Sham Singh Attariwala | ਸ਼ਾਮ ਸਿੰਘ ਅਟਾਰੀਵਾਲਾ

ਸਰਦਾਰ ਸ਼ਾਮ ਸਿੰਘ ਅਟਾਰੀਵਾਲਾ

ਸਰਦਾਰ ਸ਼ਾਮ ਸਿੰਘ ਸਿੱਖ ਇਤਿਹਾਸ ਦਾ ਇਕ ਚਮਕਦਾ ਹੀਰਾ ਹੈ । ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਵੱਖ-ਵੱਖ ਮੁਹਿੰਮਾਂ ਵਿਚ, ਤੇ ਮਹਾਰਾਜਾ ਸਾਹਿਬ ਦੀ ਮੌਤ ਉਪਰੰਤ ਸਭਰਾਵਾਂ ਦੀ ਲੜਾਈ ਵਿਚ ਵਿਖਾਈ ਬੇਮਿਸਾਲ ਬਹਾਦਰੀ ਕਾਰਨ ਉਹ ਸਿੱਖ ਪੰਥ ਦੇ ਗਗਨ-ਮੰਡਲ ਵਿਚ ਧਰੂ ਤਾਰੇ ਦੀ ਤਰ੍ਹਾਂ ਚਮਕ ਰਿਹਾ ਹੈ। ਸ: ਸ਼ਾਮ ਸਿੰਘ ਦੇ ਵੱਡੇ-ਵਡੇਰਿਆਂ ਦਾ ਪਿੱਛਾ ਜੈਸਲਮੇਰ ਸੀ। ਪਹਿਲਾਂ ਇਹ ਫਲ ਤੇ ਮਹਾਰਾਜ ਦੇ ਪਿੰਡਾਂ ਵਿਚ ਆਬਾਦ ਹੋਏ ਤੇ ਫਿਰ ਸੰਨ 1735 ਵਿਚ ਇਨ੍ਹਾਂ ਦੇ ਕੁਝ ਬੰਦੇ ਜਗਰਾਉਂ ਦੇ ਇਲਾਕੇ ਦੇ ਪਿੰਡ (ਕਾਉਂਕੇ) ਵਿਖੇ ਆ ਆਬਾਦ ਹੋਏ। ਸਿੱਖ ਮਿਸਲਾਂ ਦੇ ਸਮੇਂ ਇਨ੍ਹਾਂ ਦੇ ਦੋ ਸਰਦਾਰਾਂ ਗੋਹਰ ਸਿੰਘ ਤੇ ਹੋਰ ਸਿੰਘਾਂ ਨੇ ਮਾਝੇ ਵਿਚ ਆ ਕੇ ਕਾਉਂਕੇ ਨਾਮ ਦਾ ਇਕ ਹੋਰ ਨਗਰ ਵਸਾਇਆ। ਫਿਰ ਬੈਰਾਗੀ ਸਾਧੂਆਂ ਦੇ ਕਹਿਣ ਤੇ ਸ: ਗੋਹਰ ਸਿੰਘ ਨੇ ਇਕ ਪੁਰਾਣੀ ਥੇਹ ਤੇ ਪਿੰਡ ਵਸਾਇਆ ਤੇ ਉੱਥੇ ਉੱਚੀ ਅਟਾਰੀ ਆ ਬਣਾਈ। ਜਿਸ ਤੋਂ ਪਿੰਡ ਦਾ ਨਾਮ ਅਟਾਰੀ ਪੈ ਗਿਆ। ਇੱਥੇ ਰਹਿਣ ਵਾਲੇ ਸਰਦਾਰ, ਅਟਾਰੀ ਵਾਲੇ ਕਹਾਉਣ ਲੱਗੇ। ਇਸ ਪਿੰਡ ਦੇ ਵਸਨੀਕ ਸ: ਸ਼ਾਮ ਸਿੰਘ ਦੇ ਬਜ਼ੁਰਗ, ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਵਿਚ ਨੌਕਰ ਹੋ ਕੇ ਚੰਗੇ ਮਰਤਬੇ ਤੇ ਪੁੱਜ ਗਏ। ਉਨ੍ਹਾਂ ਦਾ ਪਿਤਾ ਸ: ਨਿਹਾਲ ਸਿੰਘ, ਸ: ਸਾਹਿਬ ਸਿੰਘ ਭੰਗੀ ਪਾਸ ਨੌਕਰ ਸੀ।

ਸੰਨ 1795 ਅਤੇ 1798 ਵਿਚ ਅਫ਼ਗਾਨਾਂ ਨੇ ਸ: ਸਾਹਿਬ ਸਿੰਘ ਭੰਗੀ ਤੋਂ ਗੁਜਰਾਤ ਦਾ ਇਲਾਕਾ ਖਾਲੀ ਕਰਵਾਉਣ ਲਈ ਉਨ੍ਹਾਂ (ਸ: ਸਾਹਿਬ ਸਿੰਘ) ਨਾਲ ਜੰਗ ਕੀਤੇ। ਪਹਿਲੇ ਜੰਗ ਵਿਚ ਬਹਾਦਰ ਖ਼ਾਨ ਇਕੱਲਾ ਤੇ ਦੂਜੀ ਲੜਾਈ ਵਿਚ ਅਹਿਮਦ ਸ਼ਾਹ ਸ਼ਹਾਨਚੀ ਅਤੇ ਬਹਾਦਰ ਖ਼ਾਨ ਅਫ਼ਗਾਨ ਫੌਜਾਂ ਦੀ ਅਗਵਾਈ ਕਰ ਰਹੇ ਸਨ। ਦੋਹਾਂ ਲੜਾਈਆਂ ਵਿਚ ਅਫ਼ਗਾਨ ਬੜੀ ਬਹਾਦਰੀ ਨਾਲ ਲੜੇ, ਪਰ ਉਨ੍ਹਾਂ ਨੂੰ ਸਿੰਘਾਂ ਹੱਥੋਂ ਕਰਾਰੀ ਹਾਰ ਹੋਈ। ਅਹਿਮਦ ਸ਼ਾਹ ਸ਼ਹਾਨਚੀ ਨੂੰ ਸਿੰਘਾਂ ਨੇ ਮਾਰ ਦਿੱਤਾ। ਸ: ਨਿਹਾਲ ਸਿੰਘ ਨੇ ਇਨ੍ਹਾਂ ਲੜਾਈਆਂ ਵਿਚ ਬਹਾਦਰੀ ਦੇ ਜੌਹਰ ਵਿਖਾਏ। ਮਗਰੋਂ ਸ: ਸਾਹਿਬ ਸਿੰਘ ਭੰਗੀ ਦੀ ਨੌਕਰੀ ਛੱਡ ਕੇ ਸ: ਨਿਹਾਲ ਸਿੰਘ, ਮਹਾਰਾਜਾ ਰਣਜੀਤ ਸਿੰਘ ਪਾਸ ਆ ਗਿਆ ਤੇ ਸਿੱਖ ਫੌਜਾਂ ਵਿਚ ਕਮਾਂਡਰ ਵਜੋਂ ਨਿਯੁਕਤ ਹੋਇਆ। ਉਸ ਨੇ ਹਰ ਵੱਡੀ ਲੜਾਈ ਵਿਚ ਹਿੱਸਾ ਲਿਆ । ਕਸੂਰ ਦੀ ਜਿੱਤ ਸਮੇਂ ਅਤੇ ਮੁਲਤਾਨ ਉਤੇ ਚੜ੍ਹਾਈ ਸਮੇਂ ਉਸ ਨੇ ਵਿਸ਼ੇਸ਼ ਬਹਾਦਰੀ ਵਿਖਾਈ।

ਆਪਣੇ ਪਿਤਾ ਦੇ ਮਹਾਰਾਜਾ ਸਾਹਿਬ ਦੀ ਨੌਕਰੀ ਵਿਚ ਹੁੰਦਿਆਂ ਹੀ ਸ: ਸ਼ਾਮ ਸਿੰਘ ਅਟਾਰੀ ਮਹਾਰਾਜਾ ਰਣਜੀਤ ਸਿੰਘ ਦੀ ਨੌਕਰੀ ਵਿਚ ਆ ਚੁੱਕੇ ਸਨ । ਪਿਤਾ ਨੇ ਆਪਣੇ ਹੋਣਹਾਰ ਸਪੁੱਤਰ ਨੂੰ ਘੋੜ-ਸਵਾਰੀ, ਤਲਵਾਰ ਚਲਾਉਣੀ, ਤੀਰ- ਅੰਦਾਜ਼ੀ ਤੇ ਉਸ ਸਮੇਂ ਦੀ ਲੜਾਈ ਦੇ ਕਰਤਬਾਂ ਤੋਂ ਜਾਣੂ ਹੀ ਨਹੀਂ ਸੀ ਕਰਵਾਇਆ ਸਗੋਂ ਨਿਪੁੰਨ ਕਰ ਦਿੱਤਾ ਸੀ।

Sham Singh Attariwala | ਸ਼ਾਮ ਸਿੰਘ ਅਟਾਰੀਵਾਲਾ

ਜਦੋਂ ਪੁੱਤਰ ਸ: ਸ਼ਾਮ ਸਿੰਘ ਨੂੰ ਆਪਣੇ ਪਿਤਾ ਦੀ ਥਾਂ ਨਿਯੁਕਤ ਹੋਣ ਦਾ ਅਵਸਰ ਪ੍ਰਾਪਤ ਹੋਇਆ ਤਾਂ ਸ: ਸ਼ਾਮ ਸਿੰਘ ਦੀ ਬਹਾਦਰੀ ਦੇ ਕਾਰਨਾਮੇ ਵੇਖ ਕੇ ਮਹਾਰਾਜਾ ਸਾਹਿਬ ਨੇ ਮਹਿਸੂਸ ਕੀਤਾ ਕਿ ਇਹ ਨੌਜਵਾਨ ਆਪਣੇ ਬਹਾਦਰ ਪਿਤਾ ਦੇ ਸਿੱਖ-ਰਾਜ ਲਈ ਘਾਟੇ ਨੂੰ ਪੂਰਾ ਕਰ ਵਿਖਾਵੇਗਾ। ਸ: ਨਿਹਾਲ ਸਿੰਘ ਦੇ ਹੁੰਦਿਆਂ ਹੀ ਸ: ਸ਼ਾਮ ਸਿੰਘ ਇਨਾਮ ਵਜੋਂ ਇਕ ਹੀਰਿਆਂ ਜੜ੍ਹੀ ਕਲਗ਼ੀ ਮਹਾਰਾਜਾ ਸਾਹਿਬ ਤੋਂ ਪ੍ਰਾਪਤ ਕਰ ਚੁੱਕਾ ਸੀ । ਸੁਖੋ ਦੇ ਇਲਾਕੇ ਦੀ 50,000 ਰੁਪਏ ਸਾਲਾਨਾ ਦੀ ਆਪਣੇ ਪਿਤਾ ਸ: ਨਿਹਾਲ ਸਿੰਘ ਦੀ ਜਾਗੀਰ ਦਾ ਵਾਰਸ ਸ: ਸ਼ਾਮ ਸਿੰਘ ਬਣਿਆ।

1818 ਈ: ਵਿਚ ਪਿਤਾ ਦੇ ਚਲਾਣੇ ਮਗਰੋਂ ਹੋਈ ਪਹਿਲੀ ਲੜਾਈ ਵਿਚ ਸ: ਸ਼ਾਮ ਸਿੰਘ ਨੇ ਬਹੁਤ ਬਹਾਦਰੀ ਦਿਖਾਈ। ਮੁਲਤਾਨ ਦੀ ਇਸ ਲੜਾਈ ਵਿਚ ਭੰਗੀਆਂ ਦੀ ਤੋਪ ਅੰਮ੍ਰਿਤਸਰ ਤੋਂ ਮੁਲਤਾਨ ਭੇਜੀ ਗਈ, ਜਿਸ ਵਿਚ ਇਕ ਮਣ ਪੱਕੇ ਦਾ ਗੋਲਾ ਪੈਂਦਾ ਸੀ। ਦੋਹਾਂ ਧਿਰਾਂ ਦੀ ਜ਼ਬਰਦਸਤ ਟੱਕਰ ਹੋ ਰਹੀ ਸੀ। ਸਿੱਖ ਫ਼ੌਜਾਂ ਨੇ ਸ਼ਹਿਰ ਤਾਂ ਜਿੱਤ ਲਿਆ, ਪਰ ਉਹ ਮਜ਼ਬੂਤ ਕਿਲ੍ਹਾ ਸਰ ਨਹੀਂ ਕਰ ਪਾ ਰਹੇ ਸਨ, ਜਿਸ ਵਿਚ 20,000 ਗ਼ਾਜ਼ੀ ਮੁਲਤਾਨ ਦੇ ਨਵਾਬ ਮੁਜ਼ੱਫ਼ਰ ਖ਼ਾਨ ਵਲੋਂ ਲੜ ਰਹੇ ਸਨ। ਓਧਰ ਮਹਾਰਾਜਾ ਰਣਜੀਤ ਸਿੰਘ ਲਾਹੌਰੋਂ ਬਾਹਰ ਕੈਂਪ ਵਿੱਚ ਆ ਗਏ ਤੇ ਐਲਾਨ ਕੀਤਾ ਕਿ ਮਹਲਾਂ ਵਿਚ ਤਦ ਵੜਾਂਗਾ ਜਦ ਮੁਲਤਾਨ ਦਾ ਕਿਲ੍ਹਾ ਸਿੱਖ ਸੂਰਮੇ ਫਤਹਿ ਕਰ ਲੈਣਗੇ।

ਇਸ ਲੜਾਈ ਵਿਚ ਸਿੱਖ ਸੂਰਬੀਰਾਂ ਦੀ ਲਾਸਾਨੀ ਕੁਰਬਾਨੀ ਦਾ ਹਾਲ ਮੁਣਸ਼ੀ ਗ਼ੁਲਾਮ ਜੀਲਾਨੀ ਜੰਗਨਾਮਾ ਮੁਲਤਾਨ ਵਿਚ ਲਿਖਦਿਆਂ ਹੋਇਆਂ ਕਹਿੰਦਾ ਹੈ :

“ਮੈਂ ਸਿੱਖਾਂ ਵਾਲਾ ਭੇਸ ਬਣਾ ਕੇ ਸਿੱਖਾਂ ਦੇ ਕੈਂਪ ਵਿਚ ਨਵਾਬ ਮੁਜ਼ੱਫ਼ਰ ਖ਼ਾਨ ਦੇ ਸੂਹੀਏ ਵਜੋਂ ਫਿਰ ਤੁਰ ਰਿਹਾ ਸੀ। 2 ਜੂਨ, 1818 ਨੂੰ ਜਦੋਂ ਮੈਂ ਰੋਜ਼ ਦੀ ਤਰ੍ਹਾਂ ਆਪਣੀ ਡੀਊਟੀ ਤੇ ਨਿਕਲਿਆ ਤਾਂ ਅਚਾਨਕ ਇਕ ਪਾਸਿਓਂ ਮੈਨੂੰ ਕੁਝ ਸ਼ੋਰ ਸ਼ਰਾਬਾ ਸੁਣਾਈ ਦਿੱਤਾ : ਮੈਂ ਜਦੋਂ ਰੌਲੇ ਵਾਲੀ ਥਾਂ ਤੇ ਪੁੱਜਾ ਤਾਂ ਕੀ ਵੇਖਦਾ ਹਾਂ ਕਿ 12-13 ਸਿੰਘ ਆਪਸ ਵਿਚ ਝਗੜ ਰਹੇ ਹਨ ਤੇ ਕਹਿ ਰਹੇ ਹਨ, “ਮੈਂ ਪਹਿਲਾਂ, ਮੈਂ ਪਹਿਲਾਂ”। ਅਗੇ ਹੋ ਕੇ ਵੇਖਿਆ ਤਾਂ ਮੈਂ ਡਿੱਠਾ ਕਿ ਭੰਗੀਆਂ ਵਾਲੀ ਤੋਪ ਦਾ ਇਕ ਪਹੀਆ ਟੁੱਟ ਚੁੱਕਾ ਹੈ। ਕਿਲ੍ਹੇ ਦੀ ਦੀਵਾਰ ਤੋੜਨ ਦੀ ਸਮਰੱਥਾ ਕੇਵਲ ਇਸ ਤੋਪ ਵਿਚ ਸੀ। ਸਿੰਘਾਂ, ਤੋਪਚੀ ਦੀ ਤਜਵੀਜ਼ ਅਨੁਸਾਰ, ਵਾਰੀ ਵਾਰੀ ਪਹੀਏ ਦੀ ਥਾਂ ਆਪਣੇ ਮੋਢੇ ਡਾਹੁਣੇ ਪ੍ਰਵਾਨ ਕਰ ਲਏ ਤੇ ਇਕ ਦੂਜੇ ਤੋਂ ਅੱਗੇ ਹੋ ਹੋ ਕੇ ਮੋਢੇ ਡਾਹ ਡਾਹ ਕੇ ਸ਼ਹੀਦੀਆਂ ਪਾਉਣ ਲੱਗੇ । ਸਿੰਘਾਂ ਦੀ ਇਸ ਲਾਸਾਨੀ ਕੁਰਬਾਨੀ ਦਾ ਸਦਕਾ ਤੋਪ ਗੋਲੇ ਦਾਗਦੀ ਰਹੀ ਤੇ ਕਿਲ੍ਹੇ ਦੀ ਦੀਵਾਰ ਨੂੰ ਢਾਹੁਣ ਵਿਚ ਸਫਲ ਹੋ ਗਈ। ਦੀਵਾਰ ਢਹਿਣ ਦੀ ਦੇਰ ਸੀ ਕਿ ਅਕਾਲੀ ਬਾਬਾ ਫੂਲਾ ਸਿੰਘ ਦੀ ਅਕਾਲੀ ਫ਼ੌਜ ਟੁੱਟੀ ਥਾਂ ਤੋਂ ਟੱਪ ਕੇ ਅੰਦਰ ਜਾ ਵੜੀ ਤੇ ਦੁਸ਼ਮਣ ਨਾਲ ਹੱਥੋ ਹੱਥੀ ਲੜਾਈ ਵਿੱਚ ਜੂਝ ਕੇ ਫਤਹਿ ਪ੍ਰਾਪਤ ਕੀਤੀ।”

ਨਵਾਬ ਮੁਜ਼ੱਫਰ ਖ਼ਾਨ ਬੜੀ ਬਹਾਦਰੀ ਨਾਲ ਲੜਦਾ ਹੋਇਆ ਆਪਣੇ ਦੋ ਪੁੱਤਰਾਂ ਸਮੇਤ ਸ਼ਹੀਦ ਹੋਇਆ । ਸ: ਸ਼ਾਮ ਸਿੰਘ ਇਸ ਲੜਾਈ ਵਿਚ ਬਹੁਤ ਬਹਾਦਰੀ ਨਾਲ ਲੜੇ। ਉਹਨਾਂ ਦੇ ਮੋਢੇ ਉੱਤੇ ਤਲਵਾਰ ਦਾ ਕਰਾਰਾ ਫੱਟ ਲੱਗਾ ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ । ਸ: ਸ਼ਾਮ ਸਿੰਘ ਦੀ ਬਹਾਦਰੀ ਦੀ ਵਾਰਤਾ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਗਦਗਦ ਹੋ ਗਏ ਅਤੇ ਉਨ੍ਹਾਂ ਦੇ ਮਨ ਉੱਤੇ ਇਸਦਾ ਡੂੰਘਾ ਪ੍ਰਭਾਵ ਪਿਆ।

ਸਰਦਾਰ ਹਰੀ ਸਿੰਘ ਨਲੂਏ ਤੇ ਸਰਦਾਰ ਸ਼ਾਮ ਸਿੰਘ ਦੀ ਮਿਲਵੀਂ ਸੂਝ ਬੂਝ ਤੇ ਬਹਾਦਰੀ ਦਾ ਸਦਕਾ ਸਿੰਘਾਂ ਨੇ ਸ਼ਪਈਆਂ ਦੇ ਮੈਦਾਨ ਵਿਚ ਅਫ਼ਗਾਨਾਂ ਵਿਰੁੱਧ ਜਿੱਤ ਪ੍ਰਾਪਤ ਕੀਤੀ, ਜਿਸ ਦਾ ਸਦਕਾ ਸਾਰਾ ਕਸ਼ਮੀਰ ਸਿੱਖ ਰਾਜ ਦੇ ਅਧੀਨ ਹੋ ਗਿਆ। ਇਸ ਜਿੱਤ ਦੀ ਖੁਸ਼ੀ ਵਿਚ ਮਹਾਰਾਜਾ ਰਣਜੀਤ ਸਿੰਘ ਵਲੋਂ ਤਿੰਨ ਦਿਨ ਅੰਮ੍ਰਿਤਸਰ ਸਾਹਿਬ ਅਤੇ ਲਾਹੌਰ ਵਿਚ ਦੀਪਮਾਲਾ ਕੀਤੀ ਗਈ । ਸ: ਸ਼ਾਮ ਸਿੰਘ ਨੂੰ ਇਕ ਸੁੰਦਰ ਤੇ ਕੀਮਤੀ ਪੁਸ਼ਾਕ ਮਹਾਰਾਜਾ ਸਾਹਿਬ ਤੋਂ ਇਨਾਮ ਵਜੋਂ ਪ੍ਰਾਪਤ ਹੋਈ।

ਬਾਲਾਕੋਟ ਦੀ ਲੜਾਈ ਸਮੇਂ, ਜੋ ਸੱਯਦ ਅਹਿਮਦ ਬਰੇਲਵੀ ਦੇ ਜਹਾਦੀਆਂ ਅਤੇ ਖ਼ਾਲਸਈ ਫ਼ੌਜਾਂ ਵਿਚਾਲੇ ਹੋਈ, ਕੰਵਰ ਸ਼ੇਰ ਸਿੰਘ ਅਤੇ ਸ਼ਾਮ ਸਿੰਘ ਅਟਾਰੀ ਵਿਚ ਮਤ-ਭੇਦ ਹੋ ਗਿਆ। ਕੰਵਰ ਸ਼ੇਰ ਸਿੰਘ ਨੇ ਅੰਤ ਸ: ਸ਼ਾਮ ਸਿੰਘ ਦੀ ਸੁਚੱਜੀ ਸਲਾਹ ਮੰਨ ਲਈ, ਜਿਸ ਸਦਕਾ ਸਿੰਘਾਂ ਨੂੰ ਨਿਰਣਾਇਕ ਵਿਜੈ ਪ੍ਰਾਪਤ ਹੋਈ ਤੇ ਜਹਾਦ ਦੇ ਮੋਢੀ ਸਯਦ ਅਹਿਮਦ ਬਰੇਲਵੀ ਦੀ ਲਾਸ਼ ਸਿੰਘਾਂ ਦੇ ਹੱਥ ਆਈ। ਸਿੰਘਾਂ ਨੇ ਉੱਘੇ ਦੁਸ਼ਮਣਾਂ ਦੀ ਲਾਸ਼ ਨੂੰ ਵੀ ਪੂਰੇ ਸਤਿਕਾਰ ਸਹਿਤ ਦਫ਼ਨਾਇਆ। ਇਸ ਲੜਾਈ ਦੀ ਜਿੱਤ ਦੀ ਖੁਸ਼ੀ ਵਿਚ ਕੰਵਰ ਸ਼ੇਰ ਸਿੰਘ, ਸ: ਜੈ ਸਿੰਘ ਅਤੇ ਸ: ਸ਼ਾਮ ਸਿੰਘ ਅਟਾਰੀ ਨੂੰ ਈਰਾਨੀ ਬੰਦੂਕਾਂ ਤੇ ਮੋਹਰਾਂ ਆਦਿ ਤੋਂ ਛੁਟ ਜਹਾਦੀਆਂ ਦੇ ਤਿੰਨ ਝੰਡੇ ਵੀ ਇਨਾਮ ਵਜੋਂ ਦਿੱਤੇ ਗਏ। ਇਸ ਲੜਾਈ ਮਗਰੋਂ ਸਰਦਾਰ ਸ਼ਾਮ ਸਿੰਘ ਬਹਾਦਰੀ, ਨਿਡਰਤਾ ਤੋਂ ਛੁੱਟ ਫ਼ੌਜੀ ਹੱਥ-ਕੰਡਿਆਂ ਦੀ ਸਿਆਣਪ ਕਾਰਣ ਵੀ ਪ੍ਰਸਿੱਧ ਹੋਇਆ।

1834 ਈ: ਵਿੱਚ ਬੰਨੂੰ ਦੀ ਜਿੱਤ ਨੇ, ਜਿਸ ਵਿਚ ਸਰਦਾਰ ਸ਼ਾਮ ਸਿੰਘ ਦਾ ਘੋੜਾ ਵੀ ਮਾਰਿਆ ਗਿਆ, ਸਰਦਾਰ ਸ਼ਾਮ ਸਿੰਘ ਦੀ ਦ੍ਰਿੜ੍ਹਤਾ, ਸਿਆਣਪ ਤੇ ਬਹਾਦਰੀ ਦਾ ਸਿੱਕਾ ਸਭ ਤੇ ਬਿਠਾ ਦਿੱਤਾ।

ਸ: ਸ਼ਾਮ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਅਤੇ ਸ: ਖੜਕ ਸਿੰਘ ਦੇ ਸਪੁੱਤਰ ਕੰਵਰ ਨੌਨਿਹਾਲ ਸਿੰਘ ਨਾਲ ਆਪਣੀ ਲੜਕੀ ਨਾਨਕੀ ਦਾ ਰਿਸ਼ਤਾ ਕਰਨ ਦਾ ਪ੍ਰਸਤਾਵ ਕੀਤਾ, ਜੋ ਮਹਾਰਾਜਾ ਰਣਜੀਤ ਸਿੰਘ ਨੇ ਪਰਵਾਨ ਕਰ ਲਿਆ। 1835 ਈ: ਵਿਚ ਮੰਗਣੀ ਹੋਈ ਤੇ ਮਾਰਚ 1837 ਈ: ਵਿਚ ਇਹ ਵਿਆਹ ਦਾ ਕਾਰਜ ਸਿਰੇ ਚੜ੍ਹਿਆ । ਕੰਵਰ ਨੌਨਿਹਾਲ ਸਿੰਘ ਦਾ ਵਿਆਹ ਬੜੇ ਸ਼ਾਹਾਨਾ ਠਾਠ ਨਾਲ ਹੋਇਆ। ਮਹਾਰਾਜਾ ਸਾਹਿਬ ਨੇ ਦਿਲ ਖੋਲ੍ਹ ਕੇ ਦਾਨ ਦਿੱਤਾ। ਆਪ ਨੇ ਫ਼ੌਜੀ-ਬਹਾਦਰ ਸਰਦਾਰਾਂ ਨੂੰ ਵੀ “ਕੌਕਬਿ-ਇਕਬਾਲ-ਇ-ਪੰਜਾਬ” ਨਾਮ ਦੇ ਖਿਤਾਬਾਂ ਨਾਲ ਸਨਮਾਨਿਆ। ਇਹ ਖਿਤਾਬ ਇਸੇ ਵਿਆਹ ਤੋਂ ਹੀ ਅਰੰਭ ਹੋਏ ਸਨ।

ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨਾਲ ਕੁੜਮਾਚਾਰੀ ਹੋ ਜਾਣ ਕਰ ਕੇ ਸ: ਸ਼ਾਮ ਸਿੰਘ ਅਟਾਰੀ ਦਾ ਰਾਜ ਦਰਬਾਰ ਵਿਚ ਮਾਣ ਸਤਿਕਾਰ ਹੋਰ ਵੱਧ ਗਿਆ। ਈਸਵੀ ਸੰਨ 1838 ਵਿਚ ਅੰਗਰੇਜ਼ਾਂ, ਮਹਾਰਾਜਾ ਰਣਜੀਤ ਸਿੰਘ ਅਤੇ ਸ਼ਾਹ ਸ਼ੁਜਾਹ ਵਿਚਾਲੇ ਇਕ ਸੰਧੀ ਹੋਈ, ਇਸ ਦਾ ਮਨੋਰਥ ਸ਼ਾਹ ਸ਼ੁਜਾਹ ਨੂੰ ਕਾਬਲ ਦਾ ਬਾਦਸ਼ਾਹ ਬਨਾਉਣਾ ਸੀ । ਇਸ ਸੰਧੀ ਅਨੁਸਾਰ ਜਦੋਂ ਖ਼ਾਲਸਈ ਫ਼ੌਜਾਂ ਲਾਹੌਰੋਂ ਭੇਜੀਆਂ ਗਈਆਂ ਤਾਂ ਇਹਨਾਂ ਫ਼ੌਜਾਂ ਦੀ ਸਰਪ੍ਰਸਤੀ ਵਜੋਂ ਕੰਵਰ ਨੌਨਿਹਾਲ ਸਿੰਘ ਅਤੇ ਸ: ਸ਼ਾਮ ਸਿੰਘ ਨੂੰ ਭੇਜਿਆ ਗਿਆ।

ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਮਗਰੋਂ ਮਹਾਰਾਜਾ ਸ਼ੇਰ ਸਿੰਘ ਨੇ 1841 ਈ: ਵਿਚ ਸ਼ਾਹ ਸ਼ੁਜਾਹ ਦੇ ਪਰਵਾਰ ਅਤੇ ਕੈਪਟਨ ਜਾਰਜ ਬ੍ਰਾਡਫੁਟ ਨੂੰ ਪੰਜਾਬ ਵਿਚੋਂ ਦੀ ਲੰਘਾ ਕੇ ਅਫ਼ਗਾਨਿਸਤਾਨ ਤੱਕ ਸੁਰੱਖਿਅਤ ਪਹੁੰਚਾਉਣ ਲਈ ਸ: ਸ਼ਾਮ ਸਿੰਘ ਦੀ ਡੀਊਟੀ ਲਾਈ । ਇਸ ਕੰਮ ਲਈ ਸਿੱਖ ਫ਼ੌਜ ਉਹਨਾਂ ਦੀ ਸਰਦਾਰੀ ਥੱਲੇ ਭੇਜੀ। ਸ: ਸ਼ਾਮ ਸਿੰਘ ਨੇ ਇਹ ਕਾਰਜ ਸ਼ੱਕੀ ਸੁਭਾਅ ਦੇ ਬ੍ਰਾਡਫੁਟ ਦੀਆਂ ਕਈ ਤਰ੍ਹਾਂ ਦੀਆਂ ਉਕਸਾਹਟਾਂ ਦੇ ਬਾਵਜੂਦ ਬੜੇ ਸੁਚੱਜੇ ਢੰਗ ਨਾਲ ਸਿਰੇ ਚਾੜ੍ਹਿਆ ਅਤੇ ਸਿੱਖ ਰਾਜ ਅਤੇ ਈਸਟ ਇੰਡੀਆ ਕੰਪਨੀ ਵਿਚਾਲੇ ਸੰਬੰਧ ਵਿਗਾੜਨ ਵਿਚ ਬ੍ਰਾਡਫੁਟ ਨੂੰ ਸਫਲ ਨਾ ਹੋਣ ਦਿੱਤਾ। ਇਸ ਕਾਫਲੇ ਵਿਚ ਸ਼ਾਹ ਸ਼ੁਜਾਹ ਦੇ ਪਰਵਾਰ ਦੀਆਂ ਕੋਈ 600 ਇਸਤ੍ਰੀਆਂ, ਕੁਝ ਨੌਕਰ ਅਤੇ ਉਹਨਾਂ ਦਾ ਕੀਮਤੀ ਸਾਜ਼ੋ ਸਾਮਾਨ ਸੀ, ਜਿਸ ਦੀ ਰਾਖੀ ਲਈ ਅੰਗਰੇਜ਼ਾਂ ਵਲੋਂ ਬ੍ਰਾਡਫੁਟ ਨਿਯੁਕਤ ਹੋਇਆ ਸੀ। ਇਸ ਕਾਫਲੇ ਨੇ ਅੰਗਰੇਜ਼ੀ ਇਲਾਕੇ ਦੇ ਲੁਧਿਆਣੇ ਸ਼ਹਿਰ ਤੋਂ ਚੱਲ ਕੇ ਕਾਬਲ ਪੁੱਜਣਾ ਸੀ।

15-9-1843 ਨੂੰ ਮਹਾਰਾਜਾ ਸ਼ੇਰ ਸਿੰਘ ਅਤੇ ਮੁੱਖ ਮੰਤਰੀ ਧਿਆਨ ਸਿੰਘ ਦੇ ਸਰਦਾਰ ਲਹਿਣਾ ਸਿੰਘ, ਸਰਦਾਰ ਅਜੀਤ ਸਿੰਘ ਸੰਧਾਵਾਲੀਆ ਦੇ ਹੱਥੋਂ ਕਤਲ ਹੋਣ ਮਗਰੋਂ ਨਾਬਾਲਗ ਦਲੀਪ ਸਿੰਘ ਨੂੰ ਤਖ਼ਤ ਤੇ ਬਿਰਾਜਮਾਨ ਕੀਤਾ ਗਿਆ ਤੇ ਧਿਆਨ ਸਿੰਘ ਡੋਗਰੇ ਦਾ ਪੁੱਤਰ ਹੀਰਾ ਸਿੰਘ ਡੋਗਰਾ ਆਪ ਮੁੱਖ ਮੰਤਰੀ ਬਣ ਬੈਠਾ । ਇਹ ਨੌਜਵਾਨ ਮੁੱਦਤ ਤੋਂ ਇਸ ਪਦਵੀ ਤੇ ਹੀ ਨਹੀਂ, ਸਗੋਂ ਪੰਜਾਬ ਦਾ ਮਹਾਰਾਜਾ ਬਣਨ ਦੇ ਸੁਪਨੇ ਲੈ ਰਿਹਾ ਸੀ। ਇਸ ਨੇ ਆਪਣੇ ਵੈਰੀਆਂ ਨੂੰ ਇਕ ਇਕ ਕਰਕੇ ਮੁਕਾਉਣਾ ਸ਼ੁਰੂ ਕੀਤਾ । ਪਹਿਲਾਂ ਤਾਂ ਆਪਣੇ ਸਕੇ ਚਾਚੇ ਸੁਚੇਤ ਸਿੰਘ ਨੂੰ ਫ਼ੌਜੀਆਂ ਹਥੋਂ ਕਤਲ ਕਰਵਾਇਆ ਤੇ ਫੌਜੀਆਂ ਦੀਆਂ ਤਨਖਾਹਾਂ ਵਧਾ ਕੇ, ਸੋਨੇ ਦੇ ਕੈਂਠੇ ਆਦਿ ਦੇ ਕੇ ਆਪਣੇ ਵੱਲ ਕੀਤਾ ਤੇ ਫਿਰ ਸਿੱਖ ਫੌਜੀਆਂ ਦੇ ਹੱਥੋਂ ਹੀ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਨੂੰ ਤੋਪ ਦੇ ਗੋਲੇ ਨਾਲ ਉਡਵਾ ਦਿੱਤਾ ਤੇ ਹੋਰ ਨਿੱਜੀ ਵੈਰੀਆਂ ਨੂੰ ਮਾਰ ਮੁਕਾਇਆ। ਬਾਬਾ ਬੀਰ ਸਿੰਘ ਜੀ ਨੂੰ ਖ਼ਤਮ ਕਰਨ ਵਾਲੀਆਂ ਫ਼ੌਜਾਂ ਜਦੋਂ ਵਾਪਸ ਪਰਤੀਆਂ ਤਾਂ ਲੋਕਾਈ ਨੇ ਇਹਨਾਂ ਨੂੰ ਫਿਟਕਾਰਾਂ ਪਾਈਆਂ, ਪਰ ਹੀਰਾ ਸਿੰਘ ਇਨਾਮ ਦੇ-ਦੇ ਕੇ ਇਹਨਾਂ ਫੌਜੀਆਂ ਨੂੰ ਆਪਣੇ ਵੱਲ ਕਰੀ ਰੱਖਣ ਵਿਚ ਸਫਲ ਰਿਹਾ। ਇਸ ਘਟਨਾ ਤੋਂ ਪਹਿਲਾਂ ਹੀ ਸ: ਸ਼ਾਮ ਸਿੰਘ ਆਪਣੇ ਲੜਕੇ ਦੇ ਚਲਾਣੇ ਕਾਰਣ ਅਟਾਰੀ ਗਏ ਹੋਏ ਸਨ।

ਜਦੋਂ ਫੌਜੀਆਂ ਦੀ ਹੀਰਾ ਸਿੰਘ ਦੇ ਆਖੇ ਲੱਗ ਕੇ ਕੀਤੀ ਇਸ ਅਤੀ ਨੀਚ ਹਰਕਤ ਦਾ ਪਤਾ ਲੱਗਾ ਤਾਂ ਫੌਜੀਆਂ ਨੂੰ ਉਹਨਾਂ ਫਿਟਕਾਰਾਂ ਪਾਈਆਂ ਤੇ ਕਿਹਾ, ਜੇ ਰੁਪਏ ਦੀ ਹੀ ਤੁਹਾਨੂੰ ਭੁੱਖ ਸੀ ਤਾਂ ਮੈਥੋਂ ਲੈ ਲੈਂਦੇ । ਬਾਬਾ ਬੀਰ ਸਿੰਘ ਵਰਗੇ ਸਿੱਖ ਰਾਜ ਦੇ ਹਮਾਇਤੀ ਮਹਾਂਪੁਰਖ ਨੂੰ ਮਾਰ ਮੁਕਾਉਣ ਵਰਗਾ ਘਿਰਣਤ ਕੰਮ ਤੁਸਾਂ ਕਿਉਂ ਕੀਤਾ ? ਤੁਹਾਨੂੰ ਆਪਣੇ ਧਰਮ ਵਿਚ ਪੱਕੇ ਰਹਿਣਾ ਚਾਹੀਦਾ ਹੈ ਅਤੇ ਐਵੇਂ ਡੋਗਰਿਆਂ ਦੀਆਂ ਚਾਲਾਂ ਵਿਚ ਆ ਕੇ ਖ਼ਾਲਸਾ ਰਾਜ ਨੂੰ ਕਮਜ਼ੋਰ ਨਹੀਂ ਕਰਨਾ ਚਾਹੀਦਾ । ਸ: ਸ਼ਾਮ ਸਿੰਘ ਹੀਰਾ ਸਿੰਘ ਦੇ ਇਸ ਕਾਰੇ ਤੋਂ ਬਹੁਤ ਦੁਖੀ ਹੋਏ। 1844 ਦੇ ਦਸੰਬਰ ਦੀ 12 ਤਾਰੀਖ ਦਾ ਦਿਨ ਹੀਰਾ ਸਿੰਘ ਲਈ ਬੜਾ ਮਨਹੂਸ ਸਿੱਧ ਹੋਇਆ । ਰਾਣੀ ਜਿੰਦਾਂ ਮਹਾਰਾਜਾ ਦਲੀਪ ਸਿੰਘ ਨੂੰ ਲੈ ਕੇ ਫ਼ੌਜਾਂ ਵਿਚ ਜਾ ਪੁੱਜੀ ਤੇ ਕਹਿਣ ਲੱਗੀ, “ਕਿ ਖ਼ਾਲਸਾ ਜੀ ਜੇਕਰ ਪੰਜਾਬ ਦਾ ਬਾਦਸ਼ਾਹ ਦਲੀਪ ਸਿੰਘ ਹੈ ਤਾਂ ਉਹ ਮੇਰੀ, ਮੇਰੇ ਭਰਾ ਤੇ ਹੋਰ ਸਿੱਖ ਸਰਦਾਰਾਂ ਦੀ ਸਲਾਹ ਨਾਲ ਰਾਜ ਕਰੇਗਾ ਤੇ ਜੇ ਅਸਲ ਵਿਚ ਬਾਦਸ਼ਾਹ (ਮੁਖ ਮੰਤਰੀ) ਹੀਰਾ ਸਿੰਘ ਹੈ ਤਾਂ ਮੇਰਾ ਬੱਚਾ ਦਲੀਪ ਸਿੰਘ ਅਜੇਹੀ ਬਾਦਸ਼ਾਹੀ ਅੱਜ ਹੀ ਛੱਡਦਾ ਹੈ।”

ਫ਼ੌਜੀਆਂ ਨੇ ਉੱਤਰ ਦਿੱਤਾ ਕਿ ਸਾਡਾ ਬਾਦਸ਼ਾਹ ਪੂਰੇ ਤੌਰ ਤੇ ਸ: ਦਲੀਪ ਸਿੰਘ ਹੈ ਤੇ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਦੁਆਰਾ ਫ਼ੌਜੀਆਂ ਨੇ ਇਸ ਫੈਸਲੇ ਦੀ ਪੁਸ਼ਟੀ ਵੀ ਕਰ ਦਿੱਤੀ।

ਜਦੋਂ ਹੀਰਾ ਸਿੰਘ ਨੂੰ ਸਿੱਖ ਫ਼ੌਜੀਆਂ ਦੀ ਰਾਣੀ ਜਿੰਦਾਂ ਲਈ ਇਤਨੀ ਪ੍ਰਬਲ ਹਮਾਇਤ ਦਾ ਪਤਾ ਲੱਗਾ ਤਾਂ ਉਹ ਆਪਣੇ ਨਿੱਜੀ ਸਲਾਹਕਾਰ (ਸਿੱਖ ਰਾਜ ਦੇ ਦੁਸ਼ਮਣ) ‘ਪੰਡਤ ਜਲ੍ਹੇ’ ਸਣੇ ਹਾਥੀਆਂ ਤੇ ਸਵਾਰ ਹੋ ਕੇ ਧੋਖੇ ਨਾਲ ਮਹਲਾਂ ਵਿਚ ਜਾਣ ਦਾ ਬਹਾਨਾ ਕਰ ਕੇ ਜੰਮੂ ਵੱਲ ਨੂੰ ਭੱਜ ਖਲੋਤਾ ਤੇ ਦੋਵੇਂ ਉਹਨਾਂ ਤਿੰਨ ਹਜ਼ਾਰ ਡੋਗਰੇ ਫ਼ੌਜੀਆਂ ਵਿਚ ਜਾ ਪੁੱਜੇ, ਜਿੰਨ੍ਹਾਂ ਨੂੰ ਲਾਹੌਰੋਂ ਬਾਹਰ ਜੰਮੂ ਦੇ ਰਸਤੇ ਵਿਚ ਅਗੋਂ ਦੀ ਹੀ ਸਥਿਤ ਕੀਤਾ ਹੋਇਆ ਸੀ। ਹੀਰਾ ਸਿੰਘ ਤੇ ਪੰਡਤ ਜਲ੍ਹਾ ਲਾਹੌਰ ਦਰਬਾਰ ਦਾ ਖ਼ਜ਼ਾਨਾ ਵੀ ਨਾਲ ਹੀ ਲੈ ਜਾਣ ਵਿਚ ਸਫ਼ਲ ਹੋ ਗਏ ਸਨ।

ਜਦੋਂ ਹੀਰਾ ਸਿੰਘ ਤੇ ਪੰਡਤ ਜਲ੍ਹੇ ਦੇ ਇਉਂ ਖ਼ਜ਼ਾਨੇ ਸਮੇਤ ਖਿਸਕਣ ਦਾ ਸਮਾਚਾਰ ਸ: ਸ਼ਾਮ ਸਿੰਘ ਨੂੰ ਮਿਲਿਆ, ਤਾਂ ਉਹਨਾਂ ਸਿੱਖ ਫ਼ੌਜਾਂ ਨੂੰ ਨਾਲ ਲੈ ਕੇ ਇਹਨਾਂ ਭਗੌੜਿਆਂ ਤੇ ਸਿੱਖ ਰਾਜ ਦੇ ਹਕੀਕੀ ਵੈਰੀਆਂ ਦਾ ਪਿੱਛਾ ਕੀਤਾ। ਡੋਗਰੇ, ਸਿੱਖ ਫ਼ੌਜਾਂ ਦਾ ਮੁਕਾਬਲਾ ਨਾ ਕਰ ਸਕੇ । ਹੀਰਾ ਸਿੰਘ ਨੇ ਭੱਜਦਿਆਂ ਹੋਇਆਂ ਨਾਲ ਲਿਆਂਦਾ ਹੋਇਆ ਧਨ ਫ਼ੌਜੀਆਂ ਵੱਲ ਸੁੱਟ ਕੇ ਜਾਨ ਬਚਾਉਣ ਦਾ ਯਤਨ ਕੀਤਾ, ਪਰ ਸ: ਸ਼ਾਮ ਸਿੰਘ ਅਟਾਰੀ ਦੀ ਸਰਦਾਰੀ ਹੇਠ ਲੜ ਰਹੇ ਸਿੱਖ ਫ਼ੌਜੀਆਂ ਪਾਸੋਂ ਇਹ ਦੋਵੇਂ ਬਚ ਨਾ ਸਕੇ ਤੇ ਸਦਾ ਦੀ ਨੀਂਦ ਸੁਆ ਦਿੱਤੇ ਗਏ । ਸ: ਸ਼ਾਮ ਸਿੰਘ ਦੀ ਬੜੇ ਚਿਰਾਂ ਦੀ ਰੀਝ ਅੱਜ ਇਹਨਾਂ ਸਿੱਖ ਰਾਜ ਨਾਲ ਧਰੋਹ ਕਰਨ ਵਾਲਿਆਂ ਦੀ ਅਲਖ ਮੁਕਾ ਕੇ ਪੂਰੀ ਹੋਈ ਤੇ ਉਹ ਲਾਹੌਰ ਦਰਬਾਰ ਦਾ ਖ਼ਜ਼ਾਨਾ ਵੀ ਵਾਪਸ ਲਿਆਉਣ ਵਿਚ ਸਫਲ ਹੋਏ। ਜੰਮੂ ਤੋਂ ਆਏ ਡੋਗਰੇ ਸਿਰ ਤੇ ਪੈਰ ਰੱਖ ਕੇ ਭੱਜੇ ਤੇ ਕਈ ਹੀਰਾ ਸਿੰਘ ਨੂੰ ਬਚਾਉਂਦੇ ਹੋਏ ਮੌਤ ਦੇ ਮੂੰਹ ਜਾ ਪਏ।

ਹੀਰਾ ਸਿੰਘ ਦੇ ਘਰੋਂ ਕੋਈ ਤੀਹ ਕੁ ਲੱਖ ਰੁਪਏ ਦਾ ਸਾਜ਼ ਸਾਮਾਨ ਨਿਕਲਿਆ ਜੋ ਜ਼ਬਤ ਕਰ ਲਿਆ ਗਿਆ।

ਹੁਣ ਰਾਜਾ ਗੁਲਾਬ ਸਿੰਘ ਡੋਗਰੇ ਨੂੰ ਸੋਧਣ ਦੀ ਡੀਊਟੀ ਵੀ ਸ: ਸ਼ਾਮ ਸਿੰਘ ਅਟਾਰੀ ਦੀ ਲੱਗੀ। ਰਾਜਾ ਗੁਲਾਬ ਸਿੰਘ ਨੇ ਆਪਣੇ ਭਰਾ ਸੁਚੇਤ ਸਿੰਘ ਦੀ ਲਾਹੌਰ ਦਰਬਾਰ ਵਲੋਂ ਪ੍ਰਾਪਤ ਜਾਗੀਰ (ਜਿਹੜੀ ਕਿ ਸੁਚੇਤ ਸਿੰਘ ਦੇ ਨਿਰਸੰਤਾਨ ਮਰਨ ਮਗਰੋਂ ਲਾਹੌਰ ਦਰਬਾਰ ਦੇ ਕਬਜ਼ੇ ਵਿਚ ਚਲੀ ਜਾਣੀ ਚਾਹੀਦੀ ਸੀ) ਤੇ ਨਾਜਾਇਜ਼ ਕਬਜ਼ਾ ਹੀਰਾ ਸਿੰਘ ਦੇ ਵਕਤ ਤੋਂ ਕੀਤਾ ਹੋਇਆ ਸੀ। ਹੀਰਾ ਸਿੰਘ ਨੇ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੇ ਹੋਣ ਸਮੇਂ ਆਪਣੇ ਭਰਾ ਮੀਆਂ ਜਵਾਹਰ ਸਿੰਘ ਰਾਹੀਂ ਲਾਹੌਰ ਦਰਬਾਰ ਦਾ ਬਹੁਤ ਸਾਰਾ ਧਨ ਜੰਮੂ ਇਸ ਲਈ ਭੇਜਿਆ ਸੀ ਕਿ ਇਸ ਧਨ ਨੂੰ ਵਰਤ ਕੇ ਡੋਗਰਿਆਂ ਦੀ ਇਕ ਫ਼ੌਜ ਤਿਆਰ ਕੀਤੀ ਜਾਵੇ, ਜੋ ਸਮਾਂ ਆਉਣ ਤੇ ਲਾਹੌਰ ਦਰਬਾਰ ਤੇ ਡੋਗਰਿਆਂ ਦਾ ਰਾਜ ਕਾਇਮ ਕਰਨ ਵਿਚ ਸਹਾਈ ਹੋਵੇ ਅਤੇ ਜੇ ਭੀੜਾ ਆ ਬਣੇ ਤਾਂ (ਸਿੱਖ ਰਾਜ ਦੇ ਵੈਰੀ) ਡੋਗਰਿਆਂ (ਹੀਰਾ ਸਿੰਘ ਪੰਡਤ ਜਲ੍ਹੇ ਆਦਿ) ਦੀ ਰਾਖੀ ਕਰ ਸਕੇ।

ਹੁਣ ਲਾਹੌਰ ਦਰਬਾਰ ਨੇ ਜੰਮੂ ਦੇ ਰਾਜਾ ਗੁਲਾਬ ਸਿੰਘ (ਧਿਆਨ ਸਿੰਘ ਦੇ ਭਰਾ ਪਾਸੋਂ ਮੰਗ ਕੀਤੀ ਕਿ ਉਹ – (1) ਸੁਚੇਤ ਸਿੰਘ ਦੀ ਜਾਗੀਰ ਲਾਹੌਰ ਦਰਬਾਰ ਨੂੰ ਵਾਪਸ ਕਰੇ, (2) ਹੀਰਾ ਸਿੰਘ ਦੇ ਸਮੇਂ ਦੀ ਜੰਮੂ ਵੱਲ ਬਕਾਇਆ ਰਕਮ ਵਾਪਸ ਕਰੇ ਅਤੇ (3) ਹੀਰਾ ਸਿੰਘ ਦਾ ਇਲਾਕਾ ਤੇ ਮਾਲ ਲਾਹੌਰ ਦਰਬਾਰ ਦੇ ਹਵਾਲੇ ਕਰੇ ।

ਗੁਲਾਬ ਸਿੰਘ ਨੇ ਕੋਈ ਗੱਲ ਵੀ ਨਾ ਮੰਨੀ ਤੇ ਮੁਕਾਬਲਾ ਕਰਨ ਲਈ ਤਿਆਰ ਹੋ ਗਿਆ। ਇਕ ਲੰਮੇ ਘੋਲ ਮਗਰੋਂ 7-4-1845 ਨੂੰ ਸ: ਸ਼ਾਮ ਸਿੰਘ ਅਟਾਰੀ, ਸ: ਲਾਲ ਸਿੰਘ ਤੇ ਸ: ਸੇਵਾ ਸਿੰਘ ਮਜੀਠੀਆ ਰਾਜਾ ਗੁਲਾਬ ਸਿੰਘ ਨੂੰ ਲਾਹੌਰ ਦਰਬਾਰ ਵਿਚ ਪੇਸ਼ ਕਰਨ ਵਿਚ ਸਫਲ ਹੋ ਗਏ।

ਰਾਜਾ ਗੁਲਾਬ ਸਿੰਘ ਡੋਗਰੇ ਨੇ ਲਾਹੌਰ ਦਰਬਾਰ ਵਿਚ ਪੇਸ਼ ਹੋ ਕੇ 68 ਲੱਖ ਰੁਪਏ ਨਕਦ ਦੇਣਾ ਪਰਵਾਨ ਕੀਤਾ ਅਤੇ ਸੁਚੇਤ ਸਿੰਘ ਹੀਰਾ ਸਿੰਘ ਦੀਆਂ ਜਾਗੀਰਾਂ ਲਾਹੌਰ ਦਰਬਾਰ ਦੇ ਹਵਾਲੇ ਕਰ ਦਿੱਤੀਆਂ । ਗੁਲਾਬ ਸਿੰਘ ਨੂੰ 4 ਮਹੀਨੇ ਲਾਹੌਰ ਦਰਬਾਰ ਵਿਚ ਰਹਿ ਕੇ ਇਹ ਸਾਰਾ ਹਿਸਾਬ ਕਿਤਾਬ ਚੁਕਾਉਣ ਮਗਰੋਂ ਜੰਮੂ ਪਰਤਣ ਦੀ ਆਗਿਆ ਮਿਲ ਸਕੀ । ਲਾਹੌਰ ਦਰਬਾਰ ਦੀਆਂ ਫ਼ੌਜਾਂ ਦੀ ਜੰਮੂ ਤੇ ਚੜ੍ਹਾਈ ਸਮੇਂ ਰਾਜਾ ਗੁਲਾਬ ਸਿੰਘ ਨੇ ਅੰਗਰੇਜ਼ਾਂ ਪਾਸੋਂ ਮਦਦ ਜਾਰਜ ਬ੍ਰਾਡਫੁਟ ਰਾਹੀਂ ਮੰਗੀ ਪਰ ਉਹਦਾ ਇਹ ਯਤਨ ਉਸ ਵੇਲੇ ਸਫਲ ਨਾ ਹੋ ਸਕਿਆ।

