ਜ਼ਿੰਦਗੀ ਜਿੰਦਵਾਦ ਰਾਣਾ ਰਣਵੀਰ | Zindagi Zindabad Rana Ranbir

ਜਿਸ ਕੋਲ ਸ਼ਬਦ ਹਨ ਉਹ ਮਨੁੱਖ ਹੈ। ਜਿਸ ਕੋਲ ਸ਼ਬਦਾਂ ਲਈ ਸਤਿਕਾਰ ਹੈ ਉਹ ਮਨੁੱਖਤਾ ਦੇ ਹੱਕ ਵਿੱਚ ਹੈ। ਜਿਸ ਨੂੰ ਸ਼ਬਦ ਘੜਨੇ ਅਤੇ ਜੜਨੇ ਆਉਂਦੇ ਹਨ ਉਹ ਲੇਖਕ ਹੈ, ਕਲਾਕਾਰ ਹੈ। ਜੋ ਸ਼ਬਦਾਂ ਨੂੰ ਪੜ੍ਹ ਲੈਂਦਾ ਹੈ, ਸਮਝ ਲੈਂਦਾ ਹੈ, ਉਹ ਪਾਠਕ ਹੁੰਦਾ ਹੈ। ਪਾਠਕ ਹੋਣਾ ਪ੍ਰਾਪਤੀ ਹੈ।

ਸਹੀ ਬੋਲ, ਸੁਥਰੇ ਸ਼ਬਦ ਅਤੇ ਸਪੱਸ਼ਟ ਬਾਣੀ ਮਨੁਖ ਵਿੱਚ ਪਰਿਵਰਤਨ ਲੈ ਕੇ ਆਉਂਦੇ ਹਨ। ਜੋ ਮਨੁੱਖ ਇਹਨਾਂ ਤੋਂ ਟੁੱਟ ਜਾਂਦਾ ਹੈ ਉਸ ਕੋਲ ਨਾ ਤਰਕ ਰਹਿੰਦਾ ਹੈ ਅਤੇ ਨਾ ਆਤਮ-ਵਿਸ਼ਵਾਸ। ਤਰਕ ਅਤੇ ਆਤਮ-ਵਿਸ਼ਵਾਸ ਤੋਂ ਬਿਨਾਂ ਪਰਿਵਰਤਨ ਸੰਭਵ ਨਹੀਂ ਹੈ।

ਬੋਲਾਂ ਨੂੰ ਸੁਣ ਕੇ ਅਤੇ ਸ਼ਬਦਾਂ ਨੂੰ ਪੜ੍ਹ ਕੇ ਹੀ ਮਨੁੱਖੀ ਜੀਵਨ ਵਿੱਚ ਹੈਰਾਨ ਕਰ ਦੇਣ ਵਾਲੇ ਪਰਿਵਰਤਨ ਆਏ ਹਨ।

ਕਬੀਰ ਜੀ ਦੇ ਬੋਲ ਸ਼ਬਦ ਬਣ ਜਦ ਬਾਣੀ ਵਿੱਚ ਸਮਾਏ ਤਾਂ ਹਨੇਰੇ ਵਿੱਚ ਭਟਕਦਿਆਂ ਅਨੇਕਾਂ ਲੋਕਾਂ ਨੂੰ ਰੌਸ਼ਨੀ ਮਿਲੀ, ਅੱਜ ਵੀ ਮਿਲ ਰਹੀ ਹੈ ਤੇ ਮਿਲਦੀ ਰਹੇਗੀ ਪਰ ਉਹਨਾਂ ਨੂੰ ਜੋ ਸ਼ਬਦ ਨੂੰ ਸਮਝਣਗੇ, ਅਪਨਾਉਣਗੇ ਅਤੇ ਫੈਲਾਉਣਗੇ। ਕਬੀਰ ਜੀ ਕਹਿੰਦੇ ਹਨ:

ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥

ਗੁਰੂ ਨਾਨਕ ਦੇਵ ਜੀ ਨੇ ਜਾਗਰਿਤ ਹੋਣ ਦਾ ਹੋਕਾ ਦਿੰਦਿਆ ਸਾਨੂੰ ਬੋਲ, ਸ਼ਬਦ, ਬਾਣੀ ਦੀ ਮਹੱਤਤਾ ਬਾਰੇ ਗਿਆਨ ਦਿੱਤਾ। ਬਾਣੀ ਦੁਆਰਾ ਸਾਨੂੰ ਜਾਗਰਿਤ ਕੀਤਾ। ਧਰਤੀ, ਪਾਤਾਲ, ਆਕਾਸ਼, ਕੁਦਰਤ ਅਤੇ ਮਨੁੱਖਤਾ ਬਾਰੇ ਤਰਕ ਨਾਲ ਗਿਆਨ ਦਿੱਤਾ। ਇਹ ਗਿਆਨ ਹੀ ਅਨਪੜ੍ਹਾਂ, ਪਾਖੰਡੀਆਂ, ਵਹਿਮੀਆਂ ਅਤੇ ਹੰਕਾਰੇ ਹੋਇਆਂ ਵਿੱਚ ਪਰਿਵਰਤਨ ਲੈ ਕੇ ਆਇਆ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ॥ਜਪੁ॥

ਸ਼ਬਦ ਦੀ ਤਾਕਤ ਦੀ ਬਦੌਲਤ ਹੀ ਗੁਰੁ ਨਾਨਕ ਜੀ ਦੇ ਵਿਚਾਰ ਦੀ ਪਾਠਸ਼ਾਲਾ ਦਾ ਫੈਲਾਅ ਹੁੰਦਾ ਹੈ।

ਗੁਰੁ ਰਾਮ ਦਾਸ ਜੀ ਸਾਨੂੰ ਬਾਣੀ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਹਿੰਦੇ ਹਨ:

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥

ਗੁਰੁ, ਅਧਿਆਪਕ, ਉਸਤਾਦ, ਸ਼ਬਦਾਂ ਅਤੇ ਬੋਲਾਂ ਬਿਨਾਂ ਪਰਿਵਰਤਨ ਸੰਭਵ ਨਹੀਂ ਹੈ। ਇਸੇ ਲਈ ਸਾਨੂੰ ਕ੍ਰਿਸ਼ਨ, ਹਜ਼ਰਤ ਮਹੁੰਮਦ, ਕਬੀਰ, ਨਾਨਕ, ਗੀਤਾ, ਕੁਰਾਨ, ਗ੍ਰੰਥ, ਪੁਰਾਣ ਮਿਲੇ ਹਨ।

ਪਰਿਵਰਤਨ ਨੇ ਹੀ ਭਾਸ਼ਾ ਹੋਂਦ ਵਿੱਚ ਲਿਆਂਦੀ ਹੈ। ਪਰਿਵਰਤਨ ਨਾ ਹੁੰਦਾ ਤਾਂ ਲਿੱਪੀਆਂ ਨਾ ਹੁੰਦੀਆਂ।

ਬੋਲ, ਸ਼ਬਦ, ਬਾਣੀ ਦੀ ਸ਼ਕਤੀ ਨੂੰ ਪਹਿਚਾਣਿਆਂ ਗੁਰੂਆਂ, ਭਗਤਾਂ, ਕਵੀਆਂ, ਕਹਾਣੀਕਾਰਾਂ, ਕਿੱਸੇਕਾਰਾਂ ਨੇ ਤੇ ਭੰਡ, ਗਵੱਈਏ ਪ੍ਰਚਾਰਕਾਂ ਕਵੀਸ਼ਰਾਂ ਨੇ।

ਸ਼ਬਦ ਅਤੇ ਸਾਹਿਤ ਨੇ ਸੰਸਾਰ ਵਿੱਚ ਅਸੰਭਵ ਪਰਿਵਰਤਨ ਲੈ ਕੇ ਆਉਣ ਵਿੱਚ ਅਹਿਮ ਭੂਮਿਕਾ ਨਿਭਾਈ। ਸਾਹਿਤ ਨੇ ਹੀ ਧਰਤੀ ਉੱਤੇ ਅਲੱਗ-ਅਲੱਗ ਥਾਂਵਾਂ ’ਤੇ ਰਹਿੰਦੇ ਮਨੁੱਖਾਂ ਤੱਕ ਦੂਜੇ ਮਨੁੱਖਾਂ ਦੀਆਂ ਕਥਾ- ਕਹਾਣੀਆਂ, ਰਹਿਣ-ਸਹਿਣ ਤੇ ਗਿਆਨ-ਅਗਿਆਨ ਨੂੰ ਪਹੁੰਚਦਾ ਕੀਤਾ।

ਕਿਤਾਬਾਂ ਦੀ ਤਾਕਤ ਨੇ ਹੀ ਮਨੁੱਖ ਨੂੰ ਨਵੇਂ ਰਾਹਾਂ ਉੱਤੇ ਤੁਰਨ ਦਾ ਹੌਂਸਲਾ ਦਿੱਤਾ ਹੈ। ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਕਿਤਾਬਾਂ ਆ ਜਾਂਦੀਆਂ ਹਨ ਉਹ ਆਪ ਵੀ ਤਬਦੀਲ ਹੋ ਜਾਂਦਾ ਹੈ ਅਤੇ ਹੋਰਾਂ ਵਿੱਚ ਵੀ ਪਰਿਵਰਤਨ ਲੈ ਕੇ ਆਉਂਦਾ ਹੈ।

ਜੇ ਬੋਲ ਸ਼ਬਦ ਆਪਣਾ ਚਿਰ ਸਥਾਈ ਅਸਰ ਰੱਖਦੇ ਹਨ ਤਾਂ ਹੀ ਸ਼੍ਰੀ ਕ੍ਰਿਸ਼ਨ ਯੁੱਧ ਦੇ ਮੈਦਾਨ ਵਿੱਚ ਅਰਜੁਨ ਨੂੰ ਗੀਤਾ ਦਾ ਉਪਦੇਸ਼ ਦਿੰਦੇ ਹਨ। ਜੇ ਲਿਖਿਆ ਹੋਇਆ ਮਹੱਤਵਪੂਰਣ ਨਾ ਹੁੰਦਾ ਤਾਂ ਗੁਰੂ ਨਾਨਕ ਦੇਵ ਜੀ ਚਾਰ ਉਦਾਸੀਆਂ ਦੌਰਾਨ ਭਗਤਾਂ ਦੀ ਬਾਣੀ ਇਕੱਠੀ ਨਾ ਕਰਦੇ। ਲਿਖਤ ਅਤੇ ਲੇਖਕ ਲੋਕਾਂ ਦੇ ਮਨ ਉੱਤੇ ਸਿੱਧਾ ਅਸਰ ਕਰਦੇ ਹਨ ਤਾਂ ਹੀ ਤਾਂ ਗੁਰੂ ਗੋਬਿੰਦ ਜੀ ਨੇ ਆਪਣੇ ਦਰਬਾਰ ਵਿੱਚ ਬਵੰਜਾ ਕਵੀਆਂ ਨੂੰ ਸਤਕਾਰਯੋਗ ਸਥਾਨ ਦਿੱਤਾ ਸੀ।

ਜੁਗ ਬਦਲਣ ਵਾਲੇ ਅਤੇ ਹੱਕ ਸੱਚ ਦੇ ਰਾਖੇ ਵਰਕਿਆਂ ਉੱਤੇ ਉਕਰੇ ਸ਼ਬਦਾਂ ਦੀ ਕੀਮਤ ਤੋਂ ਭਲੀਭਾਂਤ ਵਾਕਿਫ਼ ਰਹੇ ਹਨ ਅਤੇ ਰਹਿਣਗੇ। ਕਰਤਾਰ ਸਿੰਘ ਸਰਾਭਾ ਦੀ ਕਵਿਤਾ “ਸੇਵਾ ਦੇਸ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ….” ਅੱਜ ਵੀ ਉਹੀ ਅਸਰ ਨਾਲ ਜੋਸ਼ ਭਰਦੀ ਹੈ ਜਿਵੇਂ ਆਜ਼ਾਦੀ ਦੀ ਲੜਾਈ ਵੇਲੇ ਭਰਦੀ ਸੀ।

ਕਿਤਾਬਾਂ ਭਗਤ ਸਿੰਘ ਦੀ ਜ਼ਿੰਦਗੀ ਵਿੱਚ ਪਰਿਵਰਤਨ ਲੈ ਆਈਆਂ। ਆਜ਼ਾਦੀ ਦੀ ਲੜਾਈ ਵਿੱਚ ਸ਼ਹੀਦ ਭਗਤ ਸਿੰਘ ਇੱਕ ਵੱਡਾ ਪਰਿਵਰਤਨ ਲੈ ਕੇ ਆਏ। ਭਗਤ ਸਿੰਘ ਆਪਣੇ ਇੱਕ ਲੇਖ ਸਾਹਿਤ ਅਤੇ ਲੋਕ ਚੇਤੰਨਤਾ ਵਿੱਚ ਲਿਖਦੇ ਹਨ: ਇਹ ਤਾਂ ਪੱਕੀ ਗੱਲ ਹੈ ਕਿ ਸਾਹਿਤ ਬਿਨਾਂ ਕੋਈ ਦੇਸ਼ ਅਤੇ ਜਾਤੀ ਉਨਤੀ ਨਹੀਂ ਕਰ ਸਕਦੀ।

ਜਿਹੜੇ ਲੋਕ ਪਰਿਵਰਤਨ ਨਹੀਂ ਚਾਹੁੰਦੇ ਉਹ ਜਿਉਂਣ ਦਾ ਚਾਅ ਨਹੀਂ ਰੱਖਦੇ। ਪਰਿਵਰਤਨ ਤੋਂ ਭੱਜਣ ਵਾਲੇ ਮਨੁੱਖ ਕੁਦਰਤ ਨਾਲ ਰੁੱਸੇ ਹੋਏ ਹੁੰਦੇ ਹਨ। ਧੀ-ਪੁੱਤ ਮਨੁੱਖ ਦੀ ਜ਼ਿੰਦਗੀ ਵਿੱਚ ਵੱਡਾ ਪਰਿਵਰਤਨ ਲੈ ਕੇ ਆਉਂਦੇ ਹਨ। ਕਿਤਾਬਾਂ ਨਾਲ ਜੁੜਨ ਵਾਲੇ ਧੀ-ਪੁੱਤ ਸਮਾਜ ਵਿੱਚ ਪਰਿਵਰਤਨ ਲੈ ਕੇ ਆਉਂਦੇ ਹਨ। ਧੀ ਪਰਿਵਰਤਨ ਨੂੰ ਬਹੁਤ ਜਲਦੀ ਸਵੀਕਾਰ ਕਰ ਲੈਂਦੀ ਹੈ। ਏਸੇ ਲਈ ਧੀ ਪਰਿਵਰਤਨ ਲਈ ਪ੍ਰੇਰਨਾ ਬਣਦੀ ਹੈ। ਧੀ ਨੂੰ ਕਤਲ ਕਰਨ ਵਾਲੇ ਪਰਿਵਰਤਨ ਤੋਂ ਡਰਦੇ ਹਨ। ਪਰਿਵਰਤਨ ਨੂੰ ਸਵੀਕਾਰ ਕਰਨ ਵਾਲੇ ਲੋਕ ਸਲਾਹੇ ਜਾਂਦੇ ਹਨ। ਪਰਿਵਰਤਨ ਲਿਆਉਣ ਵਾਲੇ ਹੀ ਮਹਾਨ ਬਣਦੇ ਹਨ। ਪਰਿਵਰਤਨ ਦੇ ਰਾਹ ਪੈਣ ਵਾਲੇ ਲੋਕ ਖੁਸ਼ੀ ਦੇ ਡੇਰੇ ‘ਤੇ ਪਹੁੰਚ ਕੇ ਧਮਾਲਾਂ ਪਾਉਂਦੇ ਹਨ। ਧਮਾਲਾਂ ਪਾਉਣ ਲਈ ਸੋਚ ਨੂੰ ਚਾਅ ਦੇ ਖੰਭ ਲਾਉਣੇ ਜ਼ਰੂਰੀ ਹਨ।

ਜ਼ਿੰਦਗੀ ਜਿੰਦਵਾਦ ਰਾਣਾ ਰਣਵੀਰ |  Zindagi Zindabad Rana Ranbir

ਸੋਚ ਵਿੱਚ ਪਰਿਵਰਤਨ ਨਾ ਆਉਂਦਾ ਤਾਂ ਅਸੀਂ ਅੱਜ ਵੀ ਜੰਗਲਾਂ

ਵਿੱਚ ਹੁੰਦੇ। ਸੋਚ ਵਿੱਚ ਪਰਿਵਰਤਨ ਨਾ ਆਉਂਦਾ ਤਾਂ ਭਾਰਤ ਆਜ਼ਾਦ ਨਾ ਹੁੰਦਾ। ਪਰਿਵਰਤਨ ਨੇ ਹੀ ਸਕੂਲ ਕਾਲਜ ਹੋਂਦ ਵਿੱਚ ਲਿਆਂਦੇ ਹਨ। ਅੱਜ ਵੀ ਪਰਿਵਰਤਨ ਦੀ ਲੋੜ ਹੈ। ਪਰਿਵਰਤਨ ਹਰ ਵਕਤ ਦੀ ਜ਼ਰੂਰਤ ਹੈ।

ਹੈ ਟਾਈਮ ਪਰਿਵਰਤਨ ਲਈ? ਤੁਸੀਂ ਚਾਹੁੰਦੇ ਹੋ ਪਰਿਵਰਤਨ? ਆਪਣੇ ਆਲੇ-ਦੁਆਲੇ ਵਿੱਚ? ਟੈਨਸ਼ਨ ਦਿੰਦਾ ਹੈ ਨਾ ਆਲਾ-ਦੁਆਲਾ!!

ਓ. ਕੇ! ਟੈਨਸ਼ਨ ਨਾ ਲਿਆ ਕਰੋ। ਨਾ ਹੀ ਟੈਨਸ਼ਨ ਦਿਆ ਕਰੋਂ ਕਿਉਂਕਿ ਦੋਵੇਂ ਪਾਸੇ ਮਿਲਣਾ ਕੁਝ ਨਹੀਂ ਗਵਾ ਬਹੁਤ ਕੁਝ ਸਕਦੇ ਹੋ। ਆਪਾਂ ਗਵਾਉਣਾ ਨਹੀਂ ਪਾਉਣਾ ਹੈ, ਉਹ ਵੀ ਪਿਆਰ ਨਾਲ, ਨਿਸ਼ਚੈ ਨਾਲ, ਠੀਕ ਰਹਿ ਕੇ, ਮਸਤੀ ਵਿੱਚ। ਦਰਅਸਲ ਜੇ ਤੁਸੀਂ ਪਰਿਵਰਤਨ ਚਾਹੁੰਦੇ ਹੋ ਆਲੇ ਦੁਆਲੇ ਵਿੱਚ। ਉਹਦੇ ਲਈ ਖੁਦ ਵਿੱਚ ਪਹਿਲਾਂ ਪਰਿਵਰਤਨ ਲਿਆਉਣਾ ਪੈਣਾ ਹੈ ਅਤੇ ਖੁਦ ਨੂੰ ਚੰਗੇ ਵਿਚਾਰ ਨਾਲ ਜੋੜਨਾ ਹੀ ਸਭ ਤੋਂ ਜ਼ਰੂਰੀ ਹੈ।

ਹਰ ਬੰਦਾ ਚਾਹੁੰਦਾ ਹੈ ਕਿ ਉਸ ਦੇ ਕਿਰਦਾਰ ਦੀ ਚੰਗੀ ਗੱਲ ਕੀਤੀ ਜਾਵੇ। ਕੌਣ ਨਹੀਂ ਚਾਹੁੰਦਾ ਕਿ ਉਸਦੇ ਕਿਰਦਾਰ ਦੀ ਸੋਹਣੀ ਮਿਸਾਲ ਨਾ ਦਿੱਤੀ ਜਾਵੇ। ਅਸੀਂ ਸਭ ਚਾਹੁੰਦੇ ਹਾਂ ਕਿ ਹਰ ਇੱਕ ਦਾ ਕਿਰਦਾਰ ਕੁਦਰਤ ਅਤੇ ਮਨੁੱਖ ਦੇ ਹੱਕ ਵਿੱਚ ਹੋਵੇ। ਇਹ ਹੋਵੇ ਕਿਵੇਂ?

ਕਮਜ਼ੋਰ ਹੋਣਾ ਕੋਈ ਪਸੰਦ ਨਹੀਂ ਕਰਦਾ। ਤਾਕਤਵਰ ਹੋਣਾ ਸਭ ਦੀ ਰੀਝ ਹੁੰਦੀ ਹੈ ਤੇ ਹੋਣੀ ਵੀ ਚਾਹੀਦੀ ਹੈ। ਮਨੁੱਖਤਾ ਵਿਰੋਧੀ ਤੇ ਕੁਦਰਤ ਵਿਰੋਧੀ ਤਾਕਤਾਂ ਨੂੰ ਚੰਗਾ ਤੇ ਸੋਹਣਾ ਸੋਚਣ ਵਾਲੇ ਕਦੇ ਵੀ ਪਸੰਦ ਨਹੀਂ ਕਰਦੇ। ਤੁਹਾਡਾ ਤੇ ਮੇਰਾ ਸਾਂਝਾ ਸ਼ਿਕਵਾ ਹੈ ਕਿ ਸਿਆਸੀ ਤਾਕਤ ਵਾਲੇ ਆਮ ਜਨਤਾ ਦਾ ਦਰਦ ਨਹੀਂ ਪਹਿਚਾਣਦੇ। ਅੱਜ ਬਹੁਤੀਆਂ ਪਰਸਥਿਤੀਆਂ ਉੱਤੇ ਅਸੀਂ ਖ਼ੁਦ ਨੂੰ ਕਮਜ਼ੋਰ ਮਹਿਸੂਸ ਕਰਦੇ ਹਾਂ।

ਸਭ ਮਨੁੱਖ ਬਰਾਬਰ ਹਨ। ਬਾਰਬਰਤਾ ਦਾ ਅਧਿਕਾਰ ਦਿਓ। ਉਹ ਮੇਰੇ ਬਰਾਬਰ ਦਾ ਨਹੀਂ। ਅਸੀਂ ਉਹਦੇ ਬਰਾਬਰ ਹੋ ਹੀ ਨਹੀਂ ਸਕਦੇ। ਉਹਦੇ ਬਰਾਬਰ ਕੋਈ ਨਹੀਂ ਖੜ ਸਕਦਾ। ਬਰਾਬਰਤਾ ਵਰਗੀ ਰੀਸ ਨਹੀਂ। ਬਰਾਬਰਤਾ ਹੀ ਸਹੀ ਜੀਵਨ ਦੀ ਨੀਂਹ ਰੱਖਦੀ ਹੈ … ਇਹ ਗੱਲਾਂ ਅਸੀਂ ਅਕਸਰ ਕਰਦੇ ਵੀ ਹਾਂ ਅਤੇ ਸੁਣਦੇ ਵੀ ਹਾਂ।

ਕਿਰਦਾਰ, ਤਾਕਤ ਅਤੇ ਬਰਾਬਰਤਾ ਦੀ ਘਾਟ ਹੀ ਸਾਨੂੰ ਬੇਚੈਨ ਕਰਦੀ ਹੈ। ਇਹ ਬੇਚੈਨ ਕਰਨ ਵਾਲੇ ਸ਼ਬਦ ਹੀ ਰਾਹ ਦਿਖਾ ਰਹੇ ਹਨ।

ਇਹ ਸ਼ਬਦ ਹੀ ਸਕੂਨ ਦੀ ਪੌੜੀ ਬਣ ਸਕਦੇ ਹਨ। ਕਿਵੇਂ?

