ਬਾਬਾ ਸਾਹਿਬ ਡਾ. ਅੰਬੇਡਕਰ ਜੀਵਨ ਤੇ ਸੰਘਰਸ਼
ਬਚਪਨ
ਮਹਾਂਰਾਸ਼ਟਰ ਦੀ ਧਰਤੀ ਧੰਨ ਹੈ ਜਿਸ ਨੇ ਬਹੁਤ ਸਾਰੇ ਮਹਾਂਪੁਰਸ਼ ਪੈਦਾ ਕੀਤੇ ਹਨ ਜਿਨ੍ਹਾਂ ‘ਚ ਪ੍ਰਮੁੱਖ ਹਨ ਸਤਿਗੁਰੂ ਨਾਮ ਦੇਵ ਜੀ, ਰਾਸ਼ਟਰਪਿਤਾ ਮਹਾਤਮਾ ਜੋਤੀਬਾ ਫੂਲੇ ਜੀ, ਛਤਰਪਤੀ ਸ਼ਾਹੂ ਜੀ ਮਹਾਰਾਜ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ, ਸੰਤ ਗਾਡਗੇ ਬਾਬਾ ਜੀ ਆਦਿ ਨੇ ਬਹੁਜਨ ਸਮਾਜ ਅਤੇ ਸਵਰਨ ਸਮਾਜ ਦੀਆਂ ਔਰਤਾਂ ਨੂੰ ਨਿਆਂ ਤੇ ਮਨੁੱਖੀ ਅਧਿਕਾਰ ਦਿਵਾਉਣ ਲਈ ਵੱਡਾ ਮਹੱਤਵਪੂਰਨ ਰੋਲ ਅਦਾ ਕੀਤਾ ਸੀ। ਮੈਂ 14 ਅਪ੍ਰੈਲ 1891 ਨੂੰ ਭਾਰਤ ਵਰਸ਼ ਦੇ ਅਨੁਸੂਚਿਤ ਜਾਤੀ, ਅਨੁਸੂਚਿਤ ਜਨ ਜਾਤੀ, ਪੱਛੜੇ ਵਰਗਾਂ, ਧਾਰਮਿਕ ਘੱਟ ਗਿਣਤੀਆਂ ਅਤੇ ਹਿੰਦੂ · ਸਮਾਜ ‘ਚ ਪੈਰ ਦੀ ਜੁੱਤੀ ਦਾ ਦਰਜਾ ਪ੍ਰਾਪਤ ਔਰਤ ਲਈ ਬਹੁਤ ਸ਼ੁੱਭ ਦਿਨ ਮੰਨਦਾ ਹਾਂ। ਭਾਰਤ ਦੀ ਧਰਤੀ ਤੋਂ ਹਜ਼ਾਰਾਂ ਸਾਲ ਤੋਂ ਮਾਨਵਤਾ ਖਤਮ ਹੋ ਚੁੱਕੀ ਸੀ। ਇਕ ਇਨਸਾਨ ਦੂਜੀ ਜਾਤ ਦੇ ਇਨਸਾਨ ਨੂੰ ਇਨਸਾਨ ਮੰਨਣ ਲਈ ਤਿਆਰ ਨਹੀਂ ਸੀ। ਇਨਸਾਨ ਦੀ ਕਦਰ ਗੁਣ ਤੋਂ ਨਹੀਂ ਜਾਤ ਤੋਂ ਸੀ।
ਬਹੁਜਨ ਸਮਾਜ ਦੇ ਮਸੀਹਾ, ਔਰਤ ਜਾਤੀ ਦੇ ਮਸੀਹਾ, ਸਮਾਜ ਸੁਧਾਰਕ, ਮਹਾਨ ਵਿਦਵਾਨ, ਮਹਾਨ ਵਕੀਲ, ਚੰਗਾ ਅਧਿਆਪਕ, ਬੇਵਾਕ ਨੇਤਾ, ਮਹਾਨ ਲੇਖਕ, ਚੰਗਾ ਵਕਤਾ, ਮਹਾਨ ਅਰਥ ਸ਼ਾਸ਼ਤਰੀ, ਹਿੰਦੂ ਸ਼ਾਸ਼ਤਰਾਂ ਦਾ ਸਮੀਖਿਆਕਾਰ, ਧਰਮ-ਰੱਖਿਅਕ, ਮਹਾਨ ਯੋਧਾ, ਪਰਉਪਕਾਰੀ, ‘ਗਿਆਨ ਦਾ ਪ੍ਰਤੀਕ ਚਿੰਨ’, ਇਕ ਮਹਾਨ ਚਿੰਤਕ, ਭਾਰਤੀ ਸੰਵਿਧਾਨ ਦੇ ਨਿਰਮਾਤਾ, ਸਫ਼ਲ ਮੰਤਰੀ, ਰਾਮ ਜੀ ਸਕਪਾਲ ਸਾਹਿਬ ਜੀ ਅਤੇ ਮਾਤਾ ਭੀਮਾ ਬਾਈ ਜੀ ਦੇ ਗ੍ਰਹਿ ਮਹੂ ਮੱਧ ਪ੍ਰਦੇਸ਼ ਵਿਖੇ 1891 ਨੂੰ ਭੀਮ ਦਾ ਜਨਮ ਹੋਇਆ। ਮਹੂ ਪਹਿਲਾਂ ਬੜੌਦਾ ਰਿਆਸਤ ਦੀ ਛਾਉਣੀ ਸੀ ਤੇ ਅੱਜਕੱਲ੍ਹ ਇਹ ਮੱਧ ਪ੍ਰਦੇਸ਼ ਦਾ ਜ਼ਿਲ੍ਹਾ ਇੰਦੌਰ ਹੈ। ਬਾਬਾ ਸਾਹਿਬ ਡਾ. ਅੰਬੇਡਕਰ ਜੀ ਬਹੁਜਨ ਸਮਾਜ ਦੇ ਮਹਾਨ ਨੇਤਾ ਹੋਏ ਸਨ। ਜਿਨ੍ਹਾਂ ਨੇ ਮਹਾਤਮਾ ਫੂਲੇ ਜੀ ਰਾਹੀਂ ਅਰੰਭੇ ਸੱਤਿਆ ਸੋਧਕ ਸਮਾਜ ਨੂੰ ਬਹੁਜ਼ਨ ਸਮਾਜ ਦੇ ਰੂਪ ਵਿਚ ਸੰਪੂਰਨਤਾ ਤੱਕ ਪਹੁੰਚਾਇਆ। ਉਨ੍ਹਾਂ ਦੀ ਸਖ਼ਸ਼ੀਅਤ ਸਾਰੀ ਮਨੁੱਖਤਾ ਲਈ ਇਕ ਆਦਰਸ਼ਕ ਸਖ਼ਸ਼ੀਅਤ ਹੈ ਜਿਸ ਵਿਚ ਇਕ ਮਾਨਵਤਾਵਾਦੀ ਮਨੁੱਖ ਦੇ ਸਾਰੇ ਗੁਣ ਸਮਾਏ ਹੋਏ ਸਨ । ਉਨ੍ਹਾਂ ਦੀ ਸਾਰੀ ਜ਼ਿੰਦਗੀ ਅਤੇ ਸਾਰਾ ਜੀਵਨ ਅਮਨ ਤੇ ਅਸੂਲਪ੍ਰਸਤ ਮਨੁੱਖੀ ਸਦਾਚਾਰ ਦੀ ਤਸਵੀਰ ਪੇਸ਼ ਕਰਦੀ ਹੈ।
ਨੈਤਿਕਤਾ ਦੇ ਖੇਤਰ ਵਿਚ ਸੱਚ-ਝੂਠ ਅਤੇ ਬਦੀ-ਨੇਕੀ ਆਦਿ ਪੱਖਾਂ ਦੀ ਚਰਚਾ ਕੀਤੀ ਜਾਂਦੀ ਹੈ। ਪੰਜਾਬੀ ‘ਚ ਨੈਤਿਕਤਾ ਲਈ ਸਦਾਚਾਰ ਸ਼ਬਦ ਪ੍ਰਚਲਿਤ ਹੈ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਸਾਰਾ ਜੀਵਨ, ਸੰਘਰਸ਼ ਤੇ ਸਾਹਿਤ ਲਿਖਣ ਅਤੇ ਮਾਨਵਤਾਵਾਦ, ਆਸ਼ਾਵਾਦ, ਸੱਚਾਈ, ਨਿਰਭੈਤਾ, ਸਵੈ-ਕਾਬੂ, ਪ੍ਰੇਮ ਆਦਿ ਮਨੁੱਖੀ ਕਦਰਾਂ-ਕੀਮਤਾਂ ਦੀ ਪਹਿਰੇਦਾਰੀ ਕਰਦਾ ਹੈ ਅਤੇ ਦੱਬੇ ਕੁਚਲੇ ਲੋਕਾਂ ਦੇ ਹੱਕੀ ਸੰਘਰਸ਼ ਦਾ ਰਸਤਾ ਖੁੱਲ੍ਹਦਾ ਹੈ । ਡਾ. ਅੰਬੇਡਕਰ ਨੇ ਭਾਰਤ ਦੇ ਦਲਿਤ ਸ਼ੋਸ਼ਿਤ ਸਮਾਜ ਦੇ ਲੋਕਾਂ ਦੀ ਕਿਸਮਤ ਬਦਲਣ ਵਿਚ ਬਹੁਤ ਮਹੱਤਵਪੂਰਨ ਹਿੱਸਾ ਪਾਇਆ। ਰਾਮ ਜੀ ਸਕਪਾਲ ਦੇ ਪਿਤਾ ਮਾਲੋ ਜੀ ਸਕਪਾਲ ਪਿੰਡ ‘ਅੰਬਾਵਦੇ’ ਜ਼ਿਲ੍ਹਾ ਰਤਨਾਗਿਰੀ ਦੇ ਵਸਨੀਕ ਸਨ। ਪਿੰਡ ‘ਚ ਇਸ ਪਰਿਵਾਰ ਦੀ ਬਹੁਤ ਪੁੱਛਗਿੱਛ ਸੀ। ਭੀਮ ਰਾਓ ਅੰਬੇਡਕਰ ਦੇ ਪਿਤਾ ਫੌਜ ‘ਚ ਸੂਬੇਦਾਰ ਦੀ ਨੌਕਰੀ ਕਰਦੇ ਸਨ। ਉਹ ਧਾਰਮਿਕ ਵਿਚਾਰਾਂ ਵਾਲੇ, ਮਿਹਨਤੀ ਅਤੇ ਵਿਸ਼ਾਲ ਵਿਚਾਰਾਂ ਦੇ ਮਾਲਕ ਸਨ। ਸਮਾਜ ਸੁਧਾਰ ਦੇ ਕੰਮਾਂ ਵਿਚ ਉਨ੍ਹਾਂ ਦੀ ਪੂਰੀ ਲਗਨ ਸੀ। ਰਾਮ ਜੀ ਸਕਪਾਲ ਸਾਹਿਬ ਜੀ, ਸਤਿਗੁਰੂ ਕਬੀਰ ਸਾਹਿਬ ਦੀ ਸੋਚ ਦੇ ਪੈਰੋਕਾਰ ਸਨ। ਆਪ ਸਤਿਗੁਰੂ ਕਬੀਰ ਸਾਹਿਬ ਦੇ ਪੰਥ ਨੂੰ ਮੰਨਦੇ ਸਨ। ਆਪ ਨੇ ਮਹਾਤਮਾ ਜੋਤੀਬਾ ਫੂਲੇ ਦੇ ਸਕੂਲ ਵਿਚੋਂ ਵਿੱਦਿਆ ਪ੍ਰਾਪਤ ਕੀਤੀ ਸੀ ਅਤੇ ਪੜ੍ਹ ਕੇ ਅੰਗਰੇਜ਼ੀ ਫੌਜ ‘ਚ ਭਰਤੀ ਹੋ ਗਏ। ਭਾਵੇਂ ਉਹ ਫੌਜ ‘ਚ ਇਕ ਸਿਪਾਹੀ ਭਰਤੀ ਹੋਏ ਸਨ ਅਤੇ ਤਰੱਕੀ ਕਰਦੇ-ਕਰਦੇ ਸੂਬੇਦਾਰ ਮੇਜਰ ਦੇ ਅਹੁਦੇ ਤੱਕ ਪਹੁੰਚ ਗਏ ਸਨ। ਭੀਮ ਰਾਓ ਅੰਬੇਡਕਰ ਜੀ ਦੀ ਮਾਤਾ ਭੀਮਾ ਬਾਈ ਬਹੁਤ ਨੇਕ ਤੇ ਸਮਝਦਾਰ ਔਰਤ ਸੀ। ਡਾ. ਅੰਬੇਡਕਰ ਜੀ ਦਾ ਪੂਰਾ ਨਾਮ ਭੀਮ ਰਾਓ ਅੰਬੇਡਕਰ ਅਤੇ ਉਹ ਆਪਣੇ ਮਾਤਾ-ਪਿਤਾ ਦੀ ਚੌਦਵੀਂ ਸੰਤਾਨ ਸੀ। ਆਪ ਦੇ ਮਾਤਾ-ਪਿਤਾ ਨੂੰ ਕੀ ਪਤਾ ਸੀ ਕਿ ਉਨ੍ਹਾਂ ਦੇ ਚੌਹਦਵਾਂ ਤੇ ਸਭ ਤੋਂ ਛੋਟਾ ਪੁੱਤਰ ਇਕ ਦਿਨ ‘ਚੌਦਵੀਂ ਦਾ ਚੰਨ’ ਬਣ ਕੇ ਚਮਕੇਗਾ। ਚੰਨ ਜੋ ਆਪਣੇ ਲਈ ਨਹੀਂ, ਆਪਣੇ ਪਰਿਵਾਰ ਲਈ ਨਹੀਂ ਆਪਣੀ ਜਾਤੀ ਦੇ ਲਈ ਨਹੀਂ, ਸਗੋਂ ਬਹੁਜਨ ਸਮਾਜ ਲਈ, ਭਾਰਤ ਦੀ ਔਰਤ ਲਈ, ਸਾਰੇ ਦੇਸ਼ ਲਈ, ਫਿਰ ਸਾਰੇ ਸੰਸਾਰ ਲਈ ਸੇਧ ਬਣ ਜਾਵੇਗਾ।
ਨਿੱਕਾ ਭੀਮ ਬਚਪਨ ਵਿਚ ਬਹੁਤ ਸ਼ਰਾਰਤੀ ਸੀ। ਖੇਡਣਾ-ਕੁੱਦਣਾ, ਪਿੰਡ ਦੇ ਲੜਕਿਆਂ ਨੂੰ ਕੁੱਟਣਾ ਮਾਰਨਾ ਉਸ ਦਾ ਸੁਭਾਅ ਸੀ। ਰਾਮ ਜੀ ਸਕਪਾਲ ਭੀਮ ਨੂੰ ਝਿੜਕ ਜ਼ਰੂਰ ਦਿੰਦੇ ਪਰ ਕੁੱਟਦੇ-ਮਾਰਦੇ ਨਹੀਂ ਸਨ। ਭੀਮ ਦੀ ਸਿਹਤ ਚੰਗੀ ਸੀ।
ਪੰਜ ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਸਿਤਾਰਾ ਵਿਖੇ ਕੈਂਪ ਸਕੂਲ ਵਿਚ ਵੱਡੇ ਭਰਾ ਆਨੰਦ ਰਾਓ ਨਾਲ ਪੜ੍ਹਨਾ ਪਾ ਦਿੱਤਾ। ਭੀਮ ਦੀ ਉਮਰ ਅਜੇ 6 ਸਾਲ ਦੀ ਸੀ, ਉਨ੍ਹਾਂ ਦੀ ਪਿਆਰੀ ਮਾਂ ਭੀਮਾ ਬਾਈ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ। ਭੀਮਾ ਬਾਈ ਦੀ ਸਮਾਧ ਸਿਤਾਰਾ ਵਿਖੇ ਬਣੀ ਹੋਈ ਹੈ। ਉਨ੍ਹਾਂ ਦੀ ਸਮਾਧ ਰਾਮ ਜੀ ਸਕਪਾਲ ਜੀ ਨੇ ਬਣਵਾਈ ਸੀ। ਇੰਨੀ ਛੋਟੀ ਉਮਰ ’ਚ ਪਿਆਰੀ ਮਾਂ ਦੀ ਠੰਢੀ ਛਾਂ ਵਾਂਝੇ ਤੋਂ ਵਾਂਝੇ ਹੋ ਜਾਣਾ ਬਹੁਤ ਦੁੱਖ ਦੀ ਗੱਲ ਸੀ, ਜਿਸ ਨੇ ਭੀਮ ਨੂੰ ਉਦਾਸ ਕਰ ਦਿੱਤਾ। ਉਹ ਬੱਸ ਆਪਣੀ ਮਾਂ ਨੂੰ ਯਾਦ ਕਰਕੇ ਰੋਂਦੇ ਰਹਿੰਦੇ ਤੇ ਸਕੂਲ ਤੋਂ ਮਨ ਉਚਾਟ ਹੋ ਗਿਆ। ਭੀਮ ਕਈ ਦਿਨਾਂ ਤੱਕ ਉਦਾਸ ਰਹੇ ਅਤੇ ਆਪਣੀ ਮਾਂ ਦੀ ਯਾਦ ਆਉਣ ਤੇ ਰੋਂਦੇ ਰਹਿੰਦੇ ਸਨ। ਅਛੂਤ ਹੋਣ ਕਰਕੇ ਸਕੂਲ ਵਿਚ ਭੀਮ ਨੂੰ ਬਾਕੀ ਵਿਦਿਆਰਥੀਆਂ ਤੋਂ ਵੱਖ ਬੈਠਣਾ ਪੈਂਦਾ ਸੀ। ਆਮ ਪਿਆਓ ਤੋਂ ਖੁਦ ਪਾਣੀ ਪੀਣ ’ਤੇ ਭੀਮ ਨੂੰ ਇਕ ਵਾਰ ਮਾਰ ਵੀ ਪਈ ਸੀ। ਭੀਮ ਨੂੰ ਬਚਪਨ ‘ਚ ਹੀ ਥਾਂ-ਥਾਂ ‘ਤੇ ਅਪਮਾਨਤ ਹੋਣਾ ਪਿਆ। ਪਰ ਇਸ ਦੇ ਬਾਵਜੂਦ ਵੀ ਭੀਮ ਵੱਖਰੀ ਕਿਸਮ ਦੇ ਮਿਹਨਤੀ ਸੁਭਾਅ ਅਤੇ ਸਿਰੜੀ ਮਨੁੱਖ ਸੀ। ਭੀਮ ਨੇ ਇਕ ਦਿਨ ਮਨ ਬਣਾ ਲਿਆ ਕਿ ਵਰਖਾ ਵਿਚ ਭਿੱਜਦੇ ਹੋਏ ਹੀ ਸਕੂਲ ਜਾਣਗੇ। ਵਰਖਾ ਬਹੁਤ ਹੋ ਰਹੀ ਸੀ। ਭੀਮ ਨੇ ਬਸਤਾ ਆਪਣੇ ਭਰਾ ਆਨੰਦ ਰਾਓ ਨੂੰ ਫੜਾ ਦਿੱਤਾ। ਆਪ ਭਿੱਜਦੇ-ਭਿੱਜਦੇ ਹੀ ਸਕੂਲ ਗਏ। ਮੁਸੀਬਤਾਂ ਔਕੜਾਂ ਮੁੱਲ ਲੈਣ ਦੀ ਇਹ ਆਦਤ ਹੀ ਸ਼ਾਇਦ ਉਨ੍ਹਾਂ ਨੂੰ ਮਹਾਨਤਾ ਵੱਲ ਲੈ ਗਈ।
ਇਕ ਵਾਰ ਬ੍ਰਾਹਮਣ ਟੀਚਰ ਨੇ ਭੀਮ ਨੂੰ ਚਿੜ੍ਹਾ ਕਿ ਪੁੱਛਿਆ, “ਤੂੰ ਤਾਂ ਜਾਤ ਤੋਂ ਮਹਾਰ ਹੈ ਤੂੰ ਪੜ੍ਹ-ਲਿਖ ਕੇ ਕੀ ਕਰੇਗਾ।” ਭੀਮ ਰਾਓ ਆਪਣੀ ਬੇਇੱਜ਼ਤੀ ਨੂੰ ਸਹਿਣ ਨਾ ਕਰ ਸਕਿਆ, ਉਸ ਨੇ ਟੀਚਰ ਨੂੰ ਮੂੰਹ ਤੋੜਵਾਂ ਉੱਤਰ ਦਿੱਤਾ, “ਪੜ੍ਹ-ਲਿਖ ਕੇ ਮੈਂ ਕੀ ਬਣਨਾ ਹੈ, ਇਹ ਜਾਣਨਾ ਤੁਹਾਡਾ ਕੰਮ ਨਹੀਂ, ਫਿਰ ਆਪ ਨੇ ਮੇਰੀ ਜਾਤ ਦਾ ਜ਼ਿਕਰ ਕਰਕੇ ਮੈਨੂੰ ਚਿੜਾਇਆ ਤਾਂ ਇਸ ਦਾ ਨਤੀਜਾ ਠੀਕ ਨਹੀਂ ਹੋਵੇਗਾ।”