ਸ: ਸ਼ਾਮ ਸਿੰਘ ਲਾਹੌਰ ਦਰਬਾਰ ਦੇ ਰਾਜਸੀ ਮੁਆਮਲਿਆਂ ਤੋਂ ਆਪਣੇ ਆਪ ਨੂੰ ਆਮ ਕਰ ਕੇ ਦੂਰ ਹੀ ਰੱਖਦੇ ਸਨ । ਡੋਗਰਿਆਂ ਵਿਰੁੱਧ ਸੰਘਰਸ਼ ਉਹਨਾਂ ਇਸ ਲਈ ਕੀਤਾ ਸੀ ਕਿ ਡੋਗਰੇ ਮਹਾਰਾਜਾ ਰਣਜੀਤ ਸਿੰਘ ਮਗਰੋਂ ਸਿੱਖ ਰਾਜ ਨੂੰ ਨਸ਼ਟ ਕਰ ਕੇ ਪੰਜਾਬ ਵਿਚ ਡੋਗਰਿਆਂ ਦਾ ਰਾਜ ਸਥਾਪਤ ਕਰਨ ਦੀਆਂ ਗੋਂਦਾਂ ਗੁੰਦਦੇ ਰਹਿੰਦੇ ਸਨ ਤੇ ਸਰਦਾਰ ਸ਼ਾਮ ਸਿੰਘ ਸਿੱਖ ਰਾਜ ਦੀ ਪ੍ਰਭਤਾ ਨੂੰ ਪ੍ਰਫੁਲਤ ਹੁੰਦਾ ਵੇਖਣਾ ਲੋਚਦੇ ਸਨ।

ਕੇਵਲ ਡੋਗਰੇ ਹੀ ਨਹੀਂ, ਅੰਗਰੇਜ਼ ਵੀ ਪੰਜਾਬ ਨੂੰ ਆਪਣੇ ਅਧੀਨ ਕਰਨ ਲਈ ਯਤਨ ਕਰ ਰਹੇ ਸਨ। ਅੰਗਰੇਜ਼ਾਂ ਨੇ ਆਪਣੇ ਇਸ ਮੰਤਵ ਦੀ ਪੂਰਤੀ ਲਈ ਗ਼ੱਦਾਰ ਡੋਗਰਿਆਂ ਦਾ ਪੂਰਾ ਪੂਰਾ ਫ਼ਾਇਦਾ ਉਠਾਇਆ। ਗੁਲਾਬ ਸਿੰਘ, ਤੇਜਾ ਸਿੰਘ ਤੇ ਲਾਲ ਸਿੰਘ ਨਮਕ-ਹਰਾਮੀਆਂ ਨੇ ਸਾਜ਼ਸ਼ਾਂ ਰਚ ਰਚ ਕੇ ਆਖਰ ਪੰਜਾਬ ਨੂੰ ਅੰਗਰੇਜ਼ੀ ਰਾਜ ਦਾ ਹਿੱਸਾ ਬਣਾ ਹੀ ਦਿੱਤਾ। ਇਨ੍ਹਾਂ ਗ਼ੱਦਾਰਾਂ ਨੇ ਅੰਗਰੇਜ਼ਾਂ ਨੂੰ ਪੰਜਾਬ ਉੱਤੇ ਕਬਜ਼ਾ ਕਰਨ ਲਈ ਉਕਸਾਇਆ ਅਤੇ ਸਿੱਖ-ਫੌਜਾਂ ਦੇ ਭੇਤ ਅੰਗਰੇਜ਼ਾਂ ਨੂੰ ਦੱਸੇ । ਫਲਸਰੂਪ ਅੰਗਰੇਜ਼ਾਂ ਨੇ ਸਤਲੁਜ ਪਾਰ ਕੀਤਾ ਅਤੇ ਸਿੱਖ ਰਾਜ ਦੇ ਉਨ੍ਹਾਂ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ ਜਿਹੜੇ ਸਿੱਖ ਰਾਜ ਦਾ ਹਿੱਸਾ ਤਾਂ ਸਨ, ਪਰ 1809 ਈ: ਦੀ ਸੰਧੀ ਅਨੁਸਾਰ ਉਥੇ ਸਿੱਖ ਫ਼ੌਜ ਨਹੀਂ ਸੀ ਰੱਖੀ ਜਾਂਦੀ।

ਅੰਗਰੇਜ਼ਾਂ ਦੇ ਅਜਿਹਾ ਕਰਨ ਤੇ ਸਿੱਖ ਫ਼ੌਜਾਂ ਰੋਹ ਵਿਚ ਆਈਆਂ। ਉਹਨਾਂ ਨੇ ਆਪਣੇ ਇਲਾਕੇ ਵਾਪਸ ਲੈਣ ਲਈ ਸਤਲੁਜ ਪਾਰ ਕੀਤਾ। ਇਥੋਂ ਸਿੱਖਾਂ ਤੇ ਅੰਗਰੇਜ਼ਾਂ ਵਿਚਾਲੇ ਜੰਗਾਂ ਦਾ ਅਰੰਭ ਹੋਇਆ। ਸਿੱਖ ਹਰ ਜੁੱਧ ਵਿਚ ਜਾਨਾਂ ਹੂਲ ਕੇ ਲੜੇ। ਜਦੋਂ ਵੀ ਸਿੰਘ ਜਿੱਤ ਦੇ ਨੇੜੇ ਪਹੁੰਚ ਜਾਂਦੇ, ਉਦੋਂ ਹੀ ਡੋਗਰੇ ਅੰਗਰੇਜ਼ਾਂ ਨਾਲ ਸਾਜ਼ਸ਼ਾਂ ਰਚ ਕੇ ਸਿੱਖਾਂ ਦੀ ਜਿੱਤੀ ਹੋਈ ਬਾਜ਼ੀ ਨੂੰ ਹਾਰ ਵਿਚ ਬਦਲ ਦਿੰਦੇ।

ਅੰਗਰੇਜ਼ਾਂ ਤੇ ਸਿੱਖਾਂ ਦੀਆਂ ਹੇਠ ਲਿਖੀਆਂ ਮੁੱਖ ਲੜਾਈਆਂ ਪ੍ਰਸਿੱਧ ਹਨ :-

*(ੳ) ਮੁਦਕੀ ਦੀ ਲੜਾਈ : 18 ਅਤੇ 19 ਦਸੰਬਰ 1845

(ਅ) ਫੇਰੂ ਸ਼ਾਹ ਦੀ ਲੜਾਈ : 21 ਅਤੇ 22 ਦਸੰਬਰ 1845

(ੲ) ਬੱਦੋਵਾਲ ਦੀ ਲੜਾਈ : 6 ਜਨਵਰੀ 1846

(ਸ) ਆਲੀਵਾਲ ਵਿਖੇ ਲੜਾਈ : 28 ਜਨਵਰੀ 1846

(ਹ) ਸਭਰਾਵਾਂ ਦੀ ਲੜਾਈ : 10 ਫ਼ਰਵਰੀ 1846

ਸਿੱਖ ਫ਼ੌਜੀ ਤਾਂ ਸਿੱਖੀ ਆਨ-ਸ਼ਾਨ ਲਈ ਜੀਅ-ਜਾਨ ਨਾਲ ਲੜੇ ਪਰ ਜਿਸ ਫ਼ੌਜ ਦੇ ਕਮਾਂਡਰ (ਤੇਜਾ ਸਿੰਘ ਤੇ ਲਾਲ ਸਿੰਘ) ਅਕ੍ਰਿਤਘਣ ਹੋਣ ਅਤੇ ਆਪਣੇ ਹੀ ਫ਼ੌਜੀਆਂ ਨੂੰ ਖਤਮ ਕਰਨ ਲਈ ਦੁਸ਼ਮਣਾਂ ਨਾਲ ਸੰਧੀਆਂ ਕਰਨ, ਸਾਜ਼ਸ਼ਾਂ ਰਚਣ ਉਸ ਦੇ ਜਿੱਤਣ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।

ਸਰਦਾਰ ਸ਼ਾਮ ਸਿੰਘ ਅਟਾਰੀ ਅੰਗਰੇਜ਼ਾਂ ਨਾਲ ਸਿੰਘਾਂ ਦੀਆਂ ਲੜਾਈਆਂ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਸਪੁੱਤਰ ਸਰਦਾਰ ਕਾਹਨ ਸਿੰਘ ਦੀ ਸ਼ਾਦੀ ਦੇ ਸੰਬੰਧ ਵਿਚ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਕਕੜਾਲੇ ਗਏ ਹੋਏ ਸਨ । ਆਪ ਲਾਹੌਰ ਤੋਂ ਨੌਕਰੀ ਛੱਡ ਕੇ ਵਾਪਸ ਅਟਾਰੀ ਆ ਗਏ ਹੋਏ ਸਨ । ਲਾਹੌਰ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਮਗਰੋਂ ਵਾਪਰੀਆਂ ਘਟਨਾਵਾਂ ਤੋਂ ਆਪ ਬਹੁਤ ਦੁਖੀ ਰਹੇ ਸਨ ਅਤੇ ਬੇ-ਲਗਾਮੇ ਫ਼ੌਜੀਆਂ ਤੇ ਰਾਜ-ਅਧਿਕਾਰੀਆਂ ਦੀਆਂ ਮਨ ਮਰਜ਼ੀਆਂ ਸਾਹਮਣੇ ਆਪਣੇ ਆਪ ਨੂੰ ਬੇਵਸ ਜਾਣ ਕੇ ਨੌਕਰੀ ਛੱਡ ਕੇ ਵਾਪਸ ਘਰ ਆ ਜਾਣ ਵਿਚ ਹੀ ਆਪ ਨੇ ਬੇਹਤਰੀ ਸਮਝੀ ਸੀ।

ਜਦੋਂ ਕਕੜਾਲੇ ਪਿੰਡ ਵਿਖੇ ਆਏ ਹੋਏ ਸ: ਸ਼ਾਮ ਸਿੰਘ ਅਟਾਰੀ ਨੂੰ ਸਿੱਖ ਫ਼ੌਜਾਂ ਦੇ ਸਤਲੁਜ ਪਾਰ ਕਰ ਆਉਣ ਦੀ ਖ਼ਬਰ ਮਿਲੀ ਤਾਂ ਆਪ ਝਟ ਪਟ ਵਾਪਸ ਅਟਾਰੀ ਆ ਗਏ।

ਜਦੋਂ ਮਹਾਰਾਣੀ ਜਿੰਦ ਕੌਰ ਨੂੰ ਸਿੱਖ ਫ਼ੌਜਾਂ ਦੀ ਫੇਰੂਸ਼ਾਹ ਵਿਖੇ ਹੋਈ ਹਾਰ ਦੀ ਖ਼ਬਰ ਮਿਲੀ ਤਾਂ ਉਹਨੇ ਦਸ ਘੋੜ-ਸਵਾਰਾਂ ਦਾ ਸ: ਸ਼ਾਮ ਸਿੰਘ ਅਟਾਰੀ ਨੂੰ ਇਹ ਸੁਨੇਹਾ ਦੇ ਕੇ ਘੱਲਿਆ, “ਸਰਦਾਰ ਜੀ ਹੁਣ ਤੁਸੀਂ ਹੀ ਸਿੱਖ ਰਾਜ ਦੇ ਬਚਾਅ ਲਈ ਕੁਝ ਕਰ ਸਕਦੇ ਹੋ । ਆਓ, ਤੇ ਆ ਕੇ ਸਿੱਖ ਫ਼ੌਜ ਦੀ ਕਮਾਨ ਸੰਭਾਲੋ।”

ਮਹਾਰਾਣੀ ਦਾ ਸੁਨੇਹਾ ਮਿਲਦੇ ਸਾਰ ਸ: ਸ਼ਾਮ ਸਿੰਘ ਅਟਾਰੀ ਲੜਾਈ ਦੇ ਮੈਦਾਨ ਨੂੰ ਜਾਣ ਲਈ ਤਿਆਰ ਹੋਏ । ਘਰੋਂ ਤੁਰਨ ਤੋਂ ਪਹਿਲਾਂ ਪ੍ਰਣ ਕੀਤਾ ਕਿ ਜਾਂ ਤਾਂ ਜਿੱਤ ਪ੍ਰਾਪਤ ਕਰ ਕੇ ਪਰਤਾਂਗਾ ਜਾਂ ਸ਼ਹੀਦੀ ਪਾਵਾਂਗਾ। ਹਾਰ ਕੇ ਵਾਪਸ ਨਹੀਂ ਮੁੜਾਂਗਾ। ਅਟਾਰੀ ਤੋਂ ਚੱਲ ਕੇ ਆਪ ਸਿੱਧੇ ਲੜਾਈ ਦੇ ਮੈਦਾਨ ਵਿਚ ਪੁੱਜ ਗਏ ਜਿੱਥੇ ਸਿੱਖ ਫੌਜਾਂ ਫੇਰੂ ਸ਼ਾਹ ਦੀ ਹਾਰ ਮਗਰੋਂ ਇਕੱਠੀਆਂ ਹੋ ਰਹੀਆਂ ਸਨ। ਜਦੋਂ ਸਿੱਖ ਫੌਜੀਆਂ ਪਾਸੋਂ ਉਹਨਾਂ ਨੂੰ ਹੁਣ ਤੱਕ ਦੀਆਂ ਹੋਈਆਂ ਲੜਾਈਆਂ ਦਾ ਹਾਲ ਪਤਾ ਲੱਗਾ ਤਾਂ ਆਪ ਗ਼ੱਦਾਰ ਤੇਜਾ ਸਿੰਘ, ਲਾਲ ਸਿੰਘ ਦੀਆਂ ਸ਼ਰਮਨਾਕ ਕਰਤੂਤਾਂ ਸੁਣ ਕੇ ਸੁੰਨ ਹੋ ਗਏ । ਇਹਨਾਂ ਲੜਾਈਆਂ ਵਿਚ ਜਿਹੜਾ ਜੰਗੀ ਸਾਮਾਨ ਤੇ ਤੋਪਾਂ ਸਿੱਖ ਫ਼ੌਜੀਆਂ ਦਾ ਅੰਗਰੇਜ਼ਾਂ ਦੇ ਹੱਥ ਆਇਆ ਸੀ ਉਹਦੇ ਕਾਰਨ ਸਿੱਖ ਫ਼ੌਜਾਂ ਦੀ ਲੜਨ ਦੀ ਸਮਰੱਥਾ ਅੰਗਰੇਜ਼ਾਂ ਦੇ ਮੁਕਾਬਲੇ ਬਹੁਤ ਘਟ ਚੁੱਕੀ ਸੀ । ਆਉਣ ਵਾਲੀ ਲੜਾਈ ਵਿਚ ਵੀ ਤਾਂ ਹਾਲਾਂ ਪਿਛੋਂ ਜੰਗੀ ਸਾਮਾਨ ਦੀ ਮਦਦ ਭੇਜਣ ਦਾ ਕੰਮ ਗ਼ੱਦਾਰ ਤੇਜਾ ਸਿੰਘ, ਲਾਲ ਸਿੰਘ ਤੇ ਉਹਨਾਂ ਦੇ ਟੋਲੇ ਦੇ ਹੱਥ ਹੀ ਸੀ।

ਇਹਨਾਂ ਹਾਲਤਾਂ ਵਿਚ ਸ: ਸ਼ਾਮ ਸਿੰਘ ਅਟਾਰੀ ਨੂੰ ਸਿੱਖ ਫ਼ੌਜ ਦੀ ਕਮਾਂਡ ਸੰਭਾਲਣੀ ਪਈ। ਉਹਨਾਂ ਨੂੰ ਸਿੱਖ ਫ਼ੌਜ ਦੀ ਜਿੱਤ ਦੀ ਆਸ ਨਜ਼ਰ ਨਹੀਂ ਸੀ ਆ ਰਹੀ, ਪਰ ਉਹਨਾਂ ਪਾਸ ਇਹ ਜ਼ਿੰਮੇਵਾਰੀ ਸੰਭਾਲਣ ਤੋਂ ਛੁੱਟ ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ।

ਸ: ਸ਼ਾਮ ਸਿੰਘ ਨੇ ਉਹਨਾਂ ਸਿੱਖ ਫ਼ੌਜੀਆਂ ਸਾਹਮਣੇ ਇਹ ਐਲਾਨ ਕੀਤਾ ਕਿ ਆਪ ਅੰਗਰੇਜ਼ਾਂ ਦਾ ਡਟ ਕੇ ਮੁਕਾਬਲਾ ਕਰਨਗੇ ਅਤੇ ਸ਼ੇਰੇ-ਪੰਜਾਬ ਦੇ ਖ਼ਾਲਸਾ ਰਾਜ ਤੇ ਕਬਜ਼ਾ ਕਰਨ ਦੇ ਅੰਗਰੇਜ਼ਾਂ ਦੇ ਯਤਨ ਨੂੰ ਅਸਫਲ ਕਰਨ ਲਈ ਪੂਰਾ ਤਾਣ ਲਾ ਦੇਣਗੇ।

ਹਾਰੇ ਹੋਏ ਫ਼ੌਜੀਆਂ ਦੇ ਦਿਲਾਂ ਨੂੰ ਇਸ ਐਲਾਨ ਨੇ ਢਾਰਸ ਦਿੱਤੀ ਤੇ ਉਹ ਫਿਰ ਇਕ ਵਾਰੀ ਫਰੰਗੀਆਂ ਨਾਲ ਦੋ ਹੱਥ ਕਰਨ ਨੂੰ ਤਿਆਰ ਹੋ ਪਏ।

ਗ਼ੱਦਾਰ ਤੇਜਾ ਸਿੰਘ ਨੇ ਹਾਲਾਂ ਵੀ ਗ਼ੱਦਾਰੀ ਵਾਲਾ ਰੋਲ ਜਾਰੀ ਰੱਖਿਆ।

9 ਫ਼ਰਵਰੀ 1846 ਨੂੰ ਆਖਰੀ ਵਾਰ ਉਹਨੇ ਸ: ਸ਼ਾਮ ਸਿੰਘ ਨੂੰ ਸ਼ਕਤੀਸ਼ਾਲੀ ਅੰਗਰੇਜ਼ਾਂ ਵਿਰੁੱਧ ਲੜਨ ਦੀ ਥਾਂ ਮੈਦਾਨ ਵਿਚੋਂ ਜਾਨ ਬਚਾ ਕੇ ਭੱਜ ਖਲੋਣ ਦੀ ਸਲਾਹ ਦਿੱਤੀ । ਸ: ਸ਼ਾਮ ਸਿੰਘ ਨੇ ਗ਼ੱਦਾਰ ਤੇਜਾ ਸਿੰਘ ਦੇ ਇਸ ਕੋਝੇ ਸੁਝਾਅ ਨੂੰ ਠੁਕਰਾ ਦਿੱਤਾ।

ਤੇਜਾ ਸਿੰਘ ਨੇ ਅੱਗੇ ਕਿਹਾ, “ਜੇ ਤੂੰ ਇੰਨਾ ਹੀ ਬਹਾਦਰ ਹੈ ਤਾਂ ਸਹੁੰ ਚੁੱਕ ਰਣ ਭੂਮੀ ‘ਚੋਂ ਨੱਸ ਕੇ ਨਹੀਂ ਜਾਵੇਂਗਾ।”

ਸ: ਸ਼ਾਮ ਸਿੰਘ ਨੇ ਤੰਬੂ ਵਿਚ ਫ਼ੌਜੀ ਮੁਖੀਆਂ ਦੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਅਰਦਾਸਾ ਕੀਤਾ ਅਤੇ ਪ੍ਰਣ ਕੀਤਾ ਕਿ ਜੇ ਸਿੱਖ ਫ਼ੌਜ ਦੀ ਹਾਰ ਹੋਈ ਤਾਂ ਸ਼ਾਮ ਸਿੰਘ ਅਟਾਰੀ ਜੀਉਂਦਾ ਵਾਪਸ ਘਰ ਨੂੰ ਨਹੀਂ ਜਾਵੇਗਾ।

ਲੜਾਈ ਲਈ 10 ਫ਼ਰਵਰੀ ਦਾ ਦਿਨ ਨਿਸ਼ਚਿਤ ਹੋ ਚੁੱਕਾ ਸੀ। ਜਿਉਂ ਹੀ ਸ: ਸ਼ਾਮ ਸਿੰਘ ਅਟਾਰੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕੀਤੀ ਪ੍ਰਤਿਗਿਆ ਦੀ ਖਬਰ ਸਿੱਖ ਫ਼ੌਜੀਆਂ ਤੱਕ ਪੁੱਜੀ, ਸਾਰਾ ਆਕਾਸ਼ “ਫਰੰਗੀਆਂ ਨੂੰ ਮਾਰ ਭਜਾਓ” ਦੇ ਨਾਹਰਿਆਂ ਨਾਲ ਗੂੰਜ ਉਠਿਆ। ਸਿੱਖ ਫ਼ੌਜੀਆਂ ਵਿਚ ਨਵਾਂ ਉਤਸ਼ਾਹ ਤੇ ਜੋਸ਼ ਭਰ ਗਿਆ। ਇਕ ਪਾਸੇ ਸ: ਸ਼ਾਮ ਸਿੰਘ ਸ਼ਹੀਦੀ ਪਾਉਣ ਦੀ ਤਿਆਰੀ ਕਰ ਰਿਹਾ ਸੀ ਤੇ ਦੂਜੇ ਪਾਸੇ ਤੇਜਾ ਸਿੰਘ ਸਿੱਖ ਫ਼ੌਜਾਂ ਦੀ ਹਾਰ ਦੇ ਬਾਨ੍ਹਣੂ ਬੰਨ੍ਹ ਰਿਹਾ ਸੀ ਅਤੇ ਗ਼ੱਦਾਰ ਲਾਲ ਸਿੰਘ ਸਿੱਖ ਫ਼ੌਜਾਂ ਦੇ ਦੁਸ਼ਮਣ ਅੰਗਰੇਜ਼ਾਂ ਨੂੰ ਸਿੱਖ ਫ਼ੌਜ ਦੇ ਮੋਰਚਿਆਂ ਆਦਿ ਦੇ ਨਕਸ਼ੇ ਬਣਾ ਬਣਾ ਭੇਜ ਰਿਹਾ ਸੀ । 10 ਫਰਵਰੀ ਦਾ ਦਿਨ ਵੀ ਤੇਜਾ ਸਿੰਘ, ਲਾਲ ਸਿੰਘ ਨੇ ਅੰਗਰੇਜ਼ਾਂ ਦੀ ਸਹੂਲਤ ਨੂੰ ਮੁੱਖ ਰੱਖ ਕੇ ਨਿਸ਼ਚਿਤ ਕਰਵਾਇਆ ਸੀ ਕਿਉਂਕਿ ਅੰਗਰੇਜ਼ਾਂ ਨੂੰ 9 ਫਰਵਰੀ ਤੱਕ ਹੋਰ ਫ਼ੌਜੀ ਮਦਦ ਆ ਜਾਣੀ ਸੀ।

ਸ: ਸ਼ਾਮ ਸਿੰਘ 10 ਫਰਵਰੀ ਨੂੰ ਅੰਮ੍ਰਿਤ ਵੇਲੇ ਉਠੇ, ਇਸ਼ਨਾਨ ਕੀਤਾ, ਬਾਣੀ ਉਚਾਰਨ ਕਰਦੇ ਹੋਏ ਅਕਾਲ ਪੁਰਖ ਦਾ ਓਟ ਆਸਰਾ ਚਿਤਵਦੇ ਹੋਏ ਸਿੱਖ ਫ਼ੌਜੀਆਂ ਵਿਚ ਜਾ ਖਲੋਤੇ। ਸਿੱਖ ਫ਼ੌਜੀਆਂ ਨੂੰ ਉਹਨਾਂ ਦੀਆਂ ਸਿੱਖ ਰਾਜ ਲਈ ਪ੍ਰਾਪਤ ਕੀਤੀਆਂ ਜਿੱਤਾਂ ਦੀ ਯਾਦ ਦੁਆਈ ਤੇ ਪ੍ਰੇਰਨਾ ਦਿੱਤੀ ਕਿ ਕੋਈ ਵੀ ਸਿੰਘ ਰਣਭੂਮੀ ਚੋਂ ਪਿੱਠ ਵਿਖਾ ਕੇ ਨਾ ਭੱਜੇ, ਸਗੋਂ ਦੁਸ਼ਮਣ ਦੇ ਸਨਮੁਖ ਹੋ ਕੇ ਬਹਾਦਰਾਂ ਵਾਂਗੂੰ ਆਪਣੇ ਦੇਸ਼ ਪੰਜਾਬ ਦੀ ਆਜ਼ਾਦੀ ਲਈ ਲੜਦਾ ਹੋਇਆ ਜਿੱਤ ਪ੍ਰਾਪਤ ਕਰੇ ਜਾਂ ਸ਼ਹੀਦੀ ਪਾ ਜਾਵੇ।

ਸ: ਸ਼ਾਮ ਸਿੰਘ ਅਟਾਰੀ ਫ਼ੌਜੀਆਂ ਨੂੰ ਸੰਬੋਧਨ ਕਰਨ ਮਗਰੋਂ ਆਪਣੇ ਤੰਬੂ ਵੱਲ ਪਰਤੇ। ਅੱਜ ਸ: ਸ਼ਾਮ ਸਿੰਘ ਦੁੱਧ ਚਿੱਟਾ ਬਾਣਾ ਪਾਈ ਚੀਨੀ ਘੋੜੀ ਤੇ ਸਵਾਰ ਸਨ। ਐਉਂ ਜਾਪਦਾ ਸੀ ਇਹ ਜਰਨੈਲ ਮੌਤ ਰਾਣੀ ਨੂੰ ਵਿਆਹੁਣ ਲਈ ਰਣ ਤੱਤੇ ਨੂੰ ਜਾ ਰਿਹਾ ਹੈ।

