ਅਮੀਰ ਸਭਿਅਤਾ ਦੀ ਕੀਰਤੀ ਗਾਥਾ ਗੋਆਰ ਰਾਜਪੂਤਾਂ/ਬਾਜ਼ੀਗਰਾਂ ਦਾ ਇਤਿਹਾਸ
ਪੁਰਾਤਨ ਸਮੇਂ ਵਿਚ ਇਨਸਾਨ ਕੰਦਰਾਂ, ਗੁਫਾਵਾਂ, ਅਤੇ ਪੱਥਰਾਂ ਦੀ ਓਟ ਵਿਚ ਹੀ ਆਸਰਾ ਲੈ ਕੇ ਜੀਵਨ ਨਿਰਬਾਹ ਕਰਦਾ ਸੀ। ਸਮਾਂ ਬਦਲਦਾ ਗਿਆ, ਸਮਝ ਨੇ ਮਾਨਵੀ ਦਿਮਾਗ ਵਿਚ ਘਰ ਬਣਾਇਆ ਅਤੇ ਇਨਸਾਨ ਬੇਹਤਰੀ ਵੱਲ ਕਦਮ ਪੁੱਟਣ ਲੱਗਿਆ। ਲੋੜਾਂ ਅਨੁਸਾਰ ਉਸ ਨੇ ਪਹਿਰਾਵੇ ਦੀ ਚੋਣ ਕੀਤੀ, ਜੋ ਪੱਤਿਆਂ ਤੋਂ ਸ਼ੁਰੂ ਹੋਈ। ਖਾਣ ਲਈ ਮੇਵੇ, ਫੁੱਲ ਅਤੇ ਪੱਤਿਆਂ ਤੋਂ ਇਲਾਵਾ ਇਨਸਾਨ ਆਪਣੀ ਰਾਖੀ ਲਈ ਹਥਿਆਰਾਂ ਦੀ ਖੋਜ ਕਰਦਾ ਕਰਦਾ ਹਮਲਾਵਰ ਜਾਨਵਰਾਂ ਨੂੰ ਭਾਂਜ ਦੇਣ ਲੱਗਿਆ। ਹਮਲਾਵਰ ਜਾਨਵਰ ਹੋਰ ਕਮਜ਼ੋਰ ਜਾਨਵਰਾਂ ਦੇ ਨਾਲ ਇਨਸਾਨ ਦਾ ਵੀ ਸ਼ਿਕਾਰ ਕਰਕੇ ਖਾ ਜਾਂਦੇ। ਇਨਸਾਨ ਨੇ ਇਹ ਬਿਰਤੀ ਵੀ ਜਾਨਵਰਾਂ ਤੋਂ ਹੀ ਲਈ ਅਤੇ ਜਾਨਵਰ ਮਾਰ ਕੇ ਉਨਾਂ ਦਾ ਮਾਸ ਖਾਣਾ ਅਤੇ ਖੱਲ ਦੇ ਬਸਤਰ ਬਣਾਉਣ ਲੱਗਿਆ। ਪੁਰਾਤਨ ਸਮੇਂ ਤੋਂ ਹੀ ਆਪਣੀਆਂ ਲੋੜਾਂ, ਸਹੂਲਤਾਂ ਅਤੇ ਜ਼ਰੂਰਤਾਂ ਅਨੁਸਾਰ ਆਪਣੇ ਚੌਗਿਰਦੇ ਨੂੰ ਸੰਵਾਰਦਾ, ਸੰਭਾਲਦਾ ਅਤੇ ਨਿਖਾਰਦਾ ਇਨਸਾਨ ਆਪਣੇ ਕੁਨਬੇ ਨੂੰ ਫੈਲਾਉਂਦਾ ਬਸਤੀਆਂ ਬਸਾਉਣ ਲੱਗਿਆ। ਬੱਚੇ ਵੱਡੇ ਹੁੰਦੇ ਤਾਂ ਵਿਆਹ ਉਪਰੰਤ ਉਨ੍ਹਾਂ ਨੂੰ ਗੁਜ਼ਰ ਬਸਰ ਤੇ ਪ੍ਰੀਵਾਰ ਚਲਾਉਣ ਲਈ ਲੋੜੀਂਦਾ ਸਮਾਨ ਬਰਾਦਰੀ ਦੇਂਦੀ। ਅੱਗ ਤੇ ਪਾਣੀ ਦੀ ਲੋੜ ਮਾਨਵ ਨੂੰ ਸਦੀਵੀਂ ਰਹੀ। ਪੁਰਾਣੇ ਸਮਿਆਂ ਵਿਚ ਸਭਿਅਤਾਵਾਂ ਨਦੀਆਂ ਕਿਨਾਰੇ ਹੀ ਹੁੰਦੀਆਂ ਸਨ, ਪਰ ਹੜ੍ਹ ਤੇ ਸੋਕੇ ਕਾਰਨ ਇਨਸਾਨ ਨੂੰ ਇਨ੍ਹਾਂ ਦੇ ਨੇੜੇ ਰਹਿ ਕੇ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਇਸ ਲਈ ਇਨਸਾਨ ਨੇ ਬਸਤੀਆਂ ਛੱਡ ਕੇ ਦੂਰ ਦੁਰਾਡੇ ਜਾਣਾ ਤੇ ਲੋੜ ਅਨੁਸਾਰ ਭੋਜਨ, ਫਲ ਤੇ ਪਾਣੀ ਦੀ ਖੋਜ ਸ਼ੁਰੂ ਕੀਤੀ। ਉਸ ਨੂੰ ਸ਼ਿਕਾਰ ਲਈ ਦੂਰ ਦੁਰਾੜੇ ਜਾਨਵਰਾਂ ਦਾ ਪਿੱਛਾ ਕਰਦੇ ਜਾਣਾ ਪੈਂਦਾ। ਇਸ ਤਰਾਂ ਮਾਨਵ ਘਰੋਂ ਨਿਕਲ ਦੂਰ ਤੱਕ ਸਫਰ ਕਰਨ ਤੇ ਵਾਪਸ ਪਰਤਣ ਲੱਗਿਆ। ਬਸਤੀਆਂ ਵਧਦੀਆ ਵਧਦੀਆਂ ਕਸਬਿਆਂ, ਸ਼ਹਿਰਾਂ ਤੇ ਰਾਜਾਂ ਵਿਚ ਤਬਦੀਲ ਹੋ ਗਈਆਂ। ਬੜੇ ਉਦਮਾਂ ਨਾਲ ਬਸਤੀ ਦੇ ਮੁੱਖੀਏ ਤੋਂ ਇਨਸਾਨ ਨੇ ਰਾਜਿਆਂ ਤਕ ਦਾ ਸਫਰ ਤਹਿ ਕੀਤਾ। ਰਾਜਾਂ ਦੇ ਸਮੂਹ ਚੋਂ ਹੀ ਮਹਾਰਾਜੇ ਤੇ ਚੱਕਰਵਰਤੀ ਰਾਜੇ ਬਣੇ। ਸਮਾਜ ਤਰੱਕੀ ਦੇ ਪਹੀਏ ਦੁਆਲੇ ਤੇਜੀ ਨਾਲ ਘੁੰਮਦਾ ਰਿਹਾ, ਭਾਵੇਂ ਰਫਤਾਰ ਘੱਟਦੀ ਵਧਦੀ ਰਹੀ।
ਕਿਸੇ ਵੀ ਸਮਾਜ ਦੇ ਪ੍ਰਬੰਧ ਨੂੰ ਚਲਾਉਣ ਲਈ ਵੱਖ ਵੱਖ ਵਰਗਾਂ ਦੇ ਇਨਸਾਨਾਂ ਦੀ ਲੋੜ ਹੁੰਦੀ, ਜੋ ਆਪਣੀ ਸਮਰੱਥਾ ਅਨੁਸਾਰ ਕੰਮ ਕਰ ਸਕਣ। ਹਮੇਸ਼ਾਂ ਹੀ ਸਮਾਜ `ਚ ਸ਼ਕਤੀਸ਼ਾਲੀ, ਕਮਜ਼ੋਰ, ਵਿਦਵਾਨ ਅਤੇ ਮੂਰਖ ਜਾਂ ਘੱਟ ਸ਼ਕਤੀਸ਼ਾਲੀ, ਗੱਲ ਕੀ ਹਰ ਤਰਾਂ ਦੇ ਇਨਸਾਨ ਹੁੰਦੇ ਹਨ। ਸਮਾਜ ਦੇ ਸੰਚਾਲਕਾਂ ਨੇ ਕੰਮਾਂ ਨੂੰ ਚਾਰ ਹਿੱਸਿਆਂ ਵਿਚ ਵੰਡਿਆ, ਜਿਸ ਦੇ ਅਧਾਰ ਉਤੇ ਚਾਰ ਵਰਣ ਬਣੇ। ਬਹੁਤ ਘੱਟ ਯੋਗਤਾ ਅਤੇ ਸਮਰੱਥਾ ਵਾਲੇ ਦਾਸ ਜਾਂ ਨੌਕਰ ਬਣ ਗਏ। ਦਿਮਾਗੀ ਤੌਰ ਤੇ ਪੂਰਣ ਵਿਕਸਿਤ ਨੂੰ ਰਾਜਨੀਤੀ ਅਤੇ ਪ੍ਰਬੰਧਕੀ ਢਾਂਚੇ ਵਿਚ ਜ਼ਿੰਮੇਵਾਰੀਆਂ ਮਿਲੀਆਂ ਅਤੇ ਉਨ੍ਹਾਂ ਦੀ ਮਦਦ ਲਈ ਸ਼ਰੀਰਕ ਤੌਰ ਤੇ ਸ਼ਕਤੀਸ਼ਾਲੀ ਵਿਅਕਤੀਆਂ ਨੂੰ ਫੌਜੀ ਤੇ ਲੜਾਕੂਆਂ ਦਾ ਕੰਮ ਸੌਂਪ ਦਿੱਤਾ ਗਿਆ। ਦਰਮਿਆਨੇ ਪੱਧਰ ਦੇ ਬੁਧੀਮਾਨਾਂ ਨੂੰ ਵਿਉਪਾਰ ਜਾਂ ਹੋਰ ਛੋਟੇ ਮੋਟੇ ਕੰਮ ਕਾਜ ਸੌਂਪੇ ਗਏ। ਰੋਟੀ, ਕਪੜਾ ਅਤੇ ਮਕਾਨ ਦੀ ਸੁਵਿਧਾ ਹਰ ਇਕ ਕੋਲ ਲੋੜ ਮੁਤਾਬਿਕ ਆਉਣ ਲੱਗੀ। ਰਾਜ ਸੱਤਾ ਦਿਮਾਗੀ ਤੇ ਸ਼ਰੀਰਕ ਤੌਰ ਤੇ ਵਿਕਸਿਤ ਅਤੇ ਬਲਵਾਨਾਂ ਦੇ ਹੱਥਾਂ ‘ਚ ਹੀ ਰਹੀ, ਜਿਨ੍ਹਾਂ ਆਪਣੀ ਤਾਕਤ ਦੇ ਘੁਮੰਡ ਅਤੇ ਨਸ਼ੇ ਵਿਚ ਚੂਰ ਹੋ ਕੇ ਅਵਿਕਸਤ ਮਨੁੱਖਾਂ ਉਤੇ ਤਸ਼ੱਦਦ ਦਾ ਰਾਹ ਵੀ ਹੌਲੀ ਹੋਲੀ ਫੜਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਆਪਣੇ ਤੀਰ, ਤਲਵਾਰਾਂ ਤੇ ਬੁਧੀ ਦੇ ਤੀਖਣ ਦਾਅ ਪੇਚਾਂ ਨਾਲ ਰਾਜ ਅਤੇ ਸਾਮਰਾਜ ਕਾਇਮ ਕੀਤੇ। ਧਨ ਸ਼ਕਤੀ ਦੇ ਸਭ ਸੋਮੇ ਆਪਣੇ ਅਖਤਿਆਰ ਵਿਚ ਕਰ ਕੇ ਉਨ੍ਹਾਂ ਉਤੇ ਏਕਾ ਅਧਿਕਾਰ ਬਣਾਇਆ।
ਲਗਦਾ ਹੈ ਕਿ ਸਮਾਜ ਵੰਡ ਦੌਰਾਨ ਹੀ ਸ੍ਰੀ ਕ੍ਰਿਸ਼ਨ ਜੀ ਨੇ ਮਾਨਵਤਾ ਦੇ ਭਲੇ ਲਈ ਆਪਣੀ ਪਿਆਰੀ ਗੋਪੀ ਰਾਧਾ ਤੇ ਮਕੁਰੰਦ ਰਿਸ਼ੀ ਜੋ ਸ੍ਰੀ ਕ੍ਰਿਸ਼ਨ ਦੀਆਂ ਗਊਆਂ ਚਾਰਨ ਦੀ ਜ਼ਿਮੇਵਾਰੀ ਨਿਭਾਉਂਦਾ ਸੀ, ਨੂੰ ਗੋਕਲ ਛੱਡਣ ਸਮੇਂ ਹੁਕਮ ਦਿੱਤਾ ਕਿ ਉਹ ਕ੍ਰਿਸ਼ਨ ਜੀ ਵੱਲੋਂ ਦੱਸੇ ਗਏ ਸੂਰਬੀਰ ਰਾਜਿਆਂ ਕੋਲ ਕ੍ਰਿਸ਼ਨ ਜੀ ਦਾ ਸੰਦੇਸ਼ ਲੈ ਕੇ ਜਾਣ ਤੇ ਸੰਦੇਸ਼ ਅਨੁਸਾਰ ਰਾਜੇ ਉਨ੍ਹਾਂ ਨੂੰ ਆਪਣੇ ਪੁੱਤਰ ਦੇਣਗੇ, ਜਿਨ੍ਹਾਂ ਦੇ ਰਾਧਾ ਤੇ ਮਕੁਰੰਦ ਰਿਸ਼ੀ (ਮੌਲਾ) ਪਾਲਕ ਮਾਤਾ ਪਿਤਾ ਕਹਿਲਾਉਣਗੇ। ਇਸ ਤਰਾਂ ਹੀ ਹੋਇਆ ਪਰਮਾਰ, ਚੌਹਾਨ ਤੇ ਰਠੌਰ ਤਿੰਨ ਰਾਜ ਕੁਮਾਰਾਂ ਨੂੰ ਲੈ ਕੇ ਰਾਧਾ ਤੇ ਮੌਲਾ ਨੇ ਪਾਲਿਆ, ਜਿਨ੍ਹਾਂ ਤੋਂ ਕ੍ਰਮਵਾਰ 12, 6 ਅਤੇ 7 ਪੁੱਤਰ ਹੋਏ, ਇਨ੍ਹਾਂ ਤੋਂ ਹੀ ਅੱਗੇ ਗੋਆਰ ਰਾਜਪੂਤ ਬਰਾਦਰੀ ਦੇ ਪੂਰਵਜ਼ ਵਧਦੇ ਫੁਲਦੇ ਰਾਜੇ ਤੇ ਮਹਾਰਾਜੇ ਬਣੇ।
ਇਸ ਪੁਸਤਕ ਵਿਚ ਅਸੀਂ ਕੁਝ ਵੀ ਮਨਘੜੰਤ ਨਹੀਂ ਲਿਆ। ਜੋ ਵੀ ਦੰਤ ਕਥਾਵਾਂ ਮਿਲੀਆਂ, ਉਨ੍ਹਾਂ ਬਾਰੇ ਵੀ ਨਿਤਾਰਾ ਆਪਣੇ ਵਿਚਾਰਾਂ ਰਾਹੀ ਨਾਲ ਨਾਲ ਕਰਿਆ ਹੈ, ਜਿਨ੍ਹਾਂ ਨੂੰ ਪਾਠਕ ਪੜ੍ਹਦੇ ਹੋਏ, ਵਿਚਾਰਨਗੇ ਤੇ ਮਾਨਣਗੇ। ਉਮੀਦ ਹੀ ਨਹੀਂ ਵਿਸ਼ਵਾਸ ਹੈ ਕਿ ਤੁਹਾਨੂੰ ਸਾਡੇ ਤਰਕ ਅਤੇ ਰਾਏ ਸਚਾਈ ਦੇ ਨੇੜੇ ਜ਼ਰੂਰ ਲਗਣਗੇ। ਉਦਾਹਰਣ ਵਜੋਂ ਪੁਸਤਕ ਵਿਚ ਪਰਸੁਰਾਮ ਅਤੇ ਹੰਸਕੀ ਦੇ ਪਿਆਰ ਤੇ ਵਿਆਹ ਦੀ ਗੱਲ ਬਾਤ ਹੈ, ਜਿਨ੍ਹਾਂ ਦੀ ਸੰਤਾਨ ਤੋਂ ਹੀ ਵੜਤੀਆ ਗੋਤ ਪੈਦਾ ਹੋਇਆ। ਇਸੇ ਤਰਾਂ ਖਾਮਦਾਰ ਅਤੇ ਕਸਤੂਰੀ ਦੇ ਪ੍ਰੇਮ ਅਤੇ ਫਿਰ ਵਿਵਾਹ ਬੰਧਨ ਤੇ ਬਰਾਦਰੀ ਵੱਲੋਂ ਇਨ੍ਹਾਂ ਨੂੰ ਵੀ ਬਰਾਦਰੀ ‘ਚ ਸ਼ਾਮਲ ਕਰਕੇ ਇਨ੍ਹਾਂ ਦੀ ਸੰਤਾਨ ਨੂੰ ਰਠੌਰ ਹੋਣ ਨਾਤੇ ਸਵੀਕਾਰਿਆ ਗਿਆ। ਉਨ੍ਹਾਂ ਦੇ ਬੱਚਿਆਂ ਤੋਂ ਬਣੇ ਗੋਤਾਂ ਅਤੇ ਉਪਗੋਤਾਂ ਦਾ ਵੀ ਜ਼ਿਕਰ ਮਿਲਦਾ ਹੈ। ਇਸੇ ਤਰਾਂ ਸ਼ਿਵ ਗਣਾਂ ਤੋਂ ਵੀ ਇਸ ਬਰਾਦਰੀ ਦੇ ਉਤਪੰਨ ਹੋਣ ਦੇ ਪ੍ਰਮਾਣ ਮਿਲਦੇ ਹਨ, ਜਿਨ੍ਹਾਂ ਦਾ ਵਿਆਖਿਆਨ ਵੀ ਬਾਖੂਬੀ ਅਸੀਂ ਇਸ ਪੁਸਤਕ ਵਿਚ ਕੀਤਾ ਹੈ। ਬਾਬਾ ਹਾਥੀ ਰਾਮ, ਵਿਸ਼ਨੂੰ ਭਗਵਾਨ ਨਾਲ ਸਹੰਸਰ ਮੱਲ ਰਿਸ਼ੀ ਵੱਲੋਂ ਛਲ ਕਪਟ ਕਰਨਾ ਅਤੇ ਰਾਜਾ ਭੋਜ ਦੀ ਬਾਂਕਾ ਸਿੰਹ ਨਾਲ ਅਦਭੁਤ ਵਾਰਤਾਲਾਪ ਅਤੇ ਕਲਾ ਵਿਖਾਉਣ ਦੀ ਘਟਨਾ ਆਦਿ। ਇਹ ਕਥਾਵਾਂ ਜਿਥੇ ਰੋਚਕਤਾ ਲਿਆਉਂਦੀਆਂ ਹਨ ਉਥੇ ਇਸ ਸਮਾਜ ਦੇ ਵਡੇਰਿਆਂ ਬਾਰੇ ਅਤੇ ਉਨਾਂ ਦੀ ਦਿਬਦ੍ਰਿਸ਼ਟੀ ਜਾਂ ਸਮਰੱਥਾ ਦੀ ਵਿਆਖਿਆ ਵੀ ਕਰਦੀਆਂ ਹਨ, ਭਾਵੇਂ ਇਹ ਸਚਾਈ ਤੋਂ ਦੂਰ ਲਗਦੀਆਂ ਹਨ। ਇਨ੍ਹਾਂ ਸਭਨਾਂ ਨੂੰ ਕਲਮਬਧ ਕਰਨਾ ਵੀ ਸਮੇਂ ਦੀ ਲੋੜ ਹੈ, ਤਾਂ ਜੋ ਇਹ ਅਗਲੀਆਂ ਪੀੜ੍ਹੀਆਂ ਲਈ ਸਾਂਭੀਆਂ ਜਾ ਸਕਣ ਤੇ ਅਜੋਕੇ ਸਮੇਂ ਦੇ ਨੌਜਵਾਨ ਆਪਣੇ ਵਿਰਸੇ ਉਤੇ ਝਾਤ ਮਾਰ ਸਕਣ। ਸੋਚਣ ਕਿ ਅਸੀਂ ਕਿਹੋ ਜਹੇ ਜੁਝਾਰੂਆਂ ਦੀ ਸੰਤਾਨ ਹਾਂ ਅਤੇ ਅਸੀਂ ਕੀ ਤੇ ਕਿਉਂ ਬਣ ਰਹੇ ਆ ? ਗੱਲ ਜੋ ਅਸੀਂ ਕਰਨਾ ਚਾਹੁੰਦੇ ਆਂ, ‘ਮਨ ਤੂੰ ਜੋਤ ਸਰੂਪ ਹੈ ਅਪਣਾ ਮੂਲ ਪਛਾਣ ‘ ਵਾਲੀ ਵੀ ਹੈ।
ਸਚਾਈ ਹੈ ਕਿ ਪੁਰਾਤਨ ਭਾਰਤ ਸੋਨੇ ਦੀ ਚਿੱੜੀ ਸੀ, ਜਿਸ ‘ਚ ਅਮਨ ਸ਼ਾਂਤੀ ਨਾਲ ਲੋਕ ਰਹਿੰਦੇ ਸਨ। ਯੂਰਪ ਅਤੇ ਮੱਧ ਏਸ਼ੀਆ ‘ਚੋਂ ਅਸ਼ਾਂਤੀ ਤੇ ਲੜਾਈ ਦੇ ਬੀਜ ਹਿੰਦ ਵੱਲ ਵਧੇ। ਸਿਕੰਦਰ, ਗਜ਼ਨੀ, ਗੋਰੀ ਅਤੇ ਅਨੇਕਾਂ ਹੋਰ ਧਾੜਵੀ ਸਾਡੀ ਸ਼ਾਂਤੀ ਅਤੇ ਖੁਸ਼ਹਾਲੀ ਖੋਹ ਕੇ ਆਪਣੇ ਬੰਜਰ ਅਤੇ ਬਰਫਾਂ ਲੱਦੇ ਇਲਾਕਿਆਂ ਨੂੰ ਖੁਸ਼ਹਾਲ ਕਰਨ ਤੁਰੇ, ਪਰ ਹਿੰਦ ਦੇ ਜਾਂਬਾਜ਼ ਜੋਧਿਆਂ, ਜਦੋਂ ਤਲਵਾਰ ਹੱਥ ਫੜੀ ਤਾਂ ਇਨਾਂ ਦੁਸ਼ਮਣਾਂ ਨੂੰ ਕਰਾਰੀ ਮਾਰ ਪਾਉਣੀ ਸ਼ੁਰੂ ਕੀਤੀ। ਛੇਵੀਂ ਸਦੀ ਤੋਂ ਨੌਵੀਂ ਸਦੀ ਤਕ ਬੂੰਦੀ, ਕੋਟਾ, ਸਾਂਬਰ, ਚਿਤੋੜ, ਛੋਟੀ ਸਾਦੜੀ, ਉਦੇਪੁਰ, ਜਮਸ਼ੇਦਪੁਰ, ਸਲਾਹਰਗੜ੍ਹ, ਮੰਦਸੋਰ, ਡੂੰਗਰਪੁਰ, ਪ੍ਰਤਾਪਗੜ੍ਹ, ਬਾਸਵਾੜਾ, ਬੁੰਦੇਲਖੰਡ ਅਤੇ ਰਤਲਾਮ ਇਲਾਕਿਆਂ ਉਤੇ ਗੋਆਰ ਰਾਜਪੂਤਾਂ ਦਾ ਰਾਜ ਸੀ। ਸ਼ੁਰੂਆਤ ਵਿੱਚ ਰਾਜਪੂਤਾਨਾ ਸਾਮਰਾਜ ਦੇ 11 ਰਾਜਾਂ ਦੇ ਰਾਜੇ ਧਾੜਵੀਆਂ ਨੂੰ ਗਾਹੇ ਬਗਾਏ ਇਕੱਲੇ ਇਕੱਲੇ ਜਾਂ ਜੇਟੀਆਂ ਬਣਾ ਕੇ ਸਮੂਹਕ ਤੌਰ ਤੇ ਡੱਕਦੇ ਰਹੇ ਤੇ ਆਖਰ ਪਤਨ ਦੇ ਦਿਨਾਂ ਵਿਚ ਇਨ੍ਹਾਂ ‘ਚੋਂ ਬਹੁਤਿਆਂ ਨੇ ਅਕਬਰ ਦਾ ਹੱਥ ਫੜ ਕੇ ਆਪਣੇ ਰਾਜ ਬਚਾਉਣੇ ਸ਼ੁਰੂ ਕੀਤੇ। ਰਾਜਪੂਤਾਂ, ਮਰਹੱਟਿਆਂ, ਸਿੱਖ ਗੁਰੂਆਂ ਅਤੇ ਮਿਸਲਾਂ ਸਮੇਂ ਮਿਸਲਾਂ ਦੇ ਸਰਦਾਰਾਂ ਤੇ ਆਖਰ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਲੋਹਾ ਲਿਆ ਅਤੇ ਆਪਣੀ ਮਾਤ ਭੂਮੀ ਲਈ ਹਰ ਹੀਲੇ ਦੀਨ ਈਮਾਨ ਤੇ ਅਣਖ ਉਤੇ ਪਹਿਰਾ ਦੇਂਦੇ ਹੋਏ ਕੁਰਬਾਨੀਆਂ ਦਿੱਤੀਆਂ। ਲੰਮਾ ਸਮਾਂ ਬੂੰਦੀ, ਕੋਟਾ, ਸਾਂਬਰ, ਚਿਤੋੜ, ਛੋਟੀ ਸਾਦੜੀ, ਉਦੈਪੁਰ, ਜਮਸੰਦਪੁਰ, ਮੰਦਸੌਰ, ਸਲਾਹਰਗੜ੍ਹ, ਡੂੰਗਰਪੁਰ, ਪ੍ਰਤਾਪ ਗੜ੍ਹ, ਬਾਸਵਾੜਾ, ਰਤਲਾਮ, ਗਵਾਲੀਅਰ, ਕਨੌਜ, ਕਾਲਿੰਜਰ, ਦਿੱਲੀ, ਆਗਰਾ, ਅਜਮੇਰ, ਗੋਲਕੁੰਡਾ, ਮਾਰਵਾੜ, ਪਾਣੀਪਤ, ਲਾਹੌਰ, ਗਵਾਲੀਅਰ, ਅਤੇ ਬਲੋਚਿਸਤਾਨ ਅਤੇ ਸਿੰਧ ਦੀ ਮਿੱਟੀ ਮਰਜੀਵੜੇ ਰਾਜਪੂਤਾਂ ਦੀ ਵੀਰਤਾ ਦੀ ਗਾਥਾ ਆਪਣੇ ਸੀਨੇ ਉਤੇ ਇਨ੍ਹਾਂ ਦੇ ਸੁਰਖਲਹੂ ਨਾਲ ਲਿਖੀ ਤਸਦੀਕ ਕਰਦੀ ਰਹੀ ਅਤੇ ਇਹ ਜੁਝਾਰੂ ਲੜਦੇ, ਕਟਦੇ, ਡਿੱਗਦੇ, ਢਹਿੰਦੇ, ਸੰਭਲਦੇ ਤੇ ਫੇਰ ਖੜਗ ਫੜ ਕੇ ਮੈਦਾਨੇ ਜੰਗ ਵਿਚ ਨਿੱਤਰਦੇ ਰਹੇ। ਚਿਤੌੜ ਦੀ ਹਾਰ ਨੇ ਇਨ੍ਹਾਂ ਦਾ ਆਖਰੀ ਘਰ ਵੀ ਤਬਾਹ ਕਰ ਦਿੱਤਾ, ਉਦੋਂ ਇਨ੍ਹਾਂ ਜਾਂਬਾਜਾਂ ਸੁੱਖ ਸੁਵਿਧਾਵਾਂ ਤਿਆਗ ਬਸਤੀਆਂ ਤੇ ਸ਼ਹਿਰਾਂ ਤੋਂ ਦੂਰ ਵਾਸਾ ਕਰਕੇ ਚਿਤੋੜ ਦੀ ਮੁੱੜ ਜਿੱਤ ਤਕ ਟੱਪਰੀਵਾਸ ਜਾਂ ਬੇਜ਼ਮੀਨੇ ਘਮੰਤੂ ਰਹਿ ਕੇ ਸੰਘਰਸ਼ ਕਰਨ ਦਾ ਪ੍ਰਣ ਲਿਆ, ਜਿਸ ਦਾ ਵਿਸਥਾਰ ਪੂਰਵਕ ਵਰਨਣ ਹੱਥਲੀ ਪੁਸਤਕ ਵਿਚ ਕੀਤਾ ਹੈ।