ਸੂਬੇਦਾਰ ਰਾਮ ਜੀ ਸਕਪਾਲ ਨੌਕਰੀ ਕਾਰਨ ਗੋਰੇਗਾਂਵ ਰਹਿੰਦੇ ਸਨ। ਇਕ ਵਾਰ ਭੀਮ ਰਾਓ ਜੀ ਆਪਣੇ ਵੱਡੇ ਭਰਾ ਆਨੰਦ ਰਾਓ ਨਾਲ ਸਿਤਾਰਾ ਤੋਂ ਗੋਰੇਗਾਂਵ ਆਪਣੇ ਪਿਤਾ ਜੀ ਨੂੰ ਮਿਲਣ ਲਈ ਮੈਸੂਰ ਰੇਲਵੇ ਸਟੇਸ਼ਨ ‘ਤੇ ਗੱਡੀ ‘ਚੋਂ ਉਤਰ ਕੇ ਗੋਰੇਗਾਂਵ ਕਸਬੇ ਲਈ ਬੈਲ ਗੱਡੀ ਵਿਚ ਜਾਣ ਲਈ ਤਿਆਰ ਹੋਏ ਤਾਂ ਸਭ ਗੱਡੀ ਵਾਲਿਆਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਅਛੂਤ ਸਨ ਅਤੇ ਬੈਲ ਗੱਡੀ ਭਿੱਟ ਜਾਣ ਦਾ ਖ਼ਤਰਾ ਸੀ। ਅੰਤ ‘ਚ ਇਕ ਗੱਡੀ ਵਾਲਾ ਦੁੱਗਣੇ ਕਿਰਾਏ ਅਤੇ ਇਸ ਸ਼ਰਤ ਤੇ ਮੰਨਿਆ ਕਿ ਉਹ ਆਪ ਪੈਦਲ ਚੱਲੇਗਾ ਅਤੇ ਬੱਚਿਆਂ ਵਿੱਚੋਂ ਕਿਸੇ ਨੂੰ ਆਪ ਗੱਡੀ ਚਲਾਉਣੀ ਪਵੇਗੀ। ਭੀਮ ਰਾਓ ਦੇ ਭਰਾ ਆਨੰਦ ਰਾਓ ਨੇ ਆਪ ਗੱਡੀ ਚਲਾਈ। ਰਾਹ ਵਿਚ ਉਨ੍ਹਾਂ ਨੂੰ ਕਿਸੇ ਨੇ ਪਾਣੀ ਪੀਣ ਲਈ ਨਹੀਂ ਦਿੱਤਾ ਕਿਉਂਕਿ ਉਹ ਅਛੂਤ ਸਨ। ਉਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਅਛੂਤ ਹੋਣਾ ਕਿੱਡੀ ਲਾਹਨਤ ਹੈ, ਉਨ੍ਹਾਂ ਦਾ ਮਨ ਹਿੰਦੂ ਜਾਤੀਵਾਦੀ ਲੋਕਾਂ ਪ੍ਰਤੀ ਨਫ਼ਰਤ ਨਾਲ ਭਰ ਗਿਆ।
ਪ੍ਰਾਇਮਰੀ ਸਿੱਖਿਆ ਪਾਸ ਕਰਨ ਤੋਂ ਬਾਅਦ ਉਨ੍ਹਾਂ ਨੂੰ ਮਰਾਠਾ ਹਾਈ ਸਕੂਲ ਵਿਚ ਦਾਖਲ ਕਰਵਾਇਆ ਗਿਆ। ਹੁਣ ਉਨ੍ਹਾਂ ਦਾ ਮਨ ਸਕੂਲ ਦੀ ਪੜ੍ਹਾਈ ਵਿਚ ਲੱਗਣ ਲੱਗ ਪਿਆ ਸੀ । ਉਹ ਸਕੂਲ ਦੀ ਪੜ੍ਹਾਈ ਤੋਂ ਬਿਨਾਂ ਹੋਰ ਪੁਸਤਕਾਂ ਵੀ ਪੜ੍ਹਨ ਲੱਗ ਪਏ। ਉਨ੍ਹਾਂ ਦੇ ਇਸ ਸ਼ੌਕ ਨੇ ਉਨ੍ਹਾਂ ਨੂੰ ਮਹਾਨ ਵਿਦਵਾਨਾਂ ਦੀ ਲਾਈਨ ‘ਚ ਖੜ੍ਹਾ ਕਰ ਦਿੱਤਾ। ਔਕੜਾਂ ਤੇ ਨਫ਼ਰਤ ਦਾ ਮੁਕਾਬਲਾ ਕਰਦੇ ਹੋਏ ਅਖੀਰ ਉਨ੍ਹਾਂ ਨੇ 1907 ਵਿਚ ਮੈਟ੍ਰਿਕ ਪਾਸ ਕਰ ਲਈ । ਦਸਵੀਂ ਪਾਸ ਕਰਨ ਤੇ ਭੀਮ ਨੂੰ 750 ਅੰਕਾਂ ‘ਚੋਂ 282 ਅੰਕ ਮਿਲੇ ਸਨ ਜੋ ਲਗਭਗ 38% ਸਨ । ਇਹ ਕਿਸੇ ਅਛੂਤ ਵਾਸਤੇ ਦਸਵੀਂ ਪਾਸ ਕਰ ਜਾਣਾ ਆਮ ਗੱਲ ਨਹੀਂ ਸੀ। ਬੰਬਈ ਦੇ ਅਛੂਤਾਂ ਨੇ ਭੀਮ ਰਾਓ ਦਾ ਹੌਸਲਾ ਵਧਾਉਣ
ਲਈ ਇਕ ਸਭਾ ਬੁਲਾ ਕੇ ਵਧਾਈ ਦਿੱਤੀ ਅਤੇ ਉੱਚ ਸਿੱਖਿਆ ਲਈ ਹੌਸਲਾ ਵਧਾਇਆ। 17 ਸਾਲ ਦੀ ਉਮਰ ਵਿਚ ਆਪ ਦੀ ਸ਼ਾਦੀ ਰਾਮਾ ਬਾਈ ਨਾਲ ਹੋਈ, ਜੋ ਉਸ ਵਕਤ ਸਿਰਫ਼ 9 ਸਾਲ ਦੀ ਸੀ। ਉਸ ਸਮੇਂ ਘੱਟ ਉਮਰ ’ਚ ਵਿਆਹ ਕਰਨ ਦਾ ਰਿਵਾਜ਼ ਸੀ। ਮਹਾਰਾਜਾ ਬੜੌਦਾ ਸਿਆ ਜੀ ਰਾਓ ਗਾਇਕਵਾੜ ਨੇ ਅਛੂਤ ਵਿਦਿਆਰਥੀਆਂ ਦੀ ਉੱਚ ਸਿੱਖਿਆ ਦੀ ਪ੍ਰਾਪਤੀ ਲਈ 25 ਰੁਪਏ ਵਜੀਫ਼ੇ ਦੀ ਘੋਸ਼ਣਾ ਕੀਤੀ। ਉਨ੍ਹੀਂ ਦਿਨੀਂ ਭੀਮ ਰਾਓ ਅੰਬੇਡਕਰ ਜੀ ਐਲਫਿੰਨਸਨ ਕਾਲਜ ਵਿਚ ਪੜ੍ਹ ਰਹੇ ਸਨ। ਲਗਾਤਾਰ ਸਖ਼ਤ ਮਿਹਨਤ ਕਰਦੇ ਅਤੇ ਮਹਾਰਾਜਾ ਵੱਲੋਂ ਵਜੀਫ਼ਾ ਮਿਲਣ ਕਾਰਨ 1912 ਵਿਚ ਉਨ੍ਹਾਂ ਨੇ ਬੀ.ਏ. ਪਾਸ ਕਰ ਲਈ। 1913 ’ਚ ਬੜੋਦਾ ਸਟੇਟ ਫੋਰਸ ਵਿਚ ‘ਲੈਫਟੀਨੈਂਟ’ ਭਰਤੀ ਹੋ ਗਏ। 1913 ਵਿਚ ਕੋਈ ਪੰਦਰਾਂ ਦਿਨ ਭੀਮ ਰਾਓ ਨੇ ਬੜੌਦਾ ਸਰਕਾਰ ਦੀ ਨੌਕਰੀ ਕੀਤੀ ਸੀ ਕਿ ਉਸ ਨੂੰ ਇਕ ਡਾਕ ਤਾਰ ਮਿਲੀ ਜਿਸ ‘ਚ ਲਿਖਿਆ ਸੀ ਕਿ ਉਸ ਦਾ ਪਿਤਾ ਬੰਬਈ ਵਿਚ ਸਖ਼ਤ ਬੀਮਾਰ ਹੈ। ਆਪ ਪਿਤਾ ਦੀ ਸਿਹਤ ਸੰਭਾਲ ਲਈ ਤੁਰੰਤ ਬੜੌਦਾ ਤੋਂ ਬੰਬਈ ਲਈ ਚਲ ਪਏ। 1913 ਦੀ ਗੱਲ ਹੈ, ਭੀਮ ਰਾਓ ਦੇ ਪਿਤਾ ਸੂਬੇਦਾਰ ਰਾਮ ਜੀ ਸਕਪਾਲ ਮਾਲੋ ਜੀ ਸਕਪਾਲ ਇਸ ਦੁਨੀਆਂ ਤੋਂ ਚਲੇ ਗਏ। ਹੁਣ ਭੀਮ ਰਾਓ ਤੇ ਸਾਰੇ ਪਰਿਵਾਰ ਦੀਆਂ ਜਿੰਮੇਵਾਰੀਆਂ ਆ ਪਈਆਂ। ਜੂਨ 1913 ਵਿਚ ਉਸ ਨੂੰ ਕੁਦਰਤ ਨੇ ਇੱਕ ਹੋਰ ਮੌਕਾ ਦਿੱਤਾ। ਪਿਤਾ ਦੀ ਮੌਤ ਦੇ ਕਾਰਨ ਸਰਕਾਰੀ ਨੌਕਰੀ ਛੱਡਣੀ ਪਈ । ਬੜੌਦਾ ਸਟੇਟ ਦੇ ਮਹਾਰਾਜੇ ਨੇ ਭੀਮ ਰਾਓ ਅੰਬੇਡਕਰ ਦੀ ਪੜ੍ਹਾਈ ਦਾ ਸਾਰਾ ਖਰਚਾ ਆਪਣੇ ਸਿਰ ਲੈ ਕੇ ਜੁਲਾਈ 1913 ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਅਮਰੀਕਾ ਭੇਜ ਦਿੱਤਾ । ਉੱਥੇ ਉਨ੍ਹਾਂ ਨੂੰ ਪੜ੍ਹਨ ਵਿਚ ਕੋਈ ਦਿੱਕਤ ਨਹੀਂ ਆ ਰਹੀ ਸੀ। 18-18 ਘੰਟੇ ਪੜ੍ਹਦੇ ਇਕ ਕੱਪ ਚਾਹ ਨਾਲ ਆਪਣਾ ਵਕਤ ਟਪਾ ਲੈਂਦੇ । ਮਹਾਰਾਜਾ ਬੜੋਦਾ ਵੱਲੋਂ ਮਿਲਦੇ ਵਜੀਫੇ ਵਿਚੋਂ ਪੈਸਾ ਬਚਾ ਕੇ ਘਰ ਦੇ ਖਰਚੇ ਲਈ ਭੇਜਦੇ। 1915 ਵਿਚ ਕੋਲੰਬੀਆ ਯੂਨੀਵਰਸਿਟੀ ਤੋਂ ਆਪ ਨੇ ਐਮ.ਏ. ਪਾਸ ਕੀਤੀ। ਅਮਰੀਕਾ ਦੇ ਆਜ਼ਾਦ ਖੁਸ਼ਹਾਲ ਵਾਤਾਵਰਣ ਨੂੰ ਦੇਖ ਕੇ ਭੀਮ ਰਾਓ ਦਾ ਮਨ ਤੰਗੀਆਂ ਸਹਿੰਦੇ ਗੁਲਾਮੀਆਂ ਕਰਦੇ ਆਪਣੇ ਅਛੂਤ ਭਰਾਵਾਂ ਲਈ ਤੜਫ਼ ਉੱਠਿਆ। ਸਿਰਫ਼ 23 ਸਾਲ ਦੀ ਉਮਰ ਵਿਚ ਆਪ ਨੇ ਕਰਮ ਸਿਧਾਂਤ ਵਰਗੇ ਭੈੜੇ ਸਿਧਾਂਤ ਦੀ ਬਹੁਤ ਆਲੋਚਨਾ ਕੀਤੀ।
ਮਹਾੜ ਚੋਬਦਾਰ ਤਲਾਬ ਦਾ ਸ਼ੁੱਧੀਕਰਨ
ਮਹਾੜ ਚੋਬਦਾਰ ਤਲਾਬ ਦੇ ਸ਼ੁੱਧੀਕਰਨ ਦੀ ਖ਼ਬਰ ਨੇ ਅਛੂਤਾਂ ਦੇ ਮਨਾਂ ਵਿਚ ਰੋਸ ਪੈਦਾ ਕਰ ਦਿੱਤਾ। ਡਾਕਟਰ ਅੰਬੇਡਕਰ ਦੇ ਦਿਲ ‘ਤੇ ਤੀਰ ਲੱਗਿਆ ਅਤੇ ਉਨ੍ਹਾਂ ਨੇ ਬਾਗੀ ਹੋ ਕੇ ਸੱਤਿਆਗ੍ਰਹਿ ਕਰਨ ਦਾ ਫੈਸਲਾ ਕੀਤਾ ਤਾਂ ਜੋ ਉਸ ਦੇ ਸਮਾਜ ਨੂੰ ਨਿਆਂ ਮਿਲ ਸਕੇ। ਇਸ ਸਮੇਂ ਦੌਰਾਨ ਮਹਾੜ ਮਿਊਂਸੀਪਲ ਕਮੇਟੀ ਨੇ 4 ਅਗਸਤ 1927 ਨੂੰ ਆਪਣਾ 1924 ਵਾਲਾ ਮਤਾ ਵਾਪਸ ਲੈ ਲਿਆ ਜਿਸ ਅਨੁਸਾਰ ਮਹਾੜ ਤਲਾਬ ਨੂੰ ਦਲਿਤਾਂ ਲਈ ਪਾਣੀ ਲੈਣ ਲਈ ਖੋਲ੍ਹ ਦਿੱਤਾ ਸੀ। ਡਾਕਟਰ ਅੰਬੇਡਕਰ ਨੇ ਇਸ ਚੈਲੰਜ ਨੂੰ ਸਵੀਕਾਰ ਕੀਤਾ ਅਤੇ 11 ਸਤੰਬਰ ਨੂੰ ਦਮੋਦਰ ਹਾਲ ਬੰਬਈ ਵਿਖੇ ਇਕ ਮੀਟਿੰਗ ਵਿਚ ਮਹਾੜ ਤਲਾਬ ਦੇ ਮਸਲੇ ਨੂੰ ਹੱਲ ਕਰਨ ਲਈ ਇਕ ਕਮੇਟੀ ਬਣਾਈ ਗਈ। ਇਸ • ਕਮੇਟੀ ਨੇ 25-26 ਦਸੰਬਰ 1927 ਦੇ ਦਿਨ ਸੱਤਿਆਗ੍ਰਹਿ ਕਰਨ ਲਈ ਰੱਖਿਆ। ਮਹਾੜ ਦੇ ਸੱਤਿਆਗ੍ਰਹਿ ਅਤੇ ਕਾਨਫਰੰਸ ਦੇ ਦਿਨ ਨਜ਼ਦੀਕ ਆ ਰਹੇ ਸਨ। ਮਹਾੜ ਵਿਚ ਇਕ ਵਾਰ ਦੋਵਾਂ ਧਿਰਾਂ ‘ਚ ਹਿਲਜੁਲ ਸ਼ੁਰੂ ਹੋ ਗਈ। ਨਵੰਬਰ 1927 ਨੂੰ ਅਛੂਤ ਅੰਦੋਲਨ ਵਿਰੋਧੀਆਂ ਦੀ ਇਕ ਮੀਟਿੰਗ ਜੋ ਕਿ ਵੀਰੇਸ਼ਵਰ ਮੰਦਰ ਵਿਚ ਹੋਈ ਸੀ ਅਤੇ ਇਥੇ ਮਤਾ ਪਾਸ ਕੀਤਾ ਗਿਆ ਕਿ ਡਾਕਟਰ ਅੰਬੇਡਕਰ ਅਤੇ ਉਸ ਦੇ ਸਹਿਯੋਗੀਆਂ ਨੂੰ ਨਾ ਤਾਂ ਮੰਦਰ ਅੰਦਰ ਵੜਨ ਦਿੱਤਾ ਜਾਵੇ ਨਾ ਹੀ ਮਹਾੜ ਤਲਾਬ ਵਿਚੋਂ ਪਾਣੀ ਲੈਣ ਦਿੱਤਾ ਜਾਵੇ। ਇਸ ਮੀਟਿੰਗ ਵਿਚ ਕੋਈ ਪੱਕੇ ਫੈਸਲੇ ਨਹੀਂ ਹੋ ਸਕੇ ਤੇ ਮੀਟਿੰਗ ਰੌਲੇ ਰੱਪੇ ਵਿਚ ਖ਼ਤਮ ਹੋ ਗਈ। 7 ਦਸੰਬਰ ਨੂੰ ਜ਼ਿਲ੍ਹਾ ਮੈਜਿਸਟਰੇਟ ਨੇ ਮਹਾੜ ਦਾ ਦੌਰਾ ਕੀਤਾ। ਦੋਹਾਂ ਧਿਰਾਂ ਦੇ ਨੇਤਾਵਾਂ ਨੇ ਉਸ ਨਾਲ ਆਪਣੀ-ਆਪਣੀ ਗੱਲਬਾਤ ਕੀਤੀ। ਉਸ ਨੇ ਸਵਰਨ ਹਿੰਦੂਆਂ ਨੂੰ ਕਿਹਾ ਕਿ ਉਹ ਕਾਨੂੰਨ ਅਨੁਸਾਰ ਚੱਲਣ ਅਤੇ ਨਾਲ ਹੀ ਉਸ ਨੇ ਦਲਿਤਾਂ ਵੱਲੋਂ ਮਹਾੜ ਤਲਾਬ ਵਿਚੋਂ ਪਾਣੀ ਲੈਣ ਵਿਰੁੱਧ ਕੋਈ ਹੁਕਮ ਜਾਰੀ ਕਰਨ ਤੋਂ ਮਨ੍ਹਾਂ ਕਰ ਦਿੱਤਾ। ਰੂੜੀਵਾਦੀ ਵਰਗ ਦੇ ਨੇਤਾਵਾਂ ਨੇ ਡਾਕਟਰ ਅੰਬੇਡਕਰ ਵਿਰੁੱਧ ਇਕ ਕੇਸ ਦਰਜ ਕਰਵਾਇਆ ਜਿਸ ਵਿਚ ਸ਼ਿਵਤਾਰਕਰ, ਕ੍ਰਿਸ਼ਨ ਜੀ.ਐਸ. ਕਦਮ, ਗੁਣੀਆ ਮਾਲੂ ਚੰਬਾਰ ਜੋ ਮਹਾੜ ਦਾ ਅਤੇ ਹੋਰ ਅਛੂਤ ਆਗੂਆਂ ਦੇ ਨਾਮ ਸ਼ਾਮਲ ਸਨ। ਇਹ ਕੇਸ ਮਹਾੜ ਦੀ ਸਿਵਲ ਕੋਰਟ ਵਿਚ. 12 ਦਸੰਬਰ 1927 ਨੂੰ ਰਜਿਸਟਰਡ ਹੋਇਆ ਜਿਸ ਵਿਚ ਅਸਥਾਈ ਆਰਡਰ ਜਾਰੀ ਕਰਨ ਦੀ ਬੇਨਤੀ ਕੀਤੀ ਗਈ ਸੀ। 14 ਦਸੰਬਰ ਨੂੰ ਅਦਾਲਤ ਵੱਲੋਂ ਕੇਸ ਦੇ ਫੈਸਲੇ ਤੱਕ ਅਸਥਾਈ ਆਰਡਰ ਜਾਰੀ ਕਰ ਦਿੱਤੇ ਗਏ। ਹੁਣ ਡਾਕਟਰ ਅੰਬੇਡਕਰ ਅਤੇ ਹੋਰ ਸਾਰੇ ਦਲਿਤ ਆਗੂਆਂ ਜਾਂ ਪੈਰੋਕਾਰਾਂ ਨੂੰ ਮਹਾੜ ਤਲਾਬ ‘ਤੇ ਜਾਣ ਜਾਂ ਪਾਣੀ ਲੈਣ ਦੀ ਪਾਬੰਦੀ ਲਗਾ ਦਿੱਤੀ। ਮਹਾੜ ਤਲਾਬ ਦੇ ਚਾਰੇ ਪਾਸੇ ਪੁਲਿਸ ਬਿਠਾ ਦਿੱਤੀ ਗਈ। ਇਕ ਦਸੰਬਰ ਤੋਂ ਮਹਾੜ ਵਿਚ ਡੈਲੀਗੇਟ ਅਤੇ ਦਰਸ਼ਕ ਆਉਣੇ ਸ਼ੁਰੂ ਹੋ ਗਏ। ਜ਼ਿਲ੍ਹਾ ਮੈਜਿਸਟਰੇਟ ਉਨ੍ਹਾਂ ਦੇ ਕੈਂਪ ਵਿਚ ਹਰ ਰੋਜ਼ ਜਾਂਦਾ ਅਤੇ ਸੱਤਿਆਗ੍ਰਹਿ ਨਾ ਕਰਨ ਲਈ ਬੋਲਦਾ।