ਕਿਰਦਾਰ ਵਿੱਚੋਂ ਕੱਕੇ ਨੂੰ ਸਿਹਾਰੀ ਲੈ ਲਵੋ  ਕਿ

ਤਾਕਤ ਦਾ ਤੱਤੇ ਨੂੰ ਕੰਨਾ ਲੈ ਲਵੋ  ਤਾਂ

ਬਰਾਬਰਤਾ ਵਿੱਚੋਂ ਬੱਬਾ ਲੈ ਲੈਂਦੇ ਹਾਂ … … ਬ

ਅਸੀਂ ਲੈ ਲਿਆ ਕਿ अ ਬ। ਇਹਨਾ ਨੂੰ ਜੋੜ ਦਿੰਦੇ … … ਹਾਂ। ਕੱਲੇ ਕੱਲੇ ਰਹਿਣ ਨਾਲ ਕੁਝ ਨਹੀਂ ਹੁੰਦਾ। ਕਿਉਂਕਿ ਇੱਕਠੇ ਹੋਣਾ ਅਤੇ ਇਕੱਠੇ ਕਰਨਾ ਹੀ ਸਾਡਾ ਮਕਸਦ ਹੋਣਾ ਚਾਹੀਦਾ ਹੈ। ਕਿ+ ਤਾ+ घ ਕਿਤਾਬ =

ਖੁਸ਼ੀ, ਹੌਂਸਲਾ, ਮੰਜਿਲ, ਕਿਰਦਾਰ, ਤਾਕਤ, ਬਰਾਬਰਤਾ, ਸਕੂਨ, ਮਿੱਤਰਤਾ ਹਾਸਿਲ ਕਰਨ ਦਾ ਮੰਤਰ ਹੈ ਕਿਤਾਬ। ਕਿਤਾਬਾਂ ਦਾ ਇਹ ਮੰਤਰ, ਛੋਟਿਆਂ ਵੱਡਿਆਂ ਸਭ ਲਈ ਜ਼ਰੂਰੀ ਹੈ।

ਇਹ ਦੱਸੋ ਤੁਸੀਂ ਕਿਤਾਬਾਂ ਪੜ੍ਹਦੇ ਹੋ?

ਪੜ੍ਹੇ ਹੋਏ ਉੱਪਰ ਅਮਲ ਕਰਦੇ ਹੋ?

ਜੇ ਪੜ੍ਹਦੇ ਹੋ ਤਾਂ ਕੀ ਕਿਸੇ ਹੋਰ ਨੂੰ ਪੜ੍ਹਨ ਲਈ ਪ੍ਰੇਰਦੇ ਹੋ?

ਜੇ ਨਹੀਂ ਪੜ੍ਹਦੇ ਤਾਂ ਕਿਉਂ?

ਮੈਂ ਵੀ ਕਦੇ ਕਿਤਾਬਾਂ ਨਹੀਂ ਪੜ੍ਹਦਾ ਸੀ। ਇੱਕ ਵਕਤ ਮੇਰੇ ਲਈ ਪੜ੍ਹਨਾ ਸਿਰਫ਼ ਜਮਾਤਾਂ ਪਾਸ ਕਰਕੇ ਡਿਗਰੀ ਹਾਸਿਲ ਕਰਨਾ ਸੀ। ਜਿਵੇਂ ਕਿ ਅੱਜ ਵੀ ਬਹੁਤਿਆਂ ਤੋਂ ਜ਼ਿਆਦਾ ਨੂੰ ਇਵੇਂ ਹੀ ਲੱਗਦਾ ਹੈ। ਮੈਂ ਵੀ ਸੋਚਦਾ ਹੁੰਦਾ ਸੀ ਕਿ ਪੜ੍ਹਨ ਦੀ ਵੀ ਇੱਕ ਨਿਸ਼ਚਤ ਉਮਰ ਹੁੰਦੀ ਹੈ। ਸਾਹਿਤ ਜਾਂ ਲਿਟਰੇਚਰ ਕਿਸ ਸ਼ੈ ਦਾ ਨਾਮ ਹੈ ਇਹ ਹਮ ਕੋ ਨਾ ਪਤਾ ਥਾ ਭਾਈ। ਸਾਹਿਤ ਪੜ੍ਹਨ ਬਾਰੇ ਨਾ ਕਦੇ ਕਿਸੇ ਨੇ ਦੱਸਿਆ ਸੀ ਨਾ ਹੀ ਮੈਂ ਕਦੇ ਸੋਚਿਆ ਸੀ। ਹੁਣ ਅੱਜ ਦੇ ਵਕਤ ਵਿੱਚ ਮੈਂ ਕਿਤਾਬ ਬਿਨਾਂ ਰਹਿ ਨਹੀਂ ਸਕਦਾ। ਮੈਨੂੰ ਨਿੱਤ ਨਵੀਂ ਕਿਤਾਬ ਚਾਹੀਦੀ ਹੈ।

ਪੜ੍ਹਨ ਲਈ ਵਕਤ ਚਾਹੀਦਾ ਹੈ! ਇਹ ਇੱਕ ਪੁਰਾਣਾ, ਪ੍ਰਚੱਲਿਤ ਤੇ ਆਲਸੀ ਲੋਕਾਂ ਦਾ ਬਹਾਨਾ ਹੈ।

ਜ਼ਿੰਦਗੀ ਜਿੰਦਵਾਦ ਰਾਣਾ ਰਣਵੀਰ |  Zindagi Zindabad Rana Ranbir

ਮੈਂ ਟੀ.ਵੀ ਵੀ ਦੇਖਦਾ ਹਾਂ, ਸਿਨੇਮਾ ਵੀ ਜਾਂਦਾ ਹਾਂ, ਲਿਖਦਾ ਵੀ ਹਾਂ, ਆਪਣੇ ਕੰਮ ਵੀ ਕਰਦਾ ਹਾਂ, ਬੱਚਿਆਂ ਨਾਲ ਖੇਡਦਾ ਵੀ ਹਾਂ, ਮਸਤੀ ਵੀ ਕਰਦਾ ਹਾਂ, ਸ਼ੂਟਿੰਗ, ਲਿਖਣਾ, ਲੈਕਚਰ, ਮਿਲਣਾ, ਸੋਣਾ ਸਭ ਚੱਲਦਾ ਹੈ ਫੇਰ ਵੀ ਵਕਤ ਬਚ ਜਾਂਦਾ ਹੈ। ਬਚੇ ਵਕਤ ਵਿੱਚ ਪੜ੍ਹਦਾ ਹਾਂ। ਵਕਤ ਕੱਢ ਕੇ ਵੀ ਪੜ੍ਹਦਾ ਹਾਂ। ਮਿਥ ਕੇ ਵੀ ਪੜ੍ਹਦਾ ਹਾਂ।

ਅੱਛਾ ਇਹ ਦੱਸੋ, ਕੀ ਤੁਸੀਂ ਇਹ ਅਗਲੀਆਂ ਗੱਲਾਂ ਕਹਿੰਦੇ-ਕਰਦੇ ㅎ?

  1. ਬਸ ਠੀਕ ਐ ਗੁਜ਼ਰੀ ਜਾਂਦੀ ਹੈ।
  2. ਆਪਾਂ ਕੀ ਲੈਣਾ ਹੈ।
  3. ਇਹ ਸਭ ਤਾਂ ਹੁੰਦਾ ਹੀ ਰਹਿੰਦਾ ਹੈ।
  4. ਚੁੱਪ ਹੀ ਭਲੀ ਹੈ।
  5. ਰੱਬ ਸਭ ਦੇਖਦਾ ਹੈ।
  6. ਮੇਰੀ ਤਾਂ ਕਿਸਮਤ ਹੀ ਖ਼ਰਾਬ ਹੈ।
  7. ਮੈਨੂੰ ਲੋਕ ਸਮਝਦੇ ਹੀ ਨਹੀਂ।
  8. ਇਸ ਦੇਸ ਦਾ ਕੁਝ ਨਹੀਂ ਹੋ ਸਕਦਾ।
  9. ਮੇਰੇ ਬਦਲਣ ਨਾਲ ਕੀ ਹੋ ਜੂ?

10.ਓ ਰੱਬਾ ਕਰ ਕੋਈ ਚਮਤਕਾਰ!

ਜਵਾਬ ਤਾਂ ਵੈਸੇ ਇਹਨਾਂ ਗੱਲਾਂ ਦਾ ਤੁਹਾਨੂੰ ਖੁਦ ਵੱਲੋਂ, ਇਹ ਸਭ ਪੜ੍ਹਦੇ ਹੋਏ ਹੀ ਮਿਲ ਗਿਆ ਹੋਊ ਪਰ ਫੇਰ ਵੀ ਸੋਚਿਓ!

ਸੋਚ ਬਾਅਦ ਵਿੱਚ ਲੈਣਾ ਪਹਿਲਾਂ ਆਪਾਂ ਗੱਲਬਾਤ ਕਰ ਲਈਏ। ਹੁਣ ਤੁਸੀਂ ਕਹੋਂਗੇ “ਟੈਮ ਨ੍ਹੀ ਹੈਗਾ” “ਛੱਡ ਪਰ੍ਹਾਂ” … ਵੈਸੇ ਕੀ ਜ਼ਰੂਰੀ ਕੰਮ ਐ? ਚਲੋ ਜੇ ਤੁਸੀਂ ਸੱਚੀਂ ਹੀ ਜ਼ਿਆਦਾ ਬਿਜ਼ੀ ਹੋ ਤਾਂ ਭਾਈ ਏਥੇ ਹੀ ਵਰਕਾ ਮੋੜ ਕੇ ਰੱਖ ਦਿਓ। ਜਦੋਂ ਵੀ ਵਿਹਲੇ ਹੋਏ: ਇੱਕ ਮਿੰਟ ਬਾਅਦ, ਇੱਕ ਘੰਟਾ-ਇੱਕ ਦਿਨ ਬਾਅਦ, ਇੱਕ ਮਹੀਨਾ- ਇੱਕ ਸਾਲ ਬਾਅਦ ਜਦ ਵੀ ਵਿਹਲ ਮਿਲੀ ਫੇਰ ਸ਼ੁਰੂ ਕਰ ਲਿਓ ਮੈਂ ਏਥੇ ਹੀ ਮਿਲੂਗਾ ਕਿਉਂਕਿ ਹੁਣ ਮੈਂ ਗੱਲਬਾਤ ਲੈ ਕੇ ਵਰਕਿਆਂ ਵਿੱਚ ਹਾਂ, ਸਰੀਰਕ ਰੂਪ ਵਿੱਚ ਨਹੀਂ। ਸਰੀਰਕ ਰੂਪ ਹੁਣ ਸ਼ਬਦਾਂ ਦਾ ਹੈ ਤੇ ਸ਼ਬਦ ਕਦੇ ਮਰਦੇ ਨਹੀਂ। ਇਹੀ ਤਾਂ ਸ਼ਬਦਾਂ ਦੀ ਮੌਜ ਹੈ।

ਸ਼ਬਦ ਤਾਂ ਕੋਰੇ ਵਰਕਿਆਂ ਦਾ ਰੂਪ ਬਦਲ ਦਿੰਦੇ ਹਨ। ਕੋਰੇ ਵਰਕਿਆਂ ਨੂੰ ਬਦਲਣ ਵਾਲੇ ਸ਼ਬਦ ਮਨੁੱਖ ਵਿੱਚ ਪਰਿਵਰਤਨ ਕਿਉਂ ਨਹੀਂ ਲੈ ਕੇ ਆ ਸਕਦੇ?? ਕੋਰੇ ਵਰਕੇ ਉੱਤੇ ਸ਼ਬਦਾਂ ਨਾਲ ਰੌਣਕ ਲੱਗਦੀ ਹੈ। ਸੋਚ ਅਤੇ ਸ਼ਬਦ ਦੀ ਵਰਤੋਂ ਹੀ ਖ਼ਾਲੀ ਵਰਕੇ ਦਾ ਕਿਰਦਾਰ ਘੜਦੀ ਹੈ। ਭਗਵਾਨ, ਅੱਲਾ, ਗੌਡ, ਵਾਹਿਗੁਰੂ, ਜਿੰਨਾ ਵਰਕਿਆਂ ‘ਤੇ ਲਿਖਿਆ ਹੋਵੇ ਉਹ ਸਿਰਫ਼ ਵਰਕੇ ਨਹੀਂ ਰਹਿੰਦੇ। ਪਿਆਰ ਲਿਖਣ ਨਾਲ ਵਰਕਾ ਸੁਨੱਖਾ ਲੱਗਦਾ ਹੈ, ਗਾਲ ਲਿਖਣ ਨਾਲ ਵਰਕਾ ਬਦਤਮੀਜ਼ ਅਤੇ ਬੇਅਕਲ ਹੋ ਜਾਂਦਾ ਹੈ। ਮੱਤ ਦਿੰਦੇ ਅਤੇ ਰਾਹ ਵਿਖਾਉਂਦੇ ਵਰਕੇ ਦੂਜਿਆਂ ਨਾਲ ਸਾਂਝੇ ਕੀਤੇ ਜਾਂਦੇ ਹਨ ਤੇ ਸਾਂਭੇ ਜਾਂਦੇ ਹਨ। ਅਸ਼ਲੀਲ ਸ਼ਬਦਾਂ ਵਾਲੇ ਵਰਕੇ ਚੋਰੀ ਪੜ੍ਹੇ ਜਾਂਦੇ ਹਨ ਅਤੇ ਲੁਕੋ ਕੇ ਰੱਖੇ ਜਾਂਦੇ ਹਨ।

ਜ਼ਿੰਦਗੀ ਜਿੰਦਵਾਦ ਰਾਣਾ ਰਣਵੀਰ |  Zindagi Zindabad Rana Ranbir

ਸ਼ਬਦ ਹੀ ਮਨੁੱਖ ਅਤੇ ਵਰਕਿਆਂ ਦਾ ਕਿਰਦਾਰ ਘੜਦੇ ਹਨ।

ਜਿਸ ਵਕਤ ਤੁਹਾਨੂੰ ਵਕਤ ਮਿਲਿਆ ਮੇਰੇ ਸ਼ਬਦ ਪੜ੍ਹ ਲਿਓ। ਸ਼ਾਇਦ ਪੜ੍ਹ ਕੇ ਪਰਹੇਜ਼ ਕਰ ਲਵੋਂ ਕੁਝ ਗੱਲਾਂ ਤੋਂ ਅਤੇ ਕੁਝ ਕੁ ਦੀ ਆਦਤ ਪਾ ਲਵੋਂ। ਸੋਹਣਾ ਵਕਤ ਸਿਰਜ ਲਵੋਂ। ਪਰ ਕਦੋਂ? ਠਹਿਰਕੇ? ਕੀ ਤੁਹਾਨੂੰ ਆਉਣ ਵਾਲੇ ਵਕਤ ਬਾਰੇ ਪਤਾ ਹੈ? ਕੀ ਤੁਸੀਂ ਪੜ੍ਹੇ ਬਿਨਾਂ ਤਾਂ ਹੀ ਨਹੀਂ ਤੁਰ ਜਾਵੋਂਗੇ ਜਹਾਨ ਤੋਂ??????

ਸਿੱਧੀ ਵੱਜੀ ਨਾ ਦਿਮਾਗ ਵਿੱਚ ਮੇਰੀ ਆਹ ਗੱਲ? ਬੁਰਾ ਲੱਗਿਆ?

ਅਟਪਟੀ ਲੱਗੀ? ਬਦਮਤਮੀਜ਼ੀ ਕੀਤੀ ਮੈ?

ਸੌਰੀ, ਮੁਆਫ਼ ਕਰ ਦੇਣਾ। ਮੈਂ ਤਾਂ ਆਪ ਤੁਹਾਡੀ ਤੰਦਰੁਸਤੀ ਅਤੇ ਲੰਬੀ ਉਮਰ ਚਾਹੁੰਦਾ ਹਾਂ। ਮੈਂ ਸੱਚੀਂ ਹੀ ਚਾਹੁੰਦਾ ਹਾਂ ਕਿ ਤੁਹਾਡਾ ਵਕਤ ਬਰਬਾਦ ਨਾ ਹੋਵੇ। ਤਾਂ ਹੀ ਤੁਹਾਡੇ ਨਾਲ ਗੱਲਾਂ ਕਰਨ ਦਾ ਵਕਤ ਕੱਢਿਆ ਹੈ ਕਿ ਸਾਡੇ ‘ਤੇ ਵਖਤ ਨਾ ਪਵੇ।

ਦਰਅਸਲ ਗੱਲ ਇਹ ਹੈ ਕਿ ਮੈਂ ਚਾਹੁੰਦਾ ਹਾਂ ਕਿ ਸਭ ਦੇ ਅੰਦਰੋ ਇਹ ਮਿੱਠੀ-ਮਿੱਠੀ ਆਵਾਜ਼ ਸੁਣਨ ਨੂੰ ਮਿਲੇ ਕਿ ਹੋ ਗਿਆ ਪਰਿਵਰਤਨ ਤੇ ਹੁਣ ਹੈ “ਜ਼ਿੰਦਗੀ ਜ਼ਿੰਦਾਬਾਦ”। ਬੇਬੇ-ਬਾਬੇ ਵਿੱਚੋਂ, ਪੋਤੀ-ਪੋਤੇ ਵਿੱਚੋਂ, ਪਤੀ-ਪਤਨੀ ਵਿੱਚੋਂ ਵੀ ਧੀ-ਪੁੱਤ ਵਿੱਚੋਂ, ਮਿੱਤਰ-ਸਹੇਲੀ ਵਿੱਚੋਂ ਸੁਣੇ ਇਹ ਆਵਾਜ਼। ਇਹਦੇ ਲਈ ਕਿਸੇ ਕਰਿਸ਼ਮੇ ਦੀ ਲੋੜ ਨਹੀਂ। ਇਹ ਕਰਿਸ਼ਮਾ ਆਪਾਂ ਆਪ ਹੀ ਕਰ ਸਕਦੇ ਹਾਂ। ਮੈਂ ਤੁਹਾਨੂੰ ਕਿਤਾਬਾਂ ਅਤੇ ਜ਼ਿੰਦਗੀ ਨਾਲ ਜੋੜਨਾ ਚਾਹੁੰਦਾ ਹਾਂ। ਕਿਸੇ ਸਿਆਸੀ ਪਾਰਟੀ ਜਾਂ ਮੈਂਬਰ ਬਨਾਉਣ ਵਾਲੀ ਕੰਪਨੀ ਨਾਲ ਨਹੀਂ। ਮੈਂ ਚਾਹੁੰਨਾ ਤੁਸੀਂ ਨਿੱਤ ਕਰਿਸ਼ਮੇ ਕਰੋਂ। ਕਦੇ ਦੋਸਤੀ ਦਾ ਕਰਿਸ਼ਮਾ ਕਰੋਂ, ਕਦੇ ਮੱਦਦ ਦਾ, ਕਦੇ ਤੁਸੀਂ ਕਰਿਸ਼ਮਾ ਕਰੋਂ ਕਿਸੇ ਭਟਕੇ ਨੂੰ ਰਾਹ ਦਿਖਾ ਕੇ ਅਤੇ ਕਦੇ ਕਰਿਸ਼ਮਾ ਕਰੋਂ ਭਟਕਾ ਰਹੇ ਦਾ ਰਾਹ ਰੋਕ ਕੇ। ਤੁਸੀਂ ਹਰ ਪਲ ਦਾ ਆਨੰਦ ਮਾਨਣਾ ਸਿੱਖ ਕੇ ਚਿੰਤਾ ਨੂੰ ਭਜਾਉਣ ਦਾ ਕਰਿਸ਼ਮਾ ਆਰਾਮ ਨਾਲ ਕਰ ਸਕਦੇ ਹੋ।

ਹੁਣ ਹਰ ਕਰਿਸ਼ਮੇ ਲਈ ਜਾਂ ਕੰਮ ਲਈ ਰੱਬ ਨੂੰ ਵਿੱਚ ਨਾ ਪਾਇਆ ਕਰੋ। ਰੱਬ ਜੀ ਨੂੰ ਹੋਰ ਵੀ ਬਥੇਰੇ ਕੰਮ ਨੇ। ਹੁਣ ਤੁਸੀਂ ਕਹੋਂਗੇ “ਚੱਲ-ਚੱਲ ਵੱਡਾ ਸਿਆਣਾ। ਸਭ ਕਰਨ ਵਾਲਾ ਰੱਬ ਹੈ। ਰੱਬ ਪਿਓ ਹੈ ਸਾਡਾ। ਰੱਬ ਮਾਂ ਹੈ ਸਾਡੀ। ਰੱਬ ਇੱਕ ਹੈ।” ਓ ਹੋ!! ਮੈਂ ਕਦ ਕਿਹਾ ਕਿ ਨਹੀਂ ਹੈ। ਰੱਬ ਇੱਕ ਹੈ। ਮੰਨਦੇ ਹੋ ਕਿ ਇੱਕ ਹੀ ਹੈ? ਜਿਹੜੇ ਨਹੀਂ ਮੰਨਦੇ ਰੱਬ ਦੇ ਹੋਣ ਜਾਂ ਇੱਕ ਹੋਣ ਨੂੰ, ਉਹ ਵੀ ਧਿਆਨ ਦੇਣ। ਪਰ ਹੁਣ ਜਿਹੜੇ ਪਿਓ ਦੇ{ਰੱਬ ਦੇ} ਅਰਬਾਂ ਖਰਬਾਂ ਨੂੰ ਜਰਬਾਂ ਦੇ ਕੇ ਨਿਆਣੇ ਹੋਣ ਤੇ ਸਾਰੇ ਹੀ ਆਪਣੀ ਗੱਲ ਉਹਦੇ ‘ਤੇ ਸਿੱਟ ਦੇਣ ਫੇਰ ਤਾਂ ਗ਼ਲਤ ਗੱਲ ਹੈ ਨਾ! {ਸ਼ਰਧਾਲੂ ਮਨੁੱਖ ਦਾ ਮੰਨਣਾ ਹੈ ਕਿ ਪੂਰੀ ਮਨੁੱਖ ਜਾਤੀ,ਪਸ਼ੂ ਪੰਛੀ ਸਭ ਕੁਝ ਰੱਬ ਦਾ ਸਿਰਜਿਆ ਹੈ ਅਤੇ ਰੱਬ ਇੱਕ ਹੈ। ਸਭ ਜੀਅ ਜੰਤ ਰੁੱਖ ਪੌਦੇ ਉਸ ਦੇ ਹੀ ਹਨ। ਜਦ ਕਿ ਵਿਗਿਆਨੀ ਦਾ ਤਰਕ ਤੇ ਦਲੀਲ ਕੁਝ ਹੋਰ ਕਹਿੰਦੀ ਹੈ। ਵਿਦਿਆਰਥੀ ਤਰਕ ਨੂੰ ਮੰਨਦੇ ਹਨ। ਵਿਦਿਆਰਥੀ ਹੋਣਾ ਲਾਭਦਾਇਕ ਹੈ। ਮੈਂ ਵਿਦਿਆਰਥੀ ਹਾਂ।}

ਹੁਣ ਆਪਣਾ ਵੀ ਤਾਂ ਕੋਈ ਫ਼ਰਜ਼ ਬਣਦੈ ਕਿ ਅਸੀਂ ਵੀ ਕੁਝ ਕਰੀਏ। ਸਾਡਾ ਕੰਮ ਸਿਰਫ਼ ਰੱਬ ਉੱਤੇ ਟੇਕ ਰੱਖਣਾ ਜਾਂ ਮੱਥੇ ਟੇਕਣਾ ਹੀ ਨਹੀਂ ਹੈ। ਅਸੀਂ ਹਰ ਕੰਮ ਲਈ ਮਾਂ ਬਾਪ ਬਰਾਬਰ ਹੈ ਰੱਬ ਵੱਲ ਨਹੀਂ ਝਾਕ ਸਕਦੇ।

ਮਾਂ ਬਾਪ ਬਰਾਬਰ ਹੈ ਰੱਬ। ਰੱਬ ਬਰਾਬਰ ਹੈ ਮਾਈ ਬਾਪ। ਇਹੀ ਕਹਿੰਦੇ ਨੇ ਨਾ ਸਿਆਣੇ ਤੇ ਨਿਆਣੇ? ਤੇ ਅਸੀਂ ਰੱਬ ਨੂੰ ਆਪਣਾ ਪਾਲਣਹਾਰ, ਵਕੀਲ ਤੇ ਡਾਕਟਰ ਵੀ ਮੰਨਦੇ ਹਾਂ। ਮਤਲਬ ਰੱਬ ਜੀ ਸਾਡਾ ਪੇਟ ਭਰਨਗੇ, ਰੱਬ ਜੀ ਹੀ ਇਨਸਾਫ਼ ਦਿਵਾਉਣਗੇ, ਉਹੀ ਤੰਦਰੁਸਤ ਰੱਖਣਗੇ।

ਅੱਛਾ ਇਹ ਦੱਸੋ ਕੀ ਅਸੀਂ ਆਪਣੇ ਜਨਮ ਦੇਣ ਵਾਲੇ ਮਾਂ ਪਿਓ ਤੋਂ ਵੀ ਇਹੀ ਤੇ ਇਸੇ ਤਰ੍ਹਾਂ ਹੀ ਉਮੀਦ ਰੱਖਦੇ ਹਾਂ ਕਿ ਸਾਡੇ ਸਿਰਜਣ ਹਾਰ ਹੀ ਕਰਨਗੇ ਸਭ ਕੁਝ? ਕੀ ਸਾਡੇ ਸਾਰੇ ਕੰਮਾਂ ਦਾ ਜਿੰਮਾ ਸਾਡੇ ਮਾਂ ਬਾਪ ਦਾ ਹੈ? ਕੀ ਸਾਡੇ ਸਭ ਚੰਗੇ ਮਾੜੇ ਦੇ ਜ਼ਿਮੇਵਾਰ ਸਾਡੇ ਮਾਂ ਬਾਪ ਹਨ? ਕੀ ਸਾਡੇ ਮਾਂ ਬਾਪ ਹੀ ਲਾਉਣਗੇ ਸਾਡੀ ਬੇੜੀ ਪਾਰ?