ਗੱਲ ਤੁਰਦੀ ਹੈ ਗੋਆਰ ਰਾਜਪੂਤਾਂ ਦੇ ਵਣਜਾਰੇ / ਬਣਜਾਰੇ ਜਾਂ ਬਾਜ਼ੀਗਰ ਬਣਨ ਵੱਲ। ਜਦੋਂ ਇਨਸਾਨ ਸ਼ਾਹੀ ਮਹਿਲਾਂ ‘ਚੋਂ ਨਿਕਲ, ਆਪਣੇ ਨਾਲ ਸੈਂਕੜੇ ਦੀ ਗਿਣਤੀ ਵਿਚ ਹੋਰਾਂ ਨੂੰ ਲੈ ਕੇ ਪਿੰਡ ਪਿੰਡ ਵਿੱਚਰਦੇ ਰਹੇ ਤਾਂ ਫਿਰ ਪੇਟ ਪਾਲਣ ਲਈ ਕੁਝ ਤਾਂ ਕਰੇਗਾ ਹੀ। ਇਹ ਸਾਫ ਹੈ ਕਿ ਗੋਆਰ ਰਾਜਪੂਤਾਂ ਵਿਚ ਰਿਸ਼ਟ ਪੁਸ਼ਟ ਜੋਧੇ, ਹਥਿਆਰ ਤਿਆਰ ਕਰਨ ਵਾਲੇ ਕਾਰੀਗਰ ਅਤੇ ਇਨਾਂ ਦੋਵਾਂ ਦੀ ਸੇਵਾ ਸੰਭਾਲ ਕਰਨ ਵਾਲਾ ਤੀਜਾ ਤਬਕਾ, ਜੋ ਕੰਮ ਵੰਡ ਕਾਰਨ ਹੇਠਲਾ ਤਬਕਾ ਗਿਣਿਆ ਜਾਂਦਾ ਸੀ, ਵੀ ਨਾਲ ਹੀ ਰਹੇ। ਕੁਝ ਗੋਆਰ ਨਟਾਂ, ਮਰਾਸੀਆਂ ਤੇ ਭੰਡਾਂ ਆਦਿ ਵਾਲਾ ਕੰਮ ਕਰਨ ਲਗੇ। ਜੁਝਾਰੂ ਵੀ ਆਪਣੀ ਸ਼ਰੀਰਕ ਚੁਸਤੀ ਫੁਰਤੀ ਬਰਕਰਾਰ ਰੱਖਣ ਲਈ ਇਨ੍ਹਾਂ ਸੰਗ ਜੌਹਰ ਵਿਖਾਉਂਦੇ ਰਹੇ ਤੇ ਬਾਜ਼ੀਗਰ ਕਹਿਲਾਏ ਜਾਣ ਲੱਗੇ। ਆਖਰ ਇਨ੍ਹਾਂ ਜਾਂਬਾਜਾਂ ਪਿੱਛੇ ਅਕਬਰੀ ਫੌਜਾਂ ਦੇ ਧਾੜਵੀ ਵੀ ਲੱਗੇ ਸਨ, ਸੋ ਇਨ੍ਹਾਂ ਦਾ ਆਪਣਾ ਅਸਲੀ ਰੂਪ ਛੁਪਾਉਣਾ ਵੀ ਸੁਭਾਵਕ ਹੀ ਸੀ। ਇਸ ਜ਼ਰੂਰਤ ਕਾਰਨ ਵੀ ਰਾਜਪੂਤ ਛੁੱਪਵੇਂ ਰੂਪ ਵਿਚ ਹੋਰ ਬਰਾਦਰੀਆਂ ਵਿਚ ਮਿਲ ਗਏ। ਆਮ ਲੋਕਾਂ ਵਾਂਗ ਹੀ ਉਹਨਾਂ ਨੇ ਵੀ ਵਿਉਪਾਰ, ਖੇਤੀ ਅਤੇ ਨਿੱਕੇ ਮੋਟੇ ਹੋਰ ਕੰਮ ਕਰਨੇ ਆਰੰਭ ਦਿੱਤੇ। ਅਸਲ ‘ਚ ਪੁਰਾਤਨ ਪੰਜਾਬ (ਵੰਡ ਤੋਂ ਪਹਿਲਾਂ ਵਾਲਾ) ਦੇ ਇਲਾਕੇ ਵਿਚ ਅੰਗਰੇਜ਼ਾਂ ਤੋਂ ਸੌ ਸਾਲ ਪਹਿਲਾਂ ਵੀ ਆਜ਼ਾਦੀ ਵਾਲਾ ਮਾਹੌਲ ਸੀ।
ਇਸ ਪੁਸਤਕ ਦੇ ਦੂਜੇ ਭਾਗ ਵਿਚ ਅਸੀਂ ਗੋਆਰ ਰਾਜਪੂਤਾਂ ਦੇ ਮਹਾਨ ਮਰਦਾਂ ਦੀ ਹੀ ਗਲ ਕੀਤੀ ਹੈ, ਹਾਲਾਂ ਕਿ ਗੋਆਰ ਰਾਜਪੂਤ ਔਰਤਾਂ ਵੀ ਕਿਸੇ ਪੱਖੋਂ ਘੱਟ ਨਹੀਂ, ਜਿਨ੍ਹਾਂ ਦਾ ਜ਼ਿਕਰ ਕਰਦੇ ਵੀ ਵੱਡ ਅਕਾਰੀ ਕਿਤਾਬ ਲਿਖੀ ਜਾ ਸਕਦੀ ਹੈ।
ਮਹਾਰਾਜਾ ਰਣਜੀਤ ਸਿੰਘ ਅਤੇ ਮਿਸਲਾਂ ਦੌਰਾਨ ਤਾਂ ਸਾਰੇ ਭਾਰਤ ਦੇ ਜੁਝਾਰੂ ਲੜਾਕੇ ਆਪਣੇ ਆਪਣੇ ਰਾਜਾਂ ਦੀਆਂ ਸੈਨਾਵਾਂ ਦੇ ਹਾਰਨ ਕਾਰਨ, ਇਸ ਇਲਾਕੇ ਵਿੱਚ ਆ ਕੇ ਫੌਜ ਵਿਚ ਨੌਕਰ ਹੋ ਗਏ, ਜਿਨ੍ਹਾਂ ‘ਚੋਂ ਬਹੁਤਾਤ ‘ਚ ਰਾਜਪੂਤ ਹੀ ਸਨ। ਸ਼ਾਇਦ ਇਸੇ ਲਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈ ਕੇ ਬੰਦਾ ਬਹਾਦਰ ਜੀ ਦੇ ਪਤਨ ਤਕ ਗੋਆਰ ਰਾਜਪੂਤ ਬਰਾਦਰੀ ਦੇ ਜੋਧਿਆਂ ਦੀਆਂ ਸਿੱਖ ਧਰਮ ਲਈ ਕੁਰਬਾਨੀਆਂ ਲਾਸਾਨੀ ਤੇ ਕਾਬਲ – ਏ – ਗੌਰ ਹਨ ਜਿਨ੍ਹਾਂ ਨੂੰ ਵਿਸਥਾਰ ਪੂਰਵਕ ਤੁਸੀਂ ਇਸ ਪੁਸਤਕ ਦੇ ਦੂਜੇ ਹਿੱਸੇ ਵਿਚ ਮਾਣੋਗੇ। ਮੂਲਾ, ਬੱਲੂ ਰਾਇ, ਮਾਈ ਦਾਸ ਅਤੇ ਮਨੀ ਸਿੰਘ ਦੇ ਪ੍ਰੀਵਾਰਾਂ ਦੀ ਸਿੱਖ ਧਰਮ ਅਤੇ ਗੁਰੂ ਸਾਹਿਬਾਨ ਦੀ ਸੇਵਾ ਵਿਚ ਕੀਤੀ ਘਾਲਣਾ ਦੀ ਮਿਸਾਲ ਕਿਸੇ ਹੋਰ ਬਰਾਦਰੀ ਵਿਚੋਂ ਨਹੀਂ ਮਿਲਦੀ। ਇਹ ਵੀ ਯਾਦ ਰਹੇ, ਇਹ ਸਾਰੇ ਸੂਰਬੀਰ ਇੱਕੋ ਵੰਸ਼ ਦੇ ਹਨ। ਮਨੀ ਸਿੰਘ ਦੇ ਪਿਤਾ ਮਾਈ ਦਾਸ, ਮਾਈ ਦਾਸ ਦੇ ਪਿਤਾ ਬੱਲੂ ਰਾਇ ਜੀ, ਅਤੇ ਬੱਲੂ ਰਾਇ ਜੀ ਦੇ ਪਿਤਾ ਮੂਲਾ ਜੀ ਸਨ। ਇਸ ਤਰਾਂ ਚਾਰ ਪੀੜ੍ਹੀਆਂ ਤੇ ਪੰਜਵੀਂ ਪੀੜ੍ਹੀ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਬੱਚਿਆਂ ਦੀ, ਇਨਾਂ ਪੰਜ ਪੀੜ੍ਹੀਆਂ ਦੇ 52 ਸ਼ਹੀਦ ਸਿੱਖ ਕੌਮ ਦੀ ਸੇਵਾ ਕਰਦੇ ਗੁਰੂ ਸਾਹਿਬਾਨਾਂ ਦੇ ਹੁਕਮਾਂ ਨੂੰ ਸਿਰ ਮੱਥੇ ਕਰਕੇ ਮੰਨਦੇ ਸਿੱਖ ਕੌਮ ਲਈ ਸ਼ਹੀਦ ਹੋਏ, ਜੋ ਲਾਸਾਨੀ ਕੁਰਬਾਨੀ ਹੈ। ਇਹ ਅਤਿ ਕਥਨੀ ਨਹੀਂ ਹਕੀਕਤ ਹੈ, ਜਿਸ ਦੇ ਪ੍ਰਮਾਣ ਵੀ ਹੱਥਲੀ ਪੁਸਤਕ ਵਿਚ ਨਾਲ ਨਾਲ ਦਰਜ ਹਨ। ਅਸੀਂ ਜੇ ਸਿੱਖਾਂ ਦੀਆਂ ਕੁਰਬਾਨੀਆਂ ਦਾ ਮੁਲਾਂਕਣ ਕਰਦੇ ਹੋਏ, ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲਾ ਸਿੱਖ ਲੱਭੀਏ ਤਾਂ ਕਿਹਾ ਜਾ ਸਕਦਾ ਹੈ ਕਿ ਸ਼ਹੀਦ ਭਾਈ ਮਨੀ ਸਿੰਘ ਸਰਬੰਸ ਦਾਨੀ ਸ਼ਹੀਦ ਸਿੰਘ ਹੋਏ ਹਨ, ਜਿਨ੍ਹਾਂ 90 ਸਾਲ ਦੀ ਉਮਰ ਵਿਚ ਲਾਹੌਰ ਵਿਖੇ ਬੰਦ ਬੰਦ ਖੁਸ਼ੀ ਨਾਲ ਕੱਟਵਾ ਕੇ ਧਰਮ ਹਿੱਤ ਸ਼ਹੀਦੀ ਪ੍ਰਾਪਤ ਕੀਤੀ। ਇਨ੍ਹਾਂ ਦੇ ਦਾਦਾ ਬੱਲੂ ਰਾਇ 74 ਸਾਲ ਦੀ ਉਮਰ ਵਿਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਮੁਰਤਜ਼ਾ ਖਾਨ (ਮੁਗਲ ਜਰਨੈਲ) ਨਾਲ ਜੰਗ ਲੜਦੇ ਹੋਏ, ਉਸ ਨੂੰ ਕਤਲ ਕਰਨ ਉਪਰੰਤ ਸ਼ਹੀਦ ਹੋਏ ਸਨ। ਸ਼ਹੀਦ ਭਾਈ ਮਨੀ ਸਿੰਘ ਜੀ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈ ਕੇ ਕੌਮ ਦੀ ਖਿੱਦਮਤ ਕੀਤੀ। ਅਨੇਕਾਂ ਜੰਗਾਂ ਵਿਚ ਤੇ ਹਮਲਾਵਰਾਂ ਦੇ ਦੰਦ ਖੱਟੇ ਦੀਵਾਨ ਨਿਯੁਕਤ ਕੀਤਾ ਸੀ। ਵਿੱਚੋਂ ਮੋਢੀ ਕਵੀ ਸਨ ਅਤੇ ਬੰਦਾ ਬਹਾਦਰ ਦੇ ਸਮੇਂ ਤਕ ਸਿੱਖ ਆਪਣੀ ਤਲਵਾਰ ਦੇ ਜੌਹਰ ਵਿਖਾਏ ਕੀਤੇ। ਆਪ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀਆਂ ਇਨ੍ਹਾਂ ਨੂੰ ਆਦਿ ਗ੍ਰੰਥ ਸਾਹਿਬ ਤਿਆਰ ਕਰਨ ਤੇ ਅਨੇਕਾਂ ਰਚਨਾਵਾਂ ਸੰਗ੍ਰਹਿਤ ਕਰਨ ਦਾ ਮਾਣ ਵੀ ਮਿਲਿਆ। ‘ਗੁਰ ਸ਼ਬਦ ਸਿੱਧੀ – ਸ਼ਰਧਾ ਪੂਰਨ’ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਪ੍ਰਸਿਧ ਗ੍ਰੰਥ ਹੈ ਜਿਸ ਵਿਚ ਸ਼ਬਦਾਂ ਤੇ ਸਲੋਕਾਂ ਰਾਹੀਂ ਕਸ਼ਟਾਂ ਦੇ ਅੰਤ ਦਾ ਰਾਹ ਦਰਸਾਇਆ ਹੈ। ਉਨ੍ਹਾਂ ‘ਭਗਤ ਮਾਲਾ ਗ੍ਰੰਥ ਦੀ ਰਚਨਾ ਵੀ ਕੀਤੀ, ਜਿਸ ਵਿਚ ਸਮਕਾਲੀ ਭਗਤਾਂ ਦੀ ਉਪਮਾ ਕੀਤੀ ਹੈ। ਬਾਣੀ ਦੀ ਵਿਆਖਿਆ ਕਰਨਾ ਵੀ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਹੀ ਆਰੰਭਿਆ ਸੀ। ਸਿੱਖਾਂ ਉਤੇ ਸੰਕਟ ਦੇ ਸਮੇਂ ਉਹ ਬਾਬਾਣੀਆਂ ਕਹਾਣੀਆਂ ਸੰਗਤ ਨੂੰ ਸੁਣਾਉਂਦੇ ਰਹਿੰਦੇ ਸਨ। ਆਪ ਜੀ ਦੇ ਚਾਚੇ ਦੇ ਪੁੱਤਰ ਬਾਜ ਸਿੰਘ ਨੂੰ ਬੰਦਾ ਬਹਾਦਰ ਜੀ ਨੇ ਸਰਹੰਦ ਫਤਿਹ ਕਰਨ ਉਪਰੰਤ ਉਥੋਂ ਦਾ ਗਵਰਨਰ ਥਾਪਿਆ ਸੀ। ਇਵੇਂ ਸ਼ਹੀਦ ਭਾਈ ਮਨੀ ਸਿੰਘ ਦੇ ਪ੍ਰੀਵਾਰ ਦੀ ਉਪਮਾ ਜਿੰਨੀ ਕਰੀਏ ਘੱਟ ਹੈ। ਉਹ ਸੱਚੇ ਸੁੱਚੇ ਸਿੱਖ ਅਤੇ ਮਿਸਾਲੀ ਸ਼ਖਸੀਅਤ ਸਨ। ਭਾਈ ਬਚਿਤਰ ਸਿੰਘ, ਭਾਈ ਸੋਹਣ ਸਿੰਘ, ਭਾਈ ਲਹਿਣਾ ਜੀ, ਭਾਈ ਰਾਇ ਸਿੰਘ, ਭਾਈ ਮਹਾਂ ਸਿੰਘ, ਭਾਈ ਚਿੱਤਰ ਸਿੰਘ, ਭਾਈ ਅਨਿਕ ਸਿੰਘ, ਭਾਈ ਅਜਬ ਸਿੰਘ, ਭਾਈ ਅਜਾਇਬ ਸਿੰਘ, ਭਾਈ ਗੁਰਬਖਸ਼ ਸਿੰਘ, ਤੇ ਭਾਈ ਭਗਵਾਨ ਸਿੰਘ ਉਨ੍ਹਾਂ ਦੇ ਪ੍ਰੀਵਾਰ ਦੇ ਰੋਸ਼ਨ ਚਿਰਾਗ ਸਨ, ਜਿਨ੍ਹਾਂ ਆਪਣੀ ਲੋਅ ਦੇ ਕੇ ਸਿੱਖ ਪੰਥ ਦੀ ਸ਼ਮ੍ਹਾਂ ਸਦੀਵੀਂ ਜਗਦੀ ਰੱਖਣ ਵਾਲੇ ਵੱਡੇ ਕਾਰਨਾਮੇ ਸਮੇਂ ਸਮੇਂ ਕੀਤੇ । ਇਨ੍ਹਾਂ ਦੇ ਗੋਤਾਂ ਤੋਂ ਸਾਬਤ ਹੁੰਦਾ ਹੈ। ਕਿ ਇਹ ਸਾਰੇ ਸ਼ਹੀਦ ਗੋਆਰ ਰਾਜਪੂਤਾਂ ਵਿਚੋਂ ਹਨ ।
ਬਾਜ਼ੀਗਰ, ਅੱਖਰ ਜਿਸ ਦਾ ਪ੍ਰਯੋਗ ਗੁਰਬਾਣੀ ਵਿਚ ਸਾਡੇ ਗੁਰੂ ਸਾਹਿਬਾਨਾਂ ਅਤੇ ਭਗਤਾਂ ਨੇ ਕੀਤਾ ਹੈ ਤੇ ਬਾਜ਼ੀਕਲਾ ਵਿਖਾਉਣ ਵਾਲਿਆਂ ਨੂੰ ਆਮ ਜਨਤਾ ਨੇ ਬਾਜ਼ੀ ਪਾਉਣ ਵਾਲੇ ਜਾਂ ਬਾਜ਼ੀਗਰ ਕਿਹਾ। ਇਨ੍ਹਾਂ ਲੋਕਾਂ ਲਈ ਹੌਲੀ ਹੌਲੀ ਸੰਬੋਧਨੀ ਅੱਖਰ ਬਾਜ਼ੀਗਰ ਹੀ ਹੋ ਗਿਆ। ਇਸ ਪੁਸਤਕ ਵਿਚ ਸਪਸ਼ਟ ਕੀਤਾ ਹੈ ਕਿ ਬਾਜ਼ੀਗਰ ਕੋਈ ਜਾਤ ਨਹੀਂ। ਇਸ ਵਿਸ਼ੇ ਉਤੇ ਗੌਲਣ ਯੋਗ ਉਦਾਹਰਣਾਂ ਅਤੇ ਸਬੂਤ ਵੀ ਦੇ ਕੇ ਅਸੀਂ ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਗੋਆਰ ਰਾਜਪੂਤ ਬਰਾਦਰੀ ਨੇ ਆਪਣੇ ਆਪ ਨੂੰ ਕਦੇ ਬਾਜ਼ੀਗਰ ਨਹੀਂ ਮੰਨਿਆ, ਭਾਵੇਂ ਅਨੇਕਾਂ ਲੋਕ ਲਾਲਚ ਵਸ ਸਰਕਾਰ ਕੋਲੋਂ ਇਸ ਬਰਾਦਰੀ ਦੇ ਬਣਦੇ ਫਾਇਦੇ ਲੈ ਰਹੇ ਹਨ।
ਸਵਾਲ ਉਠਦਾ ਹੈ, ਕੀ ਗੋਆਰ ਰਾਜਪੂਤ/ਬਾਜ਼ੀਗਰ ਇਕ ਵਿਕਸਿਤ ਸਭਿਅਤਾ ਅਤੇ ਬਰਾਦਰੀ ਹੈ ? ਇਸ ਦਾ ਜਵਾਬ ਨਿੱਗਰ ਸੁਰ ਵਿਚ ਹਾਂ ਹੀ ਨਿਕਲਦਾ ਹੈ। ਜਿਸ ਸਭਿਅਤਾ ਦੇ ਤਿਉਹਾਰ, ਬੋਲੀ, ਰਾਜ, ਗੋਤ, ਉਪ ਗੋਤ, ਦੰਤ ਕਥਾਵਾਂ, ਸਭਿਆਚਾਰਕ ਅਤੇ ਸਮਾਜਕ ਸਾਂਝ ਦੀਆਂ ਕਥਾਵਾਂ, ਵਿਆਹ ਦੀਆਂ ਅਨੇਕਾਂ ਚਿਰਕਾਲ ਤੋਂ ਜੀਵੰਤ ਤੇ ਪ੍ਰਚਲਤ ਪ੍ਰਥਾਵਾਂ/ਰਸਮਾਂ, ਆਪਣੀ ਨਿਆ ਪ੍ਰਣਾਲੀ, ਬਰਾਦਰੀ ਵਿਚ ਦਾਖਲ ਕਰਨ ਅਤੇ ਕੱਢਣ ਦੀਆਂ ਰਸਮਾਂ, ਮੌਤ ਬਾਅਦ ਕੀਤੀਆਂ ਜਾਂਦੀਆਂ ਰਸਮਾਂ, ਪੂਰਵਜਾਂ ਦਾ ਅਮੀਰ ਪਿਛੋਕੜ, ਲੱਖਾਂ ਦੀ ਗਿਣਤੀ ਵਿਚ ਜੁਝਾਰੂ ਸੂਰਮੇ, ਅਤੇ ਗੋਆਰ ਰਾਜ, ਗੋਆਰ ਘਾਟੀ, ਗੋਆਰ ਨਦੀ, ਅਫਗਾਨਿਸਤਾਨ ਤੋਂ ਲੈ ਕੇ ਬੰਗਾਲ ਤਕ ਫੈਲੇ ਰਾਜ ਦੀਆਂ ਉਦਾਹਰਣਾਂ ਸਾਡੇ ਸਾਹਮਣੇ ਹਨ, ਇਹ ਵਿਕਸਿਤ ਸਭਿਅਤਾ ਦੀ ਨਿਸ਼ਾਨੀ ਨਹੀ ਤਾਂ ਹੋਰ ਕੀ ਹੈ ? ਪਰ ਅਫਸੋਸ ਗੋਆਰ ਰਾਜਪੂਤ ਬਿਰਾਦਰੀ ਦੇ ਸੂਝਵਾਨ ਰਹਿਨੁਮਾਵਾ ਨੇ ਆਪਣਾ ਇਤਿਹਾਸ ਅਤੇ ਗੌਰਵ ਗਾਥਾ ਬਚਾਉਣ ਅਤੇ ਸੰਜੋਣ ਦਾ ਕੋਈ ਖਾਸ ਕਸ਼ਟ ਕੀਤਾ ਪ੍ਰਤੀਤ ਨਹੀ ਹੁੰਦਾ। ਭੱਟ ਵਹੀਆਂ ਜਾਂ ਕੁਝ ਚੋਣਵੀਆਂ ਪੁਸਤਕਾਂ ਤੋਂ ਇਲਾਵਾ ਕੋਈ ਹੋਰ ਸਮੱਗਰੀ ਇਨ੍ਹਾਂ ਬਾਰੇ ਨਹੀਂ ਮਿਲਦੀ। ਭੱਟ ਵਹੀਆਂ ਨੇ ਬਹੁਤ ਨਿੱਗਰ ਅਤੇ ਪ੍ਰਮਾਣਿਤ ਸਮਗਰੀ ਪੇਸ਼ ਜਰੂਰ ਕੀਤੀ ਹੈ, ਜਿਸ ਦਾ ਅਸੀਂ ਵਰਨਣ ਕੀਤਾ ਹੀ ਹੈ। ਗੋਆਰ ਰਾਜਪੂਤ ਬਾਜ਼ੀਗਰ ਬਰਾਦਰੀ ਭੱਟਾਂ ਦੀ ਵਿਸ਼ੇਸ਼ ਧੰਨਵਾਦੀ ਅਤੇ ਰਿਣੀ ਰਹੇਗੀ। ਮੈਂ ਤਾਂ ਇਹ ਵੀ ਮਹਿਸੂਸ ਕਰਦਾ ਹਾਂ ਕਿ ਗੱਡੀਆਂ ਵਾਲੇ, ਲੰਹਾਰ, ਤਰਖਾਣ, ਬੋਰੀਆ ਅਤੇ ਕਈ ਹੋਰ ਕੰਮੀ ਬਿਰਾਦਰੀਆਂ ਵੀ ਗੁਆਰ ਰਾਜਪੂਤਾਂ ਦੇ ਹੀ ਵੰਸ਼ਜ ਹਨ, ਜੋ ਚਿਤੋੜੋਂ ਵਿਛੜਨ ਬਾਅਦ ਢਿੱਡ ਦੀ ਅੱਗ ਬੁਝਾਣ ਲਈ ਰੂਪੋਸ਼ ਹੋ ਕੇ, ਹੋਰ ਬਰਾਦਰੀਆਂ ਵਿਚ ਇਕ – ਮਿਕ ਹੋ ਕੇ, ਥਾਂ ਥਾਂ ਕੰਮ ਕਰਨ ਲੱਗੇ। ਕਈਆਂ ਨੂੰ ਲੋੜ ਅਨੁਸਾਰ ਪਿੰਡਾਂ ਵਾਲਿਆਂ ਕੰਮ ਲਈ ਵਸਾ ਲਿਆ। ਇਹ ਗੋਆਰ ਰਾਜਪੂਤਾਂ ਦੀ ਦੂਜੀ ਜਾਂ ਤੀਜੀ ਕਤਾਰ ਵਾਲੇ ਲੋਕ ਸਨ। ਮੇਰੀ ਇਸ ਸੋਚ ਦਾ ਆਧਾਰ ਪੁਰਾਤਨ ਪੰਜਾਬ ‘ਚ ਸਿੱਖ ਬਿਰਾਦਰੀ ਦੀਆਂ ਉਪਰੋਕਤ ਜਾਤਾਂ ਵਿਚ ਅੱਜ ਤਕ ਗੋਆਰ ਰਾਜਪੂਤ ਬਿਰਾਦਰੀ ਵਾਲੀਆਂ ਕਰੀਬਨ ਸਾਰੀਆਂ ਪ੍ਰਚਲਤ ਰਸਮਾਂ ਹਨ। ਗੋਆਰ ਰਾਜਪੂਤ ਸਮਾਜ ਦੇ ਪੁਰਸ਼ ਗੋਲ ਗਲੇ ਵਾਲਾ ਕੁੜਤਾ, ਧੋਤੀ ਪਹਿਨਦੇ ਨੇ ਅਤੇ ਸਿਰ ਉਤੇ ਮੰਡੇਸਾ ਮਾਰ ਪਗੜੀ ਪਹਿਨਦੇ, ਜਿਸ ਨੂੰ ਆਠੇ ਦੀ ਅਕਾਰ ਵਿਚ ਬੰਨ੍ਹਿਆਂ ਜਾਂਦਾ। ਗੱਲ ਵਿਚ ਤਵੀਤ ਤੇ ਕੰਨ ਵਿੱਚ ਨੱਤੀਆਂ ਅਤੇ ਹੱਥ ਵਿਚ ਉੱਠ, ਇਨ੍ਹਾਂ ਦੀ ਖਾਸ ਪਹਿਚਾਣ ਸੀ। ਜੁਝਾਰੂ ਲੋਕੀ ਬਰਛੀ ਨੇਜ਼ਾ, ਤਲਵਾਰ, ਢਾਲ ਜਾਂ ਕੋਹਾੜੀ ਦੀ ਵਰਤੋਂ ਵੀ ਕਰਦੇ ਸਨ। ਪੈਰਾਂ ਵਿਚ ਹਮੇਸ਼ਾਂ ਹੀ ਥੋਲ੍ਹੀ ਜੁੱਤੀ ਪਾਉਂਦੇ। ਇਸੇ ਤਰਾਂ ਔਰਤਾਂ ਘੱਗਰਾ ਚੋਲੀ ਪਹਿਨਦੀਆਂ ਅਤੇ ਓੜਨੀ ਲੈਂਦੀਆਂ। ਬਾਹਾਂ ਵਿੱਚ ਵਣਜਾਰਾ ਬਰਾਦਰੀ ਵਾਲੇ ਜ਼ਿਆਦਾ ਤਰ ਹਾਥੀ ਦੰਦ ਦੇ ਵੱਡੇ ਵੱਡੇ ਕੜੇ ਕੂਹਣੀ ਤੋਂ ਉਤੇ 5, 7 ਜਾਂ 9 ਅਤੇ ਕੂਹਣੀ ਤੋਂ ਹੇਠ 7, 9 ਜਾਂ 11 ਪਾਇਆ ਕਰਦੇ ਨੇ। ਪੂਰੇ ਭਾਰਤ ਵਿਚ ਜਿਥੇ ਵੀ ਇਹ ਦਿਖਾਈ ਦੇਂਦੇ ਹਨ ਇਨ੍ਹਾਂ ਦਾ ਇਹੋ ਪਹਿਰਾਵਾ ਦਿਖਦਾ ਹੈ, ਪਰ ਮੱਧ ਪ੍ਰਦੇਸ਼, ਰਾਜਸਥਾਨ ਦਾ ਕੁਝ ਹਿੱਸਾ ਅਤੇ ਮਹਾਰਾਸ਼ਟਰ ਦੇ ਕੁਝ ਹਿੱਸੇ ਵਿਚ ਔਰਤਾਂ ਦੀ ਚੋਲੀ ਪਿੱਛੋਂ ਪਿੱਠ ਨੰਗੀ ਤੇ ਡੋਰੀਆਂ ਨਾਲ ਬਦਨ ਨਾਲ ਨੂੜੀ ਹੁੰਦੀ ਹੈ। ਸਾਦ ਮੁਰਾਦੀਆਂ ਔਰਤਾਂ ਲੌਂਗ, ਨੱਥ – ਮੱਛਲੀ, ਤਬੀਤੜੀਆਂ, ਕਲਿਪ, ਪਿੱਪਲ ਪੱਤੀਆਂ, ਪੰਜੇਬਾਂ / ਗੁਸਲਪੱਟੀ, ਬੋਰੂਆ, ਲੋਟਣ, ਦੋ ਜਾਂ ਤਿੰਨ ਢੋਲੇ (ਮੱਥੇ ਤੇ ਕੰਨਾਂ ਦੀਆਂ ਪੁੱੜਪੜੀਆਂ ਉਤੇ ਪਹਿਨਣ ਵਾਲੇ ਜੇਵਰ), ਬੁੰਦੇ ਤੇ ਗਲ ਦੀ ਖੱੜ ਆਦਿ ਚਾਂਦੀ ਦੇ ਕੁਝ ਜੇਵਰ ਪਾਉਂਦੀਆਂ। ਜ਼ਿਆਦਾ ਤਰ ਵਣਜਾਰੇ ਮੱਥੇ ਉਤੇ ਚੰਦ ਤੇ ਵਣਜਾਰਨਾਂ ਠੋਡੀ ਉਤੇ ਤਿੰਨ ਤਿੱਲ ਵਰਗੇ ਨਿਸ਼ਾਨ ਤਿਕੋਣ ਅਕਾਰ ਵਿਚ ਖੁਦਵਾਉਂਦੇ ਨੇ ਤੇ ਬਾਂਹ ਉਤੇ ਆਪਣਾ ਨਾਂ ਜਾਂ ਪਤੀ ਦਾ ਨਾ ਖੁਦਵਾਉਂਦੀਆ ਸਨ। ਮਰਦ ਆਪਣਾ, ਪਿਤਾ ਤੇ ਦਾਦੇ ਦਾ ਨਾਂ ਖੁਦਵਾਉਂਦੇ ਨੇ। ਬੱਚੇ ਦੇ ਸਿਰਫ ਤੜਾਗੀ ਜਾਂ ਤਵੀਤੜੀ ਪਾਈ ਜਾਂਦੀ, ਜੋ ਸਿਰਫ ਜੇਵਰ ਨਾ ਹੋ ਕੇ ਉਸ ਦੀ ਨਿਸ਼ਾਨੀ, ਪਛਾਣ ਚਿੰਨ੍ਹ ਅਤੇ ਬੁਰੀਆਂ ਆਤਮਾਵਾਂ ਤੋਂ ਬਚਾਉਣ ਦਾ ਸਾਧਨ ਵੀ ਮੰਨੀ ਜਾਂਦੀ। ਖੁਸ਼ੀ ਦੇ ਸਮੇਂ ਢੋਲ ਵਜਉਣਾ, ਨੱਚਣਾ ਤੇ ਕੁੱਦਣਾ ਇਨ੍ਹਾਂ ਦਾ ਸ਼ੱਕ ਸੀ। ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਵਣਜਾਰੇ ਮੁੰਡੇ ਦੇ ਜਨਮ ਸਮੇਂ ਸੱਤ ਦਿਨ ਅਤੇ ਲੜਕੀ ਦੇ ਜਨਮ ਤੇ ਦੋ ਦਿਨ ਸਵੇਰੇ ਸ਼ਾਮ ਢੋਲ ਵਜਾਉਂਦੇ ਤੇ ਖੁਸ਼ੀ ਮਨਾਉਂਦੇ ਹਨ। ਅਲਗੋਜ਼ਾ, ਬੀਨ ਅਤੇ ਸਾਰੰਗੀ ਨਾਲ ਪੂਰਵਜ਼ਾਂ ਦੀਆਂ ਗਾਥਾਵਾਂ ਗਾਉਣਾ ਇਨ੍ਹਾਂ ਦਾ ਸ਼ੋਕ ਰਿਹਾ ਹੈ। ਇਕ ਤਾਰੇ ਨਾਲ ਲੈ – ਬਧ ਉਭਰਵੀਂ ਸੁਰ ਵਿਚ ਇਹ ਪੂਰਵਜਾਂ ਦੇ ਕਿੱਸੇ ਅਤੇ ਵਾਰਾਂ ਗਾਉਂਦੇ। ਬੀਨ ਢੋਲ ਅਤੇ ਸਾਰੰਗੀ ਦੀ ਤਾਨ ਉਤੇ ਨਾਗ ਨਾਚ ਗੋਆਰ ਰਾਜਪੂਤ ਅੋਰਤਾਂ ਅੱਜ ਕੱਲ੍ਹ ਵੀ ਨੱਚਦੀਆਂ ਹਨ ਜੋ ਸੰਸਾਰ ਪ੍ਰਸਿਧ ਹੈ। ਗੋਆਰ ਰਾਜਪੂਤ / ਬਾਜ਼ੀਗਰ ਬਰਾਦਰੀ ਦੇ ਬੰਦੇ ਅਕਸਰ ਦੂਜੇ ਨੂੰ ਮਿਲਣ ਸਮੇਂ ‘ਜੈ ਗੋਆਰ, ਜੈ ਗੋਪਾਲ !’ ਕਹਿ ਕੇ ਦੂਸਰੇ ਦਾ ਸਵਾਗਤ ਕਰਦੇ ਨੇ। ਘਰ ਦਾ ਬਜੁਰਗ ਬਰਾਦਰੀ ਨੂੰ ਇਕੱਠਿਆਂ ਬਿਠਾ ਕੇ ਪੂਰਵਜਾਂ ਦੀਆਂ ਗਾਥਾਵਾਂ ਸੁਣਾਉਂਦਾ ਤੇ ਪੂਰਵਜਾਂ ਦੇ ਕੀਤੇ ਅਹਿਦ ਨੂੰ ਵੀ ਆਪਣੇ ਵੰਸ਼ਜਾਂ ਨੂੰ ਦੱਸਦਾ ਅਤੇ ਉਨ੍ਹਾਂ ਤੋਂ ਚਿਤੌੜ ਜਿੱਤਣ ਤਕ ਸੁੱਖ ਸੁਵਿਧਾਵਾਂ ਤਿਆਗਣ ਦੀ ਗੱਲ ਕਰਦਾ ਸੋਹਾਂ ਲੈਂਦਾ। ਅਜਿਹੇ ਅਹਿਦ ਮੇਲੇ ਅਤੇ ਸੁੱਖ ਦੁੱਖ ਸਮੇਂ ਤੇ ਇਕੱਠਾਂ ਵਿਚ ਕੀਤੇ ਜਾਂਦੇ।
ਕਿਸੇ ਇਕ ਕਿਤਾਬ ਵਿਚ ਇਕ ਅਮੀਰ ਸਭਿਅਤਾ/ਬਰਾਦਰੀ ਬਾਰੇ ਸਭ ਕੁਝ ਨਹੀਂ ਦਿੱਤਾ ਜਾ ਸਕਦਾ, ਹਾਲਾਂ ਕਿ ਗੋਆਰ ਰਾਜਪੂਤ ਬਰਾਦਰੀ ਦਾ ਇਤਿਹਾਸ ਤਾਂ ਸਦੀਆਂ ਪੁਰਾਣਾ ਵੀ ਹੈ, ਬਹੁਤ ਕੁਝ ਕਿਤਾਬ ਵਿੱਚ ਪੈਣ ਤੋਂ ਰਹਿ ਗਿਆ ਹੋਵੇਗਾ। ਤੁਸੀਂ ਮੇਰੇ ਵਿਚਾਰਾਂ ਵਿਚ ਇਸ਼ਾਰੇ ਮਾਤਰ ਥੋੜ੍ਹਾ ਥੋੜ੍ਹਾ ਕੁਝ ਵਿਸ਼ਿਆਂ ਉਤੇ ਲਿਖਿਆ ਵੀ ਪੜ੍ਹਿਆ ਅਤੇ ਮਹਿਸੂਸ ਕੀਤਾ ਹੋਵੇਗਾ। ਗੋਆਰ ਰਾਜਪੂਤ/ਬਾਜ਼ੀਗਰ ਬਰਾਦਰੀ ਬਾਰੇ ਗੱਲ ਕਰਦੇ ਇਸ ਪੁਸਤਕ ਵਿੱਚ ਗੋਆਰ ਰਾਜਪੂਤ, ਗੋਆਰ, ਅਤੇ ਬਾਜ਼ੀਗਰ ਨਾਵਾਂ ਨਾਲ ਸੰਬੋਧਨ ਕੀਤਾ ਗਿਆ ਹੈ, ਅਸਲ ਵਿੱਚ ਇਹ ਗੋਆਰ ਰਾਜਪੂਤਾਂ ਲਈ ਹੀ ਸੰਬੋਧਨ ਕੀਤਾ ਹੈ। ਗੋਆਰ ਰਾਜਪੂਤ ਬਰਾਦਰੀ ਬਾਰੇ ਖੋਜ ਲਈ ਇੰਦਰ ਸਿੰਘ ਵਲਜੋਤ ਹਰਿਦੁਆਰ ਆਪਣੇ ਪ੍ਰੋਹਤ ਕੋਲ ਪੁੱਜਿਆ। ਬਹੁਤ ਰਿਕਾਰਡ ਉਨਾਂ ਤੋਂ ਹਾਸਲ ਕੀਤਾ। ਸਾਨੂੰ ਲੋੜ ਹੈ ਕਿ ਅਸੀਂ ਆਪਣੇ ਪੂਰਵਜਾਂ ਦਾ ਇਤਿਹਾਸ ਇਕੱਤਰ ਕਰਨ ਲਈ ਆਪਣੇ ਪ੍ਰੋਹਤਾਂ ਨਾਲ ਵੀ ਸਾਂਝ ਬਣਾਈਏ, ਜਿਵੇਂ ਇੰਦਰ ਸਿੰਘ ਵਲਜੋਤ ਨੇ ਪੰਡਿਤ ਕ੍ਰਿਸ਼ਨ ਦੱਤ ਕਪਿਲ ਦੇਵ ਅਮਿਤ ਕੋਸ਼ਿਕ ਪੋਤਰੇ ਪੰਡਿਤ ਚੁੰਨੀ ਲਾਲ ਜੀ ਨਾਲ ਬਣਾਈ ਹੋਈ ਹੈ, ਜੋ ਗੋਆਰ ਰਾਜਪੂਤ ਵਣਜਾਰਾ ਵੰਸ਼ ਦੇ ਪ੍ਰੋਹਤ ਹਨ। ਸਾਨੂੰ ਉਨ੍ਹਾਂ ਦੁਆਰਾ ਚਮਕੌਰ ਸਾਹਿਬ ਦੇ ਗੁਰੂਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਕੁਝ ਦਿਨਾਂ ਵਿਚ ਹੀ ਇਤਿਹਾਸਕ ਤੱਥਾਂ ਨੂੰ ਬਦਲਣ ਦੀ ਜਾਣਕਾਰੀ ਮਿਲੀ, ਸਾਨੂੰ ਇਨ੍ਹਾਂ ਤਬਦੀਲੀਆਂ ਨੂੰ ਰੋਕਣ ਦੇ ਉਪਰਾਲੇ ਘੱਟੋ ਘੱਟ ਆਪਣੇ ਇਲਾਕੇ ਵਿਚ ਤਾਂ ਕਰਨੇ ਚਾਹੀਦੇ ਹੀ ਹਨ, ਨਹੀ ਤਾਂ ਸਾਡਾ ਇਤਿਹਾਸ ਅਸੀਂ ਹੀ ਖਤਮ ਜਾਂ ਦੁਸ਼ਿਤ ਕਰ ਦੇਵਾਂਗੇ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿ ਸਾਡੇ ਵਾਰਸ ਸਾਡੇ ਤੋਂ ਇਤਿਹਾਸਕ ਅਤੇ ਆਪਣੇ ਵਡੇਰਿਆਂ ਬਾਰੇ ਮਹੱਤਵਪੂਰਣ ਜਾਣਕਾਰੀ ਲੈ ਕੇ ਅਗਲੀ ਪੀੜੀ ਨੂੰ ਦੇਣ ਤਾਂ ਕਿ ਘੱਟੋ ਘੱਟ ਸਾਡੇ ਵਾਰਸ ਇੰਦਰ ਸਿੰਘ ਵਲਜੋਤ ਵਾਂਗ ਗਿਲਾ ਸ਼ਿਕਵਾ ਨਾ ਕਰਨ।
ਅਜੋਕੇ ਸਮੇਂ ਗੋਆਰ ਰਾਜਪੂਤ ਬਰਾਦਰੀ ਦੀਆਂ ਮਹਾਨ ਸ਼ਖਸੀਅਤਾਂ ਵਿਚ ਸ਼ਾਮਲ ਮਸ਼ਹੂਰ ਗਾਇਕਾ ਰੇਸ਼ਮਾ, ਬਾਬਾ ਬਲਬੀਰ ਸਿੰਘ ਮੁਖੀ ਬਾਬਾ ਬੁੱਢਾ ਦਲ ਹਨ 6 ਕਰੋੜੀ, ਮਸ਼ਹੂਰ ਨਿਹੰਗ ਜਥੇਦਾਰ ਕੁਲਵੰਤ ਸਿੰਘ, ਵਣਜਾਰਾ ਗੁਰੂ ਬਾਬਾ ਲਛਮਣ ਚੰਡਨਿਆ ਅਤੇ ਮਸ਼ਹੂਰ ਗਾਇਕ ਵਡਾਲੀ ਭਰਾ ਪੂਰਨ ਚੰਦ ਪਿਆਰਾ ਚੰਦਾ ਗੋਆਰ ਰਾਜਪੂਤ ਬਰਾਦਰੀ ਦੀਆਂ ਹੋਰ ਵੀ ਅਨੇਕਾਂ ਮਸ਼ਹੂਰ ਹਸਤੀਆਂ ਹਨ। ਜੁਝਾਰੂ ਦੁੱਲਾ ਭੱਟੀ ਜਿਸ ਨੇ ਅਕਬਰ ਖਿਲਾਫ ਬਗਾਵਤ ਕੀਤੀ ਸੀ, ਅਤੇ ਸ੍ਰੀ ਗੁਗਾ ਜੀ ਵੀ ਗੋਆਰ ਰਾਜਪੂਤਾਂ ਵਿਚੋਂ ਹੀ ਸਨ। ਸਭ ਦਾ ਜ਼ਿਕਰ ਕਰਨਾ ਸੰਭਵ ਨਹੀਂ। ਅਜੋਕੇ ਸਮੇਂ ਕਈ ਤਾਂ ਆਪਣੇ ਆਪ ਨੂੰ ਜਾਣਬੁਝ ਕੇ ਬਰਾਦਰੀ ਤੋਂ ਦੂਰ ਵੀ ਕਰੀ ਬੈਠੇ ਹਨ, ਜੋ ਚਿੰਤਾ ਦਾ ਵਿਸ਼ਾ ਹੈ।
ਗੋਆਰ ਰਾਜਪੂਤ ਬਰਾਦਰੀ ਦਾ ਇਤਿਹਾਸ ਸਰਲ ਤੇ ਸਪਸ਼ਟ ਸ਼ਬਦਾਵਲੀ ਵਰਤ ਕੇ ਪਾਠਕਾਂ ਦੇ ਹਵਾਲੇ ਕੀਤਾ ਹੈ, ਜਿਸ ਵਿਚ ਹਰ ਖਾਸ – ਓ – ਆਮ ਦੇ ਸਮਝ ਆਉਣ ਵਾਲੀ ਭਾਸ਼ਾ ਵਰਤੀ ਹੈ। ਵਾਕ ਬਣਤਰ ਵੀ ਸਰਲ ਤੇ ਸਪਸ਼ਟ ਰੱਖੀ ਹੈ। ਕਈ ਥਾਂ ਠੇਠ ਬੋਲੀ ਦੇ ਸ਼ਬਦ ਵੀ ਹਨ ਜੋ ਆਮ ਪਾਠਕਾਂ ਦਾ ਸ਼ਬਦ ਗਿਆਨ ਵੀ ਵਧਾਉਣਗੇ। ਬਰਾਦਰੀ ਦਾ ਭੂਤ ਕਾਲ, ਅਤੇ ਵਰਤਮਾਨ ਦੋਵੇਂ ਵਿਚਾਰ ਗੋਚਰੇ ‘ ਹਨ। ਸੁਨਿਹਰੀ ਭੂਤ ਕਾਲ ਤੋਂ ਦੁਸ਼ਵਾਰੀਆਂ ਭਰਪੂਰ ਸਮੇਂ ਵਿਚੋਂ ਨਿਕਲ ਕੇ ਅਜੋਕੇ ਸਮੇਂ ਤਕ ਦਾ ਵਿਵਰਣ ਹੈ ਅਤੇ ਭਵਿੱਖ ਦੀਆਂ ਚਿੰਤਾਵਾਂ ਵੀ ਹਨ। ਦੇਵ ਥਰੀਕੇ ਵਾਲੇ ਦੀ ਜੰਮਲ ਫੱਤੇ ਬਾਰੇ ਅਮਿੱਟ ਰਚਨਾ, ਜੋ ਮਸ਼ਹੂਰ ਲੋਕ ਗਾਇਕ ਕੁਲਦੀਪ ਮਾਣਕ ਨੇ ਗਾਈ ਹੈ, ਧੰਨਵਾਦ ਸਹਿਤ ਇਸ ਕਿਤਾਬ ਵਿਚ ਦੇ ਰਹੇ ਹਾਂ, ਜੋ ਗੋਆਰ ਰਾਜਪੂਤ ਬਰਾਦਰੀ ਦੇ ਮਹਾਨ ਜੋਧੇ ਸਨ :-
ਓ ਆਖੇ ਅਕਬਰ ਬਾਦਸ਼ਾਹ, ਸੱਦ ਜੈਮਲ ਨੂੰ ਦਰਬਾਰ,
ਤੈਨੂੰ ਉਚੇ ਆਹੁਦੇ ਲਾ ਦਿਆਂ, ਫੌਜਾਂ ਦਾ ਸਿਪਾਹਸਲਾਰ,
ਦੇ ਡੋਲਾ ਆਪਣੀ ਧੀ ਦਾ, ਮੇਰੇ ਮਹਿਲੀਂ ਬਣੇ ਸਿੰਗਾਰ !
ਯਾਰੋ ਅਗਿਓਂ ਜੰਮਲ ਬੋਲਦਾ, ਕਹਿੰਦਾ ਅਕਬਰ ਨੂੰ ਲਲਕਾਰ,
ਓਏ ਗਲ ਸੁਣ ਲੈ ਅਕਬਰ ਬਾਦਸ਼ਾਹ ! ਰਿਹਾ ਜੈਮਲ ਸੱਚ ਉਚਾਰ,
ਤੇਰੀ ਜਾਤ ਹੈ ਮੁਸਲਮਾਨ ਦੀ, ਅਸੀਂ ਰਾਜਪੂਤ ਸਰਦਾਰ,
ਕਿਵੇਂ ਧੀ ਦਾ ਡੋਲਾ ਦੇ ਦਈਏ, ਤੂੰ ਹੱਥ ਅਕਲ ਨੂੰ ਮਾਰ,
ਜਿਹੜੇ ਧੀਆਂ ਤੈਨੂੰ ਦੇ ਗਏ, ਉਹ ਰਾਜਪੂਤ ਗਦਾਰ,
ਸਾਨੂੰ ਜੰਮਲ – ਫੱਤਾ ਆਖਦੇ, ਤੈਨੂੰ ਮੁਗਲਾਂ ਦੀ ਸਰਕਾਰ,
ਜੇ ਤੂੰ ਮੁੜ ਕੇ ਡੋਲਾ ਮੰਗਿਆ, ਫਿਰ ਉਠੱਗੀ ਤਲਵਾਰ,
ਸਾਨੂੰ ਪਿਓ ਦਾਦੇ ਨੇ ਦਸਿਆ, ਦੇਣੀ ਜਾਨ ਧਰਮ ਤੋਂ ਵਾਰ,
ਪਤਾ ਲਗਜੂ ਆਪੇ ਜਗ ਨੂੰ, ਕਿਤੇ ਹੋ ਗਏ ਜੇ ਹੱਥ ਚਾਰ,
ਗੱਲਾਂ ਕਰੂ ਥਰੀਕੇਵਾਲੜਾ, ਸਾਨੂੰ ਯਾਦ ਕਰੂ, ਸੰਸਾਰ
ਇੰਦਰ ਸਿੰਘ ਵਲਜੋਤ ਉਨ੍ਹਾਂ ਅਥਾਹ ਮਿਹਨਤ ਤੇ ਲਗਨ ਨਾਲ ਚਾਰੇ ਵੇਦਾਂ, ਪੁਰਾਤਨ ਦੰਤ ਕਥਾਵਾਂ, ਪ੍ਰਚਲਤ ਵਾਰਾਂ, ਪੁਰਾਤਨ ਗਵਈਆਂ ਦੇ ਗੀਤਾਂ, ਭੱਟ ਵਹੀਆਂ ਅਤੇ ਅਜੋਕੇ ਸਮੇਂ ਦੀਆਂ ਤਕਰੀਬਨ ਦਰਜਨਾਂ ਹੀ ਪੁਸਤਕਾਂ ਦਾ ਅਧਿਐਨ ਕਰਕੇ ਲੇਖਕ ਨੇ ਮਸ਼ਹੂਰ ਖਰੜਾ ਤਿਆਰ ਕੀਤਾ ਉਹ ਕਾਬਲ – ਏ – ਤਾਰੀਫ਼ ਖੋਜ ਅਤੇ ਪ੍ਰਾਪਤੀ ਹੈ, ਜਿਸ ਨੂੰ ਨਿਖਾਰਨ, ਸੰਵਾਰਨ ਅਤੇ ਸੰਪਾਦਨਾ ਕਰਕੇ ਹੋਰ ਚੰਗੀ ਤਰਾਂ ਲੜੀਵਾਰ ਕਰਨ ਦੀ ਮੇਰੀ ਜ਼ਿੰਮੇਵਾਰੀ ਲੱਗੀ ਜੋ ਮੇਰੇ ਲਈ ਚੁਨੌਤੀ ਸੀ। ਜਿਸ ਉਤੇ ਮੈਂ ਅਤੇ ਲੇਖਕ ਨੇ ਦੂਜੇ ਦੌਰ ਵਿੱਚ ਸੋਧ, ਹੋਰ ਖੋਜ, ਪ੍ਰਮਾਣਾਂ ਦਾ ਬਿਓਰਾ ਅਤੇ ਖੋਜ ਪੁਸਤਕਾਂ ਦੀ ਸੂਚੀ ਆਦਿ ਸਭ ਕੰਮ ਕਰਕੇ ਪੁਸਤਕ ਨੂੰ ਅੰਤਮ ਛੋਹ ਦਿੱਤੀ। ਬੇਲੋੜੇ ਪੰਨੇ ਘਟਾ ਕੇ ਦੋ ਤਿੰਨ ਵਿਸ਼ਿਆਂ ਦੀ ਸਮੱਗਰੀ ਹੋਰ ਪਾਈ ਤਾਂ ਕਿ ਕੋਈ ਪੱਖ ਅਣਛੋਹਿਆ ਨਾ ਰਹਿ ਜਾਵੇ। ਨਾਲ ਹੀ, ਫੋਟੋਆਂ ਦਾ ਵੀ ਸੰਗ੍ਰਹਿ ਕੀਤਾ ਅਤੇ ਗੋਆਰ ਰਾਜਪੂਤ / ਬਾਜ਼ੀਗਰ ਬਰਾਦਰੀ ਦੇ ਜੋਧਿਆਂ ਨੂੰ ਅਜੋਕੇ ਸਮਾਜ ਅਤੇ ਨਵੀਂ ਪਨੀਰੀ ਦੇ ਸਨਮੁੱਖ ਕੀਤਾ। ਬਹੁਤ ਘੋਖ ਵਿਚਾਰ ਤੇ ਮਹੀਨਿਆਂ ਬੱਧੀ ਗੋਸ਼ਟੀਆਂ, ਮਸ਼ਵਰਿਆਂ ਉਪਰੰਤ ਹੱਥਲੀ ਪੁਸਤਕ ਅਸੀਂ ਤਿਆਰ ਕੀਤੀ। ਕੋਈ ਵੀ ਰਚਨਾ ਸੰਪੂਰਨ ਨਹੀਂ ਹੁੰਦੀ, ਕੁਝ ਘਾਟਾਂ ਇਸ ਪੁਸਤਕ ਵਿਚ ਵੀ ਹੋਣਗੀਆਂ, ਪਰ ਇਨ੍ਹਾਂ ਨੂੰ ਘੱਟੋ ਘੱਟ ਕਰਨ ਦੀ ਅਸੀਂ ਤਨਦੇਹੀ ਨਾਲ ਕੋਸ਼ਿਸ਼ ਕੀਤੀ ਹੈ। ਉਮੀਦ ਹੈ ਕਿ ‘ਗੋਆਰ ਰਾਜਪੂਤਾਂ / ਬਾਜ਼ੀਗਰਾਂ ਦਾ ਇਤਿਹਾਸ ਭਰਪੂਰ ਜਾਣਕਾਰੀ ਦੇਂਦਾ ਗੌਲਣ ਯੋਗ ਤੇ ਸਾਂਭਣ ਯੋਗ ਇਤਿਹਾਸਕ ਦਸਤਾਵੇਜ਼ ਸਾਬਤ ਹੋਵੇਗਾ। ਉਮੀਦ ਹੈ ਪਾਠਕ ਇਸ ਨੂੰ ਮਾਨਣਗੇ। ਅਸੀਂ ਪਾਠਕਾਂ ਦੇ ਉਸਾਰੂ ਹੁੰਗਾਰੇ ਦੀ ਉਮੀਦ ਰੱਖਦੇ ਹਾਂ।
ਮਿਤੀ : 26-1-2009
ਕਰਮ ਸਿੰਘ ਵਕੀਲ
ਵੱਡਮੁੱਲਾ ਇਤਿਹਾਸਕ ਦਸਤਾਵੇਜ਼
ਭਾਰਤ ਦਾ ਇਤਿਹਾਸ ਆਪਣੀ ਬੁੱਕਲ ਵਿਚ ਅਨੇਕਾਂ ਅਣਗੌਲੇ ਤੱਥ ਸਮੋਈ ਬੈਠਾ ਹੈ, ਜਿਸ ਨੂੰ ਪਰਤ ਦਰ ਪਰਤ ਫਰੋਲਦਿਆਂ ਅਨੇਕਾਂ ਸਚਾਈਆਂ ਸਾਹਮਣੇ ਆਉਦੀਆਂ ਹਨ, ਪਰ ਇਸਨੂੰ ਡੁੰਘਾਈ ਤਕ ਫਰੋਲਣਾ ਸਮੁੰਦਰ ਖੰਗਾਲ ਕੇ ਮੋਤੀ ਲੱਭਣ ਦੇ ਤੁਲ ਹੈ, ਜੋ ਇੰਦਰ ਸਿੰਘ ਵਲਜੋਤ ਨੇ ਬਾਖੂਬੀ ਕਰ ਦਿਖਲਾਇਆ ਹੈ ਸਾਡੇ ਮਿੱਤਰ ਨੀਲਮ ਸਿੰਘ ਤਾਂ ਹਮੇਸ਼ਾਂ ਆਖਦੇ ਹਨ, ‘ਇਹ ਤਾਂ ਸਾਡੇ ਫਿਲਾਸਫਰ ਹਨ, ਅਤੇ ਇਹ ਗੱਲ ਸੱਚ ਵੀ ਹੈ। ਵਲਜੋਤ ਨੇ ਖੋਜ ਕੀਤੀ ਅਤੇ ਗੋਆਰ ਰਾਜਪੂਤਾਂ ਦਾ ਅਣਗੌਲਿਆ ਪੱਖ ਸਾਹਮਣੇ ਲਿਆਂਦਾ। ਗੋਆਰ ਰਾਜਪੂਤਾਂ ਨੂੰ ਸਮੇਂ ਨੇ ਬਾਜ਼ੀਗਰ ਕਰਕੇ ਜਾਣਿਆ, ਤੇ ਲੋਕ ਇਨਾਂ ਨੂੰ ਸਿਰਫ ਢੋਲ ਵਜਾਉਣ ਵਾਲੇ ਅਤੇ ਬਾਜੀਆਂ ਪਾਉਣ ਵਾਲੇ ਹੀ ਸਮਝਦੇ ਹਨ। ਉਹ ਕਿਸ ਤਰਾਂ ਰਾਜ ਘਰਾਣਿਆਂ ਤੋਂ ਝੁੱਗੀਆਂ ਝੋਪੜੀਆਂ ਤਕ ਪਹੁੰਚੇ, ਕਿੰਨੇ ਦਰਦ ਹੰਢਾਏ। ਛੋਟੇ ਮੋਟੇ ਵਿਉਪਾਰ ਕਰਨ ਕਰਕੇ ਵਣਜਾਰੇ, ਸਿਰਕੀ ਬੰਨਣ ਕਰਕੇ ਸਿਰਕੀ ਬੰਦ ਕਹਿਲਾਏ। ਕਦੇ ਮੁਗਲਾਂ ਦੀ ਈਨ ਨਾ ਮੰਨਣ ਕਰਕੇ ਘਰੋਂ ਬੇਘਰ ਕੀਤੇ ਗਏ ਤੇ ਕਦੇ ਅੰਗਰੇਜਾਂ ਨੇ ਬਾਗੀ ਆਖਿਆ, ਪਰ ਭਾਰਤ ਮਾਤਾ ਦੇ ਇਹ ਅਣਗੌਲੇ ਸਪੁੱਤਰ ਵੀ ਸੱਚੇ ਸੁਚੇ ਦੇਸ਼ ਭਗਤ ਹਨ। ਇਨਾਂ ਸਿੱਖੀ ਵਿਚ ਰਹਿੰਦਿਆਂ ਅਕਹਿ ਅਤੇ ਅਸਹਿ ਤਸੀਹੇ ਸਹਾਰੇ ਤੇ ਬਹਾਦਰੀ ਨਾਲ ਲੜਦੇ ਸ਼ਹੀਦ ਹੁੰਦੇ ਰਹੇ। ਲੇਖਕ ਨੇ ਹਜਾਰਾਂ ਸਾਲ ਪੁਰਾਣੇ ਇਤਿਹਾਸ ਨੂੰ ਪਰਤ ਦਰ ਪਰਤ ਫਰੋਲਿਆ ਤੇ ਗੋਆਰ ਰਾਜਪੂਤਾਂ / ਬਾਜ਼ੀਗਰਾਂ ਦੇ ਰਸਮਾਂ / ਰਿਵਾਜਾ, ਨਿਆਂ ਪ੍ਰਣਾਲੀ, ਤਿਉਹਾਰ, ਮੇਲੇ, ਕਿੱਤੇ ਤੇ ਬੋਲੀ ਵਰਗੇ ਵਿਸ਼ਿਆਂ ਨੂੰ ਵਿਸਥਾਰ ਨਾਲ ਬਾਖੂਬੀ ਛੋਹਿਆ ਹੈ। ਲੇਖਕ ਇੰਦਰ ਸਿੰਘ ਵਲਜੋਤ ਅਤੇ ਸੰਪਾਦਕ ਕਰਮ ਸਿੰਘ ਵਕੀਲ ਜੀ ਨੂੰ ‘ਗੋਆਰ ਰਾਜਪੂਤਾਂ / ਬਾਜ਼ੀਗਰਾਂ ਦਾ ਇਤਿਹਾਸ’ ਇਕ ਵੱਡਮੁੱਲਾ ਇਤਿਹਾਸਕ ਦਸਤਾਵੇਜ ਲਿਖਣ ਲਈ ਬਹੁਤ ਬਹੁਤ ਵਧਾਈ ਹੋਵੇ। ਆਸ ਕਰਦਾ ਹਾਂ ਖੋਜੀ ਤੇ ਵਿਦਵਾਨ ਕੁੱਜੇ ਵਿੱਚ ਪਏ ਇਸ ਸਮੁੰਦਰ ਤੋਂ ਜਰੂਰ ਲਾਹਾ ਲੈਣਗੇ। ਸਰਬੱਤ ਦਾ ਭਲਾ।
ਬਲਜਿੰਦਰ ਸਿੰਘ,
ਚੰਡੀਗੜ੍ਹ।
ਮੈਨੂੰ ਲਿਖਣ ਦੀ ਜਰੂਰਤ ਕਿਉਂ ਪਈ ?
