ਮਾਈ ਭਾਗੋ
ਸੰਪਾਦਕੀ
ਸਿੱਖ ਧਰਮ ਅਤੇ ਸਿੱਖ ਇਤਿਹਾਸ ਆਧੁਨਿਕ ਮੁੱਲਾਂ ਦਾ ਧਾਰਨੀ ਹੈ। ਰਵਾਇਤੀ ਅਤੇ ਅਖੌਤੀ ਵਿਚਾਰਾਂ ਨੂੰ ਇਸ ਵਿਚ ਕੋਈ ਸਥਾਨ ਹਾਸਲ ਨਹੀਂ। ਸਤਿਗੁਰਾਂ ਦੀ ਬਾਣੀ ਨਵੀਨ ਵਿਚਾਰਾਂ ਨੂੰ ਅਪਨਾਉਂਣ ਵਾਸਤੇ ਪ੍ਰੇਰਦੀ ਹੈ ਪਰ ਨਾਲ ਹੀ ਉਹ ਧਰਮ ਦੇ ਮੂਲ ਅਧਾਰਾਂ ਅਤੇ ਮਾਨਵਵਾਦੀ ਮੁਲਾਂ ਪ੍ਰਤਿ ਵਚਨਬੱਧ ਹੈ। ਸਿੱਖ ਇਤਿਹਾਸ ਕੁਰਬਾਨੀਆਂ ਦਾ ਹੈ ਅਤੇ ਸਿੱਖ ਜੁਝਾਰੂਆਂ ਨੂੰ ਪ੍ਰੇਰਨਾ ਗੁਰਬਾਣੀ ਤੋਂ ਹਾਸਲ ਹੁੰਦੀ ਆਈ ਹੈ।
ਗੁਰਬਾਣੀ ਵਿਚ ਇਸਤਰੀ ਨੂੰ ਸ੍ਰੇਸ਼ਟ ਦਰਜਾ ਹਾਸਲ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨਿ’ ਕਹਿ ਕੇ ਇਸਤਰੀ ਨੂੰ ਸਮਾਜ ਵਿਚ ਸਰਵੋਤਮ ਦਰਜਾ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਉਂਣ ਸਮੇਂ ਮਾਤਾ ਸਾਹਿਬ ਦੇਵਾਂ ਜੀ ਦੀ ਸ਼ਮੂਲੀਅਤ ਕੀਤੀ। ਇਸ ਪ੍ਰਕਾਰ ਸਿੱਖ ਧਰਮ ਨੇ ਹਿੰਦੂ ਧਰਮ ਵਿਚ ਇਸਤਰੀ ਪ੍ਰਤਿ ਜੋ ਤ੍ਰਿਸਕਾਰ ਭਰਿਆ ਵਤੀਰਾ ਅਪਨਾਇਆ ਜਾਂਦਾ ਸੀ ਉਸ ਦਾ ਪੂਰੀ ਤਰ੍ਹਾਂ ਨਾਲ ਖੰਡਨ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸਤਰੀ ਦੇ ਉਦਾਰ ਹਿਤ ਵਿਸ਼ਵ ਪੱਧਰ ਤੇ ਆਵਾਜ਼ ਬੁਲੰਦ ਕਰਦੀ ਹੈ।
ਮਾਈ ਭਾਗੋ ਸਿੱਖ ਇਤਿਹਾਸ ਦਾ ਪਹਿਲਾ ਚਰਿਤਰ ਹੈ ਜਿਸ ਨੇ ਵੀਰਾਂਗਨ ਰੂਪ ਵਿਚ ਮੈਦਾਨਿ ਜੰਗ ਵਿਚ ਸੂਰਬੀਰਤਾ ਨਾਲ ਯੁਧ ਕੀਤਾ। ਗੁਰੂ ਤੋਂ ਭਟਕੇ ਸਿੱਖ ਵੀਰਾਂ ਨੂੰ ਤੜੀ ਦੇ ਕੇ ਸਤਿਗੁਰਾਂ ਵੱਲ ਲਿਆਂਦਾ ਅਤੇ ਗੁਰੂ ਤੋਂ ਮੁਆਫੀ ਨਾਮਾ ਹਾਸਲ ਕਰਨ ਵਾਸਤੇ ਸ਼ਹਾਦਤ ਦੇਣ ਲਈ ਵੰਗਾਰਿਆ। ਇਹ ਸਿੰਘ ਮੁਕਤਸਰ ਦੇ ਸਥਾਨ ਤੇ ਗੁਰੂ ਲਈ ਲੜਦੇ ਲੜਦੇ ਸ਼ਹੀਦ ਹੋ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਆ ਕੇ ਇਨ੍ਹਾਂ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ। ਮਹਾਂ ਸਿੰਘ ਨੇ ਗੁਰੂ ਦੇ ਹੱਥਾਂ ਵਿਚ ਪ੍ਰਾਣ ਤਿਆਗੇ ਪਰ ਉਹ ਆਪਣੇ ਅੰਤਿਮ ਸਮੇਂ ਤੋਂ ਪਹਿਲਾਂ ਸਤਿਗੁਰਾਂ ਪਾਸੋਂ ਬੇਦਾਵਾ ਪੜਵਾ ਗਿਆ। ਗੁਰੂ ਸਾਹਿਬ ਨੇ ਇਨ੍ਹਾਂ ਸ਼ਹੀਦਾਂ ਨੂੰ “ਮੁਕਤੇ” ਕਹਿ ਕੇ ਸਤਿਕਾਰਿਆ।
ਭਾਗ ਸਿੰਘ ਅਣਖੀ
ਸੰਪਾਦਕ
ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ।
ਮਾਈ ਭਾਗੋ
1.
ਅੱਜ ਕਲ ਸਾਹੀ ਸੜਕ ਬਿਆਸਾ ਨਦੀ ਨੂੰ ਢਿੱਲਵਾਂ ਦੇ ਕੋਲੋਂ ਪਾਰ ਕਰਦੀ ਤੇ ਸਿੱਧੀ ਅੰਮ੍ਰਿਤਸਰ ਨੂੰ ਬੁਟਾਰੀ, ਜੰਡਿਆਲੇ ਦੇ ਲਾਗੇ ਦੀ ਜਾਂਦੀ ਤੇ ਅੰਮ੍ਰਿਤਸਰੋਂ ਉਪਰਲੇ ਰੁਖ ਹੁੰਦੀ ਅਟਾਰੀ ਦੇ ਲਾਗੇ ਦੀ ਲਾਹੌਰ ਪਹੁੰਚਦੀ ਹੈ। ਪਰ ਅਗਲੇ ਸਮੇਂ ਇਹ ਸੜਕ ਗੋਂਦਵਾਲ ਕੋਲੋਂ ਬਯਾਸਾ ਨੂੰ ਟੱਪਦੀ, ਜਿੱਥੇ ਹੁਣ ਨੌਰੰਗਾਬਾਦ ਤੇ ਤਰਨਤਾਰਨ ਹੈ, ਇਨ੍ਹਾਂ ਦੇ ਲਾਗ ਦੀ ਲੰਘਦੀ, ਪਛਮੋਤ੍ਰੀ ਕੋਣ ਵੱਲ ਝੁਕਦੀ ‘ਝਬਾਲ’ ਪਿੰਡ ਦੇ ਲਾਗ ਦੀ ਲੰਘ ਕੇ ਨੇਸ਼ਟੇ ਦੇ ਪਾਸ ਦੀ ਹੁੰਦੀ ਜੈਪਾਲ ਪਿੰਡ ਦੇ ਲਾਗ ਦੀ ਲਾਹੌਰ ਅਪੱੜਦੀ ਸੀ। ਇਹ ਅਜੇ ਵੀ ਹੈ, ਪਰ ਵਰਤੀਂਦੀ ਘੱਟ ਹੈ। ਤਰਨ ਤਾਰਨ ਤੋਂ ਛੇ ਕੁ ਮੀਲ ਦੀ ਵਿੱਥ ਤੇ ਇਸ ਸੜਕ ਦੇ ਕਿਨਾਰੇ ਪੁਰਾਣਾ ਪਿੰਡ ‘ਝਬਾਲ’ ਨਾਮ ਦਾ ਹੈ, ਜੋ ਤਦੋਂ ਭੀ ਘੁੱਘ ਵਸਦਾ ਸੀ।
ਇਸ ਪਿੰਡ ਵਿਚ ਗੁਰਸਿਖੀ ਚੰਗੀ ਸੀ । ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਹੀ, ਆਪ ਦੇ ਏਥੋਂ ਸੁਲਤਾਨ ਪੁਰ ਨੂੰ ਜਾਂਦਿਆਂ ਆਉਂਦਿਆਂ, ਸਿੱਖੀ ਦਾ ਬੀਜ ਬੋ ਹੋ ਗਿਆ ਸੀ।
ਉਸ ਸਮੇਂ ਦੇ ਲਗ ਪਗ ਹਿੰਦੂਆਂ ਵਿਚ ਸੁਲਤਾਨੀ ਮਤ° ਥਾਂ ਕਰ ਰਿਹਾ ਸੀ। ਨੀਮ ਮੁਸੱਲਕੀ ਸ਼ਕਲ ਲੈ ਕੇ ਲੋਕੀਂ ਤੁਰਕੀ ਵਧੀਕੀਆਂ ਤੋਂ ਬੱਚ ਰਹਿੰਦੇ ਸਨ। ਝਬਾਲ ਵਿਚ ਬੀ ਇਸ ਮਤ ਦੇ ਉਪਾਸ਼ਕ ਸਨ । ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਏ ਥੇ ਇਕ ਹਿੰਦੂ ਮੰਨਿਆਂ ਪ੍ਰਮੰਨਿਆਂ ਚੌਧਰੀ ਸੁਲਤਾਨੀਆਂ ਸੀ । ਇਸ ਦਾ ਨਾਮ ਸੀ ਅੱਬੁਲਖੈਰ। ਇਸ ਦੇ ਪੁਤ੍ਰ ਦਾ ਨਾਉਂ ਸੀ ਲੰਗਾਹਾ ਸ਼ਾਹ। ਇਹ ਢਿੱਲੋਂ ਗੋਤ ਦੇ ਜੱਟ ਸਨ। ਐਸੇ ਨਾਮ ਸੁਣ ਕੇ ਇਹਨਾਂ ਨੂੰ ਮੁਸਲਮਾਨ ਨਹੀਂ ਸਮਝਣਾਂ ਚਾਹੀਏ।
ਚੌਧਰੀ ਲੰਗਾਹਾ ਗੁਰ ਸਿੱਖਾਂ ਦੀ ਸੁਹਬਤ ਕਰਦਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਤਿਸੰਗ ਵਿਚ ਆ ਗਿਆ। ਸਤਿਗੁਰ ਦਾ ਪ੍ਰਭਾਵ ਐਸਾ ਪਿਆ ਕਿ ਉਹ ਅਨਿੰਨ ਸਿਖ ਬਣ ਗਿਆ। ਸੁਲਤਾਨੀ ਮਤ ਇਨ੍ਹਾਂ ਦੇ ਪਰਿਵਾਰ ਵਿਚੋਂ ਦੂਰ ਹੋ ਗਿਆ। ਇਹ ਸਿਖ ਅਤਿ ਪ੍ਰੇਮੀ ਹੋਇਆ ਹੈ। ਬਹੁਤ ਛੇਤੀ ਛੇਤੀ ਦਰਸ਼ਨ ਕਰਨ ਜਾਂਦਾ ਤੇ ਗੁਰਮੁਖਾਂ ਵਿਚ ਗਿਣਿਆਂ ਜਾਂਦਾ ਸੀ । ਸ੍ਰੀ ਦਰਬਾਰ ਸਾਹਿਬ ਹਰਿਮੰਦਰ ਦੀ ਰਚਨਾ ਵਿਚ ਇਹ ਸਿਖ ਬੜਾ ਭਾਰੀ ਸੇਵਾਦਾਰ ਸੀ । ਜਦ ਸ੍ਰੀ ਗੁਰੂ ਅਰਜਨ ਦੇਵ ਜੀ ਲਾਹੌਰ ਗਏ ਤੇ ਸ਼ਹੀਦ ਹੋਏ, ਤਦੋਂ ਲੰਗਾਹਾ ਚੌਧਰੀ ਪੰਜਾਂ ਸਿਖਾਂ ਨਾਲ ਗਿਆ ਸੀ। ਤੇ ਇਸ ਨੇ ਆਪ ਜੀ ਦੇ ਨਾਲ ਓਥੇ ਬਹੁਤ ਤਸੀਹੇ ਝੱਲੇ ਸਨ। ਸੂਰਜ ਪ੍ਰਕਾਸ਼ ਨੇ ਇਸਨੂੰ ‘ਲੰਙ’ ਕਰਕੇ ਲਿਖਿਆ ਹੈ । ਯਥਾ:
ਪੰਜ ਸਿਖ ਲੇ ਅਪਨੇ ਸਾਥ। ਕੀਨ ਅਰੂਢਨਿ ਅਰਜੁਨ ਨਾਥ।
ਬਿਧੀਆ, ਜੇਠਾ, ਲੰਙ, ਪਿਰਾਣਾ। ਪੰਚਮ ਪੈੜਾ ਸੰਗਿ ਪਯਾਣਾ।
ਇਸੇ ‘ਲੰਙ’ ਨੂੰ ਤਵਾ:ਖਾ: ਨੇ ‘ਲੰਗਾਹਾ’ ਲਿਖਿਆ ਹੈ, ਯਥਾ: ਭਾਈ ਜੇਠਾ, ਪੈੜਾ, ਬਿਧੀਆ, ਲੰਗਾਹਾ, ਪਿਰਾਣਾ ਇਹਨਾਂ ਸਿਖਾਂ ਨੂੰ ਨਾਲ ਲੈ ਕੇ ਲਾਹੌਰ ਜਾ ਪਹੁੰਚੇ।
ਭਾਈ ਗੁਰਦਾਸ ਜੀ ਨੇ ਬੀ ਆਪਣੀ 11ਵੀਂ ਵਾਰ ਵਿਚ ‘ਲੰਗਾਹਾ’ ਦਾ ਨਾਮ ਸੁਹੰਦੇ ਸਿਖਾਂ ਵਿਚ ਦਿਤਾ ਹੈ ਯਥਾ :
ਪੱਟੀ ਅੰਦਰ ਚਉਧਰੀ ਢਿੱਲੋਂ ਲਾਲ ਲੰਗਾਹ ਸੁਹੰਦਾ।
ਇਸ ਲੰਗਾਹੇ ਦਾ ਇਕ ਹੋਰ ਭਰਾਉ ਸੀ, ਇਸ ਦਾ ਨਾਮ ਸੀ ਪੈਰੋਸ਼ਾਹ। ਇਹ ਬੀ ਮੁਸਲਕੇ ਨਾਮ ਵਾਲਾ ਸੁਲਤਾਨੀਆਂ ਹਿੰਦੂ ਸੀ । ਇਹ ਬੀ ਆਪਣੇ ਪਰਿਵਾਰ ਵਿਚ ਆਈ ਗੁਰਸਿਖੀ ਦੇ ਅਸਰ ਨਾਲ ਸਿਖ ਹੋ ਗਿਆ ਸੀ ਤੇ ਗੁਰੂ ਦੇ ਦਰਬਾਰ ਦਰਸ਼ਨਾਂ ਨੂੰ ਆਇਆ ਜਾਇਆ ਕਰਦਾ ਸੀ। ਇਸ ਦੇ ਪੁਤ੍ਰ ਦਾ ਨਾਉਂ ਮਾਲੋ ਸ਼ਾਹ ਜਾਪਦਾ ਹੈ। ਉਹ ਵੀ ਗੁਰੂ ਘਰ ਦਾ ਸਿੱਖ ਸੀ ਤੇ ਛੇਵੇਂ ਗੁਰਾਂ ਵੇਲੇ ਸੇਵਾ ਕਰਦਾ ਸੀ। ਇਸ ਦੀ ਉਲਾਦ ਵਿਚ ਇਕ ਕਾਕੀ ਦਾ ਜਨਮ ਹੋਇਆ, ਜਿਸ ਦਾ ਨਾਉਂ ਗੁਰਸਿਖੀ ਵਿਚ ‘ਭਾਗੋ’ ਕਰਕੇ ਪ੍ਰਸਿੱਧ ਹੈ। ਜਾਪਦਾ ਹੈ ਕਿ ਤ੍ਰੈ ਚਾਰ ਭਰਾਵਾਂ ਮਗਰੋਂ ਜੰਮਣ ਕਰਕੇ ਭਾਗ ਭਰੀ ਸਦਾਈ ਤੇ ਫੇਰ ‘ਭਾਗੋ’ ਕਰਕੇ ਪ੍ਰਸਿਧ ਹੋ ਗਈ।
ਸੀ ਤਾਂ ਇਹ ਕਾਕੀ-ਕੰਨਯਾ, ਪਰ ਸੁਭਾਵ ਮਰਦਾਵਾਂ ਰਖਦੀ ਸੀ। ਉੱਚੀ ਹਿੰਮਤ ਤੇ ਦਾਈਏ ਵਾਲੀ ਤੇ ਭੈ ਰਹਿਤ ਤਬੀਅਤ ਰਖਦੀ ਸੀ। ਆਪਣੇ ਪਿਤਾ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿਚ ਇਕ ਵਾਰ ਜਾਣ ਕਰਕੇ ਗੁਰੂ ਸਿਖੀ ਦੀ ਪ੍ਰੇਮਣ ਤੇ ਗੁਰਸਿਖੀ ਦੀ ਧਾਰਨਾਂ ਵਿਚ ਤਕੜੀ ਹੋ ਗਈ ਸੀ।
ਇਹ ਮਰਦ ਸੀਰਤ ਪਰ ਸੂਰਤ ਦੀ ਇਸਤ੍ਰੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਾਕਾ ਸੁਣਕੇ ਬਹੁਤ ਦਿਲਗੀਰ ਹੋਈ ਤੇ ਕਈ ਦਿਨ ਉਦਾਸ ਤੇ ਦੁਖੀ ਰਹੀ। ਦਿਲ ਵਿਚ ਇਸਦੀ ਮਰਦਾਵੀਂ ਤਾਕਤ ਕੁੜਵੱਲ ਖਾਵੇ ਤੇ ਆਖੇ : ‘ਹਾਇ’ ਮੈਂ ਮਰਦ ਹੁੰਦੀ ਤਾਂ ਕਾਤਲ ਨੂੰ, ਭਾਵੇਂ ਉਹ ਪਾਤਿਸ਼ਾਹ ਹੀ ਹੈ, ਉਸਦੇ ਜ਼ੁਲਮ ਦਾ ਸਵਾਦ ਚਖਾ ਦੇ ‘ਦੀ’। ਪਰ ਫੇਰ ਗੁਰਬਾਣੀ ਦੀ ਵੀਚਾਰ ਕੁਝ ਠੰਢ ਪਾ ਦੇਂਦੀ ਤੇ ਬਦਲੇ ਲੈਣ ਦਾ ਖਿਆਲ ਬਦਲ ਜਾਂਦਾ। ਅਸਮੰਜਸ ਵਿਚ ਇਸਦੇ ਪਰਿਵਾਰ ਦੇ ਬੰਦੇ ਆਨੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਿਲਕ ਸਮੇਂ ਗਏ ਤੇ ਇਹ ਭੀ ਨਾਲ ਗਈ, ਸਾਹਿਬਾਂ ਦੀ ਸੂਰਤ ਦੇਖਕੇ ਨਿਹਾਲ ਹੋ ਗਈ। ਬਚਪਨ ਦੀ ਵਰੇਸ ਵਿਚ ਹੀ ਗੁਰੂ ਕਾ ਸਰੀਰਕ ਤੇ ਆਤਮਕ ਤੇਜ ਮੋਹਨਹਾਰ ਤੇ ਬਲ ਭਰਨਹਾਰ ਡਿੱਠਾ। ਇਸ ਦਰਸ਼ਨ ਨਾਲ ਇਸ ਦੇ ਅੰਦਰ ਕੋਈ ਹੋਰ ਤਰ੍ਹਾਂ ਦੀ ਬੀਰਤਾ ਭਰ ਗਈ, ਸਭਯਤਾ ਭਰੀ, ਵੀਚਾਰਸ਼ੀਲ ਤੇ ਸ਼ੌਰਯ ਵਾਲੀ ਪਰ ਇਹ ਕਸਰ ਕਿ ਮੈਂ ਮਰਦ ਨਹੀਂ, ਕਈ ਵੇਰੀ ਇਸਦੇ ਦਿਲ ਨੂੰ ਉਦਾਸ ਕਰ ਜਾਂਦੀ।
2.