ਜੇ ਜਵਾਬ ਹਾਂ ਹੈ ਤਾਂ ਅਸੀਂ ਕੀ ਕਰਾਂਗੇ? ਜੇ ਜਵਾਬ ਨਾਂਹ ਹੈ ਤਾਂ ਫੇਰ ਕੋਣ ਕਰੇਗਾ?

ਕਰਨਾ ਤੇ ਸਾਨੂੰ ਖੁਦ ਹੀ ਪੈਣਾ ਹੈ। ਆਪਣਾ ਸਿਰ ਆਪ ਹੀ ਗੁੰਦਣਾ ਪੈਂਦਾ ਹੈ। ਰੂਸ ਦੀ ਇੱਕ ਮਸ਼ਹੂਰ ਕਿਤਾਬ ਹੈ ਜੋ ਕਿ ਪੰਜਾਬੀ ਵਿੱਚ ਵੀ ਬਹੁਤ ਪੜ੍ਹੀ ਗਈ ਹੈ। ਰਸੂਲ ਹਮਜ਼ਾਤੋਵ ਦੀ ‘ਮੇਰਾ ਦਾਗਿਸਤਾਨ’ ਉਹਦੇ ਵਿੱਚ ਲਿਖਿਆ ਹੈ “ਜੇ ਮੇਰੀ ਪਿੱਠ ਉੱਤੇ ਖੁਰਕ ਹੁੰਦੀ ਹੋਵੇ ਤਾਂ ਮੇਰੇ ਤੋਂ ਵੱਧ ਚੰਗਾ ਕੋਈ ਨਹੀਂ ਖੁਰਕ ਸਕਦਾ”। ਕਦੇ ਮੌਕਾ ਮਿਲਿਆ ਤਾਂ ਪੜ੍ਹਿਓ ਇਹ ਕਿਤਾਬ। ਦੁਨੀਆਂ ਦੇ ਨੇੜੇ ਕਰ ਦਿੰਦੀ ਹੈ ਇਹ ਕਿਤਾਬ। ਕਿਤਾਬਾਂ ਦਾ ਕੰਮ ਹੀ ਦੁਨੀਆਂ ਨਾਲ ਜੋੜਨਾ ਹੁੰਦਾ ਹੈ। ਰੱਬ ਦੇ ਨਾਂ ‘ਤੇ ਦੁਨੀਆਂ ਨੂੰ ਇੱਕ ਕਰਨ ਦਾ ਕੰਮ ਹੋਣਾ ਚਾਹੀਦਾ ਹੈ। ਦਰਅਸਲ ਅਸੀਂ ਰੱਬ ਨੂੰ ਮੰਨਦੇ ਹਾਂ ਰੱਬ ਦੀ ਨਹੀਂ ਮੰਨਦੇ। ਅਸੀਂ ਧਰਮ ਨੂੰ ਤਾਂ ਮੰਨਦੇ ਹਾਂ ਪਰ ਧਰਮ ਦੀ ਨਹੀਂ ਮੰਨਦੇ ਹਾਂ। ਅਸੀਂ ਮਹਾਨ ਬੰਦਿਆਂ ਨੂੰ ਪੂਜਦੇ ਹਾਂ ਉਹਨਾਂ ਦੀ ਮੰਨਦੇ ਨਹੀਂ। ਅਸੀਂ ਉਹ ਵਿਦਿਆਰਥੀ ਹਾਂ ਜੋ ਸਕੂਲ ਤਾਂ ਨਿੱਤਨੇਮ ਨਾਲ ਜਾਂਦੇ ਹਨ, ਪੜ੍ਹਦੇ ਸੁਣਦੇ ਵੀ ਹਨ ਪਰ ਸਿੱਖਦੇ ਨਹੀਂ। ਅਸੀਂ ਬਿਨਾ ਕੁਝ ਸਿੱਖੇ ਅਤੇ ਅਮਲ ਕੀਤੇ ਇਹ ਲਿਖ ਕੇ ਪਾਸ ਹੋਣਾ ਚਾਹੁੰਦੇ` ਹਾਂ ‘ਸਤਿਗੁਰ ਤੇਰੀ ਓਟ ਪਰਚਾ ਕਰਦੇ ਮੇਰਾ ਲੋਟ’ ‘ਜੈ ਸ਼੍ਰੀ ਰਾਮ ਜੈ ਹਨੁਮਾਨ ਪਾਸ ਕਰਦੋ ਰੇ ਭਗਵਾਨ’ ‘ਹੇ ਮੇਰੇ ਅੱਲਾ! ਫੇਲ੍ਹ ਨਾ ਹੋਵੇ ਤੇਰਾ ਝੱਲਾ’ ਕੀ ਸਿਰਫ਼ ਏਨਾ ਲਿਖਣ

ਨਾਲ ਨਲਾਇਕ ਵਿਦਿਆਰਥੀ ਪਾਸ ਹੋ ਸਕਦਾ ਹੈ? ਕੀ ਰੱਬ ਇਹ

ਬੇਇਨਸਾਫ਼ੀ ਕਰੇਗਾ ਕਿ ਹੁਸ਼ਿਆਰ ਦੇ ਨਾਲ ਨਲਾਇਕ ਨੂੰ ਵੀ ਪਾਸ

ਕਰੇਗਾ? ਕੀ ਕੋਈ ਅਧਿਆਪਕ ਇਹ ਬੇਇਨਸਾਫ਼ੀ ਕਰੇਗਾ? ਜੇ ਕਰੇਗਾ

ਤਾਂ ਕੀ ਉਹ ਅਧਿਆਪਕ ਹੈ?

ਕੀ ਨਲਾਇਕ ਵਿਦਿਆਰਥੀ ਹੋਣਾ ਚੰਗਾ ਹੈ?

ਅਸੀਂ ਜ਼ਿੰਦਗੀ ਦੀ ਪਾਠਸ਼ਾਲਾ ਦੇ ਵਿਦਿਆਰਥੀ ਹਾਂ। ਸਾਡੇ ਜਨਮ ਨਾਲ ਹੀ ਜਿੱਥੇ ਸਾਡੀ ਐਡਮਿਸ਼ਨ ਹੋ ਜਾਂਦੀ ਹੈ ਅਤੇ ਮੌਤ ਨਾਲ ਨਾਮ ਕੱਟਿਆ ਜਾਂਦਾ ਹੈ ਜਾਂ ਡਿਗਰੀ ਕੰਪਲੀਟ ਹੋ ਜਾਂਦੀ ਹੈ ਪਰ ਕਿੰਨੇ ਕੁ ਵਿਦਿਆਰਥੀ ਨੇ ਜੋ ਇਮਾਨਦਾਰੀ ਨਾਲ, ਮਸਤ ਹੋ ਕੇ, ਮਿਹਨਤ ਲਗਨ ਨਾਲ ਅਤੇ ਜ਼ਿੰਦਾਦਿਲੀ ਨਾਲ ਜ਼ਿੰਦਗੀ ਦੀ ਪਾਠਸ਼ਾਲਾ ਵਿੱਚ ਪੜ੍ਹਦੇ ਹਨ?

ਕਿੰਨੇ ਕੁ ਹਨ ਜੋ ਕਿਤਾਬਾਂ ਨਾਲ ਜੁੜਦੇ ਹਨ? ਕਿਤਾਬਾਂ ਜਿਹੜੀਆਂ ਕਿ ਇਕੱਲਤਾ ਨੂੰ ਦੂਰ ਕਰਦੀਆਂ ਹਨ। ਕਿਤਾਬਾਂ ਕਿਸੇ ਕੌਮ ਅਤੇ ਮੁਲ਼ਖ ਦਾ ਵਰਤਮਾਨ ਸੁਧਾਰ ਕੇ ਭਵਿੱਖ ਨਿਰਧਾਰਿਤ ਕਰਦੀਆਂ ਹਨ। ਕਿਤਾਬਾਂ ਕੀ ਹੋਇਆ, ਕਿਉਂ ਹੋਇਆ, ਕਦ ਹੋਇਆ, ਕੀ ਹੋ ਰਿਹਾ ਹੈ, ਕੀ ਹੋ ਸਕਦਾ ਹੈ ਅਤੇ ਕੀ ਹੋਵੇਗਾ ਬਾਰੇ ਗਿਆਨ ਦਿੰਦੀਆਂ ਹਨ। ਕਿਤਾਬਾਂ ਇਕੱਲੇ ਮਨੁੱਖ ਨੂੰ ਮੁਸਕਰਾਉਣ ਲਾ ਦਿੰਦੀਆਂ ਹਨ। ਕਿਤਾਬਾਂ ਚਿਰਾਂ ਦੇ ਡੱਕੇ ਹੰਝੂਆਂ ਨੂੰ ਵਗਣ ਲਾ ਦਿੰਦੀਆਂ ਹਨ। ਕਿਤਾਬਾਂ ਅਣਦੇਖੇ ਲੋਕਾਂ ਨਾਲ ਮਿਲਾ ਕੇ ਅਣਦਿਸੀਆਂ ਥਾਵਾਂ ’ਤੇ ਪਹੁੰਚਾ ਦਿੰਦੀਆਂ ਹਨ। ਕਿਤਾਬਾਂ ਸਾਰੇ ਜੀਵਨ ਨੂੰ ਪਾਠਸ਼ਾਲਾ ਬਣਾ ਦਿੰਦੀਆਂ ਹਨ। ਕਿਤਾਬਾਂ ਖੁਸ਼ੀ ਨੂੰ ਵੰਢਣਾ ਤੇ ਦੁੱਖ ਨੂੰ ਝੱਲਣਾ ਸਿਖਾਉਂਦੀਆਂ ਹਨ। ਚੰਗੀਆਂ ਕਿਤਾਬਾਂ ਉੱਤੇ ਲਾਏ ਪੈਸੇ ਕਦੇ ਵੀ ਵਿਅਰਥ ਨਹੀਂ ਜਾਂਦੇ। ਪੰਜਾਬ ਦਾ ਇੱਕ ਬਹੁਤ ਹੀ ਸੁਚੱਜਾ ਕਲਾਕਾਰ ਤੇ ਕਵੀ ਹੈ ਸਵਰਨਜੀਤ ਸਵੀ ਉਹਦੀ ਇੱਕ ਕਵਿਤਾ ਪੜ੍ਹੋ ਪਹਿਲਾਂ ਫੇਰ ਅੱਗੇ ਤੁਰਦੇ ਹਾਂ:

ਕਿਤਾਬ ਜਾਗਦੀ ਹੈ

ਖਰੀਦੋ ਰੱਖੋ

ਪੜ੍ਹੋ ਨਾ ਪੜ੍ਹੋ

ਘਰ ਦੇ ਰੈਕ ‘ਚ ਰੱਖੋ

ਰੱਖੋ ਤੇ ਭੁੱਲ ਜਾਓ

ਜੇ ਤੁਸੀਂ ਪੜ੍ਹ ਨਹੀਂ ਸਕਦੇ

ਯਾਦ ਰੱਖ ਨਹੀਂ ਸਕਦੇ

ਸੌਣ ਦਿਓ ਕਿਤਾਬ ਨੂੰ

ਮਹੀਨੇ ਸਾਲ ਪੀੜ੍ਹੀ

ਦਰ ਪੀੜ੍ਹੀ ਉਡੀਕ ਕਰੋ

ਜਾਗੇਗੀ ਕਿਤਾਬ

ਕਿਸੇ ਦਿਨ, ਕਿਸੇ ਪਲ

ਪੜ੍ਹੇਗਾ ਕੋਈ

ਜਿਸਨੇ ਨਹੀਂ ਖਰੀਦਣੀ ਸੀ

ਇਹ ਕਿਤਾਬ !

ਸੂਟ, ਬੂਟ, ਪਰਫਿਊਮ, ਖਿਡੌਣੇ, ਟੈਡੀ, ਚਾਕਲੇਟ ਵਕਤ ਟਪਾਉਣ ਵਾਲੇ ਤੇ ਮਨ ਪਰਚਾਉਣ ਵਾਲੇ ਚੰਗੇ ਤੋਹਫ਼ੇ ਜਾਂ ਖਰੀਦਾਰੀਆਂ ਹਨ ਪਰ ਜ਼ਿੰਦਗੀ ਬਨਾਉਣ ਵਾਲੀਆਂ ਅਤੇ ਰਾਹ ਲਿਸ਼ਕਾਉਣ ਵਾਲੀਆਂ ਕਿਤਾਬਾਂ ਹੀ ਹੁੰਦੀਆਂ ਹਨ। ਜ਼ਿੰਦਗੀ ਦੀ ਪਾਠਸ਼ਾਲਾ ਵਿੱਚ ਕਿਤਾਬਾਂ ਹੀ ਉਸਤਾਦ ਬਣਦੀਆਂ ਹਨ। ਕਿਤਾਬਾਂ ਨਾਲ ਦਿਮਾਗ ਰੌਸ਼ਨ ਹੋ ਜਾਂਦੇ ਹਨ ਤੇ ਘਰ ਮੁਸਕਰਾਉਣ ਲਾਗ ਜਾਦੇ ਹਨ। ਸਾਰੀ ਉਮਰ ਦਿਮਾਗ ਰੌਸ਼ਨ ਰੱਖਣ ਲਈ ਅਤੇ ਮੁਸਕੁਰਾਉਂਦੇ ਰਹਿਣ ਲਈ ਹਰ ਇੱਕ ਮਨੁੱਖ ਦੀ ਕਿਤਾਬਾਂ ਨਾਲ ਦੋਸਤੀ ਹੋਣੀ ਜ਼ਰੂਰੀ ਹੈ।

ਜ਼ਿੰਦਗੀ ਦੀ ਪਾਠਸ਼ਾਲਾ ਨੂੰ ਸਕੂਲ ਦੇ ਬਰਾਬਰ ਰੱਖ ਕੇ ਸਮਝੋ। ਸਰਲ ਹੋ ਜਾਵੇਗਾ ਸਮਝਣਾ। ਮੰਨ ਲਵੋ ਅਸੀਂ ਵਿਦਿਆਰਥੀ ਹਾਂ ਅਤੇ ਜ਼ਿੰਦਗੀ ਪਾਠਸ਼ਾਲਾ।

ਪਹਿਚਾਣ ਕਰੋ ਕਿ ਉਹ ਕਿਹੜੇ ਵਿਦਿਆਰਥੀ ਹਨ ਜੋ ਜ਼ਿੰਦਗੀ ਦੀ ਪਾਠਸ਼ਾਲਾ ਵਿੱਚ ਘੱਟ ਪੜ੍ਹਦੇ ਹੋਏ ਵੱਧ ਕਰਤੂਤਾਂ ਕਰਦੇ ਹਨ? ਕੀ ਉਹ ਵਿਦਿਆਰਥੀ ਸਹੀ ਹਨ ਜੋ ਹੋਰ ਵਿਦਿਆਰਥੀਆਂ ਨੂੰ ਆਪਸ ਵਿੱਚ ਲੜਾਉਂਦੇ ਹਨ? ਕੀ ਕੋਈ ਵਿਦਿਆਰਥੀ ਬਿਨਾ ਪੜ੍ਹੇ ਪਾਸ ਹੋ ਸਕਦਾ ਹੈ? ਕੀ ਵਿਦਿਆਰਥੀਆਂ ਨੂੰ ਧਰਮ ਦੇ ਨਾਂ ਉੱਤੇ ਲੜਨਾ ਚਾਹੀਦਾ ਹੈ? ਵਿਦਿਆਰਥੀ ਨੂੰ ਪਹਿਲਾਂ ਸ਼ਰਾਬ ਦੇ ਠੇਕੇ ਦਾ ਪਤਾ ਹੋਣਾ ਚਾਹੀਦਾ ਹੈ ਜਾਂ ਕਿਤਾਬ ਘਰ ਦਾ? ਵਿਦਿਆਰਥੀ ਦਾ ਪਹਿਲਾਂ ਬਜਟ ਕਿਤਾਬਾਂ ਲਈ ਹੋਣਾ ਚਾਹੀਦਾ ਹੈ ਜਾਂ ਹੋਰ ਅਯਾਸ਼ੀਆਂ ਲਈ? ਵਿਦਿਆਰਥੀ ਨੂੰ ਪਹਿਲਾਂ ਮਾਤ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ ਜਾਂ ਬੇਗਾਨੀ ਦਾ? ਇੱਕ ਵਿਦਿਆਰਥੀ ਕਹਿੰਦਾ ਹੈ ਕਿ ਮੈਂ ਮਾਤ ਭਾਸ਼ਾ ਦਾ ਸਤਿਆਂਰ ਕਰਦਾ ਹਾਂ ਪਰ ਮਾਤ ਭਾਸ਼ਾ ਦੀਆਂ ਕਿਤਾਬਾਂ ਨਹੀਂ ਪੜ੍ਹਦਾ। ਕੀ ਇਹ ਵਿਦਿਆਰਥੀ ਸਤਿਕਾਰ ਕਰਦਾ ਹੈ? ਇਹ ਤਾਂ ਉਹ ਗੱਲ ਹੋਈ ਕਿ ਮੈਂ ਮਾਂ ਬਾਪ ਦਾ ਸਤਿਕਾਰ ਤਾਂ ਕਰਦਾ ਪਰ ਉਹਨਾਂ ਦੇ ਘਰ ਜਾਣਾ ਪਸੰਦ ਨਹੀਂ ਕਰਦਾ। ਇਹ ਵਿਦਿਆਰਥੀ ਤਾਂ ਫੇਰ ਨਲਾਇਕ ਹੈ। ਇਹ ਵਿਦਿਆਰਥੀ ਅਸੀਂ ਤੁਸੀਂ ਹੀ ਹਾਂ, ਕੋਈ ਹੋਰ ਨਹੀਂ। ਸਵਾਲ ਹੋਰ ਵੀ ਬਹੁਤ ਹੋ ਸਕਦੇ ਨੇ ਪਰ ਕਹਿਣਾ ਇਹੋ ਹੈ ਕਿ ਜੇ ਅਸੀਂ ਸਕੂਲ ਦੇ ਸੋਹਣੇ ਅਸੂਲ ਜ਼ਿੰਦਗੀ ਵਿੱਚ ਅਪਨਾ ਲਈਏ ਤਾਂ ਬਹੁਤ ਕੁਝ ਚੰਗਾ-ਚੰਗਾ ਵਾਪਰਨਾ ਸ਼ੁਰੂ ਹੋ ਜਾਵੇਗਾ। ਦੋਸਤੀਆਂ ਵਧ ਸਕਦੀਆਂ ਹਨ। ਚਿੰਤਾਵਾ ਘਟ ਸਕਦੀਆਂ ਹਨ। ਹਉਮੈ ਮਰ ਸਕਦੀ ਹੈ। ਉਮੀਦ ਜਾਗ ਸਕਦੀ ਹੈ। ਈਰਖਾ ਨੇੜੇ ਨਹੀਂ ਆ ਸਕਦੀ। ਲਾਲਚ ਨੇੜੇ ਨਹੀਂ ਆਉਣਾ। ਜ਼ਿੰਦਗੀ ਦੀ ਕੀਮਤ ਦਾ ਪਤਾ ਲੱਗ ਜੂ। ਧਰਮਾਂ ਦੇ ਸੁਨੇਹੇ ਸਮਝ ਆ ਜਾਣਗੇ। ਰੱਬ ਦੀ ਰਮਝ ਸਮਜ ਆ ਜਾਊਗੀ। ਫੇਰ ਜ਼ਿੰਦਗੀ ਜ਼ਿੰਦਾਬਾਦ। ਪਰ ਜੇ ते ਜੇ ਅਸੀਂ ਚੰਗੇ ਵਿਦਿਆਰਥੀ ਬਣ ਜਾਈਏ … …ਜ਼ਿੰਦਗੀ ਦੀ ਪਾਠਸ਼ਾਲਾ ਦੇ।

ਜੇ ਸਾਡੇ ਦੇਸ਼ ਦਾ ਸਿਸਟਮ ਠੀਕ ਹੋ ਜਾਏ!

ਜੇ ਗੰਦਗੀ ਨਾ ਹੋਵੇ!

ਜੇ ਨੌਜਵਾਨ ਸੁਧਰ ਜਾਣ!

ਜੇ ਰਿਸ਼ਵਤ ਤੋਂ ਬਿਨਾਂ ਕੰਮ ਹੋ ਜਾਣ!

ਜੇ ਐਕਸੀਡੈਂਟ ਨਾ ਹੋਣ!

ਜੇ ਜਾਤ ਪਾਤ ਨਾ ਹੋਵੇ!

ਜੇ ਸਿੰਗਰ ਮਾੜਾ ਨਾ ਗਾਉਣ!

ਜੇ ਲੇਖਕ ਚੰਗਾ ਲਿਖਣ!

ਜੇ ਕੁੜੀਆਂ ਸੇਫ਼ ਹੋਣ!

ਜੇ ਪੁਲਿਸ ਧੱਕਾ ਨਾ ਕਰੇ!

ਜੇ ਲੀਡਰ ਕੁਰੱਪਟ ਨਾ ਹੋਣ!

ਜੇ ਫ਼ਿਲਮਾਂ ਸੋਹਣੀਆਂ ਸਾਰਥਿਕ ਬਣਨ!

ਜੇ ਉਹ ਹੋਵੇ ਜੇ ਆਹ ਹੋਵੇ!

ਜੇ ਇਉਂ ਹੋਵੇ!

ਜੇ ਇਉਂ ਨਾ ਹੋਵੇ!

ਸਿਰਫ਼ ਸੋਚਣ ਨਾਲ ਹੀ ਜੇ ਨੇ ਹੱਲ ਨਹੀਂ ਹੋਣਾ।

ਜੇ ਰਾਹੀਂ ਸੋਚ ਤਾਂ ਸੋਹਣੀ ਪੈਦਾ ਹੋ ਰਹੀ ਹੈ ਪਰ ਇਹ ਜੇ ਵਾਲੀ ਸੋਚ ਨੂੰ ਸੰਭਾਲ ਕੇ ਹੱਲ ਨਹੀਂ ਕੀਤਾ ਜਾ ਰਿਹਾ।

ਇਹ ਜੇ ਵਾਲੇ ਸਵਾਲਾਂ ਅਤੇ ਇੱਛਾਵਾਂ ਨੂੰ ਲਾਗੂ ਕਰਨ ਲਈ ਜਾਂ ਸੱਚ ਹੁੰਦਾ ਵੇਖਣ ਲਈ ਮੈਂ ਅਤੇ ਤੁਸੀਂ ਕੀ ਯਤਨ ਕਰ ਰਹੇ ਹਾਂ?

ਕੀ ਅਸੀਂ ਇਹ ਕਹਿ ਕੇ ਪਾਸਾ ਤਾਂ ਨਹੀਂ ਵੱਟ ਰਹੇ ਕਿ ਮੇਰੇ ਕੱਲੇ ਦੇ ਕਰਨ ਨਾਲ ਕੀ ਹੋ ਜਾਵੇਗਾ?

ਜੇ ਪਹਿਲੇ ਸਵਾਲ ਦਾ ਜਵਾਬ ਨਾਂਹ ਹੈ ਤੇ ਦੂਜੇ ਦਾ ਹਾਂ ਤਾਂ ਫੇਰ ਵਿਚਾਰਨ ਦੀ ਲੋੜ ਹੈ। ਸ਼ੀਸ਼ੇ ਅੱਗੇ ਖੜ੍ਹ ਕੇ ਖ਼ੁਦ ਨੂੰ ਇਹ ਸਵਾਲ ਪੁੱਛਣੇ ਪੈਣੇ ਹਨ: ਕੀ ਗੱਲ ਜੇ ਵਾਲੇ ਸਵਾਲ ਖੜ੍ਹੇ ਕਰਨ ਦਾ ਹੀ ਚਾਅ ਹੈ? ਆਪ ਨਹੀਂ ਕਰਨਾ ਕੁਝ?

