ਭੂਮਿਕਾ
ਧਰਮ ਸ਼ਾਂਤੀ ਸਥਾਪਤ ਕਰਨ ਦਾ ਮਾਰਗ ਦਰਸਾਉਂਦਾ ਹੈ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਉੱਚਾ ਰੱਖਣ ਦੀ ਪ੍ਰੇਰਣਾ ਦਿੰਦਾ ਹੈ। ਇਹ ਇੰਨਾ। ਸੰਵੇਦਨਸ਼ੀਲ ਹੁੰਦਾ ਹੈ ਕਿ ਇਸ ਦੇ ਸਹਾਰੇ ਲੋਕਾਂ ਨੂੰ ਇਕਮੁੱਠ ਅਤੇ ਇਕਜੁੱਟ ਵੀ ਰੱਖਿਆ ਜਾ ਸਕਦਾ ਹੈ ਅਤੇ ਇਸ ਰਾਹੀਂ ਪੈਦਾ ਹੋਈ ਇਕ ਵੀ ਚੰਗਿਆੜੀ ਸਦੀਆਂ ਤੱਕ ਲੋਕਾਂ ਨੂੰ ਲੜਾਉਣ ਲਈ ਕਾਫ਼ੀ ਹੁੰਦੀ ਹੈ। ਜੀਵਨ ਤੋਂ ਲੈ ਕੇ ਮਰਨ ਤੱਕ ਜਿਸ ਵਿਸ਼ਵਾਸ ਨਾਲ ਇਕ ਵਿਅਕਤੀ ਬੱਝਾ ਰਹਿ ਸਕਦਾ ਹੈ। ਉਹ ਵਿਸ਼ਵਾਸ ਧਰਮ ਵਿੱਚੋਂ ਪੈਦਾ ਹੁੰਦਾ ਹੈ ਅਤੇ ਇਸ ਦੀ ਗੰਢ ਸਦੀਆਂ ਤੱਕ ਮਨੁੱਖੀ ਮਨ ਵਿਚ ਪੀਢੀ ਬਣੀ ਰਹਿੰਦੀ ਹੈ । ਧਾਰਮਿਕ ਵਿਸ਼ਵਾਸ ਦੇ ਸਹਾਰੇ ਹੀ ਮਨੁੱਖ ਨੂੰ ਸਦਾਚਾਰਕ ਜੀਵਨ ਦਾ ਪਾਠ ਪੜ੍ਹਾਇਆ ਜਾਂਦਾ ਹੈ। ਤਾਂ ਕਿ ਮਨੁੱਖ ਚਾਹੁੰਦਾ ਹੋਇਆ ਵੀ ਇਸ ਤੋਂ ਦੂਰ ਨਾ ਜਾ ਸਕੇ। ਜਦੋਂ ਧਰਮ ਨੂੰ ਮੰਨਣ ਵਾਲਿਆਂ ਵਿਚ ਗਿਰਾਵਟ ਆਉਂਦੀ ਹੈ ਤਾਂ ਸਦਾਚਾਰਕ ਕੀਮਤਾਂ ਖੇਰੂੰ-ਖੇਰੂੰ ਹੋ ਜਾਂਦੀਆਂ ਹਨ। ਅਧੋਗਤੀ ਵੱਲ ਜਾ ਰਹੇ ਸਮਾਜ ਨੂੰ ਰੋਕਣ ਲਈ ਕਿਸੇ ਨਵੀਂ ਪ੍ਰੇਰਨਾ ਦੀ ਲੋੜ ਪੈਂਦੀ ਹੈ ਜਿਸ ਵਿੱਚੋਂ ਕਈ ਵਾਰ ਨਵਾਂ ਧਰਮ ਵੀ ਜਨਮ ਲੈ ਲੈਂਦਾ ਹੈ।
ਸਿੱਖ ਧਰਮ ਦਾ ਅਰੰਭ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਹੋਇਆ ਹੈ। ਗੁਰੂ ਜੀ ਨੇ ਸਮਾਜ ਵਿਚ ਅਜਿਹੀਆਂ ਕ੍ਰਾਂਤੀਕਾਰੀ ਤਬਦੀਲੀਆਂ ਕੀਤੀਆਂ, ਜਿਨ੍ਹਾਂ ਨੇ ਸਮਾਜ ਦੀ ਦਿਸ਼ਾ ਅਤੇ ਦਸ਼ਾ ਹੀ ਬਦਲ ਕੇ ਰੱਖ ਦਿੱਤੀ। ਗੁਰੂ ਜੀ ਨੇ ਅਕਾਲ ਪੁਰਖ ਦੇ ਸੰਦੇਸ਼ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਭਾਈ ਲਹਿਣਾ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਰੂਪ ਵਿਚ ਸਥਾਪਤ ਕੀਤਾ ਸੀ ਅਤੇ ਇਸ ਤਰ੍ਹਾਂ ਇਹ ਰੱਬੀ ਜੋਤਿ ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ, ਸ੍ਰੀ ਗੁਰੂ ਹਰਿ ਰਾਇ ਸਾਹਿਬ, ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਰਾਹੀਂ ਹੁੰਦੀ ਹੋਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਰੂਪ ਵਿਚ ਪ੍ਰਕਾਸ਼ਮਾਨ ਹੋਈ ਸੀ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਜੋਤਿ ਨੂੰ ਸ਼ਬਦ-ਗੁਰੂ ਦੇ ਰੂਪ ਵਿਚ ਪ੍ਰਕਾਸ਼ਮਾਨ ਕਰ ਕੇ ਇਸ ਰਾਹੀਂ ਮਨੁੱਖਤਾ ਦੀ ਸਦੀਵੀ ਰਹਿਨੁਮਾਈ ਦਾ ਮਾਰਗ ਪ੍ਰਗਟ ਕਰ ਦਿੱਤਾ ਸੀ। ਗੁਰੂ ਸਾਹਿਬਾਨ ਦੇ ਆਦੇਸ਼ ਅਤੇ ਸੰਦੇਸ਼ ਨੂੰ ਵੱਡੀ ਗਿਣਤੀ ਵਿਚ ਲੋਕਾਂ ਨੇ ਗ੍ਰਹਿਣ ਕੀਤਾ ਅਤੇ ਉਨ੍ਹਾਂ ਦੁਆਰਾ ਦਰਸਾਏ ਮਾਰਗ ‘ਤੇ ਚੱਲ ਕੇ ਜਨ- ਸਾਧਾਰਨ ਵਿੱਚੋਂ ਪੈਦਾ ਹੋਏ ਸੂਰਮਿਆਂ ਨੇ ਕਈ ਅਜਿਹੇ ਕੀਰਤੀਮਾਨ ਸਥਾਪਤ ਕੀਤੇ ਜਿਹੜੇ ਕਿ ਕਿਸੇ ਹੋਰ ਧਰਮ ਦੇ ਇਤਿਹਾਸ ਵਿਚ ਦਿਖਾਈ ਨਹੀਂ ਦਿੰਦੇ। ਸਿੱਖਾਂ ਬਾਰੇ ਇਕ ਆਮ ਧਾਰਨਾ ਪ੍ਰਚੱਲਤ ਹੈ ਕਿ ਇਹ ਇਤਿਹਾਸ ਬਣਾਉਂਦੇ ਹਨ, ਪਰ ਲਿਖਦੇ ਨਹੀਂ। ਇਹ ਧਾਰਨਾ ਕਾਫ਼ੀ ਹੱਦ ਤੱਕ ਸਹੀ ਹੈ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੁਣ ਤੱਕ ਸਿੱਖ ਧਰਮ ਦੇ ਆਗਮਨ ਨੂੰ ਲਗਪਗ 543 ਸਾਲ ਹੋਏ ਹਨ ਅਤੇ ਇਨ੍ਹਾਂ ਵਿੱਚੋਂ ਪਹਿਲੀਆਂ ਚਾਰ ਸਦੀਆਂ ਦੀ ਜਾਣਕਾਰੀ ਫ਼ਾਰਸੀ ਅਤੇ ਅੰਗਰੇਜ਼ੀ ਲਿਖਾਰੀਆਂ ਦੇ ਸਰੋਤਾਂ ਵਿੱਚੋਂ ਵਧੇਰੇ ਮਿਲਦੀ ਹੈ ਅਤੇ ਇਨ੍ਹਾਂ ਸਰੋਤਾਂ ਦੇ ਆਧਾਰ ‘ਤੇ ਹੀ ਵੀਹਵੀਂ ਸਦੀ ਦੇ ਪ੍ਰਮੁੱਖ ਸਿੱਖ ਵਿਦਵਾਨਾਂ ਨੇ ਮਹੱਤਵਪੂਰਨ ਖੋਜ ਕਾਰਜ ਕਰ ਕੇ ਸਿੱਖ ਇਤਿਹਾਸ ਦੀਆਂ ਗੁੱਝੀਆਂ ਗੁੰਝਲਾਂ ਖੋਲ੍ਹ ਕੇ ਕਈ ਤਰ੍ਹਾਂ ਦੇ ਭਰਮ ਭੁਲੇਖੇ ਦੂਰ ਕੀਤੇ ਹਨ।
ਗੁਰੂ ਸਾਹਿਬਾਨ ਨੇ ਮਨੁੱਖੀ ਆਜ਼ਾਦੀ ਲਈ ਜੋ ਸੰਘਰਸ਼ ਛੇੜਿਆ ਸੀ, ਉਸ ਨੂੰ ਸਿਰੇ ਚੜ੍ਹਾਉਣ ਲਈ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਪੰਜਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਨੌਵੇਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀਆਂ ਸ਼ਹਾਦਤਾਂ ਤੋਂ ਇਲਾਵਾ ਛੇਵੇਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਦਸਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੇ ਯੁੱਧਾਂ ਸਮੇਂ ਹੋਈਆਂ ਸਿੰਘਾਂ ਅਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਸਿੱਖਾਂ ਦੀ ਧਰਮ ਪਰੰਪਰਾ ਕਿਹੋ ਜਿਹੇ ਹਾਲਾਤ ਵਿੱਚੋਂ ਲੰਘੀ ਹੈ। ਇੰਨਾ ਹੀ ਨਹੀਂ, ਗੁਰੂ ਸਾਹਿਬਾਨ ਤੋਂ ਬਾਅਦ ਵੀ ਹਜ਼ਾਰਾਂ ਸਿੰਘਾਂ ਦੀਆਂ ਸ਼ਹਾਦਤਾਂ ਨੇ ਇਸ ਧਰਮ ਮਾਰਗ ‘ਤੇ ਚੱਲਣ ਵਾਲਿਆਂ ਦੀ ਦਿਸ਼ਾ ਨਿਰਧਾਰਿਤ ਕਰ ਦਿੱਤੀ ਸੀ। ਇਨ੍ਹਾਂ ਸ਼ਹਾਦਤਾਂ ਤੋਂ ਇਕ ਗੱਲ ਸਪੱਸ਼ਟ ਰੂਪ ਵਿਚ ਸਾਹਮਣੇ ਆਈ ਹੈ ਕਿ ਜ਼ਾਲਮ ਅਤੇ ਉਸ ਦਾ ਜ਼ੁਲਮ ਭਾਵੇਂ ਕਿੰਨਾ ਵੀ ਭਿਆਨਕ ਕਿਉਂ ਨਾ ਹੋਵੇ, ਧਰਮ ਦੇ ਮਾਰਗ ‘ਤੇ ਚੱਲਣ ਵਾਲੇ ਉਸ ਦੀ ਈਨ ਨਹੀਂ ਮੰਨਦੇ। ਗੁਰੂ ਸਾਹਿਬ ਨੇ ਸੱਚ ਦੇ ਮਾਰਗ ‘ਤੇ ਚੱਲਣ ਅਤੇ ਸਰਬੱਤ ਦਾ ਭਲਾ ਚਾਹੁਣ ਵਾਲਿਆਂ ਦਾ ਜੋ ਬੂਟਾ ਲਾਇਆ ਸੀ, ਸਮੇਂ ਦੀਆਂ ਹਨੇਰੀਆਂ ਉਸ ਨੂੰ ਸੁਕਾ ਨਹੀਂ ਸਨ ਸਕੀਆਂ, ਬਲਕਿ ਹਰ ਇਕ ਹਨੇਰੀ ਅਤੇ ਝੱਖੜ ਤੋਂ ਬਾਅਦ ਇਹ ਹੋਰ ਵਧੇਰੇ ਤੇਜ਼ੀ ਅਤੇ ਦ੍ਰਿੜ੍ਹਤਾ ਪੂਰਵਕ ਵੱਧਦਾ ਗਿਆ।
ਸਿੱਖਾਂ ਦਾ ਬਹੁਤਾ ਸਮਾਂ ਜੱਦੋ-ਜਹਿਦ ਅਤੇ ਸੰਘਰਸ਼ ਵਿੱਚੋਂ ਲੰਘਿਆ ਹੈ। ਕਿਤੇ ਉਨ੍ਹਾਂ ਨੂੰ ਆਰਿਆਂ ਨਾਲ ਚੀਰਿਆ ਗਿਆ, ਕਿਤੇ ਚਰਖੜੀਆਂ ‘ਤੇ ਚਾੜ੍ਹਿਆ ਗਿਆ, ਕਿਤੇ ਉਹਨਾਂ ਦੇ ਬੰਦ-ਬੰਦ ਕੱਟੇ ਗਏ, ਪਰ ਇਹ ਹਮੇਸ਼ਾ ਕੌੜੀ ਵੇਲ ਵਾਂਗ ਵਧਦੇ ਗਏ। ਇਥੋਂ ਤੱਕ ਕਿ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਰਾਹੀਂ ਸਥਾਪਤ ਹੋਈ ਸਿੱਖਾਂ ਦੀ ਸਮੁੱਚੀ ਰਾਜਨੀਤਿਕ ਸ਼ਕਤੀ ਦਾ ਦਮਨ ਹੋ ਗਿਆ ਸੀ, ਉਨ੍ਹਾਂ ਦੇ ਸਿਰਾਂ ਦੇ ਮੁੱਲ ਪੈਣ ਲੱਗੇ, ਸਿੱਖ ਦਿਖਾਈ ਦੇਣਾ ਵੀ ਹਕੂਮਤ ਨੂੰ ਚੁਣੌਤੀ ਦਿਖਾਈ ਦੇਣ ਦੇ ਬਰਾਬਰ ਹੋ ਗਿਆ ਸੀ, ਉਸ ਸਮੇਂ ਉਨ੍ਹਾਂ ਨੂੰ ਪਹਾੜਾਂ ਦੀਆਂ ਕੰਦਰਾਂ, ਸੰਘਣੇ ਜੰਗਲਾਂ ਅਤੇ ਰੇਗਿਸਤਾਨ ਦੇ ਇਲਾਕੇ ਵਿਚ ਜਾਣ ਲਈ ਮਜਬੂਰ ਹੋਣਾ ਪਿਆ ਸੀ। ਉਸ ਸਮੇਂ ਪੰਥ ਦੀ ਗੱਲ ਕਰਨਾ ਸੱਚ ਮੁੱਚ ਹੀ ਇਕ ਜੋਖਮ ਭਰਿਆ ਕਾਰਜ ਸੀ, ਸਿੱਖ ਸ਼ਹਾਦਤਾਂ ਦੇ ਕੇ ਹਕੂਮਤ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾ ਦਿੰਦੇ ਸਨ। ਅਜਿਹੇ ਸਮੇਂ ਸਿੱਖ ਪੰਥ ਦੀ ਰਹਿਨੁਮਾਈ ਕਰਨਾ, ਕੌਮ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਕ ਸੂਤਰ ਵਿਚ ਪਰੋਈ ਰੱਖਣਾ ਅਤੇ ਬਚੀ ਹੋਈ ਵਿਰਾਸਤ ਦੀ ਸੰਭਾਲ ਕਰਨਾ ਇਕ ਅਤਿ ਮੁਸ਼ਕਲ ਭਰਿਆ ਕਾਰਜ ਬਣ ਗਿਆ ਸੀ ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸੁੰਦਰੀ ਜੀ ਨੇ ਸੱਚ ਕਰ ਦਿਖਾਇਆ ਸੀ।
ਸੁਖਦ ਸਮੇਂ ਵਿਚ ਪੰਥ ਦੀ ਗੱਲ ਕਰਨਾ ਬੜਾ ਸੌਖਾ ਹੁੰਦਾ ਹੈ ਪਰ ਬਿਖੜੇ ਸਮੇਂ ਵਿਚ ਜੋ ਪੰਥ ਦੀ ਗੱਲ ਕਰਦੇ ਰਹੇ ਹਨ, ਉਹ ਸਹੀ ਅਰਥਾਂ ਵਿਚ ‘ਨਿਰਭਉ ਜਪੈ ਸਗਲ ਭਉ ਮਿਟੈ’ ਦੇ ਸੰਦੇਸ਼ ਦੇ ਧਾਰਨੀ ਹੁੰਦੇ ਹਨ। ਮਾਤਾ ਸੁੰਦਰੀ ਜੀ ਨੇ ਪੰਥ ਦੀ ਅਗਵਾਈ ਉਸ ਸਮੇਂ ਕੀਤੀ ਜਦੋਂ ਪੰਥ ਅਤਿ ਬਿਖੜੇ ਪੈਂਡੇ ਵਿੱਚੋਂ ਲੰਘ ਰਿਹਾ ਸੀ। ਮਾਤਾ ਜੀ ਦਾ ਜੀਵਨ ਸਿੱਖ ਬੀਬੀਆਂ, ਧਾਰਮਿਕ ਅਤੇ ਰਾਜਨੀਤਿਕ ਆਗੂਆਂ ਲਈ ਪ੍ਰੇਰਣਾ ਸਰੋਤ ਹੈ। ਉਨ੍ਹਾਂ ਦੇ ਜੀਵਨ ਵਿੱਚੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਦੁਨਿਆਵੀ ਸ਼ਕਤੀਆਂ ਦੀ ਅਣਹੋਂਦ ਵਿਚ ਕਿਵੇਂ ਸੀਮਿਤ ਸਾਧਨਾਂ ਰਾਹੀਂ ਪੰਥ ਦੀ ਸੰਭਾਲ ਕਰਨੀ ਹੈ, ਪ੍ਰੇਰਣਾ ਸਰੋਤ ਸਥਾਨਾਂ ਅਤੇ ਗ੍ਰੰਥਾਂ ਨੂੰ ਕਿਵੇਂ ਅਗਲੀ ਪੀੜ੍ਹੀ ਤੱਕ ਬਚਾ ਕੇ ਲਿਜਾਣਾ ਹੈ, ਸਿੱਖਾਂ ਵਿਚ ਸਿੱਖੀ ਲਈ ਜੋਸ਼ ਅਤੇ ਉਤਸ਼ਾਹ ਪੈਦਾ ਕਰ ਕੇ ਉਨ੍ਹਾਂ ਨੂੰ ਉਦਾਸੀ ਦੀ ਭਾਵਨਾ ਤੋਂ ਕਿਵੇਂ ਮੁਕਤ ਕਰਨਾ ਹੈ, ਔਖੇ ਵੇਲੇ ਅਕਾਲ ਪੁਰਖ ਦਾ ਭਾਣਾ ਮੰਨ ਕੇ ਕਿਵੇਂ ਚੜ੍ਹਦੀ ਕਲਾ ਵਿਚ ਰਹਿਣਾ ਹੈ, ਸਿੱਖੀ ਦਾ ਕਾਰਜ ਕਰਦੇ ਸਮੇਂ ਜੇਕਰ ਕੋਈ ਮਨਮਤਿ ਕਰੇ, ਭਾਵੇਂ ਪਾਲਿਤ ਹੀ ਹੋਵੇ, ਤਾਂ ਉਸ ਨਾਲ ਕਿਹੋ ਜਿਹਾ ਵਰਤਾਉ ਕਰਨਾ ਹੈ ਅਤੇ ਇਹ ਸਮੂਹ ਕਾਰਜ ਉਸ ਸਥਾਨ ਤੋਂ ਕਰਨੇ ਹਨ ਜਿਹੜਾ ਦੁਸ਼ਮਣ ਦੀ ਸ਼ਕਤੀ ਦਾ ਸਭ ਤੋਂ ਵੱਡਾ ਕੇਂਦਰ ਹੈ।
ਮਾਤਾ ਸੁੰਦਰੀ ਜੀ ਪੰਥ ਦੀ ਉਹ ਸਿਰਮੌਰ ਹਸਤੀ ਹਨ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਪੰਥ ਦੀ ਅਗਵਾਈ ਕੀਤੀ ਸੀ । ਉਨ੍ਹਾਂ ਬਾਰੇ ਹੁਣ ਤੱਕ ਬਹੁਤ ਹੀ ਘੱਟ ਲਿਖਿਆ ਗਿਆ ਹੈ ਅਤੇ ਬਹੁਤ ਘੱਟ ਲੋਕ ਉਨ੍ਹਾਂ ਦੀ ਸਿੱਖੀ ਸੇਵਾ ਤੋਂ ਜਾਣੂ ਹਨ। ਉਨ੍ਹਾਂ ਬਾਰੇ ਕੇਵਲ ਉਦੋਂ ਹੀ ਇਕ- ਅੱਧ ਟੂਕ ਲਿਖੀ ਮਿਲਦੀ ਹੈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਉਹਨਾਂ ਦੇ ਵਿਆਹ ਦਾ ਜ਼ਿਕਰ ਹੁੰਦਾ ਹੈ; ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਹੁੰਦਾ ਹੈ; ਜਦੋਂ ਭਾਈ ਮਨੀ ਸਿੰਘ ਜੀ ਨੂੰ ਪੰਥ ਵਿਚ ਪਏ ਝਗੜੇ ਨੂੰ ਨਿਪਟਾਉਣ ਲਈ ਦਿੱਲੀ ਤੋਂ ਅੰਮ੍ਰਿਤਸਰ ਵਿਖੇ ਭੇਜਿਆ ਜਾਂਦਾ ਹੈ; ਜਦੋਂ ਪਾਲਿਤ ਅਜੀਤ ਸਿੰਘ ਦੇ ਹਕੂਮਤ ਨਾਲ ਪਏ ਝਗੜੇ ਸਮੇਂ ਉਨ੍ਹਾਂ ਨੂੰ ਦਿੱਲੀ ਛੱਡ ਕੇ ਮਥੁਰਾ ਜਾਣਾ ਪੈਂਦਾ ਹੈ। ਉਨ੍ਹਾਂ ਦੀ ਸ਼ਖ਼ਸੀਅਤ ਨੂੰ ਨਿਖਾਰ ਕੇ ਪੇਸ਼ ਕਰਨ ਦਾ ਕਾਰਜ ਵੀਹਵੀਂ ਸਦੀ ਵਿਚ ਡਾ. ਮਹਿੰਦਰ ਕੌਰ ਗਿੱਲ ਨੇ ਅਰੰਭ ਕੀਤਾ ਸੀ। ਇਹ ਕਾਰਜ ਨਿਸਚਿਤ ਤੌਰ ‘ਤੇ ਸ਼ਲਾਘਾਯੋਗ ਕਾਰਜ ਹੈ ਅਤੇ ਮਾਤਾ ਜੀ ਸੰਬੰਧੀ ਕੀਤਾ ਜਾਣ ਵਾਲਾ ਕੋਈ ਵੀ ਖੋਜ ਕਾਰਜ ਇਸ ਨੂੰ ਪੜ੍ਹੇ ਬਗ਼ੈਰ ਅਧੂਰਾ ਹੈ।
ਦਿੱਲੀ ਭਾਰਤ ਦੀ ਰਾਜਧਾਨੀ ਹੈ ਅਤੇ ਇਥੇ ਸਥਾਪਤ ਹਕੂਮਤ ਨਾਲ ਗੁਰੂ ਸਾਹਿਬਾਨ ਅਤੇ ਸਿੱਖਾਂ ਦੇ ਚੰਗੇ-ਮਾੜੇ ਸੰਬੰਧ ਰਹੇ ਹਨ। ਸਿੱਖਾਂ ਨੇ ਇਸ ਨੂੰ ਕਈ ਵਾਰ ਫ਼ਤਹਿ ਵੀ ਕੀਤਾ ਹੈ ਅਤੇ ਆਪਣੀ ਤਾਕਤ ਦੀ ਧਾਕ ਇਸ ਸ਼ਹਿਰ ‘ਤੇ ਪਾਈ ਰੱਖੀ ਹੈ। ਪੰਜਾਬ ਵਿਚ ਸਿੱਖਾਂ ਸੰਬੰਧੀ ਸਾਰੇ ਵੱਡੇ ਫ਼ੈਸਲੇ ਦਿੱਲੀ ਦਰਬਾਰ ਤੋਂ ਹੁੰਦੇ ਰਹੇ ਹਨ, ਇਸ ਕਰਕੇ ਇਥੋਂ ਦੇ ਇਤਿਹਾਸ ਵਿਚ ਸਿੱਖ ਇਤਿਹਾਸ ਦੇ ਮਹੱਤਵਪੂਰਨ ਪੰਨੇ ਜੁੜੇ ਹੋਏ ਹਨ। ਸਿੱਖ ਇਤਿਹਾਸ ਦੀ ਖੋਜ ਕਾਰਜ ਕਰਨ ਵਾਲੇ ਖੋਜਾਰਥੀ ਇਤਿਹਾਸ ਦੇ ਇਨ੍ਹਾਂ ਪੰਨਿਆਂ ਨੂੰ ਅਣਡਿੱਠ ਕਰ ਕੇ ਸਾਰਥਿਕ ਸਿੱਟੇ ਨਹੀਂ ਕੱਢ ਸਕਦੇ। ਦਿੱਲੀ ਦੇ ਸਿੱਖ ਇਤਿਹਾਸ ਬਾਰੇ ਜਾਣਨ ਦੀ ਇੱਛਾ ਸਮੂਹ ਸਿੱਖ ਖੋਜਾਰਥੀਆਂ ਦੇ ਮਨ ਵਿਚ ਬਣੀ ਰਹਿੰਦੀ ਹੈ। ਸ. ਕਰਮ ਸਿੰਘ ਹਿਸਟੋਰੀਅਨ ਨੂੰ ਇਕ ਵਾਰ ਦਿੱਲੀ ਦੇ ਕਿਸੇ ਵਿਅਕਤੀ ਨੇ ਪੁੱਛਿਆ ਕਿ ਮੈਂ ਦਿੱਲੀ ਬੈਠਾ ਸਿੱਖ ਇਤਿਹਾਸ ਦੀ ਕੀ ਸੇਵਾ ਕਰ ਸਕਦਾ ਹਾਂ ? ਇਸ ਦੇ ਜੁਆਬ ਵਿਚ ਸ. ਕਰਮ ਸਿੰਘ ਹਿਸਟੋਰੀਅਨ ਨੇ ਆਪਣੀ ਪੁਸਤਕ ਇਤਿਹਾਸਕ ਖੋਜ ਵਿਚ ਜੋ ਅਹਿਮ ਨੁਕਤੇ ਉਠਾਏ, ਉਨ੍ਹਾਂ ਦੀ ਰੂਪ-ਰੇਖਾ ਹੇਠ ਲਿਖੇ ਅਨੁਸਾਰ ਹੈ:
- ਇਹ ਪਤਾ ਕਰਨਾ ਕਿ ਸ੍ਰੀ ਅਨੰਦਪੁਰ ਜੀ ਦੇ ਯੁੱਧ ਤੋਂ ਮਗਰੋਂ ਜਦ ਸਤਿਗੁਰ ਜੀ ਦੇ ਮਹਿਲ ਦਿੱਲੀ ਨੂੰ ਆਏ ਤਾਂ ਕੀ ਇਹ ਕੰਮ ਦਿੱਲੀ ਦੀ ਸੰਗਤ ਨੇ ਕੀਤਾ ਸੀ, ਜਾਂ ਕਿ ਭਾਈ ਮਨੀ ਸਿੰਘ ਜੀ ਨੇ। ਮੈਨੂੰ ਦੱਸਿਆ ਗਿਆ ਹੈ ਕਿ ਮਾਤਾ ਸਾਹਿਬਾਨ ਨੂੰ ਭਾਈ ਮਨੀ ਸਿੰਘ ਜੀ ਦਿੱਲੀ ਲੈ ਕੇ ਆਏ ਸਨ ਤੇ ਉਹਨਾਂ ਨਾਲ ਅੱਠ ਦਸ ਟੱਬਰ ਕੰਬੋਅ ਸਿੰਘਾਂ ਦੇ ਸੇਵਾ ਲਈ ਆਏ ਸਨ । ਉਹਨਾਂ ਕੰਬੋਆਂ ਦੇ ਟੱਬਰਾਂ ਵਿੱਚੋਂ ਕੁਝ ਟੱਬਰ ਅਜੇ ਵੀ ਦਿੱਲੀ ਵਿਚ ਵੱਸਦੇ ਹਨ। ਇਸ ਸਾਰੀ ਗੱਲ ਦਾ ਪੂਰਾ ਪੂਰਾ ਨਿਰਨਾ ਕਰਨਾ।
- ਸਰਦਾਰ ਬਘੇਲ ਸਿੰਘ ਜੀ ਨੇ ਜਦ ਸ਼ਹਿਰ ਵਿਚ ਗੁਰਦੁਆਰੇ ਬਣਾਏ, ਉਦੋਂ ਜੋ ਫ਼ੁਰਮਾਨ ਪਾਤਸ਼ਾਹ ਵਲੋਂ ਦਿੱਤੇ ਗਏ ਸਨ, ਉਨ੍ਹਾਂ ਦੀਆਂ ਨਕਲਾਂ ਫ਼ਾਰਸੀ ਵਿਚ, ਗੁਰਦੁਆਰੇ ਕਿਹੜੇ ਸੰਮਤ ਤੇ ਮਹੀਨੇ ਵਿਚ ਬਣਾਏ ਗਏ ਸਨ, ਕਿਸ ਕਿਸ ਤਰ੍ਹਾਂ ਬਣਾਏ ਸਨ ਤੇ ਹੋਰ ਕੀ ਕੁਝ ਦਿੱਲੀ ਵਿਚ ਕੀਤਾ। ਸੀ ? ਜਿਥੋਂ ਤੀਕ ਹੋ ਸਕੇ, ਸਭ ਸਾਖੀਆਂ ਸੁਣ-ਸੁਣਾ ਕੇ ਇਕੱਠੀਆਂ ਕਰਨੀਆਂ ਚਾਹੀਦੀਆਂ ਹਨ।
- ਦਿੱਲੀ ਵਿਚਲੀ ਹਰ ਗੁਰਦੁਆਰੇ ਦੀ ਸਾਖੀ ਕਿ ਕਿਥੇ ਕੀ ਗੱਲ ਹੋਈ ਸੀ ।
- ਮਾਤਾ ਸੁੰਦਰੀ ਜੀ ਮਾਤਾ ਸਾਹਿਬ ਦੇਵਾਂ ਜੀ ਦੇ ਹਾਲ, ਕਿ ਦਿੱਲੀ ਵਿਚ ਕਿਸ-ਕਿਸ ਤਰ੍ਹਾਂ ਰਹੇ, ਕੀ ਕੌਤਕ ਕੀਤੇ, ਕਦੋਂ ਸਮਾਏ ਆਦਿ।
- ਦਿੱਲੀ ਦੇ ਪੁਰਾਣੇ ਸਿੱਖ-ਟੱਬਰਾਂ ਪਾਸੋਂ ਸਿੱਖਾਂ ਸੰਬੰਧੀ ਪੁਰਾਣੇ ਹਾਲਾਂ ਦੀ ਪੁੱਛ-ਗਿੱਛ। ਪੁਰਾਣੀਆਂ ਲਿਖਤਾਂ ਦੀ ਪੜਤਾਲ, ਕਿਸੇ ਪੁਰਾਣੀ ਲਿਖਤ, ਪੁਸਤਕ, ਜਨਮ ਸਾਖੀ, ਜਾਂ ਹੁਕਮਨਾਮੇ ਦੀ ਭਾਲ ਆਦਿ।
ਸ. ਕਰਮ ਸਿੰਘ ਹਿਸਟੋਰੀਅਨ ਨੇ ਇਕ ਗੱਲ ਸਾਫ਼ ਕਰ ਦਿੱਤੀ ਹੈ ਕਿ ਸਿੱਖਾਂ ਬਾਰੇ ਜਿੰਨਾ ਪੰਜਾਬ ਦੇ ਇਤਿਹਾਸ ਵਿਚ ਲਿਖਿਆ ਗਿਆ ਹੈ, ਉਸ ਦੇ ਮੁਕਾਬਲੇ ਦਿੱਲੀ ਵਿਚਲੇ ਸਿੱਖ ਇਤਿਹਾਸ ਦੀਆਂ ਪਰਤਾਂ ਖੋਲ੍ਹਣ ਦਾ ਕਾਰਜ ਬਹੁਤ ਘੱਟ ਹੋਇਆ ਹੈ। ਦਿੱਲੀ ਅਤੇ ਪੰਜਾਬ ਦੇ ਸੰਬੰਧਾਂ ਵਿਚ ਲਗਾਤਾਰ ਉਤਰਾਅ-ਚੜ੍ਹਾਅ ਆਉਂਦੇ ਰਹੇ ਹਨ, ਉਨ੍ਹਾਂ ਦੀ ਲੋਅ ਵਿਚ ਸਿੱਖ ਇਤਿਹਾਸ ਨੂੰ ਸਮਝਣਾ ਸਮੇਂ ਦੀ ਮੰਗ ਹੈ। ਦਿੱਲੀ ਦੇ ਸਿੱਖ ਇਤਿਹਾਸ ਨੂੰ ਸਮਝਣ ਲਈ ਕੋਈ ਠੋਸ ਉਪਰਾਲਾ ਕਰਨ ਦੀ ਲੋੜ ਹੈ।
ਗੁਰੂ ਮਹਿਲਾਂ ਦੇ ਜੀਵਨ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ, ਇੰਨੀ ਥੋੜ੍ਹੀ ਜਾਣਕਾਰੀ ਨਾਲ ਉਨ੍ਹਾਂ ਦਾ ਜੀਵਨ-ਚਿੱਤਰ ਸਿਰਜਨਾ ਔਖਾ ਕਾਰਜ ਹੈ। ਇਕ ਢਾਡੀ ਕਿਸੇ ਵੀ ਛੋਟੀ ਤੋਂ ਛੋਟੀ ਘਟਨਾ ਨੂੰ ਵੱਡੇ ਬਿਰਤਾਂਤ ਵਿਚ ਪੇਸ਼ ਕਰ ਸਕਦਾ ਹੈ, ਇਕ ਕਵੀ ਆਪਣੀ ਕਲਪਨਾ ਨਾਲ ਛੋਟੀ ਘਟਨਾ ਨੂੰ ਬਹੁਤ ਵੱਡਾ ਕਰ ਕੇ ਦੱਸ ਸਕਦਾ ਹੈ ਪਰ ਜੇਕਰ ਘਟਨਾਵਾਂ ਇਤਿਹਾਸਿਕ ਨਜ਼ਰੀਏ ਤੋਂ ਵੇਖ ਕੇ ਵਾਰਤਕ ਵਿਚ ਪਰੋਣੀਆਂ ਹੋਣ ਤਾਂ ਨਿਸਚੇ ਹੀ ਬਹੁਤ ਔਖਾ ਕਾਰਜ ਹੁੰਦਾ ਹੈ । ਗੁਰੂ ਮਹਿਲਾਂ ਦਾ ਜੀਵਨ ਇਤਿਹਾਸਕਾਰਾਂ ਦੀ ਨਜ਼ਰ ਤੋਂ ਓਹਲੇ ਹੀ ਰਿਹਾ ਹੈ ਅਤੇ ਜਿਥੇ ਕਿਧਰੇ ਜ਼ਿਕਰ ਆਇਆ ਵੀ ਹੈ, ਉਹ ਗੁਰੂ ਸਾਹਿਬਾਨ ਦੇ ਜੀਵਨ ਪ੍ਰਸੰਗ ਦਾ ਹਿੱਸਾ ਹੈ। ਇਸੇ ਕਰਕੇ ਮਾਤਾ ਸੁੰਦਰੀ ਜੀ ਦੀ ਸ਼ਖ਼ਸੀਅਤ ਨੂੰ ਉਜਾਗਰ ਕਰਦੇ ਵੱਖ-ਵੱਖ ਪਹਿਲੂਆਂ ‘ਤੇ ਨਜ਼ਰ ਮਾਰਨ ਦਾ ਯਤਨ ਕੀਤਾ ਤਾਂ ਉਹਨਾਂ ਦੇ ਸਮਕਾਲੀ ਜੀਵਨ ਦੀਆਂ ਘਟਨਾਵਾਂ ਬਾਰੇ ਬਹੁਤੀ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ। ਮਾਤਾ ਸੁੰਦਰੀ ਜੀ ਦਾ ਬਹੁਤਾ ਸਮਾਂ ਦਿੱਲੀ ਵਿਖੇ ਗੁਜ਼ਰਿਆ ਹੈ ਅਤੇ ਉਨ੍ਹਾਂ ਬਾਰੇ ਬਹੁਤ ਸਾਰੀ ਜਾਣਕਾਰੀ ਹਾਲੇ ਵੀ ਅੱਖਾਂ ਓਹਲੇ ਹੈ ਜਿਸ ਕਰਕੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਨਿਖਾਰ ਕੇ ਪੇਸ਼ ਨਹੀਂ ਕੀਤਾ ਜਾ ਸਕਿਆ, ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਸ ਖੋਜ ਕਾਰਜ ਰਾਹੀਂ ਮਾਤਾ ਜੀ ਦੇ ਜੀਵਨ ਸੰਬੰਧੀ ਮਿਲਦੀ ਜਾਣਕਾਰੀ ਨੂੰ ਸਮੁੱਚੇ ਰੂਪ ਵਿਚ ਪਾਠਕਾਂ ਦੇ ਸਨਮੁੱਖ ਪੇਸ਼ ਕਰਨਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਜੀ ਬਡੂੰਗਰ ਦੀ ਪ੍ਰੇਰਨਾ ਨਾਲ ਇਹ ਖੋਜ ਕਾਰਜ ਅਰੰਭ ਕੀਤਾ ਗਿਆ ਸੀ। ਇਸ ਖੋਜ ਕਾਰਜ ਨੂੰ ਸੁਚਾਰੂ ਰੂਪ ਵਿਚ ਸਿਰੇ ਚਾੜ੍ਹਨ ਲਈ ਅਨੰਦਪੁਰ ਸਾਹਿਬ, ਹਰੀਆਂ ਬੇਲਾਂ, ਹੁਸ਼ਿਆਰਪੁਰ, ਦਮਦਮਾ ਸਾਹਿਬ (ਤਲਵੰਡੀ ਸਾਬੋ), ਦਿੱਲੀ, ਪਟਨਾ ਸਾਹਿਬ, ਬਜਵਾੜਾ, ਬੁਰਹਾਨਪੁਰ, ਭਦੌੜ, ਮਥੁਰਾ, ਮਟੌਰ (ਮੌਜੂਦਾ ਮੋਹਾਲੀ ਦਾ ਸੈਕਟਰ 70), ਰੋਪੜ, ਰਿਆਸੀ ਆਦਿਕ ਸਥਾਨਾਂ ‘ਤੇ ਸਰਵੇ ਲਈ ਜਾਣਾ ਪਿਆ ਹੈ। ਇਸ ਪੁਸਤਕ ਦੇ ਆਹਰ ਵਿਚ ਜਿਹੜੀਆਂ ਸ਼ਖ਼ਸੀਅਤਾਂ ਨਾਲ ਮੇਲ ਹੋਇਆ, ਉਨ੍ਹਾਂ ਵਿਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ, ਬਾਬਾ ਨਿਹਾਲ ਸਿੰਘ ਹਰੀਆਂ ਬੇਲਾਂ, ਬਾਬਾ ਜਤਿੰਦਰਪਾਲ ਸਿੰਘ (ਮੁਖੀ, ਡੇਰਾ ਬਾਬਾ ਬੰਦਾ ਸਿੰਘ ਬਹਾਦਰ, ਰਿਆਸੀ), ਹੁਸ਼ਿਆਰਪੁਰ ਨਿਵਾਸੀ ਨੰਗੇ ਪੈਰਾਂ ਵਾਲੇ ਦੋ ਸਵਾਮੀ, ਸ. ਪ੍ਰੀਤਮ ਸਿੰਘ ਮੋਦੀ, ਸ. ਮਾਨ ਸਿੰਘ ਸੋਹਾਣਾ, ਬੀਬੀ ਮਹਿੰਦਰ ਕੌਰ ਗਿੱਲ, ਗੁਰਮਤਿ ਕਾਲਜ ਦਿੱਲੀ ਦੇ ਇੰਚਾਰਜ ਸ. ਹਰਿੰਦਰਪਾਲ ਸਿੰਘ, ਗੁਰਮਤਿ ਪ੍ਰਕਾਸ਼ ਦੇ ਸੰਪਾਦਕ ਸ. ਸਿਮਰਜੀਤ ਸਿੰਘ, ਸ. ਬਰਜਿੰਦਰ ਸਿੰਘ ਬਿੰਦਾਵਨ, ਸ. ਚਰਨਜੀਤ ਸਿੰਘ, ਆਦਿਕ ਦੇ ਨਾਂ ਵਰਣਨਯੋਗ ਹਨ। ਇਨ੍ਹਾਂ ਸੱਜਣਾਂ ਦੁਆਰਾ ਪ੍ਰਦਾਨ ਕੀਤੇ ਸਹਿਯੋਗ ਲਈ ਇਨ੍ਹਾਂ ਦਾ ਧੰਨਵਾਦ ਹੈ।
ਮਾਤਾ ਸੁੰਦਰੀ ਜੀ ਦੀਆਂ ਜਿਹੜੀਆਂ ਜੀਵਨ ਘਟਨਾਵਾਂ ਨੇ ਇਤਿਹਾਸ ਦੇ ਪੰਨਿਆਂ ਨੂੰ ਅਹਿਮ ਮੋੜ ਦਿੱਤਾ ਹੈ, ਉਨ੍ਹਾਂ ਨੂੰ ਮੁਖ ਰੱਖ ਕੇ ਇਸ ਪੁਸਤਕ ਦੀ ਅਧਿਆਇ ਵੰਡ ਕੀਤੀ ਗਈ ਹੈ। ਯਤਨ ਇਹ ਕੀਤਾ ਗਿਆ ਹੈ ਕਿ ਇਤਿਹਾਸ ਦੇ ਪੰਨਿਆਂ ਨੂੰ ਪ੍ਰਭਾਵਿਤ ਕਰਦੇ ਮਾਤਾ ਜੀ ਦੇ ਸਮੂਹ ਕਾਰਜਾਂ ਨੂੰ ਉਜਾਗਰ ਕੀਤਾ ਜਾਵੇ।
ਇਸ ਖੋਜ ਕਾਰਜ ਨੂੰ ਨੇਪਰੇ ਚਾੜ੍ਹਨ ਵਿਚ ਸਭ ਤੋਂ ਵਧੇਰੇ ਸਹਿਯੋਗ ਗੁਰਦੁਆਰਾ ਹਰੀਆਂ ਬੇਲਾਂ ਤੋਂ ਮਿਲਿਆ ਹੈ। ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਬੇਲਾਂ ਵਾਲੇ ਇਹ ਚਾਹੁੰਦੇ ਸਨ ਕਿ ਮਾਤਾ ਸੁੰਦਰੀ ਜੀ ਦੀ ਸ਼ਖ਼ਸੀਅਤ ਨੂੰ ਸਾਹਮਣੇ ਲਿਆਉਣ ਲਈ ਕੋਈ ਨਵਾਂ ਕਾਰਜ ਸਾਹਮਣੇ ਆਉਣਾ ਚਾਹੀਦਾ ਹੈ । ਜਦੋਂ ਇਸ ਖੋਜ ਕਾਰਜ ਲਈ ਉਨ੍ਹਾਂ ਨਾਲ ਮੇਲ ਹੋਇਆ ਤਾਂ ਉਸ ਸਮੇਂ ਉਹ ਬਜਵਾੜੇ ਮਾਤਾ ਸੁੰਦਰੀ ਜੀ ਦੇ ਜਨਮ ਅਸਥਾਨ ਦੀ ਸੇਵਾ ਕਰਵਾ ਰਹੇ ਸਨ। ਉਨ੍ਹਾਂ ਨੇ ਇਸ ਕਾਰਜ ਨੂੰ ਸੰਪੂਰਨ ਕਰਨ ਵਿਚ ਹਰ ਤਰ੍ਹਾਂ ਦਾ ਸਹਿਯੋਗ ਪ੍ਰਦਾਨ ਕਰਨ ਲਈ ਕਿਹਾ। ਇਸ ਅਸਥਾਨ ਸੰਬੰਧੀ ਜਦੋਂ ਵੀ ਉਨ੍ਹਾਂ ਤੋਂ ਕੋਈ ਜਾਣਕਾਰੀ ਚਾਹੀਦੀ ਸੀ, ਉਨ੍ਹਾਂ ਨੇ ਤੁਰੰਤ ਮੁਹੱਈਆ ਕਰਵਾਈ ਅਤੇ ਨਾਲ ਹੀ ਉਹ ਇਸ ਕਾਰਜ ਨੂੰ ਛੇਤੀ ਨੇਪਰੇ ਚਾੜ੍ਹਨ ਦੀ ਪ੍ਰੇਰਨਾ ਕਰਦੇ ਰਹੇ। ਉਹ ਲਗਾਤਾਰ ਇਸ ਖੋਜ ਕਾਰਜ ਦੇ ਸੰਪਰਕ ਵਿਚ ਰਹੇ ਅਤੇ ਸਮੇਂ- ਸਮੇਂ ‘ਤੇ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨ ਵਿਚ ਸਹਿਯੋਗ ਕਰਦੇ ਰਹੇ ਹਨ।
ਸਿੱਖ ਪੰਥ ਦੀ ਅਗਵਾਈ ਕਰਨ ਵਾਲੇ ਅਤਿ ਸਨਮਾਨਯੋਗ ਪੰਜ ਤਖ਼ਤਾਂ ਦੇ ਸਿੰਘ ਸਾਹਿਬਾਨ ਗਿਆਨੀ ਗੁਰਬਚਨ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ; ਗਿਆਨੀ ਇਕਬਾਲ ਸਿੰਘ ਜੀ, ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ; ਗਿਆਨੀ ਤਰਲੋਚਨ ਸਿੰਘ ਜੀ, ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ; ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ; ਅਤੇ ਗਿਆਨੀ ਕੁਲਵੰਤ ਸਿੰਘ ਜੀ, ਜਥੇਦਾਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ, ਨਾਂਦੇੜ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸੰਦੇਸ਼ ਲਿਖ ਕੇ ਇਸ ਪੁਸਤਕ ਪ੍ਰਤੀ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਹੈ।
ਮੈਂ ਉਨ੍ਹਾਂ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਖੋਜ ਕਾਰਜ ਨੂੰ ਸਮੇਂ ਸਿਰ ਪੂਰਾ ਕਰਨ ਵਿਚ ਮੇਰੀ ਮਦਦ ਕੀਤੀ ਹੈ। ਮੇਰੀ ਸੁਪਤਨੀ ਡਾ. ਨਰਿੰਦਰ ਕੌਰ ਮੈਨੂੰ ਗ੍ਰਿਹਸਤੀ ਦੇ ਕਾਰਜਾਂ ਤੋਂ ਹੀ ਵਿਹਲਾ ਨਹੀਂ ਕਰਦੇ ਰਹੇ, ਬਲਕਿ ਸਰਵੇ ਦੌਰਾਨ ਸਮੇਂ-ਸਮੇਂ ‘ਤੇ ਕੀਤੀ ਯਾਤਰਾ ਦੌਰਾਨ ਉਹ ਮੇਰਾ ਸਾਥ ਵੀ ਦਿੰਦੇ ਰਹੇ ਹਨ, ਉਨ੍ਹਾਂ ਦਾ ਧੰਨਵਾਦ ਹੈ।
ਸ. ਗੁਰਸਾਗਰ ਸਿੰਘ ‘ਸਿੰਘ ਬ੍ਰਦਰਜ਼’ ਅੰਮ੍ਰਿਤਸਰ ਨੇ ਇਸ ਪੁਸਤਕ ਨੂੰ ਸੁੰਦਰ ਅਤੇ ਭਾਵ-ਪੂਰਤ ਤਰੀਕੇ ਨਾਲ ਛਾਪ ਕੇ ਪਾਠਕਾਂ ਤਕ ਪਹੁੰਚਾਉਣ ਦਾ ਉੱਦਮ ਤੇ ਉਪਰਾਲਾ ਕੀਤਾ ਹੈ, ਉਨ੍ਹਾਂ ਦਾ ਧੰਨਵਾਦ ਹੈ।
ਇਹ ਖੋਜ ਕਾਰਜ ਇਤਿਹਾਸ ਦੇ ਪੰਨਿਆਂ ਨਾਲ ਸੰਬੰਧਿਤ ਹੈ। ਹਰ ਆਮ-ਖ਼ਾਸ ਪਾਠਕ ਇਸ ਤੋਂ ਜਾਣਕਾਰੀ ਹਾਸਲ ਕਰ ਸਕੇ, ਇਸ ਲਈ ਇਸ ਨੂੰ ਸਰਲ ਭਾਸ਼ਾ ਵਿਚ ਪੇਸ਼ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਅਖ਼ੀਰ ਇਹ ਆਸ ਕਰਦਾ ਹਾਂ ਕਿ ਪਾਠਕ ਇਸ ਵਿਚ ਰਹਿ ਗਈਆਂ ਊਣਤਾਈਆਂ ਤੋਂ ਜਾਣੂ ਕਰਵਾ ਕੇ ਇਸ ਨੂੰ ਹੋਰ ਵਧੇਰੇ ਜਾਣਕਾਰੀ ਭਰਪੂਰ ਬਣਾਉਣ ਵਿਚ ਮਦਦ ਕਰਨਗੇ।
ਪਰਮਵੀਰ ਸਿੰਘ (ਡਾ.)
ਸਿੱਖ ਵਿਸ਼ਵਕੋਸ਼ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮਾਤਾ ਸੁੰਦਰੀ ਦਾ ਜਨਮ ਅਸਥਾਨ – ਬਜਵਾੜਾ
ਪੰਜਾਬ ਉੱਤਰੀ ਭਾਰਤ ਦਾ ਇਕ ਖ਼ੁਸ਼ਹਾਲ ਪ੍ਰਦੇਸ ਹੈ। ਇਥੋਂ ਲੰਘਦੇ ਦਰਿਆਵਾਂ ਨੇ ਇਸ ਨੂੰ ਖ਼ੁਸ਼ਹਾਲ ਅਤੇ ਹਰਿਆ-ਭਰਿਆ ਬਣਾਇਆ ਹੈ। ਜਦੋਂ ਕੋਈ ਵਿਦੇਸ਼ੀ ਇਸ ਧਰਤੀ ‘ਤੇ ਆਉਂਦਾ ਹੈ ਤਾਂ ਇਥੋਂ ਦੀ ਹਰਿਆਵਲ ਦੇਖ ਕੇ ਹੈਰਾਨ ਹੋ ਜਾਂਦਾ ਹੈ। ਭਾਵੇਂ ਕਿ ਦੇਸ ਲਈ ਅੰਨ ਪੂਰਤੀ ਦੀ ਜ਼ੁੰਮੇਵਾਰੀ ਨਿਭਾ ਰਹੇ ਇਸ ਪ੍ਰਦੇਸ ਵਿਚ ਪੁਰਾਤਨ ਸਮਿਆਂ ਵਾਂਗ ਨਦੀਆਂ, ਨਾਲੇ, ਝੀਲਾਂ, ਸੰਘਣੇ ਜੰਗਲਾਂ ਦੀ ਗਿਣਤੀ ਦਿਨੋ-ਦਿਨ ਘੱਟ ਰਹੀ ਹੈ ਅਤੇ ਕੁਦਰਤੀ ਜੀਵ, ਇਨ੍ਹਾਂ ਦੀ ਅਣਹੋਂਦ ਕਾਰਨ ਖ਼ਤਰਾ ਮਹਿਸੂਸ ਕਰ ਰਹੇ ਹਨ ਪਰ ਫਿਰ ਵੀ ਹਰ ਪਾਸੇ ਦਿਖਾਈ ਦਿੰਦੀ ਹਰਿਆਵਲ ਲੋਕਾਂ ਦੇ ਮਨ ਨੂੰ ਮੋਹ ਲੈਂਦੀ ਹੈ। ਪੰਜਾਬ ਦੇ ਲੋਕਾਂ ਦਾ ਜੀਵਨ ਪ੍ਰਫੁੱਲਿਤ ਕਰਨ ਵਾਲੇ ਪੌਣ-ਪਾਣੀ ਦੇ ਨਾਲ-ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਪ੍ਰਗਟ ਕੀਤੀ ਅਧਿਆਤਮਿਕਤਾ ਦੀ ਚਿਣਗ ਨੇ ਪੰਜਾਬ ਦੇ ਲੋਕਾਂ ਦੀ ਜੀਵਨ-ਜਾਚ ਵਿਚ ਜਿਹੜਾ ਪਰਿਵਰਤਨ ਲਿਆਂਦਾ, ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰਦੇ ਹੋਏ ਪੰਡਤ ਦੇਬੀ ਪ੍ਰਸਾਦ ਕਹਿੰਦਾ ਹੈ, “ਇਹ ਮੁਲਕ ਬਹੁਤ ਹਰਾ ਭਰਾ, ਖ਼ੁਸ਼ਹਾਲ ਤੇ ਸੁੰਦਰ ਹੈ। ਇਸ ਦਾ ਜਲ-ਵਾਯੂ ਸਦੀਵੀ ਜੀਵਨ ਬਖ਼ਸ਼ਦਾ ਹੈ ਅਤੇ ਇਸ ਦੇ ਪ੍ਰਭਾਵ ਹੇਠ ਬੁੱਢੇ ਵੀ ਬੱਚਿਆਂ ਵਾਂਗ ਵਧਦੇ ਫੁੱਲਦੇ ਹਨ। ਇਸ ਦੀ ਹਵਾ ਵਿੱਚੋਂ ਜੀਵਨ ਦਾ ਅੰਮ੍ਰਿਤ ਟਪਕਦਾ ਹੈ ਅਤੇ ਇਸ ਦੀ ਇਕ ਮੁੱਠ ਮਿੱਟੀ ਵਿੱਚੋਂ ਸੈਂਕੜੇ ਨਵੀਆਂ ਜਾਨਾਂ ਜੰਮਦੀਆਂ ਹਨ। ਇਸ ਦੀ ਗਰਮੀ, ਸੁੰਦਰ ਪਹਾੜੀ ਫੁੱਲ ਪੈਦਾ ਕਰਦੀ ਹੈ ਅਤੇ ਇਸ ਦੀ ਸਰਦੀ, ਬਹਾਰ ਦੀ ਸੋਹਣੀ ਹਵਾ ਦੇਂਦੀ ਹੈ; ਭਾਵੇਂ ਸਵੇਰ ਹੋਵੇ ਜਾਂ ਸ਼ਾਮ, ਸਵੇਰਸਾਰ ਦੀ ਹਵਾ ਹੋਵੇ ਜਾਂ ਤ੍ਰੇਲ-ਲੱਦੀ ਬਨਸਪਤੀ, ਸਭ ਦੇ ਸਭ ਅਨੰਦ ਭਰਪੂਰ ਹਨ। ਇਹੋ ਕਾਰਨ ਹੈ ਕਿ ਇਥੋਂ ਦੇ ਵਸਨੀਕ ਅਕਸਰ ਤਕੜੇ ਜੁੱਸੇ ਵਾਲੇ, ਸੁਡੌਲ ਤੇ ਬਲਵਾਨ ਹੁੰਦੇ ਹਨ ਅਤੇ ਪੁਰਾਣੇ ਜ਼ਮਾਨੇ ਤੋਂ ਹੁਣ ਤੱਕ ਸਭ ਉਨ੍ਹਾਂ ਦੀ ਸਿਫ਼ਤ ਕਰਦੇ ਹਨ।ਇਸ ਮੁਲਕ ਦੀਆਂ ਘਟਨਾਵਾਂ ਬਹੁਤ ਅਨੋਖੀਆਂ ਤੇ ਮਨਮੋਹਕ ਹਨ ਕਿਉਂਕਿ ਨਾਨਕਸ਼ਾਹ ਦੇ ਜਨਮ ਤੋਂ ਹੀ ਇਥੇ ਦੇ ਲੋਕਾਂ ਦੀਆਂ ਆਦਤਾਂ ਤੇ ਤੌਰ-ਤਰੀਕਿਆਂ ਵਿਚ ਪਰਿਵਰਤਨ ਹੋਣ ਲੱਗ ਪਿਆ ਸੀ। ਪੰਜਾਬ ਵਿੱਚੋਂ ਲੰਘਦੇ ਪੰਜ ਦਰਿਆ ਇਥੋਂ ਦੀ ਧਰਤੀ ਦਾ ਅੰਮ੍ਰਿਤ ਮੰਨੇ ਜਾਂਦੇ ਹਨ, ਇਨ੍ਹਾਂ ਦੇ ਕਾਰਨ ਹੀ ਇਸ ਧਰਤੀ ਦਾ ਨਾਂ ਪੰਜ- ਆਬ ਭਾਵ ਪੰਜਾਬ ਪ੍ਰਸਿੱਧ ਹੋਇਆ ਹੈ। ਪੰਜਾਬ ਦੇ ਇਕ ਪਾਸੇ ਜੰਮੂ ਤੋਂ ਹਰਿਦੁਆਰ ਤੱਕ ਜੋ ਪਹਾੜ ਦਿਖਾਈ ਦਿੰਦੇ ਹਨ, ਉਨ੍ਹਾਂ ਨੂੰ ਸ਼ਿਵਾਲਿਕ ਕਿਹਾ ਜਾਂਦਾ ਹੈ। ਇਸ ਪਹਾੜ ਦੇ ਪੈਰਾਂ ਵਿਚ ਪੰਜਾਬ ਵੱਸਿਆ ਹੋਇਆ ਹੈ। ਇਸ ਪਹਾੜ ਤੋਂ ਨਿਕਲਦੇ ਚਸ਼ਮੇ, ਨਦੀਆਂ ਦੇ ਰੂਪ ਵਿਚ ਪੰਜਾਬ ਵਿੱਚੋਂ ਹੋ ਕੇ ਲੰਘਦੇ ਹਨ। ਇਨ੍ਹਾਂ ਦਰਿਆਵਾਂ ਕਾਰਨ ਹੀ ਪੰਜਾਬ ਦਾ ਇਲਾਕਾ ਉਪਜਾਊ ਅਤੇ ਹਰਿਆ ਭਰਿਆ ਦਿਖਾਈ ਦਿੰਦਾ ਹੈ।
ਪੰਜਾਬ ਉਹ ਭੂਮੀ ਹੈ ਜਿਥੇ ਸੱਭਿਅਤਾਵਾਂ ਜਨਮ ਲੈਂਦੀਆਂ ਰਹੀਆਂ ਹਨ। ਉਨ੍ਹਾਂ ਦੇ ਉਜੜਨ ਦੀ ਕਹਾਣੀ ਵੀ ਇਸ ਨਾਲ ਜੁੜੀ ਹੋਈ ਹੈ। ਖ਼ੁਸ਼ਹਾਲ ਪ੍ਰਦੇਸ ਹੋਣ ਕਰਕੇ ਇਹ ਇਲਾਕਾ ਸਦੀਆਂ ਤੋਂ ਦੁਸ਼ਮਣ ਦੀਆਂ ਅੱਖਾਂ ਵਿਚ ਰੜਕਦਾ ਰਿਹਾ ਹੈ। ਇਥੇ ਜਨਮੀਆਂ ਹੜੱਪਾ ਅਤੇ ਮੋਹਿੰਜੋਦੜੋ ਦੀਆਂ ਸੱਭਿਅਤਾਵਾਂ ਕਿਸੇ ਜਾਣ-ਪਛਾਣ ਦੀਆਂ ਮੁਥਾਜ ਨਹੀਂ ਹਨ। ਜਿੰਨੀ ਵਧੇਰੇ ਉਥਲ-ਪੁਥਲ ਇਸ ਇਲਾਕੇ ਵਿਚ ਰਹੀ ਹੈ, ਰਿਸ਼ੀ ਮੁਨੀ ਵੀ ਓਨੀ ਵੱਡੀ ਗਿਣਤੀ ਵਿਚ ਇਥੇ ਜਨਮ ਲੈਂਦੇ ਰਹੇ ਹਨ। ਜੇਕਰ ਵੇਦ ਅਤੇ ਰਾਮਾਇਣ ਜਿਹੇ ਪਵਿੱਤਰ ਗ੍ਰੰਥ ਇਥੇ ਰਚੇ ਗਏ ਹਨ ਤਾਂ ਮਹਾਂਭਾਰਤ ਦਾ ਸਥਾਨ ਵੀ ਇਹੀ ਧਰਤੀ ਰਹੀ ਹੈ। ਇਸ ਧਰਤੀ ਦਾ ਪੌਣ-ਪਾਣੀ ਜੇਕਰ ਜੀਵਨ ਦਾਨ ਦਿੰਦਾ ਹੈ ਤਾਂ ਇਥੇ ਪੈਦਾ ਹੁੰਦੇ ਸੰਘਰਸ਼ ਹਰ ਚੁਣੌਤੀ ਦਾ ਮੁਕਾਬਲਾ ਕਰਨ ਦੀ ਸਮਰੱਥਾ ਵੀ ਪ੍ਰਦਾਨ ਕਰਦੇ ਹਨ।
ਪੁਰਾਤਨ ਸਮੇਂ ਵਿਚ ਪੰਜਾਬ ਬਹੁਤ ਫੈਲਿਆ ਹੋਇਆ ਪ੍ਰਦੇਸ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਸ ਦੀਆਂ ਹੱਦਾਂ ਅਫ਼ਗ਼ਾਨਿਸਤਾਨ ਨਾਲ ਜਾ ਲੱਗਦੀਆਂ ਸਨ । 1947 ਵਿਚ ਰੈਡਕਲਿਫ਼ ਫ਼ੈਸਲੇ ਅਨੁਸਾਰ ਪੰਜਾਬ ਦੀ ਜੋ ਹੱਦਬੰਦੀ ਕੀਤੀ ਗਈ, ਉਸ ਵਿਚ ਜਿਹੜੇ ਜ਼ਿਲ੍ਹੇ ਰਹਿ ਗਏ ਉਹ ਸਨ: “ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਹੁਸ਼ਿਆਰਪੁਰ, ਫ਼ਿਰੋਜ਼ਪੁਰ, ਰੋਹਤਕ, ਹਿਸਾਰ, ਅੰਬਾਲਾ, ਸ਼ਿਮਲਾ, ਕਾਂਗੜਾ, ਕਰਨਾਲ ਗੁੜਗਾਉਂ ।… 1956 ਤੱਕ ਪੰਜਾਬ ਵਿਚ ਕੇਵਲ ਉਹ ਹੀ ਤੇਰ੍ਹਾਂ ਜ਼ਿਲ੍ਹੇ ਸਨ, ਜਿਹੜੇ ਵੰਡ ਵੇਲੇ ਉਸ ਨੂੰ ਮਿਲੇ ਸਨ। 1956 ਵਿਚ ਪਟਿਆਲਾ ਅਤੇ ਈਸਟ ਪੰਜਾਬ ਸਟੇਟਸ ਯੂਨੀਅਨ (ਪੈਪਸੂ) ਨੂੰ ਇਸ ਨਾਲ ਮਿਲਾ ਦਿੱਤਾ ਗਿਆ ਅਤੇ ਇਸ ਤਰ੍ਹਾਂ ਗੁੜਗਾਉਂ ਤੋਂ ਲੈ ਕੇ ਵਾਘੇ ਤੱਕ ਅਤੇ ਸ਼ਿਵਾਲਕ ਤੋਂ ਲੈ ਕੇ ਰਾਜਸਥਾਨ ਤੱਕ ਸਾਰਾ ਇਲਾਕਾ ਇਸ ਵਿਚ ਸ਼ਾਮਿਲ ਹੋ ਗਿਆ।” ਪੈਪਸੂ ਵਿਚ ਤਿੰਨ ਡਵੀਜ਼ਨਾਂ ਅਤੇ 19 ਜ਼ਿਲ੍ਹੇ ਸਨ । 1966 ਵਿਚ ਪੰਜਾਬ ਦਾ ਭਾਸ਼ਾ ਦੇ ਆਧਾਰ ‘ਤੇ ਪੁਨਰਗਠਨ ਹੋਇਆ, ਹਿਮਾਚਲ ਅਤੇ ਹਰਿਆਣਾ ਇਸ ਵਿੱਚੋਂ ਵੱਖ ਹੋ ਗਏ। ਨਵੇਂ ਬਣੇ ਜ਼ਿਲ੍ਹਿਆਂ ਸਮੇਤ ਮੌਜੂਦਾ ਪੰਜਾਬ ਵਿਚ ਹੁਣ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫ਼ਿਰੋਜ਼ਪੁਰ, ਫ਼ਰੀਦਕੋਟ, ਫ਼ਤਹਿਗੜ੍ਹ ਸਾਹਿਬ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮਾਨਸਾ, ਮੋਗਾ, ਮੋਹਾਲੀ, ਮੁਕਤਸਰ, ਨਵਾਂ ਸ਼ਹਿਰ, ਪਟਿਆਲਾ, ਰੋਪੜ (ਰੂਪਨਗਰ), ਸੰਗਰੂਰ, ਤਰਨਤਾਰਨ ਜ਼ਿਲ੍ਹੇ ਸ਼ਾਮਿਲ ਹਨ। ਪੰਜਾਬ ਦੀਆਂ ਹੱਦਾਂ ਭਾਵੇਂ ਜਿੰਨੀ ਵਾਰੀ ਵੀ ਬਦਲੀਆਂ ਹਨ, ਹੁਸ਼ਿਆਰਪੁਰ ਪੰਜਾਬ ਦਾ ਹਿੱਸਾ ਰਿਹਾ ਹੈ।
ਬਜਵਾੜਾ ਹੁਸ਼ਿਆਰਪੁਰ ਤੋਂ ਪੁਰਾਤਨ ਨਗਰ : ਬਜਵਾੜਾ ਹੁਸ਼ਿਆਰਪੁਰ ਤੋਂ ਪੁਰਾਣਾ ਨਗਰ ਹੈ। ਹੁਸ਼ਿਆਰਪੁਰ ਦੀ ਹੋਂਦ ਲਈ ਦੋ ਕਥਨ ਵੇਖਣ ਨੂੰ ਮਿਲਦੇ ਹਨ। ਇਕ ਕਥਨ ਵਿਚ ਇਹ ਮੰਨਿਆ ਗਿਆ ਹੈ ਕਿ ਹੁਸ਼ਿਆਰਪੁਰ ਨਗਰ ਮੁਹੰਮਦ ਬਿਨ ਤੁਗ਼ਲਕ ਦੇ ਦੋ ਦੀਵਾਨਾਂ ਹਰਗੋਬਿੰਦ ਅਤੇ ਰਾਮ ਚੰਦ ਨੇ ਵਸਾਇਆ ਸੀ। ਦੂਜੇ ਕਥਨ ਅਨੁਸਾਰ ਇਸ ਨਗਰ ਦੀ ਨੀਂਹ ਬਜਵਾੜੇ ਦੇ ਹੀ ਇਕ ਵਸਨੀਕ ਹੋਸ਼ਿਆਰ ਖ਼ਾਨ ਨੇ ਰੱਖੀ ਸੀ। ਗਿਆਨੀ ਗਿਆਨ ਸਿੰਘ ਦੂਜੇ ਕਥਨ ਦੀ ਪ੍ਰੋੜ੍ਹਤਾ ਕਰਦੇ ਹੋਏ ਕਹਿੰਦੇ ਹਨ: “ਹੁਸ਼ਆਰ ਪੁਰ ਸੰਮਤ 1633 ਬਿ: ਨੂੰ ਹੁਸ਼ਯਾਰ ਖਾਂ ਖੋਜੇ ਨੇ ਵਸਾਯਾ ਹੈ। ਏਹ ਅਕਬਰਸ਼ਾਹ ਦੇ ਮਹਿਲਾਂ ਦਾ ਦਰੋਗਾ ਸੀ। ਫੇਰ ਸੰਮਤ 1877 ਬਿ: ਨੂੰ ਗ਼ੁਲਾਮ ਮੁਹੱਯੁਲਦੀਨ ਨੇ ਮਹਾਰਾਜਾ ਰਣਜੀਤ ਸਿੰਘ ਦੀ ਤਰਫ਼ ਕਾਰਦਾਰ ਹੋ ਕੇ ਏਹ ਸ਼ੈਹਰ ਆਪਣੀ ਰਾਜਧਾਨੀ ਬਣਾਯਾ, ਜਿਸ ਕਰਕੇ ਏਥੇ ਬਹੁਤ ਰੌਣਕ ਹੋਈ ਤੇ ਮਾਲਦਾਰ ਹੋ ਗਿਆ।”6 ਬਜਵਾੜਾ ਕਿਸੇ ਸਮੇਂ ਪੰਜਾਬ ਦਾ ਇਕ ਆਬਾਦ ਅਤੇ ਮਹੱਤਵਪੂਰਨ ਨਗਰ ਸੀ। ਇਸ ਦਾ ਨਾਂ ਦਸਮ ਗ੍ਰੰਥ ਵਿਚ ਮੌਜੂਦ ਚਰਿਤਰੋ ਪਖਯਾਨ ਦੇ ਤਿਹੱਤਰਵੇਂ ਚਰਿੱਤਰ ਵਿਚ ਵੀ ਆਉਂਦਾ ਹੈ। ਇਸ ਨਗਰ ਦੀ ਇਕ ਕਥਾ ਇਸ ਗ੍ਰੰਥ ਵਿਚ ਸ਼ਾਮਿਲ ਕੀਤੀ ਗਈ ਹੈ। ਮੀਲਾਂ ਦੇ ਘੇਰੇ ਵਿਚ ਫੈਲੇ ਇਸ ਨਗਰ ਦੀ ਇਤਿਹਾਸ ਵਿਚ ਇਕ ਵਿਸ਼ੇਸ਼ ਥਾਂ ਸੀ। ਉਸ ਸਮੇਂ ਦੇ ਸ਼ਾਸਕਾਂ ਲਈ ਇਸ ਨੂੰ ਫ਼ੌਜੀ ਨੁਕਤਾ-ਨਿਗਾਹ ਤੋਂ ਵਿਸ਼ੇਸ਼ ਰੂਪ ਵਿਚ ਦੇਖਿਆ ਜਾਂਦਾ ਰਿਹਾ ਹੈ। ਬਜਵਾੜਾ ਹੁਸ਼ਿਆਰਪੁਰ ਤੋਂ “ਦੱਖਣ-ਪੱਛਮ ਵੱਲ ਦੋ ਮੀਲਾਂ ਦੀ ਵਿੱਥ ‘ਤੇ ਵਾਕਿਆ ਹੈ । ਕਿਹਾ ਜਾਂਦਾ ਹੈ ਕਿ ਗ਼ਜ਼ਨੀ ਤੋਂ ਆਉਣ ਵਾਲੇ ਤਿੰਨ ਆਵਾਸੀਆਂ ਨੇ ਇਹ ਵਸਾਇਆ ਸੀ। ਉਨ੍ਹਾਂ ਵਿੱਚੋਂ ਬਾਜੂ ਬੌਰਾ ਨਾਮੀ ਇਕ ਪ੍ਰਸਿੱਧ ਗਵੱਈਏ ਨੇ ਆਪਣੇ ਨਾਂ ਉਤੇ ਇਸ ਦਾ ਨਾਂ ਰੱਖਿਆ ਸੀ । ਜਿੰਨੇ ਥਾਂ ਵਿਚ ਇਹ ਹੁਣ ਵੱਸਿਆ ਹੋਇਆ ਹੈ, ਕਿਸੇ ਵਕਤ ਇਸ ਨਾਲੋਂ ਕਿਤੇ ਵੱਧ ਥਾਂ ਇਹ ਫੈਲਿਆ ਹੋਇਆ ਸੀ, ਅਤੇ ਰਵਾਇਤ ਅਨੁਸਾਰ ਇਹ ਸ਼ਹਿਰ ਅਠਾਰਾਂ ਮੀਲਾਂ ਦੇ ਘੇਰੇ ਵਿਚ ਸੀ।” ਬਜਵਾੜੇ ਦੇ ਅਰੰਭ ਬਾਰੇ ਇਕ ਮਹੱਤਵਪੂਰਨ ਕਥਨ ਸਾਨੂੰ ਇਹ ਦੱਸਦਾ ਹੈ ਕਿ ਕਿਸੇ ਸਮੇਂ ਇਹ ਇਲਾਕਾ ਨਾਰੂ ਰਾਜਪੂਤਾਂ ਦੇ ਕਬਜ਼ੇ ਵਿਚ ਸੀ। ਇਨ੍ਹਾਂ ਰਾਜਪੂਤਾਂ ਨੇ ਉਥੇ ਨੇੜੇ ਦੇ ਇਕ ਹੋਰ ਇਲਾਕੇ ਸ਼ਾਮ ਚੁਰਾਸੀ ’ਤੇ ਕਬਜ਼ਾ ਕਰ ਲਿਆ ਸੀ । ਨਾਰੂ ਰਾਜਪੂਤ ਇਹ ਦੱਸਦੇ ਹਨ ਕਿ ਵਿਕਰਮਾਦਿਤਯਾ ਅਤੇ ਸਾਲਿਵਾਹਨ ਤੋਂ ਪਹਿਲਾਂ ਇਕ ‘ਰਾਣਾ’ ਨੇ ਇਹ ਨਗਰ ਵਸਾਇਆ ਸੀ ਅਤੇ ਉਨ੍ਹਾਂ ਨੇ ਮੁਹੰਮਦ ਗ਼ਜ਼ਨੀ ਦੇ ਸਮੇਂ ਇਸਲਾਮ ਧਾਰਨ ਕਰ ਕੇ ਵੀ ‘ਰਾਣਾ’ ਦੀ ਪਦਵੀ ਕਾਇਮ ਰੱਖੀ ਸੀ। ਅਫ਼ਗ਼ਾਨਾਂ ਦੇ ਇਥੇ ਆਉਣ ਕਰਕੇ ਉਨ੍ਹਾਂ ਦਾ ਇਸ ਇਲਾਕੇ ‘ਤੇ ਪ੍ਰਭਾਵ ਖ਼ਤਮ ਹੋ ਗਿਆ ਸੀ।” ਹੁਸ਼ਿਆਰਪੁਰ ਵਿਖੇ ਸੁਆਮੀ ਜੀ ਸਦਕਾ ਪ੍ਰਸਿੱਧ ਦੋ ਵਿਦਵਾਨ ਸਾਧੂਆਂ ਨਾਲ ਮੁਲਾਕਾਤ ਹੋਈ ਤਾਂ ਉਨ੍ਹਾਂ ਦੱਸਿਆ ਕਿ ਬਜਵਾੜਾ ਪੁਰਾਤਨ ਨਗਰ ਹੈ, ਕਿਸੇ ਸਮੇਂ ਬੀਜਕ ਇਥੋਂ ਦਾ ਰਾਜਾ ਸੀ, ਇਹ ਇਲਾਕਾ ਉਸਦੇ ਵਾੜੇ ਕਰਕੇ ਪ੍ਰਸਿੱਧ ਸੀ। ਬੀਜਕ ਰਾਜੇ ਦੇ ਵਾੜੇ ਤੋਂ ਵਿਗੜ ਕੇ ਇਸ ਨਗਰ ਦਾ ਨਾਂ ਬਜਵਾੜਾ ਪਿਆ ਹੈ। ਇਥੇ ਵੱਸਦੇ ਇਕ ਬੱਚੇ ਨੂੰ ਗਾਉਣ ਦਾ ਸ਼ੌਕ ਸੀ ਅਤੇ ਲੋਕ ਉਸ ਨੂੰ ਬਾਵਰਾ ਕਹਿੰਦੇ ਸਨ। ਇਸ ਇਲਾਕੇ ਦਾ ਵਸਨੀਕ ਹੋਣ ਕਰਕੇ ਉਸਦਾ ਨਾਂ ਬੈਜੂ ਬਾਵਰਾ ਪ੍ਰਸਿੱਧ ਹੋਇਆ ਸੀ। ਗ਼ਜ਼ਨੀ ਤੋਂ ਇਥੇ ਆ ਕੇ ਉਸ ਨੇ ਹਰੀ ਦਾਸ ਨੂੰ ਆਪਣਾ ਗੁਰੂ ਧਾਰਨ ਕਰ ਲਿਆ ਸੀ। ° ਹਰੀ ਦਾਸ ਨੂੰ ਧਾਰਨ ਕਰਨ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਬੈਜੂ ਜਾਂ ਤਾਂ ਹਿੰਦੂ ਸੀ ਅਤੇ ਜਾਂ ਫਿਰ ਉਸ ਨੇ ਹਿੰਦੂ ਧਰਮ ਨੂੰ ਧਾਰਨ ਕਰ ਲਿਆ। ਸੀ। ਇਸ ਨਗਰ ਦਾ ਜ਼ਿਕਰ ਉਸ ਸਮੇਂ ਦੇ ਵੱਡੇ ਸ਼ਹਿਰਾਂ ਨਾਲ ਕੀਤਾ ਜਾਂਦਾ ਹੈ ਜੋ ਕਿ ਵਪਾਰ ਅਤੇ ਰਾਜਨੀਤਿਕ ਗਤੀਵਿਧੀਆਂ ਦੇ ਵੱਡੇ ਕੇਂਦਰ ਰਹੇ ਹਨ ਜਿਵੇਂ ਸਰਹੰਦ, ਪਾਨੀਪਤ, ਲੁਧਿਆਣਾ, ਬਜਵਾੜਾ, ਜਲੰਧਰ, ਲਾਹੌਰ, ਦੀਪਾਲਪੁਰ, ਹਿਸਾਰ, ਬਠਿੰਡਾ, ਸਮਾਣਾ, ਸਾਹੀਵਾਲ, ਕਲਾਨੌਰ, ਤੁਲੰਬਾ, ਤਲਵਾੜਾ, ਜੜ੍ਹਾਂ ਮੰਜੇਰ ਤੇ ਕਾਂਗੜਾ ਆਦਿ।” ਸ਼ਿਵਾਲਿਕ ਦੀਆਂ ਪਹਾੜੀਆਂ ਰਾਹੀਂ ਦਿੱਲੀ ਜਾਣ ਦਾ ਮਾਰਗ ਬਜਵਾੜੇ ਤੋਂ ਹੋ ਕੇ ਜਾਂਦਾ ਸੀ। ਬਾਬਰ ਨੇ ਵੀ ਦਿੱਲੀ ਜਾਣ ਲਈ, “ਬਜਵਾੜਾ, ਰੋਪੜ, ਸਰਹੰਦ ਤੇ ਸੁਨਾਮ ਦਾ ਰਸਤਾ ਇਖ਼ਤਿਆਰ ਕੀਤਾ ਸੀ।”2 ਸ਼ੇਰ ਸ਼ਾਹ ਸੂਰੀ ਦਾ ਸੰਬੰਧ ਵੀ ਇਸ ਨਗਰ ਨਾਲ ਦੱਸਿਆ ਜਾਂਦਾ ਹੈ। ਭਾਵੇਂ ਕਿ ਕੁਝ ਸਰੋਤਾਂ ਵਿਚ ਇਹ ਕਿਹਾ ਗਿਆ ਹੈ ਕਿ ਸ਼ੇਰ ਸ਼ਾਹ ਸੂਰੀ ਦਾ ਜਨਮ ਇਸ ਅਸਥਾਨ ‘ਤੇ ਹੋਇਆ ਸੀ ਪਰ ਵਧੇਰੇ ਭਰੋਸੇਯੋਗ ਸੂਤਰ ਇਹ ਮੰਨਦੇ ਹਨ ਕਿ ਉਸ ਦਾ ਦਾਦਾ ਇਬਰਾਹੀਮ ਖ਼ਾਨ ਆਪਣੇ ਪੁੱਤਰ ਹਸਨ ਖ਼ਾਨ ਨਾਲ ਅਫ਼ਗ਼ਾਨਿਸਤਾਨ ਤੋਂ ਹਿੰਦੁਸਤਾਨ ਆਇਆ ਤਾਂ ਉਸ ਨੇ ਬਜਵਾੜੇ ਨਿਵਾਸ ਕੀਤਾ ਸੀ ਪਰ ਬਾਅਦ ਵਿਚ ਉਸ ਨੂੰ ਵਧੀਆ ਗੁਜ਼ਾਰੇ ਲਈ ਨਾਰਨੌਲ ਦਾ ਪਰਗਣਾ ਮਿਲਿਆ ਅਤੇ ਉਹ ਉਥੇ ਚਲਾ ਗਿਆ, ਉਥੇ ਹੀ ਸ਼ੇਰ ਸ਼ਾਹ ਸੂਰੀ ਦਾ ਜਨਮ ਹੋਇਆ ਸੀ । ਡਾ. ਗੰਡਾ ਸਿੰਘ ਦੱਸਦੇ ਹਨ ਕਿ ਬੰਦਾ ਸਿੰਘ ਬਹਾਦਰ ਦਾ ਪਿੱਛਾ ਕਰਦੇ ਹੋਏ ਬਾਦਸ਼ਾਹ ਬਹਾਦਰ ਸ਼ਾਹ ਰੋਪੜ ਤੋਂ ਹੁਸ਼ਿਆਰਪੁਰ ਹੁੰਦਾ ਹੋਇਆ ਕਾਹਨੂੰਵਾਨ, ਚਮਿਆਰੀ ਅਤੇ ਪੰਜ ਗਰਾਈਂ ਵਿੱਚੋਂ ਦੀ ਲੰਘਦਾ ਹੋਇਆ ਲਾਹੌਰ ਪੁੱਜਾ ਸੀ। 4 ਬੰਦਾ ਸਿੰਘ ਤੋਂ ਬਾਅਦ ਪੰਜਾਬ ਬਹੁਤ ਸਮਾਂ ਵਿਦੇਸ਼ੀ ਹਮਲਾਵਰਾਂ ਦਾ ਸ਼ਿਕਾਰ ਹੁੰਦਾ ਰਿਹਾ ਸੀ। ਅਜਿਹੇ ਹੀ ਇਕ ਹਮਲੇ ਦੌਰਾਨ ਦਿੱਲੀ ਵਿਚ ਲੁੱਟਮਾਰ ਕਰਦਾ ਹੋਇਆ ਤੈਮੂਰ ਸ਼ਿਵਾਲਿਕ ਦੀਆਂ ਪਹਾੜੀਆਂ ਰਾਹੀਂ ਵਾਪਸ ਆਇਆ ਸੀ ਤਾਂ ਬਜਵਾੜੇ ਵਿੱਚੋਂ ਦੀ ਲੰਘਿਆ ਸੀ।15 ਇਸ ਤਰ੍ਹਾਂ ਬਜਵਾੜਾ ਲਾਹੌਰ ਤੋਂ ਦਿੱਲੀ ਦੇ ਮਾਰਗ ‘ਤੇ ਪੈਂਦਾ ਸੀ, ਦੂਜੇ ਪਾਸੇ ਇਹ ਨਗਰ ਸ਼ਿਵਾਲਿਕ ਦੀਆਂ ਪਹਾੜੀਆਂ ਰਾਹੀਂ ਪ੍ਰਸਿੱਧ ਪਹਾੜੀ ਇਲਾਕੇ ਨੂੰ ਜਾਂਦੇ ਮਾਰਗ ਕਾਂਗੜੇ ਨਾਲ ਜੁੜਿਆ ਹੋਇਆ ਸੀ।
ਬਜਵਾੜਾ ਲਾਹੌਰ ਸੂਬੇ ਅਧੀਨ : ਬਜਵਾੜਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ ਲੱਗਦਾ ਹੈ, ਇਸ ਕਰਕੇ ਇਸ ਨਗਰ ਦੀ ਕਿਸਮਤ ਹੁਸ਼ਿਆਰਪੁਰ ਨਾਲ ਹੀ ਜੁੜੀ ਰਹੀ ਹੈ। ਮੁਗ਼ਲ ਰਾਜ ਵੇਲੇ ਹੁਸ਼ਿਆਰਪੁਰ ਲਾਹੌਰ ਸੂਬੇ ਦੇ ਅਧੀਨ ਰਿਹਾ। ਹੈ। ਬਾਦਸ਼ਾਹ ਅਕਬਰ ਦੇ ਸਮੇਂ ਸੂਬਾ ਲਾਹੌਰ “ਸਤਲੁਜ ਤੋਂ ਦਰਿਆ ਸਿੰਧ ਤੱਕ 180 ਕੋਹ ਸੀ। ਇਸ ਸੂਬੇ ਵਿਚ ਸਲੀਮਾਬਾਦ, ਬਿਜਵਾੜਾ, ਜਲੰਧਰ, ਚੌਰਾਸੀ, ਹਾਜੀਪੁਰ, ਦਸੂਹਾ, ਸੁਲਤਾਨਪੁਰ ਲੋਧੀ, ਨਗਰ ਕੋਟ (ਕਾਂਗੜਾ), ਸੁਕੇਤ ਮੰਡੀ, ਨਕੋਦਰ, ਹਰਿਆਨਾ, ਅਭੈ ਪੁਰ, ਬਟਾਲਾ, ਪੰਜ ਗਰਾਈ, ਚਮਾਰੀ, ਜਲਾਲਾਬਾਦ, ਸ਼ਾਹ ਪੁਰ, ਸ਼ੇਰ, ਕਸੂਰ, ਕਲਾਨੌਰ, ਮਾਨਕੋਟ, ਬਹਿਲੋਲਪੁਰ, ਸ਼ੋਰ ਪੁਰ, ਸ਼ਕਰ ਪੁਰ, ਗੁਜਰਾਤ, ਭੇਰਾ, ਰੁਹਤਾਸ, ਖ਼ੁਸ਼ਾਬ, ਘੇਬ, ਨੀਲਾਬ (ਅਟਕ), ਨੰਦਨ ਪੁਰ, ਹਜ਼ਾਰਾ, ਗੁੱਜਰਾਂ” ਸ਼ਾਮਿਲ ਸਨ । ਮਿਸਲਾਂ ਦੇ ਸਮੇਂ ਇਹ ਇਲਾਕਾ ਸ. ਜੱਸਾ ਸਿੰਘ ਰਾਮਗੜ੍ਹੀਏ ਦੇ ਅਧੀਨ ਰਿਹਾ ਅਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਇਲਾਕੇ ‘ਤੇ ਆਪਣਾ ਅਧਿਕਾਰ ਜਮਾਇਆ ਤਾਂ ਇਸ ਨੂੰ ਫਿਰ ਲਾਹੌਰ ਨਾਲ ਹੀ ਜੋੜ ਦਿੱਤਾ ਗਿਆ। ਹੁਸ਼ਿਆਰਪੁਰ ਜ਼ਿਲ੍ਹੇ ਵਿਚ ਕਈ ਇਤਿਹਾਸਿਕ ਨਗਰ ਸ਼ਾਮਿਲ ਹਨ ਜਿਨ੍ਹਾਂ ਦਾ ਜ਼ਿਕਰ ਪੁਰਾਤਨ ਇਤਿਹਾਸਿਕ ਸਰੋਤਾਂ ਵਿਚ ਵੇਖਿਆ ਜਾਂਦਾ ਹੈ ਜਿਵੇਂ ਸ਼ਾਮਚੁਰਾਸੀ, ਹਰਿਆਣਾ, ਬਜਵਾੜਾ ਆਦਿ।
ਬਜਵਾੜਾ ਵਪਾਰਕ ਕੇਂਦਰ : ਦਿੱਲੀ ਤੋਂ ਲਾਹੌਰ ਨਾਲ ਜੁੜੇ ਹੋਣ ਕਰਕੇ ਇਸ ਮਾਰਗ ‘ਤੇ ਵਪਾਰੀ ਆਮ ਆਉਂਦੇ ਰਹਿੰਦੇ ਸਨ। ਇਸ ਸਥਾਨ ਦੀ ਇਕ ਹੋਰ ਵਿਸ਼ੇਸ਼ਤਾ ਸੀ ਕਿ ਇਹ ਸ਼ਿਵਾਲਿਕ ਦੀਆਂ ਪਹਾੜੀਆਂ ‘ਤੇ ਵੱਸਦੇ ਕਾਂਗੜਾ, ਊਨਾ, ਧਰਮਸ਼ਾਲਾ ਆਦਿ ਨਾਲ ਵੀ ਜੁੜਿਆ ਹੋਇਆ ਸੀ। ਇਕ ਵਪਾਰੀ ਲਈ ਅਜਿਹਾ ਸਥਾਨ ਬਹੁਤ ਹੀ ਲਾਹੇਵੰਦ ਹੁੰਦਾ ਹੈ ਜਿਹੜਾ ਵੱਖ-ਵੱਖ ਨਗਰਾਂ ਨਾਲ ਜੁੜਿਆ ਹੋਵੇ । ਫ਼ੌਜਾਂ ਦੇ ਨਾਲ-ਨਾਲ ਵਪਾਰੀ ਵੀ ਇਸ ਇਲਾਕੇ ਵਿਚ ਆਮ ਆਉਂਦੇ ਸਨ ਅਤੇ ਬਜਵਾੜਾ ਉਨ੍ਹੀਂ ਦਿਨੀਂ ਵੱਡਾ ਨਗਰ ਹੋਣ ਕਰਕੇ ਉਹ ਇਥੇ ਹੀ ਰੁਕਦੇ ਸਨ। ਇਸ ਕਰਕੇ ਇਹ ਨਗਰ ਵਪਾਰ ਦਾ ਇਕ ਵੱਡਾ ਕੇਂਦਰ ਬਣਿਆ ਰਿਹਾ।
ਵਪਾਰ ਦੀ ਦ੍ਰਿਸ਼ਟੀ ਤੋਂ ਇਥੋਂ ਦੀਆਂ ਜਿਹੜੀਆਂ ਵਸਤਾਂ ਵਧੇਰੇ ਵੇਖਣ ਨੂੰ ਮਿਲਦੀਆਂ ਸਨ ਜਾਂ ਜਿਨ੍ਹਾਂ ਵਸਤਾਂ ਦਾ ਵਧੇਰੇ ਆਦਾਨ-ਪ੍ਰਦਾਨ ਹੁੰਦਾ ਸੀ, ਉਨ੍ਹਾਂ ਵਿਚ ਸਿਰੀ ਸਾਫ਼, ਅਦਰਸ, ਡੋਰੀਆ, ਪੰਜ ਤੌਲੀਆ, ਝੋਨਾ, ਜੀਰਾ ਚਿੱਟਾ, ਫੋਤਾ ਤਿੱਲਾ ਆਦਿ ਪ੍ਰਸਿੱਧ ਸਨ। 18 ਮੁਹੰਮਦ ਅਕਬਰ ਦੱਸਦਾ ਹੈ ਕਿ ਇਥੇ ਥੋੜ੍ਹੇ ਜਿਹੇ ਇਲਾਕੇ ਵਿਚ ਹੀ ਸਨਅਤ ਵੇਖਣ ਨੂੰ ਮਿਲਦੀ ਹੈ ਜਿਸ ਵਿਚ ਬਜਵਾੜਾ ਕੱਪੜੇ ਦੇ ਉਤਪਾਦਨ ਅਤੇ ਸੋਨੇ ਦੀ ਕਢਾਈ ਵਾਲੇ ਫੋਤੇ ਤਿਆਰ ਕਰਨ ਲਈ ਪ੍ਰਸਿੱਧ ਸੀ ।” ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੀਵਨ ਘਟਨਾਵਾਂ ਵਿਚ ਦੇਵੀ ਪੂਜਾ ਦਾ ਪ੍ਰਸੰਗ ਲਗਪਗ ਹਰ ਇਕ ਪੁਰਾਤਨ ਸਰੋਤ ਵਿਚ ਮਿਲਦਾ ਹੈ। ਬ੍ਰਾਹਮਣਾਂ ਨੇ ਗੁਰੂ ਜੀ ਨੂੰ ਪੂਜਾ ਰਾਹੀਂ ਦੇਵੀ ਪ੍ਰਗਟ ਕਰ ਕੇ ਦੁਸ਼ਮਣਾਂ ਦਾ ਸਫ਼ਾਇਆ ਕਰਨ ਦਾ ਸੁਝਾਅ ਦਿੱਤਾ ਸੀ । ਗੁਰੂ ਜੀ ਨੇ ਉਹਨਾਂ ਰਾਹੀਂ ਲੋਕਾਂ ਨੂੰ ਇਸ ਭਰਮ-ਯੁਕਤ ਚਮਤਕਾਰੀ ਜੀਵਨ ਤੋਂ ਮੁਕਤ ਕਰਨ ਅਤੇ ਸੱਚਾਈ ਦਾ ਸਾਹਮਣਾ ਕਰ ਕੇ ਆਪ ਸ਼ੁਭ ਕਾਰਜ ਲਈ ਅੱਗੇ ਆਉਣ ਦਾ ਸੰਦੇਸ਼ ਦੇਣ ਲਈ ਬ੍ਰਾਹਮਣਾਂ ਨੂੰ ਦੇਵੀ ਪੂਜਾ ਕਰਨ ਲਈ ਕਿਹਾ ਤਾਂ ਇਸ ਕਾਰਜ ਲਈ ਲੋੜੀਂਦਾ ਕੱਪੜਾ ਬਜਵਾੜੇ ਤੋਂ ਮੰਗਵਾਇਆ ਗਿਆ ਸੀ।20 ਸ਼੍ਰੀ ਰਾਮ ਸ਼ਰਮਾ ਇਥੇ ਦੇ ਵਪਾਰ ਵਿਚ ਮਸ਼ਹੂਰ ਵਸਤਾਂ ਦਾ ਹੋਰ ਵਧੇਰੇ ਵਿਸਤਾਰ ਕਰਦੇ ਹੋਏ ਦੱਸਦਾ ਹੈ ਕਿ “ਬਜਵਾੜਾ ਵਧੀਆ ਕਿਸਮ ਦੇ ਕੱਪੜੇ ਉਣਨ ਲਈ ਤੇ ਪੱਗਾਂ ਅਤੇ ਕਮਰਬੰਦਾਂ ਉਤੇ ਸੋਨੇ ਦੀ ਕਢਾਈ ਲਈ ਵਿਸ਼ੇਸ਼ ਪ੍ਰਸਿੱਧ ਰਿਹਾ ਹੈ।…ਸੰਭਵ ਹੈ ਕਿ ਸਥਾਨਿਕ ਵਿਕਰੀ ਲਈ ਅਤੇ ਬਾਹਰ ਭੇਜਣ ਲਈ ਵਧੀਆ ਵੰਨਗੀਆਂ ਦਾ ਕੱਪੜਾ ਬਜਵਾੜਾ, ਗੁਜਰਾਤ, ਸੁਲਤਾਨਪੁਰ ਤੇ ਸਿਆਲਕੋਟ ਵਿਚ ਬਣਦਾ ਰਿਹਾ ਹੋਵੇ।” ਕੱਪੜਿਆਂ ਦੇ ਉਤਪਾਦਨ ਅਤੇ ਸੋਨੇ ਦੀ ਕਢਾਈ ਤੋਂ ਇਲਾਵਾ ਬਜਵਾੜਾ ਘੋੜਿਆਂ ਦੇ ਵਪਾਰ ਵਿਚ ਵੀ ਮਸ਼ਹੂਰ ਰਿਹਾ ਹੈ ਅਤੇ ਇਸਦਾ ਵਰਣਨ ਆਈਨ-ਏ-ਅਕਬਰੀ ਵਿਚ ਵੀ ਮਿਲਦਾ ਹੈ।
ਦੇ ਇਤਿਹਾਸ ਨਾਲ ਸੰਬੰਧਿਤ ਵਿਦਵਾਨ ਇਹ ਮੰਨਦੇ ਹਨ ਕਿ ਭਾਰਤ ਦੀ ਉੱਤਰ-ਪੱਛਮੀ ਹੱਦਬੰਦੀ ਨੂੰ ਲੰਘ ਕੇ ਜੇ ਕੋਈ ਕਾਫ਼ਲਾ ਭਾਰਤ ਦੇ ਸਭ ਤੋਂ ਉਪਜਾਊ ਅਤੇ ਆਬਾਦ ਗੰਗਾ ਦੇ ਮੈਦਾਨ ਵਿਚ ਜਾਂ ਦੱਖਣੀ ਭਾਰਤ ਨੂੰ ਜਾਣਾ ਚਾਹੇ, ਜਾਂ ਜੇ ਗੰਗਾ ਦੇ ਮੈਦਾਨ ਜਾਂ ਦੱਖਣ ਦੀ ਕੋਈ ਸ਼ਕਤੀ ਭਾਰਤ ਦੇ ਪੱਛਮ ਜਾਂ ਉੱਤਰ-ਪੱਛਮ ਦੇ ਦੇਸਾਂ ਤੱਕ ਆਪਣਾ ਅਸਰ ਪਸਾਰਨਾ ਚਾਹੇ ਤਾਂ ਉਨ੍ਹਾਂ ਦਾ ਰਾਹ ਪੰਜਾਬ ਵਿੱਚੋਂ ਦੀ ਹੀ ਹੈ।
ਮੁਸਲਮਾਨਾਂ ਦਾ ਭਾਰਤ ‘ਤੇ ਹਮਲਿਆਂ ਦਾ ਇਤਿਹਾਸ ਮੁਹੰਮਦ ਬਿਨ ਕਾਸਿਮ ਦੁਆਰਾ 712 ਈਸਵੀ ਵਿਚ ਮੁਲਤਾਨ ਦੀ ਜਿੱਤ ਨਾਲ ਅਰੰਭ ਹੁੰਦਾ ਹੈ। ਇਸ ਤੋਂ ਬਾਅਦ ਭਾਰਤ ਉਤੇ ਹਮਲਿਆਂ ਦਾ ਲਗਾਤਾਰ ਇਕ ਦੌਰ ਅਰੰਭ ਹੋਇਆ। ਮੁਹੰਮਦ ਗੌਰੀ ਅਤੇ ਗ਼ਜ਼ਨਵੀ ਦੇ ਹਮਲੇ ਅੱਜ ਵੀ ਇਤਿਹਾਸ ਦੀਆਂ ਕਿਤਾਬਾਂ ਵਿਚ ਪੜ੍ਹਾਏ ਜਾਣ ਕਾਰਨ ਹਰ ਇਕ ਨੂੰ ਯਾਦ ਹਨ। ਇਥੋਂ ਤੱਕ ਕਿ ਭਾਰਤ ‘ਤੇ ਹਮਲਾ ਕਰ ਕੇ ਇਥੇ ਰਾਜ ਸਥਾਪਤ ਕਰਨ ਵਾਲਿਆਂ ਦੇ ਘਰਾਣੇ ਮਸ਼ਹੂਰ ਹੋ ਗਏ ਜਿਵੇਂ ਸੱਯਦ ਘਰਾਣਾ, ਲੋਧੀ ਘਰਾਣਾ ਆਦਿ। ਖ਼ਿਜ਼ਰ ਖ਼ਾਨ ਇਨ੍ਹਾਂ ਵਿੱਚੋਂ ਸੱਯਦ ਘਰਾਣੇ ਨਾਲ ਸੰਬੰਧਿਤ ਹੈ। ਉਹ “ਅਰਬੀ ਨਸਲ ਵਿੱਚੋਂ ਹੋਣ ਕਰਕੇ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤੇ ਹਜ਼ਰਤ ਹੁਸਨ ਹੁਸੈਨ ਦੇ ਖ਼ਾਨਦਾਨ ਨਾਲ ਸੰਬੰਧ ਰੱਖਦਾ ਸੀ। ਇਸ ਦਾ ਪਿਤਾ ਮਲਿਕ ਸੁਲੇਮਾਨ ਮੁਲਤਾਨ ਦੇ ਹਾਕਿਮ ਨਸੀਰ-ਉਲ-ਮੁਲਕ ਮਰਦਾਨ ਦੌਲਤ ਦਾ ਪਾਲਿਤ ਪੁੱਤ੍ਰ ਸੀ। ਇਸੇ ਕਾਰਨ ਨਸੀਰ-ਉਲ-ਮੁਲਕ ਤੋਂ ਇਕ ਪੁਸ਼ਤ ਬਾਅਦ ਮੁਲਤਾਨ ਦੀ ਹਕੂਮਤ ਖ਼ਿਜ਼ਰ ਖ਼ਾਨ ਦੇ ਹੱਥ ਆਈ । ਫੇਰ ਉਥੋਂ ਦੇ ਅਮੀਰ ਤੈਮੂਰ ਦੇ ਹਮਲੇ ਸਮੇਂ ਇਸ ਦੀ ਕਿਸਮਤ ਦਾ ਸਤਾਰਾ ਵਧੇਰੇ ਚਮਕਿਆ ਤੇ ਇਸ ਨੇ ਮੁਲਕੀ ਸਿਆਸਤ ਵਿਚ ਗਰਮ ਜੋਸ਼ੀ ਨਾਲ ਹਿੱਸਾ ਲੈ ਕੇ ਛੇਤੀ ਤਰੱਕੀ ਕਰ ਲਈ।”24 ਖ਼ਿਜ਼ਰ ਖ਼ਾਨ ਨੇ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿਚ ਗੜਬੜ ਹੁੰਦੀ ਵੇਖ ਕੇ “ਆਪਣੇ ਪੁੱਤ੍ਰ ਸ਼ਾਹਜ਼ਾਦਾ ਮੁਬਾਰਕ ਸ਼ਾਹ ਨੂੰ ਜ਼ਿਲ੍ਹਾ ਫ਼ਿਰੋਜ਼ਪੁਰ, ਸਰਹਿੰਦ ਤੇ ਬੈਰਮ ਖ਼ਾਨ ਦੇ ਇਲਾਕੇ ਮਲਿਕ ਸਾਧੂ ਤੇ ਜ਼ੀਰਕ ਖ਼ਾਨ ਅਮੀਰ ਸਮਾਣਾ ਦੀ ਅਗਵਾਈ ਵਿਚ ਦਿੱਤੇ ਤੇ ਇਸ ਤੋਂ ਬਾਅਦ ਮਲਿਕ ਖ਼ਾਨ ਨਕਲੀ ਇਸ ਸਮੇਂ ਮਾਛੀਵਾੜੇ ਤੇ ਬਜਵਾੜੇ ਦੇ ਇਲਾਕੇ ਵਿੱਚੋਂ ਬਗ਼ਾਵਤ ਖੜੀ ਕਰ ਕੇ ਰੋਪੜ ਦੇ ਲੋਕਾਂ ਨੂੰ ਆਪਣੇ ਨਾਲ ਸ਼ਾਮਿਲ ਕਰ ਕੇ ਸਰਹਿੰਦ ਵੱਲ ਵਧਿਆ ਜਿਸ ਕਰਕੇ ਖ਼ਿਜ਼ਰ ਖ਼ਾਨ ਨੇ ਆਪਣੀ ਸਾਰੀ ਤਾਕਤ ਇਸ ਪਾਸੇ ਝੋਕ ਦਿੱਤੀ ।” 1419 ਵਿਚ ਨਕਲੀ ਸਾਰੰਗ ਖ਼ਾਨ ਦੇ ਬਜਵਾੜੇ ਦੇ ਇਲਾਕੇ ਵਿਚ ਆ ਜਾਣ ਨਾਲ ਅਚਾਨਕ ਸਾਰੇ ਪਾਸੇ ਗੜਬੜ ਫੈਲ ਗਈਂ ਸੀ,26 ਖ਼ਿਜ਼ਰ ਖ਼ਾਨ ਨੇ ਸਰਹਿੰਦ ਦੇ ਗਵਰਨਰ ਇਸਲਾਮ ਖ਼ਾਨ ਨੂੰ ਇਸ ਬਗ਼ਾਵਤ ਨੂੰ ਕੁਚਲਣ ਦਾ ਹੁਕਮ ਦਿੱਤਾ ਸੀ। ਇਸਲਾਮ ਖ਼ਾਨ ਨੇ ਸਮਾਣੇ ਦੇ ਹਾਕਮ ਜ਼ੀਰਕ ਖ਼ਾਨ ਅਤੇ ਜਲੰਧਰ ਦੇ ਹਾਕਮ ਤੁਗ਼ਾਨ ਰਾਏ ਨੂੰ ਇਸ ਮੁਹਿੰਮ ਵਿਚ ਸ਼ਾਮਿਲ ਕੀਤਾ ਸੀ । ਸਾਰੰਗ ਖ਼ਾਨ ਨੇ ਬਜਵਾੜੇ ਤੋਂ ਰੋਪੜ ਵੱਲ ਕੂਚ ਕੀਤਾ। ਰੋਪੜ ਵਿਖੇ ਹੋਈ ਇਸ ਲੜਾਈ ਵਿਚ ਇਸਲਾਮ ਖ਼ਾਨ ਅਤੇ ਉਸਦੇ ਸਾਥੀਆਂ ਦੀ ਜਿੱਤ ਹੋਈ ਅਤੇ ਵਿਰੋਧੀ ਹਾਰ ਖਾ ਕੇ ਪਹਾੜਾਂ ਵੱਲ ਭੱਜ ਗਏ ਸਨ।” ਅਗਲੇ ਸਾਲ ਸਾਰੰਗ ਖ਼ਾਨ ਦੀ ਮੌਤ ਹੋ ਗਈ ਸੀ।