ਆਨੰਦ ਪੁਰ ਵਿਚ ਅਨੇਕਾਂ ਰੰਗ ਖਿਲਦੇ ਰਹੇ। ਕਦੇ ਜੰਗ, ਕਦੇ ਸੁਲਹ, ਕਦੇ ਅਮਨ, ਨਾਲ ਕਵਿਤਾ ਦੇ ਰੰਗ, ਵਿਦਿਆ ਦੇ ਪ੍ਰਚਾਰ ਅਤੇ ਸੰਸਕ੍ਰਿਤ, ਅਰਬੀ, ਫ਼ਾਰਸੀ ਤੇ ਹਿੰਦੀ ਵਿਚ ਵਡੇ ਵਡੇ ਗ੍ਰੰਥਾਂ ਦੇ ਤਰਜਮੇ। ਧਰਮ ਪ੍ਰਚਾਰ, ਜੀਵਾਂ ਦਾ ਉਧਾਰ, ਪਾਪਾਂ ਤੋਂ ਖਲਾਸੀ ਨੇਕੀ ਵਿਚ ਨਿਵਾਸ, ਉੱਚ ਜੀਵਨ, ਭਗਤੀ, ਪ੍ਰੇਮ, ਸਫਲ ਗਯਾਨ ਦੇ ਕੌਤਕ ਵਰਤਦੇ ਰਹੇ। ਇਹ ਸੁਜਾਨ ਮਰਦ-ਬੀਬੀ ਸੁਣਦੀ ਰਹੇ ਸਾਰੇ ਹਾਲਤ ਤੇ ਸਦ ਹੁੰਦੀ ਰਹੇ ਉਛਾਲ ਵਿਚ ਕਿ ਕਿਵੇਂ ਮੈਂ ਭੀ ਚਰਨ ਸ਼ਰਨ ਹੋ ਲੜਾਂ, ਪਰ ਇਸਤ੍ਰੀ ਜਮਾ ਖਯਾਲ ਕਰਕੇ ਰੁਕੇ ਤੇ ਰੁਕੀ ਰਹੇ।
ਅੰਤ ਖਬਰਾਂ ਆਈਆਂ ਕਿ ਸਤਿਗੁਰੂ ਜੀ ਨੇ ਸਿਖੀ ਦੀ ਨਵੀਂ ਕਾਯਾ ਪਲਟ ਦਿਤੀ ਹੈ। ਮਸੰਦਾਂ ਦਾ ਤ੍ਰੀਕਾ ਬੰਦ ਕਰ ਦਿਤਾ ਹੈ ਤੇ ਸਿਖੀ ਨੂੰ ਸਿੰਘ ਜਾਮਾ ਪਹਿਨਾ ਕੇ ਆਪਣੇ ਪੈਰਾਂ ਤੇ ਖੜਾ ਕਰਕੇ ਅਚਰਜ ਜਥੇਬੰਦੀ ਵਿਚ ਬੰਨ੍ਹ ਦਿਤਾ ਹੈ। ਇਸ ਨੂੰ ‘ਸਿੰਘ’ ‘ਖਾਲਸਾ’ ਨਾਵਾਂ ਨਾਲ ਭੂਸ਼ਤ ਕਰ ਦਿਤਾ ਹੈ, ਨਿਰਾ ਨਾਮ ਹੀ ਨਹੀਂ ਦਿਤਾ ‘ਖਾਲਸਾ’, ਸਗੋਂ ‘ਖਾਲਸਾ ਇਕ ਆਦਰਸ਼ ਕਾਯਮ ਕਰ ਦਿਤਾ ਹੈ । ਖਾਲਸਾ ਆਦਰਸ਼ ਹੀ ਨਹੀਂ ਇਕ ਨਵਾਂ ਜੀਵਨ ਪੈਦਾ ਕਰ ਦਿਤਾ ਹੈ, ਜੀਵਨ ਕੇਵਲ ਬਨਾਸਪਤੀ ਵਾਙੂ ਜੀਉਣ ਮਾਤ੍ਰ ਲਈ ਨਹੀਂ, ਪਰ ਅਮਲੀ ਇਨਸਾਨੀ ਜੀਵਨ ਇਕ ਅਧ ਗੁਣ ਵਾਲਾ ਨਹੀਂ ਪਰ ਇਕ ਅਮਲੀ ਸ਼ਖਸੀਅਤ ਵਾਲਾ ਇਕ ਆਦਰਸ਼ਕ ਤੇ ਅਮਲੀ ਸ਼ਖਸੀਅਤ ਬਣਾ ਕੱਢੀ ਹੈ। ਖਾਲਸਾ ਆਚਰਨ ਵਿਚ ਉੱਚਾ, ਧਰਮ ਵਿਚ ਪਕਾ, ਆਤਮ ਰਸ ਵਿਚ ਰਸੀਆ, ਸਾਂਈਂ ਨਾਲ ਇਕ ਸੁਰਤਾ ਵਿਚ ਰਹਿਣ ਵਾਲਾ, ਜਗਤ ਨਾਲ ਪਯਾਰ ਵਿਚ ਵਰਤਣ ਵਾਲਾ, ਲੋੜ ਪਈ ਤੇ ਆਪਾ ਨੁਛਾਵਰ ਕਰਨੇ ਵਾਲਾ ਬੀਰ ਬਾਂਕਰਾ ਸੰਤ ਸੂਰਮਾ ਬਣਾ ਦਿਤਾ ਹੈ – ਖਾਲਸਾ। ਉਹ ਖਾਲਸਾ ਇਕ ਪੂਰਾ ਮਰਦ ਬਣਿਆ ਹੈ, ਇਹਨਾਂ ਦਾ ਸਮੂਹ ‘ਖਾਲਸਾ ਪੰਥ’ ਬਣਿਆ ਹੈ। ਉਨ੍ਹਾਂ ਦਾ ਗੁਰੂ ਆਪ ਸਾਹਿਬ ਗੁਰੂ ਗੋਬਿੰਦ ਸਿੰਘ ਖਾਲਸਾ ਹੈ, ਖਾਲਸੇ ਦਾ ਗੁਰੂ ਹੈ, ਫੇਰ ਆਪ ਵੀ ਖਾਲਸਾ ਹੈ।
ਇਸ ਮਰਦ ਇਸਤ੍ਰੀ ਦਾ ਦਿਲ ਉਛਲੇ ਕਿ ਕਿਵੇਂ ਅੱਪੜਾਂ ਆਨੰਦਪੁਰ ਤੇ ਮੈਂ ਭੀ ਸਾਹਿਬਾਂ ਦੇ ਹਥੋਂ ਅੰਮ੍ਰਿਤ ਛਕਕੇ ਖਾਲਸਾ ਬਣ ਜਾਵਾਂ, ਸੋਚੇ: ਖਬਰੇ ਖਾਲਸਾ ਬਣ ਕੇ ਇਸਤ੍ਰੀ ਜਾਤੀ ਵਾਲੀ ਕਮਜ਼ੋਰੀ ਤੇ ਸੰਗ ਮੇਰੀ ਦੂਰ ਹੋ ਜਾਵੇ। ਕੁਛ ਦਿਨ ਸਲਾਹਾਂ ਕਰਦਿਆਂ ਤੇ ਮੌਕੇ ਤੱਕਦਿਆਂ ਬੀਤੇ ਸਨ ਕਿ ਖਬਰ ਆਈ ਕਿ ਪਹਾੜੀਆਂ ਨੇ ਫੇਰ ਜੰਗ ਮਚਾ ਦਿਤਾ ਹੈ ਤੇ ਅਗੋਂ ਸ੍ਵੈ-ਰਖਯਾ ਵਿਚ ਸਤਿਗੁਰੂ ਜੀ ਨੇ ਪਕਿਆਈ ਕੀਤੀ ਹੈ, ਤਦੋਂ ਸਾਰੇ ਦੇਸ਼ ਵਿਚੋਂ ਗੁਰਸਿੱਖ ਅੰਮ੍ਰਿਤਧਾਰੀ ਤੇ ਸਹਿਜਧਾਰੀ ਭੇਸ ਵਟਾ ਵਟਾ ਬਿਖੜੇ ਰਸਤੇ ਲੰਘ ਲੰਘ ਆਨੰਦਪੁਰ ਪਹੁੰਚੇ ਜੋ ਸਾਹਿਬਾਂ ਦੇ ਹੁਕਮ ਹੇਠ ਜੀਵਨ ਸਫਲਾ ਕਰਨ। ਇਸ ਜੰਗ ਵਿਚ ਇਕ ਗੁਜਰ ਸੂਰਮਾ, ਜਿਸ ਦਾ ਨਾਉਂ ‘ਜਮਤੁਲਾ’ ਸੀ, ਸ਼ਾਮਲ ਸੀ। ਇਸ ਦੀ ਸੈਨਾ ਤੇ ਇਸ ਦੀ ਬੀਰਤਾ ਦੀ ਧਾਕ ਸੀ, ਇਸ ਕਰਕੇ ਗੁਰੂ ਜੀ ਵਲੋਂ ਵੀ ਤਯਾਰੀ ਚੰਗੇ ਜੋਰਾਂ ਦੀ ਹੋਈ।
ਮਾਝੇ ਵਿਚ ਇਕ ‘ਭਾਈ ਸਾਲ੍ਹੋ’ ਨਾਮੇ ਬੜੇ ਭਾਰੇ ਗੁਰਮੁਖ ਵਾਹਿਗੁਰੂ ਅਨੁਭਵਤਾ ਤਕ ਦੀ ਪਹੁੰਚ ਵਾਲੇ ਹੋਏ ਹਨ, ਜੋ ਪੰਜਵੇ. ਸਤਿਗੁਰਾਂ ਦੇ ਸਮੇਂ ਬ੍ਰਹਮਗਯਾਨੀ ਹੋ ਕੇ ਬੀ ਸਾਧ ਸੰਗਤ ਦੀ ਸੇਵਾ ਵਿਚ ਨਿਪੁੰਨ ਸਨ। ਸ੍ਰੀ ਹਰੀਮੰਦਰ ਦੀ ਰਚਨਾ ਵਿਚ ਆਪ ਨੇ ਬਹੁਤ ਸੇਵਾ ਕੀਤੀ ਸੀ। ਇਨ੍ਹਾਂ ਦਾ ਪੁਤ੍ਰ ਦੁਨੀ ਚੰਦ ਬੜਾ ਗਾਂਡੀਲ ਜੁਆਨ ਸੀ ਤੇ ਜੋਧਾ ਸੀ । ਸਤਿਗੁਰੂ ਜੀ ਵਲੋਂ ਅੰਮ੍ਰਿਤਸਰ ਵਿਚ ਸਿਰਕਰਦਾ ਮਸੰਦ ਸੀ। ਇਹ ਮਾਝੇ ਦੇ ਅਨੇਕਾਂ ਜੁਆਨ ਨਾਲ ਲੈ ਕੇ ਇਸ ਜ਼ੁਧ ਵਿਚ ਜਾ ਸ਼ਾਮਲ ਹੋਇਆ ਤੇ ਘਰ ਦਾ ਪ੍ਰਬੰਧ ਆਪਣੇ ਦੋ ਪੋਤਰਿਆਂ ਨੂੰ ਸੌਂਪ ਗਿਆ, ਜਿਨ੍ਹਾਂ ਨੂੰ ਕਿ ਇਸ ਨੇ ਆਨੰਦਪੁਰ ਲਿਜਾ ਕੇ ਆਪ ਅੰਮ੍ਰਿਤ ਛਕਾਇਆ ਸੀ।
ਪਰ ਭਾਣਾ ਐਸਾ ਵਰਤਿਆ ਕਿ ਦੁਨੀ ਚੰਦ ਇਸ ਮੈਦਾਨ ਤੇ ਘੋਰ ਯੁਧ ਸਮੇਂ ਨਸ ਆਇਆ। ਪਹਾੜੀਆਂ ਨੇ ਸਤਿਗੁਰੂ ਜੀ ਦਾ ਕਿਲ੍ਹਾਂ ਤੋੜਨ ਵਾਸਤੇ ਤਜਵੀਜ਼ ਕੀਤੀ ਕਿ ਜਸਵਾਰੀਆਂ ਦਾ ਵਡਾ ਹਾਥੀ ਕਿਲ੍ਹੇ ਦੇ ਦਰਵਾਜ਼ੇ ਨੂੰ ਆਪਣੀਆਂ ਟਕਰਾਂ ਨਾਲ ਤੋੜ ਦੇਵੇ। ਸਤਿਗੁਰਾਂ ਨੇ ਇਹ ਸੁਣ ਕੇ ਤਜਵੀਜ ਕੀਤੀ ਕਿ ‘ਦੁਨੀ ਚੰਦ’ ਨੇਜ਼ਾ ਲੈ ਕੇ ਆਉਂਦੇ ਹਾਥੀ ਨੂੰ ਅਗੋਂ ਟਕਰੇ ਤੇ ਨੇਜ਼ੇ ਨਾਲ ਮਥਾ ਉਸ ਦਾ ਫੋੜ ਦੇਵੇ ਜੋ ਉਹ ਚੀਖਾਂ ਮਾਰਦਾ ਪਿਛੇ ਮੁੜ ਜਾਵੇ। ਦੁਨੀ ਚੰਦ ਨੂੰ ਭੈ ਛਾ ਗਿਆ ਤੇ ਓਹ ਰਾਤ ਨੂੰ ਕਿਲ੍ਹੇ ਤੋਂ ਰਸੇ ਪਲਮਾਕੇ ਉਤਰਨ ਲੱਗਾ ਡਿਗਾ ਪਿਆ ਤੇ ਟੰਗ ਟੁਟ ਗਈ। ਉਸ ਦੇ ਸਾਥੀ, ਜੋ ਉਸ ਦੀ ਪ੍ਰੇਰਨਾ ਕਰਕੇ ਨਾਲ ਹੋ ਟੁਰੇ ਸੀ, ਉਸ ਨੂੰ ਮੰਜੇ ਤੇ ਪਾ ਕੇ ਲੈ ਟੁਰੇ ਤੇ ਕਈ ਉਪਰਾਲੇ ਕਰਕੇ ਘਰ ਅਪੜੇ। ਉਧਰ ਸਤਿਗੁਰਾਂ ਨੇ ਬਚਿਤ੍ਰ ਸਿੰਘ ਨੂੰ ਥਾਪੜਾ ਦੇ ਕੇ ਹਾਥੀ ਮੂਹਰੇ ਡਾਹਿਆ, ਜਿਸ ਨੇ ਹਾਥੀ ਦਾ ਮਥਾ ਫੋੜ ਕੇ ਉਸ ਨੂੰ ਪਿਛੇ ਮੋੜ ਦਿਤਾ। ਜਿਸ ਮਦਰਾ ਮਤੇ ਹਾਥੀ ਨੇ ਹੁਣ ਭੂਏ ਹੋ ਕੇ ਆਪਣ ਲਸ਼ਕਰ ਦੇ ਹੀ ਆਹੂ ਲਾਹੇ। ਤਦ ਤੋਂ ਜਦ ਕੋਈ ਆਪਣਿਆਂ ਦੀ ਹਾਨੀ ਕਰੇ ਤਾਂ ਪਹਾੜ ਵਿਚ ਲੋਕੀਂ ਆਖਣ ਲਗ ਪਏ ਕਿ ‘ਇਹ ਜਸਵਾਰੀਆਂ ਦਾ ਹਾਥੀ’ ਹੈ।
ਇਧਰ ਮਾਝੇ ਵਿਚ ਦੁਨੀਚੰਦ ਦੇ ਰਣਤੱਤੇ ਵਿਚੋਂ ਪਿਠ ਦੇ ਆਉਂਣ ਤੇ ਬੜੀ ਖਲਬਲੀ ਮਚੀ । ਅਕਾਲਬੁੰਗੇ ਸਾਹਿਬ ਵਿਚ ਦੀਵਾਨ ਕੀਤਾ ਗਿਆ ਤੇ ਸਾਰੇ ਇਲਾਕੇ ਦੇ ਸਿੱਖ, ਸਿੰਘ, ਪ੍ਰੇਮੀ ਵਡਕੇ ਸਦੇ ਗਏ। ਭਾਗੋ ਦੇ ਪਰਵਾਰ ਦੇ ਬੰਦੇ ਵੀ ਗਏ ਤੇ ਇਹ ਭੀ ਵੀਰਾਂ ਦੇ ਵਰਜਦਿਆਂ ਜ਼ੋਰ ਪਾ ਕੇ ਨਾਲ ਚਲੀ ਹੀ ਗਈ। ਰਾਤ ਅੰਮ੍ਰਿਤਸਰ ਦੇ ਇਕ ਬੁੰਗੇ ਵਿਚ ਆਰਾਮ ਕੀਤਾ ਤੇ ਅੰਮ੍ਰਿਤ ਵੇਲੇ ਹਰੀ ਮੰਦਰ ਵਿਚ ਆਸਾ ਦੀ ਵਾਰ ਸੁਣਨ ਲਈ ਜਾ ਹਾਜ਼ਰ ਹੋਏ।
3.
ਜਿਸ ਵੇਲੇ ਹਰੀ ਮੰਦਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਆਸਾ ਦੀ ਵਾਰ ਦਾ ਭੋਗ ਪੈ ਚੁਕਾ ਤਾਂ ਅਰਦਾਸੀਏ ਨੇ ਆਖਿਆ : ਕਿ ਸਾਧ ਸੰਗਤ ਜੀ ! ਇਥੋਂ ਉੱਠ ਕੇ ਅਕਾਲ ਬੁੰਗੇ ਸਾਹਿਬ ਜੀ ਦੀਵਾਨ ਹੈ, ਸਭ ਸੱਜਣ ਉਥੇ ਚਲ ਜੁੜਨਾਂ, ਇਕ ਅਤਿ ਜਰੂਰੀ ਮਾਮਲੇ ਤੇ ਵੀਚਾਰ ਹੈ। ਥੋੜੇ ਚਿਰ ਮਗਰੋਂ, ਸ੍ਰੀ ਤਖਤ ਸਾਹਿਬ ਜੀ ਦੇ ਹਜੂਰ ਦੀਵਾਨ ਸਜ ਗਿਆ। ਜੋ ਵਾਰਤਾ ਇਥੇ ਦੱਸੀ ਗਈ ਸੋ ਇਹ ਸੀ ਕਿ ‘ਸਾਡੀ ਨਗਰੀ ਦੇ ਮਸੰਦ ਤੇ ਆਗੂ ਭਾਈ ਦੁਨੀਚੰਦ ਜੀ ਨੇ ਜੋ ਅੱਗੇ ਜਿੰਦ ਹੂਲ ਕੇ ਸਤਿਗੁਰੂ ਦੀ ਸੇਵਾ ਕਰ ਚੁਕੇ ਹਨ, ਇਸ ਮੌਕੇ ਤੇ ਬੜੇ ਚਾਉ ਨਾਲ ਅਤੇ ਬੜੀ ਹਿੰਮਤ ਨਾਲ ਪੰਜ ਸੌ ਜੁਆਨ ਇਸ ਇਲਾਕੇ ਦਾ ਕੱਠਾ ਕਰਕੇ ਗੁਰੂ ਜੀ ਦੇ ਹਜ਼ੂਰ ਕ੍ਰਿਤਾਰਥ ਹੋਣ ਵਾਸਤੇ ਨਾਲ ਲੈ ਗਏ ਸਨ। ਗੁਰੂ ਬਖਸ਼ੇ! ਪਰ ਰਣਤੱਤੇ ਤੇ ਆਪ ਗੁਰੂ ਕਿਆਂ ਵਲੋਂ ਮੂੰਹ ਮੋੜ ਆਏ ਹਨ ਤੇ ਇਕੱਲੇ ਆਪ ਹੀ ਨਹੀਂ ਆਏ ਇਥੋਂ ਦੇ ਗਏ ਜੁਆਨਾਂ ਵਿਚੋਂ ਵੀ ਬਹੁਤਿਆਂ ਨੂੰ ਮੋੜ ਲਿਆਏ ਹਨ। ਇਹ ਬਾਤ ਜੋ ਹੋਈ ਹੈ, ਜਿਸ ਵਲੋਂ ਹੋਈ ਹੈ, ਉਨ੍ਹਾਂ ਨੇ ਹੁਕਮ ਨਾ ਮੰਨ ਕੇ ਮਾਲਕ ਜੀ ਨੂੰ ਪਿੱਠ ਦਿਖਾਈ ਹੈ, ਪ੍ਰੰਤੂ ਜਗਤ ਜਦ ਗੱਲ ਕਰੇਗਾ ਤਾਂ ਸਾਰੇ ਇਲਾਕੇ ਦਾ ਨਾਉਂ ਬਦਨਾਵੀਂ ਨਾਲ ਲਏਗਾ। ਦੂਸਰੀ ਬਾਤ ਇਹ ਹੈ ਕਿ ਸੱਚੇ ਪਾਤਸ਼ਾਹ ਕੋਈ ਆਪਦੇ ਰਾਜ ਭਾਗ ਬਨਾਉਣ ਵਾਸਤੇ ਨਹੀਂ ਲੜ ਰਹੇ, ਆਪ ਤਾਂ ਵਾਹਿਗੁਰੂ ਦੇ ਰੰਗ ਰਤੇ ਰਹਿੰਦੇ ਹਨ, ਜਗਤ ਦੇ ਪਦਾਰਥਾਂ ਤੋਂ ਸਦਾ ਨਿਰਵਾਸ ਹਨ ਤੇ ਪੂਰਨ ਤਿਆਗ ਵਿਚ ਹਨ। ਆਪ ਤਾਂ ‘ਜਲ ਕਮਲ’ ਜਾਂ ‘ਮੁਰਗਾਈ ਨੈ ਵਿਚ’ ਵਾਂਙੂ ਮਾਇਆ ਵਿਚ ਬੈਠੇ ਖੇਡਦੇ ਹਨ। ਜੰਗ ਸਾਨੂੰ ਸੁਤੰਤ੍ਰ ਕਰਨ ਵਾਸਤੇ ਹਨ ਤੇ ਸਾਨੂੰ – ਜੋ ਮਰ ਚੁਕੇ ਸਾਂ – ਜਾਨ ਬਖਸ਼ ਕੇ ਉੱਚਿਆਂ ਕਰਨ ਲਈ ਸਿਖਾਲ ਰਹੇ ਹਨ। ਕਲਹਾ ਚੰਗੀ ਨਹੀਂ, ਪਰ ਜਦ ਰਾਖਸ਼ਾਂ ਮਲੇਛਾਂ ਨੇ ਸਾਡੀ ਸਹਿਨਸ਼ੀਲਤਾ ਸਹਾਰੇ, ਪਿਆਰ ਤੇ ਨੇਕੀਆਂ ਦਾ ਲਾਭ ਉਠਾ ਕੇ ਸਾਨੂੰ ਨੱਪ ਲਿਆ ਹੈ ਅਰ ਐਸਾ ਨੱਪਿਆ ਹੈ ਕਿ ਹੁਣ ਸਾਨੂੰ ਆਪਣੇ ਧਰਮ ਦੀ ਵੀ ਖੁੱਲ੍ਹ ਨਹੀਂ, ਮੱਲੋ ਮੱਲੀ ਮੰਦਰ ਢਾਹ ਕੇ ਮਸੀਤਾਂ ਬਣਦੀਆਂ ਹਨ, ਬੱਚੇ ਬੱਚੀਆਂ ਮੱਲੋ ਮੱਲੀ ਦੀਨ ਵਿਚ ਦਾਖਲ ਕੀਤੇ ਜਾਂਦੇ ਹਨ ਤਾਂ ਬਾਕੀ ਪਰਜਾ ਦੇ ਪਸ਼ੂ ਹੋ ਜਾਣੇ ਵਿਚ ਕੀਹ ਰਹਿ ਗਿਆ ਹੈ। ਇਸ ਵਾਸਤੇ ਸਤਿਗੁਰੂ ਜੀ ਸਾਨੂੰ ਆਪਣੀ ਰਖਯਾ ਦੀ ਜਾਚ ਦੱਸ ਰਹੇ ਹਨ ਅਰ ਸ਼ਾਂਤੀ ਨਾਲ ਭਏ ਹੋ ਗਏ ਮਲੇਛਾਂ ਦਾ ਮੂੰਹ ਤਲਵਾਰ ਨਾਲ ਸਿੱਧਿਆਂ ਕਰਨ ਵਾਸਤੇ ਆਪਾ ਵਾਰ ਰਹੇ ਹਨ। ਸੋ ਸਾਡਾ ਧਰਮ ਹੈ ਇਸ ਜੰਗ ਵਿਚ ਆਪਾ ਪੇਸ਼ ਕਰਨਾ ਤੇ ਹੁਕਮ ਵਿਚ ਆਪਾ ਸਦਕੇ ਕਰਨਾ। ਜੰਗ ਸਾਡੇ ਵਾਸਤੇ, ਸਾਡੇ ਭਲੇ ਵਾਸਤੇ ਤੇ ਉਧਾਰ ਵਾਸਤੇ ਹੈ । ਹੁਣ ਜੋ ਸਾਡੇ ਭਰਾ ਕਿੰਨੇ ਹੀ ਮੈਦਾਨ ਵਿਚੋਂ ਟੁਰ ਆਏ ਹਨ, ਉਥੇ ਕੋਈ ਪਾਤਸ਼ਾਹੀ ਦਰਮਾਹੇ ਤੇ ਜਗੀਰਾਂ ਤਾਂ ਨਹੀਂ ਜੋ ਹੋਰ ਫੌਜਾਂ ਨੌਕਰ ਰਖ ਲੈਣਗੇ। ਉੱਤੋਂ ਟਾਕਰਾ ਹੈ ਬਾਈ ਧਰ ਰਾਜਿਆਂ ਨਾਲ, ਰੰਘੜ ਗੁੱਜਰਾਂ ਨਾਲ, ਪਠਾਣਾਂ, ਮੁਹਲਾਂ ਤੇ ਹੋਰ ਤੁਰਕ ਹੋਈਆਂ ਲੁਕਾਈਆਂ ਨਾਲ । ਉਞ ਉਹ ਦਰ ਸਦਾ ਬੇਲੋੜ ਹੈ, ਬੇਨਿਆਜ ਹੈ ਪਰ ਅਸਾਂ ਆਪਣਾ ਧਰਮ ਵਿਚਾਰਨਾ ਹੈ।”