ਸਾਰਾ ਕੁਝ ਆਪ ਕਰਨਾ ਪੈਣਾ ਹੈ। ਬੈਠੇ ਬਿਠਾਏ ਸਾਰਾ ਕੁਝ ਬਿਮਾਰਾਂ ਅਤੇ ਲਾਚਾਰਾਂ ਨੂੰ ਮਿਲਦਾ ਹੈ। ਕੀ ਤੁਸੀਂ ਬਿਮਾਰ ਅਤੇ ਲਾਚਾਰ ਕਹਾਉਣਾ ਪਸੰਦ ਕਰੋਂਗੇ?

ਬਿਮਾਰੀ ਅਤੇ ਲਾਚਾਰੀ ਨੂੰ ਦੂਰ ਕਰਨ ਵਾਲੇ ਲੋਕਾਂ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ। ਜਿਹੜੇ ਆਪਣੀ ਜੇ ਨੂੰ ਹੱਲ ਕਰਕੇ ਉਹਨੂੰ “ਹੁਣ ਸਭ ਸਹੀ ਹੈ, ਹੁਣ ਸਹੀ ਕਰ ਹੀ ਲੈਣਾ ਹੈ, ਹੁਣ ਕੁਝ ਗ਼ਲਤ ਨਹੀਂ ਸਹਿਣਾ ਅਤੇ ਹੁਣ ਕੁਝ ਗ਼ਲਤ ਨਹੀਂ ਹੈ” ਦੇ ਖੰਭ ਲਾ ਦਿੰਦੇ ਹਨ ਉਹ ਵਰਤਮਾਨ ਦੇ ਬਾਦਸ਼ਾਹ ਅਤੇ ਭਵਿੱਖ ਦੇ ਰਹਿਨੁਮਾ ਹੁੰਦੇ ਹਨ।

ਜੇ, ਜੇਕਰ ਅਤੇ ਕਾਸ਼ ਉਹਨਾਂ ਕੋਲ ਕਦੇ ਨਹੀਂ ਹੁੰਦੀ ਜੋ ਜਿੱਤ ਦਾ ਝੰਡਾ ਲਹਿਰਾਉਂਦੇ ਹਨ।

ਸੁਣਿਆ ਅਤੇ ਪੜ੍ਹਿਆ ਤਾਂ ਖ਼ੈਰ ਤੁਸੀਂ ਪਹਿਲਾਂ ਵੀ ਹੋਊ ਕਿ ਵਕਤ ਕੀਮਤੀ ਹੈ, ਲੰਘਿਆ ਵੇਲਾ ਵਾਪਿਸ ਨਹੀਂ ਆਉਂਦਾ। ਮੈਂ ਵੀ ਕਹਿ ਰਿਹਾਂ ਕਿ ਹਰ ਪਲ ਕੀਮਤੀ ਹੈ, ਸੁਸਤੀ ਨਾ ਪਾਓ ਆਉਣ ਵਾਲੇ ਵਕਤ ਦਾ ਪਤਾ ਨਹੀਂ ਤੇ ਗਏ ਵਕਤ ਨੇ ਆਉਣਾ ਨਹੀਂ। ਮੈਂ ਵੀ ਕਦੇ ਆਪ ਵਾਂਗ ਸੁਣ ਕੇ, ਪੜ੍ਹ ਕੇ ਸਾਰ ਦਿੰਦਾ ਸੀ ਪਰ ਅਮਲ ਨਹੀਂ ਕਰਦਾ ਸੀ। ਬਹੁਤ ਵਕਤ ਗਵਾਇਆ ਹੈ ਪਰ ਹੁਣ ਨਹੀਂ ਗਵਾਉਣਾ। ਵਕਤ ਗਵਾਉਣ ਦੀ ਆਦਤ ਹੀ ਸਾਡੇ ਤੋਂ ਕਹਾਉਂਦੀ ਹੈ ਕਿ ਬਸ ਗੁਜ਼ਰੀ ਜਾਂਦੀ ਹੈ। ਸਿਰਫ਼ ਗੁਜ਼ਾਰੋ ਨਾ। ਨਾਂਹ-ਨਾਂਹ। ਹੰਢਾਓ। ਜ਼ਿੰਦਗੀ ਬਿਤਾਉਣ ਅਤੇ ਗੁਜ਼ਾਰਨ ਲਈ ਨਹੀਂ ਮਿਲੀ, ਇਹ ਹੰਢਾਉਣ ਨੂੰ ਮਿਲੀ ਹੈ। ਉਦਾਸ ਹੋ ਕੇ, ਦੁੱਖ ਤਕਲੀਫ਼ ਤੋਂ ਅੱਕ ਕੇ, ਕੁਝ ਨਾਂਹ ਮਿਲਣ ਕਰਕੇ, ਕੁਝ ਦੇਰੀ ਨਾਲ ਮਿਲਣ ਕਰਕੇ ਹਾਰ ਮੰਨ ਲੈਣਾ ਜਾਂ ਸਿਰਫ਼ ਗੁਜ਼ਾਰਨ ਜਹੀ ਲੱਗ ਜਾਣਾ ਜ਼ਿੰਦਗੀ, ਇਹ ਨਾਂਹ ਧਰਮ ਹੈ ਨਾ ਇਹ ਬੰਦਗੀ ਹੈ। ਅਸੀਂ ਜਿੰਨਾ ਅੱਗੇ ਸਿਰ ਝੁਕਾਉਂਦੇ ਹਾਂ, ਜਿੰਨਾ ਦੇ ਨਾਮ ਮਾਣ ਨਾਲ ਲੈਂਦੇ ਹਾਂ, ਜਿੰਨ੍ਹਾਂ ਦੀਆਂ ਕਹਾਣੀਆਂ ਤੇ ਕਥਾਵਾਂ ਸਾਨੂੰ ਪ੍ਰੇਰਦੀਆਂ ਹਨ ਕੀ ਉਹਨਾਂ ਨੂੰ ਜੀਵਨ ਵਿੱਚ ਸਭ ਕੁਝ ਸਹੀ ਮਿਲਿਆ ਸੀ? ਕੀ ਉਹਨਾਂ ਨੇ ਕੋਈ ਤਕਲੀਫ਼ ਜਾਂ ਤੰਗੀ ਨਹੀਂ ਝੱਲੀ? ਕੀ ਮਹਾਂਪੁਰਖਾਂ, ਫ਼ਕੀਰਾਂ, ਗੁਰੂਆਂ, ਪੀਰਾਂ ਸ਼ਹੀਦਾਂ ਨੇ ਆਪਣੇ ਸੁੱਖ ਚੈਨ ਜਾਂ ਸਕੇ ਸਬੰਧੀ ਨਹੀਂ ਗਵਾਏ? ਜੇ ਉਹ ਵੀ ਸਾਡੇ ਵਾਂਗ ਸੋਚਦੇ? ਜੇ ਉਹ ਵੀ ਗੁਜ਼ਾਰ ਲੈਂਦੇ ਫੇਰ?? ਜੇ ਉਹ ਵੀ ਸੋਚ ਲੈਂਦੇ ਕਿ ਚਲੋ ਬਸਂ ਗੁਜ਼ਰੀ ਜਾਂਦੀ ਹੈ, ਫੇਰ??

ਪੈਦਾ ਤਾਂ ਉਹ ਵੀ ਮਾਂ ਦੇ ਗਰਭ ਵਿੱਚੋਂ ਹੀ ਹੋਏ ਸਨ। ਉਹ ਆਪਣੀ ਸੋਚ ਕਰਕੇ, ਆਪਣੇ ਕਾਰਜਾਂ ਕਰਕੇ, ਹਿੰਮਤ-ਦਲੇਰੀ ਕਰਕੇ, ਜ਼ਿੰਦਾਦਿਲੀ ਕਰਕੇ ਮਹਾਨ ਹੋਏ। ਜ਼ਿੰਦਗੀ ਦੇ ਆਸ਼ਿਕ ਹੁੰਦੇ ਹਨ ਮਹਾਨ ਲੋਕ। ਮਹਾਨ ਲੋਕ ਸ਼ਿਕਾਇਤਾਂ ਨਹੀਂ ਕਰਦੇ, ਕੁਝ ਕਰਕੇ ਵਿਖਾਉਂਦੇ ਨੇ। ਮਹਾਨ ਲੋਕ ਅਵੇਸਲੇ ਨਹੀਂ ਹੁੰਦੇ। ਗੁਰੂਆਂ, ਪੀਰਾਂ, ਸ਼ਹੀਦਾਂ, ਲੇਖਕਾਂ, ਵਿਗਿਆਨੀਆਂ, ਆਜ਼ਾਦੀ ਘੁਲਾਟੀਆਂ ਤੋਂ ਪਹਿਲਾਂ ਵੀ ਇਹਨਾਂ ਜਹੇ ਮਹਾਨ ਲੋਕ ਪੈਦਾ ਹੋਏ ਸਨ। ਜੇ ਉਹ ਇਹ ਸੋਚ ਕੇ ਬਹਿ ਜਾਂਦੇ ਕਿ ਅਸੀਂ ਮਹਾਨ ਨਹੀਂ ਹਾਂ, ਅਸੀਂ ਨਹੀਂ ਕੁਝ ਕਰ ਸਕਦੇ। ਜੇ ਕੁਝ ਵਿਗਿਆਨੀਆਂ ਤੋਂ ਬਾਅਦ ਦੂਜੇ ਵਿਗਿਆਨੀ ਖੋਜਾਂ ਨਾਂਹ ਕਰਦੇ, ਜੇ ਖੋਜਾਂ ਦਾ ਸਿਲਸਿਲਾ ਜਾਰੀ ਨਾਂਹ ਰਹਿੰਦਾ ਤਾਂ ਕੀ ਅਸੀਂ ਅੱਜ ਦੀ ਸੁਖ ਸਹੂਲਤ ਮਾਣ ਸਕਦੇ? ਜੇ ਮੁਗਲਾਂ ਖ਼ਿਲਾਫ਼ ਕੁਝ ਕੁ ਹੀ ਮਹਾਨ ਲੜਦੇ? ਕੀ ਅੰਗਰੇਜ਼ਾਂ ਖਿਲਾਫ ਸਿਰਫ਼ ਕੁਝ ਹੀ ਲੜੇ ਸਨ? ਜੇ ਬਾਕੀ ਜੁਝਾਰੂ ਆਵਾਜ਼ ਨਾਂਹ ਉਠਾਉਂਦੇ ਤਾਂ ਕੀ ਅੰਗਰੇਜ਼ ਭਾਰਤ ਨੂੰ ਛੱਡ ਕੇ ਜਾਂਦੇ? ਮਹਾਨ ਲੋਕ ਜ਼ਿੰਦਗੀ ਹੰਡਾਉਂਦੇ ਨੇ ਗੁਜ਼ਾਰਦੇ ਨਹੀਂ। ਮਹਾਨ ਲੋਕ ਕਦੇ ਮਹਾਨ ਅਖਵਾਉਣ ਜਾਂ ਪੂਜਾ ਕਰਵਾਉਣ ਲਈ ਕੰਮ ਨਹੀਂ ਕਰਦੇ। ਮਹਾਨ ਲੋਕਾਂ ਨੂੰ ਇਹ ਨਹੀਂ ਹੁੰਦਾ ਕਿ ਅਸੀਂ ਮਹਾਨ ਹਾਂ। ਉਹ ਸਿਰਫ਼ ਏਨਾ ਜਾਣਦੇ ਹੁੰਦੇ ਨੇ ਔਖੇ ਤੇ ਵੱਖਰੇ ਕੰਮ ਮਨੁੱਖ ਨੇ ਹੀ ਕਰਨੇ ਹਨ, ਮਨੁੱਖ ਹੀ ਕਰ ਸਕਦਾ ਹੈ। ਸੋ ਉਹ ਕਰਦੇ ਹਨ ਅਤੇ ਮਹਾਨ ਹੋ ਜਾਂਦੇ ਹਨ। ਮਹਾਨ ਲੋਕ ਸੋਹਣਾ ਅਤੇ ਲੋਕ ਪੱਖੀ ਕਰਨ ਦੀ ਹਿੰਮਤ ਅਤੇ ਕੋਸ਼ਿਸ਼ ਕਰਦੇ ਹਨ। ਚੰਗੇ ਹੁੰਦੇ ਹਨ ਮਹਾਨ ਲੋਕ। ਸੋ ਚੰਗੇ ਲੋਕ ਕਦੇ ਮਹਾਨ ਬਣਨ ਦੀ ਕੋਸ਼ਿਸ਼ ਨਹੀਂ ਕਰਦੇ। ਉਹ ਚੰਗੇ ਕੰਮ ਕਰਦੇ, ਚੰਗੀਆਂ ਕੋਸ਼ਿਸ਼ਾਂ ਨੂੰ ਮਕਸਦ ਦਿੰਦੇ, ਸੁਪਨੇ ਪੂਰਦੇ ਮਹਾਨ ਬਣ ਜਾਂਦੇ ਹਨ।

ਜਿਹੜੇ ਸਿਰਫ਼ ਮਹਾਨ ਬਣਨ ਦੀ ਹੀ ਕੋਸ਼ਿਸ਼ ਕਰਦੇ ਹਨ, ਉਹ ਵੱਖਰਾ ਕਰਨ ਦੀ ਕੋਸ਼ਿਸ਼ ਵਿੱਚ ਠੱਗਦੇ ਹਨ। ਜੋ ਫੁੰਕਾਰਦੇ ਹਨ, ਜੋ ਲਤਾੜਦੇ ਹਨ, ਜੋ ਤੜਫਾਉਂਦੇ ਹਨ, ਜੋ ਸਤਾਉਂਦੇ ਹਨ ਉਹ ਮਹਾਨ ਬਣ ਹੀ ਨਹੀਂ ਪਾਉਂਦੇ, ਬਣ ਹੀ ਨਹੀਂ ਸਕਦੇ। ਉਹ ਬਣਦੇ ਹਨ: ਅੰਧਵਿਸ਼ਵਾਸੀ, ਰਾਕਸ਼ਸ਼, ਲੁਟੇਰੇ, ਡਾਕੂ, ਕਾਤਲ, ਬਲਾਤਕਾਰੀ, ਗ਼ੱਦਾਰ, ਠੱਗ, ਚੋਰ ਤੇ ਅਤਿਵਦੀ।

ਮਹਾਨ ਲੋਕ ਕਿਸੇ ਇੱਕ ਵਕਤ ਵਿੱਚ ਹੀ ਮਹਾਨ ਨਹੀਂ ਹੁੰਦੇ। ਚੰਗੀ ਸੋਚ ਦੀ ਨਿਸ਼ਚਿਤ ਉਮਰ ਨਹੀਂ ਹੁੰਦੀ।

ਜੇ ਅਸੀਂ ਆਪਾਂ ਕੀ ਲੈਣਾ ਕਹਿ ਕੇ, ਪਾਸਾ ਵੱਟ ਕੇ, ਅੱਖਾਂ ਮੀਚ ਕੇ, ਕੰਨ ਵਲੇਟ ਕੇ, ਅਵੇਸਲੇ ਹੋ ਕੇ, ਕਿਸਮਤ ਨੂੰ ਦੋਸ਼ ਦੇ ਕੇ, ਬਿਨਾਂ ਕੋਸ਼ਿਸ਼ਾਂ ਤੋਂ ਹੀ ਜ਼ਿੰਦਗੀ ਗੁਜ਼ਾਰਦੇ ਰਹਾਂਗੇ ਤਾਂ ਅਸੀਂ ਮਾਂ ਦੀਆਂ ਉਹਨਾਂ ਪੀੜਾਂ ਤਕਲੀਫ਼ਾਂ ਦਾ ਮਜ਼ਾਕ ਉਡਾਵਾਂਗੇ ਜੋ ਉਸਨੇ ਸਾਨੂੰ ਪੈਦਾ ਕਰਨ ਵੇਲੇ ਝੱਲੀਆਂ ਸਨ। { ਕਹਿੰਦੇ ਨੇ ਬੱਚਾ ਪੈਦਾ ਕਰਨ ਵੇਲੇ ਏਨਾ ਦਰਦ ਹੁੰਦਾ ਹੈ ਜਿਵੇਂ ਕਿਸੇ ਦੀਆਂ ਇੱਕ ਹੀ ਵੇਲੇ ਵੀਹ ਹੱਡੀਆਂ ਟੁੱਟ ਜਾਣ }

ਜੇ ਮਾਂ ਬਾਪ ਸੋਚ ਲੈਂਦੇ ਕਿ ਆਪਾਂ ਕੀ ਲੈਣਾ ਹੈ ਬੱਚੇ ਦੀ ਸੰਭਾਲ ਕਰਕੇ, ਇਹਨੂੰ ਪਿਆਰ-ਦੁਲਾਰ ਕਰਕੇ। ਮਾਂ ਸੋਚ ਲਏ ਕਿ ਮੈਂ ਕੀ ਕਰਨਾ ਹੈ ਰਸੋਈ ਦਾ ਕੰਮ ਕਰਕੇ! ਪਿਓ ਸੋਚ ਲਵੇ ਕਿ ਮੈਂ ਕੀ ਲੇਣਾ ਹੈ ਪਰਿਵਾਰ ਪਾਲ ਕੇ! ਜੇ ਅਧਿਆਪਕ ਸੋਚ ਲੈਣ ਕਿ ਤਨਖਾਹ ਨਾਲ ਗੁਜ਼ਰੀ ਤਾਂ ਜਾਂਦੀ ਹੈ ਜ਼ਿੰਦਗੀ, ਮੈਂ ਕੀ ਲੈਣਾ ਹੈ ਪੜ੍ਹਾ ਕੇ! ਜੇ ਡਾਕਟਰ ਸੋਚ ਲਵੇ ਮੈਂ ਕੀ ਲੈਣਾ ਹੈ ਇਲਾਜ਼ ਕਰਕੇ! ਜੇ ਸਾਰੇ ਹੀ ਲੀਡਰ ਸੋਚ ਲੈਣ ਕਿ ਅਸੀਂ ਕੀ ਲੈਣਾ ਦੇਸ਼ ਅਤੇ ਜਨਤਾ ਤੋਂ! ਜੇ ਡਰਾਇਵਰ ਸੋਚ ਲੈਣ ਅਸੀਂ ਕੀ ਲੈਣਾ ਹੈ ਬਰੇਕ ਮਾਰਕੇ! ਜੇ ਵਿਗਿਆਨੀ ਕਹਿਣ ਕਿ ਅਸੀਂ ਕਿਉਂ ਕਰੀਏ ਖੋਜ! ਇਉਂ ਤਾਂ ਫੇਰ ਦੁਨੀਆਂ ‘ਤੇ ਰਹਿਣਾ ਹੀ ਗੁਨਾਹ ਹੋ ਜਾਵੇਗਾ। ਜੀਵਨ ਹੀ ਖ਼ਤਮ ਹੋ ਜਾਵੇਗਾ। ਸੋ ਸਾਡਾ ਕਿਸੇ ਲੋੜ, ਮਸਲੇ ਅਤੇ ਪਰਿਵਰਤਨ ਨੂੰ ਲੈ ਕੇ ਇਹ ਕਹਿਣਾ ਕਿ ਆਪਾਂ ਕੀ ਲੈਣਾ ਹੈ!! ਮੇਰੇ ਕਰਨ ਨਾਲ ਕੀ ਹੋ ਜਾਣਾ ਹੈ!! ਗੁਜ਼ਰੀ ਤਾਂ ਜਾਂਦੀ ਹੈ!! ਇਹ ਨਾਂਹ ਮੁਖੀ ਸੋਚ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ।

ਕਬੂਤਰ ਬਿੱਲੀ ਨੂੰ ਵੇਖ ਕੇ ਅੱਖਾਂ ਮੀਚ ਸਕਦਾ ਹੈ, ਅਸੀਂ ਨਹੀਂ। ਬੀਨ ਦਾ ਅਸਰ ਮੱਝ ਉੱਤੇ ਨਹੀਂ ਹੁੰਦਾ ਹੋਣਾ ਪਰ ਅਸੀਂ ਜਨੌਰ ਜਾਂ ਜਾਨਵਰ ਨਹੀਂ ਮਨੁੱਖ ਹਾਂ। ਮਨੁੱਖ ਕੁਦਰਤ ਦੀ ਸਭ ਤੋਂ ਵੱਡੀ ਰਚਨਾ ਹੈ। ਅੱਖਾਂ ਮੀਚਣ ਵਾਲਾ ਕਬੂਤਰ ਬਚਦਾ ਨਹੀਂ ਹੈ। ਬਿੱਲੀ ਉਸਨੂੰ ਧੌਣ ਤੋਂ ਫੜ ਕੇ ਖ਼ਤਮ ਕਰ ਦਿੰਦੀ ਹੈ। ਅਸੀਂ ਆਪਣੀ ਧੌਣ ਕਿਸੇ ਵੀ ਬਿੱਲੀ ਦੇ ਹੱਥ ਨਹੀਂ ਆਉਣ ਦੇਣੀ। ਜਾਂ ਹੈ ਇਰਾਦਾ!!?? ਕਿਤੇ ਇਹ ਤਾਂ ਨਹੀਂ ਕਿ ਬਿੱਲੀ ਖ਼ਤਮ ਕਰਦੀ ਹੈ ਤਾਂ ਕਰ ਦੇਵੇ ਆਪਾਂ ਕੀ ਲੈਣਾ ਹੈ!!!???