24 ਦਸੰਬਰ ਦੀ ਸਵੇਰ ਨੂੰ ਡਾਕਟਰ ਅੰਬੇਡਕਰ ਆਪਣੇ 200 ਸਾਥੀਆਂ ਅਤੇ ਆਗੂਆਂ ਨਾਲ ਬੰਬਈ ਤੋਂ ਚਲ ਪਿਆ। ਅਗਲੇ ਦਿਨ ਮਹਾੜ ਪੁੱਜਿਆ। ਇਥੇ ਪੁਲਿਸ ਕਪਤਾਨ ਨੇ ਇਕ ਪੱਤਰ ਡਾਕਟਰ ਅੰਬੇਡਕਰ ਨੂੰ ਦਿੱਤਾ ਜਿਸ ‘ਚ ਕਿਹਾ ਗਿਆ ਸੀ ਕਿ ਉਹ ਮਹਾੜ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਉਸ ਦੇ ਦਫ਼ਤਰ ਵਿਚ ਜਲਦੀ ਮਿਲਣ। ਜ਼ਿਲ੍ਹਾ ਮੈਜਿਸਟਰੇਟ ਨੇ ਇਸ ਅੰਦੋਲਨ ਨੂੰ ਅੱਗੇ ਪਾਉਣ ਲਈ ਕਿਹਾ ਅਤੇ ਜ਼ੋਰ ਪਾਇਆ ਪਰ ਡਾਕਟਰ ਅੰਬੇਡਕਰ ਨੇ ਉਸ ਦੀ ਗੱਲ ਲਈ ਹੁੰਗਾਰਾ ਨਾ ਭਰਿਆ ਤਾਂ ਵੀ ਇਸ ਗੱਲ ਦਾ ਫੈਸਲਾ ਹੋਇਆ ਕਿ ਕਾਨਫਰੰਸ ਨੂੰ ਸੰਬੋਧਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਦਾਸਗਾਉ ਤੋਂ ਜਲੂਸ ਚਲ ਪਿਆ ਨਾਲ ਪੁਲਿਸ ਸੀ ਅਤੇ ਇਹ ਦੁਪਹਿਰ ਢਾਈ ਵਜੇ ਮਹਾੜ ਪੁੱਜ ਗਿਆ। ਮੈਜਿਸਟਰੇਟ ਨੂੰ ਮਿਲਣ ਤੋਂ ਬਾਅਦ ਡਾਕਟਰ ਅੰਬੇਡਕਰ ਕਾਹਲੀ ਨਾਲ ਪੰਡਾਲ ਵੱਲ ਆਇਆ। ਕਾਨਫਰੰਸ ਸਾਢੇ ਚਾਰ ਵਜੇ ਸ਼ੁਰੂ ਹੋਈ। ਡਾਕਟਰ ਅੰਬੇਡਕਰ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ। “ਉਨ੍ਹਾਂ ਨੇ ਕਿਹਾ ਕਿ ਵਿਰੋਧੀਆਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਅਸੀਂ ਮਹਾੜ ਦੇ ਚੋਬਦਾਰ ਦਾ ਪਾਣੀ ਪੀਤੇ ਬਿਨਾਂ ਮਰ ਨਹੀਂ ਚੱਲੇ।” ਅਸੀਂ ਤੇ ਉੱਥੇ ਤੱਕ ਇਸ ਕਰਕੇ ਜਾਣਾਂ ਚਾਹੁੰਦੇ ਹਾਂ ਕਿ ਅਸੀਂ ਵੀ ਇਨਸਾਨ ਹਾਂ। ਸਭ ਬੁਲਾਰਿਆਂ ‘ਮਨੂੰਸਿਮਰਤੀ’ ਨੂੰ ਨਿੰਦਿਆ।
ਮਨੂੰਸਤੀ ਅਗਨ-ਭੇਟ
ਸ਼ਾਸ਼ਤਰਾਂ ਉੱਤੇ ਇਹ ਗੁੱਸੇ ਭਰਿਆ ਬਾਰ ਸੀ। ਉਸ ਰਾਤ ਨੂੰ ਨੌਂ ਵਜੇ ਪੰਡਾਲ ਦੇ ਟੋਏ ਵਿਚ ਬਣਾਈ ਮੜੀ ‘ਤੇ ਮਨੂੰਸਮਿਰਤੀ ਰੱਖ ਕੇ ਉਸ ਦਾ ਸੰਸਕਾਰ ਕੀਤਾ ਗਿਆ। ਦਲਿਤਾਂ ਵੱਲੋਂ ਮਨੂੰਸਮ੍ਰਿਤੀ ਨੂੰ ਅੱਗ ਲਗਾ ਫੂਕਿਆ ਗਿਆ। ਇਸ ਕਰਕੇ ਭਾਰਤ ਵਿਚ 25 ਦਸੰਬਰ 1927 ਦਾ ਦਿਨ ਯਾਦ ਰੱਖਣਯੋਗ ਹੈ ਕਿਉਂਕਿ ਇਸ ਦਿਨ ਡਾਕਟਰ ਅੰਬੇਡਕਰ ਨੇ ਮਨੂੰਸਤੀ ਨੂੰ ਜਲਾ ਕੇ ਇਕ ਨਵੀਂ ਸਿਮਰਤੀ (ਸੰਵਿਧਾਨ) ਦੀ ਮੰਗ ਕੀਤੀ ਤਾਂ ਕਿ ਸੰਵਿਧਾਨ ਦੇ ਅਨੁਸਾਰ ਦੇਸ਼ ਚੱਲੇ। ਰਾਤ ਦੇ ਸਮੇਂ ਆਗੂਆਂ ਦਾ ਇਕੱਠ ਹੋਇਆ। ਅਦਾਲਤ ਦੇ ਫੈਸਲੇ ਤੱਕ ਸੱਤਿਆਗ੍ਰਹਿ ਅੱਗੇ ਪਾਉਣ ਦਾ ਫੈਸਲਾ ਲਿਆ ਗਿਆ। ਇਸ ਫੈਸਲੇ ਦੀ ਜਾਣਕਾਰੀ ਜ਼ਿਲ੍ਹਾ ਮੈਜਿਸਟਰੇਟ ਨੂੰ ਦੇ ਦਿੱਤੀ ਗਈ। ਡਾਕਟਰ ਅੰਬੇਡਕਰ ਨੇ ਆਏ ਹੋਏ ਡੈਲੀਗੇਟਾਂ ਅਤੇ ਹਮਾਇਤੀਆਂ ਦਾ ਧੰਨਵਾਦ ਕੀਤਾ। ਡਾਕਟਰ ਅੰਬੇਡਕਰ ਜੀ ਨੇ ਆਪ ਹੇਠਲੀ ਅਦਾਲਤ ਵਿਚ ਕੋਈ ਤਿੰਨ ਸਾਲ ਕੇਸ ਲੜਿਆ।
ਕਾਲਾ ਰਾਮ ਮੰਦਰ ਨਾਸਿਕ ਸੱਤਿਆਗ੍ਰਹਿ
ਭਾਰਤ ਦੇ ਇਤਿਹਾਸ ਵਿਚ 1930 ਦਾ ਸਾਲ ਐਕਸ਼ਨ ਅਤੇ ਰੀਐਕਸ਼ਨ ਦਾ ਸਾਲ ਸੀ। ਇਸੇ ਵਰ੍ਹੇ ਹੀ 12 ਮਾਰਚ 1930 ਨੂੰ ਸ੍ਰੀ ਗਾਂਧੀ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਵੱਡਾ ਅੰਦੋਲਨ ਸ਼ੁਰੂ ਕੀਤਾ। ਸ੍ਰੀ ਗਾਂਧੀ ਦੇ ਡਾਂਡੀ ਮਾਰਚ ਤੋਂ 10 ਦਿਨ ਪਹਿਲਾਂ ਡਾਕਟਰ ਅੰਬੇਡਕਰ ਨੇ ਮੰਦਰ ਦਾਖ਼ਲੇ ਲਈ ਮੋਰਚਾ ਲਗਾ ਦਿੱਤਾ। ਮੰਦਰ ਦੇ ਚਾਰੇ ਗੇਟਾਂ ਉੱਤੇ ਅੰਦਰ ਜਾਣ ਲਈ ਅਛੂਤ ਮਰਦ-ਔਰਤਾਂ ਦੇ ਜੱਥੇ ਡਟ ਗਏ। ਵੱਡੀ ਗਿਣਤੀ ‘ਚ ਹਥਿਆਰਬੰਦ ਪੁਲੀਸ ਦੋਨਾਂ ਧਿਰਾਂ ਵਿਚਾਲੇ ਪੁਜੀਸ਼ਨ ਲਈ ਖੜ੍ਹੀ ਸੀ। ਮੰਦਰ ਬੰਦ ਕਰ ਦਿੱਤਾ ਗਿਆ ਅਤੇ ਉਨ੍ਹਾਂ ਅੱਗੇ ਹੋਰ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ ਗਈਆਂ। ਸੱਤਿਆਗ੍ਰਹਿ ਦਾ ਸੰਘਰਸ਼ ਕਈ ਮਹੀਨੇ ਚੱਲਦਾ ਰਿਹਾ। 9 ਅਪ੍ਰੈਲ 1930 ਰਾਮ ਮੂਰਤੀ ਦੀ ਰੱਥ ਯਾਤਰਾ ਚੱਲੀ । ਇਕ ਅਛੂਤ ਨੌਜਵਾਨ ਨੇ ਹੌਸਲਾ ਕਰਕੇ ਪੁਲਿਸ ਦਾ ਘੇਰਾ ਤੋੜਿਆ ਇਕ ਮਿੰਟ ਵਿਚ ਹੀ ਹਜ਼ਾਰਾਂ ਅਛੂਤਾਂ ਨੇ ਰੱਥ ਨੂੰ ਜਾ ਘੇਰਿਆ। ਕਦਰੇਕਰ ਸਖ਼ਤ ਜ਼ਖਮੀ ਹੋ ਕੇ ਡਿੱਗ ਪਿਆ, ਡਾਕਟਰ ਅੰਬੇਡਕਰ ਵੀ ਜਖ਼ਮੀ ਹੋ ਗਏ। ਰੋਸ ਵਜੋਂ ਸਵਰਨ ਹਿੰਦੂਆਂ ਨੇ ਅਛੂਤ ਵਿਦਿਆਰਥੀਆਂ ਨੂੰ ਸਕੂਲੋਂ ਬਾਹਰ ਕੱਢ ਦਿੱਤਾ। ਅਛੂਤਾਂ ਨੂੰ ਦੁਕਾਨਾਂ ਤੋਂ ਸਮਾਨ ਦੇਣਾ ਬੰਦ ਕਰ ਦਿੱਤਾ, ਸੜਕਾਂ ਤੇ ਚੱਲਣ ਤੋਂ ਰੋਕ ਦਿੱਤਾ। ਅਛੂਤਾਂ ਦਾ ਸਮਾਜਿਕ ਅਤੇ ਆਰਥਿਕ ਬਾਈਕਾਟ ਕਰ ਦਿੱਤਾ। ਇਨ੍ਹਾਂ ਦੁੱਖਾਂ ਦੇ ਹੁੰਦਿਆਂ ਨਾਸਿਕ ਵਿਚ ਸੰਘਰਸ਼ ਜਾਰੀ ਰਿਹਾ। ਦੋਨਾਂ ਧਿਰਾਂ ‘ਚ ਸਮਝੌਤਾ ਕਰਵਾਉਣ ਦੇ ਯਤਨ ਵੀ ਕੀਤੇ ਗਏ। ਪਰ ਦਲਿਤਾਂ ਨੇ ਸੰਘਰਸ਼ ਜਾਰੀ ਰੱਖਿਆ। ਹਿੰਦੂਆਂ ਨੂੰ ਮੰਦਰ ਸਾਲ ਭਰ ਲਈ ਬੰਦ ਰੱਖਣਾ ਪਿਆ ਅਤੇ ਇਹ ਅੰਦੋਲਨ ਅਕਤੂਬਰ 1935 ਦੇ ਆਖਰ ਤੱਕ ਜਾਰੀ ਰਿਹਾ।
ਰਾਮਾ ਬਾਈ ਦਾ ਦੇਹਾਂਤ
ਡਾਕਟਰ ਅੰਬੇਡਕਰ ਦੀ ਘਰ ਵਾਲੀ ਰਾਮਾ ਬਾਈ ਜੀ ਬੀਮਾਰ ਸੀ। ਡਾਕਟਰ ਅੰਬੇਡਕਰ ਪਿਛਲੇ 10 ਸਾਲਾਂ ਤੋਂ ਆਪਣੇ ਘਰ ਵੱਲ ਧਿਆਨ ਨਹੀਂ ਦੇ ਸਕੇ। ਘਰ ਵਿਚ ਉਹ ਖੁਸ਼ ਨਹੀਂ ਸੀ। ਉਸ ਦੇ ਤਿੰਨ ਪੁੱਤਰ ਤੇ ਇਕ ਧੀ ਮਰ ਚੁੱਕੇ ਸਨ। ਡਾਕਟਰ ਅੰਬੇਡਕਰ ਨੇ ਆਪਣੀ ਘਰ ਵਾਲੀ ਦਾ ਦੁੱਖ ਦੂਰ ਕਰਨ ਲਈ ਪੂਰੇ ਯਤਨ ਕੀਤੇ। ਰਾਮਾ ਬਾਈ ਬਹੁਤ ਹੀ ਅਮੀਰ ਚਾਲ ਚੱਲਣ ਵਾਲੀ ਅਤੇ ਨੇਕ ਔਰਤ ਸੀ। ਉਸ ਨੇ ਸਾਰੀ ਉਮਰ ਗਰੀਬੀ ’ਚ ਕੱਟੀ। ਰਾਮਾ ਬਾਈ ਨੇ ਜ਼ਿੰਦਗੀ ਭਰ ਆਪਣੇ ਪਤੀ ਦੀ ਸਿਹਤ ਅਤੇ ਸੁਰੱਖਿਆ ਦੀ ਚਿੰਤਾ ‘ਚ ਕੱਟੀ । ਉਹ ਆਪਣੇ ਪਤੀ ਦੀ ਸੇਵਾ ਕਰਦੀ ਕਦੇ ਨਹੀਂ ਥੱਕੀ। ਪਰ ਕਦੇ-ਕਦੇ ਮੀਟਿੰਗਾਂ ਕਾਨਫ਼ਰੰਸਾਂ ਕਰਾਉਣ ਵਾਲਿਆਂ ਨੂੰ ਕੋਸਦੀ ਸੀ। ਜਿਹੜੇ ਉਸਦੇ ਪਤੀ ਨੂੰ ਸਾਹ ਨਹੀਂ ਲੈਣ ਦਿੰਦੇ ਸਨ ਅਤੇ ਕਦੇ-ਕਦੇ ਇਹ ਮੀਟਿੰਗਾਂ, ਕਾਨਫਰੰਸਾਂ ਕਰਵਾਉਣ ਵਾਲੇ ਉਸ ਲਈ ਖਤਰਨਾਕ ਹਾਲਾਤ ਪੈਦਾ ਕਰ ਦਿੰਦੇ । ਡਾਕਟਰ ਅੰਬੇਡਕਰ ਵੀ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦੇ। ਆਪ ਪਿਆਰ ਨਾਲ ਉਨ੍ਹਾਂ ਨੂੰ ਰਾਮੋ ਆਖ ਕੇ ਬੁਲਾਉਂਦੇ ਸਨ । 27 ਮਈ 1935 ਨੂੰ ਰਾਮਾ ਬਾਈ ਇਸ ਸੰਸਾਰ ਨੂੰ ਛੱਡ ਗਏ। ਉਸ ਸਮੇਂ ਡਾਕਟਰ ਅੰਬੇਡਕਰ ਜੀ ਉਨ੍ਹਾਂ ਦੇ ਕੋਲ ਸਨ । ਉਸ ਸਮੇਂ ਕੋਈ 10 ਹਜ਼ਾਰ ਲੋਕ ਰਾਮਾ ਬਾਈ ਦੀ ਆਖਰੀ ਯਾਤਰਾ ਵਿਚ ਸ਼ਾਮਲ ਹੋਏ ਸਨ । ਡਾਕਟਰ ਅੰਬੇਡਕਰ ਉਦਾਸ-ਉਦਾਸ ਭਰੇ ਮਨ ਨਾਲ ਚੱਲ ਰਹੇ ਸਨ। ਸ਼ਮਸ਼ਾਨਘਾਟ ਤੋਂ ਵਾਪਸ ਆ ਕੇ ਉਹ ਆਪਣੇ ਕਮਰੇ ਅੰਦਰ ਚੁੱਪਚਾਪ ਬੈਠ ਗਏ ਅਤੇ ਦੁੱਖ ‘ਚ ਘੁਲਣ ਲੱਗੇ। ਪੂਰਾ ਹਫ਼ਤਾ ਉਹ ਬੱਚਿਆਂ ਵਾਂਗ ਰੋਂਦੇ ਰਹੇ ਅਤੇ ਆਪ ਨੂੰ ਚੁੱਪ ਕਰਾਉਣਾ ਔਖਾ ਹੋ ਗਿਆ। ਉਸ ਦੀ ਖੁਸ਼ਹਾਲੀ ਦੀ ਮੂਰਤ, ਮਨੁੱਖਤਾ ਦੇ ਹਿੱਤਾਂ ਦੀ ਭਾਈਵਾਲ, ਘਰ ਦੀ ਮਾਲਕਣ ਇੰਨੀ ਜਲਦੀ ਉਸ ਦਾ ਸਾਥ ਛੱਡ ਜਾਵੇਗੀ। ਧਾਰਮਿਕ ਰਸਮਾਂ ਵਿਚ ਡਾਕਟਰ ਅੰਬੇਡਕਰ ਜੀ ਬਹੁਤਾ ਵਿਸ਼ਵਾਸ ਨਹੀਂ ਕਰਦੇ ਸਨ। ਪਰ ਘਰ ਵਾਲੀ ਨਾਲ ਬਹੁਤ ਦਿਲੋਂ ਪਿਆਰ ਕਰਦੇ ਸਨ। ਸਭ ਰਸਮਾਂ ਉਨ੍ਹਾਂ ਦੇ ਮਿੱਤਰ ਪੰਡਿਤ ਸ਼ੰਭੂ ਮਹਾਰ ਵੱਲੋਂ ਕੀਤੀਆਂ ਗਈਆਂ। ਇਸ ਤੋਂ ਬਾਅਦ ਉਨ੍ਹਾਂ ਨੇ ਦੁਨੀਆਂ ਵਾਲੇ ਕੱਪੜੇ ਛੱਡ ਸੰਤਾਂ ਵਾਲੇ ਕੱਪੜੇ ਪਾ ਲਏ। ਉਨ੍ਹਾਂ ਨੇ ਵਾਲ ਕਟਵਾ ਲਏ। ਉਨ੍ਹਾਂ ਨੇ ਭਗਵੇਂ ਕੱਪੜੇ ਪਾ ਲਏ। ਉਹ ਹੁਣ ਇਸ ਤਰ੍ਹਾਂ ਲੱਗਦੇ ਜਿਵੇਂ ਸੰਸਾਰ ਨੂੰ ਤਿਆਗਣ ਵਾਲਾ ਸਾਧੂ ਹੋਵੇ। ਕੁਝ ਸਮਝਦਾਰ ਲੋਕ ਉਨ੍ਹਾਂ ਨੂੰ ਮਿਲੇ ਉਨ੍ਹਾਂ ਨੇ ਡਾਕਟਰ ਅੰਬੇਡਕਰ ਨੂੰ ਕਿਹਾ ਕਿ ਤੁਹਾਡੀ ਅਗਵਾਈ ਤੋਂ ਵਗੈਰ ਸਮਾਜ ਬਰਬਾਦ ਹੋ ਜਾਵੇਗਾ। ਮਾੜਾ ਸਮਾਂ ਜਲਦੀ ਮੁੱਕ ਗਿਆ । ਡਾਕਟਰ ਅੰਬੇਡਕਰ ਆਪਣੀ ਧਰਮ ਪਤਨੀ ਨੂੰ ਦਿਲੋਂ ਪਿਆਰ ਕਰਦੇ ਸਨ। 1940 ’ਚ ਉਨ੍ਹਾਂ ਨੇ ਜਗਤ ਪ੍ਰਸਿੱਧ ਪੁਸਤਕ ‘ਥੋਟਸ ਆਨ ਪਾਕਿਸਤਾਨ’ ਇਨ੍ਹਾਂ ਸ਼ਬਦਾਂ ਨਾਲ ਆਪਣੀ ਪਤਨੀ ਨੂੰ ਭੇਟ ਕੀਤੀ “ਇਹ ਪੁਸਤਕ ਮੈਂ ਰਾਮੋ ਉਸ ਦੀਆਂ ਨੇਕੀਆਂ, ਜੀਵਨ ਖੁਸ਼ੀਆਂ ਅਤੇ ਚੰਗੇ ਮਾੜੇ ਸਮੇਂ ਵਿਚ ਮੇਰਾ ਸਾਥ ਨਿਭਾਉਣ ਦੇ ਗੁਣਾ ਕਰਕੇ ਭੇਂਟ ਕਰਦਾ ਹਾਂ।” ਮਾੜਾ 6 ਸਮਾਂ ਮੁੱਕ ਗਿਆ। ਡਾਕਟਰ ਅੰਬੇਡਕਰ ਸਮਾਜ ਦੀ ਭਲਾਈ ਦੇ ਕੰਮਾਂ ਵਿਚ ਫਿਰ ਲਗ ਗਏ।
