ਲੁਬਾਣਿਆਂ ਦਾ ਮੂਲ
ਲੁਬਾਣੇ ਬਣਜਾਰਿਆਂ ਦਾ ਇੱਕ ਤਬਕਾ ਹੈ। ਬਣਜਾਰੇ ਵਾਪਾਰੀ ਹੁੰਦੇ ਹਨ ਤੇ ਵਣਜ ਵਾਪਾਰ ਕਰਦੇ ਹਨ। ਬਣਜਾਰਿਆਂ ਦੀ ਕਿਰਤ ਵਾਪਾਰ ਹੈ ਪਰ ਇਹਨਾਂ ਦੇ ਗੋਤ, ਵੈਸ਼ਾਂ ਦੇ ਵੱਖ-ਵੱਖ ਗੋਤਾਂ ਵਾਂਗ ਅਗਰਵਾਲ, ਮਿੱਤਲ, ਗਰਗ ਆਦਿ ਨਹੀਂ। ਜਿਹੜੇ ਵੀ ਮਨੁੱਖ ਇਨ੍ਹਾਂ ਦੇ ਵਿਸ਼ੇਸ਼ ਵਾਪਾਰ ਵਿੱਚ ਪੈਂਦੇ ਹਨ ਉਹ ਜ਼ਰੂਰੀ ਨਹੀਂ ਕਿ ਉਹ ਵੈਸ਼ ਹੀ ਹੋਣ। ਲੁਬਾਣਿਆਂ ਦੇ ਵਾਪਾਰ ਵਿੱਚ ਵਿਚਰਣ ਵਾਲੇ ਮਨੁੱਖ ਤਕੜੇ, ਨਿਡਰ ਤੇ ਬੇਪਰਵਾਹ ਸੁਭਾਅ ਦੇ ਹੁੰਦੇ ਹਨ। ਬਹੁਤ ਪਿੱਛੇ ਦੂਰ ਪਿਛੋਕੜ ਤੱਕ ਦੇਖਿਆ ਜਾਏ ਤਾਂ ਪ੍ਰਾਪਤ ਤੱਥਾਂ ਅਨੁਸਾਰ ਇਹ ਵੱਖ-ਵੱਖ ਜਾਤਾਂ, ਗੋਤਾਂ ਅਤੇ ਇਲਾਕਿਆਂ ਵਿੱਚੋਂ ਉਠੇ ਹਨ।
ਲੁਬਾਣੇ ਦਾ ਭਾਵ
ਅੱਖਰ ਲੁਬਾਣਾ ਆਪਣੇ ਆਪ ਵਿੱਚ ਬਹੁਤ ਕੁਝ ਸਮੇਟੀ ਬੈਠਾ ਹੈ। ਇਕ ਪ੍ਰਚਲਿਤ ਅਖੌਤ ਅਨੁਸਾਰ ਲੁਬਾਣਿਆਂ ਦਾ ਮੁੱਖ ਵਾਪਾਰ ਲੂਣ ਦੱਸਿਆ ਜਾਂਦਾ ਹੈ ਉਸੇ ਤੋਂ ਇਨ੍ਹਾਂ ਦਾ ਨਾਂ ਲੂਣ-ਬਾਣਾ ਪਿਆ। ਜੋ ਲੁਬਾਣਾ ਬਣ ਗਿਆ। ਭਾਰਤ ਵਿੱਚ ਬਹੁਤਾ ਲੂਣ ਸਾਗਰ ਦੇ ਖਾਰੇ ਪਾਣੀ ਨੂੰ ਹੀ ਸੁਕਾ ਕੇ ਬਣਦਾ ਹੈ ਤੇ ਉਸਨੂੰ ਥਾਉ-ਪਥਾਈਂ ਪਹੁੰਚਾਣ ਵਾਸਤੇ ਲੁਬਾਣੇ ਢੋਆ-ਢੋਆਈ ਦਾ ਕੰਮ ਕਰਦੇ ਹਨ। ਇਹ ਬੜਾ ਵਿਕਟ ਅਤੇ ਜ਼ੁਮੇਵਾਰੀ ਦਾ ਕੰਮ ਹੈ। ਜਿਸ ਨਾਲ ਲੁਬਾਣਿਆਂ ਦਾ ਸੁਭਾਅ, ਸਰੀਰ ਦੀ ਬਣਤਰ, ਵਿਚਾਰ ਤੇ ਵਿਹਾਰ ਦੀ ਘਾੜਤ ਘੜੀ ਗਈ।
ਲੁਬਾਣਿਆਂ ਨੂੰ ਲੋਬਾਣਾ ਕਿਹਾ ਜਾਂਦਾ ਹੈ ਜਿਸਦਾ ਮਤਲਬ ਹੈ ਕਿ ਕਿਸੇ ਨੂੰ ਕੋਈ ਵੀ ਸੌਦਾ (ਬਾਣਾ) ਚਾਹੀਦਾ ਹੋਵੇ ਲੁਬਾਣੇ ਉਸਨੂੰ ਵੱਖ-ਵੱਖ ਵਾਂਛਿਤ ਇਲਾਕਿਆਂ ਵਿੱਚ ਆਪਣੇ ਰੱਥਾਂ, ਘੋੜਾ-ਗੱਡੀਆਂ ਤੇ ਢੋਅ ਕੇ ਲੈ ਜਾਂਦੇ ਸਨ। ਗੱਲ ਬੜੀ ਸਿੱਧੀ ਪੱਧਰੀ ਹੈ ਪਰ ਬੜੀ ਸੁਆਦਲੀ। ਜਿਵੇਂ ਕੋਈ ਕਿਸੇ ਨੂੰ ਪੁੱਛੇ ਕਿ ਭਾਈ ਫਲਾਣਾ ਸੌਦਾ ਤੇਰੇ ਕੋਲ ਹੈ ਤਾਂ ਉੱਤਰ ਹੋਵੇਗਾ ਲੈਬਾਣਾ ਜਾਂ ਲੁਬਾਣਾ। ਭਾਵ ਜਿਹੜਾ ਸੌਦਾ ਜਾਂ ਵੰਨਗੀ ਤੁਹਾਨੂੰ ਚਾਹੀਦੀ ਹੈ ਉਹ ਸਾਡੇ ਕੋਲੋਂ ਲੈ ਸਕਦੇ ਹੋ। ਜਾਂ ਇੰਝ ਕਹੀਏ ਜੋ ਤੁਹਾਨੂੰ ਚਾਹੀਦਾ ਹੈ ਉਹ ਲਉ। ਇਸੇ ਤੋਂ ਅੱਖਰ ਬਣਿਆ ਲੈਬਾਣਾ ਜਾਂ ਲੋਬਾਣਾ।
ਇਨ੍ਹਾਂ ਮਜ਼ਬੂਤ ਜੁੱਸੇ ਤੇ ਮਜ਼ਬੂਤ ਇਰਾਦੇ ਵਾਲੇ ਵਣਜਾਰਿਆਂ ਦਾ ਮੇਰੀ ਜਾਚੇ ਸਭ ਤੋਂ ਢੁੱਕਵਾਂ ਨਾਂ ਲਬੇ-ਆਣਾ ਤੋਂ ਬਣਿਆ ਜਾਪਦਾ ਹੈ। ਲਬੇ ਦਾ ਭਾਵ ਹੈ ਕਿਨਾਰੇ ਜਿਵੇਂ ਲਬੇ-ਸੜਕ ਦਾ ਮਤਲਬ ਹੈ ਸੜਕ ਕਿਨਾਰੇ। ਗੁਰਬਾਣੀ ਵਿੱਚ ਵੀ ਅੱਖਰ ਲਬੇ ਦਾ ਵਿਗੜਿਆ ਰੂਪ ਮਲਵਈ ਉਪਭਾਖਾ ਅਨੁਸਾਰ ਲਵੈ ਬਹੁਤ ਵਾਰ ਆਇਆ ਹੈ ਜਿਵੇਂ
“ਲਵੈ ਨ ਲਾਗਨ ਕਉ ਹੈ ਕਛੂਐ,
ਜਾ ਕਉ ਫਿਰਿ ਇਹੁ ਧਾਵੈ ॥
ਜਾ ਕਉ ਗੁਰਿ ਦੀਨੋ ਇਹੁ ਅੰਮ੍ਰਿਤ,
ਤਿਸ ਹੀ ਕਉ ਬਨਿ ਆਵੈ॥
ਭਾਵ ਕੋਈ ਕੁਝ ਵੀ ਹੋਵੇ ਵਾਹਿਗੁਰੂ ਦੇ ਨੇੜੇ ਤੱਕ ਨਹੀਂ ਪਹੁੰਚ ਸਕਦਾ। ਜਿਸ ਕਾਰਨ ਮਨੁੱਖ ਸਾਰਾ ਜ਼ੋਰ ਲਗਾਈ ਜਾ ਰਹਿਆ ਹੈ। ਇਸ ਪ੍ਰਕਾਰ ਲਵੇ ਦਾ ਮਤਲਬ ਕੋਲ, ਨੇੜੇ, ਕਿਨਾਰੇ ਬਣਿਆ। ਸੋ, ਸਪੱਸ਼ਟ ਹੈ ਅੱਖਰ ਲਵੇ, ਲਬੇ ਤੋਂ ਬਣਿਆ ਹੈ ਜਿਸਦਾ ਭਾਵ ਹੈ ਕਿਨਾਰੇ। ਵਣਜਾਰੇ ਤੇ ਵਾਪਾਰੀਆਂ ਦਾ ਟੋਲਾ ਜ਼ਿਆਦਾਤਰ ਦਰਿਆਵਾਂ ਦੇ ਕਿਨਾਰੇ ਜਾਂ ਲਬੇ-ਦਰਿਆ ਆਪਣਾ ਵਸੇਬਾ ਰੱਖਿਆ ਕਰਦੇ ਸਨ। ਆਣਾ ਦਾ ਮਤਲਬ ਹੈ ਵਾਲਾ। ਲੋਧੀਆਂ ਨੇ ਨਗਰ ਵਸਾਇਆ, ਉਸਦਾ ਨਾਂ ਲੁਧਿਆਣਾ ਹੋ ਗਿਆ ਭਾਵ ਲੋਧੀਆਂ ਵਾਲਾ। ਸਿੱਖ ਇਤਿਹਾਸ ਦੇ ਇਕ ਮਸ਼ਹੂਰ ਸਿੱਖ ਭਾਈ ਬੰਨੇ ਹੋਏ ਹਨ ਉਨ੍ਹਾਂ ਦੇ ਖਾਨਦਾਨ ਵਾਲਿਆਂ ਨੂੰ ਬੰਨੋਆਣਾ ਆਖਦੇ ਹਨ। ਇੰਝ ਹੀ ਜਿਹੜੀ ਕੋਈ ਵਸਤ ਕਿਸੇ ਖਾਨਦਾਨ ਦੀ ਸਾਂਝੀ ਹੋਵੇ ਜਾਂ ਦਾਦੇ-ਪੜਦਾਦੇ ਤੇ ਬਾਬਿਆਂ ਤੋਂ ਚਲੀ ਆ ਰਹੀ ਹੋਵੇ ਉਸ ਚੀਜ਼ ਜਾਂ ਜਾਇਦਾਦ ਨੂੰ ਬਾਬੇਆਣੀ ਆਖਦੇ ਹਾਂ। ਇਸ ਸੰਬੰਧ ਵਿੱਚ ਗੁਰਬਾਣੀ ਦੀ ਇਕ ਬੜੀ ਮੂੰਹ-ਚੜੀ ਪਵਿੱਤਰ ਤੁਕ ਹੈ,
“ਬਾਬਾਣੀਆਂ ਕਹਾਣੀਆਂ, ਪੁੱਤ, ਸਪੁੱਤ ਕਰੇਨਿ॥
‘ਭਾਵ ਬਾਬੇ ਵਾਲੀਆਂ ਕਹਾਣੀਆਂ ਸੁਣਨ ਨਾਲ ਸਾਡਾ ਮਨ, ਮਾਨ ਤੇ ਗੌਰਵ ਨਾਲ ਭਰ ਜਾਂਦਾ ਹੈ ਅਤੇ ਉਨ੍ਹਾਂ ਨੂੰ ਸੁਣਨ ਵਾਲੇ ਪੁੱਤਰ, ਚੰਗੇ ਪੁੱਤਰ ਭਾਵ ਸਪੁੱਤਰ ਬਣ ਜਾਂਦੇ ਹਨ। ਬਿਲਕੁਲ ਇਸੇ ਤਰ੍ਹਾਂ ਦਰਿਆਵਾਂ ਦੇ ਕਿਨਾਰੇ, ਲਬੇ ਦਰਿਆ ਵੱਸਣ ਵਾਲੇ ਇਹ ਵਾਪਾਰੀ ਤੇ ਵਣਜਾਰੇ ਲਬੇਆਣਾ ਕਹਿਲਾਉਂਦੇ ਹਨ ਜਿਸਦਾ ਅਜੋਕਾ ਅੱਖਰ ਲੁਬਾਣਾ ਬਣ ਗਿਆ। ਹੈ। ਇਨ੍ਹਾਂ ਨੇ ਦਰਿਆਵਾਂ ਦੇ ਕਿਨਾਰੇ ਰਹਿਣਾ ਕਿਉਂ ਚੁਣਿਆ ਉਸਦਾ ਇਤਿਹਾਸਕ ਤੇ ਭੂਗੋਲਿਕ ਪਿਛੋਕੜ ਅਸੀ ਅੱਗੇ ਵਿਸਤਾਰ ਨਾਲ ਦੇਣ ਦਾ ਉਪਰਾਲਾ ਕਰਾਂਗੇ।
ਕਿਰਤ ਦੀ ਬਿਰਤ, ਮੂਲ ਤੇ ਸੁਭਾਅ
ਵਪਾਰਕ ਤਬਕਾ ਜਿਸ ਤਰ੍ਹਾਂ ਦੇਸ ਵਿਦੇਸ਼ ਦੇ ਕੋਨੇ-ਕੋਨੇ ਵਿੱਚ ਫੈਲਿਆ ਹੋਇਆ। ਹੈ ਇਸੇ ਹੀ ਤਰ੍ਹਾਂ ਵਣਜਾਰੇ-ਲੁਬਾਣੇ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਫੈਲੇ ਹੋਏ ਹਨ। ਇੱਥੇ ਅਸੀ ਇਹ ਦੇਖਣਾ ਹੈ ਕਿ ਇਹ ਮੁੱਖ ਤੌਰ ਤੇ ਕਿਹੜੇ-ਕਿਹੜੇ ਇਲਾਕਿਆਂ ਵਿੱਚੋਂ ਉੱਠ ਕੇ ਆਏ ਹਨ। ਪੰਜਾਬ ਦੇ ਕੁਝ ਕੁ ਲੁਬਾਣੇ ਹਾਲ ਦੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਵਸਦੇ ਸਨ ਤੇ ਉੱਥੋਂ ਦਾ ਮਾਲ ਤੇ ਖਾਸ ਕਰਕੇ ਫਲ-ਫਰੂਟ ਤੇ ਕੁਦਰਤੀ ਉਪਜਾਂ ਨੂੰ ਢੋਅ ਕੇ ਮੈਦਾਨਾਂ ਵਿੱਚ ਪਹੁੰਚਾਇਆ ਕਰਦੇ ਸਨ। ਪਹਾੜਾਂ ਵਿੱਚ ਵਸੇਬਾ ਰੱਖਣ ਵਾਲਿਆਂ ਦਾ ਜੀਵਨ ਬਿਖੜਾ ਹੁੰਦਾ ਹੈ ਕਿਉਂਕਿ ਉੱਥੋਂ ਦੀਆਂ ਉਤਰਾਈਆਂ ਚੜ੍ਹਾਈਆਂ ਦੂਰ-ਦਰਾਜ਼ ਦੇ ਵਿੰਗੇ-ਟੇਢੇ ਰਾਹ ਤੇ ਪਹਾੜੀਆਂ ਦੀਆਂ ਵੱਖੀਆਂ ਉੱਤੇ ਬਣੇ ਹੋਏ ਖ਼ਤਰਨਾਕ ਰਸਤਿਆਂ ਉੱਤੇ ਤੁਰਨਾ ਔਖਾ ਕੰਮ ਹੈ। ਪਹਾੜੀ ਨਾਲਿਆਂ ਆਦਿ ਨੂੰ ਪਾਰ ਕਰਨਾ ਹੋਰ ਵੀ ਸਤਰਕਤਾ ਮੰਗਦਾ ਹੈ। ਤੰਗ ਰਾਹਾਂ ਉੱਤੇ ਘੱਟ ਆਬਾਦੀ ਵਾਲੇ ਇਲਾਕਿਆਂ ਵਿੱਚੋਂ ਮਾਲ ਦੇ ਲੱਦੇ ਘੋੜੇ, ਖੱਚਰ ਤੇ ਗੱਡਿਆਂ ਆਦਿ ਨੂੰ ਲੰਘਾਉਣ ਵਾਸਤੇ ਸਖ਼ਤ ਜਾਨ ਤੇ ਮਜ਼ਬੂਤ ਦਿਲ ਦੀ ਲੋੜ ਹੈ। ਇਸ ਭੂਗੋਲਿਕ ਦਸ਼ਾ ਨੇ ਇਨ੍ਹਾਂ ਨੂੰ ਨਿਡਰ ਤੇ ਸਖ਼ਤ ਜਾਨ ਬਣਾ ਦਿੱਤਾ।
ਰੁਹੇਲਖੰਡ ਦੇ ਪੀਲੀਭੀਤ, ਬਦਾਯੂੰ, ਬਰੇਲੀ ਅਤੇ ਬਿਜ਼ਨੌਰ ਆਦਿ ਦੇ ਇਲਾਕਿਆਂ ਵਿੱਚ ਵਸਣ ਵਾਲੇ ਲੁਬਾਣੇ ਗੋੜ ਜਾਤੀ ਨਾਲ ਸੰਬੰਧ ਰੱਖਦੇ ਹਨ। ਗੋੜ ਜਾਤ ਵਿੱਚ ਬ੍ਰਾਹਮਣ ਵੀ ਹੁੰਦੇ ਹਨ ਤੇ ਇਸੇ ਨਾਂ ਦੀ ਜਾਤਿ ਦੇ ਰਾਜਪੂਤ ਵੀ ਕਹਿਲਾਉਂਦੇ ਹਨ। ਜਾਤਿ ਕਰਕੇ ਇਨ੍ਹਾਂ ਦਾ ਮੁੱਢ ਭਾਵੇਂ ਵੱਖ-ਵੱਖ ਹੈ ਪਰ ਕਿੱਤਾ ਇਕ ਹੋਣ ਕਰਕੇ ਇਹ ਇੱਕੋ ਕਬੀਲੇ ਵਿੱਚ ਰਚ-ਮਿਚਕੇ ਇੱਕੋ ਹੀ ਹੋ ਗਏ।
ਲੁਬਾਣੇ-ਉਦਗਮ ਧਰਤੀ ਰਾਜਸਥਾਨ
ਮੂਲ ਰੂਪ ਵਿੱਚ ਲੁਬਾਣੇ ਰਾਜਪੂਤ ਹਨ ਅਤੇ ਇਹ ਰਾਜਸਥਾਨ ਦੇ ਭਿੰਨ-ਭਿੰਨ ਇਲਾਕਿਆਂ ਵਿੱਚੋਂ ਉਠੇ ਹਨ। ਜਿਸ ਤਰ੍ਹਾਂ ਇਨ੍ਹਾਂ ਦੇ ਸਰੀਰ ਤਕੜੇ ਹੁੰਦੇ ਸਨ ਉਹ ਇਰਾਦੇ ਦੇ ਵੀ ਮਜ਼ਬੂਤ ਹੁੰਦੇ ਸਨ। ਰਾਜਸਥਾਨ ਦਾ ਬਹੁਤ ਸਾਰਾ ਇਲਾਕਾ ਉਪਜਾਊ ਨਹੀਂ ਹੈ। ਇਸ ਪ੍ਰਦੇਸ਼ ਵਿੱਚ ਮਾਰੂਥਲ ਭਾਵ ਰੇਗਿਸਤਾਨ ਵੀ ਹਨ ਤੇ ਬੰਜ਼ਰ ਜ਼ਮੀਨਾਂ ਵਾਲੇ ਇਲਾਕੇ ਵੀ। ਖੇਤੀ ਦੀ ਸਿੰਚਾਈ ਦਾ ਕੋਈ ਵਧੀਆ ਪ੍ਰਬੰਧ ਨਹੀਂ ਹੈ ਬਹੁਤਾ ਇਹ ਬਾਰਿਸ਼ ਤੇ ਹੀ ਨਿਰਭਰ ਕਰਦੇ ਹਨ। ਪਹਾੜ, ਨਦੀਆਂ ਤੇ ਨਾਲੇ ਵੀ ਨਾਂ ਦੇ ਬਰਾਬਰ ਹਨ। ਇਸੇ ਸੰਬੰਧ ਵਿੱਚ ਮਾਰਵਾੜ ਇਲਾਕੇ ਦਾ ਇਕ ਲੋਕਗੀਤ ਹੈ ਜੋ ਇਸ ਤੱਥ ਨੂੰ ਹੋਰ ਸਪੱਸ਼ਟ ਕਰ ਦਿੰਦਾ ਹੈ, ਮਾੜ੍ਹ ਦੇਸ਼ ਮਾਰਵਾੜ। ਨਾ ਕੋ ਨਦੀਆ ਨਾ ਪਹਾੜ॥
ਪਾਣੀ ਜ਼ਿੰਦਗਾਨੀ ਹੈ । ਰਾਜਸਥਾਨੀ ਔਰਤਾਂ ਨੂੰ ਆਪਣਾ ਅੱਧੇ ਤੋਂ ਵੱਧ ਸਮਾਂ ਪੀਣ ਦਾ ਪਾਣੀ ਪ੍ਰਾਪਤ ਕਰਨ ਲਈ ਖਰਚ ਕਰਨਾ ਪੈਂਦਾ ਹੈ। ਉਹ ਸਿਰਾਂ ਦੇ ਉੱਤੇ ਇਕ ਤੋਂ ਵੱਧ ਘੜੇ ਜਾਂ ਗਾਗਰਾਂ ਕੋਹਾਂ ਦੂਰੋਂ ਭਰ ਕੇ ਪਾਣੀ ਦੇ ਲਿਆਉਂਦੀਆਂ ਹਨ। ਇਸ ਪ੍ਰਕਾਰ ਉਹ ਬੜੀਆਂ ਕਰਮੱਠ ਅਤੇ ਸਿਹਤਮੰਦ ਜੁੱਸੇ ਵਾਲੀਆਂ ਹੁੰਦੀਆਂ ਹਨ। ਕੁਦਰਤੀ ਗੱਲ ਹੈ ਕਿ ਇਨ੍ਹਾਂ ਦੇ ਜੰਮੇ ਬੱਚੇ ਆਪਣੀਆਂ ਮਾਵਾਂ ਕੋਲੋਂ ਜ਼ਿੰਦਗੀ ਨਾਲ ਜੂਝਣ ਦੀ ਜਾਚ ਸਹਿਜੇ ਪ੍ਰਾਪਤ ਕਰ ਲੈਂਦੇ ਹਨ। ਲੁਬਾਣਿਆਂ ਦੇ ਮੂਲ ਕਬੀਲੇ ਰਾਜਪੂਤ ਹਨ ਤੇ ਉਨ੍ਹਾਂ ਦੀਆਂ ਅੱਗੋਂ ਤਿੰਨ ਉਪ-ਜਾਤੀਆਂ ਹਨ, ਇਨ੍ਹਾਂ ਸੰਬੰਧੀ ਇਤਿਹਾਸਿਕ ਜਾਂ ਮਿਥਿਹਾਸਿਕ ਤੌਰ ਤੇ ਜੋ ਤੱਥ ਸਾਨੂੰ ਪ੍ਰਾਪਤ ਹਨ ਉਹ ਹੇਠ ਲਿਖੇ ਅਨੁਸਾਰ ਹਨ:-
- ਸੂਰਜ ਕੁੱਲ :- ਰਾਜਾ ਰਾਮਚੰਦਰ ਜੀ ਇਸੇ ਹੀ ਕੁੱਲ ਦੇ ਦੱਸੇ ਜਾਂਦੇ ਹਨ ਅਤੇ ਇਹ ਰਾਜਾ ਅਜੈ ਦੇ ਵੰਸ਼ਜ ਹਨ।
- ਚੰਦਰਵੰਸ਼ੀ :- ਇਸ ਵਿੱਚ ਸ੍ਰੀ ਕ੍ਰਿਸ਼ਨ ਜੀ ਹੋਏ ਮੰਨੇ ਜਾਂਦੇ ਹਨ।
- ਅਗਨਿ ਕੁੱਲ :-ਪੁਰਾਤਨ ਕਥਾ ਅਨੁਸਾਰ ਰਿਸ਼ੀ ਅਬੂੰਦ ਨੇ ਯੱਗ ਕੀਤਾ। ਇਸੇ ਰਿਸ਼ੀ ਦੇ ਨਾਂ ਤੇ ਰਾਜਸਥਾਨ ਦੇ ਮੱਧ ਇਲਾਕੇ ਵਿੱਚ ਆਬੂ ਪਹਾੜ ਜਾਂ ਮਾਊਂਟ ਆਬੂ ਸਥਿਤ ਹੈ। ਇਸ ਰਿਸ਼ੀ ਦੇ ਹਵਨ ਕੁੰਡ ਵਿੱਚੋਂ ਚਾਰ ਮਨੁੱਖ ਪਰਮਾਰ, ਚੌਹਾਨ, ਸੋਲੰਕੀ ਤੇ ਪਰਿਹਾਰ ਪੈਦਾ ਹੋਏ। ਇਨ੍ਹਾਂ ਪੁਰਖਾਂ ਦਾ ਵੰਸ਼ ਅਗਨਿ ਕੁਲ ਕਰਕੇ ਮਸ਼ਹੂਰ ਹੋਇਆ। ਇਸੇ ਕੁੱਲ ਦੇ ਅੱਗੋਂ ਹੋਏ ਲੋਕ ਰਾਜਪੂਤ ਹੋਣ ਦੇ ਬਾਵਜੂਦ ਵਾਪਾਰ ਵਿੱਚ ਪੈ ਗਏ।
ਇਸ ਸੰਬੰਧ ਵਿੱਚ ਇਕ ਬੜਾ ਰੋਚਕ ਤੇ ਸਰਬ-ਪਰਚਿੱਤ ਤੱਥ ਹੈ ਕਿ ਇਸ ਇਲਾਕੇ ਦੇ 27 ਘਰਾਣਿਆਂ ਕੋਲ ਅੱਜ ਦੇ ਹਿੰਦੁਸਤਾਨ ਦੇ ਤਿੰਨ-ਚੁਥਾਈ ਤੋਂ ਵੱਧ ਵਾਪਾਰ ਉੱਤੇ ਨਿਯੰਤਰਣ ਹੈ। ਨਿਰਾ ਅਜਿਹਾ ਹੀ ਨਹੀਂ ਇਨ੍ਹਾਂ ਤੋਂ ਇਲਾਵਾ ਹੋਰ ਵੀ ਜੀਵਟ-ਵਾਲੇ ਜਿਆਲੇ ਲੋਕ ਇਸ ਇਲਾਕੇ ਵਿੱਚੋਂ ਉੱਠ ਕੇ ਸਾਰੇ ਭਾਰਤ ਦੇ ਵਾਪਾਰ ਤੇ ਛਾਂਦੇ ਗਏ। ਇਹ ਔਖੇ ਤੋਂ ਔਖਾ ਤੇ ਨਵੇਂ ਤੋਂ ਨਵਾਂ ਕਾਰਜ ਕਰਨ ਲੱਗਿਆਂ ਝਿਜਕਦੇ ਨਹੀਂ। ਇਹ ਇਨ੍ਹਾਂ ਦੀ ਸਦੀਆਂ ਪੁਰਾਣੀ ਪਰੰਪਰਾ ਹੈ। ਜੋ ਰਾਜਪੂਤ ਨਹੀਂ ਸਨ ਪਰ ਉਨ੍ਹਾਂ ਨਾਲ ਰਲਕੇ ਆਪਣਾ ਮੂਲ ਵਪਾਰ ਢੋਆ-ਢੋਆਈ ਤੇ ਜੀਵਨ ਦੀਆਂ ਲੋੜਾਂ ਦੇ ਭਿੰਨ-ਭਿੰਨ ਬਾਣੇ ਇਕ ਥਾਂ ਤੋਂ ਦੂਜੀ ਥਾਂ ਤੇ ਲੈ ਜਾਣ ਦਾ ਕੰਮ ਕਰਦੇ ਹਨ । ਲੁਬਾਣੇ ਮੂਲ ਰੂਪ ਤੇ ਮਾਲਵਾਹਕ (ਟਰਾਂਸਪੋਰਟਰ) ਹਨ।
ਰੁਹੇਲਖੰਡ
ਉੱਤਰ ਪ੍ਰਦੇਸ਼ ਦੇ ਧੁਰ ਉੱਤਰ ਦੇ ਇਕ ਵਿਸ਼ੇਸ਼ ਇਲਾਕੇ ਦਾ ਨਾਂ ਰੁਹੇਲਖੰਡ ਹੈ। ਇਸ ਵਿੱਚ ਬਰੇਲੀ, ਬਦਾਯੂੰ, ਬਿਜਨੌਰ ਅਤੇ ਪੀਲੀਭੀਤ ਦੇ ਜ਼ਿਲ੍ਹੇ ਸ਼ਾਮਿਲ ਹਨ। ਇਸੇ ਇਲਾਕੇ ਦੇ ਉੱਤਰ ਵਿੱਚ ਹਿਮਾਲਿਆ ਪਰਬਤ ਹੈ। ਇਸਨੂੰ ਤਰਾਈ ਦਾ ਇਲਾਕਾ ਵੀ ਕਹਿੰਦੇ ਹਨ। ਇਸਦੇ ਦੱਖਣ ਵਿੱਚ ਗੰਗਾ ਨਦੀ ਅਤੇ ਜਮਨਾ ਨਦੀ ਦੀ ਘਾਟੀ ਦਾ ਜਰਖੇਜ਼ ਇਲਾਕਾ ਹੈ। ਰੋਹੂ ਪਹਾੜ ਦੇ ਵਸਨੀਕ ਇੱਥੇ ਆ ਕੇ ਵਸ ਗਏ ਤੇ ਇਸਦਾ ਨਾਂ ਰੁਹੇਲਖੰਡ ਪੈ ਗਿਆ। ਇਹ ਲੋਕ ਬੜੇ ਮਿਹਨਤੀ, ਜੰਗ-ਜੂ ਤੇ ਲੜਨ ਵਾਲੇ ਸਨ । ਇਹ ਭਲੀ ਬਿਰਤੀ ਦੇ ਲੋਕ ਸਨ। ਇਹਨਾਂ ਦੀ ਜਾਤ ਗੌੜ ਦੱਸੀ ਦੀ ਹੈ। ਇਨ੍ਹਾਂ ਬਾਰੇ ਇਕ ਬੜੀ ਸੁਆਦਲੀ ਗੱਲ ਹੈ। ਕਿ ਗੋੜਾਂ ਵਿੱਚ ਰਾਜਪੂਤ ਵੀ ਹਨ ਤੇ ਬ੍ਰਾਹਮਣ ਵੀ। ਇਹੀ ਲੋਕ ਅੱਗੋਂ ਕੰਮ-ਕਾਰ ਦੀ ਭਾਲ ਵਿੱਚ ਪੰਜਾਬ ਦੇ ਕਾਂਗੜਾ, ਹੁਸ਼ਿਆਰਪੁਰ, ਕਪੂਰਥਲਾ ਇਲਾਕਿਆਂ ਵਿੱਚ ਜਾ ਵਸੇ। ਕਿੱਤੇ ਵਜੋਂ ਇਨ੍ਹਾਂ ਨੇ ਵਪਾਰ ਨੂੰ ਹੀ ਅਪਣਾਇਆ। ਇਹ ਵੀ ਲੁਬਾਣਿਆਂ ਵਿੱਚ ਇੱਕ ਮਹੱਤਵਪੂਰਣ ਮੁੱਢ ਸਰੋਤ ਹਨ। ਭਿੰਨ ਭਿੰਨ ਅਫਗਾਨਿਸਤਾਨੀ ਹਮਲਾਵਰਾਂ ਦੇ ਨਾਲ ਆਏ ਪਠਾਨ ਸਮੇਂ ਸਮੇਂ ਇਸ ਇਲਾਕੇ ਵਿੱਚ ਵੀ ਵਸਦੇ ਗਏ। ਉਹ ਪਠਾਨ ਰੁਹੇਲਿਆਂ ਦੇ ਨਾਂ ਨਾਲ ਜਾਣੇ ਜਾਂਦੇ ਹਨ। ਉਹਨਾਂ ਵਿੱਚੋਂ ਕੁਝ ਨੇ ਬਣਜਾਰਿਆਂ ਵਾਲਾ ਕੰਮ ਅਖਤਿਆਰ ਕੀਤਾ। ਹੌਲੀ ਹੌਲੀ ਉਹ ਇਹਨਾ ਵਿੱਚ ਹੀ ਮਦਗ਼ਮ ਹੋ ਗਏ।
ਰਣਥੰਭੌਰ ਦੇ ਇਲਾਕੇ ਦੇ ਰਾਜਪੂਤ ਵੀ ਇਨ੍ਹਾਂ ਦੇ ਨਾਲ ਹੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਆ ਵਸੇ ਤੇ ਲੁਬਾਣਿਆਂ ਵਿੱਚ ਰਚ-ਮਿਚ ਗਏ। ਲੁਬਾਣਿਆਂ ਦੇ ਚਲਨ ਦਾ ਇਕ ਬੜਾ ਵਿਲੱਖਣ ਪੱਖ ਹੈ ਕਿ ਉਹ ਆਪਸ ਵਿੱਚ ਬਹੁਤੇ ਭੇਦ-ਭਾਅ ਨਹੀਂ ਪੈਣ ਦਿੰਦੇ ਤੇ ਉਨ੍ਹਾਂ ਦਾ ਨਿਰਣਾ ਪੰਚਾਇਤ ਵਿੱਚ ਬੈਠ ਕੇ ਪੰਚਾਂ ਕੋਲੋਂ ਕਰਵਾਉਂਦੇ ਹਨ ਤੇ ਫੇਰ ਉਸ ਤੋਂ ਛੇਤੀ ਕੀਤਿਆਂ ਹੱਟਦੇ ਨਹੀਂ।
ਇਸੇ ਹੀ ਤਰ੍ਹਾਂ ਉੜੀਸਾ ਤੇ ਪੂਰਬੀ ਬੰਗਾਲ ਦੀ ਹੱਦ ਦੇ ਦੋਹੀਂ ਪਾਸੀਂ ਸਥਿਤ ਇਲਾਕੇ ਨੂੰ ਗੌੜ ਇਲਾਕਾ ਕਿਹਾ ਜਾਂਦਾ ਹੈ। ਇੱਥੋਂ ਦੇ ਬ੍ਰਾਹਮਣ ਵੀ ਲੁਬਾਣਿਆਂ ਵਾਲੀ ਕਿਰਤ ਕਰਨ ਵਾਲੇ ਲੋਕ ਹਨ। ਇਸ ਇਲਾਕੇ ਦੇ ਵਿੱਚ ਬ੍ਰਾਹਮਣਾਂ ਤੇ ਰਾਜਪੂਤਾਂ ਦੋਹਾਂ ਵਿੱਚ ਗੌੜ ਜਾਤ ਮੌਜੂਦ ਹੈ। ਇਹ ਲੋਕ ਕਿਰਤੀ ਲੁਬਾਣਿਆਂ ਵਿੱਚ ਰਲ-ਮਿਲ ਗਏ।
ਉੜੀਸਾ, ਗੁਜਰਾਤ, ਉੱਤਰ ਪ੍ਰਦੇਸ਼ ਤੇ ਮੁੱਖ ਤੌਰ ਤੇ ਰਾਜਸਥਾਨ ਵਿੱਚੋਂ ਉਠ ਕੇ ਲੁਬਾਣੇ ਪੰਜਾਬ ਵਿੱਚ ਕਾਫ਼ੀ ਗਿਣਤੀ ਵਿੱਚ ਆ ਵਸੇ ਹਨ। ਇਨ੍ਹਾਂ ਨੇ ਯਾਤਾਯਾਤ ਦਾ ਜੋਖਮ ਭਰਿਆ ਕੰਮ ਚੁਣਿਆ। ਉਸ ਵਿੱਚ ਇਸ ਕਬੀਲੇ ਨੇ ਬਹੁਤ ਪੈਸੇ ਕਮਾਏ। ਜਿੰਨਾ। ਔਖਾ ਕੰਮ ਓਨਾ ਬਹੁਤਾ ਮੁਨਾਫ਼ਾ। ਆਪਣੇ ਕਿੱਤੇ ਦੇ ਨਾਲ ਲੱਗਦੇ ਹੋਰ ਕੰਮਾਂ ਤੇ ਵੀ ਉਨ੍ਹਾਂ ਨੇ ਆਪਣਾ ਨਿਅੰਤਰਣ ਕੀਤਾ। ਜਿੱਥੇ-ਜਿੱਥੇ ਇਨ੍ਹਾਂ ਦੀਆਂ ਬਸਤੀਆਂ ਜਾਂ ਟਾਂਡੇ ਸਨ ਉੱਥੇ ਇਨ੍ਹਾਂ ਨੇ ਘੋੜਾ-ਗੱਡੀਆਂ, ਗੱਡੇ, ਰੱਥ, ਜਹਾਜ਼, ਬੇੜੇ ਅਤੇ ਬੇੜੀਆਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਲਿਆ। ਪਹਿਲਾਂ ਪਹਿਲਾਂ ਥੋੜ੍ਹਾਂ ਕੰਮ ਹੋਣ ਤੇ ਇਹ ਜਾਤੀ ਤੌਰ ਤੇ ਕਾਰੀਗਰਾਂ ਤੇ ਸੇਪੀਆਂ ਕੋਲੋਂ ਮੁਰੰਮਤ ਆਦਿ ਦਾ ਕੰਮ ਕਰਵਾ ਲਿਆ ਕਰਦੇ ਸਨ। ਬਹੁਤ ਕੰਮ ਹੈ। ਜਾਣ ਤੇ ਇਨ੍ਹਾਂ ਨੇ ਨਾਲ ਲੱਗਦੇ ਛੋਟੇ-ਵੱਡੇ ਅਦਾਰੇ ਵੀ ਬਣਾ ਲਏ। ਅੱਜ ਕੱਲ੍ਹ ਵੀ ਇਸ ਤਰ੍ਹਾਂ ਹੀ ਹੁੰਦਾ ਹੈ। ਯਾਤਾਯਾਤ ਵਾਲੇ ਇੱਕ ਅੱਧਾ ਟਰੱਕ ਹੋਣ ਤੇ ਉਸਦੀ ਮੁਰੰਮਤ ਮਿਸਤਰੀਆਂ ਕੋਲੋਂ ਕਰਵਾ ਲੈਂਦੇ ਹਨ। ਟਰੱਕਾਂ ਦਾ ਬੇੜਾ ਜਾਂ ਫਲੀਟ ਹੋਣ ਤੇ ਉਹ ਆਪਣੇ ਕਾਰੀਗਰ ਲਾ ਕੇ ਵਰਕਸ਼ਾਪ ਸਥਾਪਤ ਕਰ ਲੈਂਦੇ ਹਨ। ਡੀਜ਼ਲ ਦੀ ਬਹੁਤੀ ਜ਼ਰੂਰਤ ਹੋਣ ਤੇ ਕੰਮ ਨਾ ਰੁਕੇ ਉਹ ਆਪਣੇ ਹੀ ਪੈਟਰੋਲ ਪੰਪ ਬਣਾ ਲੈਂਦੇ ਹਨ।
ਖੂਬ ਪੈਸਾ ਆ ਜਾਣ ਤੇ ਲੁਬਾਣਿਆਂ ਨੇ ਬਹੁਤ ਸਾਰੀਆਂ ਜ਼ਮੀਨਾਂ ਖਰੀਦ ਲਈਆਂ।
ਕਬੀਲਿਆਂ ਦੇ ਨਾਇਕ, ਸਰਦਾਰਾਂ ਤੇ ਰਾਜਿਆਂ ਵਾਂਗ ਰਹਿੰਦੇ ਸਨ। ਇਹ ਵਾਹੀ ਵਿੱਚ ਵੀ ਦਿਲਚਸਪੀ ਲੈਣ ਲਗ ਪਏ। ਸਿੱਖ ਧਰਮ ਦੇ ਆਰੰਭ ਤੋਂ ਹੀ ਇਨ੍ਹਾਂ ਨੇ ਗੁਰਮਤਿ ਦੇ ਪ੍ਰਭਾਵ ਨੂੰ ਕਬੂਲਿਆ ਤੇ ਫਿਰ ਇਹ ਸਿੱਖ ਬਣਦੇ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਵੇਲੇ ਇਨ੍ਹਾਂ ਨੇ ਵੱਡੀ ਗਿਣਤੀ ਵਿੱਚ ਅੰਮ੍ਰਿਤ ਪਾਨ ਕਰਕੇ ਸਿੱਖ ਧਰਮ ਧਾਰਨ ਕੀਤਾ। ਸਿੱਖ ਰਾਜ ਵੇਲੇ ਇਹ ਫੌਜਾਂ ਵਿੱਚ ਵੀ ਭਰਤੀ ਹੋਏ। ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਦੀ ਬਹਾਦਰੀ ਤੇ ਵਫ਼ਾਦਾਰੀ ਕਾਰਨ ਇਨ੍ਹਾਂ ਨੂੰ ਬਹੁਤ ਨਿਵਾਜਿਆ। ਬਾਬਾ ਬੰਦਾ ਸਿੰਘ ਬਹਾਦੁਰ ਵੇਲੇ ਤੇ ਉਸ ਤੋਂ ਬਾਅਦ ਖਾਲਸਾ ਸਰਕਾਰ ਦੁਆਰਾ ਕੀਤੇ ਗਏ ਜ਼ਮੀਨ ਸੁਧਾਰ ਦਾ ਲੁਬਾਣਿਆਂ ਨੂੰ ਬਹੁਤ ਫਾਇਦਾ ਮਿਲਿਆ ਹੈ ਤੇ ਇਹ ਜ਼ਮੀਨਾਂ ਦੇ ਹੱਕ ਪ੍ਰਾਪਤ ਕਰਕੇ ਚੰਗੇ ਵਾਹੀਕਾਰ ਵੀ ਸਿੱਧ ਹੋਏ। ਹੁਣ ਢੋਆ-ਢੁਆਈ ਤੋਂ ਇਲਾਵਾ ਜ਼ਿਮੀਦਾਰ ਤੇ ਫੌਜ਼ ਵਿੱਚ ਵੀ ਸਿਰਕੱਢ ਅਸਥਾਨਾਂ ਤੇ ਸਥਾਪਿਤ ਹੋ ਗਏ। ਮਹਾਰਾਜਾ ਰਣਜੀਤ ਸਿੰਘ ਦੇ ਜ਼ਮੀਨੀ ਸੁਧਾਰ ਸਦਕਾ ਇਹ ਪੰਜਾਬ ਦੇ ਸਭਨਾਂ ਇਲਾਕਿਆਂ ਵਿੱਚ ਫੈਲ ਗਏ।
ਇਹ ਅਗਾਂਹ ਵਧੂ ਹੋਣ ਕਾਰਨ ਨਵੇਂ ਨਵੇਂ ਖੇਤਰਾਂ ਵਿੱਚ ਮੱਲਾਂ ਮਾਰਨ ਲੱਗ ਪਏ। ਇਨ੍ਹਾਂ ਵਿੱਚੋਂ ਹੀ ਇਕ ਬੜੀ ਪ੍ਰਸਿੱਧ ਸ਼ਖ਼ਸੀਅਤ ਬਾਬਾ ਪ੍ਰੇਮ ਸਿੰਘ ਜੀ ਹੋਏ ਹਨ। ਇਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਨਾਲ ਸਿੱਖਿਆ ਦੇ ਖੇਤਰ ਵਿੱਚ ਤਰੱਕੀ ਕੀਤੀ। ਇਸਦਾ ਵਿਸਤਾਰ ਅਸੀ ਅੱਗੇ ਦਿਆਂਗੇ।
ਲੁਬਾਣਿਆਂ ਦੇ ਅਗਾਂਹਵਧੂ ਹੋਣ ਸੰਬੰਧੀ ਇਕ ਬੜੀ ਰੌਚਕ ਕਹਾਣੀ ਹੈ। ਮੇਰੇ ਇਕ ਮਿੱਤਰ ਨੇ ਕਿਸੇ ਟਰਾਂਸਪੋਰਟਰ ਲੁਬਾਣੇ ਨੂੰ ਆਖਿਆ, ‘ਯਾਰ, ਛੱਡੋ ਪਰਾਂ ਹੁਣ ਤੇ ਤੁਸੀਂ ਹਰ ਤਰ੍ਹਾਂ ਨਾਲ ਸਮਰਿਧ ਹੋ ਇਹ ਖੱਚਰਾਂ ਵਾਲਾ ਢੋਆ-ਢੋਆਈ ਦਾ ਕੰਮ ਛੱਡ ਦਿਉ।’ ਤਾਂ ਉਸ ਜ਼ਿੰਦਾਦਿਲ ਲੁਬਾਣੇ ਨੇ ਉੱਤਰ ਦਿੱਤਾ, ‘ਯਾਰ ਅਸੀ ਜਮਾਂਦਰੂ ਟਰਾਂਸਪੋਰਟਰ ਹਾਂ ਜਦੋਂ ਮਾਲ ਖੱਚਰਾਂ ਤੇ ਘੋੜਿਆਂ ਆਦਿ ਤੇ ਢੋਇਆ ਜਾਂਦਾ ਸੀ ਉਦੋਂ ਅਸੀ ਉਨ੍ਹਾਂ ਤੋਂ ਕੰਮ ਲਿਆ। ਟਰੱਕਾਂ ਦਾ ਜ਼ਮਾਨਾ ਆਇਆ ਤਾਂ ਅਸੀ ਟਰਾਂਸਪੋਰਟਰ ਬਣ ਗਏ। ਯਾਤਾਯਾਤ ਦਾ ਕੰਮ ਅੱਗੇ ਵਧਿਆ ਤਾਂ ਅਸੀ ਬੇੜੇ-ਬੇੜੀਆਂ ਦੀ ਥਾਵੇਂ ਪਾਣੀ ਦੇ ਜਹਾਜ਼ ਤੇ ਉਸ ਮਗਰੋਂ ਹਵਾਈ ਜਹਾਜ਼ ਤੇ ਵੀ ਮਾਲ ਢੋਆਂਗੇ ਤੇ ਜਦੋਂ ਇਕ ਗ੍ਰਹਿ ਤੋਂ ਦੂਜੇ ਗ੍ਰਹਿ ਤੱਕ ਮਾਲ ਦੀ ਢੋਆ-ਢੋਆਈ ਦੀ ਗੱਲ ਚੱਲੀ ਤਾਂ ਸਾਨੂੰ ਹੀ ਲੱਭਿਆ ਜਾਏਗਾ। ਤਦ ਅਸੀ ਰਾਕਟਾਂ ਤੇ ਮਾਲ ਢੋਆਂਗੇ। ਤੂੰ ਫਿਕਰ ਕਿਉਂ ਕਰਦਾ ਹੈ ਅਸੀ ਜਮਾਂਦਰੂ ਟਰਾਂਸਪੋਰਟਰ ਹਾਂ।
ਮੁੱਢ ਕਦੀਨ ਤੋਂ ਇਨ੍ਹਾਂ ਦੇ ਪਹਿਰਾਵੇ, ਔਰਤਾਂ ਦੇ ਗਹਿਣੇ ਤੇ ਸ਼ਿੰਗਾਰ, ਮਰਦਾਂ ਦੀ ਵੇਸ਼ਭੂਸ਼ਾ ਆਦਿ ਬੜੀ ਵਿਲੱਖਣ ਤੇ ਨਵੇਕਲੀ ਰਹੀ ਹੈ। ਸਮੇਂ ਦੇ ਨਾਲ ਨਾਲ ਇਹ ਅੱਗੇ ਵੱਧਦੇ ਗਏ। ਲੁਬਾਣਿਆਂ ਨੇ ਨਵੀਨਤਾ ਨੂੰ ਅਪਣਾਇਆ ਤਾਂ ਜ਼ਰੂਰ ਪਰ ਇਹ ਆਪਣੇ ਅਸਲੇ ਨੂੰ ਕਦੀ ਭੁੱਲੇ ਨਹੀਂ ਤੇ ਮੂਲ ਨੂੰ ਇਨ੍ਹਾਂ ਨੇ ਤਿਆਗਿਆ ਨਹੀਂ।
ਲੁਬਾਣਿਆਂ ਦਾ ਪਿਛੋਕੜ
ਲੁਬਾਣਿਆਂ ਦੀ ਮੁੱਢਲੀ ਕਿਰਤ ਤੇ ਕੰਮ ਕਾਜ ਬਾਣਿ (ਸੌਦੇ) ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਣ ਦੀ ਹੈ। ਇਹ ਕਿਰਤ ਬਹੁਤ ਵਿਸਤਰਿਤ ਤੇ ਵਿਸ਼ਾਲ ਹੈ। ਜਿਤਨੀ ਇਹ ਵਿਸ਼ਾਲ ਹੈ ਉਤਨੀ ਹੀ ਜ਼ੁੰਮੇਦਾਰਾਨਾ ਤੇ ਮਹਾਨ ਹੈ। ਜੋ ਮਾਲ ਢੋਆ-ਢੁਆਈ ਵਾਲੇ ਨੂੰ ਸੌਂਪਿਆ ਜਾਂਦਾ ਹੈ ਉਹ ਪੂਰੇ ਦਾ ਪੂਰਾ ਸਹੀ ਸਲਾਮਤ ਅਗਲੇ ਪਾਸ ਪਹੁੰਚਾਣਾ ਹੁੰਦਾ ਹੈ। ਮਾਲ ਢੋਣ ਵਾਲਾ ਜੇ ਉਸ ਵਿੱਚ ਕੋਤਾਹੀ ਕਰੇ ਤਾਂ ਉਹ ਆਪਣੀ ਸਾਖ ਗੁਵਾ ਬੈਠੇਗਾ। ਪੁਰਾਣੇ ਸਮੇਂ ਵਿੱਚ ਇਹ ਕੰਮ ਹੋਰ ਵੀ ਜ਼ੁੰਮੇਦਾਰੀ ਤੇ ਚੌਕਸੀ ਦਾ ਸੀ।
ਇਹ ਕੰਮ ਸੱਚ ਮੁੱਚ ਚੁਣੌਤੀਆਂ ਭਰਿਆ ਹੈ। ਆਮ ਜ਼ਰੂਰਤਾਂ ਦਾ ਸਾਮਾਨ ਖੇਤਾਂ ਦੀ ਉਪਜ, ਜਿਨਸ, ਕੱਪੜਾ-ਲੱਤਾ, ਦਸਤਕਾਰੀ ਦਾ ਸਾਮਾਨ ਤੇ ਕੀਮਤੀ ਵਸਤਾਂ ਆਦਿ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਣ ਲਈ ਰਾਹ ਦੀਆਂ ਦੁਸ਼ਵਾਰੀਆਂ ਤੇ ਔਕੜਾਂ ਨਾਲ ਸਦਾ ਦੋ-ਚਾਰ ਹੋਣਾ ਪੈਂਦਾ ਹੈ। ਅਜਿਹਾ ਨਹੀਂ ਹੈ ਕਿ ਸੌਖੇ ਢੰਗ ਨਾਲ ਹੀ ਇਕ ਕਾਰਜ ਨੂੰ ਹਰ ਦਮ ਨੇਪਰੇ ਚਾੜ੍ਹਿਆ ਜਾ ਸਕਦਾ ਹੈ।
ਪਹਾੜੀ ਇਲਾਕੇ ਵਿੱਚ ਮਾਲ ਦੀ ਢੋਆ-ਢੁਆਈ ਲਈ ਖੋਤੇ, ਘੋੜੇ, ਖੱਚਰ ਤੇ ਕਈ ਵਾਰੀ ਰਾਹ ਵਿੱਚ ਆਈ ਰੁਕਾਵਟ ਨੂੰ ਪਿੱਠਾਂ ਉੱਤੇ ਮਾਲ ਲਦਵਾ ਕੇ ਮੁੜ ਮੰਜ਼ਿਲ ਵੱਲ ਅਗਰਗਾਮ ਹੁੰਦਾ ਹੈ। ਜਿਨ੍ਹਾਂ ਜਾਨਵਰਾਂ ਤੇ ਮਾਲ ਢੋਇਆ ਜਾਂਦਾ ਹੈ ਅਤੇ ਉਨ੍ਹਾਂ ਨਾਲ ਲੱਗਦੇ ਹੋਰ ਬੰਦੇ ਵੀ ਕਾਫ਼ੀ ਗਿਣਤੀ ਵਿੱਚ ਰੱਖੇ ਜਾਂਦੇ ਸਨ । ਜਾਨਵਰਾਂ ਦੀ ਖਾਧ- ਖੁਰਾਕ ਜਾਨਵਰਾਂ ਨੂੰ ਹੱਕਣ ਵਾਲੇ ਬੰਦਿਆਂ ਲਈ ਖੁਰਾਕ ਅਤੇ ਰਾਹ ਖਰਚ ਵਾਸਤੇ ਕਾਫ਼ੀ ਪੈਸਾ ਨਾਲ ਰੱਖਣਾ ਹੁੰਦਾ ਹੈ। ਮਾਲ, ਮਾਲ-ਡੰਗਰ ਅਤੇ ਰਕਮ ਦੀ ਹਿਫ਼ਾਜ਼ਤ ਵਾਸਤੇ ਸਿਪਾਹੀ ਦੀ ਤਰਜ਼ ਦੇ ਕੁੱਝ ਬੰਦੇ ਨਾਲ ਚੱਲਿਆ ਕਰਦੇ ਸਨ ਤਾਂ ਜੋ ਰਾਹ ਦੀਆਂ ਔਕੜਾਂ ਨੂੰ ਹਲ ਕਰਕੇ ਮਾਲ ਨੂੰ ਸਹੀ ਸਲਾਮਤ ਅਗਲੇ ਪੜਾਅ ਤੇ ਪਹੁੰਚਾ ਦਿੱਤਾ ਜਾਵੇ। ਤਰ੍ਹਾਂ ਤਰ੍ਹਾਂ ਦਾ ਲੱਦਿਆ ਹੋਇਆ ਮਾਲ ਲੁੱਟ ਲੈਣ ਵਾਲੇ ਵੀ ਰਾਹ ਦੀ ਅੜਚਨ ਬਣ ਜਾਇਆ ਕਰਦੇ ਸਨ। ਇਹ ਸਾਰਾ ਕੁਝ ਬਹੁਤ ਜ਼ੁੰਮੇਦਾਰੀ ਤੇ ਜ਼ਾਂਬਾਜ਼ੀ ਦਾ ਕੰਮ ਸੀ। ਲੁਬਾਣੇ ਇਸ ਵਿੱਚ ਭਲੀ-ਪ੍ਰਕਾਰ ਕਾਮਯਾਬ ਹੋਏ। ਨਾਵੇਂ ਦੇ ਨਾਲ ਉਨ੍ਹਾਂ ਨਾਂ ਵੀ ਕਮਾਇਆ।
ਮਾਲ ਤੇ ਜਿਨਸ ਨੂੰ ਇਕ ਪੜਾਅ ਤੋਂ ਦੂਜੇ ਪੜਾਅ ਤੇ ਪਹੁੰਚਾਣ ਲਈ ਰਾਹ ਵਿੱਚ ਪੈਂਦੇ ਦਰਿਆਵਾਂ, ਨਦੀਆਂ ਤੇ ਨਾਲਿਆਂ ਨੂੰ ਪਾਰ ਕਰਨਾ ਇਕ ਬੜੀ ਵਿਉਂਤ ਤੇ ਜੋਖਮ ਦਾ ਕੰਮ ਹੋਇਆ ਕਰਦਾ ਸੀ । ਇਸ ਲਈ ਪਹਿਲੇ ਪ੍ਰਚਲਤ ਤਰੀਕੇ ਅਨੁਸਾਰੇ ਲੱਦੇ ਹੋਏ ਮਾਲ ਨੂੰ ਇਕ ਵਿਸ਼ੇਸ਼ ਥਾਂ ਤੇ ਉਤਾਰ ਦਿੱਤਾ ਜਾਂਦਾ ਸੀ। ਉਸਨੂੰ ਬੇੜੀਆਂ ਤੇ ਬੇੜਿਆਂ ਉੱਤੇ ਪਾਰ। ਕਰਕੇ ਦੂਜੇ ਕਿਨਾਰੇ ਤੇ ਪਹੁੰਚਾਇਆ ਜਾਂਦਾ ਸੀ। ਇਸ ਸਾਰੇ ਮਾਲ ਨੂੰ ਅੱਗੋਂ ਕਿਸੇ ਦੂਜੇ ਲੁਬਾਣੇ ਨੂੰ ਸੌਂਪ ਦਿੱਤਾ ਜਾਂਦਾ ਸੀ ਤੇ ਉਹ ਉਸਨੂੰ ਵੇਰਵੇ ਅਨੁਸਾਰ ਸੰਭਾਲ ਕੇ ਫਿਰ ਅਗਲੇ ਪੜਾਅ ਭੇਜ ਦਿੰਦਾ ਸੀ। ਜਿੰਨੀ ਜਿੰਨੀ ਵੱਡੀ ਜੱਥੇਬੰਦੀ ਕਿਸੇ ਲੁਬਾਣੇ ਵਪਾਰੀ ਦੀ ਹੁੰਦੀ ਸੀ ਉਹ ਓਨਾ ਓਨਾ ਅਮਲਾ ਫੈਲਾ ਰੱਖਿਆ ਕਰਦਾ ਸੀ ਤੇ ਉਸ ਸਾਰੇ ਦਾ ਇੰਤਜ਼ਾਮ ਉਸਦੇ ਜ਼ੁੰਮੇ ਹੁੰਦਾ ਸੀ। ਉਸ ਮੁਖੀਆ ਲੁਬਾਣੇ ਨੂੰ ‘ਨਾਇਕ’ ਆਖਿਆ ਜਾਂਦਾ ਸੀ । ਕਿੰਨੀ ਕਮਾਲ ਦੀ ਗੱਲ ਹੈ ਕਿ ਫਿਲਮੀ ਹੀਰੋ ਨੂੰ ਵੀ ਨਾਇਕ ਆਖਿਆ ਜਾਂਦਾ ਹੈ। ‘ਨਾਇਕ’ ਦਾ ਅੱਖਰੀ ਭਾਵ ਬਹਾਦੁਰ ਮਨੁੱਖ ਹੈ। ਨਾਇਕ ਜਾਂਬਾਜ਼, ਨਿਡਰ ਤੇ ਤਕੜਾ ਹੁੰਦਾ ਸੀ । ਨਾਇਕ ਤਕੜੇ ਜ਼ਰੂਰ ਹੁੰਦੇ ਸਨ ਪਰ ਉਨ੍ਹਾਂ ਦੀ ਬਿਰਤੀ ਹਮਲਾਵਰਾਂ ਵਾਲੀ ਨਹੀਂ ਸੀ ਸਗੋਂ ਉਹ ਸੁਰੱਖਿਆ ਨੂੰ ਹੀ ਮੁੱਖ ਰੱਖਦੇ ਸਨ। ਮਾਲ ਨੂੰ ਲੁੱਟਣ ਵਾਲਾ ਰਾਹਜ਼ਨਾਂ ਦਾ ਡੱਟ ਕੇ ਮੁਕਾਬਲਾ ਕਰਿਆ ਕਰਦੇ ਸਨ ਅਤੇ ਆਪਣੇ ਮਾਲ ਨੂੰ ਸੰਭਾਲ ਕੇ ਅਗਲੇ ਵਾਪਾਰੀ ਦੇ ਹੱਥ ਸੌਂਪ ਦਿੰਦੇ ਸਨ।
ਦਰਿਆ ਦੇ ਇਕ ਕਿਨਾਰੇ ਜਿੱਥੇ ਮਾਲ ਉਤਾਰ ਕੇ ਇਕੱਠਾ ਕੀਤਾ ਜਾਂਦਾ ਸੀ ਉਸਨੂੰ ਟਾਂਡਾ ਕਿਹਾ ਜਾਂਦਾ ਸੀ । ਉੱਥੇ ਪੜਾਅ ਕਰਨ ਕਰਕੇ ਜ਼ਰੂਰਤ ਦੀਆਂ ਹੋਰ ਚੀਜ਼ਾਂ ਮਾਲ-ਡੰਗਰ ਲਈ ਪੱਠੇ, ਢੋਣ ਵਾਲੇ ਗੱਡੇ ਜਾਂ ਰੱਥਾਂ ਦੀ ਮੁਰੰਮਤ ਆਦਿ ਕਰਨ ਵਾਲੇ ਕਾਰੀਗਰ ਤੇ ਸੇਪੀ ਆ ਵਸਦੇ ਸਨ। ਅੱਖਰ ਸੇਪੀ ਪ੍ਰਾਕਿਰਿਤ ਜਾਂ ਸੰਸਕ੍ਰਿਤ ਤੋਂ ਹੁੰਦਾ ਹੋਇਆ ਅੱਖਰ ਸ਼ਿਲਪੀ ਦਾ ਅਪਭ੍ਰੰਸ਼ ਹੈ। ਇਸਦੇ ਨਾਲ ਹੀ ਹੋਰ ਤਰ੍ਹਾਂ-ਤਰ੍ਹਾਂ ਦੇ ਵਪਾਰੀਆਂ
ਦੇ ਆ ਟਿਕਣ ਨਾਲ ਚੰਗੀ ਭਲੀ ਬਸਤੀ ਵੱਸ ਜਾਂਦੀ ਸੀ। ਇਸ ਪ੍ਰਕਾਰ ਦੀਆਂ ਬਸਤੀਆਂ ਜਾਂ ਟਾਂਡਾ ਨਾਮ ਦੇ ਕਸਬੇ ਬਹੁਤ ਸਾਰੇ ਹਨ। ਪੂਰਬੀ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਟਾਂਡਾ ਉੜ-ਮੁੜ ਹੈ। ਪਾਕਿਸਤਾਨ ਵਿੱਚ ਪੱਛਮੀ ਪੰਜਾਬ ਅੰਦਰ ਟਾਂਡਾ ਜ਼ਿਲ੍ਹਾ ਗੁਜਰਾਤ ਵਿੱਚ ਹੈ ਅਤੇ ਹਿਮਾਚਲ ਪ੍ਰਦੇਸ਼ ਦੇ ਮੱਧ ਵਿੱਚ ਵੀ ਇਸੇ ਨਾਂ ਦਾ ਇੱਕ ਕਸਬਾ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਵਿੱਚ ਫੈਜ਼ਾਬਾਦ ਜ਼ਿਲ੍ਹਾ ਦੀ ਇਕ ਤਹਿਸੀਲ ਦੇ ਪ੍ਰਧਾਨ ਨਗਰ ਦਾ ਨਾਂ ਵੀ ਟਾਂਡਾ ਹੈ। ਜੋ ਵਪਾਰ ਦਾ ਇਕ ਬੜਾ ਵੱਡਾ ਕੇਂਦਰ ਸੀ। ਇਸਦੇ ਨਾਲ ਹੀ ਇਸ ਨਗਰ ਵਿੱਚ ਬਹੁਤ ਸਾਰੇ ਹੋਰ ਕੱਲ-ਕਾਰਖਾਨੇ ਸਨ। ਇੱਥੇ ਬੰਗਾਲ ਦੇ ਢਾਕਾ ਨਗਰ ਦੇ ਟਾਕਰੇ ਦੀ ਕੂਲੀ ਮੁਲਾਇਮ ਤੇ ਬਾਰੀਕ ਮਲਮਲ ਬਣਿਆ ਕਰਦੀ ਸੀ।
ਇਸ ਸੰਬੰਧੀ ਹੋਰ ਵਿਸਤਾਰ ਕਰਨ ਤੋਂ ਪਹਿਲਾਂ ਸਾਨੂੰ ਟਾਂਡੇ ਸੰਬੰਧੀ ਕੁਝ ਹੋਰ ਜਾਣ ਲੈਣਾ ਚਾਹੀਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਦੇ ਕੋਸ਼ ਅਨੁਸਾਰ ਦਰਿਆ ਦੇ ਇੱਕ ਬੰਨੇ। ਜਿੱਥੇ ਮਾਲ ਦੇ ਰੱਥ, ਗੱਡੇ ਜਾਂ ਗੱਡੀਆਂ ਰੁਕਿਆ ਕਰਦੇ ਸਨ ਉਸਨੂੰ ਟਾਂਡਾ ਆਖਦੇ ਸਨ। ਬੜੀ ਕੋਤੂਹਲ ਪੂਰਨ ਗੱਲ ਹੈ ਕਿ ਇਸਦੇ ਲਾਗੇ ਵਸੀ ਹੋਈ ਬਸਤੀ ਨੂੰ ਵੀ ਟਾਂਡਾ ਹੀ ਕਿਹਾ ਜਾਂਦਾ ਸੀ। ਮਾਲ ਦੇ ਲੱਦੇ ਹੋਏ ਗੱਡੇ-ਗੱਡੀਆਂ ਆਦਿ ਦੀ ਲਾਮ-ਡੋਰੀ ਜਾਂ ਕਾਫ਼ਲੇ ਨੂੰ ਵੀ ਟਾਂਡਾ ਹੀ ਕਿਹਾ ਜਾਂਦਾ ਹੈ । ਇਸਦੀ ਗਵਾਹੀ ਬੜੇ ਵਿਸਤਾਰ ਨਾਲ, ਸਪੱਸ਼ਟ ਤੌਰ ਤੇ ਭਗਤ ਰਵੀਦਾਸ ਜੀ ਦੇ ਗਉੜੀ ਰਾਗ ਦੇ ਸ਼ਬਦ ਵਿੱਚ ਕੀਤੀ ਗਈ ਹੈ।
ਭਗਤ ਰਵੀਦਾਸ ਜੀ ਇਸ ਸੰਬੰਧ ਵਿੱਚ ਬੜਾ ਸੁੰਦਰ ਪਥ-ਪ੍ਰਦਰਸ਼ਨ ਕਰਦੇ ਹਨ। ਆਪ ਜੀ ਕਹਿੰਦੇ ਹਨ ਕਿ ਵੱਡੇ-ਵੱਡੇ ਪਹਾੜਾਂ ਦੇ ਵਿਚਕਾਰ ਬੜੇ ਤੰਗ, ਪੇਚਦਾਰ ਤੇ ਦੁਸ਼ਵਾਰ ਰਸਤੇ ਹਨ, ਜੋ ਕੁਝ ਜੀਵਨ ਵਿੱਚ ਮੈਂ ਇਕੱਠਾ ਕਰ ਲਿਆ ਹੈ ਉਹ ਮੇਰੇ ਸਰੀਰ ਰੂਪੀ ਕਮਜ਼ੋਰ ਬਲਦ ਕੋਲੋਂ ਖਿੱਚਿਆ ਨਹੀਂ ਜਾ ਰਿਹਾ। ਅਕਾਲ ਪੁਰਖ ਵਾਹਿਗੁਰੂ ਅੱਗੇ ਮੇਰੀ ਸਨਿਮਰ ਬੇਨਤੀ ਹੈ ਕਿ ਜੇ ਉਹ ਲੱਦੇ ਮਾਲ ਵਿੱਚ ਕੋਈ ਚੰਗੀ ਗੱਲ ਹੈ ਤਾਂ ਉਸਦੀ ਰੱਖਿਆ ਤੂੰ ਆਪ ਕਰੀਂ।
ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ ॥
ਰਮਈਏ ਸਿਉ ਇਕ ਬੇਨਤੀ ਮੇਰੀ ਪੂੰਜੀ ਰਾਖੁ ਮੁਰਾਰਿ ॥੧॥
ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ॥੧॥ ਰਹਾਉ॥ ਪੰਨਾ 345
ਇਸ ਔਖੇ ਕੰਮ ਵਾਸਤੇ ਭਗਤ ਜੀ ਕਿਸੇ ਵਣਜਾਰੇ ਦੀ ਸਹਾਇਤਾ ਮੰਗਦੇ ਹਨ। ਬੇਸ਼ੱਕ ਇਸ ਉੱਪਰ ਲਿਖਤ ਬਾਣੀ ਵਿੱਚ ਸਾਰੀ ਗੱਲ ਅਧਿਆਤਮ ਤੇ ਪ੍ਰਮਾਰਥ ਦੀ ਹੈ। ਸਾਡੇ ਲਈ ਸੰਤੁਸ਼ਟੀ ਦੀ ਗੱਲ ਇਹ ਹੈ ਕਿ ਗੁਰਬਾਣੀ ਪੂਰੀ ਤੌਰ ਤੇ ਜ਼ਿੰਦਗੀ ਨਾਲ ਜੁੜੀ ਹੋਈ ਹੈ। ਇਹ ਸਾਡੀ ਸੁਚੱਜੀ ਅਗਵਾਈ ਕਰਦੀ ਹੈ। ਇਸ ਪ੍ਰਕਾਰ ਵਣਜਾਰੇ-ਲੁਬਾਣੇ ਦੀ ਕਿਰਤ ਦੀ ਮਹਾਨਤਾ ਖੁੱਲ ਕੇ ਸਾਡੇ ਸਾਹਮਣੇ ਆਉਂਦੀ ਹੈ ਕਿ ਇਹ ਇਕ ਜ਼ੁੰਮੇਦਾਰ ਪੁਰਖ ਹੈ ਜੋ ਇਮਾਨਦਾਰੀ ਨਾਲ ਮਾਲ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਣ ਦੀ ਸਹਾਇਤਾ ਕਰਦਾ ਹੈ।
ਹੁਣ ਭਗਤ ਜੀ ਆਪਣੇ ਆਪ ਨੂੰ ਵੀ ਵਣਜਾਰਾ ਆਖਦੇ ਹਨ। ਅਸੀ ਇਸ ਦੁਨੀਆਂ ਤੇ ਸੱਚਾ ਤੇ ਸੁੱਚਾ ਵਣਜ ਕਰਨ ਲਈ ਆਏ ਹਾਂ। ਇਸ ਵਣਜ ਨੂੰ ਕਰਨ ਵਾਸਤੇ ਸਹਿਜ ਦੀ ਜ਼ਰੂਰਤ ਹੈ, ਚੌਕੰਨੇ ਤੇ ਸੁਚੇਤ ਰਹਿਣਾ ਹੈ ਤਾਂ ਕਿ ਮਿਹਨਤ ਨਾਲ ਕੀਤੀ ਹੋਈ ਕਮਾਈ ਨੂੰ ਕੋਈ ਲੁੱਟ ਕੇ ਨਾ ਲੈ ਜਾਵੇ। ਭਗਤ ਰਵੀਦਾਸ ਜੀ ਸੁੱਚੀ ਕਿਰਤ ਵੱਲ ਸੰਕੇਤ ਕਰਦੇ ਆਖਦੇ ਹਨ ਕਿ ਮੈਂ ਰਾਮ ਨਾਮ ਦਾ ਧਨ ਇਕੱਠਾ ਕੀਤਾ ਹੈ ਮੈਂ ਜ਼ਹਿਰ ਜਾਂ ਅਣਭਾਉਂਦੀਆਂ ਵਸਤਾਂ ਇਕੱਠੀਆਂ ਨਹੀਂ ਕੀਤੀਆਂ ਅਤੇ ਅਜਿਹਾ ਨਾ ਹੋਵੇ ਕਿ ਅਗਲਾ ਮਾਲਕ ਇਨ੍ਹਾਂ ਵਸਤਾਂ ਨੂੰ ਪ੍ਰਵਾਨ ਹੀ ਨਾ ਕਰੇ।
ਹਉ ਬਨਜਾਰੈ ਰਾਮ ਕੋ ਸਹਜ ਕਰਉ ਬਾਪਾਰ ॥
ਮੈ ਰਾਮ ਨਾਮ ਧਨੁ ਲਾਦਿਆ ਬਿਖੁ ਲਾਦੀ ਸੰਸਾਰਿ॥੨॥
ਉਰਵਾਰ ਪਾਰ ਕੇ ਦਾਨੀਆ ਲਿਖਿ ਲੇਹੁ ਆਲ ਪਤਾਲੁ॥
ਮੋਹਿ ਜਮ ਡੰਡੁ ਨਾ ਲਾਗਈ ਤਜੀਲੇ ਸਰਬ ਜੰਜਾਲ ॥੩॥
ਗਉੜੀ ਰਵਿਦਾਸ, ਪੰਨਾ 346
ਗਉਰਵਿ ਮਾਲ ਨੂੰ ਉਰਵਾਰ ਵਾਲੇ ਪਾਸੇ ਗੱਡੀਆਂ ਤੋਂ ਲਾਹ ਤੇ ਉਸਦਾ ਭਲੀ ਪ੍ਰਕਾਰ ਹਿਸਾਬ ਕੀਤਾ ਜਾਂਦਾ ਸੀ ਅਤੇ ਉਸਦਾ ਵੇਰਵਾ ਪਾਰਲੇ ਪਾਸੇ ਵਾਲੇ ਨੂੰ ਦੇ ਦਿੱਤਾ। ਜਾਂਦਾ ਸੀ ਤਾਂ ਜੋ ਰਾਹ ਵਿੱਚ ਮਾਲ ਖੁਰਦ ਬੁਰਦ ਨਾ ਹੋ ਜਾਵੇ ਤੇ ਗ਼ਲਤ ਮਾਲ ਵੀ ਨਾ ਲੱਦਿਆ ਜਾਵੇ। ਭਗਤ ਜੀ ਆਖਦੇ ਹਨ ਕਿ ਘੱਟ-ਘੱਟ ਦੇ ਜਾਣਨਹਾਰ ਪ੍ਰਭੂ! ਸਾਰਾ ਆਲ ਪਾਤਾਲ ਭਾਵ ਵੇਰਵਾ ਤੂੰ ਜਾਣਦਾ ਹੈ ਤੂੰ ਆਪ ਹੀ ਸਾਰਾ ਕੁੱਝ ਲਿਖਦਾ ਹੈ। ਸੋ, ਇਸਨੂੰ ਲਿਖ ਲੈ। ਆਪ ਜੀ ਵਿਸ਼ਵਾਸ ਨਾਲ ਕਹਿੰਦੇ ਹਨ ਕਿ ਮੇਰੇ ਮਾਲ ਵਿੱਚ ਕੋਈ ਅਜਿਹਾ ਗ਼ਲਤ ਸੌਦਾ ਨਹੀਂ ਹੈ ਜਿਸਦੇ ਉੱਤੇ ਉਚੇਚਾ ਟੈਕਸ, ਜੁਰਮਾਨਾ ਜਾਂ ਡੰਡ ਲੱਗ ਸਕੇ। ਇਹ ਸਾਰੀ ਗੱਲ ਪਰਮਾਰਥ ਬਾਰੇ ਫੁਰਮਾਈ ਜਾ ਰਹੀ ਹੈ। ਇਹ ਕਿਤਨੀ ਵਾਕਫ਼ੀਅਤ ਭਰਪੂਰ ਗੱਲ ਹੈ ਕਿ ਬੀਤੇ ਜ਼ਮਾਨੇ ਵਿੱਚ ਮਾਲ ਆਦਿ ਇੰਝ ਢੋਇਆ ਜਾਂਦਾ ਸੀ। ਟਾਂਡਾ ਕੀ ਹੈ, ਤੇ ਉਸਦਾ ਕੀ ਭਾਵ ਹੈ? ਨਦੀਆਂ ਪਾਰ ਕਰਨ ਉੱਤੇ ਮਹਿਸੂਲ ਜਾਂ ਟੈਕਸ ਕਿਸ ਤਰ੍ਹਾਂ ਲੱਗਦਾ ਸੀ। ਗੁਰਬਾਣੀ ਯਥਾਰਥ ਦੀਆਂ ਮਿਸਾਲਾਂ ਲੈ ਕੇ ਜਿੱਥੇ ਪਰਮਾਰਥ ਦਾ ਰਾਹ ਪੱਧਰਾ ਕਰਦੀ ਹੈ ਉੱਥੇ ਹੀ ਯਥਾਰਥ ਨੂੰ ਸੱਚਾ ਤੇ ਸੁੱਚਾ ਬਣਾਉਣ ਦੀ ਪ੍ਰੇਰਣਾ ਵੀ ਦਿੰਦੀ ਹੈ। ਬਿਲਕੁਲ ਅਜਿਹਾ ਹੀ ਸਵਰਗਾਂ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਮਨੁੱਖ ਦੀ ਰੂਹ ਨੂੰ ਕਰਨਾ ਪੈਂਦਾ ਹੈ। ਉਸਨੂੰ ਵੈਤਰਣੀ ਨਦੀ ਉੱਤੇ ਸਾਰਾ ਹਿਸਾਬ ਦੇਣ ਤੋਂ ਬਾਅਦ ਨਦੀ ਪਾਰ ਕਰਨ ਦੀ ਆਗਿਆ ਮਿਲਦੀ ਹੈ ਤੇ ਫੇਰ ਸਵਰਗਾਂ ਵਿੱਚ ਪ੍ਰਵੇਸ਼ ਮਿਲਦਾ ਹੈ। ਗੁਰਬਾਣੀ ਨੇ ਸਾਨੂੰ ਅਜਿਹਾ ਕੋਈ ਲਾਲਚ ਨਹੀਂ ਦਿੱਤਾ ਬਲਕਿ ਇੱਥੇ ਹੀ ਸਾਰਾ ਨਿਬੇੜਾ ਕਰ ਦਿੱਤਾ। ਹੈ। ਚੰਗੇ ਪੁਰਖਾਂ ਦੀ ਸੰਗਤ ਹੀ ਬੈਕੁੰਠ ਹੈ, “ਸਾਧਿ ਸੰਗਤਿ ਬੈਕੁੰਠੇ ਆਹਿ”।
ਇਹ ਸੰਸਾਰ ਕੁਸੰਭੇ ਦੇ ਕੱਚੇ ਰੰਗ ਵਰਗਾ ਹੈ। ਇਹ ਕੱਚਾ ਰੰਗ ਚਾਰ ਦਿਹਾੜੇ ਨਹੀਂ। ਟਿਕਦਾ। ਮੇਰੇ ਰਾਮ ਦਾ ਰੰਗ ਮਜੀਠਾ ਹੈ। ਪੱਕਾ ਹੈ ਤੇ ਗੂੜਾ ਹੈ। ਸਰੀਰ ਰੂਪੀ ਕੱਪੜਾ ਭਾਵੇਂ ਲੀਰੋ-ਲੀਰ ਤੇ ਤਾਰ-ਤਾਰ ਹੋ ਜਾਏ ਪਿਆਰ ਨਹੀਂ ਟੁੱਟਦਾ।
“ਜੈਸਾ ਰੰਗੁ ਕਸੁੰਭ ਕਾ ਤੈਸਾ ਇਹੁ ਸੰਸਾਰੁ ॥
ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ ॥੪॥੧॥
ਪੰਨਾ-345 ਬਾਣੀ ਭਗਤ ਰਵੀਦਾਸ ਜੀ ਕੀ
ਇਸ ਪ੍ਰਕਾਰ ਜਿੱਥੇ ਸਾਨੂੰ ਲੁਬਾਣਿਆਂ ਦੀ ਮੁੱਖ ਕਿਰਤ ਦੇ ਸਾਰੇ ਗੁਣਾਂ ਤੇ ਪੱਖਾਂ ਦਾ ਪਤਾ ਲੱਗਦਾ ਹੈ ਉੱਥੇ ਉਨ੍ਹਾਂ ਦੇ ਸੁਭਾਅ ਤੇ ਝੁਕਾਅ ਬਾਰੇ ਵੀ ਗਿਆਨ ਹੁੰਦਾ ਹੈ ਕਿ ਉਹ ਕਿਸ ਤਰ੍ਹਾਂ ਜ਼ੁਮੇਦਾਰੀ ਤੇ ਸੁਚੇਤਤਾ ਨਾਲ ਇਸ ਕੰਮ ਨੂੰ ਨਿਭਾਉਂਦੇ ਸਨ ਅਤੇ ਇਹੀ ਅੱਗੋਂ ਜਾ ਕੇ ਉਨ੍ਹਾਂ ਦੇ ਗੁਰਮਤਿ ਨਾਲ ਜੁੜਨ ਅਤੇ ਸਿੱਖ ਬਣਨ ਵਿੱਚ ਸਹਾਈ ਹੋਇਆ। ਵੱਡੇ ਦਰਿਆਵਾਂ ਨੂੰ ਪਾਰ ਕਰਨ ਦੇ ਨਾਲ-ਨਾਲ ਉਨ੍ਹਾਂ ਪਾਸੋਂ (ਯਾਤਾਯਾਤ) ਆਵਾਜਾਈ ਦਾ ਕੰਮ ਵੀ ਲਿਆ ਜਾਂਦਾ ਸੀ । ਇਸ ਵਾਸਤੇ ਵੱਡੇ-ਵੱਡੇ ਬੇੜੇ ਉਨ੍ਹਾਂ ਵਿੱਚ ਲੱਗੇ ਮਸਤੂਲ, ਬਾਦਬਾਨ ਅਤੇ ਪਤਵਾਰਾਂ ਦੀ ਮਦਦ ਨਾਲ ਉਨ੍ਹਾਂ ਬੇੜਿਆਂ ਨੂੰ ਠੇਲਿਆ ਜਾਂਦਾ ਸੀ। ਇਸ ਕਾਰਜ ਲਈ ਤਕੜੇ ਜੁੱਸਿਆਂ ਵਾਲੇ ਮਲਾਹ ਤੇ ਖੇਵਣਹਾਰੇ ਨਿਯੁਕਤ ਕੀਤੇ ਜਾਂਦੇ ਸਨ। ਢੋਏ ਜਾਣ ਵਾਲੇ ਮਾਲ ਦੇ ਨਾਲ ਨਾਲ ਸਮੇਂ ਅਨੁਸਾਰ ਖਾਧ-ਖੁਰਾਕ ਤੇ ਹੋਰ ਲੋੜੀਂਦੀਆਂ ਵਸਤਾਂ ਵੀ ਬੇੜੇ ਵਿੱਚ ਰੱਖੀਆਂ ਜਾਂਦੀਆਂ ਸਨ। ਕੋਈ ਵੱਡਾ ਸ਼ਹਿਰ ਜਾਂ ਪੱਤਣ ਆਉਣ ਤੇ ਬੇੜੇ ਨੂੰ ਲੰਗਰ ਪਾ ਕੇ ਰੋਕ ਲਿਆ ਜਾਂਦਾ ਸੀ ਤੇ ਅਗਲੇ ਸਫਰ ਲਈ ਹੋਰ ਲੋੜੀਂਦਾ ਸਾਮਾਨ ਲੱਦ ਲਿਆ ਜਾਂਦਾ ਸੀ । ਲੰਗਰ ਪਾਉਣ ਦਾ ਮਤਲਬ ਇਹ ਹੈ ਕਿ ਲੋੜ ਮੁਤਾਬਕ ਸਾਮਾਨ ਹੀ ਬੇੜੇ ਵਿੱਚ ਲੱਦਿਆ ਜਾਵੇ। ਲਾਲਚ ਜਾਂ ਅਣਗਹਿਲੀ ਕਾਰਨ ਲੋੜ ਤੋਂ ਵੱਧ ਲੱਦਿਆ ਮਾਲ ਤਾਂ ਬੇੜਾ ਹੀ ਡੋਬ ਸਕਦਾ ਹੈ। ਬਿਲਕੁਲ ਇਹੀ ਭਾਵ ਗੁਰੂ ਕੇ ਲੰਗਰ ਦਾ ਹੈ। ਗੁਰੂ ਪਾਤਸ਼ਾਹ ਆਖਦੇ ਹਨ ਜਿਤਨਾ ਤੈਨੂੰ ਲੋੜ ਹੈ ਉਹਨਾਂ ਹੀ ਲੰਗਰ ਖਾ। ਲੋੜ ਤੋਂ ਵੱਧ ਖਾਏਂਗਾ ਤਾਂ ਬਿਮਾਰੀਆਂ ਸਹੇੜ ਲਏਂਗਾ। ਸਰੀਰ ਰੋਗੀ ਹੋ ਜਾਏਗਾ। ਫੇਰ ਡਾਕਟਰਾਂ ਤੇ ਵੈਦਾਂ ਨੂੰ ਲੱਭੇਗਾ। ਪਹਿਲਾਂ ਹੀ ਅਲਪ-ਆਹਾਰ, ਸੁਲਪ-ਸੀ ਨਿਦਰਾ ਦਾ ਚਲਨ ਬਣਾਇਆ ਜਾਏ। ਇਸ ਨਾਲ ਸਰੀਰ ਰੂਪੀ ਬੇੜਾ ਵੀ ਸੁਖੀ, ਸਫਰ ਸੁਖਾਵਾਂ ਤੇ ਮੰਜ਼ਿਲ ਸੌਖੀ ਮਿਲ ਜਾਂਦੀ ਹੈ। ਇਸ ਸੰਬੰਧੀ ਗੁਰਬਾਣੀ ਵਿੱਚ ਬਹੁਤ ਹੁਕਮ ਹਨ ਜਿਵੇਂ:-
“ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ॥
ਬੇੜੇ ਨੋ ਕਪਰੁ ਕਿਆ ਕਰੇ ਜੇ ਪਾਤਣ ਰਹੈ ਸੁਚੇਤਿ॥੮੬॥
ਸਲੋਕ ਫਰੀਦ ਜੀ, ਪੰਨਾ ਨੰ: 1382
ਇਸ ਪ੍ਰਕਾਰ ਇਹ ਸਪੱਸ਼ਟ ਹੋਇਆ ਕਿ ਵਣਜਾਰਿਆਂ ਦੀ ਕਿਰਤ ਸਾਫ਼, ਸੁਥਰੀ, ਸੁਘੜ ਤੇ ਸੁਚੇਤ ਸੀ। ਜਿਸ ਨਾਲ ਉਨ੍ਹਾਂ ਨੂੰ ਕਦੀ ਘਾਟ ਨਹੀਂ ਆਈ। ਕਿਰਤ ਵਿੱਚ ਬਰਕਤ ਪਈ ਤੇ ਚੰਗੇ ਭਾਗਾਂ ਨਾਲ ਉਹ ਸਮਾਂ ਪਾ ਕੇ ਗੁਰੂ ਚਰਨਾਂ ਨਾਲ ਜੁੜ ਗਏ।
ਇਕ ਥਾਂ ਤੋਂ ਦੂਜੀ ਥਾਂ ਵਿਕਟ ਤੇ ਵਿਪਰੀਤ ਪ੍ਰਸਥਿਤੀਆਂ ਵਿੱਚ ਮਾਲ ਪਹੁੰਚਾਣ ਦਾ ਕੰਮ ਸਿਰਫ਼ ਦੇਸ਼ ਦੇ ਵੱਖ-ਵੱਖ ਇਲਾਕਿਆਂ ਤੇ ਖਿੱਤਿਆਂ ਵਿੱਚ ਹੀ ਨਹੀਂ ਸੀ ਕੀਤਾ ਜਾਂਦਾ ਸਗੋਂ ਦੇਸ਼ ਅੰਦਰਲੇ ਮਾਲ ਨੂੰ ਪ੍ਰਦੇਸ਼ ਤੇ ਵਿਲਾਇਤਾਂ ਵਿੱਚ ਪਹੁੰਚਾਣ ਦਾ ਕੰਮ ਵੀ ਲੁਬਾਣੇ ਕਰਿਆ ਕਰਦੇ ਸਨ ਅਤੇ ਇਸਦੇ ਨਾਲ ਹੀ ਪ੍ਰਦੇਸ਼ਾਂ ਦਾ ਮਾਲ ਭਾਰਤ ਵਿੱਚ ਲਿਆਉਣ ਦਾ ਕਾਰਜ ਵੀ ਕੀਤਾ ਜਾਂਦਾ ਸੀ । ਸਮੁੰਦਰ ਵਿੱਚ ਚੱਲਣ ਵਾਲੇ ਬੇੜੇ ਬਹੁਤ ਵੱਡੇ ਤੇ ਵਿਸ਼ਾਲ ਹੋਇਆ ਕਰਦੇ ਸਨ । ਅਜੋਕੇ ਮਾਲ ਢੋਣ ਵਾਲੇ ਜਹਾਜਾਂ (ਕਾਰਗੋਸ਼ਿਪ) ਵਾਂਗ ਲੁਬਾਣੇ ਬੀਤੇ ਜ਼ਮਾਨੇ ਵਿੱਚ ਵੀ ਇੰਝ ਹੀ ਕਰਿਆ ਕਰਦੇ ਸਨ। ਇਸ ਕਿੱਤੇ ਤੇ ਵਪਾਰ ਦੀਆਂ ਦੋ ਪ੍ਰਸਿੱਧ ਮਿਸਾਲਾਂ ਭਾਈ ਮਨਸੁਖ ਜੀ ਅਤੇ ਭਾਈ ਮੱਖਣ ਸ਼ਾਹ ਲੁਬਾਣੇ ਦੀਆਂ ਹਨ। ਭਾਈ ਮਨਸੁਖ ਜੀ ਨੇ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਸੋਂ ਦਰਸ ਲਿਆ ਤੇ ਸਿੱਖ ਮੱਤ ਪ੍ਰਾਪਤ ਕੀਤੀ। ਗੁਰੂ ਨਾਨਕ ਦੇਵ ਜੀ ਦੇ ਲੰਕਾ ਪੁੱਜਣ ਤੋਂ ਪਹਿਲਾਂ ਭਾਈ ਮਨਸੁੱਖ ਜੀ ਲੰਕਾ ਵਿਖੇ ਪੁੱਜ ਗਏ ਸਨ। ਉਨ੍ਹਾਂ ਨੇ ਉੱਥੇ ਬੜੀਆਂ ਘਾਲਾਂ ਘਾਲੀਆਂ ਅਤੇ ਤਸੀਹੇ ਸਹੇ ਪਰ ਸਿੱਖੀ ਨਾ ਛੱਡੀ। ਇਹੀ ਉੱਚੀ ਬਿਰਤੀ ਦੇ ਸਿੱਖ ਹਨ ਜੋ,
ਕਬੀਰ ਸਮੁੰਦੁ ਨਾ ਛੋਡੀਐ ਜਉ ਅਤਿ ਖਾਰੋ ਹੋਇ॥
ਪੋਖਰਿ ਪੋਖਰਿ ਢੂਢਤੇ, ਭਲੋ ਨ ਕਹਿਹੈ ਕੋਇ॥੫੦॥
ਪੰਨਾ-1367, ਬਾਣੀ ਕਬੀਰ ਜੀ ਦੀ
ਭਾਈ ਮਨਸੁਖ ਜੀ ਦਾ ਇਹ ਸੁਭਾਅ ਸੀ ਕਿ ਉਹ ਸਖਿਆਦ ਗੁਰੂ ਨਾਨਕ ਦੇਵ ਜੀ ਦੇ ਚਰਨ ਪਰਸਨਹਾਰ ਬਣੇ। ਇਸੇ ਹੀ ਪ੍ਰਕਾਰ ਦਾ ਆਯਾਤ-ਨਿਰਯਾਤ ਦਾ ਵਾਪਾਰ ਕਰਨ। ਵਾਲੇ ਪ੍ਰਸਿੱਧ ਗੁਰਮੁਖ ਬੀਰ ਬਹਾਦਰ ਭਾਈ ਮੱਖਣ ਸ਼ਾਹ ਜੀ ਲੁਬਾਣਾ ਸਨ, ਜਿਨ੍ਹਾਂ ਨੇ ਗੁਰੂ ਨਾਨਕ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਉਨ੍ਹਾਂ ਦੇ ਪ੍ਰਤੱਖ ਰੂਪ ਗੁਰੂ ਤੇਗ ਬਹਾਦਰ ਜੀ ਨੇ ਇਨ੍ਹਾਂ ਦਾ ਬੇੜਾ ਬੰਨੇ ਲਾਇਆ।
ਪੰਜਾਬ ਦਰਿਆਵਾਂ ਦਾ ਦੇਸ਼ ਹੈ। ਜ਼ਿਲ੍ਹਾ ਜਿਹਲਮ ਸਥਿਤ ਖਿਉੜੇ ਵਿਖੇ ਲੂਣ ਦੀ ਖਾਨ ਹੈ ਜਿਸਨੂੰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੱਕ ਪਹੁੰਚਾਣ ਲਈ ਵਾਰ-ਵਾਰ ਨਦੀਆਂ ਨਾਲੇ ਤੇ ਦਰਿਆਵਾਂ ਨੂੰ ਪਾਰ ਕਰਨਾ ਪੈਂਦਾ ਹੈ। ਇਸ ਗੱਲ ਨੂੰ ਮੁੱਖ ਰੱਖਦਿਆਂ ਇਨ੍ਹਾਂ ਨੇ ਆਪਣੇ ਢੋਆ-ਢੁਆਈ ਦੇ ਸਾਧਨਾਂ ਨੂੰ ਵਿਉਂਤਬੰਧ ਕਰਨ ਲਈ ਦਰਿਆਵਾਂ ਦੇ ਕਿਨਾਰੇ ਆਪਣੇ ਅੱਡੇ ਤੇ ਬਸਤੀਆਂ ਬਣਾਈਆਂ ਹੋਈਆਂ ਸਨ। ਜਿਨ੍ਹਾਂ ਨੇ ਮਗਰੋਂ ਜਾ ਕੇ ਨਗਰਾਂ ਤੇ ਉਪ-ਨਗਰਾਂ ਦਾ ਰੂਪ ਧਾਰ ਲਿਆ। ਦਰਿਆਵਾਂ ਨੂੰ ਪਾਰ ਕਰਨ ਲੱਗਿਆਂ ਇਹ ਇਕ ਗੱਲ ਦਾ ਖਾਸ ਧਿਆਨ ਰੱਖਦੇ ਸਨ ਕਿ ਦਰਿਆ ਉੱਥੋਂ ਪਾਰ ਕੀਤੇ ਜਾਣ ਜਿੱਥੇ ਦਰਿਆ ਦਾ ਪਾਟ ਸਭ ਤੋਂ ਤੰਗ ਹੋਵੇ। ਇਸ ਤੰਗ ਹਿੱਸੇ ਨੂੰ ਦਰਿਆ ਦੀ ਮਿਆਨੀ ਕਿਹਾ। ਜਾਂਦਾ ਹੈ। ਮਿਆਨੀ ਤੋਂ ਭਾਵ ਵਿਚਕਾਰਲੀ ਜਾਂ ਦਰਮਿਆਨ ਵਾਲੀ ਥਾਂ ਹੁੰਦਾ ਹੈ। ਇਸੇ ਹੀ ਮਤਲਬ ਦਾ ਇੱਕ ਸ਼ਬਦ ਪਜਾਮੇ ਦੀ ਸਿਲਾਈ ਦੇ ਸੰਬੰਧ ਵਿੱਚ ਆਉਂਦਾ ਹੈ। ਪਜਾਮੇ ਦੇ ਘੇਰੇ ਨੂੰ ਵਧਾਉਣ ਵਾਸਤੇ, ਪਜਾਮੇ ਦੇ ਪੇਂਦੇ ਤੋਂ ਅਗਲੇ ਪਾਸੇ ਪਾਏ ਹੋਏ ਕੱਪੜੇ ਨੂੰ ਵੀ ਮਿਆਨੀ ਆਖਦੇ ਹਨ। ਇਹ ਮਿਆਨੀ ਪਜਾਮੇ ਦੀਆਂ ਦੋਹਾਂ ਲੱਤਾਂ ਨੂੰ ਜੋੜਦੀ ਹੈ। ਬਿਲਕੁਲ ਇਸੇ ਹੀ ਤਰ੍ਹਾਂ ਦਰਿਆ ਦੇ ਦੋਵੇਂ ਕਿਨਾਰੇ ਮਿਆਨੀ ਕਾਰਨ ਨੇੜੇ ਹੋ ਜਾਂਦੇ ਹਨ। ਪੰਜਾਬ ਵਿੱਚ ਜ਼ਿਲ੍ਹਾ ਗੁਜਰਾਤ ਦੇ ਉੱਤਰ ਵਾਲੇ ਪਾਸੇ ਦਰਿਆ ਜਿਹਲਮ ਦੇ ਨੇੜੇ ਇਕ ਪਿੰਡ ਦਾ ਨਾਂ ਮਿਆਨੀ ਹੈ। ਇਸ ਨਾਮ ਦੀਆਂ ਕਈ ਹੋਰ ਥਾਵਾਂ ਵੀ ਹਨ। ਦਰਿਆ ਸਤਲੁਜ ਦੇ ਕਿਨਾਰੇ ਵਸੇ ਨਗਰ ਲੁਧਿਆਣਾ ਦੇ ਇਰਦ-ਗਿਰਦ ਰਹਿਣ ਵਾਲੇ ਅਤੇ ਪਾਕਿਸਤਾਨ ਵਿੱਚ ਰਹਿ ਗਏ ਝਾਂਗੀ ਲੁਬਾਣੇ ਆਪਣਾ ਮੂਲ ਰਾਜਸਥਾਨ ਜਾਂ ਪੁਰਾਣੇ ਰਾਜਪੁਤਾਨੇ ਦਾ ਦੱਸਦੇ ਹਨ। ਇਨ੍ਹਾਂ ਦਾ ਸੰਬੰਧ ਜੈਪੁਰ ਤੇ ਜੋਧਪੁਰ ਜ਼ਿਲ੍ਹਿਆਂ ਦੇ ਚੌਹਾਨ ਰਾਜਪੂਤਾਂ ਨਾਲ ਜੁੜਦਾ ਹੈ।
ਪੰਜਾਬ ਵਿੱਚ ਜ਼ਿਲ੍ਹਾ ਗੁਜਰਾਤ ਲੁਬਾਣਿਆਂ ਦਾ ਮੁੱਖ-ਗੜ੍ਹ ਹੈ। ਅਜੋਕੇ ਸਮੇਂ ਵਿੱਚ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਲੁਬਾਣਿਆਂ ਨੇ ਜੋ ਲਾ-ਜਵਾਬ ਤਰੱਕੀ ਕੀਤੀ ਉਸਦਾ ਮੁੱਖ ਕੇਂਦਰ ਜ਼ਿਲ੍ਹਾ ਗੁਜਰਾਤ ਬਣਿਆ। ਜ਼ਿਲ੍ਹਾ ਗੁਜਰਾਤ ਦੇ ਲੁਬਾਣੇ ਰਾਜਸਥਾਨ ਦੇ ਰਘੁਵੰਸ਼ੀ ਰਾਜਪੂਤ ਹਨ।
ਕਾਂਗੜਾ, ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਰਹਿਣ ਵਾਲੇ ਲੁਬਾਣੇ ਰੁਹੇਲਖੰਡ ਦੇ ਪੀਲੀਭੀਤ ਦੇ ਇਲਾਕੇ ਵਿੱਚ ਵੱਸਣ ਵਾਲੇ ਗੌੜ ਬ੍ਰਾਹਮਣਾਂ ਨਾਲ ਜਾ ਜੁੜਦੇ ਹਨ। ਇਹਨਾਂ ਤੋਂ ਇਲਾਵਾ ਰਨਥੰਭੌਰ ਦੇ ਇਲਾਕੇ ਵਿੱਚੋਂ ਔਰੰਗਜ਼ੇਬ ਦੇ ਵੇਲੇ ਉਠੇ ਲੁਬਾਣੇ ਪੰਜਾਬ ਦੇ ਇਨ੍ਹਾਂ ਇਲਾਕਿਆਂ ਵਿੱਚ ਆ ਕੇ ਵੱਸ ਗਏ।
ਪੰਜਾਬ ਦੇ ਲੁਬਾਣਿਆਂ ਦੀ ਬਹੁਤੀ ਗਿਣਤੀ ਰਾਜਸਥਾਨ ਦੇ ਪੱਛਮੀ ਇਲਾਕਿਆਂ ਦੇ ਵਿੱਚੋਂ ਉਠ ਕੇ ਆਈ ਹੈ। ਇਨ੍ਹਾਂ ਦੀ ਬੋਲੀ ਪੱਛਮੀ ਰਾਜਸਥਾਨੀ ਨਾਲ ਬਹੁਤ ਮਿਲਦੀ ਹੈ । ਜਿਸ ਤੋਂ ਅਸੀ ਇਹ ਠੋਸ ਆਧਾਰ ਸਥਾਪਤ ਕਰ ਸਕਦੇ ਹਾਂ ਕਿ ਇਨ੍ਹਾਂ ਦਾ ਮੂਲ ਰਾਜਸਥਾਨ ਦਾ ਪੱਛਮੀ ਇਲਾਕਾ ਤੇ ਇਨ੍ਹਾਂ ਦੀ ਜਾਤ, ਚੰਦਰਵੰਸ਼ੀ ਤੇ ਰਘੂਵੰਸ਼ੀ ਰਾਜਪੂਤਾਂ ਵਾਲੀ ਹੈ।
ਲਿਬਾਸ, ਬੋਲੀ ਤੇ ਗਹਿਣੇ
ਅੱਜ-ਕਲ ਸ਼ਹਿਰਾਂ ਵਿਚ ਤਕਰੀਬਨ ਇਕੋ ਜਿਹਾ ਲਿਬਾਸ ਹੀ ਪਹਿਨਿਆ ਜਾਂਦਾ ਹੈ ਪਰ ਫਿਰ ਵੀ ਸਮੇਂ ਦੀ ਤਬਦੀਲੀ ਨਾਲ ਲਿਬਾਸ ਵਿਚ ਦਿਨ-ਬ-ਦਿਨ ਲਗਾਤਾਰ ਕੁਝ ਨਾ ਕੁਝ ਬਦਲਾਉ ਹੁੰਦਾ ਹੀ ਰਹਿੰਦਾ ਹੈ। ਕੁੜੀਆਂ, ਮੁੰਡੇ ਤੇ ਮਰਦ ਔਰਤਾਂ ਆਪਣੇ ਲਿਬਾਸ ਨੂੰ ਸਜਾਉਂਦੇ ਤੇ ਸੰਵਾਰਦੇ ਰਹਿੰਦੇ ਹਨ, ਇਹ ਸਭ ਕੁਝ ਹੋਣ ਦੇ ਬਾਵਜੂਦ ਹਰ ਇਲਾਕੇ ਦਾ ਇੱਕ ਆਪਣਾ ਮੁੱਖ ਪਹਿਰਾਵਾ ਹੈ।
ਕਿਸੇ ਜ਼ਮਾਨੇ ਵਿਚ ਪੰਜਾਬ ਦੇ ਪਿੰਡਾਂ ਅੰਦਰ ਖਾਸ ਕਰਕੇ ਜੱਟੀਆਂ ਬਾਹਰ ਜਾਣ ਲੱਗਿਆਂ ਸਲਵਾਰ ਦੇ ਉੱਤੇ ਘਗਰਾ ਪਹਿਨ ਕੇ ਜਾਇਆ ਕਰਦੀਆਂ ਸਨ। ਇਸ ਸੰਬੰਧ ਵਿਚ ਬਹੁਤ ਸਾਰੇ ਲੋਕ ਗੀਤ ਪ੍ਰਸਿੱਧ ਹਨ ਜਿਵੇਂ :- ਘਗਰਾ ਵੀਹ ਗਜ਼ ਦਾ ਲੱਕ ਗੈਰੀ ਦਾ ਮਰੋੜੇ ਖਾਵੇ। ਭਾਵ ਇਹ ਹੈ ਕਿ ਘਗਰੇ ਨੂੰ ਵੀਹ ਗਜ਼ ਕੱਪੜਾ ਲੱਗਿਆ ਕਰਦਾ ਸੀ। ਉਸ ਵਿੱਚ ਬਹੁਤ ਸਾਰੀਆਂ ਚੋਣਾਂ ਜਿਹੀਆਂ ਪਾ ਕੇ ਉਸਨੂੰ ਲੱਕ ਦੁਆਲੇ ਪਾਇਆ ਜਾਂਦਾ ਸੀ ਜੋ ਇੱਕ ਨਾਲੇ ਦੇ ਨਾਲ ਮਜ਼ਬੂਤੀ ਸੰਗ ਬੰਨਿਆ ਹੁੰਦਾ ਸੀ । ਨਾਲਾ ਵੀ ਬੜਾ ਨੁਮਾਇਸ਼ੀ ਤੇ ਖੂਬਸੂਰਤ ਹੁੰਦਾ ਸੀ ਫੁੰਮਣਾ ਵਾਲਾ, ਗੰਢਾਂ ਵਾਲਾ, ਰੇਸ਼ਮੀ, ਸੂਤੀ ਤੇ ਵੱਖ-ਵੱਖ ਨਮੂਨਿਆਂ ਵਾਲਾ। ਇਸ ਸੰਬੰਧ ਵਿੱਚ ਪਟਿਆਲੇ ਦੇ ਨਾਲੇ ਬੜੇ ਮਸ਼ਹੂਰ ਹਨ। ਸੱਚਮੁੱਚ ਹੀ ਵੀਹ ਗਜ਼ ਕੱਪੜੇ ਦਾ ਭਾਰ ਬੜਾ ਹੋ ਜਾਂਦਾ ਹੈ ਪਰ ਅੱਜ ਕੱਲ੍ਹ ਸ਼ਾਇਦ ਹੀ ਪੰਜਾਬ ਦੇ ਕਿਸੇ ਪਿੰਡ ਅੰਦਰ ਕੋਈ ਔਰਤ ਘਗਰਾ ਪਾ ਕੇ ਕਿਤੇ ਜਾਂਦੀ ਹੋਵੇ। ਹੁਣ ਆਮ ਤੌਰ ਤੇ ਕਮੀਜ਼ ਸਲਵਾਰ ਹੀ ਮੁੱਖ ਪਹਿਰਾਵਾ ਹੈ ਤੇ ਸਿਰ ਤੇ ਮੁਦੱਬਰ ਔਰਤਾਂ, ਨੂੰਹਾਂ ਦੁਪੱਟਾ ਲੈਂਦੀਆਂ ਹਨ। ਤੇ ਕੁੜੀਆਂ ਚੁੰਨੀਆਂ ਲੈਂਦੀਆਂ ਹਨ। ਸ਼ਹਿਰ ਵਿੱਚ ਅਜਿਹੀ ਹਵਾ ਚਲੀ ਕਿ ਉਹ ਚੁੰਨੀ ਸਿਰ ਤੋਂ ਉੱਡ ਕੇ ਗਲੇ ਵਿੱਚ ਕੇਵਲ ਸ਼ਿੰਗਾਰ ਰੂਪ ਜਿਹੀ ਬਣ ਕੇ ਰਹਿ ਗਈ। ਉਸ ਮਗਰੋਂ ਨਵੀਨਤਾ ਦਾ ਇਕ ਹੋਰ ਝੱਖੜ ਚਲਿਆ। ਜਿਸ ਨਾਲ ਕੁੜੀਆਂ-ਚਿੜੀਆਂ ਚੁੰਨੀ ਨੂੰ ਮੋਢੇ ਉੱਤੇ ਪੁਰਾਣੇ ਜ਼ਮਾਨੇ ਦੇ ਮਰਦਾਂ ਦੇ ਪਰਨਿਆਂ ਵਾਂਗ ਰੱਖ-ਸਜਾਉਂਣ ਲਗ ਪਈਆਂ। ਹੁਣ ਤਾਂ ਲਿਬਾਸ ਹੀ ਇਹੋ ਜਿਹੇ ਬਣਦੇ ਹਨ, ਕਿ ਉਹ ਪਿੰਡੇ ਨੂੰ ਕੱਜਣ ਨਾਲੋਂ ਨੰਗੇਜ਼ ਜ਼ਿਆਦਾ ਦਿੰਦੇ ਹਨ। ਨਵੀਨਤਾ ਦੇ ਝੱਖੜ ਕਾਰਨ ਚੁੰਨੀਆਂ, ਦੁਪੱਟੇ ਪੂਰੀ ਤਰ੍ਹਾਂ ਹੀ ਕਿਧਰੇ ਉੱਡ ਗਏ ਜਿਸਨੂੰ ਸਿਆਣੇ ਪੁਰਾਣੇ ਲੋਕ ਤੂਫਾਨੇ-ਬਦਤਮੀਜ਼ੀ ਦਾ ਨਾਮ ਦਿੰਦੇ ਹਨ ਪਰ ਕੌਣ ਸੁਣਦਾ ਹੈ? ਚੁੰਨੀ ਉੱਕਾ ਹੀ ਉੱਡ-ਪੁੱਡ ਗਈ ਤੇ ਹੇਠੋਂ ਸਿਰਮੁੰਨੀ ਜਿਹੀ ਕੁੜੀ ਦੀ ਸੂਰਤ ਦਿਸਣ ਲਗ ਪਈ।
ਜ਼ਨਾਨਾ ਲਿਬਾਸ ਸਲਵਾਰ ਕਮੀਜ਼ ਵਿੱਚ ਵੀ ਸਮੇਂ-ਸਮੇਂ ਅਜੀਬ ਤਰ੍ਹਾਂ ਦੇ ਬਦਲਾਵ ਆਏ। ਮੁੱਢਲੇ ਸਮੇਂ ਵਿੱਚ ਸਲਵਾਰਾਂ ਦਾ ਬਹੁਤ ਵੱਡਾ ਘੇਰਾ ਹੁੰਦਾ ਸੀ। ਪਹਿਨਣ ਮਗਰੋਂ ਉਹ ਘੇਰਾ ਚੋਣਾਂ ਦਾ ਰੂਪ ਧਾਰ ਕੇ ਇੱਕ ਨਿਰਾਲੀ ਜਿਹੀ ਛੱਬ ਤੇ ਖੂਬਸੂਰਤੀ ਪ੍ਰਦਾਨ ਕਰਦਾ ਸੀ। ਕਮੀਜ਼ਾਂ ਖੁੱਲੀਆਂ-ਡੁੱਲੀਆਂ ਤੇ ਗੋਡਿਆਂ ਤੱਕ ਲੰਮੀਆਂ ਹੁੰਦੀਆਂ ਸਨ। ਸਾਹਮਣੇ ਗਲਾ ਹੁੰਦਾ ਸੀ ਜਿਸਨੂੰ ਸੋਨੇ, ਚਾਂਦੀ ਜਾਂ ਹੋਰ ਧਾਤਾਂ ਦੇ ਬਣੇ ਹੋਏ ਬਟਨ ਲਗਦੇ ਸਨ ਤੇ ਉਹ ਜ਼ੰਜ਼ੀਰ ਨਾਲ ਬੰਨ੍ਹ ਦਿੱਤੇ ਜਾਂਦੇ ਸਨ । ਰਤਾ ਅੱਗੇ ਚਲ ਕੇ ਸਲਵਾਰਾਂ ਦਾ ਘੇਰਾ ਘੱਟਦਾ ਗਿਆ ਤੇ ਕਮੀਜ਼ਾਂ ਲੰਮੀਆਂ, ਕਦੀ ਛੋਟੀਆਂ ਤੇ ਫਿਰ ਦਰਮਿਆਨੀ ਲੰਬਾਈ ਦੀਆਂ ਵੀ ਹੁੰਦੀਆਂ ਰਹੀਆਂ। ਪਿਛਲੇ ਤੀਹ ਚਾਲੀ ਸਾਲਾਂ ਵਿੱਚ ਤਾਂ ਸਲਵਾਰ ਕਮੀਜ਼ ਤਰ੍ਹਾਂ ਤਰ੍ਹਾਂ ਦੇ ਰੂਪ ਧਾਰ ਕੇ ਵੇਸ-ਭੂਸ਼ਾ ਨੂੰ ਨਿੱਤ ਤਬਦੀਲ ਕਰਦੀ ਰਹੀ। ਕਦੀ ਤਾਂ ਕਮੀਜ਼ ਇਤਨੀ ਖੁੱਲੀ ਹੋ ਗਈ ਜਿਵੇਂ ਕਿਸੇ ਸੰਤ ਮਹਾਰਾਜ ਨੇ ਗਲੇ ਵਿੱਚ ਕਮਲੀ ਜਾਂ ਬੋਰੀ ਪਾਈ ਹੋਵੇ। ਇਹੋ ਜਹੀਆਂ ਕਮੀਜ਼ਾਂ ਨੂੰ ਕਫਤਾਨ ਆਖਦੇ ਸਨ। ਕਦੀ ਇਹ ਕਮੀਜ਼ਾਂ ਉੱਤੋਂ ਓੜੇ ਗਏ ਕਸ਼ਮੀਰੀ ਫਿਰਨ ਵਰਗੀਆਂ ਹੋ ਗਈਆਂ। ਕਮੀਜ਼ਾਂ ਦੇ ਤਰ੍ਹਾਂ-ਤਰ੍ਹਾਂ ਦੇ ਨਮੂਨਿਆਂ ਵਾਲੇ ਗਲੇ ਬਣਾਏ ਜਾਣ ਲੱਗੇ। ਮੈਂ ਖੁਦ ਇੱਕ ਸਿਆਣੀ-ਬਿਆਣੀ ਔਰਤ ਨੂੰ ਦਰਜ਼ੀ ਦੀ ਦੁਕਾਨ ਉੱਤੇ ਨਿਹੁਰੇ ਤੇ ਜ਼ਿਦ ਨਾਲ ਆਖਦਿਆਂ ਸੁਣਿਆਂ ਕਿ ਲੈ ਭਾਈ ਇਹ 10 ਰੁ. ਨੇ ਤੂੰ ਕਸ਼ਮੀਰ ਦੀ ਕਲੀ ਫਿਲਮ ਦੇਖ ਕੇ ਆ ਤੇ ਮੇਰੀ ਕਮੀਜ਼ ਦੇ ਗਲੇ ਦਾ ਨਮੂਨਾ ਸ਼ਰਮੀਲਾ ਟੈਗੋਰ ਵਰਗਾ ਬਣਾ ਦੇ। ਦਰਜ਼ੀ ਨਿੰਮਾ ਨਿੰਮਾ ਮੁਸਕਰਾ ਰਹਿਆ ਸੀ ਤੇ ਬੀਬੀ 10 ਰੁ. ਦਾ ਨੋਟ ਛੱਡ ਕੇ ਨੱਚ-ਟੱਪ ਕੇ ਬਾਹਰ ਆ ਗਈ। ਮਰਦਾਨੇ ਸਫ਼ਾਰੀ ਸੂਟ ਦੀ ਤੇੜ ਪਾਉਣ। ਵਾਲੀ ਬੁਸ਼੍ਟ ਨੂੰ ਪਿਛਲੇ ਪਾਸੇ ਲੱਗੀ ਝੂਠੀ-ਮੂਠੀ ਨੁਮਾਇਸ਼ੀ ਪੇਟੀ ਵਰਗੀ ਪੇਟੀ ਜ਼ਨਾਨਾ ਕਮੀਜ਼ਾਂ ਵਿੱਚ ਵੀ ਬੜੀ ਦੇਰ ਲਗਦੀ ਰਹੀ। ਫ਼ਰਾਕ ਭਾਵੇਂ ਵਿਲਾਇਤੀ ਪਹਿਰਾਵਾ ਹੈ ਪਰ ਕੁੜੀਆਂ ਨੂੰ ਬਚਪਨੇ ਵਿੱਚ ਹੀ ਪਾਇਆ ਜਾਂਦਾ ਹੈ। ਜਦੋਂ ਕੁੜੀ ਕਮੀਜ਼ ਸਲਵਾਰ ਪਾਉਣ ਦੀ ਉਮਰ ਤੇ ਪੁੱਜ ਜਾਵੇ ਤਾਂ ਫ਼ਰਾਕ ਦੀ ਥਾਂ ਤੇ ਕਮੀਜ਼ ਸਲਵਾਰ ਆ ਜਾਂਦੀ ਸੀ । ਜਵਾਨ ਦਿਸਣ ਦੀ ਦੀਵਾਨਗੀ ਇਤਨੀ ਹੈ ਕਿ ਬਹੁਤ ਸਾਰਾ ਚਿਰ ਫ਼ਰਾਕ ਸਲਵਾਰ ਦਾ ਰਿਵਾਜ਼ ਰਿਹਾ। ਬਹੁਤੇ ਵਿਸਤਾਰ ਵਿੱਚ ਨਾ ਜਾਈਏ। ਸਲਵਾਰਾਂ ਦੀ ਵੀ ਇਹੀ ਕਹਾਣੀ ਹੈ। ਕੁਝ ਦੇਰ ਬੈਲਟ ਵਾਲੀ ਸਲਵਾਰ ਵੀ ਚਲਦੀ ਰਹੀ। ਜਿਸਦਾ ਨੇਫ਼ਾ ਪਹਿਨਣ ਵਾਲੀ ਸੁਆਣੀ ਦੇ ਲੱਕ ਨਾਲ ਚੰਗੀ ਤਰ੍ਹਾ ਚਿਪਕਿਆ ਹੁੰਦਾ ਸੀ ਤਾਂ ਜੋ ਉੱਤੋਂ ਪਾਈ ਕਮੀਜ਼ ਉਸਦੇ ਪਿੰਡੇ ਦੀ ਘਾੜਤ (Figure) ਦੀ ਚੰਗੀ ਤਰ੍ਹਾਂ ਨੁਮਾਇਸ਼ ਕਰ ਸਕੇ। ਕਪੜੇ ਤੇ ਪਾਉਣੇ ਹੁੰਦੇ ਨੇ। ਨੰਗੇਜ਼ ਢੱਕਣ ਲਈ। ਗੁਰੂ ਨਾਨਕ ਦੇਵ ਜੀ ਨੇ ਬੜੇ ਸ਼ੁਭ ਬਚਨ ਆਖੇ ਹਨ ਹੁਕਮ ਹੈ,
“ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ॥
(ਸ੍ਰੀ ਰਾਗ ਮਹਲਾ ੯, ਪੰਨਾ 16)
ਅੰਤਰਜਾਮੀ ਬਾਬਾ ਜੀ ਜਾਣਦੇ ਸਨ ਕਿ ਕੋਈ ਜ਼ਮਾਨਾ ਐਸਾ ਆਏਗਾ ਜਦੋਂ ਲੋਕ ਅਜਿਹੇ ਕੱਪੜੇ ਪਾਣ ਲਗ ਜਾਣਗੇ ਜਿਹੜੇ ਨੰਗੇਜ਼ ਢੱਕਣ ਦੀ ਬਜਾਏ ਅੰਗਾਂ ਦੀ ਭੱਦੀ ਨੁਮਾਇਸ਼ ਕਰਨਗੇ। ਇਹ ਪਾਗਲਪਨ ਸਦੀਵੀ ਹੈ ਤੇ ਅੱਜ ਵੀ ਬਹੁਤਿਆਂ ਦੇ ਉੱਤੇ ਸਵਾਰ ਹੈ। ਲੁਬਾਣੇ ਸਿੱਖ ਕਾਫ਼ੀ ਹੱਦ ਤੱਕ ਇਸ ਮਾਰ ਤੋਂ ਬਚੇ ਹੋਏ ਹਨ ਤੇ ਆਪਣੇ ਆਪਨੂੰ ਅਨੁਸ਼ਾਸਿਤ ਰੱਖਦੇ ਹਨ ਤੇ ਉਹ ਇਸ ਗੱਲ ਦਾ ਧਿਆਨ ਕਰਦੇ ਹਨ ਕਿ ਕੱਪੜੇ ਅੰਗਾਂ ਨੂੰ ਨਾ ਪੀੜਣ ਤੇ ਅੰਗਾਂ ਦੀ ਨੁਮਾਇਸ਼ ਨਾ ਕਰਨ। ਇਸੇ ਸੰਬੰਧ ਵਿੱਚ ਗੁਰੂ ਨਾਨਕ ਦੇਵ ਜੀ ਦਾ ਇਕ ਮਹਾਨ ਪਵਿੱਤਰ ਆਦੇਸ਼ ਹੈ ਕਿ ਕੱਪੜਾ ਅਜਿਹਾ ਹੋਵੇ ਜਿਸ ਨਾਲ ਪਹਿਨਣ ਵਾਲੇ ਦੀਆਂ ਅੱਖਾਂ ਵਿੱਚ ਸ਼ਰਮ ਤੇ ਸ਼ੀਲਤਾ ਬਣੀ ਰਹੇ। ਖੁਦਾ ਦੀ ਸਿਫਤੋਂ ਸਲਾਹ ਤੋਂ ਦੂਰ ਨਾ ਹੋਈਏ ਤੇ ਉਸਦੇ ਗੁਣ ਤੇ ਉਸ ਦੀਆਂ ਦਾਤਾਂ ਕਦੀ ਵਿਸਰਨ ਨਾ। ਇੰਝ ਇੱਜ਼ਤ ਕਾਇਮ ਰਹਿੰਦੀ ਹੈ। ਘਰਾਣੇ ਕਾਇਮ ਰਹਿੰਦੇ ਹਨ। ਟਾਬਰੀਆਂ ਬਿਖਰਦੀਆਂ ਨਹੀਂ, ਵਿਛੜਦੀਆਂ ਨਹੀਂ, ਜੁੜੀਆਂ ਰਹਿੰਦੀਆਂ ਹਨ। ਆਪਾ-ਧਾਪੀ, ਸਰਬ-ਵਿਆਪੀ ਨਹੀਂ ਹੁੰਦੀ। ਸਰਬੱਤ੍ਰ ਰਚਿਤ ਅਕਾਲ ਪੁਰਖ ਦਾ ਦਿੱਤਾ ਹੋਇਆ ਰੱਜ ਬਣਿਆ ਰਹਿੰਦਾ ਹੈ।
‘ਖਿਮਾ ਧੀਰਜੁ ਕਰਿ ਗਊ ਲਵੇਰੀ ਸਹਿਜੇ ਬਛਰਾ ਖੀਰੁ ਪੀਐ॥
ਸਿਫਤਿ, ਸਰਮ ਕਾ ਕਪੜਾ ਮਾਂਗਉ ਹਰਿ ਗੁਣ ਨਾਨਕ ਰਵਤੁ ਰਹੈ॥੪॥੭॥
ਇਸ ਅੰਦਰੂਨੀ ਰੱਜ ਕਾਰਨ ਗੌਰਵਤਾ ਨਿਖੁਟਦੀ ਨਹੀਂ, ਧੀਰਜ ਦੀ ਦੌਲਤ ਤੋੜ ਧੁਰ ਦਾ ਡਰ ਪੈਦਾ ਕਰਦੀ ਹੈ। ਜੀਵਨ ਅੰਮ੍ਰਿਤ ਰੂਪੀ ਹੋ ਜਾਂਦਾ ਹੈ। ਅਨੁਸ਼ਾਸਨ ਬਣਿਆ ਰਹਿੰਦਾ ਹੈ ਤੇ ਖਿਮਾ ਦਾ ਧੰਨ ਤੇ ਧਨ, ਭਾਵ ਸੁਆਣੀਆਂ ਨੂੰ ਬਲਵਾਨ ਰੱਖਦਾ ਹੈ ਜਿਸ ਨਾਲ ਨਸਲ ਸਿਹਤਮੰਦ ਫਸਲ ਵਾਂਗ ਬਹੁਲ ਬਣਦੀ ਹੈ ਤੇ ਅਸਲ ਨਾਲੋਂ ਦੂਰ ਨਹੀਂ ਹੁੰਦੀ। ਬਾਹਲਾ ਕੁਝ ਘਰ ਆਉਂਦਾ ਹੈ।
ਖਿਮਾ ਦਾ ਧਨ, ਧਨ ਨੂੰ ਘਟਣ ਨਹੀਂ ਦਿੰਦਾ ਤੇ ਧਨ ਸੁਆਣੀਆਂ ਨੂੰ ਡੋਲਣ ਨਹੀਂ ਦਿੰਦਾ।
ਮਰਦਾਂ ਦਾ ਲਿਬਾਸ
ਇੰਞ ਹੀ ਪਹਿਲਾਂ ਮਰਦਾਂ ਦੇ ਲਿਬਾਸ ਵਿੱਚ ਤੇੜ ਚਾਦਰਾ ਤੇ ਗੱਲ ਕੁੜਤਾ ਪਾਇਆ ਜਾਂਦਾ ਸੀ, ਪਗੜੀ ਤੇ ਇਕ ਪਰਨਾ (ਇਸਨੂੰ ਮੋਢੇ ਉੱਤੇ ਰੱਖਿਆ ਜਾਂਦਾ ਹੈ) ਜੋ ਲੋੜ ਪੈਣ ਤੇ ਹੱਥ ਮੂੰਹ ਸਾਫ਼ ਕਰਨ ਦੇ ਕੰਮ ਆਇਆ ਕਰਦਾ ਸੀ। ਇਸ ਪਰਨੇ ਨੂੰ ਮੁਦੱਬਰ ਪੁਣੇ ਤੇ ਸਾਊਪੁਣੇ ਦਾ ਚਿੰਨ੍ਹ ਮੰਨਿਆ ਜਾਂਦਾ ਸੀ। ਇਸਨੂੰ ਅੰਗੋਛਾ ਜਾਂ ਅੰਗਰਖਾ ਵੀ ਕਿਹਾ ਜਾਂਦਾ ਹੈ। ਅੰਗਰਖਾ ਦੋ ਅੱਖਰਾਂ ਅੰਗਰਖਾ ਮਿਲਾ ਕੇ ਬਣਿਆ ਹੋਇਆ ਸੰਯੁਕਤ ਅੱਖਰ ਹੈ। ਇਸਦਾ ਭਾਵ ਹੈ ਜੋ ਅੰਗ ਦੀ ਰੱਖਿਆ ਕਰੇ, ਪੂੰਝਣ, ਝਾੜਣ ਤੇ ਸਫ਼ਾਈ ਦੇ ਕੰਮ ਆਵੇ। ਅੰਗਰਖਾ ਦੇ ਭਾਵ ਦੀ ਇਕ ਖੂਬਸੂਰਤੀ ਹੋਰ ਹੈ ਕਿ ਇਸਨੂੰ ਆਪਣੇ ਅੰਗ ਉੱਤੇ ਜਾਂ ਅੰਗ-ਸੰਗ ਰੱਖਿਆ ਜਾਂਦਾ ਹੈ। ਇਹ ਵੀ ਹੌਲੀ-ਹੌਲੀ ਸਭ ਅਲੋਪ ਹੁੰਦੇ ਗਏ ਤੇ ਇਸਦੀ ਥਾਂ ਬਹੁਤੀ ਕੁੜਤੇ ਪਜਾਮੇ ਨੇ ਤੇ ਮੁੰਡਿਆਂ ਵਿੱਚ ਪੈਂਟ ਕਮੀਜ਼ ਜਾਂ ਪੈਂਟ ਬੁਸ਼ੱਟ ਨੇ ਲੈ ਲਈ। ਪਹਿਲਾਂ ਪਗੜੀਆਂ ਮਾਂਡੀ ਲਾ ਕੇ ਬੰਨੀਆਂ ਜਾਂਦੀਆਂ। ਲਲਾਰੀ ਤਰ੍ਹਾਂ-ਤਰ੍ਹਾਂ ਦੇ ਰੰਗ ਕਰਕੇ ਅਬਰਕ ਦਾ ਛੱਟਾ ਵੀ ਮਾਰਦੇ ਸਨ ਇੰਝ ਲਗਦਾ ਸੀ ਕਿ ਪਗੜੀ ਨੂੰ ਤਿੱਲਾ ਤੇ ਸਤਾਰੇ ਲੱਗੇ ਹੋਏ ਹਨ। ਦੋ ਗਿੱਠਾਂ ਤੁੱਰਾ ਕੱਢ ਕੇ ਜਵਾਨ ਜਿੰਮੀ ਤੋਂ ਗਿੱਠ-ਗਿੱਠ ਉੱਚਾ ਤੁਰਦਾ ਸੀ।
ਪੈਂਟਾਂ ਨੇ ਵੀ ਸਮੇਂ ਅਨੁਸਾਰ ਕਈ ਰੂਪ ਬਦਲੇ। ਕਦੀ ਖੁਲ੍ਹੀ ਮੋਰੀ ਤੇ ਸਾਰੀ ਪੈਂਟ ਤੰਗ। ਜਿਸਨੂੰ ਬੈਲਬਾਟ ਕਿਹਾ ਜਾਂਦਾ ਸੀ । ਫਿਰ ਐਲੀਫੈਂਟ-ਟਸਕ ਦਾ ਜ਼ਮਾਨਾ ਆਇਆ। ਇਸਨੂੰ ਪਹਿਨਣ ਵਾਲੇ ਦੀਆਂ ਟੰਗਾਂ ਹਾਥੀ ਦੇ ਦੰਦਾਂ ਵਰਗੀਆਂ ਲਗਦੀਆਂ ਸਨ, ਕਦੀ ਇਹ ਪੈਂਟ ਪੈਰਲਲ ਹੋ ਗਈ ਜੋ ਉੱਤੋਂ ਲੈ ਕੇ ਹੇਠਾਂ ਤੱਕ, ਕਿਸੇ ਮੁੱਲਾਂ ਜੀ ਦੇ ਪਜਾਮੇ ਵਰਗੀ ਖੁੱਲੀ-ਡੁੱਲੀ ਹੁੰਦੀ ਸੀ। ਫੈਸ਼ਨ ਵਾਲੇ ਕਰਨ ਵੀ ਕੀ, ਰੋਜ਼ ਕੁਝ ਨਾ ਕੁਝ ਬਦਲ ਦਿੰਦੇ ਹਨ। ਤੇ ਲੋਕ ਵੀ ਅੰਨ੍ਹੇ ਵਾਹ ਉਸ ਵਿੱਚ ਰੁੱਝੇ ਹਨ। ਕਦੀ ਸਾਰੀ ਤੰਗ ਕਦੀ ਸਾਰੀ ਖੁੱਲੀ, ਕਦੀ ਉੱਤੋਂ ਤੰਗ ਜਾਂ ਹੇਠਾਂ ਖੁੱਲੀ, ਕਦੀ ਪੈਂਚਿਓਂ ਤੰਗ ਤੇ ਉੱਤੇ ਖੁੱਲੀ। ਬਿਲਕੁਲ ਥੈਲੇ ਵਰਗੀ ਇਸਨੂੰ ਬੈਗੀ ਆਖਦੇ ਹਨ। ਇਹ ਸਾਰਾ ਜ਼ਿਕਰ ਕਰਨ ਤੋਂ ਮੇਰਾ ਭਾਵ ਲਿਬਾਸ ਦੀ ਸਮੇਂ- ਸਮੇਂ ਤਬਦੀਲੀ ਤੋਂ ਹੈ ਪਰ ਪੰਜਾਬ ਦਾ ਮੂਲ ਜ਼ਨਾਨਾ ਲਿਬਾਸ ਸਲਵਾਰ ਕਮੀਜ਼ ਤੇ ਮਰਦਾਨਾ ਕੁੜਤਾ ਚਾਦਰਾ ਜਾਂ ਕੁੜਤਾ ਪਜਾਮਾ ਹੈ। ਉਹੀ ਗੱਲ ਸਿਰ ਤੇ ਪੱਗ ਦੀ ਹੈ ਉਹ ਪਤਿੱਤਪੁਣੇ ਦੀ ਲਹਿਰ ਨਾਲ ਜਿਵੇਂ-ਜਿਵੇਂ ਸਿਰ ਤੋਂ ਕੇਸ ਉੱਡੇ ਉਵੇਂ-ਉਵੇਂ ਪੱਗ ਕਿਤੇ ਗਵਾਚ ਗਈ ਕਿਸੇ ਨੇ ਨਾ ਆਖਿਆ।
ਪੱਗੜੀ ਸੰਭਾਲ ਸਿੱਖਾ ਪਗੜੀ ਸੰਭਾਲ ਓਏ
ਗੈਰਾਂ ਨੇ ਲੁੱਟ ਲਿਆ ਤੇਰਾ ਸਭ ਮਾਲ ਵੇ।
ਰਹਿੰਦੀ ਕਸਰ ਪਤਿਤ-ਪੁਣੇ ਨੇ ਪੂਰੀ ਕਰ ਦਿੱਤੀ। ਪਰ ਤੁਰੇ ਤੇ ਸ਼ਮਲੇ ਇੰਝ ਹੱਟ ਗਏ ਜਿਵੇਂ ਪੰਜਾਬ ਦੇ ਨਾਲੋਂ ਹਿਮਾਚਲ ਤੇ ਸ਼ਿਮਲਾ ਕੱਟਿਆ ਗਿਆ। ਫਿਰ ਘੋਟਵੀਆਂ ਪੱਗਾਂ ਆਈਆਂ। ਹੁਣ ਵਾਇਲ ਦੀ ਪਗੜੀ ਬੰਨੀ ਜਾਂਦੀ ਹੈ। ਲਲਾਰੀਆਂ ਵਾਲਾ ਤਾਂ ਧੰਦਾ-ਕਿੱਤਾ ਹੀ ਮੁੱਕ ਗਿਆ। ਸੱਭਿਆਚਾਰ ਰੂਪੀ ਬਹੁਮੁੱਲਾ ਵਿਰਸਾ ਲੁੜੀਂਦਾ ਰਿਹਾ ਤੇ ਅਸੀ ਘੇਸ ਮਾਰੀ ਰੱਖੀ। ਹੁਣ ਤਾਂ ਜਿਵੇਂ ਅਸੱਭਿਅਤਾ ਹੀ ਸੱਭਿਆਚਾਰ ਹੈ, ਮੈਂ ਆਪਣੀ ਇਕ ਲੰਮੀ ਗਜ਼ਲ ਵਿੱਚ ਇਕ ਸ਼ੇਅਰ ਆਖਿਆ ਸੀ,
ਪੀਓ ਸ਼ਰਾਬਾਂ ਪਾਊ ਭੰਗੜੇ
ਇਹੋ ਹੀ ਬਸ ਮੇਰਾ ਪੰਜਾਬ।
ਉੱਤੇ ਅੰਕਿਤ ਕੀਤੀ ਗਈ ਗੱਲ ਸਮੇਂ-ਸਮੇਂ ਲਿਬਾਸ ਵਿੱਚ ਹੋਈ ਤਬਦੀਲੀ ਦਰਸਾ ਰਹੀ ਹੈ। ਅਜਿਹਾ ਲੁਬਾਣਿਆਂ ਵਿੱਚ ਵੀ ਹੋਇਆ। ਫਰਕ ਸਿਰਫ਼ ਇਤਨਾ ਹੈ ਕਿ ਉਹ ਆਪਣੇ ਮੂਲ ਨੂੰ ਨਹੀਂ ਭੁੱਲੇ। ਤਬਦੀਲੀ ਅਵੱਸ਼ ਹੋਈ ਹੈ। ਇਹ ਰੋਕਿਆਂ ਰੁਕਦੀ ਨਹੀਂ। ਬੇਸ਼ੱਕ ਭਾਰਤ ਤੇ ਦੁਨੀਆ ਦੇ ਦੂਰ-ਦਰਾਜ ਦੇ ਕੁਝ ਹੀ ਇਲਾਕੇ ਇਹੋ ਜਿਹੇ ਹਨ ਜਿੱਥੇ ਸੱਭਿਅਤਾ ਦੀ ਨਾਮ ਨਿਹਾਦ ਅਜੋਕੀ ਹਨੇਰੀ ਅਜੇ ਨਹੀਂ ਪੁੱਜੀ ਅਤੇ ਉਹ ਆਪਣੀ ਪੁਰਾਤਨਤਾ ਨੂੰ ਸਾਂਭੀ ਬੈਠੇ ਹਨ। ਤਬਦੀਲੀ ਭਾਵੇਂ ਕੋਈ ਮਾੜੀ ਗੱਲ ਨਹੀਂ ਪਰ ਸਿਆਣਪ ਇਹ ਹੈ ਕਿ ਮੁੱਢਲੀ ਪਰੰਪਰਾ ਨੂੰ ਠੇਸ ਨਾ ਲੱਗੇ। ਉਦਾਹਰਨ ਵਜੋਂ ਅਜੋਕੇ ਗਾਇਕ, ਬੜੀ ਨਿਝੱਕ-ਨਿਡਰਤਾ ਨਾਲ ਗਾਇਕੀ ਦੇ ਪੜਛੇ ਲਾ ਰਹੇ ਹਨ ਤੇ ਨਾਲ ਹੀ ਆਖਦੇ ਹਨ ਕਿ ਬਿਨਾਂ ਸ਼ਾਸਤਰੀ ਗਾਇਨ ਦੇ ਸਿੱਖੇ ਗਾਇਨ ਹੋ ਹੀ ਨਹੀਂ ਸਕਦਾ। ਕਿਤਨਾ ਕੋਰਾ-ਪਨ ਤੇ ਕਿਤਨਾ ਕੋਰਾ ਝੂਠ ਹੈ। ਸਿੱਖਣ ਵਾਲੇ ਸਿੱਖਣ ਨੂੰ ਤਾਂ ਸਿਖਦੇ ਕਲਾਸੀਕਲ ਸੰਗੀਤ ਹਨ। ਪਰ ਗਾਉਂਦੇ ਪੌਪ ਸੰਗੀਤ ਹਨ। ਇਹੀ ਪ੍ਰਤੱਖ ਪਾਪ ਹੈ। ਇਸੇ ਗੱਲ ਦਾ ਖ਼ਾਸ ਖਿਆਲ ਸਾਨੂੰ ਆਪਣੇ ਪਹਿਰਾਵੇ ਤੇ ਬੋਲੀ ਬਾਰੇ ਰੱਖਣਾ ਹੋਵੇਗਾ। ਲੁਬਾਣੇ ਇਸ ਸਬੰਧ ਵਿੱਚ ਆਮ ਲੋਕਾਂ ਨਾਲੋਂ ਵਧੇਰੇ ਸਤਰਕ ਹਨ।
ਪੁਰਾਤਨ ਸਮੇਂ ਤੋਂ ਲੈ ਕੇ ਹੁਣ ਤੱਕ ਲੁਬਾਣਿਆਂ ਦਾ ਪਹਿਰਾਵਾ ਤੇ ਗਹਿਣੇ ਮੂਲ ਤੌਰ ਤੇ ਰਾਜਸਥਾਨ ਦੇ ਹੀ ਸਨ। ਇਹਨਾਂ ਦੀਆਂ ਔਰਤਾਂ ਲੱਕ ਘਗਰਾ ਪਾਇਆ ਕਰਦੀਆਂ ਸਨ ਤੇ ਉਸਦੇ ਉੱਤੇ ਤੇੜ ਚੋਲੀ ਹੋਇਆ ਕਰਦੀ ਸੀ। ਰਾਜਸਥਾਨੀ ਲੋਕ ਗੀਤਾਂ ਵਿੱਚ ਘਾਗਰੇ ਤੇ ਚੋਲੀ ਦਾ ਬਹੁਤ ਸਾਰਾ ਜ਼ਿਕਰ ਮਿਲਦਾ ਹੈ। ਔਰਤਾਂ ਆਪਣੇ ਸਿਰ ਦੇ ਵਾਲਾਂ ਨੂੰ ਤਰ੍ਹਾਂ ਤਰ੍ਹਾਂ ਨਾਲ ਗੁੰਦਿਆ ਕਰਦੀਆਂ ਸਨ। ਮੀਢੀਆਂ ਗੁੰਦ ਕੇ ਸਜਾਉਣ ਦਾ ਬਹੁਤ ਰਿਵਾਜ ਸੀ। ਵਾਲਾਂ ਦੇ ਪਿਛਲੇ ਪਾਸੇ ਧੌਣ ਵਾਲੀ ਥਾਂ ਤੇ ਵਾਲਾਂ ਦੀ ਜੂੜੀ ਬਣਾ ਕੇ ਗਾਂ ਜਾਂ ਮੱਝ ਦੇ ਸਿੰਗ ਤੋਂ ਬਣੀ ਹੋਈ ਕੰਘੀ ਟੁੰਗਣ ਦਾ ਰਿਵਾਜ ਸੀ। ਸਿਰ ਦੇ ਉੱਤੇ ਦੁਪੱਟਾ ਜਾਂ ਚਾਦਰ ਓੜੀ ਜਾਂਦੀ ਸੀ। ਘਗਰਾ ਪੁਰਾਤਨ ਪੰਜਾਬਣਾਂ ਦੇ ਘਗਰੇ ਵਾਂਗ ਹੀ ਹੁੰਦਾ ਸੀ, ਬਹੁਤਾ ਵਡੇਰਾ ਤੇ ਘੇਰਾ ਖੁੱਲਾ। ਚੋਲੀ ਰੂੰ ਦੀ ਪਤਲੀ ਜਹੀ ਰਜਾਈ ਨੁਮਾ ਕੱਪੜੇ ਨੂੰ ਸਿਉਣਾ ਮਾਰ ਕੇ ਬਣਾਈ ਜਾਂਦੀ ਸੀ। ਇਹ ਸਿਉਂਣਾ ਇਕ ਖੂਬਸੂਰਤ ਜਿਹਾ ਨਮੂਨਾ ਬਣ ਕੇ ਉਭਰਦੀਆਂ ਸਨ। ਅੱਜ ਕੱਲ੍ਹ ਵੀ ਇਸ ਤਰ੍ਹਾਂ ਦੀਆਂ ਬਣਾਈਆਂ ਪਤਲੀਆਂ ਰਜਾਈਆਂ ਨੂੰ ਜੈਪੁਰੀ ਰਜਾਈਆਂ ਕਿਹਾ ਜਾਂਦਾ ਹੈ। ਇਹ ਘਟ ਸਰਦੀ ਵਾਲੇ ਇਲਾਕੇ ਵਿੱਚ ਬੜੀਆਂ ਪਸੰਦ ਕੀਤੀਆਂ ਜਾਂਦੀਆਂ ਹਨ। ਏਅਰ-ਕੰਡੀਸ਼ੰਡ ਕਮਰਿਆਂ ਵਿੱਚ ਵਿਛੀਆਂ ਚਾਦਰਾਂ ਅਤੇ ਔੜਣ ਵਾਲੇ ਕੱਪੜੇ ਅੱਜ ਕੱਲ੍ਹ ਇਸੇ ਤਰੀਕੇ ਨਾਲ ਬਣਾਏ ਜਾਂਦੇ ਹਨ। ਔਰਤਾਂ ਆਪਣੇ ਲੱਕ ਦੁਆਲੇ ਇਕ ਚਾਦਰਨੁਮਾ ਲੰਬੇ ਕੱਪੜੇ ਦੇ ਕਈ ਪਲੇਛ ਮਾਰ ਲਿਆ ਕਰਦੀਆਂ ਸਨ। ਇਹ ਕੱਪੜਾ ਘਗਰੇ ਦੇ ਨਾਲ ਹੀ ਇਕਮਿਕ ਹੋ ਜੁੜਿਆ ਜਿਹਾ ਰਹਿੰਦਾ ਸੀ। ਇਸ ਪ੍ਰਕਾਰ ਟੁਰਦੀ ਫਿਰਦੀ ਜ਼ਨਾਨੀ ਸਾਖਿਆਦ ਪਰਦੇ ਵਿੱਚ ਘਿਰੀ ਹੋਈ ਲਗਦੀ ਹੈ।
ਲੁਬਾਣਾ ਇਸਤਰੀਆਂ ਦੇ ਗਹਿਣੇ ਵੀ ਵਿਸ਼ੇਸ਼ ਕਿਸਮ ਦੇ ਹੁੰਦੇ ਸਨ। ਉਹ ਆਪਣੇ ਗਲੇ ਵਿੱਚ ਚਾਂਦੀ ਦੇ ਵਜ਼ਨਦਾਰ ਹਾਰ ਪਾਇਆ ਕਰਦੀਆਂ ਸਨ ਜੋ ਵੱਖ ਵੱਖ ਨਮੂਨਿਆਂ ਤੇ ਲੰਬਾਈਆਂ ਦੇ ਹੁੰਦੇ ਸਨ। ਗਲੇ ਨਾਲ ਲੱਗੇ ਹੋਏ, ਉਸ ਤੋਂ ਵੱਡੇ ਤੇ ਫੇਰ ਹੇਠ ਵੱਲ ਲਮਕਦੇ ਉਹਨਾਂ ਤੋਂ ਵੱਡੇ। ਸਿਰ ਦੇ ਉੱਤੇ ਇਕ ਵਜਨਦਾਰ ਚਾਂਦੀ ਦਾ ਗਹਿਣਾ ਸਜਾਉਂਦੀਆਂ ਸਨ, ਜਿਸਦੇ ਉੱਤੋਂ ਦੀ ਹੋ ਕੇ ਸਿਰ ਦਾ ਪੱਲਾ ਪਿੱਠ ਵੱਲ ਜਾ ਲਟਕਦਾ। ਹੱਥਾਂ ਦੇ ਗਹਿਣੇ ਖਾਸ ਕਰਕੇ ਚੂੜੀਆਂ ਹਾਥੀ ਦੰਦ ਦੀਆਂ ਬਣੀਆਂ ਹੁੰਦੀਆਂ ਸਨ। ਇਹ ਕਲਾਈ ਤੋਂ ਕੂਹਣੀ ਤੱਕ ਤੇ ਫਿਰ ਕੂਹਣੀ ਤੋਂ ਮੋਢਿਆਂ ਤੱਕ ਡੋਲ੍ਹਿਆਂ ਉੱਤੇ ਪਾਈਆਂ ਜਾਂਦੀਆਂ ਸਨ । ਜਿਉਂ-ਜਿਉਂ ਕਲਾਈ ਤੋਂ ਉੱਤੇ ਵਲ ਨੂੰ ਜਾਂਦੀਆਂ, ਤਿਉਂ-ਤਿਉਂ ਵੱਡੀਆਂ ਹੁੰਦੀਆਂ ਜਾਂਦੀਆਂ ਸਨ । ਲੁਬਾਣਾ ਇਸਤਰੀਆਂ ਦੀਆਂ ਛਾਪਾਂ ਚਾਂਦੀ, ਤਾਂਬੇ ਤੇ ਸਿੱਕੇ ਦੀਆਂ ਬਣੀਆਂ ਹੁੰਦੀਆਂ ਸਨ । ਇਹ ਪੰਜਾਬਣਾਂ ਦੀਆਂ ਛਾਪਾਂ ਨਾਲੋਂ ਵੱਖਰੇ ਨਮੂਨੇ ਦੀਆਂ ਹੁੰਦੀਆਂ ਸਨ। ਪੈਰਾਂ ਵਿੱਚ ਗਿੱਟਿਆਂ ਤੋਂ ਉੱਤੇ ਹਾਥੀ ਦੰਦ ਦੀਆਂ ਕੜੇਨੁਮਾ ਪੰਜੇਬਾਂ ਜਿਹੀਆਂ ਪਾਣ ਦਾ ਰਿਵਾਜ ਸੀ। ਇਹ ਸਾਰੇ ਸ਼ਿੰਗਾਰ ਵਿਆਹੀਆਂ ਇਸਤਰੀਆਂ ਕਰਦੀਆਂ ਸਨ। ਜਦੋਂ ਕਿਸੇ ਇਸਤਰੀ ਦਾ ਖਾਵਿੰਦ ਖਸਮ ਪੂਰਾ ਹੋ ਜਾਂਦਾ ਤਾਂ ਗਹਿਣੇ ਤੇ ਹਾਰ- ਸ਼ਿੰਗਾਰ ਉਤਾਰ ਦਿੱਤੇ ਜਾਂਦੇ। ਕੁਆਰੀਆਂ ਕੁੜੀਆਂ ਤੇ ਵਿਧਵਾਵਾਂ ਗਹਿਣਿਆਂ ਦਾ ਪ੍ਰਯੋਗ ਨਹੀਂ ਸਨ ਕਰਦੀਆਂ।
ਗਹਿਣੇ ਸਰੀਰ ਸਜਾਉਣ ਦਾ ਸਾਧਨ ਹਨ, ਇਸੇ ਹੀ ਤਰ੍ਹਾਂ ਦਾ ਇਕ ਹੋਰ ਸਾਧਨ ਹੈ ਸਰੀਰ ਉੱਤੇ ਨਮੂਨੇ ਗੁਦਵਾਣੇ ਤੇ ਉਸਨੂੰ ਭਿੰਨ ਭਿੰਨ ਰੰਗਾਂ ਨਾਲ ਆਭਾ ਦੇਣੀ। ਇਸਤਰੀਆਂ ਵਿੱਚ ਆਪਣੇ ਸਰੀਰ ਉੱਤੇ ਤਰ੍ਹਾਂ-ਤਰ੍ਹਾਂ ਦੇ ਨਮੂਨੇ ਗੁਦਵਾਏ ਜਾਂਦੇ ਜੋ ਵੱਖ-ਵੱਖ ਕਿਸਮ ਦੇ ਬੂਟਿਆਂ ਦੀ ਜੜਾਂ ਦੇ ਰਸ ਨਾਲ ਸੰਵਾਰੇ ਤੇ ਸ਼ਿੰਗਾਰੇ ਜਾਂਦੇ ਸਨ। ਇੰਝ ਲਗਦਾ ਜਿਵੇਂ ਉਨ੍ਹਾਂ ਨੇ ਆਪਣੇ ਪਿੰਡੇ ਦੇ ਨਾਲ ਜੁੜਿਆ ਹੋਇਆ ਨਮੂਨਿਆਂ ਵਾਲਾ ਛੀਂਟ ਦਾ ਕੋਈ ਕੱਪੜਾ ਪਾਇਆ ਹੁੰਦਾ ਹੈ।
ਹੱਥਾਂ ਦੇ ਗਹਿਣਿਆਂ ਵਿੱਚ ਬਹੁਤ ਸਾਰੀਆਂ ਚੂੜੀਆਂ ਪਾਉਣ ਦਾ ਰਿਵਾਜ਼ ਸੀ। ਇਨ੍ਹਾਂ ਤੋਂ ਇਲਾਵਾ ਚਾਂਦੀ ਦਾ ਭਾਰਾ ਕੰਗਨ ਨੁਮਾ ਗੋਖੜੂ ਵੀ ਆਮ ਪਹਿਨਿਆ ਜਾਂਦਾ ਸੀ। ਨੱਕ ਦੇ ਗਹਿਣਿਆਂ ਵਿੱਚ ਤੀਲੀਆਂ, ਡੰਡੀਆਂ ਤੇ ਲੋਂਗ ਤਕਰੀਬਨ ਸਾਰੀਆਂ ਔਰਤਾਂ ਪਾਇਆ ਕਰਦੀਆਂ ਸਨ। ਨੱਕ ਦੇ ਇਹ ਗਹਿਣੇ ਬੜੇ ਚਾਅ ਨਾਲ ਵਰਤੇ ਜਾਂਦੇ ਸਨ। ਇਸਦੀ ਗਵਾਹੀ ਸਾਨੂੰ ਲੋਕ ਗੀਤਾਂ ਵਿੱਚ ਖੂਬ ਮਿਲਦੀ ਹੈ। ਜਿਵੇਂ “ਮੈਨੂੰ ਡੰਡੀਆਂ ਘੜਾ ਕੇ ਦੇ ਗਿਆ ਨੀ ਮੁੰਡਾ ਮਾਝੇ ਦਾ”
ਲੌਂਗ ਦਾ ਚਰਚਾ ਵੀ ਲੋਕ ਗੀਤਾਂ ਵਿੱਚ ਬਹੁਤ ਵਾਰੀ ਆਇਆ ਹੈ ਉਦਾਹਰਨ ਵਜੋਂ
“ਤੇਰੇ ਲੌਂਗ ਦਾ ਪਇਆ ਲਿਸ਼ਕਾਰਾ ਤੇ ਹਾਲੀਆਂ ਨੇ ਹੱਲ ਡੱਕ ਲਏ”
ਇਸ ਤਰ੍ਹਾਂ ਦੇ ਤਮਾਮ ਗੀਤ ਅੱਜ ਵੀ ਪ੍ਰਚਲਿੱਤ ਹਨ:
ਵੇ ਨਿਗਾਂ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ।
ਜਦੋਂ ਦੇ ਡੰਡੀਆਂ ਤੇ ਲੌਂਗ ਦੇ ਇਹ ਗੀਤ ਹਨ ਉਦੋਂ ਇਨ੍ਹਾਂ ਦਾ ਮੁੱਲ ਮਸਾਂ ਚਵਾਨੀ ਕੁ ਹੁੰਦਾ ਹੋਵੇਗਾ। ਪਰ ਉਸ ਲੌਂਗ ਤੇ ਡੰਡੀ ਦੀ ਕੁੰਡੀ ਦਾ ਰੱਫੜ ਅਜੇ ਤੱਕ ਨਹੀਂ ਮੁੱਕਾ। ਭਾਵੇਂ ਡੰਡੀ ਤੇ ਲੌਂਗ ਦਾ ਰਿਵਾਜ ਮੁੱਕ ਗਿਆ ਹੈ।
ਡੰਡੀਆਂ ਤੋਂ ਇਲਾਵਾ ਕੰਨਾਂ ਵਿੱਚ ਭਾਰੇ-ਭਾਰੇ ਝੁਮਕੇ ਤੇ ਨਿੱਕੀਆਂ-ਨਿੱਕੀਆਂ ਮੁਰਕੀਆਂ ਤੇ ਛੱਲੇ ਪਾਣ ਦਾ ਰਿਵਾਜ ਸੀ। ਡੰਡੀਆਂ ਸੋਨੇ ਦੀਆਂ ਪਤਲੀਆਂ ਜਿਹੀਆਂ ਨਿੱਕੀਆਂ-ਨਿੱਕੀਆਂ ਘਾਹ ਦੇ ਤੀਲੇ ਵਾਂਗ ਹੁੰਦੀਆਂ ਹਨ। ਜੋ ਕੰਨਾਂ ਵਿੱਚ ਪਾਈਆਂ ਜਾਂਦੀਆਂ ਹਨ। ਤੀਲੀ ਨੇ ਆਪਣਾਂ ਨਾਂ ਤੀਲੇ ਤੋਂ ਹੀ ਲਿਆ ਹੈ ਤੇ ਇਹ ਤੀਲੇ ਵਰਗੀ ਹੀ ਹੁੰਦੀ ਹੈ। ਗੱਲ ਦੇ ਗਹਿਣਿਆਂ ਵਿੱਚ ਕੈਂਠਾ ਜੋ ਤਕਰੀਬਨ ਗਲੇ ਦੇ ਨਾਲ-ਨਾਲ ਹੀ ਹੁੰਦਾ। ਹੈ। ਤਵੀਤੜੀਆਂ ਤੇ ਬੁਗਤੀਆਂ ਵੀ ਗਲੇ ਵਿੱਚ ਹੀ ਪਾਈਆਂ ਜਾਂਦੀਆਂ ਸਨ । ਤਵੀਤੜੀਆਂ ਤਵੀਤ ਰੱਖਣ ਵਾਲੀਆਂ ਡੱਬੀਆਂ ਜਿਹੀਆਂ ਹੁੰਦੀਆਂ ਹਨ ਤੇ ਬੁਗਤੀਆਂ ਦਾ ਆਕਾਰ ਗੋਲ ਬੇਲਨਾਕਾਰ ਹੁੰਦਾ ਹੈ। ਇਹ ਚਾਂਦੀ ਤੋਂ ਇਲਾਵਾ ਸੋਨੇ ਦੀਆਂ ਵੀ ਬਣਦੀਆਂ ਹਨ। ਪੈਰਾਂ ਦੇ ਵਿੱਚ ਗਿੱਟਿਆਂ ਤੋਂ ਉੱਤੇ ਛਾਂਟਾਂ, ਤੋੜੇ ਤੇ ਹਮੇਲਾਂ ਪਾਈਆਂ ਜਾਂਦੀਆਂ ਹਨ।
ਔਰਤਾਂ ਦਾ ਕੇਸ ਸ਼ਿੰਗਾਰ ਬੜੀ ਵਿਸ਼ੇਸ਼ਤਾ ਰੱਖਦਾ ਹੈ। ਸਾਰੀਆਂ ਇਸਤਰੀਆਂ ਆਪਣੇ ਸਿਰ ਉੱਤੇ ਕੇਸਾਂ ਦਾ ਜੂੜਾ ਜਿਹਾ ਬਣਾ ਲੈਂਦੀਆਂ ਹਨ। ਵਿਆਹੀਆਂ ਹੋਈਆਂ ਔਰਤਾਂ ਸਿਰ ਉੱਤੇ ਗੰਢ ਮਾਰਕੇ ਰੱਖੇ ਜੁੜੇ ਵਿੱਚ ਪਿੱਤਲ ਦਾ ਇਕ ਬਟਨ ਜਿਹਾ ਲਗਾਉਂਦੀਆਂ ਹਨ ਤੇ ਉਸਦੇ ਨਾਲ ਪਿੱਤਲ ਦੀ ਇਕ ਜ਼ੰਜੀਰੀ ਜਿਹੀ ਲਟਕਾਉਣ ਦਾ ਰਿਵਾਜ ਸੀ। ਵਿਧਵਾ ਔਰਤਾਂ ਕੇਸਾਂ ਦੀ ਗੰਢ ਜਿਹੀ ਬਣਾ ਕੇ ਤਾਂ ਰੱਖਦੀਆਂ ਹਨ ਪਰ ਪਿੱਤਲ ਦਾ ਬਟਨ ਤੇ ਜੰਜ਼ੀਰੀ ਨਹੀਂ ਲਗਾਉਂਦੀਆਂ। ਇਹ ਉਸਦੇ ਵਿਧਵਾ ਹੋਣ ਦਾ ਲਖਾਇਕ ਵੀ ਸੀ।
ਮਰਦ ਆਪਣੇ ਲਿਬਾਸ ਵਿੱਚ ਤੇੜ ਇੱਕ ਕੁੜਤੀ ਜਿਹੀ ਪਾਉਂਦੇ ਹਨ। ਸਰਦੀਆਂ ਵਿੱਚ ਇਹ ਕੁੜਤੀ ਥੋੜ੍ਹੀ ਰੂੰ ਭਰ ਕੇ ਬਣਾਈ ਜਾਂਦੀ ਹੈ ਜਿਸਨੂੰ ਖੂਬਸੂਰਤੀ ਨਾਲ ਸੀਉਂਣਾ ਮਾਰਕੇ ਨਗੰਦਿਆ ਹੁੰਦਾ ਹੈ। ਮਰਦ ਆਪਣੇ ਤੇੜ ਚਾਦਰੇ ਵਰਗੀ ਧੋਤੀ ਜਿਹੀ ਪਾਇਆ ਕਰਦੇ ਹਨ। ਮੋਢੇ ਦੇ ਉੱਤੇ ਇਕ ਅੰਗਰਖਾ ਰੱਖਦੇ ਹਨ। ਇਸਨੂੰ ਅੰਗੋਛਾ ਵੀ ਆਖਦੇ ਹਨ। ਪੰਜਾਬੀ ਵਿੱਚ ਇਸਨੂੰ ਪਰਨਾ ਆਖਿਆ ਜਾਂਦਾ ਹੈ। ਮਰਦ ਆਪਣੇ ਲੱਕ ਦੁਆਲੇ ਇੱਕ ਢਿੱਲਾ ਜਿਹਾ ਕਮਰ-ਕੱਸੇ ਵਰਗਾ ਕੱਪੜਾ ਧਾਰਨ ਕਰਦੇ ਹਨ ਜਿਸਨੂੰ ਸਮੇਂ-ਸਮੇਂ ਕਮਰ- ਕੱਸੇ ਵਾਂਗੂ ਕੱਸਿਆ ਵੀ ਜਾ ਸਕਦਾ ਹੈ। ਮਰਦਾਂ ਵਿੱਚ ਕਿਤੇ ਕਿਤੇ ਕੈਂਠੇ ਤੇ ਛਾਪਾਂ ਵੀ ਪਾਈਆਂ ਜਾਂਦੀਆਂ ਹਨ। ਟਾਂਡਿਆਂ ਦੇ ਮੁਖੀ ਜਿਨ੍ਹਾਂ ਨੂੰ ‘ਨਾਇਕ’ ਕਿਹਾ ਜਾਂਦਾ ਹੈ ਉਹ ਆਪਣੇ ਗਲ ਵਿੱਚ ਸੋਨੇ ਜਾਂ ਮੋਤੀਆਂ ਦਾ ਕੈਂਠਾ ਪਾਉਂਦੇ ਹਨ। ਇਹ ਉਹਨਾਂ ਦੇ ਮੁਖੀ ਜਾਂ ਨਾਇਕ ਹੋਣ ਦਾ ਲਖਾਇਕ ਹੈ।
ਖਾਣ-ਪੀਣ