ਸੂਰਜ ਦੀ ਕਿਰਨ ਦੀ ਧੁੰਧ ਨੂੰ ਫਾੜਨ ਦੀ ਢਿਲ ਸੀ ਕਿ ਅੰਗਰੇਜ਼ੀ ਤੋਪਾਂ ‘ਚੋਂ ਪਹਿਲਾ ਗੋਲਾ ਸਿੱਖ ਫ਼ੌਜਾਂ ਵੱਲ ਨੂੰ ਦਾਗਿਆ ਗਿਆ। ਫੇਰ ਕੀ ਸੀ ਸਿੰਘਾਂ ਨੇ ਧੌਂਸਿਆਂ ਤੇ ਚੋਟਾਂ ਲਾਈਆਂ ਤੇ ਤੋਪਾਂ ਦੇ ਮੂੰਹ ਖੋਹਲ ਦਿੱਤੇ ਅਤੇ ਗੋਲਿਆਂ ਦਾ ਜੁਆਬ ਗੋਲਿਆਂ ਨਾਲ ਦੇਣ ਲੱਗੇ।

ਅੰਗਰੇਜ਼ਾਂ ਵਲੋਂ (ਲਾਲ ਸਿੰਘ ਦੇ ਦੱਸੇ ਮੂਜਬ) ਸਿੰਘਾਂ ਦੀ ਕਮਜ਼ੋਰ ਬਾਹੀ ਤੇ ਸਰ ਰਾਬਰਟ ਡਿਕ ਨੇ ਸਿੰਘਾਂ ਦੇ ਧੁਰ ਸੱਜੇ ਮੋਰਚੇ ਤੇ ਹਮਲਾ ਕੀਤਾ ਤੇ ਬਿਨਾਂ ਬਹੁਤੇ ਵਿਰੋਧ ਦੇ ਕਾਫੀ ਅੱਗੇ ਧਸ ਗਿਆ। ਆਪਣੇ ਇਸ ਕਮਜ਼ੋਰ ਮੋਰਚੇ ਵੱਲ ਵੀ ਸਿੰਘਾਂ ਨੇ ਅਚਾਨਕ ਹੱਲਾ ਬੋਲ ਕੇ ਡਿਕ ਦੇ ਦਸਤੇ ਨੂੰ ਪਿੱਛੇ ਧੱਕ ਦਿੱਤਾ ਤੇ ਡਿਕ ਨੂੰ ਵੀ ਜ਼ਖ਼ਮੀ ਕਰ ਦਿੱਤਾ। ਇਹ ਵੇਖ ਕੇ ਲਾਰਡ ਹਾਰਡਿੰਗ ਗਵਰਨਰ ਜਨਰਲ ਚੀਕਿਆ ਤੇ ਖਿੰਡੇ ਜਾਂਦੇ ਫ਼ੌਜੀਆਂ ਨੂੰ ਇਕੱਠਿਆਂ ਕਰਨ ਦਾ ਹੁਕਮ ਦੇਣ ਲੱਗਾ। ਉਹਦੇ ਅਸਿਸਟੈਂਟ ਨੇ ਅੱਗੇ ਵਧ ਕੇ ਝੰਡਾ ਆਪਣੇ ਹੱਥ ਫੜਿਆ ਤੇ ਫ਼ੌਜੀਆਂ ਦੀ ਅਗਵਾਈ ਕਰਨ ਲੱਗਾ। ਉਧਰੋਂ ਗਿਲਬਰਟ ਵੀ ਇਨ੍ਹਾਂ ਦੀ ਮਦਦ ਤੇ ਪੁੱਜ ਗਿਆ ਤੇ ਇਹਨਾਂ ਦੇ ਫ਼ੌਜੀ ਡਵੀਜ਼ਨਾਂ ਨੇ ਮੁੜ ਇਕੱਠਿਆਂ ਹੋ ਸਿੰਘਾਂ ਨਾਲ ਜਾ ਮੱਥਾ ਡਾਹਿਆ।

Sham Singh Attariwala | ਸ਼ਾਮ ਸਿੰਘ ਅਟਾਰੀਵਾਲਾ

ਉੱਧਰ ਸ: ਸ਼ਾਮ ਸਿੰਘ ਅਟਾਰੀ ਸਿੱਖ ਫ਼ੌਜੀਆਂ ਨੂੰ ਹੱਲਾ ਸ਼ੇਰੀ ਦੇਣ ਲਈ ਘੋੜੀ ਨੂੰ ਭਜਾ-ਭਜਾ ਕੇ ਹਰ ਥਾਂ ਪੁੱਜ ਰਿਹਾ ਸੀ ਤੇ ਸਿੱਖ ਫ਼ੌਜੀ ਜਾਨਾਂ ਤੋੜ ਕੇ ਲੜ ਰਹੇ ਸਨ ।

ਸਰ ਗਿਲਬਰਟ ਅੰਗਰੇਜ਼ਾਂ ਵਲੋਂ ਸਿੰਘਾਂ ਦੇ ਵਿਚਲੇ ਮੋਰਚਿਆਂ ਵੱਲ ਵਧਿਆ ਪਰ ਭਾਰੀ ਨੁਕਸਾਨ ਕਰਾ ਕੇ ਪਿੱਛੇ ਹਟ ਗਿਆ। ਸਿੰਘਾਂ ਦੇ ਇਹ ਮੋਰਚੇ ਉਹਨੂੰ ਲੋਹੇ ਦੀ ਦੀਵਾਰ ਵਾਂਗੂੰ ਪਰਤੀਤ ਹੋਏ।

ਸਰ ਹੈਰੀ ਸਮਿਥ ਆਪਣੇ ਡਵੀਜ਼ਨ ਸਮੇਤ ਸਿੰਘਾਂ ਦੇ ਖੱਬੇ ਪਾਸੇ ਦੇ ਮੋਰਚਿਆਂ ਵੱਲ ਵਧਿਆ, ਪਰ ਸਿੰਘਾਂ ਨੇ ਉਹਨੂੰ ਕਰਾਰੇ ਹੱਥ ਵਿਖਾ ਕੇ ਵਾਪਸ ਪਰਤਣ ਤੇ ਮਜਬੂਰ ਕਰ ਦਿੱਤਾ।

ਸ਼ਾਹ ਮੁਹੰਮਦ ਇਸ ਵੇਲੇ ਦੀ ਲੜਾਈ ਨੂੰ ਆਪਣੇ ਸ਼ਬਦਾਂ ਵਿਚ ਇਉਂ ਬਿਆਨ ਕਰਦਾ ਹੈ :-

“ਆਈਆਂ ਪੜਤਲਾਂ ਬੀੜ ਕੇ ਤੋਪਖ਼ਾਨੇ,

ਅੱਗੋਂ ਸਿੰਘਾਂ ਨੇ ਪਾਸੜੇ ਮੋੜ ਦਿੱਤੇ।

ਸੇਵਾ ਸਿੰਘ ਤੇ ਮਾਖੇ ਖਾਂ ਹੋਏ ਸਿਧੇ,

ਹੱਲੇ ਤਿੰਨ ਫਰੰਗੀ ਦੇ ਤੋੜ ਦਿੱਤੇ ।

ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ,

ਬੰਨ੍ਹ ਸ਼ਸ਼ਤਰੀ ਜੋੜ ਵਿਛੋੜ ਦਿੱਤੇ।

ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,

ਵਾਂਗ ਨਿੰਬੂਆਂ ਲਹੂ ਨਿਚੋੜ ਦਿੱਤੇ ।”

ਜਿਉਂ ਜਿਉਂ ਸਮਾਂ ਬੀਤਦਾ ਗਿਆ ਸਭਰਾਉਂ ਦੀ ਇਹ ਜੰਗ ਜ਼ੋਰ ਪਕੜਦੀ ਗਈ । ਲੜਾਈ ਵਿਚ ਕੀਹਦਾ ਪਲੜਾ ਭਾਰੀ ਸੀ, ਇਹ ਕਹਿਣਾ ਵੀ ਮੁਸ਼ਕਲ ਸੀ। ਤੋਪਾਂ ਦੇ ਗੋਲਿਆਂ ਕਾਰਨ ਸਾਰਾ ਵਾਤਾਵਰਨ ਧੂੰਆਂ ਧਾਰ ਸੀ । ਸੂਰਮਿਆਂ ਦੀਆਂ ਚਮਕਦੀਆਂ ਤਲਵਾਰਾਂ ਵਿਚ-ਵਿਚ ਲਿਸ਼ਕਾਂ ਮਾਰਦੀਆਂ ਸਨ।

ਅਚਨਚੇਤ ਅੰਗਰੇਜ਼ਾਂ ਦਾ ਤੋਪਖਾਨਾ ਅੱਗੇ ਵਧਿਆ ਤੇ 300 ਗਜ਼ ਦੀ ਵਿੱਥ ਤੋਂ ਸਿੱਖ ਫ਼ੌਜਾਂ ਤੇ ਅੱਗ ਵਰ੍ਹਾਉਣ ਲੱਗਾ । ਤੋਪਾਂ ਦੀ ਛਾਵੇਂ ਅੰਗਰੇਜ਼ ਪੈਦਲ ਫ਼ੌਜੀਆਂ ਨੇ ਸੰਗੀਨਾਂ ਦੀ ਮਦਦ ਨਾਲ ਸਿੱਖਾਂ ਦੇ ਮੋਰਚਿਆਂ ਤੇ ਹੱਲਾ ਬੋਲ ਦਿੱਤਾ। ਸਿੱਖ ਫ਼ੌਜੀਆਂ ਨੇ ਵੀ ਅਗੋਂ ਪੂਰਾ ਤਾਣ ਲਾ ਕੇ ਇਸ ਹੱਲੇ ਨੂੰ ਰੋਕਣ ਦਾ ਯਤਨ ਕੀਤਾ ਪਰ ਅੰਗਰੇਜ਼ ਫ਼ੌਜੀਆਂ ਨੇ ਸਿੱਖਾਂ ਦੇ ਮੋਰਚਿਆਂ ਤੇ ਕਬਜ਼ਾ ਕਰ ਲਿਆ।

ਅੰਗਰੇਜ਼ਾਂ ਦੇ ਇਸ ਅਚਾਨਕ ਹੱਲੇ ਨੇ ਲੜਾਈ ਦਾ ਰੁਖ਼ ਸਿੰਘਾਂ ਵਿਰੁੱਧ ਕਰ ਦਿੱਤਾ। ਓਧਰ ਗ਼ੱਦਾਰ ਤੇਜਾ ਸਿੰਘ ਜੋ ਅਜੇਹੇ ਵੇਲੇ ਦੀ ਹੀ ਉਡੀਕ ਕਰ ਰਿਹਾ ਸੀ, ਸਿੱਖ ਫ਼ੌਜੀਆਂ ਨੂੰ ਹੋਰ ਮਦਦ ਤੇ ਬਾਰੂਦ ਸਿੱਕਾ ਪਹੁੰਚਾਉਣ ਦੀ ਥਾਂ ਆਪਣੇ ਗ਼ੱਦਾਰ ਸਾਥੀ ਫ਼ੌਜੀਆਂ ਸਮੇਤ ਮੈਦਾਨੇ ਜੰਗ ‘ਚੋਂ ਭੱਜ ਖਲੋਤਾ ਤੇ ਬੇੜੀਆਂ ਦੇ ਪੁਲ ਉਤੋਂ ਦੀ ਸਤਲੁਜ ਪਾਰ ਕਰ ਗਿਆ। ਸਿੱਖ ਕੌਮ ਦੀ ਬੇੜੀ ਵਿਚ ਹੋਰ ਵੱਟੇ ਪਾਉਣ ਲਈ ਉਹਨੇ ਦਰਿਆ ਪਾਰ ਕਰ ਕੇ ਬੇੜੀਆਂ ਦਾ ਪੁਲ ਤੁੜਵਾ ਦਿੱਤਾ ਤਾਂ ਜੋ ਆਪਣੇ ਦੇਸ਼ ਪੰਜਾਬ ਦੀ ਆਜ਼ਾਦੀ ਲਈ ਲੜ ਰਹੇ ਸਿੱਖ ਫੌਜੀ ਬਿਪਤਾ ਸਮੇਂ ਪਿੱਛੇ ਹਟ ਕੇ ਸਤਲੁਜ ਵੀ ਪਾਰ ਨਾ ਕਰ ਸਕਣ।

ਓਧਰ ਗਿਲਬਰਟ ਦੇ ਡਵੀਜ਼ਨ ਨੇ ਸਿੰਘਾਂ ਦੇ ਕੇਂਦਰੀ ਮਜ਼ਬੂਤ ਮੋਰਚਿਆਂ ਤੇ ਤੀਜਾ ਹਮਲਾ ਕੀਤਾ ਤੇ ਇਕ ਦੂਜੇ ਦੇ ਮੋਢਿਆਂ ਤੇ ਚੜ੍ਹ-ਚੜ੍ਹ ਕੇ ਸਿੱਖਾਂ ਦੀਆਂ ਤੋਪਾਂ ਤੇ ਜਾ ਕਬਜ਼ਾ ਕੀਤਾ। ਅੰਗਰੇਜ਼ ਫ਼ੌਜੀਆਂ ਦੀ ਇਸ ਸਫਲਤਾ ਦੀ ਖ਼ਬਰ (ਕਿ ਉਹਨਾਂ ਸਿੱਖਾਂ ਦੀਆਂ ਤੋਪਾਂ ਤੇ ਕਬਜ਼ਾ ਕਰ ਲਿਆ ਹੈ) ਸਿੱਖ ਫ਼ੌਜੀਆਂ ਵਿੱਚ ਝਟ ਪਟ ਫੈਲ ਗਈ।

ਹੁਣ ਸ: ਸ਼ਾਮ ਸਿੰਘ ਅਟਾਰੀ ਨੂੰ ਸਿੱਖ ਫ਼ੌਜਾਂ ਦੀ ਹਾਰ ਸਾਹਮਣੇ ਦਿੱਸਣ ਲੱਗੀ। ਉਹਨਾਂ ਆਪਣੀ ਘੋੜੀ ਨੂੰ ਅੱਡੀ ਲਾਈ ਅਤੇ ਤਲਵਾਰ ਘੁਮਾਉਂਦੇ ਹੋਏ ਪੰਜਵੀਂ ਪਿਆਦਾ ਅੰਗਰੇਜ਼ ਫ਼ੌਜ ਵਿਚ ਜਾ ਵੜੇ ਤੇ ਲੱਗੇ ਡੱਕਰੇ ਕਰਨ ਦੁਸ਼ਮਣਾਂ ਦੇ ਤੇ ਨਾਲ ਵੰਗਾਰਦੇ ਰਹੇ ਆਪਣੇ ਸਿੰਘ ਸਾਥੀਆਂ ਨੂੰ ਮਰ ਮਿਟਣ ਲਈ। ਅਗਲੇ ਪਾਸਿਓਂ ਸ: ਸ਼ਾਮ ਸਿੰਘ ਉੱਤੇ ਗੋਲੀਆਂ ਦੀ ਬੁਛਾੜ ਹੋਣ ਲੱਗੀ। ਸੱਤ ਗੋਲੀਆਂ ਛਾਤੀ ਵਿੱਚ ਖਾ ਕੇ, ਸਭਰਾਵਾਂ ਦੀ ਜੰਗ ਦਾ ਸਿੱਖ ਫ਼ੌਜਾਂ ਦਾ ਜਰਨੈਲ, ਸ: ਸ਼ਾਮ ਸਿੰਘ ਅਟਾਰੀ ਘੋੜੀਓਂ ਥੱਲੇ ਧੜੱਮ ਡਿੱਗਾ ਤੇ ਆਪਣੀ ਪ੍ਰਤਿਗਿਆ ਪੂਰੀ ਕਰਦਾ ਹੋਇਆ ਦੇਸ਼ ਪੰਜਾਬ ਦੀ ਆਜ਼ਾਦੀ ਲਈ ਸ਼ਹੀਦੀ ਪਾ ਗਿਆ। ਸਿੱਖ ਫ਼ੌਜੀ ਆਪਣੀਆਂ ਤਲਵਾਰਾਂ ਦੇ ਜੌਹਰ ਵਿਖਾਂਦੇ ਰਹੇ ਤੇ ਸ਼ਹੀਦ ਹੋ-ਹੋ ਧਰਤੀ ਤੇ ਡਿਗਦੇ ਰਹੇ।

ਇਉਂ ਮੁੱਕੀ ਸਭਰਾਵਾਂ ਦੀ ਲੜਾਈ ਜਿਸ ਵਿਚ ਜਿੱਤ ਅੰਗਰੇਜ਼ਾਂ ਦੀ ਹੋਈ ਜਿਸ ਕਾਰਣ ਪੰਜਾਬ ਦੇ ਗਲ ਗ਼ੁਲਾਮੀ ਦੇ ਸੰਗਲ ਪਏ।

ਜਦੋਂ ਸ: ਸ਼ਾਮ ਸਿੰਘ ਅਟਾਰੀ ਦੀ ਦੇਹ ਦੀ ਭਾਲ ਕੀਤੀ ਗਈ ਤਾਂ ਉਹ ਉਸ ਥਾਂ ਮਿਲੀ, ਜਿੱਥੇ ਅੰਗਰੇਜ਼ਾਂ ਦਾ ਮੋਰਚਾ ਸੀ।ਸਰਦਾਰ ਦੀ ਦੇਹ ਥੱਲੇ ਅੰਗਰੇਜ਼ ਫ਼ੌਜੀਆਂ ਦੀਆਂ ਲਾਸ਼ਾਂ ਦਾ ਢੇਰ ਸੀ।

ਸ: ਸ਼ਾਮ ਸਿੰਘ ਦੀ ਦੇਹ ਨੂੰ ਸਿੱਖ ਫੌਜੀਆਂ ਇਕ ਲਕੜੀਆਂ ਦੇ ਤੁਲ੍ਹੇ ਦੁਆਰਾ ਤੈਰ ਕੇ ਸਤਲੁਜੋਂ ਪਾਰ ਕੀਤਾ ਤੇ ਮਗਰੋਂ ਸਤਿਕਾਰ ਸਹਿਤ ਉਹਨਾਂ ਦੇ ਪਿੰਡ ਅਟਾਰੀ ਪਹੁੰਚਾਇਆ।

ਜਦੋਂ ਸ: ਸ਼ਾਮ ਸਿੰਘ ਦੀ ਦੇਹ ਨੂੰ ਲੰਬੂ ਲਾਇਆ ਗਿਆ ਤੇ ਅੱਗ ਦੀਆਂ ਲਪਟਾਂ ਅਸਮਾਨ ਵੱਲ ਨੂੰ ਉਠੀਆਂ ਤਾਂ ਵੇਖਣ ਵਾਲਿਆਂ ਇਉਂ ਮਹਿਸੂਸ ਕੀਤਾ ਜਿਵੇਂ ਸ: ਸ਼ਾਮ ਸਿੰਘ ਦੀ ਦੇਹ ਨੂੰ ਨਹੀਂ ਸਗੋਂ ਦੇਸ਼ ਪੰਜਾਬ ਦੀ ਆਜ਼ਾਦੀ ਨੂੰ ਲੰਬੂ ਲੱਗਾ ਹੋਵੇ।

ਸ: ਸ਼ਾਮ ਸਿੰਘ ਦੀ ਸੂਰਬੀਰਤਾ ਅਤੇ ਲਾਸਾਨੀ ਸ਼ਹੀਦੀ ਦਾ ਸਿੱਖ ਫੌਜੀਆਂ ਅਤੇ ਆਮ ਸਿੱਖਾਂ ਤੇ ਇੰਨਾ ਚੰਗਾ ਪ੍ਰਭਾਵ ਪਿਆ ਕਿ ਉਹਨਾਂ ਸਭਰਾਵਾਂ ਦੀ ਹਾਰ ਦਾ ਬਦਲਾ ਲੈਣ ਦਾ ਮਨ ਬਣਾ ਲਿਆ ਤੇ ਅੰਗਰੇਜ਼ ਵਿਦੇਸ਼ੀਆਂ ਨੂੰ ਨਫਰਤ ਦੀ ਨਿਗਾਹ ਨਾਲ ਤਦ ਤੱਕ ਵੇਖਦੇ ਰਹੇ ਜਦ ਤੱਕ ਮੁੜ ਚੇਲਿਆਂ ਵਾਲਾ ਤੇ ਗੁਜਰਾਤ ਦੀਆਂ ਲੜਾਈਆਂ ਵਿਚ ਇਹਨਾਂ ਫਰੰਗੀਆਂ ਵਿਰੁੱਧ ਪੂਰਾ ਗੁੱਸਾ ਨਾ ਕੱਢ ਲਿਆ। ਸਭਰਾਵਾਂ ਵਿਖੇ ਸ: ਸ਼ਾਮ ਸਿੰਘ ਦੀ ਸਰਦਾਰੀ ਹੇਠ ਸਿੱਖਾਂ ਵਲੋਂ ਲੜੀ ਅੰਗਰੇਜ਼ਾਂ ਵਿਰੁੱਧ ਲੜਾਈ ਬਾਰੇ ਕਨਿੰਘਮ ਲਿਖਦਾ ਹੈ :-

“ਕਿਸੇ ਇਕ ਵੀ ਸਿੱਖ ਨੇ ਈਨ ਨਾ ਮੰਨੀ। (ਗੁਰੂ ਗੋਬਿੰਦ ਸਿੰਘ) ਦੇ ਕਿਸੇ ਵੀ ਅਨੁਯਾਈ ਨੇ ਰਹਿਮ ਦੀ ਦਰਖਾਸਤ ਨਾ ਕੀਤੀ। ਹਰੇਕ ਥਾਂ ਉਹ ਜੇਤੂਆਂ ਸਾਹਮਣੇ ਛਾਤੀਆਂ ਤਾਣ ਕੇ ਖਲੋਤੇ ਰਹੇ। ਉਹਨਾਂ ਵਿਚੋਂ ਬਹੁਤੇ ਤਾਂ ਇਕੱਲੇ ਦੁਸ਼ਮਣ ਦੀਆਂ ਧਾੜਾਂ ਵਿਚ ਵੜ ਕੇ ਟਾਕਰਾ ਕਰਦੇ ਹੋਏ ਮੌਤ ਨੂੰ ਜੱਫੀਆਂ ਪਾ ਗਏ ਅਤੇ ਆਕੜ ਕੇ ਤੁਰਦੇ ਹੋਏ ਰਣ-ਭੂਮੀ ਵਿਚੋਂ ਬਾਹਰ ਹੋ ਗਏ।”

ਮਿਸਟਰ ਮੈਲਸਨ ਲਿਖਦਾ ਹੈ, “ਜੇ ਸਿੱਖ ਇੱਥੇ ਜਿੱਤ ਜਾਂਦੇ ਤਾਂ ਭਾਰਤ ਅੰਗਰੇਜ਼ਾਂ ਹੱਥੋਂ ਨਿਕਲ ਜਾਣਾ ਸੀ।”

ਜੇ ਦੇਸ਼-ਭਗਤੀ ਦੀ ਕਸਵੱਟੀ, ‘ਜਾਣ ਬੁਝ ਕੇ’ ਤੇ ਖੁਸ਼ੀ ਖੁਸ਼ੀ ਆਪਣੇ ਦੇਸ਼ ਲਈ ਜਾਨ ਵਾਰਨਾ ਹੈ ਤਾਂ ਸ: ਸ਼ਾਮ ਸਿੰਘ ਅਟਾਰੀ ਵਾਲੇ ਨੂੰ ਇਕ ਮਹਾਨ ਦੇਸ਼ ਭਗਤ ਆਖਣਾ ਬਣਦਾ ਹੈ। ਉਹਨੇ ਵਿਦੇਸ਼ੀ ਗ਼ੁਲਾਮੀ ਦੀ ਥਾਂ ਮੌਤ ਨੂੰ ਚੰਗਾ ਜਾਣਿਆ। ਉਹਨੇ ਜਾਤੀ ਤੇ ਦੁਨਿਆਵੀ ਸੁਖਾਂ ਨੂੰ ਦੇਸ਼ ਦੀ ਆਜ਼ਾਦੀ ਬਦਲੇ ਵਾਰ ਸੁੱਟਿਆ।

