇਆ, ਹੁਣ ਮੀਂਹ ਵਰਾਉਂਦਾ ਹੋਇਆ।
ਠਹਿਰ ਜਾ, ਘੋੜੇ ਮਿਰੇ, ਤੂੰ ਠਹਿਰ ਜਾ,
ਇਕ ਨਜ਼ਰ ਤਾਂ ਪਰਤ ਕੇ ਮੈਂ ਦੇਖ ਲਾਂ;
ਆਪਣੀ ਪਿਆਰੀ ਜਨਮ ਆਊਲ ਨੂੰ ਅੱਜ
ਦੁਖਦੇ ਦਿਲ ਨਾਲ ਛੱਡ ਚਲਿਆ ਹਾਂ ਪਿਛਾਂਹ।
ਉੱਡ ਚੱਲ, ਘੋੜੇ ਮਿਰੇ, ਤੂੰ ਉੱਡ ਚੱਲ,
ਪਰਤ ਕੇ ਕਾਹਦੇ ਲਈ ਦੇਖਾਂ ਜ਼ਰਾ ?
ਅੱਗੇ ਆਊਲਾਂ ਬਹੁਤ ਰਾਹਾਂ ਤਕਦੀਆਂ
ਮਿਲਣਗੇ ਉਥੇ ਵੀ ਦੋਸਤ ਤੇ ਭਰਾ ।
ਮੈਂ ਕਿੱਧਰ ਚੱਲਿਆਂ ਹਾਂ? ਮੈਂ ਠੀਕ ਰਾਹ ਦੀ ਪਛਾਣ ਕਿਵੇਂ ਕਰਾਂ? ਇਹ ਨਵੀਂ ਕਿਤਾਬ ਮੈਂ ਕਿਵੇਂ ਲਿਖਾਂ?
ਆਪਣੀ ਨੋਟਬੁੱਕ ਵਿਚੋਂ : ਦਾਗਿਸਤਾਨ ਵਿਚ ਹੁਣ ਨੌਜਵਾਨ ਕੌਮੀ ਲਿਬਾਸ ਨਹੀਂ ਪਾਉਂਦੇ। ਉਹ ਪੈਂਟਾਂ, ਜਾਕਟਾਂ, ਟੀ-ਸ਼ਰਟਾਂ ਜਾਂ ਟਾਈ ਨਾਲ ਆਮ ਕਮੀਜ਼ਾਂ ਪਾਈ ਫਿਰਦੇ ਹਨ-ਬਿਲਕੁਲ ਮਾਸਕੋ, ਤਬਿਲਿਸੀ, ਤਾਸ਼ਕੰਦ, ਦੁਸ਼ਾਂਬੇ ਜਾਂ ਮਿੰਸਕ ਵਾਂਗ।
ਕੌਮੀ ਲਿਬਾਸ ਹੁਣ ਸਿਰਫ ਦਾਗਿਸਤਾਨ ਦੀ ਗੀਤ ਤੇ ਨਰਿਤ ਮੰਡਲੀ ਹੀ ਪਾਉਂਦੀ ਹੈ। ਹੋ ਸਕਦਾ ਹੈ ਵਿਆਹ ਦੇ ਮੌਕੇ ਕੋਈ ਪੁਰਾਣੇ ਢੰਗ ਦੇ ਕਪੜੇ ਪਾਈ ਦਿਸ ਪਵੇ। ਕਦੀ ਕਦੀ, ਜਦੋਂ ਕੋਈ ਦਾਗਿਸਤਾਨੀ ਅੰਦਾਜ਼ ਵਿਚ ਕਪੜੇ ਪਾਉਣੇ ਚਾਹੁੰਦਾ ਹੈ, ਤਾਂ ਉਹ ਕਿਸੇ ਦੋਸਤ ਤੋਂ ਲੁੜੀਂਦੇ ਕਪੜੇ ਉਧਾਰ ਲੈ ਲਵੇਗਾ ਜਾਂ ਫਿਰ ਕਿਰਾਏ ਉਤੇ ਲੈ ਆਇਗਾ। ਉਸ ਕੋਲ ਆਪਣੇ ਕਪੜੇ ਨਹੀਂ ਹੁੰਦੇ। ਮਤਲਬ ਕੀ, ਕੌਮੀ ਲਿਬਾਸ ਦੇ ਦਿਨ ਪੁੱਗਦੇ ਜਾ ਰਹੇ ਨੇ, ਜੇ ਇਹ ਬਿਲਕੁਲ ਖਤਮ ਨਹੀਂ ਵੀ ਹੋ ਗਿਆ ਤਾਂ।
ਪਰ, ਮੁਸੀਬਤ ਇਹ ਹੈ ਕਿ, ਕੁਝ ਕਵੀਆਂ ਲਈ, ਕਵਿਤਾ ਵਿਚ ਵੀ ਕੌਮੀ ਰੂਪ ਖਤਮ ਹੁੰਦਾ ਜਾ ਰਿਹਾ ਹੈ, ਤੇ ਉਹ ਇਸ ਗੱਲ ਉਤੇ ਮਾਨ ਕਰਦੇ ਹਨ।
ਮੈਂ ਵੀ ਯੂਰਪੀ ਢੰਗ ਦੇ ਕੱਪੜੇ ਪਾਉਂਦਾ ਹਾਂ ਤੇ ਆਪਣੇ ਪਿਤਾ ਵਾਲਾ ਸਿਰਕਾਸ਼ੀ ਕੋਟ ਨਹੀਂ ਪਾਉਂਦਾ। ਪਰ ਆਪਣੀ ਕਵਿਤਾ ਨੂੰ ਬੇਡੌਲ ਕਪੜਿਆਂ ਨਾਲ ਸ਼ਿੰਗਾਰਨ ਦਾ ਮੇਰਾ ਕੋਈ ਇਰਾਦਾ ਨਹੀਂ। ਮੈਂ ਇਸਨੂੰ ਆਪਣੇ ਦਾਗਿਸਤਾਨੀ ਕੌਮੀ ਲਿਬਾਸ ਵਿਚ ਸਜਾਉਣਾ ਚਾਹੁੰਦਾ ਹਾਂ।
ਮੇਰੀ ਕਿਹੜੀ ਗੱਲ ਹੈ! ਮੈਂ ਤਾਂ ਜ਼ਿੰਦਗੀ ਦੇ ਕੁਝ ਦਹਾਕੇ ਹੀ ਕੱਟੇ ਹਨ। ਇਹਨਾਂ ਦਹਾਕਿਆਂ ਵਿਚ ਲੋਕ ਪੈਂਟਾਂ, ਬੂਟ ਤੇ ਜਾਕਟਾਂ ਪਾਉਂਦੇ ਰਹੇ ਹਨ। ਕਵਿਤਾ ਦਾ ਆਪਣਾ ਹੀ ਜੀਵਨ ਹੁੰਦਾ ਹੈ, ਆਪਣੀਆਂ ਹੀ ਜਨਮ ਤੇ ਮਰਨ ਦੀਆਂ ਤਰੀਕਾਂ ਹੁੰਦੀਆਂ ਹਨ। ਮੈਂ ਆਪਣੀਆਂ ਕਵਿਤਾਵਾਂ ਬਾਰੇ ਕੁਝ ਨਹੀਂ ਕਹਾਂਗਾ, ਹੋ ਸਕਦਾ ਹੈ ਉਹ ਮੇਰੇ ਤੋਂ ਵੀ ਪਹਿਲਾਂ ਮਰ ਜਾਣ।
ਮਾਸਕੋ ਵਿਚ ਇਕ ਵਾਰੀ ਮੈਂ ਇਕ ਪੁਰਾਣਾ ਬਲੂਤ ਦੇਖਿਆ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਭਿਆਨਕ ਈਵਾਨ ਨੇ ਲਾਇਆ ਸੀ । ਇਸ ਨੇ ਆਪਣੀ ਉਮਰ ਵਿਚ ਲੋਕਾਂ ਨੂੰ ਬੋਯਾਰ ਕੱਪੜੇ ਪਾਈ ਦੇਖਿਆ ਹੈ, ਫਿਰ ਸਮੀਜਾਂ ਤੇ ਵਿਗਾਂ, ਫਿਰ ਉੱਚੇ ਟੋਪ ਤੇ ਕਾਲੇ ਫਰਾਕ-ਕੋਟ, ਬੂਦੀਓਨੀ ਫੌਜੀ ਟੋਪ ਤੇ ਚਮੜੇ ਦੀਆਂ ਜਾਕਟਾਂ, ਫਿਰ ਸਾਧਾਰਨ ਕੋਟ ਤੇ ਖੁਲ੍ਹੀਆਂ ਪੈਂਟਾਂ, ਫੇਰ ਤੰਗ ਪੈਂਟਾਂ ਪਾਈ ਦੇਖਿਆ ਹੈ।…ਤੇ ਬਲੂਤ ਲੋਕਾਂ ਨੂੰ ਇਹ ਕਹਿੰਦਾ ਲਗਦਾ ਸੀ : ਤੁਸੀਂ ਏਥੇ ਹੇਠਾਂ ਨਠਦੇ ਫਿਰੋ, ਆਪਣੇ ਕੱਪੜੇ ਬਦਲਦੇ ਰਹੋ, ਜੇ ਤੁਹਾਡੇ ਕੋਲ ਕਰਨ ਲਈ ਕੋਈ ਚੰਗਾ ਹੋਰ ਕੰਮ ਨਹੀਂ ਤਾਂ। ਮੇਰਾ ਕੰਮ ਆਪਣਾ ਹੈ—ਸੂਰਜ ਦੀਆਂ ਕਿਰਨਾਂ ਨੂੰ ਫੜਨਾ ਤੇ ਉਹਨਾਂ ਨੂੰ ਮਜ਼ਬੂਤ ਤੇ ਟੁਣਕਵੀਂ ਲੱਕੜ ਵਿਚ, ਤੇ ਬੀਜਾਂ ਵਿਚ ਬਦਲਣਾ, ਜਿਨ੍ਹਾਂ ਤੋਂ ਫਿਰ ਇਸੇ ਤਰ੍ਹਾਂ ਦੇ ਮਜ਼ਬੂਤ ਦਰਖਤ ਪੈਦਾ ਹੋਣਗੇ।
ਪਹਾੜਾਂ ਵਿਚ ਕਹਿੰਦੇ ਨੇ ਕਿ ਕੱਪੜੇ ਆਦਮੀ ਨੂੰ ਬਣਾਉਂਦੇ ਨੇ, ਪਰ ਘੋੜਾ ਹੁੰਦਾ ਹੈ ਜਿਹੜਾ ਆਦਮੀ ਨੂੰ ਬਹਾਦਰ ਬਣਾਉਂਦਾ ਹੈ। ਇਹ ਕਹਾਵਤ ਬੜੀ ਸੁਹਣੀ ਲਗਦੀ ਹੈ, ਪਰ ਮੇਰਾ ਨਹੀਂ ਖਿਆਲ ਕਿ ਇਹ ਠੀਕ ਹੈ। ਯੋਧੇ ਲਈ ਸ਼ੇਰ ਦੀ ਖੱਲ ਪਾਉਣੀ ਬਿਲਕੁਲ ਜ਼ਰੂਰੀ ਨਹੀਂ, ਤੇ ਬੁਜ਼ਦਿਲ ਦਾ ਦਿਲ ਲੋਹੇ ਦੀ ਸੰਜੋਅ ਹੇਠ ਵੀ ਕੰਬਦਾ ਰਹੇਗਾ।
ਕਿਉਂਕਿ ਮੈਨੂੰ ਕਈ ਵਾਰੀ ਸਿਰ ਖੁਰਕਦਿਆਂ ਸੋਚਣਾ ਪਿਆ ਹੈ ਜਦੋਂ ਕੋਈ ਤਰਬੂਜ਼, ਜਿਸਨੂੰ ਮੈਂ ਦਿੱਸਣ ਵਿੱਚ ਚੰਗਾ ਲਗਦਾ ਹੋਣ ਕਰਕੇ ਚੁਣਿਆ ਹੁੰਦਾ ਸੀ, ਵਿਚੋਂ ਚਿੱਟਾ ਤੇ ਫਿੱਕਾ ਨਿਕਲ ਆਉਂਦਾ ਸੀ।
ਕਿਉਂਕਿ ਉਨਤਸੂਕੂਲੀ ਦਾ ਕੋਈ ਬੰਦਾ ਆਪਣੀ ਮਹਿਬੂਬਾ ਨੂੰ ਬੁਰਕੇ ਵਿਚ ਲਪੇਟ ਕੇ ਚੁੱਕ ਕੇ ਲੈ ਗਿਆ। ਤੇ ਜਦੋਂ ਬੁਰਕਾ ਚੁੱਕਿਆ ਤਾਂ ਉਥੇ ਕੁੜੀ ਦੀ ਥਾਂ ਉਸਦੀ ਦੰਦ-ਬੋੜੀ ਦਾਦੀ ਸੀ।
ਕਿਉਂਕਿ ਅਬੂਤਾਲਿਬ ਨੇ ਇਕ ਵਾਰੀ ਮੈਨੂੰ ਗੱਲ ਸੁਣਾਈ ਕਿ ਕਿਵੇਂ ਉਸਨੂੰ ਇਕ ਵਾਰੀ ਕਿਸੇ ਦੂਰ-ਦੁਰਾਡੇ ਦੀ ਆਉਲ ਵਿਚ ਵਿਆਹ ਉਤੇ ਆਉਣ ਦਾ ਸੱਦਾ ਦਿੱਤਾ ਗਿਆ ਸੀ, ਜਿਥੇ ਉਸਨੇ ਸੁਰਨਾ ਵਜਾਇਆ ਸੀ। ਵਿਆਹ ਪੂਰੀ ਸੱਜ-ਧੱਜ ਨਾਲ ਹੋਇਆ। ਤਿੰਨ ਦਿਨ ਤੱਕ, ਆਉਲ ਦੇ ਸਾਮ੍ਹਣੇ ਵਾਲੇ ਮੈਦਾਨ ਵਿਚ ਸੁਰਨਾ ਵਜਦਾ ਰਿਹਾ, ਢੋਲ ਪਿੱਟੀਦਾ ਰਿਹਾ, ਵਾਇਲਨ ਅਲਾਉਂਦੀ ਰਹੀ, ਅਕਾਰਡੀਅਨ ਸ਼ੋਰ ਪਾਉਂਦਾ ਰਿਹਾ ਤੇ ਖੁਸ਼ੀ ਭਰੇ ਗੀਤ ਗੂੰਜਦੇ ਰਹੇ। ਜਿਵੇਂ ਕਿ ਅਸੀਂ ਦਾਗਿਸਤਾਨ ਵਿਚ ਕਹਿੰਦੇ ਹਾਂ, ਬਹੁਤ ਸਾਰੀ “ਡਮ-ਡਮ” ਤੇ “ਚਮ-ਚਮ” ਸੀ, ਬਹੁਤ ਕੁਝ ਸੁਣਨ ਨੂੰ, ਬਹੁਤ ਕੁਝ ਖਾਣ ਨੂੰ । ਸਾਰਾ ਪਿੰਡ ਢੁੱਕਾ ਹੋਇਆ ਸੀ, ਤੇ ਕੀ ਬੁਢੇ ਕੀ ਜਵਾਨ, ਸਾਰੇ ਹੀ ਨੱਚ ਰਹੇ ਸਨ।
ਤੀਜੇ ਦਿਨ, ਸਭ ਕਾਸੇ ਦਾ ਪ੍ਰਬੰਧ ਕਰਨ ਵਾਲੇ ਨੇ ਉੱਚੀ ਸਾਰੀ ਐਲਾਨ ਕੀਤਾ ਕਿ ਵਹੁਟੀ ਤੇ ਲਾੜਾ ਪਿੜ ਵਿਚ ਆਉਣਗੇ ਤੇ ਨੱਚਣਗੇ। ਖੈਰ, ਸਾਰੇ ਲੋਕਾਂ ਨੇ ਤਿੰਨ ਦਿਨਾਂ ਦੇ ਜਸ਼ਨਾਂ ਦੇ ਦੌਰਾਨ ਲਾੜੇ ਨੂੰ ਤਾਂ ਦੇਖਿਆ ਹੀ ਹੋਇਆ ਸੀ, ਪਰ ਵਹੁਟੀ ਆਪਣਾ ਮੂੰਹ ਘੁੰਡ ਵਿਚ ਲੁਕਾਈ ਸਾਰਾ ਸਮਾਂ ਬੈਠੀ ਰਹੀ ਸੀ । ਤਿੰਨ ਦਿਨ ਅਬੂਤਾਲਿਬ ਵਹੁਟੀ ਦੇ ਸਜੀਲੇ ਕੱਪੜੇ ਦੇਖਦਾ ਰਿਹਾ ਸੀ, ਜਿਨ੍ਹਾਂ ਦੇ ਸ਼ੋਖ ਰੰਗ ਕਾਕੇਸ਼ੀਆਈ ਕਾਵਿ-ਸੰਗ੍ਰਹਿ ਦੀ ਰੰਗੀਨ ਜਿਲਦ ਨਾਲ ਬਿਦਦੇ ਸਨ।
ਜਦੋਂ ਦੁਲਹਨ ਉੱਠੀ ਤੇ ਪਿੜ ਵਿਚ ਗਈ, ਤਾਂ ਅਬੂਤਾਲਿਬ ਉਸਦੀ ਡੀਲ-ਡੌਲ ਦੇਖ ਕੇ ਚਕ੍ਰਿਤ ਹੋ ਗਿਆ। ਉਸਦੇ ਭਾਰੀ-ਭਰਕਮ ਸ਼ਰੀਰ ਦੀ ਤੁਲਨਾ ਕਿਰਗੀਜ਼ ਮਹਾਂਕਾਵਿ “ਮਾਨਸ” ਵਰਗੀ ਕਿਸੇ ਚੀਜ਼ ਨਾਲ ਕੀਤੀ ਜਾ ਸਕਦੀ ਸੀ, ਜਿਸਨੂੰ ਰਾਜਕੀ ਸਾਹਿਤ ਪ੍ਰਕਾਸ਼ਕਾਂ ਨੇ ਪ੍ਰਕਾਸ਼ਤ ਕੀਤਾ ਹੈ। ਵਹੁਟੀ ਘੁੰਡ ਚੁੱਕਣ ਲਈ ਤਿਆਰ ਹੋਈ । ਸਾਰੇ ਬੁੱਤ ਬਣੇ ਹੋਏ ਸਨ; ਅਬੂਤਾਲਿਬ ਨੇ ਆਪਣਾ ਸਾਹ ਰੋਕ ਲਿਆ। ਤੇ ਦੁਲਹਨ ਨੇ ਘੁੰਡ ਚੁੱਕ ਦਿਤਾ—ਤਿੰਨ ਦਿਨਾਂ ਤੋਂ ਲੋਕ ਇਸ ਘੜੀ ਦੀ ਉਡੀਕ ਕਰ ਰਹੇ ਸਨ…
ਉਸਦੀ ਇਕ ਅੱਖ ਖੂਨਜ਼ਾਮ ਵੱਲ ਦੇਖਦੀ ਸੀ, ਤੇ ਦੂਜੀ ਬੋਤਲੀਖ ਵੱਲ। ਇਕ ਦੂਜੀ ਨਾਲ ਰੁੱਸ ਕੇ ਦੂਰ ਇਕ ਦੂਜੀ ਤੋਂ ਪਰ੍ਹੇ ਤਕਦੀਆਂ ਅੱਖਾਂ ਦੇ ਹੇਠਾਂ ਚਿਹਰੇ ਉਤੇ ਲੰਮਾਂ ਸਾਰਾ ਨੱਕ ਭੈੜੀ ਤਰ੍ਹਾਂ ਟੰਗਿਆ ਹੋਇਆ ਸੀ…
ਅਬੂਤਾਲਿਬ ਨੂੰ ਤਾਂ ਫਿੱਟ ਪੈ ਗਿਆ। ਹੋਰ ਸੁਰਨਾ ਵਜਾਉਣ ਦੀ ਉਸ ਵਿਚ ਹਿੰਮਤ ਨਾ ਰਹੀ। ਉਹ ਉਠਿਆ ਤੇ ਵਿਆਹ ਵਾਲੀ ਥਾਂ ਤੋਂ ਨਿਕਲ ਆਇਆ। ਮੇਰਾ ਖਿਆਲ ਹੈ ਕਿ ਅਬੂਤਾਲਿਬ ਕਹਾਣੀ ਸੁਣਾਉਂਦਿਆਂ ਜ਼ਰਾ ਅਤਿਕਥਨੀ ਤੋਂ ਕੰਮ ਲੈ ਰਿਹਾ ਸੀ।
ਪਰ ਫਿਰ ਵੀ ਸ਼ਾਨਦਾਰ ਦਿੱਖ ਮਾੜੀ ਕਿਤਾਬ ਨੂੰ ਨਹੀਂ ਬਚਾਇਗੀ। ਯੋਗ ਮੁਲੰਕਣ ਲਈ, ਇੱਥੇ ਵੀ ਪਰਦਾ ਹਟਾਇਆ ਜਾਣਾ ਜ਼ਰੂਰੀ ਹੈ।
ਕਿਉਂਕਿ ਇਕ ਸਮਾਂ ਸੀ ਜਦੋਂ ਪਹਾੜੀ ਇਲਾਕਿਆਂ ਵਿਚ, ਔਰਤਾਂ ਦੇ ਸਥਾਨ ਤੇ ਉਹਨਾਂ ਵੱਲ ਆਦਮੀਆਂ ਦੇ ਵਤੀਰੇ ਨੂੰ ਭਖਦਾ ਮਸਲਾ, ਅਸੂਲ ਦਾ ਸਵਾਲ ਬਣਾ ਦਿੱਤਾ ਗਿਆ ਸੀ।
ਉਹ ਐਸਾ ਸਮਾਂ ਸੀ ਜਦੋਂ ਕੋਈ ਵੀ ਪਤੀ ਆਪਣੀ ਪਤਨੀ ਸਾਮ੍ਹਣੇ ਇਕ ਲਫਜ਼ ਵੀ ਕਹਿਣ ਦੀ ਹਿੰਮਤ ਨਹੀਂ ਸੀ ਕਰ ਸਕਦਾ। ਜ਼ਰਾ ਜਿੰਨਾਂ ਘਰ ਵਿਚ ‘ਤਾਂਹ-ਤਾਂਹ ਹੋਏ ਨਹੀਂ, ਕਿ ਘਰ ਵਾਲੇ ਨੂੰ ਜ਼ਿਲਾ ਪਾਰਟੀ ਕਮੇਟੀ ਦੇ ਦਫਤਰ ਬੁਲਾ ਕੇ ਉਸਦੀ ਖੁੰਬ ਠੱਪ ਦਿੱਤੀ ਜਾਂਦੀ ਸੀ । ਸਭ ਤੋਂ ਪਹਿਲਾਂ ਜ਼ਿਲਾ ਕਮੇਟੀ ਦੇ ਸਾਰੇ ਅਮਲੇ ਨੂੰ ਡਾਂਟ-ਡਪਟ ਕੀਤੀ ਗਈ ਤਾਂ ਕਿ ਕੋਈ ਸਮਝੇ ਨਾ ਕਿ ਰਈ ਕੀਤੀ ਗਈ ਹੈ। ਉਹ ਸਾਰਾ ਸਾਲ, ਪਹਾੜੀ ਔਰਤਾਂ ਦੀਆਂ ਕਾਨਫਰੰਸਾਂ ਹੁੰਦੀਆਂ ਰਹੀਆਂ ਸਨ, ਜਿਨ੍ਹਾਂ ਵਿਚ ਏਨੇ ਲਫਜ਼ ਬੋਲੇ ਗਏ, ਜਿੰਨੇਂ ਦੂਜੀਆਂ ਸਾਰੀਆਂ ਕਾਂਗਰਸਾਂ ਵਿਚ ਮਿਲਾ ਕੇ ਨਹੀਂ ਬੋਲੇ ਗਏ ਹੋਣੇ।
ਬਿਲਕੁਲ ਉਸੇ ਸਾਲ, ਇਕ ਚੰਗੀ ਡੀਲ-ਡੌਲ ਵਾਲੀ ਔਰਤ ਐਤਵਾਰੀ ਬਾਜ਼ਾਰ ਵਿਚ ਦਿਖਾਈ ਦੇਣ ਲਗੀ, ਜਿਥੇ ਉਹ ਐਸੀਆਂ ਚੀਜ਼ਾਂ ਵੇਚਦੀ ਜਿਨ੍ਹਾਂ ਦੀ ਮਨਾਹੀ ਸੀ। ਪੁਲੀਸ ਵਾਲਾ ਉਸ ਤੋਂ ਕਤਰਾਉਂਦਾ ਸੀ, ਕਿਉਂਕਿ ਉਸਨੂੰ ਡਰ ਸੀ ਕਿ ਕਿਤੇ ਉਸ ਉਤੇ ਪਹਾੜੀ ਔਰਤ ਦੀ ਸਵੈਧੀਨਤਾ ਤੇ ਬਰਾਬਰੀ ਉਤੇ ਛਾਪਾ ਮਾਰਨ ਦਾ ਸ਼ੱਕ ਨਾ ਕੀਤਾ ਜਾਏ। ਤਾਂ ਵੀ, ਤੀਜੇ ਐਤਵਾਰ ਉਸਨੇ ਉਸਨੂੰ ਹਲਕੀ ਜਿਹੀ ਚੇਤਾਵਨੀ ਦੇ ਦਿਤੀ ਤੇ ਪੰਜਵੇਂ ਐਤਵਾਰ ਉਸਨੇ ਉਸਨੂੰ ਫੜਣ ਦਾ ਤੇ ਥਾਣੇ ਲੈ ਜਾਣ ਦਾ ਫੈਸਲਾ ਕਰ ਲਿਆ।
ਜਦੋਂ ਬਾਜ਼ਾਰ ਵਿਚੋਂ ਉਹ ਉਸਨੂੰ ਲਿਜਾ ਰਿਹਾ ਸੀ ਤਾਂ ਲੋਕ ਉਸ ਵੱਲ ਉਂਗਲਾਂ ਕਰ ਰਹੇ ਸਨ ਤੇ ਹੈਰਾਨ ਹੋ ਰਹੇ ਸਨ ਕਿ ਉਸਨੇ ਪਹਾੜਾਂ ਦੀ ਇਕ ਸਵੈਧੀਨ ਤੇ ਮੁਕਤੀ ਪਾ ਚੁੱਕੀ ਔਰਤ ਨੂੰ ਗਰਿਫਤਾਰ ਕਰਨ ਦੀ ਹਿੰਮਤ ਕਿਵੇਂ रोडी।
ਬਾਜ਼ਾਰ ਦੇ ਭੀੜ-ਭੜੱਕੇ ਵਿਚ ਉਹ ਔਰਤ ਉਤੇ ਭਰਵੀਂ ਨਜ਼ਰ ਵੀ ਨਹੀਂ ਸੀ ਮਾਰ ਸਕਿਆ। ਪਰ ਹੁਣ ਉਹਨੂੰ ਕੁਝ ਚੀਜ਼ਾਂ ਨਜ਼ਰੀਂ ਪਈਆਂ ਜਿਵੇਂ ਕਿ ਵੱਡੇ ਵੱਡੇ ਬੂਟ ਜਿਹੜੇ ਘੱਗਰੇ ਦੇ ਹੇਠਾਂ ਦੀ ਦਿਖਾਈ ਦੇਂਦੇ ਸਨ।
“ਇਹਨਾਂ ਪਾਣੀਆਂ ਦਾ ਤਾਂ ਸੋਮਾ ਹੀ ਹੋਰ ਹੈ”, ਪੁਲੀਸ ਵਾਲੇ ਨੇ ਸੋਚਿਆ, ਤੇ ਔਰਤ ਦੇ ਮੂੰਹ ਉਤੋਂ ਘੁੰਡ ਲਾਹ ਮਾਰਿਆ। ਵਿਚੋਂ ਕੁਰਖਤ ਜਿਹੇ ਚਿਹਰੇ ਵਾਲਾ ਆਦਮੀ ਨਿਕਲਿਆ, ਡੇਲੇ ਬਾਹਰ ਨੂੰ ਨਿਕਲੇ ਹੋਏ, ਕੰਡਿਆਂ ਵਰਗੀਆਂ ਮੁੱਛਾਂ ਜਿਵੇਂ ਚਟਾਨਾਂ ਉਤੇ ਥੋਹਰ ਉੱਗੀ ਹੋਵੇ।
ਕੁਝ ਕਲਾਕਾਰ ਵੀ, ਜਿਨ੍ਹਾਂ ਕੋਲ ਕਲਾ-ਕੌਸ਼ਲਤਾ, ਸਬਰ ਤੇ ਵੱਕਾਰ ਨਹੀਂ ਹੁੰਦੇ, ਆਪਣਾ ਮਾਲ ਵੇਚਣ ਲਈ ਭੇਸ ਧਾਰ ਲੈਂਦੇ ਹਨ ਤਾਂ ਕਿ ਵਿਚਾਰਾਂ ਦੀ ਕੰਗਾਲੀ ਰੂਪ ਦੇ ਚਮਕਦੇ ਵਰਕਾਂ ਹੇਠ ਲੁਕਾ ਸਕੇ। ਪਰ ਜੇ ਪੇਟ ਖਾਲੀ ਹੋਵੇ ਤਾਂ ਪਾਪਾਖਾ ਟੈਂ ਨਾਲ ਟੇਢਾ ਕਰਕੇ ਪਾਉਣ ਦਾ ਕੀ ਫਾਇਦਾ।
ਇਸ ਤੋਂ ਛੁੱਟ, ਲੱਕੜੀ ਦੀ ਛੁਰੀ ਕਿੰਨੀਂ ਵੀ ਖੂਬਸੂਰਤ ਹੋਵੇ, ਤੁਸੀਂ ਇਸ ਨਾਲ ਚੂਜ਼ੇ ਦਾ ਵੀ ਵਾਲ ਵਿੰਗਾ ਨਹੀਂ ਕਰ ਸਕਦੇ। ਵਧ ਤੋਂ ਵਧ ਇਹ ਵਸਦੇ ਮੀਂਹ ਦੇ ਧਾਗੇ ਹੀ ਕੱਟ ਸਕਦੀ ਹੈ।
ਤੇ ਇਸ ਤੋਂ ਛੁੱਟ, ਗੁਡੀਆਂ ਦੇ ਵਿਆਹ ਤੋਂ ਕੋਈ ਬੱਚਾ ਨਹੀਂ ਪੈਦਾ ਹੋ
ਸਕਦਾ।
ਤੇ ਇਸ ਤੋਂ ਛੁੱਟ, ਜਦੋਂ ਮੁੰਡੇ ਦੀ ਸੁੰਨਤ ਕਰਨੀ ਹੁੰਦੀ ਹੈ ਤਾਂ ਉਸਨੂੰ ਬੱਤਖ ਦਾ ਖੰਭ ਦਿਖਾਇਆ ਜਾਂਦਾ ਹੈ। ਪਰ ਇਹ ਸਿਰਫ ਉਸਦਾ ਧਿਆਨ ਲਾਂਭੇ ਪਾਉਣ ਲਈ ਕੀਤਾ ਜਾਂਦਾ ਹੈ । ਤੁਸੀਂ ਬੱਤਖ ਦੇ ਖੰਭ ਨਾਲ ਸੁੰਨਤ ਨਹੀਂ ਕਰ ਸਕਦੇ : ਉਸ ਲਈ ਤਾਂ ਤੇਜ਼ ਚਾਕੂ ਹੀ ਚਾਹੀਦਾ ਹੁੰਦਾ ਹੈ।
ਪਰ ਪਾਠਕ ਬੱਚੇ ਨਹੀਂ ਜੋ ਉਹਨਾਂ ਦਾ ਧਿਆਨ ਲਾਂਭੇ ਪਾਇਆ ਜਾਏ, ਜਾਂ ਉਹਨਾਂ ਨੂੰ ਵਰਾਇਆ ਜਾਏ, ਤੇ ਨਾ ਹੀ ਮੈਂ ਐਸਾ ਕਲਾਕਾਰ ਹਾਂ ਜਿਹੜਾ ਮਿਆਨ ਵਿਚ ਗੱਤੇ ਦੀ ਛੁਰੀ ਲਈ ਫਿਰਦਾ ਹੈ, ਭਾਵੇਂ ਮਿਆਨ ਕਿੰਨੀ ਵੀ ਅਸਲੀ ਤੇ ਸੋਨਾ-ਚੜ੍ਹੀ ਹੋਵੇ।
ਬੇਸ਼ਕ, ਮਿਆਨ ਵੀ ਜ਼ਰੂਰੀ ਹੁੰਦੀ ਹੈ, ਕਿਉਂਕਿ ਇਸ ਤੋਂ ਬਿਨਾਂ ਫਲ ਨੂੰ ਜ਼ੰਗ ਲਗ ਜਾਇਗਾ। ਤੇ ਜੇ ਮਿਆਨ ਖੂਬਸੂਰਤ ਹੋਵੇ, ਤਾਂ ਹੋਰ ਵੀ ਚੰਗਾ।
ਬੇਸ਼ਕ, ਜਦੋਂ ਕੋਈ ਜਿਗਿਤ* ਡਾਕੇ ਤੋਂ ਲੁੱਟਿਆ ਮਾਲ ਲੈ ਕੇ ਵਾਪਸ ਘਰ ਆਉਂਦਾ ਹੈ, ਤਾਂ ਉਸਦੀ ਪਤਨੀ ਉਸਦੀ ਘੋੜੀ ਦੇ ਗਲ ਦੁਆਲੇ ਰੇਸ਼ਮੀ ਰੁਮਾਲ ਬੰਨ੍ਹ ਦੇਂਦੀ ਹੈ।
ਬੇਸ਼ਕ, ਅਤਿ ਤੀਖਣ ਵਿਚਾਰਾਂ ਲਈ ਖੁਸ਼ਕ ਜ਼ਬਾਨ ਇਸੇ ਤਰ੍ਹਾਂ ਹੈ, ਜਿਸ ਤਰ੍ਹਾਂ ਲੇਲੇ ਲਈ ਭੇੜੀਆ।
ਬੇਸ਼ਕ, ਮਜ਼ਬੂਤ ਤੋਂ ਮਜ਼ਬੂਤ ਅਰਬਾ** ਵੀ ਉੱਚੀ-ਨੀਵੀਂ ਸੜਕ ਉਤੇ ਹਿਝੋਕੇ ਖਾ ਸਕਦਾ ਹੈ ਤੇ ਖੱਡ ਦੇ ਕਿਨਾਰੇ ਤੋਂ ਡਿੱਗ ਵੀ ਸਕਦਾ ਹੈ।
ਬੇਸ਼ਕ, ਕਿਸੇ ਖੋਤੇ ਦੀ ਤੰਗ ਘੋੜੇ ਨੂੰ ਨਹੀਂ ਸਜਾਈ ਜਾ ਸਕਦੀ, ਤੇ ਚੰਗੇ
ਪਲੇ ਘੋੜੇ ਦੀ ਕਾਠੀ ਖੋਤੇ ਉਤੇ ਨਹੀਂ ਆ ਸਕਦੀ। ਏਥੇ ਮੈਂ ਤੁਹਾਨੂੰ ਬਲਖਾਰਵਾਸੀ ਤੇ ਉਸਦੇ ਮਰੀਅਲ ਘੋੜੇ ਦੀ ਕਹਾਣੀ ਸੁਣਾਵਾਂਗਾ।
ਬਲਖਾਰਵਾਸੀ ਤੇ ਉਸਦੇ ਮਰੀਅਲ ਘੋੜੇ ਦੀ ਕਹਾਣੀ : ਇਕ ਵਾਰੀ ਇਕ ਬਲਖਾਰਵਾਸੀ ਨੇ ਆਪਣੇ ਭੈੜੇ ਜਿਹੇ ਦਿਸਦੇ ਘੋੜੇ ਉਤੇ ਆਪਣੇ ਮਿੱਟੀ ਦੇ ਭਾਂਡੇ, ਘੜੇ ਤੇ ਪਲੇਟਾਂ ਲੱਦ ਲਈਆਂ। ਪਹਾੜੀ ਪਿੰਡਾਂ ਵਿਚ ਉਹਨਾਂ ਨੂੰ ਵੇਚਣ ਤੁਰ ਪਿਆ।
ਉਸ ਦਿਨ ਇਕ ਅਵਾਰ ਪਿੰਡ ਵਿਚ ਘੋੜ-ਦੌੜ ਹੋਣ ਵਾਲੀ ਸੀ, ਤੇ ਕਈ ਉਤਸ਼ਾਹੀ ਘੋੜ-ਸਵਾਰ ਤੇ ਉਹਨਾਂ ਦੇ ਓਨੇ ਹੀ ਤੇਜ਼-ਤਰਾਰ ਘੋੜੇ ਉਥੇ ਆਏ ਹੋਏ ਸਨ। ਉਹਨਾਂ ਇਲਾਕਿਆਂ ਦੇ ਜਿਗਿਤ ਵੀ ਤੇ ਉਹਨਾਂ ਦੇ ਘੋੜੇ ਵੀ ਬੜੇ ਪ੍ਰਸਿਧ ਸਨ। ਘੋੜ-ਸਵਾਰ ਬੜੇ ਗਠੇ ਸਰੀਰਾਂ ਵਾਲੇ ਤੇ ਖੂਬਸੂਰਤ ਸਨ, ਤੇ ਘੋੜੇ ਵੀ ਉਹਨਾਂ ਵਾਂਗ ਹੀ ਸਨ। ਜਿਗਿਤਾਂ ਦੀਆਂ ਅੱਖਾਂ ਬਹਾਦਰੀ ਤੇ ਜੋਸ਼ ਨਾਲ ਲਾਟੋ- ਲਾਟ ਸਨ, ਤੇ ਉਹਨਾਂ ਦੇ ਘੋੜਿਆਂ ਦੀਆਂ ਅੱਖਾਂ ਬੇਸਬਰੀ ਦੀ ਅੱਗ ਨਾਲ ਬਲ ਰਹੀਆਂ ਸਨ।
ਦੌੜ ਸ਼ੁਰੂ ਕਰਨ ਲਈ ਘੋੜੇ ਕਤਾਰ ਵਿਚ ਖੜੇ ਹੋ ਰਹੇ ਸਨ ਜਦੋਂ ਅਚਨਚੇਤ ਬਲਖਾਰ ਦਾ ਸ਼ਾਂਤ ਵਾਸੀ ਆਪਣੇ ਘੋੜੇ ਨਾਲ ਚੌਕ ਵਿਚ ਆ ਪੁੱਜਾ। ਉਹ ਸੁੱਤ- ਉਨੀਂਦਾ ਲਗਦਾ ਸੀ, ਤੇ ਉਸਦਾ ਘੋੜਾ ਵੀ। ਜਿਗਿਤਾਂ ਨੇ ਉਸਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ।
“ਆ, ਸਾਡੇ ਨਾਲ ਰਲ ਜਾ,” ਉਹ ਕੂਕੇ।
“ਆਪਣੇ ਮਰੀਅਲ ਟੱਟੂ ਦਾ ਨਾਂ ਦੌੜ ਲਈ ਦਰਜ ਕਰਾ ਦੇ।”
“ਆਪਣੇ ਘੋੜੇ ਦੀ ਸਾਡੇ ਘੋੜਿਆਂ ਨਾਲ ਦੌੜ ਲਵਾ, ਜ਼ਰਾ ਇਹਦੀ ਸੂਰਮਤਾਈ ਦੇਖੀਏ।”
“ਸਾਡੇ ਨਾਲ ਦੌੜ ਵਿਚ ਸ਼ਾਮਲ ਹੋ ਜਾ, ਨਹੀਂ ਤਾਂ ਸਾਡੇ ਪਿੱਛੇ ਕੋਈ ਖੁਰੀਆਂ ਚੁੱਕਣ ਵਾਲਾ ਨਹੀਂ ਰਹੇਗਾ।”
ਇਸ ਹਾਸੇ-ਵਿਅੰਗ ਦੇ ਜਵਾਬ ਵਿਚ ਉਸ ਆਦਮੀ ਨੇ ਚੁੱਪ-ਚਾਪ ਆਪਣੇ ਘੋੜੇ ਤੋਂ ਸਾਮਾਨ ਲਾਹੁਣਾ ਸ਼ੁਰੂ ਕੀਤਾ। ਉਸਨੇ ਸ਼ਾਂਤੀ ਨਾਲ ਆਪਣਾ ਮਾਲ ਸੁਹਣੀ ਤਰ੍ਹਾਂ ਢੇਰਾਂ ਵਿਚ ਸਜਾ ਦਿੱਤਾ, ਅਡੋਲ ਆਪਣੇ ਘੋੜੇ ਉਤੇ ਚੜ੍ਹਿਆ ਤੇ ਦੌੜ ਸ਼ੁਰੂ ਕਰਨ ਵਾਲਿਆਂ ਵਿਚ ਜਾ ਖੜਾ ਹੋਇਆ।
ਜਿਗਿਤਾਂ ਦੇ ਘੋੜਿਆਂ ਨੇ ਆਪਣੇ ਖੁਰਾਂ ਨਾਲ ਮਿੱਟੀ ਪੁੱਟਣੀ ਸ਼ੁਰੂ ਕਰ ਦਿਤੀ, ਕੁੱਦਣਾ ਸ਼ੁਰੂ ਕਰ ਦਿਤਾ ਤੇ ਅਗਲੀਆਂ ਲੱਤਾਂ ਹਵਾ ਵਿਚ ਮਾਰਨ ਲੱਗੇ। ਬਲਖਾਰਵਾਸੀ ਦਾ ਘੋੜਾ ਉਥੇ ਦਾ ਉਥੇ ਖੜਾ ਸੀ, ਸੁੱਤ-ਉਨੀਂਦਾ, ਸਿਰ ਹੇਠਾਂ ਸੁੱਟਿਆ ਹੋਇਆ।
ਦੌੜ ਸ਼ੁਰੂ ਹੋਈ, ਤੇ ਤੇਜ਼-ਤਰਾਰ ਘੋੜੇ ਹਨੇਰੀ ਦੀ ਰਫਤਾਰ ਨਾਲ ਅੱਗੇ ਵਧੇ। ਧੂੜ ਦਾ ਬੱਦਲ ਆਕਾਸ਼ ਵੱਲ ਨੂੰ ਉੱਠਿਆ, ਤੇ ਇਸ ਦੇ ਬਿਲਕੁਲ ਪਿਛਲੇ ਸਿਰੇ ਉਤੇ ਮਰੀਅਲ ਘੋੜਾ ਦੇਖਿਆ ਜਾ ਸਕਦਾ ਸੀ । ਇਕ ਚੱਕਰ ਖਤਮ ਹੋਇਆ, ਫਿਰ ਦੂਜਾ, ਤੇ ਤੀਜਾ, ਤੇ ਇੰਝ ਲਗਦਾ ਸੀ ਕਿ ਘੋੜਿਆਂ ਦੀ ਤਾਜ਼ਗੀ ਜਾਂਦੀ ਰਹੀ ਹੈ, ਉਹਨਾਂ ਦੇ ਪਾਸਿਆਂ ਤੋਂ ਹਵਾੜ ਉੱਠ ਰਹੀ ਸੀ। ਫਿਰ ਉਹਨਾਂ ਸਾਰਿਆਂ ਦੇ ਪਿੰਡਿਆਂ ਉਤੇ ਝੱਗ ਜਿਹੀ ਆ ਗਈ ਜਿਹੜੀ ਫੰਬਿਆਂ ਵਾਂਗ ਹੇਠਾਂ ਗਰਮ ਧੂੜ ਉਤੇ ਡਿੱਗਣ ਲੱਗੀ। ਉਹਨਾਂ ਦੀਆਂ ਲੱਤਾਂ ਹਰ ਲੰਘਦੇ ਪਲ ਨਾਲ ਵਧੇਰੇ ਨਿਸਤੀਆਂ ਹੁੰਦੀਆਂ ਜਾ ਰਹੀਆਂ ਲਗਦੀਆਂ ਸਨ, ਤੇ ਉਹਨਾਂ ਦੀ ਰਫਤਾਰ ਬਹੁਤ ਘਟ ਗਈ। ਭਾਵੇਂ ਉਹਨਾਂ ਦੇ ਸਵਾਰ ਚਾਬਕਾਂ ਮਾਰਦੇ, ਪਰ ਉਹਨਾਂ ਦੀ ਰਫਤਾਰ ਤੇਜ਼ ਨਾ ਹੁੰਦੀ। ਪਰ ਬਲਖਾਰ ਦਾ ਘੋੜਾ ਜਿਵੇਂ ਸ਼ੁਰੂ ਹੋਇਆ ਸੀ, ਉਸੇ ਚਾਲ ਚੱਲਦਾ ਰਿਹਾ- ਨਾ ਤੇਜ਼, ਨਾ ਹੌਲੀ। ਪਹਿਲਾਂ ਇਹ ਪਿਛਲੇ ਘੋੜਿਆਂ ਨਾਲ ਜਾ ਰਲਿਆ, ਫਿਰ ਵਿਚਲਿਆਂ ਨਾਲ, ਫਿਰ ਅਗਲਿਆਂ ਦੇ ਬਰਾਬਰ ਆ ਗਿਆ, ਤੇ ਫਿਰ, ਆਖਰੀ, ਦਸਵੇਂ, ਚੱਕਰ ਵਿਚ, ਉਹ ਸਭ ਨੂੰ ਪਿੱਛੇ ਛੱਡ ਗਿਆ। ਜਿੱਤ ਦੇ ਰਿਬਨ ਉਸਦੇ ਗਲ ਦੁਆਲੇ ਬੰਨ੍ਹਣੇ ਪਏ। ਉਸਦਾ ਮਾਲਕ ਸ਼ਾਂਤੀ ਨਾਲ ਆਪਣੇ ਮਾਲ ਕੋਲ ਆਇਆ, ਇਸਨੂੰ ਘੋੜੇ ਉਤੇ ਲੱਦਿਆ ਤੇ ਆਪਣਾ ਰਾਹ ਲਿਆ।
ਇਹੋ ਜਿਹੀਆਂ ਗੱਲਾਂ ਸਾਹਿਤ ਵਿਚ ਘੋੜ-ਦੌੜ ਨਾਲੋਂ ਵੀ ਜ਼ਿਆਦਾ ਵਾਪਰਦੀਆਂ ਨੇ।
ਆਪਣੀ ਨੋਟਬੁੱਕ ਵਿਚੋਂ: ਕਈ ਵਾਰੀ ਆਸਾਨੀ ਨਾਲ ਲਿਖੀ ਕਵਿਤਾ ਪੜ੍ਹਨੀ ਬੜੀ ਮੁਹਾਲ ਹੋ ਜਾਂਦੀ ਹੈ। ਬੜੇ ਔਖੇ ਹੋ ਕੇ ਲਿਖੀ ਗਈ ਕਵਿਤਾ ਕਈ ਵਾਰੀ ਪੜ੍ਹਨੀ ਸਹਿਲ ਲਗਦੀ ਹੈ। ਰੂਪ ਤੇ ਵਸਤੂ ਕੱਪੜਿਆਂ ਤੇ ਕੱਪੜੇ ਪਾਉਣ ਵਾਲੇ ਵਾਂਗ ਹੁੰਦੇ ਹਨ। ਜੇ ਆਦਮੀ ਚੰਗਾ, ਚੁਸਤ ਤੇ ਉੱਚੇ ਆਚਰਨ ਵਾਲਾ ਹੋਵੇ, ਤਾਂ ਉਸਦੇ ਕੱਪੜੇ ਕਿਉਂ ਨਾ ਉਸਦੇ ਗੁਣਾਂ ਨਾਲ ਮੇਲ ਖਾਂਦੇ ਹੋਣ। ਜੇ ਆਦਮੀ ਖੂਬਸੂਰਤ ਹੋਵੇ ਤਾਂ ਉਸਦੇ ਵਿਚਾਰ ਕਿਉਂ ਨਾ ਉਸੇ ਤਰ੍ਹਾਂ ਦੇ ਹੋਣ!
ਬਹੁਤ ਵਾਰੀ ਹੁੰਦਾ ਇਹ ਹੈ ਕਿ ਕੋਈ ਔਰਤ ਦੇਖਣ ਵਿਚ ਬੜੀ ਸੁੰਦਰ ਹੁੰਦੀ ਹੈ, ਪਰ ਅਕਲੋਂ ਖਾਲੀ । ਜੇ ਉਹ ਬੜੀ ਤੀਖਣ-ਬੁੱਧ ਹੁੰਦੀ ਹੈ, ਤਾਂ ਦੇਖਣ ਵਿਚ ਕੁਝ ਨਹੀਂ ਹੁੰਦੀ। ਕਲਾ ਕਿਰਤਾਂ ਨਾਲ ਵੀ ਇਸੇ ਤਰ੍ਹਾਂ ਵਾਪਰ ਸਕਦਾ ਹੈ।
ਪਰ ਕੁਝ ਖੁਸ਼ਕਿਸਮਤ ਔਰਤਾਂ ਵੀ ਹੁੰਦੀਆਂ ਹਨ ਜਿਨ੍ਹਾਂ ਵਿਚ ਚਮਕ- ਦਮਕ ਵੀ ਹੁੰਦੀ ਹੈ, ਸੁੰਦਰਤਾ ਵੀ ਤੇ ਅਕਲ ਵੀ। ਅਸਲੀ ਕਲਾ-ਕੌਸ਼ਲਤਾ ਵਾਲੇ ਕਵੀਆਂ ਦੀਆਂ ਕਿਰਤਾਂ ਬਾਰੇ ਵੀ ਇਹੀ ਕਿਹਾ ਜਾ ਸਕਦਾ ਹੈ।
ਮਾਅਲੀ ਦੇ ਇਕ ਬੰਦੇ ਨੇ ਇਕ ਵਾਰੀ ਕਿਹਾ ਸੀ : “ਜਿਉਂ ਹੀ ਕੋਈ ਬੰਦਾ ਪਹਾੜੀ ਦੱਰੇ ਵਿਚੋਂ ਦੀ ਸਾਡੀ ਆਉਲ ਨੂੰ ਆਉਂਦਾ ਨਜ਼ਰ ਪੈਂਦਾ ਹੈ, ਤਾਂ ਮੈਂ ਇਕਦਮ ਦਸ ਸਕਦਾ ਹਾਂ ਕਿ ਉਹ ਚੰਗਾ ਹੈ ਜਾਂ ਮਾੜਾ।”
ਕੂਬਾਚੀ ਦੇ ਇਕ ਬੰਦੇ ਨੇ ਕਿਹਾ ਸੀ : “ਸੋਨਾ ਜਾਂ ਚਾਂਦੀ ਆਪਣੇ ਆਪ ਵਿਚ ਕੁਝ ਮਹੱਤਤਾ ਨਹੀਂ ਰਖਦੇ ਮਹੱਤਤਾ ਇਸ ਗੱਲ ਦੀ ਹੁੰਦੀ ਹੈ ਕਿ ਕਾਰੀਗਰ ਦੇ ਹੱਥ ਸੋਨੇ ਦੇ ਹੋਣ।”
ਕੁੰਭਕਾਰੀ ਅਤਿ ਸੁਹਣੀ
ਆਮ ਜਿਹੀ ਮਿੱਟੀ ਤੋਂ ਹੋਣੀ।
ਅਤਿ ਸੁੰਦਰ ਕਾਵਿ-ਰਚਨਾ
ਆਮ ਸ਼ਬਦਾਂ ਦੀ ਸਿਰਜਨਾ
(ਘੜੇ ਉਤੇ ਉੱਕਰੇ ਸ਼ਬਦ)
ਮੈਂ ਪੰਦਰਾਂ ਹਜ਼ਾਰ ਤੋਂ ਜ਼ਿਆਦਾ ਦਿਨ ਇਸ ਦੁਨੀਆਂ ਵਿਚ ਕੱਟ ਚੁੱਕਾ ਹਾਂ। ਮੈਂ ਕਈ ਰਾਹਾਂ ਗਾਹੀਆਂ ਨੇ । ਹਜ਼ਾਰਾਂ ਲੋਕਾਂ ਨੂੰ ਮਿਲਿਆ ਹਾਂ । ਮੇਰੇ ਪ੍ਰਭਾਵ ਏਨੇ ਹੀ ਅਣਗਿਣਤ ਹਨ ਜਿੰਨੇ ਬਾਰਸ਼ ਵਿਚ ਜਾਂ ਪਿਘਲਦੀਆਂ ਬਰਫ਼ਾਂ ਵਿਚ ਪਹਾੜੀ ਝਰਨੇ। ਪਰ ਉਹਨਾਂ ਨੂੰ ਇਕ ਥਾਂ ਕਿਵੇਂ ਲਿਆਂਦਾ ਜਾਏ ਕਿ ਕੋਈ ਕਿਤਾਬ ਬਣ ਜਾਏ ? ਇਸ ਤਰ੍ਹਾਂ ਦੀ ਕਿਤਾਬ ਲਿਖਣੀ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਵਾਦੀ ਦੇ ਆਰ- ਪਾਰ ਚੌੜੀ ਤੇ ਡੂੰਘੀ ਖਾਲ ਪੁੱਟਣਾ। ਪਰ ਇਹ ਅਜੇ ਅੱਧਾ ਕੰਮ ਹੈ। ਲੋੜ ਇਸ ਗੱਲ ਦੀ ਹੈ ਕਿ ਸਾਰੇ ਪਹਾੜੀ ਝਰਨੇ ਮਿਲ ਕੇ ਉਸ ਖਾਲ ਦੇ ਵਿਚ ਆ ਰਲਣ। ਮੈਂ ਇਹ ਕਿਵੇਂ ਕਰਾਂ ? ਜ਼ਿੰਦਗੀ ਦੇ ਗਿਆਨ ਤੋਂ ਇਲਾਵਾ ਹੋਰ ਕਿਸ ਤਰ੍ਹਾਂ ਦੇ ਗਿਆਨ ਦੀ ਮੈਨੂੰ ਲੋੜ ਹੈ ? ਸਾਹਿਤ ਦੇ ਸਿਧਾਂਤ ਦੀ? ਪਰ ਇਸ ਬਾਰੇ ਜ਼ਿਆਦਾ ਸੋਚਣ ਦੀ ਕੋਈ ਲੋੜ ਨਹੀਂ ਕਿ ਕਵਿਤਾ ਕਿਵੇਂ ਲਿਖੀਦੀ ਹੈ, ਲੋੜ ਸਚਮੁਚ ਕਵਿਤਾ ਲਿਖਣ ਦੀ ਹੈ।
ਮੈਂ ਇਹ ਦਸ ਦੇਣਾ ਚਾਹੁੰਦਾ ਹਾਂ, ਕਿ ਮੇਰੇ ਕੋਈ ਮਨਭਾਉਂਦੇ ਸਾਹਿਤਕ ਮੱਤ ਜਾਂ ਰੁਝਾਣ ਨਹੀਂ। ਮੇਰੇ ਮਨਭਾਉਂਦੇ ਲੇਖਕ, ਕਲਾਕਾਰ ਤੇ ਕਲਾ-ਸਵਾਮੀ ਜ਼ਰੂਰ ਨੇ।
ਆਪਣੀ ਨੋਟਬੁੱਕ ਵਿਚੋਂ : ਸਾਹਿਤਕ ਇਨਸਟੀਚਿਊਟ ਦੇ ਇਕ ਇਮਤਿਹਾਨ ਵਿਚ ਕਿਸੇ ਅਵਾਰ ਨੂੰ ਯਥਾਰਵਾਦ ਤੇ ਰੋਮਾਂਸਵਾਦ ਵਿਚਕਾਰ ਫਰਕ ਦੱਸਣ ਲਈ ਕਿਹਾ ਗਿਆ। ਉਸਨੇ ਸ਼ਾਇਦ ਇਸ ਮਸਲੇ ਬਾਰੇ ਕੋਈ ਕਿਤਾਬਾਂ ਨਹੀਂ ਸਨ ਪੜ੍ਹੀਆਂ ਹੋਈਆਂ, ਪਰ ਜਵਾਬ ਦੀ ਤਾਂ ਆਸ ਕੀਤੀ ਜਾਂਦੀ ਸੀ । ਕੁਝ ਸਮਾਂ ਸੋਚਣ ਤੋਂ ਪਿਛੋਂ, ਉਸ ਨੇ ਇਸ ਤਰ੍ਹਾਂ ਪ੍ਰੋਫੈਸਰ ਨੂੰ ਜਵਾਬ ਦਿਤਾ :
“ਜੇ ਅਸੀਂ ਬਾਜ਼ ਨੂੰ ਬਾਜ਼ ਕਹੀਏ, ਤਾਂ ਇਹ ਯਥਾਰਥਵਾਦ ਹੈ। ਪਰ ਜਦੋਂ ਅਸੀਂ ਕੁੱਕੜ ਨੂੰ ਬਾਜ਼ ਕਹਿੰਦੇ ਹਾਂ, ਤਾਂ ਇਹ ਰੋਮਾਂਸਵਾਦ ਹੈ।”
ਪ੍ਰੋਫੈਸਰ ਦਾ ਹਾਸਾ ਨਿਕਲ ਗਿਆ ਤੇ ਉਸਨੇ ਉਸਦੀ ਨਤੀਜਿਆਂ ਵਾਲੀ ਕਾਪੀ ਉਤੇ ਨੰਬਰ ਲਿਖ ਦਿਤੇ।
ਜਿਥੋਂ ਤੱਕ ਮੇਰਾ ਸਵਾਲ ਹੈ ਮੈਂ ਹਮੇਸ਼ਾ ਹੀ ਕੋਸ਼ਿਸ਼ ਕੀਤੀ ਹੈ ਕਿ ਘੋੜੇ ਨੂੰ • ਘੋੜਾ, ਖੋਤੇ ਨੂੰ ਖੋਤਾ, ਮੁਰਗ਼ੇ ਨੂੰ ਮੁਰਗ਼ਾ ਤੇ ਆਦਮੀ ਨੂੰ ਆਦਮੀ ਕਹਾਂ।
ਆਪਣੀ ਨੋਟਬੁੱਕ ਵਿਚੋਂ: ਜਗਤ-ਪ੍ਰਸਿਧ ਰਾਬਿੰਦਰ ਨਾਥ ਟੈਗੋਰ ਦਾ ਇਕ ਭਰਾ ਸੀ, ਜਿਹੜਾ ਆਪ ਵੀ ਲੇਖਕ ਸੀ ਤੇ ਭਾਰਤੀ ਸਾਹਿਤ ਦੀ ਬੰਗਾਲੀ ਧਾਰਾ ਨਾਲ ਸੰਬੰਧਤ ਸੀ। ਟੈਗੋਰ ਆਪਣੇ ਆਪ ਵਿਚ ਇਕ ਧਾਰਾ ਸੀ, ਆਪਣੇ ਆਪ ਵਿਚ ਇਕ ਪੂਰਾ ਰੁਝਾਣ ਸੀ; ਇਹ ਸੀ ਫਰਕ ਦੋਹਾਂ ਭਰਾਵਾਂ ਵਿਚ।
ਰਾਬਿੰਦਰ ਨਾਥ ਦੀ ਰੂਹ ਵਿਚ ਇਕ ਆਪਣੀ ਤਰ੍ਹਾਂ ਦਾ ਹੀ ਪੰਛੀ ਰਹਿੰਦਾ ਸੀ, ਜਿਹੜਾ ਦੂਜਿਆਂ ਨਾਲ ਬਿਲਕੁਲ ਨਹੀਂ ਸੀ ਮਿਲਦਾ। ਉਸ ਤੋਂ ਪਹਿਲਾਂ ਇਹੋ ਜਿਹਾ ਕੋਈ ਪੰਛੀ ਨਹੀਂ ਸੀ ਹੋਇਆ। ਉਸਨੇ ਇਸ ਨੂੰ ਕਲਾ ਦੀ ਦੁਨੀਆਂ ਵਿਚ ਭੇਜਿਆ, ਤੇ ਸਾਰੇ ਦੇਖ ਸਕਦੇ ਸਨ ਕਿ ਇਹ ਪੰਛੀ ਰਾਬਿੰਦਰ ਨਾਥ ਟੈਗੋਰ ਦਾ ਹੈ।
ਜੇ ਕੋਈ ਕਲਾਕਾਰ ਆਪਣਾ ਪੰਛੀ ਛਡਦਾ ਹੈ ਤੇ ਇਹ ਜਾ ਕੇ ਬਿਲਕੁਲ ਆਪਣੇ ਵਰਗੇ ਪੰਛੀਆਂ ਨਾਲ ਮਿਲ ਜਾਂਦਾ ਹੈ, ਤਾਂ ਉਹ ਕਲਾਕਾਰ ਨਹੀਂ । ਇਸਦਾ ਮਤਲਬ ਹੈ ਕਿ ਉਸਨੇ ਜਿਹੜਾ ਪੰਛੀ ਭੇਜਿਆ ਹੈ, ਉਹ ਉਸਦਾ ਆਪਣਾ ਨਹੀਂ, ਅਸਾਧਾਰਨ ਤੇ ਅਦਭੁਤ ਨਹੀਂ, ਸਗੋਂ ਸਾਧਾਰਨ ਜਿਹੀ ਚਿੜੀ ਹੈ, ਜਿਸਨੂੰ ਕੋਈ ਵੀ ਦੂਜੀਆਂ ਚਿੜੀਆਂ ਦੇ ਝੁਰਮਟ ਵਿਚੋਂ ਨਹੀਂ ਨਿਖੇੜ ਸਕੇਗਾ। ਹੋ ਸਕਦੈ ਉਹ ਚਿੜੀਆਂ ਚੰਗੀਆਂ ਲੱਗਣ, ਪਰ ਹੈ ਤਾਂ ਚਿੜੀਆਂ ਹੀ।
ਬੰਦੇ ਦਾ ਆਪਣਾ ਚੁੱਲ੍ਹਾ-ਚੌਂਕਾ ਹੋਣਾ ਚਾਹੀਦਾ ਹੈ, ਜਿਥੇ ਉਹ ਅੱਗ ਬਾਲ ਸਕੇ । ਜਿਹੜਾ ਕੋਈ ਐਸੇ ਘੋੜੇ ਉਤੇ ਚੜ੍ਹ ਬੈਠਾ ਹੈ ਜਿਹੜਾ ਉਸਦਾ ਆਪਣਾ ਨਹੀਂ, ਉਹ ਜਲਦੀ ਜਾਂ ਸਮਾਂ ਪਾ ਕੇ ਇਸ ਤੋਂ ਉਤਰ ਜਾਇਗਾ ਤੇ ਮਾਲਕ ਨੂੰ ਵਾਪਸ ਕਰ ਦੇਵੇਗਾ। ਦੂਜਿਆਂ ਦੇ ਵਿਚਾਰਾਂ ਉਤੇ ਕਾਠੀ ਨਾ ਪਾਓ; ਆਪਣਿਆਂ ਨੂੰ ਕਾਬੂ ਵਿਚ ਲਿਆਓ।
ਮੈਂ ਤਾਂ ਸਾਹਿਤ ਦੀ ਪਾਂਡੂਰ ਨਾਲ ਤੇ ਸਾਹਿਤਕਾਰ ਦੀ ਇਸਦੀਆਂ ਤਾਰਾਂ ਨਾਲ ਤੁਲਨਾ ਕਰਨ ਦੀ ਦਲੇਰੀ ਕਰਾਂਗਾ। ਹਰ ਤਾਰ ਦੀ ਆਪਣੀ ਆਵਾਜ਼, ਆਪਣੀ ਧੁਨੀ ਹੁੰਦੀ ਹੈ, ਪਰ ਕੁੱਲ ਮਿਲਾ ਕੇ ਉਹ ਖਾਸ ਇਕਸੁਰਤਾ ਪੈਦਾ ਕਰ ਦੇਂਦੀਆਂ ਨੇ।
ਅਵਾਰ ਪਾਂਡੂਰ ਦੀਆਂ ਸਿਰਫ ਦੋ ਤਾਰਾਂ ਹੁੰਦੀਆਂ ਹਨ। ਮੇਰੇ ਪਿਤਾ ਬਾਰੇ ਕਿਹਾ ਜਾਂਦਾ ਸੀ ਕਿ ਉਹਨਾਂ ਨੇ ਅਵਾਰ ਸਾਹਿਤ ਦੇ ਪਾਂਡੂਰ ਵਿਚ ਤੀਸਰੀ ਤਾਰ ਲਾ ਦਿਤੀ ਸੀ।
ਮੈਂ ਆਪਣੀ ਹੀ ਆਵਾਜ਼ ਪੈਦਾ ਕਰਨਾ ਚਾਹਾਂਗਾ, ਬਾਕੀ ਸਾਰਿਆਂ ਤੋਂ ਵਖਰੀ । ਮੈਂ ਆਪਣੇ ਪੁਰਾਤਨ ਅਵਾਰ ਸਾਜ਼ ਦੀ ਇਕ ਹੋਰ ਤਾਰ ਬਣਨਾ ਚਾਹਾਂਗਾ।
ਮੈਂ ਐਸੇ ਸ਼ਿਕਾਰੀਆਂ ਵਰਗਾ ਨਹੀਂ ਲਗਣਾ ਚਾਹੁੰਦਾ ਜਿਹੜੇ ਮੰਡੀ ਤੋਂ ਮਰਿਆ ਹਿਰਣ ਖਰੀਦ ਲੈਂਦੇ ਨੇ, ਤੇ ਘਰ ਆ ਕੇ ਕਹਿੰਦੇ ਨੇ ਕਿ ਇਹ ਅਸੀਂ ਮਾਰਿਆ ਹੈ।
ਜਾਂ ਇੰਝ ਵੀ ਵਾਪਰ ਸਕਦਾ ਹੈ : ਅਫਵਾਹ ਫੈਲ ਗਈ ਕਿ ਕਿਸੇ ਸ਼ਿਕਾਰੀ ਨੇ ਇਕ ਖੱਡ ਵਿਚ ਵੱਡਾ ਸਾਰਾ ਜੰਗਲੀ ਸਾਨ੍ਹ ਮਾਰਿਆ ਹੈ, ਤੇ ਬਾਕੀ ਸਾਰੇ ਸ਼ਿਕਾਰੀ ਉਸ ਖੁਸ਼ਕਿਸਮਤ ਖੱਡ ਵੱਲ ਨੂੰ ਨੱਠ ਉਠਦੇ ਹਨ। ਏਨੇ ਚਿਰ ਨੂੰ ਪਹਿਲਾ ਸ਼ਿਕਾਰੀ ਕਿਸੇ ਦੂਜੀ ਥਾਂ ਇਕ ਵੱਡਾ ਸਾਰਾ ਰਿੱਛ ਮਾਰ ਦੇਂਦਾ ਹੈ। ਜਦ ਤੱਕ ਬਾਕੀ ਦੇ ਸ਼ਿਕਾਰੀ ਉਸ ਥਾਂ ਤੱਕ ਜਾਂਦੇ ਹਨ, ਉਹ ਮਹਾਂ-ਸ਼ਿਕਾਰੀ ਕਿਸੇ ਤੀਜੀ ਖੱਡ ਵਿਚ ਵੱਡਾ ਸਾਰਾ ਬਰਫਾਨੀ ਚੀਤਾ ਮਾਰ ਦੇਂਦਾ ਹੈ। ਉਹਨਾਂ ਵਿਚੋਂ ਕਿਹੜਾ ਅਸਲੀ ਸ਼ਿਕਾਰੀ ਹੈ? ਉਹ, ਜਿਹੜਾ ਆਪਣਾ ਸ਼ਿਕਾਰ ਆਪ ਲੱਭਦਾ ਹੈ, ਜਾਂ ਕਿ ਉਹ ਜਿਹੜਾ ਉਸਦੇ ਪੈਰ-ਚਿੰਨ੍ਹਾਂ ਉਤੇ ਨੱਠਦਾ ਹੈ? ਇਸ ਤਰ੍ਹਾਂ ਦੇ ਲੋਕ ਦੂਜਿਆਂ ਦੇ ਲਾਏ ਜਾਲ ਉਪਰ ਛਾਪਾ ਮਾਰਨ ਤੋਂ ਨਹੀਂ ਝਿਜਕਣਗੇ।
ਉਹਨਾਂ ਤੋਂ ਮੈਨੂੰ ਕੁਝ ਲੇਖਕ ਯਾਦ ਆ ਜਾਂਦੇ ਹਨ। ਬੰਦੇ ਨੂੰ ਮੇਰੇ ਇਕ ਵਾਕਫਦਾਰ ਦੇ ਵਤੀਰੇ ਦੀ ਨਕਲ ਕਦੀ ਨਹੀਂ ਕਰਨੀ ਚਾਹੀਦੀ ਜਿਹੜਾ ਕੋਰਨੇਈ ਚੂਕੋਵਸਕੀ ਨੂੰ ਮਿਲਣ ਤੋਂ ਪਿਛੋਂ ਇਹ ਬਹਾਨਾ ਕਰਨ ਲੱਗ ਪਿਆ ਸੀ ਕਿ ਉਹ ਅਬੂਤਾਲਿਬ ਨੂੰ ਨਹੀਂ ਜਾਣਦਾ।
ਜਿਹੜਾ ਕੋਈ ਨਾਲਾ ਸਮੁੰਦਰ ਤੱਕ ਪੁੱਜ ਗਿਆ ਹੈ ਤੇ ਉਸ ਨੀਲੇ ਸਾਗਰ ਦੀ ਅਥਾਹ ਵਿਸ਼ਾਲਤਾ ਨੂੰ ਦੇਖਦਾ ਹੈ ਜਿਸਦੇ ਨਾਲ ਇਹ ਇਕਮਿਕ ਹੋ ਰਿਹਾ ਹੈ, ਉਸਨੂੰ ਉਪਰ ਪਹਾੜਾਂ ਵਿਚਲਾ ਉਹ ਸੋਮਾ ਨਹੀਂ ਭੁੱਲਣਾ ਚਾਹੀਦਾ, ਜਿਸ ਨੇ ਉਸਨੂੰ ਜਨਮ ਦਿਤਾ ਸੀ, ਨਾ ਹੀ ਉਹ ਲੰਮਾ ਤੇ ਤੰਗ, ਪਹਾੜੀ ਤੇ ਵਲਵਲੇਵੇਂ ਖਾਂਦਾ ਰਾਹ ਭੁੱਲਣਾ ਚਾਹੀਦਾ ਹੈ, ਜਿਹੜਾ ਇਸਨੂੰ ਧਰਤੀ ਤੱਕ ਪੁੱਜਣ ਲਈ ਤੈਅ ਕਰਨਾ ਪਿਆ ਸੀ।
ਬੇਸ਼ਕ ਮੈਂ ਉਸ ਪਹਾੜੀ ਨਾਲੇ ਵਾਂਗ ਹਾਂ। ਮੈਨੂੰ ਉਹ ਸੋਮਾ ਪਿਆਰਾ ਹੈ ਜਿਸ ਤੋਂ ਮੈਂ ਪੈਦਾ ਹੋਇਆ ਸਾਂ, ਤੇ ਉਹ ਪਥਰੀਲਾ ਰਾਹ ਵੀ, ਜਿਸ ਉਤੇ ਮੈਂ ਚੱਲਿਆ ਹਾਂ। ਮੈਨੂੰ ਉਹ ਧੁੰਦਲੀਆਂ ਖੱਡਾਂ ਪਿਆਰੀਆਂ ਨੇ, ਜਿਨ੍ਹਾਂ ਵਿਚੋਂ ਦੀ ਮੇਰੇ ਪਾਣੀ ਲੰਘਦੇ ਨੇ, ਉਹ ਚਟਾਨਾਂ ਪਿਆਰੀਆਂ ਨੇ ਜਿਥੋਂ ਉਹ ਚਾਂਦੀਰੰਗੇ ਝਰੇ ਬਣ ਕੇ ਡਿਗਦੇ ਨੇ, ਤੇ ਉਹ ਨੀਵੀਆਂ ਤੇ ਸ਼ਾਂਤਮਈ ਥਾਵਾਂ ਵੀ ਜਿਥੇ ਉਹ ਡੂੰਘੇ ਹੋ ਜਾਂਦੇ ਨੇ, ਤੇ ਆਪਣੇ ਆਸ ਪਾਸ ਦੇ ਪਹਾੜਾਂ ਦੇ ਤੇ ਉਪਰ ਆਕਾਸ਼ ਦੇ, ਸਮੇਤ ਇਸਦੇ ਸਾਰੇ ਸਿਤਾਰਿਆਂ ਦੇ, ਪਰਤੌਅ ਦੇਂਦੇ ਨੇ। ਤੇ ਫਿਰ ਉਹ ਵਹਿੰਦੇ ਜਾਂਦੇ ਨੇ, ਕਦੀ ਹੌਲੀ, ਕਦੀ ਤੇਜ਼ ਰਫ਼ਤਾਰ।
ਪਰ, ਮੈਂ ਇਹ ਨਹੀਂ ਕਹਾਂਗਾ ਕਿ ਸਿਰਫ ਖੱਡਾਂ ਹੀ ਮੇਰੇ ਲਈ ਕਾਫੀ ਹਨ। ਜੇ ਮੈਂ ਵਹਿੰਦਾ ਜਾਂਦਾ ਹਾਂ, ਤਾਂ ਇਸਦਾ ਮਤਲਬ ਹੈ ਕਿ ਮੇਰੇ ਅੱਗੇ ਇਕ ਨਿਸ਼ਾਨਾ ਪਿਆ ਹੈ। ਮੈਂ ਨਾ ਸਿਰਫ ਅਨੁਭਵ ਹੀ ਕਰਦਾ ਹਾਂ, ਸਗੋਂ ਸਚਮੁਚ ਉਸ ਅਥਾਹ ਸਾਗਰ ਨੂੰ ਦੇਖ ਸਕਦਾ ਹਾਂ ਜਿਹੜਾ ਮੈਨੂੰ ਉਡੀਕ ਰਿਹਾ ਹੈ।
ਮੈਂ ਇਸ ਵਿਚ ਇਕੱਲਾ ਨਹੀਂ। ਮੈਂ ਸਾਰੇ ਦਾਗਿਸਤਾਨ ਦਾ ਇਕ ਅਟੁੱਟ ਅੰਗ ਹਾਂ, ਜਿਸਦੇ ਸਾਮ੍ਹਣੇ ਵਿਸ਼ਾਲ ਦੁਮੇਲ ਖੁਲ੍ਹ ਗਏ ਹਨ। ਇਹਨਾਂ ਸਾਰੇ ਸਾਲਾਂ ਵਿਚ ਨਾ ਸਿਰਫ ਸਾਡੇ ਕਬਰਿਸਤਾਨਾਂ ਦੀਆਂ ਹੱਦਾਂ ਹੀ ਫੈਲੀਆਂ ਹਨ, ਸਗੋਂ ਜ਼ਿੰਦਗੀ ਬਾਰੇ ਤੇ ਦੁਨੀਆਂ ਬਾਰੇ ਸਾਡੇ ਸੰਕਲਪਾਂ ਦੀਆਂ ਹੱਦਾਂ ਵੀ ਵਿਸ਼ਾਲ ਹੋਈਆਂ ਹਨ।
ਮੈਂ ਇਕ ਅਵਾਰ ਕਵੀ ਹਾਂ। ਪਰ ਆਪਣੇ ਦਿਲ ਵਿਚ ਸ਼ਹਿਰੀ ਜ਼ਿਮੇਵਾਰੀ ਦੀ ਭਾਵਨਾ ਰਖਦਾ ਹਾਂ, ਨਾ ਸਿਰਫ ਅਵਾਰਿਸਤਾਨ ਲਈ, ਜਾਂ ਸਾਰੇ ਦਾਗਿਸਤਾਨ, ਜਾਂ ਸਾਰੇ ਦੇਸ ਲਈ, ਸਗੋਂ ਸਾਰੀ ਦੁਨੀਆਂ ਲਈ। ਇਹ ਵੀਹਵੀਂ ਸਦੀ ਹੈ। ਬੰਦਾ ਕਿਸੇ ਹੋਰ ਤਰ੍ਹਾਂ ਰਹਿ ਵੀ ਨਹੀਂ ਸਕਦਾ।
ਮੈਨੂੰ ਦਸਿਆ ਗਿਆ ਕਿ ਮੇਰੇ ਜਨਮ ਤੋਂ ਕੁਝ ਹੀ ਪਿਛੋਂ, ਮੇਰੇ ਪਿਤਾ ਨੂੰ ਕੁਝ ਸਮੇਂ ਲਈ ਅਰਾਦਰਿਖ ਆਉਲ ਜਾ ਕੇ ਰਹਿਣਾ ਪਿਆ, ਜਿਥੇ ਉਹ ਉਦੋਂ ਕੰਮ ਕਰਦੇ ਸਨ। ਪਿਤਾ ਜੀ ਦੇ ਘੋੜੇ ਦੀ ਕਾਠੀ ਨਾਲ ਦੋ ਟੋਕਰੀਆਂ ਬੰਨ੍ਹੀਆਂ ਗਈਆਂ : ਇਕ ਵਿਚ ਸਾਡਾ ਸਾਰਾ ਮਾਲ-ਮਤਾ ਸੀ—ਕੱਪੜੇ, ਬਾਕੀ ਬਚਿਆ ਆਟਾ, ਕੁਝ ਜਵੀ ਦਾ ਦਲੀਆ ਤੇ ਘਿਓ, ਤੇ ਕੁਝ ਕਿਤਾਬਾਂ। ਦੂਜੀ ਵਿਚੋਂ ਮੇਰਾ ਸਿਰ ਦਿੱਸਦਾ ਸੀ।
ਇਸ ਸਫਰ ਤੋਂ ਪਿਛੋਂ ਮਾਂ ਸਖਤ ਬੀਮਾਰ ਹੋ ਗਈ, ਤੇ ਮੈਨੂੰ ਛਾਤੀ ਦਾ ਦੁਧ ਨਹੀਂ ਸੀ ਪਿਲਾ ਸਕਦੀ। ਪਰ ਉਸ ਆਉਲ ਵਿਚ ਰਹਿੰਦੀ ਇਕ ਗ਼ਰੀਬ ਔਰਤ, ਜਿਸਦਾ ਬੱਚਾ ਕੁਝ ਹੀ ਸਮਾਂ ਪਹਿਲਾਂ ਮਰਿਆ ਸੀ, ਮੈਨੂੰ ਦੁਧ ਚੁੰਘਾਉਣਾ ਮੰਨ ਗਈ। ਉਹ ਮੇਰੀ ਪਾਲਣਹਾਰੀ ਮਾਂ ਬਣ ਗਈ।
ਸੋ ਦੁਨੀਆਂ ਵਿਚ ਦੋ ਔਰਤਾਂ ਹਨ ਜਿਨ੍ਹਾਂ ਦਾ ਮੈਂ ਦੇਣਦਾਰ ਹਾਂ। ਭਾਵੇਂ ਮੇਰੀ ਜ਼ਿੰਦਗੀ ਕਿੰਨੀਂ ਵੀ ਲੰਮੀਂ ਹੋਵੇ, ਤੇ ਉਹਨਾਂ ਲਈ ਜਾਂ ਉਹਨਾਂ ਕਰਕੇ ਮੈਂ ਜੋ ਕੁਝ ਵੀ ਕਰਾਂ, ਮੈਂ ਉਹ ਕਰਜ਼ਾ ਕਦੀ ਵੀ ਨਹੀਂ ਅਦਾ ਕਰ ਸਕਾਂਗਾ। ਮਾਂ ਪ੍ਰਤਿ ਪੁੱਤਰ ਆਪਣਾ ਕਰਜ਼ ਕਦੀ ਅਦਾ ਨਹੀਂ ਕਰ ਸਕਦਾ।
ਇਹ ਦੋ ਔਰਤਾਂ ਨੇ : ਇਕ-ਮੇਰੀ ਮਾਂ, ਜਿਸ ਨੇ ਮੈਨੂੰ ਜਨਮ ਦਿਤਾ, ਜਿਸਨੇ ਸਭ ਤੋਂ ਪਹਿਲਾਂ ਮੈਨੂੰ ਪੰਘੂੜੇ ਵਿਚ ਹੂਟੇ ਦਿਤੇ, ਮੈਨੂੰ ਲੋਰੀਆਂ ਸੁਣਾਈਆਂ; ਦੂਜੀ ਵੀ ਮੇਰੀ ਮਾਂ ਹੈ ਜਿਸਨੇ ਮੈਨੂੰ ਆਪਣੀ ਛਾਤੀ ਦਾ ਦੁਧ ਪਿਲਾ ਕੇ ਮੈਨੂੰ ਮੌਤ ਦੇ ਪੰਜੇ ਵਿਚੋਂ ਬਚਾਇਆ, ਤੇ ਮੇਰੇ ਵਿਚ ਜੀਵਨ ਦੀ ਗਰਮ ਰੌ ਦੌੜਣ ਲੱਗੀ, ਤੇ ਮੈਂ ਮੌਤ ਦੀ ਵਾਦੀ ਵਿਚੋਂ ਨਿਕਲ ਕੇ ਜ਼ਿੰਦਗੀ ਦੀ ਰਾਹ ਉਤੇ ਪੈ ਗਿਆ।
ਮੇਰੀ ਕੌਮ ਦੀਆਂ, ਮੇਰੀ ਨਿਕੀ ਜਿਹੀ ਜਨਮ-ਭੂਮੀ ਦੀਆਂ ਤੇ ਮੇਰੀ ਹਰ ਕਿਤਾਬ ਦੀਆਂ ਵੀ ਦੋ ਦੋ ਮਾਵਾਂ ਨੇ।
ਪਹਿਲੀ ਮਾਂ ਦਾਗਿਸਤਾਨ ਹੈ, ਜਿਥੇ ਮੈਂ ਜੰਮਿਆ, ਪਹਿਲੀ ਵਾਰੀ ਮਾਂ- ਬੋਲੀ ਦੀਆਂ ਧੁਨਾਂ ਸੁਣੀਆਂ, ਇਸਨੂੰ ਬੋਲਣਾ ਸਿਖਿਆ, ਤੇ ਇਸ ਤਰ੍ਹਾਂ ਇਹ ਮੇਰੀ ਹੋਂਦ ਦਾ ਇਕ ਹਿੱਸਾ ਬਣ ਚੁੱਕੀ ਹੈ। ਉਥੇ ਹੀ ਮੈਂ ਪਹਿਲੀ ਵਾਰੀ ਆਪਣੇ ਲੋਕਾਂ ਦੇ ਗੀਤ ਸੁਣੇ ਤੇ ਆਪਣਾ ਪਹਿਲਾ ਗੀਤ ਗਾਇਆ। ਉਥੇ ਮੈਂ ਪਹਿਲੀ ਵਾਰੀ ਪਾਣੀ ਪੀਤਾ, ਪਹਿਲੀ ਵਾਰੀ ਰੋਟੀ ਦਾ ਸਵਾਦ ਚੱਖਿਆ। ਤਿੱਖੀਆਂ ਚਟਾਨਾਂ ਉਤੇ ਚੜ੍ਹਦਾ ਬਚਪਨ ਵਿਚ ਪਤਾ ਨਹੀਂ ਮੈਂ ਕਿੰਨੀ ਵਾਰੀ ਸੱਟਾਂ ਲਵਾਈਆਂ ਹੋਣਗੀਆਂ, ਪਰ ਮੇਰੀ ਜਨਮ-ਭੂਮੀ ਦੇ ਪਾਣੀ ਤੇ ਜੜ੍ਹੀ-ਬੂਟੀਆਂ ਨੇ ਮੇਰੇ ਜ਼ਖ਼ਮ ਰਾਜ਼ੀ ਕਰ ਦਿਤੇ। ਪਰਬਤਵਾਸੀ ਕਹਿੰਦੇ ਨੇ ਕਿ ਐਸੀ ਕੋਈ ਬੀਮਾਰੀ ਨਹੀਂ, ਜਿਸਦਾ ਸਾਡੇ ਪਹਾੜਾਂ ਦੀਆਂ ਜੜ੍ਹੀ-ਬੂਟੀਆਂ ਇਲਾਜ ਨਾ ਕਰ ਸੱਕਣ।
ਮੇਰੀ ਦੂਜੀ ਮਾਂ ਮਹਾਨ ਰੂਸ ਹੈ, ਮੇਰੀ ਦੂਜੀ ਮਾਂ ਮਾਸਕੋ ਹੈ। ਉਸਨੇ ਮੈਨੂੰ ਪਾਲਿਆ, ਮੈਨੂੰ ਖੰਭ ਲਾਏ, ਮੈਨੂੰ ਜੀਵਨ ਦੀ ਸ਼ਾਹਰਾਹ ਉਤੇ ਪਾਇਆ, ਤੇ ਮੈਨੂੰ ਵਿਸ਼ਾਲ ਦੁਮੇਲ, ਸਾਰਾ ਸੰਸਾਰ ਦਿਖਾਇਆ।
ਇਹ ਦੋ ਮਾਵਾਂ ਨੇ ਜਿਨ੍ਹਾਂ ਦਾ ਮੈਂ ਪੁੱਤਰ ਦੇ ਤੌਰ ਉਤੇ ਦੇਣਦਾਰ ਹਾਂ। ਮੇਰੀ ਸਕਲੀਆ ਦੀ ਕੰਧ ਉਤੇ ਦਸੂਤੀ ਵਿਚ ਕਢੀਆਂ ਹੋਈਆਂ ਦੋ ਤਸਵੀਰਾਂ ਲਟਕੀਆਂ ਹੋਈਆਂ ਹਨ : ਇਕ ਮਹਿਮੂਦ ਦੀ, ਦੂਜੀ ਪੁਸ਼ਕਿਨ ਦੀ। ਮੇਰੇ ਪਿੰਡ ਨੇੜਲੀਆਂ ਪਹਾੜੀ ਚਰਾਗਾਹਾਂ ਦੇ ਕਈ ਲਾਟ-ਰੰਗੇ ਫੁੱਲ ਬਲੋਕ ਦੀਆਂ ਕਵਿਤਾਵਾਂ ਦੀਆਂ ਸੈਂਚੀਆਂ ਦੇ ਸਫਿਆਂ ਵਿਚ ਪਏ ਨੇ। ਇਹਨਾਂ ਸੈਂਚੀਆਂ ਤੋਂ ਮੈਨੂੰ ਪੀਤਰੋਗਰਾਦ ਦੀਆਂ ਚਿੱਟੀਆਂ ਰਾਤਾਂ ਦੀ ਸੀਤਲਤਾ ਮਿਲਦੀ ਹੈ।
ਇਹ ਦੋ ਮਾਵਾਂ ਮੇਰੀਆਂ ਦੋ ਪਰਾਂ ਵਾਂਗ, ਦੋ ਹੱਥਾਂ ਵਾਂਗ, ਦੋ ਅੱਖਾਂ ਵਾਂਗ ਜਾਂ ਦੋ ਗੀਤਾਂ ਵਾਂਗ ਹਨ। ਮੇਰੀਆਂ ਦੋ ਮਾਵਾਂ ਦੇ ਹੱਥਾਂ ਨੇ ਮੇਰੇ ਵਾਲ ਸੰਵਾਰੇ, ਪਰ ਲੋੜ ਪੈਣ ਉਤੇ ਕੰਨਾਂ ਨੇੜੇ ਧਰੀਆਂ ਵੀ। ਦੋਹਾਂ ਨੇ ਮੇਰੇ ਪਾਂਡੂਰ ਦੀ ਇਕ ਇਕ ਤਾਰ ਖਿੱਚੀ, ਜਿਸਦੀਆਂ ਕਿ ਦੋ ਤਾਰਾਂ ਹਨ। ਉਹਨਾਂ ਨੇ ਮੈਨੂੰ ਧਰਤੀ ਤੋਂ, ਮੇਰੀ ਆਉਲ ਤੋਂ ਉੱਪਰ ਉੱਚਾ ਉੱਠਾਇਆ; ਉਹਨਾਂ ਦੇ ਮੋਢਿਆਂ ਉਤੇ ਬੈਠਾ ਮੈਂ ਕਿੰਨਾਂ ਕੁਝ ਦੇਖ ਸਕਿਆ, ਜਿਸ ਤੋਂ ਮੇਰੀਆਂ ਨਜ਼ਰਾਂ ਵਾਂਝੀਆਂ ਰਹਿ ਜਾਂਦੀਆਂ ਜੇ ਮੈਨੂੰ ਚੁੱਕ ਕੇ ਏਡਾ ਉੱਚਾ ਨਾ ਕੀਤਾ ਜਾਂਦਾ। ਜਿਸ ਤਰ੍ਹਾਂ ਉੱਡਦੀ ਚੀਲ੍ਹ ਨੂੰ ਨਹੀਂ ਪਤਾ ਹੁੰਦਾ ਕਿ ਆਪਣੇ ਕਿਹੜੇ ਪਰ ਦੀ ਇਸਨੂੰ ਵਧੇਰੇ ਲੋੜ ਹੈ ਤੇ ਕਿਹੜੇ ਦੀ ਇਹ ਵਧੇਰੇ ਕਦਰ ਕਰਦੀ ਹੈ, ਮੈਂ ਵੀ ਨਹੀਂ ਦੱਸ ਸਕਦਾ ਕਿ ਮੇਰੀ ਕਿਹੜੀ ਮਾਂ ਮੈਨੂੰ ਵਧੇਰੇ ਪਿਆਰੀ ਹੈ।
ਪਹਿਲਾਂ ਪਹਾੜੀ ਲੋਕ ਆਪਣੇ ਰੋਗਾਂ ਦੇ ਇਲਾਜ ਲਈ ਸਿਰਫ ਜੜ੍ਹੀ- ਬੂਟੀਆਂ ਤੇ ਪਾਣੀ ਹੀ ਵਰਤਦੇ ਹੁੰਦੇ ਸਨ। ਉਹ ਆਪਣੇ ਹੀ ਸਿਆਣਿਆਂ ਵਿਚ ਯਕੀਨ ਰਖਦੇ ਸਨ। ਠੀਕ ਹੈ ਕਿ ਕੁਝ ਸਿਆਣੇ ਇਹੋ ਜਿਹੇ ਵੀ ਸਨ ਜਿਹੜੇ ਅੱਜ ਤੱਕ ਯਾਦ ਕੀਤੇ ਜਾਂਦੇ ਹਨ। ਆਮ ਜਿਹੀ ਸਿਰ ਪੀੜ ਦਾ ਇਲਾਜ ਕਰਨ ਲਈ ਉਹ ਕਾਲਾ ਭੇਡੂ ਵੱਢਣ ਲਈ ਮਜਬੂਰ ਕਰਦੇ ਹੁੰਦੇ ਸਨ।
ਹਰ ਅਵਾਰ ਜਾਣਦਾ ਹੈ ਕਿ ਕਾਲੇ ਭੇਡੂ ਦਾ ਮਾਸ ਚਿੱਟੇ ਜਾਂ ਭੂਰੇ ਭੇਡੂ ਦੇ ਮਾਸ ਨਾਲੋਂ ਵਧੇਰੇ ਮਿੱਠਾ ਤੇ ਰਸਦਾਰ ਹੁੰਦਾ ਹੈ। ਸਿਆਣਾ ਨਵੀਂ ਲਾਹੀ ਖੱਲ ਨੂੰ ਬੀਮਾਰ ਦੇ ਸਿਰ ਦੁਆਲੇ ਲਪੇਟ ਦੇਂਦਾ ਤੇ ਉਸਨੂੰ ਇਸ ਤਰ੍ਹਾਂ ਬੈਠੇ ਰਹਿਣ ਲਈ ਕਹਿੰਦਾ। ਤੇ ਜਾਂਦਾ ਜਾਂਦਾ ਮਾਸ ਆਪਣੇ ਨਾਲ ਘਰ ਲੈ ਜਾਂਦਾ।
ਅਸੀਂ ਇਥੇ ਉਸ ਤਰ੍ਹਾਂ ਦੇ ਸਿਆਣਿਆਂ ਦੀ ਗੱਲ ਨਹੀਂ ਕਰਾਂਗੇ, ਸਗੋਂ ਉਹਨਾਂ ਦੀ ਗੱਲ ਕਰਾਂਗੇ ਜਿਹੜੇ ਈਮਾਨਦਾਰ ਸਨ, ਤੇ ਆਪਣਾ ਕੰਮ ਤੇ ਆਪਣੀਆਂ ਦਵਾਈਆਂ ਜਾਣਦੇ ਸਨ।
ਮੇਰੇ ਪਿਤਾ ਨੂੰ ਹਸਪਤਾਲ ਜਾਣਾ ਪੈ ਗਿਆ-ਮਾਸਕੋ ਦੇ ਕ੍ਰੈਮਲਿਨ ਹਸਪਤਾਲ ਵਿਚ। ਉਥੇ ਉਸਨੂੰ ਜੜੀ-ਬੂਟੀਆਂ ਤੇ ਆਪਣੇ ਦਾਗਿਸਤਾਨ ਦੇ ਚਸ਼ਮੇ ਯਾਦ ਆਏ, ਤੇ ਉਸਨੇ ਆਪਣੇ ਪੁੱਤਰਾਂ ਨੂੰ ਬੂਸਤਰਾਖ ਘਾਟੀ ਦੇ ਇਕ ਨਿੱਕੇ ਜਿਹੇ ਚਸ਼ਮੇ ਦਾ ਕੁਝ ਪਾਣੀ ਲਿਆਉਣ ਲਈ ਕਿਹਾ।
ਪਿਤਾ ਦੇ ਲਫਜ਼ ਉਸਦੇ ਪੁੱਤਰਾਂ ਲਈ ਕਾਨੂੰਨ ਹੁੰਦੇ ਨੇ, ਸੋ ਉਹ ਦਾਗਿਸਤਾਨ ਗਏ, ਬੂਸਤਰਾਖ ਘਾਟੀ ਉਤੇ ਪੁੱਜੇ, ਚਸ਼ਮਾ ਲਭਿਆ, ਤੇ ਮਾਸਕੋ ਦੇ ਹਸਪਤਾਲ ਵਿਚ ਪਏ ਬੀਮਾਰ ਅਵਾਰ ਕਵੀ ਲਈ ਇਸਦਾ ਪਾਣੀ ਲੈ ਲਿਆ।
ਮੇਰੇ ਪਿਤਾ ਨੇ ਪਾਣੀ ਪੀਤਾ ਤੇ ਚੰਗਾ ਮਹਿਸੂਸ ਕਰਨ ਲੱਗੇ। ਉਹ ਰਾਜ਼ੀ ਵੀ ਹੋ ਗਏ। ਜਿਸ ਗੱਲ ਦਾ ਉਹਨਾਂ ਨੂੰ ਨਹੀਂ ਸੀ ਪਤਾ ਉਹ ਇਹ ਕਿ ਉਸੇ ਹੀ ਦਿਨ ਬਦੇਸ਼ੋਂ ਮੰਗਵਾਏ ਗਏ ਟੀਕਿਆਂ ਦਾ ਇਕ ਕੋਰਸ ਸ਼ੁਰੂ ਕੀਤਾ ਗਿਆ ਸੀ। ਸ਼ਾਇਦ ਸੰਸਾਰ ਚਿਕਿਤਸਾ ਵਿਗਿਆਨ ਵੱਲੋਂ ਤਿਆਰ ਕੀਤੀ ਗਈ ਦਵਾਈ ਨਾਲ ਹੀ ਸਿਰਫ ਉਹ ਰਾਜ਼ੀ ਨਾ ਹੁੰਦਾ। ਸ਼ਾਇਦ ਅਵਾਰ ਪਾਣੀ, ਸਾਡੀ ਲੋਕ-ਦਵਾਈ, ਨਿਰੀ ਅਸਰ ਨਾ ਕਰਦੀ। ਪਰ ਦੋਹਾਂ ਨੇ ਮਿਲਕੇ ਉਸਨੂੰ ਰਾਜ਼ੀ ਕਰ ਦਿਤਾ।
ਸਾਹਿਤ ਨਾਲ ਵੀ ਇਸੇ ਤਰ੍ਹਾਂ ਹੁੰਦਾ ਹੈ। ਇਹ ਆਪਣੀ ਜਨਮ-ਭੂਮੀ ਤੇ ਜਨਮ-ਭੂਮੀ ਦੇ ਲੋਕਾਂ ਤੋਂ, ਆਪਣੀ ਮਾਂ-ਬੋਲੀ ਤੋਂ ਪੈਦਾ ਹੁੰਦਾ ਹੈ। ਪਰ ਅੱਜ ਦੇ ਅਸਲੀ ਲੇਖਕ ਦੀ ਚੇਤਨਤਾ ਉਸਦੀ ਕੌਮੀਅਤ ਦੀਆਂ ਹੱਦਾਂ ਤੋਂ ਕਿਤੇ ਦੂਰ ਤੱਕ ਫੈਲੀ ਹੁੰਦੀ ਹੈ। ਜੋ ਕੁਝ ਸਾਰੀ ਮਨੁਖਤਾ ਉਤੇ, ਸਾਰੀ ਦੁਨੀਆਂ ਉਤੇ ਅਸਰ ਪਾਉਂਦਾ ਹੈ, ਉਹ ਉਸਦੇ ਦਿਲ ਨੂੰ ਵੀ ਮੱਲ ਲੈਂਦਾ ਹੈ, ਉਸਦੇ ਮਨ ਵਿਚ ਭੀੜਾਂ ਪਾਉਂਦਾ ਹੈ।
ਪੈਂਡੇ ਪੈਣ ਤੋਂ ਪਹਿਲਾਂ ਪਾਂਧੀ
ਕੀ ਰਸਤੇ ਲਈ ਨਾਲ ਵਿਚਾਰੇ ?