ਖ਼ਿਜ਼ਰ ਖ਼ਾਨ ਨੇ ਆਪਣੀ ਮੌਤ ਤੋਂ ਤਿੰਨ ਦਿਨ ਪਹਿਲਾਂ ਆਪਣੇ ਪੁੱਤਰ ਮੁਬਾਰਕ ਸ਼ਾਹ ਨੂੰ ਆਪਣਾ ਸਭ ਤੋਂ ਯੋਗ ਉਤਰਾਧਿਕਾਰੀ ਜਾਣ ਕੇ ਆਪਣੀ ਗੱਦੀ ਉਸ ਨੂੰ ਸੌਂਪ ਦਿੱਤੀ, 22 ਮਈ 1421 ਨੂੰ ਉਸ ਦੀ ਗੱਦੀ ਨਸ਼ੀਨੀ ਹੋਈ ਸੀ। ਰਾਜ ਦੇ ਸਾਰੇ ਅਮੀਰਾਂ ਵਜ਼ੀਰਾਂ ਨੇ ਉਸ ਨੂੰ ਨਜ਼ਰਾਨੇ ਭੇਟ ਕੀਤੇ ਸਨ। ਮੁਬਾਰਕ ਸ਼ਾਹ ਨੇ ਵੀ ਥੋੜ੍ਹੀ ਜਿਹੀ ਫੇਰ ਬਦਲ ਉਪਰੰਤ ਉਨ੍ਹਾਂ ਨੂੰ ਪਹਿਲਾਂ ਵਾਲੇ ਅਹੁਦਿਆਂ ‘ਤੇ ਟਿਕੇ ਰਹਿਣ ਦਿੱਤਾ ਸੀ । ਉਸ ਨੇ ਇਸਲਾਮ ਖ਼ਾਨ ਦੇ ਪੁੱਤਰ ਮਲਿਕ ਨਾਦਿਰ ਨੂੰ ਲਾਹੌਰ ਅਤੇ ਦਿਪਾਲਪੁਰ ਦਾ ਹਾਕਮ ਨਿਯੁਕਤ ਕਰ ਦਿੱਤਾ ਸੀ। ਮੁਬਾਰਕ ਸ਼ਾਹ ਦੇ ਸਮੇਂ ਪੰਜਾਬ ਵਿਚ ਸਭ ਤੋਂ ਵੱਡਾ ਵਿਦਰੋਹ ਖੋਖਰਾਂ ਨੇ ਕੀਤਾ ਸੀ । ਪਹਿਲਾਂ ਸ਼ੇਖ਼ਾ ਖੋਖਰ ਅਤੇ ਫਿਰ ਉਸਦੇ ਪੁੱਤਰ ਜਸਰਥ ਖੋਖਰ ਨੇ ਹਕੂਮਤ ਦੇ ਨੱਕ ਵਿਚ ਦਮ ਕਰ ਦਿੱਤਾ ਸੀ। 1421 ਈਸਵੀ ਵਿਚ ਜਸਰਥ ਨੇ ਲਾਹੌਰ ਅਤੇ ਜਲੰਧਰ ‘ਤੇ ਕਬਜ਼ਾ ਕਰ ਕੇ ਆਪਣਾ ਅਧਿਕਾਰ ਜਮਾ ਲਿਆ ਸੀ। 1428 ਈਸਵੀ ਵਿਚ ਉਸ ਨੂੰ ਹਰਾ ਕੇ ਉਥੋਂ ਕੱਢ ਦਿੱਤਾ ਗਿਆ ਅਤੇ ਸ਼ਿਵਾਲਿਕ ਨਾਲ ਲੱਗਦੇ ਪੂਰੇ ਇਲਾਕੇ ਵਿਚ ਪਠਾਨ ਫ਼ੌਜੀ ਛਾਉਣੀ ਬਿਠਾ ਦਿੱਤੀ ਗਈ ਅਤੇ ਬਜਵਾੜੇ ਨੂੰ ਇਸ ਦਾ ਹੈਡ-ਕੁਆਰਟਰ ਬਣਾਇਆ ਗਿਆ।2″ ਹਾਰ ਖਾਣ ਉਪਰੰਤ ਜਸਰਥ ਚੁੱਪ ਕਰ ਕੇ ਨਹੀਂ ਸੀ ਬੈਠਾ, ਬਲਕਿ ਇਸ ਇਲਾਕੇ ‘ਤੇ ਮੁੜ ਕਬਜ਼ਾ ਕਰਨ ਦੀ ਤਾਕ ਵਿਚ ਸੀ। ਉਸ ਨੂੰ ਇਹ ਮੌਕਾ ਉਸ ਸਮੇਂ ਹੱਥ ਲੱਗਾ ਜਦੋਂ ਅਫ਼ਗ਼ਾਨਿਸਤਾਨ ਦੇ ਅਮੀਰ ਸ਼ੇਖ ਅਲੀ ਨੇ ਪੰਜਾਬ ‘ਤੇ ਹਮਲਾ ਕਰ ਦਿੱਤਾ। ਜਸਰਥ ਨੇ ਉਸ ਦਾ ਸਾਥ ਦਿੱਤਾ ਅਤੇ ਉਸਦੇ ਪੰਜਾਬ ਤੋਂ ਵਾਪਸ ਮੁੜਦੇ ਹੀ ਆਪਣੇ ਪੁਰਾਣੇ ਇਲਾਕੇ ‘ਤੇ ਕਬਜ਼ਾ ਕਰ ਲਿਆ ਸੀ। ਉਸ ਦੇ ਵਿਦਰੋਹ ਤੋਂ ਤੰਗ ਆ ਕੇ ਮੁਬਾਰਕ ਸ਼ਾਹ ਨੂੰ ਉਸ ‘ਤੇ ਹਮਲਾ ਕਰਨ ਲਈ ਆਪ ਦਿੱਲੀ ਤੋਂ ਪੰਜਾਬ ਆਉਣਾ ਪਿਆ ਸੀ। ਜਸਰਥ ਕੋਲ ਇੰਨੀ ਤਾਕਤ ਨਹੀਂ ਸੀ ਕਿ ਉਹ ਸੁਲਤਾਨ ਦਾ ਮੁਕਾਬਲਾ ਕਰ ਸਕੇ। ਉਹ ਸਭ ਇਲਾਕੇ ਛੱਡ ਕੇ ਤਲਵਾੜੇ ਵੱਲ ਚਲਾ ਗਿਆ ਸੀ। ਮੁਬਾਰਕ ਸ਼ਾਹ ਨੁਸਰਤ ਖ਼ਾਨ ਨੂੰ ਲਾਹੌਰ ਦਾ ਹਾਕਮ ਨਿਯੁਕਤ ਕਰ ਕੇ ਵਾਪਸ ਦਿੱਲੀ ਮੁੜ ਆਇਆ ਸੀ । ਜਸਰਥ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ 1432 ਈਸਵੀ ਵਿਚ ਉਸ ਨੇ ਲਾਹੌਰ ‘ਤੇ ਦੁਬਾਰਾ ਕਬਜ਼ਾ ਕਰ ਲਿਆ ਸੀ । ਮੁਬਾਰਕ ਸ਼ਾਹ ਨੂੰ ਫਿਰ ਦਿੱਲੀ ਤੋਂ ਲਾਹੌਰ ਆਉਣਾ ਪਿਆ। ਇਸ ਵਾਰ ਸੁਲਤਾਨ ਮੁਬਾਰਕ ਸ਼ਾਹ ਨੇ ਨੁਸਰਤ ਖ਼ਾਨ ਦੀ ਜਗ੍ਹਾ ਮਲਿਕ ਕਾਕਾ ਲੋਧੀ ਨੂੰ ਲਾਹੌਰ ਦਾ ਪ੍ਰਬੰਧ ਸੌਂਪਿਆ। ਮਲਿਕ ਹਾਲੇ ਲਾਹੌਰ ਵਿਖੇ ਕੰਮ-ਕਾਜ ਸੰਭਾਲਣ ਜਾ ਹੀ ਰਿਹਾ ਸੀ ਕਿ ਰਾਹ ਵਿਚ ਬਜਵਾੜੇ ਪਹੁੰਚਣ ‘ਤੇ ਜਸਰਥ ਖੋਖਰ ਨੇ ਉਸ ‘ਤੇ ਹਮਲਾ ਕਰ ਦਿੱਤਾ। ਮਲਿਕ ਨੇ ਬੜੀ ਮੁਸ਼ਕਲ ਨਾਲ ਉਸ ਕੋਠੀ ਵਿਚ ਸ਼ਰਨ ਜਾ ਲਈ ਜਿਸ ਦਾ ਜ਼ਿਕਰ ਆਈਨ-ਏ-ਅਕਬਰੀ ਵਿਚ ਮਹਲ ਵਜੋਂ ਮਿਲਦਾ ਹੈ। ਬਜਵਾੜੇ ਵਿਖੇ ਬਣੇ ਇਸ ਸਥਾਨ ਨੂੰ ਮੁਗ਼ਲ ਆਪਣੇ ਸ਼ਕਤੀ ਕੇਂਦਰ ਵਜੋਂ ਵਰਤਦੇ ਸਨ । ਇਸ ਲੜਾਈ ਵਿਚ ਮਲਿਕ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ। 1434 ਈਸਵੀ ਵਿਚ ਇਕ ਦਿਨ ਨਮਾਜ਼ ਪੜ੍ਹਦੇ ਮੁਬਾਰਕ ਸ਼ਾਹ ਨੂੰ ਕਤਲ ਕਰ ਦਿੱਤਾ ਗਿਆ ਸੀ । ਮੁਬਾਰਕ ਸ਼ਾਹ ਤੋਂ ਪਿੱਛੋਂ ਮੁਹੰਮਦ ਸ਼ਾਹ ਦੀ ਗੱਦੀ ਨਸ਼ੀਨੀ ਹੋਈ ਅਤੇ ਫਿਰ ਉਸ ਤੋਂ ਬਾਅਦ ਆਲਮ ਸ਼ਾਹ ਸੱਯਦ ਗੱਦੀ ‘ਤੇ ਬੈਠਾ ਸੀ । ਹੌਲੀ-ਹੌਲੀ ਸੱਯਦ ਖ਼ਾਨਦਾਨ ਦਾ ਖ਼ਾਤਮਾ ਹੋ ਗਿਆ ਅਤੇ ਦਿੱਲੀ ਦਾ ਤਖ਼ਤ ਲੋਧੀ ਖ਼ਾਨਦਾਨ ਦੇ ਬਹਿਲੋਲ ਲੋਧੀ ਦੇ ਹੱਥ ਆ ਗਿਆ ਸੀ । ਬਹਿਲੋਲ ਲੋਧੀ ਤੋਂ ਬਾਅਦ ਸਿਕੰਦਰ ਲੋਧੀ ਅਤੇ ਫਿਰ ਇਬਰਾਹੀਮ ਲੋਧੀ ਗੱਦੀ ‘ਤੇ ਬੈਠਾ ਸੀ। ਇਸ ਦੇ ਸਮੇਂ ਦੌਲਤ ਖ਼ਾਨ ਲੋਧੀ ਲਾਹੌਰ ਦਾ ਹਾਕਮ ਸੀ ਅਤੇ ਉਹ ਬਗ਼ਾਵਤ ਕਰਨ ਦਾ ਵਿਚਾਰ ਮਨ ਵਿਚ ਰੱਖਦਾ ਸੀ। ਉਸ ਨੇ ਬਾਬਰ ਨਾਲ ਗੰਢ-ਤੁੱਪ ਵੀ ਅਰੰਭ ਕਰ ਦਿੱਤੀ ਸੀ ਜਿਸ ਦੀ ਖ਼ਬਰ ਇਬਰਾਹੀਮ ਲੋਧੀ ਨੂੰ ਮਿਲ ਗਈ ਸੀ। ਉਸ ਨੇ ਦੌਲਤ ਖ਼ਾਨ ਦੇ ਖ਼ਿਲਾਫ਼ ਇਕ ਫ਼ੌਜੀ ਮੁਹਿੰਮ ਭੇਜੀ ਜਿਸ ਦੇ ਜਰਨੈਲਾਂ ਨੂੰ ਦੌਲਤ ਖ਼ਾਨ ਨੇ ਆਪਣੇ ਨਾਲ ਮਿਲਾ ਲਿਆ ਸੀ ਅਤੇ ਬਜਵਾੜੇ ਦੇ ਸਥਾਨ ‘ਤੇ ਇਹ ਫ਼ੌਜ ਪੂਰੀ ਤਰ੍ਹਾਂ ਟੁੱਟ ਗਈ ਸੀ।30
ਮੁਗ਼ਲ ਰਾਜ ਸਮੇਂ
ਭਾਰਤ ਵਿਚ ਮੁਗ਼ਲ ਰਾਜ ਦੀ ਸਥਾਪਨਾ ਬਾਬਰ ਦੇ ਭਾਰਤ ‘ਤੇ ਹਮਲੇ ਨਾਲ ਅਰੰਭ ਹੋਈ ਅਤੇ ਇਹ ਪੂਰੀ ਤਰ੍ਹਾਂ ਉਸ ਸਮੇਂ ਸਥਾਪਤ ਹੋਈ ਜਦੋਂ ਬਾਬਰ ਨੇ ਇਥੋਂ ਦੇ ਹਾਕਮ ਇਬਰਾਹੀਮ ਲੋਧੀ ਨੂੰ ਹਰਾ ਕੇ ਦਿੱਲੀ ‘ਤੇ ਆਪਣਾ ਰਾਜ ਸਥਾਪਤ ਕਰ ਲਿਆ ਸੀ । ਬਾਬਰ ਨੇ ਜਦੋਂ ਭਾਰਤ ‘ਤੇ ਹਮਲਾ ਕੀਤਾ, ਉਸ ਸਮੇਂ ਇਥੋਂ ਦੇ ਹਾਕਮ ਪੂਰੀ ਤਰ੍ਹਾਂ ਨਾਲ ਕਮਜ਼ੋਰ ਪੈ ਚੁੱਕੇ ਸਨ। ਇਥੋਂ ਤੱਕ ਕਿ ਲਾਹੌਰ ਦਾ ਹਾਕਮ ਦੌਲਤ ਖ਼ਾਨ ਲੋਧੀ ਦਿੱਲੀ ਦੇ ਹਾਕਮ ਇਬਰਾਹੀਮ ਲੋਧੀ ਤੋਂ ਵੱਖਰੀ ਆਪਣੀ ਹਸਤੀ ਕਾਇਮ ਕਰਨ ਵਿਚ ਲੱਗਾ ਹੋਇਆ ਸੀ। ਜਦੋਂ ਬਾਬਰ ਨੇ ਭਾਰਤ ‘ਤੇ ਹਮਲਾ ਕਰ ਕੇ ਇਥੇ ਆਪਣਾ ਰਾਜ ਸਥਾਪਤ ਕੀਤਾ। ਤਾਂ ਦਿੱਲੀ ਨੂੰ ਜਾਂਦੇ ਹੋਏ ਉਸ ਨੇ ਜੋ ਰਸਤਾ ਅਖ਼ਤਿਆਰ ਕੀਤਾ, ਉਹ ਸ਼ਿਵਾਲਿਕ ਦੀਆਂ ਪਹਾੜੀਆਂ ਕੋਲੋਂ ਲੰਘਦਾ ਸੀ, ਉਹ ਬਜਵਾੜੇ ਦੇ ਵਿੱਚੋਂ ਦੀ ਲੰਘਿਆ ਸੀ। ਮੁਗ਼ਲ ਹਕੂਮਤ ਸਮੇਂ ਅਕਬਰ ਨੇ ਉੱਤਰੀ ਭਾਰਤ ਦੇ ਬਹੁਤ ਸਾਰੇ ਇਲਾਕੇ ਆਪਣੇ ਰਾਜ ਵਿਚ ਸ਼ਾਮਿਲ ਕੀਤੇ ਸਨ। ਉਸ ਨੇ ਪੰਜਾਬ ਦੇ ਇਲਾਕੇ ਨੂੰ ਲਾਹੌਰ ਤੇ ਮੁਲਤਾਨ ਸੂਬਿਆਂ ਵਿਚ ਵੰਡ ਦਿੱਤਾ ਸੀ, ਬਜਵਾੜਾ ਲਾਹੌਰ ਸੂਬੇ ਅਧੀਨ ਸੀ।
ਮੁਗ਼ਲ ਰਾਜ ਪਿੱਛੋਂ
ਬੰਦਾ ਸਿੰਘ ਬਹਾਦਰ ਦੇ ਸਮੇਂ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਦਾ ਖ਼ਾਤਮਾ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਾਂਦੇੜ ਤੋਂ ਪੰਜਾਬ ਭੇਜਿਆ ਸੀ। ਪੰਜਾਬ ਵਿਚ ਲਗਪਗ ਡੇਢ ਸੌ ਸਾਲ ਪਹਿਲਾਂ ਕਲਾਨੌਰ ਦੇ ਸਥਾਨ ‘ਤੇ ਕਾਇਮ ਹੋਈ ਬਾਦਸ਼ਾਹ ਅਕਬਰ ਦੀ ਹਕੂਮਤ ਭਾਰਤ ਦੇ ਕੋਨੇ-ਕੋਨੇ ਵਿਚ ਮਜ਼ਬੂਤੀ ਨਾਲ ਪੈਰ ਪਸਾਰ ਚੁੱਕੀ ਸੀ। ਇੰਨੀ ਵੱਡੀ ਅਤੇ ਮਜ਼ਬੂਤ ਹਕੂਮਤ ਨਾਲ ਸਿੱਧੀ ਟੱਕਰ ਲੈਣ ਦੀ ਕਿਸੇ ਵਿਚ ਹਿੰਮਤ ਨਹੀਂ ਸੀ। ਮੌਲਾਣਿਆਂ ਅਤੇ ਫ਼ੌਜਦਾਰਾਂ ਵੱਲੋਂ ਲੋਕਾਂ ਦੇ ਮਨਾਂ ‘ਤੇ ਕਈ ਤਰ੍ਹਾਂ ਦੇ ਡਰ ਪੈਦਾ ਕੀਤੇ ਹੋਏ ਸਨ । ਲੋਕਾਂ ਦੇ ਮਨਾਂ ਵਿੱਚੋਂ ਅਜਿਹੇ ਡਰ ਦੂਰ ਕਰਨ ਅਤੇ ਜ਼ੁਲਮ ਅੱਗੇ ਨਾ ਝੁਕਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਏ ਹੋਏ ਪੂਰਨਿਆਂ ‘ਤੇ ਚੱਲਦੇ ਹੋਏ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਸ਼ਹਾਦਤ ਦੇ ਦਿੱਤੀ ਸੀ ਪਰ ਸਮੇਂ ਦੀ ਹਕੂਮਤ ਦੀ ਈਨ ਨਹੀਂ ਸੀ ਮੰਨੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਦੇ ਮਨਾਂ ਵਿੱਚੋਂ ਹਕੂਮਤ ਦਾ ਡਰ ਦੂਰ ਕਰਨ ਲਈ ਚੜ੍ਹ ਆਏ ਹਮਲਾਵਰਾਂ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਹਰ ਯੁੱਧ ਵਿਚ ਫ਼ਤਹਿ ਹਾਸਲ ਕੀਤੀ ਸੀ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਦੀ ਹਕੂਮਤ ਨੂੰ ਖ਼ਤਮ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਾਂਦੇੜ ਤੋਂ ਪੰਜਾਬ ਭੇਜਿਆ ਸੀ । ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਆ ਕੇ ਗੁਰੂ ਸਾਹਿਬ ਦਾ ਮਿਸ਼ਨ ਅੱਗੇ ਤੋਰਿਆ ਸੀ ਅਤੇ ਉਸ ਨੇ ਹਮਲਾਵਰ ਦੇ ਰੂਪ ਵਿਚ ਦੁਸ਼ਟਾਂ ਨੂੰ ਸੋਧਣ ਦਾ ਕਾਰਜ ਸ਼ੁਰੂ ਕਰ ਦਿੱਤਾ ਸੀ । ਬੰਦੇ ਨੇ ਪੰਜਾਬ ਪਹੁੰਚ ਕੇ ਮੁਗ਼ਲ ਹਕੂਮਤ ਦੇ ਅਹਿਮ ਠਿਕਾਣਿਆਂ ‘ਤੇ ਕਬਜ਼ਾ ਕਰ ਕੇ ਆਪਣੀ ਸਰਕਾਰ ਕਾਇਮ ਕਰ ਲਈ ਸੀ । ਬੰਦਾ ਸਿੰਘ ਬਹਾਦਰ ਹਰ ਮੈਦਾਨ ਵਿਚ ਫ਼ਤਹਿ ਹਾਸਲ ਕਰਦੇ ਹੋਏ ਪਹਿਲਾਂ ਰਾਹੋਂ ਅਤੇ ਫਿਰ ਬਜਵਾੜੇ ਪਹੁੰਚਿਆ ਤਾਂ ਉਥੋਂ ਦੇ “ਸਰਕਾਰੀ ਕਰਮਚਾਰੀਆਂ ਨੇ ਕੋਈ ਟਾਕਰਾ ਨਾ ਕੀਤਾ ਅਤੇ ਈਨ ਮੰਨ ਲਈ।”1 ਜਦੋਂ ਮੁਗ਼ਲਾਂ ਦੀ ਪੰਜਾਬ ਵਿਚਲੀ ਹਕੂਮਤ ਬੰਦਾ ਸਿੰਘ ਨੂੰ ਫੜਨ ਜਾਂ ਪਛਾੜਨ ਵਿਚ ਅਸਫਲ ਹੋ ਗਈ ਤਾਂ ਉਸ ਸਮੇਂ ਦਿੱਲੀ ਦੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਪੰਜਾਬ ਆਉਣਾ ਪਿਆ ਸੀ । ਬੰਦਾ ਸਿੰਘ ਦਾ ਪਿੱਛਾ ਕਰਦੇ ਹੋਏ ਬਾਦਸ਼ਾਹ 30 ਮਈ 1711 ਈਸਵੀ ਨੂੰ ਨੁਸ਼ਹਿਰੇ, ਅਕਬਰਪੁਰ, ਧਰਮਪੁਰ ਵਿਚ ਦੀ ਹੁੰਦਾ ਹੋਇਆ ਹੁਸ਼ਿਆਰਪੁਰ ਪੁੱਜਾ ਸੀ।
ਕੁਝ ਸਮੇਂ ਪਿੱਛੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਫਿਰ ਬਜਵਾੜੇ ਆਉਣ ਦੀ ਖ਼ਬਰ ਫੈਲ ਗਈ। ਸਰਕਾਰੀ ਰਿਪੋਰਟਾਂ ਦੇ ਆਧਾਰ ‘ਤੇ ਡਾ. ਗੰਡਾ ਸਿੰਘ ਦੱਸਦੇ ਹਨ ਕਿ 14 ਸਤੰਬਰ 1711 ਈਸਵੀ ਨੂੰ, “ਇਹ ਖ਼ਬਰ ਪੁੱਜੀ ਕਿ ਕੁਝ ਸਿੱਖ ਗੁਲੇਰ ਦੇ ਇਲਾਕੇ ਵਿਚ ਦਰਿਆ ਪਾਰ ਕਰ ਰਹੇ ਹਨ ਅਤੇ ਉਨ੍ਹਾਂ ਦੀ ਚੋਖੀ ਗਿਣਤੀ ਅੰਬੋਟੇ ਇਕੱਠੀ ਹੋਈ ਹੈ। ਇਹ ਖ਼ਬਰ ਸੁਣ ਕੇ ਬਜਵਾੜੇ ਅਤੇ ਹੁਸ਼ਿਆਰਪੁਰ ਦੇ ਲੋਕ ਖਿੰਡਦੇ ਜਾ ਰਹੇ ਹਨ। ਈਸਾ ਖ਼ਾਨ ਫ਼ੌਜਦਾਰ ਦੁਆਬਾ ਅਤੇ ਫ਼ੌਜ ਅਲੀ ਖ਼ਾਨ ਫ਼ੌਜਦਾਰ ਬਜਵਾੜਾ ਕਈ ਚਿਰ ਤੋਂ ਬਾਦਸ਼ਾਹ ਦੀ ਸੇਵਾ ਵਿਚ ਗਏ ਹੋਏ ਹਨ। ਇਨ੍ਹਾਂ ਦੇ ਨਾਇਬ ਭੀ ਆਪਣੀ ਥਾਈਂ ਨਹੀਂ ਹਨ। ਸ਼ੇਖ਼ ਅੱਲਾਯਾਰ ਦਰਵੇਸ਼ ਨੇ ਬਜਵਾੜੇ ਦੇ ਥਾਣੇਦਾਰ ਨੂੰ ਕਿਹਾ ਕਿ ਕਾਫ਼ਰ ਇਧਰ ਆਉਣ ਦਾ ਖ਼ਿਆਲ ਕਰ ਰਹੇ ਹਨ, ਇਸ ਲਈ ਸ਼ਹਿਰ ਵਿਚ ਢੋਲ ਵਜਾ ਦਿੱਤਾ ਜਾਏ ਕਿ ਲੋਕ ਉਨ੍ਹਾਂ ਦਾ ਰਾਹ ਰੋਕਣ ਲਈ ਪਿੰਡ ਅੱਜੋਵਾਲ ਇਕੱਠੇ ਹੋਣ।” ਬਾਬਾ ਬੰਦਾ ਸਿੰਘ ਬਹਾਦਰ ਨੇ ਥੋੜ੍ਹੇ ਸਮੇਂ ਵਿਚ ਹੀ ਮੁਗ਼ਲ ਹਕੂਮਤ ਦੀ ਸ਼ਕਤੀ ਨੂੰ ਵੰਗਾਰ ਕੇ ਸਿੱਖ ਰਾਜ ਦੀ ਸਥਾਪਨਾ ਕੀਤੀ ਸੀ । ਉਸ ਨੇ ਸਿੱਖਾਂ ਨੂੰ ਰਾਜ ਕਰਨ ਦੀ ਚਿਣਗ ਲਾ ਦਿੱਤੀ ਸੀ ਅਤੇ ਉਨ੍ਹਾਂ ਨੂੰ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਗੁਰੂ ਦੇ ਸਿੱਖ ਕਿਸੇ ਵੀ ਵੱਡੀ ਤੋਂ ਵੱਡੀ ਤਾਕਤ ਦਾ ਮੁਕਾਬਲਾ ਕਰਨ ਦੇ ਸਮਰੱਥ ਹਨ। ਮੁਗ਼ਲ ਉਨ੍ਹਾਂ ਤੋਂ ਵਧੇਰੇ ਤਾਕਤਵਰ ਅਤੇ ਅਜਿੱਤ ਨਹੀਂ ਹਨ ਅਤੇ ਨਾ ਹੀ ਯੁੱਧ ਵਿਚ ਵੱਡੇ ਹਥਿਆਰ ਹੀ ਕੁਝ ਸੁਆਰ ਸਕਦੇ ਹਨ ਜਦੋਂ ਤੱਕ ਲੜ-ਮਰਨ ਦਾ ਜਜ਼ਬਾ ਮਨ ਵਿਚ ਨਾ ਹੋਵੇ। ਗੁਰੂ ਦੇ ਨਾਂ ‘ਤੇ ਲੜ-ਮਰਨ ਵਾਲੇ ਹੀ ਅਖੀਰ ਜੇਤੂ ਸਾਬਤ ਹੁੰਦੇ ਹਨ। ਦੂਜੇ ਪਾਸੇ ਮੁਗ਼ਲ ਹਕੂਮਤ ਨੂੰ ਇਹ ਡਰ ਸਤਾ ਰਿਹਾ ਸੀ ਕਿ ਜੇਕਰ ਸਿੱਖਾਂ ਨੂੰ ਛੇਤੀ ਨਾਲ ਰੋਕਿਆ ਨਾ ਗਿਆ ਤਾਂ ਇਹ ਛੇਤੀ ਹੀ ਮੁਲਕ ‘ਤੇ ਕਾਬਜ਼ ਹੋ ਜਾਣਗੇ ਅਤੇ ਇਕ ਵਾਰ ਇਨ੍ਹਾਂ ਦੀ ਸਥਾਪਤ ਹੋਈ ਹਕੂਮਤ ਨੂੰ ਖ਼ਤਮ ਕਰਨਾ ਅਸੰਭਵ ਹੈ ਜਾਵੇਗਾ ਜਾਂ ਕਿਤੇ ਇਨ੍ਹਾਂ ਦੀ ਦੇਖਾ-ਦੇਖੀ ਦੂਜੇ ਰਾਜਾਂ ਵਿਚ ਵੀ ਬਗ਼ਾਵਤ ਨਾ ਉੱਠ ਖੜੀ ਹੋਵੇ ਅਤੇ ਹਕੂਮਤ ਦਾ ਡਰ ਲੋਕਾਂ ਦੇ ਮਨ ਵਿੱਚੋਂ ਬਿਲਕੁਲ ਹੀ ਖ਼ਤਮ ਹੋ ਜਾਵੇ। ਬਾਦਸ਼ਾਹ ਫ਼ਰੁੱਖ਼ਸੀਅਰ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਨੂੰ ਇਕ ਚੁਣੌਤੀ ਮੰਨਦੇ ਹੋਏ ਉਸ ਦੇ ਵਿਰੁੱਧ ਭਾਰੀ ਫ਼ੌਜੀ ਮੁਹਿੰਮ ਭੇਜੀ। ਉਸ ਨੇ ਲੱਖੀ ਜੰਗਲ ਵੱਲ ਗਏ ਹੋਏ ਪੰਜਾਬ ਦੇ ਸੂਬੇਦਾਰ ਨੂੰ “ਤਾੜਨਾ ਦੀ ਚਿੱਠੀ ਲਿਖਵਾਈ ਅਤੇ ਹੁਕਮ ਦਿੱਤਾ ਕਿ ਉਹ ਜਿਥੇ ਕਿਧਰੇ ਵੀ ਹੋਵੇ, ਇਕਦਮ ਬੰਦਾ ਸਿੰਘ ਦੇ ਵਿਰੁੱਧ ਚਲਾ ਜਾਵੇ ।” 34 ਬਾਬਾ ਬੰਦਾ ਸਿੰਘ ਬਹਾਦਰ ਇਕ ਤਕੜੀ ਫ਼ੌਜ ਨਾਲ ਜਿੱਤਾਂ ਹਾਸਲ ਕਰਦਾ ਹੋਇਆ ਹੁਸ਼ਿਆਰਪੁਰ ਵੱਲ ਵਧਿਆ ਤਾਂ ਨੇੜੇ ਹੀ ਰਾਹ ਵਿਚ 1715 ਈਸਵੀ ਨੂੰ ਬਜਵਾੜੇ ਵਿਖੇ ਇਕ ਭਾਰੀ ਮੁੱਠਭੇੜ ਹੋਈ ਜਿਸ ਵਿਚ ਸ. ਜੱਸਾ ਸਿੰਘ ਰਾਮਗੜ੍ਹੀਏ ਦਾ ਦਾਦਾ ਸ. ਹਰਦਾਸ ਸਿੰਘ, ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਫ਼ੌਜ ਵਿਚ ਸ਼ਾਮਿਲ ਸੀ, ਸ਼ਹੀਦ ਹੋ ਗਿਆ ਸੀ ।
ਮਿਸਲਾਂ ਦੇ ਸਮੇਂ
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਉਤੇ ਜਬਰ ਜ਼ੁਲਮ ਦੀ ਚੱਲ ਰਹੀ ਹਨੇਰੀ ਹੋਰ ਤੇਜ਼ੀ ਨਾਲ ਜ਼ੋਰ ਫੜਨ ਲੱਗੀ ਸੀ। ਹਕੂਮਤ ਦਾ ਕੰਮ ਦੇਸ ਵਿਚ ਵੱਸਦੀਆਂ ਸਮੂਹ ਕੌਮਾਂ ਨੂੰ ਨਾਲ ਲੈ ਕੇ ਚੱਲਣ ਦਾ ਹੁੰਦਾ ਹੈ ਪਰ ਸਿੱਖਾਂ ਲਈ ਇਸ ਨੀਤੀ ਦੀ ਵਰਤੋਂ ਨਹੀਂ ਸੀ ਕੀਤੀ ਜਾ ਰਹੀ, ਬਲਕਿ ਲਾਹੌਰ ਦਾ ਜਿਹੜਾ ਵੀ ਸੂਬੇਦਾਰ ਥਾਪਿਆ ਜਾਂਦਾ, ਉਹ ਸਿੱਖਾਂ ਦਾ ਖੁਰਾ- ਖੋਜ ਮਿਟਾਉਣ ਲਈ ਜੱਦੋ-ਜਹਿਦ ਕਰਦਾ ਸੀ। ਬਾਹਰੋਂ ਆਉਣ ਵਾਲੇ ਹਮਲਾਵਰਾਂ ਲਈ ਪੰਜਾਬ ਹੀ ਮੁੱਖ ਦਰਵਾਜ਼ਾ ਸੀ, ਇਸ ਲਈ ਹਰ ਇਕ ਬਾਹਰੀ ਹਮਲਾਵਰ ਨੇ ਇਥੇ ਆਪਣੀ ਹਕੂਮਤ ਸਥਾਪਤ ਕਰਨ ਦਾ ਯਤਨ ਕੀਤਾ ਸੀ। ਅਤੇ ਜਾਂ ਫਿਰ ਇਥੇ ਸਥਾਪਤ ਹਕੂਮਤ ਨੂੰ ਆਪਣੀ ਅਧੀਨਗੀ ਮੰਨਣ ਲਈ ਮਜਬੂਰ ਕਰ ਦਿੱਤਾ ਸੀ। ਸਿੱਖ ਪੰਜਾਬ ਨੂੰ ਆਪਣੀ ਜਨਮ ਭੂਮੀ ਸਮਝਦੇ ਸਨ ਅਤੇ ਉਹ ਬਾਹਰੀ ਹਮਲਾਵਰਾਂ ਦੁਆਰਾ ਇਸ ਦੀ ਕੀਤੀ ਜਾ ਰਹੀ ਦੁਰਗਤੀ ਨੂੰ ਸਹਿਣ ਨਹੀਂ ਸਨ ਕਰਦੇ। ਗੁਰੂ ਸਾਹਿਬਾਨ ਦੁਆਰਾ ਨਿਮਾਣਿਆਂ, ਨਿਤਾਣਿਆਂ ਅਤੇ ਮਜ਼ਲੂਮਾਂ ਦੀ ਰਾਖੀ ਕਰਨ ਦਾ ਦਿੱਤਾ ਸੰਦੇਸ਼ ਉਨ੍ਹਾਂ ਦੀ ਮਾਨਸਿਕਤਾ ਵਿਚ ਪੂਰੀ ਤਰ੍ਹਾਂ ਨਾਲ ਪਰਪੱਕ ਹੋ ਚੁੱਕਾ ਸੀ। ਇਸ ਕਰਕੇ ਉਹ ਬਾਹਰੀ ਹਮਲਾਵਰਾਂ ਨੂੰ ਇਥੇ ਖਰੂਦ ਪਾਉਣ ਦੀ ਇਜਾਜ਼ਤ ਨਹੀਂ ਸਨ ਦਿੰਦੇ, ਜਿਸ ਦੇ ਨਤੀਜੇ ਵਜੋਂ ਉਹ ਸਮੂਹ ਹਕੂਮਤਾਂ ਅਤੇ ਹਮਲਾਵਰਾਂ ਦੀਆਂ ਅੱਖਾਂ ਵਿਚ ਰੜਕਦੇ ਰਹੇ ਸਨ । ਅਹਿਮਦ ਸ਼ਾਹ ਅਬਦਾਲੀ ਆਧੁਨਿਕ ਹਥਿਆਰਾਂ ਨਾਲ ਲੈਸ ਭਾਰੀ ਫ਼ੌਜ ਲੈ ਕੇ ਪੰਜਾਬ ਵਿਚ ਕਈ ਵਾਰ ਆਇਆ ਸੀ । ਗਿਣਤੀ ਵਿਚ ਥੋੜ੍ਹੇ ਹੋਣ ਕਰਕੇ ਭਾਵੇਂ ਸਿੱਖ ਉਸਦਾ ਸਿੱਧਾ ਮੁਕਾਬਲਾ ਕਰਨ ਤੋਂ ਅਸਮਰੱਥ ਸਨ ਪਰ ਉਸਦੇ ਹਰ ਹਮਲੇ ਸਮੇਂ ਆਪਣੀ ਹੋਂਦ ਦਾ ਪ੍ਰਗਟਾਵਾ ਕਰਨ ਵਿਚ ਸਫਲ ਜ਼ਰੂਰ ਹੋ ਜਾਂਦੇ ਸਨ । ਸਮਾਂ ਪਾ ਕੇ ਸਿੱਖ ਸਰਦਾਰਾਂ ਨੇ ਆਪਣੇ ਆਪ ਨੂੰ ਮਜ਼ਬੂਤ ਕਰ ਲਿਆ ਸੀ ਅਤੇ ਇਕ ਸਮਾਂ ਅਜਿਹਾ ਵੀ ਆਇਆ, ਜਦੋਂ ਉਹ ਅਬਦਾਲੀ ਦਾ ਸਿੱਧਾ ਮੁਕਾਬਲਾ ਕਰਨ ਦੀ ਸਥਿਤੀ ਵਿਚ ਆ ਗਏ ਸਨ। ਅਹਿਮਦ ਸ਼ਾਹ ਅਬਦਾਲੀ ਤੋਂ ਪਿੱਛੋਂ ਉਸਦਾ ਪੁੱਤਰ ਤੈਮੂਰ ਗੱਦੀ ’ਤੇ ਬੈਠਾ। ਉਸ ਨੇ ਵੀ ਸਿੱਖਾਂ ਨਾਲ ਯੁੱਧ ਕੀਤੇ ਸਨ ਪਰ ਸਫਲਤਾ ਉਸਦੇ ਹੱਥ ਨਹੀਂ ਸੀ ਲੱਗੀ। ਸਿੱਖਾਂ ਦੀ ਹੋਂਦ ਕਾਰਨ ਉਹ ਪੰਜਾਬ ‘ਤੇ ਅਧਿਕਾਰ ਜਮਾਉਣ ਜਾਂ ਇਥੋਂ ਦੇ ਲੋਕਾਂ ਨੂੰ ਆਸਾਨੀ ਨਾਲ ਲੁੱਟਣ ਤੋਂ ਅਸਮਰੱਥ ਸਾਬਿਤ ਹੋਇਆ ਸੀ। ਤੈਮੂਰ ਦੀ ਅਗਵਾਈ ਵਿਚ ਅਫ਼ਗਾਨਾਂ ਦਾ ਪੰਜਾਬ ਵੱਲੋਂ ਮਨ ਖੱਟਾ ਹੋ ਗਿਆ ਸੀ।” ਸਮੇਂ ਦੀ ਹਕੂਮਤ ਦੀ ਪੰਜਾਬ ‘ਤੇ ਪਕੜ ਢਿੱਲੀ ਹੋ ਜਾਣ ਕਾਰਨ ਅਤੇ ਬਾਹਰੀ ਹਮਲਾਵਰਾਂ ਦਾ ਇੱਧਰ ਮੂੰਹ ਨਾ ਕਰਨ ਕਰਕੇ ਸਿੱਖਾਂ ਨੇ ਇਥੇ ਆਪਣਾ ਪ੍ਰਬੰਧ ਕਰਨਾ ਅਰੰਭ ਕਰ ਦਿੱਤਾ ਸੀ। ਸਿਰਕੱਢ ਸਰਦਾਰਾਂ ਨੇ ਮਿਸਲਾਂ ਦੀ ਸਥਾਪਨਾ ਕਰ ਕੇ ਰਾਖੀ ਪ੍ਰਬੰਧ ਦੀ ਪਰੰਪਰਾ ਦਾ ਆਗ਼ਾਜ਼ ਕਰ ਦਿੱਤਾ ਸੀ । ਬਾਹਰੀ ਹਮਲੇ ਸਮੇਂ ਸਮੂਹ ਸਿੱਖ ਸਰਦਾਰ ਇਕੱਠੇ ਹੋ ਕੇ ਉਸ ਦਾ ਮੁਕਾਬਲਾ ਕਰਦੇ ਸਨ ਅਤੇ ਉਸ ਨੂੰ ਇਥੋਂ ਖਦੇੜਨ ਤੋਂ ਬਾਅਦ ਆਪ ਇਥੋਂ ਦੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਦੇ ਸਨ। ਮਹਾਰਾਜਾ ਰਣਜੀਤ ਸਿੰਘ ਦਾ ਸਮਕਾਲੀ ਇਤਿਹਾਸਕਾਰ ਅਹਿਮਦ ਸ਼ਾਹ ਬਟਾਲਵੀ ਦੱਸਦਾ ਹੈ ਕਿ “ਹਰ ਇਕ ਸਿੰਘ ਸਰਦਾਰ ਨੇ ਆਪਣੀ ਫ਼ੌਜ ਤਿਆਰ ਕਰ ਲਈ। ਤੋਪਖ਼ਾਨੇ ਅਤੇ ਲਸ਼ਕਰ ਲੈ ਕੇ ਉਨ੍ਹਾਂ ਨੇ ਸ਼ਹਿਰਾਂ ਨੂੰ ਅਧਿਕਾਰ ਹੇਠ ਲੈਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਜ਼ਿਮੀਂਦਾਰਾਂ ਅਤੇ ਪਰਗਣਿਆਂ ਦੇ ਹਾਕਿਮਾਂ ਨੂੰ ਵੀ ਆਪਣੇ ਅਧੀਨ ਕਰ ਲਿਆ । ਪੂਰਬ ਵਿਚ ਸਹਾਰਨਪੁਰ ਦੀ ਸੀਮਾ ਤੋਂ ਲੈ ਕੇ ਪੱਛਮ ਵਿਚ ਅਟਕ ਦੇ ਕਿਲ੍ਹੇ ਤੱਕ, ਦੱਖਣ ਵਿਚ ਮੁਲਤਾਨ ਅਤੇ ਸਿੰਧ ਦੀ ਸੀਮਾ ਤੱਕ ਅਤੇ ਉੱਤਰ ਵਿਚ ਸ਼ਿਵਾਲਿਕ ਦੀਆਂ ਪਹਾੜੀਆਂ, ਕੋਟ ਕਾਂਗੜਾ, ਜੰਮੂ ਅਤੇ ਭਿੰਬਰ ਤੱਕ ਸਾਰੇ ਪੰਜਾਬ ਉੱਤੇ ਉਨ੍ਹਾਂ ਸਰਦਾਰਾਂ ਦਾ ਅਧਿਕਾਰ ਹੋ ਗਿਆ ਸੀ।”
ਬਾਰ੍ਹਾਂ ਮਿਸਲਾਂ ਪ੍ਰਮੁਖ ਤੌਰ ‘ਤੇ ਪੰਜਾਬ ‘ਤੇ ਕਾਬਜ਼ ਹੋਈਆਂ ਸਨ – ਭੰਗੀ, ਰਾਮਗੜ੍ਹੀਆ, ਘਨੱਈਆ, ਨਕਈ, ਡੱਲੇਵਾਲੀਆ, ਕਰੋੜਸਿੰਘੀਆ, ਸ਼ਹੀਦਾਂ, ਫ਼ੈਜ਼ਲਪੁਰੀਆ, ਨਿਸ਼ਾਨਾਂ ਵਾਲੀ, ਸ਼ੁਕਰਚੱਕੀਆ, ਫੂਲਕੀਆ, ਆਹਲੂਵਾਲੀਆ। ਮਿਸਲਾਂ ਦੇ ਸਮੇਂ ਬਜਵਾੜੇ ਦਾ ਇਲਾਕਾ ਰਾਮਗੜ੍ਹੀਆ ਮਿਸਲ ਦੇ ਅਧੀਨ ਸੀ । ਸ. ਜੱਸਾ ਸਿੰਘ ਰਾਮਗੜ੍ਹੀਏ ਤੋਂ ਬਾਅਦ ਜਦੋਂ ਉਸਦਾ ਪੁੱਤਰ ਸ. ਜੋਧ ਸਿੰਘ ਮਿਸਲ ਦਾ ਮੁਖੀ ਬਣਿਆ ਤਾਂ ਮਹਾਰਾਜਾ ਰਣਜੀਤ ਸਿੰਘ ਨਾਲ ਉਸ ਦੀ ਦੋਸਤੀ ਹੋ ਗਈ ਸੀ । ਇਸ ਦੋਸਤੀ ਨੂੰ ਸਿਰੇ ਚੜਾਉਣ ਲਈ ਮਹਾਰਾਜੇ ਨੇ ਉਸ ਨੂੰ ਉਸਦੀ ਇੱਛਾ ਅਨੁਸਾਰ ਬਟਾਲਾ, ਕਲਾਨੌਰ, ਬਜਵਾੜਾ ਅਤੇ ਸੰਗੋਵਾਲ ਦੇ ਇਲਾਕੇ ਉਸਦੇ ਸਪੁਰਦ ਕੀਤੇ ਸਨ। ਇਹ ਇਲਾਕੇ ਪਹਿਲਾਂ ਉਸਦੇ ਪਿਤਾ ਸ. ਜੱਸਾ ਸਿੰਘ ਰਾਮਗੜ੍ਹੀਏ ਦੇ ਅਧੀਨ ਸਨ।
ਸਿੱਖ ਰਾਜ ਸਮੇਂ : ਮਹਾਰਾਜਾ ਰਣਜੀਤ ਸਿੰਘ ਬਾਰ੍ਹਾਂ ਮਿਸਲਾਂ ਵਿੱਚੋਂ ਸ਼ੁਕਰਚੱਕੀਆ ਮਿਸਲ ਦਾ ਸਰਦਾਰ ਸੀ। ਉਹ ਬਹੁਤ ਦਲੇਰ ਅਤੇ ਸੂਝਵਾਨ ਜਰਨੈਲ ਸੀ, ਉਸ ਨੇ ਹੌਲੀ-ਹੌਲੀ ਬਾਕੀ ਮਿਸਲਾਂ ਨੂੰ ਆਪਣੇ ਕਬਜ਼ੇ ਵਿਚ ਲੈਣਾ ਅਰੰਭ ਕਰ ਦਿੱਤਾ ਸੀ। ਘਨੱਈਆ ਮਿਸਲ ਨਾਲ ਰਿਸ਼ਤੇਦਾਰੀ ਜੋੜ ਕੇ ਅਤੇ ਬਾਕੀਆਂ ਵਿੱਚੋਂ ਕੁਝ ਮਿਸਲਾਂ ਦੇ ਇਲਾਕੇ ‘ਤੇ ਕਬਜ਼ਾ ਕਰ ਕੇ ਰਣਜੀਤ ਸਿੰਘ ਪੰਜਾਬ ਦਾ ਮਹਾਰਾਜਾ ਬਣ ਗਿਆ ਸੀ। ਅੰਗਰੇਜ਼ਾਂ ਨਾਲ ਸੰਧੀ ਹੋਣ ਕਰਕੇ ਉਹ ਸਤਲੁਜ ਤੋਂ ਇੱਧਰਲੀਆਂ ਸਿੱਖ ਰਿਆਸਤਾਂ ਨੂੰ ਆਪਣੇ ਅਧਿਕਾਰ ਹੇਠ ਨਹੀਂ ਸੀ ਲੈ ਸਕਿਆ ਪਰ ਅਫ਼ਗਾਨਾਂ ਨਾਲ ਲੱਗਦੀ ਸਰਹੱਦ ਅਤੇ ਪਹਾੜੀ ਇਲਾਕਿਆਂ ਵਿੱਚੋਂ ਇਕ ਵੱਡੇ ਹਿੱਸੇ ‘ਤੇ ਉਹ ਆਪਣਾ ਅਧਿਕਾਰ ਜਮਾਉਣ ਵਿਚ ਸਫਲ ਹੋ ਗਿਆ ਸੀ । ਮਹਾਰਾਜਾ ਰਣਜੀਤ ਸਿੰਘ ਨੇ ਕਾਂਗੜੇ ਦੇ ਪਹਾੜੀ ਇਲਾਕੇ ‘ਤੇ ਕਬਜ਼ਾ ਕਰਨ ਦਾ ਯਤਨ ਅਰੰਭ ਕੀਤਾ ਤਾਂ ਸਭ ਤੋਂ ਪਹਿਲਾਂ ਉਸ ਨੂੰ ਬਜਵਾੜੇ ‘ਤੇ ਕਬਜ਼ਾ ਕਰਨਾ ਪਿਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬਜਵਾੜੇ ਦਾ ਕਿਲ੍ਹਾ ਕਾਂਗੜੇ ਦੇ ਰਾਜਾ ਸੰਸਾਰ ਚੰਦ ਦੇ ਅਧੀਨ ਸੀ । ਸੰਸਾਰ ਚੰਦ ਨੇ ਇਹ ਕਿਲ੍ਹਾ ਆਪ ਬਣਵਾਇਆ ਸੀ ਪਰ ਕਿਸੇ ਤਰ੍ਹਾਂ ਇਹ ਭੂਪ ਸਿੰਘ ਫ਼ੈਜ਼ਲਪੁਰੀਏ ਦੇ ਅਧੀਨ ਚਲਾ ਗਿਆ ਸੀ। 1801 ਵਿਚ ਸੰਸਾਰ ਚੰਦ ਨੇ ਇਹ ਕਿਲ੍ਹਾ ਫਿਰ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਸ਼ਿਵਾਲਿਕ ਪਹਾੜੀਆਂ ਦੀ ਬੁੱਕਲ ਵਿਚ ਪੈਂਦਾ ਇਹ ਇਲਾਕਾ ਯੁੱਧ-ਨੀਤੀ ਦੀ ਦ੍ਰਿਸ਼ਟੀ ਤੋਂ ਮਹੱਤਵਪੂਰਨ ਸੀ ਜਿਸ ਕਰਕੇ ਸੰਸਾਰ ਚੰਦ ਕਿਸੇ ਵੀ ਕੀਮਤ ‘ਤੇ ਇਸ ਨੂੰ ਛੱਡਣਾ ਨਹੀਂ ਸੀ ਚਾਹੁੰਦਾ। 1802 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਸੰਸਾਰ ਚੰਦ ਦੇ ਕਬਜ਼ੇ ਅਧੀਨ ਬਜਵਾੜੇ ਦਾ ਕਿਲ੍ਹਾ ਆਪਣੇ ਅਧੀਨ ਕਰ ਲਿਆ ਸੀ । 39 ਸੰਸਾਰ ਚੰਦ ਪੰਜਾਬ ਦੇ ਇਲਾਕੇ ਅਤੇ ਵਿਸ਼ੇਸ਼ ਤੌਰ ‘ਤੇ ਲਾਹੌਰ ‘ਤੇ ਕਬਜ਼ਾ ਕਰਨ ਦੀ ਇੱਛਾ ਰੱਖਦਾ ਸੀ, ਇਸੇ ਕਰਕੇ ਉਸਦੇ ਦਰਬਾਰ ਵਿਚ ਉਸ ਨੂੰ ‘ਲਾਹੌਰ ਪਰਾਪਤ’ ਕਿਹਾ ਜਾਂਦਾ ਸੀ। ਇਸ ਮਨਸ਼ਾ ਨੂੰ ਪੂਰਾ ਕਰਨ ਹਿਤ ਉਸ ਨੇ 1803-04 ਵਿਚ ਦੋ ਵਾਰ ਬਜਵਾੜੇ ‘ਤੇ ਕਬਜ਼ਾ ਕਰਨ ਦਾ ਯਤਨ ਕੀਤਾ ਸੀ, ਪਰ ਸਫਲ ਨਾ ਹੋ ਸਕਿਆ।4° ਸੰਸਾਰ ਚੰਦ ਦੀ ਮਨਸ਼ਾ ਨੂੰ ਧਿਆਨ ਵਿਚ ਰੱਖਦੇ ਹੋਏ ਮਹਾਰਾਜਾ ਰਣਜੀਤ ਸਿੰਘ ਨੇ ਉਸ ਇਲਾਕੇ ਵਿਚ ਆਪ ਜਾਣ ਦਾ ਨਿਸਚਾ ਧਾਰਨ ਕਰ ਲਿਆ ਸੀ । ਇਸ ਮੰਤਵ ਅਧੀਨ ਜਦੋਂ ਉਹ ਪਟਿਆਲੇ ਤੇ ਨਾਭੇ ਦੇ ਰਾਜਿਆਂ ਸਮੇਤ ਜਗਰਾਵਾਂ, ਨਕੋਦਰ, ਬੰਗਾ ਤੇ ਨਵਾਂ ਸ਼ਹਿਰ ਆਦਿ ਦੇ ਸਰਦਾਰਾਂ ਤੋਂ ਨਜ਼ਰਾਨੇ ਦੀ ਭਾਰੀ ਰਕਮ ਤੇ ਬਾਰ੍ਹਾਂ ਤੋਪਾਂ ਆਦਿ ਲੈ ਕੇ ਵਾਪਸ ਆਇਆ ਤਾਂ ਲੁਧਿਆਣੇ ਦੇ ਕਿਲ੍ਹੇ ਬਹਿਲੋਲਪੁਰ ਅਤੇ ਕੁਝ ਹੋਰ ਪਿੰਡਾਂ ‘ਚ ਰਾਜਾ ਭਾਗ ਸਿੰਘ ਦੀਆਂ ਚੌਕੀਆਂ ਬਿਠਾ ਕੇ ਆਪ ਬਜਵਾੜੇ ਆ ਗਿਆ ਅਤੇ ਕਾਂਗੜੇ ਦੇ ਪਹਾੜੀ ਇਲਾਕੇ ਵੱਲ ਜਾਣ ਦਾ ਇਰਾਦਾ ਕੀਤਾ।” ਪੰਜਾਬ ‘ਤੇ ਕਬਜ਼ਾ ਕਰਨ ਦੀ ਇੱਛਾ ਰੱਖਣ ਵਾਲਾ ਸੰਸਾਰ ਚੰਦ ਕਾਂਗੜੇ ਦਾ ਕਿਲ੍ਹਾ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਦੇਣ ਲਈ ਮਜਬੂਰ ਹੋ ਗਿਆ ਸੀ ।
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਲੰਧਰ ਅਤੇ ਬਜਵਾੜਾ (ਹੁਸ਼ਿਆਰਪੁਰ) ਲਾਹੌਰ ਸੂਬੇ ਦੇ ਅਧੀਨ ਸਨ । ਜਲੰਧਰ, ਨਕੋਦਰ, ਰਾਹੋਂ, ਨਵਾਂ ਸ਼ਹਿਰ ਅਤੇ ਫਿਲੌਰ ਤਹਿਸੀਲਾਂ ਜਲੰਧਰ ਪਰਗਣੇ ਅਧੀਨ ਸਨ ਅਤੇ ਬਜਵਾੜਾ, ਹਰਿਆਣਾ, ਸ਼ਾਮ ਚੁਰਾਸੀ, ਗੜ੍ਹਸ਼ੰਕਰ, ਊਨਾ ਅਤੇ ਮੁਕੇਰੀਆਂ ਤਹਿਸੀਲਾਂ ਨੂੰ ਬਜਵਾੜੇ ਨਾਲ ਜੋੜਿਆ ਹੋਇਆ ਸੀ। ਇਸ ਇਲਾਕੇ ਵਿਚ *ਹਜ਼ਾਰਾਂ ਖੂਹ ਸਨ ਜਿਨ੍ਹਾਂ ਰਾਹੀਂ ਫ਼ਸਲਾਂ ਦੀ ਸਿੰਚਾਈ ਦਾ ਕੰਮ ਕੀਤਾ ਜਾਂਦਾ ਸੀ ।42 ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬਜਵਾੜਾ ਇਕ ਖ਼ੁਸ਼ਹਾਲ ਨਗਰ ਸੀ ਅਤੇ ਇਥੇ ਬਣਨ ਵਾਲੀਆਂ ਚਿੱਟੀਆਂ ਪੱਗਾਂ ਦੀ ਪ੍ਰਸਿੱਧੀ ਦੂਰ-ਦੂਰ ਤੱਕ ਫੈਲੀ ਹੋਈ ਸੀ ।
ਅੰਗਰੇਜ਼ਾਂ ਅਧੀਨ : ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਉਪਰੰਤ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਅਧੀਨ ਕਰ ਲੈਣ ਦੀਆਂ ਵਿਉਂਤਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਅਖ਼ੀਰ 1849 ਈਸਵੀ ਨੂੰ ਉਨ੍ਹਾਂ ਨੇ ਪੂਰੇ ਪੰਜਾਬ ‘ਤੇ ਆਪਣਾ ਅਧਿਕਾਰ ਕਰ ਕੇ ਇਥੇ ਅੰਗਰੇਜ਼ੀ ਹਕੂਮਤ ਸਥਾਪਤ ਕਰ ਲਈ ਸੀ। ਅੰਗਰੇਜ਼ਾਂ ਨੇ ਜਿਸ ਧੋਖੇ ਅਤੇ ਬੇਈਮਾਨੀ ਨਾਲ ਪੰਜਾਬ ਨੂੰ ਆਪਣੇ ਅਧੀਨ ਕੀਤਾ ਸੀ, ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਪਰ ਫਿਰ ਵੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਪੂਰੀ ਤਰ੍ਹਾਂ ਵੱਸਿਆ ਹੋਇਆ ਸੀ। ਜਿਸ ਤਰ੍ਹਾਂ ਉਸ ਦੀ ਧਰਮ-ਪਤਨੀ ਮਹਾਰਾਣੀ ਜਿੰਦਾਂ ਅਤੇ ਨਾਬਾਲਗ਼ ਪੁੱਤਰ ਮਹਾਰਾਜਾ ਦਲੀਪ ਸਿੰਘ ਨਾਲ ਅੰਗਰੇਜ਼ਾਂ ਨੇ ਦੁਰ-ਵਿਹਾਰ ਕਰ ਕੇ ਪੰਜਾਬ ‘ਤੇ ਕਬਜ਼ਾ ਕੀਤਾ ਸੀ, ਉਹ ਪੰਜਾਬੀਆਂ ਦੇ ਮਨਾਂ ਵਿਚ ਰੜਕ ਰਿਹਾ ਸੀ। ਅੰਗਰੇਜ਼ ਹਕੂਮਤ ਪ੍ਰਤੀ ਪੰਜਾਬੀਆਂ ਵਿਚ ਬਹੁਤ ਰੋਸ ਸੀ ਅਤੇ ਉਹ ਆਪਣੇ ਆਪ ਨੂੰ ਇਨ੍ਹਾਂ ਤੋਂ ਆਜ਼ਾਦ ਕਰਾਉਣਾ ਚਾਹੁੰਦੇ ਸਨ। ਭਾਈ ਮਹਾਰਾਜ ਸਿੰਘ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਲਈ ਯਤਨ ਕੀਤੇ ਸਨ ਅਤੇ ਉਸਦੇ ਬਹੁਤੇ ਯਤਨ ਬਜਵਾੜੇ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਤੱਕ ਸੀਮਿਤ ਸਨ । ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਦੀ ਕੈਦ ਵਿੱਚੋਂ ਕੱਢ ਲਿਆਉਣ ਦੇ ਉਸ ਦੇ ਯਤਨ ਅਸਫਲ ਹੋ ਗਏ ਸਨ। ਇਸ ਤੋਂ ਬਾਅਦ ਉਸ ਨੇ ਹੁਸ਼ਿਆਰਪੁਰ ਦੀ ਛਾਉਣੀ ਅਤੇ ਬਜਵਾੜੇ ਦੇ ਸਰਕਾਰੀ ਖ਼ਜ਼ਾਨੇ ਉਤੇ ਹਮਲਾ ਕਰਨ ਦੀ ਤਿਆਰੀ ਕੀਤੀ ਸੀ । ਹੁਸ਼ਿਆਰਪੁਰ ਦੀ ਫ਼ੌਜੀ ਛਾਉਣੀ ਦੇ ਕਈ ਸਿੱਖ ਅਫ਼ਸਰਾਂ ਨੇ ਭਾਈ ਸਾਹਿਬ ਨੂੰ ਸਹਾਇਤਾ ਦੇਣ ਦਾ ਵਚਨ ਕੀਤਾ ਸੀ। ਬਜਵਾੜੇ ਦੇ ਸਰਕਾਰੀ ਖ਼ਜ਼ਾਨੇ ‘ਤੇ ਹਮਲਾ ਕਰਨ ਲਈ ਉਨ੍ਹਾਂ ਆਸ-ਪਾਸ ਦੇ ਇਲਾਕਿਆਂ ਦੇ ਹੋਰ ਲੋਕਾਂ ਨੂੰ ਵੀ ਆਪਣੇ ਨਾਲ ਜੋੜ ਲਿਆ ਸੀ ਅਤੇ ਹਮਲਾ ਕਰਨ ਤੋਂ ਪਹਿਲਾਂ ਹਾਲਾਤ ਦਾ ਜਾਇਜ਼ਾ ਲੈਣ ਲਈ ਉਹ ਆਪ ਬਜਵਾੜੇ ਗਏ ਵੀ ਸਨ ਪਰ ਕਿਸੇ ਸੂਹੀਏ ਨੇ ਮੁਖ਼ਬਰੀ ਕਰ ਕੇ ਭਾਈ ਸਾਹਿਬ ਨੂੰ ਆਦਮਪੁਰ ਤੋਂ ਗ੍ਰਿਫ਼ਤਾਰ ਕਰਵਾ ਦਿੱਤਾ ਸੀ। “ ਇਸ ਤਰ੍ਹਾਂ ਬਜਵਾੜਾ ਅੰਗਰੇਜ਼ਾਂ ਤੋਂ ਆਜ਼ਾਦੀ ਦੀ ਲਹਿਰ ਪ੍ਰਤੀ ਚੇਤਨਾ ਪੈਦਾ ਕਰਨ ਦਾ ਸਥਾਨ ਵੀ ਰਿਹਾ ਹੈ। ਬਜਵਾੜਾ ਅੰਗਰੇਜ਼ਾਂ ਅਧੀਨ ਆਇਆ ਤਾਂ ਉਨ੍ਹਾਂ ਨੇ ਇਥੋਂ ਦੇ ਕਿਲ੍ਹੇ ਨੂੰ ਫ਼ੌਜੀ ਜੇਲ੍ਹ ਵਜੋਂ ਵਰਤਿਆ ਸੀ45 ਅਤੇ ਇਥੇ ਹੀ ਜੌਹਨ ਲਾਰੰਸ ਸਾਹਿਬ ਨੇ ਰਾਜਾ ਜਗਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਰੱਖਿਆ ਸੀ। 46 1857 ਈਸਵੀ ਦੇ ਗ਼ਦਰ ਸਮੇਂ ਵੀ ਬਗ਼ਾਵਤੀਆਂ ਨੂੰ ਇਸ ਕਿਲ੍ਹੇ ਵਿਚ ਕੈਦ ਰੱਖਿਆ ਗਿਆ ਸੀ। ਇਥੇ ਵੀ ਕੁਝ ਲੋਕਾਂ ਨੇ ਬਗ਼ਾਵਤ ਕਰਨ ਦਾ ਵਿਚਾਰ ਬਣਾਇਆ ਪਰ ਇਹ ਸਿਰੇ ਨਾ ਚੜ੍ਹ ਸਕਿਆ ।
ਬਜਵਾੜੇ ਦਾ ਪਤਨ : ਬਜਵਾੜੇ ਦੀ ਸ਼ਾਨ ਹੌਲੀ-ਹੌਲੀ ਮੱਧਮ ਪੈਂਦੀ ਗਈ ਅਤੇ ਅੰਗਰੇਜ਼ਾਂ ਦੇ ਸਮੇਂ ਲਗਪਗ ਖ਼ਤਮ ਹੋਣ ਵਾਲੇ ਪਾਸੇ ਤੁਰ ਪਈ। ਇਸ ਦਾ ਇਕ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਇਕ ਵਾਰ ਰਾਜਾ ਟੋਡਰ ਮੱਲ ਕਾਂਗੜੇ ਦੇ ਕਿਲ੍ਹੇ ਵੱਲ ਜਾਂਦਿਆਂ ਇਥੋਂ ਦੀ ਲੰਘਿਆ ਸੀ । ਉਸਦਾ ਇਥੇ ਆਉਣ ‘ਤੇ ਬਹੁਤਾ ਸਵਾਗਤ ਨਾ ਹੋਇਆ। ਉਸ ਦੇ ਮਨ ਵਿਚ ਇਹ ਗੱਲ ਰੜਕਣ ਲੱਗੀ ਅਤੇ ਉਸ ਨੇ ਇਸ ਨਗਰ ਨੂੰ ਸਜ਼ਾ ਵਜੋਂ ਛੋਟੇ ਭਾਗਾਂ ਵਿਚ ਵੰਡ ਦਿੱਤਾ। ਸੀ। 48 ਇਸ ਦੇ ਸਿੱਟੇ ਵਜੋਂ ਇਸ ਨਗਰ ਦੇ ਵਿਕਾਸ ਦੀ ਗਤੀ ਮੱਧਮ ਹੋ ਗਈ। ਅਤੇ ਹੌਲੀ-ਹੌਲੀ ਇਹ ਨਗਰ ਸੁੰਗੜਨ ਲੱਗਾ ਸੀ। ਇਸ ਨਗਰ ਦੇ ਪਤਨ ਦਾ ਇਕ ਕਾਰਨ ਪਹਾੜਾਂ ਤੋਂ ਪਾਣੀ ਨਾਲ ਰੇਤ ਇਸ ਇਲਾਕੇ ਵਿਚ ਆਉਣਾ ਵੀ ਮੰਨਿਆ ਜਾਂਦਾ ਹੈ। ਉੱਨੀਵੀਂ ਸਦੀ ਦੇ ਚੌਥੇ ਦਹਾਕੇ ਵਿਚ ਇਥੇ ਹੜ੍ਹ ਆਇਆ ਸੀ ਜਿਸ ਨੇ ਇਸ ਇਲਾਕੇ ਵਿਚ ਬਹੁਤ ਭਾਰੀ ਤਬਾਹੀ ਮਚਾਈ ਸੀ। ਬਹੁਤ ਸਾਰੀ ਖੇਤੀ-ਯੋਗ ਜ਼ਮੀਨ ਰੇਤ ਦੇ ਥੱਲੇ ਆ ਜਾਣ ਕਰਕੇ ਇਥੇ ਕਮਾਈ ਦਾ ਕੋਈ ਸਾਧਨ ਨਾ ਰਿਹਾ ਅਤੇ ਲੋਕਾਂ ਨੂੰ ਇਥੋਂ ਹੋਰਨਾਂ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਮਜਬੂਰ ਹੋਣਾ ਪਿਆ ਸੀ। 1891 ਦੀ ਜਨਗਣਨਾ ਸਮੇਂ ਹੁਸ਼ਿਆਰਪੁਰ ਦੀ ਆਬਾਦੀ ਘਟਣ ਦਾ ਕਾਰਨ ਵੀ ਇਸ ਰੇਤਲੇ ਹੜ੍ਹ ਨੂੰ ਮੰਨਿਆ ਗਿਆ ਹੈ। ਹੁਸ਼ਿਆਰਪੁਰ ਵਿਖੇ ਲੰਮੇ ਸਮੇਂ ਤੋਂ ਨਿਵਾਸ ਕਰ ਰਹੇ ਸਵਾਮੀ ਜੀ ਨੇ ਵੀ ਰੇਤ ਦੇ ਹੜ੍ਹ ਨਾਲ ਬਜਵਾੜੇ ਦੀ ਭਾਰੀ ਤਬਾਹੀ ਹੋਣ ਅਤੇ ਇਸ ਦੇ ਸੁੰਗੜ ਕੇ ਛੋਟਾ ਜਿਹਾ ਕਸਬਾ ਰਹਿ ਜਾਣ ਦੀ ਪੁਸ਼ਟੀ ਕੀਤੀ ਹੈ। ਬਜਵਾੜੇ ਦੀ ਸ਼ਾਨ ਮੱਧਮ ਪੈ ਜਾਣ ਦਾ ਇਕ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ ਜਦੋਂ ਅੰਗਰੇਜ਼ਾਂ ਨੇ ਭਾਰਤ ਵਿਚ ਤਰੱਕੀ ਅਤੇ ਵਿਕਾਸ ਦੀਆਂ ਮੰਜ਼ਲਾਂ ਤੈਅ ਕਰਨ ਲਈ ਆਵਾਜਾਈ ਦੇ ਨਵੀਨ ਪ੍ਰਬੰਧ ਕੀਤੇ ਸਨ ਤਾਂ ਜਿਥੇ ਆਵਾਜਾਈ ਦੇ ਪ੍ਰਬੰਧ ਮਜ਼ਬੂਤ ਹੁੰਦੇ ਗਏ, ਉਥੇ ਨਗਰ ਤੇ ਕਸਬੇ ਵਿਕਾਸ ਕਰਦੇ ਗਏ ਅਤੇ ਜਿਥੇ ਇਨ੍ਹਾਂ ਦੀ ਘਾਟ ਮਹਿਸੂਸ ਹੋਣ ਲੱਗੀ, ਉਥੇ ਇਸ ਦਾ ਅਸਰ ਵੱਡੇ-ਵੱਡੇ ਨਗਰਾਂ ਦੇ ਵਿਕਾਸ ‘ਤੇ ਵੀ ਪਿਆ ਸੀ । ਹੁਸ਼ਿਆਰਪੁਰ, ਜਿਹੜਾ ਕਿ ਬਜਵਾੜੇ ਤੋਂ ਪਿੱਛੋਂ ਹੋਂਦ ਵਿਚ ਆਇਆ ਸੀ, ਜਲੰਧਰ- ਪਠਾਨਕੋਟ ਰੇਲਵੇ ਲਾਈਨ ‘ਤੇ ਆ ਗਿਆ ਅਤੇ ਇਥੋਂ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਆਵਾਜਾਈ ਦੀ ਸੌਖ ਹੋ ਗਈ ਸੀ। ਬਜਵਾੜੇ ਦੇ ਨਾਲ- ਨਾਲ ਇਸ ਖੇਤਰ ਵਿਚ ਮੌਜੂਦ ਦੂਜੇ ਪੁਰਾਤਨ ਨਗਰ ਜਿਵੇਂ ਕਿ ਹਰਿਆਣਾ, ਸ਼ਾਮ ਚੁਰਾਸੀ ਆਦਿ ਵੀ ਪਛੜਨ ਲੱਗੇ ਪਰ ਰੇਲਵੇ ਲਾਈਨ ਨਾਲ ਜੁੜਨ ਕਰਕੇ ਟਾਂਡਾ, ਦਸੂਹਾ ਆਦਿ ਕਸਬਿਆਂ ਨੇ ਬਹੁਤ ਤਰੱਕੀ ਕੀਤੀ।5° 1901 ਦੀ ਜਨਗਣਨਾ ਵਿਚ ਬਜਵਾੜੇ ਦੀ ਆਬਾਦੀ 2653 ਸੀ ਜਦੋਂ ਕਿ ਇਸ ਤੋਂ ਬਾਅਦ ਵਿਚ ਵੱਸੇ ਹੁਸ਼ਿਆਰਪੁਰ ਦੀ ਆਬਾਦੀ ਏਸੇ ਜਨਗਣਨਾ ਸਮੇਂ 17549 ਸੀ2 ਅਤੇ ਇਹ ਅੰਤਰ ਹੁਣ ਕਈ ਗੁਣਾ ਵੱਧ ਗਿਆ ਹੈ।
ਬਜਵਾੜੇ ਦੀ ਅਜੋਕੀ ਸਥਿਤੀ
ਬਜਵਾੜਾ ਜਿਥੇ ਟੁੱਟ ਕੇ ਜਾਂ ਉਜੜ ਕੇ ਫਿਰ ਵੱਸਿਆ ਹੈ, ਹੁਸ਼ਿਆਰਪੁਰ ਨੇ ਉਥੇ ਨਿਰੰਤਰ ਵਿਕਾਸ ਕੀਤਾ ਹੈ। ਅਜੋਕੇ ਸਮੇਂ ਵਿਚ ਬਜਵਾੜਾ ਇਕ ਛੋਟੇ ਕਸਬੇ ਦਾ ਰੂਪ ਧਾਰਨ ਕਰ ਗਿਆ ਹੈ। ਹੁਸ਼ਿਆਰਪੁਰ ਤੋਂ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਇਹ ਕਸਬਾ ਹੁਣ ਉਸ ਦੇ ਨਾਲ ਜਾ ਲੱਗਿਆ ਹੈ। ਇਸ ਦਾ ਵਧੇਰੇ ਕਾਰਨ ਦੋਵਾਂ ਨਗਰਾਂ ਦੇ ਵਿਕਾਸ ਨੂੰ ਮੰਨਿਆ ਜਾ ਸਕਦਾ ਹੈ। ਬਜਵਾੜੇ ਦੇ ਇਕ ਪਾਸੇ ਤੋਂ ਹੁਸ਼ਿਆਰਪੁਰ-ਊਨਾ ਅਤੇ ਦੂਜੇ ਪਾਸੇ ਹੁਸ਼ਿਆਰਪੁਰ-ਚੰਡੀਗੜ੍ਹ ਸੜਕ ਲੰਘਦੀ ਹੈ। 1901 ਵਿਚ ਇਸ ਨਗਰ ਦੀ ਕੁੱਲ ਜਨਸੰਖਿਆ 2653 ਦੱਸੀ ਗਈ ਹੈ ਜੋ ਕਿ 1991 ਦੀ ਜਨਗਣਨਾ ਅਨੁਸਾਰ ਵੱਧ ਕੇ 5753 ਹੋ ਗਈ ਹੈ। ਹੁਣ ਇਸ ਨਗਰ ਦਾ ਕੁਲ ਖੇਤਰ 923 ਹੈਕਟੇਅਰ ਦੱਸਿਆ ਜਾਂਦਾ ਹੈ । ਬਾਬਾ ਹਰਬੱਲਭ, ਮਹਾਤਮਾ ਹੰਸ ਰਾਜ ਨਾਲ ਸੰਬੰਧਿਤ ਰਹੇ ਇਸ ਨਗਰ ਵਿਖੇ ਜਿਹੜੀਆਂ ਪ੍ਰਮੁਖ ਸਮਾਜਿਕ ਸੰਸਥਾਵਾਂ ਕਾਰਜ ਕਰ ਰਹੀਆਂ ਹਨ, ਉਨ੍ਹਾਂ ਵਿਚ ਸਵਾਮੀ ਸਰਵਾਨੰਦ ਗੀਰ ਚੈਰੀਟੇਬਲ ਸੁਸਾਇਟੀ ਅਤੇ ਲਾਲਾ ਚੁੰਨੀ ਲਾਲ ਟਰੱਸਟ ਦਾ ਨਾਂ ਪ੍ਰਮੁਖ ਤੌਰ ‘ਤੇ ਲਿਆ ਜਾ ਸਕਦਾ ਹੈ। ਪਹਿਲੀ ਸੰਸਥਾ ਨੇ ਆਧੁਨਿਕ ਟੈਕਨਾਲੋਜੀ ਦੀ ਵਿਦਿਆ ਪ੍ਰਦਾਨ ਕਰਨ ਲਈ ਇਕ ਕਾਲਜ ਖੋਲ੍ਹਿਆ ਹੋਇਆ ਹੈ ਅਤੇ ਦੂਜੀ ਸੰਸਥਾ ਨੇ ਉਥੇ ਦੇ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਹਸਪਤਾਲ ਦੀ ਸਥਾਪਨਾ ਕੀਤੀ ਹੈ। ਇਸ ਤੋਂ ਇਲਾਵਾ ਇਸ ਇਲਾਕੇ ਵਿਚ ਸਰਦਾਰ ਬਹਾਦਰ ਅਮੀਂ ਚੰਦ ਦੇ ਨਾਂ ‘ਤੇ ਇਕ ਸੀਨੀਅਰ ਸੈਕੰਡਰੀ ਸਕੂਲ ਗੁਣਾਤਮਕ ਵਿਦਿਆ ਪ੍ਰਦਾਨ ਕਰਨ ਦਾ ਕਾਰਜ ਕਰ ਰਿਹਾ ਹੈ। ਇਹ ਇਕ ਪੁਰਾਤਨ ਸਕੂਲ ਹੈ ਅਤੇ ਇਕ ਸਦੀ ਤੋਂ ਵਧੇਰੇ ਸਮੇਂ ਤੋਂ ਇਲਾਕੇ ਵਿਚ ਕਾਰਜਸ਼ੀਲ ਹੈ। ਬਜਵਾੜਾ ਹੁਸ਼ਿਆਰਪੁਰ ਜ਼ਿਲ੍ਹੇ ਅਤੇ ਤਹਿਸੀਲ ਨਾਲ ਸੰਬੰਧਿਤ ਹੈ ਅਤੇ ਲੋਕਾਂ ਨੂੰ ਆਪਣੇ ਪ੍ਰਸ਼ਾਸਨਿਕ ਕੰਮਾਂ ਲਈ ਉਥੇ ਹੀ ਜਾਣਾ ਪੈਂਦਾ ਹੈ।
ਮਾਤਾ ਸੁੰਦਰੀ ਜੀ ਦਾ ਜਨਮ
ਮਾਤਾ ਸੁੰਦਰੀ ਜੀ ਦਾ ਜਨਮ ਭਾਈ ਰਾਮ ਸਰਨ ਕੁਮਰਾਵ ਖੱਤਰੀ ਅਤੇ ਮਾਤਾ ਸ਼ਿਵਦੇਈ ਜੀ ਦੇ ਘਰ ਹੋਇਆ ਸੀ। ਇਤਿਹਾਸਕਾਰ ਇਸ ਤੱਥ ਨਾਲ ਇਕ-ਮੱਤ ਹਨ ਕਿ ਭਾਈ ਸਾਹਿਬ ਲਾਹੌਰ ਨਿਵਾਸੀ ਸਨ। ਮਾਤਾ ਸੁੰਦਰੀ ਜੀ ਦਾ ਜਨਮ ਕਿਥੇ ਹੋਇਆ ? ਇਸ ਸੰਬੰਧੀ ਇਤਿਹਾਸਕਾਰ ਇਕ-ਮੱਤ ਨਹੀਂ ਹਨ। ਜਿਹੜੇ ਵਿਦਵਾਨਾਂ ਨੇ ਦੀਰਘ ਖੋਜ ਉਪਰੰਤ ਮਾਤਾ ਜੀ ਦਾ ਜਨਮ ਅਸਥਾਨ ਖੋਜਣ ਦਾ ਯਤਨ ਕੀਤਾ ਹੈ, ਉਹ ਉਨ੍ਹਾਂ ਦਾ ਜਨਮ ਹੁਸ਼ਿਆਰਪੁਰ ਦੇ ਨੇੜੇ ਪੁਰਾਤਨ ਬਜਵਾੜਾ ਨਗਰ ਦਾ ਮੰਨਦੇ ਹਨ। 54 ਭਾਈ ਰਾਮ ਸਰਨ ਜੀ ਦਾ ਲਾਹੌਰ ਨਿਵਾਸੀ ਹੋਣਾ ਪੂਰਨ ਤੌਰ ‘ਤੇ ਇਹ ਸਿੱਧ ਨਹੀਂ ਕਰਦਾ ਕਿ ਮਾਤਾ ਸੁੰਦਰੀ ਜੀ ਦਾ ਜਨਮ ਵੀ ਲਾਹੌਰ ਵਿਖੇ ਹੀ ਹੋਇਆ ਹੋਵੇਗਾ। ਵਪਾਰ, ਕਾਰੋਬਾਰ ਆਦਿ ਦੇ ਸਿਲਸਿਲੇ ਵਿਚ ਵਿਅਕਤੀ ਨੂੰ ਕਈ ਵਾਰ ਦੂਰ-ਦੁਰਾਡੇ ਇਲਾਕੇ ਵਿਚ ਜਾਣਾ ਪੈਂਦਾ ਹੈ ਪਰ ਉਸਦਾ ਮੂਲ ਨਿਵਾਸ ਕਿਸੇ ਹੋਰ ਅਸਥਾਨ ‘ਤੇ ਹੁੰਦਾ ਹੈ। ਆਪਣੇ ਸਮੇਂ ਵਿਚ ਲਾਹੌਰ ਤੇ ਬਜਵਾੜਾ ਵੱਡੇ ਨਗਰ ਸਨ। ਬਜਵਾੜੇ ਦੀ ਸ਼ਾਨ ਤਾਂ ਭਾਵੇਂ ਫਿੱਕੀ ਪੈ ਗਈ ਹੈ ਪਰ ਲਾਹੌਰ ਉਸੇ ਤਰ੍ਹਾਂ ਕਾਇਮ ਹੈ। ਵੱਡੇ ਸ਼ਹਿਰਾਂ ਵਿਚ ਨੌਕਰੀਆਂ ਅਤੇ ਕਾਰੋਬਾਰ ਕਰਨ ਵਿਚ ਆਸਾਨੀ ਹੁੰਦੀ ਹੈ। ਸੰਭਵ ਹੈ ਕਿ ਕਾਰੋਬਾਰ ਦੇ ਸਿਲਸਿਲੇ ਵਿਚ ਭਾਈ ਰਾਮ ਸਰਨ ਬਜਵਾੜੇ ਆਉਂਦੇ ਹੋਣ ਜਾਂ ਬਜਵਾੜੇ ਤੋਂ ਲਾਹੌਰ ਜਾਂਦੇ ਹੋਣ। ਬਜਵਾੜੇ ਨਾਲ ਸੰਬੰਧਿਤ ਹੋਣ ਕਰਕੇ ਉਨ੍ਹਾਂ ਦਾ ਵਿਆਹ ਬੀਬੀ ਸ਼ਿਵਦੇਈ ਜੀ ਨਾਲ ਹੋਇਆ ਹੋਵੇ ਜਾਂ ਬਜਵਾੜਾ ਨਿਵਾਸੀ ਸ਼ਿਵਦੇਈ ਜੀ ਦੇ ਮਾਪਿਆਂ ਨੇ ਬੱਚੀ ਦੇ ਉੱਜਲ ਭਵਿੱਖ ਦੇ ਸਨਮੁੱਖ ਉਸ ਦਾ ਵਿਆਹ ਲਾਹੌਰ ਨਿਵਾਸੀ ਭਾਈ ਰਾਮ ਸਰਨ ਜੀ ਨਾਲ ਕਰ ਦਿੱਤਾ ਹੋਵੇ। ਪੁਰਾਤਨ ਸਮੇਂ ਵਿਚ ਇਕ ਪਰੰਪਰਾ ਆਮ ਵੇਖਣ ਨੂੰ ਮਿਲਦੀ ਹੈ ਕਿ ਘਰ ਵਿਚ ਪਹਿਲਾ ਬੱਚਾ ਹੋਣ ਸਮੇਂ ਲੜਕੀ ਆਪਣੇ ਪੇਕੇ ਚਲੀ ਜਾਂਦੀ ਸੀ । ਇਸ ਪਰੰਪਰਾ ਅਨੁਸਾਰ ਜੇਕਰ ਭਾਈ ਰਾਮ ਸਰਨ ਲਾਹੌਰ ਨਿਵਾਸੀ ਸਨ ਤਾਂ ਸੰਭਵ ਹੋ ਸਕਦਾ ਹੈ ਕਿ ਉਨ੍ਹਾਂ ਦੀ ਪਤਨੀ ਸਮੇਂ ਦੀ ਪ੍ਰਚੱਲਤ ਪਰੰਪਰਾ ਅਨੁਸਾਰ ਬੱਚੇ ਦੇ ਜਨਮ ਸਮੇਂ ਆਪਣੇ ਪੇਕੇ ਪਰਿਵਾਰ ਕੋਲ ਬਜਵਾੜੇ ਚਲੀ ਗਈ ਹੋਵੇ ਅਤੇ ਉਥੇ ਹੀ ਬੱਚੀ (ਮਾਤਾ ਸੁੰਦਰੀ) ਦਾ ਜਨਮ ਹੋਇਆ ਹੋਵੇ।
ਮਾਤਾ ਸੁੰਦਰੀ ਜੀ ਦਾ ਜਨਮ ਕਦੋਂ ਹੋਇਆ ? ਇਸ ਸੰਬੰਧੀ ਵਿਦਵਾਨਾਂ ਨੇ ਆਪੋ-ਆਪਣੇ ਵਿਚਾਰ ਦਿੱਤੇ ਹਨ। ਡਾ. ਮਹਿੰਦਰ ਕੌਰ ਗਿੱਲ ਨੇ ਗੁਰੂ ਮਹਿਲਾਂ ਦੇ ਜੀਵਨ ਨੂੰ ਨਿਖਾਰ ਕੇ ਪਾਠਕਾਂ ਸਾਹਮਣੇ ਰੱਖਣ ਦਾ ਵੱਡਾ ਉਪਰਾਲਾ ਕੀਤਾ ਹੈ। ਮਾਤਾ ਸੁੰਦਰੀ ਕਾਲਜ ਦੇ ਪ੍ਰਿੰਸੀਪਲ ਦੀ ਸੇਵਾ ਨਿਭਾਉਂਦਿਆਂ ਉਨ੍ਹਾਂ ਨੇ ਮਾਤਾ ਸੁੰਦਰੀ ਜੀ ਦੇ ਪ੍ਰਕਾਸ਼ ਦਿਵਸ ‘ਤੇ ਕਾਲਜ ਵਿਖੇ ‘ਮਾਤਾ ਸੁੰਦਰੀ ਸਿਮਰਤੀ ਦਿਵਸ’ ਮੌਕੇ ਲੈਕਚਰ ਲੜੀ ਅਰੰਭ ਕਰਵਾਈ ਸੀ ਜਿਹੜੀ ਕਿ ਹੁਣ ਵੀ ਹਰ ਸਾਲ 12 ਮਾਰਚ ਨੂੰ ਨਿਰੰਤਰ ਕਰਵਾਈ ਜਾਂਦੀ ਹੈ। ਮਾਤਾ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਲੈਕਚਰ ਲੜੀ ਵਿਚ ਸਿੱਖ ਪੰਥ ਦੀਆਂ ਉੱਘੀਆਂ ਵਿਦਵਾਨ ਹਸਤੀਆਂ ਵਿਖਿਆਨ ਕਰਦੀਆਂ ਰਹੀਆਂ ਹਨ ਜਿਨ੍ਹਾਂ ਵਿਚ ਡਾ. ਹਰਿਭਜਨ ਸਿੰਘ, ਡਾ. ਮਹਿੰਦਰ ਕੌਰ ਗਿੱਲ, ਗਿਆਨੀ (ਡਾ.) ਭਜਨ ਸਿੰਘ, ਡਾ. ਰਤਨ ਸਿੰਘ ਜੱਗੀ ਆਦਿ ਵਿਦਵਾਨ ਸ਼ਾਮਿਲ ਹਨ। ਡਾ. ਮਹਿੰਦਰ ਕੌਰ ਗਿੱਲ ਜੀ ਨੇ ਇਸ ਲੈਕਚਰ ਲੜੀ ਨੂੰ ਪੁਸਤਕ ਰੂਪ ਵਿਚ ਸੰਭਾਲ ਲਿਆ ਹੈ। ਮਾਤਾ ਜੀ ਦੀ ਜਨਮ ਮਿਤੀ ਸੰਬੰਧੀ ਵਿਦਵਾਨਾਂ ਦੇ ਵੱਖ- ਵੱਖ ਮੱਤ ਹਨ। ਗਿਆਨੀ (ਡਾ.) ਭਜਨ ਸਿੰਘ ਅਤੇ ਡਾ. ਰਤਨ ਸਿੰਘ ਜੱਗੀ ਮਾਤਾ ਜੀ ਦਾ ਜਨਮ 1671 ਈਸਵੀ ਵਿਚ ਹੋਇਆ ਮੰਨਦੇ ਹਨ। ਡਾ. ਮਹਿੰਦਰ ਕੌਰ ਗਿੱਲ 23 ਦਸੰਬਰ 1667 ਈਸਵੀ ਨੂੰ ਮਾਤਾ ਜੀ ਦਾ ਜਨਮ ਹੋਣਾ ਮੰਨਦੇ ਹਨ ਅਤੇ ਇਹੀ ਸਹੀ ਜਾਪਦਾ ਹੈ।
ਮਾਤਾ ਸੁੰਦਰੀ ਜੀ : ਵਿਆਹ ਅਤੇ ਸੰਤਾਨ
ਮਾਤਾ ਸੁੰਦਰੀ ਜੀ ਦਾ ਵਿਆਹ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਇਆ ਸੀ। ਗੁਰੂ ਸਾਹਿਬ ਜੀ ਦੇ ਇਕ ਤੋਂ ਵਧੇਰੇ ਵਿਆਹਾਂ ਦਾ ਜ਼ਿਕਰ ਮਿਲਦਾ ਹੈ, ਸਤਿਕਾਰ ਵਜੋਂ ਸਿੱਖ ਉਹਨਾਂ ਨੂੰ ਮਾਤਾ ਜੀ ਕਹਿ ਕੇ ਸੰਬੋਧਨ ਕਰਦੇ ਹਨ। ਮਾਤਾ ਸੁੰਦਰੀ ਜੀ ਨਾਲ ਉਨ੍ਹਾਂ ਦਾ ਦੂਜਾ ਵਿਆਹ ਸੀ । ਬਹੁਤੇ ਇਤਿਹਾਸਕਾਰ ਮਾਤਾ ਸੁੰਦਰੀ ਜੀ ਨਾਲ ਗੁਰੂ ਜੀ ਦਾ ਪਹਿਲਾ ਵਿਆਹ ਸੰਮਤ 1730 ਨੂੰ ਹੋਣਾ ਮੰਨਦੇ ਹਨ। ਪਰ ਭੱਟ ਵਹੀਆਂ ਦੇ ਆਧਾਰ ‘ਤੇ ਸ੍ਵਰੂਪ ਸਿੰਘ ਕੌਸ਼ਿਸ਼ ਕਹਿੰਦਾ ਹੈ ਕਿ “ਸੰਮਤ ਸਤਰਾਂ ਸੈ ਤੀਸ ਜੇਠ ਮਾਸ ਕੀ ਸੰਕਰਾਂਤ ਕੇ ਦਿਹੁੰ ਲਵਪੁਰ ਕੀ ਸੰਗਤ ਮੇਂ ਹਰਿਜਸ ਰਾਇ ਸੁਭਿਖੀ ਆਪਨੀ ਇਸਤਰੀ ਤੇ ਬੇਟੀ ਜੀਤਾਂ ਕੋ ਗੈਲ ਲੈ ਕੇ ਦਰਸ਼ਨ ਪਾਨੇਂ ਆਇਆ। ਇਨ ਕੇ ਆਨੇ ਕੀ ਖ਼ਬਰ ਭਾਈ ਦੇਵੀ ਦਾਸ ਛਿੱਬਰ ਨੇ ਮਹਲਾਂ ਮੇਂ ਦਈ। ਮਾਤਾ ਜੀ ਨੇ ਇਨੈ ਬੁਲਾਇ ਇਨ ਕਾ ਆਉਭਗਤ ਕੀਆ, ਖੈਰੀਅਤ ਪੂਛੀ। ਗੁਰੂ ਜੀ ਨੇ ਸ੍ਰੀ ਗੋਬਿੰਦ ਦਾਸ ਜੀ ਕੇ ਬਿਵਾਹ ਕੀ ਤਿਆਰੀ ਕੀ, ਮਾਤਾ ਨਾਨਕੀ ਨੇ ਸਾਰੇ ਸ਼ਗਨ ਮਨਾਏ। ਜੇਠ ਮਾਸ ਕੀ ਪੰਦਰਸ ਕੋ ਚੱਕ ਨਾਨਕੀ ਮੇਂ ਏਕ ਪਹਾੜੀ ਦੀ ਠੇਰੀ ਤੇ ਸ੍ਰੀ ਗੋਬਿੰਦ ਦਾਸ ਜੀ ਕਾ ਬੇਟੀ ਜੀਤਾਂ ਕੇ ਸਾਥ ਬਿਵਾਹ ਕੀਆ ਗਿਆ। ਇਹ ਠੇਰੀ ਨੈਨਾ ਦੇਵੀ ਜੀ ਕੇ ਮੰਦਰ ਸੇ ਆਗੇ ਹੈ ਤੇ ਏਸ ਠੇਰੀ ਕਾ ਨਾਮ, ਯਹਾਂ ਸ੍ਰੀ ਗੋਬਿੰਦ ਦਾਸ ਜੀ ਕਾ ਬਿਵਾਹ ਹੂਆ ਥਾ, ‘ਗੁਰੂ ਕਾ ਲਾਹੌਰ’ ਰਾਖਾ।”2 ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ ਦਾ ਕਰਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 1718 ਬਿਕ੍ਰਮੀ ਮੁਤਾਬਿਕ 1661 ਈਸਵੀ ਨੂੰ ਹੋਣਾ ਮੰਨਦਾ ਹੈ। ਗੁਰੂ ਕੀਆਂ ਸਾਖੀਆਂ ਦਾ ਕਰਤਾ ਅਤੇ ਕੇਸਰ ਸਿੰਘ ਛਿੱਬਰ ਗੁਰੂ ਜੀ ਦਾ ਪਹਿਲਾ ਵਿਆਹ ਸੰਮਤ 1730 ਨੂੰ ਬਾਰ੍ਹਾਂ ਸਾਲ ਦੀ ਉਮਰ ਵਿਚ ਮੰਨਦੇ ਹਨ’ ਪਰ ਛਿੱਬਰ ਪਹਿਲਾ ਵਿਆਹ ਮਾਤਾ ਸੁੰਦਰੀ ਜੀ ਨਾਲ ਹੋਣਾ ਦੱਸਦਾ ਹੈ:
ਸੰਮਤ ਸਤਾਰਾਂ ਸੈ ਤੀਸ ਜਬ ਗਏ।
ਤਬ ਮਾਤਾ ਸੁੰਦਰੀ ਜੀ ਬਿਆਹ ਕਰ ਲਏ ।
ਪਿਤਾ ਅਪਨੇ ਕਰਿ ਸੇਹਰੇ ਦਿਤੇ।
ਦੁਆਦਸ ਸਾਲ ਉਮਰ ਗਨ ਲਿਤੇ।
ਕੇਸਰ ਸਿੰਘ ਛਿੱਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦੂਜਾ ਵਿਆਹ ਮਾਤਾ ਜੀਤੋ ਜੀ ਨਾਲ ਗੁਰੂ ਕਾ ਲਾਹੌਰ ਵਿਖੇ ਸੰਮਤ 1742 (ਸੰਨ 1685 ਈਸਵੀ) ਵਿਚ ਹੋਣਾ ਮੰਨਦਾ ਹੈ :
ਉਥੇ ਨਗਰ ਲਾਹੌਰ ਬਨਵਾਇਆ।
ਆਣਿ ਸਿਖਾਂ ਨੂੰ ਵਿਚਿ ਵਸਾਇਆ।
ਸੰਮਤ ਸਤਾਰਾਂ ਸੈ ਬੀਤੇ ਬੈਤਾਲੀ।
ਮਾਤਾ ਜੀਤੋ ਜੀ ਬਿਆਹੀ ਸੀ ਇਸ ਚਾਲੀ ।
ਪ੍ਰੋ. ਹਰਬੰਸ ਸਿੰਘ ਵੀ ਮਾਤਾ ਜੀਤੋ ਜੀ ਨਾਲ ਗੁਰੂ ਜੀ ਦਾ ਦੂਜਾ ਵਿਆਹ ਹੋਣਾ ਮੰਨਦੇ ਹਨ।” ਸਿੱਖ ਪੰਥ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 1666 ਈਸਵੀ ਨੂੰ ਪਟਨਾ ਸਾਹਿਬ ਵਿਖੇ ਹੋਣਾ ਪ੍ਰਵਾਨ ਕੀਤਾ ਗਿਆ ਹੈ। ਮੁੱਢਲੇ ਸਿੱਖ ਇਤਿਹਾਸਕਾਰ ਗੁਰੂ ਜੀ ਦਾ ਪਹਿਲਾ ਵਿਆਹ ਮਾਤਾ ਜੀਤੋ ਜੀ ਨਾਲ ਗੁਰੂ ਕਾ ਲਾਹੌਰ ਵਿਖੇ ਹੋਣਾ ਮੰਨਦੇ ਹਨ। ਸਿੱਖ ਧਰਮ ਵਿਸ਼ਵਕੋਸ਼ ਵਿਚ ਵੀ ਇਸੇ ਪਰੰਪਰਾ ਨੂੰ ਸਹੀ ਮੰਨਿਆ ਗਿਆ ਹੈ ਅਤੇ ਇਥੇ ਵੀ ਏਸੇ ਰਵਾਇਤ ਨੂੰ ਸਾਹਮਣੇ ਰੱਖਦੇ ਹੋਏ ਮਾਤਾ ਸੁੰਦਰੀ ਜੀ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦੂਜਾ ਵਿਆਹ ਹੋਣਾ ਮੰਨ ਕੇ ਅਧਿਐਨ ਕਰਨ ਦਾ ਯਤਨ ਕੀਤਾ ਗਿਆ। ਹੈ। ਮਾਤਾ ਸੁੰਦਰੀ ਜੀ ਦੇ ਵਿਆਹ ਬਾਰੇ ਜ਼ਿਕਰ ਕਰਨ ਤੋਂ ਪਹਿਲਾਂ ਮਾਤਾ ਜੀਤੋ ਜੀ ਨਾਲ ਹੋਏ ਪਹਿਲੇ ਵਿਆਹ ਬਾਰੇ ਜਾਣ ਲੈਣਾ ਵੀ ਯੋਗ ਹੋਵੇਗਾ।
ਮਾਤਾ ਜੀਤੋ ਜੀ ਨਾਲ ਵਿਆਹ
ਲਾਹੌਰ ਦੀ ਸੰਗਤ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਦਰਸ਼ਨ ਕਰਨ ਸ੍ਰੀ ਅਨੰਦਪੁਰ ਸਾਹਿਬ ਆਈ ਸੀ । ਲਾਹੌਰ ਨਿਵਾਸੀ ਭਾਈ ਹਰਿਜਸ, ਉਨ੍ਹਾਂ ਦੀ ਸੁਪਤਨੀ ਅਤੇ ਸਪੁੱਤਰੀ (ਮਾਤਾ) ਜੀਤੋ ਜੀ ਦਰਸ਼ਨ ਕਰਨ ਆਈ ਸੰਗਤ ਵਿਚ ਸ਼ਾਮਿਲ ਸਨ। ਗੁਰੂ ਜੀ ਦੇ ਦਰਸ਼ਨ ਕਰਦੇ ਸਮੇਂ ਉਨ੍ਹਾਂ ਦੀ ਨਜ਼ਰ ਸ੍ਰੀ (ਗੁਰੂ) ਗੋਬਿੰਦ ਰਾਏ (ਸਿੰਘ) ਜੀ ‘ਤੇ ਪਈ ਤਾਂ ਉਨ੍ਹਾਂ ਦੇ ਮਨ ਵਿਚ (ਮਾਤਾ) ਜੀਤੋ ਜੀ ਦੇ ਵਿਆਹ ਦੀ ਗੱਲ ਵੀ ਤੁਰ ਪਈ। ਭਾਈ ਹਰਿਜਸ ਅਤੇ ਉਸਦੀ ਸੁਪਤਨੀ ਨੇ ਸੰਗਤ ਨੂੰ ਨਾਲ ਲੈ ਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪਰਿਵਾਰ ਦੇ ਬਜ਼ੁਰਗਾਂ ਨਾਲ ਗੱਲ ਤੋਰੀ। ਸੋਹਣ ਸਿੰਘ ਸੀਤਲ ਕਹਿੰਦੇ ਹਨ ਕਿ, “ਉਸ ਸਮੇਂ ਛੋਟੀ ਉਮਰ ਦੇ ਬੱਚਿਆਂ ਦੇ ਵਿਆਹ ਕਰਨ ਦਾ ਆਮ ਰਿਵਾਜ ਸੀ। ਕਿਸੇ ਦੇ ਬੱਚਿਆਂ ਦਾ ਬਾਲਕ ਅਵਸਥਾ ਵਿਚ ਵਿਆਹੇ ਜਾਣਾ, ਖ਼ਾਨਦਾਨ ਦਾ ਵਡੱਪਣ ਮੰਨਿਆ ਜਾਂਦਾ ਸੀ । ਮਾਤਾ ਨਾਨਕੀ ਜੀ ਕਾਫ਼ੀ ਬਿਰਧ ਸਨ। ਉਹਨਾਂ ਦੇ ਮਨ ਵਿਚ ਪੋਤਰੇ ਦੀ ਸ਼ਾਦੀ ਵੇਖਣ ਦੀ ਪਰਬਲ ਇੱਛਿਆ ਸੀ। ਫਿਰ ਜੀਤੋ ਜੀ ਉਹਨਾਂ ਨੂੰ ਪਸੰਦ ਆ ਗਈ ਸੀ। ਪੁਰਾਤਨ ਸੰਸਕਾਰਾਂ ਦੇ ਅਸਰ ਥੱਲੇ ਲੋਕਾਂ ਦੇ ਮਨ ਵਿਚ ਇਹ ਵੀ ਹੁੰਦਾ ਸੀ ਕਿ ਘਰ ਆਈ ਕੰਨਿਆ ਨੂੰ ਮੋੜਨਾ ਨਹੀਂ ਚਾਹੀਦਾ। ਕੰਨਿਆ ਨੂੰ ਦੇਵੀ ਤੇ ਲੱਛਮੀ ਮੰਨਿਆ ਜਾਂਦਾ ਸੀ । ਫਿਰ ਉਸ ਦੇ ਸਾਮ੍ਹਣੇ ਸਿੱਖ ਦੀ ਸ਼ਰਧਾ ਦਾ ਵੀ ਸਵਾਲ ਸੀ। ਸ਼ਮਸ਼ੇਰ ਸਿੰਘ ਅਸ਼ੋਕ ਮੰਨਦੇ ਹਨ ਕਿ 1673 ਈਸਵੀ ਵਿਚ ਸੱਤ ਸਾਲ ਦੀ ਉਮਰ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੰਗਣੀ ਜੀਤੋ ਜੀ ਨਾਲ ਹੋਈ ਸੀ ਅਤੇ ਵਿਆਹ 1677 ਈਸਵੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਹੀ ਗੁਰੂ ਕਾ ਲਾਹੌਰ ਵਿਖੇ ਹੋਇਆ ਸੀ ।” ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਜਿਹੜਾ ਕਿਤਾਬਚਾ ਛਾਪਿਆ ਗਿਆ ਹੈ, ਉਸ ਵਿਚ ਗੁਰੂ ਸਾਹਿਬ ਦੇ ਵਿਆਹ ਦੀ ਤਾਰੀਖ਼ 21 ਜੂਨ 1677 ਦਰਸਾਈ ਗਈ ਹੈ। ° ਗਿਆਨੀ ਗਿਆਨ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ (ਮਾਤਾ) ਜੀਤੋ ਜੀ ਨਾਲ 1730 ਬਿ. (1673 ਈ.) ਨੂੰ ਰਿਸ਼ਤਾ ਹੋਣਾ ਅਤੇ 1737 ਬਿ. (1680 ਈ.) ਨੂੰ ਵਿਆਹ ਹੋਣਾ ਮੰਨਦੇ ਹਨ।” ਆਧੁਨਿਕ ਖੋਜ ਦੇ ਆਧਾਰ ‘ਤੇ ਵਿਦਵਾਨ ਇਹ ਮੰਨਦੇ ਹਨ ਕਿ 1673 ਈਸਵੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ (ਮਾਤਾ) ਜੀਤੋ ਜੀ ਨਾਲ ਰਿਸ਼ਤਾ ਹੋਇਆ ਅਤੇ 1677 ਈਸਵੀ ਵਿਚ ਵਿਆਹ ਦੀ ਰਸਮ ਕੀਤੀ ਗਈ, ਇਹੀ ਵਧੇਰੇ ਯੋਗ ਜਾਪਦਾ ਹੈ।
ਗੁਰੂ ਕਾ ਲਾਹੌਰ
(ਮਾਤਾ) ਜੀਤੋ ਜੀ ਦੇ ਮਾਤਾ-ਪਿਤਾ ਆਪਣੀ ਸਪੁੱਤਰੀ ਦਾ ਵਿਆਹ ਲਾਹੌਰ ਵਿਖੇ ਕਰਨਾ ਚਾਹੁੰਦੇ ਸਨ ਪਰ ਗੁਰੂ ਜੀ ਨੇ ਲਾਹੌਰ ਜਾਣਾ ਯੋਗ ਨਾ ਸਮਝਿਆ। ਗੁਰੂ ਸਾਹਿਬ ਦਾ ਲਾਹੌਰ ਨਾ ਜਾਣ ਦਾ ਕੀ ਕਾਰਨ ਸੀ? ਇਸ ਸੰਬੰਧੀ ਇਕ ਤਾਂ ਇਹ ਕਿਹਾ ਜਾਂਦਾ ਹੈ ਕਿ ਲਾਹੌਰ ਵਿਖੇ ਦਿੱਲੀ ਦੀ ਮੁਗ਼ਲ ਹਕੂਮਤ ਸੀ ਜਿਸ ਨੇ ਦਿੱਲੀ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕੀਤਾ ਸੀ। ਅਤੇ ਦੂਜਾ ਇਹ ਕਿ ਭਾਈ ਹਰਿਜਸ ਜੀ ਦਾ ਇਕ ਧਨਾਢ ਵਿਅਕਤੀ ਹੋਣਾ ਮੰਨਿਆ ਜਾਂਦਾ ਹੈ ਜਿਹੜਾ ਕਿ ਆਪਣੇ ਸਾਕ-ਸੰਬੰਧੀਆਂ ਅੱਗੇ ਧਨ ਦਾ ਵਿਖਾਵਾ ਕਰਨਾ ਚਾਹੁੰਦਾ ਸੀ । ਕਾਰਨ ਕੋਈ ਵੀ ਹੋਵੇ ਪਰ ਇਕ ਗੱਲ ਸਾਫ਼ ਹੈ ਕਿ ਗੁਰੂ-ਘਰ ਨੂੰ ਸਮੁੱਚੀ ਲੋਕਾਈ ਨੇ ਆਦਰਸ਼ ਰੂਪ ਵਿਚ ਗ੍ਰਹਿਣ ਕਰਨਾ ਹੈ ਅਤੇ ਇਥੇ ਹੋਣ ਵਾਲੀਆਂ ਸਮੂਹ ਰਸਮਾਂ ਸਹਿਜ ਦਾ ਪ੍ਰਗਟਾਵਾ ਕਰਨ ਵਾਲੀਆਂ ਹੁੰਦੀਆਂ ਹਨ। ਗੁਰੂ ਦੇ ਸਨਮੁੱਖ ਹੋਣ ਵਾਲੀਆਂ ਰਸਮਾਂ ਨੂੰ ਵਧੇਰੇ ਮਹੱਤਵਪੂਰਨ ਮੰਨਿਆ ਗਿਆ ਹੈ। ਗੁਰੂ ਸਾਹਿਬਾਨ ਨੇ ਸਮਾਜਿਕ ਰਸਮਾਂ ਅਤੇ ਰਿਸ਼ਤਿਆਂ ਨੂੰ ਅਧਿਆਤਮਿਕ ਰੂਪ ਵਿਚ ਪੇਸ਼ ਕੀਤਾ ਹੈ। ਦੁਨਿਆਵੀ ਤੌਰ ‘ਤੇ ਭਾਈ ਹਰਿਜਸ ਜੀ ਦੀਆਂ ਭਾਵਨਾਵਾਂ ਦੀ ਪੂਰਤੀ ਕਰਨ ਲਈ ਗੁਰੂ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਕੋਲ ਹੀ ਗੁਰੂ ਕਾ ਲਾਹੌਰ ਵਸਾ ਕੇ ਵਿਆਹ ਦੀਆਂ ਤਿਆਰੀਆਂ ਅਰੰਭ ਕਰ ਦਿੱਤੀਆਂ ਸਨ । ਗੁਰੂ ਕਾ ਲਾਹੌਰ ਵਸਾਉਣ ਦਾ ਜ਼ਿਕਰ ਕਰਦੇ ਹੋਏ ਕੁਇਰ ਸਿੰਘ ਦੱਸਦਾ ਹੈ:
ਇਤਿ ਸ੍ਰੀ ਗੁਰ ਬਿਵਾਹੁ ਪ੍ਰਕਾਰੀ ।
ਸੁਨੋ ਗਾਥ ਸੋ ਪਰਮ ਪਿਆਰੀ ।
ਏਕ ਸਿਖ ਲਵ ਪੁਰ ਸੰਗਤ ਮਹ।
ਆਯੋ ਗੁਰ ਪਹਿ ਕਹੀ ਬਾਤ ਤਿਹ।
ਜੀਤ ਕੁਯਰ ਮੋ ਕੰਨਯਾ ਲੀਜੈ।
ਮਯਾ ਨਿਧੀ ਪਾਵਨ ਮੋ ਕੀਜੈ ।
ਸੁਨ ਕੈ ਯਾ ਬਿਧਿ ਮਾਤਾ ਬਾਨੀ ।
ਭਲੀ ਬਾਤ ਸਭਹਨ ਪਰਮਾਨੀ ।
ਇਤ ਸੇਵਕ ਗੁਰ ਢੂੰਢਤ ਆਏ।
ਲਭਤ ਨਹੀ ਤਿਨ ਕਹੁ ਅਸ ਭਾਏ।
ਮਾਤਾ ! ਕਹਾ ਗਏ ਕਿਹ ਦੇਸਾ ?