ਮੈਂ ਅਕਸਰ ਬਰਾਦਰੀ ਦੇ ਬਜੁਰਗਾਂ ਤੋਂ ਸੁਣਦਾ ਕਿ ਅਸੀਂ ਗੋਆਰ ਰਾਜਪੂਤ ਵੰਸ਼ ਵਿਚੋਂ ਹਾਂ। ਅਨਪੜ ਬਜੁਰਗ, ਭਗਤ ਕਬੀਰ ਜੀ ਦਾ ਸ਼ਬਦ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ‘ਬਾਜੀਗਰ ਡੰਕ ਵਜਾਈ ਸਭ ਖਲਕ ਤਮਾਸ਼ੇ ਆਈ ਸੁਣਾ ਦਿੰਦੇ ਭਾਵੇਂ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਇਹ ਸ਼ਬਦ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲਿਖਿਆ, ਨਾ ਕਿ ਭਗਤ ਕਬੀਰ ਜੀ ਨੇ, ਪਰ ਇਹ ਦਸਣ ਲਈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਨ੍ਹਾਂ ਬਾਜ਼ੀਗਰਾਂ ਬਾਰੇ ਲਿਖਿਆ ਹੈ। ਬਜੁਰਗ ਇਸ ਸ਼ਬਦ ਦੀ ਵਰਤੋਂ ਇਸ ਦੇ ਗੁਰਬਾਣੀ ਅਰਥਾਂ ਨੂੰ ਸਮਝੇ ਬਿਨਾਂ ਹੀ ਕਰੀ ਜਾ ਰਹੇ ਸਨ। ਜਦੋਂ ਵੀ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਆਪਾਂ ਗੋਆਰ ਰਾਜਪੂਤ ਕਿਵੇਂ ਹਾਂ, ਤਾਂ ਉਹ ਦਸਦੇ ਕਿ ਅਸੀਂ ਚਿਤੋੜ ਦੇ ਮਹਾਰਾਣਾ ਪ੍ਰਤਾਪ ਦੇ ਅਕਬਰ ਤੋਂ ਹਾਰਨ ਬਾਅਦ ਘਰ ਬਾਰ ਛੱਡ ਕੇ ਰਾਜ ਘਰਾਣੇ ਤੋਂ ਬਾਜੀ ਪਾਉਂਣ ਤਕ ਦਾ ਸਫ਼ਰ ਤਹਿ ਕਰਦੇ ਜੰਗਲਾਂ ਵਿਚ ਪੁੱਜੇ। ਕੱਖਾਂ ਦੀਆਂ ਕੁੱਲੀਆਂ ਬਣਾ ਕੇ ਰਹਿਣ ਲਗੇ। ਮਿੱਟੀ ਦੇ ਬਰਤਨਾਂ ਵਿਚ ਖਾਣਾ ਬਣਾਉਂਦੇ ਅਤੇ ਖਾਂਦੇ। ਕਈ ਸਿਆਣੇ ਬਜੁਰਗ ਅਕਬਰ ਨਾਲ ਜੰਮੱਲ ਅਤੇ ਫੱਤੇ ਦੀ ਜੰਗ ਦਾ ਬਿਆਨ ਕਰਦੇ ਅਤੇ ਕਹਿੰਦੇ, ਅਸੀਂ ਉਹ ਰਾਜਪੂਤ ਹਾਂ, ਜਿਨ੍ਹਾਂ ਨੇ ਮੁਸਲਮਾਨ ਨੂੰ ਅਪਣੀ ਧੀ ਦੇਣ ਬਜਾਏ ਮਰਨਾ ਪਸੰਦ ਕੀਤਾ।
ਸਵਾਲ ਮਨ ਵਿਚ ਆਇਆ, ਜੇ ਅਸੀਂ ਗੋਆਰ ਰਾਜਪੂਤ ਹਾਂ ਤਾਂ ਫਿਰ ਬਾਜ਼ੀਗਰ ਕਿਉਂ ਤੇ ਕਦੋਂ ਬਣੇ। ਭਾਵੇਂ ਪਹਿਲਾਂ ਜਦੋਂ ਵੀ ਸਮਾਂ ਮਿਲਦਾ ਇਸ ਗੋਆਰ ਸ਼ਬਦ ਅਤੇ ਬਾਜ਼ੀਗਰ ਉਤੇ ਵਿਚਾਰ ਹੁੰਦੀ ਪਰ ਦਸੰਬਰ 2000 ਵਿਚ ਮੇਰੇ ਬੈਂਕ ਵਿਚੋਂ ਸੇਵਾ ਮੁਕਤੀ ਬਾਅਦ, ਇਹ ਸਵਾਲ ਹੋਰ ਸਤਾਉਣ ਲੱਗਾ। ਕਈ ਕਿਤਾਬਾਂ ਅਤੇ ਕੁਮਾਰੀ ਮੀਨੂੰ ਦਾ ਪੰਜਾਬੀ ਸਭਿਆਚਾਰ ਦੇ ਸੰਦਰਭ ਵਿਚ ਬਾਜ਼ੀਗਰ ਕਬੀਲੇ ਦਾ ਲੋਕ ਧਾਰਾਈ ਅਧਿਐਨ (ਜੋ ਉਸਨੇ ਐਮ. ਫਿਲ ਵਾਸਤੇ ਤਿਆਰ ਕੀਤਾ ਸੀ) ਨੂੰ ਪੜਿਆ ਅਤੇ ਮਹਿਸੂਸ ਕੀਤਾ ਕਿ ਇਹ ਸਾਡੇ ਮੌਲਿਕ ਸਿਧਾਂਤਾਂ ਨਾਲ ਮੇਲ ਨਹੀਂ ਖਾਂਦਾ ਤੇ ਸਚਾਈ। ਤੋਂ ਦੂਰ ਜਾਂ ਗਲਤ ਲਿਖਿਆ ਹੈ। ਕੁਮਾਰੀ ਮੀਨੂੰ ਆਪਣੇ ਥੀਸਸ ਦੇ ਪੰਨਾ 9 ਤੇ ਨਟਾਂ ਅਤੇ ਬਾਜ਼ੀਗਰ ਦਾ ਫਰਕ ਦਸਦੀ ਹੈ। ਬਾਜ਼ੀਗਰ ਮਰਦ ਅਤੇ ਤੀਵੀਆਂ ਦੇਵੇ ਖੇਡ ਤਮਾਸ਼ੇ ਕਰਦੇ ਹਨ ਪਰ ਨਟਾਂ ਵਿਚ ਸਿਰਫ ਮਰਦ ਨੱਚਦੇ ਹਨ। ਅਸਲੀਅਤ ਵਿਚ ਬਿਲਕੁਲ ਉਲਟ ਹੈ, ਇਸ ਲਈ ਮੈਂ ਗੋਆਰ ਬਾਜ਼ੀਗਰ ਸਮਾਜ ਬਾਰੇ ਖੋਜ ਸ਼ੁਰੂ ਕੀਤੀ।
ਇਸ ਸੰਦਰਭ ਵਿਚ ਜਦੋਂ ਮੈਂ ਗੁਰੂ ਕੀਆਂ ਸਾਖੀਆਂ ਕ੍ਰਿਤ ਭਾਈ ਸਰੂਪ ਸਿੰਘ ਸੰਪਾਦਕ ਪ੍ਰੋ. ਪਿਆਰਾ ਸਿੰਘ ਪਦਮ ਦੀ, ਕਵੀ ਸੇਵਾ ਸਿੰਘ ਦੀ ਕ੍ਰਿਤ ਜੋ ਗਿਆਨੀ ਗਰਜਾ ਸਿੰਘ ਦੀ ਸੰਪਾਦਤ ਕਿਤਾਬ ਸ਼ਹੀਦ ਬਿਲਾਸ ਭਾਈ ਮਨੀ ਸਿੰਘ, ਭੱਟ ਵਹੀਆਂ ਅਤੇ ਪੰਡਾ ਵਹੀਆਂ ਤੇ ਅਧਾਰਤ ਹੈ, ਵੀ ਪੜ੍ਹੀ। ਇਸ ਵਿਚ ਸ਼ਹੀਦ ਭਾਈ ਮਨੀ ਸਿੰਘ ਦੇ ਵੰਸ਼ ਬਾਰੇ ਬਹੁਤ ਭਰੋਸੇਮੰਦ ਜਾਣਕਾਰੀ ਲਿਖੀ ਸੀ, ਜਿਸ ਤੋਂ ਪਤਾ ਲਗਾ ਕਿ ਸ਼ਹੀਦ ਭਾਈ ਮਨੀ ਸਿੰਘ ਬੀਝੇ ਕੇ ਵੰਜਰਾਵਤ ਪਵਾਰ ਗੋਤ ਵਿਚੋਂ ਸਨ। ਵੰਜਰਾਵਤ ਗੋਤ ਗੋਆਰ ਰਾਜਪੂਤ ਬਾਜ਼ੀਗਰਾਂ ਦੇ ਗੋਤਾਂ ਵਿਚੋਂ ਮੁੱਖ ਗੋਤ ਹੈ ਅਤੇ ਪਵਾਰ/ ਪ੍ਰਮਾਰ ਗੋਤ ਰਾਜਪੂਤਾਂ ਦਾ ਗੋਤ ਹੈ। ਇਸ ਤੋਂ ਇਹ ਅਹਿਸਾਸ ਹੋਇਆ ਕਿ ਸ਼ਹੀਦ ਭਾਈ ਮਨੀ ਸਿੰਘ ਜੀ ਗੋਆਰ ਰਾਜਪੂਤ ਸਮਾਜ ਦੇ ਹਨ। ਸ਼੍ਰੀ ਵਾਈ ਰੂਪਲਾ ਨਾਇਕ ਨੇ ਆਪਣੀ ਕਿਤਾਬ, ‘ਕਲਰਫੁਲ ਬਨਜ਼ਾਰਾ (ਲੁਬਾਨੀ) ਟਰਾਈਬ ਥਰੂ ਦੀ ਏਜਿਜ’, ਵਿਚ ਗੋਆਰ ਜਾਤੀ ਦੀ ਉਤਪਤੀ ਤਿੰਨ ਵੀਰ ਰਾਜਪੂਤ ਰਾਜਕੁਮਾਰ (ਪ੍ਰਮਾਰ, ਚੌਹਾਨ, ਰਠੌਰ), ਜਿਨ੍ਹਾਂ ਦੇ ਪਾਲਕ ਮਾਤਾ – ਪਿਤਾ ਰਾਧਾ ਅਤੇ ਮੌਲਾ ਦੱਸੇ ਗਏ, ਤੋਂ ਹੋਈ ਹੈ। ਭਾਵੇਂ ਸ੍ਰੀ ਗੋਕਲ ਦਾਸ ਨੇ ‘ਵਣਜਾਰਾ ਭਾਸਕਰ’ ਵਿਚ ਗੋਆਰ ਸਮਾਜ ਦੀ ਉਤਪਤੀ ਸ਼ਿਵ ਜੀ ਦੇ ਪੰਜ ਗਣਾਂ ਤੋਂ ਹੋਈ ਦੱਸੀ ਗਈ ਹੈ, ਪਰ ਸੁਆਮੀ ਗੋਕਲ ਦਾਸ ਇਨ੍ਹਾਂ ਗਣਾਂ ਦੇ ਨਾਂ ਪ੍ਰਮਾਰ, ਚੌਹਾਨ, ਰਠੌਰ, ਤੋਮਰ ਅਤੇ ਯਦੂਵੰਸ਼ ਲਿਖਦਾ ਹੈ। ਇਸੇ ਤਰਾਂ ਮੈਂ ਜੇਮਸ ਟਾਡ ‘ਦੀ ਹਿਸਟਰੀ ਆਫ ਦੀ ਰਾਜਪੂਤ ਟਰਾਈਬ ਵੀ ਪੜ੍ਹੀ, ਜਿਸ ਵਿਚ ਰਾਜਪੂਤਾਂ ਦੀਆਂ ਸ਼ਾਹੀ ਕੁਲਾਂ 36 ਦਸੀਆਂ ਗਈਆਂ ਹਨ ਅਤੇ ਗੌਰ / ਗੋਆਰ ਰਾਜਪੂਤ ਇਨ੍ਹਾਂ 36 ਸ਼ਾਹੀ ਕੁਲਾਂ ਵਿਚੋਂ ਇਕ ਦੱਸੀ ਹੈ। ਪ੍ਰੋਫੈਸਰ ਮੋਤੀਰਾਜ ਰਾਠੌਰ ਦੀ ‘ਗੌਰ ਬਨਜਾਰਾ ਜਨ ਜਾਤ ਕਾ ਇਤਿਹਾਸ ਦਾ ਅਧਿਅਨ ਕੀਤਾ। ਇਸੇ ਵਿਸ਼ੇ ਦੀ ਖੋਜ ਵਿਚ ਮੈਂ ਗਵਾਲੀਅਰ, ਮਥੁਰਾ, ਵਰਿੰਦਾਵਨ, ਚਿਤੋੜ, ਉਦੇਪੁਰ ਅਤੇ ਰਾਜਸਥਾਨ ਦੇ ਕਈ ਇਲਾਕਿਆਂ ਦੀ ਖੋਜ ਲਈ ਗਿਆ। ਲੋਕਾਂ ਅਪਣੀ ਬਰਾਦਰੀ ਦੇ ਸਿਆਣੇ ਤੇ ਬਜੁਰਗ ਬੰਦਿਆਂ ਨੂੰ ਮਿਲਿਆ। ਹਰਿਦੁਆਰ ਜਾ ਕੇ ਗੋਆਰਾਂ ਦੇ ਪ੍ਰੋਹਤ ਨੂੰ ਮਿਲਿਆ। ਆਪਣੀ ਬਰਾਦਰੀ ਦੇ ਰੀਤੀ ਰਿਵਾਜਾਂ ਦੀਆਂ ਬਰੀਕੀਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ।
1604 ਈ: ਵਿਚ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 6 ਗੁਰੂ ਸਾਹਿਬਾਨ, 15 ਭਗਤਾਂ, 4 ਗੁਰੂ ਘਰ ਦੇ ਪ੍ਰੇਮੀ ਗੁਰਸਿੱਖਾਂ ਅਤੇ 11 ਭੱਟਾਂ ਦੀ ਬਾਣੀ ਦਰਜ ਕੀਤੀ। ਇਸ ਅਲੋਕਿਕ ਬਾਣੀ ਵਿਚ 11 ਸ਼ਬਦ ਬਾਜ਼ੀਗਰਾਂ ਪ੍ਰਥਾਏ ਉਚਾਰੇ ਗਏ, ਜਿਨ੍ਹਾਂ ਵਿਚੋਂ 3 ਸ਼ਬਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ, 2 ਸ਼ਬਦ ਸ਼੍ਰੀ ਗੁਰੂ ਅਮਰ ਦਾਸ ਜੀ ਦੇ, 2 ਸ਼ਬਦ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ, 3 ਸ਼ਬਦ ਭਗਤ ਕਬੀਰ ਜੀ ਦੇ ਅਤੇ । ਸ਼ਬਦ ਭਗਤ ਰਵੀਦਾਸ ਜੀ ਦਾ ਹੈ। ਇਨ੍ਹਾਂ ਸ਼ਬਦਾਂ ਵਿਚ ਬਾਜੀਗਰ ਪ੍ਰਮਾਤਮਾ ਲਈ ਵਰਤਿਆ।
ਜਦੋਂ ਮੈਂ ਆਪਣੇ ਵਿਰਸੇ ਵੱਲ ਦੇਖਦਾਂ ਹਾਂ ਤਾਂ ਦੁੱਖ ਹੁੰਦਾ ਹੈ। ਗੋਆਰ ਰਾਜਪੂਤ ਕਹਾਉਂਣ ਵਾਲੀ ਅਣਖੀਲੀ ਕੌਮ, ਜਿਸ ਨੇ ਇੱਜਤ ਤੇ ਅਜ਼ਮਤ ਵਾਸਤੇ ਅਕਬਰ ਨਾਲ ਲੋਹਾ ਲਿਆ, ਉਸ ਕੰਮ ਦਾ ਇਹ ਹਾਲ ? ਕਿਸੇ ਵੇਲੇ ਆਪਣੇ ਆਪ ਨੂੰ ਰਾਜੇ ਅਤੇ ਸਾਮੰਤ ਕਹਾਉਣ ਵਾਲੇ ਆਪਣੇ ਪੇਟ ਦੀ ਅੱਗ ਮਿਟਾਉਂਣ ਖਾਤਰ ਨਟਾਂ ਨਾਲ ਰਲ ਕੇ ਬਾਜ਼ੀ ਪਾਉਣ ਵਾਸਤੇ ਮਜਬੂਰ ਕਿਉਂ ਹੋਏ ? ਮਨ ਵਿਚ ਆਉਂਦਾ ਹੈ। ਅਣਖੀਲੀ ਕੌਮ ਦੇ ਪੂਰਵਜਾਂ ਨੂੰ ਪੁੱਛਾਂ ਕਿ ਉਨ੍ਹਾਂ ਆਪਣੇ ਇਤਿਹਾਸ ਨੂੰ ਕਿਉਂ ਨਹੀਂ ਸਾਂਭਿਆ ? ਸਿਰਫ ਇਕ ਗੋਆਰ ਸ਼ਬਦ ਤੋਂ ਬਿਨਾਂ ਸਾਨੂੰ ਵਿਰਸੇ ਵਿਚ ਕੁਝ ਵੀ ਨਹੀ ਮਿਲਿਆ, ਜੋ ਕਿ ਖਿਆਲੀ ਪਲਾਉ ਵਾਂਗ ਇਕ ਸ਼ੇਰ ਦੀ ਹੱਡੀ ਤੋਂ ਪੂਰਾ ਸ਼ੇਰ ਬਣਾਉਣ ਵਾਲੀ ਗੱਲ ਹੈ। *ਗੋਆਰ ਸਮਾਜ ਇਕ ਪੂਰਾ ਵਿਕਸਿਤ ਸਮਾਜ ਸੀ ਜਿਸ ਵਿਚ ਹਰ ਤਰਾਂ ਦੇ ਕੰਮ ਕਰਨ ਵਾਲੇ ਬੰਦੇ ਸਨ। ਸ੍ਰੀ ਵਾਈ ਰੂਪਲਾ ਨਾਇਕ ਅਨੁਸਾਰ ਗੋਆਰ ਵਣਜਾਰਿਆਂ ਵਿਚ ਸੁਨਾਰ ਵਣਜਾਰਾ, ਧਾਲੀਆ ਵਾਣਜਾਰਾ, ਢਾਡੀ ਵਣਜਾਰਾ, ਨਾਈ ਵਣਜਾਰਾ ਅਤੇ ਸਿਰਕੀ ਬੰਦ ਵਣਜਾਰਾ ਆਦਿ ਹਨ। ਇਸ ਗੋਆਰ ਸਮਾਜ ਦੀ ਅਲੱਗ ਬੋਲੀ ਹੈ, ਪਰ ਸਾਡੇ ਪੂਰਵਜਾਂ ਨੇ ਇਨ੍ਹਾਂ ਵਿਚੋਂ ਕਿਸੇ ਨੂੰ ਵੀ ਸੰਭਾਲ ਕੇ ਨਹੀਂ ਰਖਿਆ। ਬੋਲੀ ਕਿਤੇ ਵੀ ਲਿਖੀ ਹੋਈ ਨਹੀਂ ਮਿਲਦੀ ਅਤੇ ਨਾ ਹੀ ਇਸ ਦੀ ਕੋਈ ਲਿੱਪੀ ਦਾ ਹੀ ਪਤਾ ਹੈ।
ਜਦੋਂ ਮੈਂ ਗੋਆਰ ਵਣਜਾਰਿਆਂ ਬਾਰੇ ਜਾਣਕਾਰੀ ਇੱਕਠੀ ਕਰਨੀ ਸ਼ੁਰੂ ਕੀਤੀ ਤਾਂ, ਸ੍ਰੀ ਵਾਈ ਰੂਪਲਾ ਨਾਇਕ ਦੀ ਲਿਖੀ ਪੁਸਤਕ, ‘ਕਲਰਫੁੱਲ ਬਣਜਾਰਾ (ਲੁਬਾਨੀ) ਟਰਾਈਬ ਥਰੂਦੀ ਏਜ਼ਿਜ਼’, ਸ੍ਰੀ ਗੋਕਲ ਦਾਸ ਦੀ ਲਿਖੀ ਪੁਸਤਕ, ‘ਬਣਜਾਰਾ ਭਾਸਕਰ ਅਤੇ ਪ੍ਰੋਫੈਸਰ ਮੋਤੀ ਰਾਜ ਰਠੋਰ ਦੀ ਤਾਜਾ ਖੋਜ ਪੁਸਤਕ, ‘ਗੋਰ ਬਨਜਾਰਾ ਜਨ ਜਾਤ ਦਾ ਇਤਿਹਾਸ’, ਪੜ੍ਹਨ ਅਤੇ ਵਿਚਾਰਨ ਵਾਸਤੇ ਮਿਲਿਆ। ਇਹ ਸਾਰੇ ਹੀ ਲੇਖਕ/ਵਿਚਾਰਕ ਗੋਰ/ਗੋਆਰ ਵਣਜਾਰਾ ਜਾਤ ਨੂੰ ਭਾਰਤ ਦੀ ਸਭ ਤੋਂ ਪੁਰਾਣੀ ਜਾਤ ਕਹਿੰਦੇ ਹਨ। ਪ੍ਰੋਫੈਸਰ ਮੌਤੀ ਰਾਜ ਰਾਠੌਰ ਨੇ ਤਾਂ ਮਹਿੰਜੋਦਾੜੋ ਅਤੇ ਹੜਪਾ ਦੀਆਂ ਸਭਿਅਤਾਵਾਂ ਗੋਰ ਜਾਤ ਨਾਲ ਜੋੜੀਆਂ ਹਨ।
ਗਿਆਨੀ ਗਰਜਾ ਸਿੰਘ ਦੀ ਸੰਪਾਦਤ, ਸ਼ਹੀਦ ਭਾਈ ਮਨੀ ਸਿੰਘ ਬਾਰੇ ਖੋਜ ਵੀ ਇਤਿਹਾਸਕ ਸਬੂਤਾਂ ਬਿਨਾਂ ਵਿਵਾਦਾਂ ਦੇ ਘੇਰੇ ਵਿਚ ਫਸੀ ਹੋਈ ਹੈ ਅਤੇ ਜੋ ਸਬੂਤ ਗਿਆਨੀ ਗਰਜਾ ਸਿੰਘ ਜੀ ਨੇ ਦਿੱਤੇ ਹਨ. ਰੂੜੀ ਵਾਦੀ ਸਿੱਖ ਲੇਖਕ ਮੰਨਣ ਲਈ ਤਿਆਰ ਨਹੀ, ਕਿ ਸ਼ਹੀਦ ਭਾਈ ਮਨੀ ਸਿੰਘ ਰਾਜਪੂਤ ਸੀ ਅਤੇ ਪਵਾਰ ਪ੍ਰਮਾਰ ਗੋਤ, ਬੰਸ ਬੀਝੇ ਦਾ ਵੰਜਰਾਵਤ ਸੀ। ਭਾਵੇਂ ਕਿ ਦੂਸਰੇ ਸਿੱਖ ਵਿਦਵਾਨ ਵੀ ਆਪਣੇ ਦਾਵੇ ਦਾ ਕੋਈ ਠੋਸ ਸਬੂਤ ਨਹੀਂ ਦੇ ਸਕੇ। ਇਸ ਤੋਂ ਬਿਨਾਂ ਕਿ ਉਹ ਜਿਸ ਗੀਤ ਦੇ ਹਨ, ਉਸੇ ਨੂੰ ਭਾਈ ਮਨੀ ਸਿੰਘ ਜੀ ਸ਼ਹੀਦ ਨਾਲ ਜੋੜ ਲਿਆ। ਇਸ ਵਿਚ ਦੇਸ਼ ਉਨ੍ਹਾਂ ਦਾ ਵੀ ਨਹੀਂ। ਇਤਿਹਾਸ ਵਿਚ ਸ਼ਹੀਦ ਭਾਈ ਮਨੀ ਸਿੰਘ ਦਾ ਦਰਜਾ ਸਿੱਖ ਵਿਦਵਾਨਾ ਵਿਚ ਆਉਂਦਾ ਹੈ ਅਤੇ ਉਨ੍ਹਾਂ ਦਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਵੰਜਾ ਕਵੀਆਂ ਵਿਚ ਸ਼ੁਮਾਰ ਹੈ। ਸਿੱਖ ਇਤਿਹਾਸ ਵਿਚ ਆਉਂਦਾ ਹੈ ਕਿ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਲਿਖਣ ਦਾ ਕੰਮ ਕੀਤਾ ਅਤੇ ਹੋਰ ਵੀ ਅਨੇਕਾਂ ਰਚਨਾਵਾਂ ਲਿਖੀਆਂ ਪਰ ਸਭ ਕੁਝ ਹੋਣ ਦੇ ਬਾਵਜੂਦ ਕੋਈ ਸਬੂਤ ਨਹੀਂ ਮਿਲਦਾ, ਕਿ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਆਪਣੇ ਹੱਥ ਨਾਲ ਕੀ ਕੀ ਲਿਖਿਆ ?