ਜਾਤ ਪਾਤ ਦਾ ਬੀਜ਼ ਨਾਸ਼
ਡਾਕਟਰ ਅੰਬੇਡਕਰ ਨੂੰ ਜਾਤ ਪਾਤ ਤੌੜਕ ਮੰਡਲ ਵੱਲੋਂ ਸਾਲਾਨਾ ਕਾਨਫਰੰਸ ‘ਚ ਭਾਸ਼ਣ ਕਰਨ ਦਾ ਸੱਦਾ ਮਿਲਿਆ। ਜਾਤਪਾਤ ਤੌੜਕ ਮੰਡਲ ਨੇ ਮਈ 1936 ਵਿਚ ਸਾਲਾਨਾ ਕਾਨਫਰੰਸ ਕਰਨੀ ਸੀ ਜਿਸ ਨੂੰ ਡਾਕਟਰ ਅੰਬੇਡਕਰ ਨੇ ਸਵੀਕਾਰ ਕਰ ਲਿਆ। ਇਸ ਮੌਕੇ ‘ਤੇ ਜੋ ਭਾਸ਼ਣ ਡਾਕਟਰ ਅੰਬੇਡਕਰ ਨੇ ਸਵਰਨ ਹਿੰਦੂਆਂ ਨੂੰ ਸੰਬੋਧਨ ਕਰਨ ਲਈ ਲਿਖਿਆ ਉਸ ਦੇ ਕੁਝ ਅੰਸ਼ਾਂ ’ਤੇ ਮੰਡਲ ਦੇ ਆਗੂਆਂ ਨੇ ਇਤਰਾਜ਼ ਕੀਤਾ। ਉਨ੍ਹਾਂ ਨੇ ਡਾਕਟਰ ਅੰਬੇਡਕਰ ਨੂੰ ਕਿਹਾ ਕਿ ਭਾਸ਼ਣ ਦਾ ਇਤਰਾਜ਼ਯੋਗ ਹਿੱਸਾ ਕੱਟ ਦੇਣ। ਪਰ ਡਾਕਟਰ ਅੰਬੇਡਕਰ ਭਾਸ਼ਣ ਦਾ ਸ਼ਬਦ ਤਾਂ ਕੀ ਇੱਕ ਕੌਮਾਂ ਵੀ ਕੱਟਣ ਲਈ ਤਿਆਰ ਨਹੀਂ ਸਨ। ਨਤੀਜਾ ਇਹ ਹੋਇਆ ਕਿ ਕਾਨਫਰੰਸ ਰੱਦ ਕਰ ਦਿੱਤੀ ਗਈ। ਡਾਕਟਰ ਅੰਬੇਡਕਰ ਨੇ ਜੋ ਭਾਸ਼ਣ ਦਿੱਤਾ ਨਹੀਂ ਸੀ ਗਿਆ ਉਸ ਨੂੰ ਕਿਤਾਬ ਦੇ ਰੂਪ ‘ਚ ਛਪਵਾ ਲਿਆ। ਇਸ ਕਿਤਾਬ ਦਾ ਨਾਮ ‘ਜਾਤਪਾਤ ਦਾ ਬੀਜ ਨਾਸ਼’ ਰੱਖਿਆ ਗਿਆ। ਡਾਕਟਰ ਅੰਬੇਡਕਰ ਕਹਿੰਦੇ ਹਨ ਕਿ ਦੂਜੇ ਦੇਸਾਂ ਵਿਚ ਇਨਕਲਾਬ ਆਏ। ਪਰ ਇਸ ਪ੍ਰਸ਼ਨ ਨੇ ਮੈਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਕਿ ਭਾਰਤ ਵਿਚ ਸਮਾਜੀ ਇਨਕਲਾਬ ਕਿਉਂ ਨਹੀਂ ਆਏ। ਕੇਵਲ ਇੱਕ ਹੀ ਉੱਤਰ ਹੈ ਜੋ ਮੈਂ ਦੇ ਸਕਦਾ ਹਾਂ ਤੇ ਉਹ ਇਹ ਹੈ ਕਿ ਚਤੁਰਵਰਣ ਦੇ ਇਸ ਮਨਹੂਸ ਸਿਸਟਮ ਦੇ ਕਾਰਨ ਹਿੰਦੂਆਂ ਦੀਆਂ ਛੋਟੀਆਂ ਜਾਤਾਂ ਹਿੰਸਕ ਕਾਰਵਾਈ ਕਰਨ ਦੇ ਪੱਕੇ ਆਯੋਗ ਬਣਾ ਦਿੱਤੀਆਂ ਸਨ। ਉਹ ਹਥਿਆਰ ਨਹੀਂ ਰੱਖ ਸਕਦੀਆਂ ਸਨ ਅਤੇ ਬਿਨਾਂ ਹਥਿਆਰ ਉਹ ਬਗਾਵਤ ਨਹੀਂ ਕਰ ਸਕਦੀਆਂ ਸਨ। ਉਹ ਸਾਰੇ ਹੀ ਹਲ ਚਲਾਉਣ ਵਾਲੇ ਜਾਂ ਇੰਜ ਕਹੋ ਕਿ ਹੱਲ ਚਲਾਉਣ ਵਾਲੇ ਬਣਨ ਲਈ ਮਜ਼ਬੂਰ ਸਨ ਉਨ੍ਹਾਂ ਨੂੰ ਆਪਣੇ ਹਲਾਂ ਦੇ ਫਾਲਿਆਂ ਨੂੰ ਤਲਵਾਰਾਂ ਵਿਚ ਬਦਲਣ ਦਾ ਸਮਾਂ ਨਹੀਂ ਦਿੱਤਾ ਗਿਆ ਉਨ੍ਹਾਂ ਕੋਲ ਬੰਦੂਕਾਂ ਵੀ ਨਹੀਂ ਸਨ। ਇਸ ਲਈ ਹਰ ਕੋਈ ਚਾਹੁੰਦਾ ਸੀ ਉਨ੍ਹਾਂ ਦੇ ਉੱਤੇ ਬੈਠ ਸਕਦਾ ਸੀ ਅਤੇ ਬੈਠਿਆ ਚਤੁਰਵਰਣ ਵਿਵਸਥਾ ਦੇ ਕਾਰਨ ਮਾਰਗ ਨਹੀਂ ਲੱਭ ਸਕੇ। ਉਹ ਨੀਚ ਬਣੇ ਰਹਿਣ ਲਈ ਮਜਬੂਰ ਸਨ ਅਤੇ ਬਚ ਨਿਕਲਣ ਦਾ ਰਸਤਾ ਨਾ ਮਿਲਣ ਕਰਕੇ ਉਨ੍ਹਾਂ ਨੇ ਸਦਾ ਗੁਲਾਮੀ ਨਾਲ ਸਮਝੌਤਾ ਕਰ ਲਿਆ ਅਤੇ ਸਦੀਵੀ ਗੁਲਾਮੀ ਨੂੰ ਉਨ੍ਹਾਂ ਨੇ ਆਪਣੀ ਅਜਿਹੀ ਕਿਸਮਤ ਮੰਨ ਲਈ ਜਿਸ ਤੋਂ ਕਦੀ ਛੁਟਕਾਰਾ ਨਾ ਹੋਏ। “ਮੈਂ ਹਿੰਦੂਆਂ ਅਤੇ ਹਿੰਦੂਤਵ ਤੋਂ ਨਿਰਾਸ਼ ਹਾਂ ਕਿਉਂ ਉਨ੍ਹਾਂ ਦੇ ਆਦਰਸ਼ ਗਲਤ ਹਨ ਅਤੇ ਉਹ ਗਲਤ ਸਮਾਜਿਕ ਜੀਵਨ ਬਤੀਤ ਕਰਦੇ ਹਨ ਹਿੰਦੂਆਂ ਨਾਲ ਮੇਰਾ ਝਗੜਾ ਉਨ੍ਹਾਂ ਦੇ ਗਲਤ ਆਦਰਸ਼ਾਂ ਗਲਤ ਕਦਰਾਂ ਕੀਮਤਾਂ ਅਤੇ ਗਲਤ ਰੀਤੀ-ਰਿਵਾਜਾਂ ਕਰਕੇ ਹੈ।”
ਜਾਤ ਪਾਤ ਖਤਮ ਨੂੰ ਖਤਮ ਕਰਨਾ ਹੈ ਤਾਂ ਧਾਰਮਿਕ ਗ੍ਰੰਥਾਂ
ਨੂੰ ਬਾਰੂਦ ਗੋਲੇ ਨਾਲ ਉਡਾ ਦਿਓ ਡਾਕਟਰ ਅੰਬੇਡਕਰ ਨੇ ਜਾਤ ਪਾਤ ਦਾ ਹੱਲ ਦੱਸਿਆ ਹੈ “ਉਨ੍ਹਾਂ ਧਾਰਮਿਕ ਗ੍ਰੰਥਾਂ, ਸਿਮਰਤੀਆਂ ਵੇਦਾਂ ਨੂੰ ਬਾਰੂਦ ਦੇ ਗੋਲੇ ਨਾਲ ਉਡਾ ਦੇਣਾ ਜਿਹੜੇ ਮਾਨਵੀ ਹੱਕਾਂ ਅਤੇ ਨਿਆਂ ਤੋਂ ਬਾਂਝੇ ਰੱਖਦੇ ਸਨ।”
ਸ਼ੁਰੂ ਵਿਚ ਡਾਕਟਰ ਅੰਬੇਡਕਰ ਦਾ ਝੁਕਾਅ ਸਿੱਖ ਧਰਮ ਵੱਲ ਹੋਇਆ ਫਿਰ ਸਿੱਖ ਧਰਮ ਦੇ ਆਗੂਆਂ ਦੀ ਸੋੜੀ ਸੋਚ ਕਰਕੇ ਉਹ ਸਿੱਖ ਨਹੀਂ ਬਣ ਸਕੇ। 1936 ਦਾ ਸਾਲ ਖਤਮ ਹੋਣ ਵਾਲਾ ਸੀ। 1935 ਦੇ ਸੈਕਿੰਡ ਇੰਡੀਆ ਐਕਟ ਅਨੁਸਾਰ 1937 ਵਿਚ ਸੂਬਿਆਂ ਨੂੰ ਖੁਦਮੁਖਤਾਰੀ ਦੀ ਸ਼ੁਰੂਆਤ ਹੋਣੀ ਸੀ। ਆਉਣ ਵਾਲੀਆਂ ਚੋਣਾਂ ਵਿਚ ਸਖਤ ਮੁਕਾਬਲਾ ਹੋਣ ਦੀ ਸੰਭਾਵਨਾ ਸੀ। ਸਾਰੀਆਂ ਪਾਰਟੀਆਂ ਚੋਣਾਂ ਦੀ ਤਿਆਰੀ ਕਰ ਰਹੀਆਂ ਸਨ। ਇਸ ਕਰਕੇ ਡਾਕਟਰ ਅੰਬੇਡਕਰ ਵੀ ਚੋਣਾਂ ਲੜਨਾ ਚਾਹੁੰਦਾ ਸੀ। ਆਪਣੇ ਆਦਮੀਆਂ ਨਾਲ ਸੁਲਾਹ ਕਰਕੇ ਉਸ ਨੇ 1936 ਵਿਚ ਇਕ ਨਵੀਂ ਰਾਜਸੀ ਪਾਰਟੀ ਦਾ ਐਲਾਨ ਕੀਤਾ ਜਿਸ ਦਾ ਨਾਮ ‘ਆਜ਼ਾਦ ਮਜ਼ਦੂਰ ਪਾਰਟੀ’ ਰੱਖਿਆ ਇਹ ਪਾਰਟੀ ਸਾਰੇ ਵਰਗਾਂ ਦੇ ਹਿੱਤਾਂ ਦੀ ਰਖਵਾਲੀ ਕਰਨ ਵਾਲੀ ਪਾਰਟੀ ਸੀ। ਚੋਣਾਂ 17 ਫਰਵਰੀ 1937 ਨੂੰ ਹੋਈਆਂ। ਨਤੀਜੇ ਵੇਲੇ ਕਾਂਗਰਸੀ ਉਮੀਦਵਾਰ ਪਾਲਣਾ ਕਰ ਕੁਝ ਲੜਾਈ ਦਿੰਦਾ ਲੱਗਿਆ ਪਰ ਦੂਜੇ ਕਿਤੇ ਨਜ਼ਰ ਨਹੀਂ ਆਏ। ਡਾਕਟਰ ਅੰਬੇਡਕਰ ਭਾਰੀ ਵੋਟਾਂ ਨਾਲ ਚੋਣ ਜਿੱਤ ਗਏ। ਨਵੇਂ ਸੰਵਿਧਾਨ ਪਿੱਛੋਂ ਇਹ ਪਹਿਲੀਆਂ ਆਮ ਚੋਣਾਂ ਡਾਕਟਰ ਅੰਬੇਡਕਰ ਦੀ ਨਵੀਂ ਪਾਰਟੀ ਲਈ ਬਹੁਤ ਚੰਗੀਆਂ ਸਿੱਧ ਹੋਈਆਂ। ਪਾਰਟੀ ਦੇ 17 ਉਮੀਦਵਾਰਾਂ ਵਿਚੋਂ 15 ਮੈਂਬਰ ਚੋਣ ਜਿੱਤ ਗਏ। ਕਾਂਗਰਸ ਅਤੇ ਡਾਕਟਰ ਅੰਬੇਡਕਰ ਵਿਚ ਲੜਾਈ ਵੇਖ ਕੇ ਕਾਂਗਰਸ ਨੇ ਹਿਸਾਬ ਲਾਇਆ ਕਿ ਹੁਣ ਡਾਕਟਰ ਅੰਬੇਡਕਰ ਉਨ੍ਹਾਂ ਨੂੰ ਚੰਗੀ ਟੱਕਰ ਦੇਵੇਗਾ।
ਮਹਾੜ ਤਲਾਬ ਦਾ ਕੇਸ ਜਿੱਤਿਆ
ਦਲਿਤ ਵਰਗ ਦੇ ਲੋਕਾਂ ਨੇ ਬੰਬਈ ‘ਚ ਆਪਣੇ ਨੇਤਾ ਦੀ ਸਫ਼ਲਤਾ ‘ਤੇ ਖੁਸ਼ੀ ਮਨਾਈ। ਡਾਕਟਰ ਅੰਬੇਡਕਰ ਇਕ ਹੋਰ ਜਿੱਤ ਦੀ ਉਡੀਕ ਕਰ ਰਿਹਾ ਸੀ। ਮਹਾੜ ਤਲਾਬ ਦਾ ਪਾਣੀ ਵਾਲਾ ਕੇਸ ਵੀ ਅਛੂਤਾਂ ਦੇ ਹੱਕ ਵਿਚ ਹੋ ਗਿਆ । ਬੰਬਈ ਹਾਈਕੋਰਟ ਨੇ 17 ਮਾਰਚ, 1937 ਨੂੰ ਥੱਲੇ ਦੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ। 19 ਜੁਲਾਈ 1937 ਨੂੰ ਨਵੀਂ ਸਰਕਾਰ ਦਾ ਗਠਨ ਹੋਇਆ। ਡਾਕਟਰ ਅੰਬੇਡਕਰ ਨੇ ਸਹੁੰ ਚੁੱਕੀ ਅਤੇ ਅਸੈਂਬਲੀ ਦਾ ਮੈਂਬਰ ਬਣ ਗਿਆ।
ਡਾਕਟਰ ਅੰਬੇਡਕਰ ਨੇ ਪੱਕਾ ਮਨ ਬਣਾਇਆ ਹੋਇਆ ਸੀ ਕਿ ਉਹ ਕਿਸਾਨਾਂ ਅਤੇ ਰੇਲਵੇ ਕਰਮਚਾਰੀਆਂ ਨੂੰ ਇਕੱਠਾ ਕਰੇਗਾ । ਰੇਲਵੇ ਦੇ ਅਛੂਤ ਕਰਮਚਾਰੀਆਂ ਦੀ ਇਕ ਵੱਡੀ ਕਾਨਫਰੰਸ 12, 13 ਫਰਵਰੀ 1938 ਨੂੰ ਮਨਮਾੜ ਵਿਖੇ ਕੀਤੀ ਗਈ। ਕਾਨਫਰੰਸ ‘ਚ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਮਜ਼ਦੂਰਾਂ ਤੇ ਕਿਸਾਨਾਂ ਦੇ ਦੋ ਦੁਸ਼ਮਣ ਹਨ “ਬ੍ਰਾਹਮਣਵਾਦ ਅਤੇ ਪੂੰਜੀਵਾਦ” ਹਨ। 1940 ਦਾ ਸਾਲ ਖਤਮ ਹੋ ਰਿਹਾ ਸੀ ਜਦੋਂ ਉਨ੍ਹਾਂ ਦੀ ਕਿਤਾਬ “ਥਾਟ ਔਨ ਪਾਕਿਸਤਾਨ” ਛਪੀ। ਸ਼ੂਦਰ ਕੌਣ ਸਨ
ਇਸੇ ਸਾਲ ਡਾਕਟਰ ਅੰਬੇਡਕਰ ਦੀ ਕਿਤਾਬ ‘ਸ਼ੂਦਰ ਕੌਣ ਸਨ?’ ਪ੍ਰਕਾਸ਼ਤ ਹੋਈ ਇਹ ਕਿਤਾਬ ਉਨ੍ਹਾਂ ਨੇ ‘ਮਹਾਤਮਾ ਜੋਤੀਬਾ ਫੂਲੇ’ ਨੂੰ ਸਮਰਪਿਤ ਕੀਤੀ ਜਿਨ੍ਹਾਂ ਨੂੰ ਡਾਕਟਰ ਅੰਬੇਡਕਰ ਵੱਡਾ ਸਮਾਜ ਸੁਧਾਰਕ ਮੰਨਦੇ ਸਨ। ਇਹ ਕਿਤਾਬ ਬਹੁਤ ਭਰਮਾਂ ਨੂੰ ਖਤਮ ਕਰਦੀ ਹੈ। ਲੰਬੇ ਸਮੇਂ ਦੀ ਮਿਹਨਤ ਅਤੇ ਸੱਚੀ ਲਗਨ ਦਾ ਸਿੱਟਾ ਹੈ, ਜਿਸ ਵਿਚ ਸੱਚਾਈਆਂ ਵਧੀਆ ਤਰੀਕੇ ਨਾਲ ਪੇਸ਼ ਕੀਤੀਆਂ ਗਈਆਂ ਹਨ।