ਇਉਂ ਤਾਂ ਫੇਰ ਜਿਉਂ ਨਹੀਂ ਹੋਣਾ। ਇਉਂ ਤਾਂ ਹਾਲਾਤ ਅਤੇ ਲੋਕ ਸਾਡਾ ਮਜ਼ਾਕ ਉਡਾ-ਉਡਾ ਕੇ ਮਜ਼ੇ ਲੈਣਗੇ। ਲੋਕ ਗੋਢੇ ਟੇਕ ਕੇ ਬੈਠਣ ਵਾਲੇ ਦੇ ਮੋਢਿਆਂ ਉੱਤੇ ਹੀ ਚੜ੍ਹਦੇ ਹਨ। ਗਿਰ ਗਏ ਨੂੰ ਹੀ ਠੇਡੇ ਵੱਜਦੇ ਹਨ। ਡਰਨ ਵਾਲੇ ਨੂੰ ਹੀ ਡਰਾਇਆ ਜਾਂਦਾ ਹੈ। ਜਿਸਨੇ ਇਹ ਸੋਚ ਲਿਆ ਕਿ ਮੈਂ ਕੀ ਲੈਣਾ ਹੈ! ਉਹਨੂੰ ਮਿਲਣਾ ਵੀ ਫੇਰ ਕੀ ਹੈ। ਜਿਸਨੇ ਕਹਿ ਹੀ ਦਿੱਤਾ ਕਿ ਬਸ ਗੁਜ਼ਰੀ ਜਾਂਦੀ ਹੈ, ਉਹ ਕੀ ਹੰਢਾਵੇਗਾ ਜ਼ਿੰਦਗੀ ਨੂੰ।

ਜ਼ਿੰਦਗੀ ਪ੍ਰਤਿ ਨਾਂਹ ਮੁਖੀ ਵਤੀਰਾ ਗ਼ੱਦਾਰੀ ਹੈ। ਖ਼ੁਦ ਨੂੰ ਨਿਰਾਸ਼ ਰੱਖਣਾ ਗ਼ੱਦਾਰੀ ਹੈ। ਬਿਨਾਂ ਉਤਸ਼ਾਹ ਦੇ ਜੀਵਨ ਜਿਉਂਣਾ ਗ਼ੱਦਾਰੀ ਹੈ। ਦਿਖਦਾ ਹੋਣ ਦੀ ਸਮਰੱਥਾ ਦੇ ਬਾਵਜੂਦ ਨਾ ਦੇਖਣਾ ਗ਼ੱਦਾਰੀ ਹੈ। ਸਾਹ ਚੱਲਦੇ ਹੋਣ ਅਤੇ ਜੀਣ ਦਾ ਲੁਤਫ਼ ਨਾ ਲਿਆ ਜਾਵੇ ਇਹ ਤਾਂ ਗ਼ੱਦਾਰੀ ਹੈ। ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਨਾਂਹ ਪੜ੍ਹਨਾ ਗ਼ੱਦਾਰੀ ਹੈ। ਜ਼ੁਬਾਨ ਹੋਵੇ ਤੇ ਬੰਦਾ ਬੋਲੇ ਨਾ ਇਹ ਤਾਂ ਗ਼ੱਦਾਰੀ ਹੈ। ਵਕਤ ਖੁੱਲ੍ਹਾ ਹੋਵੇ ਅਤੇ ਆਪਣਿਆਂ ਨੂੰ ਕਹੇ ਮੈ ਤਾਂ ਬਿਜ਼ੀ ਹਾਂ ਇਹ ਤਾਂ ਗ਼ੱਦਾਰੀ ਹੈ। ਗ਼ੱਦਾਰ ਤਾਂ ਉਹ ਵੀ ਹੈ ਜੋ ਘਰ ਵਿੱਚ ਵਿਹਲਾ ਤੇ ਮੌਜੂਦ ਹੋਣ ਦੇ ਬਾਵਜੂਦ ਬੱਚਿਆਂ ਨੂੰ ਵਕਤ ਨਹੀਂ ਦਿੰਦਾ।

ਨਰਿੰਦਰ ਸਿੰਘ ਕਪੂਰ ਜੀ ਆਪਣੀ ਕਿਤਾਬ ਬੂਹੇ ਬਾਰੀਆਂ ਵਿੱਚ ਲਿਖਦੇ ਹਨ : ਬੋਲਣ ਦੀ ਅਤਿ ਲੋੜ ਸਮੇਂ ਜਿਹੜਾ ਮਿੱਤਰ ਚੁੱਪ ਸਾਧ ਲਵੇ ਉਹ ਗ਼ੱਦਾਰ ਹੁੰਦਾ ਹੈ। ਗ਼ੱਦਾਰ ਵਿਅਕਤੀ ਦੀ ਆਤਮਾ ਮਰ ਚੁੱਕੀ ਹੁੰਦੀ ਹੈ। ਗ਼ੱਦਾਰ ਭਾਵੇਂ ਕਿੰਨਾ ਹੀ ਪੜ੍ਹੇ ਲਿਖੇ ਹੋਣ ਉਹਨਾਂ ਇਤਿਹਾਸ ਨਹੀਂ ਪੜ੍ਹਿਆ ਹੁੰਦਾ। ਗ਼ੱਦਾਰ ਨੂੰ ਗ਼ੱਦਾਰੀ ਕਰਨ ਲਈ ਕਿਹਾ ਨਹੀਂ ਜਾਂਦਾ, ਉਹ ਗ਼ੱਦਾਰੀ ਦਾ ਕਾਰਜ ਨਿਭਾਉਣ ਲਈ ਖੁਦ ਨੂੰ ਪੇਸ਼ ਕਰਦਾ ਹੈ।

ਆਪਾਂ ਨੇ ਇਮਾਨਦਾਰ ਹੋ ਕੇ ਜ਼ਿੰਦਗੀ ਤੋਂ ਬਹੁਤ ਕੁਝ ਲੈਣਾ ਹੈ। ਲੈਣ ਵਾਲੇ ਨੂੰ ਦੇਣਾ ਵੀ ਪੈਂਦਾ ਹੈ। ਫ਼ਰਜ਼ਾਂ ਤੋਂ ਤਾਂ ਪਸ਼ੂ ਨਹੀਂ ਮੁਨਕਰ ਹੁੰਦੇ। ਫ਼ਰਜ਼ਾਂ ਤੋਂ ਤਾਂ ਕੁਦਰਤ ਨਹੀਂ ਮੁਨਕਰ ਹੁੰਦੀ। ਮਨੁੱਖ ਨੂੰ ਤਾਂ ਫ਼ਰਜ਼ਾਂ ਪ੍ਰਤਿ ਸੁਚੇਤ ਰਹਿਣ ਲਈ ਦਿਮਾਗ ਮਿਲਿਆ ਹੈ। ਜ਼ੁਬਾਨ ਮਿਲੀ ਹੈ। ਜ਼ੁਬਾਨ ਨਹੀਂ ਤਾਂ ਇਸ਼ਾਰੇ ਹਨ। ਵਿਦਰੋਹ ਹੈ ਸਾਡੇ ਕੋਲ, ਨਾਹਰੇ ਹਨ ਸਾਡੇ ਕੋਲ। ਜਸ਼ਨ ਹਨ ਸਾਡੇ ਕੋਲ, ਹੁਲਾਰੇ ਹਨ ਸਾਡੇ ਕੋਲ। ਸਾਡੇ ਕੋਲ ਗੀਤ ਹੈ, ਸੰਗੀਤ ਹੈ, ਪ੍ਰੀਤ ਹੈ। ਬਹੁਤ ਕੁਝ ਹੈ ਸਾਡੇ ਆਲੇ ਦੁਆਲੇ ਜੋ ਸਾਡਾ ਧਿਆਨ ਮੰਗਦਾ ਹੈ।

ਸਾਡੇ ਆਸੇ ਪਾਸੇ ਕੀ ਹੋ ਰਿਹਾ ਹੈ! ਕਿਉਂ ਹੋ ਰਿਹਾ ਹੈ! ਇਹਦੇ ਬਾਰੇ ਸਾਡੀ ਜਗਿਆਸਾ ਵੀ ਹੋਣੀ ਚਾਹੀਦੀ ਹੈ, ਸਾਡੀ ਦਿਲਚਸਪੀ ਵੀ, ਫ਼ਿਕਰ ਵੀ ਅਤੇ ਗਿਆਨ ਵੀ। ਇਹ ਕਹਿ ਕੇ ਖਹਿੜਾ ਛੁਡਾ ਲੈਣਾ ਕਿ ਇਹ ਤਾਂ ਹੁੰਦਾ ਹੀ ਰਹਿੰਦੈ, ਇਹ ਤਾਂ ਇਸੇ ਤਰ੍ਹਾਂ ਹੋਣਾ ਹੈ, ਕਿਸੇ ਤਰ੍ਹਾਂ ਨਾਲ ਵੀ ਧਰਮ ਕਰਮ ਦੇ ਨਾਲ ਮੇਲ ਨਹੀਂ ਖਾਂਦਾ। ਇਹ ਵਤੀਰਾ ਚਾਲਾਕੀ ਅਤੇ ਮੂਰਖ਼ਤਾ ਭਰਪੂਰ ਤਾਂ ਹੈ ਪਰ ਅਕਲਮੰਦੀ ਵਾਲਾ ਨਹੀਂ ਹੋ ਸਕਦਾ। ਇਹ ਗੱਲਾਂ, ਇਹ ਤਰਕ, ਆਵਾਜ਼ ਮੰਗਦਾ ਹੈ। ਚੁੱਪ ਨਹੀਂ। ਚੁੱਪ ਹੀ ਭਲੀ ਹੈ ਕਹਿ ਕੇ ਮਸਲਿਆਂ ਦਾ ਹੱਲ ਨਹੀਂ ਹੋਣਾ। ਚੁੱਪ ਕਿੱਥੇ ਭਲੀ ਹੈ? ਕਿੱਥੇ ਖ਼ਤਰਨਾਕ? ਇਹ ਦੇ ਬਾਰੇ ਪਤਾ ਹੋਣਾ ਜਾਂ ਇਹਦੇ ਬਾਰੇ ਸੁਚੇਤ ਹੋਣਾ ਹੀ ਜਿਉਣ-ਜੋਗਾ ਕਰਦਾ ਹੈ। ਜਿਉਣ-ਜੋਗੇ ਹੀ ਬਹੁਤ ਕੁਝ ਕਰਨ ਜੋਗੇ ਹੁੰਦੇ ਹਨ। ਚੁੱਪ ਸਿਰਫ਼ ਨਿੱਜੀ ਗਰਜ਼ ਲਈ ਹੀ ਨਹੀਂ ਤੋੜੀ ਦੀ। ਚੁੱਪ ਸਿਰਫ਼ ਗਾਲ ਜਾਂ ਆਸ਼ੀਰਵਾਦ ਦੇਣ ਵੇਲੇ ਹੀ ਨਹੀਂ ਟੁੱਟਣੀ ਚਾਹੀਦੀ। ਬੋਲਿਆ ਸਿਰਫ਼ ਖੁਦ ਦੇ ਲਾਭ ਲਈ ਹੀ ਨਹੀਂ ਜਾਂਦਾ। ਸ਼ਾਬਾਸ਼ੇ, ਹਰਖ਼, ਮੱਤ ਅਤੇ ਮਾਣ ਦੇ ਬੋਲ ਸਿਰਫ਼ ਆਪਣੇ ਘਰਦਿਆਂ ਅਤੇ ਪਹਿਚਾਣ ਵਾਲਿਆਂ ਲਈ ਹੀ ਨਹੀਂ ਹੋਣੇ ਚਾਹੀਦੇ। ਜੇ ਸਾਰੇ ਹੀ ਚੁੱਪ ਭਲੀ ਹੈ ਦਾ ਫਾਰਮੂਲਾ ਅਪਣਾ ਲੈਂਦੇ ਜਾਂ ਅਪਣਾ ਲੈਣ ਤਾਂ ਸਾਡੇ ਕੋਲ ਸ਼ਾਇਰ, ਕਹਾਣੀਕਾਰ, ਗਵੱਈਏ, ਭੰਡ, ਨਾਟਕਕਾਰ ਤੇ ਸਿਨੇਮਾ ਵਾਲੇ ਨਾ ਹੁੰਦੇ। ਅਫ਼ਸੋਸ ਜ਼ਿਆਦਾ ਲੋਕ ਚੁੱਪ ਹੀ ਭਲੀ ਹੈ ਬਾਰੇ ਸੋਚਦੇ-ਸੋਚਦੇ ਇਹਦੇ ਉੱਤੇ ਅਮਲ ਕਰ ਬੈਠੇ ਤੇ ਅੱਜ ਤਾਂ ਹੀ ਸਰਕਾਰਾਂ ਦਾ ਧੱਕਾ ਵਧ ਗਿਆ, ਬਦਮਾਸ਼ਾਂ ਦੀ ਚੜ੍ਹਤ ਹੋ ਗਈ, ਹੇਰਾਫੇਰੀ ਨੇ ਸਿਰ ਚੁੱਕ ਲਿਆ ਅਤੇ ਤਕੜਿਆਂ ਨੇ ਸ਼ੇਰਾਂ ਨੂੰ ਵੀ ਬੱਕਰੀ ਵਾਂਗ ਝਟਕਾ ਲਿਆ। ਗੀਤਾਂ ਨੂੰ ਗਾਲਾਂ ਬਣਾ ਦਿੱਤਾ।

ਜੇ ਅਸੀਂ -ਤੁਸੀਂ ਚੁੱਪ ਤਾਂ ਹੀ ਗਿਣਤੀ ਦੇ ਲੋਕਾਂ ਨੇ ਪੰਜਾਬ ਦੀ ਪਹਿਚਾਣ ਸ਼ਰਾਬ, ਲਲਕਾਰੇ, ਫੁਕਰਾਪਣ, ਅਫ਼ੀਮ, ਨਸ਼ੇ, ਹਥਿਆਰ ਅਤੇ ਬਦਮਾਸ਼ੀ ਨਾਲ ਜੋੜ ਦਿੱਤੀ ਹੈ। ਜੇ ਅਸੀਂ ਨਾ ਬੋਲੇ ਤਾਂ ਸਾਡੇ ਦੇਸ ਅਤੇ ਬੋਲੀ ਦੀ ਪਹਿਚਾਣ ਦੇ ਅਰਥ ਉਜੱਡਪੁਣਾ ਹੋ ਜਾਣਗੇ। ਚੁੱਪ ਨੂੰ ਤੋੜਨਾ ਪੈਣਾ ਹੈ।

ਚੁੱਪ ਨੂੰ ਤੋੜ ਕੇ ਬੋਲਣ ਤੋਂ ਭਾਵ ਭਾਸ਼ਣ ਦੇਣ ਤੋਂ ਨਹੀਂ ਹੈ। ਬੋਲਣ ਤੋਂ ਭਾਵ ਬਕ-ਬਕ ਕਰਨ ਤੋਂ ਨਹੀਂ ਹੈ। ਬੋਲਣ ਤੋਂ ਭਾਵ ਜਣੇ-ਖਣੇ ਨਾਲ ਲੜ੍ਹਨ ਤੋਂ ਨਹੀਂ ਹੈ। ਚੁੱਪ ਨੂੰ ਤੋੜਨਾ ਮਾਂ-ਪਿਓ ਜਾਂ ਧੀ-ਪੁੱਤ ਨਾਲ ਬਦਤਮੀਜ਼ ਹੋਣਾ ਨਹੀਂ ਹੈ। ਚੁੱਪ ਤੋੜਨਾ ਗਾਲਾਂ ਕੱਢਣਾਂ ਤਾਂ ਬਿਲਕੁਲ ਹੀ ਨਹੀਂ ਹੈ। ਮਾਂ, ਭੈਣ, ਧੀ ਦੀ ਗਾਲ ਕੱਢਣ ਵਾਲੇ ਨੂੰ ਪੁੱਛਣਾ ਕਿ ਜੇ ਗਾਲ ਕੱਢਣਾ ਬੁਰਾ ਨਹੀਂ ਹੈ ਤਾਂ ਕੀ ਆਪਣੀ ਮਾਂ ਭੈਣ ਧੀ ਲਈ ਗਾਲ ਸੁਣਨ ਲਈ ਰਾਜ਼ੀ ਹੈ? ਜੇ ਉਹ ਕਹੇ ਹਾਂ ਤਾਂ ਐਸੇ ਬੰਦੇ ਨੂੰ ਮਾਂ ਦੇ ਪੈਰੀਂ ਹੱਥ ਲਾਉਣ ਦਾ, ਭੈਣ ਤੋਂ ਰੱਖੜੀ ਬਨਾਉਣ ਦਾ ਤੇ ਧੀ ਦੇ ਸਿਰ ਉੱਤੇ ਹੱਥ ਰੱਖਣ ਦਾ ਕੋਈ ਹੱਕ ਨਹੀਂ ਹੈ। ਜੇ ਉਹ ਕਹੇ ਕਿ ਗਾਲ ਕੱਢ ਤਾਂ ਸਕਦਾਂ ਪਰ ਸੁਣ ਨਹੀਂ ਸਕਦਾ ਤਾਂ ਐਸੇ ਬੰਦੇ ਨੂੰ ਗਾਲ ਕੱਢਣ ਦਾ ਕੋਈ ਹੱਕ ਨਹੀਂ ਹੈ। ਕਿਉਂਕਿ ਕੁਝ ਦੇਣ ਵਾਲੇ ਨੂੰ ਕੁਝ ਲੈਣਾ ਤਾਂ ਪੈਂਦਾ ਹੀ ਹੈ। ਗੱਲ ਤਾਂ ਚੁੱਪ ਨੂੰ ਤੋੜ ਕੇ ਬੋਲਣ ਦੀ ਸ਼ੁਰੂ ਕੀਤੀ ਸੀ। ਬੋਲਣ ਤੋਂ ਭਾਵ ਹੈ ਦੁੱਖ ਸੁੱਖ ਦਾ ਸੰਵਾਦ ਰਚਾਉਣਾ। ਬੋਲਣ ਤੋਂ ਭਾਵ ਹੈ ਗੀਤਾਂ ਨੂੰ ਮਹਿਕਣ ਲਾਉਣਾ। ਬੋਲਣ ਤੋਂ ਮਤਲਬ ਹੈ ਔਲਾਦ ਨਾਲ ਦੋਸਤੀ ਦਾ ਰਾਬਤਾ ਕਾਇਮ ਕਰਨਾ। ਚੁੱਪ ਨੂੰ ਤੋੜਨ ਦਾ ਮਤਲਬ ਹੈ ਮਾਂ, ਪਤਨੀ, ਭੈਣ, ਸਹੇਲੀ ਤੇ ਧੀ ਦੇ ਨਾਲ ਵਿਚਾਰ ਵਟਾਂਦਰਾ ਕਰਨਾ। ਬੋਲਣ ਤੋਂ ਭਾਵ ਹੈ ਆਪਣੇ ਕੁੜੀ ਜਾਂ ਔਰਤ ਹੋਣ ਉੱਤੇ ਮਾਣ ਕਰਕੇ ਧੱਕਾ ਨਾਂਹ ਸਹਿਣਾ। ਚੁੱਪ ਤੋੜਨ ਦਾ ਮਤਲਬ ਹੈ ਹੱਕ ਸੱਚ ਦੀ ਗੱਲ ਕਰਨਾ। ਬੋਲਣ ਦਾ ਮਤਲਬ ਹੈ ਬੇਸ਼ਰਮੀ ਅਤੇ ਬਦਤਮੀਜ਼ੀ ਨੂੰ ਸਿਆਣਪ ਅਤੇ ਲਿਆਕਤ ਸਿਖਾਉਣਾ! ਚੁੱਪ ਵਿੱਚੋਂ ਬਾਹਰ ਨਿੱਕਲਣ ਦਾ ਅਰਥ ਹੈ ਪਿਓ ਨੂੰ ਪਿਆਰ ਦੇ ਬੋਲ ਕਹਿਣਾ ਤੇ ਮਾਂ ਨਾਲੋਂ ਟੁੱਟ ਕਿ ਨਾ ਬਹਿਣਾ। ਬੋਲਣ ਦਾ ਮਤਲਬ ਹੈ ਦਿਲ ਦੀ ਕਹਿਣਾ। ਬੋਲਣ ਦਾ ਅਰਥ ਹੈ ਬੁਰੇ ਦਾ ਵਿਰੋਧ ਕਰਨਾ, ਚੰਗੇ ਨੂੰ ਸ਼ਾਬਾਸ਼ ਦੇਣਾ। ਬੋਲਣ ਦਾ ਮਤਲਬ ਹੈ ਕਿਤਾਬਾਂ ਕੋਲੋਂ ਵਿਚਾਰ ਲੈਣਾ। ਚੁੱਪ ਤੋੜਨ ਦਾ ਮਤਲਬ ਹੈ ਕਿਤਾਬਾਂ ਵਿੱਚੋਂ ਸਿੱਖੇ ਹੋਏ ਨੂੰ ਅਮਲੀ ਰੂਪ ਦੇਣਾ। ਬੋਲਣ ਦਾ ਮਤਲਬ ਹੈ ਘਰਾਂ ਨੂੰ ਚੁੱਪ ਵਿੱਚੋਂ ਕੱਢਣਾ।

ਘਰਾਂ ਵਿੱਚ ਗੱਲਬਾਤ ਦਾ ਮਾਹੌਲ ਬਣਾਈ ਰੱਖਣ ਵਾਲੇ ਲੋਕ ਸਮਾਜ ਵਿੱਚ ਵੀ ਸੋਹਣਾ ਸੰਵਾਦ ਰਚਾਉਂਦੇ ਹਨ। ਪਰਿਵਾਰ ਨਾਲ ਬੁਰੇ-ਭਲੇ ਦੀ ਚਰਚਾ ਕਰਦੇ ਰਹਿਣ ਵਾਲੇ ਘਰ ਤੋਂ ਬਾਹਰ ਵੀ ਭਲੇ ਦੇ ਨਾਲ ਖੜ੍ਹਦੇ ਅਤੇ ਬੁਰੇ ਦੇ ਸਾਹਮਣੇ ਡਟਦੇ ਹਨ। ਧੀ ਪੁੱਤਰ ਦਾ ਮਿੱਤਰ ਕਿਸੇ ਦਾ ਵੀ ਦੁਸ਼ਮਣ ਨਹੀਂ ਹੁੰਦਾ। ਜਿਹੜਾ ਘਰ ਵਿੱਚ ਬੁੱਲ ਸਿਉਂ ਕੇ ਰੱਖਦਾ ਹੈ ਘਰ ਤੋਂ ਬਾਹਰ ਉਹਦੀ ਕੋਈ ਵੀ ਗੱਲ ਅਸਰ ਨਹੀਂ ਕਰੇਗੀ। ਅਫ਼ਸੋਸ ਘਰਾਂ ਵਿੱਚ ਵੀ ਲੋੜ ਜੋਗਾ ਨਹੀਂ ਬੋਲਦੇ ਅਸੀਂ ਲੋਕ।

ਪਰ ਉਮੀਦ ਨਹੀਂ ਮੁੱਕੀ। ਚੁੱਪ ਰਹਿਣ ਦੀ ਸੌਂਹ ਪਾ ਕੇ, ਜਾਗਦਿਆਂ ਹੀ ਸੁੱਤੇ ਮੇਰੇ ਲੋਕ, ਉੱਠਣਗੇ! ਜਾਗਣਗੇ। ਦੀਵਾ ਜਗੂਗਾ। ਲਾਟ ਮਘੂਗੀ। ਸਾਡੇ ਪੰਜਾਬ ਦਾ ਮਾਣਮੱਤਾ ਸ਼ਾਇਰ ਹੈ ਸੁਰਜੀਤ ਪਾਤਰ! ਉਹ ਲਿਖਦੇ ਨੇ ਆਪਣੀ ਕਿਤਾਬ ‘ਬਿਰਖ ਅਰਜ਼ ਕਰੇ’ ਵਿੱਚ:

“ਮੇਰੇ ਮਨ ਵਿੱਚ ਖੌਫ਼ ਬਹੁਤ ਨੇ, ਥੋੜ੍ਹੀ ਥੋੜ੍ਹੀ ਆਸ ਵੀ ਹੈ। ਕਾਲ਼ੀ ਰਾਤ ਹੈ ਪਰ ਇੱਕ ਨਿੰਮੇ ਦੀਵੇ ਦੀ ਧਰਵਾਸ ਵੀ ਹੈ॥” ਹੋ ਸਕਦਾ ਹੈ ਚੁੱਪ ਦੀ ਹਾਮੀ ਭਰਨ ਵਾਲੇ ਜਾਂ ਚੁੱਪ ਰਹਿਣ ਦੇ ਆਦੀ ਮੇਰੀਆਂ ਗੱਲਾਂ ਨੂੰ ਫੋਕਾ ਭਾਸ਼ਣ ਸਮਝ ਕੇ ਪੜ੍ਹਨਾ ਬੰਦ ਕਰ ਦੇਣ ਜਾਂ ਹੀ-ਹੀ ਕਰਕੇ ਸਾਰ ਦੇਣ ਜਾਂ ਮੈਨੂੰ ‘ਵੱਡਾ ਆਇਆ ਸਮਾਜ ਸੁਧਾਰਕ’ ਦਾ ਤਮਗਾ ਦੇਣ ਜਾਂ ਮੈਨੂੰ ਮਿਲਣ ‘ਤੇ ਕਹਿਣ “ਰਾਣੇ ਟੈਨਸ਼ਨ ਨਾ ਲੈ ਇਹੋ ਜਹੀਆਂ ਗੱਲਾਂ ਦੀ, ਰੱਬ ਸਭ ਦੇਖਦੈ”। ਕਿਉਂਕਿ ਅਕਸਰ ਅਸੀਂ ਇਹ ਸੰਵਾਦ ਸੁਣਦੇ ਹਾਂ ਕਿ ਰੱਬ ਸਭ ਦੇਖਦੈ।

ਕੀ ਦੇਖਦਾ ਹੈ ਜੀ ਰੱਬ? ??