ਮੈਂ ਇਕ ਘਟਨਾ ਲਿਖਣਾ ਜਰੂਰੀ ਸਮਝਦਾ ਹਾਂ। ਮੈਂ ਇਕ ਦਿਨ ਚਮਕੌਰ ਸਾਹਿਬ ਦਰਸ਼ਨ ਕਰਨ ਗਿਆ। ਗੁਰੂਦੁਆਰਾ ਸ਼ਹੀਦ ਗੰਜ ਸਾਹਿਬ ਦੇ ਇਤਿਹਾਸ ਬੋਰਡ ਤੇ ਗੜ੍ਹੀ ਛੱਡਣ ਸਮੇਂ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਨੇ ਭਾਈ ਸੰਗਤ ਸਿੰਘ ਨੂੰ ਆਪਣੀ ਕਲਗ਼ੀ ਅਤੇ ਆਪਣੇ ਬਸਤਰ ਪੁਆਏ ਲਿਖਿਆ ਸੀ ਅਤੇ ਇਕ ਪਾਸੇ ਉਚੇ ਬੁਰਜ ਤੇ ਗੁਰੂ ਸਾਹਿਬ ਜੀ ਇਕ ਫੋਟੋ ਵਿਚ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਸਜਾ ਰਹੇ ਦਿਖਾਇਆ ਗਿਆ ਸੀ। 15-20 ਦਿਨਾਂ ਬਆਦ ਮੈਂ ਜਦੋਂ ਦੁਬਾਰਾ ਦਰਸ਼ਨਾਂ ਵਾਸਤੇ ਚਮਕੌਰ ਸਾਹਿਬ ਗਿਆ ਤਾਂ ਦੇਖਿਆ ਇਤਿਹਾਸ ਬੋਰਡ ਤੇ ਇਤਿਹਾਸ ਓਹੀ ਸੀ ਪਰ ਉਚੇ ਬੁਰਜ ਤੇ ਫੋਟੋ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਈ ਜੈਤਾ ਜੀ ਨੂੰ ਕਲਗ਼ੀ ਸਜਾ ਰਹੇ ਦਿਖਾਇਆ ਗਿਆ ਸੀ। ਸਮਝ ਸਕਦੇ ਹੋ ਕਿ ਗੁਰੂ ਦੇ ਇਕ ਸੱਚੇ ਸਿੱਖ ਦੇ ਮਨ ਤੇ ਕੀ ਗੁਜਰੀ ਹੋਵੇਗੀ ਅਤੇ ਹਰ ਸਿੱਖ ਇਸ ਬਾਰੇ ਕੀ ਸੋਚਦਾ ਹੋਵੇਗਾ ? ਇਹ ਘਟਨਾ ਮੈਂ ਦੇਖੀ ਹੈ, ਇਹੋ ਜਿਹੀਆਂ ਹੋਰ ਵੀ ਇਤਿਹਾਸ ਨਾਲ ਛੇੜ ਛਾੜ ਦੀਆਂ ਘਟਨਾਵਾਂ ਹੋਣਗੀਆਂ, ਜੋ ਸਿੱਖ ਇਤਿਹਾਸ ਨੂੰ ਨੁਕਸਾਨ ਪਹੁੰਚਾਦੀਆਂ ਹਨ।
ਮੇਰਾ ਮੇਰੇ ਪੂਰਵਜਾਂ ਤੇ ਗਿਲਾ ਹੀ ਰਹੇਗਾ ਕਿਉਂਕਿ ਵਿਦਵਾਨ ਹੁੰਦਿਆਂ ਹੋਇਆਂ ਵੀ ਸ਼ਹੀਦ ਭਾਈ ਮਨੀ ਸਿੰਘ ਜੀ ਜਾਂ ਭਾਈ ਦਿਆਲਾ ਜੀ ਜਾਂ ਇਨ੍ਹਾਂ ਦੇ ਕਿਸੇ ਵੀ ਪ੍ਰੀਵਾਰਕ ਮੈਂਬਰ ਨੇ ਆਪਣੇ ਹੱਥ ਨਾਲ ਆਪਣੇ ਬਾਰੇ ਕੁਝ ਵੀ ਨਹੀਂ ਲਿਖਿਆ। ਸਿੱਖ ਵਿਦਵਾਨ ਇਹ ਤਾਂ ਮੰਨਦੇ ਹਨ ਕਿ ਮਨੀ ਰਾਮ ਰਾਜਪੂਤ ਨੇ ਆਪਣੇ ਪੰਜ ਪੁੱਤਰ ਗੁਰੂ ਸਾਹਿਬ ਨੂੰ ਅਰਪਣ ਕੀਤੇ, ਪਰ ਇਹ ਮੰਨਣ ਲਈ ਤਿਆਰ ਨਹੀਂ ਕਿ ਜੋ ਪਿਤਾ ਆਪਣੇ ਪੰਜ ਪੁੱਤਰ ਗੁਰੂ ਨੂੰ ਅਰਪਣ ਕਰ ਸਕਦਾ ਹੈ, ਆਪ ਕਿਸ ਤਰਾਂ ਗੁਰੂ ਤੋਂ ਦੂਰ ਰਹਿ ਸਕਦਾ ਹੈ।
ਮੈਂ ਸਭ ਤੋਂ ਪਹਿਲਾਂ ਧੰਨਵਾਦੀ ਹਾਂ ਆਪਣੇ ਪੂਰਵਜਾਂ – ਬਜੁਰਗਾਂ ਦਾ ਜਿਨ੍ਹਾਂ ਭਾਵੇਂ ਕੋਈ ਲਿਖਤੀ ਇਤਿਹਾਸ ਸੰਭਾਲ ਕੇ ਨਹੀਂ ਰਖਿਆ ਪਰੰਤੂ ਗੋਆਰ ਸ਼ਬਦ ਨੂੰ ਸੰਭਾਲ ਕੇ ਰਖਿਆ। ਮੈਂ ਧੰਨਵਾਦੀ ਹਾਂ ਆਪਣੇ ਸਵਰਗਵਾਸੀ ਪਿਤਾ ਗਿਆਨੀ ਬੱਗਾ ਸਿੰਘ ਜੀ ਦਾ ਤੇ ਉਨਾਂ ਦੀ ਦੂਰ ਅੰਦੇਸ਼ੀ ਦੀ ਉਦਾਹਰਣ ਦੇਣਾ ਚਹੁੰਦਾ ਹਾਂ। ਅੱਲ੍ਹੜ ਉਮਰ ਵਿਚ ਕਈ ਵਾਰ ਤਕਰਾਰ ਹੋ ਜਾਂਦਾ ਹੈ ਅਤੇ ਮੈਂ ਵੀ ਇਕ ਵਾਰ ਆਪਣੀ ਪੜ੍ਹਾਈ ਛੱਡ ਕੇ ਕੰਮ ਕਰਨ ਦੀ ਸੋਚੀ, ਪਰ ਮੇਰੇ ਪਿਤਾ ਜੀ, ਜੋ ਗੁਰੂ ਘਰ ਦੇ ਨਿੱਤਨੇਮੀ ਸਨ ਅਤੇ ਘਰ ਵਿਚ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰਖਦੇ ਸਨ, ਨੇ ਦੂਰ ਅੰਦੇਸ਼ੀ ਨਾਲ ਮੈਨੂੰ ਲੀਹੇ ਪਾਈ ਰਖਿਆ। ਮੈਨੂੰ ਸਿੱਖਿਆ ਦੇਣਾ ਆਪਣਾ ਫਰਜ ਸਮਝਿਆ। ਉਨਾਂ ਨੇ ਅੱਖਰੀ ਗਿਆਨ ਦੀ ਮਹੱਤਤਾ ਨੂੰ ਸਮਝਿਆ ਅਤੇ ਮੈਂਨੂੰ ਤੇ ਮੇਰੇ ਭਰਾਵਾਂ ਨੂੰ ਸਕੂਲ ਭੇਜਿਆ ਅਤੇ ਮੈਨੂੰ ਇਸ ਕਾਬਲ ਬਣਾਇਆ ਕਿ ਮੈਂ ਆਪਣੇ ਬੰਸ ਬਾਰੇ ਕੁਝ ਸੋਚ ਸਕਾਂ ਖੋਜ ਕਰ ਸਕਾਂ।
ਮੈਂ ਅੱਜ ਜਿਸ ਮੁਕਾਮ ਤੇ ਹਾਂ ਉਹ ਸਿਰਫ ਪਿਤਾ ਜੀ ਦੀ ਬਦੌਲਤ ਹੀ ਹਾਂ। ਅੱਜ ਵੀ ਇਸ ਸਮਾਜ ਦਾ ਇਹ ਹਾਲ ਹੈ ਕਿ ਪੜ੍ਹਾਈ ਵੱਲ ਪੂਰਾ ਧਿਆਨ ਨਹੀਂ ਦਿੱਤਾ ਜਾਂਦਾ ਜਦ ਕਿ ਅੱਜ ਦੇ ਯੁੱਗ ਵਿਚ ਪੜ੍ਹਾਈ ਹੀ ਤੀਜੀ ਅੱਖ ਹੈ। ਜੇ ਅੱਜ ਵੀ ਇਹ ਆਪਣੇ ਬੱਚਿਆਂ ਨੂੰ ਨਹੀਂ ਪੜ੍ਹਾਉਂਦੇ ਤਾਂ ਆਉਣ ਵਾਲੀਆਂ ਇਨ੍ਹਾਂ ਦੀਆਂ ਪੀੜ੍ਹੀਆਂ ਇਨ੍ਹਾਂ ਨੂੰ ਇਸੇ ਤਰਾਂ ਕੋਸਦੀਆਂ ਰਹਿਣਗੀਆਂ, ਜਿਸ ਤਰਾਂ ਅੱਜ ਮੈਂ ਉਲਾਹਮੇਂ ਦੇ ਰਿਹਾ ਹਾਂ। ਇਸ ਸਮਾਜ ਦੇ ਮੌਜੂਦਾ ਵਾਰਸਾਂ ਨੂੰ ਹਾਲੇ ਵੀ ਸੰਭਲ ਜਾਣਾ ਚਾਹੀਦਾ ਹੈ ਅਤੇ ਤੀਜੀ ਅੱਖ ਤੇ ਧਿਆਨ ਦੇਣਾ ਚਾਹੀਦਾ ਅਤੇ ਫਜੂਲ ਖਰਚੀ ਛੱਡ ਕੇ ਚੰਗੇ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ । ਬੱਚਿਆਂ ਦਾ ਧਿਆਨ ਰਖਿਆ ਜਾਵੇ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਉਨ੍ਹਾਂ ਨੂੰ ਚੰਗੀ ਸਿੱਖਿਆ ਦੇਣੀ, ਉਨ੍ਹਾਂ ਦੀ ਜਿਸਮਾਨੀ ਤਾਕਤ ਨੂੰ ਖੇਡਾਂ ਵਿਚ ਲਾ ਕੇ ਨਵੇਂ ਹਰੀ ਚੰਦ ਅਤੇ ਮਿੱਲਖਾ ਸਿੰਘ ਪੈਦਾ ਕਰਨੇ ਚਾਹੀਦੇ ਹਨ।
ਮੈਂ ਆਪਣੇ ਉਨ੍ਹਾਂ ਸਾਥੀਆਂ ਦਾ ਧਿਆਨ ਵੀ ਖਿੱਚਣਾ ਚਾਹੁੰਦਾ ਹਾਂ ਜੋ ਆਪਣੇ ਪੂਰਵਜਾਂ ਤੋਂ ਖੁਸ਼ ਨਹੀਂ ਅਤੇ ਜਿਨ੍ਹਾਂ ਆਪਣੇ ਆਪਨੂੰ ਇਸ ਗੋਆਰ ਰਾਜਪੂਤ/ਬਾਜ਼ੀਗਰ ਸਮਾਜ ਨਾਲੋਂ ਤੋੜ ਲਿਆ। ਉਹ ਇਹ ਭੁੱਲ ਚੁੱਕੇ ਹਨ ਕਿ ਉਹ ਆਪਣੇ ਵਾਰਸਾਂ ਭਾਵ ਆਉਣ ਵਾਲੀ ਪੀੜ੍ਹੀ ਨੂੰ ਕੀ ਦੇ ਕੇ ਚੱਲੇ ਹਨ। ਸਾਨੂੰ ਇਹ ਵਿਚਾਰ ਨਹੀਂ ਕਰਨਾ ਚਾਹੀਦਾ ਕਿ ਸਾਡੇ ਪੂਰਵਜਾਂ ਨੇ ਸਾਨੂੰ ਕੀ ਦਿੱਤਾ ਸਗੋਂ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਆਪਣੇ ਵਾਰਸਾਂ ਨੂੰ ਕੀ ਦੇ ਕੇ ਚੱਲੇ ਹਾਂ। ਮੈਂ ਵੀ ਬਾਕੀ ਪੜ੍ਹੇ ਲਿਖੇ ਸਮਾਜ, ਜੋ ਬਾਜ਼ੀਗਰ ਦੇ ਨਾਂ ਸੁਣ ਕੇ ਘਬਰਾਉਂਦੇ ਹਨ, ਨੂੰ ਦਸਣ ਦਾ ਯਤਨ ਕੀਤਾ ਹੈ ਕਿ ਉਹ ਬਾਜ਼ੀਗਰ ਨਹੀਂ ਹਨ। ਇਹ ਤਾਂ ਇਕ ਦੂਸਰੇ ਕਿੱਤਿਆਂ ਵਾਂਗ ਇਕ ਕਿੱਤਾ ਸੀ, ਜੋ ਇਨ੍ਹਾਂ ਗੋਆਰ ਰਾਜਪੂਤਾਂ ਨੇ ਰੋਜੀ ਰੋਟੀ ਵਾਸਤੇ ਆਪਣਾਇਆ। ਲੋਕਾਂ ਨੇ ਇਨ੍ਹਾਂ ਨੂੰ ਬਾਜ਼ੀਗਰ ਨਾਂ ਦਿੱਤਾ। ਮੈਂ ਆਪਣੇ ਸਮਾਜ ਨੂੰ ਦੱਸਣ ਦੀ ਇਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਕਿ ਜਿਸ ਤਰਾਂ ਗਲਤੀ ਨਾਲ ਸ਼ੇਰ ਗੱਧਿਆਂ ਵਿਚ ਪਲ ਕੇ ਆਪਣਾ ਆਪ ਭੁੱਲ ਜਾਂਦਾ ਹੈ ਪਰ ਫਿਰ ਵੀ ਉਹ ਸ਼ੇਰ ਹੀ ਰਹਿੰਦਾ ਹੈ। ਜਦੋਂ ਉਸ ਨੂੰ ਆਪਣੀ ਪਛਾਣ ਆ ਗਈ ਤਾਂ ਦਹਾੜ ਮਾਰ ਕੇ ਗੱਧਿਆਂ ਨੂੰ ਖਿਲਾਰ ਦੇਵੇਗਾ। ਇਸੇ ਤਰਾਂ ਅਸੀਂ ਵੀ ਇਕ ਕਸ਼ਤਰੀ ਕੌਮ ਗੋਰ/ਗੋਆਰ ਰਾਜਪੂਤਾਂ ਵਿਚੋਂ ਹਾਂ। ਇਸੇ ਲਈ ਅਸੀਂ ‘ਸਰਭ ਭਾਰਤ ਗੋਆਰ ਰਾਜਪੂਤ ਸਭਾ ਦਾ ਗਠਨ ਕੀਤਾ ਅਤੇ ਕੋਸ਼ਿਸ਼ਾਂ ਜਾਰੀ ਹਨ ਕਿ ਅਸੀ ਆਪਣੇ ਵਾਰਸਾਂ ਨੂੰ ਕੋਈ ਰਾਹ ਦੱਸ ਜਾਈਏ। ਮੈਂ ਧੰਨਵਾਦੀ ਹਾਂ, ਸ. ਜਗੀਰ ਸਿੰਘ ਵੜਤੀਆ (ਪਟਿਆਲਾ) ਤੇ ਸ. ਸ਼ਾਮ ਸਿੰਘ ਮੁਛਾਲ (ਬਢਰੁਖਾ) ਜਿਨ੍ਹਾਂ ਨੇ ਮੈਨੂੰ ਲੋੜ ਵੇਲੇ ਕਿਤਾਬਾਂ ਦਿੱਤੀਆਂ ਅਤੇ ਇਸ ਸਮਾਜ ਦੇ ਰੀਤੀ ਰਿਵਾਜਾਂ ਦੀਆਂ ਬਰੀਕੀਆਂ ਸਮਝਾਈਆਂ। ਮੈਂ ਆਪਣੀ ਗੋਆਰ ਬੋਲੀ ਵੀ ਨਹੀ ਜਾਣਦਾ ਸੀ। ਸ. ਸ਼ਾਮ ਸਿੰਘ ਜੀ ਨੇ ਆਪਣੀ ਗੋਆਰ ਬੋਲੀ ਸਿੱਖਣ ਵਿਚ ਮੇਰੀ ਅਣਥੱਕ ਮਦਦ ਕੀਤੀ ਅਤੇ ਬਰਾਦਰੀ ਦੀ ਅੰਦਰੂਨੀ ਇਲਾਕਾਈ ਵੰਡ ਮੈਨੂੰ ਬਾਖੂਬੀ ਸਮਝਾਈ।
ਮੈਂ ਧੰਨਵਾਦੀ ਹਾਂ ਆਪਣੇ ਉਨ੍ਹਾਂ ਬਜ਼ੁਰਗਾਂ ਦਾ ਜਿਨ੍ਹਾਂ ਨੂੰ ਮੈਂ ਮਿਲਿਆ ਅਤੇ ਆਪਣੇ ਗੋਆਰ ਰਾਜਪੂਤ ਸਮਾਜ ਬਾਰੇ ਪੁੱਛਿਆ ਅਤੇ ਉਨ੍ਹਾਂ ਨੇ ਖੁਸ਼ ਹੋ ਕੇ ਮੇਰੀ ਮਦਦ ਕੀਤੀ, ਤਾਂ ਜੋ ਮੈਂ ਸਹੀ ਸਹੀ ਲਿਖ ਸਕਾਂ। ਸ. ਕਿਸ਼ਨ ਸਿੰਘ ਧਰਮਸੋਤ (ਤਲਵੰਡੀ ਸਾਬੋ), ਸ਼੍ਰੀ ਬਾਵਾ ਦਾਸ ਲਾਲਕਾ (ਡੱਬਵਾਲੀ), ਸ੍ਰੀ ਨਰੈਣਾ ਵੜਤੀਆ (ਹਰਿਆਣਾ), ਸ੍ਰੀ ਕਾਹਨੂੰ ਰਾਮ ਵੜਤੀਆ (ਪਥਰਾਲਾ) ਆਦਿ ਬਜੁਰਗਾਂ ਨੇ ਮੈਂਨੂੰ ਇਸ ਸਮਾਜ ਦੇ ਰੀਤੀ ਰਿਵਾਜ, ਬਾਜ਼ੀਕਲਾ, ਨਿਆਂ ਪ੍ਰਣਾਲੀ, ਰਾਜਪੂਤਾਂ ਨਾਲ ਪਿਛੋਕੜ ਬਾਰੇ ਬੜੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸ. ਜੀਤ ਸਿੰਘ ਮੁੱਛਲ (ਬੁਢਲਾਡਾ) ਨੇ ਜੋ ਜਾਣਕਾਰੀ ਗੋਆਰ ਰਾਜਪੂਤਾਂ ਦੀਆਂ ਸਿੱਖੀ ਵਾਸਤੇ ਦਿੱਤੀਆਂ ਕੁਰਬਾਨੀਆਂ ਬਾਰੇ ਦਿੱਤੀ, ਉਨ੍ਹਾਂ ਜਾਣਕਾਰੀਆਂ ਕਰਕੇ ਹੀ ਮੈਂ ਆਪਣੇ ਇਸ ਸਮਾਜ ਦਾ ਗੌਰਵਮਈ ਵਿਰਸਾ ਲਿਖ ਸਕਿਆ।
ਮੈਂ ਆਪਣੀ ਸੁਪਤਨੀ ਮਨਜੀਤ ਕੌਰ, ਪੁੱਤਰ ਇਕਬਾਲ ਸਿੰਘ ਅਤੇ ਸੁਖਪਾਲ ਸਿੰਘ, ਬੇਟੀਆਂ ਨਵਜੋਤ ਕੌਰ ਅਤੇ ਕਮਲਜੀਤ ਕੌਰ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੀ ਸਾਹਿਤਕ ਰੁਚੀ ਕਾਰਨ ਮੈਨੂੰ ਵਧ ਚੜ ਕੇ ਸਹਿਯੋਗ ਦਿੱਤਾ ਅਤੇ ਮੈਨੂੰ ਘਰੇਲੂ ਜ਼ਿੰਮੇਵਾਰੀਆਂ ਤੋਂ ਬਹੁਤ ਹੱਦ ਤੱਕ ਫਾਰਗ ਰੱਖਿਆ।
ਮੈਂ ਸ. ਬਲਜਿੰਦਰ ਸਿੰਘ ਦਾ ਵੀ ਧੰਨਵਾਦੀ ਹਾਂ। ਸਭ ਤੋਂ ਜਿਆਦਾ ਮੈਂ ਧੰਨਵਾਦੀ ਹਾਂ ਸ. ਕਰਮ ਸਿੰਘ ਵਕੀਲ ਦਾ ਜਿਨ੍ਹਾਂ ਦੇ ਸੂਝਵਾਨ ਸਹਿਜੋਗ, ਸਲਾਹਾਂ, ਸੁਝਾਵਾਂ, ਕਿਤਾਬ ਦੀ ਲੋੜ ਮੁਤਾਬਕ ਹੋਰ ਸਮਗਰੀ ਜੁਟਾਉਣ, ਅਤੇ ਉਨਾਂ ਵੱਲੋਂ ਇਸ ਕਿਤਾਬ ਦੀ ਸੰਪਾਦਕੀ ਦਾ ਮੁਸ਼ਕਲ ਕਾਰਜ ਕਰਨ ਸਦਕਾ ਹੀ, ਮੈਂ ਆਪਣੇ ਲਿਖੇ ਨੂੰ ਪਾਠਕਾਂ ਤਕ ਪਹੁੰਚਾ ਰਿਹਾ ਹਾਂ, ਨਹੀਂ ਤਾਂ ਇਹ ਸਭ ਮੇਰੀ ਸੋਚ ਵਿਚ ਹੀ ਰਹਿ ਜਾਣਾ ਸੀ। ਇਹ ਨਿਮਾਣਾ ਯਤਨ ਮੈਂ ਅਪਣੇ ਮਨ ਦੇ ਭਾਵ ਦਸਣ ਲਈ ਕੀਤਾ ਹੈ। ਵੇਖੋ, ‘ਗੋਆਰ ਰਾਜਪੂਤਾਂ / ਬਾਜ਼ੀਗਰ ਦਾ ਇਤਿਹਾਸ’ ਆਪ ਸਭ ਨੂੰ ਕਿੰਨਾ ਕੁ ਪਸੰਦ ਆਉਂਦਾ ਹੈ। ਮੈਂ ਪਿਆਰੇ ਪਾਠਕਾਂ ਦੇ ਹੁੰਗਾਰੇ ਦੀ ਉਤਸੁਕਤਾ ਨਾਲ ਇੰਤਜ਼ਾਰ ਰਹੇਗਾ।
ਮਿਤੀ : 26-1-2009
ਇੰਦਰ ਸਿੰਘ ਵਲਜੋਤ
ਗੋਆਰ ਰਾਜਪੂਤਾਂ/ਬਾਜ਼ੀਗਰਾਂ ਦੀ ਸ਼ੁਰੂਆਤ