ਲੁਬਾਣਿਆਂ ਦਾ ਕੰਮ ਤੇ ਕਿਰਤ ਬਹੁਤ ਮਿਹਨਤ ਭਰਿਆ ਹੈ। ਦਿਨ ਰਾਤ ਇਕ ਕਰਕੇ ਟਾਂਡੇ ਨੂੰ ਮੰਜ਼ਿਲੇ-ਮਕਸੂਦ ਤੇ ਪਹੁੰਚਾਣਾ ਹੁੰਦਾ ਹੈ । ਇਸ ਵਾਸਤੇ ਦਿਨ-ਰਾਤ ਇਕ ਸਾਰ੍ਹਾ ਜਾਗਣਾ ਪੈਂਦਾ ਹੈ। ਜਾਨ-ਕਸ਼ਾਈ ਦਾ ਕੰਮ ਹੋਣ ਕਾਰਨ ਲੁਬਾਣਿਆਂ ਦੀ ਖੁਰਾਕ ਬੜੀ ਵਧੀਆ ਤੇ ਸੰਤੁਲਿਤ ਕਿਸਮ ਦੀ ਹੁੰਦੀ। ਮੂਲ ਤੌਰ ਤੇ ਸਾਰੇ ਲੁਬਾਣੇ ਮਾਸਾਹਾਰੀ ਹੁੰਦੇ ਹਨ। ਇਹ ਸ਼ਿਕਾਰ ਵਿੱਚ ਨਿਪੁੰਨ ਹੁੰਦੇ ਹਨ ਖਾਸ ਕਰਕੇ ਸਿੱਖ ਲੁਬਾਣੇ। ਜਦੋਂ ਕਿਧਰੇ ਟਾਂਡਾ ਪੜਾਅ ਕਰੇ ਤਾਂ ਵੀ ਇਹ ਲਾਗਿਉਂ ਸ਼ਿਕਾਰ ਮਾਰ ਲਿਆਇਆ ਕਰਦੇ ਸਨ। ਇਨ੍ਹਾਂ ਦੇ ਮਾਸਾਹਾਰ ਵਿੱਚ ਬਕਰੇ, ਜੰਗਲੀ ਸੂਰ ਤੇ ਪਾਣੀ ਵਿੱਚੋਂ ਸ਼ਿਕਾਰ ਵਜੋਂ ਮਾਰੀਆਂ ਮੁਰਗਾਬੀਆਂ ਸ਼ਾਮਿਲ ਹਨ। ਟਾਂਡਿਆਂ ਦੇ ਪੜਾਵਾਂ ਅਤੇ ਸਮਾਜਿਕ ਇਕੱਤਰਤਾਵਾਂ, ਵਿਆਹ ਸ਼ਾਦੀਆਂ ਆਦਿ ਵੇਲੇ ਮਾਸ ਪਕਾਇਆ ਜਾਂਦਾ ਹੈ। ਇਹ ਕਣਕ, ਚੌਲ, ਬਾਜਰਾ, ਮੱਕਈ ਆਦਿ ਜਿਨਸਾਂ ਦਾ ਸ਼ੌਕ ਨਾਲ ਸੇਵਨ ਕਰਦੇ ਹਨ। ਮਿੱਠੇ ਵਿਅੰਜਨਾਂ ਵਿੱਚ ਇਨ੍ਹਾਂ ਨੂੰ ਖੀਰ ਤੇ ਕੜਾਹ ਬਹੁਤ ਪਸੰਦ ਹਨ। ਲੁਬਾਣਿਆਂ ਦੇ ਇਕ ਵਿਆਹ ਵਿੱਚ ਮੈਂ ਆਪ ਵੇਖਿਆ ਕਿ ਕੜਾਹ ਦਾ ਵਰਤਾਰਾ ਕਰਨ ਵਾਲਾ ਬਾਟੀਆਂ ਭਰ-ਭਰ ਕੇ ਥਾਲੀਆਂ ਵਿੱਚ ਉਲਟ ਰਿਹਾ ਸੀ। ਕਿਸੇ ਇੱਕ ਨੇ ਕੜਾਹ ਘੱਟ ਖਾਂਦਾ ਤਾਂ ਵਰਤਾਰੇ ਨੇ ਬੋਲੀ ਮਾਰੀ ਇਨ੍ਹਾਂ ਵਿੱਚ ਖਾਣ ਵਾਲਾ ਕੋਈ ਨਹੀਂ ਲੱਗਦਾ, ਬਸ ਐਵੇਂ ਹੀ ਨੇ। ਤਾਂ ਜਿਸਨੇ ਘੱਟ ਕੜਾਹ ਲਿਆ ਸੀ ਉਸਨੇ ਵਰਤਾਰੇ ਦੀ ਕੜਾਹ ਵਾਲੀ ਪਰਾਤ ਹੱਥ ਮਾਰ ਕੇ ਆਪਣੇ ਸਾਹਮਣੇ ਰੱਖ ਲਈ ਤੇ ਵਰਤਾਣ ਵਾਲੇ ਨੂੰ ਕਿਹਾ ‘ਜਾ ਹੋਰ ਲੈ ਆ’, ਦੇਖੀਏ ਤੁਸੀ ਸਾਡੇ ਵਾਸਤੇ ਕਿੰਨਾ ਕੁ ਕੜਾਹ ਬਣਾਇਆ ਹੈ। ਇਹ ਪਰਾਤ-ਪਰਾਤ ਕੜਾਹ ਖਾਣ ਦੀ ਸਮਰੱਥਾ ਰੱਖਦੇ ਹਨ। ਮਿੱਠੇ ਵਿਅੰਜਨਾਂ ਵਿੱਚ ਸੇਵੀਆਂ ਤੇ ਜੌਲੇ ਵੀ ਬਣਾਏ ਜਾਂਦੇ ਹਨ। ਦੁੱਧ, ਦਹੀ, ਮੱਖਣ, ਪਨੀਰ, ਲੱਸੀ ਆਦਿ ਦੁੱਧ ਦੇ ਵਿਅੰਜਨ ਇਨ੍ਹਾਂ ਦੀ ਪਸੰਦੀਦਾ ਖੁਰਾਕ ਹੈ। ਖਾਣੇ ਵਿੱਚ ਸਬਜ਼ੀਆਂ ਤੇ ਫਲਾਂ ਦਾ ਰੱਜਵਾਂ ਇਸਤੇਮਾਲ ਕੀਤਾ ਜਾਂਦਾ ਹੈ। ਤਕੜਾ ਕੰਮ, ਤਕੜਾ ਸਰੀਰ ਤੇ ਤਕੜੀ ਖੁਰਾਕ। ਇਨ੍ਹਾਂ ਦੀ ਖੁਰਾਕ ਸੰਤੁਲਿਤ ਤੇ ਪੌਸ਼ਟਿਕ ਹੁੰਦੀ ਹੈ।
ਹੋਰ ਰੀਤਿ-ਰਿਵਾਜ ਤੇ ਸੱਭਿਆਚਾਰ
ਲੁਬਾਣਿਆਂ ਦੇ ਸਰੀਰ ਗੁੰਦੇ ਤੇ ਸਿਹਤਮੰਦ ਹੁੰਦੇ ਹਨ। ਇਹ ਭੰਗੜੇ ਦੇ ਬੜੇ ਸ਼ੁਕੀਨ ਹਨ। ਅਪਣੇ ਸਮਾਜਿਕ ਇਕੱਠਾਂ ਵਿੱਚ ਅਣਥੱਕ ਹੋ ਕੇ ਭੰਗੜਾ ਪਾਉਂਦੇ ਹਨ। ਅੱਧੀ-ਅੱਧੀ ਰਾਤ ਬੀਤਣ ਤੱਕ ਇਹ ਕਾਰਜ ਕਰਮ ਚਲਦਾ ਰਹਿੰਦਾ ਹੈ। ਵਿਆਹ ਸ਼ਾਦੀਆਂ ਦੇ ਉੱਤੇ ਢੁਕਾ ਵੇਲੇ ਧੇਤਿਆਂ ਦੇ ਘਰ ਪੁੱਜ ਕੇ ਕਾਫ਼ੀ ਦੇਰ ਤੱਕ ਭੰਗੜਾ ਪਾਏ ਜਾਣ ਦਾ ਰਿਵਾਜ ਹੈ। ਲੁਬਾਣਿਆਂ ਨੂੰ ਕੁਸ਼ਤੀਆਂ ਦਾ ਵੀ ਬੜਾ ਸ਼ੌਕ ਹੈ। ਇਹ ਖਾਸ-ਖਾਸ ਸਮੇਂ ਦੇ ਮੇਲਿਆਂ ਉੱਤੇ ਦੰਗਲ ਦਾ ਇੰਤਜ਼ਾਮ ਕਰਿਆ ਕਰਦੇ ਹਨ। ਜੇਤੂ ਰਹਿਣ ਵਾਲਿਆਂ ਨੂੰ ਵੱਡੇ-ਵੱਡੇ ਇਨਾਮ ਦਿੱਤੇ ਜਾਂਦੇ ਹਨ ਅਤੇ ਕਈ ਢੰਗਾਂ ਨਾਲ ਉਨ੍ਹਾਂ ਦੀ ਇੱਜ਼ਤ-ਅਫਜ਼ਾਈ ਕੀਤੀ ਜਾਂਦੀ ਹੈ। ਚੰਗੀ ਖੁਰਾਕ ਤੇ ਮਾਇਕ ਤੌਰ ਤੇ ਖੁਸ਼ਹਾਲ ਹੋਣ ਕਾਰਨ ਸਰੀਰ ਪਾਲਣਾ ਤੇ ਵਰਜਿਸ਼ ਕਰਨੀ ਇਨ੍ਹਾਂ ਦੇ ਸੁਭਾਅ ਵਿੱਚ ਸ਼ਾਮਿਲ ਹੈ। ਲੁਬਾਣਿਆਂ ਨੂੰ ਸ਼ਿਕਾਰ ਦਾ ਬੜਾ ਚਾਅ ਹੁੰਦਾ। ਹੈ। ਸਿੱਖ ਲੁਬਾਣਿਆਂ ਵਿੱਚ ਇਹ ਹੋਰ ਵਧੇਰੇ ਹਰਮਨ ਪਿਆਰੀ ਖੇਡ ਵਾਂਗ ਹੈ। ਅੱਗੋਂ ਲੁਬਾਣਿਆਂ ਦੇ ਨੌਜਵਾਨ ਮੁੰਡਿਆਂ ਦਾ ਕੁਸ਼ਤੀਆਂ ਤੋਂ ਇਲਾਵਾ ਸਰੀਰਕ ਖੇਡਾਂ ਵੱਲ ਵੀ ਰੁਝਾਵ ਹੈ।
ਲੋਕ ਖੇਡਾਂ ਵੱਲੋਂ ਲੁਬਾਣੇ ਭਲੀ ਪ੍ਰਕਾਰ ਜਾਗਰੂਕ ਹਨ। ਉੱਠ ਰਹੇ ਬੱਚਿਆਂ ਵਿੱਚ ਲੁਬਾਣਿਆਂ ਦੀ ਲੰਮਿਆਣੀ ਬੜੀ ਚਹੇਤੀ ਲੋਕ-ਖੇਡ ਹੈ।
ਗੁੱਲੀ ਡੰਡਾ, ਖਿੱਦੋ-ਖੂੰਡੀ ਤੇ ਪਿੱਠੂ ਇਨ੍ਹਾਂ ਦੀ ਬੜੀ ਮਨ ਭਾਉਂਦੀ ਖੇਡ ਹੈ। ਮੇਰੀ ਜਾਚੇ ਕ੍ਰਿਕਟ, ਹਾਕੀ ਤੇ ਫੁਟਬਾਲ ਕ੍ਰਮਵਾਰ ਇਨ੍ਹਾਂ ਹੀ ਖੇਡਾਂ ਦਾ ਅਜੋਕਾ ਰੂਪ ਹਨ। ਆਪਣੇ ਵਿਦਿਆਲੇ ਤੇ ਸਕੂਲਾਂ ਵਿੱਚ ਇਹ ਖੇਡਾਂ ਵੱਲ ਉਚੇਚਾ ਧਿਆਨ ਦਿੰਦੇ ਹਨ ਅਤੇ ਇਨ੍ਹਾਂ ਨੇ ਚੰਗੇ ਨਤੀਜੇ ਦਿਖਾਏ ਹਨ। ਇਨ੍ਹਾਂ ਖੇਡਾਂ ਦੇ ਮੁਕਾਬਲਿਆਂ ਲਈ ਉਚੇਚੇ ਖੇਡ ਮੇਲੇ (Tournament) ਵੀ ਕੀਤੇ ਜਾਂਦੇ ਹਨ।
ਲੁਬਾਣੇ ਮੂਲ ਤੌਰ ਤੇ ਇਕ ਕਬੀਲਾ ਹਨ। ਹਰ ਕਬੀਲੇ ਦੇ ਰੀਤਿ ਰਿਵਾਜ, ਪਹਿਨਾਵਾ, ਖਾਣਾ, ਖੇਡ ਤਮਾਸ਼ੇ, ਸਮਾਜਿਕ ਮੇਲ-ਮਿਲਾਪ, ਵਿਲੱਖਣ ਹੁੰਦੇ ਹਨ। ਲੁਬਾਣਿਆਂ ਵਿੱਚ ਵੀ ਅਜਿਹਾ ਹੀ ਹੈ। ਇਨ੍ਹਾਂ ਵਿੱਚ ਵਿਸ਼ੇਸ਼ ਗੱਲ ਇਹ ਹੈ ਕਿ ਸਿੱਖੀ ਤੇ ਗੁਰਮਤਿ ਦੇ ਪ੍ਰਭਾਵ ਹੇਠਾਂ ਆਉਣ ਨਾਲ ਉਸ ਵਿੱਚ ਭਲੀ ਪ੍ਰਕਾਰ ਰੰਗੇ ਗਏ। ਇਹ ਬੜੀ ਨਿਸ਼ਠਾ ਤੇ ਵਿਸ਼ਵਾਸ ਨਾਲ ਧਰਮ ਦਾ ਨਿਰਵਾਹ ਕਰਦੇ ਹਨ। ਇਨ੍ਹਾਂ ਵਿੱਚ ਕੱਚ-ਪੁਣਾ ਤੇ ਪਤਿਤ-ਪੁਣਾ ਸਭ ਤੋਂ ਘੱਟ ਹੈ ਜਾਂ ਨਾਂਹ ਦੇ ਬਰਾਬਰ ਹੈ। ਇਹ ਤਰੱਕੀ ਪਸੰਦ ਤਾਂ ਹਨ ਪਰ ਅਸਲੇ ਨਾਲੋਂ ਛੇਤੀ ਕੀਤਿਆਂ ਟੁੱਟਦੇ ਨਹੀਂ।
ਇਨ੍ਹਾਂ ਨੇ ਆਪਣੇ ਮੂਲ ਕਿੱਤੇ ਵਜੋਂ ਫੌਜ ਤੇ ਵਾਹੀ ਵਿੱਚ ਖੂਬ ਦੌਲਤ ਕਮਾਈ। ਉਸਦਾ ਲਾਭ ਕਬੀਲਾ ਲੁਬਾਣੇ ਨੂੰ ਖਾਸ ਤੌਰ ‘ਤੇ ਅਤੇ ਇਨ੍ਹਾਂ ਦੇ ਨਾਲ ਵਿਚਰਦੇ ਆਮ ਲੋਕਾਂ ਨੇ ਪ੍ਰਾਪਤ ਕੀਤਾ। ਪੰਜਾਬ ਵਿੱਚ ਪੱਕੇ ਧੰਦੀਂ ਸਥਿਤ ਹੋਣ ਮਗਰੋਂ ਇਹ ਆਮ ਪੰਜਾਬੀਆਂ ਨਾਲੋਂ ਕਿਸੇ ਤਰ੍ਹਾਂ ਵੀ ਪਿੱਛੇ ਨਹੀਂ। ਆਪਣੇ ਮੂਲ ਕਿੱਤੇ ਤੋਂ ਇਲਾਵਾ ਸਮੇਂ ਦੇ ਬੀਤਣ ਨਾਲ ਇਹ ਚੰਗੇ ਵਾਹੀਕਾਰ ਸਿੱਧ ਹੋਏ। ਇਸ ਤੋਂ ਇਲਾਵਾ ਇਨ੍ਹਾਂ ਨੇ ਫੌਜ ਵਿੱਚ ਵੀ ਆਪਣੇ ਜੌਹਰ ਦਿਖਾਏ ਤੇ ਨਾਮਣਾ ਖੱਟਿਆ। ਇਹ ਸੁਭਾਅ ਤੋਂ ਬਹਾਦੁਰ ਹਨ ਤੇ ਕਿੱਤੇ ਨੂੰ ਵਫ਼ਾਦਾਰ ਹਨ।
ਵਿਦਿਆ ਦੇ ਖੇਤਰ ਵਿੱਚ ਲੁਬਾਣਿਆਂ ਨੇ ਜ਼ਮਾਨੇ ਦੇ ਨਾਲ-ਨਾਲ ਤਾਲ-ਮੇਲ ਰੱਖਿਆ। ਵਿਦਿਆ ਦਾ ਬਹੁਤ ਪ੍ਰਸਾਰ ਕੀਤਾ। ਇਸਦਾ ਸਿਹਰਾ ਸੰਤ ਪ੍ਰੇਮ ਸਿੰਘ ਜੀ ਦੇ ਸਿਰ ਹੈ।
ਇਨ੍ਹਾਂ ਦੀ ਬੋਲੀ ਨੂੰ ਲੁਬਾਂਦੀ ਕਿਹਾ ਜਾਂਦਾ ਹੈ । ਲੁਬਾਣੇ ਆਪਣੇ ਕਿੱਤੇ ਕਾਰਨ ਇਕ ਥਾਂ ਤੋਂ ਦੂਜੀ ਥਾਂ ਤੇ ਜਾਇਆ ਕਰਦੇ ਸਨ। ਬੋਲੀ ਬਾਰੇ ਕਿਹਾ ਜਾਂਦਾ ਹੈ ਕਿ ਇਹ ਹਰ 12 ਕੋਹਾਂ ਤੇ ਬਦਲ ਜਾਂਦੀ ਹੈ। ਲੁਬਾਣਿਆਂ ਨੇ ਲੋੜ ਅਨੁਸਾਰ ਸਾਰੇ ਇਲਾਕਿਆਂ ਦੀਆਂ ਬੋਲੀਆਂ ਦਾ ਮੇਲ-ਮਿਲਾਪ ਕਰਕੇ ਇਕ ਨਵੀਂ ਬੋਲੀ ਲੁਬਾਂਦੀ ਬਣਾ ਲਈ। ਇਸ ਬੋਲੀ ਦੀ ਵਿਲੱਖਣਤਾ ਇਹ ਹੈ ਕਿ ਇਸ ਵਿੱਚ ਹਮੇਸ਼ਾ ਸਥਾਨਿਕ ਬੋਲੀ ਦੀ ਪ੍ਰਧਾਨਤਾ ਹੋਇਆ। ਕਰਦੀ ਸੀ। ਲੁਬਾਣੇ ਆਪਣੇ ਕਿੱਤੇ ਦੇ ਖਾਸ ਅੱਖਰ ਉਸ ਸਥਾਨਿਕ ਬੋਲੀ ਨੂੰ ਪ੍ਰਦਾਨ ਕਰਦੇ ਅਤੇ ਉਨ੍ਹਾਂ ਦੇ ਅੱਖਰ ਆਪ ਗ੍ਰਹਿਣ ਕਰ ਲੈਂਦੇ। ਇਸ ਪ੍ਰਕਾਰ ਲੁਬਾਂਦੀ ਇਕ ਅਜਿਹੀ ਬੋਲੀ ਬਣ ਗਈ ਜੋ ਵੱਖ-ਵੱਖ ਇਲਾਕੇ ਦੇ ਸਾਰੇ ਵਪਾਰੀਆਂ ਦੁਆਰਾ ਬੋਲੀ ਤੇ ਸਮਝੀ ਜਾਂਦੀ ਸੀ।
ਇੱਥੇ ਅਸੀ ਇਸਦੇ ਕੁਝ ਕੁ ਉਦਾਹਰਨ ਲੈ ਕੇ ਗੱਲ ਨੂੰ ਸਪੱਸ਼ਟ ਕਰਨ ਦਾ ਜਤਨ ਕਰਦੇ ਹਾਂ। ਇਕ ਅੱਖਰ ਹੈ ਛੋਰ੍ਹਾ, ਇਹ ਕਈ ਉਪ-ਭਾਖਾਵਾਂ ਵਿੱਚ ਛੋਰਾ ਕਰਕੇ ਵਰਤਿਆ ਗਿਆ। ਆਮ ਫਿਲਮਾਂ ਵਿੱਚ ਛੋਰਾ ਤੇ ਛੋਕਰਾ ਇਸਤੇਮਾਲ ਕੀਤਾ ਗਿਆ ਹੈ। ਮੂਲ ਅੱਖਰ ਛੋਰੇ ਦਾ ਭਾਵ ਹੈ ਮੁੰਡਾ, ਛੋਟਾ ਜਿਹਾ ਮੁੰਡਾ। ਪੰਜਾਬ ਦੀ ਲਹਿਦੀ ਬੋਲੀ ਵਿੱਚ ਮੁੰਡੇ ਦੀ ਥਾਵੇਂ ਛੋਹਰ ਇਸਤੇਮਾਲ ਕੀਤਾ ਜਾਂਦਾ ਹੈ। ਸੋ, ਇਸ ਪ੍ਰਕਾਰ ਲਹਿੰਦੇ ਪੰਜਾਬ ਤੋਂ ਲੈ ਕੇ ਪੂਰਬੀ ਰਾਜਸਥਾਨ ਦੇ ਇਲਾਕਿਆਂ ਵਿੱਚ ਅੱਖਰ ਛੋਹਰ, ਛੋਰਾ ਜਾਂ ਛੋਕਰਾ ਮੁੰਡੇ ਵਾਸਤੇ ਇਸਤੇਮਾਲ ਹੁੰਦਾ ਹੈ। ਲੁਬਾਂਦੀ ਭਾਸ਼ਾ ਵਿੱਚ ਇਸਦਾ ਅੰਤਿਮ ਰੂਪ ਛੋਹਰ ਬਣ ਗਿਆ। ਮੂਲ ਅੱਖਰ ਗੋਰੂ ਦਾ ਭਾਵ ਹੈ ਗਾਂ। ਪੰਜਾਬੀ ਦੇ ਲੋਕ-ਗੀਤਾਂ ਵਿੱਚ ਜਦ ਕੁੜੀਆਂ ਗੇਂਦ ਨਾਲ ਥਾਲ ਪਾਉਂਦੀਆਂ ਹਨ ਤਾਂ ਉਸ ਨਾਲ ਗੀਤ ਗਾਇਆ ਜਾਂਦਾ ਹੈ।
“ਗੋਰੀ ਗਾਂ ਗੁਲਾਬੀ ਵੱਛਾ
ਮਾਰੇ ਸਿੰਘ ਤੁੜਾਵੇ ਰੱਸਾ
ਪੰਜਾਬੀ ਭਾਸ਼ਾ ਵਿੱਚ ਗੋਰੂ, ਮਾਲ ਡੰਗਰ ਵਾਸਤੇ ਵਰਤਿਆ ਜਾਂਦਾ ਹੈ। ਪੱਛਮੀ ਉੱਤਰ ਪ੍ਰਦੇਸ਼ ਵਿੱਚ ਵੀ ਇਸ ਭਾਵਨਾ ਨਾਲ ਇਸਦਾ ਪ੍ਰਯੋਗ ਕੀਤਾ ਜਾਂਦਾ ਹੈ। ਅੰਤ ਇਹ ਅੱਖਰ ਛਿਲ-ਛਲ ਤੇ ਘੜਕੇ ਗੋਰੀ ਦਾ ਰੂਪ ਇਖ਼ਤਿਆਰ ਕਰ ਗਿਆ ਜੋ ਗਾਂ ਵਾਸਤੇ ਵਰਤਿਆ ਗਿਆ। ਅੱਖਰ ਭੂਤ ਦਾ ਭਾਵ ਸ਼ਬਦ ਕੋਸ਼ (Dictionary) ਅਨੁਸਾਰ ਬੀਤ ਚੁੱਕਿਆ ਜ਼ਮਾਨਾ ਜਾਂ ਭੂਤਕਾਲ ਕਰਕੇ ਆਖਿਆ ਜਾਂਦਾ ਹੈ। ਭੂਤ ਹੱਥ ਵਿੱਚ ਨਹੀਂ ਆਉਂਦਾ, ਬੀਤਿਆ ਸਮਾਂ ਵੀ ਕਦੋਂ ਹੱਥ ਵਿੱਚ ਆਉਂਦਾ ਹੈ? ਇਹ ਅੱਖਰ ਸਾਰੇ ਬਿਹਾਰ, ਉੱਤਰ-ਪ੍ਰਦੇਸ਼, ਪੰਜਾਬ ਅਤੇ ਹੋਰ ਇਲਾਕਿਆਂ ਵਿੱਚ ਇਸੇ ਭਾਵਨਾ ਨਾਲ ਵਰਤਿਆ ਜਾਂਦਾ ਹੈ। ਲੁਬਾਂਦੀ ਭਾਸ਼ਾ ਵਿੱਚ ਇਹ ਅੱਖਰ ਹੂ-ਬ-ਹੂ ਭੂਤ-ਪ੍ਰੇਤ ਵਾਸਤੇ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਇਸ ਭਾਸ਼ਾ ਦਾ ਇੱਕ ਆਮ ਪ੍ਰਚਲਿਤ ਅੱਖਰ ਭਾਊ ਹੈ। ਉੱਤਰ ਪ੍ਰਦੇਸ਼ ਤੇ ਬਿਹਾਰ ਵਿੱਚ ਭਾਊ, ਭਾਈ ਦੇ ਅਤੀ ਸਮੀਪ ਹੈ, ਸਾਰੇ ਪੰਜਾਬ ਵਿੱਚ ਖਾਸ ਕਰਕੇ ਮਾਝੇ ਤੇ ਬਾਰਾਂ ਦੇ ਇਲਾਕੇ ਵਿੱਚ ਇਹ ਅੱਖਰ ਵੱਡੇ ਭਰਾ ਵਾਸਤੇ ਇਸਤੇਮਾਲ ਹੁੰਦਾ ਹੈ। ਭਾਉ ਦਾ ਭਾਵ ਇਹ ਹੈ ਜੋ ਮਨ ਦੀਆਂ ਭਾਵਨਾਵਾਂ ਨੂੰ ਸਮਝੇ। ਅੱਖਰ ਭਰਾ ਜਾਂ ਭਾ, ਮਾਝੇ ਤੋਂ ਇਲਾਵਾ ਮਾਲਵੇ, ਦੁਆਬੇ ਅਤੇ ਖਾਸ ਕਰਕੇ ਲਾਹੌਰ, ਗੁਜਰਾਂਵਾਲਾ ਤੇ ਗੁਜਰਾਤ, ਪੰਜਾਬ ਦੇ ਕੇਂਦਰੀ ਇਲਾਕੇ ਵਿੱਚ ਵੀ ਇਸੇ ਤਰ੍ਹਾਂ ਹੀ ਪ੍ਰਯੋਗ ਹੁੰਦਾ ਹੈ। ਇਸ ਪ੍ਰਕਾਰ ਅੱਖਰ ਭਾਊ ਭਰਾ ਦੇ ਵਾਸਤੇ ਇਕ ਪਿਆਰ ਸੂਚਕ ਸ਼ਬਦ ਬਣ ਕੇ ਲੁਬਾਂਦੀ ਵਿੱਚ ਆਇਆ ਹੈ। ਬਹੁਤਾ ਵਿਸਤਾਰ ਨਾ ਲਈਏ ਤਾਂ ਉੱਤਰ ਪ੍ਰਦੇਸ਼ ਦੇ ਸਾਰੇ ਹੀ ਬੰਦਿਆਂ ਨੂੰ ਭਈਆ ਆਖਦੇ ਹਨ। ਮੂਲ ਰੂਪ ਵਿੱਚ ਸਾਰੇ ਸ਼ਬਦ ਆਪਸ ਵਿੱਚ ਕਿਧਰੇ ਨਾ ਕਿਧਰੇ ਜੁੜੇ ਹੁੰਦੇ ਹਨ। ਇਸ ਪ੍ਰਕਾਰ ਲੁਬਾਂਦੀ ਭਾਸ਼ਾ ਦੀ ਬਣਤਰ ਬਣੀ ਤੇ ਇਹ ਵਪਾਰੀਆਂ ਦੇ ਬੋਲ-ਚਾਲ ਦੀ ਤੇ ਬਾਜ਼ਾਰ ਦੀ ਭਾਸ਼ਾ ਬਣ ਗਈ। ਲੋੜ ਤਾਂ ਹੈ ਕਿ ਇਸਨੂੰ ਸਾਂਭਿਆ ਜਾਵੇ ਪਰ ਅੱਜ ਦੇ ਤੇਜ਼ ਦੌੜ ਦੇ ਜ਼ਮਾਨੇ ਵਿੱਚ ਸ਼ਾਇਦ ਹੀ ਕਿਸੇ ਨੂੰ ਵਿਹਲ ਹੋਏ ਕਿ ਉਹ ਆਪਣੇ ਬਹੁਮੁੱਲੇ ਵਿਰਸੇ ਦੀ ਸੰਭਾਲ ਕਰੇ ਤੇ ਆਉਣ ਵਾਲੀਆਂ ਨਸਲਾਂ ਇਸ ਤੋਂ ਆਪਣੇ ਪੂਰਵਜਾਂ ਦੇ ਗੌਰਵ ਨੂੰ ਸਮਝ ਸਕਣ।
ਲਫ਼ਜ਼ਾਂ ਦੇ ਮੂਲ ਰੂਪ ਅੰਦਰ ਆਪਸ ਵਿੱਚ ਜੁੜੇ ਹੋਣ ਬਾਰੇ ਇਕ ਹੋਰ ਬੜੀ ਧਿਆਨ ਖਿੱਚਣ ਵਾਲੀ ਗੱਲ ਹੈ। ਮੱਧ ਏਸ਼ੀਆ ਦੇ ਇਲਾਕੇ ਵਿੱਚ ਫਾਰਸੀ ਤੇ ਅਰਬੀ ਬੋਲੀ ਚਲਦੀ ਹੈ। ਦੇਖਣਾ ਇਹ ਹੈ ਕਿ ਮੁਸਲਮਾਨ ਨਾਮ ਕਿਸ ਤਰ੍ਹਾਂ ਰਤਾ ਕੁ ਜਿੰਨਾ ਉਚਾਰਨ ਅਤੇ ਹਿੱਜੇ ਬਦਲਣ ਨਾਲ ਦੂਰ ਦਰਾਜ ਦੇ ਯੂਰਪੀ ਇਲਾਕਿਆਂ ਦੀ ਬੋਲੀ ਦਾ ਰੂਪ ਧਾਰ ਲੈਂਦੇ ਹਨ। ਜਿਵੇਂ ਅਸਗਰ-ਐਡਗਰ। ਸੁਲੇਮਾਨ-ਸਾਲੋਮਨ। ਯੂਸਫ-ਜੋਸੱਫ ਅਤੇ ਇਸੇ ਹੀ ਪ੍ਰਕਾਰ ਫਾਰਸੀ ਤੇ ਅਰਬੀ ਦੇ ਅੱਖਰ ਉੱਤਰ ਪ੍ਰਦੇਸ਼ ਤੇ ਖਾਸ ਕਰਕੇ ਹੂ-ਬ-ਹੂ ਵੀ ਆਏ ਹਨ ਅਤੇ ਕਈ ਵਾਰੀ ਥੋੜ੍ਹਾ ਰੂਪ ਬਦਲ ਕੇ ਇਨ੍ਹਾਂ ਨੇ ਭਾਰਤੀ ਭਾਸ਼ਾਵਾਂ ਵਿੱਚ ਪ੍ਰਵੇਸ਼ ਕੀਤਾ ਹੈ। ਉਦਾਹਰਨ ਵਜੋਂ ਅਰਬੀ ਦਾ ਲਫ਼ਜ਼ ਹੈ ਫਕਤ ਜਿਸਦਾ ਮਤਲਬ ਹੈ ਸਿਰਫ਼। ਉੱਤਰ ਪ੍ਰਦੇਸ਼ ਵਿੱਚ ਇਹ ਫਿਕਿਤ ਕਰਕੇ ਵਰਤਿਆ ਜਾਂਦਾ ਹੈ। ਇਕ ਅੱਖਰ ਹੈ ਇਫਰਾਕ ਇਸਦਾ ਮਤਲਬ ਹੈ ਬਹੁਤ ਜ਼ਿਆਦਾ ਜਾਂ ਕਾਫ਼ੀ। ਉੱਤਰ ਪ੍ਰਦੇਸ਼ ਤੇ ਬਿਹਾਰ ਵਿੱਚ ਇਹ ਬਿਲਕੁਲ ਇਸੇ ਤਰ੍ਹਾਂ ਹੀ ਇਫਰਾਤ ਕਰਕੇ ਵਰਤਿਆ ਜਾਂਦਾ ਹੈ। ਇਕ ਹੋਰ ਬੜਾ ਪ੍ਰਚਲਿਤ ਤੇ ਮਿੱਥਿਆ ਹੋਇਆ ਨਮੂਨਾ ਹੈ ਕਿ ਜਿਨ੍ਹਾਂ ਅੱਖਰਾਂ ਵਿੱਚ ਜ਼ ਬੋਲਦਾ ਹੈ ਉਸਦੀ ਥਾਵੇਂ ਦ ਆ ਜਾਂਦਾ ਹੈ ਤੇ ਇਕ ਨਵਾਂ ਕੀ ਅੱਖਰ ਪੰਜਾਬੀ ਵਿੱਚ ਅਤੇ ਖਾਸ ਕਰਕੇ ਪੰਜਾਬ ਵਿੱਚ ਹੋਂਦ ਵਿੱਚ ਆ ਜਾਂਦਾ ਹੈ। ਫਜੀ ਅਤੇ ਜਿਸਦਾ ਭਾਵ ਹੈ ਗੰਦਗੀ। ਗੁਰਬਾਣੀ ਵਿੱਚ ਇਹ ਅੱਖਰ ਫਦੀਅਤ ਕਰਕੇ ਵਰਤਿਆ ਜਾਂਦਾ ਹੈ।
‘ਫੋਲ ਫਦੀਅਤ ਲੈਣ ਭੜਾਸਾਂ ॥’
ਗੁਰਮਤਿ ਦਾ ਬਹੁਤ ਮਜ਼ਬੂਤ ਸਤੰਭ ਕਰਮ ਹੈ। ਸੰਸਕ੍ਰਿਤ ਭਾਸ਼ਾ ਵਿੱਚ ਇਹ ਅੱਖਰ ਕਰਮ ਕਾਂਡ ਜਾਂ ਕੰਮ ਕਰਨ ਵਾਸਤੇ ਵਰਤਿਆ ਜਾਂਦਾ ਹੈ । ਫਾਰਸੀ ਵਿੱਚ ਇਸਦਾ ਮਤਲਬ ਮਿਹਰਬਾਨੀ ਹੈ, ਉਰਦੂ ਵਿੱਚ ਇਹ ਅੱਖਰ ਇਸ ਤਰ੍ਹਾਂ ਆਉਂਦਾ ਹੈ ਜਿਵੇਂ ਬਰਾਏ ਕਰਮ ਮੁਝੇ ਬੋੜੀ ਜਗ੍ਹਾ ਅਪਨੇ ਪਾਸ ਦੀਜੀਏ। ‘ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਗੁਰਮਤਿ ਦੀ ਵਿਚਾਰਧਾਰਾ ਨੇ ਕਰਮ ਕਾਂਡ ਦਾ ਵਿਚਾਰ ਕਰਕੇ ਮਿਹਰ, ਕਰਮ ਤੇ ਆਸਥਾ ਰੱਖਣ ਦਾ ਆਦੇਸ਼ ਕੀਤਾ ਅਤੇ ਇਸਦੇ ਨਾਲ ਨਜ਼ਰ ਤੋਂ ਬਣਿਆ ਅੱਖਰ ਨਦਰਿ ਲੈ ਕੇ ਨਦਰਿ ਕਰਮ ਦੀ ਦਾਤ ਸੰਸਾਰ ਨੂੰ ਦਿੱਤੀ। ਇੱਥੇ ਫਿਰ ਨਦਰਿ ਨਜ਼ਰ ਤੋਂ ਬਣਿਆ ਹੈ। ਬੇਸ਼ੱਕ ਸਾਡਾ ਇੱਥੇ ਇਹ ਮਜ਼ਮੂਨ ਨਹੀਂ ਪਰ ਫਿਰ ਵੀ ਅਸੀ ਮਜ਼ਬੂਤ ਉਦਾਹਰਨ ਲੈ ਕੇ ਲੁਬਾਂਦੀ ਦੀ ਬਣਤਰ ਦੇ ਵਿਧੀ ਵਿਧਾਨ ਨੂੰ ਮੂਲ ਰੂਪ ਵਿੱਚ ਸਮਝਣ ਦਾ ਜਤਨ ਕਰਨਾ ਹੈ।
ਉਰਦੂ ਭਾਸ਼ਾ ਦਾ ਨਿਰਮਾਣ ਵੀ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ। ਮੱਧ ਏਸ਼ੀਆ ਦੇ ਵਿੱਚੋਂ ਆਏ ਹੋਏ ਤਰ੍ਹਾਂ-ਤਰ੍ਹਾਂ ਦੇ ਮਾਲ ਦੀਆਂ ਮੰਡੀਆਂ, ਅਫ਼ਗਾਨਿਸਤਾਨ ਵਿੱਚ ਮਿਜ਼ਾਰੇ ਸ਼ਰੀਫ਼ ਤੇ ਕੰਧਾਰ ਅਤੇ ਪੰਜਾਬ ਅੰਦਰ ਪਿਸ਼ਾਵਰ ਤੇ ਮੁਲਤਾਨ ਦੀਆਂ ਮੰਡੀਆਂ ਵਿੱਚ ਹਨ (ਜੋ ਅੱਜ ਪਾਕਿਸਤਾਨ ਵਿੱਚ ਹਨ।)। ਭਾਸ਼ਾਵਾਂ ਦੇ ਆਦਾਨ-ਪ੍ਰਦਾਨ ਨਾਲ ਉਰਦੂ ਭਾਸ਼ਾ ਦਾ ਜਨਮ ਹੋਇਆ। ਜਿਸ ਵਿੱਚ ਪੰਜਾਬੀ, ਅਰਬੀ ਤੇ ਫਾਰਸੀ ਦੇ ਅੱਖਰ ਮਿਲਣ ਨਾਲ ਇਹ ਭਾਸ਼ਾ ਸਾਰੇ ਹਿੰਦੁਸਤਾਨ ਵਿੱਚ ਸਮਝੀ ਜਾਣ ਲੱਗ ਪਈ। ਇਹ ਸਾਡੀ ਬਦਕਿਸਮਤੀ ਹੈ ਕਿ ਅਸੀ ਇਸ ਭਾਸ਼ਾ ਨੂੰ ਕਿਸੇ ਖਾਸ ਫਿਰਕੇ ਜਾਂ ਧਰਮ ਦੀ ਭਾਸ਼ਾ ਬਣਾ ਦਿੱਤਾ। ਇਹੀ ਹਾਲ ਕੱਟੇ-ਵੱਢੇ, ਛਿੱਲੇ-ਟੁੱਕੇ ਅਜੋਕੇ ਛੋਟੇ ਜਹੇ ਪੰਜਾਬ ਵਿੱਚ ਪੰਜਾਬੀ ਦੇ ਸੰਬੰਧ ਵਿੱਚ ਹੋਇਆ। ਪੰਜਾਬੀ ਪੰਜਾਬ ਦੀ ਭਾਸ਼ਾ ਹੈ ਜਿਵੇਂ ਪੱਛਮੀ ਬੰਗਾਲ ਅਤੇ ਅਜੋਕੇ ਬੰਗਲਾ ਦੇਸ਼ ਵਿੱਚ ਬੰਗਾਲੀ ਬੋਲੀ ਜਾਂਦੀ ਹੈ। ਦੋਵਾਂ ਬੰਗਾਲਾਂ ਦੇ ਸਾਰੇ ਬੰਗਾਲੀ ਬੜੇ ਸ਼ੌਕ ਤੇ ਚਾਅ ਨਾਲ ਬੰਗਲਾ ਭਾਸ਼ਾ ਦਾ ਪ੍ਰਯੋਗ ਕਰਦੇ ਹਨ। ਉਹ ਉਰਦੂ ਪੜ੍ਹਦੇ ਹਨ ਪਰ ਆਪਣੀ ਮਾਤ੍ਰ ਭਾਸ਼ਾ ਬੰਗਾਲੀ ਨੂੰ ਹੀ ਆਖਦੇ ਹਨ।
ਗੁਰਬਾਣੀ ਦੀ ਭਾਸ਼ਾ ਵੀ ਇਸੇ ਹੀ ਪ੍ਰਕਾਰ ਦੀ ਹੈ ਇਸ ਵਿੱਚ ਪੰਜਾਬੀ ਉਸ ਦੀਆਂ ਸਾਰੀਆਂ ਉਪ-ਭਾਖਾਵਾਂ ਮਲਵਈ, ਮਾਝੀ, ਦੁਆਬੀ, ਪੋਠੋਹਾਰੀ, ਪਹਾੜੀ ਤੇ ਲਹਿੰਦੀ। ਭਾਸ਼ਾ ਦੇ ਬਹੁਤ ਅੱਖਰ ਇਸਤੇਮਾਲ ਕੀਤੇ ਗਏ ਹਨ । ਇਸੇ ਕਾਰਨ ਗੁਰਬਾਣੀਨੂੰ ਸਮਝਣ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਸਿਰਫ਼ ਰਤਾ ਕੁ ਧਿਆਨ ਦੇਣ ਦੀ ਲੋੜ ਹੁੰਦੀ ਹੈ। ਅੱਖਰ ਮੰਝ-ਕੁਚੱਜੀ, ਸੇ ਅੱਖੜੀਆ ਬਿਅੰਨ ਮਹਿੰਜਾ ਆਸਰਾ ਲਹਿੰਦੀ ਭਾਸ਼ਾ ਦੇ ਹਨ। ਆਸੀਂ ਜਾਸੀ, ਤ੍ਰਿਪਤਾਸੀ ਆਦਿ ਸ਼ਬਦ ਪੋਠੋਹਾਰੀ ਭਾਸ਼ਾ ਦੇ ਹਨ। “ਦੂਸਰ ਲਵੈ ਨਾ ਲਾਇ” ਦਾ ਉਦਗਮ ਮਲਵਈ ਭਾਸ਼ਾ ਵਿੱਚੋਂ ਹੈ। ‘ਬ’ ਦੀ ਥਾਂ ਤੇ ‘ਵ’ ਵਰਤ ਲਿਆ ਗਿਆ । ਹੈ ਕਈ ਅੱਖਰ ਦੁਆਬੀ ਭਾਸ਼ਾ ਦੇ ਹਨ ਜਿਵੇਂ ਬੀਚਾਰ, ਬਿਬੇਕ ਤੇ ਬਹਿਬਲ ਆਦਿ। ਬਹੁਤੇ ਵਿਸਤਾਰ ਵਿੱਚ ਨਾ ਜਾਈਏ ਗੁਰਬਾਣੀ ਅੰਦਰ ਫਾਰਸੀ ਨੁਮਾ ਭਾਸ਼ਾ ਰੇਖਤਾ ਵਿੱਚ ਬਹੁਤ ਸਾਰੇ ਸ਼ਬਦ ਅੰਕਿਤ ਹਨ ਜਿਵੇਂ,
ਯਕ ਅਰਜ ਗੁਫਤਮ ਪੇਸਿ ਤੋਂ ਦਰ ਗੋਸ ਕੁਨ ਕਰਤਾਰ॥
ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ॥੧॥
ਇਸੇ ਹੀ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਸ਼ਬਦ
“ਖਾਕ ਨੂਰ ਕਰਦੇ ਆਲਮ ਦੁਨੀਆਇ॥
ਅਸਮਾਨ ਜਿਮੀ ਦਰਖਤ ਆਬ ਪੈਦਾਇਸਿ ਖੁਦਾਇ॥੧॥
ਬਿਲਕੁਲ ਇਸੇ ਹੀ ਤਰ੍ਹਾਂ ਸੰਸਕ੍ਰਿਤ ਦਾ ਅਪਭ੍ਰੰਸ਼ ਜਿਹੜਾ ਸਾਧੂਆਂ ਸੰਤਾਂ ਵਿੱਚ ਆਮ ਕਰਕੇ ਪ੍ਰਚਲਤ ਹੈ ਉਸਨੂੰ ਸਹਿਸਕ੍ਰਿਤੀ ਆਖਦੇ ਹਨ ਇਸਦੇ ਅੰਦਰ ਵੀ ਮਹਾਰਾਜ ਨੇ ਬਹੁਤ ਸਾਰੇ ਸਲੋਕ ਰਚੇ ਹਨ। ਉਦਾਹਰਨ ਵਜੋਂ ਕੇਵਲ ਇਕ ਪਵਿੱਤਰ ਹੁਕਮ ਹੇਠਾਂ ਅੰਕਿਤ ਕੀਤਾ ਜਾ ਰਿਹਾ ਹੈ,
ਘੋਰ ਦੁਖੁ ਅਨਿਕ ਹਤ੍ਰੰ ਜਨਮ ਦਾਰਿਦੈ ਮਹਾ ਬਿਖਾਦੰ॥
ਮਿਟੰਤ ਸਗਲ ਸਿਮਰੰਤ ਹਰਿ ਨਾਮ ਨਾਨਕ ਜੈਸੇ ਪਾਵਕ ਕਾਸਟ ਭਸਮੰ ਕਰੋਤਿ॥
ਇਹ ਉਦਾਹਰਨ ਦੇਣ ਦਾ ਭਾਵ ਇਹ ਹੈ ਕਿ ਜਿਨ੍ਹਾਂ ਬੋਲੀਆਂ ਦੇ ਬੋਲਣ ਵਾਲੇ ਖੁੱਲ੍ਹੇ ਦਿਮਾਗ ਅਤੇ ਵਿਸ਼ਾਲ ਹਿਰਦਿਆਂ ਵਾਲੇ ਹੁੰਦੇ ਹਨ ਉਹ ਬੋਲੀਆਂ ਦੇ ਰਗੜੇ ਪਾ ਕੇ ਨਹੀਂ ਬਹਿੰਦੇ ਸਗੋਂ ਬੋਲੀ ਉਨ੍ਹਾਂ ਦੇ ਵਿਚਾਰਾਂ ਨੂੰ ਅਗਲੇ ਤੱਕ ਪਹੁੰਚਾਣ ਦਾ ਸਾਧਨ ਬਣਦੀ ਹੈ। ਇਹ ਸਾਡੇ ਹਿਰਦੇ ਦੇ ਜਜ਼ਬਿਆਂ ਅਤੇ ਅੰਦਰ ਦੀਆਂ ਭਾਵਨਾਵਾਂ ਦਾ ਆਦਾਨ ਪ੍ਰਦਾਨ ਕਰਨ ਵਿੱਚ ਸਹਾਈ ਹੁੰਦੇ ਹਨ। ਇਹ ਗੱਲ ਵਣਜਾਰਿਆਂ ਤੇ ਲੁਬਾਣਿਆਂ ਨੇ ਚੰਗੀ ਤਰ੍ਹਾ ਸਮਝ ਲਈ ਜਿਸ ਕਾਰਨ ਲੁਬਾਂਦੀ ਭਾਸ਼ਾ ਹੋਂਦ ਵਿੱਚ ਆਈ। ਇਹ ਭਾਸ਼ਾ ਪੱਛਮੀ ਭਾਰਤ, ਪੂਰਬੀ ਭਾਰਤ, ਭਾਰਤ ਦੇ ਉੱਤਰੀ ਇਲਾਕਿਆਂ ਅਤੇ ਮੱਧ ਪ੍ਰਦੇਸ਼ ਦੇ ਦੱਖਣੀ ਭਾਗ, ਉੜੀਸਾ ਆਦਿ ਤੱਕ ਸਮਝੀ ਜਾਂਦੀ ਸੀ । ਲੁਬਾਣੇ ਸਰੀਰ ਦੇ ਤਕੜੇ, ਚਾਕ ਚੋਬੰਦ ਤੇ ਚੌਕਸ ਬਿਰਤੀ ਦੇ ਕਮਾਢੇ ਤੇ ਇਮਾਨਦਾਰ ਕਿਰਤੀ ਸਨ। ਇਸ ਲਈ ਇਨ੍ਹਾਂ ਨੂੰ ਆਪਣੇ ਕੰਮ ਤੇ ਕਿਰਤਾਂ ਦੂਰ-ਦੂਰ ਫੈਲਾਉਣ ਵਿੱਚ ਕੋਈ ਰੋਕ-ਟੋਕ ਨਹੀਂ ਆਈ। ਬੋਲੀ ਇਨ੍ਹਾਂ ਲਈ ਹੱਦਾਂ-ਬੰਨੇ ਨਾ ਬਣ ਕੇ ਸਗੋਂ ਉਸਨੂੰ ਫੈਲਾਉਣ ਵਿੱਚ ਮਦਦਗਾਰ ਸਾਬਿਤ ਹੋਈ। ਤਕੜੇ ਹੋਣ ਕਰਕੇ ਲੁਬਾਣੇ ਲੜਾਕੇ ਨਹੀਂ ਸਨ ਬਲਕਿ ਸਾਵਧਾਨ ਤੇ ਇਕਾਗਰ ਰਹਿੰਦੇ ਸਨ।
ਲੁਬਾਂਦੀ ਵਿੱਚ ਇੱਥੇ ਅਸੀ ਕੁਝ ਕੁ ਨੁਕਤੇ ਦੇਖਾਂਗੇ। ਲੁਬਾਂਦੀ ਭਾਸ਼ਾ ਦਾ ਅਵਿਸ਼ਕਾਰ ਕਰਨ ਵਾਲੇ ਲੁਬਾਣੇ ਮੂਲ ਤੌਰ ਤੇ ਪੱਛਮੀ ਰਾਜਸਥਾਨ ਦੇ ਰਹਿਣ ਵਾਲੇ ਹਨ। ਉੱਤਰ ਵਿੱਚ ਮਾਰਵਾੜ, ਪੱਛਮ ਵਿੱਚ ਗੁਜਰਾਤ ਤੇ ਪੂਰਬ ਵਿੱਚ ਪੰਜਾਬ ਸਥਿਤ ਹੈ। ਇਨ੍ਹਾਂ ਇਲਾਕਿਆਂ ਦੀਆਂ ਭਾਸ਼ਾਵਾਂ ਦੇ ਅੱਖਰਾਂ ਦੇ ਮਿਸ਼ਰਣ ਨਾਲ ਬਣੇ ਨਵੇਂ ਅੱਖਰ ਲੁਬਾਂਦੀ ਭਾਸ਼ਾ ਦਾ ਨਿਰਮਾਣ ਕਰਦੇ ਹਨ। ਇਸ ਤਰ੍ਹਾਂ ਇਹ ਹੋਰ ਬਾਹਰਲੇ ਇਲਾਕਿਆਂ ਵਿੱਚ ਦੂਰ- ਦੂਰ ਤੱਕ ਸਮਝੀ ਜਾਂਦੀ ਹੈ। ਰਾਜਸਥਾਨੀ ਭਾਸ਼ਾ ਵਿੱਚ ਕੋ ਤੇ ਕੂ ਦੀ ਥਾਵੇਂ ਗੋ ਤੇ ਗੂ ਬਣ ਜਾਂਦਾ ਹੈ। ਜਿਵੇਂ ਉਸਕੋ ਦੇ ਦੋ। ਇਸ ਵਿੱਚ ਆਇਆ ਕੋ ਗੂ ਬਣ ਜਾਏਗਾ ਤੇ ਪੰਜਾਬੀ ਭਾਸ਼ਾ ਵਿਚਲਾ ਕੂ ਨੂੰ ਬਣ ਜਾਏਗਾ। ਜਿਵੇਂ ਜਿੰਦੂ ਕੂ ਸਮਝਾਏ। ਲੁਬਾਂਦੀ ਵਿੱਚ ਜਿੰਦੁ ਗੁ ਸਮਝਾਏ ਹੋ ਜਾਏਗਾ। ਲੁਬਾਣਿਆਂ ਦੇ ਮੂਲ ਵਸੇਬੇ ਦੇ ਇਰਦ-ਗਿਰਦ ਵਾਲੇ ਇਲਾਕਿਆਂ ਦੇ ਸ਼ਬਦ ਸਹਿਜ-ਸੁਭਾਏ ਆ ਗਏ ਹਨ। ਇਸੇ ਸਿਧਾਂਤ ਅਨੁਸਾਰ ਸਕਲ-ਸਗਲ ਬਣ ਜਾਂਦਾ ਹੈ ਤੇ ਪ੍ਰਕਟ ਪ੍ਰਗਟ ਹੋ ਨਿਬੜਦਾ ਹੈ। ਗੁਜਰਾਤੀ ਭਾਸ਼ਾ ਵਿੱਚ ਕੇ ਦੀ ਥਾਂ ਤੇ ਨੇ ਵਰਤਿਆ ਜਾਂਦਾ ਹੈ ਜਾਂ ਇੰਝ ਕਹੀਏ ਨੂੰ ਦੀ ਥਾਂ ਤੇ ਨੇ ਹੋ ਜਾਂਦਾ ਹੈ। ਪੰਜਾਬੀ ਵਿੱਚ ਕਹਿੰਦੇ ਹਾਂ ਮੁੰਡੇ ਨੂੰ ਦਿਉ। ਗੁਜਰਾਤੀ ਵਿੱਚ ਇਹ ਮੁੰਡੇ ਨੇ ਦਾਉ ਹੋ ਜਾਏਗਾ। ਲੁਬਾਂਦੀ ਵਿੱਚ ਇਸ ਸਿਧਾਂਤ ਅਨੁਸਾਰ ਅੱਖਰ ਕੋ ਤੇ ਨੂੰ ਗੋ ਤੇ ਨੇ ਬਣ ਜਾਣਗੇ। ਇਸੇ ਹੀ ਤਰ੍ਹਾਂ ਆਇਗਾ ਤੇ ਜਾਇਗਾ, ਆਇਗੋ ਤੇ ਜਾਇਗੋ ਕਰਕੇ ਬੋਲਿਆ ਜਾਏਗਾ।
ਗੁਜਰਾਤੀ ਵਿਚਲੇ ਵਰਤੇ ਜਾਣ ਵਾਲੇ ‘ਰੇ’ ਦਾ ਭਾਵ ਦੇ ਤੋਂ ਹੁੰਦਾ ਹੈ; ਜਿਵੇਂ ਕਿਸਦੇ, ਇਸਦੇ, ਉਸਦੇ। ਕੋਈ ਵਿਸ਼ੇਸ਼ ਵਸਤ ਕਿਸੇ ਨੇ ਕਿਸੇ ਨੂੰ ਦਿੱਤੀ ਤਾਂ ਉੱਥੇ ਵਾਕ ਬਣੇਗਾ ਉਨ ਰੇ ਦੀਉ। ਇਹ ਸ਼ੈਲੀ ਵੀ ਲੁਬਾਂਦੀ ਨੇ ਗੁਜਰਾਤੀ ਭਾਸ਼ਾ ਤੋਂ ਅਪਨਾ ਲਈ। ਇਕ ਹੋਰ ਸਿਧਾਂਤ ਵੀ ਇੱਥੇ ਵਿਚਾਰ ਲੈਣਾ ਚਾਹੀਦਾ ਹੈ। ਜਿਵੇਂ ਕਿਸੇ ਸ਼ਬਦ ਦੇ ਅੰਤ ਤੇ ਤੀ ਆਉਂਦਾ ਹੈ ਜਾਤੀ ਹੈ, ਖਾਤੀ ਹੈ, ਲੁਬਾਂਦੀ ਵਿੱਚ ਇਹ ਜਾਂਦੀ ਹੈ, ਖਾਂਦੀ ਹੈ ਬਣ ਜਾਂਦਾ ਹੈ ਇਸ ਪ੍ਰਕਾਰ ਰਾਜਸਥਾਨੀ ਮੂਲ ਭਾਸ਼ਾ ਵਿੱਚ ਆਲੇ-ਦੁਆਲੇ ਦੇ ਇਲਾਕਿਆਂ ਦੇ ਅੱਖਰ ਮਿਲ ਜਾਂਦੇ ਹਨ। ਉਸਦੇ ਨਾਲ ਜਿੱਥੇ ਲੁਬਾਣਿਆਂ ਦੇ ਪੜਾਅ ਹੁੰਦੇ ਸਨ ਉੱਥੋਂ ਦੀ ਵਰਨੈਕੂਲਰ ਭਾਸ਼ਾ ਬਹੁਤਾਤ ਵਿੱਚ ਰਲਕੇ ਲੁਬਾਂਦੀ ਭਾਸ਼ਾ ਬਣੀ। ਇਸਦਾ ਸਮੇਂ-ਸਮੇਂ ਹੋਰ ਫੈਲਾਅ ਹੁੰਦਾ ਗਿਆ ਤੇ ਲੁਬਾਂਦੀ ਲੁਬਾਣਿਆਂ ਤੇ ਵਣਜਾਰਿਆਂ ਦੇ ਸਾਰੇ ਇਲਾਕਿਆਂ ਵਿੱਚ ਢੋਆ-ਢੁਆਈ ਦੇ ਕੰਮ ਨੂੰ ਚਲਾਉਣ ਲਈ ਇਕ ਸੁਦਰਿੜ੍ਹ ਸਾਧਨ ਬਣ ਗਿਆ।
ਇਹ ਸਿਧਾਂਤ ਹੋਰ ਬਹੁਤ ਸਾਰੇ ਇਲਾਕਿਆਂ ਤੇ ਉਨ੍ਹਾਂ ਵਿੱਚ ਬੋਲੀ ਜਾਣ ਵਾਲੀ ਬੋਲੀ ਤੇ ਇਸ ਤਰ੍ਹਾਂ ਹੀ ਲਾਗੂ ਹੁੰਦਾ ਹੈ। ਇਸਦਾ ਇਕ ਪ੍ਰਮੁੱਖ ਉਦਾਹਰਨ ਮਾਰੀਸ਼ਿਅਸ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਤੇ ਸਾਫ਼ ਦਿਸਦਾ ਹੈ। ਇੱਥੋਂ ਦੇ ਮੂਲ ਵਾਸੀ ਹਿੰਦੁਸਤਾਨ ਦੇ ਬਿਹਾਰ ਦੇ ਮੂਲ ਇਲਾਕੇ ਵਿੱਚੋਂ ਗਏ। ਉੱਥੋਂ ਦੇ ਵਸਨੀਕਾਂ ਦੇ ਨਾਂ ਅੱਜ ਵੀ ਜਗਨਨਾਥ, ਅਨੁਰਿਧ ਪ੍ਰਸਾਦ ਅਤੇ ਚੰਦਰਪਾਲ ਹੀ ਹਨ। ਬਿਲਕੁਲ ਅਜਿਹਾ ਹੀ ਫੀਜੀ ਦੇ ਛੋਟੇ ਜਿਹੇ ਮੁਲਕ ਵਿੱਚ ਹੋਇਆ। ਸਾਡੀ ਮਾਂ-ਬੋਲੀ ਪੰਜਾਬੀ ਸਿਧੀ ਪ੍ਰਾਕਿਰਤ ਨਾਲ ਜਾ ਜੁੜਦੀ ਹੈ। ਇਸ ਮੂਲ ਬੋਲੀ ਦੇ ਅੰਦਰ ਜਿੱਥੇ ਸੰਸਕ੍ਰਿਤ ਦੇ ਸ਼ਬਦਾਂ ਨੇ ਪ੍ਰਵੇਸ਼ ਕੀਤਾ ਉੱਥੇ ਉਜ਼ਬਿਕਸਤਾਨ, ਆਜ਼ਰ ਬਾਈ ਜਾਨ ਈਰਾਨ ਤੇ ਈਰਾਕ ਦੀਆਂ ਭਾਸ਼ਾਵਾਂ ਦੇ ਸ਼ਬਦ ਵੀ ਉੱਥੋਂ ਦੇ ਹਮਲਾਵਰਾਂ ਤੇ ਹੁਕਮਰਾਨਾਂ ਦੇ ਨਾਲ ਆਏ। ਪ੍ਰਕਿਰਤ ਭਾਸ਼ਾ ਦਾ ਸ਼ਬਦ ਹੈ ਹੱਥ। ਸੰਸਕ੍ਰਿਤ ਭਾਸ਼ਾ ਵਿੱਚ ਹੱਥ ਨੂੰ ਹਸਤ ਕਿਹਾ ਜਾਂਦਾ ਹੈ। ਫਾਰਸੀ ਵਿੱਚ ਇਹ ਹੱਥ ਨੂੰ ਹਸਤ ਕਹਿੰਦੇ ਹਨ। ਸ਼ਬਦ ਭਾਵਾਂ ਦਾ ਭਾਰ ਚੁੱਕਦੇ ਹਨ ਪਰ ਜਦੋਂ ਵਿਸ਼ੇਸ਼ ਇਲਾਕਿਆਂ ਦੇ ਬੁਲਾਰਿਆਂ ਦੀ ਬੋਲੀ ਦਾ ਭਾਰ ਉਨ੍ਹਾਂ ਉੱਤੇ ਪੈਂਦਾ ਹੈ ਤਾਂ ਉਹ ਆਪਸ ਵਿੱਚ ਇਸ ਤਰ੍ਹਾਂ ਰਚ-ਮਿਚ ਜਾਂਦੇ ਹਨ ਜਿਵੇਂ ਕਿਸੇ ਦੋ ਇਲਾਕਿਆਂ ਦੇ ਮਿੱਤਰ ਸਾਰੇ ਭੇਦ-ਭਾਵ ਮਿਟਾ ਕੇ ਇੱਕ ਹੋ ਜਾਂਦੇ ਹਨ। ਇਸ ਵਿਸ਼ੇ ਦਾ ਕੋਈ ਅੰਤ ਨਹੀਂ। ਉਦਾਹਰਨ ਵਜੋਂ ਲਈਆਂ ਗਈਆਂ ਕੁਝ ਟੂਕਾਂ ਲੁਬਾਂਦੀ ਭਾਸ਼ਾ ਦੇ ਮੂਲ ਉਸਦੀ ਉਤਪੱਤੀ, ਫੈਲਾਉ ਤੇ ਪ੍ਰਯੋਗ ਲਈ ਕਾਫ਼ੀ ਹਨ।
ਅੱਖਰ ਰੱਬ, ਬੀਬੀ, ਬਾਬਾ, ਰਜ਼ਾ ਤੇ ਮਰਜ਼ੀ ਆਦਿ ਮੱਧ ਏਸ਼ੀਆ ਦੇ ਮੁਲਕਾਂ ਵਿੱਚੋਂ ਬੋਲੀ ਜਾਣ ਵਾਲੀ ਅਰਬੀ ਭਾਸ਼ਾ ‘ਚੋਂ ਆਏ। ਪ੍ਰਾਕਿਰਤ ਭਾਸ਼ਾ ਵਿੱਚ ਚਬੂਤਰੇ ਲਈ ਅੱਖਰ ਥੜ੍ਹਾ ਵਰਤਿਆ ਜਾਂਦਾ ਹੈ, ਇਹ ਅੱਖਰ ਗਰੀਕ (ਯੂਨਾਨੀ) ਭਾਸ਼ਾ ਦੇ ਅੱਖਰ ਕੈਥੀਡਰਾ ਨਾਲ ਜਾ ਜੁੜਦਾ ਹੈ। ਜਿਸ ਉੱਚੇ ਚਬੂਤਰੇ ਨੁਮਾ ਥੜੇ ਉੱਤੇ ਗਿਰਜਾ ਘਰ ਬਣਿਆ ਹੁੰਦਾ ਹੈ ਉਸਨੂੰ ਕੈਥੀਡਰਲ ਕਿਹਾ ਜਾਂਦਾ ਹੈ। ਵੱਖ-ਵੱਖ ਮੁਲਕਾਂ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੇ ਅੱਖਰ ਕਿਧਰੇ ਨਾ ਕਿਧਰੇ ਇੰਝ ਜਾ ਜੁੜਦੇ ਹਨ ਜਿਵੇਂ ਉਣੀ ਹੋਈ ਮੰਜੀ ਦਾ ਵਾਣ ਹੋਵੇ।
ਲੁਬਾਣਿਆਂ ਸੰਬੰਧੀ ਗੁਰਬਾਣੀ ਵਿੱਚ ਆਏ ਬਿੰਬ
ਗੁਰਮਤਿ ਇਕ ਸੁਘੜ ਜੀਵਨ ਜਾਚ ਹੈ। ਇਸਦਾ ਜ਼ਿਕਰ ਗੁਰਬਾਣੀ ਵਿੱਚ ਬਾਓ- ਥਾਈਂ ਵਿਸਤਾਰ ਨਾਲ ਦਿੱਤਾ ਹੋਇਆ ਹੈ। ਜੀਵਨ ਦੇ ਹਰ ਅੰਗ ਤੇ ਪਹਿਲੂ ਦੇ ਉਦਾਹਰਨ ਗੁਰਬਾਣੀ ਵਿੱਚ ਇਸ ਸਹਿਜ ਤੇ ਸੁਖਾਲੇ ਢੰਗ ਨਾਲ ਵਰਤੇ ਗਏ ਹਨ ਕਿ ਗੱਲ ਬੜੀ ਛੇਤੀ ਨਾਲ ਸਮਝ ਆ ਜਾਂਦੀ ਹੈ । ਸਾਨੂੰ ਇੰਝ ਲਗਦਾ ਹੈ ਕਿ ਕਹੀ ਹੋਈ ਗੱਲ ਸਾਡੀ ਆਪਣੀ ਹੈ, ਸਾਡੇ ਆਲੇ-ਦੁਆਲੇ ਦੀ ਹੈ ਅਤੇ ਅਸੀ ਉਸ ਵਿੱਚ ਵਿਚਰ ਰਹੇ ਹਾਂ। ਗੁਰਬਾਣੀ ਧਿਆਨ ਨਾਲ ਪੜ੍ਹਿਆਂ ਇਸ ਤਰ੍ਹਾਂ ਲਗਦਾ ਹੈ ਕਿ ਪ੍ਰਮਾਤਮਾ ਸਾਡਾ ਮਿੱਤਰ ਹੈ, ਮਾਂ-ਬਾਪ ਹੈ। ਗੁਰੂ ਪਾਤਸ਼ਾਹ ਸਾਡੇ ਸਖਾ ਸੰਗਰਕਸ਼ਕ ਤੇ ਪਥ-ਪ੍ਰਦਰਸ਼ਕ ਹੀ ਨਹੀਂ ਸਗੋਂ ਸਾਡੇ ਬਾਲ ਸਖਾਈ ਮਿੱਤਰ ਹਨ, “ਸੁਣ ਮੀਤਾ ਜੀਓ ਹਮਾਰਾ ਬਲਿ ਬਲਿ ਜਾਸੀ, ਹਰ ਦਰਸਨ ਦੇਇਉ ਦਿਖਾਈ” ਇਸ ਪ੍ਰਕਾਰ ਨਿਰੰਕਾਰ ਸਾਡੇ ਸਾਹਮਣੇ ਇਸ ਤਰ੍ਹਾਂ ਸਾਕਾਰ ਹੋ ਜਾਂਦਾ ਹੈ ਕਿ, ਅਸੀ ਹਰਿ ਆਕਾਰ ਵਿੱਚੋਂ ਉਸਦੀ ਮੂਰਤ ਦੇਖਦੇ ਹਾਂ। ਫਿਰ ਕਿਸੇ ਪ੍ਰਕਾਰ ਆਰ ਹੋਵੇ ਜਾਂ ਪਾਰ ਹੋਵੇ ਜਾਂ ਮੰਝਧਾਰ ਸਾਡੇ ਗਵਾਚਣ ਦੇ ਅਵਸਰ ਬਹੁਤ ਘੱਟ ਜਾਂਦੇ ਹਨ।
ਗੁਰੂ ਪਾਤਸ਼ਾਹ ਘਰ ਦੇ ਵਿੱਚੋਂ ਹੀ ਬੇਅੰਤ ਉਦਾਹਰਨ ਤੇ ਬਿੰਬ ਲੈ ਕੇ ਸਹਿਜੇ ਹੀ ਗੱਲ ਸਮਝਾ ਦਿੰਦੇ ਹਨ ਜਿਸ ਤਰ੍ਹਾਂ
ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ॥
ਤਿਸਨਾ ਛਾਨਿ ਪਰੀ ਧਰ ਊਪਰਿ ਦੁਰਮਤਿ ਭਾਂਡਾ ਫੂਟਾ॥੧॥
ਰਾਗ ਗਉੜੀ ਚੇਤੀ, ਪੰਨਾ 332
ਭਾਵ ਨਿਸ਼ੰਗ ਹੋ ਬੇਪਰਵਾਹੀ ਨਾਲ ਜੀਵਨ ਵਿੱਚ ਵਿਚਰਣ ਵਾਸਤੇ ਦੁਬਿਧਾ (Double mindedness) ਦੇ ਦੋਵੇਂ ਥੂਣ ਭਾਵ ਖੰਬੇ ਜਾਂ ਸਤੁਨ ਡੇਗਣ ਦੀ ਲੋੜ ਹੈ। ਜਿਸ ਨਾਲ ਮੋਹ ਦਾ ਬਰਾਂਡਾ ਡਿੱਗ ਕੇ ਥੱਲੇ ਆ ਪਵੇਗਾ ਤੇ ਦੁਰਮਤਿ ਦਾ ਭਾਂਡਾ ਟੁੱਟ-ਫੁੱਟ ਜਾਏਗਾ। ਕਿਸੇ ਘਰ ਦਾ ਬਰਾਂਡਾ ਘਰ ਦੇ ਅੰਦਰ ਤੇਜ਼ ਰੌਸ਼ਨੀ ਅਤੇ ਬਾਰਿਸ਼ ਦੀ ਵਾਛੜ ਨੂੰ ਆਉਣ ਤੋਂ ਰੋਕਦਾ ਹੈ, ਬਿਲਕੁਲ ਇਸੇ ਤਰ੍ਹਾਂ ਮਾਨਵੀ ਆਤਮਾ ਦੇ ਅੱਗੇ ਉਸਰਿਆ ਮੋਹ ਦਾ ਬਰਾਂਡਾ ਸੱਚ ਦੀ ਰੌਸ਼ਨੀ ਤੇ ਸੁੱਚੀ ਪ੍ਰੀਤ ਦੀ ਵਾਛੜ ਨੂੰ ਅੰਦਰ ਆਉਣ ਤੋਂ ਰੋਕਦਾ ਹੈ। ਇਸ ਬਰਾਂਡੇ ਨੂੰ ਡੇਗ ਦੇਣ ਮਗਰੋਂ ਵਿਰਾਟ ਪ੍ਰਕਾਸ਼ ਨਜ਼ਰ ਆਉਣ ਲਗ ਜਾਂਦਾ ਹੈ। ਪਵਿੱਤਰ ਕ੍ਰਾਂਤੀ ਦੀ ਹਨੇਰੀ ਭਰਮਾਂ ਦੇ ਟੱਟਰ ਉੜਾ ਕੇ ਲੈ ਜਾਂਦੀ ਹੈ। ਜਿਹੜੇ ਆਤਮਾ ਦੀਆਂ ਰੱਸੀਆਂ ਨਾਲ ਬੱਝੇ ਹੁੰਦੇ ਹਨ। ਹੁਕਮ ਹੈ:
ਆਂਧੀ ਪਾਛੇ ਜੋ ਜਲੁ ਬਰਖੈ ਤਿਹਿ ਤੇਰਾ ਜਨੁ ਭੀਨਾਂ ॥
ਕਹਿ ਕਬੀਰ ਮਨਿ ਭਇਆ ਪ੍ਰਗਾਸਾ ਉਦੈ ਭਾਨੁ ਜਬ ਚੀਨਾ॥
ਗਿਆਨ ਦੀ ਹਨੇਰੀ ਨੇ ਇਹ ਸਾਰਾ ਮਹਾਨ ਕਾਰਜ ਕੀਤਾ ਉਸ ਮਗਰੋਂ ਜੋ ਮਿਹਰ ਦਾ ਜਲ ਵਸਿਆ, ਉਸ ਕਾਰਨ ਹੁਣ ਚਾਨਣ ਹੀ ਚਾਨਣ ਹੈ । ਚੜ੍ਹਦੇ ਸੂਰਜ ਦੇ ਪ੍ਰਕਾਸ਼ ਦਾ ਆਭਾਸ ਹੋਣ ਲਗ ਜਾਂਦਾ ਹੈ;
ਗੁਰੂ ਪਾਤਸ਼ਾਹ ਨੇ ਰਸੋਈ ਦੀਆਂ ਵਸਤਾਂ ਦੇ ਉਦਾਹਰਨ ਇੰਝ ਹੀ ਲਏ ਹਨ। ਭਾਂਡਾ, ਘੜਾ, ਘੱਟ, ਮਟਕਾ, ਨਲ, ਮਧਾਣੀਆਂ, ਕੋਲੂ, ਚਰਖਾ, ਚੱਕੀ, ਬਾਟ ਅਤੇ ਚਕ ਆਦਿ ਦੁਆਰਾ ਅਚਾਨ ਚੱਕ ਸਾਰੀ ਗੱਲ ਪ੍ਰਕਾਸ਼ਮਾਨ ਕੀਤੀ ਹੈ।
ਖੇਤੀ ਦੇ ਸੰਬੰਧ ਵਿੱਚ ਲਏ ਗਏ ਉਦਾਹਰਨ ਕਮਾਲ ਹਨ। ਭੋਂਇ, ਜ਼ਮੀਨ, ਸਿਆੜ, ਵੱਟਾਂ, ਖੂਰ, ਟਿੰਡਾਂ, ਅਰਹੱਟ (ਰਹਿਟ) ਵਿੱਚੋਂ ਨਿਕਲਦੀ ਪੀ-ਪੀ ਦੀ ਆਵਾਜ਼। ਨਿਸਾਰ ਔਲੂ, ਚੁਬੱਚੇ, ਹੱਲ, ਪੰਜਾਲੀ, ਬੈਲ, ਬੀਜਣਾ, ਸੁਹਾਗਾ ਆਦਿ ਕਿੱਥੋਂ ਤੱਕ ਗਿਣੀਏ, ਅੰਤ ਨਹੀਂ ਹੈ। ਪਾਤਸ਼ਾਹ ਸਾਰੀ ਗੱਲ ਸਹਿਜੇ ਹੀ ਰੁਮਕਦੀ ਹਵਾ ਵਾਂਗੂ ਸਾਰੇ ਪਿੰਡੇ ਦੇ ਅੰਦਰ ਤੇ ਆਤਮਾ ਤੱਕ ਉਤਾਰ ਦਿੰਦੇ ਹਨ।
ਰਿਸ਼ਤੇਦਾਰੀਆਂ ਨੂੰ ਇਸ ਤਰ੍ਹਾਂ ਗਿਣਿਆ ਹੈ ਜਿਵੇਂ ਘਰ ਦੇ ਵਿੱਚ ਮੇਲ ਆ ਕੇ ਢੁੱਕਿਆ ਹੋਵੇ, ਭਰਾ, ਭਾਈ, ਮਿੱਤਰ, ਬੰਧਪ, ਬੰਧੂ, ਦਾਰਾ, ਚਾਚੇ, ਚਾਚੀਆਂ, ਮਾਮੇ, ਮਾਮੀਆਂ, ਸੱਸ-ਸੁਹਰਾ, ਨਾਰਾਂ-ਖਸਮ ਆਦਿ ਸੰਬੰਧਾਂ ਨੂੰ ਗਾਹੇ-ਬ-ਗਾਹੇ ਵਰਤਿਆ ਹੈ। ਲਗਦਾ ਹੈ ਘਰ ਦੇ ਵਿਹੜੇ ਵਿੱਚ ਹੀ ਬੈਠੇ ਹੋਏ ਹਾਂ।
ਇਕ ਬੜੀ ਵਿਲੱਖਣ ਬਾਤ ਹੈ ਕਿ ਗੁਰੂਦੇਵ ਨੇ ਗੁਰਬਾਣੀ ਵਿੱਚ ਪੰਛੀਆਂ ਦਾ ਜ਼ਿਕਰ ਕਰਦਿਆਂ ਹੰਸ, ਸਾਰੰਗ, ਮੋਰ, ਮੋਰਨੀ, ਚੱਕਵਾ, ਚੱਕਵੀ, ਕਬੂਤਰ, ਉੱਲੂ, ਚਿੜੀ, ਕਾਂ, ਕੂੰਜ, ਬਗਲੇ ਆਦਿ ਦੇ ਸੰਬੰਧ ਵਿੱਚ ਬੜਾ ਸੁੰਦਰ ਵਿਸਤਾਰ ਲਿਆ ਹੈ। ਅਨਗਿਣਤ ਪੰਛੀਆਂ ਦਾ ਜ਼ਿਕਰ ਹੈ। ਔਰਤ ਦੀਆਂ ਅਣਗਿਣਤ ਕਿਸਮਾਂ ਤੇ ਸੁਭਾਵਾਂ ਦਾ ਬਿਆਨ ਕੀਤਾ ਹੈ। ਮੁੱਕਦੀ ਗੱਲ ਇਹ ਹੈ ਕਿ ਗੁਰਬਾਣੀ ਸਾਡੇ ਨੇੜੇ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਇੱਕ ਹੱਥ ਦੇ ਨੇੜੇ ਦੂਜਾ ਹੱਥ। ਇਸ ਮਹਾਨ ਵਿਧੀ ਦੁਆਰਾ ਨਿਰੰਕਾਰ (ਹਾਥ ਪਹਿ ਨੇਰੇ) ਕਰਕੇ ਦਰਸਾ ਦਿੱਤਾ ਹੈ। ਜਿਸ ਬਾਣੀ ਵਿੱਚ ਇਹ ਸ਼ਕਤੀ ਹੈ ਉਸਨੂੰ ਸਿਰ ਝੁਕਾਉਣਾ ਹੀ ਬਣਦਾ ਹੈ ।
ਵਾਪਾਰ ਦੇ ਸੰਬੰਧ ਵਿੱਚ ਪ੍ਰਯੋਗ ਹੋਣ ਵਾਲੀਆਂ ਵਸਤਾਂ ਤਕੜੀ, ਵੱਟੇ, ਪ੍ਰਮਾਣਾਂ, ਪੰਸਾਰੀ ਦੇ ਡੱਬਿਆਂ ਵਿੱਚ ਰੱਖੀਆਂ ਹੋਈਆਂ ਵਸਤਾਂ ਥਾਂ ਟਿਕਾਣੇ ਪਈਆਂ ਹੋਈਆਂ ਚੀਜ਼ਾਂ ਨੂੰ ਸੁਰਤ ਨਾਲ ਜੋੜ ਕੇ ਮਨੁੱਖੀ ਮਨ ਤੇ ਚਿਤ ਨੂੰ ਸਾਵਧਾਨ ਤੇ ਇਕਾਗਰ ਕੀਤਾ ਹੈ। ਇਹ ਬਾਣੀ ਜੀਉ ਜਾਨਣ ਵਾਲੀ ਤੇ ਆਤਮਾ ਨੂੰ ਸੰਤੋਖਣ ਵਾਲੀ ਕੋਮਲ ਵਸਤੂ ਹੈ। ਉਤਲੀਆਂ ਪੰਕਤੀਆਂ ਵਿੱਚ ਗੁਰਬਾਣੀ ਦੇ ਇਕ ਸੁਭਾਅ ਦੇ ਜ਼ਿਕਰ ਕਰਨ ਦੀ ਇੱਥੇ ਵਿਸ਼ੇਸ਼ ਲੋੜ ਹੈ।
ਕੁਝ ਹੋਰ ਸਾਮਾਜਿਕ ਰੀਤੀ ਰਿਵਾਜ
ਲੁਬਾਣਿਆਂ ਵਿੱਚ ਵੀ ਸਾਰਿਆਂ ਵਾਂਗ ਬਹੁਤ ਸਾਰੇ ਰੀਤੀ ਰਿਵਾਜ ਘੱਟਦੇ ਜਾ ਰਹੇ ਹਨ ਪਰ ਫਿਰ ਵੀ ਇਕ ਵਿਰਸੇ ਦੇ ਤੌਰ ਤੇ ਮੈਂ ਟੂਕ ਮਾਤਰ ਇਸਦਾ ਜ਼ਿਕਰ ਕਰ ਰਿਹਾ ਹਾਂ।
ਮੁਕਲਾਵਾ :
ਬੀਤੇ ਸਮੇਂ ਅੰਦਰ ਛੋਟੀ ਉਮਰ ਵਿੱਚ ਹੀ ਬੱਚਿਆਂ ਦਾ ਵਿਆਹ ਕਰ ਦਿੱਤਾ ਜਾਂਦਾ। ਸੀ। ਵਿਆਹ ਮਗਰੋਂ ਕੁੜੀ ਤੇ ਮੁੰਡਾ ਆਪਣੇ ਆਪਣੇ ਘਰਾਂ ਵਿੱਚ ਰਹਿੰਦੇ ਸੀ। ਜਦੋਂ ਦੋਵੇਂ ਬੱਚੇ ਜੁਆਨੀ ਦੀ ਦਹਿਲੀਜ਼ ਪਾਰ ਕਰਨ ਲਗਦੇ ਉਸ ਵਕਤ ਸਹੂਲਤ ਅਨੁਸਾਰ ਇਕ ਤਾਰੀਖ਼ ਮਿੱਥ ਲਈ ਜਾਂਦੀ। ਫਿਰ ਬੜੇ ਚਾਵਾਂ ਤੇ ਮਲਾਰਾਂ ਨਾਲ ਮੁੰਡਾ ਆਪਣੇ ਰਿਸ਼ਤੇਦਾਰਾਂ ਤੇ ਮਾਪਿਆਂ ਨਾਲ ਕੁੜੀ ਵਾਲਿਆਂ ਦੇ ਘਰ ਜਾਂਦਾ। ਕੁੜੀ ਵਾਲੇ ਵਿਤ ਅਨੁਸਾਰ ਆਓ ਭਗਤ ਤੇ ਸਵਾਗਤ ਕਰਦੇ। ਫਿਰ ਦਾਤਾਂ ਤੇ ਸੁਗਾਤਾਂ ਨਾਲ ਕੁੜੀ ਨੂੰ ਸਹੁਰੇ ਤੋਰ ਦਿੱਤਾ ਜਾਂਦਾ। ਰਤਾ ਜੋ ਧਿਆਨ ਨਾਲ ਦੇਖੀਏ ਤਾਂ ਅੱਖਰ ਮੁਕਲਾਵਾ, ਮੁਕ+ਲਾਵਾ = ਮੁਕਲਾਵਾ ਬਣਦਾ ਹੈ। ਲਗਦਾ ਹੈ ਕਿ ਮੁਕਲਾਵਾ ਮੁਕ ਗਿਆ ਹੈ ਤੇ ਸਿਰਫ਼ ਲਾਵਾਂ ਰਹਿ ਗਈਆਂ ਹਨ। ਭਾਵ ਚਟ ਮੰਗਨੀ ਤੇ ਪਟ ਵਿਆਹ। ਲਗਦਾ ਹੈ ਇਹ ਰਸਮ ਬਾਲ ਵਿਆਹ ਦੇ ਨਾਲ ਨਾਲ ਅਲੋਪ ਹੋ ਗਈ ਹੈ। ਵਿਆਹ ਮਗਰੋਂ ਬੱਚਾ ਤੇ ਖ਼ਾਸ ਕਰਕੇ ਮੁੰਡਾ ਹੋਣ ਤੇ ਨਵ ਜੰਮੇ ਮੁੰਡੇ ਦੇ ਮਾਂ ਬਾਪ ਬਾਹਰਵਾਰ ਜਾ ਕੇ ਪਿੱਪਲ ਦੁਆਲੇ ਸੂਤਰ ਦਾ ਧਾਗਾ ਵਲਿਆ ਕਰਦੇ ਸਨ। ਪੁਰਾਤਨ ਰਸਮਾਂ ਵਿੱਚ ਕਿਤੇ ਸਮਾਜਿਕ ਭਲਾਈ ਦੀ ਭਾਵਨਾ ਭਰੀ ਹੁੰਦੀ ਸੀ। ਸ਼ਾਇਦ ਉਹ ਇਹ ਕਹਿਣਾ ਚਾਹੁੰਦੇ ਹੋਣ ਕਿ ਬੱਚਿਆ ਤੇਰੀ ਰੁੱਖਾਂ ਦੀ ਜੀਰਾਣ ਹੋਵੇ। ਤੂੰ ਹਾਰਿਆਂ ਹੁਟਿਆਂ ਲਈ ਛਾਂ ਬਣੇ। ਅੱਜ ਦੇ ਜੁਗ ਵਿੱਚ ਕੋਹਾਂ ਦੂਰ ਤਕ ਪਿੱਪਲ ਹੀ ਉਪਲੱਬਧ ਨਹੀਂ, ਖਬਰੇ ਪਿੱਪਲ ਕਿਧਰ ਨਿਕਲ ਗਏ। ਜੇ ਬੋੜ੍ਹ ਲੱਭੀਏ ਤਾਂ ਹੁਣ ਇਹ ਬਹੁੜ ਨਹੀਂ ਲੱਭਣੇ ਤੇ ਜੇ ਕਿਸੇ ਨੂੰ ਬੋੜ੍ਹ ਬਾਰੇ ਦਸਣਾ ਪਿਆ ਤਾਂ ਉਸਨੂੰ ਬੋੜ੍ਹ ਦਾ ਚਿਤਰ ਵੇਖਕੇ ਸੰਤੁਸ਼ਟ ਹੋਣਾ ਹੋਵੇਗਾ ਤੇ ਜਾਂ ਫਿਰ ਕਲਕੱਤੇ ਦੇ ਬੋਟੈਨਿਕਲ ਗਾਰਡਨ ਵਿੱਚ ਜਾ ਕੇ ਕੋਈ ਬਹੁੜ ਦੇਖਣ ਨੂੰ ਮਿਲੇਗਾ। ਅੱਗੇ ਤਾਂ ਸਮਾਜ ਦੇ ਬਜ਼ੁਰਗ ਪੁਰਖ ਨੂੰ ਬੋੜ੍ਹ ਦੀ ਸੰਗਿਆ ਦਿੱਤੀ ਜਾਂਦੀ ਸੀ।
ਘਰ ਮੁੰਡਾ ਪੈਦਾ ਹੋਣ ਤੇ ਇਕ ਹੋਰ ਬੜੀ ਸੁਆਦਲੀ ਰਸਮ ਸੀ-ਕੁੰਡਾ। ਮੁੰਡਾ ਜੰਮਣ ਮਗਰੋਂ ਸਬੰਧਤ ਬਰਾਦਰੀ ਤੇ ਰਿਸ਼ਤੇਦਾਰ ਭਾਈਚਾਰੇ ਦੇ ਬੰਦਿਆਂ ਨੂੰ ਬੁਲਾਇਆ ਜਾਂਦਾ। ਇਹਨਾਂ ਵਿੱਚ ਵਿਸ਼ੇਸ਼ ਕਰਕੇ ਉਸ ਗੋਤ ਦੇ ਮੈਂਬਰ ਹੁੰਦੇ। ਇੱਕ ਵੱਡੀ ਪਰਾਤ ਵਿੱਚ ਕੜਾਹ ਪਾਇਆ ਜਾਂਦਾ । ਕਿਤੇ ਕਿਤੇ ਕੜਾਹ ਦੀ ਥਾਂ ਤੇ ਮਿੱਠੀਆਂ ਸੇਵੀਆਂ ਵੀ ਹੁੰਦੀਆਂ। ਇਹ ਵਿਅੰਜਨ ਸਾਰੀ ਬਰਾਦਰੀ ਵਿੱਚ ਰਜਵਾਂ ਤਕਸੀਮ ਕੀਤਾ ਜਾਂਦਾ ਤੇ ਬੱਚੇ ਦੇ ਜਨਮ ਤੇ ਖੁਸ਼ੀ ਮਨਾਈ ਜਾਂਦੀ। ਅੱਜ ਕੱਲ੍ਹ ਇਹ ਰਸਮ ਇਨ ਬਿਨ ਤੇ ਨਹੀਂ, ਪਰ ਹੋਰ ਢੰਗ ਤਰੀਕਿਆਂ ਨਾਲ ਮਨਾਈ ਜਾਂਦੀ ਹੈ।
ਇੱਕ ਤੇ ਇੱਕ ਵਿਆਹ ਦੀ ਰਸਮ ਲੁਬਾਣਿਆਂ ਵਿੱਚ ਪਹਿਲਾਂ ਤੋਂ ਚਲੀ ਆ ਰਹੀ ਹੈ। ਕੋਈ ਸਮਾਜਿਕ ਰੁਤਬੇ ਵਾਲਾ ਜਾਂ ਮਾਇਕ ਤੌਰ ਤੇ ਭਾਵੇਂ ਤਗੜਾ ਵੀ ਹੋਵੇ, ਇੱਕੋ ਵਿਆਹ ਨੂੰ ਤਗੜਾ ਮੰਨਿਆ ਜਾਂਦਾ ਸੀ। ਇਹ ਗੱਲ ਕਾਫ਼ੀ ਸਮਿਆਂ ਤੋਂ ਸਮਾਜ ਵਿੱਚ ਆ ਗਈ ਸੀ ਤੇ ਦੋ ਔਰਤਾਂ ਰੱਖਣ ਦਾ ਰਵਾਜ ਨਹੀਂ ਸੀ। ਇੱਕ ਲੋਕ ਗੀਤ ਹੈ ਦੋ ਨੀ ਦੋ ਜਣੀਆਂ, ਬਾਹਰੋਂ ਆਇਆ ਹਸਦਾ ਖੇਡਦਾ, ਦੋਹਾਂ ਗੁੱਤਾਂ ਫੜ ਲਈਆਂ। ਇਸ ਲੰਮੇਰੇ ਲੋਕ ਗੀਤ ਦਾ ਭਾਵ ਇਹੀ ਹੈ ਕਿ ਦੋ ਰੰਨਾਂ ਕਲੇਸ਼ ਦਾ ਕਾਰਣ ਹੀ ਬਣਦੀਆਂ ਹਨ। ਗੁਰਮਤਿ ਨੇ ਅਜਿਹਾ ਹੀ ਸਮਝਾਇਆ ਹੈ। “ਏਕਾ ਨਾਰੀ ਸਦਾ ਜਤੀ”। ਇਸਦੇ ਦੂਰ ਰਸ ਲਾਭ ਹਨ ਤੇ ਜ਼ਿੰਦਗੀ ਖੁਸ਼ਹਾਲ ਰਹਿੰਦੀ ਹੈ। ਕੁਝ ਹਾਲਾਤ ਵਿੱਚ ਦੂਜੇ ਵਿਆਹ ਦੀ ਇਜ਼ਾਜਤ ਵੀ ਹੈ। ਪਹਿਲੀ ਔਰਤ ਵਿੱਚੋਂ ਜੇ ਬੱਚਾ ਨਾ ਹੋਵੇ ਤਾਂ ਦੂਜਾ ਵਿਆਹ ਕਰ ਲਿਆ ਜਾਂਦਾ ਹੈ । ਦੂਜਾ ਵਿਆਹ ਕਰਨ ਲੱਗਿਆਂ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਦੂਜੀ ਔਰਤ ਆਪਣੇ ਭਰਾ, ਭਾਈ ਦੀ ਹੀ ਹੋਏ, ਜੋ ਮਰ ਗਿਆ ਹੈ। ਇਸ ਪ੍ਰਕਾਰ ਔਰਤ ਦੀ ਸੰਭਾਲ ਵੀ ਹੋ ਜਾਂਦੀ ਹੈ ਤੇ ਪੀੜ੍ਹੀ ਵੀ ਤੁਰ ਪੈਂਦੀ ਹੈ। ਅਜਿਹੀ ਹਾਲਤ ਵਿੱਚ ਸਮਾਜਿਕ ਰੀਤੀ, ਰਿਵਾਜਾਂ ਤੇ ਉਤਸਵਾਂ ਆਦਿ ਵਿੱਚ ਪਹਿਲਾਂ ਵਿਆਹੀ ਗਈ ਔਰਤ ਨੂੰ ਹੀ ਮਾਣ ਤੇ ਪ੍ਰਤਿਸ਼ਠਾ ਮਿਲਦੀ ਸੀ।
ਕੁਝ ਹਾਲਤਾਂ ਵਿੱਚ ਵਿਆਹੀ ਜਾਣ ਵਾਲੀ ਦੂਜੀ ਔਰਤ ਦੇ ਪਹਿਲੇ ਵਿਆਹ ਵਿੱਚੋਂ ਵੀ ਬੱਚੇ ਹੋ ਸਕਦੇ ਹਨ, ਉਹਨਾਂ ਨੂੰ ਪਿਛਲੱਗ ਆਖਿਆ ਜਾਂਦਾ ਹੈ। ਉਹ ਇੱਕੋ ਟੱਬਰ ਵਿੱਚ ਸਾਂਝੇ ਤੌਰ ਤੇ ਰਹਿ ਤਾਂ ਸਕਦੇ ਹਨ ਪਰ ਵਿਆਹਾਂ, ਸ਼ਾਦੀਆਂ ਤੇ ਮਿਰਤਕ ਸਮੇਂ ਉਹਨਾਂ ਨੂੰ ਜਾਇਜ਼ ਉਲਾਦ ਵਾਲੇ ਅਧਿਕਾਰ ਪ੍ਰਾਪਤ ਨਹੀਂ ਹੁੰਦੇ ਤੇ ਨਾ ਹੀ ਉਹ ਮਤਰੇਏ ਪਿਤਾ ਦੀ ਜਾਇਦਾਦ ਦਾ ਵਾਰਿਸ ਬਣ ਸਕਦਾ ਹੈ।
ਤਲਾਕ :
ਲੁਬਾਣਿਆਂ ਵਿੱਚ ਤਲਾਕ ਦੀ ਰਸਮ ਪਾਈ ਜਾਂਦੀ ਹੈ। ਇਸ ਵਾਸਤੇ ਕੁਝ ਵਿਸ਼ੇਸ਼ ਸ਼ਰਤਾਂ ਤੇ ਕਾਨੂੰਨ ਹਨ, ਜਿਵੇਂ ਤਿਆਗੀ ਜਾਣ ਵਾਲੀ ਔਰਤ ਦਾ ਚਲਨ ਮਸ਼ਕੂਕ ਹੋਵੇ ਜਾਂ ਹੋਰ ਕੋਈ ਗੰਭੀਰ ਊਣਤਾਈ। ਗੁਰਮਤਿ ਵਿੱਚ ਅਨੰਦ ਕਾਰਜ ਦੀ ਰਸਮ ਅਨੁਸਾਰ ਤਲਾਕ ਦੀ ਨਾ ਤਾਂ ਕੋਈ ਹੋਂਦ ਹੈ ਤੇ ਨਾ ਪ੍ਰਬੰਧ। ਇੱਥੇ ਤਾਂ “ਪਹਿਲਾਂ ਵਸਤੁ ਸਿੰਝਾਨ ਤਉ ਕੀਚੈ ਵਾਪਾਰੁ” । ਪਰ ਕੁਝ ਹਾਲਤਾਂ ਵਿੱਚ ਜੇ ਪਾਣੀ ਸਿਰੋਂ ਓਤਵਾ ਲੰਘ ਜਾਏ ਤਾਂ ਦੋਵੇਂ ਮਰਦ ਜ਼ਨਾਨੀ ਵੱਖ ਵੱਖ ਰਹਿ ਸਕਦੇ ਹਨ। ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਹੋਇਆ ਅਨੰਦ ਕਾਰਜ ਟੁੱਟਦਾ ਨਹੀਂ। ਅਜੋਕੇ ਸਮੇਂ ਵਿੱਚ ਲੁਬਾਣਿਆਂ ਦੇ ਵਿਆਹ ਅਨੰਦ ਕਾਰਜ ਦੀ ਰਸਮ ਅਨੁਸਾਰ ਹੀ ਹੋ ਰਹੇ ਹਨ ਤੇ ਅਨੰਦ ਮੈਰਜ ਐਕਟ ਅਨੁਸਾਰ ਤਲਾਕ ਕਿਤੇ ਨਹੀਂ ਹੈ। ਕਾਨੂੰਨੀ ਵਖੇਵਾ (Legal separation) ਦਾ ਪ੍ਰਯੋਜਨ ਹੈ।
ਗੋਦ ਲੈਣਾ :
ਅਗਰ ਕਿਸੇ ਘਰ ਵਿੱਚ ਅੱਗੋਂ ਪੀੜੀ ਤੁਰਣ ਲਈ ਬੱਚਾ ਨ ਹੋਵੇ ਤਾਂ ਕਿਸੇ ਬੱਚੇ ਨੂੰ ਗੋਦ ਲੈਣ ਦੀ ਰਸਮ ਵੀ ਲੁਬਾਣਿਆਂ ਵਿੱਚ ਪਾਈ ਜਾਂਦੀ ਹੈ। ਗੋਦ ਲੈਣ ਵਾਲਾ ਮਨੁੱਖ ਇਸ ਗੱਲ ਦਾ ਧਿਆਨ ਰੱਖੇਗਾ ਕਿ ਬੱਚਾ ਪਹਿਲਾਂ ਤਾਂ ਆਪਣੇ ਭਰਾ ਦਾ ਹੀ ਹੋਵੇ ਜਾਂ ਫਿਰ ਚਾਚੇ ਤਾਏ ਦਾ ਪੁੱਤ ਹੋਵੇ ਜਾਂ ਪੋਤਰਾ। ਜੇ ਅਜਿਹਾ ਸੰਭਵ ਨਾ ਹੋਵੇ ਤਾਂ ਉਹ ਆਪਣੇ ਹੀ ਗੋਤ ਦੇ ਬੰਦੇ ਦਾ ਬੇਟਾ ਹੋਵੇ। ਲੁਬਾਣੇ ਬਿਨਾਂ ਝਿਜਕ ਤੋਂ ਉਸ ਬੱਚੇ ਨੂੰ ਗੋਦ ਲੈ ਲੈਂਦੇ ਹਨ, ਜਿਸਦੇ ਪਿਤਾ ਦੀ ਕੋਈ ਜਾਇਦਾਦ ਨਾ ਹੋਵੇ ਤਾਂ ਜੋ ਅਜਿਹਾ ਬੱਚਾ ਆਪਣੇ ਗੋਦ ਲੈਣ ਵਾਲੇ ਪਿਤਾ ਦਾ ਬੁੜਾਪੇ ਦਾ ਸਹਾਰਾ ਬਣ ਸਕੇ। ਭੈਣ ਦੀ ਔਲਾਦ ਨੂੰ ਗੋਦ ਨਹੀਂ ਲਿਆ ਜਾ ਸਕਦਾ। ਜਿਹੜਾ ਬੰਦਾ ਇਕ ਬੱਚੇ ਨੂੰ ਗੋਦ ਲੈਂਦਾ ਹੈ ਉਹ ਆਪਣੇ ਜੀਵਨ ਵਿੱਚ ਕਿਸੇ ਹੋਰ ਬੱਚੇ ਨੂੰ ਗੋਦ ਨਹੀਂ ਲੈ ਸਕਦਾ। ਕੋਈ ਵਿਧਵਾ ਔਰਤ ਵੀ ਆਪਣੇ ਰਖਵਾਲੇ ਜਾਂ ਬੁਢਾਪੇ ਦੇ ਸਹਾਰੇ ਵਾਸਤੇ ਬੱਚਾ ਗੋਦ ਲੈ ਸਕਦੀ ਹੈ। ਗੋਦ ਲਏ ਜਾਣ ਵਾਲੇ ਬੱਚੇ ਦੀ ਉਮਰ ਸਬੰਧੀ ਕੋਈ ਖਾਸ ਪਾਬੰਦੀ ਨਹੀਂ ਹੈ।
ਬੱਚਾ ਗੋਦ ਲੈਣ ਲਈ ਸਮਾਜਿਕ ਰਸਮ ਕੀਤੀ ਜਾਂਦੀ ਹੈ । ਭਾਈਚਾਰੇ ਤੇ ਗੋਤ ਦੇ ਹੋਰ ਮੈਂਬਰਾਂ ਨੂੰ ਕਿਸੇ ਵਿਸ਼ੇਸ਼ ਨਿਯਤ ਦਿਹਾੜੇ ਤੇ ਆਪਣੇ ਘਰ ਬੁਲਾ ਕੇ ਗੁੜ ਨਾਲ ਮੂੰਹ ਮਿੱਠਾ ਕਰਵਾਇਆ ਜਾਂਦਾ ਹੈ ਅਤੇ ਮੂੰਹੋਂ ਆਖਿਆ ਜਾਂਦਾ ਹੈ-ਇਹ ਬੱਚਾ ਮੈਂ ਗੋਦ ਲਿਆ। ਇਸ ਸਬੰਧ ਵਿੱਚ ਅੱਜ ਕੱਲ੍ਹ ਕਾਨੂੰਨੀ ਦਸਤਾਵੇਜ਼ (deed) ਵੀ ਲਿਖਿਆ ਜਾਂਦਾ ਹੈ। ਗੁਰਮਤਿ ਦੇ ਪੱਕੇ ਧਾਰਨੀ deed ਆਦਿ ਕਾਨੂੰਨੀ ਕਾਰਵਾਈ ਨਾ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਗੋਦ ਲੈਣ ਦਾ ਕਾਰਜ ਸੰਪੰਨ ਕਰਦੇ ਹਨ। ਗੋਦ ਲਏ ਗਏ ਬੱਚੇ ਨੂੰ ਕੁੱਖੋਂ ਪੈਦਾ ਕਰਨ ਵਾਲੇ ਮਾਪਿਆਂ ਵੱਲੋਂ ਪ੍ਰਾਪਤ ਜਾਇਦਾਦ ਆਦਿ ਅਧਿਕਾਰਾਂ ਤੋਂ ਵੰਚਿਤ ਹੋਣਾ ਪੈਂਦਾ ਹੈ ਤੇ ਜੇ ਉਹਨਾਂ ਮਾਪਿਆਂ ਦਾ ਹੋਰ ਕੋਈ ਬੱਚਾ ਨਾ ਹੋਵੇ ਤਾਂ ਉਹ ਸਭ ਅਧਿਕਾਰ ਜਿਉਂ ਦੇ ਤਿਉਂ ਪਰਾਪਤ ਹੋ ਜਾਂਦੇ ਹਨ। ਗੋਦ ਲੈਣ ਵਾਲੇ ਪਿਤਾ ਵੱਲੋਂ ਸਾਰੇ ਅਧਿਕਾਰ ਤਾਂ ਉਸਨੂੰ ਮਿਲਦੇ ਹੀ ਹਨ।
ਪਗਵੰਡ :
ਪਗਵੰਡ ਦੀ ਰੀਤ ਅਨੁਸਾਰ ਇੱਕ ਮਨੁੱਖ ਦੀ ਸਾਰੀ ਜਾਇਦਾਦ ਉਸਦੀ ਨਰ ਔਲਾਦ ਵਿੱਚ, ਉਮਰ ਦੇ ਭੇਦ-ਭਾਵ ਬਿਨਾ ਬਰਾਬਰ, ਬਰਾਬਰ ਵੰਡੀ ਜਾਂਦੀ ਹੈ। ਗੁਰਦਾਸਪੁਰ ਦੇ ਕੁਝ ਇਲਾਕੇ ਤੇ ਖਾਸ ਕਰਕੇ ਪਠਾਨਕੋਟ ਤਹਿਸੀਲ ਦੇ ਵਿੱਚ ਇਹ ਰਿਵਾਜ ਪ੍ਰਚਲਿਤ ਹੈ ਕਿ ਜੇ ਕਿਸੇ ਆਦਮੀ ਨੇ ਆਪਣੀ ਗੋਤ ਤੋਂ ਬਾਹਰ ਕਿਸੇ ਔਰਤ ਨਾਲ ਵਿਆਹ ਕੀਤਾ। ਹੈ ਤਾਂ ਉਸ ਵਿੱਚੋਂ ਪੈਦਾ ਹੋਏ ਬੱਚੇ ਉਸ ਆਦਮੀ ਦੀ ਜਾਇਦਾਦ ਦੇ ਵਾਰਿਸ ਜਾਂ ਹਕਦਾਰ ਨਹੀਂ ਹੁੰਦੇ। ਆਮ ਹਾਲਤ ਵਿੱਚ ਪਿਛਲਗ ਬੱਚੇ ਨੂੰ ਆਪਣੇ ਮਤਰਏ ਬਾਪ ਦੀ ਜਾਇਦਾਦ ਵਿੱਚੋਂ ਹਿੱਸਾ ਪਰਾਪਤ ਕਰਨ ਦਾ ਹੱਕ ਨਹੀਂ ਹੈ ਪਰ ਜੇ ਕੋਈ ਆਪਣੇ ਮਤਰਏ ਬਾਪ ਨੂੰ ਸੇਵਾ ਕਰਕੇ ਰਿਝਾ ਲੈਂਦਾ ਹੈ ਤਾਂ ਮਤਰੇਆ ਬਾਪ ਆਪਣੀ ਇੱਛਾ ਅਨੁਸਾਰ ਪਿਛਲਗ ਨੂੰ ਕੁਝ ਹਿੱਸਾ ਦੇਣਾ ਚਾਹੇ ਤਾਂ ਇਹ ਜਾਇਜ਼ ਹੈ।
ਗਾਲੜ੍ਹੋ :
ਇਹ ਲੁਬਾਣਿਆਂ ਵਿੱਚ ਇਕ ਜੀਆਲੀ ਰਸਮ ਹੈ। ਜਦੋਂ ਕਿਸੇ ਬੁੱਢੀ ਔਰਤ ਦਾ ਖਾਵੰਦ ਮਰ ਜਾਏ ਤਾਂ ਉਸਦੇ ਕੁੜਮ ਆਦਿ ਇਕੱਠੇ ਹੋ ਕੇ ਪੁੱਜਦੇ ਹਨ। ਇਕ ਲੰਬੀ ਡਾਂਗ ਜਾਂ ਬਾਂਸ ਦੇ ਉੱਤੇ ਉਹ ਕੱਪੜੇ ਦੀ ਗਾਲੜ੍ਹ ਬਣਾ ਕੇ ਗੀਤ ਗਾਂਦੇ ਆ ਢੁੱਕਦੇ ਹਨ, ਜੇ ਥਾਰੋ ਬੁੱਢੇ ਮਰਿਓ, ਗਾਲੜ੍ਹੇ ਕਰ ਲੈ ਭਾਵ ਜੇ ਤੇਰਾ ਬੁੱਢਾ ਮਰ ਗਿਆ ਹੈ ਤਾਂ ਇਸ ਗਾਲੜ੍ਹ ਨਾਲ ਵਿਆਹ ਕਰ ਲੈ। ਕਈ ਵਾਰੀ ਕੁਝ ਔਰਤਾਂ ਸਾਂਗ ਬਣਾ ਕੇ ਮਰਦ ਵਾਂਗੂ ਸਿਰ ਤੇ ਪੱਗ ਜਹੀ ਬੰਨ੍ਹ ਕੇ ਗਾਉਂਦੀਆਂ ਸਨ, ‘ਜੇ ਥਾਰੋ ਬੁਢੋ ਮਰਿਓ, ਗਭਰੂ ਕਰ ਲੈ” ਭਾਵ ਜੇ ਤੇਰਾ ਬੁੱਢਾ ਮਰ ਗਿਆ ਹੈ ਤਾਂ ਇਸ ਗੱਭਰੂ ਨਾਲ ਕਰ ਲੈ। ਦਰਅਸਲ ਇਹ ਸਾਂਗ ਆਦਿ ਲੁਬਾਣਿਆਂ ਦੀ ਜ਼ਿੰਦਾਦਿਲੀ ਨੂੰ ਦਰਸਾਉਂਦੇ ਹਨ ਕਿ ਜਿਵੇਂ ਉਹ ਮੌਤ ਦਾ ਮਜ਼ਾਕ ਉਡਾ ਰਹੇ ਹਨ ਜਾਂ ਉਹ ਪਰਮਾਤਮਾ ਪ੍ਰਤੀ ਸ਼ੁਕਰਾਨਾ ਦਰਸਾ ਰਹੇ ਹਨ ਕਿ ਮੌਤ ਲਾਜ਼ਿਮ ਹੈ ਤੇ ਉਹਦੀ ਮਿਹਰ ਨਾਲ ਤੇ ਇਹ ਜੋੜਾ ਲੰਮੇ ਸਮੇਂ ਤਕ ਇਕ ਸਾਂਝ ਦੀ ਨਿੱਘ ਮਾਣਦਾ ਰਿਹਾ ਹੈ।
ਸਮਾਜਿਕ ਰਸਮਾਂ ਤੇ ਰੀਤੀ ਰਿਵਾਜ ਬਹੁਤ ਹਦ ਤਕ ਸਾਨੂੰ ਆਪਸ ਵਿੱਚ ਜੋੜਦੇ ਹਨ। ਅਸੀ ਆਪਣੇ ਸਬੰਧੀਆਂ, ਰਿਸ਼ਤੇਦਾਰਾਂ ਤੇ ਮਿੱਤਰਾਂ ਭਰਾਵਾਂ ਦੀ ਨੇੜਾ ਪਰਾਪਤ ਕਰਦੇ ਹਾਂ। ਇਕ ਮੁੱਠ ਹੋ ਕੇ ਅੱਗੇ ਵਧਦੇ ਹਾਂ ਪਰ ਜਦੋਂ ਰੀਤੀ ਰਿਵਾਜਾਂ ਦਾ ਮੱਕੜੀ ਜਾਲ ਭਰਮ ਬਣ ਕੇ ਸਮਾਜ ਨੂੰ ਜਕੜ ਲੈਂਦਾ ਹੈ ਤਾਂ ਇਹ ਅਗਾਂਹ ਵੱਲ ਵਧਣ ਵਿੱਚ ਰੁਕਾਵਟ ਬਣ ਜਾਂਦੇ ਹਨ। ਜਨਮ ਕੁੜਮਾਈ, ਮਰਣਾ, ਪਰਣਾ ਤੇ ਇਹਨਾਂ ਨਾਲ ਲਗ ਸਕ ਦੁਖਦਾਈ ਬਣ ਜਾਂਦੀ ਹੈ।
ਜ਼ਮਾਨੇ ਦੇ ਨਾਲ ਨਾਲ ਬਦਲਾਵ ਆਉਣਾ ਜ਼ਰੂਰੀ ਹੈ। ਲੁਬਾਣਿਆਂ ਅਤੇ ਸਾਰ ਸਮਾਜ ਵਿੱਚ ਹੀ ਪਰੰਪਰਾ ਹੈ ਕਿ ਜਾਗਰੂਕਤਾ ਸਾਨੂੰ ਮੁੜ ਸੋਚ ਵਿਚਾਰ ਕਰਨ ਲਈ ਟੁੰਬਦੀ ਰਹਿੰਦੀ ਹੈ। ਵਿਦਿਆ, ਕੁੜੀਆਂ ਵਾਸਤੇ ਸਿੱਖਿਆ, ਮਿਲਟਰੀ ਵਿੱਚ ਭਰਤੀ ਤੇ ਵਿਸ਼ੇਸ਼ ਕਰਕੇ ਗੁਰਮਤਿ ਦੇ ਪ੍ਰਚਾਰ ਨਾਲ ਉੱਪਰ ਦਿੱਤੀਆਂ ਥਕਾ ਦੇਣ ਵਾਲੀਆਂ ਰਸਮਾਂ ਨੇ ਸਮਾਜ ਨੂੰ ਥਕਾ ਦਿੱਤਾ ਹੈ। ਇਹ ਤਬਦੀਲੀ ਕਰਾਂਤੀ ਓਦੋਂ ਹੀ ਬਣਦੀ ਹੈ ਜਦੋਂ ਕਈ ਰੱਥੋਂ ਵਰੋਸਾਈ ਆਤਮਾ ਸਮਾਜ ਦੀ ਅਗਵਾਈ ਕਰਦੀ ਹੈ। ਲੁਬਾਣਿਆਂ ਵਿੱਚ ਇਕ ਇਹ ਜਿਹੀ ਮਿਕਨਾਤੀਸੀ ਸ਼ਖਸੀਅਤ ਸੰਤ ਬਾਬਾ ਪ੍ਰੇਮ ਸਿੰਘ ਜੀ ਪ੍ਰਗਟ ਹੋਈ ਜਿਸ ਨੇ ਵਿਹਾਰ ਸੁਧਾਰ ਲਹਿਰ ਨੂੰ ਮਜ਼ਬੂਤੀ ਨਾਲ ਪ੍ਰਚਾਰਿਆ ਤੇ ਚਲਾਇਆ। ਸਾਰੀਆਂ ਪੁਰਾਣੀਆਂ ਰਸਮਾਂ ਬਹੁਤ ਲੰਬੀਆਂ ਤੇ ਗੁੰਝਲਦਾਰ ਬਣ ਚੁੱਕੀਆਂ ਸਨ। ਇਹਨਾਂ ਦਾ ਪਾਲਣ ਗੁਲਾਮੀ ਦੀ ਹੱਦ ਤੱਕ ਕਰਨ ਕਰਕੇ ਸਮਾਜ ਕਿਰਤ ਵੱਲੋਂ ਵੀ ਅਵੇਸਲਾ ਹੋ ਜਾਂਦਾ ਸੀ। ਭਾਵੇਂ ਪੁਰਾਣੇ ਸਮੇਂ ਵਿੱਚ ਖ਼ਿਆਲ ਰੱਖਿਆ ਜਾਂਦਾ ਸੀ ਕਿ ਮੰਗਣਾ, ਵਿਆਹ ਆਦਿ ਦੀਆਂ ਰਸਮਾਂ, ਹਾੜੀ ਸਾਉਣੀ ਦੀਆਂ ਫਸਲਾਂ ਤੇ ਰੁੱਤਾਂ ਆਦਿ ਨੂੰ ਮੁੱਖ ਰੱਖ ਕੇ ਕੀਤੀਆਂ ਜਾਂਦੀਆਂ ਸਨ। ਪਰ ਨਵੇਂ ਜ਼ਮਾਨੇ ਦੀ ਤੇਜ਼ੀ ਇਹ ਮੰਗ ਕਰਦੀ ਸੀ ਕਿ ਇਹਨਾਂ ਨੂੰ ਮੁੜ ਵਾਚਿਆ ਜਾਏ। ਜਨਮ ਤੇ ਮਰਣ ਦੀਆਂ ਤਰੀਕਾਂ ਰੁੱਤਾਂ ਅਨੁਸਾਰ ਨਹੀਂ ਮਿੱਥੀਆਂ ਜਾ ਸਕਦੀਆਂ। ਜਨਮ ਤੇ ਮਰਣ ਕਿਸੇ ਮਹੂਰਤ ਤੋਂ ਬਗੈਰ ਹੁੰਦਾ ਹੈ, “ਮਰਣਿ ਨ ਮੂਰਤੁ ਪੁਛਿਆ” ਇਹ ਸੱਚੇ ਪਾਤਸ਼ਾਹ ਦੇ ਹੱਥ ਹੈ ਅਤੇ ਹੁਕਮ ਹੈ, ਨਾਨਕ ਸਚਾ ਪਾਤਸਾਹ ਪੁਛ ਨ ਕਰੇ ਵੀਚਾਰ।
ਬਾਬਾ ਪ੍ਰੇਮ ਸਿੰਘ ਜੀ ਨੇ ਬੇਲਾਗ ਹੈ ਕੇ ਸਮਾਜ ਦੀ ਨਿਰਸਵਾਰਥ ਸੇਵਾ ਕੀਤੀ। ਸਿੱਖਿਆ ਲਈ ਥਾਓਂ ਥਾਈਂ ਸਕੂਲ ਕਾਲਜ ਖੋਹਲੇ। ਜੰਝ ਦਾ ਟਿਕਾਅ ਧੋਤਿਆਂ ਦੇ ਘਰ ਸਖ਼ਤੀ ਨਾਲ ਕੇਵਲ ਇਕ ਰਾਤ ਮਿੱਥ ਦਿੱਤੀ। ਵਿਆਹ ਦੀ ਰਸਮ ਗੁਰਮਤਿ ਅਨੁਸਾਰ ਅਨੰਦ ਕਾਰਜ ਦੇ ਅਧੀਨ ਹੋਣ ਲਗ ਪਈ ਜਿਸ ਨਾਲ ਬਹੁਤ ਸਾਰੇ ਖਲਜਗਨ ਮੁਕ ਗਏ। ਜਨਮ ਮਰਣ ਸਬੰਧੀ ਕਿਤਨੇ ਹੀ ਭਰਮ ਕਰਮ ਖ਼ਤਮ ਹੋ ਗਏ। ਵਿਹਾਰ ਸੁਧਾਰ ਲਹਿਰ ਨੇ ਭਰਮਾਂ ਦਾ ਕੂੜਾ ਬੁਹਾਰ ਬਾਹਰ ਕੱਢਿਆ। ਸੰਤ ਪ੍ਰੇਮ ਸਿੰਘ ਜੀ ਮਗਰੋਂ ਬਾਵਾ ਹਰਨਾਮ ਸਿੰਘ ਜੀ ਨੇ ਮਤਾ ਨੂੰ 2 ਦੇ ਅਨੁਸਾਰ ਇਹ ਸੁਧਾਰ ਲਹਿਰ ਅੱਗੋਂ ਜਾਰੀ ਰੱਖੀ ਜਿਸ ਕਾਰਨ ਲੁਬਾਣਾ ਸਮਾਜ ਸਮੇਂ ਅਨੁਸਾਰ ਸਾਰਿਆਂ ਨਾਲ ਨ ਕੇਵਲ ਕਦਮ ਮਿਲਾ ਕੇ ਚਲਿਆ ਸਗੋਂ ਗੁਰੂ ਵਿਸ਼ਵਾਸ ਤੇ ਗੁਰੂ ਕਿਰਪਾ ਦੁਆਰਾ ਕਈ ਪੱਖਾਂ ਤੋਂ ਅੱਗੇ ਵੀ ਲੰਘ ਗਿਆ।
ਗੁਰੂ ਨਾਨਕ ਸਚੁ ਨੀਂਵ ਸਾਜ
ਜਦ ਨਾਨਕ ਨਾਮ ਦਾ ਨੂਰ ਪੰਜਾਬ ਦੀ ਧਰਤੀ ਤੇ ਰਾਏ ਭੋਏ ਦੀ ਤਲਵੰਡੀ ਵਿਖੇ ਉਦੈ ਹੋਇਆ ਤਾਂ ਉਸਦੇ ਚਾਂਨਣ ਦੀਆਂ ਰਿਸ਼ਮਾਂ ਸਿਰਫ਼ ਪੰਜਾਬ ਜਾਂ ਹਿੰਦੁਸਤਾਨ ਤੱਕ ਹੀ ਸੀਮਿਤ ਨਾਂ ਰਹੀਆਂ ਬਲਕਿ ਸਾਰੀ ਨਉਖੰਡ ਪ੍ਰਿਥਮੀ ਨਾਨਕ ਨਾਮ ਨਾਲ ਨੂਰੋ ਨੂਰ ਹੈ ਗਈ। ਉਨ੍ਹਾਂ ਦੇ ਹੋਰ ਧੰਨਭਾਗ ਹਨ ਜਿਹੜੇ ਸਖਿਆਦ ਰੂਪ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਿਕਟਵਰਤੀ ਹੋ ਕੇ ਵਿਚਰੇ। ਉਨ੍ਹਾਂ ਦੇ ਜੀਵਨ ਵਿੱਚ ਅਕਾਲਪੁਰਖ ਤੇ ਉਸਦੀ ਦ੍ਰਿੜਤਾ ਵਿਦਮਾਨ ਹੋਈ। ਇਹੋ ਜਿਹੇ ਮਹਾਂਪੁਰਖ ਜਿੱਥੇ ਕਿਧਰੇ ਵੀ ਗਏ ਉੱਥੇ ਹੀ ਲੋਕਾਂ ਦਾ ਉਧਾਰ ਕੀਤਾ। ਬੇਸ਼ਕ ਉਨ੍ਹਾਂ ਦੇ ਰਾਹ ਵਿੱਚ ਬੇਅੰਤ ਮੁਸੀਬਤਾਂ ਆਈਆਂ ਪਰ ਉਹ ਨਾਨਕ ਨਿਰਮਲ ਪੰਥ ਵਾਲੇ ਸੱਚੇ ਰਾਹ ਤੋਂ ਹਟੇ ਨਹੀਂ, ਆਪ ਤਰੇ ਤੇ ਦੂਜਿਆਂ ਨੂੰ ਤਾਰਦੇ ਰਹੇ।
ਇਸੇ ਪ੍ਰਕਾਰ ਦੇ ਇਕ ਮਹਾਂਪੁਰਖ ਗੁਰਸਿੱਖ ਭਾਈ ਮਨਸੁਖ ਜੀ ਹੋਏ ਹਨ। ਇਹ ਲਾਹੌਰ ਦੇ ਵਸਨੀਕ ਸਨ। ਭਾਈ ਮਨਸੁੱਖ ਜੀ ਦਾ ਵਾਪਾਰ ਸਾਰੇ ਪੰਜਾਬ ਦੇ ਇਰਦ-ਗਿਰਦ ਦੇ ਇਲਾਕਿਆਂ ਵਿੱਚ ਫੈਲਿਆ ਹੋਇਆ ਸੀ । ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਬਹਿਨੋਈ ਭਾਈ ਜੈ ਰਾਮ ਜੀ ਦੇ ਉਦਮ ਨਾਲ ਸੁਲਤਾਨਪੁਰ ਲੋਧੀ ਵਿਖੇ ਮੋਦੀਖਾਨੇ ਦੇ ਪ੍ਰਬੰਧਕ ਦੇ ਤੌਰ ਤੇ ਕਿਰਤ ਲਈ ਗਏ। ਮੋਦੀਖਾਨੇ ਲਈ ਸਾਮਾਨ ਤੇ ਜਿਨਸ ਆਦਿ ਖਰੀਦਣ ਵਾਸਤੇ ਲਾਹੌਰ ਦੇ ਹੀ ਵਾਸੀ ਭਾਈ ਭਾਗੀਰਥ ਜੀ ਨੂੰ ਭੇਜਿਆ ਕਰਦੇ ਸਨ। ਉਹ ਆਪਣੇ ਲਾਹੌਰ ਨਿਵਾਸ ਸਮੇਂ ਗੁਰੂ ਨਾਨਕ ਦੇਵ ਜੀ ਅਨੁਸਾਰ ਗੁਰਮਤਿ ਮਰਿਆਦਾ ਦਾ ਪਾਲਣ ਕਰਦੇ। ਉਨ੍ਹਾਂ ਦੀ ਪਾਖੰਡ-ਰਹਿਤ ਨਿਰੰਕਾਰ ਪੂਜਾ ਨੂੰ ਦੇਖ ਕੇ ਭਾਈ ਮਨਸੁੱਖ ਜੀ ਬਹੁਤ ਪ੍ਰਭਾਵਿਤ ਹੋਏ ਅਤੇ ਮਨ ਵਿੱਚ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਦੀ ਇੱਛਾ ਪ੍ਰਬਲ ਹੋ ਉਠੀ। ਇਕ ਵਾਰੀ ਗੁਰੂ ਨਾਨਕ ਦੇਵ ਜੀ ਨੇ ਇਕ ਗਰੀਬ ਖ਼ਤਰੀ ਸਿੱਖ ਦੀ ਬੇਟੀ ਦੇ ਵਿਆਹ ਲਈ ਭਾਈ ਭਾਗੀਰਥ ਜੀ ਨੂੰ ਲੋੜੀਂਦਾ ਸਾਮਾਨ ਆਦਿ ਖਰੀਦਣ ਲਈ ਲਾਹੌਰ ਘੱਲਿਆ ਤਾਂ ਭਾਈ ਮਨਸੁਖ ਜੀ ਆਪਣੀ ਬੇਟੀ ਦੇ ਵਿਆਹ ਵਾਲਾ ਚੂੜਾ ਨਾਲ ਲੈ ਕੇ ਭਾਈ ਭਾਗੀਰਥ ਜੀ ਦੇ ਨਾਲ ਸੁਲਤਾਨਪੁਰ ਲੋਧੀ ਪੁੱਜਾ। ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਤੋਂ ਬਾਅਦ ਉਹ ਗੁਰੂ ਦਾ ਹੀ ਹੋ ਗਿਆ । ਗੁਰੂ ਜੀ ਪਾਸੋਂ ਭਾਈ ਮਨਸੁੱਖ ਜੀ ਨੇ ਉਪਦੇਸ਼ ਮੰਗਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਮਨਸੁੱਖ ਜੀ ‘ਮਨ ਦਾ ਸੁੱਖ, ਮਨੋ ਮਮਤਾ ਵਿਸਾਰਣ ਨਾਲ ਪ੍ਰਾਪਤ ਹੁੰਦਾ ਹੈ। ਇਸਦੇ ਨਾਲ ਹੀ ਗੁਰੂ ਜੀ ਨੇ ਭਾਈ ਮਨਸੁੱਖ ਨੂੰ ਦੂਰ ਵਿਦੇਸ਼ਾਂ ਵਿੱਚ ਵਾਪਾਰ ਕਰਨ ਦੀ ਪ੍ਰੇਰਨਾ ਦਿੱਤੀ।
ਗੁਰੂ ਘਰ ਦੀ ਵਡਿਆਈ ਹੈ ਕਿ ਹਰ ਇਕ ਨੂੰ ਪੂਰੀ ਇਮਾਨਦਾਰੀ ਨਾਲ ਆਪਣੀ ਕਿਰਤ ਕਰਨ ਵਾਸਤੇ ਪ੍ਰੇਰਿਆ ਅਤੇ ਉਸ ਵਾਸਤੇ ਥਾਏਂ-ਪਰਥਾਏਂ ਅਜਿਹੇ ਉਪਦੇਸ਼ ਦਿੱਤੇ। ਜੋ ਅੱਜ ਵੀ ਤੇ ਆਉਣ ਵਾਲੇ ਹਰ ਸਮੇਂ ਵਿੱਚ ਕਾਰਾਮਦ ਤੇ ਲਾਹੇਵੰਦ ਹਨ।
ਉਪਦੇਸ਼ ਵਜੋਂ ਗੁਰੂ ਨਾਨਕ ਦੇਵ ਜੀ ਨੇ ਭਾਈ ਮਨਸੁੱਖ ਜੀ ਨੂੰ ਤਿੰਨ ਗੱਲਾਂ ਆਖੀਆਂ, ਪਹਿਲੀ ਨਾਮ ਵਿੱਚ ਲਿਵ ਲਾਉਣੀ, ਦੂਜੀ ਹਊਮੈਂ ਜਿਤਣੀ ਤੇ ਤੀਜੀ ਭਾਣੇ ਵਿੱਚ ਸੁਖ ਮਨਾਉਣਾ। ਭਾਈ ਮਨਸੁਖ ਜੀ ਨੇ ਇਨ੍ਹਾਂ ਗੱਲਾਂ ਨੂੰ ਮਨ ਦੇ ਵਿੱਚ ਦ੍ਰਿੜ ਕਰਕੇ ਮਨ ਦਾ ਸੁੱਖ ਪ੍ਰਾਪਤ ਕੀਤਾ ਅਤੇ ਆਪਣੇ ਨਾਂ ਨੂੰ ਇਸ ਪ੍ਰਕਾਰ ਸਹੀ ਸਿੱਧ ਕਰ ਦਿਖਾਇਆ। ਕਿ ਅੱਜ ਸਾਰੇ ਲੁਬਾਣੇ ਖਾਸ ਕਰਕੇ ਤੇ ਸਾਰਾ ਸਿੱਖ ਜਗਤ ਆਮ ਕਰਕੇ ਉਨ੍ਹਾਂ ਨੂੰ ਸਤਿਕਾਰ ਦੀ ਨਿਗ੍ਹਾ ਨਾਲ ਦੇਖਦਾ ਹੈ । ਭਾਈ ਮਨਸੁੱਖ ਜੀ ਲੁਬਾਣਾ ਗੁਰੂ ਨਾਨਕ ਸਾਹਿਬ ਦੇ ਪਹਿਲੇ ਚੰਦ ਗੁਰਸਿੱਖਾਂ ਵਿੱਚੋਂ ਸਨ । ਇਹ ਵਾਪਾਰ ਕਰਨ ਲਈ ਲੰਕਾ ਤੱਕ ਪੁੱਜੇ। ਆਪ ਜੀ ਜਿੱਥੇ-ਜਿੱਥੇ ਗਏ ਆਪਣੀ ਗੁਰਮਤਿ ਰਹਿਣੀ ਨਾਲ ਸਭ ਨੂੰ ਪ੍ਰਭਾਵਿਤ ਕੀਤਾ।
ਗੁਰੂ ਮਹਿਮਾ ਦੀ ਉੱਤਮਤਾ ਹੈ ਕਿ ਗੁਰਸਿੱਖ ਆਪਣੇ ਜੀਵਨ ਢੰਗ ਦੁਆਰਾ ਬਿਨਾਂ ਬਹੁਤਾ ਕੁਝ ਬੋਲਿਆਂ ਸਹਿਜ ਸੁਭਾਏ ਗੁਰੂ ਦੀਆਂ ਬਾਤਾਂ ਅੱਗੇ ਪਹੁੰਚਾ ਦਿੰਦੇ ਹਨ। ਇਹ। ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਭਾਈ ਮਨਸੁੱਖ ਜੀ ਨੇ ਗੁਰੂ ਨਾਨਕ ਸਾਹਿਬ ਦੇ ਲੰਕਾ ਪੁੱਜਣ ਤੋਂ ਪਹਿਲਾਂ ਹੀ ਗੁਰੂ ਦੀ ਖੁਸ਼ਬੂ ਨੂੰ ਉੱਥੇ ਪਹੁੰਚਾ ਕੇ ਫੈਲਾ ਦਿੱਤਾ।
ਭਾਈ ਮਨਸੁੱਖ ਜੀ ਮੂਰਤੀ ਪੂਜਾ ਜਾਂ ਪਾਖੰਡ ਕਰਮ ਨਹੀਂ ਸੀ ਕਰਿਆ ਕਰਦੇ ਜਦ ਉਨ੍ਹਾਂ ਨਾਲ ਸੰਬੰਧਤ ਲੋਕਾਂ ਨੇ ਦੇਖਿਆ ਕਿ ਇਹ ਸਾਡੀ ਰਹੁ-ਰੀਤੀ ਦਾ ਪਾਲਣਾ ਨਹੀਂ ਕਰਦੇ, ਵਰਤ ਨਹੀਂ ਰੱਖਦੇ, ਪੂਜਾ ਨਹੀਂ ਕਰਦੇ, ਨਾ ਚੰਦਨ ਆਦਿ ਰਗੜਨ ਬੈਠਦੇ ਹਨ ਤੇ ਨਾ ਹੀ ਤਿਲਕ ਲਗਾਉਂਦੇ ਹਨ। ਲੰਕਾ ਦੇ ਰਾਜਾ ਸ਼ਿਵਨਾਭ ਨੂੰ ਜਦੋਂ ਇਹ ਪਤਾ ਲੱਗਾ ਤਾਂ ਉਸਨੇ ਭਾਈ ਜੀ ਨੂੰ ਹੋੜਿਆ ਅਤੇ ਵੈਦਿਕ ਰਹੁ-ਰੀਤੀ ਦਾ ਪਾਲਨ ਕਰਨ ਲਈ ਮਜਬੂਰ ਕੀਤਾ। ਭਾਈ ਮਨਸੁੱਖ ਜੀ ਪੂਰਨ ਤੌਰ ਤੇ ਦ੍ਰਿੜ੍ਹ ਰਹੇ। ਰਾਜ ਵੱਲੋਂ ਦਿੱਤੀਆਂ ਚੇਤਾਵਨੀਆਂ ਤੇ ਡਰਾਵਿਆਂ ਦੀ ਕੋਈ ਪ੍ਰਵਾਹ ਨਹੀਂ ਕੀਤੀ। ਭਾਈ ਮਨਸੁੱਖ ਜੀ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਕਈ-ਕਈ ਦਿਨ ਭੁੱਖਾ ਰੱਖਿਆ ਗਿਆ ਪਰ ਭਾਈ ਸਾਹਿਬ ਟਸ ਤੋਂ ਮਸ ਨਾ ਹੋਏ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਪਾਸੋਂ ਇਹ ਗੱਲ ਭਲੀ ਪ੍ਰਕਾਰ ਜਾਣ ਲਈ ਸੀ। ਕਿ ਸਭਨਾਂ ਜੀਆਂ ਵਿੱਚ ਮੂਲ ਜੀਅ ਅਕਾਲ ਪੁਰਖ ਹੈ। ਆਤਮਾ ਪ੍ਰਮਾਤਮਾ ਦਾ ਭਾਗ ਹੈ। ਇਸ ਤਰ੍ਹਾਂ ਮਨ ਦੇ ਵਿੱਚ ਇਕ ਚਾਅ ਪੈਦਾ ਹੁੰਦਾ ਹੈ। ਦੁਨੀਆ ਦੇ ਅਨੁਸਾਰ ਸੱਚ ਕਉੜਾ ਕਰਕੇ ਆਖਿਆ ਗਿਆ ਹੈ। ਗੁਰੂ ਨਾਨਕ ਦੇਵ ਜੀ ਆਖਦੇ ਹਨ ਕਿ ਮੈਂ ਸੱਚ ਨੂੰ ਮਹਿਸੂਸ ਕਰਕੇ ਖੇੜ੍ਹੇ ਨਾਲ ਭਰ ਜਾਂਦਾ ਹਾਂ । ਸੱਚ ਵਾਹਿਗੁਰੂ ਹੈ। ਉਹੀ ਸਭ ਸ੍ਰਿਸ਼ਟੀ ਦਾ ਰਚਣਹਾਰ ਤੇ ਵਿਕਾਸ ਕਰਤਾ ਹੈ। ਮੈਂ ਉਸ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਜਾਣਦਾ ਮੈਂ ਹੋਰ ਪ੍ਰਕਾਰ ਦੇ ਗਿਆਨ-ਧਿਆਨ, ਪੂਜਾ ਦਾ ਤਿਆਗ ਕਰਕੇ ਹਰੀ ਨਾਮ ਨੂੰ ਅੰਦਰ ਵਸਾ ਲਿਆ ਹੈ, ਹੁਕਮ ਹੈ,
ਮੈ ਅਵਰੁ ਗਿਆਨੁ ਨ ਧਿਆਨੁ
ਪੂਜਾ ਹਰਿ ਨਾਮੁ ਅੰਤਰਿ ਵਸੁ ਰਹੇ॥
ਗੁਰੂ ਪਾਤਸ਼ਾਹ ਨੇ ਦੱਸਿਆ ਹੈ ਕਿ ਭੇਖਾਂ ਵਿੱਚ ਮੇਰਾ ਕੋਈ ਵਿਸ਼ਵਾਸ ਨਹੀਂ। ਤੀਰਥਾਂ, ਪੁਰੀਆਂ ਤੇ ਭਵਨਾਂ ਦੇ ਉੱਤੇ ਭਉਣ ਨੂੰ ਛੱਡ ਦਿੱਤਾ ਹੈ। ਹੱਠ ਨਾਲ ਵਾਹਿਗੁਰੂ ਪ੍ਰਾਪਤ ਨਹੀਂ ਹੁੰਦਾ। ਲੋੜ ਹੈ ਦ੍ਰਿੜ੍ਹਤਾ ਨਾਲ ਸੱਚ ਨੂੰ ਗ੍ਰਹਿਣ ਕਰਨ ਦੀ। ਸੱਚ ਦਾ ਪੱਲਾ ਘੁੱਟ ਕੈ ਫੜਨ ਦੀ ।
ਭਾਈ ਮਨਸੁੱਖ ਜੀ ਨੇ ਖੁਦ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਇਸ ਵਿਚਾਰ ਦਾ ਸਵਾਦ ਮਾਣਿਆ ਸੀ ਕਿ ਭਗਤੀ ਕੋਈ ਕਿਰਿਆ-ਕਰਮ ਨਹੀਂ। ਭਗਤੀ ਤਾਂ ਅਕਾਲ- ਪੁਰਖ ਦੇ ਗੁਣਾਂ ਤੇ ਵਡਿਆਈ ਦਾ ਵਿਚਾਰ ਕਰਨਾ ਹੈ। ਸੁੱਚੀ ਕਿਰਤ ਵਾਹਿਗੁਰੂ ਦੀ ਕੀਰਤੀ ਹੈ। ਕਰਨੀ ਕੀਰਤ ਹੈ ਜਦ ਕਰਨੀ ਵਿੱਚ ਹੀ ਕੀਰਤ ਹੋਵੇਗੀ ਤਾਂ ਵਾਹਿਗੁਰੂ ਆਪ ਆ ਮਿਲੇਗਾ। ਹਠ ਪਾਖੰਡ ਤੇ ਕਿਸੇ ਉਚੇਚੇ ਤਰੱਦਦ ਦੀ ਲੋੜ ਨਹੀਂ। ਨਾਮ ਤਾਂ ਅਹਿਨਸ ਦਿਨ ਰਾਤ ਸਹਿਜ ਸੁਭਾਏ ਚਲਦਾ ਹੈ। ਜਦੋਂ ਵੱਡੇ ਭਾਗਾਂ ਨਾਲ ਸਤਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਜੀਵਨ ਪੰਧ ਸੁਖਾਲਾ ਕੱਟਿਆ ਜਾਂਦਾ ਹੈ। ਮੰਜ਼ਿਲ ਸਹਿਜ ਹੀ ਮਿਲ ਜਾਂਦੀ ਹੈ। ਜਨੇਊ ਤੇ ਇਸਦਾ ਤੀਰਾ ਤੱਗ, ਜ਼ਿੰਦਗੀ ਦੀਆਂ ਔਕੜਾਂ ਨੂੰ ਭੋਗਣ ਵਿੱਚ ਸਹਾਈ ਨਹੀਂ ਹੁੰਦਾ। ਜਾਤ-ਪਾਤ, ਕਰਮ-ਧਰਮ, ਕੁਝ ਕਰਨ ਜੋਗੇ ਨਹੀਂ ਇਹ ਤਾਂ ਸਗੋਂ ਰੁਕਾਵਟਾਂ ਹਨ। ਜਨੇਊ ਜੇ ਪਾਉਣਾ ਹੀ ਹੈ ਤਾਂ ਦਇਆ ਦੀ ਕਪਾਹ ਤੋਂ ਸੰਤੋਖ ਦਾ ਸੂਤਰ ਬਣਾਇਆ। ਜਾਵੇ। ਜਤੁ ਦੀ ਪੱਕੀ ਗੰਡ ਮਾਰੀ ਜਾਵੇ। ਇਹੀ ਗੱਲ ਗੁਰੂ ਨਾਨਕ ਦੇਵ ਜੀ ਨੇ ਲੰਕਾ ਪੁੱਜਣ ਵੇਲੇ ਨੱਚਣ ਆਈਆਂ ਕੁੜੀਆਂ ਨੂੰ ਬੱਚੀਆਂ ਪੁਕਾਰ ਕੇ ਆਖੀ ਸੀ, “ਗਾਛੋ, ਪੁਤਰੀ ਰਾਜ ਕੁਆਰ ॥” ਜਨੇਊ ਦੇ ਸੂਤਰ ਨੂੰ ਸੱਤ ਦੇ ਵੱਟ ਚੜਾਏ ਜਾਣੇ ਚਾਹੀਦੇ ਹਨ। ਹੁਕਮ ਹੈ
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥
ਸਲੋਕ ਮ.੧, ਪੰਨਾ 471 ਪੰਡਤ ਜੀ! ਜੇ ਤੁਹਾਡੇ ਪਾਸ ਇਹੋ ਜਿਹਾ ਜਨੇਊ ਹੈ ਤਾਂ ਮੇਰੇ ਗੱਲ ਵਿੱਚ ਪਾ ਦਿਉ। ਇਹ ਨਾ ਟੁੱਟਦਾ ਹੈ ਨਾ ਇਸਨੂੰ ਮੈਲ ਲਗਦੀ ਹੈ, ਨਾ ਇਹ ਸੜਦਾ ਹੈ ਤੇ ਨਾ ਹੀ ਇਹ ਕਿਤੇ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਆਖਦੇ ਹਨ ਉਹ ਮਨੁੱਖ ਧੰਨ ਹੈ ਜਿਨ੍ਹਾਂ ਨੇ ਆਪਣੇ ਗਲ ਵਿੱਚ ਇਹੋ ਜਿਹਾ ਜਨੇਊ ਪਾ ਰੱਖਿਆ ਹੈ।
ਇਸ ਪਰਥਾਏ ਭਾਈ ਮਨਸੁੱਖ ਜੀ ਲੁਬਾਣਾ ਸੰਬੰਧੀ ਪੁਰਾਤਨ ਪੁਸਤਕਾਂ (Classics) ਜਨਮ-ਸਾਖੀ, ਨਾਨਕ ਸੂਰਿਓਦਯ ਅਤੇ ਮਹਿਮਾ ਪ੍ਰਕਾਸ਼ ਵਿੱਚ ਸਾਖੀ ਸ਼ਿਵਨਾਭ ਕੀ ਵਿੱਚ ਅੰਕਿਤ ਤੱਥ ਹੇਠਾਂ ਅਸੀ ਹੂ-ਬ-ਹੂ ਅੰਕਿਤ ਕਰ ਰਹੇ ਹਾਂ।
‘ਜੋ ਪਿਛਲ ਰਾਤ ਉਠਤੇ ਹੈ, ਨਾਮ ਜਪਤੇ ਹੈਂ, ਯਥਾ ਸ਼ਕਤ ਦਾਨ
ਕਰਤੇ ਹੈਂ, ਤਿਨ ਕੋ ਅਨੇਕ ਗਾਇਤ੍ਰੀ ਕੇ ਪਾਠ ਕਾ ਫਲ ਹੈ ਅਰ
ਜੋ ਸਭ ਮੇ ਏਕ ਪ੍ਰਮੇਸ਼ਰ ਜਾਣਕੇ ਰਾਗ ਦੋਖ ਤੇ ਰਹਤ ਹੋਤੇ
ਹੈਂ ਤਿਨ ਸ਼ਿਵਲਿੰਗ ਕੋ ਕਿਆ ਪੂਜਣਾ ਹੈ।
ਜੇਲ੍ਹ ਵਿੱਚ ਤਸੀਹੇ ਦੇਣ ਤੋਂ ਬਾਅਦ ਜਦ ਰਾਜਾ ਸ਼ਿਵਨਾਭ ਨੇ ਭਾਈ ਮਨਸੁੱਖ ਜੀ ਨੂੰ ਪ੍ਰਸ਼ਨ ਕੀਤਾ ਕਿ ਤੂੰ ਸਾਡੇ ਨੇਮ ਆਦਿ ਦਾ ਪਾਲਣ ਕਿਉਂ ਨਹੀਂ ਕਰਦਾ ਤਾਂ ਭਾਈ ਜੀ ਨੇ ਉੱਤਰ ਦਿੱਤਾ
ਸੁਨ ਰਾਜਾ! ਮੈ ਨਿਜ ਮਤ ਕਹੋ ਵਿਚਾਰ ਕੇ।
ਜੋ ਸਤਿਗੁਰ ਕੀਉ ਉਪਦੇਸ਼ ਜੋ ਹੀਏ ਧਾਰਕੇ।
ਮੈ ਬਾਨੀ ਗੁਰ ਕੀ ਪੜੋ, ਵਹੀ ਬ੍ਰਤ ਨੇਮ ਹੈ।
ਗੁਰ ਬਰਨਨ ਕੇ ਪਰਤਾਪ, ਕੁਸਲ ਮਨਖੇਮ ਹੈ।
ਭਾਈ ਮਨਸੁੱਖ ਜੀ ਨੇ ਦ੍ਰਿੜਤਾ ਨਾਲ ਕਿਹਾ, ਰਾਜਾ ਜੀ, ਮੇਰੀ ਨਿੱਜ ਮਤ ਗੁਰੂ ਦੀ ਮੱਤ ਹੈ। ਮੈਂ ਸਤਿਗੁਰੂ ਜੀ ਦੇ ਉਪਦੇਸ਼ਾਂ ਨੂੰ ਮਨ ਵਿੱਚ ਧਾਰਿਆ ਤੇ ਵਿਚਾਰਿਆ ਹੈ। ਗੁਰੂ ਜੀ ਦੀ ਬਾਣੀ ਨੂੰ ਪੜ੍ਹਣਾ ਹੀ ਨੇਮ ਤੇ ਬਤ ਹੈ। ਗੁਰੂਦੇਵ ਦੇ ਕਥਨ ਅਨੁਸਾਰ ਮੇਰੇ ਅੰਦਰ ਬਾਹਰ ਸਰਬੜ ਸ਼ਾਂਤੀ ਤੇ ਸੰਤੁਸ਼ਟੀ ਹੈ। ਪੂਰਨ ਤੌਰ ਤੇ ਕੁਸ਼ਲ ਤੇ ਖੇਮ ਹੈ।
ਭਾਈ ਮਨਸੁੱਖ ਜੀ ਗੁਰੂ ਕ੍ਰਿਪਾ ਦੁਆਰਾ ਸੁਰਖੁਰੂ ਹੋਏ। ਉਨ੍ਹਾਂ ਦੀ ਵਡਿਆਈ ਇਸ ਵਿੱਚ ਹੈ ਕਿ ਉਹ ਵੱਡੇ ਵਾਪਾਰ ਵਾਲੇ ਤੇ ਰਸੂਖ ਵਾਲੇ ਧਨੀ ਪੁਰਸ਼ ਸਨ। ਧਨ ਮਾਇਆ ਤੇ ਰਸੂਖ ਉਨ੍ਹਾਂ ਨੂੰ ਗੁਰੂ ਅਕਾਲ ਪੁਰਖ ਤੋਂ ਦੂਰ ਕਰਨ ਵਿੱਚ ਅਸਮਰਥ ਰਿਹਾ। ਇਹ ਮਾਇਆ ਸੁਖ ਸੰਪਦਾ ਉਨ੍ਹਾਂ ਨੇ ਦਾਸੀ ਕਰਕੇ ਜਾਣੀ। ਉਹ ਮਾਇਆ ਦੇ ਦਾਸ ਨਹੀਂ, ਗੁਰੂ ਦੇ ਦਾਸ ਸਨ। ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਹੈ ਕਿ ਭਾਈ ਮਨਸੁਖ ਜੀ ਜ਼ਿੰਦਾ ਸ਼ਹੀਦ ਸਨ।
ਗੁਰੂ ਨਾਨਕ ਦੇਵ ਜੀ ਲੰਕਾ ਵਿਖੇ ਪੁੱਜੇ। ਰਾਜੇ ਸ਼ਿਵਨਾਭ ਨੇ ਪ੍ਰੀਖਿਆ ਲੈਣ ਵਾਸਤੇ ਖੂਬਸੂਰਤ ਤੇ ਜਵਾਨ ਨਾਚੀਆਂ ਘੱਲੀਆਂ। ਗੁਰੂ ਜੀ ਨੇ ਉਨ੍ਹਾਂ ਨੂੰ ਪੁੱਤਰੀ ਰਾਜ- ਕੁਆਰਿ ਕਹਿ ਕੇ ਸੰਬੋਧਿਤ ਕੀਤਾ ਅਤੇ ਆਖਿਆ ਬੱਚੀਓ! ਜਾਉ! ਰਾਤ ਬੜੀ ਗੁਜ਼ਰ ਗਈ ਹੈ ਹੁਣ ਜਾ ਕੇ ਸੌਂ ਜਾਉ ਤਾਂ ਜੋ ਅੰਮ੍ਰਿਤ ਵੇਲਾ ਅਜਾਈਂ ਨਾ ਜਾਏ। ਤੁਸੀਂ ਅੰਮ੍ਰਿਤ ਵੇਲੇ ਨੂੰ ਸੰਭਾਲ ਕੇ ਆਪਣਾ ਜੀਵਨ ਸੰਵਾਰੋ।
ਗੁਰੂ ਨਾਨਕ ਪਿਤਾ ਜੀ ਦੀ ਛੋਹ ਨਾਲ ਰਾਜੇ ਦਾ ਸੁੱਕਾ ਬਾਗ ਹਰਿਆ ਹੋਇਆ। ਰਾਜੇ ਦਾ ਤਨ-ਮਨ ਵੀ ਸ਼ਾਂਤ ਹੋ ਹਰਿਆ ਹੋ ਗਿਆ। ਇਹ ਹੈ ਗੁਰਸਿੱਖਾਂ ਦੀ ਕਰਨੀ, ਜੋ ਕੀਰਤ ਬਣ ਕੇ ਸਾਰੇ ਸੰਸਾਰ ਵਿੱਚ ਖ਼ੁਸ਼ਬੂ ਬਣ ਕੇ ਫੈਲ ਜਾਂਦੀ ਹੈ। ਇਹੀ ਧਰਮ ਪ੍ਰਚਾਰ ਦਾ ਸਭ ਤੋਂ ਸੁੰਦਰ, ਸਹਿਲ ਤੇ ਸੁਘੜ ਸਬੀਲਾ ਹੈ।
ਕੁਦਰਤ ਦੀ ਨਿਰਾਲੀ ਕਰਨੀ ਹੈ। ਕਾਦਰ ਖੁਦ ਕਰਤਾ ਤੇ ਕਰੀਮ ਹੈ। ਉਸਦਾ ਕਮਾਲ ਹੈ ਕਿ ਉਹ ਸਾਕਾਰਾਤਮਕ ਤੇ ਨਾਕਾਰਾਤਮਕ ਸ਼ਕਤੀਆਂ ਨੂੰ ਨਾਲ ਨਾਲ ਤੋਰਦਾ ਹੈ। ਸੰਤੁਲਨ ਕਰਤੇ ਦੇ ਹੱਥ ਵਿੱਚ ਹੈ। ਨਿਸ਼ਕਰਸ਼ ਵੀ ਉਹ ਆਪ ਕੱਢਦਾ ਹੈ। ਉਸੇ ਦਾ ਨਿਰਣਾ ਪੂਰਨ ਪ੍ਰਧਾਨ ਤੇ ਅੰਤਿਮ ਹੁੰਦਾ ਹੈ। ਉਸਦੀ ਕਰਨੀ ਸੱਚ ਹੈ ਤੇ ਸੱਚ ਹੀ ਉਸਦੇ ਅੰਦਰ ਵਸਦਾ ਹੈ।
ਬਿਲਕੁਲ ਅਜਿਹਾ ਹੀ ਗੁਰ ਇਤਿਹਾਸ ਵਿੱਚ ਹੋਇਆ। ਇਕ ਪਾਸੇ ਸਤਿਗੁਰੂ ਬਾਬਾ ਨਾਨਕ ਜੀ ਸੰਸਾਰ ਤੇ ਪ੍ਰਗਟ ਹੋਏ ਤੇ ਦੂਜੇ ਪਾਸੇ ਬਾਬਰ। ਗੁਰੂ ਨਾਨਕ ਦੇਵ ਜੀ ਸਾਬਰ ਹਨ ਤੇ ਬਾਬਰ ਜਾਬਰ ਹੈ। ਗੁਰੂ ਨਾਨਕ ਦੇਵ ਜੀ ਦਾ ਤੋਸ਼ਾ ਤੇ ਖ਼ਜ਼ਾਨਾ ਸਿਦਕ ਤੇ ਸਬਰ ਹੈ। ਬਾਬਰ ਦਾ ਤੱਕੀਆ ਜ਼ੁਲਮ ਤੇ ਜਬਰ ਹੈ।
ਰੱਬ ਨੂੰ ਮੰਨਣ ਵਾਲੇ ਅਤੇ ਉਸ ਤੇ ਸਿਦਕ ਰੱਖਣ ਵਾਲੇ ਸਾਦਿਕਾਂ ਦਾ ਖ਼ਜ਼ਾਨਾ ਸਬਰ ਹੈ। ਇਹੀ ਦਾਤ ਦੇਵਤਿਆਂ ਦੀ ਹੈ ਭਾਵ ਇਸ ਦਾਤ ਦੇ ਮਾਲਕ ਸਖਿਆਦ ਦੇਵਤੇ ਹਨ। ਹੁਕਮ ਹੈ,
ਸਿਦਕੁ ਸਬੂਰੀ ਸਾਦਿਕਾ ਸਬਰੁ ਤੋਸਾ ਮਲਾਇਕਾਂ॥
ਦੀਦਾਰੁ ਪੂਰੇ ਪਾਇਸਾ ਥਾਉ ਨਾਹੀ ਖਾਇਕਾ ॥੨॥
ਸਿਰੀਰਾਗ ਕੀ ਵਾਰ, ਮਹਲਾ ੧, ਪੰਨਾ 83
ਅਜਿਹੇ ਪਵਿੱਤਰ ਪੁਰਖਾਂ ਨੂੰ ਸੱਚੇ ਪਾਤਸ਼ਾਹ ਦਾ ਦੀਦਾਰ ਹੁੰਦਾ ਹੈ ਅਤੇ ਉਹ ਰੱਬ ਰੂਪ ਹੀ ਹੋ ਜਾਂਦੇ ਹਨ। ਇਸ ਰੁਤਬੇ ਤੇ ਪਹੁੰਚਣ ਵਾਸਤੇ ਬੜੀ ਘਾਲ ਕਮਾਈ ਦੀ ਲੋੜ ਹੁੰਦੀ ਹੈ। ਇੱਥੇ ਗੱਪਾਂ ਮਾਰਣ ਵਾਲੇ ਨੂੰ ਕੋਈ ਥਾਂ ਨਹੀਂ। ਗੁਰੂ ਨਾਨਕ ਦੇਵ ਜੀ ਦੇ ਇਹ ਪਵਿੱਤਰ ਬਚਨ ਉਨ੍ਹਾਂ ਦੀ ਪਵਿੱਤਰ ਅੰਤਰੀਵ ਭਾਵਨਾ ਦੇ ਲਖਾਇਕ ਹਨ। ਇਹ ਇਤਿਹਾਸਿਕ ਤੱਥ ਹੈ, “ਬਾਬੇ ਕੇ ਬਾਬਰ ਕੇ ਦੋਊ॥ ਆਪ ਤਰੇ ਪ੍ਰਮੇਸ਼ਰ ਸੋਊ॥
ਇਧਰ ਇਤਿਹਾਸ ਦਾ ਇਕ ਬਹੁਤ ਵੱਡਾ ਕਾਰਨਾਮਾ ਹੈ ਇਸ ਵੱਲ ਸਾਡਾ ਬਹੁਤਾ ਧਿਆਨ ਨਹੀਂ ਗਿਆ। ਇਹ ਠੀਕ ਹੈ ਕਿ ਗੁਰਮਤਿ ਅਨੁਸਾਰ ਪੰਥ ਵਿੱਚ ਜਾਤਾਂ-ਪਾਤਾਂ ਨੂੰ ਬਿਲਕੁਲ ਕੋਈ ਥਾਂ ਨਹੀਂ ਦਿੱਤੀ ਗਈ। ਕੇਵਲ ਇਤਿਹਾਸਿਕ ਤੌਰ ਤੇ ਦੇਖਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਲੁਬਾਣੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅਜੋਕੇ ਜ਼ਮਾਨੇ ਤੱਕ ਖਾਲਸਾ ਪੰਥ ਦਾ ਅਟੁੱਟ ਤੇ ਮਹੱਤਵਪੂਰਨ ਅੰਗ ਰਹੇ ਹਨ। ਗੁਰੂ ਕਾਲ ਵਿੱਚ ਲੁਬਾਣੇ, ਸਿੱਖ ਧਰਮ ਧਾਰਣ ਕਰਕੇ ਰਹੁ-ਰੀਤੀ ਵਾਲੇ ਸ਼ਰਧਾਵਾਨ ਸਿੱਖ ਸਾਬਤ ਹੋਏ। ਇਹ ਸਭ ਸਾਬਤ, ਸੂਰਤ ਅਤੇ ਸਾਬਤ ਕਦਮ ਸਾਦਕਾਂ ਵਾਂਗੂੰ ਬੜੀ ਸਾਦਗੀ ਦੇ ਨਾਲ ਗੁਰੂ ਸਾਹਿਬਾਂ ਤੋਂ ਮਾਣ ਤੇ ਪਿਆਰ ਪ੍ਰਾਪਤ ਕਰਦੇ ਰਹੇ।
ਭਾਈ ਮਨਸੁੱਖ ਜੀ ਦੀ ਲੱਗੀ ਹੋਈ ਲਾਗ ਭਾਈ ਸੋਧੇ ਸ਼ਾਹ ਵਿਚ ਪ੍ਰਜਵਲਿਤ ਹੋਈ। ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਹੁਕਮ ਅਨੁਸਾਰ ਕਰਤਾਰਪੁਰ (ਰਾਵੀ) ਦਾ ਤਿਆਗ ਕਰਕੇ ਖਡੂਰ ਸਾਹਿਬ ਵਿਖੇ ਜਾ ਜੋਤ ਜਗਾਈ। ਭਾਈ ਸੋਂਧਾ ਸ਼ਾਹ ਲੁਬਾਣਾ ਗੁਰੂ ਅੰਗਦ ਦੇਵ ਜੀ ਦਾ ਖਡੂਰ ਵਿਖੇ ਟਿਕਾਣਾ ਸੁਣ ਕੇ ਉੱਥੇ ਜਾ ਪੁੱਜਾ। ਉਸਨੇ ਆਪਣੇ ਨਾਲ ਹੋਰ ਸਾਰੇ ਸੰਬੰਧਿਤ ਭੈਣਾਂ ਭਾਈਆਂ ਨੂੰ ਲੈ ਕੇ ਸੰਗਤ ਬਣਾਈ। ਉਹ ਸਭ ਗੁਰੂ ਦੇ ਹਜ਼ੂਰ ਹਾਜ਼ਿਰ ਹੋਏ। ਭਾਈ ਸੋਂਧੇ ਸ਼ਾਹ ਆਪਣੇ ਗੱਡਿਆਂ ਤੇ ਰੱਥਾਂ ਦੀ ਮਦਦ ਨਾਲ ਲੰਗਰ ਦਾ ਸਾਮਾਨ ਤੇ ਰਸਦ ਢੋਅਣ ਦੀ ਸੇਵਾ ਬੜੇ ਪ੍ਰੇਮ ਨਾਲ ਕਰਦੇ। ਘਿਉ, ਆਟਾ, ਮੈਦਾ, ਖੰਡ, ਗੁੜ, ਸ਼ੱਕਰ, ਕਣਕ, ਚਾਵਲ ਤੇ ਹੋਰ ਜਿਨਸਾਂ ਸਦਾ ਲੰਗਰ ਵਿੱਚ ਪਹੁੰਚਾਣ ਵਾਸਤੇ ਤੱਤਪਰ ਰਹਿੰਦੇ।
ਗੁਰੂ ਨਾਨਕ ਦੇਵ ਜੀ ਨੇ ਸਾਰੇ ਜਗਤ ਵਿੱਚ ਭ੍ਰਮਣ ਕਰਕੇ ਮਨੁੱਖਤਾ ਨੂੰ ਸੰਗਤ ਦੀ ਦਾਤ ਬਖ਼ਸ਼ੀ ਹੈ। ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਸਿੱਧ, ਜੋਗੀ, ਜਤੀ, ਸੰਨਿਆਸੀ, ਸਰੇਵੜੇ ਆਦਿ ਇਕੱਠੇ ਹੋ ਕੇ ਨਹੀਂ ਸਨ ਚਲਦੇ ਜੇ ਇਕੱਠੇ ਹੁੰਦੇ ਵੀ ਸਨ ਤਾਂ ਬਹਿਸ ਤੇ ਵਿਵਾਦ ਹੀ ਹੋਇਆ ਕਰਦਾ ਸੀ । ਹਰ ਟੋਲੇ ਨੂੰ ਇਹ ਭਰਮ ਸੀ ਕਿ ਉਹੀ ਸਭ ਤੋਂ ਵੱਡਾ ਹੈ। ਇਸਦੇ ਵਿਪਰੀਤ ਗੁਰੂ ਨਾਨਕ ਦੇਵ ਜੀ ਸਾਨੂੰ ਸਰਬ-ਸ਼ਕਤੀਮਾਨ ਅਕਾਲ-ਪੁਰਖ ਨਾਲ ਜੋੜਿਆ ਤੇ ਨਿਮਰਤਾ ਨੂੰ ਵਾਹਿਗੁਰੂ ਨਾਲ ਮਿਲਾਪ ਦਾ ਜ਼ਰੀਆ ਦੱਸਿਆ। ਵਾਦ ਵਿਵਾਦ ਸੰਗਤ ਵਿੱਚ ਨਹੀਂ ਹੈ। ਸੰਗਤ ਵਿੱਚ ਨਾਦ, ਗੀਤ, ਅਖਾੜੇ ਨਹੀਂ ਹਨ। ਅਖਾੜੇ ਸੰਨਿਆਸੀਆਂ ਤੇ ਉਦਾਸੀਆਂ ਦੇ ਹਨ। ਜਿੱਥੇ ਹਉਮੈ ਕਾਰਨ ਇਹ ਦੁਖ ਹੋਇਆ ਕਰਦਾ ਸੀ ਕਿ ਮੈਂ ਵੱਡਾ ਹਾਂ ਮੇਰਾ ਫ਼ਿਰਕਾ ਵੱਡਾ ਹੈ, ਮੇਰਾ ਭੇਖ ਸਭ ਤੋਂ ਅੱਛਾ ਹੈ। ਗੁਰੂ ਨਾਨਕ ਦੇਵ ਜੀ ਦਾ ਸਾਰਾ ਜ਼ੋਰ-ਸ਼ਬਦ ਵਿਚਾਰ ਤੇ ਹੈ। ਸੰਗਤ ਵਿੱਚ ਅਕਾਲ ਪੁਰਖ ਦੇ ਗੁਣਾਂ ਤੇ ਗਿਆਨ ਦਾ ਵਿਚਾਰ ਹੁੰਦਾ ਹੈ। “ਅਸੰਖ ਭਗਤ ਗੁਣ ਗਿਆਨ ਵਿਚਾਰੁ ॥”