ਕੁਝ ਪੀਣਾ, ਕੁਝ ਖਾਣਾ ਲੈਂਦਾ ਪਰ,
ਮੇਰੇ ਮਹਿਮਾਨ ਪਿਆਰੇ ।
ਆ, ਸਾਡੇ ਸਿਰ ਮੱਥੇ ਉਤੇ,
ਸਭ ਕਾਸੇ ਦਾ ਫਿਕਰ ਹਟਾਈ ।
ਪੀਣਾ ਤੈਨੂੰ ਅਸੀਂ ਦਿਆਂਗੇ
ਖਾਣਾ ਕੋਈ ਪਰਬਤ ਦੀ ਜਾਈ।
ਪੈਂਡੇ ਪੈਣ ਤੋਂ ਪਹਿਲਾਂ ਪਾਂਧੀ
ਕੀ ਰਸਤੇ ਲਈ ਨਾਲ ਵਿਚਾਰੇ ?
ਤੇਜ਼ ਧਾਰ ਖੰਜਰ ਇਕ ਲੈਂਦਾ,
ਪਰ ਮੇਰੇ ਮਹਿਮਾਨ ਪਿਆਰੇ ।
ਸਭ, ਪਰਬਤ-ਰਾਹਾਂ ਉਤੇ,
ਤੇਰੇ ਸਨਮਾਨ ‘ਚ ਨੈਣ ਵਿਛਾਉਂਦੇ।
ਜੇ ਇਕ ਖੰਜਰ ਵਾਰ ਕਰੇ ਤਾਂ
ਸੌ ਖੰਜਰ ਰਾਖੀ ਲਈ ਆਉਂਦੇ ।
ਪੈਂਡੇ ਪੈਣ ਤੋਂ ਪਹਿਲਾਂ ਪਾਂਧੀ
ਕੀ ਰਸਤੇ ਲਈ ਨਾਲ ਵਿਚਾਰੇ ?
ਗੀਤ, ਜੋ ਪੈਂਡਾ ਸੌਖਾ ਕਰ ਦਏ,
ਪਰ ਮੇਰੇ ਮਹਿਮਾਨ ਪਿਆਰੇ ।
ਪਰਬਤਾਂ ਵਿਚ ਅਣਗਿਣਤ ਪਏ ਨੇ
ਸਾਡੇ ਕੋਲ ਵੀ ਅਦਭੁਤ ਗਾਣੇ।
ਪਰ ਕਿਹੜਾ ਇਹ ਬੋਝ ਏ ਭਾਰਾ
ਬੇਸ਼ਕ ਤੁਸੀਂ ਵੀ ਨਾਲ ਲੈ ਆਣੇ।
ਲੇਖਕ ਦੀ ਡਾਕਟਰ ਨਾਲ ਤੁਲਨਾ ਕਰਦਿਆਂ, ਉਸਨੂੰ ਸਮੇਂ ਦੀਆਂ ਪਰਖੀਆਂ ਸਾਦਾ ਦਵਾਈਆਂ ਵੀ ਤੇ ਚਿਕਿਤਸਾ ਵਿਗਿਆਨ ਦੀਆਂ ਨਵੀਨਤਮ ਪ੍ਰਾਪਤੀਆਂ ਵੀ ਵਰਤਣ ਦੇ ਯੋਗ ਹੋਣਾ ਚਾਹੀਦਾ ਹੈ।
ਜੇ ਲੇਖਕ ਦੀ ਐਸੇ ਬੰਦੇ ਨਾਲ ਤੁਲਨਾ ਕੀਤੀ ਜਾ ਸਕੇ ਜਿਹੜਾ ਪੈਦਲ ਬਦੇਸ਼ਾਂ ਦਾ ਦੌਰਾ ਕਰਦਾ ਹੈ, ਤਾਂ ਜਦੋਂ ਉਹ ਕਿਸੇ ਦੂਜੇ ਦੇਸ ਵਿਚ ਪਰਾਹੁਣੇ ਵਜੋਂ ਪਹੁੰਚਦਾ ਹੈ, ਤਾਂ ਉਸਨੂੰ ਆਪਣੇ ਦਿਲ ਵਿਚ ਆਪਣੇ ਦੇਸ ਦੇ ਗੀਤ ਲੈ ਕੇ ਆਉਣਾ ਚਾਹੀਦਾ ਹੈ, ਪਰ ਨਾਲ ਹੀ ਆਪਣੇ ਦਿਲ ਵਿਚ ਉਹਨਾਂ ਗੀਤਾਂ ਲਈ ਥਾਂ ਰਖਣੀ ਚਾਹੀਦੀ ਹੈ ਜਿਹੜੇ ਉਸ ਲਈ ਗਾਏ ਜਾਣਗੇ।
ਉਸਨੂੰ ਉਸਦੇ ਆਪਣੇ ਲੋਕ ਵਿਦਾ ਕਰਨਗੇ, ਤੇ ਕਿਸੇ ਦੂਜੇ ਦੇਸ ਦੇ ਲੋਕ ਉਸਦਾ ਸਵਾਗਤ ਕਰਨਗੇ। ਦੋਹਾਂ ਕੋਲ ਹੀ ਆਪਣੇ ਆਪਣੇ ਗੀਤ ਹਨ।
ਜਦੋਂ ਪਹਿਲਾਂ ਪਹਿਲਾਂ ਸਾਡੀਆਂ ਆਉਲਾਂ ਵਿਚ ਤਕਰੀਰਾਂ ਕਰਨ ਵਾਲੇ ਤੇ ਰੀਪੋਰਟਾਂ ਪੇਸ਼ ਕਰਨ ਵਾਲੇ ਆਉਂਦੇ ਹੁੰਦੇ ਸੀ ਤਾਂ ਕੇਲੇਬ ਆਊਲ ਦੀਆਂ ਔਰਤਾਂ ਉਹਨਾਂ ਵੱਲ ਪਿੱਠ ਕਰਕੇ ਬੈਠਦੀਆਂ ਹੁੰਦੀਆਂ ਸਨ, ਤਾਂ ਕਿ ਉਹ ਉਹਨਾਂ ਦਾ ਮੂੰਹ ਨਾ ਦੇਖ ਸਕਣ। ਪਰ ਜਦੋਂ ਉਹਨਾਂ ਦੇ ਪਿੱਛੋਂ ਕੋਈ ਗਾਇਕ ਆਉਂਦਾ ਤੇ ਗਾਣਾ ਸ਼ੁਰੂ ਕਰਦਾ, ਤਾਂ ਸੰਗੀਤ ਲਈ ਔਰਤਾਂ ਦਾ ਸਤਿਕਾਰ ਉਹਨਾਂ ਦੇ ਤੁਅੱਸਬਾਂ ਨਾਲੋਂ ਵਧੇਰੇ ਤਾਕਤਵਰ ਸਿੱਧ ਹੁੰਦਾ ਤੇ ਉਹ ਆਪਣੇ ਮੂੰਹ ਉਸ ਵੱਲ ਕਰ ਲੈਂਦੀਆਂ। ਇਸ ਨਾਲੋਂ ਵੀ ਵਡੀ ਗੱਲ ਇਹ, ਕਿ ਉਹਨਾਂ ਨੂੰ ਆਪਣੇ ਘੁੰਡ ਚੁੱਕ ਦੇਣ ਦੀ ਵੀ ਆਗਿਆ ਸੀ।
ਇਕ ਦਿਨ ਵੀ ਨਹੀਂ ਲੰਘਦਾ, ਇਕ ਮਿੰਟ ਵੀ ਨਹੀਂ ਲੰਘਦਾ ਜਦੋਂ ਉਹ ਗੀਤ, ਜਿਹੜਾ ਮੇਰੀ ਮਾਂ ਮੇਰੇ ਪੰਘੂੜੇ ਕੋਲ ਖੜੀ ਗਾਇਆ ਕਰਦੀ ਸੀ, ਮੇਰੇ ਵਿਚ ਨਾ ਜਿਊਂਦਾ ਹੋਵੇ, ਮੇਰੇ ਦਿਲ ਵਿਚ ਗੂੰਜ ਨਾ ਪੈਦਾ ਕਰਦਾ ਹੋਵੇ। ਉਹ ਗੀਤ ਮੇਰੀਆਂ ਸਭ ਕਵਿਤਾਵਾਂ ਦਾ ਪੰਘੂੜਾ ਹੈ। ਇਹ ਉਹ ਸਿਰਹਾਣਾ ਹੈ ਜਿਸ ਉਤੇ ਮੈਂ ਆਪਣਾ ਥੱਕਿਆ ਸਿਰ ਟਿਕਾ ਸਕਦਾ ਹਾਂ; ਇਹ ਉਹ ਘੋੜਾ ਹੈ ਜਿਹੜਾ ਮੈਨੂੰ ਮੇਰੀ ਮੰਜ਼ਲ ਤੱਕ ਲੈ ਜਾਂਦਾ ਹੈ। ਇਹ ਉਹ ਚਸ਼ਮਾ ਹੈ ਜਿਹੜਾ ਮੇਰੀ ਪਿਆਸ ਬੁਝਾਉਂਦਾ ਹੈ, ਇਹ ਉਹ ਚੁੱਲ੍ਹਾ ਹੈ ਜਿਹੜਾ ਮੈਨੂੰ ਨਿੱਘ ਦੇਂਦਾ ਹੈ, ਜਿਹੜਾ ਨਿੱਘ ਮੈਂ ਜੀਵਨ ਵਿਚ ਆਪਣੇ ਨਾਲ ਲਿਜਾਂਦਾ ਹਾਂ।
ਇਸਦੇ ਨਾਲ ਹੀ, ਮੈਂ ਸ਼ਕੂਮ ਵਰਗਾ ਨਹੀਂ ਬਣਨਾ ਚਾਹਾਂਗਾ ਜਿਹੜਾ, ਭਾਵੇਂ ਵੱਡਾ ਤੇ ਚੰਗਾ ਸਿਹਤਮੰਦ ਹੋ ਗਿਆ ਸੀ, ਪਰ ਉਹ ਮਾਂ ਦਾ ਦੁਧ ਨਹੀਂ ਸੀ ਛੱਡਦਾ ਤੇ ਉਸਦੀ ਮਾਂ ਉਸਨੂੰ ਦੁੱਧ ਚੁੰਘਾਉਣ ਲਈ ਮਜਬੂਰ ਹੁੰਦੀ ਸੀ। ਇਹੋ ਜਿਹਾਂ ਬਾਰੇ ਕਹਿੰਦੇ ਨੇ : “ਕੱਦ-ਕਾਠ ਵਿਚ ਸਾਨ੍ਹ, ਪਰ ਦਿਮਾਗ ਵਿਚ ਵਛੇਰਾ।” ਅੱਜ ਕੱਲ ਪ੍ਰਸ਼ਨਾਵਲੀ ਭਰਨਾ ਆਮ ਗੱਲ ਹੋ ਗਈ ਹੈ। ਮੈਨੂੰ ਹੁਣ ਯਾਦ ਵੀ ਨਹੀਂ ਕਿ ਹੁਣ ਤੱਕ ਕਿੰਨੀਆਂ ਭਰ ਚੁੱਕਾ ਹਾਂ; ਉਹਨਾਂ ਵਿਚੋਂ ਇਕ ਵੀ ਨਹੀਂ ਸੀ ਜਿਸ ਵਿਚ ਕਦੀ ਦੇਸ-ਪਿਆਰ ਬਾਰੇ ਕੋਈ ਸਵਾਲ ਹੋਵੇ, ਪਰ ਇਸਦਾ ਮਤਲਬ ਇਹ ਨਹੀਂ ਹੋਣਾ ਚਾਹੀਦਾ ਕਿ ਇਹੋ ਜਿਹਾ ਪਿਆਰ ਆਮ ਕਰਕੇ ਨਹੀਂ ਪਾਇਆ नांरा।
ਪਰ ਏਨਾਂ ਕਾਫੀ ਨਹੀਂ ਕਿ ਪ੍ਰਸ਼ਨਾਵਲੀ ਵਿਚ ਤੁਸੀਂ ਲਿਖ ਦਿਓ ਕਿ ਮੈਂ ਸੋਵੀਅਤ ਯੂਨੀਅਨ ਦਾ ਸ਼ਹਿਰੀ ਹਾਂ; ਤੁਹਾਨੂੰ ਇਸ ਤਰ੍ਹਾਂ ਦਾ ਵਿਹਾਰ ਵੀ ਕਰਨਾ ਚਾਹੀਦਾ ਹੈ। ਉਥੇ ਇਹ ਲਿਖ ਦੇਣਾ ਕਾਫੀ ਨਹੀਂ ਕਿ ਤੁਸੀਂ ਸੋਵੀਅਤ ਕਮਿਊਨਿਸਟ ਪਾਰਟੀ ਦੇ ਮੈਂਬਰ ਹੋ, ਤੁਹਾਨੂੰ ਮੈਂਬਰ ਵਾਂਗ ਵਰਤਣਾ ਚਾਹੀਦਾ ਹੈ।“ਤੁਹਾਡੀ ਮਾਂ- ਬੋਲੀ” ਬਾਰੇ ਸਵਾਲ ਦੇ ਜਵਾਬ ਵਿਚ ਏਨਾਂ ਲਿਖਣਾ ਕਾਫੀ ਨਹੀਂ—“ਅਵਾਰ”; ਇਹ ਤੁਹਾਡੀ ਸਚਮੁਚ ਦੀ ਮਾਂ-ਬੋਲੀ ਹੋਣੀ ਚਾਹੀਦੀ ਹੈ। ਤੁਹਾਡੇ ਵਿਚ ਇਸ ਵੱਲ ਵਫਾਦਾਰ ਰਹਿਣ ਦੀ ਹਿੰਮਤ ਹੋਣੀ ਚਾਹੀਦੀ ਹੈ।
ਮੈਂ ਤੁਹਾਡਾ ਸਵਾਗਤ ਕਰਦਾ ਹਾਂ, ਮੇਰੇ ਮਹਿਮਾਨੋ, ਭਾਵੇਂ ਤੁਸੀਂ ਕਿਤੋਂ ਵੀ
ਆਏ ਹੋ। ਮੈਂ ਤੁਹਾਡੇ ਗੀਤਾਂ ਦਾ ਸਵਾਗਤ ਕਰਦਾ ਹਾਂ। ਤੁਸੀਂ ਭਰਾਵਾਂ ਵਾਂਗ,
ਭੈਣਾਂ ਵਾਂਗ ਮੇਰੇ ਕੋਲ ਆਓ। ਮੇਰੇ ਦਿਲ ਵਿਚ ਤੁਹਾਡੇ ਸਭ ਲਈ ਥਾਂ ਹੈ!
ਜੇ ਕੋਈ ਪਰਬਤਵਾਸੀ ਆਪਣੇ ਪਿੱਛੇ ਕਾਠੀ ਉਤੇ ਕਿਸੇ ਦੂਜੀ ਕੌਮੀਅਤ ਦੀ ਔਰਤ ਬਿਠਾਈ ਵਾਪਸ ਖੂਨਜ਼ਾਮ ਆਉਂਦਾ ਸੀ, ਤਾਂ ਉਸਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾ। ਆਉਲ ਦੇ ਵਡੇਰੇ ਉਸਦੇ ਵਿਹਾਰ ਨੂੰ ਪ੍ਰਵਾਨਗੀ ਨਹੀਂ ਸਨ ਦੇਂਦੇ। ਅੱਜ ਬੁਢੇ ਜਵਾਨ ਸਾਰੇ ਹੀ ਇਸ ਤਰ੍ਹਾਂ ਦੀ ਚੀਜ਼ ਦੇ ਆਦੀ ਹੋ ਗਏ ਹਨ। ਕਿਸੇ ਦੂਜੀ ਕੌਮੀਅਤ ਦੀ ਔਰਤ ਨਾਲ ਕਿਸੇ ਅਵਾਰ ਦੇ ਵਿਆਹ ਨੂੰ ਹੁਣ ਸ਼ਰਮਨਾਕ ਨਹੀਂ ਸਮਝਿਆ ਜਾਂਦਾ। ਸਿਰਫ ਇਕ ਤਰ੍ਹਾਂ ਦੇ ਵਿਆਹ ਦੀ ਹੀ ਪਰਬਤਵਾਸੀ ਨਿਖੇਧੀ ਕਰਦੇ ਹਨ—ਬਿਨਾਂ ਪਿਆਰ ਦੇ ਵਿਆਹ ਦੀ।
ਇਹ ਬਿਲਕੁਲ ਠੀਕ ਹੈ ਕਿ ਫੁੱਲਾਂ ਦੀ ਵੰਨਗੀ ਜਿੰਨੀਂ ਜ਼ਿਆਦਾ ਹੋਵੇਗੀ, ਗੁਲਦਸਤਾ ਓਨਾ ਹੀ ਖੂਬਸੂਰਤ ਹੋਵੇਗਾ। ਆਕਾਸ਼ ਵਿਚ ਜਿੰਨੇਂ ਜ਼ਿਆਦਾ ਤਾਰੇ ਹੋਣਗੇ, ਇਹ ਓਨਾ ਹੀ ਜ਼ਿਆਦਾ ਚਮਕੇਗਾ। ਅਸਮਾਨੀ ਪੀਂਘ ਖੂਬਸੂਰਤ ਹੁੰਦੀ ਹੈ ਕਿਉਂਕਿ ਇਸਨੇ ਜ਼ਮੀਨ ਦੇ ਸਾਰੇ ਹੀ ਰੰਗ ਇਕੱਠੇ ਕਰ ਲਏ ਹੁੰਦੇ ਹਨ।
ਅਫਰੀਕਾ ਵਿਚ ਇਕ ਵਾਰੀ ਮੈਂ ਇਕ ਵਿਚਿਤ੍ਰ ਅਸਾਧਾਰਨ ਫੁੱਲ ਦੇਖਿਆ। ਇਸਦੀ ਹਰ ਪੱਤੀ ਦਾ ਆਪਣਾ ਵੱਖਰਾ ਰੰਗ ਸੀ। ਇਸਦੀ ਹਰ ਪੱਤੀ ਦੀ ਆਪਣੀ ਹੀ ਸੁਗੰਧੀ ਤੇ ਆਪਣਾ ਹੀ ਨਾਂ ਸੀ। ਮਤਲਬ ਕੀ ਕਿ ਮੈਂ ਇਕੋ ਡਾਲੀ ਉਤੇ ਸੁੰਦਰ ਬਣਿਆ-ਬਣਾਇਆ ਗੁਲਦਸਤਾ ਉੱਗਦਾ ਦੇਖਿਆ, ਪਰ ਇਹ ਨਾਲ ਹੀ ਇਕੋ ਇਕ ਫੁੱਲ ਸੀ।
ਮੈਂ ਚਾਹਾਂਗਾ ਕਿ ਮੇਰੀ ਅਵਾਰ ਕਿਤਾਬ ਉਸ ਅਦਭੁਤ ਫੁੱਲ ਵਰਗੀ ਹੋਵੇ ਤਾਂ ਕਿ ਹਰ ਕੋਈ ਇਸ ਵਿਚੋਂ ਕੋਈ ਐਸੀ ਚੀਜ਼ ਲਭ ਸਕੇ ਜਿਹੜੀ ਉਸਦੇ ਦਿਲ ਨੂੰ ਪਿਆਰੀ ਹੋਵੇ।
ਇਸ ਲਈ ਮੈਂ ਆਪਣੇ ਸਾਮ੍ਹਣੇ ਉਹ ਸਭ ਕੁਝ ਸਜਾ ਲੈਂਦਾ ਹਾਂ ਜਿਹੜਾ ਮੇਰੀ ਕਿਤਾਬ ਵਿਚ ਆਉਣਾ ਚਾਹੀਦਾ ਹੈ। ਕੁਬਾਚੀ ਦੇ ਮਾਹਰ ਕਾਰੀਗਰ ਵਾਂਗ, ਮੈਨੂੰ ਲੁੜੀਂਦੀ ਹਰ ਚੀਜ਼ ਮੇਰੇ ਕੋਲ ਪਈ ਹੈ। ਉਸਦੇ ਕੋਲ ਚਾਂਦੀ, ਸੋਨਾ, ਕੱਟਣ ਵਾਲੇ ਔਜ਼ਾਰ, ਹਥੌੜੀਆਂ, ਦੰਦੇ ਪਾਉਣ ਵਾਲੇ ਤੇ ਉਕਰਾਈ ਕਰਨ ਵਾਲੇ ਔਜ਼ਾਰ ਹਨ; ਮੇਰੇ ਕੋਲ ਮੇਰੀ ਮਾਂ-ਬੋਲੀ, ਮੇਰਾ ਜ਼ਿੰਦਗੀ ਦਾ ਗਿਆਨ; ਲੋਕਾਂ ਦੇ ਚਿਤਰ ਤੇ ਉਹਨਾਂ ਦੀ ਬਣਤਰ, ਸਾਡੇ ਗੀਤਾਂ ਦੀਆਂ ਧੁਨਾਂ, ਇਤਿਹਾਸ ਦੀ ਤੇ ਨਿਆਂ ਦੀ ਸੂਝ, ਆਪਣਾ ਪਿਆਰ, ਮੇਰੇ ਦੇਸ ਦੀ ਕੁਦਰਤ, ਆਪਣੇ ਪਿਤਾ ਦੀ ਯਾਦ ਤੇ ਆਪਣੀ ਕੌਮ ਦਾ ਭੂਤ ਤੇ ਭਵਿੱਖ ਹਨ।… ਮੇਰੇ ਹੱਥਾਂ ਵਿਚ ਸੋਨੇ ਦੀਆਂ ਡਲੀਆਂ ਹਨ। ਪਰ ਕੀ ਮੇਰੇ ਹੱਥਾਂ ਵਿਚ ਕਾਫੀ ਕਾਰੀਗਰੀ ਹੈ ? ਕੀ ਮੇਰੀ ਕਲਾ-ਕੌਸ਼ਲਤਾ ਤੇ ਗੁਣ ਕਾਫੀ ਹੋਣਗੇ ?
ਫੜਕਦੇ ਪੰਛੀਆਂ ਵਾਂਗ ਆਪਣੇ ਗੀਤ ਤੁਹਾਡੀਆਂ ਹਥੇਲੀਆਂ ਉੱਤੇ ਰੱਖਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ, ਕਿ ਉਹ ਬਿਨਾਂ ਸੱਦੇ ਜਾਂ ਚੇਤਾਵਨੀ ਦੇ ਤੁਹਾਡੇ ਦਿਲਾਂ ਨੂੰ ਭਰ ਦੇਣ, ਜਿਵੇਂ ਮੁਹੱਬਤ ਦਿਲ ਨੂੰ ਲਬਰੇਜ਼ ਕਰ ਦੇਂਦੀ ਹੈ ?
ਫਿਰ, ਮੇਰੀ ਨਜ਼ਰ ਉਸ ਸਭ ਕਾਸੇ ਉਪਰੋਂ ਲੰਘਦੀ ਹੈ ਜੋ ਕੁਝ ਮੇਰੇ ਮੇਜ਼ ਉਤੇ ਪਿਆ ਹੈ… ਕਹਿੰਦੇ ਨੇ : ਰੱਬ ਕਰੇ ਉਸ ਜਿਗਿਤ ਦੀ ਵਹੁਟੀ ਨੱਠ ਜਾਏ, ਜਿਸ ਕੋਲ ਘੋੜਾ ਵੀ ਨਹੀਂ।
ਇਹ ਵੀ ਕਹਿੰਦੇ ਨੇ : ਰੱਬ ਕਰੇ ਉਸ ਜਿਗਿਤ ਦੀ ਵਹੁਟੀ ਵੀ ਨੱਠ ਜਾਏ ਜਿਸ ਕੋਲ ਨਾ ਕਾਠੀ ਨਾ ਚਾਬੁਕ ਹੈ।
ਕਹਿੰਦੇ ਨੇ : ਬਾਜ਼ ਨੂੰ ਤੂੜੀ ਤੇ ਖੋਤੇ ਨੂੰ ਮਾਸ ਖੁਆਉਣ ਦੀ ਕਦੀ ਕੋਸ਼ਿਸ਼ ਨਾ ਕਰੋ।
ਕਹਿੰਦੇ ਨੇ : ਖੂਬਸੂਰਤ ਘਰ ਵੀ ਢਹਿ ਜਾਇਗਾ, ਜੇ ਉਸਦੀਆਂ ਕੰਧਾਂ ਕਾਫੀ ਮਜ਼ਬੂਤ ਨਹੀਂ ਤਾਂ।
ਕਹਿੰਦੇ ਨੇ : ਇਕ ਵਾਰੀ ਇਕ ਮੁਰਗੀ ਨੇ ਚੀਲ੍ਹ ਹੋਣ ਦਾ ਸੁਪਨਾ ਲਿਆ। ਉਹ ਉੱਚੀਆਂ ਚਟਾਨਾਂ ਦੇ ਉਪਰੋਂ ਦੀ ਉੱਡੀ ਤੇ ਆਪਣੇ ਪਰ ਤੁੜਵਾ ਬੈਠੀ।
ਇਕ ਵਾਰੀ ਇਕ ਨਦੀ ਨੇ ਸੁਪਨਾ ਲਿਆ ਕਿ ਇਹ ਸ਼ਕਤੀਸ਼ਾਲੀ ਦਰਿਆ ਹੈ, ਇਸਨੇ ਰੇਤ ਉਪਰੋਂ ਆਪਣੇ ਪਾਣੀ ਉਛਾਲੇ ਤੇ ਇਕਦਮ ਸੁੱਕ ਗਈ।
ਬੋਲੀ
ਇਥੇ ਬਾਲ ਹੈ ਰੋਂਦਾ ਤੇ ਖਿੜਖਿੱਲੀਆਂ ਪਾਉਂਦਾ,
ਭਾਵੇਂ ਇਕ ਵੀ ਲਫਜ਼ ਅਜੇ ਤੱਕ ਨਹੀਂ ਕਹਿ ਪਾਇਆ।
ਸਮਾਂ ਆਇਗਾ ਤੇ ਸਭ ਕੁਝ ਉਹ ਖੁਦ ਦਸੇਗਾ,
ਕੌਣ ਹੈ ਉਹ ਤੇ ਕਾਹਦੇ ਲਈ ਦੁਨੀਆਂ ‘ਤੇ ਆਇਆ।
(ਪੰਘੂੜੇ ਉਤੇ ਉੱਕਰੇ ਸ਼ਬਦ)
ਜੇ ਦੁਨੀਆਂ ਵਿਚ ਕੋਈ ਸ਼ਬਦ ਨਾ ਹੁੰਦੇ, ਤਾਂ ਇਹ ਇਸ ਤਰ੍ਹਾਂ ਦੀ
ਨਾ ਹੁੰਦੀ, ਜਿਸ ਤਰ੍ਹਾਂ ਦੀ ਹੈ।
ਕਵੀ ਸੰਸਾਰ ਦੀ ਰਚਨਾ ਤੋਂ ਸੌ ਸਾਲ ਪਹਿਲਾਂ ਜਨਮਿਆ ਸੀ।
ਜਿਹੜਾ ਵੀ ਕੋਈ ਬਿਨਾਂ ਬੋਲੀ ਜਾਣਿਆਂ ਕਵਿਤਾ ਲਿਖਣ ਦੀ ਹਿੰਮਤ
ਕਰਦਾ ਹੈ, ਉਹ ਉਸ ਪਾਗਲ ਵਾਂਗ ਹੈ, ਜਿਹੜਾ ਹੜ੍ਹ ਆਏ ਦਰਿਆ ਵਿਚ
ਛਾਲ ਕਢ ਮਾਰਦਾ ਹੈ, ਪਰ ਤਰਨਾ ਨਹੀਂ ਜਾਣਦਾ।
ਕੁਝ ਲੋਕੀਂ ਬੋਲਦੇ ਨੇ, ਇਸ ਲਈ ਨਹੀਂ ਕਿ ਉਹਨਾਂ ਦੇ ਦਿਮਾਗ਼ਾਂ ਵਿਚ ਵਿਚਾਰਾਂ ਦੀ ਭੀੜ ਉਹਨਾਂ ਨੂੰ ਬੋਲਣ ਲਈ ਮਜਬੂਰ ਕਰਦੀ ਹੈ, ਸਗੋਂ ਇਸ ਲਈ ਕਿ ਉਹਨਾਂ ਦੀਆਂ ਜੀਭਾਂ ਨੂੰ ਖੁਜਲੀ ਹੋ ਰਹੀ ਹੁੰਦੀ ਹੈ। ਕੁਝ ਹੋਰ ਨੇ ਜਿਹੜੇ ਕਵਿਤਾ ਲਿਖਦੇ ਨੇ, ਇਸ ਲਈ ਨਹੀਂ ਕਿ ਉਹਨਾਂ ਦੇ ਦਿਲਾਂ ਵਿਚ ਡੂੰਘੇ ਜਜ਼ਬੇ ਠਾਠਾਂ ਮਾਰ ਰਹੇ ਹੁੰਦੇ ਹਨ, ਸਗੋਂ ਇਸ ਲਈ ਕਿ…। ਖੈਰ, ਇਹ ਕਹਿਣਾ ਮੁਸ਼ਕਲ ਹੈ ਕਿ ਉਹ ਅਚਾਨਕ ਕਿਉਂ ਕਵਿਤਾ ਲਿਖਣ ਲਗ ਪੈਂਦੇ ਹਨ। ਉਹਨਾਂ ਦੀਆਂ ਤੁਕਾਂ ਸੁੱਕੇ ਅਖਰੋਟਾਂ ਵਾਂਗ ਹੁੰਦੀਆਂ ਹਨ ਜਿਹੜੇ ਅਣਰੰਗੀ ਭੇਡ ਦੀ ਖੱਲ ਦੇ ਬਣੇ ਝੋਲੇ ਵਿਚੋਂ ਖੜ-ਖੜ ਕਰਦੇ ਹੋਣ।
ਇਹ ਲੋਕ ਆਪਣੇ ਆਸ-ਪਾਸ ਨਜ਼ਰ ਮਾਰਨਾ ਤੇ ਪਹਿਲਾਂ ਇਹ ਦੇਖਣਾ ਨਹੀਂ ਚਾਹੁੰਦੇ ਕਿ ਦੁਨੀਆਂ ਵਿਚ ਕੀ ਵਾਪਰ ਰਿਹਾ ਹੈ। ਉਹ ਸੁਣਨਾ ਤੇ ਦੇਖਣਾ ਨਹੀਂ ਚਾਹੁੰਦੇ ਕਿ ਦੁਨੀਆਂ ਕਿਹੜੀਆਂ ਮਿੱਠੀਆਂ ਆਵਾਜ਼ਾਂ, ਗੀਤਾਂ ਤੇ ਧੁਨਾਂ ਨਾਲ ਭਰੀ ਪਈ ਹੈ।
ਇਹ ਪੁੱਛਿਆ ਜਾ ਸਕਦਾ ਹੈ : ਆਦਮੀ ਨੂੰ ਉਸਦੀਆਂ ਅੱਖਾਂ, ਕੰਨ ਤੇ ਜ਼ਬਾਨ ਕਿਉਂ ਦਿਤੀ ਗਈ ਹੈ ? ਕਿਉਂ ਆਦਮੀ ਦੀਆਂ ਦੋ ਅੱਖਾਂ, ਦੋ ਕੰਨ ਹਨ ਪਰ ਸਿਰਫ ਇਕ ਜ਼ਬਾਨ ਹੈ? ਕਾਰਨ ਜ਼ਰੂਰ ਇਹ ਹੋਵੇਗਾ ਕਿ ਇਸ ਤੋਂ ਪਹਿਲਾਂ ਕਿ ਜ਼ਬਾਨ ਤੋਂ ਨਿਕਲ ਕੇ ਇਕ ਵੀ ਲਫਜ਼ ਦੁਨੀਆਂ ਵਿਚ ਜਾਵੇ, ਦੋ ਅੱਖਾਂ ਨੂੰ ਜ਼ਰੂਰ ਕੁਝ ਦੇਖਣ ਦਾ ਤੇ ਦੋ ਕੰਨਾਂ ਨੂੰ ਕੁਝ ਸੁਣਨ ਦਾ ਕੰਮ ਕਰਨਾ ਚਾਹੀਦਾ ਹੈ।
ਜ਼ਬਾਨ ਤੋਂ ਨਿਕਲਿਆ ਲਫਜ਼ ਉਸ ਘੋੜੇ ਵਾਂਗ ਹੈ ਜਿਹੜਾ ਢਾਲਵੇਂ ਤੇ ਤੰਗ ਪਹਾੜੀ ਰਸਤੇ ਤੋਂ ਖੁਲ੍ਹੇ ਤੇ ਹਮਵਾਰ ਮੈਦਾਨ ਵਿਚ ਆ ਜਾਂਦਾ ਹੈ। ਪੁਛਿਆ ਜਾ ਸਕਦਾ ਹੈ ਕਿ ਜਿੰਨਾਂ ਚਿਰ ਤੱਕ ਕੋਈ ਲਫਜ਼ ਦਿਲ ਵਿਚੋਂ ਨਹੀਂ ਹੋ ਆਉਂਦਾ, ਉਸਨੂੰ ਦੁਨੀਆਂ ਵਿਚ ਛਡਿਆ ਜਾ ਸਕਦਾ ਹੈ ?
ਨਿਰੋਲ ਸ਼ਬਦ ਵਰਗੀ ਕੋਈ ਚੀਜ਼ ਨਹੀਂ ਹੁੰਦੀ। ਇਹ ਇਹਨਾਂ ਕਈ ਚੀਜ਼ਾਂ ਵਿਚੋਂ ਕੁਝ ਵੀ ਹੋ ਸਕਦਾ ਹੈ : ਲਾਅਨਤ, ਵਧਾਈ, ਸੁੰਦਰਤਾ, ਦਰਦ, ਚਿਕੜ, ਫੁੱਲ, ਝੂਠ, ਸੱਚ, ਚਾਨਣ, ਹਨੇਰਾ।
ਸਾਡੇ ਪਿੰਡ ਸਾਰੇ ਸਿਆਣੇ ਸੀ ਸਦਾ ਇਹ ਦੱਸਦੇ,
ਅਸਾਂ ਗੁਨਾਹਗਾਰਾਂ ਲਈ ਇਕ ਸ਼ਬਦ ਤੋਂ ਦੁਨੀਆਂ ਬਣੀ।
ਸੀ ਇਹ ਸ਼ਬਦ ਕੋਈ ਦੁਆ ? ਕੋਈ ਸੌਗੰਧ? ਕੋਈ ਹੁਕਮ ?
ਕੀ ਸੀ ਇਹ ? ਤੇ ਕੈਸੀ ਸੀ ਇਸਦੀ ਧੁਣੀ ?
ਅਸੀਂ ਇਸ ਦੁਨੀਆਂ ਲਈ ਹਾਂ ਜੰਗ ਦੇ ਵਿਚ ਜਾ ਰਹੇ
ਜੋ ਲਹੂ ਵਿਚ ਲੱਥ-ਪੱਥ ਹੋਈ ਬਦੀ ਦੀ ਮਾਰ ਤੋਂ !
ਦੇਵੋ ਅੱਜ ਕੋਈ ਵਚਨ, ਕੋਈ ਦੁਆ ਜਾਂ ਬਦਦੁਆ,
ਜੋ ਬਚਾਵੇ ਸਾਡੀ ਦੁਨੀਆਂ ਨੂੰ ਘਿਨਾਉਣੇ ਵਾਰ ਤੋਂ !
ਮੇਰੇ ਇਕ ਮਿੱਤਰ ਨੇ ਇਕ ਵਾਰੀ ਕਿਹਾ ਸੀ : ਮੈਂ ਆਪਣੇ ਵਚਨ ਦਾ ਮਾਲਕ ਹਾਂ, ਚਾਹਾਂ ਤਾਂ ਇਸਨੂੰ ਪੂਰਾ ਕਰਾਂ, ਚਾਹਾਂ ਤਾਂ ਤੋੜ ਦਿਆਂ। ਮੇਰੇ ਮਿੱਤਰ ਲਈ ਹੋ ਸਕਦਾ ਹੈ ਇਹ ਠੀਕ ਹੋਵੇ, ਪਰ ਲੇਖਕ ਨੂੰ ਆਪਣੇ ਵਚਨ ਦਾ, ਆਪਣੀ ਸੌਗੰਧ ਦਾ ਜਾਂ ਆਪਣੀ ਬਦ-ਦੁਆ ਦਾ ਸੱਚਾ ਸਵਾਮੀ ਹੋਣਾ ਚਾਹੀਦਾ ਹੈ। ਇਕੋ ਮੰਤਵ ਲਈ ਉਸਨੂੰ ਦੋ ਸੌਂਹਾਂ ਨਹੀਂ ਖਾਣੀਆਂ ਚਾਹੀਦੀਆਂ। ਆਮ ਕਰਕੇ, ਜਿਹੜਾ ਅਕਸਰ ਸੌਂਹਾਂ ਖਾਂਦਾ ਰਹਿੰਦਾ ਹੈ, ਮੇਰੀ ਰਾਏ ਵਿਚ, ਉਹ ਬਿਲਕੁਲ ਝੂਠਾ ਹੈ।
ਜੇ ਇਹ ਕਿਤਾਬ ਗਾਲੀਚੇ ਵਾਂਗ ਹੈ, ਤਾਂ ਮੈਂ ਇਸਨੂੰ ਅਵਾਰ ਬੋਲੀ ਦੇ ਬਹੁ-ਰੰਗੇ ਧਾਗਿਆਂ ਨਾਲ ਉਣ ਰਿਹਾ ਹਾਂ; ਜੇ ਇਹ ਭੇਡ ਦੀ ਖੱਲ ਦੇ ਬਣੇ ਸਿਆਲੀ ਕੋਟ ਨਾਲ ਮਿਲਦੀ ਹੈ, ਤਾਂ ਮੈਂ ਅਵਾਰ ਬੋਲੀ ਦੇ ਮਜ਼ਬੂਤ ਧਾਗਿਆਂ ਨਾਲ ਖੱਲ ਦੇ ਹਿੱਸਿਆਂ ਨੂੰ ਸਿਊਂ ਰਿਹਾ ਹਾਂ।
ਕਹਿੰਦੇ ਨੇ ਕਿ ਬਹੁਤ, ਬਹੁਤ ਸਮਾਂ ਪਹਿਲਾਂ ਅਵਾਰ ਬੋਲੀ ਵਿਚ ਕੁਝ ਕੁ ਲਫਜ਼ ਹੀ ਹੁੰਦੇ ਸਨ। “ਆਜ਼ਾਦੀ”, “ਜੀਵਨ”, “ਦਲੇਰੀ”, “ਮਿੱਤਰਤਾ” ਤੇ “ਚੰਗਿਆਈ” ਵਰਗੇ ਸੰਕਲਪਾਂ ਨੂੰ ਇਕੋ ਲਫਜ਼ ਜਾਂ ਆਵਾਜ਼ ਤੇ ਅਰਥਾਂ ਵਿਚ ਬਹੁਤ ਮਿਲਦੇ-ਜੁਲਦੇ ਲਫਜ਼ ਪ੍ਰਗਟ ਕਰਦੇ ਸਨ । ਦੂਜਿਆਂ ਨੂੰ ਇਹ ਕਹਿਣ ਦਿਓ ਕਿ ਸਾਡੀ ਨਿੱਕੀ ਜਿਹੀ ਕੌਮ ਦੀ ਬੋਲੀ ਗ਼ਰੀਬ ਹੈ। ਮੈਂ ਆਪਣੀ ਮਾਂ-ਬੋਲੀ ਵਿਚ ਜੋ ਚਾਹਾਂ ਪ੍ਰਗਟ ਕਰ ਸਕਦਾ ਹਾਂ ਤੇ ਮੈਨੂੰ ਆਪਣੇ ਵਿਚਾਰ ਤੇ ਭਾਵ ਪ੍ਰਗਟ ਕਰਨ ਲਈ ਕਿਸੇ ਦੂਜੀ ਬੋਲੀ ਦੀ ਲੋੜ ਨਹੀਂ।
ਦਾਗਿਸਤਾਨ ਵਿਚ ਨਿੱਕੀ ਜਿਹੀ ਕੌਮੀਅਤ ਹੈ—ਲਾਕ। ਲਾਕ ਬੋਲੀ ਨੂੰ ਕੁੱਲ ਮਿਲਾ ਕੇ ਲਗਭਗ ੫੦,੦੦੦ ਬੰਦੇ ਬੋਲਦੇ ਹਨ। ਇਸ ਨਾਲੋਂ ਵਧੇਰੇ ਠੀਕ ਠੀਕ ਗਿਣਤੀ ਕਰਨਾ ਮੁਸ਼ਕਲ ਹੋਵੇਗਾ ਕਿਉਂਕਿ ਉਥੇ ਬੱਚੇ ਵੀ ਹਨ ਜਿਨ੍ਹਾਂ ਨੇ ਅਜੇ ਬੋਲਣਾ ਨਹੀਂ ਸਿੱਖਿਆ, ਤੇ ਇਹੋ ਜਿਹੇ ਵੀ ਹਨ ਜਿਹੜੇ ਆਪਣੇ ਵਡ-ਵਡੇਰਿਆਂ ਦੀ ਬੋਲੀ ਭੁੱਲ-ਭੁਲਾ ਚੁੱਕੇ ਹਨ।
ਲਾਕ ਗਿਣਤੀ ਵਿਚ ਥੋਹੜੇ ਹਨ, ਤਾਂ ਵੀ ਦੁਨੀਆਂ ਦੇ ਕਈ ਹਿੱਸਿਆਂ ਵਿਚ ਉਹ ਤੁਹਾਨੂੰ ਮਿਲਣਗੇ। ਚਟਾਨੀ ਧਰਤੀ ਤੋਂ ਹੁੰਦੇ ਮਾੜੇ ਗੁਜ਼ਾਰੇ ਨੇ ਉਹਨਾਂ ਨੂੰ ਦੁਨੀਆਂ ਕੱਛਣ ਉਤੇ ਮਜਬੂਰ ਕੀਤਾ। ਉਹਨਾਂ ਵਿਚੋਂ ਕਈ ਮਾਹਰ ਕਾਰੀਗਰ ਸਨ- ਮੋਚੀ, ਸੁਨਿਆਰੇ ਤੇ ਠਠਿਆਰ; ਤੇ ਕਈ ਦੁਨੀਆਂ ਵਿਚ ਗਏ ਤੇ ਆਪਣੇ ਗੀਤ ਸੁਣਾਉਂਦੇ ਰਹੇ। ਦਾਗਿਸਤਾਨ ਵਿਚ ਇਕ ਅਖਾਣ ਹੈ : “ਤਰਬੂਜ਼ ਨੂੰ ਚੀਰਨ ਲੱਗਿਆਂ ਵੀ ਹੁਸ਼ਿਆਰ ਰਹੋ ਕਿਤੇ ਉਸ ਵਿਚੋਂ ਵੀ ਕੋਈ ਲਾਕ ਨਾ ਭੁੜਕ ਕੇ ਨਿਕਲ ਆਏ ।”
ਆਪਣੇ ਪੁੱਤਰ ਨੂੰ ਪ੍ਰਦੇਸੀ ਤੋਰਨ ਲੱਗਿਆਂ ਲਾਕ ਮਾਂ ਉਸਨੂੰ ਨਸੀਹਤ ਕਰਦੀ ਹੈ : “ਜਦੋਂ ਤੂੰ ਕਿਸੇ ਸ਼ਹਿਰ ਦੀ ਪਲੇਟ ਵਿਚੋਂ ਦਲੀਆ ਖਾਣ ਲੱਗੇਂ ਤਾਂ ਦੇਖੀਂ ਕਿਤੇ ਦਲੀਏ ਹੇਠਾਂ ਕੋਈ ਸਾਡਾ ਬੰਦਾ ਨਾ ਹੋਵੇ!”
ਤੇ ਉਹ ਕਹਾਣੀ ਸੁਣਾਇਆ ਕਰਦੇ ਨੇ—ਇਕ ਵਾਰੀ ਕੋਈ ਲਾਕ ਕਿਸੇ ਵਡੇ ਸ਼ਹਿਰ—ਹੋ ਸਕਦਾ ਹੈ ਇਹ ਮਾਸਕੋ ਹੋਵੇ, ਜਾਂ ਸ਼ਾਇਦ ਲੈਨਿਨਗਰਾਦ-ਦੀਆਂ ਗਲੀਆਂ ਵਿਚ ਫਿਰ-ਤੁਰ ਰਿਹਾ ਸੀ ਕਿ ਅਚਨਚੇਤ ਦਾਗਿਸਤਾਨੀ ਢੰਗ ਦੇ ਕਪੜੇ ਪਾਈ ਕੋਈ ਆਦਮੀ ਉਸਦੀ ਨਜ਼ਰੀਂ ਪਿਆ। ਇਹ ਬਿਲਕੁਲ ਮਾਤਭੂਮੀ ਤੋਂ ਆਈ ਪੌਣ ਵਾਂਗ ਸੀ, ਤੇ ਉਸਦੇ ਮਨ ਵਿਚ ਆਇਆ ਕਿ ਗੱਲਬਾਤ ਕੀਤੀ ਜਾਏ। ਉਹ ਦੌੜ ਕੇ ਉਸ ਕੋਲ ਗਿਆ ਤੇ ਲਾਕ ਬੋਲੀ ਵਿਚ ਉਸਨੂੰ ਸੰਬੋਧਨ ਕੀਤਾ। ਦੇਸ਼ਵਾਸੀ ਆਪਣੇ ਦੇਸ਼ਵਾਸੀ ਦੀ ਗੱਲ ਨਾ ਸਮਝਿਆ ਤੇ ਸਿਰ ਮਾਰ ਦਿਤਾ। ਲਾਕ ਆਦਮੀ ਨੇ ਫਿਰ ਕੁਮੀਕ, ਤਾਤ ਤੇ ਲੇਜ਼ਗੀਨ ਬੋਲੀਆਂ ਵਿਚ ਕੋਸ਼ਿਸ਼ ਕੀਤੀ, ਪਰ ਵਿਅਰਥ। ਜਿਹੜੀ ਵੀ ਕੋਈ ਬੋਲੀ ਉਹ ਬੋਲਦਾ, ਉਹ ਆਪਣੇ ਦਾਗਿਸਤਾਨੀ ਲਿਬਾਸ ਵਾਲੇ ਦੇਸ਼ਵਾਸੀ ਨੂੰ ਗੱਲੀਂ ਨਾ ਲਾ ਸਕਦਾ। ਆਖਰ ਉਸਨੇ ਰੂਸੀ ਦੀ ਸ਼ਰਨ ਲਈ। ਫਿਰ ਪਤਾ ਇਹ ਲੱਗਾ ਕਿ ਲਾਕ ਦੀ ਭੇਟ ਅਵਾਰ ਨਾਲ ਹੋ ਗਈ ਹੈ। ਅਵਾਰ ਨੇ ਉਸਨੂੰ ਝਾੜਾਂ ਪਾਉਣੀਆਂ ਤੇ ਸ਼ਰਮਿੰਦਾ ਕਰਨਾ ਸ਼ੁਰੂ ਕਰ ਦਿੱਤਾ :
“ਤੂੰ ਕੈਸਾ ਦਾਗਿਸਤਾਨੀ ਹੈਂ, ਤੂੰ ਕੈਸਾ ਮੇਰਾ ਦੇਸ਼ਵਾਸੀ ਹੈਂ ਜੇ ਤੂੰ ਅਵਾਰ ਬੋਲੀ ਨਹੀਂ ਜਾਣਦਾ! ਤੂੰ ਦਾਗਿਸਤਾਨੀ ਨਹੀਂ, ਕੋਈ ਜਾਹਲ ਊਂਠ ਹੈਂ।”
ਇਸ ਬਹਿਸ ਵਿਚ ਮੈਂ ਆਪਣੇ ਅਵਾਰ ਦੇਸ਼ਵਾਸੀ ਦੀ ਧਿਰ ਨਹੀਂ ਲੈਂਦਾ। ਕਾਹਦੇ ਲਈ ਉਹ ਵਿਚਾਰੇ ਲਾਕ ਉਪਰ ਟੁੱਟ ਪਿਆ ? ਠੀਕ ਹੈ ਕਿ ਅਵਾਰ ਬੋਲੀ ਸਿੱਖਣੀ ਚਾਹੀਦੀ ਹੈ, ਪਰ ਕੋਈ ਜ਼ਰੂਰੀ ਵੀ ਨਹੀਂ। ਮਹੱਤਵਪੂਰਨ ਗੱਲ ਇਹ ਹੈ ਕਿ ਉਸਨੂੰ ਆਪਣੀ ਮਾਂ-ਬੋਲੀ, ਲਾਕ ਬੋਲੀ ਆਉਂਦੀ ਸੀ । ਇਸ ਤੋਂ ਛੁੱਟ ਲਾਕ ਨੂੰ ਕਈ ਹੋਰ ਬੋਲੀਆਂ ਆਉਂਦੀਆਂ ਸਨ, ਜਿਹੜੀਆਂ ਅਵਾਰ ਨੂੰ ਨਹੀਂ ਸਨ ਆਉਂਦੀਆਂ।
ਅਬੂਤਾਲਿਬ ਇਕ ਵਾਰੀ ਮਾਸਕੋ ਗਿਆ। ਉਥੇ ਉਸਨੂੰ ਕਿਸੇ ਰਾਹ-ਜਾਂਦੇ ਨਾਲ ਗੱਲ ਕਰਨੀ ਪੈ ਗਈ, ਸ਼ਾਇਦ ਇਹ ਪੁੱਛਣ ਲਈ ਕਿ ਮੰਡੀ ਕਿਥੇ ਹੈ। ਹੋਇਆ ਇਹ ਕਿ ਉਹ ਅੰਗਰੇਜ਼ ਨਿਕਲਿਆ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ, ਕਿਉਂਕਿ ਮਾਸਕੋ ਦੇ ਗਲੀਆਂ-ਬਾਜ਼ਾਰਾਂ ਵਿੱਚ ਬਹੁਤ ਸਾਰੇ ਬਦੇਸ਼ੀ ਦੇਖਣ ਵਿਚ ਆਉਂਦੇ ਹਨ।
ਅੰਗਰੇਜ਼ ਅਬੂਤਾਲਿਬ ਨੂੰ ਨਾ ਸਮਝ ਸਕਿਆ ਤੇ ਉਸਨੂੰ ਸਵਾਲ ਕਰਨ ਲਗ ਪਿਆ-ਪਹਿਲਾਂ ਅੰਗਰੇਜ਼ੀ ਵਿਚ, ਫਿਰ ਫਰਾਂਸੀਸੀ ਵਿਚ, ਸਪੇਨੀ ਵਿਚ, ਤੇ ਸ਼ਾਇਦ ਹੋਰ ਵੀ ਕਈ ਬੋਲੀਆਂ ਵਿਚ।
ਆਪਣੀ ਥਾਂ, ਅਬੂਤਾਲਿਬ ਨੇ ਅੰਗਰੇਜ਼ ਨਾਲ ਰੂਸੀ ਵਿਚ, ਫਿਰ ਲਾਕ, ਅਵਾਰ, ਲੇਜ਼ਗੀਨ, ਦਾਰਸ਼ੀਨ ਤੇ ਅਖ਼ੀਰ ਕੂਮੀਕ ਵਿਚ ਗੱਲ ਕਰਨ ਦੀ ਕੋਸ਼ਿਸ਼ वीडी।
ਇਕ ਦੂਜੇ ਨੂੰ ਜ਼ਰਾ ਵੀ ਸਮਝਣ ਤੋਂ ਬਿਨਾਂ ਉਹ ਆਪੋ ਆਪਣੇ ਰਾਹ ਪਏ। ਕਿਸੇ ਬਹੁਤੇ ਪੜ੍ਹੇ ਦਾਗਿਸਤਾਨੀ ਨੇ, ਜਿਹੜਾ ਅੰਗਰੇਜ਼ੀ ਦੇ ਪੂਰੇ ਢਾਈ ਲਫ਼ਜ਼ ਜਾਣਦਾ ਸੀ, ਮਗਰੋਂ ਅਬੂਤਾਲਿਬ ਨੂੰ ਸਭਿਆਚਾਰ ਦੀ ਮਹੱਤਤਾ ਬਾਰੇ ਯਕੀਨ ਕਰਾਉਣ ਦੀ ਕੋਸ਼ਿਸ਼ ਕੀਤੀ।
“ਦੇਖਿਆ, ਸਭਿਆਚਾਰ ਦੀ ਕਿੰਨੀ ਮਹੱਤਤਾ ਹੈ। ਜੇ ਤੂੰ ਸਭਿਆਚਾਰ ਵਾਲਾ ਆਦਮੀ ਹੁੰਦਾ ਤਾਂ ਅੰਗਰੇਜ਼ ਨਾਲ ਗੱਲ ਤਾਂ ਕਰ ਸਕਦਾ, ਸਮਝਿਆ ?”
“ਹਾਂ, ਸਮਝ ਤਾਂ ਗਿਆ,” ਅਬੂਤਾਲਿਬ ਨੇ ਜਵਾਬ ਦਿਤਾ। “ਸਿਰਫ ਇਹ ਸਮਝ ਨਹੀਂ ਆਈ ਕਿ ਅੰਗਰੇਜ਼ ਨੂੰ ਮੇਰੇ ਨਾਲੋਂ ਜ਼ਿਆਦਾ ਪੜ੍ਹਿਆ-ਲਿਖਿਆ ਕਿਉਂ ਸਮਝਆਿ ਜਾਏ? ਉਹ ਵੀ ਤਾਂ ਉਹਨਾਂ ਬੋਲੀਆਂ ਵਿਚੋਂ ਇਕ ਵੀ ਨਹੀਂ ਸੀ ਜਾਣਦਾ, ਜਿਨ੍ਹਾਂ ਵਿਚ ਮੈਂ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ।”
ਮੇਰੇ ਲਈ ਕੌਮਾਂ ਦੀਆਂ ਬੋਲੀਆਂ ਆਕਾਸ਼ ਵਿਚਲੇ ਸਿਤਾਰਿਆਂ ਵਾਂਗ ਹਨ। ਮੈਂ ਨਹੀਂ ਚਾਹੁੰਦਾ ਕਿ ਸਾਰੇ ਸਿਤਾਰੇ ਇਕ ਵੱਡੇ ਸਾਰੇ ਸਿਤਾਰੇ ਵਿਚ ਮਿਲ ਕੇ ਇਕ ਹੋ ਜਾਣ, ਜਿਸਨੇ ਅੱਧਾ ਆਕਾਸ਼ ਘੇਰਿਆ ਹੋਵੇ। ਇਸ ਕੰਮ ਲਈ ਸੂਰਜ ਹੈ। ਪਰ ਆਕਾਸ਼ ਵਿਚ ਸਿਤਾਰੇ ਵੀ ਚਮਕਣੇ ਚਾਹੀਦੇ ਹਨ। ਹਰ ਕੌਮ ਨੂੰ ਆਪਣਾ ਸਿਤਾਰਾ ਰੱਖਣ ਦਿਓ।
ਮੈਨੂੰ ਆਪਣਾ ਸਿਤਾਰਾ ਪਿਆਰਾ ਹੈ—ਮੇਰੀ ਮਾਤਬੋਲੀ ਅਵਾਰ। ਮੈਂ ਉਹਨਾਂ ਭੂ-ਵਿਗਿਆਨੀਆਂ ਵਿਚ ਯਕੀਨ ਰਖਦਾ ਹਾਂ, ਜਿਹੜੇ ਕਹਿੰਦੇ ਹਨ ਕਿ ਇਕ ਨਿੱਕੀ ਜਿਹੀ ਪਹਾੜੀ ਵਿਚੋਂ ਵੀ ਬਹੁਤ ਸਾਰਾ ਸੋਨਾ ਲਭ ਸਕਦਾ ਹੈ।
“ਅੱਲਾ ਕਰੇ ਤੇਰੇ ਬੱਚੇ ਉਸ ਬੋਲੀ ਤੋਂ ਵਾਂਝੇ ਰਹਿਣ, ਜਿਹੜੀ ਉਹਨਾਂ ਦੀ ਮਾਂ ਬੋਲਦੀ ਹੈ,” ਔਰਤਾਂ ਇਕ ਦੂਜੀ ਨੂੰ ਇਸ ਤਰ੍ਹਾਂ ਦੀ ਬਦਸੀਸ ਦਿਆ ਕਰਦੀਆਂ ਸਨ।
ਬਦਸੀਸਾਂ ਬਾਰੇ: ਜਦੋਂ ਮੈਂ ਆਪਣੀ ਕਵਿਤਾ “ਪਰਬਤ ਦੀ ਜਾਈ” ਲਿਖ ਰਿਹਾ ਸਾਂ ਤਾਂ ਮੈਨੂੰ ਬਹੁਤ ਸਾਰੀਆਂ ਬਦਸੀਸਾਂ ਦੀ ਲੋੜ ਪਈ, ਜਿਹੜੀਆਂ ਕਵਿਤਾ ਵਿਚਲੀ ਇਕ ਬਦ-ਮਿਜ਼ਾਜ ਔਰਤ ਦੇ ਮੂੰਹ ਵਿਚ ਪਾਉਣੀਆਂ ਸਨ। ਮੈਨੂੰ ਦਸਿਆ ਗਿਆ ਕਿ ਇਕ ਦੂਰ ਦੇ ਪਹਾੜੀ ਪਿੰਡ ਵਿਚ ਇਕ ਬੁਢੀ ਔਰਤ ਰਹਿੰਦੀ ਹੈ, ਜਿਹੜੀ ਬਦਸੀਸਾਂ ਦੇਣ ਵਿਚ ਆਪਣੀ ਕਿਸੇ ਵੀ ਗੁਆਂਢਣ ਨਾਲੋਂ ਤੇਜ਼ ਹੈ। ਮੈਂ ਇਸ ਸਿਰਕੱਢ ਔਰਤ ਵੱਲ ਉਸੇ ਵੇਲੇ ਤੁਰ ਪਿਆ।
ਇਕ ਸੁਹਾਵਣੀ ਬਸੰਤੀ ਸਵੇਰ ਨੂੰ, ਜਦੋਂ ਕੋਈ ਵੀ ਗਾਲ੍ਹਾਂ ਕੱਢਣਾ ਤੇ ਬਦਸੀਸਾਂ ਦੇਣਾ ਨਹੀਂ ਚਾਹੁੰਦਾ, ਸਗੋਂ ਖੁਸ਼ ਹੋਣਾ ਤੇ ਗਾਣੇ ਗਾਉਣਾ ਚਾਹੁੰਦਾ ਹੈ, ਮੈਂ ਉਸ ਸਕਲੀਏ ਦੀਆਂ ਬਰੂਹਾਂ ਟੱਪ ਗਿਆ, ਜਿਸਦੀ ਮੈਨੂੰ ਲੋੜ ਸੀ। ਮੈਂ ਬੁੱਢੀ . ਪਹਾੜਣ ਨੂੰ ਸਾਫ ਸਾਫ ਦੱਸ ਦਿਤਾ ਕਿ ਮੇਰੇ ਆਉਣ ਦਾ ਮਤਲਬ ਕੀ ਹੈ। ਮੈਂ ਕਿਹਾ ਕਿ ਮੈਂ ਕੁਝ ਮੋਟੀਆਂ ਮੋਟੀਆਂ ਬਦਸੀਸਾਂ ਸੁਣਨਾ ਚਾਹੁੰਦਾ ਹਾਂ, ਜਿਹੜੀਆਂ ਮੈਂ ਲਿਖ ਲਵਾਂਗਾ ਤੇ ਆਪਣੀ ਕਵਿਤਾ ਵਿਚ ਵਰਤ ਲਵਾਂਗਾ।
“ਰੱਬ ਕਰੇ ਤੇਰੀ ਜ਼ਬਾਨ ਸੜ ਜਾਏ; ਰੱਬ ਕਰੇ ਤੈਨੂੰ ਆਪਣੀ ਪਿਆਰਨ ਵਾਲੀ ਦਾ ਨਾਂ ਭੁੱਲ ਜਾਏ; ਰੱਬ ਕਰੇ ਤੇਰੀ ਗੱਲ ਉਸ ਬੰਦੇ ਨੂੰ ਸਮਝ ਨਾ ਆਏ ਜਿਸ ਕੋਲ ਤੈਨੂੰ ਕਿਸੇ ਕੰਮ ਭੇਜਿਆ ਗਿਆ ਹੈ; ਰੱਬ ਕਰੇ, ਤੂੰ ਪ੍ਰਦੇਸੋਂ ਮੁੜੇ ਤਾਂ ਤੂੰ ਆਪਣੀ ਜਨਮ-ਆਊਲ ਨੂੰ ਸਤਿਕਾਰ ਦੇ ਲਫਜ਼ ਕਹਿਣੇ ਭੁੱਲ ਜਾਏਂ; ਤੇਰੇ ਮੂੰਹ ਵਿਚ ਹਵਾ ਸੀਟੀਆਂ ਵਜਾਏ ਜਦੋਂ ਤੂੰ ਸਾਰਾ ਦੰਦ-ਬੋੜਾ ਹੋ ਜਾਏਂ; ਗਿੱਦੜ ਦੇ ਬੱਚੇ, ਜੇ ਮੈਂ ਖੁਸ਼ ਨਹੀਂ (ਰੱਬ ਤੈਨੂੰ ਇਸ ਖੁਸ਼ੀ ਤੋਂ ਵਾਂਝਿਆ ਰਖੇ) ਤਾਂ ਹੱਸ ਕਿਵੇਂ ਸਕਦੀ ਹਾਂ ? ਜਿਸ ਘਰ ਵਿਚ ਕੋਈ ਮਰਿਆ ਨਹੀਂ, ਉਸ ਘਰ ਵਿਚ ਰੋਣ ਦਾ ਕੀ ਲਾਭ? ਜੇ ਮੈਨੂੰ ਨਾ ਕਿਸੇ ਮੰਦਾ ਬੋਲਿਆ, ਨਾ ਮੇਰੀ ਬੇਇਜ਼ਤੀ ਕੀਤੀ ਤੇ ਮੈਂ ਤੇਰੇ ਲਈ ਬਦਸੀਸਾਂ ਘੜਦੀ ਫਿਰਾਂ ? ਦੌੜ ਜਾਹ, ਤੇ ਫੇਰ ਮੇਰੇ ਕੋਲ ਇਹੋ ਜਿਹਾ ਮੂਰਖਾਂ ਵਾਲਾ ਸਵਾਲ ਲੈ ਕੇ ਨਾ ਆਈਂ।”
“ਸ਼ੁਕਰੀਆ, ਚੰਗੀ ਔਰਤ”, ਮੈਂ ਕਿਹਾ ਤੇ ਉਸਦੀ ਸਕਲੀਆ ਵਿਚੋਂ ਨਿਕਲ ਆਇਆ।
ਰਸਤੇ ਵਿਚ ਮੈਂ ਸੋਚਿਆ ਕਿ ਜੇ ਇਹ ਬਿਨਾਂ ਕੋਈ ਗੁੱਸਾ ਖਾਧੇ ਦੇ ਵੀ, ਕਹਿ ਲਵੋ ਕਿ ਸ਼ਾਂਤ ਮਾਹੌਲ ਵਿਚ ਹੀ, ਮੈਨੂੰ ਐਸੀਆਂ ਐਸੀਆਂ ਬਦਸੀਸਾਂ ਦੇ ਸਕਦੀ ਹੈ, ਤਾਂ ਜੇ ਉਹ ਸਚਮੁਚ ਗੁੱਸੇ ਵਿਚ ਆ ਜਾਏ, ਤਾਂ ਫਿਰ ਪਤਾ ਨਹੀਂ ਕੀ ਕਰੇਗੀ ?
ਮੇਰਾ ਖਿਆਲ ਹੈ ਕਿ ਕੋਈ ਸਮਾਂ ਆਇਗਾ ਜਦੋਂ ਕੋਈ ਦਾਗਿਸਤਾਨੀ ਲੋਕ-ਕਥਾਵਾਂ ਇਕੱਠੀਆਂ ਕਰਨ ਵਾਲਾ ਪਹਾੜਾਂ ਵਿਚ ਦਿੱਤੀਆਂ ਜਾਂਦੀਆਂ ਬਦਸੀਸਾਂ ਇਕੱਠੀਆਂ ਕਰਕੇ ਕਿਤਾਬ ਬਣਾਇਗਾ। ਲੋਕਾਂ ਨੂੰ ਫਿਰ ਪਤਾ ਲਗ ਜਾਇਗਾ ਕਿ ਸਾਡੇ ਪਹਾੜੀ ਲੋਕ ਕਿੰਨੇਂ ਰਚਨਾਤਮਕ, ਬਰੀਕੀ ਵਾਲੇ ਤੇ ਕਲਪਣਾ ਭਰਪੂਰ ਹਨ, ਤੇ ਸਾਡੀ ਬੋਲੀ ਕਿੰਨੀਂ ਭਾਵਪੂਰਨ ਹੋ ਸਕਦੀ ਹੈ।
ਹਰ ਅਊਲ ਦੀਆਂ ਆਪਣੀਆਂ ਹੀ ਬਦਸੀਸਾਂ ਹੁੰਦੀਆਂ ਹਨ। ਉਹਨਾਂ ਦੇ ਭਸਮ ਕਰ ਦੇਣ ਵਾਲੇ ਰੋਹ ਤੋਂ ਬਚ ਕੇ ਰਹੋ! ਉਹਨਾਂ ਵਿਚੋਂ ਕੁਝ ਵਿਚ ਕੋਈ ਅਦਿਖ ਬੰਧਨਾਂ ਨਾਲ ਤੁਹਾਡੇ ਹੱਥ-ਪੈਰ ਜਕੜੇ ਜਾਣਗੇ; ਕੁਝ ਹੋਰ ਅਨੁਸਾਰ ਤੁਸੀਂ ਪਹਿਲਾਂ • ਹੀ ਕੱਫਨ ਵਿਚ ਪਏ ਹੋਏ ਹੋ; ਕੁਝ ਵਿਚ ਤੁਹਾਡੇ ਡੇਲੇ ਤੁਹਾਡੀ ਰੋਟੀ ਵਾਲੀ ਥਾਲੀ ਵਿਚ ਆ ਡਿਗਦੇ ਹਨ; ਕੁਝ ਹੋਰਨਾਂ ਅਨੁਸਾਰ ਤੁਹਾਡੀਆਂ ਅੱਖਾਂ ਖਿੰਗਰਾਲੇ ਪੱਥਰਾਂ ਉਪਰੋਂ ਰਿੜ੍ਹਦੀਆਂ ਕਿਸੇ ਖੱਡ ਵਿਚ ਜਾ ਪੈਂਦੀਆਂ ਹਨ। ਅੱਖਾਂ ਬਾਰੇ ਬਦਸੀਸਾਂ ਸਭ ਤੋਂ ਭਿਆਨਕ ਬਦਸੀਸਾਂ ਵਿਚੋਂ ਮੰਨੀਆਂ ਜਾਂਦੀਆਂ ਹਨ। ਇਹ ਸਭ ਤੋਂ ਵਧ ਚੋਣਵੀਆਂ ਬਦਸੀਸਾਂ ਵਿਚੋਂ ਹਨ। ਪਰ ਉਹਨਾਂ ਨਾਲੋਂ ਵੀ ਭਿਆਨਕ ਬਦਸੀਸਾਂ ਹਨ। ਮੈਂ ਇਕ ਵਾਰੀ ਇਕ ਆਉਲ ਵਿਚ ਦੋ ਔਰਤਾਂ ਨੂੰ ਲੜਦਿਆਂ ਸੁਣਿਆ। “ਅੱਲਾ ਕਰੇ, ਤੇਰੇ ਬੱਚਿਆਂ ਨੂੰ ਉਹਨਾਂ ਦੀ ਬੋਲੀ ਸਿਖਾਉਣ ਵਾਲੀ ਨਾ ਰਹੇ ।”
“ਨਹੀਂ, ਅੱਲਾ ਕਰੇ ਤੇਰੇ ਬੱਚੇ ਉਹਨਾਂ ਤੋਂ ਵਾਂਝੇ ਰਹਿਣ, ਜਿਨ੍ਹਾਂ ਨੂੰ ਉਹ ਆਪਣੀ ਬੋਲੀ ਸਿਖਾ ਸਕਦੇ ਹਨ।”
‘ ਬਦਸੀਸਾਂ ਏਨੀਆਂ ਭਿਆਨਕ ਹੋ ਸਕਦੀਆਂ ਹਨ। ਪਰ ਬਦਸੀਸਾਂ ਦੀ ਵਰਤੋਂ ਕੀਤੇ ਬਿਨਾਂ ਵੀ, ਪਹਾੜਾਂ ਦਾ ਕੋਈ ਵੀ ਆਦਮੀ, ਜਿਹੜਾ ਆਪਣੀ ਮਾਂ ਬੋਲੀ ਦਾ ਸਤਿਕਾਰ ਨਹੀਂ ਕਰਦਾ, ਸਾਰੀ ਇੱਜ਼ਤ ਗੁਆ ਬੈਠਦਾ ਹੈ। ਕਿਸੇ ਵੀ ਪਹਾੜੀ ਦੀ ਮਾਂ ਆਪਣੇ ਪੁੱਤਰ ਦੀਆਂ ਕਵਿਤਾਵਾਂ ਕਦੀ ਨਹੀਂ ਪੜ੍ਹੇਗੀ ਜੇ ਉਹ ਵਿਗੜੀ ਜ਼ਬਾਨ ਵਿਚ ਲਿਖੀਆਂ ਗਈਆਂ ਹਨ ਤਾਂ।
ਆਪਣੀ ਨੋਟਬੁੱਕ ਵਿਚੋਂ : ਇਕ ਵਾਰੀ ਪੈਰਿਸ ਵਿਚ ਮੈਨੂੰ ਇਕ ਦਾਗਿਸਤਾਨੀ ਕੌਮੀਅਤ ਦਾ ਚਿਤਰਕਾਰ ਮਿਲਿਆ। ਉਹ ਇਨਕਲਾਬ ਤੋਂ ਕੁਝ ਹੀ ਪਿਛੋਂ ਪੜ੍ਹਾਈ ਕਰਨ ਲਈ ਇਟਲੀ ਚਲਿਆ ਗਿਆ ਸੀ, ਉਥੇ ਇਟਲੀ ਦੀ ਕੁੜੀ ਨਾਲ ਵਿਆਹ ਕਰਾ ਲਿਆ ਤੇ ਉਥੇ ਹੀ ਰਹਿ ਗਿਆ। ਪਹਾੜਾਂ ਦੇ ਨਿਯਮਾਂ ਦਾ ਆਦੀ, ਉਸ ਲਈ ਆਪਣੇ ਅਪਣਾਏ ਦੇਸ ਵਿਚ ਰਹਿਣਾ ਮੁਸ਼ਕਲ ਸੀ। ਉਸਨੇ ਬਹੁਤ ਰਟਣ ਕੀਤਾ, ਦੂਰ ਦੂਰ ਦੇ ਦੇਸਾਂ ਦੀਆਂ ਸ਼ਾਨਦਾਰ ਰਾਜਧਾਨੀਆਂ ਦੇਖੀਆਂ, ਪਰ ਉਹ ਜਿਥੇ ਵੀ ਕਿਤੇ ਗਿਆ, ਉਸਦੀ ਅੰਦਰਲੀ ਖੋਹ ਨੇ ਉਸਨੂੰ ਚੈਨ ਨਾ ਲੈਣ ਦਿਤਾ। ਮੈਂ ਉਸਨੂੰ ਆਪਣੇ ਚਿਤਰ ਦਿਖਾਉਣ ਲਈ ਕਿਹਾ ਤਾਂ ਕਿ ਮੈਂ ਰੰਗਾਂ ਵਿਚ ਪ੍ਰਗਟ ਕੀਤਾ ਇਹ ਉਦਰੇਵਾਂ ਦੇਖ ਸਕਾਂ।
ਸਚਮੁਚ, ਇਕ ਚਿਤਰ ਨੂੰ ਨਾਂ ਹੀ “ਉਦਰੇਵਾਂ” ਦਿਤਾ ਗਿਆ ਸੀ। ਇਸ ਵਿਚ ਇਕ ਇਤਾਲਵੀ ਔਰਤ (ਉਸਦੀ ਪਤਨੀ) ਪ੍ਰੰਪਰਾਈ ਅਵਾਰ ਕਪੜੇ ਪਾਈ ਦਿਖਾਈ ਗਈ ਸੀ। ਉਹ ਗੋਤਸਾਤਲੀ ਦੇ ਪ੍ਰਸਿਧ ਕਾਰੀਗਰ ਦੀ ਰਚਨਾ-ਇਕ ਉਕਰਾਈ ਵਾਲਾ ਚਾਂਦੀ ਦਾ ਘੜਾ—ਫੜੀ ਪਹਾੜੀ ਚਸ਼ਮੇ ਕੋਲ ਖੜੀ ਸੀ। ਪਹਾੜੀ ਢਲਾਣ ਉਤੇ ਪੱਥਰ ਦੇ ਬਣੇ ਘਰਾਂ ਵਾਲੀ ਇਕ ਉਦਾਸ ਜਿਹੀ ਅਵਾਰ ਆਊਲ ਆਲ੍ਹਣੇ ਵਾਂਗ ਖੜੀ ਸੀ, ਤੇ ਉਸਦੇ ਪਿਛੋਕੜ ਵਿਚ ਹੋਰ ਵੀ ਜ਼ਿਆਦਾ ਉਦਾਸ ਪਹਾੜ ਸੀ, ਜਿਸਦੀ ਚੋਟੀ ਧੁੰਦ ਵਿਚ ਲੁਕੀ ਹੋਈ ਸੀ।
“ਧੁੰਦ ਪਹਾੜਾਂ ਦੇ ਅੱਥਰੂ ਹਨ,” ਚਿਤਰਕਾਰ ਨੇ ਕਿਹਾ। “ਜਦੋਂ ਢਲਾਣਾਂ ਧੁੰਦ ਨਾਲ ਕੱਜੀਆਂ ਹੁੰਦੀਆਂ ਨੇ, ਤਾਂ ਝੁਰੜਾਈਆਂ ਚਟਾਨਾਂ ਤੋਂ ਸਾਫ ਤੁਪਕੇ ਵਹਿਣੇ ਸ਼ੁਰੂ ਹੋ ਜਾਂਦੇ ਨੇ। ਉਹ ਧੁੰਦ ਮੈਂ ਹਾਂ।”
ਇਕ ਹੋਰ ਤਸਵੀਰ ਵਿਚ ਖਾਲੀ ਚਟਾਨਾਂ ਵਿਚਕਾਰ ਉਗਦੀ ਇਕ ਥੋਹਰ ਉਤੇ ਬੈਠਾ ਇਕ ਪੰਛੀ ਦਿਖਾਇਆ ਗਿਆ ਹੈ। ਪੰਛੀ ਗਾ ਰਿਹਾ ਹੈ, ਤੇ ਸਕਲੀਆ ਦੀ ਬਾਰੀ ਵਿਚੋਂ ਇਕ ਉਦਾਸ ਪਹਾੜਣ ਬਾਹਰ ਨੂੰ ਦੇਖ ਰਹੀ ਹੈ। ਚਿਤਰ ਵਿਚ ਮੇਰੀ ਦਿਲਚਸਪੀ ਦੇਖਦਿਆਂ, ਚਿਤਰਕਾਰ ਨੇ ਮੈਨੂੰ ਦਸਿਆ, “ਇਸਦੀ ਪ੍ਰੇਰਨਾ ਇਕ ਪੁਰਾਤਨ ਅਵਾਰ ਕਥਾ ਤੋਂ ਮਿਲੀ ਹੈ।”
“ਕਿਹੜੀ ਕਥਾ ?”
“ਇਕ ਵਾਰੀ ਇਕ ਪੰਛੀ ਫੜ ਕੇ ਪਿੰਜਰੇ ਵਿਚ ਪਾ ਦਿਤਾ ਗਿਆ। ਪਿੰਜਰੇ ਵਿਚ ਬੰਦ, ਪੰਛੀ ਦਿਨ ਰਾਤ ਦੁਹਰਾਉਂਦਾ ਰਹਿੰਦਾ, ‘ਮੇਰੀ ਮਾਤਭੂਮੀ’, ‘ਮੇਰੀ ਮਾਤਭੂਮੀ,’ ‘ਮੇਰੀ ਮਾਤਭੂਮੀ’, ‘ਮੇਰੀ ਮਾਤਭੂਮੀ’। ਬਿਲਕੁਲ ਉਸੇ ਤਰ੍ਹਾਂ ਮੈਂ ਇਹ ਸਾਰੇ ਸਾਲ ਇਹ ਸ਼ਬਦ ਦੁਹਰਾਉਂਦਾ ਰਿਹਾ ਹਾਂ।… ਪੰਛੀ ਦੇ ਮਾਲਕ ਨੇ ਸੋਚਿਆ : ‘ਕਿਸ ਤਰ੍ਹਾਂ ਦੇ ਘਰ ਵਿਚੋਂ ਪੰਛੀ ਆਇਆ ਹੈ? ਇਹ ਜ਼ਰੂਰ ਕੋਈ ਸੁੰਦਰ ਫੁੱਲਾਂ-ਲੱਦਿਆਂ ਦੇਸ ਹੋਵੇਗਾ, ਜਿਥੇ ਸਵਰਗੀ ਰੁੱਖ ਤੇ ਸਵਰਗੀ ਪੰਛੀ ਹੁੰਦੇ ਹੋਣਗੇ । ਮੈਂ ਪੰਛੀ ਨੂੰ ਛੱਡ ਕੇ ਤਾਂ ਦੇਖਾਂ ਇਹ ਜਾਂਦਾ ਕਿਧਰ ਨੂੰ ਹੈ। ਇਹ ਮੈਨੂੰ ਉਸ ਸ਼ਾਨਦਾਰ ਦੇਸ ਦਾ ਰਾਹ ਦਿਖਾਇਗਾ।’ ਉਸਨੇ ਪਿੰਜਰੇ ਦੀ ਬਾਰੀ ਖੋਹਲ ਦਿਤੀ ਤੇ ਪੰਛੀ ਉੱਡ ਗਿਆ । ਦੱਸਾਂ ਕਦਮਾਂ ਦੀ ਦੂਰੀ ਉਤੇ ਇਹ ਸੱਖਣੀਆਂ ਚਟਾਨਾਂ ਉਤੇ ਉਗਦੀ ਥੋਹਰ ਉਤੇ ਜਾ ਬੈਠਾ। ਇਸਦਾ ਆਲ੍ਹਣਾ ਵੀ ਉਸੇ ਝਾੜੀ ਦੀਆਂ ਟਾਹਣਾਂ ਵਿਚ ਸੀ। ਆਪਣੇ ਪਿੰਜਰੇ ਦੀਆਂ ਬਾਰੀਆਂ ਵਿਚੋਂ ਮੈਂ ਵੀ ਆਪਣੀ ਮਾਤਭੂਮੀ ਦੇਖ ਸਕਦਾ ਹਾਂ,” ਚਿਤਰਕਾਰ ਨੇ ਗੱਲ ਖਤਮ ਕੀਤੀ।
“ਫਿਰ ਤੁਸੀਂ ਵਾਪਸ ਦੇਸ ਕਿਉਂ ਨਹੀਂ ਮੁੜਣਾ ਚਾਹੁੰਦੇ ?”