ਬੇਪਰਵਾਹ ਅੰਤ ਨਹਿ ਤੇਸਾ।
ਉਤ ਸਿਖ ਆਨ ਬੇਨਤੀ ਕੀਨੀ।
ਲਵਪੁਰ ਮੈ ਚਲ ਗੁਰ ਮਨ ਭੀਨੀ।
ਸ੍ਰੀ ਗੁਰ ਕਹੈ ਬ੍ਯਾਹ ਹਯਾ ਕੀਜੈ।
ਜਗ ਮੈ ਭਲੀ ਭਾਂਤ ਜਸ ਲੀਜੈ।
ਜੇ ਲਾਹੌਰ ਕੋ ਚਹਤ ਪਸਾਰਾ।
ਇਹਾਂ ਲਹੌਰ ਰਚੈ ਸੁਖਕਾਰਾ ।
ਤਾ ਪੁਰ ਤੇ ਦੁਤ ਕੋਸ ਮਹਾਨਾ।
ਰਚਾ ਲਹੌਰ ਮਹਾ ਸੁਖਦਾਨਾ ।
ਗਿਆਨੀ ਠਾਕੁਰ ਸਿੰਘ ਜੀ ਗੁਰੂ ਕਾ ਲਾਹੌਰ ਵਸਾਉਣ ਅਤੇ ਉਥੇ ਮਾਤਾ ਜੀਤੋ ਜੀ ਦੇ ਵਿਆਹ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ, “ਏਸ ਲਾਹੌਰ ਦੀ ਰਚਨਾ ਦਾ ਕਾਰਨ ਏਸ ਤਰ੍ਹਾਂ ਹੈ ਕਿ ਜਦੋਂ ਮਾਤਾ ਜੀਤੋ ਜੀ ਦੇ ਮਾਤਾ ਪਿਤਾ ਨੇ ਵਿਵਾਹ ਕਰਨ ਦੀ ਤਿਆਰੀ ਕਰ ਸ੍ਰੀ ਅਨੰਦਪੁਰ ਸਾਹਿਬ ਜੀ ਆਪਣਾ ਆਦਮੀ ਭੇਜਿਆ ਕਿ ਵਿਵਾਹ ਲਾਹੌਰ ਵਿਚ ਹੋਵੇਗਾ। ਇਹ ਸੁਨੇਹਾ ਸੁਣ ਮਹਾਰਾਜ ਭਾਣੇ ਦੇ ਮਾਲਕ ਚੋਜੀ ਪਾਤਸ਼ਾਹ ਜੀ ਨੇ ਕਿਹਾ ਕਿ ਅਸੀਂ ਲਾਹੌਰ ਬਨਾ ਵਿਵਾਹ ਕਰਾਂਗੇ ਓਹਨਾਂ ਨੂੰ ਕਹੋ ਜੋ ਅਪਨੀ ਬੇਟੀ ਲੈ ਕੇ ਏਥੇ ਆ ਜਾਣ। ਇਹ ਸੁਨੇਹਾ ਲੈ ਕੇ ਆਦਮੀ ਮੁੜ ਲਾਹੌਰ ਆਇਆ ਅਤੇ ਮਾਤਾ ਜੀਤੋ ਜੀ ਦੇ ਮਾਤਾ ਪਿਤਾ ਧੰਨ ਭਾਗ ਜਾਣ ਆਗਯਾ ਮੰਨ ਆਪਣੀ ਸੁਭਾਗ ਕੰਨਿਆ ਨੂੰ ਅਤੇ ਪ੍ਰਵਾਰ ਦੇ ਜੋਗ ਸੰਬੰਧੀ ਲੈ ਕੇ ਗੁਰੂ ਕੇ ਲਾਹੌਰ ਪੁੱਜੇ।”4 ਮਾਤਾ ਜੀਤੋ ਜੀ ਦੇ ਮਾਤਾ-ਪਿਤਾ ਦੀ ਇੱਛਾ ਅਨੁਸਾਰ ਗੁਰੂ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਹੀ ਗੁਰੂ ਕਾ ਲਾਹੌਰ ਵਸਾ ਦਿੱਤਾ। ਕੁੱਝ ਹੀ ਦਿਨਾਂ ਵਿਚ ਇਹ ਨਵਾਂ ਨਗਰ ਵਸਾ ਦਿੱਤਾ ਗਿਆ ਸੀ । ਲਿਖਾਰੀਆਂ ਨੇ ਗੁਰੂ ਕਾ ਲਾਹੌਰ ਦੀ ਉਪਮਾ ਆਪੋ-ਆਪਣੀ ਕਲਪਨਾ, ਭਾਵਨਾ ਅਤੇ ਦ੍ਰਿਸ਼ਟੀਕੋਣ ਅਨੁਸਾਰ ਕੀਤੀ ਹੈ। ਉਥੇ ਵੱਸੇ ਬਜ਼ਾਰਾਂ ਦੀ ਰੌਣਕ ਨੂੰ ਮਹਿਸੂਸ ਕਰਦੇ ਹੋਏ ਕਵਿ ਸੰਤ ਰੇਣ ਪ੍ਰੇਮ ਸਿੰਘ ਬਿਆਨ ਕਰਦਾ ਹੈ:
ਗਰੀ ਬਜਾਰ ਅਗਾਰ ਸਜਾਏ। ਛਿਰਕ ਸੁਗੰਧੀ ਅਤ ਮਹਿਕਾਏ। ਚਿੱਤ ਕਰੇ ਬਚਿਤ ਸਾਰੈਂ । ਧੁਜਾ ਪਤਾਕਾ ਬੰਦਨ ਵਾਰੈਂ । ਪੌਰ ਪੌਰ ਪਰ ਬਾਜਤ ਬਾਜੇ। ਮੰਗਲ ਮਈ ਸਾਜ ਸਭ ਸਾਜੇ। ਪੁਰ ਨਾਰੀ ਸਭ ਮਿਲ ਕਰ ਆਈ। ਸ੍ਰੀ ਮਾਤਾ ਢਿਗ ਦਈ ਬਧਾਈ ।
ਗੁਰੂ ਕਾ ਲਾਹੌਰ ਵਿਖੇ ਹੋਈ ਸਜਾਵਟ ਦਾ ਵਰਣਨ ਕਰਦੇ ਹੋਏ ਗੋਵਿੰਦ ਸਿੰਘ ਨਿਰਮਲ ਉਦਾਸੀ ਕਹਿੰਦੇ ਹਨ, “ਸ਼ਾਦੀ ਦੀ ਧੂਮ-ਧਾਮ ਨਾਲ ਅਨੰਦਪੁਰ ਤੇ ਨਵੇਂ ਲਾਹੌਰ ਦਾ ਬਾਗ਼, ਬਗ਼ੀਚੇ, ਫੁਲਵਾੜੀ, ਗਲੀ, ਮੁਹੱਲੇ, ਬਾਜ਼ਾਰ ਕਈ ਤਰ੍ਹਾਂ ਦੀਆਂ ਝਾਲਰਾਂ ਤੇ ਬੁਰਜ ਆਦਿ ਨਾਲ ਸਜਾਏ ਜਾਣ ਲੱਗੇ। ਵੰਨ-ਸੁਵੰਨੇ ਗਹਿਣੇ ਪਹਿਨ ਕੇ ਸੈਂਕੜੇ ਨਰ ਨਾਰੀ ਮੌਕੇ ‘ਤੇ ਇਕੱਠੇ ਹੋਣ ਲੱਗੇ। ਗੁਲਾਬ, ਚੰਪਾ, ਰਵੇਲ, ਕਿਉੜਾ ਆਦਿ ਅਨੇਕ ਪ੍ਰਕਾਰ ਦੇ ਅਤਰ ਫੁਲੇਲ ਦੀ ਸੁਗੰਧੀ ਚਾਰੇ ਪਾਸੇ ਫੈਲਣ ਲੱਗੀ । ਪਾਣੀ ਦੇ ਫੁਹਾਰੇ ਥਾਂ-ਥਾਂ ‘ਤੇ ਚੱਲਣ ਲੱਗੇ। ਬਾਜ਼ੀਗਰ, ਭੱਟ, ਗਾਇਕ ਕਈ ਤਰ੍ਹਾਂ ਦੇ ਸੁਰਾਂ ਵਿਚ ਗਾਣ-ਵਜਾਉਣ ਤੇ ਉਸਤਤਿ ਵਾਲੀਆਂ ਕਵਿਤਾਵਾਂ ਬੋਲਣ ਲੱਗੇ ।” ਭਾਈ ਪਰਦੁਮਣ ਸਿੰਘ ਬੱਦੋਂ ਨੇ ਭਾਈ ਕਾਨ੍ਹ ਸਿੰਘ ਨਾਭਾ ਦੁਆਰਾ ਤਿਆਰ ਕੀਤੇ ਗੁਰੁਸ਼ਬਦ ਰਤਨਾਕਰ ਮਹਾਨ ਕੋਸ਼ ਲਈ ਗੁਰਦੁਆਰਿਆਂ ਦਾ ਇਤਿਹਾਸ ਲਿਖਣ ਵਿਚ ਭਾਰੀ ਯੋਗਦਾਨ ਪਾਇਆ। ਉਨ੍ਹਾਂ ਦੁਆਰਾ ਗੁਰਦੁਆਰਿਆਂ ਦੇ ਇਕੱਤਰ ਕੀਤੇ ਇਤਿਹਾਸਿਕ ਖ਼ਜ਼ਾਨੇ ਨੂੰ ਗਿਆਨੀ ਗੁਰਦਿੱਤ ਸਿੰਘ ਨੇ ਸੰਪਾਦਿਤ ਕੀਤਾ ਹੈ। ਉਹ ਦੱਸਦਾ ਹੈ ਕਿ ਗੁਰੂ ਜੀ ਨੇ ਵਿਆਹ ਸਮੇਂ ਬਸੰਤੀ ਪੁਸ਼ਾਕ ਸਜਾਈ ਹੋਈ ਸੀ।” ਗੁਰੂ ਕਾ ਲਾਹੌਰ ਵਿਖੇ ਹੋਏ ਗੁਰੂ ਜੀ ਦੇ ਵਿਆਹ ਦਾ ਜ਼ਿਕਰ ਕਰਦੇ ਹੋਏ ਕੁਇਰ ਸਿੰਘ ਦੱਸਦਾ ਹੈ:
ਤਾ ਮਧ ਭਯੋ ਬਿਯਾਹ ਉਛਾਹੂ।
ਬਾਂਧ ਸੇਹਰਾ ਸ੍ਰੀ ਗੁਰ ਚਾਹੂ।
ਗਾਵਤ ਮੰਗਲ ਗੀਤ ਅਪਾਰਾ।
ਰੰਕ ਧਨੀ ਭਏ ਹਰਖ ਸੁਧਾਰਾ।
ਪਰਮਾਨੰਦ ਧਰਤ ਗਿਰ ਪੂਰੀ।
ਆਤਸਬਾਦ ਆਦਿ ਜਿਹ ਰੂਰੀ।
ਕਰ ਸੰਖੇਪ ਕਹੀ ਏ ਬਾਤਾ।
ਪ੍ਰਭ ਬ੍ਯਾਹ ਅਤਿ ਮੰਗਲ ਦਾਤਾ।
ਮਾਤਾ ਸੁੰਦਰੀ ਜੀ ਨਾਲ ਵਿਆਹ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲਾ ਵਿਆਹ ਮਾਤਾ ਜੀਤੋ ਜੀ ਨਾਲ ਹੋ ਚੁੱਕਾ ਸੀ ਤਾਂ ਗੁਰੂ ਜੀ ਨੇ ਦੂਜਾ ਵਿਆਹ ਕਿਉਂ ਕਰਵਾਇਆ ? ਬਹੁਤ ਸਾਰੇ ਵਿਦਵਾਨਾਂ ਅਤੇ ਜਿਗਿਆਸੂਆਂ ਦੇ ਮਨ ਵਿਚ ਇਹ ਗੱਲ ਰੜਕਦੀ ਰਹਿੰਦੀ ਹੈ। ਹਾਲੇ ਤੱਕ ਕੋਈ ਵੀ ਅਜਿਹੀ ਠੋਸ ਦਲੀਲ ਸਾਹਮਣੇ ਨਹੀਂ ਆਈ, ਜਿਹੜੀ ਜਿਗਿਆਸੂਆਂ ਦੇ ਮਨ ਨੂੰ ਸ਼ਾਂਤ ਕਰਦੀ ਹੋਵੇ । ਭਾਈ ਸੰਤੋਖ ਸਿੰਘ ਜੀ ਗੁਰੂ ਜੀ ਦੇ ਦੂਜੇ ਵਿਆਹ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ ਕਿ ਇਕ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਰਸ਼ਨ ਕਰਨ ਆਈ ਸੰਗਤ ਵਿਚ ਇਕ ਕੁਮਰਾਵ ਖੱਤਰੀ ਵੀ ਸ਼ਾਮਿਲ ਸੀ । ਜਦੋਂ ਗੁਰੂ ਜੀ ਸੰਗਤ ਨੂੰ ਦਰਸ਼ਨ ਦੇਣ ਲਈ ਆਏ ਤਾਂ ਉਸ ਨੇ ਹੱਥ ਜੋੜ ਕੇ ਆਪਣੀ ਲੜਕੀ ਦੇ ਰਿਸ਼ਤੇ ਦੀ ਗੱਲ ਕੀਤੀ।” ਗਿਆਨੀ ਗਿਆਨ ਸਿੰਘ ਦੱਸਦੇ ਹਨ ਕਿ ਬਜਵਾੜੇ ਦਾ ਭਾਈ ਰਾਮ ਸਰਨ ਆਪਣੀ ਬੇਟੀ ਦਾ ਡੋਲਾ ਲੈ ਕੇ ਅਨੰਦਪੁਰ ਆਇਆ ਅਤੇ ਉਸ ਨੂੰ ਗੁਰੂ ਜੀ ਦੇ ਅਰਪਨ ਕਰ ਦਿੱਤਾ, “ਸੰਮਤ 1741 ਬਿ: ਨੂੰ ਬੈਸਾਖੀ ਦੇ ਮੇਲੇ ਪੁਰ ਗੁਰੂ ਜੀ ਦੇ ਦਰਸ਼ਨ ਵਾਸਤੇ ਬਹੁਤ ਸੰਗਤ ਆਈ…ਓਸੇ ਸਮੇਂ ਰਾਮ ਸਰਨ ਨਾਮ ਕੁਮਰਾਵ ਖੱਤ੍ਰੀ ਬਿਜਵਾੜੇ ਵਾਲੇ ਆਪਣੀ ਬੇਟੀ ਸੁੰਦੀ ਜੀ ਦਾ ਡੋਲਾ (ਜੋ ਸਾਥ ਸੀ) ਗੁਰੂ ਜੀ ਦੇ ਅਰਪਣ ਕੀਤਾ। ਭਾਵੇਂ ਗੁਰੂ ਜੀ ਤਾਂ ਦੂਜੀ ਸ਼ਾਦੀ ਕਰਨੀ ਨਹੀਂ ਚਾਹੁੰਦੇ ਸਨ, ਪਰ ਜਿਸ ਵੇਲੇ ਰਾਮ ਸਰਨ ਨੇ ਇਹ ਬੇਨਤੀ ਕੀਤੀ ਕਿ ਇਹ ਲੜਕੀ ਮੈਂ ਸ੍ਰੀ ਜੀ ਜੋਗ ਅਰਪਨ ਕਰ ਚੁੱਕਾ ਹਾਂ ਇਹ ਹੁਣ ਆਪ ਦੀ ਹੀ ਦਾਸੀ ਹੋ ਕੇ ਰਹਿ ਸਕਦੀ ਹੈ, ਜਿਸ ਤੋਂ ਰਾਮ ਸਰਨ ਦਾ ਸੰਕਲਪ ਗੁਰੂ ਜੀ ਨੂੰ ਪੂਰਾ ਕਰਨਾ ਪਿਆ।”
ਹਰੀ ਰਾਮ ਗੁਪਤਾ ਗੁਰੂ ਜੀ ਦੇ ਦੂਜੇ ਵਿਆਹ ਦਾ ਕਾਰਨ ਦੱਸਦਾ। ਹੋਇਆ ਕਹਿੰਦਾ ਹੈ ਕਿ ਮਾਤਾ ਗੁਜਰੀ ਜੀ ਆਪ ਆਪਣੇ ਵਿਆਹ ਤੋਂ 33 ਸਾਲ ਪਿਛੋਂ ਮਾਂ ਬਣੇ ਸਨ ਪਰ ਉਨ੍ਹਾਂ ਦੇ ਮਨ ਵਿਚ ਪੋਤ੍ਰਾ ਦੇਖਣ ਦੀ ਤੀਬਰ ਇੱਛਾ ਸੀ । ਭਾਈ ਸੰਤੋਖ ਸਿੰਘ ਮਾਤਾ ਸੁੰਦਰੀ ਜੀ ਨਾਲ ਗੁਰੂ ਜੀ ਦੇ ਵਿਆਹ ਦਾ ਵਰਣਨ ਕਰਦੇ ਹੋਏ ਦੱਸਦੇ ਹਨ :
ਸਤਿਗੁਰ ਕੌ ਫੇਰੇ ਫਿਰਿਵਾਏ।
ਪੁਰਿ ਅਨੰਦ ਮਹਿਂ ਅਨਦ ਵਧਾਏ।
ਜਥਾ ਜੋਗ ਕੁਲਰੀਤਿ ਕਰਾਈ।
ਧਨ ਖਰਯੋ ਬਹੁ ਵਜੀ ਵਧਾਈ।
ਦੁਤੀ ਬ੍ਯਾਹ ਕਲਗੀਧਰ ਕੇਰਾ।
ਸੰਗ ਸੁੰਦਰੀ ਭਾਗ ਭਲੇਰਾ ।
ਮੈਕਾਲਿਫ਼ ਕਹਿੰਦਾ ਹੈ ਕਿ ਗੁਰੂ ਜੀ ਦੂਜਾ ਵਿਆਹ ਨਹੀਂ ਸਨ ਕਰਾਉਣਾ ਚਾਹੁੰਦੇ, ਪਰ ਉਨ੍ਹਾਂ ਦੀ ਮਾਤਾ ਨੇ ਜ਼ੋਰ ਦੇ ਕੇ ਉਨ੍ਹਾਂ ਨੂੰ ਮਨਾ ਲਿਆ ਅਤੇ ਕੁਝ ਦਿਨਾਂ ਮਗਰੋਂ ਗੁਰੂ ਜੀ ਦਾ ਧੂਮ ਧਾਮ ਨਾਲ ਵਿਆਹ ਹੋਇਆ।23 ਇਸ ਤੋਂ ਇਲਾਵਾ ਸਮੇਂ ਦੇ ਪ੍ਰਚੱਲਤ ਰਿਵਾਜ ਅਨੁਸਾਰ ਬਹੁ-ਵਿਆਹ ਦੀ ਪ੍ਰਥਾ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਹੈ ਕਿ ਰਾਜਿਆਂ, ਮਹਾਰਾਜਿਆਂ ਤੇ ਧਾਰਮਿਕ ਆਗੂਆਂ ਵਾਸਤੇ ਸ਼ਰਧਾਲੂ ਲੋਕ ਯੋਗ ਕੰਨਿਆ ਦੇ ਡੋਲੇ ਪੇਸ਼ ਕਰਿਆ ਕਰਦੇ ਸਨ। ਇਸ ਰਸਮ ਨੂੰ ਦੋਹਾਂ ਘਰਾਂ ਦੀ ਇੱਜ਼ਤ ਮੰਨਿਆ ਜਾਂਦਾ ਸੀ । ਏਸੇ ਰਸਮ ਅਨੁਸਾਰ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਦੇਵਾਂ ਦੇ ਡੋਲੇ, ਉਹਨਾਂ ਦੇ ਮਾਪਿਆਂ ਵੱਲੋਂ, ਪੇਸ਼ ਕੀਤੇ ਗਏ ਸਨ । ‘ ਕਾਰਨ ਕੋਈ ਵੀ ਹੋਵੇ, ਪਰ ਗੁਰੂ ਜੀ ਦੇ ਇਕ ਤੋਂ ਵਧੇਰੇ ਵਿਆਹ ਇਤਿਹਾਸ ਦੀਆਂ ਪਰਤਾਂ ਦਾ ਹਿੱਸਾ ਹਨ। ਗੁਰੂ ਜੀ ਦਾ ਵਿਆਹ ਕਦੋਂ ਹੋਇਆ ? ਬਹੁਤੇ ਇਤਿਹਾਸਕਾਰ ਇਸ ਗੱਲ ਨਾਲ ਸਹਿਮਤ ਹਨ ਕਿ ਮਾਤਾ ਸੁੰਦਰੀ ਜੀ ਨਾਲ ਗੁਰੂ ਜੀ ਦਾ ਵਿਆਹ ਪਾਉਂਟਾ ਸਾਹਿਬ ਜਾਣ ਤੋਂ ਕੁਝ ਸਮਾਂ ਪਹਿਲਾਂ ਹੋਇਆ ਸੀ। ਗੁਰੂ ਜੀ ਪਾਉਂਟਾ ਸਾਹਿਬ ਕਦੋਂ ਗਏ ਸਨ, ਇਸ ਸੰਬੰਧੀ ਕੋਈ ਨਿਸਚਿਤ ਮਿਤੀ ਤਾਂ ਨਹੀਂ ਮਿਲਦੀ ਪਰ ਡਾ. ਹਰਬੰਸ ਸਿੰਘ ਗੁਰੂ ਗੋਬਿੰਦ ਸਿੰਘ ਜੀ ਦਾ ਬੀਬੀ ਸੁੰਦਰੀ ਜੀ ਨਾਲ ਵਿਆਹ 17 ਸਾਲ ਦੀ ਉਮਰ ਵਿਚ ਗੁਰੂ ਕਾ ਲਾਹੌਰ ਵਿਖੇ ਹੋਣਾ ਮੰਨਦੇ ਹਨ।25 ਹਰੀ ਰਾਮ ਗੁਪਤਾ ਗੁਰੂ ਜੀ ਦਾ ਵਿਆਹ 18 ਸਾਲ ਦੀ ਉਮਰ ਵਿਚ ਹੋਣਾ ਮੰਨਦੇ ਹਨ ।26 ਕ੍ਰਿਸਨਾਵਤਾਰ, ਦਸਮ ਗ੍ਰੰਥ ਦਾ ਇਕ ਅਧਿਆਇ, ਵਿਚ ਦੱਸਿਆ ਗਿਆ ਹੈ ਕਿ ਸੰਮਤ 1745 ਬਿਕ੍ਰਮੀ (1688 ਈਸਵੀ) ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਵਿਖੇ ਮੌਜੂਦ ਸਨ । ਡਾ. ਗੰਡਾ ਸਿੰਘ 1743 ਬਿਕ੍ਰਮੀ (1686 ਈਸਵੀ) ਨੂੰ ਗੁਰੂ ਜੀ ਦਾ ਪਾਉਂਟਾ ਸਾਹਿਬ ਜਾਣਾ ਕਿਆਸ ਕਰਦੇ ਹਨ।28 ਏਸੇ ਵਿਚਾਰ ਦੀ ਪ੍ਰੋੜ੍ਹਤਾ ਡਾ. ਜੇ.ਐੱਸ. ਗਰੇਵਾਲ ਅਤੇ ਐੱਸ.ਐੱਸ. ਬੱਲ ਕਰਦੇ ਹਨ। ਇਸ ਸਮੇਂ ਗੁਰੂ ਜੀ ਦੀ ਉਮਰ ਲਗਪਗ ਵੀਹ ਸਾਲ ਦੀ ਹੋਵੇਗੀ।
ਪਾਉਂਟਾ ਸਾਹਿਬ ਵਿਖੇ ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ
ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਧਰਮ ਦੀ ਆਜ਼ਾਦੀ ਨੂੰ ਬਚਾਉਣ ਵਾਸਤੇ ਆਪਣਾ ਬਲੀਦਾਨ ਦਿੱਤਾ ਸੀ । ਉਨ੍ਹਾਂ ਨੇ ਧਰਮ ਦੇ ਉਨ੍ਹਾਂ ਚਿੰਨ੍ਹਾਂ ਦੀ ਆਜ਼ਾਦੀ ਵਾਸਤੇ ਆਪਣਾ ਬਲੀਦਾਨ ਦਿੱਤਾ ਸੀ ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹ ਸਮਝਦੇ ਸਨ ਕਿ ਕਰਮ-ਕਾਂਡ ਰਾਹੀਂ ਧਾਰਨ ਕੀਤੇ ਧਾਰਮਿਕ ਚਿੰਨ੍ਹ ਨਾ ਤਾਂ ਮਾਨਸਿਕ ਸ਼ਾਂਤੀ ਪ੍ਰਦਾਨ ਕਰ ਸਕਦੇ ਹਨ ਅਤੇ ਨਾ ਹੀ ਪ੍ਰਭੂ-ਪ੍ਰਾਪਤੀ ਲਈ ਸਹਾਈ ਹੋ ਸਕਦੇ ਹਨ। ਅਜਿਹਾ ਨਹੀਂ ਸੀ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦਾ ਉਨ੍ਹਾਂ ਚਿੰਨ੍ਹਾਂ ਨੂੰ ਪਹਿਨਣ ਵਿਚ ਵਿਸ਼ਵਾਸ ਪੈਦਾ ਹੋ ਗਿਆ ਸੀ ਬਲਕਿ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਪੈਦਾ ਕੀਤੀ ਧਰਮ ਦੀ ਆਜ਼ਾਦੀ ਦੀ ਲਹਿਰ ਨੂੰ ਮਜ਼ਬੂਤੀ ਨਾਲ ਅੱਗੇ ਵਧਾਉਣ ਵਿਚ ਆਪਣਾ ਯੋਗਦਾਨ ਪਾਇਆ ਸੀ । ਉਨ੍ਹਾਂ ਦਿਨਾਂ ਵਿਚ ਹਿੰਦੂ ਧਾਰਮਿਕ ਸ਼੍ਰੇਣੀ ਦੇ ਵਿਦਵਾਨ ਮੰਨੇ ਜਾਂਦੇ ਪੰਡਿਤਾਂ ਅਤੇ ਪੀਰਾਂ-ਫ਼ਕੀਰਾਂ ਨੂੰ ਇਸਲਾਮਿਕ ਸ਼ਰ੍ਹਾ ਵਿਚ ਲਿਆਉਣ ਦੇ ਭਾਰੀ ਯਤਨ ਕੀਤੇ ਜਾ ਰਹੇ ਸਨ ਅਤੇ ਇਹ ਲੋਕ ਆਪੋ-ਆਪਣੇ ਤਰੀਕੇ ਨਾਲ ਪ੍ਰਭੂ ਤੋਂ ਸਹਾਇਤਾ ਦੀ ਪ੍ਰਾਪਤੀ ਲਈ ਯਤਨ ਕਰ ਰਹੇ ਸਨ । ° ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਸਮੂਹ ਲੋਕਾਈ ਲਈ ਸਾਂਝਾ ਹੈ, ਇਸ ਕਰਕੇ ਜਿਹੜਾ ਵੀ ਗੁਰੂ ਸਾਹਿਬਾਨ ਦੀ ਸ਼ਰਨ ਆਇਆ, ਉਨ੍ਹਾਂ ਉਸਦੀ ਬਾਂਹ ਫੜੀ ਹੈ। ਸ਼ਰਨ ਆਉਣ ਵਾਲੇ ਨੂੰ ਕੰਠ ਲਾਉਣ ਸਮੇਂ ਉਨ੍ਹਾਂ ਕੋਈ ਵਿਤਕਰਾ ਨਹੀਂ ਕੀਤਾ ਅਤੇ ਸਭਨਾਂ ਦੀ ਧਾਰਮਿਕ ਕਦਰਾਂ-ਕੀਮਤਾਂ ਅਨੁਸਾਰ ਸਹਾਇਤਾ ਕੀਤੀ ਹੈ । ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੁਆਰਾ ਸਮੇਂ ਦੀ ਹਕੂਮਤ ਦੇ ਜ਼ੁਲਮ ਤੋਂ ਧਰਮ ਦੀ ਰਾਖੀ ਕਰਨ ਕਰਕੇ ਉਨ੍ਹਾਂ ਨੂੰ ‘ਜਗਤ ਦੀ ਚਾਦਰ’, ‘ਸ੍ਰਿਸਟਿ ਦੀ ਚਾਦਰ’ ਅਤੇ ‘ਸਗਲ ਧਰਮ ਅਵਤਾਰ’ ਵੀ ਕਿਹਾ ਜਾਂਦਾ ਹੈ । ਗੁਰੂ ਸਾਹਿਬ ਨੇ ਧਰਮ ਦੀ ਆਜ਼ਾਦੀ ਲਈ ਸ਼ਹਾਦਤ ਦਿੱਤੀ ਤਾਂ ਆਮ ਲੋਕਾਂ ਅਤੇ ਸਿੱਖਾਂ ਵਿਚ ਉਦਾਸੀ ਦੀ ਭਾਵਨਾ ਪੈਦਾ ਹੋ ਗਈ ਸੀ। ਅਜਿਹੇ ਸਮੇਂ ਪੈਦਾ ਹੋਈ ਸਥਿਤੀ ਵਿੱਚੋਂ ਬਾਹਰ ਕੱਢਣ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੂਹ ਸੰਗਤ ਨੂੰ ਹਥਿਆਰਬੰਦ ਹੋਣ ਦਾ ਆਦੇਸ਼ ਦੇ ਦਿੱਤਾ ਸੀ। ਗੁਰੂ-ਦਰਸ਼ਨਾਂ ਨੂੰ ਆਉਣ ਵਾਲੀ ਸਿੱਖ ਸੰਗਤ ਹਥਿਆਰ ਲੈ ਕੇ ਆਉਂਦੀ ਅਤੇ ਅਨੰਦਪੁਰ ਸਿੱਖ ਸ਼ਸਤਰ ਵਿਦਿਆ ਦਾ ਕੇਂਦਰ ਬਣ ਗਿਆ ਸੀ । ਗੁਰੂ-ਘਰ ਵਿਚ ਜਾਤ-ਪਾਤ ਅਤੇ ਊਚ-ਨੀਚ ਦੇ ਵਿਤਕਰੇ ਨੂੰ ਕੋਈ ਸਥਾਨ ਨਹੀਂ ਸੀ । ਗੁਰੂ ਦੇ ਦਰਸ਼ਨਾਂ ਨੂੰ ਆਉਣ ਵਾਲੇ ਲਈ ਕੇਵਲ ਗੁਰੂ ਦੀ ਸਿੱਖਿਆ ਅਨੁਸਾਰੀ ਹੋਣਾ ਹੀ ਉੱਤਮ ਮੰਨਿਆ ਜਾਂਦਾ ਸੀ। ਵੱਖ- ਵੱਖ ਜਾਤਾਂ ਨਾਲ ਸੰਬੰਧਤ ਨੌਜਵਾਨ ਸ਼ਸਤਰ ਵਿਦਿਆ ਲਈ ਅਨੰਦਪੁਰ ਆਉਣ ਲੱਗੇ ਸਨ ਜਿਸ ਕਰਕੇ ਉਸ ਇਲਾਕੇ ਵਿਚ ਨੌਜਵਾਨਾਂ ਦੀ ਗਿਣਤੀ ਵਧਣੀ ਸੁਭਾਵਿਕ ਸੀ । ਨਗਾਰੇ ਦੀ ਚੋਭ ਅਤੇ ਢਾਡੀਆਂ ਦੁਆਰਾ ਵਾਰਾਂ ਰਾਹੀਂ ਨੌਜਵਾਨਾਂ ਵਿਚ ਜੋਸ਼ ਅਤੇ ਉਤਸ਼ਾਹ ਪੈਦਾ ਕੀਤਾ ਜਾਣ ਲੱਗਾ ਸੀ ਜਿਸ ਤੋਂ ਪਹਾੜੀ ਰਿਆਸਤਾਂ ਦੇ ਰਾਜੇ ਘਬਰਾਉਣ ਲੱਗੇ ਸਨ। ਉਹ ਜਿਥੇ ਆਪੋ ਵਿਚ ਖਹਿਬਾਜ਼ੀ ਰੱਖਦੇ ਸਨ, ਉਥੇ ਗੁਰੂ ਜੀ ਦੀ ਵੱਧ ਰਹੀ ਸ਼ਕਤੀ ਤੋਂ ਵੀ ਈਰਖਾ ਕਰਨ ਲੱਗੇ ਸਨ । ਸ੍ਰੀ ਅਨੰਦਪੁਰ ਸਾਹਿਬ ਕਹਿਲੂਰ ਰਿਆਸਤ ਵਿਚ ਪੈਂਦਾ ਸੀ, ਭੀਮ ਚੰਦ ਇਸ ਇਲਾਕੇ ‘ਤੇ ਆਪਣਾ ਦਬਦਬਾ ਕਾਇਮ ਰੱਖਣਾ ਚਾਹੁੰਦਾ ਸੀ। ਉਹ ਚਾਹੁੰਦਾ ਸੀ ਕਿ ਉਸ ਦੇ ਇਲਾਕੇ ਵਿਚ ਕੋਈ ਅਜਿਹੀ ਗਤੀਵਿਧੀ ਨਾ ਹੋਵੇ ਜਿਹੜੀ ਉਸਦੇ ਰਾਜ ਲਈ ਖ਼ਤਰਾ ਪੈਦਾ ਕਰੇ । ਭਾਵੇਂ ਕਿ ਗੁਰੂ ਜੀ ਨੇ ਨਗਾਰਾ ਰੱਖਣਾ ਅਤੇ ਸਿੱਖਾਂ ਨੂੰ ਹਥਿਆਰਬੰਦ ਕਰਨਾ ਅਰੰਭ ਕਰ ਦਿੱਤਾ ਸੀ ਪਰ ਗੁਰੂ ਜੀ ਦੀ ਵੀ ਅਜਿਹੀ ਕੋਈ ਮਨਸ਼ਾ ਨਹੀਂ ਸੀ ਕਿ ਕਿਸੇ ਇਲਾਕੇ ਵਿਚ ਅਸ਼ਾਂਤੀ ਪੈਦਾ ਹੋਵੇ । ਸ਼ਾਂਤੀ ਕਾਇਮ ਰੱਖਣ ਦੇ ਨਾਲ- ਨਾਲ ਉਹ ਗੁਰੂ-ਘਰ ਦੇ ਮੁੱਖ ਮਨੋਰਥ ਨੂੰ ਅਮਲ ਵਿਚ ਲਿਆਉਣਾ ਜ਼ਰੂਰੀ ਸਮਝਦੇ ਸਨ ਜਿਸ ਵਿਚ ਗ਼ਰੀਬਾਂ, ਮਜ਼ਲੂਮਾਂ ਅਤੇ ਲੋੜਵੰਦਾਂ ਦੀ ਸਹਾਇਤਾ ਕਰਨੀ ਅਤੇ ਸਮਾਂ ਆਉਣ ‘ਤੇ ਉਨ੍ਹਾਂ ਲਈ ਡੱਟ ਖਲੋਣਾ ਪ੍ਰਮੁਖ ਸੀ। ਉਹ ਜਿਥੇ ਨੌਜਵਾਨਾਂ ਨੂੰ ਸ਼ਸਤਰ ਵਿਦਿਆ ਹਾਸਲ ਕਰਨ ਦੀ ਪ੍ਰੇਰਨਾ ਦੇ ਰਹੇ ਸਨ, ਉਥੇ ਸਤਿ, ਸੰਤੋਖ, ਦਇਆ, ਧਰਮ ਅਤੇ ਧੀਰਜ ਦੀ ਸਿੱਖਿਆ ਵੀ ਪ੍ਰਦਾਨ ਕਰ ਰਹੇ ਸਨ ਤਾਂ ਕਿ ਸਿੱਖ ਦੀ ਕ੍ਰਿਪਾਨ ਮਜ਼ਲੂਮਾਂ ਅਤੇ ਨਿਤਾਣਿਆਂ ਲਈ ਢਾਲ ਦੇ ਕੰਮ ਆਵੇ। ਗੁਰਮਤਿ ਸਿਧਾਂਤ ਨੂੰ ਨਾ ਸਮਝਣ ਵਾਲੇ ਪਹਾੜੀ ਰਾਜਿਆਂ ਦੇ ਮਨ ਵਿਚ ਦਿਨੋ-ਦਿਨ ਖ਼ੌਫ਼ ਵੱਧਦਾ ਜਾ ਰਿਹਾ ਸੀ । ਮਨੂੰ ਦੀ ਸਿੱਖਿਆ ਉਨ੍ਹਾਂ ਦੇ ਮਨਾਂ ਵਿਚ ਪੂਰੀ ਤਰ੍ਹਾਂ ਵੱਸੀ ਹੋਈ ਸੀ ਜਿਸ ਵਿਚ ਸਮਾਜ ਨੂੰ ਚਾਰ ਵਰਣਾਂ ਵਿਚ ਵੰਡ ਕੇ ਉਨ੍ਹਾਂ ਦੇ ਕਾਰਜ ਨਿਰਧਾਰਿਤ ਕੀਤੇ ਹੋਏ ਸਨ। ਗੁਰੂ-ਘਰ ਵਿਚ ਅਜਿਹੀ ਕੋਈ ਪਾਬੰਦੀ ਨਹੀਂ ਸੀ ਅਤੇ ਹਰ ਇਕ ਵਰਗ ਨਾਲ ਸੰਬੰਧਿਤ ਵਿਅਕਤੀ ਹਰ ਤਰ੍ਹਾਂ ਦਾ ਕਾਰਜ ਕਰਨ ਲਈ ਆਜ਼ਾਦ ਸੀ । ਗੁਰੂ ਸਾਹਿਬ ਦਾ ਉਦੇਸ਼ ਨੀਵਿਆਂ ਨੂੰ ਉੱਚ ਜਾਤੀਏ ਸਮਝਦੇ ਲੋਕਾਂ ਦੀ ਬਰਾਬਰੀ ‘ਤੇ ਲਿਆਉਣਾ ਸੀ । ਉਨ੍ਹਾਂ ਨੇ ਕੁਝ ਅਜਿਹੀ ਵਿਉਂਤਬੰਦੀ ਕੀਤੀ ਕਿ ਉੱਚ- ਜਾਤੀ ਸਮਝਣ ਵਾਲੇ ਲੋਕ ਹੀ ਹਮੇਸ਼ਾ ਰਾਜ ਭਾਗ ਦਾ ਅਨੰਦ ਹੀ ਨਾ ਭੋਗਦੇ ਰਹਿਣ ਅਤੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਆਪਣੇ ਜਬਰ ਅਤੇ ਜ਼ੁਲਮ ਦਾ ਸ਼ਿਕਾਰ ਹੀ ਨਾ ਬਣਾਈ ਜਾਣ। ਇਸ ਕਰਕੇ ਜਦੋਂ ਗੁਰੂ ਜੀ ਨੇ ਪਹਾੜੀ ਰਾਜਿਆਂ ਨੂੰ ਮੁਗ਼ਲ ਹਕੂਮਤ ਦੇ ਜਬਰ ਵਿਰੁੱਧ ਇਕਮੁੱਠ ਹੋਣ ਦਾ ਸੱਦਾ ਦਿੱਤਾ ਤਾਂ ਉਨ੍ਹਾਂ ਨੇ ਇਹ ਕਹਿ ਕੇ ਵਿਰੋਧ ਕੀਤਾ ਕਿ ਨੀਵੀਆਂ ਜਾਤਾਂ ਦੇ ਲੋਕਾਂ ਨਾਲ ਮਿਲ ਕੇ ਉਹ ਨਹੀਂ ਚੱਲ ਸਕਦੇ। ਗੁਰੂ ਜੀ ਇਸ ਸੰਘਰਸ਼ ਵਿਚ ਜਾਤ ਦੇ ਆਧਾਰ ‘ਤੇ ਕਿਸੇ ਨੂੰ ਪਾਸੇ ਨਹੀਂ ਸਨ ਰੱਖਣਾ ਚਾਹੁੰਦੇ ਕਿਉਂਕਿ ਉਨ੍ਹਾਂ ਦਾ “ਬੁਨਿਆਦੀ ਨਿਸ਼ਾਨਾ ਗ਼ਰੀਬਾਂ ਤੇ ਲਤਾੜਿਆਂ ਹੋਇਆਂ ਦੇ ਪੱਧਰ ਨੂੰ ਉੱਪਰ ਚੁੱਕਣਾ ਸੀ। ਉਹ ਚਾਹੁੰਦੇ ਸਨ ਕਿ ਇਹ ਲੋਕ ਆਪਣੇ ਵਾਸਤੇ ਰਾਜਸੀ ਸੱਤਾ ਉਤੇ ਕਬਜ਼ਾ ਕਰਨ । ਇਸ ਮਨੋਰਥ ਨੂੰ ਮੁੱਖ ਰੱਖਣ ਕਾਰਨ ਹੀ ਗੁਰੂ ਜੀ ਨੂੰ ਆਪਣਾ ਫ਼ੌਜੀ ਕੰਮ ਬੜੇ ਹੇਠਲੇ ਪੱਧਰ ਤੋਂ ਚੁੱਕਣਾ ਪਿਆ।”4 ਗੁਰੂ ਸਾਹਿਬ ਜਾਣਦੇ ਸਨ ਕਿ ਜਦੋਂ ਤੱਕ ਨੀਵੀਆਂ ਜਾਤਾਂ ਸਮਝੇ ਜਾਣ ਵਾਲੇ ਲੋਕ ਰਾਜ ਭਾਗ ਵਿਚ ਬਰਾਬਰ ਦੇ ਹਿੱਸੇਦਾਰ ਨਹੀਂ ਬਣਦੇ, ਉਦੋਂ ਤੱਕ ਊਚ-ਨੀਚ ਦਾ ਵਿਤਕਰਾ ਕਾਇਮ ਰਹੇਗਾ। ਗੁਰੂ ਸਾਹਿਬ ਦਾ ਇਕ ਸਮਕਾਲੀ ਕਵੀ ਹੰਸ ਰਾਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਛਤਰ-ਛਾਇਆ ਹੇਠ ਹਿੰਦੂ ਵਰਣ ਵਿਵਸਥਾ ਵਿਚ ਮੰਨੇ ਜਾਂਦੇ ਚਾਰੇ ਵਰਣਾਂ ਦਾ ਇਕ-ਜੁੱਟ ਹੋ ਕੇ ਅਨੰਦ ਮਾਣਨ ਦਾ ਜ਼ਿਕਰ ਕਰਦੇ ਹੋਏ ਕਹਿੰਦਾ ਹੈ :
ਚਾਰ ਬਰਣ ਚਾਰੋਂ ਜਹਾਂ ਆਸ੍ਰਮ ਕਰਤ ਅਨੰਦ।
ਤਾਂ ਕੋ ਨਾਮ ਅਨੰਦਪੁਰ ਹੈ ਅਨੰਦ ਕੋ ਕੰਦ।
ਸੰਗਤ ਸਿੰਘ ਮਸੰਦ ਸਭ ਹੋਰ ਹਰੈ ਪਰ ਪੀਰ।
ਤਹਾਂ ਬਸਤ ਗੋਬਿੰਦ ਸਿੰਘ ਧਰਮ ਧੁਰੰਧਰ ਧੀਰ।
ਗੁਰੂ ਸਾਹਿਬ ਦੇ ਉਦੇਸ਼ ਦਾ ਵਰਣਨ ਕਰਦੇ ਹੋਏ ਰਤਨ ਸਿੰਘ ਭੰਗੂ ਦੱਸਦੇ ਹਨ:
ਸਤ ਸਨਾਤਿ ਔ ਬਾਰਹ ਜਾਤ। ਜਾਨੈ ਨਹਿ ਰਾਜਨੀਤ ਕੀ ਬਾਤ।
ਜੱਟ ਬੂਟ ਕਹਿਂ ਜਿਹਂ ਜਗ ਮਾਂਹੀਂ । ਬਣੀਏ ਬਕਾਲ ਕਿਰਾੜ ਖੱਤ੍ਰੀ ਸਦਾਈਂ।
ਲੁਹਾਰ ਖਾਣ ਹੁਤ ਜਾਤ ਕਮੀਨੀ । ਛੀਪੋ ਕਲਾਲ ਨੀਚਨ ਪੈ ਕ੍ਰਿਪਾ ਕੀਨੀ।
ਗੁੱਜਰ ਗਵਾਰ ਹੀਰ ਕਮਜਾਤ। ਕੰਬੋਇ ਸੂਦਨ ਕੋਇ ਪੁਛੈ ਨ ਬਾਤ।
ਝੀਵਰ ਨਾਈ ਰੋੜੇ ਘੁਮਿਆਰ । ਸਾਇਣੀ ਸੁਨਿਆਰੇ ਚੂੜ੍ਹੇ ਚਮਿਆਰ।
ਭੱਟ ਔ ਬਾਹਮਣ ਹੁਤੇ ਮੰਗਵਾਰ। ਬਹੁਰੂਪੀਏ ਲੁਬਾਣੇ ਔ ਘੁਮਿਆਰ ।
ਇਨ ਗ੍ਰੀਬ ਸਿੰਘਨ ਕੌ ਦਯੈ ਪਤਿਸ਼ਾਹੀ। ਏ ਯਾਦ ਰਖੀਂ ਹਮਰੀ ਗੁਰਿਆਈ ।
ਦੂਜੇ ਪਾਸੇ ਹਕੂਮਤ ਇਸਲਾਮ ਦੇ ਫੈਲਾਅ ਲਈ ਦ੍ਰਿੜ੍ਹਤਾ ਪੂਰਵਕ ਯਤਨ ਕਰ ਰਹੀ ਸੀ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਹਕੂਮਤ ਦੇ ਇਸ ਵਿਤਕਰੇ ਨੂੰ ਰੋਕਣ ਲਈ ਸ਼ਹੀਦੀ ਦੇ ਚੁੱਕੇ ਸਨ, ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧਰਮ ਦੀ ਰਾਖੀ ਵਾਸਤੇ ਯਤਨ ਕਰ ਰਹੇ ਸਨ । ਉਹ ਇਸਲਾਮ ਦੇ ਵਿਰੁੱਧ ਨਹੀਂ ਸਨ ਪਰ ਜਬਰੀ ਧਰਮ ਪਰਿਵਰਤਨ ਨੂੰ ਉਹ ਪਰਮਾਤਮਾ ਦੁਆਰਾ ਸਿਰਜੇ ਬਹੁ-ਭਾਂਤੀ ਸਮਾਜ ਦੇ ਨਿਯਮਾਂ ਦੀ ਉਲੰਘਣਾ ਮੰਨ ਰਹੇ ਸਨ । ਆਪਣੇ ਜੀਵਨ ਦਾ ਉਦੇਸ਼ ਉਹ ਆਪਣੀ ਰਚਨਾ ‘ਬਚਿੱਤ੍ਰ ਨਾਟਕ’ ਵਿਚ ਕਰਦੇ ਹੋਏ ਕਹਿੰਦੇ ਹਨ:
ਹਮ ਇਹ ਕਾਜ ਜਗਤ ਮੋ ਆਏ॥
ਧਰਮ ਹੇਤ ਗੁਰਦੇਵ ਪਠਾਏ॥
ਜਹਾਂ ਤਹਾਂ ਤੁਮ ਧਰਮ ਬਿਥਾਰੋ ॥
ਦੁਸਟ ਦੋਖੀਅਨਿ ਪਕਰਿ ਪਛਾਰੋ॥
ਯਾਹੀ ਕਾਜ ਧਰਾ ਹਮ ਜਨਮੰ ॥
ਸਮਝ ਲੇਹੁ ਸਾਧੂ ਸਭ ਮਨਮੰ ॥
ਧਰਮ ਚਲਾਵਨ ਸੰਤ ਉਬਾਰਨ॥
ਦੁਸਟ ਸਭਨ ਕੋ ਮੂਲ ਉਪਾਰਨ ॥
ਗੁਰੂ ਸਾਹਿਬ ਨੇ ਜਿਹੜਾ ਮਿਸ਼ਨ ਅਰੰਭ ਕੀਤਾ ਸੀ, ਉਸ ਨੂੰ ਉਹਨਾਂ ਨੇ ਦ੍ਰਿੜ੍ਹਤਾ ਪੂਰਵਕ ਅੱਗੇ ਤੋਰਿਆ ਸੀ ਜਿਸ ਨਾਲ ਭਾਰਤ ਵਿਚ ਅਜਿੱਤ ਸਮਝੀ ਜਾਂਦੀ ਮੁਗ਼ਲ ਹਕੂਮਤ ਦੀਆਂ ਜੜ੍ਹਾਂ ਹਿੱਲ ਗਈਆਂ ਸਨ ਅਤੇ ਉਹ ਮੁੜ ਕਦੇ ਵੀ ਆਪਣੇ ਪੈਰ ਨਹੀਂ ਸੀ ਪਸਾਰ ਸਕੀ। ਗੁਰੂ ਸਾਹਿਬ ਦੁਆਰਾ ਜਬਰ ਅਤੇ ਜ਼ੁਲਮ ਦੇ ਖ਼ਿਲਾਫ਼ ਅਰੰਭੇ ਸੰਘਰਸ਼ ਨਾਲ ਹੀ ਆਮ ਲੋਕਾਂ ਦਾ ਧਰਮ ਬੱਚ ਸਕਿਆ ਸੀ, ਨਹੀਂ ਤਾਂ ਇਸ ਦੇਸ ਵਿਚ ਕੇਵਲ ਇਕ ਧਰਮ ਨੂੰ ਮੰਨਣ ਵਾਲਿਆਂ ਦਾ ਬੋਲ-ਬਾਲਾ ਹੀ ਰਹਿਣਾ ਸੀ। ਗੁਰੂ ਸਾਹਿਬ ਨੇ ਅਨੇਕਤਾ ਨੂੰ ਏਕਰੂਪਤਾ ਵਿਚ ਬਦਲਣ ਦਾ ਵਿਰੋਧ ਕੀਤਾ ਸੀ ਅਤੇ ਏਕਤਾ ਵਿਚ ਅਨੇਕਤਾ ਦੇ ਰੰਗਾਂ ਦਾ ਜਿਹੜਾ ਕੀਰਤੀਮਾਨ ਸਥਾਪਤ ਕੀਤਾ ਸੀ, ਉਸ ਨੂੰ ਭਾਈ ਸੰਤੋਖ ਸਿੰਘ ਆਪਣੇ ਸ਼ਬਦਾਂ ਵਿਚ ਬਿਆਨ ਕਰਦੇ ਹੋਏ ਕਹਿੰਦੇ ਹਨ :
ਛਾਇ ਜਾਤੀ ਏਕਤਾ, ਅਨੇਕਤਾ ਬਿਲਾਇ ਜਾਤੀ, ਹੋਵਤੀ ਕੁਚੀਲਤਾ ਕਿਤਾਬਨਿ ਕੁਰਾਨ ਕੀ। ਪਾਪ ਹੀ ਪ੍ਰਪੱਕ ਜਾਤੇ, ਧਰਮ ਧਸੱਕ ਜਾਤੇ, ਬਰਨ ਗਰੁੱਕ ਜਾਤੇ ਸਹਿਤ ਬਿਧਾਨਕੀ। ਦੇਵੀ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ, ਰੀਤਿ ਮਿਟ ਜਾਤੀ ਕਥਾ ਬੇਦਨਿ ਪੁਰਾਨ ਕੀ। ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤਿ ਨ ਹੋਤੀ ਜਉਪੈ ਕਰੁਣਾ ਨਿਧਾਨ ਕੀ॥੨੭॥੩੪
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਇਹ ਮਿਸ਼ਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਅਰੰਭ ਕੀਤਾ ਸੀ। ਉਨ੍ਹਾਂ ਦੇ ਮਿਸ਼ਨ ਨੂੰ ਵੇਖ ਕੇ ਪਹਾੜੀ ਰਾਜੇ ਘਬਰਾ ਰਹੇ ਸਨ ਕਿਉਂਕਿ ਉਹ ਹਮੇਸ਼ਾ ਜਰ, ਜੋਰੂ, ਜ਼ਮੀਨ ਲਈ ਲੜਦੇ ਆ ਰਹੇ ਸਨ ਅਤੇ ਉਨ੍ਹਾਂ ਦੇ ਮਨ ਵਿਚ ਇਹ ਤੌਖ਼ਲਾ ਪੈਦਾ ਹੋਣ ਲੱਗਾ ਸੀ। ਕਿ ਕਿਤੇ ਗੁਰੂ ਜੀ ਉਨ੍ਹਾਂ ਦੇ ਇਲਾਕੇ ‘ਤੇ ਕਬਜ਼ਾ ਹੀ ਨਾ ਕਰ ਲੈਣ। ਪਹਾੜੀ ਰਾਜੇ ਜਿਥੇ ਗੁਰੂ ਸਾਹਿਬ ਪ੍ਰਤੀ ਈਰਖਾ ਦੀ ਭਾਵਨਾ ਰੱਖਣ ਲੱਗੇ ਸਨ, ਉਥੇ ਦੂਜੇ ਪਾਸੇ ਉਨ੍ਹਾਂ ਦੀ ਆਪਸੀ ਈਰਖਾ ਵੀ ਬਹੁਤ ਜ਼ਿਆਦਾ ਸੀ। ਸਿਰਮੌਰ ਦੇ ਰਾਜੇ ਮੇਦਨੀ ਪ੍ਰਕਾਸ਼ ਅਤੇ ਗੜਵਾਲ ਦੇ ਰਾਜੇ ਫਤੇਸ਼ਾਹ ਵਿਚ ਲੰਮੇ ਸਮੇਂ ਤੋਂ ਖਿਚੋਤਾਣ ਚੱਲ ਰਹੀ ਸੀ । ਫਤੇਸ਼ਾਹ ਨੇ ਮੇਦਨੀ ਪ੍ਰਕਾਸ਼ ਦੇ ਕੁਝ ਇਲਾਕੇ ‘ਤੇ ਕਬਜ਼ਾ ਕਰ ਲਿਆ ਸੀ। ਮੇਦਨੀ ਪ੍ਰਕਾਸ਼ ਆਪਣਾ ਮਾਣ ਕਾਇਮ ਰੱਖਣਾ ਅਤੇ ਆਪਣੀ ਤਾਕਤ ਵਧਾਉਣ ਦੀ ਇੱਛਾ ਰੱਖਦਾ ਸੀ। ਉਸ ਨੇ ਵਜ਼ੀਰ ਦੇ ਹੱਥ ਗੁਰੂ ਜੀ ਨੂੰ ਆਪਣੇ ਇਲਾਕੇ ਵਿਚ ਆਉਣ ਦੀ ਬੇਨਤੀ ਕਰਦੇ ਹੋਏ ਕਿਹਾ, “ਮਹਾਰਾਜ ਸੱਚੇ ਪਾਤਸ਼ਾਹ! ਗੁਰੂਆਂ ਦੇ ਗੁਰੂ, ਪੀਰਾਂ ਦੇ ਪੀਰ, ਬੀਰਾਂ ਦੇ ਸ਼ਿਰੋਮਣੀ ਬੀਰ! ਆਪ ਕ੍ਰਿਪਾ ਕਰਕੇ ਨਾਹਣ ਨੂੰ ਪਵਿਤ੍ਰ ਤੇ ਮੈਂ ਦੀਨ ਨੂੰ ਦਰਸ਼ਨ ਦੇ ਕੇ ਨਿਹਾਲ ਕਰੋ।” ਮੇਦਨੀ ਪ੍ਰਕਾਸ਼ ਦੀ ਬੇਨਤੀ ਮੰਨ ਕੇ ਗੁਰੂ ਜੀ ਉਸਦੀ ਰਿਆਸਤ ਵਿਚ ਚਲੇ ਗਏ ਸਨ। ਨਾਹਣ ਦੇ ਇਲਾਕੇ ਵਿਚ ਗੁਰੂ ਜੀ ਨੇ ਪਾਉਂਟਾ ਸਾਹਿਬ ਨਗਰ ਵਸਾਇਆ ਸੀ। ਇਸ ਨਗਰ ਦੀ ਸਥਾਪਨਾ ‘ਤੇ ਟਿੱਪਣੀ ਕਰਦੇ ਹੋਏ ਗੁਰੂ ਜੀ ‘ਬਚਿੱਤ੍ਰ ਨਾਟਕ’ ਵਿਚ ਦੱਸਦੇ ਹਨ:
ਦੇਸ ਚਾਲ ਹਮ ਤੇ ਪੁਨਿ ਭਈ॥
ਸਹਰ ਪਾਂਵਟਾ ਕੀ ਸੁਧਿ ਲਈ॥
ਕਾਲਿੰਦ੍ਰੀ ਤਟਿ ਕਰੇ ਬਿਲਾਸਾ॥
ਅਨਿਕ ਭਾਂਤ ਕੇ ਪੇਖ ਤਮਾਸਾ ॥
ਪੰਡਿਤ ਤਾਰਾ ਸਿੰਘ ਨਰੋਤਮ ਕਹਿੰਦੇ ਹਨ, “ਗੁਰੂ ਜੀ ਕੋ ਬਨ ਪਰਬਤੋਂ ਕੀ ਸੈਲ ਕਰਵਾਤਾ ਹੂਆ ਰਾਜਾ ਮੇਦਨੀ ਪ੍ਰਕਾਸ਼ ਜਮਨਾ ਕਿਨਾਰੇ ਲੈ ਗਿਆ। ਪਾਉਂਟੇ ਜੀ ਵਾਲੀ ਜਗ੍ਹਾ ਦੇਖ ਗੁਰੂ ਜੀ ਬਹੁਤ ਆਨੰਦ ਹੂਏ। ਰਾਜਾ ਨੇ ਬੇਨਤੀ ਕਰੀ ਆਪ ਈਹਾਂ ਗੜ੍ਹ ਬਣਵਾਈਏ। ਯੇਹ ਸ੍ਰੀ ਨਗਰ ਕੇ ਰਾਜਾ ਫਤੇ ਸ਼ਾਹ ਕੀ ਅਰ ਹਮਾਰੀ ਹੱਦ ਕਾ ਮਕਾਮ ਹੈ। ਹਮ ਕੋ ਭੀ ਬਹੁਤ ਆਨੰਦ ਰਹੇਗਾ। ਆਪ ਕੇ ਪ੍ਰਤਾਪ ਸੇ ਸ਼ੱਤਰੂ ਦਬਾ ਰਹੇਗਾ। ਯੇਹ ਸੁਣ ਕਰ ਗੁਰੂ ਜੀ ਨੇ ਕਿਲ੍ਹਾ ਬਣਵਾਵਣਾ ਅਰੰਭ ਕੀਆ। ਮੇਦਨੀ ਪ੍ਰਕਾਸ਼ ਨੇ ਰਾਜ ਮਜੂਰੋਂ ਕੀ ਬਹੁਤ ਮੱਦਦ ਦਈ। ਬਾਰਾਂ ਦਿਨ ਮੇਂ ਕਿਲਾ ਤਿਆਰ ਹੂਆ। ਅਨੰਦਪੁਰ ਸੇ ਚਲ ਰਹਿਣੇ ਹੇਤ ਈਹਾਂ ਪਾਂਵ ਟਿਕਾਇਆ । ਇਸ ਲੀਏ ਨਾਮ ਪਾਂਵਟਾ ਰੱਖਾ।”4 ਇਸ ਨਗਰ ਦੀ ਸਥਾਪਨਾ ‘ਤੇ ਟਿੱਪਣੀ ਕਰਦੇ ਹੋਏ ਭਾਈ ਸੰਤੋਖ ਸਿੰਘ ਬਿਆਨ ਕਰਦੇ ਹਨ:
ਪਾਂਵ ਟਿਰੋ ਸਤਿਗੁਰੂ ਕੋ ਆਨੰਦਪੁਰਿ ਤੇ ਆਇ।
ਨਾਮ ਧਰ੍ਯੋ ਇਮ ਪਾਂਵਟਾ ਸਭਿ ਦੇਸ਼ਨਿ ਪ੍ਰਗਟਾਇ।
ਪਾਉਂਟਾ ਸਾਹਿਬ ਵਿਖੇ ਗੁਰੂ ਜੀ ਨੇ ਸਿੱਖਾਂ ਨੂੰ ਸ਼ਸਤਰ ਅਤੇ ਸ਼ਾਸਤਰ ਵਿਦਿਆ ਵਿਚ ਨਿਪੁੰਨ ਕਰਨ ਦਾ ਕਾਰਜ ਹੋਰ ਵਧੇਰੇ ਪ੍ਰਚੰਡ ਕਰ ਦਿੱਤਾ ਸੀ। ਉਨ੍ਹਾਂ ਦੀ ਵਧਦੀ ਤਾਕਤ ਤੋਂ ਪਹਾੜੀ ਰਾਜੇ ਪਹਿਲਾਂ ਹੀ ਚਿੰਤਤ ਸਨ । ਪਹਾੜੀ ਰਾਜਿਆਂ ਵਿੱਚੋਂ ਬਿਲਾਸਪੁਰ ਦਾ ਰਾਜਾ ਭੀਮ ਚੰਦ ਸਭ ਤੋਂ ਵਧੇਰੇ ਤਾਕਤਵਰ ਸੀ। ਇਕ ਵਾਰ ਉਹ ਗੁਰੂ ਜੀ ਨੂੰ ਮਿਲਣ ਲਈ ਅਨੰਦਪੁਰ ਆਇਆ ਤਾਂ ਗੁਰੂ ਜੀ ਨੇ ਉਸਦੀ ਮੱਕਾਰੀ ਭਾਂਪ ਲਈ ਸੀ । ਉਹ ਵੀ ਗੁਰੂ ਜੀ ਨਾਲ ਈਰਖਾ ਕਰਨ ਲੱਗਾ ਸੀ। ਜਦੋਂ ਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਪਾਉਂਟਾ ਸਾਹਿਬ ਆਏ ਸਨ ਤਾਂ ਉਸ ਨੇ ਕਈ ਹੋਰ ਪਹਾੜੀ ਰਾਜਿਆਂ ਨੂੰ ਆਪਣੇ ਨਾਲ ਮਿਲਾ ਕੇ ਉਹਨਾਂ ਦੀਆਂ ਗਠਜੋੜ ਫ਼ੌਜਾਂ ਨੂੰ ਇਕੱਤਰ ਕਰ ਕੇ ਭੰਗਾਣੀ ਦੇ ਸਥਾਨ ‘ਤੇ ਗੁਰੂ ਜੀ ਨਾਲ ਯੁੱਧ ਛੇੜ ਦਿੱਤਾ ਸੀ। ਇਸ ਯੁੱਧ ਵਿਚ ਉਹਨਾਂ ਨੂੰ ਬੁਰੀ ਤਰ੍ਹਾਂ ਹਾਰ ਹੋਈ ਸੀ। ਇਸ ਲੜਾਈ ਤੋਂ ਕੁਝ ਸਮਾਂ ਬਾਅਦ ਮਾਤਾ ਸੁੰਦਰੀ ਜੀ ਦੀ ਕੁੱਖੋਂ ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ ਹੋਇਆ ਸੀ। ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ ਸੰਮਤ 1743 ਬਿਕ੍ਰਮੀ ਨੂੰ ਹੋਇਆ ਮੰਨਿਆ ਜਾਂਦਾ ਹੈ।43 ਭਾਈ ਵੀਰ ਸਿੰਘ ਜੀ ਕਹਿੰਦੇ ਹਨ ਕਿ ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ ਭੰਗਾਣੀ ਦੇ ਯੁੱਧ ਤੋਂ ਚਾਰ ਪੰਜ ਮਹੀਨੇ ਪਹਿਲਾਂ ਹੋ ਗਿਆ ਸੀ। ਭੰਗਾਣੀ ਦੇ ਯੁੱਧ ਵਿਚ ਜਿੱਤ ਹੋਣ ਤੋਂ ਅਗਲੇ ਦਿਨ ਦੀਵਾਨ ਸਜਾਇਆ ਗਿਆ ਸੀ ਜਿਸ ਵਿਚ ਜੁੱਧ ਦੀ ਫ਼ਤਹਿ ਵਜੋਂ ਵੱਡੇ ਸਾਹਿਬਜ਼ਾਦੇ ਦਾ ਨਾਂ ਅਜੀਤ ਸਿੰਘ ਰੱਖਿਆ ਗਿਆ ਸੀ। “ ਭੰਗਾਣੀ ਦੇ ਯੁੱਧ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਜਨਮ ਦੀਆਂ ਸਹੀ ਤਿੱਥਾਂ ਦਾ ਪ੍ਰਗਟਾਵਾ ਕਰਦੇ ਹੋਏ ਡਾ. ਗੰਡਾ ਸਿੰਘ ਕਹਿੰਦੇ ਹਨ ਕਿ, “ਸੁੱਖਾ ਸਿੰਘ ਦੇ ‘ਗੁਰਬਿਲਾਸ’ ਵਿਚ ਇਸ ਲੜਾਈ ਦੀ ਮਿਤੀ 1689 ਈਸਵੀ ਦਿੱਤੀ ਹੈ ਪਰ ਇਸ ਵਿਚ ਗ਼ਲਤੀ ਜਾਪਦੀ ਹੈ। ਸੂਰਜ ਪ੍ਰਕਾਸ਼ ਅਨੁਸਾਰ ਗੁਰੂ ਸਾਹਿਬ ਦੇ ਪਾਉਂਟੇ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਮੁੜਨ ਦੇ ਨੌਂ ਮਹੀਨੇ ਬਾਅਦ ਉਨ੍ਹਾਂ ਦਾ ਪੁੱਤਰ ਅਜੀਤ ਸਿੰਘ ਪੈਦਾ ਹੋਇਆ। ਪਰ ਅਜੀਤ ਸਿੰਘ ਦੀ ਸਭ ਵੱਲੋਂ ਪ੍ਰਵਾਣਿਤ ਜਨਮ ਮਿਤੀ ਮਾਘ ਸੁਦੀ 4, 1743 ਬਿਕ੍ਰਮੀ (ਨਵੰਬਰ 9, 1686 ਈਸਵੀ) ਹੈ। ਇਸ ਅਨੁਸਾਰ ਲੜਾਈ ਫ਼ਰਵਰੀ 1686 ਵਿਚ ਬਣਦੀ ਹੈ। ਹੋਰ ਸਬੂਤ ਉਸ ਪ੍ਰਸੰਸਾ ਪੱਤਰ ਤੋਂ ਮਿਲਦਾ ਹੈ ਜੋ ਗੁਰੂ ਸਾਹਿਬ ਨੇ ਸਢੌਰਾ ਦੇ ਪੀਰ ਬੁੱਧੂ ਸ਼ਾਹ ਨੂੰ ਦਿੱਤਾ ਸੀ। ਉਸ ਪੱਤਰ ਉੱਤੇ ਫੱਗਣ ਸੁਦੀ 12, 1742 ਬਿਕ੍ਰਮੀ ਦੀ ਮਿਤੀ ਹੈ ਜੋ 25 ਫ਼ਰਵਰੀ 1686 ਈਸਵੀ ਬਣਦੀ ਹੈ। ਇਹ ਪੱਤਰ ਲੜਾਈ ਦੇ ਛੇਤੀ ਬਾਅਦ ਦਿੱਤਾ ਗਿਆ ਹੋਵੇਗਾ।”
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਹਨ – ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ। ਮਾਤਾ ਸੁੰਦਰੀ ਜੀ ਦੇ ਉਦਰ ਤੋਂ ਕੇਵਲ ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ ਹੋਇਆ ਸੀ ਅਤੇ ਬਾਕੀ ਤਿੰਨ ਸਾਹਿਬਜ਼ਾਦੇ ਮਾਤਾ ਜੀਤੋ ਜੀ ਤੋਂ ਜਨਮੇ ਸਨ। 6
ਪਾਉਂਟਾ ਸਾਹਿਬ ਵਿਖੇ ਭੰਗਾਣੀ ਦਾ ਯੁੱਧ ਜਿੱਤ ਕੇ ਗੁਰੂ ਜੀ ਵਾਪਸ ਸ੍ਰੀ ਅਨੰਦਪੁਰ ਸਾਹਿਬ ਆ ਗਏ ਸਨ ਜਿਸ ਦਾ ਵਰਣਨ ਕਰਦੇ ਹੋਏ ਭਾਈ ਸੰਤੋਖ ਸਿੰਘ ਕਹਿੰਦੇ ਹਨ ਕਿ ਜਿਵੇਂ ਕ੍ਰਿਸ਼ਨ ਜੀ ਨੇ ਮਥੁਰਾ ਵਿਖੇ ਦੁਸ਼ਮਣਾਂ ਦਾ ਖ਼ਾਤਮਾ ਕਰ ਕੇ ਦਵਾਰਕਾ ਨਗਰੀ ਵਸਾਈ ਸੀ, ਜਿਵੇਂ ਰਾਮਚੰਦਰ ਜੀ ਨੇ ਪਰਾਕਰਮੀ ਰਾਵਨ ਨੂੰ ਮਾਰ ਕੇ ਅਯੁੱਧਿਆ ਦੀ ਆ ਸੰਭਾਲ ਕੀਤੀ ਸੀ, ਜਿਵੇਂ ਇੰਦ੍ਰ ਨੇ ਪਹਿਲੋਂ ਦੈਂਤਾਂ ਦੇ ਪੁੱਤ੍ਰ ਮਾਰ ਕੇ ਸੁਖ ਪ੍ਰਦਾਨ ਕਰਨ ਵਾਲੇ ਸੁਰਗ ਨੂੰ ਵਸਾਇਆ ਸੀ, ਉਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਾਂਵਟਾ ‘ਤੇ ਜਿੱਤ ਪ੍ਰਾਪਤ ਕਰ ਕੇ ਸ੍ਰੀ ਅਨੰਦਪੁਰ ਸਾਹਿਬ ਵਸਾਇਆ ਸੀ । ਪਾਉਂਟਾ ਸਾਹਿਬ ਤੋਂ ਸਢੌਰਾ, ਰੋਪੜ ਦੇ ਰਸਤੇ ਹੁੰਦੇ ਹੋਏ ਗੁਰੂ ਜੀ ਵਾਪਸ ਸ੍ਰੀ ਅਨੰਦਪੁਰ ਸਾਹਿਬ ਆ ਗਏ ਸਨ।
ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ
ਮਾਤਾ ਜੀਤੋ ਜੀ ਅਤੇ ਮਾਤਾ ਸੁੰਦਰੀ ਜੀ
ਮਾਤਾ ਸੁੰਦਰੀ ਜੀ ਅਤੇ ਮਾਤਾ ਜੀਤੋ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕੱਠੇ ਨਿਵਾਸ ਕਰਦੀਆਂ ਸਨ। ਉਨ੍ਹਾਂ ਨੇ ਉਥੇ ਨਿਵਾਸ ਦੌਰਾਨ ਬਹੁਤ ਸਾਰੇ ਉਤਰਾਅ-ਚੜ੍ਹਾਅ ਵੇਖੇ ਸਨ। ਉਨ੍ਹਾਂ ਨੇ ਪੇਸ਼ ਆਈਆਂ ਸਮੂਹ ਮੁਸ਼ਕਲਾਂ ਦਾ ਡੱਟ ਕੇ ਸਾਹਮਣਾ ਕੀਤਾ ਸੀ । ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਦਾ ਸਮੁੱਚਾ ਪਰਿਵਾਰ ਅਗੰਮਗੜ੍ਹ ਵਿਖੇ ਰਹਿੰਦਾ ਸੀ । ਗੁਰੂ-ਘਰ ਆਉਣ ਵਾਲੀ ਸਮੂਹ ਸੰਗਤ ਜਿਥੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਕੇ ਖ਼ੁਸ਼ੀਆਂ ਪ੍ਰਾਪਤ ਕਰਦੀ ਸੀ, ਉਥੇ ਗੁਰੂ-ਘਰ ਆਉਣ ਵਾਲੇ ਜੱਥਿਆਂ ਵਿਚ ਮੌਜੂਦ ਬੀਬੀਆਂ ਗੁਰੂ ਮਹਿਲਾਂ ਦੇ ਦਰਸ਼ਨ ਕਰਨ ਵੀ ਚਲੀਆਂ ਜਾਂਦੀਆਂ ਸਨ । ਮਾਤਾ ਸੁੰਦਰੀ ਜੀ ਦੀ ਕੀਰਤਨ ਵਿਚ ਵਿਸ਼ੇਸ਼ ਰੁਚੀ ਸੀ ਅਤੇ ਉਨ੍ਹਾਂ ਦੀ ਪ੍ਰੇਰਣਾ ਸਦਕਾ ਦਰਸ਼ਨਾਂ ਨੂੰ ਆਉਣ ਵਾਲੀਆਂ ਬਹੁਤ ਸਾਰੀਆਂ ਬੀਬੀਆਂ ਨੇ ਵੀ ਉਨ੍ਹਾਂ ਦੀ ਇਸ ਰੁਚੀ ਨੂੰ ਧਾਰਨ ਕਰ ਲਿਆ ਸੀ। ਸਮੁੱਚੇ ਪਰਿਵਾਰ ਵਿਚ ਗੁਰੂ-ਘਰ ਵੱਲੋਂ ਅਰੰਭੇ ਗਏ ਕਾਰਜਾਂ ਲਈ ਸੰਗਤਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਸੀ। ਦੋਵੇਂ ਗੁਰੂ ਮਹਿਲ ਗੁਰੂ-ਘਰ ਦੀ ਚੜ੍ਹਦੀ ਕਲਾ ਵਿਚ ਯੋਗਦਾਨ ਪਾ ਰਹੇ ਸਨ । ਉਨ੍ਹਾਂ ਦੁਆਰਾ ਕੀਤੇ ਗਏ ਕਾਰਜ ਸਿੱਖੀ ਦੀ ਮਰਯਾਦਾ ਦਾ ਅੰਗ ਬਣ ਗਏ ਹਨ। ਗੁਰੂ ਸਾਹਿਬਾਨ ਨੇ ਸਿੱਖ ਬੀਬੀਆਂ ਨੂੰ ਪੁਰਸ਼ਾਂ ਦੇ ਬਰਾਬਰ ਸਮਝਿਆ ਸੀ ਅਤੇ ਉਨ੍ਹਾਂ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਸੀ । ਇਸੇ ਕਰਕੇ ਖ਼ਾਲਸੇ ਦੀ ਸਿਰਜਨਾ ਸਮੇਂ ਜਦੋਂ ਅੰਮ੍ਰਿਤ ਤਿਆਰ ਕਰਨਾ ਅਰੰਭ ਕੀਤਾ ਸੀ ਅਤੇ ਮਾਤਾ ਜੀਤੋ ਜੀ ਨੇ ਅੰਮ੍ਰਿਤ ਤਿਆਰ ਕਰਨ ਵਾਲੇ ਬਾਟੇ ਵਿਚ ਪਤਾਸੇ ਪਾ ਦਿੱਤੇ ਸਨ ਤਾਂ ਉਨ੍ਹਾਂ ਦੁਆਰਾ ਕੀਤੇ ਇਸ ਨਿਵੇਕਲੇ ਕਾਰਜ ਨੂੰ ਗੁਰੂ ਜੀ ਨੇ ਸਰਾਹਿਆ ਸੀ ਅਤੇ ਉਨ੍ਹਾਂ ਦੁਆਰਾ ਅਰੰਭ ਕੀਤੀ ਇਹ ਰਸਮ ਸਿੱਖ ਧਰਮ ਵਿਚ ਪੂਰੀ ਤਰ੍ਹਾਂ ਨਾਲ ਪਰਪੱਕ ਹੋ ਗਈ ਹੈ।
ਪਹਾੜੀ ਰਾਜੇ ਗੁਰੂ-ਘਰ ਵੱਲੋਂ ਅਰੰਭੇ ਗਏ ਬਰਾਬਰੀ ਅਤੇ ਸਮਾਜ ਭਲਾਈ ਦੇ ਕਾਰਜਾਂ ਦਾ ਵਿਰੋਧ ਕਰਦੇ ਸਨ। ਉਹ ਹਮੇਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ਨੂੰ ਕਿਸੇ ਨਾ ਕਿਸੇ ਬਹਾਨੇ ਢਾਹ ਲਾਉਣ ਦਾ ਯਤਨ ਕਰਦੇ ਰਹਿੰਦੇ ਸਨ ਪਰ ਉਨ੍ਹਾਂ ਦੀ ਕੋਈ ਪੇਸ਼ ਨਹੀਂ ਸੀ ਜਾਂਦੀ । ਕੁਇਰ ਸਿੰਘ ਕਹਿੰਦਾ ਹੈ ਕਿ ਪਹਾੜੀ ਰਾਜਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਪਹਿਲੇ ਯੁੱਧ ਦੌਰਾਨ ਗੁਰੂ ਸਾਹਿਬ ਦੇ ਪਰਿਵਾਰ ‘ਤੇ ਹਮਲਾ ਕਰ ਕੇ ਗੁਰੂ ਮਹਿਲਾਂ ਨੂੰ ਫੜ ਕੇ ਬਾਦਸ਼ਾਹ ਕੋਲ ਭੇਜਣ ਦੀ ਯੋਜਨਾ ਬਣਾਈ ਸੀ । ਜਦੋਂ ਉਨ੍ਹਾਂ ਨੇ ਆਪਣੀ ਇਸ ਮਨਸ਼ਾ ਨੂੰ ਪੂਰਾ ਕਰਨ ਲਈ ਅਗੰਮਪੁਰ ‘ਤੇ ਹਮਲਾ ਕਰ ਦਿੱਤਾ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਸਿੱਖਾਂ ਨੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਉਨ੍ਹਾਂ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਗਿਆਨੀ ਠਾਕੁਰ ਸਿੰਘ ਕਹਿੰਦੇ ਹਨ ਕਿ, “ਅਨੰਦਪੁਰ ਸਾਹਿਬ ਜੀ ਦਾ ਪਹਿਲਾ ਜੁੱਧ ਜੋ ਸੰਮਤ 1757 ਮਹੀਨੇ ਚੇਤ ਹੋਲੇ ਦਿਆਂ ਦਿਨਾਂ ਵਿਚ ਪਹਾੜੀਆਂ ਨਾਲ ਹੋਇਆ ਅਤੇ ਕੁਝ ਮਦਤ ਏਸ ਜੁੱਧ ਵਿਚ ਨੁਰੰਗਜੇਬ ਦੀ ਭੀ ਸੀ । ਏਸ ਜੁੱਧ ਦੇ ਸਮੇਂ ਇਕ ਦਿਨ ਜੁੱਧ ਦੀ ਬਾਤ-ਚੀਤ ਘਰ ਵਿਚ ਚੱਲੀ ਤਾਂ ਮਾਤਾ ਜੀਤੋ ਜੀ ਨੇ ਹੱਥ ਜੋੜ ਮਹਾਰਾਜ ਪਤੀ ਸੱਚੇ ਪਾਤਸ਼ਾਹ ਦੇ ਹਜ਼ੂਰ ਬੇਨਤੀ ਕੀਤੀ ਕਿ ਆਗਿਆ ਕਰੋ ਤਾਂ ਮੈਂ ਮੈਦਾਨੇ ਜੰਗ ਵਿਚ ਜਾ ਧਰਮ ਜੁੱਧ ਕਰਾਂ। ਇਹ ਬੇਨਤੀ ਧਾਰਮਿਕ ਪਤਨੀ ਦੀ ਸੁਣ ਪਤੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਹੁਤ ਹੀ ਪ੍ਰਸੰਨ ਹੋਏ ਅਤੇ ਆਗਿਆ ਕੀਤੀ… ਆਗਿਆ ਮੰਨ ਅਤੇ ਸ੍ਰੀ ਮਾਤਾ ਗੁਜਰੀ ਜੀ ਦੇ ਚਰਨੀਂ ਲੱਗ, ਪਤੀ ਜੀ ਦੀ ਪ੍ਰਕਰਮਾ ਕਰ ਚਰਨਾਂ ਉੱਤੇ ਸੀਸ ਧਰ, ਸਾਹਿਬਜ਼ਾਦੇ ਅਜੀਤ ਸਿੰਘ ਜੀ ਤਥਾ ਜੁਝਾਰ ਸਿੰਘ ਜੀ ਦੇ ਮੁਖੜੇ ਚੁੰਮ ਆਪਣੀ ਪਿਆਰੀ ਭੈਣ ਸੁੰਦੀ ਜੀ ਦੀ ਗੋਦੀ ਬੈਠਾਇ ਆਪ ਘੋੜੇ ਪਰ ਸਵਾਰ ਹੋ, ਬੰਬਲ ਵਾਲਾ ਨੇਜਾ ਪਕੜ, ਢਾਲ ਤਲਵਾਰ ਸਜਾ, ਅਰਦਾਸਾ ਕਰ ਦੁਸ਼ਮਨ ਦੇ ਦਲ ਦੇ ਸਾਹਮਣੇ ਜਾ ਗੱਜੇ। ਦੋ ਪਹਿਰ ਜੁੱਧ ਕਰ ਕੇ ਇਕ ਘੜੀ ਦਿਨ ਰਹਿੰਦੇ ਅਨੇਕ ਧਰਮ ਵਿਰੋਧੀਆਂ ਦਾ ਮੁਕਾਬਲਾ ਕਰ, ਜੰਗੇ ਮੈਦਾਨੀ ਹੱਥ ਦਿਖਾ, ਅਨੇਕਾਂ ਦੇ ਸਥਾਰ ਪਾ, ਆਪ ਸ਼ਹੀਦ ਹੋ ਗਏ ਅਤੇ ਦੁਸ਼ਮਣਾਂ ਨੂੰ ਭਾਜੜ ਪੈ ਗਈ।”4 ਗਿਆਨੀ ਜੀ ਦੁਆਰਾ ਲਿਖੀ ਇਸ ਸਾਖੀ ਦੀ ਪੁਸ਼ਟੀ ਕਿਸੇ ਹੋਰ ਸ੍ਰੋਤ ਤੋਂ ਨਹੀਂ ਹੁੰਦੀ। ਪਰ ਫਿਰ ਵੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਗੁਰੂ-ਘਰ ਵਿਚ ਇਸਤਰੀਆਂ ਨੂੰ ਮਰਦਾਂ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਮੰਨਿਆ ਗਿਆ। ਇਤਿਹਾਸ ਵਿਚ ਸਿੱਖ ਬੀਬੀਆਂ ਦੀਆਂ ਜੰਗੀ ਘਾਲਣਾਵਾਂ ਕਿਸੇ ਤੋਂ ਛੁਪੀਆਂ ਹੋਈਆਂ ਨਹੀਂ ਹਨ।
ਮਾਤਾ ਜੀਤੋ ਜੀ ਦਾ ਅਕਾਲ ਚਲਾਣਾ ਹੋ ਜਾਣ ‘ਤੇ ਗੁਰੂ ਸਾਹਿਬ ਨੇ ਆਪ ਇਨ੍ਹਾਂ ਦਾ ਅੰਤਿਮ ਸੰਸਕਾਰ ਅਗੰਮਪੁਰ ਵਿਖੇ ਕੀਤਾ ਸੀ ਜਿਥੇ ਉਨ੍ਹਾਂ ਦੀ ਯਾਦਗਾਰ ਕਾਇਮ ਹੈ। ਕਿਹਾ ਜਾਂਦਾ ਹੈ ਕਿ ਇਸ ਜੰਗ ਸਮੇਂ “ਹਿੰਦੂਆਂ ਦੀਆਂ ਹੋਲੀਆਂ ਸਨ ਅਰ ਹੋਲੀ ਤੋਂ ਅਗਲੇ ਦਿਨ ਮਾਤਾ (ਜੀਤੋ) ਜੀ ਸ਼ਹੀਦ ਹੋਏ। ਇਸੇ ਕਾਰਨ ਹੋਲਾ ਸ੍ਰੀ ਅਨੰਦਪੁਰ ਸਾਹਿਬ ਅਤੇ ਮਹੱਲਾ 14 ਗੁਰਦੁਆਰਿਆਂ ਵਿੱਚੋਂ ਧੌਂਸੇ ਨਿਸ਼ਾਨ ਸਹਿਤ ਚਰਨ ਗੰਗਾ ਨਦੀ ਲੰਘ ਮਾਤਾ ਜੀਤੋ ਜੀ ਦੇ ਅੰਤਿਮ ਅਸਥਾਨ ਸ੍ਰੀ ਅਗੰਮਪੁਰ ਸਾਹਿਬ ਜੀ ਸਮਾਪਤ ਹੁੰਦਾ ਹੈ। ਹੋਲੀ ਤੋਂ ਅਗਲੇ ਦਿਨ ਮਾਤਾ ਜੀ ਨੇ ਹੱਲਾ ਕੀਤਾ ਅਰਥਾਤ ਜੁੱਧ ਕੀਤਾ। ਸਤਿਗੁਰੂ ਜੀ ਨੇ ਮਹਾਂਜੋਧਾ ਨਿਜ ਮਹਲ ਜਾਨ ਇਨ੍ਹਾਂ ਦੀ ਯਾਦਗਾਰ ਮਹਲਾ ਚਾੜ੍ਹਿਆ ਅਰਥਾਤ ਮਹਲਾ ਦਾ ਧਾਰਮਿਕ ਹੱਲਾ ਨਾਮ ਇਸ ਦਿਨ ਦਾ ਮਹੱਲਾ ਰਖਿਆ। ਇਹ ਅਗੰਮਪੁਰ ਅਸਥਾਨ ਪ੍ਰਸਿੱਧ ਗੁਰਦੁਆਰੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਤੋਂ 1 ਮੀਲ 200 ਕਦਮ ਚਰਨ ਗੰਗਾ ਦੇ ਪਾਰ ਹੈ, ਇਸ ਅਸਥਾਨ ਦੀ ਪੂਜਾ ਪਹਾੜੀ ਲੋਕ ਹੋਲੀਆਂ ਵਿਚ ਕਰਦੇ ਹਨ ਅਤੇ ਮਹਾਂ ਮਾਤਾ ਕਹਿ ਸੁਖਣਾਂ ਭੇਟਾ ਚੜ੍ਹਾਂਦੇ ਹਨ।” ਜਦੋਂ ਸਿੱਖ ਮਿਸਲਾਂ ਨੇ ਜ਼ੋਰ ਫੜਿਆ ਤਾਂ ਦੋ ਸੌ ਰੁਪਏ ਦੇ ਕਰੀਬ ਸਾਲਾਨਾ ਜਾਗੀਰ ਸਰਦਾਰ ਬਘੇਲ ਸਿੰਘ ਜੀ ਨੇ ਇਸ ਸਥਾਨ ਦੇ ਨਾਂ ਲਵਾਈ ਸੀ। 12 ਘੁਮਾਉਂ ਦੇ ਕਰੀਬ ਜ਼ਮੀਨ ਮਾਫ਼ੀ ਪਿੰਡ ਵੱਲੋਂ ਹੈ। ਹੋਲੇ ਨੂੰ ਮੇਲਾ ਹੁੰਦਾ ਹੈ।
ਮਾਤਾ ਸੁੰਦਰੀ ਅਤੇ ਸਾਹਿਬ ਦੇਵਾਂ ਜੀ
ਮਾਤਾ ਜੀਤੋ ਜੀ 1700 ਈਸਵੀ ਵਿਚ ਅਕਾਲ ਚਲਾਣਾ ਕਰ ਗਏ ਸਨ ਅਤੇ ਅਗਲੇ ਸਾਲ ਜ਼ਿਲ੍ਹਾ ਜਿਹਲਮ ਦੇ ਰੁਹਤਾਸ ਨਿਵਾਸੀ ਇਕ ਸਿੱਖ ਨੇ ਆਪਣੀ ਧੀ ਸਾਹਿਬ ਦੇਵਾਂ ਨੂੰ ਗੁਰੂ ਜੀ ਨਾਲ ਵਿਆਹੁਣ ਦੀ ਪੇਸ਼ਕਸ਼ ਕੀਤੀ। ਗੁਰੂ ਜੀ ਨੇ ਇਹ ਪੇਸ਼ਕਸ਼ ਪ੍ਰਵਾਨ ਕਰਨ ਤੋਂ ਨਾਂਹ ਕਰ ਦਿੱਤੀ ਕਿਉਂਕਿ ਉਨ੍ਹਾਂ ਦੇ ਘਰ ਪਹਿਲਾਂ ਹੀ ਇਕ ਪਤਨੀ ਸੀ, ਪਰ ਗੁਰੂ ਸਾਹਿਬ ਨੂੰ ਇਸ ਵਿਆਹ ਲਈ ਉਨ੍ਹਾਂ ਨੇ ਰਾਜ਼ੀ ਕਰ ਲਿਆ ਅਤੇ ਸਾਹਿਬ ਦੇਵਾਂ ਜੀ ਨੇ ਗੁਰੂ ਜੀ ਪਾਸ ਰਹਿੰਦੇ ਹੋਏ ਸਾਰੀ ਉਮਰ ਕੁਆਰੀ ਰਹਿਣਾ ਮੰਨ ਲਿਆ। ਉਸ ਨੂੰ ਸਦਾ ਹੀ ਸਿੱਖ ਅਤੇ ਗ਼ੈਰ-ਸਿੱਖ ਸਾਹਿਤ ਵਿਚ ਕੁਆਰਾ ਡੋਲਾ ਕਿਹਾ ਜਾਂਦਾ ਹੈ।” ਸਿੱਖ ਪੰਥ ਵਿਚ ਮਾਤਾ ਸਾਹਿਬ ਦੇਵਾਂ ਜੀ ਨੂੰ ਖ਼ਾਲਸੇ ਦੀ ਮਾਤਾ ਵਜੋਂ ਸਤਿਕਾਰ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਇਹ ਸਤਿਕਾਰ ਗੁਰੂ ਜੀ ਨੇ ਆਪ ਦਿੱਤਾ ਸੀ । ਇਸ ਦਾ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਮਾਤਾ ਸਾਹਿਬ ਦੇਵਾਂ ਜੀ ਨੇ ਗੁਰੂ ਜੀ ਤੋਂ ਸੰਤਾਨ ਦੀ ਮੰਗ ਕੀਤੀ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਖ਼ਾਲਸੇ ਦੀ ਮਾਤਾ ਹੋਣ ਦਾ ਮਾਣ ਦਿੱਤਾ ਸੀ।
ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾਂ ਜੀ ਨੂੰ ਬਹੁਤ ਸਾਰਾ ਸਮਾਂ ਇਕੱਠੇ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਦੋਵਾਂ ਨੇ ਮਿਲ ਕੇ ਸਮੇਂ ਦੀਆਂ ਸਮੂਹ ਸਮੱਸਿਆਵਾਂ ਦਾ ਮੁਕਾਬਲਾ ਕੀਤਾ ਅਤੇ ਸਾਰਾ ਜੀਵਨ ਸਿੱਖੀ ਦੀ ਸੇਵਾ ਵਿਚ ਲਾਇਆ ਸੀ । ਅਨੰਦਪੁਰ ਤੋਂ ਲੈ ਕੇ ਦਿੱਲੀ ਤੱਕ ਅਤੇ ਫਿਰ ਦਿੱਲੀ ਤੋਂ ਦਮਦਮਾ ਸਾਹਿਬ ਅਤੇ ਦਮਦਮਾ ਸਾਹਿਬ ਤੋਂ ਵਾਪਸ ਦਿੱਲੀ ਵਿਖੇ ਨਿਵਾਸ ਕਰਨ ਤੱਕ ਦੋਵਾਂ ਮਾਤਾਵਾਂ ਨੇ ਅਨੇਕਾਂ ਔਕੜਾਂ ਦਾ ਸਾਹਮਣਾ ਕੀਤਾ ਸੀ। ਮਾਤਾ ਸਾਹਿਬ ਦੇਵਾਂ ਨੇ ਦਿੱਲੀ ਤੋਂ ਦੱਖਣ ਵਿਚ ਨਾਂਦੇੜ ਤੱਕ ਗੁਰੂ ਜੀ ਨਾਲ ਸਫ਼ਰ ਕੀਤਾ ਸੀ। ਉਹ ਗੁਰੂ ਜੀ ਕੋਲੋਂ ਦੂਰ ਕਿਤੇ ਹੋਰ ਨਹੀਂ ਸਨ ਜਾਣਾ ਚਾਹੁੰਦੇ ਪਰ ਫਿਰ ਵੀ ਉਹ ਗੁਰੂ ਜੀ ਦੀ ਆਗਿਆ ਮੰਨ ਕੇ ਵਾਪਸ ਦਿੱਲੀ ਮਾਤਾ ਸੁੰਦਰੀ ਜੀ ਕੋਲ ਆ ਗਏ ਸਨ। ਗੁਰੂ ਜੀ ਨੇ ਉਨ੍ਹਾਂ ਨੂੰ ਨਾਂਦੇੜ ਤੋਂ ਜਾਣ ਸਮੇਂ ਪੰਜ ਸ਼ਸਤਰ ਦਿੱਤੇ ਸਨ ਜਿਹੜੇ ਕਿ ਉਨ੍ਹਾਂ ਆਪਣੇ ਅੰਤਿਮ ਸਮੇਂ ਤੱਕ ਸੰਭਾਲ ਕੇ ਰੱਖੇ ਸਨ ਅਤੇ ਉਨ੍ਹਾਂ ਤੋਂ ਬਾਅਦ ਮਾਤਾ ਸੁੰਦਰੀ ਜੀ ਨੇ ਉਨ੍ਹਾਂ ਸ਼ਸਤਰਾਂ ਦੀ ਸੰਭਾਲ ਕੀਤੀ ਸੀ।
ਸ੍ਰੀ ਅਨੰਦਪੁਰ ਸਾਹਿਬ ਤੋਂ ਦਿੱਲੀ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਤੋਂ ਵਾਪਸ ਸ੍ਰੀ ਅਨੰਦਪੁਰ ਸਾਹਿਬ ਆ ਗਏ। ਭੰਗਾਣੀ ਦੇ ਯੁੱਧ ਵਿਚ ਹਾਰ ਜਾਣ ਤੋਂ ਬਾਅਦ ਪਹਾੜੀ ਰਾਜੇ ਗੁਰੂ ਸਾਹਿਬ ਨਾਲ ਈਰਖਾ ਕਰਨ ਲੱਗੇ ਸਨ ਪਰ ਨਾਲ ਹੀ ਉਹ ਜਾਣ ਗਏ ਸਨ ਕਿ ਉਹ ਗੁਰੂ ਸਾਹਿਬ ਨੂੰ ਯੁੱਧ ਵਿਚ ਹਰਾਉਣ ਤੋਂ ਅਸਮਰੱਥ ਹਨ। ਉਨ੍ਹਾਂ ਨੇ ਗੁਰੂ ਜੀ ਦੇ ਵਿਰੁੱਧ ਸਮੇਂ ਦੀ ਹਕੂਮਤ ਦੇ ਬਾਦਸ਼ਾਹ ਔਰੰਗਜ਼ੇਬ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਸਨ ਅਤੇ ਬਾਦਸ਼ਾਹ ਪਹਿਲਾਂ ਹੀ ਮੌਲਾਣਿਆਂ ਦੇ ਪ੍ਰਭਾਵ ਅਧੀਨ ਮੁਲਕ ਵਿਚ ਇਸਲਾਮ ਦਾ ਝੰਡਾ ਲਹਿਰਾਉਣਾ ਚਾਹੁੰਦਾ ਸੀ। ਗੁਰੂ ਜੀ ਵਿਰੁੱਧ ਮਿਲ ਰਹੀਆਂ ਸ਼ਿਕਾਇਤਾਂ ਨੇ ਉਸ ਨੂੰ ਇਹ ਮੌਕਾ ਪ੍ਰਦਾਨ ਕਰ ਦਿੱਤਾ ਕਿ ਉਹ ਸਿੱਖੀ ਨੂੰ ਖ਼ਤਮ ਕਰ ਕੇ ਇਸਲਾਮ ਦੇ ਘੇਰੇ ਵਿਚ ਲੈ ਆਵੇ । ਭਾਵੇਂ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੇ ਬਾਦਸ਼ਾਹ ਦੇ ਇਸ ਮਨਸੂਬੇ ਨੂੰ ਬੁਰੀ ਤਰ੍ਹਾਂ ਫ਼ੇਲ੍ਹ ਕਰ ਦਿੱਤਾ ਸੀ ਪਰ ਮੌਲਾਣਿਆਂ ਨੇ ਆਪਣਾ ਕਾਰਜ ਜਾਰੀ ਰੱਖਿਆ ਸੀ। ਭਾਵੇਂ ਕਿ ਪਹਾੜੀ ਰਾਜੇ ਮੁਗ਼ਲ ਹਕੂਮਤ ਖ਼ਿਲਾਫ਼ ਗੁਰੂ ਜੀ ਤੋਂ ਸਹਾਇਤਾ ਦੀ ਆਸ ਰੱਖਦੇ ਸਨ ਪਰ ਉਨ੍ਹਾਂ ਕਦੇ ਵੀ ਮੁਗ਼ਲਾਂ ਨਾਲ ਹੋਏ ਯੁੱਧਾਂ ਸਮੇਂ ਗੁਰੂ ਜੀ ਦਾ ਸਾਥ ਨਹੀਂ ਸੀ ਦਿੱਤਾ ਬਲਕਿ ਜਦੋਂ ਸਮਾਂ ਵੇਖਿਆ ਤਾਂ ਆਪ ਗੁਰੂ ਜੀ ਦੇ ਵਿਰੁੱਧ ਮੁਗ਼ਲ ਹਕੂਮਤ ਕੋਲ ਸ਼ਿਕਾਇਤ ਲੈ ਕੇ ਚਲੇ ਗਏ ਸਨ । ਗੁਰੂ ਜੀ ਅਕਾਲ ਪੁਰਖ ਤੋਂ ਇਲਾਵਾ ਕਿਸੇ ਦੁਨਿਆਵੀ ਹਾਕਮ ਜਾਂ ਬਾਦਸ਼ਾਹ ਤੋਂ ਕਦੇ ਵੀ ਸਹਾਇਤਾ ਦੀ ਆਸ ਨਹੀਂ ਸਨ ਰੱਖਦੇ ਅਤੇ ਆਉਣ ਵਾਲੇ ਸਮੇਂ ਦੇ ਹਾਲਾਤ ਦੇ ਮੱਦੇਨਜ਼ਰ ਉਨ੍ਹਾਂ ਖ਼ਾਲਸੇ ਦੀ ਸਿਰਜਨਾ ਕਰ ਲਈ ਸੀ।
ਸ੍ਰੀ ਅਨੰਦਪੁਰ ਸਾਹਿਬ ਨਿਵਾਸ ਦੌਰਾਨ ਗੁਰੂ ਜੀ ਦੇ ਜੀਵਨ ਵਿਚ ਬਹੁਤ ਉਤਰਾਅ-ਚੜ੍ਹਾਅ ਆਏ, ਪਰ ਆਪ ਨੇ ਦੁਨਿਆਵੀ ਜੀਵਨ ਦੀਆਂ ਸਮੂਹ ਘਟਨਾਵਾਂ ਨੂੰ ਅਕਾਲ ਪੁਰਖ ਦਾ ਭਾਣਾ ਮੰਨਦੇ ਹੋਏ ਪਾਰ ਕਰ ਲਿਆ ਸੀ। ਸਮੂਹ ਦੁਨਿਆਵੀ ਘਟਨਾਵਾਂ ਨੂੰ ਉਹ ਧਰਤੀ ‘ਤੇ ਪਈਆਂ ਲੀਕਾਂ ਵਾਂਗ ਸਮਝਦੇ ਸਨ ਜਿਹੜੀਆਂ ਹਵਾ ਦੇ ਇਕ ਬੁੱਲੇ ਨਾਲ ਮਿਟ ਜਾਂਦੀਆਂ ਹਨ। ਉਨ੍ਹਾਂ ਦੇ ਏਸੇ ਵਿਸ਼ਵਾਸ ਕਾਰਨ ਜਦੋਂ ਪਰਿਵਾਰ ਵਿਛੋੜਾ ਹੋਇਆ, ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਸਰਹਿੰਦ ਵਿਖੇ ਸ਼ਹੀਦ ਕਰ ਦਿੱਤੇ ਗਏ, ਵੱਡੇ ਸਾਹਿਬਜ਼ਾਦੇ ਚਮਕੌਰ ਵਿਖੇ ਦੁਸ਼ਮਣਾਂ ਨਾਲ ਜੂਝਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ, ਖ਼ਾਲਸਾ ਦਲ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਤਾਂ ਉਸ ਸਮੇਂ ਵੀ ਉਹ ਸਿੱਖਾਂ ਨੂੰ ਹਮੇਸ਼ਾ ਏਸੇ ਗੱਲ ਦੀ ਤਾਕੀਦ ਕਰਦੇ ਪ੍ਰਤੀਤ ਹੁੰਦੇ ਹਨ ਕਿ ਜੋ ਕੁਝ ਹੋ ਰਿਹਾ ਹੈ ਅਕਾਲ ਪੁਰਖ ਦੇ ਭਾਣੇ ਵਿਚ ਹੀ ਹੋ ਰਿਹਾ ਹੈ; ਸਿੱਖਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿ ਕੇ ਪ੍ਰਭੂ-ਮੁਖੀ ਕਾਰਜ ਕਰਨ ਵੱਲ ਰੁਚਿਤ ਰਹਿਣਾ ਚਾਹੀਦਾ ਹੈ।
ਗੁਰੂ ਜੀ ਦੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਸੁਭਾਉ ਨੇ ਸਿੱਖਾਂ ਅੰਦਰ ਵੀ ਜੋਸ਼, ਉਤਸ਼ਾਹ ਅਤੇ ਚੜ੍ਹਦੀ ਕਲਾ ਵਿਚ ਰਹਿਣ ਦੇ ਗੁਣ ਨੂੰ ਉਜਾਗਰ ਕੀਤਾ ਸੀ। ਸਿੱਖਾਂ ਦੇ ਮਨ ਵਿਚ ਜੋਸ਼ੀਲੀ ਅਤੇ ਉਤਸ਼ਾਹ ਭਰਪੂਰ ਬਿਰਤੀ ਕਾਇਮ ਰੱਖਣ ਲਈ ਗੁਰੂ ਜੀ ਦੇ ਦਰਬਾਰ ਵਿਚ ਢਾਡੀ ਹਮੇਸ਼ਾ ਮੌਜੂਦ ਰਹਿੰਦੇ ਸਨ ਜਿਹੜੇ ਕਿ ਸਿੱਖਾਂ ਨੂੰ ਯੋਧਿਆਂ ਦੀਆਂ ਵਾਰਾਂ ਸੁਣਾ ਕੇ ਉਨ੍ਹਾਂ ਦੇ ਮਨ ਵਿਚ ਜੋਸ਼ ਅਤੇ ਚੜ੍ਹਦੀ ਕਲਾ ਦੀ ਭਾਵਨਾ ਪੈਦਾ ਕਰਨ ਦਾ ਕਾਰਜ ਕਰਦੇ ਸਨ। ਜਦੋਂ ਗੁਰੂ ਜੀ ਨਗਾਰੇ ਦੀ ਚੋਭ ‘ਤੇ ਕਲਗੀ ਸਜਾ, ਘੋੜੇ ਉਤੇ ਬੈਠ ਸਿੰਘਾਂ ਨਾਲ ਨਿਕਲਦੇ ਸਨ ਤਾਂ ਦੂਰ-ਦੁਰਾਡੇ ਬੈਠੇ ਵਿਰੋਧੀਆਂ ਦੇ ਦਿਲ ਕੰਬ ਜਾਂਦੇ ਸਨ । ਗੁਰੂ ਜੀ ਦੁਆਰਾ ਕੱਢੇ ਜਾਂਦੇ ਅਜਿਹੇ ਸ਼ਾਹੀ ਜਲੌਅ ਨਾ ਤਾਂ ਪਹਾੜੀ ਰਾਜਿਆਂ ਤੋਂ ਛੁਪੇ ਹੋਏ ਸਨ ਅਤੇ ਨਾ ਹੀ ਮੁਗ਼ਲ ਹਕੂਮਤ ਦੇ ਸੂਹੀਏ ਇਨ੍ਹਾਂ ਤੋਂ ਬੇਖ਼ਬਰ ਸਨ। ਮੁਖ਼ਬਰਾਂ ਦੀਆਂ ਖ਼ਬਰਾਂ ਦੇ ਨਾਲ-ਨਾਲ ਜਦੋਂ ਪਹਾੜੀ ਰਾਜਿਆਂ ਦੀਆਂ ਸ਼ਿਕਾਇਤਾਂ ਵੀ ਬਾਦਸ਼ਾਹ ਕੋਲ ਪੁੱਜੀਆਂ ਤਾਂ ਉਸ ਨੇ ਆਪਣੇ ਸੂਬੇਦਾਰਾਂ ਅਤੇ ਫ਼ੌਜਦਾਰਾਂ ਨੂੰ ਗੁਰੂ ਜੀ ਵਿਰੁੱਧ ਅਨੰਦਪੁਰ ‘ਤੇ ਚੜ੍ਹਾਈ ਕਰਨ ਦਾ ਆਦੇਸ਼ ਦੇ ਦਿੱਤਾ। ਇਸ ਯੁੱਧ ਵਿਚ ਸ਼ਾਹੀ ਫ਼ੌਜਾਂ ਦੇ ਨਾਲ- ਨਾਲ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ ਸੀ ਜਿਨ੍ਹਾਂ ਦਾ ਵਰਣਨ ਕਰਦੇ ਹੋਏ ਕੁਇਰ ਸਿੰਘ ਦੱਸਦੇ ਹਨ:
ਗਵਾਲੇਰ ਆਦੰ ਜਸੰਵਾਲ ਧਾਏ।
ਕਟੋਚੰ ਜੰਮੂ ਆਦਿ ਕੁੱਲੂ ਸਬਾਏ।
ਭੁਟੰਤ ਚੰਦੇਰੀ ਪਤੰ ਚਾਂਦ ਕੋਟੰ।
ਸੁ ਕੈਂਠਲ ਸੁਕੇਤੰ ਮੰਡੀ ਆਦਿ ਓਟੰ।
ਸਿਰੀ ਕੋਟ ਆਦੰ ਬਿਸਹਰੀ ਪ੍ਰਕਾਰ ।
ਸਿਰੰਦੰ ਲਹੌਰ ਸੁਦੇਸੰ ਅਪਾਰੰ ।
ਨਦੌਨੰ ਸੁ ਕਾਂਗੜ ਪਤੀ ਆਦਿ ਭਾਰੇ।
ਬਜਾਵੰਤ ਬਾਜੈ ਅਨੰਤ ਪ੍ਰਕਾਰੇ ।
ਸ਼ਾਹੀ ਅਤੇ ਪਹਾੜੀਆਂ ਦੀਆਂ ਸਾਂਝੀਆਂ ਫ਼ੌਜਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਅਜਿਹੀ ਸਖ਼ਤ ਘੇਰਾਬੰਦੀ ਕੀਤੀ ਕਿ ਨਾ ਤਾਂ ਕਿਲ੍ਹੇ ਵਿੱਚੋਂ ਕੋਈ ਬਾਹਰ ਜਾ ਸਕਦਾ ਸੀ ਅਤੇ ਨਾ ਹੀ ਬਾਹਰੋਂ ਅੰਨ-ਪਾਣੀ ਅੰਦਰ ਜਾਣ ਦਿੱਤਾ ਜਾਂਦਾ ਸੀ । ਇਸ ਸਖ਼ਤ ਘੇਰਾਬੰਦੀ ਨੇ ਅੰਦਰੋਂ ਸਾਰਾ ਰਾਸ਼ਨ-ਪਾਣੀ ਮੁਕਾ ਦਿੱਤਾ ਸੀ। ਅੰਨ ਤੋਂ ਬਗ਼ੈਰ ਤਾਂ ਇਕ ਦੋ ਦਿਨ ਕੱਢੇ ਜਾ ਸਕਦੇ ਹਨ ਪਰ ਪਾਣੀ ਤੋਂ ਬਗ਼ੈਰ ਕਈ ਵਾਰ ਪਲ ਭਰ ਲੰਘਾਉਣਾ ਵੀ ਔਖਾ ਹੋ ਜਾਂਦਾ ਹੈ । ਪਾਣੀ ਤੋਂ ਬਗ਼ੈਰ ਸਿੰਘਾਂ ਦੇ ਨਾਲ-ਨਾਲ ਉਨ੍ਹਾਂ ਦੇ ਘੋੜਿਆਂ ਦੀ ਵੀ ਮਰਨ ਤੱਕ ਨੌਬਤ ਆ ਗਈ ਸੀ। ਇਸ ਘਟਨਾ ਦਾ ਵਰਣਨ ਕਰਦੇ ਹੋਏ ਦੱਸਿਆ ਗਿਆ ਹੈ:
ਆਵਨ ਜਾਨ ਨ ਕੋਈ ਪਾਵੈ।
ਤਹਾ ਰਸਤ ਕੈਸੇ ਕਰ ਆਵੈ।
ਕਿਤਕ ਕਾਲ ਯਹਿ ਭਾਂਤਿ ਬਿਤਾਯੋ।
ਏਕ ਰੁਪਈਏ ਸੇਰ ਬਿਕਾਯੋ।
ਚਾਰ ਸਿੰਘ ਪਾਨੀ ਕੋ ਜਾਵੈਂ।
ਦੈ ਜੂਝੈ ਦੈ ਪਾਨੀ ਲਯਾਵੈ ।
ਐਸੀ ਭਾਂਤਿ ਖੇਲ ਤਹ ਕਰੀ।
ਪ੍ਰਿਥਵੀ ਸਕਲ ਦੇਖ ਕੈ ਡਰੀ।
ਸਿੰਘਾਂ ਦੀ ਰਸਦ-ਪਾਣੀ ਦੇ ਮਸਤ ਹੋ ਜਾਣ ਦਾ ਬਿਆਨ ਕਰਦੇ ਹੋਏ
ਕਵੀ ਸੈਨਾਪਤਿ ਦੱਸਦਾ ਹੈ :
ਏਕ ਰੁਪੀਯੈ ਸੇਰ ਬਿਕਾਵੈ।
ਸੋ ਭੀ ਢੂੰਡਤ ਹਾਥ ਨ ਆਵੈ।
ਮਿਲਿ ਜੋਧਨ ਇਹ ਭਾਂਤ ਨਿਹਾਰਾ।
ਅਪਨੇ ਮਨ ਕੇ ਬੀਚ ਬੀਚਾਰਾ।
ਕੇਤਕ ਸਿੰਘ ਯਹੈ ਬਿਧਿ ਕਰਹੀਂ।
ਰਾਤਿ ਸਮੈ ਫਉਜਨ ਪਰ ਪਰਹੀਂ।
ਕਰ ਸੰਗ੍ਰਾਮ ਅੰਤ ਤਹਾਂ ਲੀਨਾ।
ਪੋਟ ਬਾਂਧ ਕੇਤਨ ਸਿਰ ਦੀਨਾ।
ਕੇਤਕ ਕਰਤ ਜੁਧ ਤਿਹ ਠਾਈਂ।
ਕੇਤਕ ਪੋਟ ਲੀਏ ਸਿਰ ਜਾਂਹੀ।
ਇਹ ਬਿਧਿ ਅੰਨ ਬਹੁਤ ਲੈ ਆਏ।
ਕੇਤਕ ਦਿਨ ਇਹ ਭਾਂਤ ਬਿਤਾਏ।’
ਸਿੰਘਾਂ ਦੁਆਰਾ ਕਿਲ੍ਹੇ ਅੰਦਰ ਅੰਨ-ਪਾਣੀ ਲੈ ਜਾਣ ਵਿਚ ਕਾਮਯਾਬ ਹੋ ਜਾਣ ‘ਤੇ ਘੇਰਾ ਪਾਈ ਬੈਠੀਆਂ ਫ਼ੌਜਾਂ ਨੇ ਹੋਰ ਵਧੇਰੇ ਕਰੜਾਈ ਨਾਲ ਪਹਿਰਾ ਦੇਣਾ ਅਰੰਭ ਕਰ ਦਿੱਤਾ ਸੀ । ਸ੍ਰੀ ਅਨੰਦਪੁਰ ਸਾਹਿਬ ਦੇ ਘੇਰੇ ਨੂੰ ਜਦੋਂ ਸੱਤ- ਅੱਠ ਮਹੀਨੇ ਲੰਘ ਗਏ ਅਤੇ ਨਤੀਜਾ ਕੋਈ ਨਾ ਨਿਕਲਿਆ ਤਾਂ ਬਾਹਰ ਘੇਰੀ ਪਾਈ ਬੈਠੀਆਂ ਫ਼ੌਜਾਂ ਵੀ ਤੰਗ ਆ ਗਈਆਂ ਸਨ । ਭਾਵੇਂ ਕਿ ਘੇਰਾ ਪਾਉਣ ਵਾਲੀ ਫ਼ੌਜ ਸਾਰੇ ਸੋਮਿਆਂ ‘ਤੇ ਕਾਬਜ਼ ਹੁੰਦੀ ਹੈ ਪਰ ਇਸ ਦੇ ਨਾਲ ਹੀ ਉਸਦੀ ਜ਼ਿੰਮੇਵਾਰੀ ਵੀ ਵਧੇਰੇ ਹੁੰਦੀ ਹੈ । ਘੇਰਾ ਪਾਉਣ ਵਾਲੀਆਂ ਫ਼ੌਜਾਂ ਆਪਣੇ ਘਰਾਂ ਤੋਂ ਦੂਰ ਕੇਵਲ ਇੱਕੋ ਕਾਰਜ ਹੀ ਕਰ ਰਹੀਆਂ ਹੁੰਦੀਆਂ ਹਨ ਅਤੇ ਉਹ ਹੈ ਤਿਆਰ-ਬਰ-ਤਿਆਰ ਹੋ ਕੇ ਅੰਦਰ ਬੈਠੇ ਦੁਸ਼ਮਣ ਦਾ ਬਾਹਰ ਆਉਣ ਦਾ ਇੰਤਜ਼ਾਰ। ਫ਼ੌਜਾਂ ਦਾ ਬਾਹਰ ਬੈਠ ਕੇ ਇੰਤਜ਼ਾਰ ਕਰਨਾ ਵੀ ਕੋਈ ਸੌਖਾ ਕਾਰਜ ਨਹੀਂ ਹੁੰਦਾ ਕਿਉਂਕਿ ਇਸ ਨਾਲ ਇਕ ਤਾਂ ਖ਼ਰਚ ਬਹੁਤ ਵੱਧ ਜਾਂਦਾ ਹੈ ਅਤੇ ਦੂਜਾ ਫ਼ੌਜਾਂ ਵਿਚ ਅਕੇਵਾਂ ਵੀ ਵਧੇਰੇ ਪੈਦਾ ਹੋ ਜਾਂਦਾ ਹੈ । ਸ਼ਾਹੀ ਫ਼ੌਜਾਂ ਪਹਾੜੀ ਰਾਜਿਆਂ ਦੀ ਸ਼ਿਕਾਇਤ ‘ਤੇ ਉਨ੍ਹਾਂ ਦੇ ਇਲਾਕੇ ਵਿਚ ਕਾਰਵਾਈ ਕਰ ਰਹੀਆਂ ਸਨ। ਇਸ ਕਰਕੇ ਘੇਰਾ ਪਾਈ ਬੈਠੀ ਸਮੁੱਚੀ ਫ਼ੌਜ ਦੇ ਖਾਣ-ਪੀਣ ਅਤੇ ਹੋਰ ਜ਼ਰੂਰੀ ਵਸਤਾਂ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਇਨ੍ਹਾਂ ਰਾਜਿਆਂ ਸਿਰ ਹੀ ਸੀ। ਸ਼ਾਹੀ ਫ਼ੌਜਾਂ ਦੇ ਉਸ ਇਲਾਕੇ ਵਿਚ ਆਉਣ ਨਾਲ ਉਨ੍ਹਾਂ ਦਾ ਜੋ ਹਾਲ ਸੀ ਉਸ ਨੂੰ ਬਿਆਨ ਕਰਦੇ ਹੋਏ ਗਿਆਨੀ ਗਿਆਨ ਸਿੰਘ ਦੱਸਦੇ ਹਨ ਕਿ, “ਇਕ ਦਿਨ ਰਾਜਾ ਕਹਿਲੂਰੀ, ਹੰਡੂਰੀ, ਕਟੋਚ, ਜਸਵਾਲੀਆ, ਗੁਲੇਰੀ ਆਦਿਕ ਇਕੱਠੇ ਹੋ ਕੇ ਆਖਣ ਲੱਗੇ – ਭਾਈ ਹੁਣ ਆਪਣੇ ਛੁਡਾਉਣ ਦਾ ਕੋਈ ਉਪਾਵ ਕਰੋ, ਦੇਸ ਵੈਰਾਨ ਤੇ ਖ਼ਜ਼ਾਨੇ ਖ਼ਾਲੀ ਹੋ ਗਏ ਹਨ, ਰਾਤ ਦਿਨ ਦੁੱਖ ਵੱਢ- ਵੱਢ ਖਾਂਦਾ ਹੈ, ਸ਼ਾਹੀ ਅਫ਼ਸਰ ਫ਼ੌਜ ਲਈ ਰਸਦ ਘਾਹ ਮੰਗਦੇ ਹਨ, ਦੇਸ ਵਿਚ ਘਾਹ ਦਾਣਾ, ਲੱਕੜੀ, ਬੱਕਰੀ, ਭੇਡ ਕਿਸੇ ਦੇ ਘਰ ਨਹੀਂ ਰਹੀ, ਅਸੀਂ ਤਾਂ ਕੰਬਲੀ ਜਾਣ ਕੇ ਹੱਥ ਪਾਯਾ ਸੀ, ਪਰ ਇਹ ਸ਼ਾਹੀ ਲਸ਼ਕਰ ਰਿੱਛ ਹੁਣ ਸਾਡੇ ਜਾਨ, ਮਾਲ ਨੂੰ ਸਮੇਟ ਰਿਹਾ ਹੈ, ਅਸੀਂ ਓਸ ਵੇਲੇ ਨੂੰ ਪਛਤਾਉਂਦੇ ਹਾਂ ਜਿਸ ਵੇਲੇ ਲਸ਼ਕਰ ਨੂੰ ਲੈ ਆਏ, ਹਾਥੀ ਨੂੰ ਲੱਕੜੀ ਫੜਾ ਕੇ ਛੁਡਾਣੀ ਔਖੀ ਹੋਈ।”5 ਦੂਜੇ ਪਾਸੇ ਘੇਰਾ ਲੰਮਾ ਹੁੰਦਾ ਵੇਖ ਸ਼ਾਹੀ ਫ਼ੌਜ ਵੀ ਮੁਸ਼ਕਲ ਵਿਚ ਸੀ ਕਿਉਂਕਿ ਜੇਕਰ ਸ਼ਾਹੀ ਫ਼ੌਜ ਛੇਤੀ ਹੀ ਕਿਸੇ ਬਗ਼ਾਵਤ ‘ਤੇ ਕਾਬੂ ਪਾਉਣ ਵਿਚ ਅਸਮਰੱਥ ਸਾਬਤ ਹੁੰਦੀ ਹੈ ਤਾਂ ਉਨ੍ਹਾਂ ਦੀ ਕਮਜ਼ੋਰੀ ਵੇਖ ਕੇ ਹੋਰ ਰਾਜੇ ਜਾਂ ਜਾਗੀਰਦਾਰ ਵੀ ਬਗ਼ਾਵਤ ਕਰ ਸਕਦੇ ਹਨ । ਚੋਰ, ਡਾਕੂ ਜਾਂ ਲੁਟੇਰੇ ਵੀ ਸਰਗਰਮ ਹੋ ਸਕਦੇ ਹਨ ਅਤੇ ਹਕੂਮਤ ਵਿਚ ਵੱਡੇ ਪੱਧਰ ‘ਤੇ ਅਫ਼ਰਾ-ਤਫ਼ਰੀ ਫੈਲ ਸਕਦੀ ਹੈ। ਇਸ ਤੋਂ ਇਲਾਵਾ ਭਾਰਤ ਦੇ ਦੂਜੇ ਸੂਬਿਆਂ ਵਿਚ ਵੀ ਕਿਤੇ ਨਾ ਕਿਤੇ ਬਗ਼ਾਵਤ ਪੈਦਾ ਹੁੰਦੀ ਰਹਿੰਦੀ ਸੀ ਅਤੇ ਜੇਕਰ ਉਨ੍ਹਾਂ ਨੂੰ ਸਮੇਂ ਸਿਰ ਕਾਬੂ ਨਾ ਕੀਤਾ ਜਾ ਸਕੇ ਤਾਂ ਹਕੂਮਤ ਲਈ ਖ਼ਤਰੇ ਦੀ ਘੰਟੀ ਵੱਜ ਸਕਦੀ ਸੀ। ਬਾਦਸ਼ਾਹ ਔਰੰਗਜ਼ੇਬ ਵੀ ਇਨ੍ਹਾਂ ਸਾਰੀਆਂ ਗੱਲਾਂ ਤੋਂ ਅਨਜਾਣ ਨਹੀਂ ਸੀ, ਇਸ ਕਰਕੇ ਉਹ ਛੇਤੀ ਤੋਂ ਛੇਤੀ ਇਸ ਸੰਬੰਧੀ ਕੋਈ ਫ਼ੈਸਲਾ ਕਰਨਾ ਚਾਹੁੰਦਾ ਸੀ। ਜਦੋਂ ਉਸ ਨੇ ਜ਼ੋਰ ਪਾਇਆ ਤਾਂ ਪਹਾੜੀ ਰਾਜੇ ਅਤੇ ਮੁਗ਼ਲ ਜਰਨੈਲ ਗੁਰੂ ਜੀ ਨੂੰ ਅਨੰਦਪੁਰ ਦੇ ਕਿਲ੍ਹੇ ਵਿੱਚੋਂ ਬਾਹਰ ਕੱਢਣ ਲਈ ਵਿਉਂਤਾਂ ਘੜਨ ਲੱਗੇ।
ਦੂਜੇ ਪਾਸੇ ਘੇਰਾ ਲੰਮਾ ਹੋ ਜਾਣ ਨਾਲ ਅੰਦਰ ਬੈਠੇ ਸਿੰਘ ਵੀ ਬਹੁਤ ਤੰਗੀ ਵਿਚ ਆ ਗਏ ਸਨ ਅਤੇ ਬਾਹਰ ਜਾਣ ਨੂੰ ਕਾਹਲੇ ਪੈ ਗਏ ਸਨ । ਕਿਹਾ ਜਾਂਦਾ ਹੈ ਕਿ ਇਸ ਸਮੇਂ ਚਾਲ੍ਹੀ ਸਿੰਘ ਗੁਰੂ ਜੀ ਨੂੰ ਬੇਦਾਵਾ ਦੇ ਗਏ ਸਨ। ਬਾਕੀ ਸਿੰਘ ਗੁਰੂ ਜੀ ਦੀ ਆਗਿਆ ਦਾ ਉਲੰਘਣ ਨਹੀਂ ਸੀ ਕਰਨਾ ਚਾਹੁੰਦੇ ਅਤੇ ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਮਾਤਾ ਗੁਜਰੀ ਜੀ ਨੂੰ ਜਾ ਦੱਸੀਆਂ । ਏਸੇ ਦੌਰਾਨ ਮੁਗ਼ਲ ਅਤੇ ਪਹਾੜੀ ਰਾਜਿਆਂ ਦੀਆਂ ਸਾਂਝੀਆਂ ਫ਼ੌਜਾਂ ਨੇ ਆਪਣਾ ਦੂਤ ਗੁਰੂ ਜੀ ਕੋਲ ਭੇਜਦੇ ਹੋਏ ਕਿਹਾ ਕਿ ਜੇਕਰ ਗੁਰੂ ਜੀ ਕਿਲ੍ਹਾ ਖ਼ਾਲੀ ਕਰ ਦੇਣ ਤਾਂ ਉਨ੍ਹਾਂ ‘ਤੇ ਹਮਲਾ ਨਹੀਂ ਕੀਤਾ ਜਾਵੇਗਾ। ਗੁਰੂ ਜੀ ਨੂੰ ਉਨ੍ਹਾਂ ਦੀਆਂ ਗੱਲਾਂ ‘ਤੇ ਰਤੀ ਭਰ ਵੀ ਭਰੋਸਾ ਨਹੀਂ ਸੀ ਪਰ ਕੁਝ ਸਿੰਘਾਂ ਨੇ ਉਨ੍ਹਾਂ ਦੇ ਦੂਤ ‘ਤੇ ਭਰੋਸਾ ਕਰਦੇ ਹੋਏ ਕਿਲ੍ਹਾ ਖ਼ਾਲੀ ਕਰ ਦੇਣ ਲਈ ਗੁਰੂ ਜੀ ਨੂੰ ਬੇਨਤੀ ਕੀਤੀ ਅਤੇ ਨਾਲ ਹੀ ਕਿਲ੍ਹੇ ਵਿਚ ਸਿੰਘਾਂ ਦੀ ਦਿਨੋ-ਦਿਨ ਨਿਘਰ ਰਹੀ ਸਰੀਰਕ ਹਾਲਤ ਦਾ ਜ਼ਿਕਰ ਵੀ ਕਰ ਦਿੱਤਾ ਜਿਸ ਦਾ ਉਲੇਖ ਕਰਦੇ ਹੋਏ ਸੈਨਾਪਤਿ ਕਹਿੰਦਾ ਹੈ :
ਦੇਖਹੁ ਯਹ ਹਵਾਲ ਅਬ ਭਯੋ ।
ਰਹੇ ਹਾਡ ਚਾਮਿ ਉਡਿ ਗਇਯੋ।
ਬਿਨਾ ਭੋਜਨ ਜੀਵਨ ਅਬ ਨਾਹੀਂ।
ਸੋ ਬੀ ਜੈਹੈ ਸਾਂਝ ਸੁਭਾਹੀ।
ਗੁਰੂ ਜੀ ਨੇ ਉਨ੍ਹਾਂ ਨੂੰ ਕੁਝ ਦਿਨ ਹੋਰ ਸਬਰ ਕਰਨ ਲਈ ਕਿਹਾ। ਕਿਉਂਕਿ ਗੁਰੂ ਜੀ ਜਾਣਦੇ ਸਨ ਕਿ ਘੇਰਾ ਪਾਈ ਬੈਠੀਆਂ ਫ਼ੌਜਾਂ ਦੇ ਜਰਨੈਲ ਝੂਠੇ ਅਤੇ ਕਪਟੀ ਹਨ। ਇਨ੍ਹਾਂ ਦੀਆਂ ਗੱਲਾਂ ‘ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਕਿਲ੍ਹੇ ਵਿੱਚੋਂ ਬਾਹਰ ਨਿਕਲਣ ‘ਤੇ ਇਹ ਹਮਲਾ ਕਰ ਦੇਣਗੇ। ਕੁਝ ਦਿਨ ਹੋਰ ਲੰਘਾਉ, ਫਿਰ ਸਭ ਕੁਝ ਠੀਕ ਹੋ ਜਾਵੇਗਾ। ਜਦੋਂ ਪਹਾੜੀ ਰਾਜਿਆਂ ਅਤੇ ਮੁਗ਼ਲ ਜਰਨੈਲਾਂ ਨੇ ਕਿਲ੍ਹਾ ਖ਼ਾਲੀ ਕਰ ਦੇਣ ਸਮੇਂ ਗੁਰੂ ਜੀ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ ਲਈ ਗਊ ਦੀ ਤੇ ਕੁਰਾਨ ਦੀ ਸਹੁੰ ਖਾਧੀ ਤਾਂ ਵੀ ਗੁਰੂ ਜੀ ਨੂੰ ਉਨ੍ਹਾਂ ‘ਤੇ ਭਰੋਸਾ ਪੈਦਾ ਨਹੀਂ ਹੋਇਆ ਪਰ ਸਿੰਘਾਂ ਦੇ ਜ਼ੋਰ ਦੇਣ ‘ਤੇ ਗੁਰੂ ਜੀ ਨੇ ਸਾਂਝੀਆਂ ਫ਼ੌਜਾਂ ਦੁਆਰਾ ਕੀਤੇ ਇਕਰਾਰਨਾਮੇ ਅਨੁਸਾਰ ਕਿਲ੍ਹਾ ਖ਼ਾਲੀ ਕਰਨ ਦਾ ਮਨ ਬਣਾ ਲਿਆ। ਜਦੋਂ ਗੁਰੂ ਜੀ ਕਿਲ੍ਹਾ ਖ਼ਾਲੀ ਕਰ ਕੇ ਕੀਰਤਪੁਰ ਦੇ ਕੋਲ ਪਹੁੰਚੇ ਤਾਂ ਮੁਗ਼ਲਾਂ ਅਤੇ ਪਹਾੜੀਆਂ ਦੀਆਂ ਫ਼ੌਜਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਭਾਵੇਂ ਕਿ ਗੁਰੂ ਜੀ ਪੂਰੀ ਵਿਉਂਤਬੰਦੀ ਕਰ ਕੇ ਅਨੰਦਪੁਰ ਤੋਂ ਚੱਲੇ ਸਨ ਪਰ ਫਿਰ ਵੀ ਅਚਾਨਕ ਹੋਏ ਇਸ ਹਮਲੇ ਨਾਲ ਪੂਰੇ ਵਹੀਰ ਵਿਚ ਹਲਚਲ ਮੱਚ ਗਈ ਸੀ । ਰਾਹ ਵਿਚ ਪੈਂਦੀ ਸਰਸਾ ਨਦੀ ਆਪਣੇ ਪੂਰੇ ਜ਼ੋਰ ‘ਤੇ ਸੀ, ਇਸ ਕਰਕੇ ਇਸ ਨੂੰ ਪਾਰ ਕਰਨਾ ਕਠਿਨ ਸਾਬਿਤ ਹੋ ਰਿਹਾ ਸੀ ਅਤੇ ਪਿੱਛੋਂ ਸ਼ਾਹੀ ਫ਼ੌਜਾਂ ਮਾਰੋ-ਮਾਰ ਕਰਦੀਆਂ ਅੱਗੇ ਵੱਧ ਰਹੀਆਂ ਸਨ। ਗੁਰੂ ਜੀ ਨੇ ਹਮਲੇ ਦਾ ਜਵਾਬ ਦੇਣ ਲਈ “ਪਾਸ ਖਲੇ ਜੀਵਨ ਸਿੰਘ ਰੰਘਰੇਟੇ ਸਿਖ ਕੋ ਏਕ ਸੌ ਸਿੰਘ ਦੇ ਕੇ ਸਰਸਾ ਨਦੀ ਕੇ ਤੀਰ ਛੋਰਾ। ਇਸ ਕੇ ਬਾਦ ਭਾਈ ਬਚਿੱਤਰ ਸਿੰਘ ਕੋ ਬਚਨ ਹੋਆ, ਤੁਸੀਂ ਰੋਪਰ ਕੀ ਤਰਫ਼ ਪਿਆਨਾ ਕਰੀਏ। ਇਸੇ ਸੌ ਸਿੰਘ ਦੇ ਕੇ ਥਾਪਨਾ ਦਈ, ਕਹਾ ਤੁਸਾਂ ਆਗੈ ਸੇ ਆਇ ਰਹੀ ਤੁਰਕ ਫ਼ੌਜ ਕੋ ਰੋਕਨਾ ਹੈ ਤਾਂ ਕਿ ਜਾਇ ਰਹਾ ਵਹੀਰ ਸਰਸਾ ਨਦੀ ਸੇ ਦੁਰੇਡਾ ਚਲਾ ਜਾਏ।””