ਮੂਲ ਵਿਚਾਰ ਦਾਤਾ ਗੁਰੂ ਨਾਨਕ ਦੇਵ ਜੀ ਹਨ। ਸੰਗਤ ਗੁਰੂ ਨਾਨਕ ਦੇਵ ਜੀ ਦੁਆਰਾ ਮਨੁੱਖਤਾ ਨੂੰ ਦਿੱਤੀ ਹੋਈ ਬਹੁਤ ਵੱਡੀ ਦਾਤ ਹੈ। ਸੰਗਤ ਨੂੰ ਗੁਰੂ ਦਾ ਰੂਪ ਆਖਿਆ ਗਿਆ ਹੈ। ਗੁਰੂ ਨਾਨਕ ਪਾਤਸ਼ਾਹ ਜਿੱਥੇ ਜਾਂਦੇ ਸੰਗਤ ਕਾਇਮ ਕਰ ਦਿੰਦੇ। ਅਲਾਹਬਾਦ ਪ੍ਰਯਾਗ ਵਿਖੇ ਪਹਿਲਾਂ ਕੱਚੀ ਸੰਗਤ ਤਿਆਰ ਹੋਈ। ਬਿਜ਼ਨੌਰ ਉੱਤਰਪ੍ਰਦੇਸ਼ ਦੀ ਸੰਗਤ ਨੂੰ ਮਰਦੰਗ ਵਾਲੀ ਸੰਗਤ ਦਾ ਨਾਮ ਪ੍ਰਾਪਤ ਹੋਇਆ। ਕਲਕੱਤੇ ਵਿਖੇ ਦਰਿਆ ਹੁਗਲੀ ਦੇ ਕਿਨਾਰੇ ਬੜੀ ਸਿੱਖ ਸੰਗਤ ਕਾਇਮ ਕੀਤੀ। ਇੱਥੇ ਹੀ ਗੁਰੂ ਨਾਨਕ ਦੇਵ ਜੀ ਨੇ ਹੁਕਮ ਕੀਤਾ ਕਿ ਔਰਤਾਂ ਉੱਤੇ ਜ਼ੁਲਮ ਨਾ ਕੀਤੇ ਜਾਣ। ਉਨ੍ਹਾਂ ਔਰਤਾਂ ਨੂੰ ਵਿਸ਼ੇਸ਼ ਸਨਮਾਨ ਤੇ ਅਸਥਾਨ ਦਿੱਤਾ ਅਤੇ ਆਖਿਆ, ਅੱਜ ਤੋਂ ਬਾਅਦ ਜਿੱਥੇ ਗੁਰੂ ਦਰਬਾਰ ਲੱਗੇਗਾ, ਉੱਥੇ ਮਾਈਆਂ, ਬੱਚੀਆਂ ਗੁਰੂ ਦੇ ਸੱਜੇ ਪਾਸੇ ਬਿਰਾਜਿਆ ਕਰਨਗੀਆਂ। ਇਹ ਬੜੀ ਮਹਾਨ ਦੇਣ ਹੈ। ਇਸ ਪ੍ਰਕਾਰ ਜਿੱਥੇ ਬਾਬਾ ਜੀ ਪੈਰ ਰੱਖਦੇ ਉਹ ਥਾਂ ਪੂਜਾ ਦਾ ਸਥਾਨ ਬਣ ਜਾਂਦਾ ਅਤੇ ਸੰਗਤ ਹੋਂਦ ਵਿੱਚ ਆ ਜਾਂਦੀ।
ਗੁਰੂ ਨਾਨਕ ਦੇਵ ਜੀ ਨੇ ਖੁਦ ਥਾਂ-ਥਾਂ ਤੇ ਜਾ ਕੇ ਭਰਮਾਂ ਦੇ ਮਾਰੇ ਹੋਏ ਤੇ ਵਹਿਮਾਂ ਵਿੱਚ ਫਸੇ ਹੋਏ ਲੋਕਾਂ ਨੂੰ ਭਰਮਾਂ ਤੋਂ ਬੜੀ ਸੁਚੱਜਤਾ ਨਾਲ ਹਟਾਇਆ। ਪਿਆਰ ਭਰੀਆਂ ਦਲੀਲਾਂ ਨਾਲ ਸਹੀ ਰਾਹ ਪਾਇਆ। ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਦੇ ਸ਼ੁਰੂ ਦੇ ਪੜਾਵਾਂ ਵਿੱਚ ਹੀ ਉਹ ਜਦ ਭਾਈ ਲਾਲੋ ਨੂੰ ਮਿਲੇ ਤਾਂ ਭਾਈ ਲਾਲੋ ਜੀ ਨੇ ਗੁਰੂ ਨਾਨਕ ਦੇਵ ਜੀ ਲਈ ਵੱਖਰੀ ਥਾਲੀ ਵਿੱਚ ਕੋਧਰੇ ਦੀ ਮੋਟੀ ਤੇ ਸੁੱਕੀ ਰੋਟੀ ਪਰੋਸ ਰੱਖੀ। ਭਾਈ ਲਾਲੋ ਜੀ ਨੇ ਬੇਨਤੀ ਕੀਤੀ, ਗੁਰੂ ਜੀ ਜੇ ਤੁਸੀਂ ਕਹੋ ਤਾਂ ਤੁਹਾਡਾ ਵੱਖਰਾ ਚੌਂਕਾ ਬਣਾ ਦਿਆਂ। ਉਦੋਂ ਜਨਮ ਸਾਖੀ ਅਨੁਸਾਰ ਗੁਰੂ ਜੀ ਨੇ ਬਚਨ ਕੀਤਾ “ਭਾਈ ਲਾਲੋ, ਸਾਰੀ ਧਰਤੀ ਮੇਰਾ ਚੌਂਕਾ ਹੈ”। ਲੰਗਰ ਦੀ ਭਾਵਨਾ ਅਤੇ ਉਸਦੀ ਥਾਪਨਾ ਉਸੇ ਦਿਨ ਤੋਂ ਹੋਈ ਸਮਝਣੀ ਚਾਹੀਦੀ ਹੈ। ਜਿੱਥੇ ਜਾਤ-ਪਾਤ ਦਾ ਭਰਮ ਭੁਲਾ ਕੇ ਵੱਡੇ-ਛੋਟੇ ਦਾ ਭੇਦ ਖ਼ਤਮ ਕਰਕੇ ਗੁਰੂ ਨਾਨਕ ਦੇਵ ਜੀ ਤੇ ਭਾਈ ਲਾਲੋ ਜੀ ਨੇ ਇਕੱਠੇ ਬੈਠ ਕੇ ਪ੍ਰਸ਼ਾਦਿ ਪਾਇਆ।
ਲਹਣੇ ਧਰਿਓਨੁ ਛਤ੍ਰ ਸਿਰਿ
ਇਕ ਹੋਰ ਬੜਾ ਪਿਆਰਾ ਤੱਥ ਹੈ ਕਿ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਭਰਮਾਂ ਨੂੰ ਤੋੜ ਕੇ ਸਾਨੂੰ ਨਿਰੰਕਾਰ ਨਾਲ ਜੋੜਿਆ ਹੈ ਉੱਥੇ ਗੁਰੂ ਅੰਗਦ ਦੇਵ ਜੀ ਨੇ ਮਨੁੱਖਤਾ ਦੇ ਉੱਤੇ ਪਏ ਭਰਮਾਂ ਦੇ ਭਾਰ ਨੂੰ ਹਟਾ ਕੇ ਸਾਨੂੰ ਨਿਰਭਾਰ ਕੀਤਾ। ਇਹ ਕਾਰਜ ਜਾਪਦਾ ਬੜਾ ਔਖਾ ਹੈ ਜਦੋਂ ਗੁਰੂ ਜੀ ਸ਼ਬਦ ਦੀ ਸਾਰ ਸਮਝਾ ਦਿੰਦੇ ਹਨ ਤਾਂ ਅਸੀ ਭਾਰ ਮੁਕਤ ਹੋ ਕੇ ਭਵ-ਸਾਗਰ ਨੂੰ ਪਾਰ ਕਰ ਲੈਂਦੇ ਹਾਂ । ਹੁਕਮ ਹੈ।
ਓਇ ਜੁ ਸੇਵਹਿ ਸਬਦੁ ਸਾਰੁ ਗਾਖੜੀ ਬਿਖਮ ਕਾਰ
ਤੇ ਨਰ ਭਵ ਉਤਾਰਿ ਕੀਏ ਨਿਰਭਾਰਾ॥
ਸਤਸੰਗਤਿ ਸਹਜ ਸਾਰਿ ਜਾਗੀਲੇ ਗੁਰ ਬੀਚਾਰਿ
ਮਰੀ ਭੂਤ ਸਦੀਵ ਪਰਮ ਪਿਆਰਿ ॥
ਕਲ੍ਹ, ਸਵਈਏ ਮਹਲੇ ਦੂਜੇ ਕੇ, ਪੰਨਾ 1391 ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਮਗਰੋਂ ਆਪਣੇ ਮਹਾਨ ਪਵਿੱਤਰ ਜੀਵਨ ਦੇ ਸਤਾਰਾਂ ਵਰ੍ਹੇ ਸ੍ਰੀ ਕਰਤਾਰਪੁਰ ਰਾਵੀ ਵਿਖੇ ਬਿਤਾਏ। ਭਾਈ ਲਹਿਣਾ ਜੀ ਗੁਰੂ ਜੀ ਦੀ ਸੇਵਾ ਵਿੱਚ ਤੱਤਪਰ ਸਨ। ਉਹ ਦੇਖ ਰਹੇ ਸਨ ਕਿ ਖਸਮ ਦੀ ਦਾਤ ਜੋਤ ਵਡਿਆਈ ਨੂੰ ਲਹਿਣਾ ਜੀ ਹੀ ਸੰਭਾਲਣਗੇ। ਗੁਰਿਆਈ ਦੀ ਭਾਰੀ ਪੰਡ ਉਹੀ ਚੁੱਕਣਗੇ।
ਗੁਰੂ ਨਾਨਕ ਦੇਵ ਜੀ ਦੇ ਕੋਲ ਬੇਅੰਤ ਸਿੱਖ ਸੰਗਤ ਅਤੇ ਮੁਖ ਸਿੱਖ ਬਾਬਾ ਬੁੱਢਾ ਜੀ ਵੀ ਮੌਜੂਦ ਸਨ। ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਚੰਦ ਜੀ, ਦੋਵੇਂ ਬੇਟੇ ਗੱਦੀ ਦੇ ਦਾਵੇਦਾਰ ਸਨ । ਪਰ ਗੁਰੂ ਜੀ ਦੇ ਮਾਪਦੰਡ ਦਾ ਸਤਰ ਨਵੇਕਲਾ ਤੇ ਵਿਲੱਖਣ ਸੀ। ਉਹਨਾਂ ਨੇ ਬਿਅੰਤ ਵਾਰ ਪਰੀਖਿਆ ਲੈ ਕੇ ਵੇਖਿਆ ਕਿ ਭਾਈ ਲਹਿਣਾ ਜੀ ਸਰਬ ਪ੍ਰਕਾਰ ਨਾਲ ਇਸਦੇ ਯੋਗ ਹਨ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਮਕਲੀ ਦੀ ਵਾਰ ਵਿੱਚ ਸੱਤਾ ਤੇ ਬਲਵੰਡ ਜੀ ਨੇ ਇਸਦਾ ਸੁੰਦਰ ਵਿਸਥਾਰ ਦਿੱਤਾ ਹੈ। ਆਪ ਜੀ ਆਖਦੇ ਹਨ ਕਿ ਗੁਰੂ ਜੀ ਨੇ ਕਿਰਪਾ ਕਰਕੇ ਆਸਮਾਨ ਦੀ ਗਿੱਚੀ ਫੜ ਉਸਨੂੰ ਉਚਿਆਈ ਬਖ਼ਸ਼ੀ ਅਤੇ ਲਹਿਣਾ ਜੀ ਨੂੰ ਉਸ ਤੋਂ ਹੋਰ ਉੱਚਾ ਕਰਕੇ ਉਹਨਾਂ ਦੇ ਸਿਰ ਤੇ ਨਿਰੰਜਨੀ ਛਤਰ ਧਰ ਦਿੱਤਾ। ਗੁਰੂ ਨਾਨਕ ਦੇਵ ਜੀ ਨੇ ਆਪਣੀ ਜੋਤ ਲਹਿਣੇ ਵਿੱਚ ਧਰ ਦਿੱਤੀ। ਉਹਨਾਂ ਨੂੰ ਆਪਣੇ ਸਮਾਨ ਕਰ ਲਿਆ। ਹੁਕਮ ਹੈ:
ਲਹਣੇ ਧਰਿਓਨੁ ਛਤ੍ਰ ਸਿਰਿ ਅਸਮਾਨਿ ਕਿਆੜਾ ਛਿਕਿਓਨੁ ॥
ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨੁ॥
ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਉਨ॥
ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ
(ਰਾਮਕਲੀ ਵਾਰ, ਪੰਨਾ 967)
ਗੁਰੂ ਨਾਨਕ ਦੇਵ ਜੀ ਨੇ ਪੁੱਤਰਾਂ ਤੇ ਸਿੱਖਾਂ ਨੂੰ ਘੋਖ ਕੇ ਪਰਖਿਆ। ਪੁੱਤਰ ਪੁੱਤਰਪਣੇ ਦੇ ਮਾਣ ਵਿੱਚ ਉਸ ਉਚਿਆਈ ਤੱਕ ਨਾ ਪਹੁੰਚ ਸਕੇ। ਹੋਰ ਸਿੱਖ ਉਸਦੇ ਲਾਗੇ ਲਾਗੇ ਹੀ ਰਹੇ। ਭਾਈ ਲਹਿਣਾ ਜੀ ਪਰੀਖਿਆ ਦੀ ਕੋਠਾਰੀ ਵਿੱਚ ਪੈ ਕੇ ਸ਼ੁੱਧ ਤੇ ਖਰਾ ਕੰਚਨ ਹੋ ਕੇ ਨਿਕਲੇ। ਭਾਈ ਲਹਿਣਾ ਜੀ ਗੁਰੂ ਨਾਨਕ ਰੂਪ ਗੁਰੂ ਹੋ ਗਏ।
ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਕੋਈ ਧਨ ਦੌਲਤ, ਬਾਗ ਮਿਲਖ ਜਾਂ ਜਮੀਨ ਜਾਇਦਾਦ ਨਹੀਂ ਦਿੱਤੀ। ਆਪਣੀ ਰਚਿਤ ਗੁਰਬਾਣੀ ਦੀ ਪੋਥੀ ਦੇ ਫੁਰਮਾਇਆ ਕਿ ਪਾਰਬ੍ਰਹਮ ਦਾ ਪੰਥ ਦ੍ਰਿੜ੍ਹ ਕਰਣਾ। ਤੁਸੀਂ ਕਰਤਾਰਪੁਰ ਤਿਆਗ ਦਿਓ ਤੇ ਖਡੂਰ ਵਿਖੇ ਜਾ ਬਸੇਰਾ ਕਰੋ। ਗੁਰੂ ਅੰਗਦ ਦੇਵ ਜੀ ਨੇ ਹੁਕਮ ਦੀ ਪਾਲਣਾ ਕੀਤੀ।
ਨੇੜੈ ਦਿਸੈ ਮਾਤ ਲੋਕ ਤੁਧੁ ਸੁਝੈ ਦੂਰੁ ॥
ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥
ਦੁਨੀਆ ਦੇ ਲੋਕਾਂ ਨੂੰ ਦੁਨੀਆਵੀ ਵਸਤਾਂ ਦੀ ਚਮਕ ਦਮਕ ਹੀ ਦਿਸਦੀ ਹੈ। ਗੁਰੂ ਅੰਗਦ ਦੇਵ ਜੀ ਨੇ ਕੁਦਰਤੀ ਨੂਰ ਦੀ ਬਰਕਤ ਪ੍ਰਾਪਤ ਕੀਤੀ ਸੀ । ਹੁਣ ਭਾਈ ਫੇਰੂ ਦੇ ਸ਼ੇਰ ਨੇ ਗੁਰੂ ਨਾਨਕ ਪਿਤਾ ਦੀ ਥਾਪਣਾ ਲੈ ਖਡੂਰ ਸਾਹਿਬ ਨੂੰ ਆਬਾਦ ਕਰ ਦਿੱਤਾ। ਇਹ ਨਗਰ ਸਿੱਖਾਂ, ਸੇਵਕਾਂ, ਸੱਚ ਦੇ ਢੂੰਢਾਊਆਂ, ਜਗਿਆਸੂਆਂ, ਗੁਰੂ ਦੇ ਚਾਕਰਾਂ ਤੇ ਰੱਬ ਦੇ ਆਸ਼ਕਾਂ ਦਾ ਠੰਡਕ ਤੇ ਸ਼ਾਂਤੀ ਦੇਣ ਵਾਲਾ ਤੀਰਥ ਅਸਥਾਨ ਬਣ ਗਿਆ। ਗੁਰੂ ਅੰਗਦ ਦੇਵ ਜੀ ਆਪਣੀ ਪਵਿੱਤਰ ਘਾਲ ਕਮਾਈ ਨਾਲ ਅੰਮ੍ਰਿਤ ਬਿਰਖ ਦੀ ਸਿੰਜਾਈ ਕਰਣ ਲੱਗੇ। ਦਸੀਂ ਦਿਸ਼ਾਈਂ ਲਹਿਣਾ ਜੀ ਦੀ ਦੋਹੀ ਫਿਰੀ। ਓਥੇ ਕਰਾਂਤੀ ਇਹ ਹੋਈ ਕਿ ਦੋਵੇਂ ਪ੍ਰਕਾਰ ਦੇ ਲੰਗਰ ਅਤੁੱਟ ਚੱਲਣ ਲੱਗੇ। ਪਹਿਲਾ ਲੰਗਰ ਸੀ ਗੁਰ ਸ਼ਬਦ ਦੀ ਦਾਤ ਦਾ। ਇਸ ਦਾਤ ਨਾਲ ਗੁਰੂ ਅੰਗਦ ਦੇਵ ਜੀ ਆਪ ਰੱਜੇ ਹੋਏ ਸਨ। ਉਹਨਾਂ ਨੇ ਗੁਰਸਿੱਖਾਂ ਨੂੰ ਇਹ ਦਾਤ ਲੇੜ੍ਹ ਲੇੜ ਰੱਜ ਰੱਜ ਕੇ ਖੁਆਈ। ਕਿਧਰੇ ਕੋਈ ਤੋਟ ਨ ਰਹੀ। ਇਹ ਖਸਮ ਦੀ ਦਾਤ ਉਹਨਾਂ ਨੇ ਸਭਨਾਂ ਵਿੱਚ ਇਕਸਾਰੀ ਵੰਡੀ
ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ॥
ਖਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ॥
ਹੋਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ॥
ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ॥
(ਰਾਮਕਲੀ ਕੀ ਵਾਰ, ਪੰਨਾ 967)
ਖਡੂਰ ਸਾਹਿਬ ਦੇ ਪਵਿੱਤਰ ਅਸਥਾਨ ਉੱਤੇ ਸਦਾ ਸਤਿਗੁਰੂ ਪਾਤਸ਼ਾਹ ਦੀ ਮਹਿਮਾ ਤੇ ਸਿਫ਼ਤ ਸਾਲਾਹ ਹੋਣ ਲੱਗੀ। ਇੰਝ ਜਾਪਦਾ ਸੀ ਜਿਵੇਂ ਅੰਬਰਾਂ ਉੱਤੋਂ ਦਿਨ ਰਾਤ ਨੁਰ ਦੀ ਵਰਖਾ ਹੋ ਰਹੀ ਹੈ। ਸਭ ਸਿੱਖ ਸੰਗਤ ਤੇ ਉਮਤ ਭੱਜ ਭੱਜ ਆਉਂਦੀ ਤੇ ਭਿੱਜ ਭਿੱਜ ਜਾਂਦੀ। ਗੁਰੂ ਨਾਨਕ ਦੇਵ ਜੀ ਦੀ ਜੋਤ ਗੁਰੂ ਅੰਗਦ ਦੇਵ ਦੇ ਦਰਸ਼ਨ ਕਰਕੇ ਆਪਣੀ ਜਨਮਾਂ ਜਨਮਾਂ ਦੀ ਮੈਲ ਧੋ ਲੈਂਦੇ।
ਆਤਮਕ ਰਜ ਪ੍ਰਾਪਤ ਕਰਣ ਵਾਲੇ ਵਹੀਰਾਂ ਘਤ ਕੇ ਆਂਦੇ। ਆਤਮਿਕ ਭੋਜਨ ਦੇ ਨਾਲ ਨਾਲ ਸਰੀਰਕ ਭੋਜਣ ਵੀ ਆਵਸ਼ਕ ਹੈ। ਗੁਰ ਇਤਿਹਾਸ ਵਿੱਚ ਬੀਬੀਆਂ ਤੇ ਖਾਸ ਕਰਕੇ ਗੁਰੂ ਮਾਵਾਂ ਤੇ ਗੁਰ ਅਰਧਾਂਗਣੀਆਂ ਦਾ ਵਿਸ਼ੇਸ਼ ਅਸਥਾਨ ਹੈ। ਭਾਈ ਬਲਵੰਡ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਧਰਮ ਪਤਨੀ ਦੇ ਸਬੰਧ ਵਿੱਚ ਬੜਾ ਸੁੰਦਰ ਵਰਨਣ ਕੀਤਾ ਹੈ। ਆਪ ਜੀ ਆਖਦੇ ਹਨ ਕਿ ਮਾਤਾ ਖੀਵੀ ਜੀ ਬਹੁਤ ਨੇਕ ਪ੍ਰਕ੍ਰਿਤੀ ਦੇ ਹਨ। ਉਹਨਾਂ ਦੀ ਹੋਂਦ ਇਕ ਘਨੇਰੀ ਛਾਂ ਵਾਲੇ ਪਤਰਾਲੇ ਰੁੱਖ ਵਰਗੀ ਹੈ ਜੋ ਸਭ ਨੂੰ ਠੰਡ ਤੇ ਸ਼ਾਂਤੀ ਪ੍ਰਦਾਨ ਕਰਦੇ ਹਨ। ਉਹਨਾਂ ਨੇ ਦੂਜੇ ਪ੍ਰਕਾਰ ਦੇ ਲੰਗਰ ਦੀ ਕਦੀ ਤੋਟ ਨ ਆਉਣ ਦਿੱਤੀ। ਗੁਰੂ ਦੇ ਲੰਗਰ ਵਿੱਚ ਦਾਲ ਸਬਜੀ ਤੇ ਹੋਰ ਵਿਅੰਜਨਾਂ ਤੋਂ ਇਲਾਵਾ ਘਿਉ ਵਾਲੀ ਖੀਰ ਵਰਤਾਈ ਜਾਂਦੀ।
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥
ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ॥
ਪਏ ਕਬੂਲੁ ਖਸੰਮ ਨਾਲਿ ਜਾਂ ਘਾਲ ਮਰਦੀ ਘਾਲੀ ॥
ਮਾਤਾ ਖੀਵੀ ਸਹੁ ਸੋਇ ਜਿਨਿ ਗੋਇ ਉਠਾਲੀ॥
ਇਹ ਦੂਜੀ ਪ੍ਰਕਾਰ ਦਾ ਪਵਿੱਤਰ ਲੰਗਰ ਅਤੇ ਇਸ ਤੋਂ ਪ੍ਰਾਪਤ ਰੱਤ ਦਾ ਰਤਾਪਣ ਸ਼ਬਦ ਲੰਗਰ ਦੇ ਰਤੇਪਣ ਨੂੰ ਗੁਰਸਿੱਖਾਂ ਦੇ ਚਿਹਰਿਆਂ ਤੇ ਉਜਾਗਰ ਕਰਦਾ ਹੈ। ਐਸਾ ਸੁੰਦਰ ਸੰਜੋਗ ਹੈ ਕਿ ਗੁਰਸਿੱਖਾਂ ਦੇ ਮੁਖ ਉਜਲੇ ਹੁੰਦੇ ਜਾਂਦੇ ਤੇ ਮਨਮੁਖਾਂ ਦੇ ਪੀਲੇ। ਥੋੜ੍ਹਾ ਜਿਹਾ ਧਿਆਨ ਨਾਲ ਦੇਖੀਏ ਤਾਂ ਆਨੰਦ ਆਵੇਗਾ ਕਿ ਮੁੰਜੀ ਦੇ ਬੂਟੇ ਵਿੱਚ ਪਰਾਲੀ ਪੀਲੀ ਤੇ ਚੌਲ ਚਿੱਟੇ ਹੁੰਦੇ ਹਨ। ਬਿਲਕੁਲ ਇਸੇ ਤਰ੍ਹਾਂ ਗੁਰੂ ਨਾਲ ਜੁੜਣ ਵਾਲਿਆਂ ਦੇ ਮੁਖ ਨਿਰਮਲ ਚਿੱਟੇ ਦੁੱਧ ਤੇ ਨੂਰੋ-ਨੂਰ ਹੁੰਦੇ ਤੇ ਜੇ ਕੋਈ ਨਿੰਦਕ ਹੈ ਸੀ ਤਾਂ ਉਹਨਾਂ ਦੇ ਮੂੰਹ ਪਰਾਲੀ ਵਰਗੇ ਪੀਲੇ। ਮਾਤਾ ਖੀਵੀ ਜੀ ਸਭਨਾਂ ਦੇ ਖਸਮ ਤੇ ਆਪਣੇ ਸਾਈਂ ਗੁਰੂ ਅੰਗਦ ਨਾਲ ਦਰਗਾਹੇ ਕਬੂਲ ਪਏ। ਉਹਨਾਂ ਦੀ ਘਾਲ ਮਰਦਾਨਾ ਭਾਵ ਸ਼ਕਤੀਸ਼ਾਲੀ ਸੀ। ਬਲਵੰਡ ਜੀ ਆਖਦੇ ਹਨ, ਇਹੋ ਕਹਿਣਾ ਬਣਦਾ ਹੈ ਕਿ ਗੁਰਸਿੱਖ ਨੇਕ ਜਨਾਂ ਨੇ ਇਸ ਧਰਤੀ ਦਾ ਭਾਰ ਚੁੱਕਿਆ ਹੋਇਆ ਹੈ। ਉਹ ਧੌਲ ਧਰਮ ਭਾਵ ਦਇਆ ਦੇ ਪੁੱਤਰ ਹਨ।
ਇਹਨਾਂ ਧਰਮ ਪੁੱਤਰਾਂ ਵਿੱਚ ਗੁਰੂ ਦਾ ਇਕ ਸਿੱਖ ਭਾਈ ਸੌਂਧ ਲੁਬਾਣਾ ਖਡੂਰ ਸਾਹਿਬ ਪੁਜ ਗਿਆ। ਸੌਂਧ ਦਾ ਮਤਲਬ ਹੀ ਨਿੰਮੀ ਨਿੰਮੀ ਸੌਂਧੀ ਸੌਂਧੀ ਕਸਤੂਰੀ ਵਰਗੀ ਖੁਸ਼ਬੂ ਹੈ। ਭਾਈ ਸੌਂਧ ਦੀ ਖ਼ੁਸ਼ਬੂ ਨੇ ਉਸਨੂੰ ਸੰਗਤ ਵਿੱਚ ਲਿਆ ਮੇਲਿਆ। ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਭਾਈ ਸੌਂਧ ਵੱਡਾ ਕਾਰੋਬਾਰੀ, ਕਾਰ ਵਿਹਾਰੀ ਸਿੱਖ ਸੀ। ਇਸਦਾ ਸਬੰਧ ਭਾਈ ਮਨਸੁਖ ਜੀ ਨਾਲ ਜਾ ਜੁੜਦਾ ਹੈ। ਭਾਈ ਸੌਂਧ ਆਪਣੇ ਟਾਂਡੇ ਤੇ ਵਿਸਤਰਿਤ ਕਾਰੋਬਾਰ ਦਾ ਨਾਇਕ ਸੀ । ਉਹ ਗੁਰੂ ਜੀ ਦੇ ਦਰ ਪੁੱਜਾ। ਦਰਸ਼ਨ ਕਰ ਨਿਵਿਆ ਤੇ ਖੀਵਾ ਹੋਇਆ। ਭਾਈ ਸੌਂਧ ਲੁਬਾਣਾ ਜੀ ਨੇ ਸਾਰਾ ਵਿਸਤਰਿਤ ਤੇ ਸੁਗਠਿਤ ਨਿਜ਼ਾਮ ਦੇਖਿਆ। ਉਹਨਾਂ ਸੰਗਤ ਵਿੱਚੋਂ ਗੁਰੂ ਅੰਗਦ ਦੇਵ ਜੀ ਦੇ ਬਚਨ ਸੁਣੇ ਤੇ ਉਹ ਮਨ ਬਚ ਕਰਮ ਗੁਰੂ ਜੀ ਦਾ ਹੋਣ ਲੋਚਣ ਲੱਗੇ। ਉਹਨਾ ਨੂੰ ਗੁਰੂ ਘਰ ਵਿੱਚ ਆਪਣੇ ਲਈ ਸੇਵਾ ਲੱਭਣ ਲਈ ਢਿੱਲ ਨ ਲੱਗੀ। ਉਹਨਾਂ ਗੁਰੂ ਜੀ ਦੇ ਚਰਣ ਪਰਸ; ਦਰਸ ਲੈ ਮਾਤਾ ਖੀਵੀ ਜੀ ਪਾਸੋਂ ਆਸ਼ੀਰਵਾਦ ਲਈ। ਦਿਨ ਰਾਤ ਚੱਲਣ ਵਾਲੇ ਲੰਗਰ ਲਈ ਰਸਦ ਢੋਣ ਦੀ ਸੇਵਾ ਲੈ ਲਈ। ਉਹਨਾਂ ਆਪਣੇ ਨਾਲ ਹੋਰ ਸਨੇਹੀ ਸਬੰਧੀ ਅਤੇ ਆਪਣਾ ਸਾਰਾ ਅਮਲਾ ਫੈਲਾ ਗੁਰੂ ਜੀ ਦੀ ਸੇਵਾ ਵਿੱਚ ਲਿਆ ਜੋੜਿਆ। ਗੁਰੂ ਘਰ ਦੀ ਬਰਕਤ ਉਹਨਾਂ ਦੇ ਕਾਰ ਵਿਹਾਰ ਵਿੱਚ ਪੈਂਦੀ ਗਈ। ਭਾਈ ਜੀ ਲੰਗਰ ਦੀਆਂ ਵਸਤਾਂ ਲਿਆ ਲਿਆ ਕੇ ਅਰਪਣ ਕਰਦੇ ਜਾਂਦੇ।
ਇਸ ਪਵਿੱਤਰ ਸਬੰਧ ਸੰਜੋਗ ਨੂੰ ਇੰਜ ਹੀ ਦੇਖਣਾ ਚਾਹੀਦਾ ਹੈ ਜਿਵੇਂ ਗੁਰੂ ਨਾਨਕ ਦੇਵ ਜੀ ਦੀ ਦਾਤ ਗੁਰੂ ਅੰਗਦ ਦੇਵ ਜੀ ਨੂੰ ਪਰਾਪਤ ਹੋਈ। ਉਸੇ ਤਰ੍ਹਾਂ ਭਾਈ ਮਨਸੁਖ ਦੀ ਸੇਵਾ ਤੇ ਪਰੇਮ ਭਾਈ ਸੌਂਧ ਜੀ ਨੇ ਅਪਣਾ ਲਈ। ਅੱਗੋਂ ਇਹ ਪੀੜ੍ਹੀ ਦਰ ਪੀੜ੍ਹੀ ਚਲਦੀ ਰਹੀ ਤੇ ਅਮਰਲਤਾ ਵਾਂਗ ਨਿਤ ਵਧਦੀ ਫੁਲਦੀ ਗਈ।
ਇਹ ਪਵਿੱਤਰ ਪਿਰਤ ਬਣ ਗਈ ਕਿ ਗੁਰੂ ਪਾਤਸ਼ਾਹਾਂ ਦਾ ਜੀਵਨ-ਪਰਿਮਲ ਚਲਣ ਦੀ ਖੁਸ਼ਬੋਈ ਨੂੰ ਅੱਗਿਓਂ ਹੋਰ ਅਗੇਰੇ ਹਸਤਾਂਤਰ ਕਰਦਾ ਜਾਂਦਾ ਸੀ। ਇਕ ਪਾਤਸ਼ਾਹੀ ਦੇ ਸਮੇਂ ਦੇ ਸਿੱਖ ਦੂਜੀ ਪਾਤਸ਼ਾਹੀ ਦੇ ਸਮੇਂ ਵੀ ਮਾਨ ਪ੍ਰਾਪਤ ਕਰਦੇ। ਉਹਨਾਂ ਦੇ ਬੱਚੇ ਤੇ ਸੰਬੰਧੀ ਸਹਿਜ ਸੁਭਾਏ ਹੀ ਗੁਰੂਆਂ ਦੀ ਸੰਗਤ ਪ੍ਰਾਪਤ ਕਰਕੇ ਗੁਰੂ ਦੀ ਰੰਗਤ ਵਿੱਚ ਹੀ ਰੰਗੇ ਜਾਂਦੇ।
ਬਾਬਾ ਅਕਾਲ ਰੂਪ ਹੈ ਇਸ ਯੁੱਧ ਵਿੱਚ ਫਤਿਹ ਬਾਬੇ ਕਿਆਂ ਦੀ ਹੋਈ। ਗੁਰੂ ਨਾਨਕ ਦੇਵ ਜੀ ਨੇ ਪੱਕੀ ਤੇ ਖ਼ਰੀ ਪਰਖ ਕਰਕੇ ਭਾਈ ਲਹਿਣਾ ਜੀ ਨੂੰ ਆਪਣਾ ਰੂਪ ਵੀ ਦਿੱਤਾ ਤੇ ਜੋਤ ਵੀ ਬਖ਼ਸ਼ੀ। ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੇ ਅੰਗਾਂ ਤੋਂ ਬਣੇ ਹੋਏ ਗੁਰੂ ਅੰਗਦ ਦਾ ਰੂਪ ਧਾਰਨ ਕਰ ਗੁਰਗੱਦੀ ਤੇ ਬਿਰਾਜਮਾਨ ਹੋਏ।
ਫੇਰ ਵਸਾਇਆ ਗੋਇੰਦਵਾਲ
ਗੁਰੂ ਅੰਗਦ ਦੇਵ ਜੀ ਦੀ ਬੇਟੀ ਬੀਬੀ ਵੀਰੋ ਬਾਬਾ ਅਮਰਦਾਸ ਜੀ ਦੇ ਭਤੀਜੇ ਨਾਲ ਪਰਣਾਈ ਗਈ ਸੀ। ਬਾਬਾ ਅਮਰਦਾਸ ਜੀ ਦੇ ਮਨ ਵਿੱਚ ਇਕ ਬਿਹਬਲਤਾ ਸੀ ਕਿ ਇਕ ਕਾਮਲ ਗੁਰੂ ਮਿਲੇ ਤਾਂ ਇਸ ਸੰਸਾਰ ਅਸਾਰ ਤੋਂ ਸਹਿਜੇ ਹੀ ਪਾਰ ਹੋਇਆ ਜਾਏ।
ਬੀਬੀ ਵੀਰੋ ਜੀ ਇਕ ਦਿਨ ਅੰਮ੍ਰਿਤ ਵੇਲੇ ਦੁੱਧ ਰਿੜਕਦਿਆਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪਾਠ ਕਰ ਰਹੇ ਸੀ। ਬਾਬਾ ਅਮਰਦਾਸ ਜੀ ਨੇ ਬਾਣੀ ਸੁਣੀ ਤਾਂ ਬਾਣੀ ਦਾ ਬਾਣ ਕੰਮ ਕਰ ਗਿਆ। ਉਹਨਾਂ ਨੇ ਆਪਣੇ ਭਤੀਜੇ ਪਾਸੋਂ ਪੁੱਛਿਆ ਇਹ ਬਾਣੀ ਕਿਸਦੀ ਹੈ ਤਾਂ ਉਹਨਾਂ ਨੇ ਬਾਣੀ ਨਿਖੇੜ ਕੇ ਸਮਝਾ ਦਿੱਤੀ । ਬਾਬਾ ਜੀ ਨੇ ਤੁਰੰਤ ਹੀ ਗੁਰੂ ਦੇਵ ਦੇ ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ। ਬੀਬੀ ਵੀਰੋ ਜੀ ਕੁਝ ਦਿਨ ਪਹਿਲਾਂ ਹੀ ਖਡੂਰ ਸਾਹਿਬ ਤੋਂ ਪਰਤੇ ਸਨ। ਬਾਬਾ ਅਮਰਦਾਸ ਜੀ ਉਤਸੁਕਤਾ ਭਰੀ ਬਿਹਬਲਤਾ ਦੇਖ ਆਪਣੇ ਘਰੋਂ ਆਗਿਆ ਲੈ ਬਾਬਾ ਅਮਰਦਾਸ ਜੀ ਨੂੰ ਖਡੂਰ ਸਾਹਿਬ ਲੈ ਗਏ। ਉਹਨਾਂ ਨੇ ਗੁਰੂ ਅੰਗਦ ਦੇਵ ਜੀ ਦੇ ਬਚਨ ਸੁਣੇ ਤਾਂ ਫਿਰ ਗੁਰੂ ਜੀ ਦੇ ਹੀ ਹੋ ਕੇ ਰਹਿ ਗਏ।
ਬਾਬਾ ਅਮਰਦਾਸ ਜੀ ਵੱਲ ਅੰਤਰਯਾਮੀ ਗੁਰੂ ਅੰਗਦ ਦੇਵ ਜੀ ਨੇ ਪਹਿਲਾਂ ਕੋਈ ਵਿਸ਼ੇਸ਼ ਧਿਆਨ ਨ ਦਿੱਤਾ । ਬਾਬਾ ਜੀ ਸਭ ਕੁਝ ਭੁੱਲ ਘਰ ਤਿਆਗ ਸੇਵਾ ਵਿੱਚ ਲਗ ਗਏ। ਉਹਨਾਂ ਨੇ ਕੋਈ ਪਰਵਾਹ ਨ ਕੀਤੀ ਕਿ ਉਹ ਪੁਤੇਤਿਆਂ ਵਾਲੇ ਹਨ ਤੇ ਗੁਰੂ ਅੰਗਦ ਦੇਵ ਜੀ ਦੀ ਬੇਟੀ ਉਹਨਾਂ ਦੇ ਘਰ ਵਿਆਹੀ ਹੈ । ਉਹ ਲੋਕਾਣੀ ਲਾਜ ਤਿਆਗ ਸੱਚੇ ਦਿਲੋਂ ਸੇਵਕ ਬਣ ਗਏ। ਲੰਗਰ ਦੇ ਜੂਠੇ ਭਾਂਡੇ ਸਾਫ਼ ਕਰਨ ਦੀ ਸੇਵਾ ਵਿੱਚ ਜੁਟ ਗਏ। ਲੋਕਾਂ ਨੇ ਤਾਨੇ ਵੀ ਦਿੱਤੇ ਕਿ ਕਿਹੜੀ ਉਮਰੇ ਘਰ ਬਾਹਰ ਛੱਡ ਏਥੇ ਵਿਹਲੀਆਂ ਖਾਣ ਲੱਗਾ ਹੋਇਆ ਹੈ। ਬਾਬਾ ਅਮਰਦਾਸ ਜੀ ਨੇ ਇਹ ਸੁਣ ਬਾਕਾਇਦਾ ਭੋਜਨ ਕਰਣਾ ਵੀ ਤਿਆਗ ਦਿੱਤਾ। ਲੰਗਰ ਦੀਆਂ ਦੇਗਾਂ ਵਿੱਚ ਜਲ ਪਾ ਹੰਗਾਲ, ਉਸੇ ਨੂੰ ਆਪਣਾ ਆਹਾਰ ਬਣਾ ਲਿਆ। ਇਤਿਹਾਸ ਗਵਾਹ ਹੈ ਕਿ ਵਸਤਰ ਫਟ ਗਏ, ਤਨ ਖੀਨ ਹੋਇਆ, ਪਰ ਉਹ ਇਕ ਚਿਤ ਇਕ ਮਨ ਲੱਗੇ। ਰਹੇ। ਇਤਿਹਾਸ ਇਸ ਗੱਲ ਦੀ ਸਾਖੀ ਭਰਦਾ ਹੈ ਕਿ ਇਸ ਸਭ ਦੇ ਬਾਵਜੂਦ ਉਹਨਾਂ ਦੇ ਚਿਹਰੇ ਉੱਤੇ ਨਵੇਂ ਚੜ੍ਹਦੇ ਸੂਰਜ ਦੀ ਲਾਲੀ ਵਰਗਾ ਤੇਜ ਪੈਦਾ ਹੋ ਗਿਆ । ਬਾਬਾ ਤੇਜ ਭਾਨ ਦੇ ਬੇਟੇ ਬਾਬਾ ਅਮਰਦਾਸ ਅਟੁੱਟ ਸ਼ਰਧਾ ਨਾਲ ਲਗਾਤਾਰ ਸੇਵਾ ਕਰਦੇ ਰਹੇ।
ਇਸਦੇ ਨਾਲ ਹੀ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਕਰਾਉਣ ਵਾਸਤੇ ਰੋਜ਼ ਅੰਮ੍ਰਿਤ ਵੇਲੇ ਦਰਿਆ ਬਿਆਸਾਂ ਤੋਂ ਜਲ ਦੀ ਗਾਗਰ ਭਰ ਲੈ ਆਉਣ ਦਾ ਕਠਿਨ ਕਾਰਜ ਆਪਣੇ ਜਿੰਮੇ ਲੈ ਲਿਆ । ਉਹਨਾਂ ਨੇ ਗੁਰੂ ਜੀ ਨੂੰ ਇਸ਼ਨਾਨ ਕਰਾਉਂਦੇ ਸਦਾ ਸੇਵਾ ਵਿੱਚ ਰਹਿੰਦਿਆਂ ਆਪਣਾ ਆਪ ਗੁਆ ਦਿੱਤਾ ਵਿੱਚੋਂ ਹਉਮੇ ਨਿਕਲ ਗਈ ਤੇ ਮਨ ਵਿੱਚ ਸ਼ਬਦ ਦਾ ਨਿਵਾਸ ਹੋ ਗਿਆ। ਉਹ ਗੁਰੂ ਜੀ ਦੇ ਵਸਤਰ ਧੋਂਦੇ, ਸੈਰ ਕਰਣ ਵੀ ਨਾਲ ਜਾਂਦੇ ਤੇ ਸਦਾ ਸੰਗ ਮਾਣਦੇ। ਗੁਰੂ ਅੰਗਦ ਦੇਵ ਜੀ ਹਰ ਸਾਲ ਉਹਨਾਂ ਨੂੰ ਸਰੋਪਾ ਵਜੋਂ ਇਕ ਦਸਤਾਰ ਦਿੰਦੇ। ਬਾਬਾ ਜੀ ਸਤਿਕਾਰ ਨਾਲ ਉਸਨੂੰ ਸੀਸ ਤੇ ਸਜਾਈ ਰੱਖਦੇ। ਇਹਨੀਂ ਦਿਨੀ ਹੀ ਉਹਨਾਂ ਨੇ ਜੁਲਾਹੀ ਦੇ ਕਬੋਲ ਸੁਣੇ। ਬਾਬਾ ਜੀ ਨੂੰ ਠੁੱਡਾ ਲੱਗਾ ਤਾਂ ਆਪਣੇ ਘਰ ਵਾਲੇ ਦੇ ਪੁੱਛਣ ਤੇ ਕਿ ਕੌਣ ਡਿੱਗਾ ਹੈ, ਉਸ ਉੱਤਰ ਦਿੱਤਾ ਕਿ ਅਮਰੂ ਨਿਥਾਵਾਂ ਹੀ ਹੋਵੇਗਾ। ਬਾਬਾ ਜੀ ਦਾ ਹੁਣ ਇਹਨਾਂ ਗੱਲਾਂ ਵੱਲ ਬਿਲਕੁਲ ਹੀ ਧਿਆਨ ਨਹੀਂ ਸੀ। ਬਾਰਾਂ ਵਰ੍ਹਿਆਂ ਦੀ ਕੜੀ ਸੇਵਾ ਬਾਦ ਗੁਰੂ ਜੀ ਨੇ ਨਿਰਣਾ ਕਰ ਲਿਆ ਕਿ ਗੁਰੂ ਨਾਨਕ ਦੀ ਗੱਦੀ ਦਾ ਪਵਿੱਤਰ ਭਾਰ ਬਾਬਾ ਅਮਰਦਾਸ ਜੀ ਦੇ ਸਿਰ ਰੱਖਿਆ ਜਾਏ। ਗੁਰੂ ਅੰਗਦ ਦੇਵ ਜੀ ਨੇ ਪੁੱਤਾਂ, ਭਾਈਆਂ ਤੇ ਸੰਗਤ ਦੇ ਸਾਹਮਣੇ ਉਹਨਾਂ ਨੂੰ ਬਾਰਾਂ ਵਾਰ;
ਤੁਮਹੋ ਨਿਥਾਵਨ ਥਾਨ। ਕਰਹੋ ਨਿਮਾਨਹਿ ਮਾਨ।
ਨਿਤਾਣਿਆਂ ਦਾ ਤਾਨ। ਨਿਓਟਿਆਂ ਕੀ ਓਟ।
ਨਿਆਸਰਾਂ ਕਾ ਆਸਰਾ। ਨਿਧਰਿਆਂ ਦੀ ਧਿਰ।
ਨਿਧੀਰਨ ਕੀ ਧੀਰ। ਪੀਰਾਂ ਦੇ ਪੀਰ।
ਦਿਆਲ ਗਹੀ ਬਹੋੜ। ਜਗਤ ਬੰਦੀ ਛੋੜ।
ਭੰਨਣ ਘੜਨ ਸਮਰਥ। ਸਭ ਜੀਵਕਾ ਜਿਸ ਹੱਥ।
ਦੇ ਕੇ ਖੁਦ ਹੱਥੀਂ ਇਸ਼ਨਾਨ ਕਰਾਇਆ ਤੇ ਗੁਰਗੱਦੀ ਤੇ ਸ਼ੁਭਾਇਮਾਨ ਕੀਤਾ। ਨਾਲ ਹੀ ਹੁਕਮ ਕੀਤਾ, ਗੋਇੰਦਵਾਲ ਜਾ ਵਸੋ ਤੇ ਓਥੇ ਬਿਆਸ ਦੇ ਕੰਢੇ ਨਵਾਂ ਨਗਰ ਵਸਾਓ।
ਇਸ ਮਹਾਨ ਕਾਰਜ ਵਾਸਤੇ ਪਹਿਲਾਂ ਹੀ ਭਾਈ ਗੋਇੰਦੇ ਪਾਸੋਂ ਥਾਂ ਪ੍ਰਾਪਤ ਕਰ ਲਈ ਗਈ ਸੀ। ਗੁਰੂ ਅਮਰਦਾਸ ਜੀ ਨੇ ਗੁਰਗੱਦੀ ਤੇ ਬੈਠਦਿਆਂ ਹੀ ਇਸ ਕਾਰਜ ਨੂੰ ਆਰੰਭ ਕਰ ਦਿੱਤਾ। ਗੋਇੰਦਵਾਲ ਨੂੰ ਗੋਬਿੰਦਪੁਰੀ ਸਮ ਆਖਿਆ ਗਿਆ ਹੈ। ਇਸ ਵਿੱਚ ਇਕ ਮਹਾਨ ਰਹੱਸ ਹੈ ਜੋ ਨ ਤਾਂ ਅਸੀ ਸਮਝ ਸਕੇ ਹਾਂ ਤੇ ਨ ਹੀ ਅੱਗੋਂ ਸਮਝਾ ਸਕੇ ਹਾਂ। ਇਸਨੂੰ ਗੁਰੂ ਨਾਨਕ ਮਹਾਰਾਜ ਜੀ ਦੀ ਦਿੱਤੀ ਅਗੰਮੀ ਦਾਤ ਤੇ ਗੁਰਮਤਿ ਦੇ ਸਬੰਧ ਵਿੱਚ ਦੇਖਿਆਂ ਨੇਤਰਾਂ ਵਿੱਚੋਂ ਭਰਮ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਗੁਰੂ ਪਾਤਸ਼ਾਹ ਦੀ ਮਹਾਨਤਾ ਦਾ ਚਮਤਕਾਰ ਸਪੱਸ਼ਟ ਤੇ ਚਮਕਦਾਰ ਹੋ ਕੇ ਸਾਡਾ ਪਥ ਪ੍ਰਦਰਸ਼ਨ ਕਰਦਾ ਹੈ।
ਉਹਨੀਂ ਦਿਨੀ ਦਰਿਆਵਾਂ ਦੇ ਪਾਣੀ ਸਾਫ਼ ਸ਼ਫਾਫ ਤੇ ਅੰਮ੍ਰਿਤ ਜਲ ਨਾਲ ਭਰੇ ਹੁੰਦੇ ਸਨ। ਫਿਰ ਕੀ ਲੋੜ ਪਈ ਕਿ ਅਜਿਹੇ ਦਰਿਆ ਦੇ ਕਿਨਾਰੇ ਬਾਉਲੀ ਤਾਮੀਰ ਕਰਵਾਈ। ਇਸ ਗੱਲ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ। ਗੁਰੂ ਨਾਨਕ ਦੇਵ ਜੀ ਦੀ ਦਾਤ ਲਹਿਣਾ ਜੀ ਨੂੰ ਪਰਾਪਤ ਹੋਈ ਜੋ ਗੁਰੂ ਅੰਗਦ ਰੂਪ ਹੋ ਗੁਰਗੱਦੀ ਤੇ ਬਿਰਾਜੇ। ਉਹਨਾਂ ਨੇ ਬਖ਼ਸ਼ਿਸ਼ ਕਰਕੇ ਇਹ ਇਲਾਹੀ ਜੋਤ ਬਖ਼ਸ਼ੀ।
ਲਹਿਣੇ ਪਾਈ ਨਾਨਕੋ ਦੇਣੀ ਅਮਰਦਾਸ ਘਰ ਆਈ
ਗੁਰੂ ਬੈਠਾ ਅਮਰ ਸਰੂਪ ਹੋਇ ਗੁਰਮੁਖ ਪਾਈ ਦਾਤ ਅਲਾਹੀ
ਫੇਰ ਵਸਾਇਆ ਗੋਇੰਦਵਾਲ ਅਚਰਜ ਕਲਾ ਲਖੀ ਨ ਜਾਈ
ਦਾਤ ਜੋਤ ਖਸਮੇ ਵਡਿਆਈ
ਗੱਲ ਸਪੱਸ਼ਟ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ, ਵਰਣ ਤੇ ਊਚ ਨੀਚ ਦੇ ਸਾਰੇ ਭੇਦ ਮਿਟਾ ਕੇ ਸਾਰੀ ਮਾਨਵ ਜਾਤ ਨੂੰ ਇੱਕੋ ਪਿਤਾ ਅਕਾਲ ਪੁਰਖ ਦੇ ਬੱਚੇ ਆਖਿਆ ਹੈ। ਗੁਰੂ ਅੰਗਦ ਦੇਵ ਜੀ ਨੇ ਇਸੇ ਉੱਤੇ ਦ੍ਰਿੜਤਾ ਨਾਲ ਪਹਿਰਾ ਦਿੱਤਾ। ਗੁਰੂ ਅਮਰਦਾਸ ਜੀ ਨੇ ਇਹਨਾ ਪਵਿੱਤਰ ਵਿਚਾਰਾਂ ਨੂੰ ਬਾਉਲੀ ਸਾਹਿਬ ਦੇ ਰੂਪ ਵਿੱਚ ਸਾਕਾਰ ਕਰ ਦਿੱਤਾ। ਬ੍ਰਾਹਮਣ ਦਾ ਕਰਮਕਾਂਡ ਤੇ ਪਾਖੰਡ ਜਾਤਾਂ ਵਰਣਾਂ ਉੱਤੇ ਹੀ ਟਿਕਿਆ ਹੋਇਆ ਹੈ। ਉਹ ਊਚ ਨੀਚ ਤੇ ਖਾਸ ਕਰਕੇ ਪਾਣੀ ਦੀ ਸੁੱਚ ਭਿੱਟ ਨੂੰ ਬਹੁਤ ਮਹਾਨਤਾ ਦਿੰਦੇ ਹਨ। ਗੁਰੂ ਪਿਤਾ ਦੇ ਹਜ਼ੂਰ ਇਸਦੀ ਕੋਈ ਥਾਂ ਨਹੀਂ। ਗੁਰੂ ਅਮਰਦਾਸ ਜੀ ਨੇ ਪੁਰਾਣੀ ਰੀਤੀ ਦੇ ਵਿਰੁੱਧ ਜਦ ਬਾਉਲੀ ਦਾ ਕੜ ਪਾੜਿਆ ਤਾਂ ਬ੍ਰਾਹਮਣ ਨਹੀਂ ਸੱਦੇ, ਸਗੋਂ ਇਹ ਕਾਰਜ ਭਾਈ ਮਾਣਕ ਜੀ ਕੋਲੋਂ ਕਰਵਾਇਆ ਜੋ ਇਸ ਗੱਲ ਦਾ ਐਲਾਨ ਸੀ ਕਿ ਅਸੀ ਜਾਤ ਪਾਤ ਛੱਡ ਦਿੱਤੀ ਹੈ। ਗੁਰਬਾਣੀ ਦੇ ਹੁਕਮ
ਜਾਤੀ ਦੈ ਕਿਆ ਹਥਿ ਸਚੁ ਪਰਖੀਐ
ਮਹੁਰਾ ਹੋਵੈ ਹਥਿ ਮਰੀਐ ਚਖੀਐ
( ਮਾਝ ਵਾਰ ੧, ਪੰਨਾ 142 )
ਭਾਵ ਇਹ ਊਚ ਨੀਚ ਤੇ ਸੁਚ ਭਿੱਟ ਦੇ ਭੇਦ ਨੇ ਰੱਬ ਦੁਆਰਾ ਪੈਦਾ ਕੀਤੇ ਹੋਏ। ਬੰਦਿਆਂ ਵਿੱਚ ਮਹੁਰੇ ਵਰਗਾ ਜ਼ਹਰੀਲਾਪਨ ਫੈਲਾ ਦਿੱਤਾ ਹੈ। ਮਨੁੱਖ ਹੋਰ ਉੱਚੀਆਂ ਤੇ ਸੁੱਚੀਆਂ ਗੱਲਾਂ ਤਿਆਗ ਕੇ ਬ੍ਰਾਹਮਣ ਦੁਆਰਾ ਪਾਈ ਇਸ ਉਲਝਣ ਵਿੱਚ ਫਸਿਆ ਪਿਆ ਹੈ ਤੇ ਆਪਣਾ ਜਨਮ ਅਜਾਈਂ ਗੁਆ ਕੇ ਚਲਾ ਜਾਂਦਾ ਹੈ। ਉਹ ਅਕਾਲਪੁਰਖ ਦਾ ਨੇੜਾ ਨਹੀਂ ਪ੍ਰਾਪਤ ਕਰ ਸਕਦਾ ਤੇ ਮੁੜ ਚੁਰਾਸੀ ਦੇ ਗੇੜ ਵਿੱਚ ਪੈ ਜਾਂਦਾ ਹੈ। ਸਾਨੂੰ ਮੋਟੀ ਬੁੱਧ ਵਾਲਿਆਂ ਨੂੰ ਇਹ ਮਹਾਨ ਤੱਥ ਵਿਸਰੇ ਨ ਇਸ ਲਈ ਗੁਰੂ ਅਮਰਦਾਸ ਜੀ ਨੇ ਬਉਲੀ ਦੇ ਜਲ ਤੱਕ ਪੁੱਜਣ ਲਈ ਚੁਰਾਸੀ ਪੌੜੀਆਂ ਬਣਾ ਦਿੱਤੀਆਂ। ਭਾਵ ਜਾਤ ਪਾਤ ਦਾ ਭਰਮ ਮੁੱਕਣ ਨਾਲ ਗੁਰ ਸਿੱਖਾਂ ਦੀ ਚੁਰਾਸੀ ਕੱਟੀ ਜਾਂਦੀ ਹੈ।
ਗੱਲ ਤਾਂ ਇਹ ਸੀ ਤੇ ਹੈ ਵੀ ਬੜੀ ਸਪੱਸ਼ਟ, ਅੰਮ੍ਰਿਤ ਵਰਗੀ ਕੂਲੀ ਵਸਤੂ ਨੂੰ ਪਰਾਪਤ ਕਰਣਾ ਹੈ ਤਾਂ ਪੱਥਰ ਵਰਗੇ ਕੜੇ ਹੋ ਕੇ ਨਹੀਂ ਜਾਣਾ। ਅਸੀ ਮੂਰਖਾਂ ਸੋਨਿਆਂ ਸਾਵੀਂ ਗੱਲ ਐਵੇਂ ਰੋੜ ਦਿੱਤੀ ਤੇ ਫਿਰ ਗਿਣਤੀਆਂ ਗਿਨਣ ਲਗ ਪਏ। ਇਹੀ ਕਾਰਣ ਹੈ। ਕਿ ਗੋਇੰਦਵਾਲ ਗੋਬਿੰਦਪੁਰੀ ਸਮ ਹੈ। ਗੁਰੂ ਪਾਤਸ਼ਾਹ ਨੇ ਏਥੇ ਇਹ ਅਚਰਜ ਕਲਾ ਵਿਖਾਈ ਹੈ। ਸਾਡੇ ਕੋਲੋਂ ਇਹ ਲਖੀ ਨਹੀਂ ਜਾਂਦੀ ਪਰ ਗੁਰੂ ਜੀ ਨੇ ਸਪੱਸ਼ਟ ਕਰ ਵਖਾਈ ਹੈ। ਜੇ ਮੈਂ ਇਹ ਕਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਇਸੇ ਬਾਉਲੀ ਸਾਹਿਬ ਦਾ ਵਿਸਥਾਰ ਹੈ ਅਤੇ ਇਸ ਬਾਉਲੀ ਦੀ ਸਿਰਜਣਾ ਗੁਰੂ ਨਾਨਕ ਦੇਵ ਜੀ ਦਾ ਵੀਚਾਰ ਹੈ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ।
ਜਿਨ੍ਹਾ ਗੁਰਮੁਖਾਂ ਨੇ ਭੈ ਭਰਮ ਤੋਂ ਉੱਪਰ ਉਠ ਕੇ ਗੁਰੂ ਪਾਤਸ਼ਾਹ ਦੇ ਦਰਸ਼ਨ ਕਰ ਲਏ ਹਨ, ਉਹਨਾਂ ਨੂੰ ਭਾਰੀ ਸੁਖ ਦੀ ਪਰਾਪਤੀ ਹੋਈ ਹੈ। ਜਿਨ੍ਹਾਂ ਜਗਿਆਸੂਆਂ ਦੇ ਅੰਦਰ ਅੰਮ੍ਰਿਤ ਛਕਣ ਦੀ ਪਿਆਸ ਜਾਗੀ ਹੈ, ਉਹਨਾਂ ਨੂੰ ਬੰਛਤ ਰਿਧ ਸਿਧ ਦੀ ਬਿਧ ਗੁਰੂ ਪਾਤਸ਼ਾਹ ਕੋਲੋਂ ਸਹਿਜੇ ਹੀ ਪਰਾਪਤ ਹੋਈ ਹੈ
ਗੁਰੂ ਮੁਖੁ ਦੇਖਿ ਗਰੂ ਸੁਖੁ ਪਾਯਉ॥
ਹੁਤੀ ਜੁ ਪਿਆਸ ਪਿਊਸ ਪਿਵੰਨ ਕੀ ਬੰਛਤ ਸਿਧਿ ਕਉ ਬਿਧਿ ਮਿਲਾਯਉ॥
ਪੂਰਨ ਭੋ ਮਨ ਠਉਰ ਬਸੋ ਰਸ ਬਾਸਨ ਸਿਉ ਜੁ ਦਹ ਦਿਸਿ ਧਾਯਉ॥
ਗੋਬਿੰਦਵਾਲ ਗੋਬਿੰਦ ਪੁਰੀ ਸਮ ਜਲ੍ਹਨ ਤੀਰ ਬਿਪਾਸ ਬਨਾਯਉ॥
ਗਯਉ ਦੁਖੁ ਦੂਰਿ ਬਰਖਨ ਕੋ ਸੁ ਗੁਰੂ ਮੁਖੁ ਦੇਖਿ ਗਰੂ ਸੁਖੁ ਪਾਯਉ॥
ਇਹ ਚੰਚਲ ਮਨ ਜੋ ਵਾਸ਼ਨਾਵਾਂ ਦਾ ਮਾਰਿਆ ਹੋਇਆ ਦਸੀਂ ਦਿਸ਼ਾਈਂ ਭਟਕਦਾ ਰਹਿੰਦਾ ਸੀ। ਉਹ ਗੁਰੂ ਪਾਤਸ਼ਾਹ ਦੇ ਭੈ ਵਿੱਚ ਆ ਕੇ ਭਟਕਣ ਛੱਡ ਵਿਸ਼ਰਾਮ ਕਰ ਬੈਠਾ। ਜਲਨ ਜੀ ਆਖਦੇ ਹਨ ਕਿ ਦਰਿਆ ਬਿਆਸ ਦੇ ਕਿਨਾਰੇ ਗੋਬਿੰਦਪੁਰੀ ਵਰਗਾ ਗੋਬ ਬੇਨਾ ਐਸਾ ਤੀਰਥ ਬਣਾ ਦਿੱਤਾ ਜਿਸ ਨਾਲ ਸਾਰੀ ਮਾਨਵਤਾ ਨੂੰ ਗੁਰਮਤਿ ਵਲੋਂ ਇਕ ਦਾਤ ਮਿਲ ਗਈ। ਅਨੇਕ ਵਰ੍ਹਿਆਂ ਤੇ ਸਦੀਆਂ ਪੁਰਾਣਾ ਹਉਮੇ ਦਾ ਦੁਖ ਉਡ ਪੁੱਡ ਗਿਆ। ਇਹ ਗੁਰੂ ਪਾਤਸ਼ਾਹ ਦੀ ਜਾਹਿਰਾ ਕਰਾਮਾਤ ਹੈ ਜਿਸ ਨਾਲ ਮਾਨਵਤਾ ਨੂੰ ਭਾਰੀ ਸੁਖ ਪਰਾਪਤ ਹੋਇਆ।
ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਸਾਹਿਬ ਦੀ ਉਸਾਰੀ ਗੁਰਮਤਿ ਜੀਵਨ ਜਾਚ ਦੀ ਉਸਾਰੀ ਸੀ। ਇਸ ਉਸਾਰੀ ਵਿੱਚ ਲੋਕਾਂ ਵਾਸਤੇ ਰੋਜ਼ਗਾਰ ਦੇ ਬੇਅੰਤ ਮੌਕੇ ਪੈਦਾ ਹੋ ਗਏ ਤੇ ਇਹ ਅਸਥਾਨ ਇਕ ਗੜ੍ਹ ਵਾਂਗ ਬਣ ਗਿਆ। ਹਰ ਪ੍ਰਕਾਰ ਤੇ ਹਰ ਜਾਤ ਤੇ ਹਰ ਕਿੱਤੇ ਦੇ ਲੋਕ ਇੱਕੋ ਹੀ ਪਵਿੱਤਰ ਅਸਥਾਨ ਲੰਗਰ ਵਿਖੇ ਪ੍ਰਸ਼ਾਦ ਪਾਉਂਦੇ। ਉੱਥੇ ਸੰਗਤ ਨਾਲ ਪੰਗਤ ਦੀ ਮਹਾਨਤਾ ਵੀ ਦ੍ਰਿੜ੍ਹ ਹੋਈ। ਇਸ ਲੰਗਰ ਵਿੱਚ ਬਾਦਸ਼ਾਹ ਅਕਬਰ ਤੋਂ ਲੈ ਕੇ ਆਮ ਮਨੁੱਖ ਨੇ ਇਕਠਿਆਂ ਬੈਠ ਕੇ ਲੰਗਰ ਛਕਿਆ। ਸਭਨਾਂ ਨੇ ਮਾਨਵਤਾ ਦੀ ਉਸਾਰੀ ਦਾ ਦਰਸ ਪ੍ਰਾਪਤ ਕੀਤਾ। ਭਾਈ ਸੌਂਧ ਜੀ ਲੁਬਾਣਾ ਇੱਥੇ ਬੇਅੰਤ ਵਾਰ ਆਏ ਤੇ ਗੁਰੂ ਜੀ ਪਾਸੋਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਇਸ ਤੋਂ ਹੋਰ ਲੁਬਾਣਾ ਗੁਰਸਿੱਖ ਭਾਈ ਦਸੌਂਧ ਵੀ ਗੁਰਸ਼ੋਭਾ ਸੁਣ ਆਣ ਪੁੱਜੇ। ਉਹਨਾਂ ਨੂੰ ਆਪਣੇ ਵਾਸਤੇ ਗੁਰੂ ਘਰ ਦੀ ਸੇਵਾ ਪਰਾਪਤ ਕਰਣ ਲਈ ਕੋਈ ਰੁਕਾਵਟ ਜਾਂ ਓਕੜ ਨ ਪੇਸ਼ ਆਈ। ਉਹ ਸਹਿਜੇ ਹੀ ਗੁਰੂ ਅਮਰਦਾਸ ਜੀ ਪਾਸੋਂ ਉਪਦੇਸ਼ ਪ੍ਰਾਪਤ ਕਰ ਲੰਗਰ ਲਈ ਦਾਲਾਂ, ਚਾਵਲ, ਆਟਾ, ਤੇਲ ਤੇ ਹੋਰ ਲੁੜੀਂਦੀਆਂ ਵਸਤਾਂ ਢੋ ਢੋ ਕੇ ਲੰਗਰ ਵਿੱਚ ਪਾ ਆਨੰਦਿਤ ਹੁੰਦੇ। ਉਹਨਾਂ ਦੇ ਨਾਲ ਬਹੁਤ ਸਾਰੇ ਨੌਕਰ ਚਾਕਰ ਕਾਰਿੰਦੇ ਜਿਉਂ ਜਿਉਂ ਗੁਰੂ ਘਰ ਨਾਲ ਜੁੜਦੇ ਗਏ ਤਿਉਂ ਤਿਉਂ ਉਹਨਾਂ ਦੀ ਕਿਰਤ ਦੇ ਕਾਰਜ ਕਲਾਪਾਂ ਵਿੱਚ ਮਜਬੂਤ ਸੰਗਠਨ ਪੈਦਾ ਹੁੰਦਾ ਗਿਆ। ਇਹ ਗੁਰੂ ਪਾਤਸ਼ਾਹ ਦੀ ਛਤਰ ਛਾਇਆ ਦੀ ਬਰਕਤ ਸੀ। ਉਹ ਜਿੱਥੇ ਵੀ ਅੱਗੇ ਜਾਂਦੇ ਓਥੇ ਗੁਰਮਤਿ ਦੇ ਗੁਰ ਸੰਦੇਸ਼ ਨੂੰ ਨਾਲ ਲੈ ਜਾਂਦੇ ।
ਗੁਰੂ ਘਰ, ਗੁਰਦੁਆਰਾ ਸਾਹਿਬ ਅਤੇ ਬਾਉਲੀ ਸਾਹਿਬ ਦੀ ਉਸਾਰੀ ਤੋਂ ਇਲਾਵਾ ਸਿੱਖ ਸੰਗਤਾਂ ਸਜਨਾਂ ਸਬੰਧੀਆਂ ਤੇ ਕਾਰੀਗਰਾਂ ਆਦਿ ਨੂੰ ਵਸਾਉਣ ਦਾ ਭਾਰੀ ਕੰਮ ਸੀ। ਇਸ ਵਾਸਤੇ ਉਸਾਰੀ ਲਈ ਇੱਟਾਂ, ਭਰਤੀ ਲਈ ਮਿੱਟੀ ਤੇ ਇਮਾਰਤੀ ਲਕੜੀ ਢੋ ਕੇ ਲਿਆਉਣ ਦਾ ਭਾਰੀ ਕੰਮ ਸੀ। ਇਹਨਾਂ ਸਭਨਾਂ ਕਾਰਜਾਂ ਨੂੰ ਭਾਈ ਦਸੌਂਧ ਜੀ ਨੇ ਇਸ ਤਰ੍ਹਾਂ ਅਪਣਾਇਆ ਕਿ ਸਾਰੇ ਪਾਸੇ ਸ਼ੋਭਾ ਹੋਈ। ਇਮਾਰਤੀ ਲਕੜੀ ਕਾਂਗੜਾ ਦੇ ਪਹਾੜੀ ਇਲਾਕਿਆਂ ਤੋਂ ਲਿਆਈ ਜਾਂਦੀ ਸੀ। ਇਸ ਕਾਰਜ ਲਈ ਭਾਈ ਸਾਵਣ ਮਲ ਜੀ ਨੂੰ ਭਾਈ ਦਸੌਂਧ ਦੇ ਨਾਲ ਹੋ ਕੇ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ। ਇਹ ਇਤਿਹਾਸਕ ਤੱਥ ਹੈ ਕਿ ਹੋਰ ਬਹੁਤ ਸਾਰੇ ਕਿੱਤਿਆਂ ਦੇ ਨਾਲ ਸ੍ਰੀ ਗੋਇੰਦਵਾਲ ਸਾਹਿਬ ਇਮਾਰਤੀ ਲਕੜੀ ਦੀ ਬਹੁਤ ਭਾਰੀ ਮੰਡੀ ਬਣ ਗਈ। ਜਦੋਂ ਦਰਿਆਵਾਂ ਰਾਹੀਂ ਇਮਾਰਤੀ ਲਕੜੀ ਪਹਾੜਾਂ ਤੋਂ ਮੈਦਾਨਾਂ ਵਿੱਚ ਲਿਆਈ ਜਾਂਦੀ ਸੀ ਓਦੋਂ ਤੋਂ ਲੈ ਕੇ ਵੀਹਵੀਂ ਸਦੀ ਦੇ ਮੱਧ ਤਕ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਇਮਾਰਤੀ ਲਕੜੀ ਦੀ ਆੜਤ ਦੀ ਬੜੀ ਵੱਡੀ ਮੰਡੀ ਰਹੀ। ਬਾਅਦ ਵਿੱਚ ਇਹ ਕੰਮ ਚਨਾਬ ਰਾਹੀਂ ਵਜ਼ੀਰਬਾਦ ਤੇ ਦਰਿਆ ਜਿਹਲਮ ਰਾਹੀਂ ਜਿਹਲਮ ਦੇ ਅਸਥਾਨ ਉੱਤੇ ਵੱਡੀਆਂ ਮੰਡੀਆਂ ਦਾ ਰੂਪ ਲੈ ਕੇ ਸਾਕਾਰ ਹੋਇਆ। ਦੁਸ਼ਵਾਰ ਗੁਜ਼ਾਰ ਰਸਤਿਆਂ ਤੋਂ ਖਚਰਾਂ ਆਦਿ ਰਾਹੀਂ ਇਮਾਰਤੀ ਲਕੜੀ ਦੇ ਢੋਣ ਦਾ ਕੰਮ ਬਹੁਤ ਵਧਿਆ ਫੁਲਿਆ।
ਗੁਰੂ ਅਰਜਨ ਘਰ ਗੁਰੂ-ਰਾਮਦਾਸ ਅਪਰੰਪਰ ਬੀਨਾ
ਗੁਰੂ ਅਮਰਦਾਸ ਜੀ ਗੁਰਮਤਿ ਦੀ ਦਾਤ ਲੋਕਾਈ ਵਿੱਚ ਭਰ ਭਰ ਛੱਜੀਂ ਵੰਡੀ। ਆਪ ਜੀ ਆਪਣੇ ਜੱਦੀ ਪਿੰਡ ਬਾਸਰਕੇ ਗਏ ਤਾਂ ਓਥੇ ਉਹਨਾਂ ਦੀ ਨਿਗਾਹ ਬਿਨ ਮਾਂ ਬਾਪ ਦੇ ਬਾਲਕ ਜੇਠਾ ਜੀ ਦੇ ਉੱਤੇ ਪਈ। ਨੌਂ ਕੁ ਵਰਿਆਂ ਦੇ ਜੇਠਾ ਜੀ ਪਿੰਡ ਬਾਸਰਕੇ ਦੇ ਬਾਹਰ ਛਪੜ ਤੇ ਘੁੰਗਣੀਆਂ ਵੇਚਿਆ ਕਰਦੇ। ਉਹ ਖੁੱਲ੍ਹਾ ਸੌਦਾ ਦੇਂਦੇ, ਕਿਰਸ ਨ ਕਰਦੇ ਬਚਤ ਤੇ ਬਚਿਆ ਸੌਦਾ ਅੰਨ੍ਹ ਪਾਣੀ ਵਾਸਤੇ ਘਰ ਲੈ ਜਾਂਦੇ। ਬਾਸਰਕੇ ਜੇਠਾ ਜੀ ਦਾ ਨਾਨਕਾ ਪਿੰਡ ਸੀ। ਗੁਰੂ ਅਮਰਦਾਸ ਜੀ ਨੇ ਜੇਠਾ ਜੀ ਨੂੰ ਬਹੁਤ ਪਿਆਰ ਕੀਤਾ ਤੇ ਆਪਣੇ ਨਾਲ ਹੀ। ਗੋਇੰਦਵਾਲ ਸਾਹਿਬ ਲੈ ਗਏ। ਇਸ ਤੱਥ ਸੰਬੰਧੀ ਗੁਰਬਾਣੀ ਵਿੱਚੋਂ ਅਕਾਟ ਤੇ ਮਜਬੂਤ ਗਵਾਹੀਆਂ ਵੀ ਮਿਲਦੀਆਂ ਹਨ ਤੇ ਪਥ ਪ੍ਰਦਰਸ਼ਨ ਵੀ। ਗੁਰੂ ਰਾਮਦਾਸ ਜੀ ਆਖਦੇ ਹਨ:
ਸਤਿਗੁਰੁ ਮਿਤ੍ਰ ਮੇਰਾ ਬਾਲ ਸਖਾਈ॥ ਹਉ ਰਹਿ ਨ ਸਕਾ ਬਿਨੁ ਦੇਖੇ ਮੇਰੀ ਸਾਏ॥
ਹਰਿ ਜੀਉ ਕ੍ਰਿਪਾ ਕਰਹੁ ਗੁਰੁ ਮੇਲਹੁ ਜਨ ਨਾਨਕ ਹਰਿ ਧਨੁ ਪਲੈ ਜੀਉ ॥
ਮੈਂ ਨਿੱਕਾ ਜਿਹਾ ਸਾਂ ਤੇ ਸਤਿਗੁਰੂ ਮੈਨੂੰ ਉਚਿਆਉਣ ਲਈ ਮੇਰੇ ਬਾਲ ਸਖਾਈ ਮਿੱਤਰ ਬਣ ਗਏ। ਹੁਣ ਉਹਨਾਂ ਬਾਝੋਂ ਮੇਰੇ ਪਾਸੋਂ ਰਿਹਾ ਨਹੀਂ ਜਾਂਦਾ। ਉਹ ਨ ਹੋਣ ਤਾਂ ਮੇਰੀਆਂ ਅੱਖਾਂ ਵਿੱਚੋਂ ਜ਼ਾਰ ਕਤਾਰ ਹੰਝੂ ਵਹਿ ਤੁਰਦੇ ਹਨ। ਵਾਹਿਗੁਰੂ ਨੇ ਕਿਰਪਾ ਕਰਕੇ ਮੈਨੂੰ ਸਤਿਗੁਰੂ ਜੀ ਮਿਲਾਏ। ਜਿਸ ਕਾਰਣ ਮੈਨੂੰ ਨਾਮ ਦੀ ਪਰਾਪਤੀ ਹੋਈ। ਮੇਰੀ ਇਹੀ ਕਾਮਨਾ ਹੈ ਕਿ ਹਰਿ ਜੀ ਮੈਨੂੰ ਐਸੇ ਪੂਰਣ ਗੁਰੂ ਨਾਲ ਮੇਲੀ ਰੱਖੋ ਜਿਸ ਨਾਲ ਮੇਰੇ ਪੱਲੇ ਨਿਹਚਲ ਹਰਿ ਨਾਮ ਸਦਾ ਲਈ ਮੈਨੂੰ ਮਿਲ ਜਾਏ। ਇਸ ਮਹਾਨ ਤੱਥ ਤੇ ਕਰਾਂਤੀ ਨੂੰ ਗੁਰਬਾਣੀ ਵਿੱਚ ਬਹੁਬਿਧ ਪ੍ਰਗਟ ਕੀਤਾ ਗਿਆ ਹੈ। ਐਸਾ ਵੀ ਹੁਕਮ ਹੈ ਕਿ ਗੁਰੂ ਅਮਰਦਾਸ ਜੀ ਨੇ ਅਮਰਤ ਛਤ੍ਰ ਆਪ ਖੁਦ ਗੁਰੂ ਰਾਮਦਾਸ ਜੀ ਨੂੰ ਦਿੱਤਾ। ਵਿਲੱਖਣ ਗੱਲ ਇਹ ਹੈ ਕਿ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀਨੂੰ ਆਪ ਸਿਰਜਿਆ ਵੀ ਤੇ ਸੰਵਾਰਿਆ ਵੀ। ਇਹ ਇਕ ਪੂਰਣ ਵੱਡੀ ਕਰਾਮਾਤ ਹੈ ਕਿ ਇਕ ਬਿਨ ਮਾਂ ਬਾਪ ਦਾ ਬੱਚਾ ਗੁਰੂ ਕਿਰਪਾ ਦੁਆਰਾ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਯੋਗ ਹੋਇਆ
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ॥
ਸਿਖੀ ਅਤੇ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ॥
ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ॥
ਸਾਰੀ ਸਿੱਖ ਸੰਗਤ ਅਤੇ ਸਿਰਕੱਢ ਗੁਰਮੁਖਾਂ ਨੇ ਰਾਮਦਾਸ ਜੀ ਵਿੱਚੋਂ ਪਾਰਬ੍ਰਹਮ ਦੇ ਗੁਣਾਂ ਦੇ ਦਰਸ਼ਨ ਕਰ ਉਹਨਾਂ ਨੂੰ ਨਮਸਕਾਰ ਕੀਤੀ। ਉਹ ਅਟੱਲ ਅਸਥਾਨ ਨਿਹਚਲ ਨਾਮ ਤੇ ਨਿਹਚਲ ਗੁਰਗੱਦੀ ਉੱਤੇ ਬਿਰਾਜੇ। ਇਹ ਅਕਾਲਪੁਰਖ ਦੀ ਮਿਹਰ ਹੈ ਕਿ ਉਹਨਾਂ ਦਾ ਪਾਰ ਨਹੀਂ। ਉਹ ਅਦੁੱਤੀ ਹਨ ਤੇ ਉਹਨਾਂ ਦਾ ਸਾਨੀ ਕੋਈ ਨਹੀਂ।
ਗੁਰੂ ਰਾਮਦਾਸ ਜੀ ਨੇ ਖੁਦ ਵੀ ਇਸ ਮਹਾਨ ਤੱਥ ਨੂੰ ਬੜੀ ਨਿਮ੍ਰਤਾ ਨਾਲ ਅੰਕਿਤ ਕੀਤਾ ਹੈ। ਆਪ ਜੀ ਆਖਦੇ ਹਨ ਕਿ ਸਤਿਗੁਰੂ ਜੀ। ਤੁਹਾਡੇ ਬਾਝ ਜੋ ਮੇਰੀ ਹਾਲਤ ਹੁੰਦੀ ਉਹ ਤੁਸੀਂ ਆਪ ਹੀ ਜਾਣਦੇ ਹੋ। ਮੈਂ ਰੁਲਦੇ ਫਿਰਦਿਆਂ ਹੋਣਾ ਸੀ। ਕਿਸੇ ਮੇਰੀ ਬਾਤ ਨਹੀਂ ਬੀ. ਪੁੱਛਣੀ। ਮੈਂ ਕੀੜੇ ਕਿਰਮ ਦੀ ਨਿਆਈਂ ਸਾਂ। ਸਤਿਗੁਰੂ ਜੀ ਦੇ ਮੇਲ ਨਾਲ ਮੇਰਾ ਉਧਾਰ ਹੋ ਗਿਆ।
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ॥
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ॥
ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ॥
( ਗਉੜੀ ਬੈਰਾਗਣਿ, ਮ:੪, ਪੰਨਾ-167 )
ਗੁਰੂ ਰਾਮਦਾਸ ਜੀ ਆਖਦੇ ਹਨ ਮੈਂ ਨਿਮਾਣੇ ਸੇਵਕ ਦੇ ਗੁਰੂ ਨਾਨਕ ਦੇਵ ਜੀ ਧੰਨ ਹਨ ਜਿਨ੍ਹਾਂ ਨੂੰ ਮਿਲਣ ਨਾਲ ਮੇਰੇ ਹਰਿ ਪ੍ਰਕਾਰ ਦੇ ਸੋਗ ਤੇ ਸੰਤਾਪ ਮੁਕ ਚੁੱਕ ਗਏ ਹਨ। ਬਹੁਤੇ ਵਿਸਥਾਰ ਵਿੱਚ ਨ ਜਾ ਕੇ ਅਸੀ ਮੁਕਦੀ ਗੱਲ ਕਰਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਦਿੱਤੀ ਤਾਂ ਕਰਤਾਰਪੁਰ ਸਾਹਿਬ ਤਿਆਗ ਦੇਣ ਦਾ ਹੁਕਮ ਨਾਲ ਹੀ ਦਿੱਤਾ। ਗੁਰੂ ਅੰਗਦ ਦੇਵ ਜੀ ਨੇ ਗੁਰਿਆਈ ਦੀ ਦਾਤ ਗੁਰੂ ਅਮਰਦਾਸ ਜੀ ਨੂੰ ਦਿੱਤੀ ਤਾਂ ਖਡੂਰ ਸਾਹਿਬ ਤਿਆਗ ਦੇਣ ਦਾ ਹੁਕਮ ਨਾਲ ਹੀ ਦਿੱਤਾ। ਗੁਰੂ ਅਮਰਦਾਸ ਜੀ ਨੇ ਗੁਰਿਆਈ ਦੀ ਬਡਾਈ ਗੁਰੂ ਰਾਮਦਾਸ ਜੀ ਨੂੰ ਦਿੱਤੀ ਤਾਂ ਗੋਇੰਦਵਾਲ ਸਾਹਿਬ ਤਿਆਗ ਦੇਣ ਦਾ ਹੁਕਮ ਨਾਲ ਹੀ ਦਿੱਤਾ। ਗੱਲ ਸਪੱਸ਼ਟ ਹੋਈ ਕਿ ਗੁਰਮਤਿ ਤੇ ਗੁਰੂ ਘਰ ਵਿੱਚ ਸਰੀਰ, ਅਸਥਾਨ ਤੇ ਮਿੱਟੀ ਨਾਲੋਂ ਜੋਤ ਨੂੰ ਸਰਵੋਪਰ ਰੱਖਿਆ। ਬਾਕੀ ਸਭ ਕੁਝ ਬਿਨਸ ਜਾਂਦਾ ਹੈ। ਜੋਤ ਅਬਿਨਾਸ਼ੀ ਹੈ। ਜਿੱਥੇ ਮੇਰੇ ਗੁਰੂਦੇਵ ਜਾ ਬਿਰਾਜਦੇ ਹਨ, “ਸੁ ਥਾਨ ਸੁਹਾਵਾ” ਹੋ ਜਾਂਦਾ ਹੈ। ਇੰਝ ਹੀ ਹੋਇਆ ਜਦ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਉਸਾਰਨ ਲਗਿਆਂ ਆਪਣਾ ਟਿਕਾਣਾ ਓਥੇ ਕਰ ਲਿਆ।
ਸ੍ਰੀ ਅਕਾਲਪੁਰਖ ਗੁਰਮਤਿ ਸਿਧਾਂਤਾਂ ਅਨੁਸਾਰ ਕਮਲ ਰੂਪ ਨਿਰਲੇਪ ਹਨ। ਉਹ ਅਲਿਪਤ ਹਨ। ਉਹ ਸਭਨਾਂ ਵਿੱਚ ਹਨ। ਫਿਰ ਵੀ ਅਣਭਿੱਜ ਹਨ। ਉਹ ਜੋਤ ਰੂਪ ਹਨ। “ਚਰਣ ਕਮਲ ਰਿਧ ਅੰਤਰ ਧਾਰੇ ॥ ਪ੍ਰਗਟੀ ਜੋਤ ਮਿਲੇ ਰਾਮ ਪਿਆਰੇ”
ਸ੍ਰੀ ਸਤਿਗੁਰੂ ਜੀ ਕਮਲ ਰੂਪ ਹਨ। ਉਹਨਾਂ ਦੀ ਹੋਂਦ ਸਭਣੀ ਥਾਈਂ ਹੈ। ਉਹ ਸਾਨੂੰ ਸਦਾ ਸਹਾਈ ਹਨ। ਉਹ ਨਿਰਲੇਪ ਤੇ ਅਣਭਿਜ ਹਨ। ਬੜੀ ਸੁਆਦਲੀ ਗੱਲ ਹੈ। ਜਿੱਥੇ ਉਹ ਜਾਂਦੇ ਹਨ, ਓਥੇ ਗੁਰਸਿੱਖ ਪੁਜ ਜਾਂਦੇ ਹਨ। ਗੁਰਸਿੱਖਾਂ ਨੂੰ ਗੁਰੂ ਦਾ ਪਰਿਚਯ ਗੁਰੂ ਪਾਸੋਂ ਹੁੰਦਾ ਹੈ। “ਅਲ ਸਮੂਹ ਜਿਉਂ ਕਮਲ ਸੁਬਾਸੇ”
ਸ੍ਰੀ ਸਾਧ ਸੰਗਤ ਕਮਲ ਰੂਪ ਹਨ। ਕਮਲ ਦੀਆਂ ਜੜਾਂ ਚਿੱਕੜ ਵਿੱਚੋਂ ਹਨ, ਭਾਵ ਡੂੰਘੀਆਂ ਧਰਤੀ ਵਿੱਚ। ਕਮਲ ਫੁੱਲ ਦੀ ਡੰਡੀ ਮਿਣਾਲ, ਜਿਸ ਨਾਲ ਕਮਲ ਦਾ ਖਿੜਿਆ ਫੁੱਲ ਲੱਗਾ ਹੈ, ਉਹ ਪਾਣੀ ਵਿੱਚ ਰਹਿੰਦਾ ਹੈ ਤੇ ਕਮਲ ਫੁੱਲ ਪਾਣੀ ਦੇ ਉੱਤੇ ਹੁੰਦਾ ਹੈ। ਉਹ ਚਿੱਕੜ ਤੇ ਪਾਣੀ ਵਿੱਚ ਨਹੀਂ ਭਿੱਜਦਾ। ਕਮਲ ਦਾ ਮੁਖ ਸਦਾ ਗਗਨ ਵਿੱਚ ਰਹਿੰਦਾ ਹੈ, ਸਦਾ ਆਕਾਸ਼ ਵੱਲ।
ਗੁਰੂ ਰਾਮਦਾਸ ਜੀ ਨੇ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਸ਼ੁਰੂ ਕਰ ਦਿੱਤੀ। ਤਾਲ ਦਾ ਉਦਮ ਹੋ ਗਿਆ। ਇਹਦੇ ਵਿੱਚ ਹਰਿਮੰਦਰ ਤਿਆਰ ਹੋਣਾ ਸੀ। ਅਸੀ ਰਤਾ ਕੁ ਧਰਤੀ ਤੋਂ ਉੱਪਰ ਉਠ ਕੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰੀਏ ਤਾਂ ਸਾਫ਼ ਦਿਸ ਆਵੇਗਾ ਸ੍ਰੀ ਦਰਬਾਰ ਸਾਹਿਬ ਕਮਲ ਰੂਪੀ ਹਨ। ਇਹ ਅੰਮ੍ਰਿਤ ਸਰੋਵਰ ਵਿੱਚ ਸਥਿਤ ਹਨ, ਇਹਨਾਂ ਦੀ ਜੜ੍ਹ, ਨੀਂਹ ਡੂੰਘੀ ਧਰਤੀ ਵਿੱਚ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਜਿੱਥੇ ਸਿੱਖੀ ਦੇ ਸਿਧਾਂਤਾਂ ਦਾ ਗਿਆਨ ਹੁੰਦਾ ਹੈ ਓਥੇ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਬਚਨਾਂ ਦਾ ਗਿਆਨ ਵੀ ਹੁੰਦਾ ਹੈ ਤੇ ਦਰਸ਼ਨ ਵੀ। ਇਹੀ ਕਾਰਣ ਹੈ ਕਿ ਅਸੀ ਰੋਜ਼ ਅਰਦਾਸ ਵਿੱਚ ਮੰਗ ਕਰਦੇ ਹਾਂ ਕਿ ਸ੍ਰੀ ਹਰਿਮੰਦਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ।
ਗੁਰਸਿੱਖ ਭਾਈ ਹਸਨਾ ਜੀ
ਜਿਵੇਂ ਮੈਂ ਉੱਤੇ ਬੇਨਤੀ ਕੀਤੀ ਹੈ ਜਿੱਥੇ ਗੁਰੂ ਸਾਹਿਬ ਦੇ ਕਮਲ ਰੂਪੀ ਚਰਣ ਪੈਂਦੇ ਹਨ। ਓਥੇ ਗੁਰਸਿੱਖ ਬਿਨਾਂ ਕਿਸੀ ਰੋਕ ਟੋਕ ਦੇ ਪੁਜ ਜਾਂਦੇ ਸਨ। ਐਸੇ ਹੀ ਸਨ ਭਾਈ ਹਸਨਾ ਜੀ ਲੁਬਾਣਾ। ਹਸਨਾ ਦਾ ਅਰਥ ਬਣਦਾ ਹੈ, ਖੁਸ਼ ਰਹਿਣਾ, ਚਾਅ ਵਿੱਚ ਰਹਿਣਾ। “ਵਣਜਾਰਿਆਂ ਸਿਓ ਵਣਜ ਕਰ ਲੈ ਲਾਹਾ ਮਨ ਹਸ”। ਹਸਨਾ ਦਾ ਇਕ ਹੋਰ ਅਰਥ ਹੈ। ਹੁਸੀਨ ਤੇ ਖੂਬਸੂਰਤ। ਜਦ ਗੁਰੂ ਰਾਮਦਾਸ ਜੀ ਨੇ ਆਪਣਾ ਟਿਕਾਣਾ ਰਾਮਦਾਸ ਚੱਕ ਸ੍ਰੀ ਅੰਮ੍ਰਿਤਸਰ ਕੀਤਾ, ਤਾਂ ਇਸ ਮਹਾਨ ਸੇਵਾ ਵਿੱਚ ਭਾਈ ਹਸਨਾ ਜੀ ਹੁੰਮ ਹੁੰਮਾ ਕੇ ਪੁੱਜੇ। ਉਹਨਾਂ ਨੇ ਆਪਣੇ ਟਾਂਡੇ ਦੀ ਮਦਦ ਨਾਲ, ਦਾਲਾਂ, ਆਟਾ, ਚਾਵਲ ਤੇ ਹਰ ਪ੍ਰਕਾਰ ਦੀ ਰਸਦ ਦੂਰੋਂ ਪਾਰੋਂ ਢੋ ਢੋ ਕੇ ਲੰਗਰ ਵਿੱਚ ਜਮਾ ਕੀਤੀ। ਸੰਗਤਾਂ ਦੀ ਆਵਾਜਾਈ ਬਿਅੰਤ ਸੀ ਤੇ ਤੋਟ ਨ ਆਵੇ ਥਟੀਏ” ਦੇ ਮਹਾਂਵਾਕ ਅਨੁਸਾਰ ਲੰਗਰ ਸਦਾ ਅਤੁੱਟ ਵਰਤਦਾ। ਰਹਿਆ।
ਇਕ ਇਤਿਹਾਸਕ ਤੱਥ ਅਨੁਸਰ 6,8 ਫੀਸਦੀ ਲੁਬਾਣੇ ਮੁਸਲਮਾਨ ਵੀ ਸਨ। ਇਹ ਆਪਣੀ ਹੋਂਦ ਨੂੰ ਬੇਸ਼ੱਕ ਬਰਕਰਾਰ ਰਖਦੇ ਸਨ, ਪਰ ਅਜਿਹਾ ਨਹੀਂ ਕਿ ਲੁਬਾਣਿਆਂ ਦੀ ਮੁੱਖ ਧਾਰਾ ਤੋਂ ਦੂਰ ਜਾਂ ਵੱਖ ਰਹਿੰਦੇ ਸਨ । ਗੁਰੂ ਘਰ ਵਿੱਚ ਤਾਂ ਕਿਸੇ ਕਿਸਮ ਦਾ ਕੋਈ ਭੇਦ ਭਾਵ ਜਾਂ ਤਫਰਕਾ ਹੈ ਈ ਨਹੀਂ ਸੀ। ਭਾਈ ਗੁਰਦਾਸ ਜੀ ਦੁਆਰਾ ਗੁਰੂ ਘਰ ਦੇ ਪ੍ਰਮੁੱਖ ਸਿੱਖਾਂ ਦਾ ਜੇ ਜ਼ਿਕਰ ਕਰੀਏ ਤਾਂ ਮੁਸਲਮਾਨ ਸੇਵਕਾਂ ਦੀ ਇਕ ਲੰਮੀ ਸੂਚੀ ਹੈ। ਜਿਸ ਤਰ੍ਹਾਂ ਭਾਈ ਮਨਸੁਖ ਜੀ ਲੁਬਾਣਾ ਸਿੱਖ ਸਨ, ਇੰਜ ਹੀ, “ਦੌਲਤ ਖਾਂ ਲੋਧੀ” ਸਿੱਖ ਹੋਇਆ ਦਾ ਲਿਖਤੀ ਪ੍ਰਮਾਣ ਸਾਡੇ ਪਾਸ ਹੈ। ਦੂਰ ਕਿਉਂ ਜਾਈਏ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਵਿੱਚ ਰਹਿੰਦਿਆਂ ਗੁਰੂ ਨਾਨਕ ਰੂਪ ਹੀ ਹੋ ਗਏ। ਮੈਂ ਤਾਂ ਨਿਝੱਕ ਹੋ ਕੇ ਏਥੋਂ ਤਕ ਆਖਦਾ ਹਾਂ, ਕਿ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਸ਼ਬਦ ਰੂਪ ਹਨ ਤੇ ਭਾਈ ਮਰਦਾਨਾ ਜੀ ਰਾਗ ਰੂਪ, ਦੋਵੇਂ ਰਲਣ ਤੇ ਕੀਰਤਨ ਬਣੇ । ਅਜਿਹਾ ਗੁਰੂ ਨਾਨਕ ਦੇਵ ਜੀ ਨੇ ਖੁਦ ਵੀ ਫਰਮਾਇਆ ਹੈ। ਫਿਰ ਹੈਰਾਨੀ ਦੀ ਕੋਈ ਗੱਲ ਨਹੀਂ ਜੇ ਭਾਈ ਹਸਨਾ ਜੀ ਮੂਲ ਰੂਪ ਵਿੱਚ ਕਿਤੇ ਮੁਸਲਮਾਨ ਘਰਾਣੇ ਨਾਲ ਰਲਦੇ ਹਨ।
ਭਾਈ ਹਸਨਾ ਜੀ ਲੁਬਾਣਾ ਜੇ ਬਾਬਾ ਬੁੱਢਾ ਜੀ ਕੋਲ ਬੈਠਦੇ ਤਾਂ ਮਿੱਟੀ ਆਦਿ ਢੋ ਦੁਆ ਸੁਆਰੀ ਕਰਨ ਵਿੱਚ ਆਪਣੇ ਬੰਦਿਆਂ ਤੇ ਕਰਿੰਦਿਆਂ ਨੂੰ ਜੋੜ ਦਿੰਦੇ। ਭਾਈ ਬਹਿਲੋ ਜੀ ਨਾਲ ਜੇ ਬਹਿੰਦੇ ਤਾਂ ਵਧੀਆ ਤੋਂ ਵਧੀਆ ਲਾਲ ਸੂਹੀਆਂ ਪੱਕੀਆਂ ਇੱਟਾਂ ਦਰਬਾਰ ਸਾਹਿਬ ਵਾਸਤੇ ਹਾਸਿਲ ਕਰਦੇ। ਲੰਗਰ ਦੇ ਮੁਖੀ ਭਾਈ ਬੰਨੋ ਜੀ ਨਾਲ ਵੀਚਾਰ ਕਰਕੇ ਰਸਦਾਂ ਧੋਂਦੇ ਥਕਦੇ ਨਾ। ਇਹ ਪਵਿੱਤਰ ਸਬੰਧ ਤੇ ਜੋੜ ਅੱਗੋਂ ਹੋਰ ਵਧ ਕੇ ਫੈਲਦੇ ਗਏ। ਇਹ ਗੱਲ ਬੜੇ ਧਿਆਨ ਨਾਲ ਵੇਖਣ ਵਾਲੀ ਹੈ ਕਿ ਜੰਗਲਾਂ ਵਿੱਚੋਂ ਲਿਆਈ ਜਾਣ ਵਾਲੀ ਲੱਕੜ ਦੇ ਕੁਝ ਮੁੱਲ ਵਿੱਚੋਂ ਤਕਰੀਬਨ ਅੱਧਾ ਮੁੱਲ ਢੁਆਈ ਦਾ ਹੁੰਦਾ ਹੈ। ਇਹ ਮੇਰਾ ਜਾਤੀ ਤਜਰਬਾ ਹੈ। ਬਿਲਕੁਲ ਇਸ ਤਰ੍ਹਾਂ ਦਿਸਾਵਰ ਵਿੱਚੋਂ ਲਿਆਏ ਜਾਣ ਵਾਲੇ ਸੰਗਮਰਮਰ ਬਾਰੇ ਹੁੰਦਾ ਹੈ। ਅੱਜ ਵੀ ਜੇ ਨਗਰ ਤੋਂ ਦੂਰ ਪਾਰ ਵਾਲੇ ਭੱਠਿਆਂ ਤੋਂ ਇੱਟਾਂ ਖੁਦ ਢੋਈਆਂ ਜਾਣ ਤਾਂ ਮੁੱਲ ਬੜਾ ਸਵਲਾ ਹੋ ਜਾਂਦਾ ਹੈ। ਭਾਈ ਹਸਨਾ ਜੀ ਤੇ ਉਹਨਾਂ ਦੇ ਸਾਥੀ ਤੇ ਕਾਰਿੰਦੇ ਦਰਬਾਰ ਸਾਹਿਬ ਲਈ ਉਸਾਰੀ ਦੀਆਂ ਵਸਤਾਂ ਹੋ ਕੇ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਪਰਾਪਤ ਕਰਦੇ ਸਨ।
ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਅੰਤਰੀਵ ਆਤਮਾ ਤੇ ਸੁੱਚੀ ਸੋਚ ਅਨੁਸਾਰ ਰੂਪਮਾਨ ਹੋ ਰਹੇ ਹਨ। ਇਸਦਾ ਜ਼ਿਕਰ ਗੁਰਬਾਣੀ ਦੇ ਵੱਖ ਵੱਖ ਥਾਵਾਂ ਤੇ ਮਿਲਦਾ ਹੈ। ਮੈਂ ਹੇਠਾਂ ਦੋ ਕੁ ਟੂਕਾਂ ਦੇ ਕੇ ਗੱਲ ਨੂੰ ਸਪੱਸ਼ਟ ਕਰਨ ਦਾ ਯਤਨ ਕਰਾਂਗਾ।
ਗੁਰੂ ਨਾਨਕ ਦੇਵ ਜੀ ਦਾ ਹਕੂਮ ਹੈ ਕਿ ਅੰਮ੍ਰਿਤਸਰ ਵਿੱਚ ਅੰਮ੍ਰਿਤ ਨੀਰ ਭਰਪੂਰ ਹੈ। ਓਥੇ ਗੁਰਸਿੱਖ, ਗੁਰਬਾਣੀ ਵਿੱਚ ਮਜਨ ਕਰ ਨਿਰਮਲ ਹੁੰਦੇ ਹਨ ਜਿਸ ਨਾਲ ਅੱਠ-ਸੱਠ ਭਾਵ ਅਠਾਹਠ ਤੀਰਥਾਂ ਦਾ ਪੁੰਨ ਪ੍ਰਾਪਤ ਹੁੰਦਾ ਹੈ। ਇਹ ਗੁਰੂ ਦਾ ਉਪਦੇਸ਼ ਹੈ, ਜਿਹੜਾ ਗੁਰਸਿੱਖ ਇਸਨੂੰ ਇੰਨ ਬਿੰਨ ਸਮਝ ਲਏ ਉਸਦੀ ਬੁਧ ਨਿਰਮਲ ਹੋ ਜਾਂਦੀ ਹੈ ਤੇ ਉਹ ਗੁਰ ਸੇਵਾ ਵਿੱਚੋਂ ਸਬ ਕੁਝ ਪ੍ਰਾਪਤ ਕਰ ਲੈਂਦਾ ਹੈ। ਸਹਜ ਨਾਲ ਗੁਰੂ ਸੇਵਾ ਵਿੱਚੋਂ ਮੂਲ ਨੂੰ ਪ੍ਰਾਪਤ ਕਰ ਲੈਂਦਾ ਹੈ।
ਅੰਮ੍ਰਿਤੁ ਨੀਰੁ ਗਿਆਨਿ ਮਨ ਮਜਨੁ ਅਠਸਠਿ ਤੀਰਥ ਸੰਗਿ ਗਹੇ॥
ਗੁਰ ਉਪਦੇਸਿ ਜਵਾਹਰ ਮਾਣਕ ਸੇਵੇ ਸਿਖੁ ਸੋੁ ਖੋਜਿ ਲਹੈ॥
ਗੁਰ ਸਮਾਨਿ ਤੀਰਥੁ ਨਹੀ ਕੋਇ॥
ਸਰੁ ਸੰਤੋਖੁ ਤਾਸੁ ਗੁਰੁ ਹੋਇ॥
( ਪ੍ਰਭਾਤੀ ਮ.੧, ਪੰਨਾ 1328 )
ਪਾਤਸ਼ਾਹ ਆਖਦੇ ਹਨ, ਤੀਰਥ ਤਾਂ ਗੁਰੂ ਹੈ, ਉਹਦੇ ਵਰਗਾ ਤੀਰਥ ਹੋਰ ਕੋਈ ਨਹੀਂ। ਗੁਰੂ ਸੰਤੋਖ ਦਾ ਸਰੋਵਰ ਹੈ, ਸੰਤੋਖ ਦਾ ਖ਼ਜ਼ਾਨਾ ਹੈ। ਜਿਹੜਾ ਗੁਰਸਿੱਖ ਉਸਨੂੰ ਖੋਜੇਗਾ, ਉਹ ਉਸਦਾ ਰੂਪ ਹੋ ਜਾਏਗਾ। ਅੰਮ੍ਰਿਤਸਰ ਦੀ ਸੂਖਮ ਤੇ ਰੂਹਾਨੀ ਗੱਲ ਇਹ ਹੈ, ਇੱਟਾਂ, ਪੱਥਰਾਂ ਤੇ ਸੰਗਮਰਮਰ ਦੀ ਮਹਾਨਤਾ ਇਹ ਹੈ ਕਿ ਗੁਰਮਤਿ ਤੇ ਗੁਰ ਵਿਚਾਰ ਨੂੰ ਉਜਾਗਰ ਕਰਨ ਕਾਰਣ ਇਹ ਵਸਤਾਂ ਵੀ ਧੰਨ ਹੋ ਗਈਆਂ।
ਅੱਜ ਅਸੀ ਜੇ ਦੁਖਭੰਜਨੀ ਸਾਹਿਬ ਦੇ ਪਵਿੱਤਰ ਅਸਥਾਨ ਤੇ ਅੰਮ੍ਰਿਤ ਸਰੋਵਰ ਦੇ ਕਿਨਾਰੇ ਖੜੇ ਹੋ ਕੇ ਧਿਆਨ ਨਾਲ ਦੇਖੀਏ ਤਾਂ ਗੱਲ ਸਪੱਸ਼ਟ ਹੋ ਜਾਏਗੀ ਕਿ ਅੰਮ੍ਰਿਤ ਨੀਰ ਦਾ ਸਰੋਵਰ ਭਰਿਆ ਪਿਆ ਹੈ। ਦਰਬਾਰ ਸਾਹਿਬ ਅੰਦਰ ਗੁਰਬਾਣੀ ਦਾ ਕੀਰਤਨ ਹੋ ਰਿਹਾ। ਹੈ। ਗੁਰਸਿੱਖ ਸਰੋਵਰ ਵਿੱਚ ਇਸ਼ਨਾਨ ਕਰ ਰਹੇ ਹਨ ਤੇ ਦੁਖਭੰਜਨੀ ਦੇ ਖੱਬੇ ਪਾਸੇ ਉਹ ਚਬੂਤਰਾ ਹੈ, ਜਿੱਥੇ ਗੁਰੂ ਅਰਜਨ ਦੇਵ ਜੀ ਬੈਠ ਕੇ ਸੰਗਤਾਂ ਨੂੰ ਨਿਰਮਲ ਗੁਰਮਤਿ ਗਿਆਨ ਵੰਡ ਰਹੇ ਹਨ। ਇਸ ਚਬੂਤਰੇ ਨੂੰ ਗੁਰੂ ਅਰਜਨ ਦੇਵ ਜੀ ਨੇ ਅਠਸਠ ਤੀਰਥ ਆਖਿਆ ਹੈ। ਕਿਤਨੀ ਖੂਬਸੂਰਤ ਤੇ ਚਾਨਣਮਈ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਬਾਣੀ ਦਾ ਗੁਰੂ ਅਰਜਨ ਦੇਵ ਜੀ ਨੇ ਠੋਸ ਅਨੁਵਾਦ ਕਰ ਵਿਖਾਇਆ। ਗੁਰੂ ਜੀ ਖੁਦ ਸੰਤੋਖ ਹਨ। ਗੁਰੂ ਨਾਨਕ ਦੇਵ ਜੀ ਸੰਤੋਖ ਰੂਪ ਹਨ, ਉਹ ਸੰਤੋਖ ਦਾ ਸਰੋਵਰ ਹਨ ਅਤੇ ਇਸ ਤੋਂ ਵੱਡਾ ਹੋਰ ਕੋਈ ਤੀਰਥ ਨਹੀਂ ਹੈ। ਇਹਨਾਂ ਹੀ ਭਾਵਨਾਵਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਸਵਿਸਥਾਰ ਦਿੱਤਾ ਹੈ। ਮੈਂ ਉਸ ਸਬੰਧੀ ਸੰਪੂਰਣ ਵਿਆਖਿਆ ਕਿਸੇ ਹੋਰ ਲੇਖ ਵਿੱਚ ਦੇ ਕੇ ਰਿਣਮੁਕਤ ਹੋਵਾਂਗਾ। ਗੱਲ ਇਹ ਹੈ ਕਿ ਗੁਰੂ ਨਾਨਕ ਤੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਸਾਹਿਬ ਸਬੰਧੀ ਵੀਚਾਰ ਬਿਲਕੁਲ ਇੱਕੋ ਹਨ। ਇਸ ਇਕਤਮਤਾ ਦਾ ਗਿਆਨ ਗੁਰਸਿੱਖਾਂ ਨੂੰ ਅਕਾਲਪੁਰਖ ਦੀ ਅਦੰਤਤਾ ਦਾ ਗਿਆਨ ਕਰਾਂਦਾ ਹੈ। ਇਸ ਸਬੰਧ ਵਿੱਚ ਗੁਰੂ ਅਮਰਦਾਸ ਜੀ ਨੇ ਬਹੁਤ ਸੁੰਦਰ ਗਿਆਨ ਦਿੱਤਾ ਹੈ। ਆਪ ਜੀ ਆਖਦੇ ਹਨ। ਉਹ ਸਰੀਰ ਹਰਿਮੰਦਰ ਰੂਪ ਹੈ ਜਿਸ ਵਿੱਚ ਹਰਿ ਜੀ ਬਿਰਾਜਦੇ ਹਨ ਤੇ ਓਥੋਂ ਹੀ ਗਿਆਨ ਪ੍ਰਗਟ ਹੁੰਦਾ ਹੈ।
ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥
ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ॥
( ਪ੍ਰਭਾਤੀ ਮ.੩ ਬਿਭਾਸ ਪੰਨਾ-1346 )
ਗੁਰੂ ਜੀ ਆਖਦੇ ਹਨ, ਮਨਮੁਖਾਂ ਨੇ ਕੀ ਕੀਤਾ ਕਿ ਉਹ ਸਰੀਰ ਪੂਜਣ ਲਗ ਪਏ। ਦਰਬਾਰ ਸਾਹਿਬ ਵਿੱਚ ਵੀ ਪੂਜਾ ਅਕਾਲਪੁਰਖ ਤੇ ਗੁਰੂ ਜੋਤ ਦੀ ਹੈ। ਜਿਹੜੇ ਮਨੁੱਖ ਮੂਲ ਨੂੰ ਨਹੀਂ ਸਮਝਦੇ ਉਹ ਮਨਮੁਖ ਹਨ ਤੇ ਗੁਰਮਤਿ ਤੋਂ ਬਹੁਤ ਦੂਰ ਹਨ।
ਗੁਰੂ ਅਰਜਨ ਦੇਵ ਜੀ ਖੁਦ ਇਸ ਹਰਿਮੰਦਰ ਦੀ ਉਸਾਰੀ ਜੋਤ ਰੂਪ ਹੋ ਕੇ ਕਰਵਾ ਰਹੇ ਸਨ। ਆਪ ਜੀ ਬੇਨਤੀ ਕਰਦੇ ਹਨ ਕਿ ਇਹ ਮੇਰਾ ਕੰਮ ਨਹੀਂ। ਇਹ ਅਕਾਲਪੁਰਖ ਦਾ ਕਾਰਜ ਹੈ। ਜਿਸਦਾ ਇਹ ਕਾਰਜ ਹੈ, ਉਹ ਕਰ ਰਿਹਾ ਹੈ। ਆਪ ਜੀ ਨੇ ਮਨੁੱਖ ਨੂੰ ਮਹਾਨਤਾ ਨਹੀਂ ਦਿੱਤੀ ਸਗੋਂ ਵਿਚਾਰਾ ਆਖਿਆ ਹੈ। ਜਿਨ੍ਹਾਂ ਗੁਰਮੁਖ ਮਨੁੱਖਾਂ ਨੂੰ ਸਿਫਤ ਸਾਲਾਹ ਦੀ ਦਾਤ ਮਿਲ ਗਈ ਹੈ, ਉਹ ਗੁਰੂ ਕੇ ਭਗਤ ਹੋਏ। ਉਹ ਸਦਾ ਅਕਾਲਪੁਰਖ ਦੀ ਸਿਫਤ ਕਰਦੇ ਹਨ, ਹਰੀ ਦੇ ਗੁਣ ਗਾ ਕੇ ਉਹ ਸੋਭਾ ਪਾਂਦੇ ਹਨ ਤੇ ਸਦਾ ਉਸੇ ਦੀ ਜੈਕਾਰ ਕਰਦੇ ਹਨ।
ਜਿਸ ਕਾ ਕਾਰਜੁ ਤਿਨ ਹੀ ਕੀਆ ਮਾਣਸੁ ਕਿਆ ਵੇਚਾਰਾ ਰਾਮ॥
ਭਗਤ ਸੋਹਨਿ ਹਰਿ ਕੇ ਗੁਣ ਗਾਵਹਿ ਸਦਾ ਕਰਹਿ ਜੈਕਾਰਾ ਰਾਮ॥
ਗੁਣ ਗਾਇ ਗੋਬਿੰਦ ਅਨਦ ਉਪਜੇ ਸਾਧਸੰਗਤਿ ਸੰਗਿ ਬਨੀ॥
ਜਿਨਿ ਉਦਮੁ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ॥
ਅਠਸਠਿ ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ॥
ਪਤਿਤ ਪਾਵਨੁ ਬਿਰਦੁ ਸੁਆਮੀ ਨਾਨਕ ਸਬਦ ਅਧਾਰਾ ॥
( ਸੂਹੀ ਮਹਲਾ ੫, ਪੰਨਾ 784 )
ਮੈਂ ਗੁਰਮਤਿ ਅਨੁਸਾਰ ਸਾਧ ਸੰਗਤਿ ਨਾਲ ਰਲ ਕੇ ਪਾਰਬ੍ਰਹਮ ਅਬਿਨਾਸ਼ੀ ਕਰਤਾ ਦੇ ਗੁਣ ਗਾ ਰਿਹਾ ਹਾਂ। ਇਸ ਨਾਲ ਅਨੰਦ ਦੀ ਪ੍ਰਾਪਤੀ ਹੋਈ ਹੈ।
ਗੁਰੂ ਅਰਜਨ ਦੇਵ ਜੀ ਤਾਲ ਦੇ ਉਦਮ ਕਰਣ ਵਾਲੇ ਅਕਾਲਪੁਰਖ ਦੀ ਉਪਮਾ ਦੇ ਬਾਰੇ ਆਖਦੇ ਹਨ ਕਿ ਮੈਂ ਕੀ ਆਖ ਸਕਦਾ ਹਾਂ, ਉਸਦੀ ਉਪਮਾ ਗਿਣਤੀ ਵਿੱਚ ਨਹੀਂ ਆ ਸਕਦੀ । ਏਥੇ ਸਾਨੂੰ ਇਸ ਤੱਥ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਇਹ ਮੂਲ ਵੀਚਾਰ ਗੁਰੂ ਨਾਨਕ ਦੇਵ ਜੀ ਦਾ ਹੈ, ਗੁਰੂ ਅਰਜਨ ਦੇਵ ਜੀ ਇਸਨੂੰ ਸਾਕਾਰ ਕਰ ਰਹੇ ਹਨ। ਇਸਦਾ ਜ਼ਿਕਰ ਅਸੀ ਉੱਤੇ, ਪ੍ਰਭਾਤੀ ਮ.੧ ਦੇ ਸ਼ਬਦ ਦੇ ਸੰਦਰਭ ਵਿੱਚ ਕਰ ਆਏ ਹਾਂ। ਏਥੇ ਗੁਰੂ ਅਰਜਨ ਦੇਵ ਜੀ ਫਿਰ ਅਠਸਠ ਤੀਰਥ ਦਾ ਜ਼ਿਕਰ ਕਰ ਰਹੇ ਹਨ। ਅਠਸਠ ਤੀਰਥ ਅਕਾਲਪੁਰਖ ਦੇ ਚਰਣਾਂ ਵਿੱਚ ਹਨ। ਬ੍ਰਾਹਮਣ ਜਪ, ਸਿਮਰਨ (ਗਾਇਤ੍ਰੀ ਮੰਤਰ) ਹਵਨ ਜਗ ਪੂਜਾ ਆਦਿ ਕਰਦਾ ਹੈ ਉਸਨੂੰ ਉਹ ਪੁੰਨ-ਕਿਰਿਆ ਜਾਂ ਪੁੰਨਯਾਚਰਣ ਆਖਦਾ ਹੈ। ਗੁਰੂ ਪਿਤਾ ਫੁਰਮਾਂਦੇ ਹਨ ਕਿ ਮੈਂ ਵੈਦਿਕ ਧਰਮ ਵਾਲੇ ਚਾਰੇ ਪੈਰ ਤਿਆਗ ਦਿੱਤੇ ਹਨ। ਇਹ ਹਉਮੈ ਦਾ ਕਾਰਣ ਹਨ। ਅਕਾਲਪੁਰਖ ਦੀ ਸਿਫਤ ਸਾਲਾਹ ਤੇ ਉਪਮਾ ਨਿਮਰਤਾ ਪੈਦਾ ਕਰਦੇ ਹਨ। ਇਹੀ ਗੁਰਮਤਿ ਦੀ ਜੀਵਨ ਵਿਧੀ ਤੇ ਆਚਰਣ ਹੈ। ਅਕਾਲ ਪੁਰਖ ਦਾ ਬਿਰਦ ਭਾਵ ਮੁੱਢਲਾ ਸੁਭਾ ਹੈ ਕਿ ਉਹ ਪਤਿਤਾਂ ਨੂੰ ਪਵਿੱਤਰ ਕਰਦਾ ਹੈ। ਗੁਰੂ ਨਾਨਕ ਦੇਵ ਜੀ ਦੇ ਹੁਕਮ ਅਨੁਸਾਰ ਸਾਡਾ ਆਧਾਰ ਸ਼ਬਦ ਹੈ। ਨਿਰੰਕਾਰ ਸ਼ਬਦ ਦਾ ਪੱਲਾ ਫੜਿਆਂ ਸਾਡਾ ਉਧਾਰ ਹੁੰਦਾ ਹੈ ਤੇ ਹੋਰ ਸਭ ਕਰਮ ਕਾਂਡ ਤੇ ਚਾਰੇ ਅਸਾਂ ਤਿਆਗ ਦਿੱਤੇ ਹਨ। ਜਦੋਂ ਇਹ ਸਾਰੀ ਉਸਾਰੀ ਹੋ ਰਹੀ ਸੀ ਭਾਈ ਹਸਨਾ ਲੁਬਾਣਾ ਜੀ ਉਸ ਵਿੱਚ ਚਾਂਈ ਚਾਂਈ ਵਿਚਰ ਰਹੇ ਸਨ। ਉਹਨਾਂ ਨੂੰ ਆਪਾ ਗੁਆ ਕੇ ਸ਼ੁਹ ਨੂੰ ਪਰਾਪਤ ਕਰਣ ਦੀ ਜਾਚ ਆ ਗਈ ਸੀ, ਇਹ ਸਭ ਪਵਿੱਤਰ ਹੀਰਿਆ ਰੂਪੀ ਵੀਚਾਰ ਜਿੱਥੇ ਗੁਰੂ ਜੀ ਨੇ ਹਰਿਮੰਦਰ ਰੂਪ ਵਿੱਚ ਸਾਕਾਰ ਕੀਤੇ, ਓਥੇ ਖੁਦ ਪੋਥੀ ਸਾਹਿਬ ਵਿੱਚ ਸੰਕਲਿਤ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਬੰਨੀ। ਪੋਥੀ ਪਰਮੇਸਰ ਕਾ ਥਾਨੁ ਦਾ ਮਹਾਂਵਾਕ ਉਚਾਰਿਆ ਅਤੇ ਹਰਿਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਉਸ ਪਵਿੱਤਰ ਦਿਨ ਤੋਂ ਬਾਅਦ ਗੁਰੂ ਜੀ ਖੁਦ ਨੀਵੇਂ ਥਾਂ ਬੈਠੇ।
ਧੰਨ ਹਨ ਉਹ ਗੁਰਸਿੱਖ, ਜਿਨ੍ਹਾਂ ਨੇ ਗੁਰੂ ਪਾਤਸ਼ਾਹ ਦੇ ਇਹ ਪਵਿੱਤਰ ਬਚਨ ਆਪਣੇ ਹਿਰਦਿਆਂ ਵਿੱਚ ਗਹਿਰੇ ਕੁਨਿੰਦਾ ਕਰ ਲਏ। ਇਹਨਾਂ ਵਿੱਚੋਂ ਹੀ ਇਕ ਗੁਰਸਿੱਖ ਭਾਈ ਹਸਨਾ ਜੀ ਲੁਬਾਣਾ ਸਨ।
ਛਠਮ ਪੀਰ ਬੈਠਾ ਗੁਰ ਭਾਰੀ
ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਸਾਰੇ ਪਾਸੇ ਰੋਸ ਦੀ ਇਕ ਲਹਿਰ ਦੌੜ ਗਈ। ਇਹ ਰੋਸ ਮਾਯੂਸੀ ਦਾ ਰੂਪ ਨਾ ਧਾਰ ਲਏ, ਇਸ ਲਈ ਗੁਰੂ ਹਰਿਗੋਬਿੰਦ ਜੀ ਮਹਾਰਾਜ ਨੇ ਗੁਰੂ ਨਾਨਕ ਤੇ ਗੁਰੂ ਅਰਜਨ ਦੇ ਰਾਹ ਤੇ ਚਲਦਿਆਂ ਬੜੀ ਸੁਚੱਜੀ ਅਗਵਾਈ ਦਿੱਤੀ। ਗੁਰੂ ਹਰਿਗੋਬਿੰਦ ਜੀ ਦਾ ਜਨਮ 1595 ਈ. ਵਿੱਚ ਹੋਇਆ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ 1606 ਵਿੱਚ ਹੋਈ। ਉਹ ਆਪਣੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਡੂੰਘੀ ਨਜ਼ਰ ਨਾਲ ਦੇਖ ਰਹੇ ਸਨ।
ਗੁਰੂ ਹਰਿਗੋਬਿੰਦ-ਵਡ ਜੋਧਾ ਬਹੁਪਰੂਪਕਾਰੀ
ਗੁਰੂ ਹਰਿਗੋਬਿੰਦ ਜੀ ਨੇ ਮਹਾਰਾਜ ਦੇ ਚਲਨ ਤੇ ਘਾੜਤ ਦੀ ਸ਼ਖ਼ਸੀਅਤ ਵਿੱਚ ਗੁਰੂ ਅਰਜਨ ਦੇਵ ਜੀ ਉਚੇਚਾ ਧਿਆਨ ਦਿੱਤਾ। ਬਾਬਾ ਪ੍ਰਿਥੀਚੰਦ ਜੀ ਗੁਰਗੱਦੀ ਨਾ ਮਿਲਣ ਕਰਕੇ ਵਿਸ ਘੋਲ ਰਹੇ ਸਨ। ਉਹਨਾਂ ਨੇ ਗੁਰੂ ਹਰਿਗੋਬਿੰਦ ਜੀ ਮਹਾਰਾਜ ਉੱਤੇ ਬਚਪਨ ਵਿੱਚ ਹੀ ਬੜੇ ਜਾਨਲੇਵਾ ਤੇ ਘਾਤਕ ਹਮਲੇ ਕੀਤੇ। ਦਾਈ ਦੇ ਥਨਾਂ ਨੂੰ ਜ਼ਹਿਰ ਲਾ ਕੇ ਘੱਲਿਆ। ਤਮਾਸ਼ੇ ਦੇ ਬਹਾਨੇ ਮਦਾਰੀ ਦੀ ਸਹਾਇਤਾ ਨਾਲ ਜ਼ਹਿਰੀਲਾ ਸੱਪ ਵੀ ਛੱਡਿਆ। ਗੁਰੂ ਬਾਲਕ ਨੂੰ ਦਹੀਂ ਅਤੇ ਮਿਠਾਈ ਵਿੱਚ ਵੀ ਜ਼ਹਿਰ ਦੇਣ ਦੀ ਕੋਝੀ ਸਾਜਿਸ਼ ਕੀਤੀ, ਪਰ ਉਹ ਗੁਰੂ ਕਿਰਪਾ ਦੁਆਰਾ ਹਰ ਵਾਰੀ ਨਰੋਏ ਰਹੇ। ਗੁਰੂ ਅਰਜਨ ਦੇਵ ਜੀ ਨੇ ਬਾਲਕ ਹਰਿਗੋਬਿੰਦ ਨੂੰ ਬੀੜ ਬਾਬਾ ਬੁੱਢਾ ਜੀ ਨੇੜੇ ਪਿੰਡ ਝੁਬਾਲ ਘਲ ਦਿੱਤਾ। ਬਾਬਾ ਬੁੱਢਾ ਜੀ ਦੀ ਦੇਖ ਰੇਖ ਵਿੱਚ ਉਹ ਸ਼ਸਤਰ ਵਿਦਿਆ, ਘੁੜ ਸਵਾਰੀ, ਗੁਰਬਾਣੀ ਤੇ ਗੁਰਮਤਿ ਦੀ ਸਿੱਖਿਆ ਲੈ ਰਹੇ ਸਨ। ਉਹਨੀ ਦਿਨੀਂ ਕਿਸੇ ਗੁਰਸਿੱਖ ਨੇ ਗੁਰੂ ਅਰਜਨ ਦੇਵ ਜੀ ਨੂੰ ਆਖਿਆ ਕਿ ਤੁਸੀਂ ਵੀ ਸ਼ਸਤਰ ਧਾਰਣ ਕਰੋ, ਤਾਂ ਉਹਨਾ ਦਾ ਉੱਤਰ ਸੀ, ਮੈਂ ਸ਼ਸਤਰ ਧਾਰਣ ਕਰਾਂਗਾ ਪਰ ਗੁਰੂ ਹਰਿਗੋਬਿੰਦ ਦੇ ਰੂਪ ਵਿੱਚ । ਪਾਤਸ਼ਾਹ ਇਹ ਕਿਹਾ ਕਰਦੇ ਸਨ ਕਿ ਸਾਡਾ ਸਰੀਰ ਧਰਮ ਅਰਥ ਲੱਗੇਗਾ, ਤੁਸੀਂ ਸ਼ਸਤਰ ਧਾਰਣ ਕਰਣੇ। ਸਾਡਾ ਮੁਗਲਾਂ ਵਿੱਚ ਜਾਣਾ ਹੋਵੇਗਾ। ਹਾਲਾਤ ਐਸੇ ਬਣ ਰਹੇ ਸਨ, ਕਿ ਬਾਬਾ ਪ੍ਰਿਥੀਚੰਦ ਜੀ ਦਾ ਸਾੜਾ; ਚੰਦੂ ਦੀ ਆਕੜ ਕਰਕੇ ਉਸਦੀ ਬੇਟੀ ਦਾ ਰਿਸ਼ਤਾ ਮੋੜਿਆ ਜਾਣਾ, ਜਹਾਂਗੀਰ ਦੀ ਮੁਤਸਬੀ ਨੀਤੀ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਕਾਰਣ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ। ਉਹਨਾਂ ਨੇ ਸ਼ਹਾਦਤ ਵੇਲੇ ਵੀ ਸ਼ਸਤਰ ਧਾਰਣ ਦਾ ਆਦੇਸ਼ ਦਿੱਤਾ। ਆਪ ਜੀ ਨੇ ਬਚਨ ਕੀਤੇ ਕਿ ਰਾਜ ਦੀਆਂ ਬਾਹਾਂ ਲੰਬੀਆਂ ਹਨ ਤੇ ਉਸਦੇ ਵਿਪਰੀਤ ਧਰਮ ਦੀਆਂ ਬਾਹਾਂ ਮਜਬੂਤ ਤੇ ਦ੍ਰਿੜ੍ਹ ਹਨ। ਗੁਰੂ ਅਰਜਨ ਦੇਵ ਜੀ ਲਾਹੌਰ ਜਾਣ ਤੋਂ ਪਹਿਲਾਂ ਹੀ ਗੁਰਗੱਦੀ ਹਰਿਗੋਬਿੰਦ ਜੀ ਨੂੰ ਦੇ ਗਏ ਸਨ ‘ਸਹਿ ਟਿਕਾ ਦਿਤੋਸੁ ਜੀਵਦੈ’ ਦੇ ਮਹਾਂਵਾਕ ਅਨੁਸਾਰ।
ਇਤਿਹਾਸਕਾਰਾਂ ਨੇ ਖਦਸ਼ੇ ਪਰਗਟ ਕੀਤੇ ਸਨ। ਗਾਰਡਨ, ਟਰੰਪ, ਜਾਦੂਨਾਥ ਸਰਕਾਰ ਤੇ ਹੋਰਨਾਂ ਨੇ ਇਹ ਵੀ ਕਿਹਾ ਕਿ ਗੁਰੂ ਨਾਨਕ ਦੇਵ ਜੀ ਵੇਲੇ ਉਭਰਿਆ ਅੰਤ ਦਾ ਸੋਮਾ ਗੁਰੂ ਹਰਿਗੋਬਿੰਦ ਜੀ ਦੀਆਂ ਜੰਗਾਂ ਵਿੱਚ ਗੁਆਚ ਗਿਆ। ਇਸ ਸਬੰਧ ਵਿੱਚ ਪ੍ਰਸਿੱਧ ਇਤਿਹਾਸਕਾਰ ਪ੍ਰਿੰ. ਸਤਿਬੀਰ ਸਿੰਘ ਨੇ ਬੜਾ ਸੁਹਣਾ ਲਿਖਿਆ ਹੈ ਕਿ ਜੇ ਗੁਰੂ ਹਰਿਗੋਬਿੰਦ ਸਮੇਂ ਨੂੰ ਨ ਸੰਭਾਲਦੇ ਤਾਂ ਇਹ ਸੋਮਾ ਸ਼ਾਇਦ ਸੁਕ ਜਾਂਦਾ, ਪਰ ਅਜਿਹਾ ਕਿਸ ਤਰ੍ਹਾਂ ਹੋ ਸਕਦਾ ਹੈ,
ਅਬਿਚਲ ਨੀਂਵ ਧਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ
ਮੇਰੀ ਜਾਚੇ ਘਟ ਘਟ ਹਨ ਸਿੱਖਾਂ ਦੇ ਹਿਰਦੇ ਤੇ ਉਹਨਾਂ ਵਿੱਚ ਸਚ, ਪ੍ਰੇਮ, ਅਣਖ ਤੇ ਆਜ਼ਾਦੀ ਦੀ ਪ੍ਰਚੰਡ ਰੂਪ ਵਿੱਚ ਬਾਲੀ ਹੋਈ ਗੁਰੂ ਨਾਨਕ ਦੇਵ ਜੀ ਦੁਆਰਾ ਅਬਿਚਲ ਨੀਂਵ ਡੋਲ ਨਹੀਂ ਸਕਦੀ। ਗੁਰੂ ਹਰਿਗੋਬਿੰਦ ਜੀ ਮਹਾਰਾਜ ਨੇ ਇਸੇ ਉੱਤੇ ਪਹਿਰਾ ਦਿੱਤਾ। ਛੇਵੇਂ ਪਾਤਸ਼ਾਹ ਨੇ ਗੱਦੀ ਤੇ ਬੈਠਦਿਆਂ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਬੱਧੀਆਂ
ਦੋ ਤਲਵਾਰੀਂ ਬੱਧੀਆਂ, ਇਕ ਮੀਰੀ ਦੀ ਇਕ ਪੀਰ ਦੀ
ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ।
ਹਿਮਤ ਬਾਹਾਂ ਕੋਟ ਗੜ੍ਹ, ਦਰਵਾਜ਼ਾ ਬਲਖ ਬਖੀਰ ਦੀ।
ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਗੀਰ ਜੀ
ਪਗ ਤੇਰੀ ਕੀ ਜਹਾਂਗੀਰ ਦੀ।
ਬਸ ਮੁੱਢਲੀ ਗੱਲ ਇਹ ਹੀ ਹੈ, ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਸਾਹਮਣੇ ਖੜ੍ਹੇ ਹੋ ਕੇ ਉਹਨੂੰ, ਬਾਬਰ ਜਾਬਰ ਬਾਬਰ ਜਾਬਰ ਆਖਿਆ। ਬਿਲਕੁਲ ਇਸੀ ਤਰ੍ਹਾਂ ਗੁਰੂ ਹਰਿਗੋਬਿੰਦ ਜੀ ਨੇ ਜਹਾਂਗੀਰ ਦੇ ਜ਼ੁਲਮ ਨੂੰ ਲਲਕਾਰਿਆ। ਸਾਰੇ ਲੋਕ ਮਾਨਸਿਕ ਤੇਗਰੂ ਇਤਨੇ ਬਲੀ ਹੋ ਗਏ ਕਿ ਜਹਾਂਗੀਰ ਦੇ ਤਖ਼ਤੋਤਾਜ਼ ਨੂੰ ਕੁਝ ਨਹੀਂ ਸਨ ਸਮਝਦੇ ਤੋਂ ਗੁਰੂ ਹਰਿਗੋਬਿੰਦ ਸਾਹਿਬ ਦੀ ਪਗ ਤੋਂ ਨਿਆਂ ਪ੍ਰਾਪਤ ਕਰ ਰਹੇ ਸਨ । ਲੋਕੀ ਹੁਣ ਆਪਣੇ ਝਗੜ ਲੈ ਕੇ ਲਾਹੌਰ ਤੇ ਦਿੱਲੀ ਨਹੀਂ ਸਗੋਂ ਅਕਾਲ ਤਖ਼ਤ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੁਜਦੇ ਸਨ। ਏਥੇ ਉਹਨਾਂ ਨੂੰ ਹਿੰਮਤ, ਬਲ ਤੇ ਨਿਆਂ ਦੀ ਪਰਾਪਤੀ ਹੁੰਦੀ ਸੀ। ਉਹ ਨਿਰਭੈਤਾ ਨਾਲ ਭਰਪੂਰ ਹੋ ਜਾਂਦੇ ਸਨ। ਗੁਰਗੱਦੀ ਤੇ ਬਿਰਾਜਦਿਆਂ ਹੀ ਗੁਰੂ ਹਰਿਗੋਬਿੰਦ ਜੀ ਨੇ ਐਲਾਨ ਕੀਤਾ ਕਿ ਹੁਣ ਸਾਡੀ ਭੇਟ ਰਿਸ਼ਟ ਪੁਸ਼ਟ ਜੁਆਨੀਆਂ ਸ਼ਸਤਰ ਤੇ ਘੋੜੇ ਹੋਣਗੇ। ਇਸ ਪ੍ਰਕਾਰ ਸਿਰਲੱਥ ਫੌਜਾਂ ਦੀਆਂ ਪਾਲਾਂ ਲਗ ਗਈਆਂ। ਸੰਨ 1613 ਵਿੱਚ ਅਕਾਲਤਖ਼ਤ ਦੀ ਸਿਰਜਨਾ ਹੋਈ। ਇਸਨੂੰ ਗੁਰੂ ਹਰਿਗੋਬਿੰਦ ਸਾਹਿਬ ਨੇ ਆਪ ਬਣਾਇਆ। ਇਸ ਵਿੱਚ ਕਿਸੀ ਰਾਜ ਤੇ ਮਿਸਤਰੀ ਦਾ ਹੱਥ ਨਹੀਂ ਲੱਗਾ।
ਕਿਸੀ ਰਾਜ ਨ ਹਾਥ ਲਗਾਯੋ, ਬੁਢਾ ਅੋ ਗੁਰਦਾਸ ਬਣਾਯੋ
ਜਿਸ ਤਰ੍ਹਾਂ ਅਕਾਲਤਖ਼ਤ ਦੀ ਉਸਾਰੀ ਪਵਿੱਤਰ ਸੀ, ਇਸੇ ਤਰ੍ਹਾਂ ਪਵਿੱਤਰ ਚਲਨ ਦੀ ਉਸਾਰੀ ਵੀ ਹੋ ਰਹੀ ਸੀ। ਗੁਰਸਿੱਖ ਜੰਗਜੂਆਂ ਦੀ ਕੋਈ ਮੰਗ ਨਹੀਂ ਸੀ, ਬਸ ਦੋ ਵੇਲੇ ਰੋਟੀ ਤੇ ਛੇਈਂ ਮਹੀਨੇ ਇਕ ਕੁੜਤੇ ਨਾਲ ਹੀ ਉਹ ਸੰਤੁਸ਼ਟ ਸਨ । ਗੁਰਸਿੱਖ ਗੌਰਵ ਮਹਿਸੂਸ ਕਰਦੇ ਕਿ ਉਹ, ਛਟਮ ਪੀਰ, ਵੱਡ ਜੋਧਾ ਬਹੁ ਪਰੁਪਕਾਰੀ ਗੁਰੂ ਹਰਿਗੋਬਿੰਦ ਦੀ ਛਤਰ ਛਾਇਆ ਵਿੱਚ ਸੁਰੱਖਿਅਤ ਹਨ। ਜਹਾਂਗੀਰ ਦੀਆਂ ਫੌਜਾਂ ਵਿੱਚੋਂ ਇਨਸਾਫ਼ ਪਸੰਦ ਪਠਾਣ ਸਿਪਾਹੀ ਤੇ ਜੋਧੇ ਵੀ ਗੁਰੂ ਜੀ ਦੀ ਸ਼ਰਣ ਵਿੱਚ ਆ ਗਏ।
ਲੁਬਾਣੇ ਸਿੱਖ ਪੰਜਾਬ ਦੇ ਪਹਾੜੀ ਇਲਾਕੇ ਤੋਂ ਲੈ ਕੇ ਦੱਖਣ ਤੱਕ ਤੇ ਜਿਹਲਮ ਤੋਂ ਲੈ ਕੇ ਦਿੱਲੀ ਤਕ ਕਾਰ ਵਿਹਾਰ ਕਰਦੇ ਸਨ। ਉਹ ਨਿਰੀ ਰੋਟੀ ਤੇ ਮਾਇਆ ਕਮਾਣ ਵਿੱਚ ਨਹੀਂ ਸੀ ਰੁੱਝੇ ਹੋਏ, ਸਗੋਂ ਉਹਨਾਂ ਗੁਰੂ ਘਰ ਦੀ ਨੇੜਤਾ ਤੋਂ, ਆਜ਼ਾਦ ਤੇ ਸਵੈ ਨਿਰਭਰ ਜੀਵਨ ਜੀਣ ਦੀ ਜਾਚ ਸਿੱਖ ਲਈ ਸੀ। ਉਹਨਾਂ ਪਾਸ ਬਹੁਤ ਸਾਰੀ ਕੁਮੁਕ ਸ਼ਸਤਰ, ਜੱਥੇਬੰਦਕ ਢਾਂਚਾ ਤੇ ਗੁਰੂ ਘਰ ਦਾ ਪ੍ਰੇਮ ਮੌਜੂਦ ਸੀ। ਉਹ ਹੋਰ ਵਧੇਰੇ ਗਿਣਤੀ ਵਿੱਚ ਸ਼ਸਤਰਾਂ ਆਦਿ ਨਾਲ ਗੁਰੂ ਘਰ ਆਉਂਦੇ ਤੇ ਬਰਕਤਾਂ ਪਾਂਦੇ। ਇਸ ਪ੍ਰਕਾਰ ਲੁਬਾਣੇ ਸਿੱਖ ਨਿੲੱਕ ਹੋ ਆਪਣੀ ਕਿਰਤ ਵੀ ਕਰਦੇ ਅਤੇ ਹਰ ਪ੍ਰਕਾਰ ਨਾਲ ਗੁਰੂ ਹਰਿਗੋਬਿੰਦ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ।
ਜਹਾਂਗੀਰ ਦੀ ਫੌਜ ਵਿੱਚੋਂ ਨਿਖੜ ਕੇ ਆਏ ਪਠਾਨਾਂ ਦਾ ਮੁਖੀਆ ਸੈਦ ਖਾਂ ਸੀ। ਗੁਰੂ ਜੀ ਨੇ ਸਾਰੇ ਪਠਾਨਾਂ ਨੂੰ ਸ਼ਰਨ ਵਿੱਚ ਲੈ ਲਿਆ ਤੇ ਸੈਦ ਖ਼ਾਨ ਉੱਤੇ ਉਚੇਚੀ ਰਹਿਮਤ੍ਰ ਕੀਤੀ। ਉਸਦੇ ਪਾਲਣ ਪੋਸ਼ਣ ਵੱਲ ਉਚੇਚਾ ਧਿਆਨ ਦਿੱਤਾ। ਉਹ ਬੜਾ ਤਾਕਤਵਰ ਤੇ ਬਲੀ ਸੀ। ਗੁਰੂ ਜੀ ਨੇ ਉਸਨੂੰ ਤਰ੍ਹਾਂ ਤਰ੍ਹਾਂ ਦੇ ਜੰਗੀ ਕਰਤਬ ਤੇ ਯੁੱਧ ਕੋਸ਼ਲ ਸਿਖਾਏ।ਉਸ ਕੋਲ ਇਕ ਅਚੂਕ ਦਾਆਂ ਸਨੂੰ ਆਪਣੇ ਸਾਰੇ ਅਸਤਰ ਬਸਤਰ ਤੇ ਘੋੜਾ ਆਦਿ ਤਿਆਗ ਕੇ ਮੁਖਾਲਫ਼ ਦੇ ਘੋੜੇ ਹੇਠ ਜਾ ਜੱਫੀ ਪਾ ਲੜਾਕੇ ਯੋਧੇ ਨੂੰ ਘੋੜੇ ਸਣੇ ਪਟਕ ਦੇਂਦਾ। ਪਤਾ ਨਹੀਂ ਕਿਹੜੀ ਕੁਬੁਧ ਕਾਰਣ ਉਹ ਗੁਰੂ ਹਰਿਗੋਬਿੰਦ ਸਾਹਿਬ ਤੋਂ ਬੇਮੁਖ ਹੋ ਗਿਆ। ਸ੍ਰੀ ਹਰਿਗੋਬਿੰਦ ਪੁਰ ਦੀ ਜੰਗ ਵਿੱਚ ਇਹੀ ਦਾਅ ਛੇਵੇਂ ਪਾਤਸ਼ਾਹ ਵਿਰੁੱਧ ਅਜਮਾਣਾ ਚਾਹਿਆ। ਕਮਾਲ ਦੀ ਗੱਲ ਹੈ ਕਿ ਜਦੋਂ ਉਹ ਮੁਕਾਬਲੇ ਤੇ ਆਇਆ ਤਾਂ ਗੁਰੂ ਜੀ ਨੇ ਉਸਨੂੰ ਕਿਹਾ ਬਰਖੁਰਦਾਰ ਵਾਰ ਕਰੋ। ਧੰਨ ਹੈ ਗੁਰੂ ਦੀ ਵਡਿਆਈ, ਉਹਨਾਂ ਸੈਦ ਖਾਨ ਨੂੰ ਬੱਚਿਆਂ ਵਾਂਗ ਪਾਲਿਆ ਸੀ ਤੇ ਜਦੋਂ ਉਹ ਗੁਰੂ ਜੀ ਦੇ ਵਿਰੁੱਧ ਲੜਨ ਆਇਆ ਤਾਂ ਵੀ ਸਾਨੂੰ ਬੱਚਿਆਂ ਵਾਂਗੂ ਹੀ ਵਾਰ ਕਰਨ ਲਈ ਆਖਿਆ। ਉਹ ਗੁਰੂ ਜੀ ਦੇ ਘੋੜੇ ਹੇਠ ਬੈਠ ਗਿਆ। ਜਦ ਉਸ ਜੱਫੀ ਪਾ ਕੇ ਡੇਗਣਾ ਚਾਹਿਆ ਤਾਂ ਘੋੜਾ ਉਸ ਤੋਂ ਹਿਲਿਆ ਹੀ ਨਾ। ਸਚਮੁਚ ਗੁਰੂ ਉਸ ਤੋਂ ਭਾਰੀ ਸਨ। ਘੋੜੇ ਹੇਠ ਵੜੇ ਸੈਦ ਖਾਨ ਉੱਤੇ ਤਲਵਾਰ ਨਾਲ ਵਾਰ ਨ ਕਰਕੇ ਗੁਰੂ ਜੀ ਨੇ ਖੱਬੇ ਹੱਥ ਵਿੱਚ ਢਾਲ ਨਾਲ ਉਸਦੇ ਸਿਰ ਉੱਤੇ ਭਰਪੂਰ ਵਾਰ ਕੀਤਾ। ਉਹ ਬੇਹੋਸ਼ ਹੋ ਕੇ ਡਿੱਗ ਪਿਆ ਤੇ ਆਪਣੇ ਆਖਿਰੀ ਸਾਹ ਗਿਨਣ ਲੱਗਾ। ਗੁਰੂ ਜੀ ਨੇ ਢਾਲ ਨਾਲ ਉਸ ਉੱਤੇ ਛਾਂ ਕੀਤੀ। ਜਦ ਉਹ ਗੁਜ਼ਰ ਗਿਆ ਤਾਂ ਗੁਰੂ ਜੀ ਨੇ ਉਸੇ ਢਾਲ ਨਾਲ ਉਸਦਾ ਮੂੰਹ ਢਕ ਦਿੱਤਾ, ਜਿਵੇਂ ਇਹ ਢਾਲ ਉਸਦਾ ਕਫ਼ਨ ਸੀ।
ਇਸੇ ਤਰ੍ਹਾਂ ਜਹਾਂਗੀਰ ਦੇ ਇੱਕ ਜਰਨੈਲ ਲਲਾਬੇਗ ਨੇ ਹਸਨਾ ਨਾਂ ਦੇ ਇਕ ਲੜਾਕੇ ਨੂੰ ਜਾਸੂਸ ਬਣਾ ਕੇ ਮਹਿਰਾਜ (ਫਰੀਦਕੋਟ) ਵਿਖੇ ਭੇਜਿਆ ਤੇ ਉਹ ਗੁਰੂ ਜੀ ਦੀ ਤਾਕਤ ਦਾ ਮੁਲਾਂਕਣ ਕਰਕੇ ਖੁਫ਼ੀਆ ਖ਼ਬਰ ਲਲਾਬੇਗ ਨੂੰ ਦੇ ਦੇਵੇ। ਪਰ ਕਿਹੜਾ ਝੱਲੇ ਗੁਰੂ ਦੀ ਝਾਲਾ । ਹਸਨਾ ਸਭ ਕੁਝ ਭੁੱਲ ਗਿਆ ਤੇ ਗੁਰੂ ਜੀ ਦਾ ਮੁਰੀਦ ਬਣ ਗਿਆ। ਗੁਰੂ ਜੀ ਨੇ ਫਿਰ ਅਸ਼ੀਰਵਾਦ ਦੇ ਕੇ ਉਸਨੂੰ ਵਾਪਸ ਜਾਣ ਲਈ ਕਿਹਾ। ਗੁਰੂ ਬੇਅੰਤ ਹੈ, ਬੇਸ਼ੁਮਾਰ ਤੇ ਅਗਣਤ ਹੈ। ਜਦੋਂ ਅਸੀ ਗੁਰੂਜੋਤ ਨੂੰ ਮਨੁੱਖ ਸਮਝਣ ਲਗ ਜਾਂਦੇ ਹਾਂ, ਓਦੋਂ ਹੀ ਦੁਖ ਪੈਦਾ ਹੋ ਜਾਂਦੇ ਹਨ। ਇਹ ਭਾਈ ਹਸਨਾ ਬਹੁਤ ਚਿਰ ਗੁਰੂ ਜੀ ਦੀ ਸੇਵਾ ਵਿੱਚ ਲੱਗਾ ਰਿਹਾ।
ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਵੇਲੇ ਗੁਰੂ ਹਰਿਗੋਬਿੰਦ ਜੀ ਨੂੰ ਹੁਕਮ ਦਿੱਤਾ ਸੀ ਕਿ ਆਪਣਾ ਟਿਕਾਣਾ ਦੁਆਬੇ ਵਿੱਚ ਰੱਖਣਾ। ਗੁਰੂ ਹਰਿਗੋਬਿੰਦ ਜੀ ਸਾਰੇ ਇਲਾਕੇ ਵਿੱਚ ਲੋਕਾਂ ਅੰਦਰ ਸਚ, ਪ੍ਰੇਮ, ਅਣਖ ਤੇ ਸਵੈ ਨਿਰਭਰਤਾ ਦੀ ਦਾਤ ਵੰਡਦੇ ਹੋਏ ਰਾਵੀ ਤੇ ਚਨਾਬ ਪਾਰਲੇ ਇਲਾਕੇ ਜ਼ਿਲ੍ਹਾ ਗੁਜਰਾਤ ਵਿੱਚ ਵੀ ਗਏ। ਓਥੇ ਥਾਂ ਥਾਂ ਮਹਾਰਾਜ ਦੇ ਪਵਿੱਤਰ ਛੁਹ ਪਰਾਪਤ ਗੁਰਦਵਾਰੇ ਹਨ। ਏਥੇ ਮੈਂ ਸਾਰਿਆਂ ਦਾ ਵਿਸਥਾਰ ਨਹੀਂ ਲੈ
ਸਕਦਾ। ਪਰ ਇਕ ਵਿਸ਼ੇਸ਼ ਅਸਥਾਨ ਬਜ਼ੁਰਗਵਾਲ ਜ਼ਿਲ੍ਹਾ ਗੁਜ਼ਰਾਤ ਵਿਖੇ ਵਾਪਰੀ ਕੌਤਕਪੂਰਣ ਘਟਨਾ ਦਾ ਜ਼ਿਕਰ ਜ਼ਰੂਰੀ ਸਮਝਦੇ ਹਾਂ। ਗੁਰੂ ਜੀ ਜਦ ਇਸ ਅਸਥਾਨ ਤੇ ਪੁੱਜੇ ਤਾਂ ਉਹਨਾਂ ਨਾਲ ਲਸ਼ਕਰ, ਫੌਜਾਂ ਤੇ ਸਭ ਪ੍ਰਕਾਰ ਦੇ ਸ਼ਸਤਰ, ਅਸਤਰ ਆਦਿ ਮੌਜੂਦ ਸਨ। ਓਥੇ ਉਹਨਾਂ ਦਾ ਮੇਲ ਸ਼ਾਹ-ਦਉਲਾ ਨਾਲ ਹੋਇਆ। ਗੁਰੂ ਜੀ ਨੇ ਉਸਨੂੰ ਫਕੀਰ ਮਉਲਾ ਆਖ ਨਿਵਾਜਿਆ। ਫਕੀਰ ਦਾ ਇਕ ਚੇਲਾ, ਜਿਸਦਾ ਨਾਂ ਜਹਾਂਗੀਰ ਸੀ, ਉਹ ਕਰਾਮਾਤੀ ਵੀ ਸੀ ਤੇ ਹੈਂਕੜ ਵਾਲਾ ਵੀ ਸੀ। ਗੁਰੂ ਜੀ ਦੇ ਦਰਸ਼ਨ ਕਰਕੇ ਉਹਨਾਂ ਨੂੰ ਪਹਿਚਾਨ ਨ ਸਕਿਆ ਤੇ ਕਿਹਾ
ਹਿੰਦੂ ਕਿਆ ਤੇ ਪੀਰ ਕਿਆ?
ਔਰਤ ਕਿਆ ਤੇ ਫਕੀਰ ਕਿਆ?
ਦੋਲਤ ਕਿਆ ਤੇ ਤਿਆਗ ਕਿਆ?
ਲੜਕੇ ਕਿਆ ਤੇ ਬੈਰਾਗ ਕਿਆ?
ਆਰਫ ਕਿਆ ਤੇ ਦੁਨੀਆਦਾਰ ਕਿਆ?
ਮਜ਼ਹਬ ਕਿਆ ਤੇ ਸਚ ਕਿਆ?
ਪੁਜਾਰੀ ਕਿਆ ਤੇ ਸਵਾਬ ਕਿਆ?
ਮਾਰੂਥਲ ਕਿਆ ਤੇ ਆਬ ਕਿਆ?