ਭਾਵੇਂ ਮੁਸਲਿਮ ਲੀਗ ਨੇ ਸੰਵਿਧਾਨਕ ਅਸੈਂਬਲੀ ਦੀਆਂ ਚੋਣਾਂ ਦਾ ਬਾਈਕਾਟ ਕੀਤਾ ਤਾਂ ਵੀ ਸੰਵਿਧਾਨਕ ਅਸੈਂਬਲੀ ਮਿੱਥੇ ਸਮੇਂ ‘ਤੇ 9 ਦਸੰਬਰ 1946 ਨੂੰ ਇਕੱਠੀ ਹੋਈ। ਡਾਕਟਰ ਰਾਜਿੰਦਰ ਪ੍ਰਸਾਦ ਨੂੰ ਸੰਵਿਧਾਨਕ ਅਸੈਂਬਲੀ ਦਾ ਪ੍ਰਧਾਨ ਚੁਣਿਆ ਗਿਆ। 29 ਅਪ੍ਰੈਲ 1947 ਨੂੰ ਸੰਵਿਧਾਨਕ ਅਸੈਂਬਲੀ ਨੇ ਐਲਾਨ ਕੀਤਾ ਕਿ ਹਰ ਪ੍ਰਕਾਰ ਦੀ ਛੂਆਛਾਤ ਦਾ ਖਾਤਮਾ ਕੀਤਾ ਜਾਂਦਾ ਹੈ। ਇਸ ਦੀ ਉਲੰਘਣਾ ਨੂੰ ਕਾਨੂੰਨੀ ਅਪਰਾਧ ਮੰਨਿਆ ਜਾਵੇਗਾ। ਇਹ ਅਛੂਤਾਂ ਦੀ ਆਜ਼ਾਦੀ ਦਾ ਦਿਨ ਸੀ। ਵਿਦੇਸ਼ੀ ਅਖ਼ਬਾਰਾਂ ਨੇ ਗਾਂਧੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਵਿਦੇਸ਼ੀ ਅਖ਼ਬਾਰਾਂ ਨੂੰ ਲੱਗਿਆ ਕਿ ਕਾਂਗਰਸ ਪਾਰਟੀ ਛੂਆਛਾਤ ਦੀ ਖਾਤਮਾ ਕਰ ਰਹੀ ਹੈ ਅਤੇ ਗਾਂਧੀ ਇਸ ਦੇ ਮੁੱਖ ਹੀਰੋ ਹਨ। ਕਿਸੇ ਵੀ ਵਿਦੇਸ਼ੀ ਅਖ਼ਬਾਰ ਨੇ ਡਾਕਟਰ ਅੰਬੇਡਕਰ ਦਾ ਨਾਮ ਨਹੀਂ ਲਿਆ ਜੋ ਕਿ ਇਸ ਨੂੰ ਲਾਗੂ ਕਰਾਉਣ ਵਾਲਾ ਸੀ। ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨਾਲ ਇਹ ਗੱਲ ਹੋ ਰਹੀ ਸੀ ਤਾਂ ਮਹਾਤਮਾ ਜੋਤੀਬਾ ਫੂਲੇ, ਦਾਇਆਨੰਦ, ਸ਼ਰਧਾਨੰਦ ਅਤੇ ਵੀਰ ਸਾਵਰਕਰ ਵਰਗਿਆਂ ਨੂੰ ਕੌਣ ਯਾਦ ਕਰਦਾ ? 15 ਅਗਸਤ 1947 ਨੂੰ ਭਾਰਤ ਡੋਮੀਨੀਅਨ ਬਣ ਗਿਆ ਸੀ। ਸੰਵਿਧਾਨਕ ਅਸੈਂਬਲੀ ਦੀ ਝੰਡਾ ਕਮੇਟੀ ਨੇ 22 ਜੁਲਾਈ ਨੂੰ ਤਿਰੰਗੇ ਝੰਡੇ ਨੂੰ ਸਵੀਕਾਰ ਕਰ ਲਿਆ ਜਿਸ ਵਿਚ ਮਹਾਰਾਜਾ ਅਸ਼ੋਕ ਦਾ ਚੱਕਰ ਸੀ, ਹੁਣ ਇਹ ਭਾਰਤ ਦਾ ਰਾਸ਼ਟਰੀ ਝੰਡਾ ਹੋਵੇਗਾ। ਜੁਲਾਈ ਦੇ ਆਖਰੀ ਹਫ਼ਤੇ ਸੁਤੰਤਰਤ ਭਾਰਤ ਦੇ ਮੰਤਰੀਆਂ ਦੀਆਂ ਅਫਵਾਹਾਂ ਉੱਡਣ ਲੱਗੀਆਂ। ਡਾਕਟਰ ਅੰਬੇਡਕਰ ਦੇ ਨਾਮ ਦਾ ਰੌਲਾ ਤਾਂ ਜੂਨ ਵਿਚ ਹੀ ਸ਼ੁਰੂ ਹੋ ਗਿਆ ਸੀ । ਇਸ ਸਮੇਂ ਡਾਕਟਰ ਅੰਬੇਡਕਰ ਦਿੱਲੀ ਚ ਸਨ। ਕਾਂਗਰਸ ਦੇ ਵਰਕਰ ਪਟੇਲ ਅਤੇ ਪਾਟਿਲ ਨੇ ਡਾਕਟਰ ਅੰਬੇਡਕਰ ਮੰਤਰੀ ਮੰਡਲ ‘ਚ ਸ਼ਾਮਿਲ ਹੋਣ ਦੀ ਟੈਲੀਫੋਨ ਤੇ ਗੱਲ ਕੀਤੀ। ਸ਼ੁਰੂਆਤੀ ਗੱਲਾਂ ਹੋ ਜਾਣ ਤੋਂ ਬਾਅਦ ਪੰਡਿਤ ਜਵਾਹਰ ਲਾਲ ਨਹਿਰੂ ਨੇ ਡਾਕਟਰ ਅੰਬੇਡਕਰ ਨੂੰ ਬੁਲਾਇਆ ਅਤੇ ਪੁੱਛਿਆ ਕਿ ਕੀ ਉਹ ਆਜ਼ਾਦ ਭਾਰਤ ਦੇ ਨਵੇਂ ਮੰਤਰੀ ਮੰਡਲ ‘ਚ ਕਾਨੂੰਨ ਮੰਤਰੀ ਬਣਨਾ ਪਸੰਦ ਕਰਨਗੇ? ਇਹ ਵੀ ਵਾਅਦਾ ਕੀਤਾ ਗਿਆ ਕਿ ਕੁਝ ਸਮੇਂ ਮਗਰੋਂ ਉਨ੍ਹਾਂ ਨੂੰ ਯੋਜਨਾ ਅਤੇ ਵਿਕਾਸ ਦਾ ਮੰਤਰਾਲਾ ਦਿੱਤਾ ਜਾਵੇਗਾ। ਡਾਕਟਰ ਅੰਬੇਡਕਰ ਨੇ ਸਵੀਕਾਰ ਕੀਤਾ। 3 ਅਗਸਤ ਨੂੰ ਮੰਤਰੀਆਂ ਦੇ ਨਾਵਾਂ ਦੀ ਘੋਸ਼ਣਾ ਕੀਤੀ ਗਈ ਜਿਸ ਵਿਚ ਡਾਕਟਰ ਅੰਬੇਡਕਰ ਦਾ ਨਾਮ ਵੀ ਸੀ। ਉਨ੍ਹਾਂ ਨੂੰ ਮਿੱਤਰਾਂ ਦੋਸਤਾਂ ਅਤੇ ਹਮਾਇਤੀਆਂ ਨੇ ਬਹੁਤ ਬਹੁਤ ਵਧਾਈਆਂ ਦਿੱਤੀਆਂ। 15 ਅਗਸਤ 1947 ਨੂੰ ਭਾਰਤ ਨੂੰ ਅੰਗਰੇਜ਼ਾਂ ਨੇ ਆਜ਼ਾਦ ਕਰ ਦਿੱਤਾ। ਇਸ ਤੋਂ ਬਾਅਦ ਇੱਕ ਡਰਾਫਟਿੰਗ ਕਮੇਟੀ ਬਣੀ ਜਿਸ ਵਿਚ ਮਾਧਵ ਰਾਓ, ਸਈਅਦ ਐਮ. ਸਾਦਲਾ, ਸਰ ਅਜਾਦੀ ਕ੍ਰਿਸਨਾਚਾਰੀ, ਟੀ.ਵੀ. ਕਿਸ਼ਨਾਚਾਰੀ ਅਤੇ ਦੋ ਹੋਰ ਮੈਂਬਰ ਸਨ ਅਤੇ ਡਾਕਟਰ ਅੰਬੇਡਕਰ ਇਸ ਦਾ ਪ੍ਰਧਾਨ ਸੀ। ਇਸ ਸਮੇਂ ਤੱਕ ਪ੍ਰੋ. ਲਕਸ਼ਮੀ ਨਰਸੂ ਦੁਆਰਾ ਲਿਖਤ ਗ੍ਰੰਥ ‘ਬੁੱਧ ਧਰਮ ਦਾ ਸਾਰ’ ਦਾ ਪ੍ਰਕਾਸ਼ਨਾ ਦਾ ਪ੍ਰਬੰਧ ਡਾਕਟਰ ਅੰਬੇਡਕਰ ਵੱਲੋਂ ਕੀਤਾ। ਉਨ੍ਹਾਂ ਨੇ ਇਸ ਲੇਖਕ, ਸਮਾਜ ਸੁਧਾਰਕ ਅਤੇ ਉਸ ਦੀ ਦੂਰ ਦ੍ਰਿਸ਼ਟੀ ਦੀ ਸ਼ਲਾਘਾ ਕੀਤੀ।
ਡਾਕਟਰ ਅੰਬੇਡਕਰ ਸੰਵਿਧਾਨ ਦੀ ਰਚਨਾ ਕਰਨ ‘ਚ ਲੱਗਿਆ ਹੋਇਆ ਸੀ। ਫਰਵਰੀ 1948 ਦੇ ਅਖੀਰਲੇ ਹਫ਼ਤੇ ਡਾਕਟਰ ਅੰਬੇਡਕਰ ਨੇ ਸੰਵਿਧਾਨ ਦਾ ਖਰੜਾ ਸੰਪੂਰਨ ਕਰਕੇ ਸੰਵਿਧਾਨ ਅਸੈਂਬਲੀ ਦੇ ਪ੍ਰਧਾਨ ਨੂੰ ਦੇ ਦਿੱਤਾ । ਸੰਵਿਧਾਨ ਤਿਆਰ ਹੋਣ ਬਾਅਦ ਡਾਕਟਰ ਅੰਬੇਡਕਰ ਨੂੰ ਆਰਾਮ ਦੀ ਜ਼ਰੂਰਤ ਸੀ। ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। ਆਪ ਇਲਾਜ ਵਾਸਤੇ ਬੰਬਈ ਆ ਗਏ। ਉਨ੍ਹਾਂ ਨੂੰ ਕਿਸੇ ਸਾਥੀ ਦੀ ਜ਼ਰੂਰਤ ਮਹਿਸੂਸ ਹੋਈ ਜੋ ਉਨ੍ਹਾਂ ਦਾ ਖਿਆਲ ਰੱਖੇ। ਅਗਸਤ 1947 ਤੋਂ ਉਨ੍ਹਾਂ ਦੀ ਸਿਹਤ ਡਿੱਗ ਰਹੀ ਸੀ। 15 ਅਪ੍ਰੈਲ 1948 ਉਨ੍ਹਾਂ ਨੇ ਸ਼ਾਰਦਾ ਕਬੀਰ ਨਾਲ ਕੋਰਟ ਮੈਰਿਜ ਕਰ ਲਈ । ਸ਼ਾਰਦਾ ਕਬੀਰ ਬ੍ਰਾਹਮਣ ਜਾਤ ਦੀ ਸੀ।
ਪੱਛੜੇ ਵਰਗਾਂ ਲਈ 340 ਧਾਰਾ
ਜਿੰਨ੍ਹਾਂ ਅਛੂਤਾਂ ਨੇ ਆਪਣੀ ਸੱਚਾਈ ਨੂੰ ਸਵਰਨ ਹਿੰਦੂਆਂ ਦੇ ਬਹਿਕਾਵੇ ‘ਚ ਆ ਕੇ ਛਪਾ ਲਿਆ ਸੀ, ਉਹ ਅਛੂਤਾਂ ਦੀ ਸੂਚੀ ‘ਚ ਸ਼ਾਮਿਲ ਨਹੀਂ ਹੋ ਸਕੇ, ਜਿਨ੍ਹਾਂ ਨੂੰ ਅੱਗੇ ਚੱਲ ਕੇ ਦੂਜੇ ਪੱਛੜੇ ਵਰਗ (ਓ.ਬੀ.ਸੀ.) ਦੀ ਸੂਚੀ ‘ਚ ਸ਼ਾਮਿਲ ਕੀਤਾ ਗਿਆ। ਐਸੇ ਲੋਕਾਂ ਨੂੰ ਆਪਣੇ ਸਮਾਜ ਦਾ ਅੰਗ ਮੰਨ ਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਭਾਰਤੀ ਸੰਵਿਧਾਨ ਬਣਾਉਂਦੇ ਸਮੇਂ ਉਨ੍ਹਾਂ ਦੇ ਹਿੱਤਾਂ ਦਾ ਪੂਰਾ ਪੂਰਾ ਧਿਆਨ ਰੱਖਿਆ ਅਤੇ ਧਾਰਾ 340 ਦੇ ਤਹਿਤ ਉਨ੍ਹਾਂ ਦੇ ਪਿਛੜੇਪਣ ਨੂੰ ਦੂਰ ਕਰਨ ਦੀ ਵਿਵਸਥਾ ਕੀਤੀ। ਅੱਜ ਮੰਡਲ ਕਮਿਸ਼ਨ ਦੇ ਤਹਿਤ ਦੂਜੇ ਪੱਛੜੇ ਵਰਗਾਂ ਦੇ ਲੋਕਾਂ ਨੂੰ ਜੋ ਰਿਜ਼ਰਵੇਸ਼ਨ ਅਤੇ ਦੂਜੀਆਂ ਸਹੂਲਤਾਂ ਮਿਲ ਰਹੀਆਂ ਹਨ ਇਹ ਸੰਵਿਧਾਨ ਦੀ ਧਾਰਾ 340 ਦੀ ਹੀ ਦੇਣ ਹੈ।
ਇੰਨਾ ਹੀ ਨਹੀਂ, ਬਲਕਿ ਪੱਛੜੇ ਵਰਗ ਦੇ ਲੋਕਾਂ ਨੂੰ ਉਨ੍ਹਾਂ ਦੇ ਹਿੱਤਾਂ ਨੂੰ ਧਿਆਨ ‘ਚ ਰੱਖ ਕੇ ਸਲਾਹ ਦੇ ਤੌਰ ਤੇ ਸੰਨ 1848 ‘ਚ ਬਾਬਾ ਸਾਹਿਬ ਨੇ ਲਖਨਊ ‘ਚ ਇਹ ਕਿਹਾ ਸੀ ਕਿ “ਦੂਜੇ ਪੱਛੜੇ ਵਰਗ ਦੇ ਕਹੇ ਜਾਣ ਵਾਲੇ ਲੋਕ, ਜੋ ਵਰਣ ਵਿਵਸਥਾ ਦੇ ਅਨੁਸਾਰ ਚੌਥੇ ਵਰਣ ਅਰਥਾਤ ਸ਼ੂਦਰ ਵਰਣ ‘ਚ ਆਉਂਦੇ ਹਨ,
“ਹਿੰਦੂ ਧਰਮ ਦੀਆਂ ਬੁਝਾਰਤਾਂ”
ਇਸ ਵਿਚ ਉਨ੍ਹਾਂ ਨੇ ਦੱਸਿਆ ਕਿ ਭਾਰਤ ਦੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਗੰਗਾ ਦੇ ਕਿਨਾਰੇ ਬ੍ਰਾਹਮਣਾਂ ਦੇ ਪੈਰ ਕਿਵੇਂ ਧੋਂਦੇ ਸਨ। 1951 ਵਿਚ ਉਨ੍ਹਾਂ ਨੇ ਆਪ ਬੁੱਧ ਧਰਮ ਵਾਰੇ ਲਿਖਣਾ ਸ਼ੁਰੂ ਕੀਤਾ ਸੀ। ਇਹ ਗ੍ਰੰਥ ਉਨ੍ਹਾਂ ਨੇ ਦਸੰਬਰ 1956 ‘ਚ ਪੂਰਾ ਕੀਤਾ। ਇਸ ਕਿਤਾਬ ਦਾ ਨਾਮ ਹੈ “ਬੁੱਧ ਅਤੇ ਉਨ੍ਹਾਂ ਦਾ ਧਰਮ” ਉਨ੍ਹਾਂ ਨੇ ਇਹ ਵੀ ਕਿਹਾ ਸੀ “ਜੇ ਅਸੀਂ ਇਕ ਤਕੜਾ, ਮਜ਼ਬੂਤ ਅਤੇ ਪ੍ਰਭਾਵਸ਼ਾਲੀ ਸੰਗਠਨ ਨਾ ਬਣਾ ਸਕੇ ਤਾਂ ਸਾਡੇ ਉੱਤੇ ਮਨੂੰਸਮ੍ਰਿਤੀ ਦਾ ਰਾਜ ਥੋਪ ਦਿੱਤਾ ਜਾਵੇਗਾ।” ਡਾਕਟਰ ਅੰਬੇਡਕਰ ਨੇ ਕਿਹਾ ਸੀ “ਰਾਜ ਸੱਤਾ ਹਰੇਕ ਤਾਲੇ ਦੀ ਮਾਸਟਰ ਚਾਬੀ ਹੈ।” ਉਨ੍ਹਾਂ ਨੇ ਆਪਣੇ ਸਮਾਜ ਨੂੰ ਕਿਹਾ ਸੀ ਕਿ ਜੇ ਲਹਿਰ ਚਲਾਉਣੀ ਹੈ ਤਾਂ ਅਖ਼ਬਾਰ ਜ਼ਰੂਰ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਖੁਦ ਚਾਰ ਅਖ਼ਬਾਰ ਕੱਢੇ ਜਿਨ੍ਹਾਂ ਦੇ ਨਾਮ ਮੂਕਨਾਇਕ, ਬਹਿਸ਼ਕ੍ਰਿਤ ਭਾਰਤ, ਜਨਤਾ ਅਤੇ ਆਖਰੀ 1955 ’ਚ ਪ੍ਰਬੁੱਧ ਭਾਰਤ ਅਖ਼ਬਾਰ ਕੱਢਿਆ ਸੀ। ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਕਿਹਾ ਸੀ ਕਿ “ਮੇਰੀ ਜੈ ਜੈ ਕਾਰ ਮੱਤ ਕਰੋ ਮੇਰੇ ਉਦੇਸ਼ ਨੂੰ ਪੂਰਾ ਕਰਨ ਲਈ ਜਾਨ ਦੀ ਬਾਜ਼ੀ ਲਗਾ ਦਿਓ।”
ਦੀ ਬੁੱਧਿਸ਼ਟ ਸੁਸਾਇਟੀ ਆਫ਼ ਇੰਡੀਆ
ਡਾਕਟਰ ਅੰਬੇਡਕਰ ਨੇ ਇਸ ਸੰਗਠਨ ਦਾ ਨਿਰਮਾਣ 8-5-1955 ’ਚ ਕੀਤਾ। ਇਸ ਸੁਸਾਇਟੀ ਦੇ ਟੀਚੇ ਹੋਣਗੇ।
- ਭਾਰਤ ਵਿਚ ਬੁੱਧ ਧਰਮ ਦਾ ਫੈਲਾਓ ਕਰਨਾ।
- ਬੁੱਧ ਵਿਹਾਰ ਬਣਾਉਣੇ।
3.ਵਿਗਿਆਨਕ ਅਤੇ ਧਾਰਮਿਕ ਵਿਸ਼ਿਆਂ ਦਾ ਅਧਿਐਨ ਕਰਨ ਲਈ ਸਕੂਲ, ਕਾਲਜਾਂ ਦਾ ਨਿਰਮਾਣ ਕਰਵਾਉਣਾ।
- ਅਨਾਥ ਆਸ਼ਰਮ, ਹਸਪਤਾਲ ਅਤੇ ਰਾਹਤ ਕੇਂਦਰ ਸਥਾਪਤ ਕਰਨਾ।
- ਬੁੱਧ ਧਰਮ ਦੇ ਪ੍ਰਚਾਰ ਲਈ ਕਾਰਜਕਰਤਾ ਤਿਆਰ ਕਰਨ ਲਈ ਕੈਂਪ ਲਗਾਉਣਾ।
- ਸਾਰੇ ਧਰਮਾਂ ਦੇ ਤੁਲਨਾਤਮਕ ਅਧਿਐਨ ਨੂੰ ਉਤਸ਼ਾਹਿਤ ਕਰਨਾ।
- ਸਾਰੇ ਭਾਰਤੀਆਂ ਨੂੰ ਬੁੱਧ ਧਰਮ ਦੀ ਸਹੀ ਜਾਣਕਾਰੀ ਦੇਣ ਲਈ ਬੁੱਧ ਧਰਮ ਦਾ ਸਾਹਿਤ ਛਪਵਾਉਣਾ।
- ਲੋੜ ਹੋਵੇ ਤਾਂ ਬੁੱਧ ਧਰਮ ਦੇ ਪ੍ਰਚਾਰ ਲਈ ਨਵਾਂ ਢਾਂਚਾ ਤਿਆਰ ਕਰਨਾ।
- ਆਪਣਾ ਸਾਹਿਤ ਛਾਪਣ ਲਈ ਆਪਣੀ ਪ੍ਰੈਸ ਸਥਾਪਤ ਕਰਨਾ।
- ਭਾਰਤ ‘ਚ ਬੋਧੀਆਂ ਦੀਆਂ ਛੋਟੀਆਂ-ਵੱਡੀਆਂ ਕਾਨਫਰੰਸਾਂ ਦਾ ਪ੍ਰਬੰਧ ਕਰਨਾ ਤਾਂ ਕਿ ਸਾਂਝੀਆਂ ਸਰਗਰਮੀਆਂ ਹੋ ਸਕਣ ਤਾਂ ਜੋ ਦੇਸ਼ ‘ਚ ਭਾਈਚਾਰਾ ਮਜਬੂਤ ਹੋ ਸਕੇ।
ਰਿਜ਼ਰਵੇਸ਼ਨ ਕੀ ਹੈ ?