ਕੀ ਰੱਬ ਇਹ ਦੇਖਦਾ ਹੈ ਕਿ ਅਸੀਂ ਦੁਨੀਆਂ ‘ਤੇ ਬੋਲਣ ਵੇਲੇ ਬੋਲ ਨਹੀਂ ਰਹੇ! ਕੀ ਰੱਬ ਇਹ ਦੇਖਦਾ ਹੈ ਕਿ ਅਸੀਂ ਫ਼ਸਲਾਂ ਉੱਤੇ ਜ਼ਹਿਰ ਛਿੜਕ ਰਹੇ ਹਾਂ! ਕਿ ਅਸੀਂ ਉਹਨਾਂ ਨੂੰ ਵੋਟਾਂ ਪਾ ਰਹੇ ਹਾਂ ਜੋ ਲੋਕਾਂ ਦੇ ਹਿਤਾਂ ਦੇ ਦੁਸ਼ਮਣ ਨੇ! ਕਿ ਅਸੀਂ ਮਿਲਾਵਟ ਵਾਲਾ ਖਾਣਾ ਖਾ ਰਹੇ ਹਾਂ। ਕਿ ਅਸੀਂ ਧਰਮ ਅਸਥਾਨਾ ਨੂੰ ਵਪਾਰ ਕੇਂਦਰ ਬਣਾ ਰਹੇ ਹਾਂ। ਕਿ ਅਸੀਂ ਰੱਬ ਦੇ ਨਾਂ ਉੱਤੇ ਚੰਦਾ ਇਕੱਠਾ ਕਰ ਰਹੇ ਹਾਂ! ਕਿ ਅਸੀਂ ਬੇਕਾਰ, ਘਟੀਆ, ਗੰਦਾ ਗਾਣਾ ਵੱਜਦਾ ਬਰਦਾਸ਼ਤ ਕਰਦੇ ਹਾਂ! ਕਿ ਅਸੀਂ ਧੀ, ਭੈਣ ਤੇ ਮਾਂ ਦੀ ਗਾਲ ਕੱਢਦੇ ਨੂੰ ਸਮਝਾਉਂਦੇ ਨਹੀਂ ਕਿ ਨਾ ਵੀ ਗਾਲ ਨਹੀਂ ਕੱਢੀਦੀ। (ਕਿਉਂਕਿ ਅਸੀਂ ਆਪ ਗਾਲਾਂ ਕੱਢਦੇ ਹਾਂ ਪਰ ਜੇ ਕੋਈ ਸਾਨੂੰ ਕੱਢੇ ਤਾਂ ਲੜਦੇ ਹਾਂ। ਤੁਹਾਨੂੰ ਗਾਲ ਵਾਲੀ ਗੱਲ ਕੋਈ ਵੱਡਾ ਮੁੱਦਾ ਨਹੀਂ ਲੱਗਦੀ!! ਇਹ ਬਹੁਤ ਵੱਡਾ ਮੁੱਦਾ ਹੈ ਜੀ।}।

ਕੀ ਦੇਖ ਰਿਹਾ ਹੈ ਰੱਬ ਕਿ ਮੇਰੇ ਬੰਦੇ ਹਰ ਗੱਲ ਮੇਰੇ ‘ਤੇ ਹੀ ਸੁੱਟੀ ਜਾ ਰਹੇ ਨੇ! ਕੀ ਦੇਖ ਰਹੇ ਨੇ ਰੱਬ ਜੀ ਕਿ ਧੀਆਂ ਨੂੰ ਕੁੱਖ ਵਿੱਚ ਕਤਲ ਕੀਤਾ ਜਾ ਰਿਹਾ ਹੈ! ਕੀ ਦੇਖ ਰਿਹਾ ਹੈ ਰੱਬ ਕਿ ਅਸੀਂ ਪਾਣੀ, ਹਵਾ, ਧਰਤੀ ਅਤੇ ਦਰੱਖਤਾਂ ਦੇ ਦੁਸ਼ਮਣ ਬਣਦੇ ਜਾ ਰਹੇ ਹਾਂ!

ਤਨਵੀਰ ਦੀ ਅਨੁਵਾਦ ਕੀਤੀ ਲੈਂਗਸਟਨ ਹਿਊ ਦੀ ਕਵਿਤਾ ਪੜ੍ਹੀ ਸੀ ਈਸ਼ਵਰ, ਉਹ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਇੱਕ ਗੱਲ ਦੱਸਿਓ, ਤੁਸੀਂ ਕਵਿਤਾ, ਕਹਾਣੀ, ਨਾਵਲ, ਨਾਟਕ ਜਾਂ ਲੇਖ ਪੜ੍ਹਦੇ ਓਂ? ਜੇ ਨਹੀਂ ਪੜ੍ਹਦੇ ਤਾਂ ਇਹ ਕੋਈ ਵਧੀਆਂ ਗੱਲ ਨਹੀਂ ਬਲਕਿ ਖੁਦ ਨਾਲ ਧੋਖਾ ਕਰਨ ਵਾਲੀ ਗੱਲ ਹੈ। ਤੁਹਾਨੂੰ ਪਤਾ ਹੈ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀ ਕਿਤਾਬਾਂ ਨੂੰ ਹੀ ਅਸਲੀ ਮਿੱਤਰ ਮੰਨਦੇ ਸਨ। ਫਾਂਸੀ ਚੜ੍ਹਨ ਤੋਂ ਕੁਝ ਦੇਰ ਪਹਿਲਾਂ ਭਗਤ ਸਿੰਘ ਜੀ ਲੈਨਿਨ ਦੀ ਕਿਤਾਬ ਪੜ੍ਹ ਰਹੇ ਸਨ। ਭਗਤ ਸਿੰਘ ਹੁਰੀਂ ਲਿਖਦੇ ਵੀ ਬਹੁਤ ਕਮਾਲ ਦਾ ਸਨ। ਤੁਸੀਂ ਪੜ੍ਹੀ ਹੈ ਉਹਨਾਂ ਦੀ ਕੋਈ ਲਿਖਤ? ਜਗਮੋਹਣ ਸਿੰਘ ਦੀ ਸੰਪਾਦਿਤ ਕੀਤੀ ਕਿਤਾਬ ਪੜ੍ਹਨਾ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ।

ਅੱਛਾ ਕਵਿਤਾ ਪੜ੍ਹੋ ਲੈਂਗਸਟਨ ਹਿਊ ਦੀ :

ਮੈਂ ਈਸ਼ਵਰ ਹਾਂ

ਮੇਰੀ ਕਿਸੇ ਨਾਲ ਮਿੱਤਰਤਾ ਨਹੀਂ

ਐਨੀ ਵੱਡੀ ਦੁਨੀਆਂ ‘ਚ

ਢੋਂਹਦਾ ਹਾਂ ਆਪਣੀ ਪਵਿੱਤਰਤਾ

ਸੋਹਣੀ ਧਰਤੀ ‘ਤੇ

ਨੌਜਵਾਨ ਪ੍ਰੇਮੀ ਚਹਿਲਕਦਮੀ ਕਰਦੇ ਨੇ

ਮੈਂ ਧਰਤੀ ‘ਤੇ ਕਿਵੇਂ ਪਹੁੰਚ ਸਕਦਾ

ਮੈਂ ਤਾਂ ਈਸ਼ਵਰ ਹਾਂ

ਉਠੋ, ਜੀਵਨ ਪ੍ਰੇਮ ਹੈ

ਪ੍ਰੇਮ ਹੀ ਜੀਵਨ ਹੈ

ਈਸ਼ਵਰ ਅਤੇ ਤਨਹਾ ਹੋਣ ਨਾਲੋਂ

ਤਾਂ ਚੰਗਾ ਹੈ ਇਨਸਾਨ ਹੋਣਾ

{ਹੁਣ ਮੈਗਜੀਨ ਵਿੱਚੋਂ ਧੰਨਵਾਦ ਨਾਲ}

ਹਾਂ, ਚੰਗਾ ਹੈ ਇਨਸਾਨ ਹੋਣਾ। ਰੱਬ ਦੀ ਕੋਈ ਸ਼ਕਲ ਨਹੀਂ। ਰੱਬ ਦਾ ਕੋਈ ਆਕਾਰ ਨਹੀਂ। ਰੱਬ ਸ਼ਕਲ ਆਕਾਰ ਤੋਂ ਮੁਕਤ ਹੈ ਪਰ ਉਸਨੇ ਸਾਨੂੰ ਸਭ ਦਿੱਤਾ ਹੈ । ਸਾਡਾਂ ਆਕਾਰ ਹੈ। ਸਾਡੇ ਕੋਲ ਮਾਂ ਦੇ ਗਰਭ ਵਿੱਚੋਂ ਮਿਲੀਆਂ ਤੇ ਕੁਦਰਤ ਦੀਆਂ ਦਿੱਤੀਆਂ ਬਹੁਤ ਸ਼ਕਤੀਆਂ ਹਨ। ਵੇਖਣ ਦੀ, ਸੁੰਘਣ ਦੀ, ਸਪਰਸ਼ ਦੀ, ਸਵਾਦ ਦੀ, ਤੁਰਨ ਦੀ, ਬੈਠਣ ਦੀ, ਖੜਨ ਦੀ, ਪੜ੍ਹਨ ਦੀ, ਬੋਲਣ ਦੀ, ਸੁਣਨ ਦੀ ਏਨਾ ਕੁਝ ਹੈ ਸਾਡੇ ਕੋਲ ਫੇਰ ਕਿਉਂ ਸਿੱਟੀਏ ਰੱਬ ‘ਤੇ ਗੱਲ ਕਿ ਰੱਬ ਸਭ ਕੁਝ ਦੇਖਦਾ ਹੈ!! ਕੀ ਰੱਬ ਨੇ ਸਾਨੂੰ ਦੇਖਣ ਲਈ ਅੱਖਾਂ ਨਹੀਂ, ਦਿੱਤੀਆਂ?? {ਜਿੰਨਾਂ ਨੂੰ ਅੱਖਾਂ ਨਹੀਂ ਦਿੱਤੀਆਂ ਉਹ ਆਪਣੇ ਅੰਦਰ ਦੀ ਨਜ਼ਰ ਨਾਲ ਸੁਜਾਖਿਆਂ ਨਾਲੋਂ ਵੱਧ ਦੇਖਦੇ ਨੇ, ਉਹ ਨਹੀਂ ਕਹਿੰਦੇ ਕਿ ਰੱਬ ਸਭ ਦੇਖਦਾ ਹੈ। ਮੈਂ ਉਹਨਾਂ ਕਈ ਸੱਜਣਾਂ ਨੂੰ ਮਿਲਿਆਂ ਹਾਂ ਜਿੰਨਾਂ ਕੋਲ ਅੱਖਾਂ ਦੀ ਰੌਸ਼ਨੀ ਨਹੀਂ ਪਰ ਉਹਨਾਂ ਦੇ ਦਿਮਾਗ ਰੌਸ਼ਨ ਹਨ}।

ਜੋ ਸਾਨੂੰ ਦਿਖਾਈ ਦਿੰਦਾ ਹੈ ਉਹੀ ਰੱਬ ਨੂੰ ਦਿਖਾਈ ਦਿੰਦਾ ਹੈ। ਰੱਬ ਕੋਲ ਜੇ ਸਰੀਰ ਹੋਵੇ, ਜ਼ੁਬਾਨ ਹੋਵੇ, ਉਮਰ ਹੋਵੇ ਤਾਂ ਉਹ ਜ਼ਰੂਰ ਦੇਖੇ ਤੇ ਬੋਲੇ। ਉਹ ਸਾਡੇ-ਤੁਹਾਡੇ ਸਾਰਿਆਂ ਵਿੱਚ ਹੈ। ਉਹ ਵੇਖਣਾ, ਸੁਣਨਾ, ਬੋਲਣਾ ਚਾਹੁੰਦਾ ਹੈ। ਉਹਦੀ ਚਾਹਤ ਨੂੰ ਖੰਭ ਦਿਓ। ਰੱਬ ਨੂੰ ਆਪਣੀ ਕਮਜ਼ੋਰੀ ਅਤੇ ਲਾਲਚ ਦੇ ਯੱਬ ਵਿੱਚ ਦਬਾ ਕੇ ਤੇ ਲੁਕੋ ਕਿ ਨਾ ਰੱਖੋ। ਰੱਬ ਨੂੰ ਜਗਾਈ ਰੱਖੋ। ਮਨੁੱਖ ਦਾ ਜਾਗਣਾ ਹੀ ਰੱਬ ਦਾ ਜਾਗਣਾ ਹੈ। ਮਨੁੱਖ ਦਾ ਬੋਲਣਾ-ਸੁਣਨਾ-ਪੜ੍ਹਨਾ-ਕਰਨਾ ਹੀ ਰੱਬ ਦਾ ਹੈ। ਹੋਰ ਰੱਬ ਮੜੀਆਂ-ਮਸਾਣਾਂ, ਉਚਾਣਾਂ-ਨਿਵਾਣਾ, ਜੰਗਲ-ਭੋਰਿਆਂ, ਡੇਰਿਆਂ-ਅਸਮਾਨਾਂ ਵਿੱਚ ਆਸਣ ਲਗਾਈ ਨਹੀਂ ਬੈਠਾ ਹੈ। ਰੱਬ ਟੂਣਿਆਂ ਵਿੱਚ ਨਹੀਂ ਹੈ। ਰੱਬ ਪੁੱਠੇ ਲਟਕਣ ਵਿੱਚ ਨਹੀਂ ਹੈ। ਰੱਬ ਕੱਟੜਤਾ ਵਿੱਚ ਨਹੀਂ ਹੈ। ਰੱਭ ਊਚ-ਨੀਚ, ਜਾਤ-ਪਾਤ, ਸੁੱਚ-ਜੂਠ ਵਿੱਚ ਤਾਂ ਬਿਲਕੁਲ ਹੀ ਨਹੀਂ ਹੈ। ਜੇ ਰੱਬ, ਗ਼ੈਬੀ ਸ਼ਕਤੀ, ਸਰਬ ਕਲਾ ਸਮਰੱਥ ਹੈ ਤਾਂ ਉਹ ਮਨੁੱਖ ਅਤੇ ਕੁਦਰਤ ਦਾ ਮਿੱਤਰ ਹੋਣ ਵਿੱਚ ਹੈ। ਰੱਬ ਸਾਫ਼ ਪਾਣੀਆਂ ਵਿੱਚ ਹੈ, ਸ਼ੁੱਧ ਹਵਾ ‘ਚ ਹੈ ਰੱਬ, ਬਿਰਖਾਂ ਦੀ ਛਾਂ ਵਿੱਚ ਹੈ, ਬਿਰਖ ਲਾਉਣ ਵਾਲਿਆਂ ਦੇ ਮੋਹ ਵਿੱਚ ਹੈ, ਹਿੰਮਤ-ਦਲੇਰੀ ਵਿੱਚ ਹੈ, ਮਹੁੱਬਤ ਵਿੱਚ ਹੈ, ਭਾਈਚਾਰੇ ਵਿੱਚ ਹੈ, ਆਜ਼ਾਦੀ ਵਿੱਚ ਹੈ, ਨਿਰਭੈ ਵਿੱਚ ਹੈ, ਨਿਰਵੈਰ ਵਿੱਚ ਹੈ, ਸ਼ਬਦ ਵਿੱਚ ਹੈ, ਸੁਬਰੇ ਸੰਗੀਤ ਵਿੱਚ ਹੈ, ਇਮਾਨਦਾਰੀ ਵਿੱਚ ਹੈ, ਰੱਬ ਧੀ-ਭੈਣ ਦੀ ਆਜ਼ਾਦੀ ਅਤੇ ਕਦਰ ਵਿੱਚ ਹੈ। ਰੱਬ ਮਨੁੱਖ ਦੀ ਤਰੱਕੀ, ਭਲਾਈ, ਸੁਖ-ਸਹੂਲਤ ਲਈ ਕੁਝ ਨਵਾਂ ਖੋਜਦੇ ਰਹਿਣ ਵਿੱਚ ਹੈ। ਰੱਬ ਸ਼ਬਦ ਵਿੱਚ ਹੈ। ਰੱਬ ਚੰਗੀਆਂ ਕਿਤਾਬਾਂ ਵਿੱਚ ਹੈ।

ਰੱਬ ਆਤਮ ਵਿਸ਼ਵਾਸ ਹੈ। ਰੱਬ ਤਰਕ ਨਾਲ ਸਫ਼ਰ ਕਰਦਾ ਹੈ। ਰੱਬ ਆਜ਼ਾਦ ਸੋਚ ਵਿੱਚ ਹੈ। ਰੱਬ ਕਰਮ ਕਾਂਡ ਤੋਂ ਮੁਕਤ ਹੈ। ਰੱਬ ਈਰਖਾ ਵਿੱਚ ਤਾਂ ਸਮਾ ਹੀ ਨਹੀਂ ਸਕਦਾ। ਰੱਬ ਪਾਖੰਡੀ ਦਾ ਬੂਹਾ ਖੜਕਾ ਹੀ ਨਹੀਂ ਸਕਦਾ। ਰੱਬ ਸਪੀਕਰਾਂ ਦਾ ਰੌਲਾ ਹੰਢਾ ਨਹੀਂ ਸਕਦਾ। ਰੱਬ ਆਪਣੇ ਨਾਂ ਉੱਤੇ ਪੈਸੇ ਕਮਾ ਨਹੀਂ ਸਕਦਾ। ਰੱਬ ਪੇਸੇ ਜਾਂ ਤੋਹਫ਼ੇ ਭੇਂਟਾ ਲੈ ਕੇ ਕੰਮ ਕਰਾ ਨਹੀਂ ਸਕਦਾ।

ਰੱਬ ਸਭ ਦੇਖਦਾ ਹੈ ਅਸੀਂ ਤਾਂ ਕਹਿੰਦੇ ਹਾਂ ਕਿਉਂਕਿ ਰੱਬ ਹਰ ਮਨੁੱਖ ਵਿੱਚ ਹੈ। ਆਓ ਮਨੁੱਖ ਨੂੰ ਰੱਬ ਵਾਂਗ ਦੇਖੀਏ। ਮਨੁੱਖ ਨੂੰ ਰੱਬ ਮੰਨ ਕੇ ਸਮਝੀਏ। ਰੱਬ ਦੇਖ ਕੇ ਅਣਦੇਖਿਆ ਕਰੇਗਾ ਤਾਂ ਰੱਬ ਦੀ ਹੋਂਦ ਨੂੰ ਖ਼ਤਰਾ ਹੈ। ਰੱਬ ਸਿਰਫ਼ ਬੋਲਦਾ ਹੀ ਨਹੀਂ ਹੈ ਉਹ ਸੁਣਦਾ ਵੀ ਬਹੁਤ ਸੋਹਣਾ ਹੈ। ਰੱਬ ਫ਼ੈਸਲਾ ਕਰਦਾ ਹੈ ਪੱਖਪਾਤ ਨਹੀਂ। ਰੱਬ ਹੱਥ ਉੱਤੇ ਹੱਥ ਧਰ ਕੇ ਵਿਹਲਾ ਬੈਠੇਗਾ ਤਾਂ ਦੁਨੀਆਂ ਦਾ ਕੀ ਬਣੇਗਾ?

ਇਹ ਸਭ ਨੂੰ ਦੇਖਣਾ ਅਸੀਂ ਹੈ। ਇਹ ਸਭ ਕਰਨਾ ਅਸੀਂ ਹੈ। ਕਿਉਂਕਿ ਰੱਬ ਸਾਡੇ ਵਿੱਚ ਹੈ। ਅਸੀਂ ਬਹਾਨਾ ਨਹੀਂ ਲਾ ਸਕਦੇ। ਬਹਾਨਾ ਲਾ ਕੇ ਪਾਸੇ ਤਾਂ ਹੋ ਸਕਦੇ ਹਾਂ ਪਰ ਸੁਰਖੁਰੂ ਨਹੀਂ ਹੋ ਸਕਦੇ। ਕਿਸੇ ਵੀ ਕਿਸਮ ਦਾ ਨਿਕੰਮਾਪਣ ਹਰ ਮਨੁੱਖ ਨੂੰ ਸਤਾਉਂਦਾ ਤਾਂ ਹੈ, ਲਾਹਨਤ ਤਾਂ ਪਾਉਂਦਾ ਹੈ। ਜਿਹੜਾ ਨਿਕੰਮੇਪਣ ਨੂੰ ਸੁਧਾਰ ਲੈਂਦਾ ਹੈ, ਉਹ ਖੁਸ਼ੀ ਤੇ ਸਕੂਨ ਪਾ ਲੈਂਦਾ ਹੈ। ਉਹ ਆਪਣੇ ਰੱਬ ਦੇ ਨੇੜੇ ਹੋ ਜਾਂਦਾ ਹੈ ਕਿਉਂਕਿ ਸੁਣਿਆ ਹੈ ਕਿ ਰੱਬ ਦੀ ਪ੍ਰਾਪਤੀ ਖੁਸ਼ੀ ਅਤੇ ਸਕੂਨ ਦਿੰਦੀ ਹੈ। ਇਹ ਗੱਲਾਂ ਮੈਂ ਮਨਘੜਤ ਨਹੀਂ ਬਣਾਈਆਂ। ਇਹੀ ਤਾਂ ਦੱਸਦੇ-ਸਮਾਝਾਉਂਦੇ ਅਤੇ ਬਿਆਨ ਦਿੰਦੇ ਨੇ ਸਾਨੂੰ ਸਾਡੇ ਵੇਦ, ਪੁਰਾਣ, ਰਮਾਇਣ, ਗੀਤਾ, ਬਾਈਬਲ, ਕੁਰਾਨ ਅਤੇ ਸ਼੍ਰੀ ਗੁਰੁ ਗ੍ਰੰਥ ਸਾਹਿਬ। ਅਸੀਂ ਸਮਝਦੇ ਹੀ ਨਹੀਂ ਬਸ। ਜਿਸ ਦਿਨ ਸਮਝ ਗਏ ਉਸ ਦਿਨ ਅਸੀਂ ਧਰਤੀ ਦੇ ਸਾਊ ਪੁੱਤ ਬਣ ਜਾਵਾਂਗੇ।

ਪੰਜਾਬੀ ਦਾ ਇੱਕ ਬਹੁਤ ਹੀ ਜ਼ਹੀਨ-ਸੂਖਮ-ਬੁੱਧੀਮਾਨ ਲੇਖਕ ਤੇ ਕਵੀ ਜਸਵੰਤ ਸਿੰਘ ਜ਼ਫਰ ਲਿਖਦਾ ਹੈ:-

ਅਸੀਂ ਤਾਂ ਜੀਵੰਤ ਸੰਸਾਰ ਦੇ

ਜਾਂ ਛੋਟੇ ਵੱਡੇ ਪਾਸਾਰ ਦੇ

ਕੇਂਦਰ ਹੋਣ ਦਾ ਭਰਮ ਕਰਦੇ ਹਾਂ

ਕੇਂਦਰ ਬਣਨ ਲਈ ਕਰਮ ਕਰਦੇ ਹਾਂ

ਕੇਂਦਰ ਹੀ ਰਹਿਣਾ ਲੋਚਦੇ ਹਾਂ

ਇਸੇ ਤਰ੍ਹਾਂ ਦਾ ਸੋਚਦੇ ਹਾਂ

ਕਿ ਬਸ

ਹੰਕਾਰ ਲੋਭ ਤੇ ਕ੍ਰੋਧ ਦੀ ਕਾਕਟੇਲ ਪੀਂਦੇ ਹਾਂ

ਮਰਨੋ ਬਹੁਤ ਡਰਦੇ ਹਾਂ

ਪਰ ਕਹਿ ਨਹੀਂ ਸਕਦੇ ਕਿ ਜੀਂਦੇ ਹਾਂ

ਅਜੇ ਅਸੀਂ

ਧਰਤੀ ਮਾਂ ਦੇ

ਜਿਉਣ ਜੋਗੇ ਧੀਆਂ ਪੁੱਤ ਬਣਨਾ ਹੈ

(ਜਸਵੰਤ ਜ਼ਫਰ ਦੀ ਕਿਤਾਬ “ਇਹ ਬੰਦਾ ਕੀ ਹੁੰਦਾ” ਵਿੱਚੋਂ}

ਪਰ ਅਸੀਂ ਜਿਉਂਣ ਜੋਗੇ ਧੀਆਂ ਪੁੱਤ ਬਣਨ ਦੀ ਜਗ੍ਹਾ ਬਹੁਤੀ ਬਾਰ ਮੋਏ ਜਹੇ ਵਤੀਰੇ ਨਾਲ ਆਪਣੀ ਕਿਸਮਤ ਨੂੰ ਦੋਸ਼ ਦੇ ਕੇ, ਕੋਸ਼ਿਸ਼ ਦੇ ਬੱਲਬ ਬੰਦ ਕਰਕੇ ਨਿਰਾਸ਼ਾ ਦੇ ਹਨੇਰੇ ਵਿੱਚ ਚੌਂਕੜੀ ਮਾਰ ਕੇ ਬਹਿ ਜਾਨੇ ਆਂ। ਚੌਂਕੜੀ ਮਾਰ ਕੇ ਬੈਠਣ ਨਾਲ ਸਫ਼ਰ ਤੈਅ ਨਹੀਂ ਹੁੰਦੇ। ਕਿਸਮਤ ਨੂੰ ਆਕਸੀਜਨ ਮੰਨ ਕੇ ਟੈਨਸ਼ਨ ਦੇ ਸਾਹ ਲੈਣ ਵਾਲੇ ਖੁਸ਼ੀਆਂ ਅਤੇ ਪ੍ਰਾਪਤੀਆਂ ਦੀ ਉਮਰ ਨਹੀਂ ਹੰਢਾਉਂਦੇ।