ਗੁਰੂ ਜੀ ਨੇ ਦੇਖ ਲਿਆ ਕਿ ਇਹ ਹੰਕਾਰ ਵਿੱਚੋਂ ਬੋਲ ਰਿਹਾ ਹੈ। ਇਹ ਜਹਾਂਗੀਰ ਨਾਮ ਦਾ ਬੰਦਾ ਸ਼ੇਰ ਦੀ ਸਵਾਰੀ ਤੇ ਸੱਪ ਦੀ ਚਾਬਕ ਰੱਖਦਾ ਸੀ । ਗੁਰੂ ਜੀ ਨੇ ਉੱਤਰ ਦਿੱਤਾ
ਮੀਰੀ ਰਬ ਦਾ ਦਾਨ,
ਔਰਤ ਈਮਾਨ,
ਦੌਲਤ ਗੁਜ਼ਰਾਨ,
ਪੁਤਰ ਨਿਸ਼ਾਨ,
ਆਰਫ ਵੀਚਾਰ,
ਮਜ਼ਹਬ ਸੁਧਾਰ,
ਪੁਜਾਰੀ ਆਚਾਰ,
ਮਾਰੂਥਲ ਮੇ ਜਲ ਕੁਦਰਤ ਕਰਤਾਰ।
ਮੀਰੀ ਕਿਸੇ ਦੀ ਮਲਕੀਅਤ ਜਾਂ ਵਿਰਾਸਤ ਨਹੀਂ। ਇਹ ਰੱਬ ਦੀ ਮਿਹਰ ਨਾਲ ਪ੍ਰਾਪਤ ਹੁੰਦੀ ਹੈ। ਇਸਤਰੀ ਅਨੁਸ਼ਾਸਨ ਸੰਜਮ ਤੇ ਬੰਧਨ ਹੈ। ਇਹ ਈਮਾਨ ਦੀ ਰਾਖੀ ਹੈ। ਦੌਲਤ ਗੁਜ਼ਰਾਨ ਹੈ। ਇਹੀ ਸ਼ੇਰ ਦੀ ਸਵਾਰੀ ਹੈ। ਦੌਲਤ ਨੂੰ ਆਪਣੇ ਉੱਤੇ ਸਵਾਰ ਨ ਹੋਣ ਦੇਣਾ ਹੀ ਸੱਪ ਦੀ ਚਾਬਕ ਹੈ। ਸੰਤਾਨ ਮੇਲ ਮਿਲਾਪ ਦਾ ਢੰਗ ਸਿਖਾਉਂਦੀ ਹੈ। ਔਲਾਦ ਨਿਖੇੜਾ ਨਹੀਂ ਪੈਣ ਦਿੰਦੀ। ਪੁੱਤਰਾਂ ਨਾਲ ਸੰਸਾਰ ਵਿੱਚ ਗੰਢ ਪੈਂਦੀ ਹੈ। ਇਹ ਧਿਆਨ ਰੱਖਣਾ ਹੈ ਕਿ ਜੀਵ ਰੂਪੀ ਇਸਤਰੀ ਕਰਤਾਰ ਭਤਾਰ ਨਾਲੋਂ ਟੁੱਟੇ ਨ, ਆਰਫ਼ ਉਹੀ ਹੈ ਜੋ ਵਿਵੇਕੀ ਹੋਵੇ। ਮਜ਼ਹਬ ਝਗੜੇ ਨਹੀਂ ਪਾਉਂਦਾ। ਇਹ ਤਾਂ ਇਕ ਜੀਵਨ ਜਾਚ ਹੈ। ਪੁਜਾਰੀ ਨੂੰ ਆਚਾਰੀ ਹੋਣਾ ਚਾਹੀਦਾ ਹੈ। ਜੇ ਉਹ ਕ੍ਰੋਧੀ ਹੈ ਤਾਂ ਕੁਸ਼ਟੀ ਹੈ। ਏਥੇ ਗੁਰੂ ਜੀ ਬਹੁਤ ਦਿਨ ਰਹੇ। ਜਪੁ ਜੀ ਸਾਹਿਬ ਦੀ ਵਿਆਖਿਆ ਹਾਫਿਜ਼ਾਬਾਦ ਵਿੱਚ ਸਿਖਾਈ। ਗੁਰੂ ਸਿੱਖਾਂ ਦੀਆਂ ਪੁੱਛਾਂ ਦੇ ਉੱਤਰ ਦਿੱਤੇ, ਸ਼ੰਕਿਆਂ ਨੂੰ ਨਿਰਵਿਰਤ ਕੀਤਾ।
ਇਹ ਕੁਦਰਤ ਦਾ ਹੁਸਨੇ ਇਤਫ਼ਾਕ ਹੈ ਕਿ ਹੁਸਨਲ ਵਜੂ ਭਾਵ ਖੂਬਸੂਰਤੀ ਦਾ ਸਾਕਾਰ ਮੁਜਸਮਾ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਮੇਂ ਚਾਰ ਗੁਰਮੁਖ ਸਿੱਖ ਜਿਨ੍ਹਾਂ ਦਾ ਨਾਂ ਹਸਨਾ ਸੀ, ਗੁਰੂ ਜੀ ਦੇ ਹਜ਼ੂਰ ਪ੍ਰਤੱਖ ਤੇ ਤੱਤਪਰ ਹੋ ਕੇ ਸੇਵਾ ਕਰਦੇ ਸਨ। ਪਹਿਲੇ ਭਾਈ ਹਸਨਾ ਜੀ ਲੁਬਾਣਾ ਹਨ, ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਸ ਉਸਾਰੀ ਵੇਲੇ ਤੋਂ ਸੇਵਾ ਕਰਦੇ ਰਹੇ। ਇਹ ਜਿੰਨੇ ਸਿਆਣੇ ਵਾਪਾਰੀ ਸਨ, ਉਤਨੇ ਹੀ ਬਹਾਦਰ ਤੇ ਜੰਗਜੂ ਸਿਪਾਹੀ ਸਨ। ਦੂਜੇ ਭਾਈ ਹਸਨਾ ਜੀ, ਜਿਨ੍ਹਾਂ ਨੂੰ ਜਹਾਂਗੀਰ ਦੇ ਨਿਰਦੇਸ਼ ਤੇ ਗੁਰੂ ਹਰਿਗੋਬਿੰਦ ਜੀ ਦੀ ਜਾਸੂਸੀ ਕਰਨ ਲਈ ਸ਼ਾਹੀ ਜਰਨੈਲ ਲਲਾਬੇਗ ਪਾਸ ਮਹਿਰਾਜ ਦੇ ਸਥਾਨ ਤੇ ਭੇਜਿਆ ਗਿਆ ਸੀ, ਉਹ ਗੁਰੂ ਜੀ ਦੀ ਅਤਿ ਉੱਤਮ ਆਤਮਿਕ ਅਵਸਥਾ ਕਾਰਨ ਉਹਨਾਂ ਦਾ ਹੀ ਹੋ ਕੇ ਰਹਿ ਗਿਆ। ਇਸ ਬਾਰੇ ਕਬੀਰ ਜੀ ਦੇ ਅੱਖਰਾਂ ਵਿੱਚ ਇੰਝ ਹੀ ਕਹਿਣਾ ਬਣਦਾ ਹੈ।
ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ ॥
ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਰੇਜੇ ਛੇਕੁ॥
ਐਸੇ ਵੱਡੇ ਵਡਭਾਗੀ ਸਨ ਭਾਈ ਹਸਨਾ ਜੀ।
ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਪਾਸ ਜਦ ਬਾਬਾ ਸ੍ਰੀ ਚੰਦ ਜੀ ਕੀਰਤਪੁਰ ਆਏ ਤਾਂ ਉਹਨਾਂ ਨੇ ਬਾਬਾ ਜੀ ਦਾ ਅੱਗੋਂ ਦੀ ਜਾ ਕੇ ਸਵਾਗਤ ਕੀਤਾ ਅਤੇ ਉਹਨਾਂ ਦੀ ਪਾਲਕੀ ਨੂੰ ਖੁਦ ਮੋਢਾ ਦੇ ਕੇ ਆਪਣੇ ਸਥਾਨ ਤੇ ਲੈ ਆਏ। ਗੁਰੂ ਨਾਨਕ ਦੇਵ ਜੀ ਦੇ ਬੇਟੇ ਨੂੰ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਾਰਸ ਗੁਰੂ ਜੀ ਨੇ ਇਸ ਤਰ੍ਹਾਂ, ਵਿਨਮਰ ਸਤਿਕਾਰ ਦਿੱਤਾ ਕਿ ਉਹਨਾਂ ਦੇ ਮੂੰਹੋਂ ਸਹਿਜੇ ਹੀ ਨਿਕਲਿਆ, ਨਿਮਰਤਾ ਵਾਲੇ, ਗੁਰੂ ਨਾਨਕ ਜੀ ਪਾਸੋਂ ਵਸਤ ਪਰਾਪਤ ਕਰਕੇ ਲੈ ਗਏ ਤੇ ਅਸੀ ਐਵੇਂ ਹੀ ਰਹਿ ਗਏ। ਬਾਬਾ ਜੀ ਨੇ ਉਦਾਸੀਆਂ ਦੀਆਂ ਚਾਰ ਧੂਣੀਆਂ ਜੋ ਭਾਈ ਅਲਮਸਤ ਜੀ, ਬਾਲੂ ਹਸਣਾ ਜੀ ਅਤੇ ਭਾਈ ਗੋਇੰਦਾ ਜੀ ਤੇ ਬਾਬਾ ਫੂਲ ਜੀ ਵੱਖ ਵੱਖ ਥਾਵਾਂ ਤੇ ਚਲਾ ਰਹੇ ਸਨ ਦਾ ਜ਼ਿਕਰ ਗੁਰੂ ਜੀ ਪਾਸ ਕੀਤਾ। ਇਹ ਚਾਰੇ ਸਤਿਕਾਰਯੋਗ ਪੁਰਖ ਸ੍ਰੀ ਨਗਰ ਕਸ਼ਮੀਰ ਦੇ ਰਹਿਣ ਵਾਲੇ ਸਨ। ਪਹਿਲੇ ਦੋਨੋਂ ਭਾਈ ਅਲਮਸਤ ਜੀ ਤੇ ਭਾਈ ਬਾਲੂ ਹਸਣਾ ਸਕੇ ਭਰਾ ਸਨ ਤੇ ਦੂਜੇ ਦੋਨੋਂ ਵੀ ਮਾਂ ਜਾਏ ਸਨ। ਬਾਬਾ ਗੁਰਦਿਤਾ ਜੀ ਦੇ ਚਿਹਰੇ ਦੀ ਨੁਹਾਰ ਗੁਰੂ ਨਾਨਕ ਦੇਵ ਜੀ ਵਰਗੀ ਸੀ। ਇਹਨਾਂ ਨੂੰ ਉਦਾਸੀ ਮਤ ਸੁਚਾਰੂ ਢੰਗ ਨਾਲ ਜੱਥੇਬੰਦ ਕਰਨ ਲਈ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਪਾਸੋਂ ਮੰਗ ਲਿਆ । ਗੁਰੂ ਜੀ ਨੇ ਖਿੜੇ ਮੱਥੇ ਬਾਬਾ ਸ੍ਰੀ ਚੰਦ ਜੀ ਦੀ ਮੰਗ ਪ੍ਰਵਾਨ ਕੀਤੀ ਤੇ ਬਾਬਾ ਗੁਰਦਿਤਾ ਜੀ ਨੂੰ ਇਸ ਕਾਰਜ ਲਈ ਦੇ ਦਿੱਤਾ। ਇਹ ਤੀਜੇ ਭਾਈ ਹਸਨਾ ਜੀ ਹਨ।
ਬਜ਼ੁਰਗ ਵਾਲ ਮੁਰਾਲਾ- ਇਕ ਗੜ
ਗੁਰਬਾਣੀ ਵਿਚ ਇਕ ਅਟੱਲ ਸੱਚਾਈ ਦੱਸੀ ਗਈ ਹੈ ਕਿ ਜਿੱਥੇ ਮੇਰਾ ਸਤਿਗੁਰੂ ਜਾ ਕੇ ਬਹਿੰਦਾ ਹੈ, ਉਹ ਥਾਨ ਸੁਹਾਵਾ ਹੋ ਜਾਂਦਾ ਹੈ। ਇਤਿਹਾਸ ਨੇ ਇਹ ਭਲੀ ਪ੍ਰਕਾਰ ਸਿਧ ਕੀਤਾ ਹੈ। ਆਪਣੀ ਪਹਿਲੀ ਉਦਾਸੀ ਵਿਚ ਗੁਰੂ ਨਾਨਕ ਦੇਵ ਜੀ ਲਾਹੌਰ, ਦਿੱਲੀ, ਜਗਨਨਾਥ ਪੁਰੀ ਉੜੀਸਾ, ਬਿਦਰ ਅਤੇ ਦਵਾਰਕਾ ਪੁਰੀ ਦੀਆਂ ਥਾਵਾਂ ਨੂੰ ਆਪਣੀ ਪਵਿੱਤਰ ਛੋਹ ਨਾਲ ਇੱਜ਼ਤ ਬਖ਼ਸ਼ੀ। ਇਹਨਾਂ ਥਾਵਾਂ ਤੇ ਮਹਾਰਾਜ ਨੇ ਕੁਝ ਵਕਤ ਲਈ ਟਿਕਾਣਾ ਵੀ ਕੀਤਾ। ਜਦ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਵਿਖੇ ਅੰਮ੍ਰਿਤ ਦੀ ਦਾਤ ਦਿੱਤੀ ਤਾਂ ਪੰਜ ਪਿਆਰੇ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਨੇ ਕ੍ਰਮਵਾਰ ਉਠ ਕੇ ਆਪਣੇ ਸੀਸ ਗੁਰੂ ਜੀ ਨੂੰ ਭੇਟ ਕੀਤੇ। ਉਹਨਾਂ ਨੂੰ ਗੁਰੂ ਦੇ ਪਿਆਰੇ ਬਨਣ ਦਾ ਮਾਣ ਪ੍ਰਾਪਤ ਹੋਇਆ। ਗੁਰੂ ਅਰਜਨ ਦੇਵ ਜੀ ਆਪਣੀ ਦੁਆਬਾ ਫੇਰੀ ਪਿੰਡ ਜੰਬਰ ਵਿਖੇ ਪੁਜੇ। ਓਥੋਂ ਦੇ ਇਕ ਬੰਦੇ ਭਾਈ ਸੰਤ ਰਾਮ ਨੂੰ ਕੋਹੜ ਦਾ ਰੋਗ ਸੀ। ਪੰਜਵੇਂ ਪਾਤਸ਼ਾਹ ਨੇ ਲਾਲ ਚੰਦਨ ਤੇ ਸ਼ਹਿਦ ਦਾ ਲੇਪ ਉਸਦੇ ਪਿੰਡ ਉੱਤੇ ਆਪਣੇ ਹਸਤ ਕਮਲਾਂ ਨਾਲ ਕਰਕੇ, ਉਸਨੂੰ ਸ਼ਫਾ ਬਖ਼ਸ਼ੀ। ਇਸੇ ਹੀ ਪਿੰਡ ਦੇ ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ ਸਿੰਘ ਨੇ ਚਰਖੜੀ ਤੇ ਚੜ੍ਹ ਕੇ ਸ਼ਹੀਦੀ ਪ੍ਰਾਪਤ ਕੀਤੀ। ਇਹੋ ਜਹੇ ਬੇਅੰਤ ਉਦਾਹਰਣ ਹਨ।
ਬਿਲਕੁਲ ਇਸੇ ਤਰ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੀ ਕਸ਼ਮੀਰ ਫੇਰੀ ਸਮੇਂ ਜ਼ਿਲ੍ਹਾ ਗੁਜਰਾਤ, ਜੋ ਹੁਣ ਪਾਕਸਿਤਾਨ ਵਿਚ ਹੈ, ਦੇ ਪਿੰਡ ਬਜ਼ੁਰਗਵਾਲ ਕੁਝ ਦਿਨ ਟਿਕਾਣਾ ਕੀਤਾ। ਸ਼ਾਹਦੁਲਾ ਦੇ ਉੱਤੇ ਕਿਰਪਾ ਕੀਤੀ। ਗੁਰਸਿਖਾਂ ਨੂੰ ਗੁਰਬਾਣੀ ਦੀ ਦਾਤ ਬਖਸ਼ੀ। ਜਪੁਜੀ ਸਾਹਿਬ ਦਾ ਪਾਠ ਕੰਠ ਕਰਾਇਆ ਤੇ ਗੁਰਮਤਿ ਅਨੁਸਾਰ ਉਸਦੀ ਵਿਆਖਿਆ ਕੀਤੀ। ਸਮਾਂ ਪਾ ਕੇ ਪਿੰਡ ਬਜੁਰਗਵਾਲ ਲੁਬਾਣਿਆਂ ਦਾ ਗੜ੍ਹ ਬਣਿਆ। ਇਸੇ ਇਲਾਕੇ ਵਿੱਚੋਂ ਸੰਤ ਬਾਬਾ ਪ੍ਰੇਮ ਸਿੰਘ ਜੀ ਉਠੇ। ਸਾਰੇ ਸਿੱਖ ਜਗਤ ਵਿਚ ਤੇ ਖਾਸ ਕਰਕੇ ਲੁਬਾਣਿਆਂ ਵਿਚ ਉਹਨਾਂ ਨੇ ਗੁਰਮਤਿ, ਵਿਦਿਆ ਦਾ ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਕੀਤਾ। ਇਹ ਵਡਿਆਈ ਗੁਰੂ ਦੀ ਹੈ। ਧੰਨ ਹਨ ਉਹ ਗੁਰਸਿੱਖ ਜਿਨ੍ਹਾਂ ਨੇ ਗੁਰੂ ਪਾਸੋਂ ਇਹ ਦਾਤ ਇੰਨ ਬਿੰਨ ਪ੍ਰਾਪਤ ਕੀਤੀ।
ਏਥੇ ਦੇ ਪ੍ਰਸਿੱਧ ਭਾਈ ਤਖ਼ਤ ਮਲ ਜੀ ਗੁਰੂ ਹਰਿਗੋਬਿੰਦ ਦੇ ਹਜ਼ੂਰ ਵਿੱਚ ਆਏ, ਫਿਰ ਉਹ ਗੁਰੂ ਜੀ ਤੋਂ ਕਦੀ ਦੂਰ ਨ ਹੋਏ। ਭਾਈ ਤਖਤਮਲ ਜੀ ਲੁਬਾਣਾ ਨੇ ਤਨ, ਮਨ ਤੇ ਧਨ ਨਾਲ ਸੇਵਾ ਕੀਤੀ। ਜੈਸਾ ਹੁਕਮ ਪਾਇਆ, ਉਸਨੂੰ ਉਸੇ ਤਰ੍ਹਾਂ ਮੰਨਿਆ। ‘ਤਨ ਮਨ ਧਨ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਐ’।
ਭਾਈ ਤਖਤ ਮਲ ਜੀ ਉੱਚ ਆਤਮਕ ਅਵਸਥਾ ਨੂੰ ਪ੍ਰਾਪਤ ਹੋਏ। ਗੁਰੂ ਮਹਾਰਾਜ ਬਜ਼ੁਰਗਵਾਲ ਤੋਂ ਅੱਗੇ ਸ਼੍ਰੀ ਨਗਰ ਕਸ਼ਮੀਰ ਵੱਲ ਚਲੇ ਗਏ ਜਿੱਥੇ ਉਹਨਾਂ ਨੇ ਮਾਈ ਭਾਗ ਭਰੀ ਹੱਥੀਂ ਕਤ ਬਣਾਇਆ ਚੋਲਾ ਪ੍ਰਵਾਣ ਕੀਤਾ। ਭਾਈ ਤਖਤਮਲ ਜੀ ਗੁਰੂ ਹਰਿਗੋਬਿੰਦ ਮਹਾਰਾਜ ਦੇ ਹਜ਼ੂਰੀ ਸਿੱਖਾਂ ਵਿੱਚੋਂ ਪ੍ਰਮੁੱਖ ਮੰਨੇ ਗਏ। ਉਹਨਾਂ ਗੁਰੂ ਪਾਸੋਂ ਗੁਣ ਗ੍ਰਹਿਣ ਕਰ ਸਭਨਾਂ ਵਿੱਚ ਵੰਡੇ। ਹੁਕਮ ਹੈ:
ਜਿਨ ਕਉ ਤਖਤਿ ਮਿਲੈ ਵਡਿਆਈ ਗੁਰਮੁਖਿ ਸੇ ਪਰਧਾਨ ਕੀਏ॥
ਪਾਰਸੁ ਭੇਟਿ ਭਏ ਸੇ ਪਾਰਸ ਨਾਨਕ ਹਰਿ ਗੁਰ ਸੰਗਿ ਥੀਏ॥
ਗੁਰੂ ਦੇ ਦਰ ਪ੍ਰਵਾਨਗੀ ਤੇ ਪ੍ਰਧਾਨਗੀ ਬਹੁਤੇ ਮਤੁ (ਵੋਟਾਂ) ਪ੍ਰਾਪਤ ਕਰਨ ਨਾਲ ਨਹੀਂ ਮਿਲਦੀ। ਇਹ ਗੁਰੂ ਦੀ ਨਦਰ ਕਰਨ ਨਾਲ ਉਪਲੱਬਧ ਹੁੰਦੀ ਹੈ। ਲੋਕ ਗਾਥਾ ਮੁਤਾਬਕ ਲੋਹਾ ਪਾਰਸ ਨੂੰ ਛੂਹ ਕੇ ਸੋਨਾ ਬਣਦਾ ਹੈ ਪਰ ਗੁਰੂ ਕੇ ਸਿੱਖ ਗੁਰੂ ਪਾਰਸ ਨੂੰ ਭੇਟ ਆਪ ਵੀ ਪਾਰਸ ਬਣ ਜਾਂਦੇ ਹਨ ਤੇ ਉਹਨਾਂ ਨੂੰ ਪਰਸਣ ਵਾਲੇ ਸ਼ੁੱਧ ਕੰਚਨ ਜਹੇ ਹੋ ਜਾਂਦੇ ਹਨ ਜਿਸ ਨਾਲ ਗੁਰੂ ਦੇ ਗੁਣ ਉਹਨਾਂ ਵਿੱਚ ਆਪ ਮੁਹਾਰੇ ਆ ਜਾਂਦੇ ਹਨ।
ਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦੁਆਬੇ ਦੀ ਧਰਤੀ ਅੰਦਰ ਅਣਖ ਦਾ ਸੰਦੇਸ਼ ਦੇਂਦੇ ਹੋਏ ਕਰਤਾਰਪੁਰ ਵਿਖੇ ਪੁੱਜੇ। ਗੁਰੂ ਜੀ ਦੀ ਆਮਦ ਨੂੰ ਸੁਣ ਕੇ ਲੋਕ ਦਰਸ਼ਨਾਂ ਨੂੰ ਆਉਂਦੇ । ਜਿਸ ਨਾਲ ਲੋਕਾਂ ਦੇ ਅੰਦਰ ਪ੍ਰੇਮ ਤੇ ਅਣਖ ਦਾ ਸੰਚਾਰ ਹੁੰਦਾ। ਏਥੇ ਹੀ ਨੰਗਲ- ਲੁਬਾਣਾ ਦੇ ਵਸਨੀਕ ਬਾਬਾ ਦਲੀਪਾ ਜੀ ਲੁਬਾਣਾ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ। ਗੁਰੂ ਪਾਤਸ਼ਾਹ ਪਾਸੋਂ ਦਰਸ ਪਰਾਪਤ ਕਰ ਉਹਨਾਂ ਨੇ ਗੁਰਮਤਿ ਦੀ ਜੀਵਨ ਜਾਚ ਅਪਣਾ ਲਈ। ਗੁਰੂ ਜੀ ਰਾਵੀ ਪਾਰ ਕਰ ਜ਼ਿਲ੍ਹਾ ਗੁਜਰਾਤ ਬਜ਼ੁਰਗਵਾਲ ਟਿਕਾਣਾ ਕੀਤਾ। ਬਾਬਾ ਦਲੀਪਾ ਜੀ ਨੇ ਗੁਰਮਤਿ ਦੇ ਪ੍ਰਚਾਰ ਦਾ ਕਾਰਜ ਸੰਭਾਲਿਆ । ਬਾਬਾ ਜੀ ਰੋਜ਼ ਅੰਮ੍ਰਿਤ ਵੇਲੇ ਉਠ ਕੇ ਆਪਣੇ ਪਿੰਡ ਨੰਗਲ-ਲੁਬਾਣਾ ਜੋ ਲੁਗੇ ਥੇਹ ਤੇ ਵਾਕਿਆ ਸੀ, ਤੋਂ ਚਲ ਸ੍ਰੀ ਕਰਤਾਰਪੁਰ ਵਿਖੇ ਗੰਗਸਰ ਇਸ਼ਨਾਨ ਕਰਨ ਮਗਰੋਂ ਆਪਣੇ ਕਾਰ ਵਿਹਾਰ ਅਤੇ ਗੁਰਮਤਿ ਪ੍ਰਚਾਰ ਦੇ ਕਾਰਜ ਕਰਦੇ। ਇਹ ਨੇਮ ਉਹਨਾਂ ਨੇ ਸਾਰੀ ਜ਼ਿੰਦਗੀ ਨਿਭਾਇਆ। ਇਸ ਪ੍ਰਕਾਰ ਲੁਬਾਣੇ ਹੋਰ ਵੀ ਸੰਗਠਿਤ ਹੋ ਕੇ ਗੁਰੂ ਜੀ ਵੱਲ ਆਕਰਸ਼ਿਤ ਹੋ ਗਏ। ਗੰਗਸਰ ਦਾ ਪਵਿੱਤਰ ਵੱਡਾ ਚੌੜਾ ਖੂਹ ਗੁਰੂ ਅਰਜਨ ਦੇਵ ਜੀ ਨੇ ਖੁਦ ਆਪਣੀ ਨਿਗਰਾਨੀ ਤੇ ਦੇਖ ਰੇਖ ਵਿੱਚ ਬਣਵਾਇਆ ਸੀ।
ਇਤਿਹਾਸਕਾਰਾਂ ਦਾ ਇਹ ਖਦਸ਼ਾ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਵਹਾਈ ਗਈ ਅੰਮ੍ਰਿਤ ਦੀ ਠਾਠਾਂ ਮਾਰਦੀ ਨਦੀ ਗੁਰੂ ਹਰਿਗੋਬਿੰਦ ਜੀ ਦੀ ਕੈਦ, ਸ਼ਸਤਰਾਂ, ਜੰਗਾਂ ਤੇ ਸ਼ਾਹੀ ਫੌਜਾਂ ਨਾਲ ਮੁਠਭੇੜਾਂ ਵਿੱਚ ਗੁਆਚ ਜਾਏਗੀ, ਬਿਲਕੁਲ ਗਲਤ ਨਿਕਲਿਆ। ਪ੍ਰਸਿੱਧ ਇਤਿਹਾਸਕਾਰ ਪ੍ਰਿੰ. ਸਤਿਬੀਰ ਸਿੰਘ ਮੁਤਾਬਿਕ ਬਿਲਕੁਲ ਇਸਦੇ ਉਲਟ ਹੋਇਆ। ਸਿੱਖਾਂ ਦੇ ਸ਼ੁੱਧ ਚਲਨ ਸੂਰਬੀਰਤਾ ਤੇ ਇਨਸਾਫ਼ ਕਾਰਣ ਉਹ ਇਕ ਵਿਸ਼ੇਸ਼ ਸ਼ਕਤੀ ਹੋ ਕੇ ਉਭਰੇ। ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਮੁਤਾਬਿਕ ਧਰਮ ਤੇ ਸਿਆਸਤ ਇਸ ਤਰ੍ਹਾਂ ਇਕੱਠੇ ਹੋਏ ਕਿ ਹੁਣ ਧਰਮ ਕਮਜ਼ੋਰ ਚੀਜ਼ ਨ ਹੋ ਕੇ ਇਕ ਮਜਬੂਤ ਜੀਵਨ ਜਾਚ ਬਣ ਗਈ ਤੇ ਸਿਆਸਤ ਉਸਦੀ ਚੋਬਦਾਰ।
ਗੁਰੂ ਹਰਿਗੋਬਿੰਦ ਜੀ ਨੇ ਗੁਰਗੱਦੀ ਬਾਬਾ ਗੁਰਦਿਤਾ ਜੀ ਨੂੰ ਨਾ ਦੇ ਕੇ ਗੁਰੂ ਹਰਿ ਰਾਏ ਜੀ ਨੂੰ ਦਿੱਤੀ। ਗੁਰ ਗੱਦੀ ਉੱਤੇ ਸੁਸ਼ੋਭਿਤ ਹੋਣ ਸਮੇਂ ਉਹਨਾਂ ਦੀ ਉਮਰ ਮਾਤਰ 14 ਸਾਲ ਸੀ। ਜੋ ਬਚਨ ਉਹਨਾਂ ਨੇ ਗੁਰਗੱਦੀ ਤੇ ਬੈਠਣ ਲਗਿਆਂ ਕੀਤੇ, ਉਹ ਮਹਾਨ ਪਰਪਕਤਾ ਤੇ ਪ੍ਰੋੜ ਪਥ ਪ੍ਰਦਰਸ਼ਨ ਦੇ ਲਖਾਇਕ ਸਨ। ਉਹਨਾਂ ਨੇ ਆਖਿਆ ਕਿ ਸ਼ੁਭ ਕਰਮਣ ਤੋਂ ਨਹੀਂ ਹਟਣਾ ਭਾਵੇਂ ਜਾਨ ਕਿਉਂ ਨ ਚਲੀ ਜਾਏ। ਵੱਡਿਆਂ ਦਾ ਸਤਿਕਾਰ, ਮਾਪਿਆਂ ਦੀ ਇੱਜ਼ਤ ਹਰ ਹਾਲ ਵਿੱਚ ਕਾਇਮ ਰਹਿਣੀ ਚਾਹੀਦੀ ਹੈ। ਸੁੱਚੀ ਕਿਰਤ ਅਤੇ ਅਕਾਲਪੁਰਖ ਤੇ ਭਰੋਸਾ ਕਦੀ ਨਹੀਂ ਤਿਆਗਣਾ। ਗੁਰਬਾਣੀ ਦਾ ਸਤਿਕਾਰ ਉਹ ਆਪ ਵੀ ਕਰਦੇ ਤੇ ਸਾਰੇ ਗੁਰਸਿੱਖਾਂ ਨੂੰ ਇਸ ਲਈ ਤਤਪਰ ਰਹਿਣ ਵਾਸਤੇ ਪ੍ਰੇਰਿਤ ਕੀਤਾ। ਮੁੱਖ ਮਾਨਵੀ ਔਗੁਣ ਕਾਮ, ਕ੍ਰੋਧ ਆਦਿ ਨੂੰ ਵਸ ਵਿੱਚ ਰੱਖਣਾ। ਚੋਰੀ, ਨਿੰਦਾ, ਬਖੀਲੀ ਛਡ ਯਕੀਨ ਦੇ ਘਰ ਰਹਿਣਾ। ਖੁਦਗਰਜ਼ੀ ਛੱਡ ਲੋਕਾਂ ਦਾ ਭਲਾ ਤੇ ਉੱਤਮ ਸੰਗਤ ਵਿੱਚ ਰਹਿਣਾ।
ਗੁਰੂ ਹਰਿਗੋਬਿੰਦ ਜੀ ਨੇ ਗੁਰੂ ਹਰਿਰਾਏ ਜੀ ਦਾ ਪਾਲਨ ਪੋਸ਼ਣ ਆਪਣੀ ਦੇਖ ਰੇਖ ਵਿੱਚ ਕੀਤਾ ਸੀ ਤੇ ਉਨ੍ਹਾਂ ਦੀ ਘਾੜਤ ਖੁਦ ਘੜੀ। ਬਾਲਕ ਹਰਿ ਰਾਏ ਜੀ ਦੇ ਦਾਮਨ ਨਾਲ ਖਿੜਿਆ ਫੁੱਲ ਟੁੱਟ ਜਾਣ ਵਾਲੀ ਇਤਿਹਾਸ ਪ੍ਰਸਿੱਧ ਘਟਨਾ ਦੇ ਸਬੰਧ ਵਿੱਚ ਛੇਵੀਂ ਪਾਤਸ਼ਾਹੀ ਦਾਦਾ ਗੁਰੂ ਜੀ ਦਾ ਬਚਨ, “ਦਾਮਨ, ਸੰਕੋਚ ਚਲੋ” ਆਪ ਜੀ ਨੇ ਕਦੀ ਨਹੀਂ ਭੁਲਾਇਆ ਤੇ ਉਸਨੂੰ ਜੀਵਨ ਦਾ ਟੀਚਾ ਬਣਾਇਆ। ਇਕ ਫੁੱਲ ਟੁੱਟਾ ਤੇ ਉਸਦੇ ਬਦਲੇ ਗੁਰੂ ਹਰਿ ਰਾਏ ਜੀ ਨੇ ਨਗਰ ਕੀਰਤਪੁਰ ਸਾਹਿਬ ਵਿਖੇ ਬਵੰਜਾ ਬਾਗ ਲਗਵਾਏ। ਹਿੰਦੁਸਤਾਨ ਦਾ ਪਹਿਲਾ ਚਿੜੀਆ ਘਰ (Bird sanctuary) ਆਪ ਜੀ ਨੇ ਬਣਵਾਈ ਜਿੱਥੇ ਜੰਗਲੀ ਜਾਨਵਰਾਂ ਸ਼ੇਰ, ਚੀਤੇ, ਬਾਘ, ਹਿਰਣਾਂ ਤੋਂ ਇਲਾਵਾ ਕਈ ਤਰ੍ਹਾਂ ਦੇ ਪਰਿੰਦੇ ਤੇ ਚਰਿੰਦੇ ਰੱਖੇ ਗਏ। ਗੁਰੂ ਹਰਿ ਰਾਇ ਜੀ ਸ਼ਿਕਾਰ ਖੇਡਦੇ ਪਰ ਜਾਨਵਰਾਂ ਤੇ ਪਰਿੰਦਿਆਂ ਨੂੰ ਮਾਰਦੇ ਨਾ, ਸ਼ਿਕਾਰ ਖੇਡ ਵਜੋਂ ਖੇਡਿਆ ਜਾਂਦਾ। ਜਾਨਵਰ ਜ਼ਖ਼ਮੀ ਹੋ ਜਾਣ ਤੇ ਉਹਨਾਂ ਦਾ ਇਲਾਜ ਖੁਦ ਕਰਦੇ। ਨਾ ਤਾਂ ਜਾਨਵਰਾਂ ਨੂੰ ਖੁਦ ਮਾਰਦੇ ਸਨ ਨਾ ਮਾਰਨ ਦੇਂਦੇ ਸਨ। ਗੁਰੂ ਹਰਿ ਰਾਏ ਜੀ ਨੇ, ਗੁਰੂ ਹਰਿਗੋਬਿੰਦ ਜੀ ਦੇ ਹੁਕਮ ਅਨੁਸਾਰ ਸਾਰੀ ਉਮਰ ਸ਼ਸਤਰ ਧਾਰਣ ਕੀਤੇ ਅਤੇ 22 ਸੌ ਅਸਵਾਰ ਸਦਾ ਤਿਆਰ ਬਰ ਤਿਆਰ ਆਪਣੇ ਨਾਲ ਰੱਖੇ। ਇਹਨਾਂ ਵਿੱਚ ਛੇਵੇਂ ਗੁਰੂ ਸਾਹਿਬ ਦੇ ਵੇਲੇ ਦੇ ਪ੍ਰਸਿੱਧ ਜੰਗਜੂ ਲੁਬਾਣੇ ਜੁਆਨ ਵੀ ਸ਼ਾਮਿਲ ਹੋਏ ਤੇ ਉਹਨਾਂ ਦੇ ਬੱਚੇ ਪੋਤਰੇ ਸਦਾ ਸ਼ਸਤਰ ਧਾਰੀ ਰਹਿ ਕੇ ਗੁਰੂ ਜੀ ਦੇ ਹਜ਼ੂਰ ਹਾਜਰ ਰਹੇ।
ਗੁਰੂ ਹਰਿ ਰਾਏ ਜੀ ਨੇ ਗੁਰੂ ਹਰਿਗੋਬਿੰਦ ਜੀ ਪਾਸੋਂ ਪੁੱਛ ਕੀਤੀ ਕਿ ਦਿਲੀਪਤ ਨਾਲ ਕੈਸੀ ਨੀਤੀ ਰੱਖਣੀ ਹੈ ਤਾਂ ਪਾਤਸ਼ਾਹ ਨੇ ਉੱਤਰ ਦਿੱਤਾ ਕਿ ਜਿਹੜਾ ਕੋਈ ਵੀ ਭੈੜੀ ਨੀਅਤ ਧਾਰ ਆਪ ਜੀ ਦੇ ਵਿਪਰੀਤ ਉਦਮ ਕਰੇਗਾ ਜਾਂ ਹਮਲਾਵਰ ਹੋਵੇਗਾ, ਉਹ ਇਸ ਤਰ੍ਹਾਂ ਨਾਲ ਵਿਨਾਸ਼ ਹੋ ਜਾਏਗਾ, ਜਿਸ ਤਰ੍ਹਾਂ ਬਲਦੀ ਅੱਗ ਦੇ ਵਿੱਚ ਆਕਾਸ਼ ਤੋਂ ਡਿੱਗ ਕੇ ਔਲਾ ਨਾਸ਼ ਹੋ ਜਾਂਦਾ ਹੈ।
ਜੋ ਕੋਈ ਉਦਮ ਤੁਮ ਪਰ ਕਰੇ ਦੁਸ਼ਟ ਕਰਮ ਮਨਧਾਰ।
ਨਾਸ ਹੋਇ ਤਤਕਾਲ ਉਹ, ਜਿਉ ਓਲਾ ਅਗਨ ਮਝਾਰ।
ਆਉਣ ਵਾਲੇ ਸਮੇਂ ਵਿੱਚ ਗੁਰੂ ਜੀ ਦੇ ਇਹ ਬਚਨ ਪੂਰੀ ਤਰ੍ਹਾਂ ਨਾਲ ਸੱਚ ਹੋਏ। ਦਿੱਲੀ ਦੇ ਤਖ਼ਤ ਤੇ ਬੈਠੇ ਹੋਏ ਔਰੰਗਜ਼ੇਬ ਦੇ ਮਨ ਵਿੱਚ ਗੁਰੂ ਘਰ ਨੂੰ ਆਪਣੇ ਅਧੀਨ ਕਰ ਲੈਣ ਦੀ ਮੰਦੀ ਭਾਵਨਾ ਸੀ। ਉਹ ਬਰਦਾਸ਼ਤ ਨਹੀਂ ਸੀ ਕਰ ਸਕਦਾ ਕਿ ਗੁਰੂ ਪਾਤਸ਼ਾਹ ਸ਼ਸਤਰਧਾਰੀ ਹੋਣ ਤੇ ਲੋਕ ਉਨ੍ਹਾਂ ਉੱਤੇ ਆਸਥਾ ਰੱਖਣ। ਇਸ ਨਾਲ ਉਹਨਾਂ ਨੂੰ ਰਾਜ ਵਿੱਚ ਖਲੱਲ ਪੈਣ ਦਾ ਭਉ ਬਣਿਆ ਰਹਿੰਦਾ ਸੀ।
ਬਾਦਸ਼ਾਹ ਦੇ ਆਦੇਸ਼ ਅਨੁਸਾਰ ਹੀ ਸ਼ਾਹੀ ਫੌਜਾਂ ਦਾ ਜਰਨੈਲ, ਦਸ ਹਜ਼ਾਰੀ ਮਨਸਬ ਵਾਲਾ ਜ਼ਾਲਿਮ ਖਾਨ ਗੁਰੂ ਜੀ ਉੱਤੇ ਕੀਰਤਪੁਰ ਚੜ੍ਹਾਈ ਕਰਨ ਲਈ ਦਿੱਲੀ ਤੋਂ ਰਵਾਨਾ ਕੀਤਾ ਗਿਆ। ਇਹ ਬੜਾ ਜ਼ਾਲਿਮ ਪ੍ਰਕਿਰਤੀ ਦਾ ਮਨੁੱਖ ਸੀ। ਇਹ ਜਾਨਵਰਾਂ ਦਾ ਕੱਚਾ ਮਾਸ ਖਾਂਦਾ ਸੀ। ਦਿੱਲੀਓਂ ਚਲ ਉਸਨੇ ਅਜੇ ਇਕ ਪੜਾਅ ਹੀ ਕੀਤਾ ਸੀ ਕਿ ਸੁਭਾਅ ਅਨੁਸਾਰ ਬਹੁਤ ਸਾਰਾ ਕੱਚਾ ਮਾਸ ਖਾਣ ਕਾਰਣ ਉਸਦੇ ਪੇਟ ਵਿੱਚ ਸੂਲ ਉਠਿਆ ਤੇ ਉਹ ਮਰ ਗਿਆ। ਸਾਰੀ ਵਿਉਂਤ ਧਰੀ ਧਰਾਈ ਰਹਿ ਗਈ ਤੇ ਫੌਜਾਂ ਖਿੰਡ ਪੁੰਡ ਦਿੱਲੀ ਪਹੁੰਚ ਗਈਆਂ। ਇਸ ਮਗਰੋਂ ਕੰਧਾਰ ਦੇ ਇਕ ਜਰਨੈਲ ਦੂੰਦੇ ਖਾਨ ਨੂੰ ਬਹੁਤ ਸਾਰੀ ਫੌਜ ਦੇ ਕੇ ਕੀਰਤਪੁਰ ਸਾਹਿਬ ਚੜ੍ਹਾਈ ਕਰਨ ਲਈ ਭੇਜਿਆ ਗਿਆ। ਕਰਤਾਰਪੁਰ ਵਿਖੇ ਉਸਨੇ ਪੜਾਅ ਕੀਤਾ। ਅੱਗੋਂ ਉਸ ਉੱਤੇ ਕਿਸੇ ਹੋਰ ਨੇ ਹਮਲਾ ਕਰ ਦਿੱਤਾ । ਫੌਜਾਂ ਵਿੱਚ ਖਲਬਲੀ ਮਚ ਗਈ। ਇਸ ਰੌਲੇ ਗੌਲੇ ਅੰਦਰ ਦੂੰਦੇ ਖਾਨ ਮਾਰ ਦਿੱਤਾ ਗਿਆ। ਆਪਸ ਵਿੱਚ ਹੀ ਕੱਟਾ ਵੱਢੀ ਹੋਈ। ਇਸ ਪ੍ਰਕਾਰ ਇਹ ਮੁਹਿੰਮ ਵੀ ਨਾਕਾਮਯਾਬ ਰਹੀ।
ਇਸੇ ਸਿਲਸਿਲੇ ਵਿੱਚ ਸਹਾਰਨਪੁਰ ਦੇ ਫੌਜੀ ਜੰਗਜੂ ਨਾਹਰਖਾਨ ਨੂੰ ਤਿਆਰ ਕੀਤਾ ਗਿਆ। ਇਹ ਫੌਜਾਂ ਸਣੇ ਦਾਮਲੇ ਪੁੱਜਾ ਤੇ ਫੌਜਾਂ ਵਿੱਚ ਬੀਮਾਰੀ ਪੈ ਗਈ। ਅਨਗਿਣਤ ਸਿਪਾਹੀ ਬੀਮਾਰ ਹੋ ਮਰਣ ਲੱਗੇ। ਇਸੇ ਸਿਲਸਿਲੇ ਵਿੱਚ ਨਾਹਰਖਾਨ ਦੀ ਮੌਤ ਹੋ ਗਈ। ਜਦ ਫੌਜਾਂ ਨੂੰ ਮੁੜ ਜੱਥੇਬੰਦ ਕਰ ਹਮਲੇ ਲਈ ਤਿਆਰ ਕੀਤਾ ਗਿਆ ਤਾਂ ਇਹ ਗੱਲ ਚਲ ਪਈ ਕਿ ਗੁਰੂ ਹਰਿ ਰਾਏ ਮਹਾਰਾਜ ਦੇ ਉੱਤੇ ਹਮਲਾ ਕਰਨ ਵਾਲੇ, ਹਮਲਾ ਕਰਨ ਜੋਗੇ ਨਹੀਂ ਰਹਿੰਦੇ ਤਾਂ ਸਾਰੇ ਸਿਪਾਹੀ ਢਿੱਲੇ ਪੈ ਗਏ। ਗੁਰੂ ਜੀ ਨੂੰ ਰੱਬ ਰੂਪ ਫਕੀਰ ਆਖ ਉਹਨਾਂ ਨੇ ਹਮਲਾ ਕਰਨ ਤੋਂ ਇਨਕਾਰ ਕਰ ਦਿੱਤਾ। ਸਚਮੁਚ ਹੀ ਗੁਰੂ ਜੀ ਉੱਤੇ ਕੀਤੇ ਗਏ ਹਮਲੇ ਬਲਦੀ ਅੱਗ ਵਿੱਚ ਔਲੇ ਪੈਣ ਵਾਂਗ ਹੀ ਸਨ।
ਔਰੰਗਜ਼ੇਬ ਨੇ ਇਕ ਚਿੱਠੀ ਆਪਣੀ ਹੱਥੀਂ ਲਿਖ ਕੇ ਇਕ ਦਰਬਾਰੀ ਪੰਡਤ ਸ਼ਿਵ ਦਿਆਲ ਰਾਹੀਂ ਗੁਰੂ ਜੀ ਪਾਸ ਭੇਜੀ। ਪੱਤਰ ਵਿੱਚ ਲਿਖਿਆ ਸੀ ਕਿ ਗੁਰੂ ਨਾਨਕ ਦੇਵ ਜੀ ਰੱਬ ਰਸੀਦਾ ਫਕੀਰ ਸਨ । ਤੁਸੀਂ ਉਹਨਾਂ ਦੀ ਗੱਦੀ ਤੇ ਬੈਠੇ ਹੋ। ਗੁਰੂ ਨਾਨਕ ਦੇਵ ਜੀ ਦਾ ਘਰ ਸੱਚੇ ਫਕੀਰਾਂ ਦਾ ਘਰ ਹੈ, ਉਹ ਕਰਮ ਕਾਂਡ ਪਖੰਡ ਮੜ੍ਹੀ ਆਦਿ ਨੂੰ ਨਹੀਂ ਮੰਨਦੇ। ਤੁਹਾਨੂੰ ਸਾਡੇ ਨਾਲ ਸੁਲ੍ਹਾ ਰੱਖਣੀ ਚਾਹੀਦੀ ਹੈ। ਪੱਤਰ ਵਿੱਚ ਭੈ ਵੀ ਸੀ ਤੇ ਹਉਮੈ ਵੀ। ਗੁਰੂ ਜੀ ਨੇ ਪੱਤਰ ਸੰਗਤਾਂ ਵਿੱਚ ਪੜ੍ਹ ਕੇ ਸੁਣਾਇਆ। ਅੰਤ ਨਿਰਣਾ ਹੋਇਆ ਕਿ ਗੁਰੂ ਜੀ ਖੁਦ ਨਾ ਜਾਣ ਤੇ ਬਾਬਾ ਰਾਮ ਰਾਇ ਜੀ ਨੂੰ ਦਿੱਲੀ ਭੇਜਿਆ ਜਾਏ। ਗੁਰੂ ਪਾਤਸ਼ਾਹ ਗੁਰ-ਸਿੱਖਾਂ ਦਾ ਕਿਤਨਾ ਆਦਰ ਕਰਦੇ ਸਨ। ਇਹ ਇਸ ਘਟਨਾ ਤੋਂ ਸਪੱਸ਼ਟ ਹੁੰਦਾ ਹੈ। ਬਾਬਾ ਰਾਮ ਰਾਇ ਜੀ ਨੂੰ ਆਪਣੀ ਦਾਤ ਜੋਤ ਬਖ਼ਸ਼ ਦਿੱਲੀ ਘੱਲ ਦਿੱਤਾ। ਨਾਲ ਹੁਕਮ ਵੀ ਦਿੱਤਾ ਕਿ ਕਰਾਮਾਤ ਨਹੀਂ ਦਿਖਾਣੀ ਤੇ ਸ਼ਾਹੀ ਜਾਹੋ ਜਲਾਲ ਤੋਂ ਪ੍ਰਭਾਵਿਤ ਨਹੀਂ ਹੋਣਾ। ਤੁਸੀਂ ਗੁਰੂ ਨੂੰ ਸਦਾ ਮੁਖ ਰੱਖਣਾ। ਗੁਰੂ ਹਰਿ ਰਾਏ ਜੀ ਨੇ ਬਾਬਾ ਰਾਮ ਰਾਏ ਜੀ ਦੇ ਨਾਲ ਭਾਈ ਗੁਰਦਾਸ ਜੀ ਤੇ ਭਾਈ ਤਾਰਾ ਜੀ ਨੂੰ ਕਰ ਦਿੱਤਾ। ਭਾਈ ਗੁਰਦਾਸ ਜੀ ਚੰਗੇ ਵਿਦਵਾਨ ਸਨ ਤੇ ਬਾਬਾ ਰਾਮ ਰਾਇ ਦੇ ਦਰਬਾਰੀ | ਭਾਈ ਤਾਰਾ ਜੀ ਧਨੁੱਖ ਵਿਦਿਆ ਦੇ ਵੀ ਨਿਪੁੰਨ ਸਨ। ਇਹ ਗੁਰੂ ਅਰਜਨ ਦੇਵ ਜੀ ਦੇ ਪ੍ਰਸਿੱਧ ਸਿੱਖ ਭਾਈ ਬਹਿਲੋ ਜੀ ਦੇ ਪੋਤਰੇ ਸਨ। ਇਹਨਾਂ ਦੇ ਨਾਲ ਪਿੰਡ ਘੁੜਾਮ ਦੇ ਗੁਰਸਿੱਖ ਭਾਈ ਪੰਜਾਬਾ ਤੇ ਜੋਕੀ ਖੁਸ਼ਾਲੀ ਤੋਂ ਇਲਾਵਾ ਸ਼ਸਤਰਧਾਰੀ ਘੋੜ ਸਵਾਰ ਵੀ ਨਾਲ ਘੱਲੇ । ਬਾਬਾ ਰਾਮ ਰਾਇ ਅਜੱਰ ਸ਼ਕਤੀ ਨੂੰ ਜਰ ਨਾ ਸਕੇ। ਉਹ ਥਿਰ ਨਾ ਰਹੇ ਤੇ ਬੇਮੁਖ ਹੋ ਗਏ। ਸ਼ਾਹੀ ਪ੍ਰਭਾਵ ਅੰਦਰ ਇਸ ਤਰ੍ਹਾਂ ਆਏ ਕਿ ਬਾਣੀ ਦਾ ਨਿਰਾਦਰ ਵੀ ਕੀਤਾ। ਗੁਰੂ ਜੀ ਨੇ ਉਹਨਾਂ ਨੂੰ ਮੁੜ ਮੂੰਹ ਨਹੀਂ ਲਾਇਆ।
ਗੁਰੂ ਹਰਿ ਰਾਏ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਉਹਨਾਂ ਦੀ ਉਮਰ 31 ਸਾਲ ਸੀ। ਉਹਨਾਂ ਨੇ ਗੁਰਿਆਈ ਦੀ ਪਵਿੱਤਰ ਜ਼ਿੰਮੇਵਾਰੀ ਬਾਲਾ ਪ੍ਰੀਤਮ ਸ੍ਰੀ ਹਰਿ ਕ੍ਰਿਸ਼ਨ ਜੀ ਨੂੰ ਸੌਂਪ ਦਿੱਤੀ। ਗੁਰਗੱਦੀ ਤੇ ਬਿਰਾਜਣ ਸਮੇਂ ਹਰਿ ਕ੍ਰਿਸ਼ਨ ਸਾਹਿਬ ਜੀ ਦੀ ਉਮਰ ਪੰਜ ਸਾਲ ਤਿੰਨ ਮਹੀਨੇ ਸੀ। ਗੱਲ ਤਾਂ ਗੁਰੂ ਜੋਤ ਦੀ ਹੈ। ਆਪ ਜੀ ਨੇ ਛੋਟੀ ਜਹੀ ਉਮਰ ਵਿੱਚ ਸਾਰੇ ਜਗਤ ਤੇ ਵਿਸ਼ੇਸ਼ ਕਰ ਸਿੱਖਾਂ ਦੀ ਅਗਵਾਈ ਢਾਈ ਵਰ੍ਹੇ ਕੀਤੀ ਤੇ ਬੜੇ ਵੱਡੇ ਵੱਡੇ ਇਤਿਹਾਸਕ ਕਾਰਜ ਕੀਤੇ।
ਇਕ ਹੋਰ ਬੜਾ ਵਿਡੰਬਨਾ ਭਰਿਆ ਇਤਿਹਾਸਕ ਤੱਥ ਹੈ ਕਿ ਗੁਰੂ ਹਰਿਗੋਬਿੰਦ ਦੇ ਜੀਵਨ ਕਾਲ ਸਮੇਂ ਤਿੰਨ ਵੱਖ-ਵੱਖ ਮੁਗ਼ਲ ਬਾਦਸ਼ਾਹ, ਦਿੱਲੀ ਦੇ ਤਖ਼ਤ ਤੇ ਅਕਬਰ, ਜਹਾਂਗੀਰ ਤੇ ਸ਼ਾਹਜਹਾਂ ਨੇ ਰਾਜ ਕੀਤਾ। ਇਸ ਮਗਰੋਂ ਔਰੰਗਜ਼ੇਬ ਦੇ ਰਾਜ ਦੇ ਸਮੇਂ ਚਾਰ ਗੁਰੂ ਸਾਹਿਬਾਨ ਗੁਰੂ ਹਰਿ ਰਾਏ ਜੀ, ਗੁਰੂ ਹਰਿਕ੍ਰਿਸ਼ਨ ਜੀ, ਗੁਰੂ ਤੇਗ਼ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਹੋਏ। ਔਰੰਗਜ਼ੇਬ ਬੜਾ ਅੜੀਅਲ ਤੇ ਮੁਤਸਬੀ ਬਾਦਸ਼ਾਹ ਸੀ। ਉਹ ਗੁਰੂ ਨਾਨਕ ਸਾਹਿਬ ਦੀ ਅਜ਼ਮਤ ਨੂੰ ਜਾਣਦਾ ਸੀ, ਫਿਰ ਵੀ ਸਤਿਗੁਰਾਂ ਨਾਲ ਆਡਾ ਲਾਈ ਰੱਖਦਾ ਸੀ। ਇਹੀ ਕਾਰਣ ਸੀ ਕਿ ਉਸਨੇ ਗੁਰੂ ਹਰਿ ਰਾਏ ਜੀ ਨੂੰ ਦਿੱਲੀ ਆਉਣ ਲਈ ਪੱਤਰ ਲਿਖ ਘੱਲਿਆ। ਗੁਰੂ ਜੀ ਨੇ ਬਾਬਾ ਰਾਮ ਰਾਇ ਜੀ ਨੂੰ ਭੇਜਿਆ। ਇਸਦਾ ਜ਼ਿਕਰ ਅਸੀ ਉੱਤੇ ਕਰ ਚੁੱਕੇ ਹਾਂ। ਹੁਣ ਜਦ ਉਸਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੀ ਗੱਦੀ ਉੱਤੇ ਨਿੱਕੀ ਜਹੀ ਅਵਸਥਾ ਵਾਲੇ ਬਿਰਾਜੇ ਹਨ ਤਾਂ ਉਹ ਉਹਨਾਂ ਨੂੰ ਹੇਚ ਕਰਨ ਦੇ ਫਿਕਰ ਵਿੱਚ ਹੋਇਆ। ਉਸਨੇ ਆਪਣੇ ਇਕ ਦਰਬਾਰੀ ਮਿਰਜ਼ਾ ਰਾਜਾ ਜੈ ਸਿੰਘ ਦੁਆਰਾ ਗੁਰੂ ਜੀ ਨੂੰ ਦਿੱਲੀ ਆਉਣ ਲਈ ਸੱਦਾ ਦਿੱਤਾ। ਮਹਾਰਾਜ ਗੁਰੂ ਹਰਿਕ੍ਰਿਸ਼ਨ ਜੀ ਅੰਦਰਲੀ ਸਾਰੀ ਗੱਲ ਨੂੰ ਸਮਝਦੇ ਸਨ, ਫਿਰ ਵੀ ਉਹ ਦਿੱਲੀ ਵਲ ਤੁਰ ਪਏ। ਮਿਰਜ਼ਾ ਰਾਜਾ ਜੈ ਸਿੰਘ ਨੇ ਆਪਣੇ ਨਿਵਾਸ ਸਥਾਨ ਭਾਵ ਆਪਣੇ ਹੀ ਬੰਗਲੇ ਵਿੱਚ ਠਹਿਰਾਉਣ ਦੀ ਸੋਚੀ ਤਾਂ ਜੋ ਘੜੀ ਵਿਉਂਤ ਅਨੁਸਾਰ ਉਹ ਬਾਦਸ਼ਾਹ ਤੇ ਗੁਰੂ ਜੀ ਨੂੰ ਆਮਨੇ ਸਾਹਮਣੇ ਕਰ ਔਰੰਗਜ਼ੇਬ ਦੀ ਕੁਚਾਲ ਅਨੁਸਾਰ ਗੁਰੂ ਜੀ ਨੂੰ ਹੇਢ ਕਰ ਸਕੇ। ਸ੍ਰੀ ਕੀਰਤਪੁਰ ਸਾਹਿਬ ਤੋਂ ਗੁਰੂ ਪਾਤਸ਼ਾਹ ਕੁਰਾਲੀ, ਖਰੜ, ਬਨੂੜ ਤੋਂ ਹੁੰਦੇ ਹੋਏ ਪੰਜੋਖਰਾ ਵਿਖੇ ਪੁੱਜੇ ਹੀ ਸਨ, ਕਿ ਕੁਝ ਸਿੱਖ ਕੀਰਤਪੁਰ ਤੋਂ ਉੱਥੇ ਪੁੱਜੇ ਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਕਾਬਲ ਦੀਆਂ ਸੰਗਤਾਂ ਆਪ ਦੇ ਦਰਸ਼ਨਾਂ ਲਈ ਆਈਆਂ ਹਨ, ਆਪ ਜੀ ਕਿਰਪਾ ਕਰਕੇ ਰੁਕ ਜਾਉ। ਗੁਰੂ ਜੀ ਨੇ ਪੰਜੋਖਰਾ ਵਿੱਚ ਹੀ ਪੜਾਅ ਕੀਤਾ। ਬਹੁਤ ਸਾਰੀਆਂ ਸੰਗਤਾਂ ਨਾਲ ਸਨ। ਪੰਜੋਖਰੇ ਦੇ ਇਲਾਕੇ ਦੀਆਂ ਸੰਗਤਾਂ ਵੀ ਪੁੱਜ ਗਈਆਂ, ਜਿਸ ਨਾਲ ਭਾਰੀ ਇਕੱਠ ਹੋ ਗਿਆ। ਉੱਥੋਂ ਦੇ ਵਸਨੀਕ ਪੰਡਤ ਲਾਲ ਚੰਦ ਨੇ ਪੁੱਛਿਆ ਕਿ ਇਹ ਕੌਣ ਹਨ, ਤਾਂ ਉਸਨੂੰ ਉੱਤਰ ਮਿਲਿਆ, ਇਹ ਗੁਰੂ ਨਾਨਕ ਜੀ ਦੀ ਗੱਦੀ ਉੱਤੇ ਸ੍ਰੀ ਹਰਿ ਕ੍ਰਿਸ਼ਨ ਜੀ ਸੁਸ਼ੋਭਿਤ ਹਨ। ਪੰਡਤ ਨੇ ਕਿਹਾ, ਕ੍ਰਿਸ਼ਨ ਨਾਂ ਰਖਾਣਾ ਸੌਖਾ ਹੈ, ਕੀ ਇਹ ਬਾਲਾ ਗੁਰੂ ਗੀਤਾ ਦੇ ਅਰਥ ਕਰ ਸਕਦੇ ਹਨ? ਬਾਲਾ ਗੁਰੂ ਨੂੰ ਖ਼ਬਰ ਮਿਲੀ ਤੇ ਉਹਨਾਂ ਆਖਿਆ ਕਿ ਪੰਡਤ ਜੀ ਨੂੰ ਆਖੋ, ਇਸ ਪਿੰਡ ਦੇ ਕਿਸੇ ਸਿੱਧੇ ਸਾਦੇ ਤੇ ਮਾਮੂਲੀ ਮਨੁੱਖ ਨੂੰ ਲੈ ਆਉਣ ਤੇ ਉਹ ਅਰਥ ਕਰ ਦੇਵੇਗਾ। ਪੰਡਿਤ ਦੀ ਮਤ ਜ਼ਾਤ ਅਭਿਮਾਨ ਨੇ ਮਾਰੀ ਹੋਈ ਸੀ ਤੇ ਅਕਲ ਨੂੰ ਜਿਵੇਂ ਮੋਤੀਆਬਿੰਦ ਹੋਇਆ ਸੀ। ਬਹੁਤਾ ਵਿਸਥਾਰ ਨ ਕਰੀਏ, ਗੁਰੂ ਜੀ ਨੇ ਸ਼ਾਸਤ੍ਰਾਰਥ ਕਰਨ ਵਾਸਤੇ ਲਿਆਂਦੇ ਮਨੁੱਖ ਛੱਜੂ ਝਿਊਰ ਦੇ ਸਿਰ ਉੱਤੇ ਕਿਰਪਾ ਕਰ ਆਪਣੀ ਛੜੀ ਰੱਖੀ ਤੇ ਛੱਜੂ ਜੀ ਨੇ ਪੰਡਤ ਜੀ ਦੇ ਸਾਰੇ ਪ੍ਰਸ਼ਨਾਂ ਦਾ ਕੇਵਲ ਉੱਤਰ ਹੀ ਨਹੀਂ ਦਿੱਤਾ ਸਗੋਂ ਪੰਡਿਤ ਜੀ ਦਾ ਹੰਕਾਰ ਤੋੜ ਗਿਆਨ ਕਰਾ ਦਿੱਤਾ। ਉਸਨੇ ਆਪਣਾ ਜਨੇਊ ਗੁਰੂ ਜੀ ਦੇ ਚਰਨਾਂ ਵਿੱਚ ਰੱਖ, ਖਿਮਾ ਮੰਗੀ। ਗੁਰੂ ਜੀ ਨੇ ਭਾਈ ਛੱਜੂ ਜੀ ਨੂੰ ਜਗਨਨਾਥ ਪੁਰੀ ਉੜੀਸਾ ਜਾਣ ਦਾ ਹੁਕਮ ਦਿੱਤਾ ਅਤੇ ਉੱਥੇ ਰਹਿ ਗੁਰਮਤਿ ਦਾ ਪ੍ਰਚਾਰ ਕੀਤਾ। ਇਹਨਾ ਦੇ ਹੀ ਖਾਨਦਾਨ ਦੇ ਬੱਚੇ ਭਾਈ ਹਿੰਮਤ ਸਿੰਘ ਜੀ, ਅੰਮ੍ਰਿਤ ਛਕਾਉਣ ਲਗਿਆਂ ਚੌਥੇ ਪਿਆਰੇ ਦੇ ਰੂਪ ਵਿੱਚ ਸਨਮੁਖ ਹੋਏ।
ਗੁਰੂ ਜੀ ਦਿੱਲੀ ਪੁੱਜਣਾ ਚਾਹੁੰਦੇ ਸੀ, ਇਸ ਲਈ ਉਹਨਾਂ ਬਚਨ ਕੀਤਾ ਕਿ ਸਾਧ ਸੰਗਤ ਦੀਆਂ ਵਹੀਰਾਂ ਨਾਲ ਨਾ ਚੱਲਣ ਅਤੇ ਕੀਰਤਪੁਰ ਦੀ ਸੰਗਤ ਪਿੱਛੇ ਪਰਤ ਜਾਏ, ਤਾਂ ਜੋ ਉਹ ਮਿੱਥੇ ਸਮੇਂ ਅਨੁਸਾਰ ਦਿੱਲੀ ਪੁੱਜ ਸਕਣ। ਗੁਰੂ ਜੀ, ਅੰਬਾਲਾ, ਸ਼ਾਹਬਾਦ, ਲਾਡਵਾ ਕਰਨਾਲ, ਬੜਥਲ ਹੁੰਦੇ ਹੋਏ ਦਿੱਲੀ ਵਲ ਚਾਲੇ ਪਾ ਦਿੱਤੇ। ਅੱਗੋਂ ਮਿਰਜ਼ਾ ਰਾਜਾ ਜੈ ਸਿੰਘ ਸਵਾਗਤ ਲਈ ਪੁੱਜਾ, ਉਸਨੇ ਗੁਰੂ ਜੀ ਦਾ ਹਾਲ ਚਾਲ ਪੁੱਛ ਗੁਰੂ ਜੀ ਨੂੰ ਆਪਣੇ ਘਰ ਲਿਜਾਣ ਦੀ ਬੇਨਤੀ ਕੀਤੀ। ਗੁਰੂ ਜੀ ਨੇ ਉੱਥੇ ਹੀ ਟਿਕਾਣਾ ਰੱਖਣਾ ਮਨਜ਼ੂਰ ਕਰ ਲਿਆ।
ਇਹ ਇਤਿਹਾਸਕ ਸੱਚਾਈ ਹੈ ਕਿ ਮਿਰਜ਼ਾ ਰਾਜਾ ਜੈ ਸਿੰਘ ਬੜਾ ਪੜ੍ਹਿਆ ਲਿਖਿਆ, ਚਤੁਰ ਚਲਾਕ ਤੇ ਚਾਕ ਚੌਬੰਦ ਪਰ ਚਾਪਲੂਸ ਦਰਬਾਰੀ ਸੀ। ਉਸਨੇ ਔਰੰਗਜ਼ੇਬ ਵਾਸਤੇ ਕਈ ਔਖੇ ਕੰਮ ਨਜਿੱਠੇ ਸਨ। ਸ਼ਿਵਾ ਜੀ ਤੇ ਉਸਦੇ ਪਿਤਾ ਨੂੰ ਔਰੰਗਜ਼ੇਬ ਦੇ ਦਰਬਾਰ ਹਾਜ਼ਰ ਕੀਤਾ। ਸ਼ਿਵਾ ਜੀ ਦੇ ਜਵਾਈ ਨੂੰ ਜ਼ਬਰਦਸਤੀ ਇਸਲਾਮ ਵਿੱਚ ਲਿਆਂਦਾ। ਜੈ ਸਿੰਘ ਚਾਹੁੰਦਾ ਸੀ ਕਿ ਉਹ ਅਜਿਹਾ ਹੀ ਗੁਰੂ ਸਾਹਿਬ ਨਾਲ ਕਰਕੇ ਔਰੰਗਜ਼ੇਬ ਦੀ ਖੁਸ਼ਨੂਦੀ ਹਾਸਿਲ ਕਰ ਲਏ। ਇਕ ਦਿਨ ਉਸਨੇ ਕਿਹਾ, ਕਿ ਉਹ ਔਰੰਗਜ਼ੇਬ ਦੇ ਦਰਬਾਰ ਜਾ ਰਿਹਾ ਹੈ ਤੇ ਉੱਥੇ ਗੁਰੂ ਜੀ ਦੀ ਮਹਿਮਾ ਦੱਸ, ਵਡਿਆਈ ਕਰੇਗਾ, ਗੁਰੂ ਜੀ ਨੇ ਵਿੱਚੋਂ ਹੀ ਟੋਕ ਕੇ ਆਖਿਆ, ਰਾਜੇ ਤੂੰ ਭੁਲੇਖਾ ਕੱਢ ਦੇ। ਅਸੀ ਤੇਰੇ ਜਤਾਏ ਪਿਆਰ ਕਾਰਨ ਆਏ ਹਾਂ। ਸਾਨੂੰ ਗੁਰੂ ਪਿਤਾ ਦਾ ਹੁਕਮ ਹੈ ਕਿ ਜੇ ਦਿੱਲੀ ਜਾਣਾ ਹੋਵੇ ਤਾਂ ਔਰੰਗਜੇਬ ਨੂੰ ਮੂੰਹ ਨਹੀਂ ਲਾਣਾ। ਉਹ ਅਨਿਆਕਾਰੀ ਤੇ ਜ਼ਾਲਮ ਹੈ, ਉਸ ਭਰਾ ਮਾਰੇ ਹਨ ਤੇ ਸੰਤ ਦੁਪਰਿਆਰੇ ਕੀਤੇ ਹਨ। ਤੁਸੀਂ ਦਿੱਲੀ ਜਾ ਕੇ ਸੰਗਤਾਂ ਵਿੱਚ ਰਹਿਣਾ ਤੇ ਸੰਤਾਂ ਨੂੰ ਮਿਲਣਾ। ਰਾਜਾ ਜੈ ਸਿੰਘ ਖਿੱਝ ਜਿਹਾ ਗਿਆ, ਪਰ ਉਸ ਵਿਉਂਤਾਂ ਘੜਣੀਆਂ ਆਰੰਭੀ ਰੱਖੀਆਂ। ਬਾਦਸ਼ਾਹ ਨੇ ਗੁਰੂ ਜੀ ਦੀ ਭੇਟ ਬਹੁਤ ਸਾਰਾ ਕੀਮਤੀ ਸਾਮਾਨ, ਹੀਰੇ, ਜਵਾਹਾਰਤ ਤੇ ਕੱਪੜੇ ਵਸਤਰ ਆਦਿ ਭੇਟ ਕੀਤੇ। ਗੁਰੂ ਜੀ ਨੇ ਭਰੇ ਥਾਲ ਅਤੇ ਮਾਲ ਅਸਬਾਬ ਵਿੱਚੋਂ ਕੇਵਲ ਇਕ ਤਸਬੀਹ (ਮਾਲਾ) ਲੈ ਲਈ ਤੇ ਬਾਕੀ ਸਾਮਾਨ ਮੋੜ ਬਾਦਸ਼ਾਹ ਨੂੰ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਅੰਤ ਵਿੱਚ ਔਰੰਗਜ਼ੇਬ ਖੁਦ ਚਲ ਕੇ ਆਇਆ, ਜਿਸਦੀ ਹਾਜ਼ਰੀ ਭਰਨ ਲਈ ਬੜੇ ਬੜੇ ਬਾਦਸ਼ਾਹ ਤੇ ਜਰਨੈਲ ਉਤਾਵਲੇ ਰਹਿੰਦੇ ਸਨ, ਉਹ ਔਰੰਗਜੇਬ ਗੁਰੂ ਜੀ ਦੇ ਨਿਵਾਸ ਦੀ ਚੌਖਟ ਨੂੰ ਅੱਧੀ ਘੜੀ ਫੜ ਕੇ ਖਲੋਤਾ ਰਿਹਾ। ਗੁਰੂ ਜੀ ਨੇ ਦਰਵਾਜ਼ਾ ਭੀੜ ਦੇਣ ਦਾ ਹੁਕਮ ਕੀਤਾ ਤੇ ਔਰੰਗਜ਼ੇਬ ਨੂੰ ਮੱਥੇ ਨਹੀਂ ਲਾਇਆ।
ਇਸ ਤੋਂ ਬਾਅਦ ਵੀ ਮਿਰਜ਼ਾ ਰਾਜਾ ਜੈ ਸਿੰਘ ਨੇ ਆਪਣੀ ਪਟਰਾਣੀ ਨੂੰ ਗੋਲੀ ਦੇ ਕੱਪੜੇ ਪੁਆ ਆਮ ਇਸਤਰੀਆਂ ਦੇ ਇਕੱਠ ਵਿੱਚ ਬਿਠਾ ਦਿੱਤਾ ਤੇ ਗੁਰੂ ਜੀ ਨੂੰ ਆਖਿਆ ਕਿ ਤੁਸੀਂ ਮੇਰੇ ਮਹਿਲਾਂ ਵਿੱਚ ਚਲੋ, ਰਾਣੀ ਤੁਹਾਨੂੰ ਮਿਲਣਾ ਚਾਹੁੰਦੀ ਹੈ। ਗੁਰੂ ਜੀ ਨਾ ਚਾਹੁੰਦਿਆਂ ਹੋਇਆਂ ਵੀ ਗਏ, ਗੋਲੀਆਂ ਵਾਲੇ ਕੱਪੜੇ ਪਾ ਬੈਠੀ ਪਟਰਾਣੀ ਦੇ ਸਿਰ ਛੜੀ ਰੱਖ ਆਖਿਆ, ਤੈਨੂੰ ਅਕਾਲ ਪੁਰਖ ਨੇ ਰਾਣੀ ਬਣਾਇਆ ਹੈ, ਤੂੰ ਕਪਟ ਕਰਨ ਦੀ ਕਿਉਂ ਠਾਣੀ, ਤੇ ਗੋਲੀਆਂ ਵਿੱਚ ਜਾ ਬੈਠੀ।
ਇੱਥੇ ਗੁਰੂ ਹਰਿ ਕ੍ਰਿਸ਼ਨ ਜੀ ਦੀ ਸਰਬੱਗਤਾ ਦੇ ਸਬੰਧ ਵਿੱਚ ਇਹ ਕਹਿਣਾ ਗੁਰੂ ਆਭਾ ਦਾ ਪ੍ਰਤਾਪ ਦਰਸਾਏਗਾ ਕਿ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਇਕ ਚਿੱਠੀ ਲਿਖੀ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦੇ ਵਚਨਾਂ ਨੂੰ ਫਾਰਸੀ ਵਿੱਚ ਅਨੁਵਾਦ ਕਰ ਘੱਲਿਆ। ਹੁਕਮ ਹੈ ਕਿ ਵਧੀਆ ਖਾਣੇ ਤੇ ਵਧੀਆ ਕੱਪੜੇ ਮਨੁੱਖ ਨੂੰ ਵਧੀਆ ਨਹੀਂ ਬਣਾ ਸਕਦੇ। ਪ੍ਰਵਾਨ ਪੁਰਖ ਉਹ ਹੈ ਜਿਸਦੇ ਮਨ ਵਿੱਚ ਸੱਚਾ ਪੁਰਖ ਆਪ ਆ ਵਸਦਾ ਹੈ
ਕਿਆ ਖਾਧੈ ਕਿਆ ਪੈਧੈ ਹੋਇ॥
( ਮਾਝ ਵਾਰ ੧, ਪੰਨਾ 142 )
ਮੇਵੇ, ਘਿਉ, ਗੁੜ, ਮੈਦਾ ਤੇ ਮਿੱਠੇ ਪਕਵਾਨ ਅਤੇ ਮਾਸ ਆਦਿ ਦਾ ਸੇਵਨ ਸਭ ਅਕਾਰਥ ਹਨ । ਫੌਜਾਂ, ਲਸ਼ਕਰ ਤੇ ਚਾਪਲੂਸ ਮੁਸਾਹਿਬਾਂ ਦਾ ਜਮਘਟਾ, ਵੱਡੇ ਵੱਡੇ ਮਹਿਲਾਂ ਦਾ ਵਾਸਾ ਕੋਈ ਮਾਨ੍ਹੇ ਨਹੀਂ ਰੱਖਦਾ। ਸੱਚੇ ਨਾਮ ਬਿਨਾ ਸਾਰੇ ਵਾਲੇ ਟੋਲੇ ਤੇ ਉਪਰਾਲੇ ਸਭ ਐਵੇਂ ਹੀ ਹਨ। ਚਿਤ ਵਿੱਚ ਅਕਾਲ ਪੁਰਖ ਦਾ ਹੋਣਾ ਹੀ ਇਸ ਸੰਸਾਰ ਤੋਂ ਪਾਰ ਕਰ ਸਕਦਾ। ਹੈ। ਪ੍ਰਿੰ. ਸਤਿਬੀਰ ਸਿੰਘ ਅਨੁਸਾਰ ਇਹ ਪੱਤਰ ਬਾਦਸ਼ਾਹ ਔਰੰਗਜ਼ੇਬ ਵੱਲ ਗੁਰੂ ਹਰਿਕ੍ਰਿਸ਼ਨ ਜੀ ਦੁਆਰਾ ਪਹਿਲਾ ਜ਼ਫ਼ਰਨਾਮਾ ਹੈ।
ਮਿਰਜ਼ਾ ਰਾਜਾ ਜੈ ਸਿੰਘ ਦੀਆਂ ਕੁਚਾਲਾਂ, ਔਰੰਗਜ਼ੇਬ ਦਾ ਮੁਤਸਬ ਵੈਰ ਅਤੇ ਬਾਬਾ ਰਾਮ ਰਾਇ ਜੀ ਦਾ ਹਸਦ ਤੇ ਸਾੜਾ ਗੁਰੂ ਜੀ ਨੂੰ ਨਹੀਂ ਸੀ ਭਾਉਂਦਾ। ਉਹਨਾਂ ਨੇ ਨਿਰਣਾ ਕਰ ਭਾਈ ਕਲਿਯਾਨਾ ਜੀ ਦੀ ਸਰਾਂ ਵਿੱਚ ਜਾ ਨਿਵਾਸ ਕੀਤਾ। ਇਹਨੀਂ ਦਿਨੀਂ ਦਿੱਲੀ ਵਿੱਚ ਸ਼ੀਤਲਾ (ਚੇਚਕ) ਦੀ ਬੀਮਾਰੀ ਬਹੁਤ ਜ਼ੋਰਾਂ ਨਾਲ ਫੈਲ ਗਈ। ਗੁਰੂ ਹਰਿਕ੍ਰਿਸ਼ਨ ਜੀ ਗੁਰੂ ਨਾਨਕ ਦੇ ਸੁਭਾਅ ਅਨੁਸਾਰ ਪ੍ਰਗਟ ਤੇ ਪ੍ਰਤੱਖ ਹੋ ਲੋਕਾਂ ਦਾ ਦੁਖ ਦੂਰ ਕਰਦੇ. ਦੁਆਈਆਂ ਵੰਡਦੇ ਤੇ ਦੇਹ ਅਰੋਗਤਾ ਦੀਆਂ ਖੁਸ਼ੀਆਂ ਪ੍ਰਦਾਨ ਕਰਦੇ। ਇਤਿਹਾਸਕਾਰ ਮਹੇਸ਼ਵਰ ਦਿਆਲ ਨੇ ਲਿਖਿਆ ਹੈ ਕਿ ਗੁਰੂ ਜੀ ਨੇ ਲੋਕਾਂ ਦੀ ਬੀਮਾਰੀ ਹਰਦਿਆਂ ਖੁਦ ਬੀਮਾਰੀ ਸਹੇੜ ਲਈ। ਇਤਿਹਾਸਕਾਰ ਗ੍ਰੀਨ ਲੀਜ਼ ਨੇ ਬੜਾ ਸਪੱਸ਼ਟ ਕਰ ਲਿਖਿਆ ਹੈ ਕਿ ਉਹ ਆਪਣੇ ਮੂੰਹ ਵਿੱਚੋਂ ਕੁਝ ਬਚਨ ਬੋਲਦੇ ਰੋਗੀਆਂ ਦੇ ਰੋਗ ਦੂਰ ਹੋ ਜਾਂਦੇ। ਇਹ ਬਚਨ ਗੁਰਬਾਣੀ ਦੇ ਹਨ, ਜੋ ਨਿਰੰਕਾਰ ਰੂਪ ਹੋ ਦੁਖ ਦੂਰ ਕਰ ਅੰਮ੍ਰਿਤ ਵਰਖਾ ਕਰਦੇ। ਪ੍ਰੋ ਪੂਰਨ ਸਿੰਘ ਨੇ ਸਿਰੇ ਦੀ ਗੱਲ ਆਖੀ ਹੈ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸਰੀਰ ਤਿਆਗਣ ਦਾ ਨਿਰਣਾ ਕਰ ਲਿਆ ਸੀ ਤੇ ਬੀਮਾਰੀ ਨੂੰ ਉਸਦਾ ਕਾਰਨ ਬਣਾਇਆ।
ਪਾਤਸ਼ਾਹ ਦਾ ਸਰੀਰ ਨਿਢਾਲ ਹੋਇਆ, ਪਰ ਸੁਰਤ ਤੇ ਜੋਤ ਕਾਇਮ ਸੀ, ਚਿਹਰਾ ਨਾਮ ਦੀ ਲਾਲੀ ਤੇ ਆਭਾ ਨਾਲ ਦਗ ਦਗ ਕਰਦਾ ਸੀ। ਇਕ ਘੂਕੀ ਜਹੀ ਚੜ੍ਹ ਗਈ, ਗੁਰਸਿੱਖਾਂ ਨੇ ਗੁਰਗੱਦੀ ਬਾਰੇ ਪੁੱਛਿਆ ਤਾਂ ਆਪ ਜੀ ਨੇ ਪੰਜ ਪੈਸੇ ਤੇ ਨਾਰੀਅਲ ਸੋਨੇ ਦੇ ਬਾਲ ਵਿੱਚ ਰਖਵਾਏ। ਖੱਬੇ ਹੱਥ ਵਿੱਚ ਪੈਸੇ ਸਨ, ਆਪ ਨੇ ਸੱਜਾ ਹੱਥ ਗਗਨ ਵੱਲ ਉੱਚਾ ਕੀਤਾ, ਫਿਰ ਸੰਕੇਤ ਮਾਤਰ ਇੱਕ ਉਂਗਲੀ ਉਠਾਈ, ‘ਏਕਸ ਬਿਨ ਦੂਜਾ ਨਹੀਂ ਕੋਇ”। ਉਸ ਤੋਂ ਬਾਦ ਆਪ ਜੀ ਨੇ ਮੁੱਠੀ ਬੰਦ ਕਰ ਤਿੰਨ ਵਾਰ ਹਵਾ ਵਿੱਚ ਲਹਿਰਾਈ ਜੋ ਏਕਤਾ ਤੇ ਇਕ ਮੁੱਠ ਹੋਣ ਦਾ ਆਦੇਸ਼ ਸੀ । ਫਿਰ ਆਪ ਜੀ ਨੇ ਇਹ ਬਚਨ ਕੀਤੇ
ਬਾਬਾ ਬਸਹਿ ਜਿ ਗ੍ਰਾਮ ਬਕਾਲੇ।
ਬਨ ਗੁਰ, ਸੰਗਤਿ ਸਕਲ ਸਮਾਲੇ।
ਮਹਿਮਾ ਪ੍ਰਕਾਸ਼ ਵਿੱਚ ਇਸ ਸਭ ਦਾ ਵਿਚਾਰ ਵਿਸਥਾਰ ਨਾਲ ਕੀਤਾ ਗਿਆ ਹੈ। ਗੁਰੂ ਜੀ ਨੇ ਨੇਤਰ ਬੰਦ ਕਰ ਲਏ। ਮੱਥਾ ਟੇਕਣ ਵਜੋਂ ਸੀਸ ਝੁਕਾਇਆ ਅਤੇ ਹਿਰਦੇ ਵਿੱਚ ਵੀ ਪਰਕਰਮਾ ਕਰ ਗੁਰਗੱਦੀ ਬਾਬਾ ਜੀ ਸ੍ਰੀ ਗੁਰੂ ਤੇਗ਼ ਬਹਾਦਰ ਨੂੰ ਬਖ਼ਸ਼ ਦਿੱਤੀ। ਗੁਰੂ ਤੇਗ਼ ਬਹਾਦਰ ਜੀ ਰਿਸ਼ਤੇ ਵਿੱਚ ਗੁਰੂ ਹਰਿਕ੍ਰਿਸ਼ਨ ਜੀ ਦੇ ਬਾਬੇ ਹੀ ਲਗਦੇ ਸਨ। ਇਹ ਘਟਨਾ 31 ਮਾਰਚ 1664 ਦੀ ਹੈ। ਉੱਥੇ ਹਾਜ਼ਰ ਗੁਰ ਸਿੱਖਾਂ ਨੇ ਪੁੱਛਿਆ, ਗੁਰੂ ਦੇਵ ਉਹਨਾਂ ਦਾ ਨਾਮ ਦੱਸੋ ਤਾਂ ਗੁਰੂ ਜੀ ਨੇ ਕਿਹਾ, ਉਹ ਧਰਤੀ ਸਮ ਸਹਿਨਸ਼ੀਲ ਤੇ ਚੰਦਰਮਾ ਵਾਂਗ ਸ਼ਾਂਤ ਤੇ ਸੀਤਲ ਹਨ। ਉਹਨਾਂ ਦਾ ਪਰਤਾਪ ਸੂਰਜ ਵਾਂਗ ਹੈ। ਉਹੀ ਹੁਣ ਪੰਥ ਦੀ ਅਗਵਾਈ ਕਰਣਗੇ । ਜ਼ਾਲਮ ਹਕੂਮਤ ਨਾਲ ਟੱਕਰ ਲੈਣਗੇ। ਉਹਨਾਂ ਦਾ ਬੇਟਾ ਪੰਥ ਪ੍ਰਚੁਰ ਕਰੇਗਾ ਜੋ ਸਦਾ ਇਕ ਅਕਾਲ ਪੁਰਖ ਦੀ ਤਾਬਿਆ ਰਹੇਗਾ।
ਗੁਰਗੱਦੀ ਦੀ ਸਭ ਸਾਮਗ੍ਰੀ ਦਿੱਲੀ ਦੇ ਪ੍ਰਸਿੱਧ ਗੁਰਸਿੱਖ ਭਾਈ ਦਰਗਾਹ ਮਲ ਨੂੰ ਦੇ ਸਦੀਵੀ ਸਮਾਧੀ ਵਿੱਚ ਚਲੇ ਗਏ।
ਗੁਰੂ ਤੇਗ ਬਹਾਦਰ
ਗੁਰੂ ਹਰਿਕ੍ਰਿਸ਼ਨ ਜੀ ਦੁਆਰਾ ਗੁਰਗੱਦੀ ਗ੍ਰਾਮ ਬਕਾਲਾ ਵਿਖੇ ਸਥਿਤ ਬਾਬਾ ਜੀ ਨੂੰ ਦੇਣ ਦਾ ਐਲਾਨ ਕਰਨ ਉਪਰੰਤ ਕਿਸੇ ਕਿਸਮ ਦਾ ਕੋਈ ਭੁਲੇਖਾ ਨਹੀਂ ਸੀ ਰਹਿ ਗਿਆ। ਸੰਗਤ ਵਿੱਚ ਇਕ ਚੈਨ ਤੇ ਸੰਤੁਸ਼ਟੀ ਦੀ ਭਾਵਨਾ ਸੀ। ਸਾਰੇ ਸਿਰਕੱਢ ਗੁਰਸਿੱਖਾਂ ਵੱਲੋਂ ਨਿਰਣਾ ਕੀਤਾ ਗਿਆ ਕਿ ਪ੍ਰਸਿੱਧ ਗੁਰਸਿੱਖ ਭਾਈ ਦਰਗਾਹ ਮਲ ਜੀ ਗੁਰਗੱਦੀ ਦੀ ਸਾਮਗਰੀ ਲੈ ਕੇ ਬਾਬਾ ਬਕਾਲਾ ਵਿਖੇ ਗੁਰੂ ਤੇਗ ਬਹਾਦਰ ਜੀ ਪਾਸ ਜਾਣ । ਆਪਣੀ ਕਿਰਤ ਤੇ ਰੁਝੇਵਿਆਂ ਜਾਂ ਹੋਰ ਕਿਸੇ ਸਮਾਜਿਕ ਕਾਰਨ ਕਰਕੇ ਗੁਰਿਆਈ ਦੀ ਗੱਦੀ ਵਾਲਾ ਪਵਿੱਤਰ ਸਾਮਗਰੀ ਦਾ ਥਾਲ ਉਨ੍ਹਾਂ ਕੋਲ ਹੀ ਪਿਆ ਰਿਹਾ ਤੇ ਇਸਨੂੰ ਗ੍ਰਾਮ ਬਕਾਲਾ ਵਿਖੇ ਤੁਰੰਤ ਨਾ ਪਹੁੰਚਾਇਆ ਜਾ ਸਕਿਆ। ਗੁਰੂ ਹਰਿਕ੍ਰਿਸ਼ਨ ਜੀ ਦੇ ਚੋਲਾ ਤਿਆਗਣ ਸਮੇਂ ਗੁਰਗੱਦੀ ਦੀ ਬਖ਼ਸ਼ਿਸ਼ ਕਰਨ ਵੇਲੇ ਸੰਗਤਾਂ ਦਾ ਅਪਾਰ ਸਮੂਹ ਦਿੱਲੀ ਵਿਖੇ ਹਾਜ਼ਰ ਸੀ। ਇਹ ਖ਼ਬਰ ਸਮਗਰੀ ਦੇ ਬਾਬਾ ਬਕਾਲਾ ਵਿਖੇ ਪਹੁੰਚਣ ਤੋਂ ਪਹਿਲਾਂ ਪੁੱਜ ਚੁੱਕੀ ਸੀ। ਇਸ ਖ਼ਬਰ ਨੂੰ ਸੁਣ ਕੇ ਕਿਤਨੇ ਹੀ ਮਨੁੱਖ ਤੇ ਖਾਸ ਕਰਕੇ ਗ੍ਰਾਮ ਬਕਾਲਾ ਵਿਖੇ ਦੇ ਗੁਰੂ ਕੁਲ ਦੇ ਬੱਚੇ ਬਾਬੇ ਦਾ ਰੂਪ ਧਾਰ ਕੇ ਥਾਉਂ ਥਾਈਂ ਗ੍ਰਾਮ ਬਕਾਲਾ ਵਿਖੇ ਬੈਠ ਗਏ। ਸੰਗਤਾਂ ਨੂੰ ਜਿਉਂ ਜਿਉਂ ਪਤਾ ਲਗਦਾ, ਤਿਉਂ ਤਿਉਂ ਉਹ ਉੱਥੇ ਪੁਜਦੀਆਂ। ਉਹ ਇਹਨਾਂ ਬਨਾਵਟੀ ਬਾਬਿਆਂ ਪਾਸ ਜਾਂਦੇ ਪਰ ਉਹਨਾਂ ਨੂੰ ਸਹੀ ਆਤਮਿਕ ਖ਼ੁਸ਼ੀ ਤੇ ਸ਼ਾਂਤੀ ਪ੍ਰਾਪਤ ਨਾ ਹੁੰਦੀ। ਇਹਨਾਂ ਤੋਂ ਇਲਾਵਾ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਿਛਲੇ 22 ਸਾਲਾਂ ਤੋਂ ਪਿਤਾ ਗੁਰੂ ਹਰਿਗੋਬਿੰਦ ਜੀ ਦਾ ਹੁਕਮ ਪਾ ਗ੍ਰਾਮ ਬਕਾਲਾ ਵਿਖੇ ਹੀ ਬਿਰਾਜ ਰਹੇ ਸਨ । ਇਹ ਠੀਕ ਹੈ ਕਿ ਉਹ ਆਪਾ ਨਹੀਂ ਸੀ ਪ੍ਰਗਟਾਉਂਦੇ ਤੇ ਨਾ ਹੀ ਪ੍ਰਗਟ ਰੂਪ ਵਿੱਚ ਸੰਗਤਾਂ ਵਿੱਚ ਵਿਚਰਦੇ ਸਨ। ਜੋ ਵੀ ਕੋਈ ਗੁਰਸਿੱਖ ਜਗਿਯਾਸੂ ਗੁਰੂ ਪੁੱਤਰ ਜਾਣ ਕੇ ਉਹਨਾਂ ਪਾਸ ਆਉਂਦਾ ਤਾਂ ਉਹ ਉਹਨਾਂ ਦੇ ਸ਼ੰਕੇ ਨਿਵਿਰਤ ਕਰਦੇ ਤੇ ਗੁਰਮਤਿ ਸਬੰਧੀ ਪੁੱਛਾਂ ਦਾ ਉੱਤਰ ਦੇ ਸੰਤੁਸ਼ਟੀ ਕਰਾਂਦੇ। ਗੁਰੂ ਤੇਗ਼ ਬਹਾਦਰ ਜੀ ਦੇ ਆਪਾ ਨਾ ਪਰਗਟ ਕਰਨ ਨੂੰ ਅਸਾਂ ਆਮ ਬੁੱਧੀ ਵਾਲਿਆਂ ਨੇ ਉਹਨਾਂ ਨੂੰ ਭੌਰੇ ਵਿੱਚ ਪਾ ਰੱਖਿਆ ਹੈ। ਇਹ ਤਾਂ ਵਸਤ ਗੁਪਾਲ ਕੀ ਹੈ । ਜਿਹੜੇ ਉਹਨੂੰ ਧਿਆਉਂਦੇ ਹਨ, ਉਹ ਉਸਨੂੰ ਭਾਉਂਦੇ ਹਨ ਤੇ ਉਹਨਾਂ ਉੱਤੇ ਉਹ ਬਖ਼ਸ਼ਿਸ਼ ਕਰਦਾ ਹੈ।
ਗੁਰੂ ਤੇਗ਼ ਬਹਾਦਰ ਜੀ ਦੇ ਗ੍ਰਾਮ ਬਕਾਲਾ ਵਿਖੇ ਬਿਤਾਏ ਹੋਏ ਸਮੇਂ ਉਹਨਾਂ ਦੀ ਦਿਨ ਚਰਯਾ ਨੂੰ ਬੇਸ਼ਕ ਸੰਖੇਪ ਕਰ ਧਿਆਨ ਨਾਲ ਦੇਖੀਏ ਤਾਂ ਪਤਾ ਲਗਦਾ ਹੈ ਕਿ ਉਹ ਇਕ ਗਰਸਤੀ ਵਾਲਾ ਜੀਵਨ ਬਿਤਾ ਰਹੇ ਸਨ । ਸਵੇਰੇ ਸ਼ਾਮ ਉਹਨਾਂ ਪਾਸ ਗੁਰਸਿੱਖ ਆ ਜੁੜਦੇ। ਗੁਰੂ ਜੀ ਉਹਨਾਂ ਨੂੰ ਗੁਰਮਤਿ ਦੇ ਦਰਸ ਦਾ ਦਾਨ ਦਿੰਦੇ। ਇਕ ਵਾਰ ਕਿਸੇ ਗੁਰਸਿੱਖ ਨੇ ਪੁੱਛਿਆ ਮਹਾਰਾਜ ਸਿਮਰਨ ਕੀ ਹੈ ਤੇ ਸਿਮਰਨ ਕਿਵੇਂ ਕਰੀਏ। ਤਦ ਪਾਤਸ਼ਾਹ ਨੇ ਉੱਤਰ ਦਿੱਤਾ, ਜਿਹੜੀਆਂ ਵਸਤਾਂ, ਸਬੰਧ ਜਾਂ ਕਾਰਜ ਅਕਾਲ ਪੁਰਖ ਵੱਲ ਜਾਣ ਤੋਂ ਰੋਕਦੇ ਹਨ, ਉਹ ਮਾਇਆ ਹੈ। ਗੁਰਸਿੱਖ ਨੇ ਪੁੱਛਿਆ, ਕੀ ਪੁੱਤਰ ਕਲਤਰ ਵੀ ਮਾਇਆ ਹਨ, ਤਾਂ ਗੁਰੂ ਜੀ ਨੇ ਫੁਰਮਾਇਆ, ਹਾਂ! ਜੋ ਵੀ ਉਸਦੇ ਪੰਧ ਵਿੱਚ ਰੁਕਾਵਟ ਬਣੇ, ਉਹ ਮਾਇਆ ਹੈ। ਅਜਿਹਾ ਅਭਿਆਸ ਬਣ ਜਾਣ ਨਾਲ, ਹਰ ਇਕ ਵਸਤੂ ਵਿੱਚੋਂ ਉਹ ਨਜ਼ਰ ਆਉਣ ਲਗ ਪੈਂਦਾ ਹੈ। ਇਸ ਅਵਸਥਾ ਦਾ ਮਤਵਾਤਰ ਬਣੇ ਰਹਿਣਾ ਸਿਮਰਨ ਹੈ ਅਤੇ ਇਹੀ ਨਾਮ ਦੀ ਪਰਾਪਤੀ ਹੈ।
ਏਹ ਮਾਇਆ, ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ॥
ਰਾਮਕਲੀ ਮਹਲਾ ੩, ਪੰਨਾ 921 ਇਹ ਇਤਿਹਾਸਕ ਤੱਥ ਹੈ ਕਿ ਗੁਰੂ ਮਹਾਰਾਜ ਹੱਥੀਂ ਕਿਰਤ ਕਰਦੇ ਸਨ, ਜਿਸ ਨਾਲ ਆਏ ਅਭਿਆਗਤ ਦੀ ਸੇਵਾ ਕੀਤੀ ਜਾਂਦੀ ਸੀ। ਆਮ ਅੱਖ ਨਾਲ ਵੇਖਣ ਤੇ ਹੈਰਾਨੀ ਹੁੰਦੀ ਹੈ। ਪਰ ਸੱਚ ਇਹ ਹੈ ਕਿ ਮਹਾਰਾਜ ਹਰ ਰੋਜ਼ ਸ਼ਿਕਾਰ ਖੇਡਣ ਜਾਇਆ। ਕਰਦੇ ਸਨ। ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਗੁਰੂ ਜੀ ਬੜੇ ਅੱਛੇ ਸ਼ਾਹਸਵਾਰ ਸਨ ਅਤੇ ਉਹਨਾਂ ਨੇ ਚੌਦਾਂ ਸਾਲ ਦੀ ਅਵਸਥਾ ਵਿੱਚ ਕਰਤਾਰਪੁਰ ਦੀ ਜੰਗ ਦੇ ਅੰਦਰ ਆਪਣੀ ਕਿਰਪਾਨ ਨਾਲ ਐਸੇ ਜੌਹਰ ਦਿਖਾਏ ਕਿ ਪਿਤਾ ਹਰਿਗੋਬਿੰਦ ਜੀ ਨੇ ਉਹਨਾਂ ਨੂੰ ਤੇਗ਼ ਬਹਾਦਰ ਦਾ ਖਿਤਾਬ ਦਿੱਤਾ। ਉਦੋਂ ਤੋਂ ਇਹਨਾ ਦਾ ਇਹੀ ਨਾਂ ਪ੍ਰਚਲਿਤ ਹੈ। ਉਹਨਾਂ ਦਾ ਪਹਿਲਾਂ ਨਾਂ ਤਿਆਗ ਮਲ ਜੀ ਸੀ। ਮੈਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਧੂਬੜੀ, ਬਨਾਰਸ ਤੇ ਗੰਗਾ ਕਿਨਾਰੇ ਬਾਬਾ ਕਲਿਯਾਨ ਜੀ ਦਾ ਘਰ, ਅਲਾਹਬਾਦ ਵਿਖੇ ਉਹਨਾ ਦੇ ਅਸਥਾਨ ਪੱਕੀ ਸੰਗਤ ਦੇ ਦਰਸ਼ਨ ਕੀਤੇ ਹਨ। ਸਾਡੀ ਤੀਖਣ ਬੁੱਧੀ ਦਾ ਕਮਾਲ ਹੈ ਕਿ ਅਸੀ ਇਹਨਾਂ ਸਾਰੀਆਂ ਥਾਵਾਂ ਉੱਤੇ ਕੁਝ ਥਾਵਾਂ ਵੱਖਰੀਆਂ ਤੇ ਰਾਖਵੀਆਂ ਕਰਕੇ ਉਹਨਾਂ ਦਾ ਨਾਂ ਭੋਰਾ ਸਾਹਿਬ ਰੱਖ ਦਿੱਤਾ ਹੈ, ਅਖੇ ਇਹ ਥਾਂ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਤਪੱਸਿਆ ਕਰਿਆ ਕਰਦੇ ਸਨ। ਇਹ ਗੱਲ ਬੜਾ ਗੰਭੀਰ ਵਿਚਾਰ ਮੰਗਦੀ ਹੈ। ਕਿ ਗੁਰੂ ਤੇਗ ਬਹਾਦਰ ਜੀ ਗੁਰੂ ਨਾਨਕ ਦੇਵ ਜੀ ਮਗਰੋਂ ਦੂਜੇ ਉਹ ਗੁਰੂ ਸਨ ਜੋ ਪੰਜਾਬ ਤੋਂ ਬਾਹਰ ਹਰ ਉਸ ਥਾਂ ਤੇ ਗਏ ਜਿੱਥੇ ਸਰਕਾਰੀ ਜ਼ੁਲਮ ਤੇ ਆਤੰਕ ਸੀ। ਮੰਦਿਰਾਂ ਤੇ ਧਰਮ ਅਸਥਾਨਾਂ ਦੀ ਬੇਅਦਬੀ ਕਰ ਧਰਮ ਪਰਿਵਰਤਿਤ ਕੀਤਾ ਜਾ ਰਿਹਾ ਸੀ। ਵਿਸਥਾਰ ਵਿੱਚ ਨ ਜਾਈਏ, ਪੰਜਾਬ ਵਿੱਚ ਮਾਲਵੇ ਦਾ ਇਲਾਕਾ, ਅਜੋਕਾ ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਵਿੱਚ ਮਥੁਰਾ, ਬ੍ਰਿਦਾਬਨ; ਸਾਰਾ ਉੱਤਰ ਪ੍ਰਦੇਸ਼, ਬਿਹਾਰ ਪ੍ਰਦੇਸ਼ ਦੂਰ ਦਰਾਜ਼ ਦਾ ਅਸਾਮ ਦਾ ਇਲਾਕਾ, ਅਜੋਕਾ ਬੰਗਲਾ ਦੇਸ਼ ਤੇ ਸਾਰੇ ਬੰਗਾਲ ਵਿੱਚ ਜਾ ਕੇ ਉਹਨਾਂ ਨੇ ਲੋਕਾਂ ਨੂੰ ਜੀਵਨ-ਜਾਚ ਦੱਸੀ। ਸਰਕਾਰ ਦੇ ਆਤੰਕ ਦਾ ਭੈ ਦੂਰ ਕੀਤਾ। ਜ਼ੁਲਮ ਵਿਰੁੱਧ ਡੱਟਣ ਦੀ ਜਾਚ ਦੱਸੀ। ਥਾਂ ਥਾਂ ਲੜਾਈਆਂ ਮੁਕਾਈਆਂ। ਰਾਜਿਆਂ ਤੇ ਰਜਵਾੜਿਆਂ ਦੇ ਝਗੜੇ ਵਿੱਚ ਹੋ ਕੇ ਨਿਪਟਵਾਏ। ਰਾਜਪੂਤਾਂ ਨੂੰ ਵੰਗਾਰਿਆ ਤੇ ਜ਼ੁਲਮ ਵਿਰੁੱਧ ਤਿਆਰ ਕੀਤਾ। ਮਿਰਜ਼ਾ ਰਾਜਾ ਰਾਮ ਸਿੰਘ ਪੋਤਰਾ ਰਾਜਾ ਸਵਾਇਮਾਨ ਸਿੰਘ, ਜਿਸਨੂੰ ਔਰੰਗਜ਼ੇਬ ਨੇ ਬਤੌਰ ਇਕ ਸਜ਼ਾ ਦੇ ਅਸਾਮ ਦੀ ਮੁਹਿੰਮ ਤੇ ਘੱਲਿਆ ਸੀ, ਉਸਨੂੰ ਢਾਕਾ ਵਿਖੇ ਗੁਰੂ ਜੀ ਨੇ ਸੁਚੇਤ ਕੀਤਾ ਤੇ ਸ਼ਕਤੀ ਬਖ਼ਸ਼ੀ। ਗੁਰੂ ਗ੍ਰੰਥ ਸਾਹਿਬ ਤੇ ਇਹ ਤੱਥ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ ਕਿ ਜੈ ਜੈ ਵੰਤੀ ਰਾਗ ਰਾਜਸਥਾਨ ਦਾ ਰਾਗ ਹੈ। ਜਦੋਂ ਕੋਈ ਰਣ ਬਾਕੁਰਾ ਯੋਧਾ ਯੁੱਧ ਵਿੱਚ ਜਾਣ ਲਗਦਾ ਹੈ ਤਾਂ ਸਾਰੀ ਖਲਕਤ ਉਸਨੂੰ ਵਿਦਾ ਕਰਨ ਲਈ ਬਾਹਰ ਤੱਕ ਆਂਦੀ ਹੈ। ਉਹ ਸਾਰੇ ਜੈ ਜੈ ਵੰਤੀ ਰਾਗ ਦਾ ਗਾਇਨ ਕਰਦੇ ਹਨ ਤੇ ਵੀਰਤਾ ਦੇ ਸੋਹਿਲੇ ਗਾਉਂਦਿਆਂ ਸੁਚੇਤ ਕਰਦੇ ਹਨ ਕਿ ਜੰਗ ਵਿੱਚ ਪੱਕੇ ਪੈਰੀਂ ਲੜੀ ਤੇ ਪਿੱਠ ਨਾ ਵਖਾਈਂ। ਪਿੰਡ ਵਿੱਚ ਵਾਪਸ ਸਿਰਫ਼ ਜੰਗ ਜਿੱਤ ਕੇ ਹੀ ਆਈ ਜਾਂ ਫਿਰ ਓਥੇ ਹੀ ਸ਼ਹੀਦ ਹੋ ਜਾਈਂ। ਗੁਰੂ ਤੇਗ ਬਹਾਦਰ ਮਹਾਰਾਜ ਨੇ ਇਸ ਰਾਗ ਵਿੱਚ ਚਾਰ ਸ਼ਬਦ ਉਚਾਰੇ ਹਨ। ਇਹ ਸਾਰੇ ਚਿੱਟੇ ਸੂਰਜ ਵਾਂਗੂ ਇਤਿਹਾਸਕ ਤੱਥਾਂ ਦੇ ਹੁੰਦਿਆਂ ਜਿਤਨਾ ਕੋਝਾ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਭੌਰੇ ਵਿੱਚ ਪਾ ਦੇਣਾ ਉਤਨਾ ਹੀ ਗ਼ਲਤ ਹੈ ਤੇ ਨਿਰਾਦਰ ਭਰਪੂਰ ਵੀ। ਗੁਰੂ ਤੇਗ ਬਹਾਦਰ ਜੀ ਮਹਾਰਾਜ ਗ੍ਰਾਮ ਬਕਾਲੇ ਵਿਖੇ ਸ਼ਬਦ ਦੀ ਕਮਾਈ ਕਰ ਰਹੇ ਸਨ। ਗੁਰ ਸ਼ਬਦ ਬਾਣੀ ਜਪ ਹੈ, ਤਪ ਹੈ ਤੇ ਇਸਦੀ ਕਮਾਈ ਤਪੱਸਿਆ ਹੈ। ਗੁਰਬਾਣੀ ਦਾ ਪਾਠ ਨਾਮ ਹੈ, ਨਾਮ ਧਿਆਇਨ ਹੈ, ਪੂਜਾ ਹੈ, ਅਰਾਧਨਾ ਹੈ, ਸਾਧਨਾ ਹੈ, ਸੁੱਚਾ ਸੰਜਮ ਹੈ, ਉੱਚੀ ਜੀਵਨ ਜਾਚ ਹੈ। ਮੰਤਰ ਨਿਰੋਧਰਾ ਹੈ ਅਤੇ ਬਾਣੀ ਦਾ ਬਾਣ ਅਮੋਘ ਹੈ, ‘ਤਿਸ ਆਗੇ ਕੋ ਨ ਟਿਕੇ ਵਿਕਾਰੀ ਇਹੀ ਕਰ ਰਹੇ ਸਨ, ਗ੍ਰਾਮ ਬਕਾਲਾ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ। ਅਸੀ ਹੋਰ ਕਿਹੜਾ ਤਪ ਉਹਨਾਂ ਕੋਲੋਂ ਕਰਾਣਾ ਚਾਹੁੰਦੇ ਹਾਂ।
ਗੁਰਿਆਈ ਦੀ ਖ਼ਬਰ ਪੁਜ. ਚੁੱਕੀ ਸੀ, ਸਾਮਗਰੀ ਨਹੀਂ ਸੀ ਆਈ। ਇਹ ਦਾਤ ਅੱਠਵੇਂ ਪਾਤਸ਼ਾਹ 30 ਮਾਰਚ 1664, ਗੁਰੂ ਤੇਗ ਬਹਾਦਰ ਨੂੰ ਬਖ਼ਸ਼ੀ। ਮਾਤਾ ਨਾਨਕੀ ਜੀ ਨੇ ਇਸ ਸਬੰਧ ਵਿੱਚ ਗੁਰੂ ਜੀ ਨੂੰ ਪ੍ਰਤੱਖ ਰੂਪ ਵਿੱਚ ਪਰਗਟ ਹੋਣ ਲਈ ਆਖਿਆ। ਇਸ ਕਾਰਜ ਨੂੰ ਵਿਧੀਵਤ ਨੇਪਰੇ ਚਾੜ੍ਹਣ ਲਈ ਸਤਿਕਾਰਯੋਗ ਬ੍ਰਹਮਗਿਆਨੀ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿਤਾ ਜੀ ਨੂੰ ਬਾਬਾ ਬਕਾਲਾ ਜੀ ਵਿਖੇ ਪਹੁੰਚਣ ਦਾ ਹੁਕਮ ਕੀਤਾ। ਗੋਇੰਦਵਾਲ ਸਾਹਿਬ ਤੋਂ ਭਾਈ ਦਵਾਰਕਾ ਦਾਸ ਜੀ ਤੇ ਭਾਈ ਗੜੀਆ ਜੀ ਨੂੰ ਬੁਲਾ ਭੇਜਿਆ। ਭਾਈ ਦਰਗਾਹ ਮਲ ਜੀ, ਜਿਨ੍ਹਾਂ ਪਾਸ ਗੁਰਿਆਈ ਦੀ ਸਾਮਗਰੀ ਸੀ ਤੇ ਜੋ ਗੁਰੂ ਹਰਿਕ੍ਰਿਸ਼ਨ ਜੀ ਦੇ ਚੋਲਾ ਤਿਆਗਣ ਅਤੇ ਗੁਰਿਆਈ ਦੇਣ ਸਮੇਂ ਖ਼ੁਦ ਹਾਜ਼ਰ ਸਨ ਵੀ ਬਕਾਲਾ ਸਾਹਿਬ ਆ ਗਏ। ਗਿਆਰਹ ਅਗਸਤ 1664 ਨੂੰ ਇਕ ਵਿਸ਼ਾਲ ਤੇ ਵਿਸ਼ੇਸ਼ ਇਕੱਠ ਵਿੱਚ ਬਾਬਾ ਗੁਰਦਿਤਾ ਜੀ ਨੇ ਵਿਧੀਵਤ ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਨਾਨਕ ਦੀ ਗੱਦੀ ਤੇ ਸੁਸ਼ੋਭਿਤ ਕੀਤਾ। ਗੁਰੂ ਜੀ ਸਵੇਰ ਸ਼ਾਮ ਦੀਵਾਨ ਵਿੱਚ ਸੰਗਤਾਂ ਨੂੰ ਉਪਦੇਸ਼ ਦਿੰਦੇ, ਗੁਰਬਾਣੀ ਦੀ ਕਥਾ ਤੇ ਕੀਰਤਨ ਹੋਣ ਲੱਗਾ। ਗੁਰਸਿੱਖ ਵਹੀਰਾਂ ਘੱਤ ਆਏ। ਗੁਰੂ ਤੇਗ ਬਹਾਦਰ ਜੀ ਦੇ ਪ੍ਰਗਟ ਹੋਣ ਨਾਲ ਸਾਰੇ ਪਾਸੇ ਖੁਸ਼ੀਆਂ ਦੀਆਂ ਅਨੰਦ ਲਹਿਰਾਂ ਪੈਦਾ ਹੋਈਆਂ। ਭਰਮ ਦੂਰ ਹੋ ਗਏ। ਹੋਰ ਸਭ ਅਖੌਤੀ ਗੁਰੂ ਆਪਣੀਆਂ ਦੁਕਾਨਾਂ ਚੁੱਕ ਲੈ ਗਏ ਪਰ ਅੰਦਰੋਂ ਵਿਸ ਘੋਲਦੇ ਤੇ ਗੁਰੂ ਤੇਗ ਬਹਾਦਰ ਜੀ ਨੂੰ ਨੁਕਸਾਨ ਪਹੁੰਚਾਣ ਦਾ ਅਵਸਰ ਭਾਲਦੇ। ਇਹ ਸਾਰੀ ਧੁੰਦ ਤੇ ਗੁਬਾਰ ਭਾਈ ਮੱਖਣ ਸ਼ਾਹ ਲੁਬਾਣੇ ਦੇ ਬਾਬਾ ਬਕਾਲਾ ਵਿਖੇ ਪੁੱਜਣ ਤੇ ਹਮੇਸ਼ਾ ਲਈ ਦੂਰ ਹੋ ਗਈ।
ਭਾਈ ਮੱਖਣ ਸ਼ਾਹ
ਵਿਚਾਰਿਆ ਜਾਏ ਤਾਂ ਬਾਬਾ ਬਕਾਲਾ ਤੋਂ ਦਿੱਲੀ ਤੋਂ ਕਾਰ ਵਿਹਾਰੀ ਬੰਦੇ ਵਪਾਰੀਆਂ ਦੇ ਕਾਫ਼ਲਿਆਂ ਨਾਲ ਨਿਤ ਦਿੱਲੀਓਂ ਆਉਂਦੇ ਜਾਂਦੇ ਰਹਿੰਦੇ ਸਨ। ਅਤੀ ਵਿਪਰੀਤ ਹਾਲਾਤ ਵਿੱਚ ਭਾਈ ਜੈਤਾ ਜੀ ਨੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਦੋ ਦਿਨਾਂ ਤੇ ਤਿੰਨ ਪੜਾਵਾਂ ਵਿੱਚ ਅਨੰਦਪੁਰ ਸਾਹਿਬ ਪਹੁੰਚਾ ਦਿੱਤਾ ਸੀ। ਗੁਰਿਆਈ ਦੀ ਸਾਮੱਗਰੀ ਦਿੱਲੀ ਤੋਂ ਬਾਬਾ ਬਕਾਲਾ ਪਹੁੰਚਾਣ ਵਿੱਚ ਭਾਈ ਦਰਗਾਹ ਮਲ ਜੀ ਨੇ ਢਿੱਲ ਕਰ ਦਿੱਤੀ। ਢਿੱਲ ਵੀ ਚਾਰ ਕੁ ਮਹੀਨਿਆਂ ਦੀ ਸੀ। ਖ਼ਬਰ ਬੇਸ਼ਕ ਬਾਬਾ ਬਕਾਲਾ ਵਿਖੇ ਪੁੱਜ ਗਈ ਸੀ। ਗੁਰੂ ਤੇਗ ਬਹਾਦਰ ਜੀ ਟਿਕਾਅ ਅਤੇ ਵਜਦ ਵਿੱਚ ਵਿਚਰਦੇ ਸਨ। ਅੰਦਰ ਇਕ ਸਦੀਵੀ ਚਾਅ ਸੀ। ਉਹਨਾਂ ਨੇ ਗੁਰੂ ਰੂਪ ਵਿੱਚ ਪਰਗਟ ਹੋਣ ਵਾਸਤੇ ਕਾਹਲ ਨਾ ਕੀਤੀ। ਇਸ ਨਾਲ ਦੋਖੀਆਂ ਲਾਲਚੀਆਂ ਤੇ ਅਯੋਗ ਬੰਦਿਆਂ ਨੂੰ ਮੌਕਾ ਮਿਲ ਗਿਆ ਜਿਸ ਨਾਲ ਅਜੋਕੇ ਸਮੇਂ ਵਾਂਗ ਬਾਬਾ ਬਕਾਲਾ ਵਿਖੇ 22 ਹੱਟੀਆਂ ਖੁੱਲ ਗਈਆਂ। ਦੂਰੋਂ ਨੇੜਿਓਂ ਸਬੰਧਤ ਸੋਢੀ ਤਾਨਾ ਬਾਣਾ ਬੁਨਣ ਲੱਗੇ। ਸੰਗਤਾਂ ਨੂੰ ਵਰਗਲਾਇਆ ਜਾਂਦਾ। ਸਤਿ ਵਸਤ ਦੇ ਵਿਹਾਜਣ ਵਾਲੇ ਵਣਜਾਰੇ ਸਿੱਖ ਆਉਂਦੇ।
ਪਰ ਉਹਨਾਂ ਦੀ ਆਤਮਿਕ ਤਸੱਲੀ ਨ ਹੁੰਦੀ। ਉਧਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਤਿਕਾਰਯੋਗ ਮਾਤਾ ਨਾਨਕੀ ਜੀ ਨੇ ਸਮਾਂ ਸੰਭਾਲ ਗੁਰੂ ਜੀ ਨੂੰ ਪਰਗਟ ਹੋ, ਸੰਗਤਾਂ ਸਾਹਮਣੇ ਆਣ ਲਈ ਕਿਹਾ। ਇਸ ਸਬੰਧ ਵਿੱਚ ਗੁਰੂ ਜੀ ਨੇ ਕੋਈ ਉਤਸ਼ਾਹ ਨ ਦਿਖਾਇਆ। ਸਗੋਂ ਹੁਕਮ ਕਰ ਦਿੱਤਾ, ਜਿਹੜਾ ਸਾਨੂੰ ਪਰਗਟ ਕਰਨਾ ਚਾਹੇਗਾ, ਉਸਦਾ ਮੂੰਹ ਕਾਲਾ ਹੋਏਗਾ। ਇਹ ਕੀ ਹੈ? ਕਿਉਂ ਹੈ ਤੇ ਕਿਵੇਂ ਹੈ? ਇਸ ਤੇ ਕੋਈ ਕਿੰਤੂ ਨਹੀਂ ਕੀਤਾ ਜਾ ਸਕਦਾ। ਇਹ ਰਮਜ਼ ਹੈ ਤੇ ਗੁਰੂ ਦੀਆਂ ਗੁਰੂ ਜਾਣੇ ਜਾਂ ਗੁਰਸਿੱਖ ਇਹਨਾਂ ਰਮਜ਼ਾਂ ਨੂੰ ਖੋਲ੍ਹਣ।
ਇਹਨਾਂ ਭਿੰਨ ਭਿੰਨ ਗੱਦੀਆਂ ਦੇ ਬਾਜ਼ਾਰ ਵਿੱਚ ਸਭ ਤੋਂ ਵੱਡਾ ਦਾਅਵੇਦਾਰ ਗੁਰੂ ਹਰਿਗੋਬਿੰਦ ਜੀ ਦੇ ਵੱਡੇ ਸਪੁੱਤਰ ਬਾਬਾ ਗੁਰਦਿਤਾ ਜੀ ਦਾ ਵੱਡਾ ਪੁੱਤਰ ਬਾਬਾ ਧੀਰਮਲ ਸੀ। ਉਹ ਆਖਦਾ ਸੀ ਮੈਂ ਗੁਰੂ ਹਰਿ ਰਾਇ ਦਾ ਵੱਡਾ ਭਰਾ ਹਾਂ, ਹੱਕ ਮੇਰਾ ਹੈ। ਪਰ ਉਹ ਵਿਚਾਰਾ ਕੀ ਜਾਣੇ ਕਿ ਗੁਰਿਆਈ ਫ਼ਰਜ਼ ਹੈ ਕਿ ਹੱਕ। ਇਤਿਹਾਸ ਗਵਾਹ ਹੈ ਕਿ ਪਹਿਲੇ ਗੁਰੂ ਸਾਹਿਬਾਨ ਵੇਲੇ ਗੱਦੀ ਦੇਣ ਸਮੇਂ ਇਹਨੂੰ ਵਿਰਾਸਤ ਸਮਝ ਹੱਕ ਜਤਾਏ ਜਾਂਦੇ ਰਹੇ। ਗੱਦੀ ਦੇਣ ਵਾਲੀ ਬਿਰਾਜਮਾਨ ਗੁਰੂ ਜੋਤ ਸਦਾ ਇਹੀ ਪਵਿੱਤਰ ਬਚਨ ਕਹਿੰਦੇ ਕਿ ਗੁਰਿਆਈ ਜਿੰਮਵਾਰੀਆਂ ਦੀ ਪੰਡ ਹੈ ਤੇ ਉਸੇ ਨੂੰ ਬੋਕਦੀ ਹੈ ਜੋ ਇਸਦੇ ਯੋਗ ਹੈ। ਇਸੇ ਲਈ ਬਖ਼ਸ਼ਿਸ਼ ਤੋਂ ਪਹਿਲਾਂ ਹਮੇਸ਼ਾ ਕੜੀ ਪਰੀਖਿਆ ਹੁੰਦੀ ਸੀ। ਫਿਰ ਗੁਰੂ ਹੁਕਮ ਅਨੁਸਾਰ ਮੁੱਢ ਤੋਂ ਚਲੀ ਹੋਈ ਰਵਾਇਤ, “ਜਾਂ ਸੂਧਸ ਤਾਂ ਲਹਿਣਾ ਟਿਕਿਓਨ” ਦੀ ਗੱਲ ਹੀ ਉਭਰ ਕੇ ਸਾਹਮਣੇ ਆਉਂਦੀ ਰਹੀ। ਬਾਬਾ ਧੀਰ ਮਲ ਨੇ ਬਥੇਰਾ ਅਮਲਾ ਫੈਲਾਅ ਕੱਠਾ ਕਰ ਲਇਆ। ਕੁਝ ਸ਼ਸਤਰ, ਬੰਦੂਕਾਂ ਆਦਿ ਵੀ ਰੱਖ ਲਈਆਂ। ਸ਼ੀਹਾਂ ਮਸੰਦ ਵਰਗੇ ਬੰਦੇ ਵੀ ਨਾਲ ਲਾ ਲਏ। ਇਕ ਵਾਰੀ ਬਾਹਰੋਂ ਆਈ ਸੰਗਤ ਨੂੰ ਧੀਰਮਲ ਜੀ ਦੇ ਬੰਦੇ ਘੇਰ ਕੇ ਲਿਜਾਣਾ ਚਾਹੁੰਦੇ ਸਨ ਤਾਂ ਸੰਗਤ ਨੇ ਇਨਕਾਰ ਕਰ ਦਿੱਤਾ। ਕੁਝ ਕੁ ਗੁਰਸਿੱਖ ਸ਼ਾਇਦ ਦੇਖਣ ਪਰਖਣ ਵਾਸਤੇ ਜਾਣ ਲਈ ਮੂਲ ਸੰਗਤ ਤੋਂ ਵੱਖਰੇ ਹੋ ਕੇ ਟੁਰ ਪਏ। ਅਜੇ ਉਹ ਥੋੜ੍ਹੀ ਦੂਰ ਹੀ ਗਏ ਸਨ ਕਿ ਆਸਮਾਨ ਤੋਂ ਬਿਜਲੀ ਡਿੱਗੀ ਤਾਂ ਉਹ ਸਾਰੇ ਮੁੜ ਮੁੱਖ ਸੰਗਤ ਵੱਲ ਆ ਗਏ। ਇਹਨਾਂ ਹੀ ਦਿਨਾਂ ਵਿਚ ਗੁਰੂ ਦੇ ਅਨਿੰਨ ਵਿਸ਼ਵਾਸ ਵਾਲਾ ਚਿਰ ਤੋਂ ਗੁਰੂ ਨਾਲ ਜੁੜਿਆ ਭਾਗਸ਼ਾਲੀ ਗੁਰਸਿੱਖ ਭਾਈ ਮੱਖਣ ਸ਼ਾਹ ਵਿਦੇਸ਼ਾਂ ਵਿੱਚ ਅਦਨ ਆਦਿ ਦੀ ਬੰਦਰਗਾਹ ਤੇ ਹਿੰਦੁਸਤਾਨ ਤੋਂ ਭਰ ਕੇ ਲੈ ਗਏ ਮਾਲ ਨੂੰ ਵੇਚ ਕੇ ਉੱਥੋਂ ਦੀਆਂ ਕੀਮਤੀ ਤੇ ਲੁੜੀਂਦੀਆਂ ਵਸਤਾਂ ਦਾ ਜਹਾਜ਼ ਭਰ ਕੇ ਲੈ ਆ ਰਿਹਾ ਸੀ ਕਿ ਉਹ ਸੂਰਤ ਦੇ ਕੋਲ ਬਰੇਤੇ ਵਿੱਚ ਫਸ ਗਿਆ। ਬੜੀਆਂ ਜੁਗਤਾਂ ਕੀਤੀਆਂ ਗਈਆਂ ਪਰ ਜਹਾਜ਼ ਨ ਨਿਕਲਿਆ। ਜਿਉਂ ਜਿਉਂ ਉਪਰਾਲੇ ਕੀਤੇ ਜਾਣ, ਤਿਉਂ ਤਿਉਂ ਜਹਾਜ਼ ਹੋਰ ਫਸਦਾ ਜਾਏ। ਅੰਤ ਫਿਰ ਜਪੁਜੀ ਸਾਹਿਬ ਦਾ ਪਾਠ ਕਰ, ਗੁਰੂ ਨਾਨਕ ਦਾ ਧਿਆਨ ਧਰ ਬੇਨਤੀ ਕੀਤੀ ਕਿ ਗੁਰੂ ਪਾਤਸ਼ਾਹ ਮੇਰਾ ਬੇੜਾ ਬੰਨ੍ਹੇ ਲਾਓ। ਤਦ ਅਜਿਹੀਆਂ ਲਹਿਰਾਂ ਉਠੀਆਂ ਕਿ ਉਹਨਾਂ ਦੋ ਜ਼ੋਰ ਨਾਲ ਰੇਤ ਹਟ ਗਈ ਤੇ ਬੇੜਾ ਬੰਨੇ ਲਗ ਗਿਆ । ਭਾਈ ਮੱਖਣ ਸ਼ਾਹ ਲੁਬਾਣਾ ਨੇ ਅਰਦਾਸ ਸਮੇਂ ਮਨ ਵਿੱਚ ਧਾਰਿਆ ਕਿ ਮੈਂ ਪੰਜ ਸੌ ਮੁਹਰਾਂ ਤੋਂ ਇਲਾਵਾ ਦਸਵੰਧ ਵੀ ਗੁਰੂ ਦੇ ਚਰਨਾਂ ਵਿੱਚ ਭੇਟ ਕਰਾਂਗਾ। ਭਾਵੇਂ ਇਹ ਕੋਈ ਨਵੀਂ ਗੱਲ ਨਹੀਂ ਸੀ। ਉਹ ਨਿਤ ਹੀ ਦਸਵੰਧ ਕੱਢਦਾ ਸੀ, ਪਰ ਅਰਦਾਸ ਸੁਣੇ ਜਾਣ ਨਾਲ ਉਸਦੇ ਮਨ ਵਿੱਚ ਸ਼ਰਧਾ ਤੇ ਉਤਸ਼ਾਹ ਦੀਆਂ ਅਪਾਰ ਲਹਿਰਾਂ ਉਠੀਆਂ। ਉਹ ਛੇਤੀ ਨਾਲ ਸਾਰੇ ਮਾਲ ਆਦਿ ਨੂੰ ਸੰਭਾਲ ਕੇ ਆਪਣੇ ਬੰਦਿਆਂ ਨਾਲ ਦਿੱਲੀ ਪੁਜ ਗਿਆ। ਭਾਈ ਮੱਖਣ ਸ਼ਾਹ ਨੂੰ ਪਤਾ ਸੀ ਕਿ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਵਿਖੇ ਆਏ ਹੋਏ ਹਨ। ਓਥੇ ਆ ਕੇ ਉਹਨੂੰ ਪਤਾ ਲੱਗਾ ਕਿ ਉਹ ਜੋਤੀ ਜੋਤ ਸਮਾ ਗਏ ਹਨ ਤੇ ਗੁਰਗੱਦੀ ਗੁਰੂ ਤੇਗ਼ ਬਹਾਦਰ ਨੂੰ ਸੌਂਪ ਗਏ ਹਨ। ਭਾਈ ਮੱਖਣਸ਼ਾਹ ਬਿਨਾ ਕਿਸੇ ਢਿੱਲ ਦੇ ਆਪਣੇ ਪੰਜ ਸੌ ਦੇ ਕਰੀਬ ਬੰਦਿਆਂ ਤੇ ਕਰਿੰਦਿਆਂ ਨਾਲ ਬਾਬਾ ਬਕਾਲਾ ਪੁੱਜ ਗਏ। ਭਾਈ ਜੀ ਦੇ ਓਥੇ ਪੁੱਜਣ ਨਾਲ ਸਾਰੀਆਂ ਮੰਜੀਆਂ ਹਰਕਤ ਵਿੱਚ ਆ ਗਈਆਂ। ਸਾਰੇ ਬੰਨੇ ਲੱਗੀ ਖਿੱਚ ਧੂਹ ਹੋਣ। ਬਾਬਾ ਧੀਰਮਲ ਨੇ ਉਚੇਚਾ ਜ਼ੋਰ ਪਾਇਆ। ਇਹ ਸਾਰੀ ਦਸ਼ਾ ਦੇਖ ਕੇ ਭਾਈ ਜੀ ਸਾਵਧਾਨ ਹੋ ਗਏ। ਉਹਨਾਂ ਨੇ ਇਕ ਵਿਉਂਤ ਮਨ ਵਿੱਚ ਬਣਾਈ। ਉਹ ਸੋਚ ਵਿੱਚ ਸਨ ਕਿ ਕਿਵੇਂ ਪਤਾ ਲੱਗੇ ਕਿ ਅਸਲੀ ਗੁਰੂ ਕੌਣ ਹਨ। ਉਹ ਹਰ ਇਕ ਮੰਜੀਦਾਰ ਦੇ ਡੇਰੇ ਜਾਂਦਾ, ਦੋ ਮੁਹਰਾਂ ਅੱਗੇ ਧਰ, ਮੱਥਾ ਟੇਕ ਬੈਠ ਜਾਂਦਾ ਪਰ ਸੱਖਣੇ ਤੇ ਹੋਛੇ ਗੁਰੂ ਪਾਸੋਂ ਤਸੱਲੀ ਨ ਹੋਣ ਕਾਰਨ ਅਗਲੇ ਗੁਰੂ ਕੋਲ ਜਾ ਪੁੱਜਦਾ। ਓਹਨੇ ਮਨ ਵਿੱਚ ਧਾਰਿਆ ਹੋਇਆ ਸੀ ਕਿ ਜਿਹੜਾ ਸੱਚਾ ਗੁਰੂ ਹੋਵੇਗਾ, ਉਹ ਆਪੇ ਮਨੌਤ ਅਨੁਸਾਰ ਮੇਰੇ ਪਾਸੋਂ ਪੰਜ ਸੌ ਮੁਹਰਾਂ ਮੰਗ ਲਏਗਾ। ਜਦੋਂ ਉਹ ਸਾਰੇ ਗੁਰੂਆਂ ਤੇ ਉਹਨਾਂ ਦੇ ਡੇਰਿਆਂ ਤੋਂ ਪਰਤਿਆ ਤਾਂ ਤਰਕਾਲਾਂ ਪੈ ਚੁੱਕੀਆਂ ਸਨ। ਭਾਈ ਜੀ ਨੂੰ ਬਹੁਤ ਪਰੇਸ਼ਾਨੀ ਹੋਈ ਤੇ ਦੁਬਿਧਾ ਨਾਲ ਦਿਲ ਵੀ ਦੁਖਿਆ। ਉਹਨਾਂ ਆਪਣੇ ਬੰਦਿਆਂ ਤੇ ਬਾਬਾ ਬਕਾਲੇ ਦੇ ਵਸਨੀਕਾਂ ਤੋਂ ਪੁੱਛਿਆ ਕਿ ਏਥੇ ਹੋਰ ਵੀ ਕੋਈ ਗੁਰੂ ਹੈ ਤਾਂ ਪਤਾ ਲੱਗਿਆ ਕਿ ਗੁਰੂ ਹਰਿਗੋਬਿੰਦ ਦੇ ਚੰਦ ਗੁਰੂ ਤੇਗ ਬਹਾਦਰ ਜੀ ਵੀ ਕਈ ਵਰ੍ਹਿਆਂ ਤੋਂ ਏਥੇ ਬਿਰਾਜ ਰਹੇ ਹਨ। ਭਾਈ ਮੱਖਣ ਸ਼ਾਹ ਸ਼ਰਧਾਲੂ ਗੁਰਸਿੱਖ ਸਨ। ਵੱਡੇ ਵਪਾਰੀ ਸੂਝਵਾਨ ਮਨੁੱਖ ਸਨ। ਗੁਰੂ ਤੇ ਵਿਸ਼ਵਾਸ ਅਤਿਅੰਤ ਅਟੱਲ ਤੇ ਅਤੁੱਟ ਸੀ। ਉਹਨਾਂ ਕੋਲ ਦੇਸ਼ਾਂ ਵਿਦੇਸ਼ਾਂ ਦੇ ਭਮਣ ਦਾ ਤਜਰਬਾ ਸੀ। ਅਜਿਹਾ ਨਹੀਂ ਸੀ ਹੋ ਸਕਦਾ ਕਿ ਉਹ ਕਿਸੇ ਦੇ ਵਰਗਲਾਣ ਵਿੱਚ ਆ ਜਾਂਦੇ। ਉਹ ਕਿਸੇ ਦੇ ਧਮਕਾਣ ਦੇ ਉੱਤੇ ਡਰਣ ਵਾਲੇ ਵੀ ਨਹੀਂ ਸਨ। ਬੜੀਆਂ ਬਾਹਾਂ ਤੇ ਪੰਜ ਸੌ ਸਿਪਾਹੀ ਤੇ ਕਰਿੰਦੇ ਨਾਲ ਸਨ । ਤਰਕਾਲਾਂ ਹੋ ਜਾਣ ਦੇ ਬਾਵਜੂਦ ਉਹਨਾਂ ਨੇ ਮਨ ਬਣਾਇਆ ਕਿ ਗੁਰੂ ਤੇਗ ਬਹਾਦਰ ਜੀ ਪਾਸ ਅੱਜ ਹੀ ਤੇ ਹੁਣੇ ਹੀ ਜਾਣਾ ਹੈ।
ਜਦ ਉਹ ਗੁਰੂ ਤੇਗ ਬਹਾਦਰ ਜੀ ਦੇ ਟਿਕਾਣੇ ਉੱਤੇ ਪੁੱਜੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਪਰਗਟ ਕਰਨ ਵਾਲੇ ਦਾ ਮੂੰਹ ਕਾਲਾ ਕੀਤਾ ਜਾਏਗਾ। ਭਾਈ ਜੀ ਨੇ ਪਲ ਭਰ ਦੀ ਢਿੱਲ ਬਿਨਾ ਲੰਗਰ ਦੇ ਬਰਤਨਾਂ ਨਾਲੋਂ ਕਾਲਖ ਲਾ ਕੇ ਆਪਣੇ ਮੂੰਹ ਤੇ ਲਾ ਲਈ। ਭਾਈ ਜੀ ਦੇ ਮਨ ਵਿੱਚ ਮੂੰਹ ਉੱਤੇ ਕਾਲਖ ਲੱਗਣ ਦੀ ਨਮੋਸ਼ੀ ਨਾਲੋਂ ਖੁਸ਼ੀ ਸੈਂਕੜੇ ਗੁਣਾ ਵਧ ਸੀ। ਗੁਰੂ ਦੇ ਦਰਸ਼ਨਾਂ ਨੂੰ ਗੁਰੂ ਜੀ ਕੋਲ ਆਪ ਪੁੱਜੇ ਤੇ ਓਥੇ ਹੀ ਗੁਰੂ ਕੋਲ ਦੋ ਮੁਹਰਾਂ ਮੱਥਾ ਟੇਕ ਕੇ ਬੈਠ ਗਏ। ਉਹ ਗੁਰੂ ਜੀ ਦੇ ਦਰਸ਼ਨ ਕਰੀ ਜਾਂਦੇ ਤੇ ਮਨ ਵਿੱਚ ਧਾਰੀ ਗੱਲ ਵੀਚਾਰੀ ਜਾਂਦੇ। ਅਜਿਹਾ ਇਤਿਹਾਸ ਵਿੱਚ ਪਹਿਲੀ ਵਾਰ ਨਹੀਂ ਸੀ ਹੋ ਰਿਹਾ। ਬਾਬਾ ਬੁੱਢਾ ਜੀ ਨੇ ਸ਼ਬਦ ਰੂਪ ਗੁਰੂ ਅੰਗਦ ਦੇਵ ਜੀ ਨੂੰ ਆਵਾਜ਼ ਦੇ ਕੇ ਕਿਹਾ ਸੀ, ਆਪਣਾ ਬਚਨ ਪੂਰਾ ਕਰੋ ਤੇ ਪਰਗਟ ਹੋਵੋ। ਹੁਕਮ ਹੈ, ਤੈਥੋਂ ਓਹਲੇ ਕਦੇ ਨ ਹੋਸਾਂ। ਗੁਰੂ ਜੀ ਸਾਰੇ ਬੰਧਨ ਤੋੜ ਕੇ ਪਰਗਟ ਹੋਏ। ਗੁਰੂ ਅੰਗਦ ਦੇਵ ਜੀ ਨੇ ਹੀ ਭਾਈ ਖੀਵਾ ਜੀ ਦੀ ਬੇਨਤੀ ਉੱਤੇ ਮੋੜੀ ਹੋਈ ਪਿੱਠ ਦੀ ਬਜਾਏ ਉਜਲ ਮੁਖ ਦੀਦਾਰ ਗੁਰਸਿੱਖ ਨੂੰ ਗਲੇ ਲਾ ਲਿਆ। ਜਦੋਂ ਸ਼ੇਖ ਬਦਰੂਦੀਨ ਸਾਹਿਬ, ਜਿਸਨੂੰ ਅਸੀ ਸ਼ੇਖ ਬੁੱਧੂ ਸ਼ਾਹ ਵੀ ਕਹਿੰਦੇ ਹਾਂ, ਦਾ ਸਾਲਾ ਪਠਾਨ ਜਰਨੈਲ ਸੈਦ ਖਾਂ ਅਨੰਦਪੁਰ ਦੀ ਜੰਗ ਵਿੱਚ ਇਹ ਮਨ ਵਿੱਚ ਧਾਰ ਕੇ ਆਇਆ ਕਿ ਹੋ ਗੁਰੂ ਗੋਬਿੰਦ ਸਿੰਘ ਜੇ ਤੁਸੀਂ ਸਖਿਆਤ ਅੱਲ੍ਹਾ ਦਾ ਨੂਰ ਹੋ ਤਾਂ ਸ਼ਸਤਰਾਂ ਤੋਂ ਬਿਨਾਂ ਮੇਰੇ ਪਾਸ ਆਉ, ਗੁਰੂ ਗੋਬਿੰਦ ਸਿੰਘ ਨੇ ਅਜਿਹਾ ਹੀ ਕੀਤਾ ਤਾਂ ਯੁੱਧ ਲੜਣ ਗਿਆ ਜਰਨੈਲ ਸੈਦ ਖਾਂ ਗੁਰੂ ਜੀ ਦੇ ਪੈਰਾਂ ਉੱਤੇ ਡਿੱਗ ਪਿਆ। ਅਜਿਹੀਆਂ ਘਟਨਾਵਾਂ ਜੇ ਦਰਜ ਕਰਨ ਲੱਗੀਏ ਤਾਂ ਇਕ ਵੱਖਰਾ ਅਧਿਆਇ ਹੋਰ ਬਣ ਜਾਏਗਾ। ਅਜਿਹਾ ਨਿਤ ਹੁੰਦਾ ਆਇਆ ਹੈ, ਹੁਣ ਵੀ ਹੋ ਰਿਹਾ ਹੈ। ਜਦੋਂ ਵੀ ਕੋਈ ਗੁਰਸਿੱਖ ਸ਼ਰਧਾ ਤੇ ਪੂਰਣ ਵਿਸ਼ਵਾਸ ਨਾਲ ਗੁਰੂ ਨੂੰ ਚਿਤਾਰਦਾ ਹੈ ਤਾਂ ਉਹ ਸਤਿਗੁਰੂ ਉਸਦੇ ਸਾਰੇ ਕਾਜ ਸਵਾਰਦਾ ਹੈ।
ਗੁਰੂ ਜੀ ਨੇ ਮੱਖਣ ਸ਼ਾਹ ਨੂੰ ਕਿਹਾ ਕਿ ਤੂੰ ਮਨ ਵਿੱਚ ਪੰਜ ਸੌ ਮੁਹਰਾਂ ਭੇਟ ਕਰਨ ਅਤੇ ਦਸਵੰਧ ਦੀ ਗੱਲ ਧਾਰੀ ਸੀ। ਹੁਣ ਦੋ ਹੀ ਮੁਹਰਾਂ ਰੱਖ ਰਿਹਾ ਹੈਂ। ਨਾਲ ਹੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਮਜ਼ਬੂਤ ਮੋਢਾ ਉਸਨੂੰ ਦਿਖਾਇਆ। ਜਿਸ ਨਾਲ ਉਸਦਾ ਬੇੜਾ ਬੰਨੇ ਲਾਇਆ ਸੀ। ਮੱਖਣ ਸ਼ਾਹ ਦੀ ਖ਼ੁਸ਼ੀ ਦਾ ਕੋਈ ਅੰਤ ਪਾਰਾਵਾਰ ਨਹੀਂ ਸੀ। ਉਸਦਾ ਹਿਰਦਾ ਖ਼ੁਸ਼ੀ ਨਾਲ ਇੰਜ ਜ਼ੋਰ ਜ਼ੋਰ ਦੀ ਧੜਕਿਆ ਕਿ ਉਸਦੇ ਜਾਮੇ ਦੀਆਂ ਤਣੀਆਂ ਢਿੱਲੀਆਂ ਪੈ ਟੁੱਟ ਗਈਆਂ। ਅੰਦਰ ਖ਼ੁਸ਼ੀ ਮਿਉਂਦੀ ਨਹੀਂ ਸੀ। ਮੱਖਣ ਸ਼ਾਹ ਵਣਜਾਰਾ, ਸ਼ਾਹ ਗੁਰੂ ਦੇ ਸਾਹਮਣੇ ਬੈਠਾ ਹੋਇਆ ਧੰਨ ਧੰਨ ਮਹਿਸੂਸ ਕਰ ਰਿਹਾ ਸੀ। ਉਹ ਗੁਰੂ ਜੀ ਦੀ ਦਾਤ ਵਿੱਚੋਂ ਅੰਮ੍ਰਿਤ ਦੇ ਭੰਡਾਰ ਪਰਾਪਤ ਕਰ ਰਿਹਾ ਸੀ। ਸੱਚੇ ਸ਼ਾਹ ਨੇ ਮੱਖਣ ਬਾਰ ਵਣਜਾਰੇ ਨੂੰ ਮਾਲਾਮਾਲ ਕਰ ਦਿੱਤਾ ਸੀ। ਹੁਕਮ ਹੈ।
ਹਰਿ ਅੰਮ੍ਰਿਤ ਭਗਤਿ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ॥
ਗੁਰੁ ਸਤਿਗੁਰੁ ਸਚਾ ਸਾਹੁ ਹੈ ਸਿਖ ਦੇਇ ਹਰਿ ਰਾਸੇ ॥
ਧਨੁ ਧੰਨੁ ਵਣਜਾਰਾ ਵਣਜੁ ਹੈ ਗੁਰੁ ਸਾਹੁ ਸਾਬਾਸੇ॥
ਜਨੁ ਨਾਨਕੁ ਗੁਰੁ ਤਿਨ੍ਹੀ ਪਾਇਆ ਜਿਨ ਧੁਰਿ ਲਿਖਤੁ ਲਿਲਾਟਿ ਲਿਖਾਸੇ॥
ਉਹ ਆਪਣੇ ਹਿਰਦੇ ਦੇ ਅੰਦਰ ਲੱਖ ਸੈ ਵਾਰ ਨਮਸ਼ਕਾਰ ਕਰਦਾ ਗੁਰੂ ਪਿਤਾ ਦਾ ਰਿਣੀ ਹੋ ਹਿਰਦੇ ਵਿੱਚ ਸ਼ਾਬਾਸ਼ ਸ਼ਾਬਾਸ਼ ਕਰ ਰਿਹਾ ਸੀ। ਇਹੀ ਅਕਾਲ ਪੁਰਖ ਦੀ ਮਿਹਰ ਸੀ ਕਿ ਉਸਨੇ ਪੂਰੇ ਗੁਰੂ ਨੂੰ ਲੱਭ ਕੇ ਪ੍ਰਾਪਤ ਕਰ ਲਿਆ। ਧੁਰੋਂ ਲਿਖਿਆ ਸੰਜੋਗ ਪਰਗਟ ਹੋ ਗਿਆ। ਭਾਈ ਮੱਖਣ ਸ਼ਾਹ ਦਾ ਦਿਲ ਕਰੇ ਕਿ ਉਹ ਸਾਰੇ ਨਗਰ ਵਿੱਚ ਜਾ ਕੇ ਘਰ ਘਰ ਆਖੇ ਕਿ ਭੁਲਿਓ ਲੋਕੋ ਮੈਨੂੰ ਗੁਰੂ ਲੱਭ ਪਿਆ।
ਜਿਨ੍ਹਾਂ ਗੁਰਸਿੱਖ ਪ੍ਰੇਮੀਆਂ ਨੂੰ ਇਹ ਵਸਤ ਪਰਾਪਤ ਹੁੰਦੀ ਹੈ ਉਹੀ ਵਾਹਿਗੁਰੂ ਦੀ ਅਪਾਰ ਕਿਰਪਾ ਨਾਲ ਜਰ ਸਕਦੇ ਹਨ। “ਜਿਨੀ ਪਾਇਆ ਪ੍ਰੇਮ ਰਸ, ਤਿਸਹੀ ਫਿਰ ਜਰਨੇ” । ਭਾਈ ਮੱਖਣ ਸ਼ਾਹ ਨੇ ਸਾਰੀ ਖ਼ੁਸ਼ੀ ਨੂੰ ਜਰ ਲਿਆ ਤੇ ਮਨ ਵਿੱਚ ਵਿਉਂਤ ਬਣਾ ਲਈ ਕਿ ਸਰਬ ਸੰਗਤ ਨੂੰ ਦੱਸਣ ਦਾ ਕਾਰਜ ਸੁਬਹ ਸਵੇਰੇ ਕੀਤਾ ਜਾਵੇਗਾ। ਭਾਈ ਜੀ ਦੀ ਮਾਨਸਿਕ ਦਸ਼ਾ ਇਸ ਤਰ੍ਹਾਂ ਦੀ ਸੀ ਕਿ ਉਹ ਆਪਣੇ ਰਾਮ ਨੂੰ ਹਿਰਦੇ ਵਿੱਚ ਸਲਾਮ ਕਰ ਕਰ ਕੇ ਆਖ ਰਹੇ ਸਨ ਕਿ ਰਾਮ ਰੂਪੀ ਗੁਰ ਮੋਹਨ ਨੇ ਮੇਰਾ ਮਨ ਲੈ ਲਇਆ ਹੈ।
ਰਾਮ ਗੁਰਿ ਮੋਹਨਿ ਮੋਹਿ ਮਨੁ ਲਈਆ॥
ਹਉ ਆਕਲ ਬਿਕਲ ਭਈ ਗੁਰ ਦੇਖੇ ਹਉ ਲੋਟ ਪੋਟ ਹੋਇ ਪਈਆ।
ਹੁਣ ਮੇਰੇ ਅੰਦਰ ਸੰਤੁਸ਼ਟੀ ਭਰੀ ਖੁਸ਼ੀ ਦਾ ਸਾਗਰ ਠਾਠਾਂ ਮਾਰ ਰਹਿਆ ਹੈ। ਮੈਂ ਦੁਨੀਆਂ ਤੋਂ ਨਵੇਕਲਾ ਤੇ ਵਿਰਕਤ ਹੋ ਗਇਆ ਹਾਂ । ਮੈਂ ਉਮਾਹ ਨਾਲ ਲੋਟ ਪੋਟ ਹੋ ਗਇਆ ਹਾਂ। ਇਹਨਾਂ ਹੀ ਪਵਿੱਤਰ ਜਜ਼ਬਿਆਂ ਵਿੱਚ ਸਰਸ਼ਾਰ ਹੋ ਭਾਈ ਮੱਖਣ ਸ਼ਾਹ ਦੀ ਆਤਮਾ ਰੱਜੀ ਰੱਜੀ ਮਹਿਸੂਸ ਕਰ ਰਹੀ ਸੀ। ਸਚਮੁਚ ਇੰਞ ਹੀ ਲਗ ਰਿਹਾ ਸੀ ਕਿ ਹੁਣ ਸੰਗਤਾਂ ਦੇ ਬੇੜੇ ਬੰਨੇ ਲਾਣ ਵਾਲਾ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਪਰਗਟ ਹੋ ਗਇਆ ਹੈ। ਮਾਤਾ ਨਾਨਕੀ ਜੀ ਦੇ ਆਖੇ ਬਚਨ ਸਤਿ ਸਿਧ ਹੋ ਸਾਹਮਣੇ ਆਏ ਹਨ। ਫੌਜਾਂ ਨੂੰ ਜਰਨੈਲ ਮਿਲ ਗਿਆ। ਗੁਰਸਿੱਖਾਂ ਨੂੰ ਪਥ ਪ੍ਰਦਰਸ਼ਕ ਗੁਰੂ ਦੀ ਪਰਾਪਤੀ ਹੋ ਗਈ। ਸੰਗਤਾਂ ਦੇ ਡੀਗਣ ਡੋਲੇ ਮੁਕ ਗਏ। ਇਸੇ ਸਬੰਧ ਵਿੱਚ ਸ਼ਹੀਦੀ ਬਿਲਾਸ ਦੇ ਅੱਖਰ ਬੜੇ ਭਾਵਪੂਰਨ ਹਨ
ਤਬ ਮੰਜੀ ਸਭ ਹੀ ਛਿਪ ਗਈ
ਤੇਜ ਤਰਨ ਤੇ ਜਿਉਂ ਨਿਸ ਗਈ।
ਸੋ ਪਰਗਟੇ ਗੁਰੂ ਤੇਗ ਬਹਾਦਰ।
ਜਨ ਆਪਣੇ ਕੀ ਰਾਖੀ ਚਾਦਰ।
ਸੂਰਜ ਰੂਪੀ ਗੁਰੂ ਦੇ ਪਰਗਟ ਹੋਣ ਨਾਲ ਮੰਜੀਆਂ ਰੂਪੀ ਤਾਰੇ ਸਭ ਨਸ ਭੱਜ ਉਠੇ। ਗੁਰੂ ਤੇਗ ਬਹਾਦਰ ਜੀ ਦੇ ਪਰਗਟ ਹੋਣ ਨਾਲ ਗੁਰਸਿੱਖਾਂ ਦੇ ਵਿਸ਼ਵਾਸ ਨੂੰ ਸ਼ਕਤੀ ਮਿਲੀ। ਗੁਰੂ ਜੀ ਨੇ ਸਿੱਖਾਂ ਦੀ ਲਾਜ ਰੱਖ ਲਈ।
ਮਾਤਾ ਨਾਨਕੀ ਜੀ ਦੇ ਕਥਨ ਨੂੰ ਸੂਰਜ ਪ੍ਰਕਾਸ਼ ਦੇ ਕਰਤਾ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਸ਼ਬਦਾਂ ਵਿੱਚ ਬੜਾ ਸੁੰਦਰ ਅੰਕਿਤ ਕੀਤਾ ਹੈ ਕਿ ਜੇ ਕੋਈ ਨਟ ਰਾਜਾ ਬਣ ਬੈਠੇ ਤਾਂ ਉਸਦਾ ਹੁਕਮ ਬਹੁਤੀ ਦੇਰ ਨਹੀਂ ਚਲ ਸਕੇਗਾ। ਜਿਹੜੇ ਸੋਢੀ ਨੱਟਾਂ ਵਾਂਗ ਫੜੀਆਂ ਲਾਈ ਬੈਠੇ ਸਨ, ਉਹ ਮੰਜੀਆਂ ਖੜੀਆਂ ਕਰ ਅਲੋਪ ਹੋ ਗਏ। ਵਿਸ਼ਵਾਸ ਵਾਲੇ ਇਹ ਜਾਣਦੇ ਹਨ ਕਿ ਇਹ ਖੇਡਾਂ ਤਮਾਸ਼ੇ ਤੇ ਨਟਾਂ ਦੇ ਡਰਾਮੇ ਜ਼ਿਆਦਾ ਦੇਰ ਨਹੀਂ ਚਲਦੇ। ਇੱਥੇ ਇੱਕ ਗੱਲ ਹੋਰ ਅੰਕਿਤ ਕਰਨੀ ਸਹੀ ਰਹੇਗੀ ਕਿ ਭਾਈ ਮੱਖਣ ਸ਼ਾਹ ਲੁਬਾਣੇ ਦਾ ਵਿਸ਼ਵਾਸ ਕਾਮਿਲ ਤੇ ਅਟੱਲ ਸੀ। ਉਸਨੂੰ ਦਿੱਲੀ ਤੋਂ ਪਤਾ ਲੱਗਾ ਸੀ ਕਿ ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋਤ ਸਮਾਉਣ ਲੱਗਿਆਂ ਗੱਦੀ ਗੁਰੂ ਤੇਗ ਬਹਾਦਰ ਨੂੰ ਬਖ਼ਸ਼ ਕੇ ਗਏ ਹਨ। ਭਾਈ ਮੱਖਣ ਸ਼ਾਹ ਦਾ ਸਿਦਕ ਮਜ਼ਬੂਤ ਸੀ ਤੇ ਸਿਰੜ ਪੱਕਾ। ਉਹਨੇ ਮਨ ਵਿੱਚ ਧਾਰ ਲਿਆ ਸੀ ਕਿ ਕੁਝ ਵੀ ਹੋ ਜਾਏ ਜ਼ਮਾਨੇ ਵੱਲੋਂ ਕਿਤਨੀ ਵੀ ਦੁਬਿਧਾ ਪਾਈ ਜਾਏ, ਗੁਰੂ ਛੁਪ ਨਹੀਂ ਸਕਦਾ। ਗੁਰੂ ਹਰਿਕ੍ਰਿਸ਼ਨ ਜੀ ਦਾ ਹੁਕਮ ਅਟੱਲ ਹੈ, “ਸੂਰਜ ਬੇਸ਼ਕ ਠੰਡਾ ਹੋ ਜਾਏ, ਚੰਦ ਗਰਮ ਹੋ ਜਾਏ, ਹਵਾ ਰੁਕ ਜਾਏ, ਪਰਬਤ ਹਿਲ ਜਾਵੇ, ਪ੍ਰਿਥਵੀ ਟੁਰ ਪਏ, ਸਮੁੰਦਰ ਸੁੱਕ ਜਾਏ, ਬਰਫ਼ ਅੱਗ ਬਰਾਬਰ ਹੋ ਜਾਏ, ਤਾਰੇ ਦੌੜਣ ਲਗ ਪੈਣ, ਸਭ ਆਪਣੀ ਆਪਣੀ ਕਿਰਤ ਛੱਡ ਦੇਣ, ਗੁਰੂ ਵਾਕ ਅਟੱਲ ਹੈ।” ਭਾਈ ਮੱਖਣ ਸ਼ਾਹ ਦਾ ਸਿਰੜ ਸੀ ਕਿ ਜੇ ਪੂਰੇ ਗੁਰੂ ਦੇ ਦਰਸ਼ਨ ਨਾ ਹੋਏ ਤਾਂ ਮੈਂ ਆਪਣੇ ਪ੍ਰਾਣ ਤਿਆਗ ਦੇਵਾਂਗਾ।
ਇਕ ਸਿਰੜ ਵਾਲਾ ਸਿੱਖ ਹੀ ਸਿਰੜ ਵਾਲੇ ਗੁਰੂ ਨੂੰ ਪਰਗਟ ਕਰ ਸਕਦਾ ਹੈ। ਗੁਰੂ ਤੇਗ ਬਹਾਦਰ ਜੀ ਬਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹਨ।
ਧਰਮ ਹੇਤ ਸਾਕਾ ਜਿਨ ਕੀਆ
ਸੀਸ ਦੀਆ ਪਰ ਸਿਰੜ ਨ ਦੀਆ
ਇਹ ਠੀਕ ਹੈ ਕਿ ਵਿਧੀਵਤ ਗੁਰਗੱਦੀ ਸਰਬੱਤ ਸਿਰਕੱਢ ਗੁਰਸਿੱਖਾਂ ਅਤੇ ਗੁਰਸੰਗਤ ਦੀ ਹਾਜ਼ਰੀ ਵਿੱਚ 11 ਅਗਸਤ 1664 ਨੂੰ ਦਿੱਤੀ ਗਈ ਸੀ। ਇਸ ਸਾਰੇ ਪਵਿੱਤਰ ਤੇ ਮਹਾਨ ਕਾਰਜ ਨੂੰ ਮਾਤਾ ਨਾਨਕੀ ਨੇ ਨੇਪਰੇ ਚਾੜ੍ਹ ਕੇ ਇਹ ਸਿਧ ਕਰ ਦਿੱਤਾ ਕਿ ਗੁਰਮਤਿ ਵਿੱਚ ਜਿਸ ਤਰ੍ਹਾਂ, ਵੱਡੀਆਂ ਛੋਟੀਆਂ ਉਮਰਾਂ ਦੀ ਕੋਈ ਮਹਾਨਤਾ ਨਹੀਂ ਬਿਲਕੁਲ ਇਸੇ ਤਰ੍ਹਾਂ ਗੁਰਸਿੱਖ ਇਸਤਰੀਆਂ ਗੁਰਸਿੱਖ ਮਰਦਾਂ ਤੋਂ ਕਿਸੇ ਤਰ੍ਹਾਂ ਪਿੱਛੇ ਨਹੀਂ। ਭਾਈ ਮੱਖਣ ਸ਼ਾਹ ਲੁਬਾਣੇ ਦੀ ਆਮਦ ਤੇ ਸਤਿਗੁਰਾਂ ਦੀ ਪਰਗਟ ਹੋਣ ਦੀ ਗਾਥਾ ਵੀ ਇਸ ਗੱਲ ਦਾ ਪ੍ਰਤੀਕ ਹੈ ਕਿ ਜਿਸ ਤਰ੍ਹਾਂ ਗੁਰਸਿੱਖਾਂ ਨੂੰ ਗੁਰੂ ਨਾਲ ਪਰੀਤ ਹੈ ਉਸੇ ਤਰ੍ਹਾਂ ਗੁਰੂ ਪਾਤਸ਼ਾਹ। ਗੁਰਸਿੱਖਾਂ ਦੀ ਹਾਰਦਿਕ ਇੱਛਾਵਾਂ ਨੂੰ ਮਾਨ ਤੇ ਸਤਿਕਾਰ ਦੇਂਦੇ ਹਨ। ਭਾਈ ਮੱਖਣ ਸ਼ਾਹ ਨੇ ਗੁਰੂ ਤੇਗ ਬਹਾਦਰ ਦੀ ਗੱਦੀ ਨਸ਼ੀਨੀ ਦੇ ਸਬੰਧ ਵਿੱਚ ਜਿਹੜੀ ਕੋਈ ਧੁੰਦ ਜਾਂ ਭੁਲੇਖਾ ਰਹਿ ਗਿਆ ਸੀ ਉਸਨੂੰ ਸੁਘੜ ਸਿਆਣਪ ਤੇ ਸਿਰੜ ਨਾਲ ਨਜਿੱਠ ਕੇ ਸਭ ਭਰਮ ਭੁਲੇਖੇ ਦੂਰ ਕਰ ਦਿੱਤੇ।
ਭਾਈ ਮੱਖਣ ਸ਼ਾਹ ਗੁਰੂ ਜੀ ਦੀਆਂ ਅਸੀਸਾਂ ਤੇ ਖੁਸ਼ੀਆਂ ਨਾਲ ਮਾਲਾਮਾਲ ਹੋ ਆਪਣੇ ਕਰਿੰਦਿਆਂ ਸੇਵਕਾਂ ਤੇ ਸਿਪਾਹੀਆਂ ਨਾਲ ਆਪਣੇ ਡੇਰੇ ਜਾ ਪੁੱਜਾ। ਡੇਰੇ ਪੁਜ ਭਾਈ ਮੱਖਣ ਸ਼ਾਹ ਨੇ ਤੋਸ਼ੇਖ਼ਾਨੇ ਵਿੱਚੋਂ ਸਭ ਤੋਂ ਕੀਮਤੀ ਕੱਪੜਾ ਲੈ ਦਰਜ਼ੀ ਨੂੰ ਬੁਲਾਇਆ ਤੇ ਆਖਿਆ, ਗੁਰੂ ਜੀ ਵਾਸਤੇ ਰਾਤੋ ਰਾਤ ਦਿਨ ਚੜ੍ਹੇ ਤੋਂ ਪਹਿਲਾਂ ਚੋਲਾ ਤਿਆਰ ਕੀਤਾ ਜਾਏ। ਸਵੇਰੇ ਹੀ ਮੱਖਣ ਸ਼ਾਹ ਬਹੁਤ ਸਾਰੀਆਂ ਕੀਮਤੀ ਭੇਟਾਂ ਵਸਤਰ, ਅਸਬਾਬ ਆਦਿ ਨਾਲ ਰਾਤੀ ਤਿਆਰ ਕੀਤਾ ਚੋਲਾ ਤੇ ਕੜਾਹ ਪਰਸ਼ਾਦ ਲੈ ਗੁਰੂ ਮਹਾਰਾਜ ਵੱਲ ਚਲ ਪਇਆ। ਉਸਦੇ ਸਾਰੇ ਸੰਗੀ ਸਾਥੀ, ਕਰਿੰਦੇ ਨਾਲ ਚਲ ਪਏ। ਅੱਛੇ ਖਾਸੇ ਇਕੱਠ ਨੂੰ ਦੇਖ ਹੋਰ ਸੰਗਤਾਂ ਵੀ ਨਾਲ ਹੋ ਗਈਆਂ । ਮੱਖਣ ਸ਼ਾਹ ਨੇ ਸਭ ਕੁਝ ਗੁਰੂ ਚਰਣਾਂ ਵਿੱਚ ਰੱਖ ਮੱਥਾ ਟੇਕਿਆ। ਗੁਰੂ ਜੀ ਨੇ ਆਖਿਆ, ਤੂੰ ਸਾਨੂੰ ਪਰਗਟ ਕਰਨ ਤੋਂ ਨਹੀਂ ਟਲਿਆ, ਗੁਰਿਆਈ ਕੋਈ ਮੌਜ ਮਸਤੀ ਦਾ ਮੇਲਾ ਨਹੀਂ, ਇਹ ਜਿੰਮੇਵਾਰੀ ਦੀ ਭਾਰੀ ਪੰਡ ਹੈ। ਮੱਖਣਸ਼ਾਹ ਨੇ ਨਿਮਰਤਾ ਸਹਿਤ ਬੇਨਤੀ ਕੀਤੀ, ਜੇ ਆਪ ਜੀ ਛਿਪੇ ਹੀ ਰਹਿੰਦੇ ਤਾਂ ਸੰਗਤਾਂ ਨੂੰ ਬੜੀ ਔਖਿਆਈ ਹੋਣੀ ਸੀ। ਪੂਰੇ ਗੁਰੂ ਦਾ ਪਤਾ ਨਾ ਲੱਗਣ ਤੇ ਸੰਗਤਾਂ ਭਟਕ ਭਟਕ ਅਸ਼ਰਧਕ ਹੋ ਜਾਣੀਆਂ ਸਨ। ਗੁਰੂ ਖੇਵਟ ਹੈ, ਗੁਰੂ ਜਹਾਜ਼ ਹੈ ਜੋ ਸੰਗਤਾਂ ਨੂੰ ਭਵਸਾਗਰ ਤੋਂ ਸਹਿਜੇ ਹੀ ਪਾਰ ਕਰ ਦਿੰਦਾ ਹੈ। ਸੰਗਤਾਂ ਦਾ ਭਾਰੀ ਇਕੱਠ ਗੁਰੂ ਜੀ ਦੇ ਹਜ਼ੂਰ ਆ ਜੁੜਿਆ। ਇਤਨੀ ਸੰਗਤ ਹੋ ਗਈ ਜੋ ਅੰਦਰ ਗ੍ਰਹਿ ਵਿਖੇ ਸਮਾ ਨਹੀਂ ਸੀ ਪਾ ਰਹੀ। ਗੁਰੂ ਜੀ ਬਾਹਰ ਆ ਬਿਰਾਜੇ। ਇਧਰੋਂ ਗੁਰੂ ਜੀ ਬਾਹਰ ਆਏ, ਓਧਰ ਮੱਖਣ ਸ਼ਾਹ ਚੌਹੀਂ ਪਾਸੀ ਜਾ ਕੇ ਸੂਰਜ ਪ੍ਰਕਾਸ਼ ਅਨੁਸਾਰ ਆਖਣ ਲੱਗਾ