“ਰਿਜ਼ਰਵੇਸ਼ਨ, ਸੱਤਾਧਾਰੀ ਸਮਾਜ ਦੇ ਹਮਲਾਵਰੀ ਫਿਰਕੂਵਾਦ ਵਿਰੁੱਧ ਇਕ ਸੁਰੱਖਿਆ ਹੈ, ਇੱਕ ਹਥਿਆਰ ਹੈ।”
ਡਾਕਟਰ ਅੰਬੇਡਕਰ ਨੇ ਰਿਜ਼ਰਵੇਸ਼ਨ ਦਾ ਉਦੇਸ਼ ਇਸ ਪ੍ਰਕਾਰ ਦੱਸਿਆ ਹੈ ਕਿ “ਜਿਥੋਂ ਤੱਕ ਅਧੀਨ ਸਮਾਜ ਦੁਆਰਾ ਰਿਜ਼ਰਵੇਸ਼ਨ ਦੀ ਮੰਗ ਹੈ ਇਸ ਪਿੱਛੇ ਕਾਰਨ ਹੈ, ਸ਼ਾਸਕ ਜਾਤੀਆਂ ਦਾ ਸਰਕਾਰੀ ਸੱਤਾ ਉੱਤੇ ਪੂਰੇ ਕਬਜ਼ੇ ਨੂੰ ਘੱਟ ਕਰਨਾ ਹੈ।”
ਡਾਕਟਰ ਅੰਬੇਡਕਰ ਨੇ ਕਿਹਾ ਸੀ “ਮੇਰਾ ਸੰਘਰਸ਼ ਤੁਹਾਡੀ ਜ਼ਿੰਦਗੀ ਵਿਚ ਬਦਲਾ ਲਿਆਉਣ ਲਈ ਹੈ।” ਬਹੁਜਨ ਸਮਾਜ ਨੂੰ ਸੁੱਖ ਅਤੇ ਸਵੈਮਾਣ ਮਿਲੇ। ਉਨ੍ਹਾਂ ਦੇ ਆਪਣੇ ਸ਼ਬਦਾਂ ‘ਚ “ਸੇਵਰਗ ਵਿਚ ਤੁਹਾਨੂੰ ਚੰਗਾ ਸਥਾਨ ਮਿਲੇ, ਇਸ ਲਈ ਮੇਰਾ ਸੰਘਰਸ਼ ਨਹੀਂ ਹੈ ਅਤੇ ਨਾ ਹੀ ਮੈਂ ਸਵਰਗ ਨਰਕ ਨੂੰ ਮੰਨਦਾ ਹਾਂ। ਇਸ ਲੋਕ ਵਿਚ ਤੁਹਾਡੇ ਦੁੱਖ ਦਰਦ ਘੱਟ ਜਾਣ ਤੁਹਾਨੂੰ ਸੁੱਖ ਸੁਵਿਧਾਵਾਂ ਅਤੇ ਮਾਣ ਸਨਮਾਨ ਮਿਲੇ, ਇਸ ਲਈ ਮੇਰਾ ਯਤਨ ਹੈ।” ਸਾਡਾ ਸਮਾਜ ਅੰਧ ਵਿਸ਼ਵਾਸ਼ ਪਾਖੰਡਾਂ ਵਿਚ ਫਸਿਆ ਹੋਇਆ ਹੈ। ਆਪ ਦਾ ਕਹਿਣਾ ਸੀ ਕਿ ਜੇ ਚੰਗਾ ਜੀਵਨ ਜਿਊਂਣਾ ਹੈ ਤਾਂ ਇਨ੍ਹਾਂ ਨੂੰ ਛੱਡਣਾ ਚਾਹੀਦਾ ਹੈ। ਬਾਬਾ ਸਾਹਿਬ ਦੇ ਆਪਣੇ ਸ਼ਬਦਾਂ ‘ਚ “ਸਾਡੇ ਸਮਾਜ ਦਾ ਵੱਡਾ ਹਿੱਸਾ ਜੀਵਨ ਦੀਆਂ ਬੁਝਾਰਤਾਂ, ਵਹਿਮਾਂ ਅਤੇ ਜਾਦੂ ਟੂਣਿਆਂ ਵਿਚ ਉਲਝਿਆ ਰਹਿੰਦਾ ਹੈ। ਮੁੱਠੀ ਭਰ ਚਲਾਕ ਖੁਦਗਰਜ਼ ਲੋਕਾਂ ਤੁਹਾਡੇ ਉੱਤੇ ਜ਼ੁਲਮ ਕਰਨ ਦੀ ਕਾਫ਼ੀ ਗੁੰਜਾਇਸ਼ ਤੇ ਜ਼ਿਆਦਾ ਮੌਕਾ ਮਿਲ ਜਾਂਦਾ ਹੈ।”
ਭਾਰਤ ਦੇ ਤਿਉਹਾਰ ਕੁਝ ਨਹੀਂ ਹਨ, ਬੱਸ ਆਰੀਆ ਬ੍ਰਾਹਮਣਾਂ ਦੀ ਜਿੱਤ ਦਾ ਜਸ਼ਨ ਹੈ। ਬ੍ਰਾਹਮਣਾਂ ਦਾ ਹਰ ਤਿਉਹਾਰ ਪਿੱਛੇ ਬਹੁਜਨ ਸਮਾਜ ਦੇ ਮਹਾਂਪੁਰਸ਼ਾਂ ਦੀ ਹੱਤਿਆ ਤੇ ਬਰਬਾਦੀ ਦਾ ਰਾਜ ਲੁਕਿਆ ਹੈ। ਹਿੰਸਾ ਨੂੰ ਬਾਬਾ ਸਾਹਿਬ ਨੇ ਬੁਰਾ ਕਿਹਾ ਸੀ ਪਰ ਜੇ ਗੁਲਾਮੀ ਖਤਮ ਕਰਨ ਲਈ ਇਹ ਕਰਨੀ ਪਵੇ ਤਾਂ ਸਹੀ ਹੈ। ਉਨ੍ਹਾਂ ਦੇ ਇਸ ਬਾਰੇ ਸ਼ਬਦ ਹਨ ਕਿ “ਹਿੰਸਾ ਬੁਰੀ ਗੱਲ ਹੈ, ਲੇਕਿਨ ਗੁਲਾਮੀ ਦੀ ਜੰਜ਼ੀਰ ਨੂੰ ਤੋੜਨ ਲਈ ਜੋ ਵੀ ਕਰਨਾ ਪਵੇ ਉਹ ਠੀਕ ਹੈ। ਜਦੋਂ ਗੁਲਾਮ ਖੜ੍ਹੇ ਹੁੰਦੇ ਹਨ ਉਨ੍ਹਾਂ ਕੋਲ ਗਵਾਉਣ ਲਈ ਸਿਰਫ਼ ਗੁਲਾਮੀ ਦੀਆਂ ਜ਼ੰਜੀਰਾਂ ਹੀ ਹੁੰਦੀਆਂ ਹਨ।” ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਮੈਂ ਹਿੰਦੂ ਧਰਮ ‘ਚ ਪੈਦਾ ਜ਼ਰੂਰ ਹੋਇਆ ਹਾਂ। ਇਹ ਮੇਰੇ ਵੱਸ ਦੀ ਗੱਲ ਨਹੀਂ ਸੀ ਪਰ ਮੈਂ ਹਿੰਦੂ ਮਰਾਂਗਾ ਨਹੀਂ। ਇਹ ਮੇਰੇ ਵਸ ’ਚ ਹੈ। ਹਿੰਦੂ ਧਰਮ ਸਾਡੇ ਪੁਰਖਿਆਂ ਦਾ ਧਰਮ ਨਹੀਂ ਸੀ ਸਗੋਂ ਇਹ ਤਾਂ ਗੁਲਾਮੀ ਵਜੋਂ ਸਾਡੇ ’ਤੇ ਲੱਦਿਆ ਗਿਆ ਸੀ। ਸਾਡੇ ਪੁਰਖਿਆਂ ਕੋਲ ਇਸ ਗੁਲਾਮੀ ਦੇ ਵਿਰੁੱਧ ਲੜਨ ਦੇ ਸਾਧਨ ਨਹੀਂ ਸਨ, ਇਸ ਲਈ ਉਹ ਬਗਾਵਤ ਨਹੀਂ ਕਰ ਸਕੇ ਅਤੇ ਹਿੰਦੂ ਧਰਮ ਵਿਚ ਰਹਿਣ ਲਈ ਮਜ਼ਬੂਰ ਹੋ ਗਏ।”
ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਕਿਹਾ ਸੀ ਕਿ “ਜੇਕਰ ਅਸੀਂ ਇਸ ਦੇਸ਼ ਦੇ ਹੁਕਮਰਾਨ ਬਣਨਾ ਹੈ ਤਾਂ ਸਾਨੂੰ ਇਕ ਮਜ਼ਬੂਤ ਪਾਰਟੀ ਅਤੇ ਸ਼ਕਤੀਸ਼ਾਲੀ ਅਤੇ ਇਮਾਨਦਾਰ ਲੀਡਰਸ਼ਿਪ ਪੈਦਾ ਕਰਨੀ ਹੋਵੇਗੀ।”
55 ਸਾਲ ਦੀ ਉਮਰ ਵਿਚ ਰਾਜਨੀਤਕ ਘੋਲਾਂ ਦੇ ਕਾਰਨ ਥੱਕੇ ਟੁੱਟੇ, ਆਪਣੇ ਕੱਟੜ ਦੁਸ਼ਮਣਾਂ ਦਾ ਕਦਮ, ਕਦਮ ਤੇ ਮੁਕਾਬਲਾ ਕਰਦੇ, ਅਪਮਾਨ ਸਹਿੰਦੇ, ਡਾਕਟਰ ਅੰਬੇਡਕਰ ਬਹੁਤ ਬੀਮਾਰ ਰਹਿਣ ਲਗ ਪਏ ਸਨ ਤੇ ਉਨ੍ਹਾਂ ਨੂੰ ਸ਼ੂਗਰ ਦੀ ਭੈੜੀ ਬਿਮਾਰੀ ਚਿੰਬੜ ਗਈ। ਉਨ੍ਹਾਂ ਦੀਆਂ ਅੱਖਾਂ ਦੀ ਨਜ਼ਰ ਵੀ ਬਹੁਤ ਕਮਜ਼ੋਰ ਹੋ ਗਈ। ਦਿਨ ਰਾਤ ਉਨ੍ਹਾਂ ਦੇ ਸਰੀਰ ਵਿਚ ਦਰਦ ਰਹਿਣ ਲੱਗਾ ਅਤੇ ਉਨ੍ਹਾਂ ਨੇ ਸਵਿਤਾ ਕਬੀਰ ਜੋ ਡਾਕਟਰ ਸੀ ਬ੍ਰਾਹਮਣ ਲੜਕੀ ਨਾਲ ਵਿਆਹ ਕਰਵਾਇਆ ਸੀ। ਪਰ ਵਿਆਹ ਦੇ ਮਾਮਲੇ ਨੂੰ ਵਿਰੋਧੀਆਂ ਅਤੇ ਦੁਸ਼ਮਣਾਂ ਵੱਲੋਂ ਬਹੁਤ ਉਛਾਲਿਆ ਗਿਆ ਪਰ ਉਹ ਤਾਂ ਹਿੰਦੂ ਕੋਡ ਬਿੱਲ ਰਾਹੀਂ ਹੀ ਭਾਰਤ ਦੀਆਂ ਔਰਤਾਂ ਦੇ ਆਤਮ ਸਨਮਾਨ ਦੇ ਰਾਖੇ ਸਿੱਧ ਹੋ ਚੁੱਕੇ ਸਨ। ਇਸ ਗੱਲ ਵੱਲ ਉਨ੍ਹਾਂ ਦੇ ਵਿਰੋਧੀਆਂ ਦਾ ਧਿਆਨ ਨਹੀਂ ਗਿਆ।
ਬਾਬਾ ਸਾਹਿਬ ਇਕ ਦਰਜਨ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਦੇ ਜਾਣਕਾਰ ਸਨ। ਦੱਬੇ-ਕੁਚਲੇ ਤੇ ਔਰਤ ਜਾਤੀ ਦੇ ਮਸੀਹਾ ਡਾਕਟਰ ਭੀਮ ਰਾਓ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਆਪਣੇ ਮੰਤਰੀ ਮੰਡਲ ਦਾ ਹੀਰਾ ਸੱਦਿਆ ਕਰਦੇ ਸਨ।
ਸਿੱਖ ਧਰਮ ਵਿਚ ਜਾਣ ਲਈ ਸੋਚਣ ਲੱਗੇ
ਕੁਝ ਸਮਾਂ ਪਹਿਲਾਂ ਡਾਕਟਰ ਅੰਬੇਡਕਰ ਨੇ ਆਪਣਾ ਝੁਕਾਅ ਸਿੱਖ ਧਰਮ ਵੱਲ ਦਿਖਾਇਆ ਸੀ। ਇਸ ਲਈ ਉਨ੍ਹਾਂ ਨੇ ਆਪਣੇ ਪੁੱਤਰ ਜਸਵੰਤ ਰਾਓ ਅਤੇ ਭਤੀਜੇ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਭੇਜਿਆ ਸੀ। ਇਹ ਦੋਵੇਂ ਲੜਕੇ ਉਥੇ ਡੇਢ ਮਹੀਨਾ ਰਹੇ। ਸਿੱਖ ਧਰਮ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਸਤਿਕਾਰ ਨਾਲ ਰੱਖਿਆ। ਦਲਿਤਾਂ ਦੇ ਧਰਮ ਪਰਿਵਰਤਨ ਦੇ ਐਲਾਨ ਨੇ ਕਈ ਧਾਰਮਿਕ ਆਗੂਆਂ ‘ਚ ਲਾਲਚ ਪੈਦਾ ਕਰ ਦਿੱਤਾ। ਉਨ੍ਹਾਂ ਨੇ ਹੁਣ ਡਾਕਟਰ ਅੰਬੇਡਕਰ ‘ਤੇ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਉਨ੍ਹਾਂ ਦਾ ਧਰਮ ਸਵੀਕਾਰ ਕਰ ਲੈਣ ਅਤੇ ਇਸ ਨਾਲ ਉਨ੍ਹਾਂ ਨੂੰ ਸਮਤਾ ਤੇ ਆਜ਼ਾਦੀ ਮਿਲੇਗੀ। ਕੁਝ ਮੁਸਲਿਮ ਧਾਰਮਿਕ ਆਗੂ ਜਿਨ੍ਹਾਂ ਦੇ ਪਿੱਛੇ ਹੈਦਰਾਬਾਦ ਦਾ ਨਿਜ਼ਾਮ ਸੀ ਡਾਕਟਰ ਅੰਬੇਡਕਰ ਇਸਲਾਮ ਧਰਮ ਵੱਲ ਖਿੱਚਣ ਲਈ ਪੂਰੀ ਵਾਹ ਲਗਾ ਰਹੇ ਅਤੇ ਪੈਸੇ ਦਾ ਲਾਲਚ ਵੀ ਦੇ ਰਹੇ ਸਨ । ਬੁੱਧ ਧਰਮ ਵਾਲਿਆਂ ਨੇ ਆਪਣੇ ਤਰੀਕੇ ਨਾਲ ਆਪਣੇ ਧਰਮ ਵਿਚ ਲਿਆਉਣ ਲਈ ਯਤਨ ਕਰ ਰਹੇ ਸਨ। ਇਕ ਇਟਾਲੀਅਨ ਭਿਖਸ਼ੂ ਜਿਸ ਦਾ ਨਾਮ “ਭੰਤੇ ਲੋਕ ਨਾਥ” ਸੀ ਜਿਸ ਨੇ ਲੋਕ ਨਾਥ ਬੁੱਧ ਮਿਸ਼ਨ ਦੀ ਸਥਾਪਨਾ ਕੀਤੀ ਸੀ। 10 ਜੂਨ 1936 ਨੂੰ ਡਾਕਟਰ ਅੰਬੇਡਕਰ ਦੇ ਘਰ ਬੰਬਈ ਆਇਆ। ਡਾਕਟਰ ਅੰਬੇਡਕਰ ਨਾਲ ਮੁਲਾਕਾਤ ਕੀਤੀ। ਬਾਅਦ ਵਿਚ ਅਖ਼ਬਾਰਾਂ ਵਾਲਿਆਂ ਨੂੰ ਉਸ ਨੇ ਬਿਆਨ ਦਿੱਤਾ ਕਿ ਦਲਿਤ ਆਗੂ ਬੁੱਧ ਧਰਮ ਤੋਂ ਪ੍ਰਭਾਵਿਤ ਲਗਦਾ ਹੈ ਪਰ ਵਾਅਦਾ ਨਹੀਂ ਕੀਤਾ।
ਅੰਤ 14 ਅਕਤੂਬਰ 1956 ਨੂੰ ਉਨ੍ਹਾਂ ਨੇ ਨਾਗਪੁਰ ਵਿਚ ਬੁੱਧ ਧਰਮ ਸਵੀਕਾਰ ਕੀਤਾ ਅਤੇ ਅਗਲੇ ਦਿਨ 7 ਲੱਖ ਲੋਕਾਂ ਨੂੰ ਉਨ੍ਹਾਂ ਨੇ ਆਪ ਬੁੱਧ ਧਰਮ ਦੀ ਦੀਕਸ਼ਾ ਦਿੱਤੀ।
ਡਾਕਟਰ ਅੰਬੇਡਕਰ ਨੂੰ ਬਹੁਤ ਸਾਰੀਆਂ ਬੀਮਾਰੀਆਂ ਨੇ ਘੇਰ ਲਿਆ। ਬਾਬਾ ਸਾਹਿਬ ਨੇ ਆਪਣੇ ਅੰਤਿਮ ਸੰਦੇਸ਼ ‘ਚ ਕਿਹਾ ਸੀ ਕਿ “ਮੈਂ ਜੋ ਕੁਝ ਵੀ ਕੀਤਾ ਹੈ ਉਹ ਜੀਵਨ ਭਰ ਬੇਹੱਦ ਤਕਲੀਫਾਂ ਅਤੇ ਬੇਅੰਤ ਸੰਕਟਾਂ ਦਾ ਸਾਹਮਣਾ ਕਰਕੇ ਆਪਣੇ ਵਿਰੋਧੀਆਂ ਨਾਲ ਸੰਘਰਸ਼ ਕਰਨ ਤੋਂ ਬਾਅਦ ਹੀ ਕਰ ਸਕਿਆ ਹਾਂ ਬਹੁਤ ਸੰਕਟ ਮੁਸੀਬਤਾਂ ਨੂੰ ਸਹਿ ਕੇ ਮੈਂ ਇਸ ਕਾਰਵਾਂ ਨੂੰ ਅੱਜ ਜਿੱਥੇ ਹੈ, ਇਥੇ ਤੱਕ ਲੈ ਕੇ ਆਇਆ ਹਾਂ। ਇਸ ਕਾਰਵਾਂ ਦੇ ਸਾਹਮਣੇ ਆਉਣ ਵਾਲੀਆਂ ਮੁਸੀਬਤਾਂ ਨੂੰ ਸਹਿੰਦੇ ਹੋਏ ਅੱਗੇ ਵਧਣ ਦਿੱਤਾ ਜਾਵੇ, ਲੇਕਿਨ ਕਿਸੇ ਵੀ ਹਾਲਤ ਵਿਚ ਇਸ ਨੂੰ ਪਿੱਛੇ ਨਾ ਜਾਣ ਦਿੱਤਾ ਜਾਵੇ। ਇਹ ਸੰਦੇਸ਼ ਮੇਰੇ ਲੋਕਾਂ ਲਈ ਹੈ।”
18 ਮਾਰਚ 1956 ਦੇ ਇਤਿਹਾਸਕ ਭਾਸ਼ਨ ਵਿਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਕਿਹਾ ਸੀ ਕਿ “ਮੈਨੂੰ ਪੜ੍ਹੇ ਲਿਖੇ ਲੋਕਾਂ ਨੇ ਧੋਖਾ ਦਿੱਤਾ ਹੈ।” ਕਮਿਊਨਿਸਟਾਂ ਬਾਰੇ ਡਾਕਟਰ ਅੰਬੇਡਕਰ ਦਾ ਵਿਚਾਰ ਸੀ ਕਿ ਆਪਣੇ ਰਾਜਨੀਤਕ ਟੀਚੇ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਭਾਰਤੀ ਮਜ਼ਦੂਰਾਂ ਦਾ ਇਸਤੇਮਾਲ ਕੀਤਾ ਹੈ। ਕਮਿਊਨਿਸਟਾਂ ਦੁਆਰਾ ਕੀਤੀ ਗਈ ਇਤਿਹਾਸ ਦੀ ਪਰਿਭਾਸ਼ਾ ਨਾਲ ਡਾਕਟਰ ਅੰਬੇਡਕਰ ਸਹਿਮਤ ਨਹੀਂ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਕੇਵਲ ਧੰਨ ਦੌਲਤ ਹੀ ਨਹੀਂ ਬਲਕਿ ਧਰਮ ਅਤੇ ਸਮਾਜਿਕ ਪਹਿਚਾਣ ਦੀ ਪਾਵਰ ਸੱਤਾ ਦੇ ਸਾਧਨ ਹਨ। ‘ਜਾਤਪਾਤ ਦਾ ਬੀਜ਼ ਨਾਸ਼’ ਕਿਤਾਬ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਕੋਈ ਦਸ ਸਕਦਾ ਹੈ ਕਿ ਭਾਰਤ ਦੇ ਆਮ ਲੋਕ ਗਰੀਬੀ ਕਾਰਨ ਕਿਸੇ ਜਾਤੀ ਭੇਦ ਭਾਵ ਨੂੰ ਨਹੀਂ ਮੰਨਦੇ। ਸੱਚ ਕਹੀਏ ਤਾਂ ਭਾਰਤ ਦੀ ਹਰ ਜਾਤ ਆਪਣੇ ਤੋਂ ਥੱਲੇ ਦੀ ਜਾਤ ਨਾਲ ਨਫ਼ਰਤ ਕਰਦੀ ਹੈ। ਗਰੀਬੀ ਅਮੀਰੀ ਨੂੰ ਦੇਖ ਕੇ ਨਹੀਂ ਜਾਤਪਾਤ ਨੂੰ ਦੇਖ ਕੇ ਵਿਵਹਾਰ ਕੀਤਾ ਜਾਂਦਾ ਹੈ। ਭਾਰਤ ਵਿਚ ਜਦ ਤੱਕ ਜਾਤਪਾਤ ਹੈ ਤਦ ਤੱਕ ਗਰੀਬ ਅਮੀਰਾਂ ਦੇ ਵਿਰੁੱਧ ਇਕੱਠੇ ਨਹੀਂ ਹੋ ਸਕਦੇ। ਭਾਰਤ ਵਿਚ ਕਮਿਉਨਿਸਟ ਖੁਦ ਜਾਤ ਨੂੰ ਮੰਨਦੇ ਹਨ।