ਬਾਜ਼ੀਗਰ ਕੋਈ ਜਾਤ ਨਹੀਂ, ਸਿਰਫ ਕਿੱਤੇ ਦਾ ਨਾਂ ਹੈ। ਅਸਲ ਵਿਚ ਗੋਆਰ ਰਾਜਪੂਤ ਜਾਤ ਹੈ, ਜਿਸ ਦਾ ਪਿਛੋਕੜ ਰਾਜਪੂਤਾਂ ਨਾਲ ਹੈ। ਗੋਆਰ ਭਾਰਤ ਵਿਚ ਵਸਦੇ ਰਾਜਪੂਤਾਂ ਦੀਆਂ 36 ਸ਼ਾਹੀ ਕੁਲਾਂ ਵਿਚੋਂ ਇੱਕ ਹੈ, ਜੋ ਗੋਰ / ਗੋਆਰ ਰਾਜਪੂਤ ਨਾਂ ਨਾਲ ਜਾਣੇ ਜਾਂਦੇ ਹਨ। ਗੋਆਰ ਰਾਜਪੂਤ ਜਾਤ ਭਾਰਤ ਦੇ ਵੱਖ ਵੱਖ ਹਿੱਸਿਆਂ ਵਿਚ ਕੰਮਾਂ ਦੇ ਅਧਾਰ ਤੇ ਜਾਣੀ ਜਾਂਦੀ ਹੈ, ਜਿਵੇਂ ਵਣਜਾਰੇ, ਨਟ, ਸਿਰਕੀ ਬੰਦ, ਭਾਗਤਾਵਾ, ਕਾਕਨੀਆ, ਕਾਕਸਰੀਆ, ਲੁਬਾਣਾ, ਲਾਵਾਨਾ, ਪੇਲੀਆ, ਗਵਾਰੀਆ, ਗਾਮਲੀਆ, ਗੌਰ, ਬਰਿਜਵਾਸੀ, ਨਾਇਕ, ਕਾਂਗੀ, ਧੰਨਕੁਟੇ, ਵਣਜਾਰੇ, ਲਾਖੋਰ, ਰਠੌਰ, ਗਵਾਲ, ਬਾਦੀ, ਬਾਜ਼ੀਗਰ, ਸ਼ੁਗਾਲੀ ਆਦਿ। (ਪੰਨਾ 91 ਕਲਰਫੁਲ ਬਾਣਜਾਰਾ (ਲੁਬਾਨੀ) ਟਰਾਈਬ ਥਰੂ ਦੀ ਏਜਿਜ) ਇਹ ਸਾਰੇ ਨਾਂ ਕੰਮ ਦੇ ਅਧਾਰ ਤੇ ਮਿਲੇ, ਜਿਸ ਤਰਾਂ ਵਿਉਪਾਰ ਕਰਨ ਵਾਲੇ ਨੂੰ ਵਣਜਾਰਾ ,ਸਿਰਕੀ ਬੰਨਣ ਵਾਲੇ ਨੂੰ ਸਿਰਕੀ ਬੰਧ ਕਿਹਾ ਗਿਆ, ਇਸੇ ਤਰਾਂ ਬਾਜ਼ੀ ਦੀ ਕਲਾ ਦਿਖਾਉਣ ਵਾਲੇ ਨੂੰ ਬਾਜ਼ੀਗਰ ਕਿਹਾ ਗਿਆ ਹੈ। ਵੈਸੇ ਵੀ ਜੇ ਬਾਜ਼ੀਕਰ ਜੋ ਬਾਅਦ ਵਿਚ ਬਾਜ਼ੀਗਰ ਹੋ ਗਿਆ. ਦੀ ਸੰਦੀ ਛੇਦ ਕੀਤੀ ਜਾਵੇ ਤਾਂ ਬਾਜ਼ੀ + ਕਰ ਮਤਲਬ ਬਾਜੀ ਪਾਉਣ ਵਾਲਾ ਵਿਅਕਤੀ ਹੈ। ਬਾਜ਼ੀ ਦਾ ਮਤਲਬ ਹੈ ਕਲਾ ਤੇ ਕਰ ਦਾ ਮਤਲਬ ਕਰਨਾ। ਜਿਨ੍ਹਾਂ ਗੋਆਰਾਂ ਨੇ ਸ਼ਰੀਰਕ ਕਲਾ ਬਾਜ਼ੀ ਦਿਖਾਉਣ ਦਾ ਕੰਮ ਕੀਤਾ, ਲੋਕਾਂ ਨੇ ਉਨ੍ਹਾਂ ਦੀ ਬਾਜ਼ੀ ਦੇਖ ਕੇ ਉਨ੍ਹਾਂ ਨੂੰ ਬਾਜ਼ੀਗਰ ਦਾ ਨਾਂ ਦੇ ਦਿੱਤਾ। ਇਹ ਗੋਆਰ ਕਬੀਲੇ ਦੇ ਲੋਕ ਪਿੰਡਾਂ ਦੀ ਅਬਾਦੀ ਵਿਚ ਨਹੀਂ ਰਹਿੰਦੇ ਸਨ। ਪਿੰਡਾਂ ਤੋਂ ਥੋੜ੍ਹੀ ਦੂਰ ਆਮ ਤੌਰ ਤੇ ਪਿੰਡ ਦੇ ਉਤਰ ਵੱਲ ਪਾਣੀ ਦੇ ਕਿਨਾਰੇ (ਪਿੰਡ ਦੇ ਛੱਪੜ / ਟੋਬਾ) ਆਪਣਾ ਡੇਰਾ (ਟਾਂਡਾ ) ਬਣਾ ਕੇ ਰਹਿੰਦੇ ਸਨ। ਇਨ੍ਹਾਂ ਦਾ ਆਮ ਪਿੰਡ ਵਾਸੀਆਂ ਦੀ ਜਿੰਦਗੀ ਨਾਲ ਕੋਈ ਵਾਸਤਾ ਨਹੀਂ ਸੀ। ਨਾ ਹੀ ਉਨ੍ਹਾਂ ਦੇ ਰੀਤੀ ਰਿਵਾਜਾਂ ਨਾਲ ਇਨ੍ਹਾਂ ਦਾ ਕੋਈ ਸੰਬੰਧ ਸੀ। ਚਿਰਕਾਲ ਤੋਂ ਜੰਗਲਾਂ ਵਿਚ ਰਹਿਣ ਕਰਕੇ ਇਹ ਲੋਕ ਸਵੈ ਨਿਰਭਰ ਹੋ ਕੇ ਜੀਵਨ ਜਿਉਣਾ ਸਿੱਖ ਗਏ ਸਨ।
ਪਿੰਡਾਂ ਵਿਚ ਇਹ ਗੋਆਰ ਰਾਜਪੂਤ ਲੋਕ ਬਾਜ਼ੀ ਦੀ ਕਲਾ ਦਿਖਾਕੇ ਪਿੰਡਾਂ ਵਿਚੋਂ ਅਨਾਜ ਅਤੇ ਪੈਸਾ ਇਕੱਠਾ ਕਰਦੇ ਸਨ। ਆਪਣੇ ਨਾਲ ਮਾਲ ਡੰਗਰ (ਇਲਾਕੇ ਦੀ ਲੋੜ ਮੁਤਾਬਿਕ) ਰਖਦੇ ਅਤੇ ਉਨ੍ਹਾਂ ਦਾ ਵਿਉਪਾਰ ਵੀ ਕਰਦੇ। ਅਸਲ ਵਿਚ ਇਹ ਕਸ਼ਤਰੀ / ਜੋਧੇ ਰਾਜਪੂਤ ਹਨ ਤੇ ਰਾਜਪੂਤਾਂ ਦੀਆਂ 36 ਸ਼ਾਹੀ ਕੁਲਾਂ ਵਿਚੋਂ ਇਕ ਗੋਰ ਰਾਜਪੂਤ ਕੁਲ ਵਿਚੋਂ ਹਨ । ਸਮੇਂ ਦੇ ਥਪੇੜਿਆਂ ਨੂੰ ਝਲਦੇ ਹੋਏ ਰਾਜ ਗੱਦੀਆਂ ਛੱਡ ਕੇ ਆਪਣੀ ਇੱਜਤ ਦੀ ਰਾਖੀ ਕਰਨ ਵਾਸਤੇ ਜੰਗਲਾਂ ਵਿਚ ਪਨਾਹ ਲੈ ਬੇਠੇ ਤੇ ਆਪਣੀ ਪਹਿਚਾਨ ਛੁਪਾਉਂਦੇ ਹੋਏ ਵੱਖ ਵੱਖ ਕਿੱਤਿਆਂ ਵਿਚ ਪੈ ਗਏ। ਇਹ ਸਾਰੇ ਕਿੱਤੇ ਇਸ ਤਰਾਂ ਦੇ ਸਨ ਜਿਨ੍ਹਾਂ ਵਾਸਤੇ ਕਿਸੇ ਇਕ ਥਾਂ ਟਿੱਕ ਕੇ ਬੈਠਣ ਦੀ ਲੋੜ ਨਹੀਂ ਸੀ। ਇਨਾਂ ਬਾਦਸ਼ਾਹ ਅਕਬਰ ਦੀ ਰੋਟੀ ਬੇਟੀ ਦੀ ਨੀਤੀ ਨੂੰ ਠੁਕਰਾ ਦਿੱਤਾ ਅਤੇ ਆਪਣੀ ਅਣਖ ਲਈ ਧਾੜਵੀ ਮੁਗਲਾਂ ਨਾਲ ਲੋਹਾ ਲਿਆ। ਮੁਗਲ ਰਾਜ ਤੋਂ ਬਾਅਦ ਇਨ੍ਹਾਂ ਗੋਆਰ ਰਾਜਪੂਤਾਂ ਨੇ ਅੰਗਰੇਜ਼ਾਂ ਦੀ ਵੀ ਈਨ ਨਾ ਕਬੂਲੀ ਅਤੇ ਸਦਾ ਅੰਗਰੇਜ਼ਾਂ ਵਿਰੁੱਧ ਰਹੇ, ਇਸੇ ਕਰਕੇ ਅੰਗਰੇਜ਼ ਸਰਕਾਰ ਨੇ ਇਨ੍ਹਾਂ ਕਬੀਲਿਆਂ ਤੇ ਜਰਾਇਮ ਪੇਸ਼ਾ ਕਾਨੂੰਨ ਲਾਗੂ ਕੀਤਾ ਤੇ ਇਨ੍ਹਾਂ ਦੇ ਸਾਰੇ ਅਧਿਕਾਰ ਖਤਮ ਕਰ ਦਿੱਤੇ। ਗੋਆਰ ਰਾਜਪੂਤ ਮੁੱਖ ਧਾਰਾ ਤੋਂ ਵੱਖ ਹੋ ਗਏ। ਇਹੀ ਕਾਰਨ ਹੈ ਕਿ ਇਹ ਆਰਥਕ ਅਤੇ ਵਿਦਿਅਕ ਖੇਤਰ ਵਿਚ ਪਿੱਛੇ ਰਹਿ ਗਏ।
ਸੁਆਮੀ ਗੋਕਲ ਦਾਸ ਜੀ ਅਪਣੀ ਪੁਸਤਕ ਬਣਜਾਰਾ ਭਾਸਕਰ ਵਿਚ ਪੰਨਾ 75 ਉਤੇ ਲਿਖਦੇ ਹਨ, ‘ਜੰਮਲ ਅਤੇ ਫੱਤਾ ਨਾਮਕ ਵੀਰ ਪੁਰਸ਼ ਵੀ ਇਸ ਸਮਾਜ ਵਿਚੋਂ ਪ੍ਰਸਿਧ ਵੀਰ ਪੁਰਸ਼ ਹੋ ਚੁਕੇ ਹਨ। ਕਾਲੰਤਰ ਵਿਚ ਇਹਨਾ ਦਾ ਗੋਤ ਭੂਕੀਆ ਹੈ ਜੋ ਸ਼ਸ਼ੋਦੀਆ ਕੁਲ ਵਿਚੋਂ ਨਿਕਲਿਆ ਹੈ। ਜਦੋਂ ਅਕਬਰ ਬਾਦਸ਼ਾਹ ਨੇ ਜੈਮਲ ਦੀ ਲੜਕੀ ਸੰਦਲਾਂ, ਜੋ ਬਹੁਤ ਸੋਹਣੀ ਸੀ, ਦਾ ਡੋਲਾ ਮੰਗਿਆ ਤਾਂ ਜੰਮਲ ਅਤੇ ਫੱਤਾ ਨੇ ਅਕਬਰ ਦਾ ਪ੍ਰਸਤਾਵ ਠੁਕਰਾ ਦਿੱਤਾ ਤੇ ਲੜਾਈ ਵਾਸਤੇ ਤਿਆਰ ਹੋ ਗਏ। ਇਸ ਤੇ ਬੁਖਲਾਏ ਅਕਬਰ ਨੇ ਚਿਤੌੜ ਤੇ ਚੜ੍ਹਾਈ ਕਰ ਦਿੱਤੀ। ਇਸ ਲੜਾਈ ਵਿਚ ਅਕਬਰ ਦੀਆਂ ਫੌਜਾਂ ਦਾ ਬਹੁਤ ਨੁਕਸਾਨ ਹੋਇਆ। ਅੰਤ ਜੈਮਲ ਅਤੇ ਫੱਤਾ ਦੋਵੇਂ ਵੀਰ ਮੁਗਲਾਂ ਨਾਲ ਲੜਦੇ ਆਪਣੀ ਯੁੱਧ ਕਲਾ ਦਾ ਸੱਚਾ ਸੁੱਚਾ ਨਮੂਨਾ ਪੇਸ਼ ਕਰਦੇ ਅਨੇਕਾਂ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਨ ਬਾਅਦ ਫੌਜ ਸਮੇਤ ਆਪਣੀ ਅਣਖ ਤੇ ਸਵੈ ਮਾਨ ਲਈ ਸ਼ਹੀਦ ਹੋ ਗਏ, ਪਰ ਅਕਬਰ ਜੈਮਲ ਅਤੇ ਫੱਤਾ ਦੀ ਬਹਾਦਰੀ ਤੋਂ ਪ੍ਰਭਾਵਤ ਹੋ ਕੇ ਫਤਿਹਪੁਰ ਸੀਕਰੀ ਵਿਚ ਪੱਥਰ ਦੇ ਹਾਥੀਆਂ ਉੱਤੇ ਇਨ੍ਹਾਂ ਦੀਆਂ ਪੱਥਰ ਦੀਆਂ ਮੂਰਤੀਆਂ ਲੁਆਈਆਂ, ਜੋ ਅੱਜ ਵੀ ਮਜੂਦ ਹਨ।’
ਅੱਜ ਵੀ ਗੋਆਰ ਰਾਜਪੂਤ ਬਰਾਦਰੀ ਦੇ ਲੋਕਾਂ ਦਾ ਵਿਚਾਰ ਹੈ ਕਿ ਉਹ ਲੋਕਜੰਮਲ, ਫੱਤੇ ਦੇ ਅਤੇ ਮਹਾਰਾਣਾ ਪ੍ਰਤਾਪ ਦੇ ਵੰਸ਼ਜ ਹਨ, ਜਿਨ੍ਹਾਂ ਨੇ ਆਪਣੀ ਆਨ ਅਤੇ ਸ਼ਾਨ ਲਈ ਅਕਬਰ ਬਾਦਸ਼ਾਹ ਨਾਲ ਲੋਹਾ ਲਿਆ ਅਤੇ ਘਰੋਂ ਬੇਘਰ ਹੋਏ। ਲੰਮਾ ਸਮਾਂ ਇਹ ਆਪਣੀ ਪਹਿਚਾਨ ਛੁਪਾਉਣ ਵਾਸਤੇ ਜੋ ਵੀ ਕੰਮ ਮਿਲਿਆ ਜੀਵਨ ਨਿਰਬਾਹ ਲਈ ਕਰਨ ਲਗੇ। ਉਨ੍ਹਾਂ ਵਿਚੋਂ ਕੁਝ ਲੋਕਾਂ ਨੇ ਨੱਟਾਂ ਨਾਲ ਰਲ ਕੇ ਛਾਲਾਂ ਮਾਰਨੀਆ, ਕਲਾਬਾਜੀਆ ਤੇ ਕਰਤਵ ਦਿਖਾਉਣੇ ਸ਼ੁਰੂ ਕਰ ਦਿੱਤੇ ਤੇ ਹੌਲੀ ਹੌਲੀ ਬਾਜੀਗਰ ਕਹਿਲਾਏ। ਇਹ ਰੀਆਰ ਰਾਜਪੂਤ ਕਬੀਲੇ ਬਾਕੀ ਰਾਜਾਂ ਵਿਚ ਕੰਮ ਦੇ ਅਧਾਰ ਤੇ ਵੱਖ ਵੱਖ ਨਾਂਵਾਂ ਨਾਲ ਜਾਣੇ ਜਾਣ ਲਗੇ, ਪਰ ਅਸਲ ਵਿਚ ਇਹ ਗੋਆਰ ਗੌਰ ਰਾਜਸਥਾਨ ਅਤੇ ਕਈ ਹੋਰ ਪ੍ਰਾਂਤਾਂ ਵਿਚ ਇਨ੍ਹਾਂ ਦਾ ਰਾਜ ਸੀ। ਬੰਗਾਲ ਵਿਚ ਗੈਰ ਸਟੇਟ ਸੀ ਜਿਸ ਤੇ ਆਖਰੀ ਗੈਰ ਰਾਜੇ ਲਖਮਣ ਸੈਨ ਨੇ ਰਾਜ ਕੀਤਾ ਜਿਸ ਦੀ ਰਾਜਧਾਨੀ ਲਖਨਾਵਤੀ/ਲਖਨੋਤੀ ਕਿਹਾ ਜਾਂਦਾ ਸੀ, ਜੋ 1200 ਈ: ਤਕ ਰਹੀ। ਮੁਹੰਮਦ ਬਖਤਿਆਰ, ਜੋ ਕੁਤਬਦੀਨ ਐਬਕ ਦਾ ਸਿਪਾਹਸਲਾਰ ਸੀ, ਨੇ ਜਿੱਤ ਲਈ ਸੀ ਤੇ ਹੌਲੀ ਹੌਲੀ ਦਿੱਲੀ ਦੇ ਅਧੀਨ ਕਰ ਲਈ। ਇਨਟਰਨੈਟ ਸਾਇਟ ਗੋਰ ਆਫ ਇੰਡੀਆ (Goaarsofindia.org) ਦੇ ਦੂਜੇ ਪਹਿਰੇ (ਬੰਦ) ਵਿਚ ਸਾਫ ਲਿਖਿਆ ਹੈ, ‘ਇਕ ਸਮੇਂ ਗੋਰ ਕਬੀਲਾ ਰਾਜਸਥਾਨ ਵਿਚ ਬਹੁਤ ਇੱਜਤ ਮਾਣ ਵਾਲਾ ਸੀ ਅਤੇ ਬੰਗਾਲ ਦੇ ਰਾਜੇ ਉਸੇ ਵੰਸ ਵਿਚੋ ਸਨ। ਉਨ੍ਹਾਂ ਨੇ ਆਪਣੀ ਰਾਜਧਾਨੀ ਦਾ ਨਾਂ ਲਖਨੋਤੀ ਰਖਿਆ। ਇਸ ਰਾਜ ਦਾ ਨਾਂ ਗੌਰ ਰਾਜ ਸੀ, ਜੋ ਇਨ੍ਹਾਂ ਦੇ ਵੰਸ਼ ਦੇ ਨਾਂ ਤੇ ਰਖਿਆ ਗਿਆ ਮੰਨਿਆ ਜਾਂਦਾ ਸੀ। ਇਸੇ ਵੰਸ ਦਾ ਆਖਰੀ ਰਾਜਾ ਲਖਮਣ ਸੈਨ ਹੋਇਆ, ਜਿਸ ਨੇ 1170-1200ਈ: ਤਕ ਰਾਜ ਕੀਤਾ। ਇਕ ਪੁਰਾਣਾ ਇਤਿਹਾਸਕਾਰ ਪਾਨੀ (Panini), ਆਪਣੀਆਂ ਕ੍ਰਿਤਾਂ ਵਿਚ ਇਸ ਨੂੰ ਗੌਰਪੁਰਾ ਦਸਦਾ ਹੈ।
ਮੋਤੀਰਾਜ ਰਠੌਰ ਨੇ ਆਪਣੀ ਕਿਤਾਬ ਗੌਰ ਬਨਜਾਰਾ ਜਨਜਾਤੀ ਦਾ ਇਤਿਹਾਸ ਵਿਚ ਸਫਾ 19 ਤੇ ਲਿਖਿਆ ਹੈ, ‘ਕਾਬਲ ਦੇ ਪੂਰਬ ਵਿਚ ਗੋਰ ਨਦੀ ਹੈ, ਗੋਰ ਘਾਟੀਆਂ ਹਨ, ਗੋਰ ਨਾਂ ਦਾ ਪਿੰਡ ਹੈ, ਅਤੇ ਸਵਤੰਤਰ ਗੋਰ ਪ੍ਰਾਂਤ ਦਾ ਨਾਂ ਹੈ। ਪ੍ਰਾਚੀਨ ਕਾਲ ਵਿਚ ਇਸ ਸਥਾਨ ਨੂੰ ਗੌਰ ਸਥਾਨ ਕਿਹਾ ਜਾਂਦਾ ਸੀ। ਸ੍ਰੀ ਮੋਤੀ ਰਾਜ ਰਠੌਰ ਦੇ ਇਸ ਵਿਚਾਰ ਦੀ ਪੁਸ਼ਟੀ ਉਦੋਂ ਹੋਈ, ਜਦ ਮੈਂ 19.6.2004 ਦੀ ਦੈਨਿਕ ਭਾਸਕਰ ਵਿਚ ਇਹ ਖਬਰ ਦੇਖੀ, ਜਿਸ ਦੇ ਅੰਸ਼ ਇਸ ਤਰਾਂ ਹਨ, ‘ਅਫਗਾਨਿਸਤਾਨ ਦੇ ਗੋਰ ਪ੍ਰਾਂਤ ਦੀ ਰਾਜਧਾਨੀ ਦੇ ਵੱਡੇ ਹਿੱਸੇ ਤੇ ਇਕ ਭਗੌੜੇ ਕਮਾਂਡਰ ਨੇ ਹਿੰਸਕ ਝੱਪਟਾਂ ਤੋਂ ਬਾਅਦ ਕਬਜਾ ਕਰ ਲਿਆ ।
ਭਾਈ ਕਾਨ੍ਹ ਸਿੰਘ ਸਿੱਖ ਵਿਦਵਾਨ ਨੇ ਅਪਣੇ ਮਹਾਨ ਸ਼ਬਦ ਕੋਸ਼ ਦੇ ਪੰਨਾ 431 ਤੇ ਗੋਰ ਸ਼ਬਦ ਬਾਰੇ ਲਿਖਿਆ ਹੈ, ‘ਗੋਰ ਗਜ਼ਨੀ ਅਤੇ ਹਰਾਤ ਦੇ ਵਿਚਕਾਰਲਾ ਦੇਸ ਹੈ।
ਕਰਨਲ ਟਾਡ ਰਾਜਪੂਤ ਕਬੀਲਿਆਂ ਦੇ ਇਤਿਹਾਸ ਭਾਗ (1) ਸਫਾ 138 ਤੇ ਲਿਖਦਾ ਹੈ, ‘ਇਕ ਸਮੇਂ ਗੋਰ ਕਬੀਲਾ ਰਾਜਸਥਾਨ ਵਿਚ ਬਹੁਤ ਇੱਜ਼ਤਦਾਰ ਸੀ, ਭਾਵੇਂ ਇਸ ਨੇ ਮਨਭਾਉਂਦੀ ਉਚਾਈ ਹਾਸਲ ਨਹੀਂ ਕੀਤੀ। ਪੁਰਾਣੇ ਬੰਗਾਲ ਦੇ ਰਾਜੇ ਇਸੇ ਕਬੀਲੇ ਵਿਚੋਂ ਸਨ ਅਤੇ ਉਨ੍ਹਾਂ ਨੇ ਅਪਣੀ ਰਾਜਧਾਨੀ ਦਾ ਨਾਂ ਲਖਨੌਤੀ ਰਖਿਆ। ਕਰਨਲ ਟਾਡ ਇਸੇ ਪੰਨੇ ਤੇ ਅਗੇ ਲਿਖਦਾ ਹੈ, ‘ਮੈਨੂੰ ਪੂਰਾ ਯਕੀਨ ਹੈ ਕਿ ਇਹ ਗੋਰ ਉਸ ਧਰਤੀ ਦੇ ਮਾਲਕ ਸਨ, ਜਿਹੜੀ ਬਾਅਦ ਵਿਚ ਚੌਹਾਨਾਂ ਨੇ ਮੱਲ ਲਈ ਕਿਉਂਕਿ ਉਹ ਪੁਰਾਣੀਆਂ ਬੰਸਾਵਲੀਆਂ ਵਿਚ ਅਜ਼ਮੇਰ ਦੇ ਗੋਰ ਸਨ। ਪ੍ਰਿਥਵੀਰਾਜ ਦੀਆਂ ਲੜਾਈਆਂ ਵਿਚ ਵਾਰ ਵਾਰ ਇਨ੍ਹਾਂ ਦਾ ਹਵਾਲਾ ਆਉਂਦਾ ਹੈ, ਕਿ ਇਹ ਅੱਛੀ ਸ਼ੁਹਰਤ ਦੇ ਮਾਲਕ ਸਨ। ਇਨ੍ਹਾਂ ਵਿਚੋਂ ਇਕ ਨੇ ਮੱਧ ਭਾਰਤ ਵਿਚ ਇਕ ਛੋਟੀ ਜਹੀ ਰਿਆਸਤ ‘ਸੂਪੁਰ ਕਾਇਮ ਕੀਤੀ ਸੀ, ਜੋ 1809 ਵਿਚ ਮਰਹੱਟਿਆਂ ਦੀ ਜਿੱਤ ਤਕ ਰਹੀ।
ਸ੍ਰੀ ਮੋਤੀਰਾਜ ਰਠੋਰ ਨੇ ਅਪਣੀ ਕਿਤਾਬ, ਗੋਰ ਬਨਜਾਰਾ ਜਨ ਜਾਤੀ ਦਾ ਇਤਿਹਾਸ ਦੇ ਪੰਨਾ 16 ਤੇ ਜੋ ਮਾਨਚਿੱਤਰ ਦਿੱਤਾ ਹੈ ਉਸ ਅਨੁਸਾਰ ਛੇਵੀ ਸਦੀ ਤੋਂ. ਨੌਵੀਂ ਸਦੀ ਤਕ ਬੂੰਦੀ, ਕੋਟਾ, ਰਾਣਾ ਪ੍ਰਤਾਪ, ਸਾਂਬਰ, ਚਿਤੌੜ, ਛੋਟੀ ਸਾਦੜੀ, ਉਦੇਪੁਰ, ਜਮਸ਼ੇਦਪੁਰ, ਸਲਾਹਰਗੜ੍ਹ, ਮੰਦਸੋਰ, ਡੂੰਗਰਪੁਰ, ਪ੍ਰਤਾਪਗੜ੍ਹ, ਬਾਸਵਾੜਾ, ਅਤੇ ਰਤਲਾਮ ਇਲਾਕਿਆਂ ਉਤੇ ਗੋਰ ਵੰਸ ਦਾ ਰਾਜ ਸੀ।
ਸੁਆਮੀ ਗੋਕਲਦਾਸ ਜੀ ਬਣਜਾਰਾ ਨੇ ਭਾਸਕਰ ਦੇ ਪੰਨਾ 48 ਤੇ ਵੜਤੀਆ (ਯਾਦਵ) ਦੇ ਵੰਸ ਬਾਰੇ ਦਸਿਆ ਹੈ ਕਿ ‘ਬੁੰਦੇਲਖੰਡ ਦਾ ਰਾਜਾ ਛੱਤਰਸਾਲ ਵੜਤੀਆਂ ਦਾ ਮੁੱਖ ਪੁਰਸ਼ ਸੀ। ਉਸ ਦੇ 52 ਪੁੱਤਰ ਅਤੇ 12 ਧਰਮ ਪੁੱਤਰ ਸਨ। ਇਸੇ ਕਰਕੇ ਵੜਤੀਆਂ ਦੇ 52 ਪਾਂਡਾ ਅਤੇ 12 ਕੁੱਲਾਂ ਹਨ, ਭਾਵੇਂ ਸ੍ਰੀ ਗੋਕਲਦਾਸ ਸੁਆਮੀ ਜੀ ਨੇ ਇਸ ਰਾਜ ਕਾਲ ਦਾ ਪੱਕਾ ਸੰਨ ਜਾਂ ਸਮਾਂ ਨਹੀਂ ਦਿੱਤਾ, ਫਿਰ ਵੀ ਇਸ ਤੋਂ ਇਹ ਜਰੂਰ ਪਤਾ ਲਗਦਾ ਹੈ ਕਿ ਬੁੰਦੇਲਖੰਡ ਤੇ ਕਿਸੇ ਸਮੇਂ ਗੌਰ ਵੜਤੀਆਂ ਦਾ ਰਾਜ ਰਿਹਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜਦੋਂ ਇਹ ਗੋਆਰ ਰਾਜਪੂਤ ਜੰਗਲਾਂ ਵਿਚ ਲੁੱਕ ਛੁੱਪ ਕੇ ਰਹਿੰਦੇ ਸਨ। ਉਸ ਸਮੇਂ ਮਨੋਰੰਜਨ ਦੇ ਸਾਧਨ ਘੱਟ ਸਨ, ਕਿਸੇ ਤਰਾਂ ਨਟਾਂ, ਜਿਨ੍ਹਾਂ ਨੂੰ ਰੱਸੀ ਤੇ ਨੱਚਣ ਵਾਲੇ (Rope dancers) ਕਿਹਾ ਜਾਂਦਾ ਸੀ, ਦੇ ਨਾਲ ਮਿਲਕੇ ਜਿਹੜੇ ਗੋਆਰ ਰਾਜਪੂਤ ਬਾਜੀ ਪਾਉਣ ਦੀ ਕਲਾ ਵਿਚ ਲਗ ਗਏ, ਉਹ ਬਾਜੀਗਰ ਕਹਿਲਾਏ। ਇਹ ਕਿੱਤਾ ਬਹੁਤ ਹੀ ਜੋਖਮ ਭਰਿਆ ਸੀ ਕਸ਼ਤਰੀ ਬੰਸ ਵਿਚੋਂ ਹੋਣ ਕਰਕੇ ਇਹ ਲੋਕ ਹਰ ਜੋਖਮ ਝੱਲਣ ਲਈ ਤਿਆਰ ਰਹਿੰਦੇ। ਇਹ ਸਵਾਲ ਸੁਭਾਵਿਕ ਹੀ ਮਨ ਵਿਚ ਆਉਂਦਾ ਹੈ ਕਿ ਇਹ ਗੋਆਰ ਰਾਜਪੂਤ ਇਸ ਕਿੱਤੇ ਵਿਚ ਕਦੋਂ ਤੋਂ ਆਏ ਅਤੇ ਆਮ ਲੋਕ ਇਨ੍ਹਾਂ ਨੂੰ ਬਾਜ਼ੀਗਰ ਕਦੋਂ ਤੋਂ ਕਹਿਣ ਲੱਗੇ।