ਭੁਲੀਏ ਸੰਗਤਿ ਸੁਨਹੁ ਸਕਾਨ
ਸਤਿਗੁਰ ਲਧਾ ਮਹਦ ਮਹਾਨ
ਸੰਸੈ ਰਿਦੈ ਕੋ ਤਜਿ ਕੈ
ਜਨਮ ਸੁਧਾਰਹੁ ਸ੍ਰੀ ਗੁਰੂ ਭਜਿਕੈ।
ਏਧਰੋਂ ਓਧਰ ਤੇ ਓਧਰੋਂ ਇਧਰ ਮੱਖਣ ਸ਼ਾਹ ਜੀ ਉੱਚੀ ਪੁਕਾਰ ਕਰਕੇ ਆਪਣੇ ਮਨ ਦੀ ਖ਼ੁਸ਼ੀ ਦਾ ਇਜ਼ਹਾਰ ਕਰ ਰਹੇ ਸੀ । ਹੁਣ ਮੱਖਣਸ਼ਾਹ ਬਸਤੀ ਦੇ ਕੋਠਿਆਂ, ਚੁਬਾਰਿਆਂ ਤੇ ਜਾ ਕੇ ਆਵਾਜ਼ਾਂ ਦੇ ਰਹਿਆ ਸੀ, “ਗੁਰੂ ਲਾਧੋ ਰੇ, ਗੁਰੂ ਲਾਧੋ ਰੇ”। ਭਾਵ ਗੁਰੂ ਦੀ ਪਰਾਪਤੀ ਹੋ ਗਈ ਹੈ, ਹੁਣ ਹੋਰ ਕਿਧਰੇ ਜਾਣ ਦੀ ਲੋੜ ਨਹੀਂ। “ਗੁਰੂ ਲਾਧੋ ਰੇ” ਲੁਬਾਂਗੀ ਭਾਸ਼ਾ ਹੈ।
ਚੜ੍ਹ ਉਚੇ ਮੰਦਰ ਏਹ ਸੁਣਾਇਆ।
ਆਵੋ ਗੁਰ ਸਿਖ ਮੈਂ ਸਤਿਗੁਰ ਲਾਧਾ।
ਜਾ ਕੀ ਮਹਿਮਾ ਅਗਮ ਅਗਾਧਾ।
ਸਭਨੀ ਪਾਸੀ ਚਾਅ ਸੀ, ਖ਼ੁਸ਼ੀਆਂ ਦੀ ਬਾਰਿਸ਼ ਹੋ ਰਹੀ ਸੀ। ਸੰਗਤਾਂ ਭੱਜ ਭੱਜ ਆਉਂਦੀਆਂ ਤੇ ਭਿੱਜ ਭਿੱਜ ਜਾਂਦੀਆਂ। ਹਰ ਕੋਈ ਮੱਖਣ ਸ਼ਾਹ ਲੁਬਾਣੇ ਦੇ ਰੰਗ ਵਿੱਚ ਰੰਗਿਆ ਜਾਪਦਾ ਸੀ, ਜਾਂ ਇੰਝ ਕਹੀਏ ਕਿ ਸਾਰੀ ਸਿੱਖ ਸੰਗਤ ਮੱਖਣ ਸ਼ਾਹ ਵਾਂਗ ਵਣਜਾਰਾ ਹੋਈ ਪਈ ਸੀ।
ਵਣਜਾਰੇ ਸਿਖ ਆਵਦੇ ਸਬਦਿ ਲਘਾਵਣਹਾਰੁ॥
ਜਨ ਨਾਨਕ ਜਿਨ ਕਉ ਕ੍ਰਿਪਾ ਭਈ ਤਿਨ ਸੇਵਿਆ ਸਿਜਰਣਹਾਰੁ॥
ਸੰਗਤਾਂ ਵਹੀਰਾਂ ਘੱਤ ਆ ਰਹੀਆਂ ਸਨ ਤੇ ਪਾਰ ਉਤਾਰਾ ਕਰਨ ਵਾਲੇ ਗੁਰੂ ਦੇਵ ਆਪਣੀ ਦ੍ਰਿਸ਼ਟੀ ਮਾਤਰ ਨਾਲ ਸੰਗਤਾਂ ਦਾ ਪਾਰ ਉਤਾਰਾ ਕਰ ਰਹੇ ਸਨ। ਗੁਰੂ ਦੀ ਕਿਰਪਾ ਪ੍ਰਾਪਤ ਕਰਕੇ ਅਕਾਲਪੁਰਖ ਦਾ ਅਨੁਭਵ ਕਰ ਰਹੇ ਸਨ। ਭਰਪੂਰ ਉਮਾਹ ਤੇ ਉਤਸ਼ਾਰ ਕਾਰਨ ਇਕ ਉਤਸਵ ਜੇਹਾ ਬਣ ਗਿਆ ਸੀ। ਗੁਰੂ ਜੀ ਪ੍ਰਸ਼ਾਦ ਪ੍ਰਾਪਤ ਕਰ ਬਾਅਦ ਦੁਪਹਿਰ ਘੋੜੇ ਤੇ ਸੁਆਰ ਹੋ ਦੂਰ ਬਾਹਰਵਾਰ ਚਲੇ ਗਏ।
ਓਧਰ ਬਾਬਾ ਧੀਰ ਮਲ ਦੇ ਖੇਮੇ ਵਿੱਚ ਅਫ਼ਰਾ ਤਫ਼ਰੀ ਤੇ ਬੇਚੈਨੀ ਪਸਰ ਗਈ। ਸ਼ੀਹਾਂ ਮਸੰਦ ਤੇ ਹੋਰ ਦੇਖੀ ਮੱਠ ਹੋ ਵਿਉਂਤਾ ਬਨਾਣ ਲੱਗਾ ਕਿ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਵਿੱਚੋਂ ਪਰ ਕਰਨਾ ਬਹੁਤ ਜ਼ਰੂਰੀ ਹੈ। ਸ਼ੀਹਾਂ ਮਸੰਦ ਬੜਾ ਕਾਇਰ ਤੇ ਨੀਵੀਂ- ਬਿਰਤੀ ਦਾ ਲਾਲਚੀ ਮਨੁੱਖ ਸੀ। ਉਸਨੇ ਧੀਰ ਮਲ ਨੂੰ ਆਖਿਆ ਕਿ ਜੇ ਲੋੜ ਪਏ ਤਾਂ ਗੁਰੂ ਤੇਗ ਬਹਾਦਰ ਜੀ ਨੂੰ ਗੋਲੀ ਮਾਰ ਖ਼ਤਮ ਕਰ ਦਿੱਤਾ ਜਾਏ। ਧੀਰਮਲ ਤ੍ਰਭਕ ਜਿਹਾ ਪਿਆ ਤੇ ਉਸਨੇ ਆਖਿਆ ਮੈਂ ਗੁਰੂ ਹਰਿ ਰਾਇ ਦਾ ਵੱਡਾ ਭਰਾ ਹਾਂ। ਗੱਦੀ ਉੱਤੇ ਮੇਰਾ ਹਕ ਹੈ। ਤੇਗ ਬਹਾਦਰ ਕੌਣ ਹੁੰਦਾ ਹੈ ਗੱਦੀ ਸੰਭਾਲਣ ਵਾਲਾ । ਅਗਿਆਨੀ ਧੀਰ ਮਲ ਭਰਮ ਹਨੇਰੇ ਵਿੱਚ ਸੀ। ਉਸਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਗੁਰਗੱਦੀ ਵਿਰਾਸਤ ਨਹੀਂ ਹੈ, ਬਲਕਿ ਇਹ ਬਖ਼ਸ਼ਿਸ਼ ਤੇ ਨਦਰਿ ਕਰਮ ਨਾਲ ਪਰਾਪਤ ਹੁੰਦੀ ਹੈ। ਅੰਦਰੋਂ ਡਰੇ ਹੋਏ ਧੀਰਮਲ ਨੇ ਸ਼ੀਹਾਂ ਮਸੰਦ ਨੂੰ ਆਖਿਆ ਕਿ ਗੁਰੂ ਨੂੰ ਮਾਰੇ ਬਿਨਾ ਕੁਝ ਵੀ ਕਰੇ। ਸ਼ੀਹਾਂ ਮਸੰਦ ਅੜ ਗਿਆ ਕਿ ਇਸ ਬਿਨਾ ਹੋਰ ਕੋਈ ਚਾਰਾ ਨਹੀਂ। ਹੁਣ ਧੀਰ ਮਲ ਨੇ ਵੀ ਰਜ਼ਾਮੰਦੀ ਜ਼ਾਹਿਰ ਕਰ ਦਿੱਤੀ। ਵਿਉਂਤ ਬਣਾਈ ਗਈ ਕਿ ਜਦੋਂ ਭਾਈ ਮੱਖਣ ਸ਼ਾਹ ਲੁਬਾਣਾ ਤਰਕਾਲੀਂ ਆਪਣੇ ਡੇਰੇ ਜਾਏ ਤਾਂ ਗੁਰੂ ਜੀ ਉੱਤੇ ਬੰਦੂਕ ਨਾਲ ਹਮਲਾ ਕਰ ਦਿੱਤਾ ਜਾਏ। ਗੁਰੂ ਜੀ ਤਰਕਾਲੀਂ ਪਰਤੇ। ਧੁੰਧਲਕਾ ਜਿਹਾ ਬਣਿਆ ਹੋਇਆ ਸੀ ਕਿ ਸ਼ੀਹਾਂ ਮਸੰਦ ਨੇ ਗੁਰੂ ਜੀ ਵੱਲ ਨਿਸ਼ਾਨਾ ਕਰਕੇ ਗੋਲੀ ਚਲਾ ਦਿੱਤੀ। ਘੋੜਾ ਤ੍ਰਬਕ ਕੇ ਪੁੱਠੀ ਚਾਲੇ ਚਲ ਪਿਆ। ਗੁਰੂ ਜੀ ਨੇ ਹਮਲਾਵਰਾਂ ਵੱਲ ਦੇਖਿਆ ਤੇ ਬਚਨ ਕੀਤਾ, ਵਾਹ ਧੀਰਮਲ ਜੀ ਕਿਹਾ ਭਲਾ ਕੰਮ ਕੀਤਾ ਜੇ ।
ਭਲੇ ਧੀਰ ਮਲ, ਭਲੇ ਜੀ, ਭਲੇ ਧੀਰ ਮਲ ਧੀਰ ਜੀ
ਬਹੁਤ ਬਾਰ ਬੋਲੇ ਬਚਨ, ਸ੍ਰੀ ਪੁਤ ਗੁਨੀ ਗਹੀਰ ਜੀ।
ਗੁਰੂ ਜੀ ਘੋੜੇ ਤੇ ਸਵਾਰ ਆਪਣੇ ਟਿਕਾਣੇ ਪੁੱਜ ਗਏ ਤੇ ਆਰਾਮ ਕਰਨ ਲਈ ਛੱਤ ਉੱਤੇ ਜਾ ਬਿਰਾਜੇ। ਸ਼ੀਹਾਂ ਮਸੰਦ ਤੇ ਹੋਰ ਬੰਦਿਆਂ ਨੇ ਮੌਕਾ ਵੇਖਿਆ ਤੇ ਹਨੇਰੇ ਦੀ ਪਤਲੀ ਚਾਦਰ ਵਿੱਚ ਇਕ ਲਾਗਲੇ ਕੋਠੇ ਤੋਂ ਗੁਰੂ ਜੀ ਉੱਤੇ ਨਿਸ਼ਾਨਾ ਸੇਧ ਗੋਲੀ ਦਾਗ਼ ਦਿੱਤੀ। ਗੁਰੂ ਜੀ ਨੇ ਆਪਣਾ ਸਿਰ ਹਿਲਾ ਦਿੱਤਾ ਜਿਸ ਕਾਰਨ ਗੋਲੀ ਗੁਰੂ ਜੀ ਦੇ ਮਸਤਕ ਨੂੰ ਛੂੰਹਦੀ ਹੋਈ ਨਿਕਲ ਗਈ। ਜ਼ਖ਼ਮ ਗਹਿਰਾ ਨਹੀਂ ਸੀ ਪਰ ਫਿਰ ਵੀ ਗੋਲੀ ਲੱਗਣ ਨਾਲ ਮੱਥਾ ਲਹੂ ਲੁਹਾਣ ਹੋ ਗਿਆ।
ਗੁਰੂ ਜੀ ਨੂੰ ਲਹੂ ਲੁਹਾਣ ਦੇਖ ਕੇ ਮਾਤਾ ਨਾਨਕੀ ਜੀ ਕੋਠੇ ਉੱਪਰ ਪੁੱਜੇ। ਮੱਥਾ ਸਾਫ਼ ਕੀਤਾ ਤਾਂ ਜੋ ਖੂਨ ਵਗਣੋਂ ਰੁਕ ਜਾਏ। ਏਧਰੋਂ ਧੀਰ ਮਲ ਵੀ ਕੋਠੇ ਜਾ ਚੜ੍ਹਿਆ ਤੇ ਕੌੜੇ, ਕਸੈਲੇ, ਅਣਭਾਉਂਦੇ ਬਚਨ ਬੋਲਣ ਲਗ ਪਿਆ। ਮਾਤਾ ਜੀ ਨੇ ਧੀਰਮਲ ਨੂੰ ਫਟਕਾਰਦਿਆਂ ਕਿਹਾ, ਤੂੰ ਕਰਤਾਰਪੁਰ ਤੋਂ ਆ ਕੇ ਬੜਾ ਦੰਭ ਖਲਾਰਿਆ ਹੈ। ਇਹ ਜੋ ਜਬਰ ਤੇ ਜ਼ੁਲਮ ਤੇ ਕੀਤਾ ਹੈ ਤੈਨੂੰ ਜ਼ਹਿਰ ਹੋ ਕੇ ਟਕਰੇਗਾ।
ਅਬ ਜਬਰੀ ਕਰ ਆਨਿ ਪਰੇ ਹੋ
ਜਿਉ ਬਿਖ ਪੀ ਕਰ ਆਪ ਮਰੇ ਹੋ
ਬੁਰਾ ਹੋਨਿ ਤੁਮਰੋ ਢਿਗ ਆਵਾ।
ਜਿਸ ਤੇ ਐਸੋ ਗਰਬ ਜਨਾਵਾ।
ਤੈਨੂੰ। ( ਖ਼ੁਦ ਇਹ ਪਾਪ ਭੁਗਤਣਾ ਪਵੇਗਾ, ਜੇ ਤੇਰੇ ੧ ਵਿੱਚ ਸ਼ਕਤੀ ਹੈ ਜਾਂ ਕੋਈ ਸਤਿ ਧਰਮ ਹੈ ਤਾਂ ਉਸਦੇ ਬਲ ਨਾਲ ਗੁਰੂ ਕੀ ਸੰਗਤ ਨੂੰ ਕਰਤਾਰਪੁਰ ਹੀ ਆਪਣੇ ਵੱਲ ਕਿਉਂ ਨਹੀਂ ਖਿੱਚ ਸਕਿਆ। ਇਸ ਸਾਰੇ ਹਾਦਸੇ ਵਿੱਚ ਗੁਰੂ ਤੇਗ ਬਹਾਦਰ ਜੀ ਸ਼ਾਂਤ ਚਿਤ ਤੇ ਅਡੋਲ ਰਹੇ। ਆਪ ਜੀ ਸਭ ਕੁਝ ਦੇਖ ਰਹੇ ਸਨ, ਪਰ ਮੁਖੋ ਕੁਝ ਨਾ ਅਲਾਇਆ।
ਸ਼ੀਹਾਂ ਮਸੰਦ ਨੇ ਨਾਲ ਆਂਦੇ ਧਾੜਵੀਆਂ ਨੂੰ ਸਾਰਾ ਕੀਮਤੀ ਸਮਾਨ ਕੱਪੜੇ ਲੱਤੇ, ਰਸਦ ਆਦਿ ਸਮੇਟਣ ਲਈ ਕਿਹਾ। ਇਹ ਟੋਲਾ ਸਭ ਕੁਝ ਸਾਂਭ ਕੇ ਆਪਣੇ ਡੇਰੇ ਵਲ ਕਾਹਲੀ ਨਾਲ ਤੁਰ ਪਿਆ। ਓਥੇ ਮੌਜੂਦ ਗੁਰੂ ਕੇ ਸਿੱਖਾਂ ਨੇ ਭੱਜ ਕੇ ਮੱਖਣ ਸ਼ਾਹ ਦੇ ਡੇਰੇ ਉਸਨੂੰ ਖ਼ਬਰ ਦਿੱਤੀ ਕਿ ਧੀਰਮਲ ਅਤੇ ਸ਼ੀਹਾਂ ਮਸੰਦ ਨੇ ਆਪਣੇ ਧਾੜਵੀਆਂ ਨਾਲ ਗੁਰੂ ਜੀ ਨੂੰ ਜ਼ਖ਼ਮੀ ਕੀਤਾ ਹੈ ਅਤੇ ਸਾਰਾ ਸਾਮਾਨ ਵਸਤਾਂ ਆਦਿ ਆਪਣੇ ਡੇਰੇ ਲੈ ਗਿਆ ਹੈ।
ਮੱਖਣ ਸ਼ਾਹ ਲੰਮਾ ਪਿਆ ਤੁਰੰਤ ਉਠਿਆ, ਆਪਣੇ ਸੰਗੀ ਸਾਥੀਆਂ ਨੂੰ ਨਾਲ ਲੈ ਕੇ ਤੁਰੰਤ ਧੀਰ ਮਲ ਦੇ ਡੇਰੇ ਜਾ ਪੁੱਜਾ। ਉਸਨੇ ਸ਼ੀਹਾਂ ਮਸੰਦ ਦੀਆਂ ਮੁਸ਼ਕਾਂ ਬੰਨ ਲਈਆਂ, ਹੋਰ ਧਾੜਵੀਆਂ ਦੇ ਸਿਰਾਂ ਉੱਤੇ ਗੁਰੂ ਘਰ ਦਾ ਸਾਮਾਨ ਚੁਕਵਾਇਆ ਅਤੇ ਇਕ ਸਿੱਖ ਦੇ ਸਿਰ ਉੱਤੇ ਸਤਿਕਾਰ ਨਾਲ (ਗੁਰੂ) ਗ੍ਰੰਥ ਸਾਹਿਬ ਜੀ ਲੈ ਆਂਦੇ ਤੇ ਧੀਰ ਮਲ ਨੂੰ ਨੰਗੇ ਪੈਰੀਂ ਨਾਲ ਤੋਰ ਲਿਆ। ਧੀਰ ਮਲ ਮਿੰਨਤਾਂ ਕਰਨ ਲੱਗਾ ਕਿ ਮੈਂ ਗੁਰੂ ਪੁੱਤਰ ਹਾਂ, ਮੇਰੇ ਨਾਲ ਇਹ ਵਿਵਹਾਰ ਨਹੀਂ ਹੋਣਾ ਚਾਹੀਦਾ। ਮੱਖਣ ਸ਼ਾਹ ਨੇ ਕਿਹਾ, ਸਾਰੀ ਸ਼ਰਾਰਤ ਤੇਰੀ ਹੈ ਤੇ ਤੂੰ ਖਰੂਦ ਦੀ ਜੜ ਹੈਂ, ਪਰ ਧੀਰ ਮਲ ਨੂੰ ਮਿੰਨਤਾਂ ਕਰਨ ਤੇ ਉਸਨੂੰ ਓਥੇ ਹੀ ਛੱਡ ਬੁਜ਼ਦਿਲਾਂ ਤੇ ਕਾਇਰਾਂ ਦੇ ਅਜੜ ਨੂੰ ਹਕ ਗੁਰੂ ਦਰਬਾਰ ਜਾ ਪੁੱਜਾ। ਗੁਰੂ ਜੀ ਨੇ ਇਹ ਸਭ ਦੇਖ ਕੇ ਭਾਈ ਮੱਖਣ ਸ਼ਾਹ ਨੂੰ ਆਖਿਆ, ਇਹਨਾਂ ਸਾਰਿਆਂ ਨੂੰ ਛੱਡ ਦਿਓ ਅਤੇ ਸਾਰਾ ਸਾਮਾਨ ਵੀ ਵਾਪਸ ਕਰ ਦਿਓ। ਭਾਈ ਮੱਖਣ ਸ਼ਾਹ ਬੜਾ ਹੈਰਾਨ ਹੋਇਆ ਤੇ ਨਿਮ੍ਰਤਾ ਸਹਿਤ ਆਖਿਆ, ਇਹ ਗੁਣਹਗਾਰ ਹਨ ਤੇ ਗੁਰੂ ਘਰ ਦੇ ਚੋਰ ਹਨ। ਗੁਰੂ ਜੀ, ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਤਦ ਸਹਿਜ ਦੀ ਮੂਰਤ ਗੁਰੂ ਸਾਹਿਬ ਨੇ ਕਿਹਾ, ਖਿਮਾ ਬਹੁਤ ਵੱਡਾ ਗੁਣ ਹੈ, ਖਿਮਾ ਸੁਧਰਮ ਨੂੰ ਦ੍ਰਿੜ੍ਹ ਕਰਦੀ ਹੈ। ਖਿਮਾ ਵਿੱਚ ਅਠਸਠ ਤੀਰਥਾਂ ਦਾ ਪੁੰਨ ਹੈ। ਇਸ ਲਈ ਇਹਨਾਂ ਨੂੰ ਖਿਮਾ ਕਰ ਦਿਓ। ਭਾਈ ਜੀ ਨੇ ਸਭ ਨੂੰ ਰਿਹਾ ਕਰ ਦਿੱਤਾ ਤੇ ਓਥੋਂ ਜਾਣ ਲਈ ਕਿਹਾ, ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਗੁਰੂ ਦੇ ਆਦੇਸ਼ ਤੇ ਰਖ ਲਿਆ। ਗਿਆ। ਗੁਰੂ ਜੀ ਨੇ ਫੁਰਮਾਇਆ ਕਿ ਅਸੀ ਆਪੇ ਬੀੜ ਸਾਹਿਬ ਨੂੰ ਕਰਤਾਰਪੁਰ ਪੁਚਾ ਦਿਆਂਗੇ। ਮਗਰੋਂ ਆਪ ਜੀ ਨੇ ਅਜਿਹਾ ਹੀ ਕੀਤਾ। ਜਦੋਂ ਉਹ ਸ੍ਰੀ ਅੰਮ੍ਰਿਤਸਰ ਗਏ, ਤਾਂ ਉਹਨਾਂ ਨੇ ਇਕ ਢੁਕਵੀਂ ਸੁਰੱਖਿਅਤ ਥਾਂ ਤੇ ਰਖਵਾ ਦਿੱਤਾ ਤੇ ਧੀਰਮਲ ਨੂੰ ਸੁਨੇਹਾ ਭੇਜ ਦਿੱਤਾ ਕਿ ਉਹ ਆ ਕੇ ਬੀੜ ਸਾਹਿਬ ਨੂੰ ਲੈ ਜਾਏ ਅਤੇ ਧੀਰ ਮਲ ਬੀੜ ਸਾਹਿਬ ਲੈ ਗਏ। ਗੁਰੂ ਤੇਗ ਬਹਾਦਰ ਜੀ ਦੀ ਵਡਿਆਈ, ਵਿਸ਼ਾਲਤਾ, ਧੀਰਜ ਤੇ ਖਿਮਾ ਦੇ ਗੁਣਾਂ ਨੂੰ ਦੇਖ ਕੇ ਧੀਰ ਮਲ ਵੀ ਕਹਿ ਉਠਿਆ, ‘ਇਹ ਗੁਣ ਹਨ ਗੁਰਤਾ ਦੇ’। ਸਚਮੁਚ ਗੁਰੂ ਤੇਗ ਬਹਾਦਰ ਜੀ ਗੁਰਗੱਦੀ ਦੇ ਯੋਗ ਹਨ।
ਮੱਖਣ ਸ਼ਾਹ ਦੀ ਵਿਦਾਇਗੀ
ਭਾਈ ਮੱਖਣ ਸ਼ਾਹ ਜੀ ਨੂੰ ਸੇਵਾ ਕਰਦਿਆਂ ਕਈ ਮਹੀਨੇ ਬੀਤ ਗਏ। ਉਹ ਹਰ ਪ੍ਰਕਾਰ ਨਾਲ ਗੁਰੂ ਦੇ ਹਜ਼ੂਰ ਰਹਿੰਦਾ ਤੇ ਗੁਰੂ ਦੀਆਂ ਖ਼ੁਸ਼ੀਆਂ ਤਨ ਮਨ ਧਨ ਨਾਲ ਸੇਵਾ ਕਰਕੇ ਪ੍ਰਾਪਤ ਕਰਦਾ। ਬਾਬਾ ਬਕਾਲਾ ਵਿਖੇ ਸੰਗਤਾਂ ਦੀ ਮੁਹਾੜ ਬਣ ਗਈ। ਸੰਗਤਾਂ ਗੁਰੂ ਜੀ ਪਾਸੋਂ ਜੀਵਨ ਜਾਚ ਤੇ ਜੀਵਨ ਦਾਨ ਪ੍ਰਾਪਤ ਕਰਦੀਆਂ।
ਮੱਖਣ ਸ਼ਾਹ ਨੇ ਇਕ ਦਿਨ ਵਾਪਸ ਆਪਣੇ ਘਰ ਅਤੇ ਕਿਰਤ ਦੇ ਕਾਰਜਾਂ ਨੂੰ ਆਰੰਭਣ ਦੀ ਆਗਿਆ ਮੰਗੀ। ਗੁਰੂ ਜੀ ਨੇ ਭਾਈ ਜੀ ਨੂੰ ਨਿਹਾਲ ਨਿਹਾਲ ਕਰ ਦਿੱਤਾ ਅਤੇ ਗੁਰਸਿੱਖ ਦਾ ਹਲਤ-ਪਲਤ ਸਵਾਰ ਦਿੱਤਾ। ਜੰਮਣ ਮਰਣ ਦੇ ਗੇੜੇ ਕੱਟੇ ਗਏ। ਭਾਈ ਜੀ ਦੇ ਮਨ ਵਿੱਚ ਗੁਰੂ ਦੀ ਵਡਿਆਈ ਤੇ ਨਾਮ ਰਚ ਮਿਚ ਗਿਆ। ਸਾਚੀ ਗੁਰ ਵਡਿਆਈ॥ ਤਾ ਕੀ ਕੀਮਤ ਕਹਣੁ ਨ ਜਾਈ ॥ ਸਿਰ ਸਾਹਾ ਪਾਤਸਾਹਾ॥ ਗੁਰ ਭੇਟਤ ਮਨਿ ਉਮਾਹਾ॥
ਮਨ ਵਿੱਚ ਇਕ ਸਦੀਵੀ ਚਾਅ ਤੇ ਮਨ ਵਿੱਚ ਉਮਾਹ ਪੈਦਾ ਹੋ ਗਿਆ। ਹੁਣ ਅਵਸਥਾ ਇਹ ਸੀ ਕਿ ‘ਹਿਰਦੇ ਨਾਮ ਵਸਾਏ ਹੋ॥ ਘਰ ਬੈਠੇ ਗੁਰੂ ਧਿਆਏਹੋ ॥” ਭਾਈ ਜੀ ਨੇ ਜਾਣ ਦੀ ਆਗਿਆ ਮੰਗੀ। ਗੁਰੂ ਪਾਤਸ਼ਾਹ ਨੇ ਸਿਰੋਪਾ ਦੀ ਬਖ਼ਸ਼ਿਸ਼ ਕੀਤੀ, ਅਕਾਲ ਪੁਰਖ ਸਦਾ ਅੰਗ-ਸੰਗ ਰਹੇ। ਭਾਈ ਮੱਖਣਸ਼ਾਹ ਜੀ ਨੇ ਆਪਣੇ ਬੇਟੇ ਭਾਈ ਲਾਲ ਦਾਸ ਨੂੰ ਗੁਰੂ ਦੀ ਸੇਵਾ ਵਿੱਚ ਲਾ ਦਿੱਤਾ। ਅਸੀ ਅੱਗੇ ਏਥੇ ਵਿਚਾਰ ਦਿਆਂਗੇ ਕਿ ਇਸ ਪਰਿਵਾਰ ਦੇ ਫਰਜ਼ੰਦ ਕਿਸ ਤਰ੍ਹਾਂ ਸਾਰੀ ਜ਼ਿੰਦਗੀ ਗੁਰੂ ਘਰ ਤੇ ਪੰਥ ਦੀ ਸੇਵਾ ਕਰਦੇ ਰਹੇ।
ਇਹ ਇੱਕ ਬੜਾ ਵਿਲੱਖਣ ਇਤਿਹਾਸਕ ਸੰਜੋਗ ਹੈ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਪਰਗਟ ਕਰਨ ਦਾ ਸਿਹਰਾ ਲੁਬਾਣੇ ਗੁਰਸਿੱਖ ਭਾਈ ਮੱਖਣ ਸ਼ਾਹ ਦੇ ਸਿਰ ਬਝਦਾ ਹੈ। ਭਾਈ ਮੱਖਣ ਸ਼ਾਹ ਦਾ ਬੇਟਾ (ਫਰਜ਼ੰਦ) ਭਾਈ ਲਾਲ ਦਾਸ ਜੀ ਗੁਰੂ ਜੀ ਪ੍ਰਤੀ ਆਪਣਾ ਫ਼ਰਜ਼ ਨਿਭਾਉਂਦੇ ਸਾਰੀ ਉਮਰ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਵਿੱਚ ਰਹੇ। ਗੁਰੂ ਜੀ ਦੀ ਸ਼ਹਾਦਤ ਉਪਰੰਤ ਸ਼ਾਹੀ ਫੁਰਮਾਨ ਕੀਤਾ ਗਿਆ ਸੀ ਕਿ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸਰੀਰ ਦੇ ਚਾਰ ਟੋਟੇ ਕਰਕੇ ਦਿੱਲੀ ਦੇ ਚਾਰ ਦਰਵਾਜ਼ਿਆਂ ਤੇ ਟੰਗ ਦਿੱਤੇ ਜਾਣ ਤਾਂ ਕਿ ਲੋਕਾਂ ਨੂੰ ਇਬਰਤ ਹਾਸਲ ਹੋ ਜਾਏ ਕਿ ਹਕੂਮਤ ਦੇ ਵਿਰੁੱਧ ਖੜ੍ਹੇ ਹੋਣ ਵਾਲੇ ਦਾ ਐਸਾ ਹਾਲ ਕੀਤਾ ਜਾਂਦਾ ਹੈ। ਵਗਦੇ ਵਾਰਿਆਂ, ਕੜੇ ਪਹਿਰਿਆਂ ਤੇ ਐਸੇ ਸ਼ਾਹੀ ਫਰਮਾਨ ਹੋਣ ਦੇ ਬਾਵਜੂਦ ਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਸੀਸ ਭਾਈ ਜੈਤਾ ਜੀ (ਭਾਈ ਜੀਵਣ ਸਿੰਘ ਰੰਘਰੇਟਾ) ਚੁਕ ਕੇ ਗੁਰੂ ਗੋਬਿੰਦ ਸਿੰਘ ਜੀ ਪਾਸ ਸ੍ਰੀ ਆਨੰਦਪੁਰ ਸਾਹਿਬ ਲੈ ਆਏ। ਗੁਰੂ ਤੇਗ ਬਹਾਦਰ ਜੀ ਦੇ ਧੜ ਨੂੰ ਚਾਂਦਨੀ ਚੌਂਕ ਦਿੱਲੀ ਵਿੱਚੋਂ ਉਠਾ ਕੇ ਲੈ ਜਾਣ ਵਾਲੇ ਗੁਰਸਿੱਖ ਭਾਈ ਲਖੀ ਸ਼ਾਹ ਤੇ ਉਹਨਾਂ ਦਾ ਬੇਟਾ ਭਾਈ ਨਗਾਹੀਆ ਜੀ ਲੁਬਾਣੇ ਗੁਰਸਿੱਖ ਸਨ।
ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਇਤਿਹਾਸਕਾਰਾਂ ਨੇ ਆਪ ਸਹੇੜੀ ਕਰਕੇ ਲਿਖਿਆ ਹੈ। ਇਹ ਨਿਰਾ ਇਸ ਕਰਕੇ ਨਹੀਂ ਕਿ ਕਸ਼ਮੀਰੀ ਪੰਡਿਤ ਆਏ, ਉਹਨਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਤੇ ਉਹ ਸ਼ਹਾਦਤ ਲਈ ਚਲ ਪਏ ਬਲਕਿ ਇਸ ਪਿੱਛੇ ਗੁਰੂ ਘਰ ਅਤੇ ਗੁਰੂ ਤੇਗ ਬਹਾਦਰ ਜੀ ਦੀ ਨਵੇਕਲੀ ਕਾਰਜ ਵਿਧੀ ਹੈ। ਗੁਰੂ ਪਾਤਸ਼ਾਹ ਹਰ ਉਸ ਥਾਂ ਤੇ ਖੁਦ ਮੌਜੂਦ ਹੁੰਦੇ ਸਨ, ਜਿੱਥੇ ਭੋਲੀ ਭਾਲੀ ਜੰਤਾ ਤੇ ਰਿਆਇਆ ਉੱਤੇ ਸਰਕਾਰੀ ਆਤੰਕ ਦਾ ਅਤਾਬ ਢਾਇਆ ਜਾਂਦਾ ਸੀ। ਜਦ ਇਹਨਾਂ ਸਾਰੇ ਤੱਥਾਂ ਨੂੰ ਸਮਝ ਲਿਆ ਜਾਏਗਾ ਤਦ ਪੰਡਿਤ ਕਿਰਪਾ ਰਾਮ ਦਾ ਇਹ ਕਥਨ ਸਵਯਮ ਸਿਧ ਪਰਗਟ ਹੋਵੇਗਾ ਕਿ, “ਮਹਾਰਾਜ ਤੁਹਾਡੇ ਬਿਨਾ ਸਾਡੀ ਬਾਂਹ ਪਕੜਣ ਵਾਲਾ ਕੋਈ ਨਹੀਂ”
ਦੁਖੀਏ ਬਿਪ੍ਰ ਜੁ ਚਲਕੇ, ਆਏ ਪੁਰੀ ਅਨੰਦ।
ਬਾਂਹਿ ਅਸਾਡੀ ਪਕਰੀਏ, ਗੁਰੂ ਹਰਗੋਬਿੰਦ ਕੇ ਚੰਦ।
ਭਾਈ ਸੇਵਾ ਸਿੰਘ ਕ੍ਰਿਤ ਪੁਸਤਕ ਭਾਈ ਮਨੀ ਸਿੰਘ ਵਿੱਚ ਕਸ਼ਮੀਰ ਤੋਂ ਆਏ ਦੁਖੀ ਪੰਡਤਾਂ ਦਾ ਵਰਤਾਂਤ ਤੇ ਵਿਰਲਾਪ ਅੰਕਿਤ ਕੀਤਾ ਗਿਆ ਹੈ।
ਸ਼ਹਾਦਤ ਗੁਰੂ ਤੇਗ ਬਹਾਦਰ ਜੀ
ਇਤਿਹਾਸਕ ਤੱਥ ਆਪਣੀ ਥਾਵੇਂ ਹਨ। ਪਰੰਪਰਾ ਦੀ ਰੀਤ ਮਹਾਨ ਹੈ। ਪਰੰਪਰਾ ਅਨੁਸਾਰ ਗੁਰੂ ਤੇਗ ਬਹਾਦਰ ਜੀ, ਸ੍ਰੀ ਅਨੰਦਪੁਰ ਤੋਂ ਸੈਫਾਬਾਦ, ਸਮਾਨਾ, ਧਮਤਾਨ, ਜੀਂਦ, ਲਖਣ ਮਾਜਰੇ ਤੋਂ ਹੁੰਦੇ ਹੋਏ ਆਗਰੇ ਪੁਜ ਗਏ। ਉਹਨਾਂ ਸੱਯਦ ਅਲੀ ਆਜੜੀ ਦੀ ਮਨੋਕਾਮਨਾ ਪੂਰੀ ਕੀਤੀ ਤੇ ਆਗਰੇ ਵਿਖੇ ਗਿਰਫ਼ਤਾਰੀ ਦਿੱਤੀ। ਗੁਰੂ ਜੀ ਨੂੰ ਬਹੁਤ ਸਾਰੀ ਫੌਜ ਦੇ ਕੜੇ ਪਹਿਰੇ ਹੇਠ ਦਿੱਲੀ ਲਿਆਂਦਾ ਗਿਆ ਅਤੇ ਨਾਜ਼ਮ ਸ਼ਫੀ ਖਾਨ ਤੇ ਕਿਲੇਦਾਰ ਅਲਤਫਤ ਖਾਨ ਨੂੰ ਸੌਂਪ ਦਿੱਤਾ ਗਿਆ। ਗੁਰੂਜੀ ਨੂੰ ਅਧਢੱਠੀ ਤੇ ਡਰਾਵਣੀ ਹਵੇਲੀ ਵਿੱਚ ਕੈਦ ਕਰ ਪਿੰਜਰੇ ਵਿੱਚ ਪਾ ਦਿੱਤਾ। ਦੱਸਿਆ ਜਾਂਦਾ ਹੈ ਕਿ ਹਵੇਲੀ ਇਤਨੀ ਡਰਾਵਨੀ ਸੀ ਕਿ ਇਸਨੂੰ ਭੂਤਾਂ ਦਾ ਡੇਰਾ ਕਿਹਾ ਜਾਂਦਾ ਸੀ। ਗੁਰੂ ਜੀ ਦੇ ਨਾਲ ਜਿਹਲਮ ਵਾਸੀ ਭਾਈ ਪਿਰਾਗਾ ਜੀ ਦੇ ਖਾਨਦਾਨ ਵਿੱਚੋਂ ਭਾਈ ਮਤੀ ਦਾਸ, ਭਾਈ ਸਤੀ ਦਾਸ ਤੋਂ ਇਲਾਵਾ ਪ੍ਰਸਿੱਧ ਵਿਦਵਾਨ ਭਾਈ ਮਨੀ ਸਿੰਘ ਜੀ ਦੇ ਭਰਾਤਾ ਭਾਈ ਦਿਆਲਾ ਵੀ ਸਨ । ਗੁਰੂ ਜੀ ਨੇ ਗਰਿਫ਼ਤਾਰੀ ਸਮੇਂ ਭਾਈ ਊਦਾ ਜੀ ਅਤੇ ਭਾਈ ਗੁਰਦਿਤਾ ਜੀ ਨੂੰ ਸ਼ਹਾਦਤ ਮਗਰੋਂ ਹਾਲਾਤ ਨੂੰ ਸੰਭਾਲਣ ਤੇ ਸ੍ਰੀ ਆਨੰਦਪੁਰ ਸਾਹਿਬ ਰਾਬਤਾ ਰੱਖਣ ਲਈ ਰੋਕ ਦਿੱਤਾ।
ਔਰੰਗਜ਼ੇਬ ਦਾ ਹੁਕਮ ਸੀ ਕਿ ਗੁਰੂ ਜੀ ਕਰਾਮਾਤ ਦਿਖਾਉਣ ਦੀਨ ਤਬਦੀਲ ਕਰਨ, ਜਾਂ ਸ਼ਹੀਦੀ ਕਬੂਲ ਕਰਨ। ਗੁਰੂ ਜੀ ਨੇ ਪਹਿਲੀਆਂ ਦੋ ਗੱਲਾਂ ਤੋਂ ਸਾਫ਼ ਇਨਕਾਰ ਕੀਤਾ ਤੇ ਸ਼ਹਾਦਤ ਲਈ ਆਪਣੀ ਰਜ਼ਾਮੰਦੀ ਦੱਸੀ। ਗੁਰੂ ਜੀ ਦੇ ਚਿਹਰੇ ਤੇ ਕੋਈ ਮਲਾਲ ਨਹੀਂ ਸੀ। ਇਕ ਸਦੀਵੀ ਖੇੜਾ ਸੀ। ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਹੀ ਭਾਈ ਸਤੀ ਦਾਸ ਨੂੰ ਰੂੰ ਵਿੱਚ ਲਪੇਟ ਕੇ ਜਿਊਂਦਾ ਸਾੜ ਦਿੱਤਾ ਗਿਆ। ਭਾਈ ਮਤੀ ਦਾਸ ਨੂੰ ਗੁਰੂ ਸਾਹਿਬ ਆਪਣਾ ਵੱਡਾ ਭਾਈ ਆਖਦੇ ਸਨ ਤੇ ਭਾਈ ਜੀ ਕਹਿ ਕੇ ਬੁਲਾਂਦੇ ਸਨ। ਗੁਰੂ ਪਾਤਸ਼ਾਹ ਦੇ ਸਾਹਮਣੇ ਹੀ ਭਾਈ ਮਤੀ ਦਾਸ ਜੀ ਨੂੰ ਤਖ਼ਤਾਂ ਵਰਗੇ ਦੋ ਫੱਟਿਆਂ ਵਿੱਚ ਬੰਨ ਕੇ ਆਰੇ ਨਾਲ ਚੀਰ ਦਿੱਤਾ ਗਿਆ। ਭਾਈ ਸਾਹਿਬ ਅਡੋਲ ਰਹੇ ਅਤੇ “ਆਰਾ ਪਿਆਰਾ ਲਗਤ ਹੈ”, ਹੀ ਆਖਦੇ ਰਹੇ। ਸ਼ਹਾਦਤ ਸਮੇਂ ਉਹ ਜਪੁਜੀ ਸਾਹਿਬ ਦਾ ਪਾਠ ਕਰਦੇ ਰਹੇ। ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਦੋ ਫਾੜ ਹੋ ਡਿੱਗਣ ਸਮੇਂ ਭਾਈ ਮਤੀ ਦਾਸ ਜੀ ਦੋਨਾਂ ਮੁਖਾਂ ਤੋਂ ਜਪੁਜੀ ਪੜ੍ਹ ਰਹੇ ਸਨ ਅਤੇ ਸ਼ਹਾਦਤ ਵੇਲੇ ਉਹਨਾ ਦਾ ਮੂੰਹ ਗੁਰੂ ਤੇਗ ਬਹਾਦਰ ਵੱਲ ਸੀ। ਉਹਨਾਂ ਨੇ ਗੁਰੂ ਜੀ ਨੂੰ ਕਿਹਾ ਸੀ ਕਿ ਹੁਕਮ ਕਰੋ ਤਾਂ ਦਿੱਲੀ ਅਤੇ ਲਾਹੌਰ ਦੀ ਇੱਟ ਨਾਲ ਇੱਟ ਵਜਾ ਦਿਆਂ। ਗੁਰੂ ਜੀ ਨੇ ਪੁੱਛਿਆ, ਤੁਸੀਂ ਇਹ ਸ਼ਕਤੀ ਕਿੱਥੋਂ ਲਈ ਹੈ? ਭਾਈ ਜੀ ਨੇ ਕਿਹਾ ਗੁਰੂ ਚਰਨਾਂ ਤੋਂ। ਤਾਂ ਗੁਰੂ ਜੀ ਨੇ ਫੁਰਮਾਇਆ ਕਿ ਨਾਮੀ ਪੁਰਖਾਂ ਵਿੱਚ ਸ਼ਕਤੀ ਪਾ ਕੇ ਇਹੀ ਘਾਟ ਆ ਜਾਂਦੀ ਹੈ ਕਿ ਉਹ ਸਾਗਰ ਵਿੱਚੋਂ ਇਕ ਬੂੰਦ ਹੋਣ ਦੇ ਬਾਵਜੂਦ ਸਾਗਰ ਸਾਹਮਣੇ ਖੜ੍ਹੇ ਹੋ ਕੇ ਹੰਕਾਰ ਦੇ ਬਚਨ ਬੋਲਣ ਲਗ ਪੈਂਦੇ ਹਨ। ਸਾਡਾ ਪਰਯੋਜਨ ਸ਼ਹਾਦਤ ਹੈ ਤੇ ਇਹ ਲਾਜ਼ਮੀ ਹੋਏਗੀ। ਤਾਂ ਹੀ ਜ਼ੁਲਮ ਜੜ੍ਹ ਤੋਂ ਉਖਾੜਿਆ ਜਾ ਸਕੇਗਾ।
ਹੁਣ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਣ ਦਾ ਹੁਕਮ ਸੁਣਾਇਆ ਗਿਆ। ਭਾਈ ਸਾਹਿਬ ਨੇ ਦੇਗ ਵਿੱਚ ਬੈਠਣ ਤੋਂ ਪਹਿਲਾਂ ਅਰਦਾਸ ਕੀਤੀ, ਹੇ ਗੁਰੂ ਅਰਜਨ ਦੇਵ ਜੀ ਅੱਗੇ ਤੁਸੀਂ ਜਹਾਂਗੀਰ ਦੀ ਦੇਗ ਵਿੱਚ ਉਬਲੇ ਸੀ, ਹੁਣ ਔਰੰਗਜ਼ੇਬ ਦੀ ਦੇਗ ਵਿੱਚ ਵੀ ਊਬਲੋ। ਗੁਰੂ ਪਾਤਸ਼ਾਹ ਗੁਰ ਸਿੱਖਾਂ ਦੀ ਅਰਦਾਸ ਬਿਰਥੀ ਨਹੀਂ ਹੋਣ ਦਿੰਦੇ। ਭਾਈ ਦਿਆਲਾ ਜੀ ਖਿੜੇ ਮੱਥੇ ਉਬਲਦੀ ਦੇਗ ਵਿੱਚ ਬੈਠੇ ਸਨ ਤਾਂ ਇੱਥੋਂ ਹੀ ਲਗ ਰਿਹਾ ਸੀ ਕਿ ਸਚਮੁਚ ਗੁਰੂ ਅਰਜਨ ਦੇਵ ਜੀ ਹੀ ਮੁੜ ਦੁਬਾਰਾ ਉਬਲ ਰਹੇ ਹਨ। ਇਹ ਸਾਰੇ ਤਸੀਹੇ ਤੇ ਸ਼ਹੀਦੀਆਂ ਗੁਰੂ ਜੀ ਸਾਹਮਣੇ ਇਸ ਲਈ ਦਿੱਤੀਆਂ ਜਾ ਰਹੀਆਂ ਸਨ ਕਿ ਗੁਰੂ ਜੀ ਨੂੰ ਸੰਗੀਤ ਕੀਤਾ ਜਾ ਸਕੇ। ਜਰਵਾਣੇ ਨਹੀਂ ਸਨ ਜਾਣਦੇ ਕਿ ਅਖੜ ਤੋਂ ਅਖਤ, ਬਖਤ ਪਰਬਤ ਮੇਰਾਣ ਨੂੰ ਡੁਲਾ ਨਹੀਂ ਸਕਦੇ। ਦਿੱਲੀ ਦੇ ਸਿਰਕੱਢ ਸਿੱਖਾਂ ਨੇ ਫੈਸਲਾ ਕੀਤਾ ਕਿ ਕਾਜ਼ੀ ਵਹਾਬੁਦੀਨ ਬੋਹਰਾ ਨੂੰ 1 ਕਰੋੜ ਰੁਪਇਆ ਦੇ ਕੇ ਗੁਰੂ ਜੀ ਨੂੰ ਆਜ਼ਾਦ ਕਰੋ ਲਿਆ ਜਾਏ। ਆਖਿਆ ਜਾਂਦਾ ਹੈ ਕਿ ਰੁਪਏ ਦਾ ਇੰਤਜ਼ਾਮ ਵੀ ਹੋ ਗਿਆ ਪਰ ਗੁਰੂ ਜੀ ਏ. ਸਖ਼ਤੀ ਨਾਲ ਮਨਾ ਕੀਤਾ ਅਤੇ ਸ਼ਹਾਦਤ ਨੂੰ ਹੀ ਚੁਣਿਆ।
ਸ਼ਹਾਦਤ ਵਾਲੇ ਦਿਨ ਵਹਾਬੁਦੀਨ ਨੇ ਫਿਰ ਗੁਰੂ ਜੀ ਨੂੰ ਕਿਹਾ, ਤੁਮ ਮੁੜ ਵਿਚਾਰ ਲਵੋ, ਕਰਾਮਾਤ ਦਿਖਾਣ ਵਿੱਚ ਕੀ ਹਰਜ਼ ਹੈ। ਤੁਹਾਡੇ ਪੋਤਰੇ ਰਾਮਰਾਇ ਨੇ ਵੀ ਕਰਾਮਾਤ ਦਿਖਲਾਈ ਸੀ। ਇਸ ਪ੍ਰਕਾਰ ਤੁਸੀਂ ਦੁਖ ਛੱਡ ਸੁਖ ਭੋਗੋ। ਜਾਂ ਫਿਰ ਤੁਸੀਂ ਦੀਨ ਕਬੂਲ ਕਰ ਲਵੋ। ਸਿਆਣੇ ਬੰਦੇ ਬਾਦਸ਼ਾਹ ਨਾਲ ਮੇਲ ਮਿਲਾਪ ਤੇ ਸੁਰ ਰੱਖਦੇ ਹਨ ਤੇ ਸੰਸਾਰ ਦੇ ਸਾਰੇ ਐਸ਼ ਆਰਾਮ ਪਰਾਪਤ ਕਰ ਲੈਂਦੇ ਹਨ। ਗੁਰੂ ਪਾਤਸ਼ਾਹ ਨੇ ਦ੍ਰਿੜਤਾ ਨਾਲ ਸਭ ਕਾਸੇ ਦਾ ਤਿਆਗ ਕਰ ਸ਼ਹਾਦਤ ਹੀ ਪ੍ਰਵਾਨ ਕੀਤੀ।
ਗੁਰੂ ਜੀ ਨੂੰ ਪਿੰਜਰੇ ਤੋਂ ਬਾਹਰ ਕੱਢਿਆ ਗਿਆ। ਗੁਰੂ ਜੀ ਨੇ ਇਸ਼ਨਾਨ ਕਰ ਜਪੁਜੀ ਸਾਹਿਬ ਦਾ ਪਾਠ ਕਰ ਅਰਦਾਸ ਕੀਤੀ। ਇਸ ਕਾਰਜ ਲਈ ਵਿਸ਼ੇਸ਼ ਚਬੂਤਰਾ ਵੀ ਬਣਾਇਆ ਗਿਆ। ਜੱਲਾਦ ਜਲਾਲ-ਉਦ-ਦੀਨ ਨੇ ਆਪਣੀ ਤਲਵਾਰ ਤੇਜ਼ ਕਰ ਲਈ ਸੀ। ਕਾਜ਼ੀ ਵਹਾਬੂ-ਦੀਨ ਵੋਹਰਾ ਨੇ ਗੁਰੂ ਜੀ ਦੁਆਰਾ ਸ਼ਹਾਦਤ ਲਈ ਕੀਤੇ ਨਿਰਣੇ ਤੇ ਮੁੜ ਵਿਚਾਰ ਕਰਨ ਲਈ ਕਿਹਾ। ਗੁਰੂ ਜੀ ਨੇ ਮੁੜ ਫੁਰਮਾਇਆ ਕਿ ਅਸੀ ਸ਼ਹਾਦਤ ਲਈ ਤਿਆਰ ਹਾਂ। ਇਸ ਉੱਤੇ ਵਿਚਾਰ ਕਰਨ ਵਾਲੀ ਕੋਈ ਗੱਲ ਜਾਂ ਦੂਜੀ ਰਾਇ ਨਹੀਂ ਹੈ। ਗੁਰੂ ਜੀ ਦਾ ਪਵਿੱਤਰ ਸੀਸ ਜੱਲਾਦ ਜਲਾਲ-ਉਦ-ਦੀਨ ਨੇ ਧੜ ਤੋਂ ਜੁਦਾ ਕਰ ਦਿੱਤਾ।
ਇਹ ਅਦੁੱਤੀ ਸਾਕਾ ਬਹੁਤ ਸਾਰੇ ਇਕੱਠ ਦੇ ਸਾਹਮਣੇ ਹੋਇਆ। ਕੁਦਰਤ ਦਾ ਐਸਾ ਕਾਰਾ ਵਰਤਿਆ ਕਿ ਬੜਾ ਭਾਰੀ ਤੂਫ਼ਾਨ ਉਠਿਆ। ਸਾਰੇ ਪਾਸੇ ਗਰਦੋ ਗੁਬਾਰ ਸੀ। ਸਭਨੀ ਪਾਸੀਂ ਹਨੇਰਾ ਛਾ ਗਿਆ । ਹੱਥ ਨੂੰ ਹੱਥ ਨਹੀਂ ਸੀ ਦਿਸਦਾ। ਭੀੜ ਏਧਰ ਉਧਰ ਭੱਜ ਤੁਰੀ। ਅਹਿਲਕਾਰ ਤੇ ਹੋਰ ਕਾਰਿੰਦੇ ਨੇਰੀ ਝੱਖੜ ਨਾਲ ਜਿਵੇਂ ਅੰਨ੍ਹੇ ਹੋਏ ਪਏ ਸਨ। ਇਸ ਦਸ਼ਾ ਵਿੱਚ ਭਾਈ ਜੈਤਾ ਜੀ ਨੇ ਗੁਰੂ ਜੀ ਦਾ ਪਵਿੱਤਰ ਸੀਸ ਓਥੋਂ ਚੁੱਕਿਆ ਤੇ ਬੜੀ ਇਹਤਿਆਤ ਨਾਲ ਪੜਾਅ ਕਰਦਾ ਗੁਰੂ ਸੀਸ ਗੁਰੂ ਗੋਬਿੰਦ ਸਿੰਘ ਜੀ ਨੂੰ ਜਾ ਸੌਂਪਿਆ। ਜੈਤਾ ਜੀ ਨੇ ਸਾਰਾ ਹਾਲ ਦੱਸਿਆ। ਗੁਰੂ ਗੋਬਿੰਦ ਸਿੰਘ ਜੀ ਦੇ ਮਨ ਵਿੱਚ ਸਾਰੀ ਵਿਉਂਤ ਬਣੀ ਹੋਈ ਸੀ ਜਿਸਨੂੰ ਉਹਨਾਂ ਨੇ ਆਉਣ ਵਾਲੇ ਸਮੇਂ ਵਿੱਚ ਕਾਰਵਾਣਵਿਤ ਕੀਤਾ।
ਲਖੀ ਸ਼ਾਹ ਵਣਜਾਰਾ ਗੋਧੂ ਰਾਮ ਦਾ ਬੇਟਾ ਸੀ। ਗੋਧੂ ਰਾਮ ਮੁੱਢ ਬੜਤੀਆ ਵਿੱਚੋਂ ਯਧੁਵੰਸ਼ੀ ਰਾਜਪੂਤ ਸੀ। ਇਹ ਪਿੰਡ ਖੈਰਪੁਰ ਜ਼ਿਲ੍ਹਾ ਮੁਜ਼ਫਰ ਨਗਰ ਦਾ ਵਾਸੀ ਸੀ ਜੋ ਅੱਜ ਕੱਲ੍ਹ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਵਿੱਚ ਹੈ। ਗੋਧੂਰਾਮ ਵਣਜਾਰਾ ਢੋਆ ਢੁਆਈ ਦਾ ਕੰਮ ਕਰਦਾ ਸੀ। ਸਮਾਂ ਪਾ ਕੇ ਇਹ ਬੜੀ ਤਰੱਕੀ ਕਰ ਗਿਆ ਤੇ ਇਸਨੇ ਆਪਣਾ ਕੰਮ ਕਾਰ ਕਾਫ਼ੀ ਵਧਾ ਲਿਆ। ਇਸ ਤਰ੍ਹਾਂ ਇਹ ਆਪਣੇ ਕਾਰੋਬਾਰ ਦਾ ਮੁਖੀਆ ਤੇ ਨਾਇਕ ਬਣ ਗਿਆ। ਇਸਦੇ ਘਰ ਲਖੀ ਸ਼ਾਹ ਦਾ ਜਨਮ ਹੋਇਆ। ਲਖੀ ਸ਼ਾਹ ਨੇ ਆਪਣੇ ਬਾਪ ਵਾਲੇ ਕਾਰਜ ਤੇ ਕਿਰਤ ਨੂੰ ਖੂਬ ਫੈਲਾਇਆ ਤੇ ਦਿੱਲੀ ਵਿੱਚ ਆਪਣਾ ਅੱਡਾ ਜਾਂ ਗੜ੍ਹ ਬਣਾ ਲਿਆ। ਏਥੇ ਇਸਦੀ ਰਸਾਈ ਰਾਜ ਦਰਬਾਰ ਤੱਕ ਹੋ ਗਈ। ਲਖੀਸ਼ਾਹ ਨੇ ਔਰੰਗਜ਼ੇਬ ਦੀ ਫੌਜ ਨੂੰ ਰਸਦ ਤੇ ਫੌਜ ਲਈ ਹੋਰ ਲੁੜੀਂਦੇ ਮਾਲ ਦਾ ਕੰਮ ਪਰਾਪਤ ਕਰ ਲਇਆ। ਫੌਜਾਂ ਦੀ ਲੋੜ ਮੁਤਾਬਿਕ ਵੱਡੇ ਵੱਡੇ ਠੇਕੇ ਲੈਂਦਾ ਤੇ ਸੁਚੱਜਤਾ ਨਾਲ ਮਾਲ ਦੀ ਸਪਲਾਈ ਕਰਦਾ। ਇਸਨੇ ਆਪਣਾ ਟਿਕਾਣਾ ਦਿੱਲੀ ਲਾਗੇ ਇਕ ਇਲਾਕਾ ਰਾਇਸੀਨ ਰਕਾਬਗੰਜ ਵਿੱਚ ਬਣਾ ਲਿਆ। ਓਥੇ ਹੀ ਇਸਨੇ ਰਿਹਾਇਸ਼ ਲਈ ਇਕ ਵੱਡੀ ਸਾਰੀ ਹਵੇਲੀ ਬਣਾ ਲਈ। ਲੱਖੀ ਸ਼ਾਹ ਨਿਰਾ ਵਣਜਾਰਾ ਨਹੀਂ ਸੀ, ਸਗੋਂ ਵੱਡਾ ਠੇਕੇਦਾਰ (arsenal merchant) ਬਣ ਗਿਆ ਸੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਜਦੋਂ ਆਗਰੇ ਤੋਂ ਗਿਰਫ਼ਤਾਰ ਕਰਕੇ ਦਿੱਲੀ ਲਿਆਂਦਾ ਗਿਆ ਤਾਂ ਇਸਦੀ ਚਰਚਾ ਸਾਰੇ ਹੀ ਪਾਸੇ ਸੀ। ਇਹ ਕੋਈ ਢਕੀ ਛਿਪੀ ਗੱਲ ਨਹੀਂ ਸੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਹਮਣੇ ਉਹਨਾਂ ਦੇ ਪਿਆਰੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਇਸਲਾਮ ਕਬੂਲ ਕਰਨ ਵਾਸਤੇ ਮਜਬੂਰ ਕਰਨ ਲਈ ਤਸੀਹੇ ਦਿੱਤੇ ਜਾਂਦੇ ਰਹੇ ਜੋ ਉਹਨਾਂ ਨੇ ਖਿੜੇ ਮੱਥੇ ਦ੍ਰਿੜ੍ਹਤਾ ਨਾਲ ਸਹਾਰੋ। ਇਸ ਸਭ ਦੀ ਚਰਚਾ ਦਿੱਲੀ ਦੇ ਦਰਬਾਰੀ ਹਲਕਿਆਂ ਤੋਂ ਇਲਾਵਾ ਆਮ ਲੋਕਾਂ ਵਿੱਚ ਵੀ ਸੀ। ਭਾਈ ਲਖੀ ਸ਼ਾਹ ਲੁਬਾਣਾ ਇਸ ਤੋਂ ਅਨਜਾਣ ਨਹੀਂ ਸੀ। ਸ਼ਹਾਦਤ ਵਾਲੇ ਦਿਨ ਬੜਾ ਝੱਖੜ ਤੇ ਕਾਲੀ ਹਨੇਰੀ ਚਲੀ। ਸ਼ਹਾਦਤ ਦੁਪਹਿਰ ਬਾਅਦ ਸ਼ਾਮਾਂ ਵੇਲੇ ਹੋਈ ਸੀ। ਹਨੇਰੀ ਦੇ ਨਾਲ ਨਾਲ ਤਰਕਾਲਾਂ ਪੈ ਜਾਣ ਨਾਲ ਹਨੇਰਾ ਕਾਫ਼ੀ ਗਹਿਰਾ ਹੋ ਗਿਆ ਸੀ। ਅਜਿਹੇ ਸਮੇਂ ਮੌਕਾ ਪਾ ਕੇ ਭਾਈ ਜੈਤਾ ਜੀ ਨੇ, ਸ਼ਹਾਦਤ ਦੇ ਅਸਥਾਨ ਤੋਂ ਗੁਰੂ ਸੀਸ ਨੂੰ ਸ੍ਰੀ ਆਨੰਦਪੁਰ ਸਾਹਿਬ ਪਹੁੰਚਾ ਦਿੱਤਾ। ਗੁਰੂ ਜੀ ਦੀ ਮਿਰਤਕ ਮੜੌਲੀ ਨੂੰ ਕੋਈ ਹਟ ਦਾ ਹੀਆ ਨਾ ਕਰੇ, ਇਸ ਲਈ ਬਹੁਤ ਸਾਰਾ ਆਤੰਕ ਸੀ । ਭਾਈ ਲਖੀ ਸ਼ਾਹ ਜੀ ਦੇ ਅੰਦਰ ਗੁਰੂ ਜੀ ਲਈ ਅਥਾਹ ਸ਼ਰਧਾ ਸੀ। ਉਹਨਾਂ ਨੇ ਸਮੇਂ ਅਨੁਸਾਰ ਇਕ ਬੜੀ ਕਾਰਗਰ ਵਿਉਂਤ ਬਣਾਈ। ਉਹਨਾਂ ਦੀ ਲਾਲ ਕਿਲੇ ਅਤੇ ਫੌਜਾਂ ਦੀ ਛਾਉਣੀ ਵਿੱਚ ਮਾਲ ਤੇ ਰਸਦ ਪਹੁੰਚਾਣ ਲਈ ਨਿਤ ਦੀ ਆਵਾਜਾਈ ਸੀ । ਲਖੀ ਸ਼ਾਹ ਨੇ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਧੜ ਨੂੰ ਹਟਾਉਣ ਲਈ ਰੂੰ ਦੇ ਭਰੇ ਗੱਡਿਆਂ ਦਾ ਇਕ ਟਾਂਡਾ ਚਾਂਦਨੀ ਚੌਂਕ ਵੱਲੋਂ ਕੱਢ ਕੇ ਲਾਲ ਕਿਲੇ ਵਲ ਦੀ ਕਰ ਦਿੱਤਾ। ਗੱਡਿਆਂ ਦੇ ਚਾਲਕ ਤੇ ਉਹਨਾਂ ਦੇ ਨਾਲ ਸਹਾਇਕ ਕਾਰਿੰਦੇ ਉੱਚੀ ਉੱਚੀ ਆਵਾਜ਼ਾਂ ਦੇ ਕੇ ਲੋਕਾਂ ਨੂੰ ਪਰੇ ਹਟਣ ਦੀ ਤਾੜਨਾ ਕਰਨ ਲੱਗੇ। ਇਸ ਹਨੇਰੀ ਹਨੇਰਾ, ਰੌਲੇ ਗੌਲੇ ਤੇ ਚਲੋ ਚਲਾਈ ਦੇ ਵਾਤਾਵਰਣ ਵਿੱਚ ਭਾਈ ਲਖੀ ਸ਼ਾਹ ਦੇ ਨਾਲ ਉਹਨਾਂ ਦਾ ਬੇਟਾ ਭਾਈ ਨਗਾਹੀਆ ਤੇ ਦੋ ਗੁਰਸਿੱਖ ਭਾਈ ਧੂਮਾ ਤੇ ਭਾਈ ਕਾਨ੍ਹਾ ਜੀ ਸਨ । ਉਹਨਾਂ ਆਪਣੇ ਨਾਲ ਪੰਜ ਬੰਦੇ ਹੋਰ ਕਰ ਲਏ ਤੇ ਗੁਰੂ ਪਾਤਸ਼ਾਹ ਦੇ ਧੜ ਨੂੰ ਉਠਾ ਕੇ ਇਕ ਰੂੰ ਦੇ ਗੱਡੇ ਵਿੱਚ ਰੱਖ ਕੇ ਸਾਰੇ ਪਾਸਿਓਂ ਭਲੀ ਪ੍ਰਕਾਰ ਢੱਕ ਦਿੱਤਾ। ਓਧਰੋਂ ਸਰਕਾਰੀ ਕਰਿੰਦਿਆਂ ਨੂੰ ਧੜ ਨ ਦਿਸਿਆ ਤਾਂ ਉਹ ਏਧਰ ਓਧਰ ਭੱਜਣ ਲਗ ਪਏ। ਇੰਵ ਸਿਪਾਹੀ ਨੂੰ ਦੇ ਗੱਡਿਆਂ ਵੱਲ ਵੀ ਆਣ ਪੁੱਜੇ। ਉਹਨਾਂ ਨੇ ਸ਼ੱਕ ਜ਼ਾਹਿਰ ਕੀਤਾ ਤੇ ਰੂੰ ਦੇ ਗੱਡਿਆਂ ਨੂੰ ਤਲਾਸ਼ੀ ਵਜੋਂ ਫੋਲਣ ਲੱਗੇ। ਗੱਡੇ ਬੇਅੰਤ ਸਨ ਤੇ ਸਾਰੇ ਇੱਕੋ ਜਹੇ ਹੀ ਲਗਦੇ ਸਨ। ਜਦੋਂ ਉਹਨਾਂ ਨੇ ਕੁਝ ਕੁ ਗੱਡੇ ਵੇਖੇ ਤਾਂ ਭਾਈ ਜੀ ਨੇ ਆਖਿਆ ਕਿ ਇਹ ਰੂੰ ਦੇ ਗੱਡੇ ਸ਼ਾਹੀ ਫੌਜਾਂ ਲਈ ਰਜਾਈਆਂ ਤਿਆਰ ਕਰਨ ਲਈ ਭੇਜੇ ਜਾ ਰਹੇ ਹਨ। ਲਖੀ ਸ਼ਾਹ ਲੁਬਾਣੇ ਨੇ ਦ੍ਰਿੜ੍ਹਤਾ ਨਾਲ ਸਿਪਾਹੀਆਂ ਨੂੰ ਝਿੜਕਿਆ ਤੇ ਆਖਿਆ ਤੁਸੀਂ ਆਪਣਾ ਕੰਮ ਕਰੋ। ਸਰਕਾਰੀ ਕੰਮ ਵਿੱਚ ਖਲਲ ਪਾਣਾ ਠੀਕ ਨਹੀਂ ਹੈ। ਉਹ ਸਾਰੇ ਏਧਰ ਓਧਰ ਹਟ ਗਏ। ਗੱਡੀਆਂ ਦੇ ਟਾਂਡੇ ਨੂੰ ਰਾਇਪੁਰ ਤੋਂ ਰਾਇਸੀਨਾ ਵੱਲ ਹਕ ਦਿੱਤਾ ਗਿਆ। ਇਸ ਤਰ੍ਹਾਂ ਗੁਰੂ ਜੀ ਦੇ ਪਵਿੱਤਰ ਧੜ ਵਾਲਾ ਗੱਡਾ ਕੁਝ ਹੋਰ ਗੱਡਿਆਂ ਨਾਲ ਰਕਾਬਗੰਜ ਭਾਈ ਲਖੀ ਸ਼ਾਹ ਲੁਬਾਣੇ ਦੀ ਹਵੇਲੀ ਪਹੁੰਚਾ ਦਿੱਤਾ ਗਿਆ। ਰਾਤ ਕਾਫ਼ੀ ਹੋ ਗਈ ਸੀ, ਭਾਈ ਜੀ ਨੇ ਗੁਰੂ ਜੀ ਦੀ ਪਵਿੱਤਰ ਦੇਹੀ ਆਪਣੀ ਹਵੇਲੀ ਵਿੱਚ ਹੀ ਚਿਤਾ ਜਹੀ ਬਣਾ ਕੇ ਹਵੇਲੀ ਨੂੰ ਅੱਗ ਲਾ ਦਿੱਤੀ। ਇਹ ਹੈ ਕਿਸੇ ਸਿੱਖ ਦੀ ਗੁਰੂ ਭਗਤੀ ਦਾ ਸਿਖਰ।
ਅਸੀ ਆਮ ਹਾਲਾਤ ਵਿੱਚ ਦੇਖਦੇ ਹਾਂ ਕਿ ਮਨਮੁਖ ਲੋਕ ਅਕਾਲ ਪੁਰਖ ਦੀ ਕੀਰਤੀ ਨੂੰ ਨਹੀਂ ਜਾਣਦੇ। ਉਸਦੀ ਵਡਿਆਈ ਤੋਂ ਅਣਭਿਜ ਤੇ ਅਣਜਾਣ ਹਨ। ਜ਼ਿੰਦਗੀ ਉਹਨਾਂ ਦੀ ਵੀ ਬੀਤ ਰਹੀ ਹੈ। ਸਰੀਰ ਜਰਜਰੇ ਹੋ ਰਹੇ ਹਨ, ਅੰਤ ਨੇੜੇ ਆ ਰਿਹਾ ਹੈ। ਪਰ ਉਹ ਇਸ ਸਭ ਤੋਂ ਬੇਖ਼ਬਰ ਹਨ। ਉਹ ਆਪ ਵੀ ਸੜ ਰਹੇ ਹਨ ਤੇ ਲੋਕਾਂ ਨੂੰ ਵੀ ਸਾੜ ਰਹੇ ਹਨ,
ਆਪੁ ਗਏ ਅਉਰਨ ਹੂ ਖੋਵਹਿ॥ ਆਗਿ ਲਗਾਇ ਮੰਦਰ ਮੈ ਸੋਵਹਿ॥
ਅਵਰਨ ਹਸਤ ਆਪ ਹਹਿ ਕਾਂਨੇ॥ ਤਿਨ ਕਉ ਦੇਖਿ ਕਬੀਰ ਲਜਾਨੇ॥
ਇਹ ਉਹ ਕਾਣੇ ਲੋਕ ਹਨ, ਜੋ ਆਪਣੇ ਨੁਕਸ ਨਹੀਂ ਵੇਖ ਸਕਦੇ ਤੇ ਦੂਜਿਆਂ ‘ਤੇ ਹਸਦੇ ਹਨ। ਅਜਿਹੇ ਲੋਕਾਂ ਨੂੰ ਮੈਂ ਕੀ ਆਖਾਂ, ਇਹਨਾਂ ਉੱਤੇ ਤਾਂ ਅਕਾਲਪੁਰਖ ਦੀ ਕਰੋਪੀ ਹੈ ਜਿਸਨੇ ਇਹਨਾਂ ਲੋਕਾਂ ਨੂੰ ਆਪਣੀ ਭਗਤੀ ਤੋਂ ਬਾਹਰ ਕੱਢ ਦਿੱਤਾ ਹੈ। ਇਹਨਾਂ ਗੱਲਾਂ ਨਾਲ ਅਸਮਾਨ ਗਿਰਾਣ ਵਾਲਿਆਂ ਦੀ ਗੱਲ ਵੀ ਕੀ ਕਰਨੀ ਹੋਈ। ਦੂਜੇ ਪਾਸੇ ਭਗਤ ਕਬੀਰ ਜੀ ਗੁਰਮੁਖ ਪੁਰਖਾਂ ਦੀ ਗੱਲ ਕਰਦੇ ਹਨ, ਜਿਨ੍ਹਾਂ ਨੇ ਆਪਣੇ ਸਰੀਰ ਰੂਪੀ ਗੜ੍ਹ ਨੂੰ ਸਚ ਦੇ ਤਪ ਨਾਲ ਤਪਾਇਆ ਹੈ ਤੇ ਉਸ ਵਿੱਚ ਉਹਨਾਂ ਨੇ ਕਾਮ, ਕ੍ਰੋਧ, ਲੋਭ, ਮੋਹ ਹੰਕਾਰ ਨੂੰ ਕਾਬੂ ਕਰ ਸਾੜ ਸੁੱਟਿਆ ਹੈ। ਭਾਈ ਲਖੀ ਸ਼ਾਹ ਉਹ ਗੁਰਮੁਖ ਪੁਰਸ਼ ਹਨ, ਜਿਸਨੇ ਉੱਚੀ ਮਾਨਸਿਕ ਅਵਸਥਾ ਪਰਾਪਤ ਕੀਤੀ ਤੇ ਆਪਣਾ ਘਰ-ਬਾਹਰ ਸਭ ਕੁਝ ਸਾੜ ਉਸ ਵਿੱਚ ਗੁਰੂ ਪਾਤਸ਼ਾਹ ਦੀ ਦੇਹ ਦਾ ਸਸਕਾਰ ਕੀਤਾ ਤਾਕਿ ਉਸਦੀ ਬੇਅਦਬੀ ਨ ਹੋਵੇ।
ਕਬੀਰ ਐਸਾ ਕੋ ਨਹੀ ਮੰਦਰੁ ਦੇਇ ਜਰਾਇ॥
ਪਾਂਚਉ ਲਰਿਕੇ ਮਾਰਿ ਕੈ ਰਹੈ ਰਾਮ ਲਿਉ ਲਾਇ॥
ਇਹ ਪਵਿੱਤਰ ਬਚਨ ਬੇਸ਼ਕ ਅਧਿਆਤਮਕਤਾ ਦੇ ਸਬੰਧ ਵਿੱਚ ਆਖੇ ਜਾਂਦੇ ਹਨ। ਭਾਈ ਲਖੀ ਸ਼ਾਹ ਦੀ ਘਾਲ ਕਮਾਈ ਤੇ ਗੁਰੂ ਭਗਤੀ ਇਤਨੀ ਮਹਾਨ ਹੈ ਕਿ ਉਹਨਾਂ ਨੇ ਅਧਿਆਤਮਕਤਾ ਨੂੰ ਜੀਵਨ ਵਿੱਚ ਸਤਿ ਸਤਿ ਕਰ ਵਿਖਾਇਆ। ਅਜਿਹਾ ਕੋਈ ਦੂਜਾ ਉਦਾਹਰਣ ਸ਼ਾਇਦ ਹੀ ਸੰਸਾਰ ਦੇ ਇਤਿਹਾਸ ਵਿੱਚ ਕਿਧਰੇ ਹੋਰ ਹੋਵੇ।
ਅੱਜ ਜਦੋਂ ਅਸੀ ਇਸ ਪਵਿੱਤਰ ਸਥਾਨ ਤੇ ਰਕਾਬਗੰਜ ਵਿਖੇ ਜਾ ਕੇ ਮੱਥਾ ਟੇਕਦੇ ਹਾਂ ਤਾਂ ਸਾਡੇ ਮੂੰਹ ਵਿੱਚੋਂ ਜਿੱਥੇ ਧੰਨ ਗੁਰੂ ਤੇਗ ਬਹਾਦਰ ਨਿਕਲਦਾ ਹੈ, ਓਥੇ ਅਸੀ ਸਹਿਜੇ ਹੀ ਕਹਿ ਉਠਦੇ ਹਾਂ ਧੰਨ ਭਾਈ ਲਖੀ ਸ਼ਾਹ, ਧੰਨ ਤੇਰੀ ਨਿਡਰਤਾ ਤੇ ਨਿਰਭੈਤਾ ਹੈ ਅਤੇ ਧੰਨ ਹੈ ਤੇਰੀ ਘਾਲ ਕਮਾਈ ਤੇ ਗੁਰੂ ਭਗਤੀ। ਇਹ ਤੱਥ ਜਗ ਜਾਹਿਰ ਹੈ, ਫਿਰ ਵੀ ਮੈਂ ਏਥੇ ਅੰਕਿਤ ਕਰ ਦੇਣਾ ਚਾਹੁੰਦਾ ਹਾਂ ਕਿ ਇਹ ਪਵਿੱਤਰ ਸਥਾਨ ਦੁਨੀਆਂ ਦੇ ਸਭ ਤੋਂ ਵੱਡੇ ਲੋਕਰਾਜ ਦੀ ਪਾਰਲੀਮੈਂਟ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਤਰ੍ਹਾਂ ਸਥਿਤ ਹੈ ਜਿਵੇਂ ਸਾਨੂੰ ਪਰੇਰਨਾ ਦੇ ਰਿਹਾ ਹੋਵੇ ਤੇ ਆਖ ਰਿਹਾ ਹੋਵੇ
ਏਹਿ ਭੂਪਤਿ ਰਾਣੇ ਰੰਗ ਦਿਨ ਚਾਰਿ ਸੁਹਾਵਣਾ॥
ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ॥
ਸਤਿਗੁਰੂ ਰੋਗ ਰਹਿਤ ਜੋਗੀ ਹੈ । ਜਿਨ੍ਹਾਂ ਤੇ ਉਹ ਨਦਰ ਕਰੇ, ਉਹਨਾਂ ਨੂੰ ਉਹ ਯੋਗ ਕਰ ਲੈਂਦੇ ਹਨ। ਉਹ ਫਿਰ ਗੁਰੂ ਜੋਗੇ ਹੀ ਹੋ ਕੇ ਰਹਿੰਦੇ ਹਨ। ਲੁਬਾਣੇ ਸਿੱਖਾਂ ਦੇ ਸਬੰਧ ਵਿੱਚ ਇਹ ਤੱਥ ਬੜਾ ਸਪੱਸ਼ਟ ਹੋ ਕੇ ਇਤਿਹਾਸ ਵਿੱਚ ਨਿਬੜਿਆ ਹੈ। ਗੁਰਮਤਿ ਵਿੱਚ ਜਾਤਿ ਪਾਤ ਦੀ ਪ੍ਰਧਾਨਤਾ ਨਹੀਂ ਹੈ ਫਿਰ ਵੀ ਕੁਦਰਤ ਦਾ ਇਕ ਸੁਯੋਗ ਸਬੰਧ ਹੈ ਕਿ ਉਹ ਰਤੀਆਂ ਰੂਹਾਂ ਨਾਲ ਕੜੀ ਜੋੜਦਾ, ਉਹਨਾਂ ਨੂੰ ਆਪਣੇ ਨਾਲ ਜੋੜ ਲੈਂਦਾ ਹੈ। ਉਹ ਹਰੀ ਨਾਮ ਦਾ ਮੰਤ੍ਰ ਦ੍ਰਿੜ੍ਹ ਕਰਾ ਕੇ ਹਉਮੈ ਰੋਗ ਨੂੰ ਕੱਟ ਆਤਮਾ ਨੂੰ ਪਾਕ ਪਵਿਤ੍ਰ ਕਰ ਦਿੱਤਾ ਹੈ। ਹੋਰ ਤੰਤ੍ਰ ਮੰਤ੍ਰ ਕੋਈ ਨਹੀਂ
ਹਰਿ ਨਾਮੋ ਮੰਤ੍ਰ ਦ੍ਰਿੜਾਇਦਾ ਕਟੇ ਹਉਮੈ ਰੋਗ ॥
ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ ॥
ਲੁਬਾਣੇ ਸਿੱਖ ਗੁਰੂ ਦੇ ਭਾਣੇ ਵਿੱਚ ਚਲ, ਗੁਰੂ ਦੇ ਮਨ ਭਾਣੇ ਬਣਦੇ ਗਏ ਅਤੇ ਭਾਨ ਰੂਪੀ ਚੰਨ ਚੰਨਾਨ ਗੁਰੂ ਦਾ ਚਾਨਣ ਮਾਣ ਖੀਵੇ ਹੁੰਦੇ ਰਹੇ। ਮੁੱਢ ਕਦੀਮਾਂ ਤੋਂ ਗੁਰੂ ਘਰ ਨਾਲ ਜੁੜੇ ਲੁਬਾਣੇ ਸਿੱਖਾਂ ਦੇ ਪਰਿਵਾਰ ਟਾਬਰੀਆਂ ਤੇ ਕਬੀਲੇ ਗੁਰਮਤਿ ਧਾਰਣ ਕਰ ਨੇੜਿਓਂ ਹੋਰ ਨੇੜੇ ਹੁੰਦੇ ਗਏ। ਲੁਬਾਣਿਆਂ ਵਿੱਚ ਇਹ ਵਸਫ ਖਾਸ ਹੈ ਕਿ, ਜਿਹੜੇ ਇਕ ਵਾਰੀ ਜੁੜੇ ਹਨ, ਉਹ ਮੁੜ ਟੁੱਟੇ ਨਹੀਂ। ਇਹਨਾ ਦੀ ਦਸ਼ਾ, “ਮਿਲਿਆ ਹੋਇ ਨ ਵੀਛੜੇ ਜੋ ਮਿਲਿਆ ਹੋਈ” ਵਾਲੀ ਹੈ ਤੇ ਅੱਜ ਵੀ ਬਣੀ ਹੋਈ ਹੈ। ਇਹ ਕੋਈ ਅਤਿਕਥਨੀ ਨਹੀਂ ਹੈ। ਕਿ ਅੱਜ ਦੇ ਪਦਾਰਥਵਾਦ ਦੇ ਵਾਲੀ ਹੈ ਯੁਗ ਵਿੱਚ ਮਾਇਆ ਰੂਪੀ ਚਲੀ ਹਨੇਰੀ, ਜਿੱਥੇ ਸਿੱਖਾਂ ਦੇ ਘਰਾਣਿਆਂ ਦੇ ਜਵਾਨ ਬੱਚਿਆਂ ਦੇ ਸਿਰੋਂ ਦਸਤਾਰਾਂ ਆਪਣੇ ਨਾਲ ਉਡਾਈ। ਚਲੀ ਜਾ ਰਹੀ ਹੈ ਓਥੇ ਲੁਬਾਣੇ ਇਸ ਹਨੇਰੀ ਦੇ ਵਿਪਰੀਤ ਡਟ ਕੇ ਖਲੋਤੇ ਹਨ। ਮੈਂ ਇਕਤ੍ਰਿਤ ਆਂਕੜਿਆਂ ਦੇ ਆਧਾਰ ਤੇ ਪੂਰੇ ਯਕੀਨ ਨਾਲ ਇਹ ਗੱਲ ਕਹਿ ਸਕਦਾ ਹਾਂ ਕਿ ਲੁਬਾਣੇ ਪਤਿਤਪੁਣੇ ਦੀ ਲਾਹਨਤ ਤੋਂ ਤਕਰੀਬਨ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਕੁਝ ਕੁ ਲੁਬਾਣੇ ਸਿੱਖ, ਜੋ ਇਟਲੀ, ਕਨੇਡਾ ਜਾਂ ਅਮਰੀਕਾ ਵਿਖੇ ਸਥਿਤ ਹਨ, ਜਿਨ੍ਹਾਂ ਨੇ ਕੇਸਾਂ ਦੀ ਬੇਅਦਬੀ ਕੀਤੀ ਹੈ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਇਹ ਗੁਰਸਿੱਖ ਦ੍ਰਿੜ੍ਹਤਾ ਨਾਲ ਕੇਸਾਂ ਅਤੇ ਰਹਿਤ ਮਰਿਯਾਦਾ ਤੇ ਪਹਿਰਾ ਦੇ ਰਹੇ ਹਨ। ਆਮ ਹਾਲਤ ਇਹ ਹੈ ਕਿ ਮੇਰਾ ਪਰਿਚਿਤ ਇਕ ਲਿਖਾਰੀ ਆਖ ਰਿਹਾ ਸੀ ਕਿ ਸਿੱਖਾਂ ਦੇ ਸਿਰਾਂ ਤੋਂ ਜੇ ਮੌਜੂਦਾ ਹਨੇਰੀ ਨੇ ਪਗੜੀਆਂ ਲਾਹ ਲਈਆਂ ਹਨ, ਤਾਂ ਉਹਨਾਂ ਦੀ ਕੇਸ ਕਟਾਉਣ ਦੀ ਰਫ਼ਤਾਰ ਉਸ ਤੋਂ ਵੀ ਵੱਧ ਜਾਪਦੀ ਹੈ ਜਿਸ ਰਫ਼ਤਾਰ ਨਾਲ ਔਰੰਗਜ਼ੇਬ ਨੇ ਹਿੰਦੂਆਂ ਦੇ ਗਲਾਂ ਵਿੱਚੋਂ ਜਨੇਊ ਤੇ ਸਿਰਾਂ ਉੱਤੋਂ ਬੋਦੀਆਂ ਵੱਢੀਆਂ ਸਨ। ਹਾਏ ਰੱਬਾ, ਸਿੱਖਾਂ ਦੇ ਚਲਨ ਏਨੇ ਬੋਦੇ ਹੋ ਗਏ ਹਨ ਕਿ ਉਹ ਦਸਤਾਰਾਂ ਤੇ ਜੂੜਿਆਂ ਵਾਲੇ ਸਿੱਖ ਨਹੀਂ ਰਹੇ ਤੇ ਉਹਨਾਂ ਦੇ ਸਿਰਾਂ ਉੱਤੇ ਬੋਦੇ ਹੀ ਬੋਦੇ ਹਨ। ਦਾਤਾ ਮਿਹਰ ਕਰੋ! ਰਹਿਮ ਕਰੋ!! ਤਰਸ ਕਰੋ!!!
ਗੁਰੂ ਗੋਬਿੰਦ ਸਿੰਘ
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਤੇਗ ਬਹਾਦਰ ਦੇ ਸ਼ਹੀਦੀ ਤੋਂ ਪਹਿਲਾਂ ਹੀ ਗੁਰਗੱਦੀ ਪਰਾਪਤ ਕਰ ਚੁੱਕੇ ਸਨ। ਜਦੋਂ ਭਾਈ ਜੈਤਾ ਜੀ ਨੇ ਧੜ ਤੋਂ ਜੁਧਾ ਕੀਤਾ ਹੋਇਆ ਸੀਸ; ਸੀਸ ਗੰਜ ਆਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੂੰ ਲਿਆ। ਦਿੱਤਾ ਤਾਂ ਉਹਨਾਂ ਨੇ ਆਉਣ ਵਾਲੇ ਸਮੇਂ ਦੀ ਸਾਰੀ ਰੂਪਰੇਖਾ ਤੇ ਨੀਤੀ ਨਿਰਧਾਰਣ ਕਰ ਲਈ ਸੀ।
ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਵਿੱਚ ਹੀ ਪੰਜ ਕੁ ਸਾਲ ਟਿਕੇ। ਸੰਗਤਾਂ ਸਭਨਾਂ ਦਿਸ਼ਾਵਾਂ ਤੋਂ ਗੁਰੂ ਜੀ ਦੇ ਦੀਦਾਰ ਨੂੰ ਆਉਂਦੀਆਂ। ਗੁਰੂ ਜੀ ਵੀਰਤਾ ਦਾ ਦਰਸ ਦੇ ਰਹੇ ਸਨ। ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਸਤ੍ਰ ਬਣਾਏ ਜਾ ਰਹੇ ਸਨ ਅਤੇ ਸ਼ਸਤ੍ਰ ਧਾਰਨ ਕਰਨ ਦੀ ਪ੍ਰੇਰਨਾ ਦ੍ਰਿੜ੍ਹ ਕਰਾਈ ਜਾ ਰਹੀ ਸੀ । ਜਾਤ ਪਾਤ ਨੂੰ ਸਖ਼ਤੀ ਨਾਲ ਨਕਾਰ ਦਿੱਤਾ ਗਿਆ। ਇਹ ਇਤਿਹਾਸਕ ਤੱਥ ਹੈ ਕਿ ਸਾਰੇ ਆਨੰਦਪੁਰ ਸਾਹਿਬ ਦਾ ਲੰਗਰ ਇੱਕੋ ਹੀ ਸੀ। ਜਦੋਂ ਸੰਗਤਾਂ ਬਹੁਤ ਆ ਜਾਂਦੀਆਂ ਤਾਂ ਸਿਰਕੱਢ ਸਿੱਖਾਂ ਨੂੰ ਇੱਕ ਥਾਂ ਤੋਂ ਵਧ ਲੰਗਰ ਦਾ ਪ੍ਰਬੰਧ ਸੌਂਪਿਆ ਜਾਂਦਾ । ਮੂਲ ਭਾਵਨਾ, “ਖਤ੍ਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚਹੁੰ ਵਰਨਾਂ ਕੋ ਸਾਂਝਾ” ਦੀ ਸੀ। ਇਸੇ ਸਬੰਧ ਵਿੱਚ ਗੁਰੂ ਗੋਬਿੰਦ ਸਿੰਘ ਨੇ ਪਾਉਂਟਾ ਸਾਹਿਬ ਦੀ ਧਰਤੀ ਨੂੰ ਵਿਸ਼ੇਸ਼ ਰੂਪ ਵਿੱਚ ਚੁਣਿਆ ਤੇ ਚਾਰ ਸਾਲ ਤੋਂ ਵੱਧ ਸਮਾਂ ਯਮੁਨਾ ਨਦੀ ਦੇ ਕੰਢੇ ਬਿਤਾਇਆ। ਸ਼ਸਤਰ ਵਿਦਿਆ, ਘੋੜ ਸਵਾਰੀ, ਨੇਜ਼ਾ ਬਾਜੀ, ਤੀਰ ਅੰਦਾਜ਼ੀ ਦੇ ਨਾਲ ਹੀ 52 ਕਵੀਆਂ ਪਾਸੋਂ ਬੀਰ ਰਸ ਉਜਾਗਰ ਕਰਨ ਲਈ ਸਾਹਿਤ ਲਿਖਵਾਇਆ। ਪਾਤਸ਼ਾਹ ਜ਼ੁਲਮ ਦੇ ਖ਼ਿਲਾਫ਼ ਡਟਣ ਦਾ ਜਜ਼ਬਾ ਸਿੱਖਾਂ ਵਿੱਚ ਭਰ ਰਹੇ ਸਨ।
ਭੰਗਾਣੀ ਦਾ ਯੁੱਧ- ਕਾਰਣ ਤੇ ਸਿੱਟੇ
ਇਹਨਾਂ ਦਿਨਾਂ ਵਿੱਚ ਹੀ ਪਹਾੜੀ ਰਾਜਿਆਂ ਨੂੰ ਡਰ ਭਾਸਣ ਲੱਗਾ ਕਿ ਗੁਰੂ ਗੋਬਿੰਦ ਸਿੰਘ ਤਾਕਤ ਇਕੱਠੀ ਕਰ ਰਹੇ ਹਨ, ਕਿਤੇ ਉਹ ਸਾਡੇ ਉੱਤੇ ਹਮਲਾ ਨ ਕਰ ਦੇਣ। ਉਹਨਾਂ ਵਿੱਚੋਂ ਫਤਹ ਚੰਦ ਨੇ ਆਪਣੇ ਬੇਟੇ ਦੀ ਸ਼ਾਦੀ ਦੇ ਬਹਾਨੇ ਗੁਰੂ ਜੀ ਪਾਸੋਂ ਪੰਜ ਕਲਾ ਸ਼ਸਤਰ, ਪ੍ਰਸਾਦੀ ਹਾਥੀ ਅਤੇ ਹੋਰ ਕੀਮਤੀ ਚੀਜ਼ਾਂ ਸ਼ਾਦੀ ਦੇ ਸਿਲਸਿਲੇ ਵਿੱਚ ਮੰਗੀਆਂ। ਗੁਰੂ ਜੀ ਉਸਦੇ ਮਨ ਦਾ ਖੋਟ ਪਛਾਣਦੇ ਸਨ ਇਸ ਲਈ ਵਸਤਾਂ ਮਾਂਗਵੀਆਂ ਦੇਣ ਤੋਂ ਇਨਕਾਰ ਕਰ ਦਿੱਤਾ। ਮੁੜ ਉਸਨੇ ਬਾਰਾਤ ਨੂੰ ਪਾਉਂਟਾ ਸਾਹਿਬ ਵਿੱਚੋਂ ਲੰਘ ਜਾਣ ਦੀ ਮੰਗ ਰੱਖੀ। ਗੁਰੂ ਜੀ ਨੇ ਆਖਿਆ ਕਿ ਉਹ ਲਾੜੇ ਨੂੰ ਸਣੇ ਗਿਆਰਹ ਸਾਥੀਆਂ ਦੇ ਲੈ ਜਾ ਸਕਦੇ ਹਨ। ਫਤਹ ਚੰਦ ਨੇ ਆਪਣਾ ਮਕਸਦ ਪੂਰਾ ਹੁੰਦਾ ਨਾ ਦੇਖ ਕੇ ਜੰਗ ਦਾ ਐਲਾਨ ਕਰ ਦਿੱਤਾ।
ਇਸ ਸਬੰਧੀ ਗੁਰੂ ਜੀ ਨੇ ਖੁਦ ਲਿਖਿਆ ਹੈ ਕਿ ਮੈਂ ਮਾਨਸਿਕ ਤੌਰ ਤੇ ਤਿਆਰ ਨਹੀਂ ਸੀ, ‘ਫਤਹ ਚੰਦ ਕੋਪਾ ਤਬ ਰਾਜਾ, ਲੋਹ ਪਰਾਂ ਹਮ ਸਿਓ ਬਿਨ ਕਾਜਾ” । ਫਤਹ ਚੰਦ ਬਹੁਤ ਸਾਰੀ ਫੌਜ ਲੈ ਕੇ ਪਾਉਂਟਾ ਸਾਹਿਬ ਤੇ ਚੜ੍ਹ ਆਇਆ। ਗੁਰੂ ਗੋਬਿੰਦ ਸਿੰਘ ਨੇ ਫੌਜਾਂ ਦੀ ਕਮਾਨ ਖੁਦ ਸੰਭਾਲ ਪਾਉਂਟਾ ਸਾਹਿਬ ਤੋਂ ਦੂਰ ਹੀ ਭੰਗਾਣੀ ਦੇ ਸਥਾਨ ਤੇ ਵੈਰੀ ਨੂੰ ਜਾ ਲਿਆ। ਏਥੇ ਵਿਸ਼ੇਸ਼ ਧਿਆਨ ਯੋਗ ਗੱਲ ਇਹ ਹੈ ਕਿ ਗੁਰੂ ਜੀ ਨੇ ਨਾ ਕੋਈ ਲਾਮਬੰਦੀ ਕੀਤੀ ਸੀ ਤੇ ਨਾ ਕੋਈ ਵਿਉਂਤਬੰਦ ਤਿਆਰੀ। ਗੁਰੂ ਜੀ ਵੱਲੋਂ ਲੜਣ ਵਾਲਿਆਂ ਵਿੱਚ ਲਾਲ ਚੰਦ ਮਲਾਹ ਤੇ ਲਾਲ ਚੰਦ ਹਲਵਾਈ ਸਨ। ਮਹੰਤ ਕ੍ਰਿਪਾਲ ਚੰਦ ਜੀ ਅਤੇ ਗੁਰੂ ਜੀ ਦੇ ਆਆ ਕ੍ਰਿਪਾਲ ਚੰਦ ਜੀ ਸਨ। ਇਹ ਉਹੀ ਕ੍ਰਿਪਾਲ ਚੰਦ ਜੀ ਹਨ ਜਿਨ੍ਹਾਂ ਨੇ ਪਟਨਾ ਸਾਹਿਬ ਵਿਖੇ ਨਵਜਨਮੇ ਬਾਲਕ (ਗੁਰੂ) ਗੋਬਿੰਦ ਰਾਏ ਨੂੰ ਗੋਦ ਵਿੱਚ ਲੈ ਸ਼ੇਖ ਭੀਖਣ ਸ਼ਾਹ ਨੂੰ ਦਰਸ਼ਨ ਕਰਾਏ ਸਨ। ਇਸ ਤੋਂ ਇਲਾਵਾ ਉਤਸ਼ਾਹ ਭਰੀ ਸਾਰੀ ਸਿੱਖ ਸੰਗਤ ਪੀਰ ਬੁੱਧੂ ਸ਼ਾਹ ਦੇ ਭਾਈ ਤੇ ਬੇਟੇ ਸੰਤ ਸਨਿਯਾਸੀ ਤੇ ਆਮ ਲੋਕ ਸਨ। ਇਹਨਾਂ ਫੌਜਾਂ ਵਿੱਚ ਗੁਰੂ ਜੀ ਦੇ ਸ਼ਰਧਾਲੂ ਲੁਬਾਣੇ ਸਿੱਖ ਭਾਈ ਮੱਖਣ ਸ਼ਾਹ ਦੇ ਵੰਸ਼ਜ ਤੇ ਸਹਿਯੋਗੀ ਅਤੇ ਲੱਖੀ ਸ਼ਾਹ ਦੇ ਖਾਨਦਾਨ ਦੇ ਸਿਰਕੱਢ ਬੰਦੇ ਕਿਸੇ ਤੋਂ ਪਿੱਛੇ ਨਹੀਂ ਸਨ। ਇਨ੍ਹਾਂ ਵਿੱਚ ਗੁਰੂ ਜੀ ਦੇ ਭੂਆ ਜੀ ਦੇ ਬੇਟੇ ਵੀ ਲੜੇ ਸਨ ਤੇ ਸ਼ਹੀਦ ਹੋਏ ਸਨ। ਇਹਨਾਂ ਸਭਨਾਂ ਨੇ ਲੜਾਕੇ ਪਹਾੜੀ ਰਾਜਿਆਂ ਦੀ ਫੌਜ ਦੇ ਸਿਪਾਹੀ ਤੇ ਪੀਰ ਬੁੱਧੂ ਸ਼ਾਹ ਦੁਆਰਾ ਭਰਤੀ ਕਰਾਏ ਪਠਾਨ, ਜੋ ਪਹਾੜੀ ਰਾਜਿਆਂ ਨਾਲ ਜਾ ਰਲੇ ਸਨ, ਨੂੰ ਮਾਰ ਮਾਰ ਕੇ ਇੰਞ ਭਜਾਇਆ ਜਿਵੇਂ ਭੇਡਾਂ ਪਿੱਛੇ ਆਜੜੀ ਹੁੰਦਾ ਹੈ। ਵਿਸਥਾਰ ਵਿੱਚ ਨਾ ਜਾਈਏ ਇਹ ਇਨਸਾਫ਼ ਤੇ ਅਮਨ ਪਸੰਦ ਲੋਕਾਂ ਦੀ ਜਰਵਾਣੇ ਤੇ ਜ਼ਾਲਮ ਟੋਲੇ ਦਰਮਿਆਨ ਲੜਾਈ ਸੀ। ਫਤਿਹ ਲੋਕਾਂ ਦੀ ਹੋਈ, ਗੁਰੂ ਦੀ ਹੋਈ ਅਤੇ ਗੁਰੂ ਜੀ ਦੇ ਮੁਤਾਬਿਕ ਅਕਾਲਪੁਰਖ ਦੀ ਹੋਈ।
ਭਈ ਜੀਤ ਮੇਰੀ ਕ੍ਰਿਪਾ ਕਾਲ ਕੇਰੀ
ਰਣਜੀਤ ਆਏ ਜਯੰ ਗੀਤ ਗਾਏ
ਗੁਰੂ ਜੀ ਨੇ ਗੁਰੂ ਦੀ ਸੰਗਤ ਸੰਤਾਂ ਤੇ ਮਹੰਤਾਂ ਨੂੰ ਬੀਰ ਆਖ ਕੇ ਵਡਿਆਇਆ ਹੈ। ਇਹੀ ਤਾਂ ਸੰਤ ਸਿਪਾਹੀ ਹਨ ਜਿਨ੍ਹਾਂ ਦੀ ਘਾੜਤ ਗੁਰੂ ਪਾਤਸ਼ਾਹਾਂ ਨੇ ਘੜੀ ਹੈ।
ਭਾਈ ਨਾਢਾ ਸ਼ਾਹ ਲੁਬਾਣਾ
ਭੰਗਾਣੀ ਦਾ ਯੁੱਧ ਫਤਿਹ ਕਰਨ ਮਗਰੋਂ ਗੁਰੂ ਗੋਬਿੰਦ ਸਿੰਘ ਜੀ, ਅਨੰਦਪੁਰ ਸਾਹਿਬ ਵੱਲ ਪਰਤ ਆਏ। ਪਾਉਂਟਾ ਸਾਹਿਬ ਵਿਖੇ ਗੁਰੂ ਜੀ ਦਾ ਕਿਆਮ ਚਾਰ ਸਾਲ ਤੋਂ ਕੁਝ ਕੁ ਵੱਧ ਸਮਾਂ ਰਿਹਾ। ਇਹ ਸਮਾਂ ਗੁਰ ਸਿੱਖਾਂ ਨੂੰ ਜੰਗੀ ਅਤੇ ਅਧਿਆਤਮਕ ਤਰਬੀਅਤ ਦੇਣ ਦਾ ਸਮਾਂ ਸੀ ਤਾਂ ਜੋ ਆਉਣ ਵਾਲੇ ਸਮਿਆਂ ਨੂੰ ਸਿੱਖ ਕੌਮ ਚੰਗੀ ਤਰ੍ਹਾਂ ਨਜਿੱਠ ਸਕੇ। ਇਸ ਸਮੇਂ ਨੂੰ ਕਈ ਇਤਿਹਾਸਕਾਰਾਂ ਨੇ ਗੁਰੂ ਪਾਤਸ਼ਾਹ ਦੁਆਰਾ ਲਾਇਆ ਗਿਆ ਇਕ ਵਿਸ਼ੇਸ਼ ਕੈਂਪ ਵੀ ਆਖਿਆ ਹੈ। ਪਾਉਂਟਾ ਸਾਹਿਬ ਤੋਂ ਆਨੰਦਪੁਰ ਵਾਪਸ ਆਉਂਦਿਆਂ ਗੁਰੂ ਜੀ ਸਿੱਖ ਸੰਗਤ ਤੇ ਫੌਜਾਂ ਸਮੇਤ ਨਾਢਾ ਦੇ ਸਥਾਨ ਤੇ ਪੜਾਅ ਕੀਤਾ। ਇਹ ਜਗ੍ਹਾ ਮੌਜੂਦਾ ਚੰਡੀਗੜ੍ਹ ਤੋਂ 6 ਕਿਲੋਮੀਟਰ ਦੱਖਣ ਪੂਰਬ ਰਾਮਗੜ੍ਹ ਪੰਚਕੂਲਾ ਮਾਰਗ ਤੇ ਸਥਿਤ ਹੈ। ਏਥੇ ਗੁਰੂ ਘਰ ਦਾ ਸ਼ਰਧਾਲੂ ਸੇਵਕ, ਲੁਬਾਣਾ ਸਿੱਖ ਭਾਈ ਨਾਢਾ ਸ਼ਾਹ ਵਸਦਾ ਸੀ। ਇਸ ਪਾਸ ਬਹੁਤ ਸਾਰੀਆਂ ਦੁਧਾਰੂ ਗਾਵਾਂ ਤੇ ਬਕਰੀਆਂ ਸਨ। ਗੁਰੂ ਸਾਹਿਬ ਦੀ ਆਮਦ ਸੁਣਕੇ ਭਾਈ ਨਾਢਾ ਸ਼ਾਹ ਨੂੰ ਚਾਅ ਚੜ੍ਹਿਆ ਤੇ ਦਰਸ਼ਨਾਂ ਲਈ ਹਜ਼ੂਰ ਪੁੱਜਿਆ। ਸਾਰੀ ਸੰਗਤ ਨੂੰ ਗਊਆਂ ਤੇ ਬਕਰੀਆਂ ਦਾ ਦੁੱਧ ਛਕਾਇਆ ਤੇ ਵਿਤੋਂ ਵੱਧ ਗੁਰੂ ਸੰਗਤਾਂ ਦੀ ਸੇਵਾ ਕੀਤੀ। ਭਾਈ ਜੀ ਦੁੱਧ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ। ਗੁਰੂ ਜੀ ਨਾਢਾ ਸ਼ਾਹ ਦੀ ਸੇਵਾ ਤੋਂ ਬਹੁਤ ਪ੍ਰਸੰਨ ਹੋਏ ਤੇ ਹੁਕਮ ਕੀਤਾ, ਸਾਡੀ ਤੇਰੇ ਤੇ ਬਹੁਤ ਪ੍ਰਸੰਨਤਾ ਹੈ, ਤੇਰੇ ਮਨ ਵਿੱਚ ਜੋ ਦਿੱਤਾ ਹੈ, ਉਹ ਪ੍ਰਗਟ ਕਰ, ਗੁਰੂ ਪੂਰੀ ਕਰੇਗਾ। ਭਾਈ ਜੀ ਨੇ ਅਤਿਅੰਤ ਨਿਮਰਤਾ ਨਾਲ ਗੁਰੂ ਜੀ ਦੇ ਚਰਨਾ ਵਿੱਚ ਸੀਸ ਰੱਖ ਦਿੱਤਾ ਤੇ ਆਖਿਆ, ਪ੍ਰਾਤਸ਼ਾਹ ਤੁਹਾਡੀਆਂ ਦਿੱਤੀਆਂ ਬੇਅੰਤ ਦਾਤਾਂ ਹਨ, ਮੈਨੂੰ ਕੁਝ ਨਹੀਂ ਚਾਹੀਦਾ। ਗੁਰੂ ਜੀ ਨੇ ਨਾਢਾ ਸ਼ਾਹ ਦਾ ਸੀਸ ਚਰਨਾਂ ਤੋਂ ਚੁਕ ਕੇ ਉਸਨੂੰ ਸਾਵਧਾਨ ਕਰਦਿਆਂ ਆਖਿਆ, ਨਾਢਾ ਸ਼ਾਹ ਜੇ ਤੂੰ ਮੰਗੇਗਾ, ਉਹ ਪੂਰਾ ਹੋਵੇਗਾ, ਤਦ ਨਾਢਾ ਸ਼ਾਹ ਨੇ ਬੇਨਤੀ ਕੀਤੀ, ਦਾਤਾ ਜੇ ਤੁਠੇ ਹੋ ਤਾਂ ਸਿੱਖੀ ਦੀ ਦਾਤ ਬਖ਼ਸ਼ੇ। ਗੁਰੂ ਜੀ ਨੇ ਫੁਰਮਾਇਆ, ਤੈਨੂੰ ਸਿੱਖੀ ਦੀ ਦਾਤ ਪਰਾਪਰ ਹੋਈ। ਤੇਰਾ ਨਾਂ ਆਣ ਵਾਲਿਆਂ ਸਮਿਆਂ ਵਿੱਚ ਅਮਰ ਰਹੇਗਾ । ਜਿਹੜਾ ਤੇਰੇ ਸਥਾਨ ਤੋਂ ਮਨਸਾ ਧਾਰ ਕੇ ਆਵੇਗਾ ਉਸਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਤੇਰਾ ਇਹ ਟਿਕਾਣਾ ਸਾਰੇ ਸੰਸਾਰ ਵਿੱਚ ਜਾਣਿਆ ਜਾਏਗਾ। ਸਮਾਂ ਪਾ ਕੇ ਗੁਰੂ ਜੀ ਦਾ ਬਚਨ ਸਤਿ ਹੋਇਆ। ਅੱਜ ਨਾਢਾ ਸਾਹਿਬ ਦਾ ਗੁਰਦੁਆਰਾ ਇਕ ਪ੍ਰਸਿੱਧ ਤੀਰਥ ਸਥਾਨ ਕਰਕੇ ਜਾਣਿਆ ਜਾਂਦਾ ਹੈ। ਏਥੇ ਇਕ ਵਿਸ਼ਾਲ ਗੁਰਦੁਆਰਾ ਉਸਾਰਿਆ ਗਿਆ ਹੈ। ਇਸ ਸਥਾਨ ਦਾ ਪ੍ਰਬੰਧ ਸ਼ਰੋਮਣੀ ਕਮੇਟੀ ਦੁਆਰਾ ਕੀਤਾ ਜਾ ਰਿਹਾ ਹੈ। ਹਰ ਇਕ ਦਿਨ ਤੇ ਵਿਸ਼ੇਸ਼ ਕਰਕੇ ਐਤਵਾਰ ਅਤੇ ਦਿਨ ਤਿਉਹਾਰ ਤੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦਰਸ਼ਨਾਂ ਨੂੰ ਆਉਂਦੀਆਂ ਹਨ ਤੇ ਉਹਨਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ। ਦਿਨ ਰਾਤ ਕੀਰਤਨ ਕਥਾ ਹੁੰਦਾ ਹੈ ਤੇ ਦੀਵਾਨ ਸਜਦੇ ਹਨ। ਗੁਰੂ ਕਾ ਲੰਗਰ ਹਰ ਸਮੇਂ ਤਿਆਰ ਮਿਲਦਾ ਹੈ।
ਇਸ ਸਥਾਨ ਤੇ ਆ ਕੇ ਇਹ ਤੱਥ ਭਲੀ ਪ੍ਰਕਾਰ ਵਿਧਿਤ ਹੋ ਜਾਂਦਾ ਹੈ ਕਿ ਗੁਰੂ ਮਨ ਭਾਣੇ, ਲੁਬਾਣੇ ਗੁਰੂ ਸਿੱਖ ਕਦੀ ਵੀ ਗੁਰੂ ਘਰ ਤੋਂ ਦੂਰ ਨਹੀਂ ਹੋਏ। ਉਹ ਸਦਾ “ਹਜ਼ੂਰ ਹਾਜ਼ਿਰ ਨਾਜ਼ਿਰ” ਗੁਰੂ ਮਹਿਮਾ ਦੇ ਨਾਲ ਜੁੜੇ ਹੋਏ ਹਨ।“ਤਿਥੈ ਸੀਤੋ ਸੀਤਾ ਮਹਿਮਾ ਮਾਏ”।
ਗੁਰੂ ਗੋਬਿੰਦ ਸਿੰਘ ਵਸੇਬਾ ਅਨੰਦਪੁਰ ਸਾਹਿਬ
ਇਤਿਹਾਸਕ ਤੌਰ ਤੇ ਚਾਰ ਛੇ ਵਰ੍ਹੇ ਕੋਈ ਲੰਮੇਰਾ ਸਮਾਂ ਨਹੀਂ ਹੁੰਦਾ। ਗੁਰੂ ਜੀ ਨੇ ਆਨੰਦਪੁਰ ਸਾਹਿਬ ਵਿਖੇ ਇਤਨਾ ਕੁ ਸਮਾਂ ਹੀ ਬਿਤਾਇਆ ਜਿਸ ਵਿੱਚ ਜੰਗੀ ਮਸ਼ਕਾਂ ਤੇ ਸ਼ਸਤਰਾਂ ਦੀ ਤਿਆਰੀ ਮੁਤਵਾਤਰ ਹੁੰਦੀ ਰਹੀ। ਗੁਰਸਿੱਖ ਮਾਨਸਿਕ ਤੇ ਅਧਿਆਤਮਕ ਤੌਰ ਤੇ ਨਿਤ ਬਲਵਾਨ ਹੋ ਰਹੇ ਸਨ, ਪਹਾੜੀ ਰਾਜਿਆਂ ਨੂੰ ਇਹ ਬਿਲਕੁਲ ਪਸੰਦ ਨਹੀਂ ਸੀ। ਉਹਨਾਂ ਨੂੰ ਇਹੀ ਡਰ ਖਾਂਦਾ ਰਹਿੰਦਾ ਕਿ ਗੁਰੂ ਗੋਬਿੰਦ ਸਿੰਘ ਉਹਨਾਂ ਦਾ ਇਲਾਕਾ ਕਬਜ਼ੇ ਵਿੱਚ ਨ ਲੈ ਲੈਣ। ਗੁਰੂ ਘਰ ਦੀ ਅਜਿਹੀ ਕੋਈ ਨੀਤੀ ਨਹੀਂ ਸੀ। ਗੁਰੂ ਜੀ ਤਾਂ ਸਿੱਖਾਂ ਦੀ ਅਣਖ ਅਤੇ ਸਵੈਭਿਮਾਨ ਨੂੰ ਕਾਇਮ ਰੱਖਣਾ ਚਾਹੁੰਦੇ ਸਨ। ਇਸ ਲਈ ਆਨੰਦਗੜ੍ਹ ਦੇ ਲਾਗੇ ਲਾਗੇ ਪੰਜ ਛੋਟੇ ਕਿਲੇ (ਗੜੀਆਂ) ਉਸਾਰੇ ਗਏ। ਆਨੰਦਪੁਰ ਨਵੇਕਲੀ ਥਾਂ ਤੇ ਸਥਿਤ ਸੀ, ਪਰ ਸ਼ਾਹ ਰਾਹ ਤੋਂ ਬਹੁਤੀ ਦੂਰ ਨਹੀਂ ਸੀ । ਰਣਜੀਤ ਨਗਾਰਾ ਤਿਆਰ ਕੀਤਾ ਗਿਆ। ਜਦ ਗੁਰੂ ਗੋਬਿੰਦ ਸਿੰਘ ਚੜ੍ਹਦੇ ਤਾਂ ਇਸ ਉੱਤੇ ਚੋਟ ਮਾਰੀ ਜਾਂਦੀ। ਇਸਦੀ ਆਵਾਜ਼ ਢਾਈ ਢਾਈ ਕੋਹ ਤੇ ਸੁਣਾਈ ਦਿੰਦੀ ਸੀ। ਜਿਸ ਨਾਲ ਪਹਾੜੀ ਰਾਜਿਆਂ ਦੇ ਦਿਲ ਦਹਲ ਜਾਂਦੇ ਸੀ। ਛੋਟੀਆਂ ਮੋਟੀਆਂ ਝੜਪਾਂ ਤਾਂ ਨਿਤ ਹੀ ਹੁੰਦੀਆਂ ਰਹਿੰਦੀਆਂ। ਆਨੰਦਪੁਰ ਸਾਹਿਬ ਦੇ ਦੁਆਲੇ ਤੇਰ੍ਹਾਂ ਜੰਗਾਂ ਲੜੀਆਂ ਗਈਆਂ। 1699 ਦੀ ਵਿਸਾਖੀ ਨੂੰ 80,000 ਸਿੱਖਾਂ ਨੇ ਅੰਮ੍ਰਿਤ ਛਕਿਆ। ਇਸ ਵਿੱਚ ਲੁਬਾਣੇ ਸਿੱਖ ਕਿਸੇ ਤੋਂ ਪਿੱਛੇ ਨਹੀਂ ਸਨ। ਉਹ ਪਹਿਲਾਂ ਹੀ ਤਿਆਰ-ਬਰ ਤਿਆਰ, ਸੁਡੌਲ ਪਿੰਡਿਆਂ ਵਾਲੇ ਸ਼ਸਤਰਧਾਰੀ ਮਨੁੱਖ ਸਨ। ਅੰਮ੍ਰਿਤਪਾਨ ਕਰਕੇ ਉਹਨਾਂ ਦੇ ਸਿਦਕ ਨੂੰ ਜਿਵੇਂ ਬੀਰਤਾ ਦੀ ਪਾਨ ਚੜ੍ਹ ਗਈ। ਗੁਰੂ ਘਰ ਨਾਲ ਜੁੜੇ ਲੁਬਾਣਿਆਂ ਦੇ ਪਰਵਾਰਾਂ ਨੇ ਵੱਡੀ ਗਿਣਤੀ ਵਿੱਚ ਅੰਮ੍ਰਿਤ ਛਕਿਆ। ਕਾਫ਼ੀ ਲੁਬਾਣੇ ਆਨੰਦਪੁਰ ਸਾਹਿਬ ਹੀ ਟਿਕੇ ਰਹੇ ਤੇ ਬਾਕੀ ਆਪਣੇ ਕਿਰਤ ਕਾਰਜਾਂ ਵਿੱਚ ਲੱਗੇ ਸਮੇਂ ਸਮੇਂ ਦਰਸ਼ਨਾਂ ਨੂੰ ਆਉਂਦੇ। ਜਦੋਂ ਉਹ ਆਨੰਦਪੁਰ ਸਾਹਿਬ ਤੋਂ ਜਾਂਦੇ ਤਾਂ ਆਨੰਦਪੁਰ ਦੀਆਂ ਪਵਿੱਤਰ ਤੇ ਬੀਰਤਾ ਭਰੀਆਂ ਗਾਥਾਵਾਂ ਆਪਣੇ ਇਲਾਕਿਆਂ ਵਿੱਚ ਕਰਦੇ। ਇਸ ਪ੍ਰਕਾਰ ਸਹਿਜ ਸੁਭਾਏ ਅੰਮ੍ਰਿਤ ਦੀ ਖੁਸ਼ਬੋਈ ਦਸੀਂ ਦਿਸ਼ਾਈਂ ਪੁੱਜਦੀ। ਪਹਾੜੀ ਰਾਜੇ ਦਿੱਲੀ ਨਿਤ ਖ਼ਬਰਾਂ ਘੱਲਦੇ ਤੇ ਬਾਦਸ਼ਾਹ ਦੇ ਕੰਨ ਭਰਦੇ ਰਹਿੰਦੇ। ਅਸੀ ਵਿਸਥਾਰ ਵਿੱਚ ਨ ਜਾਈਏ ਪਰ ਫਿਰ ਵੀ ਸੰਨ 1700 ਦੀ ਆਨੰਦਪੁਰ ਦੀ ਜੰਗ ਦਾ ਟੂਕ ਮਾਤਰ ਜ਼ਿਕਰ ਕਰਨਾ ਬਣਦਾ ਹੈ। ਪਹਾੜੀ ਰਾਜੇ ਗੁਰੂ ਜੀ ਨਾਲ ਉਲੱਝ ਕੇ ਉਹਨਾਂ ਨੂੰ ਹੈਚ ਨ ਕਰ ਸਕੇ। ਪਹਾੜੀ ਰਾਜਿਆਂ ਨੇ ਜੰਗ ਵਿੱਚ ਉਲਝੇ ਰਹਿਣ ਕਾਰਨ ਦਿੱਲੀ ਦਰਬਾਰ ਨੂੰ ਖਿਰਾਜ਼ ਨ ਭੇਜਿਆ। ਇਸ ਕਾਰਨ 1702 ਵਿੱਚ ਔਰੰਗਜ਼ੇਬ ਦਾ ਬੇਟਾ ਸ਼ਾਹਜ਼ਾਦਾ ਮੁਅਜ਼ਮ ਪਹਾੜੀਆਂ ਤੇ ਹੀ ਹਮਲਾਵਰ ਹੋ ਆਣ ਚੜ੍ਹਿਆ। ਪਹਾੜੀ ਰਾਜਿਆਂ ਨੇ ਗੁਰੂ ਜੀ ਅੱਗੇ ਫਰਿਆਦ ਕੀਤੀ। ਨਿਰਵੈਰ ਯੋਧੇ ਗੁਰੂ ਗੋਬਿੰਦ ਸਿੰਘ ਨੇ ਪਹਾੜੀ ਰਾਜਿਆਂ ਵੱਲੋਂ ਹੋ ਕੇ ਨਦੌਣ ਦੇ ਮੁਕਾਮ ਤੇ ਸ਼ਾਹਜ਼ਾਦਾ ਮੁਅਜ਼ਮ ਨਾਲ ਜੰਗ ਕੀਤੀ ਤੇ ਉਸਨੂੰ ਕਰਾਰੀ ਹਾਰ ਦਿੱਤੀ। ਇਸ ਜੰਗ ਵਿੱਚ ਪ੍ਰਸਿੱਧ ਗੁਰਸਿੱਖ ਲੁਬਾਣਾ ਭਾਈ ਲੱਖੀ ਸ਼ਾਹ ਜੀ ਦਾ ਬੇਟਾ ਭਾਈ ਹੇਮ ਸਿੰਘ ਸੈਂਕੜੇ ਜੰਗਜੂ ਲੁਬਾਣੇ ਗੁਰਸਿੱਖਾਂ ਨਾਲ ਸ਼ਾਮਿਲ ਹੋਇਆ ਅਤੇ “ਅਤਿ ਹੀ ਰਣ ਮੈ ਤਬ ਜੂਝ ਮਰੋ” ਦੇ ਪਵਿੱਤਰ ਵਾਕ ਅਨੁਸਾਰ ਗੁਰੂ ਜੀ ਦੇ ਸਨਮੁਖ, ਦੁਸ਼ਮਣਾਂ ਦੇ ਆਹੂ ਲਾਹੁੰਦਿਆਂ ਸ਼ਹੀਦੀ ਪਰਾਪਤ ਕਰ ਗਿਆ। ਬੜਾ ਅਦਭੁਤ ਸੰਜੋਗ ਹੈ ਕਿ ਭਾਈ ਹੇਮ ਸਿੰਘ ਦੇ ਪਿਤਾ ਲੱਖੀ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਸਸਕਾਰ ਸਿਰ-ਧੜ ਦੀ ਬਾਜੀ ਲਾ ਕੇ ਕੀਤਾ ਤੇ ਲੱਖੀ ਸ਼ਾਹ ਦਾ ਬੇਟਾ ਭਾਈ ਹੇਮ ਸਿੰਘ ਆਪਣੇ ਕਈ ਸਾਥੀਆਂ ਨਾਲ ਗੁਰੂ ਪਿਤਾ ਤੋਂ ਕੁਰਬਾਨ ਹੋ ਗਏ।
ਪਹਾੜੀ ਰਾਜੇ ਨੀਤੀਵਾਨ ਨਹੀਂ ਸਨ ਸਗੋਂ ਮੈਲੇ ਤੇ ਖੋਟੇ ਸਨ। ਗੁਰੂ ਜੀ ਬਸੌਲੀ ਗਏ ਤੇ ਉਹਨਾਂ ਉੱਤੇ ਉਲਟਾ ਹਮਲਾ ਕਰ ਦਿੱਤਾ। ਜਿੱਤ ਗੁਰੂ ਦੀ ਹੋਈ ਤੇ ਗੁਰੂ ਜੀ ਨੇ ਪਹਾੜੀ ਰਾਜਿਆਂ ਪਾਸੋਂ ਈਨ ਮਨਵਾਈ। ਇਹ ਸਿਲਸਿਲਾ 1704 ਤਕ ਚਲਦਾ ਰਿਹਾ। ਜੰਗਾਂ ਤੇ ਜੰਗਾਂ ਨਿਤ ਚਲਦੀਆਂ ਰਹੀਆਂ। ਅਨੰਦਗੜ੍ਹ ਦੇ ਤਿਆਗ ਮਗਰੋਂ ਚਮਕੌਰ ਦੀ ਗੜ੍ਹੀ ਵਿਖੇ ਦੁਨੀਆ ਦੀ ਵਿਲੱਖਣਤਰੀਨ ਜੰਗ ਲੜੀ ਗਈ। ਇੱਕ ਪਾਸੇ ਗੁਰੂ ਜੀ ਨਾਲ ਭੁੱਖੇ ਤਰਿਹਾਏ ਥੱਕੇ ਟੁੱਟੇ ਚਾਲੀ ਸਿੱਖ ਸਨ ਤੇ ਦੂਜੇ ਪਾਸੇ ਮੁਗ਼ਲਾਂ ਤੇ ਪਹਾੜੀ ਰਾਜਿਆਂ ਦੇ ਮੁਲਖਈਏ ਦਾ ਘੇਰਾ। ਏਥੇ ਇਹ ਗੱਲ ਅੰਕਿਤ ਕਰਨੀ ਬੜੀ ਜਾਇਜ਼ ਹੈ ਕਿ ਇਹਨਾ ਚਾਲੀ ਮਰਜੀਵੜੇ ਗੁਰਸਿੱਖ ਸਿਪਾਹੀਆਂ ਵਿੱਚ ਲੁਬਾਣੇ ਸਿੱਖਾਂ ਦਾ ਹਿੱਸਾ ਉਹਨਾਂ ਦੀ ਗਿਣਤੀ ਦੇ ਅਨੁਪਾਤ ਤੋਂ ਕਿਤੇ ਵਧ ਸੀ। ਲੁਬਾਣੇ ਸਿੱਖ ਅਖੀਰ ਤਕ ਲੜ ਕੇ ਸ਼ਹੀਦ ਹੋਣ ਵਾਲੇ ਗੁਰਸਿੱਖਾਂ ਵਿੱਚ ਸ਼ਾਮਿਲ ਸਨ।
ਏਥੇ ਇਕ ਇਤਿਹਾਸਕ ਤੱਥ ਅੰਕਿਤ ਕਰਨਾ ਬੜਾ ਲਾਜ਼ਮੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਵਿਖੇ ਅਤੇ ਆਲੇ ਦੁਆਲੇ ਨਿਤ ਦੀਆਂ ਜੰਗਾਂ ਵਿੱਚ ਰੁੱਝੇ ਹੋਣ ਦੇ ਬਾਵਜੂਦ ਲਖੀ ਜੰਗਲ ਤੇ ਕੁਰੁਕਸ਼ੇਤਰ ਹੋ ਕੇ ਆਏ ਸਨ। ਸਾਰਾ ਮਾਲਵਾ, ਪੰਜਾਬ ਤੇ ਹੋਰ ਇਲਾਕੇ ਅਨੰਦਪੁਰ ਦੇ ਹਾਲਾਤ ਤੋਂ ਭਲੀ ਪ੍ਰਕਾਰ ਵਾਕਿਫ਼ ਸਨ। ਆਨੰਦਪੁਰ ਬੇਸ਼ਕ ਉੱਚੀ ਥਾਵੇਂ ਸਥਿਤ ਸੀ ਪਰ ਸਰਹਿੰਦ ਵੀ ਵੱਡੇ ਸ਼ਾਹ ਰਾਹ ਤੋਂ ਕੋਈ ਵਧੇਰੇ ਦੂਰ ਨਹੀਂ ਸੀ। ਗੁਰੂ ਕੇ ਮਰਜੀਵੜੇ ਸਿੱਖ ਏਥੋਂ ਵੀ ਅਨੰਦਪੁਰ ਸਾਹਿਬ ਆਉਂਦੇ ਜਾਂਦੇ ਰਹਿੰਦੇ ਸੀ। ਮਾਲਵੇ ਦੀ ਧਰਤੀ ਤੋਂ ਦਰਿਆਵਾਂ ਦੇ ਨਾਲ ਨਾਲ ਲੁਬਾਣਿਆਂ ਦੀ ਕਿਰਤ ਤੇ ਕਾਰਜ ਆਮ ਵਾਂਗੂ ਤੇਰ ਤੇ ਉਹ ਭਲੀ ਪ੍ਰਕਾਰ ਜਾਗ ਰੂਕਸ ਲ ਬਰੂ ਆ ਹਿੱਬੇ ਅਤੇ ਅਨੰਦਪੁਰ ਸਾਹਿਬ ਮਾਨਸਿਕ ਤੌਰ ਤੇ ਉਹਨਾਂ ਤੋਂ ਕਵੀ ਦੂਗਰਕ ਸਨ। ਗੁਰੂ ਸਾਹਿਬ ਅ ਸਮਿਆ ਵਿੱਚ ਉਹ ਹਮੇਸ਼ਾ ਅਗਰਗਣੀ ਰਹੇ। ਇਸ ਸਾਰੇ ਦਾ ਬਿਰਤਾਂਤ ਅਸੀ ਅੱਗੇ ਚਲ ਕੇ ਸਵਿਸਥਾਰ ਦਿਆਂਗੇ।
ਆਨੰਦਗੜ੍ਹ ਤੇ ਚਮਕੌਰ ਦੀ ਜੰਗ
ਬੜੇ ਵਿਲੱਖਣ ਹਾਲਾਤ ਵਿੱਚ ਗੁਰੂ ਗੋਬਿੰਦ ਸਿੰਘ ਨੇ ਆਨੰਦਗੜ੍ਹ ਦਾ ਤਿਆਗ ਕੀਤਾ ਤੇ ਚਮਕੌਰ ਦੀ ਜੰਗ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਨੇ. ਅਦੁੱਤੀ ਸ਼ਹਾਦਤ ਪ੍ਰਾਪਤ ਕੀਤੀ। ਇਸ ਮਹਾਨ ਸਾਕੇ ਦਾ ਸਾਨੀ ਸਾਰੀ ਦੁਨੀਆ ਦੇ ਇਤਿਹਾਸ ਵਿੱਚ ਢੂੰਢਿਆ ਵੀ ਨਹੀਂ ਮਿਲਦਾ। ਚਮਕੌਰ ਤੋਂ ਖਾਲਸਾ ਪੰਥ ਦੇ ਹੁਕਮ ਅਨੁਸਾਰ ਗੁਰੂ ਗੋਬਿੰਦ ਸਿੰਘ ਮਾਛੀਵਾੜਾ ਪੁੱਜ ਗਏ। ਛੋਟੇ ਸਾਹਿਬਜ਼ਾਦੇ ਸਰਸਾ ਨਦੀ, ਰੋਪੜ, ਪਰਿਵਾਰ ਵਿਛੋੜਾ ਦੇ ਮੁਕਾਮ ਤੋਂ ਮਾਤਾ ਗੁਜਰੀ ਜੀ ਨਾਲ ਗੰਗੂ ਬ੍ਰਾਹਮਣ ਕੋਲ ਜਾ ਪੁੱਜੇ। ਉਸਨੇ ਲਾਲਚ ਵਸ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਗਿਰਫ਼ਤਾਰ ਕਰਵਾ ਦਿੱਤਾ। ਉਹਨਾਂ ਦੀ ਸ਼ਹਾਦਤ ਦੀ ਖ਼ਬਰ ਕਲਗੀਧਰ ਨੂੰ ਮਾਛੀਵਾੜਾ ਵਿਖੇ ਮਿਲੀ। ਆਪ ਜੀ ਨੇ ਆਪਣੇ ਤੀਰ ਦੀ ਨੋਕ ਨਾਲ ਕਾਹੀ ਦੇ ਬੂਟੇ ਨੂੰ ਜੜ੍ਹੋਂ ਪੁੱਟਦਿਆਂ ਬਚਨ ਕੀਤਾ ਕਿ ਮੁਗ਼ਲੀਆ ਸਲਤਨਤ ਦੀ ਜੜ੍ਹ ਪੁੱਟੀ ਗਈ। ਏਥੇ ਭਾਈ ਦਇਆ ਸਿੰਘ ਜੀ ਗੁਰੂ ਪਾਤਸ਼ਾਹ ਨੂੰ ਆ ਮਿਲੇ। ਗੁਰੂ ਜੀ ਗਨੀ ਖਾਂ ਤੇ ਨਬੀ ਖਾਂ ਦੀ ਸਹਾਇਤਾ ਨਾਲ ਉੱਚ ਦੇ ਪੀਰ ਬਣ ਨੀਲਾ ਚੋਲਾ ਪਾ ਕੇ ਨਿਕਲ ਗਏ। ਧਲਿਆਣੀ, ਚਕਰ, ਤਖਤੂਪੁਰਾ ਤੇ ਮਸੇਲ ਪਿੰਡਾਂ ਵਿੱਚੋਂ ਹੁੰਦੇ ਹੋਏ ਦੀਨਾ ਪਿੰਡ ਪਹੁੰਚੇ। ਇਹ ਪਿੰਡ ਗੁਰੂ ਹਰਿਗੋਬਿੰਦ ਜੀ ਦੇ ਜੰਗਜੂ ਸਿੱਖ ਰਾਇ ਜੋਧ ਦੀ ਔਲਾਦ ਨੇ ਵਸਾਇਆ ਸੀ। ਲਖਮੀਰਾ, ਸ਼ਮੀਰਾ ਤੇ ਤਖਤਮਲ ਨੇ ਸਰਹਿੰਦ ਦੇ ਨਵਾਬ ਵਜੀਰ ਖਾਂ ਦੀ ਮੁਖਾਲਫਤ ਤੇ ਕੜੀ ਤਾੜਨਾ ਦੇ ਬਾਵਜੂਦ ਗੁਰੂ ਜੀ ਨੂੰ ਆਪਣੇ ਪਾਸ ਕਈ ਦਿਨ ਰੱਖਿਆ। ਸਰਹਿੰਦ ਦੀਆਂ ਫੌਜਾਂ ਦੀ ਚੜ੍ਹਾਈ ਦੀ ਸੂਹ ਮਿਲਣ ਤੇ ਗੁਰੂ ਜੀ ਨੀਤੀ ਨੂੰ ਮੁਖ ਰਖਦਿਆਂ ਕਾਂਗੜ ਚਲੇ ਗਏ। ਕਾਂਗੜ ਦੇਸ਼ ਵਿੱਚ ਗੁਰੂ ਜੀ ਨੇ ਜ਼ਫ਼ਰਨਾਮਾ ਫਤਿਹ ਦੀ ਚਿੱਠੀ ਲਿਖ ਔਰੰਗਜ਼ੇਬ ਨੂੰ ਭਾਈ ਦਇਆ ਸਿੰਘ ਹੱਥੀਂ ਦਿੱਲੀ ਘੱਲੀ। ਲਖੀ ਜੰਗਲ ਵਿਖੇ ਖਾਲਸੇ ਨੇ ਸਰਬੰਸ ਦਾਨੀ ਦਸਮੇਸ਼ ਜੀ ਦਾ ਦੀਦਾਰ ਕੀਤਾ। ਸਭਨੀ ਪਾਸੀਂ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਕਲਗੀਧਰ ਪਧਾਰੇ ਹਨ।
ਲਖੀ ਜੰਗਲ ਖਾਲਸਾ ਆਏ ਦੀਦਾਰ ਲਗੋਨੇ
ਸੁਣਕੇ ਸਦ ਮਾਹੀ ਦੀ ਮਹੀਂ ਪਾਣੀ ਘਾ ਮੁਤੋ ਨੇ।
ਖਦਰਾਣੇ ਦੀ ਢਾਬ ਵਿਖੇ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਦੀ ਆਖਰੀ ਜੰਗ ਲੜੀ। ਚਾਲੀ ਗੁਰਸਿੱਖ ਸ਼ਹੀਦ ਹੋਏ। ਇਹਨਾਂ ਚਾਲੀ ਮੁਕਤਿਆਂ ਨੂੰ ਗੁਰੂ ਜੀ ਨੇ ਮਨਸਬਾਂ ਦਿੱਤੀਆਂ, ਰਾਜ ਦਿੱਤੇ ਤੇ ਪਾਤਸ਼ਾਹੀ ਬਖ਼ਸ਼ੀ। ਭਾਈ ਮਹਾਂ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਵਿੱਚ ਚੋਲਾ ਤਿਆਗਿਆ। ਇਹ ਮਾਣ ਸਾਹਿਬਜ਼ਾਦਿਆਂ ਨੂੰ ਵੀ ਨਹੀਂ ਪਰਾਪਤ ਹੋਇਆ। ਸਾਰਿਆਂ ਦਾ ਸਾਂਝਾ ਅੰਗੀਠਾ ਬਣਾ ਕੇ ਗੁਰੂ ਜੀ ਨੇ ਖੁਦ ਸਸਕਾਰ ਕਰਾਇਆ। ਇੱਥੋਂ ਪਾਤਸ਼ਾਹ ਸਾਬੋ ਕੀ ਤਲਵੰਡੀ ਪੁੱਜੇ ਅਤੇ ਓਥੇ ਤਕਰੀਬਨ ਇਕ ਵਰ੍ਹੇ ਤੋਂ ਥੋੜ੍ਹਾ ਘੱਟ ਸਮਾਂ ਰੁਕੇ। ਏਥੇ ਖਾਲਸੇ ਉੱਤੇ ਆਪ ਜੀ ਨੇ ਜੋ ਮਿਹਰਾਂ ਕੀਤੀਆਂ ਉਹ ਅਦਭੁੱਤ ਤੇ ਅਦੁੱਤੀ ਹਨ। ਸਮਸਤ ਬਾਣੀ ਗੁਰੂ ਗ੍ਰੰਥ ਸਾਹਿਬ ਆਪਣੀ ਯਾਦਾਸ਼ਤ ਵਿੱਚੋਂ ਭਾਈ ਮਨੀ ਸਿੰਘ ਜੀ ਨੂੰ ਅੰਕਿਤ ਕਰਵਾਈ। ਇਹ ਕਲਗੀਧਰ ਦਾ ਉਹ ਅਹਿਸਾਨ ਤੇ ਦਾਤ ਹੈ, ਜਿਸ ਕਾਰਨ ਸਾਰਾ ਪੰਥ ਰਹਿੰਦੀ ਦੁਨੀਆ ਤੱਕ ਗੁਰੂ ਗ੍ਰੰਥ ਦੀ ਤਾਬਿਆ ਰਹੇਗਾ। ਹਮਲੇ ਅੱਗੇ ਵੀ ਹੋਏ ਹਨ, ਹੋ ਵੀ ਰਹੇ ਹਨ ਤੇ ਹੁੰਦੇ ਰਹਿਣਗੇ ਪਰ ਗੁਰੂ ਅਰਜਨ ਦੇਵ ਜੀ ਦੁਆਰਾ ਪ੍ਰਥਮ ਪ੍ਰਕਾਸ਼ ਵੇਲੇ ਲਿਆ ਗਿਆ ਪ੍ਰਥਮ ਗੁਰੂ ਵਾਕ ਸਦਾ ਸਹਾਈ ਹੋਵੇਗਾ ਤੇ ਰੱਖਿਆ ਕਰਦਾ ਰਹੇਗਾ।
‘ ਵਿਚਿ ਕਰਤਾ ਪੁਰਖੁ ਖਲੋਆ॥ ਵਾਲੁ ਨ ਵਿੰਗਾ ਹੋਆ॥
ਕਲਗੀਧਰ ਜੀ ਨੇ ਖੁਦ ਆਪਣੇ ਮੁਖਾਰਬਿੰਦ ਤੋਂ ਗੁਰਬਾਣੀ ਦੇ ਅਰਥ ਗੁਰਸਿੱਖਾਂ ਨੂੰ ਬੋਧ ਕਰਾਏ। ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਤੇ ਕੁਲ ਪੰਜ ਸਿੱਖਾਂ ਨੂੰ ਇਹ ਦਾਤ ਦਿੱਤੀ। ਇਹੀ ਅੱਗੇ ਜਾ ਕੇ ਟਕਸਾਲਾਂ ਦੇ ਰੂਪ ਵਿੱਚ ਗੁਰਬਾਣੀ ਦਾ ਸੰਦੇਸ਼ ਸਿੱਖ ਜਗਤ ਤੇ ਸਾਰੇ ਸੰਸਾਰ ਨੂੰ ਦਿੰਦੇ ਰਹੇ। ਇੱਥੋਂ ਮਹਾਰਾਜ ਬਹਾਦੁਰਸ਼ਾਹ ਨੂੰ ਮਿਲਣ ਲਈ ਆਗਰਾ ਪਧਾਰੇ। ਗੁਰੂ ਗੋਬਿੰਦ ਸਿੰਘ ਜਦ ਬਾਦਸ਼ਾਹ ਨੂੰ ਮਿਲੇ ਤਾਂ ਬੜੀ ਪ੍ਰਸਿੱਧ ਤੇ ਵਿਲੱਖਣ ਘਟਨਾ ਹੋਈ। ਬਾਦਸ਼ਾਹ ਨੇ ਕਿਹਾ, ਗੁਰੂ ਜੀ ਕਰਾਮਾਤ ਦਿਖਾਓ। ਤਦ ਗੁਰੂ ਜੀ ਨੇ ਮੁਸਕਰਾ ਕੇ ਬਾਦਸ਼ਾਹ ਵਲ ਸੰਕੇਤ ਕੀਤਾ, ਭਾਵ ਤੇਰਾ ਬਾਦਸ਼ਾਹ ਬਨਣਾ ਕਰਾਮਾਤ ਹੀ ਹੈ। ਫਿਰ ਬਾਦਸ਼ਾਹ ਤੇ ਦਰਬਾਰੀਆਂ ਨੇ ਕਿਹਾ, ਪੀਰ! ਕਰਾਮਾਤ। ਤਦ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਸਿੱਕਾ ਜ਼ਮੀਨ ਤੇ ਉਛਾਲ ਦਿੱਤਾ, ਭਾਵ ਦੌਲਤ ਦੀ ਵੀ ਸੰਸਾਰ ਵਿੱਚ ਤਾਕਤ ਹੈ। ਉਹ ਕਰਾਮਾਤ ਦੇਖਣਾ ਚਾਹੁੰਦੇ ਸਨ, ਫਿਰ ਬੋਲ ਉਠੇ, ਪੀਰ! ਕਰਾਮਾਤ ਦਿਖਾਓ। ਤਾਂ ਗੁਰੂ ਗੋਬਿੰਦ ਸਿੰਘ ਨੇ ਮਿਆਨ ਵਿੱਚੋਂ ਕਿਰਪਾਨ ਕੱਢ ਕੇ ਹਵਾ ਵਿੱਚ ਲਹਿਰਾਈ। ਗੱਲ ਸਾਫ਼ ਤੇ ਸਪੱਸ਼ਟ ਸੀ, ਮਜ਼ਲੂਮ ਦੀ ਰੱਖਿਆ ਲਈ ਉਠੇ ਸ਼ਸਤਰ ਬਹੁਤ ਵੱਡੀ ਕਰਾਮਾਤ ਹਨ।
ਹੁਣ ਬਹਾਦਰਸ਼ਾਹ ਨੇ ਪੁੱਛਿਆ, ਪੀਰ ! ਮਜ਼ਹਬ ਤੁਮਾਰਾ ਖੂਬ ਕਿ ਹਮਾਰਾ ਖੂਬ? ਤਾਂ ਕਲਗੀਧਰ ਨੇ ਉੱਤਰ ਦਿੱਤਾ, ਤੁਮ ਕੋ ਤੁਮਾਰਾ ਖੂਬ, ਹਮ ਕੋ ਹਮਾਰਾ ਖੂਬ। ਗੱਲ ਨੂੰ ਹੋਰ ਸਪੱਸ਼ਟ ਕਰਨ ਲਈ ਕਲਗੀਧਰ ਪਿਤਾ ਨੇ ਭਾਈ ਦਇਆ ਸਿੰਘ ਨੂੰ ਇੱਕ ਰੁਪਇਆ ਦਿੱਤਾ ਕਿ ਜਾਓ ਬਾਜ਼ਾਰੋਂ ਕੁਝ ਖਰੀਦ ਲਿਆਓ। ਭਾਈ ਜੀ ਥੋੜ੍ਹੀ ਦੇਰ ਬਾਅਦ ਰੁਪਏ ਸਣੇ ਪਰਤ ਆਏ। ਗੁਰੂ ਜੀ ਨੇ ਕਿਹਾ, ਤੁਸੀਂ ਕੋਈ ਸੌਦਾ ਨਹੀਂ ਲੈ ਕੇ ਆਏ ਤਾਂ ਭਾਈ ਦਇਆ ਸਿੰਘ ਨੇ ਉੱਤਰ ਦਿੱਤਾ, ਪਾਤਸ਼ਾਹ ਰੁਪਇਆ ਖੋਟਾ ਹੈ। ਬਾਦਸ਼ਾਹ ਨੇ ਚਕ੍ਰਿਤ ਹੋ ਕੇ ਰੁਪਇਆ ਆਪਣੇ ਪਾਸ ਮੰਗਵਾਇਆ ਤੇ ਆਖਿਆ ਇਸ ਉੱਤੇ ਤਾਂ ਮੇਰੀ ਮੁਹਰ ਲੱਗੀ ਹੈ। ਤਾਂ ਗੁਰੂ ਜੀ ਨੇ ਨਿਧੜਕ ਹੋ ਕੇ ਆਖਿਆ, ਮੁਹਰ ਤਾਂ ਠੀਕ ਹੈ ਪਰ ਧਾਤ ਖੋਟੀ ਹੈ। ਗੁਰੂ ਜੀ ਦਾ ਇਹ ਹੁਕਮ ਇਤਿਹਾਸ ਵਿੱਚ ਅਮਰ ਹੈ ਤੇ ਸਾਰੇ ਜਗ ਦਾ ਪਥ ਪ੍ਰਦਰਸ਼ਨ ਕਰਦਾ ਰਹੇਗਾ। ਇਸਦਾ ਭਾਵ ਹੈ ਕਿ ਜਿਤਨੇ ਮਰਜ਼ੀ ਧਾਰਮਿਕ ਚਿੰਨ੍ਹ ਆਪਣੇ ਉੱਤੇ ਸਜਾਈ ਜਾਓ, ਪਾਰ ਉਤਾਰਾ ਉਸਦਾ ਹੀ ਹੋਵੇਗਾ, ਜੋ ਅੰਦਰੋਂ ਖਰਾ ਹੈ।
ਨਾਨਕ ਜੇ ਵਿਚਿ ਰੁਪਾ ਹੋਇ। ਖਰਾ ਖਰਾ ਆਖੈ ਸਭੁ ਕੋਇ
ਇਸੇ ਮਿਲਣੀ ਤੋਂ ਬਾਅਦ ਆਗਰਾ ਵਿਖੇ ਹੀ ਬਾਦਸ਼ਾਹ ਨਾਲ ਨਿਰਣਾ ਹੋਇਆ ਕਿ ਉਹ ਸਾਹਿਬਜ਼ਾਦਿਆਂ ਨੂੰ ਕਤਲ ਕਰਨ ਵਾਲਿਆਂ ਨੂੰ ਢੁਕਵੀਂ ਸਜ਼ਾ ਦੇਣ। ਸਭ ਕੁਝ ਭਲੀ ਪ੍ਰਕਾਰ ਨਜਿੱਠਿਆ ਗਿਆ ਅਤੇ ਬਾਦਸ਼ਾਹ ਨੇ ਐਲਾਨ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਈ ਰੋਕ ਟੋਕ ਨਹੀਂ। ਉਹ ਜਿੱਥੇ ਚਾਹੁਣ, ਆਉਣ ਜਾਣ। ਜਿੱਥੇ ਉਹਨਾਂ ਦਾ ਚਿਤ ਕਰੇ ਓਥੇ ਨਿਵਾਸ ਕਰਨ।
ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਦੱਖਣ ਵਿੱਚ ਬਗਾਵਤ ਹੋ ਗਈ। ਬਾਦਬਾਰ ਓਧਰ ਚਲਾ ਗਿਆ ਤੇ ਓਥੇ ਹੀ ਰੁਝ ਕੇ ਖੁੱਬਾ ਰਿਹਾ। ਏਧਰੋਂ ਸਰਹਿੰਦ ਦੇ ਨਵਾਬ ਨੂੰ ਪਤਾ ਲੱਗਾ ਤੇ ਉਹਨੇ ਗੁਰੂ ਜੀ ਦੇ ਮਗਰ ਦੋ ਪਠਾਨ ਘੱਲ ਦਿੱਤੇ ਤਾਂ ਜੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਇਹ ਕਾਰਾ 1708 ਵਿੱਚ ਨਾਂਦੇੜ ਵਿਖੇ ਵਾਪਰਿਆ ਸ ਕਲਗੀਧਰ ਜੀ ਆਗਰੇ ਤੋਂ ਰਾਜਪੁਤਾਨੇ ਵੱਲ ਚਲੇ 5 ਗਏ। ਓਥੋਂ ਦੇ ਰਾਜਪੂਤਾਂ ਤੇ ਰਜਵਾਇਆ ਕਲਰ ਦੀ ਲੜਾਈ ਵਾਸਤੇ ਆਵਾਜ਼ ਉਠਾਉਣ ਲਈ ਉਤਸ਼ਾਹਿਤ ਕੀਤਾ, ਜੇ ਸਾਰੇ ਮੁਨਤਜ਼ਮ ਹੋ ਕੇ ਜ਼ੁਲਮ ਦੇ ਖ਼ਿਲਾਫ਼ ਲੜਣ। ਇਸੇ ਫੇਰੀ ਵਿੱਚ ਹੀ ਦਾਦੂ ਦੀ ਕਬਰ ਨੂੰ ਤੀਰ ਨਾਲ ਸਲਾਮ ਕਰਨ ਤੇ ਗੁਰਸਿੱਖਾਂ ਨੇ ਕਲਗੀਧਰ ਨੂੰ ਟੋਕਿਆ। ਪਾਤਸ਼ਾਹ ਬਣੇ ਪ੍ਰਸੰਨ ਹੋਏ ਕਿ ਖਾਲਸਾ ਤਿਆਰ ਬਰ ਤਿਆਰ ਹੈ । ਖਾਲਸਾ ਅਕਾਲਪੁਰਖ ਕੀ ਫੌਜ ਹੈ। ਏਥੋਂ ਗੁਰੂ ਜੀ ਨੇ ਦੱਖਣ ਵੱਲ ਜਾਣ ਦਾ ਇਰਾਦਾ ਪਰਗਟ ਕੀਤਾ। ਖਾਲਸੇ ਨੇ ਕਿਹਾ, ਪਾਤਸ਼ਾਹ ਕਰ ਪਈ ਦੱਖਣ, ਤਾਂ ਗੁਰੂ ਜੀ ਨੇ ਕਿਹਾ, ਦੱਖਣ ਜਾਣਾ ਬੜਾ ਜ਼ਰੂਰੀ ਹੈ, ਏਥੇ ਖਾਲਸਾ ਜੀ ਦੇ ਕਾਰਜ ਸਵਰਣਗੇ। ਗੁਰੂ ਪਾਤਸ਼ਾਹ ਏਥੋਂ ਪ੍ਰਸਥਾਨ ਕਰਕੇ ਨਾਂਦੇੜ ਪੁਜ ਗਏ। ਆਪਜੀ ਦੇ ਪਵਿੱਤਰ ਜੀਵਨ ਦਾ ਸਿਖਰਲਾ ਭਾਗ 1704 ਤੋਂ 1708 ਤੱਕ ਵਧੇਰੇ ਗੋਲਿਆ ਨਹੀਂ ਗਿਆ। ਏਥੇ ਅਸੀ ਜ਼ਿਆਦਾ ਵਿਸਥਾਰ ਵਿੱਚ ਨਹੀਂ ਜਾ ਸਕਾਂਗੇ। ਨਾਂਦੇੜ ਪੁਜ ਕੇ ਆਪ ਜੀ ਬਾਬਾ ਬੰਦਾ ਨੂੰ ਮਿਲੇ ਤੇ ਉਸਨੂੰ ਰਹਿਮਤਾਂ ਬਖ਼ਸ਼ ਕੇ ਪੰਜਾਬ ਦੀ ਧਰਤੀ ਵੱਲ ਘੱਲਿਆ। ਪੰਜਾਬ ਵਿੱਚ ਪੁੱਜਣ ਤੇ ਬਾਬਾ ਬੰਦਾ ਸਿੰਘ ਨੂੰ ਲੁਬਾਣੇ ਸਿੱਖਾਂ ਦਾ ਸਹਿਯੋਗ ਤੇ ਬਾਬਾ ਜੀ ਦੇ ਕੀਤੇ ਕਾਰਨਾਮੇ ਅਸੀ ਅੱਗੇ ਅੰਕਤ ਕਰਾਂਗੇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੱਖਣ ਦਿਸ਼ਾ ਵੱਲ ਚਲ ਪਏ। ਮਹਾਰਾਜ ਨੇ ਮਾਧੋ ਦਾਸ ਬਾਰੇ ਪਹਿਲਾਂ ਦਮਦਮਾ ਸਾਹਿਬ ਟਿਕਾਣੇ ਸਮੇਂ ਫਿਰ ਦਾਦੂਪੁਰ ਰਾਜਸਥਾਨ ਅਤੇ ਬੁਰਹਾਨਪੁਰ ਬਹੁਤ ਕੁਝ ਸੁਣਿਆ ਸੀ। ਗੁਰੂ ਜੀ ਦੇ ਹਿਰਦੇ ਵਿੱਚ ਮਾਧੋਦਾਸ ਦੀ ਜ਼ਾਇਆ ਜਾ ਰਹੀ ਸ਼ਕਤੀ ਨੂੰ ਸਿੱਧੇ ਪਾਸੇ ਲਾਣ ਦਾ ਦ੍ਰਿੜ੍ਹ ਸੰਕਲਪ ਬਣ ਗਿਆ ਸੀ।
ਮਾਧੋਦਾਸ ਦਾ ਜਨਮ ਜੰਮੂ ਕਸ਼ਮੀਰ ਪ੍ਰਾਂਤ ਪੁਣਛ ਦੇ ਪਿੰਡ ਰਾਜੌਰੀ ਵਿਖੇ ਰਾਮਦੇਵ ਰਾਜਪੂਤ ਦੇ ਘਰ 13 ਸੰਮਤ 1727 ਮੁਤਾਬਿਕ 1669 ਈ. ਵਿੱਚ ਹੋਇਆ। ਬਚਪਨ ਦਾ ਨਾਮ ਲਛਮਨ ਦੇਵ ਸੀ। ਇਹ ਸਰੀਰ ਦਾ ਤਗੜਾ ਤੇ ਜੁੱਸੇ ਦਾ ਮਜਬੂਤ ਸੀ। ਇਸਨੂੰ ਸ਼ਿਕਾਰ ਦਾ ਸ਼ੌਕ ਸੀ। ਇਕ ਵਾਰੀ ਹਿਰਨੀ ਦਾ ਸ਼ਿਕਾਰ ਕਰਨ ਤੇ ਉਸਦੇ ਗਰਭ ਵਿੱਚੋਂ ਦੋ ਬੱਚੇ ਨਿਕਲੇ ਜੋ ਤੜਪ ਤੜਪ ਕੇ ਮਰ ਗਏ। ਲਛਮਣਦੇਵ ਦਾ ਹਿਰਦੇ ਪਰਿਵਰਤਨ ਹੋ ਗਿਆ। ਉਹ ਵੈਸ਼ਨਵ ਸਾਧ ਜਾਨਕੀ ਦਾਸ ਦਾ ਮੁਰੀਦ ਬਣ ਗਿਆ ਅਤੇ ਨਾਮ ਮਾਧੋ ਦਾਸ ਰੱਖਿਆ ਗਿਆ। ਇਸਨੇ ਤੰਤਰ ਵਿਦਿਆ ਸਿੱਖ ਲਈ ਅਤੇ ਉਹ ਤਰ੍ਹਾਂ ਤਰ੍ਹਾਂ ਦੇ ਤੰਤਰ ਦਿਖਾ ਕੇ ਲੋਕਾਂ ਉੱਤੇ ਪ੍ਰਭਾਵ ਪਾ ਉਹਨਾਂ ਨੂੰ ਹੇਚ ਕਰਦਾ। ਭ੍ਰਮਣ ਕਰਦਾ ਹੋਇਆ ਇਹ ਨਾਂਦੇੜ ਵਿਖੇ ਪੁਜ ਗਿਆ ਤੇ ਓਥੇ ਆਪਣਾ ਡੇਰਾ ਬਣਾ ਲਿਆ।
ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਡੇਰੇ ਪੁੱਜੇ ਅਤੇ ਓਥੇ ਮਾਸ ਰਿਝਣਾ ਰਖਾ ਦਿੱਤਾ। ਪਾਤਸ਼ਾਹ ਖੁਦ ਇਸਦੇ ਪਲੰਘ ਤੇ ਜਾ ਬਿਰਾਜੇ। ਮਾਧੋ ਦਾਸ ਉਸ ਸਮੇਂ ਡੇਰੇ ਤੋਂ ਬਾਹਰ ਗਿਆ ਹੋਇਆ ਸੀ। ਉਸਨੇ ਆ ਕੇ ਦੇਖਿਆ ਤਾਂ ਉਸਨੂੰ ਹੈਰਾਨੀ ਵੀ ਹੋਈ ਤੇ ਮਨ ਵਿੱਚ ਕੁੰਠਿਤ ਵੀ ਹੋਇਆ। ਆਪਣੀ ਨਿਤ ਦੀ ਆਦਤ ਮੂਜਬ ਉਸਨੇ ਤੰਤਰ ਦੇ ਜ਼ੋਰ ਨਾਲ ਪਲੰਘ ਨੂੰ ਉਲਟਾਉਣ ਦਾ ਯਤਨ ਆਰੰਭਿਆ। ਪਰ ਸਭ ਅਕਾਰਥ ਹੀ ਗਿਆ। ਮਾਧੋਦਾਸ ਸਮਝ ਗਿਆ ਕਿ ਇਹ ਕੋਈ ਆਮ ਮਨੁੱਖ ਨਹੀਂ। ਹੋਵੇ ਨ ਹੋਵੇ ਇਹ ਗੁਰੂ ਗੋਬਿੰਦ ਸਿੰਘ ਜੀ ਹੀ ਹਨ। ਉਸਨੇ ਗੁਰੂ ਗੋਬਿੰਦ ਸਿੰਘ ਪਾਸੋਂ ਪੁੱਛ ਹੀ ਲਿਆ। ਪਾਤਸ਼ਾਹ ਨੇ ਆਖਿਆ, ਤੂੰ ਸਾਨੂੰ ਜਾਣਦਾ ਹੈਂ ਤਦ ਮਾਧੋ ਦਾਸ ਨੇ ਕਿਹਾ, ਤੁਸੀ ਗੁਰੂ ਗੋਬਿੰਦ ਸਿੰਘ ਹੋ, ਗੁਰੂ ਜੀ ਨੇ ਉੱਤਰ ਦਿੱਤਾ, ਹਾਂ ਮੈਂ ਉਹੀ ਹਾਂ। ਨਾਲ ਹੀ ਗੁਰੂ ਜੀ ਨੇ ਮੋੜਵਾਂ ਪ੍ਰਸ਼ਨ ਕੀਤਾ, ਤੂੰ ਕੋਣ ਹੈ? ਤਾਂ ਮਾਧੋ ਦਾਸ ਨੇ ਉੱਤਰ ਦਿੱਤਾ ਮੈਂ ਬੰਦਾ ਹਾਂ, ਤੁਹਾਡਾ ਬੰਦਾ। ਗੁਰੂ ਜੀ ਨੇ ਆਣ ਆ ਬੰਦਾ ਹੈ ਤਾਂ ਬੰਦਿਆਂ ਵਾਲੇ ਕੰਮ ਕਰ। ਬਸ ਉਸੇ ਸਮੇਂ ਹੀ ਬੰਦਾ ਪੂਰਣ ਤੌਰ ਤੇ ਸਮਖਿਆ ਹੋਇਆ ਅਤੇ ਗੁਰੂ ਜੀ ਮਿਹਰ ਦੇ ਮੁਕਾਮ ਤੇ ਆਏ।
ਵਿਸਥਾਰ ਵਿੱਚ ਨ ਜਾਈਏ, ਗੁਰੂ ਜੀ ਨੇ ਬੰਦਾ ਬੈਰਾਗੀ ਨੂੰ ਅੰਮ੍ਰਿਤ ਛਕਾਇਆ ਤੇ ਨਾਮ ਗੁਰਬਖ਼ਸ਼ ਸਿੰਘ ਰੱਖਿਆ। ਉਸਨੂੰ ਵਾਪਸ ਪੰਜਾਬ ਜਾਣ ਲਈ ਆਗਿਆ ਦਿੱਤੀ । ਇਸ ਤੋਂ ਪਹਿਲਾਂ ਹੀ ਮਹਾਰਾਜ ਦੇ ਉੱਤੇ ਸਰਹੰਦ ਦੇ ਨਵਾਬ ਵੱਲੋਂ ਘੱਲੇ ਹੋਏ ਪਠਾਨ ਜਮਸ਼ੇਦ ਖਾਂ ਤੇ ਗੁਲ ਖਾਂ ਨੇ ਗੁਰੂ ਜੀ ਦੇ ਉੱਤੇ ਮਾਰੂ ਹਮਲਾ ਕਰ ਦਿੱਤਾ। ਬਾਦਸ਼ਾਹ ਵੱਲੋਂ ਭੇਜੇ ਗਏ ਫਰਾਂਸੀਸੀ ਡਾਕਟਰ ਦੇ ਇਲਾਜ ਨਾਲ ਜ਼ਖ਼ਮ ਭਰ ਗਿਆ ਪਰ ਚਿੱਲੇ ਤੀਰ ਚਾੜ੍ਹਣ ਕਾਰਨ ਜ਼ਖ਼ਮ ਮੁੜ ਰਿਸ ਪਏ। ਪਾਤਸ਼ਾਹ ਦਾ ਮੁੜ ਪੰਜਾਬ ਪਰਤਣ ਦਾ ਇਰਾਦਾ ਸੀ ਪਰ ਇਸ ਘਾਤਕ ਘਟਨਾ ਨਾਲ ਹਾਲਾਤ ਕਾਫ਼ੀ ਬਦਲ ਗਏ।
ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਨੂੰ ਬਹਾਦਰ ਦਾ ਖਿਤਾਬ ਬਖ਼ਸ਼ਿਆ। ਆਸ਼ੀਰਵਾਦ ਵਜੋਂ ਆਪਣੇ ਪੰਜ ਤੀਰ ਬਖ਼ਸ਼ੇ, ਪੰਜ ਪਿਆਰਿਆਂ ਵਜੋਂ ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ ਸਿੰਘ, ਭਾਈ ਦਇਆ ਸਿੰਘ ਤੇ ਭਾਈ ਰਣ ਸਿੰਘ, ਗੁਰਮੁਖ ਗੁਰਸਿੱਖ ਸਹਾਇਤਾ ਲਈ ਨਾਲ ਘੱਲ ਦਿੱਤੇ। ਗੁਰੂ ਜੀ ਨੇ ਬਾਬਾ ਬੰਦਾ ਸਿੰਘ ਨੂੰ ਹੁਕਮ ਦਿੱਤਾ ਕਿ ਸਦਾ ਪੰਜ ਪਿਆਰਿਆਂ ਦੀ ਤਾਬਿਆ ਰਹਿਣਾ। ਆਚਰਣ ਉੱਚਾ ਰੱਖਣਾ, ਸਦਾ ਪਿਆਰੇ ਖਾਲਸਾ ਜੀ ਦਾ ਸਤਿਕਾਰ ਕਰਨਾ। ਸਾਡੇ ਪ੍ਰੇਮੀ ਸ਼ੇਖ ਬਦਰੂਦੀਨ (ਪੀਰ ਬੁੱਧੂ ਸ਼ਾਹ) ਜੀ ਦੇ ਕਾਤਲਾਂ ਨੂੰ ਸੋਧਣਾ। ਜਿਨ੍ਹਾਂ ਨੇ ਅਨਿਆਂ ਤੇ ਜ਼ੁਲਮ ਕੀਤਾ ਹੈ, ਉਹਨਾਂ ਨੂੰ ਸਜ਼ਾਵਾਂ ਦੇਣੀਆਂ। ਪਾਤਸ਼ਾਹ ਦੇਖ ਰਹੇ ਸਨ ਕਿ ਦੋਖੀ ਤਾਕਤਾਂ ਜੱਥੇਬੰਦ ਹੋ ਰਹੀਆਂ ਹਨ। ਉਹਨਾਂ ਨੂੰ ਢੁਕਵੇਂ ਦੰਡ ਦਿੱਤੇ ਜਾਣ। (ਇਕ ਖ਼ਿਆਲ ਅਨੁਸਾਰ ਭਾਈ ਬਾਜ ਸਿੰਘ ਦੇ ਲੁਬਾਣਾ ਹੋਣ ਸਬੰਧੀ ਕੁਝ ਲੇਖਕਾਂ ਦੁਆਰਾ ਅੰਕਿਤ ਕੀਤਾ ਹੋਇਆ ਮਿਲਦਾ ਹੈ।)
ਬਾਬਾ ਬੰਦਾ ਸਿੰਘ ਦੀਆਂ ਜਿੱਤਾਂ
ਬਾਬਾ ਬੰਦਾ ਸਿੰਘ ਇਕ ਦ੍ਰਿੜ੍ਹ ਇਰਾਦੇ ਨਾਲ ਸਰਹਿੰਦ ਪੁੱਜਾ। ਉਸਦੀ ਆਮਦ ਬਾਰੇ ਸੁਣ ਕੇ ਸਿੱਖ ਉਸਦੇ ਨਾਲ ਆਣ ਜੁੜੇ। ਦਿਨਾਂ ਵਿੱਚ ਹੀ ਇਕ ਚੰਗੀ ਫੌਜ ਜੱਥੇਬੰਦ ਹੋ ਗਈ। ਇਹਨਾ ਕੋਲ ਫੌਜੀ ਤਰਬੀਅਤ ਦੇ ਨਾਲ ਨਾਲ ਗੁਰੂ ਪ੍ਰਤੀ ਸ਼ਰਧਾ ਤੇ ਕੁਝ ਕਰ ਸਕਣ ਦਾ ਜਜ਼ਬਾ ਬਹੁਤ ਪ੍ਰਬਲ ਸੀ। ਸਾਹਿਬਜ਼ਾਦਿਆਂ ਦੀ ਸ਼ਹਾਦਤ, ਮੁਗ਼ਲ ਫੌਜਾਂ ਦੇ ਅਸੰਤੁਲਿਤ ਯੁੱਧ ਵੇਲੇ ਕੀਤੇ ਜ਼ੁਲਮ ਦਾ ਬਦਲਾ ਲੈਣ ਦੇ ਭਾਂਬੜ ਵੀ ਹਿਰਦਿਆਂ ਵਿੱਚ ਸੁਲਗ ਰਹੇ ਸਨ।
ਭਾਈ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਵਿੱਚ ਸਪੱਸ਼ਟ ਲਿਖਿਆ ਹੈ ਕਿ ਬਾਬਾ ਬੰਦਾ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਵਣਜਾਰੇ ਆਣ ਰਲੇ
ਪਹਿਲੋਂ ਸਿਖ ਵਣਜਾਰੇ ਰਲੇ
ਫੜ ਹਥ ਬਰਛੇ ਬਉਲੇ ਲਦ ਭਲੇ
ਸਰਹਿੰਦ ਦੇ ਮੁਕਾਮ ਤੇ ਇਲਾਕੇ ਵਿੱਚ ਵਿਚਰਨ ਵਾਲੇ ਪ੍ਰਸਿੱਧ ਬਣਜਾਰੇ ਭਾਈ ਭਗਵੰਤ ਸਿੰਘ, ਭਾਈ ਕੌਰ ਸਿੰਘ ਤੇ ਭਾਈ ਬਾਜ ਸਿੰਘ ਆਪਣੀ ਕਿਰਤ ਦੇ ਕਾਰਜਾਂ ਵਿੱਚ ਲੱਗੇ ਸਨ। ਬਾਬਾ ਬੰਦਾ ਸਿੰਘ ਨੇ ਇਹਨਾਂ ਸਬੰਧੀ ਸੁਣ ਕੇ ਇਹਨਾਂ ਨਾਲ ਸੰਪਰਕ ਸਥਾਪਿਤ ਕੀਤਾ। ਭਾਈ ਭਗਵੰਤ ਸਿੰਘ ਜਿਸਦਾ ਪਹਿਲਾ ਨਾਂ ਭਾਗੂ ਵਣਜਾਰਾ ਸੀ, ਔਰੰਗਜ਼ੇਬ ਦੀ ਫੌਜ ਵਿੱਚ ਪੰਜ ਹਜ਼ਾਰੀ ਸੀ, ਗੁਰੂ ਗੋਬਿੰਦ ਸਿੰਘ ਨਾਲ ਹੋ ਰਹੀਆਂ ਵਧੀਕੀਆਂ ਕਾਰਨ ਇਹ ਫੌਜ ਨੂੰ ਛੱਡ ਕੇ ਆਪਣੇ ਇਲਾਕੇ ਵਿੱਚ ਮੁੜ ਕੰਮ ਕਾਜ ਵਿੱਚ ਲਗ ਗਿਆ ਸੀ। ਇਹ ਅੰਮ੍ਰਿਤ ਪਾਨ ਕਰਕੇ ਭਗਵੰਤ ਸਿੰਘ ਬਣਿਆ। ਇਹ ਬਹੁਤ ਵੱਡਾ ਸੂਰਮਾ ਤੇ ਜੰਗ-ਜੂ ਯੋਧਾ ਸੀ। ਬਾਬਾ ਬੰਦਾ ਸਿੰਘ ਨੇ ਦੱਖਣ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਸਬੰਧੀ ਜਾਣੂ ਕਰਾਇਆ। ਤਾਂ ਇਹ ਗੁਰਸਿੱਖ ਆਪਣਾ ਸਾਜੋ ਸਾਮਾਨ ਤੇ ਸੌਦਾ ਵੇਚ ਵਟ ਬਸਤ ਤੇ ਜੰਗੀ ਸਾਮਾਨ ਖਰੀਦ ਕੇ ਬਾਬਾ ਬੰਦਾ ਸਿੰਘ ਨਾਲ ਜਾ ਰਲਿਆ। ਇਸ ਮਗਰੋਂ ਹੋਰ ਵੀ ਸਿੱਖ ਸਿਪਾਹੀ ਮਿਲ ਗਏ ਤੇ ਚੰਗੀ ਫੌਜ ਬਣ ਗਈ। 1708 ਦੇ ਅੰਤ ਵਿੱਚ ਬਾਬਾ ਬੰਦਾ ਸਿੰਘ ਦੱਖਣ ਤੋਂ ਚਲਿਆ ਸੀ। ਜੱਥੇਬੰਦ ਹੋ ਕੇ ਸਾਰੇ ਇਲਾਕੇ ਉੱਤੇ ਭਰਪੂਰ ਹਮਲੇ ਕੀਤੇ ਤੇ ਸਭ ਨੂੰ ਆਪਣੇ ਹੇਚ ਕਰ ਲਿਆ। ਸਮਾਣਾ ਵਿਖੇ ਬੰਦਾ ਸਿੰਘ ਨੇ ਕਤਲੇਆਮ ਕੀਤਾ ਤੇ 10,000 ਬੰਦੇ ਮਾਰ ਦਿੱਤੇ। ਸਾਰਾ ਇਲਾਕਾ ਤਹਿਤੇਗ ਕਰ ਦਿੱਤਾ। ਏਥੇ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਧੜ ਤੋਂ ਜੁਦਾ ਕਰਨ ਵਾਲਾ ਜੱਲਾਦ (ਜਲਾਲੁਦੀਨ) ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੀ ਕੰਧ ਵਿੱਚ ਚੁਣੇ ਜਾਣ ਮਗਰੋਂ ਜ਼ਿਲ੍ਹਾ ਕਰਨ ਵਾਲੇ ਸਿਸ਼ਾਲ ਬੇਗ ਤੇ ਰਿਸਾਲ ਬੇਗ ਏਸੇ ਸਮਾਣੇ ਦੇ ਵਸਨੀਕ ਸਨ। ਸਿੱਖ ਯੋਧਿਆਂ ਨੇ ਸਮਾਣੇ ਨੂੰ ਮਸਾਨਾਂ ਸਮਾਨ ਨਿਰਜਿੰਦ ਤੇ ਨਿਰਜੀਵ ਕਰ ਦਿੱਤਾ। ਇਕ ਗੱਲ ਹੋਰ ਬੜੀ ਵਿਲੱਖਣ ਹੈ ਕਿ ਬਾਬਾ ਬੰਦਾ ਸਿੰਘ ਨੇ ਸਮਾਣੇ ਵਿਖੇ ਮਸੀਤ ਨੂੰ ਨੁਕਸਾਨ ਨਹੀਂ ਪਹੁੰਚਾਇਆ। ਸਿੱਖ ਫੌਜੀ ਉਤਾਵਲੇ ਸਨ ਕਿ ਮਸਜਿਦ ਨੂੰ ਵੀ ਮਲੀਆ ਮੇਟ ਕਰ ਦਿੱਤਾ ਜਾਏ। ਬਾਬਾ ਬੰਦਾ ਸਿੰਘ ਨੇ ਇਸਦੀ ਆਗਿਆ ਨਹੀਂ ਦਿੱਤੀ ਤੇ ਸਖ਼ਤੀ ਨਾਲ ਵਰਜਿਆ। ਜਦ ਸਿੱਖਾਂ ਨੇ ਰੋਸ ਪਰਗਟ ਕੀਤਾ ਤਾਂ ਬਾਬਾ ਜੀ ਨੇ ਕਹਿਆ, ਤੁਸੀ ਇਸ ਮਸਜਿਦ ਦੇ ਮਗਰਿਬ ਵਾਲੇ ਪਾਸੇ ਦੀ ਕੰਧ ਵਿੱਚੋਂ ਕੁਝ ਇੱਟਾਂ ਹਟਾ ਕੇ ਆਪਣਾ ਰੋਸ ਪਰਗਟ ਕਰ ਸਕਦੇ ਹੋ । ਬਾਬਾ ਬੰਦਾ ਸਿੰਘ ਨੇ ਆਪਣੀਆਂ ਜੰਗਾਂ ਤੇ ਜਿੱਤਾਂ ਵਿੱਚ ਇਹੀ ਨੀਤੀ ਅਪਣਾਈ ਰੱਖੀ। ਕਿਸੇ ਬੇਕਸੂਰ ਨੂੰ ਨਹੀਂ ਮਾਰਿਆ। ਕਿਸੇ ਔਰਤ ਦੀ ਬੇਪਤੀ ਨਹੀਂ ਹੋਣ ਦਿੱਤੀ। ਬੱਚਿਆਂ ਤੇ ਨਿਹੱਥਿਆਂ ਉੱਤੇ ਕੋਈ ਵਾਰ ਨਹੀਂ ਕੀਤਾ ਗਿਆ। ਇਸ ਸਾਰੇ ਇਤਿਹਾਸਕ ਸਮੇਂ ਸਬੰਧੀ ਮੁਸਲਮਾਨ ਲਿਖਾਰੀ, ਗੁਲਾਮ ਮਹਿਉਦੀਨ ਨੇ ਆਪਣੀ ਪੁਸਤਕ ਫਤੁਹਾਤ ਨਾਮਾ ਵਿੱਚ ਲਿਖਿਆ ਹੈ ਕਿ ਬੰਦਾ ਸਿੰਘ ਦੀਆਂ ਫੌਜਾਂ ਨੇ ਬੜੀ ਤਬਾਹੀ। ਮਚਾਈ, ਕਤਲੇਆਮ ਕੀਤਾ, ਧਰਤੀ ਉੱਤੇ ਹਲ ਵਾਹ ਕੇ ਬਸਤੀਆਂ ਬਰਬਾਦ ਕਰ ਦਿੱਤੀਆਂ। ਇਸ ਤੋਂ ਇਲਾਵਾ ਗੁਲਾਮ ਮਹਿਉਦੀਨ ਨੇ ਸਿੱਖਾਂ ਦੇ ਨਾਵਾਂ ਨਾਲ ਲੱਗੇ ਹੋਏ ਅੱਖਰ (ਸਿੰਘ) ਦੀ ਥਾਵੇਂ ਸਗ ਲਿਖਿਆ ਹੈ। ਫਾਰਸੀ ਵਿੱਚ ਸਗ ਕੁੱਤੇ ਨੂੰ ਕਿਹਾ ਜਾਂਦਾ ਹੈ । ਗੁਲਾਮ ਮਹਿਉਦੀਨ ਨੇ ਸਾਰਾ ਵਰਨਣ ਵਿਸਥਾਰ ਨਾਲ ਤੇ ਵਧਾ ਚੜਾ ਕੇ ਵੀ ਕੀਤਾ ਹੈ। ਪਰ ਨਾਲ ਇਹ ਵੀ ਲਿਖਿਆ ਹੈ ਕਿ ਇਹਨਾਂ ਨੇ ਨਾ ਤਾਂ ਕਿਸੇ ਔਰਤ ਦੀ ਬੇਪਤੀ ਕੀਤੀ ਤੇ ਨਾ ਹੀ ਕਿਸੇ ਨਿਹੱਥੇ ਅਤੇ ਬੇਕਸੂਰ ਨੂੰ ਮਾਰਿਆ ਜਾਂ ਸਜਾ ਦਿੱਤੀ। ਲਿਖਾਰੀ ਪੁਸਤਕ ਦੇ ਅੰਤ ਵਿੱਚ ਲਿਖਦਾ ਹੈ ਕਿ ਇਹਨਾਂ ਕੁੱਤਿਆਂ ਵਿੱਚ ਤਾਂ ਕੁੱਤਿਆਂ ਵਾਲੀ ਕੋਈ ਗੱਲ ਨਹੀਂ।
ਗੁਰੂ ਗੋਬਿੰਦ ਸਿੰਘ ਦੇ ਆਦੇਸ਼ ਅਨੁਸਾਰ ਬਾਬਾ ਬੰਦਾ ਸਿੰਘ ਨੇ ਸਢੌਰੇ ਦੇ ਹਾਕਮ ਉਸਮਾਨ ਖਾਨ ਦੁਆਰਾ ਕੀਤੇ ਗਏ ਜ਼ੁਲਮਾਂ ਲਈ ਉਸਨੂੰ ਪਾਰ ਬੁਲਾਇਆ। ਉਸਮਾਨ ਖਾਨ ਨੇ ਬੜੀ ਅਤਿ ਚੁੱਕੀ ਸੀ । ਹਿੰਦੂਆਂ ਦੇ ਘਰਾਂ ਵਿੱਚ ਗਾਵਾਂ ਨੂੰ ਵੱਢ ਕੇ ਰੋਲਿਆ ਸੀ, ਬੱਚਿਆਂ ਤੇ ਬੁੱਢਿਆਂ ਨੂੰ ਬੜੀ ਬੇਦਰਦੀ ਨਾਲ ਕਤਲ ਕੀਤਾ। ਜਿਹੜੇ ਹਿੰਦੂ, ਪੀਰ ਬੁੱਧੂ ਸ਼ਾਹ ਦੇ ਡੇਰੇ ਵਿੱਚ ਸ਼ਰਣ ਲੈਣ ਲਈ ਗਏ, ਉਹਨਾਂ ਨੂੰ ਕੋਹ ਕੋਹ ਕੇ ਮਾਰਿਆ ਤੇ ਨਾਲ ਹੀ ਸ਼ਰਣ ਦੇਣ ਵਾਲੇ ਪੀਰ ਬੁੱਧੂ ਸ਼ਾਹ ਨੂੰ ਬੇਰਹਿਮੀ ਨਾਲ ਕਤਲ ਕੀਤਾ। ਇਸ ਅਸਥਾਨ ਨੂੰ ਕਤਲ ਗੜ੍ਹੀ ਕਰਕੇ ਜਾਣਿਆ ਜਾਂਦਾ ਹੈ । ਉਸਮਾਨ ਖਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਮਾਛੀਵਾੜੇ ਤੋਂ ਬਚ ਨਿਕਲਣ ਦਾ ਵੀ ਦੁਖ ਸੀ। ਉਹਨਾਂ ਦੀ ਮਦਦ ਕਰਨ ਲਈ ਸਢੌਰਾ ਵਿਖੇ ਉਸਨੇ ਜ਼ੁਲਮ ਢਾਏ। ਬਾਬਾ ਬੰਦਾ ਸਿੰਘ ਦੀਆਂ ਫੌਜਾਂ ਨੇ ਗਿਣ ਗਿਣ ਕੇ ਬਦਲੇ ਲਏ। ਇਹ ਵੀ ਲਿਖਿਆ ਮਿਲਦਾ ਹੈ ਕਿ ਬਾਬਾ ਬੰਦਾ ਦੀਆਂ ਫੌਜਾਂ ਨੇ ਕਬਰਾਂ ਵਿੱਚੋਂ ਜਰਵਾਣਿਆਂ ਦੀਆਂ ਲਾਸ਼ਾਂ ਨੂੰ ਕੱਢ ਕੇ ਰੋਲਿਆ। ਸਰਹਿੰਦ, ਸਮਾਣਾ, ਸਢੌਰਾ ਦੇ ਮਗਰੋਂ ਪਾਣੀਪਤ ਨੂੰ ਵੀ ਫਤਹ ਕੀਤਾ। ਮੁਗ਼ਲਾਂ ਤੇ ਸਿਰਕੱਢ ਹਾਕਮਾਂ ਦੀਆਂ ਜ਼ਮੀਨਾਂ ਤੇ ਹਵੇਲੀਆਂ ਵਾਹੀਕਾਰਾਂ ਨੂੰ ਸੌਂਪ ਦਿੱਤੀਆਂ । ਬਾਬਾ ਬੰਦਾ ਸਿੰਘ ਨੇ ਜਿੰਮੀਦਾਰਾ ਨਿਜ਼ਾਮ ਖ਼ਤਮ ਕਰਕੇ ਜ਼ਮੀਨ ਪਹਿਲੀ ਵਾਰੀ ਜ਼ਿੰਮੀਦਾਰਾਂ ਨੂੰ ਸੌਂਪੀ।
ਸਰਹਿੰਦ ਵਿਖੇ ਪੀਰ ਮੁਜਦਦ ਅਲਫ਼ ਸਾਨੀ ਦਾ ਜੋ ਮਕਬਰਾ ਹੈ ਉਸਨੂੰ ਕੋਈ ਨੁਕਸਾਨ ਨਹੀਂ ਪੁਚਾਇਆ ਤੇ ਨਾ ਹੀ ਓਥੋਂ ਦੇ ਮੁਜਾਵਰਾਂ ਤੇ ਵਸਨੀਕਾਂ ਨੂੰ ਮਾਰਿਆ ਜਾਂ ਸਜ਼ਾ ਦਿੱਤੀ। ਇਹ ਇਤਿਹਾਸਕ ਤੱਥ ਹੈ ਤੇ ਪੀਰ ਮੁਜਦਦ ਅਲਫ ਸਾਨੀ ਨਕਸ਼ਬੰਦੀਆ ਦੇ ਨਾਲ ਸਬੰਧਿਤ ਸਨ। ਇਹ ਬੜੇ ਕੱਟੜ ਤੇ ਨਿਰਦਈ ਕਿਸਮ ਦੇ ਮੁਸਲਮਾਨ ਹੋ ਗੁਜਰੇ ਹਨ। ਜਦ ਬਾਬਰ ਹਮਲਾਵਰ ਹੋ ਕੇ ਆਇਆ ਸੀ ਤਾਂ ਇਹਨਾਂ ਨੇ ਹੀ ਬਾਬਰ ਨੂੰ ਜ਼ੁਲਮ ਕਰਨ ਤੇ ਵਧੀਕੀਆਂ ਲਈ ਚੁੱਕਿਆ ਸੀ । ਬਾਬਰ ਨੇ ਵੀ ਇਹਨਾਂ ਨੂੰ ਆਪਣੇ ਸੱਜੇ ਪਾਸੇ ਬਿਠਾ ਕੇ ਮਾਣ ਦਿੱਤਾ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਿੱਚ ਵੀ ਇਹਨਾਂ ਦਾ ਨੁਮਾਯਾਂ ਯੋਗਦਾਨ ਸੀ।
ਇਹ ਇਤਨੇ ਹੰਕਾਰੀ ਤੇ ਹੈਂਕੜ ਵਾਲੇ ਸਨ ਕਿ ਇਹਨਾਂ ਦੇ ਪੀਰ ਮਜ਼ਹਰ ਨੂੰ ਜਹਾਂਗੀਰ ਨੇ ਕਤਲ ਕਰਵਾ ਦਿੱਤਾ ਸੀ। ਬਾਬਾ ਬੰਦਾ ਸਿੰਘ ਤੇ ਸਿੱਖ ਫੌਜਾਂ ਦਾ ਕਮਾਲ ਹੈ ਕਿ ਉਹਨਾਂ ਨੇ ਕਿਸੇ ਮਸੀਤ, ਪੀਰ ਜਾਂ ਮੁਜਾਵਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਜਿੱਥੇ ਸਿੱਖਾਂ ਦੇ ਹਿਰਦੇ ਵਿੱਚ ਅੱਗ ਸੀ, ਓਥੇ ਉਹਨਾਂ ਨੇ ਦੇਹੁਰਾ-ਓ-ਮਸੀਤ ਸੋਈ, ਪੂਜਾ- ਓ-ਨਮਾਜ਼ ਓਹੀ ਦਾ ਸਬਕ ਵੀ ਪੜਿਆ ਸੀ।
ਇਹਨਾਂ ਜਿੱਤਾਂ ਦੇ ਫਲ ਵੱਜੋਂ ਬੰਦਾ ਸਿੰਘ ਨੇ ਭਾਈ ਬਾਜ ਸਿੰਘ ਲੁਬਾਣੇ ਨੂੰ ਸਰਹਿੰਦ ਦਾ ਗਵਰਨਰ ਥਾਪਿਆ। ਇਹ ਇਤਿਹਾਸ ਵਿੱਚ ਪਹਿਲਾ ਸਿੱਖ ਹਾਕਮ ਹੋਇਆ ਹੈ। ਭਾਈ ਆਲੀ ਸਿੰਘ ਨੂੰ ਤਜਰਬੇਕਾਰ ਜਥੇਬੰਦਕ ਹੋਣ ਕਾਰਨ ਭਾਈ ਬਾਜ ਸਿੰਘ ਦਾ ਨਾਇਬ ਥਾਪਿਆ। ਸਮਾਣੇ ਨੂੰ ਮੁੜ ਉਸਾਰਿਆ ਤੇ ਵਸਾਇਆ ਗਿਆ ਅਤੇ ਬਾਜ ਸਿੰਘ ਦੇ ਪੁੱਤਰ ਫਤਹ ਸਿੰਘ ਨੂੰ ਹਾਕਮ ਥਾਪਿਆ ਗਿਆ। ਭਾਈ ਬਾਜ ਸਿੰਘ ਦੇ ਭਰਾ ਭਾਈ ਰਾਮ ਸਿੰਘ ਨੂੰ ਥਾਨੇਸਰ ਦਾ ਸਰਬਰਾਹ ਤੇ ਹਾਕਮ ਬਣਾਇਆ ਗਿਆ ਅਤੇ ਭਾਈ ਬਿਨੋਦ ਸਿੰਘ ਨੂੰ ਸਰਪਰਸਤ ਥਾਪਿਆ।
ਮਗਰੋਂ ਆਣ ਵਾਲੇ ਸਮੇਂ ਵਿੱਚ ਤਿੰਨ ਪਰਮੁਖ ਮਿਸਲਾਂ ਭੰਗੀ, ਰਾਮਗੜੀਆ ਤੇ ਸ਼ਹੀਦਾਂ ਇਹਨਾਂ ਹੀ ਇਲਾਕਿਆਂ ਵਿੱਚ ਹਕੂਮਤ ਕਰਦੀਆਂ ਰਹੀਆਂ। ਇਹਨਾਂ ਵਿੱਚ ਵੱਡੀ ਗਿਣਤੀ ਲੁਬਾਣੇ ਸਿੱਖਾਂ ਦੀ ਸੀ ਅਤੇ ਇਹੀ ਸਭ ਮਹਾਰਾਜਾ ਰਣਜੀਤ ਸਿੰਘ ਦੁਆਰਾ ਸਿੱਖ ਰਾਜ ਸਥਾਪਿਤ ਕਰਨ ਵਿੱਚ ਸਹਾਈ ਹੋਈਆਂ।
ਬਾਬਾ ਬੰਦਾ ਸਿੰਘ ਦੇ ਵਾਪਸ ਆਉਣ ਤੇ ਜੋ ਸਜ਼ਾਵਾਂ ਦੋਖੀ ਹੁਕਮਰਾਨਾਂ ਨੂੰ ਇਲਾਕੇ ਭਰ ਵਿੱਚ ਦਿੱਤੀਆਂ ਗਈਆਂ, ਉਸ ਵਿੱਚ ਲੁਬਾਣਿਆਂ ਦੀ ਕੁਰਬਾਨੀ ਤੇ ਚਲਨ ਇਸ ਤਰ੍ਹਾਂ ਸੀ, ਜਿਸ ਤਰ੍ਹਾਂ ਮਨੁੱਖੀ ਸਰੀਰ ਦੇ ਅੰਦਰ ਧੜਕਦੇ ਦਿਲ ਦਾ ਖੂਨ ਸਾਰੀਆਂ ਨਾੜੀਆਂ ਤੇ ਧਮਨੀਆਂ ਵਿੱਚ ਹੋ ਕੇ ਜਾਨ ਪੈਦਾ ਕਰਦੀਆਂ ਹਨ। ਸਤਿਗੁਰਾਂ ਦੀ ਕਿਰਪਾ ਨਾਲ ਸਾਰੀ ਸਿੱਖ ਖਲਕਤ ਵਿੱਚ ਭਰਪੂਰ ਜਾਗਰੂਕਤਾ ਉਜਾਗਰ ਹੋ ਰਹੀ ਸੀ। ਬਾਬਾ ਬੰਦਾ ਸਿੰਘ ਦੇ ਕੇਂਦਰ ਬਿੰਦੂ ਬਣ ਜਾਣ ਨਾਲ ਲੁਬਾਣਿਆਂ ਦੀ ਕੁਰਬਾਨੀ ਭਲੀ ਪ੍ਰਕਾਰ ਰੰਗ ਲਿਆਈ ਤੇ ਗੁਰਸਿੱਖ ਲੁਬਾਣੇ, ਜੋ ਗੁਰੂ ਮਨ ਭਾਣੇ ਸਨ, ਉਹ ਸਮੇਂ ਦੇ ਉੱਤੇ ਛਾ ਗਏ। ਬਾਬਾ ਬੰਦਾ ਸਿੰਘ ਨੂੰ ਇਹਨਾ ਦਾ ਪੂਰਣ ਸਹਿਯੋਗ ਪ੍ਰਾਪਤ ਸੀ ਅਤੇ ਇਹ ਸੁਭਾਵਿਕ ਤਰੀਕੇ ਨਾਲ ਜੜ ਤੋਂ ਲੈ ਕੇ ਫੁੱਲਾਂ ਤਕ ਕਾਰਾਮਦ ਸਿਧ ਹੋਏ। ਲੁਬਾਣਿਆਂ ਨੇ ਵੀ ਇਸ ਤਹਿਰੀਕ ਵਿੱਚ ਬਹੁਤ ਪ੍ਰਾਪਤੀਆਂ ਕੀਤੀਆਂ। ਕਾਰ ਵਿਹਾਰ ਕਰਕੇ ਇਹ ਸਾਰੇ ਰੱਜੇ ਪੁੱਜੇ ਸਨ। ਆਪਣੀ ਕਿਰਤ ਤੇ ਬਿਰਤ ਕਾਰਣ ਇਹ ਸਰੀਰਕ ਤੌਰ ਤੇ ਕੱਠੇ ਸਨ ਤੇ ਗਠੇ ਹੋਏ। ਸਨ। ਜਿਸ ਤਰ੍ਹਾਂ ਇਹ ਆਪਣੇ ਕਿਰਤੀ ਸਫਰਾਂ ਵਿੱਚ ਆਪਣੇ ਮਾਲ ਢਾਂਡੇ ਦੀ ਰਾਖੀ ਜਿੰਦ ਜਾਨ ਨਾਲ ਕਰਦੇ ਸਨ। ਉਸੇ ਕਾਰਨ ਜੰਗ ਵਿੱਚ ਇਹਨਾਂ ਨੂੰ ਕੋਈ ਮਾਨਸਿਕ ਜਾਂ ਸਰੀਰਕ ਓਕੜ ਮਹਿਸੂਸ ਨਾ ਹੁੰਦੀ। ਜਦ ਬਾਬਾ ਬੰਦਾ ਸਿੰਘ ਨੇ, ਜ਼ਿਮੀਦਾਰਾ ਸਿਸਟਮ ਸਮਾਪਤ ਕਰਕੇ ‘ਜ਼ਮੀਨ ਵਾਹੀਕਾਰ ਦੀ’ ਦਾ ਨਾਹਰਾ ਦਿੱਤਾ ਤਾਂ ਇਹਨਾਂ ਬਹੁਤ ਸਾਰਿਆ ਨੇ ਜ਼ਮੀਨਾਂ ਖਰੀਦ ਵੀ ਲਈਆਂ ਤੇ ਉਹਨਾਂ ਉੱਤੇ ਕਬਜ਼ਾ ਕਰ ਲਿਆ। ਹੁਣ ਇਹ ਵਾਹੀਕਾਰ ਬਣ ਗਏ ਤੇ ਸਮਾਜ ਵਿੱਚ ਇਹਨਾ ਦਾ ਕੱਦ ਹੋਰ ਉੱਚਾ ਹੋਇਆ।
ਸਮਾਜਕ ਤੇ ਨਾਲ-ਨਾਲ ਰਾਜਨੀਤਕ ਕਰਾਂਤੀ ਗੁਰੂ ਗੋਬਿੰਦ ਸਿੰਘ ਜੀ ਦੇ, ਅਨੰਦਪੁਰ ਤੋਂ ਲੈ ਕੇ ਨੰਦੇੜ ਦੱਖਣ ਤਕ ਦੇ ਸਫ਼ਰ ਨਾਲ ਸ਼ੁਰੂ ਹੋਈ। ਹੁਣ ਜਿਸਦਾ ਮੂੰਹ ਸਿਰ ਸਪੱਸ਼ਟ ਬਣ ਗਿਆ ਸੀ।
ਭਾਈ ਲਖੀ ਸ਼ਾਹ ਲੁਬਾਣਾ, ਜਿਸਨੇ ਆਪਣੇ ਸਪੁੱਤਰ ਨਿਗਾਹੀਆ ਦੇ ਨਾਲ ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਸਸਕਾਰ ਆਪਣੀ ਹਵੇਲੀ ਤੇ ਘਰ ਬਾਰ ਫੂਕ ਕੇ ਕੀਤਾ ਸੀ, ਉਸਦੇ ਹਿਰਦੇ ਵਿੱਚ ਗੁਰੂ ਤੇਗ ਬਹਾਦਰ ਦੇ ਚਰਣ ਕੰਵਲ ਬਿਰਾਜ ਰਹੇ ਸਨ। ਇਹ ਲਾਖੀਨਾ ਲੁਬਾਣਾ ਸਿੱਖ ਅਪਣੀ ਅਦੁੱਤੀ ਸੇਵਾ ਨਾਲ ਕਰੋੜਾਂ ਦਾ ਹੋ ਗਿਆ। ਪ੍ਰਸਿੱਧ ਵਾਪਾਰੀ ਠਾਕੁਰ ਸ਼ਾਹ ਦਾ ਪੋਤਰਾ ਲਖੀ ਸ਼ਾਹ ਲੁਬਾਣਾ ਭਾਈ ਗੋਧੂ ਸ਼ਾਹ ਲੁਬਾਣਾ ਦਾ ਪੁੱਤਰ ਸੀ। ਲਖੀ ਸ਼ਾਹ ਦਾ ਦੂਜਾ ਬੇਟਾ ਭਾਈ ਹੇਮ ਸਿੰਘ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੇ ਬਹੁਤ ਸਾਰੇ ਫੌਜੀਆਂ ਨਾਲ ਹੀ ਟਿਕ ਗਿਆ ਸੀ। ਉਸਨੇ ਅਨੰਦਪੁਰ ਦੀਆਂ ਜੰਗਾਂ ਤੇ ਝੜਪਾਂ ਵਿੱਚ ਬੜੀ ਸੂਰਬੀਰਤਾ ਨਾਲ ਹਿੱਸਾ ਲਿਆ ਅਤੇ ਅੰਤ ਵਿੱਚ 1704 ਦੀ ਨਿਰਣਾਤਮਕ ਜੰਗ ਵਿੱਚ ਆਪਣੇ ਅਨੇਕ ਸਾਥੀਆਂ ਨਾਲ ਵੀਰਗਤੀ ਨੂੰ ਪਰਾਪਤ ਹੋਇਆ। ਇਹ ਸਿਲਸਿਲਾ ਸਰਹਿੰਦ, ਸਢੋਰਾ, ਸਮਾਨਾ ਤੇ ਪਾਣੀਪਤ ਦੀਆਂ ਜੰਗਾਂ ਦੀਆਂ ਜਿੱਤਾਂ ਵਿੱਚ ਚਲਦਾ ਰਿਹਾ।
ਗਿਆਨੀ ਗਰਜਾ ਸਿੰਘ ਰਚਿਤ ਪੁਸਤਕ ‘ਲੋਬਾਣਾ ਭਾਈਚਾਰਾ’ ਵਿੱਚ ਅੰਕਿਤ ਸ਼ਬਦ ਹੇਠਾਂ, ਪਾਠਕਾਂ ਦੇ ਧਿਆਨ ਜੋਗ ਦਰਜ ਕੀਤੇ ਜਾ ਰਹੇ ਹਨ। ਹੇਮ ਸਿੰਘ, ਬੇਟਾ ਲਖੀਏ ਕਾ, ਪੋਤਾ ਗੋਧੂ ਕਾ, ਪੜਪੋਤਾ ਠਾਕੁਰ ਕਾ ਚੰਦਰ ਬੰਸੀ ਮਿਤੀ ਮਘਰ ਬਦੀ ਪੰਚਮੀ ਸੰਬਤ 1960 ਕੋ ਆਨੰਦਪੁਰ ਮਲਹਾਨ ਸਾਹਮੇ ਮਾਥੇ ਜੂਝ ਕਰ ਮਰਾ।
ਕੁਰਬਾਨੀ, ਸ਼ਰਧਾ ਅਤੇ ਗੁਰੂ ਹੁਕਮਾਂ ਤੇ ਜੂਝ ਮਰਣ ਦੀ ਗੁੜਤੀ ਗੁਰਸਿੱਖਾਂ ਨੂੰ ਇਤਿਹਾਸ ਅਤੇ ਗੁਰਬਾਣੀ ਵਿੱਚ ਮਿਲੀ ਹੈ। ਇਹ ਗੁਰੂ ਦੇ ਚਰਣ ਕਮਲਾਂ ਉੱਤੋਂ ਭੌਰੇ ਵਾਂਗ ਜਾਨਾ ਵਾਰ ਦਿੰਦੇ ਸਨ।
ਭਵਰੁ ਤੁਮ੍ਹਾਰਾ ਇਹੁ ਮਨੁ ਹੋਵਉ ਹਰਿ ਚਰਣਾ ਹੋਹੁ ਕਉਲਾ॥
ਨਾਨਕ ਦਾਸੁ ਉਨ ਸੰਗਿ ਲਪਟਾਇਓ ਜਿਉ ਬੂੰਦਹਿ ਚਾਤ੍ਰਿਕ ਮਉਲਾ॥
ਭਾਵ ਇਹ ਕਿ ਗੁਰਸਿੱਖ ਗੁਰੂ ਤੋਂ ਕੁਰਬਾਣ ਹੋ ਕੇ ਖਿੜਦੇ ਹਨ ਅਤੇ ਇਹ ਸ਼ਕਤੀ ਗੁਰੂ ਪਾਸੋਂ ਪਰਾਪਤ ਕਰਕੇ ਜ਼ਾਲਮ ਤੇ ਜ਼ੁਲਮ ਨਾਲ ਭਿੜਦੇ ਹਨ। ਇਹ ਪੂਰਣ ਗੁਰੂ ਨੂੰ ਛੱਡਦੇ ਨਹੀਂ। ਚਾਤ੍ਰਿਕ ਵਾਂਗੂ ਇਹ ਗੁਰੂ ਅੰਮ੍ਰਿਤ ਦੀ ਸੁਆਂਤੀ ਬੂੰਦ ਹੀ ਪੀਂਦੇ ਹਨ। ਭਾਵੇਂ ਆਪਣੀਆਂ ਜਾਨਾਂ ਹੀ ਕਿਉਂ ਨ ਕੁਰਬਾਨ ਕਰ ਦੇਣੀਆਂ ਪੈਣ।
ਏਥੇ ਅਸੀ ਮੱਖਣ ਸ਼ਾਹ ਲੁਬਾਣੇ ਦੇ ਸਪੁੱਤਰ ਭਾਈ ਜਵੰਦ ਸਿੰਘ ਦਾ ਜ਼ਿਕਰ ਜੇ ਨਾ ਕਰੀਏ ਤਾਂ ਸਾਡਾ ਇਹ ਅਧਿਆਏ ਅਧੂਰਾ ਰਹਿ ਜਾਏਗਾ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਸੰਨ 1699 ਵਿੱਚ ਗੁਰਸੰਗਤ ਨੂੰ ਖਾਲਸਾ ਕਰ ਅੰਮ੍ਰਿਤ ਦੀ । ਦਾਤ ਦਿੱਤੀ ਤਾਂ ਭਾਈ ਮੱਖਣ ਸ਼ਾਹ ਦਾ ਬੇਟਾ ਭਾਈ ਜਵੰਦਾ ਸ਼ਾਹ ਅੰਮ੍ਰਿਤ ਛਕ ਕੇ ਭਾਈ ਜਵੰਦਾ ਸਿੰਘ ਬਣਿਆ। ਅਨੰਦਪੁਰ ਸਾਹਿਬ ਦੀਆਂ ਜੰਗਾਂ ਦੇ ਸਿਲਸਿਲੇ ਅੰਦਰ ਚਮਕੌਰ ਸਾਹਿਬ ਦੀ ਅਦੁੱਤੀ ਤੇ ਵਿਲੱਖਣ ਜੰਗ ਹੋਈ ਤਾਂ ਉਸ ਵਿੱਚ ਭਾਈ ਜਵੰਦਾ ਸਿੰਘ ਨੇ ਆਪਣੀ ਜਾਨ ਜੰਗ ਵਿੱਚ ਜੂਝ ਕੇ ਕੁਰਬਾਨ ਕੀਤੀ। ਅਜਿਹੀ ਅਸਾਂਵੀ ਤੇ ਅਸੰਤੁਲਿਤ ਜੰਗ ਮਨੁੱਖੀ ਇਤਿਹਾਸ ਵਿੱਚ ਕਿਤੇ ਹੋਰ ਨਹੀਂ ਲੜੀ ਗਈ। ਇਕ ਪਾਸੇ ਦਸ ਲੱਖ ਫੌਜਾਂ ਤੇ ਮੁਲਖਈਆ ਹਮਲਾਵਰ ਸੀ ਤੇ ਦੂਜੇ ਪਾਸੇ ਸਰਬ ਲੋਹ ਵਾਂਗ ਮਜਬੂਤ ਗਿਣਤੀ ਦੇ ਸਤਾਈ ਅੰਮ੍ਰਿਤਧਾਰੀ ਸਿੱਖ ਸਨ। ਭਾਈ ਮੱਖਣਸ਼ਾਹ ਨੇ ਨਿਰਭੈਤਾ ਤੇ ਨਿਡਰਤਾ ਨਾਲ ਗੁਰੂ ਨੂੰ ਪ੍ਰਗਟ ਕੀਤਾ ਅਤੇ ਘਰ ਘਰ, ਗਲੀ ਗਲੀ ਕੋਠਿਆਂ ‘ਤੇ ਚੁਬਾਰਿਆਂ ‘ਤੇ ਚੜ੍ਹ ਕੇ ਗੁਰੂ ਲਾਧੋ ਰੇ, ਗੁਰੂ ਲਾਧੋ ਰੇ ਦਾ ਹੋਕਾ ਦਿੱਤਾ। ਓਥੇ ਭਾਈ ਜਵੰਦ ਸਿੰਘ ਨੇ ਆਪਣੇ ਪਵਿੱਤਰ ਲਹੂ ਨਾਲ ਗੁਰੂ ਦੀ ਹੋਂਦ ਤੇ ਵਡਿਆਈ ਨੂੰ ਰੇਖਾਂਕਿਤ ਕਰਕੇ ਇਤਿਹਾਸ ਦੇ ਪੰਨਿਆਂ ਨੂੰ ਸਦਾ ਲਈ ਆਪਣੇ ਰਤੇ ਸੂਹੇ ਲਹੂ ਦੇ ਰੰਗ ਨਾਲ ਲਿਸ਼ਕਾਇਆ
“ਲਾਲ ਰੰਗੁ ਤਿਸ ਕਉ ਲਗਾ, ਜਿਸ ਕੇ ਵਡਭਾਗਾ॥
ਮੈਲਾ ਕਦੇ ਨ ਹੋਵਈ ਨ ਲਾਗੈ ਦਾਗਾ॥
ਗੁਰੂ ਨਾਨਕ ਦੇਵ ਜੀ ਦੀ ਇਹ ਦਾਤ ਸਰਬਤ ਗੁਰੂ ਚਰਨਾਂ ਦੀ ਛੁਹ ਨਾਲ ਮਹਾਨ ਹੋ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੇ ਇਸ ਤੋਂ ਬਾਅਦ ਅਜੋਕੇ ਸਮੇਂ ਤੱਕ ਬਰਕਤ ਬਣ ਕੇ ਲੁਬਾਣਿਆਂ ਦਾ ਮਾਣ ਬਣੀ ਹੋਈ ਹੈ ਜਿਸ ਨਾਲ ਉਹ ਰੱਜੇ ਫਿਰਦੇ ਹਨ।
ਏਥੇ ਮੈਂ ਇਸ ਤੱਥ ਨੂੰ ਹੋਰ ਸਪੱਸ਼ਟ ਕਰਨ ਲਈ ਪੰਜਾਬੀ ਯੂਨੀਵਰਸਿਟੀ ਦੇ ਵਿਦਵਾਨ ਪ੍ਰੋਫੈਸਰ ਫੌਜਾ ਸਿੰਘ ਰਚਿਤ ਪੁਸਤਕ, ‘ਗੁਰੂ ਗੋਬਿੰਦ ਸਿੰਘ ਮਾਰਗ’ ਦਾ ਹਵਾਲਾ ਦੇ ਰਿਹਾ ਹਾਂ। ਪੁਸਤਕ ਦੇ ਅੱਖਰ ਹਨ ਲੜੀ ਨੰ.9 ਜਵੰਦ ਸਿੰਘ- ਬੇਟਾ ਮੱਖਣ ਸ਼ਾਹ ਦਾ ਪੋਤਾ ਦਾਸੇ ਸ਼ਾਹ ਦਾ, ਪੜਪੋਤਾ ਬਨੇ ਕਾ ਉਲਾਦ ਬਹੋਣ ਸ਼ਾਹ ਪੇਲੀਆ ਗੋਤ ਬਨਜਾਰਾ ਬਾਸੀ ਟਾਂਡਾ ਪ੍ਰਗਨਾ ਦੇਸ਼ ਮਜੱਫਰਾਬਾਦ ਕਸ਼ਮੀਰ।
ਏਥੇ ਮੈਂ ਨਿਰਾ ਜਜ਼ਬੇ ਤੋਂ ਨਹੀਂ ਸਗੋਂ ਇਤਿਹਾਸਕ ਤੱਥ ਦੇ ਤਤ-ਸਤ ਵਿੱਚੋਂ ਅੰਕਿਤ ਕਰ ਰਿਹਾ ਹਾਂ ਕਿ ਜਿਹੜੀਆਂ ਜ਼ਮੀਨਾਂ ਦੇ ਮਾਲਕ ਸਿੱਖ ਰਾਜ ਦੇ ਪਹਿਲੇ ਹੱਲੇ ਦੇ ਮਰਹੱਲੇ ਵਿੱਚ ਬਣੇ ਹਨ, ਉਹਦੀ ਸਿੰਝਾਈ ਗੁਰਸਿੱਖਾਂ ਨੇ ਆਪਣੇ ਲਹੂ ਨਾਲ ਕੀਤੀ ਹੈ ਤੇ ਲੁਬਾਣੇ ਸਿੱਖਾਂ ਦਾ ਹਿੱਸਾ ਇਸ ਵਿੱਚ ਕਿਸੇ ਤੋਂ ਘੱਟ ਨਹੀਂ। ਮੂਲ ਗੱਲ ਤਾਂ ਸਦਾਕਤ, ਸ਼ਰਧਾ, ਕੁਰਬਾਨੀ ਤੇ ਇਮਾਨਦਾਰੀ ਦੀ ਹੈ। ਧਰਤੀ, ਬਾਗ, ਮਿਲਖ, ਧਨ, ਦੋਲਤ ਆਦਿ ਤਾਂ ਉਸਦੇ ਪਿੱਛੇ ਆਪੇ ਤੁਰੇ ਆਂਦੇ ਹਨ। ਇਹ ਗੱਲ ਗੁਰਸਿੱਖਾਂ ਤੇ ਲੁਬਾਣਿਆਂ ਨੇ ਭਲੀ ਪ੍ਰਕਾਰ ਸਮਝ ਲਈ ਸੀ। ਇੱਥੇ ਮੈਂ ਇਕ ਹੋਰ ਮੁਲਵਾਨ ਇਤਿਹਾਸਕ ਉਦਾਹਰਣ ਦੇ ਰਿਹਾ। ਹਾਂ। ਗਿਆਨੀ ਗਿਆਨ ਸਿੰਘ ਰਚਿਤ ਪੁਸਤਕ, “ਤਵਾਰੀਖ ਗੁਰੂ ਖਾਲਸਾ” ਦੇ ਅੱਖਰ ਹੇਠ ਲਿਖੇ ਅਨੁਸਾਰ ਹਨ
ਵਜ਼ੀਰ ਖਾਂ ਨੇ ਸਭਾ ਵਿੱਚ ਪਹਾੜੀ ਰਾਜਿਆਂ ਨੂੰ ਸੱਦ ਕੇ ਉਲਾਂਭਾ ਦਿੱਤਾ ਕਿ ਤੁਸੀਂ ਤਾਂ ਮੈਨੂੰ ਕਈ ਵਾਰੀ ਇਹ ਆਖਿਆ ਸੀ ਕਿ ਗੁਰੂ ਜੀ ਪਾਸ ਬਹੁਤੀ ਫੌਜ ਨਹੀਂ, ਜਿਹੜੀ ਹੈ। ਉਹ ਵੀ ਨਾਈ, ਛੀਂਬੇ, ਝੀਵਰ, ਬਾਣੀਏ, ਅਰੋੜੇ, ਲੁਬਾਣੇ, ਕੰਬੋਜ, ਸੈਣੀ, ਜੱਟ ਕੱਠੇ ਹੋ ਰਹੇ ਹਨ, ਜੋ ਬਾਦਸ਼ਾਹੀ ਫੌਜ ਨੂੰ ਵੇਖ ਕੇ ਨੱਠ ਜਾਣਗੇ, ਹੁਣ ਫੇਰ ਲੱਖਾਂ ਬਹਾਦਰ ਮੁਗ਼ਲਾਂ ਪਠਾਨਾਂ ਦੇ ਆਹੂ ਕੌਣ ਲਾਹੀ ਜਾਂਦਾ ਹੈ ।
ਇਤਿਹਾਸ ਦੇ ਵਿਦਿਆਰਥੀ, ਵੇਤਾ ਤੇ ਵਿਦਵਾਨ ਇਸ ਗੱਲ ਤੋਂ ਭਲੀ ਪ੍ਰਕਾਰ ਜਾਣੂ ਹਨ ਕਿ ਸੱਚ, ਪ੍ਰੇਮ, ਅਣਖ ਤੇ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਪਰਵਾਨੇ’ ਅਨਗਿਣਤ ਹਨ। ਇਹਨਾਂ ਸਾਰਿਆਂ ਦੇ ਨਾਂ ਕਿਧਰੇ ਦਰਜ ਨਹੀਂ ਹੁੰਦੇ, ਪਰ ਫਿਰ ਵੀ ਸਾਰਾ ਜ਼ਮਾਨਾ ਇਹਨਾਂ ਨੂੰ ਜਾਣਦਾ ਹੈ। ਇਸਦਾ ਇਕ ਚਮਕੀਲਾ ਤੇ ਰੌਸ਼ਨ ਉਦਾਹਰਣ ਸਾਡੀ ਨਿਤ ਦੀ ਅਰਦਾਸ ਹੈ। ਜਦੋਂ ਅਸੀ ਆਖਦੇ ਹਾਂ, ਪੰਜ ਪਿਆਰੇ, ਚਾਰ ਸਾਹਿਬਜਾਦੇ, ਚਾਲੀ। ਮੁਕਤੇ, ਹਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤੇ ਫਿਰ ਉਹਨਾਂ ਦੀ ਉੱਚੀ ਤੇ ਸੁੱਚੀ ਕਮਾਈ ਦਾ ਧਿਆਨ ਧਰ ਕੇ, ਅਤਿ ਉੱਚੇ ਸਭ ਤੋਂ ਉੱਚੇ ਅਕਾਲ ਪੁਰਖ ਦਾ ਧਿਆਨ ਧਰ ਉੱਚੀ ਆਵਾਜ਼ ਵਿੱਚ ਵਾਹਿਗੁਰੂ ਵਾਹਿਗੁਰੂ ਆਖਦੇ ਹਾਂ। ਭਾਵ ਇਹਨਾ ਪਵਿੱਤਰ, ਬੇਲੋਸ ਤੇ ਨਿਸ਼ਕਾਮ ਸ਼ਖ਼ਸੀਅਤਾਂ ਨੂੰ ਵਾਹਿਗੁਰੂ ਦੇ ਸਮਰੂਪ ਜਾਣਦੇ ਹਾਂ। ਇਹਨਾਂ ਮਰਜੀਵਿਆਂ ਦੇ ਨਾਂ ਕਿਤੇ ਇਤਿਹਾਸ ਵਿੱਚ ਨਹੀਂ ਲਿਖੇ ਹੋਏ। ਇਹਨਾਂ ਕਾਫ਼ਲਿਆਂ ਦੇ ਸਰਦਾਰਾਂ ਦੇ ਨਾਂ ਸਾਨੂੰ ਪਤਾ ਹਨ, ਜਿਵੇਂ ਜਿਨ੍ਹਾਂ ਨਾਮ ਜਪਿਆ ਉਹ ਬਾਬਾ ਬੁੱਢਾ ਜੀ, ਭਾਈ ਪਾਰੋਜੀ, ਭਾਈ ਸਾਲ੍ਹੋ ਜੀ, ਭਾਈ ਬਹਿਲੋ ਜੀ, ਭਾਈ ਬੰਨੋ ਜੀ, ਅਤੇ ਭਾਈ ਨੰਦ ਲਾਲ ਜੀ ਦੇ ਨਾਮ ਤਾਂ ਅੰਕਿਤ ਹਨ ਪਰ ਇਹਨਾਂ ਸਿਤਾਰਿਆਂ ਦੀਆਂ ਕਹਿਕਸ਼ਾਵਾਂ ਦੀ ਗਿਣਤੀ ਨਹੀਂ ਹੋ ਸਕਦੀ। ਇਸੇ ਤਰ੍ਹਾਂ ਭਾਈ ਮਤੀ ਦਾਸ ਜੀ ਜਿਨ੍ਹਾਂ ਆਰੇ ਨਾਲ ਤਨ ਚਿਰਵਾਇਆ ਕੇਵਲ ਇਕੱਲੇ ਨਹੀਂ ਹਨ। ਹੋਰ ਬਹੁਤ ਸਾਰੇ ਮਤੀ ਦਾਸ ਜੀ ਹਨ। ਰੰਬੀਆਂ ਨਾਲ ਖੋਪਰੀ ਲੁਹਾਉਣ ਵਾਲੇ ਇਕ ਭਾਈ ਤਾਰੂ ਜੀ ਹੀ ਨਹੀਂ ਹਨ। ਬੰਦ ਬੰਦ ਕਟਵਾਉਣ ਵਾਲੇ ਭਾਈ ਮਨੀ ਸਿੰਘ ਜੀ ਚਰਖੀ ਤੇ ਚੜ੍ਹਣ ਵਾਲੇ ਭਾਈ ਸੁਬੇਗ ਸਿੰਘ ਜੀ ਕੇਵਲ ਇੱਕ ਤੇ ਇਕੱਲੇ ਨਹੀਂ ਹਨ, ਸਗੋਂ ਹੋਰ ਬੇਅੰਤ ਹਨ, ਜਿਨ੍ਹਾਂ ਦੇ ਨਾਂ ਅੰਕਿਤ ਨਹੀਂ । ਇਹ ਤਥ ਗੁਰਸਿਖ ਲੁਬਾਣਿਆਂ ਉੱਤੇ ਢੁਕਦਾ ਹੈ। ਇਹ ਪਵਿੱਤਰ ਘਟਨਾਵਾਂ 1760-1762 ਦੇ ਦਰਮਿਆਨ ਵਾਪਰੀਆਂ ਹਨ। ਧਿਆਨ ਨਾਲ ਪਿੱਛੇ ਝਾਤੀ ਮਾਰੀਏ ਤਾਂ ਇੰਝ ਲੱਗੇਗਾ, ਜਿਵੇਂ ਇਹ ਘਟਨਾ ਕੱਲ੍ਹ ਦੀ ਹੈ। ਮੇਰੇ ਬਾਬਾ ਜੀ ਦੇ ਬਾਬਾ ਜੀ ਨੇ ਇਹ ਸਭ ਅੱਖੀਂ ਵੇਖਿਆ ਤੇ ਸੁਣਿਆ ਹੈ। ਉਹਨਾਂ ਤੋਂ ਇਹ ਗੱਲ ਸਾਡੇ ਤੱਕ ਪੁੱਜਣ ਵਿੱਚ ਕਿਸੇ ਮੁਬਾਲਗਾ ਰੇਜ਼ੀ ਜਾਂ ਅਤਕਥਨੀ ਦਾ ਅਵਸਰ ਨਹੀਂ ਬਣਦਾ। ਸਿੱਖ ਇਤਿਹਾਸ ਦੇ ਇਸ ਅਤਿ ਭਿਆਣਕ ਕਾਲ ਨੂੰ ਇਤਿਹਾਸਕਾਰਾਂ ਨੇ ਸਿੱਖ ਇਤਿਹਾਸ ਦਾ ਸੁਨਹਿਰੀ ਸਮਾਂ ਕਿਹਾ ਹੈ, ਭਾਵ ਓਦੋਂ ਹੀ ਸਿੱਖ ਕੌਮ ਤੇ ਸਿੱਖਾਂ ਦੇ ਸੋਨ- ਸੁਨਖੇ ਸੱਚੇ ਸੁੱਚੇ ਹਿਰਦੇ ਅਜ਼ਮਾਇਸ਼ ਦੀ ਭੱਠੀ ਵਿੱਚ ਪੈ ਕੇ ਕੁੰਦਨ ਬਣੇ ਹਨ, ਤਾਂ ਹੀ ਇਸਨੂੰ ਸਿੱਖਾਂ ਦੇ ਇਤਿਹਾਸ ਦਾ ਸੁਨਹਿਰੀ ਸਮਾਂ ਜਾਂ ਗੋਲਡਨ ਪੀਰਿਅਡ ਕਿਹਾ ਹੈ।
ਬਿਲਕੁਲ ਇਸੇ ਸਮੇਂ ਹੀ ਲੁਬਾਣਿਆਂ ਨੇ ਹਾਕਮ ਜਰਵਾਣਿਆਂ ਨਾਲ ਟੱਕਰ ਲਈ। ਉਹਨਾਂ ਦੀ ਪਿੱਠ ਤੇ ਗੁਰੂ ਸੀ, ਮੁਖ ਵਿੱਚ ਗੁਰਬਾਣੀ, ਹਿਰਦੇ ਵਿੱਚ ਸ਼ਰਧਾ ਤੇ ਅੱਖਾਂ ਵਿੱਚ ਸ਼ਬਦ ਗੁਰੂ ਦੀ ਚਮਕ। ਕੌਮ ਦੀ ਇਸ ਪ੍ਰਬਲ ਲਹਿਰ ਸਮੇਂ ਉਹ ਮੂਹਰਲੀ ਕਤਾਰ ਵਿੱਚ ਰਹੇ। ਹਰੇ ਭਰੇ ਘਾਹ ਵਾਂਗੂ ਪਹਾੜਾਂ ਦੀ ਤਲਹਟੀ ਤੇ ਤਰਾਈਆਂ ਵਿੱਚ ਮਦਾਨੀ ਇਲਾਕਿਆਂ ਦੀਆਂ ਵਿਸ਼ਾਲਤਾਵਾਂ ਵਿੱਚ, ਪਬੀਆਂ ਦੀਆਂ ਉਹਲਿਆਂ ਤੇ ਪਹਾੜ ਦੀਆਂ ਗੁਫ਼ਾਵਾਂ ਵਿੱਚ ਉਹਨਾਂ ਦਾ ਵਿਸ਼ਵਾਸ ਨਿਤ ਪਲਦਾ ਰਿਹਾ ਤੇ ਪ੍ਰਬਲ ਰਿਹਾ।
ਇਹਨਾਂ ਸਿਰਕੱਢ ਸਿਰਲੱਥ ਜਵਾਨਾਂ ਦਾ ਇਕ ਸਿਰਮੌਰ ਸਰਬਰਾਹ ਬਾਬਾ ਨੌਧ ਸਿੰਘ ਗੁਰਸਿੱਖ ਲੁਬਾਣਾ ਸੀ। ਨੌਧ ਸਿੰਘ ਦਾ ਸਬੰਧ ਮਹਾਨ ਸਿੱਖ ਭਾਈ ਮੱਖਣ ਸ਼ਾਹ ਦੇ ਨਾਲ ਹੈ। ਭਾਈ ਜੀ ਨੇ ਗੁਰੂ ਪਾਇਆ ਸੀ, ਗੁਰੂ ਲੱਭਾ ਸੀ ਤੇ ਗੁਰੂ ਲਾਧੋ ਰੇ ਦਾ ਨਾਰਾ ਲਾ ਕੇ ਗੁਰੂ ਦੀ ਅਜ਼ਮਤ ਨੂੰ ਸਿੱਖ ਜਗਤ ਤੇ ਕੁਲ ਲੁਕਾਈ ਨੂੰ ਸਮਝਾਇਆ ਸੀ। ਬਾਬਾ ਨੌਧ ਸਿੰਘ ਭਾਈ ਮੱਖਣ ਸ਼ਾਹ ਦੇ ਵੰਸ਼ ਵਿੱਚੋਂ ਸਨ। ਇਸ ਤੱਥ ਦਾ ਲਿਖਤੀ ਸਬੂਤ ਨਗਰ ਪਹੇਵਾ (ਪਹੋਆ) ਦੇ ਪੰਡਿਆਂ ਦੀ ਵਹੀ ਵਿੱਚੋਂ ਮਿਲਦਾ ਹੈ।
ਭਾਈ ਮੱਖਣ ਸ਼ਾਹ ਦਾ ਬੇਟਾਂ ਲਾਲ ਦਾਸ, ਲਾਲ ਦਾਸ ਦਾ ਬੇਟਾ ਕਿਸ਼ਨ ਦਾਸ ਅਤੇ ਕਿਸ਼ਨ ਦਾਸ ਦਾ ਬੇਟਾ ਭਗਵਾਨ ਦਾਸ ਸੀ । ਭਾਈ ਭਗਵਾਨ ਦਾਸ ਦੇ ਘਰ ਬਾਲਕ ਨੌਧ ਦਾ ਜਨਮ ਪਿੰਡ ਰਾਜਾ ਹਰਪਾਲ ਜ਼ਿਲ੍ਹਾ ਸਿਆਲਕੋਟ ਵਿੱਚ ਹੋਇਆ ਸੀ। ਇਤਿਹਾਸ ਵਿੱਚ ਬਹੁਤ ਘੱਟ ਸ਼ਖਸੀਅਤਾਂ ਅਜਿਹੀਆਂ ਹੁੰਦੀਆਂ ਹਨ ਜੋ ਜ਼ਿੰਦਗੀ ਵਿੱਚ ਆਪਣੇ ਨਾਮ ਮੁਤਾਬਿਕ ਮਹਾਨ ਕਾਰਜ ਕਰ ਜਾਂਦੀਆਂ ਹਨ। ਅੱਖਰ ਨੌਧ ਦਾ ਅਰਥ ਹੈ, ਬਹੁ ਪ੍ਰਕਾਰ ਨਾਲ ਪਿਆਰਾ ਪੁੱਤਰ। ਐਸੀ ਹੀ ਸ਼ਖ਼ਸੀਅਤ ਹੈ ਬਾਬਾ ਨੌਧ ਸਿੰਘ ਦੀ। ਇਹ ਰੱਜੇ ਪੁੱਜੇ ਸ਼ਰਧਾਲੂ ਗੁਰਸਿੱਖ ਘਰਾਣੇ ਦਾ ਪਿਆਰਾ ਪੁੱਤਰ ਹੈ, ਜੋ ਸਭਨਾਂ ਦਾ ਪਿਆਰਾ ਤੇ ਮਾਨਯੋਗ ਹੋ ਕੇ ਇਤਿਹਾਸ ਵਿੱਚ ਉਭਰਿਆ। ਇਹ ਬੜਾ ਪਰਾਕਰਮੀ ਤੇ ਵੀਰ ਯੋਧਾ ਸੀ। ਜੰਗ ਦੇ ਕੌਸ਼ਲ ਤੇ ਕਰਤਬ ਦਾ ਮਾਲਕ ਸੀ। ਬਾਬਾ ਦੀਪ ਸਿੰਘ ਦਾ ਨਾਮ ਸਿੱਖ ਇਤਿਹਾਸ ਵਿੱਚ ਦੀਪਕ ਵਾਂਗ ਉਜਲ ਹੈ । ਬਾਬਾ ਦੀਪ ਸਿੰਘ ਨੇ ਆਪਣਾ ਖੂਨ ਪਾ ਕੇ ਗੁਰਸਿੱਖਾਂ ਦਾ ਪਥ ਪ੍ਰਦਰਸ਼ਨ ਕੀਤਾ ਤੇ ਉਹਨਾਂ ਦਾ ਰਾਹ ਰੌਸ਼ਨ ਕੀਤਾ। ਬਾਬਾ ਦੀਪ ਸਿੰਘ ਦਾ ਜਨਮ ਜ਼ਿਲ੍ਹਾ ਲਾਹੌਰ ਦੇ ਪਾਹੂ ਵਿੰਡ ਪਿੰਡ ਵਿੱਚ ਹੋਇਆ। ਇਸ ਭਾਗਸ਼ਾਲੀ ਗੁਰਸਿੱਖ ਨੂੰ ਗੁਰੂ ਗੋਬਿੰਦ ਸਿੰਘ ਪਾਸੋਂ ਸਾਬੋ ਕੀ ਤਲਵੰਡੀ ਵਿਖੇ ਗੁਰੂ ਦੁਆਰਾ ਗ੍ਰੰਥ ਸਾਹਿਬ ਜੀ ਦਾ ਟਕਸਾਲੀ ਅਰਥਾਂ ਦਾ ਗਿਆਨ ਪਰਾਪਤ ਹੋਇਆ।
ਇਹ ਗੱਲ ਗੰਭੀਰ ਵਿਚਾਰ ਮੰਗਦੀ ਹੈ ਕਿ ਗੁਰੂ ਘਰ ਦੇ ਅੰਦਰ ਮੂਲ ਮੰਤ੍ਰ ਦਾ (Concept) ਸੰਕਲਪ ਹੈ ਵੀ ਕਿ ਨਹੀਂ।
ਇਸ ਅੰਮ੍ਰਿਤਧਾਰੀ, ਸ਼ਸਤ੍ਰਧਾਰੀ ਜੰਗਜੂ, ਗੁਰਸਿੱਖ ਦੇ ਸੀਸ ਤੇ ਸਜਣ ਵਾਲੇ ਚਕਰ ਦੇ ਉੱਤੇ ਮੂਲਮੰਤਰ, ੴ ਸਤਿਨਾਮ, ਕਰਤਾਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ ਸੈਭੰ, ਗੁਰਪ੍ਰਸਾਦਿ ਅੰਕਿਤ ਹੋਇਆ ਹੈ। ਇਸ ਪਵਿੱਤਰ ਚਕਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਹਸਤ ਛੋਹ ਪਰਾਪਤ ਹੈ। ਗੱਲ ਲਾਂਬੇ ਨ ਚਲੀ ਜਾਏ, ਅੱਜ ਪੰਥ ਵਿੱਚ ਵੀ ਦੋ ਰਾਵਾਂ ਹਨ ਕਿ ਮੂਲ ਮੰਤ੍ਰ ਗੁਰਪ੍ਰਸਾਦਿ ਤਕ ਹੈ ਜਾਂ ਜਪੁ ਤਕ। ਬੜੀ ਵਿਡੰਬਨਾ ਹੈ ਕਿ ਅਸੀ ਗੁਰੂਸਿੱਖ ‘ਗੁਰਪ੍ਰਸਾਦਿ’ ਅਤੇ ‘ਜਪੁ’ ਭਾਵ ਗੁਰੂ ਕਿਰਪਾ ਨੂੰ ਦ੍ਰਿੜ ਕਰ ਗ੍ਰਹਿਣ ਕਰਨ ਦੀ ਥਾਵੇਂ ਆਪਣੀ ਅਦਭੁਤ ਸ਼ਕਤੀ ਨੂੰ ਵਾਦ ਵਿਵਾਦ ਦਾ ਨਿਕੰਮਾ ਗ੍ਰਹਿਣ ਲਾਇਆ ਹੋਇਆ ਹੈ। ਬਾਬਾ ਦੀਪ ਸਿੰਘ ਦਾ ਚਕਰ ਗੁਰਪ੍ਰਸਾਦਿ ਦੁਆਰਾ ਸਾਰੇ ਚਕਰ ਮਿਟਾ ਦਿੰਦਾ ਹੈ। ਅਸੀ ਹਾਂ ਕਿ ਬੇਲੋੜੇ ਚਕਰਾਂ ਵਿੱਚ ਫਸੇ ਹੋਏ ਹਾਂ।
ਗੁਰੂ ਗੋਬਿੰਦ ਸਿੰਘ ਦੀ ਅਸ਼ੀਰਵਾਦ ਪ੍ਰਾਪਤ ਕਰਕੇ ਦੱਖਣ ਤੋਂ ਆਏ ਬਾਬਾ ਬੰਦਾ ਸਿੰਘ ਦਾ ਸਾਥ ਬਾਬਾ ਦੀਪ ਸਿੰਘ ਨੇ ਪੂਰੇ ਤਾਣ ਨਾਲ ਦਿੱਤਾ। ਬਾਬਾ ਬੰਦਾ ਸਿੰਘ ਦੀਆ 1712 ਤਕ ਦੀਆਂ ਜਿੱਤਾਂ ਦੀ ਪਰਾਪਤੀ ਵਿੱਚ ਬਾਬਾ ਦੀਪ ਸਿੰਘ ਦਾ ਮਹਾਨ ਯੋਗਦਾਨ ਹੈ। ਇਸੇ ਵਡੇਰੇ ਘੱਲੂਘਾਰਿਆਂ ਤੇ ਜੰਗਾਂ ਦੇ ਸਮੇਂ ਬਾਬਾ ਨੌਧ ਸਿੰਘ ਜੀ ਬਾਬਾ ਦੀਪ ਸਿੰਘ ਦੇ ਸੱਜੇ ਹੱਥ ਵਾਂਗ ਵਿਚਰੇ। ਸੰਨ 1759 (ਸੰਮਤ 1817) ਵਿੱਚ ਜਦੋਂ ਸ੍ਰੀ ਦਰਬਾਰ ਸਾਹਿਬ ਦੀ ਬੇਹੁਰਮਤੀ ਕੀਤੀ ਗਈ ਤਾਂ ਬਾਬਾ ਨੌਧ ਸਿੰਘ ਜੀ ਬਾਬਾ ਦੀਪ ਸਿੰਘ ਜੀ ਨਾਲ ਗਿਣਤੀ ਦੀ ਥੋੜ੍ਹੀ ਜਹੀ ਸਿੱਖਾਂ ਦੀ ਫੌਜ ਲੈ ਕੇ ਸਾਬੋ ਕੀ ਤਲਵੰਡੀ ਤੋਂ ਸ੍ਰੀ ਅੰਮ੍ਰਿਤਸਰ ਵੱਲ ਚਲ ਪਏ। ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਤਾਂ ਅਮਾਨ ਖਾਨ ਜਰਨੈਲ ਨਾਲ ਯੁੱਧ ਕਰਦੇ ਸ਼ਹੀਦ ਹੋਏ। ਗੁਰਦੁਆਰਾ ਰਾਮਸਰ ਉਹੀ ਪਵਿੱਤਰ ਸਥਾਨ ਹੈ ਜਿੱਥੇ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਬੰਨ੍ਹੀ ਤੇ ਸ੍ਰੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ। ਇਹ ਬੜਾ ਸੁੰਦਰ ਸੰਜੋਗ ਹੈ ਕਿ ਬੀੜ ਬੰਨਣ ਵਾਲੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸ਼ਬਦ ਗੁਰੂ ਦੇ ਲਈ ਸ਼ਹੀਦ ਹੋਏ ਅਤੇ ਉਸੇ ਹੀ ਗੁਰੂ ਘਰ ਸ੍ਰੀ ਹਰਿਮੰਦਰ ਸਾਹਿਬ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ, ਦੀ ਸੁਰੱਖਿਆ ਵਾਸਤੇ ਬਾਬਾ ਦੀਪ ਸਿੰਘ ਨੇ ਸ਼ਹਾਦਤ ਪਰਾਪਤ ਕੀਤੀ। ਇਹ ਸ਼ਹਾਦਤ ਓਸੇ ਹੀ ਜਗ੍ਹਾ ਤੇ ਵਾਕਿਆ ਹੋਈ, ਜਿੱਥੇ ਬੀੜ੍ਹ ਬੰਨ੍ਹੀ ਗਈ। ਅੰਮ੍ਰਿਤਸਰ ਦੇ ਬਹੁਤ ਨੇੜੇ ਇਕ ਪ੍ਰਸਿੱਧ ਇਤਿਹਾਸਕ ਪਿੰਡ ਚਬਾ ਵਾਕਿਆ ਹੈ। ਏਥੇ ਬਾਬਾ ਨੌਧ ਸਿੰਘ ਜੀ ਦੁਸ਼ਮਨਾਂ ਨਾਲ ਯੁੱਧ ਕਰਦੇ ਰੁਝ ਗਏ ਅਤੇ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਸਾਹਿਬ ਵੱਲ ਵਧਦੇ ਗਏ। ਬਾਬਾ ਨੌਧ ਸਿੰਘ ਨੇ ਮੁਗ਼ਲ ਫੌਜ ਨਾਲ ਬੜੀ ਵੀਰਤਾ ਨਾਲ ਯੁੱਧ ਕੀਤਾ ਅਤੇ ਸ਼ਹਾਦਤ ਪਰਾਪਤ ਕੀਤੀ। ਇਹ ਪਵਿੱਤਰ ਸਥਾਨ ਤਰਨਤਾਰਨ ਤੋਂ ਅੰਮ੍ਰਿਤਸਰ ਸਾਹਿਬ ਵੱਲ ਜਾਂਦੀ ਸੜਕ ਪਿੰਡ ਚਬੇ* ਦੇ ਲਾਗੇ ਹੈ। ਅੱਜ ਵੀ ਇਸ ਸੜਕ ਤੋਂ ਜਿਹੜੀਆਂ ਮੋਟਰਾਂ ਕਾਰਾਂ ਜਾਂ ਟਰੱਕ ਟਰਾਲੀਆਂ ਦਾ ਟਰੈਫਿਕ ਲੰਘਦਾ ਹੈ, ਉਹ ਇਸ ਸਥਾਨ ਤੇ ਸੀਸ ਨਵਾ ਕੇ ਲੰਘਦਾ ਹੈ। ਇਸ ਸਬੰਧੀ ਇਕ ਗਾਥਾ ਜਨ, ਜਨ ਵਿੱਚ ਪ੍ਰਸਿੱਧ ਹੈ ਕਿ ਜਿਹੜਾ ਇਸ ਪਵਿੱਤਰ ਸਥਾਨ ਤੇ ਬਿਨਾ ਸਿਰ ਨਿਵਾਯਾ ਲੰਘਦਾ ਹੈ, ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। ਐਸਾ ਬੇਅੰਤ ਵਾਰ ਹੋਇਆ ਹੈ। ਮੈਂ ਇਹ ਨਹੀਂ ਮੰਨਦਾ ਕਿ ਬਾਬਾ ਨੌਧ ਸਿੰਘ ਦੀ ਆਤਮਾ ਨਾਖੁਸ਼ ਹੋ ਕੇ ਸਰਾਪ ਦਿੰਦੀ ਹੈ, ਬਲਕਿ ਗੱਲ ਇਹ ਹੈ ਕਿ ਲੋਕਾਂ ਦੇ ਦਿਲਾਂ ਵਿੱਚ ਬਾਬਾ ਜੀ ਦਾ ਸਤਿਕਾਰ ਇਹਨੀਆਂ ਡੂੰਘੀਆਂ ਜੜ੍ਹਾਂ ਰੱਖਦਾ ਹੈ ਕਿ ਉਹਨਾਂ ਨੂੰ ਬਿਨਾ ਸਤਿਕਾਰ ਭੇਟ ਕੀਤੇ ਜਾਣ ਵਾਲਾ ਆਤਮਿਕ ਤੌਰ ਤੇ ਅਸਥਿਰ ਹੋ ਜਾਂਦਾ ਹੈ ਕਿ ਉਹ ਉਖੜਿਆ ਉਖੜਿਆ ਹਾਦਸੇ ਵਿੱਚ ਉਲਝ ਜਾਂਦਾ ਹੈ। ਮੁਕਦੀ ਤੇ ਸਪੱਸ਼ਟ ਗੱਲ ਇਹ ਹੈ ਕਿ ਬਾਬਾ ਨੌਧ ਸਿੰਘ ਦੀ ਸ਼ੁੱਧਤਾ ਤੇ ਸ਼ਰਧਾ ਭਰੀ ਸ਼ਖ਼ਸੀਅਤ ਸਭਨਾਂ ਅੰਦਰ ਇਕ ਸ਼ਕਤੀ ਦਾ ਸੰਚਾਰ ਕਰਦੀ ਹੈ।
ਅਜੋਕੇ ਯੁਗ ਵਿੱਚ ਸੰਘਰਸ਼
ਲੁਬਾਣੇ ਆਪਣੇ ਮੂਲ ਕਿੱਤੇ ਕਾਰਨ ਦੂਰ ਦੂਰ ਤਕ ਜਾਇਆ ਕਰਦੇ ਸਨ। ਇਹਨਾਂ ਦੇ ਕਿੱਤੇ ਭਾਵੇਂ ਆਪਸ ਵਿੱਚ ਸੰਬੰਧਿਤ ਸਨ ਪਰ ਫਿਰ ਵੀ ਉਹ ਕਈ ਪ੍ਰਕਾਰ ਦੇ ਸਨ, ਜਿਵੇਂ ਮਾਲ ਡੰਗਰ ਦੀ ਰਾਖੀ ਤੇ ਪਰਵਰਿਸ਼। ਇਕ ਦਰਿਆ ਤੋਂ ਦੂਜੇ ਦਰਿਆ ਤਕ ਮਾਲ ਦੀ ਢੁਆਈ, ਮਾਲ ਨੂੰ ਇਸ ਪਾਰ ਤੋਂ ਉਸ ਪਾਰ ਤਕ ਲਿਜਾਣਾ, ਵਗਦੇ ਪਾਣੀਆਂ ਵਿੱਚ ਬੇੜਿਆਂ ਰਾਹੀਂ ਇਕ ਥਾਂ ਤੋਂ ਦੂਜੇ ਥਾਂ ਤਕ ਪਹੁੰਚਾਣਾ ਅਤੇ ਆਪਣੇ ਟਾਂਡਿਆਂ ਤੇ ਮਾਲ ਅਸਬਾਬ ਦੀ ਰਾਖੀ ਲਈ ਤਾਕਤ ਵਰ ਤੇ ਤਨੁਮੰਦ ਲੋਕਾਂ ਦੇ ਜੰਗਜੂ ਦਸਤੇ ਜੱਥੇਬੰਦ ਕਰਕੇ ਰੱਖਣਾ। ਇਸ ਤੋਂ ਇਲਾਵਾ ਵੱਖ ਵੱਖ ਥਾਵਾਂ ਤੇ, ਦਰਿਆਵਾਂ ਦੀਆਂ ਮਿਆਨੀਆਂ ਨੇੜੇ ਬਣ ਗਏ ਬਾਜ਼ਾਰ ਅਤੇ ਬਸਤੀਆਂ ਦਾ ਇੰਤਜ਼ਾਮ ਕਰਨਾ ਆਦਿ ਸਾਰਾ ਇੱਕੋ ਕੰਮ ਹੋਣ ਦੇ ਬਾਵਜੂਦ ਬਹੁਪੱਖੀ ਤੇ ਕਈ ਸਾਖਾਂ ਵਾਲਾ ਜੱਥੇਬੰਦ ਵਾਪਾਰ ਬਣ ਗਿਆ ਸੀ। ਕਿੱਤਿਆਂ ਵਿੱਚ ਥੋੜ੍ਹਾ ਥੋੜ੍ਹਾ ਵੱਖਰਾਪਨ ਹੋਣ ਦੇ ਬਾਵਜੂਦ ਇਹ ਇਕ ਦੂਜੇ ਦਾ ਪੂਰਾ ਸਾਥ ਦਿੰਦੇ ਸਨ ਅਤੇ ਇਕ ਦੂਜੇ ਦੇ ਕੰਮ ਆਉਂਦੇ ਸਨ । ਲੁਬਾਣਿਆਂ ਦਾ ਝੁਕਾਅ ਸ਼ੁਰੂ ਤੋਂ ਹੀ ਗੁਰੂ ਘਰ ਵਲ ਸੀ ਤੇ ਗੁਰਬਾਣੀ ਅਤੇ ਉਸਦੀ ਭਾਵਨਾ ਅਨੁਸਾਰ ਇਹ ਸਾਰੇ ਕਾਰਜ ਨੇਪੜੇ ਚਾੜ੍ਹਦੇ ਸਨ।
ਮਨ ਮੇਲੀ ਕਰਿ ਮੇਲਿ ਮਿਲੰਦੇ
ਗੁਰਸਿਖਾਂ ਦੇ ਸੁਭਾ, ਵਾਤਾਵਰਣ, ਦਿਨ ਚਰਯਾ ਤੇ ਗੁਰੂ ਨਾਲ ਪ੍ਰੀਤੀ ਸਬੰਧੀ ਬਹੁਤ ਸੁੰਦਰ ਕਥਨ ਹਨ। ਭਾਈ ਗੁਰਦਾਸ ਜੀ ਆਖਦੇ ਹਨ, ਮੈਂ ਉਹਨਾਂ ਸਿੱਖਾਂ ਤੋਂ ਕੁਰਬਾਨ ਹਾਂ, ਜੋ ਅੰਮ੍ਰਿਤ ਵੇਲੇ ਉਠ ਇਸ਼ਨਾਨ ਕਰ ਸਾਧ ਸੰਗਤ ਵਿਚ ਜਾ ਜੁੜਦੇ ਹਨ। ਅਤੇ ਗੁਰੂ ਦਾ ਜਸ ਸੁਣਦੇ ਹਨ। ਇਸੇ ਸਬੰਧ ਵਿਚ ਇਕ ਬੜੀ ਮਹੀਨ ਪਰ ਮਹਾਨ ਭਾਵਨਾ ਵਾਲੀ ਗੱਲ ਕਹਿੰਦੇ ਹਨ ਕਿ ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਹਾਂ ਜੋ ਆਪਸ ਵਿਚ ਤਫਰਕਾ ਤੇ ਵਖਰੇਵਾਂ ਨਹੀਂ ਰਖਦੇ। ਗੁਰਸਿੱਖਾਂ ਨੂੰ ਪੁੱਤਰ ਭਾਈ ਤੇ ਮਿੱਤਰ ਵਾਂਗ ਪਿਆਰ ਕਰਦੇ ਹਨ। ਆਪਣੇ ਮਨਾਂ ਨੂੰ ਆਪਸ ਵਿਚ ਮੇਲ ਲੈਂਦੇ ਹਨ ਤੇ ਮਿਲੇ ਹੋਏ ਮਨਾਂ ਨੂੰ ਗੁਰੂ ਨਾਲ ਮੇਲ ਦਿੰਦੇ ਹਨ। ਅੱਗੋਂ ਗੁਰੂ ਪਾਤਸ਼ਾਹ ਇਹਨਾਂ ਨੂੰ ਅਕਾਲਪੁਰਖ ਨਾਲ ਮੇਲ ਕੇ ਇਕ ਮਿਕ ਕਰ ਦਿੰਦੇ ਹਨ। ਅਜਿਹਾ ਹੀ ਸੁਭਾ ਲੁਬਾਣੇ ਗੁਰਸਿੱਖਾਂ ਦਾ ਹੈ। ਉਹ ਜੀਵਨ ਵਿੱਚ ਇਸ ਵੱਡੇ ਵਸਫ ਨੂੰ ਆਪਣਾ ਸੁਭਾ ਬਣਾ ਲੈਂਦੇ ਹਨ। ਭਾਈ ਗੁਰਦਾਸ ਜੀ ਅਨੁਸਾਰ
ਕੁਰਬਾਣੀ ਤਿਨਾ ਗੁਰਸਿਖਾ, ਗੁਰਬਾਣੀ ਨਿਤਿ ਗਾਇ ਸੁਣੰਦੇ।
ਕੁਰਬਾਣੀ ਤਿਨਾ ਗੁਰਸਿਖਾ, ਮਨ ਮੇਲੀ ਕਰਿ ਮੇਲਿ ਮਿਲੰਦੇ।
ਭਾਵ ਇਹ ਜਿਸ ਪ੍ਰਕਾਰ ਆਪਸ ਵਿੱਚ ਸਬੰਧਿਤ ਸਨ, ਉਸ ਤਰ੍ਹਾਂ ਗੁਰੂ ਘਰ ਅਤੇ ਸਿੱਖ ਭਾਵਨਾ ਨਾਲ ਪੱਕੀ ਤਰ੍ਹਾਂ ਜੁੜੇ ਹੋਏ ਸਨ। ਬੇਸ਼ਕ ਇਹ ਇਤਿਹਾਸਕ ਪਰਿਪੇਖ ਵਿੱਚ ਇਕ ਕਬੀਲਾ ਹੋ ਨਿਬੜੇ ਹਨ, ਪਰ ਮੂਲ ਰੂਪ ਵਿੱਚ ਇਹ ਮੂਲ ਨਾਲ ਜੁੜੇ ਰਹੇ ਹਨ ਤੇ ਆਪਣੇ ਆਪ ਨੂੰ ਸਿੱਖ ਕੌਮ ਦਾ ਇਕ ਭਾਗ ਤਸਵਰ ਕੀਤਾ ਤੇ ਮਨੋਂ ਮੰਨਿਆ। ਅਸੀ ਜੇ ਇਤਿਹਾਸਕ ਤੱਥਾਂ ਦੇ ਵੇਰਵੇ ਲਈਏ ਤਾਂ ਇਹ ਬਹੁਤ ਵਿਸਥਾਰ ਹੋ ਜਾਏਗਾ ਪਰ ਉਸ ਸਾਰੇ ਵਿਸਥਾਰ ਤੇ ਇਤਿਹਾਸਕ ਤੱਥ ਦਾ ਨਿਚੋੜ ਇਹ ਹੈ ਕਿ ਸਮੇਂ ਦੇ ਬੀਤਣ ਨਾਲ ਲੁਬਾਣਿਆਂ ਦੀ ਸਮੁੱਚੀ ਗਿਣਤੀ ਵਿੱਚੋਂ ਗ਼ੈਰ ਸਿੱਖਾਂ ਦੀ ਗਿਣਤੀ ਘਟਦੀ ਗਈ ਤੇ ਸਿੱਖ ਸਰੂਪ ਵਾਲਿਆਂ ਦੀ ਗਿਣਤੀ ਵਧਦੀ ਗਈ।
ਇਕ ਪ੍ਰਸਿੱਧ ਇਤਿਹਾਸਕ ਬੋਲਾ ਹੈ
ਮਨੂੰ ਸਾਡੀ ਦਾਤਰੀ, ਅਸੀ ਮਨੂੰ ਦੇ ਸੋਏ
ਜਿਉ ਜਿਉ ਮਨੂੰ ਵਢਦਾ, ਅਸੀ ਦੂਣ ਸਵਾਏ ਹੋਏ
ਭਾਵ ਸਿੱਖਾਂ ਦੀ ਗਿਣਤੀ ਉਹਨਾਂ ਦੀ ਦ੍ਰਿੜਤਾ ਕਾਰਨ ਔਖੇ ਤੇ ਕਰੜੇ ਸਮਿਆ ਵਿੱਚ ਵਧਦੀ ਗਈ। ਅਸੀ ਜੇ ਇਹ ਆਖੀਏ ਕਿ ਸਿੱਖ ਧਰਮ ਦਾ ਮੁੱਢ, ਉਸਦਾ ਵੱਧਣਾ ਫੁੱਲਣਾ ਇਤਿਹਾਸ ਦੇ ਵਧ ਤੋਂ ਵਧ ਜਬਰ ਵਾਲੇ ਸਮੇਂ ਮੁਗਲ ਕਾਲ ਵਿੱਚ ਹੋਇਆ ਤੇ ਲੁਬਾਣੇ ਸਿੱਖਾਂ ਦੇ ਸਬੰਧ ਵਿੱਚ ਵੀ ਇਹੀ ਗੱਲ ਢੁਕਦੀ ਹੈ। ਉਹਨਾਂ ਦੀ ਗਿਣਤੀ ਤੋਂ ਭਾਈਚਾਰਕ ਉਨਤੀ ਇਸੇ ਤਰ੍ਹਾਂ ਬਿਲਕੁਲ ਨਾਲ ਨਾਲ ਹੋਈਆਂ ਹਨ। ਅੱਜ ਵੀ ਲੁਬਾਣੇ ਸਿੱਖ ਗੁਰੂ ਘਰ ਦੇ ਪਰਪੱਕ ਤੇ ਦ੍ਰਿੜ੍ਹ ਸਿੱਖ ਹਨ।
ਲੁਬਾਣੇ ਸਿੱਖਾਂ ਦੀ ਸ਼ਰਧਾ ਉੱਤੇ ਕਦੀ ਕਿਸੇ ਕਿਸਮ ਦੀ ਧੂੜ ਜਾਂ ਗਰਦਾ ਨਹੀਂ। ਪਿਆ। ਅਜਿਹੀ ਘੜੀ ਜੇ ਕੋਈ ਆਈ ਤਾਂ ਗੁਰੂ ਕਿਰਪਾ ਦੁਆਰਾ ਨਿਸ਼ਕਾਮ ਤੇ ਦ੍ਰਿੜ ਚਲਨ ਵਾਲੇ ਲੁਬਾਣੇ ਉਠ ਕੇ ਸੰਭਾਲਦੇ ਰਹੇ। ਜਿਵੇਂ ਕਿ ਅੱਗੇ ਦਰਜ ਕੀਤਾ ਹੈ ਕਿ ਵੱਖ- ਵੱਖ ਕਿੱਤਿਆਂ ਦੇ ਬਾਵਜੂਦ ਧੁਰੇ ਤੋਂ ਉਰੇ ਪਰੇ ਨਹੀਂ ਗਏ। ਪ੍ਰਭ ਜੀ ਨੂੰ ਆਪਣੇ ਪ੍ਰਾਣਾਂ ਦਾ ਅਧਾਰ ਸਦਾ ਰਖਿਆ, ਉਸ ਤੋਂ ਇਲਾਵਾ ਕਿਸੇ ਅਗੇ ਝੁਕੇ ਨਹੀਂ
ਪ੍ਰਭ ਜੀ ਤੂ ਮੇਰੇ ਪ੍ਰਾਨ ਅਧਾਰੈ॥
ਨਮਸਕਾਰ ਡੰਡਉਤਿ ਬੰਦਨਾ ਅਨਿਕ ਬਾਰ ਜਾਉ ਬਾਰੈ ॥੧॥ ਰਹਾਉ॥
ਊਠਤ ਬੈਠਤ ਸੋਵਤ ਜਾਗਤ ਇਹੁ ਮਨੁ ਤੁਝਹਿ ਚਿਤਾਰੈ॥
ਸੂਖ ਦੂਖ ਇਸੁ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੈ॥
ਤੂ ਮੇਰੀ ਓਟ ਬਲ ਬੁਧਿ ਧਨੁ ਤੁਮ ਹੀ ਤੁਮਹਿ ਮੇਰੈ ਪਰਵਾਰੈ॥
ਜੋ ਤੁਮ ਕਰਹੁ ਸੋਈ ਭਲ ਹਮਰੈ ਪੇਖਿ ਨਾਨਕ ਸੁਖ ਚਰਨਾਰੈ॥
ਉਠਦਿਆਂ ਬਹਿੰਦਿਆਂ ਸੋਂਦਿਆਂ ਜਾਗਦਿਆਂ ਹਰਿ-ਗੁਰ ਨੂੰ ਹਰਦਮ ਚੇਤੇ ਰੱਖਿਆ। ਦੁਖ ਆਇਆ ਤਾਂ ਉਸਦੇ ਅੱਗੇ ਫਰਿਆਦ ਕੀਤੀ, ਸੁਖ ਮਿਲਿਆ ਤਾਂ ਉਸਨੂੰ ਭੋਗ ਕੇ ਸ਼ੁਕਰਾਨਾ ਤੇ ਧੰਨਵਾਦ ਕੀਤਾ। ਉਸ ਤੇ ਓਟ ਰੱਖੀ। ਲੁਬਾਣਿਆਂ ਕੋਲ ਬਲ ਕਿਸੇ ਤੋਂ ਘਟ ਨਹੀਂ। ਪਰ ਆਪਣੀ ਸ਼ਕਤੀ ਦਾ ਸਰੋਤ ਭਗਤੀ ਨੂੰ ਰੱਖਿਆ। ਬੁਧ ਸੁਧ ਬਣੀ ਰਹੀ ਕਿਉਂਕਿ ਇਸਨੂੰ ਚਤੁਰਾਈ ਨਹੀਂ ਬੰਨਣ ਦਿੱਤਾ। ਇਹੀ ਕਾਰਣ ਹੈ ਕਿ ਇਹਨਾਂ ਪਾਸ ਧਨ ਦੀ ਘਾਟ ਨਹੀਂ ਆਈ। ਸਦਾ ਭਾਣੇ ਨੂੰ ਮੰਨਿਆ ਤੇ ਉਸਦੇ ਚਰਣਾਂ ਵਿੱਚੋਂ ਸੁਖ ਪਰਾਪਤ ਕਰਨ ਦੀ ਮੰਗ ਕੀਤੀ।
ਬੁੱਧੀ ਕੁਸ਼ਾਗਰ ਹੈ ਤੇ ਮਿਹਨਤ ਰੱਜ ਕੇ ਕਰਦੇ ਹਨ। ਢੋਆ ਢੁਆਈ, ਵਾਹੀ ਜਾਂ ਫੌਜ ਆਦਿ ਦੀ ਲੜਾਈ ਹੋਵੇ, ਇਹ ਪਿੱਠ ਨਹੀਂ ਲੱਗਣ ਦਿੰਦੇ। ਹੈ ਤਾਂ ਇਹ ਇਕ ਕਬੀਲਾ ਪਰ ਇਹ ਇਕ ਟੱਬਰ ਤੇ ਪਰਿਵਾਰ ਵਾਂਗੂ ਜੁੜੇ ਹੋਏ ਹਨ ਤੇ ਮੰਜੀ ਦੇ ਵਾਣ ਵਾਂਗ ਉਣੇ ਹੋਏ ਹਨ। ਇਸ ਪ੍ਰਕਾਰ ਇਹ ਕਬੀਲਾ ਇਕ ਪਰਿਵਾਰ ਹੈ ਤੇ ਇਸ ਪਰਿਵਾਰ ਦਾ ਗੁਰੂ ਨੂੰ ਆਪਣੇ ਪਰਿਵਾਰ ਵਿੱਚ ਮੰਨਦੇ ਹਨ ਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਗੁਰੂ ਘਰ ਦਾ ਮੈਂਬਰ ਸਵੀਕਾਰਦੇ ਹਨ।
ਮੈਂ ਲੁਬਾਣੇ ਸਿੱਖਾਂ ਵਿੱਚ ਵਿਚਰ ਕੇ ਵੇਖਿਆ ਹੈ ਕਿ ਉਹਨਾਂ ਦੀ ਗੁਰੂ ਪ੍ਰਤੀ ਸ਼ਰਧਾ ਤੇ ਆਸਥਾ ਸਾਡੇ ਮਨਾਂ ਵਿੱਚ ਵੀ ਸ਼ਰਧਾ ਜਗਾਂਦੀ ਹੈ। ਗੁਰਮਤਿ ਸਬੰਧੀ ਰਚਿਤ ਪੁਸਤਕਾਂ ਦਾ ਸਤਿਕਾਰ ਕਰਦੇ ਹਨ। ਗੁਰਬਾਣੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਬਿਨਾ ਕਿਸੇ ਸ਼ਕ ਦੇ “ਪਰਮੇਸਰ ਕਾ ਥਾਨ” ਮੰਨਦੇ ਹਨ। ਪੂਜਾ ਅਕਾਲ ਦੀ ਕਰਦੇ ਹਨ ਤੇ ਪ੍ਰਭੂ ਨੂੰ ਆਪਣਾ ਆਧਾਰ ਮੰਨਦੇ ਹਨ। ਆਪਸੀ ਮੇਲ ਦਾ ਕਾਰਣ ਸ਼ਬਦ ਦੇ ਪਰਚੇ ਨੂੰ ਮੰਨਣ ਕਰਕੇ ਹੈ।
ਗੋਬਿਦ ਜੀਉ ਤੂ ਮੇਰੇ ਪ੍ਰਾਨ ਅਧਾਰ॥
ਸਾਜਨ ਮੀਤ ਸਹਾਈ ਤੁਮ ਹੀ ਤੂ ਮੇਰੋ ਪਰਵਾਰ ॥
ਸ਼ਬਦ ਨੂੰ ਮੰਨਣ ਵਾਲਿਆਂ ਨੂੰ ਆਪਣਾ ਸਜਨ ਮੰਨਦੇ ਹਨ। “ਸਜਨ ਮਿਲੇ ਸਜਣਾ ਸਚੇ ਸ਼ਬਦ ਸੁਭਾਏ॥” ਦੇ ਧਾਰਨੀ ਹਨ। ਹਰਿ ਕੀਆ ਕਥਾ ਕਹਾਣੀਆ ਸੁਨਾਣ ਵਾਲੇ ਨੂੰ ਗੁਰੂ ਦਾ ਮੀਤ ਤੇ ਆਪਣਾ ਮੀਤ ਮੰਨਦੇ ਹਨ। ਗੁਰਸਿੱਖ ਨੂੰ ਆਪਣੇ ਪਰਿਵਾਰ ਦਾ ਬੰਦਾ ਜਾਣਦੇ ਹਨ ਤੇ ਗੁਰੂ ਨੂੰ ਆਪਣਾ ਪਰਿਵਾਰ ਮੰਨਦੇ ਹਨ ਕਿਉਂਕਿ ਉਹ ਗੁਰੂ ਦੇ ਬੰਦੇ ਹਨ।
ਇਹ ਗੱਲ ਮੇਰੇ ਤਜਰਬੇ ਵਿੱਚ ਆਏ ਤੱਥ ਤੇ ਆਧਾਰਤ ਹੈ। ਮੈਨੂੰ ਇਸ ਪੁਸਤਕ ਦੀ ਪ੍ਰੇਰਨਾ ਦੇਣ ਵਾਲੇ ਸਜਣ ਕੈਪਟਨ ਦਾਰ ਸੰਤ ਸਿੰਘ ਜੀ ਹਨ। ਇਕ ਵਾਰੀ ਉਹ ਆਪਣੇ ‘ਤੇ ਹੰਢਾਈ ਇਕ ਫੌਜੀ ਲੜਾਈ ਦਾ ਜ਼ਿਕਰ ਕਰਦਿਆਂ ਆਖ ਰਹੇ ਸਨ ਕਿ ਮੈਂ ਵਸਦੀਆਂ ਗੋਲੀਆਂ ਤੇ ਵਗਦੇ ਬੰਬਾਂ ਵਿੱਚੋਂ ਸਾਫ਼ ਵਿਜਈ ਹੋ ਕੇ ਨਿਕਲਿਆ ਤਾਂ ਮੈਨੂੰ ਇੰਝ ਹੀ ਲਗ ਰਿਹਾ ਸੀ ਕਿ ਗੁਰੂ ਮੇਰੇ ਸਿਰ ਤੇ ਖੜ੍ਹਾ ਹੈ। ਕੈਪਟਨ ਸਾਹਿਬ ਦਾ ਕਮਾਂਡਿੰਗ ਅਫ਼ਸਰ ਇਹ ਸਮਝ ਚੁੱਕਾ ਸੀ ਕਿ ਕੈਪਟਨ ਸੰਤ ਸਿੰਘ ਜੰਗ ਦੇ ਵਿੱਚ ਕੰਮ ਆ ਗਿਆ ਹੈ। ਜਦੋਂ ਉਸਨੇ ਕੈਪਟਨ ਸਾਹਿਬ ਨੂੰ ਦਿੱਤੀ ਗਈ ਮੁਹਿੰਮ ਸਰ ਕਰਕੇ ਹਸਦਿਆਂ ਖੇਡਦਿਆਂ ਵਾਪਸ ਸਹੀ ਸਲਾਮਤ ਦੇਖਿਆ ਤਾਂ ਉਹ ਹੈਰਾਨ ਤੇ ਸ਼ਸ਼ੱਧਰ ਰਹਿ ਗਿਆ ਤੇ ਕੈਪਟਨ ਸਾਹਿਬ ਇਸ ਤਰ੍ਹਾਂ ਮੁਸਕਰਾ ਰਹੇ ਸਨ ਜਿਸ ਤਰ੍ਹਾਂ ਕਬੱਡੀ ਦਾ ਕੋਈ ਖਿਲਾੜੀ ਜਿੱਤ ਪ੍ਰਾਪਤ ਕਰ ਪਾਲਾ ਲੰਘ ਕੇ ਵਾਪਿਸ ਆ ਗਿਆ ਹੋਵੇ।
ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਮਾਰੀਆਂ ਤੇਗਾਂ ਦਾ ਲਾਭ ਕਿਸੇ ਨੂੰ ਮਿਲਿਆ ਜਾਂ ਨਹੀਂ ਮਿਲਿਆ, ਇਹ ਸਾਡੀ ਵਿਚਾਰ ਦਾ ਵਿਸ਼ਾ ਨਹੀਂ। ਪਰ ਇਹ ਪੱਕਾ ਸਚ ਹੈ ਕਿ ਇਸਦਾ ਲਾਭ ਧਰਤੀ ਦੇ ਵਸਨੀਕਾਂ (sons of the soil) ਤੇ ਧਰਤੀ ਦੇ ਪੁੱਤਰਾਂ ਨੂੰ ਮਿਲਿਆ। ਜਿਹੜੇ ਜੱਟ ਤੇ ਵਾਹੀਕਾਰ ਧਰਤੀ ਵਿੱਚੋਂ ਸੋਨਾ ਉਗਾ ਜ਼ਮੀਨ ਵਾਹ ਜ਼ਿੰਦਗੀ ਬਿਤਾ ਕੇ ਤਬਾਹ ਹੋ ਜਾਂਦੇ ਸਨ, ਉਹ ਕਦੀ ਧਰਤੀ ਦੇ ਮਾਲਕ ਨਹੀਂ ਬਣ ਸਕੇ । ਬਾਬਾ ਬੰਦਾ ਸਿੰਘ ਨੇ ਇਹਨਾਂ ਮਜਦੂਰਾਂ ਤੇ ਮੁਜਾਰਿਆਂ ਨੂੰ ਧਰਤੀ ਦਾ ਸੁਆਮੀ ਬਣਾ ਦਿੱਤਾ। ਇਹ ਲਾਭ ਸਾਰਿਆਂ ਲਈ ਇਕ ਸਾਰ੍ਹਾ ਸੀ। ਇਸਦਾ ਉਜੇਹਾ ਲਾਭ ਲੁਬਾਣਿਆਂ ਨੂੰ ਵੀ ਲੱਭਾ। ਬਾਬਾ ਬੰਦਾ ਸਿੰਘ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇਹ ਨਿਰੇ ਟਰਾਂਸਪੋਰਟਰ ਭਾਵ ਢੋਆ ਢੁਆਈ ਤੇ ਉਸ ਨਾਲ ਸੰਬੰਧਿਤ ਕਿੱਤਿਆਂ ਤੋਂ ਇਲਾਵਾ ਧਰਤੀ ਖਰੀਦ ਕੇ ਥਾਓਂ ਪਥਾਈਂ ਸਾਰੇ ਪੰਜਾਬ ਵਿੱਚ ਦੂਰ ਦੂਰ ਤਕ ਵਸ ਗਏ। ਇਸ ਤੋਂ ਪਹਿਲਾਂ ਇਹਨਾ ਵਿੱਚੋਂ ਕੁਝ ਬੰਦੇ ਬਹੁਤ ਥੋੜ੍ਹੀ ਗਿਣਤੀ ਦੇ ਲੈਣ ਦੇਣ ਦਾ ਕੰਮ ਵੀ ਕਰਦੇ ਸਨ। ਸਿੰਧ ਨਦੀ ਦੇ ਹੇਠਲੇ ਇਲਾਕੇ ਵਿੱਚ ਇਹ ਸਿਰਕੀਆਂ, ਘਾਹ ਦੀਆਂ ਚਟਾਈਆਂ ਤੇ ਫੂਹੜੀਆਂ ਆਦਿ ਬੰਨ੍ਹਣ ਦਾ ਕੰਮ ਵੀ ਕਰਦੇ ਸਨ । ਲੁਬਾਣਿਆਂ ਦਾ ਇਕ ਵੱਡਾ ਹਿੱਸਾ ਮਿਹਨਤੀ ਕਿਰਤੀ ਤੇ ਖੁਸ਼ਹਾਲ ਸੀ। ਪੈਸੇ ਵੱਲੋਂ ਰੱਜੇ ਹੋਏ ਸਨ। ਇਹਨਾਂ ਨੇ ਕਾਂਗੜੇ ਵਿਖੇ ਪਹਿਲਾਂ ਚਰਾਗਾਹ ਤੇ ਫੇਰ ਵਾਹੀ ਦੀਆਂ ਜ਼ਮੀਨਾਂ ਖਰੀਦ ਲਈਆਂ। ਜ਼ਿਲ੍ਹਾ ਗੁਜ਼ਰਾਤ ਵਿੱਚ ਲੁਬਾਣਿਆਂ ਨੇ ਗੁਜਰਾਂ ਪਾਸੋਂ ਹਿੱਸੇ ਉੱਤੇ ਜ਼ਮੀਨਾਂ ਲੈ ਕੇ ਵਾਹੀਆਂ, ਮਗਰੋਂ ਹੋਲੀ ਹੋਲੀ ਉਹਨਾਂ ਨੂੰ ਖਰੀਦ ਵੀ ਲਿਆ। ਗੁਜ਼ਰਾਤ ਦਾ ਇਲਾਕਾ ਹੋਰ ਕੁਝ ਸਮਾਂ ਬੀਤਣ ਮਗਰੋਂ ਇਹਨਾਂ ਦਾ ਗੜ੍ਹ ਬਣ ਗਿਆ। ਓਥੋਂ ਹੀ ਇਕ ਸਮਾਜਿਕ, ਭਾਈਚਾਰਕ ਤੇ ਵਿਦਿਅਕ ਕਰਾਂਤੀ ਦੇਣ ਵਾਲੀ ਇਕ ਮਹਾਨ ਸ਼ਖਸੀਅਤ ਸੰਤ ਪ੍ਰੇਮ ਸਿੰਘ ਜੀ ਦੇ ਨਾਂ ਨਾਲ ਉਭਰੀ। ਉਹਨਾਂ ਦੀ ਕੁਰਬਾਨੀ ਡ ਦੇਣ ਲਾਸਾਨੀ ਹੈ। ਜ਼ਿਲ੍ਹਾ ਗੁਜਰਾਂਵਾਲੇ ਵਿੱਚ ਵੀ ਇਹਨਾ ਨੇ ਬਹੁਤ ਸਾਰੀਆਂ ਜ਼ਮੀਨਾਂ ਤੋਂ ਚੱਕ ਖਰੀਦ ਕੇ ਵਾਹੀ ਦੀ ਕਿਰਤ ਨੂੰ ਅਪਣਾਇਆ। ਮਿੰਟਗੁਮਰੀ ਦੇ ਹੇਠਾਂ ਸਰਗੋਧਾ, ਉਤਾ ਤੇ ਚਨਿਯੋਟ ਦੇ ਇਲਾਕੇ ਲੁਬਾਣਿਆਂ ਦੇ ਹਲਾਂ ਦੀ ਨੋਕ ਹੇਠਾਂ ਆ ਗਏ। ਦੇਸ਼ ਦੀ ਵੰਡ ਵੇਲੇ ਤਕ ਇਸ ਇਲਾਕੇ ਵਿੱਚ ਬਾਬਾ ਬੰਦਾ ਸਿੰਘ ਜੀ ਪ੍ਰਤੀ ਸ਼ਰਧਾ ਵਾਲੇ ਬਹੁਤ ਸਾਰੇ ਸਹਿਜਧਾਰੀ ਤੇ ਸਿੱਖ ਲੋਕੀ ਵਸਦੇ ਸਨ। ਸਹਿਜਧਾਰੀ ਹੌਲੀ ਹੌਲੀ ਸਿੱਖ ਸਜਦੇ ਗਏ। ਏਥੋਂ ਹੀ ਉਠੇ ਲੋਕ ਦੇਸ਼ ਦੀ ਵੰਡ ਮਗਰੋਂ ਹਿਸਾਰ ਤੇ ਉਸਦੇ ਲਾਗਲੇ ਇਲਾਕਿਆਂ ਵਿੱਚ ਮੁੜ ਜਾ ਵਸੇ। ਮੈਂ ਇਹਨਾਂ ਇਲਾਕਿਆਂ ਵਿੱਚ ਆਪ ਜਾ ਕੇ ਵੱਖੋ ਵੱਖ ਲੋਕਾਂ ਨੂੰ ਮਿਲਿਆ ਹਾਂ ਅਤੇ ਸੰਗਤ ਰੂਪ ਵਿੱਚ ਇਹਨਾਂ ਦੇ ਦਰਸ਼ਨ ਵੀ ਕੀਤੇ ਹਨ। ਅੱਜ ਵੀ ਆਪਣੀ ਖੁਸ਼ੀ ਗਮੀ ਜੰਮੂ ਦੇ ਲਾਗੇ ਰਿਆਸੀ ਥਾਂ ਤੇ ਬਾਬਾ ਬੰਦਾ ਸਿੰਘ ਦੇ ਸਥਾਨ ਨਾਲ ਸਾਂਝੀ ਕਰਦੇ ਹਨ। ਇਹ ਮੂਲ ਤੌਰ ਤੇ ਗੁਰੂ ਗ੍ਰੰਥ ਸਾਹਿਬ ਅਤੇ ਦਰਬਾਰ ਸਾਹਿਬ ਨਾਲ ਜੁੜੇ ਹੋਏ ਹਨ। ਜ਼ਿਲ੍ਹਾ ਹਿਸਾਰ ਦੇ ਪਿੰਡ ਬਲਿਆਲੀ ਵਿੱਚ ਅੱਜ ਤੋਂ ਕੁਝ ਸਾਲ ਪਹਿਲਾਂ ਮੈਂ ਗੁਰੂ ਨਾਨਕ ਦੇਵ ਜੀ ਦੇ ਜਨਮ ਉਤਸਵ ਦੇ ਸਬੰਧ ਵਿੱਚ ਗਿਆ। ਮੈਂ ਬੜੇ ਵਿਸਮਾਦੀ ਅਵਸਥਾ ਵਿੱਚ ਆ ਗਿਆ ਜਦੋਂ ਦੇਖਿਆ ਕਿ ਪਾਠੀ, ਕੀਰਤਨੀਏ ਤੇ ਅਰਦਾਸੀਏ ਸਹਿਜਧਾਰੀ ਸਿੱਖ ਵੇਖੇ। ਇਹਨਾ ਵਿੱਚੋਂ ਪੜ੍ਹੇ ਲਿਖੇ ਲੋਗ ਸਕੂਲਾਂ ਦੇ ਹੈੱਡਮਾਸਟਰ ਤੇ ਸਰਕਾਰੀ ਅਹੁਦਿਆਂ ਤੇ ਲੱਗੇ ਹੋਏ ਸਹਿਜਧਾਰੀ ਸਿੱਖ ਗੁਰਬਾਣੀ ਤੇ ਗੁਰ-ਇਤਿਹਾਸ ਦੀਆਂ ਡੂੰਘੀਆਂ ਰਮਜ਼ਾਂ ਕਾਫ਼ੀ ਰਾਤ ਗਏ ਤਕ ਸਾਂਝੀਆਂ ਕਰਦੇ ਰਹੇ ਤੇ ਅਨੰਦਿਤ ਹੁੰਦੇ ਰਹੇ। ਇਹ ਗੁਰੂ ਪਿਆਰੇ ਕਿਸੇ ਗੱਲ ਤੇ ਅੜਦੇ ਨਹੀਂ ਸਗੋਂ ਇੰਝ ਲਗਦਾ ਸੀ ਕਿ ਇਹ ਗੁਰੂ ਦੀ ਮਤ ਲੈਣ ਆਏ ਹਨ, ਗੁਰਮਤਿ ਨੂੰ ਸਿੱਖਣਾ ਚਾਹੁੰਦੇ ਹਨ ਤੇ ਗੁਰਮਤਿ ਦੀ ਜੀਵਨ ਜਾਚ ਅਨੁਸਾਰ ਹੀ ਜੀਉਣਾ ਚਾਹੁੰਦੇ ਹਨ।
ਗੁਰਮਤਿ ਹਰਿ ਰਸ ਚਾਖਿਆ
ਇਹਨਾਂ ਦੀਆਂ ਸੁਆਣੀਆਂ ਲੰਗਰ ਦੀ ਸੇਵਾ ਤੇ ਹੋਰ ਸੇਵਾਵਾਂ ਇਸ ਤਰ੍ਹਾਂ ਨਾਲ ਨਿਭਾਉਂਦੀਆਂ, ਜਿਸ ਤਰ੍ਹਾਂ ਇਹ ਗੁਰੂ ਘਰ ਵਿੱਚ ਹਨ ਤੇ ਸਾਰੀ ਸਿੱਖ ਸੰਗਤ ਇਹਨਾਂ ਦੇ ਘਰ ਆਏ ਮਿਹਮਾਨ ਹਨ। ਇਹ ਇੱਕ ਨਮੂਨੇ ਮਾਤਰ ਹੈ।
ਇਸ ਤੋਂ ਇਲਾਵਾ ਲਾਹੌਰ ਤੇ ਸ਼ੇਖੂਪੁਰੇ ਇਲਾਕੇ ਵਿੱਚ ਇਹਨਾਂ ਨੇ ਟਾਵੇਂ ਟਾਵੇਂ ਤੇ ਸਮੂਹਿਕ ਤੌਰ ਤੇ ਜ਼ਮੀਨਾਂ ਖਰੀਦ ਕੇ ਆਪਣੇ ਘਰ ਪਿੰਡ ਤੇ ਬਸਤੀਆਂ ਆਬਾਦ ਕੀਤੀਆਂ। ਸਤਲੁਜ ਤੋਂ ਉਰੇ ਮਾਲਵੇ ਤੇ ਅਜੋਕੇ ਹਰਿਆਣੇ ਵਿੱਚ ਵੀ ਇਹਨਾਂ ਵਸੇਬਾ ਅਖ਼ਤਿਆਰ ਕੀਤਾ।
ਉਦਾਹਰਣ ਵਜੋਂ ਗੁਜਰਾਂਵਾਲੇ ਜ਼ਿਲ੍ਹੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਮਗਰੋਂ ਲੁਬਾਣਿਆਂ ਨੇ 2800 ਏਕੜ ਜ਼ਮੀਨ ਥਾਓਂ ਥਾਈਂ ਖਰੀਦ ਲਈ। ਇਹਨਾਂ ਦੇ ਹੋਰ ਕਿੱਤੇ ਦੁਕਾਨਦਾਰੀ ਵਪਾਰ ਆਦਿ ਵਿੱਚ ਵੀ ਚੰਗਾ ਹੱਥ ਸੀ। ਇਹਨਾਂ ਦਾ ਬਹੁਤਾ ਵਸੇਬਾ ਪਿੰਡਾਂ ਵਿੱਚ ਹੀ ਸੀ। ਇਸੇ ਹੀ ਜ਼ਿਲ੍ਹੇ ਵਿੱਚ ਦਸਾਂ ਕੁ ਵਰ੍ਹਿਆਂ ਅੰਦਰ ਸਾਢੇ ਤਿੰਨ ਹਜ਼ਾਰ ਤੋਂ ਵਧ ਲੁਬਾਣੇ ਆ ਵਸੇ। ਬੇਸ਼ੱਕ ਇਹ ਹੋਰ ਕੰਮ ਵੀ ਕਰਦੇ ਸਨ, ਪਰ ਖੇਤੀ ਦਾ ਕਿੱਤਾ ਮਾਣ ਤੇ ਇੱਜ਼ਤ ਵਾਲਾ ਮੰਨਿਆ ਜਾਂਦਾ ਸੀ। ਸਮੇਂ ਦੇ ਬੀਤਣ ਨਾਲ ਇਹ ਵਾਹੀਕਾਰ ਵੀ ਮੰਨੇ ਜਾਣ ਲਗ ਪਏ। ਇਕ ਗੱਲ ਹੋਰ ਧਿਆਨ ਦੇਣ ਯੋਗ ਹੈ ਕਿ ਇਸ ਸਮੇਂ ਵਿੱਚ ਤਬਦੀਲੀ ਆਉਣ ਕਾਰਣ ਢੋਆ ਢੁਆਈ (transport) ਦੇ ਢੰਗ ਤਰੀਕੇ ਤਬਦੀਲ ਹੋ ਰਹੇ ਸਨ। ਇਸ ਲਈ ਲੁਬਾਣਿਆਂ ਦਾ ਝੁਕਾਅ ਜ਼ਮੀਨ ਖਰੀਦਣ ਵਲ ਜ਼ਿਆਦਾ ਹੁੰਦਾ ਗਿਆ। ਉੱਨੀਵੀਂ ਸਦੀ ਦੇ ਅਖੀਰ ਤੱਕ ਜ਼ਮੀਦਾਰੀ ਤੇ ਵਾਹੀ ਲੁਬਾਣਿਆਂ ਦਾ ਮੁੱਖ ਕਿੱਤਾ ਬਣ ਚੁੱਕਾ ਸੀ। ਸਿਆਲਕੋਟ, ਗੁਰਦਾਸਪੁਰ, ਗੁਜਰਾਤ, ਗੁਜਰਾਂਵਾਲਾ, ਫਿਰੋਜ਼ਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ ਤੇ ਅੰਬਾਲਾ ਆਦਿ ਜ਼ਿਲ੍ਹਿਆਂ ਵਿੱਚ ਲੁਬਾਣਿਆਂ ਦਾ ਮੁੱਖ ਕਿੱਤਾ ਕਿਰਸਾਨੀ ਬਣ ਗਿਆ।
ਲੁਬਾਣਿਆਂ ਦਾ ਵਾਹੀਕਾਰ ਜ਼ਿਮੀਦਾਰ ਮੰਨਿਆ ਜਾਣਾ
ਉੱਨੀ ਸਦੀ ਦੇ ਮੁੱਕਣ ਤਕ ਲੁਬਾਣਿਆਂ ਦੀ ਇਕ ਵੱਡੀ ਗਿਣਤੀ ਵਾਹੀ ਤੇ ਜ਼ਮੀਨ ਦੀ ਕਿਰਤ ਵਿੱਚ ਲਗ ਪਈ ਸੀ। ਪੰਜਾਬ ਵਿੱਚ ਕਿਸਾਨ (ਜੱਟ) ਜ਼ਮੀਨਾਂ ਦੇ ਮਾਲਕ ਤੇ ਵਾਹੀਕਾਰ ਹੋਣ ਕਾਰਣ ਆਪਣੇ ਆਪ ਨੂੰ ਸਭ ਤੋਂ ਉੱਚਾ ਤੇ ਸਿਰਕੱਢਵਾਂ ਸਮਝਦੇ ਸਨ। ਜਿਹੜੀਆਂ ਜਾਤਾਂ ਤੇ ਕਬੀਲੇ ਜਿੰਮੀਦਾਰ ਨਹੀਂ ਸਨ, ਭਾਵੇਂ ਉਹ ਕਿਰਤ ਕਾਰਜ ਵਾਹੀ ਦਾ ਹੀ ਕਰਦੇ ਹੋਣ, ਉਹਨਾਂ ਨੂੰ ਆਪਣੇ ਤੋਂ ਹੇਠਲੇ ਦਰਜ਼ੇ ਦਾ ਹੀ ਮੰਨਦੇ ਸਨ। ਇਹ ਭਾਵਨਾ ਸਿੱਖਾਂ ਵਿੱਚ ਇਕ ਲਾਹਨਤ ਜਹੀ ਬਣ ਕੇ ਵਾਪਰੀ ਹੋਈ ਹੈ। ਏਧਰ ਸੰਨ 1900 ਵਿੱਚ ਅੰਗਰੇਜ਼ੀ ਸਰਕਾਰ ਵੱਲੋਂ ਇਕ ਕਾਨੂੰਨ ਪੰਜਾਬ ਐਲਾਈਨੇਸ਼ਨ ਆਫ ਲੈਂਡ ਐਕਟ (13) ਪਾਸ ਕੀਤਾ ਗਿਆ ਜਿਸਨੇ ਪੰਜਾਬ ਦੇ ਲੁਬਾਣਿਆਂ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਕਾਨੂੰਨ ਅਧੀਨ ਲਾਹੌਰ ਨੂੰ ਛੱਡ ਕੇ ਬਾਕੀ ਸਾਰੇ ਪੰਜਾਬ ਵਿੱਚ ਗ਼ੈਰ ਜਿੰਮੀਦਾਰ ਲੋਕਾਂ ਲਈ ਜ਼ਮੀਨ ਖਰੀਦਣ ਤੇ ਰੋਕ ਲਗਾ ਦਿੱਤੀ ਗਈ। ਇਸ ਕਾਨੂੰਨ ਅਧੀਨ ਸਭ ਤੋਂ ਵਧੇਰੇ ਧੱਕਾ ਲੁਬਾਣਿਆਂ ਨੂੰ ਲੱਗਾ। ਇਹੀ ਸਰਦੇ ਪੁਜਦੇ ਸਨ ਤੇ ਜ਼ਮੀਨ ਖਰੀਦ ਸਕਦੇ ਸਨ। ਕੁਝ ਲੁਬਾਣੇ ਲੈਣ ਦੇਣ ਦਾ ਕੰਮ ਕਰਨ ਕਰਕੇ ਬੜੇ ਧਨੀ ਤੇ ਦਬਦਬੇ ਵਾਲੇ ਸਨ। ਇਸ ਤੋਂ ਇਲਾਵਾ ਲੁਬਾਣਿਆਂ ਦੀ ਵੱਡੀ ਗਿਣਤੀ ਫੌਜ ਵਿੱਚ ਭਰਤੀ ਹੋ ਚੁੱਕੀ ਸੀ। ਜਿਨ੍ਹਾਂ ਵਿੱਚੋਂ ਬਹੁਤ ਸਾਰੇ ਨਾਨ ਗਜ਼ਟਿਡ ਅਫਸਰ ਵੀ ਬਣ ਚੁੱਕੇ ਸੀ। ਤੀਜੇ ਇਹਨਾਂ ਦਾ ਸਮਾਜ ਵਿੱਚ ਰੁਤਬਾ ਬਣਿਆ ਹੋਇਆ ਸੀ। ਇਹਨਾਂ ਸਾਰਿਆਂ ਨੇ ਸਰਕਾਰ ਦੇ ਉੱਤੇ ਜੋਰ ਪਾਇਆ। ਕਿ ਇਸ ਕਾਨੂੰਨ ਕਾਰਨ ਲੁਬਾਣਿਆਂ ਨੂੰ ਨੁਕਸਾਨ ਪਹੁੰਚੇਗਾ ਤੇ ਫੌਜ ਵਿਚਲੇ ਲੁਬਾਣੇ ਸਰਕਾਰ ਨਾਲ ਨਾਖੁਸ਼ ਤੇ ਨਾਰਾਜ਼ ਹੋ ਜਾਣਗੇ। ਇਹ ਸਭ ਸਰਕਾਰ ਦੇ ਹਿਤ ਵਿੱਚ ਨਹੀਂ ਹੋਵੇਗਾ।
ਇਹਨਾਂ ਹਾਲਾਤ ਵਿੱਚ ਫੌਜ ਦੇ ਬ੍ਰਿਟਿਸ਼ ਅਫ਼ਸਰ ਮੇਜਰ ਡਲਜ਼ ਨੇ ਆਪਣੀ ਸੂਝ ਤੇ ਰਸੂਖ ਨਾਲ ਦਬਾਅ ਪਾਇਆ ਕਿ ਬੇਸ਼ਕ ਲੁਬਾਣੇ ਸਿੱਖ ਕਈ ਵੱਖ ਵੱਖ ਕਿੱਤਿਆਂ ਵਿੱਚ ਲੱਗੇ ਹੋਏ ਹਨ ਪਰ ਫਿਰ ਵੀ ਇਹਨਾਂ ਦਾ ਇਕ ਵੱਡਾ ਹਿੱਸਾ ਵਾਹੀਕਾਰ ਹੈ। ਏਧਰੋਂ ਫੌਜ ਵਿਚਲੇ ਸਿੱਖ ਲੁਬਾਣਿਆਂ ਨੇ ਵੀ ਚੰਗਾ ਦਬਾਅ ਸਰਕਾਰ ਤੇ ਪਾਇਆ। ਇਕ ਪ੍ਰਮੁੱਖ ਲੁਬਾਣੇ ਸਿੱਖ ਸੂਬੇਦਾਰ ਮੇਜਰ-ਮਿਹਤਾਬ ਸਿੰਘ ਦੀ ਕਿਆਦਤ ਵਿੱਚ ਸੋਲਹਾਂ ਪ੍ਰਮੁੱਖ ਲੁਬਾਣੇ-ਸਿੱਖਾਂ ਦੇ ਵਫਦ ਨੇ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਮਿ. ਲੇਗਲੀ ਨਾਲ ਮੁਲਾਕਾਤ ਕੀਤੀ ਤੇ ਸਮਝਾਇਆ ਕੇ ਇਹ ਐਕਟ ਲੁਬਾਣਿਆਂ ਨਾਲ ਇਕ ਨਾ ਇਨਸਾਫ਼ੀ ਹੋਵੇਗੀ ਜੋ ਬ੍ਰਿਟਿਸ਼ ਸਰਕਾਰ ਲਈ ਹਿਤਕਰ ਨਹੀਂ ਰਹੇਗਾ। ਇਸਤੇ ਸਾਰੇ ਪੰਜਾਬ ਦਾ ਸਰਵੇਖਣ ਕੀਤਾ ਗਿਆ ਤੇ ਪੁੱਛ ਗਿੱਛ ਹੋਈ। ਇਸ ਸਬੰਧ ਵਿੱਚ ਜ਼ਿਲ੍ਹਾ ਅੰਬਾਲੇ ਦੇ ਆਂਕੜੇ ਮੈਂ ਦਰਜ ਕਰ ਰਿਹਾ ਹਾਂ। ਜ਼ਿਲ੍ਹਾ ਅੰਬਾਲਾ ਵਿੱਚ ਲੁਬਾਣੇ ਸਿੱਖਾਂ ਦੀ ਗਿਣਤੀ 856 ਸੀ, ਜਿਨ੍ਹਾਂ ਵਿੱਚੋਂ 526 ਲੁਬਾਣੇ ਕਿਸਾਨੀ ਤੇ ਕਿਸਾਨੀ ਆਧਾਰਿਤ ਕੰਮਾਂ ਵਿੱਚ ਲੱਗੇ ਹੋਏ ਸਨ, 30 ਲੁਬਾਣੇ ਟੱਬਰ ਵਟਾਈ ਤੇ ਖੇਤੀ ਕਰ ਰਹੇ ਸਨ। ਇਹਨਾਂ ਵਿੱਚ 300 ਤੋਂ ਵੱਧ ਲੁਬਾਣੇ ਇਹਨਾਂ ਦੇ ਨਾਲ ਜਾਂ ਇਹਨਾਂ ਤੇ ਆਧਾਰਿਤ ਸਨ। ਇਸ ਕਾਰਨ ਪੰਜਾਬ ਸਰਕਾਰ ਨੇ ਲੁਬਾਣੇ ਸਿੱਖਾਂ ਨੂੰ ਬਤੌਰ ਜ਼ਿੰਮੀਦਾਰ ਤੇ ਵਾਹੀਕਾਰ ਤਸਲੀਮ ਕਰ ਲਿਆ। ਇਸਦੇ ਬਾਵਜੂਦ 6 ਸਾਲ ਦੇ ਲਗਾਤਾਰ ਸੰਘਰਸ਼ ਮਗਰੋਂ 1906 ਵਿੱਚ ਸਰਕਾਰ ਨੇ ਲੁਬਾਣੇ ਸਿੱਖਾਂ ਨੂੰ ਵਾਹੀਕਾਰ ਦੇ ਤੌਰ ਤੇ ਮੰਨਣ ਦਾ ਮਹੱਤਵਪੂਰਣ ਫੈਸਲਾ ਲਿਆ। ਇਹ ਅੱਗੇ ਹੀ ਸਮਾਜ ਵਿੱਚ ਪ੍ਰਤਿਸ਼ਠਿਤ ਅਸਥਾਨ ਰੱਖਦੇ ਸਨ । ਇਸ ਕਾਨੂੰਨ ਦੀ ਵਾਪਸੀ ਨਾਲ ਲੁਬਾਣਿਆਂ ਦੇ ਸਮਾਜਿਕ ਰੁਤਬੇ ਵਿੱਚ ਮਨਚਾਹਿਆ ਵਾਧਾ ਹੋਇਆ।
ਜ਼ਿਲ੍ਹਾ ਲਾਹੌਰ ਦੇ ਲੁਬਾਣੇ ਪੰਜਾਬ ਲੈਂਡ ਐਲਾਇਨੇਸ਼ਨ ਐਕਟ ਦੇ ਆਉਣ ਤੋਂ ਪਹਿਲਾਂ ਵੀ ਜ਼ਮੀਨ ਖਰੀਦਣ ਦਾ ਹੱਕ ਰਖਦੇ ਸਨ ਤੇ ਜ਼ਿੰਮੀਦਾਰ ਮੰਨੇ ਜਾਂਦੇ ਸਨ। 1906 ਵਿੱਚ ਇਸ ਕਾਨੂੰਨ ਦੇ ਵਾਪਸ ਲਏ ਜਾਣ ਦੇ ਬਾਅਦ ਇਹਨਾਂ ਨੂੰ ਰਾਜਪੂਤਾਂ ਤੇ ਗੁਜਰਾਂ ਵਾਂਗ ਜ਼ਿੰਮੀਦਾਰ ਕਬੀਲਿਆਂ ਵਿੱਚ ਸ਼ਾਮਿਲ ਕਰ ਲਿਆ ਗਿਆ । ਲੁਬਾਣੇ ਆਪਣੇ ਮੁੱਢਲੇ ਕਿੱਤਿਆਂ ਦੇ ਹੋਣ ਦੇ ਬਾਵਜੂਦ ਉਹਨਾਂ ਦੇ ਨਾਲ ਹੀ ਚਮੁਟੇ ਹੋਏ ਨਹੀਂ ਸਨ। ਸਮੇਂ ਦੇ ਉਤਾਰ ਚੜਾਅ ਤੇ ਤਬਦੀਲੀ ਨੂੰ ਅੱਗੋਂ ਹੀ ਸਮਝ ਕੇ ਉਸ ਲਈ ਇਕ ਮੁੱਠ ਤੇ ਤਤਪਰ ਹੋ ਜਾਂਦੇ। ਇਸ ਤਰ੍ਹਾਂ ਇਹਨਾ ਨੇ ਬਿਨਾ ਕਿਸੇ ਝਿਜਕ ਤੋਂ ਨਵੇਂ ਕਿੱਤੇ ਅਪਣਾਏ। ਸਾਰੇ ਪੰਜਾਬ ਵਿੱਚ ਲੁਬਾਣੇ ਸਿੱਖਾਂ ਨੇ ਵਿਤੋਂ ਵੱਧ ਜ਼ਮੀਨਾਂ ਕਬਜ਼ੇ ਵਿੱਚ ਲੈ ਕੇ ਵਾਹੀ ਹੇਠ ਲਿਆਂਦੀਆਂ। ਹੋਰ ਪਾਰੰਪਰਿਕ ਕਿੱਤਿਆਂ ਅਤੇ ਫੌਜ ਵਿੱਚੋਂ ਆਈ ਆਮਦਨੀ ਨੂੰ ਇਹਨਾਂ ਨੇ ਆਪਣੇ ਜ਼ਮੀਨ ਦੇ ਚੱਕਾਂ ਨੂੰ ਵਿਸਥਾਰ ਦੇਣ ਲਈ ਵਰਤਿਆ। ਇਹ ਗੱਲ ਪੱਥਰ ਤੇ ਲੀਕ ਵਾਂਗ ਹੈ। ਕਿ ਲੁਬਾਣੇ ਕਦੀ ਮਿਹਨਤ ਤੋਂ ਨਹੀਂ ਕਤਰਾਏ। ਜ਼ਮੀਨਾਂ ਦੇ ਛੋਟੇ ਛੋਟੇ ਟੋਟਿਆਂ ਤੋਂ ਇਹਨਾਂ ਨੇ ਮੁਕਾਬਲਤਨ ਵੱਧ ਆਮਦਨ ਹਾਸਲ ਕੀਤੀ ਅਤੇ ਉਸਨੂੰ ਏਧਰ ਓਧਰ ਵਿਖਾਵੇ ਤੇ ਫੂ ਫਾਂ ਵਿੱਚ ਜ਼ਾਇਆ ਕਰਨ ਦੀ ਬਜਾਏ ਹੋਰ ਜ਼ਮੀਨਾਂ ਖਰੀਦਣ ਵਾਸਤੇ ਵਰਤਿਆ। ਇਸ ਪ੍ਰਕਾਰ ਖੁਸ਼ਹਾਲੀ ਇਹਨਾਂ ਦੇ ਦਰਾਂ ਤੇ ਖੜੀ ਮੌਜੂਦ ਮਿਲਦੀ। ਆਪਣੇ ਵਾਧੂ ਸਮੇਂ ਵਿੱਚ ਇਹ ਸਣ ਦੀਆਂ ਰੱਸੀਆਂ ਤੇ ਵਾਣ ਆਦਿ ਵੱਟਣ ਦੀਆਂ ਕਰੜੀਆਂ ਘਾਲਾਂ ਤੋਂ ਵੀ ਗੁਰੇਜ਼ ਨ ਕਰਦੇ। ਇਹਨਾਂ ਦੀਆਂ ਸੁਆਣੀਆਂ ਰੱਥਾਂ ਦੇ ਪਹੀਆਂ ਵਾਂਗ ਇਹਨਾਂ ਦਾ ਪੂਰਾ ਸਾਥ ਦੇਂਦੀਆਂ। ਲੁਬਾਣੇ ਜ਼ਮੀਨਾਂ ਦੇ ਸਿਰ ਤੇ ਮਾਲ, ਡੰਗਰ ਤੇ ਮਵੇਸ਼ੀ ਪਾਲਦੇ। ਅੱਜ ਦੇ ਆਧੁਨਿਕ ਪੰਜਾਬ ਵਿੱਚ ਸਰਕਾਰ ਤੇ ਖੇਤੀ ਵਿਸ਼ਵ ਵਿਦਿਆਲਯ ਪੰਜਾਬੀਆਂ ਨੂੰ ਸਹਾਇਕ ਕਿੱਤਿਆਂ ਲਈ ਪਰੇਰਦੇ ਹਨ ਪਰ ਲੁਬਾਣੇ ਇਸ ਗੱਲ ਨੂੰ ਮੁੱਢੋਂ ਹੀ ਜਾਣਦੇ ਸਨ ਤੇ ਇਹ ਕਾਰਜ ਬੜੇ ਸਹਿਜ ਢੰਗ ਨਾਲ ਕਰ ਲੈਂਦੇ ਸਨ। 1911 ਤੱਕ ਲੁਬਾਣਿਆਂ ਦੀ ਕੁਲ ਗਿਣਤੀ ਦਾ 64-65 ਫੀ ਸਦੀ ਹਿੱਸਾ ਸਿੱਧੇ ਰੂਪ ਵਿੱਚ ਖੇਤੀ ਦੇ ਕਿੱਤੇ ਵਿੱਚ ਲੱਗਾ ਹੋਇਆ ਸੀ। ਤਕਰੀਬਨ 10 ਫੀਸਦੀ ਖੁਸ਼ਹਾਲ ਲੁਬਾਣੇ ਜ਼ਮੀਨਾਂ ਤੇ ਜ਼ਮੀਨਾਂ ਦੇ ਕਿਰਾਏ। ਤੋਂ ਕਾਫ਼ੀ ਆਮਦਨ ਕਰ ਲਿਆ ਕਰਦੇ ਸਨ । 3 ਫੀ ਸਦੀ ਖੇਤੀ ਮਜਦੂਰ ਸਨ, 2 ਫੀ ਸਦੀ ਲੋਕੀ ਮਾਲ ਮਵੇਸ਼ੀ ਤੇ ਲਵੇਰੇ ਪਾਲਣ ਦਾ ਕੰਮ ਕਰਦੇ ਸਨ। ਇਹਨਾਂ ਵਿੱਚੋਂ ਪੜ੍ਹੇ ਲਿਖੇ ਤੇ ਸਿਆਣੇ ਇੱਕ ਫੀ ਸਦੀ ਲੋਕ ਜ਼ਮੀਨਾਂ ਦੀ ਸਾਂਭ ਸੰਭਾਲ ਤੇ ਦੇਖ ਰੇਖ ਵਿੱਚ ਲੱਗੇ ਹੋਏ ਸਨ। ਜੋ ਨਿਤ ਹੀ ਨਵੀਆਂ ਕਾਢਾਂ ਆਦਿ ਨੂੰ ਖੇਤੀ ਨਾਲ ਜੋੜ ਕੇ ਦੂਜੇ ਲੁਬਾਣਿਆਂ ਲਈ ਇੱਕ ਮਿਸਾਲ ਬਣਦੇ ਸਨ।
ਇਕ ਲੋਕ ਮੁਹਾਵਰਾ ਹੈ ਕਿ, ਉਦਮ ਅੱਗੇ ਲਖਮੀ ਤੇ ਪੱਖੇ ਅੱਗੇ ਪੌਣ। ਮਿਹਨਤ ਤੇ ਉਦਮ ਲੁਬਾਣਿਆਂ ਦੇ ਸਰੀਰ ਵਿੱਚ ਪੌਣ ਵਾਂਗ ਰਚੀ ਹੋਈ ਸੀ। ਇਹ ਖੇਤੀ ਦੇ ਕੰਮਾਂ ਵਿੱਚ ਸਾਂਝੀ ਨਹੀਂ ਰੱਖਦੇ ਸਨ ਸਗੋਂ ਆਪਣੇ ਸਰੀਰਾਂ ਵਿੱਚੋਂ ਹੀ ਖਾਨ ਵਾਂਗੂ ਲਾਹਾ ਕੱਢ ਲੈਂਦੇ ਸਨ। ਇਸ ਕਾਰਨ ਇਹਨਾਂ ਦੇ ਸਰੀਰ ਵੀ ਰਿਸ਼ਟ ਪੁਸ਼ਟ ਤੇ ਸਿਹਤਮੰਦ ਹੁੰਦੇ ਸਨ। ਪਿੰਡਾਂ ਵਿੱਚ ਸੇਪੀ ਹਰ ਪਿੰਡ ਦਾ ਮਕੈਨਿਕਲ ਇੰਜੀਨਿਅਰ ਵਰਗਾ ਮਨੁੱਖ ਹੁੰਦਾ ਸੀ। ਅਖਰ ਸੇਪੀ ਸ਼ਿਲਪੀ ਤੋਂ ਬਣਿਆ ਹੈ, ਜਿਸਦਾ ਮਤਲਬ ਹੈ ਕਾਰੀਗਰ। ਜਿੱਥੋਂ ਤਕ ਵਸ ਚਲੇ, ਇਹ ਸੇਪੀ ਦਾ ਸਾਰਾ ਕੰਮ ਆਪ ਹੀ ਕਰ ਲਿਆ ਕਰਦੇ ਸਨ। ਇਸ ਪ੍ਰਕਾਰ ਇਹਨਾਂ ਨੂੰ ਹਰਫਨ ਮੌਲਾ ਵੀ ਆਖ ਸਕਦੇ ਹਾਂ।
ਲੁਬਾਣੇ ਸਿੱਖ ਆਪਣੀ ਆਬਾਦੀ ਦੇ ਅਨੁਪਾਤ ਨਾਲੋਂ ਕਿਤੇ ਵੱਧ ਫੌਜਾਂ ਵਿੱਚ ਭਰਤੀ ਹੋ ਗਏ ਸਨ। ਪਹਿਲੀ ਜੰਗ ਤੋਂ ਕਾਫ਼ੀ ਪਹਿਲਾਂ ਉੱਨੀਵੀਂ ਸਦੀ ਦੇ ਅਖੀਰਲੇ ਤੇ ਵੀਹਵੀਂ ਸਦੀ ਦੇ ਪਹਿਲੇ ਸਾਲਾਂ ਵਿੱਚ ਇਹ ਵੱਡੀ ਗਿਣਤੀ ਵਿੱਚ ਫੌਜਾਂ ਵਿੱਚ ਭਰਤੀ ਹੋ ਗਏ। ਪਹਿਲੇ ਸੰਸਾਰ ਯੁੱਧ ਵਿੱਚ ਲੁਬਾਣਿਆਂ ਨੇ ਬ੍ਰਿਟਿਸ਼ ਫੌਜ (ਅੰਗ੍ਰੇਜੀ ਫੌਜ) ਵਿੱਚ ਬਹੁਤ ਭਰਤੀ ਦਿੱਤੀ ਅਤੇ ਬੜੀ ਬਹਾਦੁਰੀ ਨਾਲ ਲੜੇ। ਉਸਦੇ ਸਿੱਟੇ ਵਜੋਂ ਇਹਨਾਂ ਨੂੰ ਨਹਿਰਾਂ ਦੇ ਨਾਲ ਨਾਲ ਅਤੇ ਦਰਿਆਵਾਂ ਦੇ ਲਾਗੇ ਬੜੀ ਕਾਰਆਮਦ ਤੇ ਜ਼ਰਖੇਜ਼ ਜ਼ਮੀਨ ਮਿਲ ਗਈ। ਜੈ ਜਵਾਨ ਤੇ ਜੈ ਕਿਸਾਨ ਦਾ ਨਾਅਰਾ ਅੱਜ ਆਇਆ ਹੈ, ਲੁਬਾਣਿਆਂ ਨੇ ਤਾਂ ਇਸਨੂੰ ਬਹੁਤ ਪਹਿਲਾਂ ਸਚ ਕਰ ਦਿਖਾਇਆ ਹੈ। ਫੌਜਾਂ ਤੋਂ ਹੋਈ ਆਮਦਨ ਨਾਲ ਇਹਨਾਂ ਨੇ ਲਾਗਲੀਆਂ ਹੋਰ ਜ਼ਮੀਨਾਂ ਖਰੀਦ ਲਈਆਂ ਤੇ ਜ਼ਮੀਨਾਂ ਵਿੱਚ ਅਤਿਅੰਤ ਮਿਹਨਤ ਕਰਕੇ ਪੰਜਾਬ ਦੇ ਨਾਲ ਨਾਲ ਆਪਣੇ ਆਪ ਨੂੰ ਵੀ ਖੁਸ਼ਹਾਲ ਕਰ ਲਿਆ। ਜਿਹਲਮ, ਗੁਜਰਾਤ, ਸਿਆਲਕੋਟ, ਸ਼ੇਖੂਪੁਰਾ, ਗੁਜਰਾਂਵਾਲਾ, ਝੰਗ, ਚਨਯੋਟ, ਮੁਲਤਾਨ ਅਤੇ ਲਾਇਲਪੁਰ ਵਿੱਚ ਇਹਨਾਂ ਨੇ ਵੱਡੇ ਵੱਡੇ ਚਕਾਂ ਦੀ ਮਿਲਖ ਹਾਸਲ ਕਰ ਲਈ। ਲੁਬਾਣੇ ਪੰਜਾਬ ਦੇ ਵਿੱਚ ਵਾਹੀਕਾਰ ਕਬੀਲੇ ਦੇ ਤੌਰ ਤੇ ਜਾਣੇ ਜਾਣ ਲਗ ਪਏ। ਫੌਜੀ ਤੇ ਗ਼ੈਰ ਫੌਜੀ ਲੁਬਾਣੇ ਸਿੱਖ ਸਰਦਾਰਾਂ ਨੇ ਬੜੀ ਹਿੰਮਤ ਕਰਕੇ ਉਨਤੀ ਦੀਆਂ ਪੁਲਾਂਘਾਂ ਪੁੱਟੀਆਂ। ਸ. ਬਹਾਦਰ ਗੋਪਾਲ ਸਿੰਘ ਲੋਬਾਣਾ, ਸ. ਬਹਾਦਰ ਸ. ਮੋਹਣ ਸਿੰਘ ਅਤੇ ਸ. ਅਜੀਤ ਸਿੰਘ ਲੁਬਾਣੇ ਐਮ.ਐਲ.ਏ. ਨੇ ਲੁਬਾਣਿਆਂ ਦੀ ਚੰਗੀ ਤਰ੍ਹਾਂ ਵਕਾਲਤ ਕੀਤੀ ਜਿਸ ਨਾਲ ਇਹ ਹੋਰ ਇੱਜ਼ਤ ਨਾਲ ਦੇਖੇ ਜਾਣ ਲਗ ਪਏ। ਉੱਪਰ ਲਿਖੇ ਸਰਦਾਰਾਂ ਵਿੱਚੋਂ ਸ. ਅਜੀਤ ਸਿੰਘ ਪੱਛਮੀ ਪੰਜਾਬ ਦੀ ਦਿਹਾਤੀ ਸੀਟ ਤੋਂ ਐਮ.ਐਲ.ਏ. ਚੁਣੇ ਗਏ। ਇਸ ਪ੍ਰਕਾਰ ਲੁਬਾਣਿਆਂ ਨੂੰ 1937 ਵਿੱਚ ਮਿੰਟਗੁਮਰੀ ਤੇ 1938 ਲਾਇਲਪੁਰ ਅੰਦਰ ਨੋਟੀਫਾਈਡ ਜ਼ਿੰਮੀਦਾਰ ਕਰਾਰ ਦਿੱਤਾ ਗਿਆ।
ਲੁਬਾਣਿਆਂ ਨੇ ਬੜੀ ਮਿਹਨਤ ਨਾਲ ਕੱਲਰ ਵਾਲੀਆਂ ਜ਼ਮੀਨਾਂ ਵਿੱਚ ਦੇਸੀ ਰੂੜੀ ਵਾਲੀ ਖਾਦ ਪਾ ਕੇ ਖੂਬ ਉਪਜਾਊ ਬਣਾ ਦਿੱਤਾ ਤੇ ਉਸ ਵਿੱਚ ਸੋਨੇ ਸਾਂਵੀਆਂ ਫਸਲਾਂ ਪੈਦਾ ਕੀਤੀਆਂ। ਕਾਂਗੜੇ ਤੇ ਕਪੂਰਥਲੇ ਦੇ ਇਲਾਕੇ ਵਿੱਚ ਇਹ ਮੁਹਾਵਰਾ ਹੀ ਬਣ ਗਿਆ ਸੀ, ਕੱਲਰ ਸੋਨੇ ਦੀ ਝਾਲਰ। ਮੇਰੀ ਜਾਚੇ ਧਰਤ ਕਲਰਾਠੀ ਨੇ ਲੁਬਾਣਿਆਂ ਨੂੰ ਰਾਠ ਬਣਾ ਦਿੱਤਾ। ਲੁਬਾਣਿਆਂ ਦੀ ਮਿਹਨਤ ਨੂੰ ਫਲ ਲੱਗਾ, ਠਠ ਵੀ ਬਣਿਆ ਤੇ ਠਾਠ ਬਾਠ ਵੀ।
ਰਤਾ ਮੁੜ ਪਿੱਛੇ ਵੇਖੀਏ ਤਾਂ ਲੁਬਾਣਿਆਂ ਦੀ ਫੌਜ ਵਿੱਚ ਦਿੱਤੀ ਸੇਵਾ ਦਾ ਪਤਾ ਲਗ ਜਾਏਗਾ। ਉੱਨੀਵੀਂ ਸਦੀ ਦੇ ਪਿਛਲੇ ਅੱਧ ਵਿੱਚ ਇਹਨਾਂ ਬੰਗਾਲ, ਸੈਪਰਜ਼, ਮਾਇਨਰਜ਼: ਸੱਤਵੀ ਬੰਗਾਲ ਇਨਫੈਂਟਰੀ 19, 22, 24, 25, 29 ਤੇ 30 ਪੰਜਾਬ ਇਨਫੈਨਟਰੀ ਰੈਜੀਮੈਂਟਸ ਅਤੇ ਤੀਸਰੀ, 14ਵੀਂ, 45 ਸਿੱਖ ਇਨਫੈਨਟਰੀ ਬੈਟਲੀਅਨ ਵਿੱਚ ਬਾ ਕਮਾਲ ਸੇਵਾ ਕੀਤੀ। ਇਹ ਆਪਣੀ ਬਹਾਦੁਰੀ ਕਾਰਣ ਮੁੱਖ ਤੌਰ ਤੇ ਮੂਹਰਲੀਆਂ ਰੈਜੀਮੈਟਾਂ ਵਿੱਚ ਰੱਖੇ ਜਾਂਦੇ ਸਨ। 1887 ਵਿੱਚ 34ਵੀਂ ਸਿੱਖ ਪਾਇਨੀਅਰਜ਼ ਸਾਰੀਆਂ ਰੈਜੀਮੈਟਾਂ ਵਿੱਚੋਂ ਚੌਣਵੇਂ ਅਫਸਰ ਲੈ ਕੇ ਬਣਾਈ ਗਈ ਸੀ। 24ਵੀਂ ਇਨਫੈਨਟਰੀ ਬਟੈਲਿਅਨ ਦੇ ਸੂਬੇਦਾਰ ਪ੍ਰੇਮ ਸਿੰਘ ਲੁਬਾਣਾ ਨੂੰ ਉੱਚੇ ਅਹੁਦਿਆਂ ਦੇ ਸਿੱਖ ਸਰਦਾਰਾਂ ਵਿੱਚ ਰੱਖਿਆ ਜਾਂਦਾ ਸੀ। 28 ਮਾਰਚ 1887 ਨੂੰ ਭਾਰਤੀ ਫੌਜ ਦੀ ਇਕ ਵਿਸ਼ੇਸ਼ ਚਿੱਠੀ ਰਾਹੀਂ 35, 36 ਸਿੱਖ, 27 ਡੋਗਰਾ ਤੇ 39 ਗੜ੍ਹ ਵਾਲੀ ਦੀ ਸਿਰਜਨਾ ਕੀਤੀ ਗਈ। ਇਸ ਵਿੱਚ ਇਹ ਵਾਜ਼ਿਆ ਕੀਤਾ ਗਿਆ ਕਿ ਮੁੱਖ ਤੌਰ ਤੇ ਮਜ਼ਬੀ ਸਿੱਖ ਕੁਝ ਕੁ ਜੱਟ, ਰਾਮਦਾਸੀਏ ਤੇ ਲੁਬਾਣੇ ਲਏ ਜਾਣਗੇ।
ਅੰਗਰੇਜ਼ਾਂ ਦੇ ਝੁਕਾਅ ਤੋਂ ਪਤਾ ਲਗਦਾ ਹੈ ਕਿ ਲੁਬਾਣੇ ਬਹਾਦਰ ਫੌਜੀ ਸਨ ਅਤੇ ਫੌਜ ਵਿੱਚ ਪੈਨਸ਼ਨ ਪ੍ਰਾਪਤ ਕਰਣ ਲਈ ਲੰਮੇਰੀ ਸੇਵਾ ਕਰਦੇ ਸਨ। ਇਹ ਗੱਲ ਅੱਗੇ ਪੀੜ੍ਹੀਆਂ ਤਕ ਚਲੀ। ਲੁਬਾਣੇ ਆਪਣਾ ਪਾਲਣ ਪੋਸ਼ਣ ਇਸ ਤਰ੍ਹਾਂ ਕਰਿਆ ਕਰਦੇ ਸਨ ਕਿ ਉਹ ਫੌਜ ਵਿੱਚ ਭਲੀ ਪ੍ਰਕਾਰ ਕਾਰਜ ਕਰ ਸਕਣ। ਪਿੰਡਾਂ ਵਿੱਚ ਲੁਬਾਣੇ ਸਿੱਖਾਂ ਦੇ ਬੱਚਿਆਂ ਨੂੰ ਰੋਮਨ ਪੜ੍ਹਾਈ ਜਾਂਦੀ ਸੀ। ਇਹ ਭਾਸ਼ਾ ਦੀ ਇਕ ਵਿਸ਼ੇਸ਼ ਤਰਜ਼ ਹੈ ਜਿਸ ਦੁਆਰਾ ਉਰਦੂ ਨੂੰ ਅੰਗਰੇਜ਼ੀ ਦੇ ਐਲਫਾਬੈਟਸ ਵਿੱਚ ਲਿਖਿਆ ਜਾਂਦਾ ਸੀ।
ਰੀਤੀ ਰਿਵਾਜ
ਹਰ ਇਕ ਟਾਬਰੀ, ਕਬੀਲੇ ਇਲਾਕੇ ਜਾਂ ਕੌਮ ਤੇ ਸਮਾਜ ਦੇ ਵੱਖ ਵੱਖ ਰੀਤੀ ਰਿਵਾਜ ਹੋਇਆ ਕਰਦੇ ਹਨ। ਇਸ ਸਬੰਧੀ ਮੈਂ ਪੁਸਤਕ ਦੇ ਆਰੰਭ ਵਿੱਚ ਲੁਬਾਣਿਆਂ ਦੇ ਮੁੱਢਲੇ ਰੀਤੀ ਰਿਵਾਜਾਂ ਸਬੰਧੀ ਕੁਝ ਕੁ ਜ਼ਿਕਰ ਕੀਤਾ ਹੋਇਆ ਹੈ। ਸਮੇਂ ਦੇ ਬੀਤਣ ਤੇ ਉਸਦੀ ਤਬਦੀਲੀ ਨਾਲ ਕਿੰਨੇ ਹੀ ਰੀਤੀ ਰਿਵਾਜ ਬਦਲ ਜਾਂਦੇ ਹਨ ਤੇ ਨਵੇਂ ਆ ਜੁੜਦੇ ਹਨ। ਕਈ ਵਾਰੀ ਧਾਰਮਿਕ ਅਸਥਾਨਾਂ ਤੇ ਆਧਾਰਿਤ ਰੀਤ ਰਿਵਾਜ ਵੀ ਨਿਤ ਆਪਣਾ ਰੂਪ ਵਟਾਂਦੇ ਰਹਿੰਦੇ ਹਨ। ਕਈ ਰਿਵਾਜ ਅਜਿਹੇ ਹਨ ਜੋ ਸਮਾਜ ਤਾਂ ਛੱਡਣਾ ਚਾਹੁੰਦਾ ਹੈ ਪਰ ਉਹ ਰਵਾਜ ਸਮਾਜ ਨੂੰ ਨਹੀਂ ਛੱਡਦੇ।
ਲੁਬਾਣਿਆਂ ਦੇ ਦੋ ਤਿੰਨ ਸਦੀਆਂ ਦੇ ਰੀਤੀ ਰਵਾਜ, ਪਰਿਪਾਟੀਆਂ ਤੇ ਪਰੰਪਰਾਵਾਂ ਨੇ ਆਪਣਾ ਰੂਪ ਇਸ ਤਰ੍ਹਾਂ ਨਾਲ ਬਦਲਿਆ ਕਿ ਅੱਜ ਉਹਨਾਂ ਦਾ ਮੁਹਾਂਦਰਾ ਹੀ ਨਹੀਂ ਸਿਆਣਿਆਂ ਜਾਂਦਾ। ਔਰਤਾਂ ਦੇ ਸਿਰ ਪੱਟੀਆਂ, ਮੀਢੀਆਂ, ਤੇੜ ਦੇ ਘਗਰੇ ਤੇ ਚੋਲੀਆਂ, ਖਬਰੇ ਕਿਹੜੀ ਡਗਰੇ ਗੁਆਚ ਹੀ ਗਏ। ਮਰਦਾਂ ਦੇ ਸ਼ਮਲੇ, ਕੈਂਠੇ, ਕੁੜਤੇ, ਪਰਨੇ, ਲਾਚੇ ਤੇ ਚਾਦਰੇ, ਨਿਰਾਦਰੇ ਭਾਵੇਂ ਨਹੀਂ ਗਏ ਪਰ ਫਿਰ ਵੀ ਉਹ ਸ਼ਾਇਦ ਹੀ ਕਿਸੇ ਸਾਮਾਜਿਕ, ਇਕਤਰਤਾ ਆਦਿ ਤੇ ਵੇਖਣ ਨੂੰ ਮਿਲਦੇ ਹੋਣ।
ਏਥੇ ਮੈਂ ਕੁਝ ਕੁ ਹੋਰ ਰੀਤੀ ਰਿਵਾਜਾਂ ਦਾ ਜ਼ਿਕਰ ਕਰਾਂਗਾ, ਜਿਨ੍ਹਾਂ ਦਾ ਰੂਪ ਤਾਂ ਕਾਫ਼ੀ ਬਦਲਿਆ ਹੈ, ਪਰ ਅਜੋਕੇ ਸਰੂਪ ਦੀ ਜੜ੍ਹ ਅੱਜ ਵੀ ਕਿਤੇ ਮੁੱਢਲੇ ਤੇ ਮੂਲ ਰਵਾਜਾਂ ਨਾਲ ਜੁੜੀ ਪਈ ਹੈ। ਮਨੁੱਖ ਦੇ ਰੋਸੇ, ਰੋਣੇ, ਚਾਅ, ਖੁਸ਼ੀਆਂ ਆਦਿ ਜਜ਼ਬੇ ਅਜੇ ਵੀ ਨਹੀਂ ਬਦਲੇ ਤੇ ਨਾ ਹੀ ਬਦਲਣਗੇ। ਪਰ ਫਿਰ ਵੀ ਮਨੁੱਖ ਦੇ ਅੰਦਰਲੀ ਇਕ ਲਚੀਲੀ ਲੈਯ ਤਬਦੀਲੀ ਨੂੰ ਬਰਦਾਸ਼ਤ ਵੀ ਕਰਦੀ ਹੈ ਤੇ ਉਸਦਾ ਸੁਆਗਤ ਵੀ।
ਅੱਜ ਦੇ ਯੁਗ ਨੂੰ ਕੰਪਯੂਟਰ ਦਾ ਯੁੱਗ ਆਖਿਆ ਜਾਂਦਾ ਹੈ। ਇਹ ਗੱਲ ਪ੍ਰਤੱਖ ਹੋ ਕੇ ਸਾਹਮਣੇ ਆ ਗਈ ਹੈ ਕਿ ਪਹਿਲਾਂ ਮਨੁੱਖ ਨੇ ਕੰਪਯੂਟਰ ਨੂੰ ਬਣਾਇਆ, ਅੱਜ ਕੰਪਯੂਟਰ ਹੋਰ ਕੰਪਯੂਟਰ ਬਣਾ ਰਿਹਾ ਹੈ। ਆਉਣ ਵਾਲੇ ਯੁਗ ਵਿੱਚ ਸ਼ਾਇਦ ਇਹ ਕਰਾਂਤੀ ਹੋ ਜਾਏ ਕਿ ਕੰਪਯੂਟਰ ਮਨੁੱਖ ਬਣਾਏਗਾ? ਇਸ ਸਮੇਂ ਦੇ ਆਉਣ ਵੇਲੇ ਸਾਡੇ ਵਿੱਚੋਂ ਕੌਣ ਕੌਣ ਹੋਵੇਗਾ, ਸਾਨੂੰ ਨਹੀਂ ਪਤਾ। ਇਹ ਇਕ ਤੱਥ ਸਰਵ ਵਿਦਿਤ ਹੈਕਿਅਜ ਦੀ ਜੰਮੀ ਨਿੱਕੀ ਜਹੀ ਬੱਚੀ ਕੱਲ੍ਹ ਦੀ ਮਾਂ ਹੈ। ਮਾਂ ਹੀ ਮਨੁੱਖ ਨੂੰ ਪੈਦਾ ਕਰਦੀ ਹੈ, ਜੇ ਮਾਂ ਨਹੀਂ ਤਾਂ ਮਨੁੱਖ ਦਾ ਨਾਂ ਨਹੀਂ। ਫਿਰ ਉਹ ਕਿਹੜਾ ਜਜ਼ਬਾ ਹੈ ਜਿਸਦੇ ਹੇਠ ਮਾਂ ਦੇ ਗਰਭ ਵਿੱਚ ਪਲ ਰਹੀ ਬੱਚੀ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ। ਅੱਜ ਇਹ ਗਿਆਨ ਕਰਾਉਣ ਵਾਲੀਆਂ ਡਾਕਟਰੀ ਹੱਟੀਆਂ ਖੁਲ੍ਹੀਆਂ ਹੋਈਆਂ ਹਨ, ਜੋ ਪਹਿਲਾਂ ਹੀ ਗਿਣ ਮਿੱਥ ਕੇ ਦਸ ਦਿੰਦੀਆਂ ਹਨ ਕਿ ਪੇਟ ਵਿੱਚ ਪਲ ਰਿਹਾ ਗਰਭ ਇਕ ਕੁੜੀ ਹੈ। ਫੇਰ ਕਿਸ ਪਾਗਲਪਨ ਤੇ ਬੇਦਰਦੀ ਨਾਲ ਉਸਨੂੰ ਸਮਾਪਤ ਕਰ ਦਿੱਤਾ ਜਾਂਦਾ ਹੈ। ਗੁਰਮਤਿ ਦਾ ਆਦੇਸ਼ ਹੈ ਕਿ
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
ਇਸ ਲਈ ਗੁਰਮਤਿ ਦੇ ਮੰਨਣ ਵਾਲਿਆਂ ਨੂੰ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਹੋਰ ਉੱਤੇ ਸਿੱਖ ਰਹਿਤ ਮਰਿਯਾਦਾ ਵਿੱਚ ਹੁਕਮ ਹੈ ਕਿ ਕੁੜੀਮਾਰ ਤੇ ਨੜੀਮਾਰ ਨਾਲ ਸਬੰਧ ਨਾ ਰੱਖਿਆ ਜਾਏ। ਕੀ ਸਾਰੇ ਸਿੱਖ ਤੇ ਲੁਬਾਣੇ ਗੁਰਸਿੱਖ ਇਸ ਘਾਟ ਤੋਂ ਮੁਕਤ ਹਨ। ਇਤਨੇ ਸਪੱਸ਼ਟ ਆਦੇਸ਼ ਹੋਣ ਦੇ ਬਾਵਜੂਦ ਇਹ ਸਰਬਤਰ ਵਾਂਗ ਲੁਬਾਣਿਆਂ ਵਿੱਚ ਵੀ ਕੀਤਾ ਜਾ ਰਿਹਾ ਹੈ। ਰਾਜਸਥਾਨ ਤੇ ਪੰਜਾਬ ਵਿੱਚ ਖਾਸ ਕਰਕੇ ਤੇ ਹੋਰਨੀ ਥਾਈਂ ਆਮ ਕਰਕੇ ਇਹ ਕੁਚਲਨ ਪਰਿਚਲਿਤ ਹੈ। ਹਿੰਦੂ ਲੁਬਾਣਿਆਂ ਵਿੱਚ ਕੁੜੀ ਨੂੰ ਮਾਰ ਕੇ ਮੁੰਡੇ ਨੂੰ ਰੱਖ ਲੈਣਾ ਅਤੇ ਉਸਨੂੰ ਪਾਲ ਪੋਸ ਕੇ ਵੱਡਾ ਕਰਨਾ ਇਸ ਲਈ ਵੀ ਜ਼ਰੂਰੀ ਹੈ ਕਿ ਬਹੁਤ ਸਾਰੀਆਂ ਰੀਤਾਂ ਤੇ ਰਵਾਇਤਾਂ ਪੁੱਤਰ ਦੀ ਹੋਂਦ ਬਿਨਾ ਸੰਪੂਰਣ ਨਹੀਂ ਹੋ ਸਕਦੀਆਂ ਜਿਵੇਂ ਚਿਤਾ ਨੂੰ ਲੰਬੂ ਲਾਣਾ, ਸਵਰਗ ਜਾਂਦਿਆਂ ਵੈਤਰਣੀ ਨੂੰ ਪਾਰ ਕਰਾਣਾ ਤੇ ਮਰਣ ਮਗਰੋਂ ਪਿਤਰਾਂ ਦਾ ਪੂਜਣਾ, ਪੁੱਤਰਾਂ ਬਿਨਾ ਸੰਭਵ ਨਹੀਂ ਪਰ ਗੁਰਮਤਿ ਨੇ ਤੇ ਇਹ ਸਭ ਕੁਝ ਮੂਲੋਂ ਹੀ ਨਹੀਂ ਮੰਨਿਆ (ੳ) ਲਾਸ਼ ਨੂੰ ਲੰਬੂ ਲਾਓ (ਅ) ਲਾਸ਼ ਨੂੰ ਦਬ ਦਿਓ (ੲ) ਲਾਸ਼ ਨੂੰ ਜਲ ਪ੍ਰਵਾਹ ਕਰੋ।