“ਬਹੁਤ ਦੇਰ ਹੋ ਗਈ ਹੈ। ਆਪਣੇ ਵੇਲੇ ਮੈਂ ਮਾਤਭੂਮੀ ਤੋਂ ਇਕ ਨੌਜਵਾਨ ਭਖਦਾ ਦਿਲ ਲੈ ਕੇ ਆਇਆ ਸਾਂ । ਮੈਂ ਬੁੱਢੀਆਂ ਹੱਡੀਆਂ ਲੈ ਕੇ ਕਿਵੇਂ ਵਾਪਸ ਜਾ ਸਕਦਾ ਹਾਂ।”
ਪੈਰਿਸ ਤੋਂ ਵਾਪਸ ਆ ਕੇ ਮੈਂ ਚਿਤਰਕਾਰ ਦੇ ਰਿਸ਼ਤੇਦਾਰ ਨੂੰ ਲਭਿਆ। ਮੈਨੂੰ ਜਾਣ ਕੇ ਹੈਰਾਨੀ ਹੋਈ ਕਿ ਉਸਦੀ ਮਾਂ ਅਜੇ ਵੀ ਜਿਊਂਦੀ ਹੈ। ਉਦਾਸ ਚਿਹਰਿਆਂ ਨਾਲ, ਸਕਲੀਆ ਵਿਚ ਇਕੱਠੇ ਹੋਏ ਰਿਸ਼ਤੇਦਾਰਾਂ ਨੇ ਉਸ ਸਪੂਤ ਬਾਰੇ ਮੇਰੀ ਕਹਾਣੀ ਸੁਣੀ, ਜਿਹੜਾ ਆਪਣੀ ਮਾਤਭੂਮੀ ਨੂੰ ਛੱਡ ਕੇ ਪ੍ਰਦੇਸੀਂ ਜਾ ਵਸਿਆ ਸੀ। ਪਰ ਲਗਦਾ ਸੀ ਕਿ ਉਹਨਾਂ ਨੇ ਉਸਨੂੰ ਮੁਆਫ ਕਰ ਦਿਤਾ ਹੈ ਤੇ ਇਹ ਜਾਣ ਕੇ ਉਹਨਾਂ ਨੂੰ ਖੁਸ਼ੀ ਹੋਈ ਕਿ ਉਹ ਅਜੇ ਜਿਊਂਦਾ ਹੈ।
“ਤੁਸੀਂ ਗੱਲਾਂ ਅਵਾਰ ਬੋਲੀ ਵਿਚ ਕੀਤੀਆਂ ?” ਅਚਾਨਕ ਉਸਦੀ ਮਾਂ ਨੇ ਪੁਛਿਆ।
“ਨਹੀਂ, ਅਸੀਂ ਦੁਭਾਸ਼ੀਏ ਰਾਹੀਂ ਗੱਲਾਂ ਕੀਤੀਆਂ। ਮੈਂ ਰੂਸੀ ਬੋਲਦਾ ਸਾਂ ਤੇ ਤੁਹਾਡਾ ਸਪੁੱਤਰ ਫਰਾਂਸੀਸੀ।”
ਮਾਂ ਨੇ ਆਪਣਾ ਮੂੰਹ ਕਾਲੇ ਘੁੰਡ ਹੇਠ ਢੱਕ ਲਿਆ, ਜਿਵੇਂ ਸਾਡੀਆਂ ਔਰਤਾਂ ਪੁੱਤਰ ਦੀ ਮੌਤ ਬਾਰੇ ਪਤਾ ਲੱਗਣ ਉਤੇ ਢੱਕ ਲੈਂਦੀਆਂ ਹਨ। ਪੱਧਰੀ ਛੱਤ ਉਤੇ ਬਾਰਸ਼ ਪੈ ਰਹੀ ਸੀ। ਅਸੀਂ ਅਵਾਰਿਸਤਾਨ ਵਿਚ ਸਾਂ। ਦੁਨੀਆਂ ਦੇ ਦੂਜੇ ਸਿਰੇ, ਕਿਤੇ ਪੈਰਿਸ ਵਿਚ, ਦਾਗਿਸਤਾਨ ਦਾ ਇਕ ਖਾਊ-ਉਡਾਊ ਪੁੱਤਰ ਵੀ ਸ਼ਾਇਦ ਬਾਰਸ਼ ਦੀ ਟਾਪ ਸੁਣ ਰਿਹਾ ਹੋਵੇਗਾ।
“ਤੈਨੂੰ ਗ਼ਲਤੀ ਲੱਗੀ ਹੈ, ਰਸੂਲ” ਬਹੁਤ ਦੇਰ ਚੁੱਪ ਰਹਿਣ ਪਿਛੋਂ ਮਾਂ ਬੋਲੀ। “ਮੇਰਾ ਪੁੱਤ ਤਾਂ ਕਦੇ ਦਾ ਮਰ ਚੁੱਕਾ ਹੈ। ਉਹ ਮੇਰਾ ਪੁੱਤਰ ਨਹੀਂ ਹੋ ਸਕਦਾ। ਮੇਰਾ ਕੋਈ ਵੀ ਪੁੱਤਰ ਉਹ ਬੋਲੀ ਨਹੀਂ ਸ਼ੀ ਭੁੱਲ ਸਕਦਾ ਜਿਹੜੀ ਉਸਨੂੰ ਮੈਂ, ਇਕ ਅਵਾਰ ਮਾਂ ਨੇ ਸਿਖਾਈ ਸੀ।”
ਇਕ ਯਾਦ : ਇਕ ਸਮਾਂ ਸੀ ਜਦੋਂ ਮੈਂ ਇਕ ਅਵਾਰ ਨਾਟਘਰ ਵਿਚ ਕੰਮ ਕਰਦਾ ਸਾਂ। ਉਹ ਵੀ ਸਮਾਂ ਸੀ ਜਦੋਂ ਅਸੀਂ ਮੰਚ ਦੀਆਂ ਸੀਨਰੀਆਂ, ਲਿਬਾਸਾਂ ਤੇ ਨਾਟਕ ਲਈ ਲੁੜੀਂਦੀਆਂ ਹੋਰ ਚੀਜ਼ਾਂ ਦੇ ਭਾਰ ਹੇਠ ਦੱਬੇ ਹੋਏ (ਸਾਡਾ ਸਾਰਾ ਨਾਟਕ ਦਾ ਸਾਮਾਨ ਗਧਿਆਂ ਉਪਰ ਲੱਦ ਕੇ ਖੜਿਆ ਜਾਂਦਾ ਸੀ, ਪਰ ਫਿਰ ਵੀ ਕੁਝ ਖੁਦ ਕਲਾਕਾਰਾਂ ਦੇ ਚੁੱਕਣ ਲਈ ਬਚ ਰਹਿੰਦਾ ਸੀ) ਅਸੀਂ ਪਿੰਡੋ-ਪਿੰਡ ਘੁੰਮਦੇ ਰਹਿੰਦੇ ਸਾਂ, ਤੇ ਪਹਾੜਾਂ ਦੇ ਵਾਸੀਆਂ ਤੱਕ ਨਾਟ-ਕਲਾ ਪੁਚਾਉਂਦੇ ਸਾਂ। ਮੈਂ ਇਸ ਤਰ੍ਹਾਂ ਬਿਤਾਏ ਸਾਲਾਂ ਨੂੰ ਅਕਸਰ ਯਾਦ ਕਰਦਾ ਹਾਂ।
ਕੁਝ ਨਾਟਕਾਂ ਵਿਚ ਮੈਨੂੰ ਨਿੱਕਾ-ਮੋਟਾ ਰੋਲ ਦਿਤਾ ਜਾਂਦਾ ਸੀ, ਪਰ ਆਮ ਕਰਕੇ ਮੈਂ ਪ੍ਰਾਮਪਟਰ ਵਾਲੀ ਥਾਂ ਬੈਠਿਆ ਕਰਦਾ ਸਾਂ । ਇਸ ਕੰਮ ਤੋਂ ਮੈਨੂੰ, ਨੌਜਵਾਨ ਕਵੀ ਨੂੰ, ਥੇਟਰ ਵਿਚ ਹੋਰ ਕਿਸੇ ਵੀ ਰੋਲ ਨਾਲੋਂ ਜ਼ਿਆਦਾ ਖੁਸ਼ੀ ਮਿਲਦੀ ਸੀ। ਅਦਾਕਾਰੀ, ਚਿਹਰੇ ਨਾਲ ਭਾਵ-ਪ੍ਰਗਟਾਅ, ਸੈਣਤਾਂ ਤੇ ਮੰਚ ਉਤੇ ਆਉਣ ਵਰਗੀਆਂ ਚੀਜ਼ਾਂ ਨੂੰ ਮੈਂ ਦੂਜੇ ਦਰਜੇ ਦੀ ਮਹੱਤਤਾ ਦੇਂਦਾ ਹੁੰਦਾ ਸਾਂ । ਮੈਂ ਕੱਪੜਿਆਂ, ਮੇਕ-ਅਪ ਤੇ ਸਜਾਵਟ ਨੂੰ ਦੂਜੇ ਦਰਜੇ ਦੀ ਮਹੱਤਤਾ ਵਾਲੀਆਂ ਸਮਝਦਾ ਸਾਂ। ਸਭ ਤੋਂ ਪਹਿਲੀ ਥਾਂ ਮੈਂ ਲਫਜ਼ਾਂ ਨੂੰ ਦੇਂਦਾ ਸਾਂ, ਇਸ ਲਈ ਮੈਂ ਅਦਾਕਾਰਾਂ ਉਤੇ ਕਰੜੀ ਨਿਗਾਹ ਰਖਦਾ ਸਾਂ ਕਿ ਉਹ ਕੋਈ ਲਫਜ਼ ਨਾ ਭੁੱਲਣ ਤੇ ਉਹਨਾਂ ਨੂੰ ਠੀਕ ਠੀਕ ਉਚਾਰਣ। ਜੇ ਕੋਈ ਅਦਾਕਾਰ ਕੋਈ ਲਫਜ਼ ਛੱਡ ਜਾਂਦਾ ਸੀ ਜਾਂ ਇਸਨੂੰ ਵਿਗਾੜ ਕੇ ਬੋਲਦਾ ਸੀ ਤਾਂ ਮੈਂ ਆਪਣੇ ਖਾਨੇ ਵਿਚੋਂ ਬਾਹਰ ਸਿਰ ਕੱਢਦਾ ਤੇ ਲਫਜ਼ ਨੂੰ ਠੀਕ ਤਰ੍ਹਾਂ ਨਾਲ ਐਸੀ ਆਵਾਜ਼ ਵਿਚ ਬੋਲਦਾ ਜਿਹੜੀ ਹਾਲ ਦੇ ਸਭ ਕੋਨਿਆਂ ਵਿਚ ਸੁਣੀ ਜਾ ਸਕਦੀ ਸੀ।
ਸਚਮੁਚ ਮੈਂ ਲਿਖਤ ਨੂੰ ਤੇ ਲਫਜ਼ਾਂ ਨੂੰ ਹੋਰ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ ਮਹੱਤਤਾ ਦੇਂਦਾ ਸਾਂ ਕਿਉਂਕਿ ਲਫਜ਼ ਬਿਨਾਂ ਲਿਬਾਸ ਜਾਂ ਮੇਕ-ਅਪ ਦੇ ਜਿਊ ਸਕਦੇ ਹਨ; ਉਹਨਾਂ ਦਾ ਅਰਥ ਦਰਸ਼ਕਾਂ ਨੂੰ ਹਰ ਹਾਲ ਸਪਸ਼ਟ ਹੋ ਜਾਇਗਾ।
ਮੈਨੂੰ ਇਕ ਹਸਾਉਣੀ ਘਟਣਾ ਯਾਦ ਹੈ। ਅਸੀਂ ਜਿਹੜਾ ਨਾਟਕ ਖੇਡ ਰਹੇ ਸਾਂ, ਉਸਦਾ ਨਾਂ ਸੀ “ਪਹਾੜੀ ਲੋਕ” ਤੇ ਇਸ ਵਿਚ ਅਵਾਰ ਲੋਕਾਂ ਦੇ ਦੂਰ ਬੀਤੇ ਬਾਰੇ ਦਸਿਆ ਗਿਆ ਸੀ । ਆਮ ਵਾਂਗ, ਮੈਂ ਪ੍ਰਾਮਪਟਰ ਸਾਂ । ਕਹਾਣੀ ਵਿਚ, ਨਾਇਕ ਆਈਗਾਜ਼ੀ, ਜਿਹੜਾ ਕਿਸੇ ਖਾਨਦਾਨੀ ਦੁਸ਼ਮਣੀ ਕਾਰਨ ਪਹਾੜਾਂ ਵਿਚ ਸ਼ਰਨ ਲੈ ਲੈਂਦਾ ਹੈ, ਰਾਤ ਦੇ ਪਰਦੇ ਹੇਠ ਇਕ ਆਉਲ ਵਿਚ ਆਪਣੀ ਪ੍ਰੇਮਿਕਾ ਨੂੰ ਮਿਲਣ ਆਉਂਦਾ ਹੈ। ਉਹ ਉਸਨੂੰ ਵਾਸਤੇ ਪਾਉਂਦੀ ਹੈ ਕਿ ਉਹ ਆਪਣੀ ਲੁਕਣ ਵਾਲੀ ਥਾਂ ਵਾਪਸ ਚਲਾ ਜਾਏ, ਮਤਾਂ ਉਹ ਮਾਰਿਆ ਜਾਏ, ਪਰ (ਇਹ ਰੋਲ ਮਾਗਾਯੇਵ ਨਾਂ ਦਾ ਐਕਟਰ ਕਰ ਰਿਹਾ ਸੀ) ਆਈਗਾਜ਼ੀ ਆਪਣੀ ਪ੍ਰੇਮਿਕਾ ਨੂੰ ਮੀਂਹ ਤੋਂ ਬਚਾਉਣ ਲਈ ਆਪਣੇ ਬੁਰਕੇ* ਵਿਚ ਲੈ ਲੈਂਦਾ ਹੈ ਤੇ ਉਸਨੂੰ ਤਰ੍ਹਾਂ ਤਰ੍ਹਾਂ ਨਾਲ
ਆਪਣੇ ਪਿਆਰ ਤੇ ਆਪਣੇ ਕਸ਼ਟ ਬਾਰੇ ਦਸਦਾ ਹੈ। ਇਸ ਥਾਂ ਉਤੇ ਆ ਕੇ ਅਜੀਬ ਗੱਲ ਵਾਪਰੀ। ਮਾਗਾਯੇਵ ਦੀ ਵਹੁਟੀ ਦੌੜਦੀ ਹੋਈ ਮੰਚ ਉਤੇ ਆਈ ਤੇ ਆਪਣੇ ਘਰ ਵਾਲੇ ਉਤੇ ਟੁੱਟ ਪਈ, ਕਿ ਉਹ ਕਿਉਂ ਕਿਸੇ ਦੂਜੀ ਔਰਤ ਨਾਲ ਮੁਹੱਬਤ ਦੀਆਂ ਗੱਲਾਂ ਕਰ ਰਿਹਾ ਹੈ। ਮਾਗਾਯੇਵ ਨੇ ਉਸਨੂੰ ਬਾਹੋਂ ਫੜਿਆ ਤੇ ਧੂੰਹਦਾ ਹੋਇਆ ਪਰਦੇ ਪਿੱਛੇ ਲੈ ਗਿਆ, ਇਸ ਖਿਆਲ ਨਾਲ ਕਿ ਉਥੇ ਜਾ ਕੇ ਉਹ ਉਸਨੂੰ ਸਾਰੀ ਗੱਲ ਸਮਝਾਇਗਾ। ਉਸਦਾ ਖਿਆਲ ਸੀ ਕਿ ਉਹ ਮੰਚ ਉਤੇ ਵਾਪਸ ਮੁੜ ਆਇਗਾ ਤੇ ਜਾਰੀ ਰਖ ਸਕੇਗਾ, ਪਰ ਉਸਦੀ ਬੀਵੀ ਨੇ ਉਸਨੂੰ ਨਾ ਛਡਿਆ। ਐਕਟਰੈਸ ਕੁਝ ਸਮਾਂ ਮੰਚ ਦੇ ਵਿਚਕਾਰ ਖੜੀ ਰਹੀ ਤੇ ਨਾਟਕ ਰੋਕਣਾ ਪਿਆ।
ਮੈਂ ਆਪਣੇ ਬਾਕਸ ਵਿਚ ਬੈਠਾ ਹੋਇਆ ਸਾਂ, ਬਿਨਾਂ ਖਾਸ ਕੱਪੜਿਆਂ ਜਾਂ ਮੇਕ-ਅਪ ਦੇ, ਸਾਧਾਰਨ ਵਾਂਗ ਪਾਜਾਮਾ ਤੇ ਬਿਨਾਂ ਕਾਲਰ ਬੰਦ ਕੀਤੇ ਦੇ ਕਮੀਜ਼ ਪਾਈ। ਮੇਰਾ ਖਿਆਲ ਹੈ ਕਿ ਮੈਂ ਸਲੀਪਰ ਪਾਏ ਹੋਏ ਸਨ। ਬੇਸ਼ਕ, ਇਹੋ ਜਿਹੇ ਕੱਪੜੇ ਪਾਈ ਮੈਂ ਐਕਟਰ ਦੀ ਥਾਂ ਨਹੀਂ ਸਾਂ ਲੈ ਸਕਦਾ, ਭਾਵੇਂ ਮੈਨੂੰ ਉਸਦਾ ਹਿੱਸਾ ਜ਼ਬਾਨੀ ਯਾਦ ਸੀ। ਪਰ ਕਿਉਂਕਿ ਮੈਂ ਸਭ ਤੋਂ ਵਧ ਮਹੱਤਤਾ ਲਫਜ਼ਾਂ ਨੂੰ ਦੇਂਦਾ ਸਾਂ, ਨਾ ਕਿ ਪਹਿਰਾਵੇ ਨੂੰ, ਮੈਂ ਦੌੜਦਾ ਹੋਇਆ ਮੰਚ ਉਪਰ ਗਿਆ ਤੇ ਨਾਇਕਾ ਨੂੰ ਉਹ ਸਾਰੇ ਲਫਜ਼ ਕਹਿ ਸੁਣਾਏ ਜਿਹੜੇ ਉਸਨੇ ਆਈਗਾਜ਼ੀ-ਮਾਗਾਯੇਵ ਤੋਂ ਸੁਣਨੇ ਸਨ।
ਮੈਨੂੰ ਨਹੀਂ ਪਤਾ ਲੋਕ ਖੁਸ਼ ਹੋਏ ਜਾਂ ਨਾ; ਸ਼ਾਇਦ ਉਹਨਾਂ ਲਈ ਇਹ ਡਰਾਮਾ ਸੁਖਾਂਤ ਦਾ ਰੂਪ ਧਾਰ ਗਿਆ ਸੀ । ਜਿੱਥੋਂ ਤੱਕ ਮੇਰਾ ਸਵਾਲ ਹੈ, ਮੈਂ ਬਿਲਕੁਲ ਸੰਤੁਸ਼ਟ ਸਾਂ : ਉਹਨਾਂ ਨੇ ਬਿਨਾਂ ਇਕ ਵੀ ਲਫਜ਼ ਉੱਕਿਆਂ, ਨਾਟਕ ਦਾ ਵਸਤੂ ਸਮਝ ਲਿਆ ਸੀ, ਤੇ ਮੇਰੇ ਖਿਆਲ ਵਿਚ ਇਹ ਮਹੱਤਵਪੂਰਨ ਗੱਲ ਸੀ।
ਮੈਨੂੰ ਯਾਦ ਹੈ ਜਦੋਂ ਮੈਂ ਉਸੇ ਨਾਟ-ਮੰਡਲੀ ਨਾਲ ਪਹਿਲੀ ਵਾਰੀ ਪ੍ਰਸਿਧ ਪਿੰਡ ਗੁਨੀਬ ਪੁੱਜਾ, ਜਿਹੜਾ ਪਹਾੜਾਂ ਵਿਚ ਕਾਫੀ ਉਚਾਈ ਉਤੇ ਹੈ। ਇਹ ਤਾਂ ਸਾਰੇ ਜਾਣਦੇ ਹਨ ਕਿ ਸਾਰੇ ਕਵੀ ਇਕੋ ਭਾਈਚਾਰੇ ਨਾਲ ਸੰਬੰਧ ਰੱਖਦੇ ਹਨ, ਜਿਵੇਂ ਕਿ ਅਸੀਂ ਆਪਣੇ ਇਲਾਕੇ ਵਿਚ ਕਹਿੰਦੇ ਹਾਂ, ਕੂਨਾਕ** ਹੁੰਦੇ ਹਨ। ਮੈਂ ਸੁਣਿਆ ਹੋਇਆ ਸੀ ਕਿ ਗੁਨੀਬ ਵਿਚ ਕੋਈ ਕਵੀ ਰਹਿੰਦਾ ਹੈ, ਪਰ ਉਸਨੂੰ ਮਿਲਣ ਦਾ ਮੌਕਾ ਨਹੀਂ ਸੀ ਕਦੀ ਮਿਲਿਆ। ਮੈਂ ਉਸਨੂੰ ਮਿਲਣ ਗਿਆ ਤੇ ਉਸਨੇ ਸਾਡੇ ਦੌਰੇ ਦੇ ਸਮੇਂ ਲਈ ਮੈਨੂੰ ਆਪਣੇ ਘਰ ਠਹਿਰਾ ਲਿਆ।
ਮੇਰੇ ਚੰਗੇ ਮੀਜ਼ਬਾਨਾਂ ਨੇ ਮੇਰਾ ਏਨਾਂ ਚੰਗਾ ਸਵਾਗਤ ਕੀਤਾ ਕਿ ਮੈਂ ਉਹਨਾਂ ਨੂੰ ਏਨੀ ਤਕਲੀਫ ਦੇਣ ਕਰਕੇ ਆਪ ਉਲਝਣ ਵਿਚ ਫਸ ਗਿਆ, ਤੇ ਮੈਨੂੰ ਪਤਾ ਨਾ ਲੱਗੇ ਆਪਣੇ ਨਾਲ ਕੀ ਕਰਾਂ। ਕਵੀ ਦੀ ਮਾਂ ਵਲੋਂ ਦਿਖਾਈ ਗਈ ਮਿਹਰਬਾਨੀ ਖਾਸ ਕਰਕੇ ਮੇਰੀਆਂ ਨਿੱਘੀਆਂ ਯਾਦਾਂ ਵਿਚ ਹੈ।
ਉਥੋਂ ਤੁਰਨ ਲਗਿਆਂ ਮੈਂ ਸ਼ੁਕਰਾਨੇ ਦੇ ਢੁਕਵੇਂ ਲਫਜ਼ ਲੱਭਣ ਦੀ ਕੋਸ਼ਿਸ਼ ਕੀਤੀ। ਹੋਇਆ ਇਹ ਕਿ ਜਦੋਂ ਮੈਂ ਮਾਂ ਨੂੰ ਅਲਵਿਦਾ ਕਹਿ ਰਿਹਾ ਸਾਂ ਤਾਂ ਕਮਰੇ ਵਿਚ ਹੋਰ ਕੋਈ ਨਹੀਂ ਸੀ । ਮੈਨੂੰ ਪਤਾ ਸੀ ਕਿ ਮਾਂ ਲਈ ਇਸ ਨਾਲੋਂ ਜ਼ਿਆਦਾ ਖੁਸ਼ੀ ਦੇਣ ਵਾਲੀ ਕੋਈ ਗੱਲ ਨਹੀਂ ਹੋ ਸਕਦੀ ਕਿ ਉਸਨੂੰ ਉਸਦੇ ਬੇਟੇ ਬਾਰੇ ਕੁਝ ਚੰਗੇ ਲਫਜ਼ ਕਹੇ ਜਾਣ । ਤੇ ਭਾਵੇਂ ਗੰਭੀਰ ਮੁਲੰਕਣ ਕੀਤਿਆਂ ਮੈਂ ਉਸਦੀਆਂ ਯੋਗਤਾਵਾਂ, ਨੂੰ ਬਿਲਕੁਲ ਸਾਧਾਰਨ ਜਿਹੀਆਂ ਸਮਝਦਾ ਸਾਂ, ਤਾਂ ਵੀ ਮੈਂ ਉਸਦੀ ਤਾਰੀਫ਼ ਕਰਨੀ ਸ਼ੁਰੂ ਕਰ ਦਿਤੀ। ਮੈਂ ਮਾਂ ਨੂੰ ਇਹ ਦਸਣਾ ਸ਼ੁਰੂ ਕੀਤਾ ਕਿ ਉਸਦਾ ਬੇਟਾ ਬੜਾ ਅਗਾਂਹਵਧੂ ਕਵੀ ਹੈ ਜਿਹੜਾ ਹਮੇਸ਼ਾ ਭਖਦੇ ਮਸਲਿਆਂ ਬਾਰੇ ਲਿਖਦਾ ਹੈ।
“ਹੋ ਸਕਦੈ ਉਹ ਅਗਾਂਹਵਧੂ ਕਵੀ ਹੋਵੇ,” ਮਾਂ ਨੇ ਅਫਸੋਸੀ ਜਿਹੀ ਆਵਾਜ਼ ਵਿਚ ਮੈਨੂੰ ਟੋਕਿਆ, “ਪਰ ਉਸ ਵਿਚ ਕਲਾ-ਕੌਸ਼ਲਤਾ ਕੋਈ ਨਹੀਂ। ਹੋ ਸਕਦੈ ਕਿ ਉਸਦੀਆਂ ਕਵਿਤਾਵਾਂ ਅੱਜ ਦੇ ਭਖਦੇ ਮਸਲਿਆਂ ਬਾਰੇ ਹੁੰਦੀਆਂ ਹੋਣ, ਪਰ ਜਦੋਂ ਮੈਂ ਉਹਨਾਂ ਨੂੰ ਪੜ੍ਹਨ ਲਗਦੀ ਹਾਂ ਤਾਂ ਮੈਨੂੰ ਨੀਂਦ ਆਉਣ ਲੱਗ ਪੈਂਦੀ ਹੈ। ਜ਼ਰਾ ਸੋਚ, ਰਸੂਲ, ਜਦੋਂ ਮੇਰਾ ਬੇਟਾ ਪਹਿਲੇ ਲਫਜ਼ ਉਚਾਰਣਾ ਸਿੱਖ ਰਿਹਾ ਸੀ, ਜਿਨ੍ਹਾਂ ਨੂੰ ਹੋਰ ਕੋਈ ਨਹੀਂ ਸੀ ਸਮਝ ਸਕਦਾ, ਮੈਂ ਏਨੀਂ ਖੁਸ਼ ਹੁੰਦੀ ਸਾਂ ਕਿ ਦਸ ਨਹੀਂ ਸਕਦੀ। ਅੱਜ ਜਦੋਂ ਕਿ ਉਸਨੇ ਨਾ ਸਿਰਫ ਬੋਲਣਾ ਸਗੋਂ ਕਵਿਤਾ ਲਿਖਣਾ ਵੀ ਸਿੱਖ ਲਿਆ ਹੈ, ਤਾਂ ਮੈਨੂੰ ਬਿਲਕੁਲ ਕੋਈ ਖੁਸ਼ੀ ਨਹੀਂ ਹੁੰਦੀ। ਕਹਿੰਦੇ ਨੇ ਕਿ ਔਰਤ ਦੀ ਅਕਲ ਉਸਦੇ ਘੱਗਰੇ ਦੀ ਝਾਲਰ ਨਾਲ ਲੱਗੀ ਹੁੰਦੀ ਹੈ। ਜਦੋਂ ਉਹ ਬੈਠੀ ਹੁੰਦੀ ਹੈ ਤਾਂ ਇਹ ਮਹਿਫੂਜ ਹੁੰਦੀ ਹੈ, ਪਰ ਜਿਉਂ ਹੀ ਉਹ ਉਠਦੀ ਹੈ ਇਹ ਜ਼ਮੀਨ ਉਤੇ ਡਿੱਗ ਪੈਂਦੀ ਹੈ। ਮੇਰੇ ਪੁੱਤ ਨਾਲ ਵੀ ਇਸੇ ਤਰ੍ਹਾਂ ਹੈ : ਜਦੋਂ ਉਹ ਖਾਣੇ ਦੇ ਮੇਜ਼ ਉਤੇ ਬੈਠਾ ਖਾ ਰਿਹਾ ਹੁੰਦਾ ਹੈ, ਤਾਂ ਉਹ ਬੰਦਿਆਂ ਵਾਂਗ ਗੱਲ ਕਰਦਾ ਹੈ; ਮੈਂ ਉਸਨੂੰ ਸੁਣਦਿਆਂ ਕਦੀ ਨਹੀਂ ਥੱਕਦੀ, ਪਰ ਜਿਉਂ ਹੀ ਉਹ ਖਾਣੇ ਦੇ ਮੇਜ਼ ਤੋਂ ਉੱਠ ਕੇ ਲਿਖਣ ਵਾਲੇ ਮੇਜ਼ ਕੋਲ ਜਾਂਦਾ ਹੈ, ਉਹ ਆਪਣੀ ਸਾਰੀ ਸਾਦੀ ਤੇ ਚੰਗੀ ਬੋਲੀ ਭੁੱਲ ਜਾਂਦਾ ਹੈ ਤੇ ਸਿਰਫ ਸਖਤ ਜਿਹੀ, ਧੁੰਦਲੀ ਤੇ ਅਕਾਵੀਂ ਜਿਹੀ ਬੋਲੀ ਰਹਿ ਜਾਂਦੀ ਹੈ।”
ਜਦੋਂ ਮੈਨੂੰ ਇਹ ਘਟਣਾ ਯਾਦ ਆਉਂਦੀ ਹੈ, ਤਾਂ ਮੈਂ ਦੁਆ ਕਰਦਾ ਹਾਂ ਕਿ ਅੱਲਾ ਕਦੀ ਮੈਨੂੰ ਮੇਰੀ ਜ਼ਬਾਨ ਤੋਂ ਵਾਂਝਿਆਂ ਨਾ ਕਰੇ। ਮੈਂ ਇਸ ਤਰ੍ਹਾਂ ਨਾਲ ਲਿਖਣਾ ਚਾਹੁੰਦਾ ਹਾਂ ਕਿ ਮੇਰੀ ਸਾਰੀ ਕਵਿਤਾ, ਤੇ ਜੋ ਕੁਝ ਵੀ ਮੈਂ ਲਿਖਾਂ, ਮੇਰੀ ਮਾਂ ਨੂੰ ਤੇ ਮੇਰੀ ਭੈਣ ਨੂੰ, ਪਹਾੜਾਂ ਵਿਚਲੇ ਹਰ ਬੰਦੇ ਨੂੰ, ਤੇ ਉਸਨੂੰ ਪੜ੍ਹਨ ਵਾਲੇ ਹਰ ਬੰਦੇ ਨੂੰ ਸਮਝ ਆਵੇ ਤੇ ਪਿਆਰਾ ਲੱਗੇ। ਮੈਂ ਅਕਾਵੇਂਪਣ ਨੂੰ ਨਹੀਂ ਜਨਮ ਦੇਣਾ ਚਾਹੁੰਦਾ। ਮੈਂ ਖੁਸ਼ੀ ਦੇਣਾ ਚਾਹੁੰਦਾ ਹਾਂ। ਜੇ ਮੇਰੀ ਜ਼ਬਾਨ ਭੈੜੀ ਹੋ ਜਾਂਦੀ ਹੈ, ਤੇ ਠੰਡੀ ਪੈ ਜਾਂਦੀ ਹੈ, ਸਮਝ ਨਹੀਂ ਆਉਂਦੀ ਤੇ ਅਕਾਵੀਂ ਹੋ ਜਾਂਦੀ ਹੈ-ਮਤਲਬ ਕੀ ਕਿ ਜੇ ਮੈਂ ਆਪਣੀ ਜ਼ਬਾਨ ਖਰਾਬ ਕਰ ਲੈਂਦਾ ਹਾਂ ਤਾਂ ਇਹ ਮੇਰੀ ਜ਼ਿੰਦਗੀ ਵਿਚ ਵਾਪਰਣ ਵਾਲੀ ਸਭ ਤੋਂ ਵੱਧ ਭਿਆਨਕ ਚੀਜ਼ ਹੋਵੇਗੀ। ਜਦੋਂ ਮੈਂ ਛੋਟਾ ਹੁੰਦਾ ਸਾਂ ਤਾਂ ਜਦੋਂ ਸਾਡੀ ਆਊਲ ਦੇ ਬੰਦੇ ਮਸੀਤ ਦੇ ਨੇੜੇ ਡ੍ਰਾਈਚਾਰਕ ਮਸਲਿਆਂ ਨੂੰ ਵਿਚਾਰਨ ਲਈ ਜੁੜਿਆ ਕਰਦੇ ਸਨ, ਤਾਂ ਮੈਂ ਉਹਨਾਂ ਨੂੰ ਆਪਣੇ ਪਿਤਾ ਦੀਆਂ ਕਵਿਤਾਵਾਂ ਪੜ੍ਹ ਕੇ ਸੁਣਾਉਂਦਾ ਹੁੰਦਾ ਸਾਂ। ਮੈਂ ਬੱਚਾ ਜਿਹਾ ਹੀ ਸਾਂ, ਨਿੱਕਾ ਜਿਹਾ, ਪਰ ਮੈਂ ਵਧ ਤੋਂ ਵਧ, ਸਗੋਂ ਲੋੜ ਤੋਂ ਵੀ ਵਧ, ਜ਼ੋਰ ਲਾਕੇ, ਉੱਚੀ ਸਾਰੀ ਆਵਾਜ਼ ਵਿਚ, ਉਹਨਾਂ ਲਫਜ਼ਾਂ ਤੇ ਆਵਾਜ਼ਾਂ ਉਪਰ ਖਾਸ ਜ਼ੋਰ ਦੇ ਕੇ ਪੜ੍ਹਦਾ ਹੁੰਦਾ ਸਾਂ, ਜਿਹੜੇ ਮੈਨੂੰ ਖੁਸ਼ੀ ਦੇਂਦੇ ਸਨ । ਮਿਸਾਲ ਵਜੋਂ ਜਦੋਂ ਮੈਂ ਪਿਤਾ ਜੀ ਦੀ ਨਵੀਂ ਕਵਿਤਾ “ਤਸਾਦਾ ਵਿਚ ਭੇੜੀਏ ਦਾ ਸ਼ਿਕਾਰ” ਪੜ੍ਹੀ, ਤਾਂ ਮੈਂ “ਤਸ” ਆਵਾਜ਼ ਵਾਲੇ ਸਾਰੇ ਲਫਜ਼ਾਂ ਨੂੰ ਇਸ ਤਰ੍ਹਾਂ ਦੰਦਾਂ ਵਿਚ ਪੀਹ ਕੇ ਕਢਦਾ ਸਾਂ ਕਿ ਉਹ ਥਰਕਣ ਪੈਦਾ ਕਰਦੇ ਝਣਕਾਰ ਦੇਂਦੇ ਤੇ ਕੰਨਾਂ ਨੂੰ ਆ ਕੇ ਵਜਦੇ ਸਨ। ਮੈਨੂੰ ਲਗਦਾ ਸੀ ਕਿ ਇਸ ਤਰ੍ਹਾਂ ਮੂੰਹ ਵੱਟ ਕੇ ਤੇ ਜ਼ੋਰ ਦੇ ਕੇ ਲਫਜ਼ ਕੱਢਣਾ ਮੇਰੇ ਉਚਾਰਣ ਦੇ ਪ੍ਰਭਾਵਸ਼ਾਲੀ ਹੋਣ ਵਿਚ ਵਾਧਾ ਕਰਦਾ ਸੀ।
ਪਿਤਾ ਜੀ ਮੈਨੂੰ ਹਰ ਵਾਰੀ ਇਹ ਕਹਿ ਕੇ ਠੀਕ ਕਰਦੇ, “ਕੀ ਲਫਜ਼ ਕੋਈ ਅਖਰੋਟ ਹੈ ਕਿ ਉਸਨੂੰ ਦੰਦਾਂ ਹੇਠ ਤੋੜਣਾ ਤੇ ਪੀਹਣਾ ਜ਼ਰੂਰੀ ਹੋਵੇ? ਕੀ ਇਹ ਕੋਈ ਲਸਣ ਹੈ ਕਿ ਇਸਨੂੰ ਕੂੰਡੀ ਡੰਡੇ ਵਿਚ ਪੀਸਿਆ ਜਾਏ? ਕੀ ਇਹ ਕੋਈ ਖੁਸ਼ਕ ਪਥਰੀਲੀ ਜ਼ਮੀਨ ਹੈ ਕਿ ਇਸਨੂੰ ਭਾਰੀ ਹਲ ਨਾਲ ਤੇ ਬਹੁਤ ਸਾਰਾ ਜ਼ੋਰ ਲਾ ਕੇ ਵਾਹਿਆ ਜਾਏ? ਤੈਨੂੰ ਆਪਣੇ ਸ਼ਬਦ ਫਰਨ-ਫਰਨ ਬੋਲਣੇ ਚਾਹੀਦੇ ਨੇ, ਆਰਾਮ ਨਾਲ, ਬਿਨਾਂ ਕਿਲ੍ਹਿਆਂ, ਤਾਂ ਕਿ ਦੰਦ ਨਾ ਵੱਜਣ।”
ਮੈਂ ਮੁੜ ਕੇ ਸ਼ੂਰੂ ਕਰਦਾ, ਪਰ ਕੋਈ ਖਾਸ ਬਿਹਤਰੀ ਨਾ ਆਉਂਦੀ। ਮੇਰੀ ਮਾਂ ਉਸ ਵੇਲੇ ਛੱਤ ਤੇ ਖੜੀ ਸੀ। “ਸ਼ਾਇਦ ਤੂਹੀਉਂ ਇਹਨੂੰ ਕੁਝ ਸਿਖਾ ਸਕੇਂ”, ਪਿਤਾ ਜੀ ਨੇ ਮਾਂ ਨੂੰ ਚੀਖ਼ ਕੇ ਕਿਹਾ।
ਮੈਨੂੰ ਮੁਸ਼ਕਲੇ ਲਗਦੇ ਲਫਜ਼ ਮਾਂ ਨੇ ਇਸ ਤਰ੍ਹਾਂ ਉਚਾਰੇ ਜਿਸ ਤਰ੍ਹਾਂ ਪਿਤਾ ਜੀ ਚਹੁੰਦੇ ਸਨ।
“ਸੁਣਦੈਂ? ਚੱਲ ਹੁਣ ਤੂੰ।”
ਫਿਰ ਵੀ ਮੇਰੇ ਕੋਈ ਫਰਕ ਨਾ ਪਿਆ।
“ਹੱਤ ਤੇਰੀ!” ਪਿਤਾ ਜੀ ਗ਼ੁੱਸੇ ਵਿਚ ਬੋਲੇ।“ਜਦੋਂ ਜਲਾਤੂਰਾ ਦਾ ਇਕ ਬੰਦਾ ਤੇਰੇ ਵਾਂਗ ਲਫਜ਼ ਵਿਗਾੜ ਕੇ ਬੋਲ ਰਿਹਾ ਸੀ ਤਾਂ ਮੈਂ ਉਸਨੂੰ ਝਾੜੂ ਨਾਲ ਕੁੱਟਿਆ ਸੀ। ਪਰ ਮੈਂ ਆਪਣੇ ਮੁੰਡੇ ਦਾ ਕੀ ਕਰਾਂ ?”
ਗ਼ੁੱਸੇ ਵਿਚ ਪਿਤਾ ਜੀ ਬਾਹਰ ਨਿਕਲ ਗਏ।
ਪਿਤਾ ਜੀ ਨੇ ਜਲਾਤੂਰਾ ਦੇ ਬੰਦੇ ਨੂੰ ਕਿਵੇਂ ਕੁਟਾਪਾ ਫੇਰਿਆ: ਇਹ ਬਹਾਰ ਦੇ ਇਕ ਦਿਨ ਦੀ ਗੱਲ ਹੈ ਜਿਵੇਂ ਕਿ ਸਾਰੇ ਜਾਣਦੇ ਨੇ, ਬਸੰਤ ਵਿਚ ਪਿਛਲੀ ਫਸਲ ਦੇ ਸਾਰੇ ਭੰਡਾਰ ਖਤਮ ਹੋ ਚੁੱਕੇ ਹੁੰਦੇ ਹਨ, ਪਰ ਨਵੀਂ ਫਸਲ ਅਜੇ ਆਈ ਨਹੀਂ ਹੁੰਦੀ। ਬਸੰਤ ਵਿਚ ਮੰਡੀ ਦੀਆਂ ਕੀਮਤਾਂ ਪਤਝੜ ਨਾਲੋਂ ਜ਼ਿਆਦਾ ਹੁੰਦੀਆਂ ਹਨ। ਮਿੱਟੀ ਦੇ ਭਾਂਡੇ ਵੀ ਮਹਿੰਗੇ ਹੋ ਜਾਂਦੇ ਹਨ, ਹਾਲਾਂ ਕਿ ਇਹ ਖੇਤਾਂ ਵਿਚ ਨਹੀਂ ਉੱਗਦੇ। ਪਿਤਾ ਜੀ ਉਦੋਂ ਨੌਜਵਾਨ ਸਨ। ਉਹਨਾਂ ਬਾਜ਼ਾਰ ਜਾਣ ਦਾ ਫੈਸਲਾ ਕੀਤਾ। ਗੁਆਂਢੀ ਨੇ ਉਹਨਾਂ ਨੂੰ ਕਿਹਾ ਕਿ ਮੇਰੇ ਲਈ ਝਾੜੂ ਖਰੀਦ ਲਿਆਈਂ, ਤੇ ਇਸ ਵਾਸਤੇ ਉਹਨਾਂ ਨੂੰ ਵੀਹ ਕੋਪੇਕ ਦੇ ਦਿਤੇ।
“ਜੇ ਸਸਤਾ ਮਿਲ ਗਿਆ ਤਾਂ ਬਾਕੀ ਪੈਸੇ ਆਪ ਹੀ ਰੱਖ ਲਈਂ,” ਉਸਨੇ ਨੌਜਵਾਨ ਹਮਜ਼ਾਤ ਨੂੰ ਤੁਰਦੇ ਨੂੰ ਕਿਹਾ।
ਜਲਦੀ ਹੀ ਇਕ ਝਾੜੂ ਵੇਚਣ ਵਾਲਾ ਮਿਲ ਗਿਆ, ਤੇ ਸੌਦਾ ਸ਼ੁਰੂ ਹੋਇਆ । ਸਾਰੇ ਲੋਕ ਜਾਣਦੇ ਨੇ ਕਿ ਪੂਰਬੀ ਬਾਜ਼ਾਰ ਵਿਚ ਦੱਸੀ ਗਈ ਪਹਿਲੀ ਕੀਮਤ ਦੀ ਕੋਈ ਮਹੱਤਤਾ ਨਹੀਂ ਹੁੰਦੀ। ਪੰਜ ਕੋਪੇਕ ਦੀ ਚੀਜ਼ ਲਈ ਤੁਹਾਥੋਂ ਸੌ ਰੂਬਲ ਵੀ ਮੰਗਿਆ ਜਾ ਸਕਦਾ ਹੈ।
ਪਿਤਾ ਜੀ ਨੇ ਚੰਗਾ ਮੋਟਾ ਝਾੜੂ ਚੁਣ ਲਿਆ ਤੇ ਪੁੱਛਣ ਲੱਗੇ : “ਵੇਚਣਾ प्टी ?”
“ਮੈਂ ਖੜਾ ਏਥੇ ਕਾਹਦੇ ਲਈ ਹਾਂ ?”
“ਕਿੰਨੇ ਪੈਸੇ ?”
“ਚਾਲ੍ਹੀ ਕੋਪੇਕ।”
“ਝਾੜੂ ਵੀ ਕੋਈ ਘੋੜਾ ਹੁੰਦੈ ਕਿ ਏਨੀਂ ਜ਼ਿਆਦਾ ਕੀਮਤ ਤੋਂ ਸੌਦਾ ਕਰਨਾ ਸ਼ੁਰੂ ਕੀਤਾ ਜਾਏ? ਠੀਕ ਠੀਕ ਕੀਮਤ ਦੱਸ ਤੇ ਗੱਲ ਖਤਮ ਕਰ।”
“ਚਾਲ੍ਹੀ ਕੋਪੇਕ।”
“ਮਜ਼ਾਕ ਛੱਡ।”
“ਚਾਲੀ ਕੋਪੇਕ।”
“ਮੈਂ ਵੀਹ ਕੋਪੇਕ ਦਿਆਂਗਾ।”
“ਚਾਲ੍ਹੀ ਕੋਪੇਕ।”
“ਪਰ ਮੇਰੇ ਕੋਲ ਹੈਣ ਹੀ ਵੀਹ ਕੋਪੇਕ।”
“ਚਾਲੀ ਕੋਪੇਕ।”
“ਮੇਰੇ ਕੋਲ ਸੱਚ ਇਸ ਨਾਲੋਂ ਜ਼ਿਆਦਾ ਪੈਸੇ ਨਹੀਂ।”
“ਜਦੋਂ ਹੋਏ ਆ ਜਾਈਂ ।”
ਇਹ ਦੇਖਦਿਆਂ ਕਿ ਝਾੜੂ ਤਾਂ ਖਰੀਦਿਆ ਨਹੀਂ ਜਾਣਾ, ਪਿਤਾ ਜੀ ਨੇ ਬਾਜ਼ਾਰ ਦਾ ਚੱਕਰ ਲਾਉਣਾ ਸ਼ੁਰੂ ਕਰ ਦਿਤਾ, ਤੇ ਜਲਦੀ ਹੀ ਉਹਨਾਂ ਦੀ ਨਜ਼ਰ ਭੀੜ ਉਤੇ ਪਈ ਜਿਹੜੀ ਦੁਕਾਨਾਂ ਦੀ ਕਤਾਰ ਦੇ ਨੇੜੇ ਜ਼ਰਾ ਕੁ ਉੱਚੀ ਥਾਂ ਉਤੇ ਜਮਾਂ ਹੋਈ ਹੋਈ ਸੀ। ਉਹ ਉਥੇ ਪੁੱਜਾ ਤੇ ਮੋਢੇ-ਮਾਢੇ ਮਾਰ ਕੇ ਅੱਗੇ ਜਾ ਪਹੁੰਚੇ। ਉਹਨਾਂ ਦੇਖਿਆ ਕਿ ਲੋਕ ਮਹਿਮੂਦ ਭੱਟ ਨੂੰ ਸੁਣ ਰਹੇ ਹਨ।
ਮਹਿਮੂਦ ਪਾਂਡੂਰ ਹੱਥ ਵਿਚ ਫੜੀ ਭੀੜ ਦੇ ਵਿਚਕਾਰ ਬੈਠਾ ਸੀ। ਕਦੀ ਉਹ ਤਾਰਾਂ ਨੂੰ ਟੁਣਕਾਉਣ ਲੱਗ ਜਾਂਦਾ, ਕਦੀ ਆਪਣਾ ਹੱਥ ਤਾਰਾਂ ਉਤੇ ਰੱਖ ਲੈਂਦਾ ਤੇ ਗਾਉਣਾ ਸ਼ੁਰੂ ਕਰ ਦੇਂਦਾ। ਸਾਰੇ ਸਾਹ ਰੋਕੀ ਉਸਨੂੰ ਸੁਣ ਰਹੇ ਸਨ, ਇਥੋਂ ਤੱਕ ਕਿ ਆਪਣੇ ਮੱਖੀਆਂ ਵਾਲੇ ਕੰਮ ਲਈ ਆਈ ਮੰਡੀ ਵਿਚ ਉਡਦੀ ਫਿਰਦੀ ਮੱਖੀ ਦੀ ਆਵਾਜ਼ ਵੀ ਸੁਣੀ ਜਾ ਸਕਦੀ ਸੀ। ਇਕ ਨੌਜਵਾਨ ਨੂੰ ਗਾਣੇ ਦੇ ਦੌਰਾਨ ਖੰਘ ਆ ਗਈ, ਤਾਂ ਇਕ ਬਜ਼ੁਰਗ ਪਹਾੜੀਏ ਨੇ, ਜਿਹੜਾ ਖੰਘਣ ਵਾਲੇ ਦਾ ਪਿਓ ਲਗਦਾ ਸੀ, ਉਸਨੂੰ ਉਸੇ ਵੇਲੇ ਬਾਹਰ ਭੇਜ ਦਿਤਾ।
ਇਹੋ ਜਿਹੀ ਚੁੱਪ ਵਿਚ, ਜਦੋਂ ਮਹਿਮੂਦ ਦੇ ਗਾਣੇ ਤੋਂ ਸਿਵਾ ਇਕ ਆਵਾਜ਼ ਵੀ ਨਹੀਂ ਸੀ ਸੁਣਾਈ ਦੇਂਦੀ, ਜਲਾਤੂਰੀ ਦੇ ਇਕ ਬੰਦੇ ਨੇ ਆਪਣੇ ਨਾਲ ਦੇ ਨਾਲ ਗੱਲ ਕਰਨੀ ਸ਼ੁਰੂ ਕਰ ਦਿਤੀ। ਆਮ ਕਰਕੇ, ਉਸ ਦੀ ਮਨਸ਼ਾ ਬੜੀ ਚੰਗੀ ਸੀ : ਨਾਲ ਦੇ ਬੰਦੇ ਨੂੰ ਅਵਾਰ ਬੋਲੀ ਦਾ ਇਕ ਲਫ਼ਜ ਨਹੀਂ ਸੀ ਸਮਝ ਆਉਂਦਾ, ਇਸ ਲਈ ਜਲਾਤੂਰੀ ਦਾ ਬੰਦਾ ਉਸਨੂੰ ਲਫਜ਼ਾਂ ਦੇ ਅਰਥ ਕਰ ਕਰ ਕੇ ਦਸ ਰਿਹਾ ਸੀ । ਮੁਸੀਬਤ ਇਹ ਸੀ ਕਿ ਉਸਦੇ ਬੁਲ੍ਹਾਂ ਵਿਚੋਂ ਨਿਕਲੀ ਲਫਜ਼ਾਂ ਦੀ ਨਿਰੰਤਰ ਲੜੀ ਸੁਣਨ ਵਾਲਿਆਂ ਦਾ ਧਿਆਨ ਉਚਾਟ ਕਰਦੀ ਸੀ ਤੇ ਉਹਨਾਂ ਦੀ ਖੁਸ਼ੀ ਭੰਗ ਕਰਦੀ ਸੀ।
ਨੌਜਵਾਨ ਹਮਜ਼ਾਤ (ਮੇਰੇ ਭਵਿੱਖ ਵਿਚ ਬਣਨ ਵਾਲੇ ਪਿਤਾ) ਨੂੰ ਜਲਾਤੂਰਾ ਦੇ ਬੰਦੇ ਦੇ ਵਿਹਾਰ ਉਤੇ ਗੁੱਸਾ ਆ ਗਿਆ। ਉਸਨੇ ਉਸਦੀ ਬਾਂਹ ਖਿੱਚੀ, ਪਰ ਕੋਈ ਫਾਇਦਾ ਨਾ ਹੋਇਆ। ਫਿਰ ਉਸਨੇ ਉਸਨੂੰ ਕੰਨ ਵਿਚ ਕਿਹਾ ਕਿ ਚੁੱਪ ਕਰ ਜਾ, ਪਰ ਉਸਨੇ ਕੋਈ ਧਿਆਨ ਨਾ ਦਿਤਾ। ਪ੍ਰੇਸ਼ਾਨੀ ਵਿਚ ਹਮਜ਼ਾਤ ਨੇ ਚਾਰ-ਚੁਫੇਰੇ ਨਜ਼ਰ ਮਾਰੀ ਤੇ ਦੇਖਿਆ ਕਿ ਝਾੜੂ ਵੇਚਣ ਵਾਲਾ ਵੀ ਗਾਣਾ ਸੁਣਨ ਲਈ ਕੋਲ ਆ ਗਿਆ ਹੈ। ਪਿਤਾ ਜੀ ਨੱਠਦੇ ਹੋਏ ਉਸ ਕੋਲ ਗਏ, ਉਸ ਕੋਲੋਂ ਸਭ ਤੋਂ ਵੱਡਾ ਝਾੜੂ ਫੜ ਲਿਆ ਤੇ ਉਸ ਨਾਲ ਜਲਾਤੂਰਾ ਦੇ ਅਸਹਿ ਬੰਦੇ ਨੂੰ ਕੁੱਟਣਾ ਸ਼ੁਰੂ ਕਰ ਦਿਤਾ।
ਜਲਾਤੂਰਾ ਵਾਲਾ ਪਿੱਛੇ ਹਟਦਾ ਹੋਇਆ ਹਮਜ਼ਾਤ ਨੂੰ ਧਮਕੀਆਂ ਦਿੰਦਾ ਰਿਹਾ, ਪਰ ਮੇਰੇ ਪਿਤਾ ਨੂੰ ਏਨਾ ਗੁੱਸਾ ਚੜ੍ਹਿਆ ਹੋਇਆ ਸੀ ਕਿ ਉਹਨਾਂ ਨੇ ਉਸਦੀਆਂ ਧਮਕੀਆਂ ਨੂੰ ਸੁਣਿਆ ਤੱਕ ਨਾ, ਤੇ ਆਖਰ ਗੀਤ ਸੁਣਨ ਵਿਚ ਵਿਘਨ ਪਾਉਣ ਵਾਲੇ ਨੂੰ ਉੱਥੋਂ ਨਠਾ ਦਿਤਾ। ਫਿਰ ਪਿਤਾ ਜੀ ਝਾੜੂਆਂ ਵਾਲੇ ਨੂੰ ਝਾੜੂ ਵਾਪਸ ਕਰਨ ਗਏ।
“ਰੱਖ ਲੈ ਹੁਣ ਇਹ ਤੂੰਹੀਓਂ।”
“ਮੇਰੇ ਕੋਲ ਸਿਰਫ ਵੀਹ ਕੋਪੇਕ ਨੇ, ਤੇ ਤੂੰ ਚਾਲ੍ਹੀ ਮੰਗਦੈਂ।”
“ਜਾ, ਐਵੇਂ ਲੈ ਜਾ। ਤੂੰ ਜੋ ਕੀਤੈ ਉਹ ਮੇਰੀਆਂ ਸਾਰੀਆਂ ਚੀਜ਼ਾਂ ਨਾਲੋਂ ਮਹਿੰਗੈ।”
ਅੱਜ ਦੁਨੀਆਂ ਵਿਚ ਬੜੇ ਨੇ, ਜਿਹੜੇ ਜਲਾਤੂਰਾ ਦੇ ਬੰਦੇ ਵਾਂਗ ਲੋਕਾਂ ਦੇ ਗੀਤ ਮਾਨਣ ਵਿਚ ਵਿਘਣ ਪਾਉਂਦੇ ਨੇ। ਉਹਨਾਂ ਦੀ ਗਿਣਤੀ ਵਧ ਗਈ ਹੈ, ਪ੍ਰ ਅਫਸੋਸ ਦੀ ਗੱਲ ਹੈ ਕਿ ਨਾ ਹੀ ਉਹਨਾਂ ਨੂੰ ਕੁਟਾਪਾ ਚਾੜ੍ਹਣ ਲਈ ਕੋਈ ਝਾੜੂ ਹੈ, ਤੇ ਨਾ ਹੀ ਉਸ ਝਾੜੂ ਨੂੰ ਵਰਤਣ ਵਾਲਾ ਕੋਈ ਬੰਦਾ ਹੈ।
ਪਹਾੜਾਂ ਵਿਚ ਚੰਗੀ ਤਰ੍ਹਾਂ ਕਹੇ ਗਏ, ਢੁਕਵੇਂ ਤੇ ਟਿਕਵੇਂ ਲਫਜ਼ ਬਾਰੇ
ਕਹਿੰਦੇ ਨੇ : “ਇਹ ਚੰਗੇ ਕਾਠੀ ਪਏ ਘੋੜੇ ਦੇ ਬਰਾਬਰ ਹੈ।”
ਆਪਣੀ ਨੋਟਬੁੱਕ ਵਿਚੋਂ : ਅਲੀ ਅਲੀਏਵ ਮਖਾਚਕਲਾ ਵਿਚ ਉਸੇ ਘਰ ਵਿਚ ਰਹਿੰਦਾ ਹੈ ਜਿਸ ਵਿਚ ਮੈਂ ਰਹਿੰਦਾ ਹਾਂ। ਉਹ ਬੜੀ ਸੁਹਣੀ ਕੁਸ਼ਤੀ ਕਰਦਾ ਹੈ, ਚਾਰ ਵਾਰੀ ਸੰਸਾਰ ਚੈਮਪੀਅਨ ਰਹਿ ਚੁੱਕਾ ਹੈ। ਇਕ ਵਾਰੀ ਇਸਤੰਬੂਲ ਸ਼ਹਿਰ ਵਿਚ ਉਸਦਾ ਮੁਕਾਬਲਾ ਇਕ ਬੜੇ ਤਗੜੇ ਤੁਰਕ ਪਹਿਲਵਾਨ ਨਾਲ ਹੋ ਗਿਆ। ਉਸਦਾ ਵਿਰੋਧੀ ਤਗੜਾ ਤੇ ਪੈਂਤੜੇਬਾਜ਼ ਪਹਿਲਵਾਨ ਸੀ ਪਰ ਅਲੀ ਨੇ, ਜਿਹੜਾ ਸ਼ਾਂਤ ਤੇ ਦਲੇਰ ਸੀ, ਬੜੀ ਸੌਖੀ ਤਰ੍ਹਾਂ ਉਸਦੀ ਪਿੱਠ ਲਾ ਦਿਤੀ। ਜਦੋਂ ਤੁਰਕ ਉੱਠ ਕੇ ਖੜਾ ਹੋਇਆ ਤਾਂ ਉਸਨੇ ਇਕ ਗਾਲ੍ਹ ਬੁੜਬੁੜਾਈ, ਜਿਹੜੀ ਦਾਗਿਸਤਾਨ ਵਿਚ ਆਮ ਹੈ। ਇਸਤੰਬੂਲ ਵਿਚ ਅਵਾਰ ਬੋਲੀ ਜਾਂਦੀ ਸੁਣ ਕੇ ਅਲੀ ਬੜਾ ਹੈਰਾਨ ਹੋਇਆ, ਪਰ ਤੁਰਕ ਹੋਰ ਵੀ ਜ਼ਿਆਦਾ ਹੈਰਾਨ ਹੋਇਆ ਜਦੋਂ ਜੇਤੂ ਨੇ ਵੀ ਉਸਨੂੰ ਅਵਾਰ ਬੋਲੀ ਵਿਚ ਕਿਹਾ: “ਨਾਰਾਜ਼ ਕਿਉਂ ਹੁੰਦੈਂ, ਮੇਰੇ ਹਮਵਤਨ, ਖੇਡ ਤਾਂ ਆਖਰ ਖੇਡ ਹੀ ਹੁੰਦੀ ਹੈ।”
ਸਭ ਤੋਂ ਜ਼ਿਆਦਾ ਹੈਰਾਨੀ ਰੈਫਰੀਆਂ ਨੂੰ, ਜੱਜਾਂ ਨੂੰ ਤੇ ਜਮਾਂ ਹੋਈ ਭੀੜ ਨੂੰ ਹੋਈ ਜਦੋਂ ਉਹਨਾਂ ਨੇ ਦੇਖਿਆ ਕਿ ਦੋਵੇਂ ਵਿਰੋਧੀ ਇਕ ਦੂਜੇ ਨੂੰ ਜੱਫੀ ਪਾਉਣ ਲਈ ਇਸ ਤਰ੍ਹਾਂ ਦੌੜੇ ਜਿਵੇਂ ਚਿਰਾਂ ਵਿਛੜੇ ਭਰਾ ਹੋਣ।
ਇਹ ਪਤਾ ਲੱਗਾ ਕਿ ਤੁਰਕ ਅਵਾਰ ਪ੍ਰਵਾਰ ਵਿਚੋਂ ਹੀ ਆਇਆ ਸੀ, ਜਿਹੜਾ ਸ਼ਾਮਿਲ ਦੀ ਗ੍ਰਿਫਤਾਰੀ ਪਿਛੋਂ ਨੱਠ ਕੇ ਤੁਰਕੀ ਆ ਵਸਿਆ ਸੀ। ਅੱਜ ਤੱਕ ਦੋਵੇਂ ਪਹਿਲਵਾਨ ਇਕ ਦੂਜੇ ਨੂੰ ਬੇਹੱਦ ਦੋਸਤਾਨਾ ਤਰੀਕੇ ਨਾਲ ਮਿਲਦੇ ਹਨ।
ਪਿਤਾ ਦੀ ਇਕ ਯਾਦ : ੧੯੩੯ ਵਿਚ ਪਿਤਾ ਜੀ ਪੁਰਸਕਾਰ ਲੈਣ ਮਾਸਕੋ ਗਏ। ਉਹਨਾਂ ਦਿਨਾਂ ਵਿਚ ਇਹ ਬਹੁਤ ਵੱਡੀ ਗੱਲ ਹੁੰਦੀ ਸੀ। ਇਸ ਲਈ ਜਦੋਂ ਉਹ ਛਾਤੀ ਉਤੇ ਤਮਗ਼ਾ ਲਾਈ ਮੁੜੇ ਤਾਂ ਜਮਾਤ ਜਾਂ ਆਊਲ ਦੀ ਆਮ ਸਭਾ ਬੁਲਾਈ ਗਈ ਜਿਥੇ ਉਹਨਾਂ ਨੂੰ ਆਪਣੇ ਰਾਜਧਾਨੀ ਦੇ ਦੌਰੇ ਬਾਰੇ, ਕ੍ਰੈਮਲਿਨ ਬਾਰੇ ਆਪਣੇ ਪ੍ਰਭਾਵਾਂ ਦੇ, ਤੇ ਪ੍ਰਧਾਨ ਮਿਖਾਇਲ ਕਾਲਿਨਿਨ ਨਾਲ, ਜਿਨ੍ਹਾਂ ਨੇ ਪੁਰਸਕਾਰ ਦਿਤਾ ਸੀ, ਆਪਣੀ ਮਿਲਣੀ ਬਾਰੇ ਦਸਣ ਲਈ ਕਿਹਾ ਗਿਆ। ਉਹਨਾਂ ਨੂੰ ਆਪਣਾ ਸਭ ਤੋਂ ਵਧ ਉਘੜਵਾਂ ਪ੍ਰਭਾਵ ਦਸਣ ਲਈ ਵੀ ਕਿਹਾ ਗਿਆ।
ਪਿਤਾ ਜੀ ਨੂੰ ਜਿਵੇਂ ਕਿਹਾ ਗਿਆ ਸੀ, ਉਹਨਾਂ ਕੀਤਾ ਤੇ ਫਿਰ ਕਿਹਾ, “ਸਭ ਤੋਂ ਵਧ ਯਾਦਗਾਰੀ ਚੀਜ਼ ਇਹ ਹੈ ਕਿ ਪ੍ਰਧਾਨ ਕਾਲਿਨਿਨ ਨੇ ਮੇਰਾ ਨਾਂ ਰੂਸੀ ਵਿਚ ਨਹੀਂ ਸਗੋਂ ਅਵਾਰ ਵਿਚ ਲਿਆ। ਉਹਨਾਂ ਨੇ ਮੈਨੂੰ ਤਸਾਦਾਸਾ ਹਮਜ਼ਾਤ ਕਿਹਾ ਨਾ ਕਿ ਸਾਧਾਰਨ ਵਾਂਗ ਹਮਜ਼ਾਤ ਤਸਾਦਾਸਾ।”
ਬਜ਼ੁਰਗਾਂ ਨੂੰ ਖੁਸ਼ੀ ਭਰੀ ਹੈਰਾਨੀ ਹੋਈ ਤੇ ਉਹਨਾਂ ਸਹਿਮਤੀ ਵਿਚ ਸਿਰ ਹਿਲਾਏ।
“ਹਾਂ, ਦੇਖਿਆ”, ਪਿਤਾ ਜੀ ਨੇ ਗੱਲ ਜਾਰੀ ਰਖੀ, “ਤੁਸੀਂ ਮੇਰੇ ਮੂੰਹੋਂ ਇਹੋ ਜਿਹੀ ਗੱਲ ਸੁਣ ਕੇ ਹੀ ਖੁਸ਼ ਹੋ ਰਹੇ ਹੋ, ਪਰ ਤੁਸੀਂ ਮੇਰੀ ਖੁਸ਼ੀ ਦਾ ਅੰਦਾਜ਼ਾ ਲਾ ਸਕਦੇ ਹੋ ਜਦੋਂ ਮੈਂ ਕ੍ਰੈਮਲਿਨ ਵਿਚ ਖ਼ੁਦ ਕਾਲਿਨਿਨ ਤੋਂ ਇਹ ਸੁਣਿਆ। ਮੈਂ ਤੁਹਾਨੂੰ ਈਮਾਨਦਾਰੀ ਨਾਲ ਦਸਦਾ ਹਾਂ ਕਿ ਮੈਨੂੰ ਏਨੀਂ ਖੁਸ਼ੀ ਹੋਈ ਕਿ ਮੈਂ ਆਪਣੇ ਪੁਰਸਕਾਰ ਮਿਲਣ ਉਤੇ ਖੁਸ਼ ਹੋਣਾ ਵੀ ਭੁੱਲ ਗਿਆ।”
ਮੈਂ ਪਿਤਾ ਜੀ ਦੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹਾਂ।
ਕੁਝ ਸਾਲ ਹੋਏ ਮੈਂ ਸੋਵੀਅਤ ਲੇਖਕ ਪ੍ਰਤਿਨਿਧ-ਮੰਡਲ ਵਿਚ ਪੋਲੈਂਡ ਗਿਆ। ਇਕ ਸਵੇਰ ਕਰਾਕੋ ਹੋਟਲ ਵਿਚ, ਜਿਥੇ ਅਸੀਂ ਠਹਿਰੇ ਹੋਏ ਸਾਂ, ਕਿਸੇ ਨੇ ਮੇਰਾ ਦਰਵਾਜ਼ਾ ਖੜਕਾਇਆ। ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਇਕ ਓਪਰੇ ਬੰਦੇ ਨੇ ਸ਼ਾਨਦਾਰ ਅਵਾਰ ਵਿਚ ਮੈਨੂੰ ਸੰਬੋਧਨ ਕੀਤਾ।
“ਹਮਜ਼ਾਤੀਲ ਰਸੂਲ ਇਥੇ ਰਹਿੰਦੈ ?
ਮੈਂ ਇਕੋ ਵੇਲੇ ਹੈਰਾਨ ਵੀ ਹੋਇਆ ਤੇ ਖੁਸ਼ ਵੀ।
“ਰੱਬ ਕਰੇ ਤੇਰੇ ਪਿਓ ਦੇ ਘਰ ਨੂੰ ਕਦੀ ਨਾ ਅੱਗ ਲੱਗੇ, ਨਾ ਉਹ ਕਦੀ ਢੱਠੇ! ਇਹ ਕਿਸ ਤਰੈਂ ਕਿ ਤੂੰ, ਇਕ ਅਵਾਰ, ਕਰਾਕੋ ਵਿਚ ਰਹਿ ਰਿਹੈਂ ?”
ਬੰਦੇ ਨੂੰ ਮਿਲ ਕੇ ਮੈਨੂੰ ਖੁਸ਼ੀ ਹੋਈ, ਤੇ ਖੁਸ਼ੀ ਵਿਚ ਹੀ ਮੈਂ ਉਸਨੂੰ, ਇਸ ਤਰ੍ਹਾਂ ਨਾਲ, ਧੂਹ ਕੇ ਆਪਣੇ ਕਮਰੇ ਵਿਚ ਲੈ ਗਿਆ। ਬਾਕੀ ਦਾ ਸਾਰਾ ਦਿਨ ਤੇ ਸਾਰੀ ਸ਼ਾਮ ਅਸੀਂ ਗੱਲਾਂ ਕਰਦੇ ਰਹੇ।
ਪਰ ਮੇਰਾ ਮਹਿਮਾਨ ਅਵਾਰ ਨਹੀਂ ਸੀ, ਸਗੋਂ ਪੋਲੈਂਡ ਦਾ ਵਿਦਵਾਨ ਸੀ ਜਿਸਨੇ ਦਾਗਿਸਤਾਨੀ ਬੋਲੀਆਂ ਤੇ ਸਾਹਿਤ ਦਾ ਅਧਿਅਨ ਕੀਤਾ ਹੋਇਆ ਸੀ। ਉਸਨੇ ਇਕ ਜਰਮਨ ਬੰਦੀ ਕੈਂਪ ਵਿਚ ਦੋ ਕੈਦੀਆਂ ਤੋਂ ਪਹਿਲੀ ਵਾਰੀ ਅਵਾਰ ਬੋਲੀ ਸੁਣੀ ਸੀ । ਉਸਨੂੰ ਉਹ ਦੋ ਅਵਾਰ ਤੇ ਉਹਨਾਂ ਦੀ ਬੋਲੀ ਚੰਗੀ ਲੱਗੀ, ਸੋ ਉਸਨੇ ਇਸਦਾ ਅਧਿਅਨ ਸ਼ੁਰੂ ਕਰ ਦਿਤਾ। ਮਗਰੋਂ ਇਕ ਅਵਾਰ ਦੀ ਮੌਤ ਹੋ ਗਈ, ਪਰ ਦੂਜਾ ਬਚਿਆ ਰਿਹਾ, ਸੋਵੀਅਤ ਫੌਜਾਂ ਨੇ ਉਸਨੂੰ ਆਜ਼ਾਦ ਕਰਾ ਦਿਤਾ ਤੇ ਅਜੇ ਤੱਕ ਉਹ ਜਿਊਂਦਾ ਹੈ।
ਅਸੀਂ ਸਿਰਫ ਅਵਾਰ ਵਿਚ ਗੱਲਾਂ ਕੀਤੀਆਂ, ਜਿਸਨੂੰ ਕਿ ਮੈਂ ਬੇਹੱਦ ਹੈਰਾਨ ਕਰਨ ਵਾਲੀ ਤੇ ਅਸਾਧਾਰਨ ਗੱਲ ਸਮਝਦਾ ਹਾਂ। ਮੈਂ ਆਪਣੇ ਨਵੇਂ ਬਣੇ ਦੋਸਤ ਤੇ ਵਿਦਵਾਨ ਨੂੰ ਦਾਗਿਸਤਾਨ ਮੇਰੇ ਕੋਲ ਆਉਣ ਦਾ ਸੱਦਾ ਦਿਤਾ।
ਅਸੀਂ ਸਾਰਾ ਦਿਨ ਅਵਾਰ ਬੋਲੀ ਵਿਚ ਗੱਲਾਂ ਕੀਤੀਆਂ, ਤਾਂ ਵੀ ਮੇਰੀ ਤੇ ਉਸਦੀ ਬੋਲੀ ਵਿਚ ਬਹੁਤ ਫਰਕ ਸੀ। ਉਹ ਬੋਲਦਾ ਸੀ ਜਿਵੇਂ ਇਕ ਵਿਦਵਾਨ ਨੂੰ ਢੁਕਦਾ ਹੈ, ਬੜਾ ਠੇਠ ਤੇ ਬੜਾ ਠੀਕ-ਸਗੋਂ ਲੋੜ ਨਾਲੋਂ ਜ਼ਿਆਦਾ ਠੀਕ-ਪਰ ਬੇਰੰਗ। ਉਹ ਆਪਣੀ ਬੋਲੀ ਦੀ ਰੰਗੀਨੀ ਬਾਰੇ ਨਹੀਂ, ਵਿਆਕਰਣ ਬਾਰੇ ਵਧੇਰੇ
ਫਿਕਰਮੰਦ ਸੀ; ਉਹ ਵਾਕ ਦੀ ਬਣਤਰ, ਸਕੀਮ ਬਾਰੇ ਸੋਚਦਾ ਸੀ, ਨਾ ਕਿ ਹਰ
ਲਫਜ਼ ਦੇ ਜਿਊਂਦੇ-ਜਾਗਦੇ ਰੂਪ ਬਾਰੇ।
ਮੈਂ ਕਿਤਾਬ ਲਿਖਣਾ ਚਾਹੁੰਦਾ ਹਾਂ ਜਿਸ ਵਿਚ ਵਿਆਕਰਣ ਬੋਲੀ ਦੇ ਅਧੀਨ ਹੋਵੇ, ਨਾ ਕਿ ਬੋਲੀ ਵਿਆਕਰਣ ਦੇ।
ਨਹੀਂ ਤਾਂ, ਵਿਆਕਰਣ ਦੀ ਤੁਲਨਾ ਮੈਂ ਉਸ ਯਾਤਰੀ ਨਾਲ ਕਰਾਂਗਾ ਜਿਹੜਾ ਪੈਦਲ ਸੜਕ ਕੱਛ ਰਿਹਾ ਹੈ, ਸਾਹਿਤ ਦੀ ਉਸ ਯਾਤਰੀ ਨਾਲ ਜਿਹੜਾ ਘੋੜੀ ਉਤੇ ਬੈਠਾ ਹੈ। ਪੈਦਲ ਯਾਤਰੀ ਨੇ ਇਕ ਵਾਰੀ ਇਹੋ ਜਿਹੇ ਘੋੜੀ ਉਪਰ ਚੜ੍ਹੇ ਮੁਸਾਫਰ ਨੂੰ ਘੋੜੀ ਉਤੇ ਬਿਠਾ ਲੈਣ ਲਈ ਕਿਹਾ, ਤੇ ਸਵਾਰ ਨੇ ਪੈਦਲ ਯਾਤਰੀ ਨੂੰ ਆਪਣੇ ਪਿੱਛੇ ਕਾਠੀ ਉਤੇ ਬਿਠਾ ਲਿਆ। ਹੌਲੀ-ਹੌਲੀ ਪਹਿਲਾਂ ਪੈਦਲ ਚੱਲ ਰਹੇ ਬੰਦੇ ਵਿਚ ਦਲੇਰੀ ਆਉਂਦੀ ਗਈ, ਉਸਨੇ ਸਵਾਰ ਨੂੰ ਕਾਠੀ ਤੋਂ ਲਾਂਭੇ ਧੱਕ ਦਿਤਾ ਤੇ ਫਿਰ ਉਸਨੂੰ ਦੂਰ ਨਠਾਉਣ ਲੱਗਾ, ਇਹ ਚੀਖਦਿਆਂ ਕਿ “ਇਹ ਘੋੜੀ ਮੇਰੀ ਹੈ, ਤੇ ਕਾਠੀ ਵਿਚ ਲਟਕੇ ਝੋਲਿਆਂ ਵਿਚ ਸਾਰੀਆਂ ਚੀਜ਼ਾਂ ਵੀ ਮੇਰੀਆਂ ਹਨ!”
ਮੇਰੀ ਮਾਤਭਾਸ਼ਾ ਅਵਾਰ! ਤੂੰ ਮੇਰਾ ਧਨ ਹੈਂ, ਮੇਰਾ ਖਜ਼ਾਨਾ ਹੈ ਜਿਸਨੂੰ ਮੈਂ ਔਕੜ ਵਾਲੇ ਦਿਨਾਂ ਲਈ ਸੰਭਾਲ ਰਖਿਆ ਹੈ, ਤੂੰ ਮੇਰੇ ਸਭ ਰੋਗਾਂ ਦੀ ਦਵਾ ਹੈਂ। ਜੇ ਆਦਮੀ ਗਾਇਕ ਦਾ ਦਿਲ ਲੈ ਕੇ ਜੰਮਿਆ ਹੈ, ਪਰ ਗੁੰਗਾ ਹੈ, ਤਾਂ ਚੰਗਾ ਹੁੰਦਾ ਜੇ ਉਹ ਨਾ ਹੀ ਜੰਮਦਾ। ਮੇਰੇ ਦਿਲ ਵਿਚ ਕਈ ਗੀਤ ਨੇ, ਤੇ ਮੇਰੇ ਕੋਲ ਆਵਾਜ਼ ਵੀ ਹੈ। ਮੇਰੀ ਆਵਾਜ਼ ਤੂੰ ਹੈਂ, ਮੇਰੀ ਮਾਤਬੋਲੀ ਅਵਾਰ! ਤੂੰ ਮੈਨੂੰ ਨਿੱਕੇ ਜਿਹੇ ਮੁੰਡੇ ਵਾਂਗ, ਮੇਰਾ ਹੱਥ ਫੜ ਕੇ ਮੇਰੀ ਜਨਮ ਆਊਲ ਤੋਂ ਬਾਹਰ ਲੋਕਾਂ ਦੀ ਵਿਸ਼ਾਲ ਦੁਨੀਆਂ ਵਿਚ ਲੈ ਗਈ ਹੈ, ਤੇ ਮੈਂ ਉਹਨਾਂ ਨੂੰ ਆਪਣੇ ਦੇਸ ਬਾਰੇ ਦਸਿਆ ਹੈ । ਤੂੰ ਮੈਨੂੰ ਉਸ ਮਹਾਂ ਦੇਵ ਕੋਲ ਲੈ ਗਈ ਹੈਂ, ਜਿਸਦਾ ਨਾਂ ਮਹਾਨ ਰੂਸੀ ਬੋਲੀ ਹੈ । ਇਹ ਵੀ ਮੇਰੀ ਮਾਂ-ਬੋਲੀ ਬਣ ਗਈ ਹੈ; ਮੇਰਾ ਦੂਜਾ ਹੱਥ ਫੜ ਕੇ ਇਸ ਨੇ ਮੈਨੂੰ ਦੁਨੀਆਂ ਦੇ ਸਾਰੇ ਦੇਸਾਂ ਵਿਚ ਫਿਰਾਇਆ ਹੈ, ਤੇ ਮੈਂ ਇਸਦਾ ਧੰਨਵਾਦੀ ਹਾਂ, ਜਿਸ ਤਰ੍ਹਾਂ ਮੈਂ ਆਪਣੀ ਪਾਲਣਹਾਰੀ ਮਾਂ ਦਾ, ਜਿਸਨੇ ਮੈਨੂੰ ਦੁੱਧ ਚੁੰਘਾਇਆ, ਅਰਾਦਰਿਖ ਪਿੰਡ ਦੀ ਔਰਤ ਦਾ ਧੰਨਵਾਦੀ ਹਾਂ । ਤਾਂ ਵੀ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮੇਰੀ ਆਪਣੀ ਵੀ ਮਾਂ ਹੈ, ਜਿਸਨੇ ਮੈਨੂੰ ਜਨਮ ਦਿਤਾ ਸੀ।
ਕਿਉਂਕਿ ਆਪਣੇ ਚੁੱਲ੍ਹੇ ਵਿਚ ਅੱਗ ਬਾਲਣ ਲਈ ਤੁਸੀਂ ਤੀਲ੍ਹਾਂ ਦੀ ਡੱਬੀ ਮੰਗਣ ਵਾਸਤੇ ਗਵਾਂਢੀ ਦੇ ਜਾ ਸਕਦੇ ਹੋ, ਪਰ ਤੁਸੀਂ ਐਸੀਆਂ ਤੀਲ੍ਹੀਆਂ ਲੱਭਣ ਲਈ ਆਪਣੇ ਦੋਸਤਾਂ ਕੋਲ ਨਹੀਂ ਜਾ ਸਕਦੇ, ਜਿਹੜੀਆਂ ਤੁਹਾਡੇ ਦਿਲ ਵਿਚ ਅੱਗ ਬਾਲ ਦੇਣ।
ਲੋਕਾਂ ਦੀਆਂ ਬੋਲੀਆਂ ਵੱਖ ਵੱਖ ਹੋ ਸਕਦੀਆਂ ਹਨ, ਸਿਰਫ ਉਹਨਾਂ ਨੂੰ ਦਿਲੋਂ ਇਕ ਹੋਣਾ ਚਾਹੀਦਾ ਹੈ। ਮੈਨੂੰ ਪਤਾ ਹੈ ਕਿ ਮੇਰੇ ਕੁਝ ਦੋਸਤ ਆਪਣੀਆਂ ਆਊਲਾਂ ਛੱਡ ਕੇ ਸ਼ਹਿਰੀਂ ਜਾ ਵੱਸੇ ਹਨ। ਮੈਨੂੰ ਇਸ ਵਿਚ ਕੁਝ ਮਾੜਾ ਨਹੀਂ ਲਗਦਾ । ਬੋਟ ਵੀ ਆਪਣੇ ਆਲ੍ਹਣਿਆਂ ਵਿਚ ਉਦੋਂ ਤੱਕ ਹੀ ਰਹਿੰਦੇ ਹਨ ਜਦੋਂ ਤੱਕ ਉਹਨਾਂ ਦੇ ਖੰਭ ਨਹੀਂ ਨਿਕਲ ਆਉਂਦੇ । ਪਰ ਮੈਂ ਆਪਣੇ ਕੁਝ ਉਹਨਾਂ ਦੋਸਤਾਂ ਬਾਰੇ ਕੀ ਕਹਾਂ ਜਿਹੜੇ ਵੱਡੇ ਸ਼ਹਿਰਾਂ ਵਿਚ ਰਹਿੰਦੇ ਤੇ ਦੂਜੀਆਂ ਬੋਲੀਆਂ ਵਿਚ ਲਿਖਦੇ ਹਨ ? ਬੇਸ਼ਕ, ਇਹ ਉਹਨਾਂ ਦਾ ਆਪਣਾ ਮਾਮਲਾ ਹੈ; ਉਹਨਾਂ ਦੀ ਆਲੋਚਨਾ ਕਰਨਾ ਮੇਰਾ ਕੰਮ ਨਹੀਂ। ਤਾਂ ਵੀ ਮੈਨੂੰ ਲਗਦਾ ਹੈ ਕਿ ਉਹ ਉਹਨਾਂ ਲੋਕਾਂ ਵਰਗੇ ਹਨ ਜਿਹੜੇ ਇਕ ਹੱਥ ਵਿਚ ਦੋ ਹਦਵਾਣੇ ਫੜਣ ਦੀ ਕੋਸ਼ਿਸ਼ ਕਰਦੇ ਹਨ।
ਮੈਂ ਇਹਨਾਂ ਵਿਚਾਰਿਆਂ ਨਾਲ ਗੱਲ ਕਰਕੇ ਦੇਖੀ ਹੈ ਤੇ ਮੈਂ ਦੇਖਿਆ ਹੈ ਕਿ ਹੁਣ ਉਹ ਜਿਹੜੀ ਬੋਲੀ ਵਰਤਦੇ ਹਨ, ਉਹ ਅਵਾਰ ਬੋਲੀ ਨਹੀਂ ਰਹੀ ਪਰ ਅਜੇ ਪੂਰੀ ਤਰ੍ਹਾਂ ਰੂਸੀ ਵੀ ਨਹੀਂ ਬਣੀ। ਉਹ ਮੈਨੂੰ ਉਹਨਾਂ ਜੰਗਲਾਂ ਦਾ ਚੇਤਾ ਕਰਾਉਂਦੇ ਹਨ ਜਿਨ੍ਹਾਂ ਦੇ ਰਾਖੇ ਆਪਣੇ ਫਰਜ਼ਾਂ ਤੋਂ ਕੋਤਾਹੀ ਕਰਦੇ ਰਹੇ ਹਨ।
ਬੇਸ਼ਕ, ਮੈਂ ਐਸੇ ਲੋਕ ਵੀ ਦੇਖੇ ਹਨ, ਜਿਨ੍ਹਾਂ ਨੂੰ ਆਪਣੀ ਮਾਂ-ਬੋਲੀ ਬੜੀ ਗ਼ਰੀਬ ਤੇ ਮਾਮੂਲੀ ਜਿਹੀ ਲੱਗੀ, ਤੇ ਉਹ ਕਿਸੇ ਹੋਰ ਬੋਲੀ ਦੀ ਤਲਾਸ਼ ਵਿਚ ਤੁਰ ਪਏ, ਜਿਹੜੀ ਵਧੇਰੇ ਅਮੀਰ ਤੇ ਵਧੇਰੇ ਮਹਤਵਪੂਰਨ ਹੋਵੇ। ਉਹਨਾਂ ਦਾ ਹਸ਼ਰ ਉਹੀ ਹੋਇਆ ਜਿਹੜਾ ਅਵਾਰ ਲੋਕਕਥਾ ਵਿਚ ਬੱਕਰੇ ਦਾ ਹੋਇਆ ਸੀ ਜਿਹੜਾ ਭੇੜੀਏ ਦੀ ਪੂਛਲ ਲੈਣ ਲਈ ਤੁਰ ਪਿਆ ਪਰ ਆਪਣੇ ਸਿੰਗ ਵੀ ਖੂਹਾ ਆਇਆ।
ਜਾਂ ਉਹ ਪਾਲਤੂ ਬੱਤਖਾਂ ਵਾਂਗ ਹਨ, ਜਿਹੜੀਆਂ ਤਰ ਸਕਦੀਆਂ ਤੇ ਟੁੱਭੀ ਲਾ ਸਕਦੀਆਂ ਹਨ, ਪਰ ਮੱਛੀਆਂ ਵਾਂਗ ਨਹੀਂ; ਉਹ ਜ਼ਰਾ ਕੁ ਉੱਡ ਸਕਦੇ ਹਨ, ਪਰ ਆਜ਼ਾਦ ਪੰਛੀਆਂ ਵਾਂਗ ਨਹੀਂ, ਸਗੋਂ ਜ਼ਰਾ ਕੁ ਗਾ ਵੀ ਸਕਦੇ ਹਨ, ਪਰ ਕੋਇਲ ਵਾਂਗ ਬਿਲਕੁਲ ਨਹੀਂ। ਮਤਲਬ ਕੀ, ਕਿ ਉਹ ਕੋਈ ਵੀ ਚੀਜ਼ ਉਸ ਤਰ੍ਹਾਂ ਨਾਲ ਕਰਨ ਤੋਂ ਅਸਮਰਥ ਹੁੰਦੈ ਹਨ, ਜਿਸ ਤਰ੍ਹਾਂ ਇਹ ਕੀਤੀ ਜਾਣੀ ਚਾਹੀਦੀ ਹੈ।
“ਕੀ ਹਾਲ ਹੈ ?” ਮੈਂ ਇਕ ਵਾਰੀ ਅਬੂਤਾਲਿਬ ਨੂੰ ਪੁਛਿਆ।
“ਏਵੇਂ ਹੀ ਹੈ। ਭੇੜੀਏ ਵਾਂਗ ਨਹੀਂ, ਪਰ ਸਹੇ ਵਾਂਗ ਵੀ ਨਹੀਂ। ਬਸ ਵਿਚ-ਵਿਚਾਲੇ ਜਹੇ ਹੈ।” ਅਬੂਤਾਲਿਬ ਕੁਝ ਸਮਾਂ ਰੁਕਿਆ ਤੇ ਫਿਰ ਕਹਿਣ ਲੱਗਾ, “ਲੇਖਕ ਲਈ ਵਿਚ-ਵਿਚਾਲੇ ਦੀ ਹਾਲਤ ਸਭ ਤੋਂ ਭੈੜੀ ਹੁੰਦੀ ਹੈ। ਉਸਨੂੰ ਜਾਂ ਉਸ ਭੇੜੀਏ ਵਾਂਗ ਮਹਿਸੂਸ ਕਰਨਾ ਚਾਹੀਦਾ ਹੈ ਜਿਸਨੇ ਸਹਿਆ ਹੜੱਪ ਕਰ ਲਿਆ ਹੋਵੇ, ਜਾਂ ਸਹੇ ਵਾਂਗੂੰ ਮਹਿਸੂਸ ਕਰਨਾ ਚਾਹੀਦਾ ਹੈ ਜਿਹੜਾ ਭੇੜੀਏ ਤੋਂ ਬਚ ਗਿਆ वै।”
ਆਪਣੀ ਨੋਟਬੁੱਕ ਵਿਚੋਂ : ਨਾਲ ਲਗਦੀ ਆਊਲ ਤੋਂ ਕੁਝ ਨੌਜਵਾਨ ਮੇਰੇ ਪਿਤਾ ਕੋਲ ਆਏ ਤੇ ਉਹਨਾਂ ਨੂੰ ਦੱਸਣ ਲੱਗੇ ਕਿ ਅਸੀਂ ਇਕ ਗਵਈਏ ਨੂੰ ਕੁਟਾਪਾ ਚਾੜ੍ਹ ਕੇ ਆਏ ਹਾਂ।
“ਤੁਸੀਂ ਉਸਨੂੰ ਕਿਉਂ ਕੁੱਟਿਆ ?” ਪਿਤਾ ਜੀ ਨੇ ਪੁੱਛਿਆ।
“ਉਹ ਗਾਉਂਦਾ ਗਾਉਂਦਾ ਏਨੀ ਫੂਕ ਲੈਂਦਾ ਸੀ—ਜਾਣਬੁਝ ਕੇ ਖੰਘਦਾ ਸੀ, ਲਫਜ਼ਾਂ ਨੂੰ ਖਲਤ-ਮਲਤ ਕਰਦਾ ਸੀ, ਇਕਦਮ ਚੀਕਾਂ ਕੱਢਣ ਲੱਗ ਪੈਂਦਾ, ਇੱਕਦਮ ਕੁੱਤੇ ਵਾਂਗ ਭੌਂਕਣ ਲੱਗ ਪੈਂਦਾ। ਉਸਨੇ ਗਾਣਾ ਤਬਾਹ ਕਰ ਦਿਤਾ, ਇਸ ਲਈ ਅਸੀਂ ਉਸਨੂੰ ਕੁਟਾਪਾ ਚਾੜ੍ਹਿਆ।”
“ਤੁਸੀਂ ਉਸਨੂੰ ਕਾਹਦੇ ਨਾਲ ਕੁੱਟਿਆ ?”
“ਕੁਝ ਨੇ ਆਪਣੀਆਂ ਪੇਟੀਆਂ ਨਾਲ, ਬਾਕੀ ਦਿਆਂ ਨੇ ਘਸੁੰਨਾਂ ਨਾਲ।”
“ਤੁਹਾਨੂੰ ਚਾਬੁਕ ਵੀ ਵਰਤਣੀ ਚਾਹੀਦੀ ਸੀ। ਪਰ ਮੈਨੂੰ ਇਹ ਦੱਸੋ ਤੁਸੀਂ ਕਿਹੜੀ ਥਾਂ ਉਤੇ ਮਾਰੀਆਂ ?”
“ਜ਼ਿਆਦਾ ਤਾਂ ਹੇਠਲੇ ਹਿੱਸਿਆਂ ਉਤੇ ਹੀ ਪਈਆਂ, ਪਰ ਧੌਣ ਉਤੇ ਵੀ ਕੁਝ ਪਈਆਂ ਹੋਣਗੀਆਂ।”
“ਪਰ ਸਭ ਤੋਂ ਬਹੁਤਾ ਕਸੂਰ ਉਸਦੇ ਸਿਰ ਦਾ ਸੀ।”
ਇਕ ਯਾਦ : ਮੈਂ ਤੁਹਾਨੂੰ ਇਕ ਹੋਰ ਘਟਣਾ ਬਾਰੇ ਕਿਉਂ ਨਾ ਦੱਸ ਦੇਵਾਂ ਜੇ ਇਹ ਮੇਰੇ ਮਨ ਵਿਚ ਆ ਹੀ ਗਈ ਹੈ ਤਾਂ ? ਮਖਾਚਕਲਾ ਵਿਚ ਕੋਈ ਅਵਾਰ ਗਾਇਕ ਰਹਿੰਦਾ ਹੈ। ਮੈਂ ਤੁਹਾਨੂੰ ਉਸਦਾ ਨਾਂ ਨਹੀਂ ਦੱਸਾਂਗਾ ਕਿਉਂਕਿ ਉਹ ਮੇਰੀ ਕਹਾਣੀ ਦਾ ਮਤਲਬ ਸਮਝ ਜਾਇਗਾ। ਪਰ ਸਾਨੂੰ ਕੋਈ ਫਰਕ ਨਹੀਂ ਪੈਂਦਾ। ਗਾਇਕ ਅਕਸਰ ਪਿਤਾ ਜੀ ਤੋਂ ਆਪਣੀਆਂ ਧੁਨਾਂ ਲਈ ਗੀਤ ਲਿਖਵਾਉਣ ਆਇਆ ਕਰਦਾ ਸੀ । ਪਿਤਾ ਜੀ ਮੰਨ ਜਾਂਦੇ ਤੇ ਗੀਤ ਤਿਆਰ ਹੋ ਜਾਂਦੇ।
ਇਕ ਦਿਨ, ਜਦੋਂ ਅਸੀਂ ਚਾਹ ਪੀ ਰਹੇ ਸਾਂ, ਰੇਡੀਓ ਅਨਾਊਂਸਰ ਨੇ ਐਲਾਨ ਕੀਤਾ ਕਿ ਫਲਾਂ-ਫਲਾਂ ਪ੍ਰਸਿਧ ਗਾਇਕ ਗੀਤ ਸੁਣਾਇਗਾ, ਜਿਨ੍ਹਾਂ ਦੇ ਸ਼ਬਦ ਹਮਜ਼ਾਤ ਤਸਾਦਾਸਾ ਦੇ ਹਨ। ਅਸੀਂ ਆਪਣੇ ਕੰਨ ਖੜੇ ਕਰ ਲਏ, ਤੇ ਪਿਤਾ ਜੀ ਨੇ ਵੀ ਸੁਣਨਾ ਸ਼ੁਰੂ ਕਰ ਦਿਤਾ, ਪਰ ਜਿਉਂ ਜਿਉਂ ਅਸੀਂ ਸੁਣੀ ਜਾਂਦੇ, ਸਾਡੀ ਹੈਰਾਨੀ ਵਧਦੀ ਜਾਂਦੀ, ਕਿਉਂਕਿ ਗਾਇਕ ਇਸ ਤਰ੍ਹਾਂ ਗਾਉਂਦਾ ਸੀ ਕਿ ਇਕ ਵੀ ਲਫਜ਼ ਪੱਲੇ ਨਹੀਂ ਸੀ ਪੈਂਦਾ । ਅਸੀਂ ਜੋ ਕੁਝ ਸੁਣਿਆ, ਉਹ ਸਿਰਫ ਕੁਝ ਚੀਕਾਂ ਸਨ, ਤੇ ਗਾਇਕ ਲਫਜ਼ਾਂ ਨੂੰ ਇਸ ਤਰ੍ਹਾਂ ਨਾਲ ਚਬਾ ਰਿਹਾ ਸੀ ਜਿਵੇਂ ਕੁੱਕੜ ਪਹਿਲਾਂ ਆਪਣਾ ਦਾਣਾ ਖਿਲਾਰ ਲੈਂਦਾ ਹੈ ਤੇ ਫਿਰ ਹਰ ਦਾਣੇ ਨੂੰ ਚੁੰਝਾਂ ਮਾਰ ਮਾਰ ਚੁਗਦਾ ਹੈ ।
ਜਦੋਂ ਪਿਤਾ ਜੀ ਉਸ ਗਾਇਕ ਨੂੰ ਮਿਲੇ ਤਾਂ ਉਹਨਾਂ ਪੁੱਛਿਆ ਕਿ ਤੂੰ ਮੇਰੇ ਲਫਜ਼ਾਂ ਨਾਲ ਏਨਾ ਭੈੜਾ ਵਿਹਾਰ ਕਿਉਂ ਕਰਦੈਂ ?
“ਮੈਂ ਇਸ ਕਰਕੇ ਇੰਝ ਕਰਦਾ ਹਾਂ ਕਿਉਂਕਿ ਮੈਂ ਨਹੀਂ ਚਾਹੁੰਦਾ ਹਾਂ ਕਿ ਕੋਈ ਸਮਝ ਜਾਏ ਤੇ ਲਫ਼ਜ਼ ਯਾਦ ਕਰ ਲਵੇ”, ਗਾਇਕ ਨੇ ਜਵਾਬ ਦਿਤਾ। “ਜੇ ਪਹਾੜਾਂ ਵਿਚਲੇ ਦੂਜੇ ਗਾਇਕ ਸ਼ਬਦ ਸਮਝ ਗਏ, ਤਾਂ ਉਹ ਵੀ ਮੇਰਾ ਗੀਤ ਗਾਉਣ ਲੱਗ ਪੈਣਗੇ, ਪਰ ਮੈਂ ਚਾਹੁੰਦਾ ਹਾਂ ਕਿ ਸਿਰਫ ਮੈਂ ਹੀ ਉਸਨੂੰ ਗਾਵਾਂ।”
ਕੁਝ ਸਮਾਂ ਮਗਰੋਂ, ਪਿਤਾ ਜੀ ਨੇ ਆਪਣੇ ਦੋਸਤਾਂ ਨੂੰ ਪਾਰਟੀ ਦਿਤੀ ਤੇ ਉਸ ਗਾਇਕ ਨੂੰ ਵੀ ਸੱਦਿਆ। ਪਾਰਟੀ ਦੇ ਅਖੀਰ ਉਤੇ, ਪਿਤਾ ਜੀ ਨੇ ਕੰਧ ਨਾਲੋਂ ਟੁੱਟੀਆਂ ਤਾਰਾਂ ਵਾਲਾ ਕੁਮੂਜ਼ ਲਾਹਿਆ, ਤੇ ਜਿਹੜੀ ਇਕੋ ਇਕ ਤਾਰ ਠੀਕ ਸੀ, ਹਾਲਾਂਕਿ ਉਹ ਵੀ ਕੱਸੀ ਨਹੀਂ ਸੀ ਹੋਈ, ਉਸਨੂੰ ਖੜਕਾਉਣਾ ਸ਼ੁਰੂ ਕਰ ਦਿਤਾ। ਉਹਨਾਂ ਨੇ ਗਾਇਕ ਦਾ ਬਣਾਇਆ ਹੋਇਆ ਗੀਤ ਗਾਉਣਾ ਸ਼ੁਰੂ ਕਰ ਦਿਤਾ। ਉਹ ਲਫਜ਼ ਬੜੀ ਸਪਸ਼ਟ ਤਰ੍ਹਾਂ ਬੋਲਦੇ ਪਰ ਧੁਨ ਨੂੰ ਬੁਰੀ ਤਰ੍ਹਾਂ ਵਿਗਾੜ ਦੇਂਦੇ, ਤੇ ਨਾਲ ਆਪਣਾ ਟੁੱਟਾ ਹੋਇਆ ਸਾਜ਼ ਵਜਾਈ ਜਾਂਦੇ । ਗਾਇਕ ਗ਼ੁੱਸੇ ਵਿਚ ਆ ਗਿਆ ਤੇ ਕਹਿਣ ਲੱਗਾ ਕਿ ਮੇਰਾ ਗੀਤ ਟੁੱਟੇ ਹੋਏ ਤਾਂ ਕੀ, ਵਿਗੜੇ ਹੋਏ ਸਾਜ਼ ਉਤੇ ਵੀ ਨਹੀਂ ਗਾਇਆ ਜਾ ਸਕਦਾ, ਕਿਉਂਕਿ ਇਸ ਤਰ੍ਹਾਂ ਦਾ ਸਾਜ਼ ਮੇਰੀ ਧੁਨ ਦੀ ਸਾਰੀ ਸੁੰਦਰਤਾ ਪ੍ਰਗਟ ਨਹੀਂ ਕਰ ਸਕਦਾ।”
“ਮੈਂ ਜਾਣ-ਬੁੱਝ ਕੇ ਇਸ ਤਰ੍ਹਾਂ ਗਾਇਆ ਤੇ ਵਜਾਇਆ ਹੈ”, ਪਿਤਾ ਜੀ ਨੇ ਆਰਾਮ ਨਾਲ ਜਵਾਬ ਦਿਤਾ, “ਤਾਂ ਕਿ ਦੂਜੇ ਤੇਰੀ ਧੁਨ ਨੂੰ ਯਾਦ ਨਾ ਕਰ ਲੈਣ। ਜੇ ਐਸਾ ਗੀਤ ਠੀਕ ਹੈ ਜਿਸਦੇ ਲਫਜ਼ਾਂ ਦਾ ਕੋਈ ਸਿਰ-ਪੈਰ ਨਾ ਹੋਵੇ, ਤਾਂ ਐਸਾ ਗੀਤ ਵੀ ਠੀਕ ਹੈ ਜਿਸਦੀ ਧੁਨ ਨਾ ਸਮਝੀ ਜਾ ਸਕੇ।”
ਦਾਗਿਸਤਾਨੀ ਦੱਸ ਬੋਲੀਆਂ ਵਿਚ ਕਿਤਾਬਾਂ ਲਿਖਦੇ ਹਨ ਤੇ ਨੌਂ ਵਿਚ ਉਹਨਾਂ ਨੂੰ ਪ੍ਰਕਾਸ਼ਤ ਕਰਦੇ ਹਨ। ਇਸ ਸੂਰਤ ਵਿਚ, ਉਹ ਲੋਕ ਕੀ ਕਰਨ ਜਿਹੜੇ ਦਸਵੀਂ ਬੋਲੀ ਵਿਚ ਲਿਖਦੇ ਹਨ ? ਸਚਮੁਚ, ਉਹ ਕਿਸ ਤਰ੍ਹਾਂ ਦੀ ਬੋਲੀ ਹੈ ?
ਦਸਵੀਂ ਬੋਲੀ ਉਹ ਹੈ ਜਿਸਨੂੰ ਐਸੇ ਲੋਕ ਬੋਲਦੇ ਹਨ, ਜਿਹੜੇ ਆਪਣੀ ਮਾਂ-ਬੋਲੀ ਭੁੱਲ ਗਏ ਹਨ-ਭਾਵੇਂ ਇਹ ਅਵਾਰ ਹੋਵੇ, ਲਾਕ, ਜਾਂ ਤਾਤ ਹੋਵੇ-ਪਰ ਅਜੇ ਕੋਈ ਦੂਜੀ ਬੋਲੀ ਨਹੀਂ ਸਿੱਖੀ। ਉਹ ਨਾ ਇਧਰ ਦੇ ਹਨ, ਨਾ ਉਧਰ ਦੇ।
ਤੁਸੀਂ ਬੇਸ਼ਕ ਕਿਸੇ ਦੂਜੀ ਬੋਲੀ ਵਿਚ ਲਿਖੋ, ਜੇ ਤੁਸੀਂ ਉਸਨੂੰ ਆਪਣੀ ਮਾਂ-ਬੋਲੀ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਜਾਣਗੇ ਹੋ। ਜਾਂ ਫਿਰ, ਆਪਣੀ ਮਾਂ-ਬੋਲੀ ਵਿਚ ਲਿਖੋ ਜੇ ਤੁਸੀਂ ਕੋਈ ਦੂਜੀ ਬੋਲੀ ਠੀਕ ਤਰ੍ਹਾਂ ਨਹੀਂ ਜਾਣਦੇ। ਸਿਰਫ ਦਸਵੀਂ ਬੋਲੀ ਵਿਚ ਨਾ ਲਿਖੋ।
ਸਚਮੁਚ, ਮੈਂ ਦਸਵੀਂ ਬੋਲੀ ਦਾ ਦੁਸ਼ਮਣ ਹਾਂ। ਜ਼ਬਾਨ ਪੁਰਾਤਨ ਜੜ੍ਹ ਵਾਲੀ ਹੋਣੀ ਚਾਹੀਦੀ ਹੈ, ਹਜ਼ਾਰਾਂ ਸਾਲ ਪੁਰਾਣੀ। ਸਿਰਫ ਤਾਂ ਹੀ ਇਹ ਵਰਤੋਂ ਦੇ ਯੋਗ ਹੁੰਦੀ ਹੈ।
ਬੇਸ਼ਕ ਮੇਰੀ ਬੋਲੀ ਬਦਲਦੀ ਹੈ ; ਇਹ ਐਸੀ ਚੀਜ਼ ਹੈ ਜਿਸਦੇ ਖਿਲਾਫ ਮੈਂ ਕਦੀ ਵੀ ਬਹਿਸ ਨਹੀਂ ਕਰਾਂਗਾ। ਬਿਲਕੁਲ ਇਸੇ ਤਰ੍ਹਾਂ ਦਰਖਤ ਹਰ ਸਾਲ ਆਪਣੇ ਪੱਤੇ ਬਦਲਦਾ ਹੈ, ਇਕ ਝੜ ਜਾਂਦੇ ਹਨ ਤੇ ਦੂਜੇ ਉਹਨਾਂ ਦੀ ਥਾਂ ਨਿਕਲ ਆਉਂਦੇ ਹਨ। ਪਰ ਦਰਖਤ ਆਪਣੀ ਥਾਂ ਖੜਾ ਰਹਿੰਦਾ ਹੈ। ਹਰ ਲੰਘਦੇ ਸਾਲ ਨਾਲ ਇਹ ਵਧੇਰੇ ਰਸਦਾਰ, ਮਜ਼ਬੂਤ ਤੇ ਪ੍ਰਫੁਲਤ ਹੁੰਦਾ ਜਾਂਦਾ ਹੈ। ਆਖਰ ਉਸਨੂੰ ਫਲ ਪੈਂਦੇ ਹਨ।
ਮੈਂ ਆਪਣੇ ਗੀਤ ਤੇ ਆਪਣੀਆਂ ਕਿਤਾਬਾਂ ਤੁਹਾਨੂੰ ਪੇਸ਼ ਕਰਦਾ ਹਾਂ, ਜੋ ਕਿ ਉਹ ਫਲ ਨੇ, ਜਿਹੜੇ ਅਵਾਰ ਬੋਲੀ ਦੇ ਨਿਕੇ ਜਿਹੇ, ਪਰ ਪੁਰਾਤਨ ਬੂਟੇ ਨੂੰ ਲੱਗੇ ਹੈ ।
ਮਾਂ-ਬੋਲੀ
ਸੁਪਨੇ ਬੜੀ ਵਿਚਿਤਰ ਦੁਨੀਆਂ ਹੁੰਦੇ ਨੇ।
ਅੱਜ ਸੁਪਨੇ ਵਿਚ ਦੇਖਾਂ-ਮੈਂ ਮਰਿਆ ਹੋਇਆ।
ਸਿਖਰ ਦੁਪਹਿਰੇ ਦਾਗਿਸਤਾਨ ਦੀ ਵਾਦੀ ਵਿਚ
ਸੀਨੇ ਗੋਲੀ ਖਾਧੀ, ਮੈਂ ਨਿਰਜਿੰਦ ਪਿਆ।
ਕੋਲੋਂ ਦੀ ਰੌਲਾ ਪਾਉਂਦੀ ਇਕ ਨਦੀ ਵਹੇ।
ਅੱਜ ਕਿਸੇ ਨੂੰ ਚੇਤਾ, ਨਾ ਹੀ ਲੋੜ ਮੇਰੀ।
ਜਿਸ ਧਰਤੀ ਤੋਂ ਜੰਮਿਆ, ਅੱਜ ਉਡੀਕ ਰਿਹਾ,
ਕਦ ਬਣ ਜਾਵਾਂ ਮੈਂ ਓਸੇ ਦੀ ਇਕ ਢੇਰੀ।
ਮੈਂ ਅੰਤਮ ਸਾਹਾਂ ‘ਤੇ, ਕਿਸੇ ਨੂੰ ਪਤਾ ਨਹੀਂ,
ਨਾ ਕੋਈ ਅੱਜ ਵਿਦਾ ਕਹਿਣ ਹੀ ਆਇਗਾ।
ਸਿਰਫ ਕਿਤੇ ਅਸਮਾਨੀਂ ਚੀਲ੍ਹਾਂ ਚੀਕਦੀਆਂ,
ਹਿਰਣੀਆਂ ਨੂੰ ਬੇਵਸ ਕਿਤੇ ਹਉਕਾ ਆਇਗਾ।
ਨਾ ਕੋਈ ਮੇਰੀ ਮੜ੍ਹੀ ਤੇ ਆ ਕੇ ਰੋਇਗਾ,
(ਕਿ) ਤੁਰ ਗਿਆ ਮੈਂ, ਜਦ ਸੀ ਜੀਵਨ ਦੀ ਸਿਖਰ ਦੁਪਹਿਰ,
ਨਾ ਮਾਂ, ਨਾ ਕੋਈ ਬੇਲੀ, ਨਾ ਕੋਈ ਚੰਨਮੁਖੀ,
ਨਾ ਕੋਈ ਹੋਰ, ਤੇ ਨਾ ਹੀ ਕੋਈ ਵੀ ਨੌਹਾਗਰ।
ਮੈਂ ਇੰਝ ਪਿਆ ਨਿਸੱਤਾ ਸਾਂ ਦਮ ਤੋੜ ਰਿਹਾ,
ਅਚਨਚੇਤ ਮੇਰੇ ਕੰਨੀਂ ਕੋਈ ‘ਵਾਜ ਪਈ।
ਦੋ ਬੰਦੇ ਨੇੜੇ ਸਨ ਆ ਰਹੇ; ਉਹਨਾਂ ਵਿਚ
ਮੇਰੀ ਮਾਂ-ਬੋਲੀ ਵਿਚ ਚਰਚਾ ਚੱਲ ਰਹੀ।
ਸਿਖਰ ਦੁਪਹਿਰੇ ਦਾਗਿਸਤਾਨ ਦੀ ਵਾਦੀ ਵਿਚ,
ਮੈਂ ਦਮ ਤੋੜਾਂ, ਪਰ ਉਹ ਗੱਲੀਂ ਮਸਤ, ਵੈਲੀ,
ਕਿਸੇ ਹਸਨ ਦੀ ਖਚਰ-ਵਿਦਿਆ ਦੀਆਂ,
ਜਾਂ ਕੋਈ, ਚਾਰ-ਸੌ-ਵੀਹ ਦੀਆਂ ਜੋ ਕੀਤੀ ਸੀ ਕਿਸੇ ਅਲੀ।
ਅਧਮੋਇਆ, ਮੈਂ ਮਾਂ-ਬੋਲੀ ਦੀ ਧੁਨੀ ਸੁਣੀ,
ਜਾਨ ਪਈ; ਤੇ ਇਸ ਚਾਨਣ ਦੀ ਆਈ ਘੜੀ,
ਕਿ ਮੇਰੇ ਦੁੱਖਾਂ ਦਾ ਦਾਰੂ ਮਾਂ-ਬੋਲੀ,
ਨਾ ਕੋਈ ਵੈਦ ਹਕੀਮ, ਨਾ ਕੋਈ ਜਾਦੂਗਰੀ ।
ਇਕਨਾ ਦਾ ਦੁਖ ਹਰਨ ਪਰਾਈਆਂ ਬੋਲੀਆਂ ਵੀ,
ਪਰ ਮੈਂ ਉਹਨਾਂ ਵਿਚ ਨਹੀਂ ਕੁਝ ਗਾ ਸਕਦਾ।
ਕੂਚ-ਤਿਆਰੀ ਅੱਜ ਕਰਾਂ ਜੇ ਮੈਂ ਜਾਣਾਂ,
ਕੱਲ ਨੂੰ ਕਾਲ ਮੇਰੀ ਬੋਲੀ ਨੂੰ ਖਾ ਸਕਦਾ ।
ਉਸ ਲਈ ਮੇਰੇ ਦਿਲ ਵਿਚ ਸਦਾ ਹੀ ਕਸਕ ਰਹੇ।
ਜੋ ਕਹਿੰਦੇ ਨੇ ਨਿਰਧਨ ਇਸਨੂੰ ਕਹਿਣ ਦਿਓ।
ਬੇਸ਼ਕ ਮਹਾਂਸਭਾ ਦੇ ਮੰਚ ਤੋਂ ਨਾ ਗੂੰਜੇ,
ਮੇਰੀ ਮਾਂ-ਬੋਲੀ, ਮੇਰੇ ਲਈ ਰਹਿਣ ਦਿਓ।
ਕੀ ਮਹਿਮੂਦ ਨੂੰ ਸਮਝਣ ਲਈ ਮੇਰੇ ਵਾਰਸ,
ਉਸਦੇ ਉਲਥੇ ਹੀ ਸਚਮੁਚ ਪੜ੍ਹਨ ਪੜ੍ਹਾਉਣਗੇ ?