ਇਸ ਗੱਲ ਦੀ ਖਬਰ ਤਾਂ ਘਰ ਘਰ ਧੁੰਮ ਚੁਕੀ ਸੀ, ਸਾਰੇ ਹਾਹਾਕਾਰ ਹੋ ਰਹੀ ਸੀ, ਪਰ ਦਾਨੇ ਗ੍ਰੰਥੀ ਸਿੰਘ ਜੀ ਨੇ ਅਜ ਦੀਵਾਨ ਸਜਾ ਦਿਤਾ ਸੀ ਕਿ ਸਾਧ ਸੰਗਤ ਇਕ ਮਤਾ ਕਰ ਲਵੇ । ਇਹ ਗੱਲ ਸੁਣ ਕੇ ਪਹਿਲੇ ਤਾਂ ਕਿਸੇ ਕਿਸੇ ਪਾਸੇ ਤੋਂ ਦੁਨੀਚੰਦ ਨੂੰ ਫਿੱਕੇ ਵਾਕਾਂ ਵਿਚ ਯਾਦ ਕੀਤਾ ਗਿਆ, ਫਿਰ ਕਿਸੇ ਨੇ ਕਹਿ ਦਿਤਾ ਕਿ ਦੁਨੀਚੰਦ ਨੇ ਭਾਈ ਸਾਲ੍ਹੋ ਦਾ ਨਾਮ ਕਲੰਕਤ ਕਰ ਦਿਤਾ ਹੈ। ਇਸ ਪਰ ਸਿੰਘ ਜੀ ਨੇ ਆਖਿਆ:
“ਸੱਜਣੋਂ! ਇਹ ਕਲਜੁਗ ਹੈ ‘ਅਹਿਕਰੁ ਕਰੇ ਸੁ ਅਹਿਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ’, ਭਾਈ ਸਾਲ੍ਹੋ ਪੰਚਮ ਪਾਤਸ਼ਾਹ ਜੀ ਦਾ ਪਰਵਾਣ ਤੇ ਪਿਆਰਾ ਸਿਖ ਸੀ, ਪਾਰ ਗਿਰਾਮੀ ਹੋ ਗਿਆ, ਉਸ ਦਾ ਨਾਮ ਸਦਾ ਉਜਲ ਹੈ, ਆਪ ਦੇ ਉਜਲ ਨਾਮ ਨੂੰ ਕੋਈ ਦੂਸਰਾ ਕਿਵੇਂ ਕਲੰਕ ਲਾ ਸਕਦਾ ਹੈ? ਭਾਈ ਸਾਲ੍ਹੋ ਗੁਰ ਨਗਰੀ ਦਾ ਭਾਰੀ ਉਪਕਾਰੀ ਹੋਇਆ ਹੈ, ਉਸ ਦਾ ਟੋਬਾ ਲੋਹਗੜ੍ਹ ਦੇ ਕਿਲ੍ਹੇ ਦੇ ਪਿਛਵਾੜੇ ਸਤਿਗੁਰਾਂ ਦੇ ਹੁਕਮ ਵਿਚ ਸੰਗਤਾਂ ਦੇ ਆਰਾਮ ਲਈ ਖੱਟਿਆ ਲਹਿ ਲਹਿ ਕਰ ਰਿਹਾ ਹੈ, ਉਸ ਦਾ ਨਾਮ-ਜੋ ਸਾਈਂ ਦਾ ਨਾਮ ਸਿਮਰਕੇ, ‘ਨਾਮ ਰੂਪ ਤੋਂ ਲੰਘ, ਅਨਾਮ ਤੇ ਅਰੂਪ ਵਾਹਿਗੁਰੂ ਵਿਚ ਹਾਂ, ਨਾਮ ਦੇ ਨਾਮੀ ਸਰੂਪ ਵਿਚ ਅਪੜ ਚੁਕਾ ਹੈ, ਸਦਾ ਉੱਜਲ ਹੈ, ਉਹ ਸਦਾ ਮੁਖ ਉੱਜਲਾ ਗੁਰਮੁਖ ਹੈ । ਬਾਕੀ ਰਿਹਾ ਦੁਨੀ ਚੰਦ, ਸੂਰਮ ਸੀ, ਡਰੋਸੇ ਵਾਲਾ ਸੀ, ਜੰਗਾਂ ਵਿਚ ਲੜਕੇ ਵਰਿਆਮਗੀ ਦੱਸ ਚੁਕਾ ਸੀ, ਹੁਣ ਬੀ ਬੜੇ ਉਮਾਹ ਵਿਚ ਗਿਆ ਸੀ, ਪਰ ਮਾਇਆ ਬੜੀ ਪ੍ਰਬਲ ਹੈ, ਸ਼ੇਖੀ ਦੀ ਥਾਂ ਨਹੀਂ।
“ਇਸ ਵੇਲੇ ਮੌਤ ਆਈ ਸਮਝ ਕੇ ਦੁਨੀ ਚੰਦ ਡਰ ਗਿਆ, ਭੱਜ ਪਿਆ। ‘ਜਸ ਜੀਵਣਾ ਅਪਜਸ ਮਰਣਾ’ ਸੋ ਉਹ ਮਰ ਚੁਕਾ ਹੈ, ਹੁਣ ਕੀ ਜਿੰਦ ਬਾਕੀ ਹੈ? ਵਿਚਾਰਾ ਮੰਜੇ ਤੇ ਪਿਆ ਦੁੱਖ ਪਾ ਰਿਹਾ ਹੈ। ਗੁਰੂ ਸਾਡੇ ਸਭਨਾਂ ਦੀਆਂ ਭੁੱਲਾਂ ਬਖਸ਼ੇ। ਜਗਤ ਕਹੇ ਪਰ ਅਸੀਂ ਕੁਛ ਨਾ ਕਹੀਏ। ਕਰਮ ਪਏ ਬੋਲਣ, ਜੀਭ ਕਾਹਨੂੰ ਕੁਛ ਕਹੇ ਕਰਮ ਵੀ ਸਤਿਗੁਰ ਬਖਸ਼ੇ, ਉਹ ਦਰ ਬਖਸ਼ਿਸ਼ ਦਾ ਹੈ, ਅਸੀਂ ਭੁੱਲਣਹਾਰ ਹਾਂ। ਇਹ ਸੁਣ ਕੇ ਕੁਛ ਚਿਰ ਕੁਲਾਹਲ ਜਿਹਾ ਰਿਹਾ ਫਿਰ ਇਕ ਮਸ ਫੁਟੇ ਗੱਭਰੂ ਸਜੀਲੇ ਜਵਾਨ, ਨੌਜਵਾਨ, ਸੀਸ ਨਿਵਾਕੇ ਫਤੇ ਗਜਾਕੇ ਬੋਲੇ :
ਸਾਧ ਸੰਗਤ ਜੀ! ਸਿੰਘ ਜੀ ਨੇ ਅਪਾਰ ਕਿਰਪਾ ਕਰਕੇ ਸਾਡੇ ਵਡੇ ਭਾਈ ਸਾਲ੍ਹੋ ਜੀ ਦਾ ਜਸ ਸੰਭਾਲ ਲਿਆ ਹੈ, ਪਰ ਅਸੀਂ ਦੁਨੀਚੰਦ ਜੀ ਦੀ ਸੰਤਾਨ ਹਾਂ ਉਹਨਾਂ ਦਾ ਦੋਸ਼ ਅਸਾਂ ਵਲ ਵਧੇਰੇ ਪੈਂਦਾ ਹੈ। ਉਹ ਘਰ ਮੰਜੇ ਤੇ ਪਏ ਹਨ, ਜਿਸ ਦਿਨ ਦੇ ਆਏ ਹਨ ਪਰਵਾਰ ਨੇ ਉਨ੍ਹਾਂ ਨੂੰ ਪਿਆਰ ਨਹੀਂ ਕੀਤਾ, ਚਾਹੇ ਸਾਡਾ ਧਰਮ ਹੈ ਕਿ ਬੱਚੇ ਹਾਂ ਸੇਵਾ ਕਰੀਏ ਪਰ ਤਾਂ ਵੀ ਅਸੀਂ ਸੇਵਾ ਕਰਦੇ ਹੋਏ ਵੀ ਸਾਰੇ ਦੁਖੀ ਹਾਂ ਤੇ ਪਰਵਾਰ ਉਹਨਾਂ ਤੋਂ ਉਦਰੇਵੇਂ ਵਿਚ ਹੈ। ਗੁਰੂ ‘ਗੁਰੂ’ ਹੈ ਤੇ ਸਭ ਸਾਕਾਂ ਤੋਂ ਪਿਆਰਾ ਹੈ ਗੁਰੂ ‘ਗੁਰੂ’ ਹੈ ਤੇ ਸਭ ਤੋਂ ਵੱਡਾ ਹੈ ਗੁਰੂ ਸਾਕ ਹੈ ਤਾਂ ਸਾਰੇ ਹਨ ਨਹੀਂ ਤਾਂ ਕੋਈ ਨਹੀਂ। ਮੇਰਾ ਵੀਰ ਅਨੂਪ ਸਿੰਘ ਤੇ ਮੈਂ ਸਰੂਪ ਸਿੰਘ ਦੋਵੇਂ ਅੰਮ੍ਰਿਤਧਾਰੀ ਸਿੰਘ ਹਾਂ ਇਹ ਸਾਡਾ ਪਿਤਾਮਾਂ ਸ੍ਰੀ ਦੁਨੀਚੰਦ ਜੀ ਆਪ ਸਾਨੂੰ ਆਨੰਦਪੁਰ ਲੈ ਕੇ ਗਏ ਸਨ ਤੇ ਆਪ ਅੰਮ੍ਰਿਤ ਛਕਵਾ ਕੇ ਲਿਆਏ ਸਨ। ਹੁਣ ਆਪ 500 ਜਵਾਨ ਨਾਲ ਲੈ ਕੇ ਚਾਈਂ ਚਾਈਂ ਜੰਗ ਕਰਨ ਗਏ ਸਨ ਪਤਾ ਨਹੀਂ ਭਾਵੀ ਕੀ ਵਰਤੀ ਕਿ ਮੂੰਹ ਮੋੜ ਆਏ। ਭਾਈ ਬਲਵਾਨ ਹੈ, ਮੌਤ ਦਾ ਭੈ ਬੁਰੀ ਸ਼ੈ ਹੈ, ਡਾਢੇ ਕਮਲੇ ਪਿਆਰ ਵਾਲੇ ਪਿਆਰੇ ਦੀ ਖ਼ਾਤਰ ਮੌਤ ਕਬੂਲਦੇ ਹਨ, ਗੁਰੂ ਬਖਸ਼ ਆਪ ਲਾਵੇ ਆਪ ਨਿਭਾਵੇ। ਹੁਣ ਸਾਡੀ ਅਰਜ਼ ਇਹ ਹੈ ਕਿ ਜੋ ਹੋ ਚੁਕਾ ਸੋ ਹੋ ਚੁਕਾ, ਸਾਡਾ ਖਾਨਦਾਨ ਗੁਰੂ ਦਾ ਦਾਸ ਹੈ, ਅਸਾਂ ਬੇਮੁਖ ਨਹੀਂ ਹੋਣਾ। ਸੋ ਸਾਡੇ ਦੋਹਾਂ ਭਰਾਵਾਂ ਦੇ ਸਰੀਰ ਹਾਜ਼ਰ ਹਨ, ਅਸੀਂ ਸਾਧ ਸੰਗਤ ਦੇ ਹਜ਼ੂਰ ਗੁਨਾਹਗਾਰੀ ਮੰਨਦੇ ਹਾਂ ਤੇ ਆਨੰਦਪੁਰ ਸਾਹਿਬ ਜਾ ਕੇ ਇਹ ਨਕਾਰੇ ਸਰੀਰ ਸਤਿਗੁਰ ਦੇ ਚਰਨਾਂ ਵਿਚ ਸੱਟਣ ਨੂੰ ਤਿਆਰ ਹਾਂ। ਚਾਹੇ ਅਗੇ ਸਿੱਟ ਦੇਣ, ਅਸਾਂ ਇਨ੍ਹਾਂ ਮਾਸ ਦੇ ਪਿੰਡਾਂ ਨੂੰ ਹੁਣ ਗੁਰੂ ਹੁਕਮ ਵਿਚ ਵਾਰ ਦੇਣਾ ਹੈ। ਸਾਧ ਸੰਗਤ ਸਾਡੇ ਇਨ੍ਹਾਂ ਨਕਾਰੇ ਸਰੀਰਾਂ ਨੂੰ ਕਬੂਲੇ ਤੇ ਸੱਚੇ ਪਾਤਸ਼ਾਹ ਜੀ ਦੇ ਅਰਘੇ ਵਿਚ ਬਲੀ ਹੋਣ ਲਈ ਪਾ ਦੇਣ ਦਾ ਮਾਣ ਬਖਸ਼ੇ।
ਦੁਨੀ ਚੰਦ ਦੇ ਪੋਤ੍ਰਿਆਂ ਦੀ ਇਹ ਕੁਰਬਾਨੀ, ਇਹ ਸਿਦਕ ਦੇਖਕੇ ਕਲੇਜੇ ਉਛਲ ਪਏ। ‘ਧੰਨ ਸਿਖੀ, ਧੰਨ ਸਿਖੀ’ ਧੰਨ ਭਾਈ ਸਾਲ੍ਹੋ, ਧੰਨ ਭਾਈ ਸਾਲ੍ਹੋ’ ਦੀ ਗੁੰਜਾਰ ਪੈ ਗਈ, ਆਪਾ ਸਦਕੇ ਕਰਨ ਦਾ ਚਾਉ ਜੋਸ਼ਾਂ ਵਿਚ ਆ ਗਿਆ। ਤਦ ਸਿੰਘ ਜੀ ਬੋਲੇ :
ਖਾਲਸਾ ਜੀ ! ਦੇਖ ਲੌ ਭਾਈ ਸਾਲ੍ਹੋ ਨੂੰ ਆਖਦੇ ਸਾਓ, ਉਹਨਾਂ ਦੀ ਹੀ ਬੰਸ ਵਿਚੋਂ ਇਹ ਸੂਰਮੇ ਨਿੱਤਰੇ ਹਨ। ਦੇਖੋ ਸਾਡੇ ਆਗੂ ਦਾ ਆਪਣਾ ਘਰ ਹੀ ਕਿੱਡਾ ਸੋਹਣਾ ਹੈ ਜੋ ਪਰਿਵਾਰ ਨੇ ਦੁਨੀਚੰਦ ਨਾਲ ਨਖੇੜੇ ਵਾਙੂ ਨਖੇੜਾ ਕਰਕੇ ਆਪ ਨੂੰ ਗੁਰੂ ਸਨਮੁਖ ਰਖਿਆ ਹੈ। ਧੰਨ ਹੈ ਗੁਰ ਸਿਖੀ ਦਾ ਪਿਆਰ ਤੇ ਸਿਦਕ। ਹੁਣ ਕੀਹ, ਆਪਦੀ ਆਗਿਆ ਹੈ ਕਿ ਸਰੂਪ ਸਿੰਘ ਅਨੂਪ ਸਿੰਘ ਜਥੇਦਾਰ ਬਣਨ ਤੇ ਜਥਾ ਤਿਆਰ ਹੋਵੇ? ਜੋ ਘਾਟ ਮਾਝੇ ਦੇ ਸਿੰਘ ਪਾ ਆਏ ਹਨ, ਮਾਝੇ ਦੇ ਹੀ ਜਾ ਕੇ ਪੂਰੀ ਕਰਨ! ਇਸ ਕਥਨ ਪਰ ਕੋਈ ਪੰਜਾਹ ਕੁ ਜਵਾਨ ਹੋਰ ਨਿਤਰੇ, ਕੁਝ ਸਿੰਘ ਏਥੋਂ ਤਿਆਰ ਹੋ ਕੇ ਗਿਰਾਵਾਂ ਨੂੰ ਨਿਕਲ ਗਏ ਕਿ ਇਹ ਗਲ ਦੱਸਣ ਤੇ ਹੋਰ ਜੋ ਸਿੰਘ ਨਿਤਰਨ ਸੋ ਜਥੇ ਦੇ ਨਾਲ ਚੱਲ ਪੈਣ। ਅੱਗੇ ਤਮਾਸ਼ਾ ਹਰ ਥਾਂ ਇਹ ਸੀ ਕਿ ਜੋ ਨੱਸ ਕੇ ਦੁਨੀ ਚੰਦ ਨਾਲ ਆਏ ਸਨ ਉਹਨਾਂ ਨੂੰ ਆਪਣੇ ਹੀ ਘਰਦਿਆਂ ਨੇ ਮੂੰਹ ਨਾ ਲਾਇਆ ਤੇ ਨਾ ਘਰਾਂ ਵਿਚ ਹੀ ਉਨ੍ਹਾਂ ਨੂੰ ਆਦਰ ਮਿਲਿਆ। ਇਹ ਪਿਆਰ ਗੁਰੂ ਕਲਗੀਆਂ ਵਾਲੇ ਦਾ ਸਿਖੀ ਵਿਚ ਸੀ, ਇਹ ‘ਪਿਆਰ-ਅਗਨਿ’ ਦਿਲਾਂ ਵਿਚ ਬਲਦੀ ਸੀ ਕਿ ਜਿਸ ਨੇ ਫਕੀਰਾਂ ਦੇ ਟੋਲੇ ਜ਼ਾਲਮ ਪਾਤਸ਼ਾਹੀ ਦਾ ਚਰਾਗ ਗੁਲ ਕਰਵਾ ਦਿਤਾ।
ਸਿੰਘ ਜੀ ਨੇ ਹੁਣ ਇਕ ਹਲਕਾਰਾ ਸਤਿਗੁਰਾਂ ਦੀ ਸੇਵਾ ਵਿਚ ਸਾਰੇ ਹਾਲ ਦਾ ਘੱਲ ਦਿਤਾ ਕਿ ਜਿਵੇਂ ਹੋਈ ਸੀ ਜਾ ਅਰਜ ਕਰੇ ਤਾਂ ਜੋ ਸਤਿਗੁਰੂ ਜੀ ਤੇ ਸਿੱਖਾਂ ਨੂੰ ਪਤਾ ਲਗ ਜਾਵੇ ਕਿ ਇਕ ਹੋਰ ਸੇਵਾਦਾਰਾਂ ਦਾ ਜਥਾ ਉਸੇ ਦੁਨੀ ਚੰਦ ਤੇ ਪ੍ਰੋਤਿਆਂ ਦੀ ਸਰਦਾਰੀ ਹੇਠ ਆ ਰਿਹਾ ਹੈ ਤੇ ਇਹ ਅਰਦਾਸ ਹਲਕਾਰੇ ਸਿੰਘ ਦੇ ਹਥ ਘੱਲੀ : ‘ਲਿਖਤੁਮ ਕਰਮ ਸਿੰਘ ਕੂਕਰ ਆਪ ਦੇ ਦਰ ਦਾ, ਸਾਧ ਸੰਗਤ ਖਾਲਸਾ ਸੁਧਾਸਰ ਹਰੀਮੰਦਰ ਤਖਤ ਸਾਹਿਬ ਅਕਾਲ ਬੁੰਗਾ ਜੀ ਦਾ ਸੇਵਕ, ਅਗੇ ਸੇਵਾ ਵਿਚ ਸਾਹਿਬ ਸਾਹਿਬ ਸਾਹਿਬ ਸ੍ਰੀ ਮਾਲਕ ਪਾਲਕ ਰੱਖਕ ਦੋ ਜਹਾਨ ਦੇ ਵਾਲੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਕਲਗੀਧਰ ਜੀ ਮਹਾਰਾਜ ਜੀ ਆਪ ਜੀ, ਆਪ ਜੀ। ਦੋਇਕਰ ਜੋੜ ਸੀਸ ਚਰਨਾਂ ਪਰ ਧਰਿਆ ਰਹੇ, ਸਰਬੱਤ ਸਾਧ ਸੰਗਤ ਖਾਲਸੇ ਦਾ ਧਰਿਆ ਰਹੇ, ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ।
ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ।
ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ॥1॥
ਜਿਹਵਾ ਏਕ ਕਵਨ ਗੁਨ ਕਹੀਐ॥
ਬੇਸੁਮਾਰ ਬੇਅੰਤ ਸੁਆਮੀ ਤੇਰੋ
ਅੰਤੁ ਨ ਕਿਨਹੀ ਲਹੀਐ॥1॥ਰਹਾਉ॥
ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ॥
ਹਮ ਅਗਿਆਨ ਅਲਪ ਮਤਿ ਥੋਰੀ
ਤੁਮ ਆਪਨ ਬਿਰਦੁ ਰਖਾਵਹੁ ॥2॥
ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ॥
ਰਾਖਹੁ ਰਾਖਨ ਹਾਰ ਦਇਆਲਾ
ਨਾਨਕ ਘਰ ਕੇ ਗੋਲੇ ।।3।।12।।
ਧਨਾਸਰੀ ਮ: 5
ਭੁੱਲਣ ਹਾਰ ਹਾਂ, ਬਿਰਦ ਬਖਸ਼ਿੰਦ ਹੈ, ਬਖਸ਼ਿੰਦ ਹੈ। ਇਕ ਜਥਾ ਸਿੰਘਾਂ ਦਾ ਹਾਜ਼ਰ ਹੋਵੇਗਾ, ਦੁਨੀਚੰਦ ਦੇ ਪੋਤੇ ਸਰੂਪ ਸਿੰਘ ਅਨੂਪ ਸਿੰਘ ਦੀ ਜਥੇਦਾਰੀ ਵਿਚ। ਭਾਈ ਸਾਲ੍ਹੋ ਦਾ ਸਦਕਾ ਮੇਹਰ ਕਰਨੀ, ਬਖਸ਼ਣਾ। ‘ਹਮ ਭੂਲਿ ਵਿਗਾਹ ਦਿਨਸੁ ਰਾਤਿ।