ਸੰਨ 1938 ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਆਰ.ਐਸ.ਐਸ. ਭੱਟ ਹਾਈ ਸਕੂਲ ਵਿਚ ਮੀਟਿੰਗ ਹੋਈ। ਮੀਟਿੰਗ ਦਾ ਮੁੱਦਾ ਸੀ ਖੈਰ ਮੁੱਖ ਮੰਤਰੀ ਨੇ ਮੰਤਰੀ ਮੰਡਲ ਬਣਾਉਣਾ ਚਾਹੁੰਦਾ ਸੀ। ਉਨ੍ਹਾਂ ਨੇ ਜਦੋਂ ਆਪਣਾ ਮੰਤਰੀ ਮੰਡਲ ਬਣਾਇਆ ਤਾਂ ਇਕ ਅਛੂਤ ਨੂੰ ਮੰਤਰੀ ਬਣਾ ਦਿੱਤਾ। ਇਸ ਤੇ ਗਾਂਧੀ ਜੀ ਨਰਾਜ਼ ਹੋ ਗਏ। ਇਸ ਮੀਟਿੰਗ ਵਿਚ ਡਾਕਟਰ ਮੂੰਜੇ, ਜਮਨਾ ਦਾਸ ਅਤੇ ਡਾਕਟਰ ਅੰਬੇਡਕਰ ਨੇ ਭਾਸ਼ਨ ਦਿੱਤੇ ਅਤੇ ਕਿਹਾ ਕਿ ਡਾਕਟਰ ਖੈਰ ਨੂੰ ਮੁਖੀ ਹੋਣ ਕਰਕੇ ਹੱਕ ਹੈ ਉਹ ਆਪਣਾ ਮੰਤਰੀ ਮੰਡਲ ਬਣਾਉਣ। ਗਾਂਧੀ ਡਾਕਟਰ ਖੈਰ ਦੇ ਅਸਤੀਫ਼ੇ ਨੂੰ ਆਪ ਸਵੀਕਾਰ ਕਰਨਾ ਚਾਹੁੰਦੇ ਸਨ। ਡਾਕਟਰ ਖੈਰ ਦਾ ਕਸੂਰ ਇਹ ਸੀ ਕਿ ਉਸ ਨੇ ਇਕ ਅਛੂਤ ਨੂੰ ਮੰਤਰੀ ਕਿਉਂ ਬਣਾਇਆ ਹੈ। ਡਾਕਟਰ ਖੈਰ ਇਕ ਪੜ੍ਹੇ ਲਿਖੇ ਵਿਅਕਤੀ ਸਨ ਤੇ ਲੋਕਤੰਤਰ ਵਿਚ ਵਿਸ਼ਵਾਸ ਰੱਖਣ ਵਾਲੇ ਸਨ।
ਡਾਕਟਰ ਖੈਰ ਹਰੀਜਨ ਸੇਵਕ ਸੰਘ ਦੀ ਕਾਰਜਕਾਰਨੀ ਦੇ ਮੈਂਬਰ ਸਨ ਅਤੇ ਗਾਂਧੀ ਨੇ ਉਨ੍ਹਾਂ ਨਾਲ ਕੇਂਦਰੀ ਸੂਬਿਆਂ ਦਾ ਦੌਰਾ ਕੀਤਾ ਸੀ ਅਤੇ ਹਰੀਜਨ ਭਲਾਈ ਦੀਆਂ ਗੱਲਾਂ ਕੀਤੀਆਂ ਸਨ। ਦਲਿਤਾਂ ਦਾ ਦੁਸ਼ਮਣ ਗਾਂਧੀ ਡਾਕਟਰ ਖੈਰ ਨੂੰ ਹਰੀਜਨ ਮੰਤਰੀ ਨੂੰ ਮੰਤਰੀ ਮੰਡਲ ’ਚ ਲੈਣ ਤੋਂ ਰੋਕ ਰਿਹਾ ਸੀ। ਇੱਥੇ ਇਹ ਦੱਸਣਾ ਬਣਦਾ ਹੈ ਕਿ ਗਾਂਧੀ ਨੇ ਦਲਿਤਾਂ ਨੂੰ ਗੁੰਮਰਾਹ ਕਰਨ ਲਈ “ਹਰੀਜਨ ਸੇਵਕ ਸੰਘ” ਬਣਾਇਆ ਸੀ ਜਿਸ ਦਾ ਇਕ ਵੀ ਮੈਂਬਰ ਅਛੂਤ ਨਹੀਂ ਸੀ।
“ਮੈਨੂੰ ਪੜ੍ਹੇ ਲਿਖੇ ਲੋਕਾਂ ਨੇ ਧੋਖਾ ਦਿੱਤਾ” 18 ਮਾਰਚ, 1956 ਆਗਰਾ ਦਾ ਇਤਿਹਾਸਕ ਭਾਸ਼ਨ ਆਮ ਜਨਤਾ ਨੂੰ
“… ਮੈਂ ਪਿਛਲੇ 30 ਸਾਲਾਂ ਤੋਂ ਆਪਣੇ ਲੋਕਾਂ ਦੇ ਰਾਜਨੀਤਕ ਅਧਿਕਾਰਾਂ ਲਈ ਨਿਰੰਤਰ ਸੰਘਰਸ਼ ਕਰ ਰਿਹਾ ਹਾਂ। ਆਪਣੇ ਲੋਕਾਂ ਦਾ ਜੋ ਜਨਮ ਸਿੱਧ ਰਾਜਨੀਤਕ ਅਧਿਕਾਰ ਸੀ, ਉਹ ਮੈਂ ਲੈ ਦਿੱਤਾ ਹੈ। ਮੈਂ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਆਦਿ ਵਿਚ ਸੁਰੱਖਿਅਤ ਸਥਾਨ ਕਰਵਾ ਦਿੱਤੇ ਹਨ। ਬੱਚਿਆਂ ਦੀ ਸਿੱਖਿਆ ਸਬੰਧੀ ਸਹੂਲਤਾਂ ਦਾ ਉੱਚਿਤ ਪ੍ਰਬੰਧ ਕਰਵਾ ਦਿੱਤਾ ਹੈ ਹੁਣ ਅਸੀਂ ਤਰੱਕੀ ਕਰ ਸਕਦੇ ਹਾਂ, ਆਪ ਲੋਕਾਂ ਦਾ ਇਹ ਫ਼ਰਜ਼ ਹੈ ਕਿ ਦੇਸ਼ ਵਿਚੋਂ ਵਿੱਦਿਅਕ, ਆਰਥਿਕ ਅਤੇ ਸਮਾਜਿਕ ਅਸਮਾਨਤਾ ਮਿਟਾਉਣ ਲਈ ਏਕਤਾ ਦੇ ਨਾਲ ਸੰਘਰਸ਼ ਜਾਰੀ ਰੱਖੋ ਇਸ ਵਾਸਤੇ ਆਪ ਨੂੰ ਤਿਆਗ ਅਤੇ ਬਲੀਦਾਨ ਕਰਨਾ ਹੋਵੇਗਾ ਅਤੇ ਆਪਣਾ ਖੂਨ ਤੱਕ ਬਹਾਉਣਾ ਹੋਵੇਗਾ…।”
ਲੀਡਰਾਂ ਨੂੰ
“ਜੇਕਰ ਕੋਈ ਤੁਹਾਨੂੰ ਆਪਣੇ ਮਹਿਲਾਂ ਵਿਚ ਬਲਾਉਂਦਾ ਹੈ ਤਾਂ ਤੁਸੀਂ ਬੜੀ ਖੁਸ਼ੀ ਨਾਲ ਜਾ ਸਕਦੇ ਹੋ, ਪਰ ਆਪਣੀ ਕੁੱਲੀ ਨੂੰ ਅੱਗ ਲਾ ਕੇ ਕਦੇ ਨਾ ਜਾਣਾ। ਕਿਸੇ ਦਿਨ ਰਾਜੇ ਨਾਲ ਤੁਹਾਡਾ ਝਗੜਾ ਹੋ ਗਿਆ ਅਤੇ ਉਸ ਨੇ ਤੁਹਾਨੂੰ ਬੇਇੱਜ਼ਤ ਕਰਕੇ ਮਹਿਲ ਤੋਂ ਕੱਢ ਦਿੱਤਾ ਤਾਂ ਕਿਥੇ ਰਹੋਗੇ? ਤੁਸੀਂ ਵਿਕਣਾ ਚਾਹੁੰਦੇ ਹੋ ਤਾਂ ਵਿਕ ਜਾਓ ਪਰ ਆਪਣੇ ਸੰਗਠਨ ਨੂੰ ਬਰਬਾਦ ਮੱਤ ਕਰਨਾ। ਮੈਨੂੰ ਦੂਸਰਿਆਂ ਤੋਂ ਖਤਰਾ ਨਹੀਂ ਹੈ, ਮੈਨੂੰ ਆਪਣਿਆਂ ਤੋਂ ਵਧ ਖਤਰਾ ਹੈ।”
ਭੂਮੀਹੀਣ ਕਿਸਾਨਾਂ ਵਾਸਤੇ
“ਮੈਨੂੰ ਪਿੰਡਾਂ ਵਿਚ ਰਹਿਣ ਵਾਲੇ ਭੂਮੀਹੀਣ ਕਿਸਾਨਾਂ ਦੀ ਬਹੁਤ ਚਿੰਤਾ ਹੈ। ਮੈਂ ਉਨ੍ਹਾਂ ਲਈ ਹਾਲੇ ਤੱਕ ਕੁਝ ਜ਼ਿਆਦਾ ਨਹੀਂ ਕਰ ਸਕਿਆ ਹਾਂ ਉਨ੍ਹਾਂ ਦਾ ਦੁੱਖ ਦਰਦ ਮੈਥੋਂ ਦੇਖਿਆ ਨਹੀਂ ਜਾਂਦਾ । ਉਨ੍ਹਾਂ ਦੇ ਦੁੱਖਾਂ ਦਾ ਮੁੱਢਲਾ ਕਾਰਨ ਉਨ੍ਹਾਂ ਦੇ ਕੋਲ ਵਾਹੁਣ ਅਤੇ ਰਹਿਣ ਲਈ ਜ਼ਮੀਨ ਨਹੀਂ ਹੈ। ਇਸ ਲਈ ਉਹ ਬੇਇੱਜ਼ਤੀ ਅਤੇ ਅੱਤਿਆਚਾਰਾਂ ਦਾ ਸ਼ਿਕਾਰ ਹੁੰਦੇ ਹਨ । ਜਦ ਤੱਕ ਉਨ੍ਹਾਂ ਦੇ ਕੋਲ ਜ਼ਮੀਨ ਨਹੀਂ ਹੋਵੇਗੀ, ਉਨ੍ਹਾਂ ਦਾ ਉਧਾਰ (ਕਲਿਆਣ) ਨਹੀਂ ਹੋ ਸਕਦਾ। ਮੈਂ ਇਸ ਵਾਸਤੇ ਸੱਤਿਆਗ੍ਰਹਿ ਕਰਾਂਗਾ । ਜੇਕਰ ਸਰਕਾਰ ਇਸ ਵਿਚ ਕੋਈ ਰੁਕਾਵਟ ਪਾਵੇਗੀ ਤਾਂ ਮੈਂ ਕਾਨੂੰਨ ਦਾ ਡੰਡਾ ਲੈ ਕੇ ਅੱਗੇ ਅੱਗੇ ਚੱਲਾਂਗਾ ਅਤੇ ਭੂਮੀਹੀਣਾਂ ਨੂੰ ਜ਼ਮੀਨ ਦੁਆ ਕੇ ਹੀ ਰਹਾਂਗਾ।”
ਆਪਣੇ ਅਨੁਯਾਈਆਂ ਨੂੰ
“ਮੈਂ ਛੇਤੀ ਹੀ ਭਗਵਾਨ ਬੁੱਧ ਦੇ ਧਰਮ ਨੂੰ ਸਵੀਕਾਰ ਕਰਨ ਵਾਲਾ ਹਾਂ। ਇਹ ਕਲਿਆਣਕਾਰੀ ਹੈ। ਬਰਾਬਰਤਾ, ਸੁਤੰਤਰਤਾ ਅਤੇ ਭਾਈਚਾਰੇ ‘ਤੇ ਆਧਾਰਤ ਹੈ। ਇਸ ਧਰਮ ਨੂੰ ਮੈਂ ਸਾਲਾਂਬੱਧੀ ਬਾਅਦ ਲੱਭ ਸਕਿਆ ਹਾਂ। ਹੁਣ ਮੈਂ ਛੇਤੀ ਹੀ ਬੋਧੀ ਹੋ ਜਾਵਾਂਗਾ। ਤਦ ਮੈਂ ਅਛੂਤ ਹੋਣ ਦੇ ਨਾਤੇ ਆਪ ਲੋਕਾਂ ਦੇ ਵਿਚਕਾਰ ਨਹੀਂ ਰਹਾਂਗਾ, ਪਰ ਇਕ ਸੱਚੇ ਬੋਧੀ ਦੇ ਨਾਤੇ ਆਪ ਦੀ ਭਲਾਈ ਲਈ ਸੰਘਰਸ਼ ਕਰਦਾ ਰਹਾਂਗਾ। ਮੈਂ ਆਪ ਲੋਕਾਂ ਨੂੰ ਇਹ ਨਹੀਂ ਕਹਿੰਦਾ ਕਿ ਮੇਰੇ ਨਾਲ ਆਪ ਵੀ ਬੋਧੀ ਹੋ ਜਾਵੋ। ਮੈਨੂੰ ‘ਅੰਨ੍ਹੀਂ ਭਗਤੀ’ ਨਹੀਂ ਚਾਹੀਦੀ। ਜੋ ਲੋਕ ਸਵੈ-ਇੱਛਾ ਦੇ ਨਾਲ ਇਸ ਮਹਾਨ-ਧਰਮ ਦੀ ਸ਼ਰਨ ਵਿਚ ਆਉਣਾ ਚਾਹੁੰਦੇ ਹਨ, ਉਹ ਹੀ ਬੁੱਧ ਧਰਮ ਅਪਨਾਉਣ ਤਾਂ ਕਿ ਅੱਗੇ ਤੱਕ ਮਜ਼ਬੂਤੀ ਨਾਲ ਇਸ ਧਰਮ ਵਿਚ ਟਿਕੇ ਰਹਿਣ ਅਤੇ ਬੁੱਧ ਧਰਮ ਦੇ ਨਿਯਮਾਂ ਦਾ ਪਾਲਣ ਕਰਦੇ ਰਹਿਣ।”
ਬੋਧੀ ਭਿਕਸ਼ੂਆਂ ਨੂੰ
“ਬੁੱਧ ਧਰਮ ਬਹੁਤ ਮਹਾਨ ਧਰਮ ਹੈ। ਭਾਰਤ ਵਿਚ ਇਸ ਦੇ ਜਨਮਦਾਤਾ ਤਥਾਗਤ ਬੁੱਧ ਨੇ ਇਸ ਧਰਮ ਨੂੰ ਤੋਰਿਆ ਅਤੇ ਆਪਣੀਆਂ ਚੰਗਿਆਈਆਂ ਦੇ ਕਾਰਨ ਇਹ ਧਰਮ ਧਰਤੀ ਦੇ ਕਣ-ਕਣ ਵਿਚ ਸਮਾ ਗਿਆ ਹੈ? ਆਪਣੀ ਮਹਾਨ ਉੱਨਤੀ ਦੇ ਬਾਅਦ 12ਵੀਂ-13ਵੀਂ ਸਦੀ ਵਿਚ ਇਹ ਧਰਮ ਭਾਰਤ ਵਿਚੋਂ ਅਲੋਪ ਹੋ ਗਿਆ। ਇਸ ਦੇ ਅਨੇਕਾਂ ਕਾਰਨ ਰਹੇ। ਜਿਨ੍ਹਾਂ ਵਿਚੋਂ ਇਕ ਕਾਰਨ ਇਹ ਸੀ ਕਿ ਸਾਡੇ ਬੌਧ ਭਿਕਸ਼ੂ ਵਿਲਾਸੀ ਅਤੇ ਆਰਾਮ-ਪਸੰਦ ਹੋ ਗਏ। ਉਨ੍ਹਾਂ ਦਾ ਕੰਮ, ਧਰਮ-ਪ੍ਰਚਾਰ ਜਾਂ ਭਿਕਸ਼ੂਦਾਨ ਦੀ ਬਜਾਏ ਵਿਹਾਰਾਂ ਵਿਚ ਅਰਾਮ ਕਰਨਾ ਜਾਂ ਦੂਸਰਿਆਂ ਦੀ ਪ੍ਰਸ਼ੰਸਾ ਵਿਚ ਕਿਤਾਬਾਂ ਲਿਖਣਾ ਰਹਿ ਗਿਆ ਸੀ। ਹੁਣ ਇਸ ਧਰਮ ਨੂੰ ਦੁਬਾਰਾ ਜੀਵਿਤ ਕਰਨ ਲਈ ਭਿਕਸ਼ੂਆਂ ਨੂੰ ਬਹੁਤ ਸਖ਼ਤ ਮਿਹਨਤ ਕਰਨੀ ਹੋਵੇਗੀ। ਘਰ ਘਰ ਅਲਖ ਜਗਾਉਣੀ ਹੋਵੇਗੀ। ਸਾਡੇ ਸਮਾਜ ਵਿਚ ਅਜੇ ਵੀ ਭਿਕਸ਼ੂਆਂ ਦੀ ਕਮੀ ਰਹੇਗੀ, ਇਸ ਲਈ ਧਰਮ-ਕਰਮ ਅਤੇ ਸੰਸਕਾਰਾਂ ਨੂੰ ਕਰਨ ਦਾ ਕੰਮ ਗ੍ਰਹਿਸਥੀਆਂ ਨੂੰ ਹੀ ਕਰਨਾ ਚਾਹੀਦਾ ਹੈ।”
ਸਰਕਾਰੀ ਕਰਮਚਾਰੀਆਂ ਨੂੰ
“ਸਾਡੇ ਸਮਾਜ ਵਿਚ ਸਿੱਖਿਆ ਦਾ ਕੁਝ ਵਿਕਾਸ ਹੋਇਆ ਹੈ। ਸਿੱਖਿਆ ਪ੍ਰਾਪਤ ਕਰਕੇ ਲੋਕ ਉੱਚੇ ਅਹੁਦਿਆਂ ‘ਤੇ ਬਿਰਾਜਮਾਨ ਹੋ ਗਏ ਹਨ । ਮੈਨੂੰ ਪੜ੍ਹੇ ਲਿਖੇ ਵਰਗ ਨੇ ਬਹੁਤ ਧੋਖਾ ਦਿੱਤਾ ਹੈ । ਇਨ੍ਹਾਂ ਲੋਕਾਂ ਤੋਂ ਉਮੀਦ ਸੀ ਕਿ ਉੱਚ ਸਿੱਖਿਆ ਪ੍ਰਾਪਤ ਕਰਕੇ ਆਪਣੇ ਸਮਾਜ਼ ਦੀ ਸੇਵਾ ਕਰਨਗੇ, ਪਰ ਮੈਂ ਦੇਖਦਾ ਹਾਂ ਕਿ ਵੱਡੇ ਛੋਟੇ ਕਲਰਕਾਂ ਦੀ ਭੀੜ ਇਕੱਠੀ ਹੋ ਗਈ ਹੈ ਜੋ ਆਪਣਾ ਪੇਟ ਪਾਲਣ ਵਿਚ ਲੱਗੇ ਹੋਏ ਹਨ, ਜੋ ਲੋਕ ਸਰਕਾਰੀ ਨੌਕਰੀ ਵਿਚ ਲੱਗੇ ਹੋਏ ਹਨ ਉਨ੍ਹਾਂ ਦਾ ਫ਼ਰਜ਼ ਹੈ ਕਿ ਸਮਾਜਿਕ ਉਥਾਨ ਲਈ ਆਪਣੀ ਕਮਾਈ ਦਾ 20ਵਾਂ ਭਾਗ ਆਪਣੀ ਮਰਜ਼ੀ ਨਾਲ ਦਾਨ ਕਰਦੇ ਰਹਿਣ ਤਾਂ ਹੀ ਸਮਾਜ ਦਾ ਵਿਕਾਸ ਹੋਵੇਗਾ। ਨਹੀਂ ਤਾਂ ਇਕ ਹੀ ਪਰਿਵਾਰ ਸੁਖੀ ਹੋਵੇਗਾ। ਜੋ ਲੜਕਾ ਪਿੰਡ ਵਿਚ ਪੜ੍ਹਦਾ ਹੈ, ਉਸ ਤੋਂ ਪੂਰੇ ਸਮਾਜ ਨੂੰ ਉਮੀਦ ਹੁੰਦੀ ਹੈ। ਇਕ ਸਿੱਖਿਅਤ ਸਮਾਜ ਸੇਵਕ ਉਨ੍ਹਾਂ ਲਈ ਵਰਦਾਨ ਸਿੱਧ ਹੋ ਸਕਦਾ ਹੈ।”
ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ
“ਵਿਦਿਆਰਥੀਆਂ ਦਾ ਫ਼ਰਜ਼ ਹੈ ਕਿ ਉਹ ਸਿੱਖਿਆ ਪ੍ਰਾਪਤ ਕਰਕੇ ਕਲਰਕੀ ਕਰਨ ਦੀ ਬਜਾਏ ਆਪਣੇ ਪਿੰਡ ਮੁਹੱਲੇ ਦੀ ਸੇਵਾ ਕਰਨ, ਜਿਸ ਨਾਲ ਅਨਪੜ੍ਹਤਾ ਦੇ ਕਾਰਨ ਹੋਣ ਵਾਲੇ ਸ਼ੋਸ਼ਣ ਜਾਂ ਅੱਤਿਆਚਾਰਾਂ ਨੂੰ ਰੋਕਿਆ ਜਾ ਸਕੇ । ਸਮਾਜ ਦੀ ਉੱਨਤੀ ਹੀ ਆਪਣੀ ਉੱਨਤੀ ਹੈ।”
“ਅੱਜ ਤੰਬੂ ਦੇ ਹੇਠਾਂ ਬੰਬੂ” (ਦੇ ਬਰਾਬਰ ਮੇਰੀ ਹਾਲਤ ਹੈ) ਲੱਗਾ ਹੋਇਆ ਹੈ। ਕੱਲ੍ਹ ਜਦ ਬੰਬੂ ਹਟ ਜਾਵੇਗਾ, ਮੈਨੂੰ ਚਿੰਤਾ ਹੈ। ਮੇਰੀ ਸਿਹਤ ਠੀਕ ਨਹੀਂ ਰਹਿੰਦੀ, ਕੀ ਪਤਾ ਮੈਂ ਆਪ ਲੋਕਾਂ ਵਿਚੋਂ ਚਲਾ ਜਾਵਾਂ ਕੋਈ ਪਤਾ ਨਹੀਂ। ਮੈਨੂੰ ਅਜਿਹਾ ਕੋਈ ਨੌਜਵਾਨ ਨਜ਼ਰ ਨਹੀਂ ਆਉਂਦਾ ਜੋ ਮੇਰੇ ਬਾਅਦ ਇਨ੍ਹਾਂ ਕਰੋੜਾਂ ਦੀਨ ਦੁਖੀਆਂ ਇਨਸਾਨਾਂ ਦੀ ਸੱਚੇ ਦਿਲੋਂ ਰੱਖਿਆ ਕਰਦਾ ਰਹੇ । ਹੁਣ ਮੈਂ ਸੋਚਦਾ ਹਾਂ ਕਿ ਮੇਰੇ ਇੰਨਾ ਪੜ੍ਹੇ-ਲਿਖੇ ਹੁੰਦੇ ਹੋਏ ਵੀ ਰਸੋਈ ਵਿਚ ਜੂਠੇ ਭਾਂਡੇ ਸਾਫ ਕਰਨ ਵਾਲਾ ਬ੍ਰਾਹਮਣ ਨੌਕਰ ਮੈਨੂੰ ਅਛੂਤ ਸਮਝਦਾ ਹੈ। ਮੇਰੇ ਮਰਨ ਤੋਂ ਬਾਅਦ ਮੇਰੇ ਕਰੋੜਾਂ ਭਰਾਵਾਂ ਦਾ ਕੀ ਹੋਵੇਗਾ ? ਮੈਂ ਸੋਚਦਾ ਹਾਂ ਮੇਰੇ ਸਾਹਮਣੇ ਹੀ ਕੋਈ ਨੌਜਵਾਨ ਨਿਕਲ ਕੇ ਆ ਜਾਵੇ ਤਾਂ ਮੈਂ ਸੁੱਖ ਦੀ ਨੀਂਦ ਸੌਂ ਸਕਦਾ ਹਾਂ।”