ਸਰਦਾਰ ਸ਼ਾਮ ਸਿੰਘ ਦੀ ਸ਼ਖਸੀਅਤ

ਸ: ਸ਼ਾਮ ਸਿੰਘ ਵਿੱਚ ਬੀਰਤਾ, ਕੁਰਬਾਨੀ, ਚੜ੍ਹਦੀ ਕਲਾ, ਯੁੱਧ-ਨੀਤੀ ਤੇ ਸਿਆਸੀ ਸੂਝ ਦੇ ਗੁਣ ਭਰੇ ਪਏ ਸਨ। ਆਪਣੇ ਸਮੇਂ ਦੇ ਹੋਰ ਕਈ ਸਿੱਖ-ਜਰਨੈਲਾਂ ਤੇ ਯੋਧਿਆਂ ਦੀ ਤਰ੍ਹਾਂ ਉਹ ਆਪਣੇ ਆਪ ਨੂੰ ਗੁਰੂ ਦਾ ਇਕ ਤੁੱਛ ਸੇਵਕ ਸਮਝਦਾ ਸੀ। ਸਿੱਖੀ ਦੀ ਆਨ-ਸ਼ਾਨ ਨੂੰ ਕਾਇਮ ਰੱਖਣ ਲਈ ਹੀ ਤਾਂ ਉਹ ਬਿਰਧ ਅਵਸਥਾ ਵਿਚ ਵੀ ਰਣਭੂਮੀ ਵਿਚ ਜਾ ਕੁੱਦਿਆ ਸੀ ਅਤੇ ਆਪਣੇ ਪ੍ਰਾਣਾਂ ਦੀ ਅਹੂਤੀ ਦੇ ਦਿੱਤੀ ਸੀ। ਇਤਿਹਾਸਕਾਰਾਂ ਨੇ ਉਸ ਦੀ ਬਹੁ-ਪੱਖੀ ਸ਼ਖਸੀਅਤ ਬਾਰੇ ਬੜੇ ਭਾਵ ਪੂਰਤ ਵਿਚਾਰ ਪ੍ਰਗਟ ਕੀਤੇ ਹਨ। ਮੁਹੰਮਦ ਲਤੀਫ਼ ਲਿਖਦਾ ਹੈ, “ਸਰਦਾਰ ਨੇ ਆਪਣੇ ਆਪ ਨੂੰ ਗੁਰੂ ਦੀ ਭੇਟਾ ਕਰ ਦਿੱਤਾ ।” ਸਰ ਲੈਪਲ ਗ੍ਰਿਫਨ ਨੇ ਬਹੁਤ ਸੁੰਦਰ ਲਿਖਿਆ ਹੈ, “ਸਰਦਾਰ ਸ਼ਾਮ ਸਿੰਘ ਜੱਟ ਨਸਲ ਦੇ ਸਭ ਤੋਂ ਵਧੀਆ ਪ੍ਰਤੀਨਿਧਾਂ ਵਿਚੋਂ ਇਕ ਸੀ, ਜਿਹੜੀ ਕਿ ਮਰਦਊਪੁਣੇ, ਈਮਾਨਦਾਰੀ, ਤਾਕਤ ਅਤੇ ਬਹਾਦਰੀ ਲਈ ਦੁਨੀਆਂ ਵਿਚ ਅਦੁਤੀ ਹੈ। ਉਸ ਦੀ ਮੌਤ ਦਾ ਵੱਡਾ ਘਾਟਾ ਇਹ ਸੀ ਕਿ ਉਸ ਦੀ ਥਾਂ ਸੰਭਾਲਣ ਵਾਲਾ ਕੋਈ ਨਹੀਂ ਸੀ। ਇਹ ਠੀਕ ਹੈ ਕਿ ਗੁਜਰਾਂ ਵਾਲੇ, ਲਾਹੌਰ ਤੇ ਅੰਮ੍ਰਿਤਸਰ ਦੇ ਪਿੰਡਾਂ ਵਿਚ ਛੋਟੇ ਦਰਜੇ ਦੇ ਸਿੰਘਾਂ ਵਿਚ ਦੇਸ਼ ਭਲਾਈ ਲਈ ਸਾਦਗੀ, ਮਰਦਾਨਗੀ ਤੇ ਦਲੇਰੀ ਵਾਲੇ ਬਹੁਤ ਸਿੰਘ ਸਨ, ਪਰ ਲਾਹੌਰ ਦਰਬਾਰ ਦੇ ਸਾਜ਼ਸ਼ੀ ਸਰਦਾਰਾਂ ਵਿਚ ਇਕ ਵੀ ਅਜਿਹਾ ਨਹੀਂ ਸੀ । ਜੇਕਰ ਸ: ਸ਼ਾਮ ਸਿੰਘ ਜੈਸੇ ਕੁਝ ਕੁ ਵੀ ਹੋਰ ਸਰਦਾਰ ਹੁੰਦੇ ਤਾਂ ਸਤਲੁਜ ਦੀ ਖੂਨੀ ਜੰਗ ਨਾ ਹੁੰਦੀ ਤੇ ਸਿੱਖ ਕੌਮ ਆਪਣੀ ਆਜ਼ਾਦੀ ਨਾ ਖੁਹਾਉਂਦੀ ।”

ਸ: ਸ਼ਾਮ ਸਿੰਘ ਜੀ ਜਿੱਥੇ ਵੱਡੇ ਸੂਰਬੀਰ ਤੇ ਦਲੇਰ ਸਨ, ਉਸ ਦੇ ਨਾਲ ਹੀ · ਇਨਸਾਫ਼ ਕਰਨ ਵਾਲੇ, ਪਰ-ਉਪਕਾਰੀ, ਭਜਨੀਕ, ਰਹਿਮ ਦਿਲ, ਦਾਨੀ ਤੇ ਪੁੱਜ ਕੇ ਰਾਜਨੀਤੀ ਵਿਚ ਵੀ ਮਾਹਰ ਸਨ । ਆਪ ਨੂੰ ਇਸ ਗੱਲ ਦਾ ਭਲੀ ਪ੍ਰਕਾਰ ਪਤਾ ਸੀ ਕਿ ਲਾਹੌਰ ਦਰਬਾਰ ਵਿਚ ਸਾਜ਼ਸ਼ੀਆਂ ਦਾ ਜ਼ੋਰ ਸੀ ਤੇ ਗ਼ੱਦਾਰ ਆਦਮੀ ਸਿੱਖ ਰਾਜ ਨੂੰ ਤਬਾਹ ਕਰਨ ਦੇ ਮਨਸੂਬੇ ਬੰਨ੍ਹ ਰਹੇ ਸਨ। ਅੰਗਰੇਜ਼ਾਂ ਨਾਲ ਜੰਗ ਵੀ ਇਨ੍ਹਾਂ ਸ਼ਤਰੰਜੀ ਚਾਲਾਂ ਦਾ ਹੀ ਨਤੀਜਾ ਸੀ । ਇਸੇ ਕਰਕੇ ਸ: ਸ਼ਾਮ ਸਿੰਘ ਸਾਰੀ ਗੱਲ- ਬਾਤ ਨੂੰ ਤਾੜ ਕੇ ਮੁਦਕੀ ਤੇ ਫੇਰੂ ਸ਼ਹਿਰ ਦੀਆਂ ਲੜਾਈਆਂ ਵਿਚ ਸ਼ਾਮਲ ਨਹੀਂ ਹੋਏ ਸਨ, ਪਰ ਜਦੋਂ ਆਖਰੀ ਸਮੇਂ ਆਪ ਦੀ ਅਣਖ ਤੇ ਗ਼ੈਰਤ ਨੂੰ ਵੰਗਾਰਿਆ ਗਿਆ ਤਦ ਆਪ ਨੇ ਸੂਰਮਿਆਂ ਵਾਂਗ ਆਪਣੇ ਆਪ ਨੂੰ ਪੰਥ, ਕੌਮ ਅਤੇ ਦੇਸ਼ ਖਾਤਰ ਕੁਰਬਾਨ ਕਰ ਦੇਣਾ ਹੀ ਠੀਕ ਸਮਝਿਆ । ਆਪ ਨੇ ਬਹੁਤ ਹਾਨ ਲਾਭ, ਸੋਚਣ ਤੇ ਦਲੀਲਾਂ ਵਿਚ ਪੈਣ ਨੂੰ ਠੀਕ ਨਹੀਂ ਜਾਣਿਆ ਸੀ। ਇਸੇ ਕਰਤੱਵ ਦਾ ਨਾਮ ਸੂਰਮਗਤੀ ਹੈ। ਇਸ ਸਬੰਧੀ/ਪ੍ਰਸਿੱਧ ਅਮਰੀਕਨ ਲਿਖਾਰੀ ਐਮਰਸਨ ਨੇ ਇਉਂ ਲਿਖਿਆ ਹੈ :

“ਸੂਰਮਗਤੀ ਅਨੁਭਵ ਕਰਦੀ ਹੈ ਤੇ ਦਲੀਲਾਂ ਵਿਚ ਨਹੀਂ ਪੈਂਦੀ, ਇਸ ਲਈ ਇਹ ਸਦਾ ਠੀਕ ਹੈ।”

ਇਸੇ ਸੂਰਮਗਤੀ ਤੇ ਕੁਰਬਾਨੀ ਦੇ ਕਾਰਨ ਸ: ਸ਼ਾਮ ਸਿੰਘ ਦਾ ਨਾਮ ਸਦਾ ਚਮਕਦਾ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਗੁਰਸਿੱਖਾਂ ਵਾਂਗ ਕੀਤੇ ਪ੍ਰਣ ਅਨੁਸਾਰ ਮੁਲਕ, ਕੌਮ ਤੇ ਪੰਥ ਦੀ ਆਨ ਸ਼ਾਨ ਨੂੰ ਮੁੱਖ ਰੱਖ ਕੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਇਸ ਤਰ੍ਹਾਂ ਦੇ ਸੂਰਮਿਆਂ ਸਬੰਧੀ ਹੀ ਆਖਿਆ ਗਿਆ ਹੈ, “ਸ਼ਾਹ ਮੁਹੰਮਦਾ ਸਿਰਾਂ ਦੀ ਲਾ ਬਾਜ਼ੀ, ਨਹੀਂ ਮੋੜਦੇ ਸੂਰਮੇ ਅੰਗ ਮੀਆਂ ।” ਜਿਨ੍ਹਾਂ ਨੇ ਸਰਦਾਰ ਦੀ ਬਹਾਦਰੀ ਦੇ ਕਾਰਨਾਮਿਆਂ ਨੂੰ ਆਪਣੀ ਅੱਖੀਂ ਵੇਖਿਆ ਸੀ, ਉਨ੍ਹਾਂ ਵਿਚੋਂ ਆਪ ਦਾ ਸਾਈਸ ਵਹਾਬੀ ਵੀ ਇਕ ਸੀ। ਇਸ ਦੇ ਦਿਲ ਤੇ ਆਪ ਦੀ ਬਹਾਦਰੀ ਦਾ ਬਹੁਤ ਡੂੰਘਾ ਪ੍ਰਭਾਵ ਸੀ। ਇਹ ਸਾਈਸ ਗੁਜਰਖ਼ਾਨ ਦੇ ਰਹਿਣ ਵਾਲਾ ਸੀ ਅਤੇ ਬਹੁਤ ਵੱਡੀ ਉਮਰ ਤੱਕ ਜੀਉਂਦਾ ਰਿਹਾ। ਉਹ ਹਰ ਸਾਲ ਹੀ ਸ: ਸ਼ਾਮ ਸਿੰਘ ਦੇ ਪੁੱਤਰਾਂ-ਪੋਤਿਆਂ ਨੂੰ ਸਨੇਹ ਦਾ ਬੱਝਾ ਮਿਲਣ ਲਈ ਆਉਂਦਾ ਰਿਹਾ। ਉਹ ਸ: ਹਰਬੰਸ ਸਿੰਘ ਤੇ ਆਪ ਦੇ ਦੂਜੇ ਭਰਾਵਾਂ ਨੂੰ ਗੋਦੀ ਵਿੱਚ ਲੈ ਕੇ ਰੋ ਰੋ ਕੇ ਸ: ਸ਼ਾਮ ਸਿੰਘ ਦੀ ਸ਼ਹੀਦੀ ਤੇ ਬਹਾਦਰੀ ਦੇ ਕਾਰਨਾਮੇ ਸੁਣਾਇਆ ਕਰਦਾ ਸੀ ਤੇ ਅਖੀਰ ਇੱਥੇ ਤੋੜਾ ਤੋੜਿਆ ਕਰਦਾ ਸੀ ਕਿ, “ਬੱਚਾ ਤੁਸੀਂ ਭੀ ਆਪਣੇ ਵੱਡੇ ਬਾਬੇ ਸ: ਸ਼ਾਮ ਸਿੰਘ ਜਹੇ ਬਹਾਦਰ ਤੇ ਅਣਖੀ ਹੋਣਾ ।” ਇਸ ਤੋਂ ਵਧੇਰੇ ਆਪ ਦੀ ਬਹਾਦਰੀ ਤੇ ਅਣਖ ਦੀ ਹੋਰ ਕਿਹੜੀ ਮੋਹਤਬਿਰ ਗਵਾਹੀ ਹੋ ਸਕਦੀ ਹੈ ਕਿ ਜਿਸ ਦਾ ਇਕ ਬੰਦੇ ਦੇ ਦਿਲ ਤੇ ਅਜਿਹਾ ਡੂੰਘਾ ਅਸਰ ਤੇ ਪ੍ਰਭਾਵ ਹੈ ਕਿ ਜਿਸ ਨੂੰ ਉਹ ਸਾਰੇ ਸਾਲ ਆਪਣੇ ਆਪ ਹੀ ਕਈ ਵਾਰ ਦੁਹਰਾਉਂਦਾ ਨਹੀਂ ਥੱਕਦਾ।

ਅੱਜ ਜਦੋਂ ਕਿ ਸਰਕਾਰੇ-ਦਰਬਾਰੇ ਸਨਮਾਨ ਪ੍ਰਾਪਤ ਕਰਕੇ ਅਤੇ ਯੂਨੀਵਰਸਿਟੀਆਂ ਵਿਚ ਉੱਚ-ਪਦਵੀਆਂ ਪ੍ਰਾਪਤ ਕਰ ਕੇ ਕਈ ‘ਸਿੱਖ-ਵਿਦਵਾਨ’ ਸਿੱਖੀ ਨੂੰ ਬ੍ਰਾਹਮਣਵਾਦ ਵਿਚ ਰਲ-ਗਡ ਕਰ ਰਹੇ ਹਨ, ਸਿਆਸੀ ਲੋਕ ਵੋਟਾਂ ਦੀ ਖਾਤਰ ਸਿੱਖੀ ਦੇ ਨਿਆਰੇ-ਪਨ ਨੂੰ ਖਤਮ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ, ਉਦੋਂ ਸਿੱਖ ਗੱਭਰੂਆਂ ਦਾ ਫਰਜ਼ ਬਣਦਾ ਹੈ, ਕਿ ਉਹ ਸ: ਸ਼ਾਮ ਸਿੰਘ ਜੀ ਵਰਗੇ ਆਪਣੇ ਮਹਾਨ ਸਿੱਖ ਬਜ਼ੁਰਗਾਂ ਦੇ ਪਦ-ਚਿੰਨ੍ਹਾਂ ਤੇ ਚਲਦਿਆਂ ਹੋਇਆਂ ਸੁਖ- ਆਰਾਮ ਨੂੰ ਤਿਆਗ ਕੇ, ਸੰਸਾਰਕ ਵਸਤਾਂ (ਧਨ, ਜਾਇਦਾਦ, ਕੋਠੀਆਂ-ਕਾਰਾਂ) ਵਲੋਂ ਮੂੰਹ ਮੋੜ ਕੇ ਕੁਰਬਾਨੀ ਦਾ ਰਸਤਾ ਅਪਨਾਉਣ ਤੇ ਜੁਟ ਜਾਣ ਆਪਣੇ ਪਿਆਰੇ ਪੰਥ ਦੀ ਸੇਵਾ ਵਿਚ। ਸਤਿਗੁਰਾਂ ਦੇ ਉਪਦੇਸ਼ਾਂ ਨੂੰ ਸਮਝਣਾ, ਉਨ੍ਹਾਂ ਉਪਦੇਸ਼ਾਂ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਤੇ ਸਤਿਗੁਰਾਂ ਦਾ ਸੁਨੇਹਾ ਜਨ-ਜਨ ਤੱਕ ਪਹੁੰਚਾਉਣਾ ਹੀ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਹ ਹੀ ਇਕੋ ਇਕ ਢੰਗ ਹੈ, ਜਿਸ ਨਾਲ ਕੌਮ ਦੀ ਡੱਕੇ-ਡੋਲੇ ਖਾਂਦੀ ਕਿਸ਼ਤੀ ਨੂੰ ਕਿਨਾਰੇ ਲਾਇਆ ਜਾ ਸਕਦਾ ਹੈ।

ਅੰਗਰੇਜ਼ਾਂ ਤੇ ਸਿੱਖਾਂ ਦੀਆਂ ਲੜਾਈਆਂ

ਸ਼ੇਰ-ਇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਉਂਦੇ ਜੀਅ ਤਾਂ ਅੰਗਰੇਜ਼ ਖ਼ਾਲਸਾ ਰਾਜ ਪ੍ਰਤੀ ਮਿੱਤਰਤਾ ਦਾ ਦਮ ਭਰਦੇ ਰਹੇ, ਪਰ ਉਹ ਪੰਜਾਬ ਉੱਤੇ ਅੱਖ ਜ਼ਰੂਰ ਰੱਖ ਰਹੇ ਸਨ । ਮਹਾਰਾਜਾ ਸਾਹਿਬ ਦੀ ਮੌਤ ਮਗਰੋਂ ਹੋਈ ਰਾਜਸੀ ਉੱਥਲ- ਪੁੱਥਲ ਨੇ ਅੰਗਰੇਜ਼ਾਂ ਨੂੰ ਖੁਲ੍ਹ ਖੇਡਣ ਦਾ ਮੌਕਾ ਦਿੱਤਾ। ਇਸ ਉਥਲ-ਪੁਥਲ ਦਾ ਕਾਰਣ ਸਨ ਡੋਗਰੇ ਜੋ ਬੁੱਕਲ ਦੇ ਸੱਪ ਬਣ ਕੇ ਸਿੱਖ ਰਾਜ ਨੂੰ ਹਥਿਆਉਣ ਦੀਆਂ ਗੋਂਦਾਂ ਗੁੰਦਂਦੇ ਰਹੇ ਤੇ ਜਦੋਂ ਇਸ ਮੰਤਵ ਵਿਚ ਸਫ਼ਲ ਨਾ ਹੋਏ ਤਾਂ ਖ਼ਾਲਸਈ ਰਾਜ ਨੂੰ ਮੂਲੋਂ ਹੀ ਨਸ਼ਟ ਕਰਨ ਦੀਆਂ ਗੋਂਦਾਂ ਗੁੰਦਣ ਲੱਗੇ । ਉੱਧਰ ਅੰਗਰੇਜ਼ ਵੀ ਤਾੜ ਵਿਚ ਬੈਠੇ ਸਨ ਕਿ ਕਦੋਂ ਇਸ ਪੰਜ ਦਰਿਆਵਾਂ ਦੀ ਧਰਤੀ ਨੂੰ ਆਪਣੇ ਰਾਜ ਦਾ ਹਿੱਸਾ ਬਣਾ ਸਕਣ। ਬੱਸ, ਅੰਗਰੇਜ਼ਾਂ ਨੇ ਗੁਲਾਬ ਸਿੰਘ ਡੋਗਰੇ ਨਾਲ ਸਾਜ਼ ਬਾਜ਼ ਅਰੰਭ ਦਿੱਤੀ। ਮਗਰੋਂ ਤੇਜਾ ਸਿੰਘ, ਲਾਲ ਸਿੰਘ (ਜੋ ਸਿੱਖ ਰਾਜ ਦੇ ਕਮਾਂਡਰ ਤੇ ਵਜ਼ੀਰ ਸਨ) ਤਾਂ ਅੰਗਰੇਜ਼ਾਂ ਹੱਥ ਇਉਂ ਵਿਕੇ ਕਿ ਆਪਣੇ ਲਈ ਜਗੀਰਾਂ ਤੇ ਅਹੁਦੇ ਹਾਸਲ ਕਰਨ ਲਈ ਸਿੱਖ ਰਾਜ ਨੂੰ ਹੀ ਅੰਗਰੇਜ਼ਾਂ ਹੱਥੋਂ ਨਸ਼ਟ ਕਰਾਉਣ ਤੇ ਤੁਲ ਗਏ । ਇਹ ਦੋਵੇਂ ਯੂ.ਪੀ. ਦੇ ਭਈਏ ਸਨ ਤੇ ਇਉਂ ਜਾਪਦਾ ਹੈ ਕਿ ਇਹਨਾਂ ਸਿੱਖੀ ਸਰੂਪ ਧਾਰਨ ਹੀ ਸਿੱਖ ਰਾਜ ਦੀ ਬੇੜੀ ਨੂੰ ਡੋਬਣ ਲਈ ਕੀਤਾ ਸੀ।

ਇਸ ਸਾਜ਼ ਬਾਜ਼ ਉੱਤੇ ਸੰਖੇਪ ਨਜ਼ਰ ਮਾਰਨ ਲਈ ਹੇਠ ਲਿਖੀਆਂ ਇਤਿਹਾਸਕ * ਘਟਨਾਵਾਂ ਨੂੰ ਗਹੁ ਨਾਲ ਵਾਚਣ ਦੀ ਜ਼ਰੂਰਤ ਹੈ। ਧਿਆਨ ਸਿੰਘ ਡੋਗਰੇ ਦੁਆਰਾ ਕੰਵਰ ਨੌਨਿਹਾਲ ਸਿੰਘ ਨੂੰ ਮਾਰ ਮੁਕਾਉਣ ਮਗਰੋਂ “ਸਰ ਵਿਲੀਅਮ ਮੈਕਨਾਟਨ” ਨੇ ਹਿੰਦੁਸਤਾਨ ਦੇ ਅੰਗਰੇਜ਼ ਗਵਰਨਰ ਜਨਰਲ ਨੂੰ ਸੁਝਾਅ ਦਿੱਤਾ ਕਿ ਪਿਸ਼ਾਵਰ ਦਾ ਇਲਾਕਾ ਸਿੱਖਾਂ ਤੋਂ ਖੋਹਣ ਵਿਚ ਕਾਬਲ ਦੇ ਸ਼ਾਹ ਸ਼ੁਜਾਹ ਦੀ ਮਦਦ ਕੀਤੀ ਜਾਵੇ ਤਾਂ ਜੁ ਸਿੱਖ ਰਾਜ ਨੂੰ ਕਮਜ਼ੋਰ ਕੀਤਾ ਜਾ ਸਕੇ।

1838 ਈ: ਤੱਕ ਅੰਗਰੇਜ਼ਾਂ ਦੀ ਪੰਜਾਬ ਵਿਚ ਕੇਵਲ ਇਕ ਛਾਉਣੀ ਸੀ ਲੁਧਿਆਣੇ, ਜੀਹਦੇ ਵਿਚ 3000 ਜਵਾਨ ਤੇ 12 ਤੋਪਾਂ ਸਨ।

ਲਾਰਡ ਹਾਰਡਿੰਗ ਦੇ ਹਿੰਦੁਸਤਾਨ ਦਾ ਗਵਰਨਰ ਜਨਰਲ ਬਣ ਕੇ ਆਉਣ ਤੱਕ ਅੰਗਰੇਜ਼ ਅੰਬਾਲੇ, ਸ਼ਿਮਲੇ ਤੇ ਕਸੌਲੀ ਵਿਖੇ ਆਪਣੀਆਂ ਫ਼ੌਜੀ ਛਾਉਣੀਆਂ ਕਾਇਮ ਕਰ ਚੁੱਕੇ ਸਨ ਤੇ ਫ਼ੌਜੀਆਂ ਦੀ ਗਿਣਤੀ ਇਹਨਾਂ ਸਾਰੀਆਂ ਛਾਉਣੀਆਂ ਵਿਚ ਕੁਲ ਮਿਲਾ ਕੇ 14000 ਹੋ ਚੁੱਕੀ ਸੀ। ਇਨ੍ਹਾਂ ਕੋਲ 48 ਤੋਪਾਂ ਸਨ। ਲਾਰਡ ਹਾਰਡਿੰਗ ਨੇ ਇਸ ਵਿਚ 22000 ਫ਼ੌਜੀਆਂ ਤੇ 28 ਤੋਪਾਂ ਦਾ ਵਾਧਾ ਕੀਤਾ।

ਸਿੱਖਾਂ ਨਾਲ ਜੰਗ ਛੇੜਨ ਤੋਂ ਇਕ ਵਰ੍ਹਾ ਪਹਿਲਾਂ ਹੀ ਅੰਗਰੇਜ਼ਾਂ ਨੇ ਬੰਬਈ ਤੋਂ ਬੇੜੀਆਂ ਮੰਗਵਾ ਕੇ ਸਤਲੁਜ ਤੇ ਪੁਲ ਬੰਨ੍ਹਣ ਦਾ ਸਾਮਾਨ ਇਕੱਠਾ ਕਰ ਲਿਆ ਹੋਇਆ ਸੀ।

ਜੰਗ ਛਿੜਨ ਤੋਂ ਪਹਿਲਾਂ ਅੰਗਰੇਜ਼ਾਂ ਨੇ 44000 ਫ਼ੌਜੀ ਤੇ 100 ਤੋਪਾਂ ਪੰਜਾਬ

ਵਿਚਲੀਆਂ ਆਪਣੀਆਂ ਛਾਉਣੀਆਂ ਵਿਚ ਇੱਕਤਰ ਕਰ ਲਈਆਂ ਹੋਈਆਂ ਸਨ। ਅੰਗਰੇਜ਼ ਵਲੋਂ ਕੀਤੀਆਂ ਜਾ ਰਹੀਆਂ ਇਨ੍ਹਾਂ ਵਿਸ਼ਾਲ ਜੰਗੀ ਤਿਆਰੀਆਂ ਤੋਂ ਸਿੱਖ ਰਾਜ ਦੇ ਅਹੁਦੇਦਾਰ ਅਨਜਾਣ ਨਹੀਂ ਸਨ।

ਜਿੱਥੇ ਇਕ ਪਾਸੇ ਪੰਜਾਬ ਦੀ ਜਨਤਾ ਇਹਨਾਂ ਖਬਰਾਂ ਕਾਰਨ ਬੇਚੈਨ ਸੀ ਤੇ ਸਿੱਖ-ਰਾਜ ਦੇ ਹਿਤੂ ਅੰਗਰੇਜ਼ਾਂ ਦੀਆਂ ਜੰਗੀ ਤਿਆਰੀਆਂ ਨੂੰ ਸਿੱਖ-ਰਾਜ ਲਈ ਖ਼ਤਰੇ ਦਾ ਬਿਗਲ ਸਮਝ ਰਹੇ ਸਨ, ਉਥੇ ਦੂਜੇ ਪਾਸੇ ਉਹ ਪਾਪੀ ਜਿਹੜੇ ਅੰਗਰੇਜ਼ਾਂ ਨੂੰ ਸਿੱਖ ਰਾਜ ਨੂੰ ਖ਼ਤਮ ਕਰਨ ਲਈ ਪ੍ਰੇਰ ਰਹੇ ਸਨ, ਇਹਨਾਂ ਖਬਰਾਂ ਨੂੰ ਸੁਣ- ਸੁਣ ਖੁਸ਼ ਹੋ ਰਹੇ ਸਨ। ਸਿੱਖ ਫੌਜਾਂ ਦਾ ਕਮਾਂਡਰ-ਇਨ-ਚੀਫ ਤੇਜਾ ਸਿੰਘ ਤੇ ਵੱਡਾ ਵਜ਼ੀਰ, ਲਾਲ ਸਿੰਘ, ਅੰਦਰਖਾਤੇ ਅੰਗਰੇਜ਼ਾਂ ਨਾਲ ਮਿਲ ਕੇ ਗੁਪਤ ਸੂਤਰਾਂ ਦੁਆਰਾ ਸਿੱਖ ਫੌਜਾਂ ਦੇ ਰਾਜ਼ ਅੰਗਰੇਜ਼ਾਂ ਤੱਕ ਪਹੁੰਚਾਉਣ ਵਿਚ ਰੁਝੇ ਰਹੇ ਸਨ ਤੇ ਉਹਨਾਂ ਸੂਤਰਾਂ ਰਾਹੀਂ ਅੰਗਰੇਜ਼ਾਂ ਤੋਂ ਆਪਣੀ ਇਸ ਘਿਰਣਤ ਸੇਵਾ ਦਾ ਮੁੱਲ ਵੀ ਪੁਆ ਰਹੇ ਸਨ । ਜੰਮੂ ਦਾ ਰਾਜਾ ਗੁਲਾਬ ਸਿੰਘ ਅੰਦਰਖਾਤੇ ਅੰਗਰੇਜ਼ਾਂ ਨਾਲ ਸਾਜ਼-ਬਾਜ਼ ਮੁਕੰਮਲ ਕਰ ਚੁਕਾ ਸੀ।