ਇਕ ਅਠਵਾਰੇ ਵਿਚ ਦੋ ਸੌ ਸਿੰਘ ਤਿਆਰ ਹੋ ਗਿਆ, ਫਿਰ ਸ੍ਰੀ ਅਕਾਲ ਤਖਤ ਸਾਹਿਬ ਇਕੱਠ ਹੋਇਆ, ਤੁਰਨ ਵਾਲੇ ਬੀਰ ਤੇ ਉਨ੍ਹਾਂ ਦੇ ਪਰਿਵਾਰ ਸਾਰੇ ਹਾਜ਼ਰ ਸਨ। ਦੁਨੀ ਚੰਦ ਦੇ ਦੋਇ ਪੋਤ ਸੁਹਣੇ ਜਵਾਨ ਸ਼ਹੀਦੀ ਦੇ ਸੇਹਰੇ ਬੰਨ੍ਹ ਸੰਗਤ ਵਿਚ ਆਏ ਖੜੇ ਸਨ। ਮਾਵਾਂ ਪੁਤ੍ਰਾਂ ਨੂੰ ਗਲ ਲਾ ਲਾ, ਅਸੀਸਾਂ ਦੇ ਦੇ, ਮਿਲ ਮਿਲ ਵਿਛੜਦੀਆਂ ਤੇ ਨੈਣ ਭਰ ਭਰ ਟੋਰਦੀਆਂ ਸਨ। ਦੇਖਣਾ ! ਤੁਸੀਂ ਅਗਲੀ ਸ਼ਾਹੀ ਧੌਣ ਚਲੇ ਹੋ, ਹੋਰ ਨਾ ਲਾ ਆਉਣੀ। ਪਿਤਾ ਪਿੱਠਾਂ ਤੇ ਹੱਥ ਫੇਰ ਫੇਰ ਅਸੀਸਾਂ ਦਿੰਦੇ ਸਨ : ਕਿ, ‘ਜਾਓ ਬੇਟਾ ! ਜਨਮ ਸਫਲਾਓ ਤੇ ਕੁਲਾਂ ਦੇ ਮੂੰਹ ਉੱਜਲੇ ਕਰੋ । ਭੈਣਾਂ ਗਲ ਸਿਹਰੇ ਪਾਉਂਦੀਆਂ, ਵੀਰਾਂ ਦੀਆਂ ਦਸਤਾਰਾਂ ਵਿਚ ਤੁਰਲੇ ਟੁੰਗਦੀਆਂ ਅਸੀਸਾਂ ਦਿੰਦੀਆਂ ਸਨ। ‘ਜਿਵੇਂ ਵੀਰ ! ਤੁਸੀਂ ਭੈਣਾਂ ਦਾ ਪਿਆਰ ਲੈ ਚੱਲੇ ਹੋ ਜਿਵੇਂ ਤੁਰਲੇ ਲਟਕਾ ਤੁਰੇ ਹੋ ਤਿਵੇਂ ਮੁਖ ਉੱਜਲੇ ਤੁਰਲੇ ਲਟਕਾ ਕੇ ਭੈਣਾਂ ਨੂੰ ਸਨਮੁਖ ਦੀਦਾਰੇ ਆ ਦੇਣੇ। ਤੁਸੀਂ ਆਓ ਫਤਹਿ ਨੂੰ ਵਰ ਕੇ ਵਿਆਹ ਕੇ ‘ਜੈ’ ਰਾਣੀ ਨੂੰ ਭੈਣਾਂ ਆਉਂਦਿਆਂ ਦੀਆਂ ਉਤਾਰਣ ਆਰਤੀਆਂ ਤੇ ਆਖਣ : ਵੀਰ ਆਏ ਫਤਹਿ ਦੁਲਹਨ ਨੂੰ ਪਰਨਾਕੇ ਲਿਆਏ। ਜੀਉ ਜੀਉ ਆਏ ਜੁਗ ਜੁਗ ਆਏ।
ਜਿਸ ਤਰ੍ਹਾਂ ਦਾ ਨਜ਼ਾਰਾ ਆਪਾ ਵਾਰਨ ਤੇ ਗੁਰ ਪ੍ਰੇਮ ਦਾ ਇਸ ਵੇਲੇ ਦਿੱਸਦਾ ਸੀ ਦੇਖਣ ਵਾਲਿਆਂ ਦੇ ਅੱਥਰੂ ਨਹੀਂ ਠਲ੍ਹਦੇ ਸਨ। ਗਲ ਕੀ ਸਭ ਤਿਆਰ ਹੋ ਕੇ ਸਿੰਘ ਵਿਦਾ ਹੋਏ:
ਕਟ ਕਸਿਕੈ ਗੁਰ ਦਿਸ ਚਲ ਪਰੇ
ਦੋਸ਼ ਪਿਤਾਮਾ ਕੋ ਬਡੁ ਧਰੇ
ਜੋ ਮਝੈਲ ਸ਼ਰਧਾ ਧਰਿ ਮਿਲੇ
ਲੇ ਕਰਿ ਸੰਗ ਅਨੰਦ ਪੁਰ ਚਲੇ
ਸਿੰਘ ਟੁਰੇ ਪਰ ਕੁਛ ਭੇਸ ਵਟਾ ਵਟ ਕੇ ਜੋ ਬਾਹਰ ਪਤਾ ਨਾ ਨਿਕਲੇ ਕਿ ਕੱਠੀ ਹੋ ਕੇ ਕੁਮਕ ਚੱਲੀ ਹੈ ਜੋ ਏਥੇ ਹੀ ਕੋਈ ਕਟਕੀ ਅਟਕ ਪੈ ਕੇ ਰੋਕ ਨਾ ਪੈ ਜਾਵੇ। ਸਨੇ ਸਨੇ ਚੱਲ ਕੇ ਏਹ ਭੁੱਲਾਂ ਬਖਸ਼ਣਹਾਰੇ ਸਤਿਗੁਰੂ ਜੀ ਦੇ ਪਰਵਾਨੇ ਸਤਿਗੁਰ ਸਮਾਂ ਉੱਤੇ ਨੁਛਾਵਰ ਹੋਣ ਲਈ ਜਾ ਅਪੜੇ ਤੇ ਖਸਮ ਦੇ ਦਰ ਕਬੂਲ ਪਏ।
ਇਸ ਯੁੱਧ ਵਿਚ ਸਤਿਗੁਰ ਜੀ ਦੀ ਫਤੇ ਹੋਈ ਸੀ ਇਸ ਫਤੇ ਦੀਆਂ ਖਬਰਾਂ ਦੇ ਆਇਆਂ ਪੰਜਾਬ ਵਿਚ ਘਰ ਘਰ ਖੁਸ਼ੀ ਹੋਈ ਪਰ ਭਾਗੋ ਤੇ ਇਕ ਹੋਰ ਅਸਰ ਹੋਇਆ। ਦੁਨੀ ਚੰਦ ਵਰਗੇ ਮਸੰਦ ਦਾ ਜੋ ਭਾਰੇ ਗੁਰਮੁਖ ਦੀ ਉਲਾਦ ਸੀ ਜੋ ਸਿਦਕ ਵਾਲਾ ਸੀ ਜੋ ਲਗ ਪਗ ਪੰਜ ਸੌ ਜਵਾਨ ਆਪ ਇਕੱਠੇ ਕਰਕੇ ਇਸ ਜੁੱਧ ਲਈ ਸਹਾਇਕ ਹੋਣ ਲਈ ਗਿਆ ਸੀ ਭੱਜ ਆਉਣਾ ਇਕ ਅਨੋਖੀ ਤੇ ਅਨਖਯਾਲੀ ਗੱਲ ਸੀ । ਜਦੋਂ ਉਸੇ ਦੁਨੀਚੰਦ ਦੇ ਪ੍ਰੋਤੇ ਆਪਣੇ ਵਡਕੇ ਦੀ ਕਸਰਪੂਰੀ ਕਰਨ ਫੇਰ ਮਾਝੇ ਦੇ ਬੀਰ ਨਾਲ ਲੈ ਕੇ ਟੁਰੇ ਤਾਂ ਇਸ ਦਾ ਬੀ ਦਿਲ ਨਾਲ ਜਾਣ ਨੂੰ ਉਛਲਦਾ ਸੀ । ਪਰੰਤੂ ਇਸਤ੍ਰੀ ਜਾਮਾ ਹੋਣ ਕਰਕੇ ਘਰਦਿਆਂ ਨੇ ਨਾਲ ਨਾ ਜਾਣ ਦਿਤਾ। ਹੁਣ ਇਸ ਮਰਦ ਇਸਤ੍ਰੀ ਵਿਚ ਇਕ ਵਟਾਉ ਹੋਰ ਆਇਆ। ਇਸ ਨੇ ਘਰ ਵਿਚੋਂ ਇਕ ਛੋਟਾ ਬਰਛਾ ਲੈ ਕੇ ਕਿਸੇ ਵੇਲੇ ਨਜ਼ਰ ਬਚਾਕੇ ਬਾਹਰ ਚਲੇ ਜਾਣਾ ਤੇ ਛੋਟੇ ਛੋਟੇ ਪੇੜੀ ਤੇ ਨਰਮ ਨਰਮ ਬੂਟਿਅ ਵਿਚ ਪੂਰੇ ਬਲ ਨਾਲ ਖੋਭ ਖੋਭ ਕੇ ਦੇਖਣਾ ਕਿ ਮੇਰਾ ਬਲ ਕਿੰਨਾ ਕੁ ਵਧਦਾ ਹੈ ਤੇ ਇਸ ਸ਼ਸਤ੍ਰ ਨੂੰ ਚਲਾਉਣ ਦੀ ਜਾਚ ਆਪੇ ਆਉਂਦੀ ਹੈ ਕਿ ਨਹੀਂ। ਇਹ ਅਭਿਆਸ ਇਸ ਦਾ ਕਦੇ ਕਦੇ ਕਿੰਨਾ ਚਿਰ ਹੀ ਹੁੰਦਾ ਰਹਿੰਦਾ। ਆਪੇ ਸ਼ਾਮਲਾਤ ਵਿਚ ਯਾ ਲਾਗਲੀ ਰੱਖ ਵਿਚ ਵੜ ਜਾਇਆ ਕਰੇ ਤੇ ਇਸ ਸ਼ਸਤ੍ਰ ਨਾਲ ਖੇਲਿਆ ਕਰੇ। ਆਪ ਆਖੇ – ਕਿਉਂ ਜੀਓ ! ਮੈਂ ਛਿਛਰੇ ਨੂੰ ਬਰਛਾ ਮਾਰਾਂ? ਆਪੇ ਕਹੇ- ਬੇਟਾ ਦੋਵੇਂ ਪੈਰ ਜੋੜ ਕੇ ਨਜ਼ਰ ਨਿਸ਼ਾਨਾ ਬੰਨ੍ਹ ਕੇ ਕੁਦ ਪਉ ਸ਼ੇਰ ਵਾਙੂ ਤੇ ਧਸਾ ਦੇਹ ਬਰਛਾ ਛਿੱਛਰੇ ਦੇ ਮੁੱਢ ਵਿਚ। ਫੇਰ ਉਸੇ ਤਰ੍ਹਾਂ ਕੁੱਦ ਪਵੇ ਤੇ ਜਾ ਬਰਛਾ ਖੋਭ ਦੇਵੇ। ਇਸ ਖੂਬੀ ਨਾਲ ਕਿ ਬਰਛਾ ਖੁਭ ਜਾਵੇ ਤੇ ਇਸ ਨੂੰ ਦੁਖਵਾਂ ਨੱਮਕਾ ਨਾ ਲਗੇ ਤੇ ਝੰਜੋੜ ਕੇ ਬਰਛਾ ਕੱਢ ਵੀ ਲਵੇ। ਫੇਰ ਆਪਣੇ ਮੋਢਿਆਂ ਵਲੋਂ ਆਪ ਨੂੰ ਥਾਪੜਾ ਦੇ ਕੇ ਆਖੇ : ਸ਼ਾਬਾਸ਼ ਭਾਗੋ ! ਤੂੰ ਖੂਬ ਵਾਰ ਕੀਤਾ ਹੈ ਇਸੇ ਤਰ੍ਹਾਂ ਕਰੀਦਾ।
ਕਦੇ ਕਦੇ ਇਹ ਘਰੋਂ ਬਡੀ ਸਾਂਗ ਲੈ ਜਾਯਾ ਕਰੇ ਤੇ ਇਸ ਨਾਲ ਵੀ ਅਭਿਆਸ ਕਰਿਆ ਕਰੇ। ਸਾਂਗ ਇਕ ਬਰਛੀ ਹੁੰਦੀ ਹੈ, ਜੋ ਖਾਸੀ ਲੰਮੀ ਹੁੰਦੀ ਹੈ। ਫਲ ਅਗੇ ਫੌਲਾਦ ਦਾ ਇਕ ਯਾ ਕਦੇ ਦੋ ਤ੍ਰੈ ਮੂੰਹਾਂ ਵਾਲਾ ਬੜਾ ਤ੍ਰਿਖਾ ਹੁੰਦਾ ਹੈ। ਫਲ ਗਜ਼ ਸਵਾ ਗਲ ਦਾ ਫੌਲਾਦੀ ਲੋਹੇ ਦਾ ਹੁੰਦਾ ਹੈ। ਇਸ ਫਲ ਦੇ ਪਿਛੇ ਜੋ ਲੰਮੀ ਛੜ ਹੁੰਦੀ ਹੈ ਉਹ ਵੀ ਕਮਾਏ ਹੋਏ ਪਤਲੇ ਅਸਪਾਤੀ ਲੋਹੇ ਨਾਲ ਮੜ੍ਹੀ ਹੁੰਦੀ ਹੈ। ਇਸ ਸਾਰੇ ਵਿਚ ਅਜਬ ਲਚਕ ਹੁੰਦੀ ਹੈ। ਜਿਸ ਕਰਕੇ ਇਹ ਟੁੱਟਦੀ ਨਹੀਂ। ਇਹ ਸਾਂਗ ਇਨ੍ਹਾਂ ਨਿਯਮਾਂ ਤੋਂ ਵਧ ਘਟ ਭੀ ਹੁੰਦੀ ਹੈ।
ਇਸ ਤਰ੍ਹਾਂ ਕਰਦਿਆਂ ਇਹ ਬੀਬੀ ਆਪੇ ਅਭਿਆਸ ਕਹਦੀ, ਸਤਿਗੁਰ ਦਾ ਧਯਾਨ ਕਰਕੇ ਆਪੇ ਆਪਣੇ ਆਪ ਨੂੰ ਸਿਖਾਉਂਦੀ, ਸਾਂਗ ਸੱਟਣ ਵਿਚ ਸਿਆਣੀ ਹੋ ਗਈ। ਘਰਦਿਆਂ ਪਾਸੋਂ ਪਹਿਲੋਂ ਤਾਂ ਗੱਲ ਛੁਪੀ ਰਹੀ, ਪਰ ਫੇਰ ਖਬਰ ਲੱਗ ਗਈ। ਇਕ ਦਿਨ ਇਹ ਰੱਖ ਵਿਚ ਆਪਣਾ ਅਭਿਆਸ ਕਰ ਰਹੀ ਸੀ ਤਾਂ ਸ਼ਿਕਾਰ ਕਰਦਾ ਇਸ ਦਾ ਪਿਤਾ ਓਥੇ ਆ ਨਿਕਲਿਆ। ਉਹ ਦੂਰੋਂ ਤੱਕਦਾ ਤੇ ਹੈਰਾਨ ਹੁੰਦਾ ਰਿਹਾ। ਜਦ ਡਿਠੋਸ ਕਿ ਕਾਕੀ ਨਾ ਕੇਵਲ ਕਿਸੇ ਬੂਟੇ ਤੇ ਵਾਰ ਕਰਦੀ ਹੈ ਸਗੋਂ ਇਕ ਦੌੜੇ ਜਾ ਰਹੇ ਹਰਨ ਨੂੰ ਵੀ ਪੈਰ ਬੰਨ੍ਹਕੇ ਉਸ ਦੀ ਸੇਧ ਵਿਚ ਬਚਵੇਂ ਦਾ ਖਲੋਕੇ ਸਾਂਗ ਨਾਲ ਵਿਨ੍ਹ ਘੱਤਿਆ ਹੈ ਤਾਂ ਉਸ ਦੇ ਮੂੰਹੋਂ ਬੇਵਸੇ ਨਿਕਲ ਗਿਆ : ਸ਼ਾਬਾਸ਼ ਬੱਚੇ ਸ਼ਾਬਾਸ਼। ਘਬਰਾ ਕੇ ਬੀਰਾ ਨੇ ਤਕਿਆ ਤਾਂ ਪਿਤਾ ਜੀ ਦੀ ਆਵਾਜ਼ ਤੇ ਸੂਰਤ ਸਿਆਣ ਲਈ ਤੇ ਆਪਣੀ ਲੰਮੀ ਸਾਂਗ ਜਿਸ ਨਾਲ ਇਹ ਕੌਤਕ ਕੀਤਾ ਸੀ ਹਰਨ ਨੂੰ ਵਿਨ੍ਹੈ ਹੀ ਛੱਡ ਕੇ ਜਾ ਪਿਤਾ ਦੇ ਗਲ ਲਗੀ – ‘ਬਾਪੂ ਜੀ ਬਖਸ਼ ਲੈਣਾ ! ਬਾਪੂ ਨੇ ਘੁੱਟ ਕੇ ਛਾਤੀ ਨਾਲ ਲਾਯਾ ਤੇ ਕਿਹਾ : ਬੇਟਾ ! ਤੂੰ ਮਰਦ ਹੈਂ ਤੂੰ ਮਰਦ ਹੈਂ ਸ਼ਾਬਾਸ਼।’
ਬੱਸ ਅਜ ਤੋਂ ਖੁਲ੍ਹ ਹੋ ਗਈ । ਪਿਤਾ ਕਿ ਭਰਾ ਮਾਤਾ ਕਿ ਚਾਚੇ ਤਾਏ ਪਤੀ ਕਿ ਬਾਕੀ ਪਰਵਾਰ ਦੇ ਸਾਰੇ ਬੰਦੇ ਕਾਕੀ ਦੇ ਕਦਰਦਾਨ ਹੋ ਗਏ ਤੇ ਇਸ ਦਾ ਹੌਸਲਾ ਤੇ ਹੀਆ ਹੋਰ ਵਧ ਗਿਆ।
5.
ਕੁਝ ਥੋੜੇ ਹੀ ਸਮੇਂ ਮਗਰੋਂ ਕਈ ਹੋਰ ਛੋਟੇ ਮੋਟੇ ਸੰਗ੍ਰਾਮਾਂ ਤੋਂ ਪਿਛੋਂ ਖਬਰ ਧੁੰਮ ਗਈ ਕਿ ਬਾਈ ਧਾਰ ਰਾਜਿਆਂ ਨੇ ਹੱਲਾ ਬੋਲਿਆ ਹੈ ਆਨੰਦਪੁਰ ਉਤੇ ਅਤੇ ਪਾਤਸ਼ਾਹ ਨੇ ਸੂਬਾ ਸਰਹਿੰਦ ਨੂੰ ਆਪਣੀ ਸੈਨਾ ਲੈ ਜਾ ਕੇ ਮਦਦ ਕਰਨ ਦੀ ਆਗਿਆ ਦਿੱਤੀ ਹੈ। ਇਸੀ ਤਰ੍ਹਾਂ ਪੰਜਾਬ ਦੇ ਸੂਬੇ ਨੂੰ ਇਹੋ ਆਗਯਾ ਗਈ ਹੈ ਤੇ ਦਿੱਲੀ ਤੋਂ ਭੀ ਲੋੜ ਪਈ ਤੇ ਸੈਨਾ ਆਉਣ ਨੂੰ ਤਯਾਰ ਕਰ ਰਖੀ ਹੈ। ਹੁਣ ਬੀਬੀ ਦਾ ਦਿਲ ਫੇਰ ਉਮਲੇ। ਆਪਣੇ ਪਿੰਡੋਂ ਤੇ ਲਾਗਲੇ ਪਿੰਡਾਂ ਤੋਂ ਕੋਈ ਕੋਈ ਪ੍ਰੇਮੀ ਸਿਖ ਆਨੰਦਪੁਰ ਜਾ ਰਹੇ ਸੁਣੀਵਣ ਕਦੇ ਜਾਂਦੇ ਸੂਰਮੇ ਰਾਤ ਇਨ੍ਹਾਂ ਦੇ ਘਰ ਟਿਕਣ ਤੇ ਅਗਲੇ ਭਲਕ ਟੁਰਨ। ਜੀ ਉਛਲੇ ਕਿ ਜਾਵਾਂ ਪਰ ਘਰੋਂ ਆਗਯਾ ਨਾ ਮਿਲੇ। ਉਧਰੋਂ ਜੰਗ ਦੀਆਂ ਖਬਰਾਂ ਕਦੇ ਕਦੇ ਆ ਜਾਣ। ਕਦੇ ਜਿੱਤ ਦੀਆਂ ਕਦੇ ਤੁਰਕ ਸੈਨਾ ਦੀ ਬੁਰੀ ਦਸ਼ਾ ਦੀਆਂ ਕਦੇ ਉਨ੍ਹਾਂ ਦੇ ਗਿਣਤੀ ਵਿਚ ਬੇਸ਼ੁਮਾਰ ਹੋ ਜਾਣਦੀਆਂ। ਅਖੀਰ ਪਤੇ ਆਏ ਕਿ ਹੁਣ ਆਨੰਦਪੁਰ ਨਹੀਂ ਬਚ ਸਕਦਾ। ਫੇਰ ਭੈੜੀ ਖਬਰ ਆਈ ਕਿ ਮਾਝੇ ਦੇ ਕੁਝ ਸਿੰਘ ਸਤਿਗੁਰੂ ਜੀ ਨੂੰ ਬੇਦਾਵੇ ਦੇ ਕੇ ਘਰੀਂ ਆ ਰਹੇ ਹਨ। ਕਈ ਰਾਹ ਵਿਚ ਹੀ ਮਾਰੇ ਗਏ ਹਨ, ਕਈ ਘਰੀਂ ਅੱਪੜੇ ਹਨ ਪਰ ਘਰ ਦੇ ਬੜੇ ਦੁਖੀ ਹੁੰਦੇ ਹਨ ਤੇ ਕੋਈ ਉਨ੍ਹਾਂ ਨੂੰ ਮੂੰਹ ਨਹੀਂ ਲਾਉਂਦਾ। ਫੇਰ ਖਬਰ ਆਈ ਕਿ ਸਤਿਗੁਰੂ ਆਨੰਦਪੁਰ ਛੱਡ ਆਏ ਹਨ ਤੇ ਮਾਲਵੇ ਅੱਪੜ ਗਏ ਹਨ। ਚਮਕੌਰ ਦੇ ਸਾਕੇ ਦੀਆਂ ਖਬਰਾਂ ਨਾਲ ਹੀ ਧੁੰਮ ਗਈਆਂ। ਸਰਹਿੰਦ ਵਿਚ ਛੋਟੇ ਸਾਹਿਬਜ਼ਾਦਿਆਂ ਦੇ ਸਾਕੇ ਦੀਆਂ ਖਬਰਾਂ ਫੇਰ ਆ ਪਸਰੀਆਂ। ਇਹ ਸਭ ਕੁਝ ਸੁਣਨਾ ਤੇ ਸਹਾਰਨਾ ਮਰਦ-ਜਨਾਨੀ ਲਈ ਬੜਾ ਕਠਨ ਹੋ ਰਿਹਾ ਸੀ। ਜਦੋਂ ਸੋ ਨਿਕਲੀ ਕਿ ਸਰਹੰਦ ਵਾਲਾ ਫੇਰ ਹੱਲਾ ਬੋਲਣ ਵਾਲਾ ਹੈ ਤਾਂ ਇਸ ਮਰਦ ਮਾਈ ਦਾ ਸਹਾਰਾ ਤਰੁਟ ਖੜੋਤਾ। ਇਸ ਦੀ ਹਾਲਤ ਹੋਰ ਦੀ ਹੋਰ ਹੋ ਗਈ । ਘਰ ਵਾਲੇ ਨੂੰ ਕਹਿਣ ਲਗੀ- ਚਲੋ ਸਿੰਘ ਜੀ ਸਰੀਰ ਸਤਿਗੁਰੂ ਦੇ ਅਰਪਨ ਕਰੀਏ। ਉਂਞ ਵੀ ਕਿਸੇ ਹੋਰੀ ਦੁਖ ਨਾਲ ਮਰਨਾ ਹੀ ਹੈ, ਸ਼ਸਤ੍ਰ ਦੀ ਮੌਤ ਰੋਗਾਂ ਦੀ ਮੌਤ ਤੋਂ ਮਾੜੀ ਨਹੀਂ। ਝੱਲ ਨਹੀਂ ਹੁੰਦਾ ਕਿ ਅਸੀਂ ਸੁਖਾਂ ਵਿਚ ਬੈਠ ਰਹੀਏ ਤੇ ਆਪਣੇ ਸਤਿਗੁਰ ਦੀ ਰਾਜਧਾਨ ਉਜੜਦੀ ਸੁਣੀਏ, ਸਿਖ ਕਤਲ ਹੁੰਦੇ ਕੰਨੀ ਪੈਣ, ਸ਼ੀਰ ਖੋਰ ਬੱਚੇ ਕੰਧਾਂ ਵਿਚ ਦਿੱਤੇ ਤੇ ਕੋਹੇ ਜਾਣ ਦੀ ਸੋ ਆਕੇ ਦਿਲ ਵਿੰਨ੍ਹ ਜਾਵੇ, ਦਾਤਾ ਗੁਰੂ ਜਗਤ ਦੀ ਰਖਯਾ ਖਾਤਰ ਸਾਡੇ ਤੁਹਾਡੇ ਵਰਗੀ ਪਰਜਾ ਦੇ ਭਲੇ ਖਾਤਰ ਜੂਝਦਾ ਦਰਬਦਰ ਹੁੰਦਾ ਫਿਰੇ ਤੇ ਹੁਣ ਉਸਦੀ ਪਯਾਰੀ ਜਾਨ ਵੀ ਦੁਸ਼ਮਨ ਜ਼ਾਲਮ ਦੀ ਜ਼ੁਲਮੀ ਨਜ਼ਰ ਤੋਂ ਨਾ ਬਚਦੀ ਦਿੱਸੇ ਤਾਂ ਹੈਫ ਹੈ ਸਾਡੇ ਉਤੇ ਕਿ ਘਰ ਬੈਠੇ ਰਹੀਏ। ਹਾਂ, ਸ਼ਾਬਾਸ਼ ਹੈ ਤੁਸਾਨੂੰ, ਜੋ ਕਈ ਜੰਗਾਂ ਵਿਚ ਸੇਵਾ ਕਰ ਆਏ ਹੋ, ਪਰ ਧਿਕਾਰ ਹੈ ਮੈਨੂੰ ਕਿ ਦੇਹ ਪਯਾਰੀ ਕਰਕੇ ਬੈਠੀ ਰਹੀ ਹਾਂ।