ਕੀ ਸਚਮੁਚ ਮੈਂ ਹਾਂ ਉਸ ਅੰਤਮ ਟੋਲੀ ‘ਚੋਂ
ਜੋ ਅਵਾਰ ਬੋਲੀ ਵਿਚ ਲਿਖਣਗੇ, ਗਾਉਣਗੇ?
ਮੈਨੂੰ ਪਿਆਰਾ ਜੀਵਨ ਤੇ ਦੁਨੀਆਂ ਸਾਰੀ,
ਇਸਦੀ ਹਰ ਨੁੱਕਰ ਤੋਂ ਮੈਂ ਘੋਲੀ ਵਾਰੀ,
ਸੋਵੀਅਤਾਂ ਦੀ ਭੂਮੀ ਪਰ ਸਭ ਤੋਂ ਪਿਆਰੀ,
ਜਿਸਨੂੰ ਮਾਂ-ਬੋਲੀ ਵਿਚ ਗਾਵਾਂ ਉਮਰ ਸਾਰੀ।
ਸਖਾਲੀਨ ਤੋਂ ਬਾਲਟਿਕ ਤੱਕ—ਫੁੱਲਾਂ ਲੱਦੀ
ਤੇ ਸਵਤੰਤਰ ਪਿਆਰੀ ਇਸ ਸਭ ਧਰਤੀ ਤੋਂ,
ਮੈਂ ਤਨ, ਮਨ, ਧਨ, ਸਭ ਵਾਰਾਂ, ਜੇ ਲੋੜ ਪਵੇ :
ਕਬਰ ਬਣੇ ਪਰ ਮੇਰੀ ਦੂਰ ਨਾ ਆਉਲ ਤੋਂ।
ਤਾਂ ਕਿ ਆਉਲ ਦੇ ਨੇੜੇ ਮੇਰੀ ਕਬਰ ਉਤੇ
ਕਦੀ ਕਦੀ ਫਿਰ ਲੱਗੇ ਸਭਾ ਅਵਾਰਾਂ ਦੀ,
(ਜੋ) ਮਾਂ-ਬੋਲੀ ਵਿਚ ਯਾਦ ਕਰਨ ਹਮਵਤਨ ਰਸੂਲ-
ਤਸਾਦਾ ਦੇ ਹਮਜ਼ਾਤ ਦਾ ਜੋ ਬੇਟਾ ਸੀ।
ਆਪਣੀ ਨੋਟਬੁੱਕ ਵਿਚੋਂ: ਇਕ ਨੌਜਵਾਨ ਪਰਬਤ-ਵਾਸੀ ਦੇ ਮਾਪੇ ਰੂਸੀ ਕੁੜੀ ਨਾਲ ਉਸਦੇ ਵਿਆਹ ਕਰਾਉਣ ਦੇ ਵਿਰੁਧ ਸਨ। ਪਰ ਲਗਦਾ ਹੈ ਕਿ ਉਹ ਆਪਣੇ ਅਵਾਰ ਮੁੰਡੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ, ਕਿਉਂਕਿ ਇਕ ਦਿਨ ਮੁੰਡੇ ਨੂੰ ਅਵਾਰ ਬੋਲੀ ਵਿਚ ਲਿਖਿਆ ਉਸ ਕੁੜੀ ਦਾ ਖਤ ਮਿਲਿਆ । ਉਹ ਖਤ ਨੂੰ ਇੱਕਦਮ ਆਪਣੇ ਮਾਪਿਆਂ ਕੋਲ ਲੈ ਗਿਆ, ਜਿਨ੍ਹਾਂ ਨੂੰ ਆਪਣੀਆਂ ਅੱਖਾਂ ਉਤੇ ਇਤਬਾਰ ਨਹੀਂ ਸੀ ਆਉਂਦਾ। ਉਹ ਏਨੇਂ ਪ੍ਰਭਾਵਤ ਹੋਏ ਕਿ ਇਕੋ ਚਿੱਠੀ ਨਾਲ ਹੀ ਉਹਨਾਂ ਨੇ ਕੁੜੀ ਨੂੰ ਆਪਣੇ ਘਰ ਲਿਆਉਣ ਦੀ ਮੁੰਡੇ ਨੂੰ ਆਗਿਆ ਦੇ ਦਿੱਤੀ।
ਆਪਣੀ ਨੋਟਬੁੱਕ ਵਿਚੋਂ : ਲੇਖਕ ਲਈ ਆਪਣੀ ਬੋਲੀ ਉਸੇ ਤਰ੍ਹਾਂ ਹੀ ਹੁੰਦੀ ਹੈ ਜਿਸ ਤਰ੍ਹਾਂ ਕਿਸਾਨ ਲਈ ਆਪਣੀ ਫਸਲ । ਹਰ ਸਿੱਟੇ ਵਿਚ ਕਈ ਦਾਣੇ ਹੁੰਦੇ ਹਨ ਤੇ ਸਿੱਟੇ ਏਨੇਂ ਹੁੰਦੇ ਹਨ ਕਿ ਗਿਣੇ ਨਹੀਂ ਜਾ ਸਕਦੇ। ਪਰ ਜੇ ਕਿਸਾਨ ਵਿਹਲਾ ਬੈਠਾ ਬਸ ਆਪਣੀ ਫਸਲ ਵੱਲ ਤੱਕਦਾ ਰਹੇ, ਤਾਂ ਉਹ ਇਕ ਵੀ ਦਾਣਾ ਨਹੀਂ ਇਕੱਠਾ ਕਰ ਸਕੇਗਾ। ਜਵੀ ਕਟੀ ਜਾਣੀ ਤੇ ਫਿਰ ਗਾਹੀ ਜਾਣੀ ਚਾਹੀਦੀ ਹੈ। ਫਿਰ ਛੜਾਈ ਦਾ ਕੰਮ ਆਉਂਦਾ ਹੈ, ਦਾਣਿਆਂ ਤੇ ਤੂੜੀ ਨੂੰ ਵੱਖ ਕਰਨ ਦਾ ਕੰਮ। ਫਿਰ ਆਟਾ ਪੀਹਣ ਦਾ, ਫਿਰ ਆਟਾ ਗੁੰਨ੍ਹਣ ਦਾ ਤੇ ਫਿਰ ਰੋਟੀ ਪਕਾਉਣ ਦਾ ਕੰਮ ਆਉਂਦਾ ਹੈ। ਸ਼ਾਇਦ ਯਾਦ ਰੱਖਣ ਵਾਲੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਰੋਟੀ ਦੀ ਲੋੜ ਭਾਵੇਂ ਕਿੰਨੀਂ ਵੀ ਜ਼ਿਆਦਾ ਹੋਵੇ, ਸਾਰੇ ਦਾਣੇ ਨਹੀਂ ਵਰਤ ਲੈਣੇ ਚਾਹੀਦੇ। ਕਿਸਾਨ ਸਭ ਤੋਂ ਚੰਗੇ ਦਾਣੇ ਬੀਜਾਂ ਵਜੋਂ ਰੱਖ ਲੈਂਦਾ ਹੈ।
ਆਪਣੀ ਬੋਲੀ ਉਤੇ ਕੰਮ ਕਰ ਰਿਹਾ ਲੇਖਕ, ਸਭ ਤੋਂ ਵਧ, ਇਹੋ ਜਿਹੇ ਕਿਸਾਨ ਵਰਗਾ ਹੁੰਦਾ ਹੈ।
ਕਹਿੰਦੇ ਨੇ : ਕੁਝ ਬੱਚਿਆਂ ਨੇ ਇਕ ਦਰਖਤ ਕੱਟ ਮਾਰਿਆ ਜਿਸ ਵਿਚ ਨੀਲਕੰਠ ਰਹਿੰਦਾ ਸੀ, ਤੇ ਉਸਦਾ ਆਲ੍ਹਣਾ ਢਾਹ ਦਿਤਾ।
“ਮੈਨੂੰ ਦੱਸ, ਦਰਖਤਾ, ਤੈਨੂੰ ਕਿਉਂ ਕੱਟਿਆ ਗਿਆ ?”
“ਕਿਉਂਕਿ ਮੈਂ ਉਹਨਾਂ ਨੂੰ ਕੁਝ ਵੀ ਨਹੀਂ ਸਾਂ ਕਹਿ ਸਕਦਾ।”
“ਮੈਨੂੰ ਦੱਸ, ਨੀਲਕੰਠਾ, ਤੇਰਾ ਆਲ੍ਹਣਾ ਕਿਉਂ ਢਾਹਿਆ ਗਿਆ ?”
“ਕਿਉਂਕਿ ਮੈਂ ਬਹੁਤ ਬੜਬੜ ਕਰਦਾ ਸਾਂ।”
ਕਹਿੰਦੇ ਨੇ : ਲਫਜ਼ ਬਾਰਸ਼ ਵਾਂਗ ਹੁੰਦੇ ਹਨ-ਜੋ ਪਹਿਲੀ ਵਾਰੀ ਮਹਾਨ ਨਿਆਮਤ ਹੁੰਦੀ ਹੈ, ਦੂਜੀ ਵਾਰੀ ਚੰਗੀ ਹੁੰਦੀ ਹੈ, ਤੀਜੀ ਵਾਰੀ ਸਹੀ ਜਾ ਸਕਦੀ ਹੈ, ਤੇ ਚੌਥੀ ਵਾਰੀ ਮੁਸੀਬਤ ਤੇ ਬਦਕਿਸਮਤੀ ਹੁੰਦੀ ਹੈ।
ਵਿਸ਼ਿਆਂ ਬਾਰੇ
ਦਰਵਾਜ਼ਾ ਭੰਨੋ ਨਾ-ਕੁੰਜੀ ਨਾਲ ਇਹ ਸਹਿਜੇ ਹੀ ਖੁਲ੍ਹ ਜਾਇਗਾ ।
(ਦਰਵਾਜ਼ੇ ਉਤੇ ਉੱਕਰੇ ਸ਼ਬਦ)
ਇਹ ਨਾ ਕਹੋ : “ਮੈਨੂੰ ਵਿਸ਼ਾ ਦਸੋ।”
ਸਗੋਂ ਇਹ ਕਹੋ : “ਮੈਨੂੰ ਅੱਖਾਂ ਦਿਓ।”
(ਨੌਜਵਾਨ ਲੇਖਕ ਨੂੰ ਸਲਾਹ)
“ਪਿਆਰੇ ਸਾਥੀਓ, ਮੇਰੀ ਲਿਖਣ ਦੀ ਬੜੀ ਇੱਛਾ ਹੈ, ਪਰ ਮੈਨੂੰ ਪਤਾ ਨਹੀਂ ਲਗਦਾ ਕਿ ਕਾਹਦੇ ਬਾਰੇ ਲਿਖਾਂ। ਮੈਨੂੰ ਕੋਈ ਭਖਦੀ ਦਿਲਚਸਪੀ ਵਾਲਾ ਵਿਸ਼ਾ ਦਸੋ ਤਾਂ ਮੈਂ ਸ਼ਾਨਦਾਰ ਕਿਤਾਬ ਲਿਖ ਦੇਵਾਂਗਾ।”
ਆਮ ਹੀ ਇਸ ਤਰ੍ਹਾਂ ਦੀਆਂ ਚਿੱਠੀਆਂ ਨੌਜਵਾਨ ਲੋਕ ਲੇਖਕ ਯੂਨੀਅਨ ਨੂੰ, ਰਸਾਲਿਆਂ ਤੇ ਅਖ਼ਬਾਰਾਂ ਦੇ ਸੰਪਾਦਕੀ ਮੰਡਲਾਂ ਨੂੰ ਤੇ ਲੇਖਕਾਂ ਤੱਕ ਨੂੰ ਵੀ ਲਿਖਦੇ ਰਹਿੰਦੇ ਹਨ। ਮੈਨੂੰ ਵੀ ਇਸ ਤਰ੍ਹਾਂ ਦੀਆਂ ਚਿੱਠੀਆਂ ਮਿਲਦੀਆਂ ਹਨ। ਪਿਤਾ ਜੀ ਨੂੰ ਵੀ ਮਿਲਦੀਆਂ ਹੁੰਦੀਆਂ ਸਨ। ਉਹ ਆਪਣਾ ਸਿਰ ਹਿਲਾਉਂਦੇ ਤੇ ਕਹਿੰਦੇ .”ਇਹ ਨੌਜਵਾਨ ਵਿਆਹ ਕਰਾਉਣਾ ਚਾਹੁੰਦਾ ਹੈ। ਪਰ ਮੁਸ਼ਕਲ ਇਹ ਹੈ ਕਿ ਉਸਨੂੰ ਨਹੀਂ ਪਤਾ ਕਿਸ ਨਾਲ ਕਰਾਏ। ਉਸਦੇ ਸਾਮ੍ਹਣੇ ਕੋਈ ਖ਼ਾਸ ਕੁੜੀ ਨਹੀਂ, ਇਸ ਲਈ ਕਿਸੇ ਨੂੰ ਨਹੀਂ ਪਤਾ ਕਿ ਵਿਚੋਲਾ ਕਿਸ ਕੋਲ ਭੇਜਿਆ ਜਾਏ।”
ਇਕ ਯਾਦ : ਦਾਗਿਸਤਾਨ ਦੀ ਲੇਖਕ ਯੂਨੀਅਨ ਨੂੰ ਇਕ ਵਾਰੀ ਅਬੂਤਾਲਿਬ ਤੋਂ ਇਕ ਚਿੱਠੀ ਮਿਲੀ ਜਿਸ ਵਿਚ ਲਿਖਿਆ ਹੋਇਆ ਸੀ ਕਿ ਉਸਨੂੰ ਮਸਾਲਾ ਇਕੱਠਾ ਕਰਨ ਵਾਸਤੇ ਇਕ ਮਹੀਨੇ ਲਈ ਕਿਸੇ ਦੂਰ ਦੇ ਪਹਾੜੀ ਪਿੰਡ ਵਿਚ ਭੇਜ ਦਿੱਤਾ ਜਾਏ। ਉਸਦੀ ਬੇਨਤੀ ਉਤੇ ਬੋਰਡ ਦੀ ਜਿਸ ਮੀਟਿੰਗ ਵਿਚ ਵਿਚਾਰ ਹੋ ਰਹੀ ਸੀ, ਉਸ ਵਿਚ ਕਵੀ ਨੂੰ ਪੁੱਛਿਆ ਗਿਆ ਕਿ ਤੂੰ ਕਿਹੜੇ ਮਜ਼ਮੂਨਾਂ ਉਤੇ ਲਿਖਣਾ ਚਾਹੁੰਦਾ ਹੈ।
ਇਸ ਉਤੇ ਬਜ਼ੁਰਗ ਕਵੀ ਲੋਹਾ-ਲਾਖਾ ਹੋ ਗਿਆ।
“ਸ਼ਿਕਾਰੀ ਨੂੰ ਕੀ ਪਤਾ ਹੋ ਸਕਦਾ ਹੈ ਕਿ ਉਸਨੂੰ ਕੈਸਾ ਸ਼ਿਕਾਰ ਮਿਲੇਗਾ- ਸਹਿਆ, ਬੱਤਖ, ਭੇੜੀਆ ਜਾਂ ਲੂੰਬੜੀ। ਕੀ ਰਣਜੋਧੇ ਨੂੰ ਪਹਿਲਾਂ ਪਤਾ ਹੋ ਸਕਦਾ ਹੈ ਕਿ ਉਹ ਜੰਗ ਵਿਚ ਕੀ ਮਾਅਰਕਾ ਮਾਰੇਗਾ?”
ਮੈਂ ਉਸ ਮੀਟਿੰਗ ਵਿਚ ਹਾਜ਼ਰ ਸਾਂ, ਤੇ ਅਬੂਤਾਲਿਬ ਦੇ ਲਫਜ਼ ਮੇਰੇ ਮਨ ਉਤੇ ਅਮਿਟ ਛਾਪ ਛੱਡ ਗਏ।
ਮੈਨੂੰ ਉਹਨਾਂ ਲੋਕਾਂ ਉਤੇ ਹਮੇਸ਼ਾ ਹੈਰਾਨੀ ਹੁੰਦੀ ਹੈ, ਜਿਹੜੇ ਲੇਖਕ ਨੂੰ ਇਹਨਾਂ ਸਵਾਲਾਂ ਨਾਲ ਜਿੱਚ ਕਰਦੇ ਰਹਿੰਦੇ ਹਨ ਕਿ ਅਗਲੇ ਕੁਝ ਸਾਲਾਂ ਵਿਚ ਉਹ ਕੀ ਲਿਖਣਾ ਚਾਹੁੰਦਾ ਹੈ। ਬੇਸ਼ਕ, ਲੇਖਕ ਜਿਸ ਸੇਧ ਉਤੇ ਚੱਲਣਾ ਚਾਹੁੰਦਾ ਹੈ ਉਸ ਬਾਰੇ ਉਸਦਾ ਆਮ ਜਿਹਾ ਵਿਚਾਰ ਤਾਂ ਬਣਿਆ ਹੁੰਦਾ ਹੈ। ਉਹ ਸ਼ਾਇਦ ਆਪਣਾ ਮਨ ਬਣਾ ਸਕੇ ਕਿ ਉਹ ਇਕ ਨਾਵਲ ਲਿਖਣਾ ਚਾਹੁੰਦਾ ਹੈ ਜਾਂ ਕਿ ਨਾਵਲਾਂ ਦੀ ਤ੍ਰਿਕੜੀ, ਪਰ ਜਦੋਂ ਗੱਲ ਕਵਿਤਾ ਦੀ ਆਉਂਦੀ ਹੈ ਤਾਂ….। ਕਵਿਤਾ ਮਨ ਵਿਚ ਬਿਨਾਂ ਐਲਾਨ ਕੀਤਿਆਂ ਆਉਂਦੀ ਹੈ, ਸੁਗਾਤ ਵਾਂਗ। ਕਵੀ ਦੀ ਦੁਨੀਆਂ ਉਤੇ ਕਰੜੇ ਨਿਯਮ ਲਾਗੂ ਨਹੀਂ ਹੋ ਸਕਦੇ। ਅਗਾਊਂ ਯੋਜਨਾ ਨਹੀਂ ਬਣਾਈ ਜਾ ਸਕਦੀ ਅੱਜ ਦੱਸ ਵਜੇ ਮੇਰਾ ਇਕ ਕੁੜੀ ਨਾਲ ਇਸ਼ਕ ਹੋ ਜਾਇਗਾ, ਜਿਹੜੀ ਮੈਨੂੰ ਗਲੀ ਵਿਚ ਮਿਲੇਗੀ, ਜਾਂ ਕੱਲ ਸ਼ਾਮੀਂ ਪੰਜ ਵਜੇ ਕਿਸੇ ਬਦਮਾਸ਼ ਲਈ ਮੈਂ ਨਫਰਤ ਮਹਿਸੂਸ ਕਰ ਰਿਹਾ ਹੋਵਾਂਗਾ।
ਕਵਿਤਾ ਗ਼ੁਲਾਬ ਦੇ ਬਗੀਚੇ ਵਿਚਲੇ ਫੁੱਲਾਂ ਵਾਂਗ ਜਾਂ ਫੁੱਲਾਂ ਦੀ ਕਿਆਰੀ ਵਾਂਗ ਨਹੀਂ ਹੁੰਦੀ। ਉਥੇ ਸਭ ਕੁਝ ਥਾਂ ਸਿਰ ਤੇ ਤੁਹਾਡੀਆਂ ਅੱਖਾਂ ਸਾਮ੍ਹਣੇ ਹੁੰਦਾ ਹੈ। ਕੁਝ ਢੂੰਡਣ ਦੀ ਲੋੜ ਨਹੀਂ। ਕਵਿਤਾ ਖੇਤ ਵਿਚ ਜਾਂ ਪਹਾੜੀ ਸਬਜ਼ਾਜ਼ਾਰ ਵਿਚ ਉਗਦੇ ਜੰਗਲੀ ਫੁੱਲਾਂ ਵਾਂਗ ਹੁੰਦੀ ਹੈ, ਜਿੱਥੇ ਹਰ ਨਵੇਂ ਕਦਮ ਨਾਲ ਨਵਾਂ ਤੇ ਹੋਰ ਵੀ ਸੁਹਣਾ ਫੁੱਲ ਤੁਹਾਡੀ ਨਜ਼ਰੀਂ ਪੈਂਦਾ ਹੈ।
ਜਜ਼ਬਿਆਂ ਤੋਂ ਸੰਗੀਤ ਪੈਦਾ ਹੁੰਦਾ ਹੈ, ਸੰਗੀਤ ਤੋਂ ਜਜ਼ਬੇ ਪੈਦਾਂ ਹੁੰਦੇ ਹਨ। ਕਿਹੜੀ ਚੀਜ਼ ਪਹਿਲਾਂ ਆਉਂਦੀ ਹੈ? ਅੱਜ ਤੱਕ ਇਹ ਮਸਲਾ ਹਲ ਨਹੀਂ ਹੋਇਆ : ਪਹਿਲਾਂ ਕੀ ਪੈਦਾ ਹੋਇਆ : ਆਂਡਾ ਜਾਂ ਮੁਰਗੀ। ਬਿਲਕੁਲ ਉਸੇ ਤਰ੍ਹਾਂ ਪੁੱਛਿਆ ਜਾ ਸਕਦਾ ਹੈ : ਕੀ ਲੇਖਕ ਵਿਸ਼ਾ ਘੜਦਾ ਹੈ ਜਾਂ ਵਿਸ਼ਾ ਲੇਖਕ ਨੂੰ ਪੈਦਾ ਕਰਦਾ ਹੈ ? ਲੇਖਕ ਦੀ ਦੁਨੀਆਂ ਵਿਸ਼ਿਆਂ ਤੋਂ ਬਣਦੀ ਹੈ; ਵਿਸ਼ੇ ਸਮੂਲਾ ਲੇਖਕ ਹੁੰਦੇ ਹਨ। ਵਿਸ਼ਿਆਂ ਤੋਂ ਬਿਨਾਂ ਲੇਖਕ ਨਹੀਂ ਹੁੰਦਾ। ਹਰ ਲੇਖਕ ਦਾ ਆਪਣਾ ਵਿਸ਼ਾ ਹੁੰਦਾ ਹੈ। ਖਿਆਲ ਤੇ ਜਜ਼ਬੇ ਪੰਛੀਆਂ ਵਾਂਗ ਹੁੰਦੇ ਹਨ; ਆਕਾਸ਼ ਵਿਸ਼ਾ ਹੈ। ਖਿਆਲ ਤੇ ਜਜ਼ਬੇ ਹਿਰਣ ਵਾਂਗ ਹੁੰਦੇ ਹਨ; ਜੰਗਲ ਵਿਸ਼ਾ ਹੈ। ਖਿਆਲ ਤੇ ਜਜ਼ਬੇ ਸਾਂਭਰ ਵਾਂਗ ਹੁੰਦੇ ਹਨ ਤੇ ਪਹਾੜ ਵਿਸ਼ਾ ਹਨ। ਖਿਆਲ ਤੇ ਜਜ਼ਬੇ ਸੜਕਾਂ ਵਾਂਗ ਹੁੰਦੇ ਹਨ। ਤੇ ਵਿਸ਼ਾ ਉਹ ਸ਼ਹਿਰ ਹੁੰਦਾ ਹੈ ਜਿਸ ਵੱਲ ਉਹ ਜਾਂਦੀਆਂ ਤੇ ਜਿਥੇ ਜਾ ਮਿਲਦੀਆਂ ਹਨ।
ਮੇਰੀ ਮਾਤਭੂਮੀ ਮੇਰਾ ਵਿਸ਼ਾ ਹੈ। ਮੇਰੇ ਲਈ ਇਸਨੂੰ ਲੱਭਣ ਜਾਂ ਚੁਣਨ ਦੀ
ਲੋੜ ਨਹੀਂ। ਅਸੀਂ ਮਾਤਭੂਮੀ ਨਹੀਂ ਚੁਣਦੇ, ਮਾਤਭੂਮੀ ਸਾਨੂੰ ਸ਼ੁਰੂ ਤੋਂ ਹੀ ਚੁਣ ਲੈਂਦੀ
ਹੈ। ਆਕਾਸ਼ ਤੋਂ ਬਿਨਾਂ ਕੋਈ ਉਕਾਬ ਨਹੀਂ ਹੋ ਸਕਦਾ, ਚਟਾਨਾਂ ਤੋਂ ਬਿਨਾਂ ਕੋਈ
ਪਹਾੜੀ ਬੱਕਰੀਆਂ ਨਹੀਂ ਹੋ ਸਕਦੀਆਂ, ਤੇਜ਼ ਤੇ ਸ਼ੁਧ ਜਲਧਾਰਾ ਤੋਂ ਬਿਨਾਂ ਕੋਈ
ਟਰਾਊਟ ਮੱਛੀ ਨਹੀਂ ਹੋ ਸਕਦੀ, ਹਵਾਈ ਅੱਡੇ ਤੋਂ ਬਿਨਾਂ ਕੋਈ ਹਵਾਈ ਜਹਾਜ਼
ਨਹੀਂ ਹੋ ਸਕਦੇ। ਬਿਲਕੁਲ ਉਸੇ ਤਰ੍ਹਾਂ ਮਾਤਭੂਮੀ ਤੋਂ ਬਿਨਾਂ ਕੋਈ ਲੇਖਕ ਨਹੀਂ ਹੋ
ਸਕਦਾ।
ਜਿਹੜੀ ਚੀਲ੍ਹ ਮੁਰਗੀਖਾਨੇ ਵਿਚ ਮੁਰਗ਼ੀਆਂ ਵਿਚਕਾਰ ਹੌਲੀ ਹੌਲੀ ਤੁਰੀ ਫਿਰਦੀ ਹੈ, ਉਹ ਚੀਲ੍ਹ ਨਹੀਂ ਰਹਿੰਦੀ। ਪਾਲਤੂ ਭੇਡਾਂ ਦੇ ਇੱਜੜ ਨਾਲ ਸ਼ਾਂਤੀ ਨਾਲ ਚਰ ਰਹੀ ਪਹਾੜੀ ਬੱਕਰੀ ਨਹੀਂ ਰਹਿੰਦੀ। ਮੱਛਲੀਆਂ ਵਾਲੇ ਤਲਾਬ ਵਿਚ ਤਰਦੀ ਫਿਰਦੀ ਟਰਾਊਟ ਨਹੀਂ। ਅਜਾਇਬਘਰ ਵਿਚ ਨੁਮਾਇਸ਼ ਲਈ ਪਿਆ ਹਵਾਈ ਜਹਾਜ਼ ਹਵਾਈ ਜਹਾਜ਼ ਨਹੀਂ।
ਬਿਲਕੁਲ ਉਸੇ ਤਰ੍ਹਾਂ ਬੁਲਬੁਲ ਵਾਲੇ ਗੀਤਾਂ ਤੋਂ ਬਿਨਾਂ ਕੋਈ ਬੁਲਬੁਲ ਨਹੀਂ ਹੁੰਦੀ।
ਵਿਸ਼ਿਆਂ ਬਾਰੇ ਕੁਝ ਹੋਰ : ਬਚਪਨ ਤੋਂ ਹੀ ਇਕ ਤਸਵੀਰ ਮੇਰੇ ਮਨ ਵਿਚ ਟਿਕੀ ਹੋਈ ਹੈ। ਜਦੋਂ ਵੀ ਮੈਂ ਆਪਣੇ ਪਿਤਾ ਦੀ ਸਕਲੀਆ ਦੀ ਨਿੱਕੀ ਜਿਹੀ ਬਾਰੀ ਖੋਲ੍ਹਦਾ ਸਾਂ, ਤਾਂ ਮੇਰੀ ਨਜ਼ਰ ਵਿਸ਼ਾਲ ਹਰੀ ਪਠਾਰ ਉਤੇ ਪੈਂਦੀ ਸੀ, ਜਿਹੜੀ ਆਊਲ ਦੇ ਪੈਰਾਂ ਵਿਚ ਮੇਜ਼ਪੋਸ਼ ਵਾਂਗ ਵਿਛੀ ਹੁੰਦੀ ਸੀ। ਚਾਰ-ਚੁਫੇਰੇ ਚਟਾਨਾਂ ਪਠਾਰ ਉਤੇ ਝੁਕੀਆਂ ਲਗਦੀਆਂ ਸਨ । ਪਹਾੜਾਂ ਵਾਲੇ ਪਾਸੇ ਪਹੇ ਮੁੜਦੇ ਤੇ ਵੱਟ ਖਾਂਦੇ, ਜਿਸ ਤੋਂ ਮੈਨੂੰ ਸੱਪ ਯਾਦ ਆ ਜਾਂਦਾ ਜਦ ਕਿ ਗੁਫਾਵਾਂ ਦੇ ਮੂੰਹ ਮੈਨੂੰ ਹਮੇਸ਼ਾ ਜੰਗਲੀ ਜਾਨਵਰਾਂ ਦੀਆਂ ਥੂਥਣੀਆਂ ਵਾਂਗ ਲਗਦੇ ਹੁੰਦੇ ਸਨ । ਪਹਾੜਾਂ ਦੀ ਪਹਿਲੀ ਕਤਾਰ ਪਿਛੇ ਦੂਜੀ ਕਤਾਰ ਖੜੀ ਹੁੰਦੀ ਸੀ। ਉਹ ਪੱਧਰੇ ਤੇ ਗੋਲ, ਤੇ ਸਗੋਂ ਊਠਾਂ ਦੀ ਪਿੱਠ ਵਾਂਗ ਬੁਰਦਾਰ ਵੀ ਲਗਦੇ ਹੁੰਦੇ ਸਨ।
ਹੁਣ ਮੈਂ ਸਮਝਦਾ ਹਾਂ ਕਿ ਸਵਿਟਜ਼ਰਲੈਂਡ ਵਿਚ ਜਾਂ ਨੇਪਲਜ਼ ਦੇ ਦੁਆਲੇ ਇਸ ਨਾਲੋਂ ਵੀ ਸੁੰਦਰ ਥਾਵਾਂ ਹਨ, ਪਰ ਮੈਂ ਜਿਥੇ ਵੀ ਕਿਤੇ ਗਿਆ ਹਾਂ, ਤੇ ਜਿਹੜੀ ਵੀ ਕੋਈ ਮੈਂ ਸੰਸਾਰਕ ਸੁੰਦਰਤਾ ਦੇਖੀ ਹੈ, ਮੈਂ ਉਸਦੀ ਤੁਲਨਾ ਬਹੁਤ ਪਹਿਲਾਂ ਆਪਣੇ ਬਚਪਨ ਵਿਚ ਦੇਖੀ ਤਸਵੀਰ ਨਾਲ ਕਰਦਾ ਹਾਂ, ਜਿਹੜੀ ਤਸਵੀਰ ਸਕਲੀਆ ਦੀ ਬਾਰੀ ਦੇ ਨਿਕੇ ਜਿਹੇ ਫਰੇਮ ਵਿਚ ਜੜੀ ਹੁੰਦੀ ਸੀ ਤੇ ਇਹ ਤੁਲਨਾ ਦੁਨੀਆਂ ਦੇ ਸਭ ਅਜੂਬਿਆਂ ਨੂੰ ਮਾਂਦ ਪਾ ਦੇਂਦੀ ਹੈ। ਜੇ ਕਿਸੇ ਕਾਰਨ ਮੇਰਾ ਜਨਮ-ਪਿੰਡ ਤੇ ਇਸਦਾ ਆਲਾ-ਦੁਆਲਾ ਨਾ ਹੁੰਦਾ, ਜੇ ਉਹ ਮੇਰੀ ਯਾਦ ਵਿਚ ਨਾ ਟਿਕ ਜਾਂਦੇ, ਤਾਂ ਸਾਰੀ ਦੁਨੀਆਂ ਮੈਨੂੰ ਦਿਲ ਤੋਂ ਬਿਨਾਂ ਛਾਤੀ ਵਰਗੀ, ਜੀਭ·ਤੋਂ ਬਿਨਾਂ ਮੂੰਹ ਵਰਗੀ, ਪੁਤਲੀਆਂ ਤੋਂ ਬਿਨਾਂ ਅੱਖਾਂ ਵਰਗੀ, ਜਾਂ ਪੰਛੀਆਂ ਤੋਂ ਬਿਨਾਂ ਆਲ੍ਹਣਿਆਂ ਵਰਗੀ ਲਗਦੀ।
ਇਸਦਾ ਇਹ ਮਤਲਬ ਬਿਲਕੁਲ ਨਹੀਂ ਕਿ ਮੈਂ ਆਪਣੇ ਵਿਸ਼ੇ ਨੂੰ ਆਪਣੀ ਸਕਲੀਆ ਤੇ ਆਪਣੀ ਆਊਲ ਦੀਆਂ ਹੱਦਾਂ ਤੱਕ ਹੀ ਸੀਮਤ ਕਰ ਦੇਂਦਾ ਹਾਂ। ਇਸਦਾ ਮਤਲਬ ਇਹ ਨਹੀਂ ਕਿ ਮੈਂ ਆਪਣੇ ਕੀਮਤੀ ਵਿਸ਼ੇ ਦੇ ਦੁਆਲੇ ਕੋਈ ਉੱਚੀ ਸਾਰੀ ਫਸੀਲ ਬਣਾ ਲਵਾਂਗਾ।
ਐਸੇ ਵੀ ਖੇਤ ਹੁੰਦੇ ਹਨ ਜਿਨ੍ਹਾਂ ਉਤੇ ਜਦੋਂ ਹਲ ਵਾਹੋ, ਤਾਂ ਹਲ ਨਾਲ ਲੱਥੀ ਉੱਪਰਲੀ ਪੇਪੜੀ ਦੇ ਹੇਠਾਂ ਬੜੀ ਨਰਮ ਚੀਕਣੀ ਮਿੱਟੀ ਦਿਖਾਈ ਦੇਂਦੀ ਹੈ। ਐਸੇ ਖੇਤ ਵੀ ਹੁੰਦੇ ਹਨ ਜਿਨ੍ਹਾਂ ਤੋਂ ਜ਼ਰਾ ਕੁ ਪੇਤਲੀ ਪੇਪੜੀ ਲਾਹੋ ਤਾਂ ਹੇਠਾਂ ਭਾਰੀ ਪੱਥਰ ਦਿਖਾਈ ਦੇਂਦੇ ਹਨ, ਤੇ ਕੁਝ ਹੋਰ ਖੇਤ ਵੀ ਹੁੰਦੇ ਹਨ, ਜਿਨ੍ਹਾਂ ਵਿਚ ਉਪਰਲੀ ਪੇਪੜੀ ਲਾਹੁਣ ਤੋਂ ਵੀ ਪਹਿਲਾਂ ਪੱਥਰ ਦਿਖਾਈ ਦੇਂਦੇ ਹਨ। ਇਹੋ ਜਿਹੀ ਜ਼ਮੀਨ ਵਾਹੁਣ ਬੀਜਣ ਦਾ ਮੇਰਾ ਕੋਈ ਇਰਾਦਾ ਨਹੀਂ, ਕਿਉਂਕਿ ਮੈਨੂੰ ਪਤਾ ਹੈ ਕਿ ਝਾੜ ਮਾੜਾ ਹੋਵੇਗਾ।
ਮੈਂ ਆਪਣੀ ਜਨਮਭੂਮੀ ਲਈ ਆਪਣੇ ਪਿਆਰ ਨੂੰ ਪਾਖੜ ਪਾ ਕੇ ਜਾਂ ਰੱਸੀ ਬੰਨ੍ਹ ਕੇ ਨਹੀਂ ਰੱਖਣਾ ਚਾਹੁੰਦਾ, ਜਿਵੇਂ ਕਿ ਇਹ ਕੋਈ ਘੋੜਾ ਹੋਵੇ ਜਿਹੜਾ ਚੰਗਾ ਦਿਹਾੜੀ ਦਾ ਕੰਮ ਕਰ ਚੁੱਕਾ ਹੈ ਤੇ ਚਰਨ ਲਈ ਛੱਡ ਦਿਤਾ ਗਿਆ ਹੈ। ਮੈਂ ਆਪਣੀ ਘੋੜੀ ਦੀ ਕਾਠੀ ਲਾਹੁੰਦਾ ਹਾਂ, ਇਸਦੀ ਪਸੀਨੇ ਵਾਲੀ ਧੌਣ ਉਤੇ ਥਾਪੀ ਦੇਂਦਾ ਹਾਂ ਤੇ ਕਹਿੰਦਾ ਹਾਂ, “ਕੁਝ ਚਿਰ ਚਰ ਲੈ, ਤੇ ਸੱਜਰੀ ਤਾਕਤ ਲੈ ਲੈ।” ਦੇਸ ਬਾਰੇ ਮੇਰਾ ਅਹਿਸਾਸ ਸ਼ਾਂਤ ਤੇ ਭਰੋਸੇ ਵਾਲਾ ਹੈ, ਜਿਸ ਤਰ੍ਹਾਂ ਆਜ਼ਾਦ ਚਰ ਰਹੀ ਘੋੜੀ ਵਿਚ ਹੁੰਦਾ ਹੈ।
ਮੈਂ ਆਪਣੀ ਦੁਨੀਆਂ ਦੇ ਸਾਰੇ ਵਰਤਾਰੇ ਆਪਣੀ ਸਕਲੀਆ ਵਿਚ, ਆਪਣੇ ਪਹਾੜੀ ਪਿੰਡ ਵਿਚ, ਆਪਣੇ ਦਾਗਿਸਤਾਨ ਵਿਚ ਜਾਂ ਦੇਸ ਬਾਰੇ ਆਪਣੇ ਵਿਚਾਰਾਂ ਵਿਚ ਨਹੀਂ ਲੱਭਣਾ ਚਾਹੁੰਦਾ। ਇਸਦੇ ਉਲਟ ਮੈਂ ਦੁਨੀਆਂ ਦੇ ਸਾਰੇ ਵਰਤਾਰਿਆਂ ਵਿਚ, ਇਸਦੇ ਸਾਰੇ ਕੋਨਿਆਂ ਵਿਚ ਦੇਸ ਦਾ ਅਹਿਸਾਸ ਲਭਦਾ ਹਾਂ। ਇਹਨਾਂ ਅਰਥਾਂ ਵਿਚ ਸਾਰੀ ਦੁਨੀਆਂ ਮੇਰਾ ਵਿਸ਼ਾ ਹੈ।
ਮੈਨੂੰ ਯਾਦ ਹੈ ਕਿ ਇਕ ਵਾਰੀ ਦੂਰ ਤੇ ਅਦਭੁਤ ਸਾਂਤਿਆਗੋ ਵਿਚ ਕੁੱਕੜਾਂ ਦੀ ਬਾਂਗ ਨੇ ਮੇਰੀ ਨੀਂਦ ਉਖਾੜ ਦਿੱਤੀ। ਜਦੋਂ ਮੈਂ ਅੱਖਾਂ ਖੋਲ੍ਹੀਆਂ ਤਾਂ ਕੁਝ ਸਕਿੰਟਾਂ ਲਈ ਮੈਨੂੰ ਲੱਗਾ ਮੈਂ ਆਪਣੇ ਪਿੰਡ ਆਪਣੇ ਘਰ ਵਿਚ ਬੈਠਾ ਹਾਂ। ਇਸ ਤਰ੍ਹਾਂ ਸਾਂਤਿਆਗੋ ਦੇ ਕੁੱਕੜ ਮੇਰੇ ਲਈ ਵਿਸ਼ਾ ਸਿਧ ਹੋਏ।
ਮੈਂ ਇਕ ਵਾਰੀ ਜਾਪਾਨ ਦੇ ਹੋਰ ਵੀ ਅਦਭੁਤ ਸ਼ਹਿਰ ਕਾਮਾਕੂਰਾ ਵਿਚ ਪਰਮ-ਸੁੰਦਰੀ ਲਈ ਮੁਕਾਬਲੇ ਵੇਲੇ ਹਾਜ਼ਰ ਸਾਂ। ਜਾਪਾਨੀ ਸੁੰਦਰੀਆਂ ਕਤਾਰ ਬਣਾ ਕੇ ਸਾਡੇ ਅੱਗੋਂ ਲੰਘੀਆਂ। ਮੈਂ ਉਹਨਾਂ ਦਾ ਮੁਕਾਬਲਾ ਆਪਣੀ ਉਸ ਇਕ ਸੁੰਦਰੀ ਨਾਲ ਕੀਤੇ ਬਿਨਾਂ ਨਾ ਰਹਿ ਸਕਿਆ ਜਿਸ ਨੂੰ ਮੈਂ ਪਿਛੇ ਅਵਾਰਿਸਤਾਨ ਦੇ ਪਹਾੜਾਂ ਵਿਚ ਛੱਡ ਆਇਆ ਸਾਂ। ਉਹਨਾਂ ਵਿਚ ਮੈਨੂੰ ਉਹ ਚੀਜ਼ ਨਾ ਲੱਭੀ ਜਿਹੜੀ ਮੇਰੀ ਪਰਮ-ਸੁੰਦਰੀ ਵਿਚ ਹੈ। ਇਸ ਤਰ੍ਹਾਂ ਨਾਲ ਜਾਪਾਨੀ ਸੁੰਦਰੀਆਂ ਤੇ ਜਾਪਾਨ ਦੀ ਪਰਮ-ਸੁੰਦਰੀ ਵੀ ਮੇਰੇ ਲਈ ਵਿਸ਼ਾ ਬਣ ਗਈ।
ਨੇਪਾਲ ਵਿਚ, ਬੋਧੀ ਮੰਦਰਾਂ, ਸ਼ਾਹੀ ਮਹੱਲਾਂ ਦੀ ਤੇ ਵੀਹ ਚਸ਼ਮਿਆਂ ਦੀ, ਜਿਹੜੇ ਸਾਰੇ ਦੁਖ, ਸਾਰੇ ਟੂਣੇ ਤੇ ਦੁਨੀਆਂ ਦੀਆਂ ਸਾਰੀਆਂ ਮੁਸੀਬਤਾਂ ਦੂਰ ਕਰਦੇ ਹਨ, ਜੀਅ-ਭਰ ਕੇ ਸ਼ਲਾਘਾ ਕਰਨ ਪਿਛੋਂ ਮੈਂ ਕਾਠਮੰਡੂ ਪਹਾੜਾਂ ਦੀਆਂ ਤਿੱਖੀਆਂ ਢਲਾਣਾਂ ਉਤੇ ਜਾ ਚੜ੍ਹਿਆ। ਤੇ ਇਹਨਾਂ ਪਹਾੜਾਂ ਤੋਂ ਮੈਨੂੰ ਮੇਰਾ ਦਾਗਿਸਤਾਨ ਯਾਦ ਆ ਗਿਆ ਤੇ ਮੇਰਾ ਦਿਲ ਏਨਾਂ ਨਿੱਘਾ ਨਿੱਘਾ ਮਹਿਸੂਸ ਕਰਨ ਲੱਗਾ ਜਿੰਨਾਂ ਪ੍ਰਭਾਵਸ਼ਾਲੀ ਤੇ ਆਲੀਸ਼ਾਨ ਮਹੱਲ ਤੇ ਮੰਦਰ ਦੇਖ ਕੇ ਨਹੀਂ ਸੀ ਕੀਤਾ। ਸਾਧਾਰਨ ਪਹਾੜ ਅਨੋਖੀਆਂ ਇਮਾਰਤੀ-ਕਲਾ ਦੀਆਂ ਉਸਾਰੀਆਂ ਨਾਲੋਂ ਮੇਰੇ ਲਈ ਵਧੇਰੇ ਕੀਮਤੀ ਸਿਧ ਹੋਏ। ਮੈਂ ਸੋਚਿਆ ਕਿ ਕੋਈ ਤਲਿਸਮੀ ਚਸ਼ਮੇ ਨਹੀਂ, ਸਗੋਂ ਇਹ ਪਹਾੜ ਹਨ ਜਿਹੜੇ ਸਾਰੇ ਦੁਖ ਦੂਰ ਕਰ ਦੇਂਦੇ ਹਨ ਤੇ ਦਿਲ ਤੋਂ ਸਭ ਬੁਰਾਈਆਂ ਕੱਢ ਮਾਰਦੇ ਹਨ। ਇਸ ਤਰ੍ਹਾਂ ਨੇਪਾਲ ਦੇ ਬੋਧੀ ਮੰਦਰ ਤੇ ਪਹਾੜ ਮੇਰੇ ਲਈ ਵਿਸ਼ਾ ਸਿਧ ਹੋਏ।
ਭਾਰਤ ਦੇ ਭੀੜ-ਭੜੱਕੇ ਤੇ ਸ਼ੋਰ-ਸ਼ਰਾਬੇ ਵਾਲੇ ਸ਼ਹਿਰਾਂ ਤੋਂ ਪਿੱਛੋਂ, ਮੈਨੂੰ ਕਲਕੱਤੇ ਦੇ ਨੇੜੇ ਇਕ ਨਿਕੇ ਜਿਹੇ ਪਿੰਡ ਵਿਚ ਲਿਜਾਇਆ ਗਿਆ । ਗਹਾਈ ਦੇ ਖੁਲ੍ਹੇ ਪਿੜ ਵਿਚ ਕੰਮ ਪੂਰੇ ਜ਼ੋਰਾਂ ਉਤੇ ਸੀ ਤੇ ਬਲਦ ਕਣਕ ਦੀਆਂ ਸੁਨਹਿਰੀ ਭਰੀਆਂ ਨੂੰ ਪੈਰਾਂ ਹੇਠ ਲਿਤਾੜ ਰਹੇ ਸਨ। ਦੁਨੀਆਂ ਦੇ ਕਿਸੇ ਵੀ ਅਜਾਇਬ ਘਰ ਨੇ ਜਾਂ ਥੇਟਰ ਨੇ ਮੇਰੇ ਦਿਲ ਨੂੰ ਏਨੀ ਖੁਸ਼ੀ ਨਹੀਂ ਦਿੱਤੀ ਜਿੰਨੀਂ ਸੁਨਹਿਰੀ ਭਰੀਆਂ ਉਤੇ ਹੌਲੀ-ਹੌਲੀ ਚਲ ਰਹੇ ਉਹਨਾਂ ਬਲਦਾਂ ਨੇ ਦਿੱਤੀ ਸੀ। ਮੈਨੂੰ ਲੱਗਾ ਕਿ ਮੈਂ ਵਾਪਸ ਆਪਣੀ ਆਊਲ ਵਿਚ ਆਪਣੇ ਬਚਪਨ ਦੇ ਸਮੇਂ ਵਿਚ ਪਹੁੰਚ ਗਿਆ ਹਾਂ। ਇਸ ਤਰ੍ਹਾਂ, ਕਲਕੱਤੇ ਦੇ ਨੇੜੇ ਇਕ ਨਿੱਕਾ ਜਿਹਾ ਭਾਰਤੀ ਪਿੰਡ ਮੇਰੇ ਲਈ ਵਿਸ਼ਾ ਬਣ ਗਿਆ।
ਮੈਂ ਦੇਖਿਆ : ਇੰਡੋਨੇਸ਼ੀਆ ਦੇ ਪਹਾੜਾਂ ਵਿਚ ਉਸੇ ਤਰ੍ਹਾਂ ਢੋਲ ਵਜਾਏ ਜਾਂਦੇ ਨੇ, ਜਿਸ ਤਰ੍ਹਾਂ ਸਾਡੇ ਪਹਾੜਾਂ ਵਿਚ; ਕਾਕੇਸ਼ੀਆ ਦਾ ਇਕ ਬੰਦਾ ਸਾਡਾ ਕੌਮੀ ਲਿਬਾਸ-ਚਿਰਕਾਸੀ ਕੋਟ-ਪਾਈ ਨਿਊ ਯਾਰਕ ਦੇ ਬਾਜ਼ਾਰਾਂ ਵਿਚ ਪਿਆ ਫਿਰਦਾ ਸੀ; ਉਦਾਸ ਚਿਹਰਿਆਂ ਵਾਲੇ ਦਾਗਿਸਤਾਨੀ ਇਸਤੰਬੂਲ ਤੇ ਪੈਰਿਸ ਵਿਚ ਆਪੇ-ਵਿਹਾਝੀ ਜਲਾਵਤਨੀ ਵਿਚ ਰਹਿ ਰਹੇ ਸਨ-ਧਰਤੀ ਉਤੇ ਸਭ ਤੋਂ ਵਧ ਮੰਦਭਾਗੇ ਲੋਕ; ਲੰਡਨ ਵਿਚ ਮਿੱਟੀ ਦੇ ਭਾਂਡਿਆਂ ਦੀ ਨੁਮਾਇਸ਼ ਲੱਗੀ ਹੋਈ ਸੀ, ਜਿਹੜੇ ਬਲਖਾਰ ਦੇ ਪ੍ਰਸਿਧ ਘੁਮਿਆਰਾਂ ਦੇ ਬਣੇ ਹੋਏ ਸਨ; ਲਾਕਾਂ ਦੇ ਪਿੰਡ ਤਸੋਵਕਰਾ ਦੇ ਸਾਡੇ ਬਾਜ਼ੀਗਰਾਂ ਦੇ ਕਰਤੱਬਾਂ ਉਤੇ ਵੀਨਸ ਦੇ ਸਰੋਤੇ ਚਕ੍ਰਿਤ ਹੋ ਰਹੇ ਸਨ। ਪੀਟਰਸਬਰਗ ਸ਼ਹਿਰ ਦੀ ਇਕ ਪੁਰਾਣੀਆਂ ਕਿਤਾਬਾਂ ਵੇਚਣ ਵਾਲੀ ਦੁਕਾਨ ਵਿਚ ਸ਼ਾਮਿਲ ਬਾਰੇ ਇਕ ਕਿਤਾਬ ਪਈ ਸੀ।
ਹਰ ਥਾਂ ਤੋਂ, ਦੂਰ ਦੂਰ ਦੀਆਂ ਥਾਵਾਂ ਤੋਂ ਵੀ ਜਿਥੇ ਵੀ ਮੈਂ ਕਿਤੇ ਗਿਆ, ਮੇਰੇ ਖਿਆਲ ਮੈਨੂੰ ਦਾਗਿਸਤਾਨ ਵੱਲ ਲੈ ਗਏ।
ਰਣਜੋਧੇ ਦੀ ਬਦਕਿਸਮਤੀ ਹੁੰਦੀ ਹੈ ਜਦੋਂ ਇਕੋ ਵੇਲੇ ਕਈ ਦੁਸ਼ਮਨ ਉਸ ਉਤੇ ਹਮਲਾ ਕਰ ਦੇਣ। ਉਹ ਇਕੋ ਵੇਲੇ ਆਪਣੇ ਆਪ ਅੱਗੋਂ ਵੀ ਤੇ ਪਿਛੋਂ ਵੀ ਰਖਿਆ ਨਹੀਂ ਕਰ ਸਕਦਾ, ਪਰ ਜੇ ਉਸਨੂੰ ਪਿੱਠ ਜੋੜਣ ਲਈ ਕੋਈ ਚਟਾਨ ਮਿਲ ਜਾਏ, ਤਾਂ ਹਾਲਤ ਅਜੇ ਏਨੀਂ ਮਾੜੀ ਨਹੀਂ ਹੁੰਦੀ : ਫੁਰਤੀਲਾ ਤੇ ਨਿਪੁੰਨ ਜੋਧਾ ਦੋ ਜਾਂ ਸਗੋਂ ਤਿੰਨ ਦੁਸ਼ਮਨਾਂ ਨਾਲ ਵੀ ਨਿਪਟ ਸਕਦਾ ਹੈ, ਜੇ ਉਸਦੇ ਪਿੱਠ ਜੋੜਣ ਲਈ ਕੋਈ ਚਟਾਨ ਹੋਵੇ।
ਦਾਗਿਸਤਾਨ ਮੇਰੀ ਚਟਾਨ ਹੈ। ਇਹ ਸਾਰੀਆਂ ਮੁਸ਼ਕਲਾਂ ਨਾਲ ਵਾਰਾ ਲੈਣ ਵਿਚ, ਸਭ ਤੋਂ ਵੱਡੀਆਂ ਅਜ਼ਮਾਇਸ਼ਾਂ ਵਿਚੋਂ ਨਿਕਲਣ ਵਿਚ ਮੇਰੀ ਸਹਾਇਤਾ ਕਰਦੀ ਹੈ।
ਯਾਤਰੀ ਜਿਨ੍ਹਾਂ ਦੇਸਾਂ ਨੂੰ ਦੇਖ ਕੇ ਮੁੜਦੇ ਹਨ, ਉਹਨਾਂ ਦੇ ਗੀਤ ਆਪਣੇ ਨਾਲ ਲੈ ਆਉਂਦੇ ਹਨ। ਮੇਰੇ ਨਾਲ ਮੁਸੀਬਤ ਇਹ ਹੈ ਕਿ ਜਿੱਥੇ ਵੀ ਮੈਂ ਜਾਂਦਾ ਹਾਂ, ਆਪਣੇ ਨਾਲ ਦਾਗਿਸਤਾਨ ਦੇ ਗੀਤ ਲੈ ਕੇ ਮੁੜਦਾ ਹਾਂ। ਹਰ ਨਵੀਂ ਕਵਿਤਾ ਨਾਲ ਮੈਂ ਆਪਣਾ ਦੇਸ ਨਵੀਂ ਨਜ਼ਰ ਨਾਲ ਦੇਖਦਾ ਹਾਂ, ਇਸਨੂੰ ਨਵੇਂ ਸਿਰਿਉਂ ਸਮਝਦਾ ਤੇ ਨਵੇਂ ਸਿਰਿਉਂ ਪਿਆਰ ਕਰਦਾ ਹਾਂ। ਮੇਰੇ ਲਈ ਮੇਰੀ ਜਨਮ-ਭੂਮੀ ਦਾਗਿਸਤਾਨ ਅਥਾਹ ਤੇ ਅਨੰਤ ਹੈ।
ਆਪਣੀ ਨੋਟਬੁੱਕ ਵਿਚੋਂ :
“ਹੇ ਬਾਜ਼, ਤੇਰਾ ਸਭ ਤੋਂ ਪਿਆਰਾ ਗੀਤ ਕਾਹਦੇ ਬਾਰੇ ਹੈ ?”
“ਉੱਚੇ ਪਹਾੜਾਂ ਬਾਰੇ ।”
“ਹੇ ਸਮੁੰਦਰੀ ਮੁਰਗਾਬੀ! ਤੇਰਾ ਸਭ ਤੋਂ ਪਿਆਰਾ ਗੀਤ ਕਾਹਦੇ ਬਾਰੇ ਹੈ ?”
“ਨੀਲੇ ਸਾਗਰ ਬਾਰੇ।”
“ਹੇ ਕਾਗ, ਤੇਰਾ ਸਭ ਤੋਂ ਮਨਭਾਉਂਦਾ ਗੀਤ ਕਾਹਦੇ ਬਾਰੇ ਹੈ ?”
“ਰਣਭੂਮੀ ਵਿਚ ਪਈਆਂ ਅਤਿ ਸੁਆਦੀ ਲਾਸ਼ਾਂ ਬਾਰੇ।”
ਸਾਹਿਤ ਦੇ ਵੀ ਆਪਣੇ ਪੰਛੀ ਹਨ-ਇਸਦੇ ਬਾਜ਼, ਤੇ ਸਮੁੰਦਰੀ ਮੁਰਗਾਬੀਆਂ। ਕੁਝ ਪਹਾੜਾਂ ਦੀ ਸਿਫਤ ਕਰਦੇ ਹਨ, ਕੁਝ ਸਮੁੰਦਰਾਂ ਦੀ। ਹਰ ਪੰਛੀ ਦੀ ਆਪਣੀ ਜਨਮਭੂਮੀ ਹੁੰਦੀ ਹੈ, ਆਪਣਾ ਵਿਸ਼ਾ ਹੁੰਦਾ ਹੈ। ਪਰ ਕਾਗ ਵੀ ਮੌਜੂਦ ਹਨ। ਇਹ ਹੋਰ ਕਿਸੈ ਵੀ ਚੀਜ਼ ਨਾਲੋਂ ਜ਼ਿਆਦਾ ਆਪਣੇ ਆਪ ਨੂੰ ਪਿਆਰ ਕਰਦੇ ਹਨ। ਜਦੋਂ ਇਹ ਰਣਭੂਮੀ ਵਿੱਚ ਸ਼ਹੀਦ ਹੋਇਆਂ ਦੀਆਂ ਅੱਖਾਂ ਨੂੰ ਨੂੰਗ ਰਿਹਾ ਹੁੰਦਾ ਹੈ ਤਾਂ ਉਹ ਇਹ ਪ੍ਰਵਾਹ ਨਹੀਂ ਕਰਦਾ ਕਿ ਇਹ ਅੱਖਾਂ ਯੋਧਿਆਂ ਦੀਆਂ ਹਨ ਜਾਂ ਬੁਜ਼ਦਿਲਾਂ ਦੀਆਂ। ਮੈਂ ਇਹੋ ਜਿਹੇ ਸਾਹਿਤਕਾਰਾਂ ਨੂੰ ਜਾਣਦਾ ਹਾਂ ਜਿਹੜੇ ਅੱਜ ਉਹ ਕੁਝ ਕਰਦੇ ਹਨ, ਜੋ ਕੁਝ ਸਭ ਤੋਂ ਵਧ ਫਾਇਦੇਮੰਦ ਹੈ, ਤੇ ਕੱਲ ਨੂੰ ਉਹ ਕੁਝ ਕਰਨਗੇ, ਜਿਸਦਾ ਉਹਨਾਂ ਨੂੰ ਕੱਲ ਲਾਭ ਪੁੱਜੇਗਾ।
ਵਿਸ਼ਿਆਂ ਬਾਰੇ ਕੁਝ ਹੋਰ : ਵਿਸ਼ਾ ਸਾਮਾਨ ਦੇ ਭਰੇ ਸੰਦੂਕ ਵਾਂਗ ਹੈ। ਸ਼ਬਦ ਇਸ ਸੰਦੂਕ ਦੀ ਕੁੰਜੀ ਹਨ, ਪਰ ਅੰਦਰਲਾ ਸਾਮਾਨ ਤੁਹਾਡਾ ਆਪਣਾ ਹੋਣਾ ਚਾਹੀਦਾ ਹੈ, ਬੇਗ਼ਾਨਾ ਨਹੀਂ।
ਕੁਝ ਲੇਖਕ ਇਕ ਵਿਸ਼ੇ ਤੋਂ ਦੂਜੇ ਵਿਸ਼ੇ ਵੱਲ ਭੱਜੇ ਫਿਰਦੇ ਹਨ ਤੇ ਇਕ ਵਿਚ ਵੀ ਸਿਰੇ ਤੱਕ ਨਹੀਂ ਪੁੱਜਦੇ। ਉਹ ਸੰਦੂਕ ਦਾ ਢੱਕਣ ਚੁੱਕ ਲੈਂਦੇ ਹਨ, ਉਪਰਲੀਆਂ ਚੀਜ਼ਾਂ ਡੇਗ-ਡਾਗ ਦੇਂਦੇ ਹਨ ਤੇ ਭੱਜ ਜਾਂਦੇ ਹਨ। ਸੰਦੂਕ ਦੇ ਹਕੀਕੀ ਮਾਲਕ ਨੂੰ ਪਤਾ ਹੋਵੇਗਾ ਕਿ ਜੇ ਵਿਚਲੀਆਂ ਚੀਜ਼ਾਂ ਨੂੰ ਧਿਆਨ ਨਾਲ ਤੇ ਇਕ ਇਕ ਕਰਕੇ ਬਾਹਰ ਕੱਢਿਆ ਜਾਏ, ਤਾਂ ਹੇਠਾਂ ਕੀਮਤੀ ਹੀਰਿਆਂ ਦੀ ਭਰੀ ਪਟਾਰੀ ਨਜ਼ਰੀਂ ਪਵੇਗੀ।
ਜਿਹੜੇ ਲੋਕ ਇਕ ਵਿਸ਼ੇ ਤੋਂ ਦੂਜੇ ਵਿਸ਼ੇ ਵੱਲ ਭੱਜੇ ਫਿਰਦੇ ਹਨ ਉਹ ਬਦਨਾਮ ਦਾਲਾਗੋਲੋਵ ਵਾਂਗ ਹਨ ਜਿਹੜਾ ਬਹੁਤੇ ਵਿਆਹ ਕਰਾਉਣ ਕਰਕੇ ਪਹਾੜਾਂ ਵਿਚ ਬਦਨਾਮ ਸੀ। ਉਸਨੇ ੨੮ ਵਾਰੀ ਵਿਆਹ ਕਰਾਇਆ, ਪਰ ਅਖੀਰ ਉਸ ਕੋਲ ਇਕ ਵੀ ਤੀਵੀਂ ਨਹੀਂ ਸੀ।
ਨਾ ਹੀ ਵਿਸ਼ੇ ਦੀ ਤੁਲਨਾ ਬੰਦੇ ਦੀ ਇਕੋ ਇਕ ਤੇ ਕਾਨੂੰਨੀ ਪਤਨੀ ਨਾਲ, ਜਾਂ ਇਕੋ ਇਕ ਮਾਂ ਨਾਲ, ਜਾਂ ਇਕਲੌਤੇ ਬੱਚੇ ਨਾਲ ਕੀਤੀ ਜਾ ਸਕਦੀ ਹੈ। ਇਹ ਇਸ ਲਈ ਕਿ ਬੰਦੇ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਇਹ ਮੇਰਾ ਆਪਣਾ ਵਿਸ਼ਾ ਹੈ; ਹੋਰ ਕੋਈ ਇਸਨੂੰ ਛੁਹਣ ਦੀ ਹਿੰਮਤ ਨਹੀਂ ਕਰ ਸਕਦਾ।
ਵਿਸ਼ਾ ਮੇਰਾ ਹੈ, ਪਰ ਇਹ ਸਭ ਲਈ ਖੁਲ੍ਹਾ ਹੈ। ਮੈਂ ਸੁਣਿਆ ਕਿ ਇਕ ਲੇਖਕ ਦੂਜੇ ਲੇਖਕ ਨੂੰ ਗਾਲ੍ਹਾਂ ਕੱਢ ਰਿਹਾ ਸੀ ਕਿ ਉਸਨੇ ਮੇਰਾ ਵਿਸ਼ਾ “ਚੁਰਾ” ਲਿਆ ਹੈ। “ਇਰਚੀ ਕਜ਼ਾਕ* ਬਾਰੇ ਲਿਖਣ ਦੀ ਤੈਨੂੰ ਕਿਸਨੇ ਆਗਿਆ ਦਿਤੀ ਸੀ ?” ਉਸਨੇ ਮੰਗ ਕੀਤੀ। ‘ਤੈਨੂੰ ਚੰਗਾ ਭਲਾ ਪਤਾ ਹੈ ਕਿ ਇਹ ਵਿਸ਼ਾ ਮੇਰਾ ਹੈ। ਮੈਂ ਇਕੋ ਇਕ ਆਦਮੀ ਹਾਂ ਜਿਹੜਾ ਇਰਚੀ ਕਜ਼ਾਕ ਬਾਰੇ ਲਿਖਾਂਗਾ। ਇਹ ਸਿਧਾ ਸਿਧਾ ਡਾਕਾ ਹੈ!” ਇਹ ਲੇਖਕ ਇੰਝ ਲੋਹਾ-ਲਾਖਾ ਹੋ ਰਿਹਾ ਸੀ ਜਿਵੇਂ ਕੋਈ ਉਹ ਕੁੜੀ ਉਧਾਲ ਲੈ ਗਿਆ ਹੋਵੇ ਜਿਸਨੂੰ ਉਹ ਇਸ਼ਕ ਕਰਦਾ ਸੀ।
ਜਿਹੜਾ ਉਸਨੂੰ ਜਵਾਬ ਮਿਲਿਆ, ਉਹ ਪਰਬਤਵਾਸੀ ਦੇ ਮਾਕੂਲ ਸੀ। “ਇਮਾਮ ਸਿਰਫ ਉਹ ਬਣ ਸਕਦਾ ਹੈ ਜਿਸਦੀ ਤਲਵਾਰ ਵਧੇਰੇ ਤੇਜ਼ ਤੇ ਗਜ਼ਬਨਾਕ ਹੋਵੇ। ਵਹੁਟੀ ਉਸਦੀ ਨਹੀਂ ਹੁੰਦੀ ਜਿਹੜਾ ਵਿਚੋਲਾ ਭੇਜਦਾ ਹੈ, ਸਗੋਂ ਉਸਦੀ ਹੁੰਦੀ ਹੈ ਜਿਹੜਾ ਉਸਨੂੰ ਵਿਆਹ ਲੈਂਦਾ ਹੈ। ਹੋਰ ਕਿਸੇ ਵੀ ਵਿਸ਼ੇ ਵਾਂਗ, ਇਰਚੀ ਦਾ ਵਿਸ਼ਾ ਉਸਦਾ ਹੋਵੇਗਾ ਜਿਹੜਾ ਸਭ ਤੋਂ ਚੰਗਾ ਲਿਖੇਗਾ।”
ਸਚਮੁਚ, ਇਕੋ ਵਿਸ਼ੇ ਉਤੇ, ਇਕ ਦੂਜੇ ਤੋਂ ਬਿਲਕੁਲ ਆਜ਼ਾਦ ਕਈ ਲੇਖਕ ਕੰਮ ਕਰ ਸਕਦੇ ਹਨ। ਸਾਹਿਤ ਦੇ ਖੇਤ ਵਿਚ ਕੋਈ ਸਾਂਝੇ ਫਾਰਮ ਨਹੀਂ ਹੋ ਸਕਦੇ। ਹਰ ਲੇਖਕ ਦਾ ਆਪਣਾ ਖੇਤ ਹੁੰਦਾ ਹੈ ਤੇ ਆਪਣਾ ਹੀ ਸਿਆੜ ਹੁੰਦਾ ਹੈ, ਭਾਵੇਂ ਇਹ ਕਿੰਨਾਂ ਵੀ ਤੰਗ ਕਿਉਂ ਨਾ ਹੋਵੇ। ਪਰ ਮੈਂ ਕਿਸੇ ਨੂੰ ਆਪਣੇ ਖੇਤ ਤੱਕ ਆਉਣ ਤੋਂ ਸਿਰਫ ਇਸ ਕਰਕੇ ਨਹੀਂ ਵਰਜਾਂਗਾ ਕਿਉਂਕਿ ਮੈਂ ਹੁਣ ਆਪਣੇ ਜ਼ਮੀਨ ਦੇ ਟੋਟੇ ਵੱਲ ਨਹੀਂ ਜਾਂਦਾ। ਮੇਰੇ ਖੇਤ ਦੀ ਵੱਟ ਉੱਤੇ ਤੁਹਾਨੂੰ ਨਾ ਹੀ ਰਾਖੀ ਕਰਦੇ ਕੁੱਤੇ ਮਿਲਣਗੇ ਤੇ ਨਾ ਹੀ ਬੰਦੂਕ ਵਾਲਾ ਕੋਈ ਆਦਮੀ। ਸਚਮੁਚ, ਉਹ ਹੱਦ-ਰੇਖਾ ਕਿੱਥੇ ਹੈ ਤੇ ਇਹ ਕਿਸ ਤਰ੍ਹਾਂ ਨਿਸਚਿਤ ਕੀਤੀ ਜਾਇਗੀ ਜਾਂ ਵਾੜ ਨਾਲ ਵੱਖ ਕੀਤੀ ਜਾਇਗੀ ? ਮੇਰਾ ਵਿਸ਼ਾ ਕੋਈ ਨਿੱਜੀ ਸਬਜ਼ਾਜ਼ਾਰ ਨਹੀਂ, ਨਾ ਹੀ ਮਸੀਤ ਵਿਚਲੀ ਕੋਈ ਵਰਜਿਤ ਥਾਂ ਹੈ ਜਿਥੇ ਕੋਈ ਓਪਰਾ ਬੰਦਾ ਪੈਰ ਨਹੀਂ ਪਾ ਸਕਦਾ।
ਦਾਗਿਸਤਾਨੀ ਲੇਖਕਾਂ ਦੀ ਕਾਂਗਰਸ ਵਿਚ ਇਕ ਵਾਰੀ ਬਹਿਸ ਛਿੜ यष्टी।
“ਦਾਗਿਸਤਾਨੀ ਦੂਜੇ ਦੇਸਾਂ ਤੇ ਦੂਜੀਆਂ ਕੌਮਾਂ ਬਾਰੇ ਕਿਉਂ ਲਿਖਣ ?” ਇਕ ਬੁਲਾਰਾ ਪੁੱਛਣ ਲੱਗਾ । “ਸਪੇਨ ਵਾਲਿਆਂ ਨੂੰ ਸਪੇਨ ਬਾਰੇ ਲਿਖਣ ਦਿਓ, ਜਾਪਾਨ ਵਾਲਿਆਂ ਨੂੰ ਜਾਪਾਨ ਬਾਰ, ਤੇ ਊਰਾਲ ਵਾਲਿਆਂ ਨੂੰ ਊਰਾਲ ਸਨਅਤ ਨਾਲ ਨਿਪਟਣ ਦਿਓ। ਜੇ ਪੰਛੀ ਦਾ ਆਲ੍ਹਣਾ ਇਕ ਬਾਗ਼ ਵਿਚ ਹੈ, ਤਾਂ ਕੀ ਇਹ ਆਪਣੇ ਗੀਤ ਗਾਉਣ ਕਿਸੇ ਦੂਜੇ ਬਾਗ਼ ਵਿਚ ਜਾਇਗਾ? ਕੀ ਪਥਰੀਲੀਆਂ ਉਚਾਈਆਂ ਤੋਂ ਜ਼ਮੀਨ ਵਾਦੀ ਵਿਚ ਲਿਆਉਣੀ ਜ਼ਰੂਰੀ ਹੈ, ਜਿੱਥੇ ਕਾਫੀ ਮਾਤਰਾ ਵਿਚ ਅਮੀਰ ਤੇ ਉਪਜਾਊ ਜ਼ਮੀਨ ਹੈ? ਕੀ ਭੇਡ ਦੀ ਪੂਛਲ ਨੂੰ, ਜਿਹੜੀ ਪਹਿਲਾਂ ਹੀ ਚਰਬੀ ਦੀ ਭਰੀ ਹੁੰਦੀ ਹੈ, ਭੁੰਨਣ ਤੋਂ ਪਹਿਲਾਂ ਘਿਓ ਲਾਉਣਾ ਜ਼ਰੂਰੀ ਹੁੰਦਾ ਹੈ ?” ਕਾਂਗਰਸ ਵਿਚ ਕਿਸੇ ਦੂਜੀ ਰੀਪਬਲਿਕ ਦਾ ਪ੍ਰਤਿਨਿਧ ਹਾਜ਼ਰ ਸੀ। ਉਸਨੇ ਉਪ੍ਰੋਕਤ ਬੁਲਾਰੇ ਦਾ ਜਵਾਬ ਇੰਝ ਦਿਤਾ :
“ਜੰਗਲੀ ਜਾਨਵਰ ਦਾ ਆਪਣਾ ਘੋਰਨਾ ਹੁੰਦਾ ਹੈ, ਜਿਸ ਤਰ੍ਹਾਂ ਪੰਛੀ ਦਾ ਆਪਣਾ ਆਲ੍ਹਣਾ ਹੁੰਦਾ ਹੈ, ਪਰ ਸੂਰਜ ਸਭ ਜਾਨਵਰਾਂ ਲਈ ਚਮਕਦਾ ਹੈ ਤੇ ਮੀਂਹ ਸਭ ਰੁੱਖਾਂ ਉਤੇ ਪੈਂਦਾ ਹੈ। ਸਤਰੰਗੀ ਪੀਂਘ ਨੂੰ ਇਕੋ ਵੇਲੇ ਸਭ ਅੱਖਾਂ ਦੇਖ ਸਕਦੀਆਂ ਨੇ, ਤੇ ਬਿਜਲੀ ਉੱਚੇ ਪਹਾੜਾਂ ਨੂੰ ਵੀ ਤੇ ਡੂੰਘੀਆਂ ਖੱਡਾਂ ਨੂੰ ਵੀ ਰੁਸ਼ਨਾ ਦਿੰਦੀ ਹੈ। ਗਰਜ ਨਾਲ ਵੀ ਇਸੇ ਤਰ੍ਹਾਂ ਹੀ ਹੁੰਦਾ ਹੈ। ਦੂਰ-ਦੁਰਾਡੇ ਦੇ ਦੇਸ ਤੋਂ ਲਿਆਂਦੇ ਚਾਵਲਾਂ ਨਾਲ ਸ਼ਾਨਦਾਰ ਪੁਲਾਓ ਤਿਆਰ ਕੀਤਾ ਜਾ ਸਕਦਾ ਹੈ। ਮੈਂ ਬੜੀ ਦੂਰੋਂ ਚੱਲ ਕੇ ਤੁਹਾਡੀ ਕਾਂਗਰਸ ਵਿਚ ਆਇਆ ਹਾਂ। ਮੈਂ ਸਿਰਫ ਤੁਹਾਨੂੰ ਵਧਾਈ ਦੇਣ ਆਇਆ ਹਾਂ । ਪਰ ਮੈਨੂੰ ਤੁਹਾਡੇ ਪਹਾੜਾਂ, ਤੁਹਾਡੇ ਸਮੁੰਦਰ, ਤੁਹਾਡੇ ਚੰਗੇ ਆਦਮੀਆਂ, ਤੁਹਾਡੀਆਂ ਇੱਜ਼ਤ ਮਾਨ ਵਾਲੀਆਂ ਸੁੰਦਰ ਔਰਤਾਂ ਨਾਲ ਪਿਆਰ ਹੋ ਗਿਆ ਹੈ। ਜੇ ਮੈਂ ਤੁਹਾਡੇ ਬਾਰੇ ਲਿਖਾਂ ਤਾਂ ਮੇਰੇ ਦੇਸਵਾਸੀ ਮੇਰੇ ਧੰਨਵਾਦੀ ਹੀ ਹੋਣਗੇ। ਜੇ ਤੁਸੀਂ ਮੇਰੀ ਰੀਪਬਲਿਕ ਬਾਰੇ ਲਿਖੋ ਤਾਂ ਇਹ ਵੀ ਕੋਈ ਨੁਕਸਾਨ ਨਹੀਂ ਕਰਨ ਲੱਗਾ। ਲੇਖਕ ਦੀ ਚੋਣ ਆਜ਼ਾਦ ਹੈ, ਜਿਸ ਤਰ੍ਹਾਂ ਪਿਆਰ ਦੇ ਮਾਮਲਿਆਂ ਵਿਚ ਹੁੰਦੀ ਹੈ। ਕੀ ਦਿਲ ਵਿਚ ਘਰ ਬਨਾਉਣ ਲਈ ਪਿਆਰ ਆਗਿਆ ਮੰਗਦਾ ਹੈ?”