ਸਰਸਾ ਨਦੀ ਪਾਰ ਕਰਦੇ ਸਮੇਂ ਸਿੱਖਾਂ ਦਾ ਭਾਰੀ ਨੁਕਸਾਨ ਹੋਇਆ। ਪਿੱਛੋਂ ਆ ਰਹੀ ਮੁਗ਼ਲ ਫ਼ੌਜ ਨਾਲ ਲੋਹਾ ਲੈਣ ਲਈ ਤਾਂ ਪ੍ਰਬੰਧ ਕੀਤੇ ਜਾ ਰਹੇ ਸਨ ਪਰ ਇਸ ਮੌਕੇ ਪੇਸ਼ ਆਈ ਕੁਦਰਤੀ ਆਫ਼ਤ ਨੇ ਸਾਰੀਆਂ ਵਿਉਂਤਾਂ ‘ਤੇ ਪਾਣੀ ਫੇਰ ਦਿੱਤਾ ਸੀ। ਨਦੀ ਵਿੱਚੋਂ ਪਾਰ ਹੋਣਾ ਉਨ੍ਹਾਂ ਲਈ ਹੋਰ ਵਧੇਰੇ ਜੋਖਮ ਭਰਿਆ ਸਾਬਤ ਹੋ ਰਿਹਾ ਸੀ ਜਿਹੜੇ ਤੈਰਨਾ ਨਹੀਂ ਸਨ ਜਾਣਦੇ । ਪਾਣੀ ਦੇ ਵਹਾਉ ਦੀ ਤੇਜ਼ੀ ਨਾਲ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋ ਗਿਆ ਸੀ । ਅਧਿਆਤਮਿਕ ਅਤੇ ਦੁਨਿਆਵੀ ਵਿਦਿਆ ਪ੍ਰਦਾਨ ਕਰਨ ਵਾਲਾ ਬਹੁਤ ਸਾਰਾ ਸਾਹਿਤਕ ਖ਼ਜ਼ਾਨਾ ਨਦੀ ਦੀ ਭੇਟ ਚੜ੍ਹ ਗਿਆ ਸੀ। ਇੰਨਾ ਨੁਕਸਾਨ ਹੋ ਜਾਣ ਦੇ ਬਾਵਜੂਦ ਵੀ ਸਿੰਘ ਗੁਰੂ ਸਾਹਿਬ ਅਤੇ ਸ਼ਾਹੀ ਫ਼ੌਜਾਂ ਦਰਮਿਆਨ ਦੀਵਾਰ ਵਾਂਗ ਕਾਰਜ ਕਰ ਰਹੇ ਸਨ। ਛੋਟੀਆਂ-ਛੋਟੀਆਂ ਟੁਕੜੀਆਂ ਭਾਰੀ ਫ਼ੌਜਾਂ ਦਾ ਬਹਾਦਰੀ ਨਾਲ ਮੁਕਾਬਲਾ ਕਰਦੀਆਂ ਹੋਈਆਂ ਸ਼ਹੀਦੀ ਪ੍ਰਾਪਤ ਕਰ ਰਹੀਆਂ ਸਨ। ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲਣ ਸਮੇਂ ਗੁਰੂ ਜੀ ਦੇ ਪਰਿਵਾਰ ਦੀ ਜ਼ਿੰਮੇਵਾਰੀ ਭਾਈ ਮਨੀ ਸਿੰਘ ਦੇ ਸਪੁਰਦ ਸੀ। ਪਰ ਫਿਰ ਵੀ ਤੇਜ਼ੀ ਨਾਲ ਪੈਦਾ ਹੋਈਆਂ ਅਤੇ ਬਦਲੀਆਂ ਘਟਨਾਵਾਂ ਕਾਰਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਉਸ ਦੇ ਜਥੇ ਵਿੱਚੋਂ ਵਿਛੁੜ ਚੁੱਕੇ ਸਨ। ਇਸ ਸਮੇਂ ਦਿੱਲੀ ਦਾ ਇਕ ਸਿੱਖ ਗੁਰੂ ਜੀ ਕੋਲ ਆ ਹਾਜ਼ਰ ਹੋਇਆ। ਅਤੇ ਕਿਸੇ ਸੇਵਾ ਲਈ ਬੇਨਤੀ ਕੀਤੀ। ਗੁਰੂ ਜੀ ਨੇ ਉਸ ਨੂੰ ਗੁਰੂ ਮਹਿਲਾਂ ਨੂੰ ਆਪਣੇ ਨਾਲ ਲੈ ਜਾਣ ਲਈ ਕਿਹਾ।”
ਸਾਰੇ ਇਤਿਹਾਸਕਾਰ ਇਸ ਗੱਲ ‘ਤੇ ਲਗਪਗ ਸਹਿਮਤ ਹਨ ਕਿ ਸ੍ਰੀ ਅਨੰਦਪੁਰ ਸਾਹਿਬ ਛੱਡ ਤੁਰਨ ਤੋਂ ਬਾਅਦ ਰੋਪੜ ਤੱਕ ਸਾਰਾ ਪਰਿਵਾਰ ਗੁਰੂ ਜੀ ਨਾਲ ਸੀ ਅਤੇ ਰੋਪੜ ਦੇ ਲਾਗੇ ਪਰਿਵਾਰ ਵਿਛੋੜਾ ਹੋਇਆ । ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਵਿਛੁੜ ਕੇ ਗੰਗੂ ਬ੍ਰਾਹਮਣ ਦੇ ਨਾਲ ਚਲੇ ਗਏ ਸਨ ਪਰ ਮਹਿਲਾਂ ਨੂੰ ਗੁਰੂ ਸਾਹਿਬ ਨੇ ਆਪ ਦਿੱਲੀ ਦੇ ਸਿੱਖਾਂ ਨਾਲ ਭੇਜਿਆ ਸੀ। ਦਿੱਲੀ ਦੇ ਸਿੱਖਾਂ ਵਿੱਚੋਂ ਇਕ ਸਿੱਖ ਦੇ ਰਿਸ਼ਤੇਦਾਰ ਰੋਪੜ ਵਿਖੇ ਹੀ ਰਹਿੰਦੇ ਸਨ ਅਤੇ ਉਹ ਉਨ੍ਹਾਂ ਨੂੰ ਨਾਲ ਲੈ ਕੇ ਉਥੇ ਚਲਾ ਗਿਆ ਸੀ। ਸਥਾਨਕ (ਪਠਾਣੀ) ਲੋਕਾਂ ਦਾ ਪਹਿਰਾਵਾ ਧਾਰਨ ਕਰਕੇ ਇਹ ਜਥਾ ਅਗਲੇ ਦਿਨ ਸਰਹਿੰਦ ਵੱਲ ਰਵਾਨਾ ਹੋ ਗਿਆ ਸੀ। ਸਰਹਿੰਦ ਤੋਂ ਸੋਹਾਣੇ” ਹੁੰਦਾ ਹੋਇਆ ਇਹ ਜਥਾ ਅੰਬਾਲੇ ਪਹੁੰਚਿਆ। ਅੰਬਾਲੇ ਤੋਂ ਇਹ ਹਰਿਦੁਆਰ ਵੱਲ ਚਲੇ ਗਏ। ਸਨ ।-2 ਹਰਿਦੁਆਰ ਜਾਣ ਦਾ ਕਾਰਨ ਇਹ ਸੀ ਕਿ ਇਥੋਂ ਦੇ ਇਕ ਜ਼ਿਮੀਂਦਾਰ ਜਵਾਲਾ ਪੁਰੀਏ ਦੀ ਹਰਿਦੁਆਰ ਲਾਗੇ ਇਕ ਨਿੱਕੀ ਜਿਹੀ ਰਿਆਸਤ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਪਾਉਂਟਾ ਨਿਵਾਸ ਸਮੇਂ ਇਸ ਜ਼ਿਮੀਂਦਾਰ ਨੇ ਸਤਿਗੁਰਾਂ ਪਾਸੋਂ ਅਸ਼ੀਰਵਾਦ ਹਾਸਲ ਕੀਤਾ ਸੀ ਤਾਂ ਹੀ ਇਹ ਜ਼ਿਮੀਂਦਾਰ ਸ੍ਰੀ ਨਗਰੀਏ ਰਾਜੇ ਦੇ ਕ੍ਰੋਧ ਤੋਂ ਬਚ ਸਕਿਆ ਸੀ । ਪਰ ਜਦੋਂ ਗੁਰੂ ਜੀ ਦੇ ਪਰਿਵਾਰ ‘ਤੇ ਅਤਿ ਸੰਕਟ ਦਾ ਸਮਾਂ ਆ ਬਣਿਆ ਤਾਂ ਇਹ ਜ਼ਿਮੀਂਦਾਰ ਉਨ੍ਹਾਂ ਨੂੰ ਆਪਣੇ ਕੋਲ ਨਿਵਾਸ ਕਰਾਉਣ ਵਿਚ ਖ਼ਤਰਾ ਮਹਿਸੂਸ ਕਰਨ ਲੱਗਾ ਸੀ। ਜਿਸ ਕਰਕੇ ਮਾਤਾਵਾਂ ਨੂੰ ਹਰਿਦੁਆਰ ਤੋਂ ਅੱਗੇ ਦਿੱਲੀ ਚਲੇ ਜਾਣਾ ਪਿਆ ਸੀ।
ਦਿੱਲੀ ਤੋਂ ਵਾਪਸ ਦਮਦਮਾ ਸਾਹਿਬ
ਸਰਸਾ ਨਦੀ ਤੋਂ ਅੱਗੇ ਚੱਲ ਕੇ ਚਮਕੌਰ ਦੇ ਸਥਾਨ ‘ਤੇ ਗੁਰੂ ਜੀ ਅਤੇ ਸ਼ਾਹੀ ਫ਼ੌਜਾਂ ਦਾ ਭਾਰੀ ਮੁਕਾਬਲਾ ਹੋਇਆ। ਇਕ ਛੋਟੀ ਜਿਹੀ ਗੜ੍ਹੀ ਤੋਂ ਸਮੇਂ ਦੀ ਸਭ ਤੋਂ ਵੱਡੀ ਹਕੂਮਤ ਨਾਲ ਲੋਹਾ ਲਿਆ ਜਾ ਰਿਹਾ ਸੀ। ਪਿਛਲੇ ਸਮੇਂ ਵਿਚ ਹਕੂਮਤ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਸੀ ਕਿਉਂਕਿ ਦੋਵੇਂ ਗੁਰੂ ਸਾਹਿਬਾਨ ਹਕੂਮਤ ਕੋਲ ਸ਼ਹਾਦਤ ਦੇਣ ਲਈ ਆਪ ਚੱਲ ਕੇ ਗਏ ਸਨ। ਪਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸਮੇਂ ਦੀ ਹਕੂਮਤ ਨਾਲ ਲੋਹਾ ਲੈਣ ਦਾ ਫ਼ੈਸਲਾ ਕਰ ਲਿਆ ਸੀ। ਸਮੇਂ ਦੀ ਹਕੂਮਤ ਨਾ ਤਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਜਿੱਤ ਸਕੀ ਸੀ ਅਤੇ ਨਾ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚਣ ਵਿਚ ਸਫਲ ਹੋ ਰਹੀ ਸੀ। ਵੱਡੇ ਸਾਹਿਬਜ਼ਾਦਿਆਂ ਅਤੇ ਖ਼ਾਲਸੇ ਨੇ ਸਮੇਂ ਦੀ ਹਕੂਮਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚਣ ਲਈ ਜਿਸ ਤਰ੍ਹਾਂ ਦੀਵਾਰ ਦਾ ਕੰਮ ਕੀਤਾ ਸੀ, ਉਸ ਦੀ ਮਿਸਾਲ ਸ਼ਾਇਦ ਹੀ ਦੁਨੀਆਂ ਵਿਚ ਕਿਤੇ ਹੋਰ ਮਿਲਦੀ ਹੋਵੇ। ਚਮਕੌਰ ਦੀ ਗੜ੍ਹੀ ਵਿਚ ਵੀ ਸ਼ਾਮ ਹੋਣ ਤੱਕ ਲਗਪਗ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਸਨ ਅਤੇ ਹੁਣ ਬਚੇ ਹੋਏ ਸਿੰਘਾਂ ਨਾਲ ਵੱਡੀ ਫ਼ੌਜ ਦਾ ਟਾਕਰਾ ਕਰਨਾ ਸੰਭਵ ਨਹੀਂ ਸੀ। ਉਨ੍ਹਾਂ ਸਮਿਆਂ ਵਿਚ ਵਿਰੋਧੀ ਦਲ ਦੇ ਜਰਨੈਲ ਜਾਂ ਆਗੂ ਦੇ ਸ਼ਹੀਦ ਹੋ ਜਾਣ ਜਾਂ ਫੜੇ ਜਾਣ ਨਾਲ ਹੀ ਲੜਾਈ ਵਿਚ ਜਿੱਤ ਸਮਝੀ ਜਾਂਦੀ ਸੀ । ਗੁਰੂ ਸਾਹਿਬ ਦੇ ਕਾਬੂ ਨਾ ਆਉਣ ਕਾਰਨ ਸਮੇਂ ਦੀ ਹਕੂਮਤ ਲਈ ਹਾਰ ਦੀ ਸਥਿਤੀ ਪੈਦਾ ਹੋ ਚੁੱਕੀ ਸੀ। ਉਹ ਹਰ ਹਾਲ ਵਿਚ ਇਹ ਯੁੱਧ ਜਿੱਤਣਾ ਚਾਹੁੰਦੇ ਸਨ ਤਾਂ ਹੀ ਬਾਦਸ਼ਾਹ ਦੇ ਕ੍ਰੋਧ ਤੋਂ ਬੱਚ ਸਕਦੇ ਸਨ। ਬਚੇ ਹੋਏ ਸਿੰਘਾਂ ਨੇ ਦੁਸ਼ਮਣ ਨੂੰ ਪੈਦਾ ਹੋ ਚੁੱਕੀ ਸਥਿਤੀ ਦਾ ਫ਼ਾਇਦਾ ਨਾ ਲੈਣ ਦੇਣ ਲਈ ਗੁਰੂ ਜੀ ਨੂੰ ਗੜ੍ਹੀ ਖ਼ਾਲੀ ਕਰ ਦੇਣ ਦੀ ਬੇਨਤੀ ਕਰ ਦਿੱਤੀ। ਜਦੋਂ ਗੁਰੂ ਜੀ ਨੇ ਸਿੰਘਾਂ ਦੁਆਰਾ ਬਾਹਰ ਚਲੇ ਜਾਣ ਲਈ ਕੀਤੀ ਬੇਨਤੀ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਫਿਰ ਪੰਜ ਸਿੰਘਾਂ “ਭਾਈ ਦਯਾ ਸਿੰਘ, ਧਰਮ ਸਿੰਘ, ਮਾਨ ਸਿੰਘ, ਸੰਗਤ ਸਿੰਘ, ਸੰਤ ਸਿੰਘ ਨੇ ਬੇਨਤੀ ਕਰਦੇ ਹੋਏ ਕਿਹਾ ਕਿ ਆਪ ਦੀ ਸਲਾਮਤੀ ਨਾਲ ਪੰਥ ਦੀ ਸਲਾਮਤੀ ਹੈ।”4 ਸਿੰਘਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਗੁਰੂ ਜੀ ਨੇ ਚਮਕੌਰ ਦੀ ਗੜ੍ਹੀ ਖ਼ਾਲੀ ਕਰਨ ਦਾ ਫ਼ੈਸਲਾ ਕਰ ਲਿਆ। ਭਾਈ ਦਯਾ ਸਿੰਘ, ਧਰਮ ਸਿੰਘ ਅਤੇ ਮਾਨ ਸਿੰਘ ਵੀ ਗੁਰੂ ਜੀ ਨਾਲ ਗੜ੍ਹੀ ਵਿੱਚੋਂ ਬਾਹਰ ਚਲੇ ਗਏ ਸਨ। ਨਬੀ ਖ਼ਾਨ ਅਤੇ ਗ਼ਨੀ ਖ਼ਾਨ ਨੇ ਇਸ ਕਾਰਜ ਵਿਚ ਗੁਰੂ ਜੀ ਦੀ ਸਹਾਇਤਾ ਕੀਤੀ ਸੀ ਅਤੇ ‘ਉੱਚ ਦਾ ਪੀਰ’ ਬਣਾ ਕੇ ਉਹ ਗੁਰੂ ਜੀ ਨੂੰ ਮੁਗ਼ਲਾਂ ਦੇ ਘੇਰੇ ‘ਚੋਂ ਬਾਹਰ ਲੈ ਗਏ ਸਨ।
ਮਾਲਵੇ ਵਿਚ ਮਾਛੀਵਾੜਾ, ਦੀਨਾ ਕਾਂਗੜ, ਮੁਕਤਸਰ ਹੁੰਦੇ ਹੋਏ ਗੁਰੂ ਜੀ ਤਲਵੰਡੀ ਸਾਬੋ ਪਹੁੰਚ ਗਏ। ਇਸ ਸਥਾਨ ਨੂੰ ਦਮਦਮਾ ਸਾਹਿਬ ਵੀ ਕਿਹਾ ਜਾਂਦਾ ਹੈ। ਇਸ ਸਥਾਨ ਦਾ ਇਹ ਨਾਮਕਰਣ ਕਰਦੇ ਹੋਏ ਗੁਰੂ ਜੀ ਨੇ ਕਿਹਾ ਸੀ ਕਿ, “ਭਾਈ ਸਿੱਖੋ ! ਇਹ ਤਾਂ ਅਨੰਦਪੁਰੀ ਦਮਦਮਾ ਹੈ, ਅਸਾਂ ਆਜ ਏਸ ਅਸਥਾਨ ਕਾ ਨਾਉਂ ਦਮਦਮਾ ਰਾਖਾ ਹੈ।”15 ਇਸ ਸਥਾਨ ‘ਤੇ ਪਹੁੰਚਣ ਤੋਂ ਪਹਿਲਾਂ ਗੁਰੂ ਜੀ ਨੂੰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਪਤਾ ਲੱਗ ਚੁੱਕਾ ਸੀ ਅਤੇ ਉਹ ਦੀਨੇ ਤੋਂ ਬਾਦਸ਼ਾਹ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਵੀ ਲਿਖ ਚੁੱਕੇ ਸਨ। ਤਲਵੰਡੀ ਸਾਬੋ ਦੇ ਚੌਧਰੀ ਰਾਇ ਡੱਲੇ ਨੇ ਗੁਰੂ ਜੀ ਦਾ ਭਰਵਾਂ ਸਵਾਗਤ ਕੀਤਾ ਅਤੇ ਉਸ ਨੇ ਵਜ਼ੀਰ ਖ਼ਾਨ ਦੁਆਰਾ ਭੇਜੇ ਧਮਕੀ ਭਰੇ ਪੱਤਰਾਂ ਦੀ ਵੀ ਕੋਈ ਪ੍ਰਵਾਹ ਨਾ ਕੀਤੀ। ਡੱਲੇ ਨੇ ਗੁਰੂ ਜੀ ਦੀ ਯਥਾਯੋਗ ਸੇਵਾ ਕੀਤੀ ਸੀ ਅਤੇ ਉਸ ਨੇ ਗੁਰੂ ਜੀ ਅਤੇ ਉਨ੍ਹਾਂ ਦੇ ਨਾਲ ਪੁੱਜੇ ਵਹੀਰ ਲਈ ਲੰਗਰ-ਪ੍ਰਸ਼ਾਦੇ ਦਾ ਪ੍ਰਬੰਧ ਵੀ ਕੀਤਾ ਸੀ । ਡੱਲੇ ਦੇ ਆਦਮੀਆਂ ਨੇ ਸਿੰਘਾਂ ਲਈ ਹਰ ਤਰ੍ਹਾਂ ਦੇ ਲੋੜੀਂਦੇ ਪ੍ਰਬੰਧ ਕਰਨ ਵਿਚ ਯੋਗਦਾਨ ਪਾਇਆ ਸੀ।
ਗੁਰੂ ਸਾਹਿਬ ਨੇ ਤਲਵੰਡੀ ਪੁੱਜਣ ‘ਤੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾਂ ਜੀ ਨੂੰ ਵੀ ਦਿੱਲੀ ਤੋਂ ਆਪਣੇ ਕੋਲ ਬੁਲਾ ਲਿਆ ਸੀ। ਦਿੱਲੀ ਵਿਖੇ ਗੁਰੂ-ਮਹਿਲਾਂ ਨੇ ਕੂਚਾ ਦਿਲਵਾਲੀ ਸਿੰਘਾਂ ਵਿਖੇ ਨਿਵਾਸ ਕੀਤਾ ਸੀ। ਇਸ ਸਥਾਨ ‘ਤੇ ਮਾਤਾਵਾਂ ਬਹੁਤ ਸਮੇਂ ਤੱਕ ਨਾ ਰਹਿ ਸਕੀਆਂ ਅਤੇ ਛੇਤੀ ਹੀ ਗੁਰੂ ਜੀ ਦੇ ਦਮਦਮਾ ਸਾਹਿਬ ਹੋਣ ਦਾ ਪਤਾ ਲੱਗਣ ‘ਤੇ ਉਥੇ ਚਲੀਆਂ ਗਈਆਂ ਸਨ।” ਮਾਤਾਵਾਂ ਦੇ ਦਿੱਲੀ ਤੋਂ ਤਲਵੰਡੀ ਆਉਣ ਦਾ ਸੂਤਰ ਡੱਲੇ ਦੀ ਪਤਨੀ ਬੀਬੀ ਕਪੂਰੋ ਰਾਹੀਂ ਹੋਇਆ ਵਧੇਰੇ ਯੋਗ ਲੱਗਦਾ ਹੈ। ਗੁਰੂ ਜੀ ਦੇ ਦਰਸ਼ਨ ਕਰ ਕੇ ਉਹ ਉਹਨਾਂ ਦੀ ਸ਼ਰਧਾਲੂ ਹੋ ਗਈ ਸੀ ਅਤੇ ਉਸ ਦੇ ਕਹਿਣ ‘ਤੇ ਹੀ ਗੁਰੂ ਜੀ ਨੇ ਮਹਿਲਾਂ ਨੂੰ ਦਿੱਲੀ ਤੋਂ ਦਮਦਮੇ ਬੁਲਾਇਆ ਸੀ । ਕਿਹਾ ਜਾਂਦਾ ਹੈ ਕਿ ਇਕ ਦਿਨ ਗੁਰੂ ਜੀ ਰਾਇ ਡੱਲੇ ਦੇ ਕਿਲ੍ਹੇ ਵਿਖੇ ਲੰਗਰ ਛਕਣ ਗਏ ਤਾਂ “ਬੀਬੀ ਕਪੂਰੋ ਨੇ ਸਹਿਤ ਅਦਬ ਬੇਨਤੀ ਕੀਤੀ ਕਿ ਮਹਾਰਾਜ ! ਬੜੀ ਮਾਤਾ ਜੀ ਤੇ ਚਾਰੇ ਸਾਹਿਬਜ਼ਾਦੇ ਗੁਰਪੁਰੀ ਪਧਾਰ ਚੁੱਕੇ ਹਨ – ਬਾਕੀ ਦੋਵੇਂ ਮਾਤਾਵਾਂ ਕਿਥੇ ਹਨ ? ਸਤਿਗੁਰਾਂ ਬੀਬੀ ਕਪੂਰੋ ਕੀ ਤਰਫ਼ ਦੇਖਾ, ਬਚਨ ਹੋਆ, ਇਹ ਦੋਵੇਂ ਏਸ ਵੇਲੇ ਦਿਹਲੀ ਮੇਂ ਹੈਂ। ਬੀਬੀ ਕਪੂਰੋ ਨੇ ਕਹਾ – ਮਹਾਰਾਜ, ਉਨ੍ਹੈ ਇਥੇ ਬੁਲਾਨਾ ਚਾਹੀਏ। ਗੁਰੂ ਜੀ ਨੇ ਕਹਾ – ਜਿਵੇਂ ਤੁਸਾਂ ਕੀ ਰਜ਼ਾ। ਬੀਬੀ ਕਪੂਰੋ ਨੇ ਰਾਇ ਡੱਲੇ ਸੇ ਕਹਿ ਕੇ ਦੋਵੇਂ ਮਾਤਾਵਾਂ ਕੋ ਬੁਲਾਨੇ ਕਾ ਫ਼ੈਸਲਾ ਕਰ ਲੀਆ। ਅਗਲੇ ਦਿਹੁੰ ਰਾਇ ਡੱਲਾ ਨੇ ਸਾਂਢਨੀ-ਸਵਾਰ ਦਿਹਲੀ ਕੀ ਤਰਫ਼ ਰਵਾਨਾ ਕੀਏ। ਇਹ ਦੋਵੇਂ ਦਿਹਲੀ ਮਾਤਾ ਸੁੰਦਰ ਸਰੂਪ ਤੇ ਮਾਤਾ ਸਾਹਿਬ ਕੌਰ ਕੇ ਅਸਥਾਨ ਤੇ ਜਾਇ ਪਹੁੰਚੇ। ਦੋਵੇਂ ਸੱਜਨ ਸਾਂਢਨੀਆਂ ਸੇ ਉਤਰ ਦੋਹਾਂ ਮਾਤਾਵਾਂ ਨੂੰ ਨਮਸਕਾਰ ਕਰ ਕੇ ਗੁਰੂ ਜੀ ਵੱਲੋਂ ਲਿਖੀ ਪਾਤੀ ਮਾਤਾ ਸੁੰਦਰ ਸਰੂਪ ਜੀ ਕੇ ਹਾਥ ਮੇਂ ਫੜਾਈ। ਦੋਵੇਂ ਮਾਤਾ, ਭਾਈ ਸ਼ੀਹਾਂ ਸਿੰਘ ਤੇ ਸ਼ਹਿਰ ਦੀ ਸਿੱਖ ਸੰਗਤ ਕੋ ਗੈਲ ਲੈ ਦਿੱਲੀ ਸੇ ਸਾਬੋ ਕੀ ਤਲਵੰਡੀ ਮੇਂ ਜਾਇ ਪਹੁੰਚੇ।” 18 ਮਾਤਾਵਾਂ “ਮਾਮਾ ਸਾਹਿਬ ਸਿੰਘ ਮੀਰ ਮੁਨਸ਼ੀ ਮਾਤਾ ਜੀ ਦੇ ਭਰਾ ਤੇ ਸੰਗਤ ਦਿੱਲੀ ਦੀ ਨਾਲ ਰਥ ਵਿਚ ਬੈਠ ਕੇ ਦਮਦਮੇ ਪਤੀ ਗੁਰੂ ਜੀ ਦੇ ਚਰਨੀਂ ਆ ਪਹੁੰਚੀਆਂ।”19 ਤਲਵੰਡੀ ਪਹੁੰਚ ਕੇ ਜਿਥੇ ਗੁਰੂ ਜੀ ਨੂੰ ਦੇਖ ਕੇ ਉਨ੍ਹਾਂ ਦਾ ਮਨ ਖ਼ੁਸ਼ ਹੋਇਆ, ਉਥੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਨਾ ਦੇਖ ਕੇ ਮਨ ਵਿਚ ਉਨ੍ਹਾਂ ਬਾਰੇ ਜਾਣਨ ਦੀ ਖਿੱਚ ਪੈਦਾ ਹੋਈ। ਮਾਤਾ ਸੁੰਦਰੀ ਜੀ ਨੇ “ਸਹਿਤ ਅਧੀਨਗੀ ਗੁਰੂ ਜੀ ਸੇ ਪੂਛਾ, ਮਹਾਰਾਜ! ਬੜੀ ਮਾਤਾ ਤੇ ਚਾਰੇ ਨਿਕੀਆਂ ਜਿੰਦਾਂ ਲਗੇ ਦਰਬਾਰ ਵਿਚ ਨਜ਼ਰ ਨਹੀਂ ਆ ਰਹੀਆਂ ਹਨ, ਉਹ ਕਿਥੇ ਹਨ? ਸਤਿਗੁਰਾਂ ਕਹਿਆ – ਸੁੰਦਰੀ ! ਉਹ ਪੰਜੇ ਧਰਮ ਦੀ ਖ਼ਾਤਰ ਸ਼ਹੀਦੀਆਂ ਪਾਇ ਗਏ ਹਨ। ਇਹ ਸਭੋ ਕੁਝ ਉਸ ਮਹਾਂਕਾਲ ਦੇ ਭਾਣੇ ਬੀਚ ਹੋਆ ਹੈ । ਭਾਣੇ ਨੂੰ ਮੰਨਣਾ ਚਾਹੀਦਾ ਹੈ, ਬਡੇ ਅਵਤਾਰ, ਰਿਸ਼ੀ, ਮੁਨੀ ਭਾਣੇ ਨੂੰ ਮੰਨਦੇ ਆਏ ਹਨ, ਭਾਣਾ ਅਮਿੱਟ ਹੈ, ਇਹ ਮਿਟ ਨਹੀਂ ਸਕਤਾ।”20 ਗਿਆਨੀ ਗਿਆਨ ਸਿੰਘ ਦੱਸਦੇ ਹਨ ਕਿ ਗੁਰੂ ਜੀ ਨੇ ਮਾਤਾਵਾਂ ਨੂੰ ਉਦਾਸ ਵੇਖ ਕੇ ਕਿਹਾ ਕਿ “ਸਾਹਿਬਜ਼ਾਦੇ ਮੋਏ ਨਹੀਂ, ਸਦਾ ਹੀ ਅਮਰ ਹਨ। ਇਸ ਲੋਕ ਵਿਚ ਜਸ ਭਰ ਗਏ, ਪਰਲੋਕ ਸਚਖੰਡ ਵਿਚ ਅਕਾਲ ਪੁਰਖ ਗੁਰੂ ਨਾਨਕ ਦੇਵ ਜੀ ਦੇ ਪਾਸ ਹਮੇਸ਼ ਦਿਬਯ ਭੋਗ ਭੋਗਦੇ ਸਦਾ ਹੀ ਅਮਰ ਹਨ। ਓਹਨਾਂ ਸੂਰਮਿਆਂ ਨੇ ਓਹ ਪਦਵੀ ਪਾਈ ਹੈ ਜਿਸ ਵਾਸਤੇ ਜੋਗੀਸ੍ਵਰ, ਮੁਨੀਰ ਯਤਨ ਕਰਦੇ ਹਨ। ਇਜੇਹੇ ਪੁਤ੍ਰਾਂ ਦੇ ਮਾਤਾ ਪਿਤਾ ਨੂੰ ਕਦੇ ਭੀ ਸ਼ੋਕ ਨਹੀਂ ਕਰਨਾ ਚਾਹੀਦਾ।”2 ਡੱਲਾ ਗੁਰੂ ਸਾਹਿਬ ਦਾ ਸ਼ਰਧਾਲੂ ਸੀ ਅਤੇ ਉਹ ਮਾਤਾਵਾਂ ਨੂੰ ਆਪਣੇ ਮਹਿਲ ਵਿਚ ਰੱਖ ਕੇ ਉਨ੍ਹਾਂ ਦੀ ਸੇਵਾ ਕਰਨੀ ਚਾਹੁੰਦਾ ਸੀ। ਉਸ ਨੇ ਗੁਰੂ ਜੀ ਨੂੰ ਵੀ ਇਹੀ ਬੇਨਤੀ ਕੀਤੀ:
ਦਿਹੁ ਆਇਸ ਅਬਿ ਇਨ੍ਹੈ ਗੁਸਾਈਂ।
ਬਸਹਿਂ ਦੁਰਗ ਕੇ ਅੰਤਰ ਜਾਈ।
ਸਦਨ ਪ੍ਰਥਕ ਇਨ ਹਿਤ ਕਿਯ ਖਾਲੀ।
ਕਰਹਿਂ ਬਾਸ ਕੋ ਤਹਾਂ ਸੁਖਾਲੀ ।
ਗੁਰੂ ਸਾਹਿਬ ਨੂੰ ਮਾਤਾਵਾਂ ਦਾ ਡੱਲੇ ਦੇ ਮਹਿਲਾਂ ਵਿਚ ਨਿਵਾਸ ਕਰਨ ‘ਤੇ ਕੋਈ ਇਤਰਾਜ਼ ਨਹੀਂ ਸੀ ਪਰ ਉਨ੍ਹਾਂ ਆਪ ਕੋਈ ਫ਼ੈਸਲਾ ਸੁਣਾਉਣ ਦੀ ਥਾਂ ਡੱਲੇ ਨੂੰ ਕਿਹਾ ਕਿ ਇਹ ਉਨ੍ਹਾਂ ਦੀ ਮਰਜ਼ੀ ਹੈ ਕਿ ਜਿਥੇ ਚਾਹੁਣ, ਨਿਵਾਸ ਕਰ ਲੈਣ। ਤੁਸੀਂ ਉਨ੍ਹਾਂ ਨੂੰ ਹੀ ਪੁੱਛ ਲਵੋ ਕਿ ਉਹ ਕਿਥੇ ਰਹਿਣਾ ਚਾਹੁੰਦੀਆਂ ਹਨ । ਗੁਰੂ ਜੀ ਦੀ ਆਗਿਆ ਅਨੁਸਾਰ ਉਸ ਨੇ ਮਾਤਾਵਾਂ ਨੂੰ ਵਧੇਰੇ ਸੁਖ ਨਾਲ ਨਿਵਾਸ ਕਰਨ ਲਈ ਆਪਣੇ ਮਹਿਲ ਅੰਦਰ ਬਣੇ ਆਰਾਮਦਾਇਕ ਕਮਰਿਆਂ ਵਿਚ ਚਰਨ ਪਾਉਣ ਲਈ ਬੇਨਤੀ ਕੀਤੀ। 23 ਮਾਤਾਵਾਂ ਨੂੰ ਕਾਫ਼ੀ ਦੇਰ ਬਾਅਦ ਗੁਰੂ ਜੀ ਕੋਲ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ ਸੀ ਜਿਸ ਨੂੰ ਉਹ ਕਦੇ ਵੀ ਦੁਨਿਆਵੀ ਵਸਤਾਂ ਦੇ ਸੁੱਖ ਲਈ ਛੱਡਣਾ ਨਹੀਂ ਸਨ ਚਾਹੁੰਦੀਆਂ। ਉਨ੍ਹਾਂ ਲਈ ਮਹਿਲਾਂ ਦੇ ਸੁੱਖ ਨਾਲੋਂ ਪਤੀ-ਗੁਰੂ ਦੇ ਚਰਨਾਂ ਵਿਚ ਨਿਵਾਸ ਵਧੇਰੇ ਸੁਖਦਾਈ ਸੀ। ਉਨ੍ਹਾਂ ਨੇ ਡੱਲੇ ਦੁਆਰਾ ਮਹਿਲਾਂ ਅੰਦਰ ਨਿਵਾਸ ਲਈ ਕੀਤੀ ਬੇਨਤੀ ਨੂੰ ਨਿਮਰਤਾ ਪੂਰਵਕ ਮੋੜ ਦਿੱਤਾ ਅਤੇ ਗੁਰੂ ਚਰਨਾਂ ਵਿਚ ਨਿਵਾਸ ਨੂੰ ਤਰਜੀਹ ਦਿੰਦੇ ਹੋਏ ਕਿਹਾ, “ਭਾਈ ਡੱਲਿਆ ਸਾਨੂੰ ਏਹਨਾਂ ਦੇ ਚਰਨਾਂ ਪਾਸ ਰਹਿਣਾ ਹੀ ਸ਼ੀਸ਼ ਮਹਿਲ ਤੇ ਜ਼ਮੀਨ ਪੁਰ ਪੈਣਾ ਹੀ ਨਵਾਰੀ ਪਲੰਘ ਹੈ।”24 ਡੱਲੇ ਨੇ ਗੁਰੂ ਜੀ ਦੇ ਕੋਲ ਹੀ ਮਾਤਾਵਾਂ ਦੇ ਨਿਵਾਸ ਲਈ ਤੰਬੂ ਲਵਾ ਦਿੱਤਾ ਅਤੇ ਆਪਣੇ ਹੱਥੀਂ ਨਿਤਾਪ੍ਰਤੀ ਲੰਗਰ ਦੀ ਸੇਵਾ ਕਰਨ ਲੱਗਾ।
ਇਕ ਦਿਨ ਬੇਨਤੀ ਕਰ ਕੇ ਡੱਲਾ ਗੁਰੂ ਜੀ ਅਤੇ ਮਾਤਾਵਾਂ ਨੂੰ ਆਪਣੇ ਕਿਲ੍ਹੇ ਅੰਦਰ ਲੈ ਗਿਆ, ਜਿਥੇ ਉਸ ਨੇ ਸਮੂਹ ਇਲਾਕੇ ਦੀ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਸੀ । ਸੰਗਤ ਦੀ ਸੇਵਾ ਡੱਲਾ ਆਪ ਕਰ ਰਿਹਾ ਸੀ, ਜਦੋਂ ਗੁਰੂ ਜੀ ਅਤੇ ਮਾਤਾਵਾਂ ਉਸ ਦੇ ਕਿਲ੍ਹੇ ਵਿਚ ਪ੍ਰਵੇਸ਼ ਕੀਤਾ ਤਾਂ ਡੱਲੇ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਗੁਰੂ ਜੀ ਸਮੇਤ ਸਾਰੇ ਜੱਥੇ ਦੀ ਸੇਵਾ ਡੱਲੇ ਨੇ ਆਪਣੇ ਹੱਥੀਂ ਕੀਤੀ। ਵਾਪਸੀ ਸਮੇਂ ਉਸ ਨੇ ਗੁਰੂ ਜੀ ਨੂੰ “ਏਕ ਘੋੜਾ ਤੇ ਦੁਸ਼ਾਲੇ, ਇਕੋਤ੍ਰ ਸੌ ਦਮੜਾ ਰਾਖ ਕੇ ਭੇਟਾ ਕੀ, ਰਾਣੀਆਂ ਨੇ ਦੋਹਾਂ ਮਾਤਾਵਾਂ ਆਗੇ ਪੱਚੀ ਪੱਚੀ ਰੁਪਏ ਤਿਉਰਾਂ ਉਪਰ ਰਾਖ ਕੇ ਮਸਤਕ ਟੇਕਾ।”26 ਭਾਈ ਡੱਲੇ ਦੀ ਸੇਵਾ ਤੋਂ ਮਾਤਾਵਾਂ ਅਤੇ ਗੁਰੂ ਜੀ ਬਹੁਤ ਖ਼ੁਸ਼ ਹੋਏ ਅਤੇ ਉਸ ਨੂੰ ਅਸ਼ੀਰਵਾਦ ਦੇ ਕੇ ਉਹ ਵਾਪਸ ਆਪਣੇ ਅਸਥਾਨ ‘ਤੇ ਆ ਗਏ।
ਦਮਦਮਾ ਸਾਹਿਬ ਵਿਖੇ ਗੁਰੂ ਜੀ ਗੁਰਮਤਿ ਪ੍ਰਚਾਰ ਲਈ ਦੂਰ-ਨੇੜੇ ਦੇ ਪਿੰਡਾਂ ਵਿਚ ਚਲੇ ਜਾਇਆ ਕਰਦੇ ਸਨ। ਗੁਰੂ ਸਾਹਿਬ ਦੇ ਨਾਲ ਹੀ ਮਾਤਾਵਾਂ ਨੇ ਵੀ ਮਾਲਵੇ ਦਾ ਦੌਰਾ ਕੀਤਾ। ਇਕ ਦਿਨ “ਗੁਰੂ ਸਾਹਿਬ ਜੀ ਆਪਣੇ ਮਹਿਲਾਂ ਸਮੇਤ ਤਲਵੰਡੀ ਤੋਂ ਦੋ ਕੋਹ ਉੱਤਰ ਵੱਲ ਆਏ ਤਾਂ ਭਾਗੀ ਬਾਂਦਰ ਪਿੰਡ ਵਾਲੇ ਸਿੱਖਾਂ ਨੇ ਠਹਿਰਾ ਲੀਤਾ, ਬੜੇ ਪ੍ਰੇਮ ਨਾਲ ਓਹ ਸੇਵਾ ਸਤਸੰਗ ਕਰ ਕੇ ਨਿਹਾਲ ਹੋਏ। ਓਥੋਂ ਅਗਲੇ ਦਿਨ ਸਮੀਰ ਦੇ ਕੋਟ ਵਾਲੇ ਦੀਵਾਨੇ ਸਾਧਾਂ ਦਾ ਮਹੰਤ ਬਿਹਾਰੀ ਗੁਰੂ ਜੀ ਨੂੰ ਆਪਣੇ ਪਿੰਡ ਤਿੰਨ ਕੋਹ ਲੈ ਗਿਆ। ਓਨ, ਬੜੀ ਸੇਵਾ ਕੀਤੀ, ਦਿਵਾਨਯਾਂ ਨੇ ਧਮਾਲ ਪਾਈ ਜਿਸ ਨੂੰ ਦੇਖ ਕੇ ਮਾਈਆਂ ਅਤੇ ਗੁਰੂ ਜੀ ਬਹੁਤ ਖ਼ੁਸ਼ ਹੋਏ।”” ਮਾਲਵੇ ਦੇ ਇਹਨਾਂ ਸਥਾਨਾਂ ਤੋਂ ਇਲਾਵਾ ਮਾਤਾਵਾਂ ਨੇ “ਭਾਈ ਕੇ ਚੱਕ, ਮੌੜ, ਭੁਚੋ, ਭਾਗੂ, ਬਠਿੰਡਾ, ਮਹਿਮੇ, ਭੁੱਖੜੀ ਆਦਿਕ ਪਿੰਡਾਂ ਦਾ ਚੱਕਰ ਪਤੀ-ਗੁਰੂ ਨਾਲ ਕੱਟਿਆ। ਹੁਣ ਤੋਂ ਮਹਿਲਾਂ ਮਾਤਾਵਾਂ ਨੇ ਪਹਾੜੀ ਇਲਾਕੇ ਹੀ ਜ਼ਿਆਦਾ ਦੇਖੇ ਸਨ। ਹੁਣ ਖੁੱਲ੍ਹਾ ਮੁਲਕ, ਰੇਤਿਆਂ ਦੇ ਟਿੱਬੇ, ਦੂਰ-ਦੂਰ ਪਾਣੀ ਤੇ ਦੂਰ-ਦੂਰ ਪਿੰਡ, ਵੱਡੇ- ਵੱਡੇ ਕੱਦ ਵਾਲੇ ਮਰਦ, ਜ਼ਨਾਨੀਆਂ, ਭੋਲੇ ਭਾਲੇ ਸੁਭਾ, ਦਿਲ ਦੇ ਸਾਫ਼, ਬੋਲ- ਚਾਲ ਦੇ ਖੁੱਲ੍ਹੇ, ਅੰਨ, ਧਨ, ਦੁੱਧ, ਮੱਖਣ ਨਾਲ ਭਰਪੂਰ, ਆਪ ਉਨਕੇ ਕੱਪੜੇ ਪਾਣ ਦੇ ਆਦੀ, ਜੇ ਸੁਤੇ ਸੁਭਾ ਬੋਲਣ ਤਾਂ ਵੀ ਨਿਰਛਲਤਾ ਦੀ ਆਵਾਜ਼ ਵਾਲੇ ਦੇਖ ਕੇ ਮਾਤਾਵਾਂ ਬਹੁਤ ਖ਼ੁਸ਼ ਹੋਈਆਂ।”28
ਮਾਲਵੇ ਨੂੰ ਗੁਰੂ ਸਾਹਿਬ ਨੇ ਜੋ ਅਸ਼ੀਰਵਾਦ ਦਿੱਤੇ, ਉਨ੍ਹਾਂ ਵਿੱਚੋਂ ਦੋ ਪ੍ਰਮੁਖ ਹਨ – ਇਕ ਤਾਂ ਮਾਲਵਾ ਮਾਲੋ-ਮਾਲ ਹੋਵੇਗਾ। ਇਥੇ ਬਹੁਤ ਸਾਰੀਆਂ ਉਪਜਾਊ ਫ਼ਸਲਾਂ ਅਤੇ ਫਲਦਾਰ ਦਰਖ਼ਤਾਂ ਦੀ ਭਰਮਾਰ ਹੋਵੇਗੀ। ਦੂਜਾ ਦਮਦਮਾ ਗੁਰੂ ਕੀ ਕਾਸ਼ੀ ਬਣੇਗਾ। ਇਥੇ ਬੈਲ ਬੁੱਧ ਵਿਅਕਤੀ ਗਿਆਨ ਹਾਸਲ ਕਰਨਗੇ। ਦਮਦਮੇ ਮਾਤਾਵਾਂ ਪਾਸ ਬਹੁਤ ਰੌਣਕ ਲੱਗੀ ਰਹਿੰਦੀ। ਵੱਖ-ਵੱਖ ਪਿੰਡਾਂ ਤੋਂ ਆਉਣ ਵਾਲੀ ਸੰਗਤ ਜਿਥੇ ਗੁਰੂ ਜੀ ਦੇ ਦਰਸ਼ਨ ਕਰ ਕੇ ਨਿਹਾਲ ਹੁੰਦੀ, ਉਥੇ ਮਾਤਾਵਾਂ ਦੀ ਸੰਗਤ ਵਿਚ ਭਰਪੂਰ ਅਨੰਦ ਪ੍ਰਾਪਤ ਕਰਦੀ।
ਦਮਦਮਾ ਸਾਹਿਬ ਵਿਖੇ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਭਾਈ ਮਨੀ ਸਿੰਘ ਜੀ ਤੋਂ ਲਿਖਵਾਈ ਸੀ। ਇਹ ਇਕ ਮਹੱਤਵਪੂਰਨ ਅਸਥਾਨ ਸੀ ਅਤੇ ਇਸ ਦੇ ਗੁਰੂ ਕੀ ਕਾਸ਼ੀ ਹੋਣ ਦਾ ਅਸ਼ੀਰਵਾਦ ਵੀ ਗੁਰੂ ਜੀ ਨੇ ਦਿੱਤਾ ਸੀ। ਇਸ ਸਥਾਨ ਦੀ ਸੇਵਾ-ਸੰਭਾਲ ਬਾਬਾ ਦੀਪ ਸਿੰਘ ਜੀ ਨੂੰ ਬਖ਼ਸ਼ ਕੇ ਗੁਰੂ ਜੀ ਦੱਖਣ ਵੱਲ ਜਾਣ ਲੱਗੇ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਉਸ ਸਥਾਨ ‘ਤੇ ਜਾ ਕੇ ਅਰਦਾਸ ਕੀਤੀ ਜਿਥੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਚਰਨ ਪਾਏ ਸਨ ਫਿਰ ਮਹਿਲਾਂ ਨੂੰ ਭਾਈ ਮਨੀ ਸਿੰਘ ਨਾਲ ਦਿੱਲੀ ਭੇਜ ਦਿੱਤਾ ਸੀ।2੭ ਦਿੱਲੀ ਵਿਖੇ ਵਾਪਸ ਆਉਣ ‘ਤੇ ਮਾਤਾਵਾਂ ਨੇ ਆਪਣਾ ਨਿਵਾਸ ਕੂਚਾ ਦਿਲਵਾਲੀ ਸਿੰਘ ਦੀ ਥਾਂ, ਮਟੀਆ ਮਹਿਲ ਵਿਖੇ ਕੀਤਾ।30 ਦਿੱਲੀ ਦੇ ਸਿੱਖ ਗੁਰੂ-ਮਹਿਲਾਂ ਦੀ ਤਨ, ਮਨ ਅਤੇ ਧਨ ਨਾਲ ਸੇਵਾ ਕਰਨ ਲੱਗੇ ਸਨ ਜਿਸ ਦਾ ਵਰਣਨ ਕਰਦੇ ਹੋਏ ਗਿਆਨੀ ਗਿਆਨ ਸਿੰਘ ਦੱਸਦੇ ਹਨ :
ਮਨੀ ਸਿੰਘ ਲੌ ਮਾਤਬਰ ਦੈ ਮਹਿਲੋਂ ਕੇ ਸੰਗ।
ਕਹਯੋ ਜਾਹੁ ਦਿੱਲੀ ਰਹੋ ਮਿਲਹੈਂ ਫਿਰ ਕਿਤ ਢੰਗ।
ਮਾਤਾ ਦਿੱਲੀ ਜਾ ਰਹੀ ਸਿੱਖਨ ਕੇ ਘਰ ਮਾਂਹਿ।
ਗੁਰ ਸਿਖ ਸਰਧਾ ਸਾਥ ਬਹੁ ਸੇਵਾ ਕਰੈਂ ਤਹਾਇ।
ਦੂਜੇ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੱਖਣ ਵੱਲ ਜਾਂਦੇ ਹੋਏ ਬਘੌਰ ਦੇ ਸਥਾਨ ‘ਤੇ ਪੁੱਜੇ ਸਨ ਕਿ ਉਨ੍ਹਾਂ ਨੂੰ ਬਾਦਸ਼ਾਹ ਦੀ ਮੌਤ ਦੀ ਖ਼ਬਰ ਮਿਲੀ । ਗੁਰੂ ਜੀ ਬਘੌਰ ਤੋਂ ਸ਼ਾਹਜਹਾਨਾਬਾਦ (ਦਿੱਲੀ) ਵੱਲ ਰਵਾਨਾ ਹੋ ਗਏ। ਉਥੇ ਨਿਵਾਸ ਦੌਰਾਨ ਹੀ ਸ਼ਹਿਜ਼ਾਦਾ ਮੁਅੱਜ਼ਮ ਸ਼ਾਹ ਨੇ ਉਨ੍ਹਾਂ ਤੋਂ ਸ਼ਹਿਜ਼ਾਦਾ ਤਾਰਾ ਆਜ਼ਮ ਦੇ ਵਿਰੁੱਧ ਜੰਗ ਵਿਚ ਸਹਾਈ ਹੋਣ ਦੀ ਬੇਨਤੀ ਕੀਤੀ ਸੀ । 34 ਉਸ ਦੀ ਬੇਨਤੀ ਪ੍ਰਵਾਨ ਕਰਦੇ ਹੋਏ “ਸਤਿਗੁਰਾਂ ਭਾਈ ਦਯਾ ਸਿੰਘ ਕੋ ਪੰਝੀ ਸਿੰਘ ਦੇ ਕੇ ਪੀਛੇ ਆਪ ਬਾਕੀ ਦੇ ਸਿੱਖਾਂ ਕੋ ਗੈਲ ਲੈ ਪਿਛਲੇ ਪਹਿਰ ਜੰਗ ਮੇਂ ਸ਼ਾਮਿਲ ਹੋਏ। ਬਹਾਦਰ ਸ਼ਾਹ ਤੇ ਤਾਰਾ ਆਜ਼ਮ ਮੇਂ ਬੜੀ ਬਗਮੇਲ ਲੜਾਈ ਹੂਈ, ਤਾਰਾ ਆਜ਼ਮ ਬੇਟੇ ਸਮੇਤ ਮੈਦਾਨੇ ਜੰਗ ਮੇਂ ਲੜ ਕੇ ਵਫ਼ਾਤ ਪਾਇ ਗਿਆ । ਗੁਰੂ ਜੀ ਕੀ ਸਹਾਇਤਾ ਤੇ ਅਸੀਸ ਸਦਕੇ ਬਹਾਦਰ ਸ਼ਾਹ ਕੀ ਜੀਤ ਹੋਈ।”35 ਬਹਾਦਰ ਸ਼ਾਹ ਅਤੇ ਤਾਰਾ ਆਜ਼ਮ ਵਿਚਕਾਰ ਹੋਇਆ ਇਹ ਯੁੱਧ ਦਿੱਲੀ ਦੇ ਤਖ਼ਤ ਲਈ ਸੀ ਜਿਹੜਾ ਕਿ ਜਾਜਉ ਦੇ ਸਥਾਨ ‘ਤੇ ਹੋਇਆ ਸੀ। ਜਾਜਉ ਆਗਰੇ ਤੋਂ ਲਗਪਗ 25 ਕਿਲੋਮੀਟਰ ਦੂਰ ਹੈ ਅਤੇ ਇਥੇ ਹੋਈ ਯੁੱਧ ਦੀ ਜਿੱਤ ਤੋਂ ਤੁਰੰਤ ਬਾਅਦ ਬਾਦਸ਼ਾਹ ਨੇ ਆਗਰੇ ਪਹੁੰਚ ਕੇ ਜਿੱਤ ਦੇ ਜਸ਼ਨ ਮਨਾਏ ਸਨ। ਇਨ੍ਹਾਂ ਜਸ਼ਨਾਂ ਮੌਕੇ ਉਸ ਨੇ ਉਨ੍ਹਾਂ ਸਮੂਹ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਸੀ ਜਿਨ੍ਹਾਂ ਨੇ ਯੁੱਧ ਵਿਚ ਕਿਸੇ ਨਾ ਕਿਸੇ ਪ੍ਰਕਾਰ ਦੀ ਸਹਾਇਤਾ ਕੀਤੀ ਸੀ । ਇਸ ਯੁੱਧ ਦੀ ਜਿੱਤ ਵਿਚ ਸਭ ਤੋਂ ਮਹੱਤਵਪੂਰਨ ਹਿੱਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਾਇਆ ਸੀ । ਇਸੇ ਸਥਾਨ ‘ਤੇ ਉਸ ਨੇ ਗੁਰੂ ਜੀ ਦਾ ਵੀ ਸਨਮਾਨ ਕੀਤਾ ਸੀ। ਬਾਦਸ਼ਾਹ ਦੇ ਦਰਬਾਰ ਵਿਚ ਕਿਸੇ ਨੂੰ ਸ਼ਸਤਰ ਪਹਿਨ ਕੇ ਆਉਣ ਦੀ ਆਗਿਆ ਨਹੀਂ ਸੀ ਪਰ ਬਾਦਸ਼ਾਹ ਦਾ ਇਹ ਨਿਯਮ ਗੁਰੂ ਜੀ ‘ਤੇ ਲਾਗੂ ਨਹੀਂ ਸੀ ਕੀਤਾ ਗਿਆ। ਦੂਜਾ, ਬਾਦਸ਼ਾਹ ਨੇ ਗੁਰੂ ਜੀ ਨੂੰ ਸਤਿਕਾਰ ਵਜੋਂ ਜਿਹੜੀਆਂ ਵਸਤਾਂ ਅਤੇ ਸਨਮਾਨ ਚਿੰਨ੍ਹ ਭੇਟ ਕੀਤੇ ਸਨ, ਗੁਰੂ ਜੀ ਨੇ ਉਹ ਭਾਈ ਦਯਾ ਸਿੰਘ ਨੂੰ ਪ੍ਰਾਪਤ ਕਰਨ ਲਈ ਕਿਹਾ ਸੀ ।” ਗੁਰੂ ਜੀ ਦਾ ਇਹ ਕਾਰਜ ਦੁਨਿਆਵੀ ਬਾਦਸ਼ਾਹ ਦੇ ਦਰਬਾਰ ਵਿਚ ਉਹਨਾਂ ਦੀ ਅਧਿਆਤਮਿਕ ਅਤੇ ਰਾਜਸੀ ਉੱਚਤਾ ਦਾ ਪ੍ਰਗਟਾਵਾ ਕਰਦਾ ਹੈ।
ਗੁਰੂ ਜੀ ਨੇ ਦਿੱਲੀ ਵਿਖੇ ਜਿਸ ਸਥਾਨ ‘ਤੇ ਡੇਰਾ ਲਾਇਆ ਸੀ, ਉਥੇ ਹੁਣ ਗੁਰਦੁਆਰਾ ਮੋਤੀ ਬਾਗ਼” ਬਣਿਆ ਹੋਇਆ ਹੈ। ਮਾਤਾਵਾਂ ਦਾ ਨਿਵਾਸ ਸਥਾਨ ਭਾਵੇਂ ਮਟੀਆ ਮਹਿਲ ਹੀ ਰਿਹਾ ਸੀ ਪਰ ਵਧੇਰੇ ਸਮਾਂ ਉਹ ਗੁਰੂ ਜੀ ਕੋਲ ਹੀ ਰਿਹਾ ਕਰਦੀਆਂ ਸਨ। ਇਥੋਂ ਦੱਖਣ ਨੂੰ ਜਾਣ ਸਮੇਂ ਸਿੱਖਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਉਨ੍ਹਾਂ ਮਾਤਾ ਸੁੰਦਰੀ ਜੀ ਨੂੰ ਦਿੱਲੀ ਵਿਖੇ ਹੀ ਰਹਿਣ ਦੀ ਆਗਿਆ ਕਰ ਦਿੱਤੀ ਸੀ।
ਮਾਤਾਵਾਂ ਦਾ ਦਿੱਲੀ ਨਿਵਾਸ ਦਾ ਕਾਰਨ
ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰੂ ਜੀ ਦਾ ਪਰਿਵਾਰ ਵਿਛੋੜਾ ਹੋਇਆ ਤਾਂ ਦਿੱਲੀ ਵਾਸੀ ਸਿੱਖ ਮਾਤਾ ਸੁੰਦਰੀ ਜੀ ਨੂੰ ਦਿੱਲੀ ਲੈ ਆਏ ਸਨ । ਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ ਗਏ ਤਾਂ ਉਸ ਸਮੇਂ ਮਾਤਾ ਸੁੰਦਰੀ ਜੀ ਕੁਝ ਸਮੇਂ ਲਈ ਉਥੇ ਵੀ ਗਏ ਪਰ ਉਹ ਫਿਰ ਦਿੱਲੀ ਆ ਕੇ ਨਿਵਾਸ ਕਰਨ ਲੱਗੇ ਸਨ ਅਤੇ ਫਿਰ ਅੰਤਿਮ ਸਮੇਂ ਤੱਕ ਉਥੇ ਹੀ ਰਹੇ। ਸਰੂਪ ਦਾਸ ਭੱਲਾ ਕਹਿੰਦਾ ਹੈ, “ਮਾਤਾ ਸੁੰਦਰੀ ਜੀ ਦਿਲੀ ਮੋ ਆਇ ਕੇ ਬਹੁਤ ਕਾਲ ਰਹੇ। ਬਲਕ ਸ੍ਰੀ ਅੰਮ੍ਰਿਤਸਰ ਜੀ ਕਾ ਖਜਾਨਾ ਤਮਾਮ ਦੀਪਾ ਨਾਮੇ ਖੋਸਲਾ ਪਹੁਚਾਉਤਾ ਥਾ। ਫੇਰ ਬਹੁਤ ਚਿਰ ਕੇ ਬਾਦ ਮਾਤਾ ਸੁੰਦਰੀ ਜੀ ਨੇ ਸਰੀਰ ਤਿਆਗਨ ਕੀਆ ਦਿਲੀ ਵਿਚ ਦੇਹੁਰਾ ਹੈ।” 39 ਪਹਾੜੀਆਂ ਅਤੇ ਦਿੱਲੀ ਦਰਬਾਰ ਦੀਆਂ ਸ਼ਾਹੀ ਫ਼ੌਜਾਂ ਗੁਰੂ ਜੀ ਨੂੰ ਜਿਊਂਦੇ ਫੜਨ ਲਈ ਜਾਂ ਸ਼ਹੀਦ ਕਰਨ ਲਈ ਤਰਲੋ-ਮੱਛੀ ਹੋ ਰਹੀਆਂ ਸਨ ਤਾਂ ਉਸ ਸਮੇਂ ਗੁਰੂ ਜੀ ਦਾ ਮਾਤਾ ਜੀ ਨੂੰ ਦਿੱਲੀ ਭੇਜਣ ਦਾ ਕੀ ਕਾਰਨ ਹੋ ਸਕਦਾ ਹੈ ? ਗੁਰੂ ਜੀ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੇ ਸਮੇਂ ਅਤੇ ਉਸ ਤੋਂ ਬਾਅਦ ਸਿੱਖਾਂ ਅਤੇ ਹਕੂਮਤ ਦਰਮਿਆਨ ਜਿਹੜਾ ਸੰਘਰਸ਼ ਚੱਲਿਆ ਸੀ ਉਹ ਨਿਸਚਿਤ ਰੂਪ ਵਿਚ ਸਿੱਖਾਂ ਦਾ ਪੂਰਨ ਤੌਰ ‘ਤੇ ਦਮਨ ਕਰਨ ਵੱਲ ਹੀ ਕੇਂਦਰਿਤ ਸੀ। ਉਸ ਸਮੇਂ ਵੀ ਮਾਤਾਵਾਂ ਦਾ ਨਿਵਾਸ ਦਿੱਲੀ ਮੰਨਿਆ ਜਾਂਦਾ ਹੈ। ਇਸ ਅਤਿ ਸੰਕਟ ਦੇ ਸਮੇਂ ਮਾਤਾਵਾਂ ਦਾ ਦਿੱਲੀ ਵਿਖੇ ਨਿਵਾਸ ਕਰਨ ਦਾ ਕੀ ਕਾਰਨ ਹੋ ਸਕਦਾ ਹੈ ? ਇਸ ਪ੍ਰਸ਼ਨ ਦਾ ਹੱਲ ਅੱਜ ਵੀ ਸਿੱਖਾਂ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਪ੍ਰਾਚੀਨ ਸੌ ਸਾਖੀ ਦਾ ਕਰਤਾ ਇਸ ਨੂੰ ਇਕ ਗੁੱਝਾ ਭੇਦ ਮੰਨਦਾ ਹੋਇਆ ਕਹਿੰਦਾ ਹੈ :
ਦਿਲਵਾਲੀ ਸਿੱਖ ਗੁਰ ਮਹਲ ਕਾ ਰਾਖਾ।
ਇਹੀ ਭੇਤ ਗੁਹਝਾ ਕਾਹੂੰ ਨਾਹਿੰ ਲਾਖਾ।
ਇਸ ਗੁੰਝਲ ਨੂੰ ਹੱਲ ਕਰਨ ਲਈ ਇਕ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਜਦੋਂ ਗੁਰੂ ਜੀ ਦਿੱਲੀ ਤੋਂ ਨਾਂਦੇੜ ਦੇ ਸਥਾਨ ’ਤੇ ਗਏ ਤਾਂ “ਉਨ੍ਹਾਂ ਨੇ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾਂ ਨੂੰ ਦਿੱਲੀ ਭੇਜ ਦਿੱਤਾ ਸੀ। ਦਿੱਲੀ, ਪੰਜਾਬ ਨਾਲੋਂ ਸੁਰੱਖਿਅਤ ਸਮਝੀ ਜਾਂਦੀ ਸੀ ਕਿਉਂਕਿ ਪੰਜਾਬ ਵਿਚ ਅਜੇ ਵੀ ਗੁਰੂ-ਘਰ ਦੇ ਦੁਸ਼ਮਣ ਸਾਜ਼ਿਸ਼ਾਂ ਵਿਚ ਮਸਰੂਫ਼ ਸਨ। ਨਵਾਬ ਵਜ਼ੀਰ ਖ਼ਾਨ ਤੇ ਬਿਲਾਸਪੁਰ ਦਾ ਰਾਜਾ ਅਜੇ ਵੀ ਗੁਰੂ ਸਾਹਿਬ ਦੇ ਬਾਦਸ਼ਾਹ ਉੱਤੇ ਦਿਨੋ-ਦਿਨ ਵਧ ਰਹੇ ਪ੍ਰਭਾਵ ਤੋਂ ਕਾਂਪ ਖਾਂਦੇ ਸਨ ਅਤੇ ਗੁਰੂ ਸਾਹਿਬ ਤੇ ਉਨ੍ਹਾਂ ਦੇ ਪਰਿਵਾਰ ਨੂੰ ਖ਼ਤਮ ਕਰਨ ਦੀਆਂ ਨਿਤ ਨਵੀਆਂ ਸਾਜ਼ਿਸ਼ਾਂ ਗੁੰਦ ਰਹੇ ਸਨ। ਬਹਾਦਰ ਸ਼ਾਹ ਦੇ ਦਿਲ ਵਿਚ ਗੁਰੂ ਸਾਹਿਬ ਲਈ ਬੜਾ ਅਦਬ ਸਤਿਕਾਰ ਸੀ। ਉਸ ਨੇ ਵਿਸ਼ਵਾਸ ਦਿਲਾਇਆ ਕਿ ਦਿੱਲੀ ਵਿਖੇ ਮਾਤਾਵਾਂ ਦੀ ਪੂਰੀ ਰੱਖਿਆ ਤੇ ਦੇਖਭਾਲ ਕੀਤੀ ਜਾਏਗੀ।”4 ਡਾ. ਮਹਿੰਦਰ ਕੌਰ ਗਿੱਲ ਇਸ ਸਵਾਲ ‘ਤੇ ਚਿੰਤਨ ਕਰਦੇ ਹੋਏ ਆਪਣੀ ਰਾਇ ਦਿੰਦੇ ਹਨ ਕਿ, “ਮਾਤਾ ਜੀ ਦੇ ਜੀਵਨ ਵਿਚ ਸ਼ਹਿਰੀ ਵਸੇਬੇ ਦਾ ਆਕਰਸ਼ਣ ਕੁਝ ਵਧੇਰੇ ਹੈ। ਮਾਤਾ ਜੀ ਦਾ ਸਹੁਰਾ ਨਗਰ ਅਨੰਦਪੁਰ ਵੀ ਗੁਰੂ ਸਾਹਿਬ ਦੀ ਬਰਕਤ ਨਾਲ ਚੰਗਾ ਰੌਣਕੀਲਾ ਸ਼ਹਿਰ ਸੀ। ਪਰਿਵਾਰ ਦੇ ਜਦ ਕਦੀ ਵੀ ਹਾਲਾਤ ਬਦਲੇ, ਦਸਮ ਗੁਰੂ ਨੇ ਮਾਤਾ ਜੀ ਦਾ ਰਹਿਣ-ਸਥਾਨ ਰਾਜਧਾਨੀ ਹੀ ਚੁਣਿਆ। ਉਂਜ ਤਾਂ ਗੁਰੂ-ਘਰ ਦੇ ਸ਼ਰਧਾਲੂ ਭਾਰਤ ਦੇ ਕੋਨੇ-ਕੋਨੇ ਵਿਚ ਵੱਸਦੇ ਸਨ ਤੇ ਮਾਤਾ ਜੀ ਨੂੰ ਕਿਧਰੇ ਵੀ ਸੁਰੱਖਿਅਤ ਰੱਖਿਆ ਜਾ ਸਕਦਾ ਸੀ । ਸੂਖਮਭਾਵੀ ਪਤੀ ਗੁਰੂ ਗੋਬਿੰਦ ਸਿੰਘ ਸੰਕਟ ਸਮੇਂ ਆਪਣਾ ਸਾਥ ਭਾਵੇਂ ਮੁਹੱਈਆ ਨਹੀਂ ਸਨ ਕਰ ਸਕਦੇ, ਪਰ ਉਹਨਾਂ ਨੇ ਸ਼ਹਿਰਨ ਪਤਨੀ ਦੀਆਂ ਲੋੜਾਂ ਨੂੰ ਸਦਾ ਆਪਣੇ ਧਿਆਨ ਵਿਚ ਰੱਖਿਆ। ਮਾਤਾ ਸੁੰਦਰੀ ਜੀ ਆਪਣੇ ਰਹਿਣ ਸਹਿਣ ਵਿਚ ਖ਼ਾਸੇ ਸਲੀਕੇ ਵਾਲੇ ਸਨ । ਸ਼ਾਇਦ ਇਹੀ ਕਾਰਣ ਹੈ, ਜਦ ਕਦੀ ਵੀ ਮਾਤਾ ਜੀ ਨੂੰ ਇਕੱਲਿਆਂ ਠਹਿਰਾਣ ਦੀ ਲੋੜ ਪਈ ਤਾਂ ਸਥਾਨ-ਚੋਣ ਹਮੇਸ਼ਾ ਸ਼ਹਿਰ ਹੀ ਨਹੀਂ, ਸਗੋਂ ਰਾਜਧਾਨੀ ਸੀ।”42 ਮਾਤਾਵਾਂ ਦੇ ਦਿੱਲੀ ਨਿਵਾਸ ਨਾਲ ਸੰਬੰਧਿਤ ਕੁਝ ਹੋਰ ਪ੍ਰਸ਼ਨ ਖੜੇ ਕਰਦੇ ਹੋਏ ਗਿਆਨੀ ਭਜਨ ਸਿੰਘ ਕਹਿੰਦੇ ਹਨ, “ਕੀ ਭਾਈ ਨੰਦ ਲਾਲ ਗੋਆ ਦੇ ਮਿੱਤਰ ਤੇ ਔਰੰਗਜ਼ੇਬ ਦੇ ਪੁੱਤਰ ਮੁਅੱਜ਼ਮ ਰਾਹੀਂ ਗੁਪਤ ਗੱਲਬਾਤ ਚੱਲ ਪਈ ਸੀ? ਕੀ ਇਸ ਗੱਲਬਾਤ ਲਈ ਭਾਈ ਮਨੀ ਸਿੰਘ ਜੀ ਨਾਲ ਮਾਤਾਵਾਂ ਨੂੰ ਭੇਜਿਆ ਗਿਆ ? ਕੀ ਮਾਤਾ ਜੀ ਦੇ ਯਤਨਾਂ ਨਾਲ ਔਰੰਗਜ਼ੇਬ ਨੇ ਗੁਰੂ ਸਾਹਿਬ ਵਿਰੁੱਧ ਜੰਗੀ ਮੁਹਿੰਮ ਵਾਪਸ ਲੈ ਲਈ ਸੀ ? ਕੀ ਦਿੱਲੀ ਦੇ ਸਿੱਖ ਭਾਈ ਧੰਨਾ ਸਿੰਘ ਤੇ ਭਾਈ ਜਵਾਹਰ ਸਿੰਘ ਦਿੱਲੀ ਸਰਕਾਰ ਤੋਂ ਕੋਈ ਸੁਝਾਅ ਲਿਆਏ ਸਨ ? ਕੀ ਉਹਨਾਂ ਗੁਰੂ ਸਾਹਿਬ ਨੂੰ ਮਿਲ ਕੇ ਕੋਈ ਸੁਝਾਅ ਦਿੱਤਾ ਸੀ ਕਿ ਗੱਲਬਾਤ ਦੀ ਮੁੱਢਲੀ ਤਿਆਰੀ ਲਈ ਪ੍ਰਤੀਨਿਧ ਭੇਜੋ ? ਕੀ ਉਹ ਦਿੱਲੀ ਸਰਕਾਰ ਦਾ ਕੋਈ ਪੱਤਰ ਜਾਂ ਸੁਨੇਹਾ ਲਿਆਏ ਸਨ ?”43 ਗਿਆਨੀ ਜੀ ਨੇ ਅਜਿਹੇ ਹੋਰ ਵੀ ਪ੍ਰਸ਼ਨ ਖੜੇ ਕੀਤੇ ਹਨ ਜਿਨ੍ਹਾਂ ਦੇ ਜੁਆਬ ਲੱਭੇ ਜਾਣੇ ਚਾਹੀਦੇ ਹਨ ਪਰ ਤੱਥਾਂ ਦੀ ਘਾਟ ਅਤੇ ਮਾਤਾਵਾਂ ਬਾਰੇ ਸਮਕਾਲੀ ਲਿਖਤਾਂ ਚੁੱਪ ਹੋਣ ਕਾਰਨ ਇਹ ਸੁਆਲ ਅਜੇ ਵੀ ਸਿੱਖ-ਇਤਿਹਾਸ ਦੀ ਸੋਝੀ ਵਿਚ ਗੁੰਝਲਾਂ ਪੈਦਾ ਕਰ ਰਹੇ ਹਨ।
ਇਹ ਗੱਲ ਸਪੱਸ਼ਟ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਤਾਵਾਂ ਦਿੱਲੀ ਨੂੰ ਚਲੇ ਗਈਆਂ ਸਨ। ਉਨ੍ਹਾਂ ਨਾਲ ਭਾਈ ਮਨੀ ਸਿੰਘ, ਦਿੱਲੀ ਦੇ ਦੋ ਸਿੱਖ ਭਾਈ ਧੰਨਾ ਸਿੰਘ ਅਤੇ ਭਾਈ ਜਵਾਹਰ ਸਿੰਘ ਅਤੇ ਮਾਤਾਵਾਂ ਦੀਆਂ ਦੋ ਟਹਿਲਣਾਂ ਬੀਬੀ ਭਾਗੋ ਤੇ ਬੀਬੋ ਸ਼ਾਮਿਲ ਸਨ। ਇੰਨੇ ਵੱਡੇ ਜੱਥੇ ਦਾ ਸਿੱਖੀ ਭੇਸ ਵਿਚ ਰੋਪੜ ਤੋਂ ਅੱਗੇ ਜਾਣਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ ਹੋ ਸਕਦਾ, ਇਸ ਲਈ ਸਾਰਾ ਜੱਥਾ ਭੇਸ ਬਦਲ ਕੇ ਹੀ ਉਥੋਂ ਅੱਗੇ ਗਿਆ ਸੀ । ਰਾਹ ਵਿਚ ਉਨ੍ਹਾਂ ਜਿਥੇ ਸੁਰੱਖਿਅਤ ਟਿਕਾਣਾ ਮਿਲਿਆ, ਉਥੇ ਨਿਵਾਸ ਵੀ ਕੀਤਾ ਅਤੇ ਸਮੇਂ ਦੀ ਨਬਜ਼ ਨੂੰ ਪਛਾਣਦੇ ਹੋਏ ਹੌਲੀ-ਹੌਲ਼ੀ ਅੱਗੇ ਵਧਦੇ ਗਏ ਸਨ । ਜਦੋਂ ਅੰਬਾਲੇ ਤੋਂ ਹਰਿਦੁਆਰ ਵੱਲ ਗਏ ਤਾਂ ਕੋਈ ਸੁਰੱਖਿਅਤ ਟਿਕਾਣਾ ਨਾ ਮਿਲਿਆ ਅਤੇ ਰਾਹ ਵਿਚ ਕਿਸੇ ਟਿਕਾਣੇ ‘ਤੇ ਨਿਵਾਸ ਕਰਨਾ ਵਧੇਰੇ ਜੋਖਮ ਭਰਪੂਰ ਨਜ਼ਰ ਆਇਆ ਤਾਂ ਦਿੱਲੀ ਦੇ ਸਿੱਖਾਂ ਨੇ ਆਪਣਾ ਘਰ ਹੀ ਵਧੇਰੇ ਸੁਰੱਖਿਅਤ ਮਹਿਸੂਸ ਕੀਤਾ, ਜਿਥੇ ਉਹ ਪਠਾਣੀ ਭੇਸ ਵਿਚ ਨਿਵਾਸ ਕਰਨ ਲੱਗੇ ਸਨ। ਜਦੋਂ ਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਚਮਕੌਰ, ਖਿਦਰਾਣਾ ਹੁੰਦੇ ਹੋਏ ਤਲਵੰਡੀ ਪੁੱਜੇ ਤਾਂ ਉਨ੍ਹਾਂ ਮਾਤਾਵਾਂ ਨੂੰ ਵੀ ਉਥੇ ਬੁਲਾ ਲਿਆ ਸੀ । ਗੁਰੂ ਜੀ ਦੇ ਤਲਵੰਡੀ ਨਿਵਾਸ ਦਾ ਸਮਾਂ ਨੌਂ ਮਹੀਨੇ ਤੋਂ ਕੁੱਝ ਦਿਨ ਉਤੇ ਦਾ ਮੰਨਿਆ ਜਾਂਦਾ ਹੈ। ਤਲਵੰਡੀ ਮਾਤਾਵਾਂ ਦੇ ਲੰਮਾ ਸਮਾਂ ਰਹਿਣ ਦਾ ਵਰਣਨ ਬਹੁਤ ਸਾਰੇ ਸਰੋਤਾਂ ਵਿਚ ਆਉਂਦਾ ਹੈ ਕਿਉਂਕਿ ਉਥੇ ਮਾਤਾਵਾਂ ਗੁਰੂ ਜੀ ਨਾਲ ਲਾਗਲੇ ਪਿੰਡਾਂ ਵਿਚ ਅਕਸਰ ਚਲੇ ਜਾਇਆ ਕਰਦੀਆਂ ਸਨ । ਮਾਤਾਵਾਂ ਨੂੰ ਰੋਪੜ, ਸੋਹਾਣਾ, ਅੰਬਾਲਾ, ਹਰਿਦੁਆਰ ਦੇ ਰਸਤੇ ਦਿੱਲੀ ਜਾਣ ਵਿਚ ਵੀ ਕਈ ਦਿਨ ਲੱਗੇ ਹੋਣਗੇ ਕਿਉਂਕਿ ਇਕ ਤਾਂ ਪੰਧ ਸਿੱਧਾ ਨਹੀਂ ਸੀ ਅਤੇ ਦੂਜਾ ਹਕੂਮਤ ਤੋਂ ਛੁਪਦੇ ਹੋਏ ਜਾਣਾ ਸੀ। ਏਸੇ ਸਮੇਂ ਦੌਰਾਨ ਹੀ ਮਾਤਾਵਾਂ ਦਿੱਲੀ ਤੋਂ ਤਲਵੰਡੀ ਆ ਗਈਆਂ ਸਨ ਅਤੇ ਇਹ ਵੀ ਕੋਈ ਘੱਟ ਪੈਂਡਾ ਨਹੀਂ ਸੀ। ਇਨ੍ਹਾਂ ਸਾਰੀਆਂ ਸਥਿਤੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਜੇਕਰ ਦੇਖਿਆ ਜਾਏ ਤਾਂ ਮਾਤਾਵਾਂ ਦਾ ਦਿੱਲੀ ਨਿਵਾਸ ਦਾ ਸਮਾਂ ਬਹੁਤ ਘੱਟ ਬਣਦਾ ਹੈ। ਇਹ ਸਾਰਾ ਸਮਾਂ ਹਕੂਮਤ ਦੀਆਂ ਨਜ਼ਰਾਂ ਤੋਂ ਛੁੱਪ ਕੇ ਲੰਘਾਇਆ ਗਿਆ ਹੋਣਾ ਹੈ।
ਤਲਵੰਡੀ ਤੋਂ ਮਾਤਾਵਾਂ ਨੂੰ ਦੁਬਾਰਾ ਦਿੱਲੀ ਭੇਜਿਆ ਗਿਆ ਤਾਂ ਥੋੜ੍ਹੇ ਸਮੇਂ ਬਾਅਦ ਹੀ ਬਾਦਸ਼ਾਹ ਔਰੰਗਜ਼ੇਬ ਦਾ ਦੇਹਾਂਤ ਹੋ ਜਾਣ ਨਾਲ ਮੁਲਕ ਵਿਚ ਅਫ਼ਰਾ-ਤਫ਼ਰੀ ਵਾਲਾ ਮਾਹੌਲ ਪੈਦਾ ਹੋ ਗਿਆ ਸੀ । ਬਾਦਸ਼ਾਹ ਦੇ ਪੁੱਤਰਾਂ ਬਹਾਦਰ ਸ਼ਾਹ ਅਤੇ ਤਾਰਾ ਆਜ਼ਮ ਵਿਚਕਾਰ ਗੱਦੀ ਹਥਿਆਉਣ ਲਈ ਜਿਹੜਾ ਯੁੱਧ ਹੋਇਆ ਸੀ, ਉਸ ਵਿਚ ਬਹਾਦਰ ਸ਼ਾਹ ਗੁਰੂ ਜੀ ਦੀ ਸਹਾਇਤਾ ਨਾਲ ਜਿੱਤ ਗਿਆ ਸੀ। ਬਾਦਸ਼ਾਹ ਬਹਾਦਰ ਸ਼ਾਹ ਅਤੇ ਗੁਰੂ ਜੀ ਵਿਚਕਾਰ ਨੇੜਤਾ ਵੱਧ ਜਾਣ ਕਾਰਨ ਉਸ ਸਮੇਂ ਮਾਤਾਵਾਂ ਨੂੰ ਦਿੱਲੀ ਨਿਵਾਸ ਵਿਚ ਕੋਈ ਖ਼ਤਰਾ ਨਹੀਂ ਸੀ। ਬਹਾਦਰ ਸ਼ਾਹ ਦੇ ਸਮੇਂ ਹੀ ਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਤੋਰਿਆ ਸੀ ਅਤੇ ਉਸ ਨੇ ਮੁਗ਼ਲ ਰਾਜ ਦੀਆਂ ਨੀਹਾਂ ਹਿਲਾ ਕੇ ਸਿੱਖ ਰਾਜ ਦੀ ਸਥਾਪਨਾ ਕਰ ਲਈ ਸੀ । ਇਸ ਤੋਂ ਇਕ ਗੱਲ ਸਾਫ਼ ਹੋ ਜਾਂਦੀ ਹੈ ਕਿ ਬਹਾਦਰ ਸ਼ਾਹ ਦੇ ਸਮੇਂ ਕੇਂਦਰੀ ਹਕੂਮਤ ਦਿਨੋ-ਦਿਨ ਕਮਜ਼ੋਰ ਹੋਣ ਲੱਗੀ ਸੀ। ਉਹ ਭਾਰਤ ਵਿਚ ਵੱਖ-ਵੱਖ ਥਾਵਾਂ ‘ਤੇ ਪੈਦਾ ਹੋ ਰਹੀਆਂ ਬਗ਼ਾਵਤਾਂ ਨੂੰ ਕੁਚਲ ਕੇ ਆਪਣਾ ਰਾਜ ਮਜ਼ਬੂਤ ਕਰਨਾ ਚਾਹੁੰਦਾ ਸੀ । ਰਾਜਪੁਤਾਨੇ ਵਿਚ ਕਛਵਾਹਿਆਂ ਅਤੇ ਦੱਖਣ ਵਿਚ ਉਸਦੇ ਭਰਾ ਕਾਮ ਬਖ਼ਸ਼ ਨੇ ਬਗ਼ਾਵਤ ਕੀਤੀ ਹੋਈ ਸੀ ਜਿਨ੍ਹਾਂ ਨੂੰ ਦਬਾਉਣ ਵਿਚ ਉਹ ਰੁੱਝਿਆ ਹੋਇਆ ਸੀ ਕਿ ਪੰਜਾਬ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ ਖ਼ਾਲਸਾਈ ਨਿਸ਼ਾਨ ਝੁਲਾ ਦਿੱਤਾ ਸੀ । ਬਾਬਾ ਬੰਦਾ ਸਿੰਘ ਬਹਾਦਰ ਨੂੰ ਦਬਾਉਣ ਲਈ ਉਹ ਪੰਜਾਬ ਆਇਆ ਤਾਂ ਫ਼ਰਵਰੀ 1712 ਵਿਚ ਲਾਹੌਰ ਵਿਖੇ ਚਲਾਣਾ ਕਰ ਗਿਆ ਸੀ।
ਬਾਦਸ਼ਾਹ ਦੇ ਪੁੱਤਰਾਂ ਵਿਚਕਾਰ ਪੁਰਖਿਆਂ ਵਾਂਗ ਗੱਦੀ ਦੀ ਲੜਾਈ ਅਰੰਭ ਹੋ ਗਈ। ਜਹਾਂਦਾਰ ਸ਼ਾਹ ਆਪਣੇ ਭਰਾਵਾਂ ਨੂੰ ਮਾਰ ਕੇ ਗੱਦੀ ‘ਤੇ ਬੈਠ ਗਿਆ ਪਰ ਉਹ ਵੀ ਬਹੁਤੀ ਦੇਰ ਤੱਕ ਰਾਜ ਨਾ ਕਰ ਸਕਿਆ। ਉਸ ਨੂੰ ਉਸ ਦੇ ਭਤੀਜੇ ਫ਼ਰੁੱਖ਼ਸੀਅਰ ਨੇ ਕਤਲ ਕਰ ਕੇ ਰਾਜ-ਗੱਦੀ ‘ਤੇ ਕਬਜ਼ਾ ਕਰ ਲਿਆ ਸੀ। ਏਸੇ ਸਮੇਂ ਦਾ ਫ਼ਾਇਦਾ ਉਠਾ ਕੇ ਬਾਬਾ ਬੰਦਾ ਸਿੰਘ ਬਹਾਦਰ ਫਿਰ ਤੋਂ ਪੰਜਾਬ ‘ਤੇ ਆ ਕਾਬਜ਼ ਹੋਇਆ ਸੀ। ਗੁਰਦਾਸ ਨੰਗਲ ਦੀ ਲੜਾਈ ਵਿਚ ਬੰਦਾ ਇਸ ਕਰਕੇ ਹਕੂਮਤ ਦੇ ਕਾਬੂ ਆ ਗਿਆ ਸੀ ਕਿਉਂਕਿ ਇਕ ਤਾਂ ਉਸ ਦਾ ਇਕ ਸਾਥੀ ਬਾਬਾ ਬਿਨੋਦ ਸਿੰਘ ਇਕ ਵੱਡੇ ਜੱਥੇ ਨਾਲ ਉਥੋਂ ਨਿਕਲ ਗਿਆ ਸੀ ਅਤੇ ਦੂਜਾ ਘੇਰਾ ਲੰਮਾ ਹੋ ਜਾਣ ਕਾਰਨ ਭੁੱਖ ਨੇ ਉਨ੍ਹਾਂ ਦੀ ਹਾਲਤ ਖ਼ਰਾਬ ਕਰ ਦਿੱਤੀ ਸੀ। ਨਹੀਂ ਤਾਂ ਬਦਲੇ ਹੋਏ ਹਾਲਾਤ ਵਿਚ ਵੀ ਜੇਕਰ ਇਕਮੁੱਠ ਰਹਿੰਦੇ ਤਾਂ ਹਕੂਮਤ ਲਈ ਉਨ੍ਹਾਂ ਨੂੰ ਕਾਬੂ ਕਰ ਸਕਣਾ ਔਖਾ ਸੀ। ਭਾਰਤ ਦੀ ਮੁਗ਼ਲ ਹਕੂਮਤ ਨੂੰ ਵੱਖ-ਵੱਖ ਰਾਜਾਂ ਵਿਚ ਪੈਦਾ ਹੋ ਰਹੀ ਅਫ਼ਰਾ-ਤਫ਼ਰੀ ਨਾਲ ਜੂਝਣਾ ਮੁਸ਼ਕਿਲ ਹੋ ਰਿਹਾ ਸੀ। ਗੋਕਲ ਚੰਦ ਨਾਰੰਗ ਦੱਸਦਾ ਹੈ ਕਿ, “ਇਕ ਪੀੜ੍ਹੀ ਦੇ ਅੰਦਰ-ਅੰਦਰ ਦਲੇਰ ਮੁਸਲਮਾਨਾਂ ਨੇ ਬੰਗਾਲ, ਲਖਨਊ ਅਤੇ ਹੈਦਰਾਬਾਦ ਵਿਖੇ ਵੱਖਰੀਆਂ ਰਿਆਸਤਾਂ ਸਥਾਪਤ ਕਰ ਲਈਆਂ ਸਨ। ਮਰਹੱਟਾ ਪੇਸ਼ਵਾ ਨੇ ਭਾਰਤ ਦੇ ਮੁਸਲਮਾਨਾਂ ਨੂੰ, ਜਦੋਂ ਬਾਜੀ ਰਾਓ ਨੇ 1737 ਵਿਚ ਆਗਰੇ ਤੋਂ ਦਿੱਲੀ ਵੱਲ ਚੜ੍ਹਾਈ ਕੀਤੀ, ਹਥਿਆਰਬੰਦ ਰੂਪ ਵਿਚ ਪ੍ਰਗਟ ਹੋ ਕੇ ਭਕਾ ਦਿੱਤਾ ਸੀ। ਰੁਹੇਲਿਆਂ ਨੇ ਰੁਹੇਲ ਖੰਡ ਵਿਖੇ ਤੇ ਹਿੰਦੂ ਜਾਟਾਂ ਨੇ ਭਰਤਪੁਰ ਵਿਖੇ ਸੁਤੰਤਰ ਰਾਜ ਸਥਾਪਤ ਕਰ ਲਏ ਸਨ ਜਦੋਂ ਕਿ ਰਾਜਪੂਤਾਂ ਨੇ ਪਹਿਲਾਂ ਹੀ ਮੁਗ਼ਲਾਂ ਦੀ ਪੰਜਾਲੀ ਨੂੰ ਅਮਲੀ ਰੂਪ ਵਿਚ ਗਲੋਂ ਲਾਹ ਦਿੱਤਾ ਸੀ।”44 ਪੰਜਾਬ ਅੰਦਰ ਲਾਹੌਰ ਸਭ ਤੋਂ ਸ਼ਕਤੀਸ਼ਾਲੀ ਸੂਬਾ ਸੀ ਪਰ ਉਥੇ ਵੀ ਅਜਿਹਾ ਸਮਾਂ ਆ ਗਿਆ ਸੀ ਕਿ ਉਥੋਂ ਦੇ ਹਾਕਮ ਆਪਣੀ ਗੱਦੀ ਬਚਾਉਣ ਲਈ ਇਕ ਪਾਸੇ ਦਿੱਲੀ ਦਰਬਾਰ ਵੱਲ ਦੇਖਦੇ ਸਨ ਅਤੇ ਦੂਜੇ ਪਾਸੇ ਕਾਬੁਲ ਦਾ ਧਿਆਨ ਧਰਨ ਲੱਗੇ ਸਨ । ਲਾਹੌਰ ਦੇ ਹਾਕਮਾਂ ਦੀਆਂ ਇਨ੍ਹਾਂ ਚਾਲਾਂ ਦਾ ਜਾਂ ਤਾਂ ਦਿੱਲੀ ਦੇ ਬਾਦਸ਼ਾਹ ਨੂੰ ਪਤਾ ਨਹੀਂ ਸੀ ਲੱਗਦਾ ਜਾਂ ਫਿਰ ਸ਼ਾਇਦ ਉਹ ਪਤਾ ਲੱਗ ਜਾਣ ਦੇ ਬਾਵਜੂਦ ਕੁਝ ਵੀ ਕਰਨ ਤੋਂ ਅਸਮਰੱਥ ਸਾਬਿਤ ਹੋ ਰਿਹਾ ਸੀ। ਦਿੱਲੀ ਦਰਬਾਰ ਵੱਲੋਂ ਜਾਰੀ ਆਦੇਸ਼ ਅਨੁਸਾਰ ਲਾਹੌਰ ਦਰਬਾਰ ਦੀ ਸਿੱਖਾਂ ਖ਼ਿਲਾਫ਼ ਪੈਦਾ ਹੋਈ ਦਮਨਕਾਰੀ ਨੀਤੀ ਉਸ ਸਮੇਂ ਹੀ ਤੇਜ਼ ਹੁੰਦੀ ਸੀ ਜਦੋਂ ਬਾਹਰੀ ਹਮਲੇ ਦੀ ਕੋਈ ਗੁੰਜਾਇਸ਼ ਨਾ ਹੋਵੇ, ਨਹੀਂ ਤਾਂ ਲਾਹੌਰ ਦੇ ਹਾਕਮਾਂ ਨੂੰ ਅਫ਼ਗ਼ਾਨ ਹਮਲਾਵਰਾਂ ਨਾਲ ਜੂਝਣ ਲਈ ਕਈ ਵਾਰ ਸਿੱਖਾਂ ਦੀ ਲੋੜ ਪਈ ਸੀ। ਇਹ ਸਾਰੀਆਂ ਗੱਲਾਂ ਸਾਬਤ ਕਰਦੀਆਂ ਹਨ ਕਿ ਦਿੱਲੀ ਦਰਬਾਰ ਦਾ ਧਿਆਨ ਆਪਸੀ ਉਲਝਣਾਂ ਨੂੰ ਸੁਲਝਾਉਣ ਵੱਲ ਹੀ ਵਧੇਰੇ ਕੇਂਦਰਿਤ ਸੀ। ਮਾਤਾ ਸੁੰਦਰੀ ਜੀ ਕੌਮ ਦੀ ਜਥੇਬੰਦਕ ਅਗਵਾਈ ਕਰ ਰਹੇ ਸਨ ਅਤੇ ਬਾਦਸ਼ਾਹ ਲਈ ਇਹ ਵਾਜਬ ਨਹੀਂ ਸੀ ਕਿ ਉਹ ਸ਼ਾਂਤਮਈ ਜੀਵਨ ਬਸਰ ਕਰ ਰਹੀਆਂ ਮਾਤਾਵਾਂ ਨਾਲ ਕੋਈ ਨਵਾਂ ਮਸਲਾ ਖੜਾ ਕਰ ਕੇ ਭਾਰਤ ਦੇ ਵੱਖ-ਵੱਖ ਕੋਨਿਆਂ ਵਿਚ ਵੱਸੇ ਹੋਏ ਨਾਨਕ ਨਾਮ-ਲੇਵਾ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਦਾ ਕਿਉਂਕਿ ਬੇਕਸੂਰ ਅਤੇ ਸ਼ਾਂਤਮਈ ਆਗੂਆਂ ‘ਤੇ ਕੀਤੇ ਜ਼ੁਲਮਾਂ ਨਾਲ ਲੋਕਾਂ ਵਿਚ ਰੋਹ ਦੀ ਭਾਵਨਾ ਵਧੇਰੇ ਅਤੇ ਛੇਤੀ ਪੈਦਾ ਹੋ ਜਾਂਦੀ ਹੈ। ਪਿਛਲੇ ਸਮੇਂ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀਆਂ ਸ਼ਹਾਦਤਾਂ ਤੋਂ ਬਾਅਦ ਸਿੱਖਾਂ ਨੇ ਹਥਿਆਰਬੰਦ ਸੰਘਰਸ਼ ਅਰੰਭ ਕਰ ਦਿੱਤਾ ਸੀ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਸਮੁੱਚੀ ਸਿੱਖ ਕੌਮ ਵਿਚ ਅਜਿਹਾ ਵਿਦਰੋਹ ਪੈਦਾ ਕਰ ਦਿੱਤਾ ਸੀ ਜਿਸ ਨੇ ਹਕੂਮਤ ਦੇ ਸਰਹਿੰਦ, ਸਮਾਣਾ, ਸਢੌਰਾ ਆਦਿ ਸ਼ਕਤੀਸ਼ਾਲੀ ਕੇਂਦਰਾਂ ਨੂੰ ਤਬਾਹ ਕਰ ਦਿੱਤਾ ਸੀ ਅਤੇ ਮੁੜ ਇਸ ਇਲਾਕੇ ਵਿਚ ਸ਼ਾਂਤੀ ਸਥਾਪਤ ਨਹੀਂ ਸੀ ਹੋ ਸਕੀ।
ਦਿੱਲੀ ਦੇ ਹਾਕਮ ਰਾਜਨੀਤਿਕ ਦ੍ਰਿਸ਼ਟੀ ਤੋਂ ਮਾਤਾਵਾਂ ਨਾਲ ਸੰਬੰਧ ਬਣਾਈ ਰੱਖਣਾ ਚਾਹੁੰਦੇ ਸਨ। ਇਸ ਤਰ੍ਹਾਂ ਕਰਕੇ ਉਹ ਵਿਦਰੋਹ ਕਰਨ ਵਾਲੇ ਸਿੱਖਾਂ ਦੀ ਤਾਕਤ ਘੱਟ ਕਰ ਸਕਦੇ ਸਨ। ਉਨ੍ਹਾਂ ਨੇ ਮਾਤਾ ਸੁੰਦਰੀ ਜੀ ਦੇ ਪਾਲਿਤ ਪੁੱਤਰ ਅਜੀਤ ਸਿੰਘ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜਾਗੀਰ ਦਿੱਤੀ ਹੋਈ ਸੀ ਅਤੇ ਸਮੇਂ-ਸਮੇਂ ‘ਤੇ ਉਸ ਦਾ ਬਾਦਸ਼ਾਹ ਨਾਲ ਮਿਲਾਪ ਵੀ ਹੁੰਦਾ ਰਿਹਾ ਸੀ। ਪਾਲਿਤ ਅਜੀਤ ਸਿੰਘ ਹਕੂਮਤ ਦੀ ਸਖ਼ਤ ਨਿਗਰਾਨੀ ਹੇਠ ਸੀ ਅਤੇ ਉਸ ਦੇ ਖੁੱਲ੍ਹੇਆਮ ਘੁੰਮਣ-ਫਿਰਨ ’ਤੇ ਪਾਬੰਦੀ ਸੀ । ਮਾਤਾਵਾਂ ਨੇ ਆਪਣਾ ਬਹੁਤਾ ਸਮਾਂ ਦਿੱਲੀ ਵਿਖੇ ਬਤੀਤ ਕੀਤਾ ਸੀ ਅਤੇ ਲੱਗਦਾ ਹੈ ਕਿ ਉਨ੍ਹਾਂ ‘ਤੇ ਵੀ ਨਿਗਰਾਨੀ ਰੱਖੀ ਜਾ ਰਹੀ ਸੀ। ਇਸ ਦਾ ਇਕ ਸਬੂਤ ਸਾਨੂੰ ਉਸ ਚਿੱਠੀ ਤੋਂ ਮਿਲਦਾ ਹੈ ਜਿਹੜੀ ਭਾਈ ਮਨੀ ਸਿੰਘ ਨੇ ਦਿੱਲੀ ਵਿਖੇ ਮਾਤਾਵਾਂ ਨੂੰ ਭੇਜੀ ਸੀ। ਇਸ ਚਿੱਠੀ ਦੀ ਆਖ਼ਰੀ ਪੰਕਤੀ ਹੈ ‘ਜੁਆਬ ਪੋਰੀ ਮੇਂ”। ਇਸ ਪੰਕਤੀ ਤੋਂ ਸਪੱਸ਼ਟ ਹੁੰਦਾ ਹੈ ਕਿ ਸਮੇਂ ਦੀ ਹਕੂਮਤ ਮਾਤਾ ਜੀ ਕੋਲ ਆਉਣ-ਜਾਣ ਵਾਲਿਆਂ ਅਤੇ ਉਨ੍ਹਾਂ ਨਾਲ ਚਿੱਠੀ-ਪੱਤਰ ਕਰਨ ਵਾਲਿਆਂ ‘ਤੇ ਨਿਗਰਾਨੀ ਰੱਖਦੀ ਸੀ।
ਇਨ੍ਹਾਂ ਤੋਂ ਇਲਾਵਾ ਇਕ ਹੋਰ ਮਹੱਤਵਪੂਰਨ ਨੁਕਤਾ ਸਾਹਮਣੇ ਆਉਂਦਾ ਹੈ ਕਿ ਮੁਗ਼ਲ ਦਰਬਾਰ ਦੇ ਕੁਝ ਅਹਿਮ ਵਿਅਕਤੀ ਗੁਰੂ-ਘਰ ਦੇ ਸ਼ਰਧਾਲੂ ਸਨ ਜਾਂ ਗੁਰੂ-ਘਰ ਨਾਲ ਹਮਦਰਦੀ ਰੱਖਦੇ ਸਨ। ਉਨ੍ਹਾਂ ਵਿੱਚੋਂ ਭਾਈ ਨੰਦ ਲਾਲ ਪ੍ਰਮੁਖ ਹੈ ਜਿਹੜਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਰਿਹਾ ਸੀ ਅਤੇ ਉਸ ਨੇ ਗੁਰੂ-ਘਰ ਦੀ ਪਰੰਪਰਾ ਨੂੰ ਉਜਾਗਰ ਕਰਦੀਆਂ ਰਚਨਾਵਾਂ ਵੀ ਲਿਖੀਆਂ ਸਨ। ਇਹ ਜਦੋਂ ਤੱਕ ਜਿਊਂਦਾ ਰਿਹਾ, ਗੁਰੂ-ਘਰ ਦਾ ਸ਼ਰਧਾਲੂ ਬਣ ਕੇ ਰਿਹਾ ਸੀ। ਉਸ ਤੋਂ ਇਲਾਵਾ ਅੰਬੇਰਪਤੀ ਰਾਜਾ ਜੈ ਸਿੰਘ ਸਵਾਈ, ਜੋਧਪੁਰ ਦਾ ਮਹਾਰਾਜਾ ਅਜੀਤ ਸਿੰਘ ਅਤੇ ਬਾਦਸ਼ਾਹ ਬਹਾਦਰ ਸ਼ਾਹ ਦਾ ਦੀਵਾਨ ਰਾਜਾ ਮਜਲਸ ਰਾਇ ਵੀ ਗੁਰੂ-ਘਰ ਪ੍ਰਤੀ ਨਿਸ਼ਠਾ ਰੱਖਦੇ ਸਨ।
ਦਿੱਲੀ ਵਿਖੇ ਮਾਤਾਵਾਂ ਦੂਰ-ਦੁਰਾਡੇ ਦੀਆਂ ਸਿੱਖ ਸੰਗਤਾਂ ਨੂੰ ਇਕਮੁੱਠ ਕਰਨ ਦਾ ਕਾਰਜ ਕਰ ਰਹੀਆਂ ਸਨ। ਉਥੇ ਨਿਵਾਸ ਦੌਰਾਨ ਜਦੋਂ ਮਾਤਾਵਾਂ ਨੂੰ ਕਿਸੇ ਕਿਸਮ ਦੇ ਵਿਰੋਧ ਦੀ ਭਿਣਕ ਪੈਂਦੀ ਸੀ ਤਾਂ ਉਹ ਦਿੱਲੀ ਤੋਂ ਬਾਹਰ ਚਲੇ ਜਾਇਆ ਕਰਦੀਆਂ ਸਨ। ਮਥੁਰਾ, ਬੁਰਹਾਨਪੁਰ ਆਦਿ ਸਥਾਨਾਂ ‘ਤੇ ਮਾਤਾਵਾਂ ਦੇ ਜਾਣ ਦਾ ਜ਼ਿਕਰ ਆਉਂਦਾ ਹੈ। ਕੁਝ ਰਾਜਪੂਤ ਰਾਜੇ ਵੀ ਗੁਰੂ- ਘਰ ਪ੍ਰਤੀ ਸ਼ਰਧਾ ਰੱਖਦੇ ਸਨ, ਜਿਸ ਕਰਕੇ ਉਹ ਮਾਤਾਵਾਂ ਦਾ ਸਤਿਕਾਰ ਕਰਦੇ ਸਨ।
ਮਾਤਾ ਸੁੰਦਰੀ ਜੀ ਦਿੱਲੀ ਵਿਖੇ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਗਪਗ ਪੰਜ ਮਹੀਨੇ ਦਿੱਲੀ ਵਿਖੇ ਰਹੇ॥ ਉਥੇ ਉਨ੍ਹਾਂ ਨੇ ਪਹਿਲਾਂ ਉਸ ਸਥਾਨ ਦੇ ਦਰਸ਼ਨ ਕੀਤੇ ਜਿਥੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ’ ਅਤੇ ਫਿਰ ਸਸਕਾਰ ਅਸਥਾਨ ’ਤੇ ਉਨ੍ਹਾਂ ਦੀ ਯਾਦਗਾਰ ਕਾਇਮ ਕੀਤੀ। ਇਸ ਸਮੇਂ ਦੌਰਾਨ ਉਨ੍ਹਾਂ ਦੀ ਬਾਦਸ਼ਾਹ ਨਾਲ ਗੱਲਬਾਤ ਚੱਲ ਰਹੀ ਸੀ ਜਿਸ ਵਿਚ ਗੁਰੂ ਜੀ ਚਾਹੁੰਦੇ ਸਨ ਕਿ ਬਾਦਸ਼ਾਹ ਉਨ੍ਹਾਂ ਹਾਕਮਾਂ ਨੂੰ ਸਜ਼ਾਵਾਂ ਦੇਵੇ, ਜਿਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਧਰਮ ਅਤੇ ਸਦਾਚਾਰ ਦੇ ਨਿਯਮਾਂ ਦੀ ਉਲੰਘਣਾ ਕੀਤੀ ਸੀ। ਗਿਆਨੀ ਗਿਆਨ ਸਿੰਘ ਲਿਖਦੇ ਹਨ ਕਿ ਗੁਰੂ ਜੀ ਨੇ ਬਾਦਸ਼ਾਹ ਨੂੰ ਇਕ ਫਰਦ ਦਿੱਤੀ ਸੀ ਜਿਸ ਵਿਚ ਉਨ੍ਹਾਂ ਚੌਧਰੀਆਂ ਅਤੇ ਹਾਕਮਾਂ ਦੇ ਨਾਂ ਸਨ ਜਿਨ੍ਹਾਂ ਨੇ ਧਰਮ ਦੀ ਮਰਯਾਦਾ ਨੂੰ ਅੱਖੋਂ ਪਰੋਖੇ ਕਰ ਕੇ ਲੋਕਾਂ ‘ਤੇ ਜ਼ੁਲਮ ਕੀਤੇ ਸਨ। ਇਨ੍ਹਾਂ ਵਿਚ ਸੂਬਾ ਸਰਹੰਦ ਬਜੀਦ ਖ਼ਾਨ, ਉਸ ਦਾ ਦੀਵਾਨ ਸੁੱਚਾ ਨੰਦ, ਰੋਪੜ ਦਾ ਨਵਾਬ ਮੁਕਰਮ ਖ਼ਾਨ, ਲਾਹੌਰ ਦਾ ਸੂਬੇਦਾਰ ਦਿਲਾਵਰ ਖ਼ਾਨ, ਜਲੰਧਰ ਦਾ ਨਾਜ਼ਮ ਨਜਾਮ ਦੀਨ ਨਾਇਲ, ਬਜਵਾੜੇ ਦਾ ਸ਼ਮਸ ਖ਼ਾਨ, ਫਗਵਾੜੇ ਦਾ ਚੌਧਰੀ ਕਰਮ ਚੰਦ, ਦੁਖੇੜੀ ਵਾਲਾ ਬਿਪ੍ਰ ਗੰਗਾ ਰਾਮ, ਮੋਰਿੰਡੇ ਦੇ ਜਾਨੀ ਖ਼ਾਨ ਅਤੇ ਮਾਨੀ ਖ਼ਾਨ, ਰਾਜਾ ਰਾਮ ਸਰਨ ਹੰਡੂਰੀ, ਰਾਜਾ ਅਜਮੇਰ ਚੰਦ ਕਹਿਲੂਰੀ, ਜਮਾਲ ਖ਼ਾਨ ਅਤੇ ਫ਼ਤੇ ਖ਼ਾਨ ਕਸੂਰੀ ਆਦਿ ਸ਼ਾਮਿਲ ਸਨ। ਗੁਰੂ ਸਾਹਿਬ ਅਤੇ ਬਾਦਸ਼ਾਹ ਵਿਚਕਾਰ ਗੱਲਬਾਤ ਚੱਲ ਹੀ ਰਹੀ ਸੀ ਕਿ “ਬਹਾਦਰ ਸ਼ਾਹ ਨੇ ਕਛਵਾਹਿਆਂ ਦੇ ਵਿਰੁੱਧ ਕਾਰਵਾਈ ਕਰਨ ਲਈ ਕੂਚ ਕੀਤਾ ਤੇ ਉਥੋਂ ਆਪਣੇ ਭਰਾ ਕਾਮਬਖ਼ਸ਼ ਦੀ ਬਗ਼ਾਵਤ ਦਬਾਉਣ ਲਈ ਦੱਖਣ ਨੂੰ ਚਲਾ ਗਿਆ। ਗੁਰੂ ਜੀ ਆਪਣੇ ਮਨੋਰਥ ਨੂੰ ਸਾਹਮਣੇ ਰੱਖ ਕੇ ਬਾਦਸ਼ਾਹ ਦੇ ਨਾਲ ਦੱਖਣ ਵੱਲ ਚਲੇ ਗਏ।”
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਿੱਲੀ ਤੋਂ ਦੱਖਣ ਨੂੰ ਜਾਣ ਲੱਗੇ ਤਾਂ ਦਿੱਲੀ ਦੇ ਸਿੱਖਾਂ ਵਿਚ ਉਦਾਸੀ ਛਾ ਗਈ। ਗੁਰੂ ਜੀ ਦੀ ਸੰਗਤ ਵਿਚ ਉਹ ਜਿਹੜਾ ਅਨੰਦ ਮਾਣ ਰਹੇ ਸਨ, ਉਸ ਤੋਂ ਉਹ ਵਾਂਝਾ ਨਹੀਂ ਸਨ ਹੋਣਾ ਚਾਹੁੰਦੇ, ਪਰ ਗੁਰੂ ਜੀ ਲਈ ਇਹ ਵਧੇਰੇ ਜ਼ਰੂਰੀ ਸੀ ਕਿ ਜਿਹੜੇ ਉਦੇਸ਼ ਉਨ੍ਹਾਂ ਮਿਥ ਲਏ ਸਨ, ਉਨ੍ਹਾਂ ਨੂੰ ਛੇਤੀ ਤੋਂ ਛੇਤੀ ਪੂਰਾ ਕੀਤਾ ਜਾਵੇ । ਗੁਰੂ ਜੀ ਲਈ ਦਿੱਲੀ ਰਹਿਣ ਦੀ ਬਜਾਏ ਬਾਦਸ਼ਾਹ ਨਾਲ ਦੱਖਣ ਵੱਲ ਜਾਣਾ ਵਧੇਰੇ ਜ਼ਰੂਰੀ ਸੀ। ਜਦੋਂ ਗੁਰੂ ਜੀ ਜਾਣ ਲੱਗੇ ਤਾਂ ਸਿੱਖਾਂ ਨੇ ਬੇਨਤੀ ਕੀਤੀ ਕਿ ਦਿੱਲੀ ਵਿਚ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕਿਸੇ ਨੂੰ ਛੱਡ ਜਾਵੋ। ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਦੇਵਾਂ ਜੀ ਵੀ ਗੁਰੂ ਜੀ ਨਾਲ ਅੱਗੇ ਜਾਣਾ ਚਾਹੁੰਦੀਆਂ ਸਨ ਪਰ ਗੁਰੂ ਜੀ ਨੇ ਸਿੱਖਾਂ ਦੀ ਬੇਨਤੀ ਸੁਣ ਕੇ ਉਨ੍ਹਾਂ ਨੂੰ ਦਿੱਲੀ ਵਿਖੇ ਹੀ ਨਿਵਾਸ ਕਰਨ ਲਈ ਕਿਹਾ।” ਜਦੋਂ ਮਾਤਾ ਸੁੰਦਰੀ ਜੀ ਨੇ ਗੁਰੂ ਜੀ ਦੁਆਰਾ ਇਹ ਬਚਨ ਸੁਣੇ ਤਾਂ ਉਨ੍ਹਾਂ ਦਾ ਮਨ ਉਦਾਸ ਹੋ ਗਿਆ ਜਿਸ ਦਾ ਵਰਣਨ ਕਰਦੇ ਹੋਏ ਭਾਈ ਸੰਤੋਖ ਸਿੰਘ ਦੱਸਦੇ ਹਨ:
ਦਿਨ ਪ੍ਰਤਿ ਕੂਚ ਬਿਖਾਦ ਕਰੰਤਾ।
ਇਹਾਂ ਬਸੇ ਸੁਖ ਸਮਾਂ ਬਿਤੰਤਾ।
ਸੁਨਿ ਸੁੰਦ੍ਰੀ ਦ੍ਰਿਗ ਭਰਿ ਬਹੁ ਰੋਈ।
ਸੁਤ ਕੋ ਸਿਮਰਿ ਸਿਮਰਿ ਦੁਖ ਪੋਈ।
ਕੇਤਿਕ ਬਾਰਿ ਦ੍ਰਿਗਨ ਜਲ ਡਾਰਾ।
ਪੁਨ ਸ਼੍ਰੀ ਪਤਿ ਕੇ ਸਾਥ ਉਚਾਰਾ।
ਤੁਮ ਸਮਰਥ ਸਭਿ ਬਿਧਿ ਗੁਨ ਖਾਨੀ।
ਪੁਰਹੁ ਕਾਮਨਾ ਸਿੱਖ ਮਹਾਨੀ।
ਮੈਂ ਅਤਿ ਦੁਖੀ ਨਿਕਟ ਤੁਮ ਰਹੀ।
ਇਕ ਪੁੱਤ੍ਰਾ ਤਿਸ ਭੀ ਮ੍ਰਿਤੁ ਲਹੀ।
ਕਿਸ ਅਲੰਬ ਮੈਂ ਜੀਯੌ ਗੁਸਾਈਂ।
ਬਿਛਰ ਏਕਲੀ ਰਹਿ ਇਸ ਥਾਂਈ।”
ਭਾਈ ਸੰਤੋਖ ਸਿੰਘ ਜੀ ਮਾਤਾ ਸੁੰਦਰੀ ਜੀ ਰਾਹੀਂ ਇਕ ਮਾਤਾ ਦੇ ਮਨ ਦੀਆਂ ਉਨ੍ਹਾਂ ਭਾਵਨਾਵਾਂ ਨੂੰ ਉਜਾਗਰ ਕਰਦੇ ਹਨ ਜੋ ਕਿ ਬੱਚੇ ਦੇ ਸਮੇਂ ਤੋਂ ਪਹਿਲਾਂ ਵਿਛੁੜ ਜਾਣ ਕਰਕੇ ਇਕ ਮਾਂ ਦੇ ਮਨ ਵਿਚ ਪ੍ਰਗਟ ਹੁੰਦੀਆਂ ਹਨ। ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਚਮਕੌਰ ਦੇ ਯੁੱਧ ਵਿਚ ਸ਼ਹੀਦੀ ਪ੍ਰਾਪਤ ਕਰ ਜਾਣ ਦਾ ਜੋ ਦੁੱਖ ਮਾਤਾ ਜੀ ਅਨੁਭਵ ਕਰ ਰਹੇ ਸਨ, ਉਨ੍ਹਾਂ ਦਾ ਵਰਣਨ ਕਰਦੇ ਹੋਏ ਕਿਹਾ ਗਿਆ ਹੈ :
ਜਬਿ ਸੁਤ ਕੀ ਸੂਰਤ ਸਿਮਰੰਤੀ।
ਮਹਾਂ ਕਸ਼ਟ ਤੇ ਮੈਂ ਨ ਮਰੰਤੀ।
ਏਤਿਕ ਦੁਖ ਪੂਰਬ ਭਾ ਮੋਹਿ।
ਬਿਰਹ ਆਪ ਕੇ ਕ੍ਯਾ ਗਤਿ ਹੋਹਿ।
ਮਾਤਾ ਸੁੰਦਰੀ ਜੀ ਪਿਛਲੇ ਸਮੇਂ ਦੀਆਂ ਘਟਨਾਵਾਂ ਨੂੰ ਯਾਦ ਕਰ ਕੇ ਜਦੋਂ ਉਦਾਸ ਹੋ ਗਏ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਸਮਝਾਇਆ ਕਿ ਇਹ ਜਗਤ ਚਲਾਇਮਾਨ ਹੈ ਅਤੇ ਜੋ ਭੂਤ ਵਿਚ ਸੀ ਉਹ ਭਵਿੱਖ ਵਿਚ ਨਹੀਂ ਰਹੇਗਾ। ਹਰ ਇਕ ਮਨੁੱਖ ਨੂੰ ਆਪਣੇ ਧਰਮ ਅਨੁਸਾਰ ਕਾਰਜ ਕਰਨੇ ਚਾਹੀਦੇ ਹਨ, ਇਹੀ ਉਸ ਦੇ ਜੀਵਨ ਦਾ ਪਰਮ ਉਦੇਸ਼ ਹੈ। ਤੁਹਾਡੇ ਸਪੁੱਤਰ ਨੇ ਜੰਗ ਦੇ ਮੈਦਾਨ ਵਿਚ ਬੀਰਤਾ ਦੇ ਜੌਹਰ ਦਿਖਾਉਂਦੇ ਹੋਏ ਸੈਂਕੜੇ ਦੁਸ਼ਮਣਾਂ ਨੂੰ ਮਾਰ ਦਿੱਤਾ ਹੈ, ਪ੍ਰਲੋਕ ਵਿਚ ਉਸ ਨੂੰ ਪੂਰਨ ਸੁੱਖ ਪ੍ਰਾਪਤ ਹੋਏ ਹਨ। ਪ੍ਰਿਥਵੀ ‘ਤੇ ਜੇਕਰ ਕੋਈ ਚੱਕਰਵਰਤੀ ਰਾਜਾ ਹੈ, ਜਿਸ ਦਾ ਹੁਕਮ ਕੋਈ ਟਾਲ ਨਾ ਸਕਦਾ ਹੋਵੇ, ਉਸ ਨੂੰ ਬਹੁਤ ਸਾਰੀਆਂ ਯੁਵਾ ਇਸਤ੍ਰੀਆਂ ਵੀ ਪ੍ਰਾਪਤ ਹੋ ਜਾਣ; ਇਹ ਸਭ ਦੁਨਿਆਵੀ ਖੇੜੇ ਉਸ ਅਨੰਦ ਦਾ ਕਿਣਕਾ ਮਾਤਰ ਹੈ ਜਿਹੜਾ ਕਿ ਆਪ ਦੇ ਸਪੁੱਤਰ (ਸਾਹਿਬਜ਼ਾਦਾ ਅਜੀਤ ਸਿੰਘ) ਨੂੰ ਪ੍ਰਾਪਤ ਹੋਇਆ ਹੈ। ਗੁਰੂ ਜੀ ਨੇ ਮਾਤਾ ਜੀ ਨੂੰ ਸਮਝਾਉਂਦੇ ਹੋਏ ਸਿੱਖ ਸੰਗਤ ਦਾ ਕਲਿਆਣ ਕਰਨ ਹਿਤ ਦਿੱਲੀ ਵਿਖੇ ਨਿਵਾਸ ਕਰਨ ਲਈ ਪ੍ਰੇਰਿਤ ਕੀਤਾ :
ਅਪਰ ਤ੍ਰਿਯਨਿ ਸਮ ਤੁਹਿ ਨਹਿਂ ਚਹੀਅਹਿ।
ਹਮਰੀ ਸੰਗਤਿ ਕੋ ਫਲ ਲਹੀਯਹਿ।
ਸਿੱਖਨ ਕੋ ਕੀਜਹਿ ਕੱਲ੍ਯਾਨ।
ਬਸੀਯਹਿ ਦਿੱਲੀ ਪੁਰਿ ਰੁਚਿ ਠਾਨਿ।
ਗੁਰੂ ਜੀ ਨੇ ਦਿੱਲੀ ਦੀ ਸੰਗਤ ਦੀਆਂ ਭਾਵਨਾਵਾਂ ਨੂੰ ਜਾਣਦੇ ਹੋਏ ਦੋਵੇਂ ਮਾਤਾਵਾਂ ਨੂੰ ਦਿੱਲੀ ਵਿਖੇ ਰਹਿਣ ਦੀ ਪ੍ਰੇਰਣਾ ਕੀਤੀ ਅਤੇ ਨਾਲ ਹੀ ਦਿੱਲੀ ਦੀ ਸੰਗਤ ਨੂੰ ਦੋਵੇਂ ਮਾਤਾਵਾਂ ਦੀ ਸੇਵਾ ਕਰਨ ਅਤੇ ਸਿੱਖੀ ਦੇ ਪ੍ਰਚਾਰ ਲਈ ਆਦੇਸ਼ ਦਿੱਤਾ। “ ਦਿੱਲੀ ਤੋਂ ਗੁਰੂ ਜੀ ਤੁਰਨ ਲੱਗੇ ਤਾਂ ਮਾਤਾ ਸਾਹਿਬ ਦੇਵਾਂ ਜੀ ਨੇ ਵੀ ਨਾਲ ਜਾਣ ਦੀ ਬੇਨਤੀ ਕੀਤੀ। ਮਾਤਾ ਜੀ ਨੇ ਕਿਹਾ ਕਿ ਉਨ੍ਹਾਂ ਕਦੇ ਆਪ ਜੀ ਦੇ ਦਰਸ਼ਨ ਕੀਤੇ ਬਗ਼ੈਰ ਪ੍ਰਸ਼ਾਦਾ ਨਹੀਂ ਛਕਿਆ, ਇਸ ਲਈ ਨਾਲ ਲੈ ਕੇ ਜਾਣ ਦੀ ਆਗਿਆ ਬਖ਼ਸ਼ੋ। ਗੁਰੂ ਜੀ ਨੇ ਦੂਰ ਦੇਸ ਜਾਂਦੇ ਸਮੇਂ ਰਾਹ ਦੀਆਂ ਔਕੜਾਂ ਤੋਂ ਮਾਤਾ ਜੀ ਨੂੰ ਜਾਣੂ ਕਰਵਾਇਆ, ਪਰ ਮਾਤਾ ਜੀ ਨੇ ਉਨ੍ਹਾਂ ਦੀ ਪ੍ਰਵਾਹ ਨਾ ਕਰਨ ਅਤੇ ਨਾਲ ਜਾਣ ਦੀ ਆਪਣੀ ਬੇਨਤੀ ਦੁਹਰਾਈ। ਗੁਰੂ ਜੀ ਮਾਤਾ ਸੁੰਦਰੀ ਜੀ ਨੂੰ ਦਿੱਲੀ ਦੀ ਸੰਗਤ ਕੋਲ ਛੱਡ ਕੇ ਮਾਤਾ ਸਾਹਿਬ ਦੇਵਾਂ ਜੀ ਨੂੰ ਨਾਲ ਲੈ ਕੇ ਦੱਖਣ ਵੱਲ ਚਲੇ ਗਏ।
ਪਾਲਿਤ ਅਜੀਤ ਸਿੰਘ ਅਤੇ ਹਠੀ ਸਿੰਘ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਿੱਲੀ ਨਿਵਾਸ ਦੌਰਾਨ ਬਹੁਤ ਸਾਰੀ ਸੰਗਤ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੀ ਸੀ। ਇਸ ਸੰਗਤ ਵਿਚ ਇਕ ਬੱਚਾ ਵੀ ਆਉਂਦਾ ਸੀ, ਭਾਈ ਸੰਤੋਖ ਸਿੰਘ ਨੇ ਇਸ ਦੀ ਉਮਰ ਪੰਜ ਸਾਲ ਦੱਸੀ ਹੈ। ਇਹ ਬੱਚਾ ਦਿੱਲੀ ਦੇ ਇਕ ਸੁਨਿਆਰੇ ਦਾ ਲੜਕਾ ਸੀ ।” ਇਸ ਬੱਚੇ ਦੀ ਸ਼ਕਲ ਮਾਤਾ ਸੁੰਦਰੀ ਜੀ ਦੇ ਸਾਹਿਬਜ਼ਾਦੇ ਅਜੀਤ ਸਿੰਘ ਨਾਲ ਬਹੁਤ ਮਿਲਦੀ ਸੀ। ਮਾਤਾ ਸੁੰਦਰੀ ਜੀ ਨੇ ਉਸ ਬੱਚੇ ਨੂੰ ਦੇਖਿਆ ਤਾਂ ਮਮਤਾ ਜਾਗ ਪਈ। ਉਨ੍ਹਾਂ ਨੇ ਬੱਚੇ ਨੂੰ ਆਪਣੇ ਕੋਲ ਰੱਖਣ ਲਈ ਗੁਰੂ ਜੀ ਨੂੰ ਬੇਨਤੀ ਕੀਤੀ ਜਿਹੜੀ ਕਿ ਉਨ੍ਹਾਂ ਪ੍ਰਵਾਨ ਕਰ ਲਈ। ਮਾਤਾ ਸੁੰਦਰੀ ਜੀ ਨੇ ਉਸ ਬੱਚੇ ਦਾ ਬਹੁਤ ਪਿਆਰ ਨਾਲ ਪਾਲਣ-ਪੋਸ਼ਣ ਕੀਤਾ ਅਤੇ ਨਾਂ ਅਜੀਤ ਸਿੰਘ ਹੀ ਰੱਖਿਆ।
ਪਾਲਿਤ ਅਜੀਤ ਸਿੰਘ ਨੇ ਮਾਤਾ ਸੁੰਦਰੀ ਜੀ ਤੋਂ ਮਾਂ ਵਾਲਾ ਪਿਆਰ ਪ੍ਰਾਪਤ ਕੀਤਾ ਸੀ, ਇਸ ਲਈ ਦਰਸ਼ਨਾਂ ਨੂੰ ਆਉਣ ਵਾਲੀ ਸਿੱਖ ਸੰਗਤ ਲਈ ਉਹ ਖਿੱਚ ਦਾ ਕਾਰਨ ਬਣਿਆ ਸੀ। ਸੰਗਤ ਉਸ ਦਾ ਗੁਰੂ-ਪੁੱਤਰ ਵਾਂਗ ਸਤਿਕਾਰ ਕਰਨ ਲੱਗੀ ਸੀ। 30 ਅਕਤੂਬਰ 1708 ਈਸਵੀ ਵਿਚ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੋਤੀ-ਜੋਤਿ ਸਮਾਏ ਤਾਂ ਬਾਦਸ਼ਾਹ ਬਹਾਦਰ ਸ਼ਾਹ ਨੇ ਏਸੇ ਪਾਲਿਤ ਅਜੀਤ ਸਿੰਘ ਨੂੰ ਮਾਤਮੀ ਖਿੱਲਤ ਭੇਜੀ ਸੀ ।” ਸਮਾਂ ਆਉਣ ‘ਤੇ ਮਾਤਾ ਸੁੰਦਰੀ ਜੀ ਨੇ ਉਸ ਦਾ ਵਿਆਹ ਬੁਰਹਾਨਪੁਰ ਦੇ ਸਿੱਖ ਪਰਿਵਾਰ ਦੀ ਲੜਕੀ ਤਾਰਾ ਬਾਈ ਨਾਲ ਕਰ ਦਿੱਤਾ ਸੀ।
ਅਜੀਤ ਸਿੰਘ ਨੇ ਆਪਣੇ ਜੀਵਨ ਵਿਚ ਕੁਝ ਅਜਿਹੇ ਕਾਰਜ ਕੀਤੇ ਜਿਨ੍ਹਾਂ ਕਾਰਨ ਉਹ ਮਾਤਾ ਸੁੰਦਰੀ ਜੀ ਦੀਆਂ ਨਜ਼ਰਾਂ ਤੋਂ ਡਿੱਗ ਗਿਆ ਸੀ। ਉਸ ਦੇ ਜੀਵਨ ਦੀਆਂ ਕੁਝ ਮਹੱਤਵਪੂਰਨ ਘਟਨਾਵਾਂ ਦਾ ਵਰਣਨ ਸਮਕਾਲੀ ਸਰੋਤਾਂ ਵਿਚ ਮਿਲਦਾ ਹੈ। ਉਸ ਦੇ ਜੀਵਨ ਦੀਆਂ ਉਨ੍ਹਾਂ ਘਟਨਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ:
- ਸਤੰਬਰ 26, 1710, ਮੰਗਲਵਾਰ – ਰਾਜਾ ਸਤਰਸਾਲ ਬੁੰਦੇਲਾ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ (ਪਾਲਿਤ) ਅਜੀਤ ਸਿੰਘ ਨੂੰ ਲਿਆਉਣ ਲਈ ਸ਼ਾਹਜ਼ਹਾਨਾਬਾਦ (ਦਿੱਲੀ) ਗਿਆ। ਉਸ ਨੂੰ ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਸ ਨੇ ਰਾਜੇ ਅਤੇ ਸਾਹਿਬਜ਼ਾਦੇ ਦੋਵਾਂ ਨੂੰ ਖਿੱਲਤਾਂ ਦਿੱਤੀਆਂ। ਰਾਜੇ ਨੂੰ ਮੋਹਰਾਂ ਅਤੇ ਖਿੱਲਤ ਅਤੇ ਅਜੀਤ ਸਿੰਘ ਨੂੰ ਦਿੱਤੀਆਂ ਵਸਤਾਂ ਵਿਚ ਮੋਹਰਾਂ, ਇਕ ਤਲਵਾਰ, ਇਕ ਢਾਲ ਅਤੇ ਇਕ ਖਿੱਲਤ ਸ਼ਾਮਿਲ ਸੀ।
- ਦਸੰਬਰ 27, 1710, ਬੁੱਧਵਾਰ – ਜਮਦਾਤ-ਉਲ-ਮੁਲਕ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਦਾ (ਪਾਲਿਤ) ਪੁੱਤਰ ਰਾਜਾ ਸਤਰਸਾਲ ਦੀ ਨਿਗਰਾਨੀ ਵਿਚ ਹੈ। ਉਹ ਆਪਣੇ ਘਰ ਚਲਾ ਗਿਆ ਹੈ। ਇਹ ਆਸ ਕੀਤੀ ਜਾਂਦੀ ਹੈ ਕਿ ਅਜੀਤ ਸਿੰਘ ਨੂੰ ਕਿਸੇ ਹੋਰ ਦੇ ਸਪੁਰਦ ਕੀਤਾ ਜਾਵੇ। ਹੁਕਮ ਹੋਇਆ ਕਿ ਉਸ ਨੂੰ ਤਾਲਿਬ ਖ਼ਾਨ ਬਹਾਦਰ ਨੂੰ ਸੌਂਪ ਦਿੱਤਾ ਜਾਵੇ।
- ਜੂਨ 1, 1711, ਸ਼ੁਕਰਵਾਰ – ਸਰਬਰਾਹ ਖ਼ਾਨ ਕੋਤਵਾਲ ਨੇ ਬਾਦਸ਼ਾਹ ਨੂੰ ਬੇਨਤੀ ਕੀਤੀ ਕਿ ਗੁਰੂ (ਗੋਬਿੰਦ ਸਿੰਘ) ਦਾ (ਪਾਲਿਤ) ਅਜੀਤ ਸਿੰਘ ਤੁਹਾਡੇ ਦਰਸ਼ਨ ਕਰਨ ਆਇਆ ਹੈ। ਉਸ ਨੂੰ ਪੇਸ਼ ਹੋਣ ਦੀ ਆਗਿਆ ਦਿੱਤੀ ਗਈ। ਉਸ ਨੇ ਹਮੀਦ-ਉਦ-ਦੀਨ ਖ਼ਾਨ ਬਹਾਦਰ ਰਾਹੀਂ ਬਾਦਸ਼ਾਹ ਨੂੰ ਸਨਮਾਨ ਭੇਟ ਕੀਤਾ। ਉਸ ਨੇ ਪੰਜ ਮੋਹਰਾਂ ਭੇਟ ਕੀਤੀਆਂ। ਬਾਦਸ਼ਾਹ ਨੇ ਉਸ ਨੂੰ ਤੋਹਫ਼ਾ ਦਿੱਤਾ। ਉਸੇ ਸਮੇਂ ਦੌਰਾਨ ਸਰਬਰਾਹ ਖ਼ਾਨ ਨੇ ਵੀ ਬੇਨਤੀ ਕੀਤੀ ਕਿ ਅਜੀਤ ਸਿੰਘ ਨੇ ਸ਼ਾਹੀ ਫ਼ੌਜਾਂ ਦੇ ਬੰਦਿਆਂ ਦੁਆਰਾ ਤੰਗ ਕਰਨ ਦੀ ਸ਼ਿਕਾਇਤ ਕੀਤੀ ਹੈ। ਬਾਦਸ਼ਾਹ ਨੇ ਹੁਕਮ ਕੀਤਾ ਕਿ ਉਸ ਨੂੰ ਸਰਬਰਾਹ ਖ਼ਾਨ ਕੋਲ ਰਹਿਣਾ ਚਾਹੀਦਾ ਹੈ ਅਤੇ ਨਾਲ ਹੀ ਉਸ ਨੇ ਖ਼ਾਨ ਨੂੰ ਉਸ ਦੀ ਸੁਰੱਖਿਆ ਪ੍ਰਦਾਨ ਕਰਨ ਲਈ ਕਿਹਾ। ਉਸ ਨੂੰ ਇਸ ਬਾਰੇ ਪੂਰਾ ਯਕੀਨ ਹੋਣਾ ਚਾਹੀਦਾ ਹੈ। ਸ
- ਦਸੰਬਰ 30, 1711, ਐਤਵਾਰ – ਗੁਰੂ ਗੋਬਿੰਦ ਸਿੰਘ ਜੀ ਦਾ (ਪਾਲਿਤ) ਪੁੱਤਰ ਅਜੀਤ ਸਿੰਘ, ਜਿਹੜਾ ਕਿ ਸਰਬਰਾਹ ਖ਼ਾਨ ਕੋਲ ਰਹਿ ਰਿਹਾ ਸੀ, ਬਾਦਸ਼ਾਹ ਕੋਲ ਆਇਆ ਅਤੇ ਉਸ ਨੂੰ ਨੌਂ ਅਸ਼ਰਫ਼ੀਆਂ ਭੇਟ ਕੀਤੀਆਂ। ਬਾਦਸ਼ਾਹ ਨੇ ਹੁਕਮ ਕੀਤਾ ਕਿ ਉਹ ਜਿਥੇ ਖ਼ੁਸ਼ੀ ਮਹਿਸੂਸ ਕਰੇ, ਰਹਿ ਸਕਦਾ ਹੈ ਅਤੇ ਉਸ ਨੂੰ ਮਹਾਬਤ ਖ਼ਾਨ ਬਹਾਦਰ ਨਾਲ ਰਾਬਤਾ ਬਣਾਈ ਰੱਖਣਾ ਚਾਹੀਦਾ ਹੈ। ਚੱਕ ਗੁਰੂ ਅਜੀਤ ਸਿੰਘ ਨੂੰ ਸੌਂਪ ਦਿੱਤਾ ਗਿਆ ।
- ਫ਼ਰਵਰੀ 13, 1712, ਬੁੱਧਵਾਰ – ਗੁਰੂ ਗੋਬਿੰਦ ਸਿੰਘ ਦਾ (ਪਾਲਿਤ) ਪੁੱਤਰ ਅਜੀਤ ਸਿੰਘ ਰਾਜਧਾਨੀ ਵਿਚ ਸੀ। ਅਜੀਤ ਸਿੰਘ ਬਾਦਸ਼ਾਹ ਕੋਲ ਗਿਆ ਤਾਂ ਗੁਰੂ ਗੋਬਿੰਦ ਸਿੰਘ ਦੇ ਕੁੱਝ ਸਾਥੀ ਵੀ ਉਸ ਦੇ ਨਾਲ ਸਨ। ਉਨ੍ਹਾਂ ਦੀ ਬੇਨਤੀ ਉਦੇਸ਼ ਰਹਿਤ ਨਹੀਂ ਸੀ।
- ਅਗਸਤ 7, 1716, ਮੰਗਲਵਾਰ – ਗੁਰੂ ਗੋਬਿੰਦ ਸਿੰਘ ਜੀ ਦੇ (ਪਾਲਿਤ) ਪੁੱਤਰ ਨੂੰ ਪਗੜੀ ਦੇ ਕੇ ਸਨਮਾਨਿਤ ਕੀਤਾ ਗਿਆ।