ਘਰ ਵਾਲਾ ਵੀ ਗੁਰੂ ਪ੍ਰੇਮੀ ਸੀ, ਅਗੋਂ ਆਖਣ ਲਗਾ: ਹਾਂ, ਭਾਗਵਾਨੇ ਹੁਣ ਹੱਦ ਮੁੱਕ ਗਈ ਏ। ਹੁਣ ਜੀਉਣਾ ਹਰਾਮ ਹੈ, ਹੁਣ ਜੀਉਣ ਦਾ ਕੋਈ ਹੱਜ ਨਹੀਂ। ਮੈਂ ਜਾਂਦਾ ਹਾਂ, ਪਰ ਤੂੰ ਜਨਾਨੀ ਹੈਂ, ਮੈਨੂੰ ਤੇਰੀ ਸੰਭਾਲ ਪੂਰੀ ਪੂਰੀ ਸੇਵਾ ਨਾ ਕਰਨ ਦੇਵੇਗੀ। ਤੇਰਾ ਫਿਕਰ, ਤੇਰੀ ਆਬਰੂ ਦਾ ਫਿਰਕ ਮੈਨੂੰ ਹਰ ਵੇਲੇ ਰਹੇਗਾ।
ਮਰਦਾਂ ਤੋਂ ਬਹਾਦਰ ਤ੍ਰੀਮਤ ਬੋਲੀ – ਮੇਰਾ ਫਿਕਰ ਨਾ ਕਰੋ। ਮੇਰੇ ਹੱਥ ਸਾਂਗ ਹੈ, ਇਹ ਦੁਸ਼ਮਨਾਂ ਨੂੰ ਤੀਰਾਂ ਵਾਂਗ ਪਰੋਏਗੀ ਤੇ ਜੇ ਮੇਰੀ ਇੱਜਤ ਤੇ ਆ ਬਣੀ ਤਾਂ ਏ ਹੋ ਸਾਂਗ ਮੈਨੂੰ ਗੁਰੂ ਨਾਨਕ ਦੇ ਚਰਨਾਂ ਵਿਚ ਸਿੱਧਾ ਪੁਚਾ ਦੇਵੇਗੀ। ਬੀਬੇ ਰਾਣਿਆ! ਮੇਰਾ ਫਿਕਰ ਛੋੜ ਦੇਹ। ਦੇਖ ਮਾਝੇ ਦੇ ਜੁਆਨ ਮਾਝੇ ਨੂੰ ਕਲੰਕ ਲਾ ਆਏ ਹਨ, ਇਹ ਹੁਣ ਚੱਲੋ ਧੋ ਦੇਈਏ। ਚਾਰੇ ਬੇਮੁਖਤਾਈ ਕਰਨ ਵਾਲਾ ਸਾਰਾ ਦੇਸ਼ ਨਹੀਂ, ਪਰ ਇਕ ਦੀ ਖੁਨਾਮੀ ਕਈ ਵੇਰ ਬਹੁਤਿਆਂ ਤੇ ਆ ਪੈਂਦੀ ਹੈ। ਉਠ ਮੇਰੇ ਸਾਈਆਂ! ਉਠ, ਹੁਣ ਵੇਲਾ ਜੇਰੇ ਦਾ ਨਹੀਂ। ਇਹ ਕਹਿਕੇ ਉਠੀ ਤੇ ਘੋੜੇ ਤੇ ਚੜ੍ਹ ਬੈਠੀ ਤੇ ਸਾਰੇ ਪਿੰਡ ਵਿਚ ਪੱਲੂ ਫੇਰ ਦਿਤਾ ਕਿ ਚੱਲੋ ਜਿਸ ਕਿਸੇ ਨੇ ਸਤਿਗੁਰ ਤੋਂ ਸਰੀਰ ਵਾਰਨਾ ਹੈ, ਉਠੋ ਚੱਲੀਏ ਤੇ ਸਤਿਗੁਰ ਤੋਂ ਭੁੱਲ ਬਖਸ਼ਵਾਈਏ ਤੇ ਜੇ ਲੋੜ ਪਵੇ ਤਾਂ ਆਪਾ ਵਾਰ ਦੇ ਈਏ। ਇਸ ਤਰ੍ਹਾਂ ਪਿੰਡਾਂ ਦੇ ਸਿੱਖਾਂ ਨੇ ਤਿਆਰੇ ਕੀਤੇ ਤੇ ਝਬਾਲ ਆ ਕੱਠੇ ਹੋਏ।। ਅਕਾਲ ਬੁੰਗੇ ਸਾਹਿਬ ਤੋਂ ਜੋ ਸਜਣ ਆਏ ਸੇ, ਪੰਥਕ ਵਿਉਂਤ ਮੂਜਬ ਉਹ ਬੀ ਇਥੇ ਆ ਮਿਲੇ।
ਇਹ ਵਹੀਰ ਖਾਲਸਿਆਂ ਦਾ ਤਿਆਰ ਹੋਕੇ ਮਾਲਵੇ ਨੂੰ ਸਤਿਗੁਰਾਂ ਵਲ ਟੁਰਿਆ। ਇਨ੍ਹਾਂ ਵਿਚ ਉਹ ਬੀ ਸ਼ਾਮਲ ਸੇ ਜੋ ਆਨੰਦਪੁਰ ਦੇ ਕਿਲ੍ਹੇ ਵਿਚੋਂ ਟੁਰਨਾ ਚੰਗਾ ਸਮਝਦੇ ਸੇ ਤੇ ਜਿਨ੍ਹਾਂ ਨੇ ਬੇਦਾਵੇ ਬੀ’ ਦਿਤੇ ਸੇ। ਐਸੇ ਪੁਰਖਾਂ ਵਿਚੋਂ ਬਹੁਤੇ ਤਾਂ ਮਾਰੇ ਗਏ ਸੇ, ਪਰ ਜੋ ਬਚ ਕੇ ਘਰੀਂ ਅਪੜੇ ਸੇ, ਘਰ ਵਾਲਿਆਂ ਕਿਸੇ ਨੂੰ ਮੂੰਹ ਨਾ ਲਾਇਆ ਤੇ ਵਾਪਸ ਟੋਰਨ ਦਾ ਪ੍ਰਬੰਧ ਕੀਤਾ, ਨਾਲ ਹੋਰ ਬੀ ਨਵੇਂ ਜਵਾਨ ਵਹੀਰ ਪਾ ਟੁਰੇ। ਲਾਹੌਰੋਂ ਕੁਛ ਸਿਆਣੇ ਪਾਤਸ਼ਾਹ ਨਾਲ ਸੁਲਹ ਕਰਨ ਦੀ ਤਜਵੀਜ ਪੇਸ਼ ਕਰਨ ਲਈ ਮਤਾ ਮਤਾਕੇ ਬੀ ਟੁਰੇ। ਇਹ ਵੀ ਮਾਝੇ ਦੇ ਇਸ ਵਹੀਰ ਨੂੰ ਆ ਮਿਲੇ। ਰੂਪੇ ਆਣਾ ਲੰਘ ਕੇ ਖਿਦਰਾਣੇ ਦੇ ਲਾਗੇ ਜਿਹੇ ਜਾ ਕੇ ਮਿਲੇ। ਓਥੇ ਸਤਿਗੁਰਾਂ ਦੇ ਪੇਸ਼ ਹੋਏ। ਪਹਿਲੀ ਗਲ ਤਾਂ ਬੇਮੁਖਾਂ ਦੇ ਆਪਣਾ ਪਸਚਾਤਾਪ ਪੇਸ਼ ਕਰਨ ਦੀ ਕੀਤੀ। ਦੂਸਰੀ ਗਲ ਨਵੇਂ ਆਏ ਸਜਣਾਂ ਨੇ ਉਨ੍ਹਾਂ ਦੀ ਸਿਪਾਰਸ਼ ਦੀ ਕੀਤੀ ਤੇ ਤੀਸਰੀ ਗਲ ਜਿਨ੍ਹਾਂ ਵਿਚ ਲਾਹੌਰ ਦੇ ਦਾਨੇ ਵੀ ਸੇ, ਪਾਤਸ਼ਾਹ ਨਾਲ ਸੁਲਹ ਵਾਲੀ ਪੇਸ਼ ਕੀਤੀ।
ਅਹਿਲ ਅਜਿਤ ਚਿਹਰਾ ਸਤਿਗੁਰ ਜੀ ਦਾ ਕਰੜਾ ਹੋ ਗਿਆ, ਕੱਸ ਗਿਆ, ਨਿਗਾਹ ਅਸਮਾਨਾਂ ਵਲ ਉਠ ਗਈ, ਨੈਣ ਮੁੰਦ ਗਏ ਅਰ ਫੇਰ ਹੇਠਾਂ ਤਕੇ, ਸੰਗਤ ਵਲ ਡਿੱਠਾ, ਇਲਾਹੀ ਰੰਗ ਵਾਲ ਬੁਲ੍ਹ ਬੁਕਦੇ ਸ਼ੇਰ ਵਾਲੀ ਧੁਨੀ ਵਿਚ ਖੁਲ੍ਹੇ :
“ਸਿਖ ਮੇਰੇ ਤੇ ਮੈਂ ਸਿਖਾਂ ਦਾ ਹਾਂ। ਭੁਲ ਇਨਸਾਨੀ ਖਾਸਾ ਹੈ ਤੇ ਸਾਈਂ ਬਖਸ਼ਿੰਦ ਹੈ। ਪਰ ਰਣ ਵਿਚ ਤੱਤੇ ਰਣ ਵਿਚ ਪਿਠ ਦੇਣੀ ਖਾਲਸੇ ਦਾ ਕੰਮ ਨਹੀਂ, ਖਾਲਸਾ ਅਭੈ ਹੈ। ਹਾਂ, ਪਾਤਸ਼ਾਹ ਨਾਲ ਸੁਲਹ! ਮੇਰੀ ਕਿਸੇ ਨਾਲ ਲੜਾਈ ਨਹੀਂ, ਜ਼ਾਲਮ ਜ਼ੁਲਮ ਕਰਦਾ ਹੈ, ਪਰਜਾ ਦੀ ਪੀੜਾ ਦਰਗਾਹੇ ਅਪੜੀ ਹੈ, ਮੈਂ ਉਸ ਪੀੜਾ ਨੂੰ ਹਰਨ ਲਈ ਘਲਿਆ ਗਿਆ ਹਾਂ। ਮੈਂ ਪਰਜਾ ਦੀ ਪੀੜਾ ਹਰਨੀ ਹੈ। ਮੈਂ ਜੰਗ ਕੀਹ ਤੇ ਸੁਲਹ ਕੀਹ-ਪਰਜਾ ਦਾ ਭਾਰ ਹਰਨਾ ਹੈ, ਜ਼ੁਲਮ ਅਗੇ ਢਾਲ ਬਣਨਾ ਹੈ ਸ਼ਮਸ਼ੇਰ ਹੋ ਕੇ। ਮੇਰੀ ਸ਼ਮਸ਼ੇਰ ਹੋ ਰਹੇ ਜ਼ੁਲਮ ਅਗੇ ਢਾਲ ਹੈ ਤੇ ਹੁਕਮ ਵਿਚ ਹੈ ਤੁਸੀਂ ਆਓ ਨਿਤਰੋ ਹੁਕਮ ਵਿਚ ਵਰਤੋ, ਫਤਹ ਅਕਾਲ ਪੁਰਖ ਦੀ ਹੈ, ਸਾਡਾ ਕੰਮ ਹੁਕਮ ਕਮਾਉਣਾ ਹੈ। ਜੋ ਤੁਹਾਡੀ ਮਰਜ਼ੀ ਹੈ, ਉਹ ਭੈ ਦੀ ਪੁੱਤਰੀ ਹੈ, ਹੁਕਮ ਤੋਂ ਅਜਾਣੂੰ ਹੈ, ਉਹ ਅਗੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੇਲੇ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵੇਲੇ ਕੁਛ ਨਹੀਂ ਸਾਰ ਸਕੀ, ਹੁਣ ਕੀਹ ਸਾਰੇਗੀ? ਜ਼ਾਲਮ ਜੇ ਨੇਕ ਨਸੀਹਤ ਨਾਲ ਸੁਧਰ ਜਾਏ ਤਾਂ ਅਜ਼ਲੀ ਤਾਕਤਾਂ ਨੂੰ ਡਾਢੇ ਉਪਰਾਲੇ ਕਿਉਂ ਕਰਨੇ ਪੈਣ? ਮੈਨੂੰ ਦੁਖ ਨਹੀਂ ਆਨੰਦਪੁਰ ਦੇ ਸੁਖਾਂ ਦਾ, ਪੁਤਰਾਂ ਦੀ ਸ਼ਹਾਦਤ ਦਾ, ਮਾਤਾ ਦੇ ਵਿਯੋਗ ਦਾ, ਪਿਆਰੇ ਦੂਲੇ ਸਿੰਘ ਪੁਤਰਾਂ ਦੇ ਸ਼ਹੀਦ ਹੋਣ ਦਾ। ਮੈਨੂੰ ਦੁਖ ਹੈ ਖਾਲਕ ਦੀ ਖਲਕ ਦੁਖੀ ਹੈ, ਮੈਨੂੰ ਸੋਚ ਹੈ ਕਿ ਖਲਕ ਦਾ ਦੁਖ ਕਿਵੇਂ ਨਿਵਰੇ? ਹੁਣ ਇਕੋ ਇਲਾਜ ਹੈ ਕਿ ਸ਼ਾਂਤੀ ਰਸ ਦੀ ਸ਼ਮਸ਼ੇਰ ਜ਼ੁਲਮ ਦੀ ਸ਼ਮਸ਼ੇਰ ਨੂੰ ਕਟ ਦੇਵੇ। ਰਾਜੇ ਨਿਮਾਣੇ ਹੋ ਚੁਕੇ ਹਨ, ਪਰਜਾ ਮੁਰਦਾਰ ਹੋ ਚੁਕੀ ਹੈ, ਇਕ ਸ਼ਾਂਤਿ ਰਸ ਦੀ ਸ਼ਮਸ਼ੇਰ ਜੀਉਂਦੀ ਹੈ । ਹੁਕਮ ਅਗੇ ਜੇ ਤੁਹਾਡੇ ਸੀਸ ਹਾਜ਼ਰ ਹਨ ਤਾਂ ਆਓ! ਜੇ ਨਹੀਂ ਤਾਂ ਤੁਹਾਡੀ ਸਿੱਖਿਆ ਦੀ ਮੈਨੂੰ ਲੋੜ ਨਹੀਂ, ਮੇਰਾ ਗੁਰੂ ਅਕਾਲ ਪੁਰਖ ਹੈ। ਤੁਸੀਂ ਸਿੱਖ ਹੋ ਤਾਂ ਸਿੱਖਿਆ ਮੰਨੋ, ਨਿਤਰੋ, ਨਹੀਂ ਤਾਂ ਜਿਥੇ ਚੁਰਾਸੀ ਵਸਦੀ ਹੈ ਜਾਓ ਉਥੇ ਵੱਸੋ। ਖਾਲਸਾ ਤਾਂ ਨਾਮ ਜਪੇਗਾ ਤੇ ਟੁਰੇਗਾ।”
ਦਾਨਿਆਂ ਨੇ ਜੋ ਜੋ ਦਲੀਲਾਂ ਇਸ ਵੇਲੇ ਪੇਸ਼ ਕਰਨੀਆਂ ਸਨ, ਸੋ ਸਾਰੀਆਂ ਰਹਿ ਗਈਆਂ। ਦਾਤੇ ਨੇ ਏਹ ਵਦਾਣਾ ਦੀ ਸੱਟ ਵਾਲੇ ਅਮਿੱਟ ਵਾਕ ਕਹਿਕੇ, ਹਾਂ ਅਰਸ਼ਾਂ ਦੇ ਦਾਨੇ ਨੇ, ਅਰਸ਼ੀ ਰੌਸ਼ਨੀ ਵਿਚ ਟੁਰਨ ਵਾਲੇ ਨੇ, ਇਨਸਾਨੀ ਦਿਮਾਗੀ ਰੌਸ਼ਨੀ ਉਤੇ ਆਪਣੀ ਤ੍ਰਿਖੀ ਰੌਸ਼ਨੀ ਨਾਲ ਚਕਾਚੂੰਧ ਪਾਈ ਤੇ ਅੱਗੇ ਨੂੰ ਕੂਚ ਕੀਤੀ। ਆਪ ਤਾਂ ਖਿਦਰਾਣੇ ਵਲ ਨੂੰ ਵਧੇ ਤੇ ਪਿਛੇ ਪੰਜਾਬ ਤੋਂ ਆਈ ਇਸ ਵਹੀਰ ਵਿਚ ਵਿਚਾਰ ਆਰੰਭ ਹੋਈ। ਵਿਚਾਰ ਵਧਦੀ ਤੇ ਵਕਤ ਬਹਿਸਾਂ ਤੇ ਖਰਚ ਹੁੰਦਾ, ਪਰ ਥੋੜੇ ਚਿਰ ਵਿਚ ਹੀ ਅਚੰਭੇ ਨਾਲ ਫੈਸਲਾ ਹੋ ਗਿਆ। ਇਕ ਸੂਰਬੀਰ ਦੇਉ ਕਦ ਪਤਲਾ, ਪਰ ਹੱਡੀਆ ਦਾ ਸੂਰਮਾਂ ਸਿੰਘ ਉੱਠ ਖੜਾ ਹੋਇਆ” ਤਲਵਾਰ ਸੂਤਕੇ ਧਰਤੀ ਤੇ ਲੀਕ ਵਾਹਕੇ ਖੜਾ ਹੋ ਗਿਆ : ‘ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ! ਨਿਤਰੇ ਸੋ ਤਰੇ, ਅੜੇ ਸੋ ਝੜੇ, ਵਧੇ ਦਿਲ ਲੜੇ, ਜੋ ਝਵੇਂ ਸੋ ਮੁੜੇ, ਸਿਰ ਧੜ ਦੀ ਬਾਜ਼ੀ ਖੇਲੇ ਓਹ ਜੋ ਖਾਲਸਾ ਹੋਵੇ। ਇਹ ਸ਼ਰੀਰ ਤਾਂ ਹੁਕਮ ਦਾ ਬੰਦਾ ਹੋ ਗਿਆ ਹੈ। ਵਡੇ ਹੁਕਮ ਦਾ ਪਤਾ ਸਤਿਗੁਰੂ ਨੂੰ ਹੈ, ਸਤਿਗੁਰਾਂ ਦੇ ਹੁਕਮ ਦਾ ਪਤਾ ਸਾਨੂੰ ਪੈ ਗਿਆ ਹੈ। ਸਤਿਗੁਰ ਨੇ ਜੰਗ ਮੰਡਿਆ ਹੈ, ਜੰਗ ਹੁਕਮ ਹੈ। ਸੋ ਜੋ ਖਾਲਸਾ ਹੈ, ਜਿਸ ਸੀਸ ਦੇਣਾ ਹੈ, ਲੀਕ ਟੱਪ ਆਵੇ।” ਚਾਰ ਸਿੰਘ ਹੋਰ ਲੀਕ ਟੱਪੇ ਤੇ ਖੜੇ ਹੋ ਕੇ ਲਲਕਾਰੇ। “ਅਜ ਸੀਸ ਦੇਣਾ ਹੈ, ਸੀਸ।”। ਫੇਰ ਇਹ ਮਾਈ ਸਾਂਗ ਹੱਥ ਵਿਚ ਸੂਤੀ ਸੁਹਣੀ, ਭਰਵੀਂ ਤੇ ਸ਼ੇਰ ਨੁਹਾਰ ਵਾਲੀ ਲੀਕ ਟੱਪ ਕੇ ਬੋਲੀ : “ਤ੍ਰੀਮਤ ਬੀ ਖਾਲਸਾ ਜੇ ਵੀਰੋ! ਤੇ ਅੱਜ ਲੜੇਗੀ ਸਨਮੁਖ, ਹਾਂ ਹੁਕਮ ਦੇ ਮਗਰ ਸੀਸ ਪਰ ਖੇਲੇਗੀ। ਭੈਣ ਲੜੇਗੀ, ਵਧੇਗੀ, ਮਰੇਗੀ, ਵੀਰ ਘਰਾਂ ਨੂੰ ਜਾਣਗੇ”। ਐਉਂ ਦੀ ‘ਸੱਦ ਮਾਹੀ ਦੀ’ ਉਥੇ ਹੁਣ ਪਰਤਵੀਂ ਹੋ ਗੂੰਜੀ ਕਿ ਚਾਲੀ ਹੋਰ ਲੀਕ ਟੱਪਕੇ ਆਏ” ਤੇ ਫੇਰ ਚਾਲੀ ਹੋਰ ਆਏ। ਫੇਰ ਹੋਰ ਆਏ ਤੇ ਹੋਰ ਆਏ। ਮਨਮਤਿ ਮਰ ਗਈ, ‘ਧੁਰ ਹੁਕਮ’ ਤੇ ਟੇਕ ਲਗ ਗਈ, ਨਿਰਭੈ ਹੋ ਗਏ, ਖਾਲਸਾ ਖਾਲਸਾ ਹੋ ਗਏ। ਹਾਂ ਜੀ, ਹੁਣ ਹੋਰ ਨਿਤਰ ਆਏ। ਚਿਹਰੇ ਭਖ ਉਠੇ, ਲਹੂ ਮਾਨੋਂ ਚੋ ਰਹੇ ਹਨ। ਹੁਣ ਖਾਲਸਾ ਲੜੇਗਾ, ਮਰੇਗਾ, ਹੁਕਮ ਜੋ ਬਾਪੂ ਜੀ ਦਾ ਹੈ ਉਹੀ ਖਾਲਸੇ ਜੀ ਦਾ ਕਰਮ ਹੈ।
ਹੁਣ ਮਹਾਂ ਸਿੰਘ ਜੀ ਨੇ ਆਪਣੀ ਜਥੇਦਾਰੀ ਵਿਚ ਸਤਿਗੁਰਰ ਜੀ ਦੇ ਮਗਰ ਕੂਚ ਦਾ ਹੁਕਮ ਦਿਤਾ। ਇਹ ਸੂਰਮਿਆਂ ਦਾ ਦਲ-ਇਕ ਵੇਰੀ ਸਿਦਕ ਵਿਚ ਹਾਰ ਖਾਕੇ ਮੁੜ ਜੀ ਉਠੇ, ਤਿਆਰ ਬਰਤਿਆਰ ਹੋ ਚੁਕੇ ਸਿਖਾਂ ਦਾ ਦਲ ਖਿਦਰਾਣੇ ਦੇ ਸਰ ਕਿਨਾਰੇ ਅਪੜਿਆ। ਸਰ-ਸੁੱਕਾ ਪਿਆ ਸੀ, ਗੁਰੂ ਜੀ ਉਥੇ ਅਪੜ ਕੇ ਸਰ ਨੂੰ ਸੁੱਕਾ ਵੇਖ ਕੇ ਅਗੇ ਕੂਚ ਕਰ ਗਏ ਸੇ । ਮਹਾਂ ਸਿੰਘ ਨੇ ਖਿਦਰਾਣਾ ਸੁੱਕਾ ਦੇਖ ਕੇ ਆਪਣਾ ਦਲ ਖੜਾ ਕਰਕੇ ਆਖਿਆ ਕਿ ਆਹ ਵੇਲਾ ਜੇ ਸਚੀ ਸੇਵਾ ਦਾ, ਇਥੇ ਹੀ ਟਿਕ ਜਾਓ ਤੇ ਵੈਰੀ ਨੂੰ ਇਥੇ ਰੋਕੋ। ਵੈਰੀ ਨੇ ਇਧਰ ਧਾਵਾ ਕਰਨਾ ਹੈ ਕਿ ਪਾਣੀ ਦਾ ਛੰਭ ਸਾਂਭ ਲਵਾਂ ਤੇ ਅਸਾਂ ਅਗੋਂ ਰੋਕ ਕੀਤੀ ਤਾਂ ਉਹ ਸਮਝਸੀ ਕਿ ਗੁਰੂ ਜੀ ਇਥੇ ਹਨ, ਸੋ ਸੰਗਰਾਮ ਇਥੇ ਮਚ ਜਾਊ ਤੇ ਗੁਰੂ ਜੀ ਨੂੰ ਅਗੇ ਨਿਕਲ ਜਾਣ ਦਾ ਯਾ ਕੋਈ ਹੋਰ ਅਪਣੇ ਦੈਵੀ ਖਿਆਲ ਵਿਚ ਪ੍ਰਬੰਧ ਕਰਨ ਦਾ ਸਮਾਂ ਮਿਲ ਜਾਊ। ਸੋ ਗੁਰਮਤਾ ਸੋਧ ਕੇ ਉਥੇ ਡੇਰੇ ਪੈ ਗਏ। ਉਥੇ ਬੇਰੀਆਂ ਦਾ ਭਾਰੀ ਜੰਗਲ ਸੀ, ਸਿੰਘਾਂ ਨੇ ਵਡੇ ਵਡੇ ਚਾਦਰੇ ਬੇਰੀਆਂ ਤੇ ਪਾਕੇ ਐਸੀ ਸ਼ਕਲ ਰਚ ਦਿਤੀ ਜੋ ਦੂਰੋਂ ਤੰਬੂ ਨਜ਼ਰ ਪੈਣ । ਇਧਰ ਦਸ ਦਸ ਦਾ ਜਥਾ ਵੰਡ ਵੰਡ ਕੇ ਇਕ ਇਕ ਜਥੇਦਾਰ ਦੇ ਤਾਬਿਆ ਕਰਕੇ ਅਡ ਅਡ ਦਾਉ ਪੇਚ ਦੇ ਵਧਣ ਘਟਣ ਤੇ ਹਮਲਾ ਕਰਨ ਦੇ ਸਾਮਾਨ ਝਟ ਪਟ ਸੋਚ ਕੇ ਫੈਸਲਾ ਕਰ ਲਏ।