ਗੁਰਮਤਿ ਦੀ ਨਿਗਾਹ ਵਿੱਚ ਕੋਈ ਅੰਤਰ ਨਹੀਂ। ਰਹ ਗਈ ਨਰਕ ਸਵਰਗ ਦੀ ਗੱਲ ਤਾਂ ਗੁਰਮਤਿ ਨੇ ਨਰਕ ਸਵਰਗ ਦਾ ਰੱਫੜ ਹੀ ਮੁਕਾ ਦਿੱਤਾ ਹੈ।
ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ ॥
ਹਮ ਕਾਹੂ ਕੀ ਕਾਣਿ ਨ ਕਢਤੇ ਅਪੁਨੇ ਗੁਰ ਪਰਸਾਦੇ॥
ਕਿਹੜਾ ਨਰਕ ਕੌਣ ਸਵਰਗ। ਗੁਰਸਿੱਖਾਂ ਨੇ ਦੋਨੋਂ ਰਦ ਕੀਤੇ ਹੋਏ ਹਨ। ਉਹਨਾਂ ਨੂੰ ਆਪਣੇ ਗੁਰੂ ਦੀ ਕਿਰਪਾ ਕਾਰਣ ਕਿਸੇ ਦੀ ਕਾਣ ਨਹੀਂ ਕੱਢਣੀ ਪੈਂਦੀ ਭਾਵ ਗੁਲਾਮੀ ਨਹੀਂ ਕਰਨੀ ਪੈਂਦੀ। ਰਹਿ ਗਈ ਗੱਲ ਮਰਣ ਮਗਰੋਂ ਪਿਤਰਾਂ ਨੂੰ ਪੂਜਣ ਦੀ, ਤਾਂ ਸਾਡੇ ਪਾਸ ਚੰਨ ਚਨਾਣ ਤੇ ਚਾਨਣ ਚਿਰਾਗ ਵਰਗਾ ਪਥ ਪ੍ਰਦਰਸ਼ਨ ਹੈ,
ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ॥
ਸੋ ਹਰਿ ਹਰਿ ਤੁਮ੍ਹ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ ॥
ਭਾਵ ਮਨੁੱਖ ਨੂੰ ਜੇ ਪਿਤਰਾਂ ਦੇ ਉਧਾਰ ਕਰਨ ਦਾ ਫਿਕਰ ਹੈ ਤਾਂ ਉਹ ਹਰਿ ਜੀ ਦਾ ਪੱਲਾ ਪੱਕਾ ਫੜੇ। ਉਸ ਹਰਿ ਜੀ ਦਾ ਕੋਈ ਪਾਰਾਵਾਰ ਨਹੀਂ, ਤਾਂ ਤੇ ਪਿਤਰਾਂ ਨੂੰ ਛੁਡਾਉਣ ਦਾ ਕਾਰਜ ਵਾਹਿਗੁਰੂ ਦਾ ਜਾਪ ਸਹਿਜੇ ਹੀ ਹੋ ਜਾਏਗਾ। ਸੋ ਗੱਲ ਸਪੱਸ਼ਟ ਹੋਈ ਕਿ ਕੁੜੀਆਂ ਮਾਰ ਮੁੰਡੇ ਪਾਲਣੇ ਇੱਕ ਵੱਡਾ ਪਾਪ ਹੈ। ਇਹ ਜੋ ਮਨੁੱਖਾ ਜਨਮ ਪਰਾਪਤ ਹੋਇਆ ਹੈ, ਸੁਆਰਨਾ ਤਾਂ ਇਹਨੂੰ ਹੈ। ਅਗਲੇ ਦੀ ਫਿਕਰ ਕਾਹਦੀ ਹੈ। ਬਹੁਤੇ ਵਿਸਥਾਰ ਵਿੱਚ ਨਾ ਜਾਵਾਂ, ਹਲਤ ਸਵਾਰੀਏ, ਪਲਤ ਆਪੇ ਸੌਰ ਜਾਏਗਾ। ਜਿਹੜਾ ਰੱਬ ਏਥੇ ਰਾਖਾ ਹੈ, ਉਹ ਓਥੇ ਵੀ ਰਖਵਾਲੀ ਕਰੇਗਾ- ‘ਐਥੇ, ਓਥੇ ਰਖਵਾਲਾ”। ਏਥੇ ਰੱਬ ਸਰਗੁਣ ਹੈ, ਓਥੇ ਨਿਰਗੁਣ ‘ਈਘੇ ਸਰਗੁਣ ਊਘੇ ਨਿਰਗੁਣ ਕੇਲ ਕਰਤ ਵਿਚ ਸੁਆਮੀ ਮੇਰਾ”। ਇੱਕ ਸਰਵੇਖਣ ਅਨੁਸਾਰ ਇਹ ਵੇਖਣ ਵਿੱਚ ਆਇਆ ਹੈ ਕਿ ਹਿੰਦੂ ਲੁਬਾਣਿਆਂ ਦੀ ਗਿਣਤੀ ਘਟੀ ਹੈ ਤੇ ਸੱਖ ਲੁਬਾਣਿਆਂ ਦੀ ਵਧੀ ਹੈ।
ਇਸ ਕਬੀਲੇ ਤੇ ਟਾਬਰੀ ਦੇ ਗੁਰੂ ਦੇ ਕਲਾਵੇ ਵਿੱਚ ਆਉਣ ਕਾਰਣ, ਭੁਲੇਖੇ ਤੇ ਭਰਮ; ਭਰਮਾਉਣ ਤੋਂ ਅਸਮਰਥ ਹੋ ਗਏ ਜਾਪਦੇ ਹਨ। ਇਹਨਾਂ ਨੇ ‘ਗੁਰਮਤਿ ਏਕ ਟੇਕ’ ਨੂੰ ਆਪਣਾ ਪਥ ਪ੍ਰਦਰਸ਼ਕ ਤਾਰਾ ਮੰਨਿਆ ਹੈ। ਇਸਦਾ ਵਿਸਥਾਰਪੂਰਵਕ ਜ਼ਿਕਰ ਮੈਂ ਇਕ ਅਧਿਆਇ ਵਿੱਚ ਦਿਆਂਗਾ ਕਿ ਕਿਵੇਂ ਅਜੋਕੇ ਸਮੇਂ ਵਿੱਚ ਉਨਤੀ ਦੀ ਮਜਬੂਤ ਜੜ੍ਹ ਨੂੰ ਕੁਝ ਮਹਾਨ ਸ਼ਖਸੀਅਤਾਂ ਨੇ ਗੁਰਮਤਿ ਦੀ ਗੁੜਤੀ ਨਾਲ ਮਜ਼ਬੂਤ ਕੀਤਾ ਹੈ।
ਵਿਆਹ ਸ਼ਾਦੀ ਬਾਰੇ ਤਿੰਨ ਚਾਰ ਦਹਾਕੇ ਪਹਿਲਾਂ ਤਕ ਇਸ ਰੀਤੀ ਨੂੰ ਸਖ਼ਤੀ ਨਾਲ ਅਪਣਾਇਆ ਜਾਂਦਾ ਸੀ ਕਿ ਮੁੰਡੇ ਕੁੜੀ ਦੇ ਗੋਤਾਂ ਨੂੰ ਭਲੀ ਪ੍ਰਕਾਰ ਵਿਚਾਰ ਕੇ ਰਿਸ਼ਤਾ ਕੀਤਾ ਜਾਏ। ਇਹ ਰੀਤੀ ਰਾਮਗੜ੍ਹੀਆਂ ਦੇ ਨਾਲ ਬਹੁਤ ਮੇਲ ਖਾਂਦੀ ਹੈ। ਮੁੰਡੇ ਦੇ ਮਾਂ ਦੇ ਗੋਤ ਵਾਲੇ ਟੱਬਰ ਵਿੱਚੋਂ ਲੜਕੀ ਘਰ ਨਾ ਲਿਆਂਦੀ ਜਾਏ। ਇਸ ਗੱਲ ਦਾ ਖਿਆਲ ਨਾਨੀ ਦੇ ਪੇਕਿਆਂ ਦੇ ਗੋਤ ਸਬੰਧੀ ਵੀ ਰੱਖਿਆ ਜਾਂਦਾ ਸੀ। ਇਸੇ ਤਰ੍ਹਾਂ ਕੁੜੀ ਦੇ ਸੰਬਧ ਵਿੱਚ ਕੀਤਾ ਜਾਂਦਾ ਸੀ। ਮੁਸਲਮਾਨਾਂ ਵਿੱਚ ਬਾਪ ਦੇ ਗੋਤ ਨਾਲ ਰਿਸ਼ਤਾ ਕਰ ਲਿਆ। ਜਾਂਦਾ ਸੀ। ਪਰ ਹਦੀਸਾਂ ਦੇ ਅਨੁਸਾਰ ਹੋਰ ਬਤੇਰੇ ਗੁੰਝਲ ਪਏ ਹੋਏ ਹਨ। ਉਦਾਹਰਣ ਵਜੋਂ ਮਾਸੀ ਨੇ ਜੇ ਆਪਣੀ ਛਾਤੀ ਦਾ ਦੁੱਧ ਕਿਸੇ ਕਾਰਣ ਆਪਣੀ ਭੈਣ ਦੇ ਮੁੰਡੇ ਨੂੰ ਪਿਲਾਇਆ ਹੈ ਤਾਂ ਉਸਦੀ ਔਲਾਦ ਨਾਲ ਰਿਸ਼ਤਾ ਕਰਨਾ ਵਿਵਰਜਿਤ ਹੈ ਭਾਵ ਭੈਣਾਂ ਭੈਣਾਂ ਕੁੜਮਣੀਆਂ ਨਹੀਂ ਬਣ ਸਕਦੀਆਂ। ਇੰਝ ਇਸ ਪ੍ਰਕਾਰ ਦੀਆਂ ਹੋਰ ਗੁੰਝਲਾਂ ਰਿਸ਼ਤਾ ਕਰਨ ਸਮੇਂ ਸਾਹਮਣੇ ਆਉਂਦੀਆਂ ਹਨ। ਕੁਝ ਕੁ ਗੱਲਾਂ ਅਜੇ ਮੌਜੂਦ ਹਨ ਪਰ ਹੁਣ ਇਹਨੀ ਸਖ਼ਤੀ ਨਹੀਂ ਰਹੀ। ਲੁਬਾਣੇ ਆਪਣੇ ਬੱਚਿਆਂ ਦੇ ਰਿਸ਼ਤੇ ਦੂਸਰੀਆਂ ਜਾਤਾਂ ਵਿੱਚ ਕਰਨ ਲਗ ਪਏ ਹਨ। ਪਰ ਇਹ ਅਨੁਸ਼ਾਸਨ ਅਜੇ ਬਰਕਰਾਰ ਰੱਖਿਆ ਗਿਆ ਹੈ ਕਿ ਦੋਵੇਂ ਧਿਰਾਂ ਗੁਰੂ ਨੂੰ ਮੰਨਣ ਵਾਲੀਆਂ ਤੇ ਗੁਰਸਿੱਖ ਹੋਣ। ਵਿਦੇਸ਼ ਗਏ ਲੁਬਾਣਿਆਂ ਦੇ ਇਸ ਕਾਰ ਵਿਹਾਰ ਵਿੱਚ ਬਿਨਾ ਸ਼ੱਕ ਖੁਲ੍ਹ ਆਈ ਹੈ।
ਵਿਆਹ ਤੋਂ ਪਹਿਲਾਂ ਕੁੜਮਾਈ ਦੀ ਰਸਮ ਹੁੰਦੀ ਹੈ। ਰਿਸ਼ਤਾ ਮਾਂਪਿਆਂ ਦੀ ਮਰਜ਼ੀ ਤੋਂ ਬਿਨਾ ਨਹੀਂ ਕੀਤਾ ਜਾਂਦਾ। ਦੋਵੇਂ ਧਿਰਾਂ ਰਾਜ਼ੀ ਹੋਣ ਤਾਂ ਹੀ ਸੁਗਮਤਾ ਨਾਲ ਗੱਲ ਨੇਪਰੇ ਚੜ੍ਹਦੀ ਹੈ। ਕੁੜਮਾਈ ਵਿੱਚ ਵਿਚੋਲੇ ਦੀ ਹੋਂਦ ਬੜੀ ਜ਼ਰੂਰੀ ਹੈ। ਜਿਹੜੀ ਕੋਈ ਗੱਲ ਬਾਤ ਇਕ ਧਿਰ ਨੇ ਦੂਜੀ ਧਿਰ ਨਾਲ ਕਰਨੀ ਹੁੰਦੀ ਹੈ, ਉਸਦਾ ਵਾਹਕ ਵਿਚੋਲਾ ਹੁੰਦਾ ਹੈ। ਮੂਲ ਰੂਪ ਵਿੱਚ ਵਿਆਹ ਚਾਰ ਪ੍ਰਕਾਰ ਦੇ ਮਿੱਥੇ ਤੇ ਆਕੇ ਜਾ ਸਕਦੇ ਹਨ।
ਓ ) ਧਰਮ ਨਾਮਾ :- ਇਸ ਪ੍ਰਕਾਰ ਦੇ ਵਿਆਹ ਵਿੱਚ ਲੈਣ ਦੇਣ ਨਹੀਂ ਹੁੰਦਾ। ਭਾਵ ਲੜਕੀ ਵਾਲੇ ਲੜਕੀ ਦੇਣ ਦੇ ਇਵਜ਼ ਵਿੱਚ ਕਿਸੇ ਪ੍ਰਕਾਰ ਦਾ ਧਨ, ਰੁਪਿਆ ਜਾਂ, ਮੁੱਲ ਆਦਿ ਵਸੂਲ ਨਹੀਂ ਕਰਦੇ। ਇਸਦੀ ਮੁੱਢਲੀ ਭਾਵਨਾ ਕਿਤੇ ਕੰਨਿਆ ਦਾਨ ਨਾਲ ਜਾ ਜੁੜਦੀ ਲਗਦੀ ਹੈ। ਸਗੋਂ ਸਰਦੇ ਪੁੱਜਦੇ ਲੁਬਾਣੇ ਸਿੱਖ ਘਰਾਣੇ ਢੋਏ ਤੇ ਤੋਫ਼ਿਆਂ ਦੇ ਰੂਪ ਵਿੱਚ ਦਾਜ ਦੇਂਦੇ ਹਨ।
ਅ) ਦੂਜੀ ਪ੍ਰਕਾਰ ਦੇ ਸਬੰਧ ਵਿੱਚ ਮੁੰਡੇ ਵਾਲੇ ਕੁੜੀ ਵਾਲਿਆਂ ਨੂੰ ਕੱਪੜੇ ਲੱਤੇ ਤੇ ਜ਼ੇਵਰ ਗਹਿਣੇ ਆਦਿ ਦੇ ਰੂਪ ਵਿੱਚ ਢੋਆ ਢੋਂਦੇ ਹਨ। ਇਹ ਰੀਤ ਰਿਵਾਜ ਘਟ ਸੰਪੰਨ ਭਾਵ ਮਾਇਕ ਤੌਰ ਤੇ ਕਮਜੋਰ ਵਰਗਾਂ ਵਿੱਚ ਪਾਇਆ ਜਾਂਦਾ ਹੈ।
ਇ) ਵੱਟਾ-ਸੱਟਾ: ਇਸ ਪ੍ਰਕਾਰ ਦੇ ਸਬੰਧ ਵਿੱਚ ਕਿਸੇ ਇੱਕ ਘਰਾਣੇ ਦੀ ਕੁੜੀ ਉਸ ਘਰ ਨੂੰ ਦਿੱਤੀ ਜਾਂਦੀ ਹੈ, ਜਿਸਦੇ ਵੱਟੇ ਉਸ ਘਰਾਣੇ ਦੀ ਕੁੜੀ ਕੁੜੀ ਵਾਲੇ ਘਰ ਦੇ ਕਿਸੇ ਮੁੰਡੇ ਨਾਲ ਪਰਨਾਈ ਜਾਂਦੀ ਹੈ। ਇਸ ਪ੍ਰਕਾਰ ਇੰਞ ਮੰਨਿਆ ਜਾਂਦਾ ਹੈ ਕਿ ਕੁੜੀ ਵਾਲਾ ਨਿਵਿਆ ਨਹੀਂ ਤੇ ਮੁੰਡੇ ਵਾਲਾ ਉਚਿਆਇਆ ਨਹੀਂ ਗਿਆ।
ਸ) ਘਰ ਜਵਾਈ : ਇਸ ਪ੍ਰਕਾਰ ਦੇ ਰਿਸ਼ਤੇ ਅਨੁਸਾਰ ਕਿਸੇ ਘਰ ਜੇ ਮੁੰਡਾ ਨਾ ਹੋ ਕੇ ਕੁੜੀਆਂ, ਕੁੜੀਆਂ ਹੀ ਹੋਣ ਤਾਂ ਉਹ ਜਿਸ ਮੁੰਡੇ ਨਾਲ ਆਪਣੀ ਕੁੜੀ ਵਿਆਹੁੰਦੇ ਉਸ ਜਵਾਈ ਨੂੰ ਆਪਣੇ ਸਹੁਰੇ ਘਰ ਰਹਿਣਾ ਪੈਂਦਾ, ਤਾਂ ਉਹ ਮੁੰਡਾ ਘਰ ਜਵਾਈ ਕਹਿਲਾਂਦਾ ਸੀ।
ਚਾਦਰ ਪਾਣਾ : ਜਦੋਂ ਕਿਸੇ ਵਿਆਹੁਤਾ ਕੁੜੀ ਦਾ ਘਰ ਵਾਲਾ ਪੂਰਾ ਹੋ ਜਾਂਦਾ ਤਾਂ ਉਸਨੂੰ ਉਸਦੇ ਦਿਉਰ ਨਾਲ ਪ੍ਰਣਾ ਦਿੱਤਾ ਜਾਂਦਾ ਸੀ। ਇਸ ਰੀਤ ਅਨੁਸਾਰ ਘਰ ਦੀ ਵਸਤ ਘਰੇ ਰਹਿੰਦੀ। ਕੁੜੀ ਦੀ ਇੱਜ਼ਤ ਮਹਿਫੂਜ ਹੋ ਜਾਂਦੀ। ਵਿਆਹਾਂ ਨਾਤੇ ਕਰਨ ਸਮੇਂ ਖਾਨਦਾਨਾਂ ਦੀ ਜਾਤ ਪਾਤ ਅਨੁਸਾਰ ਊਚ ਨੀਚ ਦਾ ਭਰਮ ਬਣਿਆ ਰਹਿੰਦਾ ਸੀ। ਨਾਮ ਨਿਹਾਦ ਨੀਵੀਂ ਜਾਤ ਦੀ ਉੱਚੀ ਜਾਤ ਦੇ ਘਰ ਤਾਂ ਪਰਣਾਈ ਜਾ ਸਕਦੀ ਸੀ। ਪਰ ਉੱਚੀ ਜਾਤ ਦੀ ਨੀਵੀਂ ਜਾਤ ਦੇ ਘਰ ਨਹੀਂ ਸੀ ਦਿੱਤੀ ਜਾਂਦੀ। ਗੁਰਮਤਿ ਤੇ ਗੁਰਸਿੱਖੀ ਦੇ ਆਉਣ ਕਾਰਣ ਇਹ ਤੇ ਇਸ ਪ੍ਰਕਾਰ ਦੇ ਹੋਰ ਭਰਮ ਸਮਾਪਤ ਹੋ ਗਏ। ਗੁਰਮਤਿ ਦੇ ਅਸਰ ਹੇਠਾਂ ਬਹੁਤ ਸਾਰੇ ਕਰਾਂਤੀਕਾਰੀ ਸੁਧਾਰ ਹੋਏ। ਸਹਿਜਧਾਰੀਆਂ ਦੇ ਸਬੰਧ ਵਿੱਚ ਵੀ ਅਜਿਹਾ ਹੀ ਹੁੰਦਾ ਸੀ ਕਿ ਕਿਸੇ ਸਹਿਜਧਾਰੀ ਦੀ ਬੇਟੀ ਖ਼ੁਸ਼ੀ ਨਾਲ ਕਿਸੇ ਗੁਰਸਿੱਖ ਘਰ ਵਿੱਚ ਪਰਣਾ ਦਿੱਤੀ ਜਾਂਦੀ ਸੀ। ਇਸਦੇ ਵਿਪਰੀਤ ਗੁਰਸਿੱਖਾਂ ਦੀ ਬੱਚੀ ਮੋਨਿਆਂ ਦੇ ਘਰ ਨਹੀਂ ਸੀ ਦਿੱਤੀ ਜਾਂਦੀ । ਚੇਤ, ਭਾਦੋ, ਅੱਸੂ ਤੇ ਪੋਹ ਵਿੱਚ ਅਮੂਮਨ ਵਿਆਹ ਨਹੀਂ ਸੀ ਕੀਤੇ ਜਾਂਦੇ । ਡੂੰਘਾਈ ਨਾਲ ਜੇ ਵਿਚਾਰਿਆ ਜਾਏ ਤਾਂ ਇਹ ਇਕ ਬੜੀ ਸਿਆਣੀ ਸੋਚ ਹੈ, ਕਿਉਂਕਿ ਕਣਕ ਵਿਸਾਖ ਵਿੱਚ ਆਉਂਦੀ ਹੈ, ਇਸ ਲਈ ਚੇਤਰ ਵਿੱਚ ਵਿਆਹ ਨਹੀਂ ਸੀ ਕੀਤੇ ਜਾਂਦੇ । ਭਾਦਰੋਂ ਵਿੱਚ ਮੀਂਹ ਵਸਣ ਕਾਰਣ ਪਿੰਡਾਂ, ਥਾਵਾਂ ਦੇ ਰਾਹ ਤੇ ਸੜਕਾਂ ਸਫ਼ਰ ਲਈ ਬੜੇ ਤਕਲੀਫ਼ਦੇਹ ਸਿਧ ਹੁੰਦੇ ਸਨ ਅਤੇ ਅੱਸੂ ਵਿੱਚ ਫਿਰ ਝੋਨੇ ਦੀ ਖੇਤੀ ਦੀ ਸਾਂਭ ਸੰਭਾਲ ਹੋਣ ਕਾਰਣ ਰੁਝੇਵਾਂ ਵਧੇਰਾ ਹੋ ਜਾਂਦਾ ਸੀ। ਪੋਹ ਵਿੱਚ ਪੰਜਾਬ ਅੰਦਰ ਕਹਿਰਾਂ ਦੀ ਠੰਡ, ਧੁੰਦ ਤੇ ਕੂਹਰਾ ਬੁੱਕਲ ਵਿੱਚੋਂ ਹੱਥ ਬਾਹਰ ਕੱਢਣ ਜੋਗਾ ਨਹੀਂ ਰਹਿਣ ਦਿੰਦਾ। ਇਕ ਤਰ੍ਹਾਂ ਨਾਲ ਕਾਰਜਕੁਸ਼ਲਤਾ ਘਟ ਜਾਂਦੀ ਹੈ, ਜਿਸ ਨਾਲ ਵਿਆਹ ਦਾ ਚਾਅ ਸਲਾਬਿਆ ਜਿਹਾ ਜਾਂਦਾ ਹੈ। ਅਜੋਕੇ ਯੁਗ ਦੀ ਬਹੁਪੱਖੀ ਉਨਤੀ ਤੇ ਗੁਰਮਤਿ ਦੇ ਅਸਰ ਹੇਠਾਂ ਹੁਣ ਬਹੁਤਾ ਇਹਨਾ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ । ਹੁਣ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਭਾਰਤ, ਪੰਜਾਬ ਤੇ ਸਾਰੀ ਦੁਨੀਆ ਦੇ ਤਿਉਹਾਰ ਮੌਸਮਾਂ ਦੇ ਆਧਾਰ ਤੇ ਹੀ। ਮਨਾਏ ਜਾਂਦੇ ਹਨ। ਰਿਸ਼ਤਾ ਤੈਅ ਕਰਾਉਣ ਵਿੱਚ ਪਿੰਡ ਦੇ ਨਾਈ ਦਾ ਵੱਡਾ ਹੱਥ ਹੁੰਦਾ ਸੀ। ਭਾਵੇਂ ਘਰ ਦੇ ਕਈ ਜੀਅ ਹੋਣ ਅਤੇ ਉਹ ਸਾਰੇ ਸਮਰਥ ਹੋਣ ਪਰ ਫਿਰ ਵੀ ਨਾਈ ਦਾ ਆਪਣਾ ਹੀ ਵਿਸ਼ੇਸ਼ ਸਥਾਨ ਹੋਇਆ ਕਰਦਾ ਸੀ। ਨਾਈ ਨਾਲ ਨੈਣ ਕਿਤੇ ਵੱਖ ਕੀਤੀ ਜਾ ਸਕਦੀ ਹੈ। ਜਿਸ ਤਰ੍ਹਾਂ ਨੈਣਾਂ ਦਾ ਸਬੰਧ ਰੌਸ਼ਨੀ ਤੇ ਚਾਨਣ ਨਾਲ ਹੈ, ਇਸੇ ਤਰ੍ਹਾਂ ਨੈਣ ਦਾ ਸਬੰਧ ਵਿਆਹ ਵਾਲੇ ਘਰ ਦੀਆਂ ਰੌਣਕਾਂ ਨਾਲ ਹੈ। ਅੱਜ ਵੀ ਇਹ ਮੁਹਾਵਰਾ ਓਥੇ ਵਰਤਿਆ ਜਾਂਦਾ ਹੈ ਜਿੱਥੇ ਕੋਈ ਮਨੁੱਖ ਕਿਸੇ ਤਕਰੀਬ ਜਾਂ ਢੰਗ ਸੁਆਰਥ ਵਿਚ ਚਾਈਂ ਚਾਈਂ ਅੱਗੇ ਹੋ ਕੇ ਕੰਮ ਕਰੇ ਅਖੇ ਫਲਾਣਾ ਮਨੁੱਖ ਤੇ ਇੰਞ ਪਿਆ ਫਿਰਦੈ ਜਿਵੇਂ ਵਿਆਹ ਵਾਲੇ ਘਰ ਨੈਣ । ਵਿਆਹ ਆਦਿ ਤੇ ਵੱਖ ਵੱਖ ਘਰ ਦੀਆਂ ਬੁਤੀਆਂ ਨਾਈ ਹੀ ਸਾਰਿਆ ਕਰਦਾ ਹੈ। ਇਸਦਾ ਜ਼ਿਕਰ ਗੁਰਬਾਣੀ ਵਿੱਚ ਵੀ ਹੈ
ਸੈਨ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ॥
ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ॥
ਭਾਵ ਸੈਣ ਨਾਈ ਘਰ ਘਰ ਸੁਨੇਹੇ ਪੁਚਾਂਦਾ ਸੀ ਤੇ ਲੋਕਾਂ ਦੀਆਂ ਬੁਤੀਆਂ ਸੁਆਰਦਾ ਸੀ ਪਰ ਉਸਨੇ ਲਾਲਚ ਤੋਂ ਉੱਠ ਕੇ ਆਪਣੀ ਕਿਰਤ ਨੂੰ ਸੇਵਾ ਬਣਾ ਲਿਆ ਤੇ ਸਾਰੀ ਲੋਕਾਈ ਨੂੰ ਸੰਗਤ ਸਮਝਿਆ। ਇਸ ਲਈ ਉਹਦੀ ਗਿਣਤੀ ਭਗਤਾਂ ਵਿੱਚ ਹੋਈ ਤੇ ਉਸਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਣ ਦਾ ਸਨਮਾਨ ਮਿਲਿਆ। ਵਿਆਹ ਵਾਲੇ ਘਰ ਨੈਣ ਸਾਰੀਆਂ ਰਸਮਾਂ ਵਿੱਚ ਅੱਗੇ ਅੱਗੇ ਹੁੰਦੀ ਹੈ ਤੇ ਇਕ ਰੀਤੀ ਅਨੁਸਾਰ ਉਹ ਵਿਆਹੁਣ ਵਾਲੇ ਮੁੰਡੇ ਦੇ ਹੱਥ ਤਿੰਨ ਵਾਰੀ ਕੁੜੀ ਦਾ ਹੱਥ ਦੇਂਦੀ ਹੈ। ਮੁੰਡੇ ਵਾਲੇ ਜੰਞ ਲੈ ਕੇ ਕੁੜੀ ਵਾਲੇ ਦੇ ਘਰ ਜਾਂਦੇ ਹਨ। ਜੰਞ ਦੀ ਗਿਣਤੀ ਪਹਿਲਾਂ ਤੈਅ ਕਰ ਲਈ ਜਾਂਦੀ ਹੈ। ਆਮ ਹਾਲਤਾਂ ਵਿੱਚ ਇਹ ਘੱਟੋ ਘੱਟ 20 ਬੰਦਿਆਂ ਦੀ ਹੁੰਦੀ ਹੈ। ਅੱਜਕੱਲ੍ਹ ਇਹ ਤਾਦਾਦ ਸੌ ਜਾਂ ਇਸ ਤੋਂ ਵੀ ਵੱਧ ਹੋ ਜਾਂਦੀ ਹੈ। ਲੁਧਿਆਣਾ, ਹੁਸ਼ਿਆਰਪੁਰ ਤੇ ਕਾਂਗੜਾ ਵਿੱਚ ਇਹ ਵੇਖਣ ਵਿੱਚ ਆਇਆ ਹੈ ਕਿ ਮਾਇਕ ਤੌਰ ਤੇ ਸਰਦੇ ਪੁਜਦੇ ਕੁੜੀ ਵਾਲੇ ਸੱਤ ਸੱਤ ਦਿਨ। ਜੰਞ ਠਹਿਰਾਇਆ ਕਰਦੇ ਸਨ ਅਤੇ ਜੰਞ ਦੀ ਖੂਬ ਖ਼ਾਤਰ ਸੇਵਾ ਵੱਖ ਵੱਖ ਰੀਤਾਂ ਅਨੁਸਾਰ ਵੱਖ ਵੱਖ ਦਿਨਾਂ ਵਿੱਚ ਕੀਤੀ ਜਾਂਦੀ ਸੀ। ਪੰਜ ਪੜੋਪੀ ਦੀ ਰੀਤ ਚੌਥੇ ਦਿਨ ਬਹੁਤ ਪੁਰਾਣੇ ਸਮੇਂ ਤੋਂ ਲੁਬਾਣਿਆਂ ਵਿੱਚ ਚਲੀ ਆ ਰਹੀ ਹੈ। ਪੰਜ ਪੜੋਪੀ ਰੀਤ ਅਨੁਸਾਰ ਵਿਆਹ ਵਾਲੇ ਘਰ ਵਿੱਚ ਘਿਉ ਤੇ ਸ਼ੱਕਰ ਦੀਆਂ ਭਰੀਆਂ ਪੰਜ ਪੜੋਪੀਆਂ ਮੇਲ ਦੀ ਇਕੱਤਰਤਾ ਵਿੱਚ ਧਰੀਆਂ ਜਾਂਦੀਆਂ ਹਨ। ਇਸ ਲਈ ਚੁਸਤ ਤੇ ਹੁਸ਼ਿਆਰ ਬੰਦਿਆਂ ਨੂੰ ਇਹਨਾਂ ਨੂੰ ਖਾਣ ਵਾਸਤੇ ਆਖਿਆ ਜਾਂਦਾ ਹੈ। ਵਿਆਹ ਵਿੱਚ ਇਕਤਰਿਤ ਤੀਵੀਂਆਂ ਇਹਨਾਂ ਬੰਦਿਆਂ ਉੱਤੇ ਨਿੱਕੇ ਨਿੱਕੇ ਰੋੜੇ ਤੇ ਕੰਕੜੀਆਂ ਦੀ ਵਰਖਾ ਕਰਦੀਆਂ ਹਨ। ਜਿਹੜੇ ਬੰਦੇ ਪਿੰਡੇ ਤੇ ਰੋੜੇ, ਇੱਟਾਂ ਖਾਣ ਦੇ ਬਾਵਜੂਦ ਘਿਉ ਸ਼ੱਕਰ ਖਾਣ ਦੇ ਕੰਮ ਨੂੰ ਪੂਰਾ ਕਰਦੇ ਹਨ, ਉਹਨਾਂ ਨੂੰ ਸਤਿਕਾਰਿਆ ਜਾਂਦਾ ਹੈ ਤੇ ਉਹ ਵੀ ਇਸ ਰਸਮ ਨੂੰ ਕਾਮਯਾਬੀ ਨਾਲ ਨੇਪਰੇ ਚਾੜ੍ਹਨ ਤੇ ਆਪਣੇ ਆਪ ਨੂੰ ਆਕੜੇ, ਆਕੜੇ ਤੇ ਸਿਰਕੱਢ ਸਮਝਦੇ ਹਨ। ਗੋਰਾ ਰਸਮ ਅਨੁਸਾਰ ਲਾੜੇ ਦਾ ਪਿਤਾ ਬੱਕਰੇ ਨੂੰ ਝਟਕਾਉਂਦਾ ਹੈ, ਉਸਨੂੰ ਰਿੰਨ ਕੇ ਸਾਰਿਆਂ ਨੂੰ ਪੇਸ਼ ਕੀਤਾ ਜਾਂਦਾ ਹੈ। ਉਸਨੂੰ ਖਾਣ ਮਗਰੋਂ ਸ਼ਾਮਲ ਹੋਏ ਸਾਰੇ ਰਿਸ਼ਤੇਦਾਰ ਧੇਤੇ ਤੇ ਪੁਤੇਤੇ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ। ਇਹ ਰੀਤ ਛੇਵੇਂ ਦਿਨ ਕੀਤੀ ਜਾਂਦੀ ਹੈ। ਇਹਨਾਂ ਰਸਮਾਂ ਤੋਂ ਬਾਅਦ ਬਾਹਰ ਕਿਸੇ ਖੁੱਲ੍ਹੇ ਥਾਂ ਪਿੱਪਲ ਲਾਗਿਓਂ ਕੁੜੀ (ਲਾੜੀ) ਇਕ ਪਾਸੇ ਵੱਲ ਨੂੰ ਦੌੜ ਕੇ ਜਾਇਆ ਕਰਦੀ ਹੈ। ਮੁੰਡਾ (ਲਾੜਾ) ਉਸਦੇ ਮਗਰ ਦੌੜ ਕੇ ਉਸਨੂੰ ਫੜਨ ਦਾ ਯਤਨ ਕਰਦਾ ਹੈ। ਜਿੰਨੀ ਜਲਦੀ ਮੁੰਡਾ ਕੁੜੀ ਨੂੰ ਕਾਬੂ ਕਰ ਲਏ, ਮੁੰਡੇ ਨੂੰ ਉਤਨਾ ਹੀ ਹੁਸ਼ਿਆਰ, ਚੁੱਸਤ ਚਾਲਾਕ ਤੇ ਚਾਕ ਚੌਬੰਧ ਸਮਝਿਆ ਜਾਂਦਾ ਸੀ। ਇਸ ਤੋਂ ਮਗਰੋਂ ਫੇਰੇ ਕੀਤੇ ਜਾਂਦੇ ਹਨ। ਗੁਰਮਤਿ ਨੂੰ ਅਪਨਾਉਣ ਕਾਰਣ ਇਹ ਸਾਰੀਆਂ ਰੀਤਾਂ ਤੇ ਰਿਵਾਜ ਬਸ ਸ਼ੌਕੀਆ ਜਹੇ ਰਹਿ ਗਏ ਹਨ ਤੇ ਬੜੇ ਮੱਧਮ ਜਹੇ ਪੈ ਗਏ ਹਨ। ਸਮਾਜਿਕ ਤੌਰ ਤੇ ਹੁਣ ਇਤਨਾ ਸਮਾਂ ਹੀ ਉਪਲੱਬਧ ਨਹੀਂ ਹੈ। ਗੁਰਮਤਿ ਤੋਂ ਸੇਧ ਪ੍ਰਾਪਤ ਕਰਨ ਮਗਰੋਂ ਹੁਣ ਲੁਬਾਣੇ ਸਿੱਖ ਗੁਰਮਤਿ ਦੀ ਵਿਸ਼ੇਸ਼ ਰੀਤੀ ਅਨੁਸਾਰ ਅਨੰਦ ਹੀ ਕਰਦੇ ਹਨ। ਇਹ ਵੱਖਰੀ ਗੱਲ ਹੈ ਕਿ ਸਿੱਖਾਂ ਨੇ ਅਨੰਦ ਕਾਰਜ ਦੇ ਸਿੱਧੇ ਸੂਤ ਤੱਕਲੇ ਦੁਆਰਾ ਕਿੰਨਾ ਕੁਝ ਕਸੂਤਾ ਵੱਲ ਲਿਆ ਹੈ। ਬਥੇਰੇ ਗੁੰਝਲ ਪਾ ਲਏ ਗਏ ਹਨ; ਨਾਚ, ਭੰਗੜੇ, ਆਰਕੈਸਟਰਾ, ਸ਼ਰਾਬ ਤੇ ਹੋਰ ਕੀ ਕੀ ਕੁਝ। ਇਸਦੇ ਵਿਰੁੱਧ ਵੱਖ ਵੱਖ ਕੋਨਿਆਂ ਤੋਂ ਸ਼ੱਕਤੀਸ਼ਾਲੀ ਆਵਾਜ਼ਾਂ ਉਠ ਰਹੀਆਂ ਹਨ। ਸਾਰੇ ਇਸ ਨਿਕੰਮੇ ਭਾਰ ਨੂੰ ਮਹਿਸੂਸ ਕਰਦੇ ਹਨ। ਪਰ ਜੇ ਕੋਈ, ਸੰਤ ਪ੍ਰੇਮ ਸਿੰਘ ਜੀ ਵਰਗੀ ਸਰਬਮਾਨ ਪ੍ਰਧਾਨ ਤੇ ਨਿਸ਼ਕਾਮ ਸ਼ਖਸੀਅਤ ਉਠੇ ਤਾਂ ਇਹ ਪੁੱਠੇ ਰਾਹ ਛੱਡ ਕੇ ਲੁਬਾਣੇ ਆਮ ਤੌਰ ਤੇ ਅਤੇ ਸਿੱਖ ਕੌਮ ਖਾਸ ਕਰਕੇ ਇਨ੍ਹਾਂ ਦਾ ਤਿਆਗ ਕਰਕੇ ਸ਼ੁੱਧਤਾ ਤੇ ਸ਼ਰਧਾ ਨਾਲ ਗੁਰਮਤਿ ਦੀ ਸਿੱਧਤਾ ਨੂੰ ਪਰਾਪਤ ਕਰ ਲੈਣ।
ਸੰਤ ਬਾਬਾ ਪ੍ਰੇਮ ਸਿੰਘ
ਸੰਤ ਬਾਬਾ ਪ੍ਰੇਮ ਸਿੰਘ ਜੀ ਨੂੰ ਆਪਣੀ ਗੱਦੀ ਪ੍ਰਦਾਨ ਕਰਨ ਵਾਲੇ ਸੰਤ ਬਿਸ਼ਨ ਸਿੰਘ ਜੀ ਦਾ ਜਨਮ ਪਿੰਡ ਬੁਹਤ ਜ਼ਿਲ੍ਹਾ ਗੁਜਰਾਤ ਪਾਕਿਸਤਾਨ ਵਿਚ ਹੋਇਆ। ਇਸ ਪਿੰਡ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚਰਣ ਚਿੰਨ੍ਹ ਪੱਥਰ ਤੇ ਖੁਣੇ ਪਏ ਹੋਣ ਹਨ। ਏਹੋ ਭੋਪਾਲ ਮੱਧ ਪ੍ਰਦੇਸ਼ ਦੇ ਮੁਹੱਲਾ ਈਦਗਾਹ ਵਿੱਚ ਵੀ ਪਏ ਹੋਏ ਹਨ। ਇਸ ਤਰ੍ਹਾਂ ਦੇ ਕੇਵਲ ਸੱਤ ਸਥਾਨ ਹਨ। ਇਸ ਛੋਹ ਦਾ ਪ੍ਰਭਾਵ ਬਾਲਕ ਬਿਸ਼ਨ ਸਿੰਘ ਤੇ ਪਿਆ। ਉਹ ਵਿਦਵਾਨ ਸੰਤ ਹਮੀਰ ਸਿੰਘ ਕੋਲ ਚਲੇ ਗਏ। ਉਹਨਾਂ ਪਾਸੋਂ ਗੁਰਮਤਿ ਗਿਆਨ ਤ ਵਿਹਾਰੀ ਨਿਪੁੰਨਤਾ ਹਾਸਿਲ ਕਰਨ ਮਗਰੋਂ ਪਿੰਡ ਮੁਰਾਲੇ ਦੀ ਗੱਦੀ ਉੱਤੇ ਸੁਸ਼ੋਭਿਤ ਕਰ ਦਿੱਤੇ ਗਏ। ਹੁਣ ਸੰਤ ਬਿਸ਼ਨ ਸਿੰਘ ਜੀ ਨੇ ਗੁਰਮਤਿ ਦੇ ਪ੍ਰਸਾਰ ਲਈ ਤੇ ਅੰਮ੍ਰਿਤ ਸੰਚਾਰ ਲਈ ਬੜੀ ਘਾਲਨਾ ਘਾਲੀ । ਸਾਰਾ ਜੀਵਨ ਗੁਰੂ ਤੇ ਗੁਰਮਤਿ ਨੂੰ ਪ੍ਰਚਾਰਨ ਵਿਚ ਲਾਇਆ। ਇਨ੍ਹਾਂ ਦੀ ਗੱਦੀ ਉੱਤੇ ਮਹਾਂ ਪ੍ਰਤਾਪੀ ਜੀਵਨ ਵਾਲੇ ਸੰਤ ਪ੍ਰੇਮ ਸਿੰਘ ਜੀ ਸੁਸੱਜਿਤ ਹੋਏ।
ਜੀਆਂ ਦੀ ਜੁਗਤ ਸਭ ਪ੍ਰਭੂ ਦੇ ਹੱਥ ਹੈ। ਉਸ ਕਰਨ ਕਾਰਣ ਦਾ ਜੋ ਹੱਥ ਹੈ, ਉਹ ਇਤਨਾ ਸਮਰੱਥ ਹੈ ਕਿ ਸਭਨਾਂ ਦੀ ਡੋਰੀ ਇਸ ਤਰ੍ਹਾਂ ਉਸਦੇ ਹੱਥ ਹੈ, ਜਿਵੇਂ ਕਿ ਹਰ ਇਕ ਜੀਵ ਦੇ ਨੱਕ ਦੀ ਨੱਥ ਉਸ ਡੋਰੀ ਨਾਲ ਬੱਝੀ ਹੋਈ ਹੈ। ਇਹ ਗੱਲ ਐਵੇਂ ਕੋਈ ਅਬੜਵਾਹੇ। ਜਾਂ ਜਜ਼ਬੇ ਵਿੱਚ ਨਹੀਂ ਆਖੀ ਗਈ। ਇਹ ਸਚਮੁਚ ਇਕ ਅਟੱਲ ਤੱਥ ਹੈ। ਜਿਉਂ ਜਿਉਂ ਕੋਈ ਇਸ ਤੱਥ ਨੂੰ ਮੱਥ ਮੱਥ ਕੇ ਵੇਖੇ ਤਿਉਂ ਤਿਉਂ ਉਸਦੇ ਹੱਥ ਉਸ ਮਹਾਨ ਸ਼ਕਤੀ ਦੇ ਅੱਗੇ ਜੁੜ ਜਾਂਦੇ ਹਨ
ਜੀਅ ਜੰਤ ਤੇਰੇ ਧਾਰੇ ॥ ਪ੍ਰਭ ਡੋਰੀ ਹਾਥਿ ਤੁਮਾਰੇ॥
ਜਿ ਕਰਾਵੈ ਸੋ ਕਰਣਾ॥ ਨਾਨਕ ਦਾਸ ਤੇਰੀ ਸਰਣਾ॥
ਦਾਸ ਗੁਲਾਮ ਨਹੀਂ, ਦਾਸ ਉਹ ਭਲੇ ਪੁਰਖ ਹਨ, ਜੋ ਅਕਾਲ ਪੁਰਖ ਨੂੰ ਸਮਰਪਿਤ ਹੋ ਕੇ ਜੀਆਂ ਦੇ ਅੰਦਰ ਜੀਉ ਨੂੰ ਸਿੰਝਾਨ ਕੇ ਲੋਕ ਤੇ ਸਮਾਜ ਭਲਾਈ ਨੂੰ ਇਸ ਇਮਾਨਦਾਰੀ ਨਾਲ ਕਰਦੇ ਹਨ ਕਿ ਉਹ ਸੇਵਾ ਅਕਾਲ ਪੁਰਖ ਦੀ ਸੇਵਾ ਹੋ ਨਿਬੜਦੀ ਹੈ। ਅਜਿਹਾ ਹੀ ਇਕ ਪੁਰਖ ਪਿੰਡ ਖੋਰੀ ਦੁਨਾ ਸਿੰਘ ਵਿੱਚ 1882 ਨੂੰ ਪੈਦਾ ਹੋਇਆ। ਉਸ ਅਕਾਲ ਪੁਰਖ ਦੀ ਜੋਤ ਉਸ ਵਿੱਚ ਇਸ ਤਰ੍ਹਾਂ ਲੱਟ ਲੱਟ ਬਲੀ ਕਿ ਉਸਨੇ ਸਮਾਜ ਦੀਆਂ ਉਲਝੀਆਂ ਲਿਟਾਂ ਨੂੰ ਸੰਵਾਰਿਆ। ਇਤਨੇ ਭਲੇ ਕਾਰਜ ਨੇਪਰੇ ਚਾੜ੍ਹੇ ਕਿ ਜੇ ਉਹਨਾਂ ਨੂੰ ਗਿਣਨ ਲੱਗੀਏ ਤਾਂ ਇੰਝ ਲੱਗੇਗਾ ਕਿ ਇਹ ਮਨੁੱਖ ਖਾਂਦਾ ਕਦੋਂ ਸੀ? ਆਰਾਮ ਕਦੋਂ ਕਰਦਾ ਸੀ ਤੇ ਸੌਂਦਾ ਕਦੋਂ ਹੋਵੇਗਾ। ਦਰਅਸਲ ਗੱਲ ਇਹ ਹੈ ਕਿ ਅਜਿਹੇ ਮਹਾਂਪੁਰਖ ਪੰਜ ਭੂਤਕ ਸਰੀਰ ਨੂੰ ਜੀਵਤ ਰੱਖਣ ਲਈ ਹੀ ਖਾਂਦੇ, ਪਹਿਨਦੇ ਤੇ ਸੌਂਦੇ ਹਨ, ਉਹਨਾਂ ਨੇ ਹਰਿ ਜੀ ਨਹੀਂ ਵਿਸਾਰਿਆ ਹੁੰਦਾ, ਅਜਿਹੇ ਮਨੁੱਖਾਂ ਵਾਸਤੇ ਹੀ ਹੁਕਮ ਹੈ
ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ॥
ਕਹੈ ਨਾਨਕੁ ਸੋ ਤਤੁ ਪਾਏ ਜਿਸ ਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ॥
ਗੁਰੂ ਕਿਰਪਾ ਕਰਦਾ ਹੈ ਤਾਂ ਗੁਰਮੁਖ ਜਨ ਤੰਦਰਾ ਤੇ ਉਘਲ੍ਹਾਣਾ ਪਨ ਤਿਆਗ ਤਿਆਰ ਬਰ ਤਿਆਰ ਹੋ ਜਾਗ ਪੈਂਦੇ ਹਨ। ਹਰ ਜੀ ਦਾ ਨਿਵਾਸ ਸਭਨਾਂ ਦੇ ਅੰਦਰ ਹੈ, ਪਰ ਗੁਰਮੁਖਾਂ ਦੇ ਅੰਦਰ ਉਹ ਪ੍ਰਗਟ ਹੋ ਜਾਂਦਾ ਹੈ। ਉਹ ਬਾਣੀ ਪੜ੍ਹਦਿਆਂ ਪੜ੍ਹਦਿਆਂ ਅੰਮ੍ਰਿਤ ਬਾਣੀ ਹੀ ਬੋਲਦੇ ਹਨ। ਗੁਰੂ ਕਿਰਪਾ ਦੁਆਰਾ ਉਹ ਸਦਾ ਸਦ ਜਾਗਤ ਦੀ ਅਵਸਥਾ ਵਿੱਚ ਆ ਜਾਂਦੇ ਹਨ। ਉਹ ਤੱਤ ਦੀ ਪ੍ਰਾਪਤੀ ਕਰ ਲੈਂਦੇ ਹਨ ਤੇ ਜੀਵਨ, ਜਾਗਤ ਜੋਤ ਨੂੰ ਸਾਹਮਣੇ ਰੱਖ ਕੇ ਜੀਂਦੇ ਹਨ।
ਬਾਲਕ ਪ੍ਰੇਮ ਸਿੰਘ ਨੇ ਹੋਸ਼ ਸੰਭਾਲੀ ਤਾਂ ਪਿੰਡ ਮੁਰਾਲਾ ਤਹਿਸੀਲ ਖਾਰੀਆਂ ਜ਼ਿਲ੍ਹਾ ਗੁਜਰਾਤ ਵਿੱਚ ਡੇਰਾ ਮੁਰਾਲਾ* ਦੇ ਮੁੱਖ ਸੇਵਾਦਾਰ ਸੰਤ ਬਿਸ਼ਨ ਸਿੰਘ ਦੇ ਕੋਲ ਜਾ ਪੁੱਜੇ। ਓਥੇ ਉਹਨਾਂ ਨੇ ਗੁਰਮੁਖੀ, ਗੁਰਮਤਿ-ਸਾਹਿਤ, ਪਾਠ ਕੀਰਤਨ ਤੇ ਹੋਰ ਗੁਰਮਤਿ ਦੇ ਮੁੱਢਲੇ ਗੁਣ ਧਾਰਣ ਕੀਤੇ ਵਿਸ਼ੇਸ਼ਕਰ ਗੁਰਬਾਣੀ ਨੂੰ ਸਿੱਖਿਆ ਤੇ ਮਨੋਂ ਮੰਨਿਆ। ਡੇਰਾ ਮੁਰਾਲਾ ਵਿਖੇ ਸੇਵਾ ਕਰਦਿਆਂ ਉਹਨਾਂ ਨੇ ਨਿਪੁੰਨਤਾ ਪ੍ਰਾਪਤ ਕਰ ਲਈ। ਮਨ ਦੇ ਅੰਦਰ ਬੜਾ। ਉਮਾਹ ਹੋਇਆ ਅਤੇ ਸਮਾਜ ਨੂੰ ਭਰਮਾਂ ਕਰਮਾਂ ਤੋਂ ਮੁਕਤ ਕਰਾ ਕੇ ਗੁਰਮਤਿ ਦਾ ਪ੍ਰਚਾਰ ਕੀਤਾ। ਹੁਣ ਤੱਕ ਉਹਨਾਂ ਦਾ ਪੱਕਾ ਵਿਸ਼ਵਾਸ ਬਣ ਚੁੱਕਾ ਸੀ ਕਿ :-
ਗੁਰਮਤੀ ਹਰਿ ਰਸੁ ਚਾਖਿਆ ਸੇ ਪੁੰਨ ਪਰਾਣੀ॥
ਨੌਜਵਾਨ ਪ੍ਰੇਮ ਸਿੰਘ ਨਿਪੁੰਨ ਤਾਂ ਹੋ ਗਏ ਸਨ । ਹੁਣ ਉਹ ਪੁੰਨ ਪ੍ਰਾਣੀ ਵੀ ਹੋ ਗਏ। ਬਾਬਾ ਬਿਸ਼ਨ ਸਿੰਘ ਜੀ ਨੇ ਉਹਨਾਂ ਨੂੰ 1908 ਵਿੱਚ ਆਪਣੀ ਗੱਦੀ ਸੌਂਪ ਦਿੱਤੀ। ਓਦੋਂ ਉਹਨਾਂ ਦੀ ਉਮਰ 28 ਸਾਲ ਸੀ। ਓਦੋਂ ਉਹਨਾਂ ਦੇ ਮਨ ਵਿੱਚ ਕੁਝ ਕਰਨ ਦਾ ਚਾਅ ਸੀ। ਗੱਦੀ ਤੇ ਬੈਠਦੇ ਹੀ ਗੁਰੂ ਕਿਰਪਾ ਦੁਆਰਾ ਉਹਨਾਂ ਨੇ ਆਪਣੇ ਜੋਸ਼ ਨੂੰ ਹੋਸ਼ ਦੀ ਰਾਸ ਪਾਈ। ਨਾਮ ਦੀ ਅਖੁੱਟ ਰਾਸ ਨੂੰ ਉਹਨਾਂ ਨੇ ਰਹਿਰਾਸ ਬਣਾਇਆ, ‘ਹਰਿ ਕੀਰਤ ਹਮਰੀ ਰਹਿਰਾਸ’ ਆਪਣੀ ਸੱਚੀ ਕਿਰਤ ਨੂੰ ਆਪਣੀ ਕੀਰਤ ਨਾਲ ਜੋੜ ਦਿੱਤਾ ਅਤੇ ਆਪ ਪੂਰੀ ਤਰ੍ਹਾਂ ਗੁਰੂ ਨਾਲ ਜੁੜ ਕੇ ਸਰਬ ਲੁਬਾਣਿਆਂ ਤੇ ਸਰਬੱਤ ਸੰਗਤ ਨੂੰ ਗੁਰੂ ਨਾਲ ਜੋੜ ਦਿੱਤਾ।
ਹੁਣ ਉਦਮੀ ਬਾਲਕ ਤੇ ਉਤਸ਼ਾਹੀ ਨੌਜਵਾਨ ਭਾਈ ਪ੍ਰੇਮ ਸਿੰਘ ਹਰਿ ਹਰਿ ਨਾਮ ਉਮਾਹ ਵਾਲੇ ਸੰਤ ਬਾਬਾ ਪ੍ਰੇਮ ਸਿੰਘ ਬਣ ਗਏ। ਸੰਤ ਜੀ ਨੇ ਓਦੋਂ ਹੀ ਇਹ ਗੱਲ ਭਲੀ ਪ੍ਰਕਾਰ ਸਮਝ ਲਈ ਸੀ ਕਿ ਸਮਾਜ ਦੇ ਉੱਥਾਨ ਲਈ ਵਿਦਿਆ ਦੀ ਬੜੀ ਲੋੜ ਹੈ। ਰਤਾ ਧਿਆਨ ਨਾਲ ਦੇਖਿਆ ਜਾਏ ਕਿ ਗੁਰਮਤਿ ਦੇ ਆਚਾਰ ਅਨੁਸਾਰ ਸਿੱਖਿਆਲਾ ਤੇ ਵਿਦਿਆਲਾ ਸੰਗਤ ਤੇ ਪੰਗਤ ਵਾਂਗ ਗੁਰਦੁਆਰਾ ਸਾਹਿਬ ਦਾ ਹੀ ਇਕ ਅੰਗ ਹੈ। ਬਾਬਾ ਜੀ ਨੇ ਇਸ ਗੱਲ ਨੂੰ ਭਲੀ ਪ੍ਰਕਾਰ ਸਮਝਿਆ ਤੇ ਵਿਹਾਰ ਵਿੱਚ ਲਿਆਂਦਾ। ਆਪ ਜੀ ਨੇ ਉਤੋੜਤੀ ਪੰਜ ਹਾਈ ਸਕੂਲ ਤੇ ਅੱਠ ਮਿਡਲ ਸਕੂਲ ਸਥਾਪਿਤ ਕੀਤੇ। ਪਿੰਡ ਪਿੰਡ ਆਪ ਜੀ ਨੇ ਗੁਰਦੁਆਰੇ ਉਸਾਰੇ। ਹਰ ਗੁਰਦੁਆਰੇ ਦੇ ਨਾਲ ਪ੍ਰਾਇਮਰੀ ਸਕੂਲ ਬਣਵਾਇਆ। ਇਹਨਾਂ ਸਕੂਲਾਂ ਦੇ ਵਿਸ਼ੇਸ਼ ਗੁਣ ਸਨ ਕਿ ਬੱਚੀਆਂ ਨੂੰ ਵੀ ਨਾਲ ਹੀ ਸਿੱਖਿਆ ਦਿੱਤੀ ਜਾਏ ਅਤੇ ਇਹਨਾਂ ਸਕੂਲਾਂ ਵਿੱਚ ਕਿਸੇ ਪ੍ਰਕਾਰ ਦੀ ਫੀਸ ਨਾ ਲਈ ਜਾਏ। ਇਹ ਇਕ ਬੜੀ ਵੱਡੀ ਕਰਾਂਤੀ ਹੈ ਜਿਸਨੂੰ ਮੇਰੀ ਜਾਚੇ ਮੁੜ ਨਹੀਂ ਦੁਹਰਾਇਆ ਗਿਆ। ਅੱਜ ਵਿਦਿਆਲੇ ਤਾਂ ਖੁਲ੍ਹਦੇ ਹਨ ਪਰ ਫੀਸਾਂ ਇੰਨੀਆਂ ਹਨ ਕਿ ਉਹਨਾਂ ਨੂੰ ਤਾਰਨ ਲਗਿਆਂ ਮਨ ਵਿੱਚ ਟੀਸਾਂ ਉਠਦੀਆਂ ਹਨ।
ਸੰਤ ਪ੍ਰੇਮ ਸਿੰਘ ਜੀ ਵਿਹਾਰ ਸੁਧਾਰ ਲਹਿਰ ਦੇ ਪਰਵਰਤਕ ਸਨ। ਤਾਲੀਮ ਦੀ ਬਰਕਤ ਉਹਨਾਂ ਨੇ ਝੋਲੀਆਂ ਭਰ ਭਰ ਵੰਡੀ। ਉਹਨਾਂ ਦੁਆਰਾ ਦਿੱਤੀ ਗਈ ਸਿੱਖਿਆ ਗੁਰੂ ਕੀ ਦੀਖਿਆ ਸੀ। ਜਿਸ ਦੀਖਿਆ ਤੇ ਸਿੱਖਿਆ ਨੂੰ ਪਰਾਪਤ ਕਰਕੇ ਲੁਬਾਣੇ ਸਿੱਖ ਹਰ ਪ੍ਰੀਖਿਆ ਵਿੱਚ ਪਾਸ ਹੋਣ ਜੋਗੇ ਹੋ ਗਏ।
ਪੂਰੇ ਗੁਰ ਕੀ ਪੂਰੀ ਦੀਖਿਆ॥ ਜਿਸ ਮਨਿ ਬਸੈ ਤਿਸੁ ਸਾਚੁ ਪਰੀਖਿਆ॥
ਇਸ ਸੁਧਾਰ ਲਹਿਰ ਨਾਲ ਸਾਰੀਆਂ ਪੁਰਾਣੀਆਂ ਰੀਤਾਂ ਤੇ ਪਰਿਪਾਟੀਆਂ ਖੋਖਲੀਆਂ ਦਸ ਕੇ ਲੁਬਾਣਿਆਂ ਵਿੱਚ ਜਾਗਰਿਤੀ ਪੈਦਾ ਕਰ ਦਿੱਤੀ। ਸੰਗਤਾਂ ਨੇ ਪੈਸਾ ਪਾਣੀ ਵਾਂਗ ਦਿੱਤਾ ਤੇ ਸੰਤ ਜੀ ਨੇ ਉਸਨੂੰ ਅੰਮ੍ਰਿਤ ਵਾਂਗ ਸਿੰਜਿਆ, ਸੰਜੋਇਆ ਤੇ ਪਿਆਇਆ। ਉਹਨਾਂ ਨੇ ਮਾਇਆ ਨੂੰ ਨਾਗਨੀ ਨਹੀਂ ਬਣਨ ਦਿੱਤਾ ਸਗੋਂ ਗੁਰਮਤਿ ਅਨੁਸਾਰ ਮਾਇਆ ਨੂੰ ਦਾਸੀ ਬਣਾਇਆ।
ਸੰਤ ਜੀ ਨੂੰ ਸੂਝ ਵੀ ਸੀ ਤੇ ਸੋਝੀ ਵੀ ਸੀ। ਉਹ ਜਾਣਦੇ ਸਨ ਕਿ ਗੁਰਮਤਿ ਦੀ ਪਵਿੱਤਰਤਾ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੋਂ ਉਪਜੀ ਹੈ ਤੇ ਉਹਨਾਂ ਦੇ ਚਰਨਾਂ ਨਾਲ ਹੀ ਕਾਇਮ ਰਹੇਗੀ। ਇਸ ਲਈ ਉਹਨਾਂ ਨੇ ਇਕ ਵਿਸ਼ਾਲ ਬੁੰਗਾ ਸ੍ਰੀ ਨਨਕਾਣਾ ਸਾਹਿਬ ਵਿਖੇ ਕਾਇਮ ਕਰਵਾਇਆ। ਅੰਮ੍ਰਿਤਸਰ ਸਿਫਤੀ ਦਾ ਘਰ ਹੈ। ਅੰਮ੍ਰਿਤਸਰ ਵਿਖੇ ਗੁਰੂਦੇਵ ਨੇ “ਹਰਿਮੰਦਿਰ ਹਰਿ ਜੀਓ ਸਾਜਿਆ” ਆਖ ਕੇ ਮਜ਼ਬੂਤ ਗੜ ਤਿਆਰ ਕਰ ਦਿੱਤਾ। ਸੰਤ ਜੀ ਨੇ ਸਾਰੇ ਲੁਬਾਣਿਆਂ ਨੂੰ ਅੰਮ੍ਰਿਤਸਰ ਨਾਲ ਜੋੜਣ ਲਈ ਅੰਮ੍ਰਿਤਧਾਰੀ ਬਣਨ ਦੀ ਪ੍ਰੇਰਨਾ ਦਿੱਤੀ ਅਤੇ ਪਿੰਡ ਪਿੰਡ ਸ਼ਹਿਰ ਸ਼ਹਿਰ ਅੰਮ੍ਰਿਤ ਸੰਚਾਰ ਸਮਾਗਮ ਕੀਤੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਬਾ ਬਕਾਲਾ ਦੀ ਪਵਿੱਤਰ ਧਰਤੀ ਨੂੰ ਤਕਰੀਬਨ ਚੌਥਾਈ ਸਦੀ ਤੱਕ ਆਪਣੇ ਚਰਨਾਂ ਦੀ ਛੁਹ ਦੇ ਕੇ ਪਵਿੱਤਰ ਕੀਤਾ। ਫਿਰ ਗੁਰੂ ਜੀ ਨੇ ਗੁਰਿਆਈ ਪਰਾਪਤੀ ਤੋਂ ਮਗਰੋਂ ਨਗਰ ਅਨੰਦਪੁਰ ਦੀ ਮੋਹੜੀ ਗਡੀ ਜਿੱਥੇ ਸਰਬੰਸ ਦਾਨੀ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਬਖ਼ਸ਼ੀ। ਸੰਤ ਜੀ ਨੇ ਦੂਜਾ ਬੁੰਗਾ ਗੁਰੂ ਤੇਗ ਬਹਾਦਰ ਜੀ ਦੇ ਤਪ ਅਸਥਾਨ ਬਾਬਾ ਬਕਾਲਾ ਵਿਖੇ ਬਣਵਾਇਆ।
ਸੰਤ ਪ੍ਰੇਮ ਸਿੰਘ ਜੀ ਆਪਣੇ ਨਾਮ ਅਨੁਸਾਰ ਗੁਰੂ ਪ੍ਰੇਮ ਭਿੱਜੀ ਸ਼ਖਸੀਅਤ ਸਨ। ਉਹਨਾਂ ਲੋਕ ਭਲਾਈ ਦੇ ਜੋ ਕਾਰਜ ਕੀਤੇ, ਉਹ ਗੁਰੂ ਪਾਤਸ਼ਾਹ ਨੂੰ ਸਾਹਮਣੇ ਰੱਖ ਕੇ ਕੀਤੇ। ਜੋ ਮਾਣ ਤੇ ਪ੍ਰਤਿਸ਼ਠਾ ਉਹਨਾਂ ਨੂੰ ਮਿਲੀ, ਉਸਨੂੰ ਵੀ ਉਹਨਾਂ ਨੇ ਗੁਰੂ ਦੀ ਦਾਤ ਸਮਝ ਕੇ ਪ੍ਰਵਾਨ ਕੀਤਾ। ਜਿਸ ਤਰ੍ਹਾਂ ਰੁੱਖ ਦੀਆਂ ਫਲਦਾਰ ਟਹਿਣੀਆਂ ਫਲ ਲੱਗਣ ਤੇ ਝੁਕ ਜਾਂਦੀਆਂ ਹਨ, ਇਸੇ ਤਰ੍ਹਾਂ ਸੰਤ ਪ੍ਰੇਮ ਸਿੰਘ ਜੀ ਮਾਣ ਪ੍ਰਾਪਤ ਕਰਨ ਉਪਰੰਤ ਹੋਰ ਵਿਨਮਰ ਹੁੰਦੇ ਗਏ। 30 ਅਪ੍ਰੈਲ 1922 ਨੂੰ ਸੰਤ ਪ੍ਰੇਮ ਸਿੰਘ ਜੀ ਨੂੰ ਚੀਫ਼ ਖਾਲਸਾ ਦੀਵਾਨ ਦਾ ਮੈਂਬਰ ਬਣਾਇਆ ਗਿਆ। 1926 ਤੋਂ ਲੈ ਕੇ 1950 ਤੱਕ ਭਾਵ ਆਪਣੇ ਜੀਵਨ ਦੇ ਅਖੀਰ ਤੱਕ ਉਹ ਸ਼੍ਰੋ.ਗੁ.ਪ੍ਰ.ਕਮੇਟੀ ਦੇ ਮੈਂਬਰ ਰਹੇ। ਆਪ ਜੀ ਦੋ ਵਾਰੀ ਸ਼੍ਰੋ.ਗੁ.ਪ੍ਰ. ਕਮੇਟੀ ਦੇ ਅੰਤਰਿੰਗ ਕਮੇਟੀ ਦੇ ਮੈਂਬਰ ਵੀ ਰਹੇ। ਪਹਿਲੀ ਵਾਰੀ 1937 ਤੇ ਦੂਜੀ ਵਾਰੀ 1948 ਤੱਕ। ਕਮੇਟੀ ਵਿੱਚ ਰਹਿੰਦਿਆਂ ਉਹਨਾਂ ਨੇ ਲੁਬਾਣਿਆਂ ਸਬੰਧੀ ਬੇਸ਼ਕ ਬਹੁਤ ਸਾਰੇ ਕਾਰਜ ਕੀਤੇ ਪਰ ਉਹਨਾਂ ਵੱਲੋਂ ਕੀਤੀ ਗਈ ਸੇਵਾ ਸਾਰੀ ਸਿੱਖ ਕੌਮ ਅਤੇ ਮਾਨਵਤਾ ਲਈ ਸੀ। ਸੰਤ ਜੀ ਬਾਰੇ ਇਹ ਕਹਿਣਾ ਉਚਿਤ ਹੀ ਹੋਵੇਗਾ,
ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ॥
ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ॥
ਭਾਵ ਸੰਤ ਵਾਹਿਗੁਰੂ ਨਾਲ ਪ੍ਰੇਮ ਭਰਿਆ ਰਾਬਤਾ ਬਨਾਉਣ ਵਿੱਚ ਸਹਾਈ ਹੁੰਦੇ ਹਨ। ਇਸ ਲਈ ਉਹਨਾਂ ਦੇ ਚਰਨ ਪਰਸਨੇ ਸੋਭਦੇ ਹਨ।
ਸਤਿਗੁਰੂ ਜੀ ਨੇ ਇਹ ਨਿਰਣਾ ਦਿੱਤਾ ਹੈ ਕਿ ਪ੍ਰਭੂ ਬਿਨਾ ਦੂਜੀ ਹੋਰ ਕੋਈ ਥਾਂ ਨਹੀਂ। ਜੇ ਕਿਸੇ ਨੇ ਇਹ ਸਮਝ ਲਿਆ ਹੈ ਕਿ ਕੋਈ ਦੂਜਾ ਥਾਂ ਹੈ ਤਾਂ ਉਸਨੂੰ ਸੁਖਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਸੰਤ ਪ੍ਰੇਮ ਸਿੰਘ ਜੀ ਲੋਕਾਂ ਦੇ ਹਰਮਨ ਪਿਆਰੇ ਸਨ । ਉਸ ਸਮੇਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਦੇ ਜ਼ਾਬਤੇ ਅਨੁਸਾਰ ਉਹ ਗੁਜਰਾਤ ਦੇ ਸ਼ਾਹਪੁਰ ਦੇ ਦਿਹਾਤੀ ਇਲਾਕੇ ਵਿੱਚੋਂ 1937 ਵਿੱਚ ਚੁਣੇ ਗਏ। ਇਸੇ ਹਲਕੇ ਵਿੱਚੋਂ ਉਹ ਦੂਜੀ ਵਾਰੀ ਫਿਰ 1946 ਵਿੱਚ ਚੁਣੇ ਗਏ। ਪੰਜਾਬ ਅਸੰਬਲੀ ਦਾ ਮੈਂਬਰ ਬਨਣ ਮਗਰੋਂ ਉਹਨਾਂ ਨੇ ਡਟ ਕੇ ਲੁਬਾਣਿਆਂ ਨੂੰ ਉਹਨਾਂ ਦੇ ਹੱਕ ਦੁਆਣ ਦਾ ਪੱਕੇ ਤੌਰ ਤੇ ਪ੍ਰਬੰਧ ਕੀਤਾ। ਆਪਣੀ ਮੈਂਬਰੀ ਦੇ ਸਮੇਂ ਦੌਰਾਨ ਸੰਤ ਜੀ ਨੇ ਬਹੁਤ ਸਾਰੇ ਧਾਰਮਿਕ ਮਸਲਿਆਂ ਸਬੰਧੀ ਸਾਰੀ ਕੌਮ ਨੂੰ ਨਿਆਂ ਦੁਆਇਆ। ਪਿੰਡ ਅਗਰੋਹਾ ਤਹਿਸੀਲ ਫਾਲੀਆ ਜ਼ਿਲ੍ਹਾ ਗੁਜਰਾਤ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਚੋਰੀ ਵਾਲੇ ਮਾਮਲੇ ਨੂੰ ਅਸੈਂਬਲੀ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਤੇ ਕੌਮ ਨੂੰ ਨਿਆਂ ਦੁਆਇਆ। ਇਸੇ ਤਰ੍ਹਾਂ ਪਿੰਡ ਨਵਾਂ ਢੋਕ ਜ਼ਿਲ੍ਹਾ ਗੁਜਰਾਤ ਵਿਖੇ ਗੁਰਦੁਆਰੇ ਨੂੰ ਅੱਗ ਲਾਉਣ ਸਬੰਧੀ ਮਾਮਲੇ ਨੂੰ ਅਸੈਂਬਲੀ ਵਿੱਚ ਪੁਰਜ਼ੋਰ ਤਰੀਕੇ ਨਾਲ ਉਠਾਇਆ।
ਇਹ ਤੇ ਬੇਅੰਤ ਹੋਰ ਘਟਨਾਵਾਂ ਤੋਂ ਅਸੀ ਅੰਦਾਜ਼ਾ ਲਾ ਸਕਦੇ ਹਾਂ ਕਿ ਉਹ ਕਿਸ ਸ਼ਿੱਦਤ ਤੇ ਵਿਸ਼ਵਾਸ ਨਾਲ ਧਰਮ ਸਿਆਸਤ ਨੂੰ ਇਕੱਠਾ ਸਮਝਦੇ ਸਨ ਜਿਸ ਨਾਲ ਗੁਰਮਤਿ ਦੀ ਸਹੀ ਭਾਵਨਾ ਪ੍ਰਗਟ ਹੁੰਦੀ ਸੀ।
ਪ੍ਰਮੁੱਖ ਲੁਬਾਣਾ ਸ਼ਖ਼ਸੀਅਤਾਂ
ਸੰਤ ਮਾਝਾ ਸਿੰਘ
ਇਸੇ ਸਿਲਸਿਲੇ ਵਿੱਚ ਇਕ ਹੋਰ ਪਰਾਕਰਮੀ ਸੰਤ ਮਾਝਾ ਸਿੰਘ ਹੋਏ ਹਨ। ਇਹਨਾਂ ਦਾ ਜਨਮ ਪਿੰਡ ਮਕਸੂਦਪੁਰਾ (ਓਦੋਂ ਕਪੂਰਥਲਾ) 1866 ਵਿੱਚ ਹੋਇਆ। ਬਾਲ ਕਾਲ ਵਿੱਚ ਹੀ ਆਪ ਜੀ ਦੇ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ। ਇਹਨਾਂ ਨੇ ਲੁਬਾਣਿਆਂ ਦੇ ਪ੍ਰਸਿੱਧ ਪ੍ਰਚਾਰ ਕੇਂਦਰ ਹੋਤੀ ਮਰਦਾਨ ਸੂਬਾ ਸਰਹਦ ਪਾਕਿਸਤਾਨ ਵਿਖੇ ਸੰਤ ਕਰਮ ਸਿੰਘ ਪਾਸ ਸ਼ਰਣ ਲਈ। ਓਥੇ ਆਪ ਨੇ ਗੁਰਮਤਿ ਵਿਦਿਆ, ਗੁਰਬਾਣੀ, ਕਥਾ ਕੀਰਤਨ ਆਦਿ ਦੀ ਸਿਖਲਾਈ ਵੀ ਲਈ ਤੇ ਗਹਿਨ ਅਧਿਐਨ ਕੀਤਾ। ਸੰਨ 1912 ਵਿੱਚ ਆਪਣੀ ਲਿਆਕਤ ਤੇ ਨਿਸ਼ਕਾਮ ਸੇਵਾ ਕਾਰਨ ਡੇਰੇ ਦੇ ਪ੍ਰਮੁੱਖ ਸੇਵਕ ਬਣ ਗਏ। 1937 ਵਿੱਚ ਆਪ ਜੀ ਓਥੇ ਗੱਦੀ ਨਸ਼ੀਨ ਹੋਏ। ਸਾਰੇ ਇਲਾਕੇ ਵਿੱਚ ਗੁਰਮਤਿ ਦਾ ਪ੍ਰਚਾਰ ਕੀਤਾ। ਇੱਥੇ ਸਿੱਖਾਂ ਅਤੇ ਗ਼ੈਰ ਸਿੱਖਾਂ ਵਿੱਚ ਇਤਨੀ ਸ਼ਰਧਾ ਸੀ ਕਿ ਉਹ ਗੁਰਦੁਆਰੇ ਮੱਥਾ ਟੇਕ ਕੇ ਹੀ ਅੱਗੇ ਜਾਂਦੇ। ਉਸ ਇਲਾਕੇ ਵਿੱਚ ਵਹਿਮਾਂ ਤੇ ਭਰਮਾਂ ਦੇ ਵਿਰੁੱਧ ਪ੍ਰਚਾਰ ਕੀਤਾ। ਅਤੇ ਗੁਰਮਤਿ ਦੀ ਜੀਵਨ ਜਾਚ ਨੂੰ ਲੁਬਾਣਿਆਂ, ਸਿੱਖਾਂ ਅਤੇ ਸਰਬਤ ਸਮਾਜ ਵਿੱਚ ਪ੍ਰਚਲਤ ਕੀਤਾ। ਦੇਸ਼ ਦੀ ਵੰਡ ਮਗਰੋਂ ਗੁਰਦੁਆਰਾ ਬੀਬੀਆਂ ਦੀ ਸਿੱਖਿਆ ਦਾ ਕੇਂਦਰ ਬਣ ਗਿਆ। 1947 ਵਿੱਚ ਦੇਸ਼ ਦੀ ਵੰਡ ਮਗਰੋਂ ਸੰਤ ਮਾਝਾ ਸਿੰਘ ਜੀ ਮੁੜ ਆਪਣੇ ਆਬਾਈ ਇਲਾਕੇ, ਕਪੂਰਥਲਾ ਵਿੱਚ ਆ ਟਿਕੇ। ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਜਨਮ ਸ਼ਤਾਬਦੀ ਸਮੇਂ 1969 ਵਿੱਚ ਪਿੰਡ ਨਡਾਲਾ ਵਿਖੇ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਖੋਲ੍ਹਿਆ। ਕਾਲਜ ਦੇ ਨਾਂ ਤੋਂ ਹੀ ਉਹਨਾਂ ਦੇ ਲੁਬਾਣਾ ਸਮਾਜ ਦੇ ਉੱਥਾਨ ਅਤੇ ਗੁਰੂ ਨਾਨਕ ਦੇਵ ਜੀ ਦੇ ਮਹਾਨ ਸਿਧਾਂਤਾਂ ਸਬੰਧੀ ਸ਼ਰਧਾ ਅਤੇ ਪ੍ਰੇਮ ਦੀ ਝਲਕ ਪੈਂਦੀ ਹੈ। ਸੰਤ ਮਾਝਾ ਸਿੰਘ ਜੀ 1971 ਵਿੱਚ ਗੁਰਪੁਰੀ ਸਿਧਾਰ ਗਏ।
ਆਬਾਦਾਨ ਸਦਾ ਮਸ਼ਹੂਰ
ਪਿੱਛੇ ਅਸੀ ਕੁਝ ਜੁਗ ਪਰਵਰਤਕ ਸ਼ਖਸੀਅਤਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਗੁਰੂ ਭਗਤੀ ਤੋਂ ਸ਼ਕਤੀ ਲੈ ਕੇ ਉਸਦਾ ਸੰਚਾਰ ਖ਼ਾਸ ਕਰਕੇ ਲੁਬਾਣਾ ਸਮਾਜ ਤੇ ਆਮ ਕਰਕੇ ਸਿੱਖ ਸਮਾਜ ਵਿੱਚ ਕੀਤਾ। ਉਹ ਗ਼ਨੀ ਮਾਮੂਰ, ਸਾਡੀਆਂ ਹਮਸ਼ਹਰੀ ਮਸ਼ਹੂਰ ਸ਼ਖਸੀਅਤਾਂ ਹਨ। ਉਹਨਾਂ ਦੀਆਂ ਘਾਲਾਂ ਤੋਂ ਲਾਭ ਪ੍ਰਾਪਤ ਕਰ ਅੱਗੋਂ ਹੋਰ ਗੁਰਸਿੱਖ ਲੁਬਾਣੇ, ਗੁਰੂ ਮਨ ਭਾਣੇ ਕਾਰਜ ਸਰੰਜਾਮ ਦਿੰਦੇ ਰਹੇ। ਉੱਨੀਵੀਂ ਸਦੀ ਦੇ ਅੰਤ ਤੇ ਤਕਰੀਬਨ ਸਾਰੀ ਵੀਹਵੀਂ ਸਦੀ ਜਿਨ੍ਹਾਂ ਗੁਰਮੁਖ ਸ਼ਖਸੀਅਤਾਂ ਨੇ ਲੁਬਾਣਾ ਸਮਾਜ ਨੂੰ ਪ੍ਰਭਾਵਿਤ ਕੀਤਾ, ਉਹਨਾਂ ਦਾ ਜ਼ਿਕਰ ਮੈਂ ਹੇਠਲੇ ਉਪ-ਅਧਿਆਇ ਵਿੱਚ ਕਰਾਂਗਾ। ਇਹ ਸਜਣ ਖੇਤੀ-ਬਾੜੀ, ਸਰਕਾਰੀ ਰੁਤਬੇ ਤੇ ਨੌਕਰੀਆਂ, ਭਾਰਤੀ ਫੌਜ ਤੇ ਵਪਾਰ ਵਿੱਚ ਰਹਿ ਕੇ ਸਮਾਜ ਲਈ ਨੁਮਾਇਆ ਯੋਗਦਾਨ ਪਾਉਂਦੇ ਰਹੇ। ਪੁਰਾਤਨ ਇਤਿਹਾਸਕ ਲੁਬਾਣਿਆਂ ਦੀ ਪਰੰਪਰਾ ਨੂੰ ਇਹਨਾਂ ਨੇ ਤੋਰੀ ਰੱਖਿਆ। ਸਤਿਕਾਰਯੋਗ ਸੰਤ ਪ੍ਰੇਮ ਸਿੰਘ ਜੀ, ਪੁਰਾਤਨ ਤੇ ਅਜੋਕੇ ਸਮੇਂ ਨੂੰ ਜੋੜਨ ਵਾਲੀ ਮਜ਼ਬੂਤ ਕੜੀ ਹਨ।
ਸ. ਬਹਾਦਰ ਮਹਿਤਾਬ ਸਿੰਘ ਗਲੋਵਾਲ ਸ. ਮਹਿਤਾਬ ਸਿੰਘ ਦਾ ਜਨਮ ਪਿੰਡ ਗਲੋਵਾਲ, ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 1854 ਵਿੱਚ ਹੋਇਆ। ਕੁਝ ਲੁੜੀਂਦੀ ਵਿਦਿਆ ਪ੍ਰਾਪਤ ਕਰਨ ਮਗਰੋਂ ਇਹ ਫੌਜ ਵਿੱਚ ਭਰਤੀ ਹੋ ਗਏ। ਇਹਨਾਂ ਨੂੰ ਪਹਿਲੀ ਸਿੱਖ ਇਨਫੈਂਟਰੀ ਰੈਜੀਮੈਂਟ ਵਿੱਚ ਦਾਖ਼ਲ ਕਰ ਲਿਆ ਗਿਆ। ਸ. ਮਹਿਤਾਬ ਸਿੰਘ ਨੇ ਬੜੀ ਤਨਦੇਹੀ ਨਾਲ ਫੌਜ ਵਿੱਚ ਸੇਵਾ ਕੀਤੀ ਅਤੇ ਮੌਕਾ ਪੈਣ ਤੇ ਬੜੀ ਬਹਾਦਰੀ ਨਾਲ ਲੜੇ। ਜਿਸ ਕਾਰਣ ਇਹਨਾਂ ਨੂੰ ‘ਮਿਲਟਰੀ ਕਰਾਸ’ ਅਤੇ ‘ਆਰਡਰ ਔਫ ਬ੍ਰਿਟਿਸ਼ ਇੰਡੀਆ ਕਲਾਸ ਵਨ’ ਨਾਲ ਸੁਸ਼ੋਭਿਤ ਕੀਤਾ। ਗਿਆ ਅਤੇ ਪੰਜ ਮੁਰੱਬੇ ਜ਼ਮੀਨ ਜ਼ਿਲ੍ਹਾ ਸ਼ਾਹਪੁਰ ਚੱਕ ਨੰ.115 ਵਿੱਚ ਇਨਾਮ ਵਜੋਂ ਦਿੱਤੀ ਗਈ ਤੇ ਨਾਲ ਹੀ ਸ. ਬਹਾਦਰ ਦਾ ਖਿਤਾਬ ਵੀ ਦਿੱਤਾ ਗਿਆ। ਸ. ਮਹਿਤਾਬ ਸਿੰਘ ਨੇ ਫੌਜ ਅਤੇ ਵਾਹੀ ਦੇ ਸਬੰਧ ਵਿੱਚ ਲੁਬਾਣਿਆਂ ਅਤੇ 48 ਇਨਫੈਂਟਰੀ ਹਰਾਵਲ ਦਸਤਿਆਂ ਵਿੱਚ ਲੁਬਾਣਿਆਂ ਲਈ ਵੱਖਰੀਆਂ ਕੰਪਨੀਆਂ ਦਾ ਪ੍ਰਬੰਧ ਕਰਵਾਇਆ।
1906 ਵਿੱਚ ਇਹਨਾਂ ਦੇ ਉਦਮ ਨਾਲ ਪੰਜਾਬ ਦੇ ਦੱਸ ਜ਼ਿਲ੍ਹਿਆਂ ਅੰਦਰ ਲੁਬਾਣਿਆਂ ਨੂੰ ਵਾਹੀਕਾਰ ਕਬੀਲੇ ਵਜੋਂ ਮਾਨਤਾ ਪ੍ਰਦਾਨ ਕੀਤੀ ਗਈ। ਪਹਿਲੀ ਆਲਮੀ ਜੰਗ ਵਿੱਚ ਇਹਨਾਂ ਨੇ ਬ੍ਰਿਟਿਸ਼ ਫੌਜ ਵਿੱਚ ਲੁਬਾਣਿਆਂ ਨੂੰ ਵੱਡੀ ਗਿਣਤੀ ਵਿੱਚ ਭਰਤੀ ਕਰਵਾਇਆ। 19 ਫਰਵਰੀ 1919 ਵਿੱਚ ਮਾਨਯੋਗ ਕਮਾਂਡਰ-ਇਨ-ਚੀਫ਼ ਦੇ ਦਰਬਾਰ ਵਿੱਚ ਸ. ਮਹਿਤਾਬ ਸਿੰਘ ਨੂੰ ਰਿਕਰੂਟਿੰਗ ਸਨਦ (Recruiting Sanad) ਨਾਲ ਸਨਮਾਨਿਆ ਗਿਆ। ਇਹਨਾਂ ਕਾਰਨਾਮਿਆਂ ਦਾ ਲਾਭ ਲੁਬਾਣੇ ਅੱਜ ਤੱਕ ਪ੍ਰਾਪਤ ਕਰ ਰਹੇ ਹਨ।
ਸਰਦਾਰ ਬਹਾਦਰ ਗੋਪਾਲ ਸਿੰਘ (1862-1947)
ਸ. ਬਹਾਦਰ ਗੋਪਾਲ ਸਿੰਘ ਲੁਬਾਣਾ ਦਾ ਜਨਮ ਨੂਰਪੁਰ ਲੁਬਾਣਾ ਵਿਖੇ 1862 ਵਿੱਚ ਹੋਇਆ। ਸਮੇਂ ਅਨੁਸਾਰ ਗੋਪਾਲ ਸਿੰਘ ਨੇ ਉਰਦੂ, ਫਾਰਸੀ, ਅੰਗਰੇਜ਼ੀ ਅਤੇ ਗੁਰਮੁੱਖੀ ਆਦਿ ਵਿੱਚ ਸਿੱਖਿਆ ਪਰਾਪਤ ਕੀਤੀ। 1882 ਵਿੱਚ ਫੌਜ ਵਿੱਚ ਭਰਤੀ ਹੋ ਗਿਆ। ਸ. ਗੋਪਾਲ ਸਿੰਘ ਦੇ ਪਿਤਾ ਨੇ ਲਾਹੌਰ ਜ਼ਿਲ੍ਹੇ ਵਿੱਚ ਸਰਕਾਰ ਵੱਲੋਂ ਮਿਲੀ ਹੋਈ ਜ਼ਮੀਨ ਦਾ ਪ੍ਰਬੰਧ ਕਰਨ ਲਈ ਫੌਜ ਦੀ ਨੌਕਰੀ ਛੱਡ ਦਿੱਤੀ। ਸ. ਗੋਪਾਲ ਸਿੰਘ ਨੇ ਪਹਿਲੀ ਆਲਮੀ ਜੰਗ ਵਿੱਚ ਲੁਬਾਣਿਆਂ ਦੀ ਇਕ ਵੱਡੀ ਗਿਣਤੀ ਨੂੰ ਭਰਤੀ ਕਰਵਾਇਆ। ਇਹਨਾਂ ਸੇਵਾਵਾਂ ਨੂੰ ਮੁੱਖ ਰੱਖ ਕੇ ਸਰਕਾਰ ਨੇ ਪੰਜ ਮੁਰਬੇ ਜ਼ਮੀਨ ਜ਼ਿਲ੍ਹਾ ਮਿੰਟਗੁਮਰੀ ਵਿੱਚ ਅਤੇ ਦੋ ਮੁਰਬੇ ਜ਼ਮੀਨ ਤਹਿਸੀਲ ਚੂਨੀਆ ਜ਼ਿਲ੍ਹਾ ਲਾਹੌਰ ਵਿਖੇ ਪ੍ਰਦਾਨ ਕੀਤੀ। ਇਹਨਾਂ ਨੂੰ ਸਰਕਾਰ ਤੇ ਸਮਾਜ ਪ੍ਰਤੀ ਸੇਵਾਵਾਂ ਬਦਲੇ ਸਰਦਾਰ ਸਾਹਿਬ ਤੇ ਸਰਦਾਰ ਬਹਾਦੁਰ ਦੇ ਖਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ। 1921 ਵਿੱਚ ਸ. ਗੋਪਾਲ ਸਿੰਘ ਨੂੰ ਪੰਜਾਬ ਅਸੰਬਲੀ ਦੇ ਅਪਰ ਹਾਊਸ ਵਿੱਚ ਐਮ.ਐਲ.ਸੀ. ਬਣਾਇਆ ਗਿਆ। ਸਰਦਾਰ ਬਹਾਦਰ ਦਾ ਵੱਡਾ ਕਾਰਨਾਮਾ ਇਹ ਹੈ ਕਿ ਇਹਨਾਂ ਨੇ ਲੁਬਾਣਿਆਂ ਦਾ ਪੱਖ ਪੂਰਦਿਆਂ ਇਹਨਾਂ ਨੂੰ ਤਸਦੀਕਸ਼ੁਦਾ ਵਾਹੀਕਾਰ ਟਾਬਰੀ ਤੇ ਫੌਜੀਆਂ ਵਜੋਂ ਮਾਨਤਾ ਦੁਆਈ ਅਤੇ ਨਾਲ ਹੀ ਲੁਬਾਣਿਆਂ ਦੀ ਪੁਰਜ਼ੋਰ ਵਕਾਲਤ ਕਰਕੇ ਇਹਨਾਂ ਨੂੰ ਲਾਇਲਪੁਰ, ਝੰਗ, ਸ਼ ਹਪੁਰ ਅਤੇ ਮਿੰਟਗੁਮਰੀ ਜ਼ਿਲ੍ਹਿਆਂ ਅੰਦਰ ਜਰਾਇਮਪੇਸ਼ਾ ਕਬੀਲਿਆਂ ਵਿੱਚੋਂ ਖਾਰਿਜ ਕਰਵਾਇਆ। ਇਹਨਾਂ ਦਾ ਇਹ ਕਾਰਨਾਮਾ ਲੁਬਾਣੇ ਕਦੀ ਭੁਲਾ ਨਹੀਂ ਸਕਣਗੇ।
ਸਰਦਾਰ ਗੋਪਾਲ ਸਿੰਘ ਨੇ 1921 ਵਿੱਚ ਗੁਰੂ ਗੋਬਿੰਦ ਸਿੰਘ ਖਾਲਸਾ ਲੋਬਾਨਾ ਹਾਈ ਸਕੂਲ ਟਾਂਡਾ ਵਿੱਚ ਬਣਾਇਆ ਤੇ ਉਸਦੀ ਦੇਖ ਰੇਖ ਅਤੇ ਬਹਬੂਦੀ ਲਈ ਪੂਰੀ ਤਰ੍ਹਾਂ ਸਮਰਪਿਤ ਹੋ ਗਏ। ਇਹ ਸੰਤ ਪ੍ਰੇਮ ਸਿੰਘ ਜੀ ਦੇ ਵਿਸ਼ਵਾਸਪਾਤਰ ਨਿਕਟਵਰਤੀ ਸਹਿਯੋਗੀ ਸਨ ਅਤੇ ਵਿਹਾਰ ਸੁਧਾਰ ਲਹਿਰ ਦੇ ਮੁਖੀਆਂ ਵਿੱਚੋਂ ਇਕ ਸਨ। ਸ੍ਰੀ ਨਨਕਾਣਾ ਸਾਹਿਬ ਅਤੇ ਬਾਬਾ ਬਕਾਲਾ ਵਿਖੇ ਸੰਤ ਜੀ ਵੱਲੋਂ ਉਸਾਰੇ ਗਏ ਬੁੰਗਿਆਂ ਵਿੱਚ ਅਗਰਸਰ ਰਹੇ। ਸਰਦਾਰ ਗੋਪਾਲ ਸਿੰਘ ਦਾ ਚਲਾਣਾ 1947 ਵਿੱਚ ਹੋਇਆ।
ਬਾਵਾ ਹਰਨਾਮ ਸਿੰਘ (1915-1991)
ਬਾਵਾ ਹਰਨਾਮ ਸਿੰਘ ਦਾ ਜਨਮ ਖੋਰੀ ਦੁਨਾ ਸਿੰਘ ਗੁਜਰਾਤ ਵਿੱਚ ਹੋਇਆ। ਗੁਰੂ ਗੋਬਿੰਦ ਸਿੰਘ ਖਾਲਸਾ ਲੋਬਾਨਾ ਸਕੂਲ ਤੋਂ ਮੈਟ੍ਰਿਕ ਪਾਸ ਕਰਕੇ ਉਚੇਰੀ ਸਿੱਖਿਆ ਅੰਮ੍ਰਿਤਸਰ ਤੋਂ ਲਈ। ਇਹ ਸਿੱਖ ਨੈਸ਼ਨਲ ਕਾਲਜ ਲਾਹੌਰ ਵਿੱਚ ਵੀ ਪੜ੍ਹੇ। ਪੜ੍ਹਾਈ ਪੂਰੀ ਕਰਨ ਮਗਰੋਂ ਇਹ ਲੁਬਾਣਿਆਂ ਦੇ ਉੱਥਾਨ ਤੇ ਤਰੱਕੀ ਦੇ ਕਾਰਜਾਂ ਵਿੱਚ ਜੁਟ ਗਏ। ਲੁਬਾਣਿਆਂ ਦੇ ਗੜ੍ਹ ਮੁਰਾਲਾ ਤੋਂ ‘ਪ੍ਰੇਮ ਸੰਦੇਸ਼’ ਰਸਾਲਾ, ਸ਼ੁਰੂ ਕੀਤਾ ਅਤੇ ਇਸਦੇ ਪ੍ਰਬੰਧਕੀ ਸੰਪਾਦਕ ਵੀ ਰਹੇ। 1950 ਤੋਂ ਬਾਅਦ ਬਾਵਾ ਹਰਨਾਮ ਸਿੰਘ ਦੀ ਲੁਬਾਣਿਆਂ ਵਿੱਚ ਉਚੇਚੀ ਗੱਲਬਾਤ ਸੀ। ਬਾਵਾ ਹਰਨਾਮ ਸਿੰਘ ਤਿੰਨ ਵਾਰੀ ਪੰਜਾਬ ਅਸੰਬਲੀ ਦੇ ਮੈਂਬਰ ਚੁਣੇ ਗਏ। ਲੁਬਾਣਿਆਂ ਦੀ ਨੁਮਾਇੰਦਗੀ ਵਜੋਂ ਨਵੇਂ ਬਣੇ ਪੰਜਾਬੀ ਸੂਬੇ ਵਿੱਚ 1970 ਅੰਦਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੰਤਰੀ ਮੰਡਲ ਵਿੱਚ ਖੇਤੀ ਅਤੇ ਜੰਗਲਾਤ ਦੇ ਮੰਤਰੀ ਥਾਪੇ ਗਏ।
ਗਿਆਨੀ ਚੇਤ ਸਿੰਘ
ਗਿਆਨੀ ਚੇਤ ਸਿੰਘ ਦਾ ਜਨਮ ਪਿੰਡ ਭਖੜੇਵਾਲੀ ਜ਼ਿਲ੍ਹਾ ਗੁਜਰਾਤ ਵਿਖੇ 1902 ਵਿੱਚ ਹੋਇਆ। ਗਿਆਨੀ ਜੀ ਨੇ ਪਿੰਡ ਦੇ ਗਰੰਥੀ ਪਾਸੋਂ ਗੁਰਮੁਖੀ ਤੇ ਧਾਰਮਿਕ ਵਿਦਿਆ ਲਈ। ਆਪ ਜੀ ਨੇ ਉਰਦੂ ਦੇ ਮਾਧਿਅਮ ਨਾਲ ਪ੍ਰਾਇਮਰੀ ਪਾਸ ਕੀਤੀ। ਪੰਡਿਤ ਨਾਰਾਇਣ ਸਿੰਘ ਦੀ ਅਗਵਾਈ ਵਿੱਚ ਗਿਆਨੀ ਚੇਤ ਸਿੰਘ ਨੇ ਉਰਦੂ ਤੇ ਹਿੰਦੀ ਦੀ ਮੁਹਾਰਤ ਹਾਸਿਲ ਕੀਤੀ ਤੇ ਉਚੇਰੀ ਸਿੱਖਿਆ ਪ੍ਰਾਪਤ ਕੀਤੀ । ਪ੍ਰਸਿੱਧ ਗਿਆਨੀ ਅਮੀਰ ਸਿੰਘ ਦੇ ਪਥ ਪ੍ਰਦਰਸ਼ਨ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਲੇਸ਼ਨਾਤਮਕ ਅਧਿਅਨ ਪ੍ਰਾਪਤ ਕੀਤਾ। 1921 ਵਿੱਚ ਗਿਆਨੀ ਜੀ ਡੇਰਾ ਮੁਰਾਲਾ ਵਿਖੇ ਗਏ ਅਤੇ ਵਿਹਾਰ ਸੁਧਾਰ ਲਹਿਰ ਵਿੱਚ ਸ਼ਾਮਿਲ ਹੋ ਗਏ ਅਤੇ ਸੰਤ ਪ੍ਰੇਮ ਸਿੰਘ ਜੀ ਨਾਲ ਹੋ ਕੇ ਗੁਰਮਤਿ ਅਤੇ ਲੁਬਾਣਿਆਂ ਦੀ ਸਿੱਖਿਆ ਅਤੇ ਤਰਬੀਅਤ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ। ਸੰਨ 1936 ਵਿੱਚ ਗਿਆਨੀ ਜੀ ਗੁਰਦੁਆਰਾ ਸਿੰਘ ਸਭਾ ਗੁਜਰਾਂਵਾਲਾ ਦੇ ਹੈੱਡ ਗ੍ਰੰਥੀ ਨਿਯੁਕਤ ਕੀਤੇ ਗਏ। ਲੁਬਾਣਿਆਂ ਵਿੱਚ ਗਿਆਨੀ ਜੀ ਨੇ ਅੰਮ੍ਰਿਤ ਸੰਚਾਰ ਦਾ ਪਵਿੱਤਰ ਕਾਰਜ ਬੜੇ ਉਤਸ਼ਾਹ ਨਾਲ ਕੀਤਾ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਲੁਬਾਣਿਆਂ ਨੂੰ ਅੰਮ੍ਰਿਤਧਾਰੀ ਬਣਾਇਆ।
1944 ਵਿੱਚ ਗਿਆਨੀ ਚੇਤ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਗ੍ਰੰਥੀ ਥਾਪੇ ਗਏ ਅਤੇ 10 ਫਰਵਰੀ 1963 ਵਿੱਚ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਬਣਾਏ ਗਏ। ਇਸ ਮਹਾਨ ਪਦ ਤੇ ਉਹ ਸੰਨ 1974 ਤਕ ਸੁਸ਼ੋਭਿਤ ਰਹੇ। ਹਿੰਦੁਸਤਾਨ ਦੀ ਵੰਡ ਸਮੇਂ ਜਦੋਂ ਅਸੀ ਅੰਮ੍ਰਿਤਸਰ ਸਾਹਿਬ ਪੁੱਜੇ ਤਾਂ ਗਿਆਨੀ ਜੀ ਨੂੰ ਮਿਲਣ ਦਾ ਮੌਕਾ ਮਿਲਿਆ। ਓਦੋਂ ਮੇਰੀ ਉਮਰ ਨੌਂ ਸਾਲ ਦੀ ਸੀ ਤੇ ਵੀਰ ਸਤਿਬੀਰ ਸਿੰਘ ਦੀ ਉਮਰ 15 ਸਾਲ ਦੀ ਸੀ। ਅਸੀ ਜਦੋਂ ਵੀ ਇਹਨਾਂ ਦੇ ਪਾਸ ਗਏ ਤਾਂ ਛੋਟੇ ਹੋਣ ਦੇ ਬਾਵਜੂਦ ਬੜਾ ਆਦਰ ਤੇ ਪਿਆਰ ਦੇਂਦੇ। ਗਿਆਨੀ ਜੀ ਸ੍ਰੀ ਦਰਬਾਰ ਸਾਹਿਬ ਵਿਖੇ ਜਦੋਂ ਅੰਮ੍ਰਿਤ ਵੇਲੇ ਪਹਿਲੀ ਤੱਕ ਦਾ ਵਾਜ ਲੈਂਦੇ ਤਾਂ ਇਹਨਾਂ ਦੇ ਮਿੱਠੇ ਬੋਲ ਤੇ ਸ਼ੁੱਧ ਉਚਾਰਣ ਦੇ ਕਾਰਣ ਬਾਣੀ ਹਿਰਦੇ ਵਿੱਚ ਘਰ ਕਰ ਜਾਂਦੀ। ਕੁਝ ਸਮਾਂ ਬਾਅਦ ਜਦੋਂ ਮੈਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵੱਖ ਵੱਖ ਅਹੁਦਿਆਂ ਤੇ ਸੇਵਾਦਾਰ ਰਿਹਾ ਤਾਂ ਗਿਆਨੀ ਚੇਤ ਸਿੰਘ ਜੀ ਸਾਡੇ ਕੈਂਪਾਂ ਵਿੱਚ ਪੁੱਜ ਕੇ ਗੁਰਬਾਣੀ ਨੂੰ ਇਸ ਤਰ੍ਹਾਂ ਨਾਲ ਸਮਝਾਂਦੇ ਕਿ ਗੁਰਬਾਣੀ ਦੇ ਗੁਹਜ ਭਾਵ ਸਹਿਜੇ ਹੀ ਸਪੱਸ਼ਟ ਹੋ ਜਾਂਦੇ । ਗਿਆਨੀ ਜੀ ਦੀ ਗੁਰੂ ਵਾਕ ਲੈਣ ਦੀ ਸ਼ੈਲੀ ਵਿਰਲਿਆਂ ਨੂੰ ਹੀ ਪ੍ਰਾਪਤ ਹੈ।
ਗਿਆਨੀ ਜੀ ਮੁੱਢ ਤੋਂ ਹੀ ਪੰਥਕ ਸਨ । 1924 ਦੇ ਭਾਈ ਫੇਰੂ ਦੇ ਮੋਰਚੇ ਵਿੱਚ ਪੰਜੀ ਗੁਰਸਿੱਖ ਲੁਬਾਣਿਆਂ ਦੇ ਨਾਲ ਆਪ ਜੀ ਨੇ ਗਿਰਫ਼ਤਾਰੀ ਦਿੱਤੀ। ਗਿਆਨੀ ਜੀ ਨੂੰ 6 ਮਹੀਨੇ ਬਾਮੁਸ਼ਕੱਤ ਜੇਲ੍ਹ ਦੀ ਸਜ਼ਾ ਹੋਈ ਜੋ ਆਪਨੇ ਮੁਲਤਾਨ ਜੇਲ ਵਿੱਚ ਕੱਟੀ। ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਹੋਣ ਦੇ ਸਮੇਂ ਦੌਰਾਨ ਅਤੇ ਉਸ ਤੋਂ ਬਾਅਦ ਵੀ ਆਪ ਜੀ ਪੰਥਕ ਮੋਰਚਿਆਂ ਤੇ ਪੰਥਕ ਲਹਿਰਾਂ ਵਿੱਚ ਸਦਾ ਅਗਵਾਈ ਦਿੰਦੇ ਰਹੇ। ਇਹਨਾਂ ਦੇ ਗੁਰਮਤਿ ਸਬੰਧੀ ਵਿਚਾਰ ਬਿਲਕੁਲ ਸਪੱਸ਼ਟ ਸਨ। ਜਾਤੀ ਲਾਭ ਲਈ ਗਿਆਨੀ ਜੀ ਕਦੀ ਨਹੀਂ ਡੋਲੇ “ਪਰਮੇਸੁਰਿ ਬਣਤ ਬਣਾਈ॥ ਫਿਰਿ ਡੋਲਤ ਕਤਹੂ ਨਾਹੀ॥” ਗਿਆਨੀ ਜੀ ਉੱਤੇ ਭਲੀ ਪ੍ਰਕਾਰ ਢੁੱਕਦਾ ਸੀ।
ਸਤਿਕਾਰਯੋਗ ਵੀਰ ਸ. ਸਤਿਬੀਰ ਸਿੰਘ ਜੀ ਅਤੇ ਦਾਸ ਦੇ, ਗਿਆਨੀ ਜੀ ਬਹੁਤ ਨੇੜੇ ਸਨ। ਜਿਨ੍ਹਾਂ ਦਿਨਾਂ ਵਿੱਚ ਮੈਂ ਕਾਨ੍ਹਪੁਰ ਵਿਖੇ ਇਮਾਰਤੀ ਲੱਕੜ ਸੀਜ਼ਨਿੰਗ ਪਲਾਂਟ ਅਤੇ ਪਲਾਈਵੁੱਡ ਬਨਾਣ ਦੀ ਕਿਰਤ ਕਰਦਾ ਸਾਂ, ਉਹਨੀ ਦਿਨੀਂ ਗਿਆਨੀ ਜੀ ਕਈ ਵਾਰੀ ਕਾਨਪੁਰ ਆਏ। ਮੈਂ ਕਈ ਵਾਰੀ ਆਪ ਜੀ ਨੂੰ ਆਪਣੇ ਗ੍ਰਹਿ ਵਿਖੇ ਲਿਜਾ ਕੇ ਉਹਨਾਂ ਪਾਸੋਂ ਸਨੇਹ ਪ੍ਰਾਪਤ ਕੀਤਾ। ਉਹ ਸਿੱਖੀ ਚਲਨ ਦੀ ਮੂਰਤ ਸਨ।
ਗਿਆਨੀ ਹੇਮ ਸਿੰਘ (1910)
ਇਹਨਾਂ ਦਾ ਜਨਮ ਪਹਿਲੀ ਜਨਵਰੀ 1910 ਟਾਂਡਾ ਰਾਮ ਸਹਾਇ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ। ਦਸਵੀਂ ਪਾਸ ਕਰਨ ਤੋਂ ਬਾਅਦ ਇਹ ਡੇਰਾ ਮਸਤੁਆਣਾ ਵਿਖੇ ਧਾਰਮਿਕ ਤੇ ਨੈਤਿਕ ਵਿਦਿਆ ਪਰਾਪਤ ਕਰਨ ਲਈ ਚਲੇ ਗਏ। ਉਸ ਤੋਂ ਮਗਰੋਂ ਗਿਆਨੀ ਹੇਮ ਸਿੰਘ ਨੇ ਗਿਆਨੀ ਅਤੇ ਬੀ.ਏ. ਪਰਾਈਵੇਟ ਤੌਰ ਤੇ ਪਾਸ ਕੀਤੀ। ਸਵੈ ਨਿਰਭਰ ਹੋਣ ਮਗਰੋਂ ਲੁਬਾਣਿਆਂ ਦੇ ਉਨਤੀ ਦੇ ਕਾਰਜਾਂ ਵਿੱਚ ਸੰਲਗਨ ਹੋ ਗਏ। ਪ੍ਰਸਿੱਧ ਤੇ ਹਰਮਨ ਪਿਆਰੀ ਵਿਹਾਰ ਸੁਧਾਰ ਲਹਿਰ ਤੇ ਸਕੱਤਰ ਵਜੋਂ ਸੇਵਾ ਕੀਤੀ। ਗਿਆਨੀ ਜੀ ਦੇ ਉਦਮ ਨਾਲ ਟਾਂਡਾ ਰਾਮ ਸਹਾਇ 1944 ਵਿੱਚ ਇਕ ਭਾਰੀ ਦੀਵਾਨ ਹੋਇਆ ਜਿਸ ਵਿੱਚ ਗੁਰਦੁਆਰਿਆਂ ਅੰਦਰ ਪੜ੍ਹੇ ਲਿਖੇ ਗ੍ਰੰਥੀ ਥਾਪਣ ਦਾ ਨਿਰਣਾ ਲਿਆ ਗਿਆ। ਇਸ ਤੋਂ ਗਿਆਨੀ ਜੀ ਦੀ ਜਾਗਰੂਕਤਾ ਦਾ ਪਤਾ ਲਗਦਾ ਹੈ। ਅੱਜ ਵੀ ਵੱਖ ਵੱਖ ਜੱਥੇਬੰਦੀਆਂ ਤੇ ਪ੍ਰਬੰਧਕ ਕਮੇਟੀਆਂ ਵੱਲੋਂ ਉਪਰਾਲੇ ਹੋ ਰਹੇ ਹਨ। ਭਾਵੇਂ ਹੰਨੇ ਹਨੇ ਮੀਰੀ ਕਾਰਣ, ਇਕਸਾਰਤਾ ਨ ਹੋਣ ਕਰਕੇ ਲੁੜੀਂਦੀ ਪਰਾਪਤੀ ਨਹੀਂ ਹੋਈ। ਗਿਆਨੀ ਜੀ ਨੇ ਵਿਆਹ ਸਬੰਧੀ ਸੁਧਾਰ ਦਾ ਤਗੜਾ ਉਦਮ ਕੀਤਾ ਜਿਵੇਂ ਕੁੜੀਆਂ ਵਾਲਿਆਂ ਦੇ ਘਰ ਜੰਞ ਘੱਟ ਤੋਂ ਘੱਟ ਸਮੇਂ ਲਈ ਰੁੱਕੇ। ਵਿਆਹਾਂ ਵਿੱਚ ਸ਼ਰਾਬ ਨ ਪੀਤੀ ਜਾਏ, ਦਾਜ ਦੀ ਦੁਖਦਾਈ ਲਾਹਨਤ ਨੂੰ ਘਟਾਇਆ ਜਾਏ ਤੇ ਖ਼ਤਮ ਕੀਤਾ ਜਾਏ ਅਤੇ ਬੀਬੀਆਂ ਦੀ ਉੱਚ ਵਿਦਿਆ ਦਾ ਪ੍ਰਬੰਧ ਕੀਤਾ ਜਾਏ।
ਵਿਆਹਾਂ ਲਈ ਰਿਸ਼ਤੇ ਕਰਨ ਸਮੇਂ ਗੋਤ ਦੀਆਂ ਬੰਦਿਸ਼ਾਂ ਨੂੰ ਵੱਧ ਤੋਂ ਵੱਧ ਨਰਮ ਕੀਤਾ ਜਾਏ। ਦੂਰ ਦੂਰ ਪਿੰਡਾਂ ਥਾਂਵਾਂ ਵਿੱਚ ਗੁਰਦੁਆਰਾ ਸਾਹਿਬਾਨ ਉਸਾਰੇ ਜਾਣ। ਦੂਜੀ ਆਲਮੀ ਜੰਗ ਵਿੱਚ ਪ੍ਰਤਾਨਵੀ ਫੌਜ ਵਿੱਚ ਖੂਬ ਭਰਤੀ ਕਰਵਾਈ ਤੇ ਉਸ ਵਜੋਂ ਲੁਬਾਣਿਆਂ ਨੂੰ ਰਿਆਇਤਾਂ ਦਵਾਈਆਂ। ਸੰਤ ਪ੍ਰੇਮ ਸਿੰਘ ਜੀ ਵੱਲੋਂ ਛਾਪੇ ਜਾਂਦੇ ਰਸਾਲੇ ‘ਪ੍ਰੇਮ ਸੰਦੇਸ਼’ ਦੇ ਪਾਠਕਾਂ ਦਾ ਘੇਰਾ ਵਧਾਇਆ ਤਾਂ ਜੋ ਪ੍ਰੇਮ ਦੇ ਸੰਦੇਸ਼ ਦੀ ਗੱਲ ਦਸੀਂ ਦਿਸ਼ਾਈਂ ਪੁੱਜੇ।
ਡਾ. ਸੁੰਦਰ ਸਿੰਘ (1870-1940)
ਡਾ. ਸਾਹਿਬ ਦਾ ਜਨਮ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਦੀ ਛੁਹ ਪਰਾਪਤ ਪਿੰਡ ਬਜ਼ੁਰਗਵਾਲ ਵਿੱਚ ਹੋਇਆ। ਇਹਨਾਂ ਨੇ ਮਿਡਲ ਦਾ ਇਮਤਿਹਾਨ ਪਾਸ ਕਰਕੇ ਲਾਹੌਰ ਮੈਡੀਕਲ ਸਕੂਲ ਵਿੱਚ ਭਰਤੀ ਹੋ ਗਏ। 1893 ਵਿੱਚ ਲੋਕਲ ਨੇਟਿਵ ਡਾਕਟਰ ਦੀ ਡਿਗਰੀ ਪਰਾਪਤ ਕਰ ਬਰਮਾ ਵਿੱਚ ਅਸਿਸਟੈਂਟ ਸਰਜਨ ਲਗ ਗਏ ਜਿੱਥੇ 1912 ਵਿੱਚ ਸਿਵਿਲ ਸਰਜਨ ਦੀ ਪਦਵੀ ਤਕ ਪੁਜ ਗਏ। 1920 ਵਿੱਚ ਰਿਟਾਇਰ ਹੋ ਕੇ ਵਾਪਸ ਹਿੰਦੁਸਤਾਨ ਆ ਗਏ।
ਸੇਵਾਮੁਕਤੀ ਤੋਂ ਬਾਅਦ ਡਾ. ਸਾਹਿਬ ਨੇ ਆਪਣਾ ਜੀਵਨ ਲੁਬਾਣਿਆਂ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ। ਵਿਹਾਰ ਸੁਧਾਰ ਲਹਿਰ ਤੋਂ ਪ੍ਰਭਾਵਿਤ ਹੋ ਕੇ ਉਸ ਵਿੱਚ ਵਡੇਰਾ ਯੋਗਦਾਨ ਪਾਇਆ। ਗੁਜਰਾਤ ਵਿੱਚ ਪਿੰਡ ਟਾਂਡਾ ਵਿਖੇ ਗੁਰੂ ਗੋਬਿੰਦ ਸਿੰਘ ਖਾਲਸਾ ਲੋਬਾਣਾ ਹਾਈ ਸਕੂਲ ਸ਼ੁਰੂ ਕੀਤਾ ਜਿਸ ਵਿੱਚ ਇਲਾਕੇ ਦੇ ਲੁਬਾਣੇ ਸਿੱਖਿਅਤ ਹੋਏ। ਇਸ ਸਕੂਲ ਦੇ ਆਪ ਆਜੀਵਨ ਸਕੱਤਰ ਰਹੇ। ਆਪਣੇ ਪਿੰਡ ਬਜ਼ੁਰਗਵਾਲ ਵਿੱਚ ਕੁੜੀਆਂ ਤੇ ਮੁੰਡਿਆਂ ਲਈ ਇਕ ਇਕ ਸਕੂਲ ਖੁਲਵਾਇਆ। ਇਹਨਾਂ ਸਕੂਲਾਂ ਵਿੱਚ ਲੋੜਵੰਦਾਂ ਤੇ ਗਰੀਬ ਵਿਦਿਆਰਥੀਆਂ ਨੂੰ ਮੁਫ਼ਤ ਵਿਦਿਆ ਦਿੱਤੀ ਜਾਂਦੀ ਸੀ।
ਗਿਆਨੀ ਹਰਚਰਨ ਸਿੰਘ
ਗਿਆਨੀ ਹਰਚਰਨ ਸਿੰਘ ਦਾ ਜਨਮ ਨੰਗਲ ਲੁਬਾਣਾ ਮਾਰਚ 1904 ਵਿੱਚ ਹੋਇਆ। ਪਿੰਡ ਨਡਾਲਾ ਦੇ ਐਂਗਲੋ ਵਰਨੈਕੁਲਰ ਸਕੂਲ ਤੋਂ ਮਿਡਲ 1921 ਵਿੱਚ ਪਾਸ ਕੀਤਾ। 1926 ਵਿੱਚ ਗਿਆਨੀ ਦੀ ਪਰੀਖਿਆ ਪਾਸ ਕਰਨ ਮਗਰੋਂ ਸ਼੍ਰੋ. ਗੁ. ਪ੍ਰ. ਕਮੇਟੀ ਦੇ ਸਿੱਖ ਮਿਸ਼ਨਰੀ ਕਾਲਜ ਵਿੱਚ ਮਿਸ਼ਨਰੀ ਦਾ ਕੋਰਸ ਪਾਸ ਕੀਤਾ ਅਤੇ ਮੁੜ ਓਸੇ ਕਾਲਜ ਵਿੱਚ ਅਧਿਆਪਨ ਦਾ ਕਾਰਜ ਆਰੰਭ ਦਿੱਤਾ। ਗਿਆਨੀ ਹਰਚਰਨ ਸਿੰਘ ਲੁਬਾਣਿਆਂ ਦੀ ਵਿਹਾਰ ਸੁਧਾਰ ਲਹਿਰ ਦੇ ਪ੍ਰਮੁੱਖ ਕਾਰਜਕਰਤਾ ਸਨ। ਉਹਨਾਂ ਨੇ ਸੰਤ ਪ੍ਰੇਮ ਸਿੰਘ ਜੀ ਦੀ ਅਗਵਾਈ ਹੇਠ ਬਹੁਤ ਸੇਵਾ ਕੀਤੀ। ਸੰਤ ਜੀ ਦੀ ਅਸੈਂਬਲੀ ਦੀ ਚੌਣ ਸਮੇਂ ਵੱਧ ਚੜ੍ਹ ਕੇ ਸਹਾਇਤਾ ਕੀਤੀ। ਪਿੰਡ ਖੋਖਰਵਾਲੀ ਜ਼ਿਲ੍ਹਾ ਸਿਆਲਕੋਟ ਵਿੱਚ ਹੋਈ ਵਿਹਾਰ ਸੁਧਾਰ ਲਹਿਰ ਦੀ ਕਾਨਫਰੰਸ ਦੇ ਸਟੇਜ ਸਕੱਤਰ ਅਤੇ ਰੂਹੇ ਰਵਾਂ ਸਨ । ਸ੍ਰੀ ਬਾਬਾ ਬਕਾਲਾ ਵਿਖੇ ਲੁਬਾਣਿਆਂ ਵੱਲੋਂ ਉਸਾਰੇ ਗਏ ਬੁੰਗੇ ਦੇ ਸਕੱਤਰ 1926 ਤੋਂ 1950 ਤਕ ਰਹੇ। ਸਿਆਸੀ ਤੌਰ ਤੇ ਆਪ ਜੀ ਸਿਵਲ ਨਾ ਫੁਰਮਾਨੀ ਦੀ ਰਾਸ਼ਟਰੀ ਲਹਿਰ ਅਤੇ ਹੋਰ ਅਕਾਲੀ ਲਹਿਰਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ। ਗਿਆਨੀ ਜੀ ਨੇ ਇਹਨਾਂ ਲਹਿਰਾਂ ਵਿੱਚ ਜੇਲ ਯਾਤਰਾ ਵੀ ਕੀਤੀ। ਇਹ ਪਰਪੱਕ ਪੰਥਕ ਵਿਦਵਾਨ ਤੇ ਅਕਾਲੀ ਨੇਤਾ ਸਨ।
ਚੌਧਰੀ ਲਖੀ ਸਿੰਘ (1902-1977)
ਚੌਧਰੀ ਲਖੀ ਸਿੰਘ ਦਾ ਜਨਮ 1902 ਵਿੱਚ ਪਿੰਡ ਟਾਂਡਾ ਜ਼ਿਲ੍ਹਾ ਗੁਜਰਾਤ ਵਿੱਚ ਹੋਇਆ। ਚੌਧਰੀ ਸਾਹਿਬ ਨੇ ਬੀ.ਏ. ਤੋਂ ਇਲਾਵਾ ਅਕਾਊਂਟਸ ਸਬੰਧੀ ਵਿਸ਼ੇਸ਼ ਪਰੀਖਿਆਵਾਂ ਪਾਸ ਕੀਤੀਆਂ। ਸਰਕਾਰ ਦੇ ਲੇਖਾ ਜੋਖਾ ਮਹਿਕਮੇ ਵਿੱਚ ਵਿਤ, ਸਲਾਹਕਾਰ ਥਾਪੇ ਗਏ। ਇਸ ਤੋਂ ਇਲਾਵਾ ਮੁੜ ਵਸਾਊ ਮਹਿਕਮੇ ਵਿੱਚ ਕਸਟੋਡੀਅਨ ਦੇ ਅਹੁਦੇ ਤੇ ਲੱਗੇ ਰਹੇ।
ਚੌਧਰੀ ਲਖੀ ਸਿੰਘ ਸੰਨ 1960 ਵਿੱਚ ਲੋਕਲ ਫੰਡ ਪੰਜਾਬ ਪ੍ਰੀਖਿਅਕ, ਲੰਮੀ ਸੇਵਾ ਤੋਂ ਬਾਅਦ ਸੇਵਾ ਮੁਕਤ ਹੋ ਗਏ।
ਚੌਧਰੀ ਸਾਹਿਬ ਦਾ ਵਿਦਿਆ ਪ੍ਰਸਾਰ ਵਿੱਚ ਬੜਾ ਰੁਝਾਨ ਸੀ, ਆਪ ਗੁਰੂ ਗੋਬਿੰਦ ਸਿੰਘ ਲੋਬਾਨਾ ਹਾਈ ਸਕੂਲ, ਟਾਂਡਾ ਦੇ ਸਕੱਤਰ ਰਹੇ ਅਤੇ 1931 ਵਿੱਚ ਕੰਨਯਾ ਪਾਠਸ਼ਾਲਾ ਸਥਾਪਿਤ ਕੀਤੀ ਤਾਂ ਜੋ ਬੀਬੀਆਂ ਸਿੱਖਿਆ ਪ੍ਰਾਪਤ ਕਰਕੇ ਅਗਲੀ ਪੀੜੀ ਨੂੰ ਸੁਆਰ ਸਕਣ। ਆਪ ਜੀ ਆਪਣੇ ਵਿਸ਼ੇ ਦੇ ਮਾਹਿਰ ਸਨ ਅਤੇ ਇਕ ਚੰਗੇ ਲੇਖਕ ਵੀ ਸਨ। ਇਹਨਾਂ ਨੇ ਅਕਾਊਂਟ ਅਤੇ ਆਡਿਟ, ਮਿਉਨਿਸੀਪਲ ਲਾਜ਼, ਸਿਵਿਲ ਰੈਗੁਲੇਸ਼ਨਸ਼, ਫੰਡਾਮੈਂਟਲ ਐਂਡ ਸਪਲੀਮੈਂਟਰੀ ਰੂਲਜ਼ ਆਦਿ ਕਿਤਾਬਾਂ ਲਿਖੀਆਂ।
ਆਪ ਜੀ ਸੰਤ ਪ੍ਰੇਮ ਸਿੰਘ ਜੀ ਦੇ ਬਹੁਤ ਨਿਕਟਵਰਤੀ ਸਨ; ਲੁਬਾਣਿਆਂ ਦੇ ਵਿਲੱਖਣ ਚਲਨ ਨੂੰ ਸੁਰਜੀਤ ਕਰ ਜੀਵਿਤ ਰੱਖਣ ਲਈ ਬਹੁਤ ਕਾਰਜ ਕੀਤੇ। ਰਿਟਾਇਰ ਹੋਣ ਮਗਰੋਂ ਸਰਗਰਮ ਸਿਆਸਤ ਵਿੱਚ ਹਿੱਸਾ ਲਿਆ ਅਤੇ 1962 ਵਿੱਚ ਅਕਾਲੀ ਟਿਕਟ ਤੇ ਪੰਜਾਬ ਅਸੰਬਲੀ ਦੇ ਮੈਂਬਰ ਚੁਣੇ ਗਏ। ਬੜਾ ਅਦਭੁਤ ਸੰਯੋਗ ਹੈ ਕਿ ਚੌਧਰੀ ਲਖੀ ਸਿੰਘ ਦਾ ਜਨਮ ਪਹਿਲੀ ਜਨਵਰੀ 1902 ਵਿੱਚ ਹੋਇਆ ਅਤੇ ਅਕਾਲ ਚਲਾਣਾ ਵੀ ਪਹਿਲੀ ਜਨਵਰੀ ਨੂੰ ਹੀ 1977 ਵਿੱਚ ਪਿੰਡ ਮਿਆਨੀ ਅਫਗਾਨਾ, ਹੁਸ਼ਿਆਰਪੁਰ ਵਿੱਚ ਹੋਇਆ।
ਕੈਪਟਨ ਜਵਾਲਾ ਸਿੰਘ
ਕੈਪਟਨ ਜਵਾਲਾ ਸਿੰਘ ਦਾ ਜਨਮ ਪਿੰਡ ਮਹਿਸਾਮ ਜ਼ਿਲ੍ਹੇ ਗੁਜਰਾਤ ਵਿੱਚ ਹੋਇਆ। ਪੜ੍ਹਾਈ ਪੂਰੀ ਕਰਕੇ ਇਹ ਸਿੱਖ ਹਰਾਵਲ ਦਸਤੇ ਵਿੱਚ ਸ਼ਾਮਿਲ ਹੋ ਗਏ ਤੇ ਤੀਸਰੇ ਹਰਾਵਲ ਦਸਤੇ ਵਿੱਚ ਸੂਬੇਦਾਰ ਮੇਜਰ ਦੇ ਅਹੁਦੇ ਤੇ ਪੁੱਜੇ। ਆਪ ਬਤੌਰ ਆਨਰੇਰੀ ਕੈਪਟਨ ਸੇਵਾ ਮੁਕਤ ਹੋਏ। ਇਹਨਾਂ ਨੇ ਪਹਿਲੀ ਵਿਸ਼ਵ ਜੰਗ ਵਿੱਚ ਬੜੀ ਬਹਾਦੁਰੀ ਦਿਖਾਈ, ਜਿਸ ਕਾਰਣ ਇਹਨਾਂ ਨੂੰ ‘ਇੰਡੀਅਨ ਆਰਡਰ ਔਫ ਮੈਰਿਟ’ ਅਤੇ ‘ਆਰਡਰ ਔਫ ਬਰਿਟਿਸ਼ ਇੰਡੀਆ’ ਨਾਲ ਸੁਸ਼ੋਭਿਤ ਕੀਤਾ ਗਿਆ। ਇਸ ਤੋਂ ਇਲਾਵਾ ਇਹਨਾਂ ਨੂੰ ਚੱਕ 28 ਜ਼ਿਲ੍ਹਾ ਗੁਜਰਾਤ ਵਿੱਚ ਦੋ ਮੁਰੱਬੇ ਜ਼ਮੀਨ ਦਿੱਤੀ ਗਈ। 1920 ਅੰਦਰ ਰਿਟਾਇਰ ਹੋਣ ਮਗਰੋਂ ਇਹ ਲੁਬਾਣਿਆਂ ਦੀ ਵਿਹਾਰ ਸੁਧਾਰ ਲਹਿਰ ਵਿੱਚ ਲਗ ਗਏ। ਕੈਪਟਨ ਸਾਹਿਬ ਨੇ ਸੰਤ ਪ੍ਰੇਮ ਸਿੰਘ ਨੂੰ ਪੂਰੇ ਉਤਸ਼ਾਹ ਨਾਲ ਸਹਿਯੋਗ ਦਿੱਤਾ ਅਤੇ ਟਾਂਡਾ ਜ਼ਿਲ੍ਹਾ ਗੁਜਰਾਤ ਵਿਖੇ ਗੁਰੂ ਗੋਬਿੰਦ ਸਿੰਘ ਖਾਲਸਾ ਲੋਬਾਣਾ ਹਾਈ ਸਕੂਲ ਟਾਂਡਾ ਦੇ ਉਪ ਪ੍ਰਧਾਨ ਰਹੇ। ਗੁਜਰਾਤ ਬੋਰਡ ਦੇ ਮੈਂਬਰ ਵੀ ਨਾਮਜ਼ਦ ਕੀਤੇ ਗਏ।
ਮੇਜਰ ਸ਼ਰਮ ਸਿੰਘ (1901-1963)
ਮੇਜਰ ਸ਼ਰਮ ਸਿੰਘ ਦਾ ਜਨਮ ਪਿੰਡ ਧਮਕੀਆਂ ਜ਼ਿਲ੍ਹਾ ਸ਼ੇਖੂਪੁਰੇ ਵਿੱਚ ਹੋਇਆ। ਪ੍ਰਾਇਮਰੀ ਤੱਕ ਦੀ ਸਿੱਖਿਆ ਪਿੰਡੋਂ ਪਾਸ ਕੀਤੀ, ਮਿਡਲ ਸ਼ਰਕਪੁਰ ਤੋਂ ਪਾਸ ਕਰਨ ਮਗਰੋਂ ਮੈਟ੍ਰਿਕ ਦਾ ਇਮਤਿਹਾਨ ਲਾਹੌਰ ਤੋਂ ਪਾਸ ਕੀਤਾ। ਉਚੇਰੀ ਸਿੱਖਿਆ ਲਈ ਖਾਲਸਾ ਕਾਲਜ ਅੰਮ੍ਰਿਤਸਰ ਚਲੇ ਗਏ। ਓਥੋਂ ਐਫ.ਏ. ਕਰਨ ਮਗਰੋਂ ਫੌਜ ਦੀ ਮਿਲਟਰੀ ਕਾਰਪਸ ਵਿੱਚ ਦਾਖਿਲ ਹੋ ਕੇ ਹਵਲਦਾਰ ਬਣ ਗਏ। ਆਪ ਜੀ ਸਮੇਂ ਸਮੇਂ ਤਰੱਕੀ ਕਰਦੇ ਜਮਾਦਾਰ, ਫਿਰ ਸੂਬੇਦਾਰ, ਉਸ ਤੋਂ ਬਾਅਦ ਕੈਪਟਨ ਤੇ ਫਿਰ ਮੇਜਰ ਦੇ ਅਹੁਦੇ ਤੇ ਪੁੱਜ ਕੇ 1953 ਵਿੱਚ ਰਿਟਾਇਰ ਹੋ ਗਏ। ਫੌਜ ਦੀ ਸੇਵਾ ਵਿੱਚ ਰਹਿੰਦਿਆਂ ਹੀ ਸ਼ਰਮ ਸਿੰਘ ਨੇ ਲੁਬਾਣਿਆਂ ਦੀ ਉੱਨਤੀ ਲਈ ਬੜਾ ਸ਼੍ਰਮ ਕੀਤਾ।
ਮੇਜਰ ਸ਼ਰਮ ਸਿੰਘ ਦੇ ਮਨ ਦੇ ਅੰਦਰ ਲੁਬਾਣਿਆਂ ਅੰਦਰ ਸਿੱਖਿਆ ਪ੍ਰਸਾਰ ਲਈ ਬੜੀ ਤੀਬਰ ਇੱਛਾ ਸੀ। ਇਸ ਕਾਰਨ ਇਹਨਾਂ ਨੇ ਇਸ ਕਾਰਜ ਲਈ ਬਹੁਤ ਮਾਇਕ ਸਹਾਇਤਾ ਦਿੱਤੀ। ਮੇਜਰ ਸਾਹਿਬ ਬੀਬੀਆਂ ਲਈ ਸਿੱਖਿਆ ਪ੍ਰਦਾਨ ਕਰਨ ਵਾਸਤੇ ਬਹੁਤ ਉਤਸੁਕ ਸਨ। ਉਹਨਾਂ ਨੇ ਆਪਣੀਆਂ ਬੇਟੀਆਂ ਨੂੰ ਉੱਚ ਸਿੱਖਿਆ ਦਿਵਾ ਕੇ ਇਕ ਮਿਸਾਲ ਕਾਇਮ ਕੀਤੀ। ਉਹਨਾਂ ਨੇ ਲੁਬਾਣਾ ਨੌਜਵਾਨਾਂ ਨੂੰ ਫੌਜ ਵਿੱਚ ਨੌਕਰੀ ਪ੍ਰਾਪਤ ਕਰਨ ਵਾਸਤੇ ਆਪ ਤਰਬੀਅਤ ਦਿੱਤੀ ਤੇ ਉਹਨਾਂ ਦਾ ਉਤਸ਼ਾਹ ਵਧਾ ਕੇ ਨੌਕਰੀ ਦਵਾਈ। 1955 ਵਿੱਚ ਸੇਵਾ ਮੁਕਤ ਹੋਣ ਮਗਰੋਂ ਉਹਨਾਂ ‘ਲੋਬਾਣਾ ਸੇਵਕ’ ਦੇ ਨਾਮ ਦਾ ਇਕ ਮਾਸਿਕ ਪਰਚਾ ਛਾਪਿਆ ਜਿਸ ਨਾਲ ਲੁਬਾਣਿਆਂ ਵਿੱਚ ਸਮਾਜਿਕ ਤੇ ਸੱਭਿਆਚਾਰਕ ਜਾਗ੍ਰਤੀ ਪੈਦਾ ਹੋਈ। ਆਪ 1963 ਵਿੱਚ ਅਕਾਲ ਚਲਾਣਾ ਕਰ ਗਏ।
ਜ਼ੈਲਦਾਰ ਸੁੰਦਰ ਸਿੰਘ (1859-1949)
ਜ਼ੈਲਦਾਰ ਸੁੰਦਰ ਸਿੰਘ ਦਾ ਜਨਮ ਪਿੰਡ ਗੁਰੰਗਵਾਲ ਜ਼ਿਲ੍ਹਾ ਸ਼ੇਖੂਪੁਰ ਵਿੱਚ ਹੋਇਆ। ਓਥੋਂ ਹੀ ਇਹਨਾਂ ਨੇ ਮੁੱਢਲੀ ਵਿਦਿਆ ਪ੍ਰਾਪਤ ਕੀਤੀ। ਇਹਨਾ ਪਾਸ ਮਹਾਰਾਜੇ ਦੇ ਸਮੇਂ ਤੋਂ ਹੀ 12 ਮੁਰਬੇ ਜ਼ਮੀਨ ਸੀ, ਜਿਸ ਕਾਰਨ ਇਹਨਾਂ ਨੂੰ ਜ਼ੈਲਦਾਰ ਥਾਪਿਆ ਗਿਆ। 1944 ਵਿੱਚ ਸ. ਸੁੰਦਰ ਸਿੰਘ ਨੇ ਪਿੰਡ ਬਾਬਕਵਾਲ ਜ਼ਿਲ੍ਹਾ ਸ਼ੇਖੂਪੁਰਾ ਇਲਾਕੇ ਵਿਖੇ ਸੰਤ ਪ੍ਰੇਮ ਸਿੰਘ ਖਾਲਸਾ ਹਾਈ ਸਕੂਲ ਵਿਚ ਬਹੁਤ ਵੱਡਾ ਯੋਗਦਾਨ ਪਾਇਆ। ਇਸ ਸਕੂਲ ਨੂੰ ਭਲੀ ਪ੍ਰਕਾਰ ਚਲਾਉਣ ਲਈ ਪੂਰੀ ਜ਼ੈਲ ਅਤੇ ਇਲਾਕੇ ਤੋਂ ਬਹੁਤ ਸਾਰੀ ਮਾਇਆ ਇਕੱਤਰ ਕੀਤੀ। ਸ. ਸੁੰਦਰ ਸਿੰਘ ਲੁਬਾਣਾ ਸਿੱਖ ਮਿਲਟਰੀ ਐਸੋਸੀਏਸ਼ਨ ਦੇ ਪ੍ਰਭਾਵਸ਼ਾਲੀ ਮੈਂਬਰ ਸਨ। ਦੇਸ਼ ਦੀ ਵੰਡ ਮਗਰੋਂ ਇਹ ਆਪਣੇ ਪਰਿਵਾਰਾਂ ਨਾਲ ਤਲਵੰਡੀ ਸਲਹਾਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਆਬਾਦ ਹੋਏ।
ਜ਼ੈਲਦਾਰ ਸੁੰਦਰ ਸਿੰਘ (ਦੂਜਾ)(1874-1964)
ਸ. ਸੁੰਦਰ ਸਿੰਘ ਦਾ ਜਨਮ ਸੰਨ 1874 ਵਿੱਚ ਕਿਲਾ ਸੂਰਾ ਸਿੰਘ ਜ਼ਿਲ੍ਹਾ ਗੁਜਰਾਤ ਵਿੱਚ ਹੋਇਆ। ਮੁੱਢਲੀ ਸਿੱਖਿਆ ਪ੍ਰਾਪਤ ਕਰਨ ਮਗਰੋਂ ਸਰਦੇ ਪੁੱਜਦੇ ਪਿਛੋਕੜ ਹੋਣ। ਕਾਰਣ ਲੁਬਾਣਿਆਂ ਦੇ ਤਰੱਕੀ ਦੇ ਕਾਰਜਾਂ ਵਿੱਚ ਜੁਟ ਗਏ। ਪਹਿਲੇ ਵਿਸ਼ਵ ਯੁੱਧ ਵਿੱਚ ਇਹਨਾਂ ਨੇ ਵੱਡੀ ਗਿਣਤੀ ਵਿੱਚ ਲੁਬਾਣਿਆਂ ਨੂੰ ਭਰਤੀ ਹੋਣ ਲਈ ਪ੍ਰੇਰਿਆ। ਸ. ਸੁੰਦਰ ਸਿੰਘ ਨੂੰ ਜ਼ੈਲਦਾਰੀ ਪ੍ਰਾਪਤ ਹੋਈ ਅਤੇ ਚੱਕ ਨੰ. 88/7 ਆਰ ਮੁਲਤਾਨ ਵਿੱਚ ਜ਼ਮੀਨ ਪ੍ਰਦਾਨ ਕੀਤੀ ਗਈ। ਇਹ ਸੰਤ ਪ੍ਰੇਮ ਸਿੰਘ ਜੀ ਦੇ ਸਾਰੇ ਧਾਰਮਿਕ ਤੇ ਸਮਾਜਿਕ ਕਾਰਜਾਂ ਵਿੱਚ ਹਿੱਸਾ ਪਾਂਦੇ ਰਹੇ। ਅਕਾਲ ਬੁੰਗਾ ਨਨਕਾਣਾ ਸਾਹਿਬ ਵਾਸਤੇ ਬਹੁਤ ਸਾਰੀ ਰਕਮ ਦਾਨ ਦਿੱਤੀ। ਜ਼ਿਲ੍ਹਾ ਮੁਲਤਾਨ ਚੱਕ 88 ਵਿੱਚ ਸੰਤ ਪ੍ਰੇਮ ਸਿੰਘ ਖਾਲਸਾ ਸਕੂਲ ਸਥਾਪਿਤ ਕਰਨ ਵਾਲੇ ਮੋਢੀ ਸਨ । ਇਸ ਸਕੂਲ ਲਈ ਬਹੁਤ ਸਾਰਾ ਧਨ ਇਕਤ੍ਰ ਕਰਕੇ ਵੀ ਦਿੱਤਾ ਤੇ ਪੰਜ ਕਿਲੇ ਜ਼ਮੀਨ ਸਕੂਲ ਦੇ ਨਾਂ ਲੁਆਈ। ਸ. ਸੁੰਦਰ ਸਿੰਘ ਸਥਾਪਿਤ ਸਕੂਲ ਦੇ ਉਪ- ਪ੍ਰਧਾਨ ਬਣਾਏ ਗਏ।
ਆਪ ਲੁਬਾਣਾ ਸਿੱਖ ਮਿਲਟਰੀ ਐਸੋਸੀਏਸ਼ਨ ਦੇ ਸਰਗਰਮ ਮੈਂਬਰ ਸਨ। ਇਹਨਾਂ ਦੇ ਜ਼ਿੰਮੇ 2 ਮੁੱਖ ਕੰਮਾਂ ਦੀ ਕਾਮਯਾਬੀ ਹੈ । ਲੁਬਾਣੇ ਫੌਜ ਵਿੱਚ ਭਰਤੀ ਹੋ ਕੇ ਲਾਮ ਤੇ ਨਾਮਣਾ ਵੀ ਕਮਾਂਦੇ ਰਹੇ ਤੇ ਦੂਜੇ ਇਹਨਾਂ ਨੇ ਝੰਗ, ਮੁਲਤਾਨ ਤੇ ਮੁਜ਼ਫਰਗੜ੍ਹ ਜ਼ਿਲ੍ਹਿਆਂ ਦੇ ਲੁਬਾਣਿਆਂ ਨੂੰ ਜ਼ਿੰਮੀਦਾਰ ਕਬੀਲਾ ਹੋਣ ਦੀ ਮਾਨਤਾ ਦੁਆਈ। ਦੇਸ਼ ਦੀ ਵੰਡ ਮਗਰੋਂ ਇਹਨਾਂ ਦਾ ਪਰਿਵਾਰ ਲੁਬਾਣਾ ਬਹੁਲ ਵਾਲੇ ਇਲਾਕੇ ਤਲਵੰਡੀ ਸਲਹਾਂ, ਜ਼ਿਲ੍ਹਾ ਹੁਸ਼ਿਆਰਪੁਰ ਜਾ ਵਸਿਆ। ਜ਼ੈਲਦਾਰ ਸਾਹਿਬ ਨੇ ਪਿੰਡ ਭਟਨੂਰਾ ਜ਼ਿਲ੍ਹਾ ਜਲੰਧਰ ਵਿਖੇ ਸੰਤ ਪ੍ਰੇਮ ਸਿੰਘ ਖਾਲਸਾ ਸਕੂਲ ਲਈ 6 ਕਨਾਲਾਂ ਤੋਂ ਵੱਧ ਜ਼ਮੀਨ ਦਾਨ ਦਿੱਤੀ।
ਪ੍ਰਿੰਸੀਪਲ ਪ੍ਰੇਮ ਸਿੰਘ
ਇਕ ਦਰਮਿਆਨੇ ਗੁਰਸਿੱਖ ਘਰਾਣੇ ਵਿੱਚ ਜ਼ਿਲ੍ਹਾ ਗੁਜਰਾਤ ਦੇ ਇਕ ਪਿੰਡ ਵਿੱਚ ਇਕ ਹੋਣਹਾਰ ਸੇਵਾਦਾਰ ਬੱਚਾ ਪੈਦਾ ਹੋਇਆ, ਨਾਮ ਪ੍ਰੇਮ ਸਿੰਘ ਰੱਖਿਆ। ਮੈਟਰਿਕ ਤਕ ਦੀ ਸਿੱਖਿਆ ਪਿੰਡ ਦੇ ਸਕੂਲ ਵਿਚ ਪ੍ਰਾਪਤ ਕੀਤੀ। ਲਾਇਕ ਬੱਚਾ ਦੇਖ ਕੇ ਸੰਤ ਪ੍ਰੇਮ ਸਿੰਘ ਜੀ ਨੇ ਇਸਨੂੰ ਜੇ.ਈ.ਵੀ. ਦਾ ਕੋਰਸ ਖਾਲਸਾ ਸਕੂਲ ਅੰਮ੍ਰਿਤਸਰ ਤੋਂ ਕਰਾਇਆ ਤੇ ਫਿਰ ਆਪਣੇ ਕੋਲ ਗੁਰੂ ਗੋਬਿੰਦ ਸਿੰਘ ਖਾਲਸਾ ਲੁਬਾਣਾ ਹਾਈ ਸਕੂਲ ਵਿਚ ਅਧਿਆਪਕ ਲਗਾ ਲਿਆ। ਸ. ਪ੍ਰੇਮ ਸਿੰਘ ਦੇ ਉੱਤੇ ਸੰਤ ਪ੍ਰੇਮ ਸਿੰਘ ਜੀ ਦੀ ਮਿਹਰ ਦੀ ਨਜ਼ਰ ਰਹੀ। ਦੇਸ਼ ਦੀ ਵੰਡ ਤੋਂ ਪਹਿਲਾਂ 27 ਸਾਲ ਤਕ ਉਸੇ ਸਕੂਲ ਵਿੱਚ ਪੜ੍ਹਾਇਆ ਤੇ ਹੈੱਡਮਾਸਟਰ ਹੋ ਗਏ।
ਦੇਸ਼ ਦੀ ਵੰਡ ਮਗਰੋਂ ਹੈੱਡਮਾਸਟਰ ਪ੍ਰੇਮ ਸਿੰਘ ਕਾਹਨਪੁਰ ਜਾ ਵਸੇ। ਉੱਥੇ ਸੰਤ ਬਾਬਾ ਮੋਹਨ ਸਿੰਘ ਜੀ ਨੇ ਗੁਰੂ ਨਾਨਕ ਹਾਇਰ ਸੈਕੰਡਰੀ ਸਕੂਲ ਖੋਲ੍ਹਿਆ। ਬਾਬਾ ਮੋਹਨ ਸਿੰਘ ਜੀ ਸੰਤ ਬਾਬਾ ਸੁੰਦਰ ਸਿੰਘ ਜੀ ਅਲੀਬੇਗ ਵਾਲਿਆਂ ਦੀ ਗੱਦੀ ਤੇ ਬੈਠੇ। ਸ. ਪ੍ਰੇਮ ਸਿੰਘ ਜੀ ਨੇ ਕਾਨਪੁਰ ਵਿਖੇ ਪ੍ਰਿੰ. ਵਜੋਂ ਸੇਵਾ ਦਿੱਤੀ, ਜੋ ਪ੍ਰਿੰ. ਪ੍ਰੇਮ ਸਿੰਘ ਨੇ 1970 ਤਕ ਨਿਭਾਈ। ਮੈਨੂੰ ਮਾਣ ਹੈ ਕਿ ਪ੍ਰਿੰ. ਪ੍ਰੇਮ ਸਿੰਘ ਜੀ ਨੇ ਉਚੇਚਾ ਧਿਆਨ ਦੇ ਕੇ ਮੇਰੀ ਨਸ਼ਵੋਨੁਮਾ ਕੀਤੀ। ਇਕ ਵਾਰੀ ਸਵੇਰ ਦੀ ਪ੍ਰਾਰਥਨਾ ਮਗਰੋਂ ਗੁਰੂ ਨਾਨਕ ਦੇਵ ਜੀ ਦੇ ਜਨਮ ਉਤਸਵ ਦੇ ਸਬੰਧ ਵਿੱਚ ਵਿਦਿਆਰਥੀਆਂ ਪਾਸੋਂ ਕਵਿਤਾਵਾਂ ਸੁਣੀਆਂ। ਫਿਰ ਸਕੂਲ ਦੀ ਸਾਰੀ ਇਕਤਰਤਾ ਵਿੱਚ ਆਖਿਆ ਕਿ ਜਿਹੜੇ ਮੁੰਡੇ ਖੁਦ ਕਵਿਤਾ ਲਿਖ ਸਕਦੇ ਹਨ, ਉਹ ਦਸ ਮਿੰਟਾਂ ਦੇ ਅੰਦਰ ਇਕ ਇਕ ਪਹਿਰਾ ਹੁਣੇ ਲਿਖ ਕੇ ਦੇਣ। ਤਰ੍ਹਾ ਮਿਸਰਾ ਸੀ, ਦੇਸ਼ ਕੌਮ ਤੋਂ ਜਿੰਦੜੀ ਵਾਰ ਦੇਸਾਂ । ਮੇਰੇ ਸਣੇ ਕੁਲ ਚਾਰ ਮੁੰਡੇ ਉਠੇ। ਦਸ ਮਿੰਟਾਂ ਬਾਦ ਜਦ ਅਸੀ ਕਵਿਤਾਵਾਂ ਸੁਣਾਈਆਂ ਤਾਂ ਮੇਰੀ ਕਵਿਤਾ ਨੂੰ ਪਹਿਲਾ ਇਨਾਮ ਮਿਲਿਆ। ਮੈਂ ਓਦੋਂ ਸੱਤਵੀਂ ਪੜ੍ਹਦਾ ਸੀ। ਬਸ ਫਿਰ ਕੀ ਸੀ ਮੈਂ ਕਵੀ ਬਣ ਗਿਆ, ਲੇਖਕ ਬਣ ਗਿਆ। ਦਸਵੀਂ ਤਕ ਮੈਂ ਚਾਲ ਸਾਲ ਓਥੇ ਪੜ੍ਹਿਆ ਤੇ ਹਰ ਸਾਲ ਕਵਿਤਾ ਦਾ ਪਹਿਲਾ ਇਨਾਮ ਪ੍ਰਾਪਤ ਕੀਤਾ। ਓਦੋਂ ਅਧਿਆਪਕ ਬੱਚਿਆਂ ਵਿਚ ਖੁਦ ਦਿਲਚਸਪੀ ਲੈ ਕੇ ਪੜ੍ਹਾਈ ਤੋਂ ਇਲਾਵਾ ਧਰਮ ਸਾਹਿਤ ਅਤੇ ਕਲਾ ਨੂੰ ਉਜਾਗਰ ਕਰਦੇ ਸੀ । ਐਸੇ ਹੀ ਸਨ ਸਭਨਾਂ ਦੇ ਪਿਆਰੇ ਤੇ ਸਰਬ ਸਤਿਕਾਰਤ ਪ੍ਰੇਮ ਸਿੰਘ ਜੀ।
ਜਦੋਂ ਅਸੀਂ 1984 ਵਿਚ ਕਾਹਨਪੁਰੋਂ ਉਜੜ ਲੁਧਿਆਣੇ ਆ ਪਲਾਈਵੁਡ ਦਾ ਕਾਰਖਾਨਾ ਖੋਲ੍ਹਿਆ ਤਾਂ ਉਹ ਇੱਥੇ ਇਸ ਤਰ੍ਹਾਂ ਨਾਲ ਅਸੀਸ ਦੇਣ ਆਏ, ਜਿਵੇਂ ਉਹਨਾਂ ਦੇ ਇਕ ਬੇਟੇ ਨੇ ਨਵਾਂ ਕੰਮ ਸ਼ੁਰੂ ਕੀਤਾ ਹੈ।
ਕੁਝ ਅਜੋਕੀਆਂ ਸਿਰਕੱਢ ਸ਼ਖ਼ਸੀਅਤਾਂ
ਸੰਤ ਸਰੂਪ ਸਿੰਘ (ਚੰਡੀਗੜ੍ਹ)
ਆਪ ਦਾ ਜਨਮ ਪਿੰਡ ਖੁਰਦਾਂ ਕਸਬਾ ਗੜਦੀਵਾਲਾ ਜ਼ਿਲ੍ਹਾ ਹੁਸ਼ਿਆਰਪੁਰ, ਇਕ ਕਿਰਤੀ ਲੁਬਾਣੇ ਸਿੱਖ ਦੇ ਘਰ ਹੋਇਆ। ਘਰ ਵਿੱਚ ਹੀ ਗੁਰੂ ਭਗਤੀ ਤੇ ਨਾਮ ਬਾਣੀ ਦਾ ਪ੍ਰਵਾਹ ਸੀ। ਥੋੜ੍ਹੀ ਬਹੁਤੀ ਮੁੱਢਲੀ ਪੜ੍ਹਾਈ ਪਿੰਡ ਦੇ ਗੁਰਦੁਆਰੇ ਤੋਂ ਹੀ ਕੀਤੀ। ਰਤਾ ਕੁ ਵੱਡੇ ਹੋਏ ਤਾਂ ਖੇਤੀ ਦਾ ਸਾਰਾ ਕੰਮ ਹੱਥੀਂ ਕਰਨ ਲਗ ਪਏ। ਜੁੱਸਾ ਗਠਿਆ ਤੇ ਕਿਰਤੀਆਂ ਵਰਗਾ ਨਿਕਲਿਆ। ਖੇਤੀ ਦੇ ਨਾਲ ਹੀ ਬਾਲਕ ਸਰੂਪ ਸਿੰਘ ਨੇ ਦੁੱਧ ਦਾ ਕੰਮ ਵੀ ਸ਼ੁਰੂ ਕਰ ਲਿਆ। ਆਪਣਾ ਮਾਲ ਡੰਗਰ ਰੱਖਿਆ ਤੇ ਨਾਲ ਹੋਰਨਾਂ ਪਾਸੋਂ ਵੀ ਦੁੱਧ ਇਕੱਤਰ
ਕਰਕੇ ਥਾਓਂ ਥਾਈਂ ਪਾ ਆਂਦੇ। ਇਹਨਾਂ ਨੂੰ ਖੁੱਲ੍ਹਾ ਅੰਨ ਪਾਣੀ ਹੋਣ ਦੇ ਬਾਵਜੂਦ ਮਨ ਵਿੱਚ ਇਕ ਖੋਹ ਜਹੀ ਪਈ ਰਹਿੰਦੀ। ਜਿੱਥੇ ਗੁਰਮਤਿ ਸਮਾਗਮ ਹੁੰਦਾ ਓਥੇ ਕਈ ਕਈ ਮੀਲ ਸਾਈਕਲ ਚਲਾ ਕੇ ਪੁਜ ਜਾਂਦੇ ਤੇ ਸਤਿਸੰਗ ਕਰਦੇ। ਨਾਮ ਬਾਣੀ ਦਾ ਅਜਿਹਾ ਅਭਿਆਸ ਚਲਿਆ ਕਿ ਸਾਈਕਲ ਤੇ ਪੈਡਲ ਮਾਰਦੇ ਮਾਰਦੇ ਸਿਮਰਨ ਕਰਦੇ ਜਾਂਦੇ। ਨੌਜਵਾਨ ਸਰੂਪ ਸਿੰਘ ਦੇ ਵੱਡੇ ਭਾਈ ਸ. ਬਲਕਾਰ ਸਿੰਘ ਦਾ ਵੀ ਝੁਕਾਅ ਗੁਰਮਤਿ ਵੱਲ ਸੀ ਅਤੇ ਛੋਟਾ ਭਾਈ ਰਛਪਾਲ ਸਿੰਘ ਵੀ ਕਿਰਤ ਦੇ ਨਾਲ ਨਾਮ ਬਾਣੀ ਦਾ ਅਭਿਆਸ ਵੀ ਕਰਦਾ।
ਥਾਓਂ ਥਾਈਂ ਜਾਣ ਕਾਰਣ ਸਰੂਪ ਸਿੰਘ ਨੇ ਟਿਊਬਵੈੱਲ ਮੁਰੰਮਤ ਆਦਿ ਦਾ ਕੰਮ ਸਿੱਖ ਲਿਆ। ਇਸ ਕੰਮ ਵਿੱਚ ਵੀ ਟਿਊਬਵੈੱਲ ਦੀ ਪਾਣੀ ਦੀ ਧਾਰ ਨਾਲ ਨਾਲ ਵੀਚਾਰਧਾਰਾ ਨਾਮ ਵਾਲੀ ਬਣ ਜਾਂਦੀ। ਇਹਨਾਂ ਦੇ ਸਭ ਤੋਂ ਵੱਡੇ ਭਾਈ ਬਸੰਤ ਸਿੰਘ ਫੌਜ ਵਿੱਚ ਸਨ। ਉਹਨਾਂ ਦਾ ਧਿਆਨ ਵੀ ਨਾਮ ਬਾਣੀ ਵੱਲ ਰਹਿੰਦਾ ਤੇ ਮਾਨਸਿਕ ਅਤੇ ਆਤਮਿਕ ਸ਼ਾਂਤੀ ਦੀ ਪਰਾਪਤੀ ਲਈ ਸੰਤਾਂ ਤੇ ਮਹਾਤਮਾਵਾਂ ਦੀ ਸੰਗਤ ਕਰਦੇ। ਭਾਈ ਬਸੰਤ ਸਿੰਘ ਫੌਜ ਦੀ ਨੌਕਰੀ ਤਿਆਗ ਕੇ ਪਰਤ ਆਏ। ਵੱਡੇ ਦੋਹਾਂ ਭਰਾਵਾਂ ਨੇ ਕਿਰਤ ਚੰਡੀਗੜ੍ਹ ਬਣਾ ਲਈ। ਸੰਤ ਸਰੂਪ ਸਿੰਘ ਨੇ ਵੀ ਉਹਨਾਂ ਨਾਲ ਟਿਊਬਵੈੱਲ ਓਪਰੇਟਰ ਦਾ ਕੰਮ ਸਿੱਖ ਕੇ ਕੰਮ ਸ਼ੁਰੂ ਕਰ ਦਿੱਤਾ। ਟਿਊਬਵੈੱਲ ਦੀ ਨੌਕਰੀ ਸਮੇਂ ਸਰੂਪ ਸਿੰਘ ਜੀ ਦਾ ਮੇਲ ਸੰਤ ਬਾਬਾ ਪ੍ਰਿਤਪਾਲ ਸਿੰਘ ਗੁਰਦਵਾਰਾ ਗੁਰਸਾਗਰ ਸੁਖਨਾ ਝੀਲ ਵਾਲਿਆਂ ਨਾਲ ਹੋਇਆ। ਹੁਣ ਸਿਮਰਨ ਦੀ ਲਗਨ ਏਨੀ ਵੱਧ ਗਈ ਸੀ ਕਿ “ਪਲਕ ਨ ਸੋਵੇ ਜੀਓ”।
ਸਤਿਸੰਗ ਦੀ ਮਹਾਨਤਾ ਤੇ ਗੁਰੂ ਦੀ ਕਿਰਪਾ ਦੁਆਰਾ ਸੈਕਟਰ 40 ਵਿੱਚ ਪੰਜ ਕਿਲੇ ਭੋਇਂ ਲੈ ਕੇ ਗੁਰਦੁਆਰਾ ਸੰਤ ਸਰ ਦੀ ਉਸਾਰੀ ਅਰੰਭ ਦਿੱਤੀ। ਦਿਨ ਰਾਤ ਅਣਥੱਕ ਪ੍ਰਚਾਰ ਵਿੱਚ ਜੁਟ ਗਏ। ਚੰਡੀਗੜ੍ਹ ਦੇ ਆਲੇ ਦੁਆਲੇ ਪਿੰਡਾਂ ਥਾਵਾਂ ਤੋਂ ਇਲਾਵਾ ਆਪਣੇ ਮੁੱਢਲੇ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਦੇ ਇਲਾਕੇ, ਜ਼ਿਲ੍ਹਾ ਗੁਰਦਾਸਪੁਰ ਤਕ ਜਾਂਦੇ। ਚੰਡੀਗੜ੍ਹ ਦੇ ਇਸ ਅਸਥਾਨ ਉੱਤੇ ਸੰਤ ਜੀ ਨੇ ਗੁਰੂ ਨਾਨਕ ਮਾਡਲ ਸਕੂਲ ਆਰੰਭਿਆ ਜਿਸ ਵਿੱਚ ਪੰਜਾਬੀ, ਅੰਗਰੇਜ਼ੀ ਤੇ ਹਿੰਦੀ ਮਾਧਿਅਮ ਵਿੱਚ ਪੜ੍ਹਾਈ ਕਰਾਈ ਜਾਂਦੀ ਹੈ। ਇਸ ਵੇਲੇ ਸਕੂਲ ਵਿੱਚ 1, 2 ਸੌ ਬੱਚੇ ਹਨ। ਇਸਦੇ ਨਾਲ ਹੀ ਬਿਰਧ ਆਸ਼ਰਮ ਵੀ ਉਸਾਰਿਆ। ਇਸ ਆਸ਼ਰਮ ਵਿੱਚ 35 ਦੇ ਕਰੀਬ ਬਿਰਧ ਸ਼ਰੀਰਾਂ ਦੀ ਸੇਵਾ ਤੇ ਦੇਖ ਰੇਖ ਹੋ ਰਹੀ ਹੈ। ਕਿਸੇ ਪਾਸੋਂ ਕੋਈ ਪੈਸੇ ਨਹੀਂ ਲਏ ਜਾਂਦੇ। ਗੁਰਦੁਆਰਾ ਸਾਹਿਬ ਵਿਖੇ ਆਏ ਅਭਿਆਗਤਾਂ ਲਈ ਇਕ ਸੁੰਦਰ ਯਾਤਰੀ ਨਿਵਾਸ ਬਣਾਇਆ। ਇਸ ਤੋਂ ਇਲਾਵਾ ਪਹਿਲਾਂ ਬਣੀ ਡਿਸਪੈਂਸਰੀ ਨੂੰ ਹਾਸਪੀਟਲ ਦਾ ਨਾਂ ਦੇ ਦਿੱਤਾ ਗਿਆ। ਇਹ ਸਾਰੀਆਂ ਸੰਸਥਾਵਾਂ ਸੰਤਸਰ ਦੇ ਨਾਂ ਨਾਲ ਚਲ ਰਹੀਆਂ ਹਨ। ਲੋੜਵੰਦਾਂ ਦਾ ਇਲਾਜ ਬਿਨਾ ਕਿਸੇ ਫੀਸ ਆਦਿ ਦੇ ਕੀਤਾ ਜਾ ਰਿਹਾ ਹੈ। ਭੈਰੋਮਾਜਰਾ ਦੇ ਸੰਤ ਕਰਤਾਰ ਸਿੰਘ ਜੀ ਦੀ ਸਿਮ੍ਰਿਤੀ ਵਿੱਚ ਇਕ ਤਹਿਖਾਨਾ ਨਿਰਮਿਤ ਕੀਤਾ ਗਿਆ ਹੈ ਜਿੱਥੇ ਸਾਰੇ ਪੁਰਾਤਨ ਚਿਤਰ ਲਾਏ ਗਏ ਹਨ। ਸੰਤ ਕਰਤਾਰ ਸਿੰਘ ਜੀ ਡੇਢ ਸੌ ਸਾਲ ਦੀ ਉਮਰ ਵਿੱਚ ਪਰਲੋਕ ਸਿਧਾਰੇ। ਉਹਨਾਂ ਦੀ ਸੇਵਾ ਵਿੱਚ ਰਹਿੰਦਿਆਂ ਸੰਤ ਸਰੂਪ ਸਿੰਘ ਜੀ ਨੇ ਗਿਆਨ ਪਰਾਪਤ ਕੀਤਾ। ਸੰਤ ਕਰਤਾਰ ਸਿੰਘ ਜੀ ਦਾ ਸੰਤ ਪ੍ਰਿਤਪਾਲ ਸਿੰਘ ਜੀ ਸੁਖਨਾ ਝੀਲ ਵਾਲਿਆਂ ਨਾਲ ਬੜਾ ਪ੍ਰੇਮ ਸੀ। ਇਸ ਸਥਾਨ ਦੇ ਨਾਮ ਤੋਂ ਹੀ ਪਤਾ ਲਗਦਾ ਹੈ ਕਿ ਇਹ ਸੰਤ ਕਰਤਾਰ ਸਿੰਘ ਜੀ ਨੂੰ ਹੀ ਸਮਰਪਿਤ ਹੈ। ਇਹ ਸਥਾਨ ਪਿਛਲੇ ਸਾਲ 2001 ਵਿੱਚ ਵਿਧੀਵਤ ਸੰਪੂਰਣ ਹੋਇਆ ਸੀ।
ਗੁਰਦੁਆਰੇ ਸੰਤ ਸਰ ਦੇ ਨਿਤ ਦੇ ਨੇਮ ਅਨੁਸਾਰ ਸਵੇਰੇ 2 ਵਜੇ ਤੋਂ ਨਿਤਨੇਮ ਬਾਣੀਆਂ ਦਾ ਪ੍ਰਵਾਹ ਚਲ ਪੈਂਦਾ ਹੈ। 3 ਵਜੇ ਤੋਂ 4 ਵਜੇ ਤਕ ਧਾਰਨਾਵਾਂ ਦੇ ਉੱਤੇ ਕੀਰਤਨ ਕੀਤਾ ਜਾਂਦਾ ਹੈ। 4 ਤੋਂ 5 ਵਜੇ ਤਕ ਗੁਰਬਾਣੀ ਕੀਰਤਨ ਹੁੰਦਾ ਹੈ। ਉਸ ਤੋਂ ਬਾਅਦ ਪ੍ਰੋ. ਗੁਰਵਿੰਦਰ ਸਿੰਘ ਦਾ ਹਜ਼ੂਰੀ ਰਾਗੀ ਜੱਥਾ ਕੀਰਤਨ ਕਰਦਾ ਹੈ। ਸ਼ਾਮ ਦੇ ਦੀਵਾਨ ਵੀ ਨਿਤ ਹੀ ਸਜਦੇ ਹਨ। ਹਰ ਸ਼ਨਿਚਰਵਾਰ ਨੂੰ ਇਕ ਵਿਸ਼ੇਸ਼ ਦੀਵਾਨ ਸਜਾਇਆ ਜਾਂਦਾ ਹੈ।