ਸਿੱਖ ਫੌਜਾਂ ਨੂੰ ਉਕਸਾਉਣ ਲਈ ਅੰਗਰੇਜ਼ਾਂ ਇਕ ਹੋਰ ਪਹਿਲ ਇਹ ਕੀਤੀ ਕਿ ਸਤਲੁਜ ਤੋਂ ਪਾਰ ਉਨ੍ਹਾਂ ਇਲਾਕਿਆਂ ਉੱਤੇ ਕਬਜ਼ਾਂ ਕਰ ਲਿਆ ਜਿਹੜੇ ਸਿੱਖ ਰਾਜ ਦਾ ਹਿੱਸਾ ਤਾਂ ਸਨ, ਪਰ 1809 ਈ: ਦੀ ਸੰਧੀ ਅਨੁਸਾਰ ਉਥੇ ਸਿੱਖ ਫ਼ੌਜ ਨਹੀਂ ਸੀ ਰੱਖੀ ਜਾਂਦੀ।

ਮੁਦਕੀ ਦੀ ਲੜਾਈ :

ਇਸ ਘਟਨਾ ਨੇ ਸਿੱਖ ਫ਼ੌਜਾਂ ਵਿਚ ਅੰਗਰੇਜ਼ਾਂ ਵਿਰੁੱਧ ਰੋਸ ਤੇ ਜੋਸ਼ ਭਰ ਦਿੱਤਾ ਤੇ ਅੰਤ 14-15 ਦਸੰਬਰ, 1845 ਈ: ਦੀ ਵਿਚਲੀ ਰਾਤ ਨੂੰ ਸਿੱਖ ਫ਼ੌਜਾਂ ਨੇ ਅੰਗਰੇਜ਼ਾਂ ਤੋਂ ਆਪਣੇ ਇਹ ਇਲਾਕੇ ਵਾਪਸ ਲੈਣ ਹਿਤ ਸਤਲੁਜ ਪਾਰ ਕੀਤਾ। ਇਹ ਖ਼ਾਲਸਾ ਫ਼ੌਜ ਦੀ ਗਿਣਤੀ 30 ਕੁ ਹਜ਼ਾਰ ਸੀ ਤੇ ਇਹਨਾਂ ਵਿਚ ਘੋੜ- ਚੜ੍ਹੇ, ਤੋਪਖਾਨੇ ਅਤੇ ਪੈਦਲ ਦਸਤੇ ਸ਼ਾਮਲ ਸਨ । ਸਿੱਖ ਫ਼ੌਜੀਆਂ ਦੇ ਚਿਹਰੇ ਰੋਹਬ ਦੀ ਲਾਲੀ ਨਾਲ ਜਗਮਗਾ ਰਹੇ ਸਨ ਤੇ ਉਹ ਕਾਹਲੇ ਪੈ ਰਹੇ ਸਨ ਦੁਸ਼ਮਣ ਅੰਗਰੇਜ਼ਾਂ ਨੂੰ ਸਿੱਖ ਰਾਜ ‘ਚੋਂ ਬਾਹਰ ਧੱਕਣ ਲਈ। ਫ਼ੌਜ ਦੇ ਵੱਡੇ ਕਮਾਂਡਰ ਸਨ ਤੇਜਾ ਸਿੰਘ ਤੇ ਲਾਲ ਸਿੰਘ ਗ਼ੱਦਾਰ। ਇਹ ਅੰਦਰੋਂ ਅੰਗਰੇਜ਼ਾਂ ਨਾਲ ਮਿਲੇ ਹੋਏ ਸਨ ਤੇ ਸਿੱਖ ਫ਼ੌਜਾਂ ਨੂੰ ਐਸੇ ਕੋਝੇ ਢੰਗ ਨਾਲ ਲੜਾਉਣ ਦੀਆਂ ਤਰਕੀਬਾਂ ਸੋਚ ਕੇ ਤੁਰੇ ਸਨ, ਜਿਸ ਦੇ ਨਾਲ ਸ਼ਕਤੀਸ਼ਾਲੀ ਸਿੱਖ ਫ਼ੌਜ ਸ਼ਕਤੀਹੀਣ ਹੋ ਜਾਵੇ ਤੇ ਹਾਰ ਖਾ ਕੇ ਵਾਪਸ ਲਾਹੌਰ ਪਰਤੇ । ਉੱਧਰ ਡੋਗਰਾ ਗੁਲਾਬ ਸਿੰਘ (ਜਿਸ ਦਾ ਹੁਣ ਲਾਹੌਰ ਦਰਬਾਰ ਵਿਚ ਚੋਖਾ ਰਸੂਖ ਸੀ) ਵੀ ਅੰਦਰੋਂ ਅੰਦਰ ਅੰਗਰੇਜ਼ਾਂ ਨਾਲ ਗ਼ੱਦਾਰੀ ਬਦਲੇ ਆਪਣੇ ਇਨਾਮ ਲਈ ਗੰਢ ਤੁੱਪ ਕਰ ਚੁਕਾ ਸੀ । ਇਸ ਫ਼ੌਜ ਵਿਚ ਸ: ਚਤਰ ਸਿੰਘ ਕਾਲਿਆਂ ਵਾਲਾ, ਸ: ਰਾਮ ਸਿੰਘ ਵੰਤੂਰਾ, ਸ: ਬੁਧ ਸਿੰਘ ਵਰਗੇ ਜਰਨੈਲ ਵੀ ਸਨ।

ਜਿਸ ਸਮੇਂ ਖ਼ਾਲਸਾ ਫ਼ੌਜ ਨੇ ਸਤਲੁਜ ਪਾਰ ਕੀਤਾ, ਉਸ ਵੇਲੇ ਫਿਰੋਜ਼ਪੁਰ ਦੀ ਅੰਗਰੇਜ਼ੀ ਛਾਉਣੀ ਤੇ ਕਬਜ਼ਾ ਕਰਨਾ ਅਤੀ ਸੌਖਾ ਕੰਮ ਸੀ ਕਿਉਂਕਿ ਉਥੇ ਅੰਗਰੇਜ਼ੀ ਫ਼ੌਜ ਥੋੜ੍ਹੀ ਸੀ ਤੇ ਉਹਦੀ ਮਦਦ ਲਈ ਹੋਰ ਅੰਗਰੇਜ਼ੀ ਫ਼ੌਜ ਹਾਲਾਂ ਬਹੁਤ ਦੂਰ ਸੀ ਪਰ ਗ਼ੱਦਾਰ ਤੇਜਾ ਸਿੰਘ ਕਮਾਂਡਰ-ਇਨ-ਚੀਫ ਨੇ ਦਸ ਹਜ਼ਾਰ ਫ਼ੌਜ ਆਪਣੀ ਸਰਦਾਰੀ ਹੇਠ ਲਈ ਤੇ ਫਿਰੋਜ਼ਪੁਰ ਦੇ ਨੇੜੇ ਦੜ ਵਟ ਕੇ ਬੈਠ ਗਿਆ । ਸਿੱਖ ਫ਼ੌਜੀ ਕਚੀਚੀਆਂ ਵਟਦੇ ਰਹੇ ਹਮਲਾ ਕਰਨ ਲਈ, ਪਰ ਇਸ ਗ਼ੱਦਾਰ ਕਮਾਂਡਰ ਨੇ ਹਮਲੇ ਦੀ ਆਗਿਆ ਨਾ ਦਿਤੀ।

ਕੁਝ ਫ਼ੌਜ ਸ: ਰਣਜੋਧ ਸਿੰਘ ਮਜੀਠੀਏ ਦੀ ਕਮਾਂਡ ਹੇਠ ਫਿਲੌਰ ਨੂੰ ਤੋਰ ਦਿਤੀ। ਬਾਕੀ ਦੀ ਫ਼ੌਜ ਮੁਦਕੀ ਵੱਲ ਨੂੰ ਤੋਰ ਦਿੱਤੀ ਗਈ । ਜਨਰਲ ਬੁਧ ਸਿੰਘ ਅਤੇ ਸ: ਚਤਰ ਸਿੰਘ ਕਾਲਿਆ ਵਾਲੇ ਨੇ ਫ਼ੌਜ ਨੂੰ ਇਉਂ ਖਿੰਡਾਉਣ ਦੀ ਵਿਰੋਧਤਾ ਕੀਤੀ ਤੇ ਪਹਿਲਾਂ ਫਿਰੋਜ਼ਪੁਰ ਤੇ ਕਬਜ਼ਾ ਕਰ ਲੈਣ ਦੀ ਸਲਾਹ ਦਿੱਤੀ ਪਰ ਤੇਜਾ ਸਿੰਘ ਤੇ ਲਾਲ ਸਿੰਘ ਆਪਣੀ ਜ਼ਿਦ ਤੇ ਅੜੇ ਰਹੇ ਤੇ ਇਹਨਾਂ ਜਰਨੈਲਾਂ ਦੀ ਸੁਚੱਜੀ ਸਲਾਹ ਦਾ ਕੌਡੀ ਮੁੱਲ ਨਾ ਪਾਇਆ।

1 ਦਸੰਬਰ, 1845 ਨੂੰ 12 ਹਜ਼ਾਰ ਸਿੱਖ ਫ਼ੌਜ ਦਾ ਟਾਕਰਾ ਮੁਦਕੀ ਦੇ ਅਸਥਾਨ ਤੇ ਤਕਰੀਬਨ ਇੰਨੀ ਕੁ ਹੀ ਅੰਗਰੇਜ਼ੀ ਫੌਜ ਨਾਲ ਹੋਇਆ। ਅੰਗਰੇਜ਼ੀ ਫ਼ੌਜ ਦੀ ਕਮਾਂਡ ਕਰ ਰਿਹਾ ਸੀ ਸਿਆਣਾ ਜਰਨੈਲ “ਸਰ ਹਯੂਗ ਗਫ਼” ਤੇ ਇਹਦੀ ਮਦਦ ਤੇ ਸਨ ਸਰ ਹੈਨਰੀ ਸਮਿਥ, ਮੈਕਾਸਕਿਲ ਤੇ ਮੈਕਟੀਅਰ ਵਰਗੇ ਲੜਾਕੇ ਜਰਨੈਲ। ਇਹ ਜਰਨੈਲ ਰਾਜਪੂਤਾਂ, ਮਰਹੱਟਿਆਂ ਅਤੇ ਮੁਗ਼ਲਾਂ ਨਾਲ ਕਈ ਲੜਾਈਆਂ ਲੜ ਚੁੱਕੇ ਸਨ ਤੇ ਉਨ੍ਹਾਂ ਤੇ ਕਾਬੂ ਪਾ ਚੁੱਕੇ ਸਨ। ਅੱਜ ਇਹ ਤਤਪਰ ਸਨ ਸਿੱਖ ਫ਼ੌਜੀਆਂ ਨਾਲ ਜੂਝਣ ਲਈ, ਜਿਹਨਾਂ ਆਪਣੀ ਬਹਾਦਰੀ ਦੀ ਧਾਂਕ ਜਮਰੌਦ ਤੱਕ ਪਾ ਦਿੱਤੀ ਸੀ ਤੇ ਜਿਹਨਾਂ ਤੋਂ ਡਰਦੇ ਸਨ ਬਹਾਦਰ ਪਠਾਣ।

ਬਾਰਾਂ ਹਜ਼ਾਰ ਖ਼ਾਲਸਾ ਫ਼ੌਜ ਵਿਚੋਂ ਚਾਰ ਹਜ਼ਾਰ ਸਨ ਮੁਸਲਮਾਨ ਤੇ ਡੋਗਰੇ ਤੇ ਇਹਨਾਂ ਦੀ ਕਮਾਨ ਸੀ ਗ਼ੱਦਾਰ ਲਾਲ ਸਿੰਘ ਦੇ ਹੱਥ। ਇਹ ਸੀ ਉਹਦੀ ਨਿੱਜੀ ਫ਼ੌਜ । ਇਹਨਾਂ ਨੂੰ ਪਿੱਛੇ ਰੱਖ ਕੇ ਸਿੱਖ ਫ਼ੌਜੀਆਂ ਨੂੰ ਅੱਗੇ ਕਰ ਕੇ ਅੰਗਰੇਜ਼ ਜਰਨੈਲਾਂ ਨਾਲ ਗੁਪਤ ਰੂਪ ਵਿਚ ਗੰਢ ਤੁੱਪ ਕਰ ਕੇ ਲਾਲ ਸਿੰਘ ਨੇ ਲੜਾਈ ਅਰੰਭ ਕਰਨ ਦਾ ਹੁਕਮ ਦਿੱਤਾ।

ਤੋਪਾਂ ਦੇ ਮੂੰਹ ਖੁੱਲ੍ਹੇ। ਦੋਹਾਂ ਧਿਰਾਂ ਵਲੋਂ ਤੋਪਾਂ ਅੱਗ ਵਰ੍ਹਾਉਣ ਲੱਗੀਆਂ ਤੇ ਮੁਦਕੀ ਦੇ ਮੈਦਾਨ ਵਿਚ ਰੇਤ ਤੇ ਧੂਏ ਨੇ ਅਸਮਾਨ ਵਿਚ ਹਨੇਰੇ ਦਾ ਰੂਪ ਧਾਰ ਲਿਆ। ਚੌੜੀਆਂ ਛਾਤੀਆਂ ਵਾਲੇ ਘੋੜ-ਚੜ੍ਹੇ ਦੋਹਾਂ ਪਾਸਿਓਂ ਅੱਗੇ ਵਧੇ। ਬੰਦੂਕਾਂ ਦੀਆਂ ਗੋਲੀਆਂ, ਤਲਵਾਰਾਂ ਤੇ ਨੇਜ਼ਿਆਂ ਦੇ ਵਾਰ ਖਾ ਖਾ ਗੋਰੇ ਧਰਤੀ ਤੇ ਗਿਰਨ ਲੱਗੇ । ਸਰੀਰਾਂ ਦੇ ਅੰਗ ਸਰੀਰਾਂ ਨਾਲੋਂ ਵੱਖ ਹੋ ਹੋ ਡਿਗਣ ਲੱਗੇ ਤੇ ਧੜਾਂ ਨਾਲੋਂ ਸਿਰ ਵੱਖ ਹੋ ਹੋ ਤਰਬੂਜ਼ਾਂ ਵਾਂਗੂੰ ਧਰਤੀ ਤੇ ਰਿੜ੍ਹਨ ਲੱਗੇ । ਖ਼ਾਲਸੇ ਦੀ ਤੇਗ਼ ਸਾਹਮਣੇ ਗੋਰੇ ਟਿਕ ਨਾ ਸਕੇ ਤੇ ਇੱਧਰ ਉੱਧਰ ਖਿੰਡਣ ਲੱਗ ਪਏ। ਜਰਨੈਲ ਬੁੱਧ ਸਿੰਘ ਨੇ ਅੱਗੇ ਵਧ ਕੇ ਅੰਗਰੇਜ਼ ਮੈਕਾਸਕਲ ਤੇ ਅਜੇਹਾ ਵਾਰ ਕੀਤਾ ਕਿ ਮੈਕਾਸਕਲ ਸਦਾ ਦੀ ਨੀਂਦ ਸੌਂ ਗਿਆ। ਅੰਗਰੇਜ਼ੀ ਫ਼ੌਜ ਦੇ ਪੈਰ ਉਖੜਦੇ ਵੇਖ ਕੇ “ਸਰ ਰਾਬਰਟ ਸੇਲ” ਨੇ ਆਪਣੇ ਫ਼ੌਜੀਆਂ ਨੂੰ ਉਤਸ਼ਾਹ ਦਿੰਦੇ ਹੋਏ ਬਹਾਦਰਾਂ ਵਾਂਗੂ ਮਰ ਮਿਟਣ ਲਈ ਲਲਕਾਰਿਆ। ਸਿੱਖ ਜਰਨੈਲ ਸਰਦਾਰ ਸੁਚੇਤ ਸਿੰਘ ਨੇ ਅੱਗੇ ਵਧ ਕੇ ਨੇਜ਼ੇ ਦਾ ਭਰਪੂਰ ਵਾਰ ਕੀਤਾ ਜੋ “ਸਰ ਰਾਬਰਟ ਸੇਲ” ਦੀ ਚੌੜੀ ਹਿੱਕ ਨੂੰ ਚੀਰ ਗਿਆ ਤੇ ਸੇਲ ਰੇਤ ਉੱਤੇ ਮੂਧਾ ਹੋ ਡਿੱਗਾ ਤੇ ਡਿਗਦਿਆਂ ਹੀ ਉਹਦੀ ਆਤਮਾ ਸਰੀਰ ਤੋਂ ਵੱਖ ਹੋ ਗਈ। ਅੰਤ ਸ਼ਾਮਾਂ ਪਈਆਂ ਤੇ ਅੰਗਰੇਜ਼ ਫ਼ੌਜ ਮੂੰਹ ਦੀ ਖਾ ਕੇ ਪਿੱਛੇ ਹਟ ਗਈ ਤੇ ਲੜਾਈ ਬੰਦ ਹੋ ਗਈ।

ਅਗਲਾ ਦਿਨ ਚੜ੍ਹਿਆ ਤੇ ਮੁੜ ਦੋਹਾਂ ਫ਼ੌਜਾਂ ਦੀ ਟੱਕਰ ਸ਼ੁਰੂ ਹੋਈ। ਅੱਜ ਵੀ ਸਿੱਖਾਂ ਦਾ ਪੱਲੜਾ ਭਾਰੀ ਰਿਹਾ। ਐਨ ਉਸ ਵੇਲੇ ਜਦੋਂ ਸਿੱਖ ਫ਼ੌਜ ਜਿੱਤ ਪ੍ਰਾਪਤ ਕਰਨ ਹੀ ਵਾਲੀ ਸੀ ਤਾਂ ਦੇਸ਼ ਧਰੋਹੀ ਲਾਲ ਸਿੰਘ ਨੇ ਆਪਣੀ ਨਿੱਜੀ ਫ਼ੌਜ ਨੂੰ ਮੈਦਾਨ ‘ਚੋਂ ਭੱਜ ਖਲੋਣ ਦਾ ਹੁਕਮ ਦੇ ਦਿੱਤਾ । ਉਨ੍ਹਾਂ ਦੇ ਨੱਠ ਖਲੋਣ ਕਾਰਨ ਸਿੱਖ ਫੌਜਾਂ ਵਿਚ ਅਚਨਚੇਤ ਖਲਬਲੀ ਮੱਚ ਗਈ। ਕੋਈ ਛੇ ਕੁ ਹਜ਼ਾਰ ਸਿੱਖ ਜਵਾਨ ਤੇ ਸਿੱਖ ਜਰਨੈਲ ਮੈਦਾਨ ਵਿਚ ਹਾਲਾਂ ਵੀ ਲੜ ਰਹੇ ਸਨ, ਪਰ ਬਿਨਾਂ ਸੈਨਾਪਤੀ ਤੋਂ।

ਅੰਗਰੇਜ਼ੀ ਫ਼ੌਜ ਦਾ ਸੈਨਾਪਤੀ ਲਾਰਡ ਗਫ ਸਿੱਖ ਫ਼ੌਜੀਆਂ ਦੀ ਬਿਨਾਂ ਸੈਨਾਪਤੀ ਤੋਂ ਲੜਾਈ ਨੂੰ ਵੇਖ ਕੇ ਦੰਗ ਰਹਿ ਗਿਆ।

ਇੰਨੇ ਚਿਰ ਨੂੰ ਗਵਰਨਰ ਜਨਰਲ ਲਾਰਡ ਹਾਰਡਿੰਗ ਤਾਜ਼ਾ ਦਮ ਹੋਰ ਅੰਗਰੇਜ਼ੀ ਫ਼ੌਜ ਲੈ ਕੇ ਮੁਦਕੀ ਦੇ ਮੈਦਾਨ ਵਿਚ ਅਪੜ ਗਿਆ । ਲੜਾਈ ਦਾ ਪਾਸਾ ਪਲਟ ਗਿਆ। ਬਿਨਾਂ ਸੈਨਾਪਤੀ ਤੋਂ ਲੜਦੇ ਸਿੱਖ ਫ਼ੌਜੀ ਪਿਛੇ ਹਟਣ ਲੱਗੇ । ਪਿੱਠਾਂ ਜੋੜੀਂ ਪਿਛੇ ਹਟਦੇ ਗਏ, ਖਿਲਰੇ ਨਹੀਂ ਤੇ ਨਾ ਹੀ ਪਿੱਠਾਂ ਵਿਚ ਵਾਰ ਖਾਧੇ। ਛਾਤੀਆਂ ਵਿਚ ਵਾਰ ਖਾਂਦੇ ਖਾਂਦੇ ਪਿੱਛੇ ਹਟ ਗਏ। ਇਉਂ ਅੰਗਰੇਜ਼ਾਂ ਮੁਦਕੀ ਦੀ ਲੜਾਈ ਸਿੱਖ ਸੈਨਾਪਤੀ ਨਾਲ ਗੁਪਤ ਗਠ-ਜੋੜ ਕਰ ਕੇ ਜਿੱਤੀ। ਇਹ ਸੀ ਦੇਸ਼ ਧਰੋਹੀ ਲਾਲ ਸਿੰਘ ਤੇਜਾ ਸਿੰਘ ਦਾ ਪਹਿਲਾ ਕਾਰਨਾਮਾ।

ਇਸ ਲੜਾਈ ਬਾਰੇ ਸ਼ਾਹ ਮੁਹੰਮਦ ਲਿੱਖਦਾ ਹੈ :

“ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।”

ਛੇਰੂਸ਼ਾਰ ਦੀ ਲੜਾਈ

ਇੱਧਰ ਮੁਦਕੀ ਦੀ ਲੜਾਈ ਸਿੰਘ ਹਾਰ ਗਏ ਤੇ ਉੱਧਰ ਕਮਾਂਡਰ-ਇਨ- ਚੀਫ਼ ਤੇਜਾ ਸਿੰਘ 10 ਹਜ਼ਾਰ ਫ਼ੌਜ ਲੈ ਕੇ, ਹਰੀ ਕੇ ਪੱਤਣ ਤੋਂ ਸਤਲੁਜ ਪਾਰ ਕਰ ਕੇ, ਸੁਲਤਾਨ ਖ਼ਾਨ ਵਾਲੇ ਬੈਠਾ ਅੰਗਰੇਜ਼ਾਂ ਪ੍ਰਤੀ ਵਫਾਦਾਰੀ ਪਾਲਦਾ ਰਿਹਾ। ਸਿੱਖ ਫ਼ੌਜੀ ਚਾਹੁੰਦੇ ਸਨ ਮੁਦਕੀ ਵਾਲੇ ਸਿੰਘਾਂ ਦੀ ਮਦਦ ਲਈ ਜਾਣ ਨੂੰ ਪਰ ਇਹ ਤੇਜਾ ਸਿੰਘ ਗ਼ੱਦਾਰ, ਫ਼ੌਜੀਆਂ ਦੀ ਮਰਜ਼ੀ ਵਿਰੁੱਧ ਇੱਥੇ ਬੈਠਾ ਤਮਾਸ਼ਾ ਵੇਖਦਾ ਰਿਹਾ।

ਮੁਦਕੀ ਦੀ ਲੜਾਈ ਹਾਰਨ ਮਗਰੋਂ ਸਾਰੀ ਸਿੱਖ ਫ਼ੌਜ ਫੇਰੂਸ਼ਾਹ ਵਿਖੇ ਇਕੱਠੀ ਹੋਈ। ਫ਼ੌਜ ਦੀ ਕਮਾਨ ਲਾਲ ਸਿੰਘ ਦੇ ਹੱਥ ਦਿੱਤੀ ਗਈ। ਤੇਜਾ ਸਿੰਘ ਹਾਲਾਂ ਵੀ 10 ਹਜ਼ਾਰ ਫ਼ੌਜ ਸਮੇਤ ਸੁਲਤਾਨ ਖ਼ਾਨ ਵਾਲੇ ਬੈਠਾ ਸੀ।

21 ਦਸੰਬਰ, 1845 ਈ: ਦੁਪਹਿਰ ਮਗਰੋਂ ਸਿੱਖ ਫ਼ੌਜਾਂ ਦਾ ਅੰਗਰੇਜ਼ੀ ਫ਼ੌਜਾਂ ਨਾਲ ਫਿਰ ਯੁੱਧ ਮੱਚਿਆ । ਸਿੱਖ ਫ਼ੌਜੀ ਅੱਜ ਮੁਦਕੀ ਦੀ ਹਾਰ ਦਾ ਬਦਲਾ ਲੈਣਾ ਚਾਹੁੰਦੇ ਸਨ। ਉਨ੍ਹਾਂ ਦੀਆਂ ਤੋਪਾਂ ਨੇ ਜੀਅ ਖੋਲ੍ਹ ਕੇ ਅੱਗ ਵਰ੍ਹਾਈ, ਘੋੜ-ਚੜ੍ਹਿਆਂ ਨੇ ਦੁਸ਼ਮਣਾਂ ਦੀਆਂ ਛਾਤੀਆਂ ਨੂੰ ਦਲਣ ਵਿਚ ਕੋਈ ਕਸਰ ਨਾ ਛੱਡੀ ਤੇ ਪੈਦਲ ਫ਼ੌਜੀਆਂ ਨੇ ਤੇਗ਼ ਦੇ ਉਹ ਜੌਹਰ ਵਿਖਾਏ ਕਿ ਅੰਗਰੇਜ਼ ਕਮਾਂਡਰਾਂ ਤੇ ਫ਼ੌਜੀਆਂ ਦੀਆਂ ‘ਸਤੇ ਸੁਧਾਂ’ ਭੁਲਾ ਦਿੱਤੀਆਂ । ਅੰਗਰੇਜ਼ੀ ਫ਼ੌਜ ਵਿਚ ਭਾਜੜ ਮੱਚ ਗਈ।’ ਸਿੰਘਾਂ ਨੇ ਅੰਗਰੇਜ਼ ਕਮਾਂਡਰ ਲਿਟਲਰ, ਸਮਿਥ ਅਤੇ ਗਿਲਬਰਟ ਦੀਆਂ ਫ਼ੌਜੀ ਪਲਟਣਾਂ ਦੇ ਪਾਸੇ ਭੰਨ ਸੁੱਟੇ ਤੇ ਇਹ ਸਾਰੇ ਕਮਾਂਡਰ ਪਿੱਛੇ ਹਟ ਗਏ ਤੇ ਇਹਨਾਂ ਲਈ ਫੌਜੀਆਂ ਨੂੰ ਇਕੱਠੇ ਰੱਖਣਾ ਮੁਸ਼ਕਲ ਹੋ ਗਿਆ।