ਕਾਂਗਰਸ ਨੇ ਮਹਿਮਾਨ ਦਾ ਤਾਲੀਆਂ ਨਾਲ ਸਵਾਗਤ ਕੀਤਾ। ਉਸਦੇ ਲਫਜ਼ ਤੀਰਾਂ ਵਾਂਗ ਤੇਜ਼ ਤੇ ਨਿਸ਼ਾਨੇ ਬੈਠਦੇ ਸਨ। ਤਾਂ ਵੀ ਜਿਸ ਵੇਲੇ ਮੈਂ ਤਾਲੀਆਂ ਵਜਾ ਰਿਹਾ ਸਾਂ ਤੇ ਉਸ ਨਾਲ ਪੂਰੀ ਤਰ੍ਹਾਂ ਸਹਿਮਤ ਹੋ ਰਿਹਾ ਸਾਂ, ਤਾਂ ਕੁਝ ਖਿਆਲ ਮੇਰਾ ਪਿੱਛਾ ਨਹੀਂ ਸਨ ਛੱਡ ਰਹੇ।
ਦੂਜੇ ਦੇਸਾਂ ਤੇ ਦੂਜੀਆਂ ਕੌਮਾਂ ਬਾਰੇ ਲਿਖਣਾ ਚੰਗਾ ਹੈ, ਪਰ ਸਿਰਫ਼ ਤਾਂ ਜੇ ਤੁਹਾਡੇ ਪੈਰ ਤੁਹਾਡੇ ਆਪਣੇ ਵਿਸ਼ੇ ਵਿਚ ਪੱਕੇ ਗੱਡੇ ਹੋਣ।
ਮੇਰਾ ਨਿੱਕਾ ਜਿਹਾ ਦਾਗਿਸਤਾਨ ਤੇ ਮੇਰੀ ਵਿਸ਼ਾਲ ਦੁਨੀਆਂ । ਦੋ ਨਦੀਆਂ ਜਿਹੜੀਆਂ ਵਾਦੀ ਵਿੱਚ ਪੁੱਜ ਕੇ ਇਕੋ ਧਾਰਾ ਬਣ ਜਾਂਦੀਆਂ ਹਨ। ਦੋ ਹੰਝੂ ਜਿਹੜੇ ਦੋ ਅੱਖਾਂ ‘ਚੋਂ ਦੋ ਗਲ੍ਹਾਂ ਉਤੇ ਵਹਿੰਦੇ ਨੇ, ਪਰ ਜਿਹੜੇ ਇਕੋ ਗ਼ਮ ਜਾਂ ਇਕੋ ਖੁਸ਼ੀ ਤੋਂ ਪੈਦਾ ਹੁੰਦੇ ਨੇ।
ਇਕ ਕਵੀ ਦੀਆਂ ਗਲ੍ਹਾਂ ਉਤੇ ਦੋ ਟੇਪੇ ਜੋ ਡਿੱਗੇ, ਇਕ ਖੱਬੀ ਇਕ ਸੱਜੀ ਗਲ੍ਹ ਉਤੇ—ਇਹ ਹੰਝੂ ਦੋ। ਇਕ ਟੇਪੇ ਵਿਚ ਖੁਸ਼ੀਆਂ, ਦੂਜਾ ਸੋਗੀਂ ਡੁੱਬਾ ਲੱਗੇ, ਇਕ ਹੰਝੂ ਵਿਚ ਪਿਆਰ-ਮੁਹੱਬਤ, ਇਕ ਹੰਝੂ ਵਿਚ ਰੋਹ।
ਦੋ ਨਿੱਕੇ ਨਿੱਕੇ ਟੇਪੇ, ਸ਼ੀਸ਼ੇ ਜਿਹੇ ਸਾਫ਼, ਅਡੋਲ, ਇਹ ਤੁਪਕੇ ਨੇ ਬਿਨਾਂ ਸੱਤਿਆ, ਜੇ ਵਖ ਵਖ ਹੋ ਰਹਿੰਦੇ। ਜੇ ਮਿਲ ਜਾਣ ਤਾਂ ਇਹ ਬਣ ਜਾਂਦੇ ਨੇ ਕਵਿਤਾ ਦੇ ਬੋਲ। ਡੇਗਣ ਬਿਜਲੀਆਂ ਕਦੀ, ਕਦੀ ਨੇ ਇਹ ਵਰਖਾ ਬਣ ਵਹਿੰਦੇ। ਮੇਰਾ ਨਿੱਕਾ ਜਿਹਾ ਦਾਗਿਸਤਾਨ ਤੇ ਮੇਰੀ ਵਿਸ਼ਾਲ ਦੁਨੀਆਂ। ਇਹ ਮੇਰਾ
ਜੀਵਨ, ਮੇਰਾ ਇਕਸੁਰ ਸੰਗੀਤ, ਮੇਰੀ ਕਿਤਾਬ ਹੈ। ਇਹ ਮੇਰਾ ਵਿਸ਼ਾ ਹੈ।
ਜਿਹੜਾ ਬਾਜ਼ ਆਪਣੇ ਉੱਚੇ ਪਹਾੜੀ ਟਿਕਾਣੇ ਤੋਂ ਹੇਠਾਂ ਮੈਦਾਨਾਂ ਦੀਆਂ ਵਿਸ਼ਾਲ ਚੁੜਿਤਣਾਂ ਵਿਚ ਨਹੀਂ ਉਤਰਦਾ, ਉਹ ਮਾੜਾ ਬਾਜ਼ ਹੁੰਦਾ ਹੈ।
ਜਿਹੜਾ ਬਾਜ਼ ਮੈਦਾਨਾਂ ਦੀਆਂ ਵਿਸ਼ਾਲ ਚੁੜਿਤਣਾਂ ਤੋਂ ਆਪਣੇ ਉੱਚੇ ਪਹਾੜੀ ਟਿਕਾਣੇ ਵੱਲ ਨਹੀਂ ਪੁੱਜਦਾ, ਉਹ ਮਾੜਾ ਬਾਜ਼ ਹੁੰਦਾ ਹੈ।
ਬਾਜ਼ ਲਈ ਇਹ ਆਸਾਨ ਹੈ। ਉਹ ਜੰਮਦਾ ਹੀ ਬਾਜ਼ ਹੈ ਤੇ ਜੇ ਚਾਹੇ ਵੀ ਤਾਂ ਪਹਾੜੀ ਕਾਂ ਜਾਂ ਸਮੁੰਦਰੀ ਮੁਰਗਾਬੀ ਨਹੀਂ ਬਣ ਸਕਦਾ। ਲੇਖਕ ਲਈ ਬਾਜ਼ ਬਣਨਾ ਮੁਸ਼ਕਲ ਹੈ ਜਿੰਨਾਂ ਚਿਰ ਤੱਕ ਉਹ ਉਸ ਦਲੇਰ ਤੇ ਉੱਤਮ ਪੰਛੀ ਦੀਆਂ ਸਿਫਤਾਂ ਲੈ ਕੇ ਨਾ ਜੰਮਿਆਂ ਹੋਵੇ।
ਜਿਸ ਬੰਦੇ ਨੇ ਕੁਮੂਜ਼ ਵਜਾਉਣਾ ਨਾ ਸਿਖਿਆ ਹੋਵੇ, ਸਾਡੇ ਇਲਾਕੇ ਵਿਚ ਉਸ ਬਾਰੇ ਕਹਿੰਦੇ ਹਨ : “ਕੋਈ ਗੱਲ ਨਹੀਂ, ਉਹ ਅਗਲੀ ਦੁਨੀਆਂ ਵਿਚ ਵਜਾਉਣਾ ਸਿਖ ਲਵੇਗਾ।”
ਕਿੰਨੇ ਲੇਖਕ ਨੇ, ਜਿਹੜੇ ਪਿਆਰ ਜਾਂ ਨਫਰਤ ਤੋਂ ਨਹੀਂ ਸਗੋਂ ਆਪਣੀ ਸੁੰਘਣ ਸ਼ਕਤੀ ਤੋਂ ਅਗਵਾਈ ਲੈਂਦੇ ਹੋਏ ਕਲਮ ਫੜਦੇ ਨੇ ਤੇ ਲਿਖਣ ਬੈਠ ਜਾਂਦੇ ਨੇ।
ਆਖਰ ਆਊਲ ਵਿਚ ਆਇਆ ਪਰਾਹੁਣਾ ਧੂਕਸ਼ਾਂ ਵਿਚੋਂ ਨਿਕਲਦੀ ਵਾਸ਼ਨਾ ਦੇ ਹਿਸਾਬ ਨਾਲ ਆਪਣੀ ਅੰਤਮ ਚੋਣ ਕਰਦਾ ਹੈ ਕਿ ਉਹ ਕਿਹੜੇ ਸਕਲੀਆ ਵਿਚ ਦਾਖਲ ਹੋਵੇ । ਕੁਝ ਧੂਕਸ਼ ਮਕਈ ਦੀਆਂ ਰੋਟੀਆਂ ਦੀ ਸੁਗੰਧੀ ਫੈਲਾ ਰਹੇ ਹੁੰਦੇ ਹਨ; ਦੂਜੇ ਉਬਲਦੇ ਮਾਸ ਦੀ।
ਇੰਝ ਵੀ ਹੁੰਦਾ ਹੈ ਕਿ ਦੋ ਵਿਆਹੁਣ-ਵਰਣ ਯੋਗ ਕੁੜੀਆਂ ਵਿਚੋਂ, ਜਿਨ੍ਹਾਂ ਵਿਚੋਂ ਇਕ ਮੂਰਖ ਤੇ ਦੂਜੀ ਚਤੁਰ ਹੁੰਦੀ ਹੈ, ਮੂਰਖ ਸਿਰਫ ਇਸ ਲਈ ਚੁਣ ਲਈ ਜਾਂਦੀ ਹੈ ਕਿਉਂਕਿ ਉਸਦਾ ਦਾਜ ਵਧੇਰੇ ਹੁੰਦਾ ਹੈ।
ਫਿਰ, ਐਸੇ ਲੇਖਕ ਵੀ ਹਨ ਜਿਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਹੜੇ ਵਿਸ਼ੇ ਬਾਰੇ ਜਾਂ ਕਿਹੜੇ ਦੇਸ ਬਾਰੇ ਲਿਖਦੇ ਹਨ। ਉਹ ਉਹਨਾਂ ਮੁਨਾਫੇਖੋਰਾਂ ਵਾਂਗ ਹਨ ਜਿਹੜੇ ਸੋਚਦੇ ਹਨ ਕਿ ਉਹ ਜਿੰਨਾਂ ਅੱਗੇ ਜਾਣਗੇ, ਓਨੀ ਹੀ ਵਧੇਰੇ ਕੀਮਤ ਆਪਣੇ ਮਾਲ ਲਈ ਲੈ ਸਕਣਗੇ।
ਉਹਨਾਂ ਤੋਂ ਮੈਨੂੰ ਇਕ ਪਰਖਾਲਸ਼ਾ ਯਾਦ ਆ ਜਾਂਦੀ ਹੈ, ਜਿਹੜੀ ਸਮਝਦੀ ਸੀ ਕਿ ਉਸਦੀ ਆਪਣੀ ਆਊਲ ਵਿਚ ਕੋਈ ਵੀ ਮੁੰਡਾ ਉਸਦੇ ਮੇਚ ਨਹੀਂ, ਤੇ ਕਿਸੇ ਦੂਜੀ ਆਊਲ ਵਿਚ ਵਰ ਢੂੰਡਣ ਦੀ ਇੱਛਾ ਨਾਲ ਚਲੀ ਗਈ, ਪਰ, ਜਿਵੇਂ ਕਿ ਸਮਝਣਾ ਮੁਸ਼ਕਲ ਨਹੀਂ, ਆਪਣੇ ਆਖਰੀ ਦਿਨਾਂ ਤੱਕ ਬੁੱਢ-ਕੁਆਰੀ ਰਹੀ।
ਜੰਗਲ ਵਿਚ ਗਏ ਦੋ` ਪਹਾੜੀਆਂ ਦੀ ਕਹਾਣੀ: ਦੋ ਪਹਾੜੀਏ ਆਪਣੀ ਆਊਲ ਤੋਂ ਜੰਗਲ ਲਈ ਤੁਰ ਪਏ, ਤਾਂ ਕਿ ਕੁਝ ਪੰਜਾਲੀਆਂ ਬਨਾਉਣ ਲਈ ਸਾਮਾਨ ਲੱਭ ਸੱਕਣ, ਕਿਉਂਕਿ ਉਹਨਾਂ ਦੀਆਂ ਆਪਣੀਆਂ ਪੰਜਾਲੀਆਂ ਜ਼ਰੂਰ ਘਸ ਗਈਆਂ ਹੋਣਗੀਆਂ।
ਉਹਨਾਂ ਵਿਚੋਂ ਇਕ ਨੇ ਇਕਦਮ ਇਕ ਯੋਗ ਦਰਖਤ ਲਭਿਆ ਤੇ ਉਸ ਨਾਲੋਂ ਸੁੱਕੀ ਲੱਕੜ ਦੇ ਦੋ ਸ਼ਾਨਦਾਰ ਟੋਟੇ ਕੱਟ ਲਏ। ਪਰ ਉਸਦੇ ਦੋਸਤ ਨੇ ਸੋਚਿਆ ਕਿ ਅਗਲਾ ਦਰਖਤ ਯਕੀਨਨ ਵਧੇਰੇ ਚੰਗਾ ਹੋਵੇਗਾ, ਤੇ ਉਸ ਤੋਂ ਅਗਲਾ ਹੋਰ ਵੀ ਵਧੇਰੇ ਚੰਗਾ। ਉਸਨੇ ਸਾਰਾ ਦਿਨ ਜੰਗਲ ਵਿਚ ਘੁੰਮਦਿਆਂ ਗੁਜ਼ਾਰ ਦਿੱਤਾ, ਪਰ ਆਪਣਾ ਮਨ ਨਾ ਬਣਾ ਸਕਿਆ ਕਿ ਕਿਹੜਾ ਦਰਖਤ ਚੁਣੇ। ਆਖਰ ਉਸਨੇ ਦੋ ਟਾਹਣੇ ਕੱਟ ਲਏ ਜਿਹੜੇ ਉਹਨਾਂ ਨਾਲੋਂ ਕਿਤੇ ਭੈੜੇ ਸਨ ਜਿਹੜੇ ਉਸਨੇ ਬਿਲਕੁਲ ਸ਼ੁਰੂ ਸ਼ੁਰੂ ਵਿਚ ਦੇਖੇ ਸਨ। ਉਹ ਸ਼ਾਮ ਨੂੰ ਦੇਰ ਨਾਲ ਘਰ ਪੁੱਜਾ, ਜਦੋਂ ਉਸਦਾ ਦੋਸਤ ਆਪਣੀ ਨਵੀਂ ਪੰਜਾਲੀ ਦੀ ਸਹਾਇਤਾ ਨਾਲ ਹਲ ਵਾਹ ਕੇ ਖੇਤ ਤੋਂ ਵਾਪਸ ਮੁੜ ਰਿਹਾ ਸੀ।
ਮੈਨੂੰ ਇਹ ਕਹਾਣੀ ਅਬੂਤਾਲਿਬ ਨੇ ਉਦੋਂ ਸੁਣਾਈ ਜਦੋਂ ਇਕ ਦਾਗਿਸਤਾਨੀ ਕਵੀ ਲੰਮਾਂ ਦੌਰਾ ਲਾਉਣ ਪਿਛੋਂ ਘਰ ਮੁੜਿਆ ਤੇ ਆਪਣੇ ਨਾਲ ਦੋ ਭੈੜੀਆਂ ਜਿਹੀਆਂ ਨਜ਼ਮਾਂ ਲੈ ਆਇਆ।
“ਜਿਹੜਾ ਗੀਤ ਤੁਸੀਂ ਆਪਣੇ ਘਰ ਯਾਦ ਕਰਨ ਤੇ ਅਸਮਰਥ ਰਹੇ ਹੋ, ਉਹ ਘਰ ਤੋਂ ਦੂਰ ਜਾ ਕੇ ਯਾਦ ਨਹੀਂ ਆਇਗਾ,” ਬਜ਼ੁਰਗ ਕਵੀ ਨੇ ਅਖੀਰ ਵਿਚ ਕਿਹਾ, ਤੇ ਫਿਰ ਨਾਲ ਰਲਾਇਆ, “ਕਵੀ ਕਦੀ ਕਦੀ ਉਹਨਾਂ ਪਹਾੜੀਆਂ ਨਾਲ ਮਿਲਦੇ ਹੁੰਦੇ ਨੇ, ਜਿਹੜੇ ਸਾਰਾ ਦਿਨ ਆਪਣਾ ਜੱਤ ਵਾਲਾ ਟੋਪ ਲੱਭਣ ਵਿਚ ਲਾ ਦੇਂਦੇ ਨੇ, ਜਿਹੜਾ ਕਿ ਸਾਰਾ ਸਮਾਂ ਉਹਨਾਂ ਦੇ ਮੂਰਖ ਸਿਰ ਉਤੇ ਟਿਕਿਆ ਹੁੰਦਾ ਹੈ।”
ਵਿਸ਼ਿਆਂ ਬਾਰੇ ਕੁਝ ਹੋਰ : ਇਕ ਦਿਨ ਉਹ ਵੀ ਸੀ, ਜਿਸ ਦਿਨ ਮੈਂ ਆਪਣੀ ਆਊਲ ਤੋਂ ਪਹਿਲੀ ਵਾਰੀ ਸਫਰ ਉਤੇ ਗਿਆ। ਮੇਰੀ ਮਾਂ ਨੇ ਬਾਰੀ ਦੀ ਸਿਲ ਉਤੇ ਦੀਵਾ ਜਗਾ ਕੇ ਰਖ ਦਿਤਾ ਤੇ ਮੈਂ ਘਰ ਤੋਂ ਦੂਰ ਜਾਂਦਾ ਹੋਇਆ ਮੁੜ ਕੇ ਕੇ ਦੇਖਦਾ ਤੇ ਧੁੰਦ ਤੇ ਹਨੇਰੇ ਵਿਚੋਂ ਦੀ ਟਿਮਟਿਮਾਉਂਦੀ ਹੋਈ ਰੌਸ਼ਨੀ ਘਰ ਵੱਲੋਂ ਆਉਂਦੀ ਮੇਰੀ ਨਜ਼ਰ ਪੈਂਦੀ।
ਸਾਡੀ ਨਿੱਕੀ ਜਿਹੀ ਬਾਰੀ ਵਿਚਲਾ ਚਾਨਣ ਧਰਤੀ ਦੁਆਲੇ ਮੇਰੇ ਸਫਰਾਂ ਦੇ ਕਈ ਲੰਮੇਂ ਸਾਲ ਮੇਰੇ ਲਈ ਟਿਮਟਿਮਾਉਂਦਾ ਰਿਹਾ ਹੈ, ਜਦੋਂ ਆਖਰ ਮੈਂ ਘਰ ਮੁੜਿਆ ਤੇ ਘਰ ਦੇ ਅੰਦਰੋਂ ਉਸੇ ਬਾਰੀ ਵਿਚੋਂ ਬਾਹਰ ਦੇਖਿਆ, ਤਾਂ ਮੈਂ ਉਹ ਵਿਸ਼ਾਲ ਦੁਨੀਆਂ ਦੇਖ ਸਕਦਾ ਸਾਂ ਜਿਹੜੀ ਮੈਂ ਆਪਣੀ ਜ਼ਿੰਦਗੀ ਵਿਚ ਗਾਹੁੰਦਾ ਰਿਹਾ ਸਾਂ।
ਲੇਖਕ ਨੂੰ ਉਸਦਾ ਵਿਸ਼ਾ ਕੌਣ ਮੁਹੱਈਆ ਕਰੇਗਾ? ਉਸਨੂੰ ਸਿਰ, ਅੱਖਾਂ, ਕੰਨ ਤੇ ਦਿਲ ਦੇਣਾ ਕਿਤੇ ਜ਼ਿਆਦਾ ਸੌਖਾ ਹੈ; ਜਿਹੜੇ ਲੇਖਕ ਆਪਣਾ ਵਿਸ਼ਾ ਢੂੰਡਦੇ ਫਿਰਦੇ ਨੇ, ਕਿਸੇ ਪਿਆਰ ਜਾਂ ਨਫਰਤ ਦੀ ਭਾਵਨਾ ਨਾਲ ਨਹੀਂ, ਸਗੋਂ ਆਪਣੀ ਸੁੰਘਣ-ਸ਼ਕਤੀ ਨਾਲ, ਉਹ ਆਪਣੇ ਸਮੇਂ ਦੇ ਸਪੂਤ ਨਹੀਂ ਬਣ ਸਕਦੇ। ਉਹ ਇਕ ਦਿਨ ਦੇ ਸਪੂਤ ਹੁੰਦੇ ਹਨ, ਸਮੇਂ ਦੇ ਨਹੀਂ, ਜਾਂ ਫਿਰ ਉਸ ਬੋਲੀ ਦੁਲਹਨ ਵਰਗੇ ਹੁੰਦੇ ਨੇ, ਜਿਸ ਬਾਰੇ ਮੈਂ ਤੁਹਾਨੂੰ ਹੁਣ ਦੱਸਾਂਗਾ।
ਬੋਲੀ ਦੁਲਹਨ ਦੀ ਵਾਰਤਾ : ਜਿਵੇਂ ਕਿ ਕਹਿੰਦੇ ਨੇ, ਕਿਸੇ ਆਉਲ ਵਿਚ ਇਕ ਬੋਲੀ ਕੁੜੀ ਰਹਿੰਦੀ ਹੁੰਦੀ ਸੀ। ਕਿਸੇ ਦੂਜੀ ਆਉਲ ਦੇ ਮੁੰਡੇ ਨੇ, ਜਿਸਨੂੰ ਉਸਦੇ ਬੋਲ਼ੇਪਣ ਦਾ ਨਹੀਂ ਸੀ ਪਤਾ, ਉਸ ਵੱਲ ਇਕ ਵਿਚੋਲਾ ਭੇਜਿਆ। ਗੱਲਬਾਤ ਠੀਕ ਤਰੀਕੇ ਨਾਲ ਤੈਅ ਹੋ ਗਈ ਤੇ ਵਿਆਹ ਰਚਾਇਆ ਗਿਆ। ਕਈ ਪਰਾਹੁਣੇ ਇਸ ਵਿਚ ਸ਼ਾਮਲ ਹੋਏ। ਕੁੜੀ ਨਹੀਂ ਸੀ ਚਾਹੁੰਦੀ ਕਿ ਜਾਂਝੀਆਂ ਨੂੰ ਉਸਦੇ ਬੋਲੇਪਣ ਦਾ ਪਤਾ ਲੱਗੇ, ਇਸ ਲਈ ਉਸਨੇ ਆਪਣੀ ਇਕ ਸਹੇਲੀ ਨੂੰ ਮੱਦਦ ਕਰਨ ਲਈ ਕਿਹਾ। ਸਹੇਲੀ ਦਾ ਕੰਮ ਸਾਰਾ ਸਮਾਂ ਉਸਦੇ ਕੋਲ ਹੋ ਕੇ ਬੈਠਣਾ ਸੀ। ਜੇ ਕੋਈ ਖੁਸ਼ੀ ਵਾਲੀ ਗੱਲ ਹੋ ਰਹੀ ਹੁੰਦੀ ਤੇ ਹੱਸਣ ਦੀ ਲੋੜ ਹੁੰਦੀ, ਤਾਂ ਉਸਨੇ ਦੁਲਹਨ ਦੇ ਖੱਬੇ ਮੋਢੇ ਉਤੇ ਚੂੰਢੀ ਵੱਢਣੀ ਸੀ, ਤੇ ਜੇ ਕੋਈ ਅਫਸੋਸ ਵਾਲੀ ਗੱਲ ਹੋ ਰਹੀ ਹੁੰਦੀ ਤਾਂ ਉਸਨੇ ਸੱਜੇ ਮੋਢੇ ਉਤੇ ਚੂੰਢੀ ਵੱਢਣੀ ਸੀ।
ਦੁਲਹਨ ਲਈ ਆਪਣੇ ਵਿਆਹ ਵਿੱਚ ਗੱਲ ਕਰਨੀ ਕੋਈ ਜ਼ਰੂਰੀ ਨਹੀਂ ਹੁੰਦੀ। ਸਚਮੁਚ, ਉਸ ਲਈ ਚੁੱਪ ਬੈਠਣਾ ਵਧੇਰੇ ਚੰਗਾ ਹੈ। ਸੋ ਕੁਝ ਦੇਰ ਲਈ ਸਭ ਕੁਝ ਠੀਕ ਠਾਕ ਚਲਦਾ ਰਿਹਾ। ਜਿੱਥੇ ਹੱਸਣ ਦੀ ਲੋੜ ਹੁੰਦੀ, ਦੁਲਹਨ ਹੱਸ ਪੈਂਦੀ ਤੇ ਜਦੋਂ ਆਸ ਪਾਸ ਸਾਰੇ ਉਦਾਸ ਹੁੰਦੇ ਤਾਂ ਉਹ ਵੀ ਉਦਾਸ ਹੋ ਜਾਂਦੀ।
ਪਰ ਫਿਰ ਹੋਇਆ ਇਹ ਕਿ ਉਸਦੀ ਸਹੇਲੀ ਨੂੰ ਭੁੱਲ ਗਿਆ ਕਿ ਕਿਸ ਵੇਲੇ ਕੀ ਕਰਨਾ ਹੈ, ਉਹ ਭੰਬਲ-ਭੂਸਿਆਂ ਵਿਚ ਪੈ ਗਈ ਤੇ ਸੱਜੇ ਦੀ ਥਾਂ ਖੱਬੇ ਤੇ ਖੱਬੇ ਦੀ ਥਾਂ ਸੱਜੇ ਮੋਢੇ ਉਤੇ ਚੂੰਢੀਆਂ ਵੱਢਣ ਲੱਗੀ। ਦੁਲਹਨ ਹੱਸਣ ਲੱਗ ਪੈਂਦੀ ਜਦੋਂ ਆਸ-ਪਾਸ ਸਾਰੇ ਉਦਾਸ ਤੇ ਚੁੱਪ ਹੁੰਦੇ, ਤੇ ਹਉਂਕੇ ਭਰਨ ਲੱਗ ਪੈਂਦੀ ਜਦੋਂ ਬਾਕੀ ਸਾਰੇ ਖੁਸ਼ ਹੁੰਦੇ।
ਲਾੜੇ ਨੇ ਦੁਲਹਨ ਨੂੰ ਗਹੁ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਤੇ ਆਖਰ ਉਸਨੇ ਫੈਸਲਾ ਕੀਤਾ ਕਿ ਉਹ ਬਿਲਕੁਲ ਮੂਰਖ ਹੈ। ਉਸਨੇ ਜਿਸ ਰਾਹ ਉਹ ਆਈ, ਉਸੇ ਰਾਹ ਉਸਨੂੰ ਵਾਪਸ ਭੇਜ ਦਿੱਤਾ।
ਸੋ, ਸੱਚੇ ਲੇਖਕ ਨੂੰ ਬੋਲ਼ੀ ਦੁਲਹਨ ਵਾਂਗ ਸੱਜਿਉਂ ਖੱਬਿਉਂ ਚੂੰਢੀਆਂ ਦੀ ਲੋੜ ਨਹੀਂ ਹੋਣੀ ਚਾਹੀਦੀ। ਸਿਰਫ ਆਪਣੇ ਦਿਲ ਦੀ ਪੀੜ ਤੋਂ ਜਾਂ ਖੁਦ ਆਪਣੀ ਖੁਸ਼ੀ ਦੀ ਭਾਵਨਾ ਤੋਂ ਉਸਨੂੰ ਕਲਮ ਫੜਣ ਲਈ ਪਰੇਰੇ ਜਾਣਾ ਚਾਹੀਦਾ ਹੈ। ਉਹ ਹਸਦਾ ਹੈ, ਇਸ ਲਈ ਨਹੀਂ ਕਿ ਬਾਕੀ ਦੇ ਲੋਕ ਹੱਸ ਰਹੇ ਹੁੰਦੇ ਨੇ, ਤੇ ਉਸਨੂੰ ਉਹਨਾਂ ਦੇ ਅਨੁਕੂਲ ਆਪਣੇ ਆਪ ਨੂੰ ਢਾਲਣ ਦੀ ਲੋੜ ਮਹਿਸੂਸ ਹੁੰਦੀ ਹੈ; ਉਹ ਉਦਾਸ ਮਹਿਸੂਸ ਕਰਦਾ ਹੈ, ਇਸ ਲਈ ਨਹੀਂ ਕਿ ਉਸਨੂੰ ਦੂਜਿਆਂ ਦਾ ਦੁੱਖ ਵੰਡਾਉਣ ਦੀ ਲੋੜ ਮਹਿਸੂਸ ਹੁੰਦੀ ਹੈ। ਨਹੀਂ, ਸਗੋਂ ਉਹ ਹੈ ਜਿਸਨੂੰ ਵਿਆਹ ਵਿਚ ਮਾਹੌਲ ਪੈਦਾ ਕਰਨਾ ਚਾਹੀਦਾ ਹੈ। ਆਸ-ਪਾਸ ਦੇ ਸਾਰੇ ਲੋਕ ਖੁਸ਼ੀ ਮਹਿਸੂਸ ਕਰਨ ਜਦੋਂ ਕਵੀ ਹੱਸਦਾ ਹੈ। ਦਰਦ ਸਾਰਿਆਂ ਦੇ ਦਿਲਾਂ ਨੂੰ ਆ ਦਬਾਏ, ਜਦੋਂ ਕਵੀ ਆਪਣੇ ਦਿਲ ਦੇ ਦਰਦ ਦੀ ਗੱਲ ਕਰਦਾ ਹੈ।
ਮੇਰੇ ਨਾਲ ਵਾਪਰੀ ਹੇਠਲੀ ਘਟਣਾ ਤੋਂ ਉਹਨਾਂ ਸਾਰਿਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ। ਜਿਹੜੇ ਮੇਰੇ ਨਾਲ ਸਹਿਮਤ ਨਹੀਂ ਤੇ ਅਜੇ ਤੱਕ ਸਮਝਦੇ ਨੇ ਕਿ ਦੂਜਿਆਂ ਦੀਆਂ ਸੁਝਾਉਣੀਆਂ ਉਤੇ ਲਿਖਣਾ ਸੌਖਾ ਹੈ।
ਇਕ ਯਾਦ : ਉਦੋਂ ਮੈਂ ਖੂਨਜ਼ਾਮ ਗੜ੍ਹੀ ਵਿਚਲੇ ਪ੍ਰਾਇਮਰੀ ਸਕੂਲ ਦੀ ਦੂਜੀ ਜਮਾਤ ਵਿਚ ਪੜ੍ਹਦਾ ਸੀ। ਮੇਰੇ ਡੈਸਕ ਉਤੇ ਹੀ ਮੇਰੇ ਨਾਲ ਇਕ ਨੀਲੀਆਂ ਅੱਖਾਂ ਵਾਲੀ ਕੁੜੀ ਨੀਨਾ ਬੈਠਦੀ ਹੁੰਦੀ ਸੀ, ਜਿਹੜੀ ਰੂਸੀ ਦੀ ਅਧਿਆਪਕਾ ਦੀ ਧੀ ਸੀ। ਮੈਨੂੰ ਉਹ ਬੜੀ ਚੰਗੀ ਲਗਦੀ ਸੀ, ਪਰ ਉਸਨੂੰ ਇਹ ਗੱਲ ਦੱਸਣ ਦੀ ਮੇਰੀ ਹਿੰਮਤ ਨਹੀਂ ਸੀ ਪੈਂਦੀ। ਅਖੀਰ ਮੈਂ ਇਕ ਨੋਟ ਲਿਖ ਕੇ ਉਸਨੂੰ ਭੇਜਣ ਦਾ ਫੈਸਲਾ ਕੀਤਾ। ਇਹ ਵੀ ਕੋਈ ਸੌਖੀ ਗੱਲ ਨਹੀਂ ਸੀ ਕਿਉਂਕਿ ਉਦੋਂ ਮੈਂ ਰੂਸੀ ਵਿਚ ਇਕ ਲਫਜ਼ ਵੀ ਨਹੀਂ ਸਾਂ ਲਿਖ ਸਕਦਾ । ਮੈਂ ਆਪਣੇ ਇਕ ਦੋਸਤ ਨੂੰ ਮਦਦ ਲਈ ਕਿਹਾ। ਉਸਨੇ ਮੈਨੂੰ ਕੁਝ ਨਾ ਸਮਝ ਆਉਣ ਵਾਲੇ ਰੂਸੀ ਸ਼ਬਦ ਲਿਖਵਾਏ, ਜਿਹੜੇ ਮੈਂ ਰੂਸੀ ਲਿਪੀ ਵਿਚ ਲਿਖ ਲਏ। ਮੈਂ ਸਮਝਿਆ ਕਿ ਮੈਂ ਪਿਆਰ ਦੇ ਸੁੰਦਰ ਲਫਜ਼ ਲਿਖ ਰਿਹਾ ਹਾਂ, ਜਿਹੜੇ ਮੈਂ ਨੀਨਾ ਨੂੰ ਕਹਿਣਾ ਚਾਹੁੰਦਾ ਸੀ। ਕੰਬਦੇ ਹੱਥਾਂ ਨਾਲ ਮੈਂ ਉਹ ਨੋਟ ਉਸਨੂੰ ਫੜਾ ਦਿਤਾ। ਕੰਬਦੇ ਹੱਥਾਂ ਨਾਲ ਹੀ ਉਹ ਨੋਟ ਉਸਨੇ ਖੋਹਲਿਆ ਤੇ ਇਕਦਮ ਲਾਲ-ਸੂਹੀ ਹੋ ਗਈ ਤੇ ਜਮਾਤ ਵਿਚੋਂ ਨੱਠ ਗਈ । ਉਸਨੇ ਮੇਰੇ ਨਾਲ ਉਸੇ ਡੈਸਕ ਉਤੇ ਹੋਰ ਬੈਠਣ ਤੋਂ ਇਨਕਾਰ ਕਰ ਦਿਤਾ। ਮੈਨੂੰ ਪਤਾ ਲੱਗਾ ਕਿ ਮੇਰਾ ਸਾਰਾ ਨੋਟ ਘਟੀਆ, ਘਿਨਾਉਣੀ ਤਰ੍ਹਾਂ ਦੀਆਂ ਗੰਦੀਆਂ ਗੱਲਾਂ ਨਾਲ ਭਰਿਆ ਹੋਇਆ मी।
ਮੈਨੂੰ ਇਕ ਹੋਰ ਘਟਣਾ ਵੀ ਯਾਦ ਆਉਂਦੀ ਹੈ। ਮੈਂ ਉਦੋਂ ਸਾਹਿਤ ਦੇ ਇਨਸਟੀਚਿਊਟ ਵਿਚ ਪੜ੍ਹਦਾ ਸਾਂ ਤੇ ਨੀਨਾ ਅਧਿਆਪਕ ਸਿਖਲਾਈ ਦੇ ਲੈਨਿਨ ਇਨਸਟੀਚਿਊਟ ਵਿਚ ਪੜ੍ਹ ਰਹੀ ਸੀ। ਇਕ ਦਿਨ ਦਸੰਬਰ ਵਿੱਚ ਉਸਨੇ ਮੈਨੂੰ ਆਪਣੇ ਘਰ ਆਉਣ ਦਾ ਸੱਦਾ ਦਿੱਤਾ। ਮੈਨੂੰ ਪਤਾ ਸੀ ਕਿ ਉਸ ਦਿਨ ਉਸਦਾ ਜਨਮ ਦਿਨ ਸੀ। ਬੇਸ਼ਕ, ਮੈਂ ਸੁਗਾਤਾਂ ਦਾ ਵੀ ਖਿਆਲ ਰੱਖਿਆ, ਪਰ ਮੈਨੂੰ ਲੱਗਾ ਕਿ ਵਧੇਰੇ ਚੰਗੀ ਸੁਗਾਤ ਇਹ ਹੋਵੇਗੀ ਕਿ ਮੈਂ ਇਸ ਦਿਨ ਉਤੇ ਇਕ ਕਵਿਤਾ ਲਿਖਾਂ, ਉਸਨੂੰ ਪੜ੍ਹ ਕੇ ਸੁਣਾਵਾਂ ਤੇ ਮਗਰੋਂ ਇਹ ਉਸਨੂੰ ਪੇਸ਼ ਕਰਾਂ।
ਸੋ, ਮੈਂ ਵਧਾਈ ਦੀ ਕਵਿਤਾ ਲਿਖੀ ਤੇ ਆਪਣੇ ਇਕ ਜਮਾਤੀ ਨੂੰ, ਜਿਹੜਾ ਆਪ ਵੀ ਇਕ ਨੌਜਵਾਨ ਕਵੀ ਸੀ, ਇਹ ਕਵਿਤਾ ਰੂਸੀ ਵਿਚ ਅਨੁਵਾਦਣ ਲਈ ਕਿਹਾ। ਸਾਰੀ ਰਾਤ ਮੇਰੇ ਸਾਥੀ ਨੇ ਅਨੁਵਾਦ ਉਤੇ ਲਾ ਦਿਤੀ, ਪਰ ਜਦੋਂ ਉਸਨੇ ਮੈਨੂੰ ਅਨੁਵਾਦ ਪੜ੍ਹਕੇ ਸੁਣਾਇਆ ਤਾਂ ਉਸ ਵਿਚ ਮੈਨੂੰ ਆਪਣੀ ਕਿਰਤ ਨਾ ਦਿਸੀ। ਜੋ ਕੁਝ ਮੈਂ ਸੁਣਿਆ, ਉਹ ਸੀ ਉਪਭਾਵਕ ਜਿਹਾ ਬਿਆਨ ਤੇ ਦੁਖਾਂਤਕ ਜਜ਼ਬਿਆਂ ਦਾ ਹੜ੍ਹ-ਇਕ ਐਸੀ ਚੀਜ਼ ਜਿਸਦਾ ਉਸ ਨਾਲ ਕੋਈ ਸੰਬੰਧ ਨਹੀਂ ਸੀ,
ਜੋ ਕੁਝ ਮੈਂ ਨੀਨਾ ਨੂੰ ਕਹਿਣਾ ਚਾਹੁੰਦਾ ਸਾਂ। ਐਤਕੀ ਮੈਨੂੰ ਮੂਰਖ ਬਨਾਉਣਾ ਮੁਸ਼ਕਲ ਸੀ, ਕਿਉਂਕਿ ਮੈਨੂੰ ਤਜਰਬਾ ਹੋ ਚੁੱਕਾ ਸੀ । ਇਸ ਲਈ ਮੈਂ ਕਿਹਾ :
“ਇਹ ਕਵਿਤਾ ਤੂੰ ਆਪਣੀ ਮਹਿਬੂਬ ਨੂੰ ਸੁਣਾਈਂ ਜਦੋਂ ਉਸਦਾ ਜਨਮ ਦਿਨ ਆਇਆ, ਕਿਉਂਕਿ ਇਹ ਤੇਰੀ ਕਵਿਤਾ ਹੈ, ਮੇਰੀ ਨਹੀਂ।”
ਵਿਸ਼ਿਆਂ ਬਾਰੇ ਕੁਝ ਹੋਰ : ਵਿਸ਼ਾ ਸਤਹ ਉਤੇ ਨਹੀਂ ਤਰਦਾ, ਜਿਵੇਂ ਸੁੱਤੀ ਮੱਛੀ ਤਰਦੀ ਹੈ। ਇਹ ਡੂੰਘਾਣਾਂ ਵਿਚ ਮਿਲਦਾ ਹੈ, ਜਿਥੇ ਰੌਂ ਤੇਜ਼ ਤੇ ਪਾਣੀ ਨਿਰਮਲ ਹੁੰਦਾ ਹੈ। ਉਥੇ ਹੇਠਾਂ ਇਹ ਤੁਹਾਨੂੰ ਲੱਭਣਾ ਚਾਹੀਦਾ ਹੈ; ਆਬਸ਼ਾਰ ਦੇ ਹੇਠਾਂ, ਘੁੰਮਣ-ਘੇਰੀ ਵਿਚੋਂ ਕੱਢ ਲਿਆਉਣ ਦੇ ਯੋਗ ਹੋਣਾ ਚਾਹੀਦਾ ਹੈ। ਕੀ ਲੰਮੀਂ ਤੇ ਹੱਡ-ਭੰਨਵੀਂ ਮਿਹਨਤ ਪਿਛੋਂ ਕਮਾਏ ਪੈਸੇ ਦੀ ਤੇ ਰਾਹ ਜਾਂਦਿਆਂ ਲੱਭੇ ਸਿੱਕੇ ਦੀ ਇਕੋ ਕੀਮਤ ਹੋ ਸਕਦੀ ਹੈ ?
ਪਰਬਤਵਾਸੀ ਕਿਹਾ ਕਰਦੇ ਨੇ ਕਿ ਕਿੰਨੇਂ ਸਾਰੇ ਜੰਗਲੀ ਜਾਨਵਰ ਫੜੇ ਜਾ ਸਕਦੇ ਨੇ, ਪਰ ਉਹ ਸਾਰੇ ਗਿੱਦੜ ਜਾਂ ਸਹੇ ਹੋਣਗੇ। ਇਕੋ ਜੰਗਲੀ ਜਾਨਵਰ ਫੜਨਾ ਵਧੇਰੇ ਚੰਗਾ ਹੈ, ਇਹ ਭਾਵੇਂ ਲੂੰਬੜੀ ਹੀ ਕਿਉਂ ਨਾ ਹੋਵੇ। ਇਹ ਕਦੀ ਨਹੀਂ ਕਿਹਾ ਜਾ ਸਕਦਾ ਕਿ ਉਸਨੂੰ ਕਿਥੇ ਫੜਿਆ ਜਾ ਸਕਦਾ ਹੈ। ਇਹ ਜ਼ਰੂਰੀ ਨਹੀਂ ਕਿ ਸਭ ਤੋਂ ਚੰਗਾ ਸ਼ਿਕਾਰ ਸਭ ਤੋਂ ਦੂਰ ਕਿਸੇ ਖੱਡ ਵਿਚ ਹੀ ਮਿਲੇ।
ਇਕ ਸ਼ਿਕਾਰੀ ਸਾਰੀ ਉਮਰ ਸਲੇਟੀ ਲੂੰਬੜੀ ਫੜਣ ਦੇ ਸੁਪਨੇ ਲੈਂਦਾ ਰਿਹਾ। ਉਸਨੇ ਆਪਣੀ ਸਾਰੀ ਜ਼ਿੰਦਗੀ ਇਸ ਤਰ੍ਹਾਂ ਦੀ ਲੂੰਬੜੀ ਦੀ ਢੂੰਡ ਵਿਚ ਪਹਾੜ ਕੱਛਦਿਆਂ ਲੰਘਾ ਦਿਤੀ। ਜਿਉਂ ਜਿਉਂ ਉਹ ਬੁੱਢਾ ਹੋਈ ਜਾਂਦਾ ਸੀ, ਉਸ ਲਈ ਦੂਰ-ਦੁਰਾਡੇ ਦੀਆਂ ਥਾਵਾਂ ਤੱਕ ਪੁੱਜਣਾਂ ਹੋਰ ਮੁਸ਼ਕਲ ਹੁੰਦਾ ਜਾ ਰਿਹਾ ਸੀ, ਸੋ ਉਸਨੇ ਨੇੜੇ-ਤੇੜੇ ਦੀਆਂ ਖੱਡਾਂ ਵਿਚ, ਆਪਣੇ ਸਕਲੀਆ ਦੇ ਆਸ-ਪਾਸ ਹੀ ਦੇਖਣਾ ਸ਼ੁਰੂ ਕਰ ਦਿਤਾ। ਤੇ ਜ਼ਰਾ ਸੋਚੋ, ਉਸਨੂੰ ਉਥੇ ਸੁੰਦਰ ਸਲੇਟੀ ਲੂੰਬੜੀ ਮਿਲ ਗਈ।
“ਹੁਣ ਤੱਕ ਤੂੰ ਕਿਥੇ ਲੁਕੀ ਰਹੀ ਹੈਂ ?” ਸ਼ਿਕਾਰੀ ਨੇ ਲੂੰਬੜੀ ਨੂੰ ਪੁੱਛਿਆ। “ਮੈਂ ਸਾਰੀ ਉਮਰ ਤੈਨੂੰ ਟੋਲਦਾ ਰਿਹਾ ਹਾਂ।”
“ਮੈਂ ਹਮੇਸ਼ਾ ਹੀ ਇਥੇ ਰਹੀ ਹਾਂ”, ਲੂੰਬੜੀ ਨੇ ਜਵਾਬ ਦਿਤਾ। “ਤੈਨੂੰ ਨਹੀਂ ਪਤਾ ਕਿ ਇਹੋ ਜਿਹੀ ਢੂੰਡ ਉਤੇ, ਹੋ ਸਕਦਾ ਹੈ, ਤੂੰ ਸਾਰੀ ਉਮਰ ਲਾ ਦੇਵੇਂ, ਪਰ ਇਸਨੂੰ ਪਾਉਣ ਦਾ ਸਿਰਫ ਇਕੋ ਦਿਨ, ਸਗੋਂ ਇਕ ਪਲ ਹੁੰਦਾ ਹੈ ?”
ਸਚਮੁਚ, ਲੇਖਕ ਕੋਲ ਉਹ ਇਕ ਦਿਨ ਹੁੰਦਾ ਹੈ ਜਦੋਂ ਉਹ ਆਪਣੇ ਆਪ ਨੂੰ ਪਾ ਲੈਂਦਾ ਹੈ ਤੇ ਆਪਣਾ ਮੁਖ ਵਿਸ਼ਾ ਭਰ ਲੈਂਦਾ ਹੈ, ਉਹ ਵਿਸ਼ਾ ਜਿਹੜਾ ਉਸਨੂੰ ਫਿਰ ਕਦੀ ਨਹੀਂ ਛੱਡਣਾ ਚਾਹੀਦਾ। ਜੇ ਉਹ ਛੱਡੇਗਾ, ਤਾਂ ਉਸਦਾ ਉਹੀ ਹਸ਼ਰ ਹੋਵੇਗਾ ਜਿਹੜਾ ਕਦੀ ਮੇਰੇ ਇਕ ਦੋਸਤ ਦਾ ਹੋਇਆ ਸੀ।
ਸੋ, ਆਪਣੇ ਦੋਸਤ ਦੇ ਲਿਖੇ ਨਾਟਕ ਬਾਰੇ : ਕਿਸੇ ਦਾਗਿਸਤਾਨੀ ਲੇਖਕ ਨੇ ਇਕ ਵਾਰੀ ਸਾਂਝੇ ਫਾਰਮ ਵਿਚਲੇ ਜੀਵਨ ਬਾਰੇ ਇਕ ਨਾਟਕ ਲਿਖਿਆ। ਵਿਸ਼ੇ ਦੀ ਮਹੱਤਤਾ ਦੇ ਬਾਵਜੂਦ, ਜਿਸ ਥੇਟਰ ਨੂੰ ਉਸਨੇ ਇਹ ਨਾਟਕ ਭੇਜਿਆ, ਉਸਨੇ ਬੇਹੱਦ ਨਿਗੂਣਾ ਕਾਰਨ ਦੱਸ ਕੇ ਨਾਟਕ ਰੱਦ ਕਰ ਦਿਤਾ : ਉਹਨਾਂ ਨੂੰ ਨਾਟਕ ਦਿਲਚਸਪ ਨਹੀਂ ਸੀ ਲੱਗਾ।
ਹੋਰ ਕਿਸੇ ਲੇਖਕ ਨੂੰ, ਹੋ ਸਕਦਾ ਹੈ, ਇਸ ਤਰ੍ਹਾਂ ਦਾ ਕਾਰਨ ਕਾਫੀ ਲੱਗੇ, ਪਰ ਮੇਰੇ ਦੋਸਤ ਲਈ ਇਹ ਕਾਫੀ ਨਹੀਂ ਸੀ। ਉਸਨੂੰ ਗ਼ੁੱਸਾ ਆ ਗਿਆ ਤੇ ਉਸਨੇ ਸੰਬੰਧਤ ਅਦਾਰੇ ਨੂੰ ਚਿੱਠੀ ਲਿਖ ਦਿਤੀ, ਜਿਸਦੇ ਸਿੱਟੇ ਵਜੋਂ ਮਸਲੇ ਦੀ ਪੜਤਾਲ ਕਰਨ ਲਈ ਤੇ ਯੋਗ ਕਦਮ ਚੁੱਕਣ ਲਈ ਇਕ ਕਮਿਸ਼ਨ ਕਾਇਮ ਕਰ ਦਿਤਾ ਗਿਆ। ਪੜਤਾਲ ਤੋਂ ਹੇਠਲੀ ਚੀਜ਼ ਦਾ ਪਤਾ ਲੱਗਾ : ਨਾਟਕ ਦੋ ਫਾਰਮ ਟੀਮਾਂ ਬਾਰੇ ਸੀ ਜਿਹੜੀਆਂ ਖੁਸ਼ੀ ਭਰੇ ਗੀਤ ਗਾਉਂਦੀਆਂ ਹੋਈਆਂ ਕਣਕ ਦਾ ਭਰਪੂਰ ਝਾੜ ਪ੍ਰਾਪਤ ਕਰਨ ਲਈ ਸੋਸ਼ਲਿਸਟ ਮੁਕਾਬਲੇ ਵਿਚ ਜੁੱਟੀਆਂ ਹੋਈਆਂ ਸਨ।
ਨਾਟਕ ਦਾ ਪਲਾਟ ਸ਼ਾਇਦ ਪੂਰੀ ਤਰ੍ਹਾਂ ਕਮਿਸ਼ਨ ਦੀ ਪਸੰਦ ਦੇ ਮੁਤਾਬਕ ਹੁੰਦਾ ਤੇ ਨਾਟਕ ਸਾਮ੍ਹਣੇ ਕੋਈ ਅੜਿੱਚਣ ਨਾ ਆਉਂਦੀ ਜੇ ਇਕ ਗੱਲ ਨਾ ਵਾਪਰ ਜਾਂਦੀ : ਜਦੋਂ ਤੱਕ ਇਸਦਾ ਰੀਵੀਊ ਕੀਤਾ ਗਿਆ, ਇਹ ਫੈਸਲਾ ਉਪਰੋਂ ਆ ਗਿਆ ਕਿ ਕਣਕ ਦੀ ਥਾਂ ਕੂਮੀਕ ਸਟੇਪੀਜ਼ ਵਿਚ ਕਪਾਹ ਬੀਜੀ ਜਾਇਆ ਕਰੇ।
ਕਿਉਂਕਿ ਨਾਟਕ ਵਿਚਲੀਆਂ ਦੋ ਖੁਸ਼ ਟੀਮਾਂ ਕੂਮੀਕ ਸਟੇਪੀਜ਼ ਵਿਚ ਕਣਕ ਦੀ ਫਸਲ ਕੱਟਣ ਵਿਚ ਰੁਝੀਆਂ ਹੋਈਆਂ ਸਨ, ਇਸ ਲਈ “ਕਪਾਹ ਉਗਾਉਣ” ਦੀਆਂ ਹਾਲਤਾਂ ਵਿਚ “ਕਣਕ ਦਾ ਵਿਸ਼ਾ” ਬਿਲਕੁਲ ਕੁਥਾਵੇਂ ਹੁੰਦਾ। ਨਾਟਕਕਾਰ ਨੇ ਇਕਦਮ ਪਲਾਟ ਬਦਲਣਾ ਸ਼ੁਰੂ ਕਰ ਦਿਤਾ, ਤੇ ਜਦੋਂ ਨੂੰ ਨਵੀਂ ਬੀਜੀ ਕਪਾਹ ਖਿੜਣ ਜੋਗੀ ਹੋਈ, ਨਵਾਂ ਨਾਟਕ ਤਿਆਰ ਹੋ ਚੁੱਕਾ ਸੀ। ਪਰ, ਜਦੋਂ ਨਾਟਕ ਦੇ ਨਵੇਂ ਰੂਪ ਉਤੇ ਵਿਚਾਰ ਕੀਤੀ ਜਾ ਰਹੀ ਸੀ, ਤਾਂ ਹਾਲਾਤ ਨੇ ਇਕ ਹੋਰ ਮੋੜਾ ਖਾਧਾ : ਇਹ ਫੈਸਲਾ ਕੀਤਾ ਗਿਆ ਕਿ ਕੁਮੀਕ ਸਟੇਪੀਜ਼ ਲਈ ਕਪਾਹ ਕਣਕ ਨਾਲੋਂ ਵੀ ਘੱਟ ਸੂਤ ਬਹਿੰਦੀ ਹੈ; ਮਕਈ ਸਭ ਤੋਂ ਚੰਗੀ ਫਸਲ ਹੋਵੇਗੀ।
ਮਿਹਨਤੀ ਨਾਟਕਕਾਰ ਫਿਰ ਕਹਾਣੀ ਨੂੰ ਅਨੁਕੂਲਣ ਉਤੇ ਲੱਗ ਪਿਆ। ਮੈਨੂੰ ਨਹੀਂ ਪਤਾ ਕਿ ਅੰਤ ਕੀ ਹੁੰਦਾ, ਪਰ ਥੇਟਰ ਨੂੰ ਅੱਗ ਲੱਗ ਗਈ। ਆਪਣੀਆਂ ਹਾਰਾਂ ਉਪਰ ਗ਼ੁੱਸਾ ਖਾਂਦਾ ਹੋਇਆ, ਮੇਰਾ ਜਾਣੂ ਦਰਿਆ ਦੇ ਡੂੰਘੇ ਕੰਢੇ ਉਤੇ ਗਿਆ ਤੇ ਬਦਕਿਸਮਤ ਹਥਲਿਖਤ ਨੂੰ ਤੇਜ਼ ਧਾਰਾ ਵਿਚ ਵਗਾਹ ਮਾਰਿਆ। ਉਸਨੂੰ ਨਾਟਕ ਬਾਰੇ ਕੋਈ ਅਫਸੋਸ ਨਾ ਹੋਇਆ।
ਮੇਰਾ ਖਿਆਲ ਹੈ ਕਿ ਮੈਂ ਤੁਹਾਨੂੰ ਇਕ ਹੋਰ ਨਾਟਕ ਦੀ ਕਹਾਣੀ ਸੁਣਾਵਾਂ, ਜਿਹੜਾ ਇਕ ਰੂਸੀ ਨੇ ਲਿਖਿਆ ਸੀ-“ਜੋਸ਼ੀਲੇ ਲੋਕ।” ਇਸ ਵਾਰ ਨਾਟਕ ਦਾ ਕਪਾਹ ਜਾਂ ਕਣਕ ਨਾਲ ਕੋਈ ਸੰਬੰਧ ਨਹੀਂ ਸੀ, ਸਗੋਂ ਇਹ ਮਛੇਰਿਆਂ ਬਾਰੇ ਸੀ। ਵੈਸੇ ਏਨੇ ਮਛੇਰਿਆਂ ਬਾਰੇ ਵੀ ਨਹੀਂ; ਇਹ ਇਸ ਪ੍ਰਕਾਰ ਸੀ।
ਇਕ ਮੁਹਿੰਮ ਚਲਾਈ ਜਾਂਦੀ ਹੈ ਕਿ ਪਰਬਤਵਾਸੀ ਆਪਣੀਆਂ ਸਦੀਆਂ ਪੁਰਾਣੀਆਂ ਆਊਲਾਂ ਛੱਡ ਕੇ ਹੇਠਾਂ ਮੈਦਾਨਾਂ ਵਿਚ, ਤੱਟ-ਵਰਤੀ ਇਲਾਕਿਆਂ ਵਿਚ ਜਾ ਰਹਿਣ। ਅਸੀਂ ਇਸ ਜਟਿਲ ਸਮੱਸਿਆ ਦੇ ਵਿਸਥਾਰ ਵਿਚ ਨਹੀਂ ਜਾਵਾਂਗੇ, ਹਕੀਕਤ ਇਹ ਹੈ ਕਿ ਇਹੋ ਜਿਹੇ ਮੁੜ-ਵਸਾਏ ਪਰਬਤਵਾਸੀ, ਜਿਹੜੇ ਸਦੀਆਂ ਤੋਂ ਭੇਡਾਂ-ਪਾਲਣ ਉਤੇ ਲੱਗੇ ਹੋਏ ਸਨ, ਕਦੀ ਕਦੀ ਆਪਣੀਆਂ ਨਵੀਆਂ ਹਾਲਤਾਂ ਵਿਚ ਮਛੇਰੇ ਬਣ ਜਾਂਦੇ ਹਨ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਕਿਉਂ ਇਕ ਮਾੜਾ ਮਛੇਰਾ ਚੰਗੇ ਭੇਡ-ਪਾਲਕ ਨਾਲੋਂ ਚੰਗਾ ਹੈ—ਪਰ ਇਹ ਸਿੱਧ ਕਰਨਾ ਮੇਰਾ ਕੰਮ ਨਹੀਂ। ਪਰ ਨਾਟਕ ਵਿਚ ਅਸੀਂ ਦੇਖਦੇ ਹਾਂ ਕਿ ਦੂਰ-ਦੁਰਾਡੇ ਦੀ ਆਉਲ ਦੇ ਭੂਤ- ਪੂਰਵ ਵਾਸੀ ਕਿਵੇਂ ਕੈਸਪੀਅਨ ਸਾਗਰ ਦੇ ਮਛੇਰੇ ਬਣ ਜਾਂਦੇ ਹਨ।
ਕਿਉਂਕਿ ਨਾਟਕ ਦੇ ਪਾਤਰ ਸਾਰੇ ਅਵਾਰ ਸਨ, ਇਸ ਲਈ ਨਾਟਕਕਾਰ ਨੇ ਆਪਣੀ ਕਿਰਤ ਅਵਾਰ ਥੇਟਰ ਨੂੰ ਪੇਸ਼ ਕੀਤੀ, ਜਿਸਨੇ ਕਿ ਝਟਪਟ ਹੀ ਇਸਨੂੰ ਰੱਦ ਕਰ ਦਿੱਤਾ।
ਨਾਟਕਕਾਰ ਕੀ ਕਰਦਾ? ਹੋਰ ਕੋਈ ਵੀ ਹੁੰਦਾ ਤਾਂ ਪਰੇਸ਼ਾਨੀ ਵਿਚ ਪੈ ਜਾਂਦਾ, ਦਿਲ ਢਾਹ ਲੈਂਦਾ, ਪਰ ਜਿਵੇਂ ਕਿ ਸਾਨੂੰ ਸ਼ਤਰੰਜ ਤੋਂ ਪਤਾ ਹੈ, ਮਿਸਾਲ ਵਜੋਂ ਜਦੋਂ ਕਾਲੇ ਗੁੱਠੇ ਲੱਗੇ ਹੋਣ ਤਾਂ ਉਹ ਆਪਣਾ ਘੋੜਾ ਚਲਾ ਸਕਦੇ ਹਨ- ਇਕ ਸਾਦੀ ਜਿਹੀ ਚਾਲ, ਪਰ ਅਕਸਰ ਏਨੀਂ ਕਾਰਗਰ ਕਿ ਹੁਣ ਚਿੱਟਿਆਂ ਨੂੰ ਆਪਣੀ ਰਾਖੀ ਕਰਨੀ ਪੈ ਜਾਂਦੀ ਹੈ, ਪਿੱਛੇ ਹਟਣਾ ਪੈਂਦਾ ਹੈ, ਇਸ ਤੋਂ ਪਹਿਲਾਂ ਕਿ ਸਮਾਂ ਹੱਥੋਂ ਨਿਕਲ ਜਾਏ।
ਇਸ ਤਰ੍ਹਾਂ ਦੀ ਸਾਦੀ ਜਿਹੀ ਚਾਲ ਸੀ ਜਿਹੜੀ “ਜੋਸ਼ੀਲੇ ਲੋਕ” ਦੇ ਲੇਖਕ ਨੂੰ ਸੁਝੀ। ਉਸਨੇ ਜਲਦੀ ਨਾਲ ਸਾਰੇ ਅਵਾਰ ਨਾਂ ਕੂਮੀਕ ਨਾਵਾਂ ਵਿਚ ਬਦਲ ਦਿੱਤੇ ਤੇ ਨਾਟਕ ਕੂਮੀਕ ਥੇਟਰ ਨੂੰ ਪੇਸ਼ ਕਰ ਦਿੱਤਾ। ਇਸ ਨਾਲ ਕੋਈ ਫਰਕ ਨਾ ਪਿਆ ਕਿਉਂਕਿ ਕੂਮੀਕ ਥੇਟਰ ਨੇ ਵੀ ਪਹਾੜੀ ਗਡਰੀਏ ਦੇ ਮਾਹੀਗੀਰ ਬਣਨ ਬਾਰੇ ਨਾਟਕ ਖੇਡਣ ਤੋਂ ਇਨਕਾਰ ਕਰ ਦਿੱਤਾ।
ਕਿਉਂਕਿ ਦਾਗਿਸਤਾਨ ਵਿਚ ਕਈ ਕੌਮੀਅਤਾਂ ਵਸਦੀਆਂ ਨੇ, ਇਸ ਲਈ ਕਹਾਣੀ ਵਿਚਲੇ ਪਾਤਰ ਦਾਰਸ਼ਿਨ ਬਣੇ, ਫਿਰ ਲੇਜ਼ਗਿਨ ਬਣੇ, ਪਰ ਉਹ ਚੰਗੇ ਮਛੇਰੇ ਨਾ ਬਣ ਸਕੇ । ਸਾਰੀ ਹਾਲਤ ਉਸ ਭੁੱਖੇ ਕੁੱਤੇ ਬਾਰੇ ਯਾਦ ਕਰਾਉਂਦੀ ਸੀ ਜਿਸਨੂੰ ਘਰ ਵਿਚੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਘਰ ਵਿਚ ਕੁਝ ਖਾਣ ਨੂੰ ਨਹੀਂ ਸੀ; ਜਿਸਨੇ ਕਈ ਘਰਾਂ ਦਾ ਚੱਕਰ ਲਾਇਆ ਪਰ ਉਸਨੂੰ ਕਿਸੇ ਨੇ ਇਕ ਹੱਡੀ ਵੀ ਨਾ ਪਾਈ।
ਕਈ ਸਾਲ ਮਗਰੋਂ ਨਾਟਕਕਾਰ ਸਾਹਿਤ ਦੇ ਉਚੇਰੇ ਕੋਰਸ ਦਾ ਅਧਿਅਨ ਕਰਨ ਲਈ ਮਾਸਕੋ ਚਲਾ ਗਿਆ । ਮਾਖਾਚ-ਕਲਾ ਤੱਕ ਇਸ ਤਰ੍ਹਾਂ ਦੀਆਂ ਅਫਵਾਹਾਂ ਪੁੱਜੀਆਂ ਕਿ ਉਸਦੇ ਮਛੇਰੇ ਬਦਲ ਕੇ ਟੱਪਰੀਵਾਸ ਬਣ ਗਏ ਹਨ। ਮਾਸਕੋ ਦੇ ਟੱਪੀਰਵਾਸਾਂ ਦੇ ਥੇਟਰ “ਰੋਮੇਨ” ਨੇ ਨਾਟਕ ਵਿਚ ਦਿਲਚਸਪੀ ਦਿਖਾਈ। ਲੰਗੜੀ ਕੁੜੀ ਨੂੰ ਆਖਰ ਘਰ ਵਾਲਾ ਮਿਲ ਗਿਆ । ਵੈਸੇ ਇਹ ਵਿਆਹ ਵੀ ਕੋਈ ਬਹੁਤੀ ਦੇਰ ਨਾ ਚਲਿਆ।
ਸੋ ਦੇਖਿਆ, ਮੈਂ ਆਪਣੇ ਜਾਣੂ ਲੇਖਕਾਂ ਦੇ ਦੋ ਨਾਟਕਾਂ ਨੂੰ ਇਕੋ ਵੇਲੇ ਨਿੰਦ ਦਿਤਾ ਹੈ। ਜੇ ਮੈਂ ਲੇਖਕ ਕਾਨਫਰੰਸ ਦੇ ਮੰਚ ਉਤੇ ਹੁੰਦਾ, ਤਾਂ ਮੈਨੂੰ ਕਦੇ ਦੇ ਬੋਲੇ ਸੁਣਾਈ ਦੇ ਰਹੇ ਹੁੰਦੇ; “ਤੂੰ ਆਪਣੇ ਬਾਰੇ ਦੱਸ! ਕੁਝ ਸਵੈ-ਆਲੋਚਨਾ ਵੀ ਕਰ।” ਆਪਣੇ ਬਾਰੇ ਮੈਂ ਕੀ ਕਹਿ ਸਕਦਾ ਹਾਂ ? ਮੈਨੂੰ ਯਕੀਨਨ ਖੁਸ਼ੀ ਹੁੰਦੀ ਜੇ ਮੈਂ ਇਸ ਵੇਲੇ ਉਸ ਤਰ੍ਹਾਂ ਦੀਆਂ ਲੇਖਕਾਂ ਵਾਲੀਆਂ ਵਧੀਕੀਆਂ ਦਾ ਇਕਬਾਲ ਕਰ ਸਕਦਾ, ਜਿਸ ਤਰ੍ਹਾਂ ਦੀਆਂ ਬਾਰੇ ਮੈਂ ਹੁਣੇ ਦੱਸਿਆ ਹੈ। ਪਰ ਮੈਂ ਆਪਣੇ ਅੰਦਰ ਇਕ ਐਸੇ ਗੁਨਾਹ ਦਾ ਭਾਰ ਸੰਭਾਲੀ ਬੈਠਾ ਹਾਂ ਜਿਸਦੇ ਮੁਕਾਬਲੇ ਉਤੇ “ਮਕਈ”, “ਕਪਾਹ” ਤੇ “ਮਛਲੀ” ਦੇ ਮਜ਼ਮੂਨ ਨਿਗੂਣੇ ਜਿਹੇ ਜਾਪਣ ਲੱਗ ਪੈਂਦੇ ਨੇ, ਸਿਰਫ ਬੱਚਿਆਂ ਦੀ ਖੇਡ ਲਗਦੇ ਨੇ । ਆਪਣੀ ਜਵਾਨੀ ਵਿਚ ਮੈਂ ਇਕ ਵਾਰੀ ਐਸਾ ਵਿਹਾਰ ਕੀਤਾ ਸੀ ਜਿਸ ਬਾਰੇ ਮੈਂ ਅੱਜ ਤੱਕ ਸ਼ਰਮਿੰਦਾ ਹਾਂ।
ਇਸ ਵਿਚਾਰ ਲਈ ਮੇਰੇ ਦੋਸਤ ਮੈਨੂੰ ਮੁੜ ਮੁੜ ਕੇ ਤੇ ਬਿਨਾਂ ਲਿਹਾਜ ਦੇ ਚੰਗਾ-ਮੰਦਾ ਕਹਿੰਦੇ ਰਹੇ ਨੇ, ਤੇ ਇਹ ਮੇਰੇ ਲਈ ਸਜ਼ਾ ਸੀ। ਪਰ ਮੇਰੀ ਵੱਡੀ ਸਜ਼ਾ ਮੇਰੇ ਅੰਦਰ ਹੈ; ਹੋਰ ਕੋਈ ਵੀ ਮੈਨੂੰ ਇਸ ਤੋਂ ਵਡੇਰੀ ਸਜ਼ਾ ਨਹੀਂ ਸੀ ਦੇ ਸਕਦਾ। ਪਿਤਾ ਜੀ ਕਿਹਾ ਕਰਦੇ ਸਨ : “ਜੇ ਤੁਸੀਂ ਅਸਾਊ ਜਾਂ ਸ਼ਰਮਨਾਕ ਵਿਹਾਰ ਕਰੋਗੇ, ਤਾਂ ਤੁਸੀਂ ਇਸਨੂੰ ਮੋੜ ਨਹੀਂ ਸਕਦੇ, ਭਾਵੇਂ ਇਸ ਲਈ ਤੁਸੀਂ ਕਿੰਨੀ ਵੀ ਤੀਬਰਤਾ ਨਾਲ ਦੁਆਵਾਂ ਕਰੋ।”
ਪਿਤਾ ਜੀ ਇਹ ਵੀ ਕਿਹਾ ਕਰਦੇ ਸਨ : “ਜਿਹੜਾ ਆਦਮੀ ਸ਼ਰਮਨਾਕ ਵਿਹਾਰ ਕਰਦਾ ਹੈ ਤੇ ਫਿਰ ਕਈ ਸਾਲ ਮਗਰੋਂ ਉਸ ਬਾਰੇ ਪਛਤਾਉਣਾ ਸ਼ੁਰੂ ਕਰਦਾ ਹੈ, ਉਹ ਉਸ ਬੰਦੇ ਵਾਂਗ ਹੈ ਜਿਹੜਾ ਪੁਰਾਣਾ ਕਰਜ਼ਾ ਰੱਦ ਕੀਤੇ ਜਾ ਚੁੱਕੇ ਨੋਟਾਂ ਵਿਚ ਅਦਾ ਕਰਨਾ ਚਾਹੁੰਦਾ ਹੈ।”
ਤੇ ਪਿਤਾ ਜੀ ਇਹ ਵੀ ਕਿਹਾ ਕਰਦੇ ਸਨ : “ਜੇ ਤੁਸੀਂ ਬੁਰਾਈ ਨੂੰ ਖੁਲ੍ਹਿਆਂ ਛੱਡ ਦੇਂਦੇ ਹੋ ਤੇ ਆਪਣੀ ਸਕਲੀਆ ਤੋਂ ਨਿਕਲ ਜਾਣ ਦੇਂਦੇ ਹੋ, ਤਾਂ ਉਸ ਥਾਂ ਨੂੰ ਕੁੱਟਣ ਦਾ ਕੀ ਫਾਇਦਾ ਜਿਥੇ ਇਹ ਬੈਠੀ ਹੋਈ ਸੀ ?
“ਬਲਦਾਂ ਦੇ ਚੋਰੀ ਹੋਣ ਪਿਛੋਂ ਦਰਵਾਜ਼ੇ ਨੂੰ ਭਾਰਾ ਜਿਹਾ ਜੰਦਰਾ ਲਾਉਣ ਦਾ ਕੀ ਲਾਭ ?”
ਇਹ ਸਭ ਕੁਝ ਠੀਕ ਹੈ, ਤੇ ਮੈਨੂੰ ਪਤਾ ਹੈ ਕਿ ਘਟਣਾ ਤੋਂ ਪਿਛੋਂ ਸਿਆਣੇ ਬਣਨ ਦਾ ਕੋਈ ਲਾਭ ਨਹੀਂ। ਮੇਰੇ ਪਾਠਕ ਕਦੀ ਕਦੀ ਮੈਨੂੰ ਲਿਖਦੇ ਹਨ ਤੇ ਐਸੀਆਂ ਚੀਜ਼ਾਂ ਬਾਰੇ ਯਾਦ ਕਰਾਉਂਦੇ ਹਨ ਜਿਹੜੀਆਂ ਫਿਰ ਮੇਰਾ ਜ਼ਖ਼ਮ ਕੁਰੇਦ ਦੇਂਦੀਆਂ ਹਨ। ਉਹ ਮੇਰੀ ਬਾਰੀ ਉਤੇ ਪੱਥਰ ਸੁੱਟਦੇ ਤੇ ਇਹ ਕਹਿੰਦੇ ਲਗਦੇ ਨੇ :
“ਜ਼ਰਾ ਬਾਹਰ ਝਾਤੀ ਮਾਰ ਤੇ ਆਪਣਾ ਮੂੰਹ ਦਿਖਾ, ਰਸੂਲ ਹਮਜ਼ਾਤੋਵ ਸਾਨੂੰ, ਆਪਣੇ ਪਾਠਕਾਂ ਨੂੰ, ਦਸ ਕਿ ਇਹ ਸਾਰਾ ਕੁਝ ਕਿਵੇਂ ਤੇ ਕਿਉਂ ਵਾਪਰਿਆ ?” “ਮੈਂ ਤੁਹਾਨੂੰ ਕਾਹਦੇ ਬਾਰੇ ਦੱਸਾਂ?”
“ਤੈਨੂੰ ਯਾਦ ਨਹੀਂ ? ੧੯੫੧ ਵਿਚ ਤੂੰ ਸ਼ਾਮਿਲ* ਉਤੇ ਚਿੱਕੜ ਉਂਛਾਲਦੀ ਕਵਿਤਾ ਲਿਖੀ ਸੀ, ਪਰ ੧੯੬੧ ਵਿਚ ਤੂੰ ਉਸਦੇ ਸੋਹਲੇ ਗਾਉਂਦੀ ਕਵਿਤਾ ਲਿਖੀ। ਦੋਵੇਂ ਵਾਰੀ ਲਿਖਣ ਵਾਲੇ ਦਾ ਨਾਂ ਰਸੂਲ ਹਮਜ਼ਾਤੋਵ ਹੀ ਸੀ, ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕੀ ਇਹ ਇਕੋ ਹੀ ਰਸੂਲ ਸੀ ਜਾਂ ਦੋ ਵੱਖੋ ਵੱਖਰੇ ਰਸੂਲ ਸਨ ? ਉਹਨਾਂ ਵਿਚੋਂ ਕਿਸ ਉਤੇ ਯਕੀਨ ਕਰੀਏ?”
ਇਹ ਹੈ ਸਵਾਲਾਂ ਦਾ ਸਵਾਲ। ਸ਼ਰੀਰ ਵਿਚ ਗੱਡਿਆ ਤੀਰ ਕੱਢਿਆ ਜਾ ਸਕਦਾ ਹੈ, ਪਰ ਉਸ ਤੀਰ ਦਾ ਕੀ ਕਰੀਏ ਜਿਸ ਨੇ ਦਿਲ ਨੂੰ ਵਿੰਨ੍ਹ ਦਿੱਤਾ ਹੈ ? ਮੇਰੇ ਪਿਆਰੇ ਪਾਠਕ, ਮੈਨੂੰ ਨਹੀਂ ਪਤਾ ਤੇਰੀ ਉਮਰ ਕੀ ਹੈ; ਸ਼ਾਇਦ ਤੂੰ ਅਜੇ ਵੀ ਬਹੁਤ ਜਵਾਨ ਏਂ। ਕੀ ਆਪਣੀ ਜ਼ਿੰਦਗੀ ਵਿਚ ਤੈਨੂੰ ਕੁਝ ਹੱਦਾਂ ਲੰਘਣੀਆਂ ਪਈਆਂ ਹਨ ? ਮੈਨੂੰ ਪਈਆਂ ਸਨ : ਮੈਂ ਪਿਆਰ ਕਰਦਾ ਸਾਂ, ਬਿਨਾਂ ਇਸ ਗੱਲ ਬਾਰੇ ਦੱਸ ਸੱਕਣ ਦੇ ਕਿ ਮੈਂ ਕਿਉਂ ਪਿਆਰ ਕਰਦਾ ਹਾਂ । ਮਗਰੋਂ ਮੈਨੂੰ ਪਛਤਾਉਣਾ ਪਿਆ।
ਇੰਝ ਹੋ ਸਕਦਾ ਹੈ ਕਿ ਦੋ ਗੁਆਂਢੀਆਂ ਦੀਆਂ ਬਾਰੀਆਂ ਨੂੰ ਇਕ ਤੰਗ ਜਿਹੀ ਗਲੀ ਹੀ ਨਿਖੇੜਦੀ ਹੋਵੇ । ਹਰ ਬਾਰੀ ਵਿਚ ਗੁਆਂਢੀ ਗੁਆਂਢੀ ਸਾਮ੍ਹਣੇ ਖੜਾ ਹੁੰਦਾ ਹੈ, ਤੇ ਇਹ ਲੋਕ ਲਗਾਤਾਰ ਲੜਦੇ ਰਹਿੰਦੇ ਹਨ, ਇਕ ਦੂਜੇ ਉਪਰ ਬੁਰੇ ਕੰਮਾਂ ਲਈ ਦੋਸ਼ ਲਾਉਂਦੇ ਰਹਿੰਦੇ ਹਨ, ਬਜ਼ੁਰਗ ਜਵਾਨਾਂ ਨੂੰ ਚੰਗਾ-ਮੰਦਾ ਕਹਿੰਦੇ ਹਨ ਤੇ ਜਵਾਨ ਬਜ਼ੁਰਗਾਂ ਨੂੰ । ਮੈਂ ਇਹਨਾਂ ਲੜਦੇ ਗੁਆਂਢੀਆਂ ਵਾਂਗ ਹਾਂ, ਪਰ ਦੋਹਾਂ ਬਾਰੀਆਂ ਵਿਚ ਮੈਂ ਹੀ ਖੜਾ ਹਾਂ, ਸਿਰਫ ਇਕ ਵਿਚ ਜਵਾਨੀ ਦੇ ਵੇਲੇ ਦਾ ਰਸੂਲ ਹੈ ਤੇ ਦੂਜੇ ਵਿਚ ਇਸ ਵੇਲੇ ਦਾ ਰਸੂਲ।
ਸਮੇਂ ਦੀ ਚਮਕ ਨੇ ਮੇਰੀਆਂ ਅੱਖਾਂ ਚੁੰਧਿਆ ਦਿੱਤੀਆਂ ਸਨ, ਜਿਸ ਤਰ੍ਹਾਂ ਸੁਹਣੀ ਕੁੜੀ ਅਹਿਮਕ ਮੁੰਡੇ ਨੂੰ ਅੰਨ੍ਹਿਆਂ ਕਰ ਦੇਂਦੀ ਹੈ। ਮੈਂ ਚੀਜ਼ਾਂ ਨੂੰ ਉਸੇ ਤਰ੍ਹਾਂ ਦੇਖਦਾ ਸਾਂ ਜਿਸ ਤਰ੍ਹਾਂ ਕੋਈ ਵਰ ਇਸ ਤਰ੍ਹਾਂ ਦੀ ਮੁਟਿਆਰ ਨੂੰ ਦੇਖਦਾ ਹੈ—ਘੱਟੋ- ਘੱਟ ਕਮੀਆਂ ਵਲੋਂ ਵੀ ਅੱਖਾਂ ਬੰਦ ਕਰ ਕੇ।
ਸੱਚੀ ਗੱਲ ਇਹ ਹੈ ਕਿ ਮੈਂ ਸਮੇਂ ਦਾ ਪਰਛਾਵਾਂ ਸਾਂ। ਜਿਵੇਂ ਕਿ ਕਹਾਵਤ ਹੈ : ਜਿਹੀ ਸੋਟੀ, ਤਿਹਾ ਪਰਛਾਵਾਂ । ਸਰਕਾਰੀ ਤੌਰ ਉਤੇ ਐਲਾਨ ਕੀਤਾ ਗਿਆ ਸੀ ਕਿ ਸ਼ਾਮਿਲ ਬਰਤਾਨੀਆਂ ਤੇ ਤੁਰਕੀ ਦਾ ਜਾਸੂਸ ਸੀ ਜਿਹੜਾ ਕੌਮਾਂ ਵਿਚਕਾਰ ਦੁਸ਼ਮਨੀ ਪੈਦਾ ਕਰਨ ਉਤੇ ਤੁਲਿਆ ਹੋਇਆ ਸੀ । ਮੈਂ ਉਸ ਘਰ ਵਿਚ ਯਕੀਨ ਰਖਦਾ ਸਾਂ ਜਿਸ ਵਿਚ ਇਹ ਦਾਅਵਾ ਕੀਤਾ ਜਾਂਦਾ ਸੀ, ਤੇ ਮੈਂ ਉਸ ਘਰ ਦੇ ਮਾਲਕ ਵਿਚ ਯਕੀਨ ਰਖਦਾ ਸਾਂ। ਉਸ ਵੇਲੇ ਮੈਂ ਆਪਣੇ ਸ਼ਾਮਿਲ ਨੂੰ ਬੇਨਕਾਬ ਕਰਦੀ ਕਵਿਤਾ ਲਿਖੀ।
ਅੱਜ ਕਦੀ ਕਦੀ ਲੋਕ ਮੇਰਾ ਦਿਲ ਰੱਖਣ ਲਈ ਕਹਿੰਦੇ ਹਨ : “ਲਿਖੀ ਸੀ, ਕਿ ਤੈਨੂੰ ਇਹ ਕਵਿਤਾ ਲਿਖਣ ਲਈ ਮਜਬੂਰ ਕੀਤਾ ਗਿਆ ਸੀ।”
ਇਹ ਸਚਾਈ ਨਹੀਂ! ਕਿਉਂਕਿ ਕਿਸੇ ਨੇ ਮੇਰੇ ਨਾਲ ਜ਼ਬਰਦਸਤੀ ਨਹੀਂ ਸੀ ਕੀਤੀ, ਕਿਸੇ ਨੇ ਮੇਰੇ ਉਤੇ ਦਬਾਅ ਨਹੀਂ ਸੀ ਪਾਇਆ। ਮੈਂ ਆਪ ਹੀ, ਆਪਣੀ ਮਰਜ਼ੀ ਨਾਲ ਸ਼ਾਮਿਲ ਬਾਰੇ ਉਹ ਕਵਿਤਾ ਲਿਖੀ ਸੀ ਤੇ ਆਪ ਹੀ ਸੰਪਾਦਕੀ ਦਫਤਰ ਵਿਚ ਲੈ ਗਿਆ ਸਾਂ। ਮੈਂ ਬਸ ਉਹਨਾਂ ਕੁਝ ਪਹਾੜੀਆਂ ਵਰਗਾ ਸਾਂ ਜਿਹੜੇ ਅਰਬੀ ਦਾ ਇਕ ਵੀ ਲਫ਼ਜ਼ ਜਾਣੇ ਬਿਨਾਂ ਕੁਰਾਨ ਦੇ ਵਰਕੇ ਉਥਲਦੇ ਨੇ, ਤੇ ਇਕ ਵੀ ਲਫਜ਼ ਸਮਝੇ ਬਿਨਾਂ ਮਿਠੇ ਜਿਹੇ ਵਜਦ ਵਿਚ ਆ ਜਾਂਦੇ ਨੇ ।
ਮੈਂ ਤਾਂ ਸਮੇਂ ਦਾ ਪਰਛਾਵਾਂ ਸਾਂ । ਉਦੋਂ ਮੈਨੂੰ ਇਹ ਨਹੀਂ ਸੀ ਪਤਾ ਕਿ ਕਵੀ ਨੂੰ ਪਰਛਾਵਾਂ ਕਦੀ ਨਹੀਂ ਬਣਨਾ ਚਾਹੀਦਾ; ਉਸਨੂੰ ਤਾਂ ਲਾਟ, ਚਾਨਣ ਦਾ ਸੋਮਾ ਬਣਨਾ ਚਾਹੀਦਾ ਹੈ; ਇਸਦਾ ਕੋਈ ਫਰਕ ਨਹੀਂ ਪੈਂਦਾ ਕਿ ਇਹ ਲਾਟ ਮੱਧਮ ਜਿਹੀ ਹੈ ਜਾਂ ਕਿ ਸੂਰਜ ਵਾਂਗ ਹੈ। ਚਾਨਣ ਦਾ ਕੋਈ ਪਰਛਾਵਾਂ ਨਹੀਂ ਹੁੰਦਾ, ਚਾਨਣ ਸਿਰਫ ਚਾਨਣ ਪੈਦਾ ਕਰਦਾ ਹੈ।
ਸ਼ਾਇਦ ਮੈਨੂੰ ਇਹ ਜ਼ਰਾ ਪੱਛੜ ਕੇ ਸਮਝ ਆਈ। ਤਾਂ ਕੀ ਹੋਇਆ ? ਹਰ ਤਰ੍ਹਾਂ ਦੇ ਸੇਬ ਹੁੰਦੇ ਹਨ। ਕੁਝ ਬੜੀ ਜਲਦੀ ਪੱਕ ਜਾਂਦੇ ਹਨ, ਪਰ ਕੁਝ ਪਤਝੜ ਵਿਚ ਜਾ ਕੇ ਕਿਤੇ ਪੱਕਦੇ ਹਨ। ਮੈਂ ਸ਼ਾਇਦ ਪਤਝੜੀ ਸੇਬ ਹਾਂ।
ਇਸ ਤਰ੍ਹਾਂ ਵਾਪਰਿਆ ਸੀ ਇਹ ਸਾਰਾ ਕੁਝ। ਜਿੱਥੋਂ ਤੱਕ ਮੇਰੇ ਜ਼ਖ਼ਮ ਦਾ ਸਵਾਲ ਹੈ, ਇਹ ਮੇਰੇ ਨਾਲ ਹੀ ਰਹਿੰਦਾ ਹੈ।
ਫਿਰ ਉਹ ਜ਼ਖਮ ਪੁਰਾਣਾ ਜਿਹੜਾ ਆਖਰ ਕਦੀ ਨਾ ਭਰਿਆ,
ਦਿਲ ਮੇਰੇ ‘ਤੇ ਛੁਰੀ ਚਲਾਵੇ, ਤੇ ਅੱਗ ਦੇ ਵਿਚ ਬਾਲੇ।
ਇਹ ਸੀ ਕੱਥਾ ਕੋਈ ਵਡਿਆਂ ਦੀ । ਇਸਨੂੰ ਮੈਂ ਬਚਪਨ ਤੋਂ
ਜਾਣਾਂ ਜਿਵੇਂ ਇਹ ਉਣੀ ਹੋਈ ਸੀ ਉਸਦੇ ਨਾਂ ਦੁਆਲੇ ।
ਸੀ ਇਹ ਕੱਥਾ ਜਿਵੇਂ ਯਥਾਰਥ ਦੇ ਵਿਚ ਗੁਝੀ ਹੋਈ
ਜਿਸਨੂੰ ਬਚਪਨ ਵਿਚ ਸੁਣਦਾ ਸਾਂ ਇਕਮਨ, ਇਕਚਿਤ ਹੋ ਕੇ,
ਜਦ ਕਿ ਉਸਦੇ ਹੁਕਮ ’ਚ ਚਲਦੀਆਂ ਬਹਾਦਰ ਫੌਜਾਂ ਵਾਂਗੂੰ
ਬੱਦਲ ਸੰਧਿਆ ਦੇ ਤਰਦੇ ਸਨ ਘਰਾਂ ਦੇ ਉਤੇ ਹੋ ਕੇ।
ਸੀ ਇਹ ਗੀਤ ਗ਼ਮਾਂ ਦਾ ਜਿਹੜਾ ਮਾਂ ਗਾਇਆ ਕਰਦੀ ਸੀ।
ਉਸਦੀਆਂ ਨਿਰਮਲ ਅੱਖਾਂ ਵਿਚ ਹੰਝੂ ਦੇਂਦੇ ਲਿਸ਼ਕਾਰੇ।
ਅੱਜ ਤੱਕ ਨਹੀਂ ਭੁਲਾ ਸਕਦਾ ਮੈਂ ਕਿ ਫਿਰ ਕਿਵੇਂ ਉਨ੍ਹਾਂ ਤੋਂ
ਸੰਧਿਆ ਦੀ ਵਾਦੀ ਵਿਚ ਬਣ ਜਾਂਦੇ ਸਨ ਸ਼ਬਨਮ-ਤਾਰੇ।
ਕੰਧ ਨਾਲ ਲੱਗੇ ਫਰੇਮ ਤੋਂ ਸਾਰੇ ਸਕਲੀਆ ਨੂੰ ਕੀ ਤਕਦਾ
ਬਜ਼ੁਰਗ ਬਹਾਦਰ ਰਣਜੋਧਾ ਉਹ-ਫੌਜੀ ਵਰਦੀ ਪਾਈ ।
‘ਖੱਬ-ਹੱਥਾ ਸੀ ਉਹ—ਤੇ ਸ਼ਸਤਰ ਸੱਜੇ ਪਾਸੇ ਲਟਕੇ
ਆਪ ਖੜਾ ਕਿਰਪਾਨ ਦੀ ਮੁੱਠ ‘ਤੇ ਖੱਬਾ ਹੱਥ ਟਿਕਾਈ।
ਯਾਦ ਹੈ ਮੈਨੂੰ, ਜਦ ਉਸਨੇ ਤਸਵੀਰ ਤੋਂ ਹੇਠਾਂ ਤਕਦੇ
ਦੋ ਮੇਰੇ ਵੱਡੇ ਵੀਰੇ ਜੰਗ ਲਈ ਵਿਦਾ ਸੀ ਕੀਤੇ ।
ਤੇ, ਤਾਂ ਜੋ ਉਸਦੇ ਨਾਂ ਉਤੇ ਟੈਂਕ ਕੋਈ ਬਣ ਸਕੇ,
ਭੈਣ ਮੇਰੀ ਨੇ ਗਾਨੀ ਤੇ ਬਾਜ਼ੂਬੰਦ ਸੀ ਦੇ ਦਿਤੇ।
ਤੇ ਮੇਰੇ ਪਿਓ ਨੇ ਵੀ ਕੁਝ ਚਿਰ ਹੀ ਬਸ ਮਰਨ ਤੋਂ ਪਹਿਲਾਂ,
ਕਵਿਤਾ ਉਸ ਯੋਧੇ ਬਾਰੇ ਸੀ ਲਿਖੀ । ਪਰ ਹਾਏ, ਕਮਬਖਤੀ!
ਤਦ ਤੱਕ ਸ਼ਾਮਿਲ ਬਿਨਾਂ ਕਸੂਰੋਂ ਐਵੇਂ ਗਿਆ ਕਲਖਾਇਆ
ਉਸਦੇ ਨਾਂ ’ਤੇ ਆ ਗਈ ਝੂਠੀ ਦੰਦਕਥਾ ਦੀ ਸਖਤੀ।
ਅਚਨਚੇਤ ਇਹ ਸੱਟ ਨਾ ਪੈਂਦੀ ਤਾਂ ਫਿਰ ਹੋ ਸਕਦਾ ਸੀ
ਪਿਓ ਮੇਰਾ ਕੁਝ ਹੋਰ ਜਿਊਂਦਾ…
ਮੈਂ ਵੀ ਦੋਸ਼-ਭਿਆਲੀ ਪਾਈ :
ਮੰਨ ਗਿਆ ਸਭ ਕੁਝ, ਤੇ ਜਲਦੀ ਜਿਹੇ ਗੀਤ ਝਰੀਟਿਆ ਮੈਂ ਵੀ,
ਦੋਸ਼-ਗਾਨ ਵਿਚ ਤੂਤੀ ਆਪਣੀ ਦੀ ਮੈਂ, ‘ਵਾਜ ਰਲਾਈ ।
ਵਡ-ਵਡੇਰੇ ਦੀ ਤਲਵਾਰ ਨੂੰ, ਜਿਸਨੇ ਸਦੀ ਚੁਥਾਈ
ਬਿਨ-ਥੱਕਿਆਂ, ਜੰਗ ਵਿਚ ਸੀ ਦੁਸ਼ਮਨ ਦੇ ਆਹੂ ਲਾਹੇ,
ਮੈਂ, ਭਟਕੇ ਨੇ, ਮੁੰਡਪੁਣੇ ਵਾਲੀ ਕਵਿਤਾ ਵਿਚ ਲਿਖਿਆ,
ਉਹ ਹਥਿਆਰ ਕਿ ਜਿਸਨੂੰ ਕੇਵਲ ਇਕ ਗ਼ੱਦਾਰ ਹੀ ਪਾਏ।
ਭਾਰੀ ਕਦਮ ਓਸਦੇ ਹੁਣ ਰਾਤਾਂ ਨੂੰ ਸਾਫ ਸੁਣੀਂਦੇ।
ਬਾਰੀ ਨਾਲ ਲੱਗਾ ਦਿੱਸੇ ਜਿਉਂ ਹੀ ਬੱਤੀ ਬੰਦ ਹੋਵੇ।
ਆਊਲ ਅਖੂਲਗੇ ਦਾ ਉਹ ਰਖਿਅਕ ਕਹਿਰੀ ਨਜ਼ਰਾਂ ਵਾਲਾ
ਗੁਨੀਬ ਦਾ ਬੁਢ-ਸਿਆਣਾ ਫਿਰ ਮੇਰੇ ਕੋਲ ਆਣ ਖਲੋਵੇ ।
ਉਹ ਆਖੇ : “ਜੰਗਾਂ ਦੇ ਵਿਚ ਤੇ ਮੱਚਦੇ ਭਾਬੜਾਂ ਦੇ ਵਿਚ,
ਬੇਹੱਦ ਡੋਹਲਿਆ ਖੂਨ ਸੀ ਮੈਂ, ਤੇ ਬੇਹਦ ਦੁੱਖ ਉਠਾਇਆ।
ਉਨ੍ਹੀਂ ਘਾਵ ਸਹੇ ਬਲਦੇ ਉਹਨਾਂ ਵਿਚ ਜਿਸਮ ਮੇਰੇ ਨੇ,
ਤੂੰ, ਦੁਧ ਪੀਂਦੇ ਬੱਚੇ, ਮੈਨੂੰ ਵੀਹਵਾਂ ਘਾਵ ਲਗਾਇਆ।
ਖੰਜਰਾਂ ਤੋਂ ਤੇ ਗੋਲੀਆਂ ਤੋਂ ਲੱਗੇ ਮੈਂ ਜ਼ਖ਼ਮ ਸਹੇ ਸੀ।
ਪਰ ਤੇਰਾ ਡੰਗ ਸਭਨਾਂ ਨਾਲੋਂ ਤਿਗੁਣੀ ਪੀੜ ਪੁਚਾਵੇ-
ਕਿਉਂਕਿ ਕਿਸੇ ਪਹਾੜੀ ਤੋਂ ਇਹ ਪਹਿਲਾ ਜ਼ਖ਼ਮ ਸੀ ਲੱਗਾ
ਹੋਰ ਕੋਈ ਬੇਇਜ਼ਤੀ ਨਾ ਸ਼ਿੱਦਤ ਵਿਚ ਇਸ ਤੁੱਲ ਆਵੇ।
ਹੋ ਸਕਦਾ ਹੈ ਅੱਜ ਜਹਾਦ ਦੀ ਲੋੜ ਨਾ ਪਵੇ ਤੁਹਾਨੂੰ ।
ਪਰ ਕਦੀ ਇਹਨਾਂ ਪਰਬਤਾਂ ਦੀ ਉਸਨੇਂ ਸੀ ਕੀਤੀ ਰਾਖੀ।
ਹੋ ਸਕਦਾ ਹੈ ਅੱਜ ਮੇਰੇ ਸ਼ਸਤਰ ਹੋ ਗਏ ਪੁਰਾਣੇ,
ਪਰ ਆਜ਼ਾਦੀ ਦੀ ਸੇਵਾ ਕੀਤੀ ਦੇ ਇਹ ਨੇ ਸਾਖੀ।
ਮੈਂ ਲੜਿਆ ਜੰਗਾਂ ਬਿਨ-ਥੱਕਿਆ, ਪਰਬਤ-ਜਾਏ ਦੇ ਹਠ ਨਾਲ,
ਸਮਾਂ ਕਦੀ ਨਾ ਮਿਲਿਆ ਮੈਨੂੰ ਗੀਤਾਂ ਦੇ ਜਸ਼ਨਾਂ ਦਾ।
ਇੰਝ ਹੁੰਦਾ ਸੀ ਕਿ ਤੁਕਬਾਜ਼ਾਂ ਨੂੰ ਕੋੜੇ ਸਾਂ ਲਾਉਂਦਾ,
ਕਥਾਘਾੜਿਆਂ ਨੂੰ ਤੱਕ ਕੇ ਮੈਨੂੰ ਤਾਅ ਸੀ ਚੜ੍ਹ ਜਾਂਦਾ ।
ਸ਼ਾਇਦ ਗ਼ਲਤੀ ‘ਤੇ ਸਾਂ ਜਦ ਉਹਨਾਂ ਨਾਲ ਕੀਤੀ ਸਖਤੀ
ਆਪਣਾ ਗਰਮ ਸੁਭਾਅ ਕਾਬੂ ਰੱਖਣ ਦਾ ਨਹੀਂ ਸਾਂ ਆਦੀ।
ਪਰ ਤੇਰੇ ਜਿਹੇ ਹੋਛੇ ਤੁਕਬਾਜ਼ਾਂ ਨੂੰ ਅੱਜ ਵੀ ਦੇਖਾਂ
ਤਾਂ ਲੱਗੇ ਜਿਉਂ ਮੈਂ ਉਦੋਂ ਵੀ ਨਹੀਂ ਸੀ ਗ਼ਲਤੀ ਖਾਧੀ।”
ਸਵੇਰ ਹੋਣ ਤੱਕ ਖੜਾ ਸਿਰਹਾਣੇ ਇੰਝ ਉਹ ਦੇਵੇ ਗਾਲ੍ਹਾਂ,
ਸਾਫ ਦਿਖਾਈ ਦੇਵੇ, ਭਾਵੇਂ ਅੱਧੀ ਰਾਤ ਹਨੇਰਾ।
ਪਾਪਾਖੇ ਦੇ ਉਤੇ ਚਲਮਾ ਕੱਸ ਕੇ ਬੰਨ੍ਹਿਆ ਹੋਇਆ।
ਤੇ ਮਹਿੰਦੀ-ਰੰਗੇ ਦਾਹੜੇ ਵਾਲਾ ਉਹ ਭਰਵਾਂ ਚਿਹਰਾ।
ਮੈਂ ਨਿਰੁਤਰ ! ਉਸਦੇ ਸਾਹਵੇਂ ਤੇ ਤੁਹਾਡੇ ਸਾਹਵੇਂ ਵੀ
ਮੇਰੇ ਲੋਕੋ, ਮੈਂ ਨਾ-ਮੁਆਫੀਯੋਗ ਗੁਨਾਹ ਹੈ ਕੀਤਾ!
ਨਾਇਬ ਇਮਾਮ ਦਾ ਸੀ ਇਕ ਡਾਹਢਾ ਹੰਢਿਆ ਹੋਇਆ ਸਿਪਾਹੀ
ਹਾਜੀ ਮੁਰਾਤ ਸੀ ਨਾਂ, ਜਿਸਨੇ ਬੇਦਾਵਾ ਸੀ ਲਿਖ ਦਿਤਾ।
ਆਪਣੇ ਆਪ ‘ਤੇ ਸ਼ਰਮਿੰਦਾ, ਉਸ ਮੁੜਨ ਦਾ ਫੈਸਲਾ ਕੀਤਾ,
ਪਰ ਜਾ ਫਸਿਆ ਵਿਚ ਦਲਦਲ ਦੇ, ਦੰਡ ਪੂਰਾ ਉਸ ਪਾਇਆ ।
ਮੈਂ ਮੁੜ ਜਾਵਾਂ ਕੋਲ ਇਮਾਮ ਦੇ ? ਕਿਆ ਗੱਲ ਹਾਸੋਹੀਣੀ !
ਨਾ ਉਹ ਮੇਰਾ ਰਾਹ ਹੈ ਤੇ ਨਾ ਹੀ ਹੁਣ ਉਹ ਹੈ ਸਮਾਂ ਰਿਹਾ।
ਬਿਨ-ਸੋਚੇ ਕੀਤੀ ਰਚਨਾ ਆਪਣੀ ਲਈ ਮੈਂ ਸ਼ਰਮਿੰਦਾ,
ਸਖਤ ਉਨੀਂਦੇ ਝਾਗਾਂ ਰਾਤੀਂ, ਇਉਂ ਉਸਦਾ ਫਲ ਪਾਵਾਂ।
ਮੈਂ ਚਾਹੁੰਦਾ ਹਾਂ ਇਮਾਮ ਨੂੰ ਮਾਫੀ ਦੇ ਲਈ ਅਰਜ਼ ਗੁਜ਼ਾਰਾਂ
ਪਰ ਇਸਦੇ ਲਈ, ਮੈਂ ਨਹੀਂ ਚਾਹੁੰਦਾ, ਦਲਦਲ ਵਿਚ ਫਸ ਜਾਵਾਂ।
ਤੇਗ਼ ਨਾਲ ਲਿਖਦਾ ਹੈ ਜਿਹੜਾ, ਉਹ ਨਾ ਰੰਜਸ਼ ਭੁੱਲੇ।
ਕੀ ਫਾਇਦਾ ਅਰਜੋਈਆਂ ਦਾ ਜਦ ਨਾ ਕੋਈ ਅਰਜ਼ ਕਬੂਲੇ !
ਮੇਰੀ ਕੱਚ-ਉਮਰੀ ਕਵਿਤਾ ਨੇ ਜੋ ਤੁਹਮਤ ਸੀ ਲਾਈ
ਸਾਰੀ ਉਮਰ ਰਹਾਂਗਾ ਉਸਦਾ ਦਿਲ ‘ਤੇ ਬੋਝ ਉਠਾਈ।
ਸੁੱਖ !… ਤੂੰ ਐ ਕੌਮ ਮੇਰੀ ! ਮੇਰੀ ਭੁੱਲ ਬਖਸ਼ੀਂ ਮੈਨੂੰ,
ਬਿਨ-ਸੀਮਾ ਆਖਰ ਜੀਵਨ ਭਰ ਪਿਆਰ ਕੀਤਾ ਮੈਂ ਤੈਨੂੰ ?
ਮੇਰੀ ਮਾਂ-ਭੂਮੀ ! ਦੇਖੀ ਨਾ ਕਵੀ ਨੂੰ ਏਸ ਨਜ਼ਰ ਨਾਲ,
ਜਿਉਂ ਕੋਈ ਮਾਂ ਸ਼ਰਮਿੰਦਾ ਹੋਵੇ ਪੁੱਤ ਦੇ ਬੁਰੇ ਹਸ਼ਰ ਨਾਲ।
ਮੈਨੂੰ ਨਹੀਂ ਪਤਾ, ਦਾਗਿਸਤਾਨੀਆਂ ਨੇ ਮੈਨੂੰ ਮੇਰੀ ਪੁਰਾਣੀ ਕਵਿਤਾ ਲਈ ਮੁਆਫ਼ ਕਰ ਦਿਤਾ ਹੈ ਜਾਂ ਨਹੀਂ; ਮੈਨੂੰ ਨਹੀਂ ਪਤਾ ਸ਼ਾਮਿਲ ਦੇ ਪ੍ਰਛਾਵੇਂ ਨੇ ਮੈਨੂੰ ਉਹਨਾਂ ਲਈ ਮੁਆਫ ਕਰ ਦਿਤਾ ਹੈ ਜਾਂ ਨਹੀਂ। ਮੈਨੂੰ ਤਾਂ ਸਿਰਫ ਇਹ ਪਤਾ ਹੈ ਕਿ ਮੈਂ ਕਦੀ ਆਪਣੇ ਆਪ ਨੂੰ ਮੁਆਫ ਨਹੀਂ ਕਰਾਂਗਾ।
“ਸ਼ਾਮਿਲ ਨੂੰ ਤੂੰ ਰਹਿਣ ਦੇਹ ਜਿਥੇ ਹੈ”, ਮੇਰੇ ਪਿਤਾ ਜੀ ਕਿਹਾ ਕਰਦੇ ਸਨ, “ਜੇ ਤੂੰ ਉਸਨੂੰ ਛੇੜੇਂਗਾ ਤਾਂ ਮਰਦੇ ਦਮ ਤੱਕ ਚੈਨ ਨਹੀਂ ਮਿਲੇਗਾ।” ਪਿਤਾ ਜੀ ਕਿੰਨੇ ਠੀਕ ਸਨ।
ਮੈਂ ਪਰਬਤ ਦਾ ਜਾਇਆ, ਮੈਨੂੰ ਕਿਸੇ ਨਾ ਲਾਡ ਲਡਾਇਆ।
ਬਚਪਨ ਤੋਂ ਝਿੜਕਾਂ ਸਹਿਣਾ, ਕੁੱਟ ਖਾਣਾ ਲੇਖੇ ਆਇਆ।
ਹਰ ਗ਼ਲਤੀ ਲਈ ਮੇਰੇ ਪਿਤਾ ਤੋਂ ਕੰਨ ਸੀ ਪੁੱਟੇ ਜਾਂਦੇ
ਮੇਰੇ ਕਿਸੇ ਗੁਨਾਹ ਨੂੰ ਉਸਨੇ ਹਾਸੇ ਕਦੀ ਨਾ ਪਾਇਆ।
ਜਵਾਨ ਹੋਇਆ, ਤਾਂ ਹੁਣ ਮੈਨੂੰ ਪਈ ਪੈਂਦੀ ਸਮੇਂ ਤੋਂ ਮਾਰ
ਹੁਣ ਇਹ ਮੇਰੇ ਕੰਨ ਖਿੱਚੇ, ਤੇ ਖਿੱਚ ਖਿੱਚ ਕੇ ਕਰ ਦੇਵੇ ਲਾਲ।
ਜਿਵੇਂ ਦੁਤਾਰੇ ਦੀਆਂ ਕਿੱਲੀਆਂ ਨੂੰ ਕੋਈ ਮਰੋੜੇ ਦੇਵੇ
ਜਦ ਕੋਈ ਤਾਰ ਹੋਵੇ ਢਿੱਲੀ ਜਾਂ ਬੇਸੁਰ ਰਤੀ-ਰਵਾਲ।
ਸਮਾਂ! ਦਿਨਾਂ ਤੋਂ ਸਾਲ ਬਣਦੇ ਨੇ, ਸਾਲਾਂ ਤੋਂ ਸਦੀਆਂ । ਪਰ ਯੁਗ ਕਿਸਨੂੰ ਕਹਿੰਦੇ ਨੇ ? ਕੀ ਇਹ ਸਦੀਆਂ ਤੋਂ ਮਿਲਕੇ ਬਣਦਾ ਹੈ? ਜਾਂ ਸਾਲਾਂ ਤੋਂ? ਜਾਂ ਹੋ ਸਕਦਾ ਹੈ, ਇਕੋ ਦਿਨ ਹੀ ਯੁਗ ਬਣ ਜਾਏ ? ਪੰਜ ਮਹੀਨੇ ਦਰਖਤ ਹਰੇ-ਭਰੇ ਪੱਤਿਆਂ ਨਾਲ ਢਕਿਆ ਰਹਿੰਦਾ ਹੈ, ਪਰ ਇਕ ਦਿਨ ਜਾਂ ਇਕ ਰਾਤ ਹੀ ਇਸਦੇ . ਪੱਤਿਆਂ ਨੂੰ ਪੀਲੇ ਕਰ ਦੇਣ ਲਈ ਕਾਫੀ ਹੁੰਦੀ ਹੈ। ਇਸਤੋਂ ਉਲਟ ਵੀ ਠੀਕ ਹੈ। ਪੰਜ ਮਹੀਨੇ ਦਰਖਤ ਖੜਾ ਰਹਿੰਦਾ ਹੈ—ਬਿਨ-ਪੱਤਿਆਂ ਤੇ ਕਾਲਾ ਪਿਆ ਹੋਇਆ। ਸਿਰਫ ਇਕ ਹੀ ਨਿੱਘਾ ਤੇ ਰੌਸ਼ਨ ਦਿਨ ਇਸਨੂੰ ਹਰੀਆਂ ਹਰੀਆਂ ਕਰੂੰਬਲਾਂ ਨਾਲ ਢੱਕਣ ਲਈ ਕਾਫੀ ਹੁੰਦਾ ਹੈ। ਇਕ ਖੁਸ਼ੀਆਂ ਭਰੀ ਸਵੇਰ ਕਾਫੀ ਹੁੰਦੀ ਹੈ ਕਿ ਇਸਦੇ ਫੁੱਲ ਖਿੜ ਪੈਣ।
ਐਸੇ ਵੀ ਦਰਖਤ ਹੁੰਦੇ ਨੇ, ਜਿਹੜੇ ਹਰ ਮਹੀਨੇ ਰੰਗ ਬਦਲਦੇ ਨੇ, ਐਸੇ ਵੀ ਨੇ, ਜਿਹੜੇ ਕਦੀ ਰੰਗ ਨਹੀਂ ਬਦਲਦੇ ।
ਦੇਸ-ਦੌਰੇ ਕਰਨ ਵਾਲੇ ਪੰਛੀ ਵੀ ਹੁੰਦੇ ਨੇ, ਜਿਹੜੇ ਮੌਸਮ ਦੇ ਮੁਤਾਬਕ ਦੁਨੀਆਂ ਵਿਚ ਇਕ ਥਾਂ ਤੋਂ ਦੂਜੀ ਥਾਂ ਜਾਂਦੇ ਰਹਿੰਦੇ ਨੇ; ਉਕਾਬ ਹੁੰਦੇ ਨੇ, ਜਿਹੜੇ ਹਮੇਸ਼ਾ ਆਪਣੇ ਪਹਾੜਾਂ ਵੱਲ ਵਫਾਦਾਰ ਰਹਿੰਦੇ ਨੇ।
ਪੰਛੀ ਹਵਾ ਦੇ ਉਲਟ ਉੱਡਣਾ ਪਸੰਦ ਕਰਦੇ ਨੇ । ਚੰਗੀ ਮੱਛੀ ਰੌ ਦੇ ਉਲਟ ਤਰਦੀ ਹੈ। ਸੱਚਾ ਕਵੀ, ਆਪਣੇ ਦਿਲ ਤੋਂ ਪ੍ਰੇਰਨਾ ਲੈਂਦਿਆਂ, “ਦੁਨੀਆਂ ਦੀ ਰਾਏ” ਦੇ ਖਿਲਾਫ ਉੱਠ ਖੜਾ ਹੋਵੇਗਾ।
ਆਪਣੀ ਨੋਟਬੁੱਕ ਵਿਚੋਂ : ਮੇਰਾ ਇਕ ਦੋਸਤ ਹੈ-ਅਵਾਰ ਕਵੀ। ਪਿਛਲੇ ਸਾਲ ਉਸਦਾ ਨਵਾਂ ਕਾਵਿ-ਸੰਗ੍ਰਹਿ ਪ੍ਰਕਾਸ਼ਤ ਹੋਇਆ। ਇਸ ਵਿਚਲੀਆਂ ਸਾਰੀਆਂ ਕਵਿਤਾਵਾਂ ਨੂੰ ਉਸਨੇ ਵੱਖ ਵੱਖ ਹਿੱਸਿਆਂ ਵਿਚ ਵੰਡਿਆ ਹੋਇਆ ਸੀ, ਜਿਵੇਂ ਕਿ ਸ਼ਹਿਰੀ ਫਲੈਟ ਦੇ ਕਮਰੇ ਹੋਣ। ਸੋ, ਰਾਜਸੀ ਜਾਂ ਸ਼ਹਿਰੀਅਤ ਸੰਬੰਧੀ ਕਵਿਤਾਵਾਂ ਅਧਿਅਨ-ਕਮਰਾ ਹੋ ਗਈਆਂ; ਨਿੱਜੀ ਤੇ ਪਿਆਰ-ਕਵਿਤਾਵਾਂ ਨੂੰ ਸੌਣ-ਕਮਰਾ ਕਹਿ ਲਵੋ; ਆਮ ਕਿਸਮ ਦੀਆਂ ਵੱਖੋ ਵੱਖਰੀਆਂ ਕਵਿਤਾਵਾਂ ਬੈਠਕ ਬਣ ਗਈਆਂ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਜ਼ਰਾਇਤ, ਅਨਾਜ ਤੇ ਗਡਰੀਆਂ ਬਾਰੇ ਕਵਿਤਾਵਾਂ ਕਿੱਥੇ ਰੱਖੀਆਂ ਜਾਣ।… ਸ਼ਾਇਦ ਰਸੋਈ ਉਹਨਾਂ ਲਈ ਸਭ ਤੋਂ ਚੰਗੀ ਥਾਂ ਹੋਵੇਗੀ।
ਤੇ ਕੀ ਉਹ ਗਾਇਕ ਠੀਕ ਨਹੀਂ ਲਗਦਾ, ਜਿਹੜਾ ਦਾਗਿਸਤਾਨੀ ਗਾਇਕਾਂ ਦੇ ਮੁਕਾਬਲੇ ਵਿਚ ਹਿੱਸਾ ਲੈਣ ਲਈ ਆਪਣੇ ਪਹਾੜਾਂ ਤੋਂ ਮਖਾਚ-ਕਲਾ ਆਇਆ ਸੀ? ਸਾਡੇ ਕਵੀ ਨੇ, ਜਿਸਨੇ ਆਪਣੀਆਂ ਕਵਿਤਾਵਾਂ ਨੂੰ ਵੱਖ ਵੱਖ ਹਿੱਸਿਆਂ ਵਿਚ ਵੰਡਿਆ ਸੀ, ਉਸਨੂੰ ਕਿਹਾ ਕਿ ਉਹ ਹਰ ਹਿੱਸੇ ਵਿਚੋਂ ਇਕ ਇਕ ਕਵਿਤਾ ਗਾ ਕੇ ਸੁਣਾਏ। ਗਾਇਕ ਨੇ ਆਪਣੇ ਕੁਮੂਜ਼ ਨੂੰ ਸੁਰ ਕੀਤਾ, ਕੁਝ ਮਿੰਟ ਚੁੱਪ ਕਰਕੇ ਬੈਠਾ ਰਿਹਾ ਜਿਵੇਂ ਕਿ ਆਪਣੇ ਖਿਆਲ ਇਕੱਠੇ ਕਰ ਰਿਹਾ ਹੋਵੇ, ਤੇ ਫਿਰ ਗਾਉਣ ਲੱਗ ਪਿਆ। ਉਹ ਕਿੰਨਾਂ ਚਿਰ ਗਾਉਂਦਾ ਰਿਹਾ। ਸਾਰੇ ਬੇਚੈਨ ਜਿਹੇ ਹੋ ਗਏ; ਜੇ ਇਹ ਇਕੋ ਹਿੱਸੇ ਵਿਚੋਂ ਚੁਣਿਆ ਗੀਤ ਸੀ ਤਾਂ ਅੰਤ ਕਿੱਥੇ ਹੋਵੇਗਾ, ਜਦ ਕਿ ਕਿਤਾਬ ਦੇ ਚਾਰ ਹਿੱਸੇ ਸਨ? ਆਖਰ ਗਾਇਕ ਚੁੱਪ ਹੋ ਗਿਆ ਤੇ ਉਸਨੇ ਤਾਰਾਂ ਦੀ ਥਰਕਣ ਰੋਕਣ ਲਈ ਆਪਣੇ ਹੱਥ ਦੀ ਤਲੀ ਉਹਨਾਂ ਉਪਰ ਰੱਖ ਦਿੱਤੀ। ਇਸ ਤੋਂ ਮਗਰੋਂ ਕੁਝ ਨਾ ਆਇਆ। ਇਸਦਾ ਮਤਲਬ ਸੀ ਕਿ ਉਸਨੇ ਕਿਤਾਬ ਵਿਚਲੇ ਮੁਖ ਵਿਚਾਰ ਤੇ ਭਾਵ ਇਕੋ ਗੀਤ ਵਿਚ ਇਕੱਠੇ ਕਰ ਲਏ ਸਨ।
ਜਦੋਂ ਲੇਖਕ ਨੇ ਪੁਛਿਆ ਕਿ ਉਸਨੇ ਇੰਝ ਕਿਉਂ ਕੀਤਾ ਹੈ, ਤਾਂ ਉਸਨੇ ਜਵਾਬ ਦਿੱਤਾ : “ਸੁਣ ਮੇਰੇ ਦੋਸਤ! ਇਹ ਹੈ ਮੇਰਾ ਕੁਮੂਜ਼! ਇਸਦੀਆਂ ਨੇ ਤਿੰਨ ਤਾਰਾਂ। ਮੈਂ ਇਹ ਨਹੀਂ ਕਰ ਸਕਦਾ ਕਿ ਪਹਿਲਾਂ ਇਕ ਤਾਰ ਵਜਾਵਾਂ, ਫਿਰ ਦੂਜੀ ਤੇ ਫਿਰ ਤੀਜੀ।”
ਵਿਸ਼ਿਆਂ ਬਾਰੇ ਕੁਝ ਹੋਰ : ਸ਼ਾਇਦ ਸਾਰਿਆਂ ਨੂੰ ਨਹੀਂ ਪਤਾ ਕਿ ਪਹਾੜਾਂ ਵਿਚ ਇਕ ਬੰਦਾ ਰਹਿੰਦਾ ਹੁੰਦਾ ਸੀ ਜਿਸਨੂੰ ਆਪਣੇ ਉੱਚੇ ਬੂਟਾਂ ਉਤੇ ਬੜਾ ਮਾਨ ਸੀ ਤੇ ਉਹਨਾਂ ਉਪਰ ਇਕ ਦਾਗ਼ ਵੀ ਨਹੀਂ ਸੀ ਪੈਣ ਦੇਂਦਾ। ਇਸ ਲਈ ਉਹ ਤੁਰਦਾ ਵੀ ਪੱਬਾਂ ਭਾਰ ਹੁੰਦਾ ਸੀ। ਇਕ ਦਿਨ ਉਹ ਐਸੀ ਥਾਂ ਆ ਗਿਆ ਜਿੱਥੇ ਗੋਡੇ ਗੋਡੇ ਚਿੱਕੜ ਸੀ। ਸੋ ਵਿਚਾਰੇ ਨੂੰ ਹੱਥਾਂ ਭਾਰ ਚੱਲਣਾ ਪਿਆ।
ਇੰਝ ਵੀ ਹੁੰਦਾ ਹੈ : ਕਈ ਵਾਰੀ ਲਗਦਾ ਹੈ ਜਿਵੇਂ ਕਿ ਕਵੀ ਕਲਾ ਨਹੀਂ ਸਿਰਜ ਰਹੇ ਸਗੋਂ ਐਤਵਾਰੀ ਘੋੜ-ਦੌੜ ਵਿਚ ਹਿੱਸਾ ਲੈ ਰਹੇ ਹੋਣ। ਇਹ ਖੁਸ਼ੀ ਪ੍ਰਾਪਤ ਕਰਨ ਲਈ ਕਿ ਉਹਨਾਂ ਦੇ ਘੋੜੇ ਇਨਾਮ ਜਿੱਤਣ, ਉਹ ਉਹਨਾਂ ਨੂੰ ਚਾਬਕਾਂ ਮਾਰੀ ਜਾਣ ਲਈ ਤਿਆਰ ਹੁੰਦੇ ਨੇ, ਜਦ ਤੱਕ ਕਿ ਖੂਨ ਨਾ ਵਗ ਪਵੇ। ਜਿੱਤ ਦਾ ਜੋਸ਼ ਤਾਂ ਜਲਦੀ ਮੱਠਾ ਪੈ ਜਾਂਦਾ, ਪਰ ਲੱਗੇ ਜ਼ਖ਼ਮ ਭਰਨ ਲਈ ਬਹੁਤ ਸਮਾਂ ਲੈਂਦੇ ਨੇ। ਤੇਲੇਤਲ ਦੇ ਅਲੀਬੂਲਾਤ ਵਾਂਗ ਉਹ ਹਮੇਸ਼ਾ ਹੀ ਤਿਆਰ ਰਹਿੰਦੇ ਹਨ। ਵੈਸੇ, ਮੇਰਾ ਖਿਆਲ ਹੈ ਕਿ ਤੁਹਾਨੂੰ ਨਹੀਂ ਪਤਾ, ਅਲੀਬੂਲਾਤ ਨਾਲ ਕੀ ਹੋਇਆ ਸੀ।
ਇਕ ਵਾਰੀ ਖੂਨਜ਼ਾਮ ਨਾਇਬ ਨੇ ਆਪਣੇ ਨੌਕਰ ਅਲੀਬੂਲਾਤ ਨੂੰ ਕਿਹਾ : “ਤੂੰ ਤਿਆਰ ਹੋ ਜਾ, ਕੱਲ ਸਵੇਰੇ ਤੂੰ ਤੇਲੇਤਲ ਆਉਲ ਜਾਣਾ ਹੋਵੇਗਾ।”
“ਮੈਂ ਤਿਆਰ ਹਾਂ”, ਉੱਦਮੀ ਨੌਕਰ ਬੋਲਿਆ।
ਅਗਲੀ ਸਵੇਰ ਅਜੇ ਸੂਰਜ ਦੀਆਂ ਕਿਰਨਾਂ ਨੇ ਪਹਾੜਾਂ ਦੀਆਂ ਚੋਟੀਆਂ ਨੂੰ ਵੀ ਨਹੀਂ ਸੀ ਰੁਸ਼ਨਾਇਆ, ਜਦੋਂ ਅਲੀਬੂਲਾਤ ਨੇ ਆਪਣੇ ਘੋੜੇ ਉਤੇ ਕਾਠੀ ਪਾਈ ਤੇ ਤੁਰ ਪਿਆ। ਦੁਪਹਿਰ ਦੇ ਖਾਣੇ ਤੱਕ ਉਹ ਵਾਪਸ ਖੂਨਜ਼ਾਮ ਪਰਤ ਚੁੱਕਾ
ਸੀ। ਖੂਨਜ਼ਾਮ ਦੇ ਨੇੜੇ ਆਇਆ, ਤਾਂ ਉਸਨੂੰ ਆਪਣੇ ਜਾਣੂ ਕੁਝ ਪਹਾੜੀਏ ਮਿਲੇ। “ਰੱਬ ਤੈਨੂੰ ਰਾਜੀ ਰਖੇ, ਅਲੀਬੂਲਾਤ,” ਉਹ ਬੋਲੇ। “ਕਾਫੀ ਦੂਰੋਂ ਹੋ ਕੇ ਆਇਐ ?”