ਹੁਣ ਤੁਰਕ ਦਲ ਨਵਾਬ ਸਰਹਿੰਦ ਦੇ ਤਾਬਿਆਂ ਪੂਜਾ। ਘਰ ਸੰਗ੍ਰਾਮ ਮਚਿਆ। ਸਾਰੇ ਮਝੈਲ ਸੂਰਮੇ ਲੜਦੇ ਹਜ਼ਾਰਾਂ ਨੂੰ ਮਾਰ ਕੇ ਸ਼ਹੀਦ ਹੋ ਗਏ। ਗੁਰੂ ਸਾਹਿਬ ਦੂਰ ਇਕ ਟਿਬੀ ਤੇ ਪੁਜ ਗਏ ਸਨ, ਉਥੋਂ ਤੁਰਕ ਸੈਨਾ ਉਤੇ ਸੇਧ ਸੇਧ ਕੇ ਤੀਰ ਮਾਰਦੇ, ਸਿਖਾਂ ਦੀ ਮਦਦ ਕਰਦੇ ਰਹੇ।
ਇਸ ਮਾਈ ਭਾਗੋ ਦੇ ਇਸ ਜੰਗ ਵਿਚ ਜੂਝਣ ਦਾ ਜ਼ਿਕਰ ਐਉਂ ਮਿਲਦਾ ਹੈ –
ਸ਼ਾਮਾਂ ਪਈਆਂ ਤੇ ਵਜ਼ੀਰ ਖਾਂ ਬਾਕੀ ਬਚੀ ਖੁਚੀ ਸੈਨਾਂ ਲੈ ਕੇ ਮੁੜ ਗਿਆ, ਕਿਉਂਕਿ ਓਥੇ ਪਾਣੀ ਨਹੀਂ ਸੀ, ਤੇ ਅਗੇ ਪਾਣੀ 30 ਕੋਹ ਤੇ ਸੀ, ਪਿਛੇ ਪਾਣੀ ਅਠ ਦਸ ਕੋਹ ਤੇ ਹੈਸੀ। ਸੋ ਪਿਛੇ ਮੁੜਨਾ ਮਸਲਿਹਤ ਸੀ।
ਹੁਣ ਸਤਿਗੁਰ ਜੀ ਟਿਬੀ ਤੋਂ ਉਤਰ ਕੇ ਇਥੇ ਆਏ ਜਿਥੇ ਸਿੰਘ ਜੂਝਦੇ ਸ਼ਹੀਦ ਹੋਏ ਪਏ ਸੇ। ਸ਼ਹੀਦ ਹੋਇਆਂ ਨੂੰ ਵਰਦਾਨ ਦੇਂਦੇ, ਸਿਸਕਦਿਆਂ ਦੇ ਮੂੰਹ ਪਾਣੀ ਚੋਂਦੇ ਤੇ ਸਹਾਰੇ ਤੇ ਅਸੀਸਾਂ ਦੇਂਦੇ ਅਖੀਰ ਜਥੇਦਾਰ ‘ਮਹਾਂ ਸਿੰਘ ਪਾਸ ਪਹੁੰਚੇ। ਉਹ ਮਰਿਆ ਨਹੀਂ ਸੀ ਅਜੇ, ਪਰ ਮਰਨਾਊ ਸੀ। ਸਿਰਹਾਣੇ ਬਹਿ ਗਏ, ਸੀਸ ਗੋਦ ਵਿਚ ਲੈ ਲਿਆ, ਰੁਮਾਲ ਨਾਲ ਪੂੰਝਿਆ, ਪਾਣੀ ਚੋਇਆ, ਜੋ ਮਸ਼ਕ ਭਰੀ ਦਾਸ ਨਾਲ ਲਈ ਫਿਰਦਾ ਸੀ। ਹੋਸ਼ ਆ ਗਈ। ਉਸ ਸਿਆਣ ਲਿਆ ਕਿ ਮੇਰਾ ਗੁਰੂ ਮੈਨੂੰ ਪਿਆਰ ਕਰ ਰਿਹਾ ਹੈ। ਸਤਿਗੁਰੂ ਅਸੀਸਾਂ ਦੇਂਦੇ ਬੋਲੇ –
“ਬੱਚਾ ਮਹਾਂ ਸਿੰਘ !” ਮੰਗ, ਕੁਝ ਮੰਗ, ਵੇਲਾ ਥੋੜਾ ਹੈ, ਮੰਗ ਮੈਂ ਦਿਆਂ ਤੇ ਮੇਰੀ ਛਾਤੀ ਠਰੇ ਜੋ ਮੈਂ ਆਪਣੇ ਪੁਤ੍ਰ ਸਪੁਤ੍ਰ ਦੀ ਮੰਗ ਪੂਰੀ ਕੀਤੀ ਹੈ, ਬਚਾ ਮੰਗ!” ਮਹਾਂ ਸਿੰਘ ਨੇ ਇਸ ਵਲੇ ਕੰਬਦੇ ਹਥ ਕਠੇ ਕਰਕੇ ਜੋੜੇ ਤੇ ਕਿਹਾ: “ਟੁਟੀ ਗੰਢੋ”। ਸਤਿਗੁਰ ਨੇ ਕਿਹਾ, “ਕੁਛ ਆਪਣੇ ਲਈ ਮੰਗ” । ਮਹਾਂ ਸਿੰਘ ਨੇ ਕਿਹਾ: “ਪੰਥ ਲਈ, ਵੀਰਾਂ ਲਈ ਮੇਰੇ ਵਰਗੇ ਖਰੂਦੀ ਪੁਤਰਾਂ ਲਈ ਦਾਨ ਦੇਹੁ, ਦਾਨ ਦੇਹੁ, ਦਾਨ ਦੇਹੁ, ਟੁਟੀ ਗੰਢੋ, ਟੁਟੀ ਗੰਢੋ, ਟੁਟੀ ਗੰਢੋ”। ਸਤਿਗੁਰ ਦੇ ਨੈਣ ਇਸ ਵੇਲੇ ਵਾਤਸਲ ਰਸ ਤੇ ਸਿੱਖ ਦੇ ਸਿਖੀ ਪ੍ਰੇਮ ਨਾਲ ਉੱਛਲ ਆਏ। ਅਚਰਜ ਮੇਹਰਾਂ ਨਾਲ ਤਕ ਰਹੇ ਸਨ ਕਿ ਮਹਾਂ ਸਿੰਘ ਦੇ ਮਿਟਦੇ ਨੈਣ ਫੇਰ ਖੁਲ੍ਹੇ, ਫੇਰ ਬੋਲਿਆ: “ਸਾਡਾ ਸਿਖਾਂ ਦਾ ਲਿਖਿਆ ਕਾਗਦ, ਭੈੜਾ ਕਾਗਦ ਪਾੜ ਦਿਓ।” ਸਤਿਗੁਰ ਨੇ ਉਹ ਕਾਗਜ ਜੇਬ ਵਿਚੋਂ ਕਢਿਆ ਮਹਾਂ ਸਿੰਘ ਨੂੰ ਦਿਖਾਇਆ, ਸਤਿਗੁਰ ਨੇ ਕਾਗਜ਼ ਫਾੜਿਆ, ਟੁਕੜੇ ਟੁਕੜੇ ਕੀਤਾ, ਟੁਕੜੇ ਹਵਾ ਵਿਚ ਉਡਾ ਦਿਤੇ। ਆਖਿਆ : “ਲੈ ਬਚਾ ਮਹਾਂ ਸਿੰਘ, ਟੁਟੀ ਗੰਢੀ ਗਈ।” ਹਾਂ ਜੀ, ਮਹਾਂ ਸਿੰਘ ਨੇ ਦੇਖ ਲਿਆ, ਕਾਗਜ਼ ਪਾਟ ਗਿਆ, ਟੁਟੀ ਗੰਢੀ ਗਈ।
ਹੁਣ ਮਹਾਂ ਸਿੰਘ ਨੇ ਇਕ ਲੰਮਾਂ ਸੁਖਾ ਦਾ ਸਾਹ ਲਿਆ, ਤੇ ਨੈਣ ਮੁੰਦ ਲਏ। ਠੰਡੇ ਨੈਣ ਅੰਦਰਲੀ ਠੰਡ ਨਾਲ ਸੀਤਲ ਹੋ ਗਏ ਨੈਣ, ਮਿਟ ਗਏ, ਸਦਾ ਲਈ ਮਿਟ ਗਏ, ਪਰ ਖੁਲ੍ਹ ਗਏ ਸਦਾ ਲਈ ਇਸ ਦੇਸ਼ ਦੇ ਦੂਸਰੇ ਪਾਸੇ, ਪਾਰਲੇ ਲੋਕ ਵਿਚ, ਸਦਾ ਸੁਖ ਦੇ ਲੋਕ ਵਿਚ।
ਮਹਾਂ ਸਿੰਘ ਜੀ ਦੇ ਚਲਣੇ ਮਗਰੋਂ ਸਾਰੇ ਸਿਖਾਂ ਦੀ ਦੇਖ ਭਾਲ ਹੋ ਗਈ, ਸਾਰਿਆਂ ਨੂੰ ਪਿਆਰ ਤੇ ਵਰਦਾਨ ਮਿਲੇ, ਇਕ ਇਕ ਦੀ ਸੰਭਾਲ ਸੂਰੇ ਸਤਿਗੁਰ ਨੇ ਕੀਤੀ। ਜਿਤਨੇ ਸ਼ਹੀਦ ਹੋਏ ਸੇ ਸਾਰਿਆਂ ਦਾ ਇਕ ਅੰਗੀਠਾ ਤਿਆਰ ਕੀਤਾ ਗਿਆ ਤੇ ਸਤਿਗੁਰ ਨੇ ਅਸੀਸ ਦੇ ਕੇ ਪਿਆਰੇ ਪੁਤਰਾਂ ਦੇ ਸਰੀਰ ਸਫਲ ਕੀਤੇ। ਜਿਸ ਵੇਲੇ ਅੰਗੀਠਾ ਬਲ ਰਿਹਾ ਸੀ, ਆਪ ਨੇ ਹੁਕਮ ਦਿਤਾ –
ਏਹ ਮੁਕਤ ਹੋਏ ਮੁਕਤੇ, ਇਹ ਤਾਲ ਹੁਣ ਖਿਦਰਾਣਾਂ ਨਹੀਂ ਮੁਕਤਸਰ ਹੈ° । ਮੁਕਤਿਆਂ ਦੀ ਯਾਦਗਾਰ ਰਹੇਗੀ, ਸ਼ਹੀਦ ਗੰਜ ਰਹੇਗਾ, ਨਗਰੀ ਵਸੇਗੀ, ਸਰੋਵਰ ਲਹਿ ਲਹਿ ਕਰੇਗਾ, ਅੰਨ ਧਨ ਬਹੁਤੇ ਹੋਣਗੇ। ਇਸ ਵੇਲੇ ਇਕ ਸਿਖ ਨੇ ਆ ਕੇ ਆਖਿਆ: “ਸਚੇ ਪਾਤਸ਼ਾਹ ਇਸ ਝੰਗੀ ਲਾਗੇ ਇਕ ਮਾਈ ਦਾ ਸਰੀਰ ਹੈ, ਮਰੀ ਨਹੀਂ ਜਾਪਦੀ, ਤੁਰਕਾਂ ਨਾਲ ਲੜੀ ਹੈ ਤੇ ਘਾਇਲ ਜਾਪਦੀ ਹੈ” ਸੁਣ ਕੇ ਗੁਰੂ ਜੀ ਮੁਸਕ੍ਰਾਏ ਤੇ ਉਧਰ ਗਏ। ਅਗੇ ਮਾਈ ਮਾਨੋਂ ਝੰਬੀ ਪਈ ਬੇਸੁਧ ਸੀ, ਪਾਸ ਉਹ ਤੁਰਕ ਦੇਹਿ ਬੀ ਪਈ ਸੀ, ਜਿਸ ਨੂੰ ਮਾਈ ਨੇ ਸਾਂਗ ਨਾਲ ਪੁਰੋ ਕੇ ਸੁਟਿਆ ਸੀ । ਪਾਸ ਉਹ ਲੋਥ ਬੀ ਪਈ ਸੀ, ਜਿਸ ਨੂੰ ਵਾਰ ਕਰਦਿਆਂ ਟਿਬੀ ਤੋਂ ਆਏ ਆਪ ਦੇ ਤੀਰ ਨੇ ਪੁਰੋ ਸੁਟਿਆ ਸੀ।
ਪਾਸ ਆਕੇ ਸਤਿਗੁਰਾਂ ਨੇ ਸਿਖ ਸਪੁਤ੍ਰੀ ਵਲ ਕ੍ਰਿਪਾ ਦ੍ਰਿਸ਼ਟੀ ਨਾਲ ਡਿਠਾ, ਅਸੀਸ ਦਿਤੀ, ਹੋਸ਼ ਕਰਤ ਪਈ, ਮਾਈ ਉੱਠ ਖੜੀ ਹੋਈ। ਮਾਈ ਨੂੰ ਜ਼ਖਮ ਮਾਮੂਲੀ ਸਨ, ਸਦਮਾ ਖਾਕੇ ਬੇਸੁਧ ਪਈ ਸੀ, ਸਾਵਧਾਨ ਹੋ ਕੇ ਸਤਿਗੁਰਾਂ ਦੇ ਨਾਲ ਅੰਗੀਠੇ ਪਾਸ ਆਈ। ਉਸ ਦੇ ਘਾਵ ਬੱਧੇ ਗਏ, ਜਲ ਪਿਲਾਇਆ ਗਿਆ। ਜੰਗ ਦਾ ਸਾਰਾ ਵਿਰਤੰਤ ਮਾਈ ਨੇ ਸਤਿਗੁਰਾਂ ਨੂੰ ਆਪ ਦੱਸਿਆ ਕਿ ਆਪ ਦੇ ਚਲੇ ਜਾਣ ਮਗਰੋਂ ਕੀਕੂੰ ਗੁਰਮਤਾ ਹੋਇਆ? ਕੀਕੂੰ ਸਿੰਘ ਨਿੱਤਰ ਤੇ ਕੀਕੂੰ ਅਜਿੱਤ ਬਹਾਦਰੀ ਨਾਲ ਕੱਟ ਕੱਟ ਕੇ ਮਰੇ? ਸੁਣ ਕੇ ਸਤਿਗੁਰ ਜੀ ਦੇ ਨੈਣ ਕਈ ਵੇਰ ਪਿਆਰ ਨਾਲ ਭਰ ਭਰ ਕੇ ਆਏ ਤੇ ਸਭ ਨੂੰ ਅਸੀਸਾਂ ਦਿੰਦੇ ਰਹੇ। ਅੰਤ ਗੁਰੂ ਜੀ ਨੇ ਭਾਗੋ ਨੂੰ ਮਹਾਂ ਸਿੰਘ ਦੀ ਅੰਤਲੀ ਕਰਨੀ ਸੁਣਾਈ। ਭਾਗੋ ਦੀ ਬਹਾਦਰੀ ਤੇ ਕਰਨੀ ਉਤੇ ਗੁਰੂ ਜੀ ਨੇ ਵਰਦਾਨ ਦਿੱਤੇ ਤੇ ਸੰਗਤ ਵਿਚ ਮਹਿਮਾ ਹੋਈ।
6.
ਹਾਂ ਜਿਵੇਂ ਪ੍ਰਲੋਕ ਜਾ ਰਹੇ ਸਪੁੱਤ੍ਰ ਮਹਾਂ ਸਿੰਘ ਨੂੰ ਪਾਰਲੌਕਿਕ ਸੁਖਾਂ ਦੇ ਵਰਦਾਨ ਦਿੱਤੇ ਤਿਵੇਂ ਮਾਈ ਭਾਗੋ ਨੂੰ ਪੂਰਨ ਗਯਾਤਗੇਯ ਅਵਸਥਾ ਦਾ ਵਰਦਾਨ ਦਿੱਤਾ। ਸਭ ਤੋਂ ਪਯਾਰੀ ਸ਼ੈ ਕਲਗੀਆਂ ਵਾਲੇ ਨੂੰ ‘ਆਤਮਕ ਪਰਮਪਦ’ ਸੀ ਜਿਸ ਦੀ ਅਸ਼ੀਰਵਾਦ ਭਾਗੋ ਨੂੰ ਮਿਲੀ ਜਿਸ ਨੇ ਇਸਤ੍ਰੀ ਹੋ ਕੇ ਮਾਝੇ ਵਿਚ ਸਿਖਾਂ ਨੂੰ ਸਨਮੁਖ ਹੋਂਦ ਲਈ ਪ੍ਰੇਰਿਆਂ ਜੋ ਆਪ ਮੈਦਾਨ ਜੰਗ ਵਿਚ ਆਕੇ ਜੂਝੀ ਜਿਸ ਦੇ ਪ੍ਰਾਣ ਪਤੀ ਤੇ ਪਰਵਾਰ ਦੇ ਗੱਭਰੂ ਤੇ ਗਾਲਬਨ ਪੁਤ੍ਰ ਉਸ ਜੰਗ ਵਿਚ ਸ਼ਹੀਦ ਹੋਏ। ਇਸ ਹਰਖ ਸ਼ੋਕ ਤੋਂ ਅਤੀਤ ‘ਮਰਦ-ਨਾਰੀ’ ਨੇ ਆਪਣੇ ਸਤਿਗੁਰ ਤੋਂ ਆਪਾ ਵਾਰਨ ਵਿਚ ਕੋਈ ਕਸਰ ਨਹੀਂ ਸੀ ਰਖੀ ਜੋ ਉਸ ਦਿਨ ਦੇ ਜੰਗ ਵਿਚ ਸਤਿਗੁਰ ਤੇ ਵਜ਼ੀਰ ਖਾਂ ਦੇ ਵਿਚਕਾਰ ਢਾਲ ਹੋ ਕੇ ਲੜ ਰਹੇ ਸਿਖਾਂ ਵਿਚ ਸੇਵਾ ਦਾ ਹਿੱਸਾ ਲੈ ਸਕੀ। ਅਜ ਵਰ ਦਾਨ ਪਾਕੇ ਭਾਗੋ ਤੇ ਆਤਮ ਆਰੂੜ੍ਹਤਾ ਦੀ ਅਵਸਥਾ ਛਾ ਗਈ ਜਿਸ ਪਰ ਪਹੁੰਚਣ ਲਈ ਸਾਧਨ-ਘਾਲ ਪੂਰੀ ਪੂਰੀ ਨਹੀਂ ਸੀ, ਕੇਵਲ ਬਖਸ਼ਿਸ਼ ਨਾਲ ਮਿਲੀ ਸੀ । ਉਸ ਦੇ ਦਿਮਾਗ ਨੇ ਅਚਾਨਕ ਉਸ ਪਦ ਵਿਚ ਜਾਕੇ ਜਦ ਆਤਮ ਲੱਖਤਾ ਪਾਈ ਤੇ ਸਰੀਰਕ ਮੰਡਲ ਤੋਂ ਬ੍ਰਿਤੀ ਉਠ ਗਈ ਤਾਂ ਆਪਣੇ ਫਟ ਰਹੇ ਬਸਤ੍ਰ ਫਾੜ ਘੱਤੇ ਤੇ ਪਿਤਾ ਤੇ ਘਰ ਵਾਲੀ ਸਾਂਗ ਹੱਥ ਰਖ ਲਈ। ਹੁਣ ਉਸ ਦੀ ਬ੍ਰਿਤੀ ਕਦੇ ਮੂਲੋਂ ਨਿਰੁੱਧ ਰਹੇ ਤੇ ਕਦੇ ਉੱਚ ਅਤਮ ਦੇਣ ਦੇ ਦੁਆਲੇ ਘੁੰਮੇ। ਉਸ ਦਾ ਆਤਮ ਤੇਜ ਤੇ ਉਸ ਦੀ ਉਚ ਪਵਿਤ੍ਰਤਾ ਦਾ ਅਜਬ ਪ੍ਰਭਾਵ ਪਵੇ, ਕੋਈ ਬੇਅਦਬੀ ਦਾ ਵਾਕ ਨਾ ਕਹਿ ਸਕੇ, ਕੋਈ ਨਜ਼ਰ ਭਰ ਉਸ ਵੱਲ ਤੱਕ ਨਾ ਸਕੇ।
ਮਾਈ ਵਹੀਰ ਦੇ ਮਗਰ ਟੁਰਦੀ ਰਹੇ। ਰਾਤ ਜਦ ਸਾਹਿਬ ਸਉਂ ਜਾਣ ਤਾਂ ਗਰਵੀ ਸਾਂਗ ਹਥ ਵਿਚ ਲੈ ਕੇ ਉਸ ਜਗਤ ਤੋਂ ਨੁਛਾਵਰ ਹੋ ਰਹੇ ਸਰੀਰ ਦੇ ਉਦਾਲੇ ਪਹਿਰਾ ਦੇਵੇ। ਦਿਨ ਨੂੰ ਜਿਥੇ ਡੇਰਾ ਪਵੇ ਉਹ ਕਿਤੇ ਇਕਲਵੰਜੇ ਸਮਾਧਿ ਸਿਥਿਤ੍ ਟਿਕੀ ਰਹੇ। ਇਸ ਤਰ੍ਹਾਂ ਕਈ ਮਹੀਨੇ ਲੰਘ ਗਏ। ਸਤਿਗੁਰੂ ਜੀ ਕਈ ਟਿਕਾਣੇ ਵਿਚਰਦੇ ਰਹੇ, ਇਕ ਥਾਵੇਂ” ਸ੍ਰੀ ਗੁਰੂ ਜੀ ਪਾਸ ਮਾਈ ਦੇ ਦਿਗੰਬਰੀ ਵੇਸ ਤੇ ਮਸਤਾਨੀ ਹਾਲਤ ਦੀ ਕੁਛ ਪੜਚੋਲ ਹੋਈ। ਸਾਹਿਬਾਂ ਨੇ ਤਦੋਂ ਇਸ ਹਾਲ ਵਿਚ ਮਾਈ ਨੂੰ ਸਮਝਾਇਆ ਕਿੰਤੂ ਪੂਰਨ ਪਦ ਤੇ ਹੈਂ,
A ਦਿਸ਼ਾ ਦੇ ਕਪੜੇ ਪਹਿਨਣ ਵਾਲੀ, ਭਾਵ ਹੈ ਨਗਨ ਰਹਿਣ ਵਾਲੀ। B ਭਾਵ ਤੈਨੂੰ ਚੰਗਾ ਲਗਾ ਹੈ। C ਭਾਵ ‘ਸਰੀਰ ਮੈਂ ਹਾਂ’ ਦੀ ਪਕੜ ਦੂਰ ਹੋ ਗਈ ਹੈ, ਹਉਂ ਅਤੀਤ D ਨਾਸ਼ ਤੋਂ ਰਹਿਤ ਬ੍ਰਹਮ ਦਾ ਪਰਮ ਸਰੂਪ ਤੂੰ ਪਾ ਲਿਆ ਹੈ। E ਉੱਤੇ ਚਾਦਰੇ ਦਾ ਕਪੜਾ ਕਰੋ, ਭਾਵ ਚਾਦਰੇ ਦਾ ਗਾਤ੍ਰਾ ਬੰਨ੍ਹ ਲਓ। ਭਾਗੋ ਯਾ ਗਾਤ੍ਰਾ ਚਦਰ ਦਾ ਬੰਨ੍ਹ ਦੀ ਸੀ, ਯਾ; ਲੰਮਾ ਚੋਲਾ ਪਹਿਨਦੀ ਸੀ, ਗਿਟਿਆਂ ਤੀਕ ਜੋ ਲੰਬਾ ਹੁੰਦਾ ਸੀ। F ਕਜ ਲਓ।
7.