ਜੀ.ਬੀ. ਮੈਲਿਸਨ ਲਿਖਦਾ ਹੈ ਕਿ ਇਕ ਅੰਗਰੇਜ਼ ਕਮਾਂਡਰ ਆਪਣੇ ਫ਼ੌਜੀਆਂ ਨੂੰ ਮੁੜ ਇਕੱਠਿਆਂ ਕਰਨ ਦਾ ਯਤਨ ਕਰਦਾ ਹੋਇਆ ਕੂਕ ਕੂਕ ਕੇ ਕਹਿ ਰਿਹਾ ਸੀ, “ਅੱਜ ਹਿੰਦੁਸਤਾਨ ਸਾਡੇ ਹੱਥੋਂ ਗਿਆ।”

ਇਸ ਲੜਾਈ ਵਿਚ ਗਵਰਨਰ ਜਨਰਲ ਲਾਰਡ ਹਾਰਡਿੰਗ, ਸਰ ਹਿਊਜ਼ ਗਫ ਦੀ ਕਮਾਂਡ ਥੱਲੇ ਲੜ ਰਿਹਾ ਸੀ। ਉਹਨੇ ਆਪਣੀ ਉੱਚੀ ਪਦਵੀ ਦਾ ਵੀ ਖਿਆਲ ਨਾ ਕੀਤਾ ਤੇ ਆਪਣੇ ਆਪ ਨੂੰ ਆਪਣੇ ਦੇਸ਼ (ਇੰਗਲੈਂਡ) ਲਈ ਜਿੱਤ ਪ੍ਰਾਪਤ ਕਰਨ ਲਈ ਅਰਪਨ ਕੀਤਾ।

ਉਹ ਘਮਸਾਣ ਦਾ ਯੁੱਧ ਮੱਚਿਆ ਕਿ ਅੰਗਰੇਜ਼ਾਂ ਨੂੰ ਆਪਣਾ ਰਾਜ ਹੀ ਸਾਰੇ ਹਿੰਦੁਸਤਾਨ ‘ਚੋਂ ਖਤਮ ਹੁੰਦਾ ਨਜ਼ਰ ਆਉਣ ਲੱਗਾ।

ਰਾਤ ਪੈਣ ਲੱਗੀ ਤੇ ਅੰਗਰੇਜ਼ ਫ਼ੌਜੀਆਂ ਲਈ ਲੜਨਾ ਤਾਂ ਕਿਤੇ ਰਿਹਾ ਇਕ ਦੂਜੇ ਨੂੰ ਲੱਭਣਾ ਤੇ ਪਛਾਨਣਾ ਵੀ ਔਖਾ ਹੋ ਗਿਆ। ਸਰ ਹਿਊਜ਼ ਗਫ ਨੇ ਆਪਣੇ ਕਮਾਂਡਰਾਂ ਨੂੰ ਜਿੱਥੇ ਕਿੱਥੇ ਉਹ ਸਨ ਪਿੱਛੇ ਹਟ ਕੇ ਬਹਿ ਜਾਣ ਦਾ ਹੁਕਮ ਦਿੱਤਾ ਤਾਂ ਕਿ ਅਗਲੀ ਸਵੇਰ ਉਹ ਫੇਰ ਢੰਗ ਨਾਲ ਲੜ ਸਕਣ । ਪਰ ਕਈ ਕਮਾਂਡਰਾਂ ਤੱਕ ਗਫ ਦਾ ਇਹ ਹੁਕਮ ਪੁੱਜ ਨਾ ਸਕਿਆ ਤੇ ਉਹ ਭੰਬਲਭੂਸੇ ਖਾਂਦੇ ਰਹੇ।

ਫੇਰੂ ਸ਼ਾਹ ਵਿਖੇ ਇਤਨਾ ਭਿਆਨਕ ਯੁੱਧ ਹੋਇਆ ਕਿ ਸਰ ਹੈਰੀ ਸਮਿਥ ਅਤੇ ਜਨਰਲ ਲਿਟਰਲ ਨੂੰ ਆਪਣੀ ਕਮਾਂਡ ਹੇਠਲੇ ਫ਼ੌਜੀ ਹੀ ਕਿਤੇ ਨਜ਼ਰ ਨਹੀਂ ਸਨ ਆਉਂਦੇ ।

ਲਾਰਡ ਹਾਰਡਿੰਗ ਅਤੇ ਸਰ ਹਿਊਜ਼ ਗਫ ਦੇ ਸਟਾਫ ਦੇ ਤਕਰੀਬਨ ਸਾਰੇ ਬੰਦੇ ਮਰ ਚੁੱਕੇ ਸਨ ਜਾਂ ਜ਼ਖ਼ਮੀ ਹੋ ਚੁੱਕੇ ਸਨ ਸਵਾਏ ਲਾਰਡ ਹਾਰਡਿੰਗ ਦੇ ਸਪੁੱਤਰ ਦੇ। ਮੇਜਰ ਬ੍ਰਾਡਫੁਟ ਅਤੇ ਕੈਪਟਨ ਨਿਕਲਸਨ ਲੜਾਈ ਵਿਚ ਸਿੱਖਾਂ ਹੱਥੋਂ ਮਾਰੇ ਜਾ ਚੁਕੇ ਸਨ। ਤਕਰੀਬਨ ਸਾਰੇ ਦੇ ਸਾਰੇ ਪੋਲਿਟੀਕਲ ਏਜੰਟ ਜਾਂ ਮਰ ਚੁੱਕੇ ਸਨ ਜਾਂ ਜ਼ਖਮੀ ਹੋ ਚੁੱਕੇ ਸਨ।

ਲਾਰਡ ਹਾਰਡਿੰਗ ਆਪਣੇ ਖ਼ੁਫੀਆ ਅਮਲੇ ਨੂੰ ਹੱਥ ਜੋੜ ਕੇ ਕਹਿ ਰਿਹਾ ਸੀ ਕਿ ਪਲਟਣਾਂ ਦੀਆਂ ਪਲਟਣਾਂ ਨਹੀਂ ਲੱਭ ਰਹੀਆਂ। ਨੱਠ ਭੱਜ ਕਰ ਕੇ ਉਹਨਾਂ ਨੂੰ ਲੱਭੋ ਤੇ ਇਕੱਠਿਆਂ ਕਰੋ।

ਲਾਰਡ ਹਾਰਡਿੰਗ ਜ਼ਰੂਰੀ ਕਾਗਜ਼ ਪੱਤਰ ਵਾਪਸ ਅੰਬਾਲੇ ਭੇਜਣ ਵਿਚ ਰੁੱਝਾ ਹੋਇਆ ਸੀ ਤੇ ਕੁਝ ਹੋਰਨਾਂ ਨੂੰ ਸਾੜਨ ਫੂਕਣ ਦੇ ਹੁਕਮ ਦੇ ਰਿਹਾ ਸੀ।

22 ਦਸੰਬਰ ਦਾ ਦਿਨ ਚੜ੍ਹਿਆ। ਦੋਵੇਂ ਧਿਰਾਂ ਆਪਣੇ ਖਿੰਡੇ ਪੁੰਡੇ ਫ਼ੌਜੀਆਂ ਨੂੰ ਇਕ ਕਰਕੇ ਮੁੜ ਆਪੋ ਵਿਚ ਜੂਝਣ ਨੂੰ ਤਿਆਰ ਹੋ ਪਈਆਂ । ਤੋਪਾਂ ਨੇ ਗੋਲੇ ਦਾਗੇ, ਜੰਗੀ ਬਿਗਲ ਵੱਜੇ ਤੇ ਘਮਸਾਨ ਮੱਚ ਉਠਿਆ। ਸਿੰਘ ਸੂਰਮੇ ਇਕ ਪਾਸੇ ਆਪਣੇ ਪਿਆਰੇ ਪੰਜਾਬ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਜਾਨਾਂ ਤੋੜ ਕੇ ਲੜ ਰਹੇ ਸਨ ਤੇ ਦੂਜੇ ਪਾਸੇ ਪੰਜਾਬ ਨੂੰ ਬਾਕੀ ਦੇ ਹਿੰਦੁਸਤਾਨ ਵਾਂਗ ਅੰਗਰੇਜ਼ਾਂ ਦੇ ਰਾਜ ਦਾ ਹਿੱਸਾ ਬਨਾਉਣ ਖ਼ਾਤਰ ਲੜ ਰਹੇ ਸਨ ਅੰਗਰੇਜ਼ ਸਰਕਾਰ ਵਲੋਂ ਅੰਗਰੇਜ਼ ਅਤੇ ਸਾਰੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਦੇ ਭਾਰਤੀ ਫ਼ੌਜੀ। ਇਹ ਭਾਰਤੀ ਫ਼ੌਜੀ ਆਪ ਤਾਂ ਕਦ ਦੇ ਅੰਗਰੇਜ਼ਾਂ ਦੀ ਗ਼ੁਲਾਮੀ ਸਵੀਕਾਰ ਕਰ ਚੁਕੇ ਸਨ ਤੇ ਅੱਜ ਜੁੱਟੇ ਹੋਏ ਸਨ ਆਪਣੇ ਮਾਲਕ ਅੰਗਰੇਜ਼ਾਂ ਪ੍ਰਤੀ ਵਫ਼ਾਦਾਰੀ ਨਿਭਾ ਕੇ ਪੰਜਾਬੀਆਂ ਦੇ ਗਲ ਵੀ ਗ਼ੁਲਾਮੀ ਦੇ ਸੰਗਲ ਪੁਆਉਣ ਹਿਤ।

ਜਿਉਂ ਜਿਉਂ ਦਿਨ ਚੜ੍ਹਦਾ ਗਿਆ ਫੇਰੂਸ਼ਾਹ ਵਿਖੇ ਯੁੱਧ ਤੇਜ਼ ਹੁੰਦਾ ਗਿਆ। ਗ਼ੱਦਾਰ ਤੇਜਾ ਸਿੰਘ ਦੀ ਕਮਾਨ ਹੇਠਲੇ ਸਿੱਖ ਫ਼ੌਜੀ ਵੀ ਬਗਾਵਤ ਕਰਕੇ ਆਪਣੇ ਵੀਰਾਂ ਨਾਲ ਆਣ ਮਿਲੇ ਫੇਰੂਸ਼ਾਹ ਵਿਖੇ ਤੇ ਉਹਨਾਂ ਪਿੱਛੇ ਆ ਪੁੱਜਾ ਗ਼ੱਦਾਰ ਤੇਜਾ ਸਿੰਘ ਵੀ ਆਪਣੇ ਪਿੱਠੂ ਫ਼ੌਜੀਆਂ ਸਹਿਤ।

ਅੱਜ ਸਿੱਖਾਂ ਦਾ ਪੱਲੜਾ ਫਿਰ ਭਾਰੀ ਸੀ। ਅੰਗਰੇਜ਼ ਮੈਦਾਨ ਛੱਡ ਕੇ ਨੱਸ ਰਹੇ ਸਨ। ਐਨ ਐਸ ਵੇਲੇ ਤੇਜਾ ਸਿੰਘ ਤੇ ਲਾਲ ਸਿੰਘ ਗ਼ੱਦਾਰੀ ਕਰ ਕੇ ਭੱਜ ਖਲੋਤੇ ਆਪਣੇ ਪਿੱਠੂ ਫੌਜੀਆਂ ਸਮੇਤ। ਇਹ ਨਹੀਂ ਸਨ ਚਾਹੁੰਦੇ ਕਿ ਸਿੱਖਾਂ ਦੀ ਜਿੱਤ ਹੋਵੇ। ਇਹਨਾਂ ਗ਼ੱਦਾਰਾਂ ਦੇ ਬੇਮੌਕੇ ਗ਼ੱਦਾਰ ਸਾਥੀ ਫ਼ੌਜੀਆਂ ਸਹਿਤ ਭੱਜ ਖਲੋਣ ਕਾਰਨ ਸਿੱਖਾਂ ਦੀਆਂ ਫੌਜਾਂ ਵਿਚ ਵੀ ਖਲਬਲੀ ਮੱਚ ਗਈ।

ਅਜੀਬ ਦ੍ਰਿਸ਼ ਸੀ, ਇਕ ਪਾਸੇ ਅੰਗਰੇਜ਼ ਫ਼ੌਜੀ ਮੈਦਾਨ ‘ਚੋਂ ਭੱਜ ਰਹੇ ਸਨ ਤੇ ਦੂਜੇ ਪਾਸੇ ਜਿੱਤਿਆ ਹੋਇਆ ਮੈਦਾਨ ਛੱਡ ਕੇ ਅਨਜਾਣਪੁਣੇ ਵਿਚ ਪਿੱਛੇ ਹਟ ਗਏ ਸਨ ਸਿੱਖ ਫ਼ੌਜੀ।

ਐਨ ਐਸ ਸਮੇਂ ਅੰਗਰੇਜ਼ਾਂ ਪ੍ਰਤੀ ਵਫ਼ਾਦਾਰੀ ਨਿਭਾਉਂਦਿਆਂ ਹੋਇਆਂ ਤੇਜਾ ਸਿੰਘ ਨੇ ਹਾਰਡਿੰਗ ਨੂੰ ਸੁਨੇਹਾ ਘੱਲ ਕੇ ਦੱਸਿਆ ਕਿ ਤੁਸੀਂ ਭੱਜ ਕਿਉਂ ਰਹੇ ਹੋ। ਮੈਦਾਨ ਤਾਂ ਖ਼ਾਲੀ ਪਿਆ ਹੈ। ਬਸ ਫੇਰ ਕੀ ਸੀ, ਲਾਰਡ ਹਾਰਡਿੰਗ ਨੇ ਆਪਣੇ ਫੌਜੀਆਂ ਨੂੰ ਵਾਪਸ ਮੋੜਿਆ ਤੇ ਆਣ ਮੈਦਾਨ ਮੱਲਿਆ । ਇਉਂ ਜਿੱਤ ਪ੍ਰਾਪਤ ਹੋਈ ਅੰਗਰੇਜ਼ਾਂ ਨੂੰ ਫੇਰੂਸ਼ਾਹ ਵਿਖੇ

ਤੇਜਾ ਸਿੰਘ ਅਤੇ ਲਾਲ ਸਿੰਘ ਦਾ ਇਕ ਹੋਰ ਸਾਥੀ ਅਤੇ ਗ਼ੱਦਾਰ ਜਰਨੈਲ ਸੀ ਰਣਜੋਧ ਸਿੰਘ। ਇਹਦੇ ਪਾਸ ਦਸ ਹਜ਼ਾਰ ਫ਼ੌਜ ਦੀ ਕਮਾਂਡ ਸੀ ਤੇ ਇਹ ਲਾਹੌਰੋਂ ਤੁਰ ਕੇ ਫਿਲੌਰ ਦੇ ਕਿਲ੍ਹੇ ਵਿਚ ਜਾ ਬੈਠਾ ਸੀ । ਜਦੋਂ ਸਿੰਘਾਂ ਅਤੇ ਅੰਗਰੇਜ਼ਾਂ ਦੀ ਆਪੋ ਵਿਚ ਲੜਾਈ ਹੋਈ ਮੁਦਕੀ ਅਤੇ ਫੇਰੂ ਸ਼ਾਹ ਵਿਖੇ ਤਾਂ ਇਹ ਕਮਾਂਡਰ ਬਜਾਏ ਇਸਦੇ ਕਿ ਲੁਧਿਆਣੇ ਵਿਚਲੀ ਮਾਮੂਲੀ ਜਹੀ ਅੰਗਰੇਜ਼ੀ ਫ਼ੌਜ ਤੇ ਜਾ ਚੜ੍ਹਦਾ ਤੇ ਲੁਧਿਆਣੇ ਨੂੰ ਜਾ ਫ਼ਤਹਿ ਕਰਦਾ, ਫਿਲੌਰ ਇਹ ਕਹਿ ਕੇ ਬੈਠਾ ਰਿਹਾ ਕਿ ਉਹ ਅੰਗਰੇਜ਼ੀ ਫ਼ੌਜ ਜੋ ਦਿੱਲੀ ਵਲੋਂ ਆ ਰਹੀ ਸੀ ਤੇ ਜੀਹਨੇ ਫ਼ੀਰੋਜ਼ਪੁਰ ਵੱਲ ਨੂੰ ਜਾਣਾ ਸੀ ਉਹਦਾ ਰਾਹ ਰੋਕੀ ਬੈਠਾ ਹੈ।

ਇਹ ਸੁਨਹਿਰੀ ਮੌਕਾ ਸੀ ਮੁਦਕੀ ਅਤੇ ਫੇਰੂ ਸ਼ਾਹ ਵਿਚ ਰੁੱਝੇ ਅੰਗ੍ਰੇਜ਼ਾਂ ਵਿਰੁੱਧ ਲੁਧਿਆਣੇ ਨੂੰ ਫ਼ਤਹਿ ਕਰਨ ਦਾ। ਜੇ ਕਦੀ ਰਣਜੋਧ ਸਿੰਘ 12 ਤੋਂ 22 ਦਸੰਬਰ 1845 ਈ: ਦੇ ਵਿਚਾਲੇ ਦਰਿਆ ਸਤਲੁਜ ਪਾਰ ਕਰਕੇ ਲੁਧਿਆਣੇ ਤੇ ਹੱਲਾ ਬੋਲ ਦਿੰਦਾ ਤੇ ਦਿੱਲੀ ਵਲ ਨੂੰ ਤੁਰ ਪੈਂਦਾ ਤਾਂ ਦਿੱਲੀ ਤੱਕ ਉਹਦਾ ਰਾਹ ਰੋਕਣ ਵਾਲਾ ਕੋਈ ਨਹੀਂ ਸੀ। ਰਣਜੋਧ ਸਿੰਘ ਦੀ ਫ਼ੌਜ ਦੇ ਫਿਲੌਰ ਪਹੁੰਚਣ ਤੇ ਹੀ ਲੁਧਿਆਣੇ ਅਤੇ ਅੰਬਾਲੇ ਆਦਿ ਦੇ ਅੰਗਰੇਜ਼ਾਂ ਵਿਚ ਹਫੜਾ-ਦਫੜੀ ਮੱਚ ਗਈ ਸੀ। ਇੱਥੇ ਹੀ ਬਸ ਨਹੀਂ ਰਣਜੋਧ ਸਿੰਘ ਦੇ ਕੁਝ ਫ਼ੌਜੀ ਲੁਧਿਆਣੇ ਦੀਆਂ ਫੌਜੀ ਬਾਰਕਾਂ ਵੀ ਇਕ ਦਿਨ ਫੂਕ ਆਏ ਪਰ ਅੱਗੋਂ ਕਿਸੇ ਮੁਕਾਬਲਾ ਨਹੀਂ ਸੀ ਕੀਤਾ।

ਆਲੀਵਾਲ ਵਿਖੇ ਲੜਾਈ

ਜਦੋ ਮੁਦਕੀ ਤੇ ਫੇਰੂ ਸ਼ਾਹ ਦੀਆਂ ਲੜਾਈਆਂ ਦੀ ਜਿੱਤ ਮਗਰੋਂ ਸਰ ਹੈਰੀ ਸਮਿਥ ਅੰਗਰੇਜ਼ ਕਮਾਂਡਰ ਨੂੰ ਲੁਧਿਆਣੇ ਦੀ ਰਾਖੀ ਲਈ ਵਾਪਸ ਘੱਲਿਆ ਗਿਆ ਤਾਂ ਬਦੋਵਾਲ ਦੇ ਅਸਥਾਨ ਤੇ ਸ: ਅਜੀਤ ਸਿੰਘ (ਜੋ ਲਾਡਵਾ ਜ਼ਿਲ੍ਹਾ ਕਰਨਾਲ ਦੀ ਰਿਆਸਤ ਦਾ ਰਾਜਾ ਸੀ ਤੇ ਰਣਜੋਧ ਸਿੰਘ ਦੀਆਂ ਫ਼ੌਜਾਂ ਦੀ ਮਦਦ ਲਈ ਸਿੱਖੀ ਜਜ਼ਬੇ ਅਧੀਨ ਆਇਆ ਸੀ) ਦੇ ਕਹਿਣ ਤੇ ਸਰਦਾਰ ਰਣਜੋਧ ਸਿੰਘ ਨੇ ਅੱਗੇ ਵਧ ਕੇ ਸਰ ਹੈਰੀ ਸਮਿਥ ਦੀਆਂ ਫ਼ੌਜਾਂ ‘ਤੇ ਹੱਲਾ ਬੋਲਿਆ ਤੇ 6 ਜਨਵਰੀ, 1846 ਨੂੰ ਅੰਗਰੇਜ਼ਾਂ ਵਿਰੁੱਧ ਜਿੱਤ ਪ੍ਰਾਪਤ ਕੀਤੀ। ਹੈਰੀ ਸਮਿਥ ਜਾਨ ਬਚਾ ਕੇ ਲੁਧਿਆਣੇ ਜਾ ਪੁੱਜਾ । ਹੁਣ ਦਿੱਲੀ ਅਤੇ ਮੇਰਠ ਆਦਿ ਛਾਉਣੀਆਂ ਤੋਂ ਹੋਰ ਤਾਜ਼ਾ- ਦਮ ਫ਼ੌਜ ਅਤੇ ਤੋਪਾਂ ਹੈਰੀ ਸਮਿਥ ਦੀ ਮਦਦ ਤੇ ਆ ਪੁੱਜੀਆਂ । ਹੈਰੀ ਸਮਿਥ ਭਾਰੀ ਫ਼ੌਜ ਲੈ ਕੇ ਰਣਜੋਧ ਸਿੰਘ ਤੋਂ ਬਦਲਾ ਲੈਣ ਲਈ ਤੁਰਿਆ । 28 ਜਨਵਰੀ, 1846 ਨੂੰ ਆਲੀਵਾਲ ਦੇ ਸਥਾਨ ਤੇ ਦੋਹਾਂ ਫ਼ੌਜਾਂ ਵਿਚ ਟਾਕਰਾ ਹੋਇਆ। ਇੱਥੇ ਅੰਗਰੇਜ਼ਾਂ ਨੂੰ ਜਿੱਤ ਪ੍ਰਾਪਤ ਹੋਈ, ਹਾਲਾਂਕਿ ਜੇਤੂ ਅੰਗਰੇਜ਼ਾਂ ਦਾ ਜਾਨੀ ਨੁਕਸਾਨ ਹਾਰੀ ਹੋਈ ਸਿੱਖ ਫੌਜ ਨਾਲੋਂ ਵੀ ਵੱਧ ਹੋਇਆ।

ਸਭਰਾਵਾਂ ਦੀ ਲੜਾਈ

ਜਦੋ ਮਹਾਰਾਣੀ ਜਿੰਦਾਂ ਨੂੰ ਪਤਾ ਲੱਗਾ ਕਿ ਫੇਰੂ ਸ਼ਹਿਰ ਵਿਚ ਰਾਜਾ ਲਾਲ ਸਿੰਘ ਦੀਆਂ ਸਾਜ਼ਸ਼ਾਂ ਕਰਕੇ ਸਿੱਖ ਫੌਜ ਹਾਰ ਗਈ ਹੈ, ਮਹਾਰਾਣੀ ਜਿੰਦਾਂ ਬਹੁਤ ਘਬਰਾਈ ਅਤੇ ਉਸਨੇ ਦਸਾਂ ਸਵਾਰਾਂ ਹੱਥੀਂ ਸ: ਸ਼ਾਮ ਸਿੰਘ ਨੂੰ ਅਟਾਰੀ ਸੁਨੇਹਾ ਭੇਜਿਆ ਕਿ ਤੁਸੀਂ ਲੜਾਈ ਵਿਚ ਜਾ ਕੇ ਸਿੱਖ ਫੌਜਾਂ ਦੀ ਕਮਾਨ ਸੰਭਾਲੋ। ਸ: ਸ਼ਾਮ ਸਿੰਘ ਨੇ ਜਵਾਬ ਵਿਚ ਕਈ ਗੱਲਾਂ ਲਿਖੀਆਂ ਤੇ ਲੜਾਈ ਦੇ ਨੁਕਸਾਨ ਤੇ ਰਾਜਨੀਤਕ ਗੁੰਝਲਾਂ ਸਮਝਾਈਆਂ। ਅਖੀਰ ਦੀ ਵਾਰੀ ਮਹਾਰਾਣੀ ਜਿੰਦਾਂ ਵਲੋਂ ਸੁਨੇਹਾ ਪੁੱਜਾ, “ਸਰਦਾਰ ਜੀ ! ਹੁਣ ਕਿਥੇ ਆ ਕੇ ਬੈਠੇ ਹੋ ? ਸਰਕਾਰ ਨੇ ਮੁੜ ਕੇ ਤਾਂ ਨਹੀਂ ਆਉਣਾ, ਜਿਸ ਨੇ ਤੁਹਾਨੂੰ ਵੰਗਾਰਨਾ ਹੈ ? ਸਰ ਲੈਪਲ ਗ੍ਰਿਫਨ ਲਿਖਦਾ ਹੈ ਕਿ ਸਰਦਾਰ ਨੂੰ ਮਰਨ ਤੋਂ ਡਰਨ ਤੇ ਡਰਪੋਕ ਹੋਣ ਦੇ ਤਾਹਨੇ ਮੇਹਣੇ ਵੀ ਦਿੱਤੇ ਗਏ। ਅੰਤ ਦੀ ਵਾਰੀ ਸਰਦਾਰ ਨੇ ਮਹਾਰਾਣੀ ਨੂੰ ਅਖਵਾ ਭੇਜਿਆ ਕਿ “ਅੱਛਾ ਕਰਤਾਰ ਦੀ ਰਜ਼ਾ, ਜੇ ਸਰਕਾਰ ਨੇ ਮੁੜ ਕੇ ਨਹੀਂ ਆਉਣਾ, ਤਾਂ ਅਸਾਂ ਵੀ ਅਗੋਂ ਪਿਛੋਂ ਸਰਕਾਰ ਪਾਸ ਪਹੁੰਚਣਾ ਹੈ, ਸੋ ਹੁਣੇ ਹੀ ਤਿਆਰ ਹਾਂ, ਚਿੰਤਾ ਨਾ ਕਰੋ ।” ਅਖੀਰ ਗੱਲ ਇਥੇ ਮੁੱਕੀ ਕਿ ਸ: ਸ਼ਾਮ ਸਿੰਘ ਆਪਣੀ ਵਫਾਦਾਰੀ, ਇੱਜ਼ਤ, ਅਣਖ ਤੇ ਦੇਸ਼ ਭਗਤੀ ਨੂੰ ਸਾਹਮਣੇ ਰੱਖਦਾ ਹੋਇਆ ਆਪਣੀ ਬਹਾਦਰ ਫੌਜ ਨੂੰ ਲੈ ਕੇ ਲੜਾਈ ਵੱਲ ਨੂੰ ਕੂਚ ਕਰਕੇ ਤੁਰ ਪਿਆ। ਤੁਰਨ ਸਮੇਂ ਆਪ ਨੇ ਅਰਦਾਸਾ ਸੋਧ ਕੇ ਪ੍ਰਣ ਕੀਤਾ ਕਿ ਹਾਰ ਕੇ ਮੁੜ ਜੀਉਂਦੇ ਜੀ ਅਟਾਰੀ ਵਾਪਸ ਨਹੀਂ ਆਉਣਾ ਤੇ ਨਾਲ ਹੀ ਨਿਮਰਤਾ ਨਾਲ ਸਤਿਗੁਰਾਂ ਤੇ ਭਰੋਸਾ ਰੱਖ ਕੇ ਬੇਨਤੀ ਕੀਤੀ, “ਹੇ ਸੱਚੇ ਪਾਤਸ਼ਾਹ, ਜੇ ਮੁੜ ਕੇ ਵਾਪਸ ਲਿਆਉਣਾ ਹੈ ਤਾਂ ਉਜਲ ਮੁਖ ਫਤਹਯਾਬੀ ਨਾਲ ਲਿਆਈਂ । ਜੇ ਤੈਨੂੰ ਇਹ ਨਹੀਂ ਮਨਜ਼ੂਰ ਤਾਂ ਸੁਰਖੁਰੂ ਰੱਖ ਕੇ ਆਪਣੇ ਪਵਿੱਤ੍ਰ ਚਰਨਾਂ ਵਿਚ ਨਿਵਾਸ ਬਖਸ਼ੀਂ।”