ਇਸ ਤੋਂ ਪਹਿਲਾਂ ਕਿ ਅਸੀ ਬਾਜ਼ੀਕਰ/ਬਾਜ਼ੀਗਰ ਦਾ ਮੁੱਢ ਦੇਖੀਏ, ਸਾਨੂੰ ਪਹਿਲਾਂ ਗੋਆਰ ਬਰਾਦਰੀ ਦਾ ਮੁੱਢ ਵੇਖਣਾ ਚਾਹੀਦਾ ਹੈ। ਸ੍ਰੀ ਵਾਈ ਰੂਪਲਾ ਨਾਇਕ. ਨੇ ਗੋਆਰ ਵਣਜਾਰਿਆਂ ਬਾਰੇ ਖੋਜ ਕੀਤੀ ਅਤੇ 1998 ਈ: ਵਿਚ ‘ਕਲਰ ਫੁੱਲ ਬਣਜਾਰਾ (ਲਬਾਨੀ) ਟਰਾਈਬ ਥਰੂ ਦੀ ਏਜ਼ਿਜ਼ ਕਿਤਾਬ ਲਿਖੀ। ਸ੍ਰੀ ਵਾਈ ਰੂਪਲਾ ਨਾਇਕ ਨੇ ਆਪਣੀ ਇਸ ਕਿਰਤ ਰਾਹੀ ਗੋਆਰ ਬਣਜਾਰਾ ਸਮਾਜ ਦੀ ਉਤਪਤੀ, ਇਸ ਦੇ ਰੀਤੀ ਰਿਵਾਜ ਅਤੇ ਸਾਹਿਤਕ ਪੱਖ ਬਾਰੇ ਬਹੁਤ ਜਾਣਕਾਰੀ ਦਿੱਤੀ ਹੈ। ਸ੍ਰੀ ਰੂਪਲਾ ਨਾਇਕ ਅਨੁਸਾਰ ਸਾਰਾ ਗੋਆਰ ਸਮਾਜ ਸ਼੍ਰੀ ਰਾਧਾ ਅਤੇ ਸ੍ਰੀ ਮੋਲਾ ਨੂੰ ਆਪਣਾ ਪੂਰਵਜ ਮੰਨਦੇ ਹਨ। ਇਹ ਇਕ ਮਿਥਿਹਾਸ ਹੈ, ਜਾਂ ਨਹੀ ਇਹ ਵੀ ਇਕ ਭੱਖਦਾ ਸਵਾਲ ਹੈ। ਗੋਆਰ ਢਾਡੀਆਂ ਦੀਆਂ ਅਤੇ ਗੋਆਰਾਂ ਦੀਆਂ ਦੰਤ ਕਥਾਵਾਂ ਤਾਂ ਇਹ ਵੀ ਹਨ ਕਿ ਸ੍ਰੀ ਕ੍ਰਿਸ਼ਨ ਦੀ ਸਖੀ ਤੇ ਭਗਤਣੀ ਰਾਧਾ ਅਤੇ ਸ੍ਰੀ ਕ੍ਰਿਸ਼ਨ ਦਾ ਚਰਵਾਹਾ ਮੌਲਾ, ਗੋਆਰ ਸਮਾਜ ਦੇ ਪੂਰਵਜ ਹਨ। ਉਨ੍ਹਾਂ ਨੇ ਤਿੰਨ ਲੜਕੇ ਪ੍ਰਮਾਰ, ਚੌਹਾਨ ਅਤੇ ਰਠੌਰ ਗੋਦ ਲਏ ਅਤੇ ਉਨ੍ਹਾਂ ਦੇ ਪਾਲਕ ਮਾਤਾ ਪਿਤਾ’ ਕਹਿਲਾਏ। ਅੱਗੇ ਚੱਲ ਕੇ ਇਨ੍ਹਾਂ ਪ੍ਰਮਾਰ, ਰਠੌਰ ਅਤੇ ਚੌਹਾਨ ਦੀ ਉਲਾਦ ਹੀ ਗੋਆਰ ਕਹਿਲਾਈ। ਗੌਰ / ਗੋਆਰ ਵਣਜਾਰਾ ਲੇਖਕਾਂ ਨੇ ਜੋ ਵੀ ਲਿਖਿਆ ਹੈ, ਉਨ੍ਹਾਂ ਵਿਚ ਵੀ ਇਹ ਅੰਦੇਸ਼ਾਂ ਹੋਣਾ ਜਰੂਰੀ ਹੈ ਕਿਉਂਕਿ ਉਨ੍ਹਾਂ ਨੇ ਜੋ ਵੀ ਲਿਖਿਆ ਹੈ, ਵਣਜਾਰਾ ਨਾਇਕ, ਢਾਡੀਆਂ ਤੇ ਭੱਟਾਂ ਤੋਂ ਸੁਣਿਆ, ਪਰ ਇਹੋ ਜਿਹੀਆਂ ਤਰੁਟੀਆਂ ਅਤੇ ਵਿਰੋਧੀ ਵਿਚਾਰ ਵਣਜਾਰਿਆਂ ਬਾਰੇ ਖੋਜ ਲੇਖਾਂ ਵਿਚ ਹੋ ਸਕਦੀਆਂ ਹਨ। ਡਾ: ਖਾਨਡੋਬਾ ਕਹਿੰਦਾ ਹੈ, ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਮੌਲਾ ਲੁਬਾਣਿਆਂ, ਵਣਜਾਰਿਆਂ ਅਤੇ ਰਾਜਪੂਤਾਂ ਦਾ ਪੂਰਵਜ ਹੈ। ਲਗਭਗ ਸਾਰੀਆਂ ਹੀ ਪੁਰਾਣੀਆਂ ਕਥਾਵਾਂ ਅਤੇ ਰੀਤੀ ਰਿਵਾਜ਼ ਜੋ ਵਣਜਾਰਿਆਂ ਵਿਚ ਪ੍ਰਚਲਤ ਹਨ, ਦੇ ਆਧਾਰ ਤੇ ਕਿਹਾ ਜਾਂਦਾ ਹੈ ਕਿ ਕ੍ਰਿਸ਼ਨ ਦੀ ਸਖੀ ਰਾਧਾ ਅਤੇ ਉਸਦੇ ਚਰਵਾਹਾ ਮੌਲਾ ਨੇ ਗੋਆਰ / ਵਣਜਾਰਿਆਂ ਦੇ ਪੂਰਵਜਾਂ ਨੂੰ ਪਾਲਿਆ, ਪਰ ਇਸ ਤੇ ਯਕੀਨ ਕਰਨਾ ਕਠਿਨ ਹੈ ਕਿਉ ਜੋ ਸ੍ਰੀ ਕ੍ਰਿਸ਼ਨ, ਰਾਧਾ ਅਤੇ ਮੌਲਾ (ਮਕਰੰਦ ਰਿਸ਼ੀ) ਦੁਆਪਰ ਯੁੱਗ ਵਿਚ 5100 ਸਾਲ ਪਹਿਲਾਂ ਹੋਏ ਹਨ ਅਤੇ ਉਸ ਵੇਲੇ ਉਥੇ ਕੋਈ ਰਾਜਪੂਤ ਜਾਂ ਪ੍ਰਮਾਹਰ, ਰਠੌਰ ਜਾਂ ਚੌਹਾਨ ਗੋਤ ਨਹੀਂ ਸਨ ਅਤੇ ਲੋਕੀ ਚਾਰ ਵਰਣਾਂ, ਬ੍ਰਾਹਮਣ, ਕਸਤ੍ਰੀ, ਵੈਸ਼ ਅਤੇ ਸੂਦਰ ਵਿਚ ਵੰਡੇ ਹੋਏ ਸਨ।
ਹਿੰਦੂ ਧਰਮ ਦੇ ਚਾਰ ਵੇਦ ਰਿਗਵੇਦ, ਯਜੁਰ ਵੇਦ, ਸ਼ਾਮਵੇਦ ਅਤੇ ਅਥਰਵ ਵੇਦ ਹਨ, ਇਨ੍ਹਾਂ ਵਿਚੋ ਰਿਗਵੇਦ ਸਮਾਜ ਦੀ ਵਰਣ ਵੰਡ ਬਾਰੇ ਦੱਸਦਾ ਹੈ। ਰਿਗਵੇਦ ਦੇ ਦੱਸਵੇਂ ਖੰਡ ਵਿਚ ਵਰਣ ਵਿਵਸਥਾ ਦਾ ਗਿਆਨ ਹੈ। ਜਿਸ ਵਿਚ ਲਿਖਿਆ ਹੈ ਕਿ ਬ੍ਰਹਮਾ ਪ੍ਰਮਾਤਮਾ ਨੇ ਜਦੋਂ ਮਾਨਵ ਰੂਪੀ ਪੁਰਸ਼ ਨੂੰ ਬਣਾਇਆ ਸੀ ਉਸ ਦਾ ਮੂੰਹ ਬ੍ਰਾਹਮਣ ਦਾ, ਹੱਥ ਕਸ਼ਤਰੀ ਦੇ, ਜੰਘਾਂ ਵੈਸ਼ ਅਤੇ ਪੈਰ ਸੂਦਰ ਦੇ ਬਣਾਏ। ਉਸ ਸਮੇਂ ਇਹ ਇੱਕ ਹੀ ਪ੍ਰੀਵਾਰ ਦੇ ਮੈਂਬਰ ਸਨ, ਜਿਸ ਤਰ੍ਹਾਂ ਹੱਥਾਂ ਬਿਨਾਂ ਮੂੰਹ ਨਹੀਂ ਖਾ ਸਕਦਾ ਤੇ ਪੈਰਾਂ ਬਿਨਾਂ ਸੰਪੂਰਨ ਮਨੁੱਖ ਕੁੱਝ ਵੀ ਨਹੀਂ ਕਰ ਸਕਦਾ। ਰਿਗਵੇਦ ਦਾ ਇਹ, ਮੰਤਰ ਸਮਾਜ ਨੂੰ ਚਲਾਉਣ ਵਾਸਤੇ ਸੀ ਅਤੇ ਇਸ ਦੀ ਤੁਲਨਾ ਮਾਨਵ ਸਰੀਰ ਨਾਲ ਕੀਤੀ ਸੀ। ਜਿਸ ਤਰ੍ਹਾਂ ਇਸ ਮਾਨਵ ਸਰੀਰ ਦੇ ਵੱਖ-ਵੱਖ ਅੰਗਾਂ ਦਾ ਕੰਮ ਵੱਖ-ਵੱਖ ਹੈ ਅਤੇ ਕਿਸੇ ਵੀ ਅੰਗ ਦੇ ਖਰਾਬ / ਬਿਮਾਰ ਹੋਣ ਨਾਲ ਮਾਨਵ ਸਰੀਰ ਅਪੰਗ ਬਣ ਜਾਂਦਾ ਹੈ। ਮਾਨਵ ਸਰੀਰ ਦੀ ਤੰਦਰੁਸਤੀ ਵਾਸਤੇ ਹਰ ਇੱਕ ਅੰਗ ਦਾ ਤੰਦਰੁਸਤ ਹੋਣਾ ਜਰੂਰੀ ਹੈ। ਰਿਗਵੇਦ ਅਨੁਸਾਰ ਸਮਾਜ ਨੂੰ ਚਾਰ ਵਰਗਾਂ ਵਿਚ ਵੰਡਿਆ ਸੀ ਜਿਸ ਨੂੰ ਵਰਣ ਵੰਡ ਵੀ ਕਿਹਾ ਜਾਂਦਾ ਸੀ, ਜੋ ਇਸ ਤਰਾਂ ਸੀ:
- ਜੋ ਗਿਆਨੀ ਜਾਂ ਸਭ ਤੋਂ ਸਿਆਣਾ ਅਤੇ ਵਿਦਵਾਨ ਹੁੰਦਾ, ਉਸ ਨੂੰ ਸਾਰਿਆਂ ਤੋਂ ਸ੍ਰੇਸ਼ਟ ਯਾਅਨੀ ਕਿ ਮੂੰਹ ਕਿਹਾ ਅਤੇ ਸਮਾਜ ਵਿਚ ਇਹ ਦਰਜਾ ਬ੍ਰਾਹਮਣ ਨੂੰ ਦਿੱਤਾ ਗਿਆ।
- ਸਮਾਜ ਦੀ ਰੱਖਿਆ ਵਾਸਤੇ ਜਿਸ ਵਰਗ ਦੀ ਪ੍ਰਮਾਤਮਾ ਨੇ ਸਿਰਜਨਾ ਕੀਤੀ, ਉਸ ਨੂੰ ਕਸ਼ਤ੍ਰੀ ਕਿਹਾ ਗਿਆ ਜੋ ਸਮਾਜ ਦੀਆਂ ਬੁਰਾਈਆਂ ਤੋਂ ਰੱਖਿਆ ਕਰਦਾ ਸੀ ਅਤੇ ਨਿਰਬਲ ਦੀ ਮਦਦ ਕਰਦਾ ਸੀ। ਆਪਣੇ ਬਲ ਦਾ ਪ੍ਰਯੋਗ ਸਮਾਜ ਦੀ ਰਾਖੀ ਅਤੇ ਭਲੇ ਵਾਸਤੇ ਕਰਦਾ ਸੀ। ਰਾਜਾ ਵੀ ਆਮ ਤੌਰ ਤੇ ਇਸੇ ਵਰਗ ਤੋਂ ਹੁੰਦਾ ਸੀ।
- ਸਮਾਜ ਨੂੰ ਰੋਜ਼ ਦੀਆਂ ਜ਼ਰੂਰਤਾਂ ਯਾਨੀ ਕਿ ਖਾਣ ਪੀਣ ਵਾਸਤੇ ਵਸਤਾਂ ਜਾਂ ਸਮਾਜਕ ਜਰੂਰਤਾਂ ਨੂੰ ਪੂਰਾ ਕਰਨ ਵਾਸਤੇ ਜਿਸ ਵਰਗ ਦੀ ਬ੍ਰਹਮਾ ਨੇ ਸਿਰਜਨਾ ਕੀਤੀ ਉਸਨੂੰ ਵੰਸ਼ (ਵਿਉਪਾਰੀ / ਬਾਣੀਆ) ਕਿਹਾ ਗਿਆ। ਇਸ ਵਰਗ ਵਿਚ ਸਾਰੀ ਕੰਮ ਕਰਨ ਵਾਲੀ ਜਾਤੀ ਭਾਵੇ ਖੇਤੀ ਕਰਦਾ ਹੋਵੇ ਵਿਉਪਾਰ ਕਰਦਾ ਹੋਵੇ ਜਾਂ ਪਸੂ ਚਾਰਦਾ ਆਉਂਦੇ ਸਨ ਅਤੇ ਇਨ੍ਹਾਂ ਨੂੰ ਵੰਸ਼ ਕਿਹਾ ਗਿਆ।
- ਸਮਾਜ ਦੇ ਉਸ ਵਰਗ ਨੂੰ ਜੋ ਸਾਰਿਆਂ ਦੀ ਸੇਵਾ ਕਰਦਾ ਸੀ ਅਤੇ ਹਰ ਚੰਗਾ ਮੰਦਾ ਕੰਮ ਕਰਦਾ, ਉਸ ਨੂੰ ਸ਼ੂਦਰ ਕਿਹਾ ਗਿਆ। ਇਸ ਵਰਗ ਦਾ ਕੰਮ ਉਪਰਲੇ ਤਿੰਨ ਵਰਗਾਂ ਦੀ ਸੇਵਾ ਕਰਨਾ ਸੀ।
ਮਹਾਭਾਰਤ ਵਿਚ ਸ਼ਾਂਤੀ ਪਰਵਾਂ ਅਨੁਸਾਰ ਇੱਕ ਵਾਰ ਰਿਸ਼ੀ ਭਰਦਵਾਜ, ਭਰਿਗੂ ਰਿਸ਼ੀ ਨੂੰ ਪੁੱਛਦਾ ਹੈ ਕਿ ਕੀ ਬ੍ਰਹਮਾ ਨੇ ਅਸਲ ਵਿਚ ਆਪਣੇ ਸਰੀਰ ਦੇ ਚਾਰ ਅੰਗਾਂ ਤੋਂ ਅਲੱਗ-ਅਲੱਗ ਚਾਰ ਇਨਸਾਨ ਬਣਾਏ ਸਨ ? ਰਿਸ਼ੀ ਭਰਦਵਾਜ ਨੂੰ ਇਹ ਜਰੂਰ ਗੈਰ ਕੁਦਰਤੀ ਲਗਿਆ ਕਿ ਬਹਮਾ ਨੇ ਚਾਰ ਮਨੁੱਖ ਬਣਾਏ ਇਸ ਤੇ ਭਿਰਗੂ ਰਿਸ਼ੀ ਨੇ ਭਰਦਵਾਜ ਰਿਸ਼ੀ ਨੂੰ ਦੱਸਿਆ ਕਿ ਬ੍ਰਹਮਾ ਨੇ ਕੇਵਲ ਬ੍ਰਾਹਮਣ ਦੀ ਹੀ ਸਾਰੀ ਦੁਨੀਆਂ ਵਿਚ ਸਿਰਜਨਾ ਕੀਤੀ ਸੀ ਅਤੇ ਸਾਰੀ ਦੁਨੀਆਂ ਬਰਾਬਰ ਸੀ, ਪਰ ਜਿਹੜੇ ਬ੍ਰਾਹਮਣਾਂ ਨੇ ਰੰਗਲੀਆਂ ਆਦਤਾਂ ਅਪਣਾ ਲਈਆਂ ਅਤੇ ਉਨ੍ਹਾਂ ਆਦਤਾਂ ਨੂੰ ਪੂਰਾ ਕਰਨ ਲਈ ਲੜਾਈਆਂ ਕਰਨ ਲੱਗੇ ਜੋ ਲੋਕ ਰੰਗ ਦੇ ਗੋਰੇ ਤੇ ਚਿਹਰੇ ਤੇ ਲਾਲੀ ਵਾਲੇ ਸਨ, ਉਨ੍ਹਾਂ ਨੂੰ ਕਸ਼ਤਰੀ ਕਿਹਾ ਗਿਆ। ਜਿਹੜੇ ਬ੍ਰਾਹਮਣਾਂ ਨੇ ਪਸੂ ਚਾਰਨੇ ਸੁਰੂ ਕੀਤੇ ਅਤੇ ਖੇਤੀਬਾੜੀ ਦਾ ਕੰਮ ਸੁਰੂ ਕਰ ਦਿੱਤਾ ਅਤੇ ਰੋਜ਼ ਜਰੂਰਤ ਦੀਆਂ ਚੀਜਾਂ ਦੀ ਪੂਰਤੀ ਕਰਨ ਲੱਗੇ ਅਤੇ ਜੋ ਰੰਗ ਦੇ ਸਾਫ ਪਰ ਕਣਕ ਵੰਨੇ ਰੰਗ ਵਾਲੇ ਸਨ, ਉਨ੍ਹਾਂ ਨੂੰ ਵੰਸ਼ ਕਿਹਾ ਗਿਆ। ਇਸੇ ਤਰ੍ਹਾਂ ਜੋ ਬ੍ਰਾਹਮਣ ਨੀਚ ਕੰਮ ਕਰਨ ਲੱਗ ਪਏ, ਝੂਠ ਬੋਲਣ ਦੇ ਸ਼ੌਕੀਨ ਸਨ, ਸ਼ਰਾਬਾਂ ਦਾ ਸੇਵਨ ਕਰਨ ਲੱਗੇ ਅਤੇ ਰੰਗ ਦੇ ਕਾਲੇ ਸਨ ਉਨਾਂ ਨੂੰ ਸ਼ੂਦਰ ਕਿਹਾ ਗਿਆ, ਭਾਵੇਂ ਇਹ ਵੰਡ ਕੰਮ ਦੇ ਆਧਾਰ ਤੇ ਸੀ, ਪਰ ਸਮਾਂ ਬੀਤਣ ਨਾਲ ਇਹ ਜਾਤਿਵਾਦ ਪੱਕਾ ਹੋ ਗਿਆ ਅਤੇ ਜਨਮ ਦੇ ਆਧਾਰਤ ਹੋ ਗਿਆ। ਜੇ ਅਸੀ ਇਸ ਵੰਡ ਨੂੰ ਧਿਆਨ ਨਾਲ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਇਹ ਗੋਆਰ ਸਮਾਜ ਵੰਸ਼ ਅਤੇ ਕਸ਼ਤਰੀਆਂ ਦੀ ਵਰਣ ਵੰਡ ਦਾ ਮਿਲ ਗੋਭਾ ਲਗਦਾ ਹੈ ਕਿਉਂ ਜੋ ਇਨ੍ਹਾਂ ਦਾ ਮੁੱਖ ਕਿੱਤਾ ਪਸੂ ਚਾਰਨਾ ਅਤੇ ਵਿਉਪਾਰ ਕਰਨਾ, ਰੋਜ਼ਮਰਾ ਦੀਆਂ ਅਤੇ ਜ਼ਰੂਰੀ ਚੀਜਾਂ ਇੱਕ ਜਗ੍ਹਾ ਤੋਂ ਦੂਸਰੀ ਥਾਂ ਪਹੁੰਚਾਉਣਾ ਸੀ। ਇਸ ਦੇ ਨਾਲ ਹੀ ਇਹ ਗੋਆਰ ਵਣਜਾਰਾ ਸਮਾਜ ਇਨ੍ਹਾਂ ਵਸਤਾਂ ਨੂੰ ਇੱਕ ਦੂਸਰੀ ਜਗ੍ਹਾ ਤੇ ਪਹੁੰਚਾਉਂਦੇ ਸਮੇਂ ਇਨ੍ਹਾਂ ਦੀ ਸੁਰੱਖਿਆ ਦਾ ਖਿਆਲ ਵੀ ਰੱਖਦੇ ਅਤੇ ਸਦਾ ਹਥਿਆਰਾਂ ਨਾਲ ਲੈਸ ਰਹਿੰਦੇ ਅਤੇ ਹਰ ਖਤਰੇ ਵਾਸਤੇ ਤਿਆਰ ਰਹਿੰਦੇ। ਇਸ ਲਈ ਇਹ ਕਸ਼ਤਰੀ ਵਣਜਾਰੇ ਕਹੇ ਜਾਂਦੇ, ਪ੍ਰੰਤੂ ਜੇ ਅਸੀਂ ਮਹਾਭਾਰਤ ਦਾ ਅਧਿਐਨ ਕਰੀਏ ਤਾਂ ਸਾਫ ਪਤਾ ਲਗਦਾ ਹੈ ਕਿ ਮਹਾਭਾਰਤ ਦੇ ਸਮੇਂ ਤਕ ਰਾਜਪੂਤ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ, ਇਸ ਲਈ ਵੱਖ ਵੱਖ ਵਿਦਵਾਨਾਂ ਨੇ ਰਾਜਪੂਤਾਂ ਦੀ ਉਤਪਤੀ ਬਾਰੇ ਆਪਣੇ ਵਿਚਾਰ ਦਿੱਤੇ ਨੇ।
ਕਰਨਲ ਜੇਮਸ ਟਾਡ ਕਹਿੰਦਾ ਹੈ, ‘ਰਾਜਪੂਤ ਹੂਨੰ, ਸ਼ਕ ਅਤੇ ਕੁਸ਼ਾਨ ਜੋ ਕੇ ਵਿਦੇਸ਼ੀ ਸਨ ਨਾਲ ਸੰਬਧ ਰਖਦੇ ਹਨ। ਇਹ ਵਿਦੇਸ਼ੀ ਹਮਲਾਵਰਾਂ ਨੇ ਸਮੇਂ ਦੇ ਨਾਲ ਭਾਰਤੀ ਜਾਤੀਆਂ ਨਾਲ ਵਿਆਹੁਤਾ ਸੰਬਧ ਕਾਇਮ ਕੀਤੇ ਅਤੇ ਇਥੇ ਹੀ ਵੱਸ ਗਏ। ਜਿੰਨ੍ਹਾਂ ਵਿਦੇਸ਼ੀਆਂ ਨੇ ਬ੍ਰਾਹਮਣਾਂ ਅਤੇ ਕਸ਼ਤਰੀਆਂ ਨਾਲ ਵਿਆਹ ਸੰਬਧ ਬਣਾਏ, ਉਹ ਰਾਜਪੂਤ ਅਖਵਾਉਣ ਲਗੇ। ਡਾ: ਡੀ. ਐਨ. ਘੋਸ਼ ਨੇ ਵੀ ਕਰਨਲ ਟਾਡ ਦੇ ਇਸ ਮੱਤ ਦਾ ਸਮਰਥਨ ਕੀਤਾ ਹੈ ਅਤੇ ਕਿਹਾ ਹੈ, ‘ਹਿੰਦੂ ਧਰਮ ਨੂੰ ਆਪਣਾਉਂਦੇ ਹੋਏ ਇਨ੍ਹਾਂ ਵਿਦੇਸ਼ੀਆਂ ਨੇ ਇਕ ਨਵੀਂ ਜਾਤ ਬਣਾ ਲਈ ਜਿਸ ਨੂੰ ਰਾਜਪੂਤ ਕਹਿੰਦੇ ਹਨ। ਕਰੂਕਰ ਅਤੇ ਭੰਡਾਰਕਰ ਵਰਗੇ ਪ੍ਰਸਿਧ ਇਤਿਹਾਸਕਾਰ ਵੀ ਕਰਨਲ ਟਾਡ ਨਾਲ ਸਹਿਮਤ ਹਨ। ਉਹ ਇਸ ਸਹਿਮਤੀ ਬਾਰੇ ਹੇਠ ਲਿਖੇ ਕਾਰਨ ਦਸਦੇ ਹਨ :-
- ਪ੍ਰਾਚੀਨ ਇਤਿਹਾਸ ਵਿਚ ਰਾਜਪੂਤ ਸ਼ਬਦ ਦਾ ਕਿਤੇ ਵੀ ਪ੍ਰਯੋਗ ਕੀਤਾ ਨਹੀਂ ਮਿਲਦਾ।
- ਰਾਜਪੂਤਾਂ ਨੇ ਅਗਨੀ ਪੂਜਾ ਕਰਨਾ ਹੂਨੰ ਅਤੇ ਸ਼ਕ ਜਾਤੀਆਂ ਕੋਲੋਂ ਲਿਆ ਮੰਨਿਆ ਜਾਂਦਾ ਹੈ।