ਜਗਜੀਤ ਸਿੰਘ
ਪ੍ਰਸਿੱਧ ਵਿਦਵਾਨ ਤੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਦੇ ਸਪੁੱਤਰ, ਗਿਆਨੀ ਜਗਜੀਤ ਸਿੰਘ ਇਕ ਬੜੇ ਸੁਘੜ, ਸੂਝਵਾਨ ਤੇ ਜਜ਼ਬਾਤੀ ਸਿੱਖ ਸਨ। ਉਹ ਇਕ ਨਿਪੁੰਨ ਪੱਤਰਕਾਰ ਤੇ ਲੇਖਕ ਹੋ ਗੁਜ਼ਰੇ ਹਨ। ਉਹਨਾਂ ਦੀਆਂ ਲਿਖਤਾਂ ਵਿੱਚ ਜਜ਼ਬਾ ਸੀ, ਸੂਝ ਸੀ ਤੇ ਭਾਵਨਾ ਸੀ। ਉਹਨਾਂ ਦੀਆਂ ਲਿਖਤਾਂ ਵੱਖ ਵੱਖ ਪੰਥਕ ਪਰਚਿਆਂ ਵਿੱਚ ਛਪਦੀਆਂ ਰਹਿੰਦੀਆਂ ਸਨ । ਅਕਾਲ ਪੁਰਖ ਦੇ ਹੁਕਮ ਨਾਲ ਉਹ ਬੜੀ ਜਲਦੀ ਅਕਾਲ ਚਲਾਣਾ ਕਰ ਗਏ। ਉਹਨਾਂ ਦੇ ਦੇਹਾਂਤ ਤੇ ਜੋ ਬਿਰਤਾਂਤ ਤੇ ਲੇਖ ਗਿਆਨੀ ਚੇਤ ਸਿੰਘ ਨੇ ਲਿਖਿਆ, ਉਹ ਸਾਹਿਤ ਵਿੱਚ ਨਮੂਨੇ ਦੀ ਗਦ ਹੈ। ਗਿਆਨੀ ਜਗਜੀਤ ਸਿੰਘ ਦਾ ਚਲਾਨਾ ਗਿਆਨੀ ਚੇਤ ਸਿੰਘ ਨੂੰ ਘਣਾ ਦੁਖ ਤੇ ਅਸਹਿ ਦੁਖ ਹੋਣ ਦੇ ਬਾਵਜੂਦ ਵਿਚਲਿਤ ਨ ਕਰ ਸਕਿਆ। ਗਿਆਨੀ ਚੇਤ ਸਿੰਘ ਜੀ ਨੇ ਇਸ ਹਾਦਸੇ ਨੂੰ ਅਕਾਲ ਪੁਰਖ ਦਾ ਭਾਣਾ ਕਰਕੇ ਮੰਨਿਆ।
ਪਰਵਿੰਦਰ ਸਿੰਘ
ਗਿਆਨੀ ਚੇਤ ਸਿੰਘ ਦੇ ਪੋਤਰੇ ਭਾਵ ਜਗਜੀਤ ਸਿੰਘ ਦੇ ਬੇਟੇ ਸ. ਪਰਵਿੰਦਰਪਾਲ ਸਿੰਘ ਬੜੇ ਹੋਣਹਾਰ ਤੇ ਸ਼ਰਧਾਵਾਨ ਗੁਰਸਿੱਖ ਹਨ। ਉਹ ਗੁਰੂ ਦੀ ਮਿਹਰ ਅਤੇ ਕੜੀ ਮਿਹਨਤ ਕਾਰਣ ਅੱਜ ਕੱਲ੍ਹ ਐਸ.ਡੀ.ਐਮ. ਦੇ ਅਹੁਦੇ ਤੇ ਪੰਜਾਬ ਗੋਵਰਮਿੰਟ ਵਿੱਚ ਸੇਵਾ- ਰਤ ਹਨ। ਮੈਂ ਉਹਨਾਂ ਨੂੰ ਜਦ ਮਿਲਣ ਲਈ ਗਿਆ ਤਾਂ ਘਰ ਦੇ ਵਾਤਾਵਰਣ ਵਿੱਚ ਗੁਰਸਿੱਖਾਂ ਵਾਲੀ ਖ਼ੁਸ਼ਬੂ ਸੀ । ਉਹਨਾਂ ਖੁਲ੍ਹਾ ਸਮਾਂ ਦਿੱਤਾ। ਬਹੁਤ ਸਾਰੇ ਪੱਖਾਂ ਦੇ ਉੱਤੇ ਬੜੀ ਸਿਹਤਮੰਦ ਵਿਚਾਰ ਕੀਤੀ। ਮੇਰੇ ਨਾਲ ਮੇਰੀ ਅਰਧੰਗਨੀ ਪ੍ਰਵੀਣ ਕੌਰ ਤੇ ਬੇਟਾ ਦਰਸਬੀਰ ਸਿੰਘ ਵੀ ਸਨ। ਉਹਨਾਂ ਦੇ ਵਿਹਾਰ, ਵਤੀਰੇ ਅਤੇ ਪਿਆਰ ਦੀ ਯਾਦ ਅੱਜ ਵੀ ਮੇਰੇ ਨਾਲ ਹੈ।
ਭਾਈ ਬਲਵਿੰਦਰ ਸਿੰਘ ਰੰਗੀਲਾ
ਭਾਈ ਬਲਵਿੰਦਰ ਸਿੰਘ ਰੰਗੀਲਾ ਦਾ ਜਨਮ ਲੁਬਾਣਾ ਪਰਿਵਾਰ ਦੇ ਇੱਕ ਪ੍ਰਮੁੱਖ ਘਰਾਣੇ ਵਿੱਚ ਹੋਇਆ। ਭਾਈ ਜੀ ਦੇ ਦਾਦਾ ਜੀ ਭਾਈ ਹੇਮ ਸਿੰਘ ਪਿੰਡ ਬਜ਼ੁਰਗਵਾਲ ਜ਼ਿਲ੍ਹਾ ਗੁਜਰਾਤ ਦੇ ਰਹਿਣ ਵਾਲੇ ਸਨ । ਭਾਈ ਹੇਮ ਸਿੰਘ ਸੰਤ ਪ੍ਰੇਮ ਸਿੰਘ ਜੀ ਦੇ ਸ਼ਰਧਾਲੂ ਤੇ ਨਿਕਟਵਰਤੀ ਸਨ, ਇਨ੍ਹਾਂ ਦੇ ਘਰ ਜਿਹੜਾ ਵੀ ਬੱਚਾ ਪੈਦਾ ਹੁੰਦਾ ਉਹ ਮਰ ਜਾਂਦਾ। ਭਾਈ ਹੇਮ ਸਿੰਘ ਨੇ ਸੰਤ ਜੀ ਪਾਸ ਬੇਨਤੀ ਕੀਤੀ। ਸੰਤ ਜੀ ਨੇ ਗੁਰਬਾਣੀ ਦਾ ਸ਼ਬਦ ਲਿਖ ਕੇ ਬਲਵਿੰਦਰ ਸਿੰਘ ਦੀ ਦਾਦੀ ਬੀਬੀ ਗੁਰਾਂਦਿਤੀ ਨੂੰ ਦਿੱਤਾ ਤੇ ਇਸਦਾ ਪਾਠ ਕਰਨ ਲਈ ਦੱਸਿਆ। ਬੀਬੀ ਗੁਰਾਂਦਿਤੀ ਨੇ ਇਹ ਸ਼ਬਦ ਵਾਲਾ ਕਾਗਜ਼ ਘੋਟ ਕੇ ਪੀ ਲਿਆ। ਉਸ ਤੋਂ ਬਾਅਦ ਉਨ੍ਹਾਂ ਦੇ ਘਰ ਪੰਜ ਬੇਟੇ ਤੇ ਦੋ ਬੇਟੀਆਂ ਹੋਈਆਂ। ਇਸ ਘਟਨਾ ਨੂੰ ਅੰਧ ਵਿਸ਼ਵਾਸ ਜਾਂ ਭਰਮ ਕਹੀਏ ਤਾਂ ਇਹ ਗੱਲ ਭਰਾਮਿੱਕ ਹੈ। ਵਿਸ਼ਵਾਸ ਨੂੰ ਫਲ ਲੱਗਦਾ ਹੈ, ਸੋ ਸਿਦਕ ਫਲਿਆ ਫੁਲਿਆ।
ਦੇਸ਼ ਦੀ ਵੰਡ ਮਗਰੋਂ ਸੰਤ ਪ੍ਰੇਮ ਸਿੰਘ ਜੀ ਨੇ ਪਿੰਡ ਬੇਗੋਵਾਲ ਜ਼ਿਲ੍ਹਾ ਕਪੂਰਥਲਾ ਵਿਖੇ ਸਣੇ ਡੇਰੇ ਟਿਕਾਣਾ ਬਣਾਇਆ। ਬਹੁਤ ਸਾਰੇ ਨਿਕਟਵਰਤੀਆਂ ਨੂੰ ਵੀ ਓਥੇ ਹੀ ਵਸਾ ਦਿੱਤਾ। ਭਾਈ ਹੇਮ ਸਿੰਘ ਜੀ ਵੀ ਉੱਥੇ ਹੀ ਆ ਟਿਕੇ। ਇਨ੍ਹਾਂ ਦਾ ਵੱਡਾ ਬੇਟਾ ਭਾਈ ਜਸਵੰਤ ਸਿੰਘ ਫੌਜ ਵਿੱਚ ਭਰਤੀ ਹੋ ਗਿਆ। ਜਿੱਥੇ ਉਨ੍ਹਾਂ ਨੂੰ ਬਾਕਸਿੰਗ ਦੀ ਖੇਡ ਖੇਡਦਿਆਂ ਕਸੂਤੀ ਸੱਟ ਲੱਗੀ ਤੇ ਫੌਜ ਦੀ ਨੌਕਰੀ ਛੱਡਣੀ ਪਈ। ਓਥੋਂ ਭਾਈ ਜਸਵੰਤ ਸਿੰਘ ਦਿੱਲੀ ਦੇ ਇਲਾਕੇ ਤਿਲਕ ਨਗਰ ਦੇ ਕੋਲ ਚਾਂਦਪੁਰ ਵਿਖੇ ਗੁਰਦੁਆਰੇ ਵਿੱਚ ਕੁਝ ਦਿਨਾਂ ਲਈ ਠਹਿਰੇ ਤਾਂ ਜੋ ਉਹ ਡਰਾਈਵਰੀ ਸਿੱਖ ਸਕਣ। ਗੁਰਦੁਆਰੇ ਵਿੱਚ ਪੱਕੇ ਤੌਰ ਤੇ ਕੋਈ ਗ੍ਰੰਥੀ ਰਾਗੀ ਆਦਿ ਨਹੀਂ ਸੀ। ਭਾਈ ਜਸਵੰਤ ਸਿੰਘ ਗੁਰਦੁਆਰੇ ਦੀ ਸੇਵਾ ਕਰਦੇ ਰਹੇ। ਡਰਾਇਵਰੀ ਸਿੱਖ ਕੇ ਇਨ੍ਹਾਂ ਨੇ ਆਪਣਾਂ ਵਸੇਬਾ ਗੀਤਾ ਕਾਲੋਨੀ ਗਾਂਧੀ ਨਗਰ ਦਿੱਲੀ ਵਿਖੇ ਬਣਾਇਆ। ਉੱਥੇ ਇਕ ਦਿਨ ਪਾਠ ਕਰ ਰਹੇ ਸਨ ਤਾਂ ਇੱਕ ਜਾਣੂ ਨੇ ਪੁੱਛਿਆ ਗੁਰਮੁਖੋ ਕਿਹੜੇ ਰੰਗਾਂ ਵਿੱਚ ਬੈਠੇ ਹੋ ਤਦ ਤੋਂ ਭਾਈ ਜਸਵੰਤ ਸਿੰਘ ਨੇ ਆਪਣੇ ਨਾਂ ਨਾਲ ਰੰਗੀਲਾ ਲਿਖਣਾ ਸ਼ੁਰੂ ਕਰ ਦਿੱਤਾ। ਨਾਲ ਹੀ ਉਨ੍ਹਾਂ ਨੇ ਕੀਰਤਨ ਸੁਣ ਸੁਣ ਕੇ ਕੀਰਤਨ ਕਰਨ ਦੀ ਮਹਾਰਤ ਹਾਸਿਲ ਕਰ ਲਈ। ਆਪ ਜੀ ਇਕ ਜੱਥੇ ਵਿੱਚ ਸ਼ਾਮਲ ਹੋ ਗਏ। ਇਹ ਜੱਥਾ ਕਿਸੇ ਪੁਰਬ ਤੇ ਮੱਥਰਾ ਵਿਖੇ ਪੁੱਜਾ, ਓਥੇ ਭਾਈ ਜੀ ਦੇ ਨਾਲ ਦਾ ਸਾਥੀ ਵਿਟਰ ਕੇ ਸਾਥ ਛੱਡ ਗਿਆ ਤੇ ਜੱਥਾ ਟੁੱਟ ਗਿਆ। ਤਬਲੇ ਵਾਲਾ ਸਿੰਘ ਇਨ੍ਹਾਂ ਦੇ ਨਾਲ ਹੀ ਰਿਹਾ। ਇਕ ਦਿਨ ਭਰੀ ਸੰਗਤ ਵਿੱਚ ਕੀਰਤਨ ਕਰਦਿਆਂ ਤਬਲਚੀ ਸਿੰਘ ਜਾਣ ਕੇ ਤਬਲਾ ਤਾਲ ਤੋਂ ਬੇਤਾਲ ਵਜਾਉਣ ਲਗ ਪਿਆ। ਭਾਈ ਜਸਵੰਤ ਸਿੰਘ ਨੇ ਉਨ੍ਹਾਂ ਨੂੰ ਹੋੜਿਆ। ਉਹ ਭਰੀ ਸੰਗਤ ਵਿੱਚੋਂ ਨਾਰਾਜ਼ ਹੋ ਕੇ ਉਠ ਗਿਆ। ਭਾਈ ਜਸਵੰਤ ਸਿੰਘ ਨੇ 7-8 ਸਾਲ ਦੇ ਬੱਚੇ ਬਲਵਿੰਦਰ ਸਿੰਘ ਨੂੰ ਤਬਲੇ ਤੇ ਬਿਠਾ ਕੇ ਕੀਰਤਨ ਦੇ ਪਵਿੱਤਰ ਕਾਰਜ ਨੂੰ ਅਰੰਭੀ ਰੱਖਿਆ। ਫਿਰ ਕੀ ਸੀ, ਘਰ ਦਾ ਹੀ ਜੱਥਾ ਤਿਆਰ ਹੋ ਗਿਆ। ਬਾਲਕ ਬਲਵਿੰਦਰ ਸਿੰਘ ਨੇ ਤਬਲੇ ਦਾ ਅਭਿਆਸ ਕੀਤਾ ਤੇ ਸ਼ਬਦ ਗਾਇਨ ਵੀ ਸ਼ੁਰੂ ਕਰ ਦਿੱਤਾ। ਉੱਥੋਂ ਵਾਪਸ ਆ ਕੇ ਫਿਰ ਬਲਵਿੰਦਰ ਸਿੰਘ ਨੇ ਵਾਪਸ ਨਹੀਂ ਤੱਕਿਆ। ਅਭਿਆਸ ਚਲਦਾ ਰਿਹਾ ਤੇ ਉਨ੍ਹਾਂ ਆਪਣੇ ਨਾਲ ਆਪਣੇ ਛੋਟੇ ਭਰਾਵਾਂ ਭੁਪਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਨੂੰ ਸਿਖਾਣਾ ਸ਼ੁਰੂ ਕਰ ਦਿੱਤਾ। 1974 ਵਿੱਚ ਇਹ ਨਿੱਕੇ ਨਿੱਕੇ ਬੱਚੇ 15 ਸੈਕਟਰ ਚੰਡੀਗੜ੍ਹ ਦੇ ਗੁਰਦੁਆਰੇ ਵਿੱਚ ਕੀਰਤਨ ਦੀ ਸੇਵਾ ਕਰਨ ਲਗ ਪਏ। ਬਲਵਿੰਦਰ ਸਿੰਘ ਨੇ ਆਪਣੇ ਨਾਂ ਨਾਲ ਪਿਤਾ ਵਾਲਾ ਤਖ਼ਲਸ ਰੰਗੀਲਾ ਵੀ ਜੋੜ ਲਿਆ। ਮੈਂ ਪੁੱਛਿਆ ਡਾਈ ਜੀ! ਕੀਰਤਨੀਆ ਕੀ ਤੇ ਰੰਗੀਲਾ ਕੀ, ਰੰਗੀਲਾ ਤਾਂ ਮੁਹੰਮਦ ਸ਼ਾਹ ਸੀ। ਭਾਈ ਜੀ ਨੇ ਮੁਸਕਰਾ ਕੇ ਉੱਤਰ ਦਿੱਤਾ। ਵਾਹਿਗੁਰੂ ਵੀ ਤਾਂ ਰੰਗੀਲਾ ਹੈ। ਮੈਂ ਹੱਸ ਕੇ ਆਖਿਆ।
ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸਨ ਕਉ ਹਮ ਬਾਰੇ॥
ਓਥੇ ਮੇਰੇ ਨਾਲ ਬੈਠੇ ਚੰਡੀਗੜ੍ਹ ਦੇ ਪ੍ਰਮੁੱਖ ਵਿਆਖਿਆਕਾਰ ਭਾਈ ਪ੍ਰੇਮ ਸਿੰਘ ਜੀ ਪ੍ਰੇਮ, ਮੇਰਾ ਬੇਟਾ ਦਰਸਬੀਰ ਸਿੰਘ ਤੇ ਲਾਗੇ ਬੈਠੇ ਸਾਰੇ ਸੱਜਣ ਖਿੜ ਖਿੜਾ ਕੇ ਹੱਸ ਪਏ। ਹੁਣ ਨੌਜਵਾਨ ਬਲਵਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਰੰਗੀਲਾ ਬਣ ਕੇ ਸੰਗਤਾਂ ਸਾਹਮਣੇ ਆਇਆ ਅਤੇ ਨਿਰੰਤਰ ਕੀਰਤਨ ਦੀ ਦਾਤ ਸੰਗਤਾਂ ਦੇ ਭੇਟ ਕਰਨ ਲਗ ਪਿਆ। ਚੰਡੀਗੜ੍ਹ ਪੰਜਾਬ, ਪੰਜਾਬੋਂ ਬਾਹਰ ਤੇ ਵਿਦੇਸ਼ਾਂ ਵਿੱਚ ਵੀ ਜਾ ਕੇ ਆਪਣੀ ਭਰਵੀਂ ਮਿੱਠੀ ਅਤੇ ਆਧਾਰ-ਭੂਤ (base voice) ਆਵਾਜ਼ ਵਿੱਚ ਕੀਰਤਨ ਸੁਣਾਇਆ।
ਚੰਡੀਗੜ੍ਹ ਵਿਖੇ ਭਾਈ ਬਲਵਿੰਦਰ ਸਿੰਘ ਜੀ ਨੇ ਗੁਰਮਤਿ ਕੀਰਤਨ ਸੁਸਾਇਟੀ ਬਣਾਈ। ਚੰਡੀਗੜ੍ਹ ਵਿਖੇ ਹੀ ਆਪਣੀ ਤੇ ਆਪਣੇ ਭਰਾਵਾਂ ਦੀ ਰਿਹਾਇਸ਼ ਦਾ 40 ਸੈਕਟਰ ਵਿੱਚ ਨਿਰਮਾਣ ਕੀਤਾ। ਭਾਈ ਬਲਵਿੰਦਰ ਸਿੰਘ ਦਾ ਮਨ ਹੈ ਕਿ ਕੀਰਤਨ ਅਤੇ ਰਾਗ ਲੋਕਾਂ ਵਿੱਚ ਪ੍ਰਚਲਿਤ ਹੋਵੇ। ਕੱਚੀਆਂ ਧੁਨਾਂ, ਚੰਚਲ ਸੁਰਾਂ ਅਤੇ ਪਾਪ ਸੰਗੀਤ ਨੂੰ ਦੂਰ ਰੱਖਿਆ ਜਾਏ। ਇਸ ਕਾਰਜ ਲਈ ਰੰਗੀਲਾ ਜੀ ਨੇ ਆਪਣੇ ਦੋਨੋਂ ਜੁੜਵੇਂ ਘਰਾਂ ਦੇ ਤਹਿਖਾਨੇ (ਬੇਸਮੈਂਟ) ਕੰਮ ਵਿੱਚ ਲਿਆਂਦੇ। ਸਾਰੇ ਸਮਾਜ ਨੂੰ ਕੀਰਤਨ ਤੇ ਗਾਇਨ ਲਈ ਖੁੱਲ੍ਹਾ ਸੱਦਾ ਦਿੱਤਾ। ਨੇੜਿਉਂ ਦੂਰੋਂ ਲੋਕ ਪੁਜ ਕੇ ਸੰਗਤ ਸਿੱਖਣ ਆਉਂਦੀ ਹੈ। ਇਸ ਟੀਚੇ ਦੀ ਪੂਰਤੀ ਲਈ ਗੁਰਮਤਿ ਸੰਗੀਤ ਅਕੈਡਮੀ ਦੋਹਾਂ ਘਰਾਂ ਦੀਆਂ ਇਮਾਰਤਾਂ ਵਿੱਚ ਹੀ ਸਥਾਪਤ ਕਰ ਦਿੱਤੀ। ਹੁਣ ਦੂਰੋਂ ਨੇੜਿਓਂ ਲੋਕ ਇਸ ਅਕੈਡਮੀ ਵਿੱਚ ਦਾਖ਼ਲਾ ਲੈ ਰਹੇ ਹਨ। ਇਸ ਵੇਲੇ 1400 ਦੇ ਕਰੀਬ ਸਿਖਿਆਰਥੀ ਹਨ। ਬੜੀ ਹੈਰਾਨਕੁੰਨ ਗੱਲ ਹੈ ਕਿ ਇੱਥੇ ਕੀਰਤਨ ਤੇ ਰਾਗ ਸਿੱਖਣ ਵਾਲਿਆਂ ਨੂੰ ਕੋਈ ਰੋਕ ਟੋਕ ਨਹੀਂ। ਸਿਖਿਆਰਥੀ ਕਿਸੇ ਧਰਮ ਦਾ ਹੋਵੇ, ਕਿਸੇ ਉਮਰ ਦਾ ਹੋਵੇ ਜਾਂ ਕਿਸੇ ਕਿੱਤੇ ਦਾ ਹੋਵੇ, ਉਸਦਾ ਸਵਾਗਤ ਹੈ। ਕਿਸੇ ਸਿਖਿਆਰਥੀ ਪਾਸੋਂ ਕੋਈ ਫ਼ੀਸ ਨਹੀਂ ਲਈ ਜਾਂਦੀ। ਜਿਹੜਾ ਵੇਲਾ ਵਕਤ ਸਿਖਿਆਰਥੀ ਨੂੰ ਜਚੇ, ਉਸ ਸਮੇਂ ਉਹ ਆ ਕੇ ਸਿੱਖਿਆ ਪ੍ਰਾਪਤ ਕਰ ਸਕਦਾ ਹੈ। ਸਿਖਿਆਰਥੀਆਂ ਨੂੰ ਸੰਗਤ ਦੇ ਸਤਿਕਾਰਤ ਨਾਮ ਨਾਲ ਪੁਕਾਰਿਆ ਜਾਂਦਾ ਹੈ । ਰੰਗੀਲਾ ਜੀ ਨੇ ਦੱਸਿਆ ਕਿ ਇੱਥੇ ਇਕ ਤਿੰਨ ਸਾਲ ਦਾ ਬੱਚਾ ਤੇ ਇਕ 70 ਸਾਲ ਦੇ ਬਜ਼ੁਰਗ ਕੀਰਤਨ ਸਿੱਖ ਰਹੇ ਹਨ। ਇਕ ਮਾਂ ਬੇਟਾ ਇਸਾਈ ਧਰਮ ਦੇ ਪੈਰੋਕਾਰ ਹਨ, ਉਹ ਵੀ ਇੱਥੇ ਵਿਦਿਆ ਪ੍ਰਾਪਤ ਕਰ ਰਹੇ ਹਨ। ਇਸ ਵੇਲੇ ਅਕੈਡਮੀ ਦੇ ਬੇਸਮੈਂਟ ਏਅਰ ਕੰਡੀਸ਼ਡ ਹਨ। ਪੂਰੇ ਭਵਨ ਵਿੱਚ ਵਧੀਆ ਕਾਲੀਨ ਵਿਛਾਏ ਹੋਏ ਹਨ। 2/, ਤਿੰਨ ਲੱਖ ਰੁਪਏ ਦੇ ਭਿੰਨ-ਭਿੰਨ ਸਾਜ਼ ਮੌਜੂਦ ਹਨ। ਭਾਈ ਰੰਗੀਲਾ ਜੀ ਮੁਤਾਬਕ ਇਸ ਅਕੈਡਮੀ ਦਾ ਮਹੀਨਾ ਵਾਰੀ ਖਰਚ 80 ਤੋਂ 90 ਹਜ਼ਾਰ ਰੁਪਿਆ ਦਸਿਆ ਜਾਂਦਾ ਹੈ। ਸਿਖਲਾਈ ਲਈ ਨਿਯੁਕਤ ਚਾਰ ਪ੍ਰੋਫੈਸਰਾਂ ਨੂੰ ਢੁੱਕਵੀਂ ਤਨਖਾਹ ਦਿੱਤੀ ਜਾਂਦੀ ਹੈ। ਇਹ ਸਾਰਾ ਖਰਚ ਸੰਗਤ ਵੱਲੋਂ ਦਾਨ ਅਤੇ ਅਨੁਦਾਨ ਵਜੋਂ ਹੀ ਪ੍ਰਾਪਤ ਹੁੰਦਾ ਹੈ। ਰੰਗੀਲਾ ਜੀ ਆਪਣਾ ਜੱਥਾ ਲੈ ਕੇ ਸਮੇਂ-ਸਮੇਂ ਵਿਦੇਸ਼ਾਂ ਵਿੱਚ ਜਾਇਆ ਕਰਦੇ ਹਨ।
ਭਾਈ ਬਲਵਿੰਦਰ ਸਿੰਘ ਰੰਗੀਲਾ ਦੀ ਇਸ ਅਕੈਡਮੀ ਨੂੰ ਸੰਪੂਰਨ ਸਫ਼ਲ ਢੰਗ ਨਾਲ ਚਲਾਉਣ ਲਈ ਭਵਿੱਖ ਵਿੱਚ ਵੱਡੇ ਮਨਸੂਬੇ ਹਨ। ਚੰਡੀਗੜ੍ਹ ਦੇ ਨਾਲ ਹੀ ਮੋਹਾਲੀ ਵਿੱਚ 2 ਏਕੜ ਥਾਂ ਇਸ ਵਾਸਤੇ ਹਾਸਲ ਕਰ ਲਈ ਗਈ ਹੈ। ਓਥੇ ਇਕ ਵਿਸ਼ੇਸ਼ ਕਿਸਮ ਦਾ ਏਅਰ ਕੰਡੀਸ਼ੰਡ ਭਵਨ ਬਣਾਇਆ ਜਾ ਰਿਹਾ ਹੈ। ਜਿਸ ਵਿੱਚ ਮੁੱਖ ਹਾਲ ਗੁਰਦੁਆਰਾ ਸਾਹਿਬ ਅਤੇ ਰਿਹਾਇਸ਼ ਲਈ ਇਤਜ਼ਾਮ ਹੋਵੇਗਾ। ਅਕੈਡਮੀ ਦਾ ਖੁੱਲਾ ਵਿਹੜਾ ਵੱਖ- ਵੱਖ ਪ੍ਰਕਾਰ ਦੇ ਰੁੱਖਾਂ ਤੇ ਬੂਟਿਆਂ ਨਾਲ ਸ਼ਿੰਗਾਰਿਆ ਜਾਏਗਾ। ਮੁੱਖ ਭਵਨ ਦੀ ਸ਼ਕਲ ਸਿਤਾਰ ਵਰਗੀ ਹੋਵੇਗੀ। ਉਸਦੇ ਬੂਹੇ ਬਾਰੀਆਂ ਤਬਲਾ ਮਧੰਗ ਅਤੇ ਪਖਾਵਜ ਵਰਗੇ ਹੋਣਗੇ। ਮੈਂ ਸੁਝਾਅ ਦਿੱਤਾ ਕਿ ਗੁਰਮਤਿ ਨੂੰ ਕੀਰਤਨ ਦੀ ਦਾਤ ਗੁਰੂ ਨਾਨਕ ਦੇਵ ਜੀ ਨੇ ਬਖ਼ਸ਼ੀ ਹੈ ਤੇ ਸਾਜ ਵਜੋਂ ਰਬਾਬ ਨੂੰ ਉਨ੍ਹਾਂ ਨੇ ਅਪਣਾਇਆ ਹੈ। ਇਸ ਲਈ ਮੁੱਖ ਭਵਨ ਰਬਾਬ ਵਰਗਾ ਬਣਾਉ ਜੀ ਅਤੇ ਖੁੱਲ੍ਹੀ ਥਾਂ ਵਿਚਲਾ ਬਾਗ਼ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਪਰਿਆਵਰਣ ਸੰਬੰਧੀ ਸੱਚੀ ਤੇ ਸੁੱਚੀ ਸੋਚ ਅਨੁਸਾਰ
ਜਾ ਕੇ ਰੁਖ ਬਿਰਖ ਆਰਾਉ॥
ਜੇਹੀ ਧਾਤੁ ਤੇਹਾ ਤਿਨ ਨਾਉ॥
ਰੰਗੀਲਾ ਜੀ ਕੁਝ ਦੇਰ ਲਈ ਠਠੰਬਰ ਗਏ ਜਿਵੇਂ ਕੋਈ ਸੁਪਨੇ ਵਿੱਚੋਂ ਜਾਗ ਪੈਂਦਾ। ਹੈ। ਫਿਰ ਕਹਿਣ ਲੱਗੇ ਇਸ ਭਵਨ ਦੀ ਮੁੱਖ ਡਿਉੜੀ ਰਬਾਬ ਵਰਗੀ ਬਣਾ ਲਵਾਂਗੇ ਅਤੇ ਪਰਿਆਵਰਣ ਸੰਬੰਧੀ ਵੀ ਵਿਚਾਰ ਕਰ ਲਿਆ ਜਾਵੇਗਾ । ਪਰਿਆਵਰਣ ਵਿਚਾਰ ਸਬੰਧੀ ਵੀ ਉਹ ਗੰਭੀਰ ਹੋ ਗਏ।
ਮੇਰੇ ਵੱਲੋਂ ਕੁਝ ਪੁੱਛਾਂ ਦੇ ਉੱਤਰ ਵਿੱਚ ਉਨ੍ਹਾਂ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਮਰਿਆਦਾ ਅਨੁਸਾਰ ਹੀ ਕੀਰਤਨ ਹੋਣਾ ਚਾਹੀਦਾ ਹੈ। ਕੀਰਤਨ ਵਿੱਚ ਤੰਤੀ ਸਾਜ ਵਜਾਏ ਜਾਣ ਤਾਂ ਚੰਗਾ ਹੈ। ਗੁਰਬਾਣੀ ਦਾ ਪ੍ਰਚਾਰ ਸਾਰੀ ਦੁਨੀਆ ਤੇ ਸਭਨਾ ਖਿੱਤਿਆਂ ਵਿੱਚ ਹੋਣਾ ਚਾਹੀਦਾ ਹੈ। ਇਸਦੇ ਨਾਲ ਹੀ ਲੋੜਵੰਦਾਂ ਦੀਆਂ ਲੋੜਾਂ ਵੀ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਉਹ ਦਸ ਰਹੇ ਸਨ ਕਿ ਅਕੈਡਮੀ ਦੀ ਸਥਾਪਤੀ ਮਗਰੋਂ 55 (ਪੰਚਵੰਜਾ) ਲੋੜਵੰਦ ਬੱਚੀਆਂ ਦਾ ਆਨੰਦ ਕਾਰਜ ਗੁਰੂ ਕ੍ਰਿਪਾ ਦੁਆਰਾ ਕਰਵਾਇਆ ਗਿਆ। ਕੀਰਤਨੀਆ ਸ਼ਬਦ ਕੰਠ ਕਰੇ ਨਾਲ ਕਥਾ ਵੀ ਕਰੇ ਅਤੇ ਵਿਆਖਿਆ ਵੀ ਕਰੇ। ਇਸ ਤਰ੍ਹਾਂ ਕੀਰਤਨ ਹੋਰ ਪ੍ਰਭਾਵਸ਼ਾਲੀ ਹੋਵੇਗਾ।
ਰੰਗੀਲਾ ਜੀ ਨੂੰ ਆਪਣੀ ਜਨਮ ਤਿਥੀ ਦਾ ਠੀਕ ਪਤਾ ਨਹੀਂ ਸੀ। ਪੁਰਾਣੇ ਜ਼ਮਾਨੇ ਵਾਂਗ ਬੀਤੀਆਂ ਘਟਨਾਵਾਂ ਦੇ ਜੋੜ ਤੋੜ ਨਾਲ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਉਮਰ 40-42 ਵਰ੍ਹਿਆਂ ਦੇ ਗੇੜ ਵਿੱਚ ਹੋਵੇਗੀ। ਇਕ ਸੰਸਾਰ ਪ੍ਰਸਿੱਧ ਸਿਧਾਂਤ ਅਨੁਸਾਰ ਰੰਗੀਲਾ ਜੀ ਦੀ ਘਰਵਾਲੀ ਇਸ ਮਹਾਨ ਕਾਰਜ ਦੀ ਪਿਠਭੂਮੀ ਵਿੱਚ ਰੂਹੇ-ਰਵਾ ਹੈ ਜਿਸ ਤਰ੍ਹਾਂ ਸਰੀਰ ਨੂੰ ਚਲਾਉਣ ਵਾਲੀ ਆਤਮਾ ਹੁੰਦੀ ਹੈ। ਰੰਗੀਲਾ ਜੀ ਨੇ ਪ੍ਰਿੰ. ਸਤਿਬੀਰ ਸਿੰਘ ਦੁਆਰਾ ਪ੍ਰੇਰਨਾ ਦਿੱਤੇ ਜਾਣ ਦੀ ਗੱਲ ਬੜੇ ਉਤਸ਼ਾਹ ਨਾਲ ਦੱਸੀ। ਮੈਂ ਕੀਰਤਨ ਵਿਚ ਫ਼ਿਲਮੀ ਤਰਜ਼ਾਂ ਕਰਨ ਸਬੰਧੀ ਪੁੱਛਿਆ। ਮੇਰੀ ਜਾਚੇ ਇਹ ਠੀਕ ਨਹੀਂ ਤਾਂ ਉਨ੍ਹਾਂ ਦੱਸਿਆ ਕਿ ਵੱਡੇ ਵੱਡੇ ਰਾਗੀ ਫ਼ਿਲਮੀ ਤਰਜ਼ਾਂ ਦਾ ਪ੍ਰਯੋਗ ਕਰਦੇ ਹਨ। ਮੈਂ ਤਾਂ ਕਿਤੇ ਕਿਤੇ ਕਿਸੇ ਫ਼ਿਲਮੀ ਤਰਜ਼ ਦਾ ਅੰਗ ਜਿਹਾ ਵਰਤ ਲੈਂਦਾ ਹਾਂ। ਮੈਂ ਬੇਨਤੀ ਕੀਤੀ ਰੰਗੀਲਾ ਜੀ ਕੀ ਗੁਰਮਤਿ ਸੰਗੀਤ ਦਾ ਜੁੱਸਾ ਕਮਜ਼ੋਰ ਹੈ । ਉਸਨੂੰ ਮਾਂਗਵੇ ਅੰਗ ਲੈਣ ਦੀ ਕੀ ਲੋੜ ਹੈ। ਤਦ ਉਹ ਬਿਲਕੁਲ ਚੁੱਪ ਕਰ ਗਏ। ਉਦੋਂ ਤੱਕ ਉਹ ਸਾਨੂੰ ਵਿਦਿਆ ਕਰਨ ਲਈ ਮੇਰੀ ਕਾਰ ਦੇ ਕੋਲ ਪੁੱਜ ਗਏ ਸਨ।
ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲੇ
ਭਾਈ ਹਰਜਿੰਦਰ ਸਿੰਘ ਦਾ ਜਨਮ ਜ਼ਿਲ੍ਹਾ ਗੁਰਦਾਸਪੁਰ ਦੇ ਇਕ ਛੋਟੇ ਜਿਹੇ ਪਿੰਡ ਬਲ੍ਹੜਵਾਲ ਵਿੱਚ ਸੰਨ 1958 ਵਿੱਚ ਹੋਇਆ। ਇਹ ਪਿੰਡ ਦਰਿਆ ਬਿਆਸ ਦੇ ਕਿਨਾਰੇ ਸਥਿਤ ਹੈ। ਇਸਦੇ ਉੱਤਰ ਵਿੱਚ ਇਤਿਹਾਸਕ ਨਗਰ ਸ੍ਰੀ ਹਰਿਗੋਬਿੰਦਪੁਰ ਤੇ ਦੱਖ ਣ ਵਾਲੇ ਪਾਸੇ ਸ੍ਰੀ ਬਾਬਾ ਬਕਾਲਾ ਵਾਕਿਆ ਹੈ। ਹਰਜਿੰਦਰ ਸਿੰਘ ਦੇ ਪਿਤਾ ਗਿਆਨੀ ਬੇਅੰਤ ਸਿੰਘ ਤੇ ਮਾਤਾ ਬੀਬੀ ਤੇਜ ਕੌਰ ਸੀ । ਇਹ ਚਾਰ ਭਾਈ ਸਨ। ਸਭ ਤੋਂ ਵੱਡਾ ਹਰਦੇਵ ਸਿੰਘ ਦੂਜੀ ਭਾਵੇਂ ਨਰਿੰਦਰ ਸਿੰਘ ਤੇ ਤੀਜੀ ਥਾਵੇਂ ਹਰਜਿੰਦਰ ਸਿੰਘ ਹੈ। ਛੋਟੇ ਦਾ ਨਾਂ ਮਨਿੰਦਰ ਸਿੰਘ ਹੈ, ਦੋ ਭੈਣਾਂ ਸਿਮਰਨਜੀਤ ਕੌਰ ਅਤੇ ਬਿਮਲਾ ਕੌਰ ਹਨ। ਹਰਜਿੰਦਰ ਸਿੰਘ ਦੇ ਪਿਤਾ ਫੌਜ ਵਿੱਚ ਸਨ। ਜਦੋਂ ਉਹ ਪੈਨਸ਼ਨ ਲੈਣ ਜਾ ਰਹੇ ਸਨ ਤਾਂ ਇਕ ਹਾਦਸੇ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਦੋਂ ਹਰਜਿੰਦਰ ਸਿੰਘ ਦੀ ਉਮਰ ਢਾਈ ਸਾਲ ਅਤੇ ਛੋਟੇ ਦੀ ਉਮਰ ਅੱਠ ਕੁ ਮਹੀਨਿਆਂ ਦੀ ਸੀ। ਜ਼ਮੀਨ ਵੀ ਕੋਈ ਖਾਸ ਨਹੀਂ ਸੀ। ਇਹ ਬੜਾ ਸਾਧਾਰਨ । ਘਰਾਣਾ ਸੀ। ਪਿਤਾ ਦਾ ਸਾਇਆ ਉਠ ਜਾਣ ਮਗਰੋਂ ਗੁਜ਼ਾਰਾ ਵੀ ਮੁਸ਼ਕਲ ਸੀ। ਵੱਡੇ ਭਾਈ ਸ. ਹਰਦੇਵ ਸਿੰਘ ਨੇ 17 ਸਾਲ ਦੀ ਉਮਰ ਵਿੱਚ ਫੌਜ ਵਿੱਚ ਨੋਕਰੀ ਕਰ ਲਈ। ਇਨ੍ਹਾਂ ਦੇ ਪਿਤਾ ਜੀ ਦਾ ਗੁਰਬਾਣੀ ਵੱਲ ਝੁਕਾਅ ਸੀ ਅਤੇ ਸ਼ਰਧਾ ਨਾਲ ਕੀਰਤਨ ਕਰਿਆ ਕਰਦੇ ਸਨ। ਹਰਜਿੰਦਰ ਸਿੰਘ ਦੇ ਮਾਮਾ ਜੀ ਫੌਜ ਵਿੱਚੋਂ ਸੂਬੇਦਾਰ ਦੀ ਨੌਕਰੀ ਤੋਂ ਰਿਟਾਇਰ ਹੋ ਕੇ ਆ ਗਏ ਸਨ। ਉਹ ਗ੍ਰੰਥੀ ਦੀ ਡਿਊਟੀ ਉੱਤੇ ਸਨ। ਪਿੰਡ ਦੇ ਗੁਰਦੁਆਰੇ ਦੇ ਗ੍ਰੰਥੀ ਭਾਈ ਭਗਤ ਸਿੰਘ ਬੜੇ ਸੱਜਣ ਪੁਰਸ਼ ਸਨ ਤੇ ਉਹ ਹਰਜਿੰਦਰ ਦੇ ਪਿਤਾ ਜੀ ਨਾਲ ਗੁਰਦੁਆਰਾ ਵਿਖੇ ਸ਼ਬਦ ਕੀਰਤਨ ਕਰਦੇ ਸਨ। ਇਨ੍ਹਾਂ ਦੀ ਸਿੱਖਿਆ ਪਿੰਡ ਦੇ ਗੁਰਦੁਆਰੇ ਵਿੱਚ ਹੀ ਹੋਈ। ਇਨ੍ਹਾਂ ਦੇ ਦੋ ਉਸਤਾਦ ਸ੍ਰੀ ਸੁਰਿੰਦਰ ਕੁਮਾਰ ਅਤੇ ਸਰਦਾਰ ਦੀਦਾਰ ਸਿੰਘ ਸਨ। ਹਰਜਿੰਦਰ ਸਿੰਘ ਦੀ ਭਰਵੀਂ ਆਵਾਜ਼ ਸੁਣ ਕੇ ਇਨ੍ਹਾਂ ਉਸਤਾਦਾਂ ਨੇ ਸਕੂਲ ਦੀਆਂ ਮੀਟਿੰਗਾਂ ਆਦਿ ਵਿੱਚ ਗਾਉਣ ਲਈ ਉਤਸ਼ਾਹਿਤ ਕੀਤਾ। ਹਰਜਿੰਦਰ ਸਿੰਘ ਦੀ ਪੜ੍ਹਾਈ ਜਿਉਂ ਤਿਉਂ ਕਰਕੇ ਤੰਗੀ ਤੁਰਸ਼ੀ ਵਿੱਚ ਚਲਦੀ ਰਹੀ।
1974 ਵਿੱਚ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਅੰਮ੍ਰਿਤ ਪ੍ਰਚਾਰ ਦੇ ਸੰਬੰਧ ਵਿੱਚ ਪਿੰਡ ਬਲੜ੍ਹਵਾਲ ਵਿਖੇ ਆਏ। ਇਸੇ ਪਿੰਡ ਦੇ ਇਕ ਗੁਰਸਿੱਖ ਭਾਈ ਸਿਕੰਦਰ ਸਿੰਘ ਜੀ ਜੱਥੇ ਨਾਲ ਸਬੰਧਿਤ ਸੀ। ਉਨ੍ਹਾਂ ਨੇ ਸੰਤ ਕਰਤਾਰ ਸਿੰਘ ਜੀ ਦੇ ਆਉਣ ਤੋਂ ਪਹਿਲਾਂ ਹਰਜਿੰਦਰ ਸਿੰਘ ਪਾਸੋਂ ਦੀਵਾਨ ਵਿੱਚ ਕੀਰਤਨ ਸੁਣਿਆ ਅਤੇ ਬੜੇ ਪ੍ਰਭਾਵਿਤ ਹੋਏ। ਭਾਈ ਸਿਕੰਦਰ ਸਿੰਘ ਨੇ ਆਖਿਆ ਕਾਕਾ ਤੂੰ ਕੀ ਕੰਮ ਕਰਦਾ ਹੈਂ। ਹਰਜਿੰਦਰ ਸਿੰਘ ਨੇ ਦੱਸਿਆ ਕਿ ਮੈਂ ਦਸਵੀਂ ਪਾਸ ਕਰ ਚੁੱਕਾ ਹਾਂ ਅਤੇ ਅੱਗੋਂ ਪੜ੍ਹਾਈ ਦੀ ਮੇਰੀ ਹਿੰਮਤ ਨਹੀਂ ਕਿਉਂਕਿ ਘਰ ਦੀ ਹਾਲਤ ਬਹੁਤੀ ਚੰਗੀ ਨਹੀਂ। ਭਾਈ ਸਿਕੰਦਰ ਸਿੰਘ ਨੇ ਹਰਜਿੰਦਰ ਨੂੰ ਸਵੇਰੇ ਸ਼ਾਮ ਸ਼ਬਦ ਸੁਣਾਉਣ ਲਈ ਕਿਹਾ ਤੇ ਨਾਲ ਹੀ ਮਾਰਕਿਟ ਕਮੇਟੀ ਵਿੱਚ ਚਪੜਾਸੀ ਦੀ ਨੌਕਰੀ ਲੈ ਦਿੱਤੀ। ਕਮਾਲ ਦੀ ਗੱਲ ਹੈ ਕਿ ਅੱਜ ਨੋਕਰੀ ਵਾਸਤੇ ਲੋਕੀ ਰਿਸ਼ਵਤ ਮੰਗਦੇ ਹਨ। ਭਾਈ ਸਿਕੰਦਰ ਸਿੰਘ ਨੇ ਸ਼ਬਦ ਸੁਨਣ ਦੀ ਭੁੱਖ ਦੱਸੀ। ਦਸ ਕੁ ਮਹੀਨੇ ਇਹ ਨੌਕਰੀ ਚੱਲੀ ਤੇ ਮਾਰਕਿਟ ਕਮੇਟੀ ਵਿੱਚ ਕੋਈ ਝਗੜਾ ਪੈ ਜਾਣ ਕਾਰਨ 12 ਬੰਦਿਆਂ ਦੀ ਛਾਂਟੀ ਕੀਤੀ ਗਈ ਜਿਸ ਵਿੱਚ ਨੌਜਵਾਨ ਹਰਜਿੰਦਰ ਸਿੰਘ ਵੀ ਸੀ । ਹੁਣ ਉਹ ਵਿਹਲਾ ਹੋ ਗਿਆ। ਇਨ੍ਹੀਂ ਦਿਨੀਂ ਸੰਤ ਕਰਤਾਰ ਸਿੰਘ ਜੀ ਹਰ ਸ਼ਾਮ ਨੂੰ ਵੱਖ-ਵੱਖ ਪਿੰਡਾਂ ਵਿੱਚ ਪੁੱਜ ਕੇ ਪ੍ਰਚਾਰ ਦੀਵਾਨ ਲਾਉਂਦੇ ਅਤੇ ਹਰਜਿੰਦਰ ਸਿੰਘ ਨੂੰ ਆਪਣੇ ਨਾਲ ਲੈ ਜਾਂਦੇ। ਹਰ ਦੀਵਾਨ ਵਿੱਚ ਹਰਜਿੰਦਰ ਸਿੰਘ ਇਕ ਦੋ ਸ਼ਬਦ ਪੜ੍ਹਿਆ ਕਰਦਾ ਜਿਸ ਨਾਲ ਇਹਦਾ ਕੀਰਤਨ ਸੰਬੰਧੀ ਅਭਿਆਸ ਚਲਦਾ ਰਿਹਾ। ਇਸ ਸਮੇਂ ਹਰਜਿੰਦਰ ਸਿੰਘ ਨੇ ਸੰਤ ਕਰਤਾਰ ਸਿੰਘ ਜੀ ਦੇ ਜੱਥੇ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ।
1976 ਵਿੱਚ ਬਲ੍ਹੜਵਾਲ ਦੇ ਬੇਟ ਇਲਾਕੇ ਵਿੱਚ ਨਵੀਂ-ਨਵੀਂ ਬਿਜਲੀ ਆਈ ਸੀ। ਵਾਇਰਿੰਗ ਦਾ ਬੜਾ ਕੰਮ ਸੀ । ਹਰਜਿੰਦਰ ਸਿੰਘ ਦੇ ਵੱਡੇ ਭਾਈ ਹਰਦੇਵ ਸਿੰਘ ਨੇ ਵਾਇਰਿੰਗ ਦਾ ਕੰਮ ਠੇਕੇ ਤੇ ਕਰਨਾ ਸ਼ੁਰੂ ਕਰ ਦਿੱਤਾ। ਦੋ ਕੁ ਵਰ੍ਹੇ ਹਰਜਿੰਦਰ ਸਿੰਘ ਆਪਣੇ ਭਰਾ ਨਾਲ ਬਿਜਲੀ ਵਾਇਰਿੰਗ ਦੀ ਕਿਰਤ ਕਰਦਾ ਰਿਹਾ। ਹਰਜਿੰਦਰ ਸਿੰਘ ਦੀ ਰੁਚੀ ਕੀਰਤਨ ਵੱਲ ਸੀ। ਉਸਨੇ ਆਪਣੇ ਤੋਂ ਵੱਡੇ ਭਾਈ ਨਰਿੰਦਰ ਸਿੰਘ ਪਾਸ ਆਪਣੀ ਇੱਛਾ ਜ਼ਾਹਿਰ ਕੀਤੀ। ਨਰਿੰਦਰ ਸਿੰਘ ਨੇ ਹਾਮੀ ਭਰੀ ਤੇ ਹਰਜਿੰਦਰ ਸਿੰਘ ਨੇ ਅੰਮ੍ਰਿਤਸਰ ਸਾਹਿਬ ਵਿਖੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿੱਚ ਕੀਰਤਨ ਦੀ ਕਲਾਸ ਵਿੱਚ ਦਾਖ਼ਲਾ ਲੈ ਲਿਆ। ਉਨ੍ਹੀਂ ਦਿਨੀਂ ਕਾਲਜ ਦੇ ਪ੍ਰਿੰ. ਪ੍ਰਸਿੱਧ ਵਿਦਵਾਨ ਸ. ਹਰਭਜਨ ਸਿੰਘ ਜੀ ਸਨ ਅਤੇ ਕੀਰਤਨ ਕਲਾਸ ਦੇ ਅਧਿਆਪਕ ਗਿਆਨੀ ਅਵਤਾਰ ਸਿੰਘ ਜੀ ਸਨ। ਜਦੋਂ ਮੈਂ ਧਰਮ ਪ੍ਰਚਾਰ ਕਮੇਟੀ ਸ਼੍ਰੋ. ਗੁ. ਪ੍ਰਬੰਧਕ ਕਮੇਟੀ ਦਾ ਮੈਂਬਰ ਸਾਂ, ਓਦੋਂ ਪ੍ਰਿੰ. ਹਰਭਜਨ ਸਿੰਘ ਮੇਰੇ ਨਾਲ ਸਹਿਯੋਗੀ ਮੈਂਬਰ ਸਨ। ਇਸ ਬੈਚ ਵਿੱਚ ਇਕ ਨੌਜਵਾਨ ਨਿਹੰਗ ਸਿੰਘ ਨੇ ਦਾਖਲਾ ਲਿਆ। ਉਸਦਾ ਝਗੜਾ ਪ੍ਰਿੰ. ਸਾਹਿਬ ਨਾਲ ਹੋਣ ਕਾਰਨ 6 ਕੁ ਮਹੀਨੇ ਪਹਿਲਾਂ ਹੀ ਕੋਰਸ ਸਮਾਪਤ ਕਰ ਦਿੱਤਾ ਗਿਆ। ਪਰ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਾਪਤ ਹੋ ਗਏ। ਹਰਜਿੰਦਰ ਸਿੰਘ ਮੁੱਢਲੀ ਲਾਗ ਅਤੇ ਮਨ ਵਿੱਚ ਕੁਝ ਕਰਨ ਦੀ ਤੀਬਰ ਇੱਛਾ ਕਾਰਨ ਫਸਟ ਕਲਾਸ ਫਸਟ ਆਇਆ। ਹਰਜਿੰਦਰ ਸਿੰਘ ਦੇ ਪ੍ਰਾਧਿਆਪਕ ਕਿਹਾ ਕਰਦੇ ਸਨ ਕਿ ਕੋਰਸਾਂ ਦੀ ਸਿਖਲਾਈ ਨਾਲੋਂ ਅਧਿਆਪਕ ਦੀਆਂ ਅਸੀਸਾਂ ਵਧੇਰੇ ਕਾਰਗਰ ਹੁੰਦੀਆਂ ਹਨ। ਇਹ ਗੱਲ ਹਰਜਿੰਦਰ ਸਿੰਘ ਦੇ ਦਿਲ ਵਿੱਚ ਘਰ ਕਰ ਗਈ। ਅੱਜ ਵੀ ਇਸ ਗੱਲ ਦਾ ਜ਼ਿਕਰ ਕਰਦਿਆਂ ਹਰਜਿੰਦਰ ਸਿੰਘ ਦੀਆਂ ਅੱਖਾਂ ਵਿੱਚ ਜਿੱਥੇ ਇਕ ਉਚੇਚੀ ਚਮਕ ਸੀ ਉੱਥੇ ਸਤਿਕਾਰ ਨਾਲ ਅੱਖਾਂ ਭਰ ਆਈਆਂ।
ਸੰਨ 1979 ਵਿੱਚ ਭਾਈ ਹਰਜਿੰਦਰ ਸਿੰਘ ਨੇ ਆਪਣੇ ਛੋਟੇ ਭਾਈ ਮਨਿੰਦਰ ਸਿੰਘ ਨੂੰ ਨਾਲ ਲੈ ਕੇ ਕੀਰਤਨੀ ਜੱਥਾ ਤਿਆਰ ਕਰ ਲਿਆ। ਇਹ ਨੌਜਵਾਨ ਜੱਥਾ ਮਾਡਲ ਟਾਊਨ ਜਲੰਧਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਖੇ ਪੁੱਜਾ ਕਿ ਸਾਨੂੰ ਕੀਰਤਨ ਦੀ ਸੇਵਾ ਤੇ ਲਾਇਆ ਜਾਵੇ। ਸਬੱਬ ਨਾਲ ਉੱਥੇ ਭਾਈ ਗੁਰਮੇਜ ਸਿੰਘ ਜੀ ਪੁੱਜੇ ਹੋਏ ਸਨ। ਉਨ੍ਹਾਂ ਨੇ ਦੋ ਕੁ ਦਿਨ ਇਨ੍ਹਾਂ ਪਾਸੋਂ ਕੀਰਤਨ ਸੁਨਣ ਮਗਰੋਂ ਰਾਏ ਦਿੱਤੀ ਕਿ ਭਾਈ ਸਾਹਿਬ ਤੁਸੀਂ ਕਿਤੇ ਕੀਰਤਨ ਦੀ ਡਿਊਟੀ ਲਓ, ਜਿੱਥੇ ਤੁਹਾਨੂੰ ਵਧੇਰੇ ਤਿਆਰੀ ਕਰਨ ਦਾ ਮੌਕਾ ਮਿਲੇ। ਤਦ ਭਾਈ ਸਾਹਿਬ ਨੇ ਆਖਿਆ ਕਿ ਤੁਸੀ ਸ੍ਰੀ ਨਗਰ ਕਸ਼ਮੀਰ ਚਲੇ ਜਾਉ ਉੱਥੇ ਸੰਗਤ ਦਾ ਇਕੱਠ ਐਤਵਾਰ ਨੂੰ ਹੀ ਹੁੰਦਾ ਹੈ। ਇਸ ਪ੍ਰਕਾਰ ਤੁਹਾਨੂੰ ਤਿਆਰੀ ਦਾ ਵੀ ਖੁੱਲ੍ਹਾ ਸਮਾਂ ਮਿਲ ਜਾਵੇਗਾ। ਤੁਸੀਂ ਇਸ ਤਰ੍ਹਾਂ ਕਰੋ ਕਿ ਭਾਈ ਗੁਰਮੇਲ ਸਿੰਘ ਹੋਰਾਂ ਨੂੰ ਮਿਲ ਲਉ। ਉਨ੍ਹਾਂ ਪਾਸੋਂ ਵਾਕਫ਼ੀਅਤ ਦੀ ਚਿੱਠੀ ਲੈ ਕੇ ਸ੍ਰੀ ਨਗਰ ਚਲੇ ਜਾਉ।
ਭਾਈ ਹਰਜਿੰਦਰ ਸਿੰਘ, ਹਜ਼ੂਰੀ ਰਾਗੀ ਭਾਈ ਗੁਰਮੇਲ ਸਿੰਘ ਨੂੰ ਮਿਲਣ ਵਾਸਤੇ ਅੰਮ੍ਰਿਤਸਰ ਪੁੱਜੇ। ਉਸ ਵੇਲੇ ਉਹ ਸ੍ਰੀ ਦਰਬਾਰ ਸਾਹਿਬ ਕੀਰਤਨ ਕਰਨ ਜਾ ਰਹੇ ਸੀ। ਕਿਸੇ ਤਰ੍ਹਾਂ ਹਰਜਿੰਦਰ ਸਿੰਘ ਨੂੰ ਪੈਂਟ ਬੁਰਸ਼ਟ ਦੀ ਥਾਂ ਆਪਣੇ ਜੋੜੀ ਵਾਲੇ ਦਾ ਕੁੜਤਾ ਪਜਾਮਾ ਪੁਆ ਕੇ ਆਪਣੇ ਨਾਲ ਹੀ ਲੈ ਗਏ। ਭਾਈ ਸਾਹਿਬ ਖੁੱਦ ਖੱਬੇ ਪਾਸੇ ਬੈਠੇ ਅਤੇ ਹਰਜਿੰਦਰ ਸਿੰਘ ਨੂੰ ਵਿਚਾਲੇ ਬਿਠਾ ਕੇ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਲਈ ਪ੍ਰੇਰਿਆ ਅਤੇ ਹੌਂਸਲਾ ਵੀ ਦਿੱਤਾ। ਬਸ ਉਹ ਸ਼ੁਭ ਦਿਹਾੜਾ ਸੀ ਕਿ ਹੁਣ ਨੌਜਵਾਨ ਹਰਜਿੰਦਰ ਸਿੰਘ ਗੁਰੂ ਕਾ ਕੀਰਤਨੀਆ ਭਾਈ ਹਰਜਿੰਦਰ ਸਿੰਘ ਬਣ ਗਿਆ। ਭਾਈ ਸਾਹਿਬ ਨੇ ਹਰਜਿੰਦਰ ਨੂੰ ਸ੍ਰੀ ਨਗਰ ਜਾਣ ਲਈ ਚਿੱਠੀ ਦਿੱਤੀ ਅਤੇ ਨਾਲ ਹੀ ਤਾਕੀਦ ਕੀਤੀ ਕਿ ਤੁਸੀਂ ਨੌਜਵਾਨ ਹੋ ਆਪਣੇ ਆਪ ਨੂੰ ਸੰਭਾਲ ਕੇ ਰੱਖਿਉ ਤੇ ਮੇਰੇ ਨਾਂ ਨੂੰ ਲਾਜ ਨਾ ਲਾਇਉ।
ਭਾਈ ਗੁਰਮੇਲ ਸਿੰਘ ਜੀ ਨੇ ਸ੍ਰੀ ਨਗਰ ਦੇ ਪ੍ਰਬੰਧਕਾਂ ਪਾਸ ਭਾਈ ਹਰਜਿੰਦਰ ਸਿੰਘ ਨੂੰ ਚਿੱਠੀ ਦੇ ਕੇ ਭੇਜਿਆ। ਜਦੋਂ ਇਹ ਸ੍ਰੀ ਨਗਰ ਰਵਾਨਾ ਹੋਏ ਤਾਂ ਇਨ੍ਹਾਂ ਪਾਸ ਚੱਜ ਦੇ ਕੱਪੜੇ ਵੀ ਨਹੀਂ ਸਨ ਤੇ ਨਾ ਹੀ ਰਾਗੀ ਸਿੰਘਾਂ ਵਰਗੇ ਕੁੜਤੇ ਪਜਾਮੇ ਸਨ। ਪੈਰਾਂ ਵਿੱਚ ਇਕ ਆਮ ਜਿਹੀ ਵੀ ਸ਼ੇਪ, ਹਵਾਈ ਚੱਪਲ ਸੀ। ਪਰ ਅੰਦਰ ਇਹ ਸੰਤੁਸ਼ਟੀ ਸੀ ਕਿ ਮਨੂਆ ਉੱਚੀਆਂ ਉਡਾਰੀਆਂ ਮਾਰ ਰਿਹਾ ਸੀ। ਇਨ੍ਹਾਂ ਦੇ ਨਾਲ ਤਬਲੇ ਵਾਲਾ ਸਿੰਘ ਭਾਈ ਹਰਨਾਮ ਸਿੰਘ ਸੀ ਜੋ ਮਗਰੋਂ ਆਪਣਾ ਜੱਥਾ ਬਣਾ ਕੇ ਸੰਨ 2000 ਤੱਕ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹਜ਼ੂਰੀ ਰਾਗੀ ਦੀ ਸੇਵਾ ਕਰਦਾ ਰਿਹਾ ਤੇ ਹੁਣ ਫਿਰ ਦਰਬਾਰ ਸਾਹਿਬ ਦੀ ਸੇਵਾ ਵਿੱਚ ਹਨ। ਇਸ ਪ੍ਰਕਾਰ ਪੰਜ ਮਈ 1979 ਨੂੰ ਇਹ ਨੌਜਵਾਨ ਬੱਚਿਆਂ ਦਾ ਜੱਥਾ ਸ੍ਰੀ ਨਗਰ ਪੁੱਜਾ। ਪਿੱਛੋਂ ਇਹ ਦੋਵੇਂ ਜੱਥੇ ਸ੍ਰੀ ਨਗਰ ਵਾਲੇ ਕਰਕੇ ਜਾਣੇ ਜਾਣ ਲਗ ਪਏ।
ਗੁਰਦੁਆਰੇ ਦੇ ਪ੍ਰਧਾਨ ਸ. ਦਲੀਪ ਸਿੰਘ ਨੂੰ ਭਾਈ ਗੁਰਮੇਲ ਸਿੰਘ ਦੀ ਚਿੱਠੀ ਦਿੱਤੀ ਤੇ ਸਕੱਤਰ ਸ. ਜਨਕ ਸਿੰਘ ਨੇ ਦੋ ਕਮਰੇ ਖੋਲ੍ਹ ਕੇ ਇਨ੍ਹਾਂ ਨੂੰ ਦੇ ਦਿੱਤੇ। ਕੁਝ ਕੁ ਸਮਾਂ ਇਨ੍ਹਾਂ ਦੀ ਟਰਾਈ ਲੈਣ ਵਿੱਚ ਬੀਤਿਆ ਤੇ ਫਿਰ 1200 ਰੁਪਏ ਮਹੀਨੇ ਉੱਤੇ ਇਨ੍ਹਾਂ ਨੂੰ ਰੱਖ ਲਿਆ। ਗਿਆ। ਉੱਥੇ ਇਕ ਬੜੀ ਲਾਹੇਵੰਦ ਗੱਲ ਹੋਈ ਕਿ ਇਨ੍ਹਾਂ ਨੂੰ ਅਭਿਆਸ ਕਰਨ ਦਾ ਬੜਾ ਸਮਾਂ ਮਿਲਦਾ ਰਿਹਾ। ਜੱਥੇ ਦੇ ਤਿੰਨ ਸਿੰਘ ਤਕਰੀਬਨ ਸਾਰਾ ਦਿਨ ਕਮਰੇ ਵਿੱਚ ਹੀ ਬੰਦ ਰਹਿੰਦੇ। ਸ਼ਬਦ ਯਾਦ ਕਰਕੇ ਕੀਰਤਨ ਅਭਿਆਸ ਕਰਦੇ ਤੇ ਨਾਲ ਹੀ ਆਸਾ ਦੀ ਵਾਰ ਵੀ ਕੰਠ ਕਰ ਲਈ। ਸੰਗਤ ਨੇ ਇਨ੍ਹਾਂ ਨੂੰ ਉੱਥੇ ਬਹੁਤ ਪਿਆਰ ਦਿੱਤਾ। ਅੰਦਰ ਵੜ੍ਹ ਕੇ ਕੀਤੀ ਹੋਈ ਮਿਹਨਤ ਨੇ ਸੰਗਤ ਉੱਤੇ ਵੀ ਬੜਾ ਹਾਂ ਪੱਖੀ ਪ੍ਰਭਾਵ ਛੱਡਿਆ।
ਪ੍ਰਸਿੱਧ ਵਿਦਵਾਨ ਮੇਰੇ ਵੱਡੇ ਵੀਰ ਪ੍ਰਿੰ. ਸਤਿਬੀਰ ਸਿੰਘ ਜੀ ਹਰ ਸਾਲ ਗਰਮੀਆਂ ਵਿੱਚ ਸ੍ਰੀਨਗਰ ਤੇ ਪਹਿਲਗਾਮ ਜਾਇਆ ਕਰਦੇ। ਉਹ ਹੱਸ ਕੇ ਆਖਿਆ ਕਰਦੇ ਸਨ ਕਿ ਮੈਂ ਜੂਨ ਕੱਟਣ ਇੱਥੇ ਆਉਂਦਾ ਹਾਂ ਤੇ ਉਹ ਜੂਨ ਸਫਲ ਹੀ ਕਰ ਗਏ। ਇਸ ਨਾਲ ਹੀ ਇਕ ਹੋਰ ਪੁਸਤਕ ਤਿਆਰ ਕਰ ਲਿਆਉਂਦੇ ਅਤੇ ਅਗਲੀ ਪੁਸਤਕ ਦੀ ਜਿਵੇਂ ਨੀਂਹ ਰੱਖੀ ਜਾਂਦੀ। ਉਨ੍ਹੀਂ ਦਿਨੀਂ ਪ੍ਰਿੰ. ਸਤਿਬੀਰ ਸਿੰਘ ਨੇ ਗਿਆਨੀ ਹਰਜਿੰਦਰ ਸਿੰਘ ਨੂੰ ਸੁਣਿਆ । ਉਨ੍ਹਾਂ ਨੇ ਕਿਹਾ ਕਿ ਤੁਸੀਂ ਜੇ ਦਰਬਾਰ ਾਸਹਿਬ ਕੀਰਤਨ ਕਰੋ ਤਾਂ ਚੰਗਾ ਰਹੇਗਾ। ਪ੍ਰਿੰ. ਸਾਹਿਬ ਨੇ ਇਨ੍ਹਾਂ ਨੂੰ ਇਕ ਚਿੱਠੀ ਸ. ਗੁਰਚਰਨ ਸਿੰਘ ਜੀ ਟੋਹੜਾ ਵੱਲ ਦਿੱਤੀ ਕਿ ਤੁਸੀ ਸ਼ਰੋਮਣੀ ਕਮੇਟੀ ਦੀ ਸੇਵਾ ਵਿੱਚ ਆ ਜਾਉ ਅਤੇ ਸ੍ਰੀ ਦਰਬਾਰ ਸਾਹਿਬ ਕੀਰਤਨ ਕਰੋ। ਉਧਰੋਂ ਗੁਰਦਵਾਰਾ ਸ੍ਰੀ ਕਲਗੀਧਰ ਸਿੰਘ ਸਭਾ ਦੇ ਜਨਰਲ ਸਕੱਤਰ ਗਿਆਨੀ ਰਾਜਿੰਦਰ ਸਿੰਘ ਵਪਾਰ ਦੇ ਸੰਬੰਧ ਵਿੱਚ ਸ੍ਰੀਨਗਰ ਜਾਇਆ ਕਰਦੇ ਸਨ। ਉਨ੍ਹਾਂ ਨੇ ਵੀ ਭਾਈ ਹਰਜਿੰਦਰ ਨੂੰ ਲੁਧਿਆਣੇ ਕੀਰਤਨ ਦੀ ਸੇਵਾ ਕਰਨ ਵਾਸਤੇ ਕਿਹਾ। ਹੁਣ ਇਨ੍ਹਾਂ ਦਾ ਮਨ ਬਣ ਗਿਆ ਅਤੇ ਪੂਰੇ 2 ਵਰ੍ਹਿਆਂ ਮਗਰੋਂ ਇਹ ਵਾਪਸ ਲੁਧਿਆਣੇ (ਪੰਜਾਬ) ਆ ਗਏ। ਲੁਧਿਆਣੇ ਆ ਕੇ ਇਹ ਸਬਜ਼ੀ ਮੰਡੀ ਦੇ ਜਰਨਲ ਸਕੱਤਰ ਸਰਦਾਰ ਗੁਲਾਬ ਸਿੰਘ ਨੂੰ ਮਿਲੇ। ਉੱਥੇ ਹਫ਼ਤਾ ਕੁ ਕੀਰਤਨ ਕੀਤਾ, ਕੋਈ ਸੰਤੋਸ਼ਜਨਕ ਜਵਾਬ ਨਾ ਮਿਲਣ ਤੇ ਭਾਈ ਜੀ ਨੇ ਸ਼ਰੋਮਣੀ ਕਮੇਟੀ ਜਾਣ ਦੀ ਗੱਲ ਕਹੀ ਤਾਂ ਸਰਦਾਰ ਗੁਲਾਬ ਸਿੰਘ ਨੇ ਉਨ੍ਹਾਂ ਨੂੰ ਕੀਰਤਨ ਦੀ ਸੇਵਾ ਵਿੱਚ ਲਾ ਲਿਆ। ਇੱਥੇ ਉਹ ਤਕਰੀਬਨ ਚਾਰ ਸਾਲ ਕੀਰਤਨ ਕਰਦੇ ਰਹੇ। ਉਨ੍ਹੀਂ ਦਿਨੀ ਸਬਜ਼ੀ ਮੰਡੀ ਵਿਖੇ ਭਾਈ ਇਕਬਾਲ ਸਿੰਘ ਅਵਤਾਰ ਸਿੰਘ ਜੀ: ਕੀਰਤਨ ਕਰਦੇ ਸਨ। ਸੰਗਤ ਨੇ ਬੜਾ ਪਿਆਰ ਦਿੱਤਾ ਤੇ ਜਾਣ ਪਛਾਣ ਵਧੀ। ਮਹਿੰਦਰਾ ਆਰਟ ਪ੍ਰੈਸ ਵਾਲਿਆਂ ਨੇ ਇਨ੍ਹਾਂ ਨੂੰ ਸ਼ਨਾਖਤੀ ਕਾਰਡ ਛਾਪ ਕੇ ਦਿੱਤੇ ਜਿਸ ਵਿੱਚ ਇਨ੍ਹਾਂ। ਦਾ ਨਾਂ ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲੇ ਲਿਖਿਆ ਸੀ। ਭਾਈ ਸਾਹਿਬ ਨੂੰ ਤਾਂ ਪਤਾ ਲੱਗਾ ਕਿ ਅਸੀ ਸ੍ਰੀਨਗਰ ਵਾਲੇ ਹਾਂ। ਉਸ ਤੋਂ ਬਾਅਦ ਤਿੰਨ ਸਾਲ ਗੁਰਦੁਆਰਾ ਕਲਗੀਧਰ ਸਿੰਘ ਸਭਾ ਵਿਖੇ ਕੀਰਤਨ ਦੀ ਸੇਵਾ ਨਿਭਾਈ।
ਭਾਈ ਜੀ ਨੇ ਸ੍ਰੀ ਸੋਮਨਾਥ ਕੈਸਟਾਂ ਵਾਲੇ ਦੇ ਕਹਿਣ ਤੇ ਇਕ ਕੈਸਟ ਗੀਤਾਂ ਦੀ ਕੱਢੀ ਜਿਸ ਨਾਲ ਜਨਤਾ ਵਿੱਚ ਆਮ ਵਾਕਫ਼ੀਅਤ ਹੋ ਗਈ ਅਤੇ ਉਸ ਤੋਂ ਬਾਅਦ ਲਗਾਤਾਰ ਇਨ੍ਹਾਂ ਦੀਆਂ ਛੇ ਕੈਸਟਾਂ ਆਈਆਂ। ਇਕ ਕੈਸਟ “ਗੱਲੀਂ ਜੋਗ ਨਾ ਹੋਏ”। ਜਿਸ ਨਾਲ ਇਨ੍ਹਾਂ ਦੀ ਬੜੀ ਮਸ਼ਹੂਰੀ ਹੋਈ। ਇਸ ਤੋਂ ਬਾਅਦ ਭਾਈ ਜੀ ਨੇ ਗੁਰਦੁਆਰਾ ਕਲਗੀਧਰ ਦੀ ਸੇਵਾ ਤੋਂ ਛੁੱਟੀ ਮੰਗ ਲਈ ਕਿ ਮੈਂ ਡਿਊਟੀ ਪੂਰੀ ਤਰ੍ਹਾਂ ਨਹੀਂ ਕਰ ਰਿਹਾਂ। ਇਸ ਲਈ ਮੈਨੂੰ ਛੁੱਟੀ ਦੇ ਦਿੱਤੀ ਜਾਵੇ।
ਗੁਰਦੁਆਰਾ ਕਲਗੀਧਰ ਸਿੰਘ ਸਭਾ ਤੋਂ ਇਕ ਵੱਡਾ ਲਾਭ ਭਾਈ ਜੀ ਨੂੰ ਇਹ ਹੋਇਆ ਕਿ ਇਨ੍ਹਾਂ ਨੇ ਸੰਗਤ ਦੀ ਆਤਮਕ ਸੰਤੁਸ਼ਟੀ ਲਈ ਗੁਰਬਾਣੀ ਦਾ ਅਧਿਐਨ ਕੀਤਾ ਤੇ ਭਲੀ ਪ੍ਰਕਾਰ ਗੁਰਬਾਣੀ ਦੇ ਅਰਥ ਵੀ ਸਮਝੇ। ਇੱਥੇ ਭਾਈ ਜੀ ਨੇ ਫਿਰ ਪ੍ਰਿੰ. ਸਤਿਬੀਰ ਸਿੰਘ ਜੀ ਨੂੰ ਯਾਦ ਕੀਤਾ ਕਿ ਉਨ੍ਹਾਂ ਨੇ ਹੀ ਇਹ ਪ੍ਰੇਰਣਾ ਦਿੱਤੀ ਕਿ ਮਿਲਦੀ ਜੁਲਦੀ ਭਾਵਨਾ ਵਾਲੇ ਸ਼ਬਦਾਂ ਦਾ ਕੀਰਤਨ ਸੰਗਤ ਤੇ ਵਧੇਰੇ ਅਸਰ ਪਾਉਂਦਾ ਹੈ । ਭਾਈ ਜੀ ਸੰਗਤ ਨੂੰ ਸਹੀ ਮਹਿਨਿਆਂ ਵਿੱਚ ਗੁਰੂ ਰੂਪ ਮੰਨਦੇ ਹਨ ਤੇ ਆਖਦੇ ਹਨ ਕਿ ਅਸੀ ਸੰਗਤ ਪਾਸੋਂ ਹੀ ਸਿੱਖਦੇ ਹਾਂ।
ਭਾਈ ਹਰਜਿੰਦਰ ਸਿੰਘ ਜੀ ਨੇ ਦੱਸਿਆ ਕਿ ਉਨ੍ਹਾਂ ਦੀਆਂ 90 ਕੈਸਟਾਂ ਹੁਣ ਤੱਕ ਆ ਚੁੱਕੀਆਂ ਹਨ। ਬਾਹਰਲੇ ਤਕਰੀਬਨ ਸਾਰੇ ਸਿੱਖ ਵਸੋਂ ਵਾਲੇ ਦੇਸ਼ਾਂ ਵਿੱਚ ਕਈ ਵਾਰੀ ਹੋ ਆਏ ਹਨ। ਮੈਂ ਪੁੱਛਿਆ ਕਿ ਫ਼ਿਲਮੀ ਤਰਜ਼ਾਂ ਬਾਰੇ ਤੁਹਾਡਾ ਕੀ ਖਿਆਲ ਹੈ ਤਾਂ ਕਹਿਣ ਲੱਗੇ ਕਿ ਭਾਈ ਸੁਰਜਨ ਸਿੰਘ ਨੇ ਵੀ ਬਾਣੀ ਦਾ ਸ਼ਬਦ ‘ਪ੍ਰਭ ਜੀ ਤੂੰ ਮੇਰੇ ਪ੍ਰਾਣ ਅਧਾਰੇ” ਫਿਲਮੀ ਗਾਣੇ- ਆਵਾਜ਼ ਦੇ ਕਹਾਂ ਹੈ ਦੀ ਤਰਜ਼ ਤੇ ਗਾਇਆ ਹੈ। ਭਾਈ ਬਖ਼ਸ਼ੀਸ਼ ਸਿੰਘ ਵੀ ਫਿਲਮੀ ਤਰਜ਼ ਤੇ ਕੋਈ-ਕੋਈ ਸ਼ਬਦ ਗਾਇਆ ਕਰਦੇ ਸਨ। ਪਰ ਉਨ੍ਹਾਂ ਦੀ ਇਕ ਵਿਸ਼ੇਸ਼ਤਾ ਇਹ ਸੀ ਕਿ ਉਹ ਉਸ ਗਾਣੇ ਦਾ ਸਿਰਫ਼ ਰਾਗਮਈ ਅੰਗ ਲੈਂਦੇ ਸਨ ਕੋਝੀ ਨਕਲ ਨਹੀਂ ਸਨ ਕਰਦੇ। ਮੈਂ ਆਖਿਆ ਕਿ ਭਾਈ ਅਮਰੀਕ ਸਿੰਘ ਜ਼ਖ਼ਮੀ ਖਾਲਸਾ। ਕਾਲਜ ਜਲੰਧਰ ਵਿਖੇ ਮੇਰੇ ਜਮਾਤੀ ਸਨ। ਉਨ੍ਹਾਂ ਦੇ ਸਤਿਕਾਰਯੋਗ ਪਿਤਾ ਭਾਈ ਧਰਮ ਸਿੰਘ ਜੀ ਜ਼ਖ਼ਮੀ ਨੇ ਗੁਰਬਾਣੀ ਸ਼ਬਦ ਤੇਰਾ ਨਾਮ ਹੈ ਆਧਾਰਾ ਫਿਲਮੀ ਗਾਣੇ- ਆਏਗਾ। ਆਨੇ ਵਾਲਾ ਦੀ ਤਰਜ਼ ਉੱਤੇ ਮੇਰੇ ਘਰ ਕਾਨਪੁਰ ਵਿਖੇ ਸੁਣਾਇਆ। ਤਾਂ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਭਾਈ ਸਾਨੂੰ ਅਜਿਹਾ ਬਿਲਕੁਲ ਨਹੀਂ ਕਰਨਾ ਚਾਹੀਦਾ। ਮੇਰੀ ਗੱਲ ਉਨ੍ਹਾਂ ਨੇ ਠਰੰਮੇ ਨਾਲ ਸੁਣੀ ਤੇ ਉੱਤਰ ਇਹੀ ਦਿੱਤਾ ਕਿ ਅਸੀ ਕਿਤੇ ਕੋਈ ਅੰਗ ਹੀ ਇਸਤੇਮਾਲ ਕਰਦੇ ਹਾਂ। ਮੈਂ ਭਾਈ ਹਰਜਿੰਦਰ ਸਿੰਘ ਨੂੰ ਬੇਨਤੀ ਕੀਤੀ ਜੇ ਅਸੀ ਇਸ ਰੌਂ ਨੂੰ ਠੱਲ੍ਹ ਨਾ ਪਾਈ ਤਾਂ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਪੋਪ ਸੰਗੀਤ ਗਾਇਆ ਜਾਣ ਲਗ ਪਵੇਗਾ। ਉਹ ਚੁੱਪ ਕਰ ਗਏ। ਅੱਜ ਇਹ ਭਵਿੱਖਬਾਣੀ ਸੱਚ ਹੋਈ ਹੈ ਕਿ ਗੁਰੂ ਦੇ ਕੀਰਤਨੀਏ (ਮੈਂ ਇੱਥੇ ਨਾਮ ਨਹੀਂ ਦੇਣਾ ਚਾਹੁੰਦਾ) ਅਤਿ ਸਤਿਕਾਰਯੋਗ ਗੁਰਬਾਣੀ ਦਾ ਸ਼ਬਦ “ਜਿਨਿ ਸਿਰ ਸਹੁਨ ਪੱਟੀਆਂ ਮਾਂਗੀ ਪਾਏ ਸੰਦੂਰ” ਪੋਪ ਸੰਗੀਤ ਦੀ ਤਰਜ਼ ਤੇ ਬੜੇ ਚਾਅ ਨਾਲ ਗਾਉਂਦੇ ਹਨ। ਇਸ ਪਾਪ ਨੂੰ ਸਾਨੂੰ ਰੋਕਣਾ ਹੀ ਹੋਵੇਗਾ।
ਭਾਈ ਜੀ ਮੇਰੇ ਪੁੱਛਣ ਤੇ ਦਸ ਰਹੇ ਸਨ ਕਿ ਪ੍ਰਧਾਨ ਗੁਰਬਾਣੀ ਹੈ। ਰਾਗ ਸੋਨਾ ਹੈ ਤੇ ਬਾਣੀ ਹੀਰਾ। ਗੁਰਬਾਣੀ ਦਾ ਉਚਾਰਣ ਸ਼ੁੱਧ ਹੋਣਾ ਚਾਹੀਦਾ ਹੈ ਨਹੀਂ ਤਾਂ ਸਰੋਤੇ ਉਖੜ ਜਾਂਦੇ ਹਨ। ਕਈ ਕੀਰਤਨੀਏ ਸ਼ਬਦ ਤਾਂ ਚੰਗਾ ਗਾਉਂਦੇ ਹਨ ਪਰ ਬਾਣੀ ਸਪੱਸ਼ਟ ਨਹੀਂ ਹੁੰਦੀ। ਇਸ ਸੰਬੰਧ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਕੀਰਤਨ ਸੰਬੰਧੀ ਟਰੇਨਿੰਗ ਕੈਂਪ ਵੀ ਲਗਾ ਰਹੇ ਹਨ। ਠੀਕ ਹੈ! ਪਰ ਮੈਨੂੰ ਇਸਦਾ ਕਿਧਰੇ ਅਸਰ ਤਾਂ ਨਜ਼ਰ ਨਹੀਂ ਆ ਰਿਹਾ।
ਭਾਈ ਹਰਜਿੰਦਰ ਸਿੰਘ ਜੀ ਦੀ ਧਰਮ ਪਤਨੀ ਪੂਰਾ ਸਾਥ ਦਿੰਦੇ ਹਨ, ਉਨ੍ਹਾਂ ਦਾ ਨਾਂ ਬੀਬੀ ਬਲਜੀਤ ਕੌਰ ਹੈ। ਤਿੰਨ ਬੱਚੇ ਦੋ ਬੇਟੇ ਅਤੇ ਇਕ ਬੇਟੀ ਹੈ। ਮੇਰੇ ਪੁੱਛਣ ਤੇ ਉਨ੍ਹਾਂ ਦੱਸਿਆ ਕਿ ਸਫਲਤਾ ਤਾਂ ਗੁਰੂ ਨੇ ਬਖ਼ਸ਼ੀ ਹੈ। ਪਰ ਇਕ ਕੀਰਤਨੀਆ ਹੋਣ ਦੇ ਕੌੜੇ ਤਜ਼ਰਬੇ ਮੈਨੂੰ ਮਜਬੂਰ ਕਰਦੇ ਹਨ ਕਿ ਮੇਰੇ ਬੱਚੇ ਕੀਰਤਨ ਨਾਲ ਤਾਂ ਜੁੜਨ ਪਰ ਕੀਰਤਨ ਨੂੰ ਆਪਣਾ ਕਿੱਤਾ ਨਾ ਬਣਾਉਣ। ਇੱਕ ਭਾਈ ਜੀ ਨੇ ਵੱਡੇ ਘੇਰੇ ਵਾਲੀ ਜੱਥੇਬੰਦੀ ਇੰਟਰਨੈਸ਼ਨਲ ਰਾਗੀ ਸਭਾ ਬਣਾਈ ਸੀ ਜੋ ਉਨ੍ਹਾਂ ਦੇ ਕਹੇ ਅਨੁਸਾਰ ਮਹਾਂਰਥੀਆਂ ਦੀ ਹਉਂ ਕਾਰਨ ਸਫਲ ਨਾ ਹੋ ਸਕੀ। ਹੁਣ ਇੱਥੇ ਲੁਧਿਆਣੇ ਤੇ ਆਸ ਪਾਸ ਦੇ ਕੀਰਤਨੀਆਂ ਦੀ ਇਕ ਜੱਥੇਬੰਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸੌ ਸਾਲਾ ਪਵਿੱਤਰ ਪੁਰਬ ਨੂੰ ਸਮਰਪਿਤ ਸ਼ਬਦ ਗੁਰੂ ਪ੍ਰਚਾਰ ਸੰਸਥਾ ਬਣਾਈ। ਮੈਂ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਇਨ੍ਹਾਂ ਨੂੰ ਹਰ ਪ੍ਰਕਾਰ ਨਾਲ ਸਹਾਈ ਹੋਵੇ।
ਮੈਂ ਇਹਨਾਂ ਦੋ ਚੜ੍ਹਦੇ ਸਿਤਾਰੇ ਵਰਗੇ ਕੀਰਤਨੀਆਂ ਸਬੰਧੀ ਇਸ ਕਿਤਾਬ ਵਿੱਚ ਲਿਖਿਆ ਹੈ। ਇਹਨਾਂ ਦੋਹਾਂ ਪਿਆਰੇ ਨੌਜਵਾਨਾਂ ਨੇ ਫਿਲਮੀ ਤਰਜ਼ਾਂ ਦੀ ਹਮਾਇਤ ਕੀਤੀ ਹੈ। ਮੇਰੇ ਹੈਰਾਨੀ ਪ੍ਰਗਟ ਕਰਨ ਤੇ ਫਿਲਮੀ ਤਰਜ਼ਾਂ ਦੇ ਅੰਗ ਸ਼ਬਦਾਂ ਵਿੱਚ ਲਾਉਣ ਦੀ ਵਕਾਲਤ ਵੀ ਕੀਤੀ। ਮੇਰੇ ਲਈ ਇਹ ਬੜੀ ਹੈਰਾਨੀ ਦੀ ਗੱਲ ਹੈ।
ਗੁਰਮਤਿ ਸੰਗੀਤ ਆਪਣੇ ਆਪ ਵਿੱਚ ਇਕ ਸੰਪੂਰਨ ਵਿਚਾਰ ਹੀ ਨਹੀਂ ਬਲਕਿ ਬਹੁਤ ਮਜਬੂਤ ਆਧਾਰ ਤੇ ਉਸਰਿਆ ਇਕ ਵੱਡਾ ਮਹਲ ਹੈ। ਇਸਦੇ ਅੰਦਰ ਰਾਗਾਂ ਦੀ ਵਰਤੋਂ ਸਤਿਗੁਰਾਂ ਨੇ ਬੜੇ ਇਹਤਿਆਤ ਨਾਲ ਕੀਤੀ ਹੈ। ਉਦਾਹਰਣ ਵਜੋਂ ਦੀਪਕ ਰਾਗ ਉਤੇਜਨਾ ਵਾਲਾ ਰਾਗ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਸਨੂੰ ਗਉੜੀ ਨਾਲ ਮਿਲਾ ਕੇ ਗਉੜੀ ਦੀਪਕੀ ਦਾ ਪ੍ਰਯੋਗ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਗਉੜੀ ਦੇ ਸੱਤ ਅੰਗ ਹਨ, ਸੱਤ ਰੰਗ ਹਨ। ਇਸਦੇ ਨਾਲ ਦੀਪਕ ਨੂੰ ਦੀਪਕੀ ਬਣਾ ਦਿੱਤਾ ਹੈ। ਹੁਣ ਇਹ ਰਾਗ ਚਾਨਣ ਤਾਂ ਕਰੇਗਾ, ਪਰ ਉਤੇਜਨਾ ਨਹੀਂ।
ਇਕ ਹੋਰ ਬੜੀ ਮਜ਼ੇਦਾਰ ਗੱਲ ਹੈ ਕਿ ਟੋਡੀ ਜਾਂ ਟੋੜੀ ਰਾਗਨੀ ਹੈ, ਪਰ ਗੁਰੂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਟੋਡੀ ਨੂੰ ਰਾਗ ਟੋਡੀ ਕਰਕੇ ਲਿਖਿਆ ਹੈ। ਕਿਤਨੇ ਸਹਿਜ ਸੁਭਾਏ ਗੁਰੂਦੇਵ ਕਿਤਨੀ ਵੱਡੀ ਕਰਾਂਤੀ ਕਰ ਦਿੱਤੀ। ਗੁਰੂ ਪਾਤਸ਼ਾਹਾਂ ਦੀ ਇਹ ਬਾਕਮਾਲ ਗੱਲ ਪੂਰੇ ਜਮਾਲ ਤੇ ਜਲਾਲ ਨਾਲ ਸੰਸਾਰ ਦੇ ਸਾਹਮਣੇ ਆਣੀ ਚਾਹੀਦੀ ਹੈ। ਕੁਝ ਰਾਗਾਂ ਨੂੰ ਗੁਰਬਾਣੀ ਵਿੱਚ ਬਿਲਕੁਲ ਇਸਤੇਮਾਲ ਨਹੀਂ ਕੀਤਾ ਗਿਆ। ਇਹ ਵਡਿਆਈ ਹੈ ਸਭ ਤੋਂ ਵੱਡੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ। ਉਹਨਾਂ ਨੇ ਰਾਗ ਰਾਗਣੀਆਂ। ਨੂੰ ਵੇਸ਼ਵਾਵਾਂ ਤੇ ਤਵਾਇਫ਼ਾਂ ਦੇ ਕੋਠੇ ਤੋਂ ਲਾਹ ਕੇ ਸ੍ਰੀ ਦਰਬਾਰ ਸਾਹਿਬ ਵਿੱਚ ਬਿਠਾ ਪਵਿੱਤਰ ਕਰ ਦਿੱਤਾ ਹੈ। ਇਹੀ ਭਾਵਨਾ ਹੈ ਨਾਮ ਕਹਿਣ ਨਾਲ ਪਵਿੱਤਰ ਹੋ ਜਾਣ ਦੀ।
ਨਾਮ ਅੰਦਰ ਵਸਦਾ ਹੈ,
“ਝਿਮਿ ਝਿਮੇ ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ਰਾਮ ॥
ਤਦ ਉਹ ਡੂੰਘਾ ਆਤਮਾ ਤਕ ਧਸਦਾ ਹੈ। ਕੀਰਤਨ ਹੜ ਨਹੀਂ, ਕੀਰਤਨ ਫੁਹਾਰ ਹੈ। ਕੀਰਤਨ ਗੰਗਾ ਨੁਹਾਨ ਨਹੀਂ। ਇਹ ਜੀਓ ਦਾ ਆਧਾਰ ਤੇ ਉਧਾਰ ਹੈ, ਕੀਰਤਨ ਸਹਿਜੇ ਗਾਇਆ ਥਾਏਂ ਪੈਂਦਾ ਹੈ।
ਇਹ ਸਭ ਪਵਿੱਤਰ ਵਿਚਾਰ ਮੈਂ ਅਲਗ ਪੁਸਤਕ ਵਿੱਚ ਦੇਣ ਦਾ ਉਪਰਾਲਾ ਕੀਤਾ ਹੈ।
ਆਪਣੀ ਤੁਛ ਬੁਧੀ ਅਨੁਸਾਰ ਵਿਚਾਰ ਨੂੰ ਸਮੇਟਦਿਆਂ ਬੇਨਤੀ ਕਰਦਾ ਹਾਂ ਕਿ ਰਾਗ ਇਕ ਪਾਲਕੀ ਵਾਂਗ ਹੈ ਤੇ ਗੁਰਬਾਣੀ ਉਸਨੂੰ ਚੁਕ ਕੇ ਲਿਜਾ ਰਹੀ ਮਹਾਰਾਣੀ ਵਾਂਗੀ । ਰਾਗ ਰਾਸ ਪਾਏ ਘੋੜੇ ਵਾਂਗ ਹੈ । ਗੁਰਬਾਣੀ ਉਸ ਉਪਰ ਸਜੇ ਇਕ ਮਹਾਂਬੀਰ “ਸੂਰਬੀਰ ਬਚਨ ਕੇ ਬਲੀ” ਵਾਂਗ ਹੈ। ਰਾਗ ਭਾਈ ਮਰਦਾਨਾ ਜੀ ਵਾਂਗ ਹੈ ਤੇ ਗੁਰਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਵਾਂਗ। ਰਾਗ ਬੇਬੇ ਨਾਨਕੀ ਜੀ ਵਾਂਗ ਅਨੁਰਾਗ ਹੈ ਤੇ ਗੁਰਬਾਣੀ ਬੇਬੇ ਨਾਨਕੀ ਜੀ ਦੀ ਆਤਮਾ ਸਰੂਪ ਗੁਰੂ ਨਾਨਕ ਦੇਵ ਜੀ ਵਾਂਗ ।
ਕਿਸੇ ਕੀਰਤਨੀਏ ਜਾਂ ਸਬਦ ਗਾਇਨ ਵਾਲੇ ਦਾ ਇਹ ਕਹਿਣਾ ਕਿ ਕੀ ਕਰੀਏ ਜੀ, ਜੋ ਲੋਕਾਂ ਨੂੰ ਪਸੰਦ ਹੈ, ਅਸੀ ਉਹ ਗਾਂਦੇ ਹਾਂ। ਇਹ ਇਕ ਬੜਾ ਆਮਿਆਨਾ ਜਿਹਾ ਬਹਾਨਾ ਹੈ। ਗੁਰੂ ਪਾਤਸ਼ਾਹ ਨੇ ਕੀਰਤਨੀਆਂ ਨੂੰ “ਭਲੋ ਭਲੋ ਰੇ ਕੀਰਤਨੀਆ” ਕਰਕੇ ਸਨਮਾਨਿਆ ਹੈ। ਸਾਡਾ ਫ਼ਰਜ਼ ਹੈ ਕਿ ਅਸੀ ਇਸਦੇ ਉੱਤੇ ਪੂਰੇ ਉਤਰੀਏ।
ਕੈਪਟਨ ਸੰਤ ਸਿੰਘ
ਇਹਨਾਂ ਦਾ ਜਨਮ ਪਿੰਡ ਖੋਰੀਆਂ ਤਹਿਸੀਲ ਸ਼ਰਕਪੁਰ ਜ਼ਿਲ੍ਹਾ ਸ਼ੇਖੂਪੁਰਾ ਪਿਤਾ ਅਰੂੜ ਸਿੰਘ ਦੇ ਘਰ ਮਾਤਾ ਭੋਲੀ ਦੇਈ ਦੀ ਕੁੱਖੋਂ ਹੋਇਆ। ਸਰਦਾਰ ਅਰੂੜ ਸਿੰਘ ਰੱਜਿਆ ਪੁੱਜਿਆ ਜਿੰਮੀਦਾਰ ਸੀ । ਬਾਲਕ ਸੰਤ ਸਿੰਘ ਨੂੰ ਪੜ੍ਹਨੇ ਪਾਇਆ। ਸਕੂਲ ਸ਼ਰਕਪੁਰ ਘਰੋਂ ਅੱਠ ਮੀਲ ਦੂਰੀ ਤੇ ਸੀ। ਬਸ ਪੈਦਲ ਹੀ ਜਾਣਾ ਹੁੰਦਾ ਸੀ। ਪੜ੍ਹਾਈ ਵਿਚ ਮਨ ਨ ਲੱਗਾ। ਪਿਤਾ ਨੇ ਖੇਤੀ ਵਿੱਚ ਲਾ ਲਿਆ। ਕਦ ਬੁਤ ਲੰਮਾ ਤੇ ਸਰੀਰ ਤਗੜਾ ਸੀ। ਇਹ 13 ਜੁਲਾਈ 1940 ਵਿਚ ਲਾਹੌਰ ਵਿਖੇ ਫੌਜ ਵਿਚ ਭਰਤੀ ਹੋ ਗਏ। ਰੰਗਰੂਟ ਵਜੋਂ ਇਕ ਸਾਲ ਦੀ ਤਰਬੀਅਤ ਅੰਬਾਲਾ ਵਿਖੇ ਹੋਈ। ਇਸਨੂੰ ਨਵੀਂ ਬਣਾਈ ਗਈ ਸਤ ਨੰਬਰ ਪਲਟਨ ਵਿੱਚ ਲਾ ਦਿੱਤਾ ਗਿਆ। ਏਥੋਂ ਇਹ ਪਲਟਨ ਫਿਰੋਜ਼ਪੁਰ ਹੁੰਦੀ ਹੋਈ ਨੌਸ਼ਹਿਰਾ ਸਰਹੱਦੀ ਸੂਬੇ ਘੱਲ ਦਿੱਤੀ। ਓਥੋਂ ਇਸਨੂੰ ਲੰਡੀ ਕੋਤਲ ਭੇਜ ਦਿੱਤਾ ਗਿਆ। ਦੂਜੀ ਜੰਗ ਵਿੱਚ ਇਰਾਕ ਵਿਚ ਫਰਾਂਸ ਦਾ ਦਬਾਅ ਪੈ ਗਿਆ। ਇਸ ਲਈ ਇਸ ਪਲਟਨ ਨੂੰ ਓਥੋਂ ਮੁੰਤਕਿਲ ਕਰਕੇ ਕਾਕਸ਼ ਬਾਜ਼ਾਰ ਪੂਰਬੀ ਬੰਗਾਲ ਹਾਲ ਬੰਗਲਾ ਦੇਸ਼ ਭੇਜ ਦਿੱਤਾ ਗਿਆ। ਕਾਕਸਬਾਜ਼ਾਰ ਦੀ ਲੜਾਈ ਵਿੱਚ ਸੰਤ ਸਿੰਘ ਜ਼ਖ਼ਮੀ ਹੋ ਗਿਆ। ਇਸਦਾ ਇਲਾਜ ਪਟਨਾ ਵਿੱਚ ਕੀਤਾ ਗਿਆ। ਜਦ ਸੰਤ ਸਿੰਘ ਨੂੰ ਛੁੱਟੀ ਵਾਸਤੇ ਪੁੱਛਿਆ ਗਿਆ ਤਾਂ ਇਸਨੇ ਮੋਰਚੇ ਵਿੱਚ ਜਾਣ ਦੀ ਇੱਛਾ ਪਰਗਟ ਕੀਤੀ। ਇਹਨੂੰ ਜੰਗ ਵਿੱਚ ਲੜਣ ਦਾ ਬੜਾ ਚਾਅ ਸੀ। 1943 ਵਿੱਚ ਇਸਨੂੰ ਬਰਮਾ ਦੀ ਜੰਗ ਵਿਚ ਭੇਜ ਦਿੱਤਾ ਗਿਆ। 25 ਅਗਸਤ 1945 ਨੂੰ ਜੰਗ ਬੰਦ ਹੋਈ ਤਾਂ ਇਹ ਪਲਟਨ ਬੈਂਕਾਕ ਘੱਲ ਦਿੱਤੀ ਗਈ।
ਜੰਗ ਵਿਚ ਵੱਖ ਵੱਖ ਮੋਰਚਿਆਂ ਤੇ ਹੋ ਰਹੀ ਲੜਾਈ ਦੀ ਲੋੜ ਅਨੁਸਾਰ ਫਾਇਰ ਬ੍ਰਿਗੇਡ ਨੂੰ ਸਮੁੰਦਰੀ ਜਹਾਜ ਵਿੱਚ ਸਿੰਗਾਪੁਰ ਰਵਾਨਾ ਕਰ ਦਿੱਤਾ ਗਿਆ। ਅਜੇ ਇਹਨਾਂ ਦਾ ਜਹਾਜ ਸਿੰਘਾਪੁਰ ਤੋਂ ਚਾਲੀ ਮੀਲ ਉਰੇ ਸੀ, ਕਿ ਜਹਾਜ਼ ਉੱਤੇ ਦੁਸ਼ਮਣ ਦਾ ਤਗੜਾ। ਹਮਲਾ ਹੋਇਆ। ਬੜੀ ਅਫਰਾ ਤਫਰੀ ਜਹੀ ਮਚ ਗਈ। ਆਫੀਸਰ ਕਮਾਂਡਿੰਗ ਨੇ ਕਿਹਾ। ਕਿ ਕੋਈ ਏਥੋਂ ਏਧਰ ਓਧਰ ਭੱਜਣ ਦੀ ਕੋਸ਼ਿਸ਼ ਨ ਕਰੇ। ਇਸ ਜਹਾਜ਼ ਦਾ ਬੰਬਈ ਨਾਲੋਂ ਸੰਪਰਕ ਟੁੱਟ ਚੁੱਕਾ ਸੀ। ਓਥੋਂ ਨਿੱਕੇ ਜਹਾਜ਼ਾਂ ਉੱਤੇ ਇਹ ਬਰਮਾ ਦੇ ਮੁਹਾਜ਼ ਤੇ ਘਲ ਦਿੱਤੇ ਗਏ।
ਏਥੇ ਮੈਦਾਨੇ ਜੰਗ ਵਿਚ ਕਪੂਰਥਲੇ ਦੇ ਵਸਨੀਕ ਜਗਜੀਤ ਸਿੰਘ ਦਾ ਬੇਟਾ ਲੈ. ਕਰਮਜੀਤ ਸਿੰਘ ਮਾਰ ਦਿੱਤਾ ਗਿਆ। ਕਰਨਲ ਨੇ ਪੁੱਛਿਆ ਕਿ ਕਰਮਜੀਤ ਸਿੰਘ ਦੀ ਲਾਸ਼ ਨੂੰ ਕੌਣ ਲਿਆਏਗਾ। ਸੰਤ ਸਿੰਘ ਨੇ ਅੱਗੇ ਹੋ ਕੇ ਇਹ ਡਿਊਟੀ ਚਾਅ ਨਾਲ ਮੰਗ ਲਈ। ਆਪਣੀ ਪੱਗ ਲਾਸ਼ ਦੇ ਪੈਰਾਂ ਵਿੱਚ ਬੰਨ੍ਹ ਕੇ ਉਸਨੂੰ ਮੋਰਚੇ ਤੋਂ ਪੰਦਰਾਂ ਫੁੱਟ ਪਰੇ ਲੈ ਆਂਦਾ। ਇਸੇ ਤਰ੍ਹਾਂ ਕਿਸੇ ਹੋਰ ਦੀ ਇਕ ਪੱਗ ਨੂੰ ਨਾਲ ਲਾ ਕੇ ਅਫ਼ਸਰ ਦੀ ਲਾਸ਼ ਨੂੰ ਸੰਭਾਲ ਲਿਆ। 1945 ਵਿੱਚ ਓਥੇ ਹੀ ਨੇਤਾ ਜੀ ਦੀ ਫੌਜ ਦਾ ਇਕ ਸਿੱਖ ਸਿਪਾਹੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਇਨਸਾਨੀਅਤ ਤੇ ਜੰਗ ਦੇ ਸੱਚੇ ਅਸੂਲ ਅਨੁਸਾਰ ਉਸਨੂੰ ਬਚਾ ਲਿਆ। ਸੰਤ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਉਸ ਵੇਲੇ ਭਾਈ ਘਨੱਈਆ ਜੀ ਦੀ ਯਾਦ ਆਈ।
ਜਦੋਂ ਦੇਸ਼ ਆਜ਼ਾਦ ਹੋਇਆ, ਓਦੋਂ ਇਹਨਾਂ ਦੀ ਪਲਟਨ ਬਿਲਾਸਪੁਰ ਸੀ। ਓਥੋਂ ਇਹ ਜੰਮੂ ਸਤਵਾਰੀ ਵਿਖੇ ਤੈਨਾਤ ਕੀਤੀ ਗਈ। ਫਿਰ ਇਹ ਪਾਕਿਸਤਾਨੀ ਫੌਜ ਦੇ ਹਮਲੇ ਵੇਲੇ ਹੁਣ ਦੀ ਲਾਈਨ ਆਫ ਕੰਟਰੋਲ ਉੱਤੇ ਹੀ ਰਿਹਾ। ਰਣਬੀਰ ਸਿੰਘ ਪੁਰਾ ਤੋਂ ਊਧਮਪੁਰ ਤੇ ਓਥੋਂ ਦਰਿਆ ਚਨਾਬ ਦੇ ਨਾਲ ਨਾਲ ਰਾਮਬਣ, ਰਾਮਸੂ, ਪੀਰ ਪੰਚਾਲ, ਕਾਜ਼ੀ ਗੁੰਡ ਤੋਂ ਹੁੰਦਾ ਹੋਇਆ ਬਾਰਾਮੂਲਾ ਤੇ ਉੜੀ ਬਾਰਡਰ ਤਕ ਮੂਹਰੇ ਹੋ ਕੇ ਲੜਿਆ।
ਆਜ਼ਾਦੀ ਤੋਂ ਬਾਦ ਮੇਰਠ, ਅੰਮ੍ਰਿਤਸਰ ਤੇ ਬਾਘਾ ਅਟਾਰੀ ਵਿਖੇ ਲੱਗਾ ਰਿਹਾ। ਇਹਨਾਂ ਥਾਵਾਂ ਤੇ 1968 ਤੋਂ ਲੈ ਕੇ ਰਿਟਾਇਰਮੈਂਟ ਤਕ ਸੇਵਾ ਨਿਭਾਈ।
1971 ਤੋਂ ਬਾਦ ਸੂਬੇਦਾਰ ਮੇਜਰ ਸੰਤ ਸਿੰਘ ਹੁਣ ਕੈਪਟਨ ਸੰਤ ਸਿੰਘ ਹੋ ਗਿਆ। ਉਹਨਾਂ ਦੇ ਬੇਟੇ ਗੁਰਦੇਵ ਸਿੰਘ ਤੇ ਬਲਦੇਵ ਸਿੰਘ ਟੋਰਾਂਟੋ, ਕੈਨੇਡਾ ਜਾ ਕੇ ਵਸ ਗਏ। ਉਹਨਾਂ ਮਗਰੋਂ ਛੋਟੇ ਲੜਕੇ ਜਸਪਾਲ ਸਿੰਘ ਤੇ ਰਣਜੀਤ ਸਿੰਘ ਵੀ ਪੁਜ ਗਏ। ਹੁਣ ਇਹ ਸਾਰੇ ਓਥੋਂ ਦੇ ਸ਼ਹਿਰੀ ਹਨ। ਕੈਪਟਨ ਸੰਤ ਸਿੰਘ ਕਨੇਡਾ ਤੇ ਪੰਜਾਬ ਦੀਆਂ ਧਾਰਮਿਕ ਤੇ ਸਮਾਜਿਕ ਸੇਵਾਵਾਂ ਵੀ ਅੱਜ ਤਕ ਵਧ ਚੜ੍ਹ ਕੇ ਹਿੱਸਾ ਪਾ ਰਹੇ ਹਨ। ਉਮਰ ਅਸੀ ਸਾਲ ਦੀ ਹੈ, ਪਰ ਜਦੋਂ ਜੰਗੀ ਮੈਦਾਨਾਂ ਦਾ ਬਿਰਤਾਂਤ ਸੁਣਾ ਰਹੇ ਸਨ ਤਾਂ ਆਵਾਜ਼ ਵਿਚ ਇਤਨਾ ਬਲ ਸੀ ਜਿਵੇਂ ਸਾਰੀ ਜੰਗ ਕੈਪਟਨ ਸਾਹਿਬ ਦੇ ਸਾਹਮਣੇ ਹੋ ਰਹੀ ਹੈ। 1959 ਤੋਂ 1961 ਤਕ ਪਰੈਜ਼ੀਡੈਂਟ ਗਾਰਡਸ ਰਹੇ। ਕਈ ਜੱਥੇਬੰਦੀਆਂ ਦੇ ਸਰਬਰਾਹ ਹਨ ਅਤੇ ਸੀਨੀਅਰ ਸਿੱਖ ਬੁੱਧੀਜੀਵੀ ਲੁਧਿਆਣਾ ਪੰਜਾਬ ਦੇ ਸਰਪਰਸਤ ਹਨ।
ਗੁਰਬਾਣੀ ਵਿੱਚ ਵਣਜਾਰੇ ਅਲੰਕਾਰ ਵਜੋਂ
ਗੁਰੂ ਪਾਤਸ਼ਾਹ ਤੇ ਗੁਰਬਾਣੀ ਦਾ ਸੁਭਾ ਹੈ ਕਿ ਇਹ ਲੋਕਾਂ ਦੀ ਗੱਲ ਲੋਕਾਂ ਦੀ ਬੋਲੀ ਵਿਚ ਕਰਦੇ ਹਨ। ਇਸ ਪ੍ਰਕਾਰ ਗੁਰਬਾਣੀ ਦੇ ਚਰਨੀ ਲੱਗਣ ਨਾਲ ਮਨੁੱਖ ਦੇ ਪੈਰ ਨਹੀਂ ਡੋਲਦੇ, ਉਹ ਦਲਦਲ ਤੋਂ ਬਚ ਕੇ ਪੱਕੀ ਥਾਵੇਂ ਪੈਰ ਰਖਦਾ ਹੈ।
ਗੁਰਬਾਣੀ ਵਿਚ ਜੋਗੀ ਜੰਗਮ ਸਰੇਵੜੇ, ਸਾਧੂ, ਬ੍ਰਾਹਮਣ, ਕਾਜ਼ੀ, ਮੁੱਲਾਂ ਸਭਨਾਂ ਨੂੰ ਸੰਬੋਧਨ ਕਰਕੇ ਸਚ ਨੂੰ ਪ੍ਰਬੋਧਨ ਦੀ ਜਾਚ ਦੱਸੀ ਹੈ। ਬਾਦਸ਼ਾਹ, ਸ਼ਾਹ, ਵਪਾਰੀ, ਸੰਸਾਰੀ, ਹਾਲੀ, ਸੁਦਾਗਰ, ਨੌਕਰੀ ਵਾਲੇ, ਚਾਕਰ ਸਭਨਾਂ ਨੂੰ ਸਾਵਧਾਨ ਕੀਤਾ ਹੈ ਅਤੇ ਗਿਆਨ ਦਿੱਤਾ ਹੈ ਕਿ ਜ਼ਿੰਦਗੀ ਨੂੰ ਸੁਚੱਜੇ ਢੰਗ ਨਾਲ ਜੀ ਕੇ ਜੀਉਣ ਯੋਗ ਬਣਾਇਆ ਜਾ ਸਕਦਾ ਹੈ। ਬਿਲਕੁਲ ਇਸੇ ਤਰ੍ਹਾਂ ਲੁਬਾਣਿਆਂ ਦੇ ਸਬੰਧ ਵਿਚ ਹੋਇਆ ਹੈ । ਲੁਬਾਣਿਆਂ ਦੀ ਕਿਰਤ ਕਾਰਜ ਕਲਾਪ ਉਹਨਾਂ ਦੁਆਰਾ ਵਰਤੀਆਂ ਵਸਤਾਂ ਵਿਧੀਆਂ ਆਦਿ ਦਾ ਜ਼ਿਕਰ ਕਰਕੇ ਸਚ ਨੂੰ ਉਘਾੜ ਸਾਹਮਣੇ ਰੱਖਿਆ ਹੈ। ਬੇੜਾ, ਨਦੀ, ਬਲ, ਡੂੰਘਰ, ਰਥ, ਘੋੜੇ ਆਦਿ ਦਾ ਬਿਆਨ ਦੇ ਕੇ ਜੀਵਨ ਦੇ ਅਕਥ ਤੱਥ ਨੂੰ ਦਸ ਕੇ ਮਨੁੱਖ ਦਾ ਪਥ ਸੁਖਾਲਾ ਕਰ ਦਿੱਤਾ ਹੈ। ਕੁਝ ਸ਼ਬਦਾਂ ਦੇ ਅਰਥ ਅਸੀ ਅੱਜ ਤੱਕ ਖੋਲ੍ਹ ਨਹੀਂ ਸਕੇ। ਗੁਰਬਾਣੀ ਨੇ ਭਰਪੂਰ ਚਾਨਣ ਪਾ ਕੇ ਰਾਹ ਰੁਸ਼ਨਾ ਦਿੱਤੇ ਹਨ। ਧਿਆਨ ਨਾਲ ਵਿਚਾਰਿਆਂ ਪਤਾ ਲੱਗੇਗਾ ਕਿ ਦਾਨੀ ਉਹ ਦਾਨਾ ਤੇ ਪੜ੍ਹਿਆ ਲਿਖਿਆ ਜਾਗਰੂਕ ਮਨੁੱਖ ਹੈ, ਜੋ ਨਦੀਆਂ ਦੇ ਕਿਨਾਰੇ ਬੇੜਿਆਂ ਤੇ ਲੱਦੇ ਗਏ ਮਾਲ ਅਸਬਾਬ ਦਾ ਹਿਸਾਬ ਰਖਦੇ ਹਨ। ਅਖਰ ਵਣਜਾਰੇ ਜਾਂ ਬਣਜਾਰੇ ਨੂੰ ਵਿਵਿਧ ਭਾਵਾਂ ਵਿਚ ਪ੍ਰਯੋਗ ਕੀਤਾ ਹੈ।
ਇਸ ਸਬੰਧੀ ਬਹੁਤ ਵਿਸਥਾਰ ਵਿਚਾਰ ਇਸ ਪੁਸਤਕ ਦਾ ਵਿਸ਼ਾ ਨਹੀਂ ਹੈ। ਫਿਰ ਵੀ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਵਣਜਾਰੇ, ਲੁਬਾਣੇ ਕਿਤਨੀ ਦੂਰ ਦੂਰ ਤਕ ਫੈਲੇ ਹੋਏ ਹੋਣ ਦੇ ਬਾਵਜੂਦ ਗੁਰੂ ਘਰ ਨਾਲ ਜੁੜਦੇ ਗਏ। ਹਰਕਤ ਦੇ ਨਾਲ ਨਾਲ ਬਰਕਤ ਆਣ ਵਸੀਂ। ਜਿਹੜਾ ਵੀ ਮਨੁੱਖ ਗੁਰਬਾਣੀ ਨੂੰ ਗੁਰੂ ਸਮਝ ਕੇ ਗੁਰੂ ਨਾਲ ਜੁੜੇਗਾ, ਉਹ ਸੰਤੋਖ ਦੇ ਰਜ ਨਾਲ ਰਜਿਆ ਰਹੇਗਾ ਤੇ ਕਦੀ ਕੁਝ ਨਹੀਂ ਥੁੜੇਗਾ।
ਉਸ ਸਮੇਂ ਵਣਜਾਰੇ ਭਾਵ ਲੁਬਾਣੇ ਸਮਾਜ ਦਾ ਇੱਕ ਬਹੁਤ ਜ਼ਰੂਰੀ ਤੇ ਕਾਰਾਮਦ ਅੰਗ ਸਨ । ਮਾਲ ਨੂੰ ਇਕ ਥਾਂ ਤੋਂ ਦੂਜੀ ਥਾਂ ਤੇ ਲਿਜਾਣ ਲਈ ਉਸ ਸਮੇਂ ਦੇ ਲੁਬਾਣੇ ਬੜੀ ਜੁੰਮੇਦਾਰੀ ਤੇ ਸਤੱਰਕਤਾ ਨਾਲ ਇਹ ਕਾਰਜ ਕਰਦੇ ਸਨ । ਪਾਤਸ਼ਾਹ ਗੁਰੂ ਨਾਨਕ ਦੇਵ ਜੀ ਇਸ ਕਾਰਜ ਦੀ ਮਿਸਾਲ ਲੈ ਕੇ ਪ੍ਰਮਾਰਥ ਦੀ ਗੱਲ ਨੂੰ ਉਘਾੜ ਮਨ ਦੇ ਬੰਦ ਕਿਵਾੜ ਖੋਲ ਦਿੰਦੇ ਹਨ। ਗੁਰੂ ਪਿਤਾ ਆਖਦੇ ਹਨ, ਕਿ ਵਣਜਾਰੇ ਇਕ ਥਾਂ ਤੋਂ ਦੂਜੀ ਥਾਂ ਤੇ ਢੋਇਆ ਜਾਣ ਵਾਲਾ ਮਾਲ ਗਿਣ-ਗੱਟ ਚੰਗੀ ਤਰ੍ਹਾਂ ਸੰਭਾਲ ਕੇ ਗੱਡਿਆਂ ਆਦਿ ਤੇ ਲੱਦ ਲੈਂਦੇ ਹਨ। ਉਨ੍ਹਾਂ ਦਾ ਕਮਾਲ ਇਸ ਵਿੱਚ ਹੈ ਕਿ ਉਸਨੂੰ ਭਲੀ ਪ੍ਰਕਾਰ ਦੂਰ ਤੇ ਪਾਰ ਵੱਸਦੇ ਸਿਆਣੇ, ਸੁਜਾਨ, ਸ਼ਾਹ ਭਾਵ ਵਾਪਾਰੀ ਕੋਲ ਪਹੁੰਚਾਇਆ ਜਾਏ। ਨਾਲ ਇਹ ਵੀ ਖਿਆਲ ਰੱਖਣਾ ਹੈ ਕਿ ਵਣਜਾਰਾ ਉਹ ਮਾਲ ਨਾ ਲੱਦੇ ਜਿਹੜਾ ਇਤਰਾਜਯੋਗ ਹੈ। ਅਜਿਹੇ ਮਾਲ ਨੂੰ ਪਾਰ ਕਰਨ ਲੱਗਿਆਂ ਉਰਵਾਰ ਤੇ ਪਾਰ ਦਾ ਜੁੰਮੇਦਾਰ ਬੰਦਾ ਇਤਰਾਜ ਕਰੇਗਾ। ਉਚੇਚਾ ਕਰ ਅਦਾ ਕਰਨਾ ਹੋਵੇਗਾ। ਇਸ ਪ੍ਰਕਾਰ ਅੱਖਾਂ ਨੀਵੀਂਆਂ ਹੋਣਗੀਆਂ ਤੇ ਇੱਜ਼ਤ ਘਟੇਗੀ। ਹੁਕਮ ਹੈ,
ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ॥
ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ॥
ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ ॥੧॥
ਸਾਨੂੰ ਚਾਹੀਦਾ ਹੈ ਕਿ ਅਸੀ ਸਿਆਣੇ ਵਣਜਾਰੇ ਵਾਂਗ ਉਹੀ ਵਸਤੂ ਲੱਦ ਕੇ ਲੈ ਜਾਈਏ ਜਿਹੜੀ ਨਾਲ ਵੀ ਨਿਭੇ ਤੇ ਸਿਆਣਾ ਸ਼ਾਹ ਵੀ ਰਾਜ਼ੀ ਹੋਵੇ। ਪਾਤਸ਼ਾਹ ਸਿਆਣੇ। ਵਣਜਾਰੇ ਪਾਸੋਂ ਜੀਵਨ ਸਫਰ ਦੀ ਕਾਰਜ-ਵਿਧੀ ਨੂੰ ਸਮਝਣ ਦਾ ਵਲ ਦੱਸ ਰਹੇ ਹਨ। ਜਿਹੜੇ ਰਾਹ ਵਿੱਚ, ਅੱਗੇ ਪਹੁੰਚਾਣ ਵਾਲੀ ਦਾਤ ਨਾਲ ਗੜਬੜ ਜਾਂ ਹੇਰਾਫੇਰੀ ਕਰਨਗੇ ਉਨ੍ਹਾਂ ਨੂੰ ਨੀਵਾਂ ਵੇਖਣਾ ਪਏਗਾ। ਇਹੀ ਤਾਂ ਅਸੀ ਅੱਜ ਕੱਲ੍ਹ ਕਰ ਰਹੇ ਹਾਂ। ਅੱਗੇ ਪਹੁੰਚਾਏ ਜਾਣ ਵਾਲੇ ਮਾਲ ਦੀ ਰਾਹ ਵਿੱਚ ਹੀ ਚੋਰੀ ਕਰ ਲਈ ਜਾਂਦੀ ਹੈ। ਇਹ ਬੜੀ ਦੁਖਦਾਈ ਗੱਲ ਹੈ। ਇਸ ਨਾਲ ਸਾਖ ਗਵਾਚ ਜਾਂਦੀ ਹੈ । ਲਾ-ਇਤਬਾਰੀ ਕਰਕੇ ਖਾਣ ਵਾਲਾ ਗਲਤ ਢੰਗ ਦੇ ਨਾਲ ਕਮਾਏ ਮਾਲ ਦੇ ਨਾਲ-ਨਾਲ ਮਾਰ ਵੀ ਖਾਏਗਾ।
ਕਰਨ ਵਾਲੀ ਗੱਲ ਸੰਬੰਧੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ, ਮੇਰੇ ਦੋਸਤੋ! ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਵੋ ਕਿ ਸਫਰ ਤੇ ਚੱਲੇ ਹਾਂ, ਰਾਹ ਵਿੱਚ ਕਿਧਰੇ ਵੀ ਮੌਤ ਘੇਰ ਸਕਦੀ ਹੈ। ਇਸ ਲਈ ਆਪਣਾ ਧਿਆਨ ਮੰਜ਼ਿਲ ਤੇ ਮਾਲ ਦੇ ਮਾਲਕ ਵੱਲ ਰੱਖਿਆ ਜਾਵੇ।
“ਭਾਈ ਰੇ ਰਾਮੁ ਕਹਹੁ ਚਿਤੁ ਲਾਇ॥
ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥੧॥ਰਹਾਉ॥
ਤੁਸੀਂ ਜਸ ਦੇ ਸੌਦੇ ਦੀ ਖੇਪ ਬੜੇ ਏਤੀਆਤ ਨਾਲ ਲੈ ਜਾਉ ਤਾਂ ਜੋ ਮਾਲਿਕ ਖੁਸ਼ ਹੋਵੇ। ਇੱਜ਼ਤ ਵੀ ਮਿਲੇ, ਪੱਤ ਵੀ ਰਹੇ। ਇਹ ਲੋਕ ਵੀ ਸਵਰ ਜਾਏ ਤੇ ਅਗਲੇ ਲੋਕ ਦਾ ਡਰ ਵੀ ਮੁੱਕ ਜਾਏ। ਨਰਕ ਸਵਰਗ ਦੇ ਝਗੜੇ ਹੀ ਨਾ ਪੈਣ। ਪਾਤਸ਼ਾਹ ਬੜੇ ਸਰਲ ਤੇ ਸਹਿਲ ਢੰਗ ਨਾਲ ਵਣਜਾਰਿਆਂ ਦੀ ਮਿਸਾਲ ਲੈ ਕੇ ਯਥਾਰਥ ਤੋਂ ਪ੍ਰਮਾਰਥ ਤੇ ਲੋਕ ਤੋਂ ਪਰਲੋਕ ਦੀ ਗੱਲ ਸਮਝਾ ਰਹੇ ਹਨ।
ਗੁਰਬਾਣੀ ਦੇ ਉੱਪਰ ਵਿਚਾਰੇ ਹੁਕਮ ਤੋਂ ਵਣਜਾਰਿਆਂ ਦੇ ਕੰਮ ਦੀ ਕੁਦਰਤ ਦਾ ਗਿਆਨ ਹੁੰਦਾ ਹੈ। ਸਿਆਣਾ ਵਣਜਾਰਾ ਇਹ ਜਾਣਦਾ ਹੈ ਕਿ ਇਹ ਸੌਦਾ ਮੇਰਾ ਨਹੀਂ ਜਿਸਦਾ ਇਹ ਸੌਦਾ ਹੈ ਦਰਅਸਲ ਉਸਨੂੰ ਪਹੁੰਚਾਣਾ ਹੈ। ਇਸ ਵਿੱਚ ਖੋਟ, ਕਰਮ ਤੇ ਬੇਈਮਾਨੀ ਕਰਨ ਨਾਲ ਇੱਜ਼ਤ ਰੁਲ ਜਾਏਗੀ। ਖੋਟਾ ਵਣਜ ਇੰਝ ਹੀ ਹੈ ਜਿਵੇਂ ਕੋਈ ਚਪਲ-ਚੰਚਲ ਹਰਨ ਖੁਦ ਆਪਣੇ ਆਪ ਨੂੰ ਜਾਲ ਵਿੱਚ ਫਸਾ ਲੈਂਦਾ ਹੈ। ਜਿਹੜੇ ਇਮਾਨਦਾਰੀ ਨਾਲ ਇਹ ਕੰਮ ਕਰਦੇ ਹਨ ਉਨ੍ਹਾਂ ਦੀ ਸਾਖ ਬਣਦੀ ਹੈ ਤੇ ਉਨ੍ਹਾਂ ਨੂੰ ਇੱਜ਼ਤ ਮਿਲਦੀ ਹੈ। ਉਹ ਲਾਹਾ ਵੀ ਕਮਾਉਂਦੇ ਹਨ। ਉਨ੍ਹਾਂ ਨੂੰ ਕੋਈ ਭਰਮ ਨਹੀਂ ਹੁੰਦਾ। ਜਿਸ ਕਾਰਨ ਉਹ ਹੋਲਾ ਫੁੱਲ ਹੋ ਕੇ ਮੁਸ਼ਕਲ ਤੋਂ ਮੁਸ਼ਕਲ ਕੰਮ ਕਰੀ ਜਾਂਦੇ ਹਨ। ਉਹ ਮੁਸ਼ਕਲਾਂ ਦਾ ਭਾਰ ਮਹਿਸੂਸ ਨਹੀਂ ਕਰਦੇ ਸਗੋਂ ਉਸ ਵਿੱਚੋਂ ਹੀ ਖੁਸ਼ੀ ਪ੍ਰਾਪਤ ਕਰਦੇ ਹਨ।
ਸਮਾਜ ਵਿੱਚ ਚਲ ਰਹੇ ਸਾਰੇ ਹੀ ਵਣਜ, ਵਿਹਾਰਾਂ ਨੂੰ ਗੁਰਮਤਿ ਨੇ ਸਤਿਕਾਰ ਦੀ ਨਿਗਾਹ ਨਾਲ ਦੇਖਿਆ ਹੈ ਤੇ ਸਾਨੂੰ ਜੀਵਨ-ਜਾਚ ਦੱਸਦਿਆਂ ਉਸਨੂੰ ਕਰਨ ਦਾ ਤਰੀਕਾ ਬਿਆਨ ਕੀਤਾ ਹੈ। ਕੋਈ ਕਿਰਤ ਮਾੜੀ ਨਹੀਂ ਤੇ ਨਾ ਹੀ ਕਿਰਤ ਕਾਰਨ ਕੋਈ ਬੰਦਾ ਨੀਵਾਂ ਜਾਂ ਉੱਚਾ ਹੁੰਦਾ ਹੈ। ਮਹਾਤਮ ਕਿਰਤ ਨੂੰ ਸੁਚੱਜਤਾ ਤੇ ਇਮਾਨਦਾਰੀ ਨਾਲ ਕਰਨ ਵਿੱਚ ਹੈ।
ਗੁਰੂ ਨਾਨਕ ਦੇਵ ਜੀ ਆਖਦੇ ਹਨ ਕਿ ਕਿਰਸਾਨ ਨੇ ਜੇ ਕਿਰਸਾਣੀ ਕਰਨੀ ਹੈ ਤਾਂ ਮਿਹਨਤ ਨਾਲ ਕਰੇ। ਵੇਲੇ ਸਿਰ ਖੇਤੀ ਨੂੰ ਪਾਣੀ ਦੇਵੇ। ਬੀਜ ਪਾ ਕੇ ਸੰਤੋਖ ਦਾ ਸੁਹਾਗਾ ਫੇਰ ਦੇਵੇ। ਫਿਰ ਇਸ ਗੱਲ ਦਾ ਧਿਆਨ ਰੱਖੇ ਕਿ ਉਸ ਬੀਜ ਨੂੰ ਚਿੜੀਆਂ ਚੁੱਗ ਕੇ ਤਾਂ ਨਹੀਂ ਲੈ ਜਾ ਰਹੀਆਂ। ਖੇਤੀ ਨੂੰ ਬੜੀ ਖੂਬਸੂਰਤੀ ਨਾਲ ਗੁਰੂ ਪਾਤਸ਼ਾਹ ਨੇ ਅਧਿਆਤਮ ਨਾਲ ਜੋੜ ਦਿੱਤਾ ਹੈ ਤੇ ਮੁੱਢਲੀ ਗੱਲ ਉੱਤੇ ਜ਼ੋਰ ਦਿੰਦੇ ਕਿਹਾ ਹੈ ਕਿ ਵੱਡੀ ਅਕਲ ਵਾਲਿਆ ਮਨੁੱਖਾ। ਮੁਨਾਫ਼ਾ ਜ਼ਰੂਰ ਲੈ ਇਹ ਜ਼ਾਇਜ਼ ਤੇ ਇੱਕ ਹੱਦ ਤੱਕ ਹੀ ਸਹੀ ਹੈ ਜੇ ਮਨੁੱਖ ਨਿਰੇ ਪੈਸੇ ਇਕੱਠੇ ਕਰਨ ਤੇ ਹੀ ਲੱਗ ਗਿਆ ਹੈ ਤਾਂ ਉਹ ਇਹ ਗੱਲ ਵਿਚਾਰ ਲਵੇ ਇਹ ਦੌਲਤ ਉਸਦੇ ਨਾਲ ਨਹੀਂ ਜਾਣੀ। ਹੁਕਮ ਹੈ,
ਬਾਬਾ ਮਾਇਆ ਸਾਥਿ ਨ ਹੋਇ॥
ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ॥ ਰਹਾਉ॥
ਇਹ ਗੱਲ ਓਪਰੇ ਤੌਰ ਤੇ ਸਭ ਹੀ ਜਾਣਦੇ ਹਨ ਪਰ ਇਸ ਵਿਚਲੇ ਤੱਤ ਨੂੰ ਕੋਈ ਵਿਰਲਾ ਹੀ ਬੁੱਝਦਾ ਹੈ। ਬੁੱਝੇਗਾ ਉਹ ਜੋ ਵਿਚਾਰ ਕਰੇਗਾ। ਵਿਚਾਰ ਵਾਲਾ ਹੁਕਮ ਨੂੰ ਬੁੱਝ ਲਵੇਗਾ। ਹੁਕਮ ਵਿਚਾਰਣ ਤੇ ਬੁੱਝਣ ਵਿੱਚ ਬੜਾ ਡੂੰਘਾ ਸੰਬੰਧ ਹੈ। ਅਜਿਹਾ ਕਰਨ ਵਾਲਾ ਇਸ ਧਰਤੀ ਉੱਤੇ ਹੀ ਸਵਰਗ ਬਣਾ ਲੈਂਦਾ ਹੈ ਜਾਂ ਇੰਝ ਕਹੀਏ ਕਿ ਉਸਨੂੰ ਲੋਕ ਵਿੱਚ ਹੀ ਨਿਰੰਕਾਰ ਦਾ ਦੀਦਾਰ ਹੋ ਜਾਂਦਾ ਹੈ,
ਨਿਰੰਕਾਰ ਕੈ ਵਸੈ ਦੇਸਿ ਹੁਕਮੁ ਬੁਝਿ ਬੀਚਾਰੁ ਪਾਵੈ ॥
ਸੋਰਠਿ ਰਾਗ ਦੇ ਇਸੇ ਸ਼ਬਦ ਵਿੱਚ ਗੁਰੂ ਨਾਨਕ ਦੇਵ ਜੀ ਅੱਗੇ ਵਿਚਾਰ ਦਿੰਦੇ ਹਨ। ਕਿ ਵਣਜੁ ਕਰਨ ਵਾਲਾ ਇਸ ਗੱਲ ਨੂੰ ਭਲੀ ਪ੍ਰਕਾਰ ਸਮਝ ਲਵੇ ਕਿ ਜ਼ਿੰਦਗੀ ਦਿਨੋ- ਦਿਨ ਬੀਤਦੀ ਜਾ ਰਹੀ ਹੈ। ਲੋੜ ਹੈ ਸੱਚੇ ਨਾਮ ਦੀ ਵੱਥ ਨੂੰ ਹਾਸਿਲ ਕਰਨ ਦੀ। ਜਿਸ ਤਰ੍ਹਾਂ ਦੁਕਾਨਦਾਰ ਜਾਂ ਵਣਜਾਰਾ ਇਹ ਗੱਲ ਜਾਣਦਾ ਹੈ ਕਿ ਕਿਹੜੀ ਵਸਤੂ ਕਿਹੜੇ ਭਾਂਡੇ ਜਾਂ ਡੱਬੇ ਵਿੱਚ ਰੱਖੀ ਹੋਈ ਹੈ ਉਹ ਵਸਤਾਂ ਨੂੰ ਰੱਲ-ਗੱਡ ਨਹੀਂ ਹੋਣ ਦਿੰਦਾ। ਇਸ ਲਈ ਸੁਰਤਿ ਨੂੰ ਸੁੱਚਿਆਂ ਰੱਖਣ ਦੀ ਲੋੜ ਹੈ ਨਹੀਂ ਤਾਂ ਲੂਣ ਵਿੱਚ ਖੰਡ ਤੇ ਖੰਡ ਵਿੱਚ ਮਿਰਚਾਂ ਰੱਲ ਜਾਣਗੀਆਂ। ਸਭ ਕੁਝ ਬੇਸੁਵਾਦਾ ਹੋ ਜਾਏਗਾ। ਸਾਰਾ ਵਣਜੁ ਵੀ ਠੱਪ ਹੋ ਜਾਏਗਾ।
ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ॥
ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ ॥
ਗੁਰਬਾਣੀ ਤੋਂ ਅਗਵਾਈ ਲੈ ਕੇ ਅਸੀ ਗੁਰੂ ਦੁਆਰਾ ਦੱਸੇ ਜ਼ਿੰਦਗੀ ਰੂਪੀ ਪੰਧ ਉੱਤੇ ਚਲਣਾ ਹੈ। ਇਸ ਪ੍ਰਕਾਰ ਸਹੀ ਵਸਤੂ, ਸਹੀ ਥਾਂ ਤੇ ਟਿਕ ਜਾਏਗੀ। ਰਲਾ ਨਾ ਹੋਣ ਤੇ ਰੌਲਾ ਨਹੀਂ ਪਏਗਾ। ਹੱਕ ਨੂੰ ਚੇਤੇ ਰੱਖਿਆ, ਹੱਕ ਦੀ ਬਾਤ ਕਰਿਆਂ ਹੱਕ ਪ੍ਰਾਪਤ ਹੋ ਜਾਏਗਾ। ਜੀਵਨ ਪੰਧ ਦਾ ਵਣਜਾਰਾ ਕਦੀ ਘਾਟੇ ਵਿੱਚ ਨਹੀਂ ਰਹੇਗਾ। ਗਾਹਕ ਉਸਨੂੰ ਮੁਨਾਫ਼ਾ ਦੇ ਕੇ ਖੁਸ਼ ਹੋਣਗੇ। ਵਣਜਾਰਾ ਕੰਮ ਜੋ ਠੀਕ-ਠਾਕ ਕਰ ਰਹਿਆ ਹੈ। ਮਨ ਨੂੰ ਠਾਕ ਕੇ ਚੱਲਣ-ਵਾਲਾ ਮਾਨਸਿਕ ਖੁਸ਼ੀ ਪ੍ਰਾਪਤ ਕਰੇਗਾ। ਵਣਜਾਰੇ ਇੱਕੋ ਹੀ ਗੱਲ ਦਾ ਧਿਆਨ ਰੱਖਦੇ ਹਨ। ਇਸ ਪ੍ਰਕਾਰ ਪੂੰਜੀ ਸਾਬਤ ਰਹਿੰਦੀ ਹੈ, ਸਾਬਤ ਕਦਮੀ ਬਣੀ ਰਹਿੰਦੀ ਹੈ ਤੇ ਕਦਮ ਮਜਬੂਤੀ ਨਾਲ ਚਲਦੇ ਹਨ। ਡਰ, ਭੈ, ਭਰਮ ਸਭ ਮੁਕ ਜਾਂਦੇ ਹਨ। ਗੱਲ ਅਧਿਆਤਮ ਦੀ ਹੈ ਪਰ ਜੀਵਨ ਵਿੱਚ ਇਸ ਤਰ੍ਹਾਂ ਨਾਲ ਫੱਬਦੀ ਹੈ ਜਿਵੇਂ ਨਾਪ ਦੇ ਕੇ ਬਣਵਾਏ ਹੋਏ ਕੱਪੜੇ ਤਨ ਤੇ ਸ਼ੋਭਦੇ ਹਨ। ਅਤੇ ਤਨ-ਮਨ-ਧਨ ਸਭ ਇਕ ਲਯ ਵਿੱਚ ਚਲਦੇ ਹਨ।
ਇਸੇ ਹੀ ਸ਼ਬਦ ਵਿੱਚ ਸੌਦਾਗਰਾਂ ਭਾਵ ਲੁਬਾਣਿਆਂ ਤੇ ਵਣਜਾਰਿਆਂ ਦੁਆਰਾ ਘੋੜਿਆਂ ਤੇ ਢੋਏ ਜਾਣ ਵਾਲੇ ਮਾਲ ਦਾ ਬਿੰਬਾਤਮਕ ਵਰਨਣ ਕੀਤਾ ਗਇਆ ਹੈ। ਨਾਲ ਹੀ ਗੁਰੂ ਪਾਤਸ਼ਾਹ ਦੱਸਦੇ ਹਨ ਕਿ ਢੋਈ ਜਾ ਰਹੀ ਖੇਪ ਵਾਸਤੇ ਖਰਚ ਪੱਠੇ ਦੀ ਵੀ ਲੋੜ ਪੈਂਦੀ ਹੈ। ਕਿਸ ਤਰ੍ਹਾਂ ਇਸਨੂੰ ਹਾਸਿਲ ਕਰ, ਸਹੀ ਪ੍ਰਕਾਰ ਨਾਲ ਖਰਚ ਕਰਕੇ ਲਾਹਾ ਲੈਣਾ ਹੈ।
ਇਸਦੇ ਨਾਲ ਹੀ ਮਾਲ ਦੀ ਖੇਪ ਢੋਣ ਵਾਲੇ ਅਮਲੇ ਫੈਲੇ ਦਾ ਵੀ ਜ਼ਿਕਰ ਹੈ ਚੰਗੇ ਕਰਮਚਾਰੀਆਂ ਨੇ ਆਪਣੀ ਜੁੰਮੇਵਾਰੀ ਕਿਸ ਤਰ੍ਹਾਂ ਨਿਬਾਣੀ ਹੈ। ਇਨ੍ਹਾਂ ਚਾਕਰਾਂ ਨੇ ਚਿੱਤ ਨਾਲ ਕੰਮ ਕਰਨਾ ਹੈ। ਮਾਲਕ ਦਾ ਹੁਕਮ ਮਨੋਂ ਮੰਨਣਾ ਹੈ। ਰਾਹ ਵਿੱਚ ਆਉਣ ਵਾਲੀਆਂ ਔਕੜਾਂ ਤੇ ਮੁਸੀਬਤਾਂ ਦਾ ਬਹਾਦਰੀ ਨਾਲ ਮੁਕਾਬਲਾ ਕਰਨਾ ਹੈ। ਇਸ ਪ੍ਰਕਾਰ ਖੇਪ ਨਿੱਭ ਜਾਏਗੀ, ਚਿੱਤ ਚਾਅ ਵਿੱਚ ਰਹੇਗਾ ਤੇ ਚਿਹਰੇ ਉੱਤੇ ਵੰਨੀ ਦੇ ਸੋਨੇ ਵਰਗੀ ਚਮਕ ਹੋਏਗੀ।
ਵਿਆਪਾਰ ਕਿਸੇ ਤਰ੍ਹਾਂ ਦਾ ਵੀ ਹੋਵੇ ਇਸ ਵਾਸਤੇ ਕੋਈ ਫ਼ਿਕਰ ਕਰਨ ਦੀ ਲੋੜ ਨਹੀਂ। ਦੇਖਣਾ ਤਾਂ ਇਹ ਹੈ ਕਿ ਵਾਪਾਰੀ ਦਾ ਵਿਹਾਰ ਚੰਗਾ ਹੋਵੇ। ਕਬੀਰ ਸਾਹਿਬ ਇਸ ਸੰਬੰਧ ਵਿੱਚ ਆਖਦੇ ਹਨ ਕਿ ਭਾਵੇਂ ਕਾਂਸੀ ਤਾਂਬਾ ਜਾਂ ਹੋਰ ਪ੍ਰਕਾਰ ਦੀਆਂ ਧਾਤਾਂ ਵਿੱਚ ਵਾਪਾਰ ਕੀਤਾ ਜਾਵੇ ਭਾਵੇਂ ਲੋਂਗ ਤੇ ਸਪਾਰੀ ਵਰਗੀਆਂ ਮਹਿੰਗੀਆਂ ਵਸਤਾਂ ਦਾ ਵਣਜੁ ਹੋਵੇ, ਵਾਪਾਰ ਸਾਰੇ ਹੀ ਠੀਕ ਹਨ। ਵਣਜੁ ਵਿੱਚ ਸੱਚ ਨੂੰ ਹੀ ਮੁੱਖ ਰੱਖਣਾ ਸ਼ੋਭਦਾ ਹੈ ਇਸ ਪ੍ਰਕਾਰ ਮੰਜ਼ਿਲ ਤੇ ਪਹੁੰਚਾਏ ਜਾਣ ਵਾਲਾ ਮਾਲੁ ਸਹਿਜ-ਸੁਭਾਏ ਮਾਲਕ ਕੋਲ ਪੁੱਜ ਜਾਏਗਾ। ਫਿਰ ਇਹ ਗੱਲ ਅਸੰਭਵ ਹੈ ਕਿ ਉਸਦੀ ਉਜਰਤ ਮਜ਼ਦੂਰੀ ਤੇ ਮੁਨਾਫ਼ਾ ਵਣਜਾਰੇ ਨੂੰ ਨਾ ਮਿਲੇ। ਭਗਤ ਜੀ ਇੱਥੇ ਬੜਾ ਮਹਾਨ ਅਧਿਆਤਮਕ ਸੰਕੇਤ ਦਿੰਦੇ ਹਨ ਜੋ ਨਿਰਾ ਵਣਜਾਰਿਆਂ ਦੇ ਨਹੀਂ ਸਾਰਿਆਂ ਦੇ ਕੰਮ ਆਉਣ ਵਾਲਾ ਹੈ। ਇਹ ਮਨ ਚੰਚਲ ਹੈ। ਬੜਾ ਦੌੜਦਾ ਹੈ। ਅਥਰਾ ਹੈ ਤੇ ਕਾਬੂ ਨਹੀਂ ਆਉਂਦਾ। ਮਨ ਨੂੰ ਬੈਲ ਬਣਾ ਲਿਆ ਜਾਏ ਭਾਵ ਜਿਨ੍ਹਾਂ ਦੁਆਰਾ ਮਾਲ ਢੋਇਆ ਜਾਣਾ ਹੈ ਉਹ ਜਾਨਵਰ ਰਿਸ਼ਟ-ਪੁਸ਼ਟ ਤੇ ਤਗੜੇ ਹੋਣ, ਉਨ੍ਹਾਂਨੂੰ ਸੰਜਮ ਦੀ ਲਗਾਮ ਪਈ ਹੋਵੇ। ਚਾਲਕ ਬਿਉਪਾਰੀ ਨਿਰਾ ਚਾਲਾਕ ਨਹੀਂ ਸਗੋਂ ਚਾਕ-ਚੁਬੰਦ ਵੀ ਹੋਵੇ। ਉਸਦੀ ਸੁਰਤ ਕਾਇਮ ਹੋਵੇ ਤਾਂ ਹੀ ਪੈਂਡਾ ਨਿਬੜੇਗਾ। ਮਾਲ ਦੀਆਂ ਛੁੱਟਾਂ ਦੀ ਲਦਾਈ ਇਸ ਪ੍ਰਕਾਰ ਨਾਲ ਕੀਤੀ ਜਾਏ ਕਿ ਲੱਦੀਆਂ ਵਸਤਾਂ ਆਪਸ ਵਿੱਚ ਹੀ ਨਾ ਲੜਦੀਆਂ ਰਹਿਣ। ਨਹੀਂ ਤਾਂ ਵਾਪਾਰੀ ਲੱਦੇਗਾ ਕੁਝ ਤੇ ਪੁੱਜੇਗਾ ਕੁਝ ਹੋਰ। ਇਹ ਕੰਮ ਗਿਆਨ ਨਾਲ ਹੋਵੇਗਾ ਤੇ ਗਿਆਨ ਗੁਰੂ ਪਾਸ ਹੈ । ਹੁਕਮ ਹੈ:
ਮਨੁ ਕਰਿ ਬੈਲੁ ਸੁਰਤਿ ਕਰਿ ਪੈਡਾ ਗਿਆਨ ਗੋਨਿ ਭਰਿ ਡਾਰੀ॥
ਕਹਤੁ ਕਬੀਰੁ ਸੁਨਹੁ ਰੇ ਸੰਤਹੁ ਨਿਬਹੀ ਖੇਪ ਹਮਾਰੀ ॥
ਲੋਕ ਵਿੱਚ ਬੜੀ ਸੁਚੱਜਤਾ ਨਾਲ ਪ੍ਰਲੋਕ ਦਾ ਅਭਿਆਸ ਕਰਾਇਆ ਜਾ ਰਿਹਾ ਹੈ। ਅਧਿਆਤਮ ਵਰਗੀ ਸੂਖਮ ਵਸਤੂ ਨਾਲ ਜੀਵਨ ਰੂਪੀ ਸਥੂਲ ਵਸਤੂ ਦਾ ਗੁਰੂ ਸਵਾਰਿਆ ਜਾ ਰਿਹਾ ਹੈ। ਕਬੀਰ ਜੀ ਵਿਸ਼ਵਾਸ ਵਾਲੇ ਭਲੇ ਪੁਰਸ਼ਾਂ ਨੂੰ ਆਖਦੇ ਹਨ ਕਿ, “ਇਸ ਪ੍ਰਕਾਰ ਢੋਇਆ ਜਾਣ ਵਾਲਾ ਫੇਰਾ ਸਫਲਤਾ ਸਹਿਤ ਸਮਾਪਤ ਹੋਵੇਗਾ। ਜ਼ਿੰਦਗੀ ਦੀ ਖੇਡ ਭਲੀ ਪ੍ਰਕਾਰ ਨਿਭ ਜਾਏਗੀ। ਸਭ ਪਾਸੇ ਵਾਹ-ਵਾਹ ਹੋਏਗੀ। ਇੱਜ਼ਤ ਮਿਲੇਗੀ ਤੇ ਮਾਨ ਮਿਲੇਗਾ।
ਇਸ ਪ੍ਰਕਾਰ ਦੇ ਬਹੁਤ ਸਾਰੇ ਉਦਾਹਰਨ ਗੁਰਬਾਣੀ ਵਿੱਚੋਂ ਮਿਲਦੇ ਹਨ ਉਨ੍ਹਾਂ ਤੋਂ ਬੜਾ ਪ੍ਰਪੱਕ ਗਿਆਨ ਮਿਲਦਾ ਹੈ ਜੋ ਜੀਵਨ ਵਿੱਚ ਦ੍ਰਿੜ੍ਹਤਾ ਬਖ਼ਸ਼ਦਾ ਹੈ। ਗੁਰੂ ਅਮਰਦਾਸ ਜੀ ਨੇ ਇਸ ਸੰਬੰਧ ਵਿੱਚ ਬੜੀ ਸੁੰਦਰ ਅਗਵਾਈ ਕੀਤੀ ਹੈ। ਆਪ ਜੀ ਆਖਦੇ ਹਨ ਗੁਰਮੁਖਿ ਕੋਈ ਵੀ ਵਾਪਾਰ ਕਰਨ ਉਹ ਸਾਰੇ ਹੀ ਭਲੇ ਹਨ ਜਾਂ ਇੰਝ ਕਹੀਏ ਕਿ ਗੁਰਮੁਖਾਂ ਦੁਆਰਾ ਕੀਤਾ ਹੋਇਆ ਹਰ ਵਾਪਾਰ ਭਲਾ ਹੋ ਜਾਂਦਾ ਹੈ ਕਿਉਂਕਿ ਉਨ੍ਹਾਂ ਦੀ ਪੱਧਤੀ ਤੇ ਵਿਧੀ ਗੁਰਮਤਿ ਵਾਲੀ ਹੁੰਦੀ ਹੈ। ਉਹ ਡੀਗਣ-ਡੋਲੇ ਵਿੱਚ ਨਹੀਂ ਪੈਂਦੇ ਤੇ ਸਾਰੇ ਨਿਜ਼ਾਮ ਤੇ ਇੰਤਜ਼ਾਮ ਨੂੰ ਸਹਿਜ ਨਾਲ ਚਲਾਂਦੇ ਹਨ,
ਗੁਰਮੁਖਿ ਸਭੁ ਵਾਪਾਰੁ ਭਲਾ ਜੇ ਸਹਜੇ ਕੀਜੈ ਰਾਮ ॥
ਅਨਦਿਨੁ ਨਾਮੁ ਵਖਾਣੀਐ ਲਾਹਾ ਹਰਿ ਰਸੁ ਪੀਜੈ ਰਾਮ॥
ਨਾਮ ਆਪਣੇ ਆਪ ਵਿੱਚ ਪੂਰਨ ਸਿਰਜਨਾਤਮਿਕਤਾ ਹੈ। ਸੁੰਦਰ ਉਸਾਰੀ ਹੈ। ਸਰਬੱਤ ਦਾ ਭਲਾ ਹੈ। ਜਿਹੜੇ ਮਨੁੱਖ ਭਲੇ ਪੁਰਖ ਗੁਰਮੁਖਾਂ ਦੇ ਵਾਪਾਰ ਨਾਲ ਜੁੜਦੇ ਹਨ। ਉਹ ਧੋਖਾ ਨਹੀਂ ਖਾਂਦੇ।
ਵਡਹੰਸ ਰਾਗ ਦੇ ਇਸ ਚਰਚਾ ਅਧੀਨ ਸ਼ਬਦ ਵਿੱਚ ਗੁਰੂ ਅਮਰਦਾਸ ਜੀ ਨੇ ਦ੍ਰਿੜ੍ਹ ਕਰਾਇਆ ਹੈ ਕਿ ਕਿਰਤ ਕਿਸੇ ਵੀ ਪ੍ਰਕਾਰ ਦੀ ਹੋਵੇ ਉਹ ਚੰਗੀ ਹੈ। ਨਾਮ ਦੀ ਛਾਂ ਹੇਠਾਂ ਕੀਤੇ ਗਏ ਕਾਰਜ ਸੁਖਦਾਈ, ਲਾਹੇਵੰਦ ਤੇ ਸਭਨਾਂ ਨੂੰ ਸੰਤੁਸ਼ਟਤਾ ਪ੍ਰਦਾਨ ਕਰਦੇ ਹਨ। ਸੰਤੋਖ ਦੀ ਪ੍ਰਾਪਤੀ ਹੁੰਦੀ ਹੈ।
ਨਾਮ ਸੰਪੂਰਨ ਜੀਵਨ ਜਾਚ ਹੈ। ਪਾਤਸ਼ਾਹ ਕਹਿੰਦੇ ਹਨ ਨਾਮ ਦਾ ਅਭਿਆਸ ਸਦਾ ਫਾਇਦੇਮੰਦ ਹੈ ਅਜਿਹਾ ਹੀ ਲਾਭ ਨਾਮ ਦੇ ਪਰਥਾਏ ਜ਼ਿੰਦਗੀ ਵਿੱਚ ਪ੍ਰਾਪਤ ਹੁੰਦਾ ਹੈ। ਸੱਭੇ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ। “ਕਛੂ ਨਾ ਥੋੜਾ ਹਰ ਭਗਤਨ ਕਉ” ਵਾਲੀ ਸਚਾਈ ਸਭ ਦੀ ਭਲਾਈ ਦਾ ਦ੍ਰਿੜ ਗਿਆਨ ਕਰਾਉਂਦੀ ਹੈ।
ਖੇਤੀ ਵਣਜੁ ਵਾਪਾਰ ਜਾਂ ਕੋਈ ਵੀ ਕਿਰਤ ਬੁਰੀ ਨਹੀਂ ਹੈ। ਕਿੱਤੇ ਉੱਚੇ ਨੀਵੇਂ ਨਹੀਂ ਹੁੰਦੇ ਸਾਰੇ ਹੀ ਸੁੱਚੇ ਹਨ। ਜੇ ਕਿਰਤ ਕਰਨ ਵਾਲੇ ਮਨ ਵਿੱਚ ਸੁੱਚਤਾ ਹੈ ਤਾਂ ਕੋਈ ਖਦਸ਼ਾ ਜਾਂ ਅੰਦੇਸ਼ਾ ਨਹੀਂ। ਇਕ ਬੜੀ ਮਨ ਭਾਉਣੀ ਗੱਲ ਗੁਰੂ ਦੇਵ ਆਖਦੇ ਹਨ ਕਿ ਸ਼ਬਦ ਦਾ ਸੁਭਾਅ ਸਾਨੂੰ ਸਵਾਰਨਾ ਹੈ। ਸੱਚ ਸ਼ਬਦ ਸਵਾਰਨਹਾਰਾ।
“ਪੰਜਾਬੇ ਗੁਰ ਕੀ ਵਡਿਆਈ”
ਗੁਰੂ ਜੀ ਦੀ ਵਡਿਆਈ ਪੰਜਾਬ ਅੰਦਰ ਘਰਿ ਘਰ ਸੀ। ਇਹ ਸਭਨਾਂ ਦੇ ਦਿਲ ਵਿੱਚ ਘਰ ਕਰ ਚੁੱਕੀ ਸੀ। ਸਚੁ ਤੋਂ ਨਿਕਲੀ ਸੁੱਚੀ ਆਵਾਜ਼ ਸਹਿਜ ਨਾਲ ਲੋਕਾਂ ਦੀਆਂ ਰੁਚੀਆਂ ਤਬਦੀਲ ਕਰ ਰਹੀ ਸੀ। ਸੰਤ, ਮਹੰਤ, ਜੋਗੀ, ਜੰਗਮ, ਸਰੇਵੜੇ, ਬੈਰਾਗੀ, ਭੂਮੀਏ, ਸਿਆਸੀ ਅਹਿਲਕਾਰ, ਸੂਫੀ, ਚਾਕਰ, ਧਨੀ-ਧਨਾਢ, ਕਿਸਾਨ-ਸੌਦਾਗਰ, ਯੋਧੇ, ਬੁੱਧੀਮਾਨ, ਵਿਵਹਾਰਕ ਕਲਾਕਾਰ ਭਾਵ ਸਭ ਪ੍ਰਕਾਰ ਦੇ ਬੰਦੇ ਗੁਰੂ ਪਾਤਸ਼ਾਹ ਦੇ ਬੰਦੇ ਬਣਦੇ ਜਾ ਰਹੇ ਸਨ। ਗੁਰੂ ਜੀ ਉਨ੍ਹਾਂ ਵਿੱਚੋਂ ਹਲਕੀਆਂ ਤੇ ਪਸ਼ੂ ਬਿਰਤੀਆਂ ਨੂੰ ਕੱਢ ਕੇ ਸੁਰਤਾਂ ਨੂੰ ਉਚਿਆਈ ਬਖ਼ਸ਼ ਰਹੇ ਸਨ । ਗੁਰਮਤਿ ਜੀਵਨ ਦਾ ਧੁਰਾ ਤੇ ਕੇਂਦਰ ਬਣ ਗਈ। ਸੀ। ਇਸੇ ਹੀ ਪ੍ਰਕਾਰ ਥੱਲੇ ਚਾਰੇ ਪਾਸੇ ਫੈਲੇ ਤੇ ਵਿਚਰ ਰਹੇ ਲੁਬਾਣੇ ਤੇ ਵਣਜਾਰੇ ਵੀ ਗੁਰੂ ਦੀ ਸ਼ਰਨ ਆ ਗਏ। ਉਹ ਇਸ ਤਰ੍ਹਾਂ ਨਾਲ ਗੁਰੂ ਕੇ ਹੀ ਹੋ ਗਏ ਕਿ ਗੁਰੂ ਪਾਤਸ਼ਾਹ ਤੋਂ ਗੁਰਮਤਿ ਲੈ ਕੇ ਭਾਈ ਮਨਸੁਖ ਜੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਉਨ੍ਹਾਂ ਦੇ ਸੰਦੇਸ਼ ਨੂੰ ਲੰਕਾ ਵਿੱਚ ਪਹੁੰਚਾਇਆ। ਸਾਰੇ ਗੁਰ ਇਤਿਹਾਸ ਵਿੱਚ ਲੁਬਾਣਿਆਂ ਦਾ ਕਿਰਦਾਰ ਹਮੇਸ਼ਾ ਨੁਮਾਇਆਂ ਰਿਹਾ। ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦੱਖਣ ਵਿੱਚੋਂ ਘੱਲੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਲੁਬਾਣਿਆਂ ਨੇ ਬੜੀ ਤਨ-ਦੇਹੀ ਨਾਲ ਸਿਰ-ਧੜ ਦੀ ਬਾਜ਼ੀ ਲਾ ਨਿਭਾਇਆ। ਕਈ ਵਾਰ ਤਾਂ ਇੰਝ ਲੱਗਣ ਲਗ ਪੈਂਦਾ ਹੈ ਕਿ ਸਿੱਖਾਂ ਦਾ ਇਤਿਹਾਸ ਲੁਬਾਣਿਆਂ ਦਾ ਹੀ ਇਤਿਹਾਸ ਹੈ।
- ਵਣਜਾਰਿਆਂ ਸਿਉ ਵਣਜੁ ਕਰਿ – ਪੰਨਾ 595, ਸੋਰਠ ਮ.1
- ਵਣਜੁ ਕਰਹੁ ਵਣਜਾਰਿ ਹੋ – ਪੰਨਾ 22, ਸਿਰੀ ਰਾਗ 1
- ਜਨਮੁ ਰਤਨੁ ਜਿਨੀ ਖਟਿਆ ਭਲੇ ਸੇ ਵਣਜਾਰੇ – ਪੰਨਾ 919, ਰਾਮ 3
- ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣਹਾਰਾ, ਆਪੇ ਦੇਖੈ – ਪੰਨਾ 942, ਰਾਮਕਲੀ 1
- ਤਨੁ ਹਟੜੀ ਇਹੁ ਮਨੁ ਵਣਜਾਰਾ
- ਹਰਿ ਰਾਸਿ ਮੇਰੀ ਮਨੁ ਵਣਜਾਰਾ – ਪੰਨਾ 921, ਰਾਮ ਮ.3
- ਹਰ ਤਨ ਵਣਜੋ ਹਰ ਤਨ ਸੰਚੋ॥ ਜਿਤ ਲਾਗਤ ਹੈ ਨਹੀ ਚੋਰ
- ਜਾਗਹੁ ਜਾਗਹੁ ਸੂਤਿਹੋ ਚਲਿਆ ਹੈ ਵਣਜਾਰਾ ਪੰਨਾ 418
- ਕੋ ਹੈ ਬਣਜਾਰੋ ਰਾਮ ਕੋ॥ ਮੇਰਾ ਟਾਂਡਾ
- ਉਰਵਾਰ ਪਾਰ ਸਭ ਏਕੋ ਦਾਨੀ
- ਉਰਵਾਰ ਪਾਰ ਕੇ ਦਾਨੀਆ ਲਿਖ ਲੇਓ ਆਲ ਪਤਾਲ
- ਕਿਣਹੀ ਵਣਜਿਆ ਕਾਂਸੀ ਤਾਂਬਾ
- ਮੈਂ ਬਣਜਾਰਨ ਰਾਮ ਕੀ ਤੇਰਾ ਨਾਮ ਵਖਰ ਵਪਾਰ ਜੀ
- ਵਣਜਾਰੇ ਸਿਖ ਆਂਵਦੇ – ਪੰਨਾ 313, ਗਉੜੀ ਵਾਰ 4
- ਵਣਜੁ ਕਰਹੁ ਮਖਸੂਦੁ – ਪੰਨਾ 418,ਆਸਾ ਮ.1
- ਵਣਜਾਰਿਆ ਸਿਉ ਵਣਜੁ ਕਰਿ – ਪੰਨਾ 56, ਸਿਰੀ ਰਾਗ ਮ.1
- ਵਣਜਾਰੈ ਇਕ ਭਾਤੀ ਆਵਹਿ – ਪੰਨਾ 442,ਆਸਾ ਮ.4
- ਵਣਜਾਰੇ ਸੰਤ ਨਾਨਕਾ – ਪੰਨਾ 399, ਆਸਾ ਮ.5
- ਵਣਜਾਰਾ ਜਗੁ ਆਪਿ ਹੈ – ਪੰਨਾ 604, ਸੋਰਠ ਮ.4
- ਮੈ ਬਨਜਾਰਨਿ ਰਾਮ ਕੀ – ਪੰਨਾ 157, ਗਉ.1
- ਸਿਰੀ ਰਾਗ ਵਿਚ ਗੁਰੂ ਰਾਮਦਾਸ ਜੀ ਦੁਆਰਾ ਰਚਿਤ ਇਕ ਬਾਣੀ ਦਾ ਉਪ ਸਿਰਲੇਖ ਵਣਜਾਰਾ ਹੈ ਪੰਨਾ 81
ਹਰਿ ਗੁਰ ਸਰਣਾਈ ਪਾਈਐ ਵਣਜਾਰਿਆ ਮਿਤ੍ਰ ਵਡਭਾਗਿ ਪਰਾਪਤਿ ਹੋਇ।
ਇਹ ਤੁਕਾਂ ਟੂਕ ਮਾਤਰ ਹਨ। ਹੋਰ ਕਈ ਥਾਵਾਂ ਤੇ ਅਜਿਹੇ ਉਦਾਹਰਣ ਮਿਲਦੇ ਹਨ।
Credit – ਬਲਵਿੰਦਰ ਸਿੰਘ