ਸਰਦਾਰ ਨੇ ਆਪਣੀ ਫ਼ੌਜ ਸਮੇਤ ਸਭਰਾਵਾਂ ਉੱਤੇ ਸਤਲੁਜ ਪਾਰ ਕਰ ਕੇ ਜੰਗੀ ਕੈਂਪ ਵਿਚ ਜਾ ਡੇਰੇ ਲਾਏ। 9 ਫਰਵਰੀ, ਸੰਨ 1846 ਈ: ਦੀ ਰਾਤ ਨੂੰ ਸ: ਤੇਜਾ ਸਿੰਘ, ਸ: ਸ਼ਾਮ ਸਿੰਘ ਨੂੰ ਵੱਖਰਿਆਂ ਕਰਕੇ ਆਖਣ ਲੱਗਾ ਕਿ ਜਦੋਂ ਅੰਗਰੇਜ਼ਾਂ ਵਲੋਂ ਪਹਿਲਾ ਹੀ ਹਮਲਾ ਹੋਵੇ ਤਾਂ ਤੁਸੀਂ ਮੇਰੇ ਨਾਲ ਹੀ ਪਿਛਾਂਹ ਨੂੰ ਭਾਂਜ ਪਾ ਦੇਣੀ । ਸ: ਸ਼ਾਮ ਸਿੰਘ ਨੂੰ ਇਹ ਗ਼ੱਦਾਰੀ ਦੀ ਗੱਲ ਜ਼ਹਿਰ ਵਾਂਗ ਕੌੜੀ ਲੱਗੀ ਤੇ ਆਪ ਨੇ ਸ: ਤੇਜਾ ਸਿੰਘ ਨੂੰ ਝਾੜਿਆ ਅਤੇ ਬੜੀ ਘਿਰਣਾ ਕੀਤੀ। ਤੇਜਾ ਸਿੰਘ ਨੇ ਅਗੋਂ ਗੁੱਸੇ ਵਿਚ ਲਾਲ ਪੀਲੇ ਹੋ ਕੇ ਆਖਿਆ ਕਿ ਅੱਛਾ, “ਜੇ ਤੁਸੀਂ ਏਡੇ ਹੀ ਬਹਾਦਰ ਹੋ ਤਾਂ ਸੁਗੰਧ ਖਾਓ ਕਿ ਮੈਦਾਨ ਛੱਡ ਕੇ ਨਹੀਂ ਭੱਜੋਗੇ, ਕਿਉਂਕਿ ਮੈਨੂੰ ਨਿਸਚਾ ਹੈ ਕਿ ਅਖੀਰ ਦੀ ਵਾਰੀ ਤੁਸੀਂ ਮੇਰੇ ਪਿੱਛੇ ਪਿੱਛੇ ਹੀ ਪਿੱਠ ਦੇ ਕੇ ਭੱਜੇ ਆਓਗੇ।” ਉਸੇ ਵੇਲੇ ਸ: ਸ਼ਾਮ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਅਰਦਾਸਾ ਸੋਧ ਕੇ ਪ੍ਰਣ ਕੀਤਾ ਕਿ ਰੱਬ ਨਾ ਕਰੇ ਜੇ ਸਿੰਘਾਂ ਨੂੰ ਹਾਰ ਹੋ ਗਈ ਤਦ ਮੈਂ ਜੀਉਂਦੇ ਜੀ ਮੋਰਚਾ ਛੱਡ ਕੇ ਪਿਛਾਂਹ ਨਹੀਂ ਪਰਤਾਂਗਾ। ਇੱਧਰ ਤੇਜਾ ਸਿੰਘ, ਸ: ਸ਼ਾਮ ਸਿੰਘ ਨੂੰ ਭੱਜਣ ਲਈ ਜ਼ੋਰ ਦੇ ਰਿਹਾ ਸੀ ਪਰ ਦੂਜੇ ਬੰਨੇ ਅੰਗਰੇਜ਼ਾਂ ਨੇ ਵੀ ਦਿਲ ਛੱਡੇ ਹੋਏ ਸਨ ਤੇ ਅੰਗਰੇਜ਼ੀ ਕੈਂਪ ਵਿਚ ਉਨ੍ਹਾਂ ਨੂੰ ਜਿੱਤ ਤਾਂ ਇਕ ਬੰਨੇ ਰਹੀ ਜਾਨ ਬਚਾਉਣ ਦੇ ਵੀ ਲਾਲੇ ਪਏ ਹੋਏ ਸਨ। ਅੰਤ ਸਮਾਂ ਨੇੜੇ ਜਾਣ ਕੇ ਲਾਰਡ ਹਾਰਡਿੰਗ ਨੇ ਆਪਣੇ ਆਪ ਨੂੰ ਜੰਗ ਵਿਚ ਜੂਝ ਕੇ ਮਰਨ ਲਈ ਪੂਰੀ ਤਿਆਰੀ ਕਰ ਲਈ ਅਤੇ ਆਪਣੇ ਲੜਕੇ ਨੂੰ ਆਪਣੇ ਤਗਮੇ ਤੇ ਹੋਰ ਜ਼ਰੂਰੀ ਸੁਨੇਹੇ ਦੇ ਕੇ ਪਿਛਾਂਹ ਵਾਪਸ ਭੇਜ ਦਿੱਤਾ ਸੀ। 10 ਫ਼ਰਵਰੀ ਨੂੰ ਸਵੇਰੇ ਹੀ ਅੰਗਰੇਜ਼ ਫ਼ੌਜਾਂ ਨੇ ਤੋਪਾਂ ਦਾਗ ਦਿੱਤੀਆਂ – ਗੋਲਾਬਾਰੀ ਅਰੰਭ ਕਰ ਦਿੱਤੀ। ਇਧਰੋਂ ਸ: ਸ਼ਾਮ ਸਿੰਘ ਦੁਸ਼ਮਨਾਂ ਨੂੰ ਭਾਜੜਾਂ ਪਾਉਣ ਦੀਆਂ ਸਕੀਮਾਂ ਸੋਚ ਰਿਹਾ ਸੀ। ਉਹ ਚਿੱਟੀ ਘੋੜੀ ਤੇ ਸਵਾਰ ਹੋ, ਸੱਤ ਹਜ਼ਾਰ ਜਵਾਨਾਂ ਨੂੰ ਆਪਣੀ ਕਮਾਨ ਥੱਲੇ ਲੈ ਕੇ ਦੁਸ਼ਮਨਾਂ ਨੂੰ ਭਾਜੜਾਂ ਪਾਉਣ ਲਈ ਮੈਦਾਨ ਵਿਚ ਆ ਡਟਿਆ। ਇਸ ਘਮਸਾਨ ਦੀ ਜੰਗ ਸਮੇਂ ਅੰਗਰੇਜ਼ਾਂ ਵਲੋਂ ਜਵਾਬ ਵਿਚ ਤਿੰਨ ਬੜੇ ਭਾਰੀ ਜ਼ੋਰ ਦੇ ਹੱਲੇ ਹੋਏ ਜੋ ਕਲਗੀਧਰ ਦੇ ਸੂਰਮਿਆਂ ਨੇ ਬੜੀ ਬਹਾਦਰੀ ਅਤੇ ਦਲੇਰੀ ਨਾਲ ਰੋਕੇ ਅਤੇ ਅਗੋਂ ਜਵਾਬੀ ਹਮਲਿਆਂ ਨਾਲ ਦੁਸ਼ਮਣਾਂ ਦੇ ਮੂੰਹ ਭਵਾ ਦਿੱਤੇ। ਸਿੰਘਾਂ ਦੇ ਟਾਕਰੇ ਦੀ ਤਾਬ ਨਾ ਲਿਆਉਂਦਿਆਂ ਹੋਇਆਂ ਵੈਰੀ ਦੇ ਪੈਰ ਥਿੜਕ ਰਹੇ ਸਨ ਤੇ ਪੈਂਤੜਿਆਂ ਤੋਂ ਉਖੜ ਕੇ ਪਿਛਾਂਹ ਨੂੰ ਭਾਂਜ ਖਾਣ ਹੀ ਵਾਲੇ ਸਨ । ਜੋ ਉਲਟੀ ਗੱਲ ਬਣੀ ਅਤੇ ਗ਼ੱਦਾਰਾਂ ਦੇ ਸਰਦਾਰ ਨਿਮਕ ਹਰਾਮ ਤੇਜਾ ਸਿੰਘ, ਸਿੰਘਾਂ ਨੂੰ ਭਾਂਜ ਦੇਣ ਤੇ ਬੇ-ਦਿਲਿਆਂ ਕਰਨ ਲਈ ਗੁੰਦੀ ਗੋਂਦ ਅਨੁਸਾਰ ਆਪਣੇ ਸਾਥੀਆਂ ਸਮੇਤ ਮੈਦਾਨੇ-ਜੰਗ ਤੋਂ ਪਿਛਾਂਹ ਨੂੰ ਵਾਪਸ ਉਠ ਨੱਸਿਆ । ਦਰਿਆ ਪਾਰ ਲੰਘ ਕੇ ਉਹ ਧਰੋਹ ਕਮਾਇਆ ਜੋ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਨੂੰ ਯਾਦ ਰਹੇਗਾ ਅਰਥਾਤ ਸਤਲੁਜ ਦੇ ਪਾਰ ਕਰਨ ਵਾਲਾ ਬੇੜੀਆਂ ਦਾ ਪੁਲ ਤੋੜ ਗਿਆ ਤਾਂ ਜੋ ਸਿੰਘਾਂ ਨੂੰ ਕਿਸੇ ਤਰ੍ਹਾਂ ਪਿਛੋਂ ਹੋਰ ਫੌਜ ਅਤੇ ਰਸਤ-ਬਸਤ ਦੀ ਮਦਦ ਨਾ ਪਹੁੰਚੇ ਤੇ ਇਹ ਦੁਸ਼ਮਣ ਦੀਆਂ ਗੋਲੀਆਂ ਨਾਲ ਖਤਮ ਹੋ ਜਾਣ । ਜੇ ਧਕੀਂਦੇ ਧਕੀਂਦੇ ਦਰਿਆ ਵੱਲ ਆਉਣ ਤਾਂ ਪਾਣੀ ਦੀ ਭੇਟ ਹੋ ਜਾਣ। ਕਿੰਨਾ ਵਿਸਾਹਘਾਤ ਹੈ ?

ਸ: ਸ਼ਾਮ ਸਿੰਘ ਦਲੇਰ ਮਰਦਾਂ ਵਾਂਗ ਪੂਰੀ ਬਹਾਦਰੀ ਨਾਲ ਸਿੰਘਾਂ ਨੂੰ ਹੱਲਾਸ਼ੇਰੀ ਦੇ ਕੇ ਦੁਸ਼ਮਨ ਦਾ ਮੁਕਾਬਲਾ ਕਰਵਾ ਰਿਹਾ ਸੀ । ਇਸ ਘਟਨਾ ਦਾ ਉਸਦੇ ਦਿਲ ਉੱਤੇ ਥੋੜ੍ਹਾ ਜਿਹਾ ਵੀ ਅਸਰ ਨਹੀਂ ਸੀ ਹੋਇਆ। ਜਿਸ ਪਾਸੇ ਫੌਜ ਜ਼ਰਾ ਥਿੜਕਦੀ ਅਤੇ ਮੋਰਚਾ ਟੁੱਟਣ ਲਗਦਾ ਉਹ ਉਸ ਥਾਂ ਤੇ ਸ਼ੇਰ ਵਾਂਗ ਬੁੱਕਦਾ ਅਤੇ ਹਰਨਾਂ ਵਾਂਗ ਚੁੰਗੀਆਂ ਭਰਦਾ ਜਾ ਪੁੱਜਦਾ ਸੀ।

ਇਸ ਭਿਆਨਕ ਲੜਾਈ ਸਮੇਂ ਸ: ਸ਼ਾਮ ਸਿੰਘ ਦਾ ਵਹਾਬੀ ਸਾਈਸ ਵੀ ਉਨ੍ਹਾਂ ਦੇ ਨਾਲ ਸੀ। ਜਦੋਂ ਗੋਲੀ ਲੱਗਣ ਨਾਲ ਸਰਦਾਰ ਦਾ ਘੋੜਾ ਮਰ ਗਿਆ, ਤਾਂ ਵਹਾਬੀ ਨੇ ਝਟਪਟ ਦੂਜਾ ਘੋੜਾ ਲਿਆ ਹਾਜ਼ਰ ਕੀਤਾ। ਸ: ਸ਼ਾਮ ਸਿੰਘ ਘੋੜੇ ਤੇ ਸਵਾਰ ਹੋ ਗਏ ਤੇ ਉਨ੍ਹਾਂ ਵਹਾਬੀ ਨੂੰ ਜੰਗ ਵਿਚੋਂ ਚਲੇ ਜਾਣ ਦਾ ਹੁਕਮ ਦਿੱਤਾ ਤੇ ਆਖਿਆ, “ਅਟਾਰੀ ਜਾ ਕੇ ਕਹਿ ਦੇਈਂ ਕਿ ਅਸੀਂ ਹੁਣ ਜੀਉਂਦਿਆਂ ਵਾਪਸ ਨਹੀਂ ਮੁੜਨਾ ।” ਵੈਰੀਆਂ ਵਲੋਂ ਜ਼ੋਰਦਾਰ ਤੇ ਲਗਾਤਾਰ ਗੋਲਾਬਾਰੀ ਹੋਣ ਲੱਗੀ ਤਾਂ ਸਿੰਘ ਪਿਛਲੇ ਪਾਸੇ ਦਰਿਆ ਵੱਲ ਨੂੰ ਹਟੇ ਤੇ ਕਈ ਰਣਭੂਮੀ ਵਿਚ ਹੀ ਸ਼ਹੀਦ ਹੋ ਗਏ ਤੇ ਬਾਕੀ ਦੇ ਦਰਿਆ ਦੀ ਭੇਟ ਹੋ ਗਏ। ਜਿਸ ਸਮੇਂ ਜਿੱਤੀ ਹੋਈ ਬਾਜ਼ੀ ਵੀ ਗ਼ੱਦਾਰਾਂ ਦੀ ਬੇਈਮਾਨੀ ਕਰਕੇ ਹਾਰੀ ਹੋਈ ਨਜ਼ਰ ਆਉਣ ਲੱਗੀ, ਤਦ ਸ: ਸ਼ਾਮ ਸਿੰਘ ਬੜੀ ਦਲੇਰੀ ਨਾਲ ਤਲਵਾਰ ਘੁਮਾਉਂਦੇ ਹੋਏ ਅੱਗੇ ਵਧੇ ਤੇ ਪੰਜਾਹ ਨੰਬਰ ਪਲਟਨ ਤੇ ਜਾ ਪਏ । ਸ: ਸ਼ਾਮ ਸਿੰਘ ਨੂੰ ਸੱਤ ਗੋਲੀਆਂ ਲੱਗੀਆਂ, ਪਰ ਆਪ ਨੇ ਆਪਣਾ ਕੌਲ ਪੂਰਾ ਕਰ ਵਿਖਾਇਆ ਤੇ ਪਿਛਾਂਹ ਨਾ ਹਟੇ। ਅੰਤ ਵਿਚ ਇਹ ਮਹਾਨ ਬਿਰਧ-ਜਰਨੈਲ ਧਰਤੀ ਤੇ ਡਿੱਗ ਪਿਆ ਤੇ ਸ਼ਹਾਦਤ ਪਾ ਗਿਆ।

ਸਭਰਾਵਾਂ ਦੀ ਲੜਾਈ ਅਣਖੀ ਸਿੰਘਾਂ ਦੀ ਸੂਰਮਗਤੀ ਤੇ ਬਹਾਦਰੀ ਦੀ ਜੀਉਂਦੀ ਜਾਗਦੀ ਮਿਸਾਲ ਹੈ ਜੋ ਇਤਿਹਾਸ ਵਿਚ ਸਦਾ ਵਡਿਆਈ ਨਾਲ ਚੇਤੇ ਕੀਤੀ ਜਾਇਆ ਕਰੇਗੀ।

ਇਸ ਲੜਾਈ ਸਮੇਂ ਅੰਗਰੇਜ਼ੀ ਫ਼ੌਜ ਦਾ ਕਮਾਂਡਰ-ਇਨ-ਚੀਫ “ਲਾਰਡ- ਗਫ” ਇਸ ਤਰ੍ਹਾਂ ਲਿਖਦਾ ਹੈ, “ਅੰਗਰੇਜ਼ਾਂ ਦੇ ਮਰਿਆਂ ਤੇ ਫੱਟੜਾਂ ਦਾ ਸਾਰਾ ਨੁਕਸਾਨ 2083 ਆਦਮੀਆਂ ਦਾ ਹੋਇਆ। ਇਨ੍ਹਾਂ ਵਿਚ ਮੇਜਰ ਫੁਟ ਤੇ ਹੋਰ ਕਈ ਪ੍ਰਸਿੱਧ ਅੰਗਰੇਜ਼ ਅਫ਼ਸਰ ਸਨ ਜਿਨ੍ਹਾਂ ਨੇ ਕਿ ਸੰਨ 1815 ਈ: ਵਿਚ ਯੂਰਪ ਅੰਦਰ ਵਾਟਰਲੂ ਸ਼ਹਿਰ ਦੀਆਂ ਲੜਾਈਆਂ ਵਿਚ ਨੈਪੋਲੀਅਨ ਦਾ ਮੁਕਾਬਲਾ ਕੀਤਾ ਸੀ। ਸਿੱਖਾਂ ਦੀ ਫ਼ੌਜ ਦੀ ਹਾਲਤ ਅੰਗਰੇਜ਼ੀ ਫੌਜ ਨਾਲੋਂ ਬਹੁਤ ਚੰਗੀ ਸੀ। ਇਨ੍ਹਾਂ ਪਾਸ 67 ਤੋਪਾਂ ਸਨ ਜੋ ਅੰਗਰੇਜ਼ੀ ਤੋਪਾਂ ਨਾਲੋਂ ਖ਼ਾਸ ਤੌਰ ਤੇ ਭਾਰੀਆਂ ਸਨ। ਪਰ ਸਿੱਖਾਂ ਦਾ ਨੁਕਸਾਨ ਪੰਜ ਅਤੇ ਦਸ ਹਜ਼ਾਰ ਦੇ ਵਿਚਕਾਰ ਹੋਇਆ। ਇਹ ਨਤੀਜਾ ਲਾਲ ਸਿੰਘ ਤੇ ਤੇਜਾ ਸਿੰਘ ਦੀ ਗ਼ੱਦਾਰੀ ਦੇ ਕਾਰਨ ਸੀ ।” ਦੁਸ਼ਮਨ ਦੀ ਗਵਾਹੀ ਨਾਲੋਂ ਹੋਰ ਵਧੇਰੇ ਕਿਸ ਦੀ ਪ੍ਰਮਾਣੀਕ ਹੋ ਸਕਦੀ ਹੈ ?ਉਸ ਨੇ ਵੀ ਗ਼ੱਦਾਰਾਂ ਦੀ ਗ਼ੱਦਾਰੀ ਹੀ ਹਾਰ ਦਾ ਅਸਲ ਕਾਰਨ ਦੱਸੀ। ਕਪਤਾਨ ਕਨਿੰਘਮ ਜੋ ਲੜਾਈ ਵਿਚ ਸ਼ਾਮਲ ਸੀ ਇਸ ਤਰ੍ਹਾਂ ਲਿਖਦਾ ਹੈ, “ਭਾਵੇਂ ਕਿਤਨੀ ਗੋਲਾਬਾਰੀ ਹੋ ਰਹੀ ਸੀ ਪਰ ਗੁਰੂ ਗੋਬਿੰਦ ਸਿੰਘ ਦੇ ਕਿਸੇ ਸਿੱਖ ਨੇ ਪਨਾਹ ਨਹੀਂ ਮੰਗੀ ਸੀ।” ਇਸ ਤੋਂ ਵੱਧ ਸਿੱਖਾਂ ਦੀ ਬਹਾਦਰੀ ਦੀ ਹੋਰ ਕੀ ਮਿਸਾਲ ਹੋ ਸਕਦੀ ਹੈ ?ਸ਼ਾਹ ਮੁਹੰਮਦ ਨੇ ਇਸ ਲੜਾਈ ਦਾ ਇਸ ਤਰ੍ਹਾਂ ਨਕਸ਼ਾ ਖਿਚਿਆ ਹੈ :

“ਆਈਆਂ ਪਲਟਣਾਂ ਬੀੜ ਕੇ ਤੋਪ ਖਾਨੇ,

ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁਟੇ।

ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿਧੇ,

ਹੱਲੇ ਤਿੰਨ ਫ਼ਰੰਗੀ ਦੇ ਤੋੜ ਸੁੱਟੇ।

ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ,

ਬੰਨ੍ਹ ਸ਼ਸਤ੍ਰੀ ਜੋੜ ਵਿਛੋੜ ਸੁਟੇ।

ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,

ਵਾਂਗ ਨਿੰਬੂਆਂ ਲਹੂ ਨਚੋੜ ਸੁਟੇ। ੯੦।

ਪਏ ਧਾਵਿਓਂ ਹੋਇ ਕੇ ਫੇਰ ਧਾਵਾ,

ਫਰਾਂਸੀਸ ਤੇ ਜਿੱਥੇ ਸੀ ਚਾਰ ਯਾਰੀ।

ਕੁੰਡਲ ਘੱਤਿਆ ਵਾਂਗ ਕਮਾਨ ਗੋਸ਼ੇ,

ਬਣੀ ਆਣ ਸਰਦਾਰਾਂ ਨੂੰ ਬਹੁਤ ਖੁਆਰੀ।

ਤੇਜਾ ਸਿੰਘ ਸਰਦਾਰ ਪੁਲ ਵੱਢ ਦਿੱਤਾ,

ਘਰੀਂ ਨੱਸ ਨ ਜਾਏ ਏਹ ਫੌਜ ਸਾਰੀ।

ਸ਼ਾਹ ਮੁਹੰਮਦਾ ਮਰਨ ਸ਼ਹੀਦ ਹੋ ਕੇ,

ਅਤੇ ਜਾਨ ਨ ਕਰਨਗੇ ਫੇਰ ਪਿਆਰੀ। ੯੧।

ਜੰਗ ਹਿੰਦ ਪੰਜਾਬ ਦਾ ਹੋਣ ਲੱਗਾ,

ਦੋਵੇਂ ਬਾਦਸ਼ਾਹੀ ਫ਼ੌਜਾਂ ਭਾਰੀਆਂ ਨੀ।

ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,

ਜਿਹੜੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੀ।

ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,

ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ । ੯੨ ।

ਕਈ ਸੂਰਮੇ ਮਾਰ ਕੇ ਮੋਏ ਓਥੋਂ,

ਜਿਨ੍ਹਾਂ ਹੱਥ ਕੀਤੇ ਤੇਗਾਂ ਨੰਗੀਆਂ ਦੇ।

ਰਹਿੰਦੇ ਘੇਰ ਕੇ ਵਿਚ ਦਰਿਆ ਡੋਬੇ,

ਸ਼ੱਰਰੇ ਮਾਰਿਓ ਨੇ ਤੋਪਾਂ ਚੰਗੀਆਂ ਦੇ ।੯੩।

ਕਈ ਮਾਵਾਂ ਦੇ ਪੁੱਤ ਨੀ ਮੋਏ ਓਥੇ,

ਸੀਨੇ ਲੱਗੀਆਂ ਤੇਜ਼ ਕਟਾਰੀਆਂ ਨੀ।

ਜਿਨ੍ਹਾਂ ਭੈਣਾਂ ਦੇ ਵੀਰ.ਨ ਮਿਲੇ ਮਰ ਕੇ,

ਪਈਆਂ ਰੋਂਦੀਆਂ ਫਿਰਨ ਵਿਚਾਰੀਆਂ ਨੀ।

ਚੰਗੇ ਜਿਨ੍ਹਾਂ ਦੇ ਸਿਰ ਦੇ ਮੋਏ ਵਾਲੀ,

ਖੁਲ੍ਹੇ ਵਾਲ ਤੇ ਫਿਰਨ ਵਿਚਾਰੀਆਂ ਨੀ।

ਸ਼ਾਹ ਮੁਹੰਮਦਾ ਬਹੁਤ ਸਰਦਾਰ ਮਾਰੇ,

ਪਈਆਂ ਰਾਜ ਦੇ ਵਿਚ ਗੁਬਾਰੀਆਂ ਨੀ। ੯੪।”

 

Credit – ਸਿੱਖ ਮਿਸ਼ਨਰੀ ਕਾਲਜ (ਰਜਿ:) 10 ਲੁਧਿਆਣਾ

 

Leave a comment

error: Content is protected !!