“ਮੈਂ ਤੇਲੇਤਲ ਤੋਂ ਹੋ ਕੇ ਆ ਰਿਹਾਂ।”
“ਉਥੇ ਕਿਸ ਕੰਮ ਗਿਆ ਸੈਂ ?”
“ਇਹਦਾ ਮੈਨੂੰ ਕੀ ਪਤਾ। ਕੰਮ ਬਾਰੇ ਤਾਂ ਨਾਇਬ ਨੂੰ ਪਤਾ ਹੋਊ। ਕੱਲ ਸ਼ਾਮੀ ਉਸਨੇ ਮੈਨੂੰ ਕਿਹਾ ਸੀ ਕਿ ਤੂੰ ਤੇਲੇਤਲ ਜਾਣਾ ਹੋਵੇਗਾ, ਸੋ ਮੈਂ ਹੋ ਆਇਆਂ !” ਇਹੋ ਜਿਹੇ ਅਲੀਬੂਲਾਤ ਸਾਡੇ ਸਾਹਿਤਕ ਪਿੜ੍ਹ ਵਿਚ ਵੀ ਮੌਜੂਦ ਹਨ।
ਵਿਸ਼ਿਆਂ ਬਾਰੇ ਕੁਝ ਹੋਰ : ਮੈਂ ਕਾਫੀ ਇਹੋ ਜਿਹੇ ਨੌਜਵਾਨ ਦੇਖੇ ਨੇ ਜਿਹੜੇ, ਜਦੋਂ ਉਹ ਵਿਆਹ ਕਰਾਉਣ ਦੀ ਸੋਚਦੇ ਨੇ, ਤਾਂ ਆਪਣੇ ਭਾਵਾਂ ਤੋਂ ਸਲਾਹ ਨਹੀਂ ਲੈਂਦੇ ਸਗੋਂ ਆਪਣੇ ਰਿਸ਼ਤੇਦਾਰਾਂ ਤੋਂ, ਆਪਣੇ ਚਾਚੇ ਚਾਚੀਆਂ ਆਦਿ ਤੋਂ ਸਲਾਹ ਲੈਂਦੇ ਨੇ । ਆਪਣੀ ਰਚਨਾਤਮਿਕਤਾ ਵਿਚ, ਲੇਖਕ ਨੂੰ ਪਿਆਰ ਲਈ, ਤੇ ਸਿਰਫ ਪਿਆਰ ਲਈ ਸ਼ਾਦੀ ਕਰਾਉਣੀ ਚਾਹੀਦੀ ਹੈ। ਚਾਚੀ ਦੇ ਕਹਿਣ ਉਤੇ ਕਰਾਇਆ ਗਿਆ ਵਿਆਹ ਜਿਊਂਦੇ-ਜਾਗਦੇ ਬੱਚੇ ਤਾਂ ਪੈਦਾ ਕਰ ਸਕਦਾ ਹੈ, ਪਰ ਕਹਿੰਦੇ ਨੇ ਕਿ ਮਾਪਿਆਂ ਵਿਚਕਾਰ ਪਿਆਰ ਜਿੰਨਾਂ ਜ਼ਿਆਦਾ ਹੋਵੇਗਾ, ਬੱਚੇ ਓਨੇ ਹੀ ਜ਼ਿਆਦਾ ਖੂਬਸੂਰਤ ਹੋਣਗੇ। ਜੇ ਲੇਖਕ ਬਿਨਾਂ ਪਿਆਰ ਦੇ ਆਪਣੇ ਵਿਸ਼ੇ ਨਾਲ ਵਿਆਹ ਕਰਾ ਲਵੇਗਾ, ਤਾਂ ਸਿਰਫ ਮੁਰਦਾ ਕਿਤਾਬਾਂ ਹੀ ਪੈਦਾ ਹੋਣਗੀਆਂ। ਆਪਣੇ ਵਿਸ਼ੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਲੇਖਕ ਨੂੰ ਆਪਣੇ ਦਿਲ ਦੀ ਆਵਾਜ਼ ਵੱਲ ਧਿਆਨ ਦੇਣਾ ਚਾਹੀਦਾ ਹੈ।
ਆਪਣੇ ਇਕ ਦੋਸਤ ਦੀ ਕਿਤਾਬ ਬਾਰੇ: ਮੈਨੂੰ ਠੀਕ ਠੀਕ ਤਾਂ ਯਾਦ ਨਹੀਂ ਕਿ ਇਹ ਗੱਲ ਕਿਹੜੇ ਸਾਲ ਵਿਚ ਵਾਪਰੀ ਸੀ, ਪਰ ਅਚਨਚੇਤ ਇਹ ਐਲਾਨ ਕਰ ਦਿੱਤਾ ਗਿਆ ਕਿ ਸਾਡੇ ਦੇਸ ਨੂੰ ਨਵੇਂ ਗੋਗੋਲਾਂ ਦੀ ਤੇ ਸਾਲਤੀਕੋਵ-ਛੇਦਰੀਨਾਂ ਦੀ ਲੋੜ ਹੈ। ਸੋਵੀਅਤ ਵਿਅੰਗਾਤਮਕ ਕਿਰਤਾਂ ਦੀ ਲੋੜ ਇਕਦਮ ਪੈਦਾ ਹੋ ਗਈ ਸੀ। ਮੇਰਾ ਇਕ ਦੋਸਤ ਥੋੜ੍ਹਾ ਜਿਹਾ ਕਵੀ ਹੈ, ਥੋੜ੍ਹਾ ਜਿਹਾ ਵਾਰਤਕ ਲਿਖਾਰੀ ਤੇ ਥੋੜ੍ਹਾ ਜਿਹਾ ਸੰਪਾਦਕ। ਮਤਲਬ ਕੀ ਕਿ ਉਹ ਸਾਹਿਤਕਾਰ ਹੈ। ਉਪ੍ਰੋਕਤ ਸੱਦੇ ਨੂੰ ਹੁੰਗਾਰਾ ਭਰਦਿਆਂ ਉਸਨੇ ਵਿਅੰਗਾਤਮਕ ਕਵਿਤਾਵਾਂ ਦੀ ਕਿਤਾਬ ਲਿਖ ਦਿਤੀ ਜਿਸ ਵਿਚ ਚੁਗ਼ਲਖੋਰਾਂ, ਝੋਲੀਚੁੱਕਾਂ, ਬਹੁ-ਵਹੁਟੀਆਂ ਵਾਲਿਆਂ ਤੇ ਦੂਜੇ ਨਤੀ ਪਾਤਰਾਂ ਦੀ ਸਖਤ ਆਲੋਚਨਾ ਕੀਤੀ ਗਈ ਸੀ, ਜਿਹੜੇ ਸਾਡੇ ਸੋਵੀਅਤ ਜੀਵਨ ਵਿਚ ਖਰਾਬੀ ਪੈਦਾ ਕਰ ਰਹੇ ਨੇ, ਜੋ ਕਿ ਵੈਸੇ ਖੁਸ਼ਗਵਾਰ ਹੈ।
ਕਿਤਾਬ ਅਜੇ ਦੁਕਾਨਾਂ ਉਤੇ ਆਈ ਹੀ ਸੀ ਕਿ ਇਕ ਆਲੋਚਕ ਨੇ ਸਖਤ ਆਲੋਚਨਾ ਕਰਦਾ ਲੇਖ ਲਿਖ ਦਿਤਾ। ਉਸਨੇ ਲਿਖਿਆ: “ਲੇਖਕ ਨੇ ਨਵੇਂ ਗੋਗੋਲਾਂ ਤੇ ਛੇਦਰੀਨਾਂ ਦੀ ਲੋੜ ਦੇ ਨਾਅਰੇ ਨੂੰ ਬੜਾ ਹੀ ਸਿੱਧੇ ਜਿਹੇ ਤੇ ਅਤਿ ਸਾਦੇ ਢੰਗ ਨਾਲ ਲਿਆ ਹੈ। ਹੁਣ ਅਸੀਂ ਦੇਖਦੇ ਹਾਂ ਕਿ ਕਿੰਨੇਂ ਨਿੱਕੇ ਮਨਾਂ ਵਾਲੇ ਤੇ ਖੋਰੀ ਬੰਦੇ ਸਾਡੇ ਦਰਮਿਆਨ ਰਹਿੰਦੇ ਰਹੇ ਨੇ। ਉਸਨੇ ਇਸ ਤਰ੍ਹਾਂ ਦੇ ਬੰਦੇ ਕਿਥੇ ਦੇਖੇ ਨੇ, ਜਿਸ ਤਰ੍ਹਾਂ ਦੇ ਉਸਨੇ ਆਪਣੀ ਕਿਤਾਬ ਵਿਚ ਉਲੀਕੇ ਨੇ? ਕੀ ਇਹੋ ਜਿਹੇ ਬੰਦੇ ਸਾਡੇ ਸੋਵੀਅਤ ਜੀਵਨ ਵਿਚ ਮਿਲਦੇ ਨੇ ? ਨਹੀਂ ਇਹੋ ਜਿਹੇ ਲੋਕ ਸੋਵੀਅਤ ਭੂਮੀ ਉਤੇ ਮੌਜੂਦ ਨਹੀਂ। ਉਹ ਇਸ ਨਿਰਾਸ ਆਦਮੀ ਦੀ ਨਿਰਾਸ਼ਾਵਾਦੀ ਕਲਪਣਾ ਤੋਂ ਪੈਦਾ ਹੋਏ ਨੇ, ਜਿਸਦੀ ਭੰਡੀ ਭਰੀ ਕਿਤਾਬ ਸਾਡੇ ਦੁਸ਼ਮਨਾਂ ਦੇ ਹੱਥਾਂ ਵਿਚ ਖੇਡਦੀ ਹੈ।”
ਮੁਖਤਾਰਬੇਕੋਵ, ਇਕ ਉੱਚ-ਅਧਿਕਾਰੀ, ਆਪਣੇ ਵੱਟੇ ਘਸੁੰਨ ਨਾਲ ਮੇਜ਼ ਨੂੰ ਕੁੱਟਦਾ ਹੋਇਆ ਚੀਕਿਆ :
“ਤੂੰ ਕਿਥੇ ਦੇਖਿਐ, ਮਿਸਾਲ ਵਜੋਂ, ਇਹੋ ਜਿਹਾ ਸੁਸਤ ਤੇ ਨਿਕੰਮਾਂ ਟੀਮ- ਲੀਡਰ ਤੂੰ ਕਿਥੇ ਦੇਖਿਆ, ਜਿਹੜਾ, ਹੋਰ ਤੇ ਹੋਰ, ਨਾਲੇ ਪਿਆਕੜ ਵੀ ਹੈ?!”
“ਆਪਣੀ ਆਊਲ ਵਿਚ”, ਨਿਮਰਤਾ ਨਾਲ ਲੇਖਕ ਨੇ ਜਵਾਬ ਦਿਤਾ। “ਇਹ ਝੂਠੀ ਤੁਹਮਤ ਹੈ। ਮੈਨੂੰ ਪਤੈ ਤੁਹਾਡੀ ਆਉਲ ਦਾ ਸਾਂਝਾ ਫਾਰਮ ਸਭ ਤੋਂ ਅੱਗੇ ਹੈ। ਇਹੋ ਜਿਹੇ ਆਗੂ ਸਾਂਝੇ ਫਾਰਮ ਵਿਚ ਇਸ ਤਰ੍ਹਾਂ ਦਾ ਟੀਮ-ਲੀਡਰ ਹੋ ਹੀ ਨਹੀਂ ਸਕਦਾ।”
ਮਤਲਬ ਕੀ ਕਿ ਵਿਅੰਗਕਾਰ ਦਾ ਵਿਅੰਗ ਉਸਦੇ ਆਪਣੇ ਗਲ ਦੀ ਫਾਹੀ ਬਣ ਗਿਆ। ਇਹ ਬਿਲਕੁਲ ਪੋਲਿਸ਼ ਰਸਾਲੇ ਵਿਚਲੇ ਇਕ ਕਾਰਟੂਨ ਵਾਲੀ ਗੱਲ ਸੀ, ਜਿਸ ਵਿਚ ਦੋ ਛੱਜੇ ਦਿਖਾਏ ਗਏ ਸਨ, ਇਕ ਹੇਠਲੀ ਮੰਜ਼ਿਲ ਉਤੇ ਤੇ ਦੂਜਾ ਤੀਸਰੀ ਮੰਜ਼ਿਲ ਉਤੇ। ਦੋਹਾਂ ਉਤੇ ਇਕ ਇਕ ਆਦਮੀ ਖੜਾ ਸੀ। ਹੇਠਲਾ ਆਦਮੀ ਉਪਰਲੇ ਨੂੰ ਵੱਟੇ ਮਾਰ ਰਿਹਾ ਸੀ, ਪਰ ਵੱਟੇ ਆਪਣੇ ਨਿਸ਼ਾਨੇ ਤੱਕ ਪੁੱਜਣ ਤੋਂ ਪਹਿਲਾਂ ਉਸਦੇ ਆਪਣੇ ਸਿਰ ਵਿਚ ਆ ਵੱਜਦੇ ਸਨ । ਉਪਰਲਾ ਆਦਮੀ ਆਪਣਾ ਵੱਟਾ ਬਸ ਤਿਲਕਾ ਦੇਂਦਾ ਸੀ, ਤੇ ਇਹ ਹੇਠਾਂ ਖੜੇ ਬਦਕਿਸਮਤ ਆਦਮੀ ਦੇ ਸਿਰ ਵਿਚ ਜਾ ਵਜਦਾ ਸੀ। ਕਾਰਟੂਨ ਨੂੰ ਸਿਰਲੇਖ ਦਿਤਾ ਗਿਆ ਸੀ : “ਆਲੋਚਨਾ : ਹੇਠਾਂ ਵੱਲੋਂ ਤੇ ਉਪਰ ਵੱਲੋਂ।
ਕਿਸੇ ਨੇ ਵਿਚਾਰੇ ਵਿਅੰਗਕਾਰ ਨੂੰ ਸਲਾਹ ਦਿੱਤੀ ਕਿ ਸਭ ਤੋਂ ਚੰਗਾ ਤਰੀਕਾ ਇਹ ਹੋਵੇਗਾ ਕਿ ਉਹ ਆਪਣੀ ਗਲਤੀ ਮੰਨ ਲਵੇ, ਸਿਰਫ ਇਕ ਵਾਰੀ ਨਹੀਂ, ਸਗੋਂ ਕਵੀ ਵਾਰੀ, ਜਦੋਂ ਵੀ ਕਦੀ ਮੌਕਾ ਹੱਥ ਲੱਗੇ : ਅਖਬਾਰਾਂ ਵਿਚ, ਕਿਸੇ ਰਸਾਲੇ ਵਿਚ ਕੇਂਦਰ ਮੀਟਿੰਗ ਵਿਚ, ਜਿਸ ਵਿਚ ਵੀ ਉਹ ਸ਼ਾਮਲ ਹੋਵੇ। ਬਦਕਿਸਮਤ ਲੇਖਕ ਨੇ ਖੁਲ੍ਹਮ-ਖੁਲ੍ਹਾ ਪਛਤਾਵਾ ਕਰਨਾ, ਛਾਤੀ ਪਿੱਟਣੀ ਸ਼ੁਰੂ ਕਰ ਦਿੱਤੀ। ਪਰ ਇਹ ਕਾਫੀ ਨਹੀਂ ਸੀ 1
“ਤੇਰੀਆਂ ਚਿੱਕੜ-ਉਛਾਲਦੀਆਂ ਕਵਿਤਾਵਾਂ ਤੋਂ ਪਿਛੋਂ ਅਸੀਂ ਤੇਰੇ ਵਿਚ ਹੋਰ ਵਿਸ਼ਵਾਸ ਨਹੀਂ ਕਰ ਸਕਦੇ”, ਵੱਡਾ ਮੁਖੀ ਮੁਖਤਾਰਬੇਕੋਵ ਕਹਿਣ ਲੱਗਾ। “ਤੈਨੂੰ ਕਰਨੀ ਨਾਲ, ਆਪਣੀ ਕਲਮ ਨਾਲ ਸਿੱਧ ਕਰਨਾ ਚਾਹੀਦਾ ਹੈ ਕਿ ਤੂੰ ਆਪਣੀਆਂ ਗ਼ਲਤੀਆਂ ਸੋਧ ਲਈਆਂ ਨੇ।”
ਮੇਰੇ ਦੋਸਤ ਨੂੰ ਕੋਈ ਫਰਕ ਨਹੀਂ ਸੀ ਪੈਂਦਾ : ਜੇ ਆਲੋਚਨਾਂ ਦੀ ਲੋੜ ਸੀ, ਉਹ ਤਿਆਰ ਸੀ; ਜੇ ਉਸਤੋਂ ਆਪਣੀਆਂ ਗ਼ਲਤੀਆਂ ਸੋਧਣ ਦੀ ਆਸ ਕੀਤੀ ਜਾਂਦੀ ਸੀ, ਉਹ ਤਾਂ ਵੀ ਤਿਆਰ ਸੀ। ਉਹ ਕੰਮ ਕਰਨ ਬਹਿ ਗਿਆ ਤੇ ਇਕ ਨਵੀਂ ਕਵਿਤਾ ਲਿਖ ਦਿਤੀ—“ਮਿਹਨਤੀ ਮਰਜਾਨਾਤ।” ਇਹ ਕੁੜੀ ਕਵਿਤਾ ਦੀ ਨਾਇਕਾ, ਮੁਹਰੀ ਸਹਾਂ ਵਿਚਲੀ ਇਕ ਸਰਗਰਮ ਕਾਰਕੁਨ, ਆਪਣੇ ਸਾਂਝੇ ਫਾਰਮ ਨੂੰ ਕੁਝ ਹੀ ਸਮੇਂ ਵਿਚ ਸਭ ਤੋਂ ਅੱਗੇ ਲੈ ਆਉਂਦੀ ਹੈ, ਸਾਰੀਆਂ ਖਲਾਨਾਂ ਮਿਥੇ ਨਾਲੋਂ ਵਧੇਰੇ ਪੂਰੀਆਂ ਕਰਦੀ ਹੈ ਤੇ ਅਖੀਰ ਸ਼ੌਕੀਆ ਕਲਾ ਮੁਕਾਬਲੇ ਵਿਚ ਪਹਿਲੀ ਥਾਂ ਜਿੱਤਦੀ ਹੈ, ਜਿਸ ਮੁਕਾਬਲੇ ਵਿਚ ਉਹ ਆਪਣਾ ਹੀ ਬਣਾਇਆ ਹੋਇਆ ਗੀਤ ਪੇਸ਼ ਕਰਦੀ ਹੈ। ਕਵਿਤਾ ਤੁਰਤ ਇਕ ਰਸਾਲੇ ਵਿਚ ਪ੍ਰਕਾਸ਼ਤ ਹੋ ਗਈ, ਤੇ ਕਿਤਾਬੀ ਸ਼ਕਲ ਵਿਚ ਵੀ ਛਪ ਗਈ।
ਪਰ ਸਮੇਂ ਕੁਝ ਬਦਲ ਗਏ ਸਨ, ਤੇ ਜਿਨ੍ਹਾਂ ਅਖਬਾਰਾਂ ਨੇ ਵਿਅੰਗਕਾਰ ਨੂੰ ਭੰਡੀ-ਪਰਚਾਰਕ ਤੇ ਚਿੱਕੜ ਉਛਾਲਣ ਵਾਲਾ ਕਿਹਾ ਸੀ, ਉਹ ਹੁਣ ਦਾਅਵਾ ਕਰਨ ਲੱਗੇ ਕਿ ਉਹ ਹਰ ਤਰ੍ਹਾਂ ਦੀਆਂ ਕਮੀਆਂ ਉਤੇ ਪਰਦਾ ਪਾਉਂਦਾ ਹੈ।
ਇਕ ਵਾਰੀ ਫਿਰ ਵੱਡਾ ਮੁਖੀ ਮੁਖਤਾਰਬੇਕੋਵ ਮੇਜ਼ ਉਤੇ ਮੁੱਕੀਆਂ ਮਾਰਦਿਆਂ ਪੁੱਛਣ ਲੱਗਾ :
“ਤੂੰ ਕਿਥੇ ਇਹੋ ਜਿਹਾ ਸਾਂਝਾ ਫਾਰਮ ਦੇਖਿਐ ਜਿਸ ਵਿਚ ਕੋਈ ਕਮੀ ਹੀ ਨਹੀਂ ? ਇਹੋ ਜਿਹਾ ਆਦਰਸ਼ਕ ਸਾਂਝਾ ਫਾਰਮ ਤੂੰ ਕਿਥੇ ਦੇਖਿਐ ?!’
ਇਸ ਵਾਰੀ ਵਿਚਾਰੇ ਲੇਖਕ ਨੇ ਕੋਈ ਜਵਾਬ ਨਾ ਦਿਤਾ। ਕੁਝ ਗੰਢਾਂ ਇਸ ਤਰ੍ਹਾਂ ਦੀਆਂ ਵੀ ਹੁੰਦੀਆਂ ਹਨ-ਪੀਡੀਆਂ, ਜਿਹੜੀਆਂ ਹੱਥਾਂ ਨਾਲ ਨਹੀਂ ਖੁਲ੍ਹਦੀਆਂ; ਪਰ ਦੰਦ ਵਰਤੇ ਨਹੀਂ ਜਾ ਸਕਦੇ ਕਿਉਂ ਗੰਢ ਗੰਦ ਨਾਲ ਲਿੱਬੜੀ ਪਈ ਹੁੰਦੀ ਹੈ। ਮੇਰੇ ਦੋਸਤ ਨੇ ਸਮਝ ਲਿਆ ਕਿ ਇਸ ਤਰ੍ਹਾਂ ਦੀ ਗੰਢ ਨਾਲ ਉਸਦਾ ਵਾਹ ਪੈ ਗਿਆ ਹੈ, ਸੋ ਉਹ ਸਿਰ ਸੁੱਟੀ ਚੁੱਪ ਕਰਕੇ ਬੈਠਾ ਰਿਹਾ।
ਉਸਦੀ ਚੁੱਪ ਪੂਰੇ ਦੱਸ ਸਾਲ ਚੱਲੀ-ਨਾ ਘੱਟ, ਨਾ ਵੱਧ। ਇਹ ਸਾਰਾ ਸਮਾਂ ਉਹ ਲੇਖਕ ਯੂਨੀਅਨ ਵਿਚ ਵੀ ਕਦੀ ਨਾ ਆਇਆ। ਸਿਰਫ਼ ਇਕ ਵਾਰੀ ਉਹ ਆਇਆ, ਜਦੋਂ ਫਲੈਟ ਮਿਲਣੇ ਸਨ। ਤੁਸੀਂ ਸਹਿਮਤ ਹੋਵੋਗੇ ਕਿ ਉਹ ਇਸ ਵਾਰੀ ਵੀ ਨਾ ਆਉਂਦਾ, ਜੇ ਇਹ ਲਾਜ਼ਮੀ ਨਾ ਹੁੰਦਾ ਤਾਂ।
ਏਨੇ ਚਿਰ ਵਿਚ, ਮੁਖ਼ਤਾਰਬੇਕੋਵ ਨੂੰ ਝੂਠੀਆਂ ਰਿਪੋਰਟਾਂ ਭੇਜਣ ਲਈ ਉਸਦੀ ਪਦਵੀ ਤੋਂ ਹਟਾ ਦਿੱਤਾ ਗਿਆ। ਉਸਦੇ ਜਾਣ ਦਾ ਕਿਸੇ ਨੂੰ ਅਫਸੋਸ ਨਾ ਹੋਇਆ।
ਵੈਸੇ, ਉਹ ਕੈਸਪੀਅਨ ਦੇ ਠੰਡੇ ਤੇ ਨਮਕੀਨ ਪਾਣੀਆਂ ਵਿਚ ਨਹਾਉਣ ਦਾ ਸ਼ੌਕੀਨ ਸੀ। ਸਵੇਰੇ ਸ਼ਾਮੀਂ ਉਹ ਸੱਜ-ਧੱਜ ਨਾਲ ਆਪਣੇ ਨਿੱਜੀ ਤੱਟ ਉਤੇ ਆਇਆ ਕਰਦਾ ਸੀ, ਆਪਣੀ ਵੱਡੀ ਕਾਲੀ ਸਰਕਾਰੀ ਕਾਰ ਵਿਚ, ਆਪਣੇ ਅਸ਼ਨਾਨ ਦਾ ਸਵਾਦ ਮਾਨਣ ਲਈ। ਉਸਦਾ ਘਰ ਕੰਢੇ ਉਤੇ ਹੀ ਹੁੰਦਾ ਸੀ। ਪਰ ਬਰਖਾਸਤ ਹੋਣ ਤੋਂ ਪਿਛੋਂ ਮੁਖਤਾਰਬੇਕੋਵ ਨੂੰ ਕਿਸੇ ਨੇ ਨਹੀਂ ਦੇਖਿਆ। ਜਨਤਕ ਘਾਟ ਨੂੰ ਵਰਤਣਾ ਉਸਦੀ ਸ਼ਾਨ ਦੇ ਤੁਲ ਨਹੀਂ ਸੀ। ਤੱਖ ਤੌਰ ਉਤੇ, ਉਹ ਬਦਲਣ ਤੋਂ ਤੇ ਆਪਣੇ ਘੁਮੰਡ ਉਪਰ ਕਾਬੂ ਪਾਉਣ ਤੋਂ ਅਸਮਰੱਥ ਸੀ।
ਵਿਸ਼ਿਆਂ ਬਾਰੇ ਕੁਝ ਹੋਰ : ਜਦੋਂ ਵੀ ਤੁਸੀਂ ਕਦੀ ਬਾਹਰ ਜਾਂਦੇ ਹੋ, ਤੁਸੀਂ ਕਿੰਨੇਂ ਸਾਰੇ ਪੰਛੀ ਉਡਦੇ ਹੋਏ, ਜਾਂ ਦਰਖਤਾਂ ਤੇ ਝਾੜੀਆਂ ਉਤੇ ਬੈਠੇ ਹੋਏ, ਜਾਂ ਜ਼ਮੀਨ ਉਪਰ ਫੁਦਕਦੇ ਦੇਖੋਗੇ। ਉਹ ਆਕਾਸ਼ ਵੱਲ ਵੀ ਉੱਡ ਕੇ ਜਾਂਦੇ ਨੇ, ਕੁਝ ਬਹੁਤਾ ਉੱਚਾ, ਕੁਝ ਘੱਟ ਉੱਚਾ-ਅਬਾਈਲਾਂ, ਕਾਂ, ਚਿੜੀਆਂ ਤੇ ਪਹਾੜੀ ਕਾਂ। ਇਹਨਾਂ ਸਾਰੇ ਪੰਛੀਆਂ ਦੇ ਦਰਮਿਆਨ, ਸਾਰੇ ਆਕਾਸ਼ ਵਿਚ ਸਿਰਫ ਇਕ ਉਕਾਬ ਹੁੰਦਾ ਹੈ। ਇਹ ਬਾਕੀ ਸਭ ਤੋਂ ਉਚੇਰਾ ਉਡਦਾ ਹੈ, ਨਜ਼ਰ ਤੋਂ ਵੀ ਦੂਰ, ਪਰ ਜੇ ਆਕਾਸ਼ ਵਿਚ ਇਕ ਵੀ ਉਕਾਬ ਹੋਵੇ ਤਾਂ ਘਰੋਂ ਬਾਹਰ ਨਿਕਲਣ ਵਾਲੇ ਦੇ ਨਜ਼ਰੀਂ ਸਭ ਤੋਂ ਪਹਿਲਾਂ ਇਹ ਪਵੇਗਾ। ਇਸਦਾ ਕਾਰਨ ਇਹ ਹੈ ਕਿ ਇਹ ਪੰਛੀ ਬਾਕੀ ਸਭ ਪੰਛੀਆਂ ਤੋਂ ਦੂਰ ਤੇ ਸਭ ਤੋਂ ਉੱਚਾ ਉੱਡਦਾ ਹੈ, ਜਿਸ ਲਈ ਇਹ ਵਿਲੱਖਣ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਨਜ਼ਰੀਂ ਪੈਂਦਾ ਹੈ। ਮਗਰੋਂ ਜਾ ਕੇ ਕਿਤੇ ਦਰਵਾਜ਼ੇ ਤੋਂ ਪੰਜ ਕਦਮਾਂ ਦੀ ਵਿੱਥ ਉੱਤੇ ਝਾੜੀ ਉਤੇ ਬੈਠੀ ਚਿੜੀ ਉਤੇ ਨਜ਼ਰ ਪੈਂਦੀ ਹੈ।
ਪਰ ਉਕਾਬ ਨੂੰ ਦੇਖਣ ਨਾਲ ਹੀ ਕੋਈ ਉਕਾਬ ਨਹੀਂ ਬਣ ਜਾਂਦਾ। ਯੋਧੇ ਬਾਰੇ ਲਿਖਣ ਵਾਲਾ ਲੇਖਕ, ਇੰਝ ਕਰਕੇ ਹੀ ਯੋਧਾ ਨਹੀਂ ਬਣ ਜਾਂਦਾ। ਮੈਂ ਕਈ ਬੁਜ਼ਦਿਲਾਂ ਨੂੰ ਜਾਣਦਾ ਹਾਂ, ਜਿਨ੍ਹਾਂ ਨੇ ਯੋਧਿਆਂ ਦੀਆਂ ਵਾਰਾਂ ਲਿਖ ਕੇ ਨਾਮਣਾ ਖੱਟਿਆ ਹੈ। ਜੇ ਕਿਤੇ ਪਹਾੜਾਂ ਦਾ ਉਹ ਬਹਾਦਰ ਸਪੂਤ ਮਾਖਾਚ ਦਾਖਾਦਾਯੇਵ ਆਪਣੀ ਕਬਰ ’ਚੋਂ ਉਠ ਪਵੇ, ਤਾਂ ਉਹ ਉਸ “ਵਿਦਵਾਨ” ਨੂੰ ਕੀ ਕਹੇਗਾ ਜਿਸਨੇ ਉਸਦੇ ਬਾਰੇ ਥੀਸਿਸ ਲਿਖਿਆ ਹੈ ?
“ਤੂੰ ਮੇਰੀ ਬਹਾਦਰ ਜ਼ਿੰਦਗੀ ਦੀ ਕਹਾਣੀ ਕਿਵੇਂ ਦਸ ਸਕਦਾ ਹੈਂ, ਜੇ ਤੂੰ ਆਪਣੇ ਇਕ ਵੀ ਵਾਕ ਦੀ ਆਪਣੇ ਸੰਪਾਦਕ ਤੋਂ ਰਾਖੀ ਨਹੀਂ ਕਰ ਸਕਦਾ? ਕੋਈ ਸੰਪਾਦਕ, ਜਿਵੇਂ ਚਾਹੇ, ਮੇਰੇ ਬਾਰੇ ਤੇਰੀ ਰਾਏ ਉਤੇ ਪ੍ਰਭਾਵ ਪਾ ਸਕਦਾ ਹੈ, ਤੇ ਤੇਰੀ ਹਿੰਮਤ ਨਹੀਂ ਹੋਵੇਗੀ ਕਿ ਕੋਈ ਵੀ ਇਤਰਾਜ਼ ਕਰ ਸਕੇਂ। ਨਹੀਂ, ਤੂੰ ਮਾਖਾਰ ਦਾਖਾਦਾਯੇਵ ਵਰਗੇ ਬੰਦੇ ਬਾਰੇ ਥੀਸਿਸ ਲਿਖਣ ਦੇ ਕਾਬਲ ਨਹੀਂ”—ਇਹ ਕਹੇਗਾ ਪਹਾੜਾਂ ਦਾ ਬਹਾਦਰ ਸਪੂਤ ਜੇ ਕਿਤੇ ਉਹ ਕਬਰਾਂ ਵਿਚੋਂ ਉਠ ਪਵੇ ਤਾਂ।
ਕੁਝ ਲੋਕ, ਲਗਦਾ ਹੈ, ਇਹ ਸੋਚਦੇ ਨੇ ਕਿ ਉੱਚਾ-ਸੁੱਚਾ ਵਿਸ਼ਾ ਕਿਸੇ ਨੂੰ ਮਹਾਨ ਆਦਮੀ ਬਨਾਉਣ ਲਈ ਕਾਫੀ ਹੁੰਦਾ ਹੈ। ਪਰ ਸਭ ਤੋਂ ਮਹਾਨ ਦਾ ਮਤਲਬ ਸਭ ਤੋਂ ਸਾਦੇ ਤੋਂ ਹੁੰਦਾ ਹੈ। ਵਰਖਾ ਦੀ ਇਕ ਕਣੀ ਵਿਚ ਹੜ੍ਹ ਲੁਕਿਆ ਹੁੰਦਾ ਹੈ। ਮਹਾਨ ਆਦਮੀ ਤੇ ਤੁੱਛ ਆਦਮੀ ਵਿਚ ਫਰਕ ਇਹ ਹੁੰਦਾ ਹੈ ਕਿ ਤੁੱਛ ਆਦਮੀ ਸਿਰਫ ਵੱਡੀਆਂ ਵੱਡੀਆਂ ਚੀਜ਼ਾਂ ਤੇ ਵਰਤਾਰਿਆਂ ਨੂੰ ਹੀ ਪਛਾਣ ਸਕਦਾ ਹੈ, ਜਦ ਕਿ ਆਪਣੇ ਨੱਕ ਹੇਠਾਂ ਪਈ ਚੀਜ਼ ਵੱਲੋਂ ਬੇਧਿਆਨ ਰਹਿੰਦਾ ਹੈ, ਪਰ ਮਹਾਨ ਆਦਮੀ ਵੱਡੀਆਂ ਛੋਟੀਆਂ ਹਰ ਤਰ੍ਹਾਂ ਦੀਆਂ ਚੀਜ਼ਾਂ ਦੇਖਦਾ ਹੈ ਤੇ ਦੂਜਿਆਂ ਨੂੰ ਦਿਖਾਉਣ ਦੇ ਸਮਰੱਥ ਹੁੰਦਾ ਹੈ।
ਇਕ ਯਾਦ : ਕਦੀ ਕਦੀ ਇੰਝ ਹੁੰਦਾ ਹੈ ਕਿ ਕਲਾ-ਕੌਸ਼ਲਤਾ ਵਾਲੇ ਲੇਖਕ ਦੇਖਣ ਵਿਚ ਉਦਾਸ ਲਗਦੇ ਨੇ, ਜਦ ਕਿ ਕਲਾ-ਕੌਸ਼ਲਤਾ ਤੋਂ ਸੱਖਣੇ ਧੌਣ ਅਕੜਾ ਕੇ ਫਿਰਦੇ ਨੇ। ਇੰਝ ਉਦੋਂ ਹੁੰਦਾ ਹੈ ਜਦੋਂ ਕਦਰ ਸਿਰਫ ਲੇਖਕ ਦੀਆਂ ਸਦਭਾਵਨਾਵਾਂ ਦੀ ਕੀਤੀ ਜਾਂਦੀ ਹੈ, ਇਸ ਗੱਲ ਦੀ ਨਹੀਂ ਕਿ ਉਸਦੀ ਕਿਤਾਬ ਕਿਵੇਂ ਲਿਖੀ ਗਈ ਹੈ, ਉਸਨੇ ਕਿਸ ਤਰ੍ਹਾਂ ਦੀ ਕਲਾ-ਕੌਸ਼ਲਤਾ ਤੇ ਕਾਰੀਗਰੀ ਦਿਖਾਈ ਏ। ਇਹੋ ਜਿਹੀਆਂ ਸੂਰਤਾਂ ਵਿਚ ਸਿੱਖਣ ਵਾਲੇ ਘੱਟ ਤੇ ਸਿਖਾਉਣ ਵਾਲੇ ਬਹੁਤੇ ਹੁੰਦੇ ਹਨ; ਚੀਜ਼ਾਂ ਘੱਟ ਤੇ ਉਹਨਾਂ ਦਾ ਮੁੱਲ ਪਾਉਣ ਵਾਲੇ ਬਹੁਤੇ, ਲੇਖਕ ਘੱਟ ਤੇ ਬਕਵਾਸੀ ਬਹੁਤੇ ਹੁੰਦੇ ਹਨ।
ਇਹੋ ਜਿਹਾ ਸਮਾਂ ਸੀ ਜਦੋਂ ਪਿਤਾ ਜੀ ਨੂੰ ਸ਼ਾਮਿਲ ਬਾਰੇ ਇਕ ਲੰਮੀਂ ਕਵਿਤਾ ਲਿਖਣ ਦੀ ਸੁੱਝੀ। ਇਸਦੇ ਪ੍ਰਕਾਸ਼ਤ ਹੋਣ ਤੋਂ ਐਨ ਪਹਿਲਾਂ, ਉਪਰੋਂ ਹਦਾਇਤਾਂ ਆ ਗਈਆਂ ਕਿ ਸ਼ਾਮਿਲ ਨੂੰ ਹੁਣ ਤੋਂ ਲੈ ਕੇ ਹਮੇਸ਼ਾ ਹਮੇਸ਼ਾ ਲਈ ਐਂਗਲੋ-ਤੁਰਕ ਜਾਸੂਸ ਮੰਨਿਆ ਜਾਏ। ਸਾਨੂੰ ਪਤਾ ਇਹ ਲੱਗਾ ਕਿ ਪੱਚੀ ਸਾਲਾਂ ਲਈ ਸ਼ਾਮਿਲ ਦਾਗਿਸਤਾਨ ਦੇ ਲੋਕਾਂ ਦੀ ਆਜ਼ਾਦੀ ਲਈ ਨਹੀਂ, ਸਗੋਂ ਉਹਨਾਂ ਨੂੰ ਬੁੱਧੂ ਬਨਾਉਣ ਲਈ ਲੜਦਾ ਰਿਹਾ ਸੀ।
ਪਿਤਾ ਜੀ. ਆਪਣੇ ਬੀਰ-ਕਾਵਿ ਨਾਲ ਕੀ ਕਰਦੇ? ਇਸ ਗੱਲ ਦਾ ਇਸ਼ਾਰਾ ਸੁੱਟਿਆ ਗਿਆ ਕਿ ਸਾਡੇ ਧੁਪਹਿਲੇ ਸਮਿਆਂ ਵਿਚ ਪੁਰਾਣੇ ਇਤਿਹਾਸਕ ਮਸਾਲੇ ਉਤੇ ਸਮਾਂ ਜ਼ਾਇਆ ਕਰਨਾ ਉਹਨਾਂ ਨੂੰ ਢੁੱਕਦਾ ਨਹੀਂ ਤੇ ਚੰਗਾ ਹੋਵੇਗਾ ਤੇ ਉਹ ਇਕ ਹੋਰ ਕਵਿਤਾ ਲਿਖਣ ਜਿਹੜੀ ਸਾਡੇ ਸਮੇਂ ਦੇ ਤੇ ਪਾਠਕਾਂ ਦੇ ਵਧੇਰੇ ਨੇੜੇ ਹੋਵੇ।
ਉਹਨੀਂ ਦਿਨੀਂ ਸਾਡਾ ਵਾਰਕ ਮਿੱਤਰ, ਖੁਸ਼-ਰਹਿਣਾ ਕਵੀ ਅਬੂਤਾਲਿਬ ਅਕਸਰ ਹੀ ਪਿਤਾ ਜੀ ਨੂੰ ਮਿਲਣ ਆਉਂਦਾ ਹੁੰਦਾ ਸੀ। ਉਸਤੋਂ ਕਦੀ ਵੱਖ ਨਾ ਹੋਣ ਵਾਲਾ ਸੁਰਨਾ ਹਮੇਸ਼ਾ ਉਸਦੇ ਨਾਲ ਹੁੰਦਾ ਸੀ।
ਆਰਾਮ ਨਾਲ ਬੈਠਦਾ ਹੋਇਆ ਤੇ ਆਪਣੇ ਸਾਜ਼ ਨੂੰ ਸੁਰ ਕਰਦਾ ਹੋਇਆ ਅਬੂਤਾਲਿਬ ਕਹਿੰਦਾ : “ਹਮਜ਼ਾਤ, ਦਿਲ ਨੂੰ ਨਾ ਲਾ। ਮੈਂ ਜਦੋਂ ਅਜੇ ਮੁੰਡਾ ਜਿਹਾ ਹੀ ਸਾਂ ਤੇ ਅਜੇ ਕਵਿਤਾ ਲਿਖਣੀ ਸ਼ੁਰੂ ਨਹੀਂ ਸੀ ਕੀਤੀ ਤਾਂ ਮੈਂ ਸੁਰਨਾ ਵਜਾਇਆ ਕਰਦਾ ਸਾਂ। ਕਈ ਸਾਲ ਇਸਤੋਂ ਮੇਰੀ ਤੇ ਮੇਰੇ ਪਰਵਾਰ ਦੀ ਰੋਟੀ ਚਲਦੀ ਰਹੀ। ਸੁਰਨਾ ਉਹੀ ਧੁਨ ਵਜਾ ਦੇਂਦਾ, ਜਿਸਦੀ ਵੀ ਕੋਈ ਫਰਮਾਇਸ਼ ਪਾਉਂਦਾ। ਆ, ਆਪਣੇ ਜਵਾਨੀ ਦੇ ਦਿਨਾਂ ਨੂੰ ਯਾਦ ਕਰੀਏ, ਕੁਝ ਸਮੇਂ ਲਈ ਕਵਿਤਾ ਕਹਿਣੀ ਲਾਂਭੇ ਧਰ ਦੇਈਏ, ਤੇ ਕੁਝ ਸੰਗੀਤ ਦਾ ਸਵਾਦ ਮਾਣੀਏ। ਮੈਂ ਸੁਰਨਾ ਵਜਾਵਾਂਗਾ, ਤੂੰ ਢੋਲ ਵਜਾ। ਇਹ ਦੋਹਾਂ ਵਿਚੋਂ ਸੌਖੇਰਾ ਸਾਜ਼ ਹੈ।”
“ਕੀ ਕਹਿਣ ਡਿਹੈਂ, ਅਬੂਤਾਲਿਬ। ਗੱਲ ਏਨੀਂ ਮਾੜੀ ਨਹੀਂ ਹੋਵੇਗੀ ਜੇ ਅਸੀਂ ਢੋਲਚੀ ਤੇ ਸੁਰਨਾ ਵਜਾਉਣ ਵਾਲੇ ਬਣ ਜਾਈਏ। ਆਖਰ ਨਾਚੇ ਤੇ ਕੱਸੇ ਰੱਸੇ ਉਤੇ ਤੁਰਨ ਵਾਲੇ ਸੁਰਨੇ ਦੇ ਸੰਗੀਤ ਉੱਤੇ ਨੱਚਦੇ ਨੇ। ਸੁਰਨਾ ਵਜਾਉਣ ਵਾਲਾ ਹੇਠਾਂ ਜ਼ਮੀਨ ਉਤੇ ਖੜਾ ਹੁੰਦਾ ਹੈ, ਤੇ ਰੱਸੇ ਉੱਤੇ ਤੁਰਨ ਵਾਲਾ ਉਪਰ ਹਵਾ ਵਿਚ ਹੁੰਦਾ ਹੈ। ਹੁਣ ਤੂੰ ਮੈਨੂੰ ਦੱਸ, ਅਬੂਤਾਲਿਬ, ਉਹਨਾਂ ਵਿਚੋਂ ਕਿਹੜਾ ਜ਼ਿਆਦਾ ਔਖ ਵਿਚ ਹੁੰਦਾ ਹੈ? ਤੂੰ ਤੇ ਮੈਂ ਕੱਸੇ ਰੱਸੇ ਉਤੇ ਤੁਰਨ ਵਾਲੇ ਹਾਂ। ਉਹ ਚਾਹੁੰਦੇ ਨੇ ਅਸੀਂ ਕੱਸੇ ਰੱਸੇ ਉਤੇ ਤੁਰਨ ਵਾਲੇ ਵੀ ਬਣੀਏ ਤੇ ਨੱਚੀਏ ਵੀ।”
ਖੁਸ਼-ਰਹਿਣਾ ਅਬੂਤਾਲਿਬ ਉਦਾਸ ਹੋ ਗਿਆ, ਤੇ ਨਾਲ ਹੀ ਉਸਦਾ ਸੁਰਨਾ ਉਦਾਸ ਹੋ ਗਿਆ। ਉਹ ਕੁਝ ਦੇਰ ਚੁੱਪ ਕਰਕੇ ਬੈਠਾ ਰਿਹਾ, ਫਿਰ ਸਿਰ ਉਤਾਂਹ ਚੁੱਕਿਆ ਤੇ ਕਹਿਣ ਲੱਗਾ:
“ਕਵਿਤਾ ਲਿਖਣੀ ਕੋਈ ਸੌਖਾ ਕੰਮ ਨਹੀਂ।” ਪਰਬਤ ਦੇ ਪੈਰਾਂ ਤੋਂ ਜਦ ਤੁਸੀਂ ਦੂਰ ਚੋਟੀ ਵੱਲ ਤੱਕੋ। ਇੰਝ ਨੇੜੇ ਦਿਸੇ ਇਹ ਜਿਉਂ ਫੜ ਲਵੋ ਜੇ ਹਥ ਵਧਾਵੋ। ਪਰ ਜਦ ਪਥਰੀਲੇ ਰਾਹਾਂ ‘ਤੇ, ਡੂੰਘੀਆਂ ਬਰਫ਼ਾਂ ਥਾਣੀਂ ਤੁਰਦੇ ਜਾਵੋ, ਤੁਰਦੇ ਜਾਵੋ, ਅੰਤ ਸਿਰਾ ਨਾ ਪਾਵੋ।
ਸਾਡਾ ਕੰਮ ਵੀ ਇਉਂ ਲੱਗੇ, ਜਿਉਂ ਬੜਾ ਹੀ ਸਹਿਲ-ਸੁਖਾਲਾ ਪਰ ਜਦ ਘੰਟਿਆਂ ਬੱਧੀ ਪੈਂਦਾ ਲਫਜ਼ਾਂ ਦੇ ਨਾਲ ਲੜਨਾ, ਤਾਂ ਵੀ ਗੱਲ ਨਾ ਬਣਦੀ ਦਿਸੇ, ਤੁਕ ਨਾਲ ਤੁਕ ਨਾ ਮਿਲਦੀ, ਗੀਤ ਲਿਖਣ ਤੋਂ ਸੌਖਾ ਜਾਪੇ, ਉਸ ਚੋਟੀ ‘ਤੇ ਚੜ੍ਹਨਾ।
ਇਕ ਪੰਛੀ ਦੀ ਕਹਾਣੀ, ਜਿਹੜਾ ਉਕਾਬ ਦਾ ਹਾਣੀ ਬਣਨਾ ਚਾਹੁੰਦਾ ਸੀ: ਭੇਡਾਂ ਦਾ ਇੱਜੜ ਪਹਾੜ ਦੀ ਵੱਖੀ ਤੋਂ ਹੇਠਾਂ ਵਾਦੀ ਵਿਚ ਉਤਰ ਰਿਹਾ ਸੀ ਕਿ ਇਕ ਉਕਾਬ ਬਿਜਲੀ ਵਾਂਗ ਝਪਟਿਆ, ਆਪਣੇ ਪੰਜੇ ਇਕ ਲੇਲੇ ਵਿਚ ਧਸਾਏ ਤੇ ਇਸਨੂੰ ਚੁੱਕ ਕੇ ਲੈ ਗਿਆ। ਇਹ ਸਾਰਾ ਦ੍ਰਿਸ਼ ਇਕ ਨਿੱਕਾ ਜਿਹਾ ਪੰਛੀ ਵੀ ਦੇਖ ਰਿਹਾ ਸੀ। ਉਸਨੇ ਫੈਸਲਾ ਕੀਤਾ : ‘ਤੇ ਮੈਂ ਭਲਾ ਕਿਉਂ ਨਹੀਂ ਉਕਾਬ ਵਾਂਗ ਹੀ ਕਰ ਸਕਦਾ ਤੇ ਲੇਲਾ ਕਿਉਂ, ਮੈਂ ਪੂਰੇ ਦਾ ਪੂਰਾ ਦੁੰਬਾ ਕਿਉਂ ਨਾ ਚੁੱਕਾਂ ?” ਸੋ ਪੰਛੀ ਉੱਡ ਕੇ ਉਪਰ ਆਕਾਂਸ਼ ਵਿਚ ਚਲਾ ਗਿਆ, ਆਪਣੇ ਪਰ ਬੰਦ ਕਰ ਲਏ ਤੇ ਪੱਥਰ ਵਾਂਗ ਹੇਠਾਂ ਨੂੰ ਡਿੱਗ ਪਿਆ। ਪਰ ਸਭ ਕੁਝ ਦਾ ਅੰਤ ਇਹ ਹੋਇਆ ਕਿ ਉਹ ਦੁੰਬੇ ਦੇ ਸਿੰਗ ਉਤੇ ਆ ਕੇ ਵੱਜਾ ਤੇ ਦਮ ਤੋੜ ਗਿਆ।
“ਇਕ ਵਾਰੀ ਇਕ ਮੱਖੀ ਨੇ ਵੀ ਪੱਥਰ ਰੇੜ੍ਹਣ ਦੀ ਕੋਸ਼ਿਸ਼ ਕੀਤੀ ਸੀ”, ਗਡਰੀਏ ਨੇ ਮਰੇ ਪੰਛੀ ਨੂੰ ਚੁੱਕ ਕੇ ਆਪਣੀ ਤਲੀ ਉਤੇ ਰੱਖਦਿਆਂ ਕਿਹਾ।
ਸੋ, ਇਕ ਨਿੱਕੇ ਜਿਹੇ ਪੰਛੀ ਦਾ ਹਸ਼ਰ ਇਹ ਹੋਇਆ ਕਿ ਉਹ ਚਾਹੁੰਦਾ ਸੀ ਉਕਾਬ ਦਾ ਹਾਣੀ ਬਣਨਾ ਪਰ ਤੁਲਨਾ ਉਸਦੀ ਮੱਖੀ ਨਾਲ ਕੀਤੀ ਗਈ।
ਵਿਸ਼ਿਆਂ ਬਾਰੇ ਕੁਝ ਹੋਰ : ਵਿਸ਼ਾ ਮੁਹੱਬਤ ਵਾਂਗ ਹੁੰਦਾ ਹੈ, ਕਸਮ ਵਾਂਗ ਹੁੰਦਾ ਹੈ, ਤਰਲੇ ਵਾਂਗ ਹੁੰਦਾ ਹੈ, ਦੁਆ ਵਾਂਗ ਹੁੰਦਾ ਹੈ। ਪੂਰਬ ਵਿਚ ਅਖਾਣ ਏ ਕਿ ਦੁਹਰਾਉਣ ਨਾਲ ਦੁਆ ਦਾ ਕੁਝ ਨਹੀਂ ਜਾਇਗਾ ; ਦੁਹਰਾਉਣ ਨਾਲ ਸਗੋਂ ਇਸਦੀ ਕਦਰ ਹੋਰ ਵਧ ਸਕਦੀ ਹੈ।
ਵਿਸ਼ਿਆਂ ਉਪਰ ਇਹ ਗੱਲ ਨਹੀਂ ਢੁੱਕਦੀ। ਜੇ ਤੁਸੀਂ ਇਕੋ ਵਿਸ਼ੇ ਦੀ ਸੁਰ ਅਲਾਪੀ ਜਾਓ, ਤਾਂ ਇਹ ਤੁੱਛ ਤੇ ਬੇਕਦਰ ਹੋ ਜਾਇਗਾ। ਹੀਰਾ ਜਿੰਨਾਂ ਵੱਡਾ ਹੋਵੇਗਾ, ਓਨਾ ਹੀ ਜ਼ਿਆਦਾ ਕੀਮਤੀ ਹੋਵੇਗਾ। ਹੀਰੇ ਦੇ ਬੂਰੇ ਦੀ ਕਿਸਨੂੰ ਇੱਛਾ ਹੁੰਦੀ ਹੈ ?
ਮੈਂ ਇਕ ਵਾਰੀ ਇਕ ਰੂਸੀ ਅਧਿਆਪਕਾ ਵੇਰਾ ਵਾਸਿਲੀਏਵਨਾ ਬਾਰੇ ਕਵਿਤਾ ਲਿਖੀ, ਤੇ ਦੇਖਿਆ ਕਿ ਮੇਰੀ ਕਵਿਤਾ ਤੋਂ ਪਾਠਕ, ਤੇ ਸਗੋਂ ਆਲੋਚਕ ਵੀ, ਖੁਸ਼ ਹੋਏ ਨੇ। ਮੈਨੂੰ ਏਨੀਂ ਖੁਸ਼ੀ ਹੋਈ ਕਿ ਮੈਂ ਉਸੇ ਵਿਸ਼ੇ ਨੂੰ ਦੁਹਰਾਉਣ ਲੱਗ ਪਿਆ। ਮੇਰੀ ਕਵਿਤਾ ਉਸ ਸ਼ਰਾਬ ਵਰਗੀ ਨਹੀਂ ਸੀ ਜਿਹੜੀ ਘੜੇ ਵਿਚ ਪੱਕਦੀ ਹੈ, ਸਗੋਂ ਉਸ ਸ਼ਰਾਬ ਵਰਗੀ ਸੀ ਜਿਹੜੀ ਘੜੇ ਨੂੰ ਨਚੋੜ ਲੈਣ ਉਤੇ ਨਿਕਲਦੀ ਹੈ। ਪੱਕੀ ਸ਼ਰਾਬ ਦੇ ਨਾਂ ਉਤੇ ਕੋਈ ਉਹ ਸ਼ਰਾਬ ਵੀ ਪੇਸ਼ ਕਰ ਸਕਦਾ ਹੈ ਜਿਹੜੀ ਅਜੇ ਖਮੀਰ ਨਹੀਂ ਚੜ੍ਹੀ। ਮੈਂ ਤੁਹਾਨੂੰ ਸੁਣਾਉਂਦਾ ਹਾਂ ਕਿ ਅਸੀਂ ਕੀ ਕਰਦੇ ਹੁੰਦੇ ਸਾਂ, ਜਦੋਂ ਅਸੀਂ ਆਪਣੇ ਮਾਸਕੋ ਦੇ ਦੋਸਤਾਂ ਦੀ ਦਾਗਿਸਤਾਨੀ ਸ਼ਰਾਬ ਨਾਲ ਸੇਵਾ ਕਰਦੇ ਹੁੰਦੇ ਸਾਂ।
ਹਰ ਵਾਰੀ ਜਦੋਂ ਮੈਂ ਤੇ ਮੇਰੇ ਕਾਕੇਸ਼ੀਆਈ ਦੋਸਤ ਆਪੋ ਆਪਣੇ ਘਰਾਂ ਤੋਂ ਹੋ ਕੇ ਮਾਸਕੋ ਮੁੜਦੇ, ਤਾਂ ਅਸੀਂ ਆਪਣੇ ਨਾਲ ਸ਼ਰਾਬ ਲਿਆਉਂਦੇ। ਸਾਡੇ ਦੋਸਤ ਇਕੱਠੇ ਹੁੰਦੇ, ਪੀਪੇ ਖੁਲ੍ਹਦੇ ਤੇ ਜਸ਼ਨ ਸ਼ੁਰੂ ਹੋ ਜਾਂਦੇ । ਸ਼ਰਾਬ ਪੁਰਾਣੀ ਤੇ ਚੰਗੀ ਪੱਕੀ ਹੋਈ, ਉੱਚ ਦਰਜੇ ਦੀ ਹੁੰਦੀ ਸੀ। ਸਾਡੇ ਦੋਸਤ ਸ਼ਰਾਬ ਦੀ ਵੱਧ ਤੋਂ ਵੱਧ ਸਿਫਤ ਕਰਦੇ ਤੇ ਇਸ ਬਾਰੇ ਅੱਗੋਂ ਆਪਣੇ ਦੋਸਤਾਂ ਨੂੰ ਵੀ ਖਬਰ ਕਰ ਦੇਂਦੇ, ਇਸ ਤਰ੍ਹਾਂ ਸਾਡੀ ਸ਼ਰਾਬ ਦਿਨੋਂ ਦਿਨ ਵਧੇਰੇ ਪ੍ਰਸਿਧ ਹੁੰਦੀ ਗਈ, ਪਰ ਅਸੀਂ ਜਿਹੜੇ ਪੀਪੇ ਆਪਣੇ ਨਾਲ ਲਿਆਉਂਦੇ ਸਾਂ, ਉਹਨਾਂ ਵਿਚ ਸ਼ਰਾਬ ਤਾਂ ਓਨੀ ਹੀ ਆ ਸਕਦੀ ਸੀ । ਅਸੀਂ ਇਕ ਤਰੀਕਾ ਲੱਭਾ-ਮੈਂ ਜੁਰਮ ਦਾ ਇਕਬਾਲ ਕਰਾਂਗਾ-ਸਾਧਾਰਨ ਸ਼ਰਾਬ ਖਰੀਦ ਕੇ ਇਸਨੂੰ ਪੀਪੇ ਵਿਚ ਉਲਟਾ ਦੇਂਦੇ ਤੇ ਇਸਨੂੰ ਆਪਣੇ ਭੋਰੇ ਵਿਚੋਂ ਲਿਆਂਦੀ ਘਰ ਕੱਢੀ ਹੋਈ ਅਸਲੀ ਸ਼ਰਾਬ ਵਜੋਂ ਪੇਸ਼ ਕਰਦੇ। ਸਾਡੇ ਦੋਸਤ ਫਰਕ ਨਾ ਦਸ ਸਕਦੇ; ਉਹਨਾਂ ਵਿਚੋਂ ਸਿਰਫ ਇਕ ਨੇ, ਜਿਹੜਾ ਰਸੀਆ ਸੀ, ਆਪਣੇ ਗਲਾਸ ਤੋਂ ਚੁਸਕੀ ਭਰੀ, ਮੇਰੇ ਵੱਲ ਦੇਖਿਆ ਤੇ ਸਿਰ ਹਿਲਾ ਦਿੱਤਾ। ਦੂਜੇ ਜਿੰਨੀਂ ਜ਼ਿਆਦਾ ਪੀਂਦੇ, ਓਨੀ ਹੀ ਜ਼ਿਆਦਾ ਇਹ ਉਹਨਾਂ ਦੇ ਸਿਰਾਂ ਨੂੰ ਚੜ੍ਹਦੀ, ਤੇ ਜਿੰਨੀਂ ਜ਼ਿਆਦਾ ਇਹ ਸਿਰਾਂ ਨੂੰ ਚੜ੍ਹਦੀ, ਓਨੀਆਂ ਹੀ ਜ਼ਿਆਦਾ ਉਹ ਸਿਫਤਾਂ ਕਰਦੇ।
ਮੈਂ ਜਿਹੜੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ, ਉਹਨਾਂ ਦਾ ਵੀ ਇਹੀ ਹਾਲ ਸੀ। ਸਿਰਫ ਕੋਈ ਵਿਰਲੇ ਪਾਠਕ ਹੀ, ਜਿਹੜੇ ਸਭ ਤੋਂ ਕਰੜੇ ਤੇ ਸਭ ਤੋਂ ਚੰਗੀ ਸੂਝ-ਬੂਝ ਵਾਲੇ ਹੁੰਦੇ, ਆਪਣਾਂ ਸਿਰ ਹਿਲਾਉਂਦੇ ਤੇ ਕਹਿੰਦੇ :
“ਆਹ, ਭਾਊ! ਦਾਲਾਗੋਲੋਵ ਵੀ ਇਹੋ ਜਿਹੇ ਕੰਮ ਹੀ ਆਇਆ ਸੀ।”
ਜਾਂ, ਉਹ ਇਹ ਵੀ ਕਹਿੰਦੇ :
“ਇਕ ਆਊਲ ਲਈ ਇਕੋ ਮੂਰਖ ਕਾਫੀ ਹੁੰਦੈ।”
ਫੇਰ ਮੈਨੂੰ ਸਮਝ ਆਈ ਕਿ ਮੈਂ ਬਿਲਕੁਲ ਉਸੇ ਤਰ੍ਹਾਂ ਵਿਹਾਰ ਕਰ ਰਿਹਾ ਸਾਂ ‘ ਜਿਸ ਤਰ੍ਹਾਂ ਉਸਤਾਦ ਕਾਰੀਗਰ ਨੇ ਆਪਣੀਆਂ ਬੈਂਤ ਦੀਆਂ ਸੋਟੀਆਂ ਨਾਲ ਕੀਤਾ मी।
ਮੈਂ ਤੁਹਾਨੂੰ ਦਸਦਾ ਹਾਂ ਕਿ ਇਹ ਸਾਰਾ ਕੁਝ ਕਿਵੇਂ ਹੋਇਆ।
ਜਦੋਂ ਮੈਂ ਅਜੇ ਮੁੰਡਾ ਜਿਹਾ ਹੀ ਸਾਂ ਤਾਂ ਡਾਕੀਆ ਕੁਰਬਾਨ ਅਲੀ ਹਰ ਰੋਜ਼ ਚਿੱਠੀਆਂ ਤੇ ਅਖਬਾਰਾਂ ਦੇ ਢੇਰ ਚੁੱਕੀ ਸਾਡੀ ਆਉਲ ਵਿਚ ਆਉਂਦਾ ਹੁੰਦਾ ਸੀ। ਉਹ ਏਬੂਤ ਆਊਲ ਦਾ ਹਾਸਾ-ਠੱਠਾ ਕਰਨ ਵਾਲਾ ਆਦਮੀ ਸ਼੍ਰੀ। ਡਾਕ ਵੰਡਦਾ ਹੋਇਆ, ਉਹ ਕੁਝ ਦੇਰ ਬੈਠਣ, ਹੁੱਕਾ ਪੀਣ ਤੇ ਗੱਪਾਂ ਮਾਰਨ ਲਈ ਮੇਰੇ ਪਿਤਾ ਜੀ ਕੋਲ ਜ਼ਰੂਰ ਆਉਂਦਾ । ਮੈਨੂੰ ਨਹੀਂ ਪਤਾ ਕਿ ਇਸ ਵਾਸਤੇ ਉਸਨੇ ਪਿਤਾ ਜੀ ਨੂੰ ਹੀ ਕਿਉਂ ਚੁਣ ਰੱਖਿਆ ਸੀ। ਉਸਦੀਆਂ ਗੱਲਾਂ ਦਾ ਵਿਸ਼ਾ ਸਿਰਫ ਇਕ ਹੁੰਦਾ ਸੀ- ਵਿਆਹ, ਆਮ ਕਰਕੇ ਵਿਆਹ ਨਹੀਂ ਸਗੋਂ ਉਸਦੇ ਆਪਣੇ ਵਿਆਹ, ਕਿਉਂਕ ਉਹ ਉਹਨਾਂ ਆਦਮੀਆਂ ਵਿਚੋਂ ਸੀ, ਜਿਹੜੇ ਹਫਤੇ ਵਿਚ ਵਿਆਹ ਕਰਾ ਲੈਂਦੇ ਤੇ ਮਹੀਨੇ ਵਿਚ ਤਲਾਕ ਦੇ ਦੇਂਦੇ ਨੇ।
ਉਸਨੇ ਇਕ ਬੀਵੀ ਨੂੰ ਅਜੇ ਤਲਾਕ ਦਿੱਤਾ ਹੀ ਸੀ ਤੇ ਕਿਸੇ ਨੌਜਵਾਨ ਵਿਧਵਾ ਦੀ ਤਲਾਸ਼ ਵਿਚ ਸੀ। ਉਸਨੂੰ ਜ਼ਰੂਰ ਕੋਈ ਮਨਪਸੰਦ ਦੀ ਔਰਤ ਮਿਲ ਗਈ ਹੋਵੇਗੀ, ਕਿਉਂਕਿ ਹਰ ਵਾਰੀ ਉਹ ਉਸਦੀ ਖੂਬਸੂਰਤੀ, ਉਸਦੀ ਜਵਾਨੀ ਤੇ ਉਸਦੀ ਸੁਸ਼ੀਲਤਾ ਦੀਆਂ ਗੱਲਾਂ ਕਰਦਾ।
ਅਚਨਚੇਤ ਜਵਾਨ ਵਿਧਵਾ ਬਾਰੇ ਸਾਰੀ ਗੱਲਬਾਤ ਬੰਦ ਹੋ ਗਈ। ਕੁਰਬਾਨ ਅਲੀ ਅਜੇ ਵੀ ਹਰ ਰੋਜ਼ ਆਉਂਦਾ, ਪਰ ਉਸਦੀਆਂ ਗੱਲਾਂ ਦਾ ਵਿਸ਼ਾ ਸਾਂਝੇ ਫਾਰਮ ਦੇ ਮਾਮਲੇ, ਮੌਸਮ ਜਾਂ ਹੋਰ ਕੁਝ ਵੀ ਹੁੰਦਾ, ਸਿਵਾਏ ਹੋਣ ਵਾਲੇ ਵਿਆਹ ਦੇ।
“ਤੂੰ ਆਪਣੀ ਪਸੰਦ ਦੀ ਔਰਤ ਨਾਲ ਵਿਆਹ ਕਰਵਾ ਲਿਐ ?” ਪਿਤਾ ਜੀ ਨੇ ਪੁਛਿਆ।
“ਓ, ਨਹੀਂ ਹਮਜ਼ਾਤ, ਮੈਂ ਤਾਂ ਇੰਝ ਸੋਚਦਾ ਸਾਂ, ਪਰ ਲਗਦਾ ਇਹ ਹੈ ਕਿ ਉਹ ਐਸਾ ਬਿਲਕੁਲ ਨਹੀਂ ਸੀ ਸੋਚਦੀ। ਹੁਣ ਤਾਂ ਮੈਨੂੰ ਜਵਾਨ ਵਿਧਵਾ ਲੱਭਣ ਲਈ ਸਾਰੇ ਦਾਗਿਸਤਾਨ ਦੀ ਖਾਕ ਛਾਨਣੀ ਪਵੇਗੀ।”
ਕਾਫੀ ਦੇਰ ਉਸਦੀ ਸ਼ਕਲ ਨਾ ਦਿਸੀ; ਮੇਰਾ ਖਿਆਲ ਹੈ ਕਿ ਉਹ ਢੁਕਵੀਂ ਔਰਤ ਦੀ ਖੋਜ ਵਿਚ ਜ਼ਰੂਰ ਆਊਲਾਂ ਦੇ ਚੱਕਰ ਲਾ ਰਿਹਾ ਹੋਵੇਗਾ। ਉਸਦੀ ਗੈਰ- ਹਾਜ਼ਰੀ ਵਿਚ, ਡਾਕ ਉਸਦਾ ਮੁੰਡਾ ਵੰਡਦਾ ਹੁੰਦਾ ਸੀ। ਜਦੋਂ ਬਦਕਿਸਮਤ ਨੀਂਗਰ ਨੇ ਆਖਰ ਸਾਡੇ ਸਕਲੀਏ ਵਿਚ ਆ ਮੂੰਹ ਦਿਖਾਇਆ ਤਾਂ ਅਸੀਂ ਉਸਨੂੰ ਉਤਸੁਕਤਾ ਨਾਲ ਪੁਛਿਆ :
“ਫੇਰ, ਕੀ ਹਾਲ ਈ? ਤੇਰਾ ਰਾਹ ਸਿੱਧਾ ਤੇ ਛੋਟਾ ਸੀ ?”
“ਇਹ ਸਿਧਾ ਹੀ ਹੋਣਾ ਸੀ ਜੇ ਦਾਲਾਗੋਲੋਵ ਇਸਨੂੰ ਮਰੋੜਾ ਨਾ ਦੇਂਦਾ अं।”
“ਉਹ ਕਿਵੇਂ ?”
“ਬੜੀ ਸਿਧੀ ਗੱਲ ਏ। ਮੈਂ ਜਿਥੇ ਵੀ ਕਿਤੇ ਆਪਣੇ ਕੰਮ ਲਈ ਜਾਂਦਾ, ਮੈਨੂੰ ਜਵਾਬ ਮਿਲਦਾ : ਤੂੰ ਦੇਰ ਨਾਲ ਆਇਐ, ਦਾਲਾਗੋਲੋਵ ਤੇਰੇ ਨਾਲੋਂ ਪਹਿਲਾਂ ਹੋ
ਚੁੱਕੈ।’
ਦਰਬੀਸ਼ ਦਾਲਾਗੋਲੋਵ ਪ੍ਰਸਿਧ ਅਵਾਰ ਡਾਨ-ਜਾਨ੍ਹ ਸੀ। ੧੯੩੮ ਵਿਚ
ਉਸਨੇ ਅਠਾਰ੍ਹਵੀਂ ਵਾਰ ਵਿਆਹ ਕਰਾਇਆ ਸੀ। ਡਾਕੀਆ ਕੁਰਬਾਨ ਅਲੀ ਸੀ ਜਿਸਨੇ ਇਸ ਦਾਗਿਸਤਾਨੀ ਅਖਾਣ ਨੂੰ ਜਨਮ ਦਿਤਾ : “ਦਾਲਾਗੋਲੋਵ ਮੇਰੇ ਤੋਂ ਪਹਿਲਾਂ ਉਥੋਂ ਹੋ ਚੁੱਕਾ ਸੀ।”
ਮੈਂ ਤੁਹਾਨੂੰ ਇਕ ਹੋਰ ਕਹਾਣੀ ਸੁਨਾਉਣ ਲੱਗਾ ਹਾਂ, ਜਿਹੜੀ ਕਿਸੇ ਮੂਰਖ* ਬਾਰੇ ਹੈ। ਇਹ ਤਾਂ ਸਾਰੇ ਜਾਣਦੇ ਨੇ ਕਿ ਹਰ ਆਉਲ ਦਾ ਆਪਣਾ ਮੂਰਖ ਹੁੰਦਾ ਹੈ, ਪਰ ਸਿਰਫ ਇਕ ਮੂਰਖ ਹੁੰਦਾ ਹੈ। ਇਹੋ ਠੀਕ ਹੁੰਦਾ ਹੈ, ਕਿਉਂਕਿ ਕਿੰਨੇ ਸਾਰੇ ਮੂਰਖ ਹੋਣੇ ਮਾੜੀ ਗੱਲ ਹੁੰਦੀ ਹੈ, ਤੇ ਜੇ ਇਕ ਵੀ ਨਾ ਹੋਵੇ ਤਾਂ ਕਿਸੇ ਚੀਜ਼ ਦੀ ਕਮੀ ਲਗਦੀ ਹੈ। ਸਾਰੇ ਮੂਰਖ ਇਕ ਦੂਜੇ ਨੂੰ ਜਾਣਦੇ ਹੁੰਦੇ ਨੇ, ਸਗੋਂ ਇਕ ਦੂਜੇ ਦੇ ਘਰ ਮਿਲਣ-ਗਿਲਣ ਵੀ ਜਾਂਦੇ ਨੇ । ਇਸ ਪ੍ਰੰਪਰਾ ਦੇ ਮੁਤਾਬਕ ਗੋਰਤਾਕੋਲੀ ਆਊਲ ਦਾ ਮੂਰਖ ਖੂਨਜ਼ਾਮ ਦੇ ਮੂਰਖ ਨੂੰ ਮਿਲਣ ਗਿਆ।
“ਸਲਾਮਾਲੈਕਮ, ਮੂਰਖ !”
“ਵਾਲੈਕਮ ਸਲਾਮ, ਮੂਰਖ!”
ਇਸਤੋਂ ਮਗਰੋਂ ਸਾਰਾ ਕੁਝ ਉਵੇਂ ਚਲਦਾ ਰਿਹਾ ਜਿਵੇਂ ਦੋ ਮਿੱਤਰਾਂ ਵਿਚਕਾਰ ਚੱਲਣਾ ਚਾਹੀਦਾ ਹੈ। ਉਹ ਅੰਗੀਠੀ ਕੋਲ ਆਰਾਮ ਨਾਲ ਬੈਠ ਗਏ, ਖਾਧਾ, ਪੀਤਾ। ਤੀਜੇ ਦਿਨ, ਗੋਰਤਾਕੋਲੀ ਦੇ ਮੂਰਖ ਨੇ ਸੋਚਿਆ ਕਿ ਹੁਣ ਚੱਲਣਾ ਚਾਹੀਦੈ। ਉਸਦੇ ਮੀਜ਼ਬਾਨ ਨੇ ਰਸਮ ਮੁਤਾਬਕ, ਹਰ ਤਰ੍ਹਾਂ ਦਾ ਸਨਮਾਨ ਕਰਦਿਆਂ ਤੇ ਸੁਗਾਤਾਂ ਦੇ ਕੇ ਉਸਨੂੰ ਵਿਦਾ ਕੀਤਾ। ਪਿੰਡੋਂ ਬਾਹਰ ਆ ਕੇ ਦੋਹਾਂ ਮੂਰਖਾਂ ਨੇ ਇਕ ਦੂਜੇ ਨੂੰ ਵਿਧਾ ਕਹੀ।
ਪ੍ਰਾਹੁਣਾਚਾਰੀ ਦੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਗਈ ਸੀ। ਜਦੋਂ ਪਾਹੁਣਾ ਪਿੰਡ ਦੀ ਹੱਦ ਤੋਂ ਇਕ ਵੀ ਕਦਮ ਬਾਹਰ ਰੱਖ ਲੈਂਦਾ ਹੈ ਤਾਂ ਉਸ ਨਾਲ ਜੋ ਚਾਹੋ, ਕੀਤਾ ਜਾ ਸਕਦਾ, ਕਿਉਂਕਿ ਉਹ ਪਰਾਹੁਣਾ ਨਹੀਂ ਰਹਿੰਦਾ। ਬਿਲਕੁਲ ਉਸੇ ਵੱਲੇ ਖੂਨਜ਼ਾਮ ਦਾ ਮੂਰਖ ਦੌੜਕੇ ਗੋਰਤਾਕੋਲੀ ਦੇ ਮੂਰਖ ਕੋਲ ਗਿਆ ਤੇ ਇਕਦਮ ਉਸਨੂੰ ਇਕ ਕੱਢ ਮਾਰੀ।
“ਕਿਉਂ ਤੂੰ ਮੈਨੂੰ ਮਾਰਦੈ ?”
“ਮੁੜ ਮੈਨੂੰ ਮਿਲਣ ਆਉਣ ਦੀ ਹਿੰਮਤ ਨਾ ਕਰੀਂ! ਤੈਨੂੰ ਪਤਾ ਨਹੀਂ ਕਿ ਇਕ ਆਊਲ ਲਈ ਇਕ ਮੂਰਖ ਕਾਫੀ ਹੁੰਦੈ?”
ਮੈਂ ਕਦੀ ਕਦੀ ਇਸ ਕਹਾਣੀ ਬਾਰੇ ਸੋਚਦਾ ਹਾਂ ਤੇ ਮੈਨੂੰ ਇਹ ਖਿਆਲ ਸੁਝਦਾ ਹੈ ਕਿ ਇਕ ਆਊਲ ਲਈ ਸਿਆਣਾ ਆਦਮੀ ਵੀ ਇਕੋ ਬਹੁਤ ਹੈ।
ਆਪਣੀ ਨੋਟਬੁੱਕ ਵਿਚੋਂ : ਇਕ ਧਨਾਢ ਖਾਨ ਨੇ ਇਕ ਵਾਰੀ ਇਕ ਗ਼ਰੀਬ
ਨੂੰ ਪੁਛਿਆ : “ਬੱਤਖ ਦਾ ਕਿਹੜਾ ਹਿੱਸਾ ਸਭ ਤੋਂ ਵਧ ਸੁਆਦ ਹੁੰਦੈ? ਜੇ ਤੂੰ ਮੈਨੂੰ ਠੀਕ ਜਵਾਬ ਦੇ ਦੇਵੇਂ ਤਾਂ ਮੈਂ ਤੈਨੂੰ ਇਨਾਮ ਦੇਵਾਂਗਾ।”
* “ਪਿਛਲਾ ਹਿੱਸਾ,” ਗ਼ਰੀਬ ਨੇ ਬੇਝਿਜਕ ਜਵਾਬ ਦਿੱਤਾ।
ਜਦੋਂ ਬੱਤਖ ਬਣਾਈ ਗਈ ਤਾਂ ਖਾਨ ਨੇ ਪਿਛਲੇ ਹਿੱਸੇ ਦਾ ਸਵਾਦ ਦੇਖਿਆ, ਤੇ ਇਸਨੂੰ ਚੰਗਾ ਲੱਗਾ, ਉਸਨੇ ਇਕ ਹੋਰ ਗ਼ਰੀਬ ਨੂੰ ਪੁਛਿਆ :
“ਮਹਿੰ ਦਾ ਕਿਹੜਾ ਹਿੱਸਾ ਸਭ ਤੋਂ ਵਧ ਸੁਆਦ ਹੁੰਦੈ?”
ਦੂਜਾ ਆਦਮੀ ਇਨਾਮ ਜਿੱਤਣ ਲਈ ਉਤਸੁਕ ਸੀ ਤੇ ਉਸਨੇ ਉਹੀ ਜਵਾਬ ਦਿੱਤਾ ਜਿਹੜਾ ਪਹਿਲੇ ਨੇ ਦਿੱਤਾ ਸੀ।
“ਪਿਛਲਾ ਹਿੱਸਾ।”
ਦਿੱਤਾ। ਖਾਨ ਨੇ ਸਵਾਦ ਚੱਖਿਆ ਤੇ ਦੱਸਣ ਵਾਲੇ ਨੂੰ ਕੋਰੜੇ ਮਾਰਨ ਦਾ ਹੁਕਮ ਦੇ
ਅਫਸੋਸ ਹੈ ਕਿ ਐਸੇ ਲੇਖਕਾਂ ਨੂੰ ਕੋਈ ਕੋਰੜੇ ਨਹੀਂ ਪੈਂਦੇ ਜਿਹੜੇ ਵੱਖੋ ਵੱਖਰੇ ਮੌਕਿਆਂ ਉਤੇ ਇਕ ਦੂਜੇ ਮਗਰ ਉਹੀ ਚੀਜ਼ ਦੁਹਰਾਈ ਜਾਂਦੇ ਨੇ ।
ਤੇ ਹੁਣ, ਉਨਤਸੂਕੂਲ ਸੋਟੀ ਉਤੇ ਉੱਕਰੇ ਸ਼ਬਦਾਂ ਬਾਰੇ : ਮਾਸਕੋ ਦੇ ਲੇਖਕ ਵਲਾਦਲੇਨ ਬਾਖਨੋਵ ਨੂੰ ਸੋਟੀ ਵਰਤਣੀ ਪੈਂਦੀ ਹੈ, ਕਿਉਂਕਿ ਉਹ ਲੰਗੜਾਉਂਦਾ ਹੈ। ਇਕ ਵਾਰੀ ਜਦੋਂ ਮੈਂ ਘਰ ਛੁੱਟੀ ਜਾ ਰਿਹਾ ਸਾਂ, ਤਾਂ ਮੈਂ ਉਸ ਲਈ ਆਪਣੇ ਪ੍ਰਸਿਧ ਉਨਤਸੂਕੂਲ ਕਾਰੀਗਰਾਂ ਦੇ ਹੱਥਾਂ ਦੀ ਕਿਰਤ, ਇਕ ਖੂਬਸੂਰਤ ਸੋਟੀ ਲਿਆਉਣ ਦਾ ਵਾਅਦਾ ਕੀਤਾ।
ਘਰ ਪਹੁੰਚ ਕੇ ਮੈਂ ਇਕਦਮ ਆਪਣੇ ਜਾਣੂ ਉਨਤਸੂਕੂਲ ਦੇ ਇਕ ਲੱਕੜ ਤੇ ਉਕਰਾਈ ਕਰਨ ਵਾਲੇ ਨੂੰ ਲਿਖਿਆ ਕਿ ਮੇਰੇ ਲਈ ਇਕ ਸੋਟੀ ਬਣਵਾਏ। ਉਹ ਇਕ ਤਜਰਬਾਕਾਰ ਆਦਮੀ ਸੀ ਤੇ ਪਿਤਾ ਜੀ ਦਾ ਵੀ ਦੋਸਤ ਸੀ, ਇਸ ਲਈ ਮੈਨੂੰ ਯਕੀਨ ਸੀ ਕਿ ਸੋਟੀ ਸ਼ਾਨਦਾਰ ਹੋਵੇਗੀ। ਮੈਨੂੰ ਸਿਰਫ ਇਹ ਨਹੀਂ ਸੀ ਸੁਝਦਾ ਕਿ ਇਸ ਸੋਟੀ ਉਤੇ ਕਿਹੜੀ ਲਿਖਤ ਉਕਰਾਵਾਂ।
ਉਸ ਸਮੇਂ ਇਕ ਕੇਂਦਰੀ ਅਖਬਾਰ ਵਿਚ ਸਾਹਿਤਕ ਮਾਮਲਿਆਂ ਬਾਰੇ ਇਕ ਲੰਮਾਂ ਲੇਖ ਛਪਿਆ-“ਆਲੋਚਨਾ ਦੀ ਥਾਂ ਡਾਂਗ।”
“ਆਹਾ”, ਮੈਂ ਸੋਚਿਆ, “ਇਹ ਲਫਜ਼ ਉਕਰਾਵਾਂਗਾ ਮੈਂ ਉਸ ਸੋਟੀ ਉਤੇ ਜਿਹੜੀ ਮੈਂ ਆਪਣੇ ਮਾਸਕੋ ਵਾਲੇ ਮਿੱਤਰ ਨੂੰ ਪੇਸ਼ ਕਰਨੀ ਹੈ।”
ਪੰਦਰਾਂ ਦਿਨਾਂ ਵਿਚ ਸੋਟੀ ਤਿਆਰ ਹੋ ਗਈ। ਇਹ ਉਨਤਸੂਕੂਲ ਵਿਚ ਬਣਨ ਵਾਲੀਆਂ ਸੋਟੀਆਂ ਵਿਚੋਂ ਸਭ ਤੋਂ ਸੁੰਦਰ ਸੀ। ਉਚਿਤ ਥਾਂ ਉਤੇ ਇਹ ਲਫਜ਼ ਉਕਰੇ ਹੋਏ ਸਨ : “ਵ. ਬਾਖਨੋਵ ਨੂੰ । ਆਲੋਚਨਾ ਦੀ ਥਾਂ ਡਾਂਗ। ਰਸੂਲ ਹਮਜ਼ਾਤੋਵ ਵੱਲੋਂ।”
ਉਨਤਸੂਕੂਲ ਦੀਆਂ ਸੋਟੀਆਂ ਮਾਖਾਚ-ਕਲਾ, ਕਿਸਲੋਵੋਦਸਕ ਤੇ ਪਿਆਤੀਗੋਰਸਕ ਦੀਆਂ ਯਾਦ-ਭੇਂਟ ਚੀਜ਼ਾਂ ਦੀਆਂ ਦੁਕਾਨਾਂ ਉਤੇ ਤੇ ਪਹਾੜੀ ਪਿੰਡਾਂ ਦੇ ਬਾਜ਼ਾਰਾਂ ਵਿਚ ਵੀ ਆਮ ਵਿਕਦੀਆਂ ਸਨ।
ਕੁਝ ਮਹੀਨੇ ਪਿਛੋਂ, ਉਨਤਸੂਕੂਲ ਸੋਟੀਆਂ ਇਹਨਾਂ ਸਾਰੀਆਂ ਥਾਵਾਂ ਉਤੇ ਵਿਕਰੀ ਲਈ ਆਈਆਂ, ਜਿਨ੍ਹਾਂ ਉਤੇ ਇਹ ਉਕਰਿਆ ਹੋਇਆ ਸੀ : “ਵ. ਬਾਖਨੋਵ ਨੂੰ। ਅਲੋਚਨਾ ਦੀ ਥਾਂ ਡਾਂਗ। ਰਸੂਲ ਹਮਜ਼ਾਤੋਵ ਵੱਲੋਂ।” ਛੁੱਟੀਆਂ ਕੱਟਣ ਆਉਣ ਵਾਲਿਆਂ ਲਈ ਇਹ ਜ਼ਰੂਰ ਹੈਰਾਨੀ ਦਾ ਕਾਰਨ ਬਣਿਆ ਹੋਵੇਗਾ, ਜਿਨ੍ਹਾਂ ਨੇ ਇਸ ਉਕਰਾਈ ਵਾਲੀਆਂ ਸੋਟੀਆਂ ਖਰੀਦੀਆਂ ਹੋਣਗੀਆਂ। ਹੋਰ ਕਿਸੇ ਨਾਲੋਂ ਵੀ ਜ਼ਿਆਦਾ ਮੈਨੂੰ ਹੈਰਾਨੀ ਹੋਈ।
ਹੋਇਆ ਇਹ ਕਿ ਬਜ਼ੁਰਗ ਕਾਰੀਗਰ, ਜਿਸਨੇ ਪਹਿਲੀ ਸੋਟੀ ਬਣਾਈ ਸੀ, ਰੂਸੀ ਦਾ ਇਕ ਲਫਜ਼ ਵੀ ਨਹੀਂ ਸੀ ਸਮਝਦਾ। ਮੈਂ ਉਸਨੂੰ ਜੋ ਕਾਗਜ਼ ਦੇ ਟੁਕੜੇ ਉਪਰ ਲਿਖ ਕੇ ਦਿੱਤਾ ਸੀ, ਉਸਨੇ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਆਪਣੀ ਕਿਰਤ ਉਤੇ ਉਕਰ ਦਿੱਤਾ ਸੀ। ਉਸਨੇ ਸੋਚਿਆ ਕਿ ਕਿਉਂਕਿ ਇਕ ਕਵੀ ਨੇ ਇਹ ਲਫ਼ਜ਼ ਸੋਟੀ ਉਪਰ ਉਕਰਾਉਣ ਉਤੇ ਜ਼ੋਰਦਾਰ ਇੱਛਾ ਪ੍ਰਗਟ ਕੀਤੀ ਸੀ, ਇਸ ਲਈ ਇਹਨਾਂ ਵਿਚ ਜ਼ਰੂਰ ਕੋਈ ਅਸਾਧਾਰਨ ਸਿਆਣਪ ਹੋਵੇਗੀ। ਤਾਂ ਫਿਰ, ਇਹ ਲਫਜ਼ ਕਿਉਂ ਨਾ ਮੇਰੀਆਂ ਬਾਕੀ ਸਾਰੀਆਂ ਸੋਟੀਆਂ ਦਾ ਵੀ ਸ਼ਿੰਗਾਰ ਬਣਨ?
ਬਜ਼ੁਰਗ ਉਸਤਾਦ ਨੂੰ ਕਵੀਆਂ ਵਿਚ ਇਸ ਸਿੱਧੜ ਜਿਹੇ ਵਿਸ਼ਵਾਸ ਲਈ ਦੋਸ਼ ਨਹੀਂ ਦਿੱਤਾ ਜਾ ਸਕਦਾ। ਆਪਣੇ ਵਿਸ਼ਵਾਸ ਵਿਚ ਉਸਨੇ ਆਪਣੀ ਚੰਗਿਆਈ ਨੂੰ ਵੀ ਤੇ ਸੁਹਿਰਦਤਾ ਨੂੰ ਵੀ ਪ੍ਰਗਟ ਕੀਤਾ। ਕੀ ਅਸੀਂ, ਤਜਰਬਾਕਾਰ ਲੇਖਕ, ਕਦੀ ਕਦੀ ਇਸ ਆਦਮੀ ਵਰਗੇ ਨਹੀਂ ਹੁੰਦੇ ?