ਇਹ ਉਹ ਸਮਾਂ ਸੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖ਼ਸ਼ਿਸ਼ ਪ੍ਰਾਪਤ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚੋਂ ਮੁਗ਼ਲ ਰਾਜ ਦੀਆਂ ਜੜ੍ਹਾਂ ਪੁੱਟ ਦਿੱਤੀਆਂ ਸਨ। ਉਕਤ ਘਟਨਾਵਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਮੁਗ਼ਲ ਹਾਕਮ ਅਜੀਤ ਸਿੰਘ ਨੂੰ ਸਿੱਖਾਂ ਵਿਚ ਇਕ ਧਿਰ ਵਜੋਂ ਖੜਾ ਕਰਨਾ ਚਾਹੁੰਦੇ ਸਨ। ਹਾਕਮ ਰਾਜ ਪ੍ਰਬੰਧ ਨੂੰ ਮਜ਼ਬੂਤ ਕਰਨ ਲਈ ਅਕਸਰ ਵਿਰੋਧੀ ਧਿਰ ਵਿਚ ਫੁੱਟ ਪਾ ਕੇ ਰੱਖਣ ਦਾ ਯਤਨ ਕਰਦੇ ਹਨ ਤਾਂ ਕਿ ਕੋਈ ਇਕ ਧਿਰ ਵਧੇਰੇ ਮਜ਼ਬੂਤ ਹੋ ਕੇ ਹਕੂਮਤ ਲਈ ਖ਼ਤਰਾ ਖੜਾ ਨਾ ਕਰ ਦੇਵੇ ਅਤੇ ਲੋੜ ਪੈਣ ‘ਤੇ ਇਕ ਧਿਰ ਨੂੰ ਦੂਜੀ ਧਿਰ ਦੇ ਵਿਰੋਧ ਵਿਚ ਵਰਤ ਲਿਆ ਜਾਵੇ। ਹਕੂਮਤ ਦੀ ਇਹ ਮਨਸ਼ਾ ਉਨ੍ਹਾਂ ਤੱਥਾਂ ਤੋਂ ਉਜਾਗਰ ਹੁੰਦੀ ਹੈ ਜਿਹੜੇ ਸਮੇਂ ਦੇ ਫੇਰ ਨਾਲ ਲੋਕਾਂ ਤੱਕ ਪਹੁੰਚ ਜਾਂਦੇ ਹਨ ਜਾਂ ਜਦੋਂ ਵਿਦਵਾਨ ਉਸ ਸਮੇਂ ਦੀਆਂ ਘਟਨਾਵਾਂ ਦੀ ਬਾਰੀਕੀ ਨਾਲ ਘੋਖ ਕਰਦੇ ਹਨ। ਬਾਦਸ਼ਾਹ ਬਹਾਦਰ ਸ਼ਾਹ ਗੁਰੂ ਜੀ ਦੀ ਸਹਾਇਤਾ ਨਾਲ ਗੱਦੀ ਪ੍ਰਾਪਤ ਕਰਨ ਵਿਚ ਕਾਮਯਾਬ ਹੋਇਆ ਸੀ। ਉਹ ਨਾ ਤਾਂ ਗੁਰੂ ਜੀ ਦੀ ਗੱਲ ਨੂੰ ਪੂਰੀ ਤਰ੍ਹਾਂ ਮੰਨ ਰਿਹਾ ਸੀ ਅਤੇ ਨਾ ਹੀ ਉਹਨਾਂ ਨੂੰ ਜਵਾਬ ਦੇ ਰਿਹਾ ਸੀ। ਨਾਂਦੇੜ ਦੇ ਸਥਾਨ ‘ਤੇ ਜਦੋਂ ਗੁਰੂ ਜੀ ‘ਤੇ ਦੋ ਪਠਾਣਾਂ ਨੇ ਹਮਲਾ ਕੀਤਾ ਤਾਂ ਉਨ੍ਹਾਂ ਵਿੱਚੋਂ ਇਕ ਜਮਸ਼ੇਦ ਖ਼ਾਨ ਗੁਰੂ ਜੀ ਹੱਥੋਂ ਮਾਰਿਆ ਗਿਆ। ਬਾਦਸ਼ਾਹ ਨੇ ਉਸ ਦੇ ਪੁੱਤਰ ਨੂੰ ਮਾਤਮੀ ਬਿੱਲਤ ਭੇਜੀ ਅਤੇ ਜਦੋਂ ਗੁਰੂ ਜੀ ਜੋਤੀ-ਜੋਤਿ ਸਮਾ ਗਏ ਤਾਂ ਬਾਦਸ਼ਾਹ ਨੇ ਉਹਨਾਂ ਦੇ ਪਾਲਿਤ ਪੁੱਤਰ ਅਜੀਤ ਸਿੰਘ ਨੂੰ ਵੀ ਮਾਤਮੀ ਖ਼ਿੱਲਤ ਭੇਜ ਦਿੱਤੀ ਸੀ। ਇਸ ਘਟਨਾ ‘ਤੇ ਟਿੱਪਣੀ ਕਰਦੇ ਹੋਏ ਸ਼ਮਸ਼ੇਰ ਸਿੰਘ ਅਸ਼ੋਕ ਕਹਿੰਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਦਾ ਸਮਾਚਾਰ ਸੁਣ ਕੇ ਮੁਗ਼ਲ ਬਾਦਸ਼ਾਹ ਬਹਾਦੁਰ ਸ਼ਾਹ ਨੇ ਅਫ਼ਸੋਸ ਵਜੋਂ ਗੁਰੂ ਸਾਹਿਬ ਦੇ ਪਾਲਿਤ ਪੁੱਤਰ ਅਜੀਤ ਸਿੰਘ ਨੂੰ ਬੁਰਹਾਨਪੁਰ ਦੇ ਸਥਾਨ ਪਰ ਖ਼ਿੱਲਤ ਭੇਜਿਆ, ਇਸ ਦੇ ਨਾਲ ਹੀ ਜਮਸ਼ੈਦ ਖ਼ਾਨ ਕਾਤਲ ਦੇ ਮਾਣ ਵਜੋਂ, ਜੋ ਗੁਰੂ ਜੀ ਦੇ ਪੇਟ ਵਿਚ ਖ਼ਜਰ ਖੋਭਣ ਸਮੇਂ ਮਾਰਿਆ ਗਿਆ ਸੀ, ਉਸ ਦੇ ਪੁੱਤਰ ਨੂੰ ਵੀ ਉਸੇ ਤਰ੍ਹਾਂ ਸ਼ਾਹੀ ਖ਼ਾਲਤ ਭੇਜਿਆ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਸ ਸਾਜ਼ਿਸ਼ ਵਿਚ ਬਹਾਦਰ ਸ਼ਾਹ ਦਾ ਅੰਤਰਗਤੀ ਖ਼ਾਸ ਤੌਰ ‘ਤੇ ਹੱਥ ਸੀ।
ਗੁਰੂ ਪਰਿਵਾਰ ਵਿਚ ਪੁੱਤਰ ਵਜੋਂ ਮਾਨਤਾ ਮਿਲਣ ਕਰਕੇ ਅਜੀਤ ਸਿੰਘ ਦਾ ਸਿੱਖਾਂ ਵਿਚ ਸਤਿਕਾਰ ਵਧਦਾ ਜਾਂਦਾ ਸੀ ਜਿਸ ਦਾ ਫ਼ਾਇਦਾ ਸਮੇਂ ਦੀ ਹਕੂਮਤ ਨੇ ਲਿਆ ਸੀ। ਉਹ (ਪਾਲਿਤ) ਅਜੀਤ ਸਿੰਘ ਨੂੰ ਬੰਦੇ ਦੇ ਬਰਾਬਰ ਲਿਆ ਕੇ ਉਸ ਦੀ ਤਾਕਤ ਨੂੰ ਕਮਜ਼ੋਰ ਕਰਨਾ ਚਾਹੁੰਦੀ ਸੀ।” ਬਾਦਸ਼ਾਹ ਬਹਾਦਰ ਸ਼ਾਹ ਦੇ ਦੇਹਾਂਤ ਤੋਂ ਬਾਅਦ ਅਜੀਤ ਸਿੰਘ ਵਾਪਸ ਦਿੱਲੀ ਆ ਕੇ ਰਹਿਣ ਲੱਗ ਪਿਆ ਸੀ । ਉਹ ਦਿੱਲੀ ਆ ਕੇ ਸ਼ਸਤਰ ਧਾਰਨ ਕਰ ਕੇ ਬਾਦਸ਼ਾਹਾਂ ਦੀ ਤਰ੍ਹਾਂ ਰਹਿਣ ਲੱਗਿਆ। ਇਕ ਵਾਰ ਉਸ ਦੇ ਮਨ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਸਜਾਉਣ ਦੀ ਇੱਛਾ ਪੈਦਾ ਹੋਈ ਅਤੇ ਉਸ ਨੇ ਮਾਤਾ ਸੁੰਦਰੀ ਜੀ ਕੋਲ ਗੁਰੂ ਜੀ ਦੇ ਸੰਭਾਲ ਕੇ ਰੱਖੇ ਹੋਏ ਸ਼ਸਤਰਾਂ ਦੀ ਮੰਗ ਕੀਤੀ ਜਿਸ ਨੂੰ ਮਾਤਾ ਜੀ ਨੇ ਇਹ ਕਹਿ ਕੇ ਠੁਕਰਾ ਦਿੱਤਾ ਕਿ ਗੁਰੂ ਜੀ ਦੀ ਛੋਹ ਪ੍ਰਾਪਤ ਸ਼ਸਤਰ ਪੂਜਣਯੋਗ ਹਨ, ਇਨ੍ਹਾਂ ਨੂੰ ਪਹਿਨਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ” ਉਸ ਨੇ ਮਾਤਾ ਜੀ ‘ਤੇ ਹਮਲਾ ਕਰਨ ਦਾ ਯਤਨ ਕੀਤਾ ਜਿਸ ਨੂੰ ਨਾਕਾਮ ਕਰ ਦਿੱਤਾ ਗਿਆ। ਮਾਤਾ ਜੀ ਨੇ ਉਸ ਨੂੰ ਮੱਥੇ ਨਾ ਲੱਗਣ ਲਈ ਕਿਹਾ। ਹੁਣ ਉਹ ਮਾਤਾ ਜੀ ਦੇ ਕੋਲ ਰਹਿਣ ਦੀ ਬਜਾਏ ਕਿਸੇ ਹੋਰ ਥਾਂ ਰਹਿਣ ਲੱਗਾ ਸੀ। ਉਸ ਨੇ ਆਪਣੀ ਕੁੱਝ ਸਿੱਖੀ ਸੇਵਕੀ ਵੀ ਪੈਦਾ ਕਰ ਲਈ ਸੀ ਅਤੇ ਇਕ ਜੱਥੇ ਦੇ ਆਗੂ ਵਜੋਂ ਵਿਚਰਨ ਕਰਕੇ ਉਸ ਦੇ ਮਨ ਵਿਚ ਤਾਕਤ ਦੀ ਹਉਮੈ ਵੀ ਪੈਦਾ ਹੋਣ ਲੱਗ ਪਈ ਸੀ। ਤਾਕਤ ਦੇ ਨਸ਼ੇ ਵਿਚ ਇਕ ਦਿਨ ਉਸ ਦਾ ਨਮਾਜ਼ ਅਦਾ ਕਰ ਰਹੇ ਕੁਝ ਮੁਸਲਮਾਨਾਂ ਨਾਲ ਝਗੜਾ ਹੋ ਗਿਆ। ਬਾਦਸ਼ਾਹ ਕੋਲ ਉਸ ਦੀ ਸ਼ਿਕਾਇਤ ਹੋਈ ਤਾਂ ਉਸ ਨੇ ਅਜੀਤ ਸਿੰਘ ਨੂੰ ਵਾਲ ਕੱਟ ਕੇ ਦਰਬਾਰ ਵਿਚ ਪੇਸ਼ ਹੋਣ ਲਈ ਕਿਹਾ। ਅਜੀਤ ਸਿੰਘ ਵਾਲ ਕਟਾ ਕੇ ਬਾਦਸ਼ਾਹ ਕੋਲ ਪੇਸ਼ ਹੋਇਆ ਅਤੇ ਮਾਫ਼ੀ ਮੰਗੀ। ਅਜੀਤ ਸਿੰਘ ਦੇ ਵਾਲ ਕਟਾਉਣ ਦੀ ਘਟਨਾ ਖੋਜ ਦੀ ਮੰਗ ਕਰਦੀ ਹੈ ਕਿ ਉਸ ਨੇ ਵਾਲ ਆਪ ਕਟਾਏ ਸਨ ਕਿ ਹਕੂਮਤ ਨੇ ਉਸ ਨੂੰ ਫੜ ਕੇ ਉਸ ਦੇ ਵਾਲ ਕੱਟਣ ਉਪਰੰਤ ਉਸ ਨੂੰ ਬਾਦਸ਼ਾਹ ਦੇ ਪੇਸ਼ ਕੀਤਾ ਗਿਆ ਸੀ। ਕਾਰਨ ਕੁਝ ਵੀ ਹੋਵੇ, ਪਰ ਵਾਲ ਕਟਾਉਣ ਦੀ ਘਟਨਾ ਨਾਲ ਮਾਤਾ ਜੀ ਦੇ ਮਨ ਨੂੰ ਬਹੁਤ ਦੁੱਖ ਪੁੱਜਾ ਅਤੇ ਉਹਨਾਂ ਨੇ ਉਸ ਨੂੰ ਸਿੱਖੀ ਤੋਂ ਬੇਦਖ਼ਲ ਕਰ ਦਿੱਤਾ ਸੀ।
ਗੁਰੂ-ਘਰ ਦੇ ਵਿਰੋਧੀ ਕੰਮਾਂ ਕਰਕੇ ਅਜੀਤ ਸਿੰਘ ਮਾਤਾ ਸੁੰਦਰੀ ਜੀ ਦੀਆਂ ਨਜ਼ਰਾਂ ਵਿਚ ਡਿੱਗ ਚੁੱਕਿਆ ਸੀ ਅਤੇ ਮਾਤਾ ਜੀ ਨੇ ਉਸ ਨੂੰ ਕਦੇ ਆਪਣੇ ਨੇੜੇ ਨਹੀਂ ਸੀ ਆਉਣ ਦਿੱਤਾ ਪਰ ਫੇਰ ਵੀ ਦਰਿਆ ਦਿਲ ਮਾਤਾ ਨੇ ਬਿਪਤਾ ਸਮੇਂ ਸ਼ਰਨ ਆਏ ਉਸ ਦੀ ਪਤਨੀ ਅਤੇ ਪੁੱਤਰ ਨੂੰ ਨਿਵਾਸ ਬਖ਼ਸ਼ਿਸ਼ ਕਰ ਦਿੱਤਾ ਸੀ। ਅਜੀਤ ਸਿੰਘ ਨੇ ਦਿੱਲੀ ਵਿਖੇ ਇਕ ਸੰਗਤ ਕਾਇਮ ਕਰ ਲਈ ਸੀ ਜਿਸ ਨੂੰ ‘ਅਜੀਤੀ ਸੰਗਤ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਉਸ ਦੀ ਸੰਗਤ ਵਿਚ ਆਉਣ ਵਾਲੇ ਸਿੱਖ ਗੁਰੂ-ਘਰ ਦੇ ਪ੍ਰੇਮੀ ਸਨ । ਉਸ ਦੇ ਨਾਲ ਜਿਹੜੇ ਹਥਿਆਰਬੰਦ ਸਿੱਖ ਸ਼ਾਮਿਲ ਸਨ, ਉਨ੍ਹਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖਿਡਾਵਾ ਚਉਪਾ ਸਿੰਘ ਅਤੇ ਮਾਤਾ ਸਾਹਿਬ ਕੌਰ ਜੀ ਦਾ ਭਰਾ ਭਾਈ ਸਾਹਿਬ ਸਿੰਘ ਵੀ ਸ਼ਾਮਿਲ ਸੀ। ਬੇਨਵਾ ਫ਼ਿਰਕੇ ਦੇ ਇਕ ਫ਼ਕੀਰ ਨਾਲ ਇਕ ਵਾਰ ਉਸ ਦਾ ਝਗੜਾ ਹੋ ਗਿਆ ਜਿਸ ਵਿਚ ਉਸ ਦੀ ਮੌਤ ਹੋ ਗਈ । ਇਸ ਬਿਰਤਾਂਤ ਦਾ ਵਰਣਨ ਕਰਦੇ ਹੋਏ ਸ਼ਹੀਦ ਬਿਲਾਸ ਵਿਚ ਦੱਸਿਆ ਗਿਆ ਹੈ :
ਬੇਨਵਾ ਇਕ ਫ਼ਕੀਰ ਸੀ ਮਰਯੋ ਆਪਣੀ ਆਇ। ਤਿਸ ਮੈਂ ਸਾਹਿਬ ਅਜੀਤ ਕੋ ਤੁਰਕ ਪਕੜਨਾ ਚਾਇ। ਅੰਮ੍ਰਿਤਸਰ ਮੈਂ ਇਹ ਸੁਨ ਪਾਈ। ਸਿੰਘ ਅਜੀਤ ਸ਼ਹੀਦੀ ਪਾਈ। 8 ਸਾਹਿਬ ਸਿੰਘ ਗੁਰ ਰਿਸ਼ਤੇਦਾਰ। ਗੈਲ ਅਜੀਤ ਸਿੰਘ ਜਿਸ ਕਾ ਪਿਆਰ। ਸਾਠ ਬਲੀ ਸਿੰਘਨ ਕੇ ਸਾਥ। ਹੋਯੋ ਸ਼ਹੀਦ ਰਖ ਸਾਂਵੇ ਮਾਥ। ਸਬ ਸਿੰਘਨ ਲੜ ਦੀਨੇ ਪ੍ਰਾਨ । ਮਨੀ ਸਿੰਘ ਸੁਣਯੋ ਇਮ ਕਾਨ। ਮਾਤਾ ਗੈਲ ਹਠੀ ਸਿੰਘ ਲੈ ਕੇ। ਗਈ ਨਿਕਲ ਇਹ ਮੁਖ ਥੀਂ ਕਹਿ ਕੇ। ਨਾਸ ਤੁਰਕ ਰਾਜ ਕਾ ਹੋਵੇ। ਸ਼ਕਤਿ ਅਕਾਲ ਇਨੈ ਕੀ ਖੋਵੈ। ਸੇਵਾ ਹਰੀ ਥੀ ਮਾਤ ਅਲਾਇਆ । ਇਨ ਕਾ ਨਾਸ ਹੋਣ ਤੇ ਆਇਆ ।
ਪਾਲਿਤ ਅਜੀਤ ਸਿੰਘ ਦੀ ਮੌਤ ਸਿੱਖ-ਇਤਿਹਾਸ ਦੇ ਖੋਜੀਆਂ ਲਈ ਵਿਚਾਰ ਦਾ ਵਿਸ਼ਾ ਰਹੀ ਹੈ। ਗਿਆਨੀ ਗਰਜਾ ਸਿੰਘ ਕਹਿੰਦੇ ਹਨ ਕਿ “ਇਕ ਬੇਨਵਾ ਫ਼ਕੀਰ ਦੇ ਮਰਵਾਉਣ ਦਾ ਝੂਠਾ ਵਕੂਆ ਬਣਾ ਕੇ ਬਾਦਸ਼ਾਹ ਮੁਹੰਮਦ ਸ਼ਾਹ ਨੇ ਇਨ੍ਹਾਂ ਨੂੰ ਮਰਵਾ ਦਿੱਤਾ ਸੀ।” ਇਕ ਵਿਚਾਰਨਯੋਗ ਗੱਲ ਇਹ ਹੈ ਕਿ ਪਾਲਿਤ ਅਜੀਤ ਸਿੰਘ ਨਾਲ ਜਿਹੜੇ ਸਿੰਘ ਸ਼ਹੀਦ ਹੋਏ ਸਨ, ਉਨ੍ਹਾਂ ਵਿਚ ਮਾਤਾ ਸਾਹਿਬ ਦੇਵਾਂ ਜੀ ਦਾ ਭਰਾ ਭਾਈ ਸਾਹਿਬ ਵੀ ਸ਼ਾਮਿਲ ਸੀ। ਇਸ ਘਟਨਾ ਤੋਂ ਤੁਰੰਤ ਬਾਅਦ ਮਾਤਾ ਸੁੰਦਰੀ ਜੀ ਪਾਲਿਤ ਅਜੀਤ ਸਿੰਘ ਦੀ ਪਤਨੀ ਅਤੇ ਪੁੱਤਰ ਹਠੀ ਸਿੰਘ ਨੂੰ ਨਾਲ ਲੈ ਕੇ ਮਥੁਰਾ ਚਲੇ ਗਏ ਸਨ। ਗਿਆਨੀ ਗਰਜਾ ਸਿੰਘ ਪਾਲਿਤ ਅਜੀਤ ਸਿੰਘ ਦੀ ਮੌਤ ਦੀ ਘਟਨਾ ਭਾਈ ਮਨੀ ਸਿੰਘ ਦੁਆਰਾ ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਵਿਚਕਾਰ ਹੋਏ ਸਮਝੌਤੇ ਤੋਂ ਤਿੰਨ ਕੁ ਮਹੀਨੇ ਪਿੱਛੋਂ 1723 ਈ: ਦੀ ਮੰਨਦੇ ਹਨ। 1707 ਈਸਵੀ ਵਿਚ ਮਾਤਾ ਸੁੰਦਰੀ ਜੀ ਦੁਆਰਾ ਗੋਦ ਲਏ ਲਗਪਗ ਪੰਜ ਸਾਲ ਦੇ ਬੱਚੇ ਪਾਲਿਤ ਅਜੀਤ ਸਿੰਘ ਦੀ ਉਮਰ 1723 ਈਸਵੀ ਵਿਚ ਲਗਪਗ 21-22 ਸਾਲ ਦੀ ਬਣਦੀ ਹੈ। ਇਸ ਬਿਰਤਾਂਤ ਤੋਂ ਇੰਜ ਜਾਪਦਾ ਹੈ ਕਿ ਹਕੂਮਤ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਖ਼ਾਲਸਾ ਦਲਾਂ ਦੇ ਇਕੱਠੇ ਹੋਣ ਅਤੇ ਪਾਲਿਤ ਅਜੀਤ ਸਿੰਘ ਦੀ ਚੜ੍ਹਦੀ ਜਵਾਨੀ ਅਤੇ ਜੋਸ਼ ਤੋਂ ਘਬਰਾ ਗਈ ਸੀ। ਸਰਕਾਰੀ ਰੋਜ਼ਨਾਮਚਿਆਂ ਅਨੁਸਾਰ ਪਾਲਿਤ ਅਜੀਤ ਸਿੰਘ ਤਾਂ ਪਹਿਲਾਂ ਹੀ ਹਕੂਮਤ ਦੀ ਨਜ਼ਰਬੰਦੀ ਵਿਚ ਸੀ ਅਤੇ ਉਹ ਗੁਰੂ-ਘਰ ਨਾਲ ਜੁੜੇ ਹੋਣ ਕਰਕੇ ਸਿੱਖਾਂ ਦੀ ਵਧੇਰੇ ਹਮਦਰਦੀ ਹਾਸਲ ਕਰ ਸਕਦਾ ਸੀ । ਹਕੂਮਤ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਸਿੱਖਾਂ ਦੇ ਹੱਥ ਵੇਖ ਚੁੱਕੀ ਸੀ ਅਤੇ ਉਹ ਇਸ ਗੱਲ ਤੋਂ ਘਬਰਾ ਗਈ ਜਾਪਦੀ ਸੀ ਕਿ ਕਿਤੇ ਸਿੱਖ ਦੁਬਾਰਾ ਇਕੱਠੇ ਹੋ ਕੇ ਹਕੂਮਤ ਲਈ ਕੋਈ ਵੱਡੀ ਸਮੱਸਿਆ ਪੈਦਾ ਨਾ ਕਰ ਦੇਣ। ਭਾਈ ਵੀਰ ਸਿੰਘ ਕਹਿੰਦੇ ਹਨ, “ਇਹ ਵੀ ਖੋਜ ਤਲਬ ਬਾਤ ਹੈ ਕਿ ਪਾਲਕ ਨੇ ਬੇਨਵਾ ਮਰਵਾਇਆ ਸੀ ਯਾ ਕਿ ਉਸ ਦਾ ਸ਼ਾਹੀ ਠਾਠ ਬਾਠ ਦੇਖ ਕੇ ਅਰ ਉਸ ਪਾਸ ਸੰਗਤਾਂ ਦੇ ਮੇਲੇ ਲਗਦੇ ਤੱਕ ਤੱਕ ਕੇ ਤੁਰਕ ਉਮਰਾਵਾਂ ਨੇ ਖ਼ੌਫ਼ ਖਾਧਾ ਕਿ ਕਿਤੇ ਬੰਦੇ ਵਾਂਙੂ ਇਹ ਵੀ ਜ਼ੋਰ ਨਾ ਪਕੜ ਜਾਵੇ ਤੇ ਉਸ ਦੇ ਜੀਵਨ ਨੂੰ ਸਮਾਪਤ ਕਰਨ ਵਾਸਤੇ ਬੇਨਵਾ ਨੂੰ ਮਾਰ ਦੇਣ ਦੀ ਊਜ ਉਸ ਦੇ ਸਿਰ ਪਰ ਥੱਪ ਕੇ ਬੰਦੇ ਵਰਗੇ ਦਿੱਸ ਰਹੇ ਖ਼ਤਰੇ ਤੋਂ ਛੁੱਟੀ ਪਾਈ। ਇਸ ਵੇਲੇ ਪਾਤਸ਼ਾਹ ਮੁਹੰਮਦ ਸ਼ਾਹ ਰੰਗੀਲਾ ਸੀ, ਬੇਨਵੇ ਦੇ ਮਰਨੇ ਦਾ ਉਗਾਹ ਸਿਵਾ ਇਕ ਅਯਾਲੀ ਦੇ ਕੋਈ ਨਹੀਂ ਜਿਸ ਨੇ ਵੀ ਕਈ ਦਿਨਾਂ ਮਗਰੋਂ ਦੱਸਿਆ ਹੈ। ਐਹੋ ਜਹੇ ਤੁਫ਼ਾਨ ਘੜ ਲੈਣੇ ਉਸ ਸਮੇਂ ਕੁਛ ਕਠਨ ਨਹੀਂ ਸਨ। ਫਿਰ ਪਤਾ ਚੱਲਦਾ ਹੈ ਕਿ ਮਾਤਾ ਜੀ ਨੇ 1788 ਬਿ: ਤੋਂ ਸੰਗਤਾਂ ਦਾ ਜੁੜਨਾ ਅੰਮ੍ਰਿਤਸਰ ਕਰ ਦਿੱਤਾ ਸੀ, ਇਸ ਤੋਂ ਭਾਰੀ ਖ਼ਿਆਲ ਪੈਦਾ ਹੁੰਦਾ ਹੈ ਕਿ ਉਸ ਤੋਂ ਪਹਿਲਾਂ ਅਜੀਤ ਸਿੰਘ ਦੇ ਗਿਰਦੇ ਮੇਲੇ ਲਗਣੇ, ਸੰਗਤਾਂ ਜੁੜਨੀਆਂ ਉਸ ਦੇ ਮਾਰੇ ਜਾਣ ਦਾ ਰਾਜਨੀਤਕ ਕਾਰਨ ਅਸਲ ਵਿਚ ਸਨ।”
ਸਿੱਖ ਧਰਮ ਵਿਸ਼ਵਕੋਸ਼ ਵਿਚ ਅਜੀਤ ਸਿੰਘ ਦੇ ਚਲਾਣੇ ਦਾ ਸਾਲ 1725 ਈਸਵੀ ਮੰਨਿਆ ਗਿਆ ਹੈ ਪਰ ਕੁੱਝ ਪੁਰਾਤਨ ਗ੍ਰੰਥਾਂ ਵਿਚ ਉਸ ਦੇ ਅਕਾਲ ਚਲਾਣੇ ਦਾ ਸਾਲ ਸੰਮਤ 1780 (1723 ਈਸਵੀ) ਲਿਖਿਆ ਮਿਲਦਾ ਹੈ। ਇਸ ਸਾਲ ਵਿਚ ਉਸ ਦਾ ਅਕਾਲ ਚਲਾਣਾ ਕਰ ਜਾਣ ਦੀ ਪੁਸ਼ਟੀ ਬੁਰਹਾਨਪੁਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਏ ਇਕ ਪੁਰਾਤਨ ਸਰੂਪ ਤੋਂ ਹੁੰਦੀ ਹੈ। ਇਸ ਪ੍ਰਾਚੀਨ ਬੀੜ ਵਿਚ ਪਾਲਿਤ ਅਜੀਤ ਸਿੰਘ ਦੇ ਸਮਾਉਣ ਦਾ ਵੇਰਵਾ ਦਿੰਦੇ ਹੋਏ ਦੱਸਿਆ ਗਿਆ ਹੈ ਕਿ, “ਸੰਮਤ 1780 ਮਾਘ ਸੁਦੀ 5, ਸ੍ਰੀ ਵਾਹਿਗੁਰੂ ਅਜੀਤ ਸਿੰਘ ਜੀ ਸਮਾਣੇ ਦਿੱਲੀ ਵਿਚ, ਵਾਰ ਸ਼ੁਕਰ ਛਿਅ ਘੜੀ ਦਿਨ ਚੜ੍ਹੇ। ਆਗੇ ਗੁਰੂ ਭਾਨੇ ਕਾ ਖਾਬਿੰਦ ਹੈ।”
ਹਕੂਮਤ ਵੱਲੋਂ ਅਜੀਤ ਸਿੰਘ ਨੂੰ ਮਾਰਨ ਉਪਰੰਤ ਦਿੱਲੀ ਵਿਖੇ ਰਹਿ ਰਹੇ ਸਿੱਖਾਂ ਨੂੰ ਅਤਿ ਸੰਕਟ ਦੀ ਘੜੀ ਦਾ ਸਾਹਮਣਾ ਕਰਨਾ ਪਿਆ ਸੀ। ਆਮ ਵਸੋਂ ਵਿਚ ਵੀ ਸਿੱਖਾਂ ਪ੍ਰਤੀ ਨਫ਼ਰਤ ਫੈਲ ਗਈ ਸੀ। ਸ਼ਰਾਰਤੀ ਅਨਸਰ ਗੁਰੂ- ਘਰ ਨੂੰ ਕਸੈਲੀ ਨਜ਼ਰ ਨਾਲ ਵੇਖਣ ਲੱਗ ਪਏ ਸਨ। ਮਾਤਾ ਜੀ ਨੇ ਸਮੇਂ ਦੀ ਨਬਜ਼ ਨੂੰ ਪਛਾਣਦਿਆਂ ਕੁਝ ਸਮੇਂ ਲਈ ਉਥੋਂ ਦੂਰ ਜਾਣਾ ਹੀ ਯੋਗ ਸਮਝਿਆ। ਮਾਤਾ ਸੁੰਦਰੀ ਜੀ ਦਿੱਲੀ ਤੋਂ ਭਰਤਗੜ੍ਹ ਆ ਗਏ ਪਰ ਉਥੇ ਦੇ ਹਾਕਮ ਨੇ ਬਾਦਸ਼ਾਹ ਦੀ ਕਰੋਪੀ ਤੋਂ ਡਰਦੇ ਉਨ੍ਹਾਂ ਨੂੰ ਉਥੇ ਟਿਕਾਣਾ ਕਰਨ ਤੋਂ ਗੁਰੇਜ਼ ਕੀਤਾ। ਮਾਤਾ ਜੀ ਭਰਤਗੜ੍ਹ ਤੋਂ ਮਥਰਾ ਚਲੇ ਗਏ ਸਨ। 18 ਜੈਪੁਰ ਦੇ ਰਾਜਾ ਜੈ ਸਿੰਘ ਸਵਾਈ ਨੇ ਉਨ੍ਹਾਂ ਲਈ ਵਧੀਆ ਨਿਵਾਸ ਦਾ ਪ੍ਰਬੰਧ ਕੀਤਾ ਅਤੇ ਨਾਲ ਹੀ ਦੋ ਪਿੰਡ ਉਨ੍ਹਾਂ ਦੀ ਭੇਟ ਕਰ ਦਿੱਤੇ।2° ਦੋ ਸਾਲ ਮਥੁਰਾ ਨਿਵਾਸ ਉਪਰੰਤ ਮਾਤਾਵਾਂ ਵਾਪਸ ਦਿੱਲੀ ਆ ਗਈਆਂ। ਦਿੱਲੀ ਵਿਖੇ ਉਨ੍ਹਾਂ ਤੁਰਕਮਾਨ ਗੇਟ ਦੇ ਬਾਹਰ ਸਿੱਖਾਂ ਵੱਲੋਂ ਜ਼ਮੀਨ ਖ਼ਰੀਦ ਕੇ ਬਣਾਈ ਨਵੀਂ ਹਵੇਲੀ ਵਿਚ ਨਿਵਾਸ ਕੀਤਾ ਸੀ। ਇਸ ਨੂੰ ‘ਮਾਤਾਵਾਂ ਦੀ ਹਵੇਲੀ’ ਵੀ ਕਿਹਾ ਜਾਂਦਾ ਰਿਹਾ ਹੈ ਪਰ ਅਜੋਕੇ ਸਮੇਂ ਵਿਚ ਇਥੇ ਸੁਸ਼ੋਭਿਤ ਗੁਰਦੁਆਰਾ ‘ਗੁਰਦੁਆਰਾ ਮਾਤਾ ਸੁੰਦਰੀ’ ਦੇ ਨਾਂ ਨਾਲ ਪ੍ਰਸਿੱਧ ਹੈ।
ਦਿੱਲੀ ਤੋਂ ਮਥੁਰਾ ਜਾਣ ਸਮੇਂ ਅਜੀਤ ਸਿੰਘ ਦੀ ਪਤਨੀ ਤਾਰਾ ਬਾਈ ਅਤੇ ਉਨ੍ਹਾਂ ਦਾ ਪੁੱਤਰ ਹਠੀ ਸਿੰਘ ਵੀ ਮਾਤਾ ਸੁੰਦਰੀ ਜੀ ਦੇ ਨਾਲ ਸੀ । ਮਾਤਾ ਜੀ ਨੇ ਤਾਰਾ ਬਾਈ ਅਤੇ ਉਸ ਦੇ ਪੁੱਤਰ ਹਠੀ ਸਿੰਘ ਦੀ ਚੰਗੀ ਦੇਖਭਾਲ ਕੀਤੀ। ਮਾਤਾ ਜੀ ਦੀ ਸ਼ਰਨ ਵਿਚ ਹੀ ਉਸ ਨੇ ਪੜ੍ਹਾਈ-ਲਿਖਾਈ ਦੀ ਸਿੱਖਿਆ ਗ੍ਰਹਿਣ ਕੀਤੀ ਸੀ। ਮਾਤਾ ਜੀ ਦੀ ਸੰਗਤ ਵਿਚ ਉਹ ਗੁਰਬਾਣੀ ਦਾ ਵੀ ਚੰਗਾ ਅਭਿਆਸੀ ਹੋ ਗਿਆ ਸੀ । ਮਾਤਾ ਜੀ ਦੇ ਦਰਸ਼ਨ ਕਰਨ ਆਉਂਦੀ ਸੰਗਤ ਨਾਲ ਉਸ ਦਾ ਵੀ ਚੰਗਾ ਮੇਲ-ਮਿਲਾਪ ਹੋ ਗਿਆ ਸੀ । ਗੁਰੂ-ਘਰ ਨਾਲ ਸੰਬੰਧਤ ਹੋਣ ਕਰਕੇ ਉਸ ਨੇ ਆਉਣ ਵਾਲੀ ਸੰਗਤ ਵਿਚ ਆਪਣਾ ਬਹੁਤ ਸਾਰਾ ਰਸੂਖ਼ ਕਾਇਮ ਕਰ ਲਿਆ ਸੀ। ਜਦੋਂ ਵੱਡਾ ਹੋਇਆ ਤਾਂ ਉਸ ਨੇ ਆਪਣਾ ਪ੍ਰਭਾਵ ਵਧਾਉਣ ਲਈ ਆਪਣੀ ਰਚਨਾ ਵੀ ਅਰੰਭ ਕਰ ਦਿੱਤੀ ਸੀ। ਰਚਨਾ ਕਰਦੇ ਹੋਏ ਉਸ ਨੇ ਇਕ ਬਹੁਤ ਵੱਡੀ ਗ਼ਲਤੀ ਕਰ ਦਿੱਤੀ, ਉਸ ਨੇ ਆਪਣੀ ਰਚਨਾ ‘ਨਾਨਕ’ ਪਦ ਹੇਠ ਲਿਖਣੀ ਅਰੰਭ ਕਰ ਦਿੱਤੀ ਸੀ। ਨਾਨਕ ਪਦ ਦੀ ਵਰਤੋਂ ਕੇਵਲ ਉਨ੍ਹਾਂ ਗੁਰੂ ਸਾਹਿਬਾਨ ਦੀ ਬਾਣੀ ਲਈ ਹੀ ਕੀਤੀ ਗਈ ਹੈ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ। ਗੁਰੂ ਅਰਜਨ ਦੇਵ ਜੀ ਦੇ ਸਮੇਂ ਵੀ ਅਜਿਹਾ ਯਤਨ ਹੋਇਆ ਸੀ ਪਰ ਗੁਰੂ ਜੀ ਨੇ ਗੁਰੂ ਸਾਹਿਬਾਨ ਦੀ ਬਾਣੀ ਦੀ ਸੰਪਾਦਨਾ ਕਰ ਕੇ ਗੁਰਬਾਣੀ ਅਤੇ ਕੱਚੀ ਬਾਣੀ ਦਾ ਭੁਲੇਖਾ ਦੂਰ ਕਰ ਦਿੱਤਾ ਸੀ । ਗੁਰਬਾਣੀ ਦੀ ਨਕਲ ਕਰ ਕੇ ਆਪਣੀ ਰਚਨਾ ਲਿਖਣ ਵਾਲਿਆਂ ਦਾ ਗੁਰੂ-ਘਰ ਵਿਚ ਕੋਈ ਸਥਾਨ ਨਹੀਂ ਸੀ। ਜਦੋਂ ਮਾਤਾ ਸੁੰਦਰੀ ਜੀ ਨੂੰ ਹਠੀ ਸਿੰਘ ਦੀ ਇਸ ਹਰਕਤ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਆਪਣੀ ਨਰਾਜ਼ਗੀ ਪ੍ਰਗਟ ਕੀਤੀ ਸੀ। ਹਠੀ ਸਿੰਘ ਮਥੁਰਾ ਵਿਖੇ ਜਾ ਕੇ ਨਿਵਾਸ ਕਰ ਲੱਗਾ ਸੀ।
ਹਠੀ ਸਿੰਘ ਪਰਿਵਾਰ ਸਮੇਤ ਮਥੁਰਾ ਤੋਂ ਬੁਰਹਾਨਪੁਰ ਚਲਾ ਗਿਆ ਅਤੇ ਉਸ ਦੇ ਦੁਆਲੇ ਸੰਗਤ ਜੁੜਨੀ ਸ਼ੁਰੂ ਹੋ ਗਈ ਸੀ। ਦਿੱਲੀ ਤੋਂ ਅਜੀਤ ਸਿੰਘ ਦੇ ਸ਼ਰਧਾਲੂ ਵੀ ਉਥੇ ਜਾ ਕੇ ਵੱਸਣ ਲੱਗ ਪਏ ਸਨ, ਲੇਖਕਾਂ ਨੇ ਉਨ੍ਹਾਂ ਨੂੰ ‘ਅਜੀਤੀ ਸੰਗਤ’ ਦਾ ਨਾਂ ਦਿੱਤਾ ਹੈ। ਏਥੇ ਹੀ ਹਠੀ ਸਿੰਘ ਬੇਔਲਾਦ ਚਲਾਣਾ ਕਰ ਗਿਆ ਸੀ।23 ਹਠੀ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਦਾ ਵਰਣਨ ਕਰਦੇ ਹੋਏ ਦੱਸਿਆ ਗਿਆ ਹੈ, “ਸੰਮਤ 1839 ਫਗੁਣ ਸੁਦੀ 10 ਬੁਧਵਾਰ ਦੋ ਘੜੀਆਂ ਦਿਨ ਰਹਿੰਦੇ ਹੰਸਵਾਰ । ਸ੍ਰੀ ਗੁਰੂ ਕਾਰਣ ਸਮਰਥ ਸ੍ਰੀ ਵਾਹਿਗੁਰੂ ਹਠੀ ਸਿੰਘ ਜੀ ਸਮਾਣੇ। ਵੀਰਵਾਰ ਸਵਾ ਪਹਿਰ ਦਿਨ, ਅੰਗਨਛੇਤ੍ਰ ਸਰਬਤ ਸੰਗਤਿ ਮਿਲ ਕਰ (ਸਸਕਾਰ) ਕੀਆ ਬੁਰਹਾਨਪੁਰ ਹੁਸਨਪੁਰੇ ।”24 ਏਥੇ ਉਸ ਦੀ ਯਾਦਗਾਰ ਵੀ ਬਣੀ ਹੋਈ ਹੈ।
ਮਾਤਾ ਸੁੰਦਰੀ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਦਾ ਨਾਸ਼ ਕਰਨ ਹਿੱਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ ਸੀ। ਉਸ ਨੇ ਪੰਜਾਬ ਆ ਕੇ ਕਹਿੰਦੇ ਕਹਾਉਂਦੇ ਮੁਗ਼ਲ ਸਰਦਾਰਾਂ ਨਾਲ ਜੁੱਧ ਕੀਤੇ ਅਤੇ ਉਨ੍ਹਾਂ ਨੂੰ ਹਰਾਇਆ ਸੀ। ਸਰਹਿੰਦਾ ਮੁਗ਼ਲ ਹਕੂਮਤ ਦਾ ਵੱਡਾ ਸ਼ਕਤੀ ਕੇਂਦਰ ਸੀ ਜਿਸ ਨੂੰ ਜਿੱਤਣ ਤੋਂ ਬਾਅਦ ਉਸ ਨੇ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ ਸੀ । ਗੁਰੂ ਸਾਹਿਬਾਨ ਨੂੰ ਆਪਣਾ ਜੀਵਨ ਆਦਰਸ਼ ਮੰਨ ਕੇ ਉਸ ਨੇ ਉਨ੍ਹਾਂ ਦੇ ਨਾਂ ‘ਤੇ ਸਿੱਕਾ ਜਾਰੀ ਕੀਤਾ ਸੀ। ਗੁਰਮਤਿ ਸਿਧਾਂਤ ਅਨੁਸਾਰ ਨਿਮਾਣਿਆਂ ਅਤੇ ਲਤਾੜੇ ਜਾ ਰਹੇ ਮੁਜਾਰਿਆਂ ਨੂੰ ਜ਼ਮੀਨੀ ਹੱਕ ਪ੍ਰਦਾਨ ਕਰ ਕੇ ਜ਼ਿਮੀਂਦਾਰਾਂ ਦੇ ਬਰਾਬਰ ਲਿਆ ਖੜਾ ਕੀਤਾ ਸੀ । ਉਸ ਦੀਆਂ ਜਿੱਤਾਂ ਅਤੇ ਖ਼ੌਫ਼ ਤੋਂ ਡਰਦੇ ਹੋਏ ਬਹੁਤ ਸਾਰੇ ਮੁਗ਼ਲ ਸਰਦਾਰ ਅਤੇ ਜ਼ਿਮੀਂਦਾਰ ਜ਼ਮੀਨਾਂ ਛੱਡ ਕੇ ਪੰਜਾਬ ਤੋਂ ਬਾਹਰ ਭੱਜ ਗਏ ਸਨ। ਦਿੱਲੀ ਦੀ ਮੁਗ਼ਲ ਹਕੂਮਤ ਦੇ ਮਨ ਵਿਚ ਉਸ ਪ੍ਰਤੀ ਇੰਨਾ ਡਰ ਬੈਠ ਗਿਆ ਸੀ ਕਿ ਉਸ ਦੇ ਖ਼ਿਲਾਫ਼ ਕੋਈ ਵੀ ਮੁਗ਼ਲ ਸਰਦਾਰ ਮੁਹਿੰਮ ਲਿਜਾਣ ਤੋਂ ਡਰਨ ਲੱਗਿਆ ਸੀ । ਬਾਦਸ਼ਾਹ ਬਹਾਦਰ ਸ਼ਾਹ ਦਾ ਧਿਆਨ ਸਾਰੇ ਭਾਰਤ ਦੀਆਂ ਸਮੱਸਿਆਵਾਂ ਤੋਂ ਹੱਟ ਕੇ ਪੰਜਾਬ ਵੱਲ ਹੋ ਗਿਆ ਸੀ । ਉਸ ਨੂੰ ਆਪਣੇ ਸਾਰੇ ਕੰਮ-ਕਾਜ ਛੱਡ ਕੇ ਬੰਦੇ ਨੂੰ ਕਾਬੂ ਕਰਨ ਲਈ ਆਪ ਪੰਜਾਬ ਆਉਣਾ ਪਿਆ ਸੀ। ਉਸ ਨੇ ਦਿੱਲੀ ਅਤੇ ਪੰਜਾਬ ਦੀ ਸਾਰੀ ਫ਼ੌਜੀ ਸ਼ਕਤੀ ਬੰਦੇ ਨੂੰ ਫੜਨ ਜਾਂ ਮਾਰਨ ਵਿਚ ਲਗਾ ਦਿੱਤੀ ਸੀ ਪਰ ਬੰਦਾ ਕਿਸੇ ਵੀ ਫ਼ੌਜੀ ਮੁਹਿੰਮ ਵਿਚ ਕਾਬੂ ਨਾ ਆਇਆ ਜਿਸ ਤੋਂ ਹਕੂਮਤ ਦੇ ਮਨ ਵਿਚ ਉਸ ਦਾ ਖ਼ੌਫ਼ ਹੋਰ ਵਧੇਰੇ ਪੈਦਾ ਹੋ ਗਿਆ। ਉਸ ਦੇ ਜੀਵਨ ਨਾਲ ਜੁੜੀਆਂ ਹੋਈਆਂ ਕਰਾਮਾਤਾਂ ਨੇ ਉਸ ਦੀ ਸ਼ਖ਼ਸੀਅਤ ਨੂੰ ਹੋਰ ਵਧੇਰੇ ਖੂੰਖ਼ਾਰ ਬਣਾ ਦਿੱਤਾ ਸੀ । ਸਮਕਾਲੀ ਸਰੋਤਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਿਵੇਂ ਉਹ ਧਰਮ ਦੀ ਭਾਵਨਾ ਤੋਂ ਦੂਰ ਕੇਵਲ ਖ਼ੂਨ-ਖ਼ਰਾਬੇ ਦਾ ਹੀ ਆਦੀ ਹੋਵੇ। ਮੁਗ਼ਲਾਂ ਦੀਆਂ ਜਬਰ ਅਤੇ ਜ਼ੁਲਮ ਦੀਆਂ ਨੀਤੀਆਂ ਨੂੰ ਅੱਖੋਂ ਪਰੋਖੇ ਕਰਦੇ ਹੋਏ ਸਮਕਾਲੀ ਇਤਿਹਾਸਕਾਰਾਂ ਨੇ ਉਸ ਦੀ ਸ਼ਖ਼ਸੀਅਤ ਨੂੰ ਵਿਗਾੜ ਕੇ ਪੇਸ਼ ਕਰਦੇ ਹੋਏ ਕਿਹਾ ਕਿ “ਸਾਰੇ ਜਹਾਨ ਵਿਚ ਗੜਬੜ ਮਚ ਗਈ, ਇਸ ਦੀਆਂ ਖ਼ਬਰਾਂ ਰੂਮ ਤੇ ਸ਼ਾਮ ਦੇਸ ਤੱਕ ਪਹੁੰਚ ਗਈਆਂ। ਉਸ ਨੇ ਫ਼ਸਾਦ ਦੁਆਰਾ ਸੰਸਾਰ ਨੂੰ ਏਨਾ ਖ਼ਰਾਬ ਕੀਤਾ ਕਿ ਧਰਤੀ ਦਾ ਸ਼ੇਸ਼ਨਾਗ ਵੀ ਵਿਆਕੁਲ ਹੋ ਉਠਿਆ। ਹਿੰਦੁਸਤਾਨ ਵਿਚ ਇਕ ਵੀ ਅਜਿਹਾ ਅਮੀਰ ਨਹੀਂ ਸੀ ਕਿ ਜਿਸ ਦੇ ਚਿਹਰੇ ਉਤੇ ਉਸ ਨੇ ਤਲਵਾਰ ਨਾ ਮਾਰੀ ਹੋਵੇ। ਉਸ ਨੇ ਗੜਬੜ ਦਾ ਏਨਾ ਝੱਖੜ ਝੁਲਾਇਆ ਕਿ ਤਿਹਾਏ ਬੰਦੇ ਤੱਕ ਵੀ ਉਸ ਦੇ ਕਸ਼ਟ ਤੋਂ ਨਾ ਬਚ ਸਕੇ। ਕਿਸੇ ਨੂੰ ਵੀ ਉਸ ਦੇ ਪੰਜੇ ਤੋਂ ਛੁਟਕਾਰਾ ਪ੍ਰਾਪਤ ਨਾ ਹੋਇਆ, ਸੰਸਾਰ ਵਿਚ ਮਹਾਂ ਪਰਲੋ ਦੀਆਂ ਨਿਸ਼ਾਨੀਆਂ ਪ੍ਰਗਟ ਹੋ ਗਈਆਂ। ਭਾਵੇਂ ਉਸ ਦੁਰਭਾਗੇ ਨੇ ਆਪਣਾ ਉਪਨਾਮ ਬੰਦਾ ਰੱਖਿਆ ਪਰ ਉਸ ਨੇ ਬੰਦਗੀ ਦੇ ਸਥਾਨਾਂ ਨੂੰ ਗੰਦਾ ਕਰ ਦਿੱਤਾ।”
ਮਾਤਾ ਸੁੰਦਰੀ ਜੀ ਦੀ ਸਿੱਖੀ ਪ੍ਰਤੀ ਸੇਵਾ ਨੂੰ ਨਜ਼ਰ-ਅੰਦਾਜ਼ ਕਰਕੇ ਬਹੁਤ ਸਾਰੇ ਸਿੱਖ ਇਤਿਹਾਸਕਾਰਾਂ ਨੇ ਵੀ ਮਾਤਾ ਜੀ ਦੇ ਜੀਵਨ ‘ਤੇ ਬਿਨ ਸਿਰ ਪੈਰ ਦੇ ਇਲਜ਼ਾਮ ਲਾਉਣ ਦਾ ਯਤਨ ਕੀਤਾ ਹੈ। ਰਤਨ ਸਿੰਘ ਭੰਗੂ ਲਿਖਦਾ ਹੈ ਕਿ ਬੰਦਾ ਸ਼ਾਹੀ ਹਕੂਮਤ ਦੇ ਹੱਥ ਨਾ ਆਇਆ ਤੇ ਹਕੂਮਤ ਦੇ ਸਾਰੇ ਜਰਨੈਲ ਉਸ ਨੂੰ ਫੜਨ ਜਾਂ ਮਾਤ ਪਾਉਣ ਵਿਚ ਅਸਫਲ ਰਹੇ। ਬਾਬਾ ਬੰਦਾ ਸਿੰਘ ਬਹਾਦਰ ਦਾ ਡਰ ਇੰਨਾ ਜ਼ਿਆਦਾ ਵੱਧ ਗਿਆ ਸੀ ਕਿ ਉਸ ਦੇ ਛੇਤੀ ਹੀ ਦਿੱਲੀ ‘ਤੇ ਹਮਲਾ ਕਰਨ ਦੀਆਂ ਅਫ਼ਵਾਹਾਂ ਗਰਮ ਹੋ ਗਈਆਂ ਸਨ। ਕਿਹਾ ਜਾਂਦਾ ਹੈ ਕਿ ਬਾਦਸ਼ਾਹ ਨੇ ਆਪਣੀ ਰਾਜ-ਗੱਦੀ ਨੂੰ ਸਿੱਧਾ ਖ਼ਤਰਾ ਮਹਿਸੂਸ ਕਰਦੇ ਹੋਏ ਆਪਣੇ ਸਲਾਹਕਾਰਾਂ ਦੀ ਸਲਾਹ ਅਨੁਸਾਰ, ਸੰਕਟ ਦੀ ਇਸ ਔਖੀ ਘੜੀ ਵਿਚ, ਮਾਤਾ ਸੁੰਦਰੀ ਜੀ ਤੋਂ ਸਹਾਇਤਾ ਮੰਗਣ ਦਾ ਮਨ ਬਣਾ ਲਿਆ ਸੀ । ਭਾਈ ਨੰਦ ਲਾਲ ਜੀ ਗੁਰੂ-ਘਰ ਦੇ ਨਿਕਟਵਰਤੀ ਸਨ ਅਤੇ ਇਸੇ ਲਈ ਉਨ੍ਹਾਂ ਨੂੰ ਬਾਦਸ਼ਾਹ ਫ਼ਰੁੱਖ਼ਸੀਅਰ ਨੇ ਮਾਤਾ ਜੀ ਕੋਲ ਭੇਜਿਆ ਤਾਂ ਕਿ ਉਹ ਬੰਦੇ ਨੂੰ ਪੰਜਾਬ ਵਿਚ ਹੋਰ ਕਾਰਵਾਈਆਂ ਕਰਨ ਤੋਂ ਰੋਕ ਦੇਣ। ਜਦੋਂ ਭਾਈ ਨੰਦ ਲਾਲ ਜੀ ਨੇ ਮਾਤਾ ਜੀ ਨੂੰ ਇਸ ਕਾਰਜ ਲਈ ਬੇਨਤੀ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੰਦੇ ਨੇ ਬਹੁਤ ਸਾਰੀ ਫ਼ੌਜ ਰੱਖ ਲਈ ਹੈ ਅਤੇ ਹੁਣ ਉਹ ਸਾਡੇ ਕਹਿਣ ਤੋਂ ਬਾਹਰ ਹੈ। ਭਾਈ ਨੰਦ ਲਾਲ ਜੀ ਨੇ ਮਾਤਾ ਜੀ ਨੂੰ ਫਿਰ ਕਿਹਾ ਕਿ ਬੰਦਾ ਮੰਨੇ ਭਾਵੇਂ ਨਾ ਪਰ ਉਹ ਆਪਣੇ ਵੱਲੋਂ ਕਹਿ ਕੇ ਸੁਰਖ਼ਰੂ ਹੋ ਜਾਣ।” ਰਤਨ ਸਿੰਘ ਭੰਗੂ ਨੇ ਆਪਣੀ ਰਚਨਾ ਸ੍ਰੀ ਗੁਰ ਪੰਥ ਪ੍ਰਕਾਸ਼ ਵਿਚ ਮਾਤਾ ਸੁੰਦਰੀ ਜੀ ਅਤੇ ਬੰਦਾ ਸਿੰਘ ਬਹਾਦਰ ਵਿਚਕਾਰ ਜਿਹੜਾ ਦਵੰਦ ਪੈਦਾ ਕੀਤਾ ਹੈ, ਉਸੇ ਨੂੰ ਬਾਅਦ ਵਾਲੇ ਲੇਖਕਾਂ ਨੇ ਆਧਾਰ ਬਣਾਇਆ ਹੈ । ਗਿਆਨੀ ਗਿਆਨ ਸਿੰਘ ਰਤਨ ਸਿੰਘ ਭੰਗੂ ਤੋਂ ਵੀ ਅੱਗੇ ਵਧਦੇ ਹੋਏ ਲਿਖਦੇ ਹਨ ਕਿ ਭਾਈ ਮਨੀ ਸਿੰਘ ਅਤੇ ਭਾਈ ਨੰਦ ਲਾਲ ਜੀ ਨੇ ਮਾਤਾ ਜੀ ਨੂੰ ਸਿੱਖਾਂ ਵਿਚ ਫੁੱਟ ਪਾਉਣ ਤੋਂ ਰੋਕਿਆ ਪਰ ਮਾਤਾ ਜੀ ਨਹੀਂ ਮੰਨੇ :
ਮਨੀ ਸਿੰਘ ਸਾਹਿਬ ਸਸੀ ਨੰਦ ਲਾਲ ਲੌ ਸਾਰ।
ਆਖ ਰਹੇ ਨਹਿ ਪੰਥ ਮੈਂ ਫੂਟ ਮਾਤ ਜੀ ਡਾਰ।“
ਗਿਆਨੀ ਗਿਆਨ ਸਿੰਘ ਅੱਗੇ ਲਿਖਦੇ ਹਨ ਕਿ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੰਘਾਂ ਦਾ ਵੱਧਦਾ ਪ੍ਰਤਾਪ ਅਤੇ ਆਪਣੀਆਂ ਫ਼ੌਜਾਂ ਦੀਆਂ ਹਾਰਾਂ ਦੇਖ ਕੇ ਦਿੱਲੀ ਦੇ ਬਾਦਸ਼ਾਹ ਫ਼ਰੁੱਖ਼ਸੀਅਰ ਨੇ ਆਪਣੇ ਅਮੀਰਾਂ ਵਜ਼ੀਰਾਂ ਦੀ ਸਲਾਹ ਮੰਨ ਕੇ ਖ਼ਾਲਸਾ ਪੰਥ ਵਿਚ ਫੁੱਟ ਪਾਉਣ ਲਈ ਦਿੱਲੀ ਵਿਖੇ ਰਹਿ ਰਹੇ ਮਾਤਾ (ਸੁੰਦਰੀ) ਜੀ ਦੇ ਅਸਰ ਰਸੂਖ਼ ਤੋਂ ਲਾਭ ਉਠਾਉਣ ਦਾ ਫ਼ੈਸਲਾ ਲਿਆ ਸੀ। ਦੀਵਾਨ ਰਾਮ ਦਿਆਲ ਦੇ ਰਾਹੀਂ ਮਾਤਾ ਜੀ ਨੂੰ ਪ੍ਰੇਰਨਾ ਕਰ ਕੇ ਬੰਦੇ ਵੱਲ ਲਿਖਵਾ ਭੇਜਿਆ ਕਿ ਸਿੰਘ ਲੁੱਟ ਮਾਰ ਬੰਦ ਕਰ ਕੇ ਜਗੀਰਾਂ ਲੈ ਲੈਣ ਤੇ ਤੁਰਕ ਹਾਕਮਾਂ ਨਾਲ ਮੇਲ ਕਰ ਲੈਣ ਪਰ ਬੰਦੇ ਨੇ ਇਹ ਗੱਲ ਮੰਨਣੋਂ ਨਾਂਹ ਕਰ ਦਿੱਤੀ। ਮਾਤਾ ਜੀ ਨੂੰ ਕਿਹਾ ਗਿਆ ਕਿ ਆਪ ਦਾ ਹੁਕਮ ਨਾ ਮੰਨ ਕੇ ਬੰਦੇ ਨੇ ਅਪਮਾਨ ਕੀਤਾ ਹੈ। ਮਾਤਾ ਜੀ ਨੇ ਫਿਰ ਚਿੱਠੀ ਲਿਖੀ ਕਿ ਜਾਂ ਹੁਕਮ ਮੰਨ ਲਵੋ ਜਾਂ ਲਿਖ ਦਿਓ ਕਿ ਮੈਂ ਸਿੱਖ ਨਹੀਂ। ਬੰਦੇ ਨੇ ਲਿਖ ਦਿੱਤਾ। ਕਿ ਤੁਰਕਾਂ ਨਾਲ ਮੇਲ ਕਰਨ ਵਾਲਾ ਹੁਕਮ ਮੈਂ ਨਹੀਂ ਮੰਨ ਸਕਦਾ, ਤੁਸੀਂ ਮੈਨੂੰ ਆਪਣਾ ਸਿੱਖ ਨਾ ਸਮਝੋ ਤੇ ਮੈਂ ਭੀ ਆਪਣੇ ਆਪ ਨੂੰ ਸਿੱਖ ਨਹੀਂ ਸਮਝਾਂਗਾ। ਇਸ ਉੱਤਰ ਨੇ ਮਾਤਾ ਜੀ ਦੇ ਗ਼ੁੱਸੇ ਨੂੰ ਬਹੁਤ ਵਧਾ ਦਿੱਤਾ ਤੇ ਉਨ੍ਹਾਂ ਨੇ ਸਿੰਘਾਂ ਨੂੰ ਬੰਦੇ ਦਾ ਤਿਆਗ ਕਰਨ ਦਾ ਹੁਕਮ ਲਿਖ ਭੇਜਿਆ। ਪੰਥ ਨੇ ਮਾਤਾ ਜੀ ਦਾ ਹੁਕਮ ਮੰਨ ਲਿਆ। ਇਸ ਹੁਕਮ ਦੇ ਲਿਖਣ ਤੋਂ ਪਹਿਲਾਂ ਭਾਈ ਮਨੀ ਸਿੰਘ, ਭਾਈ ਸਾਹਿਬ ਚੰਦ ਤੇ ਭਾਈ ਨੰਦ ਲਾਲ ਜੀ ਆਦਿ ਸਾਰਿਆਂ ਨੇ ਮਾਤਾ ਜੀ ਨੂੰ ਕਿਹਾ ਸੀ ਕਿ ਪੰਥ ਵਿਚ ਫੁੱਟ ਨਾ ਪਾਓ ਪਰ ਮਾਤਾ ਜੀ ਨੇ ਉਨ੍ਹਾਂ ਦੀ ਗੱਲ ਨਹੀਂ ਸੀ ਮੰਨੀ ਤੇ ਹੁਕਮ ਲਿਖ ਭੇਜਿਆ ਸੀ ।
ਅਜਿਹਾ ਨਹੀਂ ਕਿ ਸਾਰੇ ਸਿੱਖ ਇਤਿਹਾਸਕਾਰਾਂ ਨੇ ਰਤਨ ਸਿੰਘ ਭੰਗੂ ਅਤੇ ਗਿਆਨੀ ਗਿਆਨ ਸਿੰਘ ਜੀ ਦੀ ਇਸ ਗੱਲ ਨੂੰ ਸਹੀ ਮੰਨਿਆ ਹੈ, ਬਲਕਿ ਕੁਝ ਇਕ ਨੇ ਇਸ ਪੂਰੇ ਬਿਰਤਾਂਤ ‘ਤੇ ਆਪਣੀ ਰਾਇ ਪ੍ਰਗਟ ਕਰਨ ਤੋਂ ਵੀ ਸੰਕੋਚ ਨਹੀਂ ਕੀਤਾ ਜਿਵੇਂ ਕਿ ਸ਼ੇਰਿ ਪੰਜਾਬ ਲਾਹੌਰ ਦਾ ਐਡੀਟਰ ਸ. ਅਮਰ ਸਿੰਘ ਕਹਿੰਦਾ ਹੈ, “ਸਿਖ ਇਤਿਹਾਸਕਾਰਾਂ ਦੀ ਅਵਿਚਾਰ, ਵਿਦਿਯਾ-ਹੀਣਤਾ ਤੇ ਬੇਸਮਝੀ ਪਰ ਸ਼ੋਕ ! ਮਹਾਂ ਸ਼ੋਕ! ! ‘ਉਲਟੀ ਗੰਗ ਪਹੋਏ ਨੂੰ ਵਤ’ ਉਨ੍ਹਾਂ ਨੇ ਇਸ ਦੇਵਤਾ ਸਰੂਪ ਧਰਮ ਮਾਤਾ ਤੇ ਪਵਿਤ੍ਰ ਆਤਮਾ ਦੇਵੀ ਦੇ ਵਿਰੁੱਧ ਅਣਜਾਣਪੁਣੇ ਵਿਚ ਏਹ ਦੋਸ਼ ਲਾ ਦਿੱਤਾ ਜੁ ਮਾਤਾ ਜੀ ਖ਼ਾਲਸਾ। ਪੰਥ ਦੀ ਸਾਰੇ ਹਿੰਦੁਸਤਾਨ ਪਰ ਬਾਦਸ਼ਾਹੀ, ਪੰਥਕ ਜਥੇਬੰਦੀ ਤੇ ਪ੍ਰੇਮ ਅਰ ਉੱਨਤੀ ਦੇ ਰਸਤੇ ਵਿਚ ਰੋਕ ਬਣ ਗਏ। ਸਾਰੇ ਇਤਿਹਾਸਕਾਰ ਮੁੱਖੀ ਪਰ ਮੱਖੀ ਮਾਰਦੇ ਰਹੇ ਅਰ ਕਿਸੇ ਨੇ ਪੰਥ ਦੀ ਇਸ ਪੂਜਨੀਕ ਮਾਤਾ ਨਾਲ ਇਨਸਾਫ਼ ਨਹੀਂ ਕੀਤਾ। ਹਰੇਕ ਨੇ ਸਾਮ੍ਹਣੇ ਪਏ ਹਾਲਾਤ ਵਲੋਂ ਅੱਖਾਂ ਮੀਚ ਕੇ ਸੰਮਤੀ ਦੇਣ ਵਿਚ ਮੱਖੀ ‘ਤੇ ਮੱਖੀ ਮਾਰਨ ਦੀ ਕੋਸ਼ਸ਼ ਕੀਤੀ ਹੈ। ਕਿਸੇ ਸਿੱਖ ਖੋਜੀ ਨੇ ਵੀ ਖੋਜ ਪੜਤਾਲ ਕਰ ਕੇ ਇਸ ਅਨਿਆਇ ਦਾ ਧੋਣ ਨਹੀਂ ਧੋਤਾ ਜੋ ਦੋ ਸੌ ਸਾਲ ਤੋਂ ਮਾਤਾ ਸੁੰਦਰੀ ਜੀ ਨਾਲ ਕੀਤਾ ਜਾ ਰਿਹਾ ਹੈ। ਜਿਨ੍ਹਾਂ ਇਤਿਹਾਸਕਾਰਾਂ ਨੇ ਫ਼ਰੁੱਖ਼ਸੀਅਰ ਦੀ ਚੁੱਕ ਵਿਚ ਆ ਕੇ ਪੰਥ ਵਿਚ ਦੁਫੇੜ ਪੁਆਉਣ ਦਾ ਦਿਲਚੀਰ ਦੋਸ਼ ਮਾਤਾ ਜੀ ਪਰ ਲਾਇਆ ਹੈ, ਓਹ ਆਪਣੇ ਹੱਥੀਂ ਅਜਿਹੇ ਅਮੇਟ ਇਤਿਹਾਸਕ ਹਾਲਾਤ ਲਿਖ ਗਏ ਹਨ ਜਿਨ੍ਹਾਂ ਤੋਂ ਏਹ ਆਪੇ ਹੀ ਝੂਠ ਸਾਬਤ ਹੋ ਕੇ ਰੱਦ ਹੋ ਜਾਂਦਾ ਹੈ।”
ਪੰਥ ਵਿਚ ਪਏ ਅਜਿਹੇ ਭੁਲੇਖਿਆਂ ਦਾ ਨਿਰਣਾ ਵੀ ਸਿੱਖ ਇਤਿਹਾਸਕਾਰਾਂ ਨੇ ਕੀਤਾ ਹੈ। ਗਿਆਨੀ ਪ੍ਰਤਾਪ ਸਿੰਘ ਨੇ 1945 ਵਿਚ ਸਮੇਂ- ਸਮੇਂ ‘ਤੇ ਦਿੱਤੇ ਆਪਣੇ ਭਾਸ਼ਣਾਂ ਨੂੰ ਇਕੱਤਰ ਕਰ ਕੇ ਪੁਸਤਕ ਰੂਪ ਵਿਚ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ। ਉਹ ਕਹਿੰਦੇ ਹਨ ਕਿ “ਮਾਤਾ ਜੀ ਨੇ ਹਕੂਮਤ ਦੇ ਜ਼ੇਰ ਅਸਰ ਹੋ ਕੇ ਕਈ ਹੁਕਮਨਾਮੇ ਜਾਰੀ ਕੀਤੇ ? ਸਾਡਾ ਨਿਸਚਾ ਹੈ, ਨਹੀਂ। ਪਟਨੇ ਸਾਹਿਬ ਵਿਚ ਮਾਤਾ ਸੁੰਦਰੀ ਜੀ ਦੇ ਹੁਕਮਨਾਮੇ ਹਨ। ਉਨ੍ਹਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਮਾਤਾ ਜੀ ਸਿੱਖਾਂ ਦੇ ਨਿੱਕੇ ਮੋਟੇ ਝਗੜਿਆਂ ਨੂੰ ਬੜੀ ਸਿਆਣਪ, ਦਾਨਾਈ ਤੇ ਧੀਰਜ ਨਾਲ ਨਿਬੇੜਦੇ ਰਹੇ ਹਨ। ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਉਹ ਹਕੂਮਤ ਦੇ ਪ੍ਰਭਾਵ ਹੇਠਾਂ ਆ ਕੇ ਬਾਬਾ ਬੰਦਾ ਸਿੰਘ ਦੇ ਵਿਰੁੱਧ ਹੁਕਮਨਾਮੇ ਜਾਰੀ ਕਰਨ, ਜੋ ਉਹਨਾਂ ਦੀ ਤਬਾਹੀ ਜਾਂ ਫੁੱਟ ਦਾ ਕਾਰਨ ਬਣਨ?
1773 (ਸੰਮਤ) ਵਿਚ ਬਾਬਾ ਜੀ ਸ਼ਹੀਦ ਹੋਏ ਹਨ। 1778 ਵਿਚ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਹਰਿਮੰਦਰ ਦਾ ਗ੍ਰੰਥੀ ਨੀਯਤ ਕੀਤਾ, ਜਿਨ੍ਹਾਂ ਨੇ ਝਗੜੇ ਨੂੰ ਮੁਕਾਇਆ। ਮਾਤਾ ਜੀ ਕਿਸ ਤਰ੍ਹਾਂ ਸਿੱਖਾਂ ਵਿਚ ਫੁੱਟ ਪਾ ਸਕਦੇ ਸਨ ?” ਮਾਤਾ ਸੁੰਦਰੀ ਜੀ ਦੇ ਮੱਥੇ ਪੰਥ ਵਿਚ ਫੁੱਟ ਪਾਉਣ ਦਾ ਇਲਜ਼ਾਮ ਲਾਉਣ ਨੂੰ ਰੱਦ ਕਰਦੇ ਹੋਏ ਗਿਆਨੀ ਲਾਲ ਸਿੰਘ ਕਹਿੰਦੇ ਹਨ ਕਿ, “ਜਦ ਕਦੇ ਪੰਥ ਵਿਚ ਝਗੜਾ ਪਿਆ, ਮਾਤਾ ਜੀ ਬਤੌਰ ਜਥੇਦਾਰ ਨਜਿਠਦੇ ਰਹੇ। ਹਾਏ ਸ਼ੋਕ ! ਸਾਡੇ ਭੁੱਲੜ ਲਿਖਾਰੀਆਂ ਨੇ ਮਾਤਾ ਜੀ ਦੇ ਵਿਰੁੱਧ ਲਿਖਣ ਨੂੰ ਆਪਣੀ ਉੱਚ ਲਿਆਕਤ ਦੱਸ ਕੇ ਆਪਣੀ ਅਗਿਆਨਤਾ ਦੇ ਚੰਦ ਚੜ੍ਹਾਏ ਹਨ। ਬੰਦਾ ਬਹਾਦਰ ਵਲੋਂ ਕੁਬਚਨ ਲਿਖ ਮਾਰੇ ਮਾਤਾ ਜੀ ਦੀ ਦਾਨਾਈ ਅਰ ਕਿਰਪਾ ਸੀ ਜਿਸ ਨੇ ਪੰਥ ਵਿਚ ਭਾਈ ਜੱਸਾ ਸਿੰਘ, ਭਾਈ ਮਨੀ ਸਿੰਘ ਜੀ ਆਦਿ ਧਰਮ ਪੁੱਤਰਾਂ ਨੂੰ ਪੈਦਾ ਕਰ ਕੇ ਪੰਥ ਨੂੰ ਚੜ੍ਹਦੀਆਂ ਕਲਾਂ ਵਿਚ ਰੱਖਿਆ ਅਰ ਨਵਾਬ ਕਪੂਰ ਸਿੰਘ ਜੀ ਮਾਤਾ ਜੀ ਵਲੋਂ ਦਲਾਂ ਦੇ ਪ੍ਰਤੀਨਿਧ ਰਹੇ।”8 ਗਿਆਨੀ ਜੀ ਮਾਤਾ ਜੀ ਦੀ ਦਿਆਲਤਾ, ਦੂਰਅੰਦੇਸ਼ੀ ਅਤੇ ਪੰਥ ਨੂੰ ਔਖੇ ਵੇਲੇ ਸੰਭਾਲ ਕੇ ਅੱਗੇ ਲਿਜਾਣ ਦੀ ਭਾਵਨਾ ਦਾ ਪ੍ਰਗਟਾਵਾ ਕਰਦੇ ਹੋਏ ਕਹਿੰਦੇ ਹਨ ਕਿ “ਸ੍ਰੀ ਮਾਤਾ ਸੁੰਦਰ ਕੌਰ ਜੀ ਵੱਡੇ ਦਿਆਲੂ ਸਨ, ਉਨ੍ਹਾਂ ਨੇ ਪੰਥ ਦੇ ਯਤੀਮ ਬੱਚੇ ਸ: ਜੱਸਾ ਸਿੰਘ, ਅਜੀਤ ਸਿੰਘ ਆਦਿ ਪੁੱਤਰਾਂ ਦੀ ਤਰ੍ਹਾਂ ਪਾਲੇ ਸਨ । ਬੰਦਾ ਬਹਾਦਰ ਦੇ ਚਲਾਣੇ ਪਰ ਮਾਤਾ ਸੁੰਦਰ ਕੌਰ ਜੀ ਨੇ ਪੰਥ ਦੀ ਜਥੇਦਾਰੀ ਸੰਭਾਲੀ ਅਰ ਉਹ ਜਥੇਦਾਰੀ ਦੇ ਨੇਮਾਂ ਅਨੁਸਾਰ ਹੁਕਮਨਾਮੇ ਨਿਕਾਲਦੇ। ਅੰਮ੍ਰਿਤਸਰ ਵਿਖੇ ਜਦੋਂ ਮਸੰਦਾਂ, ਪੁਜਾਰੀਆਂ, ਧੀਰਮਲੀਆਂ ਨੇ ਪੂਜਾ ਦੀ ਵੰਡ ਪਰ ਰੌਲਾ ਪਾਇਆ ਸੀ ਤਦ ਮਾਤਾ ਜੀ ਨੇ ਸਾਰਾ ਪ੍ਰਬੰਧ ਭਾਈ ਮਨੀ ਸਿੰਘ ਜੀ ਦੇ ਹੱਥ ਦੇ ਦਿੱਤਾ, ਓਹ ਬਤੌਰ ਧਾਰਮਿਕ ਲੀਡਰ ਦੇ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਕਰਦੇ ਰਹੇ। ਉਸ ਵੇਲੇ ਪਾਈ ਫੁੱਟ ਦਾ ਸੰਭਾਲਨਾ ਮਾਤਾ ਜੀ ਦੀ ਉੱਚਤਾ ਸੀ।”
ਭਾਈ ਨੰਦ ਲਾਲ ਜੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਉਸ ਸਮੇਂ ਦਿੱਲੀ ਵਿਚ ਸਨ ਜਦੋਂ ਮਾਤਾ ਸੁੰਦਰੀ ਜੀ ਨੇ ਬੰਦਾ ਬਹਾਦਰ ਨੂੰ ਹਕੂਮਤ ਵਿਰੁੱਧ ਸੰਘਰਸ਼ ਕਰਨ ਤੋਂ ਰੋਕਿਆ ਸੀ । ਭਾਈ ਨੰਦ ਲਾਲ ਜੀ ਨੇ ਬਹੁਤ ਸਾਰੀਆਂ ਮਹੱਤਵਪੂਰਨ ਪੁਸਤਕਾਂ ਦੀ ਰਚਨਾ ਕੀਤੀ। ਉਨ੍ਹਾਂ ਵਿੱਚੋਂ ਇਕ ਦਸਤੂਰੁਲ- ਇਨਸ਼ਾ ਸੀ ਜੋ ਕਿ ਭਾਈ ਸਾਹਿਬ ਦੇ ਜੀਵਨ ਦੇ ਪਿਛਲੇ ਸਮੇਂ ਦੇ ਮਹੱਤਵਪੂਰਨ ਪਹਿਲੂਆਂ ਨੂੰ ਉਜਾਗਰ ਕਰਦੀ ਹੈ। ਇਸ ਰਚਨਾ ਦਾ ਪੂਰਾ ਖਰੜਾ ਹਾਲੇ ਤੱਕ ਲੱਭ ਨਹੀਂ ਸਕਿਆ ਪਰ ਕਿਹਾ ਜਾਂਦਾ ਹੈ ਕਿ ਇਸ ਦੀ ਇਕ ਕਾਪੀ ਲਾਲਾ ਪਰਮਾਨੰਦ ਅਰੋੜਾ ਕੋਲ ਮੌਜੂਦ ਸੀ ਜਿਸ ਦੇ ਆਧਾਰ ‘ਤੇ ਉਸ ਨੇ ਭਾਈ ਨੰਦ ਲਾਲ ਜੀ ਦੇ ਮਹੱਤਵਪੂਰਨ ਪਹਿਲੂਆਂ ਨੂੰ ਉਜਾਗਰ ਕੀਤਾ ਹੈ। ਡਾ. ਗੰਡਾ ਸਿੰਘ ਦਸਤੂਰੁਲ-ਇਨਸ਼ਾ ਦੇ ਪ੍ਰਾਪਤ ਖਰੜੇ ਅਤੇ ਲਾਲਾ ਜੀ ਦੀ ਰਚਨਾ ਦੇ ਆਧਾਰ ‘ਤੇ ਇਹ ਸਾਬਤ ਕਰਦੇ ਹਨ ਕਿ ਭਾਈ ਨੰਦ ਲਾਲ 1712 ਈਸਵੀ ਵਿਚ ਮੁਲਤਾਨ ਚਲੇ ਗਏ ਸਨ ਅਤੇ ਉਥੇ ਹੀ 1713 ਈਸਵੀ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ । ਡਾ. ਗੰਡਾ ਸਿੰਘ ਦੱਸਦੇ ਹਨ ਕਿ “ਦੱਖਣ ਦੀ ਮੁਹਿੰਮ ਦੀ ਵਾਪਸੀ ਤੇ ਬਹਾਦਰ ਸ਼ਾਹ ਬਾਦਸ਼ਾਹ ਨੂੰ ਅਜਮੇਰ ਦੇ ਨੇੜੇ ਤੇੜੇ ਜਦ ਬਾਬਾ ਬੰਦਾ ਸਿੰਘ ਦੀਆਂ ਜਿੱਤਾਂ ਦੀਆਂ ਖ਼ਬਰਾਂ ਮਿਲੀਆਂ ਅਤੇ ਉਹ ਸਿੱਧਾ ਪੰਜਾਬ ਨੂੰ ਆਇਆ ਤਾਂ ਭਾਈ ਨੰਦ ਲਾਲ ਵੀ 1710 ਈਸਵੀ ਵਿਚ ਸ਼ਾਹੀ ਕੰਪੂ ਦੇ ਨਾਲ ਸਨ ਅਤੇ ਲਾਹੌਰ ਵਿਚ ਬਾਦਸ਼ਾਹ ਦੀ ਮੌਤ ਪਿਛੋਂ ਜਾਂ ਕੁਝ ਸਮਾਂ ਪਹਿਲਾਂ 1712 ਈਸਵੀ ਵਿਚ ਮੁਲਤਾਨ ਚਲੇ ਗਏ ਅਤੇ ਉਥੇ ਹੀ ਸੁਰਗਵਾਸ ਹੋਏ।” ਮੌਜੂਦਾ ਸਿੱਖ ਇਤਿਹਾਸਕਾਰਾਂ ਵਿੱਚੋਂ ਡਾ. ਕਿਰਪਾਲ ਸਿੰਘ ਇਕ ਉੱਘਾ ਨਾਂ ਹੈ। ਮਾਤਾ ਸੁੰਦਰੀ ਜੀ ਦੁਆਰਾ ਭਾਈ ਨੰਦ ਲਾਲ ਜੀ ਰਾਹੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਚਿੱਠੀ ਲਿਖਣ ਬਾਰੇ ਰਤਨ ਸਿੰਘ ਭੰਗੂ ਨੇ ਜਿਹੜਾ ਬਿਰਤਾਂਤ ਲਿਖਿਆ ਹੈ, ਉਸ ਨੂੰ ਰੱਦ ਕਰਦੇ ਹੋਏ ਉਹ ਕਹਿੰਦੇ ਹਨ ਕਿ ਭੰਗੂ ਦਾ ਬਿਆਨ ਪ੍ਰਮਾਣਿਕ ਇਤਿਹਾਸਿਕ ਲਿਖਤਾਂ ਅਨੁਸਾਰ ਸਹੀ ਨਹੀਂ ਬੈਠਦਾ। ਭਾਈ ਨੰਦ ਲਾਲ ਜੀ ਦੀ ਰਚਨਾ ਦਸਤੂਰੁਲ-ਇਨਸ਼ਾ ਦੇ ਅਧਿਐਨ ਤੋਂ ਹੀ ਉਹ ਸਿੱਟਾ ਕੱਢਦੇ ਹਨ ਕਿ 1713 ਈਸਵੀ ਵਿਚ ਮੁਲਤਾਨ ਵਿਖੇ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।
ਮਾਤਾ ਸੁੰਦਰੀ ਜੀ ਦਾ ਬਾਬਾ ਬੰਦਾ ਸਿੰਘ ਬਹਾਦਰ ਨਾਲ ਕਦੇ ਮੇਲ ਹੋਇਆ ਸੀ ? ਇਤਿਹਾਸ ਦੀਆਂ ਲਿਖਤਾਂ ਤੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਮਾਤਾ ਜੀ ਦਿੱਲੀ ਵਿਖੇ ਨਿਵਾਸ ਕਰਦੇ ਸਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਹਕੂਮਤ ਨਾਲ ਟੱਕਰ ਲੈਂਦਾ ਹੋਇਆ ਪਹਾੜਾਂ ਅਤੇ ਜੰਗਲਾਂ ਵਿਚ ਨਿਵਾਸ ਕਰ ਰਿਹਾ ਸੀ। ਇਸ ਦਾ ਭਾਵ ਇਹ ਨਹੀਂ ਲੈਣਾ ਚਾਹੀਦਾ ਕਿ ਮਾਤਾ ਜੀ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਕਾਰਵਾਈਆਂ ਤੋਂ ਖ਼ੁਸ਼ ਨਹੀਂ ਸਨ। ਗਿਆਨੀ ਗਿਆਨ ਸਿੰਘ ਲਿਖਦੇ ਹਨ ਕਿ ਮਾਤਾ ਜੀ ਨੇ ਬੰਦੇ ਨੂੰ ਕਿਹਾ ਕਿ ਤੂੰ ਗੁਰੂ-ਘਰ ਦਾ ਬਦਲਾ ਲੈ ਲਿਆ ਹੈ, ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈ ਲਿਆ ਹੈ, ਹੁਣ ਤੁਸੀਂ ਬਾਦਸ਼ਾਹ ਤੋਂ ਜਾਗੀਰਾਂ ਲੈ ਕੇ ਖੁਸ਼ਹਾਲ ਜੀਵਨ ਬਤੀਤ ਕਰੋ । – ਧਨਮਈ ਉਦੇਸ਼ ਵਾਲਾ ਜੀਵਨ ਬਸਰ ਕਰਨਾ ਗੁਰਮਤਿ ਦਾ ਸੰਦੇਸ਼ ਨਹੀਂ ਹੈ। ਇਥੇ ਪ੍ਰਭੂ-ਮੁਖੀ ਜੀਵਨ-ਜਾਚ ਧਾਰਨ ਕਰਨ ਦਾ ਆਦੇਸ਼ ਹੈ। ਦੁਨਿਆਵੀ ਵਸਤਾਂ ਜੀਵਨ ਗੁਜ਼ਰਾਨ ਲਈ ਜ਼ਰੂਰੀ ਹਨ ਅਤੇ ਇਹਨਾਂ ਦੀ ਵਰਤੋਂ ਸੀਮਿਤ ਅਤੇ ਸੰਜਮੀ ਰੂਪ ਵਿਚ ਕਰਨੀ ਚਾਹੀਦੀ ਹੈ। ਗੁਰੂ ਸਾਹਿਬਾਨ ਜਬਰ ਅਤੇ ਜ਼ੁਲਮ ਦਾ ਵਿਰੋਧ ਕਰਦੇ ਸਨ, ਉਹ ਅਣਖ ਅਤੇ ਸਵੈਮਾਨ ਰਾਹੀਂ ਜੀਵਨ ਬਸਰ ਕਰਨ ‘ਤੇ ਜ਼ੋਰ ਦਿੰਦੇ ਸਨ ਅਤੇ ਬਦਲਾਖੋਰੀ ਦਾ ਉਹਨਾਂ ਦੇ ਜੀਵਨ ਵਿਚ ਕੋਈ ਸਥਾਨ ਨਹੀਂ ਸੀ । ਜੇਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਹੀ ਲੈਣਾ ਹੁੰਦਾ ਤਾਂ ਉਨ੍ਹਾਂ ਨੂੰ ਹਕੂਮਤ ਦੇ ਵਿਰੁੱਧ ਇੰਨਾ ਵੱਡਾ ਸੰਘਰਸ਼ ਛੇੜਨ ਦੀ ਲੋੜ ਨਹੀਂ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਪੰਜਾਬ ਆਉਣ ਸਮੇਂ ਆਲੀ ਸਿੰਘ ਅਤੇ ਮਾਲੀ ਸਿੰਘ ਸਰਹਿੰਦ ਦੇ ਨਵਾਬ ਕੋਲ ਨੌਕਰੀ ਕਰ ਰਹੇ ਸਨ ਅਤੇ ਉਹ ਆਪਣੇ ਸਾਥੀ ਸਿੱਖਾਂ ਸਮੇਤ ਨਵਾਬ ਦੀ ਨੌਕਰੀ ਛੱਡ ਕੇ ਬੰਦੇ ਨਾਲ ਆ ਮਿਲੇ ਸਨ। ਗੁਰੂ ਜੀ ਕੋਲ ਅਜਿਹੇ ਅਨੇਕਾਂ ਜਾਂਬਾਜ਼ ਸਿੱਖ ਸੇਵਕ ਮੌਜੂਦ ਸਨ ਜਿਹੜੇ ਵਜ਼ੀਰ ਖ਼ਾਨ ਨੂੰ ਮੌਕਾ ਮਿਲਦੇ ਹੀ ਮਾਰ ਸਕਦੇ ਸਨ । ਫਿਰ ਵੀ ਜੇਕਰ ਇਹ ਮੰਨ ਲਿਆ। ਜਾਵੇ ਕਿ ਗੁਰੂ ਜੀ ਨੇ ਬੰਦੇ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਪੰਜਾਬ ਭੇਜਿਆ ਸੀ ਤਾਂ ਸਰਹਿੰਦ ਫ਼ਤਹਿ ਉਪਰੰਤ ਉਸ ਦਾ ਕਾਰਜ ਖ਼ਤਮ ਹੋ ਜਾਣਾ ਚਾਹੀਦਾ ਸੀ । ਗੁਰੂ ਸਾਹਿਬ ਦਾ ਇਹ ਆਦੇਸ਼ ਬੰਦੇ ਨਾਲ ਪੰਜਾਬ ਆਏ ਉਨ੍ਹਾਂ ਸਿੱਖਾਂ ਰਾਹੀਂ ਵੀ ਸਾਹਮਣੇ ਆਉਣਾ ਚਾਹੀਦਾ ਸੀ ਜਿਹੜੇ ਉਹਨਾਂ ਬੰਦੇ ਨਾਲ ਭੇਜੇ ਸਨ।
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਨੂੰ ਦੂਸ਼ਿਤ ਕਰਨ ਲਈ ਉਸ ‘ਤੇ ਇਹ ਦੋਸ਼ ਲਾਇਆ ਗਿਆ ਕਿ ਉਸ ਨੇ ਮਾਤਾ ਸੁੰਦਰੀ ਜੀ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਦੋਸ਼ ਦੀ ਪੜਚੋਲ ਕਰ ਕੇ ਇਸ ਨੂੰ ਰੱਦ ਕਰਦੇ ਹੋਏ ਪ੍ਰਿੰ. ਤੇਜਾ ਸਿੰਘ ਅਤੇ ਡਾ. ਗੰਡਾ ਸਿੰਘ ਕਹਿੰਦੇ ਹਨ ਕਿ ਬਾਬਾ ਬੰਦਾ ਸਿੰਘ ਬਹਾਦਰ ’ਤੇ ਇਹ ਦੋਸ਼ ਕਿ ਉਸ ਨੇ “ਗੁਰੂ ਗੋਬਿੰਦ ਸਿੰਘ ਜੀ ਦੀ ਵਿਧਵਾ ਮਾਤਾ ਸੁੰਦਰੀ ਜੀ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਸੀ ਜਿਨ੍ਹਾਂ ਨੇ ਮੁਗ਼ਲ ਸਰਕਾਰ ਨਾਲ ਮਿਲ ਕੇ ਸਿੱਖਾਂ ਨੂੰ ਕਿਹਾ ਸੀ ਕਿ ਉਹ ਆਪਣੇ ਆਪ ਨੂੰ ਬੰਦਾ ਸਿੰਘ ਅਤੇ ਉਸ ਦੀਆਂ ਕਾਰਵਾਈਆਂ ਤੋਂ ਵੱਖ ਕਰ ਲੈਣ ਪਰ ਸਮਕਾਲੀ ਲਿਖਤਾਂ ਵਿੱਚੋਂ ਕੁਝ ਵੀ ਅਜਿਹਾ ਨਹੀਂ ਮਿਲਦਾ ਜੋ ਇਸ ਦੂਸ਼ਣ ਨੂੰ ਸਿੱਧ ਕਰਦਾ ਹੋਵੇ। ਇਸ ਲਈ ਇਸ ਗੱਲ ਨੂੰ ਕੇਵਲ ਇਕ ਮਨਘੜਤ ਸਮਝ ਕੇ ਰੱਦ ਕਰ ਦੇਣਾ ਚਾਹੀਦਾ ਹੈ।”
ਬਾਬਾ ਬੰਦਾ ਸਿੰਘ ਬਹਾਦਰ ‘ਤੇ ਇਕ ਹੋਰ ਗੰਭੀਰ ਦੋਸ਼ ਇਹ ਲਾਇਆ ਗਿਆ ਕਿ ਉਸ ਨੇ ਆਪਣੇ ਆਪ ਨੂੰ ਸਿੱਖਾਂ ਦਾ ਗੁਰੂ ਕਹਾਉਣਾ ਸ਼ੁਰੂ ਕਰ ਦਿੱਤਾ ਸੀ। ਫ਼ਾਰਸੀ ਦੇ ਸਮਕਾਲੀ ਇਤਿਹਾਸਕਾਰਾਂ ਨੇ ਉਸ ਨੂੰ ਗੁਰੂ ਦੇ ਰੂਪ ਵਿਚ ਹੀ ਪੇਸ਼ ਕੀਤਾ ਹੈ। ਇਥੋਂ ਤੱਕ ਕਿ ਸਿੱਖ ਵਿਦਵਾਨਾਂ ਨੇ ਵੀ ਉਸ ’ਤੇ ਇਹ ਦੋਸ਼ ਮੜ੍ਹ ਦਿੱਤਾ ਹੈ ਕਿ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਬਜਾਏ ਸਿੱਖਾਂ ਦਾ ਗੁਰੂ ਬਣ ਬੈਠਾ ਹੈ। ਡਾ. ਗੰਡਾ ਸਿੰਘ ਕਹਿੰਦੇ ਹਨ ਕਿ, “ਪੰਥ ਪ੍ਰਕਾਸ਼ ਅਤੇ ਤਵਾਰੀਖ਼ ਗੁਰੂ ਖ਼ਾਲਸਾ ਦਾ ਇਹ ਕਹਿਣਾ ਕਿ ਬੰਦਾ ਸਿੰਘ ਨੇ ਇਸ ਵੇਲੇ ਆਪਣੇ ਆਪ ਨੂੰ ਸਿੱਖਾਂ ਦਾ ਗੁਰੂ ਕਹਾਉਣਾ ਸ਼ੁਰੂ ਕਰ ਦਿੱਤਾ ਸੀ, ਭਰੋਸੇਯੋਗ ਸਮਕਾਲੀ ਅਤੇ ਮੁੱਢਲੇ ਸਰਕਾਰੀ ਜਾਂ ਗ਼ੈਰ-ਸਰਕਾਰੀ ਲਿਖਾਰੀਆਂ ਦੀਆਂ ਲਿਖਤਾਂ ਦੇ ਆਧਾਰ ‘ਤੇ ਇਤਿਹਾਸਕ ਖੋਜ ਦੀ ਕਸੌਟੀ ਉਤੇ ਠੀਕ ਸਿੱਧ ਨਹੀਂ ਹੁੰਦਾ। ਨਾ ਹੀ ਵੇਲੇ ਦੀ ਅਜਿਹੀ ਕੋਈ ਗਵਾਹੀ ਮਿਲਦੀ ਹੈ ਜਿਸ ਤੋਂ ਉਸ ਦਾ ਸ੍ਰੀ ਅੰਮ੍ਰਿਤਸਰ ਜਾਣਾ ਸਿੱਧ ਹੁੰਦਾ ਹੋਵੇ। ਅਸਲ ਵਿਚ ਹਾਲਾਤ ਕੁਝ ਐਸੇ ਬਿਖੜੇ ਸਨ ਕਿ ਬੰਦਾ ਸਿੰਘ ਅੰਮ੍ਰਿਤਸਰ ਜਾ ਹੀ ਨਹੀਂ ਸਕਿਆ। ਇਸ ਲਈ ਅੰਮ੍ਰਿਤਸਰ ਵਿਚ ਕੋਈ ਗੱਲ ਭੀ ਉਸ ਨਾਲ ਜੋੜੀ ਨਹੀਂ ਜਾ ਸਕਦੀ। ਅੰਮ੍ਰਿਤਸਰ ਵਿਚ ਬੰਦਾ ਸਿੰਘ ਦੇ ‘ਜਿਗਾ ਕਲਗੀ ਸ਼ਸਤਰ ਬਸਤਰ ਸਜਾ ਕਰ ਬਾਦਸ਼ਾਹਾ ਜੈਸਾ ਦਰਬਾਰ ਲਗਾਇ ਕਰ ਸੰਗਤਾਂ ਨੂੰ ਦਰਸ਼ਨ ਦੇਣ’ ਦੀ ਗੱਲ ਬਾਅਦ ਦੀ ਕਲਪਣਾ ਹੈ। ਇਸੇ ਤਰ੍ਹਾਂ ਹੀ ਮਾਤਾ ਸੁੰਦਰੀ ਅਤੇ ਬਾਦਸ਼ਾਹ ਫ਼ਰੁੱਖ਼ਸੀਅਰ ਦੇ ਵਿਚਕਾਰ ਹੋਈ ਕਹੀ ਜਾਂਦੀ ਕਿਸੇ ਗੱਲ-ਬਾਤ ਜਾਂ ਲਿਖਾ-ਪੜ੍ਹੀ ਦੀ ਭੀ ਕੋਈ ਭਰੋਸੇਯੋਗ ਗਵਾਹੀ ਨਹੀਂ ਮਿਲਦੀ। ਉਸ ਸਮੇਂ ਦੀਆਂ ਲਿਖਤਾਂ, ਸਮਕਾਲੀ ਰੋਜ਼ਨਾਮਚਿਆਂ ਤਜ਼ਕਰਿਆਂ, ਬਾਦਸ਼ਾਹੀ ਜਾਂ ਖ਼ਾਨਦਾਨੀ ਇਤਿਹਾਸਾਂ, ਸ੍ਵੈਜੀਵਨੀਆਂ ਜਾਂ ਵੱਡੇ-ਵੱਡੇ ਸਮਕਾਲੀ ਅਮੀਰਾਂ ਜਾਂ ਸਰਦਾਰਾਂ ਦਿਆਂ ਜੀਵਨ-ਚਰਿਤਰਾਂ ਵਿਚ ਕਿਧਰੇ ਕੋਈ ਐਸਾ ਜ਼ਿਕਰ ਨਹੀਂ ਆਉਂਦਾ, ਜਿਸ ਤੋਂ ਕਿਹਾ ਜਾ ਸਕੇ ਕਿ ਕਿਸੇ ਵੇਲੇ ਭੀ ਫ਼ਰੁੱਖ਼ਸੀਅਰ ਅਤੇ ਮਾਤਾ ਸੁੰਦਰੀ ਵਿਚਕਾਰ ਕਿਸੇ ਪ੍ਰਕਾਰ ਦਾ ਕੋਈ ਸਮਝੌਤਾ ਜਾਂ ਬਾਤ-ਚੀਤ ਹੋਈ ਸੀ ਜਾਂ ਮਾਤਾ ਜੀ, ਬੰਦਾ ਸਿੰਘ ਅਤੇ ਖ਼ਾਲਸੇ ਵਿਚਕਾਰ ਕੋਈ ਪੱਕਾ ਮਤਭੇਦ ਜਾਂ ਝਗੜਾ ਹੋਇਆ ਸੀ । ਇਸ ਲਈ ਇਹ ਕਹਿਣਾ ਕਿ ਬੰਦਾ ਸਿੰਘ ਨੇ ਚੂੰਕਿ ਮਾਤਾ ਜੀ ਦਾ ਹੁਕਮ ਨਹੀਂ ਸੀ ਮੰਨਿਆ, ਇਸ ਕਰਕੇ ਉਨ੍ਹਾਂ ਨੇ ਖ਼ਾਲਸੇ ਨੂੰ ਬੰਦਾ ਸਿੰਘ ਦਾ ਸਾਥ ਦੇਣੋਂ ਰੋਕ ਦਿੱਤਾ ਸੀ, ਬਿਲਕੁਲ ਇਤਿਹਾਸ ਵਿਰੁੱਧ ਹੈ।”16 ਡਾ. ਬਲਵੰਤ ਸਿੰਘ ਮੌਜੂਦਾ ਪੀੜ੍ਹੀ ਦੇ ਸਿੱਖ ਵਿਦਵਾਨਾਂ ਵਿੱਚੋਂ ਹਨ, ਉਨ੍ਹਾਂ ਨੇ ਬਹੁਤ ਹੀ ਮਿਹਨਤ ਸਦਕਾ ਬੰਦਾ ਸਿੰਘ ਬਹਾਦਰ ਨਾਲ ਸੰਬੰਧਿਤ ਲਗਪਗ ਇਕ ਸਦੀ ਦੇ ਫ਼ਾਰਸੀ ਸਰੋਤਾਂ ਦਾ ਅਧਿਐਨ ਅਤੇ ਸੰਪਾਦਨ ਕੀਤਾ ਹੈ। ਮਾਤਾ ਸੁੰਦਰੀ ਜੀ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਚਿੱਠੀ ਲਿਖਣ ਬਾਰੇ ਜਿਹੜਾ ਵਿਵਾਦ ਪੰਥ ਵਿਚ ਚੱਲ ਰਿਹਾ ਹੈ, ਉਸ ਸੰਬੰਧੀ ਟਿੱਪਣੀ ਕਰਦੇ ਉਹ ਕਹਿੰਦੇ ਹਨ, “ਵਿਚਾਰਾਧੀਨ ਫ਼ਾਰਸੀ ਸਰੋਤਾਂ ਵਿਚ ਮਾਤਾ ਸੁੰਦਰੀ ਜੀ ਦੁਆਰਾ ਮੁਗ਼ਲ ਹਕੂਮਤ ਦੇ ਦਬਾਅ ਹੇਠ ਆ ਕੇ ਸਿੱਖਾਂ ਨੂੰ ਬੰਦਾ ਸਿੰਘ ਬਹਾਦਰ ਦਾ ਸਾਥ ਛੱਡ ਦੇਣ ਦੇ ਹੁਕਮ ਬਾਰੇ ਕੋਈ ਗਵਾਹੀ ਨਹੀਂ ਮਿਲਦੀ।”17 ਬਾਬਾ ਬੰਦਾ ਸਿੰਘ ਬਹਾਦਰ ਦੇ ਪਰਿਵਾਰ ਦੀ ਨੌਵੀਂ ਪੀੜ੍ਹੀ ਵਿੱਚੋਂ ਬਾਬਾ ਸਰਦੂਲ ਸਿੰਘ ਨੇ ਇਸ ਝਗੜੇ ਸੰਬੰਧੀ ਉਰਦੂ ਵਿਚ ਇਕ ਚਿੱਠੀ ਫ਼ਰਵਰੀ 1, 1934 ਈਸਵੀ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖੀ ਜੋ ਪੰਜਾਬੀ ਵਿਚ ਇਸ ਪ੍ਰਕਾਰ ਅਨੁਵਾਦ ਕੀਤੀ ਮਿਲਦੀ ਹੈ
ਡੇਰਾ ਸਾਹਿਬ ਬਾਬਾ ਬੰਦਾ ਸਿੰਘ
ਡਾਕਖ਼ਾਨਾ ਰਿਆਸੀ, ਰਿਆਸਤ ਜੰਮੂ
ਮਿਤੀ 19 ਮਾਘ ਸੰਮਤ 1991 ਬਿਕਰਮੀ
ਸਾਡੇ ਬਜੁਰਗ ਬਾਬਾ ਬੰਦਾ ਸਿੰਘ ਪ੍ਰਸਿੱਧ ਬਾਬਾ ਬੰਦਾ ਬਹਾਦਰ ਸੰਮਤ 1765 ਬਿਕਰਮੀ ਨੂੰ ਨਾਂਦੇੜ ਦੇ ਅਸਥਾਨ ‘ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਹੱਥਾਂ ਤੋਂ ਅੰਮ੍ਰਿਤ ਛਕ ਕੇ ਨਿਯਮ ਅਨੁਸਾਰ ਸਿੰਘ ਸਜੇ ਅਤੇ ਬੈਰਾਗੀ ਪੰਥ ਤੋਂ ਸਦਾ ਲਈ ਅਲੱਗ ਹੋ ਕੇ ਗੁਰੂ ਸਾਹਿਬਾਂ ਦੇ ਸਿੱਖ ਬਣੇ। ਉਨ੍ਹਾਂ ਤੋਂ ਬਾਅਦ ਉਹਨਾਂ ਦੀ ਸਾਰੀ ਸੰਤਾਨ ਗੁਰੂ ਸਾਹਿਬਾਂ ਦੀ ਸਿੱਖ ਰਹੀ ਅਤੇ ਹੁਣ ਤੱਕ ਹੈ।
ਸਾਹਿਬ ਬਾਬਾ ਬੰਦਾ ਬਹਾਦਰ ਆਪਣੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੁਕਮ ਨਾਲ ਪੰਜਾਬ ਆਏ ਅਤੇ ਗੁਰੂ ਸਾਹਿਬ ਦੀ ਆਗਿਆ ਪਾਲਣ ਕਰਨ ਵਿਚ ਆਪਣੀ ਜਾਨ ਤੱਕ ਕੁਰਬਾਨ ਕਰ ਗਏ। ਸੇਵਾ ਦੇ ਸਮੇਂ ਵਿਚ ਉਹਨਾਂ ਨੇ ਕਦੀ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੱਦੀਨਸ਼ੀਨ ਗੁਰੂ ਨਹੀਂ ਅਖਵਾਇਆ। ਹੁਣ ਤੱਕ ਉਹ ਅਤੇ ਉਨ੍ਹਾਂ ਦੇ ਸਾਰੇ ਗੱਦੀਨਸ਼ੀਨ ‘ਬਾਬਾ’ ਪਦਵੀ ਨਾਲ ਪ੍ਰਸਿੱਧ ਹਨ । ਬਾਬਾ ਬੰਦਾ ਬਹਾਦਰ ਤੇ ਖ਼ਾਲਸੇ ਦਰਮਿਆਨ ਕੋਈ ਝਗੜਾ ਨਹੀਂ ਹੋਇਆ ਅਤੇ ਨਾ ਹੀ ਖ਼ਾਲਸੇ ਨੇ ਉਹਨਾਂ ਦਾ ਕਦੀ ਸਾਥ ਛੱਡਿਆ। ਬਲਕਿ ਅੰਤਿਮ ਦਿਨਾਂ ਤੱਕ ਅੱਠ ਸੌ ਦੇ ਲਗਪਗ ਖ਼ਾਲਸੇ ਨੇ ਉਹਨਾਂ ਦੀ ਤਾਬੇਦਾਰੀ ਹੇਠ ਉਹਨਾਂ ਨਾਲ ਦਿੱਲੀ ਵਿਚ ਸ਼ਹੀਦੀ ਪ੍ਰਾਪਤ ਕੀਤੀ ਅਤੇ ਕਿਸੇ ਇਕ ਨੇ ਵੀ ਜਾਨ ਬਚਾਉਣ ਲਈ ਖ਼ਾਲਸਾ ਧਰਮ ਤੋਂ ਨਾਂਹ ਨੁੱਕਰ ਨਹੀਂ ਕੀਤੀ । ਬਾਬਾ ਬੰਦਾ ਸਿੰਘ ਸਾਹਿਬ ਦੇ ਦੇਹਾਂਤ ਪਿੱਛੋਂ ਜੋ ਝਗੜੇ ਤੱਤ ਖ਼ਾਲਸੇ ਅਤੇ ਬੰਦਈ ਖ਼ਾਲਸੇ ਵਿਚਕਾਰ ਹੋਏ, ਉਨ੍ਹਾਂ ਦਾ ਬਾਬਾ ਸਾਹਿਬ ਦੇ ਵਿਅਕਤਿਤਵ ਨਾਲ ਕੋਈ ਸੰਬੰਧ ਨਹੀਂ ਹੈ।
ਸਹੀ
ਬਾਬਾ ਸਰਦੂਲ ਸਿੰਘ ਗੱਦੀ ਨਸ਼ੀਨ
ਡੇਰਾ ਸਾਹਿਬ ਬਾਬਾ ਬੰਦਾ ਸਿੰਘ ਸਾਹਿਬ
ਮਿਤੀ 19 ਮਾਘ ਸੰਮਤ 1991 ਬਿਕਰਮੀ
1 ਫਰਵਰੀ 1935
‘ਬੰਦਈ’ ਸ਼ਬਦ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀਆਂ ਲਈ ਵਰਤਿਆ ਜਾਂਦਾ ਹੈ ਜਦੋਂ ਕਿ ਬੰਦਾ ਖ਼ੁਦ ਗੁਰੂ ਜੀ ਦਾ ਸਿੱਖ ਸੀ। ਗੁਰਮਤਿ ਆਸ਼ੇ ਅਨੁਸਾਰ ਜੀਵਨ ਬਸਰ ਕਰਨਾ ਅਤੇ ਗੁਰੂ ਸਾਹਿਬਾਨ ਦੇ ਨਾਂ ‘ਤੇ ਸਿੱਕੇ ਜਾਰੀ ਕਰਨਾ ਉਸ ਦੀ ਸਿੱਖੀ-ਸੇਵਕੀ ਦੇ ਮੂੰਹ-ਬੋਲਦੇ ਸਬੂਤ ਹਨ। ਇਕ ਸੱਚੇ ਸਿੱਖ ਵਾਂਗ ਉਸ ਨੇ ਸ਼ਹਾਦਤ ਦਿੱਤੀ ਅਤੇ ਸਿੱਖ ਵਜੋਂ ਹੀ ਉਸ ਦੀ ਪਛਾਣ ਦੁਨੀਆਂ ਵਿਚ ਕਾਇਮ ਹੈ। ਬੰਦੇ ਦੇ ਪਰਿਵਾਰਕ ਮੈਂਬਰ ਅਤੇ ਉਸ ਦੇ ਸ਼ਰਧਾਲੂ ਵੀ ਅਜਿਹਾ ਕੁਝ ਨਹੀਂ ਕਰਦੇ ਜਿਹੜਾ ਗੁਰਮਤਿ ਦੇ ਅਸੂਲਾਂ ਦੇ ਵਿਰੁੱਧ ਹੋਵੇ। ਬੰਦੇ ਦੇ “ਪੁਤ੍ਰ ਪੋਤ੍ਰ ਅਰ ਸਿਖ ਸੇਵਕ ਸਭ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਤੇ ਬੰਦੇ ਦੇ ਸਿਵਾ ਹੋਰ ਕਿਸੇ ਨੂੰ ਨਹੀਂ ਮੰਨਦੇ, ਅਰਦਾਸ ਵਿਚ ਦਸੋਂ ਪਾਤਸ਼ਾਹੀਆਂ ਦਾ ਨਾਮ ਲੈ ਕੇ ਫੇਰ ਬੰਦੇ ਦਾ, ਉਪਰੰਤ ਅਜੀਤ ਸਿੰਘ, ਜੁਝਾਰ ਸਿੰਘ, ਫਤੇ ਸਿੰਘ ਦਾ ਨਾਮ ਲੈਂਦੇ ਹਨ।”1 ਕੁਝ ਸਮਾਂ ਪਹਿਲਾਂ ‘ਡੇਰਾ ਬਾਬਾ ਬੰਦਾ ਬਹਾਦਰ’ ਵਿਖੇ ਜਾਣ ਦਾ ਮੌਕਾ ਮਿਲਿਆ। ਇਹ ਡੇਰਾ ਚਨਾਬ ਦਰਿਆ (ਪੁਰਾਤਨ ਨਾਂ ਚੰਦਰ ਭਾਗਾ) ਦੇ ਕੰਢੇ ‘ਤੇ ਰਿਆਸੀ ਵਿਖੇ ਵੱਸਿਆ ਹੋਇਆ ਹੈ ਜਿਹੜਾ ਕਿ ਜੰਮੂ ਤੋਂ ਲਗਪਗ 80 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਦਸਵੀਂ ਪੀੜ੍ਹੀ ਵਿੱਚੋਂ ਬਾਬਾ ਜਤਿੰਦਰਪਾਲ ਸਿੰਘ ਜੀ ਉਥੋਂ ਦੇ ਮੁੱਖ-ਪ੍ਰਬੰਧਕ ਹਨ। ਉਨ੍ਹਾਂ ਨੇ ਡੇਰੇ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਉਥੇ ਗੁਰਦੁਆਰਾ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਸਰੂਪ ਅਤੇ ਬੰਦੇ ਦੀਆਂ ਨਿਸ਼ਾਨੀਆਂ ਉਨ੍ਹਾਂ ਨੇ ਸੰਭਾਲ ਕੇ ਰੱਖੀਆਂ ਹੋਈਆਂ ਹਨ। ਡੇਰੇ ਵਿਖੇ ਆਉਣ ਵਾਲੇ ਕੇਸਾਧਾਰੀ ਅਤੇ ਸਹਿਜਧਾਰੀ ਸ਼ਰਧਾਲੂ ਜੰਮਣੇ-ਮਰਣੇ ਦੀਆਂ ਸਮੂਹ ਰਸਮਾਂ ਗੁਰਦੁਆਰੇ ਹੀ ਕਰਦੇ ਹਨ। ਬਹੁਤ ਸਾਰੇ ਇਲਾਕਿਆਂ ਵਿਚ ਗੁਰਮਤਿ ਪ੍ਰਚਾਰ ਰਾਹੀਂ ਸੰਗਤ ਨੂੰ ਗੁਰੂ-ਘਰ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਰਿਆਸੀ ਤੋਂ ਇਲਾਵਾ ਹਾਂਸੀ ਅਤੇ ਰੋਹਤਕ ਵਿਖੇ ‘ਬਾਬਾ ਬੰਦਾ ਬਹਾਦਰ ਪਬਲਿਕ ਸਕੂਲ’ ਵੀ ਡੇਰੇ ਵੱਲੋਂ ਚਲਾਇਆ ਜਾ ਰਿਹਾ ਹੈ।
ਮਾਤਾ ਸੁੰਦਰੀ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਆਪੋ-ਆਪਣੇ ਖੇਤਰ ਵਿਚ ਕਾਰਜ ਕਰ ਰਹੇ ਸਨ। ਮਾਤਾ ਜੀ ਦੀ ਸ਼ਖ਼ਸੀਅਤ ਉਤੇ ਸ਼ੱਕ ਕਰਨਾ ਜਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਪੰਥ ਪ੍ਰਸਤੀ ਨੂੰ ਨਿਵਿਆਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਬਾਬਾ ਜੀ ਨੇ ਦੁਸ਼ਮਣ ਦਾ ਡੱਟ ਕੇ ਮੁਕਾਬਲਾ ਕੀਤਾ ਸੀ ਅਤੇ ਮਾਤਾ ਜੀ ਨੇ ਦਿਖਾਈ ਦਿੰਦੀਆਂ ਚੁਣੌਤੀਆਂ ਦੇ ਸਨਮੁਖ ਪੰਥ ਨੂੰ ਸੰਗਠਿਤ ਕਰਨ ਅਤੇ ਅੱਗੇ ਲਿਜਾਣ ਦਾ ਭਰਪੂਰ ਯਤਨ ਕੀਤਾ ਸੀ । ਮਾਤਾ ਜੀ ਜਦੋਂ ਦਿੱਲੀ ਵਿਚ ਕੋਈ ਖ਼ਤਰਾ ਅਨੁਭਵ ਕਰਦੇ ਤਾਂ ਉਹ ਦਿੱਲੀ ਨੂੰ ਛੱਡ ਕੇ ਬਾਹਰ ਚਲੇ ਜਾਂਦੇ ਸਨ। ਦਿੱਲੀ ਤੋਂ ਬਾਹਰ ਮਾਤਾ ਜੀ ਦੇ ਮਥੁਰਾ ਅਤੇ ਬੁਰਹਾਨਪੁਰ ਜਾਣ ਦੀ ਜਾਣਕਾਰੀ ਮਿਲਦੀ ਹੈ ਜਿਨ੍ਹਾਂ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਅੱਤ ਸੰਕਟ ਦੇ ਸਮੇਂ ਉਹਨਾਂ ਦੀ ਪੰਥ ਨੂੰ ਦਿੱਤੀ ਅਗਵਾਈ ਕਿਸੇ ਤੋਂ ਛੁਪੀ ਹੋਈ ਨਹੀਂ ਹੈ, ਜਿਸ ਨੂੰ ਨਜ਼ਰ- ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।
ਮਾਤਾ ਸੁੰਦਰੀ ਜੀ ਅਤੇ ਭਾਈ ਮਨੀ ਸਿੰਘ
ਸ੍ਰੀ ਗੁਰੂ ਗੋਬਿੰਦ ਸਿੰਘ ਦੇ ਦੱਖਣ ਵਿਚ ਜੋਤੀ-ਜੋਤਿ ਸਮਾ ਜਾਣ ਉਪਰੰਤ ਸਿੱਖ ਆਪ-ਮੁਹਾਰੇ ਮਾਤਾ ਸੁੰਦਰੀ ਜੀ ਦੀ ਸੇਵਾ ਵਿਚ ਜੁੜਨੇ ਅਰੰਭ ਹੋ ਗਏ ਸਨ। ਉਹਨਾਂ ਨੇ ਸੰਗਤ ਵਿਚ ਏਕਤਾ, ਸਦਭਾਵਨਾ ਅਤੇ ਸਿੱਖੀ ਦੀ ਪੂਰਣ ਰਹਿਤ ਮਰਯਾਦਾ ਨੂੰ ਦ੍ਰਿੜ੍ਹ ਕੀਤਾ ਅਤੇ ਇਸ ਗੱਲ ਦਾ ਧਿਆਨ ਰੱਖਿਆ ਕਿ ਸਿੱਖ ਸੰਗਤ ਵਿਚ ਕੋਈ ਵੀ ਅਜਿਹੀ ਗੱਲ ਨਾ ਹੋਵੇ ਜਿਹੜੀ ਕਿ ਸਿੱਖ ਆਸ਼ਿਆਂ ਦੇ ਵਿਰੁੱਧ ਜਾਂਦੀ ਹੋਵੇ ।” ਮਾਤਾ ਜੀ ਨੇ ਭਾਰਤ ਦੇ ਵੱਖ-ਵੱਖ ਕੋਨਿਆਂ ਵਿਚ ਵੱਸਦੀ ਸਿੱਖ ਸੰਗਤ ਨਾਲ ਸੰਪਰਕ ਕਾਇਮ ਰੱਖਿਆ ਹੋਇਆ ਸੀ। ਉਹ ਜਿਥੇ ਸੰਗਤ ਨੂੰ ਯੋਗ ਅਗਵਾਈ ਪ੍ਰਦਾਨ ਕਰ ਰਹੇ ਸਨ, ਉਥੇ ਸੰਗਤ ਨੂੰ ਸਮੇਂ- ਸਮੇਂ ‘ਤੇ ਆਉਣ ਵਾਲੀਆਂ ਸਮੱਸਿਆਵਾਂ ਦਾ ਵੀ ਧਿਆਨ ਰੱਖ ਰਹੇ ਸਨ ਅਤੇ ਜਿਥੇ ਲੋੜ ਸਮਝਦੇ ਉਥੇ ਇਲਾਕਾਈ ਸੰਗਤ ਨੂੰ ਦਿਸ਼ਾ ਨਿਰਦੇਸ਼ ਵੀ ਜਾਰੀ ਕਰ ਰਹੇ ਸਨ ਤਾਂ ਕਿ ਸਮੂਹ ਸਿੱਖ ਸੰਗਤ ਨੂੰ ਗੁਰੂ-ਘਰ ਨਾਲ ਜੋੜ ਕੇ ਰੱਖਿਆ ਜਾ ਸਕੇ।
ਗੁਰਧਾਮਾਂ ਦਾ ਪ੍ਰਬੰਧ ਸੁਯੋਗ ਤਰੀਕੇ ਨਾਲ ਕਰਨ ਅਤੇ ਪੰਥ ਨੂੰ ਫੁੱਟ ਤੇ ਹੋਰ ਮਾਰੂ ਝਗੜਿਆਂ ਤੋਂ ਦੂਰ ਰੱਖ ਕੇ ਚੜ੍ਹਦੀ ਕਲਾ ਵਿਚ ਲਿਜਾਣ ਲਈ ਮਾਤਾ ਜੀ ਹਮੇਸ਼ਾ ਯਤਨਸ਼ੀਲ ਰਹਿੰਦੇ ਸਨ। ਗੁਰੂ-ਘਰ ਦੇ ਨਿਕਟਵਰਤੀ ਮਾਤਾ ਜੀ ਦੇ ਹਰ ਹੁਕਮ ਨੂੰ ਮੰਨ ਕੇ ਉਹਨਾਂ ਦੀ ਇਸ ਕਾਰਜ ਵਿਚ ਸਹਾਇਤਾ ਕਰਦੇ ਸਨ । ਭਾਈ ਮਨੀ ਸਿੰਘ ਇਕ ਅਜਿਹੀ ਸ਼ਖ਼ਸੀਅਤ ਸਨ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਨਿਕਟਵਰਤੀਆਂ ਵਿੱਚੋਂ ਇਕ ਸਨ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਗੁਰੂ-ਘਰ ਦੀ ਸੇਵਾ ਲਈ ਯਤਨਸ਼ੀਲ ਸੀ ਅਤੇ ਲੋੜ ਪੈਣ ‘ਤੇ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਰਹਿੰਦਾ ਸੀ । ਉਸ ਦੇ ਪਰਿਵਾਰ ਦੇ ਬਹੁਤ ਸਾਰੇ ਵਿਅਕਤੀ ਗੁਰੂ-ਘਰ ਦੀ ਸੇਵਾ ਕਰਦੇ ਹੋਏ ਸ਼ਹੀਦੀਆਂ ਵੀ ਪ੍ਰਾਪਤ ਕਰ ਚੁੱਕੇ ਸਨ। ਭਾਈ ਮਨੀ ਸਿੰਘ ਨੇ ਜਿਥੇ ਗੁਰੂ ਸਾਹਿਬਾਨ ਦੀ ਸੇਵਾ ਕੀਤੀ, ਉਥੇ ਉਨ੍ਹਾਂ ਨੇ ਮਾਤਾ ਸੁੰਦਰੀ ਜੀ ਦੀ ਸਰਪ੍ਰਸਤੀ ਹੇਠ ਪੰਥ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਪੰਥ ਨੂੰ ਇਕਮੁੱਠ ਰੱਖਣ ਵਿਚ ਵਿਸ਼ੇਸ਼ ਯੋਗਦਾਨ ਪਾਇਆ ਸੀ । ਉਨ੍ਹਾਂ ਦਾ ਬਹੁਤ ਸਾਰਾ ਸਮਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸੁੰਦਰੀ ਜੀ ਦੀ ਸੇਵਾ ਵਿਚ ਬਸਰ ਹੋਇਆ ਸੀ। ਇਥੇ ਉਨ੍ਹਾਂ ਦੇ ਜੀਵਨ ਬਾਰੇ ਸੰਖੇਪ ਰੂਪ ਵਿਚ ਜਾਣ ਲੈਣਾ ਉਚਿਤ ਹੋਵੇਗਾ ਤਾਂ ਕਿ ਭਾਈ ਸਾਹਿਬ ਅਤੇ ਮਾਤਾ ਸੁੰਦਰੀ ਜੀ ਦੀ ਪੰਥ ਨੂੰ ਦਿੱਤੀ ਦੇਣ ਨੂੰ ਉਜਾਗਰ ਕੀਤਾ। ਜਾ ਸਕੇ।
ਭਾਈ ਮਨੀ ਸਿੰਘ ਜੀ ਦੇ ਜੀਵਨ ਬਾਰੇ ਜਾਣਕਾਰੀ ਹਾਸਲ ਕਰਨ ਵਾਲੇ ਵਿਦਵਾਨਾਂ ਵਿਚ ਮੱਤਭੇਦ ਬਣਿਆ ਹੋਇਆ ਹੈ। ਗਿਆਨੀ ਗਿਆਨ ਸਿੰਘ ਭਾਈ ਮਨੀ ਸਿੰਘ ਨੂੰ ਆਪਣੇ ਬਾਪ ਦਾ ਦਾਦਾ ਕਹਿੰਦੇ ਹਨ। ਭਾਈ ਕਾਨ੍ਹ ਸਿੰਘ ਨਾਭਾ ਭਾਈ ਮਨੀ ਸਿੰਘ ਨੂੰ ਕੈਂਬੋਵਾਲ ਪਿੰਡ ਦੇ ਵਸਨੀਕ ਦੁੱਲਟ ਜੱਟ ਚੌਧਰੀ ਕਾਲੇ ਦਾ ਪੁੱਤ੍ਰ ਦੱਸਦਾ ਹੈ ਪਰ ਨਾਲ ਹੀ ਉਹ ਕਹਿੰਦਾ ਹੈ ਕਿ ਭਾਈ ਮਨੀ ਸਿੰਘ ਜੀ ਦਾ ਦੁੱਲਟ ਹੋਣਾ ਕੇਵਲ ਗਿਆਨੀ ਗਿਆਨ ਸਿੰਘ ਦੇ ਲੇਖ ਅਨੁਸਾਰ ਲਿਖਿਆ ਗਿਆ ਹੈ। ਅਨੇਕ ਸੱਜਣ ਭਾਈ ਸਾਹਿਬ ਦਾ ਜਨਮ ਕੰਬੋ ਵੰਸ਼ ਵਿਚ ਮੰਨਦੇ ਹਨ। ਇਕ ਸੱਜਣ ਨੇ ਭਾਈ ਸਾਹਿਬ ਦਾ ਜਨਮ ਕਾਨੇ ਕਾਛੇ ਦਾ ਲਿਖਿਆ ਹੈ।’ ਗਿਆਨੀ ਗਰਜਾ ਸਿੰਘ ਭਾਈ ਮਨੀ ਸਿੰਘ ਦੇ ਸੰਬੰਧ ਵਿਚ ਪ੍ਰਗਟ ਹੋਈਆਂ ਚਾਰ ਰਾਵਾਂ ਦਾ ਵਰਣਨ ਕਰਦੇ ਹਨ : (1) ਭਾਈ ਮਨੀ ਸਿੰਘ ਮੁਲਤਾਨੀ ਸਨ, (2) ਭਾਈ ਮਨੀ ਸਿੰਘ ਕੰਬੋ ਸਨ, (3) ਵਾਈ ਮਨੀ ਸਿੰਘ ਕਾਨ੍ਹੇ-ਕਾਛੇ ਦੇ ਵਸਨੀਕ ਸਨ, ਤੇ (4) ਭਾਈ ਮਨੀ ਸਿੰਘ ਕੈਂਬੋਵਾਲ ਦੇ ਦੁੱਲਟ ਜ਼ਿਮੀਂਦਾਰ ਸਨ। ਉਹ ਅੱਗੇ ਕਹਿੰਦੇ ਹਨ ਕਿ ਅਸੀਂ ਜਿਸ ‘ਸ਼ਹੀਦ ਬਿਲਾਸ’ ਦਾ ਸੰਪਾਦਨ ਕਰ ਰਹੇ ਹਾਂ, ਉਸ ਦਾ ਹੀਰੋ ਭਾਈ ਮਨੀ ਸਿੰਘ ਮੁਲਤਾਨੀ ਹੈ। ਗੁਰਮੁਖ ਸਿੰਘ ਨੇ ਇਕ ਖੋਜ ਭਰਪੂਰ ਲੇਖ ਲਿਖ ਕੇ ਭਾਈ ਮਨੀ ਸਿੰਘ ਦੀ ਪਛਾਣ ਕਾਇਮ ਕਰਨ ਦਾ ਯਤਨ ਕੀਤਾ ਹੈ। ਉਹ ਗਿਆਨੀ ਗਰਜਾ ਸਿੰਘ ਦੀ ਖੋਜ ਨੂੰ ਰੱਦ ਕਰਦੇ ਹੋਏ ਭਾਈ ਮਨੀ ਸਿੰਘ ਸ਼ਹੀਦ ਨੂੰ ਕੈਂਬੋਵਾਲ ਦਾ ਕੰਬੋ ਸਿੱਧ ਕਰਦੇ ਹਨ।” ਜਾਪਦਾ ਹੈ ਕਿ ਮਨੀ ਸਿੰਘ ਦੇ ਇਕ ਤੋਂ ਵਧੇਰੇ ਸਿਰਨਾਵੀਏਂ ਗੁਰੂ-ਘਰ ਵਿਚ ਮੌਜੂਦ ਸਨ। ਭੱਟਾਂ ਦੇ ਬਿਰਤਾਂਤ ਵੀ ਵਧੇਰੇ ਕਰਕੇ ਸੀਨੇ- ਬਸੀਨੇ ਅਤੇ ਸੁਣੀਆਂ-ਸੁਣਾਈਆਂ ਗੱਲਾਂ ‘ਤੇ ਆਧਾਰਿਤ ਹੁੰਦੇ ਸਨ। ਇਨ੍ਹਾਂ ਦੋਵੇਂ ਕਾਰਨਾਂ ਕਰਕੇ ਭੁਲੇਖਾ ਲੱਗ ਜਾਣਾ ਜਾਂ ਘਟਨਾਵਾਂ ਦਾ ਰਲਗੱਡ ਹੋ ਜਾਣਾ ਸੁਭਾਵਿਕ ਹੈ। ਮਾਤਾ ਸੁੰਦਰੀ ਜੀ ਦੇ ਆਦੇਸ਼ ਅਤੇ ਸਹਿਯੋਗ ਰਾਹੀਂ ਉਨ੍ਹਾਂ ਨੇ ਜਿਹੜੇ ਪ੍ਰਮੁਖ ਕਾਰਜ ਕੀਤੇ, ਉਹ ਇਸ ਪ੍ਰਕਾਰ ਹਨ:
- ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ;
- ਗੁਰਮਤਿ ਦੀ ਟਕਸਾਲ ਕਾਇਮ ਕਰਨਾ;
- ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਦਾ ਝਗੜਾ ਮੁਕਾਉਣਾ; ਅਤੇ
- ਦਸਮ ਗ੍ਰੰਥ ਦੀਆਂ ਰਚਨਾਵਾਂ ਇਕੱਤਰ ਕਰਨਾ।
- ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ : ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਕਰਵਾ ਕੇ ਇਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਸੀ। ਇਸ ਅਸਥਾਨ ਦੇ ਚਾਰ ਦਰਵਾਜ਼ੇ ਸ੍ਰੀ ਗੁਰੂ ਗ੍ਰੰਥ ‘ ਸਾਹਿਬ ਜੀ ਦੇ ਸਰਬ-ਸਾਂਝੀਵਾਲਤਾ ਦੇ ਉਪਦੇਸ਼ ‘ਉਪਦੇਸੁ ਚਹੁ ਵਰਨਾ ਕਉ ਸਾਝਾ’ ਦਾ ਪ੍ਰਗਟਾਵਾ ਕਰਦੇ ਹਨ। ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਇਹ ਅਸਥਾਨ ਸਿੱਖਾਂ ਦੇ ਕੇਂਦਰੀ ਸਥਾਨ ਵਜੋਂ ਸਾਹਮਣੇ ਆਉਣ ਲੱਗਾ ਸੀ। ਇਸ ਅਸਥਾਨ ਪ੍ਰਤੀ ਸਿੰਘਾਂ ਦੀ ਸੰਵੇਦਨਾ ਅਤੇ ਭਾਵਨਾ ਹਮੇਸ਼ਾ ਬਣੀ ਰਹੀ ਹੈ ਜਿਸ ਦਾ ਪ੍ਰਗਟਾਵਾ ਰੋਜ਼ਾਨਾ ਦੀ ਅਰਦਾਸ ਵਿਚ ਇਸ ਪ੍ਰਕਾਰ ਕੀਤਾ ਜਾਂਦਾ ਹੈ : ‘ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ ਜੁਗੋ ਜੁਗ ਅਟੱਲ’। ਸਿੱਖ ਇਸ ਧਰਮ ਅਸਥਾਨ ਨੂੰ ਆਪਣੀ ਜਾਨ ਤੋਂ ਵੀ ਵੱਧ ਪਿਆਰ ਕਰਦੇ ਹਨ ਅਤੇ ਇਸ ਕਰਕੇ ਜਦੋਂ ਵੀ ਕਿਸੇ ਹਮਲਾਵਰ ਨੇ ਇਸ ਅਸਥਾਨ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਹੈ, ਉਸ ਨੂੰ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਇਸ ਧਰਮ ਅਸਥਾਨ ਦੀ ਸੇਵਾ ਅਤੇ ਇਥੋਂ ਦੇ ਪ੍ਰਬੰਧ ਵਿਚ ਸਿੱਖ ਹਮੇਸ਼ਾ ਵਡਮੁੱਲਾ ਯੋਗਦਾਨ ਪਾਉਂਦੇ ਰਹੇ ਹਨ। ਬਹੁਤ ਸਾਰੇ ਮੁਖੀ ਸਿੱਖਾਂ ਨੇ ਇਸ ਧਰਮ ਅਸਥਾਨ ਦੇ ਪ੍ਰਬੰਧ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਅਹਿਮ ਭੂਮਿਕਾ ਨਿਭਾਈ ਹੈ। ਭਾਈ ਮਨੀ ਸਿੰਘ ਦਾ ਨਾਂ ਵੀ ਅਜਿਹੇ ਪ੍ਰਮੁਖ ਗੁਰਸਿੱਖਾਂ ਵਿਚ ਆਉਂਦਾ ਹੈ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਤਿਮ ਸਵਾਸ ਤੱਕ ਇਸ ਧਰਮ ਅਸਥਾਨ ਦੀ ਮਾਣ-ਮਰਯਾਦਾ ਕਾਇਮ ਰੱਖਣ ਲਈ ਕਾਰਜ ਕੀਤਾ ਹੈ। ਗੁਰੂ-ਘਰ ਨਾਲ ਉਨ੍ਹਾਂ ਦਾ ਬਹੁਤ ਹੀ ਨਿਕਟਵਰਤੀ ਸੰਬੰਧ ਰਿਹਾ ਹੈ। ਗੁਰੂ ਜੀ ਉਸ ਦੀ ਗੁਰੂ-ਘਰ ਪ੍ਰਤੀ ਦ੍ਰਿੜ੍ਹਤਾ, ਵਿਦਵਤਾ ਅਤੇ ਗੁਰਮਤਿ ਪਰਪੱਕਤਾ ਦੇ ਅਨੁਸਾਰ ਉਸ ਨੂੰ ਕਾਰਜ ਸੌਂਪਦੇ ਸਨ। 1699 ਦੀ ਵੈਸਾਖੀ ਨੂੰ “ਸ੍ਰੀ ਅੰਮ੍ਰਿਤਸਰ ਤੇ ਆਈ ਸੰਗਤ ਨੇ ਕੁਝ ਦਿਹੁੰ ਬਾਦ ਬੇਨਤੀ ਕੀ – ਸੱਚੇ ਪਾਤਸ਼ਾਹ ! ਸ੍ਰੀ ਦਰਬਾਰ ਸਾਹਿਬ ਕੇ ਮੁਖ ਪੁਜਾਰੀ ਪਰਲੋਕ ਪਿਆਨਾ ਕਰ ਗਏ ਹੈਂ। ਇਨ ਕੀ ਮ੍ਰਿਤੂ ਕੇ ਬਾਦ ਸੋਢੀ ਨਿਰੰਜਨ ਰਾਇ, ਹਰਿ ਗੋਪਾਲ ਤੇ ਕਮਲ ਨੈਨ ਨੇ ਸੰਗਤ ਕੋ ਤੀਨ ਹਿਸੋਂ ਮੇਂ ਬਾਂਟ ਲੀਆ ਥਾ। ਆਖ਼ਰ ਇਹ ਅੰਮ੍ਰਿਤਸਰ ਕਾ ਨਿਵਾਸ ਛੋਰ ਮਾਲਵੇ ਮੇਂ ਘਰਾਚੋਂ ਆਦਿ ਨਗਰੋਂ ਮੇਂ ਚਲੇ ਗਏ ਹੈਂ। ਇਨ ਕੇ ਜਾਨੇ ਕੇ ਬਾਦ ‘ਗੁਰੂ ਚੱਕ’ ਨਗਰੀ ਕੀਆਂ ਸਿੱਖ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਮੇਂ ਦੀਆ ਬਾਤੀ ਕਰਤੀ ਹੈਂ। ਗੁਰੂ ਜੀ ਨੇ ਅੰਮ੍ਰਿਤਸਰੀ ਸਿੱਖਾਂ ਕੀ ਬੇਨਤੀ ਮਾਨ ਕੇ ਦੀਵਾਨ ਮਨੀ ਸਿੰਘ ਸੇ ਕਹਾ- ਤੁਸੀਂ ਸ੍ਰੀ ਹਰਿਮੰਦਰ ਸਾਹਿਬ ਮੇਂ ਸ੍ਰੀ ਰਾਮਦਾਸਪੁਰੇ ਇਨ ਕੇ ਸਾਥ ਜਾਈਏ। ਬਚਨ ਪਾਇ ਭਾਈ ਮਨੀ ਸਿੰਘ ਜੀ ਨੇ ਤਿਆਰੀ ਕੀ, ਇਨ ਕੇ ਸਾਥ ਪਾਂਚ ਸਿੱਖ – ਭਾਈ ਭੂਪਤ ਸਿੰਘ, ਗੁਲਜ਼ਾਰ ਸਿੰਘ, ਕੋਇਰ ਸਿੰਘ ਚੰਦਰਾ, ਦਾਨ ਸਿੰਘ ਤੇ ਕੀਰਤ ਸਿੰਘ- ਦੀਏ। ਇਸੇ ਜਾਨੇ ਸਮੇਂ ਏਕ ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਬੀੜ, ਸੁਰਮਈ ਪੁਸ਼ਾਕੇ ਵਾਲਾ ਨਿਸ਼ਾਨ ਦੇ ਕੇ ਵਿਦਿਆ ਕੀਆ। ਭਾਈ ਮਨੀ ਸਿੰਘ ਸਤਿਗੁਰਾਂ ਕੀ ਆਗਿਆ ਪਾਇ ਪਾਂਚ ਸਿੱਖੋਂ ਕੋ ਗੈਲ ਲੈ ਕੇ ਸ੍ਰੀ ਅੰਮ੍ਰਿਤਸਰ ਕੀ ਤਰਫ਼ ਆਇਆ।””