ਸਤਿਗੁਰ ਜੀ ਹੁਣ ਸਾਰੇ ਮਾਲਵੇ ਦਾ ਦੌਰਾ ਕਰਦੇ, ਆਪਣੇ ਕਈ ਵਿਚਾਰਾਂ ਅਨੁਸਾਰ ਵਿਚਰਦੇ ਤੇ ਹਾਲਤਾਂ ਤਕਦੇ ਸਾਬੋ ਕੀ ਤਲਵੰਡੀ ਪਹੁੰਚੇ। ਏਥੇ ਰਹਿੰਦਾ ਸੀ ਡਲਾ ਜੋ ਗੁਰੂ ਕਾ ਸਿਖ ਸੀ ਤੇ ਉਸ ਇਲਾਕੇ ਦਾ ਚਉਧਰੀ ਸਰਦਾਰ ਸੀ। ਇਥੇ ਸਤਿਗੁਰ ਜੀ ਨੌ ਮਹੀਨੇ ਤੇ ਨੌ ਦਸ ਦਿਨ ਰਹੇ।6
ਮਾਈ ਭਾਗੋ ਆਪ ਦੀ ਚਰਨ ਸ਼ਰਨ ਏਥੇ ਨਾਲ ਹੀ ਰਹੀ। ਪਰ ਹੁਣ ਰਹਿੰਦੀ ਸੀ ਕਪੜੇ ਪਹਿਨੇ ਹੋਏ ‘ਤਨ ਕਜੇ ਹੋਏ’ ਪਰ ‘ਤਨ ਹੰਤਾ’ ਬਿਨਾਸ਼ੀ ਹੋਈ, ਨਿਜ ਨੂੰ ਆਤਮ ਸਰੂਪ ਦੀ ਲਖਤਾ ਵਿਚ ਸਦਾ ਲਖਣ ਵਾਲੀ ਮਗਨਾਨੰਦ-ਪਰ ਫੇਰ ਹੋਸ਼ ਵਿਚ। ਭਾਈ ਨੰਦ ਲਾਲ ਜੀ ਨੇ ਫੁਰਮਾਇਆ ਹੈ – –
ਦਰ ਮਜ਼ਹਬੇ ਮਾ ਗੈਰ ਪਰਸਤੀ ਨ ਕੁਨੰਦ। ਸਰ ਤਾ ਬ-ਕਦਮ ਬਹੋਸ਼ੋ ਮਸਤੀ ਨ ਕੁਨੰਦ। ਉਂਞ ਆਪਣੇ ਰੰਗ ਬੇ-ਪਰਵਾਹ ਵਿਚਰਦੀ ਸੀ। ਪਰ ਰਾਤ ਜਿਥੇ ਗੁਰੂ ਕਾ ਸੈਨ – ਆਸਣ ਹੋਵੇ ਤੇ ਪਹਿਰਾ ਲਗੇ, ਉਸ ਤੋਂ ਕੁਛ ਦੂਰ ਬੇ ਮਲੂਮੇਂ ਆ ਡਟੇ, ਸਾਂਗ ਹੱਥ ਲਈ ਹੋਈ ਰਾਤ ਭਰ ਮਰਦਾਂ ਦੇ ਪਹਰਿ ਤੋਂ ਪਰੇ ਪਰੇ ਦੂਜਾ ਪਹਿਰਾ ਦੇਵੇ। ਅੰਮ੍ਰਿਤ ਵੇਲੇ ਜਦ ਉਠ ਕੇ ਸਤਿਗੁਰ ਜੀ ਇਸ਼ਨਾਨ ਦੇ ਆਹਰ ਲਗਣ ਤਾਂ ਬੇਮਲੂਮੇਂ ਤਿਲਕ ਜਾਏ ਤੇ ਦੀਵਾਨ ਵਿਚ ਜਾ ਬੈਠੇ। ਦਿਹਾੜੀ ਕਦੇ ਕਿਤੇ ਇਕਲਵੰਜੇ ਸਮਾਧੀ ਵਿਚ ਕਦੇ ਕਿਸੇ ਨੂੰ ਕੁਛ ਰਾਹੇ ਪਾਉਣ ਦੇ ਸਿਧੇ ਪਧੱਰੇ ਤੇ ਖਰੇ ਖਰੇ ਵਾਕ ਕਹਿਕੇ ਟੁਰ ਜਾਵੇ। ਡੱਲਾ ਅੰਮ੍ਰਿਤ ਛਕਣੋਂ ਜਚਦਾ ਸੀ ਪਰ ਮਾਈ ਦੇ ਇਕ ਦਿਨ ਦੇ ਉਪਦੇਸ਼ ਨੇ ਸਰ ਕਰ ਲਿਆ ਤੇ ਉਹ ਡਲ ਸਿੰਘ ਬਣ ਗਿਆ। ਸੋ ਭਾਗਾਂ ਵਾਲੀ ਮਾਈ ਭਾਗੋ ਦਮਦਮੇ ਨਾਲ ਰਹੀ। ਸਾਹਿਬ ਦੱਖਣ ਟੁਰੇ ਤਾਂ ਨਾਲ ਹੀ ਟੁਰੀ। ਸਾਹਿਬ ਮੁੜੇ ਤੇ ਦਿੱਲੀ ਆਏ ਤਾਂ ਚਰਨ ਸ਼ਰਨ ਆਈ। ਆਗਰੇ ਗਏ ਤੇ ਫੇਰ ਦੱਖਣ ਗਏ ਤਾਂ ਬੀ ਨਾਲ ਗਈ। ਨਾਦੇੜ ਨਾਲ ਅੱਪੜੀ। ਗੁਰੂ ਕੀ ਸੈਨਾਂ ਤੇ ਵਹੀਰ ਦੇ ਸਾਰੇ ਬੰਦ ਇਸ ਦਾ ਪਰਮ ਸਤਿਕਾਰ ਕਰਦੇ ਤੇ ਧਰਤੀ ਉਤੇ ਫਿਰ ਰਹੀ ਅਰਸ਼ਾਂ ਦੀ ਦੇਵੀ ਸਮਝਦੇ। ਸਾਹਿਬ ਦਾ ਜਿਥੇ ਬਿਸ਼ਰਾਮ ਹੋਵੇ ਰਾਤ ਉਸੇ ਤਰ੍ਹਾਂ ਮਰਦਾਂ ਦੇ ਪਹਿਰੇ ਤੋਂ ਪਰੇ ਅਪਣਾ ਪਹਿਰਾ ਦੇਵੇ8 ਹਜ਼ੂਰ ਸਾਹਿਬ ਗੁਰਦੁਆਰੇ ਦੇ ਲਾਗੇ ਇਸ ਮਾਈ ਦਾ ਬੁੰਗਾ ਹੈ ਜੋ ਹੁਣ ਵਸਦਾ ਹੈ। ਇਸ ਬੁੰਗੇ ਵਿਚ ਗੁਰੂ ਕੇ ਦਰਬਾਰ ਦੇ ਵਡੇ ਪੁਜਾਰੀ ਸਾਹਿਬ ਗੁਰੂ ਕੇ ਪਿਆਰੇ ਤੇ ਪਰਮ ਘਾਲੀ ਸਿੰਘ ਸਾਹਿਬ ਨਿਵਾਸ ਰਖਦੇ ਹਨ ਨਾਦੇੜ ਦੇ ਸਾਰੇ ਕੌਤਕ ਮਾਈ ਜੀ ਨੇ ਦੇਖੇ। ਬੰਦੇ ਦੇ ਗੁਰ ਸਿਖੀ ਵਿਚ ਆਉਣ ਦੇ ਰੰਗ ਨਜ਼ਰੋਂ ਲੰਘੇ। ਅੰਤ ਇਸ ਨੇ ਉਹ ਸਾਕਾ ਬੀ ਡਿੱਠਾ ਜਿਸ ਸਾਕੇ ਦੀ ਰੋਕ ਲਈ ਘਰੋਂ ਟੁਰੀ ਤੇ ਮੁਕਤਸਰ ਬਣਨ ਵਾਲੇ ਥਾਂ ਅੱਪੜ ਕੇ ਮਰਦਾਂ ਵਾਙੂ ਜੂਝੀ ਸੀ। ਹਾਂ ਜਿਸ ਗੁਰੂ ਦਾਤਾ ਗੁਰੂ ਹਿਵੈ ਘਰੁ ਗੁਰ ਦੀਪਕੁ ਤਹ ਲੋਇ’ ਦੀ ਤਨ ਰਖਯਾ’ ਲਈ ਹੁਣ ਤਕ ਪਹਿਰੇ ਦੇਂਦੀ ਸੀ। ਪੂਰਨ ਪਦ ਤੇ ਪਹੁੰਚੀ ਆਤਮ ਲੱਖਤਾਵਾਲੀ ਮਾਈ ਮਰਦ ਪਹਿਰੇਦਾਰਾਂ ਦੇ ਹੁੰਦਿਆਂ ਸੁੰਦਿਆਂ ਗਾਫਲ ਨਹੀਂ ਸੀ ਹੁੰਦੀ ਤੇ ਰਾਤਾਂ ਜਾਗ ਕੇ ਹਥ ਵਿਚ ਸਾਂਗ ਲਈ ਚੌਂਕੀਆਂ ਦੇਂਦੀ ਸੀ ਉਸ ਦਾਤੇ ਦੇ ‘ਪਵਿਤ੍ਰ’ ਤਨ ਉਤੇ ਦੋਖੀ ਦੁਸ਼ਟ ਦਾ ਵਾਰ ਹੋ ਗਿਆ। ਹਾਂ ਮਾਈ ਨੇ ਰੱਬੀ ਜੋਤ ਦਾ ਘਾਉ ਲੱਗਾ ਬੀ ਦੇਖਿਆ ਤੇ ਕਰਤਾਰ ਦੇ ਅਨੂਠੇ ਰੰਗ ਤੱਕੇ । ਕਿੰਝ ਪਹਿਰੇ ਦੇਂਦਿਆਂ ਵਾਰ ਹੋਇਆ ਫਿਰ ਇਲਾਜ ਹੋਣ, ਜ਼ਖਮ ਭਰਨੇ, ਅਰੋਗਤਾ ਆ ਜਾਣੀ ਦੇ ਖੁਸ਼-ਨਜਾਰੇ ਬੀ ਤੱਕੇ ਫਿਰ ਦਾਤਾ ਜੀ ਦੇ ਮੁੜ ਘਾਉ ਖੁੱਲ੍ਹਣੇ ਤੇ ਪਯਾਰੇ ਦੇ ਸ੍ਰਦੇਸ਼ ਦੇ ਸੱਦੇ ਨਾ ਟਲਦੇ ਵੇਖੇ। ਮਾਈ ਲਈ ਇਕ ਆਤਮ ਦੇਵ ਸਾਰੇ ਪਰੀਪੂਰਨ ਸੀ, ‘ਨ ਘਾਟ ਹੈ, ਨਾ ਬਾਧ ਹੈ, ਨ ਬਾਧ ਘਾਟ ਹੋਤ ਹੈ’ ਦਾ ਗਯਾਨ ਮਾਈ ਨੂੰ ਹਸਤਾਮਲ ਵਤ ਸੀ ਪਰ ਫੇਰ ਸ਼ਰਧਾ ਭਗਤੀ ਕਮਾਲ ਦੀ ਸੀ। ਹਾਂ, ਸਿਖ ਦੇ ਨਿਸਚੇ ਨਾਮ ਤੋਂ ਉਪਜਿਆ ‘ਗਯਾਨ’ ਹੁੰਦਾ ਹੈ, ਸਿਖ ਦੇ ਮਨ ਵਾਹਿਗੁਰੂ-ਪ੍ਰੇਮ ਹੁੰਦਾ ਹੈ, ਸਿਖ ਦੀ ਰਸਨਾ ਤੇ ‘ਨਾਮ’ ਹੁੰਦਾ ਹੈ, ਆਪਣੇ ਲਈ ਉਸ ਦੀ ਵਰਤਣ ‘ਵੈਰਾਗ’ ਦੀ ਹੁੰਦੀ ਹੈ। ਜਗਤ ਲਈ ਉਸ ਦੀ ਵਰਤਣ ‘ਉਪਕਾਰ’ ਦੀ ਹੁੰਦੀ ਹੈ। ਹਾਂ, ਉਹ ਅਸੰਗ, ਅਲੱਗ, ਮੋਹ ਪਾਪਾਂ ਤੋਂ ਅਲੇਪ ਹੁੰਦਾ ਹੋਇਆ ਨਿਜ ਸਰੂਪ ਵਿਚ ਟਿਕਿਆ, ਪਾਰਬ੍ਰਹਮ ਨਾਲ ਅਭੇਦ ਇਕ ਅਚਰਜ ਪ੍ਰੇਮ-ਜੀਵਨ ਵਿਚ ਹੁੰਦਾ ਹੈ।
ਉਹ ਸਿਖ ਜੀਉਂਦਾ ਮਰਕੇ ‘ਮੁੜਕੇ ਜੀਉਂਦੇ ਜੀਵਨ’ ਵਾਲਾ ਗੁਰਮੁਖ ਹੁੰਦਾ ਹੈ।
ਸੋ ਗੁਰਮੁਖ ਮਾਈ ਨੂੰ ਕਲਗੀਧਰ ਦੀ ਜੋਤਿ ਦਾ ਜੋਤਿ ਵਿਚ ਰਲ ਜਾਣਾ ਆਤਮ ਅਮਰਤਾ ਦ੍ਰਿਸ਼ਟੀ ਪੈਂਦਾ ਸੀ ਪਰ ਹਿਰਦੇ ਪ੍ਰੇਮਾ-ਭਗਤੀ ਹੋਣ ਕਰਕੇ ਇਸ ਵਿਛੋੜੇ ਨੇ ਬਿਰਹੋਂ ਦੀ ਤੀਖਣਤਾ ਐਸੀ ਪੈਦਾ ਕੀਤੀ ਕਿ ਸਦਾ ਵਿਰਾਗੀ ਤੇ ਉਪ੍ਰਾਮਤਾ ਵਾਲਾ ਮਨ ਵਿਯੋਗ ਪੀੜਾਂ ਨੂੰ ਝੱਲਦਾ ਉਹ ਅੰਤਮ ਨਜ਼ਾਰੇ ਪ੍ਰੀਤਮ ਜੀ ਦੀ ਵਿਦੈਗੀ ਦੇ ਨਾ ਸਹਾਰ ਸਕਿਆ। ਉਹ ਥਾਵਾਂ ਉਹ ਟਿਕਾਣੇ ਜਿਥੇ ਭਾਣੇ ਵਰਤੇ ਸਨ ਬਿਰਹ ਪੀੜਾਂ ਨੂੰ ਵਧਾਉਂਦੇ ਸਨ । ਸਮਝਦੀ ਸੀ ਕਿ ਗੁਰੂ ਜਯੋਤਿ ਦਾ ਆਉਣਾ ਤੇ ਜਾਣਾ ਉਹਨਾਂ ਦਾ ਆਪਣਾ ਕਉਤਕ ਹੈ। ਜਾਣਦੀ ਸੀ ਤਨ ਇਥ ਚੇਲਾ ਮਾਤ੍ਰ ਹੈ ਆਤਮ ਰੂਪਤਾ ਦਾ, ਪਰ ਇਹ ਵੀ ਜਾਣ ਦੀ ਸੀ ਕਿ ਤਨ ਹੀ ਬ੍ਰਹਮ-ਗਯਾਨ ਦਾ ਇਕ ਤਰ੍ਹਾਂ ‘ਜਨਕ’ ਹੈ। ਹਾਂ ਸੋਚਦੀ ਸੀ ਕਿ ਤਨ ਹੀ ਤਾਂ ਆਮ ਜੀਵਾਂ ਲਈ ਗਯਾਨ ਦਾ ਉਪਕਾਰੀ ਹੈ, ਹਾਂ ਅਵਤਾਰ ਤੇ ਕਾਰਕ ਗੁਰੂ ਤੇ ਸਭ ਤੋਂ ਉਚੇ ਅਰਸ਼ੀ ਜਯੋਤੀ ਦਾ ਤਲ ਤਾਂ ਆਤਮਾਂ ਦਾ ਹੀ ਇਕ ਝਲਕਾਰ ਹੈ, ਤੇ ਨਜ਼ਰ ਆਉਣ ਕਰਕੇ, ਜਗਯਾਸੂਆਂ ਲਈ ‘ਸੁਖੈਨ ਜੀਵਨ ਆਧਾਰ’ ਤੇ ਮੁਕਤੀ ਦਾਤਾ ਹੈ। ਹਾਂ ਸਫਲ ਗਯਾਨ ਅਰੂੜ ਮਾਈ ਭਾਗੋ ਜੋ ਉਪਕਾਰ ਦੀ ਕ੍ਰਿਆ ਕਰਦੀ ਅਕੈ ਸੀ, ਜੋ ਗੁਰੂ ਪ੍ਰੇਮ ਵਿਚ ਪ੍ਰੇਮ ਸਰੂਪ ਹੋਈ ਪਰਮ ਵੈਰਾਗ ਦੀ ਮੂਰਤ ਸੀ, ਗੁਰੂ ਜੀ ਦਾ ਸਰੀਰਕ ਵਿਯੋਗ ਨਾ ਸਹਾਰ ਸਕੀ। ਨਾਦੇੜ ਦੀਆਂ ਜੂਹਾਂ, ਜਿਥੇ ‘ਜਯੋਤਿ ਰੂਪ ਪ੍ਰੀਤਮ ਜੀ’ ਦੇ ਸ਼ੁਧ ਸਰੀਰ ਨੇ ਖੇਚਲੇ ਝੱਲੇ, ਉਦਾਸੀਆਂ ਦੇਣ ਵਾਲਾ ਹੋ ਗਿਆ। ਮਾਈ ਹੁਣ ਨਾਦੇੜ ਛੱਡ ਕੇ ‘ਬਿਦਰ’ ਸ਼ਹਿਰ ਜਾ ਰਹੀ। ਇਥੇ ਆਪਣੇ ਸਰੂਪ ਵਿਚ ਇਸਥਿਤ, ਆਪਣੇ ਕਰਤਾ ਪੁਰਖ ਦੇ ‘ਪ੍ਰਿਯ ਸਰੂਪ ਵਿਚ ਪ੍ਰਾਪਤ’ ਪਾਰਬ੍ਰਹਮ ਨਾਲ ਹੋਈ ਅਭੇਦ, ਫੇਰ ਕਿਸੇ ਰੰਗ ਵਿਚ ਪ੍ਰੇਮ ਮਾਈ ਇਸੇ ਸ਼ਹਿਰ ਰਹੀ ਤੇ ਜੀਵਨ ਯਾਤ੍ਰਾ ਏਥੇ ਹੀ ਸੰਪੂਰਨ ਕਰ ਗਈ। ਇਸ ਮਾਈ ਦਾ ਪ੍ਰੇਮ, ਪ੍ਰੇਮ ਦੇ ਕੇਵਟਾਂ ਲਈ ਇਕ ਚਾਨਣ-ਮੁਨਾਰਾ ਹੈ ਜੋ ਗਯਾਨ ਦੀ ਰਾਸ ਲੱਦ ਕੇ ਭਵਸਾਗਰ ਨੂੰ ਤਰਦੇ ਹੋਏ ਰਹਿਨੁਮਾਈ ਲਈ ਚਾਨਣ-ਮੁਨਾਰੇ ਦੀ ਸੇਧ ਬੰਨ੍ਹੀ ਰਖਦੇ ਹਨ।
ਹਾਂ, ਜਦ ਤਕ ਮਾਈ ਜੀਵੀ, ਜਿਸ ਅੰਮ੍ਰਿਤ ਦੇ ਚਸ਼ਮੇਂ ਤੋਂ ਆਪ ਤ੍ਰਿਪਤੀ ਪਾਈ ਸੀ, ਉਸ ਚਸ਼ਮੇਂ ਤੋਂ ਆਤਮ-ਤ੍ਰਿਪਤੀ ਦਾ ਦਾਨ ਦੇ ਕੇ ਮੋਏ ਮਨ ਜੀਵਾਲਦੀ ਰਹੀ, ਆਪ ਤਰੀ ਤੇ ਜਗਤ ਤਾਰਦੀ ਰਹੀ।
ਇਤਿਹਾਸਕ ਪਹਿਲੂ
ਮਾਈ ਭਾਗੋ ਦਾ ਹਾਲ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਹੈ ।(2) ਸਾਖੀ ਪੋਥੀ ਵਿਚ ਹੈ। (3) ਤਵਾ: ਖਾ: ਨੇ ਬੀ ਦਿਤਾ ਹੈ । ਇਨ੍ਹਾਂ ਤੋਂ ਲੈ ਕੇ ਹੋਰਨਾਂ ਦੇ ਕੁਛ ਕੁਛ ਕਦੇ ਲਿਖਿਆ ਹੈ। ਪੁਰਾਤਨ ਰਵਾਯਤਾਂ ਬੀ ਹਨ, ਪਰ ਖੋਜ ਘੱਟ ਕੀਤੀ ਗਈ ਹੈ। ਸਾਖੀ ਪੋਥੀ ਮੂਜ਼ਬ ਮਾਈ ਪੁਤ੍ਰ ਲੈਣ ਮਾਲਵੇ ਵਹੀਰ ਦੇ ਨਾਲ ਗੁਰੂ ਜੀ ਪਾਸ ਆਈ ਸੀ। ਇਸ ਵਿਚ ਅਗੇ ਪਿਛੇ ਦਾ ਹੋਰ ਥਹੁ ਨਹੀਂ। ਭਾਗੋ ਨੂੰ ‘ਇਕ ਅਮੀਰ ਇਸਤ੍ਰੀ ਆਈ’ ਬੀ ਦੱਸਿਆ ਹੈ19, ਜੋ ਮੁਕਤਸਰ ਦੇ ਜੁੱਧ ਦੋਂ ਮਗਰੋਂ ਗਯਾਤਗੇਯ ਹੋ ਕੇ ਨਾਲ ਰਹੀ। ਤਵਾਰੀਖ ਖਾਲਸਾ ਨੇ ਗੁਰੂ ਕੇ ਬੱਚਿਆਂ ਦੀ ਚੁੰਘਾਵੀ ਦਾਈ ਦੱਸੀ ਹੈ, ਪਰ ਵਧੇਰੇ ਖੋਜ ਕੀਤਿਆਂ ਇਹ ਗੱਲ ਸਿਰ ਨਹੀਂ ਚੜ੍ਹਦੀ। ਅਸਲ ਗਲ ਖੋਜ ਨਾਲ ਸਿੱਧ ਇਹ ਹੁੰਦੀ ਹੈ ਕਿ ‘ਮਾਈ ਭਾਗੋ’ ਗੁਰੂ ਘਰ ਦੇ ਪ੍ਰੇਮੀ ਘਰਾਣੇ-ਭਾਈ ਲੰਗਾਹੇ ਦੇ ਭ੍ਰਾਤਾ ਪੇਰੋਸ਼ਾਹ ਦੀ ਵੰਸ਼ਜ ਹੈਸੀ । ਭਾਈ ਸੰਤੋਖ ਸਿੰਘ ਜੀ ਵੀ ਲਿਖਦੇ ਹਨ ‘ਕੁਲ ਨੈਹਰ ਸਸੁਰਾਰ ਉਬਾਰੀ’। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਕਵੀ ਜੀ ਨੂੰ ਪਤਾ ਸੀ ਕਿ ਭਾਗੋ ਸਹੁਰੇ ਪੇਕਿਓਂ ਉੱਚੀ ਕੁਲ ਦੀ ਸੀ ਤੇ ਉਬਰੀ ਹੋਈ ਅਰਥਾਤ ‘ਸਚਿਆਰ’ ਪਦ ਦੀ ਸਿੰਘਣੀ ਸੀ। ਭਾਗੋ ਦਾ ਪੇਕਾ ਘਰ ਝਬਾਲ ਸੀ, ਜਨਮ ਦਾਤਾ ਚੌਧਰੀ ਲੰਗਾਹੇ ਦਾ ਘਰਾਣਾਂ ਸੀ । ਉਸ ਦਾ ਸਹੁਰਾ ਘਰ ਸਹੀ ਹੁੰਦਾ ਹੈ ਕਿ ਪੱਟੀ ਸੀ ਤੇ ਘਰ ਵਾਲਾ ਪੱਟੀ ਦਾ ਇਕ ਚੌਧਰੀ ਸੀ। ਅਜੇ ਨਾਮ ਦਾ ਪਤਾ ਨਹੀਂ ਚੱਲਿਆ, ਪਰ ਪਤੀ ਦੇ ਮੁਕਤਸਰ ਯੁਧ ਵਿਚ ਨਾਲ ਹੋਣ ਤੇ ਸ਼ਹਾਦਤ ਪਾਉਣ ਦੀ ਸੰਭਾਵਨਾ ਬਹੁਤ ਹੈ। ਪੁਤ ਲੈਣ ਆਈ’ ਬਾਬਤ ‘ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਲਵੇ ਦੇ ਸਫਰਾਂ ਦੀ ਸਾਖੀ ਪੋਥੀ’ ਤੋਂ ਪਤਾ ਲਗਾ ਹੈ। ਜਿਸ ਨੇ ਲੋਕਾਂ ਦੇ ਮੂੰਹ ਚੜ੍ਹੀ ਉਸ ਵੇਲੇ ਗੁਰੂ ਕੀ ਆਖੀ ਗਲ ਵਿਗੜੀ ਹੋਈ ਲਿਖ ਦਿਤੀ ਹੈ। ਜਿਸ ਦਾ ਪਾਠ ਇਹ ਉਸ ਨੇ ਦਿਤਾ ਹੈ। ‘ਪੁਤਾਂ ਕਾਰਨ ਆਈ ਵੇ ਪੀਰੀ । ਸੁਥਣ ਲਾਹ ਲਈ ਫਕੀਰੀ।’ ਇਸ ਤੋਂ ਉਸ ਨੂੰ ਤੇ ਟੀਕਾਕਾਰਾਂ ਨੂੰ ਭੁਲੇਵੇ ਲਗੇ ਹਨ। ਸੂ: ਪ੍ਰ: ਨੇ ਐਦਾਂ ਦੇ ਅਰਥ ਲਾਏ ਹਨ :
ਪੁਤਾ ਕਾਰਣਿ ਆਈਅਹਿ ਪੀਰੀ।
ਸੁਥਣ ਲਾਹਿ ਲਈ ਬੇਪੀਰੀ।
ਕਿ ਪੁਤ੍ਰਾਂ ਦਾ ਵਰਦਾਨ ਲੈਣ ਲਈ ਪੀਰਾਂ ਪਾਸ ਆਈ ਸੈਂ, ਪਰ ਸੁਥਣ ਲਾਹਕੇ (ਭਾਵ ਕਛ ਧਾਰਨ ਕਰਕੇ) ਪੀੜਾ ਰਹਿਤ ਹੋ ਕੇ ਲੜੀ ਹੈਂ। ਸਾਖੀ ਪੋਥੀ ਦੇ ਅੰਗਰੇਜ਼ੀ ਟੀਕਾਕਾਰ ਨੇ ਐਉਂ ਅਰਥ ਲਾਏ ਹਨ :
‘You fickle creature’ said the Guru, ‘You came here for a son and now you have become a mendicant.
ਪਰ ਇਹ ਭੁਲੇਵੇਂ ਸਾਖੀ ਪੋਥੀ ਦੇ ਇਸ ਗਲਤ ਪਾਠ ਤੋਂ ਲਗੇ ਸਹੀ ਹੁੰਦੇ ਹਨ। ਠੀਕ ਪਾਠ ਐਉਂ ਜਾਪਦਾ ਹੈ –
ਪੁਤਾਂ ਕੋ ਰਣ ਲਯਾਈਅਹਿ ਪੀਰੀ!
ਸੈਹਥਿ ਲਾਇ ਲਈ ਫਕੀਰੀ ।
ਅਰਥ- ਹੇ ਪੀਰੀ (-ਹੇ ਬੁਢੀ ਤ੍ਰੀਮਤੇ° !) ਪੁਤਾਂ ਨੂੰ ਨਾਲ ਲੈ ਕੇ ਰਣ ਵਿਚ ਆਈ ਹੈਂ ਤੇ ਬਰਛਾ ਧਾਰਨ ਕਰਕੇ (ਹੁਣ) ਫਕੀਰ ਲੀਤੀ ਗਈ।
ਜੇ ਸਾਖੀ ਪੋਥੀ ਦੇ ਟੀਕਾਕਾਰ ਵਾਲੇ ਅਰਥ ਬੀ ਲਏ ਜਾਣ ਤਾਂ ਮਾਈ ਦਾ ਉੱਚ ਘਰਾਣੇ ਦੀ ਹੋਣਾ ਸਿਧ ਹੈ ਤੇ ਅਮੀਰ ਹੋਣਾ ਅੰਗਰੇਜ਼ੀ ਟੀਕਾਕਾਰ ਨੇ ਮੰਨਿਆ ਹੈ। ਯਥਾ-
She had given up all her Wealth and comforts and became a mendicant.