ਵਿਸ਼ਿਆਂ ਬਾਰੇ ਆਖਰੀ ਲਫਜ਼, ਜਿਹੜਾ ਮੈਂ ਕਹਿਣਾ ਚਾਹੁੰਦਾ ਹਾਂ : ਇਕ ਵਿਸ਼ਾ ਹੁੰਦਾ ਹੈ, ਜਿਹੜਾ ਦੁਆ ਵਾਂਗ ਹੁੰਦਾ ਹੈ, ਜਿਸਨੂੰ ਜਿੰਨੀਂ ਵਾਰੀ ਜ਼ਿਆਦਾ ਦੁਹਰਾਓ ਉਹ ਵਧੇਰੇ ਉੱਚਾ-ਸੁੱਚਾ ਤੇ ਵਧੇਰੇ ਕੀਮਤੀ ਹੁੰਦਾ ਜਾਂਦਾ ਹੈ। ਇਹ ਵਿਸ਼ਾ ਤੇ ਦੁਆ ਮੇਰੀ ਮਾਤਭੂਮੀ ਹੈ।
ਜਦੋਂ ਬੱਚੇ ਨੂੰ ਸ਼ੈਤਾਨੀ ਕਰਨ ਲਈ ਸਜ਼ਾ ਦਿੱਤੀ ਜਾਂਦੀ ਹੈ, ਤਾਂ ਸਾਡੀ ਪਹਾੜੀ ਰਹੁ-ਰੀਤ ਸਰੀਰ ਦੇ ਕਿਸੇ ਵੀ ਹਿੱਸੇ ਉਤੇ ਸਜ਼ਾ ਦੇਣ ਦੀ ਆਗਿਆ ਦੇਂਦੀ ਹੈ, ਪਰ ਮੂੰਹ ਉਤੇ ਨਹੀਂ। ਮਨੁੱਖੀ ਚਿਹਰਾ ਪਵਿੱਤਰ ਚੀਜ਼ ਹੈ; ਸਾਡੇ ਸਾਰੇ ਪਰਬਤਵਾਸੀ ਇਸ ਕਾਨੂੰਨ ਦੀ ਪਾਲਣਾ ਕਰਦੇ ਹਨ।
ਦਾਗਿਸਤਾਨ ਮੇਰਾ ਚਿਹਰਾ ਹੈ, ਤੇ ਮੈਂ ਕਿਸੇ ਨੂੰ ਆਗਿਆ ਨਹੀਂ ਦੇਵਾਂਗਾ ਕਿ ਇਸਨੂੰ ਛੁਹੇ।
ਸਾਡੇ ਪਹਾੜਾਂ ਵਾਲੇ ਜਦੋਂ ਲੜਦੇ ਨੇ, ਤਾਂ ਬੜਾ ਸਬਰ ਦਿਖਾਉਂਦੇ ਨੇ। ਉਹ ਇਕ ਦੂਜੇ ਨੂੰ ਕਿੰਨੇ ਚੰਗੇ-ਮਾੜੇ ਲਫਜ਼ ਕਹਿ ਲੈਣਗੇ, ਜਿਨ੍ਹਾਂ ਨੂੰ ਦੂਜਾ ਸਹਿ ਲਵੇਗਾ ਤੇ ਅੱਗੋਂ ਆਪਣੇ ਚੰਗੇ-ਮਾੜੇ ਲਫ਼ਜ਼ਾਂ ਨਾਲ ਜਵਾਬ ਦੇਵੇਗਾ। ਇੰਝ ਚੱਲੀ ਜਾਂਦਾ ਹੈ ਜਦੋਂ ਤੱਕ ਕੁਰੱਖਤ ਲਫਜ਼ ਖੁਦ ਝਗੜਣ ਵਾਲਿਆਂ ਨਾਲ ਹੀ ਸੰਬੰਧ ਰੱਖਦੇ ਹੁੰਦੇ ਹਨ। ਪਰ ਪੁਆੜਾ ਉਦੋਂ ਪੈਂਦਾ ਹੈ, ਜਦੋਂ ਕਿਸੇ ਦੇ ਸਬੱਬੀ ਜਾਂ ਲਾਪ੍ਰਵਾਹੀ ਨਾਲ ਕਹੇ ਲਫਜ਼ ਕਿਸੇ ਦੀ ਮਾਂ ਜਾਂ ਭੈਣ ਦੀ ਇੱਜ਼ਤ ਨੂੰ ਛੁਹ ਜਾਂਦੇ ਹਨ। ਉਦੋਂ ਫਿਰ ਖੰਜਰ ਨਿਕਲ ਆਉਂਦੇ ਹਨ।
ਦਾਗਿਸਤਾਨ, ਤੂੰ ਮੇਰੀ ਮਾਂ ਹੈ। ਮੇਰੇ ਨਾਲ ਲੜਣ ਵਾਲਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ। ਮੈਂ ਕੋਈ ਵੀ ਚੰਗੇ ਮਾੜੇ ਲਫਜ਼ ਸਹਿ ਜਾਵਾਂਗਾ ਜਿਹੜੇ ਮੈਨੂੰ ਸੰਬੋਧਨ ਹੋਣ, ਪਰ ਮੇਰੇ ਦਾਗਿਸਤਾਨ ਨੂੰ ਕੋਈ ਨਾ ਛੇੜੇ।
ਦਾਗਿਸਤਾਨ, ਤੂੰ ਮੇਰੀ ਮੁਹੱਬਤ ਹੈਂ, ਮੇਰੀ ਸੌਗੰਧ ਹੈਂ, ਮੇਰਾ ਤਰਲਾ ਹੈਂ, ਤੇ ਮੇਰੀ ਦੁਆ ਹੈਂ। ਸਿਰਫ ਤੂੰ ਹੀ ਮੇਰੀਆਂ ਕਿਤਾਬਾਂ ਦਾ ਤੇ ਮੇਰੇ ਸਾਰੇ ਜੀਵਨ ਦਾ ਮੁਖ ਵਿਸ਼ਾ ਹੈਂ।
ਮੈਨੂੰ ਕਦੀ ਕਦੀ ਸਿਰਫ ਤੇਰੇ ਬੀਤੇ ਬਾਰੇ, ਸਾਡੀਆਂ ਪੁਰਾਣੀਆਂ ਰੀਤਾਂ ਤੇ ਰਵਾਜਾਂ ਬਾਰੇ, ਸਾਡੀਆਂ ਗਾਥਾਵਾਂ ਤੇ ਗੀਤਾਂ ਬਾਰੇ, ਸਾਡੇ ਵਿਆਹ-ਸ਼ਾਦੀਆਂ ਬਾਰੇ ਤੇ ਤਲਵਾਰਾਂ ਬਾਰੇ, ਲੜਾਈਆਂ ਤੇ ਦੋਸਤੀਆਂ, ਕਰੜੇ ਦਿਲਾਂ ਵਾਲੇ ਮੁਰੀਦਾਂ ਤੇ ਵਫਾਦਾਰ ਮੁਟਿਆਰਾਂ ਬਾਰੇ, ਸਖਾਵਤ ਤੇ ਮਰਦਾਨਗੀ ਬਾਰੇ, ਜਵਾਨਾਂ ਦੇ ਖੂਨ ਤੇ ਮਾਵਾਂ ਦੇ ਹੰਝੂਆਂ ਬਾਰੇ ਬੋਲਣ ਲਈ ਕਿਹਾ ਜਾਂਦਾ ਹੈ।
ਕਦੀ ਕਦੀ ਮੈਨੂੰ ਸਿਰਫ ਤੇਰੇ ਵਰਤਮਾਨ ਬਾਰੇ, ਸਾਡੇ ਰਾਜਕੀ ਤੇ ਸਹਿਕਾਰੀ ਫਾਰਮਾਂ ਬਾਰੇ, ਸਾਡੇ ਟੀਮ-ਲੀਡਰਾਂ ਤੇ ਗਰੁੱਪ ਲੀਡਰਾਂ ਬਾਰੇ, ਸਾਡੀਆਂ ਲਾਇਬਰੇਰੀਆਂ ਤੇ ਥੇਟਰਾਂ ਬਾਰੇ ਤੇ ਸਾਡੀਆਂ ਕਿਰਤ-ਪ੍ਰਾਪਤੀਆਂ ਬਾਰੇ ਬੋਲਣ ਲਈ ਕਿਹਾ ਜਾਂਦਾ ਹੈ।
ਮੈਂ ਇਕ ਤੱਕ ਜਾਂ ਦੂਜੇ ਤੱਕ, ਆਪਣੇ ਬੀਤੇ ਤੱਕ ਜਾਂ ਆਪਣੇ ਵਰਤਮਾਨ ਤੱਕ ਆਪਣੇ ਆਪ ਨੂੰ ਸੀਮਤ ਨਹੀਂ ਰੱਖ ਸਕਦਾ। ਮੇਰੇ ਲਈ ਦਾਗਿਸਤਾਨ ਸਿਰਫ ਇਕ ਹੈ, ਜਿਹੜਾ ਹਜ਼ਾਰ ਸਾਲ ਤੋਂ ਜਿਊਂ ਰਿਹਾ ਹੈ। ਮੇਰੇ ਲਈ ਇਸਦਾ ਭੂਤ, ਵਰਤਮਾਨ ਤੇ ਭਵਿੱਖ ਘੁਲਮਿਲ ਕੇ ਇਕੋ ਚੀਜ਼ ਬਣ ਜਾਂਦੇ ਨੇ, ਇਕ ਐਸੀ ਚੀਜ਼ ਜਿਸਨੂੰ ਮੈਂ ਵੱਖੋ ਵੱਖਰੇ ਦੌਰਾਂ ਵਿਚ ਨਹੀਂ ਵੰਡ ਸਕਦਾ।
ਦੂਜੇ ਰਾਜਾਂ ਤੇ ਦੇਸਾਂ ਦਾ ਇਤਿਹਾਸ ਕਦੇ ਦਾ ਲਿਖਿਆ ਜਾ ਚੁੱਕਾ ਹੈ, ਸਿਰਫ ਖੂਨ ਵਿਚ ਨਹੀਂ, ਸਗੋਂ ਸਿਆਹੀ ਨਾਲ ਤੇ ਕਾਗਜ਼ ਉਤੇ ਵੀ, ਸਿਰਫ ਸਿਪਾਹੀਆਂ ਤੇ ਫੌਜੀ ਆਗੂਆਂ ਵਲੋਂ ਹੀ ਨਹੀਂ, ਸਗੋਂ ਲੇਖਕਾਂ ਤੇ ਇਤਿਹਾਸਕਾਰਾਂ ਵਲੋਂ ਵੀ। ਦਾਗਿਸਤਾਨ ਦਾ ਇਤਿਹਾਸ ਤਲਵਾਰਾਂ ਨੇ ਲਿਖਿਆ ਹੋਇਆ ਹੈ। ਸਿਰਫ ਵੀਹਵੀਂ ਸਦੀ ਵਿਚ ਆ ਕੇ ਕਿਤੇ ਦਾਗਿਸਤਾਨ ਨੂੰ ਕਲਮ ਵੀ ਮਿਲੀ।
ਦਾਗਿਸਤਾਨ, ਮੈਂ ਤੇਰੀਆਂ ਪੁਰਾਤਨ ਜੰਗਾਂ ਦੀਆਂ ਪੈੜਾਂ ਉਤੇ ਵੀ ਤੁਰਿਆ ਹਾਂ ਤੇ ਲੜਾਈਆਂ ਦੀਆਂ ਕਈ ਥਾਵਾਂ ਦੇਖੀਆਂ ਨੇ, ਜਿੱਥੇ ਤੇਰੇ ਸਪੂਤਾਂ ਦੀਆਂ ਹੱਡੀਆਂ ਬੀਜੀਆਂ ਹੋਈਆਂ ਨੇ। ਸਾਡੇ ਸਾਂਝੇ ਫਾਰਮਾਂ ਦੇ ਖੇਤ, ਜਿੱਥੇ ਕਣਕ ਤੇ ਮਕਈ ਬੀਜੀ ਹੋਈ ਹੈ, ਮੇਰੇ ਲਫਜ਼ਾਂ ਦਾ ਗ਼ੁੱਸਾ ਨਾ ਮਨਾਉਣ। ਜਦੋਂ ਮੈਂ ਅੱਜ ਦੇ ਦਾਗਿਸਤਾਨ ਬਾਰੇ ਕਵਿਤਾ ਵਿਚ ਗੱਲ ਕਰਦਾ ਹਾਂ ਤਾਂ ਬੀਤਿਆ ਮੈਨੂੰ ਗਾਹਲਾਂ ਨਹੀਂ ਕੱਢਦਾ।
ਜਦੋਂ ਮੈਂ ਬਦੇਸ਼ਾਂ ਤੋਂ ਵਾਪਸ ਘਰ ਮੁੜਦਾ ਹਾਂ, ਤਾਂ ਪਰਬਤਵਾਸੀ ਮੇਰੇ ਦੁਆਲੇ ਆ ਇਕੱਠੇ ਹੁੰਦੇ ਨੇ ਤੇ ਮੈਨੂੰ ਕਹਿੰਦੇ ਨੇ ਕਿ ਦਸ ਤੂੰ ਕੀ ਦੇਖਿਆ ਹੈ। ਉਹ ਮੇਰੇ ਦੁਆਲੇ ਚੱਕਰ ਬਣਾ ਕੇ ਬੈਠ ਜਾਂਦੇ ਨੇ ਤੇ ਸੁਣਦੇ ਨੇ। ਮੈਂ ਵੱਧ ਤੋਂ ਵੱਧ ਤਿੰਨ ਘੰਟੇ ਬੋਲ ਸਕਦਾ ਹਾਂ, ਤੇ ਇਸ ਸਮੇਂ ਵਿਚ ਮੈਂ ਉਹਨਾਂ ਨੂੰ ਫਰਾਂਸ ਬਾਰੇ ਜਾਂ ਭਾਰਤ ਬਾਰੇ, ਜਾਪਾਨ ਜਾਂ ਤੁਰਕੀ ਬਾਰੇ ਦਸਦਾ ਹਾਂ। ਤਿੰਨਾਂ ਘੰਟਿਆਂ ਪਿੱਛੋਂ ਗੱਲਬਾਤ ਅਛੋਪਲੇ ਜਹੇ ਦਾਗਿਸਤਾਨ ਵੱਲ ਮੁੜ ਪੈਂਦੀ ਹੈ, ਮੈਂ ਆਪਣੇ ਦਾਗਿਸਤਾਨ ਬਾਰੇ ਦੱਸਦਾ ਹਾਂ, ਤੇ ਮੇਰੇ ਦੋਸਤ ਮੈਨੂੰ ਇਸ ਤਰ੍ਹਾਂ ਸੁਣਦੇ ਨੇ ਜਿਵੇਂ ਕਿ ਉਹ ਪਹਿਲੀ ਵਾਰੀ ਕੁਝ ਸੁਣ ਰਹੇ ਹੋਣ, ਹਾਲਾਂ ਕਿ ਉਹ ਖੁਦ ਨੇ, ਜਿਨ੍ਹਾਂ ਤੋਂ ਮਿਲ ਕੇ ਦਾਗਿਸਤਾਨ ਬਣਦਾ ਹੈ।
ਮਹਿਮੂਦ ਬੜਾ ਵੱਡਾ ਕਵੀ ਸੀ। ਉਸਦਾ ਇਕੋ ਇਕ ਵਿਸ਼ਾ ਹੁੰਦਾ ਸੀ- ਮਰੀਅਮ ਲਈ ਉਸਦਾ ਪਿਆਰ। ਮਹਿਮੂਦ ਦੇ ਸਭ ਤੋਂ ਨਿਕਟਵਰਤੀ ਮਿੱਤਰ ਨੇ ਇਕ ਵਾਰੀ ਆਪਣੇ ਨਵਜਨਮੇ ਬੇਟੇ ਲਈ ਕੋਈ ਲੋਰੀ ਲਿਖਣ ਵਾਸਤੇ ਉਸਨੂੰ ਫਰਮਾਇਸ਼ ਕੀਤੀ। ਮਹਿਮੂਦ ਨੇ ਪੂਰੀ ਵਾਹ ਲਾਈ, ਪਰ ਵਿਅਰਥ। ਮਹਿਮੂਦ ਦਾ ਗੀਤ ਸੁਣ ਕੇ ਜਿਸ ਨਾਲ ਕਿ ਬੱਚੇ ਨੂੰ ਨੀਂਦ ਆਉਣੀ ਚਾਹੀਦੀ ਸੀ, ਬੱਚਾ ਆਪਣੇ ਪੰਘੂੜੇ ਵਿਚ ਪਿਆ ਚਿਲਾਉਂਦਾ ਰਹਿੰਦਾ।
ਇਕ ਹੋਰ ਦੋਸਤ ਨੇ ਇਕ ਵਾਰੀ ਆਪਣੀ ਮਰਹੂਮ ਬੀਵੀ ਲਈ ਮਰਸੀਆ ਲਿਖਣ ਵਾਸਤੇ ਮਹਿਮੂਦ ਨੂੰ ਕਿਹਾ। ਮਹਿਮੂਦ ਨੇ ਪੂਰੀ ਵਾਹ ਲਾਈ, ਪਰ ਕੁਝ ਨਾ ਬਣਿਆ। ਮਹਿਮੂਦ ਦੇ ਲਿਖੇ ਮਰਸੀਏ ਨੂੰ ਸੁਣ ਕੇ ਸਰੋਤਿਆਂ ਵਿਚੋਂ ਕਿਸੇ ਦੇ ਵੀ ਇਕ ਹੰਝੂ ਨਾ ਆਇਆ। ਕੁਝ ਇਕ ਦੇ ਮੂੰਹ ਉਤੇ ਸਗੋਂ ਮੁਸਕ੍ਰਾਹਟ ਆ ਗਈ।
ਪਰ ਅੱਜ ਤੱਕ ਲੋਕ ਰੋਂਦੇ ਨੇ, ਜਦੋਂ ਮਰੀਅਮ ਲਈ ਉਸਦੀ ਬਦਕਿਸਮਤ ਮੁਹੱਬਤ ਬਾਰੇ ਉਸਦੇ ਗੀਤ ਗਾਏ ਜਾਂਦੇ ਨੇ।
ਮਰੀਅਮ ਮਹਿਮੂਦ ਦਾ ਮੁਖ ਵਿਸ਼ਾ ਸੀ । ਮੇਰਾ ਮੁਖ ਵਿਸ਼ਾ ਦਾਗਿਸਤਾਨ ਹੈ। ਮੇਰਾ ਪਿਆਰ ਮਹਾਨ ਹੋਵੇ ਜਾਂ ਤੁਛ, ਮੇਰੀ ਸਚਾਈ ਸਤਹੀ ਹੋਵੇ ਜਾਂ ਡੂੰਘੀ, ਮੇਰੀਆਂ ਭਾਵਨਾਵਾਂ ਪੁਰਾਣੀਆਂ ਹੋਣ ਜਾਂ ਆਧੁਨਿਕ, ਮੈਂ ਤੇਰੇ ਬਾਰੇ ਲਿਖਦਾ ਹਾਂ, ਮੇਰੇ ਦਾਗਿਸਤਾਨ। ਜਦੋਂ ਮੈਂ ਲਿਖਦਾ ਹਾਂ, ਤਾਂ ਮੇਰੀ ਕਲਮ ਅਚੇਤ ਹੀ ਮੇਰੇ ਹੱਥਾਂ ਵਿਚ ਕੰਬਣ ਲੱਗ ਪੈਂਦੀ ਹੈ।
ਪਿਤਾ ਜੀ ਕਿਹਾ ਕਰਦੇ ਸਨ : ਜੇ ਤਰਬੂਜ਼ਾਂ ਦੀ ਪੈਲੀ ਸੜਕ ਦੇ ਬਿਲਕੁਲ ਨਾਲ ਲਗਦੀ ਹੋਵੇਗੀ, ਤਾਂ ਕੋਈ ਵੀ ਰਾਹ-ਜਾਂਦਾ ਬੰਦਾ ਤਰਬੂਜ਼ ਤੋੜ ਸਕਦਾ ਹੈ ਜਿਹੜਾ ਅਜੇ ਪੱਕਿਆ ਨਾ ਹੋਵੇ।
ਕਹਿੰਦੇ ਨੇ : ਐਸੇ ਪੱਥਰ ਨੂੰ ਹੱਥ ਨਾ ਪਾਓ, ਜਿਹੜਾ ਤੁਸੀਂ ਚੁੱਕ ਨਹੀਂ ਸੱਕਣਾ। ਸਿਰਫ ਓਨਾ ਦੂਰ ਤਰ ਕੇ ਜਾਓ, ਜਿੱਥੋਂ ਤੁਸੀਂ ਵਾਪਸ ਵੀ ਆ ਸਕੋ।
ਕਹਿੰਦੇ ਨੇ : ਜੇ ਨਦੀ ਵਿਚ ਪਾਣੀ ਗਿੱਟਿਆਂ ਤੱਕ ਹੋਵੇ, ਤਾਂ ਆਪਣਾ ਪਾਜਾਮਾ ਗੋਡਿਆਂ ਤੋਂ ਉੱਪਰ ਤੱਕ ਨਾ ਚੁੱਕੋ।
ਸਾਹਿਤਕ ਰੂਪ
ਮੂਰਖ ਚੀਖ ਮਾਰ ਕੇ ਚਕ੍ਰਿਤ ਕਰਦਾ ਹੈ, ਪਰ ਸਿਆਣਾ ਵੇਲੇ ਸਿਰ ਢੁਕਵੀਂ
ਗੱਲ ਕਹਿ ਕੇ।
ਬਸੰਤ ਆਏ ਤਾਂ ਗੀਤ ਗਾਓ।
ਸਿਆਲ ਆਏ ਤਾਂ ਕਹਾਣੀ ਸੁਣਾਓ।
ਮੈਂ ਇਕ ਪਹਾੜ ਸਾਮ੍ਹਣੇ ਖੜਾ ਹਾਂ, ਜਿਸ ਉਪਰ ਚੜ੍ਹਣਾ ਮੇਰੇ ਲਈ ਜ਼ਰੂਰੀ ਹੈ। ਮੇਰਾ ਚੰਗਾ ਘੋੜਾ ਮੈਨੂੰ ਕਿਸੇ ਵੀ ਦੱਰੇ ਵਿਚੋਂ ਲੰਘਾ ਕੇ ਲੈ ਜਾਇਗਾ। ਇਹ ਪਹਾੜ ਮੇਰਾ ਵਿਸ਼ਾ ਹੈ, ਮੇਰੀ ਬੋਲੀ ਮੇਰਾ ਘੋੜਾ ਹੈ। ਹੁਣ ਮੇਰੇ ਲਈ ਉਹ ਰਾਹ ਚੁਣਨਾ ਜ਼ਰੂਰੀ ਹੈ ਜਿਹੜਾ ਮੈਨੂੰ ਢਲਾਣੀ ਪਹਾੜ ਉਪਰੋਂ ਦੀ ਲੈ ਜਾਇਗਾ।
ਮੇਰੇ ਸਾਰੇ ਪੂਰਵ-ਗਾਮੀ ਪਰਬਤਵਾਸੀ ਸਿੱਧੇ ਰਸਤੇ ਨੂੰ ਤਰਜੀਹ ਦੇਂਦੇ ਸਨ। ਇਹ ਵਧੇਰੇ ਮੁਸ਼ਕਲ, ਵਧੇਰੇ ਖਤਰਨਾਕ ਹੋ ਸਕਦਾ ਹੈ, ਪਰ ਛੋਟਾ ਹੁੰਦਾ ਹੈ। ਇਹ ਕਿਸੇ ਦਾ ਕਾਲ ਬਣ ਸਕਦਾ ਹੈ। ਪਰ ਬੰਦੇ ਨੂੰ ਕਿਤੇ ਜਲਦੀ ਉਸਦੀ ਮੰਜ਼ਿਲ ਤੱਕ ਪੁਚਾ ਦੇਂਦਾ ਹੈ।
ਜਾਂ, ਮੈਂ ਇਕ ਗੜ੍ਹੀ ਸਾਮ੍ਹਣੇ ਖੜਾ ਹਾਂ, ਜਿਸ ਉਤੇ ਮੈਂ ਕਬਜ਼ਾ ਕਰਨਾ ਹੈ। ਮੇਰੇ ਕੋਲ ਚੰਗਾ ਹਥਿਆਰ ਹੈ ਜਿਹੜਾ ਲੜਾਈ ਵੇਲੇ ਮੇਰੇ ਨਾਲ ਧੋਖਾ ਨਹੀਂ ਕਰੇਗਾ। ਮੇਰਾ ਵਿਸ਼ਾ ਗੜ੍ਹੀ ਹੈ; ਤੇ ਮੇਰੀ ਜ਼ਬਾਨ ਉਹ ਹਥਿਆਰ ਹੈ। ਪਰ ਮੇਰੇ ਲਈ ਉਹ ਰਾਹ ਲੱਭਣਾ ਜ਼ਰੂਰੀ ਹੈ, ਜਿਸ ਰਾਹੀਂ ਮੈਂ ਇਸ ਅਲੰਘ ਗੜ੍ਹੀ ਨੂੰ ਵਧੇਰੇ ਸੌਖੀ ਤਰ੍ਹਾਂ ਲੈ ਸੱਕਾਂ । ਮੈਂ ਅਚਾਨਕ ਹਮਲਾ ਕਰਾਂਗਾ ਜਾਂ ਹੌਲੀ ਹੌਲੀ ਮੁਹਾਸਰੇ ਨੂੰ ਤਰਜੀਹ ਦੇਵਾਂਗਾ ? ਖੇਤ ਵਿਚ ਬਾਜਰਾ ਉੱਗ ਰਿਹਾ ਹੈ, ਤੇ ਨੇੜੇ ਇਕ ਪਹਾੜੀ ਨਦੀ ਵਿਚ ਪਾਣੀ ਹੈ। ਪਰ ਮੈਂ ਪਾਣੀ ਖੇਤ ਤੱਕ ਕਿਵੇਂ ਖੜਾਂਗਾ ?
ਅੰਗੀਠੀ ਵਿਚ ਲੱਕੜਾਂ ਪਈਆਂ ਹਨ, ਤੇ ਉੱਪਰ ਪਤੀਲੀ ਪਈ ਹੈ। ਮੇਰੇ ਕੋਲ ਪਤੀਲੀ ਵਿਚ ਪਾਉਣ ਲਈ ਕੁਝ ਚੀਜ਼ਾਂ ਨੇ । ਪਰ ਖਾਣੇ ਲਈ ਮੈਂ ਕੈਸਾ ਪਕਵਾਨ ਤਿਆਰ ਕਰਾਂਗਾ ?
ਆਪਣੀ ਚਿੱਠੀ ਵਿਚ ਸੰਪਾਦਕ ਨੇ ਮੈਨੂੰ ਕੋਈ ਵੀ ਸਾਹਿਤ-ਰੂਪ ਚੁਣਨ ਲਈ ਕਿਹਾ ਹੈ : ਛੋਟੀ ਜਾਂ ਲੰਮੀ-ਛੋਟੀ ਕਹਾਣੀ, ਕਵਿਤਾ ਜਾਂ ਲੇਖ। ਚੋਣ ਜਿੰਨੀਂ ਵਿਸ਼ਾਲ ਹੋਵੇ, ਓਨੀ ਹੀ ਮੁਸ਼ਕਲ ਹੁੰਦੀ ਹੈ।
ਆਪਣੀ ਨੋਟਬੁੱਕ ਵਿਚੋਂ : ਸਾਹਿਤ ਦੇ ਇਨਸਟੀਚਿਊਟ ਵਿਚ ਇਸ ਤਰ੍ਹਾਂ ਸੀ : ਪਹਿਲੇ ਸਾਲ ਵਿਚ ਵੀਹ ਕਵੀ, ਚਾਰ ਵਾਰਤਕ ਲਿਖਾਰੀ ਤੇ ਇਕ ਨਾਟਕਕਾਰ ਸੀ; ਦੂਜੇ ਸਾਲ ਵਿਚ ਪੰਦਰਾਂ ਕਵੀ, ਅੱਠ ਵਾਰਤਕ ਲਿਖਾਰੀ, ਇਕ ਨਾਟਕਕਾਰ ਤੇ ਇਕ ਆਲੋਚਕ; ਤੀਜੇ ਸਾਲ ਵਿਚ ਅੱਠ ਕਵੀ, ਦੱਸ ਵਾਰਤਕ ਲਿਖਾਰੀ, ਇਕ ਨਾਟਕਕਾਰ ਤੇ ਛੇ ਆਲੋਚਕ। ਪੰਜਵੇਂ ਸਾਲ ਦੇ ਅਖੀਰ ਤੱਕ, ਸਾਡੇ ਕੋਲ ਇਕ ਕਵੀ, ਇਕ ਵਾਰਤਕ ਲਿਖਾਰੀ ਤੇ ਇਕ ਨਾਟਕਕਾਰ; ਬਾਕੀ ਸਾਰੇ ਆਲੋਚਕ ਸਨ। ਬੇਸ਼ਕ ਇਹ ਸਾਰਾ ਕੁਝ ਅਤਿਕਥਨੀ ਹੈ, ਪਰ ਇਹ ਸੱਚ ਹੈ ਕਿ ਕਈ ਲੋਕ ਕਵਿਤਾ ਨਾਲ ਸ਼ੁਰੂ ਕਰਦੇ, ਵਾਰਤਕ ਵੱਲ ਤੇ ਫਿਰ ਨਾਟਕਾਂ ਵੱਲ ਚਲੇ ਜਾਂਦੇ ਤੇ ਅਖੀਰ ਲੇਖ ਲਿਖਣ ਉਤੇ ਜਾ ਮੁੱਕਦੇ ਨੇ । ਵੈਸੇ, ਅੱਜ ਕੱਲ ਫਿਲਮਾਂ ਲਈ ਸਕਰਿਪਟ ਲਿਖਣ ਲੱਗ ਪੈਣ ਦਾ ਰਿਵਾਜ ਹੈ।
ਕਈ ਬਾਦਸ਼ਾਹਾਂ ਤੇ ਸੁਲਤਾਨਾਂ ਬਾਰੇ ਪ੍ਰਸਿਧ ਹੈ ਕਿ ਉਹ ਆਪਣੀਆਂ ਰਾਣੀਆਂ ਤੇ ਬੇਗ਼ਮਾਂ ਬਦਲਦੇ ਰਹੇ ਕਿਉਂਕਿ ਉਹ ਉਹਨਾਂ ਨੂੰ ਬੱਚੇ ਨਾ ਦੇ ਸਕੀਆਂ। ਇਸ ਤਰ੍ਹਾਂ ਕਈ ਵਾਰੀ ਕਰਨ ਤੋਂ ਪਿਛੋਂ ਉਹਨਾਂ ਨੂੰ ਪਤਾ ਲਗਦਾ ਰਿਹਾ ਕਿ ਕਸੂਰ ਰਾਣੀਆਂ ਤੇ ਬੇਗ਼ਮਾਂ ਦਾ ਨਹੀਂ। ਪਰ ਇਕ ਕਿਸਾਨ ਸਾਰੀ ਉਮਰ ਇਕੋ ਬੀਵੀ ਨਾਲ ਬਿਤਾ ਦੇਂਦਾ ਤੇ ਦਰਜਨ ਬੱਚੇ ਪੈਦਾ ਕਰ ਲੈਂਦਾ ਹੈ।
ਮੈਂ ਇਹ ਕਹਿੰਦਾ ਹਾਂ : ਸ਼ਰਾਬ ਪੀਓ, ਪਰ ਰੋਟੀ ਨੂੰ ਨਫਰਤ ਨਾ ਕਰੋ। ਗੀਤ ਗਾਓ, ਪਰ ਕਹਾਣੀਆਂ ਵੀ ਸੁਣੋ। ਕਵਿਤਾਵਾਂ ਲਿਖੋ, ਪਰ ਪਰੀ-ਕਹਾਣੀ ਨੂੰ ਤਿਲਾਂਜਲੀ ਨਾ ਦਿਓ।
ਵਾਰਤਕ : ਇਕ ਸਮਾਂ ਸੀ ਜਦੋਂ ਮੈਂ ਪੰਘੂੜੇ ਵਿਚ ਪਿਆ ਹੁੰਦਾ ਸਾਂ ਤੇ ਮਾਂ ਮੈਨੂੰ ਲੋਰੀ ਗਾ ਕੇ ਸੁਣਾਇਆ ਕਰਦੀ ਸੀ। ਇਹ ਇਕੋ ਇਕ ਗੀਤ ਸੀ ਜਿਹੜਾ ਉਸਨੂੰ ਆਉਂਦਾ ਸੀ। ਭਾਵੇਂ ਪਿਤਾ ਜੀ ਪ੍ਰਸਿਧ ਕਵੀ ਸਨ, ਪਰ ਉਹਨਾਂ ਨੇ ਆਪਣੇ ਬੇਟਿਆਂ ਲਈ ਕੋਈ ਗੀਤ ਨਾ ਲਿਖਿਆ। ਉਹ ਸਾਨੂੰ ਹਰ ਤਰ੍ਹਾਂ ਦੀਆਂ ਕਹਾਣੀਆਂ ਸੁਨਾਉਣਾ ਜ਼ਿਆਦਾ ਪਸੰਦ ਕਰਦੇ ਸਨ-ਕੁਝ ਸਚਮੁਚ ਦੀਆਂ ਘਟਨਾਵਾਂ ਬਾਰੇ, ਕੁਝ ਪਰੀ-ਕਹਾਣੀਆਂ। ਇਹ ਉਹਨਾਂ ਦੀ ਵਾਰਤਕ ਸੀ।
ਉਹ ਆਪਣੀਆਂ ਕਵਿਤਾਵਾਂ ਦੀ ਗੱਲ ਕਰਨੀ ਪਸੰਦ ਨਹੀਂ ਸਨ ਕਰਦੇ। ਮੇਰਾ ਖਿਆਲ ਹੈ ਕਿ ਉਹ ਕਵਿਤਾ ਲਿਖਣ ਨੂੰ ਗੰਭੀਰ ਕੰਮ ਨਹੀਂ ਸਨ ਸਮਝਦੇ। ਉਹਨਾਂ ਦੇ ਗੰਭੀਰ ਕੰਮ ਸਨ : ਖੇਤਾਂ ਵਿਚ ਹਲ ਚਲਾਉਣਾ, ਗਾਹੀ ਲਈ ਥਾਂ ਬਨਾਉਣਾ, ਗਾਵਾਂ ਤੇ ਘੋੜਿਆਂ ਦਾ ਖਿਆਲ ਰੱਖਣਾ, ਛੱਤ ਉਤੋਂ ਬਰਫ ਹਟਾਉਣਾ ਤੇ, ਮਗਰਲੇ ਸਾਲਾਂ ਵਿਚ, ਪਿੰਡ ਦੇ ਮਾਮਲਿਆਂ ਵਿਚ, ਸਗੋਂ ਜ਼ਿਲੇ ਦੇ ਮਾਮਲਿਆਂ ਵਿਚ ਵੀ ਇਸ ਤਰ੍ਹਾਂ ਦਾ ਹਿੱਸਾ ਲੈਣਾ ਜਿਹੜਾ ਉਹਨਾਂ ਦੀ ਉਮਰ ਆਗਿਆ ਦੇਂਦੀ ਹੋਵੇ।
ਇਕ ਵਾਰੀ ਪਿਤਾ ਜੀ ਕਵਿਤਾ ਲਿਖ ਲੈਂਦੇ, ਤਾਂ ਇਸ ਗੱਲ ਬਾਰੇ ਬਹੁਤਾ ਨਹੀਂ ਸਨ ਸੋਚਦੇ ਕਿ ਇਹ ਕਿਥੇ ਛਪਵਾਈ ਜਾਏ। ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਸੀ ਪੈਂਦਾ ਕਿ ਇਹ ਕਿਸੇ ਕੇਂਦਰੀ ਅਖਬਾਰ ਵਿਚ ਛਪਦੀ ਹੈ, ਜਾਂ ਕਿ ਪਿੰਡ ਦੇ ਬਾਲ-ਪਾਇਨੀਅਰਾਂ ਵਲੋਂ ਚਲਾਏ ਜਾਂਦੇ ਕੰਧ-ਅਖਬਾਰ ਵਿਚ ਛਪਦੀ ਹੈ। ਮੈਨੂੰ ਕੁਝ ਐਸਾ ਲਗਦਾ ਕਿ ਜੇ ਇਹ ਕੰਧ-ਅਖਬਾਰ ਵਿਚ ਛਪਦੀ ਸੀ, ਤਾਂ ਉਹ ਹੋਰ ਜ਼ਿਆਦਾ ਖੁਸ਼ ਹੁੰਦੇ ਸਨ।
ਉਹ ਅਕਸਰ ਯਾਦ ਕਰਿਆ ਕਰਦੇ ਸਨ, ਜੋ ਅਨਾਸਿਲ ਮੁਹੰਮਦ ਨੇ ਆਪਣੇ ਪੁੱਤਰ ਮਹਿਮੂਦ, ਪਿਆਰ ਦੇ ਪ੍ਰਸਿਧ ਗਾਇਕ, ਨੂੰ ਕਿਹਾ ਸੀ। ਜਦੋਂ ਮਹਿਮੂਦ ਖਾਊ-ਉਡਾਊ ਮੁੰਡੇ ਵਾਂਗ ਘਰ ਮੁੜਦਾ, ਪੀਲਾ ਤੇ ਭੁੱਖਾ-ਭਾਣਾ, ਪਿਆਰ ਤੇ ਪਿਆਰ ਦੇ ਗੀਤਾਂ ਦਾ ਝੰਬਿਆ ਹੋਇਆ, ਤੇ ਆਕੇ ਕੁਝ ਖਾਣ ਨੂੰ ਮੰਗਦਾ, ਤਾਂ ਉਸਦਾ ਪਿਓ ਸਹਿਜੇ ਜਿਹੇ ਕਹਿੰਦਾ :
“ਕਵਿਤਾਵਾਂ ਖਾ ਲੈ, ਤੇ ਪਿਆਰ ਨਾਲ ਉਹਨਾਂ ਨੂੰ ਗਲੇ ‘ਚੋਂ ਹੇਠਾਂ ਕਰ ਲੈ। ਮੈਂ ਤੇਰੇ ਲਈ ਖੇਤ ਵਾਹ ਵਾਹ ਕੇ ਥੱਕ ਚੁੱਕਾ ਹਾਂ।”
ਠੀਕ ਹੈ ਕਿ ਪੰਛੀ ਨੂੰ ਗੀਤ ਦੀ ਲੋੜ ਹੁੰਦੀ ਹੈ ਪਰ ਇਸਦਾ ਮੁੱਖ ਕੰਮ ਆਲ੍ਹਣਾ ਬਨਾਉਣਾ ਤੇ ਆਪਣੇ ਬੋਟਾਂ ਲਈ ਖਾਣਾ ਲੱਭਣਾ ਹੁੰਦਾ ਹੈ।
ਪਿਤਾ ਜੀ ਲਈ ਆਪਣੀਆਂ ਕਵਿਤਾਵਾਂ ਬਿਲਕੁਲ ਉਸੇ ਤਰ੍ਹਾਂ ਹੁੰਦੀਆਂ ਸਨ, ਜਿਵੇਂ ਪੰਛੀਆਂ ਲਈ ਗੀਤ-ਸੁੰਦਰ, ਸੁਖਦਾਈ, ਪਰ ਲਾਜ਼ਮੀ ਨਹੀਂ। ਇਹ “ਸ਼ੁਭ-ਪ੍ਰਭਾਤ” ਸਨ, ਜੋ ਅਸੀਂ ਸਵੇਰੇ ਇਕ ਦੂਜੇ ਨੂੰ ਕਹਿੰਦੇ ਹਾਂ, ਤੇ “ਸ਼ੁਭ- ਰਾਤਰੀ”, ਜੋ ਕਹਿ ਕੇ ਅਸੀਂ ਰਾਤ ਸੌਣ ਲਈ ਚਲੇ ਜਾਂਦੇ ਹਾਂ, ਤਿਓਹਾਰ ਵਾਲੇ ਦਿਨ ਖੁਸ਼ੀਆਂ ਦਾ ਸੰਦੇਸ਼ ਜਾਂ ਮਾਤਮ ਵੇਲੇ ਅਫਸੋਸ ਦੇ ਸ਼ਬਦ ਸਨ।
ਕਵੀਆਂ ਬਾਰੇ ਖਿਆਲ ਕੀਤਾ ਜਾਂਦਾ ਹੈ ਕਿ ਉਹ ਆਪੋ ਆਪਣੇ ਤਰੀਕੇ ਨਾਲ ਕਿਸੇ ਹੋਰ ਦੁਨੀਆਂ ਦੇ ਲੋਕ ਹੁੰਦੇ ਹਨ। ਪਿਤਾ ਜੀ ਸੁਭਾਅ ਵਿਚ ਵੀ ਤੇ ਦਿੱਖ ਵਿਚ ਵੀ ਸਾਧਾਰਨ ਪਰਬਤਵਾਸੀ ਵਰਗੇ ਸਨ। ਸਭ ਤੋਂ ਬਹੁਤਾ ਉਹਨਾਂ ਨੂੰ ਸੁਆਦ ਦੋਸਤਾਂ ਦੇ ਨਿਕਟਵਰਤੀ ਘੇਰੇ ਵਿਚ ਆਰਾਮ ਨਾਲ ਗੱਲਬਾਤ ਕਰਨ ਵਿਚ ਆਉਂਦਾ ਸੀ, ਜਦੋਂ ਹਰ ਕੋਈ ਆਪਣੀਆਂ ਖਬਰਾਂ ਤੇ ਕਹਾਣੀਆਂ ਸੁਣਾ ਰਿਹਾ ਹੁੰਦਾ, ਤੇ ਕੋਈ ਵੀ ਕਦੀ ਦੂਜੇ ਨੂੰ ਨਾ ਟੋਕਦਾ। ਫਿਰ ਇਹ ਵਾਰਤਕ ਸੀ।
ਜਦੋਂ ਪਿਤਾ ਜੀ ਨੇ ਆਪਣੀਆਂ ਪਹਿਲੀਆਂ ਕਵਿਤਾਵਾਂ ਪ੍ਰਸਿਧ ਮਹਿਮੂਦ ਨੂੰ ਦਿਖਾਈਆਂ, ਤਾਂ ਉਸਨੂੰ ਪਿਤਾ ਜੀ ਦੀਆਂ ਕਵਿਤਾਵਾਂ ਉਤੇ ਹੈਰਾਨੀ ਹੋਈ ਤੇ ਕਹਿਣ ਲੱਗਾ ਕਿ ਇਹ ਮੇਰੀ ਸਮਝ ਨਹੀਂ ਆਉਂਦੀਆਂ। ਆਮ ਕਰਕੇ ਉਸਨੂੰ ਸਮਝ ਨਹੀਂ ਸੀ ਆਉਂਦੀ ਕਿ ਕੋਈ ਗਾਈਆਂ ਬਾਰੇ, ਟਰੈਕਟਰਾਂ ਤੇ ਕੁੱਤਿਆਂ ਬਾਰੇ, ਜਾਂ ਖੂਨਜ਼ਾਮ ਪਿੰਡ ਨੂੰ ਜਾਂਦੀ ਸੜਕ ਬਾਰੇ ਕਿਵੇਂ ਕਵਿਤਾ ਲਿਖ ਸਕਦਾ ਹੈ।
“ਮੈਂ ਕਾਹਦੇ ਬਾਰੇ ਲਿਖਾਂ ?” ਪਿਤਾ ਜੀ ਨੇ ਨਿਮਰਤਾ ਨਾਲ ਪੁੱਛਿਆ। “ਮੁਹੱਬਤ, ਸਿਰਫ ਮੁਹੱਬਤ ! ਤੈਨੂੰ ਮੁਹੱਬਤ ਦਾ ਮਹੱਲ ਉਸਾਰਨਾ ਚਾਹੀਦਾ
ਹੈ।”
ਮਹਿਮੂਦ ਦੀ ਕਵਿਤਾ
ਮਹਿਲ ਬਣਾਇਆ ਇਸ਼ਕਾਂ ਦਾ ਮੈਂ ਇਸ ਧਰਤੀ ਦੇ ਉਤੇ।
ਪਰ ਕਿਸਮਤ ਵਿਚ ਰੁਲਣਾ ਲਿਖਿਆ ਏਸ ਕੁਵੱਲੀ ਰੁੱਤੇ।
ਇਕ ਸਜੀਲਾ ਪੁਲ ਬਣਾਇਆ, ਆਪਣੇ ਵਲਵਲਿਆਂ ਦਾ,
ਪਰ ਪੁਲ ਟੁੱਟਾ, ਤੇ ਮੈਂ ‘ਕੱਲਾ ਖੜਾ ਕਿਨਾਰੇ ਉਤੇ ।
ਪਿਤਾ ਜੀ ਨੇ ਇਸ਼ਕ ਦਾ ਮਹੱਲ ਨਹੀਂ ਬਣਾਇਆ। ਨਾ ਹੀ ਉਹਨਾਂ ਨੇ ਬਨਾਉਣ ਵੱਲ ਜ਼ਰਾ ਵੀ ਧਿਆਨ ਦਿੱਤਾ। ਉਹਨਾਂ ਦਾ ਫਿਕਰ, ਉਹਨਾਂ ਦਾ ਮਹੱਲ, ਉਹਨਾਂ ਦੀਆਂ ਕਵਿਤਾਵਾਂ ਦਾ ਵਸਤੂ ਸੀ-ਆਪਣਾ ਘਰ, ਪਰਵਾਰ, ਤੇ ਬੱਚੇ; ਆਪਣਾ ਪਿੰਡ, ਘੋੜਾ ਤੇ ਦੇਸ; ਅਮਨ ਤੇ ਧਰਤੀ ਆਕਾਸ਼ ਤੇ ਬਾਰਸ਼, ਧੁੱਪ ਤੇ ਘਾਹ।
ਠੀਕ ਹੈ ਕਿ ਇਕ ਵਾਰੀ ਉਹਨਾਂ ਨੇ ਮੁਹੱਬਤ ਬਾਰੇ ਵੀ ਕਵਿਤਾ ਲਿਖੀ, ਉਸ ਔਰਤ ਬਾਰੇ ਜਿਸਨੂੰ ਉਹ ਪਿਆਰ ਕਰਦੇ ਸਨ । ਉਹ ਕਵਿਤਾ ਉਹਨਾਂ ਨੇ ਅਰਬੀ ਵਿਚ ਲਿਖੀ, ਤਾਂ ਕਿ ਹੋਰ ਕੋਈ ਉਹ ਪੜ੍ਹ ਨਾ ਸਕੇ। ਇਹ ਕਵਿਤਾ ਸਿਰਫ ਉਹਨਾਂ ਦੇ ਆਪਣੇ ਲਈ ਤੇ ਉਸ ਔਰਤ ਲਈ ਸੀ।
ਸਚਮੁਚ, ਪਿਤਾ ਜੀ ਨੂੰ ਸਿਆਣੀ ਤੇ ਬਿਨਾਂ ਕਾਹਲ ਦੇ ਸੁਣਾਈ ਕਹਾਣੀ ਚੰਗੀ ਲਗਦੀ ਸੀ। ਪੈ ਰਹੀ ਸ਼ਾਮ ਦੇ ਮੱਧਮ ਚਾਨਣ ਵਿਚ ਉਹ ਮੈਨੂੰ ਆਪਣੇ ਗੋਡਿਆਂ ਉਤੇ ਬਿਠਾ ਲੈਂਦੇ, ਆਪਣੀ ਨਿੱਘੀ ਤੇ ਵਾਸ਼ਨਾ ਵਾਲੀ ਭੇਡ ਦੀ ਖੱਲ ਵਿਚ ਮੈਨੂੰ ਲਪੇਟ ਲੈਂਦੇ, ਤੇ ਇਕ ਇਕ ਕਰਕੇ ਕਹਾਣੀਆਂ ਸੁਣਾਈ ਜਾਂਦੇ । ਇਹ ਕਹਾਣੀਆਂ ਉਹਨਾਂ ਲੋਕਾਂ ਬਾਰੇ ਹੁੰਦੀਆਂ ਜਿਹੜੇ ਦੂਰ ਦੁਰਾਡੇ ਬੇਗਾਨੇ ਮੁਲਕਾਂ ਵਿਚ ਚਲੇ ਗਏ ਸਨ, ਤੇ ਉਹਨਾਂ ਬਾਰੇ ਜਿਹੜੇ ਘਰ ਟਿਕੇ ਰਹੇ ਸਨ । ਉਹ ਦਰਿਆਵਾਂ ਤੇ ਸੜਕਾਂ ਦੀਆਂ ਗੱਲਾਂ ਕਰਦੇ, ਦੱਸਦੇ ਕਿ ਫੁੱਲ ਕਿਵੇਂ ਖਿੜਦੇ ਹਨ, ਤੇ ਮਧੂ-ਮੱਖੀਆਂ ਉਹਨ੍ਹਾਂ ਵਿਚ ਆਰਾਮ ਕਰਨ ਕਿਉਂ ਆਉਂਦੀਆਂ ਹਨ; ਸੂਰਜ ਕਿਵੇਂ ਚੜ੍ਹਦਾ ਲਹਿੰਦਾ ਹੈ: ਪੁਰਾਤਨ ਸਮਿਆਂ ਦੀਆਂ ਰਹੁ-ਰੀਤਾਂ ਤੇ ਪਰੰਪਰਾਵਾਂ ਬਾਰੇ ਤੇ ਜੰਗ ਤੋਂ ਪਹਿਲਾਂ ਆਦਮੀਆਂ ਦੇ ਬੁਲ੍ਹਾਂ ‘ਚੋਂ ਨਿਕਲਦੀਆਂ ਪ੍ਰਾਰਥਨਾਵਾਂ ਬਾਰੇ ਦੱਸਦੇ।
ਉਹਨਾਂ ਨੂੰ ਆਕਾਸ਼ ਵੱਲ ਸਿਰਫ਼ ਨਜ਼ਰ ਮਾਰਨ ਦੀ ਲੋੜ ਹੁੰਦੀ, ਇਹ ਦੱਸਣ ਲਈ ਕਿ ਅਗਲੇ ਦਿਨ ਬਾਰਸ਼ ਹੋਇਗੀ ਜਾਂ ਧੁੱਪ ਨਿਕਲੇਗੀ। ਉਹਨਾਂ ਨੂੰ ਪਤਾ ਸੀ ਕਿ ਜੇ ਚਾਰ-ਚੁਫੇਰੇ ਮੀਂਹ ਪੈ ਰਿਹਾ ਹੋਵੇ, ਪਰ ਤੇਲੇਤਲ ਪਿੰਡ ਉਪਰ ਸੂਰਜ ਚਮਕ ਰਿਹਾ ਹੋਵੇ, ਤਾਂ ਇਸਦਾ ਮਤਲਬ ਹੈ ਕਿ ਖੂਨਜ਼ਾਮ ਪਠਾਰ ਉਤੇ ਗੜੇ ਪੈਣਗੇ। ਉਹਨਾਂ ਨੂੰ ਪਤਾ ਸੀ ਕਿ ਜਵੀ ਦੇ ਇਕ ਸਿੱਟੇ ਵਿਚ ਕਿੰਨੇਂ ਦਾਣੇ ਹੁੰਦੇ ਹਨ ਤੇ ਸੁੰਦਰ ਅਸਮਾਨੀ ਪੀਂਘ ਕਿਉਂ ਪੈਂਦੀ ਹੈ।
ਜੇ ਕੋਈ ਮੁਸਾਫਰ ਇਕ ਪਿੰਡ ਤੋਂ ਅਗਲੇ ਪਿੰਡ ਜਾਂਦਾ ਹੋਇਆ ਦੂਰੋਂ ਦਿਖਾਈ ਦੇਂਦਾ, ਤਾਂ ਪਿਤਾ ਜੀ ਦੱਸ ਸਕਦੇ ਸਨ ਕਿ ਉਹ ਮੁਸਾਫਰ ਕੌਣ ਸੀ, ਉਹ ਕਿਸ ਕੰਮ ਨਿਕਲਿਆ ਹੈ, ਤੇ ਉਸ ਰਾਤ ਉਹ ਕਿਸਦੇ ਠਹਿਰੇਗਾ।
ਆਹ, ਉਹ ਕਿਉਂ ਮੈਨੂੰ ਉਹ ਸਾਰਾ ਕੁਝ ਦੱਸਦੇ ਸਨ? ਉਹਨਾਂ ਨੇ ਉਹ ਸਾਰਾ ਕੁਝ ਲਿਖ ਕਿਉਂ ਨਾ ਦਿੱਤਾ? ਇਹ ਸਾਰੀ ਉਹਨਾਂ ਦੀ ਵਾਰਤਕ ਸੀ, ਕਵੀ ਹਮਜ਼ਾਤ ਤਸਾਦਾਸਾ ਦੀ ਵਾਰਤਕ।
ਉਹਨਾਂ ਲਈ ਜੀਵਨ ਤੇ ਗਲਪ ਇਕੋ ਚੀਜ਼ ਸਨ: ਉਹ ਖਿਆਲ ਨੂੰ ਕਹਾਣੀ ਤੇ ਕਹਾਣੀ ਨੂੰ ਖਿਆਲ ਸਮਝਦੇ ਸਨ । ਕਵਿਤਾਵਾਂ ? ਉਹਨਾਂ ਦੀ ਤੁਲਨਾ ਉਹ ਅਮੋੜ ਦਿਲ ਨਾਲ ਕਰਿਆ ਕਰਦੇ ਸਨ।
ਚੰਗਾ ਹੁੰਦਾ ਜੇ ਪਿਤਾ ਜੀ ਆਪਣੀਆਂ ਸਾਰੀਆਂ ਕਹਾਣੀਆਂ ਲਿਖ ਛੱਡਦੇ, ਕਿਉਂਕਿ ਜਦੋਂ ਮੈਂ ਵੱਡਾ ਹੋਇਆ ਤਾਂ ਆਖਰ ਮੇਰੇ ਮੂੰਹ-ਜ਼ੋਰ ਦਿਲ ਨੇ ਆਪਣੀ ਗੱਲ ਮੰਨਵਾ ਲਈ। ਜਦੋਂ ਕੋਈ ਪੰਛੀ ਉਡਦਾ ਕੋਲੋਂ ਦੀ ਲੰਘਦਾ ਸੀ ਤਾਂ ਮੈਂ ਇਹ ਨਹੀਂ ਸਾਂ ਪੁੱਛਦਾ ਕਿਧਰ ਨੂੰ ਤੇ ਕਿਉਂ; ਮੈਂ ਤਾਂ ਸਿਰਫ ਉਸਨੂੰ ਉਡਦੇ ਨੂੰ ਫੜਣਾ ਚਾਹੁੰਦਾ ਸਾਂ । ਭਾਵੇਂ ਪਿਤਾ ਜੀ ਕਿੰਨੀਂ ਵੀ ਕੋਸ਼ਿਸ਼ ਕਰਦੇ, ਜਦੋਂ ਮੈਂ ਬੱਚਾ ਸਾਂ, ਤਾਂ ਮੈਨੂੰ ਉਹਨਾਂ ਦੀਆਂ ਸਾਰੀਆਂ ਕਹਾਣੀਆਂ ਨਾਲੋਂ ਜ਼ਿਆਦਾ ਮਾਂ ਦੀ ਇਕੋ ਇਕ ਲੋਰੀ ਚੰਗੀ ਲਗਦੀ।
ਮੇਰਾ ਬਚਪਨ ਗੀਤ ਵਿਚ ਗੁਜ਼ਰਿਆ, ਜਵਾਨੀ ਵਿਚ ਗੀਤ ਮੇਰੇ ਨਾਲ ਸਨ; ਮੈਂ ਗੀਤਾਂ ਨਾਲ ਸਿਆਣਾ ਹੋਇਆ ਤੇ ਗੀਤ ਨਾਲ ਹੀ ਧੌਲੀਂ ਪਹੁੰਚਾ ਹਾਂ ।
ਹੁਣ ਮੈਨੂੰ ਪਤਾ ਹੈ ਕਿ ਜਿਥੇ ਵੀ ਕਿਤੇ ਮੈਂ ਘੁੰਮਦਾ ਰਿਹਾ ਹਾਂ, ਤੇ ਮੈਂ ਜਿਹੜੇ ਵੀ ਗੀਤ ਗਾਉਂਦਾ ਰਿਹਾ ਹਾਂ, ਇਕ ਚਟਾਨ ਹਮੇਸ਼ਾ ਰਹੀ ਹੈ ਜਿਹੜੀ ਉਕਾਬ ਦੇ ਆਕੇ ਬੈਠਣ ਦੀ ਉਡੀਕ ਕਰਦੀ ਰਹੀ ਹੈ; ਇਕ ਰੁੱਖ ਹਮੇਸ਼ਾ ਰਿਹਾ ਹੈ ਜਿਹੜਾ ਪੰਛੀਆਂ ਦੇ ਆਲ੍ਹਣੇ ਬਨਾਉਣ ਦੀ ਉਡੀਕ ਕਰਦਾ ਰਿਹਾ ਹੈ; ਇਕ ਘਰ ਹਮੇਸ਼ਾ ਰਿਹਾ ਹੈ ਜਿਸਨੂੰ ਦਸਤਕ ਦੀ ਉਡੀਕ ਸੀ; ਤੇ ਹਮੇਸ਼ਾ ਕਵੀ ਦੀ ਉਡੀਕ ਵਿਚ ਵਾਰਤਕ ਰਹੀ ਹੈ।
ਸੋ, ਮੈਂ ਉਸ ਚਟਾਨ ਉਤੇ ਆ ਉਤਰਿਆ ਹਾਂ ਜਿਹੜੀ ਮੇਰੀ ਉਡੀਕ ਕਰਦੀ ਰਹੀ ਹੈ, ਤੇ ਮੈਂ ਦਸਤਕ ਦੇ ਰਿਹਾ ਹਾਂ ਕਿ ਦਰਵਾਜ਼ਾ ਖੁਲ੍ਹੇ ਤੇ ਮੈਨੂੰ ਘਰ ਅੰਦਰ ਜਾਣ ਦੇਵੇ । ਕਿਉਂਕਿ ਮੈਨੂੰ ਸਮਝ ਆ ਗਈ ਹੈ ਕਿ ਮੈਂ ਦੁਨੀਆਂ ਵਿਚ ਜੋ ਕੁਝ ਦੇਖਿਆ ਹੈ, ਜੋ ਕੁਝ ਮੈਂ ਸੋਚਿਆ ਤੇ ਮਹਿਸੂਸ ਕੀਤਾ ਹੈ, ਉਹ ਸਭ ਕੁਝ ਮੈਂ ਕਵਿਤਾ ਵਿਚ ਨਹੀਂ ਪ੍ਰਗਟ ਕਰ ਸਕਦਾ। ਮੈਂ ਸਮਝਦਾ ਹਾਂ ਕਿ ਵਾਰਤਕ ਕੋਈ ਗੀਤ ਨਹੀਂ ਜਿਹੜਾ ਕੋਈ ਖੜਾ ਹੋ ਕੇ ਗਾ ਦੇਵੇ। ਇਸ ਵਾਸਤੇ ਮੇਜ਼ ਅੱਗੇ ਬੈਠਣਾ ਤੇ ਕੰਮ ਵਿਚ ਜੁੱਟਣਾ ਜ਼ਰੂਰੀ ਹੈ । ਤੜਕੇ ਦਾ ਅਲਾਰਮ ਲਾਉਣਾ ਜ਼ਰੂਰੀ ਹੈ, ਤੇ ਸਖਤ ਚਾਹ ਉਬਾਲਣੀ ਚਾਹੀਦੀ ਹੈ, ਜਿਹੜੀ ਮੈਨੂੰ ਰਾਤੀਂ ਨੀਂਦ ਨਾ ਆਉਣ ਦੇਵੇ।
ਖੈਰ, ਜੇ ਨੀਂਹ ਠੀਕ ਰੱਖੀ ਗਈ ਹੈ ਤੇ ਗੋਹਾਂ ਠੀਕ ਤਰ੍ਹਾਂ ਨਾਲ ਖੜੀਆਂ ਕਰ ਦਿੱਤੀਆਂ ਗਈਆਂ ਹਨ, ਤਾਂ ਘਰ ਦੀ ਉਸਾਰੀ ਤੇਜ਼ੀ ਨਾਲ ਚੱਲੇਗੀ। ਨਤੀਜਾ ਕੀ ਨਿਕਲੇਗਾ—ਕਹਾਣੀ, ਨਿੱਕਾ ਨਾਵਲ, ਕਥਾ, ਪਰੀ-ਕਹਾਣੀ, ਗਾਥਾ, ਵਿਚਾਰ- ਚਰਚਾ ਜਾਂ ਲੇਖ-ਮੈਨੂੰ ਨਹੀਂ ਪਤਾ।
ਕੁਝ ਸੰਪਾਦਕ ਤੇ ਆਲੋਚਕ ਕਹਿਣਗੇ ਕਿ ਮੈਂ ਜੋ ਕੁਝ ਲਿਖਿਆ ਹੈ, ਉਹ ਨਾ ਨਾਵਲ ਹੈ, ਨਾ ਕਥਾ, ਨਾ ਕਹਣੀ; ਦਰਅਸਲ ਕੋਈ ਵੀ ਨਹੀਂ ਦਸ ਸਕਦਾ ਕਿ ਇਹ ਕੀ ਹੈ। ਦੂਜੇ ਸੰਪਾਦਕ ਤੇ ਆਲੋਚਕ ਕਹਿਣਗੇ ਕਿ ਸੂਚੀ ਅਨੁਸਾਰ, ਇਹ ਪਹਿਲੀ, ਦੂਜੀ ਜਾਂ ਤੀਜੀ ਚੀਜ਼ ਹੈ—ਜਾਂ ਸ਼ਾਇਦ ਫਿਰ ਕੁਝ ਹੋਰ ਚੀਜ਼।
ਮੈਂ ਕੋਈ ਇਤਰਾਜ਼ ਨਹੀਂ ਕਰਾਂਗਾ। ਮੇਰੀ ਕਲਮ ਤੋਂ ਜੋ ਨਿਕਲੇਗਾ, ਉਸਨੂੰ ਤੁਸੀਂ ਜਿਹੜਾ ਚਾਹੋ, ਨਾਂ ਦੇ ਲਵੋ। ਮੈਂ ਆਪਣੇ ਦਿਲ ਦੇ ਹੁਕਮ ਉਤੇ ਲਿਖ ਰਿਹਾ ਹਾਂ, ਨਾ ਕਿ ਕਿਤਾਬਾਂ ਤੋਂ ਲਏ ਨਿਯਮਾਂ ਅਨੁਸਾਰ। ਮੇਰਾ ਦਿਲ ਕੋਈ ਨਿਯਮ ਨਹੀਂ . ਜਾਣਦਾ, ਜਾਂ ਇੰਝ ਕਹਿ ਲਵੋ ਕਿ ਇਸਦੇ ਆਪਣੇ ਹੀ ਕਾਨੂੰਨ ਨੇ, ਜਿਹੜੇ ਸਾਰਿਆਂ ਉਤੇ ਲਾਗੂ ਨਹੀਂ ਹੁੰਦੇ।
ਮੈਂ ਆਪਣੇ ਆਪ ਨੂੰ ਪੁੱਛਦਾ ਹਾਂ : ਮੈਂ ਖਾਣੇ ਦਾ ਸੁਆਦ ਨਹੀਂ ਬਰਬਾਦ ਕਰ ਦੇਵਾਂਗਾਂ, ਜੇ ਮੈਂ ਮਾਸ, ਚਾਵਲ, ਫਲ ਤੇ ਮਿਰਚ ਇਕੋ ਹੀ ਹਾਂਡੀ ਵਿਚ ਸੁੱਟ ਦੇਵਾਂ ਤੇ ਨਾਲ ਹੀ ਲੂਣ ਤੇ ਸ਼ਹਿਦ ਮਿਲਾ ਦਿਆਂ? ਦੂਜੇ ਪਾਸੇ, ਹੋ ਸਕਦਾ ਹੈ ਕਿ ਇਹ ਅਨੋਖਾ ਤੇ ਸੁਆਦੀ ਭੋਜਨ ਹੋ ਨਿੱਬੜੇ। ਮੇਰੇ ਨਾਲ ਜਿਹੜੇ ਖਾਣ ਲਈ ਬੈਠਣਗੇ, ਉਹਨਾਂ ਨੂੰ ਦੱਸਣ ਦਿਓ ਕਿ ਇਹ ਕੀ ਹੈ।
ਮੇਰੀ ਕਹਾਣੀ, ਮੇਰੀਆਂ ਸਮਿਰਤੀਆਂ, ਮੇਰੀ ਕਥਾ! ਮੈਨੂੰ ਯਾਦ ਹੈ ਕਿ ਜਦੋਂ ਬੱਚਾ ਹੁੰਦਾ ਸਾਂ ਤਾਂ ਆਪਣੇ ਭਰਾਵਾਂ ਜਾਂ ਪਿਤਾ ਜੀ ਦੇ ਘਰ ਪਰਤਣ ਦੀ ਬੇਸਬਰੀ ਨਾਲ ਉਡੀਕ ਕਰਦਾ ਹੋਇਆ, ਸਿਆਲੀ ਰਾਤੇ ਮੈਂ ਬਿਸਤਰੇ ਵਿਚ ਪਿਆ ਸੌ ਨਹੀਂ ਸਾਂ ਸਕਦਾ। ਮੈਂ ਦਰਵਾਜ਼ੇ ਦੀ ਚੀਂ-ਚੀਂ ਨੂੰ ਸੁਣਦਾ ਰਹਿੰਦਾ, ਤੇ ਮਿੰਟ ਘੰਟੇ ਘੰਟੇ ਦੇ ਬਣ ਜਾਂਦੇ।
ਇਹੋ ਜਿਹੀਆਂ ਰਾਤਾਂ ਨੂੰ ਮੇਰਾ ਦਾਦਾ ਮੇਰੇ ਕੋਲ ਬੈਠ ਜਾਂਦਾ ਤੇ ਮੱਧਮ ਜਿਹੀ ਆਵਾਜ਼ ਵਿਚ ਮੈਨੂੰ ਕੋਈ ਕਹਾਣੀ, ਕੋਈ ਗੀਤ ਜਾਂ ਕੋਈ ਸਿਆਣਾ ਜਾਂ ਅਜੀਬੋ ਗ਼ਰੀਬ ਅਖਾਣ ਸੁਣਾਉਂਦਾ। ਕਦੀ ਕਦੀ ਮੈਂ ਹੱਸ ਪੈਂਦਾ, ਕਦੀ ਕਦੀ ਡਰ ਜਾਂਦਾ। ਮੈਨੂੰ ਮਿੰਟਾਂ ਦਾ ਤੇ ਘੰਟਿਆਂ ਦਾ ਕੋਈ ਖਿਆਲ ਨਾ ਰਹਿੰਦਾ; ਜੋ ਕੁਝ ਬਾਕੀ ਰਹਿ ਜਾਂਦਾ, ਉਹ ਸੀ ਦਾਦੇ ਦੀ ਆਵਾਜ਼ ਤੇ ਉਹ ਤਸਵੀਰਾਂ ਜਿਹੜੀਆਂ ਮੇਰੀ ਕਲਪਣਾ ਰਚਦੀ। ਪਿਤਾ ਜੀ ਜਾਂ ਭਰਾ ਆ ਜਾਂਦੇ ਤੇ ਆਵਾਜ਼ ਰੁਕ ਜਾਂਦੀ ਤੇ ਮੈਨੂੰ ਅਫਸੋਸ ਹੁੰਦਾ ਕਿ ਉਹਨਾਂ ਦੇ ਆਉਣ ਨਾਲ ਏਨੀਂ ਦਿਲਚਸਪ ਕਹਾਣੀ ਵਿੱਚੇ ਹੀ ਰਹਿ ਗਈ ਸੀ।
ਫਿਰ, ਜਦੋਂ ਮੈਂ ਵੱਡਾ ਹੋਇਆ ਤੇ ਦੁਨੀਆਂ ਗਾਹੁਣ ਲੱਗਾ, ਤਾਂ ਮੈਂ ਘਰ ਪਰਤਣ ਦੀ ਕਾਹਲੀ ਕਰਦਾ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਪਿਤਾ ਜੀ ਤੇ ਮੇਰੇ ਭਰਾ ਕਰਿਆ ਕਰਦੇ ਸਨ । ਮੈਂ ਇਸਦੇ ਜਿੰਨਾਂ ਨੇੜੇ ਆਉਂਦਾ, ਮੇਰਾ ਦਿਲ ਓਨਾ ਹੀ ਬੇਸਬਰੀ ਨਾਲ ਧੜਕਦਾ, ਤੇ ਮੈਂ ਉਹਨਾਂ ਘਾਟੀਆਂ ਨੂੰ ਗਿਣਨ ਲੱਗ ਪੈਂਦਾ, ਜਿਹੜੀਆਂ ਅਜੇ ਪਾਰ ਕਰਨ ਵਾਲੀਆਂ ਹੁੰਦੀਆਂ। ਇੰਝ ਹੋ ਸਕਦਾ ਹੈ ਕਿ ਕੋਈ ਸਾਥੀ-ਮੁਸਾਫਰ ਆਪਣੇ ਕਿਸੇ ਨਿੱਜੀ ਤਜਰਬੇ ਦੀ ਦਿਲਚਸਪ ਵਾਰਤਾ, ਕੋਈ ਗਾਥਾ ਜਾਂ ਕਹਾਣੀ ਸੁਨਾਉਣੀ ਸ਼ੁਰੂ ਕਰ ਦੇਂਦਾ ਤੇ ਮੈਂ ਸੁਣਦਾ ਸੁਣਦਾ ਬਾਕੀ ਸਭ ਕੁਝ ਭੁੱਲ ਜਾਂਦਾ। ਫਿਰ ਅਸੀਂ ਆਪਣੀ ਮੰਜ਼ਿਲ ਉਤੇ ਪੁੱਜ ਜਾਂਦੇ ਤੇ ਮੈਨੂੰ ਅਫਸੋਸ ਹੁੰਦਾ ਕਿ ਸਫਰ ਮੁੱਕ ਗਿਆ ਹੈ ਤੇ ਮੈਂ ਕਹਾਣੀ ਅਖੀਰ ਤੱਕ ਨਹੀਂ ਸੁਣ ਸਕਿਆ।
ਪਿਤਾ ਜੀ ਪੁੱਛਦੇ :
“ਅੱਛਾ, ਤਾਂ ਦੱਰੇ ਦਾ ਲਾਂਘਾ ਕੈਸਾ ਸੀ? ਘਾਟੀ ਵਿਚ ਕਿਵੇਂ ਸੀ? ਕੀ ਇਸ ਉਤੇ ਬਰਫ ਨਹੀਂ ਜੰਮ ਗਈ ?”
ਤੇ ਮੈਨੂੰ ਨਾ ਪਹਾੜ ਯਾਦ ਆਉਂਦੇ, ਨਾ ਖੱਡ ਤੇ ਨਾ ਹੀ ਬਰਫ। ਮੈਨੂੰ ਸਿਰਫ ਉਹੀ ਕੁਝ ਯਾਦ ਹੁੰਦਾ ਜੋ ਕਹਾਣੀ ਸੁਨਾਉਣ ਵਾਲੇ ਨੇ ਸੁਣਾਇਆ ਹੁੰਦਾ ਸੀ। ਉਸਦੀਆਂ ਕਹਾਣੀਆਂ ਨੇ ਉਚੇ-ਨੀਵੇਂ ਪਹਾੜਾਂ ਨੂੰ ਪੱਧਰੀ ਵਾਦੀ ਵਿਚ ਤੇ ਠੰਡੀ ਬਰਫ ਨੂੰ ਨਿੱਘੇ ਰੂੰ ਦੇ ਤੂੰਬੇ ਵਿਚ ਬਦਲ ਦਿੱਤਾ ਹੁੰਦਾ ਸੀ।
ਮੇਰੀਆਂ ਕਹਾਣੀਆਂ ਤੇ ਮੇਰੀਆਂ ਯਾਦਾਂ ! ਕੀ ਇਹ ਕਿਸੇ ਦੀਆਂ ਲੰਮੀਆਂ ਸਿਆਲੀ ਰਾਤਾਂ ਨੂੰ ਛੋਟਿਆਂ ਕਰ ਦੇਣਗੀਆਂ, ਜਿਹੜਾ ਕੋਈ ਆਪਣੇ ਕਿਸੇ ਨਜ਼ਦੀਕੀ ਪਿਆਰੇ ਦੇ ਆਉਣ ਦੀ ਉਡੀਕ ਵਿਚ ਜਾਗਦਾ ਪਿਆ ਹੈ, ਜਾਂ ਕਿਸੇ ਦਾ ਸਿਆਲੀ ਸਫਰ ਛੋਟਾ ਕਰ ਦੇਣਗੀਆਂ ਜਿਹੜਾ ਕੋਈ ਉਡੀਕਦੇ ਚੁੱਲ੍ਹੇ ਵੱਲ ਕਾਹਲੀ ਕਾਹਲੀ ਜਾ ਰਿਹਾ ਹੈ ?
ਜਿਸ ਤਰ੍ਹਾਂ ਤਰ੍ਹਾਂ ਨੂੰ ਖੂਸ਼ਬੂਦਾਰ ਬੂਟੀਆਂ ਦੀ ਪੁੱਠ ਚੜ੍ਹਾਈ ਜਾਂਦੀ ਹੈ, ਇਸੇ ਤਰ੍ਹਾਂ ਮੈਂ ਆਪਣੀ ਅਕਾਵੀਂ ਕਹਾਣੀ ਨੂੰ ਇੱਕਾ-ਦੁੱਕਾ ਅਖਾਣਾਂ ਨਾਲ ਸ਼ਿੰਗਾਰਾਂਗਾ। ਤਾਈਲੁਖ ਪਿੰਡ ਦੀਆਂ ਕੁੜੀਆਂ ਆਪਣੇ ਬੁਲ੍ਹਾਂ ਦੇ ਸਿਰਿਆਂ ਉਤੇ ਦੋ ਚਮਕਦੇ ਟਿਮਕਣੇ ਲਾ ਲੈਂਦੀਆਂ ਹਨ। ਸ਼ਾਲਾ, ਇਹ ਅਖਾਣ ਮੇਰੀ ਵਾਰਤਕ ਦਾ ਉਸੇ ਤਰ੍ਹਾਂ ਸ਼ਿੰਗਾਰ ਬਣਨ, ਜਿਸ ਤਰ੍ਹਾਂ ਇਹ ਟਿਮਕਣੇ ਉਹਨਾਂ ਦੇ ਚਿਹਰਿਆਂ ਦਾ ਬਣਦੇ ਨੇ।
ਮੈਂ ਆਪਣੀਆਂ ਯਾਦਾਂ ਤੇ ਆਪਣੀ ਨੋਟਬੁੱਕ ਵਿਚੋਂ ਸਫੇ ਆਪਣੀਆਂ ਕਹਾਣੀਆਂ ਦੀ ਬਣਤਰ ਵਿਚ ਇਸ ਤਰ੍ਹਾਂ ਜੜ ਰਿਹਾ ਹਾਂ ਜਿਸ ਤਰ੍ਹਾਂ ਪੱਧਰੀ ਕੰਧ ਵਿਚ ਲਿਸ਼ਕਦੇ ਪੱਥਰ ਜੜੀਦੇ ਹਨ। ਕੰਧ ਵਿਚ ਹਰ ਪੱਥਰ ਹੀ ਨਹੀਂ ਸੁਥਰੀ ਤਰ੍ਹਾਂ ਜੜਿਆ ਜਾ ਸਕਦਾ। ਕਦੀ ਕਦੀ, ਜਦੋਂ ਮੈਂ ਉਹਨਾਂ ਵਿਚ ਕਈ ਜੜ ਲੈਂਦਾ ਹਾਂ ਤੇ ਆਪਣੀ ਲਿਖਤ ਵਿਚ ਅੱਗੇ ਵਧ ਗਿਆ ਹੁੰਦਾ ਹਾਂ, ਤਾਂ ਮੈਨੂੰ ਐਸਾ ਅਹਿਸਾਸ ਹੁੰਦਾ ਹੈ ਜਿਸਤੋਂ ਸ਼ਾਇਦ ਆਸਤਕ ਜਾਣੂ ਹਨ, ਜਦੋਂ ਦੁਆ ਉਦੋਂ ਵੀ ਜਾਰੀ ਰਹਿੰਦੀ ਹੈ ਜਦੋਂ ਇਬਾਦਤ ਦੀ ਬਿਰਤੀ ਖਤਮ ਹੋ ਚੁੱਕੀ ਹੁੰਦੀ ਹੈ। ਮੈਂ ਉਹ ਪੱਥਰ ਹਟਾ ਦਿੱਤੇ ਹਨ। ਜਿਹੜੇ ਫਿੱਟ ਨਹੀਂ ਸਨ ਹੁੰਦੇ।
ਸੋ, ਮੈਂ ਠਾਠਾਂ ਮਾਰਦੀ ਕਵਿਤਾ ਵਲੋਂ ਸ਼ਾਂਤ ਕਹਾਣੀ ਲਿਖਣ ਵੱਲ, ਵਾਰਤਕ ਵੱਲ ਜਾ ਰਿਹਾ ਹਾਂ। ਭਾਵ ਮੈਂ ਘੜੀ-ਪਲ ਲਈ ਗੀਤ ਨਾਲੋਂ ਅੱਡ ਹੋਣ ਦਾ ਮਨ ਬਣਾ ਲਿਆ ਹੈ, ਪਰ ਗੀਤ ਮੇਰੇ ਨਾਲੋਂ ਅੱਡ ਨਹੀਂ ਹੋਣਾ ਚਾਹੁੰਦਾ। ਮਲੂਕ ਜਿਹੇ ਬਲੂੰਗੜੇ ਵਾਂਗ, ਇਹ ਘਸਰ ਕੇ ਮੇਰੇ ਕੰਬਲ ਹੇਠ ਆ ਵੜਦਾ ਹੈ, ਜਦੋਂ ਮੈਂ ਸੌਂ ਰਿਹਾ ਹੁੰਦਾ ਹਾਂ। ਪਹਾੜ ਦੀ ਚੋਟੀ ਉਤੇ ਪੈਂਦੀ ਪਰਭਾਤ ਦੀ ਕਿਰਨ ਵਾਂਗ, ਇਹ ਮੇਰਾ ਸਵਾਗਤ ਕਰਦਾ ਹੈ ਜਦੋਂ ਮੈਂ ਸਵੇਰੇ ਆਪਣੀ ਬਾਰੀ ਖੋਹਲਦਾ ਹਾਂ । ਸ਼ਰਾਬ ਦੇ ਆਖਰੀ ਮਿੱਠੇ ਤੁਪਕਿਆਂ ਦੇ ਨਾਲ ਇਹ ਜਾਮ ਦੀ ਤਹਿ ਵਿਚ ਮੇਰੇ ਲਈ ਸ਼ਹਿ ਲਾਕੇ ਬੈਠਾ ਹੁੰਦਾ ਹੈ। ਇਹ ਉਸ ਔਰਤ ਵਾਂਗ, ਜਿਸ ਨਾਲ ਪਿਆਰ ਵਿਚ ਧੋਖਾ ਹੋ ਚੁੱਕਾ ਹੋਵੇ, ਮੇਰਾ ਪਿੱਛਾ ਕਰਦਾ ਹੈ, ਜਿਹੜੀ ਔਰਤ ਆਪਣੇ ਭੂਤ-ਪੂਰਵ ਪ੍ਰੇਮੀ ਨੂੰ ਸੜਕ ਉਤੇ ਲਾਂਭੇ ਲੈ ਜਾਂਦੀ ਹੈ ਤੇ ਪੁਛਦੀ ਹੈ :
“ਕੀ, ਤੂੰ ਸਚਮੁਚ ਮੇਰੇ ਨਾਲ ਤੋੜ ਲਈ ਹੈ? ਕੀ ਤੂੰ ਸਮਝਦਾ ਹੈਂ ਕਿ ਸਚਮੁਚ ਮੇਰੇ ਬਿਨਾਂ ਤੇਰਾ ਗੁਜ਼ਾਰਾ ਚੱਲ ਸਕਦਾ ਹੈ ? ਤੂੰ ਉਸ ਜੰਗਲੀ ਸਾਨ੍ਹ ਵਾਂਗ ਹੈਂ, ਜਿਹੜਾ ਠੰਡੇ ਜੰਗਲ ਵਿਚ ਚਰਨਾ ਗਿੱਝਿਆ ਹੁੰਦਾ ਹੈ । ਤੂੰ ਸਾਮਨ ਮਛਲੀ ਵਾਂਗ ਹੈਂ, ਜਿਹੜੀ ਠੰਡੇ ਪਾਣੀ ਦੀ ਆਦੀ ਹੁੰਦੀ ਹੈ । ਕੀ ਸਚਮੁਚ ਤੂੰ ਖਿਆਲ ਕਰਦੈਂ ਕਿ ਤੈਨੂੰ ਸ਼ਾਂਤ ਤੇ ਨਿੱਘੀ ਝੀਲ ਪਸੰਦ ਹੈ? ਸੁੱਖ, ਜੇ ਤੂੰ ਸਚਮੁਚ ਮੈਨੂੰ ਛੱਡਣ ਦਾ ਫੈਸਲਾ ਕਰ ਲਿਐ, ਤਾਂ ਆ ਮੇਰੇ ਕੋਲ ਆਖਰੀ ਵਾਰ ਦੋ ਘੜੀਆਂ ਬੈਠ ਜਾ।”
ਕਵਿਤਾ, ਤੂੰ ਸਮਝਦੀ ਨਹੀਂ ਕਿ ਮੈਂ ਤੈਨੂੰ ਕਦੀ ਨਹੀਂ ਛੱਡ ਸਕਦਾ? ਕੀ ਮੈਂ ਆਪਣੀ ਹਸਤੀ ਦੀਆਂ ਸਾਰੀਆਂ ਖੁਸ਼ੀਆਂ ਨਾਲੋਂ, ਠਾਠਾਂ ਮਾਰ ਮਾਰ ਆਉਂਦੇ ਹੰਝੂਆਂ ਨਾਲੋਂ ਨਾਤਾ ਤੋੜ ਸਕਦਾ ਹਾਂ ?
ਤੂੰ ਉਸ ਧੀ ਵਾਂਗ ਹੈ, ਜਿਹੜੀ ਉਦੋਂ ਜੰਮੀ ਹੋਵੇ, ਜਦੋਂ ਸਭ ਨੂੰ ਪੁੱਤਰ ਦੀ ਆਸ ਸੀ; ਉਸ ਵਾਂਗ ਤੂੰ ਆਪਣੇ ਜਨਮ ਲੈਣ ਦੀ ਹਕੀਕਤ ਰਾਹੀਂ ਹੀ ਕਹਿੰਦੀ ਲਗਦੀ ਹੈਂ, “ਮੈਨੂੰ ਪਤੈ, ਤੁਹਾਨੂੰ ਮੇਰੀ ਆਸ ਨਹੀਂ ਸੀ, ਤੇ ਤੁਹਾਡੇ ਵਿਚੋਂ ਅਜੇ ਕੋਈ ਵੀ ਮੈਨੂੰ ਪਿਆਰ ਨਹੀਂ ਕਰਦਾ। ਪਰ ਮੈਨੂੰ ਵੱਡੀ ਹੋ ਲੈਣ ਦਿਓ ਤੇ ਵਧ ਫੁਲ ਲੈਣ ਦਿਓ, ਮੈਨੂੰ ਆਪਣੇ ਵਾਲਾਂ ਦੀਆਂ ਪੱਟੀਆਂ ਖੋਹਲ ਲੈਣ ਦਿਓ, ਗੀਤ ਗਾ ਲੈਣ ਦਿਓ। ਫਿਰ ਅਸੀਂ ਦੇਖਾਂਗੇ, ਧਰਤੀ ਉਤੇ ਕਿਹੜਾ ਹੈ ਜਿਹੜਾ ਮੈਨੂੰ ਪਿਆਰ ਕੀਤੇ ਬਿਨਾਂ ਰਹਿ ਸਕਦਾ ਹੈ।”
ਕਵਿਤਾ,
ਪਹਿਲਾਂ ਕੰਮ ਤੇ ਕੰਮ ਤੋਂ ਬਾਅਦ ਆਏ ਆਰਾਮ ।
ਸੈਨਾ ਕੂਚ ਕਰੇ, ਫਿਰ ਦਸ ਮਿੰਟ ਲਈ ਵਿਸ਼ਰਾਮ।
ਤੂੰ ਲੋਰੀ ਸੈਂ, ਜਿਸ ਸੀ ਮੈਨੂੰ ਸਹਿਲਾਇਆ।
ਬੀਰਤਾ ਅਤੇ ਬਹਾਰ ਦੇ ਸੁਪਨੇ ‘ਚ ਤੇਰੀ ਛਾਇਆ।
ਪਿਆਰ ਮੇਰੇ ਦੀ ਤੂੰ ਹਾਣੀ; ਤੇ ਪਿਆਰ ਮੇਰਾ
ਜਨਮਿਆ ਸੀ ਜਦ ਮੈਂ ਸਾਂ ਦੁਨੀਆਂ ਤੇ ਆਇਆ।
ਬੱਚਾ ਸਾਂ ਤਾਂ, ਲਗਦਾ ਸੀ, ਤੂੰ ਮਾਂ ਮੇਰੀ
ਹੁਣ ਤੂੰ ਜਿਉਂ ਮਹਿਬੂਬ; ਤੇ ਜਦ ਬੁਢਾ ਹੋਇਆ,
ਤਾਂ ਤੂੰ ਖਿਆਲ ਰਖੇਗੀ ਪਿਆਰੀ ਧੀ ਵਾਂਗੂੰ
ਚਮਕੇਂਗੀ ਬਣ ਯਾਦ ਤੂੰ, ਜਦ ਮੈਂ ਨਾ ਰਿਹਾ।
ਕਦੀ ਕਦੀ ਜਾਪੇ ਤੂੰ ਕੋਈ ਅਪਹੁੰਚ ਸਿਖਰ
ਕਦੀ ਤੂੰ ਜਾਪੇਂ ਸਹਿਕਦਾ ਪੰਛੀ, ਰਖਿਆ ਘਰ।
ਤੂੰ ਖੰਭ ਮਿਰੇ, ਮੈਂ ਜਦ ਉੱਡਣਾ ਚਾਹਾਂ
ਤੂੰ ਮੇਰਾ ਹਥਿਆਰ ਬਣੇਂ ਜਦ ਯੁਧ ਕਰਾਂ ।
ਸਿਵਾਏ ਚੈਨ ਦੇ, ਕਵਿਤਾ ! ਤੂੰ ਸਭ ਕੁਝ ਮੇਰੀ,
ਵਫਾਦਾਰ ਪਰੇਮੀ ਵਾਂਗ ਸੇਵਾ ਕਰਾਂ ਤੇਰੀ।
ਕਿਥੇ ਕੰਮ ਦਾ ਅੰਤ, ਤੇ ਕਿਥੇ ਸ਼ੁਰੂ ਆਰਾਮ?
ਕਿਥੇ ਕੂਚ ਤੇ ਕਿਥੇ ਦਸ ਮਿੰਟ ਦਾ ਵਿਸ਼ਰਾਮ ?