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾ ਜਾਣ ਤੋਂ ਬਾਅਦ ਮਾਤਾ ਸੁੰਦਰੀ ਜੀ ਇਸ ਧਰਮ ਅਸਥਾਨ ਦੀ ਸੇਵਾ ਦਾ ਕਾਰਜ ਨਿਭਾਉਂਦੇ ਰਹੇ। ਮਾਤਾ ਜੀ ਅੰਮ੍ਰਿਤਸਰ ਦੇ ਪ੍ਰਬੰਧ ਵਿਚ ਕੋਈ ਢਿੱਲ ਨਹੀਂ ਰਹਿਣ ਦੇਣਾ ਚਾਹੁੰਦੇ ਸਨ, ਇਸ ਕਰਕੇ ਇਥੋਂ ਦੇ ਪ੍ਰਬੰਧ ਲਈ ਸਭ ਤੋਂ ਵਧੇਰੇ ਯੋਗ ਜਾਣ ਕੇ ਮਾਤਾ ਜੀ ਨੇ ਉਥੋਂ ਦਾ ਪ੍ਰਬੰਧ ਭਾਈ ਸਾਹਿਬ ਨੂੰ ਹੀ ਸੌਂਪਿਆ ਸੀ ।
ਪਟਨੇ ਦੀ ਸੰਗਤ ਦੇ ਨਾਂ ਮਾਤਾ ਸੁੰਦਰੀ ਜੀ ਦੇ ਸਭ ਤੋਂ ਵਧੇਰੇ ਹੁਕਮਨਾਮੇ ਲਿਖੇ ਮਿਲਦੇ ਹਨ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਮਾਤਾ ਜੀ ਪਟਨੇ ਦੀ ਸੰਗਤ ਨੂੰ ਦਸਵੰਧ ਦੀ ਮਾਇਆ ਦਿੱਲੀ ਭੇਜਣ ਲਈ ਕਹਿ ਰਹੇ ਸਨ। ਦੂਜੇ ਪਾਸੇ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਹਾਲਾਤ ਦਾ ਪਤਾ ਵੀ ਭਾਈ ਮਨੀ ਸਿੰਘ ਰਾਹੀਂ ਲੱਗ ਰਿਹਾ ਸੀ। ਮਾਤਾ ਜੀ ਹਰਿਮੰਦਰ ਸਾਹਿਬ ਦਾ ਪ੍ਰਬੰਧ ਸੁਚਾਰੂ ਰੂਪ ਵਿਚ ਚਲਾਉਣਾ ਚਾਹੁੰਦੇ ਸਨ, ਇਸ ਕਰਕੇ ਅੰਮ੍ਰਿਤਸਰ ਦੀ ਸੰਗਤ ਉਹਨਾਂ ਨੂੰ ਜਿਹੜਾ ਚੜਾਵਾ ਦਿੱਲੀ ਭੇਜਦੀ ਸੀ, ਉਹ ਉਹਨਾਂ ਨੇ ਉਥੇ ਹੀ ਵਰਤਣ ਦਾ ਆਦੇਸ਼ ਕਰ ਦਿੱਤਾ ਸੀ। ਮਾਤਾ ਜੀ ਦੇ ਸਮੇਂ ਅੰਮ੍ਰਿਤਸਰ ਦਾ ਚੜ੍ਹਾਵਾ ਪਟਨੇ ਜਾਣ ਦਾ ਸੰਕੇਤ ਵੀ ਮਿਲਦਾ ਹੈ। ਮਾਤਾ ਜੀ ਨੇ ਉਸ ਨੂੰ ਵੀ ਉਥੇ ਹੀ ਵਰਤਣ ਲਈ ਕਹਿ ਦਿੱਤਾ, ਜਿਸ ਦਾ ਵਰਣਨ ਕਰਦੇ ਹੋਏ ਸ. ਰਤਨ ਸਿੰਘ ਭੰਗੂ ਦੱਸਦੇ ਹਨ:
ਮਾਤਾ ਭੇਜਯੋ ਤਿਸੈ ਕੋ ਦਿਲੀ ਤੇ ਸਮਝਾਇ।
ਅੰਮ੍ਰਿਤਸਰ ਚੜ੍ਹਤੀ ਚੜ੍ਹੇ ਸਿੱਖਨ ਜਾਹਿ ਖੁਵਾਇ।
ਤਿਸ ਨੇ ਆਇ ਬੰਦੋਬਸਤ ਕੀਆ। ਮਾਤਾ ਚੜਾਵਾ ਖ਼ਾਲਸੇ ਬਖ਼ਸ਼ੀਆ।
ਆਗੇ ਚੜਾਵੋ ਪਟਨੇ ਜਾਵੈ। ਮਾਤਾ ਕਹਣੇ ਤੇ ਈਹਾਂ ਆਵੈ।”
- ਗੁਰਮਤਿ ਦੀ ਟਕਸਾਲ ਕਾਇਮ ਕਰਨਾ : ਭਾਈ ਮਨੀ ਸਿੰਘ ਜੀ ਗੁਰਬਾਣੀ ਅਤੇ ਗੁਰ-ਇਤਿਹਾਸ ਦੇ ਉੱਘੇ ਵਿਆਖਿਆਕਾਰ ਸਨ । ਉਹ ਗੁਰੂ-ਘਰ ਵਿਚ ਗੁਰਬਾਣੀ ਵਿਆਖਿਆ ਦਾ ਕਾਰਜ ਕਰਦੇ ਸਨ, ਜਿਸ ਨਾਲ ਸੰਗਤ ਨੂੰ ਗੁਰਬਾਣੀ ਦੀ ਸੋਝੀ ਪ੍ਰਦਾਨ ਕੀਤੀ ਜਾਂਦੀ ਸੀ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ। ਸੀ। ਗੁਰਬਾਣੀ ਦਾ ਸਭ ਤੋਂ ਵਧੇਰੇ ਯੋਗ ਵਿਦਵਾਨ ਅਤੇ ਲਿਖਾਰੀ ਜਾਣ ਕੇ ਗੁਰੂ ਜੀ ਨੇ ਭਾਈ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਦੀ ਸੇਵਾ ਲਈ ਸੀ । ਭਾਈ ਸਾਹਿਬ ਦਾ ਨਾਂ ਉਨ੍ਹਾਂ 48 ਸਿੱਖਾਂ ਵਿਚ ਪ੍ਰਮੁਖ ਤੌਰ ‘ਤੇ ਲਿਆ ਜਾਂਦਾ ਹੈ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿਚ ਸ਼ਬਦਾਂ ਦੇ ਅਰਥ ਸਿੱਖੇ ਮੰਨੇ ਜਾਂਦੇ ਹਨ। ਭਾਈ ਮਨੀ ਸਿੰਘ ਜੀ ਦੇ ਨਾਂ ‘ਤੇ ਦੋ ਪ੍ਰਮੁਖ ਰਚਨਾਵਾਂ ਅੱਜ ਵੀ ਪ੍ਰਚੱਲਤ ਹਨ, ਇਕ ਨੂੰ ਗਿਆਨ ਰਤਨਾਵਲੀ ਅਤੇ ਦੂਜੀ ਨੂੰ ਭਗਤ ਰਤਨਾਵਲੀ ਕਿਹਾ ਜਾਂਦਾ ਹੈ। ਭਾਈ ਗੁਰਦਾਸ ਜੀ ਦੀ ਪਹਿਲੀ ਅਤੇ ਗਿਆਰਵੀਂ ਵਾਰ ਦੀ ਵਿਆਖਿਆ ਅਤੇ ਵਿਸਤਾਰ ਮੰਨੀਆਂ ਜਾਂਦੀਆਂ ਇਹ ਦੋਵੇਂ ਰਚਨਾਵਾਂ ਬਹੁਤ ਹੀ ਮਹੱਤਵਪੂਰਨ ਹਨ। ਇਹ ਦੋਵੇਂ ਰਚਨਾਵਾਂ ਸਿੱਖਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਮਹੱਤਵਪੂਰਨ ਕਾਰਜ ਕਰਦੀਆਂ ਹਨ। ਗਿਆਨ ਰਤਨਾਵਲੀ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਸਾਖੀਆਂ ਹਨ ਅਤੇ ਭਗਤ ਰਤਨਾਵਲੀ ਵਿਚ ਗੁਰੂ ਸਾਹਿਬਾਨ ਦੇ ਸਮੇਂ ਹੋਏ ਪ੍ਰਮੁਖ ਸਿੱਖਾਂ ਦਾ ਵਰਣਨ ਹੈ। ਇਸ ਰਚਨਾ ਵਿਚ ਵਧੇਰੇ ਕਰਕੇ ਉਨ੍ਹਾਂ ਸਿੱਖਾਂ ਦਾ ਹੀ ਜ਼ਿਕਰ ਹੈ ਜਿਨ੍ਹਾਂ ਦੇ ਨਾਂ ਭਾਈ ਗੁਰਦਾਸ ਜੀ ਦੀ ਗਿਆਰਵੀਂ ਵਾਰ ਵਿਚ ਮਿਲਦੇ ਹਨ।
ਭਾਈ ਮਨੀ ਸਿੰਘ ਜੀ ਦਾ ਨਾਂ ਗੁਰਬਾਣੀ ਦੇ ਮੁੱਢਲੇ ਵਿਆਖਿਆਕਾਰਾਂ ਵਿਚ ਆਉਂਦਾ ਹੈ। ਉਹਨਾਂ ਨੇ ਗੁਰਮਤਿ ਦੀ ਸੋਝੀ ਪ੍ਰਦਾਨ ਕਰਨ ਲਈ ਅੰਮ੍ਰਿਤਸਰ ਵਿਖੇ ਗੁਰਬਾਣੀ ਦੇ ਅਰਥਾਂ ਦੀ ਟਕਸਾਲ ਕਾਇਮ ਕੀਤੀ ਸੀ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਰਦੇ ਸਮੇਂ ਗੁਰਬਾਣੀ ਅਤੇ ਸਮਕਾਲੀ ਸਿੱਖਾਂ ਦੇ ਜੀਵਨ ਵਿੱਚੋਂ ਦ੍ਰਿਸ਼ਟਾਂਤ ਪੇਸ਼ ਕਰ ਕੇ ਸਿੱਖੀ ਦ੍ਰਿੜ੍ਹ ਕਰਾਉਂਦੇ ਸਨ ਜਿਸ ਦਾ ਵਰਣਨ ਕਰਦੇ ਹੋਏ, ਰਤਨ ਸਿੰਘ ਭੰਗੂ ਕਹਿੰਦੇ ਹਨ: ਬੀਜ ਬੀਜੇ ਵਹਿ ਗੁਰਮਤ ਲਾਵੈ। ਚਾਰ ਬਰਨ ਕੋ ਸਿਖੀ ਦ੍ਰਿੜਾਵੈ। ਕਰ ਸਾਖੀ ਬਹੁ ਸਿਖਨ ਸੁਨਾਵੈ। ਕਛੁ ਗੁਰ ਕਹੀ ਕਛੁ ਮਨ ਤੇ ਲਾਵੈ ।”
ਭਾਈ ਮਨੀ ਸਿੰਘ ਜੀ ਨੇ ਗੁਰਬਾਣੀ ਅਤੇ ਗੁਰ-ਇਤਿਹਾਸ ਦੀ ਵਿਦਿਆ ਪ੍ਰਦਾਨ ਕਰਨ ਲਈ ਜਿਹੜੀ ਟਕਸਾਲ ਅਰੰਭ ਕੀਤੀ ਸੀ, ਉਸ ਵਿੱਚੋਂ ਵੱਡੇ- ਵੱਡੇ ਵਿਦਵਾਨ ਪੈਦਾ ਹੋਏ ਹਨ। ਭਾਈ ਸਾਹਿਬ ਜੀ ਦੁਆਰਾ ਸਥਾਪਤ ਟਕਸਾਲ ਤੋਂ ਵਿਦਿਆ ਗ੍ਰਹਿਣ ਕਰਨ ਵਾਲਿਆਂ ਬਾਰੇ ਜ਼ਿਕਰ ਕਰਦੇ ਹੋਏ। ਬਾਬਾ ਸੁਮੇਰ ਸਿੰਘ ਜੀ ਕਹਿੰਦੇ ਹਨ ਕਿ ਉਨ੍ਹਾਂ ਦੇ ਪਿਤਾ ਨੇ ਭਾਈ ਮਨੀ ਸਿੰਘ ਦੁਆਰਾ ਸਥਾਪਤ ਟਕਸਾਲ ਤੋਂ ਅਰਥ ਸਿੱਖੇ ਸਨ:
ਤਬ ਤੇ ਅਬਲੋ ਗੁਰਮੁਖ ਪਯਾਰੇ।
ਸੀਖਤ ਅਰਥ ਕਰਤ ਹਿਤ ਧਾਰੇ।
ਬਧੀ ਅਧਿਕ ਟਕਸਾਲ ਸੁਹਾਨੀ।
ਮਨੀ ਸਿੰਘ ਭਏ ਤਿਨ ਕੇ ਗਯਾਨੀ।
ਪੁਨ ਗੁਰਬਕਸ਼ ਸਿੰਘ ਜੀ ਭਏ।
ਅਮਰ ਸਿੰਘ ਤਿਨ ਤੇ ਪਚ ਲਏ।
ਤਿਨ ਤੇ ਭਏ ਅਧਕ ਸੁਖਦਾਨੀ।
ਸਭ ਮਹਿ ਮੁਖਯ ਰਾਮ ਸਿੰਘ ਗਿਯਾਨੀ।
ਤਿਨ ਤੇ ਮਮ ਪਿਤ ਅਰਥ ਸੁ ਸੀਖੇ।
ਅਰੁ ਸੁ ਜਥਾਰਥ ਕਰ ਚਿਤ ਲੀਖੇ।
ਮਨੀ ਸਿੰਘ ਜੀ ਪਰਉਪਕਾਰੀ।
ਜਗ ਮਹਿ ਅਰਥ ਰੀਤ ਬਿਸਾਰੀ।”
- ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਦਾ ਝਗੜਾ ਮੁਕਾਉਣਾ : ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਦਾ ਝਗੜਾ ਇਤਿਹਾਸ ਦੇ ਪੰਨਿਆਂ ਦਾ ਅਹਿਮ ਹਿੱਸਾ ਹੈ ਜਿਸ ਨਾਲ ਕਈ ਵਾਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ‘ਤੇ ਬੁਰਾ ਪ੍ਰਭਾਵ ਵੀ ਪਿਆ ਹੈ। ਦੋਹਾਂ ਦਲਾਂ ਦੇ ਝਗੜੇ ਪਿੱਛੇ ਕੀ ਕਾਰਨ ਸੀ, ਇਸ ਬਾਰੇ ਵਿਸ਼ੇਸ਼ ਰੂਪ ਵਿਚ ਖੋਜ ਹੋਣੀ ਹਾਲੇ ਬਾਕੀ ਹੈ। ਪਰ ਵਿਦਵਾਨਾਂ ਅਤੇ ਵਿਸ਼ਵਾਸੀਆਂ ਨੇ ਇਸ ਨੂੰ ਆਪੋ-ਆਪਣੇ ਢੰਗ ਨਾਲ ਪੇਸ਼ ਕੀਤਾ ਹੈ। ਅਜੋਕੇ ਸਮੇਂ ਦੇ ਲਗਪਗ ਸਾਰੇ ਵਿਦਵਾਨ ਇਸ ਮੱਤ ਦੇ ਹਾਮੀ ਹਨ ਕਿ ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਦਾ ਝਗੜਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਹੁਤ ਸਮਾਂ ਪਿੱਛੋਂ ਹੋਇਆ। ਕੁਝ ਵਿਦਵਾਨ ਇਸ ਝਗੜੇ ਦੀਆਂ ਜੜ੍ਹਾਂ ਗੁਰਦਾਸ ਨੰਗਲ ਦੇ ਯੁੱਧ ਦੌਰਾਨ ਬਾਵਾ ਬਿਨੋਦ ਸਿੰਘ ਦੇ ਗੜ੍ਹੀ ਛੱਡ ਜਾਣ ਨਾਲ ਜੋੜਦੇ ਹਨ। ਡਾ. ਗੰਡਾ ਸਿੰਘ ਬਾਵਾ ਬਿਨੋਦ ਸਿੰਘ ਦੇ ਛੱਡ ਕੇ ਚਲੇ ਜਾਣ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਸਿੱਖੀ ਸੇਵਕੀ ’ਤੇ ਸ਼ੱਕ ਨਾ ਕਰਨ ਦੀ ਸਲਾਹ ਦਿੰਦੇ ਹਨ। ਪਰ ਇਹ ਪਾੜਾ ਬੰਦਾ ਬਹਾਦਰ ਦੀ ਸ਼ਹੀਦੀ ਤੋਂ ਪੰਜ-ਛੇ ਸਾਲ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੈਸਾਖੀ ਦੇ ਮੌਕੇ ਸਾਹਮਣੇ ਆਇਆ :
ਅਮਰ ਸਿੰਘ ਮਹੰਤ ਖੇਮ ਜੋ ਕਰਨੀਆ।
ਲਯਾ ਚਲਾਇ ਏਸ ਆਪਨਾ ਪੰਥ ਸੀ।
ਸਿੱਖਨ ਥੀਂ ਪੁਜਵਾਇ ਪੈਰ ਆਪਨੈ।
ਬੈਠਾ ਗੱਦੀ ਲਾਇ ਸੰਗਤ ਬੀਚ ਮੈਂ।
ਨੀਲਾ ਬੰਦ ਕਰਾਇਆ ਅੰਬਰ ਪਹਿਨਣਾ।
ਸੂਹਾ ਅੰਗ ਲਗਾਇਆ ਏਹਦੇ ਸੇਵਕਾਂ।
ਪਯਾ ਵਿਖਾਂਧ ਸੀ ਆਣ ਮਧ ਇਮ ਖਾਲਸੇ।
ਮਾਤ ਸੁੰਦਰੀ ਲਿਖਾ ਸੋਚ ਵਿਚਾਰ ਇਹ।
ਦੋਹਾਂ ਦਲਾਂ ਦਾ ਮੇਲ ਕਰਨ ਕਰਾਨ ਲਈ।
ਸੇਵਾ ਹਰੀ ਸੀ ਪਾਤੀ ਬਾਚੀ ਖੋਲ ਕੇ।
ਮਨੀ ਸਿੰਘ ਮੁਕਾਏ ਝਗੜਾ ਦੋਹਾਂ ਕਾ ।
ਇਸ ਕਾਵਿ ਬੰਦ ਵਿੱਚੋਂ ਝਗੜੇ ਦੇ ਜਿਹੜੇ ਪ੍ਰਮੁਖ ਕਾਰਨ ਸਾਹਮਣੇ ਆਉਂਦੇ ਹਨ, ਉਹਨਾਂ ਵਿਚ ਅਮਰ ਸਿੰਘ ਮਹੰਤ ਦੁਆਰਾ ਆਪਣਾ ਵੱਖਰਾ ਪੰਥ ਚਲਾਉਣਾ, ਸਿੱਖਾਂ ਤੋਂ ਆਪਣੇ ਪੈਰਾਂ ‘ਤੇ ਮੱਥਾ ਟਿਕਵਾਉਣਾ, ਸੰਗਤ ਵਿਚ ਗੱਦੀ ਲਾ ਕੇ ਬੈਠਣਾ, ਨੀਲਾ ਰੰਗ ਬੰਦ ਕਰਵਾ ਕੇ ਲਾਲ ਰੰਗ ਪਹਿਨਣ ‘ਤੇ ਜ਼ੋਰ ਦੇਣਾ ਆਦਿ ਸ਼ਾਮਿਲ ਹੈ। ਇਸ ਤੋਂ ਇਲਾਵਾ ਜਿਹੜੇ ਹੋਰ ਕਾਰਨ ਇਸ ਝਗੜੇ ਦਾ ਕਾਰਨ ਬਣੇ, ਉਨ੍ਹਾਂ ਵਿਚ ਬੰਦਈਆਂ ਦੁਆਰਾ ‘ਵਾਹਿਗੁਰੂ ਜੀ ਕੀ ਫ਼ਤਹਿ’ ਦੀ ਬਜਾਏ ‘ਫ਼ਤਹਿ ਦਰਸ਼ਨ’ ਨੂੰ ਪ੍ਰਚਲਿਤ ਕਰਨਾ ਅਤੇ ਮਾਸਾਹਾਰੀ ਭੋਜਨ ਦੀ ਬਜਾਏ ਸ਼ਾਕਾਹਾਰੀ ਭੋਜਨ ‘ਤੇ ਜ਼ੋਰ ਦੇਣਾ ਮੰਨਿਆ ਜਾਂਦਾ ਹੈ। ਇਥੇ ਇਹ ਦੱਸਣਾ ਲਾਜ਼ਮੀ ਹੈ ਕਿ ਬੰਦੇ ਨੇ ਕਦੇ ਵੀ ਆਪਣਾ ਵੱਖਰਾ ਪੰਥ ਤੋਰਨ ‘ਤੇ ਜ਼ੋਰ ਨਹੀਂ ਸੀ ਦਿੱਤਾ ਬਲਕਿ ਉਸ ਨੇ ਜਦੋਂ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਸਿੱਖੀ ਧਾਰਨ ਕੀਤੀ ਸੀ, ਉਸ ਸਮੇਂ ਤੋਂ ਲੈ ਕੇ ਉਹ ਕਦੇ ਵੀ ਉਸ ਤੋਂ ਥਿੜਕਿਆ ਨਹੀਂ ਸੀ ਅਤੇ ਜੀਵਨ ਦੇ ਆਖ਼ਰੀ ਸਵਾਸਾਂ ਤੱਕ ਉਸ ਨੇ ਗੁਰੂ ਜੀ ਦੇ ਬਚਨ ਦਾ ਪਾਲਣ ਕੀਤਾ ਸੀ । ‘ਬੰਦਈ’ ਸ਼ਬਦ ਹੀ ਬੰਦੇ ਤੋਂ ਬਾਅਦ ਦੀ ਕਾਢ ਲੱਗਦੀ ਹੈ ਜਿਵੇਂ ਇਕ ਜਥੇ ਦੇ ਸਿੰਘ ਦੂਜੇ ਜਥੇ ਦੇ ਸਿੰਘਾਂ ਨੂੰ ਨੀਵਾਂ ਦਿਖਾਉਣ, ਮਾਤ ਪਾਉਣ ਅਤੇ ਆਪਣੀ ਸਰਦਾਰੀ ਕਾਇਮ ਰੱਖਣ ਲਈ ਕੁੱਝ ਵੀ ਕਹਿਣ ਨੂੰ ਤਿਆਰ ਹੋ ਜਾਂਦੇ ਹਨ। ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਇਹ ਪਰੰਪਰਾ ਜੁਗਾਂ-ਜੁਗਾਂ ਤੋਂ ਚਲਦੀ ਆਈ ਹੈ ਅਤੇ ਅੱਜ ਵੀ ਇਹ ਨਿਰੰਤਰ ਜਾਰੀ ਹੈ। ਗਿਆਨੀ ਲਾਲ ਸਿੰਘ ਸੰਗਰੂਰ ਕਹਿੰਦੇ ਹਨ, “ਬੰਦੇ ਨਾਲ ਸਿਦਕੀ ਸਿਖ ਅਖ਼ੀਰ ਦਮ ਤਕ ਰਹੇ। ਉਨ੍ਹਾਂ ਨੂੰ ਬੰਦਈ ਯਾ ਉਸ ਦੇ ਚੇਲੇ ਆਦਿ ਕਹਿਣਾ ਮਹਾਂ ਭੁੱਲ ਅਰ ਪਾਪ ਕਰਮ ਹੈ। ਬੰਦਾ ਚਾਹੁੰਦਾ ਸੀ ਜ਼ਾਲਮਾਂ ਨੂੰ ਸੋਧ ਕੇ ਪਿੱਛੋਂ ਘਰ ਦੇ ਝਗੜੇ ਨਬੇੜੇ ਜਾ ਸਕਦੇ ਹਨ। ਖ਼ਾਲਸਾ ਪੰਥ ਦੀ ਜਥੇਬੰਦੀ ਲਈ ਉਸ ਨੇ ਅਨੇਕਾਂ ਘਾਲਾਂ ਘਾਲੀਆਂ। ਪਰ ਸ਼ੋਕ! ਅਣਜਾਣ ਲੇਖਕਾਂ ਨੇ ਬੰਦੇ ਦੀ ਨਾਹੱਕ ਵਿਰੋਧਤਾ ਲਿਖ ਕੇ ਸਿੱਖ ਇਤਿਹਾਸ ਨੂੰ ਫ਼ਜ਼ੂਲ ਕਲੰਕਤ ਕੀਤਾ ਹੈ।”
ਤੱਤ ਖ਼ਾਲਸਾ ਅਤੇ ਬੰਦਈਆਂ ਵਿਚਕਾਰ ਕਿਸ ਗੱਲ ‘ਤੇ ਝਗੜਾ ਇੰਨਾ ਤਿੱਖਾ ਹੋ ਗਿਆ ਕਿ ਜਾਨ ਤੋਂ ਵਧੇਰੇ ਪਿਆਰ ਅਤੇ ਸ਼ਰਧਾ ਗ੍ਰਹਿਣ ਕਰਨ ਵਾਲਾ ਧਰਮ ਅਸਥਾਨ ਭਰਾ-ਮਾਰੂ ਜੰਗ ਦਾ ਅਖਾੜਾ ਬਣ ਗਿਆ। ਸੂਝਵਾਨ ਵਿਦਵਾਨਾਂ ਨੇ ਦੀਰਘ ਅਧਿਐਨ ਉਪਰੰਤ ਇਹ ਸਿੱਟਾ ਕੱਢਿਆ ਕਿ ਪੰਥ ਵਿਚ ਥੋੜ੍ਹੀ-ਬਹੁਤ ਕਿਹਾ-ਸੁਣੀ ਤਾਂ ਪਹਿਲਾਂ ਤੋਂ ਹੀ ਚੱਲਦੀ ਆ ਰਹੀ ਸੀ ਪਰ ਸਮਾਂ ਪਾ ਕੇ ਕਿਸੇ ਕਾਰਨ ਪੈਦਾ ਹੋਈਆਂ ਦੂਰੀਆਂ ਹੋਰ ਵਧਣ ਲੱਗੀਆਂ ਅਤੇ ਅਖ਼ੀਰ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਨੂੰ ਲੈ ਕੇ ਇਹ ਝਗੜਾ ਹੋਰ ਵਧੇਰੇ ਜ਼ੋਰ ਫੜ ਗਿਆ, ਕਿਉਂਕਿ ਇਸ ਅਸਥਾਨ ਦਾ ਸਿੱਖਾਂ ਨਾਲ ਲਗਾਉ ਕੁਝ ਵਧੇਰੇ ਸੀ, ਇਸ ਕਰਕੇ ਇਥੇ ਚੜ੍ਹਾਵਾ ਵੀ ਵਧੇਰੇ ਹੁੰਦਾ ਸੀ । ਗੁਰੂ ਦੀ ਗੋਲਕ ਨੂੰ ਲੈ ਕੇ ਅਰੰਭ ਹੋਈ ਖਿੱਚਾਤਾਣੀ ਗੰਭੀਰ ਝਗੜੇ ਦਾ ਰੂਪ ਧਾਰਨ ਕਰ ਗਈ। ” ਇਸ ਤਰ੍ਹਾਂ ਦੀ ਫੁੱਟ ਸਿੱਖੀ ਨੂੰ ਕਮਜ਼ੋਰ ਕਰਦੀ ਹੈ। ਮਾਤਾ ਸੁੰਦਰੀ ਜੀ ਨੇ ਇਹ ਭਾਂਪ ਲਿਆ ਸੀ ਕਿ ਜੇ ਇਹ ਪਾੜਾ ਤੁਰੰਤ ਖ਼ਤਮ ਨਾ ਕੀਤਾ ਗਿਆ ਤਾਂ ਸਮੇਂ ਦੀ ਹਕੂਮਤ ਇਸ ਤੋਂ ਫ਼ਾਇਦਾ ਉਠਾ ਕੇ ਸਭ ਸਿੱਖਾਂ ਨੂੰ ਖ਼ਤਮ ਕਰ ਦੇਵੇਗੀ। ਜਦੋਂ ਮਾਤਾ ਜੀ ਨੂੰ ਸਿੱਖਾਂ ਵਿਚ ਪੈਦਾ ਹੋਈ। ਇਸ ਭਰਾ-ਮਾਰੂ ਜੰਗ ਪੈਦਾ ਹੋਣ ਦਾ ਪਤਾ ਲੱਗਿਆ ਤਾਂ ਉਹਨਾਂ ਇਹ ਪਾੜਾ। ਖ਼ਤਮ ਕਰ ਕੇ ਸਿੱਖਾਂ ਨੂੰ ਇਕਮੁੱਠ ਕਰਨ ਲਈ ਭਾਈ ਮਨੀ ਸਿੰਘ ਜੀ ਨੂੰ ਤੁਰੰਤ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭੇਜਿਆ ਸੀ:
ਮਨੀ ਸਿੰਘ ਨਿਰਭਉ ਤੇ ਨਿਰਵੈਰ ਸੀ।
ਪੰਥ ਬੀਚ ਸਤਿਕਾਰ ਤਾਂਹੀਯੋ ਏਸ ਕਾ।
ਮਾਤਾ ਸੁੰਦਰੀ ਤਾਂਹੀਯੋ ਲਿਖਿਆ ਏਸ ਕੂੰ।
ਜਥੇਦਾਰ ਬਨਾਯਾ ਮਿਲ ਕੇ ਖਾਲਸੇ।
ਲਿਖ ਕਰ ਪਾਤੀ ਭੇਜੀ ਦਿੱਲੀ ਮਾਤ ਕੂੰ।
ਸਤਿਗੁਰ ਕੇ ਪ੍ਰਸਾਦਿ ਹੋ ਗਈ ਏਕਤਾ ।
ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਵਿਚਕਾਰ ਹੋਏ ਝਗੜੇ ਸੰਬੰਧੀ ਡਾ. ਗੰਡਾ ਸਿੰਘ ਹੋਰ ਸਪੱਸ਼ਟ ਕਰਦੇ ਹੋਏ ਕਹਿੰਦੇ ਹਨ ਕਿ ਜਿਸ ਝਗੜੇ ਦਾ ਜ਼ਿਕਰ ਰਤਨ ਸਿੰਘ ਭੰਗੂ ਨੇ ਆਪਣੇ ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਬੰਦਈ ਅਤੇ ਤੱਤ ਖ਼ਾਲਸੇ ਦੇ ਦਰਮਿਆਨ ਮਾਤਾ ਸੁੰਦਰੀ ਜੀ ਦੀ ਫ਼ਰੁੱਖ਼ਸੀਅਰ ਨਾਲ ਹੋਈ ਗੱਲਬਾਤ ਦੇ ਸਿੱਟੇ ਦੇ ਤੌਰ ‘ਤੇ ਕੀਤਾ ਹੈ, ਉਸ ਦੀ ਅਸਲੀਅਤ ਦੀ ਖੋਜ ਪੜਤਾਲ ਲਈ ਅਸੀਂ ਸਾਰੇ ਸਮਕਾਲੀ ਕਾਗ਼ਜ਼ ਪੱਤਰ ਅਤੇ ਲਿਖਤਾਂ ਵੇਖੀਆਂ ਹਨ, ਪਰ ਕਿਸੇ ਵਿਚ ਭੀ ਕੋਈ ਐਸੀ ਗੱਲ ਨਹੀਂ ਲੱਭੀ ਜਿਸ ਤੋਂ ਇਸ ਦਾ ਇਸ਼ਾਰਾ ਭੀ ਮਿਲਦਾ ਹੋਵੇ ਅਤੇ ਰਤਨ ਸਿੰਘ ਭੰਗੂ ਦੇ ਕਥਨ ਦੀ ਪੁਸ਼ਟੀ ਹੁੰਦੀ ਹੋਵੇ। ਸਰਕਾਰੀ ਰੋਜ਼ਨਾਮਚੇ, ਕਾਮਵਰ ਖ਼ਾਨ ਦਾ ਤਜ਼ਕਿਰਾਤ-ਸਲਾਤੀਨ, ਮੁਹੰਮਦ ਅਹਿਸਨ ਈਜਾਦ ਦਾ ਫ਼ਰੁੱਖ਼ਸੀਅਰ ਨਾਮਾ, ਸ਼ਿਵ ਦਾਸ ਦੇ ਮੁਨੱਵਰੁਲ ਕਲਾਮ, ਅਤੇ ਫ਼ਰੁੱਖ਼ਸੀਅਰ ਨਾਮਾ, ਰਾਏ ਚਤਰਮਨ ਦਾ ਚਹਾਰ ਗੁਲਸ਼ਨ, ਖ਼ਾਫ਼ੀ ਖ਼ਾਨ ਦਾ ਮੁੰਤਖ਼ਬੁਲ-ਲੁਬਾਬ, ਮਿਰਜ਼ਾ ਮੁਹੰਮਦ ਹਾਰਿਸੀ ਦੇ ਇਬਰਤ-ਨਾਮਾ, ਅਤੇ ਤਾਰੀਖ਼ਿ-ਮੁਹੰਮਦੀ, ਯਾਹੀਆ ਖ਼ਾਨ ਦਾ ਤਜ਼ਕਿਰਾਤੁਲ-ਮਲੂਕ ਅਤੇ ਹੋਰ ਲਿਖਾਰੀਆਂ ਦੀਆਂ ਪੁਸਤਕਾਂ ਜਿਵੇਂ ਗ਼ੁਲਾਮ ਹੁਸੈਨ ਖ਼ਾਨ ਦੀ ਸੀਅਰੁਲ ਮੁਤਾਖ਼ਰੀਨ, ਸੋਹਨ ਲਾਲ ਦੀ ਉਮਦਾ ਉੱਤਵਾਰੀਖ਼, ਅਲੀਉ-ਦੀਨ ਦਾ ਇਬਰਤ ਨਾਮਾ, ਬੂਟੇ ਸ਼ਾਹ ਦੀ ਤਾਰੀਖਿ-ਪੰਜਾਬ, ਖੁਸ਼ਵਕਤ ਰਾਏ ਦੀ ਤਵਾਰੀਖ਼-ਸਿੱਖਾਂ, ਅਤੇ ਮੈਗਰੈਗਰ, ਥੌਰਨਟਨ, ਕਨ੍ਹਈਆ ਲਾਲ, ਮੁਹੰਮਦ ਲਤੀਫ਼ ਆਦਿ ਦੀਆਂ ਪੰਜਾਬ ਦੀਆਂ ਤਵਾਰੀਖ਼ਾਂ ਅਤੇ ਸਰੂਪ ਦਾਸ ਦਾ ਮਹਿਮਾ ਪ੍ਰਕਾਸ਼ ਅਤੇ ਭਾਈ ਸੰਤੋਖ ਸਿੰਘ ਦਾ ਸੂਰਜ ਪ੍ਰਕਾਸ਼ ਇਸ ਗੱਲ ਸੰਬੰਧੀ ਚੁੱਪ ਹਨ। ਇਸ ਗੱਲ ਉਤੇ ਯਕੀਨ ਕਰ ਸਕਣਾ ਅਸੰਭਵ ਹੈ ਕਿ ਬੰਦਾ ਸਿੰਘ ਵਰਗੇ ਮਹਾਨ ਵੈਰੀ ਨੂੰ ਸਰ ਕਰਨ ਲਈ ਬਾਦਸ਼ਾਹ ਫ਼ਰੁੱਖ਼ਸੀਅਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਧਵਾ ਮਾਤਾ ਸੁੰਦਰੀ ਦੇ ਦਰਮਿਆਨ ਹੋਈ ਗੱਲ-ਬਾਤ ਜਾਂ ਲਿਖਾ-ਪੜ੍ਹੀ ਇਨ੍ਹਾਂ ਸਾਰੇ ਇਤਿਹਾਸਕਾਰਾਂ ਦੀ ਨਜ਼ਰੋਂ ਓਹਲੇ ਰਹਿ ਗਈ ਹੋਵੇ। ਅਖ਼ਬਾਰਿ-ਦਰਬਾਰਿ-ਮੁਅੱਲਾ ਅਤੇ ਤਜ਼ਕਿਰਾਤੁ-ਸਲਾਤੀਨ, ਦਿਨੋ-ਦਿਨ ਬੰਦਾ ਸਿੰਘ ਸੰਬੰਧੀ ਖ਼ਬਰਾਂ ਅਤੇ ਬਾਦਸ਼ਾਹੀ ਹੁਕਮਾਂ ਦਾ ਚੋਖਾ ਵੇਰਵਾ ਦਿੰਦੇ ਹਨ ਪਰ ਉਹ ਇਸ ਗੱਲ-ਬਾਤ ਜਾਂ ਲਿਖਾ-ਪੜ੍ਹੀ ਦਾ ਕਿਧਰੇ ਕੋਈ ਇਸ਼ਾਰਾ ਤਕ ਭੀ ਨਹੀਂ ਕਰਦੇ ।
ਗੁਰੂ ਦਾ ਹੁਕਮ ਸਿੱਖਾਂ ਲਈ ਅਟੱਲ ਹੈ, ਇਸੇ ਕਰਕੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਰਾਜ ਸੱਤਾ ਦੀਆਂ ਬਾਹਰਮੁਖੀ ਨਿਸ਼ਾਨੀਆਂ ਪੰਜ ਸਿੰਘ, ਪੰਜ ਤੀਰ, ਅਤੇ ਨਗਾਰਾ ਦੇ ਕੇ ਪੰਜਾਬ ਵੱਲ ਭੇਜਿਆ ਤਾਂ ਨਾਲ ਹੀ ਪੰਜਾਬ ਦੇ ਸਿੱਖਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਸਹਾਇਤਾ ਕਰਨ ਲਈ ਵੀ ਕਿਹਾ ਸੀ। ਗੁਰੂ ਦਾ ਹੁਕਮ ਮੰਨ ਕੇ ਵੱਡੀ ਗਿਣਤੀ ਵਿਚ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਆ ਜੁੜੇ ਸਨ ਜਿਨ੍ਹਾਂ ਦੀ ਸਹਾਇਤਾ ਨਾਲ ਉਸ ਨੇ ਅਹਿੱਲ ਅਤੇ ਅਜਿੱਤ ਮੰਨੀ ਜਾਂਦੀ ਵਿਸ਼ਾਲ ਮੁਗ਼ਲ ਹਕੂਮਤ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ। ਵੱਡੀ ਤੋਂ ਵੱਡੀ ਮੁਗ਼ਲਈ ਫ਼ੌਜ ਵੀ ਉਸ ‘ਤੇ ਕਾਬੂ ਪਾਉਣ ਵਿਚ ਅਸਫਲ ਹੋ ਗਈ ਸੀ, ਇਥੋਂ ਤੱਕ ਕਿ ਬਾਦਸ਼ਾਹ ਆਪ ਉਸ ਦੇ ਵਿਰੁੱਧ ਚੜ੍ਹ ਆਇਆ ਸੀ ਪਰ ਬੰਦੇ ਨੂੰ ਫੜਨ ਵਿਚ ਉਹ ਵੀ ਨਿਰਾਸ਼ ਹੀ ਵਾਪਸ ਗਿਆ ਸੀ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਸਮੇਂ ਦੀ ਹਕੂਮਤ ਦੇ ਕਾਬੂ ਨਾ ਆਇਆ ਅਤੇ ਉਨ੍ਹਾਂ ਦੀਆਂ ਵੱਡੀਆਂ ਤੋਂ ਵੱਡੀਆਂ ਫ਼ੌਜੀ ਮੁਹਿੰਮਾਂ ਵੀ ਉਸ ਨੂੰ ਕਾਬੂ ਕਰਨ ਵਿਚ ਕਾਮਯਾਬ ਨਾ ਹੋ ਸਕੀਆਂ ਤਾਂ ਹਕੂਮਤ ਨੇ ਸਿੱਖਾਂ ਵਿਚ ਫੁੱਟ ਪਾਉਣ ਦਾ ਯਤਨ ਕੀਤਾ ਤਾਂ ਕਿ ਬੰਦੇ ਦੀ ਖ਼ਾਲਸਈ ਤਾਕਤ ਕਮਜ਼ੋਰ ਹੋ ਸਕੇ ਅਤੇ ਉਸ ਨੂੰ ਕਾਬੂ ਕਰ ਕੇ ਰਾਜ ਵਿਚ ਹਕੂਮਤ ਦਾ ਦਬਦਬਾ ਕਾਇਮ ਕੀਤਾ ਜਾ ਸਕੇ। ਇਸ ਸੰਬੰਧੀ ਟਿੱਪਣੀ ਕਰਦੇ ਹੋਏ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਹਨ, “ਫ਼ਰੁੱਖ਼ਸੀਅਰ ਨੇ ਆਪਣੇ ਮਾਤਬਰ ਤੱਤ ਖ਼ਾਲਸੇ ਪਾਸ ਭੇਜ ਕਰ ਨਾਮੀ ਸਿੰਘਾਂ ਨੂੰ ਦੁਸ਼ਾਲੇ ਸ਼ਸਤਰ ਭੇਜੇ, 51000 (ਇਕਵੰਜਾ ਹਜ਼ਾਰ) ਖ਼ਰਚ ਕੇ ਜਾਗੀਰਾਂ ਦੇਣ ਦਾ ਹੁਕਮ ਸੂਬੇ ਲਾਹੌਰ ਦੇ ਨਾਮ ਹੋਯਾ, ਸਿੰਘਾਂ ਦੀ ਤਾਰੀਫ਼ ਕਰ ਕੇ ਆਖਿਆ – ਹੋ ਖ਼ਾਲਸਾ ਜੀ! ਅਸੀਂ ਤਾਂ ਤੁਹਾਡੇ ਗੁਰੂ ਨਾਨਕ ਸਾਹਿਬ ਦੀ ਬਖ਼ਸ਼ੀ ਹੋਈ ਬਾਦਸ਼ਾਹੀ ਕਰਦੇ ਹਾਂ ਜੋ ਸਾਡੇ ਬਾਬਰ ਸ਼ਾਹ ਨੂੰ ਓਨਾਂ ਨੇ ਬਖ਼ਸ਼ੀ ਸੀ, ਅਸੀਂ ਹੁਣ ਤੁਹਾਡੇ ਵਿਰੁੱਧ ਕੋਈ ਕੰਮ ਨਹੀਂ ਕਰਾਂਗੇ, ਤੁਸੀਂ ਵੀ ਸਾਡੇ ਨਾਲ ਲੜਾਈ ਦਾ ਖ਼ਿਆਲ ਛੱਡ ਦੇਵੋ. ਬਾਦਸ਼ਾਹ ਦੇ ਹੁਕਮ ਅਨੁਸਾਰ ਪੰਜ ਸੌ ਸਵਾਰ ਤਾਂ ਲਾਹੌਰ ਰਹਿਣ ਲੱਗੇ। ਏਹਨਾਂ ਵਿਚ ਬਾਬਾ ਕਾਨ ਸਿੰਘ, ਮੀਰੀ ਸਿੰਘ, ਭੱਲੇ ਸਾਹਿਬਜ਼ਾਦੇ ਤੇ ਫਤੇ ਸਿੰਘ ਭਗਤੂ ਕਾ ਸਯਾਮ ਸਿੰਘ ਨਾਰੰਗੀ ਵਾਲਾ ਸਰਦਾਰ ਬਨਾਏ ਗਏ । ਬਾਕੀ ਖ਼ਾਲਸਾ ਜੋ ਅੰਮ੍ਰਿਤਸਰ ਰਿਹਾ, ਓਹਨਾਂ ਨੂੰ ਪੰਜ ਹਜ਼ਾਰ ਰੁਪਯਾ ਨਗਦ ਖ਼ਰਚ ਮਹੀਨੇ ਦਾ ਤੇ ਪ੍ਰਗਣਾ ਝਬਾਲ ਜੋ ਪਹਿਲੇ ਅਕਬਰ ਬਾਦਸ਼ਾਹ ਦੇ ਵਕਤ ਵਿਚ ਗੁਰੂ ਸਾਹਿਬਾਂ ਦੇ ਨਾਮ ਮਾਫ਼ੀ ਸੀ, ਓਹੋ ਘੋੜਿਆਂ ਦੇ ਦਾਣੇ ਘਾਸ ਲੰਗਰ ਵਾਸਤੇ ਵੱਖਰਾ ਦੇ ਕਰ ਅਹਿਦ ਕਰ ਲਿਆ।”19 ਬਾਦਸ਼ਾਹ ਦੁਆਰਾ ਸਿੱਖਾਂ ਦੇ ਇਕ ਸਮੂਹ ਨਾਲ ਹੋਏ ਇਕਰਾਰਨਾਮੇ ਦਾ ਜ਼ਿਕਰ ਕਰਦੇ ਹੋਏ ਗਿਆਨੀ ਜੀ ਦੱਸਦੇ ਹਨ²° :
- ਪੰਥ ਖ਼ਾਲਸਾ ਬਾਦਸ਼ਾਹ ਦੇ ਕਿਸੇ ਮੁਲਕ ਪਰ ਹੱਥ ਨਾ ਪਾਵੇਗਾ।
- ਜਦ ਕਦੇ ਕੋਈ ਗਨੀਮ ਪੰਜਾਬ ਦੀ ਤਰਫ਼ ਆਵੇ ਤਾਂ ਤੱਤ ਖ਼ਾਲਸਾ ਪੰਜਾਬ ਦੇ ਸੂਬੇ ਦੀ ਸਹਾਇਤਾ ਕਰ ਕੇ ਪਰਜਾ ਦੀ ਰੱਖਯਾ ਵਾਸਤੇ ਮੱਦਦ ਦੇਵੇਗਾ।
- ਜੋ ਜਾਗੀਰ ਤੇ ਵਜ਼ੀਫ਼ਾ ਖ਼ਾਲਸੇ ਦਾ ਮੁਕੱਰਰ ਹੋਯਾ ਹੈ, ਇਸ ਵਿਚ ਕਮੀ ਪੇਸ਼ੀ ਨਾ ਹੋਵੇਗੀ।
- ਅੱਗੇ ਨੂੰ ਮੁਲਕ ਪੰਜਾਬ ਵਿਚ ਕਿਸੇ ਹਿੰਦੂ ਨੂੰ ਮੱਲੋ-ਮੱਲੀ ਮੁਸਲਮਾਨ ਨਾ ਕੀਤਾ ਜਾਵੇਗਾ।
- ਕਿਸੇ ਨੂੰ ਆਪਣੇ ਮਜ਼੍ਹਬ ਦੇ ਮੰਦਰ, ਮੂਰਤਾਂ, ਪੂਜਾ ਕਰਮ, ਧਰਮ ਕਰਨੇ ਤੋਂ ਰੋਕਿਆ ਨਾ ਜਾਵੇਗਾ।
- ਪੰਜਾਬ ਦੇ ਹਿੰਦੂਆਂ ਤੋਂ ਜਜ਼ੀਆ ਮਾਮਲਾ ਅੱਗੇ ਨੂੰ ਨਾ ਲੀਤਾ ਜਾਵੇਗਾ।
- ਜੋ ਕੋਈ ਸਿੰਘ ਖੇਤੀ ਕਰੇਗਾ ਓਸ ਤੋਂ ਅੱਧਾ ਮਾਮਲਾ ਲੀਤਾ ਜਾਵੇਗਾ।
- ਪੰਜਾਬ ਦੇ ਮੁਲਕ ਵਿਚ ਗਊ-ਬੱਧ ਨਾ ਹੋਵੇਗਾ।
- ਕਿਸੇ ਦੀ ਬਹੂ-ਬੇਟੀ ਨੂੰ ਕੋਈ ਮੁਸਲਮਾਨ ਜਬਰਨ ਹੱਥ ਨਾ ਪਾਵੇਗਾ। ਇਸ ਤਰ੍ਹਾਂ ਇਹ ਕਿਹਾ ਜਾਂਦਾ ਹੈ ਕਿ ਪਰਜਾ ਦੀ ਭਲਾਈ ਤੇ ਹਿੰਦੂਆਂ ਦੀ ਰੱਖਯਾ ਮਨੋਰਥ ਮੁੱਖ ਰੱਖ ਕੇ ਖ਼ਾਲਸੇ ਨੇ ਪੰਜਾਬ ਦੇ ਹਾਕਮਾਂ ਤੋਂ ਇਕਰਾਰਨਾਮਾ ਲਿਖਵਾ ਲਿਆ। ਗਿਆਨੀ ਜੀ ਦੀ ਇਹ ਲਿਖਤ ਹੋਰ ਵਧੇਰੇ ਪੜਚੋਲ ਦੀ ਮੰਗ ਕਰਦੀ ਹੈ ਕਿਉਂਕਿ ਮੁਗ਼ਲ ਬਾਦਸ਼ਾਹਾਂ ਦੇ ਸਮੇਂ ਸਿੱਖਾਂ ‘ਤੇ ਜਿਹੜੇ ਜ਼ੁਲਮ ਹੋਏ, ਇਤਿਹਾਸ ਦੇ ਪੰਨੇ ਉਨ੍ਹਾਂ ਨਾਲ ਭਰੇ ਪਏ ਹਨ। ਜੇਕਰ ਇਸ ਲਿਖਤ ਨੂੰ ਸਹੀ ਮੰਨ ਲਿਆ ਜਾਵੇ ਤਾਂ ਇਸ ਵਿੱਚੋਂ ਜਿਹੜੀ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ, ਉਹ ਕਿਤੇ ਵੀ ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਨੂੰ ਨਹੀਂ ਘਟਾਉਂਦੀ ਬਲਕਿ ਉਨ੍ਹਾਂ ਸਿੱਖਾਂ ਵੱਲ ਇਸ਼ਾਰਾ ਕਰਦੀ ਹੈ ਜਿਹੜੇ ਪੰਥ ਵਿਚ ਰਹਿ ਕੇ ਪੰਥ-ਵਿਰੋਧੀ ਕਾਰਜ ਕਰਦੇ ਰਹੇ ਹਨ। ਸਮੇਂ ਦੀ ਹਕੂਮਤ ਕੁੱਝ ਵਕਤੀ ਛੋਟਾਂ ਅਤੇ ਲਾਲਚ ਦੇ ਕੇ ਅਜਿਹੇ ਵਿਅਕਤੀਆਂ ਨੂੰ ਆਪਣੇ ਹੱਕ ਵਿਚ ਵਰਤਦੀ ਆਈ ਹੈ।
- ਦਸਮ ਗ੍ਰੰਥ ਦੀਆਂ ਰਚਨਾਵਾਂ ਇਕੱਤਰ ਕਰਨਾ : ਭਾਈ ਮਨੀ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਹੀ ਗੁਰਮਤਿ ਵਿਦਿਆ ਵੱਲ ਰੁਚਿਤ ਸਨ । ਗੁਰੂ ਦਰਬਾਰ ਵਿਚ ਮੌਜੂਦ ਹੋਣ ਕਰਕੇ ਉਹਨਾਂ ਦਾ ਗੁਰੂ-ਘਰ ਦੇ ਸਮੂਹ ਨਿਕਟਵਰਤੀ ਵਿਦਵਾਨਾਂ ਨਾਲ ਵੀ ਮੇਲ-ਜੋਲ ਸੀ। ਆਮ ਤੌਰ ‘ਤੇ ਅਸੀਂ ਇਹ ਜਾਣਦੇ ਹਾਂ ਕਿ ਗੁਰੂ ਦਰਬਾਰ ਵਿਚ ਬਵੰਜਾ ਕਵੀ ਮੌਜੂਦ ਸਨ, ਪਿਆਰਾ ਸਿੰਘ ਪਦਮ ਨੇ ਉਨ੍ਹਾਂ ਦੀ ਗਿਣਤੀ ਸੌ ਤੋਂ ਵਧੇਰੇ ਮੰਨੀ ਹੈ। ਗੁਰੂ-ਘਰ ਆਉਣ ਵਾਲੇ ਸਮੂਹ ਕਵੀ ਅਤੇ ਵਿਦਵਾਨ ਸਿੱਖਾਂ ਨੂੰ ਗੁਰੂ ਲੜ ਲਾਉਣ, ਉਨ੍ਹਾਂ ਵਿਚ ਜਬਰ ਅਤੇ ਜ਼ੁਲਮ ਦੇ ਖ਼ਿਲਾਫ਼ ਜੋਸ਼ ਪੈਦਾ ਕਰਨ, ਉਨ੍ਹਾਂ ਨੂੰ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸਰੋਕਾਰਾਂ ਪ੍ਰਤੀ ਚੇਤੰਨ ਕਰਨ ਹਿਤ ਰਚਨਾ ਲਿਖਦੇ ਸਨ। ਸ੍ਰੇਸ਼ਟ ਕਵੀ ਅਤੇ ਵਿਦਵਾਨ ਆਪਣੀ ਰਚਨਾ ਗੁਰੂ ਸਾਹਿਬ ਨੂੰ ਸੁਣਾਉਂਦੇ ਅਤੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਸਨ। ਗੁਰੂ ਸਾਹਿਬ ਦੁਆਰਾ ਪ੍ਰਵਾਨ ਹੋਈ ਰਚਨਾ ਨੂੰ ਉੱਤਮ ਮੰਨਿਆ ਜਾਂਦਾ ਸੀ । ਇਸ ਦੀ ਸਭ ਤੋਂ ਵਧੀਆ ਮਿਸਾਲ ਭਾਈ ਨੰਦ ਲਾਲ ਜੀ ਦੀ ਸਾਹਮਣੇ ਆਉਂਦੀ ਹੈ ਜਿਨ੍ਹਾਂ ਦੀ ਗੁਰੂ ਸਾਹਿਬ ਦੁਆਰਾ ਪ੍ਰਵਾਨ ਕੀਤੀ ਰਚਨਾ ਗੁਰਮਤਿ ਦੀ ਗਾਇਨ ਪਰੰਪਰਾ ਵਿਚ ਸ਼ਾਮਿਲ ਹੈ।
ਅਨੰਦਪੁਰ ਸਾਹਿਬ ਵਿਖੇ ਹੋਏ ਯੁੱਧਾਂ ਕਾਰਨ ਗੁਰੂ ਗੋਬਿੰਦ ਸਿੰਘ ਜੀ ਦਾ ਸਮੂਹ ਸਾਹਿਤਕ ਖ਼ਜ਼ਾਨਾ ਜਾਂ ਤਾਂ ਨਸ਼ਟ ਹੋ ਗਿਆ ਜਾਂ ਸੁਰੱਖਿਅਤ ਨਾ ਰਹਿ ਸਕਿਆ। ਮਾਤਾ ਸੁੰਦਰੀ ਜੀ ਨੂੰ ਵੀ ਇਸ ਗੱਲ ਦਾ ਪੂਰਨ ਅਹਿਸਾਸ ਸੀ ਕਿ ਵਿਦਿਅਕ ਖ਼ਜ਼ਾਨਾ ਕੌਮ ਦੀ ਚੜ੍ਹਦੀ ਕਲਾ ਲਈ ਸ਼ਾਹ ਰਗ ਦੀ ਤਰ੍ਹਾਂ ਹੁੰਦਾ ਹੈ। ਇਹ ਖ਼ਜ਼ਾਨਾ ਅਧਿਆਤਮਿਕ ਮੁਰਦਿਆਂ ਨੂੰ ਵੀ ਜੀਵਿਤ ਕਰਨ ਦੇ ਸਮਰੱਥ ਹੁੰਦਾ ਹੈ ਪਰ ਸਮਾਂ ਐਸਾ ਸੀ ਕਿ ਅਜਿਹੇ ਕੰਮ ਨੂੰ ਹੱਥ ਪਾਉਣਾ ਸੌਖਾ ਕਾਰਜ ਨਹੀਂ ਸੀ । ਇਕ ਪਾਸੇ ਸਿੱਖਾਂ ਦਾ ਸਮੇਂ ਦੀ ਹਕੂਮਤ ਨਾਲ ਅਜਿਹਾ ਵਿਗਾੜ ਪੈ ਗਿਆ ਸੀ ਕਿ ਉਹ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ‘ਤੇ ਲੱਗੇ ਹੋਏ ਸਨ ਅਤੇ ਦੂਜੇ ਪਾਸੇ ਜਿਥੇ ਕਿਤੇ ਵੀ ਸਿੱਖਾਂ ਨਾਲ ਕੋਈ ਹਮਦਰਦੀ ਦੀ ਭਾਵਨਾ ਰੱਖਦਾ ਸੀ, ਉਸ ਨੂੰ ਬਗ਼ੈਰ ਕਿਸੇ ਦਲੀਲ-ਅਪੀਲ ਤੋਂ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ। ਅਜਿਹੇ ਸਮੇਂ ਇਹ ਕਿਵੇਂ ਸੰਭਵ ਹੋ ਸਕਦਾ ਸੀ ਕਿ ਕੋਈ ਸਿੱਖੀ ਵਿਚ ਜੋਸ਼ ਭਰਨ ਵਾਲੇ ਸਾਹਿਤ ਦੀ ਗੱਲ ਕਰ ਸਕਦਾ। ਪਰ ਮਾਤਾ ਸੁੰਦਰੀ ਜੀ ਚਾਹੁੰਦੇ ਸਨ ਕਿ ਗੁਰੂ-ਦਰਬਾਰ ਵਿਚ ਨਿਕਟਵਰਤੀ ਰਹੇ ਵਿਦਵਾਨਾਂ ਅਤੇ ਕਵੀਆਂ ਤੋਂ ਉਨ੍ਹਾਂ ਦੇ ਜਿਊਂਦੇ-ਜੀਅ ਉਨ੍ਹਾਂ ਦੇ ਆਪਣੇ ਹੱਥੀਂ ਰਚਨਾਵਾਂ ਸ਼ੁੱਧ ਰੂਪ ਵਿਚ ਸੰਭਾਲ ਲਈਆਂ ਜਾਣ। ਭਾਈ ਮਨੀ ਸਿੰਘ ਗੁਰਮਤਿ ਦੇ ਵਿਆਖਿਆਕਾਰ, ਗੁਰੂ ਸਾਹਿਬ ਦੀਆਂ ਰਚਨਾਵਾਂ ਤੋਂ ਜਾਣੂ ਅਤੇ ਗੁਰੂ-ਘਰ ਦੇ ਸਭ ਤੋਂ ਵਧੇਰੇ ਨਿਕਟਵਰਤੀਆਂ ਵਿੱਚੋਂ ਸਨ। ਭਾਵੇਂ ਕਿ ਇਹ ਬਹੁਤ ਹੀ ਔਖਾ ਕਾਰਜ ਸੀ ਪਰ ਫਿਰ ਵੀ ਮਾਤਾ ਜੀ ਨੇ ਭਾਈ ਸਾਹਿਬ ਨੂੰ ਪ੍ਰੇਰਨਾ ਕੀਤੀ ਕਿ ਗੁਰੂ ਸਾਹਿਬ ਦੀਆਂ ਸਮੂਹ ਰਚਨਾਵਾਂ ਇਕੱਤਰ ਕਰ ਕੇ ਸੰਭਾਲ ਲੈਣ। ਭਾਈ ਸਾਹਿਬ ਨੇ ਇਹ ਕਾਰਜ ਪੂਰੀ ਲਗਨ ਅਤੇ ਮਿਹਨਤ ਨਾਲ ਕੀਤਾ। ਕੇਸਰ ਸਿੰਘ ਛਿੱਬਰ ਦੱਸਦੇ ਹਨ:
ਸੰਮਤ ਸਤਾਰਾਂ ਸੈ ਬਿਆਸੀ ਜਬ ਗਏ।
ਤਬ ਭਾਈ ਮਨੀ ਸਿੰਘ ਜੀ ਦੂਜੇ ਅੰਮ੍ਰਿਤਸਰ ਆਵਤ ਭਏ।
ਦੂਜਾ ਅੰਮ੍ਰਿਤਸਰ ਜੀ ਚੋਲੇ ਬਾਗ ਵਿਚਿ ਹੈ ਬਣਿਆ।
ਭਾਈ ਮਨੀ ਸਿੰਘ ਜੀ ਮੁਸੱਦੀ ਸਿਖ ਸਿਖਾਂ ਵਿਚ ਗਣਿਆ।
ਸੋ ਸਿਖ ਬਹੁਤੁ ਹੀ ਮਾਇਆ ਲੈ ਕੇ ਹੈਸੀ ਆਇਆ।
ਸਿਖਾਂ ਨੂੰ ਦੇ ਖਰਚ ਰੁਪਏ ਬਾਣੀ ਢੂੰਢਾਇਆ।
ਖਾਸ ਦਸਖਤੀ ਪੱਤੇ ਲਿਖ ਹਥਿ ਆਏ।
ਉਨ੍ਹਾਂ ਪੱਤਿਆਂ ਦੇ ਬਰੋਬਰ ਨਾਲ ਸਭ ਬਾਣੀ ਹੋਰ ਲਈ ਲਿਖਾਇ।
ਭਾਈ ਮਨੀ ਸਿੰਘ ਜੀ ਨੇ ਸਿੱਖਾਂ ਦੀ ਸਹਾਇਤਾ ਨਾਲ ਦਸਮੇਸ਼ ਪਿਤਾ ਜੀ ਦੀ ਬਾਣੀ ਨੂੰ ਇਕੱਤਰ ਕਰਨ ਦਾ ਕਾਰਜ ਅਰੰਭਿਆ, ਜਿਸ ਵਿਚ ਉਹਨਾਂ ਨੂੰ ਵੱਡੀ ਸਫਲਤਾ ਵੀ ਹੱਥ ਲੱਗੀ। ਪਿਆਰਾ ਸਿੰਘ ਪਦਮ ਦੱਸਦੇ ਹਨ ਕਿ ਉਨ੍ਹਾਂ ਨੇ ਉਸ ਬੀੜ ਦੇ ਦਰਸ਼ਨ ਕੀਤੇ ਹਨ ਜਿਹੜੀ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਲਿਖਵਾਈ ਸੀ। ਉਹ ਇਸ ਬੀੜ ਨੂੰ ‘ਅਨੰਦਪੁਰੀ ਬੀੜ’ ਮੰਨਦੇ ਹੋਏ ਕਹਿੰਦੇ ਹਨ, “ਇਹ ਸਭ ਤੋਂ ਪ੍ਰਾਚੀਨ ਬੀੜ ਗਿਆਨੀ ਸੁਰਿੰਦਰ ਸਿੰਘ ਕੰਵਲ ਤਰਨਤਾਰਨ ਪਾਸ ਮੈਂ 20 ਅਪ੍ਰੈਲ 1972 ਨੂੰ ਵੇਖੀ ਸੀ ਜਿਸ ਦਾ ਬਹੁਤਾ ਹਿੱਸਾ ਅਨੰਦਪੁਰ ਵਿਖੇ 1752-53 ਬਿ. ਵਿਚ ਦਸਮੇਸ਼ ਜੀ ਦੇ ਹਜ਼ੂਰੀ ਲਿਖਾਰੀਆਂ ਵਲੋਂ ਤਿਆਰ ਸੈਂਚੀਆਂ ‘ਤੇ ਆਧਾਰਿਤ ਹੈ। ਇਹ ਲਿਖਾਰੀ ਸਨ – ਭਾਈ ਦਰਬਾਰੀ, ਦਰਬਾਰੀ ਸਿੰਘ ਛੋਟਾ, ਹਰਿਦਾਸ, ਨਿਹਾਲਾ ਤੇ ਬਾਲਾ ਆਦਿ। ਇਹ ਨਾਂ ਹਰ ਰਚਨਾ ਦੇ ਮੁੱਢ ਵਿਚ ਹਾਸ਼ੀਏ ਤੋਂ ਬਾਹਰ ਕੋਨੇ ‘ਤੇ ਦਿੱਤੇ ਹੋਏ ਹਨ। ਦਰਅਸਲ ਇਹੋ ਬੀੜ ਮਾਤਾ ਸੁੰਦਰੀ ਜੀ ਦੀ ਪ੍ਰੇਰਨਾ, ਭਾਈ ਮਨੀ ਸਿੰਘ ਜੈਸੇ ਵਿਦਵਾਨਾਂ ਦੀ ਘਾਲਣਾ ਸਦਕਾ ਦਿੱਲੀ ਵਿਖੇ ਭਾਈ ਸ਼ੀਹਾਂ ਸਿੰਘ ਆਦਿ ਸਿੰਘਾਂ ਨੇ ਤਿਆਰ ਕਰਵਾਈ ਸੀ।”22 ਭਾਈ ਮਨੀ ਸਿੰਘ ਜੀ ਨੂੰ ਦਸਮੇਸ਼ ਪਿਤਾ ਦੀ ਰਚਨਾ ਦਾ ਜਦੋਂ ਕੋਈ ਖਰੜਾ ਪ੍ਰਾਪਤ ਹੁੰਦਾ ਤਾਂ ਉਹ ਉਸ ਨੂੰ ਮਾਤਾ ਸੁੰਦਰੀ ਜੀ ਪਾਸ ਦਿੱਲੀ ਵਿਖੇ ਭੇਜ ਦਿੰਦੇ ਸਨ। ਇਸ ਸੰਬੰਧੀ ਇਕ ਚਿੱਠੀ ਵੀ ਮਿਲਦੀ ਹੈ ਜਿਸ ਵਿਚ ਪੰਜਾਬ ਵਿਖੇ ਸਿੰਘਾਂ ਦੇ ਹਾਲਾਤ ਦਾ ਵਰਣਨ ਕਰਨ ਦੇ ਨਾਲ-ਨਾਲ ਦਸਮ ਪਿਤਾ ਜੀ ਦੀਆਂ ਪ੍ਰਾਪਤ ਹੋਈਆਂ ਰਚਨਾਵਾਂ ਦਾ ਜ਼ਿਕਰ ਵੀ ਮਿਲਦਾ ਹੈ। ਮਾਤਾ ਸੁੰਦਰੀ ਜੀ ਦੇ ਹੁਕਮ ਅਨੁਸਾਰ ਭਾਈ ਮਨੀ ਸਿੰਘ ਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਨੂੰ ਇਕੱਤਰ ਕਰਨ ਵਿਚ ਲਗਪਗ ਵੀਹ ਸਾਲ ਦਾ ਸਮਾਂ ਲੱਗਿਆ ਦੱਸਿਆ ਜਾਂਦਾ ਹੈ।
ਜਾਪੁ ਸਾਹਿਬ : ਦਸਮ ਗ੍ਰੰਥ ਦੀ ਇਹ ਇਕ ਪ੍ਰਮੁਖ ਰਚਨਾ ਹੈ ਜਿਹੜੀ ਕਿ ਨਿਤਨੇਮ ਅਤੇ ਅੰਮ੍ਰਿਤ ਛਕਾਉਣ ਦੀਆਂ ਬਾਣੀਆਂ ਵਿਚ ਸ਼ਾਮਿਲ ਹੈ। ਗੁਰੂ ਗ੍ਰੰਥ ਸਾਹਿਬ ਵਿਚ ‘ਜਪੁ’ ਬਾਣੀ ਨੂੰ ਜੋ ਸਥਾਨ ਦਿੱਤਾ ਗਿਆ ਹੈ, ਉਹੀ ਦਰਜਾ ਇਸ ਰਚਨਾ ਨੂੰ ਦਸਮ ਗ੍ਰੰਥ ਵਿਚ ਪ੍ਰਾਪਤ ਹੈ। ਇਹ ਬਾਣੀ ਸਿੱਖਾਂ ਵਿਚ ਬਹੁਤ ਪ੍ਰਚੱਲਤ ਹੈ। ਅੰਮ੍ਰਿਤ ਛਕਾਉਣ ਸਮੇਂ ਇਹ ਬਾਣੀ ਪੜ੍ਹੀ ਜਾਂਦੀ ਹੈ ਜਿਸ ਤੋਂ ਅਨੁਮਾਨ ਲੱਗਦਾ ਹੈ ਕਿ ਇਹ ਬਾਣੀ ਖ਼ਾਲਸੇ ਦੀ ਸਿਰਜਨਾ ਤੋਂ ਬਹੁਤ ਸਮਾਂ ਪਹਿਲਾਂ ਰਚੀ ਗਈ ਸੀ। ਇਸ ਰਚਨਾ ਦੇ 199 ਛੰਦ ਹਨ। ਇਸ ਰਚਨਾ ਦੇ ਪਹਿਲੇ ਛੰਦ ਵਿਚ ਅਕਾਲ ਪੁਰਖ ਦਾ ਜੋ ਸਰੂਪ ਪੇਸ਼ ਕੀਤਾ ਗਿਆ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਸਾਏ ਪਰਮਾਤਮਾ ਦੇ ਸਰੂਪ ਨਾਲ ਮੇਲ ਖਾਂਦਾ ਹੈ :
ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ॥
ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤ ਕਿਹ ॥
ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿੱਜੈ ॥
ਕੋਟਿ ਇੰਦ੍ਰ ਇੰਦ੍ਰਾਣ ਸਾਹੁ ਸਾਹਾਣਿ ਗਣਿਜੈ ॥
ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ ॥
ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤਿ ॥੧॥
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਰਚਨਾ ਅਕਾਲ ਪੁਰਖ ਦੀ ਉਸਤਤਿ ਕਰਦੇ ਹੋਏ ਉਸ ਦੇ ਗੁਣਾਂ ਦਾ ਵਿਖਿਆਨ ਕਰਦੀ ਹੈ। ਵੱਖ-ਵੱਖ ਧਰਮਾਂ ਵਿਚ ਪਰਮਾਤਮਾ ਦੇ ਵੱਖ-ਵੱਖ ਨਾਵਾਂ ਦਾ ਜ਼ਿਕਰ ਆਇਆ ਹੈ, ਗੁਰੂ ਸਾਹਿਬ ਨੇ ਉਸ ਸਮੇਂ ਵਿਚ ਪ੍ਰਮੁੱਖ ਤੌਰ ‘ਤੇ ਵਰਤੇ ਗਏ ਪਰਮਾਤਮਾ ਦੇ ਸਮੂਹ ਨਾਵਾਂ ਨੂੰ ਜਾਪੁ ਸਾਹਿਬ ਵਿਚ ਸ਼ਾਮਿਲ ਕੀਤਾ ਹੈ।
ਅਕਾਲ ਉਸਤਤਿ: ਦਸਮ ਗ੍ਰੰਥ ਵਿਚ ਤਤਕਰੇ ਅਨੁਸਾਰ ਇਹ ਰਚਨਾ ਜਾਪੁ ਸਾਹਿਬ ਤੋਂ ਬਾਅਦ ਦੂਜੀ ਬਾਣੀ ਹੈ। ਇਸ ਦੇ 271 ਬੰਦ ਹਨ ਅਤੇ ਆਖ਼ਰੀ ਬੰਦ ਅੱਧਾ ਹੈ। ਇਸ ਬਾਣੀ ਦੇ ਅਰੰਭ ਵਿਚ ਲਿਖੇ ਸ਼ਬਦ ਇਸ ਪ੍ਰਕਾਰ ਹਨ- ਉਤਾਰ ਖਾਸੇ ਦਸਖਤ ਕਾ ॥ ਪਾਤਸ਼ਾਹੀ ੧੦॥ ਭਾਵ ਦਸਵੀਂ ਪਾਤਸ਼ਾਹੀ ਦੇ ਆਪਣੇ ਹੱਥਾਂ ਦੀ ਲਿਖਤ ਦਾ ਉਤਾਰਾ ਹੈ। ਇਹ ਰਚਨਾ ‘ਤ੍ਵਪ੍ਰਸਾਦਿ ਚਉਪਈ’ ਤੋਂ ਅਰੰਭ ਹੁੰਦੀ ਹੈ ਪਰ ਮੂਲ ਪਾਠ ਤੋਂ ਪਹਿਲਾਂ ਅਕਾਲ ਪੁਰਖ ਦਾ ਓਟ-ਆਸਰਾ ਲਿਆ ਗਿਆ ਹੈ :
ਅਕਾਲ ਪੁਰਖ ਕੀ ਰਛਾ ਹਮਨੈ ॥
ਸਰਬ ਲੋਹ ਦੀ ਰਛਿਆ ਹਮਨੈ ॥
ਸਰਬ ਕਾਲ ਜੀ ਦੀ ਰਛਿਆ ਹਮਨੈ ॥
ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ ॥
ਇਸ ਤੋਂ ਸਪੱਸ਼ਟ ਹੈ ਕਿ ਗੁਰੂ ਜੀ ਕੇਵਲ ਅਕਾਲ ਪੁਰਖ ਨੂੰ ਇਸ਼ਟ ਮੰਨ ਕੇ ਉਸ ਦੀ ਹੀ ਬੰਦਗੀ ਕਰਨ ‘ਤੇ ਜ਼ੋਰ ਦਿੰਦੇ ਸਨ, ਉਸੇ ’ਤੇ ਆਪਣੀ ਰੱਖਿਆ ਦਾ ਪੂਰਨ ਭਰੋਸਾ ਪ੍ਰਗਟ ਕਰਦੇ ਹਨ। ਇਸ ਰਚਨਾ ਵਿਚ ਜਿਥੇ ਅਕਾਲ ਪੁਰਖ ਦੀ ਉਸਤਤਿ ਕੀਤੀ ਗਈ ਹੈ, ਉਥੇ ਬਾਹਰੀ ਭੇਖਾਂ ਅਤੇ ਕਰਮ-ਕਾਂਡਾਂ ਤੋਂ ਦੂਰ ਰਹਿ ਕੇ ਮਨੁੱਖ ਨੂੰ ਪ੍ਰਭੂ-ਪ੍ਰੇਮ ਵੱਲ ਪ੍ਰੇਰਿਤ ਕੀਤਾ ਗਿਆ ਹੈ। ਇਸੇ ਰਚਨਾ ਵਿਚ ਹੀ ਗੁਰੂ ਜੀ ਨੇ ਵੱਖ-ਵੱਖ ਵਿਸ਼ਵਾਸਾਂ ਅਤੇ ਅਕੀਦਿਆਂ ਦੇ ਧਾਰਨੀ ਮਨੁੱਖਾਂ ਨੂੰ ‘ਮਾਨਸ ਕੀ ਜਾਤ’ ਦਾ ਨਾਂ ਦਿੱਤਾ ਹੈ ਜਿਹੜੇ ਬਾਹਰੀ ਤੌਰ ‘ਤੇ ਵੱਖ ਹੁੰਦੇ ਹੋਏ ਵੀ ਇਕ ਪ੍ਰਭੂ ਦੀ ਅੰਸ਼ ਹਨ ਅਤੇ ਇਸ ਕਰਕੇ ਕਿਸੇ ਵੀ ਮਨੁੱਖ ਨਾਲ ਭੇਦ-ਭਾਵ ਨਹੀਂ ਕਰਨਾ ਚਾਹੀਦਾ। ਇਹ ਰਚਨਾ ਮੂਲ ਰੂਪ ਵਿਚ ਪ੍ਰੇਮ ਅਤੇ ਭਾਈਚਾਰੇ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਅਕਾਲ ਪੁਰਖ ਨੂੰ ਇਸ਼ਟ ਮੰਨ ਕੇ ਉਸੇ ਦੀ ਭਗਤੀ ‘ਤੇ ਜ਼ੋਰ ਦਿੰਦੀ ਹੈ।
ਬਚਿੱਤ੍ਰ ਨਾਟਕ: ਦਸਮ ਗ੍ਰੰਥ ਦੇ ਇਕ ਵੱਡੇ ਹਿੱਸੇ ਨੂੰ ਪਹਿਲਾਂ ਬਚਿੱਤ੍ਰ ਨਾਟਕ ਕਿਹਾ ਜਾਂਦਾ ਸੀ ਜਿਸ ਵਿਚ ਚੰਡੀ ਚਰਿਤ੍ਰ, ਚਉਬੀਸ ਅਵਤਾਰ, ਬ੍ਰਹਮਾ, ਰੁਦ੍ਰ ਆਦਿ ਅਵਤਾਰਾਂ ਦੀਆਂ ਮਿਥਿਹਾਸਿਕ ਗਾਥਾਵਾਂ ਸ਼ਾਮਿਲ ਸਨ । ਦਸਮ ਗ੍ਰੰਥ ਵਿਚ ਬਚਿੱਤ੍ਰ ਨਾਟਕ ਸਿਰਲੇਖ ਅਧੀਨ ਜਿਸ ਰਚਨਾ ਦਾ ਵਰਣਨ ਕੀਤਾ ਗਿਆ ਹੈ, ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਕਥਾ ਮੰਨੀ ਜਾਂਦੀ ਹੈ। ਇਸ ਰਚਨਾ ਦੇ ਚੌਦਾਂ ਅਧਿਆਇ ਹਨ ਜਿਨ੍ਹਾਂ ਵਿਚ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਦੇ ਦਰਸ਼ਨ ਹੁੰਦੇ ਹਨ। ਇਸ ਰਚਨਾ ਦੇ 471 ਬੰਦ ਹਨ ਜਿਨ੍ਹਾਂ ਵਿਚ ਗੁਰੂ ਸਾਹਿਬ ਆਪਣਾ ਜੀਵਨ ਉਦੇਸ਼ ਪ੍ਰਗਟ ਕਰਦੇ ਹੋਏ ਫ਼ੁਰਮਾਂਦੇ ਹਨ :
ਹਮ ਇਹ ਕਾਜ ਜਗਤ ਮੋ ਆਏ॥
ਧਰਮ ਹੇਤ ਗੁਰਦੇਵ ਪਠਾਏ॥
ਜਹਾਂ ਤਹਾਂ ਤੁਮ ਧਰਮ ਬਿਥਾਰੋ ॥
ਦੁਸਟ ਦੋਖੀਅਨਿ ਪਕਰਿ ਪਛਾਰੋ ॥੪੨॥
ਯਾਹੀ ਕਾਜ ਧਰਾ ਹਮ ਜਨਮੰ ॥
ਸਮਝ ਲੇਹੁ ਸਾਧੂ ਸਭ ਮਨਮੰ ॥
ਰਮ ਚਲਾਵਨ ਸੰਤ ਉਬਾਰਨ॥
ਦੁਸਟ ਸਭਨ ਕੋ ਮੂਲ ਉਪਾਰਨ ॥੪੩॥
ਇਸ ਰਚਨਾ ਵਿਚ ਗੁਰੂ ਸਾਹਿਬ ਨੇ ਜਿਥੇ ਰਾਜਕੁਮਾਰਾਂ ਵਿਚ ਆਈ ਹਉਮੈ ਨੂੰ ਉਨ੍ਹਾਂ ਦੇ ਵਿਨਾਸ਼ ਦਾ ਕਾਰਨ ਦੱਸਿਆ ਹੈ, ਉਥੇ ਨਾਲ ਹੀ ਭੰਗਾਣੀ, ਹੁਸੈਨੀ ਆਦਿ ਯੁੱਧਾਂ ਦਾ ਵਰਣਨ ਵੀ ਕੀਤਾ ਹੈ। ਸ਼ਹਿਜ਼ਾਦੇ ਮੁਅੱਜ਼ਮ ਦੇ ਪੰਜਾਬ ਆਉਣ ਬਾਰੇ ਵੀ ਚਰਚਾ ਕੀਤੀ ਗਈ ਹੈ। ਇਸ ਰਚਨਾ ਵਿਚ ਪ੍ਰਮੁੱਖ ਤੌਰ ’ਤੇ ਸੰਤ-ਸਿਪਾਹੀ ਦੇ ਗੁਣਾਂ ਨੂੰ ਉਜਾਗਰ ਕੀਤਾ ਗਿਆ ਹੈ ਜੋ ਕਿ ਹਉਮੈ- ਰਹਿਤ ਹੋ ਕੇ ਜਬਰ ਅਤੇ ਜ਼ੁਲਮ ਦਾ ਟਾਕਰਾ ਕਰਦਾ ਹੋਇਆ ਸਮਾਜ ਵਿਚ ਧਰਮ ਅਤੇ ਸਦਾਚਾਰ ਦੀ ਚੇਤਨਾ ਪੈਦਾ ਕਰਦਾ ਹੈ।
ਚੰਡੀ ਚਰਿਤ੍ਰ ਉਕਤਿ ਬਿਲਾਸ : ਇਹ ਰਚਨਾ ਮਾਰਕੰਡੇ ਪੁਰਾਣ ਦਾ ਹਿੱਸਾ ਹੈ। ਇਸ ਪੁਰਾਣ ਵਿਚ ਇਹ ਰਚਨਾ ‘ਦੁਰਗਾ ਸਪਤਸ਼ਤੀ’ ਦੇ ਨਾਂ ਨਾਲ ਜਾਣੀ ਜਾਂਦੀ ਹੈ ਜਿਸ ਦੇ ਲਗਪਗ 700 ਸਲੋਕ ਹਨ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਆਪਣੇ ਢੰਗ ਨਾਲ ਪੇਸ਼ ਕੀਤਾ ਹੈ।
ਗੁਰੂ ਜੀ ਦਾ ਉਦੇਸ਼ ਆਮ ਭਾਰਤੀ ਜਨਤਾ ਨੂੰ ਧਰਮ ਯੁੱਧ ਲਈ ਤਿਆਰ ਕਰਨਾ ਸੀ । ਲੋਕਾਂ ਦੇ ਮਨ ਵਿਚ ਪ੍ਰਚੱਲਤ ਕਥਾ-ਕਹਾਣੀਆਂ ਰਾਹੀਂ ਨਿਰਭੈਤਾ ਦੇ ਗੁਣ ਉਜਾਗਰ ਕਰਨ ਲਈ ਗੁਰੂ ਜੀ ਨੇ ਇਸ ਰਚਨਾ ਨੂੰ ਉਹਨਾਂ ਦੇ ਸਾਹਮਣੇ ਰੱਖਿਆ ਸੀ। ਇਸ ਰਚਨਾ ਦੇ ਮੰਗਲਾਚਰਣ ਤੋਂ ਸਪੱਸ਼ਟ ਹੈ ਕਿ ਗੁਰੂ ਜੀ ਚੰਡੀ ਦੇ ਉਪਾਸ਼ਕ ਨਹੀਂ ਸਨ ਬਲਕਿ ਗੁਰੂ ਜੀ ਚੰਡੀ ਨੂੰ ਵੀ ਅਕਾਲ ਪੁਰਖ ਤੋਂ ਪੈਦਾ ਹੋਈ ਮੰਨਦੇ ਹਨ। ਗੁਰੂ ਜੀ ਕਹਿੰਦੇ ਹਨ ਕਿ ਚੰਡੀ ਉਤੇ ਵੀ ਅਕਾਲ ਪੁਰਖ ਦੀ ਕ੍ਰਿਪਾ ਹੈ।
ਚੰਡੀ ਚਰਿਤ੍ਰ (ਦੂਜਾ): ਦਸਮ ਗ੍ਰੰਥ ਵਿਚ ਇੱਕੋ ਵਿਸ਼ੇ ‘ਤੇ ਇਹ ਦੂਜੀ ਰਚਨਾ ਹੈ। 262 ਛੰਦਾਂ ਵਾਲੀ ਇਹ ਰਚਨਾ ਵੀ ਦੁਰਗਾ ਦੇ ਰਾਖ਼ਸ਼ਾਂ ਨਾਲ ਯੁੱਧ ਦਾ ਵਰਣਨ ਕਰਦੀ ਹੈ। ਇਸ ਰਚਨਾ ਵਿਚ ਸਵੈਮਾਨ, ਦੇਸ ਅਤੇ ਧਰਮ ਦੀ ਰੱਖਿਆ ਲਈ ਵਚਨਬੱਧ ਹੋਣ ਦੀ ਪ੍ਰੇਰਨਾ ਕੀਤੀ ਗਈ ਹੈ।
ਚੰਡੀ ਦੀ ਵਾਰ : ਇਸ ਰਚਨਾ ਨੂੰ ‘ਵਾਰ ਦੁਰਗਾ ਕੀ’ ਵੀ ਕਿਹਾ ਜਾਂਦਾ ਹੈ। ਇਸ ਦੀਆਂ ਪਚਵੰਜਾ ਪਉੜੀਆਂ ਹਨ। ਇਹ ਰਚਨਾ ਦੁਰਗਾ ਅਤੇ ਰਾਖ਼ਸ਼ਾਂ ਵਿਚਕਾਰ ਯੁੱਧ ‘ਤੇ ਆਧਾਰਿਤ ਹੈ। ਇੰਦਰ ਦੇਵਤਾ ਰਾਖ਼ਸ਼ਾਂ ਤੋਂ ਹਾਰ ਖਾ ਕੇ ਦੁਰਗਾ ਕੋਲ ਸਹਾਇਤਾ ਲਈ ਆਉਂਦਾ ਹੈ। ਦੁਰਗਾ ਉਸ ਨੂੰ ਸਹਾਇਤਾ ਲਈ ਵਚਨ ਦਿੰਦੀ ਹੈ ਅਤੇ ਸ਼ੇਰ ਦੀ ਸਵਾਰੀ ਕਰ ਕੇ ਰਾਖ਼ਸ਼ਾਂ ਨੂੰ ਮਾਰ ਦਿੰਦੀ ਹੈ। ਇੰਦਰ ਨੂੰ ਉਸ ਦਾ ਰਾਜ ਵਾਪਸ ਮਿਲ ਜਾਂਦਾ ਹੈ। ਦੁਰਗਾ ਦੇ ਸਨਮੁੱਖ ਲੜਨ ਵਾਲੇ ਯੋਧਿਆਂ ਵਿਚ ਮਹਿਖਾਸੁਰ, ਚੰਡ, ਮੁੰਡ, ਧੂਲੋਚਨ, ਣਤਬੀਜ, ਸੁੰਭ ਤੇ ਨਿਸੁੰਭ ਆਦਿ ਸ਼ਾਮਿਲ ਹਨ। ਦੁਰਗਾ ਇਕੱਲੀ ਹੀ ਉਹਨਾਂ ਨਾਲ ਯੁੱਧ ਕਰ ਕੇ ਜਿੱਤ ਪ੍ਰਾਪਤ ਕਰਦੀ ਹੈ।
ਇਸ ਰਚਨਾ ਦਾ ਮਨੋਰਥ ਆਮ ਲੋਕਾਂ ਵਿਚ ਜੋਸ਼ ਅਤੇ ਉਤਸ਼ਾਹ ਪੈਦਾ ਕਰਨਾ ਹੈ। ਉਸ ਸਮੇਂ ਕਮਜ਼ੋਰ ਅਤੇ ਅਬਲਾ ਦੇ ਰੂਪ ਵਿਚ ਪੇਸ਼ ਕੀਤੀ ਜਾ ਰਹੀ ਇਸਤਰੀ ਨੂੰ ਵੱਡੇ-ਵੱਡੇ ਦੈਂਤਾਂ ਨਾਲ ਲੜਦੇ ਹੋਏ ਦਿਖਾਉਣਾ, ਨਿਰਬਲ ਹੋ ਚੁੱਕੀ ਭਾਰਤੀ ਕੌਮ ਨੂੰ ਉਤਸ਼ਾਹਿਤ ਅਤੇ ਬੀਰ ਬਣਾਉਣ ਦਾ ਯਤਨ ਹੈ। ਇਸ ਰਚਨਾ ਵਿਚ ਅਕਾਲ ਪੁਰਖ ਨੂੰ ਸ੍ਰਿਸ਼ਟੀ ਦਾ ਕਰਤਾ ਮੰਨ ਕੇ ਉਸ ਦੀ ਉਸਤਤਿ ਕੀਤੀ ਗਈ ਹੈ। ਅਕਾਲ ਪੁਰਖ ਨੇ ਹੀ ਦੇਵਤਿਆਂ ਅਤੇ ਦਾਨਵਾਂ ਦੀ ਸਿਰਜਨਾ ਕਰ ਕੇ ਉਨ੍ਹਾਂ ਅੰਦਰ ਬਲ ਪੈਦਾ ਕੀਤਾ ਹੈ ਪਰ ਕੋਈ ਵੀ ਉਸ ਦਾ ਅੰਤ ਨਹੀਂ ਪਾ ਸਕਦਾ:
ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨੁ ਤਾਇਆ॥
ਕਿਨੀ ਤੇਰਾ ਅੰਤੁ ਨ ਪਾਇਆ॥
ਚਉਬੀਸ ਅਉਤਾਰ: ਹਿੰਦੂ ਧਰਮ ਵਿਚ ਤਿੰਨ ਪ੍ਰਮੁਖ ਦੇਵਤੇ ਮੰਨੇ ਗਏ ਹਨ- ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼। ਹਿੰਦੂ ਪਰੰਪਰਾ ਵਿਚ ਇਹ ਮੰਨਿਆ ਗਿਆ ਹੈ। ਕਿ ਜਗਤ ਵਿਚ ਜਦੋਂ ਧਰਮ ਦਾ ਪਤਨ ਹੋ ਜਾਂਦਾ ਹੈ ਤਾਂ ਇਸ ਨੂੰ ਪੁਨਰ- ਸੁਰਜੀਤ ਕਰਨ ਲਈ ਪਰਮਾਤਮਾ ਅਵਤਾਰ ਧਾਰਨ ਕਰਦਾ ਹੈ। ਇਹ ਤਿੰਨੇ ਦੇਵਤੇ ਸਮੇਂ-ਸਮੇਂ ਇਸ ਧਰਤੀ ‘ਤੇ ਆਏ ਅਤੇ ਆਪਣਾ ਕਾਰਜ ਸੰਪੂਰਨ ਕਰ ਕੇ ਵਾਪਸ ਚਲੇ ਗਏ। ਇਨ੍ਹਾਂ ਤਿੰਨੇ ਦੇਵਤਿਆਂ ਨੇ ਪ੍ਰਭੂ ਦੇ ਆਦੇਸ਼ ਅਨੁਸਾਰ ਕਈ ਵਾਰ ਅਵਤਾਰ ਧਾਰਨ ਵੀ ਕੀਤਾ।
ਇਸ ਰਚਨਾ ਵਿਚ ਵਿਸ਼ਨੂੰ ਦੇ ਚੌਵੀ ਅਵਤਾਰਾਂ ਦਾ ਵਰਣਨ ਕੀਤਾ ਮਿਲਦਾ ਹੈ। ਦਸਮ ਗ੍ਰੰਥ ਦਾ ਕਰਤਾ ਇਨ੍ਹਾਂ ਅਵਤਾਰਾਂ ਦੀ ਕਥਾ ਅਰੰਭ ਕਰਦੇ ਹੋਏ ਕਹਿੰਦਾ ਹੈ :
ਅਬ ਚਉਬੀਸ ਉਚਰੋਂ ਅਵਤਾਰਾ॥
ਜਿਹ ਬਿਧ ਤਿਨ ਕਾ ਲਖਾ ਅਖਾਰਾ ॥
ਸੁਨੀਅਹੁ ਸੰਤ ਸਭੈ ਚਿਤ ਲਾਈ ॥
ਬਰਨਤ ਸਾਮ ਜਥਾ ਮਤਿ ਭਾਈ ॥
ਭਾਵੇਂ ਕਿ ਇਹ ਅਵਤਾਰ ਦੁਨੀਆਂ ‘ਤੇ ਆਏ, ਉਨ੍ਹਾਂ ਨੇ ਉਹ ਸਮੂਹ ਕਾਰਜ ਕੀਤੇ ਜਿਹੜੇ ਇਕ ਸਾਧਾਰਨ ਮਨੁੱਖ ਨਹੀਂ ਸੀ ਕਰ ਸਕਦਾ ਪਰ ਫਿਰ ਵੀ ਇਹ ਅਵਤਾਰ ਪ੍ਰਭੂ ਦਾ ਭੇਦ ਪਾਉਣ ਵਿਚ ਅਸਮਰੱਥ ਸਾਬਤ ਹੋਏ:
ਜੋ ਚਉਬੀਸ ਅਵਤਾਰ ਕਹਾਏ ॥
ਤਿਨ ਭੀ ਤੁਮ ਪ੍ਰਭ ਤਨਕ ਨ ਪਾਏ॥
ਦਸਮ ਗ੍ਰੰਥ ਦਾ ਕਰਤਾ ਇਹ ਸਪੱਸ਼ਟ ਕਰਦਾ ਹੈ ਕਿ ਪ੍ਰਭੂ ਨੇ ਆਪ ਅਵਤਾਰ ਧਾਰਨ ਨਹੀਂ ਕੀਤੇ, ਬਲਕਿ ਇਹ ਅਵਤਾਰ ਪ੍ਰਭੂ ਦੇ ਪੈਦਾ ਕੀਤੇ ਹੋਏ ਹਨ ਅਤੇ “ਪਿਤਾ ਕਾ ਜਨਮੁ ਕਿ ਜਾਨੈ ਪੂਤੁ” ਵਾਲੇ ਮਹਾਂਵਾਕ ਅਨੁਸਾਰ ਇਹ ਅਵਤਾਰ ਕਦੇ ਵੀ ਪ੍ਰਭੂ ਨੂੰ ਨਹੀਂ ਜਾਣ ਸਕਦੇ। ਰਚਨਾਕਾਰ ਦੀ ਇਹ ਇੱਛਾ ਸੀ ਕਿ ਆਮ ਲੋਕ ਅਵਤਾਰਾਂ ਦੀ ਅਸਲੀਅਤ ਤੋਂ ਜਾਣੂ ਹੋ ਕੇ ਕੇਵਲ ਉਨ੍ਹਾਂ ਦੁਆਰਾ ਕੀਤੇ ਸ਼ੁਭ ਕਾਰਜਾਂ ਵੱਲ ਰੁਚਿਤ ਹੋ ਜਾਣ ਅਤੇ ਮਨ ਵਿਚ ਧਰਮ ਯੁੱਧ ਲਈ ਜੋਸ਼ ਅਤੇ ਉਤਸ਼ਾਹ ਪੈਦਾ ਹੋਵੇ।
‘ਚਉਬੀਸ ਅਉਤਾਰ’ ਵਿਚ ਜਿਹੜੇ ਅਵਤਾਰਾਂ ਦਾ ਜ਼ਿਕਰ ਆਇਆ ਹੈ, ਉਹ ਇਸ ਪ੍ਰਕਾਰ ਹਨ: ਮੱਛ, ਕੱਛ, ਨਰ, ਨਾਰਾਇਣ, ਮੋਹਿਨੀ, ਬਰਾਹ, ਨਰਸਿੰਘ, ਬਾਮਨ, ਪਰਸਰਾਮ, ਬ੍ਰਹਮਾ, ਰੁਦ੍ਰਾਵਤਾਰ, ਜਲੰਧਰ, ਬਿਸਨ, ਸ਼ੇਸ਼ਸਈ, ਅਰਹੰਤ ਦੇਵ, ਮਨੁ ਰਾਜਾ, ਧਨੰਤਰ, ਸੂਰਜ, ਚੰਦ੍ਰ, ਰਾਮ, ਕ੍ਰਿਸ਼ਨ, ਨਰ, ਬੁੱਧ ਅਤੇ ਨਿਹਕਲੰਕੀ। ਇਨ੍ਹਾਂ ਵਿੱਚੋਂ ਕ੍ਰਿਸ਼ਨ ਅਵਤਾਰ ਸਭ ਤੋਂ ਲੰਮਾ ਹੈ ਅਤੇ ਨਿਹਕਲੰਕ ਨੂੰ ਭਵਿੱਖ ਵਿਚ ਆਉਣ ਵਾਲਾ ਅਵਤਾਰ ਮੰਨਿਆ ਗਿਆ ਹੈ।
ਬ੍ਰਹਮਾ ਅਵਤਾਰ : ਇਸ ਰਚਨਾ ਦੇ ਅਰੰਭ ਵਿਚ ਹੀ ਰਚਨਾਕਾਰ ਲਿਖਦਾ ਹੈ ਕਿ ‘ਅਥ ਬ੍ਰਹਮਾ ਅਵਤਾਰ ਕਥਨੰ’ ਭਾਵ ਹੁਣ ਬ੍ਰਹਮਾ ਦੇ ਅਵਤਾਰਾਂ ਦੀ ਕਥਾ ਅਰੰਭ ਹੋਈ ਹੈ। ਬ੍ਰਹਮਾ ਦੇ ਸੱਤ ਅਵਤਾਰਾਂ ਦਾ ਵਰਣਨ ਦਸਮ ਗ੍ਰੰਥ ਵਿਚ ਮਿਲਦਾ ਹੈ—ਬਾਲਮੀਕ, ਕੱਸ਼ਪ, ਸੁਕ੍ਰ, ਬਚੇਸ, ਬਿਆਸ, ਖਟ ਰਿਖਿ, ਕਾਲਿਦਾਸ ।
ਰੁਦ੍ਰ (ਸ਼ਿਵ) ਅਵਤਾਰ: ਦਸਮ ਗ੍ਰੰਥ ਵਿਚ ਰੁਦ੍ਰ ਦੇ ਕੇਵਲ ਦੋ ਅਵਤਾਰਾਂ ਦਾ ਜ਼ਿਕਰ ਆਉਂਦਾ ਹੈ—ਦੱਤਾਤ੍ਰੇਯ ਅਤੇ ਪਾਰਸਨਾਥ। ਰੁਦ੍ਰ ਨੂੰ ਇਸ ਕਰਕੇ ਅਵਤਾਰ ਧਾਰਨ ਕਰਨਾ ਪਿਆ ਕਿਉਂਕਿ ਉਸ ਨੂੰ ਆਪਣੀ ਤਪ-ਸਾਧਨਾ ਦਾ ਹੰਕਾਰ ਹੋ ਗਿਆ ਸੀ ਜਿਸ ਨਾਲ ਕਾਲ ਪੁਰਖ ਨਰਾਜ਼ ਹੋ ਗਿਆ ਅਤੇ ਉਸ ਨੂੰ ਪਸ਼ਚਾਤਾਪ ਕਰਨ ਲਈ ਅਵਤਾਰ ਧਾਰਨ ਕਰਨੇ ਪਏ।
ਸ਼ਸਤ੍ਰ ਨਾਮ ਮਾਲਾ : ਇਸ ਰਚਨਾ ਵਿਚ ਵੱਖ-ਵੱਖ ਤਰ੍ਹਾਂ ਦੇ ਸ਼ਸਤਰਾਂ ਦਾ ਵਰਣਨ ਹੈ। ਨਾਮ ਮਾਲਾ ਦਾ ਭਾਵ ਹੈ ਕੋਸ਼, ਇਸ ਕਰਕੇ ਇਸ ਰਚਨਾ ਨੂੰ ਸ਼ਸਤਰਾਂ ਦਾ ਕੋਸ਼ ਹੀ ਸਮਝਣਾ ਚਾਹੀਦਾ ਹੈ । 1318 ਛੰਦਾਂ ਵਾਲੀ ਇਹ ਰਚਨਾ ਪੰਜ ਅਧਿਆਇਆਂ ਵਿਚ ਵੰਡੀ ਹੋਈ ਹੈ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਸਤਰਾਂ ਦੇ ਚਾਹਵਾਨ ਸਨ ਅਤੇ ਸਮੇਂ ਦੀਆਂ ਪ੍ਰਸਥਿਤੀਆਂ ਨੂੰ ਸਾਹਮਣੇ ਰੱਖ ਕੇ ਉਹਨਾਂ ਸਿੱਖਾਂ ਨੂੰ ਗੁਰੂ-ਘਰ ਸ਼ਸਤਰ ਭੇਟ ਕਰਨ ਅਤੇ ਸੰਗਤ ਵਿਚ ਸ਼ਸਤਰ ਸਜਾ ਕੇ ਆਉਣ ਦਾ ਆਦੇਸ਼ ਕੀਤਾ ਸੀ। ਇਸ ਕਰਕੇ ਸੰਗਤ ਵੱਲੋਂ ਤਰ੍ਹਾਂ-ਤਰ੍ਹਾਂ ਦੇ ਸ਼ਸਤਰ ਉਹਨਾਂ ਨੂੰ ਭੇਟ ਕੀਤੇ ਜਾਂਦੇ ਸਨ। ਜਿਹੜਾ ਸ਼ਸਤਰ ਕੋਈ ਖ਼ਾਸ ਮਹੱਤਵ ਵਾਲਾ ਹੁੰਦਾ ਸੀ, ਉਸ ਨੂੰ ਸ਼ਸਤਰਾਂ ਵਿਚ ਸ਼ਾਮਿਲ ਕਰਨ ਦੀ ਪ੍ਰੇਰਨਾ ਗੁਰੂ ਜੀ ਆਪ ਸੰਗਤ ਨੂੰ ਕਰ ਦਿਆ ਕਰਦੇ ਸਨ। ਗੁਰੂ ਜੀ ਦੇ ਸਮੇਂ ਵਰਤੇ ਜਾਂਦੇ ਸ਼ਸਤਰਾਂ ਵਿਚ ਕਿਰਪਾਨ, ਖੰਡਾ, ਕੁਹਾੜਾ, ਨੇਜ਼ਾ ਅਤੇ ਤੀਰ ਕਮਾਨ ਦੀ ਵਰਤੋਂ ਆਮ ਵੇਖੀ ਜਾਂਦੀ ਹੈ। ਇਨ੍ਹਾਂ ਦੀ ਵਰਤੋਂ ਅਤੇ ਅਭਿਆਸ ਸਿੱਖਾਂ ਵੱਲੋਂ ਆਮ ਕੀਤਾ ਜਾਂਦਾ ਸੀ। ਇਨ੍ਹਾਂ ਹਥਿਆਰਾਂ ਪ੍ਰਤੀ ਸਤਿਕਾਰ ਪ੍ਰਗਟ ਕਰਦੇ ਹੋਏ ‘ਸ਼ਸਤਰ ਨਾਮ ਮਾਲਾ’ ਵਿਚ ਕਿਹਾ ਗਿਆ ਹੈ :
ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥
ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥
ਗਿਆਨ ਪ੍ਰਬੋਧ : ਇਸ ਰਚਨਾ ਦਾ ਸਿਰਲੇਖ ਹੀ ਇਸ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ ਕਿ ਇਹ ਰਚਨਾ ਗਿਆਨ ਦਾ ਮਾਰਗ ਦਰਸਾਉਂਦੀ ਹੈ। 336 ਛੰਦਾਂ ਵਾਲੀ ਬ੍ਰਜ ਭਾਸ਼ਾ ਵਿਚ ਗੁੰਦੀ ਇਸ ਰਚਨਾ ਵਿਚ ਮਿਲਦੇ ਵਿਸ਼ਿਆਂ ਦੇ ਆਧਾਰ ‘ਤੇ ਇਸ ਨੂੰ ਦੋ ਭਾਗਾਂ ਵਿਚ ਵੰਡ ਕੇ ਦੇਖਿਆ ਜਾ ਸਕਦਾ ਹੈ। ਪਹਿਲੇ ਭਾਗ ਵਿਚ 125 ਛੰਦ ਅਕਾਲ ਮਹਿਮਾ ਨਾਲ ਸੰਬੰਧਤ ਹਨ ਅਤੇ ਬਾਕੀ ਦੇ 211 ਛੰਦ ਜਗਤ ਦੇ ਵਿਹਾਰਕ ਫਲਸਫੇ ਦਾ ਪ੍ਰਗਟਾਵਾ ਕਰਦੇ ਹਨ ਜਿਸ ਵਿਚ ਚਾਰ ਪਦਾਰਥਾਂ – ਧਰਮ, ਅਰਥ, ਕਾਮ ਅਤੇ ਮੋਕਸ਼ – ਦਾ ਪ੍ਰਭਾਵ ਜੀਵਨ ਵਿਚ ਪ੍ਰਤੱਖ ਨਜ਼ਰ ਆਉਂਦਾ ਹੈ। ਇਹ ਰਚਨਾ ਸੰਪੂਰਨ ਨਹੀਂ ਹੈ, ਜਾਂ ਤਾਂ ਇਹ ਸੰਪੂਰਨ ਹੋ ਨਹੀਂ ਸਕੀ ਅਤੇ ਜਾਂ ਫਿਰ ਇਹ ਸੰਪੂਰਨ ਲੱਭੀ ਨਹੀਂ ਅਤੇ ਜਿੰਨੀ ਕੁ ਮਿਲੀ, ਉਹੀ ਦਸਮ ਗ੍ਰੰਥ ਵਿਚ ਸ਼ਾਮਿਲ ਕਰ ਦਿੱਤੀ ਗਈ। ਤੇਤੀ ਸਵੱਯੇ : 33 ਸਵੱਈਆਂ ਵਾਲੀ ਇਹ ਰਚਨਾ ਅਵਤਾਰਵਾਦ ਤੋਂ ਪਰ੍ਹੇ ਅਕਾਲ ਪੁਰਖ ਦੀ ਉਸਤਤਿ ‘ਤੇ ਕੇਂਦਰਿਤ ਹੈ। ਇਨ੍ਹਾਂ ਸਵੱਈਆਂ ਵਿਚ ਇਹ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਅਕਾਲ ਪੁਰਖ ਆਪਣੇ ਭਗਤਾਂ ਦੀ ਸਹਾਇਤਾ ਕਰਦਾ ਹੈ। ਇਸ ਰਚਨਾ ਵਿਚ ਇਹ ਪ੍ਰੇਰਨਾ ਕੀਤੀ ਗਈ ਹੈ ਕਿ ਪਰਮਾਤਮਾ ਸ੍ਰਿਸ਼ਟੀ ਦੇ ਜ਼ੱਰੇ-ਜ਼ੱਰੇ ਵਿਚ ਵਿਦਮਾਨ ਹੈ, ਉਸ ਨੂੰ ਛੱਡ ਕੇ ਕਬਰਾਂ, ਮੜੀਆਂ-ਮਸਾਣਾਂ, ਮੱਠਾਂ ਆਦਿ ਦੀ ਪੂਜਾ ਨਹੀਂ ਕਰਨੀ ਚਾਹੀਦੀ, ਬਲਕਿ ਪ੍ਰੇਮ ਭਾਵਨਾ ਰਾਹੀਂ ਪ੍ਰਭੂ ਦੀ ਜੋਤਿ ਨੂੰ ਅਨੁਭਵ ਕਰਨਾ ਚਾਹੀਦਾ ਹੈ। ਇਹ ਰਚਨਾ ਮੂਰਤੀ ਪੂਜਾ, ਪੱਥਰ ਪੂਜਾ ਦੇ ਨਾਲ-ਨਾਲ ਯੋਗੀਆਂ, ਸੰਨਿਆਸੀਆਂ, ਭੇਖਧਾਰੀਆਂ ਆਦਿ ਦੇ ਬਾਹਰੀ ਪਖੰਡਾਂ ’ਤੇ ਕੇਂਦਰਿਤ ਹੈ। ਇਨ੍ਹਾਂ ਸਮੂਹ ਕਰਮ ਕਾਂਡਾਂ ਤੋਂ ਬੱਚ ਕੇ ਰਹਿਣ ਅਤੇ ਪ੍ਰਭੂ ਦੀ ਭਗਤੀ ਕਰਨ ‘ਤੇ ਜ਼ੋਰ ਦਿੱਤਾ ਗਿਆ 쿤:
ਕਾਹੇ ਕਉ ਪੂਜਤ ਪਾਹਨ ਕਉ ਕਛੁ ਪਾਹਨ ਮੈ ਪਰਮੇਸਰ ਨਾਹੀ॥
ਤਾਹੀ ਕੋ ਪੂਜ ਪ੍ਰਭੂ ਕਰਿ ਕੈ ਜਿਹ ਪੂਜਤ ਹੀ ਅਘ ਓਘ ਮਿਟਾਹੀ॥
ਚਰਿਤ੍ਰੋ ਪਖਯਾਨ : ਇਹ ਦਸਮ ਗ੍ਰੰਥ ਦੀ ਇਕ ਵੱਡ-ਆਕਾਰੀ ਰਚਨਾ ਹੈ ਜਿਹੜੀ ਕਿ ਕੁੱਲ 1428 ਵਿੱਚੋਂ ਲਗਪਗ 580 ਪੰਨਿਆਂ ਵਿਚ ਸਮੋਈ ਹੈ। ਇਸ ਰਚਨਾ ਵਿਚ ਇਸਤਰੀਆਂ ਅਤੇ ਪੁਰਸ਼ਾਂ ਦੇ ਛਲ-ਕਪਟ ਵਾਲੇ ਚਰਿਤ੍ਰਾਂ ਦਾ ਜ਼ਿਕਰ ਮਿਲਦਾ ਹੈ। ਚਰਿਤ੍ਰਾਂ ਦੀ ਗਿਣਤੀ 404 ਹੈ। ਇਸ ਰਚਨਾ ਵਿਚ ਕਿਸੇ ਇਕ ਵਿਅਕਤੀ ਦੇ ਚਰਿਤਾਂ ਉਤੇ ਜ਼ੋਰ ਨਹੀਂ ਦਿੱਤਾ ਗਿਆ ਬਲਕਿ ਵੱਖ-ਵੱਖ ਸਮਿਆਂ, ਇਲਾਕਿਆਂ, ਕੌਮਾਂ, ਵਿਸ਼ਵਾਸਾਂ ਆਦਿ ਨਾਲ ਸੰਬੰਧਿਤ ਕਥਾ-ਕਹਾਣੀਆਂ ਇਕ ਰਚਨਾ ਵਿਚ ਪੇਸ਼ ਕੀਤੀਆਂ ਗਈਆਂ ਹਨ। ਮਹਾਂਭਾਰਤ, ਬੈਤਾਲ ਪਚੀਸੀ, ਸਿੰਘਾਸਨ ਬਤੀਸੀ, ਅਲਿਫ਼ ਲੈਲਾ, ਪੰਚ-ਤੰਤ੍ਰ ਆਦਿ ਨਾਲ ਸੰਬੰਧਿਤ ਰਾਜੇ-ਰਾਣੀਆਂ, ਰਾਜਕੁਮਾਰਾਂ, ਵੇਸਵਾਵਾਂ, ਆਲਸੀਆਂ ਅਤੇ ਵਿਹਲੜਾਂ ਦੇ ਜੀਵਨ ਪੁਰ ਆਧਾਰਿਤ ਕਥਾ-ਕਹਾਣੀਆਂ ਰਾਹੀਂ ਸਦਾਚਾਰਕ ਅਤੇ ਸੁਚੱਜੀ ਜੀਵਨ-ਜਾਚ ‘ਤੇ ਜ਼ੋਰ ਦਿੱਤਾ ਗਿਆ ਹੈ। ਕਾਮ ਭਰਪੂਰ ਜੀਵਨ ਤੋਂ ਦੂਰ ਰਹਿਣ ਲਈ ਇਕ ਉਦੇਸ਼ ਦਿੰਦੇ ਹੋਏ ਕਿਹਾ ਗਿਆ ਹੈ :
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ ॥
ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ ॥
‘ਚਰਿਤ੍ਰੋ ਪਖਯਾਨ’ ਦੀਆਂ ਕਹਾਣੀਆਂ ਰਾਹੀਂ ਦਿੱਤਾ ਗਿਆ ਸੰਦੇਸ਼ ਬਾਅਦ ਵਾਲੀਆਂ ਰਚਨਾਵਾਂ ਰਾਹੀਂ ਵੀ ਦ੍ਰਿੜ੍ਹ ਕਰਾਇਆ ਗਿਆ ਹੈ। ਕਿਹਾ ਜਾਂਦਾ ਹੈ ਕਿ ਇਕ ਵਾਰੀ “ਸਿਖਾਂ ਭਾਈ ਮਨੀ ਸਿੰਘ ਜੀ ਹੋਰਾ ਥੀ ਪ੍ਰਸਨ ਕੀਤਾ॥ ਜੋ ਆਦ ਬਾਣੀ ਜੋ ਹੋਈ ਹੈ ਸੋ ਸਭ ਭਗਤਿ ਮਈ ਹੈ॥ ਤੇ ਸਾਹਿਬ ਦਸਵੇ ਪਾਤਸਾਹ ਜੋ ਬਾਣੀ ਕੀਤੀ ਹੈ ਸੋ ਜੁਧ ਮਈ ਹੈ॥ ਕੈ ਇਸਤ੍ਰੀਆ ਦੇ ਚਰਿਤ੍ਰ ਹੈਨ। ਇਸ ਦਾ ਸਿਧਾਂਤ ਕਿਉ ਕਰ ਸਮਝੀਐ॥” ਤਾਂ ਭਾਈ ਸਾਹਿਬ ਨੇ ਕਹਿਆ – “ਚਰਿਤ੍ਰ ਇਸ ਵਾਸਤੇ ਲਿਖੇ ਹੈਨ ਜੋ ਇਸਤ੍ਰੀਆ ਦੇ ਭੋਗਾ ਵਿਚ ਤੁਸਾ ਮਨ ਨਹੀ ਬੰਧਣਾ॥”
ਜ਼ਫ਼ਰਨਾਮਹ : ਇਸ ਨੂੰ ਵਿਜੇ ਪੱਤਰ ਜਾਂ ਜਿੱਤ ਦੀ ਚਿੱਠੀ ਕਿਹਾ ਜਾਂਦਾ ਹੈ। 1706 ਈਸਵੀ ਵਿਚ ਚਮਕੌਰ ਦੇ ਯੁੱਧ ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਚਿੱਠੀ ਦੀਨੇ-ਕਾਂਗੜ ਪਿੰਡ ਤੋਂ ਭਾਰਤ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਲਿਖੀ ਸੀ। ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੇ ਇਹ ਚਿੱਠੀ ਬਾਦਸ਼ਾਹ ਨੂੰ ਦੱਖਣ ਵਿਚ ਜਾ ਪਹੁੰਚਾਈ ਸੀ। 111 ਸ਼ੇਅਰਾਂ ਵਾਲੀ ਇਸ ਰਚਨਾ ਵਿਚ ਗੁਰੂ ਜੀ ਨੇ ਬਾਦਸ਼ਾਹ ਨੂੰ ਜਿਥੇ ਉਸ ਦੇ ਅਯੋਗ ਕੰਮਾਂ ਪ੍ਰਤੀ ਫਿਟਕਾਰ ਪਾਈ ਹੈ, ਉਥੇ ਨਾਲ ਹੀ ਆਪਣੇ ਵੱਲੋਂ ਅਰੰਭੇ ਧਰਮ ਯੁੱਧ ਨੂੰ ਜਾਇਜ਼ ਠਹਿਰਾਇਆ ਹੈ। ਗੁਰੂ ਜੀ ਫ਼ੁਰਮਾਂਦੇ ਹਨ ਕਿ ਜਦੋਂ ਜ਼ੁਲਮ ਹੱਦੋਂ ਵੱਧ ਜਾਏ ਅਤੇ ਗੱਲਬਾਤ ਰਾਹੀਂ ਉਸ ਨੂੰ ਰੋਕਣ ਦੇ ਸਭ ਰਸਤੇ ਬੰਦ ਹੋ ਜਾਣ ਤਾਂ ਫਿਰ ਉਸ ਨੂੰ ਠੱਲ੍ਹ ਪਾਉਣ ਲਈ ਕ੍ਰਿਪਾਨ ਦੀ ਵਰਤੋਂ ਜਾਇਜ਼ ਹੈ :
ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ॥
ਭਾਈ ਮਨੀ ਸਿੰਘ ਜੀ ਦੀ ਵਿਦਵਤਾ ਅਤੇ ਗੁਰੂ-ਘਰ ਪ੍ਰਤੀ ਦ੍ਰਿੜ੍ਹਤਾ ਅਤੇ ਨਿਸ਼ਠਾ ਹਮੇਸ਼ਾ ਹੀ ਸ਼ਲਾਘਾਯੋਗ ਰਹੀ ਹੈ। ਉਹਨਾਂ ਦੀ ਸ਼ਖ਼ਸੀਅਤ ‘ਤੇ ਟਿੱਪਣੀ ਕਰਦੇ ਹੋਏ ਗਿਆਨੀ ਗਿਆਨ ਸਿੰਘ ਦੱਸਦੇ ਹਨ ਕਿ, ਜਦ ਕੋਈ ਮੁਸਲਮਾਨ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਖ਼ਰਾਬੀ ਕਰਨ ਵਾਸਤੇ ਆਉਂਦਾ ਤਾਂ ਭਾਈ ਸਾਹਿਬ ਓਸ ਨੂੰ ਹਲੀਮੀ ਤੇ ਮਿੱਠੀ ਬਾਣੀ ਦੀ ਰਸਾਈ ਨਾਲ ਫ਼ਕੀਰਾਂ ਵਾਲੀਆਂ ਬਾਤਾਂ ਬਿਨਾਂ ਪੱਖ ਪਾਤ ਦੇ ਸੁਣਾ ਕੇ ਐਸਾ ਮੋਮ ਕਰ ਲੈਂਦੇ, ਜਿਸ ਤੋਂ ਓਹ ਸੇਵਾ ਹੀ ਕਰ ਜਾਂਦਾ, ਤੇ ਏਨ੍ਹਾਂ ਦਾ ਫ਼ਕੀਰੀ ਭੇਸ, ਨੇਕ ਚਾਲ ਚਲਨ, ਚੇਹਰਾ ਮੁਹਰਾ, ਸੁਧਾ ਸੁਭਾਵ, ਲੰਗਰ ਚਲਦਾ ਦੇਖ ਕੇ ਹਰੇਕ ਆਦਮੀ ਮੋਮ ਹੋ ਜਾਂਦਾ, ਏਸੇ ਤਰ੍ਹਾਂ ਕਈ ਉਪਾਵਾਂ ਕਰਕੇ ਦਰਬਾਰ ਸਾਹਿਬ ਦੀ ਸੇਵਾ ਭਾਈ ਸਾਹਿਬ ਕਰਦੇ ਰਹੇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਲੰਮਾ ਸਮਾਂ ਉਨ੍ਹਾਂ ਨੇ ਮਾਤਾ ਸੁੰਦਰੀ ਜੀ ਦੇ ਆਦੇਸ਼ ਅਨੁਸਾਰ ਪੰਥ ਦੀ ਸੇਵਾ ਕੀਤੀ ਹੈ ਅਤੇ ਸਿੱਖੀ ਦੀ ਸ਼ਾਨ ਕਾਇਮ ਰੱਖਦੇ ਹੋਏ ਸ਼ਹੀਦੀ ਪਾ ਗਏ । ਲਾਲਾ ਮੁਲਕਰਾਜ ਭੱਲਾ ਨੇ 1895 ਈਸਵੀ ਵਿਚ ਸ਼ਹੀਦ ਗੰਜ ਸਿਰਲੇਖ ਅਧੀਨ ਇਕ ਪੁਸਤਕ ਰਚੀ ਸੀ ਜਿਸ ਵਿਚ ਭਾਈ ਮਨੀ ਸਿੰਘ ਦੀ ਸ਼ਹੀਦੀ ਬਾਰੇ ਬਿਰਤਾਂਤ ਪੇਸ਼ ਕਰਦੇ ਹੋਏ ਉਨ੍ਹਾਂ ਦੱਸਿਆ ਕਿ, “ਨਾਜ਼ਮ ਨੇ ਮੁਫ਼ਤੀ ਸੇ ਉਨ ਕੀ ਬਾਬਤ ਸ਼ਰਹ ਕਾ ਫ਼ਤਵਾ ਮਾਂਗਾ। ਮੁਫ਼ਤੀ ਬੇਰਹਿਮ ਕਾ ਫ਼ਤਵਾ ਯਿਹ ਥਾ ਕਿ ਐਸੇ ਅਹਿਦ-ਸ਼ਿਕਨ ਕੇ ਜਿਸਮ ਕੇ ਬੰਦ ਬੰਦ ਜੁਦਾ ਕਰ ਕੇ ਅਜ਼ਾਬ ਸੇ ਮਾਰਾ ਜਾਏ। ਬਚਾਓ ਸਿਰਫ਼ ਇਸੀ ਸੂਰਤ ਪਰ ਹੋ ਸਕਤਾ ਹੈ ਕਿ ਵਹੁ ਦੀਨ ਇਸਲਾਮ ਕਬੂਲ ਕਰੇ। ਯਿਹ ਹੁਕਮ ਸੁਨ ਕਰ ਵੁਹ ਮੁਤਲਿਕ ਨ ਘਬਰਾਏ । ਦੀਨ ਇਸਲਾਮ ਤੋ ਇਹੇਂ ਕਿਆ ਕਬੂਲ ਕਰਨਾ ਥਾ ਸਾਫ਼ ਇਨਕਾਰ ਕਰ ਦੀਆ। ਔਰ ਸ਼ਾਂਤੀ ਸੇ ਜੱਲਾਦ ਕੇ ਸਾਥ ਹੋ ਲੀਏ।”27
ਭਾਈ ਮਨੀ ਸਿੰਘ ਜੀ ਨੇ ਜਿਸ ਸਮੇਂ ਸਿੱਖੀ ਦੀ ਸੇਵਾ ਕੀਤੀ, ਉਸ ਸਮੇਂ ਸਿੱਖੀ ਬਚਾਉਣ ਲਈ ਜਾਨ ਦੀ ਕੁਰਬਾਨੀ ਦੇਣ ਲਈ ਹਮੇਸ਼ਾ ਤਿਆਰ-ਬਰ- ਤਿਆਰ ਰਹਿਣਾ ਪੈਂਦਾ ਸੀ, ਸਿੱਖ ਹੋਣਾ ਹੀ ਮੌਤ ਦੀ ਨਿਸ਼ਾਨੀ ਸੀ। ਅਜਿਹੇ ਸਮੇਂ ਉਹੀ ਸਿੱਖੀ ਵਿਚ ਟਿਕ ਸਕਦੇ ਹਨ ਜਿਹੜੇ ਗੁਰਮਤਿ ਸੰਦੇਸ਼ ਦੇ ਧਾਰਨੀ ਹੋਣ, ਹੱਥ ਕਾਰ ਨਾਲ ਅਤੇ ਮਨ ਕਰਤਾਰ ਨਾਲ ਜੁੜਿਆ ਹੋਵੇ । ਭਾਈ ਮਨੀ ਸਿੰਘ ਅਜਿਹੇ ਹੀ ਗੁਰਮੁਖ ਸਨ ਜਿਨ੍ਹਾਂ ਨੇ ਗੁਰੂ-ਘਰ ਦੇ ਹਰ ਆਦੇਸ਼ ਦਾ ਪਾਲਣ ਕੀਤਾ ਅਤੇ ਆਪਣੇ ਆਖ਼ਰੀ ਸਵਾਸਾਂ ਤੱਕ ਸਿੱਖੀ ਦੀ ਸੇਵਾ ਕੀਤੀ।
ਮਾਤਾ ਸੁੰਦਰੀ ਜੀ ਅਤੇ ਸ. ਜੱਸਾ ਸਿੰਘ ਆਹਲੂਵਾਲੀਆ
ਸ. ਜੱਸਾ ਸਿੰਘ ਆਹਲੂਵਾਲੀਆ ਸਿੱਖਾਂ ਦੀਆਂ ਬਾਰ੍ਹਾਂ ਮਿਸਲਾਂ ਵਿੱਚੋਂ ਆਹਲੂਵਾਲੀਆ ਮਿਸਲ ਦਾ ਮੁਖੀ ਸੀ। ਇਸ ਨੇ ਆਪਣੇ ਜੀਵਨ ਵਿਚ ਬਹੁਤ ਸੰਘਰਸ਼ ਕੀਤਾ ਅਤੇ ਹਰ ਬਿਖੜੇ ਪੈਂਡੇ ਸਮੇਂ ਅੱਗੇ ਹੋ ਕੇ ਕੌਮ ਦੀ ਅਗਵਾਈ ਕਰਦਾ ਰਿਹਾ ਹੈ। ਸਮੂਹ ਸਿੱਖ ਸਰਦਾਰ ਇਸ ਦਾ ਸਤਿਕਾਰ ਕਰਦੇ ਸਨ। ਏਸੇ ਕਰਕੇ ਜਦੋਂ ਇਕ ਵਾਰ ਇਸ ਨੂੰ ਸ. ਜੱਸਾ ਸਿੰਘ ਰਾਮਗੜ੍ਹੀਏ ਨੇ ਫੜ ਲਿਆ ਸੀ ਤਾਂ ਦੂਜੇ ਸਿੱਖ ਸਰਦਾਰਾਂ ਦੇ ਕਹਿਣ ‘ਤੇ ਉਸ ਨੇ ਨਾ ਕੇਵਲ ਉਸ ਨੂੰ ਛੱਡਿਆ ਬਲਕਿ ਸਿਰੋਪਾ ਦੇ ਕੇ ਸਨਮਾਨ ਨਾਲ ਵਿਦਾ ਕੀਤਾ ਸੀ।
ਸ. ਜੱਸਾ ਸਿੰਘ ਆਹਲੂਵਾਲੀਏ ਦਾ ਜਨਮ ਅਜਿਹੇ ਪਰਿਵਾਰ ਵਿਚ ਹੋਇਆ, ਜਿਹੜਾ ਗੁਰੂ-ਘਰ ਪ੍ਰਤੀ ਅਥਾਹ ਸ਼ਰਧਾ ਰੱਖਦਾ ਸੀ । ਉਸ ਦਾ ਦਾਦਾ ਦੇਵਾ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿਚ ਰਹਿ ਕੇ ਉਨ੍ਹਾਂ ਦੀ ਸੇਵਾ ਕਰਦਾ ਰਿਹਾ। ਉਸ ਦੇ ਤਿੰਨ ਪੁੱਤਰ ਸਨ – ਗੁਰਬਖ਼ਸ਼ ਸਿੰਘ, ਸਦਰ ਸਿੰਘ ਅਤੇ ਬਦਰ ਸਿੰਘ। ਬਦਰ ਸਿੰਘ ਦੇ ਘਰ ਕੋਈ ਸੰਤਾਨ ਨਹੀਂ ਸੀ। ਸੰਤਾਨ ਦੀ ਪ੍ਰਾਪਤੀ ਵਾਸਤੇ ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਬੇਨਤੀ ਕੀਤੀ। ਗੁਰੂ ਜੀ ਨੇ ਉਨ੍ਹਾਂ ਨੂੰ ਅਸੀਸ ਦਿੰਦੇ ਹੋਏ ਕਿਹਾ, “ਵਾਹਿਗੁਰੂ ਅਕਾਲ ਪੁਰਖ ਦੀ ਆਰਾਧਨਾ ਕਰੋ, ਸਾਧ ਸੰਗਤ ਦੀ ਸੇਵਾ ਕਰੋ, ਗੁਰੂ ਨਾਨਕ ਦਾ ਧਿਆਨ ਧਰੋ, ਗੁਰੂ ਅੰਗ ਸੰਗ ਹੈ, ਤੁਹਾਡਾ ਪੁੱਤਰ ਗੁਰੂ ਕਾ ਲਾਲ ਹੋਵੇਗਾ।”
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾ ਜਾਣ ਤੋਂ ਬਾਅਦ ਸਿੱਖੀ ਸਿਦਕ ਵਿਚ ਪੂਰੇ ਭਾਈ ਬਦਰ ਸਿੰਘ ਦੇ ਘਰ ਇਕ ਪੁੱਤਰ ਨੇ ਜਨਮ ਲਿਆ। ਬੱਚੇ ਦਾ ਨਾਂ ਜੱਸਾ ਸਿੰਘ ਰੱਖਿਆ ਗਿਆ, ਇਹ ਘਟਨਾ 1718 ਈਸਵੀ ਦੀ ਹੈ। ਪਿਤਾ ਦਾ ਪਿਆਰ ਬੱਚੇ ਨੂੰ ਬਹੁਤੀ ਦੇਰ ਨਸੀਬ ਨਹੀਂ ਹੋਇਆ। ਅਤੇ ਚਾਰ ਸਾਲ ਬਾਅਦ ਉਹ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ। ਜਦੋਂ ਜੱਸਾ ਸਿੰਘ ਪੰਜ ਸਾਲ ਦਾ ਹੋਇਆ ਤਾਂ ਉਸ ਦੀ ਮਾਤਾ ਉਸ ਨੂੰ ਲੈ ਕੇ ਮਾਤਾ ਸੁੰਦਰੀ ਜੀ ਕੋਲ ਦਿੱਲੀ ਆ ਗਈ।