“ਮੇਰਾ ਅਖੀਰ ਵਿਚ ਇਹੀ ਕਹਿਣਾ ਹੈ ਕਿ ਪੜ੍ਹੋ-ਲਿਖੋ ! ਇਕੱਠੇ ਹੋਵੋ ! ਆਸ਼ਾਵਾਦੀ ਬਣੋ ਅਤੇ ਅਧਿਕਾਰਾਂ ਲਈ ਸੰਘਰਸ਼ ਕਰੋ! ਬੱਸ ਇਸ ਵਿਚ ਹੀ ਤੁਹਾਡੀ ਉੱਨਤੀ ਅਤੇ ਭਲਾਈ ਹੈ ।”
ਕਾਰਲ ਮਾਰਕਸ ਦਾ ਮਾਰਗ ਅਤੇ ਦਲਿਤ
ਮਨੁੱਖ ਮਾਤਰ ਦੀ ਉੱਨਤੀ ਦੇ ਲਈ ਧਰਮ ਦੀ ਜ਼ਰੂਰਤ ਹੈ। ਮੈਂ ਇਹ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਕਾਰਲ ਮਾਰਕਸ ਦੇ ਸਿਧਾਂਤਾਂ ਨਾਲ ਇੱਕ ਨਵਾਂ ਮਤ ਨਿਕਲਿਆ ਹੈ। ਉਸ ਦੇ ਕਥਨ ਅਨੁਸਾਰ ਧਰਮ ‘ਚ ਕੁੱਝ ਵੀ ਨਹੀਂ ਹੈ। ਉਨ੍ਹਾਂ ਲਈ ਧਰਮ ਦਾ ਕੋਈ ਮਹੱਤਵ ਨਹੀਂ ਹੈ। ਉਨ੍ਹਾਂ ਦਾ ਧਰਮ ਕੇਵਲ ਇਹ ਹੈ ਕਿ ਉਨ੍ਹਾਂ ਨੂੰ ਸਵੇਰ ਸਮੇਂ ਮੱਖਣ ਲੱਗੇ ਹੋਏ ਟੋਸਟ, ਦੁਪਹਿਰ ਨੂੰ ਖਾਣ ਦੇ ਲਈ ਸਵਾਦਿਸ਼ਟ ਭੋਜਨ, ਚੰਗਾ ਬਿਸਤਰ ਅਤੇ ਦੇਖਣ ਲਈ ਸਿਨੇਮਾ ਚਾਹੀਦਾ ਹੈ। ਇਹੀ ਉਨ੍ਹਾਂ ਦਾ ਦਰਸ਼ਨ ਹੈ। ਸੋ ਐਸੇ ਦਰਸ਼ਨ ਦਾ ਮੈਂ ਹਾਮੀ ਨਹੀਂ ਹਾਂ। ਸੋਣੇ ਦੇ ਲਈ ਹਾਮੀ ਨਹੀਂ ਹਾਂ। ਮੇਰੇ ਪਿਤਾ ਦੀ ਗਰੀਬੀ ਦੇ ਕਾਰਨ ਮੈਨੂੰ ਐਸਾ ਕੋਈ ਸੁੱਖ ਨਹੀਂ ਮਿਲਿਆ। ਆਪਣੇ ਜੀਵਨ ‘ਚ ਜਿੰਨਾਂ ਕਸ਼ਟ ਮੈਂ ਸਹਿਣ ਕੀਤਾ ਹੈ, ਉਨ੍ਹਾਂ ਕਿਸੇ ਨੇ ਸਹਿਣ ਨਹੀਂ ਕੀਤਾ ਹੋਵੇਗਾ। ਇਸ ਲਈ ਗਰੀਬਾਂ ਦਾ ਜੀਵਨ ਕਿਸ ਪ੍ਰਕਾਰ ਕਸ਼ਟਮਈ ਹੁੰਦਾ ਹੈ। ਇਸ ਨੂੰ ਮੈਂ ਭਲੀ ਭਾਤ ਨਾਲ ਜਾਣਦਾ ਹਾਂ । ਆਰਥਿਕ ਦ੍ਰਿਸ਼ਟੀਕੋਣ ਨੂੰ ਸਾਹਮਣੇ ਰੱਖ ਕੇ ਸਾਡਾ ਅੰਦੋਲਨ ਚਲਾਉਣਾ ਚਾਹੀਦਾ ਹੈ ਅਤੇ ਮੈਂ ਵੀ ਇਸ ਗੱਲ ਦਾ ਵਿਰੋਧੀ ਨਹੀਂ ਹਾਂ । ਸਾਡੀ ਆਰਥਿਕ ਉੱਨਤੀ ਹੋਣੀ ਚਾਹੀਦੀ ਹੈ। ਇਸ ਲਈ ਮੈਂ ਅੱਜ ਤੱਕ ਆਪਣੇ ਲੋਕਾਂ ਦੀ ਆਰਥਿਕ ਅਤੇ ਮਾਨਸਿਕ ਉੱਨਤੀ ਦੇ ਲਈ ਸੰਘਰਸ਼ ਕਰਦਾ ਰਿਹਾ ਹਾਂ। ਇਹੀ ਨਹੀਂ ਬਲਕਿ ਮਾਨਵ ਮਾਤਰ ਦੀ ਆਰਥਿਕ ਉੱਨਤੀ ਹੋਣੀ ਚਾਹੀਦੀ ਹੈ।
ਧਰਮ ਦੀ ਜ਼ਰੂਰਤ ਗਰੀਬਾਂ ਦੇ ਲਈ ਹੈ ।
ਧਰਮ ਦੀ ਜ਼ਰੂਰਤ ਕੇਵਲ ਗਰੀਬਾਂ ਦੇ ਲਈ ਹੁੰਦੀ ਹੈ । ਦੁੱਖੀ ਅਤੇ ਪੀੜਤ ਲੋਕਾਂ ਦੇ ਲਈ ਧਰਮ ਦੀ ਜ਼ਰੂਰਤ ਹੁੰਦੀ ਹੈ। ਗਰੀਬ ਮਨੁੱਖ ਸਦਾ ਹੀ ਆਸ਼ਾ ਤੇ ਜੀਊਂਦਾ ਹੈ। ਜੀਵਨ ਦਾ ਮੂਲ ਆਸ਼ਾ ਵਿੱਚ ਹੀ ਹੈ। ਅਗਰ ਇਹ ਆਸ਼ਾ ਨਸ਼ਟ ਹੋ ਜਾਂਦੀ ਹੈ ਤਾਂ ਜੀਵਨ ਕਿਸ ਤਰ੍ਹਾਂ ਚੱਲੇਗਾ । ਧਰਮ ਸਾਰਿਆਂ ਨੂੰ ਆਸ਼ਾਵਾਦੀ ਬਣਾਉਂਦਾ ਹੈ। ਗਰੀਬ ਪੀੜਤਾਂ ਨੂੰ ਇਹੀ ਸੰਦੇਸ਼ ਦਿੰਦਾ ਹੈ ਕਿ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਜੀਵਨ ਆਸ਼ਾਦਾਇਕ ਹੈ ਅਤੇ ਐਸਾ ਹੀ ਅੱਗੇ ਵੀ ਰਹੇਗਾ । ਇਹ ਕਾਰਨ ਹੈ ਕਿ ਗਰੀਬ ਜਾਂ ਪੀੜਤ ਵਿਅਕਤੀ ਧਰਮ ਨੂੰ ਆਪਣੇ ਨਾਲ ਚਿਪਕਾਕਰ ਰੱਖਦਾ ਹੈ।
ਜਦੋਂ ਯੂਰਪ ‘ਚ ਈਸਾਈਅਤ ਦਾ ਪ੍ਰਚਾਰ ਹੋਇਆ, ਉਸ ਸਮੇਂ ਰੋਮ ਦੇ ਆਸ- ਪਾਸ ਸਾਰੇ ਦੇਸ਼ਾਂ ਦੀ ਦਿਸ਼ਾ ਬਹੁਤ ਖਰਾਬ ਸੀ। ਲੋਕਾਂ ਨੂੰ ਪੇਟ ਭਰ ਖਾਣਾ ਵੀ ਨਹੀਂ ਮਿਲਦਾ ਸੀ। ਉਸ ਸਮੇਂ ਇਨ੍ਹਾਂ ਲੋਕਾਂ ਵਿੱਚ ਈਸਾਈ ਮਤ ਦਾ ਪ੍ਰਚਾਰ ਹੋਇਆ। ਦੁੱਖੀ ਅਤੇ ਪੀੜਤ ਲੋਕ ਇਸ ਧਰਮ ਦੇ ਅਨੁਯਾਈ ਬਣੇ। ਯੂਰਪੀਅਨ ਵਿਦਵਾਨ ਮਿਸਟਰ ਗਿਬਨ ਨੇ ਇੱਕ ਵਾਰ ਕਿਹਾ ਸੀ ਕਿ ਈਸਾਈ ਧਰਮ ਭਿਖਾਰੀਆਂ ਦਾ ਧਰਮ ਹੈ ਜੋ ਯੂਰਪ ਦਾ ਧਰਮ ਬਣ ਗਿਆ ਹੈ। ਇਸ ਦਾ ਜਵਾਬ ਦੇਣ ਦੇ ਲਈ ਮਿਸਟਰ ਗਿਬਨ ਅੱਜ ਜੀਵਤ ਨਹੀਂ ਅਗਰ ਉਹ ਜੀਵਤ ਹੁੰਦੇ ਤਾਂ ਸ਼ਾਇਦ ਆਪਣੀ ਗੱਲ ਦਾ ਜਵਾਬ ਉਹ ਖੁਦ ਹੀ ਦਿੰਦੇ । ਕੁੱਝ ਲੋਕ ਇਹ ਜ਼ਰੂਰੀ ਕਹਿਣਗੇ ਕਿ ਇਹ ਬੁੱਧ ਧਰਮ ਭੰਗੀ ਚਮਾਰਾ ਦਾ ਧਰਮ ਹੈ। ਬ੍ਰਾਹਮਣ ਲੋਕ ਭਗਵਾਨ ਬੁੱਧ ਨੂੰ ਵੀ ਭੌ ਗੌਤਮ ਹੀ ਕਹਿ ਕੇ ਪੁਕਾਰਦੇ ਸਨ। ਬ੍ਰਾਹਮਣ ਭਗਵਾਨ ਬੁੱਧ ਨੂੰ ਇਸ ਪ੍ਰਕਾਰ ਅਪਸ਼ਬਦ ਕਹਿ ਕਰ ਚਿੜਾਇਆ ਕਰਦੇ ਸਨ। ਲੇਕਿਨ ਆਪ ਇਹ ਜਾਣਦੇ ਹਾਂ ਕਿ ਵਿਦੇਸ਼ਾਂ ਵਿੱਚ ਰਾਮ, ਕ੍ਰਿਸ਼ਨ ਅਤੇ ਸ਼ੰਕਰ ਦੀਆਂ ਮੂਰਤੀਆਂ ਨੂੰ ਖਰੀਦਣ ਦੇ ਲਈ ਰੱਖੀਆਂ ਜਾਣ ਤਾਂ ਕੋਈ ਖਰੀਦਦਾ ਨਹੀਂ। ਅਗਰ ਬੁੱਧ ਦੀ ਮੂਰਤੀ ਰੱਖੀ ਜਾਵੇ ਤਾਂ ਇੱਕ ਵੀ ਮੂਰਤੀ ਨਹੀਂ ਬਚੇਗੀ। ਭਾਰਤ ਵਿੱਚ ਜੋ ਹੋਣਾ ਸੀ ਉਹ ਬਹੁਤ ਕੁੱਝ ਹੁੰਦਾ ਰਿਹਾ। ਕੁੱਝ ਬਾਹਰ ਵੀ ਦੇਖੋ | ਬਾਹਰ ਅਗਰ ਕਿਸੀ ਦਾ ਨਾਮ ਹੈ ਤਾਂ ਉਹ ਹੈ ਭਗਵਾਨ ਬੁੱਧ ਦਾ। ਫਿਰ ਇਹ ਧਰਮ ਬਗੈਰ ਫੈਲੇ ਕਿਸ ਤਰ੍ਹਾਂ ਰਹੇਗਾ?
ਅਸੀਂ ਆਪਣੇ ਮਾਰਗ ਤੇ ਜ਼ਰੂਰ ਜਾਵਾਂਗੇ । ਉਹ ਆਪਣੇ ਰਾਹ ਤੇ ਜਾਣ । ਸਾਨੂੰ ਨਵਾਂ ਰਸਤਾ ਮਿਲ ਗਿਆ ਹੈ। ਇਹ ਆਸ਼ਾ ਦਾ ਪ੍ਰਤੀਕ ਹੈ। ਅਦਭੁਤ ਅਤੇ ਉਤਕਰਸ ਦਾ ਮਹਾਨ ਮਾਰਗ ਹੈ। ਇਹ ਨਵਾਂ ਮਾਰਗ ਨਹੀਂ ਹੈ। ਇਸ ਨੂੰ ਅਸੀਂ ਕਿਤੋ ਲਿਆਏ ਨਹੀਂ ਹਾਂ। ਇਹ ਸ੍ਰੇਸ਼ਠ ਮਾਰਗ ਇੱਥੇ ਦਾ ਹੀ ਹੈ। ਇਹ ਭਾਰਤੀ ਹੈ। ਇਸ ਦੇਸ਼ ਵਿੱਚ 2000 ਸਾਲ ਪਹਿਲਾ ਵੀ ਬੁੱਧ ਧਰਮ ਸੀ। ਇਸ ਦਾ ਸਾਨੂੰ ਦੁੱਖ ਹੈ ਕਿ ਇਸ ਨੂੰ ਅਸੀਂ ਬਾਬਾ ਸਾਹਿਬ ਡਾ. ਅੰਬੇਡਕਰ ਦੁਆਰਾ ਦਿੱਤੀਆਂ ਗਈਆਂ 22 ਪ੍ਰਤਿੱਗਿਆਵਾਂ
(1) ਮੈਂ ਬ੍ਰਹਮਾਂ, ਵਿਸ਼ਨੂੰ ਅਤੇ ਮਹੇਸ਼ ਨੂੰ ਕਦੀ ਈਸ਼ਵਰ ਨਹੀਂ ਮੰਨਾਂਗਾ ਅਤੇ ਨਾ ਕਦੀ ਉਨ੍ਹਾਂ ਦੀ ਪੂਜਾ ਕਰਾਂਗਾ।
(2) ਮੈਂ ਰਾਮ ਅਤੇ ਕ੍ਰਿਸ਼ਨ ਨੂੰ ਈਸ਼ਵਰ ਨਹੀਂ ਮੰਨਾਂਗਾ ਅਤੇ ਕਦੇ ਉਨ੍ਹਾਂ ਦੀ ਪੂਜਾ ਨਹੀਂ ਕਰਾਂਗਾ।
(3) ਮੈਂ ਗੌਰੀਗਣਪਤੀ ਆਦਿ ਹਿੰਦੂ ਧਰਮ ਦੇ ਕਿਸੀ ਵੀ ਦੇਵੀ ਦੇਵਤੇ ਨੂੰ ਨਹੀਂ ਮੰਨਾਂਗਾ ਅਤੇ ਨਾ ਹੀ ਉਸ ਦੀ ਪੂਜਾ ਕਰਾਂਗਾ।
(4) ਈਸ਼ਵਰ ਨੇ ਕਦੀ ਅਵਤਾਰ ਲਿਆ ਹੈ ਮੈਂ ਇਸ ਗੱਲ ਤੇ ਕਦੇ ਵਿਸ਼ਵਾਸ ਨਹੀਂ ਕਰਾਂਗਾ।
(5) ਭਗਵਾਨ ਬੁੱਧ ਵਿਸ਼ਨੂੰ ਦੇ ਅਵਤਾਰ ਹਨ ਮੈਂ ਇਸ ਗੱਲ ਨੂੰ ਕਦੀ ਨਹੀਂ ਮੰਨਾਂਗਾ।
(6) ਮੈਂ ਐਸੇ ਪ੍ਰਚਾਰ ਨੂੰ ਪਾਗਲਪਨ ਦਾ ਝੂਠਾ ਪ੍ਰਚਾਰ ਸਮਝਦਾ ਹਾਂ।
(7) ਮੈਂ ਬੁੱਧ ਧਰਮ ਦੇ ਵਿਰੁੱਧ ਕਦੇ ਕੋਈ ਗੱਲ ਨਹੀਂ ਕਰਾਂਗਾ।
(8) ਮੈਂ ਕੋਈ ਵੀ ਸੰਸਕਾਰ ਬ੍ਰਾਹਮਣਾਂ ਦੇ ਹੱਥੋਂ ਨਹੀਂ ਕਰਾਵਾਂਗਾ।
(9) ਮੈਂ ਇਸ ਸਿਧਾਂਤ ਨੂੰ ਮੰਨਾਂਗਾ ਕਿ ਸਾਰੇ ਮਨੁੱਖ ਬਰਾਬਰ ਹਨ।
(10) ਮੈਂ ਸਮਾਨਤਾ ਦੇ ਲਈ ਆਜੀਵਨ ਯਤਨ ਕਰਾਂਗਾ।
(11) ਮੈਂ ਭਗਵਾਨ ਬੁੱਧ ਦੇ ਅਸ਼ਟ ਮਾਰਗ ਦਾ ਪੂਰਨ ਪਾਲਣ ਕਰਾਂਗਾ।
(12) ਮੈਂ ਭਗਵਾਨ ਬੁੱਧ ਦੀ ਦੱਸੀ ਗਈ ਦਸ ਪਾਰਮਿਤਾਓ ਦਾ ਪੂਰਨ ਰੂਪ ਵਿੱਚ ਪਾਲਣ ਕਰਾਂਗਾ।
(13) ਮੈਂ ਹਰ ਪ੍ਰਾਣੀ ਮਾਤਰ ’ਤੇ ਦਇਆ ਰੱਖਾਂਗਾ ਅਤੇ ਉਹਨਾਂ ਦਾ ਲਾਲਨ-ਪਾਲਣ ਕਰਾਂਗਾ।
(14) ਮੈਂ ਚੋਰੀ ਨਹੀਂ ਕਰਾਂਗਾ।
(15) ਮੈਂ ਝੂਠ ਨਹੀਂ ਬੋਲਾਂਗਾ।
(16) ਮੈਂ ਵਿਭਚਾਰ ਨਹੀਂ ਕਰਾਂਗਾ।
(17) ਮੈਂ ਸ਼ਰਾਬ ਨਹੀਂ ਪੀਊਂਗਾ।
(18) ਮੈਂ ਆਪਣੇ ਜੀਵਨ ਨੂੰ ਬੁੱਧ ਧਰਮ ਦੇ ਤਿੰਨ ਤੱਤਾਂ ਅਰਥਾਤ ਗਿਆਨ, ਸ਼ੀਲ ਅਤੇ ਕਰੁਣਾ ਤੇ ਢਾਲਣ ਦਾ ਯਤਨ ਕਰਾਂਗਾ।
(19) ਮੈਂ ਮਨੁੱਖ ਮਾਤਰ ਦੇ ਵਿਕਾਸ ਲਈ ਹਾਨੀਕਾਰਕ ਅਤੇ ਮਨੁੱਖ ਮਾਤਰ ਨੂੰ ਊਚ- ਨੀਚ ਮੰਨਣ ਵਾਲੇ ਪੁਰਾਣੇ ਹਿੰਦੂ ਧਰਮ ਨੂੰ ਪੂਰਨ ਤਿਆਗਦਾ ਹਾਂ ਅਤੇ ਬੁੱਧ ਧਰਮ ਨੂੰ ਸਵੀਕਾਰ ਕਰਦਾ ਹਾਂ।
(20) ਮੇਰਾ ਐਸਾ ਪੂਰਨ ਵਿਸ਼ਵਾਸ ਹੈ ਕਿ ਭਗਵਾਨ ਬੁੱਧ ਦਾ ਧੰਮ ਹੀ ਸਹੀ ਧੰਮ ਹੈਂ।
(21) ਮੈਂ ਇਹ ਮੰਨਦਾ ਹਾਂ ਕਿ ਮੇਰਾ ਨਵਾਂ ਜਨਮ ਹੋ ਗਿਆ ਹੈ।
(22) ਮੈਂ ਇਹ ਪਵਿੱਤਰ ਪ੍ਰਤਿੱਗਿਆ ਕਰਦਾ ਹਾਂ ਕਿ ਅੱਜ ਤੋਂ ਮੈਂ ਬੁੱਧ ਧਰਮ ਦੀਆਂ ਸਿੱਖਿਆਵਾਂ ਦੇ ਅਨੁਸਾਰ ਹੀ ਆਚਰਣ ਕਰਾਂਗਾ।
ਸੰਸਾਰ ਦੇ ਛੇ ਮਹਾਨ ਵਿਅਕਤੀਆਂ ‘ਚ ਹੈ ਉਹ ਹਨ:-
- ਡਾ. ਭੀਮ ਰਾਓ ਅੰਬੇਡਕਰ
- ਕਾਰਲ ਮਾਰਕਸ
- ਇਬਰਾਹਿਮ ਲੇਕਿਨ
- ਮਾਰਟਿਨ ਲੂਥਰ
- ਪਲੈਟੋ
- ਸੁਕਰਾਤ
ਡਾ. ਅੰਬੇਡਕਰ 100 ਸਾਲ ਪਹਿਲਾਂ (1913) ਕੋਲੰਬੀਆਂ ਯੂਨੀਵਰਸਿਟੀ ‘ਚ ਪੜ੍ਹਨ ਆਏ ਸਨ। ਯੂਨੀਵਰਸਿਟੀ ਵੱਲੋਂ ਆਪਣੇ 250 ਸਾਲਾਂ ਇਤਿਹਾਸ ਅੰਦਰ ਜਾਰੀ ਕੀਤੀ ਮਹਾਨ ਵਿਦਿਆਰਥੀਆਂ ਦੀ ਲਿਸਟ ‘ਚ ਡਾ. ਅੰਬੇਡਕਰ ਦਾ ਨਾਮ ਪਹਿਲੇ ਨੰਬਰ ‘ਤੇ ਲਿਖਿਆ ਹੈ। ਉਨ੍ਹਾਂ ਦੀ ਫੋਟੋ ਤੇ ਹੇਠ ਲਿਖੇ ਸ਼ਬਦ ਲਿਖੇ ਹਨ Founder Father of India ਭਾਵ ਭਾਰਤ ਦੇ ਨਿਰਮਾਤਾ ਰਾਸ਼ਟਰਪਿਤਾ। ਪਰ ਸਾਡੇ ਦੇਸ਼ ਵਿੱਚ ਗਾਂਧੀ ਨੂੰ ਰਾਸ਼ਟਰਪਿਤਾ ਕਹਿੰਦੇ ਹਨ। ਸੋ ਮਹਾਨ ਸ਼ਖ਼ਸੀਅਤਾਂ ਦੀ ਲਿਸਟ ਤੇ ਪਰਦਾ ਉਠਾਉਣ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਡਾ. ਅੰਬੇਡਕਰ ਨੂੰ Symbol of the Knowlege ਭਾਵ ਗਿਆਨ ਦਾ ਸਾਗਰ ਕਹਿ ਯਾਦ ਕੀਤਾ। ਡਾ. ਅੰਬੇਡਕਰ ਭਾਰਤ ਦੇ ਵੀ ਸਭ ਤੋਂ ਮਹਾਨ ਵਿਅਕਤੀ ਸਨ।
Credit – ਚਮਨ ਲਾਲ ਚਣਕੋਆ