ਇਸ ਤੋਂ ਪਤਾ ਲਗਾ ਕਿ ਜੋ ਘਰ ਦੇ ਆਰਾਮ ਤੇ ਦੌਲਤ ਛਡਕੇ ਫਕੀਰੀ ਧਾਰਨ ਕਰਕੇ ਆਈ ਹੈ, ਉਹ ਹੁਣ ‘ਪੁਤ੍ਰ’ ਲੈਣ ਦੀ ਵਾਸ਼ਨਾਂ ਵਾਲੀ ਤਾਂ ਹੋ ਹੀ ਨਹੀਂ ਸਕਦੀ। ਉਹ ਤਾਂ ਪੁਤਾਂ ਅਰਥਾਤ ਆਪਦੇ ਕਬੀਲੇ ਤੇ ਦੇਸ਼ ਦੇ ਅਤੇ ਗਾਲਬਨ ਆਪਦੇ ਜਾਇਆਂ ਨੂੰ ਬੀ ਰਣ ਵਿਚ ਲੈ ਕੇ ਆਈ ਹੈ, ਜਿਨ੍ਹਾਂ ਸਭਨਾਂ ਦੇ ਸ਼ਹੀਦ ਹੋ ਜਾਣ ਕਰਕੇ ਮੁੜ ਘਰ ਵਾਪਸ ਨਹੀਂ ਗਈ।
ਪਦ ਅਤੇ ਟਿੱਪਣੀਆਂ
- ਝਬਾਲ ਤਦੋਂ ਪੱਟੀ ਦੇ ਪਰਗਨੇ ਵਿਚ ਸੀ।
- ਇਹ ਮਤ ਤੇਰ੍ਹਵੀਂ ਈਸਵੀ ਸਦੀ ਵਿਚ ਸ਼ੁਰੂ ਹੋਇਆ ਸੀ।
- ਇਹ ਇਕ ਭਾਰੀ ਕੱਚਾ ਤਲਾਉ ਸੀ, ਜਿਸ ਦੇ ਸਿਰੇ ਤੇ ਭਾਈ ਸਾਲ੍ਹ ਜੀ ਦਾ ਰਚਿਆ ਮੰਦਰ ਹੁਣ ਤੱਕ ਹੈ, ਪਰ ਚਿਰ ਹੋਇਆ ਅੰਤਸਰ ਦੀ ਕਮੇਟੀ ਇਹ ਥਾਂ ਪੂਰਕੇ ਵਿਚੋਂ ਸੜਕ ਕੱਢ ਚੁਕੀ ਹੈ, ਮੰਦਰ ਅਜੇ ਹੈ। ਭਾਈ ਵਸਤੀ ਰਾਮ ਦੀ ਢਾਬ, ਭਾਈ ਸੰਤ ਸਿੰਘ ਦੀ ਢਾਬ ਕਮੇਟੀ ਪੂਰਕੇ ਹਿੰਦੂਆਂ ਨੂੰ ਦੇ ਚੁਕੀ ਹੈ। ਮਜੀਠੀਏ ਸਰਦਾਰਾਂ ਦਾ ਦਿੱਤਾ ਗ੍ਰੀਬਖਾਨੇ ਦਾ ਟਿਕਾਣਾ ਕਮੇਟੀ ਬੈਂਕ ਪਾਸ ਵੇਚ ਚੁਕੀ ਹੈ। ਸ. ਝੰਡਾ ਸਿੰਘ ਦੇ ਬਾਗ ਨੂੰ ਉਚਾ ਕਰਕੇ ਥਾਂ ਵੇਚ ਕੇ ਬਜ਼ਾਰ ਬਣ ਚੁਕਾ ਹੈ, ਵਿਚਕਾਰ ਉਹਨਾਂ ਦੀ ਪੁਰਾਣੀ ਸਮਾਧ ਅਜੇ ਖੜੀ ਹੈ, ਸਮਾਧ ਵਾਸਤੇ ਰੁਪੱਯਾ ਵੀ ਕਮੇਟੀ ਨੇ ਰਖਿਆ ਸੀ, ਸੁਣਿਆ ਹੈ। ਐਉਂ ਅਨੇਕਾਂ ਸਿਖ ਟਿਕਾਣੇ ਸਿੱਖਾਂ ਦੇ ਹਥੋਂ ਨਿਕਲ ਚੁਕੇ ਹਨ।
- ਇਹ ਵੀ ਖਿਆਲ ਹੈ ਕਿ ਇਹ ਇਕੱਠ ਪੱਟੀ ਦੀ ਰੱਖ ਵਿਚ ਹੋਇਆ ਸੀ। ਪੱਟੀ ਨਗਰ ਬਹੁਤ ਪੁਰਾਣਾ ਹੈ। ਇਥੇ ਕਿਸੇ ਸਮੇਂ ਇਕ ਚੀਨੀ ਸ਼ਾਹਜਾਦੇ ਨੂੰ ਹਿੰਦ ਦੇ ਇਕ ਮਹਾਰਾਜੇ ਨੇ ਯਰਗਮਾਲ ਵਿਚ ਲਿਆ ਕੇ ਰਖਿਆ ਸੀ, ਜਗ੍ਹਾ ਦਾ ਨਾਮ ਤਦੋਂ ਪਿਆ ‘ਚੀਨਾ ਪਤੀ’। ਸਮੇਂ ਲੰਘਣ ਤੇ ‘ਚੀਨਾ’ ਪਦ ਉਡ ਗਿਆ ਤੇ ‘ਪਤੀ’ ਦਾ ‘ਪੱਟੀ’ ਬਣ ਗਿਆ। ਇਸ ਸ਼ਾਹਜ਼ਾਦੇ ਨੇ ਹੀ ਚਕਲੀ ਆੜੂ ਚੀਨ ਤੋਂ ਮੰਗਾ ਕੇ ਏਥੇ ਲਾਏ ਸਨ, ਜੋ ਅੰਮ੍ਰਿਤਸਰ ਜ਼ਿਲੇ ਵਿਚ ਮਸ਼ਹੂਰ ਫਲ ਹੈ। ਉਸ ਨੇ ਕੁਛ ਅਲੂਚੇ ਤੇ ਨਾਖ ਵੀ ਲੁਆਈ ਸੀ । ਪੱਟੀ ਤਰਨ ਤਾਰਨ ਤੋਂ ਬਾਰਾਂ ਮੀਲ ਹੈ ਤੇ ਝਬਾਲ ਤੋਂ ਬੀ 14 ਕੁ ਮੀਲ ਹੈ। ਨਦੀ ਬਯਾਸਾ ਦਾ ਪੱਤਣ ਹਰੀਕੇ ਪੱਟੀ ਤੋਂ 10-12 ਮੀਲ ਦੇ ਲਗਪਗ ਹੈ। ਮਾਈ ਭਾਗੋ ਦਾ ਪੇਕਾ ਪਿੰਡ ਝਬਾਲ ਸੀ ਤੇ ਖਿਆਲ ਕੀਤਾ ਜਾਂਦਾ ਹੈ ਕਿ ਇਸ ਦਾ ਸਹੁਰਾ ਪਿੰਡ ‘ਪੱਟੀ’ ਸੀ।
- ਆਨੰਦਪੁਰ ਵਿਚ ਜਿਨ੍ਹਾਂ ਮਝੈਲਾਂ ਨੇ ਬੇਦਾਵਾ ਲੈਣਾ ਮੰਨ ਲਿਆ ਸੀ, ਉਨ੍ਹਾਂ ਦੀ ਗਿਣਤੀ ਦਾ ਪਤਾ ਨਹੀਂ ਪਰ ਜਿਨ੍ਹਾਂ ਨੇ ਨਹੀਂ ਸੀ ਮੰਨਿਆਂ ਤੇ ਸਨਮੁਖ ਸੇਵਾ ਵਿਚ ਹਾਜ਼ਰ ਰਹੇ ਸੇ ਉਹ ਬੀ ਬਹੁਤੇ ਸਨ। ਇਹ ਗਲ ਗਲਤ ਹੈ ਕਿ ਆਨੰਦਪੁਰੋਂ ਗੁਰਾਂ ਨਾਲ ਕੇਵਲ 40 ਸਿਖ ਹੀ ਸਨਮੁਖੀਏ ਨਿਕਲੇ ਸਨ। ਚਾਲੀ ਤਾਂ ਓਸ ਵੇਲੇ ਦੀ ਗਿਣਤੀ ਸੀ, ਜਿਸ ਵੇਲੇ ਕਿ ਚਮਕੌਰ ਦੀ ਗੜੀ ਵਿਚ ਦਾਖਲ ਹੋਏ ਸੇ। ਕਿਉਂਕਿ ਕਿਤਨੇ ਤਾਂ ਕਿਲ੍ਹਾਂ ਆਨੰਦਪੁਰ ਚੋਂ ਨਿਕਲਣ ਦੇ ਮਗਰੋਂ ਦੁਸ਼ਮਨਾਂ ਦੇ ਅਚਾਨਕ ਆ ਪੈਣ ਤੇ ਸ਼ਹੀਦ ਹੋ ਗਏ ਸਨ। ਕਿਤਨੇ ਸਰਸਾ ਨਦੀ ਦੇ ਕੰਢੇ ਸਤਿਗੁਰਾਂ ਦੇ ਅਗੇ ਚਲੇ ਜਾਣ ਤੇ ਸਾਹਿਬ ਅਜੀਤ ਸਿੰਘ ਜੀ ਦੀ ਤਾਬਿਆ ਲੜਦੇ ਸ਼ਹੀਦ ਹੋਏ ਤੇ ਉਹ ਦਸਤਾ ਬੀ ਕਿਤਨਾ ਕੁ ਹੋਊ ਜਿਸ ਨੇ ਸਾਹਿਬ ਅਜੀਤ ਸਿੰਘ ਜੀ ਨੂੰ ਸਰਸੇ ਨਾਲੇ ਤੋਂ ਪਾਰ ਕਰ ਸਤਿਗੁਰਾਂ ਦੀ ਵਲ ਦੁੜਾਇਆ ਤੇ ਆਪ ਦੁਸ਼ਮਣਾਂ ਨੂੰ ਰੋਕ ਖਲੇ ਹੋਏ ਤੇ ਕਈ ਘੋੜੇ ਲੜਦੇ ਇਕ ਇਕ ਕਰਕੇ ਕਟ ਮੋਏ। ਕਿਤਨੇ ਰੋਪੜ ਸ਼ਹੀਦ ਹੋਏ, ਇਹਨਾਂ ਵਿਚੋਂ ਪੰਜ ਸਿੰਘ ਸਵਾਰ ਚਮਕੌਰ ਵਲ ਸਤਿਗੁਰਾਂ ਨੂੰ ਖਬਰ ਦੇਣ ਲਈ ਟੋਰੇ ਗਏ ਸੇ ਕਿ ਹੁਣ ਪਿਛੇ ਰੋਕ ਮੁਕ ਖਲੀ ਹੈ ਤੇ ਆਪ ਉਪਰਾਲਾ ਕਰ ਲਓ। ਸੋ ਸਤਿਗੁਰਾਂ ਨਾਲ ਕਈ ਸੌ ਸਿੰਘ ਸੂਰਮੇ ਸਨਮੁਖ ਤੇ ਜਾਂ ਨਿਸਾਰ ਨਿਕਲੇ ਸੇ, ਜਿਨ੍ਹਾਂ ਵਿਚ ਮਾਝੇ ਦੇ ਸਨਮੁਖੀਏ ਵੀ ਸੇ ਜੋ ਚੋਖੇ ਸੇ। ਚਮਕੌਰ ਵਿਚ ਜੋ 40 ਗਏ ਸੇ, ਉਹ ਸਾਰੇ ਕਈ ਸੌ ਦੇ ਜਥੇ ਦਾ ਬਕਾਇਆ ਸਨ ਜੋ ਉਸ ਘੋਰ ਸੰਗਰਾਮ ਦੀ ਰਾਤ ਬਚ ਰਹੇ ਸੇ। ਸਤਿਗੁਰ ਜੀ ਨੇ ਆਪ ਜ਼ਫਰਨਾਮੇ ਵਿਚ ਜੋ 40 ਦੀ ਗਿਣਤੀ ਦਿਤੀ ਹੈ ਉਹ ਚਮਕੌਰ ਦੀ ਗੜ੍ਹੀ ਵਿਚ ਪ੍ਰਵੇਸ਼ ਹੋਏ 40 ਸਿਖਾਂ ਦੀ ਗਿਣਤੀ ਦਿਤੀ है।
- ਵਡਾ ਹਥੌੜਾ।
- ਇਹ ਵਹੀਰ ਦਾ ਜਥੇਦਾਰ ਸੀ।
- ਏਥੇ ਬੀ ਚਾਲੀ ਦੀ ਗਿਣਤੀ ਚਮਕੌਰ ਦੀ ਚਾਲੀਆਂ ਵਾਲੀ ਗਿਣਤੀ ਦਾ ਭੁਲੇਵਾਂ ਹੈ। ਇਥੇ ਵਹੀਰ ਕਈ ਸੌ ਦਾ ਸੀ। ਕੇਵਲ ਜਿਨ੍ਹਾਂ ਮੁਖੀਆਂ ਦੇ ਨਾਮ ਲਿਖੇ ਮਿਲਦੇ ਹਨ ਉਹ ਚਾਲੀ ਦੇ ਲਗਪਗ ਸਨ। ਇਕ ਖਿਆਲ ਵੀਚਾਰ ਯੋਗ ਇਹ ਹੈ ਕਿ ਜਿਨ੍ਹਾਂ ਵਹੀਰ ਆਇਆ ਸੀ ਸਾਰੇ ਦਾ ਸਾਰ ਸਨਧ ਬੱਧ, ਸਾਮਾਨ ਜੰਗ ਨਾਲ ਸ਼ਸ਼ੋਭਤ ਸੀ ਤੇ ਘਰੋਂ ਸਤਿਗੁਰ ਜੀ ਦੀ ਸੇਵਾ ਵਿਚ ਜੁੱਧ ਕਰਨ ਆਇਆ ਸੀ । ਮਹਾਂ ਸਿੰਘ ਨੂੰ ਜਥੇਦਾਰ ਦੇਸੋਂ ਹੀ ਥਾਪ ਕੇ ਟੋਰਿਆ ਗਿਆ ਸੀ। ਖਰਚ ਵਾਸਤੇ ਪਦਾਰਥ ਭੀ ਨਾਲ ਸੀ। ਮੁੱਖ ਕੰਮ ਤਾਂ ਮੁਕਾਲਕ ਦਾ ਧੋਣਾ ਸੀ ਜੋ ਬੇਦਾਵੇ ਨਾਲ ਮਲੀ ਗਈ ਸੀ ਤੇ ਉਹ ਧੋਣ ਲਈ ਜੰਗ ਵਿਚ ਫੇਰ ਅੰਗਪਾਲ ਹੋਣਾਂ ਇਹ ਘਰੋਂ ਟੂਰਨ ਵੇਲੇ ਕੁਦਰਤੀ ਵਲਵਲਾ ਤੇ ਵੀਚਾਰ ਸੀ ਸੋ ਸਾਰੇ ਵਹੀਰ ਵਿਚੋਂ, ਜੋ ਕਈ ਸੌ ਦਾ ਸੀ ਅਰ ਜਿਸ ਵਿਚ ਮਝੈਲਾਂ ਤੋਂ ਸਿਵਾ ਪੰਜਾਬ ਦੇ ਕਈ ਇਲਾਕਿਆਂ ਦੇ ਸਿੰਘ ਸਨ, ਕੋਈ ਵਿਰਲੇ ਹੀ ਇਸ ਵੇਲੇ ਪਿਛੇ ਮੁੜੇ ਹੋਣ, ਪਰ ਆਸ ਕੋਈ ਨਹੀਂ ਕਿ ਕੋਈ ਮੁੜਿਆ ਹੋਵੇ। ਸਤਿਗੁਰ ਜੀ ਦੀ, ਲਲਕਾਰ ਤੇ ਮਹਾਂ ਸਿੰਘ ਦੀ ਆਪਾ ਵਾਰ ਪੁਕਾਰ ਨੇ ਸਾਰੇ ਮੋਹ ਲਏ। ਮਾਈ ਭਾਗੋ ਦੀ ਵੰਗਾਰ ਬੀ ਇਸੇ ਵੇਲੇ ਪਈ ਸੀ। ਇਸ ਜੱਥੇ ਦੀ ਗਿਣਤੀ, ਤਿਆਰੀ ਤੇ ਸੂਰਮਗਤੀ ਦਾ ਫਲ ਸੀ ਕਿ ਕਈ ਹਜ਼ਾਰ ਸੈਨਾਂ ਵਾਲਾ ਨਵਾਬ ਮੂੰਹ ਦੀ ਖਾਕੇ ਮੁੜ ਗਿਆ।
- ਇਸ ਜੁਧਦਾ ਹਾਲ ਕਲਗੀਧਰ ਚਮਤਕਾਰ ਤੇ ਸੂਰਜ ਪ੍ਰਕਾਸ਼ ਵਿਚ ਸਵਿਸਥਾਰ ਹੈ।
- ਫੀਰੋਜ਼ਪੁਰ ਅਜ ਕਲ ਫਰੀਦਕੋਟ ਜਿਲੇ ਵਿਚ ਇਹ ਟਿਕਾਣਾ ਹੁਣ ‘ਮੁਕਤਸਰ’ ਨਾਮੇ ਹੈ। ਨਗਰੀ, ਮੰਦਰ, ਸਰ ਸਭੋ ਕੁਛ ਹੁਣ ਵਿਦਮਾਨ ਹੈ ਤੇ ਦੇਸ਼ ਧਨ ਉਪਜਾਊ ਹੋ ਗਿਆ ਹੈ।
- ਇਹ ਬੀ ਦਸਦੇ ਹਨ ਕਿ ਮਾਈ ਇਸ ਵੇਲੇ ਮਰਦਾਵੇਂ ਵੇਸ ਵਿਚ ਸੀ, ਤੇ ਕਪੜੇ ਕੁਛ ਫਟੇ ਹੋਏ ਸਨ ।
- (1) ਸਾਖੀ ਪੋਥੀ ਵਿਚੋਂ ਪਤਾ ਲਗਦਾ ਹੈ ਕਿ ਜਦੋਂ ਭਾਗੋ ਦਾ ਘਾਉ ਵੱਲ ਹੋਇਆ ਤਦੋਂ ਦੀ ਇਹ ਵਾਰਤਾ ਹੈ।
(2) ਸੂ: ਪ੍ਰ: ਤੋਂ ਇਹ ਬੀ ਪਤਾ ਲਗਦਾ ਹੈ ਕਿ ਇਹ ਵਾਰਤਾ ਭਾਈ ਕੇ ਚੱਕ ਲਾਗੇ ਦੀ ਹੈ। ਤਵਾਰੀਖ ਖਾਲਸਾ ਦੱਸਦੀ ਹੈ ਕਿ ਇਹ ਵਾਰਤਾ ਬਠਿੰਡੇ ਦੀ ਹੈ ਤੇ ਦਮਦਮੇ ਪੁੱਜਣ ਤੋਂ ਪਹਿਲੋਂ ਦੀ ਹੈ।
A ਉਪਨਿਖਦਾਂ ਦੇ ਸਮੇਂ ਦੀ ਇਕ ਗਯਾਤਗੇਯ ਇਸਤ੍ਰੀ ਜੋ ਨਗਨ ਵਿਚਰਦੀ ਸੀ। B ਭਾਵ ਪੂਰਨ ਬ੍ਰਹਮਗਯਾਨ ਵਾਲੀ । C ਅਹਿੱਲ ਟਿਕਵੀਂ ਅਵਸਥਾ ਵਾਲੀ। D ਭਾਰੀ ਬਰਛੀ।
- ਉਚੇ ਘਰਾਣੇ ਦੀ।
- ਪੇਕੇ ।
- ਸਹੁਰੇ।
ਪਰਮ-ਹੰਸ ਆਵਸਥਾ ਪਾਈ। ਤੁਝ ਕੋ ਦੋਸ਼ ਨ ਲਗੈ ਕਦਾਈ।
ਰਹਿਨ ਦਿਗੰਬਰA ਤੁਝਬੁਨਿਆਈB । ਇਕ ਰਸ ਬ੍ਰਿਤੀ ਭਈ ਲਿਵਲਾਈ। ਤਨ ਹੰਤਾ ਸਭ ਰਿਦੇ ਬਿਨਾਸ਼ੀC। ਪਾਇਓ ਪਰਮ ਰੂਪ ਅਬਿਨਾਸ਼ੀD। ਤਉ ਸਗ ਤੂੰ ਰਹਿਤ ਹਮਾਰੇ। ਪਹਿਰਿ ਕਾਛ, ਲਘੁ ਸਿਰ ਦਸਤਾਰੇ। ਊਪਰ ਚੀਰ ਚਾਦਰਾ ਲੀਜੈEI ਦੇਹ ਅਛਾਦਹੁF ਸਮਾ ਬਿਤੀਜੈ। ਸੁਨਿ ਗੁਰ ਹੁਕਮ ਮਾਨਿ ਲੀਨਾ। ਬਸਤ੍ਰ ਸਰੀਰ ਅਛਾਦਨ ਕੀਨਾ। ਕਰ ਮਹਿ* (ਹੱਥ ਵਿਚ) ਸਾਂਗ ਸਦਾ ਗਹਿ ਰਾਖੇ। ਰਹੈ ਸੰਗ ਗੁਰ ਕੇ ਅਭਿਲਾਖੇ। (ਸੂ: ਪ੍ਰ:)
- ਇਥੋਂ ਦੇ ਹਾਲਾਤ ਛਪ ਚੁਕੇ ਹਨ। ਹੁਣ ਇਸ ਥਾਂ ਨੂੰ ਦਮਦਮਾ ਸਾਹਿਬ ਆਖਦੇ ਹਨ।
- ਸਾਖੀ ਪੋਥੀ ਅੰਗਰੇਜ਼ੀ ਵਿਚ ਲਿਖਿਆ ਹੈ: All aespected her are a goddess.
- ਸਾਖੀ ਪੋਥੀ ਤੋਂ ਪਤਾ ਚਲਦਾ ਹੈ ਕਿ ਰਾਤ ਨੂੰ ਦਸ ਹੋਰ ਸਿੰਘਾਂ ਸਣੇ ਪਹਿਰਾ ਦੇਂਦੀ ਸੀ।
- ਇਹ ਗੱਲ ਇਕ ਲੇਖਕ ਮੰਨਦਾਹੈ ਕਿ ਭਾਗੋ ਅਤਿ ਧਰਮਾਤਮਾ ਭਗਤਣੀ ਸੀ ਤੇ ਗੁਰੂ ਪ੍ਰੇਮਣ ਸੀ ਤੇ ਸਦਾ ਗੁਰੂ ਕੇ ਨਾਲ ਰਹੀ ਤੇ ਸਿੰਘਾਂ ਦੇ ਨਾਲ ਪਹਿਰੇ ਦੇਂਦੀ ਰਹੀ। ਫਿਰ ਇਹ ਬੀ ਮੰਨਦਾ ਹੈ ਕਿ ਭਾਗੋ ਨੂੰ ਸਾਰੇ ਸਿਖ ਦੇਵੀ ਕਰਕੇ ਮੰਨਦੇ ਤੇ ਅਦਬ ਕਰਦੇ ਸਨ ਤੇ ਗੁਰੂ ਕੀ ਮੇਹਰ ਉਸ ਉਤੇ ਅਪਾਰ ਸੀ।
- ਸਿਖਾਂ ਵਿਚ ਹਰ ਜਨਾਨੀ ਦਾ ਸੰਬੋਧਨ ਪਦ ‘ਬੁੱਢੀ’ ਸੀ, ਉਸ ‘ਬੁੱਢੀ’ ਪਦ ਲਈ ਫ਼ਰਸੀ ਪਦ ‘ਪੀਰੀ’-ਹੇ ਬੁੱਢੀਏ! ਵਰਤਿਆ ਜਾਪਦਾ ਹੈ।
- ਕਪੜੇ ਫਟੇ ਹੋਏ ਸਨ ਮਾਈ ਦੇ ਉਸ ਵੇਲੇ।
Credit – ਕਿਰਤ : ਭਾਈ ਸਾਹਿਬ ਭਾਈ ਡਾਕਟਰ ਵੀਰ ਸਿੰਘ ਜੀ, ਸੰਪਾਦਨਾ : ਭਾਗ ਸਿੰਘ ਅਣਖੀ