ਸ. ਜੱਸਾ ਸਿੰਘ ਦਾ ਮੁੱਢਲਾ ਸਮਾਂ ਮਾਤਾ ਸੁੰਦਰੀ ਜੀ ਕੋਲ ਬੀਤਿਆ। ਮਾਤਾ ਜੀ ਨੇ ਇਸ ਦਾ ਪੁੱਤਰਾਂ ਵਾਂਗ ਪਾਲਣ-ਪੋਸ਼ਣ ਕੀਤਾ ਅਤੇ ਇਸ ਦੇ ਮਨ ਵਿਚ ਗੁਰਮਤਿ ਦੇ ਉਨ੍ਹਾਂ ਸਾਰੇ ਗੁਣਾਂ ਦਾ ਸੰਚਾਰ ਕੀਤਾ ਜਿਹੜੇ ਜੀਵਨ ਭਰ ਕੌਮ ਦੀ ਭਲਾਈ ਅਤੇ ਚੜ੍ਹਦੀ ਕਲਾ ਲਈ ਉਸ ਨੂੰ ਪ੍ਰੇਰਿਤ ਕਰਦੇ ਰਹੇ। ਜੱਸਾ ਸਿੰਘ ਦਾ ਜਨਮ ਲਾਹੌਰ ਦੇ ਨੇੜੇ ਦੇ ਇਕ ਪਿੰਡ ‘ਆਹਲੂ’ ਵਿਖੇ ਹੋਇਆ ਸੀ। ਏਸੇ ਕਰਕੇ ਇਸ ਪਿੰਡ ਦੇ ਨਾਂ ਤੋਂ ਹੀ ਇਕ ਮਿਸਲ ਬਣੀ, ਜਿਸ ਦਾ ਉਹ ਮੁਖੀ ਬਣਿਆ ਅਤੇ ਇਥੋਂ ਹੀ ਉਸ ਦਾ ਨਾਂ ਸ. ਜੱਸਾ ਸਿੰਘ ਆਹਲੂਵਾਲੀਆ ਪ੍ਰਸਿੱਧ ਹੋਇਆ। ਸ. ਜੱਸਾ ਸਿੰਘ ਦੀ ਮਾਤਾ ਗੁਰੂ-ਘਰ ਦੀ ਸ਼ਰਧਾਲੂ ਸੀ ਅਤੇ ਹਮੇਸ਼ਾ ਗੁਰਬਾਣੀ ਨਾਲ ਜੁੜੇ ਰਹਿਣਾ ਵਧੇਰੇ ਪਸੰਦ ਕਰਦੀ ਸੀ। ਉਸ ਨੂੰ ਬਹੁਤ ਸਾਰੀ ਬਾਣੀ ਕੰਠ ਸੀ ਅਤੇ ਉਸ ਦੇ ਇਸ ਗੁਣ ਨੇ ਉਸ ਨੂੰ ਸ਼ਰਧਾਲੂਆਂ ਵਿਚ ਸਤਿਕਾਰ ਦਾ ਪਾਤਰ ਵੀ ਬਣਾਇਆ ਸੀ। ਉਹ ਬਹੁਤ ਹੀ ਸ਼ਰਧਾ ਅਤੇ ਪ੍ਰੇਮ ਨਾਲ ਦੋਤਾਰੇ ਨਾਲ ਗੁਰਬਾਣੀ ਦਾ ਗਾਇਨ ਕਰਦੀ ਸੀ। ਉਸ ਦੇ ਇਨ੍ਹਾਂ ਗੁਣਾਂ ਦਾ ਵਿਖਿਆਨ ਕਰਦੇ ਹੋਏ ਰਤਨ ਸਿੰਘ ਭੰਗੂ ਦੱਸਦੇ ਹਨ :
ਆਹਲੂਵਾਲੀਏ ਇਕ ਕੌਮ ਕਹਾਵੈ। ਲਾਹੌਰ ਕਸੂਰਹਿ ਮੱਧ ਬਸਾਵੈ।
ਊਹਾਂ ਥੋ ਇਕ ਗ਼ਰੀਬ ਕਲਾਲ। ਹੁਤੋ ਸਿੰਘ ਥੋ ਵਹਿ ਗੁਰ ਲਾਲ।
ਦਯਾਲ ਸਿੰਘ ਥੋ ਉਸ ਕੋ ਨਾਮ। ਕਰਤ ਹੁਤੋ ਸੋ ਸਰਬਹਿ ਕਾਮ।
ਸੋ ਮਰ ਗਯੋ ਰਹਯੋ ਸੁਤ ਔ ਨਾਰਿ । ਹੁਤੋ ਦੋਊਅਨ ਕੋ ਅਤਿ ਸੈ ਪਯਾਰ।
ਹੁਤੀ ਸਿੰਘਨ ਕੀ ਬੇਟੀ ਸੋਇ। ਪਿਤਾ ਪੜ੍ਹਾਈ ਅੱਛਰ ਤੋਇ।
ਗੁਰਬਾਣੀ ਤਿਸ ਕੰਠ ਘਨੇਰੀ। ਹੁਤੀ ਸਿੱਖਣੀ ਦੁਇ ਪਖ ਕੇਰੀ।
ਪੋਥੀ ਰਾਖਤ ਗਾਤ੍ਰੈ ਪਾਇ। ਸਿਖ ਸੰਗਤ ਮੈਂ ਪਹੁੰਚੈ ਜਾਇ।
ਬਡੀ ਪ੍ਰਾਤ ਉਠ ਚੌਂਕੀ ਕਰੈ। ਸਮੈਂ ਸੰਝੈ ਭੀ ਸੋਦਰ ਪੜ੍ਹੇ।
ਦੋਹਰਾ – ਆਪ ਦੁਤਾਰੇ ਵਹਿ ਫੜੈ ਬਾਲ ਸੁ ਦਾਸੀ ਪ੍ਰੇਮ ।
ਦੋਊ ਵਖਤ ਚੌਂਕੀ ਕਰੈ ਯਿਹ ਥੋ ਉਸ ਕੋ ਨੇਮ।
ਬਦਰ ਸਿੰਘ ਦੇ ਚਲਾਣੇ ਉਪਰੰਤ ਉਸ ਦੀ ਸੁਪਤਨੀ ਵਧੇਰੇ ਸਮਾਂ ਗੁਰਬਾਣੀ ਵੱਲ ਹੀ ਧਿਆਨ ਲਗਾਉਂਦੀ ਪਰ ਮਨ ਟਿਕਾਉ ਵਿਚ ਨਹੀਂ ਸੀ ਆ ਰਿਹਾ। ਉਸ ਦੇ ਭਰਾ ਸ. ਬਾਗ ਸਿੰਘ ਨੇ ਉਸ ਨੂੰ ਕੁਝ ਸਮੇਂ ਲਈ ਉਸ ਪਿੰਡ ਤੋਂ ਦੂਰ ਜਾਣ ਦੀ ਸਲਾਹ ਦਿੱਤੀ, ਜਿਸ ਨੂੰ ਉਸ ਨੇ ਪ੍ਰਵਾਨ ਕਰ ਲਿਆ। ਸ. ਬਾਗ ਸਿੰਘ ਆਪਣੀ ਭੈਣ ਅਤੇ ਬਾਲਕ ਜੱਸਾ ਸਿੰਘ ਨੂੰ ਲੈ ਕੇ ਮਾਤਾ ਸੁੰਦਰੀ ਜੀ ਕੋਲ ਦਿੱਲੀ ਚਲਾ ਗਿਆ। ਮਾਤਾ ਜੀ ਨੇ ਪਰਿਵਾਰ ਨੂੰ ਪਿਆਰ ਸਹਿਤ ਗਲੇ ਨਾਲ ਲਾਇਆ ਅਤੇ ਉਥੇ ਨਿਵਾਸ ਕਰਨ ਲਈ ਉਨ੍ਹਾਂ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ। ਬਾਲਕ ਜੱਸਾ ਸਿੰਘ ਦੀ ਮਾਤਾ ਦਾ ਗੁਰਬਾਣੀ ਗਾਇਨ ਅਤੇ ਪ੍ਰੇਮ ਦੇਖ ਕੇ ਮਾਤਾ ਸੁੰਦਰੀ ਜੀ ਬਹੁਤ ਖ਼ੁਸ਼ ਹੋਏ। ਬਾਲਕ ਜੱਸਾ ਸਿੰਘ ਉਥੇ ਹੀ ਗੁਰਬਾਣੀ ਵਿਦਿਆ ਹਾਸਲ ਕਰਨ ਲੱਗਿਆ। ਵਿਦਿਆ ਵਿਚ ਰੁਚੀ ਅਤੇ ਭੋਲੇਪਨ ਕਾਰਨ ਜੱਸਾ ਸਿੰਘ ਛੇਤੀ ਹੀ ਮਾਤਾ ਸੁੰਦਰੀ ਜੀ ਦੀ ਖਿੱਚ ਦਾ ਕਾਰਨ ਬਣਿਆ ਅਤੇ ਮਾਤਾ ਜੀ ਉਸ ਨੂੰ ਬਹੁਤ ਪਿਆਰ ਕਰਨ ਲੱਗੇ। ਗਿਆਨੀ ਗਿਆਨ ਸਿੰਘ ਜੀ ਦੱਸਦੇ ਹਨ, “ਜੱਸਾ ਸਿੰਘ ਦੀ ਸੁੰਦਰਤਾ ਹੋਨਹਾਰ ਤੇ ਭੋਲੀਆਂ ਭਾਲੀਆਂ ਗੱਲਾਂ ਵੇਖ ਮਾਤਾ ਸੁੰਦਰੀ ਜੀ ਇਸ ਦੇ ਨਾਲ ਪਿਆਰ ਕਰਦੇ ਅਤੇ ਆਪਣੀ ਝੋਲੀ ਵਿਚ ਲੈ ਕੇ ਖਿਡਾਂਦੇ ਸਨ, ਮਾਤਾ ਜੀ ਨੇ ਹੀ ਜੱਸਾ ਸਿੰਘ ਨੂੰ ਗੁਰਮੁਖੀ ਪੜ੍ਹਾਈ । ਜੱਸਾ ਸਿੰਘ ਦੀ ਮਾਤਾ ਸਵੇਰ ਵੇਲੇ ਦੋਤਾਰੇ ਨਾਲ ਆਸਾ ਦੀ ਵਾਰ ਪੜ੍ਹ ਕੇ ਮਾਤਾ ਜੀ ਨੂੰ ਸੁਣਾਇਆ ਕਰਦੀ ਸੀ। ਜੱਸਾ ਸਿੰਘ ਵੀ ਆਪਣੀ ਮਾਂ ਦੇ ਨਾਲ ਪੜ੍ਹਨ ਲੱਗ ਪਿਆ, ਇਨ੍ਹਾਂ ਦੀ ਮਿਲਵੀਂ ਤੇ ਦਿਲ ਖਿਚਵੀਂ ਆਵਾਜ਼ ਨੂੰ ਮਾਤਾ ਜੀ ਨੇ ਬਹੁਤ ਪਸੰਦ ਕੀਤਾ । ”
ਸ. ਜੱਸਾ ਸਿੰਘ ਦੇ ਬਚਪਨ ਦਾ ਬਹੁਤਾ ਹਿੱਸਾ ਦਿੱਲੀ ਵਿਖੇ ਹੀ ਬੀਤਿਆ, ਜਿਥੇ ਭਵਿੱਖ ਦੀਆਂ ਚੁਣੌਤੀਆਂ ਨਾਲ ਲੋਹਾ ਲੈਣ ਲਈ ਉਸ ਦੇ ਮਨ ਵਿਚ ਅਧਿਆਤਮਿਕ ਦ੍ਰਿੜ੍ਹਤਾ ਪੈਦਾ ਕੀਤੀ ਗਈ ਸੀ । ਮਾਂ-ਪੁੱਤ ਮਾਤਾ ਸੁੰਦਰੀ ਜੀ ਦੀ ਸੇਵਾ ਵਿਚ ਅਨੰਦ ਮਹਿਸੂਸ ਕਰਦੇ ਸਨ। ਮਾਂ ਸ਼ਬਦ ਅਤੇ ਦੋਤਾਰੇ ਦੀਆਂ ਸੁਰਾਂ ਦੇ ਅਨੰਦਮਈ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕਰਦੀ ਅਤੇ ਜੱਸਾ ਸਿੰਘ ਆਪਣੀ ਮਾਤਾ ਕੋਲ ਬੈਠ ਕੇ ਸ਼ਬਦ ਪੜ੍ਹਦਾ ਸੀ । ਮਾਤਾ ਸੁੰਦਰੀ ਜੀ ਉਨ੍ਹਾਂ ਦੀ ਸਿੱਖੀ ਸੇਵਕੀ ਅਤੇ ਗੁਰਮਤਿ ਪ੍ਰਵਾਹ ਦੀ ਦ੍ਰਿੜ੍ਹਤਾ ਤੋਂ ਬੇਹੱਦ ਪ੍ਰਸੰਨ ਸਨ। ਮਾਤਾ ਜੀ ਜੱਸਾ ਸਿੰਘ ਦੀ ਧਾਰਮਿਕ ਪਰਪੱਕਤਾ ਅਤੇ ਅਧਿਆਤਮਿਕ ਉੱਚਤਾ ਤੋਂ ਖ਼ੁਸ਼ ਹੋ ਕੇ ਉਸ ਨੂੰ ਸਿੱਖੀ ਵਿਚ ਦ੍ਰਿੜ੍ਹ ਰਹਿਣ ਦੀਆਂ ਅਸੀਸਾਂ ਦਿੰਦੇ ਸਨ । ਸ. ਜੱਸਾ ਸਿੰਘ ਦੀ ਉਮਰ 12-13 ਸਾਲ ਦੀ ਸੀ ਜਦੋਂ ਉਸ ਦਾ ਮਾਮਾ ਸਰਦਾਰ ਬਾਗ ਸਿੰਘ ਉਨ੍ਹਾਂ ਨੂੰ ਲੈਣ ਲਈ ਦਿੱਲੀ ਚਲਾ ਗਿਆ। ਮਾਤਾ ਸੁੰਦਰੀ ਜੀ ਬਾਲਕ ਜੱਸਾ ਸਿੰਘ ਨੂੰ ਬੇਹੱਦ ਪਿਆਰ ਕਰਦੇ ਸਨ ਅਤੇ ਉਨ੍ਹਾਂ ਜਾਣ ਸਮੇਂ ਉਸ ਨੂੰ ਵਿਦਾਇਗੀ ਵਜੋਂ ਇਕ ਤਲਵਾਰ, ਇਕ ਗੁਰਜ, ਢਾਲ, ਕਮਾਨ, ਤੀਰਾਂ ਦਾ ਭੱਥਾ, ਪੁਸ਼ਾਕਾ ਅਤੇ ਚਾਂਦੀ ਦੀ ਚੋਬ ਦੀ ਬਖ਼ਸ਼ਿਸ਼ ਕਰਦੇ ਹੋਏ ਅਸੀਸ ਦਿੱਤੀ, “ਤੇਰੇ ਔਰ ਤੇਰੀ ਸੰਤਾਨ ਅਗੇ ਆਸਿਆਂ ਵਾਲੇ ਚੋਬਦਾਰ) ਚਲਿਆ ਕਰਨਗੇ।”4 ਮਾਤਾ ਸੁੰਦਰੀ ਜੀ ਦਾ ਇਹ ਬਚਨ ਸੱਚ ਸਾਬਿਤ ਹੋਇਆ। ਸਮਾਂ ਪਾ ਕੇ ਸ. ਜੱਸਾ ਸਿੰਘ ਸੁਲਤਾਨ-ਉਲ-ਕੌਮ ਬਣਿਆ। ਉਸ ਨੇ ਬਾਹਰੀ ਹਮਲਾਵਰਾਂ ਨੂੰ ਪੰਜਾਬ ਵੱਲੋਂ ਆਉਣੋਂ ਰੋਕ ਕੇ ਸਮੂਹ ਭਾਰਤ ਦੀ ਇੱਜ਼ਤ ਹੀ ਨਹੀਂ ਬਚਾਈ, ਬਲਕਿ ਭਾਰਤ ਤੋਂ ਜਬਰੀ ਚੁੱਕ ਕੇ ਲਿਜਾਈਆਂ ਜਾ ਰਹੀਆਂ ਹਿੰਦੂ ਇਸਤਰੀਆਂ ਨੂੰ ਕਈ ਵਾਰ ਵਿਦੇਸ਼ੀ ਹਮਲਾਵਰਾਂ ਦੇ ਕਬਜ਼ੇ ਵਿੱਚੋਂ ਰਿਹਾਅ ਕਰਵਾ ਕੇ ਪੂਰੇ ਸਨਮਾਨ ਨਾਲ ਉਨ੍ਹਾਂ ਦੇ ਘਰਾਂ ਨੂੰ ਤੋਰਿਆ। ਘੋਰ ਸੰਕਟ ਦੇ ਸਮੇਂ ਉਸ ਨੇ ਕੌਮ ਦੀ ਸੇਵਾ ਕੀਤੀ ਅਤੇ ਵੱਡੇ ਘੱਲੂਘਾਰੇ ਸਮੇਂ 22 ਜ਼ਖ਼ਮ ਖਾ ਕੇ ਵੀ ਵੈਰੀਆਂ ਵਿਰੁੱਧ ਪੂਰੇ ਜੋਸ਼ ਨਾਲ ਜੂਝਦਾ ਰਿਹਾ ਸੀ। ਗੁਰਬਾਣੀ ਦੀ ਜਿਹੜੀ ਵਿੱਦਿਆ ਉਸ ਨੇ ਮਾਤਾ ਸੁੰਦਰੀ ਜੀ ਕੋਲੋਂ ਗ੍ਰਹਿਣ ਕੀਤੀ ਸੀ, ਸਾਰਾ ਜੀਵਨ ਉਸੇ ‘ਤੇ ਪਹਿਰਾ ਦਿੱਤਾ ਅਤੇ ਹਰ ਘੜੀ ਅੱਗੇ ਹੋ ਕੇ ਕੌਮ ਦੀ ਅਗਵਾਈ ਕਰਦਾ ਰਿਹਾ।
ਮਾਤਾ ਸੁੰਦਰੀ ਜੀ ਦੇ ਯਾਦਗਾਰੀ ਅਸਥਾਨ
ਗੁਰਦੁਆਰੇ ਸਿੱਖ ਜੀਵਨ-ਜਾਚ ਦਾ ਕੇਂਦਰ ਬਿੰਦੂ ਹਨ। ਇਹ ਮਨੁੱਖੀ ਭਾਈਚਾਰੇ ਅਤੇ ਮਨੁੱਖੀ ਆਜ਼ਾਦੀ ਵੱਲ ਸੰਕੇਤ ਕਰਦੇ ਹਨ। ਗੁਰਦੁਆਰੇ ਦੇ ਸਰੂਪ ਦਾ ਵਰਣਨ ਕਰਦੇ ਹੋਏ ਭਾਈ ਕਾਨ੍ਹ ਸਿੰਘ ਨਾਭਾ ਦੱਸਦੇ ਹਨ ਕਿ “ਜਿਸ ਥਾਂ ਸਤਿਗੁਰਾਂ ਦੇ ਦਸ ਸਰੂਪਾਂ ਵਿੱਚੋਂ ਕਿਸੇ ਦੇ ਚਰਣ ਪਏ ਅਤੇ ਇਤਿਹਾਸਿਕ ਘਟਨਾ ਹੋਈ ਹੈ, ਅਥਵਾ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਕੇ ਸਿੱਖ ਧਰਮ ਦੇ ਨਿਯਮਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਵਿਸ਼ਰਾਮ, ਲੰਗਰ, ਵਿਦਯਾ, ਕੀਰਤਨ ਆਦਿ ਦਾ ਗੁਰ ਮਰਯਾਦਾ ਅਨੁਸਾਰ ਪ੍ਰਬੰਧ ਹੈ, ਉਸ ਦੀ ਗੁਰਦੁਆਰਾ ਸੰਗਯਾ ਹੈ।” ਗੁਰਦੁਆਰਾ ਸਿੱਖ ਦਾ ਸਹੀ ਮਾਰਗ-ਦਰਸ਼ਨ ਕਰਨ ਦਾ ਸਥਾਨ ਹੈ ਜਿਥੇ ਅਧਿਆਤਮਿਕ ਅਤੇ ਸੰਸਾਰੀ ਜੀਵਨ ਦੀਆਂ ਗੁੰਝਲਾਂ ਦਾ ਰਹੱਸ ਸਮਝਿਆ ਜਾ ਸਕਦਾ ਹੈ।
ਕੁਦਰਤ ਦੇ ਜੀਵਾਂ ਵਿਚ ਮਨੁੱਖੀ ਜੀਵਨ ਨੂੰ ਸਿਰਮੌਰ ਮੰਨਿਆ ਗਿਆ ਹੈ, ਉਸ ਨੂੰ ਧਰਤੀ ਦੇ ਜੀਵਾਂ ਦੀ ਸਰਦਾਰੀ ਬਖ਼ਸ਼ੀ ਗਈ ਹੈ। ਜੇਕਰ ਮਨੁੱਖ ਜੀਵਾਂ ਵਿੱਚੋਂ ਸ਼੍ਰੋਮਣੀ ਹੈ ਤਾਂ ਉਸ ਦੇ ਜੀਵਨ ਦਾ ਉਦੇਸ਼ ਵੀ ਬਾਕੀ ਜੀਵਾਂ ਨਾਲੋਂ ਸਰਬੋਤਮ ਹੋਣਾ ਚਾਹੀਦਾ ਹੈ। ਗੁਰਮਤਿ ਵਿਚ ਮਨੁੱਖੀ ਜੀਵਨ ਦਾ ਉਦੇਸ਼ “ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” ਮੰਨਿਆ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜਦੋਂ ਪਰਮਾਤਮਾ ਨੇ ਸ੍ਰਿਸ਼ਟੀ ਦੀ ਸਿਰਜਨਾ ਕੀਤੀ ਤਾਂ ਧਰਤੀ ਨੂੰ ਧਰਮ ਕਮਾਉਣ ਦਾ ਅਸਥਾਨ ਬਣਾ ਕੇ ਟਿਕਾ ਦਿੱਤਾ। ਇਸ ਦਾ ਭਾਵ ਹੈ ਕਿ ਜੀਵਾਂ ਵਿਚ ਸ਼੍ਰੋਮਣੀ ਮੰਨਿਆ ਜਾਂਦਾ ਮਨੁੱਖ ਧਰਤੀ ਉਤੇ ਧਰਮ ਕਮਾਉਣ ਦੇ ਉਦੇਸ਼ ਨਾਲ ਪੈਦਾ ਕੀਤਾ ਗਿਆ ਹੈ । ਧਰਮ ਕਮਾਉਣ ਦਾ ਜੋ ਸਥਾਨਵਾਚੀ ਨਾਂ ਪਹਿਲਾਂ ਵਰਤਿਆ ਜਾਂਦਾ ਸੀ, ਉਸ ਨੂੰ ਧਰਮਸਾਲ ਕਿਹਾ ਜਾਂਦਾ ਸੀ । ਗੁਰੂ ਸਾਹਿਬਾਨ ਤੋਂ ਪਹਿਲਾਂ ਧਰਮਸਾਲਾ ਉਸ ਮਕਾਨ ਨੂੰ ਕਿਹਾ ਜਾਂਦਾ ਸੀ ਜਿਥੇ ਬਿਨਾਂ ਕਿਰਾਇਆ ਲੈਣ ਦੇ ਮੁਸਾਫ਼ਿਰਾਂ ਨੂੰ ਨਿਵਾਸ ਦਿੱਤਾ ਜਾਂਦਾ ਸੀ । ਗੁਰੂ ਸਾਹਿਬਾਨ ਦੁਆਰਾ ਸਥਾਪਤ ਕੀਤੀ ਗਈ ਧਰਮਸਾਲ ਦਾ ਉਦੇਸ਼ ਕੇਵਲ ਨਿਵਾਸ ਪ੍ਰਦਾਨ ਕਰਨਾ ਹੀ ਨਹੀਂ ਸੀ ਬਲਕਿ ਨਿਵਾਸ ਦੇ ਨਾਲ-ਨਾਲ, ਨਿਰਸੁਆਰਥ ਸੇਵਾ ਅਤੇ ਜੀਵਨ ਉਦੇਸ਼ ਪ੍ਰਾਪਤ ਕਰਨ ਦਾ ਮਾਰਗ ਦਰਸਾਉਣਾ ਵੀ ਸੀ। ਧਰਮਸਾਲ ਵਿਖੇ ਸਮੂਹ ਕਾਰਜ, ਸੇਵਾ, ਨਿਮਰਤਾ ਅਤੇ ਪ੍ਰਭੂ-ਬੰਦਗੀ ਨੂੰ ਮੁੱਖ ਰੱਖ ਕੇ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ ਜਿਸ ਦੀ ਬਖ਼ਸ਼ਿਸ਼ ਸਦਕਾ ਹੀ ਜੀਵਨ ਦੇ ਸਮੂਹ ਕਾਰਜ ਰਾਸ ਹੁੰਦੇ ਹਨ।“ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਸਮਾਜ ਦੀ ਜੋ ਹਾਲਤ ਸੀ, ਉਹ ਉਨ੍ਹਾਂ ਨੇ ‘ਆਸਾ ਦੀ ਵਾਰ’ ਵਿਚ ਪ੍ਰਗਟ ਕੀਤੀ ਹੈ। ਗੁਰੂ ਸਾਹਿਬ ਨੇ ਵੇਖਿਆ ਕਿ ਸਮਾਜ ਵਿਚ ਧਰਮ ਦੀ ਅਧੋਗਤੀ ਦਾ ਪ੍ਰਮੁੱਖ ਕਾਰਨ ਲੋਕਾਂ ਦੀ ਸੱਚੇ ਧਾਰਮਿਕ ਜੀਵਨ ਵਿਚ ਨਿਸ਼ਠਾ ਦੀ ਅਣਹੋਂਦ ਅਤੇ ਪਦਾਰਥਕ ਪ੍ਰਾਪਤੀਆਂ ਦੀ ਵਧੇਰੇ ਰੁਚੀ ਸੀ।5 ਪਦਾਰਥਕ ਵਸਤਾਂ ਬਗ਼ੈਰ ਦੁਨਿਆਵੀ ਜੀਵਨ ਅਧੂਰਾ ਹੈ ਪਰ ਇਸ ਦੀ ਲੋੜ ਤੋਂ ਵਧੇਰੇ ਵਰਤੋਂ ਅਤੇ ਇਕੱਤਰ ਕਰਨ ਦੀ ਰੁਚੀ ਨੇ ਲੋਕਾਂ ਨੂੰ ਸਦਾਚਾਰਕ ਜੀਵਨ ਤੋਂ ਭਟਕਾ ਦਿੱਤਾ ਹੈ। ਗੁਰੂ ਜੀ ਨੇ ਮਹਿਸੂਸ ਕੀਤਾ ਕਿ ਪਦਾਰਥਕ ਲੋੜਾਂ ਦੇ ਨਾਲ-ਨਾਲ ਅਧਿਆਤਮਿਕ ਮਾਰਗ ਦਾ ਮਨੁੱਖ ਨੂੰ ਪਾਂਧੀ ਬਣਾਉਣਾ ਹੀ ਸਮੇਂ ਦੀ ਪ੍ਰਮੁੱਖ ਲੋੜ ਹੈ। ਇਸ ਉਦੇਸ਼ ਦੀ ਪੂਰਤੀ ਲਈ ਗੁਰੂ ਸਾਹਿਬਾਨ ਨੇ ਧਰਮਸਾਲ ਦੀ ਸਥਾਪਨਾ ਕੀਤੀ ਸੀ। ਇਸ ਸੰਦਰਭ ਵਿਚ ਧਰਮਸਾਲ ਉਸ ਸਥਾਨ ਨੂੰ ਕਿਹਾ ਗਿਆ ਹੈ ਜਿਥੇ ਨਿਆਸਰਿਆਂ ਨੂੰ ਆਸਰਾ, ਨਿਓਟਿਆਂ ਨੂੰ ਓਟ, ਭੁੱਖਿਆਂ ਨੂੰ ਅੰਨ, ਰਾਹਗੀਰਾਂ ਨੂੰ ਨਿਵਾਸ ਅਤੇ ਜਿਗਿਆਸੂਆਂ ਨੂੰ ਪਰਮ ਪਦਿ ਦੀ ਪ੍ਰਾਪਤੀ ਦਾ ਮਾਰਗ ਮਿਲੇ। ਭਾਈ ਸੰਤੋਖ ਸਿੰਘ ਜੀ ਧਰਮਸਾਲ ਦੀ ਵਿਸ਼ੇਸ਼ਤਾ ਉਜਾਗਰ ਕਰਦੇ ਹੋਏ ਕਹਿੰਦੇ ਹਨ :
ਜਿਸ ਮਹਿਂ ਯਥਾ ਸ਼ਕਤਿ ਹੁਇ ਆਵਹਿ।
ਧਰਮਸਾਲ ਆਪੇ ਬਨਵਾਵਹਿ।
ਤਿਸ ਮੈਂ ਰਾਖਹਿ ਸਿੱਖ ਟਿਕਾਇ।
ਪੰਥੀ ਕੋ ਭੋਜਨ ਮਿਲਿ ਜਾਇ ।
ਇਕ ਸਿਖ ਦੇਹਿ ਕਿ ਸਭਿ ਮਿਲ ਦੇਵੈਂ।
ਸਿਮਰਹਿਂ ਨਾਮ ਸੁਜਨ ਕੋ ਸੇਵੈਂ।
ਕਹਾਂ ਮਹਾਤਮ ਇਸ ਕੋ ਕਹਿਯਹਿ ।
ਪੁੰਨ ਪਦਾਰਥ ਸਮ ਨਹਿਂ ਲਹਿਯਹਿ।
ਇਸ ਜਗ ਮਹਿ ਸੁਖ ਪਾਇ ਘਨੇਰਾ।
ਅੰਤ ਗੁਰੂ ਢਿਗ ਲਹੈ ਬਸੇਰਾ।”
ਵੱਖ-ਵੱਖ ਤਰ੍ਹਾਂ ਦੇ ਗੁਰਦੁਆਰੇ
ਗੁਰੂ ਸਾਹਿਬਾਨ ਦੁਆਰਾ ਉਸਾਰੇ ਗੁਰਦੁਆਰੇ
ਅਜੋਕੇ ਸਮੇਂ ਵਿਚ ਸਿੱਖ ਧਰਮ ਦੇ ਪੂਜਾ ਸਥਾਨਾਂ ਲਈ ‘ਧਰਮਸਾਲ’ ਦੀ ਥਾਂ ‘ਗੁਰਦੁਆਰਾ’ ਸ਼ਬਦ ਵਰਤਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ‘ਗੁਰਦੁਆਰਾ’ ਸ਼ਬਦ ਗਿਆਨ ਪ੍ਰਦਾਨ ਕਰਨ ਅਤੇ ਦੁੱਖਾਂ, ਕਲੇਸ਼ਾਂ ਨੂੰ ਦੂਰ ਕਰਨ ਦੇ ਸਰੋਤ ਵਜੋਂ ਸਾਹਮਣੇ ਆਇਆ ਹੈ।” ਇਸ ਤਰ੍ਹਾਂ ਇਨ੍ਹਾਂ ਅਰਥਾਂ ਵਿਚ ਗੁਰਦੁਆਰੇ ਦਾ ਭਾਵ ਹੈ ਜਿਥੇ ਗੁਰਮਤਿ ਦੀ ਸੋਝੀ ਹਾਸਲ ਹੁੰਦੀ ਹੈ ਜਾਂ ਜਿਥੇ ਗੁਰਮਤਿ ਅਨੁਸਾਰ ਜੀਵਨ ਉਦੇਸ਼ ਦੀ ਪ੍ਰਾਪਤੀ ਦਾ ਮਾਰਗ ਦ੍ਰਿੜ੍ਹ ਕਰਾਇਆ ਜਾਂਦਾ ਹੈ। ਗੁਰਮਤਿ ਦੀ ਪ੍ਰਾਪਤੀ ਦਾ ਮਾਰਗ ਦ੍ਰਿੜ ਕਰਾਉਣ ਲਈ ਸਭ ਤੋਂ ਪਹਿਲਾ ਕੇਂਦਰ ਕਰਤਾਰਪੁਰ ਬਣਿਆ ਜਿਸ ਦਾ ਅਰੰਭ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਕੀਤਾ ਸੀ । ਆਦਿ ਸਾਖੀਆਂ ਦਾ ਕਰਤਾ ਦੱਸਦਾ ਹੈ ਕਿ “ਜਿਥੇ ਦਰੀਆਉ ਦੇ ਕਿਨਾਰੇ ਬਾਬਾ ਬੈਠਾ ਰਹਿੰਦਾ ਉਥੇ ਲੋਕ ਝੁਬਿ ਗਏ॥ ਹਿੰਦੂ ਮੁਸਲਮਾਨ ਜੋਗੀ ਸੰਨਿਆਸੀ ਬ੍ਰਹਮਚਾਰੀ ਤਪੈ ਤਪੀਸਰ ਦਿਗੰਬਰ ਬੈਸਨੋ ਉਦਾਸੀ ਬੈਰਾਗੀ ਗਿਰਹੀ ਖ਼ਾਨ ਖ਼ਵਾਨੀ (ਨ) ਉਮਰਾਉ ਕਰੋੜੀਆ ਜੁ ਕੋਈ ਪਰਮੇਸਰ ਪੈਦਾ ਕੀਤਾ ਸਾ ਸੋ ਉਸਤਤਿ ਲੈ ਉਠਿਆ ॥ ਬਾਬੇ ਨਾਨਕ ਕੀ॥” ਸਾਖੀ ਦਾ ਸੰਦੇਸ਼ ਹੈ ਕਿ ਜਿਥੇ ਬਾਬਾ ਨਾਨਕ ਦੇ ਗੁਰਮਤਿ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੀ ਸਿੱਖਿਆ ਗ੍ਰਹਿਣ ਕਰਨ ਲਈ ਵਿਭਿੰਨ ਸੰਪਰਦਾਵਾਂ ਦੇ ਲੋਕ ਗੁਰੂ ਜੀ ਕੋਲ ਆਏ, ਉਥੇ ਗੁਰੂ ਜੀ ਦਾ ਸੰਦੇਸ਼ ਅਤੇ ਸ਼ਖ਼ਸੀਅਤ ਵੀ ਸਭਨਾਂ ਨੂੰ ਆਪਣੇ ਕਲਾਵੇ ਵਿਚ ਲੈਂਦੀ ਪ੍ਰਤੀਤ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਆਉਣ ਵਾਲੇ ਸਮੂਹ ਲੋਕਾਂ ਲਈ ਸ਼ਬਦ ‘ਸਤਿਸੰਗਤ’ ਵਰਤਿਆ ਗਿਆ ਹੈ। ਸਤਿਸੰਗਤ ਗਿਆਨ ਪ੍ਰਦਾਨ ਕਰਨ ਅਤੇ ਸ਼ਖ਼ਸੀਅਤ ਉਸਾਰੀ ਦਾ ਪ੍ਰਤੀਕ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਖਡੂਰ ਸਾਹਿਬ ਨੂੰ, ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਨੂੰ ਗੁਰਮਤਿ ਪ੍ਰਚਾਰ ਦਾ ਕੇਂਦਰ ਬਣਾਇਆ, ਉਥੇ ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕਰ ਕੇ ਗੁਰਮਤਿ ਪ੍ਰਚਾਰ ਦੇ ਕੇਂਦਰ ਦਾ ਜੋ ਮਾਡਲ ਤਿਆਰ ਕੀਤਾ, ਉਹੀ ਅੱਜ ਤੱਕ ਪ੍ਰਚੱਲਤ ਹੈ।
ਗੁਰੂ ਸਾਹਿਬਾਨ ਦੀ ਯਾਦ ਵਿਚ ਉਸਾਰੇ ਗੁਰਦੁਆਰੇ
ਗੁਰੂ ਸਾਹਿਬਾਨ ਨੇ ਆਪ ਜਿੰਨੇ ਵੀ ਗੁਰਦੁਆਰਿਆਂ ਦੀ ਉਸਾਰੀ ਕਰਵਾਈ, ਉਨ੍ਹਾਂ ਸਭ ਵਿੱਚੋਂ ਨਿਮਰਤਾ, ਸੰਜਮ ਅਤੇ ਜੀਵਨ ਉਦੇਸ਼ ਦੀ ਪ੍ਰਾਪਤੀ ਦੀ ਝਲਕ ਪੈਂਦੀ ਹੈ ਜਿਵੇਂ ਹਰਿਮੰਦਰ ਸਾਹਿਬ, ਅਨੰਦਪੁਰ ਸਾਹਿਬ, ਤਰਨਤਾਰਨ ਸਾਹਿਬ ਆਦਿ ਗੁਰੂ ਸਾਹਿਬਾਨ ਦੁਆਰਾ ਉਸਾਰੇ ਗਏ ਗੁਰਦੁਆਰਿਆਂ ਤੋਂ ਬਾਅਦ ਗੁਰਮਤਿ ਪ੍ਰਚਾਰ ਲਈ ਉਹ ਕੇਂਦਰ ਸਾਹਮਣੇ ਆਏ ਹਨ ਜਿਹੜੇ ਗੁਰੂ ਸਾਹਿਬਾਨ ਦੀਆਂ ਯਾਦਗਾਰਾਂ ਵਜੋਂ ਵਿਕਸਿਤ ਹੋਏ ਹਨ। ਜਿਥੇ-ਜਿਥੇ ਗੁਰੂ ਸਾਹਿਬਾਨ ਗਏ ਜਾਂ ਜਿਸ ਸਥਾਨ ‘ਤੇ ਗੁਰੂ ਸਾਹਿਬਾਨ ਨੇ ਚਰਨ ਪਾਏ, ਉਹ ਸਥਾਨ ਸਿੱਖਾਂ ਲਈ ਪਵਿੱਤਰ ਹੋ ਗਿਆ ।” ਸਿੱਖਾਂ ਨੇ ਉਨ੍ਹਾਂ ਸਭ ਸਥਾਨਾਂ ‘ਤੇ ਗੁਰੂ ਸਾਹਿਬਾਨ ਦੀਆਂ ਯਾਦਗਾਰਾਂ ਵਜੋਂ ਗੁਰਦੁਆਰਿਆਂ ਦੀ ਸਥਾਪਨਾ ਕਰ ਲਈ ਹੈ, ਜਿਵੇਂ ਗੁਰਦੁਆਰਾ ਨਨਕਾਣਾ ਸਾਹਿਬ, ਗੁਰਦੁਆਰਾ ਡੇਹਰਾ ਸਾਹਿਬ, ਗੁਰਦੁਆਰਾ ਰਕਾਬ ਗੰਜ, ਗੁਰਦੁਆਰਾ ਹਰੀਆਂ ਬੇਲਾਂ ਆਦਿ। ਗੁਰੂ ਸਾਹਿਬਾਨ ਤੋਂ ਇਲਾਵਾ ਉਨ੍ਹਾਂ ਭਗਤਾਂ ਦੇ ਅਸਥਾਨਾਂ ‘ਤੇ ਵੀ ਯਾਦਗਾਰਾਂ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੰਕਲਿਤ ਹੈ ਜਿਵੇਂ ਗੁਰਦਾਸਪੁਰ ਜ਼ਿਲ੍ਹੇ ਵਿਚ ਘੁਮਾਣ (ਘੁੰਮਣ) ਪਿੰਡ ਵਿਖੇ ਦਰਬਾਰ ਸਾਹਿਬ ਭਗਤ ਨਾਮਦੇਵ ਜੀ ਆਦਿ। ਅਜਿਹੇ ਹੋਰਨਾਂ ਭਗਤਾਂ ਦੀਆਂ ਯਾਦਗਾਰਾਂ ਸਥਾਪਤ ਕਰਨ ਦਾ ਕਾਰਜ ਹਾਲੇ ਵੀ ਚੱਲ ਰਿਹਾ ਹੈ ਜਿਵੇਂ ਮਗਹਰ ਵਿਖੇ ਗੁਰਦੁਆਰਾ ਭਗਤ ਕਬੀਰ ਜੀ। ਏਸੇ ਤਰ੍ਹਾਂ ਗੁਰੂ-ਮਹਿਲਾਂ ਦੀ ਯਾਦ ਵਿਚ ਵੀ ਗੁਰਦੁਆਰਿਆਂ ਦੀ ਉਸਾਰੀ ਕਰਵਾਈ ਗਈ ਹੈ ਜਿਵੇਂ ਗੁਰਦੁਆਰਾ ਮਾਤਾ ਗੰਗਾ ਜੀ, ਗੁਰਦੁਆਰਾ ਮਾਤਾ ਸਾਹਿਬ ਕੌਰ ਜੀ, ਗੁਰਦੁਆਰਾ ਮਾਤਾ ਸੁੰਦਰ ਕੌਰ ਜੀ ਆਦਿ।
ਸੰਗਤਾਂ ਦੀ ਯਾਦ ਵਿਚ ਸਥਾਪਤ ਗੁਰਦੁਆਰੇ
ਤੀਜੀ ਕਿਸਮ ਦੇ ਗੁਰਦੁਆਰਿਆਂ ਨੂੰ ਸੰਗਤ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਪੂਰਬ ਦੇਸ ਵਿਚ ਧਰਮਸਾਲਾ ਨੂੰ ਸੰਗਤ ਵੀ ਕਿਹਾ ਜਾਂਦਾ ਹੈ। ਗੁਰੂ ਸਾਹਿਬਾਨ ਦੇ ਸਮੇਂ ਜਿਥੇ ਸੰਗਤ ਇਕੱਤਰ ਹੁੰਦੀ ਸੀ, ਉਨ੍ਹਾਂ ਵਿੱਚੋਂ ਕੁਝ ਗੁਰਦੁਆਰਿਆਂ ਨੂੰ ਸੰਗਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਤਰ੍ਹਾਂ ਦਾ ਇਕ ਗੁਰਦੁਆਰਾ ਨਾਂਦੇੜ ਵਿਖੇ ਸਥਿਤ ਹੈ। ਕਿਹਾ ਜਾਂਦਾ ਹੈ ਕਿ ਇਸ ਸਥਾਨ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆ ਕੇ ਠਹਿਰੇ ਸਨ ਅਤੇ ਆਲੇ-ਦੁਆਲੇ ਦੀਆਂ ਸਿੱਖ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਨੂੰ ਆਈਆਂ ਸਨ । ° ਬਨਾਰਸ ਵਿਖੇ ਗੁਰਦੁਆਰਾ ਛੋਟੀ ਸੰਗਤ, ਕਲਕੱਤਾ ਵਿਖੇ ਗੁਰਦੁਆਰਾ ਬੜੀ ਸੰਗਤ, ਇਲਾਹਾਬਾਦ ਵਿਖੇ ਗੁਰਦੁਆਰਾ ਪੱਕਾ ਸੰਗਤ ਅਤੇ ਬੰਗਲਾ ਦੇਸ ਦੇ ਬੰਗਲਾ ਬਜ਼ਾਰ ਵਿਖੇ ਗੁਰਦੁਆਰਾ ਸੰਗਤ ਟੋਲਾ ਪ੍ਰਸਿੱਧ ਹਨ। ਇਹਨਾਂ ਗੁਰਦੁਆਰਿਆਂ ਤੋਂ ਇਲਾਵਾ ਅਜੋਕੇ ਸਮੇਂ ਵਿਚ ਵੀ ਸੰਗਤ ਦੇ ਨਾਂ ‘ਤੇ ਗੁਰਦੁਆਰੇ ਵੇਖਣ ਨੂੰ ਮਿਲ ਰਹੇ ਹਨ ਜਿਵੇਂ ਗੁਰਦੁਆਰਾ ਸਿੱਖ ਸੰਗਤ ਲੰਡਨ, ਗੁਰਦੁਆਰਾ ਸਿੱਖ ਸੰਗਤ ਬੈਲਜੀਅਮ ਆਦਿ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦ ਪ੍ਰਥਾ ਖ਼ਤਮ ਕੀਤੀ ਤਾਂ ਨੱਕੇ ਦਾ ਇਕ ਮਸੰਦ ਵੀ ਗੁਰੂ ਚਰਨਾਂ ਵਿਚ ਆ ਹਾਜ਼ਰ ਹੋਇਆ ਸੀ। ਗੁਰੂ ਜੀ ਨੇ ਉਸ ਦੇ ਸੱਚੇ ਸੁੱਚੇ ਜੀਵਨ ਨੂੰ ਵੇਖਦੇ ਹੋਏ ਉਸ ਨੂੰ ‘ਸੱਚੀ ਦਾੜੀ’ ਅਤੇ ‘ਸੰਗਤ ਸਾਹਿਬ’ ਦਾ ਖ਼ਿਤਾਬ ਬਖ਼ਸ਼ਿਸ਼ ਕੀਤਾ ਸੀ।
ਗੁਰਸਿੱਖਾਂ ਦੀ ਯਾਦ ਵਿਚ ਉਸਾਰੇ ਗੁਰਦੁਆਰੇ
ਜਿਨ੍ਹਾਂ ਗੁਰਸਿੱਖਾਂ ਨੇ ਗੁਰਮਤਿ ਮਾਰਗ ਨੂੰ ਦ੍ਰਿੜ੍ਹਤਾ ਨਾਲ ਧਾਰਨ ਕੀਤਾ ਅਤੇ ਇਸ ਮਾਰਗ ‘ਤੇ ਚੱਲਦੇ ਹੋਏ ਉਨ੍ਹਾਂ ਆਪਣੇ ਜੀਵਨ ਦੀ ਵੀ ਪ੍ਰਵਾਹ ਨਹੀਂ ਕੀਤੀ, ਉਨ੍ਹਾਂ ਦੀ ਯਾਦ ਵਿਚ ਵੀ ਗੁਰਦੁਆਰਿਆਂ ਦੀ ਸਥਾਪਨਾ ਕੀਤੀ ਗਈ ਹੈ। ਜਿਵੇਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ, ਗੁਰਦੁਆਰਾ ਬੀੜ ਬਾਬਾ ਬੁੱਢਾ ਜੀ, ਗੁਰਦੁਆਰਾ ਭਾਈ ਦਯਾ ਸਿੰਘ ਜੀ ਆਦਿ।
ਸਥਾਨਕ ਗੁਰਦੁਆਰੇ
ਇਨ੍ਹਾਂ ਵਿਚ ਉਹ ਗੁਰਦੁਆਰੇ ਆ ਜਾਂਦੇ ਹਨ ਜੋ ਕਿ ਸਿੱਖ ਸੰਗਤਾਂ ਨੇ ਆਪਣੀਆਂ ਰੋਜ਼ਾਨਾ ਦੀਆਂ ਧਾਰਮਿਕ ਅਤੇ ਸਮਾਜਿਕ ਲੋੜਾਂ ਨੂੰ ਮੁੱਖ ਰੱਖ ਕੇ ਉਸਾਰ ਲਏ ਹਨ। ਸਮਾਜ ਵਿਚ ਸੁਚੱਜੀ ਜੀਵਨ-ਜਾਚ ਪੈਦਾ ਕਰਨ ਲਈ ਸਮੂਹ ਕਾਰਜ ਧਰਮ-ਪ੍ਰਾਇਣ ਹੋ ਕੇ ਕੀਤੇ ਜਾਂਦੇ ਹਨ। ਹਰ ਇਕ ਸਿੱਖ ਦੇ ਜੀਵਨ ਵਿਚ ਤਿੰਨ ਸੰਸਕਾਰ ਜ਼ਰੂਰ ਵੇਖਣ ਨੂੰ ਮਿਲਦੇ ਹਨ – ਜਨਮ ਅਤੇ ਨਾਮ ਸੰਸਕਾਰ, ਅਨੰਦ ਸੰਸਕਾਰ ਅਤੇ ਮਿਰਤਕ ਸੰਸਕਾਰ । ਪੰਜਾਬ ਵਿਚ ਅਤੇ ਪੰਜਾਬ ਤੋਂ ਬਾਹਰ ਦੁਨੀਆਂ ਵਿਚ ਜਿਥੇ-ਜਿਥੇ ਵੀ ਸਿੱਖ ਜਾ ਵੱਸੇ, ਉਨ੍ਹਾਂ ਨੇ ਉਥੇ ਇਨ੍ਹਾਂ ਸੰਸਕਾਰਾਂ ਦੀ ਪੂਰਤੀ ਲਈ ਗੁਰਦੁਆਰਿਆਂ ਦੀ ਸਥਾਪਨਾ ਕੀਤੀ ਹੈ। ਸਥਾਨਕ ਸਿੱਖ ਸੰਗਤਾਂ ਦੁਆਰਾ ਉਸਾਰੇ ਗਏ ਅਜਿਹੇ ਗੁਰਦੁਆਰੇ ਗੁਰੂ ਸਾਹਿਬਾਨ, ਭਗਤਾਂ, ਪਿੰਡਾਂ, ਮੁਹੱਲਿਆਂ ਆਦਿ ਦੇ ਨਾਂ ‘ਤੇ ਵੇਖਣ ਨੂੰ ਮਿਲਦੇ ਹਨ ਜਿਵੇਂ ਗੁਰਦੁਆਰਾ ਗੁਰੂ ਨਾਨਕ ਦਰਬਾਰ, ਦਸਮੇਸ਼ ਦਰਬਾਰ, ਗੁਰਦੁਆਰਾ ਭਗਤ ਰਵਿਦਾਸ, ਗੁਰਦੁਆਰਾ ਮੁਹੱਲਾ ਗੋਬਿੰਦ ਨਗਰ ਆਦਿ। ਮੌਜੂਦਾ ਸਮੇਂ ਵਿਚ ਜਾਤਾਂ ਦੇ ਆਧਾਰ ‘ਤੇ ਵੀ ਗੁਰਦੁਆਰਿਆਂ ਦੀ ਉਸਾਰੀ ਦੇਖਣ ਨੂੰ ਮਿਲਦੀ ਹੈ, ਇਹ ਇਕ ਨਕਾਰਾਤਮਕ ਰੁਝਾਨ ਹੈ ਅਤੇ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ।
ਪੰਜਾਬ ਵਿਚ ਮਾਤਾ ਸੁੰਦਰੀ ਜੀ ਨਾਲ ਸੰਬੰਧਤ ਗੁਰਦੁਆਰੇ
‘ਗੁਰੂ ਮਹਿਲਾਂ ਨੇ ਸਿੱਖੀ ਦੀ ਚੜ੍ਹਦੀ ਕਲਾ ਵਿਚ ਹਮੇਸ਼ਾ ਯੋਗਦਾਨ ਪਾਇਆ। ਆ। ਉਹ ਸੰਗਤ ਲਈ ਪ੍ਰੇਰਨਾ ਸਰੋਤ ਬਣੀਆਂ ਅਤੇ ਇਕ ਆਦਰਸ਼ ਸਿੱਖ ਬੀਬੀ ਦੀ ਭੂਮਿਕਾ ਨੂੰ ਉਜਾਗਰ ਕੀਤਾ । ਮਾਤਾ ਸੁੰਦਰੀ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਅਤੇ ਉਹਨਾਂ ਤੋਂ ਪਿੱਛੋਂ ਸਿੱਖੀ ਦੀ ਭਰਪੂਰ ਸੇਵਾ ਅਤੇ ਅਗਵਾਈ ਕੀਤੀ। ਇਥੇ ਉਹਨਾਂ ਦੀ ਯਾਦ ਵਿਚ ਸਥਾਪਤ ਗੁਰਦੁਆਰਿਆਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ :
ਗੁਰਦੁਆਰਾ ਜਨਮ ਅਸਥਾਨ ਮਾਤਾ ਸੁੰਦਰ ਕੌਰ ਜੀ, ਬਜਵਾੜਾ
ਬਜਵਾੜਾ ਪੁਰਾਤਨ ਨਗਰ ਹੈ ਅਤੇ ਹੁਸ਼ਿਆਰਪੁਰ ਇਸ ਤੋਂ ਬਾਅਦ ਵਿਚ ਹੋਂਦ ਵਿਚ ਆਇਆ ਹੈ। ਅੱਜਕੱਲ੍ਹ ਬਜਵਾੜਾ ਹੁਸ਼ਿਆਰਪੁਰ ਦੇ ਬਿਲਕੁਲ ਨਾਲ ਲੱਗਦਾ ਹੈ ਅਤੇ ਕਾਫ਼ੀ ਹੱਦ ਤੱਕ ਇਸ ਨੂੰ ਹੁਸ਼ਿਆਰਪੁਰ ਦਾ ਹਿੱਸਾ ਹੀ ਮੰਨਿਆ ਜਾਂਦਾ ਹੈ। ਮਾਤਾ ਸੁੰਦਰੀ ਜੀ ਦਾ ਜਨਮ ਇਸ ਪੁਰਾਤਨ ਨਗਰ ਵਿਚ ਹੋਇਆ ਮੰਨਿਆ ਜਾਂਦਾ ਹੈ। ਜਦੋਂ ਇਸ ਗੁਰਦੁਆਰੇ ਦੇ ਦਰਸ਼ਨ ਕੀਤੇ ਤਾਂ ਉਥੇ ਮੌਜੂਦ ਪੁਰਾਣੇ ਗੁਰਦੁਆਰੇ ਦੀ ਥਾਂ ਨਵ-ਉਸਾਰੀ ਚੱਲ ਰਹੀ ਸੀ ਜੋ ਕਿ ਮਿਸਲ ਸ਼ਹੀਦਾਂ ਤਰਨਾ ਦਲ ਨਿਹੰਗ ਸਿੰਘ ਦੇ ਮੁਖੀ ਬਾਬਾ ਨਿਹਾਲ ਸਿੰਘ12 ਹਰੀਆਂ ਬੇਲਾਂ ਵਾਲਿਆਂ ਵੱਲੋਂ ਕਰਵਾਈ ਜਾ ਰਹੀ ਸੀ। ਮੌਜੂਦਾ ਨਿਹੰਗ ਮੁਖੀ ਬਾਬਾ ਨਿਹਾਲ ਸਿੰਘ ਜੀ ਨੇ ਦੱਸਿਆ ਕਿ ਇਸ ਅਸਥਾਨ ਦੀ ਸੇਵਾ ਮਾਤਾ ਸੁੰਦਰ ਕੌਰ ਜੀ ਦੇ ਨਾਨਕੇ ਪਿੰਡ ਦੀ ਇਕ ਬੀਬੀ, ਜੋ ਕਿ ਮੁਰਗਈ ਖ਼ਾਨਦਾਨ ਨਾਲ ਸੰਬੰਧ ਰੱਖਦੀ ਸੀ ਅਤੇ ਇਲਾਕੇ ਵਿਚ ਮਾਤਾ ਭਗਤਣੀ ਜੀ ਦੇ ਨਾਂ ਨਾਲ ਪ੍ਰਸਿੱਧ ਸੀ, ਵੱਲੋਂ 125 ਸਾਲਾਂ ਦੀ ਉਮਰ ਤੱਕ ਕੀਤੀ ਜਾਂਦੀ ਰਹੀ ਹੈ। ਇਹ ਬਿਰਧ ਮਾਤਾ ਜੀ ਉਨ੍ਹਾਂ ਤੋਂ ਪਹਿਲਾਂ ਰਹੇ ਨਿਹੰਗ ਸਿੰਘ ਮੁਖੀ ਬਾਬਾ ਹਰਭਜਨ ਸਿੰਘ ਜੀ ਨੂੰ ਇਸ ਅਸਥਾਨ ਦੀ ਸੇਵਾ ਸੌਂਪ ਕੇ ਚਲਾਣਾ ਕਰ ਗਏ ਸਨ। 1960 ਵਿਚ ਮਿਸਲ ਸ਼ਹੀਦਾਂ ਤਰਨਾ ਦਲ ਦੇ ਨਿਹੰਗ ਸਿੰਘਾਂ ਕੋਲ ਇਸ ਅਸਥਾਨ ਦੀ ਸੇਵਾ-ਸੰਭਾਲ ਦਾ ਕਾਰਜ ਆਉਣ ਉਪਰੰਤ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾ ਰਿਹਾ ਹੈ, ਲੰਗਰ ਚੱਲ ਰਿਹਾ ਹੈ, ਸੰਗਤ ਹਾਜ਼ਰੀ ਭਰਦੀ ਹੈ। ਹੁਣ ਇਹ ਅਸਥਾਨ ਗੁਰਦੁਆਰੇ ਦਾ ਰੂਪ ਧਾਰਨ ਕਰ ਗਿਆ ਹੈ। ਇਸ ਅਸਥਾਨ ਦਾ ਨਾਂ ਗੁਰਦੁਆਰਾ ਜਨਮ ਅਸਥਾਨ ਮਾਤਾ ਸੁੰਦਰ ਕੌਰ ਜੀ ਰੱਖਿਆ ਗਿਆ ਹੈ। ਨਵੀਂ ਇਮਾਰਤ ਦਾ ਨੀਂਹ-ਪੱਥਰ ਪੰਜ ਸਿੰਘ ਸਾਹਿਬਾਨ ਨੇ ਰੱਖਿਆ ਸੀ ਅਤੇ ਇਸ ਦੀ ਕਾਰ-ਸੇਵਾ ਅਰੰਭ ਹੋਣ ਮੌਕੇ ਪੰਥ ਦੀਆਂ ਪ੍ਰਮੁੱਖ ਸੰਪ੍ਰਦਾਵਾਂ ਦੇ ਨੁਮਾਇੰਦੇ ਹਾਜ਼ਰ ਸਨ। ਗੁਰਦੁਆਰਾ ਜਨਮ ਅਸਥਾਨ ਮਾਤਾ ਸੁੰਦਰੀ ਜੀ ਦੀ ਚੱਲ ਰਹੀ ਕਾਰ-ਸੇਵਾ ਜਥੇਬੰਦੀ ਦੇ ਨਿਹੰਗ ਸਿੰਘਾਂ ਵੱਲੋਂ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਕੀਤੀ ਜਾ ਰਹੀ ਹੈ।
ਮਾਤਾ ਭਗਤਣੀ ਜੀ ਵੱਲੋਂ ਜਿਹੜੀ ਜਗ੍ਹਾ ਨਿਹੰਗ ਸਿੰਘਾਂ ਨੂੰ ਦਾਨ ਕੀਤੀ ਗਈ ਸੀ, ਸਰਦਾਰ ਬਹਾਦਰ ਅਮੀ ਚੰਦ ਪਬਲਿਕ ਸਕੂਲ ਦੀ ਕੁੱਝ ਜ਼ਮੀਨ ਉਸ ਦੇ ਨਾਲ ਲੱਗਦੀ ਸੀ। । ਇਸ ਸਕੂਲ ਦੀ ਮੌਜੂਦਾ ਚੇਅਰਮੈਨ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਬੀਬੀ ਅੰਬਿਕਾ ਸੋਨੀ ਹੈ, ਉਨ੍ਹਾਂ ਨੇ ਗੁਰਦੁਆਰੇ ਦੇ ਨਾਲ ਲੱਗਦੀ ਸਕੂਲ ਦੀ ਚਾਰ ਕਨਾਲ ਜ਼ਮੀਨ ਗੁਰਦੁਆਰੇ ਨੂੰ ਦਾਨ ਕਰ ਦਿੱਤੀ ਹੈ ਜਿਸ ਨਾਲ ਗੁਰਦੁਆਰੇ ਦਾ ਚਾਰ-ਚੁਫੇਰਾ ਕਾਫ਼ੀ ਖੁੱਲ੍ਹਾ ਹੋ ਗਿਆ ਹੈ। ਇਲਾਕੇ ਦੀ ਸੰਗਤ ਵਿਚ ਇਸ ਧਰਮ ਅਸਥਾਨ ਪ੍ਰਤੀ ਬਹੁਤ ਸ਼ਰਧਾ ਹੈ ਅਤੇ ਮਾਤਾ ਸੁੰਦਰੀ ਜੀ ਦੇ ਆਗਮਨ ਪੁਰਬ ਮੌਕੇ ਵੱਡੀ ਗਿਣਤੀ ਵਿਚ ਸੰਗਤ ਹਾਜ਼ਰੀ ਭਰਦੀ ਹੈ।
ਗੁਰਦੁਆਰਾ ਮਾਤਾ ਸੁੰਦਰੀ ਜੀ, ਸੋਹਾਣਾ
ਇਹ ਗੁਰਦੁਆਰਾ ਅਜੋਕੇ ਮੋਹਾਲੀ ਜ਼ਿਲ੍ਹੇ ਦੇ ਸੈਕਟਰ 70 ਵਿਖੇ ਮੌਜੂਦ ਹੈ। ਇਹ ਸੈਕਟਰ ਮਟੌਰ ਪਿੰਡ ਦੀ ਜਗ੍ਹਾ ‘ਤੇ ਵੱਸਿਆ ਹੋਇਆ ਹੈ। 1990 ਤੋਂ ਇਸ ਗੁਰਦੁਆਰੇ ਦੀ ਸੇਵਾ-ਸੰਭਾਲ ਬੁੱਢਾ ਦਲ ਚੱਲਦਾ ਵਹੀਰ ਨਿਹੰਗ ਸਿੰਘ ਕਰਵਾ ਰਹੇ ਹਨ। ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ ਇਸ ਅਸਥਾਨ ਦਾ ਪ੍ਰਬੰਧ ਬੁੱਢਾ ਦਲ ਕੋਲ ਆਉਣ ਤੋਂ ਪਹਿਲਾਂ ਬਾਬਾ ਕੇਹਰ ਸਿੰਘ ਇਸ ਅਸਥਾਨ ਦੀ ਸੇਵਾ-ਸੰਭਾਲ ਕਰਦੇ ਸਨ ਅਤੇ ਉਨ੍ਹਾਂ ਲਗਪਗ ਪੰਜਾਹ ਸਾਲ ਇਸ ਅਸਥਾਨ ਦੀ ਸੇਵਾ-ਸੰਭਾਲ ਕੀਤੀ ਹੈ । ਬਾਬਾ ਕੇਹਰ ਸਿੰਘ ਬੁੱਢਾ ਦਲ ਦਾ ਨਿਹੰਗ ਸਿੰਘ ਸੀ, ਉਸ ਤੋਂ ਸੀਨਾ-ਬਸੀਨਾ ਚਲੀ ਆਉਂਦੀ ਰਵਾਇਤ ਦਾ ਹਵਾਲਾ ਦਿੰਦੇ ਹੋਏ ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ ਅਨੰਦਪੁਰ ਸਾਹਿਬ ਦੇ ਯੁੱਧ ਉਪਰੰਤ ਜਦੋਂ ਪਰਿਵਾਰ ਵਿਛੋੜਾ ਹੋਇਆ ਤਾਂ ਮਾਤਾ ਸੁੰਦਰ ਕੌਰ ਜੀ ਕੁੱਝ ਸਿੰਘਾਂ ਸਮੇਤ ਦਿੱਲੀ ਵੱਲ ਚਲੇ ਗਏ ਸਨ। ਬਾਬਾ ਨਾਹਰ ਸਿੰਘ ਇਸ ਇਲਾਕੇ ਦੀ ਚੰਗੀ ਜਾਣਕਾਰੀ ਰੱਖਦੇ ਸਨ, ਉਹ ਮਾਤਾ ਜੀ ਅਤੇ ਹੋਰਨਾਂ ਸਿੰਘਾਂ ਨੂੰ ਲੈ ਕੇ ਜਾਂਦੇ ਹੋਏ ਇਸ ਅਸਥਾਨ ‘ਤੇ ਰੁਕੇ ਸਨ । ਮਾਤਾ ਜੀ ਸਿੰਘਾਂ ਸਮੇਤ ਅੱਗੇ ਚਲੇ ਗਏ ਪਰ ਬਾਬਾ ਨਾਹਰ ਸਿੰਘ ਜੀ ਇਥੇ ਹੀ ਟਿਕ ਗਏ। ਮਾਤਾ ਸੁੰਦਰ ਕੌਰ ਜੀ ਦੇ ਇਥੇ ਨਿਵਾਸ ਕਾਰਨ ਉਹਨਾਂ ਦੀ ਯਾਦ ਵਿਚ ਇਹ ਗੁਰਦੁਆਰਾ ਬਣਿਆ ਹੋਇਆ ਹੈ। ਮੌਜੂਦਾ ਗੁਰਦੁਆਰੇ ਦੇ ਹੇਠਾਂ ਇਕ ਭੋਰਾ ਸੀ ਅਤੇ ਇਥੇ ਨਾਲ ਹੀ ਇਕ ਖੂਹ ਵੀ ਸੀ। ਖੂਹ ਹੁਣ ਵੀ ਮੌਜੂਦ ਹੈ ਪਰ ਭੋਰਾ ਪੂਰ ਦਿੱਤਾ ਗਿਆ ਹੈ। ਇਸ ਅਸਥਾਨ ‘ਤੇ ਕੁਝ ਪੁਰਾਤਨ ਬਰਤਨ ਅਤੇ ਸ਼ਸਤਰ ਸੰਭਾਲੇ ਪਏ ਸਨ ਜਿਨ੍ਹਾਂ ਨੂੰ ਬਾਬਾ ਬੁੱਢਾ ਦਲ ਦੇ ਸੱਤਵੇਂ ਜਥੇਦਾਰ ਬਾਬਾ ਹਨੂੰਮਾਨ ਸਿੰਘ ਨੇ ਸੰਭਾਲ ਲਏ ਸਨ ਅਤੇ ਇਹ ਹੁਣ ਵੀ ਬਾਬਾ ਹਨੂੰਮਾਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਹਨ। ਪਹਿਲਾਂ ਛੇ-ਸੱਤ ਏਕੜ ਜ਼ਮੀਨ ਇਸ ਗੁਰਦੁਆਰੇ ਦੇ ਨਾਂ ਸੀ ਪਰ ਸਰਕਾਰ ਦੁਆਰਾ ਸਮੇਂ-ਸਮੇਂ ‘ਤੇ ਪ੍ਰਾਪਤ ਕਰਨ ਉਪਰੰਤ ਹੁਣ ਢਾਈ-ਤਿੰਨ ਏਕੜ ਜ਼ਮੀਨ ਇਸ ਗੁਰਦੁਆਰੇ ਦੇ ਨਾਂ ਹੈ। ਇਸ ਗੁਰਦੁਆਰੇ ਸੰਬੰਧੀ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਸਰਦਾਰ ਮਾਨ ਸਿੰਘ ਸੋਹਾਣਾ ਨੇ ਦੱਸਿਆ ਕਿ ਇਸ ਗੁਰਦੁਆਰੇ ਵਿਚ ਭੱਠੀਆਂ ਸਨ ਜਿਨ੍ਹਾਂ ਦੇ ਦਰਸ਼ਨ ਉਸ ਨੇ ਆਪ ਕੀਤੇ ਸਨ। ਇਹ ਭੱਠੀਆਂ ਉਸ ਸਮੇਂ ਬਣਾਈਆਂ ਗਈਆਂ ਸਨ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਨ ਦੇ ਵਿਰੁੱਧ ਚਪੜਚਿੜੀ ਦੇ ਮੈਦਾਨ ਵਿਚ ਫ਼ੈਸਲਾਕੁੰਨ ਯੁੱਧ ਕੀਤਾ ਸੀ। ਜਬਰ ਅਤੇ ਜ਼ੁਲਮ ਦਾ ਪ੍ਰਤੀਕ ਵਜ਼ੀਰ ਖ਼ਾਨ ਇਸ ਯੁੱਧ ਵਿਚ ਮਾਰਿਆ ਗਿਆ ਸੀ । ਬਾਬਾ ਬੰਦਾ ਸਿੰਘ ਬਹਾਦਰ ਜੇਤੂ ਦੇ ਰੂਪ ਵਿਚ ਸਰਹਿੰਦ ਦਾਖ਼ਲ ਹੋਏ ਸਨ। ਇਨ੍ਹਾਂ ਭੱਠੀਆਂ ਤੋਂ ਲੰਗਰ ਤਿਆਰ ਕਰ ਕੇ ਬਾਬਾ ਜੀ ਦੀ ਫ਼ੌਜ ਨੂੰ ਭੇਜਿਆ ਜਾਂਦਾ ਸੀ। ਇਹ ਉਹ ਅਸਥਾਨ ਹੈ ਜਿਥੇ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਆਦਿ ਸਿੰਘ ਰੋਪੜ ਤੋਂ ਦਿੱਲੀ ਨੂੰ ਜਾਂਦੇ ਹੋਏ ਕੁਝ ਸਮੇਂ ਲਈ ਰੁਕੇ ਸਨ।
ਗੁਰਦੁਆਰਾ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ, ਦਮਦਮਾ ਸਾਹਿਬ
ਇਹ ਗੁਰਦੁਆਰਾ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ ਵਿਖੇ ਸਥਿਤ ਹੈ। ਮੁਕਤਸਰ ਦੇ ਯੁੱਧ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਪੁੱਜੇ ਸਨ ਜਿਥੇ ਦੇ ਹਾਕਮ ਡੱਲੇ ਨੇ ਗੁਰੂ ਜੀ ਦਾ ਭਰਪੂਰ ਸਵਾਗਤ ਕੀਤਾ ਸੀ। ਗੁਰੂ ਜੀ ਦੇ ਇਸ ਅਸਥਾਨ ‘ਤੇ ਨਿਵਾਸ ਕਰਨ ਕਰਕੇ ਇਸ ਦਾ ਨਾਂ ਦਮਦਮਾ ਪ੍ਰਸਿੱਧ ਹੋਇਆ ਹੈ। ਇਥੇ ਮੌਜੂਦ ਸਿੱਖਾਂ ਦੇ ਪੰਜਵੇਂ ਤਖ਼ਤ ਨੂੰ ਵੀ ‘ਤਖ਼ਤ ਸ੍ਰੀ ਦਮਦਮਾ ਸਾਹਿਬ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਇਸੇ ਅਸਥਾਨ ‘ਤੇ ਹੀ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾਂ ਜੀ ਗੁਰੂ ਜੀ ਕੋਲ ਦਿੱਲੀ ਤੋਂ ਆਈਆਂ ਸਨ ਅਤੇ ਉਹਨਾਂ ਨੂੰ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਪਤਾ ਲੱਗਿਆ ਸੀ । ਇਸ ਘਟਨਾ ਦਾ ਪਤਾ ਲੱਗਣ ‘ਤੇ ਮਾਤਾਵਾਂ ਉਦਾਸ ਹੋ ਗਈਆਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਧੀਰਜ ਰੱਖਣ ਲਈ ਕਿਹਾ। ਗੁਰੂ ਸਾਹਿਬ ਨੇ ਕਿਹਾ ਕਿ ਜੋ ਕੁੱਝ ਹੋ ਰਿਹਾ ਹੈ ਅਕਾਲ ਪੁਰਖ ਦੀ ਰਜ਼ਾ ਵਿਚ ਹੋ ਰਿਹਾ ਹੈ, ਖ਼ਾਲਸੇ ਦੇ ਰੂਪ ਵਿਚ ਹਜ਼ਾਰਾਂ ਪੁੱਤਰ ਅਜੇ ਜੀਵਿਤ ਹਨ। ਮਾਤਾਵਾਂ ਦੀ ਯਾਦ ਵਿਚ ਇਥੇ ਇਕ ਗੁਰਦੁਆਰਾ ਬਣਿਆ ਹੋਇਆ ਹੈ। ਤਖ਼ਤ ਦਮਦਮਾ ਸਾਹਿਬ ਦੇ ਪਿਛਲੇ ਪਾਸੇ ਸੁਸ਼ੋਭਿਤ ਇਸ ਗੁਰਦੁਆਰੇ ਦੀ ਪਹਿਲੀ ਇਮਾਰਤ ਸੰਤ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਨੇ ਤਿਆਰ ਕਰਵਾਈ ਸੀ। 15 ਗਿਆਨੀ ਲਾਲ ਸਿੰਘ ਇਸ ਜਗ੍ਹਾ ਦਾ ਪੁਰਾਤਨ ਨਾਂ ਬਿਲਾਸ ਸਰ ਦੱਸਦੇ ਹੋਏ ਕਹਿੰਦੇ ਹਨ, “ਇਹ ਓਹ ਜਗ੍ਹਾ ਹੈ ਜਿਥੇ ਕਿ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਜੀ ਦੇ ਸਾਥ ਦਮਦਮੇ ਸਾਹਿਬ ਗੁਰੂ ਜੀ ਦੇ ਦਰਸ਼ਨਾਂ ਹਿਤ ਪਹੁੰਚੇ ਅਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਪ੍ਰਾਰਥਨਾ ਕਰਕੇ ਹਾਲ ਪੁੱਛਿਆ। ਮਾਤਾ ਸਾਹਿਬ ਕੌਰ ਜੀ ਨੇ ‘ਝੋਲੀ ਖ਼ਾਲੀ’ ਹੋ ਜਾਣ ਦਾ ਵੈਰਾਗ ਕੀਤਾ ਜਿਸ ਪਰ ਗੁਰੂ ਜੀ ਨੇ ‘ਖ਼ਾਲਸਾ ਪੰਥ’ ਨੂੰ ਆਪ ਦੀ ਝੋਲੀ ਵਿਚ ਪਾਉਣ ਦਾ ਵਰਦਾਨ ਦਿੱਤਾ। ਇਸ ਜਗ੍ਹਾ ਦਾ ਨਾਮ ‘ਗੁਰਦੁਆਰਾ ਮਾਤਾ ਜੀ’ ਭੀ ਕਿਹਾ ਜਾਂਦਾ ਹੈ।” 16 ਬਾਬਾ ਹਰਬੰਸ ਸਿੰਘ ਅਤੇ ਬਾਬਾ ਕਰਨੈਲ ਸਿੰਘ ਗੁਰਦੁਆਰੇ ਦੀ ਨਵ- ਉਸਾਰੀ ਵਿਚ ਯੋਗਦਾਨ ਪਾ ਰਹੇ ਹਨ। ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ਦੇ ਪ੍ਰਬੰਧ ਅਧੀਨ ਹੈ।
ਗੁਰਦੁਆਰਾ ਮਾਤਾ ਸੁੰਦਰੀ, ਭਦੌੜ
ਮੌਜੂਦਾ ਸਮੇਂ ਵਿਚ ਇਥੇ ਮਾਤਾ ਸੁੰਦਰੀ ਜੀ ਦਾ ਕੋਈ ਗੁਰਦੁਆਰਾ ਨਹੀਂ ਹੈ, ਪਰ ਇਤਿਹਾਸਿਕ ਸਰੋਤਾਂ ਤੋਂ ਇਸ ਤੱਥ ਦਾ ਪਤਾ ਲੱਗਦਾ ਹੈ ਕਿ ਕਿਸੇ ਸਮੇਂ ਬਾਬਾ ਚਰਨ ਦਾਸ ਨੇ ਇਥੇ ਮਾਤਾ ਸੁੰਦਰੀ ਜੀ ਦੀ ਯਾਦ ਵਿਚ ਇਕ ਗੁਰਦੁਆਰਾ ਸਥਾਪਤ ਕੀਤਾ ਸੀ। ਭਦੌੜ ਵਿਖੇ ਦੋ ਪ੍ਰਮੁੱਖ ਗੁਰਦੁਆਰੇ ਹਨ। ਇਕ ਨਗਰ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਬਣਿਆ ਹੋਇਆ ਹੈ। ਗੁਰੂ ਸਾਹਿਬ ਇਸ ਅਸਥਾਨ ‘ਤੇ ਆਏ ਸਨ ਅਤੇ ਉਹਨਾਂ ਦੇ ਸ਼ਸਤਰ, ਇਕ ਕਿਰਪਾਨ, ਸੋਨੇ ਦੇ ਮੁੱਠੇ ਵਾਲੀ ਇਕ ਕਟਾਰ ਅਤੇ ਪੰਜ ਤੀਰ, ਇਸ ਅਸਥਾਨ ‘ਤੇ ਸੰਭਾਲ ਕੇ ਰੱਖੇ ਹੋਏ ਹਨ। ਪਿੰਡ ਦੇ ਬਾਹਰਵਾਰ ਦੂਜਾ ਗੁਰਦੁਆਰਾ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਸੰਬੰਧਿਤ ਹੈ ਪਰ ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਵਿਚ ਜਦੋਂ ਇਸ ਅਸਥਾਨ ਦਾ ਸਰਵੇ ਕੀਤਾ ਗਿਆ ਸੀ ਤਾਂ ਖੋਜੀਆਂ ਨੇ ਇਸ ਗੁਰਦੁਆਰੇ ਦਾ ਵਰਣਨ ਕਰਦੇ ਹੋਏ ਕਿਹਾ ਕਿ “ਬਾਹਰਲਾ ਗੁਰਦੁਆਰਾ ਮਾਤਾ ਸੁੰਦਰੀ ਜੀ ਨਾਲ ਸੰਬੰਧਿਤ ਹੈ।”” ਇਹ ਉਹ ਅਸਥਾਨ ਹੈ ਜਿਥੇ ਬਾਬਾ ਚਰਨ ਦਾਸ ਜੀ ਨਿਵਾਸ ਕਰਦੇ ਸਨ। ਇਲਾਕੇ ਦੀ ਪਰੰਪਰਾ ਅੱਜ ਵੀ ਇਹ ਮੰਨਦੀ ਹੈ ਕਿ ਮਾਤਾ ਸੁੰਦਰੀ ਜੀ ਦੇ ਪਾਲਕ ਬਾਬਾ ਜੀ ਕਈ ਸਾਲ ਉਸ ਸਥਾਨ ‘ਤੇ ਸੇਵਾ ਕਰਦੇ ਰਹੇ, ਜਿਥੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਹੈ। ਬਾਬਾ ਜੀ ਦਾ ਅੰਗੀਠਾ ਸਾਹਿਬ ਪਿੰਡ ਦੇ ਛਿਪਦੇ ਝਿੜੀ ਵਿਚ ਹੈ। ਇਥੇ ਵੈਸਾਖੀ ਦਾ ਜੋੜ ਮੇਲਾ ਲੱਗਦਾ ਹੈ।
ਬਾਬਾ ਚਰਨ ਦਾਸ ਜੀ ਕੌਣ ਸਨ ? ਇਸ ਸੰਬੰਧੀ ਵਰਣਨ ਕਰਦੇ ਹੋਏ ਵਿਦਵਾਨ ਦੱਸਦੇ ਹਨ ਕਿ ਉਹ ਮਾਤਾ ਸੁੰਦਰੀ ਜੀ ਦੇ ਪਾਲਿਤ ਪੁੱਤਰ ਸਨ ।78 ਚਰਨ ਦਾਸ ਦਾ ਪਿਛੋਕੜ ਗੁਰੂ-ਘਰ ਨਾਲ ਪਹਿਲਾਂ ਤੋਂ ਜੁੜਿਆ ਹੋਇਆ ਹੈ। ਉਹ ਗੁਰੂ ਸਾਹਿਬ ਦੇ ਦੀਵਾਨ ਸਾਹਿਬ ਚੰਦ ਛਿੱਬਰ ਦਾ ਪੁੱਤਰ ਅਤੇ ਭਾਈ ਮਤੀ ਦਾਸ ਦਾ ਪੋਤਰਾ ਸੀ। ਅਨੰਦਪੁਰ ਦੇ ਯੁੱਧ ਤੋਂ ਬਾਅਦ ਉਹ ਭਦੌੜ ਆ ਗਿਆ ਸੀ ਅਤੇ ਇਥੋਂ ਮਾਤਾ ਸੁੰਦਰੀ ਜੀ ਦਾ ਦਿੱਲੀ ਪਤਾ ਲੱਗਣ ‘ਤੇ ਉਹ ਉਥੇ ਉਹਨਾਂ ਦੀ ਸੇਵਾ ਵਿਚ ਜਾ ਹਾਜ਼ਰ ਸੀ । ਪਾਲਿਤ ਅਜੀਤ ਸਿੰਘ ਦੇ ਕਤਲ ਤੋਂ ਬਾਅਦ ਦਿੱਲੀ ਵਿਖੇ ਸਿੱਖਾਂ ਦਾ ਜੀਵਨ ਔਖਾ ਹੋ ਗਿਆ ਸੀ, ਮਾਤਾਵਾਂ ਮਥੁਰਾ ਚਲੀਆਂ ਗਈਆਂ ਸਨ ਅਤੇ ਬਾਬਾ ਚਰਨ ਦਾਸ ਫਿਰ ਭਦੌੜ ਆ ਗਿਆ ਸੀ। ਸੰਭਵ ਹੈ ਕਿ ਇਥੇ ਉਸ ਨੇ ਮਾਤਾ ਸੁੰਦਰੀ ਜੀ ਦੀ ਕੋਈ ਯਾਦਗਾਰ ਬਣਾਈ ਹੋਵੇ, ਜਿਸ ਦਾ ਜ਼ਿਕਰ ਖੋਜੀਆਂ ਨੇ ਵੀਹਵੀਂ ਸਦੀ ਵਿਚ ਕੀਤੀ ਖੋਜ ਦੌਰਾਨ ਸਾਹਮਣੇ ਲਿਆਂਦਾ ਹੈ।
ਦਿੱਲੀ ਦੇ ਗੁਰਦੁਆਰੇ
ਦਿੱਲੀ ਵਿਖੇ ਗੁਰੂ ਸਾਹਿਬਾਨ ਅਤੇ ਮਾਤਾਵਾਂ ਦੇ ਯਾਦਗਾਰੀ ਅਸਥਾਨ ਸ. ਬਘੇਲ ਸਿੰਘ ਨੇ ਕਾਇਮ ਕੀਤੇ ਸਨ, ਜਿਸ ਦਾ ਵਰਣਨ ਕਰਦੇ ਹੋਏ ਰਤਨ ਸਿੰਘ ਭੰਗੂ ਦੱਸਦੇ ਹਨ :
ਤੌ ਸਿੰਘ ਜੀ ਕੰਮ ਡੇਹਰਨ ਤੋਰਾ। ਪ੍ਰਿਥਮ ਕੀਓ ਜੁ ਹੁਤੋ ਕੰਮ ਥੋੜਾ। ਜਹਾਂ ਮਾਤ ਥੀ ਦੋਊ ਰਹੀ। ਜਗ੍ਹਾ ਪੀਹੜੇ ਕੀ ਤਹਿਂ ਬਨਵਈ। ਹੁਤੀ ਸਾਹਬ ਦਈ ਔ ਸੁੰਦ੍ਰੀ ਮਾਤ। ਗੁਰ ਪਤਨੀ ਸਭ ਜਗ ਬਿਖਯਾਤ। ਸ੍ਰੀ ਹਰਿ ਕ੍ਰਿਸ਼ਨ ਸਮਾਧ ਆਦ ਜਹੀਂ। ਜਮਨਾ ਢਿਗ ਗੱਡੇ ਝੰਡੇ ਤ੍ਰੈ ਨਹੀਂ। ਪੰਜਵਾਂ ਝੰਡੋਂ ਹਰਿ ਕ੍ਰਿਸ਼ਨ ਜੀ ਜਹਿਂ ਬਹੇ । ਜੈ ਸਿੰਘ ਪੁਰੇ ਮਧ ਬੰਗਲੋ ਜੀ ਅਹੇ । ਸੁਗਮ ਭਾਂਤ ਪੰਜ ਡੇਹਰੇ ਭਏ। ਗੱਡ ਝੰਡੇ ਪੰਜ ਕੜਾਹ ਕਰ ਦਏ।20
ਇਨ੍ਹਾਂ ਪੰਕਤੀਆਂ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਸ. ਬਘੇਲ ਸਿੰਘ ਨੇ ਦਿੱਲੀ ਵਿਖੇ ਜਦੋਂ ਗੁਰਧਾਮਾਂ ਦੀ ਉਸਾਰੀ ਅਰੰਭ ਕਰਵਾਈ ਤਾਂ ਇਨ੍ਹਾਂ ਦਾ ਅਰੰਭ ਮਾਤਾਵਾਂ ਦੇ ਅਸਥਾਨ ਤੋਂ ਕੀਤਾ ਗਿਆ ਸੀ ਕਿਉਂਕਿ ਇਹ ਅਸਥਾਨ ਸਿੱਖਾਂ ਨੇ ਆਪ ਖ਼ਰੀਦ ਕੇ ਮਾਤਾਵਾਂ ਨੂੰ ਭੇਟ ਕੀਤਾ ਸੀ ਅਤੇ ਇਹ ਜਗ੍ਹਾ ਹਰ ਤਰ੍ਹਾਂ ਦੇ ਝਗੜੇ ਤੋਂ ਮੁਕਤ ਸੀ।
ਕੂਚਾ ਦਿਲਵਾਲੀ ਸਿੰਘਾਂ
ਕੂਚਾ ਦਿਲਵਾਲੀ ਸਿੰਘਾਂ ਅਜਮੇਰੀ ਗੇਟ ਦੇ ਅੰਦਰ ਸੀਸ ਗੰਜ ਤੋਂ ਅੱਧਾ ਕੁ ਮੀਲ ‘ਤੇ ਉਹ ਅਸਥਾਨ ਹੈ ਜਿਥੇ ਅਨੰਦਪੁਰ ਦੇ ਯੁੱਧ ਤੋਂ ਬਾਅਦ ਮਾਤਾਵਾਂ ਨੇ ਭਾਈ ਮਨੀ ਸਿੰਘ ਅਤੇ ਦਿਲਵਾਲੀ ਸਿੰਘਾਂ ਸਮੇਤ ਨਿਵਾਸ ਕੀਤਾ ਸੀ। ਡਾ. ਮਹਿੰਦਰ ਕੌਰ ਗਿੱਲ ਨੇ ਇਸ ਅਸਥਾਨ ਦੀ ਖੋਜ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਨੂੰ ਇਸ ਅਸਥਾਨ ਬਾਰੇ ਜਿਹੜੀ ਸੂਚਨਾ ਮਿਲੀ, ਉਸ ਦੇ ਆਧਾਰ ’ਤੇ ਉਹ ਦੱਸਦੇ ਹਨ ਕਿ, “ਕੂਚਾ ਦਿਲਵਾਲੀ ਸਿੰਘਾਂ ਵਿਚ ਸ਼ਿਵ ਜੀ ਦਾ ਮੰਦਰ ਤੇ ਇਕ ਧਰਮਸ਼ਾਲਾ ਅੱਜ ਵੀ ਮੌਜੂਦ ਹੈ। ਮਹੰਤ ਜੀ ਦੀ ਦਿੱਤੀ ਨਿਸ਼ਾਨਦੇਹੀ ਅਨੁਸਾਰ ਜਿਥੇ ਅੱਜ ਕੱਲ੍ਹ ਸ਼ਿਵ ਦੀ ਮੂਰਤੀ ਸਥਾਪਤ ਕੀਤੀ ਹੋਈ ਹੈ, ਠੀਕ ਉਸੇ ਥਾਂ ਮਾਤਾ ਸਾਹਿਬ ਦੇਵੀ ਜੀ ਦੀ ਮੰਜੀ ਹੁੰਦੀ ਸੀ। ਸਰਦੀਆਂ ਦੇ ਦਿਨਾਂ ਵਿਚ ਇਥੇ ਦਿੱਲੀ ਦੀ ਸੰਗਤ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਜੋੜ ਮੇਲਾ ਕਰਦੀ ਸੀ।”
ਗੁਰਦੁਆਰਾ ਮਟੀਆ ਮਹਿਲ
ਮਾਤਾ ਸੁੰਦਰੀ ਜੀ ਦੀ ਯਾਦ ਵਿਚ ਇਥੇ ਇਕ ਗੁਰਦੁਆਰਾ ਬਣਿਆ ਹੋਇਆ ਸੀ। ਸਿਆਲਕੋਟ ਦੇ ਭਾਈ ਨਾਨਕ ਸਿੰਘ ‘ਜਗਯਾਸੂ’ ਦੱਸਦੇ ਹਨ। ਕਿ ਇਹ ਗੁਰਦੁਆਰਾ ਜਾਮਿਆ ਮਸਜਦ ਦੇ ਕੋਲ ਹੈ ਅਤੇ ਇਥੇ ਸ਼ਸਤ੍ਰਾਂ ਦੇ ਦਰਸ਼ਨ ਹੁੰਦੇ ਹਨ ਪਰ ਅਜੋਕੇ ਸਮੇਂ ਵਿਚ ਇਸ ਦੀ ਹੋਂਦ ਬਾਰੇ ਕੋਈ ਪਤਾ ਨਹੀਂ ਲੱਗਦਾ। ਡਾ. ਮਹਿੰਦਰ ਕੌਰ ਗਿੱਲ ਇਸ ਅਸਥਾਨ ਦੀ ਜਾਣਕਾਰੀ ਦਿੰਦੇ ਹੋਏ ਦੱਸਦੇ ਹਨ ਕਿ “ਦੋਵੇਂ ਮਾਤਾਵਾਂ ਜਦੋਂ ਦੁਬਾਰਾ ਦਿੱਲੀ ਆਈਆਂ ਤਾਂ ਕੁਝ ਅਰਸਾ ਮਟੀਆ ਮਹਿਲ ਵੀ ਰਹੀਆਂ। ਮਟੀਆ ਮਹਿਲ ਵਿਚ ਲੇਖਿਕਾ ਨੇ ਆਪ ਮਹੰਤ ਗੁਰਬਚਨ ਸਿੰਘ ਅਤੇ ਸੇਵਾਦਾਰ ਟਹਿਲ ਸਿੰਘ ਦੇ ਨਾਲ ਜਾ ਕੇ ਦਰਿਆਫ਼ਤ ਕੀਤੀ ਹੈ। ਇਹ ਮਕਾਨ ਤਿੰਨ ਕਮਰਿਆਂ ਦਾ ਹੈ। ਅੱਜ ਕੱਲ੍ਹ ਇਹ ਐਸ.ਐਸ. ਗਲੀ ਵਿਚ ਸਥਿਤ ਹੈ। ਇਹ ਗਲੀ ਬਹੁਤ ਭੀੜੀ ਜੇਹੀ ਹੈ। ਇਸੇ ਮਕਾਨ ਵਿਚ ਗਲੀ ਦੇ ਬਾਹਰਵਾਰ ਇਕ ਖੂਹ ਵੀ ਹੈ। ਇਸ ਖੂਹ ਦੀ ਵਰਤੋਂ ਅੱਜ ਕੱਲ੍ਹ ਨਹੀਂ ਕੀਤੀ ਜਾ ਰਹੀ। ਇਸ ਖੂਹ ਨੂੰ ਉਪਰੋਂ ਬੰਦ ਕਰ ਦਿੱਤਾ ਗਿਆ ਹੈ, ਜਿਸ ਦਾ ਨਿਸ਼ਾਨ ਅੰਦਰਲੇ ਪਾਸੇ ਵਿਹੜੇ ਵਿਚ ਮੌਜੂਦ ਹੈ।”23
ਗੁਰੂ ਸਾਹਿਬਾਨ ਅਤੇ ਗੁਰੂ-ਘਰ ਨਾਲ ਜੁੜੇ ਹੋਏ ਧਾਰਮਿਕ ਅਸਥਾਨ ਸਿੱਖਾਂ ਦੀ ਖਿੱਚ ਦਾ ਕੇਂਦਰ ਬਣੇ ਰਹਿੰਦੇ ਹਨ। ਸਿੱਖ ਜਿਸ ਨਗਰ ਜਾਂ ਕਸਬੇ ਵਿਚ ਜਾਂਦੇ ਹਨ ਤਾਂ ਇਹ ਪਤਾ ਕਰਨ ਦਾ ਯਤਨ ਕਰਦੇ ਹਨ ਕਿ ਇਥੇ ਕੋਈ ਗੁਰਦੁਆਰਾ ਹੈ? ਦਿੱਲੀ ਭਾਰਤ ਦੀ ਰਾਜਧਾਨੀ ਹੈ। ਭਾਰਤ ਦੀ ਰਾਜਧਾਨੀ ਅਤੇ ਵਪਾਰਕ ਮਹਾਂਨਗਰ ਹੋਣ ਕਰਕੇ ਇਹ ਸਮੁੱਚੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। ਜਦੋਂ ਕੋਈ ਸਿੱਖ ਇਸ ਮਹਾਂਨਗਰ ਵਿਚ ਜਾਂਦਾ ਹੈ ਤਾਂ ਉਸ ਦਾ ਧਿਆਨ ਉਥੇ ਮੌਜੂਦ ਗੁਰਧਾਮਾਂ ਵੱਲ ਚਲਾ ਜਾਂਦਾ ਹੈ। ਇਥੇ ਮੌਜੂਦ ਮਾਤਾ ਸੁੰਦਰੀ ਜੀ ਨਾਲ ਸੰਬੰਧਿਤ ਗੁਰਧਾਮ ਵੀ ਸੰਗਤ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ। ਸੰਗਤਾਂ ਦੀ ਏਸੇ ਖਿੱਚ ਕਾਰਨ ਹੀ ਗੁਰਧਾਮਾਂ ਬਾਰੇ ਚੇਤਨਾ ਪ੍ਰਗਟ ਹੁੰਦੀ ਹੈ। ਸਰਬ ਹਿੰਦ ਗੁਰਤੀਰਥ ਯਾਤ੍ਰਾ ਦੀ ਪਬਲਿਸਿਟੀ ਸਬ- ਕਮੇਟੀ ਦਿੱਲੀ ਵਿਖੇ ਗੁਰਧਾਮਾਂ ਦੇ ਦਰਸ਼ਨ ਕਰਨ ਗਈ ਤਾਂ ਉਨ੍ਹਾਂ ਨੇ ਮਾਤਾ ਸੁੰਦਰੀ ਜੀ ਨਾਲ ਸੰਬੰਧਿਤ ਗੁਰਦੁਆਰਾ ਮਟੀਆ ਮਹਿਲ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ, “ਇਹ ਗੁਰਦੁਆਰਾ ਸੀਸ ਗੰਜ ਤੋਂ ਬਿਲਕੁਲ ਚੌਥਾਈ ਮੀਲ ਦੀ ਵਾਟ ਉਤੇ ਮਟੀਆ ਮਹਿਲ ਵਿਚ ਹੈ। ਚਿਤਲੀ ਕਬਰ ਦੇ ਪਾਸ ਹੀ ਹੈ। ਦੱਖਣ ਜਾਂਦੀ ਵਾਰੀ ਪੰਜ ਸ਼ਸਤ੍ਰ ਇਥੇ ਮਾਤਾ ਸਾਹਿਬ ਦੇਵਾਂ ਜੀ ਦੇ ਸਪੁਰਦ ਕੀਤੇ, ਜਿਨ੍ਹਾਂ ਦੇ ਅੱਜ ਕੱਲ੍ਹ ਨਵੀਂ ਦਿੱਲੀ ਰਾਇਸੀਨਾ ਵਿਚ ਗੁਰਦੁਆਰਾ ਰਕਾਬਰੀਜ ਵਿਚ ਦਰਸ਼ਨ ਕਰਾਏ ਜਾਂਦੇ ਹਨ।”ਅ ਭਾਈ ਕਾਨ੍ਹ ਸਿੰਘ ਨਾਭਾ ਇਸ ਗੁਰਦੁਆਰੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਦੇ ਹਨ ਕਿ “ਮਟੀਆ ਬਾਜ਼ਾਰ ਦੇ ਚਿਤਲੀ ਕਬਰ ਮੁਹੱਲੇ ਵਿਚ ਮਾਤਾ ਸੁੰਦਰੀ ਜੀ ਦੇ ਸੇਵਕ ਜੀਵਨ ਸਿੰਘ ਪਾਸ ਉਹ ਸ਼ਸਤ੍ਰ ਸਨ, ਜੋ ਸ੍ਰੀ ਦਸਮੇਸ਼ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ ਬਖ਼ਸ਼ੇ ਸਨ। ਜੀਵਨ ਸਿੰਘ ਦੀ ਔਲਾਦ ਇਨ੍ਹਾਂ ਸ਼ਸਤ੍ਰਾਂ ਦਾ ਦਰਸ਼ਨ ਗੁਰਸਿੱਖਾਂ ਨੂੰ ਕਰਾਉਂਦੀ ਅਤੇ ਧੂਪ ਦੀਪ ਦੀ ਸੇਵਾ ਕਰਦੀ ਰਹੀ ਹੈ। ਹੁਣ ਇਹ ਸ਼ਸਤ੍ਰ ਗੁਰਦੁਆਰਾ ਰਕਾਬ ਗੰਜ ਵਿਚ ਅਸਥਾਪਨ ਕੀਤੇ ਗਏ ਹਨ। ਸ਼ਸਤ੍ਰਾਂ ਦੀ ਸੇਵਾ ਲਈ ਪਟਿਆਲਾ ਤੋਂ ਸਾਲਾਨਾ 101/- ਅਤੇ ਪੂਜਾ 74/- ਹੈ, ਰਿਆਸਤ ਨਾਭੇ ਤੋਂ 20/- ਅਤੇ ਦੋਸਾਂਝ ਦੀ ਜਾਗੀਰ ਵਿੱਚੋਂ ਹਿੱਸਾ 70/- ਮਿਲਦੇ ਹਨ।”25 ਇਸ ਅਸਥਾਨ ਦੀ ਖੋਜ ਕਰ ਕੇ ਉਥੇ ਗੁਰਦੁਆਰਾ ਸਾਹਿਬ ਦੀ ਪੁਨਰ- ਸਥਾਪਨਾ ਕੀਤੀ ਜਾਣੀ ਚਾਹੀਦੀ ਹੈ।
ਗੁਰਦੁਆਰਾ ਮਾਤਾ ਸੁੰਦਰੀ, ਦਿੱਲੀ
ਮਾਤਾ ਸੁੰਦਰੀ ਜੀ ਦੀ ਯਾਦ ਵਿਚ ਦਿੱਲੀ ਵਿਖੇ ਇਹ ਇਕ ਪ੍ਰਮੁਖ ਗੁਰਦੁਆਰਾ ਹੈ। ਮਾਤਾ ਜੀ ਦੇ ਜੀਵਨ ਦਾ ਬਹੁਤਾ ਸਮਾਂ ਦਿੱਲੀ ਵਿਖੇ ਬਤੀਤ ਹੋਇਆ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਆਖ਼ਰੀ ਯੁੱਧ ਸਮੇਂ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਦੀਆਂ ਸਾਂਝੀਆਂ ਫ਼ੌਜਾਂ ਦੁਆਰਾ ਧੋਖੇ ਨਾਲ ਗੁਰੂ ਜੀ ‘ਤੇ ਹਮਲਾ ਕੀਤਾ ਗਿਆ ਤਾਂ ਗੁਰੂ ਸਾਹਿਬ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਖ਼ਾਲਸੇ ਨੇ ਭਾਰੀ ਕੁਰਬਾਨੀਆਂ ਦੇ ਕੇ ਗੁਰੂ ਜੀ ਨੂੰ ਬਚਾਉਣ ਦਾ ਭਰਪੂਰ ਉਪਰਾਲਾ ਕੀਤਾ ਅਤੇ ਉਹ ਇਸ ਵਿਚ ਕਾਮਯਾਬ ਵੀ ਹੋ ਗਏ ਸਨ। ਏਸੇ ਸਮੇਂ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਕੋਲੋਂ ਵਿਛੁੜ ਗਿਆ, ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਸਰਹਿੰਦ ਦੇ ਨਵਾਬ ਦੇ ਹੱਥ ਆ ਗਏ ਅਤੇ ਉਨ੍ਹਾਂ ਦੇ ਮਹਿਲ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਦੇਵਾਂ ਜੀ ਨੂੰ ਦਿੱਲੀ ਆਉਣਾ ਪਿਆ। ਮਹਿਮਾ ਪ੍ਰਕਾਸ਼ ਵਿਚ ਦੱਸਿਆ ਗਿਆ ਹੈ ਕਿ “ਸਿਖ ਬਡੇ ਜੋ ਦਿਲੀ ਰਹਤੇ ਥੇ ਉਨਾ ਨੇ ਮਾਤਾ ਸੁੰਦਰੀ ਜੀ ਕੋ ਅਪਨੀ ਜਾਮਨੀ ਕਰਕੇ ਦਿਲੀ ਲੈ ਆਏ।…ਮਾਤਾ ਸੁੰਦਰੀ ਜੀ ਦਿਲੀ ਮੋ ਆਇ ਕੇ ਬਹੁਤ ਕਾਲ ਰਹੇ । ਬਲਕ ਸ੍ਰੀ ਅੰਮ੍ਰਿਤਸਰ ਜੀ ਕਾ ਖਜਾਨਾ ਤਮਾਮ ਦੀਪਾ ਨਾਮੇ ਖੋਸਲਾ ਪਹੁਚਾਉਤਾ ਬਾ। ਫੇਰ ਬਹੁਤ ਚਿਰ ਕੇ ਬਾਦ ਮਾਤਾ ਸੁੰਦਰੀ ਜੀ ਨੇ ਸਰੀਰ ਤਿਆਗਨ ਕੀਆ। ਦਿੱਲੀ ਮੇਂ ਦੇਹੁਰਾ ਹੈ।”
ਦਿੱਲੀ ਦੇ ਗੁਰਦੁਆਰਿਆਂ ਦਾ ਇਤਿਹਾਸ ਸਾਂਭਦੇ ਹੋਏ ਰਣਜੀਤ ਸਿੰਘ ਤਾਜਵਰ ਗੁਰਦੁਆਰਾ ਮਾਤਾ ਸੁੰਦਰੀ ਜੀ ਬਾਰੇ ਕਹਿੰਦੇ ਹਨ ਕਿ ਸਰਦਾਰ ਬਘੇਲ ਸਿੰਘ ਨੇ “ਇਸ ਅਸਥਾਨ ਦਾ ਨਾਉਂ ‘ਗੁਰਦੁਆਰਾ ਮਾਤਾ ਸੁੰਦਰੀ ਜੀ’ ਦਿੱਤਾ ਸੀ, ਜੋ ਇਸ ਤੋਂ ਪਹਿਲਾਂ ਹਵੇਲੀ ਸਰਦਾਰ ਜਵਾਹਰ ਸਿੰਘ ਦਿਲਵਾਲੀ ਦੇ ਨਾਉਂ ਨਾਲ ਪਰਸਿੱਧ ਸੀ।”27 ਵੀਹਵੀਂ ਸਦੀ ਦੇ ਅਰੰਭ ਵਿਚ ਇਸ ਗੁਰਦੁਆਰੇ ਦੀ ਸਥਿਤੀ ‘ਤੇ ਚਾਨਣ ਪਾਉਂਦੇ ਹੋਏ ਭਾਈ ਤਖ਼ਤ ਸਿੰਘ ਆਪਣੇ ਸਫ਼ਰਨਾਮੇ ਵਿਚ ਦੱਸਦੇ ਹਨ, “ਗੁਰਦੁਆਰਾ (ਮਾਤਾ ਸੁੰਦਰੀ ਜੀ ਵਾਲਾ) ਭੀ ਉਜਾੜ ਜੇਹੀ ਦਸ਼ਾ ਵਿਚ ਹੈ, ਸੰਗਮਰਮਰ ਦਾ ਵਰਾਂਡਾ ਹੈ, ਮਕਾਨ ਪੱਕਾ ਹੈ ਪਰ ਚੌਤਰਫ਼ੀ ਮੀਲ ਮੀਲ ਭਰ ਕੋਈ ਮਕਾਨ ਨਹੀਂ ਵਸਦੇ, ਖੋਲੇ ਬਹੁਤ ਹੈਨ।”28 ਸਿੱਖਾਂ ਦੇ ਇਕ ਸਮੂਹ ਨੇ ਭਾਰਤ ਦੇ ਗੁਰਦੁਆਰਿਆਂ ਦੀ ਯਾਤਰਾ ਕੀਤੀ ਅਤੇ ਉਨ੍ਹਾਂ ਆਪਣੀਆਂ ਯਾਦਾਂ ਨੂੰ ਸੰਭਾਲ ਕੇ ਇਕ ਪੁਸਤਕ ਵਿਚ ਦਰਜ ਕੀਤਾ। ਉਨ੍ਹਾਂ ਨੇ ਦੱਸਿਆ ਕਿ “ਗੁਰਦੁਆਰਾ ਮਾਤਾ ਸੁੰਦਰੀ, ਸੀਸ ਗੰਜ ਤੋਂ ਡੇਢ ਮੀਲ ਹੈ। ਤੁਰਕਮਾਨ ਦਰਵਾਜ਼ੇ ਤੋਂ ਬਾਹਰ ਮੁਸਲਮਾਨਾਂ ਦੇ ਕਬਰਸਤਾਨ ਦੇ ਅੱਗੇ ਸੌ ਕੁ ਕਦਮ ਲੰਘਣ ਤੋਂ ਇਕ ਨਿਸ਼ਾਨ ਸਾਹਿਬ ਝੂਲਦਾ ਦਿੱਸਦਾ ਹੈ। ਇਥੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਦਸਮੇਸ਼ ਜੀ ਦੇ ਦੱਖਣ ਜਾਣ ਪਿੱਛੋਂ ਰਹੇ ਸਨ।”29 ਪੰਜਾਬ ਵਿਚ ਸਿੱਖ ਰਿਆਸਤਾਂ ਕਾਇਮ ਹੋਈਆਂ ਤਾਂ ਉਨ੍ਹਾਂ ਦੇ ਸਰਦਾਰ ਗੁਰਦੁਆਰਿਆਂ ਲਈ ਪੂਜਾ-ਭੇਟਾ ਭੇਜਦੇ ਰਹਿੰਦੇ ਸਨ। ਵੀਹਵੀਂ ਸਦੀ ਦੇ ਅਰੰਭ ਵਿਚ ਗੁਰਦੁਆਰਾ ਮਾਤਾ ਸੁੰਦਰੀ ਨੂੰ “ਪਟਿਆਲੇ ਤੋਂ 25/- ਬੰਧਾਨ ਅਤੇ ਪੂਜਾ 51/- ਹੈ, ਜੀਂਦ ਤੋਂ 62/- ਸਾਲਾਨਾ ਮਿਲਦੇ ਹਨ। ਗਵਰਨਮੈਂਟ ਨੇ ਜੋ ਗੁਰਦੁਆਰੇ ਦੀ ਜ਼ਮੀਨ ਨਵੀਂ ਅਬਾਦੀ ਲਈ ਖ਼ਰੀਦੀ, ਉਸ ਦੀ ਰਕਮ ਦਾ ਸਾਲਾਨਾ ਸੂਦ 48/- ਹੈ।
ਗੁਰਦੁਆਰਾ ਮਾਤਾ ਸੁੰਦਰੀ ਜੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੁੱਝ ਸ਼ਸਤਰ ਸੁਸ਼ੋਭਿਤ ਹਨ। ਇਹ ਸ਼ਸਤਰ ਗੁਰੂ ਜੀ ਨੇ ਮਾਤਾ ਸਾਹਿਬ ਦੇਵਾਂ ਨੂੰ ਨਾਂਦੇੜ ਤੋਂ ਦਿੱਲੀ ਭੇਜਣ ਸਮੇਂ ਦਿੱਤੇ ਸਨ। ਮਾਤਾ ਜੀ ਗੁਰੂ ਜੀ ਤੋਂ ਵਿਛੋੜਾ ਨਹੀਂ ਸਨ ਚਾਹੁੰਦੇ। ਜਦੋਂ ਗੁਰੂ ਜੀ ਨੇ ਉਹਨਾਂ ਨੂੰ ਦਿੱਲੀ ਵਿਖੇ ਮਾਤਾ ਸੁੰਦਰੀ ਜੀ ਕੋਲ ਨਿਵਾਸ ਕਰਨ ਲਈ ਕਿਹਾ ਤਾਂ ਮਾਤਾ ਸਾਹਿਬ ਦੇਵਾਂ ਨੇ ਗੁਰੂ ਜੀ ਨੂੰ ਕਿਹਾ ਕਿ ਤੁਹਾਡੇ ਦਰਸ਼ਨ ਕੀਤੇ ਬਗ਼ੈਰ ਅਸੀਂ ਕਦੇ ਅੰਨ ਗ੍ਰਹਿਣ ਨਹੀਂ ਕੀਤਾ। ਗੁਰੂ ਜੀ ਨੇ ਉਹਨਾਂ ਨੂੰ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਸ਼ਸਤਰ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਵਿੱਚੋਂ ਸਾਡਾ ਦਰਸ਼ਨ ਕਰ ਲੈਣਾ।32 ਪੰਡਿਤ ਤਾਰਾ ਸਿੰਘ ਨਰੋਤਮ ਕਹਿੰਦੇ ਹਨ ਕਿ ਇਹ ਉਹੀ ਸ਼ਸਤਰ ਸਨ ਜਿਹੜੇ ਦੀਨੇ ਪਿੰਡ ਵਿਖੇ ਭਾਈ ਰੂਪ ਚੰਦ ਦੀ ਬੰਸ ਦੇ ਧਰਮ ਸਿੰਘ, ਪਰਮ ਸਿੰਘ ਨੇ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਦਿੱਤੇ ਗੁਰੂ (ਗੋਬਿੰਦ ਸਿੰਘ) ਜੀ ਨੂੰ ਚੜ੍ਹਾਏ ਸਨ । 3 ਮਾਤਾ ਸਾਹਿਬ ਦੇਵਾਂ ਜੀ ਦੇ ਅਕਾਲ ਚਲਾਣੇ ਉਪਰੰਤ ਇਨ੍ਹਾਂ ਸ਼ਸਤਰਾਂ ਦੀ ਸੇਵਾ ਮਾਤਾ ਸੁੰਦਰੀ ਜੀ ਕਰਦੇ ਰਹੇ ਸਨ। ਇਕ ਵਾਰ ਪਾਲਿਤ ਅਜੀਤ ਸਿੰਘ ਨੇ ਇਹ ਸ਼ਸਤਰ ਪਹਿਨਣ ਦੀ ਮਾਤਾ ਜੀ ਤੋਂ ਆਗਿਆ ਮੰਗੀ ਸੀ ਜਿਸ ਨੂੰ ਠੁਕਰਾ ਦਿੱਤਾ ਗਿਆ ਸੀ। ਮਾਤਾ ਜੀ ਨੇ ਕਿਹਾ ਕਿ ਗੁਰੂ ਜੀ ਦੀ ਛੋਹ ਪ੍ਰਾਪਤ ਸ਼ਸਤਰ ਪੂਜਣ ਜੋਗ ਹਨ, ਪਹਿਨਣ ਲਈ ਨਹੀਂ। ਮਾਤਾ ਜੀ ਨੇ ਆਪਣੇ ਅਕਾਲ ਚਲਾਣੇ ਤੋਂ ਪਹਿਲਾਂ ਇਹ ਸ਼ਸਤਰ ਆਪਣੇ ਨਿਕਟਵਰਤੀ ਸਿੱਖ ਭਾਈ ਜੀਵਨ ਸਿੰਘ ਨੂੰ ਦੇ ਦਿੱਤੇ ਸਨ। ਜੀਵਨ ਸਿੰਘ ਦੀ ਔਲਾਦ ਇਨ੍ਹਾਂ ਸ਼ਸਤਰਾਂ ਦੀ ਸੇਵਾ ਕਰਦੀ ਰਹੀ ਅਤੇ ਬਾਅਦ ਵਿਚ ਇਹ ਸ਼ਸਤਰ ਗੁਰਦੁਆਰਾ ਰਕਾਬ ਗੰਜ ਵਿਖੇ ਅਸਥਾਪਨ ਕਰ ਦਿੱਤੇ ਗਏ ਸਨ। ਹੁਣ ਇਹ ਸ਼ਸਤਰ ਗੁਰਦੁਆਰਾ ਮਾਤਾ ਸੁੰਦਰੀ ਵਿਖੇ ਸੰਗਤਾਂ ਦੇ ਦਰਸ਼ਨਾਂ ਲਈ ਰੱਖੇ ਹੋਏ ਹਨ। ਪਰ ਅਫ਼ਸੋਸ! ਪੰਜ ਵਿੱਚੋਂ ਕੇਵਲ ਦੋ ਸ਼ਸਤਰ ਹੀ ਬਚੇ ਹਨ ।
ਦਿੱਲੀ ਵਿਖੇ ਮਾਤਾ ਸੁੰਦਰੀ ਜੀ ਦਾ ਇਹ ਇਕ ਪ੍ਰਮੁੱਖ ਗੁਰਦੁਆਰਾ ਹੈ। ਪੁਰਾਤਨ ਇਮਾਰਤ ਵਿਚ ਇਕ ਤਹਿਖ਼ਾਨਾ ਬਣਿਆ ਹੋਇਆ ਸੀ35 ਪਰ ਕਾਰ-ਸੇਵਾ ਰਾਹੀਂ ਉਸਾਰੀ ਗਈ ਨਵੀਂ ਇਮਾਰਤ ਸਮੇਂ ਇਸ ਨੂੰ ਪੂਰ ਦਿੱਤਾ ਗਿਆ ਹੈ। ਇਸ ਗੁਰਦੁਆਰੇ ਦਾ ਪ੍ਰਬੰਧ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਨਵੀਂ ਦਿੱਲੀ, ਦੁਆਰਾ ਕੀਤਾ ਜਾ ਰਿਹਾ ਹੈ। ਦਿੱਲੀ ਕਮੇਟੀ ਦੇ ਪ੍ਰਬੰਧ ਅਧੀਨ ਇਸ ਗੁਰਦੁਆਰੇ ਦੀ ਹਾਲਤ ਵਿਚ ਵਧੇਰੇ ਸੁਧਾਰ ਜਥੇਦਾਰ ਸੰਤੋਖ ਸਿੰਘ ਦੇ ਸਮੇਂ ਹੋਇਆ ਦੱਸਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ “ਗੁਰਦੁਆਰਾ ਮਾਤਾ ਸੁੰਦਰੀ ਦੇ ਆਸ ਪਾਸ ਕੋਈ ਜ਼ਮੀਨ ਨਹੀਂ ਸੀ, ਇਥੋਂ ਤੱਕ ਕਿ ਸੜਕ ਤੋਂ ਗੁਰਦੁਆਰੇ ਤੱਕ ਦਾ ਲਾਂਘਾ ਵੀ ਗੁਰਦੁਆਰੇ ਦੀ ਆਪਣੀ ਥਾਂ ‘ਤੇ ਨਹੀਂ ਸੀ। ਜਥੇਦਾਰ ਸੰਤੋਖ ਸਿੰਘ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਕੱਤਰ ਬਣਦਿਆਂ ਇਹ ਮਾਮਲਾ ਉਠਾਇਆ ਤੇ ਜਦੋਂ ਪਿਛਲਾ ਰੀਕਾਰਡ ਫੋਲ ਕੇ ਦੇਖਿਆ ਗਿਆ ਤਾਂ ਪਤਾ ਲੱਗਾ ਕਿ 1914 ਵਿਚ ਗੁਰਦੁਆਰਾ ਮਾਤਾ ਸੁੰਦਰੀ ਜੀ ਦਾ ਕੇਸ ਅਦਾਲਤ ਵਿਚ ਗਿਆ ਸੀ ਤੇ ਇਥੋਂ ਦੇ ਪ੍ਰਬੰਧਕ ਮੁਕੱਦਮਾ ਹਾਰ ਗਏ ਸਨ। ਇਹ ਸਾਬਤ ਨਹੀਂ ਸੀ ਕੀਤਾ ਜਾ ਸਕਿਆ ਕਿ ਇਸ ਦੀ ਮਾਲਕ ਗੁਰਦੁਆਰਾ ਕਮੇਟੀ ਹੈ। ਜਥੇਦਾਰ ਜੀ ਨੇ ਇਸ ਮਾਮਲੇ ਨੂੰ ਦੁਬਾਰਾ ਖੋਲ੍ਹਿਆ ਤੇ ਅਖ਼ੀਰ ਇਹ ਝਗੜਾ ਵੀ ਕੇਂਦਰੀ ਮੰਤਰੀ ਮੰਡਲ ਵਿਚ ਪਹੁੰਚਿਆ ਤੇ ਉਥੋਂ ਪੰਡਤ ਜਵਾਹਰ ਲਾਲ ਨਹਿਰੂ ਦੇ ਦਖ਼ਲ ‘ਤੇ ਗੁਰਦੁਆਰਾ ਮਾਤਾ ਸੁੰਦਰੀ ਦੇ ਸਾਹਮਣੇ ਸੜਕ ਤੱਕ ਦੀ ਜ਼ਮੀਨ ਮਿਲੀ। ਫੇਰ ਗੁਰਦੁਆਰੇ ਦੇ ਪੂਰਬ ਤੇ ਪੱਛਮ ਵੱਲ ਜ਼ਮੀਨ ਹਾਸਲ ਕੀਤੀ ਗਈ ਤੇ ਮੌਜੂਦਾ ਚਾਰ ਦੀਵਾਰੀ ਪ੍ਰਵਾਨ ਕਰਵਾਈ ਗਈ। ਤੀਜਾ ਹੱਲਾ ਬੋਲਿਆ ਤੇ ਮਾਤਾ ਸੁੰਦਰੀ ਕਾਲਜ ਵਾਲੀ ਥਾਂ ਪ੍ਰਾਪਤ ਕਰ ਲਈ ਗਈ, ਫਿਰ ਮਾਤਾ ਸੁੰਦਰੀ ਕਾਲਜ ਦੇ ਪਿਛਲੇ ਪਾਸੇ ਗਰਾਊਂਡ ਵਾਲੀ ਥਾਂ ਲਈ ਗਈ ਤੇ ਕੁੱਝ ਸਾਲ ਪਹਿਲਾਂ ਮਾਤਾ ਸੁੰਦਰੀ ਕਾਲਜ ਲਈ ਸਾਢੇ ਤਿੰਨ ਏਕੜ ਜ਼ਮੀਨ ਹੋਰ ਸਰਕਾਰ ਤੋਂ ਅਲਾਟ ਕਰਵਾ ਲਈ ਗਈ।”36 ਇਸ ਤਰ੍ਹਾਂ ਇਹ ਮੌਜੂਦਾ ਗੁਰਦੁਆਰਾ ਬਹੁਤ ਖੁੱਲ੍ਹੀ ਜਗ੍ਹਾ ‘ਤੇ ਬਣਿਆ ਹੋਇਆ ਹੈ ਜਿਸ ਵਿਚ ਮਾਤਾ ਸੁੰਦਰੀ ਕਾਲਜ ਫਾਰ ਵੂਮੈਨ”, ਗੁਰਮਤਿ ਕਾਲਜ³* ਅਤੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਗਰਲਜ਼ ਸੈਕੰਡਰੀ ਸਕੂਲ ਚਲਾਏ ਜਾ ਰਹੇ ਹਨ।
ਯਾਦਗਾਰ (ਸਮਾਧ) ਮਾਤਾ ਸੁੰਦਰੀ, ਗੁਰਦੁਆਰਾ ਬਾਲਾ ਸਾਹਿਬ
ਮਾਤਾ ਸੁੰਦਰੀ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਲਗਪਗ ਚਾਲ੍ਹੀ ਸਾਲ ਪੰਥ ਦੀ ਸੁਚੱਜੀ ਅਗਵਾਈ ਕਰਦੇ ਰਹੇ। ਦਿੱਲੀ ਵਿਚ ਆਪਣੇ ਨਿਵਾਸ ਤੋਂ ਮਾਤਾ ਜੀ ਸਮੂਹ ਭਾਰਤ ਦੀਆਂ ਸਿੱਖ ਸੰਗਤਾਂ ਲਈ ਦਿਸ਼ਾ- ਨਿਰਦੇਸ਼ ਦੇਣ ਦਾ ਕਾਰਜ ਕਰਦੇ ਰਹੇ ਸਨ। ਪੰਥ ਵਿਚ ਜਦੋਂ ਲੋੜ ਮਹਿਸੂਸ ਕੀਤੀ, ਉਹ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟੇ। ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਦਾ ਪੰਥ ਨੂੰ ਦੁਫੇੜ ਕਰਨ ਵਾਲਾ ਝਗੜਾ ਖ਼ਤਮ ਕਰ ਕੇ ਉਨ੍ਹਾਂ ਪੰਥ ਨੂੰ ਇਕ ਸੂਤਰ ਵਿਚ ਪਰੋਇਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਨੂੰ ਭਾਈ ਮਨੀ ਸਿੰਘ ਜੀ ਰਾਹੀਂ ਇਕੱਤਰ ਕਰਵਾਇਆ। ਮਾਤਾ ਸੁੰਦਰੀ ਜੀ ਪੰਥਕ ਅਗਵਾਈ ਕਰਦੇ ਹੋਏ 1804 ਸੰਮਤ, 1747 ਈਸਵੀ ਨੂੰ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਤਿਮ ਸਸਕਾਰ ਗੁਰਦੁਆਰਾ ਬਾਲਾ ਸਾਹਿਬ ਵਿਖੇ ਮਾਤਾ ਸਾਹਿਬ ਦੇਵਾਂ ਜੀ ਦੀ ਸਮਾਧ ਕੋਲ ਕੀਤਾ ਗਿਆ ਸੀ। ਉਨ੍ਹਾਂ ਦੀ ਯਾਦਗਾਰ ਅੱਜ ਵੀ ਉਥੇ ਮੌਜੂਦ ਹੈ।
ਮਾਤਾ ਸੁੰਦਰੀ ਜੀ ਦੀ ਸ਼ਖ਼ਸੀਅਤ
ਮਾਤਾ ਸੁੰਦਰੀ ਜੀ ਦੇ ਜੀਵਨ ਵਿੱਚੋਂ ਨਿਮਰ, ਸੰਜਮ, ਵਿਸ਼ਾਲ ਹਿਰਦੇ ਵਾਲੀ, ਨਿਆਸਰਿਆਂ ਨੂੰ ਆਸਰਾ ਪ੍ਰਦਾਨ ਕਰਨ ਵਾਲੀ ਇਕ ਦਲੇਰ ਕੌਮੀ ਆਗੂ ਵਾਲੀ ਸ਼ਖ਼ਸੀਅਤ ਦੇ ਦਰਸ਼ਨ ਹੁੰਦੇ ਹਨ। ਮਾਤਾ ਜੀ ਨੇ ਧਾਰਮਿਕ ਆਗੂ ਵਜੋਂ ਸਿੱਖ ਕੌਮ ਨੂੰ ਇਕਮੁੱਠ ਅਤੇ ਇਕਜੁੱਟ ਰੱਖਣ ਵਿਚ ਜਿਹੜੀ ਭੂਮਿਕਾ ਨਿਭਾਈ, ਉਹ ਨਿਸਚਿਤ ਰੂਪ ਵਿਚ ਇਕ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਮਾਤਾ ਜੀ ਦੇ ਹੁਕਮਨਾਮਿਆਂ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਭਾਰਤ ਦੇ ਵੱਖ-ਵੱਖ ਕੋਨਿਆਂ ਵਿਚ ਵੱਸਦੇ ਸਿੱਖ ਮਾਤਾ ਜੀ ਦਾ ਇਕ ਧਾਰਮਿਕ ਆਗੂ ਵਜੋਂ ਸਤਿਕਾਰ ਕਰਦੇ ਸਨ ਅਤੇ ਉਹਨਾਂ ਨੂੰ ਹੀ ਦਸਵੰਧ ਦੀ ਮਾਇਆ ਭੇਜ ਕੇ ਖ਼ੁਸ਼ੀ ਪ੍ਰਾਪਤ ਕਰਦੇ ਸਨ। ਦਸਵੰਧ ਦੀ ਮਾਇਆ ਰਾਹੀਂ ਮਾਤਾ ਜੀ ਨੇ ਸਿੱਖੀ ਵਿਕਾਸ ਦੇ ਉਹ ਸਾਰੇ ਕਾਰਜ ਜਾਰੀ ਰੱਖੇ ਜਿਹੜੇ ਗੁਰੂ ਸਾਹਿਬਾਨ ਦੁਆਰਾ ਕੀਤੇ ਜਾਂਦੇ ਸਨ। ਸਿੱਖਾਂ ਵਿਚ ਆਪਸੀ ਫੁੱਟ ਦੂਰ ਕਰ ਕੇ ਪ੍ਰੇਮ ਅਤੇ ਭਾਈਚਾਰੇ ਦੀ ਭਾਵਨਾ ਉਜਾਗਰ ਕਰਨੀ, ਉਨ੍ਹਾਂ ਨੂੰ ਗੁਰਮਤਿ ਵਿਦਿਆ ਲਈ ਉਤਸ਼ਾਹਿਤ ਕਰਨਾ ਅਤੇ ਸਮੇਂ ਦੇ ਹਾਲਾਤ ਦਾ ਟਾਕਰਾ ਕਰਨ ਦੀ ਪ੍ਰੇਰਨਾ ਪੈਦਾ ਕਰਨਾ ਆਦਿ ਅਜਿਹੇ ਕਾਰਜ ਸਨ ਜਿਨ੍ਹਾਂ ਨੂੰ ਮਾਤਾ ਜੀ ਨੇ ਸਫਲਤਾ ਪੂਰਵਕ ਸਿੱਧ ਕਰ ਦਿਖਾਇਆ ਸੀ। ਮਾਤਾ ਸੁੰਦਰੀ ਜੀ ਨੇ ਪਤੀ-ਗੁਰੂ ਦੀ ਆਗਿਆ ਦਾ ਪਾਲਣ ਕਰਦੇ ਹੋਏ ਸਹਿਜ ਭਾਵਨਾ ਵਿਚ ਜੀਵਨ ਬਸਰ ਕੀਤਾ ਸੀ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਬਰ ਅਤੇ ਜ਼ੁਲਮ ਲਈ ਜਿਹੜਾ ਸੰਘਰਸ਼ ਅਰੰਭ ਕੀਤਾ ਸੀ, ਉਸ ਵਿਚ ਗੁਰੂ ਸਾਹਿਬ ਦੇ ਚਾਰ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਅਤੇ ਅਨੇਕਾਂ ਸਿੰਘ ਸ਼ਹੀਦ ਹੋ ਗਏ ਸਨ। ਅਜਿਹੀਆਂ ਘਟਨਾਵਾਂ ਕਿਸੇ ਵੀ ਮਨੁੱਖ ਲਈ ਬਹੁਤ ਦੁਖਦਾਈ ਹੁੰਦੀਆਂ ਹਨ। ਗੁਰੂ ਸਾਹਿਬ ਦਮਦਮਾ ਸਾਹਿਬ ਪਹੁੰਚੇ ਤਾਂ ਉਥੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾਂ ਜੀ ਵੀ ਗੁਰੂ ਸਾਹਿਬ ਕੋਲ ਆ ਪੁੱਜੀਆਂ ਸਨ, ਉਥੇ ਹੀ ਮਾਤਾਵਾਂ ਨੂੰ ਉਕਤ ਸ਼ਹਾਦਤਾਂ ਦਾ ਪਤਾ ਲੱਗਾ ਸੀ । ਮਾਤਾਵਾਂ ਨੂੰ ਇਨ੍ਹਾਂ ਘਟਨਾਵਾਂ ਬਾਰੇ ਜਾਣ ਕੇ ਦੁੱਖ ਜ਼ਰੂਰ ਹੋਇਆ ਸੀ ਪਰ ਗੁਰੂ ਸਾਹਿਬ ਦੀ ਪ੍ਰੇਰਨਾ ਸਦਕਾ ਅਕਾਲ ਪੁਰਖ ਦੇ ਭਾਣੇ ਵਿਚ ਸਭ ਕੁੱਝ ਹੋਇਆ ਮੰਨ ਕੇ ਸਹਿਜ ਵਿਚ ਆ ਗਈਆਂ ਸਨ । ਦਮਦਮਾ ਸਾਹਿਬ ਤੋਂ ਗੁਰੂ ਜੀ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਲਈ ਦੱਖਣ ਵੱਲ ਚੱਲ ਪਏ ਸਨ ਕਿ ਰਾਹ ਵਿਚ ਉਹਨਾਂ ਨੂੰ ਬਾਦਸ਼ਾਹ ਦੀ ਮੌਤ ਦੀ ਖ਼ਬਰ ਮਿਲਣ ‘ਤੇ ਉਹ ਦਿੱਲੀ ਆ ਗਏ ਸਨ। ਕੁੱਝ ਸਮਾਂ ਦਿੱਲੀ ਵਿਖੇ ਨਿਵਾਸ ਕਰਨ ਉਪਰੰਤ ਉਹਨਾਂ ਨੇ ਅੱਗੇ ਦੱਖਣ ਵੱਲ ਜਾਣ ਦਾ ਮਨ ਬਣਾ ਲਿਆ ਸੀ। ਦਿੱਲੀ ਦੀ ਸਿੱਖ ਸੰਗਤ ਦੀ ਬੇਨਤੀ ‘ਤੇ ਗੁਰੂ ਜੀ ਨੇ ਮਾਤਾ ਸੁੰਦਰੀ ਜੀ ਨੂੰ ਉਥੇ ਹੀ ਨਿਵਾਸ ਕਰਨ ਲਈ ਕਹਿ ਦਿੱਤਾ ਸੀ । ਗੁਰੂ ਜੀ ਦੀ ਆਗਿਆ ਮੰਨ ਕੇ ਮਾਤਾ ਜੀ ਨੇ ਦਿੱਲੀ ਵਿਖੇ ਨਿਵਾਸ ਕਰ ਕੇ ਸਿੱਖੀ ਪ੍ਰਚਾਰ ਦਾ ਕਾਰਜ ਅਰੰਭ ਕਰ ਦਿੱਤਾ ਸੀ। ਮਾਤਾ ਸੁੰਦਰੀ ਜੀ ਦੀ ਸ਼ਖ਼ਸੀਅਤ ਵਿੱਚੋਂ ਸਹਿਜ ਅਤੇ ਆਗਿਆਕਾਰੀ ਭਾਵਨਾ ਵਾਲੇ ਗੁਣਾਂ ਦੇ ਦਰਸ਼ਨ ਹੁੰਦੇ ਹਨ ਜਿਨ੍ਹਾਂ ਨੇ ਸਿੱਖਾਂ ਦੇ ਮਨ ਵਿਚ ਗੁਰੂ ਸਾਹਿਬ ਦੇ ਆਦੇਸ਼ਾਂ ਦਾ ਪਾਲਣ ਕਰਨ ਵਿਚ ਹੋਰ ਵਧੇਰੇ ਦ੍ਰਿੜ੍ਹਤਾ ਅਤੇ ਪ੍ਰੇਰਨਾ ਪ੍ਰਦਾਨ ਕੀਤੀ ਸੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਮਾਤਾ ਸੁੰਦਰੀ ਜੀ ਨੇ ਸਿੱਖਾਂ ਨੂੰ ਵਿਦਿਅਕ ਤੌਰ ‘ਤੇ ਪਰਪੱਕ ਕਰਨ ਦਾ ਕਾਰਜ ਅਰੰਭ ਕਰ ਦਿੱਤਾ ਸੀ। ਉਹ ਜਾਣਦੇ ਸਨ ਕਿ ਵਿਦਿਆ ਨੂੰ ਮਨੁੱਖ ਦਾ ਤੀਜਾ ਨੇਤਰ ਮੰਨਿਆ ਜਾਂਦਾ ਹੈ। ਵਿਦਿਆ ਨੇ ਅਗਿਆਨਤਾ ਦੇ ਹਨੇਰੇ ਨੂੰ ਗਿਆਨ ਦੇ ਦੀਵੇ ਨਾਲ ਰੌਸ਼ਨ ਕਰਨਾ ਹੁੰਦਾ ਹੈ। ਸਿੱਖਾਂ ਵਿਚ ਵਿਦਿਆ ਪ੍ਰਾਪਤੀ ਦੀ ਚਿਣਗ ਗੁਰੂ ਸਾਹਿਬਾਨ ਦੇ ਸਮੇਂ ਲੱਗੀ ਸੀ ਤਾਂ ਹੀ ਉਹ ਸਮੇਂ ਦੀ ਗ਼ੁਲਾਮੀ ਤੋਂ ਆਜ਼ਾਦ ਹੋਣ ਵੱਲ ਰੁਚਿਤ ਹੋਏ ਸਨ । ਬੰਦਾ ਸਿੰਘ ਬਹਾਦਰ ਤੋਂ ਬਾਅਦ ਜਦੋਂ ਸਿੱਖ ਅਤਿ ਸੰਕਟ ਦੀ ਘੜੀ ਵਿੱਚੋਂ ਲੰਘ ਰਹੇ ਸਨ ਤਾਂ ਉਸ ਸਮੇਂ ਵਿਦਿਆ ਪ੍ਰਾਪਤੀ ਦਾ ਕਾਰਜ ਸੱਚਾਈ ਤੋਂ ਕੋਹਾਂ ਦੂਰ ਸੀ ਪਰ ਫਿਰ ਵੀ ਸਿੱਖਾਂ ਨੇ ਇਸ ਨੂੰ ਸੱਚ ਕਰ ਦਿਖਾਇਆ ਸੀ। ਗਿਆਨ ਪ੍ਰਾਪਤੀ ਦੀ ਚਿਣਗ ਉਹਨਾਂ ਦੇ ਮਨ ਵਿਚ ਹਮੇਸ਼ਾ ਬਲਦੀ ਰਹੀ ਹੈ। ਜੰਗਲਾਂ ਅਤੇ ਪਹਾੜਾਂ ਵਿਚ ਵੀ ਉਨ੍ਹਾਂ ਦੁਆਰਾ ਗਿਆਨ ਪ੍ਰਾਪਤੀ ਦੀ ਤਾਂਘ ਸਮੇਂ ਦੀਆਂ ਲਿਖਤਾਂ ਵਿੱਚੋਂ ਪ੍ਰਗਟ ਹੁੰਦੀ ਹੈ। ‘ਗੁਰਮੁਖੀ ਅੱਖਰ ਜੇਤੇ ਹੈ ਭਾਈ ਸਿੱਖ ਸਿੱਖ ਤੇ ਸੀਖੇ ਜਾਈ’ ਉਸ ਸਮੇਂ ਇਕ ਮੁਹਾਵਰਾ ਬਣ ਗਿਆ ਸੀ ਜਿਹੜਾ ਸਿੱਖਾਂ ਵਿਚ ਗਿਆਨ ਪ੍ਰਾਪਤ ਕਰਨ ਦੀ ਰੁਚੀ ਪੈਦਾ ਕਰਨ ਲਈ ਕਾਫ਼ੀ ਸੀ । ਗੁਰੂ ਸਾਹਿਬਾਨ ਤੋਂ ਬਾਅਦ ਸਿੱਖਾਂ ਵਿਚ ਗਿਆਨ ਪ੍ਰਾਪਤੀ ਦੀ ਰੁਚੀ ਕਾਇਮ ਰੱਖਣ ਦਾ ਕਾਰਜ ਮਾਤਾ ਸੁੰਦਰੀ ਜੀ ਨੇ ਜਾਰੀ ਰੱਖਿਆ ਸੀ। ਗੁਰੂ ਸਾਹਿਬਾਨ ਰਾਹੀਂ ਸਿੱਖਾਂ ਵਿਚ ਗਿਆਨ ਪ੍ਰਾਪਤੀ ਦੀ ਪੈਦਾ ਹੋਈ ਚਿਣਗ ਨੂੰ ਕਾਇਮ ਰੱਖਣ ਹਿੱਤ ਜਦੋਂ ਭਾਈ ਮਨੀ ਸਿੰਘ ਨੂੰ ਅੰਮ੍ਰਿਤਸਰ ਭੇਜਿਆ ਤਾਂ ਉਥੇ ਵਿਦਿਅਕ ਕੇਂਦਰ ਸਥਾਪਤ ਕਰਨ ਦੀ ਪ੍ਰੇਰਨਾ ਵੀ ਕੀਤੀ। ਭਾਈ ਮਨੀ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤਪਾਨ ਕਰਨ ਦੇ ਨਾਲ-ਨਾਲ ਗੁਰਬਾਣੀ ਅਧਿਐਨ ਵਿਚ ਵਿਸ਼ੇਸ਼ ਰੁਚੀ ਵੀ ਦਿਖਾਈ ਸੀ । ਉਨ੍ਹਾਂ ਦੀ ਏਸੇ ਰੁਚੀ ਕਾਰਨ ਹੀ ਗੁਰੂ ਜੀ ਨੇ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਨ ਸਮੇਂ ਉਨ੍ਹਾਂ ਤੋਂ ਉਸੇ ਤਰ੍ਹਾਂ ਸਹਿਯੋਗ ਲਿਆ ਸੀ ਜਿਸ ਤਰ੍ਹਾਂ ਆਦਿ ਗ੍ਰੰਥ ਦੀ ਤਿਆਰੀ ਕਰਨ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਲਿਆ ਸੀ । ਮਾਤਾ ਜੀ ਨੇ ਭਾਈ ਮਨੀ ਸਿੰਘ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਭੇਜਿਆ ਤਾਂ ਉਥੇ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦਾ ਕਾਰਜ ਅਰੰਭ ਕਰ ਦਿੱਤਾ ਸੀ ਜਿਹੜਾ ਕਿ ਟਕਸਾਲ ਦੇ ਰੂਪ ਵਿਚ ਸਿੱਖ ਜਗਤ ਵਿਚ ਪ੍ਰਸਿੱਧ ਹੈ।
ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਤੌਰ ‘ਤੇ ਚੇਤਨਾ ਪੈਦਾ ਕਰਨ ਵਿਚ ਸਾਹਿਤ ਦੀ ਵਿਸ਼ੇਸ਼ ਭੂਮਿਕਾ ਹੁੰਦੀ ਹੈ। ਮਾਤਾ ਜੀ ਇਸ ਗੱਲ ਤੋਂ ਭਲੀਭਾਂਤ ਜਾਣੂ ਸਨ। ਬਹੁਤ ਸਾਰੇ ਗ੍ਰੰਥ ਸ੍ਰੀ ਅਨੰਦਪੁਰ ਸਾਹਿਬ ਛੱਡਣ ਸਮੇਂ ਸਰਸਾ ਨਦੀ ਦੀ ਭੇਟ ਚੜ੍ਹ ਗਏ ਸਨ, ਉਨ੍ਹਾਂ ਵਿਚ ਦਸਮ ਪਾਤਸ਼ਾਹ ਦੀ ਬਾਣੀ ਵੀ ਮੌਜੂਦ ਸੀ। ਮਾਤਾ ਸੁੰਦਰੀ ਜੀ ਦੀ ਵਿਦਿਅਕ ਰੁਚੀ ਕਾਰਨ ਹੀ ਦਸਮ ਗ੍ਰੰਥ ਅੱਜ ਪੰਥ ਵਿਚ ਮੌਜੂਦ ਹੈ । ਧਾਰਮਿਕ ਅਤੇ ਸਮਾਜਿਕ ਚੇਤਨਾ ਪੈਦਾ ਕਰਨ ਵਾਲੇ ਗ੍ਰੰਥ ਉਹੀ ਵਿਅਕਤੀ ਇਕੱਤਰ ਕਰਵਾ ਸਕਦਾ ਹੈ ਜਿਹੜਾ ਵਿਦਿਆ ਦੇ ਗਿਆਨ ਦੇ ਮਹੱਤਵ ਨੂੰ ਸਮਝਦਾ ਹੋਵੇ ਅਤੇ ਉਹੀ ਵਿਅਕਤੀ ਅਜਿਹੇ ਗ੍ਰੰਥਾਂ ਦੀ ਸੰਭਾਲ ਕਰ ਸਕਦਾ ਹੈ ਜਿਸ ਦੀ ਭਾਵਨਾ ਇਨ੍ਹਾਂ ਗ੍ਰੰਥਾਂ ਨਾਲ ਜੁੜੀ ਹੋਵੇ | ਮਾਤਾ ਸੁੰਦਰੀ ਜੀ ਪੰਥ ਦੀ ਅਜਿਹੀ ਸ਼ਖ਼ਸੀਅਤ ਸਨ ਜਿਹੜੇ ਆਪ ਮਹੱਤਵਪੂਰਨ ਧਾਰਮਿਕ ਅਤੇ ਸਾਹਿਤਕ ਗ੍ਰੰਥਾਂ ਦੇ ਗਿਆਨ ਵਿਚ ਰੁਚੀ ਰੱਖਦੇ ਸਨ ਅਤੇ ਭਾਈ ਮਨੀ ਸਿੰਘ ਉਹ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਇਸ ਕਾਰਜ ਨੂੰ ਆਪਣੇ ਹੱਥਾਂ ਵਿਚ ਲਿਆ ਅਤੇ ਬਿਖੜਾ ਸਮਾਂ ਹੋਣ ਦੇ ਬਾਵਜੂਦ ਵੀ ਇਸ ਕਾਰਜ ਵਿਚ ਲੱਗੇ ਰਹੇ। ਮਾਤਾ ਜੀ ਦੀ ਪ੍ਰੇਰਨਾ ਸਦਕਾ ਭਾਈ ਮਨੀ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨੂੰ ਇਕੱਤਰ ਕਰਵਾਇਆ ਸੀ ਜਿਹੜੀ ਕਿ ਪਹਿਲਾਂ ‘ਵਿਦਿਆ ਸਾਗਰ ਗ੍ਰੰਥ’ ਅਤੇ ਫਿਰ ‘ਦਸਮ ਗ੍ਰੰਥ’ ਦੇ ਨਾਂ ਨਾਲ ਪ੍ਰਸਿੱਧ ਹੋਈ ਹੈ।
ਮਾਤਾ ਸੁੰਦਰੀ ਜੀ ਦੀ ਸ਼ਖ਼ਸੀਅਤ ਦਾ ਇਕ ਪ੍ਰਮੁੱਖ ਅਤੇ ਉੱਘੜਵਾਂ ਪਹਿਲੂ ਇਹ ਹੈ ਕਿ ਉਹਨਾਂ ਨੇ ਸਿੱਖ ਕੌਮ ਨੂੰ ਇਕਮੁੱਠ ਅਤੇ ਇਕਜੁੱਟ ਕਰਨ ਦਾ ਕਾਰਜ ਜਾਰੀ ਰੱਖਿਆ। ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਦਾ ਝਗੜਾ ਪੰਥ ਵਿਚ ਪ੍ਰਸਿੱਧ ਹੈ ਜਿਸ ਵਿਚ ਸਿੱਖ ਕੌਮ ਦੋ ਧੜਿਆਂ ਵਿਚ ਵੰਡੀ ਗਈ। ਸੀ ਅਤੇ ਸਭ ਤੋਂ ਵਧੇਰੇ ਸਤਿਕਾਰਯੋਗ ਅਸਥਾਨ ‘ਤੇ ਭਰਾ-ਮਾਰੂ ਜੰਗ ਅਰੰਭ ਹੋ ਰਹੀ ਸੀ। ਮਾਤਾ ਜੀ ਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਪ੍ਰਭਾਵਸ਼ਾਲੀ ਕਦਮ ਚੁੱਕਦੇ ਹੋਏ ਭਾਈ ਮਨੀ ਸਿੰਘ ਜੀ ਰਾਹੀਂ ਇਹ ਝਗੜਾ ਖ਼ਤਮ ਕਰਵਾ ਦਿੱਤਾ ਸੀ।
ਮਾਤਾ ਸੁੰਦਰੀ ਜੀ ਪੰਜਾਬ ਦੇ ਹਾਲਾਤ ਤੋਂ ਚੰਗੀ ਤਰ੍ਹਾਂ ਜਾਣੂ ਸਨ। ਸਮੁੱਚੇ ਭਾਰਤ ਵਿੱਚੋਂ ਪੰਜਾਬ ਦੇ ਸਿੱਖਾਂ ‘ਤੇ ਸਭ ਤੋਂ ਵਧੇਰੇ ਜ਼ੁਲਮ ਹੋ ਰਿਹਾ ਸੀ। ਸਿੱਖ ਵਿਦਿਆ ਦੇ ਕੇਂਦਰ ਖ਼ਤਮ ਕੀਤੇ ਜਾ ਰਹੇ ਸਨ ਅਤੇ ਜਿਹੜਾ ਵੀ ਸਿੱਖ ਦਿਖਾਈ ਦਿੰਦਾ ਸੀ, ਉਸ ਨੂੰ ਕਤਲ ਕਰ ਦਿੱਤਾ ਜਾਂਦਾ ਸੀ । ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਜਿਹੜੇ ਇਲਾਕਿਆਂ ‘ਤੇ ਕਬਜ਼ਾ ਕੀਤਾ ਸੀ, ਉਨ੍ਹਾਂ ਇਲਾਕਿਆਂ ਵਿੱਚੋਂ ਚੁਣ-ਚੁਣ ਕੇ ਸਿੱਖ ਸ਼ਹੀਦ ਕੀਤੇ ਜਾ ਰਹੇ ਸਨ। ਹਕੂਮਤ ਦੀਆਂ ਨਜ਼ਰਾਂ ਵਿਚ ਵਫ਼ਾਦਾਰ ਸਿੱਧ ਹੋਣ ਲਈ ਸਥਾਨਕ ਲੋਕ ਸਿੱਖਾਂ ਨਾਲ ਨਫ਼ਰਤ ਕਰਨ ਲੱਗੇ ਸਨ । ਸਿੱਖਾਂ ਨੂੰ ਮਾਰਨਾ, ਜ਼ਲੀਲ ਕਰਨਾ ਅਤੇ ਲੋੜ ਪੈਣ ‘ਤੇ ਉਨ੍ਹਾਂ ਵਿਰੁੱਧ ਮੁਖ਼ਬਰੀ ਕਰਨੀ ਉਸ ਸਮੇਂ ਆਮ ਗੱਲ ਸੀ। ਸਥਾਨਕ ਹਾਕਮਾਂ ਦੀ ਨਜ਼ਰ ਚੜ੍ਹਨ ਦਾ ਇਸ ਤੋਂ ਸੌਖਾ ਹੋਰ ਕੋਈ ਤਰੀਕਾ ਨਹੀਂ ਸੀ। ਸਮੇਂ ਦੇ ਹਾਲਾਤ ਨੂੰ ਮੁੱਖ ਰੱਖ ਕੇ ਮਾਤਾ ਸੁੰਦਰੀ ਜੀ ਅਜਿਹੇ ਯਤਨ ਕਰਦੇ ਰਹੇ ਸਨ ਜਿਨ੍ਹਾਂ ਨਾਲ ਸਿੱਖੀ ਦੀ ਸ਼ਾਨ ਕਾਇਮ ਰਹਿ ਸਕੇ। ਉਹਨਾਂ ਨੇ ਦਿੱਲੀ ਨਿਵਾਸ ਦੌਰਾਨ ਜਿਹੜੇ ਸਿੱਖ ਪੰਜਾਬ ਵੱਲ ਭੇਜੇ ਸਨ, ਉਨ੍ਹਾਂ ਵਿਚ ਭਾਈ ਮਨੀ ਸਿੰਘ ਅਤੇ ਸ. ਜੱਸਾ ਸਿੰਘ ਆਹਲੂਵਾਲੀਆ ਪ੍ਰਮੁੱਖ ਹਨ। ਇਨ੍ਹਾਂ ਦੋਵੇਂ ਸ਼ਖ਼ਸੀਅਤਾਂ ਵਿੱਚੋਂ ਭਾਈ ਮਨੀ ਸਿੰਘ ਜੀ ਨੇ ਸ਼ਾਸਤਰ ਵਿਦਿਆ ਵਿਚ ਅਤੇ ਸ. ਜੱਸਾ ਸਿੰਘ ਆਹਲੂਵਾਲੀਆ ਨੇ ਸ਼ਸਤਰ ਵਿਦਿਆ ਵਿਚ ਵਿਲੱਖਣ ਕਾਰਜ ਕੀਤੇ ਸਨ। ਇਹ ਦੋਵੇਂ ਸ਼ਖ਼ਸੀਅਤਾਂ ਆਪਣੇ ਜੀਵਨ ਦੇ ਆਖ਼ਰੀ ਸਮੇਂ ਤੱਕ ਗੁਰਮਤਿ ਸਿਧਾਂਤ ‘ਤੇ ਕਾਇਮ ਰਹੀਆਂ। ਉਨ੍ਹਾਂ ਦਾ ਜੀਵਨ ਮਾਤਾ ਸੁੰਦਰੀ ਜੀ ਦੁਆਰਾ ਗੁਰਮਤਿ ਪ੍ਰਚਾਰ ਅਤੇ ਪ੍ਰਸਾਰ ਵਿਚ ਪਾਏ ਯੋਗਦਾਨ ਦਾ ਪ੍ਰਤੀਕ ਹੈ।
ਮਾਤਾ ਜੀ ਸਮੇਂ ਦੀ ਹਕੂਮਤ ਦੇ ਸਭ ਤੋਂ ਵੱਡੇ ਕੇਂਦਰ ਵਿਚ ਬੈਠੇ ਸਨ ਪਰ ਫਿਰ ਵੀ ਸਿੱਖੀ ਨੂੰ ਪ੍ਰਫੁਲਿਤ ਕਰਨ ਲਈ ਲਗਾਤਾਰ ਯਤਨਸ਼ੀਲ ਸਨ। ਉਹਨਾਂ ਨੇ ਆਪਣੇ ਜੀਵਨ ਵਿਚ ਕੁੱਝ ਅਜਿਹੇ ਨਿਯਮ ਧਾਰਨ ਕਰ ਲਏ ਸਨ। ਜਿਹੜੇ ਸਿੱਖੀ ਦੇ ਪ੍ਰਚਾਰ ਵਿਚ ਤਾਂ ਸਹਾਈ ਸਨ ਪਰ ਸਮੇਂ ਦੀ ਹਕੂਮਤ ਲਈ ਕੋਈ ਖ਼ਤਰਾ ਖੜਾ ਨਹੀਂ ਸਨ ਕਰਦੇ। ਮਾਤਾ ਜੀ ਹਕੂਮਤ ਨਾਲ ਮਿਲ ਕੇ ਨਹੀਂ ਸਨ ਚੱਲ ਰਹੇ ਬਲਕਿ ਉਹ ਅਜਿਹੇ ਸਮੂਹਕ ਕਾਰਜ ਕਰ ਰਹੇ ਸਨ ਜਿਹੜੇ ਭਾਰਤ ਦੇ ਸਮੂਹ ਸਿੱਖਾਂ ਨੂੰ ਇਕਮੁੱਠ ਅਤੇ ਇਕਜੁੱਟ ਕਰਨ ਵਿਚ ਯੋਗਦਾਨ ਪਾਉਂਦੇ ਸਨ।
ਮਾਤਾ ਜੀ ਦੀ ਸ਼ਖ਼ਸੀਅਤ ਵਿੱਚੋਂ ਸਤਿ, ਸੰਤੋਖ, ਦਇਆ, ਨਿਮਰਤਾ ਅਤੇ ਧੀਰਜ ਵਾਲੇ ਗੁਣ ਉਜਾਗਰ ਹੁੰਦੇ ਹਨ ਅਤੇ ਜਿਹੜਾ ਵੀ ਮਾਤਾ ਜੀ ਦੇ ਦਰਸ਼ਨ ਕਰਦਾ, ਉਹ ਮਾਤਾ ਜੀ ਦੇ ਇਨ੍ਹਾਂ ਗੁਣਾਂ ਤੋਂ ਪ੍ਰਭਾਵਿਤ ਹੋਏ ਬਗ਼ੈਰ ਨਾ ਰਹਿੰਦਾ। ਮਾਤਾ ਜੀ ਦੇ ਹੁਕਮਨਾਮਿਆਂ ਵਿੱਚੋਂ ਵੀ ਅਜਿਹੀ ਸ਼ਬਦਾਵਲੀ ਹੀ ਉਜਾਗਰ ਹੁੰਦੀ ਹੈ ਜਿਹੜੀ ਸਮੁੱਚੇ ਖ਼ਾਲਸਾ ਪੰਥ ਨੂੰ ਇਕ ਮਾਂ ਦੀ ਹੋਂਦ ਦਾ ਅਹਿਸਾਸ ਕਰਾਉਂਦੀ ਹੈ ਜਿਵੇਂ ਕਿ ਮਾਤਾ ਜੀ ਲਿਖਦੇ ਹਨ : ‘ਸਿਰੀ ਮਾਤਾ ਜੀ ਦੀ ਆਗਿਆ ਹੈ’, ‘ਤੁਸੀ ਮੇਰੇ ਫਰਜੰਦ ਹੋ’, ‘ਸਿਖਾ ਪੁਤਾ ਦੀ ਸੇਵਾ ਦਾ ਵੇਲਾ ਹੈ’ ਆਦਿ। ਇਹ ਸਾਰੀ ਸ਼ਬਦਾਵਲੀ ਜਿਥੇ ਮਾਤਾ ਜੀ ਦੇ ਖ਼ਾਲਸਾ ਪੰਥ ਨਾਲ ਪ੍ਰੇਮ ਦੀ ਸੂਚਕ ਹੈ, ਉਥੇ ਇਹ ਵੀ ਜਾਣੂ ਕਰਾਉਂਦੀ ਹੈ ਕਿ ਮਾਤਾ ਜੀ ਦੀ ਟੇਕ ਕੇਵਲ ਖ਼ਾਲਸਾ ਪੰਥ ’ਤੇ ਹੀ ਹੈ, ਉਹ ਹਕੂਮਤ ਤੋਂ ਕਿਸੇ ਸਹਾਇਤਾ ਦੀ ਆਸ ਨਹੀਂ ਰੱਖਦੇ ਸਨ।
ਗੁਰੂ ਸਾਹਿਬਾਨ ਨੇ ਸਮਾਜ ਵਿਚ ਸਦਾਚਾਰ ਦੀ ਭਾਵਨਾ ਦੇ ਵਿਕਾਸ ‘ਤੇ ਜ਼ੋਰ ਦਿੱਤਾ ਸੀ। ਸਿੱਖ ਜੀਵਨ-ਜਾਚ ਧਰਮ ਅਤੇ ਸਦਾਚਾਰ ਦੁਆਲੇ ਕੇਂਦਰਿਤ ਰਹੀ ਹੈ। ਗੁਰੂ ਸਾਹਿਬਾਨ ਦੁਆਰਾ ਦਰਸਾਏ ਸਿਧਾਂਤ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਹੀਂ ਪ੍ਰਗਟ ਹੁੰਦੇ ਹਨ। ਮਾਤਾ ਜੀ ਨੇ ਗੁਰਮਤਿ ਦੇ ਇਨ੍ਹਾਂ ਸਿਧਾਂਤਾਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਦ੍ਰਿੜ੍ਹਤਾ ਪੂਰਵਕ ਕਾਰਜ ਕੀਤੇ ਸਨ। ਜਦੋਂ ਮਾਤਾ ਜੀ ਨੂੰ ਇਹ ਪਤਾ ਲੱਗਿਆ ਕਿ ਪਾਲਿਤ ਅਜੀਤ ਸਿੰਘ ਨੇ ਕੇਸ ਕਤਲ ਕਰਵਾ ਦਿੱਤੇ ਹਨ ਤਾਂ ਉਹਨਾਂ ਨੇ ਗੁਰਮਤਿ ਸਿਧਾਂਤਾਂ ਦੀ ਉਲੰਘਣਾ ਕਰਨ ਕਰਕੇ ਉਸ ਨੂੰ ਮੂੰਹ ਨਹੀਂ ਸੀ ਲਾਇਆ। ਧਰਮ ਦੇ ਨਿਯਮਾਂ ਅਤੇ ਸਿਧਾਂਤਾਂ ਵਿਚ ਆਈ ਗਿਰਾਵਟ ਨੂੰ ਮਹਿਸੂਸ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਪ੍ਰਤੀ ਚੇਤਨਾ ਪੈਦਾ ਕਰਨ ਦਾ ਕਾਰਜ ਕੀਤਾ ਸੀ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ “ਧਰਮ ਚਲਾਵਨ ਸੰਤ ਉਬਾਰਨ” ਦਾ ਜੀਵਨ ਉਦੇਸ਼ ਸਿਰਜਿਆ ਸੀ। ਗੁਰੂ ਸਾਹਿਬਾਨ ਦੁਆਰਾ ਸਮਾਜ ਨੂੰ ਧਰਮ ਦੇ ਮਾਰਗ ‘ਤੇ ਤੋਰਨ ਦਾ ਜਿਹੜਾ ਕਾਰਜ ਅਰੰਭਿਆ ਗਿਆ ਸੀ, ਮਾਤਾ ਸੁੰਦਰੀ ਜੀ ਨੇ ਉਸੇ ਨੂੰ ਦ੍ਰਿੜ੍ਹਤਾ ਪੂਰਵਕ ਅੱਗੇ ਤੋਰਿਆ ਸੀ। ਧਰਮ ਦੇ ਸਿਧਾਂਤਾਂ ਨੂੰ ਸਾਹਮਣੇ ਰੱਖ ਕੇ ਨਿਆਂ ਕਰਨ ਦੀ ਇਕ ਮਿਸਾਲ ਉਹਨਾਂ ਦੇ ਹੁਕਮਨਾਮੇ ਵਿੱਚੋਂ ਸਪੱਸ਼ਟ ਹੁੰਦੀ ਹੈ ਜਿਸ ਵਿਚ ਉਹ ਬਗ਼ੈਰ ਕਿਸੇ ਦੀ ਰਿਆਇਤ ਕੀਤੇ ‘ਧਰਮ ਨਿਆਉ’ ਅਨੁਸਾਰ ਫ਼ੈਸਲਾ ਕਰਨ ਦੀ ਪ੍ਰੇਰਨਾ ਕਰਦੇ ਹਨ। ਇਸ ਨੂੰ ਕੇਵਲ ਇਕ ਮਿਸਾਲ ਹੀ ਨਹੀਂ ਸਮਝਣਾ ਚਾਹੀਦਾ ਬਲਕਿ ਇਸ ਰਾਹੀਂ ਤਾਂ ਉਹਨਾਂ ਦੀ ਧਾਰਮਿਕ ਸਿਧਾਂਤਾਂ ਪ੍ਰਤੀ ਦ੍ਰਿੜਤਾ ਅਤੇ ਚੇਤਨਾ ਉਜਾਗਰ ਹੁੰਦੀ ਹੈ ਜਿਹੜੀ ਉਹਨਾਂ ਨੇ ਦੁਨਿਆਵੀ ਜੀਵਨ ਪੰਧ ‘ਤੇ ਚੱਲਦੇ ਹੋਏ ਅਨੇਕਾਂ ਵਾਰੀ ਪ੍ਰਗਟ ਕੀਤੀ ਹੋਣੀ ਹੈ।
ਮਾਤਾ ਸੁੰਦਰੀ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਅਰੰਭੇ ਕਾਰਜਾਂ ਨੂੰ ਅੱਗੇ ਤੋਰਨ ਲਈ ਲਗਾਤਾਰ ਯਤਨਸ਼ੀਲ ਰਹੇ। ਉਹਨਾਂ ਆਪਣੇ ਜੀਵਨ ਦੇ ਅੰਤਿਮ ਸਮੇਂ ਤੱਕ ਗੁਰਸਿੱਖੀ ਨੂੰ ਪ੍ਰਫੁਲਿਤ ਕਰਨ ਵਿਚ ਯੋਗਦਾਨ ਪਾਇਆ। ਇਸ ਮਾਰਗ ‘ਤੇ ਚੱਲਦੇ ਹੋਏ ਉਹਨਾਂ ਨੂੰ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਅਤੇ ਸਮੇਂ ਦੇ ਹਾਲਾਤ ਦੇ ਸਨਮੁੱਖ ਉਹਨਾਂ ਨੂੰ ਕਈ ਵਾਰ ਦਿੱਲੀ ਤੋਂ ਬਾਹਰ ਵੀ ਜਾਣਾ ਪਿਆ ਸੀ, ਪਰ ਅਕਾਲ ਪੁਰਖ ਦੇ ਭਾਣੇ ਵਿਚ ਅਡੋਲ ਉਹ ਆਪਣੇ ਉਦੇਸ਼ ਨੂੰ ਸੰਪੂਰਨ ਕਰਨ ਦਾ ਕਾਰਜ ਕਰਦੇ ਰਹੇ। ਮਾਤਾ ਸੁੰਦਰੀ ਜੀ ਦਾ ਜੀਵਨ ਮੌਜੂਦਾ ਸਮੇਂ ਦੀਆਂ ਬੀਬੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ। ਮਾਤਾ ਜੀ ਨੇ ਜੀਵਨ ਜਿਊਣ ਦਾ ਜਿਹੜਾ ਮਾਰਗ ਚੁਣਿਆ, ਉਹ ਔਖੀ ਚੋਟੀ ‘ਤੇ ਚੜ੍ਹਨ ਸਮਾਨ ਸੀ। ਮਾਤਾ ਜੀ ਦਾ ਜੀਵਨ ਸੰਘਰਸ਼ਮਈ ਅਤੇ ਚੁਣੌਤੀਆਂ ਭਰਪੂਰ ਸੀ। ਅਜਿਹੇ ਸਮੇਂ ਧਰਮ ਦੇ ਮਾਰਗ ‘ਤੇ ਕਿਸ ਤਰ੍ਹਾਂ ਦ੍ਰਿੜ੍ਹ ਰਿਹਾ ਜਾ ਸਕਦਾ ਹੈ, ਸਮਾਜਿਕ ਅਤੇ ਰਾਜਨੀਤਿਕ ਔਕੜਾਂ ਦਾ ਸਾਹਮਣਾ ਕਰਦੇ ਹੋਏ ਅੱਗੇ ਕਿਵੇਂ ਵਧਣਾ ਹੈ, ਭਾਈਚਾਰਕ ਸਾਂਝ ਨੂੰ ਕਿਵੇਂ ਕਾਇਮ ਰੱਖਣਾ ਹੈ, ਇਹ ਕੁੱਝ ਅਜਿਹੇ ਸਵਾਲ ਹਨ ਜਿਨ੍ਹਾਂ ਦਾ ਜਵਾਬ ਮਾਤਾ ਜੀ ਦੇ ਜੀਵਨ ਵਿੱਚੋਂ ਲੱਭਿਆ ਜਾ ਸਕਦਾ ਹੈ ।
ਹੁਕਮਨਾਮੇ ਮਾਤਾ ਸੁੰਦਰੀ ਜੀ
ਹੁਕਮਨਾਮਾ ਫ਼ਾਰਸੀ ਭਾਸ਼ਾ ਦੇ ਸ਼ਬਦ ‘ਹੁਕਮਨਾਮਹ’ ਤੋਂ ਬਣਿਆ ਹੈ ਜਿਸ ਦਾ ਭਾਵ ਹੈ ਆਗਿਆ ਜਾਂ ਆਦੇਸ਼ ਪੱਤਰ। ਇਹ ਆਦੇਸ਼ ਰਾਜੇ ਜਾਂ ਬਾਦਸ਼ਾਹ ਵੱਲੋਂ ਜਾਰੀ ਕੀਤਾ ਜਾਂਦਾ ਸੀ। ਗੁਰੂ ਸਾਹਿਬਾਨ ਵੀ ਸਮੇਂ-ਸਮੇਂ ਆਪਣੇ ਸਿੱਖਾਂ ਨੂੰ ਪੱਤਰ ਲਿਖਦੇ ਸਨ । ਬਾਦਸ਼ਾਹ ਅਤੇ ਗੁਰੂ ਸਾਹਿਬਾਨ ਦੁਆਰਾ ਲਿਖੇ ਜਾਂਦੇ ਆਦੇਸ਼ ਪੱਤਰਾਂ ਵਿਚ ਵੱਡਾ ਫ਼ਰਕ ਇਹ ਹੁੰਦਾ ਸੀ ਕਿ ਬਾਦਸ਼ਾਹ ਦੁਆਰਾ ਜਾਰੀ ਕੀਤਾ ਆਦੇਸ਼ ਪਰਜਾ ਨੂੰ ਮੰਨਣਾ ਜ਼ਰੂਰੀ ਹੁੰਦਾ ਸੀ ਅਤੇ ਉਸ ਆਦੇਸ਼ ਦਾ ਪਾਲਣ ਨਾ ਕਰਨ ਦੀ ਸੂਰਤ ਵਿਚ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਗੁਰੂ ਦਾ ਆਦੇਸ਼ ਪੱਤਰ ਸਿੱਖ ਲਈ ਦੈਵੀ ਹੁਕਮ ਤੋਂ ਘੱਟ ਨਹੀਂ ਸੀ ਹੁੰਦਾ, ਇਸ ਨੂੰ ਨਾ ਮੰਨਣ ਵਾਲੇ ਲਈ ਸਜ਼ਾ ਦਾ ਕੋਈ ਵਿਧਾਨ ਵੀ ਨਹੀਂ ਸੀ ਹੁੰਦਾ ਪਰ ਫਿਰ ਵੀ ਸਿੱਖ ਆਪਣੀ ਇੱਛਾ ਅਨੁਸਾਰ ਇਸ ਦਾ ਇੰਨ-ਬਿੰਨ ਪਾਲਣ ਕਰਦੇ ਸਨ ਅਤੇ ਉਹ ਅਕਸਰ ਇਹ ਆਸ ਕਰਦੇ ਸਨ ਕਿ ਗੁਰੂ ਜੀ ਉਨ੍ਹਾਂ ਨੂੰ ਕੋਈ ਆਦੇਸ਼ ਦੇਣ, ਜਿਸ ਦਾ ਪਾਲਣ ਕਰਕੇ ਉਹ ਗੁਰੂ ਦੀਆਂ ਨਜ਼ਰਾਂ ਵਿਚ ਪ੍ਰਵਾਨ ਹੋ ਸਕਣ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਉਹੀ ਮਨੁੱਖ ਪਰਮਾਤਮਾ ਦੀ ਪ੍ਰਾਪਤੀ ਕਰ ਸਕਦਾ ਹੈ ਜਿਹੜਾ ਸਚਿਆਰਾ ਹੈ। ਇਸੇ ਕਰਕੇ ਸਚਿਆਰਾ ਜੀਵਨ ਨੂੰ ਮਨੁੱਖੀ ਜੀਵਨ ਦਾ ਉਦੇਸ਼ ਮੰਨਿਆ ਗਿਆ ਹੈ। ਸਚਿਆਰਾ ਬਣਨ ਲਈ ਗੁਰੂ ਦਾ ਹੁਕਮ ਮੰਨਣਾ ਜ਼ਰੂਰੀ ਹੈ ਅਤੇ ਇਸੇ ਨੂੰ ਸਿੱਖ ਧਰਮ ਵਿਚ ਸਰਬੋਤਮ ਕਾਰਜ ਮੰਨਿਆ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਰੰਭ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਸਿੱਧ ਅਤੇ ਮਹੱਤਵਪੂਰਨ ਰਚਨਾ ‘ਜਪੁ’ ਬਾਣੀ ਤੋਂ ਹੁੰਦਾ ਹੈ। ਇਸ ਬਾਣੀ ਨੂੰ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਮੰਨਿਆ ਜਾਂਦਾ ਹੈ। ਇਸ ਦਾ ਭਾਵ ਹੈ ਕਿ ਇਸ ਵਿਚ ਜਿਹੜੇ ਵਿਸ਼ੇ ਦ੍ਰਿਸ਼ਟੀਗੋਚਰ ਹੁੰਦੇ ਹਨ, ਗੁਰੂ ਗ੍ਰੰਥ ਸਾਹਿਬ ਵਿਚ ਉਹਨਾਂ ਦਾ ਹੀ ਵਿਸਥਾਰ ਹੈ। ਜਪੁ ਬਾਣੀ ਦੀ ਪਹਿਲੀ ਪਉੜੀ ਵਿਚ ਹੀ ਮਨੁੱਖ ਨੂੰ ਸਚਿਆਰਾ ਜੀਵਨ ਧਾਰਨ ਕਰਨ ਦੀ ਸਿੱਖਿਆ ਪ੍ਰਦਾਨ ਕੀਤੀ ਗਈ ਹੈ। ਤਤਕਾਲੀ ਸਮਾਜ ਵਿਚ ਸਚਿਆਰਾ ਮਨੁੱਖ ਬਣਨ ਦੇ ਜਿੰਨੇ ਵੀ ਤੌਰ-ਤਰੀਕੇ ਪ੍ਰਚੱਲਤ ਸਨ, ਉਨ੍ਹਾਂ ਨੂੰ ਗੁਰੂ ਸਾਹਿਬ ਨੇ ਰੱਦ ਕਰਦੇ ਹੋਏ ਕੇਵਲ ਗੁਰੂ ਦਾ ਹੁਕਮ ਮੰਨਣ ਅਤੇ ਪਰਮਾਤਮਾ ਦੀ ਰਜ਼ਾ ਵਿਚ ਰਹਿਣ ‘ਤੇ ਜ਼ੋਰ ਦਿੱਤਾ ਹੈ :
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥
ਪਰਮਾਤਮਾ ਸਮੁੱਚੀ ਸ੍ਰਿਸ਼ਟੀ ਦਾ ਕਰਤਾ ਹੈ, ਉਸੇ ਦੇ ਹੁਕਮ ਵਿਚ ਇਹ ਸਾਰਾ ਪਸਾਰਾ ਪਸਰਿਆ ਹੋਇਆ ਹੈ। ਉਸ ਦੇ ਹੁਕਮ ਦੀ ਸੋਝੀ ਗੁਰੂ ਦੁਆਰਾ ਹੁੰਦੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ “ਗੁਰੁ ਪਰਮੇਸਰੁ ਏਕੋ ਜਾਣੁ” ‘ਤੇ ਜ਼ੋਰ ਦਿੰਦੇ ਹਨ, ਇਨ੍ਹਾਂ ਅਰਥਾਂ ਵਿਚ ਗੁਰੂ ਦਾ ਹੁਕਮ ਹੀ ਪਰਮਾਤਮਾ ਦਾ ਹੁਕਮ ਹੈ। ਸਿੱਖ ਧਰਮ ਵਿਚ ਰੋਜ਼ਾਨਾ ਹੁਕਮਨਾਮਾ ਲੈਣ ਦੀ ਪਰੰਪਰਾ ਹੈ ਜਿਹੜੀ ਕਿ ਉਹਨਾਂ ਨੂੰ ਅਕਾਲ ਪੁਰਖ ਨਾਲ ਜੋੜਨ ਵਿਚ ਸਹਾਈ ਸਿੱਧ ਹੁੰਦੀ ਹੈ। ਗੁਰੂ ਦੇ ਸ਼ਬਦ ਨੂੰ ਗੁਰੂ ਦਾ ਹੁਕਮ ਮੰਨਣ ਵਾਲੇ ਲਈ ‘ਗੁਰਮੁਖ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ।
ਗੁਰੂ ਸਾਹਿਬਾਨ ਨੇ ਪਰਮਾਤਮਾ ਦਾ ਸੰਦੇਸ਼ ਲੋਕਾਈ ਤੱਕ ਲਿਜਾ ਕੇ ਉਨ੍ਹਾਂ ਨੂੰ ਸਿੱਧੇ ਮਾਰਗ ਪਾਉਣ ਦਾ ਕਾਰਜ ਕੀਤਾ। ਇਸ ਕਾਰਜ ਨੂੰ ਸੰਪੂਰਨ ਕਰਨ ਲਈ ਉਹ ਸਮੇਂ-ਸਮੇਂ ‘ਤੇ ਸਿੱਖਾਂ ਨੂੰ ਹੁਕਮਨਾਮੇ ਭੇਜਦੇ ਰਹੇ ਹਨ। ਕਿਸ ਗੁਰੂ ਸਾਹਿਬ ਤੋਂ ਇਹ ਪਰੰਪਰਾ ਅਰੰਭ ਹੋਈ, ਇਸ ਬਾਰੇ ਪੱਕੀ ਤਰ੍ਹਾਂ ਤਾਂ ਕੁੱਝ ਨਹੀਂ ਕਿਹਾ ਜਾ ਸਕਦਾ ਪਰ ਸਿੱਖ ਵਿਦਵਾਨਾਂ ਨੇ ਜਿਹੜੇ ਹੁਕਮਨਾਮੇ ਸੰਕਲਿਤ ਕੀਤੇ ਹਨ, ਉਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਤੋਂ ਅਰੰਭ ਹੁੰਦੇ ਹਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਬਾਅਦ ਸ੍ਰੀ ਗੁਰੂ ਹਰਿ ਰਾਇ ਸਾਹਿਬ, ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ, ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਮਿਲਦੇ ਹਨ। ਗੁਰੂ ਸਾਹਿਬਾਨ ਤੋਂ ਇਲਾਵਾ ਬਾਬਾ ਗੁਰਦਿੱਤਾ ਜੀ, ਮਾਤਾ ਗੁਜਰੀ ਜੀ, ਬਾਬਾ ਬੰਦਾ ਸਿੰਘ ਬਹਾਦਰ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ ਦੇ ਹੁਕਮਨਾਮੇ ਇਤਿਹਾਸ ਦੇ ਪੰਨਿਆਂ ਦਾ ਹਿੱਸਾ ਹਨ। ਮੌਜੂਦਾ ਸਮੇਂ ਵਿਚ ਪੰਥਕ ਲੋੜਾਂ ਨੂੰ ਮੁੱਖ ਰੱਖ ਕੇ ਪੰਜ ਸਿੰਘ ਸਾਹਿਬਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਦੇ ਹਨ ਜਿਹੜਾ ਸੰਸਾਰ ਭਰ ਵਿਚ ਫੈਲੇ ਹੋਏ ਸਮੁੱਚੇ ਸਿੱਖ ਪੰਥ ‘ਤੇ ਲਾਗੂ ਹੁੰਦਾ ਹੈ।
ਹੁਕਮਨਾਮੇ ਧਰਮ, ਇਤਿਹਾਸ, ਭੂਗੋਲਿਕ ਖਿੱਤੇ, ਸਿੱਖਾਂ ਦੀ ਗੁਰੂ ਪ੍ਰਤੀ ਸ਼ਰਧਾ ਅਤੇ ਨਿਸ਼ਠਾ ਦਾ ਪ੍ਰਗਟਾਵਾ ਕਰਦੇ ਹਨ। ਹੁਕਮਨਾਮਿਆਂ ਦਾ ਸਿੱਖ ਇਤਿਹਾਸ ਦੀਆਂ ਘਟਨਾਵਾਂ ਦਾ ਵਰਣਨ ਕਰਨ ਅਤੇ ਸਿੱਖਾਂ ਦੀ ਜੀਵਨ- ਸ਼ੈਲੀ ਨਿਰਧਾਰਿਤ ਕਰਨ ਵਿਚ ਵਿਸ਼ੇਸ਼ ਯੋਗਦਾਨ ਰਿਹਾ ਹੈ । ਡਾ. ਹਰਿਭਜਨ ਸਿੰਘ ਕਹਿੰਦੇ ਹਨ, “ਗੁਰਬਾਣੀ ਦੀ ਸ਼ੈਲੀ ਗੁਰੂ ਨਾਨਕ ਦੁਆਰਾ ਸੁਨਿਸਚਿਤ ਹੋਈ ਹੈ ਤੇ ਉਪਰੰਤ ਦੂਜੇ ਗੁਰੂ ਸਾਹਿਬਾਨ ਨੇ ਉਸ ਨੂੰ ਪ੍ਰਪੱਕ ਕੀਤਾ। ਜਨਮ ਸਾਖੀ ਦੀ ਪਰੰਪਰਾ ਵਿਚ ਇੱਕੋ ਇਕਾਗਰ ਸ਼ੈਲੀ ਵੀ ਸਥਿਰਤਾ ਦੀ ਗਵਾਹ ਹੈ। ਇਸੇ ਤਰ੍ਹਾਂ ਹੁਕਮਨਾਮਿਆਂ ਦੀ ਇੱਕੋ ਸਥਿਰ ਅਤੇ ਰੂੜ੍ਹ ਸ਼ੈਲੀ ਹੈ। ਜੇ ‘ਸ਼ੈਲੀ ਹੀ ਮਨੁੱਖ ਹੈ’ ਦੇ ਪੁਰਾਣੇ ਅਖਾਉਤ ਵਰਗੇ ਕਥਨ ਨੂੰ ਕਸਵੱਟੀ ਬਣਾਇਆ ਜਾਏ ਤਾਂ ਕਹਿਣਾ ਪਏਗਾ ਕਿ ਹੁਕਮਨਾਮੇ ਸਿੱਖ ਪੰਥ ਦੀ ਸਰਲ ਅਤੇ ਸਵੱਛ ਸ਼ਖ਼ਸੀਅਤ ਦੇ ਗਵਾਹ ਹਨ। ਹੁਕਮਨਾਮਿਆਂ ਵਿਚ ਇਕ ਵੀ ਜਟਿਲ, ਸੰਜੁਗਤ ਜਾਂ ਮਿਸ਼ਰਿਤ ਵਾਕ ਨਹੀਂ ਢੂੰਡਿਆ ਜਾ ਸਕਦਾ । ਸਭ ਵਾਕ ਸਰਲ ਹਨ। ਸਰਲਤਾ ਦਾ ਇਕ ਛਤਰ ਰਾਜ ਹੈ। ਸਵੱਛਤਾ ਤੋਂ ਮੇਰਾ ਮਤਲਬ ਕੱਥ ਦੀ ਸਪੱਸ਼ਟਤਾ ਅਤੇ ਇਕਾਰਥਕਤਾ ਤੋਂ ਹੈ । ਵਾਕਾਂ ਦੀ ਬਣਤਰ ਅਜਿਹੀ ਹੈ ਕਿ ਕਿਸੇ ਵੀ ਸ਼ਬਦ, ਵਾਕਾਂਸ਼ ਜਾਂ ਵਾਕ ਦੇ ਅਰਥ ਵਿਚ ਨਾ ਕੋਈ ਘਾਟ ਹੈ ਨਾ ਵਾਧ, ਨਾ ਰਿਕਤੀ ਹੈ ਨਾ ਅਤਿਰਿਕਤੀ । ਮੁਹਾਵਰੇ ਦੀ ਚੁਸਤੀ ਨਹੀਂ, ਵਾਕ ਬਣਤਰ ਦੀ ਟੇਢ ਨਹੀਂ। ਕਿਸੇ ਸਰਲਚਿਤ ਨੇ ਆਪਣੇ ਮਨ ਦੀ ਸਵੱਛਤਾ ਨੂੰ ਸਹਿਜ ਸੁਭਾਅ ਪ੍ਰਗਟ ਕਰ ਦਿੱਤਾ ਹੈ।”2 ਹੁਕਮਨਾਮਿਆਂ ਦਾ ਸਿੱਖ ਸੰਗਤ ਵਿਚ ਬਹੁਤ ਸਤਿਕਾਰ ਸੀ ਅਤੇ ਇਨ੍ਹਾਂ ਦੇ ਇਸੇ ਮਹੱਤਵ ਕਾਰਨ ਗੁਰੂ ਸਾਹਿਬਾਨ ਦੇ ਨਾਂ ‘ਤੇ ਨਕਲੀ ਹੁਕਮਨਾਮਿਆਂ ਦਾ ਪ੍ਰਚਲਨ ਵੀ ਅਰੰਭ ਹੋ ਗਿਆ ਸੀ। ਇਹ ਨਕਲੀ ਹੁਕਮਨਾਮੇ ਇਸ ਕਰਕੇ ਅਰੰਭ ਹੋਏ ਸਨ ਤਾਂ ਕਿ ਜਿਨ੍ਹਾਂ ਪਰਿਵਾਰਾਂ ਦੇ ਨਾਂ ਉਨ੍ਹਾਂ ਹੁਕਮਨਾਮਿਆਂ ਵਿਚ ਆਏ ਹਨ, ਸਿੱਖ ਉਨ੍ਹਾਂ ਪਰਿਵਾਰਾਂ ਦੀ ਸੇਵਕੀ ਕਰਦੇ ਰਹਿਣ। ਸ. ਸ਼ਮਸ਼ੇਰ ਸਿੰਘ ਅਸ਼ੋਕ ਨੇ ਦੋ ਅਜਿਹੇ ਹੁਕਮਨਾਮੇ ਸਾਹਮਣੇ ਲਿਆਂਦੇ ਹਨ ਜਿਨ੍ਹਾਂ ਵਿਚ ਸਿੱਖਾਂ ਨੂੰ ਪੁਰੋਹਿਤਾਂ ਦੇ ਲੜ ਲਾਉਣ ਦਾ ਆਦੇਸ਼ ਕੀਤਾ ਗਿਆ ਸੀ। ਪਰ ਵਿਦਵਾਨ ਲੇਖਕ ਨੇ ਉਨ੍ਹਾਂ ਦਾ ਪਾਜ ਉਘਾੜਦੇ ਹੋਏ ਸਪੱਸ਼ਟ ਕੀਤਾ ਹੈ ਕਿ “ਇਨ੍ਹਾਂ ਦੇ ਹੁਕਮਨਾਮਿਆਂ ਦਾ ਲਿਖਣ-ਢੰਗ ਸਤਿਗੁਰਾਂ ਦੇ ਹੁਕਮਨਾਮਿਆਂ ਨਾਲ ਨਹੀਂ ਮਿਲਦਾ ਤੇ ਬੋਲੀ ਦਾ ਵੀ ਖ਼ਾਸ ਫ਼ਰਕ ਹੈ। ਭਾਦੋਂ ਵਦੀ 10, ਸਾਲ 1745 ਨੂੰ ਪਹਿਲੇ ਹੁਕਮਨਾਮੇ ਦੇ ਜਾਰੀ ਹੋਣ ਤੋਂ ਪ੍ਰਤੀਤ ਹੁੰਦਾ ਹੈ ਕਿ ਇਨ੍ਹਾਂ ਹੁਕਮਨਾਮਿਆਂ ਦੇ ਲੇਖਕ ਨੂੰ ਸਿੱਖ-ਇਤਿਹਾਸ ਦਾ ਰੰਚਕ ਭਰ ਵੀ ਗਿਆਨ ਨਹੀਂ ਸੀ, ਜਿਸ ਕਰਕੇ ਉਸ ਨੇ ਸੰਮਤ ਲਿਖਣ ਵਿਚ ਸਖ਼ਤ ਗ਼ਲਤੀ ਖਾਧੀ ਅਰ ਮਸੰਦਾਂ ਦਾ ਅਪ੍ਰਾਸੰਗਿਕ ਜਿਹਾ ਜ਼ਿਕਰ ਕਰ ਦਿੱਤਾ।” ਅਜਿਹੇ ਨਕਲੀ ਹੁਕਮਨਾਮਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਸਿੱਖ ਇਤਿਹਾਸਕਾਰਾਂ ਨੇ ਇਨ੍ਹਾਂ ਦੀ ਪੁਣ-ਛਾਣ ਕਰ ਕੇ ਅਸਲ ਹੁਕਮਨਾਮਿਆਂ ਨੂੰ ਉਜਾਗਰ ਕੀਤਾ ਹੈ। ਇਥੇ ਮਾਤਾ ਸੁੰਦਰੀ ਜੀ ਦੇ ਵੀ ਉਨ੍ਹਾਂ ਹੁਕਮਨਾਮਿਆਂ ਬਾਰੇ ਜਾਣਨ ਦਾ ਯਤਨ ਕੀਤਾ ਜਾ ਰਿਹਾ ਹੈ ਜਿਹੜੇ ਡਾ. ਗੰਡਾ ਸਿੰਘ, ਸ਼ਮਸ਼ੇਰ ਸਿੰਘ ਅਸ਼ੋਕ ਅਤੇ ਹੋਰ ਉੱਘੇ ਸਿੱਖ ਵਿਦਵਾਨਾਂ ਦੁਆਰਾ ਸੰਪਾਦਿਤ ਕੀਤੇ ਗਏ ਹਨ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖਾਂ ਦੇ ਜਰਨੈਲ ਵਜੋਂ ਪੰਜਾਬ ਭੇਜਿਆ ਸੀ। ਉਸ ਦੀ ਸ਼ਹਾਦਤ ਉਪਰੰਤ ਸਿੱਖ ਮਾਤਾ ਸੁੰਦਰੀ ਜੀ ਦੀ ਅਗਵਾਈ ਕਬੂਲ ਕਰਨ ਲੱਗੇ ਸਨ। ਇਸ ਦਾ ਸਪੱਸ਼ਟ ਸਬੂਤ ਸਾਨੂੰ ਮਾਤਾ ਸੁੰਦਰੀ ਜੀ ਦੁਆਰਾ ਜਾਰੀ ਕੀਤੇ ਹੁਕਮਨਾਮਿਆਂ ਤੋਂ ਮਿਲਦਾ ਹੈ। ਅਜਿਹਾ ਨਹੀਂ ਕਿ ਮਾਤਾ ਸੁੰਦਰੀ ਜੀ ਹੀ ਸਿੱਖ ਸੰਗਤ ਨੂੰ ਹੁਕਮਨਾਮਾ ਜਾਰੀ ਕਰਦੇ ਰਹੇ ਸਨ, ਮਾਤਾ ਸਾਹਿਬ ਦੇਵਾਂ ਜੀ ਦੁਆਰਾ ਜਾਰੀ ਕੀਤੇ ਹੁਕਮਨਾਮੇ ਵੀ ਮੌਜੂਦ ਹਨ। ਮਾਤਾ ਸਾਹਿਬ ਦੇਵਾਂ ਜੀ ਖ਼ਾਲਸੇ ਦੀ ਮਾਤਾ ਹੋਣ ਕਰਕੇ ਖ਼ਾਲਸਾ ਪੰਥ ਦੇ ਨਾਂ ਹੁਕਮਨਾਮੇ ਜਾਰੀ ਕਰਦੇ ਸਨ ਅਤੇ ਮਾਤਾ ਸੁੰਦਰੀ ਜੀ ਨੇ ਇਹ ਹੁਕਮਨਾਮੇ ਪੰਥਕ ਅਗਵਾਈ ਨੂੰ ਮੁੱਖ ਰੱਖ ਕੇ ਜਾਰੀ ਕੀਤੇ ਹਨ। ਮਾਤਾ ਸੁੰਦਰੀ ਜੀ ਦੁਆਰਾ ਜਾਰੀ ਕੀਤੇ ਨੌਂ ਹੁਕਮਨਾਮੇ ਸਾਹਮਣੇ ਆਏ ਹਨ ਜਿਨ੍ਹਾਂ ਦਾ ਵਿਸ਼ਾ-ਵਸਤੂ ਸਿੱਖ ਧਰਮ ਦੇ ਪ੍ਰਮੁਖ ਸਰੋਕਾਰਾਂ ਨੂੰ ਉਜਾਗਰ ਕਰਦਾ ਹੈ।
ਮਾਤਾ ਸੁੰਦਰੀ ਜੀ ਸਿੱਖ ਸੰਗਤ ਨੂੰ ‘ਸ੍ਰੀ ਅਕਾਲ ਪੁਰਖ ਜੀ ਕਾ ਖ਼ਾਲਸਾ’ ਵਜੋਂ ਸੰਬੋਧਨ ਕਰਦੇ ਸਨ ਅਤੇ ਉਨ੍ਹਾਂ ਨੂੰ ‘ਗੁਰੂ ਗੁਰੂ ਜਪਣਾ ਜਨਮੁ ਸਵਾਰਣਾ’ ਦਾ ਉਪਦੇਸ਼ ਦਿੰਦੇ ਸਨ। ਮਾਤਾ ਜੀ ਸਿੱਖਾਂ ਨੂੰ ‘ਤੁਸਾਡੇ ਸਭੇ ਮਨੋਰਥ ਗੁਰੂ ਪੂਰੇ ਕਰੇਗਾ’ ਦਾ ਅਸ਼ੀਰਵਾਦ ਦਿੰਦੇ ਹੋਏ ਉਨ੍ਹਾਂ ਨੂੰ ‘ਸਿਖਾ ਪੁਤਾ ਦੀ ਸੇਵਾ ਦਾ ਵੇਲਾ’ ਦੀ ਪ੍ਰੇਰਨਾ ਦਿੰਦੇ ਸਨ। ਗੁਰੂ ਸਾਹਿਬਾਨ ਦੇ ਸਮੇਂ ਮਸੰਦ ਦੀਵਾਲੀ ਅਤੇ ਵੈਸਾਖੀ ਮੌਕੇ ਗੁਰੂ-ਦਰਸ਼ਨਾਂ ਨੂੰ ਆਉਂਦੇ ਸਨ ਅਤੇ ਦਸਵੰਧ ਦੀ ਮਾਇਆ ਭੇਟ ਕਰਦੇ ਸਨ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਵਿਚ ਕੁਰੀਤੀਆਂ ਦੇਖੀਆਂ ਤਾਂ ਮਸੰਦ ਪ੍ਰਥਾ ਨੂੰ ਖ਼ਤਮ ਕਰ ਕੇ ਉਹਨਾਂ ਨੇ ਸਮੁੱਚੇ ਖ਼ਾਲਸਾ ਪੰਥ ਨੂੰ ਸਿੱਧੇ ਗੁਰੂ-ਘਰ ਨਾਲ ਸੰਪਰਕ ਕਾਇਮ ਕਰਨ ਦਾ ਆਦੇਸ਼ ਦਿੱਤਾ ਸੀ ਜਿਸ ਦੇ ਸਿੱਟੇ ਵਜੋਂ ਸਿੱਖਾਂ ਵਿਚ ਮੌਜੂਦ ਮਸੰਦ ਪ੍ਰਥਾ ਪੂਰਨ ਤੌਰ ‘ਤੇ ਖ਼ਤਮ ਹੋ ਗਈ ਸੀ ਅਤੇ ਸਿੱਖ ਸਿੱਧੇ ਗੁਰੂ-ਘਰ ਭੇਟਾਵਾਂ ਲੈ ਕੇ ਆਉਣ ਲੱਗੇ ਸਨ। ਮਾਤਾ ਸੁੰਦਰੀ ਜੀ ਵੀ ਸਿੱਧੇ ਤੌਰ ‘ਤੇ ਸੰਗਤ ਨੂੰ ਹੀ ਹੁਕਮਨਾਮਾ ਲਿਖਦੇ ਸਨ ਅਤੇ ਲੋੜ ਅਨੁਸਾਰ ਕਾਰਜ ਕਰਨ ਦੀ ਪ੍ਰੇਰਨਾ ਅਤੇ ਆਦੇਸ਼ ਦਿੰਦੇ ਸਨ । ਹੁਕਮਨਾਮਾ ਜਾਂ ਸੰਦੇਸ਼ ਲਿਜਾਣ ਵਾਲੇ ਨੂੰ ਮੇਵੜਾ’ ਕਿਹਾ ਜਾਂਦਾ ਸੀ । ਮਾਤਾ ਜੀ ਦੇ ਬਹੁਤੇ ਹੁਕਮਨਾਮੇ ਪਟਨਾ ਸਾਹਿਬ ਦੀ ਸੰਗਤ ਦੇ ਨਾਂ ਹਨ। ਉਹਨਾਂ ਦੇ ਹੁਕਮਨਾਮਿਆਂ ਵਿੱਚੋਂ ਮੁਖੀ ਸਿੱਖਾਂ ਦਾ ਪਤਾ ਲੱਗਦਾ ਹੈ। ਜਿਹੜੇ ਵੀ ਸਿੱਖ ਨੂੰ ਜਾਂ ਜਿਸ ਕਾਰਜ ਲਈ ਹੁਕਮਨਾਮਾ ਭੇਜਿਆ ਗਿਆ ਹੈ, ਉਸ ਦਾ ਸਪੱਸ਼ਟ ਵਰਣਨ ਕੀਤਾ ਮਿਲਦਾ ਹੈ। ਜਿਹੜੇ ਮੁਖੀ ਸਿੱਖਾਂ ਦਾ ਜ਼ਿਕਰ ਮਾਤਾ ਜੀ ਦੇ ਹੁਕਮਨਾਮਿਆਂ ਵਿਚ ਆਇਆ ਹੈ, ਉਨ੍ਹਾਂ ਦੇ ਨਾਂ ਇਸ ਪ੍ਰਕਾਰ ਹਨ—ਉਦੇ ਸਿੰਘ, ਅਨੰਦ ਸਿੰਘ, ਆਡਾ ਸਿੰਘ, ਆਢਾ ਸਿੰਘ, ਆਲਮ ਸਿੰਘ, ਸਦਾ ਸਿੰਘ, ਸਾਹਿਬ ਸਿੰਘ, ਸਾਹਿਬ ਰਾਇ, ਸਾਗਰ ਸਿੰਘ, ਸੂਰਤ ਸਿੰਘ, ਸੰਗਤ ਸਿੰਘ, ਸੰਗੋ, ਹੁਕਮ ਸਿੰਘ, ਕਕੂ ਮਲ, ਕਾਨ ਜੀ, ਕਿਰਪਾ ਰਾਮ ਕੌੜਾ, ਗੁਰਦਾਸ ਸਿੰਘ, ਗੁਰਬਖਸ ਸਿੰਘ, ਗੁਰਬਖ਼ਸ਼ ਟਿਕੜੀਆ, ਗੁਲਮਿਹਰ, ਗੁਲਾਬ ਸਿੰਘ, ਗੁਲਾਬ ਰਾਇ, ਗੰਗਾ ਸਿੰਘ, ਚਤਰੁ ਭੋਜ, ਚੇਤ ਸਿੰਘ, ਚੈਨ ਸਿੰਘ, ਛਉਨਾ ਮਲ, ਜਗਤ ਰਾਇ, ਜਗੁ ਸਿੰਘ, ਜਟੂ ਸਿੰਘ, ਜੁਗਨ ਸਿੰਘ, ਦਇਆ ਸਿੰਘ, ਦਇਆ ਰਾਮ, ਦਾਸੂ ਸਿੰਘ, ਦਾਨ ਸਿੰਘ, ਦੁਨਾ, ਦੁਨੀ ਚੰਦ, ਦੇਬੀ ਦਾਸ, ਦੇਵਾ ਸਿੰਘ, ਦੋਧ ਸਿੰਘ, ਨੰਦ ਰੂਪ ਸਿੰਘ, ਨੈਨ ਸੁਖ, ਪਰਾਨ ਸਿੰਘ, ਪੰਜਾਬ ਸਿੰਘ, ਪ੍ਰਾਨ ਸਿੰਘ, ਪ੍ਰੇਮ ਚੰਦ, ਫਤੇ ਚੰਦ, ਫਤੂ ਸਿੰਘ, ਬਹੋੜ ਮਲ, ਬਕਸੀ ਸਿੰਘ, ਬਖਸਿ ਸਿੰਘ, ਬਖਸੀ ਮਲ, ਬਖਤਾਵਰੀ ਸਿੰਘ, ਬਦਲੀ ਸਿੰਘ, ਬਾਘ ਰਾਇ, ਬਾਬੂ ਰਾਇ, ਬਾਲ ਸਿੰਘ, ਬੁਧ ਸਿੰਘ, ਬੁਲਾਕਾ ਸਿੰਘ, ਬਿਗਹਾ ਮਲ, ਬੀਰੂ ਸਿੰਘ, ਬਵਲੀ ਸਿੰਘ, ਭਗਵੰਤ ਸਿੰਘ, ਭਾਗ ਸਿੰਘ, ਭਾਰਾ ਸਿੰਘ, ਭੋਪਤ ਸਿੰਘ, ਮਲ, ਮਨੂ ਸਿੰਘ, ਮਨੀ ਸਿੰਘ, ਮਾਣਕ ਸਿੰਘ, ਮਾਨ ਸਿੰਘ, ਰਾਜਾ ਸਿੰਘ, ਰਾਮ ਸਿੰਘ, ਰਾਮਾ, ਰਾਮਜੀ ਸਿੰਘ, ਰੂਪ ਚੰਦ, ਲਾਲ ਪਾਲਾ, ਲੀਲਾ ਸਿੰਘ, ਵੀਰ ਸਿੰਘ ਆਦਿ।
ਮਾਤਾ ਸੁੰਦਰੀ ਜੀ ਦਾ ਅਕਾਲ ਚਲਾਣਾ 1747 ਈਸਵੀ ਦਾ ਮੰਨਿਆ ਜਾਂਦਾ ਹੈ ਪਰ ਉਹਨਾਂ ਦੁਆਰਾ ਲਿਖੇ ਹੁਕਮਨਾਮੇ 1730 ਈਸਵੀ ਤੱਕ ਮਿਲਦੇ ਹਨ। ਮਾਤਾ ਜੀ ਨੇ ਜਾਂ ਤਾਂ 1730 ਈਸਵੀ ਤੋਂ ਬਾਅਦ ਕੋਈ ਹੁਕਮਨਾਮਾ ਲਿਖਿਆ ਨਹੀਂ ਅਤੇ ਜਾਂ ਫਿਰ ਉਹਨਾਂ ਦੁਆਰਾ ਲਿਖੇ ਹੁਕਮਨਾਮੇ ਸਾਡੇ ਤੱਕ ਪਹੁੰਚੇ ਹੀ ਨਹੀਂ ਹਨ। ਮਾਤਾ ਜੀ ਦੇ ਜਿੰਨੇ ਵੀ ਹੁਕਮਨਾਮੇ ਮਿਲਦੇ ਹਨ, ਉਨ੍ਹਾਂ ਵਿਚ ਤਿੰਨ ਪ੍ਰਮੁੱਖ ਵਿਸ਼ੇਸ਼ਤਾਵਾਂ ਸਾਹਮਣੇ ਆਉਂਦੀਆਂ ਹਨ । ਪਹਿਲੀ, ਮਾਤਾ ਜੀ ਦਸਵੰਧ ਦੀ ਮਾਇਆ ਸੰਗਤ ਨੂੰ ਸਿੱਧੇ ਗੁਰੂ-ਘਰ ਭੇਜਣ ਦੀ ਤਾਕੀਦ ਕਰਦੇ ਸਨ; ਦੂਜੀ, ਧਰਮ ਨੂੰ ਜੀਵਨ ਵਿਚ ਪ੍ਰਮੁੱਖਤਾ ਪ੍ਰਦਾਨ ਕਰਦੇ ਹੋਏ ਹਰ ਕਾਰਜ ਧਰਮ ਦੀ ਨਿਆਈਂ ਕਰਨ ਲਈ ਪ੍ਰੇਰਨਾ ਕਰਦੇ ਹਨ। ਇਸ ਸੰਬੰਧੀ ਉਹਨਾਂ ਵੱਲੋਂ ਭਾਈ ਚੈਨ ਸਿੰਘ, ਭਾਈ ਭੋਪਤ ਸਿੰਘ, ਭਾਈ ਸੰਗਤ ਸਿੰਘ, ਭਾਈ ਆਲਮ ਸਿੰਘ, ਭਾਈ ਮਨੀ ਸਿੰਘ ਆਦਿਕ ਸਿੱਖਾਂ ਨੂੰ ਲਿਖਿਆ ਹੁਕਮਨਾਮਾ ਮਹੱਤਵਪੂਰਨ ਹੈ ਜਿਸ ਵਿਚ ਉਹ ਉਕਤ ਸਿੱਖਾਂ ਨੂੰ ਕਹਿੰਦੇ ਹਨ ਕਿ ‘ਭਾਈ ਲਾਲ ਪਾਲਾ ਤੁਮਾਰੇ ਪਾਸ ਆਏ ਹੈਨ ਭਾਈ ਸੰਗੋ ਨਾਲ ਉਨਕਾ ਲੇਖਾ ਹੈ ਸੋ ਸੰਗੋ ਭੀ ਤੁਮਾਰੇ ਪਾਸ ਆਵਤਾ ਹੈ ਸਰਬਤਿ ਖਾਲਸਾ ਵਾਹਗੁਰੂ ਜੀ ਕਾ ਹੈ ਜੋ ਕਛੁ ਵਾਜਬੀ ਗਲ ਹੋਵੈ ਸੋ ਕਰ ਦੇਵਣੀ ਰਿਆਇਤ ਕਿਸੀ ਕੀ ਨਾਹੀ ਕਰਣੀ ਤੁਮਾਰੇ ਸਭ ਮਨੋਰਥ ਪੂਰੇ ਹੋਨਗੇ ਧਰਮ ਨਿਆਉ ਕਰਕੈ ਫ਼ੈਸਲਾ ਕਰ ਦੇਵਣਾ।’ ਧਰਮ ਨਿਆਉ ਦੇ ਮਾਰਗ ‘ਤੇ ਚੱਲਣ ਦੇ ਨਾਲ-ਨਾਲ ਮਾਤਾ ਜੀ ਦਾ ਇਹ ਆਦੇਸ਼ ਸਿੱਖਾਂ ਨੂੰ ਆਪਸੀ ਪ੍ਰੇਮ ਅਤੇ ਭਾਈਚਾਰੇ ਦੀਆਂ ਤੰਦਾਂ ਮਜ਼ਬੂਤ ਕਰਨ ਵੱਲ ਪ੍ਰੇਰਿਤ ਕਰਦਾ ਹੈ। ਇਸ ਦੇ ਨਾਲ ਹੀ ਇਸ ਹੁਕਮਨਾਮੇ ਦਾ ਇਕ ਵਿਸ਼ੇਸ਼ ਮਹੱਤਵ ਇਹ ਹੈ ਕਿ ਮਾਤਾ ਜੀ ਸਿੱਖਾਂ ਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਪ੍ਰੇਰਨਾ ਕਰਦੇ ਸਨ। ਛੋਟੇ-ਵੱਡੇ ਝਗੜਿਆਂ ਲਈ ਦੁਨਿਆਵੀ ਹਾਕਮਾਂ ਜਾਂ ਅਦਾਲਤਾਂ ਦਾ ਸਹਾਰਾ ਲੈਣਾ ਕਈ ਤਰ੍ਹਾਂ ਦੀਆਂ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਭਾਈਚਾਰਕ ਸਮੱਸਿਆਵਾਂ ਨੂੰ ਜਨਮ ਦੇ ਸਕਦਾ ਹੈ, ਇਸ ਕਰਕੇ ਮਾਤਾ ਜੀ ਧਰਮ ਦੇ ਅਨੁਸਾਰੀ ਹੋ ਕੇ ਆਪਣੇ ਝਗੜੇ ਸੰਗਤ ਵਿਚ ਹੀ ਨਿਬੇੜਨ ਦੀ ਤਾਕੀਦ ਕਰਦੇ ਹਨ। ਮਾਤਾ ਜੀ ਦੀ ਇਹ ਪ੍ਰੇਰਨਾ ਸਿੱਖਾਂ ਨੂੰ ਸੁਤੰਤਰ ਰਹਿਣ ਲਈ ਦਿੱਤਾ ਗਿਆ ਫ਼ੈਸਲਾ ਅਤੇ ਸੰਕੇਤ ਸੀ । ਤੀਜਾ, ਮਾਤਾ ਜੀ ‘ਗ਼ਰੀਬ ਦਾ ਮੂੰਹ ਗੁਰੂ ਕੀ ਗੋਲਕ’ ਜਾਣ ਕੇ ਗੁਰੂ-ਘਰ ਆਉਣ ਵਾਲੀ ਦਸਵੰਧ ਦੀ ਮਾਇਆ ਲੋੜਵੰਦਾਂ ਤੱਕ ਪਹੁੰਚਾਉਣ ਲਈ ਪ੍ਰੇਰਨਾ ਕਰਦੇ ਹਨ। ਮਾਤਾ ਜੀ ਆਪਣੇ ਇਕ ਹੁਕਮਨਾਮੇ ਵਿਚ ਪਟਨੇ ਦੀ ਸੰਗਤ ਨੂੰ ਤਾਕੀਦ ਕਰਦੇ ਹਨ ਕਿ ‘ਪਚੀਸ ਰੂਪਯੈ ਬੇਬੇ ਨੂਪੀ ਕੀ ਲੜਕੀ ਨੋ ਬਿਆਹ ਨੋ ਬਖਸੇ ਹੈਨ ਤੁਸਾਂ ਹੁਕਮ ਦੇਖਦੇ ਪਚੀਸ ਰੁਪਯੇ ਨੂਪੀ ਨੋ ਦੇਵਣੇ ਨਿਹਾਲ ਹੋਵਹੁਗੇ’। ਮਾਤਾ ਜੀ ਦੁਆਰਾ ਕੀਤਾ ਗਿਆ ਇਹ ਆਦੇਸ਼ ਉਹਨਾਂ ਦੀ ਸਮੂਹ ਸਿੱਖਾਂ ਦੀ ਆਰਥਿਕ ਅਤੇ ਸਮਾਜਿਕ ਹਾਲਤ ਬਾਰੇ ਜਾਣਕਾਰੀ ਅਤੇ ਲੋੜਵੰਦ ਸਿੱਖਾਂ ਪ੍ਰਤੀ ਹਮਦਰਦੀ ਅਤੇ ਸਹਾਇਤਾ ਦਾ ਪ੍ਰਗਟਾਵਾ ਕਰਦਾ ਹੈ। ਲੰਗਰ ਲਈ ਦਸਵੰਧ ਦੀ ਮਾਇਆ ਭੇਜਣ ਬਾਰੇ ਕੀਤਾ ਗਿਆ ਮਾਤਾ ਜੀ ਦਾ ਆਦੇਸ਼ ਗੁਰੂ ਸਾਹਿਬਾਨ ਦੁਆਰਾ ਅਰੰਭ ਕੀਤੀ ਗਈ ਸਮਾਜਿਕ ਬਰਾਬਰੀ ਦੀ ਭਾਵਨਾ ਨੂੰ ਸੁਚਾਰੂ ਰੂਪ ਵਿਚ ਨਿਰੰਤਰ ਜਾਰੀ ਰੱਖਣ ਵੱਲ ਸੰਕੇਤ ਕਰਦਾ ਹੈ। ਜਿਸ ਇਲਾਕੇ ਦੀ ਸੰਗਤ ਮਾਤਾ ਜੀ ਨੂੰ ਜਿੰਨੀ ਵੀ ਮਾਇਆ ਭੇਟ ਕਰਦੀ ਸੀ ਜਾਂ ਜਿੰਨੀ ਮਾਇਆ ਭੇਜਣ ਦੀ ਪ੍ਰੇਰਨਾ ਕੀਤੀ ਜਾਂਦੀ ਸੀ, ਉਸ ਦਾ ਜ਼ਿਕਰ ਮਾਤਾ ਜੀ ਦੇ ਹੁਕਮਨਾਮਿਆਂ ਵਿਚ ਆਇਆ ਹੈ। ਮਾਇਆ ਪਹੁੰਚਣ ‘ਤੇ ਉਸ ਦੀ ਰਸੀਦ ਭੇਜਣ ਦਾ ਜ਼ਿਕਰ ਵੀ ਮਿਲਦਾ ਹੈ। ਹਰ ਹੁਕਮਨਾਮੇ ਦੇ ਅੰਤ ਵਿਚ ਪੰਕਤੀਆਂ ਦੀ ਗਿਣਤੀ ਅਤੇ ਹੁਕਮਨਾਮਾ ਭੇਜਣ ਦਾ ਸੰਮਤ ਮਿਲਦਾ ਹੈ ਤਾਂ ਕਿ ਕਿਸੇ ਬਦਲਾਉ ਜਾਂ ਸ਼ੱਕ ਦੀ ਕੋਈ ਗੁੰਜਾਇਸ਼ ਬਾਕੀ ਨਾ ਰਹੇ। ਤਤਕਾਲੀ ਸਿੱਖ ਸਮਾਜ ਦੀ ਸਮਾਜਿਕ, ਧਾਰਮਿਕ, ਭੂਗੋਲਿਕ ਅਤੇ ਰਾਜਨੀਤਿਕ ਦ੍ਰਿਸ਼ਟੀ ਤੋਂ ਇਨ੍ਹਾਂ ਹੁਕਮਨਾਮਿਆਂ ਦਾ ਵਿਸ਼ੇਸ਼ ਮਹੱਤਵ ਹੈ।
ਮਾਤਾ ਸੁੰਦਰੀ ਜੀ ਵੱਲੋਂ ਪਟਨੇ ਦੀ ਸੰਗਤ ਨੂੰ ਭੇਜਿਆ ਹੁਕਮਨਾਮਾ ਕੱਤਕ 11, ਸੰਮਤ 1774 ਅਕਤੂਬਰ 12, 1717 ਈ.
(ਲਿਖਾਰੀ ਦੀ ਲਿਖਤ)
ੴਸਤਿਗੁਰੂ ਜੀ ਸਿਰੀ ਮਾਤਾ ਜੀ ਦੀ ਆਗਿਆ ਹੈ ਭਾਈ ਨੰਦ ਰੂਪ ਸਿੰਘ ਭਾਈ ਭਾਗ ਸਿੰਘ ਭਾਈ ਬਕਸੀ ਸਿੰਘ ਭਾਈ ਭਗਵੰਤ ਸਿੰਘ ਭਾਈ ਬੀਰੂ ਸਿੰਘ ਭਾਈ ਆਢਾ ਸਿੰਘ ਭਾਈ ਪੰਜਾਬ ਸਿੰਘ ਭਾਈ ਬੁਲਾਕ ਸਿੰਘ ਭਾਈ ਬਦਲੀ ਸਿੰਘ ਭਾਈ ਸਾਹਿਬ ਸਿੰਘ ਭਾਈ ਸੂਰਤ ਸਿੰਘ ਭਾਈ ਗੁਰਦਾਸ ਸਿੰਘ ਭਾਈ ਬਾਲ ਸਿੰਘ ਭਾਈ ਦੇਬੀ ਦਾਸ ਭਾਈ ਗੁਲਾਬ ਰਾਇ ਸਰਬਤਿ ਸੰਗਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਵਾਸੀ ਪਟਣੇ ਕਾ ਗੁਰੂ ਰ ਖੇਗਾ ਗੁਰੂ ਗੁਰੂ ਜਪਣਾ ਜਨਮੁ ਸਵਾਰਣਾ 200) ਦੁਇ ਸੈ ਰੁਪਈਐ ਲੰਗਰ ਕੇ ਖਰਚ ਵਾਸਤੇ ਤੁਸਾ ਉਪਰ ਫੁਰਮਾ ਇਸ ਹੋਈ ਹੈ ਹੁਕਮ ਦੇਖਦੇ ਹੁੰਡੀ ਕਰਾਇ ਭੇਜਣੀ ਨਿਹਾਲੁ ਹੋਵਹੁਗੇ ਤੁਸਾਡੀ ਖਟੀ ਕਮਾਈ ਵਿਚਿ ਗੁਰੂ ਬਰਕਤਿ ਪਾਵੈ ਗਾ ਤੁਸੀ ਮੇਰੇ ਫਰਜੰਦ ਹੋ ਤੁਸਾ ਉਪਰ ਮੇਰੀ ਬਹੁਤੁ ਖੁਸੀ ਹੈ ਤੁਸਾਡੇ ਸਭੇ ਮਨੋਰਥ ਗੁਰੂ ਪੂਰੇ ਕਰੇਗਾ ਸਿਖਾ ਪੁਤਾ ਦੀ ਸੇਵਾ ਦਾ ਵੇਲਾ ਹੈ ਲੋਚ ਕੇ ਸੇਵਾ ਕਰਹੁਗੇ ਤੁਸਾਡੇ ਸਭੇ ਕਾਰਜ ਗੁ ਰੂ ਪੂਰਾ ਰਾਸ ਕਰੇਗਾ ਅਰੁ ਤੁਸਾਡੀ ਸੇਵਾ ਦਰਗਾਹ ਥਾਇ ਪਵੈ ਗੀ ਸੰਮਤੁ 1774 ਮਿਤੀ ਕਤਕੋ 11 ਸਤਰਾ 16 ਹੁਕਮਨਾਮਾ ਮਾਤਾ ਸੁੰਦਰੀ ਜੀ ਕਾ ਦਿਲੀ ਸੇ ਪਟਣੇ ਵਾਸੀ ਸਰਬਤ ਸਿੰਘੋ ਕਾ ॥੧॥
ਮਾਤਾ ਸੁੰਦਰੀ ਜੀ ਵੱਲੋਂ ਪਟਨੇ ਦੀ ਸੰਗਤ ਨੂੰ ਭੇਜਿਆ ਹੁਕਮਨਾਮਾ ਵੈਸਾਖ 1, ਸੰਮਤ 1778 ਮਾਰਚ 29, 1721 ਈ.
ਮਾਤਾ ਜੀ ਦੀ ਲਿਖਤ) (ਲਿਖਾਰੀ ਦੀ ਲਿਖਤ) ੴ ਸਤਿਗੁਰੂ॥
ਸ੍ਰੀ ਮਾਤਾ ਜੀ ਕੀ ਆਗਿਆ ਹੈ ਭਾਈ ਨੰਦ ਰੂਪ ਸਿੰਘ ਬਰਖੁਰਦਾਰ ਨੰਦ ਸਿੰਘ ਭਾਈ ਭਾਰਾ ਸਿੰਘ ਭਾਈ ਰਾਜਾ ਸਿੰਘ ਭਾਈ ਸਾਹਿਬ ਸਿੰਘ ਭਾਈ ਭਗਵੰਤ ਸਿੰਘ ਭਾਈ ਗੁਲਾਬ ਸਿੰਘ ਭਾਈ ਪੰਜਾਬ ਸਿੰਘ ਭਾਈ ਗੁਰਬਖਸ ਸਿੰਘ ਸ੍ਰਬਤਿ ਖਾਲਸਾ ਸ੍ਰੀ (ਅਕਾਲ ਪੁਰਖ) ਜੀ ਕਾ ਵਾਸੀ ਪਟਣਾ ਵ ਰਕਾਬ ਗੰਜ ਕਾ ਗੁਰੂ ਰਖੈਗਾ ਗੁਰੂ ਗੁਰੂ ਜਪਣਾ ਜਨਮ ਸਵਾਰਣਾ ਭਾਈ ਚੇਤ ਸਿੰਘ ਸਰਕਾਰ ਦਾ ਮੇਵੜਾ ਹਜੂਰ ਆਇ ਪਹੁਤਾ ਅਰਦਾਸ ਤੁਮਾਰੀ ਗੁਜਰਾਨੀ ਸਭ ਹਕੀਕਤਿ ਮਾਲੂਮ ਹੋਈ ਜਬਾਨੀ ਭੀ ਸਭ ਹਕੀਕਤਿ ਭਾਈ ਚੇਤ ਸਿੰਘ ਨੇ ਜਾਹਰ ਕੀਤੀ ਇਸ ਤੇ ਪਿਛੈ ਕਾਰ ਭੇਟ ਸ੍ਰੀ ਗੁਰੂ ਜੀ ਕੇ ਨਮਿਤ ਕੀ ਕਉਡੀ ਦਮੜੀ ਹਜੂਰ ਭੇਜੀ ਸੀ ਸੋ ਮਾਫਕ ਅਰਦਾਸਾਂ ਸਭ ਪਹੁਤਾ ਸ੍ਰਬਤਿ ਖਾਲਸੇ ਨੋ ਬਹੁਤ ਖੁਸੀ ਹੋਈ ਅਗੇ ਭਾਈ ਚੇਤ ਸਿੰਘ ਤੁਸਾਂ ਸ੍ਰਬਤਿ ਖਾਲਸੇ ਪਾਸ ਭੇਜਿਆ ਹੈ ਸ੍ਰੀ ਗੁਰੂ ਜੀ ਕੇ ਨਮਿਤ ਕਾਕਾਰ ਭੇਟ ਸੁਖ ਮਨਤ ਗੋਲਕ ਦਸੌਧ ਚਲੀਆ ਜਿਸ ਸਿਖ ਪਾਸ ਹੈ ਲੰਗਰ ਦੇ ਖਰਚ ਨੋ ਛਿਮਾਹੀ ਕੀ ਛਿਮਾਹੀ ਮਾਰ ਫਤਿ ਚੇਤ ਸਿੰਘ ਕੀ ਹਜੂਰ ਦੇ ਭੇਜਿਆ ਕਰਣਾ ਸਭ ਮਨੋਰਥ ਖਾਲਸੇ ਕੇ ਪੂਰੇ ਹੋਣਗੇ ਕਿਰਤਵਿਚ ਬਰਕਤਿ ਪਵੈਗੀ ਸੁਖਾਲੇ ਰਹੋਗੇ ਤੁਸੀ ਮੇਰੇ ਪੁਤ ਫਰਜੰਦ ਹੋਹੁ ਸੇਵਾ ਦੀ ਵੇਲਾ ਹੈ ਸੇਵਾ ਲੋਚ ਕੇ ਕਰਹੁਗੇ ਨਿਹਾਲ ਹੋਵਹੁਗੇ ਸ੍ਰੀ ਗੁਰੂ ਜੀ ਸਹਾਈ ਹੋਵੈਗਾ ਸਭ ਮਨੋਰਥ ਪੂਰੇ ਹੋਣਗੇ ਅਰਦਾਸ ਹਕੀਕਤਿ ਸੁਖ ਦੀ ਪੈ ਦਰ ਪੈ ਲਿਖਦੇ ਰਹਣਾ ਤੁਸੀ ਮੇਰਾ ਘਰੁ ਹੈ ਸ੍ਰੀ ਜੀ ਸਭਨੀ ਗਲੀ ਰਖਿਆ ਕਰੈ ਸੁਖਾਲਿਆ ਰਖੈ ਚੇਤ ਸਿੰਘ ਕਹੇ ਸੋ ਮਨਣਾ ਦੁਇ ਸੈ ਰੁਪਯਾ ੨੦੦) ਫੁਰਮਾਇਸ ਲੰਗਰ ਕੀ ਤੁਸਾ ਉਪਰ ਲਿਖੀ ਹੈ ਸਤਾਬੀ ਕਾਰ ਫੁਰਮਾਇਸ ਕੀ ਕਠੀ ਕਰਕੇ ਹੁੰਡੀ ਹਜੂਰ ਦੇ ਭੇਜਣੀ ਜੋ ਸਿਖ ਲੋਚ ਕੇ ਕਾਰ ਫੁਰਮਾਇਸ ਕੀ ਦੇਵੇਗਾ ਸੋ ਨਿਹਾਲ ਹੋਵੈਗਾ ਮਿਤੀ ਵੈਸਖੋ ੧ ਸੰਮਤ ੧੭੭੮ ਸਤਰਾਂ ੧੬ ੧੦) ਮੇਵੜੇ ਨੋ ਦੇਣੇ ੨੦੦) ਦੋ ਸੈ ਰੁਪਯੇ ਕੀ ਰਸੀਤ ਮਾਤਾ ਸੁੰਦਰੀ ਜੀ ਮਾਰਫਤ ਚੇਤ ਸਿੰਘ : ੨॥
ਮਾਤਾ ਸੁੰਦਰੀ ਜੀ ਵੱਲੋਂ ਪਟਨੇ ਦੀ ਸੰਗਤ ਨੂੰ ਭੇਜਿਆ ਹੁਕਮਨਾਮਾ ਅੱਸੂ 19, ਸੰਮਤ 1779 ਸਤੰਬਰ 20, 1722 ਈ.
(ਮਾਤਾ ਜੀ ਦੀ ਲਿਖਤ)
(ਲਿਖਾਰੀ ਦੀ ਲਿਖਤ)
ੴਸਤਿਗੁਰੂ ਜੀ
ਸਿਰੀ ਮਾਤਾ ਜੀ ਦੀ ਆਗਿਆ ਹੈ ਭਾਈ ਨੰਦ ਰੂਪ ਸਿੰਘ ਭਾਈ ਅਨੰਦ ਸਿੰਘ ਭਾਈ ਭਾਰਾ ਸਿੰਘ ਭਾਈ ਰਾਮ ਸਿੰਘ ਭਾਈ ਰਾਜਾ ਸਿੰਘ ਭਾਈ ਮਾਨ ਸਿੰਘ ਭਾਈ ਉਦੇ ਸਿੰਘ ਭਾਈ ਸਾਹਬ ਸਿੰਘ ਭਾਈ ਬਖਸਿ ਸਿੰਘ ਭਾਈ ਗੁਰਦਾਸ ਸਿੰਘ ਭਾਈ ਜੁਗਨ ਸਿੰਘ ਭਾਈ ਪਰਾਨ ਸਿੰਘ ਭਾਈ ਪਰਾਨ ਸਿੰਘ ਭਾਈ ਦੇਵਾ ਸਿੰਘ ਭਾਈ ਬੁਧ ਸਿੰਘ ਭਾਈਆਡਾ ਸਿੰਘ ਭਾਈ ਪੰਜਾਬ ਸਿੰਘ ਭਾਈ ਸਦਾ ਸਿੰਘ ਸਰਬਤਿ ਖਾਲਸਾ ਸ੍ਰੀ ਅਕਾਲ ਪੁਰਖ ਜੀ ਕਾ ਵਾਸੀ ਪਟਣੇ ਕਾ ਵ ਰਕਾਬ ਗੰਜ ਕਾ ਗੁਰੂ ਰਖੈਗਾ ਗੁਰੂ ਗੁਰੂ ਜਪਣਾ ਜਨਮ ਸਵਾਰਣਾ ੨੦੦) ਦੁਇ ਸੈ ਰੁਪਯੈ ਲੰਗਰ ਦੇ ਖਰਚ ਨੋ ਤੁਸਾ ਉਪਰ ਫੁਰਮਾਇਸ ਹੋਈ ਹੈ ਹੁਕਮ ਦੇਖਦੇ ਹੁੰਡੀ ਕਰਾਇ ਕੇ ਭਾਈ ਚੇਤ ਸਿੰਘ ਮੇਵੜਾ ਭੇਜਿਆ ਹੈ ਚੇਤ ਸਿੰਘ ਕੀ ਮਾਰਫਤਿ ਹਜੂਰ ਭੇਜਣੀ ਨਿਹਾਲੁ ਹੋਵਹੁਗੇ ਤੁਸਾਡੀ ਖਟੀ ਕਮਾਈ ਵਿਚ ਗੁਰੂ ਬਰਕਤ ਪਾਵੈਗਾ ਅਗੇ ਕਾਰ ਭੇਟ ਸੁਖ ਮਨਤ ਦਸਉਧ ਚੁਲੀਹਾ ਗੋਲਕ ਜੋ ਸ੍ਰੀ ਗੁਰੂ ਜੀ ਕੇ ਨਮਿਤ ਕੀ ਕਉਡੀ ਦਮੜੀ ਹੋਵੈ ਸੋ ਲੰਗਰ ਦੇ ਖਰਚ ਨੋ ਛਮਾਹੀ ਦੀ ਛਮਾਹੀ ਹਜੂਰ ਭੇਜਿਆ ਕਰਣੀ ਤੁਸਾਡਾ ਭਲਾ ਹੋਵੈਗਾ ਤੁਸੀ ਮੇਰੇ ਪੁਤ ਫਰਜੰਦ ਹੋਹੁ ਤੁਸਾਂ ਉਪਰ ਮੇਰੀ ਬਹੁਤ ਖੁਸੀ ਹੈ ਸਿਖਾ ਪੁਤਾ ਦੀ ਸੇਵਾ ਦੀ ਵੇਲਾ ਹੈ ਲੋਚ ਕੇ ਸੇਵਾ ਕਰਹੁਗੇ ਤੁਸਾਡੀ ਸੇਵਾ ਦਰਗਾਹ ਥਾਇ ਪਵੈਗੀ ਤੁਸਾਡੇ ਸਭੇ ਕਾਰਜ ਗੁਰੂ ਪੂਰਾ ਰਾਸ ਕਰੇਗਾ ਅਗੇ ਭਾਈ ਗੁਰਬਖਸ ਸਿੰਘ ਖਾਲਸੇ ਕਾ ਸਿਖੁ ਤੁਸਾ ਪਾਸ ਆਇਆ ਹੈ ਸਿੱਖ ਦਾ ਖਸਮਾਨਾ ਕਰਣਾ ਸਰਕਾਰ ਦਾ ਕੰਮੁ ਹੋਵੈ ਕਹੂ ਭੇਜਣਾ ਹੋਵੈ ਤਾ ਇਤਬਾਰੀ ਸਿਖ ਹੈ ਭੇਜਣਾ ਸਰਕਾਰ ਦਾ ਕੰਮ ਕਰ ਆਵੈਗਾ ਸ੍ਰੀ ਵਾਹਗੁਰੂ ਜੀ ਕਾ ਖਾਲਸਾ ਹੈ ਸੰਮਤ ੧੭੭੯ ਮਿਤੀ ਅਸੂਓ ੧੯ ਸਤਰਾਂ ੧੯
ਮਾਤਾ ਸੁੰਦਰੀ ਜੀ ਵੱਲੋਂ ਪਟਨੇ ਦੀ ਸੰਗਤ ਨੂੰ ਭੇਜਿਆ ਹੁਕਮਨਾਮਾ ਅੱਸੂ 19, ਸੰਮਤ 1779 ਸਤੰਬਰ 20, 1722 ਈ.
(ਮਾਤਾ ਜੀ ਦੀ ਲਿਖਤ)
ੴ ਸਤਿਗੁਰੂ ਜੀ
ਸਰਬਤਿ ਖਾਲਸਾ ਗੁਰੂ ਰਖੈਗਾ
(ਲਿਖਾਰੀ ਦੀ ਲਿਖਤ)
ਰ ਮੇਰੀ ਬਹੁਤ ਖੁਸੀ ਹੈ ਤੁਸਾਡੇ
ਸਭੇ ਮਨੋਰਥ ਗੁਰੂ ਪੂਰੇ ਕ
ਰੇਗਾ ਸਿਖਾ ਪੁਤਾ ਦੀ ਸੇਵਾ
ਦੀ ਵੇਲਾ ਹ ਲੋਚ ਕੇ ਸੇਵਾ ਕ
ਰਹੁਗੇ ਤੁਸਾਡੀ ਸੇਵਾ ਦਰਗਾ
ਹ ਥਾਇ ਪਵੈਗੀ ਤੁਸਾਡੇ ਸਭੇ
ਕਾਰਜ ਗੁਰੂ ਪੂਰਾ ਰਾਸ ਕਰੇਗਾ
ਸੁਖਾਲੇ ਰਹੁਗੇ ਹਰ ਬਾਬ ਰ
ਖਿਆ ਹੋਵੇਗੀ ਸੰਮਤੁ
ੴ ਸਤਿਗੁਰੂ ਜੀ
ਸਿਰੀ ਮਾਤਾ ਜੀ ਦੀ ਆਗਿਆ ਹੈ ਭਾਈ ਨੈਨ ਸੁਖ ਭਾਈ ਫਤੇ ਚੰਦ ਭਾਈ ਕਾਨ ਜੀ ਭਾਈ ਗੁਲਮਿਹਰ ਭਾਈ ਦੁਨੀ ਚੰਦ ਭਾਈ ਬਖਸੀ ਮਲ ਭਾਈ ਸਾਹਿਬ ਰਾਇ ਭਾਈ ਕਕੂ ਮਲ ਭਾਈ ਜਗਤ ਰਾਇ ਭਾਈ ਰੂਪ ਚੰਦ ਭਾਈ ਕਿਰਪਾ ਰਾਮ ਕੌੜਾ ਭਾਈ ਮਲ ਭਾਈ ਬਾਬੂ ਰਾਇ ਭਾਈ ਛਉਨਾ ਮਲ ਭਾਈ ਦਇਆ ਰਾਮ ਭਾਈ ਬਾਘ ਰਾਇ ਭਾਈ ਚਤਰੁ ਭੋਜ ਸਰਬਤਿ ਸੰਗਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਵਾ ਸੀ ਪਟਣੇ ਕਾ ਗੁਰੂ ਰਖੈਗਾ ਗੁਰੂ ਗੁਰੂ ਜਪਣਾ ਜਨਮੁ ਸਵਾਰਨਾ 200) ਦੁਇ ਸੈ ਰੁਪਯੈ ਲੰਗਰ ਦੇ ਖਰਚ ਨੋ ਤੁਸਾ ਉਪਰ ਫੁਰਮਾਇਸ ਹੋਈ ਹੈ ਹੁਕਮ ਦੇ ਖਦੇ ਹੁੰਡੀ ਕਰਾਇ ਕੇ ਭਾਈ ਚੇਤ ਸਿੰਘ ਮੇਵੜਾ ਭੇਜਿਆ ਹੈ ਚੇਤ ਸਿੰਘ ਕੀ ਮਾਰਫਤਿ ਹਜੂਰ ਭੇਜਣੀ ਨਿਹਾਲੁ ਹੋਵਹੁਗੇ ਅਗੇ ਕਾਰ ਭੇਟ ਸੁਖ ਮਨਤ ਦਸਉਧ ਚਲੀਹਾ ਗੋਲਕ ਜੋ ਸ੍ਰੀ ਗੁਰੂ ਜੀ ਕੇ ਨਮਿਤ ਕੀ ਕਉਡੀ ਦਮ ੜੀ ਹੋਵੈ ਸੋ ਲੰਗਰ ਦੇ ਖਰਚ ਨੋ ਛਮਾਹੀ ਦੀ ਛਮਾਹੀ ਹਜੂਰ ਭੇਜਿਆ ਕਰਣੀ ਤੁਸਾਡਾ ਭਲਾ ਹੋਵੈਗਾ ਤੁਸੀ ਮੇਰੇ ਪੁਤ ਫਰਜੰਦ ਹੋਹੁ ਤੁਸਾ ਉਪ ੧੭੭੯ ਮਿਤੀ ਅਸੂਓ ੧੯ ਸਤਰਾ ੨੨
ਮਾਤਾ ਸੁੰਦਰੀ ਜੀ ਵੱਲੋਂ ਗਾਜ਼ੀਪੁਰ ਜਮਾਨੀਆ ਦੀ ਸੰਗਤ ਨੂੰ ਭੇਜਿਆ ਹੁਕਮਨਾਮਾ ਹਾੜ 3, ਸੰਮਤ 1780 ਜੂਨ 2, 1723 ਈ.
(ਮਾਤਾ ਜੀ ਦੀ ਲਿਖਤ)
(ਲਿਖਾਰੀ ਦੀ ਲਿਖਤ)
ੴਸਤਿਗੁਰੂ ਜੀ
ਸਿਰੀ ਮਾਤਾ ਜੀ ਦੀ ਆਗਿਆ ਹੈ ਭਾਈ ਦੋਧ ਸਿੰਘ ਭਾਈ ਬਖਤਾਵਰੀ ਸਿੰਘ ਭਾਈ ਹੁਕਮ ਸਿੰਘ ਭਾਈ ਮਾਣਕ ਸਿੰਘ ਭਾਈ ਰਾਮ ਸਿੰਘ ਭਾਈ ਬਹੋੜ ਮਲ ਭਾਈ ਪ੍ਰੇਮ ਚੰਦ ਭਾਈ ਫਤੂ ਸਿੰਘ ਭਾਈ ਸੰਗਤਿ… ਈ ਦਾਸੂ ਸਿੰਘ ਭਾਈ ਦਇਆ ਸਿੰਘ ਭਾਈ ਗੰਗਾ ਸਿੰਘ ਭਾਈ ਨਿਬ… ਜੀ ਸਿੰਘ ਬਤਿ ਖਾਲਸਾ ਸ੍ਰੀ ਅਕਾਲ ਪੁਰਖ ਜੀ ਕਾ ਵਾਸੀ ਗਾਜੀ ਪੁਰ ਜਮਾਨੀਆ ਕਾ ਗੁਰੂ ਰਖੈਗਾ ਗੁਰੂ ਗੁਰੂ ਜਪਣਾ ਜਨਮ ਸਵਾਰਣਾ ੫੦) ਪਚਾਸ ਰੁਪਯੈ ਲੰਗਰ ਦੇ ਖਰਚ ਨੋ ਤੁਸਾ ਓਪਰ ਫੁਰਮਾਇਸ ਹੋਈ ਹੈ ਹੁਕਮੁ ਦੇਖਦੇ ਹੁੰਡੀ ਕਰਾਇਕੈ ਸਤਾਬੀ ਮਾਰਫਤਿ ਹਜੂਰ ਭੇਜਣੀ ਨਿਹਾਲੁ ਹੋਵਹੁਗੇ ਅਗੇ ਕਾਰ ਭੇਟ ਸੁਖ ਮਨਤ ਦਸੌਧ ਚਲੀਹਾ ਗੋਲਕ ਜੋ ਸ੍ਰੀ ਗੁਰੂ ਜੀ ਕੇ ਨਮਿਤ ਕੀ ਕਉਡੀ ਦਮੜੀ ਹੋਵੇ ਸੋ ਲੰਗਰ ਦੇ ਵਾਸਤੇ ਛਿਹਮਾਹੀ ਕੀ ਛਿਮਾਹੀ ਮੇਵੜੇ ਕੀ ਮਾਰਫਤਿ ਹਜੂਰ ਭੇਜਿਆ ਕਰਨੀ ਤੁਸਾਡਾ ਭਲਾ ਹੋਵੈਗਾ ਤੁਸਾਡੀ ਖਟੀ ਕਮਾਈ ਵਿਚ ਗੁਰੂ ਬਰਕਤ ਪਾਵੈਗਾ ਤੁਸੀ ਮੇਰੇ ਪੁਤ ਫਰਜੰਦ ਹੋਹੁ ਤੁਸਾ ਉਪਰ ਮੇਰੀ ਬਹੁਤ ਖੁਸੀ ਹੈ ਤੁਸਾਡੇ ਸਭੇ ਮਨੋਰਥ ਗੁਰੂ ਪੂਰੇ ਕਰੇਗਾ ਸਿਖਾ ਪੁਤਾ ਦੀ ਸੇਵਾ ਦੀ ਵੇਲਾ ਹੈ ਲੋਚਕੇ ਸੇਵਾ ਕਰਹੁਗੇ ਤੁਸਾਡੀ ਸੇਵਾ ਦਰਗਾਹ ਥਾਇ ਪਵੇਗੀ ਤੁਸਾਡੇ ਸਭੇ ਕਾਰਜ ਗੁਰੂ ਪੂਰਾ ਰਾਸ ਕਰੇਗਾ ਸੰਮਤੁ ੧੭੮੦ ਮਿਤੀ ਹਾੜਹੁ ੩ ਸਤਰਾ ੧੭
ਮਾਤਾ ਸੁੰਦਰੀ ਜੀ ਵੱਲੋਂ ਭਾਈ ਚੈਨ ਸਿੰਘ, ਭਾਈ ਭੋਪਤ ਸਿੰਘ ਆਦਿ ਨੂੰ ਭੇਜਿਆ ਹੁਕਮਨਾਮਾ ਕਤਕ 16, ਸੰਮਤ 1780 ਅਕਤੂਬਰ 18, 1723 ਈ.
(ਮਾਤਾ ਜੀ ਦੀ ਲਿਖਤ)
(ਲਿਖਾਰੀ ਦੀ ਲਿਖਤ)
ੴ ਸਤਿਗੁਰੂ
ਸਿਰੀ ਮਾਤਾ ਜੀ ਦੀ ਆਗਿਆ ਹੈ ਭਾਈ ਚੈਨ ਸਿੰਘ ਭਾ ਈ ਭੋਪਤ ਸਿੰਘ ਭਾਈ ਸੰਗਤ ਸਿੰਘ ਭਾਈ ਆਲਮ ਸਿੰ ਘ ਭਾਈ ਮਨੀ ਸਿੰਘ ਸਰਬਤਿ ਖਾਲਸਾ ਅਕਾਲ ਪੁਰ ਖ ਜੀ ਕਾ ਗੁਰੂ ਰਖੈਗਾ ਗੁਰੂ ਗੁਰੂ ਜਪਣਾ ਜਨਮ ਸਵਾ ਰਣਾ ਭਾਈ ਲਾਲ ਪਾਲਾ ਤੁਮਾਰੇ ਪਾਸ ਆਏ ਹੈਨ ਭਾਈ ਸੰਗੋ ਨਾਲ ਉਨਕਾ ਲੇਖਾ ਹੈ ਸੋ ਸੰਗੋ ਭੀ ਤੁਮਾ ਰੇ ਪਾਸ ਆਵਤਾ ਹੈ ਸਰਬਤਿ ਖਾਲਸਾ ਵਾਹਗੁਰੂ ਜੀ ਕਾ ਹੈ ਜੋ ਕਛੁ ਵਾਜਬੀ ਗਲ ਹੋਵੈ ਸੋ ਕਰ ਦੇ ਵਣੀ ਰਿਆਇਤ ਕਿਸੀ ਕੀ ਨਾਹੀ ਕਰਣੀ ਤੁਮਾ ਰੇ ਸਭ ਮਨੋਰਥ ਪੂਰੇ ਹੋਨਗੇ ਧਰਮ ਨਿਆ ੳ ਕਰਕੈ ਫ਼ੈਸਲਾ ਕਰ ਦੇਵਣਾ ਨਿਹਾਲ ਹੋ ਵਹੁਗੇ ਮੇਰੀ ਖੁਸੀ ਹੈ ਨਿਹਾਲ ਹੋਏ ਬਾਹੜੀ ਹੋਵੈਗੀ ਕਤਕੋ ੧੬ ਸਮਤ ੧੭੮੦ ਸਤਰ ੧੩
ਮਾਤਾ ਸੁੰਦਰੀ ਜੀ ਵੱਲੋਂ ਕਬੀਲਾ ਭਾਈ ਰਾਮੇ ਦੇ ਕਬੀਲੇ ਨੂੰ ਭੇਜਿਆ ਹੁਕਮਨਾਮਾ ਅੱਸੂ 13, 1785 ਬਿ. ਸਤੰਬਰ 13, 1728 ਈ.
(ਮਾਤਾ ਜੀ ਦੀ ਲਿਖਤ)
(ਲਿਖਾਰੀ ਦੀ ਲਿਖਤ)
ੴਸਤਿਗੁਰੂ ਜੀ
ਸਿਰੀ ਮਾਤਾ ਜੀ ਦੀ ਆਗਿਆ ਹੈ ਭਾਈ ਦੁਨਾ ਭਾਈ ਬਿਗਹਾ ਮਲ ਭਾ ਈ ਗੁਰਦਾਸ ਭਾਈ ਰਾਮੇ ਕੇ ਸਰਬਤਿ ਕਬੀਲਾ ਗੁਰੂ ਰਖੈਗਾ ਗੁ ਰੂ ਗੁਰੂ ਜਪਣਾ ਜਨਮੁ ਸਵਾਰਣਾ ੨੧) ਇਕੀ ਰੁਪਯੈ ਤੁਸਾ ਡੇ ਸੂਰੇ ਮੇਵੜੇ ਕੀ ਮਾਰਫਤਿ ਹਜੂਰ ਪਹੁਤੇ ਬਹੁਤੁ ਖੁਸੀ ਹੋਈ ਅਗੇ ਕਾਰ ਭੇਟ ਸੁਖ ਮਨਤ ਦਸਉਧ ਚਲੀਹਾ ਗੋਲਕ ਜੋ ਸ੍ਰੀ ਗੁਰੂ ਜੀ ਕੇ ਨਮਿਤ ਕੀ ਕਉਡੀ ਦਮੜੀ ਹੋਵੈ ਸੋ ਹੁੰਡੀ ਕਰਾਇ ਕੈ ਮੇਵੜੇ ਕੀ ਮਾਰਫਤਿ ਹਜੂਰ ਭੇਜਣੀ ਨਿਹਾਲੁ ਹੋਵਹੁਗੇ ਤੁਸਾ ਡੀ ਖਟੀ ਕਮਾਈ ਵਿਚ ਗੁਰੂ ਬਰਕਤਿ ਪਾਵੇਗਾ ਤੁਸੀ ਮੇਰੇ ਪੁਤ ਫ ਰਜੰਦ ਹੋਹੁ ਤੁਸਾ ਉਪਰ ਮੇਰੀ ਬਹੁਤੁ ਖੁਸੀ ਹੈ ਸਿਖਾ ਪੁਤਾ ਦੀ ਸੇਵਾ ਦੀ ਵੇਲਾ ਹੈ ਲੋਚ ਕੇ ਸੇਵਾ ਕਰਹੁਗੇ ਤੁਸਾਡਾ ਭਲਾ ਹੋਵੇਗਾ ਸੰਮਤ ੧੭੮੫ ਮਿਤੀ ਅਸੂਓ ੧੩ ਸਤਰਾਂ ੧੧
ਮਾਤਾ ਸੁੰਦਰੀ ਜੀ ਵੱਲੋਂ ਪਟਨੇ ਦੀ ਸੰਗਤ ਨੂੰ ਭੇਜਿਆ ਹੁਕਮਨਾਮਾ ਜੇਠ 19, ਸੰਮਤ 1787 ਮਈ 17, 1730 ਈ.
(ਮਾਤਾ ਜੀ ਦੀ ਲਿਖਤ)
(ਲਿਖਾਰੀ ਦੀ ਲਿਖਤ)
ੴ ਸਤਿਗੁਰੂ ਜੀ
ਸਿਰੀ ਮਾਤਾ ਜੀ ਦੀ ਆਗਿਆ ਹੈ ਭਾਈ ਪੰਜਾਬ ਸਿੰਘ ਬਤ ਕਬੀਲਾ ਵਾਸੀ ਪਟਣੇ ਕਾ ਗੁਰੂ ਰਖੈਗਾ ਗੁਰੂ ਗੁਰੂ ਜਪਣਾ ਜ ਨਮੁ ਸਵਾਰਣਾ 21) ਇਕੀਸ ਰੁਪਯੈ ਕੀ ਹੁੰਡੀ ਤੁਸਾ ਭੇਜੀ ਸੋ ਹਜੂਰ ਪਹੁਤੀ ਬਹੁਤ ਖੁਸੀ ਹੋਈ ਅਗੇ ਕਾਰ ਭੇਟ ਸੁਖ ਮਨਤ ਦਸੌਂਧ ਚਲੀਹਾ ਗੋਲਕ ਜੋ ਸ੍ਰੀ ਗੁਰੂ ਜੀ ਕੇ ਨਮਿਤ ਕੀ ਕਉ ਡੀ ਦਮੜੀ ਹੋਵੈ ਸੋ ਹੁੰਡੀ ਕਰਾਇ ਕੈ ਹਜੂਰ ਭੇਜਣੀ ਨਿਹਾ ਲੁ ਹੋਵਹੁਗੇ ਤੁਸਾਡੀ ਖਟੀ ਕਮਾਈ ਵਿਚ ਗੁਰੂ ਬਰਕਤਿ ਪਾ ਵੈਗਾ ਤੁਸੀ ਮੇਰੇ ਪੁਤ ਫਰਜੰਦ ਹੋਹੁ ਤੁਸਾਂ ਉਪਰ ਮੇਰੀ ਬਹੁ ਤੁ ਖੁਸੀ ਹੈ ਤੁਸਾਡੇ ਸਭੇ ਮਨੋਰਥ ਗੁਰੂ ਪੂਰੇ ਕਰੇਗਾ ਸਿਖਾ ਪੁ ਤਾ ਦੀ ਸੇਵਾ ਦੀ ਵੇਲਾ ਹੈ ਲੋਚ ਕੇ ਸੇਵਾ ਕਰਹੁਗੇ ਤੁਸਾਡੀ ਸੇਵਾ ਦਰਗਾਹ ਥਾਇ ਪਵੈਗੀ ਤੁਸਾਡਾ ਭਲਾ ਹੋਵੈਗਾ ਸੰਮਤੁ ੧੭੮੭ ਮਿਤੀ ਜੇਠਹੁ ੧੯ ਸਤਰਾਂ ੧੨
ਮਾਤਾ ਸੁੰਦਰੀ ਜੀ ਵੱਲੋਂ ਪਟਨੇ ਦੀ ਸੰਗਤ ਨੂੰ ਭੇਜਿਆ ਹੁਕਮਨਾਮਾ ਭਾਦੋਂ 9, ਸੰਮਤ 1787 ਅਗਸਤ 10, 1730 ਈ.
(ਮਾਤਾ ਜੀ ਦੀ ਲਿਖਤ)
(ਲਿਖਾਰੀ ਦੀ ਲਿਖਤ)
ੴ ਸਤਿਗੁਰੂ ਜੀ ਸਿਰੀ ਮਾਤਾ ਜੀ ਦੀ ਆਗਿਆ ਹੈ ਭਾਈ ਨੰਦ ਰੂਪ ਸਿੰਘ ਭਾ ਈ ਭਾਈ ਭਾਰਾ ਸਿੰਘ ਭਾਈ ਰਾਜਾ ਸਿੰਘ ਭਾਈ ਬੁਧੂ ਸਿੰ ਘ ਭਾਈ ਮਨੂ ਸਿੰਘ ਭਾਈ ਰਾਮ ਸਿੰਘ ਭਾਈ ਪ੍ਰਾਨ ਸਿੰਘ ਭਾਈ ਵੀਰੂ ਸਿੰਘ ਭਾਈ ਉਦੇ ਸਿੰਘ ਭਾਈ ਲੀਲਾ ਸਿੰਘ ਭਾਈ ਬਦਲੀ ਸਿੰਘ ਭਾਈ ਬਖਸੀ ਸਿੰਘ ਭਾਈ ਗੁਰ ਦਾਸ ਸਿੰਘ ਭਾਈ ਸਾਗਰ ਸਿੰਘ ਭਾਈ ਦੇਵਾ ਸਿੰਘ ਭਾਈ ਸੂ ਰਤ ਸਿੰਘ ਭਾਈ ਰਾਮਜੀ ਸਿੰਘ ਭਾਈ ਜਗੂ ਸਿੰਘ ਭਾਈ ਗੁਰ ਬਖਸ ਟਿਕੜੀਆ ਭਾਈ ਜਟੂ ਸਿੰਘ ਭਾਈ ਦਾਨ ਸਿੰਘ ਸ੍ਰਬਤ ਖਾਲਸਾ ਵਾਸੀ ਪਟਣੇ ਰਕਾਬ ਗੰਜ ਕਾ ਗੁਰੂ ਰਖੈਗਾ ਗੁਰੂ ਗੁਰੂ ਜਪਣਾ ਜਨਮੁ ਸਵਾਰਣਾ ੨੫) ਪਚੀਸ ਰੂਪ ਯੈ ਬੇਬੇ ਨੂਪੀ ਕੀ ਲੜਕੀ ਨੋ ਬਿਆਹ ਨੋ ਬਖਸੇ ਹੈਨ ਤੁਸ ਹੁ ਕਮ ਦੇਖਦੇ ਪਚੀਸ ਰੁਪਯੈ ਨੂਪੀ ਨੋ ਦੇਵਣੇ ਨਿਹਾਲ ਹੋਵ ਹੁਗੇ ਤੁਸਾਡੀ ਖਟੀ ਕਮਾਈ ਵਿਚ ਗੁਰੂ ਬਰਕਤ ਪਾਵੈਗਾ, ਤੁਸੀ ਮੇਰੇ ਪੁਤ ਫਰਜੰਦ ਹੋਹੁ ਤੁਸਾ ਉਪਰ ਮੇਰੀ ਬਹੁਤੁ ਖੁਸੀ ਹੈ ਤੁਸਾਡੇ ਸਭੇ ਮਨੋਰਥ ਗੁਰੂ ਪੂਰੇ ਕਰੇਗਾ ਸਿਖਾ ਪੁਤਾ ਦੀ ਸੇਵਾ ਦੀ ਵੇਲਾ ਹੈ ਲੋਚ ਕੇ ਸੇਵਾ ਕਰਹੁਗੇ ਤੁਸਾਡੀ ਸੇਵਾ ਦਰਗਾਹ ਥਾਇ ਪਵੈਗੀ ਸੰਮਤ ੧੭ ੮੭ ਮਿਤੀ ਭਾਦਹੁ ੯ ਸਤਰਾ ੧੮
ਅੰਤਿਕਾ
ਸੰਸਾਰ ਵਿਚ ਸਮੇਂ-ਸਮੇਂ ਤੇ ਅਰਸ਼ਾਂ ਤੋਂ ਐਸੀਆਂ ਰੂਹਾਂ ਧਰਤੀ ‘ਤੇ ਉਤਰਦੀਆਂ ਹਨ, ਜੋ ਸੰਸਾਰੀ ਜੀਵਾਂ ਦੀ ਜ਼ਿੰਦਗੀ ਵਿਚ ਨਵਾਂ ਰੰਗ ਭਰ ਕੇ ਨਵਾਂ ਮਾਰਗ ਸਾਜਦੀਆਂ ਹਨ। ਖ਼ਾਲਸਾ ਪੰਥ ਦੇ ਸਤਿਕਾਰਯੋਗ ਗੁਰਦੇਵ ਮਾਤਾ ਸੁੰਦਰ ਕੌਰ (ਸੁੰਦਰੀ) ਜੀ ਮਹਾਨ ਸ਼ਖ਼ਸੀਅਤ ਖ਼ਾਲਸਾ ਪੰਥ ਦੀ ਜਿੰਦ ਜਾਨ ਸਿੱਖੀ ਦਾ ਚਾਨਣ-ਮੁਨਾਰਾ ਹਨ। ਉਨ੍ਹਾਂ ਦੇ ਨਵੇਂ ਉਸਰ ਰਹੇ ਜਨਮ ਅਸਥਾਨ ਦੀ ਸੇਵਾ ਜੋ ਕਿ 17 ਮਈ, 2009 ਈਸਵੀਂ ਤੋਂ ਨਿਰੰਤਰ ਚਲੀ ਆ ਰਹੀ ਹੈ। ਜਿਸ ਦੀ ਸੇਵਾ ਆਪ ਖ਼ਾਲਸਾ ਪੰਥ ਨੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਅਤੇ ਸਤਿਕਾਰਯੋਗ ਖ਼ਾਲਸਾ ਪੰਥ ਦੇ ਤਖ਼ਤ ਸਾਹਿਬਾਨਾਂ ਦੇ ਸਿੰਘ ਸਾਹਿਬਾਨਾਂ ਦੁਆਰਾ ਆਪਣੀ ਇਸ ਨਾਚੀਜ਼ ਬੱਚੀ ਦੀ ਝੋਲੀ ਵਿਚ ਪਾ ਕੇ ਬਹੁਤ ਵੱਡਾ ਉਪਕਾਰ ਕੀਤਾ ਹੈ। ਗੁਰਦੇਵ ਮਾਤਾ ਸੁੰਦਰ ਕੌਰ (ਸੁੰਦਰੀ ਜੀ) ਦੀ ਜੀਵਨ-ਕਥਾ ਇਸ ਪੁਸਤਕ ਦੇ ਲੇਖਕ, ਜਿਨ੍ਹਾਂ ਨੇ ਕਰੜੀ ਮਿਹਨਤ ਤੇ ਪੂਰੀ ਖੋਜ-ਪੜਤਾਲ ਕਰਕੇ ਇਹ ਸਾਰਾ ਇਤਿਹਾਸ ਲਿਖਿਆ ਹੈ, ਵੀਰ ਡਾ. ਪਰਮਵੀਰ ਸਿੰਘ ਜੀ ਨੇ ਸੇਵਾ ਪ੍ਰਤੀ ਜਾਨਣ ਲਈ ਚੰਦ ਲਾਈਨਾਂ ਲਿਖਣ ਲਈ ਹੁਕਮ ਕੀਤਾ। ਮੈਂ ਕੋਈ ਲਿਖਾਰੀ ਨਹੀਂ, ਇਸ ਲਈ ਪਹਿਲਾਂ ਹੀ ਖ਼ਿਮਾਂ ਦੀ ਜਾਚਕ ਹਾਂ ਪਤਾ ਹੀ ਨਹੀਂ ਜਦੋਂ ਪਹਿਲੀ ਵਾਰੀ ਇਸ ਅਸਥਾਨ ਦੇ 2006 ਵਿਚ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਸਾਰ ਇੰਝ ਲੱਗਾ ਜਿਵੇਂ ਕੋਈ ਸਦੀਆਂ ਤੋਂ ਗੁਆਂਚੀ ਬਹੁਤ ਹੀ ਕੀਮਤੀ ਵਸਤੂ ਪ੍ਰਾਪਤ ਹੋ ਗਈ ਹੋਵੇ। ਜਿਸ ਦੇ ਲੱਭਣ ਨਾਲ ਜ਼ਿੰਦਗੀ ਦਾ ਅਧੂਰਾ ਮਕਸਦ ਪੂਰਾ ਹੋ ਗਿਆ ਹੋਵੇ ਜਾਂ ਫਿਰ ਇਹ ਜਗ੍ਹਾ ਸਦੀਆਂ ਤੋਂ ਅਵਾਜ਼ ਮਾਰ ਕੇ ਬੁਲਾ ਰਹੀ ਹੋਵੇ। ਉਸ ਸਮੇਂ ਮੇਰੇ ਨਾਲ ਮੇਰੀ ਬੇਟੀ ਬਲਰਾਜ ਕੌਰ ਉਸ ਦੇ ਸਤਿਕਾਰਯੋਗ ਪਿਤਾ ਜੀ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਜੀ ਸਾਡੇ ਵਾਰ-ਵਾਰ ਕਹਿਣ ‘ਤੇ ਇਸ ਅਸਥਾਨ ਦੇ ਦਰਸ਼ਨ ਕਰਾਉਣ ਲਈ ਲਿਆਏ ਸਨ, ਦਰਵਾਜ਼ੇ ‘ਤੇ ਪਹੁੰਚ ਕੇ ਦੋ ਥੜੀਆਂ ਸਨ, ਜਿਨ੍ਹਾਂ ਤੇ ਅਚਨਚੇਤ ਬੈਠ ਕੇ ਇੰਝ ਲੱਗਾ ਜਿਵੇਂ ਕੋਈ ਯਾਤਰਾ ਪ੍ਰਵਾਨ ਤੇ ਸੰਪੂਰਨ ਹੋ ਰਹੀ ਹੋਵੇ। ਸੱਚ ਪੁੱਛੋਂ ਤਾਂ ਆਪਣਾ ਹੀ ਘਰ ਲੱਗ ਰਿਹਾ ਸੀ, ਪਰ ਬੇ- ਅਬਾਦ ਖੰਡਰਾਤ ਜਿਹਾ ਜਿਸ ਦੇ ਦੋ ਕੁ ਅਧੂਰੇ ਕਮਰੇ ਸਨ, ਜਿਨ੍ਹਾਂ ਵਿੱਚੋਂ ਇਕ ਕਮਰੇ ਵਿਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਹੁਕਮਨਾਮੇ ਦੇ ਦਰਸ਼ਨ ਕੀਤੇ ਅਤੇ ਮਨ ਹੀ ਮਨ ਵਿਚ ਅਰਦਾਸ ਕੀਤੀ, ਸਤਿਗੁਰੂ ਜੀ ਕਿਰਪਾ ਕਰਕੇ ਇਸ ਘਰ- ਦਰ ਦੀ ਸੇਵਾ ਦਾ ਦਾਨ ਆਪਣੀ ਬੱਚੀ ਨੂੰ ਬਖ਼ਸ਼ੋ ਜੀ। ਉਸੇ ਹੀ ਵੇਲੇ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਜੀ ਨਾਲ ਬਚਨ ਕੀਤਾ ਕਿ ਇਸ ਗੁਰੂ-ਘਰ ਦੀ ਸੇਵਾ ਸਾਡੀ ਝੋਲੀ ਪਾਉਣੀ ਜੀ। ਉਨ੍ਹਾਂ ਵੱਲੇ ਅਜੀਬ ਤਰ੍ਹਾਂ ਵੇਖਿਆ ਜਿਵੇਂ ਕਹਿ ਰਹੇ ਹੋਣ ਕੇ ਤੁਹਾਨੂੰ ਪਤਾ ਹੈ, ਤੁਸੀਂ ਕੀ ਕਹਿ ਰਹੇ ਹੋ, ਪਰ ਨਾਲ ਹੀ ਉਨ੍ਹਾਂ ਬਚਨ ਕੀਤਾ ਬਹੁਤ ਸਮੇਂ ਤੋਂ ਇਹ ਅਸਥਾਨ ਇਸ ਬਚਨ ਤੇ ਇਸ ਸਮੇਂ ਦੀ ਉਡੀਕ ਵਿਚ ਸੀ, ਉਂਝ ਤਾਂ ਕਈ ਗੁਰ-ਅਸਥਾਨਾਂ ਦੀ ਸੇਵਾ ਦਾਸ ਪਾਸੋਂ ਸਤਿਗੁਰੂ ਜੀ ਨੇ ਲਈ ਹੈ, ਇਹ ਸੇਵਾ ਆਪ ਜੀ ਧੁਰੋਂ ਲਿਖਵਾ ਕੇ ਆਏ ਹੋ। ਬਸ ਇਸਤੋਂ ਬਾਅਦ ਜਲਦੀ ਹੀ ਮੇਰੀ ਜਨਮਦਾਤਾ ਪਵਿੱਤਰ ਆਤਮਾ ਸੰਤ ਸਰੂਪ ਰੱਬੀ ਰੰਗ ਵਿਚ ਰੰਗੀ ਰੂਹ ਸਤਿਕਾਰਯੋਗ ਮਾਤਾ ਜੀ ਗਿਆਨ ਕੌਰ ਜਿਨ੍ਹਾਂ ਦੇ ਬਚਪਨ ਤੋਂ ਹੀ ਸਤਿਕਾਰਯੋਗ ਪਿਤਾ ਜੀ ਸ. ਨਰੰਜਣ ਸਿੰਘ ਜੀ ਲੇਹਲ ਮਾਲ ਅਫ਼ਸਰ ਜੀ ਦੇ ਜੁਆਨ ਅਵਸਥਾ ਵਿਚ ਅਕਾਲ ਚਲਾਣੇ ਮਗਰੋਂ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾਂ ਵਿਚ ਸਤਿਗੁਰੂ ਜੀ ਦੇ ਚਰਨੀਂ ਲਾ ਕੇ ਬੜੀ ਬਾਖ਼ੂਬੀ ਨਾਲ ਪੜ੍ਹਾ ਲਿਖਾ ਕੇ ਆਪਣੇ ਫ਼ਰਜ਼ ਪੂਰੇ ਕੀਤੇ ਸਨ। ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਾਰਨ ਕੈਨੇਡਾ ਤੋਂ ਉਨ੍ਹਾਂ ਦਾ ਸੁਨੇਹਾ ਆਉਣ ‘ਤੇ ਵਾਪਸ ਜਾਣਾ ਪਿਆ । ਉਨ੍ਹਾਂ ਦੀ ਦੋ ਸਾਲ ਸੇਵਾ ਕਰਨ ਦਾ ਮੌਕਾ ਮਿਲਿਆ। ਅੰਤ ਉਹ 2008 ਜਨਵਰੀ, 8 ਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੇ ਅਸਤ ਇੰਡੀਆ ਲਿਆ ਕੇ ਜਲ-ਪ੍ਰਵਾਹ ਕਰਨ ਉਪਰੰਤ ਉਨ੍ਹਾਂ ਦੀ ਯਾਦ ਵਿਚ ਸ੍ਰੀ ਗੁਰੂ ਹਰਿਰਾਇ ਸਾਹਿਬ ਫਾਰ ਵੁਮੈਨ ਕਾਲਜ ਚਬੇਵਾਲ ਵਿਖੇ ਇਕ ਵਿਸ਼ਾਲ ਗਿਆਨ ਸਾਗਰ ਲਾਇਬ੍ਰੇਰੀ ਸਮੁੱਚੀ ਸੇਵਾ ਕਰਵਾਉਣ ਉਪਰੰਤ 17 ਮਈ, ਦਿਨ ਐਤਵਾਰ 2009 ਨੂੰ ਸਾਡੇ ਧਰਮ ਮਾਤਾ ਸੁੰਦਰ ਕੌਰ (ਸੁੰਦਰੀ ਜੀ) ਦੇ ਜਨਮ-ਅਸਥਾਨ ਦਾ ਸ਼ੁਭ ਨੀਂਹ ਪੱਥਰ ਸਤਿਕਾਰਯੋਗ ਤਖ਼ਤ ਸਾਹਿਬਾਨਾਂ ਦੇ ਸਿੰਘ ਸਾਹਿਬਾਨ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ, ਸਿੰਘ ਸਾਹਿਬ ਗਿਆਨ ਤਰਲੋਚਨ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸਾਹਿਬ ਗਿਆਨੀ ਇਕਬਾਲ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ, ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਜੀ ਨੇ ਆਪਣੇ ਕਰ-ਕਮਲਾਂ ਦੁਆਰਾ ਸਤਿਕਾਰਯੋਗ ਸੰਤ ਮਹਾਂਪੁਰਖਾਂ ਨਿਹੰਗ ਸਿੰਘ ਜਥੇਬੰਦੀਆਂ ਦਲਾਂ ਦੇ ਜਥੇਦਾਰ ਸਾਹਿਬਾਨ ਦਮਦਮੀ ਟਕਸਾਲ ਦੇ ਮੁਖੀ ਮਹਾਂਪੁਰਸ਼ ਪੰਥ ਦੀ ਪ੍ਰਮੁੱਖ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਦੀ ਹਾਜ਼ਰੀ ਵਿਚ ਰੱਖਿਆ ਗਿਆ। ਸਿੰਘ ਸਾਹਿਬਾਨ ਤੇ ਸਮੂਹ ਪੰਥਕ ਜਥੇਬੰਦੀਆਂ ਦੇ ਮੁਖੀ ਸਾਹਿਬਾਨ ਸਮੂਹ ਮਹਾਂਪੁਰਖ ਅਤੇ ਸੰਗਤਾਂ ਦੇ ਭਾਰੀ ਇਕੱਠ ਵਿਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਦੇ ਮੁਖੀ ਜ਼ਿੰਦਾ ਸ਼ਹੀਦ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਜੀ ਨੇ ਸਮੂਹ ਸੰਗਤਾਂ ਦੀ ਪ੍ਰਵਾਨਗੀ ਤੇ ਹਾਜ਼ਰੀ ਵਿਚ ਇਹ ਸੇਵਾ ਸੇਵਕਾਂ ਦੀ ਝੋਲੀ ਪਾ ਕੇ ਸਾਡਾ ਸਦੀਆਂ ਦਾ ਸੁਪਨਾ ਸਾਕਾਰ ਕਰ ਦਿੱਤਾ । ਉਸ ਦਿਨ ਤੋਂ ਇਹ ਸੇਵਾ ਨਿਰੰਤਰ ਚਲੀ ਆ ਰਹੀ ਹੈ। ਬੇਅੰਤ ਸਿੱਖ ਸੰਗਤਾਂ ਨੇ ਹੱਥੀਂ ਸੇਵਾ ਕਰ ਕੇ’ ਖ਼ਜ਼ਾਨੇ ਨਾਲ ਸੇਵਾ ਕਰ ਕੇ ਆਪਣਾ ਜੀਵਨ ਤੇ ਕਿਰਤ ਕਮਾਈਆਂ ਸਫਲ ਕੀਤੀਆਂ ਅਤੇ ਕਰ ਰਹੀਆਂ ਹਨ ਗੁਰਦੇਵ ਮਾਤਾ ਸੁੰਦਰ ਕੌਰ ਜੀ ਦੀਆਂ ਖ਼ੁਸ਼ੀਆਂ ਸਦਾ ਹੀ ਇਨ੍ਹਾਂ ਸੰਗਤਾਂ ਦੇ ਸਿਰ ਉਪਰ ਬਣੀਆਂ ਰਹਿਣ ਖ਼ਾਸ ਕਰਕੇ ਜਿਨ੍ਹਾਂ ਨੇ ਇਸ ਅਸਥਾਨ ਲਈ ਜ਼ਮੀਨ ਭੇਟਾ ਕਰਕੇ ਮਾਤਾ ਜੀ ਦੇ ਘਰ ਨੂੰ ਵਿਸ਼ਾਲ ਦੇ ਸੁੰਦਰ ਬਨਾਉਣ ਵਿਚ ਯੋਗਦਾਨ ਪਾਇਆ ਹੈ। ਇਸ ਸੇਵਾ ਵਿੱਚੋਂ ਗੁਰਦੇਵ ਮਾਤਾ ਸੁੰਦਰ ਕੌਰ ਜੀ ਨੇ ਬਹੁਤ ਕੁਝ ਸਿਖਾਇਆ, ਜੋ ਇਸ ਨਿਮਾਣੀ ਜਿੰਦ ਦਾ ਸਰਮਾਇਆ ਬਣਿਆ। ਕਈ ਅਲੌਕਿਕ ਕੌਤਕ ਵੀ ਵਰਤੇ ਜਿਵੇਂ ਕਿ ਕੋਈ ਹੋਰ ਸ਼ਕਤੀ ਹੀ ਇਹ ਸਾਰਾ ਕਾਰਜ ਆਪ ਕਰੀਂ ਜਾ ਰਹੀ ਹੋਵੇ ਤੇ ਮਾਣ ਸਾਡੇ ਵਰਗੇ ਨਿਮਾਣਿਆਂ ਨੂੰ ਦੇ ਰਹੀ ਹੋਵੇ, ਅਸੀਂ ਸੁਆਸ- ਸੁਆਸ ਤੇ ਰੋਮ-ਰੋਮ ਕਰਕੇ ਪੰਥ ਮਾਤਾ ਸੁੰਦਰ ਕੌਰ ਜੀ ਦੇ ਅਤੇ ਆਪ ਸਭ ਗੁਰਸਿੱਖ ਸੰਗਤਾਂ ਦੇ ਧੰਨਵਾਦੀ ਹਾਂ ਅਤੇ ਅਰਜ਼ ਕਰਦੇ ਹਾਂ ਕਿ ਆਪਣਾ ਮਿਹਰ ਭਰਿਆ ਪਵਿੱਤਰ ਹੱਥ ਇਸ ਪਰਿਵਾਰ ਦੇ ਸਿਰ ‘ਤੇ ਰੱਖ ਕੇ ਅਸੀਸਾਂ ਬਖ਼ਸ਼ਿਸ਼ ਕਰਨੀਆਂ ਅਤੇ ਰਹਿੰਦੀ ਸੇਵਾ ਚੜ੍ਹਦੀ ਕਲਾ ਵਿਚ ਰਹਿ ਕੇ ਨੇਪਰੇ ਚੜਾਉਣ ਦਾ ਬਲ ਬਖ਼ਸ਼ਣਾ ਜੀ।
ਯਸ਼ਪਾਲ ਕੌਰ ਕੈਨੇਡਾ
Credit – ਪਰਮਵੀਰ ਸਿੰਘ