ਤੂੰ ਮੇਰੇ ਲਈ ਦੋਵੇਂ—ਕੂਚ ਅਤੇ ਵਿਸ਼ਰਾਮ
ਤੂੰ ਮੇਰੇ ਲਈ ਦੋਵੇਂ—ਮਿਹਨਤ ਅਤੇ ਆਰਾਮ।
ਪਿਤਾ ਜੀ ਨੇ ਕਿਹਾ ਸੀ : ਅਕਾਵੇਂ ਬੜਬੋਲੇ ਆਦਮੀ ਨੂੰ ਰੋਕਣ ਦਾ ਸਭ ਤੋਂ ਚੰਗਾ ਤਰੀਕਾ ਇਹ ਹੈ ਕਿ ਕਿਸੇ ਸਤਿਕਾਰਯੋਗ ਬਜ਼ੁਰਗ ਨੂੰ ਜਾਂ ਮਹਿਮਾਨ ਨੂੰ ਬੋਲਣ ਲਈ ਕਹਿ ਦਿਓ। ਜੇ ਇਸ ਨਾਲ ਵੀ ਬੜਬੋਲੇ ਦੀਆਂ ਵਿਹਲੀਆਂ ਗੱਲਾਂ ਨਾ ਰੁਕਣ, ਤਾਂ ਕੋਈ ਗੀਤ ਸ਼ੁਰੂ ਕਰ ਦਿਓ। ਜੇ ਗੀਤ ਨਾਲ ਵੀ ਉਹ ਨਹੀਂ ਰੁਕਦਾ ਤਾਂ ਉਸਨੂੰ ਗਲਮੇ ਤੋਂ ਫੜੋ ਤੇ ਬਾਹਰ ਸੁੱਟ ਦਿਓ। ਜਿਸ ਕਿਸੇ ਦੀ ਵੀ ਬਕਵਾਸ ਗੀਤ ਵਿਚ ਵਿਘਨ ਪਾਉਂਦੀ ਹੈ, ਉਸ ਨਾਲ ਹੀ ਇਸ ਤਰ੍ਹਾਂ ਕਰਨਾ ਚਾਹੀਦਾ ਹੈ।
ਕਵਿਤਾ, ਹੋਰ ਕਿਸੇ ਨਾਲੋਂ ਵੀ ਜ਼ਿਆਦਾ ਤੈਨੂੰ ਪਤਾ ਹੈ ਕਿ ਤੇਰੇ ਬਾਰੇ ਗੱਲਾਂ ਕਰਨਾ ਤੈਨੂੰ ਵਧੇਰੇ ਚੰਗੀ ਜਾਂ ਵਧੇਰੇ ਉੱਚੀ-ਸੁੱਚੀ ਨਹੀਂ ਬਣਾਇਗਾ। ਕੀ ਗੱਲਾਂ ਨਾਲ ਗੀਤ ਚੰਗਾ ਹੋ ਸਕਦਾ ਹੈ? ਕੀ ਪਤੀਲੀ ਪਾਣੀ ਨਾਲ ਪਹਾੜੀ ਨਦੀ ਵਿਚ ਕੋਈ ਵਾਧਾ ਹੁੰਦਾ ਹੈ? ਫੂਕਾਂ ਮਾਰ ਕੇ ਤੁਸੀਂ ਹਵਾ ਦੀ ਚਾਲ ਤੇਜ਼ ਕਰ ਸਕਦੇ ਹੋ? ਕੀ ਮੁੱਠੀ ਕੁ ਬਰਫ ਉੱਚੀ ਸਿਖਰ ਦੀ ਸ਼ਾਨ ਵਿਚ ਵਾਧਾ ਕਰ ਸਕਦੀ ਹੈ? ਕੀ ਪੁੱਤਰ ਦੇ ਕੱਪੜਿਆਂ ਦੀ ਕਾਟ ਜਾਂ ਉਸਦੀਆਂ ਮੁੱਛਾਂ ਦਾ ਢੰਗ ਉਸ ਲਈ ਉਸਦੀ ਮਾਂ ਦੇ ਪਿਆਰ ਵਿਚ ਵਾਧਾ ਕਰ ਸਕਦਾ ਹੈ ? ਕਵਿਤਾ, ਤੇਰੇ ਬਿਨਾਂ ਮੈਂ ਯਤੀਮ ਹੋ ਜਾਵਾਂਗਾ।
ਕਵਿਤਾ
ਤੇਰੇ ਬਾਝੋਂ ਇਹ ਦੁਨੀਆਂ ਹੈ, ਜਿਉਂ ਕੋਈ ਗੁਫ਼ਾ ਹਨੇਰੀ।
ਚਾਨਣ ਜਿਸਦੀ ਸਮਝ ਨਾ ਆਏ, ਸੂਰਜ ਚੀਜ਼ ਪਰਾਈ।
ਜਾਂ ਆਕਾਸ਼ ਜਿੱਥੇ ਕੋਈ ਤਾਰਾ, ਪਾਏ ਕਦੇ ਨਾ ਫੇਰੀ।
ਜਾਂ ਫਿਰ ਪਿਆਰ ਜਿਨ੍ਹੇ ਗਲਵਕੜੀ, ਨਾ ਕੋਈ ਚੁੰਮਣ ਹੰਢਾਈ।
ਤੇਰੇ ਬਾਝੋਂ ਇਹ ਦੁਨੀਆਂ, ਜਿਉਂ ਸਾਗਰ ਬਿਨਾਂ ਨੀਲੱਤਣ
ਠੰਡਾ ਯੱਖ, ਨਾ ਜਿਹੜਾ ਆਪਣੀ ਅਜ਼ਲੀ ਚਮਕ ਦਿਖਾਵੇ।
ਜਾਂ ਫਿਰ ਬਾਗ਼ ਨਾ ਜਿਥੇ ਉੱਗੇ ਕੋਈ ਫੁੱਲ ਕੋਈ ਘਾਹ ਦਾ ਤਿਣ।
ਨਾ ਕੋਈ ਬਿੰਡਾ ਰਾਗ ਅਲਾਪੇ, ਨਾ ਕੋਈ ਬੁਲਬੁਲ ਗਾਵੇ।
ਤੇਰੇ ਬਿਨ ਰੁੱਖ ਸਦਾ ਖੜੋਤੇ, ਰੁੰਡ-ਮਰੁੰਡ, ਉਦਾਸ।
ਸਦਾ ਨਵੰਬਰ—ਕਦੀ ਨਾ ਆਏ ਹੁਨਾਲ, ਸਿਆਲ, ਬਹਾਰ।
ਲੋਕ ਤੇਰੇ ਬਿਨ ਨਿਰਧਨ, ਵਹਿਸ਼ੀ, ਜਾਪਣ ਘੋਰ ਨਿਰਾਸ਼।
ਤੇ ਤੇਰੇ ਬਿਨ ਸੱਖਣਾ ਹੋਵੇ ਗੀਤਾਂ ਦਾ ਸੰਸਾਰ।
ਅਵਾਰ ਕਿਹਾ ਕਰਦੇ ਨੇ :”ਕਵੀ ਦੁਨੀਆਂ ਦੀ ਰਚਨਾ ਤੋਂ ਸੌ ਸਾਲ ਪਹਿਲਾਂ ਪੈਦਾ ਹੋਇਆ ਸੀ।” ਇਸ ਤੋਂ ਉਹਨਾਂ ਦਾ ਪਰਤੱਖ ਭਾਵ ਇਹ ਹੈ ਕਿ ਜੇ ਕਵੀ ਨੇ ਦੁਨੀਆਂ ਦੀ ਰਚਨਾ ਵਿਚ ਹਿੱਸਾ ਨਾ ਲਿਆ ਹੁੰਦਾ, ਤਾਂ ਇਹ ਏਨੀਂ ਖੂਬਸੂਰਤ ਨਾ ਬਣਾਈ ਜਾ ਸਕਦੀ।
ਅਸੀਂ ਤਿੰਨ ਭਰਾ ਸਾਂ, ਤੇ ਇਕ ਭੈਣ, ਸਭ ਤੋਂ ਵੱਡੀ। ਸਾਡੀਆਂ ਸਾਰੀਆਂ ਔਰਤਾਂ ਵਾਂਗ, ਉਸਦੇ ਨਸੀਬਾਂ ਵਿਚ ਬਹੁਤ ਜ਼ਿਆਦਾ ਮਿਹਨਤ, ਦੁੱਖ ਤੇ ਹੰਝੂ ਲਿਖੇ ਹੋਏ ਸਨ। ਕਈ ਵਾਰੀ ਪਿਤਾ ਜੀ ਕਿਹਾ ਕਰਦੇ ਸਨ :
“ਤੁਸੀਂ ਤਿੰਨ ਜਣੇ ਹੋ, ਪਰ ਤੁਹਾਡੀ ਇਕੋ ਭੈਣ ਹੈ। ਉਸਦਾ ਖਿਆਲ ਰੱਖੋ। ਉਸ ਨਾਲੋਂ ਨਜ਼ਦੀਕੀ ਦੁਨੀਆਂ ਵਿਚ ਤੁਹਾਡਾ ਹੋਰ ਕੋਈ ਨਹੀਂ।”
ਕਿੰਨਾਂ ਠੀਕ ਹੈ। ਮੇਰੀ ਭੈਣ ਰਿਸ਼ਤੇਦਾਰਾਂ ਵਿਚੋਂ ਸਭ ਤੋਂ ਨੇੜੇ ਹੈ। ਤਾਂ ਵੀ, ਮੇਰੀ ਇਕ ਹੋਰ ਭੈਣ ਵੀ ਹੈ, ਤੇ ਮੈਂ ਨਹੀਂ ਕਹਿ ਸਕਦਾ ਕਿ ਉਹਨਾਂ ਵਿਚੋਂ ਕਿਹੜੀ ਮੈਨੂੰ ਵਧੇਰੇ ਪਿਆਰੀ ਹੈ। ਦੂਜੀ ਭੈਣ ਕਵਿਤਾ ਹੈ। ਉਹਦੇ ਬਿਨਾਂ ਮੈਂ ਜਿਊਂ ਨਹੀਂ ਸਕਦਾ।
ਕਦੀ ਕਦੀ ਮੈਨੂੰ ਹੈਰਾਨੀ ਹੁੰਦੀ ਹੈ ਕਿ ਉਸਦੀ ਥਾਂ ਕਿਹੜੀ ਚੀਜ਼ ਲੈ ਸਕਦੀ ਹੈ। ਬੇਸ਼ਕ, ਅਜ ਵੀ ਮੇਰੇ ਕੋਲ ਪਹਾੜ, ਬਰਫਾਂ ਤੇ ਨਦੀਆਂ, ਬਾਰਸ਼ ਤੇ ਸਿਤਾਰੇ, ਸੂਰਜ ਤੇ ਕਣਕਾਂ ਦੇ ਖੇਤ ਰਹਿ ਜਾਂਦੇ ਹਨ। ਪਰ ਪਹਾੜ ਤੇ ਬਾਰਸ਼, ਫੁੱਲ ਤੇ ਸੂਰਜ ਕਵਿਤਾ ਤੋਂ ਬਿਨਾਂ ਕੀ ਹਨ, ਤੇ ਉਹਨਾਂ ਤੋਂ ਬਿਨਾਂ ਕਵਿਤਾ ਕੀ ਹੈ? ਕਵਿਤਾ ਤੋਂ ਬਿਨਾਂ ਪਹਾੜ ਸਿਰਫ ਪੱਥਰਾਂ ਦਾ ਢੇਰ ਬਣ ਜਾਂਦੇ ਨੇ, ਬਾਰਸ਼— ਅਣਭਾਉਂਦੀ ਸਿਲ੍ਹ ਤੇ ਛੱਪੜ ਬਣ ਜਾਂਦੀ ਹੈ, ਤੇ ਸੂਰਜ ਕੋਈ ਅਸਮਾਨੀ ਵਜੂਦ ਹੋ ਨਿਬੜਦਾ ਹੈ ਜਿਹੜਾ ਗਰਮੀ ਪੈਦਾ ਕਰਦਾ ਹੈ।
ਮੁੜ ਮੁੜ ਕੇ ਮੈਂ ਆਪਣੇ ਆਪ ਨੂੰ ਪੁੱਛਦਾ ਹਾਂ : ਕਿਹੜੀ ਚੀਜ਼ ਕਵਿਤਾ ਦੀ ਥਾਂ ਲੈ ਸਕਦੀ ਹੈ? ਬੇਸ਼ਕ, ਦੂਰ-ਦੁਰਾਡੇ ਦੇ ਦੇਸ, ਗਾਉਂਦੇ ਪੰਛੀ, ਆਕਾਸ਼, ਤੇ ਧੜਕਦੇ ਦਿਲ ਹਨ। ਪਰ ਕਵਿਤਾ ਤੋਂ ਬਿਨਾਂ ਕੁਝ ਵੀ ਉਹ ਨਹੀਂ ਹੋਵੇਗਾ, ਜੋ ਉਹ ਹੈ। ਖਿੱਚ ਪਾਉਂਦੀਆਂ ਦੂਰ-ਦੁਰਾਡੇ ਦੀਆਂ ਧਰਤੀਆਂ ਦੀ ਥਾਂ ਸਿਰਫ ਭੂਗੋਲਕ ਸੰਕਲਪ ਰਹਿ ਜਾਣਗੇ, ਸਾਗਰ ਦੀ ਥਾਂ ਪ੍ਰਾਣੀ ਦਾ ਬੇਅਰਥ ਇਕੱਠ ਰਹਿ ਜਾਇਗਾ, ਪੰਛੀਆਂ ਦੇ ਗੀਤਾਂ ਦੀ ਥਾਂ ਨਰ ਵਲੋਂ ਮਾਦਾ ਨੂੰ ਸਿਰਫ ਸ਼ਰੀਰਕ ਲੋੜਾਂ ਲਈ ਆਵਾਜ਼ਾਂ ਰਹਿ ਜਾਣਗੀਆਂ, ਨੀਲੇ ਆਕਾਸ਼ ਦੀ ਥਾਂ ਬਹੁਤ ਸਾਰੀਆਂ ਗੈਸਾਂ ਦਾ ਮਿਸ਼ਰਨ ਰਹਿ ਜਾਇਗਾ ਤੇ ਦਿਲ ਦੀ ਧੱਕ-ਧੱਕ ਦੀ ਥਾਂ ਖੂਨ ਦਾ ਗੇੜ ਰਹਿ ਜਾਇਗਾ।
ਬੇਸ਼ਕ, ਮਲੂਕਤਾ, ਦਿਆਲਤਾ, ਹਮਦਰਦੀ, ਪਿਆਰ, ਸੁੰਦਰਤਾ, ਹਿੰਮਤ, ਨਫ਼ਰਤ ਤੇ ਮਾਨ ਦੀਆਂ ਭਾਵਨਾਵਾਂ ਮੌਜੂਦ ਹਨ। ਪਰ ਇਹ ਸਭ ਵੀ ਤਾਂ ਕਵਿਤਾ ਤੋਂ ਜਨਮੇ ਸੰਕਲਪ ਹਨ, ਜਿਸ ਤਰ੍ਹਾਂ ਕਵਿਤਾ ਉਹਨਾਂ ਤੋਂ ਜਨਮੀ ਹੈ। ਇਸ ਤੋਂ ਬਿਨਾਂ ਉਹ ਨਿਰਜਿੰਦ ਹਨ, ਤੇ ਉਹਨਾਂ ਤੋਂ ਬਿਨਾਂ ਕਵਿਤਾ ਨਿਰਜਿੰਦ ਹੈ।
ਮੇਰੀ ਕਵਿਤਾ ਮੈਨੂੰ ਸਿਰਜਦੀ ਤੇ ਮੈਂ ਆਪਣੀ ਕਵਿਤਾ ਨੂੰ ਸਿਰਜਦਾ ਹਾਂ। ਇਕ ਦੂਜੇ ਤੋਂ ਬਿਨਾਂ ਅਸੀਂ ਮਰ ਜਾਂਦੇ ਹਾਂ; ਸਾਡੀ ਬਸ ਕੋਈ ਹੋਂਦ ਨਹੀਂ ਰਹਿੰਦੀ। ਮੇਰੇ . ਪੱਠੇ ਹਨ, ਤੇ ਮੇਰੀਆਂ ਹੱਡੀਆਂ ਹਨ। ਕੋਈ ਅਜਨਬੀ ਇਕ ਨਜ਼ਰ ਮਾਰ ਕੇ ਇਹ ਨਹੀਂ ਦਸ ਸਕਦਾ ਕਿ ਮੇਰੀ ਕਿਹੜੀ ਹੱਡੀ ਸਾਬਤ ਤੇ ਮਜ਼ਬੂਤ ਹੈ, ਤੇ ਕਿਹੜੀਆਂ ਹੱਡੀਆਂ ਕਦੀ ਟੁੱਟੀਆਂ ਤੇ ਜੋੜੀਆਂ ਹੋਈਆਂ ਹਨ। ਪਰ, ਐਕਸ-ਰੇ ਕਿਰਨਾਂ ਮੇਰੇ ਆਰ-ਪਾਰ ਲੰਘ ਸਕਦੀਆਂ ਹਨ, ਤੇ ਕਿਸੇ ਓਪਰੀ ਅੱਖ ਅੱਗੇ ਉਹ ਸਭ ਕੁਝ ਸਪਸ਼ਟ ਕਰ ਸਕਦੀਆਂ ਹਨ, ਜੋ ਕੁਝ ਲੁਕਿਆ ਹੋਇਆ ਤੇ ਖੁਫੀਆ ਹੈ।
ਮੇਰੀ ਰੂਹ ਮੇਰੀਆਂ ਪਸਲੀਆਂ ਜਾਂ ਰੀੜ੍ਹ ਜਾਂ ਫੇਫੜਿਆਂ ਨਾਲੋਂ ਵੀ ਜ਼ਿਆਦਾ ਉਸਦੀਆਂ ਅੱਖਾਂ ਤੋਂ ਲੁਕੀ ਹੋਈ ਹੈ। ਪਰ ਮੇਰੀ ਕਵਿਤਾ ਦੀਆਂ ਕਿਰਨਾਂ ਬਿਲਕੁਲ ਮੇਰੇ ਵਿਚੋਂ ਦੀ ਲੰਘ ਸਕਦੀਆਂ ਹਨ ਤੇ ਮੇਰਾ ਹਰ ਜਜ਼ਬਾ ਦੂਜਿਆਂ ਸਾਮ੍ਹਣੇ ਉਘਾੜ ਸਕਦੀਆਂ ਹਨ। ਜਦੋਂ ਕਵਿਤਾ ਦੀਆਂ ਜਾਦੂ-ਕਿਰਨਾਂ ਮੇਰੀ ਰੂਹ ਉਪਰ ਪੈਂਦੀਆਂ ਹਨ, ਤਾਂ ਇਹ ਬਿਲਕੁਲ ਨੰਗੀ ਤੇ ਪਾਰਦਰਸ਼ੀ, ਨਜ਼ਰ ਲਈ ਦਿੱਸਣਯੋਗ ਹੋ ਜਾਂਦੀ ਹੈ। ਲੋਕ ਫਿਰ ਬਿਲਕੁਲ ਮੇਰੇ ਦੁਸਾਰ-ਪਾਰ ਦੇਖ ਸਕਦੇ ਹਨ।
ਅਜੋਕੀਆਂ ਵਿਸ਼ਲੇਸ਼ਣ ਕਰਨ ਵਾਲੀਆਂ ਮਸ਼ੀਨਾਂ ਦੇ ਡੀਜ਼ਾਇਨ ਵਿਚ ਹਜ਼ਾਰਾਂ ਤਾਰਾਂ ਤੇ ਸਰਕਟ ਲਗਦੇ ਹਨ। ਉਹਨਾਂ ਵਿਚ ਬੇਹੱਦ ਗੁੰਝਲਦਾਰ ਪ੍ਰੋਗਰਾਮ ਭਰੇ ਜਾਂਦੇ ਹਨ, ਜਿਨ੍ਹਾਂ ਵਿਚ ਬੇਅੰਤ ਅੰਕੜੇ ਹੁੰਦੇ ਹਨ। ਤਾਰਾਂ ਤੇ ਸਰਕਟਾਂ ਦੇ ਜਮਘਟ ਵਿਚੋਂ ਦੀ ਬਿਜਲੀ ਦੀ ਰੌਅ ਲੰਘਾਈ ਜਾਂਦੀ ਹੈ। ਅੱਖ ਤੇ ਦਿਮਾਗ਼ ਇਹੋ ਜਿਹੀ ਗੁੰਝਲਦਾਰ ਮਸ਼ੀਨ ਵਿਚਲੇ ਸਾਰੇ ਅਮਲਾਂ ਦੀ ਥਾਹ ਨਹੀਂ ਪਾ ਸਕਦੇ। ਫਿਰ ਇਕ ਅੰਕੜਾ ਬਾਹਰ ਆ ਜਾਂਦਾ ਹੈ। ਇਹ ਆਖਰੀ ਜਵਾਬ ਹੁੰਦਾ ਹੈ, ਸਿੱਟਾ।
ਪਰ ਕੋਈ ਵੀ ਕਦੀ ਨਹੀਂ ਜਾਣ ਸਕਦਾ ਕਿ ਮੇਰੇ ਸ਼ਰੀਰ ਦੇ ਅਣਗਿਣਤ ਸਰਕਟਾਂ ਵਿੱਚੋਂ ਕਿਹੜੇ ਪ੍ਰਭਾਵ, ਪਿਆਰ ਤੇ ਨਫਰਤ ਦੀਆਂ ਕਿਹੜੀਆਂ ਰੌਆਂ ਸਿਖਰਲੀ ਚੀਜ਼, ਜਿਹੜੀ ਮੇਰੇ ਵਿਚੋਂ ਲੰਘਦੇ ਜ਼ਿੰਦਗੀ ਦੇ ਪ੍ਰਭਾਵਾਂ ਵਿਚੋਂ ਮੇਰੀ ਆਤਮਾ ਪੈਦਾ ਕਰਦੀ ਹੈ।
ਮੈਂ ਦੁਨੀਆਂ ਵਿਚ ਬੜਾ ਘੁੰਮਿਆਂ ਹਾਂ… ਪੈਦਲ ਤੇ ਘੋੜੇ ਉਤੇ; ਹਵਾਈ ਜਹਾਜ਼ ਰਾਹੀਂ, ਆਪਣੀ ਸੀਟ ਉਤੇ ਟੇਢਾ ਹੋਇਆ ਹੋਇਆ, ਜਿਵੇਂ ਉਂਘਲਾ ਰਿਹਾ ਹੋਵਾਂ; ਗੱਡੀ ਰਾਹੀਂ ਧੁਰ ਉਪਰਲੀ ਸੌਣ ਵਾਲੀ ਥਾਂ ਉਤੇ ਪਿਆ ਹੋਇਆ: ਤੇ ਕਾਰ ਰਾਹੀਂ, ਜਰਨੈਲੀ ਸੜਕਾਂ ਉਤੇ ਤੇਜ਼ ਤੇਜ਼ ਜਾਂਦਾ ਹੋਇਆ।
ਆਪਣਾ ਰਸਤਾ ਪੈਦਲ ਕੱਛਦਿਆਂ ਜਾਂ ਘੋੜੇ ਉਤੇ ਜਾਂਦਿਆ ਦੇਖ ਕੇ ਲੋਕ ਸ਼ਾਇਦ ਕਹਿੰਦੇ ਹੋਣ; “ਔਹ ਦੇਖੋ ਰਸੂਲ ਹਮਜ਼ਾਤੋਵ ਜਾਂਦਾ ਪਿਆ, ਇਕੱਲਾ ਹੀ। ਉਸਨੂੰ ਜ਼ਰੂਰ ਅਕਾਵਾਂ ਜਿਹਾ ਲਗਦਾ ਹੋਵੇਗਾ!” ਪਰ ਮੈਂ ਇਕੱਲਾ ਕਦੀ ਨਹੀਂ ਹੋਇਆ। ਮੇਰੀ ਭੈਣ ਕਵਿਤਾ ਹਮੇਸ਼ਾ ਮੇਰੇ ਅੰਗ-ਸੰਗ ਰਹਿੰਦੀ ਹੈ। ਉਹ ਤੇ ਮੈਂ ਕਦੀ ਘੜੀ ਪਲ ਲਈ ਵੀ ਵੱਖਰੇ ਨਹੀਂ ਹੋਏ। ਨੀਂਦ ਵਿਚ ਵੀ ਕਦੀ ਕਦੀ ਮੈਂ ਕਵਿਤਾ ਰਚਦਾ ਹੁੰਦਾ ਹਾਂ, ਜਾਂ ਆਪਣੀਆਂ ਲਿਖੀਆਂ ਕਵਿਤਾਵਾਂ ਯਾਦ ਕਰ ਰਿਹਾ ਹੁੰਦਾ ਹਾਂ, ਜਾਂ ਦੂਜੇ ਲੇਖਕਾਂ ਦੀਆਂ ਕਵਿਤਾਵਾਂ ਪੜ੍ਹ ਕੇ ਸੁਣਾ ਰਿਹਾ ਹੁੰਦਾ ਹਾਂ।
ਮੈਂ ਸੋਚਦਾ ਹੁੰਦਾ ਸਾਂ ਕਿ ਦੁਨੀਆਂ ਵਿਚ ਕਵੀ ਬੜੇ ਘੱਟ ਹੁੰਦੇ ਹੋਣਗੇ, ਤੇ ਦੂਜੇ ਲੋਕਾਂ ਵਿਚ ਰਹਿਣਾ ਕਵੀਆਂ ਨੂੰ ਬੜਾ ਅਕਾਵਾਂ ਜਿਹਾ ਲਗਦਾ ਹੋਵੇਗਾ। ਹਰ ਆਦਮੀ ਦੀ ਜ਼ਿੰਦਗੀ ਵਿਚ ਕੋਈ ਖਾਸ ਦਿਲਚਸਪੀ ਹੁੰਦੀ ਹੈ, ਕੋਈ ਐਸੀ ਚੀਜ਼ ਜਿਸ ਬਾਰੇ ਮਿੱਤਰਾਂ ਜਾਂ ਗੁਆਂਢੀਆਂ ਨਾਲ ਗੱਲ ਕੀਤੀ ਜਾ ਸਕਦੀ ਹੈ-ਆਪਣੀ ਨੌਕਰੀ, ਪਤਨੀ, ਤਨਖਾਹ, ਛੁੱਟੀ ਦਾ ਦਿਨ, ਘਰ, ਮਛਲੀ ਫੜਣਾ, ਸਿਨਮਾ ਜਾਂ ਬੀਮਾਰੀ। ਯਕੀਨਨ ਕਵੀ ਵੀ ਦੂਜਿਆਂ ਨਾਲ ਇਹਨਾਂ ਗੱਲਾਂ ਬਾਰੇ ਬਹਿਸਾਂ ਕਰ ਸਕਦਾ ਹੈ, ਮੈਂ ਸੋਚਦਾ ਸਾਂ, ਪਰ ਦੁਨੀਆਂ ਬਾਰੇ ਉਸਦੀ ਕਾਵਿਕ ਨੀਝ ਵਿਚ, ਉਸਦੀ ਕਵਿਤਾ ਵਿਚ ਕੌਣ ਸਾਂਝ ਪਾ ਸਕਦਾ ਹੈ ?
ਫਿਰ ਮੈਨੂੰ ਸਮਝ ਆਈ ਕਿ ਅ-ਕਵੀ ਕੋਈ ਹੁੰਦਾ ਹੀ ਨਹੀਂ। ਹਰ ਬੰਦਾ ਆਪਣੇ ਦਿਲ ਦੀਆਂ ਡੂੰਘਾਣਾਂ ਵਿਚ ਰਤਾ-ਮਾਸਾ ਕਵੀ ਹੁੰਦਾ ਹੈ। ਖੈਰ, ਕਵਿਤਾ ਸਾਨੂੰ ਸਭ ਨੂੰ ਮਿਲਣ ਆਉਂਦੀ ਹੈ, ਇਕ ਦੋਸਤ ਵਾਂਗ ਜਿਹੜਾ ਆਪਣੇ ਦੋਸਤ ਦੇ ਸਕਲੀਆ ਵਿਚ ਮਿਲਣ ਲਈ ਜਾਂਦਾ ਹੈ।
ਸਾਡੇ ਲੋਕਾਂ ਦਾ ਗੀਤ ਲਈ ਪਿਆਰ ਏਨਾਂ ਕੁਦਰਤੀ ਤੇ ਨਿਰਉਚੇਚ ਹੈ, ਜਿਵੇਂ ਬੱਚਿਆਂ ਲਈ ਸਾਡਾ ਪਿਆਰ। ਸਚਮੁਚ, ਅਸੀਂ ਸਾਰੇ ਕਵੀ ਹਾਂ। ਸਾਡੇ ਵਿਚ ਫਰਕ ਸਿਰਫ ਏਨਾਂ ਹੈ, ਕਿ ਕੁਝ ਕਵਿਤਾ ਲਿਖਦੇ ਹਨ ਕਿਉਂਕਿ ਉਹ ਕਵਿਤਾ ਲਿਖਣੀ ਜਾਣਦੇ ਹਨ, ਦੂਜੇ ਕਵਿਤਾ ਲਿਖਦੇ ਹਨ ਕਿਉਂਕਿ ਉਹ ਖਿਆਲ ਕਰਦੇ ਹਨ ਕਿ ਉਹ ਕਵਿਤਾ ਲਿਖਣੀ ਜਾਣਦੇ ਹਨ, ਤੇ ਕੁਝ ਹੋਰ ਹਨ ਜਿਹੜੇ ਕਵਿਤਾ ਲਿਖਣ ਦੀ ਕੋਸ਼ਿਸ਼ ਤੱਕ ਵੀ ਨਹੀਂ ਕਰਦੇ। ਸ਼ਾਇਦ ਇਹ ਤੀਜੀ ਤਰ੍ਹਾਂ ਦੇ ਲੋਕ ਅਸਲੀ ਕਵੀ ਹਨ। ਕੀ ਕਿਹਾ ਜਾ ਸਕਦਾ ਹੈ ?
ਇਕ ਸਮਾਂ ਸੀ ਜਦੋਂ ਮੈਂ ਕਵਿਤਾ ਨਹੀਂ ਸਾਂ ਲਿਖਦਾ। ਕੀ ਮੈਂ ਉਦੋਂ ਘੱਟ ਕਵੀ ਸਾਂ ? ਕੀ ਮੇਰੀ ਧੜਕਣ ਉਦੋਂ ਹੌਲੀ ਸੀ ਜਾਂ ਮੇਰਾ ਖੂਨ ਠੰਡਾ ਸੀ? ਕੀ ਗ਼ਮ ਜਾਂ ਖੁਸ਼ੀ ਲਈ ਮੇਰੀ ਸਮਰੱਥਾ, ਜਾਂ ਗਿਆਨ ਲਈ ਮੇਰੀ ਭੁੱਖ ਘੱਟ ਸੀ? ਕੀ ਧਰਤੀ ਉਦੋਂ ਹੁਣ ਨਾਲੋਂ ਮੇਰੀਆਂ ਅੱਖਾਂ ਲਈ ਘੱਟ ਸੁਹਾਉਣੀ ਸੀ? ਜਦੋਂ ਮੈਂ ਕਾਲੇ ਬੱਦਲਾਂ ਦੀ ਵਿਰਲ ਵਿਚੋਂ ਦੀ ਕੋਈ ਵੱਡਾ ਸਾਰਾ ਨੀਲਾ ਸਿਤਾਰਾ ਦੇਖਦਾ ਸਾਂ ਤਾਂ ਕੀ ਮੈਂ ਇਸੇ ਤਰ੍ਹਾਂ ਨਹੀਂ ਸਾਂ ਝੂਣਿਆਂ ਜਾਂਦਾ ? ਕੀ ਮੈਨੂੰ ਪਹਾੜੀ ਨਾਲੇ ਦੀ ਆਵਾਜ਼ ਵਿਚ ਕੋਈ ਸੰਗੀਤ ਨਹੀਂ ਸੀ ਸੁਣਾਈ ਦੇਂਦਾ ? ਕੀ ਸਾਰਸਾਂ ਦੀਆਂ ਆਵਾਜ਼ਾਂ ਵਿਚ ਕੋਈ ਸੰਗੀਤ ਨਹੀਂ ਸੀ ਸੁਣਾਈ ਦੇਂਦਾ ? ਕੀ ਸਾਰਸਾਂ ਦੀਆਂ ਆਵਾਜ਼ਾਂ ਤੇ ਘੋੜਿਆਂ ਦਾ ਹਿਣਕਣਾ ਮੈਨੂੰ ਨਹੀਂ ਸਨ ਝੂਣ ਦੇਂਦੇ ? ਜਦੋਂ ਕਦੀ ਮੈਂ ਪੁਰਾਣੇ ਸਮਿਆਂ ਦਾ ਗੀਤ ਜਾਂ ਆਪਣੇ ਪੁਰਖਿਆਂ ਦੇ ਕਾਰਨਾਮਿਆਂ ਦੀ ਕੋਈ ਵਾਰਤਾ ਸੁਣਦਾ ਸਾਂ ਤਾਂ ਕੀ ਮੇਰੀਆਂ ਅੱਖਾਂ ਵਿਚ ਹੰਝੂ ਨਹੀਂ ਸਨ ਆ ਜਾਂਦੇ ?
ਮੈਨੂੰ ਯਾਦ ਹੈ ਕਿ ਜਦੋਂ ਮੈਂ ਮੁੰਡਾ ਜਿਹਾ ਹੀ ਹੁੰਦਾ ਸਾਂ, ਤਾਂ ਕਿਵੇਂ ਆਪਣੇ ਗੁਆਂਢੀ ਲਈ ਕੰਮ ਕਰਨ, ਉਸਦਾ ਘੋੜਾ ਚਰਾਉਣ ਬਾਹਰ ਜਾਇਆ ਕਰਦਾ ਸਾਂ। ਤਿੰਨ ਦਿਨਾਂ ਦੇ ਕੰਮ ਦੇ ਇਵਜ਼, ਮੇਰੇ ਗੁਆਂਢੀ ਨੇ ਮੈਨੂੰ ਇਕ ਕਹਾਣੀ ਸੁਨਾਉਣੀ ਹੁੰਦੀ ਸੀ।
ਮੈਨੂੰ ਯਾਦ ਹੈ ਕਿ ਇਕ ਸਮੇਂ ਮੈਂ ਗਡਰੀਆਂ ਨਾਲ ਜਾ ਰਲਣ ਲਈ ਕਿਵੇਂ ਪਹਾੜਾਂ ਉਪਰ ਚੜ੍ਹਿਆ ਕਰਦਾ ਸਾਂ । ਅੱਧਾ ਦਿਨ ਜਾਣ ਵਿਚ ਲੱਗ ਜਾਂਦਾ ਸੀ, ਅੱਧਾ ਦਿਨ ਆਉਣ ਵਿਚ। ਮੈਂ ਸਿਰਫ ਇਕ ਕਵਿਤਾ ਸੁਣਨ ਉਥੇ ਜਾਇਆ ਕਰਦਾ ਸਾਂ।
ਉਨਤਸੂਕੂਲ ਦੀਆਂ ਨਾਸ਼ਪਾਤੀਆਂ, ਇਮਰਾ ਤੇ ਅੰਗੂਰ, ਬੂਤਸਰਾ ਸ਼ਹਿਦ ਤੇ ਅਵਾਰ ਗੀਤ!
ਮੈਨੂੰ ਯਾਦ ਹੈ ਜਦੋਂ ਮੈਂ ਸਕੂਲ ਵਿਚ ਦੂਜੀ ਜਮਾਤ ਵਿਚ ਪੜ੍ਹਦਾ ਹੁੰਦਾ ਸਾਂ ਤਾਂ ਮੈਂ ਆਪਣੇ ਪਿੰਡ ਤਸਾਦਾ ਤੋਂ ਬੂਤਸਰਾ ਪਿੰਡ ਤੱਕ ਵੀਹ ਕਿਲੋਮੀਟਰ ਪੈਦਲ ਜਾਂਦਾ ਹੁੰਦਾ ਸਾਂ-ਡੂੰਘੇ ਢਲਾਣੀ ਪਹਾੜੀ ਰਾਹਾਂ ਦੇ ਉਪਰੋਂ ਦੀ। ਇਹ ਸਾਰਾ ਕੁਝ ਸਿਰਫ ਇਸ ਲਈ ਕਿ ਉਥੇ ਇਕ ਬਜ਼ੁਰਗ ਰਹਿੰਦਾ ਹੁੰਦਾ ਸੀ, ਪਿਤਾ ਜੀ ਦਾ ਦੋਸਤ, ਜਿਸਨੂੰ ਕਈ ਪੁਰਾਣੇ ਗੀਤ, ਕਵਿਤਾਵਾਂ ਤੇ ਵਾਰਾਂ ਆਉਂਦੀਆਂ ਹੁੰਦੀਆਂ ਸਨ।
ਚਾਰ ਦਿਨ ਪੂਰੇ ਬਜ਼ੁਰਗ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਨੂੰ ਗਾ ਕੇ ਤੇ ਬਿਨਾਂ ਗਾਉਣ ਦੇ ਸੁਣਾਉਂਦਾ ਰਿਹਾ। ਮੈਂ ਜਿੱਥੋਂ ਤੱਕ ਵੱਧ ਤੋਂ ਵੱਧ ਹੋ ਸਕਦਾ ਸੀ ਉਸਦੇ ਗੀਤ ਲਿਖਣ ਦੀ ਕੋਸ਼ਿਸ਼ ਕੀਤੀ। ਆਪਣਾ ਬਸਤਾ ਗੀਤਾਂ ਤੇ ਕਵਿਤਾਵਾਂ ਨਾਲ ਤੁਸੀ, ਮੈਂ ਕਿੰਨਾਂ ਖੁਸ਼ੀ ਖੁਸ਼ੀ ਘਰ ਪਰਤਿਆ।
ਬੂਤਸਰਾ ਪਿੰਡ ਤੋਂ ਉੱਪਰ ਵੱਲ ਇਕ ਪਹਾੜ ਹੈ। ਇਕ ਵਾਰੀ ਜਦੋਂ ਮੈਂ ਟੀਸੀ ਉੱਤੇ ਜਾ ਚੜ੍ਹਿਆ, ਤਾਂ ਪਤਾ ਨਹੀਂ ਕਿਹੜੇ ਪਾਸਿਉਂ ਵੱਡੇ ਵੱਡੇ ਭਿਆਨਕ ਗਡਰੀਏ ਦੇ ਕੁੱਤੇ ਮੇਰੇ ਵੱਲ ਨੱਠੇ ਨੱਠੇ ਆਏ। ਘੱਟੋ ਘੱਟ ਇਕ ਦਰਜਨ ਹੋਣਗੇ। ਹਰੇ ਹਰੇ ਘਾਹ ਦੇ ਉਪਰੋਂ ਦੀ ਉਹ ਸ਼ੂਟ ਵੱਟੀ ਆ ਰਹੇ ਸਨ ਜਿਵੇਂ ਪਣ-ਡੁਬਕਣੀ ਜਹਾਜ਼ ਦੇ ਕਾਲੇ ਢਾਂਚੇ ਵੱਲ ਨੱਠੀ ਆ ਰਹੀ ਹੁੰਦੀ ਹੈ। ਮੈਂ ਉਹਨਾਂ ਦੇ ਖੁੱਲ੍ਹੇ ਜਬਾੜੇ ਤੇ ਉਹਨਾਂ ਦੇ ਚਮਕਦੇ ਪੀਲੇ ਦੰਦ ਪਹਿਲਾਂ ਹੀ ਦੇਖ ਸਕਦਾ ਸਾਂ। ਇਕ ਹੋਰ ਮਿੰਟ ਵਿਚ ਉਹਨਾਂ ਨੇ ਮੇਰੀ ਬੋਟੀ ਬੋਟੀ ਕਰ ਦੇਣੀ ਸੀ। ਇਕਦਮ ਮੈਨੂੰ ਗਡਰੀਏ ਦੀ ਚੀਖ ਸੁਣਾਈ ਦਿੱਤੀ:
“ਲੰਮਾ ਪੈ ਜਾਹ! ਹਿੱਲਜੁੱਲ ਨਾ!”
ਮੈਂ ਲੰਮਾ ਪੈ ਗਿਆ, ਜ਼ਮੀਨ ਨਾਲ ਚੰਬੜਿਆ ਹੋਇਆ, ਤੇ ਮੁਰਦੇ ਵਾਂਗ ਬੇਹਰਕਤ। ਮੈਂ ਹਿੱਲਣ ਦੀ ਹਿੰਮਤ ਨਹੀਂ ਸਾਂ ਕਰ ਸਕਦਾ, ਤੇ ਮੇਰਾ ਖਿਆਲ ਹੈ ਕਿ ਮੈਂ ਸਗੋਂ ਸਾਹ ਵੀ ਰੋਕ ਲਿਆ। ਸਿਰਫ ਮੇਰਾ ਦਿਲ ਧਰਤੀ ਨਾਲ ਏਨੀਂ ਜ਼ੋਰ ਜ਼ੋਰ ਦੀ ਧੱਕ-ਧੱਕ ਕਰਕੇ ਵਜਦਾ ਰਿਹਾ ਕਿ ਮੈਨੂੰ ਲਗਦਾ ਸੀ ਜਿਵੇਂ ਇਸਦੀ ਆਵਾਜ਼ ਸੁਣੀ ਜਾ ਸਕਦੀ ਹੈ। ਮੇਰੇ ਆਲੇ-ਦੁਆਲੇ ਕੁੱਤੇ ਭੰਬਲ-ਭੂਸ਼ਿਆਂ ਵਿਚ ਪੈ ਗਏ ਲਗਦੇ ਸਨ, ਤੇ ਮੈਨੂੰ ਤੇ ਮੇਰੇ ਕਵਿਤਾਵਾਂ ਨਾਲ ਤੁਸੇ ਝੋਲੇ ਨੂੰ ਸੁੰਘ ਰਹੇ ਸਨ। ਉਹ ਇਕ ਦੂਜੇ ਵੱਲ ਹੈਰਾਨੀ ਨਾਲ ਦੇਖ ਰਹੇ ਸਨ, ਜਿਵੇਂ ਉਹਨਾਂ ਨੂੰ ਕੋਈ ਗ਼ਲਤੀ ਲੱਗ ਗਈ ਹੋਵੇ, ਤੇ ਆਪਣੇ ਕਾਲਪਨਿਕ ਸ਼ਿਕਾਰ ਮਗਰ ਦੌੜ ਗਏ। ਉਹ ਪਹਾੜੀ ਪਹੇ ਦੇ ਮੋੜ ਉਤੇ ਜਲਦੀ ਹੀ ਅੱਖੋਂ ਉਹਲੇ ਹੋ ਗਏ।
ਮੈਂ ਜ਼ਮੀਨ ਉਤੇ ਬੇਹਰਕਤ ਪਿਆ ਰਿਹਾ ਜਦੋਂ ਤੱਕ ਕਿ ਗਡਰੀਆ ਆਪਣੇ ਇੱਜੜ ਸਮੇਤ ਉਥੇ ਨਾ ਪੁੱਜ ਗਿਆ।
“ਤੂੰ ਕੀਹਦਾ ਪੁੱਤ ਐਂ ?” ਉਹ ਪੁੱਛਣ ਲੱਗਾ।
“ਮੈਂ ਰਸੂਲ ਹਾਂ, ਤਸਾਦਾ ਦੇ ਹਮਜ਼ਾਤ ਦਾ ਪੁੱਤ,” ਮੈਂ ਜਾਣ ਬੁੱਝ ਕੇ ਪਿਤਾ ਜੀ ਦਾ ਨਾਂ ਲਿਆ, ਇਸ ਆਸ ਨਾਲ ਕਿ ਗਡਰੀਆ ਮੇਰੀ ਖਾਸ ਪਵਾਹ ਕਰੇਗਾ ਤੇ ਤਕਲੀਫ ਪੁੱਜਣ ਤੋਂ ਮੇਰੀ ਰਾਖੀ ਕਰੇਗਾ।
“ਇਸ ਪਹਾੜ ਉਤੇ ਤੂੰ ਕੀ ਕਰਦਾ ਫਿਰਦੈਂ ?”
“ਮੈਂ ਕੁਝ ਕਵਿਤਾਵਾਂ ਲਈ ਬੂਤਸਰਾ ਗਿਆ ਸਾਂ… ਆਹ ਪਈਆਂ ਨੇ, ਬਸਤੇ ਵਿਚ।”
ਗਡਰੀਏ ਨੇ ਕਵਿਤਾਵਾਂ ਬਸਤੇ ਵਿਚੋਂ ਕੱਢੀਆਂ ਤੇ ਉਹਨਾਂ ਉਪਰ ਨਜ਼ਰ ਮਾਰ ਕੇ ਦੇਖਿਆ।
“ਸੋ ਤੂੰ ਵੀ ਕਵੀ ਬਣਨਾ ਚਾਹੁੰਦੈਂ? ਤਾਂ ਫਿਰ ਕੁੱਤਿਆਂ ਤੋਂ ਤੂੰ ਕਿਉਂ ਡਰਦੈਂ ? ਜਿਹੜਾ ਤੂੰ ਰਾਹ ਚੁਣਿਐਂ, ਉਸ ਉਤੇ ਇਸਤੋਂ ਵੀ ਭੈੜੇ ਕੁੱਤੇ ਤੈਨੂੰ ਪੈਣਗੇ। ਉਹ ਤੇਰੀਆਂ ਕਵਿਤਾਵਾਂ ਸੁੰਘ ਕੇ ਹੀ ਨਹੀਂ ਨੱਠਣ ਲੱਗੇ। ਤੈਨੂੰ ਕਦੀ ਨਹੀਂ ਡਰਨਾ ਚਾਹੀਦਾ, ਕਦੀ ਨਹੀਂ। ਤੈਨੂੰ ਪਤੈ ਇਹ ਕਿਹੜਾ ਪਹਾੜ ਹੈ? ਇਹ ਉਹ ਪਹਾੜ ਹੈ ਜਿੱਥੋਂ ਹਾਜੀ ਮੁਰਾਤ ਨੇ ਛਾਲ ਮਾਰ ਦਿੱਤੀ ਸੀ ਤੇ ਇਸ ਤਰ੍ਹਾਂ ਆਪਣੇ ਹਥਿਆਰਬੰਦ ਪਹਿਰੇਦਾਰਾਂ ਨਾਲ ਛਲ ਕਰ ਗਿਆ ਸੀ। ਪਹਿਰੇਦਾਰਾਂ ਨੂੰ ਖਾਲੀ ਹੱਥੀਂ ਜਾਣਾ ਪਿਆ, ਪਰ ਹਾਜੀ ਮੁਰਾਤ ਨੇ ਆਪਣੀ ਜਾਨ ਬਚਾ ਲਈ ਸੀ। ਮਾਤਭੂਮੀ ਦੇ ਪਹਾੜ ਵੀ ਬੰਦੇ ਦੀ ਰਾਖੀ ਕਰਦੇ ਨੇ।”
ਮੈਂ ਸੋਚਦਾ ਹੁੰਦਾ ਸਾਂ ਕਿ ਕਾਵਿਕ ਤੀਬਰਤਾ ਜਿਹੜੀ ਮੈਨੂੰ ਕਾਬੂ ਕਰ ਰੱਖਦੀ ਸੀ, ਉਹ ਬੇਚੈਨੀ ਜਿਹੜੀ ਲਗਾਤਾਰ ਮੇਰੀ ਰੂਹ ਵਿਚ ਵਸਦੀ ਹੁੰਦੀ ਸੀ, ਉਹ ਮੁਹੱਬਤ ਜਿਸਨੇ ਮੇਰੇ ਦਿਲ ਨੂੰ ਆਪਣਾ ਘਰ ਬਣਾ ਰਖਿਆ ਸੀ, ਤੇ ਮੇਰੇ ਖੂਨ ਦਾ ਉਬਾਲ ਤੱਕ ਵੀ—ਇਹ ਸਾਰੀਆਂ ਛਿਣ-ਭੰਗਰ ਚੀਜ਼ਾਂ ਸਨ ਤੇ ਜਲਦੀ ਹੀ ਲੰਘ ਜਾਣਗੀਆਂ। ਪਰ ਹੁਣ ਮੇਰਾ ਸਿਰ ਧੌਲਾ ਹੈ, ਮੇਰੇ ਬੱਚੇ ਵੱਡੇ ਹੋ ਰਹੇ ਹਨ, ਤੇ ਮੇਰੀਆਂ ਕਿਤਾਬਾਂ ਪੁਰਾਣੀਆਂ ਹੋ ਰਹੀਆਂ ਹਨ, ਪਰ ਉਪਰਲੀਆਂ ਵਿਚੋਂ ਕਿਸੇ ਵੀ ਭਾਵਨਾ ਨੇ ਮੇਰਾ ਸਾਥ ਨਹੀਂ ਛੱਡਿਆ। ਮੇਰੀ ਕਵਿਤਾ ਮੇਰੀ ਸਭ ਤੋਂ ਵਫਾਦਾਰ ਸਾਥੀ ਰਹੀ ਹੈ ।
ਹੁਣ ਮੈਂ ਉਸਨੂੰ ਸੰਬੋਧਨ ਕਰਦਾ ਹਾਂ।
ਕਵਿਤਾ, ਦੁਨੀਆਂ ਦੇ ਮੇਰੇ ਲੰਮੇਂ ਦੌਰਿਆਂ ਸਮੇਂ ਤੇ ਜੀਵਨ ਭਰ ਤੂੰ ਮੇਰਾ ਸਾਥ ਨਹੀਂ ਛੱਡਿਆ; ਹੁਣ ਜਦ ਕਿ ਮੈਂ ਵਾਰਤਕ ਦੇ ਸਾਗਰ ਦੀਆਂ ਵਿਸ਼ਾਲ ਚੁੜੱਤਣਾਂ ਉਪਰ ਤੁਰ ਪਿਆ ਹਾਂ ਤਾਂ ਵੀ ਤੂੰ ਮੇਰਾ ਸਾਥ ਨਹੀਂ ਛੱਡੇਂਗੀ। ਮੈਂ ਜਾਣਦਾ ਹਾਂ ਕਿ ਕਹਾਣੀ ਨੂੰ ਤੋਲ-ਤੁਕਾਂਤ ਵਿਚ ਬੰਨ੍ਹਣਾ ਵਿਅਰਥ ਹੈ। ਹੋ ਸਕਦਾ ਹੈ ਇਸ ਨਾਲ ਚੰਗੀ ਤੋਂ ਚੰਗੀ ਕਹਾਣੀ ਮਾੜੀ ਜਿਹੀ ਕਵਿਤਾ ਵਿਚ ਬਦਲ ਜਾਏ । ਤਾਂ ਵੀ, ਕਵਿਤਾ ਕਹਾਣੀ ਨੂੰ ਚੰਗੇਰਿਆਂ ਬਣਾ ਸਕਦੀ ਹੈ, ਜਿਸ ਤਰ੍ਹਾਂ ਲੂਣ ਨਾਲ ਖਾਣੇ ਦਾ ਸੁਆਦ ਚੰਗੇਰਾ ਹੋ ਜਾਂਦਾ ਹੈ। ਸਚਮੁਚ, ਕਵਿਤਾ ਮੇਰੇ ਸਾਰੇ ਜੀਵਨ ਵਿਚ ਲੂਣ ਦਾ ਕੰਮ ਕਰਦੀ ਰਹੀ ਹੈ। ਇਸ ਤੋਂ ਬਿਨਾਂ ਮੇਰੀ ਜ਼ਿੰਦਗੀ ਅਲੂਣੀ ਤੇ ਬੇਮਜ਼ਾ ਹੁੰਦੀ। ਪਹਾੜਾਂ ਵਿਚ ਜਦੋਂ ਅਸੀਂ ਮਹਿਮਾਨ ਅੱਗੇ ਖਾਣਾ ਰੱਖਦੇ ਹਾਂ ਤਾਂ ਅਸੀਂ ਨਾਲ ਹੀ ਮੇਜ਼ ਉਤੇ ਲੂਣ ਧਰਨਾ ਨਹੀਂ ਭੁੱਲਦੇ।
ਵਾਰਤਕ ਦੀ ਉਡਾਣ ਬੜੀ ਦੂਰ ਜਾਂਦੀ ਹੈ, ਪਰ ਕਵਿਤਾ ਉਚੇਰਾ ਉਡਦੀ ਹੈ। ਵਾਰਤਕ ਵੱਡੇ ਸਾਰੇ ਹਵਾਈ-ਜਹਾਜ਼ ਵਾਂਗ ਹੈ ਜਿਹੜਾ ਬੜੀ ਸੌਖੀ ਤਰ੍ਹਾਂ ਦੁਨੀਆਂ ਦੁਆਲੇ ਉਡ ਸਕਦਾ ਹੈ, ਜਦ ਕਿ ਕਵਿਤਾ ਲੜਾਕੇ ਜਹਾਜ਼ ਜਾਂ ਪਿੱਛਾ ਕਰਨ ਵਾਲੇ ਜਹਾਜ਼ ਵਾਂਗ ਹੈ : ਇਹ ਤੇਜ਼ੀ ਨਾਲ ਆਕਾਸ਼ ਵਿਚ ਉੱਡ ਕੇ ਜਾਂਦਾ ਹੈ ਤੇ ਅੱਖ-ਪਲਕਾਰੇ ਵਿਚ ਵਾਰਤਕ ਦੇ ਵੱਡੇ ਸਾਰੇ ਹਵਾਈ-ਜਹਾਜ਼ ਨੂੰ ਜਾ ਫੜਦਾ ਹੈ, ਭਾਵੇਂ ਇਹ ਕਿੰਨਾਂ ਵੀ ਉੱਚਾ ਕਿਉਂ ਨਾ ਉੱਡ ਰਿਹਾ ਹੋਵੇ।
ਮੈਂ ਆਪਣੀ ਕਿਤਾਬ ਵਿਚ ਕਈ ਸਾਹਿਤ-ਰੂਪ ਮਿਲਾਉਣੇ ਤੇ ਇਸਨੂੰ ਅਵਾਰਿਸਤਾਨ ਦੀਆਂ ਸਰਹੱਦਾਂ ਤੋਂ ਕਿਤੇ ਦੂਰ ਤੱਕ ਭੇਜਣਾ ਚਾਹੁੰਦਾ ਹਾਂ। ਕਿਉਂ ਨਹੀਂ ? ਸਾਡੀ ਕਵਿਤਾ ਨੇ ਦਾਗਿਸਤਾਨ ਦੀਆਂ ਸਰਹੱਦਾਂ ਤੋਂ ਦੂਰ ਰਹਿੰਦੇ ਪਾਠਕਾਂ ਦੇ ਦਿਲਾਂ ਤੱਕ ਰਾਹ ਬਣਾ ਲਿਆ ਹੈ। ਸਾਡੀਆਂ ਕੁਝ ਕਹਾਣੀਆਂ ਨੂੰ ਵੀ ਬਾਹਰ ਜਾਣ ਦੀ ਆਗਿਆ ਮਿਲ ਗਈ ਹੋਈ ਹੈ। ਠੀਕ ਹੈ, ਸਾਡਾ ਨਾਟਕ ਅਜੇ ਸਾਡੇ ਇਲਾਕੇ ਤੱਕ ਹੀ ਸੀਮਤ ਹੈ। ਸ਼ਾਇਦ ਇਸਦੇ ਪਰਮਾਣ-ਪੱਤਰਾਂ ਦੀ ਨਿਰਖ-ਪਰਖ ਹੋ ਰਹੀ ਹੈ, ਜਾਂ ਸ਼ਾਇਦ ਇਸਨੂੰ ਚੰਗਾ ਵਰਤ-ਵਿਹਾਰ ਤੇ ਸਲੀਕਾ ਸਿਖਾਇਆ ਜਾ ਰਿਹਾ ਹੈ।
ਜੇ ਮੈਂ ਨਾਟਕ ਲਿਖਣ ਦਾ ਫੈਸਲਾ ਕੀਤਾ, ਤਾਂ ਇਸਦਾ ਕਾਰਜ-ਸਥਾਨ ਸਾਰਾ ਦਾਗਿਸਤਾਨ, ਇਸਦੇ ਪਿੰਡ ਤੇ ਸ਼ਹਿਰ, ਤੇ ਨਾਲੇ ਦੁਨੀਆਂ ਦੇ ਸਾਰੇ ਦੇਸ, ਖੁਦ ਸਾਰੀ ਦੁਨੀਆਂ ਹੋਵੇਗੀ। ਮੰਚ-ਦ੍ਰਿਸ਼ ਪਹਾੜ, ਆਕਾਸ਼, ਤੇਜ਼ ਦਰਿਆ, ਸਮੁੰਦਰ ਤੇ ਧਰਤੀ ਮੁਹਈਆ ਕਰੇਗੀ। ਕਾਰਜ ਦਾ ਸਮਾਂ ਪਿਛਲੀਆਂ ਸਦੀਆਂ, ਵਰਤਮਾਨ ਤੇ ਸਾਰਾ ਭਵਿੱਖਤ ਹੋਵੇਗਾ। ਮੈਂ ਹਜ਼ਾਰਾਂ ਸਾਲਾਂ ਨੂੰ ਲੰਘਦੀਆਂ ਘੜੀਆਂ ਨਾਲ ਮਿਲਾ ਦੇਵਾਂਗਾ। ਇਸਦੇ ਪਾਤਰ ਹੋਣਗੇ—ਮੈਂ, ਮੇਰਾ ਪਿਤਾ, ਮੇਰੇ ਬੱਚੇ, ਮੇਰੇ ਦੋਸਤ ਤੇ ਕਦੇ ਦੇ ਮਰ-ਮੁੱਕ ਚੁੱਕੇ ਲੋਕ, ਤੇ ਉਹ ਲੋਕ ਵੀ ਜਿਹੜੇ ਅਜੇ ਨਹੀਂ ਜਨਮੇ।
ਇਹ ਨਾਟਕ ਮੇਰੀ ਸਭ ਤੋਂ ਮਹਾਨ ਕਿਤਾਬ ਹੋਵੇਗੀ, ਮੇਰਾ “ਯੁੱਧ ਤੇ ਸ਼ਾਂਤੀ”, ਮੇਰੀ “ਡਾਨ ਕਿਓਟੇ”, ਮੇਰੀ “ਦੈਵੀ ਸੁਖਾਂਤ।” ਪਰ ਇਹ ਨਾਟਕ ਲਿਖਣ ਦੀ ਮੇਰੀ ਹਿੰਮਤ ਨਹੀਂ ਪੈਂਦੀ; ਅਸਲ ਵਿਚ ਮੈਂ ਆਪਣੀ ਭਵਿਖ ਵਿਚਲੀ ਕਿਤਾਬ ਦੀ ਕੰਧ ਵਿਚ ਇਕ ਵੀ ਨਾਟਕੀ ਇੱਟ ਜੜਣ ਦਾ ਖਤਰਾ ਮੁੱਲ ਨਹੀਂ ਲਵਾਂਗਾ। ਨਾਟਕ ਨੂੰ ਮੈਂ ਕਿਸੇ ਹੋਰ ਦਿਨ ਲਈ ਰਹਿਣ ਦੇਵਾਂਗਾ, ਜਾਂ ਇਸਤੋਂ ਚੰਗੀ ਗੱਲ ਇਹ ਹੈ ਕਿ ਇਹ ਮੈਂ ਦੂਜੇ ਲੇਖਕਾਂ ਲਈ ਛੱਡ ਦਿਆਂਗਾ। ਮੈਂ ਵਾਰੀ ਵਾਰੀ ਕਵਿਤਾ ਤੇ ਵਾਰਤਕ, ਇਕ ਤੋਂ ਪਿਛੋਂ ਦੂਜੀ, ਵਰਤਾਂਗਾ। ਕਵਿਤਾ ਘੋੜੇ ਉੱਪਰ ਸ਼ੂਟ ਵੱਟਣ ਵਾਂਗ ਹੈ, ਜਦ ਕਿ ਵਾਰਤਕ ਤੁਰਨ ਵਾਂਗ ਹੈ। ਪੈਦਲ ਤੁਸੀਂ ਜ਼ਿਆਦਾ ਦੂਰ ਜਾ ਸਕਦੇ ਹੋ, ਪਰ ਘੋੜੇ ਉਤੇ ਵਧੇਰੇ ਤੇਜ਼ ਜਾ ਸਕਦੇ ਹੋ। ਮੈਂ ਕਦੀ ਘੋੜੇ ਤੋਂ ਉਤਰ ਜਾਵਾਂਗਾ, ਕਦੀ ਕਾਠੀ ਉਤੇ ਪਲਾਕੀ ਮਾਰਕੇ ਬੈਠ ਜਾਵਾਂਗਾ। ਜੇ ਮੈਂ ਇਸਦੇ ਸਮਰੱਥ ਹੋਇਆ ਤਾਂ ਵਾਰਤਾ ਸੁਣਾਵਾਂਗਾ। ਮੇਰੇ ਵਿਚ ਜਵਾਨੀ ਦਾ ਜੋਸ਼ ਵੀ ਹੈ ਤੇ ਬੁਢਾਪੇ ਦੀ ਸਿਆਣਪ ਵੀ। ਮੇਰੀ ਜਵਾਨੀ ਨੂੰ ਗਾਉਣ ਦਿਓ ਤੇ ਮੇਰੀ ਸਿਆਣਪ ਨੂੰ ਵਾਰਤਕ ਵਿਚ ਗੱਲਾਂ ਕਰਨ ਦਿਓ।
ਮੇਰੇ ਅੰਦਰ ਵੱਖ ਵੱਖ ਲੋਕ ਰਹਿੰਦੇ ਹਨ : ਇਕ ਵੇਲੇ ਮੈਂ ਗਹਿਰ-ਗੰਭੀਰ ਤਰ੍ਹਾਂ ਨਾਲ ਖਾਣਾ ਖਾਂਦਾ ਹਾਂ, ਮਾਇਆ ਲੱਗਾ ਨੈਪਕਿਨ ਵਰਤਦਾ ਹੋਇਆ ਤੇ ਖੱਬੇ ਹੱਥ ਵਿਚ ਕਾਂਟਾ ਫੜੀ; ਕਿਸੇ ਹੋਰ ਵੇਲੇ ਆਪਣੇ ਗੁਆਂਢੀਆਂ ਨਾਲ ਮਿਲਕੇ ਭੁੰਝੇ ਚੌਕੜੀ ਮਾਰੀ ਬੈਠਾ ਮੈਂ ਦੋਹਾਂ ਹੱਥਾਂ ਵਿਚ ਲੇਲੇ ਦੀ ਰਾਣ ਚੁੱਕੇ ਲੈਂਦਾ ਹਾਂ ਤੇ ਬੂਜ਼ਾ ਪੀ ਕੇ ਇਸਨੂੰ ਗਲੇ ਤੋਂ ਹੇਠਾਂ ਕਰਦਾ ਹਾਂ।
ਜਦੋਂ ਮੈ ਸ਼ਹਿਰ ਤੋਂ ਪਹਾੜਾਂ ਨੂੰ ਜਾਂਦਾ ਹਾਂ ਤਾਂ ਮੈਂ ਸ਼ਹਿਰੀਆਂ ਵਾਂਗ ਚੰਗੀ ਸ਼ਰਾਬ ਦੇ ਫਲਾਂ ਦੀਆਂ ਸੁਗਾਤਾਂ ਲੈ ਕੇ ਜਾਂਦਾ ਹਾਂ। ਜਦੋਂ ਮੈਂ ਭੇਡ-ਪਾਲਕਾਂ ਦੀ ਨਿੱਘੀ ਤੇ ਸਾਦਾ ਪਰਾਹੁਣਾਚਾਰੀ ਤੋਂ ਸ਼ਹਿਰ ਮੁੜਦਾ ਹਾਂ ਤਾਂ ਮੈਂ ਆਪਣੀ ਕਾਠੀ ਉਤੇ ਦੋਹੀਂ ਪਾਸੀਂ ਕੱਟੀ ਹੋਈ ਭੇਡ ਲਟਕਾ ਲੈਂਦਾ ਹਾਂ।
ਆਖਰ ਸਮੁੰਦਰ ਇਕ ਵੇਲੇ ਪਿਆਰ ਵਿਚ, ਦੂਜੇ ਵੇਲੇ ਨਾਰਾਜ਼ਗੀ ਵਿਚ, ਇਕ ਵੇਲੇ ਖੋਰੀ, ਦੂਜੇ ਵੇਲੇ ਗਜ਼ਬਨਾਕ ਹੋ ਸਕਦਾ ਹੈ। ਬਿਲਕੁਲ ਇਸੇ ਤਰ੍ਹਾਂ ਵੱਖੋ ਵੱਖਰੇ ਕਿਰਦਾਰ ਮੇਰੇ ਵਿਚ ਵਸਦੇ ਹਨ।
ਇਕ ਵਾਰੀ ਮੈਂ ਇਕ ਮੁੰਡੇ ਤੇ ਕੁੜੀ ਨੂੰ ਇਕ ਖਾਈ ਦੇ ਸਿਰੇ ਉਤੇ ਬੈਠਿਆਂ ਇਕ ਦੂਜੇ ਨੂੰ ਜੱਫੀ ਪਾਈ ਦੇਖਿਆ; ਉਹਨਾਂ ਦਾ ਸਮੁੱਚਾ ਆਕਾਰ ਪ੍ਰਛਾਵੇਂ ਵਾਂਗ ਦਿਸਦਾ ਸੀ, ਪਰ ਤੁਸੀਂ ਉਹਨਾਂ ਵਿਚ ਨਿਖੇੜ ਨਹੀਂ ਸੋ ਕਰ ਸਕਦੇ, ਏਨਾਂ ਘੁੱਟ ਕੇ ਉਹਨਾਂ ਨੇ ਇਕ ਦੂਜੇ ਨੂੰ ਜੱਫੀ ਪਾਈ ਹੋਈ ਸੀ, ਇਕ ਦੂਜੇ ਵਿਚ ਏਨਾਂ ਇਕਮਿਕ ਹੋਏ ਸਨ।
ਬਿਲਕੁਲ ਉਤੇ ਤਰ੍ਹਾਂ ਅਨਿੱਖੜ ਤਰ੍ਹਾਂ ਨਾਲ ਅੰਦਰ ਖੁਸ਼ੀ ਤੇ ਗ਼ਮ, ਹੰਝੂ ਤੇ ਮੁਸਕਾਣ, ਤਾਕਤ ਤੇ ਕਮਜ਼ੋਰੀ ਵਸਦੇ ਹਨ।
ਘੋੜਾ ਨਹੀਂ ਸੀ ਪਿਛਲੀਆਂ ਲੱਤਾ ਭਾਰ ਖੜਾ
ਨਾ ਬੇਸਬਰੀ ਵਿਚ ਲਗਾਮ ਸੀ ਚਿੱਥ ਰਿਹਾ।
ਦਿੱਸਣ ਚਿੱਟੇ ਦੰਦ, ਜਿਵੇਂ ਮੁਸਕਾਏ ਪਿਆ।
ਸਿਰ ਭਾਰਾ ਆਪੇਣਾ ਹੇਠਾਂ ਸੁੱਟਿਆ ਹੋਇਆ।
ਅੱਯਾਲ ਓਸਦੀ ਧਰਤੀ ਦੇ ਨਾਲ ਲੱਗ ਰਹੀ
ਜਿਸਦਾ ਰੰਗ ਇਉਂ ਜਾਪੇ ਜਿਉਂ ਕੋਈ ਅੱਗ ਬਲੇ ।
ਉਸਨੂੰ ਦੇਖਕੇ ਪਹਿਲਾਂ ਸੋਚਿਆ—ਵਾਹ ਕੁਦਰਤ!
ਹਾਸਾ ਉਸਦਾ ਬਿਲਕੁਲ ਬੰਦੇ ਨਾਲ ਰਲੇ।
ਐਸੀ ਝਾਕੀ ਕਿਸਨੂੰ ਨਹੀਂ ਚਕ੍ਰਿਤ ਕਰਦੀ!
ਮੈਂ ਨੇੜੇ ਹੋ ਦੇਖਣ ਦੀ ਫਿਰ ਮਨ ਧਾਰੀ ।
ਮੈਂ ਦੇਖਾਂ-ਘੋੜਾ ਹਸਦਾ ਨਹੀਂ ਰੋਂਦਾ ਸੀ,
ਸਿਰ ਬੰਦੇ ਵਾਂਗ ਸੁੱਟੀ (ਜਿਉਂ) ਗ਼ਮ ਨਾਲ ਹੋਏ ਭਾਰੀ।
ਉਸਦੀਆਂ ਅੱਖਾਂ ਵਿਚ ਜਿਉਂ ਧੁੰਦ ਛਾਈ ਹੋਏ
ਉਹਨਾਂ ਵਿਚ ਲਟਕੇ ਹੋਏ ਸਨ ਦੋ ਹੰਝੂ।
ਜਦ ਮੈਂ ਹੱਸਾਂ ਮੇਰੇ ਪਿਆਰੇ, ਉਦੋਂ ਵੀ
ਆਈਂ ਨੇੜੇ, ਹੋਰ ਵੀ ਗਹੁ ਨਾਲ ਦੇਖੀ ਤੂੰ ।
ਆਪਣੀ ਨੋਟਬੁੱਕ ਵਿਚੋਂ : ਸੀਊਖ ਪਿੰਡ ਦੇ ਕਿਸੇ ਪਹਾੜੀਏ ਨੇ ਚਟਾਨ ਦੇ ਪੈਰਾਂ ਵਿਚ ਇਕ ਚਿੱਟਾ ਬੱਦਲ ਦੇਖਿਆ ਤੇ ਇਹ ਸਮਝ ਬੈਠਾ ਕਿ ਇਹ ਕੁਲੀ ਕੁਲੀ ਚਿੱਟੀ ਉੱਨ ਦਾ ਢੇਰ ਹੈ, ਤੇ ਹੇਠਾਂ ਛਲਾਂਗ ਕੱਢ ਮਾਰੀ। ਕੂਲੇ ਕੂਲੇ ਬੱਦਲ ਤੇ ਉੱਨ ਜਾਂ ਕਪਾਹ ਦੇ ਢੇਰ ਵਿਚ ਕਿੰਨੀਂ ਵੀ ਸਮਾਨਤਾ ਹੋਵੇ, ਉਹ ਇਕੋ ਚੀਜ਼ ਨਹੀਂ, ਤੇ ਕਦੀ ਵੀ ਇਕੋ ਚੀਜ਼ ਨਹੀਂ ਹੋਣਗੇ।
ਸਿਰਫ ਰੂਪ ਨੂੰ ਸਾਮ੍ਹਣੇ ਰੱਖ ਕੇ ਲਿਖੀ ਗਈ ਕਿਤਾਬ ਦਾ ਰੂਪ ਭਾਵੇਂ ਕਿੰਨਾਂ ਵੀ ਸੁੰਦਰ ਕਿਉਂ ਨਾ ਹੋਵੇ, ਇਹ ਆਦਮੀ ਦੇ ਦਿਲ ਨੂੰ ਕਦੀ ਵੀ ਨਹੀਂ ਝੂਣ ਸਕਦੀ।
ਸਿਰਫ ਰੂਪ ਨੂੰ ਹੀ ਨਹੀਂ ਦੇਖਣਾ ਚਾਹੀਦਾ। ਇਕ ਮਾਹੀਗੀਰ, ਜਿਸਨੇ
ਸਾਰੀ ਉਮਰ ਸਾਗਰ ਉਤੇ ਕੱਟੀ ਸੀ, ਇਕ ਵਾਰੀ ਇਕ ਜੰਗਲ ਵਿਚ ਜਾ ਵੜਿਆ ਜਿਥੇ ਉਸਦਾ ਪੈਰ ਇਕ ਵਰਮੀ ਉਤੇ ਜਾ ਪਿਆ, ਜਿਸਨੂੰ ਉਸਨੇ ਕੇਵੀਅਰ ਦਾ ਢੇਰ ਸਮਝ ਲਿਆ। ਇਕ ਪਹਾੜੀਏ ਨੂੰ, ਜਿਸਨੇ ਕਦੀ ਸਾਗਰ ਨਹੀਂ ਸੀ ਦੇਖਿਆ, ਕੇਵੀਅਰ ਦੀ ਢੇਰੀ ਦਿਖਾਈ ਗਈ, ਜਿਸਨੂੰ ਉਸਨੇ ਵਰਮੀ ਸਮਝ ਲਿਆ। ਇਕੋ ਛਾਤੀ ‘ਤੇ ਲਗਦੇ ਨੇ ਤਮਗੇ ਵੀ ਤੇ ਗੋਲੀ ਵੀ।
ਫਿਰ, ਆਪਣੀ ਨੋਟਬੁੱਕ ਵਿਚੋਂ :
ਇਕੋ ਚਿਹਰੇ ਦਿੱਸਣ ਹੰਝੂ, ਮੁਸਕਾਨ ਨਿਰਾਲੀ ਝੋਲੀ ਵੀ।
ਜ਼ਹਿਰ ਤੇ ਮਾਖਿਉਂ ਇਕੋ ਵੇਲੇ ਮਿਲਦੇ ਨੇ ਵਿਚ ਦੋ ਬੁਲ੍ਹੀਆਂ।
ਇਕੋ ਆਕਾਸ਼ ਦੀਆਂ ਨੀਲੱਤਣਾਂ ਬਾਜ਼ ਤੇ ਘੁੱਗੀ ਲਈ ਖੁਲ੍ਹੀਆਂ।
ਕਾਲੇ ਬੱਦਲ ਸੀਤਲ-ਪਾਣੀ ਤੇ ਅੱਗ ਬਿਜਲੀ ਵੀ ਵਰ੍ਹਾਂਦੇ ਨੇ। ਕੁਮੂਜ਼ ਤੇ ਖੰਜਰ ਇਕੋ ਕਿੱਲੀ ਤੇ ਲਟਕਾਏ ਜਾਂਦੇ ਨੇ । ਇਕ ਵਾਰੀ ਫਿਰ ਆਪਣੀ ਨੋਟਬੁੱਕ ਵਿਚੋਂ : ਇਕ ਪਹਾੜਣ ਕੁੜੀ, ਜਿਸਨੂੰ ਪਹਿਲੀ ਪਹਿਲੀ ਵਾਰੀ ਪਿਆਰ ਹੋਇਆ ਸੀ, ਸਵੇਰੇ ਵੇਲੇ ਬਾਰੀ ਤੋਂ ਬਾਹਰ ਤੱਕਿਆ ਤੇ ਕੂਕ ਉੱਠੀ :
“ਆਹਾ, ਸਾਰੇ ਦਰਖਤ ਕਿੰਨੇਂ ਸੁਹਣੇ ਲਗਦੇ ਨੇ, ਸਾਰੇ ਹੀ ਖਿੜੇ ਹੋਏ ਨੇ।” “ਤੈਨੂੰ ਉਹਨਾਂ ਉਪਰ ਫੁੱਲ ਕਿਥੇ ਦਿਖਾਈ ਦੇਂਦੇ ਨੇ ?” ਉਸਦੀ ਮਾਂ ਪੁੱਛਣ ਲੱਗੀ। “ਇਹ ਤਾਂ ਬਰਫ ਹੈ। ਬਾਹਰ ਪਤਝੜ ਦਾ ਅਖੀਰ, ਸਗੋਂ ਸਿਆਲ ਹੈ।”
ਇਕੋ ਸਵੇਰ ਦੋ ਵਖ ਵਖ ਔਰਤਾਂ ਲਈ ਬਹਾਰ ਵੀ ਲਗਦੀ ਸੀ ਤੇ ਸਿਆਲ ਵੀ। ਮੈਂ ਇਕ ਹਾਂ, ਪਰ ਮੇਰੇ ਅੰਦਰ ਦੋ ਵਖ ਵਖ ਬੰਦੇ ਰਹਿੰਦੇ ਹਨ: ਇਕ ਨੌਜਵਾਨ, ਦੂਜਾ ਬਜ਼ੁਰਗ, ਖੇੜਾ ਤੇ ਬਰਫ਼ ; ਬਸੰਤ ਤੇ ਸਿਆਲ। ਇਸ ਲਈ ਹੈਰਾਨ ਨਾ ਹੋਣਾ ਜੇ ਤੁਹਾਨੂੰ ਮੇਰੀ ਕਿਤਾਬ ਵਿਚ ਕਵਿਤਾ ਵੀ ਮਿਲੇ ਤੇ ਵਾਰਤਕ ਵੀ।
“ਤੂੰ ਦੋ ਤਰਬੂਜ਼ ਇਕੋ ਹੱਥ ਵਿਚ ਨਹੀਂ ਫੜਣੇ ਚਾਹੁੰਦਾ ?” ਮੈਨੂੰ ਪੁੱਛਿਆ ਜਾ ਸਕਦਾ ਹੈ।
“ਨਹੀਂ”, ਮੈਂ ਜਵਾਬ ਦੇਂਦਾ ਹਾਂ। “ਮੈਂ ਨਹੀਂ ਚਾਹੁੰਦਾ।” ਕਿਉਂਕਿ ਜਦੋਂ ਮੈਂ ਵਖ ਵਖ ਸਾਹਿਤ-ਰੂਪਾਂ ਨੂੰ ਇਕ ਥਾਂ ਇਕੱਠਾ ਕਰਦਾ ਹਾਂ, ਤਾਂ ਇਹ ਉਸੇ ਤਰ੍ਹਾਂ ਨਹੀਂ ਜਿਸ ਤਰ੍ਹਾਂ ਵੱਖੋ ਵਖਰੀ ਤਰ੍ਹਾਂ ਦੇ ਫਲ ਕੱਟ ਕੇ ਫਲਾਂ ਦੀ ਸਲਾਦ ਲਈ ਇਕ ਥਾਂ ਮਿਲਾ ਦੇਣਾ। ਮੈਂ ਉਹਨਾਂ ਨੂੰ ਇਕਮਿਕ ਕਰ ਦੇਣਾ ਚਾਹੁੰਦਾ ਹਾਂ, ਉਹਨਾਂ ਨੂੰ ਇਸ ਨਾਲ ਪਿਉਂਦਣਾ ਚਾਹੁੰਦਾ ਹਾਂ, ਜਿਸ ਤਰ੍ਹਾਂ ਇਕ ਸਿਆਣਾ ਮਾਲੀ ਨਵੀਂ ਵੰਨਗੀ ਪੈਦਾ ਕਰਨ ਲਈ ਪਿਉਂਦਦਾ ਹੈ।
ਮੈਨੂੰ ਨਹੀਂ ਪਤਾ, ਵਿਚੋਂ ਕੀ ਨਿਕਲੇਗਾ।
ਪਰ ਕੀ ਇੰਝ ਹਰ ਕੰਮ ਨਾਲ ਨਹੀਂ ਹੁੰਦਾ? ਜਦੋਂ ਤੁਸੀਂ ਅੱਗ ਬਾਲਦੇ ਹੋ ਤਾਂ ਤੁਸੀਂ ਸਾਰੇ ਸੰਭਵ ਸਿੱਟਿਆਂ ਨੂੰ ਅਗਾਊਂ ਹੀ ਨਹੀਂ ਦੇਖ ਸਕਦੇ। ਇਸਦਾ ਮਤਲਬ ਇਹ ਨਹੀਂ ਕਿ ਹਰ ਵਾਰੀ ਅੱਗ ਬਾਲਣ ਲੱਗਿਆਂ ਤੁਹਾਨੂੰ ਡਰ ਕੇ ਰਹਿਣਾ ਚਾਹੀਦਾ ਹੈ। ਮੈਂ ਤੀਲ੍ਹੀ ਬਾਲਦਾ ਹਾਂ ਤੇ ਹੱਥਾਂ ਦੇ ਬੁੱਕ ਵਿਚ ਇਸਨੂੰ ਸੰਭਾਲਦਿਆਂ, ਸੁੱਕੀ ਲੱਕੜੀ ਕੋਲ ਲੈ ਜਾਂਦਾ ਹਾਂ । ਇਕ ਲਾਟ ਬਲ ਪੈਂਦੀ ਹੈ। ਮੈਨੂੰ ਕੋਈ ਡਰ ਨਹੀਂ ਲਗਦਾ ਕਿ, ਭਾਵੇਂ ਇਹ ਅਜੇ ਕਮਜ਼ੋਰ ਤੇ ਨੀਵੀਂ ਹੈ, ਇਹ ਇਕਦਮ ਜੰਗਲੀ ਜਾਨਵਰ ਦਾ ਰੂਪ ਧਾਰ ਲਵੇਗੀ, ਜਿਸਨੂੰ ਕੋਈ ਨਹੀਂ ਨਕੇਲ ਪਾ ਸਕਾਦ। ਮੈਂ ਇਸ ਬਾਰੇ ਨਹੀਂ ਸੋਚਦਾ। ਮੈਂ ਤਾਂ ਬੱਸ ਅੱਗ ਬਾਲ ਦੇਂਦਾ ਹਾਂ।
ਸ਼ਾਮਿਲ ਨੇ ਆਪਣਾ ਹੀ ਇਕ ਕਥਨ ਆਪਣੀ ਤਲਵਾਰ ਉਤੇ ਉਕਰਾ ਛਡਿਆ ਹੋਇਆ ਸੀ : “ਉਹ ਬੰਦਾ ਬਹਾਦਰ ਨਹੀਂ ਜਿਹੜਾ ਜੰਗ ਵਿਚ ਜਾਣ ਲੱਗਿਆਂ ਇਸਦੇ ਸਿੱਟਿਆਂ ਬਾਰੇ ਸੋਚਦਾ ਹੈ।”
ਅਖਾਣ ਹੈ : ਸਿਆਣੇ ਹੱਥਾਂ ਵਿਚ ਸੱਪ ਦੀ ਜ਼ਹਿਰ ਵੀ ਭਲਾ ਕਰ ਸਕਦੀ ਹੈ; ਮੂਰਖ ਦੇ ਹੱਥਾਂ ਵਿਚ ਸ਼ਹਿਦ ਵੀ ਨੁਕਸਾਨ ਪੁਚਾ ਸਕਦਾ ਹੈ।
ਇਕ ਹੋਰ ਅਖਾਣ ਹੈ : ਜੇ ਤੁਸੀਂ ਕਹਾਣੀ ਸੁਣਾ ਨਹੀਂ ਸਕਦੇ, ਤਾਂ ਗਾਓ: ਜੇ ਗਾ ਨਹੀਂ ਸਕਦੇ ਤਾਂ ਕਹਾਣੀ ਸੁਣਾਓ।
ਸ਼ੈਲੀ
ਗਾਉਣ ਵਾਲੇ ਦਾ ਗਲਾ ਉਸਦੀ ਪਛਾਣ।
ਸੁਨਿਆਰੇ ਦੀ ਪਰਖ-ਗਹਿਣਿਆਂ ਦੀ ਸ਼ਾਨ।
(ਕੂਬਾਚੀ ਦਸਤਕਾਰੀ ਉਤੇ ਉੱਕਰੇ ਸ਼ਬਦ)
“ਕਿਉਂ ਤੂੰ ਚੀਖਦਾ ਪਿਐਂ ?”
“ਮੈਂ ਚੀਖਦਾ ਨਹੀਂ ! ਮੈਂ ਗੱਲਾਂ ਹੀ ਏਦਾਂ ਕਰਦਾਂ ।”
(ਪਤੀ ਪਤਨੀ ਵਿਚਕਾਰ ਗੱਲਬਾਤ)
“ਤੇਰੀਆਂ ਨਜ਼ਮਾਂ ਵਿਚ ਕਵਿਤਾ ਨਹੀਂ ਲਗਦੀ।”
“ਮੇਰਾ ਲਿਖਣ-ਢੰਗ ਇਸ ਤਰ੍ਹਾਂ ਦਾ ਹੈ।”
(ਪਾਠਕ ਤੇ ਕਵੀ ਵਿਚਕਾਰ ਗੱਲਬਾਤ)
ਸਾਨੂੰ ਮੁੰਡਿਆਂ ਨੂੰ ਪਿੰਡ ਦੀ ਗੋਦੇਕਨ ਜਾਂ ਪੰਚਾਇਤਘਰ ਵਿਚ ਜਾਣ ਦੀ ਆਗਿਆ ਨਹੀਂ ਸੀ ਹੁੰਦੀ ਜਦੋਂ ਉਥੇ ਵੱਡੇ ਗੱਲਬਾਤ ਕਰ ਰਹੇ ਹੁੰਦੇ। ਅਸੀਂ ਦੂਰੋਂ ਹੀ, ਇਕ ਵੱਡੇ ਸਾਰੇ ਪੱਥਰ ਉਤੇ ਬੈਠੇ, ਉਥੇ ਜੋ ਕੁਝ ਚੱਲ ਰਿਹਾ ਹੁੰਦਾ ਦੇਖਦੇ ਰਹਿੰਦੇ। ਇਕ ਵਾਰ ਅਸੀਂ ਦੇਖਿਆ ਕਿ ਅੰਦੀ ਪਿੰਡ ਤੋਂ ਆਏ ਇਕ ਪਰਾਹੁਣੇ ਨੇ ਪੂਰਾ ਇਕ ਘੰਟਾ ਗੋਦੇਕਨ ਸਾਮ੍ਹਣੇ ਤਕਰੀਰ ਕੀਤੀ, ਜਿਸਦੇ ਦੌਰਾਨ ਇਕਾਗਰਚਿਤ ਬੈਠੇ ਸਰੋਤਿਆਂ ਨੇ ਇਕ ਵਾਰੀ ਵੀ ਵਿਘਣ ਨਾ ਪਾਇਆ। ਅਸੀਂ ਆਪਸ ਵਿਚ ਇਸ ਨਤੀਜੇ ਉਤੇ ਪੁੱਜੇ ਕਿ ਅੰਦੀ ਤੋਂ ਆਏ ਬੰਦੇ ਨੇ ਜ਼ਰੂਰ ਕੋਈ ਮਹੱਤਵਪੂਰਨ ਖਬਰ ਲਿਆਂਦੀ ਹੋਵੇਗੀ, ਜਿਹੜਾ ਉਹ ਲੋਕ ਏਨਾਂ ਚਿਰ ਤੇ ਏਨੇਂ ਧਿਆਨ ਨਾਲ ਸੁਣਦੇ ਰਹੇ ਹਨ।
ਘਰ ਜਾ ਕੇ ਮੈਂ ਪਿਤਾ ਜੀ ਨੂੰ ਪੁੱਛਿਆ :
“ਅੰਦੀ ਤੋਂ ਆਏ ਬੰਦੇ ਨੇ ਕੀ ਖਬਰ ਲਿਆਂਦੀ ਸੀ ?”
“ਅਸੀਂ ਤਸਾਦਾ ਵਾਲੇ ਉਹੀ ਗੱਲ ਘੱਟੋ ਘੱਟ ਵੀਹ ਵਾਰੀ ਸੁਣ ਚੁੱਕੇ ਹਾਂ, ਪਰ ਉਹ ਜਿਸ ਤਰ੍ਹਾਂ ਬੋਲਦੈ, ਤੁਸੀਂ ਸੁਣਨ ਲਈ ਮਜਬੂਰ ਹੋ ਜਾਂਦੇ ਹੋ, ਭਾਵੇਂ ਤੁਸੀਂ ਚਾਹੁੰਦੇ ਹੋਵੋ ਜਾਂ ਨਾ! ਕਿਆ ਬਾਤ ਹੈ ਉਸਦੀ, ਅੱਲਾਹ ਉਸਦੀ ਉਮਰ ਲੰਮੀ ਕਰੇ।” ਨਿੱਜੀ ਢੰਗ ਬਾਰੇ ਕੁਝ ਹੋਰ : ਹਰ ਜਾਨਵਰ ਦਾ ਆਪਣਾ ਤਰੀਕਾ ਹੁੰਦਾ
ਹੈ, ਸ਼ਿਕਾਰੀ ਨੂੰ ਧੋਖਾ ਦੇਣ ਦਾ ਆਪਣਾ ਢੰਗ ਹੁੰਦਾ ਹੈ। ਹਰ ਸ਼ਿਕਾਰੀ ਦਾ ਆਪਣੇ ਸ਼ਿਕਾਰ ਤੱਕ ਪਹੁੰਚਣ ਤੇ ਉਸਨੂੰ ਫੜਣ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ। ਇਸੇ ਤਰ੍ਹਾਂ ਹਰ ਲੇਖਕ ਦਾ ਆਪਣਾ ਢੰਗ ਹੁੰਦਾ ਹੈ, ਕੰਮ ਕਰਨ ਦਾ ਆਪਣਾ ਹੀ ਤਰੀਕਾ, ਆਪਣਾ ਹੀ ਆਚਰਨ, ਆਪਣੀ ਨਿੱਜੀ ਸ਼ੈਲੀ ਹੁੰਦੀ ਹੈ।
ਜਦੋਂ ਮੈਂ ਜਵਾਨ ਕਵੀ ਦੇ ਤੌਰ ਉਤੇ ਸਾਹਿਤ ਦੇ ਇਨਸਟੀਚਿਊਟ ਵਿਚ ਪੜ੍ਹਣ ਲਈ ਪਹਿਲੀ ਵਾਰੀ ਮਾਸਕੋ ਆਇਆ, ਤਾਂ ਮੈਂ ਬਿਲਕੁਲ ਹੀ ਨਵੇਂ ਤੇ ਓਪਰੇ ਮਾਹੌਲ ਵਿਚ ਆ ਗਿਆ ਸਾਂ । ਹਰ ਚੀਜ਼ ਮੇਰੇ ਲਈ ਕੋਈ ਸਬਕ ਲਈ ਬੈਠੀ ਸੀ । ਖੁਦ ਮਾਸਕੋ, ਗੋਸ਼ਟੀਆਂ, ਗੋਸ਼ਟੀਆਂ ਵਿਚ ਪ੍ਰਸਿਧ ਕਵੀ ਤੇ ਪ੍ਰੋਫੈਸਰ, ਮੇਰੇ ਜਮਾਤੀ ਤੇ ਵਿਦਿਆਰਥੀ ਹੋਸਟਲ ਵਿਚਲੇ ਮੇਰੇ ਸਾਥੀ। ਚਾਰ-ਚੁਫੇਰਿਉਂ ਮੇਰੇ ਉਪਰ ਹਿਦਾਇਤਾਂ ਵਰ੍ਹਦੀਆਂ, ਤੇ ਮੈਂ ਕੁਝ ਸਮੇਂ ਲਈ ਆਪਣਾ ਆਪ ਗੁਆ ਬੈਠਾ, ਤੇ ਅਜੀਬ ਜਿਹੀ ਸ਼ੈਲੀ ਵਰਤਦਿਆਂ, ਅਵਾਰ ਸਾਹਿਤ ਵਿਚ ਪਹਿਲਾਂ ਜਿਸਦੀ ਅਣਹੋਂਦ ਸੀ, ਮੈਂ ਨਵੇਂ ਤਰੀਕੇ ਨਾਲ ਲਿਖਣਾ ਸ਼ੁਰੂ ਕਰ ਦਿਤਾ।
ਮੈਂ ਇਹ ਗੱਲ ਲੁਕਾਉਂਦਾ ਨਹੀਂ, ਕਿ ਉਸ ਵੇਲੇ ਮੈਂ ਆਪਣੀਆਂ ਕਵਿਤਾਵਾਂ ਰੂਸੀ ਵਿਚ ਅਨੁਵਾਦ ਹੋਈਆਂ ਦੇਖਣ ਲਈ ਉਤਸੁਕ ਸਾਂ । ਮੈਂ ਰੂਸੀ ਪਾਠਕਾਂ ਤੱਕ ਪਹੁੰਚਣਾ ਚਾਹੁੰਦਾ ਸਾਂ, ਤੇ ਮੈਨੂੰ ਲਗਦਾ ਸੀ ਕਿ ਮੇਰਾ ਨਵਾਂ ਢੰਗ ਮੈਨੂੰ ਉਹਨਾਂ ਦੇ ਹੋਰ ਨੇੜੇ ਲਿਆਵੇਗਾ। ਮੈਂ ਆਪਣੀ ਮਾਤਬੋਲੀ ਅਵਾਰ ਦੇ ਸੰਗੀਤ ਨੂੰ, ਇਸ ਦੀ ਕਵਿਤਾ ਦੀ ਲੈਅ ਨੂੰ ਅੱਖੋਂ ਉਹਲੇ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਲਈ ਸਭ ਤੋਂ ਵੱਧ ਮਹੱਤਵਪੂਰਨ ਚੀਜ਼ਾਂ ਸਨ ਬਣਤਰ, ਨਿਰਾ ਖਿਆਲ। ਮੈਂ ਖਿਆਲ ਕਰਦਾ ਸਾਂ ਕਿ ਮੈਂ ਲੁੜੀਂਦੀ ਨਿੱਜੀ ਸ਼ੈਲੀ ਪ੍ਰਾਪਤ ਕਰ ਰਿਹਾ ਹਾਂ ਪਰ ਹੁਣ ਮੈਂ ਸਮਝਦਾ ਹਾਂ ਕਿ ਮੈਂ ਸਿਰਫ ਚੁਸਤੀ ਦਿਖਾ ਰਿਹਾ ਸੀ।
ਖੁਸ਼ਕਿਸਮਤੀ ਨੂੰ, ਵੇਲੇ ਸਿਰ ਹੀ ਮੈਨੂੰ ਪਤਾ ਲੱਗ ਗਿਆ ਕਿ ਕਵਿਤਾ ਲਿਖਣਾ ਤੇ ਚੁਸਤੀਆਂ ਦਿਖਾਉਣਾ ਦੋ ਬੇਮੇਲ ਚੀਜ਼ਾਂ ਹਨ। ਪਰ ਉਸ ਤੋਂ ਵੀ ਪਹਿਲਾਂ, ਮੇਰੇ ਸਿਆਣੇ ਪਿਤਾ ਨੇ ਮੈਨੂੰ ਸਮਝ ਲਿਆ ਸੀ। ਜਿਉਂ ਹੀ ਉਹਨਾਂ ਨੇ ਮੇਰੀਆਂ ਨਵੀਆਂ ਕਵਿਤਾਵਾਂ ਪੜ੍ਹੀਆਂ, ਉਹ ਇਕਦਮ ਸਮਝ ਗਏ ਕਿ ਭੇਡ ਦੀ ਚਰਬੀ ਵਾਲੀ ਪੂਛਲ ਦੀ ਖਾਤਰ ਮੈਂ ਸਾਰੀ ਭੇਡ ਦੀ ਕੁਰਬਾਨੀ ਦੇਣ ਦੀ ਤਿਆਰੀ ਕਰ ਰਿਹਾ ਹਾਂ, ਕਿ ਮੈਂ ਬੰਜਰ ਤੇ ਪਥਰੀਲੀ ਜ਼ਮੀਨ ਨੂੰ ਵਾਹੁਣ ਬੀਜਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਜਿਥੇ ਕਦੀ ਵੀ ਕੁਝ ਨਹੀਂ ਉਗੇਗਾ, ਭਾਵੇਂ ਕਿੰਨਾਂ ਵੀ ਪਾਣੀ ਦਿੱਤਾ ਜਾਏ ਤੇ ਮੈਂ ਬਿਨਾਂ ਆਕਾਸ਼ ਦੇ ਬਾਰਸ਼ ਦੀ ਇੱਛਾ ਕਰ ਰਿਹਾ ਹਾਂ।
ਪਿਤਾ ਜੀ ਇਹ ਸਾਰਾ ਕੁਝ ਤੁਰੰਤ ਸਮਝ ਗਏ, ਪਰ ਉਹ ਸੁਭਾਅ ਵਜੋਂ ਹੀ ਬੜੇ ਦਿਲ ਰੱਖਣ ਵਾਲੇ ਤੇ ਸੁਚੇਤ ਸਨ। ਇਕ ਦਿਨ ਗੱਲਾਂ ਬਾਤਾਂ ਕਰਦਿਆਂ ਉਹ ਬੋਲੇ :
“ਰਸੂਲ, ਇਹ ਦੇਖ ਕੇ ਮੈਨੂੰ ਅਫਸੋਸ ਹੋਇਐ ਕਿ ਤੇਰਾ ਲਿਖਣ-ਢੰਗ ਬਦਲਣਾ ਸ਼ੁਰੂ ਹੋ ਗਿਐ।”
“ਪਿਤਾ ਜੀ, ਮੈਂ ਹੁਣ ਵੱਡਾ ਹੋ ਗਿਆ ਹਾਂ ਤੇ ਸਿਰਫ ਸਕੂਲ ਵਿਚ ਹੀ ਕਿਸੇ ਦੇ ਲਿਖਣ-ਢੰਗ ਵੱਲ ਧਿਆਨ ਦਿੱਤਾ ਜਾਂਦੈ। ਜਦੋਂ ਤੁਸੀਂ ਵੱਡੇ ਹੋ ਜਾਓ ਤਾਂ ਲੋਕੀਂ ਸਿਰਫ ਇਹ ਹੀ ਨਹੀਂ ਜਾਣਨਾ ਚਾਹੁੰਦੇ ਕਿ ਤੁਸੀਂ ਕਿਵੇਂ ਲਿਖਦੇ ਹੋ, ਸਗੋਂ ਇਹ ਵੀ ਕਿ ਤੁਸੀਂ ਕੀ ਲਿਖਦੇ ਹੋ।”
“ਮਿਲੀਸ਼ੀਆ ਵਾਲੇ ਲਈ ਜਾਂ ਪਿੰਡ ਦੀ ਸੋਵੀਅਤ ਦੇ ਸਕੱਤਰ ਲਈ ਇਹ ਗੱਲ ਠੀਕ ਹੋ ਸਕਦੀ ਹੈ, ਜਿਹੜਾ ਸਰਟੀਫਿਕੇਟ ਭਰਦਾ ਤੇ ਜਾਰੀ ਕਰਦਾ ਹੈ। ਪਰ ਕਵੀ ਲਈ ਉਸਦੀ ਸ਼ੈਲੀ, ਜਿਸ ਤਰ੍ਹਾਂ ਉਹ ਲਿਖਦਾ ਹੈ, ਅੱਧਾ ਕੰਮ ਹੈ। ਕੋਈ ਕਵਿਤਾ ਭਾਵੇਂ ਕਿੰਨਾਂ ਵੀ ਮੌਲਕ ਵਿਚਾਰ ਕਿਉਂ ਨਾ ਪੇਸ਼ ਕਰਦੀ ਹੋਵੇ, ਕਵਿਤਾ ਸੁੰਦਰ ਜ਼ਰੂਰ ਹੋਣੀ ਚਾਹੀਦੀ ਹੈ। ਸਿਰਫ ਖੂਬਸੂਰਤ ਨਹੀਂ ਸਗੋਂ ਆਪਣੇ ਢੰਗ ਨਾਲ ਖੂਬਸੂਰਤ। ਕਵੀ ਲਈ, ਆਪਣੀ ਸ਼ੈਲੀ ਲੱਭਣ ’ਤੇ ਆਪਣੇ ਆਪ ਨੂੰ ਲੱਭਣ ਦਾ ਅਸਲ ਵਿਚ ਮਤਲਬ ਕਵੀ ਬਣਨਾ ਹੁੰਦਾ ਹੈ।
“ਤੂੰ ਬੜੀ ਕਾਹਲ ਕਰ ਰਿਹੈਂ। ਤੇਜ਼ ਤੇ ਚੰਚਲ ਉਛਾਲੇ ਮਾਰਦਾ ਝਰਨਾ ਕਦੀ ਸਮੁੰਦਰ ਤੱਕ ਨਹੀਂ ਪੁੱਜਦਾ; ਵਧੇਰੇ ਇਕਸਾਰ ਤੇ ਸ਼ਾਂਤ ਚਲਦਾ ਦਰਿਆ ਇਸਨੂੰ ਆਪਣੇ ਵਿਚ ਸਮਾ ਲੈਂਦਾ ਹੈ।
“ਜਿਹੜਾ ਪੰਛੀ ਅਕਸਰ ਆਲ੍ਹਣੇ ਬਦਲਦਾ ਰਹਿੰਦਾ ਹੈ ਤੇ ਕਦੀ ਵੀ ਆਪਣਾ ਮਨ ਨਹੀਂ ਬਣਾ ਸਕਦਾ ਕਿ ਕਿਹੜਾ ਆਲ੍ਹਣਾ ਚੁਣੇ, ਅਖੀਰ ਵਿਚ ਬਿਨਾਂ ਆਲ੍ਹਣੇ ਦੇ ਰਹਿ ਜਾਂਦਾ ਹੈ। ਕੀ ਇਹ ਵਧੇਰੇ ਸੌਖਾ ਨਹੀਂ ਕਿ ਬੰਦਾ ਆਪਣਾ ਆਲ੍ਹਣਾ ਬਣਾ ਲਵੇ; ਫਿਰ ਬੰਦੇ ਨੂੰ ਚੋਣ ਕਰਨ ਦੀ ਲੋੜ ਨਹੀਂ ਰਹੇਗੀ।”
ਹੁਣ ਜਦ ਕਿ ਮੈਂ ਚਾਲ੍ਹੀਆਂ ਤੋਂ ਟੱਪ ਚੁੱਕਾ ਹਾਂ, ਮੈਂ ਆਪਣੀਆਂ ਚਾਲ੍ਹੀ ਕਿਤਾਬਾਂ ਲੈ ਕੇ ਬੈਠਦਾ ਹਾਂ। ਮੈਂ ਉਹਨਾਂ ਦੇ ਵਰਕੇ ਪਰਤਦਾ ਹਾਂ ਤੇ ਦੇਖਦਾ ਹਾਂ ਕਿ ਜਿਹੜਾ ਕਣਕ ਦਾ ਖੇਤ ਮੈਂ ਬੀਜਿਆ ਹੈ, ਉਸ ਵਿਚ ਦੂਜੇ ਖੇਤਾਂ ਤੋਂ ਲਿਆਂਦੇ ਬੂਟੇ ਵੀ ਲੱਗੇ ਹੋਏ ਹਨ। ਉਹ ਬੂਟੇ ਜਿਹੜੋਂ ਮੈਂ ਕਦੀ ਵੀ ਨਹੀਂ ਸਨ ਬੀਜੇ। ਇਹ ਕੋਈ ਅਣਚਾਹੀਆਂ ਜਾਂਗਲੀ ਬੂਟੀਆਂ ਨਹੀਂ; ਸ਼ਾਇਦ ਇਹ ਚੰਗੇ ਬੂਟੇ ਹਨ-ਜੌਂ, ਜਵੀ ਜਾਂ ਰਾਈ, ਪਰ ਕਣਕ ਦੇ ਖੇਤ ਵਿਚ ਇਹ ਓਪਰੇ ਹਨ।
ਮੈਨੂੰ ਆਪਣੇ ਇੱਜੜ ਵਿਚ ਕੁਝ ਭੇਡਾਂ ਦਿਖਾਈ ਦੇਂਦੀਆਂ ਹਨ, ਜਿਹੜੀਆਂ ਮੇਰੀਆਂ ਨਹੀਂ। ਉਹ ਉਚਾਈ ਦੀਆਂ ਤੇ ਪਹਾੜੀ ਹਵਾ ਦੀਆਂ ਕਦੀ ਵੀ ਆਦੀ ਨਹੀਂ ਹੋਣਗੀਆਂ।
Credit – ਰਸੂਲ ਹਮਜ਼ਾਤੋਵ