ਮੇਰੀ ਤਾਂ ਕਿਸਮਤ ਹੀ ਖ਼ਰਾਬ ਹੈ! ਉਹ ਚੰਗੇ ਭਾਗਾਂ ਵਾਲਾ ਹੈ! ਸਾਡੇ ਤਾਂ ਲੇਖ ਹੀ ਮਾੜੇ ਨੇ! ਇਹ ਸ਼ਬਦਾਂ ਦੀ ਵਰਤੋਂ ਜ਼ਿੰਦਗੀ ਵਿੱਚ ਹਰ ਕੋਈ ਕਰਦਾ ਹੈ, ਕੋਈ ਵੱਧ ਕੋਈ ਘੱਟ। ਕਈ ਸਾਰੀ ਉਮਰ ਇਹ ਡਾਇਲਾਗ ਬੋਲਦੇ ਹੀ ਬਿਨਾਂ ਕੁਝ ਹਾਸਿਲ ਕੀਤੇ ਜਹਾਨ ਤੋਂ ਕੂਚ ਕਰ ਜਾਂਦੇ ਨੇ ਪਰ ਜਿਹੜੇ ਇਹ ਗੱਲਾਂ ਤੋਂ ਖਹਿੜਾ ਛੁਡਾ ਕੇ, ਇੱਕ ਕੱਕੇ ਨੂੰ ਸਾਫ਼ ਕਰ ਕੇ ਮਤਲਬ ਕਿਸਮਤ ਦੇ ਡਾਇਲਾਗ ‘ਤੇ ਡਿਲੀਟ ਮਾਰ ਕੇ ਪੰਜ ਕੱਕੇ ਫੜ ਲੈਂਦੇ ਹਨ ਮਤਲਬ ਕਲਾ+ ਕੋਸ਼ਿਸ਼+ ਕਾਰਜ+ ਕਰਤੱਵ+ ਕਾਬਲਿਅਤ ਨੂੰ ਅਪਣਾ ਲੈਂਦੇ ਹਨ, ਉਹ ਇਹ ਸਾਬਿਤ ਕਰ ਦਿੰਦੇ ਹਨ ਕਿ ਮਨੁੱਖ ਕਿਸਮਤ ਨੂੰ ਲਿਖਦਾ ਹੈ ਕਿਸਮਤ ਮਨੁੱਖ ਨੂੰ ਨਹੀਂ ਸਿਰਜਦੀ।

ਸ੍ਰੀ ਰਾਮ ਚੰਦਰ ਨੇ ਬਨਵਾਸ ਕਬੂਲ ਕੀਤਾ ਸੀ ਉਹਨਾਂ ਦੀ ਕਿਸਮਤ ਵਿੱਚ ਬਨਵਾਸ ਨਹੀਂ ਸੀ ਲਿਖਿਆ।

ਕੌਰਵਾਂ ਨੇ ਆਪਣੀ ਹਉਮੈ ਨਾਲ ਮਾਹੌਲ ਹੀ ਐਸਾ ਬਣਾ ਦਿੱਤਾ ਕਿ ਯੁੱਧ ਮਹਾਂਭਾਰਤ ਹੋਇਆ।

ਗੁਰੂ ਨਾਨਕ ਦੇਵ ਜੀ ਨੂੰ ਚਾਰ ਉਦਾਸੀਆਂ ਦੇ ਰਾਹ ਕਿਸਮਤ ਨੇ ਨਹੀਂ ਪਾਇਆ ਸੀ ਸਗੋਂ ਇਹ ਰਾਹ ਨੂੰ ਨਾਨਕ ਦੇਵ ਜੀ ਖੁਦ ਚੁਣਿਆ ਸੀ ਤੇ ਚਮਕਾਇਆ ਸੀ। ਗੁਰੂ ਨਾਨਕ ਤਾਂ ਕਿਸਮਤ ਅਤੇ ਕਰਾਮਾਤ ਨੂੰ ਮੰਨਦੇ ਹੀ ਨਹੀਂ ਸਨ।

ਗੁਰੂ ਤੇਗ ਬਹਾਦਰ ਜੀ ਦੀ ਕਿਸਮਤ ਵਿੱਚ ਸ਼ਹੀਦੀ ਨਹੀਂ ਸੀ ਲਿਖੀ ਮਿੱਤਰੋ, ਗੁਰੂ ਜੀ ਨੇ ਸ਼ਹੀਦੀ ਆਪ ਚੁਣੀ ਸੀ। ਇਤਿਹਾਸ ਗਵਾਹ ਹੈ। ਗੁਰੂ ਚੁਣਨ ਕਰਕੇ ਹੀ ਵੱਡਾ ਹੁੰਦਾ ਹੈ। ਗੁਰੂ ਰਾਹ ਚੁਣਦਾ ਹੈ। ਗੁਰੂ ਰਾਹ ਵਿਖਾਉਂਦਾ ਹੈ।

1947 ਦੀ ਵੰਢ ਤੇ 1984 ਦੇ ਦੰਗੇ ਕਿਸਮਤ ਦੇ ਕਾਰੇ ਨਹੀਂ ਸਨ ਇਹ ਸਿਆਸਤ ਦੀਆਂ ਕਾਲੀਆਂ ਕਰਤੂਤਾਂ ਸਨ।

ਕੁੱਖਾਂ ਵਿੱਚ ਭਰੂਣ ਦਾ ਕਤਲ! ਭਰੂਣ ਦੀ ਕਿਸਮਤ ਨਹੀਂ ਸਗੋਂ ਇਨਸਾਨ ਦਾ ਰਾਕਸ਼ਸ਼ੀ ਕਾਰਾ ਹੈ।

ਕਿਸਮਤ ਜੇਕਰ ਅਰਥ ਅਤੇ ਹੋਂਦ ਰੱਖਦੀ ਹੁੰਦੀ ਤਾਂ ਤਾਂ ਤੇਤੀ ਕਰੋੜ ਦੇਵੀ ਦੇਵਤਿਆਂ, ਗੁਰੂਆਂ, ਪੀਰਾਂ, ਫਕੀਰਾਂ, ਪੂਜਾ, ਹਵਨ-ਯੁਗ, ਵਰਤ ਦੀ ਧਰਤੀ ਭਾਰਤ ਉੱਤੇ ਉਹ ਕੁਝ ਸ਼ਰਮਨਾਕ, ਹਿੰਸਕ ਤੇ ਗ਼ੈਰਕੁਦਰਤੀ ਤੇ ਭਿਆਨਕ ਨਾ ਵਾਪਰਦਾ ਜੋ ਵਾਪਰਿਆ ਅਤੇ ਵਾਪਰ ਰਿਹਾ ਹੈ। {ਕਿਉਂਕਿ ਭਗਵਾਨ ਏਨੀ ਮਾੜੀ ਕਿਸਮਤ ਕਦੇ ਨਹੀਂ ਲਿਖਣਗੇ। ਕੀ ਮਾਂ ਬਾਪ ਆਪਣੀ ਓਲਾਦ ਬਾਰੇ ਹਿੰਸਕ ਸ਼ਰਮਾਨਕ ਲਿਖ ਸਕਦੇ ਨੇ? ਭਗਵਾਨ ਪਿਤਾ ਹੈ। ਕੀ ਪਿਤਾ ਆਪਣੀ ਧੀ ਦੀ ਕਿਸਮਤ ਵਿੱਚ ਬਲਾਤਕਾਰ ਲਿਖ ਸਕਦਾ ਹੈ? ਇਹ ਕਥਨ ਅਤੇ ਤਰਕ ਦੁਨੀਆਂ ਭਰ ਦੇ ਹਰ ਮਾੜੇ ਨਾਲ ਵੀ ਸਬੰਧਿਤ ਹੈ} ਜ਼ਿੰਦਗੀ ਦੇ ਵਿੱਚ ਰੰਗ ਕਿਸਮਤ ਨਹੀਂ, ਸਾਡੀ ਸੋਚ ਭਰਦੀ ਹੈ। ਸਾਡਾ ਇਰਾਦਾ ਹੀ ਸਾਡੀ ਮੰਜਿਲ ਨਿਸ਼ਚਿਤ ਕਰਦਾ ਹੈ। ਪੱਤਰੀਆਂ ਦੇ ਗ੍ਰਹਿ ਚੱਕਰ ਜਾਂ ਹੱਥ ਮੱਥੇ ਦੀਆਂ ਲਕੀਰਾਂ ਕਿਸਮਤ ਦੀਆਂ ਸਿਰਜਕ ਨਹੀਂ ਹਨ। ਜੇ ਪੱਤਰੀਆਂ ਜਾਂ ਲਕੀਰਾਂ ਜ਼ਿੰਦਗੀ ਦੀ ਰੂਪ-ਰੇਖਾ ਅਤੇ ਤਸਵੀਰ ਘੜਦੀਆਂ ਹੁੰਦੀਆਂ ਤਾਂ ਨਜ਼ੂਮੀਆਂ, ਜੋਤਸ਼ੀਆਂ ਤੇ ਰਾਸ਼ੀਫ਼ਲ ਦੱਸਣ ਵਾਲਿਆਂ ਨੇ ਪਹਿਲਾਂ ਖੁਦ ਦਾ ਵਰਤਮਾਨ ਅਤੇ ਭਵਿੱਖ ਸੰਵਾਰਨਾ ਸੀ। ਕੀ ਕੋਈ ਭਵਿੱਖ ਦੱਸਣ ਵਾਲਾ ਜਾਂ ਗ੍ਰਹਿ ਉਪਾਅ ਕਰਨ ਵਾਲਾ ਅੱਜ ਤੱਕ ਆਪਣੀ ਮੌਤ ਦੀ ਭਵਿੱਖ ਬਾਣੀ ਕਰ ਸਕਿਆ ਜਾਂ ਆਪਣੀ ਮੌਤ ਨੂੰ ਟਾਲ ਸਕਿਆ?? ਕੀ ਨਜੂਮੀ, ਜੋਤਸ਼ੀ ਤੇ ਰਾਸ਼ੀਫ਼ਲ ਦੱਸਣ ਵਾਲੇ ਆਪਣੇ ਘਰਾਂ ਵਿੱਚੋਂ ਬਿਮਾਰੀ, ਦੁੱਖ, ਕਲੇਸ਼ ਦੂਰ ਕਰ ਸਕੇ?

ਕਿਸਮਤ ਦੇ ਪਿੱਛੇ ਲੱਗ ਕੇ ਆਪਣੇ ਸੁਫ਼ਨਿਆਂ ਦਾ ਕਤਲ ਨਾਂ ਕਰੋ। ਕਿਸਮਤ ‘ਤੇ ਯਕੀਨ ਕਰਕੇ ਸੁਫ਼ਨਿਆਂ ਦੇ ਬੀਜ਼ ਲੁਕੋ ਕੇ ਨਾ ਰੱਖੋ। ਪੰਜਾਬੀ ਦੇ ਇਨਕਲਾਬੀ ਕਵੀ ਪਾਸ਼ ਦਾ ਕਹਿਣਾ ਹੈ: ਸਭ ਤੋਂ ਖ਼ਤਰਨਾਕ ਹੁੰਦਾ ਹੈ ਸਾਡੇ ਸੁਫ਼ਨਿਆਂ ਦਾ ਮਰ ਜਾਣਾ।

ਸੁਫ਼ਨਿਆਂ ਨੂੰ ਜਿਉਂਦਾ ਰੱਖਣ ਵਾਲੇ ਤੇ ਸੁਫ਼ਨੇ ਬੀਜਣ ਵਾਲੇ ਹਨੇਰੇ ਵਕਤਾਂ ਨੂੰ ਵੀ ਲਿਸ਼ਕਣ ਲਾ ਦਿੰਦੇ ਹਨ। ਮਿੱਤਰੋ ਵਕਤ ਅਤੇ ਕੁਦਰਤ ਕਿਸਮਤ ਦੇ ਗ਼ੁਲਾਮ ਨਹੀਂ ਹਨ। ਅਸੀਂ ਵਕਤ ਅਤੇ ਕੁਦਰਤ ਦਾ ਅਹਿਮ ਹਿੱਸਾ ਹਾਂ। ਦਰਅਸਲ ਅਸੀਂ ਜਦ ਕਿਸਮਤ ਦੇ ਸਿਰ ਇਲਜ਼ਾਮ ਧਰਦੇ ਤਾਂ ਤਦ ਅਸੀਂ ਖੁਦ ਹਾਰ ਮੰਨ ਕੇ ਹੱਥ ਖੜੇ ਕਰਦੇ ਹਾਂ। ਬੇਹਿੰਮਤੀ, ਅੱਕਣਾ-ਥੱਕਣਾ, ਕੰਮ ਕਰਨ ਵਿੱਚ ਦਿਲਚਸਪੀ ਨਾ ਹੋਣਾ, ਆਲਸ ਤੇ ਚਮਤਕਾਰ ਹੋਣ ਦਾ ਯਕੀਨ ਹੀ ਸਾਡੇ ਤੋਂ ਕਿਸਮਤ ਦੇ ਚੰਗਾ ਮਾੜਾ ਹੋਣ ਦੀਆਂ ਗੱਲਾਂ ਕਰਵਾਉਂਦਾ ਹੈ।

ਮੈਨੂੰ ਬਹੁਤ ਵਿਸ਼ਵਾਸ ਹੈ ਕਿ ਤੁਸੀਂ ਖੁਦ ਨੂੰ ਸਮਝੋਗੇ। ਫੇਰ ਲੋਕ ਤੁਹਾਨੂੰ ਸਮਝਣਗੇ। ਮੈਂ ਕਦੇ ਨਹੀਂ ਕਿਹਾ ਅਤੇ ਨਾ ਹੀ ਕਹਾਂਗਾ ਕਿ ਲੋਕ ਮੈਨੂੰ ਸਮਝਦੇ ਹੀ ਨਹੀਂ। ਦਰਅਸਲ ਜਿੰਨਾ ਨੂੰ ਮੈਂ ਸਮਝਾ ਨਹੀਂ ਸਕਦਾ ਉਹ ਮੈਨੂੰ ਨਹੀਂ ਸਮਝਦੇ। ਮੈਂ ਜਿੰਨਾਂ ਨਾਲੋਂ ਖ਼ੁਦ ਨੂੰ ਤੋੜ ਕੇ ਰੱਖਦਾ ਹਾਂ ਉਹ ਮੈਨੂੰ ਨਹੀਂ ਸਮਝਣਗੇ। ਮੈਂ ਜਿੰਨਾ ਦੀ ਹਰ ਗੱਲ ਦੀ ਹਾਮੀ ਨਹੀਂ ਭਰਦਾ ਉਹ ਮੈਨੂੰ ਸਮਝ ਕਿ ਵੀ ਨਹੀਂ ਸਮਝਣਗੇ। ਕੱਟੜ ਅਤੇ ਅੰਧਵਿਸ਼ਾਵਾਸੀ ਮੈਨੂੰ ਨਹੀਂ ਸਮਝਣਗੇ। ਜੇ ਮੇਰੀ ਸਮਝ ਕਿਸੇ ਦਾ ਨੁਕਸਾਨ ਨਹੀਂ ਕਰਦੀ ਤਾਂ ਮੈਨੂੰ ਕੋਈ ਅਫ਼ਸੋਸ ਨਹੀਂ ਕਿ ਮੈਨੂੰ ਕੋਈ ਕਿਉਂ ਨਹੀਂ ਸਮਝਦਾ। ਹਾਂ ਜੇ ਮੈਨੂੰ ਕੋਈ ਨਹੀਂ ਸਮਝਦਾ ਤਾਂ ਹੋ ਸਕਦਾ ਹੈ ਕਿ ਮੈਨੂੰ ਸਮਝਾਉਣਾ ਹੀ ਨਾ ਆਉਂਦਾ ਹੋਵੇ!! ਕਿਉਂ ਜੀ? ਕੀ ਤੁਹਾਨੂੰ ਕਦੇ ਏਸ ਸਵਾਲ ਦਾ ਸਾਹਮਣਾ ਕਰਨਾ ਪਿਆ ਹੈ ਕਿ ਲੋਕ ਤੁਹਾਨੂੰ ਸਮਝਦੇ ਨਹੀਂ!!

ਗੱਲ ਕਰਨ ਦਾ ਅਤੇ ਸਮਝਾਉਣ ਦਾ ਵੱਲ ਹੋਵੇ ਤਾਂ ਰੁੱਖ ਪੱਤੇ ਫੁੱਲ ਵੀ ਤੁਹਾਡੇ ਹਾਣੀ ਹੋ ਜਾਂਦੇ ਹਨ। ਤੁਹਾਡੇ ਵਿਵਹਾਰ, ਤਰਕ, ਇਰਾਦੇ ਅਤੇ ਪਹੁੰਚ ਨੇ ਤੈਅ ਕਰਨਾ ਹੈ ਕਿ ਤੁਹਾਨੂੰ ਸਮਝਿਆ ਜਾਵੇ ਜਾਂ ਨਾਂਹ। ਸਮਝ ਆਉਣਾ ਅਤੇ ਸਹਿਮਤ ਹੋਣਾ ਅਲੱਗ ਗੱਲਾਂ ਨੇ। ਜਿਸ ਨੇ ਇਹ ਮਿਥ ਹੀ ਲਿਆ ਹੈ ਕਿ ਉਹ ਤੁਹਾਡੀ ਗੱਲ ਨੂੰ ਨਹੀਂ ਸਮਝੇਗਾ ਤਾਂ ਉਹ ਨਹੀਂ ਸਮਝਣ ਦਾ ਹੀ ਡਰਾਮਾ ਕਰੇਗਾ ਪਰ ਸਮਝ ਜ਼ਰੂਰ ਜਾਵੇਗਾ ਹਾਂ ਮੰਨੇਗਾ ਨਹੀਂ। ਜ਼ਰੂਰੀ ਨਹੀਂ ਕਿ ਜਿਸਨੂੰ ਤੁਹਾਡੀ ਗੱਲ ਸਮਝ ਆਵੇ ਉਹ ਤੁਹਾਡੇ ਨਾਲ ਸਹਿਮਤ ਵੀ ਹੋਵੇ। ਹਾਂ, ਬਹੁਤ ਜ਼ਿਆਦਾ ਸੰਭਾਵਨਾ ਹੁੰਦੀ ਹੈ ਕਿ ਜਿਸ ਨੇ ਤੁਹਾਨੂੰ ਦਿਮਾਗ ਨਾਲ, ਪਰਿਵਰਤਨ ਲਈ ਸਮਝਿਆ ਹੈ ਅਸਲ ਵਿੱਚ ਉਹ ਹੀ ਧੁਰ ਅੰਦਰੋ ਤੁਹਾਡੇ ਨਾਲ ਸਹਿਮਤ ਹੋਵੇਗਾ। ਬਿਨਾਂ ਦੱਸਿਆਂ-ਪੁੱਛਿਆਂ, ਬਿਨ ਬੋਲੇ-ਸੁਣੇ, ਬਗ਼ੈਰ ਪੜ੍ਹੇ-ਲਿਖੇ ਕੋਈ ਨਹੀਂ ਸਮਝਦਾ।

ਜ਼ਿੰਦਗੀ ਜਿੰਦਵਾਦ ਰਾਣਾ ਰਣਵੀਰ | Zindagi Zindabad Rana Ranbir

 

 

 

 

 

 

 

 

 

 

 

 

 

 

 

 

 

 

 

 

 

 

 

 

 

ਦਰਅਸਲ ਸਾਡੀਆਂ ਬਹੁਤੀਆਂ ਸਮੱਸਿਆਵਾਂ ਏਸ ਗੱਲ ਨਾਲ ਹੀ ਅਟਕੀਆਂ ਲਟਕੀਆਂ ਅਤੇ ਜਿਉਂ ਦੀਆਂ ਤਿਉਂ ਰਹਿੰਦੀਆਂ ਹਨ ਕਿ ਅਸੀਂ ਪਹਿਲਾਂ ਹੀ ਫ਼ੈਸਲਾ ਕਰ ਲੈਂਦੇ ਹਾਂ ਕਿ ਸਾਨੂੰ ਜਾਂ ਸਾਡੀ ਗੱਲ ਨੂੰ ਕੋਈ ਸਮਝੇਗਾ ਨਹੀਂ। ਇਹੀ ਗੱਲ ਇੱਕ ਤੋਂ ਦੋ, ਦੋ ਤੋਂ ਜਨ ਸਮੂਹ ਅਤੇ ਦੇਸ ਉੱਤੇ ਢੁਕਦੀ ਹੈ। ਸਾਨੂੰ ਨਾ ਸਮਝਣ ਕਰਕੇ ਲੋਕ ਕਹਿਣ ਲੱਗ ਜਾਂਦੇ ਹਨ ਕਿ ਇਸ ਦਾ ਕੁਝ ਨਹੀਂ ਹੋ ਸਕਦਾ। ਫੇਰ ਅਸੀਂ ਵੀ ਪਿੱਛੇ ਨਹੀਂ ਰਹਿੰਦੇ ਅਤੇ ਅਸੀਂ ਕਹਿਣ ਲੱਗਦੇ ਹਾਂ ਕਿ ਇਸ ਦੇਸ ਦਾ ਕੁਝ ਨਹੀਂ ਹੋ ਸਕਦਾ! ਮੇਰੇ ਜਹਿਆਂ ਨੇ ਖੁਦ ਕੁਝ ਕਰਨਾ ਨਹੀਂ ਹੁੰਦਾ ਤੇ ਦੋਸ਼ ਮੜ੍ਹਨਾ ਹੁੰਦਾ ਕਿਸੇ ਦੂਜੇ ਉੱਤੇ। ਦੂਜੇ ਨੇ ਦੇਸ ਉੱਤੇ। ਇਹਨਾਂ ਵਿੱਚੋਂ ਅਸੀਂ ਕਦੇ ਪਹਿਲੇ ਹੁੰਦੇ ਹਾਂ ਅਤੇ ਕਦੇ ਦੂਜੇ। ਮਿੱਤਰ ਜੀ ਦੇਸ ਦਾ ਕੁਝ ਬਨਾਉਣਾ ਕਿਸ ਨੇ ਹੈ? ਮੰਤਰੀਆਂ ਨੇ?? ਅਫ਼ਸਰਾਂ ਨੇ? ?? ਜੱਜ ਵਕੀਲਾਂ ਨੇ??? ਅਧਿਆਪਕਾਂ ਨੇ??? ਵਪਾਰੀਆਂ ਨੇ! ਗ੍ਰਾਹਕਾਂ ਨੇ! ਕਿਸਾਨਾਂ ਨੇ! ਮਜ਼ਦੂਰਾਂ ਨੇ! ਬਾਕੀਆਂ ਨੇ!!!! ਤੇ ਅਸੀਂ ਕੀ ਕਰਨਾ ਹੈ??????

ਮੰਤਰੀ, ਅਫ਼ਸਰ, ਜੱਜ-ਵਕੀਲ, ਅਧਿਆਪਕ, ਕਲਰਕ, ਚਪੜਾਸੀ, ਲੇਖਕ, ਕਲਾਕਾਰ, ਮਜ਼ਦੂਰ ਆਦਿ ਆਦਿ ਆਦਿ ਇਹ ਕਿੱਥੋਂ ਆਉਂਦੇ ਨੇ? ਇਹ ਕਿੰਨਾ ਵਿੱਚੋਂ ਹਨ? ਮੈਂ, ਤੂੰ, ਅਸੀਂ, ਤੁਸੀਂ, ਉਹ-ਆਹ ਹੀ ਤਾਂ ਹਨ ਇਹ ਸਭ। ਜੇ ਮੈਂ ਜਾਂ ਤੁਸੀਂ ਕੁਝ ਨਹੀਂ ਕਰਦੇ, ਜੇ ਅਸੀਂ ਗ਼ੈਰਜ਼ਿੰਮੇਵਾਰ ਹਾਂ ਤਾਂ ਫੇਰ!!! ਤਾਂ ਫੇਰ????

ਸਾਡਾ ਤੇ ਸਾਡੇ ਦੇਸ ਦਾ ਬੜਾ ਕੁਝ ਬਣ ਸਕਦਾ ਹੈ ਜੇ ਅਸੀਂ ਜਵਾਬਦੇਹ, ਜ਼ਿੰਮੇਵਾਰ, ਸਮਰਪਿਤ, ਸੁਧਾਰਕ, ਪ੍ਰਬੰਧਕ, ਸੰਜੀਦਾ ਅਤੇ ਸਿਆਣੇ ਹੋ ਜਾਈਏ। ਧਰਤੀ ਉੱਤੇ ਜਾਂ ਧਰਤੀ ਤੋਂ ਉੱਪਰ ਸਪੇਸ ਵਿੱਚ ਜਿੰਨਾ ਮੁਲਕਾਂ ਦਾ ਕੁਝ ਬਣਿਆ ਹੈ ਜਾਂ ਜਿੰਨਾ ਮੁਲਕਾਂ ਨੇ ਤਰੱਕੀ ਕੀਤੀ ਹੈ ਉਹ ਉਹਨਾਂ ਨੇ ਆਪਣੇ ਜ਼ਿੰਮੇਵਾਰ, ਲਿਆਕਤ ਵਾਲੇ, ਹੁਨਰਮੰਦ, ਤਰੱਕੀ ਪਸੰਦ ਅਤੇ ਕੁਝ ਸੋਹਣਾ ਨਵਾਂ ਕਰਦੇ ਰਹਿਣ ਦੀ ਇੱਛਾ ਵਾਲੇ ਨਾਗਰਿਕਾਂ ਕਰਕੇ ਹੀ ਕੀਤੀ ਹੈ। ਸਾਡੇ ਦੇਸ ਦੀਆਂ ਵੀ ਅਨੇਕਾਂ ਗੌਰਵਮਈ ਪ੍ਰਾਪਤੀਆਂ ਸੋਹਣੀ ਸੋਚ ਵਾਲੇ ਨਾਗਰਿਕਾਂ ਕਰਕੇ ਹੀ ਹਨ।

ਸੋਹਣੀ ਸੋਚ ਵਾਲੇ ਵੱਖਰੇ ਨਹੀਂ ਜੰਮਦੇ ਪਰ ਉਹ ਪਲਦੇ ਵੱਖਰਾ ਸੋਚ ਕੇ ਹਨ। ਸੋਹਣਾ ਇਨਸਾਨ ਬਣਨ ਵਿੱਚ ਧਨ ਨਹੀਂ ਮਨ ਮੱਦਦ ਕਰਦਾ ਹੈ। ਸੋਹਣੀ ਸੋਚ ਵਾਲੇ ਸੋਹਣਾ ਕਰਨ ਵਿੱਚ ਯਕੀਨ ਰੱਖਦੇ ਹਨ। ਸੋਹਣੀ ਸੋਚ ਵਾਲੇ ਅੱਖਾਂ ਕੰਨ ਮੀਚ ਕੇ ਹਾਂ ਜੀ-ਹਾਂ ਜੀ ਨਹੀਂ ਕਰਦੇ। ਸੋਹਣੀ ਸੋਚ ਵਾਲੇ ਸਿਰਫ਼ ਬੋਲਦੇ ਹੀ ਨਹੀਂ ਹਨ। ਸੋਹਣੀ ਸੋਚ ਵਾਲੇ ਸਿਰਫ਼ ਇਲਜ਼ਾਮ ਹੀ ਨਹੀਂ ਲਾਉਂਦੇ ਉਹ ਖ਼ੁਦ ਦੀ ਵੀ ਛਾਣਬੀਣ ਕਰਦੇ ਹਨ।

ਸੋਹਣੀ ਸੋਚ ਵਾਲਾ ਜੇ ਇਹ ਕਹੇਗਾ ਤਾਂ ਇਉਂ ਸੋਚੇਗਾ ਵੀ ਜ਼ਰੂਰ:

ਗੰਦਗੀ ਬਹੁਤ ਹੈ!! ਫੈਲਾਉਂਦਾ ਕੌਣ ਹੈ?

ਰਿਸ਼ਵਤਖੋਰੀ ਬਹੁਤ ਹੈ!! ਦਿੰਦਾ ਕੌਣ ਹੈ?

ਸੜ੍ਹਕਾਂ ‘ਤੇ ਤਾਂ ਮੌਤ ਹੀ ਤੁਰੀ ਫਿਰਦੀ ਹੈ!! ਤੁਸੀਂ ਜੀਵਨ ਤੁਰਦਾ ਦਿਖਾਉਣ ਲਈ ਕੀ ਕਰ ਰਹੇ ਓਂ?

ਮਾਤ ਭਾਸ਼ਾ ਰੁਲ ਰਹੀ ਹੈ!! ਕੀ ਕਰ ਰਹੇਂ ਓ ਸਾਂਭਣ ਲਈ? ਤਕੜੇ ਦਾ ਸੱਤੀਂ ਬੀਹੀਂ ਸੌ!! ਮਾੜੇ ਨੂੰ ਦੋ ਦੂਣੀ ਚਾਰ ਕਰਨਾ ਹੀ ਸਿਖਾ ਦਿਓ।

ਲੋਕਾਂ ਦੀ ਕਹਿਣੀ ਹੋਰ ਹੈ ਤੇ ਕਰਨੀ ਹੋਰ!! ਅੱਛਾ!!! ਆਪਣੀ? ਲੀਡਰ ਕੁਰੱਪਟ ਨੇ ਸਾਡੇ!! ਲੀਡਰ ਬਣਾਏ ਕਿਸਨੇ ਨੇ? ਖੁਦ ਤੋਂ ਜਵਾਬ ਮੰਗਿਆ ਕਰੋ ਬਹੁਤ ਮਸਲੇ ਹੱਲ ਹੋ ਜਾਣਗੇ।

ਸੋਹਣਾ ਵੇਖਣ ਮਾਨਣ ਲਈ, ਬੁਰੇ ਨੂੰ ਬਦਲਣ ਲਈ, ਸਾਨੂੰ ਖ਼ੁਦ ਨੂੰ ਬਦਲਣਾ ਪੈਣਾ ਹੈ। ਖ਼ੁਦ ਨੂੰ ਬਦਲ ਕੇ ਹੀ ਆਸਾ ਪਾਸਾ ਬਦਲਿਆ ਜਾ ਸਕਦਾ ਹੈ। ਜੇ ਅਸੀਂ ਖੁਸ਼ ਰਹਿਣ ਲਈ ਸੋਹਣਾ ਜੀਵਨ ਚਾਹੁੰਦੇ ਤਾਂ ਸਾਨੂੰ ਹਾਂ ਮੁਖੀ ਵਤੀਰਾ ਅਪਨਾਉਣਾ ਪਵੇਗਾ। ਅਸੀਂ ਵੀ ਬਹੁਤ ਮਾੜੀਆਂ ਆਦਤਾਂ ਦੇ ਮਾਲਕ ਹਾਂ। ਕਿਹੜੀਆਂ ਦੇ? ਇਹ ਪਤਾ ਕਰੋ। ਸਾਡੇ ਵੀ ਸੁਭਾਅ ਵਿੱਚ ਖ਼ਰਾਬੀਆਂ ਹਨ। ਕੀ-ਕੀ? ਲੱਭਣੀਆਂ ਸ਼ੁਰੂ ਕਰੋ। ਖੁਦ ਵੱਲ ਧਿਆਨ ਦੇਣਾ ਸ਼ੁਰੂ ਕਰੋਗੇ ਤਾਂ ਪਰਿਵਰਤਨ ਸ਼ੁਰੂ ਹੋ ਜਾਵੇਗਾ।

ਖ਼ੁਦ ਨੂੰ ਪਿਆਰ ਕਰੋਗੇ ਤਾਂ ਕੁਦਰਤ ਅਤੇ ਮਨੁੱਖਤਾ ਨਾਲ ਆਪੇ ਪਿਆਰ ਪੈ ਜਾਵੇਗਾ। ਖ਼ੁਦ ਦਾ ਸਤਿਕਰ ਕਰੋਂਗੇ ਤਾਂ ਦੇਸ਼ ਅਤੇ ਲੋਕਾਂ ਲਈ ਸਤਿਕਾਰ ਪੈਦਾ ਹੋ ਜਾਵੇਗਾ। ਇਹ ਸਤਿਕਾਰ ਤੁਹਾਨੂੰ ਬੁਰਾਈ ਖ਼ਿਲਾਫ਼ ਖੜਨ ਦੀ ਹਿੰਮਤ ਦੇਵੇਗਾ। ਖੁਦ ਦੇ ਗੁਣ ਪਹਿਚਾਣ ਲਵੋਂਗੇ ਤਾਂ ਗੁਣ ਵੰਡਣ ਲੱਗ ਜਾਵੋਗੇ ਤੇ ਗੁਣ ਖੋਜਣ ਲੱਗ ਜਾਵੋਂਗੇ। ਜਿਸ ਦਿਨ ਖ਼ੁਦ ਨੂੰ ਆਈ ਲਵ ਯੂ ਕਹਿਣਾ ਆ ਗਿਆ ਉਸ ਦਿਨ ਮਾਂ-ਪਿਓ ਨਾਲ ਸ਼ਿਕਵੇ ਮਿਟ ਜਾਣਗੇ, ਉਸ ਦਿਨ ਧੀ ਪੁੱਤ ਵਿੱਚ ਵਿਸ਼ਵਾਸ ਜਾਗ ਜਾਵੇਗਾ। ਖੁਦ ਦੇ ਮਿੱਤਰ ਬਣੋ ਤੇ ਵੇਖਣਾ ਮਿੱਤਰਤਾ ਦਾ ਘੇਰਾ ਵਿਸ਼ਾਲ ਹੋ ਜਾਵੇਗਾ। ਜਦ ਖ਼ੁਦ ਉੱਤੇ ਹੱਸਣਾ ਆ ਜਾਂਦਾ ਹੈ ਤਦ ਖਿਝਣਾ ਖਿਝਾਉਣਾ ਖ਼ਤਮ ਹੋ ਜਾਂਦਾ ਹੈ।

ਖੁਦ ਦੀ ਨਿੰਦਿਆ ਆਲੋਚਨਾ ਕਰਨੀ ਸ਼ੁਰੂ ਕਰੋ ਸ਼ੀਸ਼ੇ ਅੱਗੇ, ਕਿਸੇ ਮਿੱਤਰ ਨਾਲ ਜਾਂ ਕਾਗਜ਼ ਉੱਤੇ ਲਿਖ ਕੇ, ਵੇਖਣਾ ਚੁਗਲੀ ਕਰਨ ਦੀ ਆਦਤ ਨਹੀਂ ਰਹਿਣੀ। ਖ਼ੁਦ ਨੂੰ ਵੀ ਲਾਹਨਤ ਪਾਉਣੀ ਸਿੱਖੋ ਕਿ ਮੈਂ ਗਾਲ ਕਿਉਂ ਕੱਢੀ! ਮੈਂ ਗੱਡੀ ਰਫ਼ ਕਿਉਂ ਚਲਾਈ! ਮੈਂ ਸਹੀ ਪਾਰਕਿੰਗ ਕਿਉਂ ਨਹੀਂ ਕੀਤੀ! ਮੈਂ ਫ਼ਰਜ਼ ਕਿਉਂ ਨਹੀਂ ਨਿਭਾਏ! ਮੈਂ ਕਦੇ ਕਿਤਾਬਾਂ ‘ਤੇ ਪੈਸੇ ਕਿਉਂ ਨਹੀਂ ਖਰਚੇ! ਮੈਨੂੰ ਲਾਇਬਰੇਰੀ ਜਾਣ ਦੀ ਆਦਤ ਕਿਉਂ ਨਹੀਂ! ਕੀ ਮੈਂ ਕਸਰਤ ਕੀਤੀ! ਮੈਂ ਨਜਾਇਜ਼ ਬਿਜਲੀ ਕਿੰਨੀ ਫੂਕੀ! ਮੈਂ ਕਿੰਨਾ ਫ਼ਾਲਤੂ ਖਾਧਾ! ਮੈਂ ਕਿੰਨੀ ਜੂਨ ਛੱਡੀ! ਮੈਂ ਕਿੰਨਾ ਪ੍ਰਦੂਸ਼ਣ ਫੈਲਾਇਆ!

ਦੂਜਿਆਂ ਉੱਤੇ ਜੋ ਇਲਜ਼ਾਮ ਲਾਉਂਦੇ ਹਾਂ ਅਤੇ ਜੋ ਸ਼ੱਕ ਕਰਦੇ ਹਾਂ ਉਹ ਖੁਦ ‘ਤੇ ਵੀ ਕਰੀਏ ਕਦੇ। ਖੁਦ ਦੇ ਖਾਣ, ਪੀਣ, ਰਹਿ-ਸਹਿਣ, ਬੋਲਣ, ਵਿਚਰਨ ਦੀ ਚੀਰ ਫਾੜ ਕਰੀਏ ਕਦੇ। ਖ਼ੁਦ ਨੂੰ ਬਦਲ ਲਵੋ ਤਾਂ ਫੇਰ ਜਿਸਨੂੰ ਕਹਿੰਦਾ ਸੁਣੋਗੇ “ਮੇਰੇ ਬਦਲਣ ਨਾਲ ਕੀ ਹੋ ਜੂ” ਉਹਨੂੰ ਦੱਸ ਸਮਝਾ ਸਕੋਂਗੇ ਕਿ ਕੀ ਹੁੰਦਾ ਹੈ ਖੁਦ ਨੂੰ ਬਦਲਣ ਨਾਲ।

ਖ਼ੁਦ ਨੂੰ ਬਦਲ ਦੇਣਾ ਸਹੀ ਅਰਥਾਂ ਵਿੱਚ ਇਹ ਹੀ ਪਰਿਵਰਤਨ ਹੈ। ਖ਼ੁਦ ਨੂੰ ਬਦਲ ਕੇ ਹੀ ਚਮਤਕਾਰ ਹੁੰਦੇ ਹਨ।

ਚਮਤਕਾਰ ਕੋਈ ਗੈਬੀ ਤਾਕਤ ਨਹੀਂ ਕਰਦੀ ਖੁਦ ਇਨਸਾਨ ਦੀ ਫ਼ਿਤਰਤ ਚਮਤਕਾਰ ਕਰਦੀ ਹੈ।

ਚਮਤਕਾਰ ਦੇ ਮੰਤਰ ਗ੍ਰੰਥਾਂ ਅਤੇ ਕਿਤਾਬਾਂ ਵਿੱਚੋਂ ਮਿਲਦੇ ਹਨ।

ਪਾਠਕ ਚਮਤਕਾਰ ਕਰਦੇ ਹਨ ਪਾਠੀ ਨਹੀਂ।

ਗੁਰੂ ਅਤੇ ਸ਼ਾਗਿਰਦ ਚਮਤਕਾਰ ਕਰਦੇ ਹਨ। ਬਾਬੇ ਅਤੇ ਸ਼ਰਧਾਲੂ ਅੰਧਵਿਸ਼ਵਾਸ ਫੈਲਾਉਂਦੇ ਹਨ।

ਚਮਤਕਾਰ ਕਿਤਾਬ ਕਰਦੀ ਹੈ ਸ਼ਰਾਬ ਨਹੀਂ।

ਜਿਹੜੀ ਔਰਤ ਸੋਹਣੀਆਂ ਕਿਤਾਬਾਂ ਪੜ੍ਹ ਕੇ, ਸੋਹਣਾ ਸੰਗੀਤ ਸੁਣ ਕੇ ਬੱਚਾ ਪੈਦਾ ਕਰੇਗੀ ਉਹ ਸੁਘੜ, ਸਿਆਣਾ, ਅਕਲਮੰਦ ਬੱਚਾ ਪੈਦਾ ਕਰੇਗੀ। ਕਾਰਟੂਨ ਦੇਖ ਕੇ ਕਾਰਟੂਨ ਹੀ ਪੈਦਾ ਕੀਤੇ ਜਾ ਸਕਦੇ ਹਨ। ਤੋਹਫ਼ਿਆਂ ਵਿੱਚ ਕਿਤਾਬਾਂ ਦੇਣ-ਲੈਣ ਵਾਲੇ ਕਦੇ ਸਮਾਜ ਉੱਤੇ ਬੋਝ ਨਹੀਂ ਬਣਦੇ।

ਹਨੇਰੇ ਦੇ ਆਦੀ ਚਾਨਣ ਦੇ ਮੱਥੇ ਲੱਗਣਾ ਗੁਨਾਹ ਸਮਝਦੇ ਹਨ। ਚਾਨਣ ਦੇ ਅਸ਼ਿਕ ਜਦ ਦਲੇਰੀ ਨਾਲ ਹਨੇਰੇ ਵਿੱਚ ਦੀ ਲੰਘਦੇ ਹਨ ਤਾਂ ਰੌਸ਼ਨੀ ਕਰਦੇ ਜਾਂਦੇ ਹਨ। ਚਾਨਣ ਦਿਮਾਗ ਦੀ ਬੱਤੀ ਜਗਾਉਣ ਨਾਲ ਮਿਲਦਾ ਹੈ। ਦਿਖ਼ਾਗ ਦੀ ਬੱਤੀ ਗਿਆਨ ਨਾਲ ਜਗਦੀ ਹੈ। ਗਿਆਨ ਸਿਆਣਿਆਂ ਦੀ ਸੋਹਬਤ ਅਤੇ ਕਿਤਾਬਾਂ ਦਾ ਸਾਥ ਨਾਲ ਮਿਲਦਾ ਹੈ। ਜਿਵੇਂ ਰੌਸ਼ਨੀ ਜਾਂ ਚਾਨਣ ਦੀ ਲੋੜ ਹਰ ਕਿਸੇ ਨੂੰ ਹਰ ਉਮਰ ਵਿੱਚ ਹੁੰਦੀ ਹੈ ਉਵੇਂ ਹੀ ਗਿਆਨ ਦੀ ਲੋੜ ਹਰ ਉਮਰ ਵਿੱਚ ਹੁੰਦੀ ਹੈ। ਗਿਆਨ ਦੀ ਲੋੜ ਸਿਰਫ਼ ਜਮਾਤਾਂ ਪਾਸ ਕਰਨ ਲਈ ਜਾਂ ਡਿਗਰੀਆਂ ਹਾਸਿਲ ਕਰਨ ਲਈ ਹੀ ਨਹੀਂ ਹੁੰਦੀ। ਕਿਤਾਬਾਂ ਅਸਲੀ ਇਨਸਾਨ ਬਣਾ ਦਿੰਦੀਆਂ ਹਨ।

ਅਸਲੀ ਇਨਸਾਨ ਹੀ ਰੱਬ ਦਾ ਬੰਦਾ ਹੁੰਦਾ ਹੈ।

ਸ਼ੁਭ ਕਾਮਨਾ ਕਰਦੇ ਹਾਂ ਪਰਿਵਰਤਨ ਹੋਵੇ ਸਭ ਕੁਝ ਚੰਗੇ ਲਈ।

ਇਸਦੇ ਨਾਲ ਹੀ ਆਪਣੀ ਇੱਕ ਕਵਿਤਾ ਸਾਂਝੀ ਕਰਦਾ ਹੋਇਆ ਆਗਿਆ ਲੈਂਦਾ ਹਾਂ।

ਖੁਸ਼ਬੂ

ਮਹੁੱਬਤ

ਵਫ਼ਾ

ਵਕਤ

ਸਿਰਫ਼ ਲੈਣ ਦੇ ਹੀ ਰਾਹ ਨਾ ਪੈ

ਅੱਗੇ ਵੰਢਣੇ ਵੀ ਸਿੱਖ।

ਮਜ਼ਾ

ਲੁਤਫ਼

ਮਸਤੀ

ਹਕੂਮਤ

ਕੱਲਾ ਹੀ ਨਾ ਕਰ

ਦੂਜੇ ਦੇ ਹਿੱਸੇ ਵੀ ਲਿਖ।

ਖਾਣ

ਪੀਣ

ਪਹਿਨਣ

ਟਹਿਲਣ

ਉੱਤੇ ਹੀ ਪੈਸੇ ਨਾ ਖਰਚ ਕਿਤਾਬਾਂ ਉੱਤੇ ਵੀ ਲਾ।

ਪੂਜਾ

ਪਾਠ

ਵਰਤ

ਸ਼ਰਧਾ

ਕਰੀ ਜਾ

ਪਰ ਧਰਤ ਰੁੱਖ ਪਾਣੀ ਹਵਾ ਨਾਲ ਵੀ ਯਾਰੀ ਪਾ।

ਆਪਣਾ ਸਿਰ ਆਪ ਹੀ ਗੁੰਦਣਾ ਪੈਂਦਾ ਹੈ। ਰੂਸ ਦੀ ਇੱਕ ਮਸ਼ਹੂਰ ਕਿਤਾਬ ਹੈ ਜੋ ਕਿ ਪੰਜਾਬੀ ਵਿੱਚ ਵੀ ਬਹੁਤ ਪੜ੍ਹੀ ਗਈ ਹੈ। ਰਸੂਲ ਹਮਜ਼ਾਤੋਵ ਦੀ ‘ਮੇਰਾ ਦਾਗਿਸਤਾਨ’ ਉਹਦੇ ਵਿੱਚ ਲਿਖਿਆ ਹੈ “ਜੇ ਮੇਰੀ ਪਿੱਠ ਉੱਤੇ ਖੁਰਕ ਹੁੰਦੀ ਹੋਵੇ ਤਾਂ ਮੇਰੇ ਤੋਂ ਵੱਧ ਚੰਗਾ ਕੋਈ ਨਹੀਂ ਖੁਰਕ ਸਕਦਾ”। ਕਦੇ ਮੌਕਾ ਮਿਲਿਆ ਤਾਂ ਪੜ੍ਹਿਓ ਇਹ ਕਿਤਾਬ। ਦੁਨੀਆਂ ਦੇ ਨੇੜੇ ਕਰ ਦਿੰਦੀ ਹੈ ਇਹ ਕਿਤਾਬ। ਕਿਤਾਬਾਂ ਦਾ ਕੰਮ ਹੀ ਦੁਨੀਆਂ ਨਾਲ ਜੋੜਨਾ ਹੁੰਦਾ ਹੈ। ਰੱਬ ਦੇ ਨਾਂ ‘ਤੇ ਦੁਨੀਆਂ ਨੂੰ ਇੱਕ ਕਰਨ ਦਾ ਕੰਮ ਹੋਣਾ ਚਾਹੀਦਾ ਹੈ ।

ਜ਼ਿੰਦਗੀ ਜਿੰਦਵਾਦ ਰਾਣਾ ਰਣਵੀਰ |  Zindagi Zindabad Rana Ranbir

ਦਰਅਸਲ ਅਸੀਂ ਰੱਬ ਨੂੰ ਮੰਨਦੇ ਹਾਂ ਰੱਬ ਦੀ ਨਹੀਂ ਮੰਨਦੇ। ਅਸੀਂ ਧਰਮ ਨੂੰ ਤਾਂ ਮੰਨਦੇ ਹਾਂ ਪਰ ਧਰਮ ਦੀ ਨਹੀਂ ਮੰਨਦੇ ਹਾਂ। ਅਸੀਂ ਮਹਾਨ ਬੰਦਿਆਂ ਨੂੰ ਪੂਜਦੇ ਹਾਂ ਉਹਨਾਂ ਦੀ ਮੰਨਦੇ ਨਹੀਂ। ਅਸੀਂ ਉਹ ਵਿਦਿਆਰਥੀ ਹਾਂ ਜੋ ਸਕੂਲ ਤਾਂ ਨਿੱਤਨੇਮ ਨਾਲ ਜਾਂਦੇ ਹਨ, ਪੜ੍ਹਦੇ ਸੁਣਦੇ ਵੀ ਹਨ ਪਰ ਸਿੱਖਦੇ ਨਹੀਂ। ਅਸੀਂ ਬਿਨਾ ਕੁਝ ਸਿੱਖੇ ਅਤੇ ਅਮਲ ਕੀਤੇ ਇਹ ਲਿਖ ਕੇ ਪਾਸ ਹੋਣਾ ਚਾਹੁੰਦੇ ਹਾਂ ‘ਸਤਿਗੁਰ ਤੇਰੀ ਓਟ ਪਰਚਾ ਕਰਦੇ ਮੇਰਾ ਲੋਟ’ ‘ਜੈ ਸ੍ਰੀ ਰਾਮ ਜੈ ਹਨੁਮਾਨ ਪਾਸ ਕਰਦੋ ਰੇ ਭਗਵਾਨ’ ‘ਹੇ ਮੇਰੇ ਅੱਲਾ! ਫੇਲ੍ਹ ਨਾ ਹੋਵੇ ਤੇਰਾ ਝੱਲਾ’ ਕੀ ਸਿਰਫ਼ ਏਨਾ ਲਿਖਣ ਨਾਲ ਨਲਾਇਕ ਵਿਦਿਆਰਥੀ ਪਾਸ ਹੋ ਸਕਦਾ ਹੈ? ਕੀ ਰੱਬ ਇਹ ਬੇਇਨਸਾਫ਼ੀ ਕਰੇਗਾ ਕਿ ਹੁਸ਼ਿਆਰ ਦੇ ਨਾਲ ਨਲਾਇਕ ਨੂੰ ਵੀ ਪਾਸ ਕਰੇਗਾ? ਕੀ ਕੋਈ ਅਧਿਆਪਕ ਇਹ ਬੇਇਨਸਾਫ਼ੀ ਕਰੇਗਾ? ਜੇ ਕਰੇਗਾ ਤਾਂ ਕੀ ਉਹ ਅਧਿਆਪਕ ਹੈ?

 

Credit –  ਰਾਣਾ ਰਣਬੀਰ

 

 

Leave a comment