- ਬਲੀਦਾਨ ਦੀ ਪ੍ਰਥਾ, ਅਸ਼ਵਮੇਧ ਯੱਗ ਕਰਨਾ ਆਦਿ ਵੀ ਭਾਰਤੀਆਂ ਨਾਲ ਵਿਦੇਸ਼ੀਆਂ ਨਾਲ ਜਿਆਦਾ ਸੰਬਧਤ ਹਨ।
ਇਤਿਹਾਸਕਾਰ ਵੇਦ ਵਿਆਸ ਅਤੇ ਰਾਏ ਬਹਾਦਰ ਗੌਰੀਸ਼ੰਕਰ ਦੇ ਮੱਤ ਵਿਚ ਰਾਜਪੂਤ ਆਰੀਆਂ ਦੇ ਵੰਸ਼ਜ ਹਨ। ਉਨ੍ਹਾਂ ਅਨੁਸਾਰ ਰਾਜਪੂਤ ਕਸ਼ਤਰੀ ਸੂਰਜ ਵੰਸ਼ੀ ਅਤੇ ਚੰਦਰ ਵੰਸ਼ੀ ਪ੍ਰੀਵਾਰਾਂ ਨਾਲ ਸੰਬਧਤ ਹਨ। ਆਪਣੇ ਮੱਤ ਵਿਚ ਉਹ ਕਹਿੰਦੇ ਹਨ
- ਰਾਜਪੂਤ ਸ਼ਬਦ (ਰਾਜ + ਪੂਤ ) ਸ਼ਬਦ ਦਾ ਇਕੱਠਾ ਰੂਪ ਹੈ, ਜਿਸ ਦਾ ਵਰਨਣ ਮਹਾਭਾਰਤ ਵਿਚ ਵੀ ਆਉਂਦਾ ਹੈ।
- ਇਨ੍ਹਾਂ ਦਾ ਰਹਿਣ ਸਹਿਣ ਵੈਦਿਕ ਆਰੀਆ ਨਾਲ ਮਿਲਦਾ ਹੈ।
- ਰਾਜਪੂਤਾਂ ਦੀ ਸ਼ਕਲ ਸੂਰਤ ਵੀ ਵਿਦੇਸ਼ੀਆਂ ਵਰਗੇ ਨਹੀਂ ਸਨ ਸਗੋਂ ਪ੍ਰਾਚੀਨ ਆਰੀਆਂ ਨਾਲ ਮਿਲਦੇ ਸਨ।
- ਅਸ਼ਵਮੇਧ ਯੱਗ ਕਰਨਾ ਅਤੇ ਅਗਨੀ ਪੂਜਾ ਕਸ਼ਤਰੀਆਂ ਵਿਚ ਵੀ ਪ੍ਰਚਲਤ ਹੈ, ਇਸ ਲਈ ਰਾਜਪੂਤਾਂ ਨੇ ਇਹ ਗੱਲ ਵਿਦੇਸ਼ੀਆਂ ਨਾਲੋਂ ਵੈਦਿਕ ਆਰੀਆਂ ਕੋਲੋਂ ਸਿੱਖੀ ਹੈ।
ਪ੍ਰਿਥਵੀ ਰਾਜ ਚੌਹਾਨ ਦੇ ਮੰਤਰੀ ਚਾਂਦ ਬ੍ਰਿਦਾਈ ਨੇ ਆਪਣੀ ਪੁਸਤਕ, ‘ਪ੍ਰਿਥਵੀ ਰਾਜ ਰਾਸੋਂ ਵਿਚ ਰਾਜਪੂਤਾਂ ਦੀ ਉਤਪਤੀ ਯੱਗ ਦੀ ਅਗਨੀ ਵਿਚੋਂ ਹੋਈ ਦਸੀ ਹੈ, ਪਰ ਇਹ ਸਿਧਾਂਤ ਵੀ ਸਭ ਤੋਂ ਪਹਿਲਾਂ ਚਾਂਦ ਬ੍ਰਿਦਾਈ ਨੇ ਦਸਵੀਂ-ਗਿਆਰਵੀਂ ਸਦੀ ਵਿਚ ਦਿੱਤਾ (ਜੋ ਯਥਾਰਥ ਤੋਂ ਬਹੁਤ ਦੂਰ ਹੈ ਅਤੇ ਉਸ ਸਮੇਂ ਬ੍ਰਾਹਮਣਾਂ ( ਬੋਧ ਧਰਮ ਵਧਣ ਕਰਕੇ ਆਪਣੀ ਮਹੱਤਤਾ ਗਵਾਉਂਦੇ ਜਾ ਰਹੇ ਸਨ), ਦੀ ਸੋਚ ਦੀ ਉਪਜ ਹੀ ਹੈ।
ਗਿਆਨੀ ਗਰਜਾ ਸਿੰਘ ਦੀ ਸੰਪਾਦਤ ਕਿਤਾਬ ਸ਼ਹੀਦ ਬਿਲਾਸ (ਭਾਈ ਮਨੀ ਸਿੰਘ) ਸਫਾ 22 ਤੇ ਲਿਖਿਆ ਹੈ ਕਿ ਰਾਜਪੂਤ ਸ਼ਬਦ ਪਹਿਲਾਂ ਪਹਿਲਾਂ ਪ੍ਰਿਥਮੇ ਉਨ੍ਹਾਂ ਕਸ਼ਤਰੀਆਂ ਨਾਲ ਲਗਿਆ ਜਿਹੜੇ ਰਾਜਾ ਜਨਮੇਜੇ ਦੇ ਤੀਸਰੇ ਪੁੱਤਰ ਅੱਜੈ ਸਿੰਘ ਨਾਲ ਮਿਲ ਗਏ ਅਤੇ ਰੋਟੀ ਬੇਟੀ ਦੀ ਸਾਂਝ ਕਰ ਲਈ। ਗਿਆਨ ਪ੍ਰਬੋਧ ਪਾ: 10 ਸ਼੍ਰੀ ਦਸਮ ਗ੍ਰੰਥ ਅਨੁਸਾਰ :-
“ਸੁਤ ਅਉਰਨ ਕੇ ਉਹ ਠਾਂ ਜੋ ਅਹੇ ।
ਉਹ ਛੱਤ੍ਰੀ ਜਾਤ ਅਨੇਕ ਭਏ।8।308
ਤਿਨ ਜੀਤ ਬਿਜੈ ਕੋ ਰਾਓ ਚਢਿਯੋ ।
ਅਤਿ ਤੇਜ ਪ੍ਰਤਾਪ ਪ੍ਰਚੰਡ ਬਢਿਯੋ ।
ਜੋ ਆਨ ਮਿਲੇ ਅਰ ਸਾਕ ਦਏ ।
ਨਰ ਸੋ ਰਾਜਪੂਤ ਕਹਾਤ ਭਏ 119।308 ।
ਜਿਨ ਸਾਕ ਦਏ ਨਹਿ ਰਾਰ ਬਢੀ ।
ਤਿਨ ਕੀ ਜੜ੍ਹ ਲੈ ਇਕ ਮੂਲ ਕਢੀ ।
ਦਲ ਤੇ ਬਲ ਤੇ ਧਨ ਟੂਟ ਗਏ।
ਵਹਿ ਲਾਗਤ ਬਨਜ ਬਪਾਰ ਭਏ ।20। 390। ”
ਉਪਰੋਕਤ ਰਾਜਪੂਤਾਂ ਦੀ ਉਤਪਤੀ ਦੇ ਵੱਖ ਵੱਖ ਵਿਦਵਾਨਾਂ ਦੇ ਵਿਚਾਰ ਜਾਨਣ ਤੋਂ ਬਾਅਦ ਇਹ ਸਾਫ ਹੋ ਜਾਂਦਾ ਹੈ ਕਿ ਮਹਾਭਾਰਤ ਤਕ ਰਾਜਪੂਤ ਸ਼ਬਦ ਦੀ ਤਾਂ ਵਰਤੋਂ ਸੀ ਪਰ ਰਾਜਪੂਤ ਸ਼ਬਦ ਕਿਤੇ ਨਹੀ ਆਉਂਦਾ। ਪ੍ਰਮਾਰ, ਚੌਹਾਨ ਅਤੇ ਰਠੌਰ ਗੋਤ ਉਸ ਵੇਲੇ ਪ੍ਰਚਲਤ ਨਹੀਂ ਸਨ ਅਤੇ ਸ਼੍ਰੀ ਵਾਈ ਰੂਪਲਾ ਨਾਇਕ ਦਾ ਇਹ ਕਹਿਣਾ ਕਿ ਸ਼੍ਰੀ ਕ੍ਰਿਸ਼ਨ ਦੀ ਸਖੀ ਰਾਧਾ ਨੇ ਅਤੇ ਚਰਵਾਹੇ ਮੌਲਾ (ਮਕਰੰਦ ਰਿਸ਼ੀ) ਨੇ ਤਿੰਨ ਰਾਜਪੂਤ ਲੜਕੇ ਪ੍ਰਮਾਰ, ਰਠੌਰ ਅਤੇ ਚੌਹਾਨ ਨੂੰ ਗੋਦ ਲੈਣਾ ਅਤੇ ਉਨ੍ਹਾਂ ਦੀ ਪਾਲਣਾ ਕਰਨਾ ਅਤਿਕਥਨੀ ਲਗਦੀ ਹੈ ਪਰ ਫਿਰ ਵੀ ਇਹ ਕਹਿਣਾ ਕੁਝ ਤੱਥਾਂ ਤੇ ਅਧਾਰਤ ਲਗਦਾ ਹੈ ਕਿ ਗੋਆਰ ਵਣਜਾਰਿਆਂ ਦੇ ਪੂਰਵਜਾਂ ਨੂੰ ਰਾਧਾ ਤੇ ਮੌਲਾ ਨੇ ਪਾਲਿਆ ਸੀ, ਕਿਉਂਕਿ ਰਾਧਾ ਅਤੇ ਮੌਲਾ ਗਵਾਲਿਆਂ ਦੇ ਹੀ ਵੰਸ਼ਜ ਸਨ, ਜੋ ਬਾਅਦ ਵਿਚ ਉਚਾਰਨ ਦੇ ਹਿਸਾਬ ਨਾਲ ਗੋਆਰ / ਗੈਰ ਬਣ ਗਿਆ। ਭਾਈ ਕ੍ਹਾਨ ਸਿੰਘ ਨਾਭਾ ਮਸ਼ਹੂਰ ਸਿੱਖ ਵਿਦਵਾਨ ਅਨੁਸਾਰ ਗੋਆਰ ਸ਼ਬਦ ਦਾ ਅਰਥ ਗੋਆਲ / ਗਵਾਲ ਹੈ। ਭਗਤ ਕਬੀਰ ਜੀ ਦੇ ਆਪਣੇ ਸ਼ਬਦ ‘ਹਮ ਗੋਰੂ ਤੁਮ ਗੁਆਰ ਗੁਸਾਈ’ ਰਾਹੀ ਵੀ ਇਹੀ ਸਿੱਧ ਹੁੰਦਾ ਹੈ। ਭਾਈ ਕ੍ਹਾਨ ਸਿੰਘ ਨਾਭਾ ਅਨੁਸਾਰ ਗੋਰੂ ਦਾ ਅਰਥ ਗਉ ਅਤੇ ਗੋਆਰ ਦਾ ਅਰਥ ਗਵਾਲਾ ਹੈ । ਇਨ੍ਹਾਂ ਵਿਚਾਰਾਂ ਵਿਚ ਸ਼੍ਰੀ ਵਾਈ ਰੂਪਲਾ ਨਾਇਕ ਦਾ ਕਹਿਣਾ ਕਿ ਰਾਧਾ ਅਤੇ ਮੌਲਾ ਗੋਆਰਾਂ ਦੇ ਪੂਰਵਜਾਂ ਨੂੰ ਪਾਲਣ ਵਾਲੇ ਹਨ, ਇਹ ਕਥਨ ਠੀਕ ਲਗਦਾ ਹੈ। ਇਹ ਹੋ ਸਕਦਾ ਹੈ ਕਿ ਬਾਅਦ ਵਿਚ ਰਾਜਪੂਤਾਂ ਦੀਆਂ ਕੁਝ ਜਾਤੀਆਂ ਇਨ੍ਹਾਂ ਨਾਲ ਮਿਲ ਗਈਆਂ ਅਤੇ ਇਨ੍ਹਾਂ ਨੇ ਆਪਣੇ ਆਪ ਨੂੰ ਰਾਜਪੂਤ ਕਹਾਉਣਾ ਸ਼ੁਰੂ ਕਰ ਦਿੱਤਾ।
ਸੁਆਮੀ ਗੋਕਲ ਦਾਸ ਰਾਹੀਂ ਰਚਿਤ ਬਨਜਾਰ ਭਾਸਕਰ ਮੁਤਾਬਕ ਗੋਰ/ਗੋਆਰ ਭਗਵਾਨ ਸ਼ੰਕਰ ਦੇ ਪੈਦਾ ਕੀਤੇ ਗਣਾਂ ਵਿਚੋਂ ਪੰਜ ਗਣ ਹਨ ਜਿਹੜੇ ਅੱਗੇ ਜਾ ਕੇ ਪ੍ਰਮਾਰ, ਰਠੌਰ, ਚੌਹਾਨ, ਤੋਂਮਰ ਅਤੇ ਯਦੋਵੰਸੀ ਰਾਜਪੂਤ ਕਹਿਲਾਏ, ਗੋਆਰ/ਗੌਰ ਇਨ੍ਹਾਂ ਦੀ ਹੀ ਔਲਾਦ ਹਨ। ਇਸ ਤਰਾਂ ਸੁਆਮੀ ਗੋਕਲ ਦਾਸ ਜੀ ਅਨੁਸਾਰ ਗੌਰ/ਗੋਆਰ ਭਗਵਾਨ ਸ਼ੰਕਰ ਦੀ ਹੀ ਉਲਾਦ ਹਨ। ਇਸ ਨੂੰ ਸਿਧ ਕਰਨ ਲਈ ਸੁਆਮੀ ਗੋਕਲ ਦਾਸ ਨੇ ਕਈ ਤਰਕ ਵੀ ਪੇਸ਼ ਕੀਤੇ :-
- ਪੁਰਸ਼ ਨੂੰ ਗੌਰ/ਗੋਆਰ ਅਤੇ ਇਸਤਰੀ ਨੂੰ ਗੌਰਣੀ/ਗੋਆਰਣੀ ਕਹਿਣਾ ਸ਼ਿਵ ਜੀ ਦੀ ਪਿਆਰੀ ਪਾਰਬਤੀ ਗਵਰਾਂ ਨੂੰ ਸੰਕੇਤ ਜਾਂਦਾ। ਇਹ ਸੱਚ ਹੈ ਕਿ ਕਿਸੇ ਵੀ ਹੋਰ ਸਮਾਜ ਵਿਚ ਪੁਰਸ਼ ਨੂੰ ਗੌਰ/ਗੋਆਰ ਅਤੇ ਇਸਤਰੀ ਨੂੰ ਗੌਰਣੀ/ਗੋਆਰਣੀ ਨਹੀਂ ਕਿਹਾ ਜਾਂਦਾ।
2.. ਬੰਲ ਦੀ ਸਵਾਰੀ ਕਰਨਾ ਅਤੇ ਉਸ ਦੇ ਨਾਲ ਹੀ ਰੋਟੀ ਕਮਾਉਣਾ।
- ਗੇਰੂ ਦਾ ਵਿਉਪਾਰ ਕਰਨਾ ਅਤੇ ਇਸੇ ਰੰਗ ਦੇ ਕਪੜੇ ਪਾਉਣਾ।
- ਸ਼ਿਵ ਦੀਆਂ ਜਟਾਂ ਦੇ ਰੂਪ ਵਿਚ ਪੁਰਸ਼ਾਂ ਵਲੋਂ ਸਿਰ ਤੇ ਵਾਲ ਰੱਖਣਾ।
- ਭੰਗ ਅਤੇ ਗੂਘਰੀ ਨੂੰ ਹਰ ਸਮਾਜਿਕ ਮੌਕੇ ਤੇ ਵਿਸ਼ੇਸ਼ ਸਥਾਨ ਦੇਣਾ।
- ਵਿਆਹ ਵੇਲੇ ਵਰ ਦੇ ਸਿਰ ਦੇ ਵਾਲਾਂ ਵਿਚ ਪਾਣੀ ਪਾ ਕੇ ਵਧੂ/ਬਹੂ ਦੀ ਮਾਂ ਦਾ ਪੀਣਾ, ਇਹ ਸਪਸ਼ਟ ਕਰਦਾ ਹੈ ਕਿ ਵਰ ਨੂੰ ਸ਼ਿਵ ਜੀ ਰੂਪ ਜਾਣ ਕੇ ਉਸ ਦੀਆਂ ਜਟਾਂ ਤੋਂ ਗੰਗਾ ਦਾ ਗੰਗੋਤਰ ਪੀਣਾ ਮਨਿਆ ਗਿਆ ਹੈ।
ਇਸ ਤਰਾਂ ਅਸੀਂ ਦੇਖਦੇ ਹਾਂ ਕਿ ਜਿਥੇ ਸ੍ਰੀ ਵਾਈ ਰੂਪਲਾ ਨਾਇਕ ਨੇ ਗੋਆਰ ਸਮਾਜ ਦੀ ਉਤਪਤੀ ਰਾਧਾ ਅਤੇ ਮੌਲਾ ਦੇ ਦੱਤਕ ਪੁੱਤਰਾਂ ਤੋਂ ਦਸੀ ਹੈ ਉਥੇ ਸੁਆਮੀ ਗੋਕਲ ਦਾਸ ਜੀ ਨੇ ਇਨ੍ਹਾਂ ਨੂੰ ਸ਼ਿਵਜੀ ਦੁਆਰਾ ਪੈਦਾ ਕੀਤੇ ਅਨੇਕ ਪ੍ਰਕਾਰ ਦੇ ਗੁਣਾਂ ਵਿਚੋਂ ਪੰਜ ਗਣ, ਜਿਹੜੇ ਅੱਗੇ ਚਲ ਕੇ ਪ੍ਰਮਾਰ, ਰਠੋਰ, ਚੌਹਾਨ, ਤੋਂਮਰ ਅਤੇ ਯਦੋਵੰਸੀ ਰਾਜਪੂਤ ਕਹਿਲਾਏ।
ਜਦੋਂ ਤਕ ਸਾਨੂੰ ਕੋਈ ਨਵਾਂ ਸਬੂਤ ਨਹੀਂ ਮਿਲਦਾ ਸਾਨੂੰ ਸ੍ਰੀ ਵਾਈ ਰੂਪਲਾ ਨਾਇਕ ਦੀ ਇਤਿਹਾਸਕ ਖੋਜ ਨਾਲ ਜੁੜਨਾ ਚਾਹੀਦਾ ਹੈ ਜਿਸ ਨੇ ਵੱਖ ਵੱਖ ਢਾਡੀਆਂ ਅਤੇ ਭੱਟਾਂ ਦਾ ਵੇਰਵਾ ਅਤੇ ਨਾਲ ਹੀ ਅਨੁਭਵੀ ਵਣਜਾਰਿਆਂ ਕੋਲੋਂ ਸੁਣੀਆਂ ਹੋਈਆਂ ਕਹਾਣੀਆਂ ਦੇ ਅਧਾਰ ਉਤੇ ਹੀ ਲਿਖਿਆ ਹੈ। ਸ੍ਰੀ ਵਾਈ ਰੂਪਲਾ ਨਾਇਕ ਕਲਰਫੁਲ ਬਣਜਾਰਾ (ਲੁਬਾਨੀ) ਕਬੀਲੇ ਦੇ ਸਫਾ 32 ਤੇ ਲਿਖਦਾ ਹੈ, ‘ਮੇਰੀ ਬੀਜਾਪੁਰ ਜਿਲ੍ਹੇ ਵਿਚ ਮੇਰੀ ਯਾਤਰਾ ਸਮੇਂ ਵਿਚਾਰ ਵਿਮਰਸ਼ ਨਾਲ ਜਦੋਂ ਮੈਂ ਬਾਗਲ ਕੋਟ ਵਿਚ ਪ੍ਰਬੰਧਕ ਦੇ ਤੌਰ ਤੇ ਕੰਮ ਕਰ ਰਿਹਾ ਸੀ। ਇਹ ਆਮ ਕਥਾ ਵਣਜਾਰਿਆਂ ਦੀ ਉਤਪਤੀ ਅਤੇ ਵਾਧੇ ਦੀ ਕਥਾ, ਜਿਸ ਨੂੰ ਵਣਜਾਰਿਆਂ ਦੇ ਅੱਜ ਦੇ ਧਾਰਮਿਕ ਰੀਤੀ ਰਿਵਾਜਾ ਦੀ ਹਮਾਇਤ ਹਾਸਲ ਹੈ। ਇਸ ਕਥਾ ਅਨੁਸਾਰ ਇੰਜ ਲਗਦਾ ਹੈ ਕਿ ਸ਼੍ਰੀ ਕ੍ਰਿਸ਼ਨ ਅਤੇ ਬਲਰਾਮ ਜੀ ਨੇ ਗੋਕਲ ਵਿਚ ਕਈ ਚਮਤਕਾਰ ਕੀਤੇ। ਜਦ ਉਹ ਗੋਕਲ ਜਾਂ ਨੰਦ ਗਾਂਵ ਅਤੇ ਬਰਿੰਦਾਵਨ ਵਿਚ ਸਨ ਉਨ੍ਹਾਂ ਨੇ ਕਈ ਰਾਕਸ਼ਸ਼ਾਂ, ਜੋ ਗੋਕਲ ਅਤੇ ਬਰਿੰਦਾਵਨ ਦੇ ਲੋਕਾਂ ਨੂੰ ਤੰਗ ਕਰਦੇ ਅਤੇ ਤਕਲੀਫ ਦਿੰਦੇ ਸਨ, ਨੂੰ ਮਾਰਿਆ। ਇਸ ਤਰਾਂ ਕ੍ਰਿਸ਼ਨ ਸਾਰਿਆਂ ਦੀ ਖਿੱਚ ਦਾ ਕੇਂਦਰ ਸੀ, ਰਾਧਾ ਸ੍ਰੀ ਕ੍ਰਿਸ਼ਨ ਦੀ ਪਿਆਰੀ ਗੋਪੀ ਸੀ, ਮੌਲਾ ਸ੍ਰੀ ਕ੍ਰਿਸ਼ਨ ਦਾ ਗਊਆਂ ਚਾਰਨ ਵਾਲਾ ਸੀ ਉਨ੍ਹਾਂ ਦੀ ਦੇਖ ਭਾਲ ਕਰਦਾ ਸੀ ਤੇ ਸ੍ਰੀ ਕ੍ਰਿਸ਼ਨ ਜੀ ਦਾ ਨਿੱਜੀ ਸੇਵਕ ਵੀ ਸੀ।’
ਗੋਆਰ / ਵਣਜਾਰਿਆਂ ਦੀ ਉਤਪਤੀ ਅਤੇ ਵਾਧੇ ਦੀਆਂ ਸਾਰੀਆਂ ਹੀ ਪੁਰਾਣਕ ਕਥਾਵਾਂ ਵਿਚ ਮੌਲਾ ਨੂੰ ਸ੍ਰੀ ਕ੍ਰਿਸ਼ਨ ਦਾ ਗਊਆਂ ਚਾਰਨ ਵਾਲਾ ਅਤੇ ਨਜ਼ਦੀਕੀ ਸੇਵਕ ਇਕ ਮੱਤ ਨਾਲ ਕਿਹਾ ਗਿਆ ਹੈ ਪਰ ਸ਼੍ਰੀ ਕ੍ਰਿਸ਼ਨ ਚਿੱਤਰਾਂ ਅਤੇ ਹਿੰਦੂ ਪੁਰਾਣਕ ਕਥਾਵਾਂ ਵਿਚ ਮੌਲਾ ਦਾ ਕੋਈ ਜਿਕਰ ਨਹੀ ਹੈ ਸਿਵਾਏ ਮਕਰੰਦਾ ਰਿਸ਼ੀ ਦੇ। ਇਸ ਲਈ ਇਸ ਨਤੀਜੇ ਤੇ ਅਰਾਮ ਨਾਲ ਪਹੁੰਚਿਆ ਜਾ ਸਕਦਾ ਹੈ ਕਿ ਮਕਰੰਦ ਰਿਸ਼ੀ ਨੂੰ ਹੀ ਗੋਆਰ ਵਣਜਾਰਿਆਂ ਦਾ ਮੌਲਾ ਕਿਹਾ ਗਿਆ ਹੈ। ਇੰਜ ਲਗਦਾ ਹੈ ਕਿ ਜਦੋਂ ਸ਼੍ਰੀ ਕ੍ਰਿਸ਼ਨ ਜੀ ਮਥਰਾ ਜਾਣ ਲੱਗੇ ਤਾਂ ਰਾਧਾ ਦੀ ਚਿੰਤਾ ਦੇਖ ਕੇ ਮੌਲਾ, (ਮਕਰੰਦ ਰਿਸ਼ੀ), ਜੋ ਸ੍ਰੀ ਕ੍ਰਿਸ਼ਨ ਦਾ ਗਊਆਂ ਚਾਰਨ ਵਾਲਾ ਅਤੇ ਵਿਸ਼ਵਾਸ਼ ਪਾਤਰ ਸੀ, ਨੂੰ ਸ੍ਰੀ ਕ੍ਰਿਸ਼ਨ ਜੀ ਨੇ ਰਾਧਾ ਦਾ ਖਿਆਲ ਰਖਣ ਵਾਸਤੇ ਕਿਹਾ। ਸ੍ਰੀ ਕ੍ਰਿਸ਼ਨ ਨੇ ਗਊਆਂ ਦੀ ਰਾਖੀ ਅਤੇ ਉਨ੍ਹਾਂ ਦੀ ਸੇਵਾ ਵਾਸਤੇ ਤਿੰਨ ਹੋਰ ਕਸ਼ਤਰੀ ਰਾਜਪੂਤ ਲੜਕਿਆਂ ਨੂੰ ਪਾਲਣ ਵਾਸਤੇ ਵੀ ਰਾਧਾ ਅਤੇ ਮੌਲਾ ਨੂੰ ਕਿਹਾ ਜੋ ਵੱਡੇ ਹੋ ਕੇ ਉਨ੍ਹਾਂ ਦੀ ਸੇਵਾ ਪੁੱਤਰਾਂ ਵਾਂਗ ਕਰਨਗੇ। ਸ੍ਰੀ ਕ੍ਰਿਸ਼ਨ ਦਾ ਨਾਂ ਸੁਣਕੇ ਕਸ਼ਤਰੀ ਰਾਜੇ ਸਵੈ ਇੱਛਾ ਨਾਲ ਆਪਣੇ ਪੁੱਤਰਾਂ ਨੂੰ ਰਾਧਾ ਕੋਲ ਭੇਜ ਦੇਣਗੇ ਜੋ ਉਨ੍ਹਾਂ ਨੂੰ ਬਰਿੰਦਾਵਨ ਵਿਚ ਪਾਲੇਗੀ। ਸ੍ਰੀ ਕ੍ਰਿਸ਼ਨ ਜੀ ਨੇ ਕਿਹਾ ਸੀ ਕਿ ਉਨ੍ਹਾਂ ਤੋਂ ਹੀ ਰਾਧਾ ਅਤੇ ਮੇਲਾ ਜੀ ਦੀ ਪੂਜਾ ਕਰਨ ਵਾਲਾ ਕਬੀਲਾ ਉਭਰੇਗਾ।
ਗੋਆਰ / ਵਣਜਾਰਿਆਂ ਦੇ ਢਾਡੀ ਦਸਦੇ ਹਨ ਕਿ ਰਾਧਾ ਅਤੇ ਮੋਲਾ (ਮਕਰੰਦ ਰਿਸ਼ੀ) ਉਸ ਥਾਂ ਗਏ, ਜਿਥੇ ਕਸ਼ਤਰੀ ਰਾਜੇ ਰਾਜ ਕਰਦੇ ਸਨ ਅਤੇ ਤਿੰਨਾਂ ਰਾਜਿਆਂ ਕੋਲੋਂ ਇਕ ਇਕ ਰਾਜਕੁਮਾਰ ਮੰਗਿਆ, ਜੋ ਉਨ੍ਹਾਂ ਰਾਜਿਆਂ ਨੇ ਸ੍ਰੀ ਕ੍ਰਿਸ਼ਨ ਦੇ ਬਚਨਾਂ ਕਰਕੇ ਦੇ ਦਿੱਤੇ। ਰਾਧਾ ਅਤੇ ਮੌਲਾ ਨੇ ਉਨ੍ਹਾਂ ਨੂੰ ਪਾਲ ਪੋਸ ਕੇ ਵੱਡੇ ਕੀਤਾ ਅਤੇ ਉਨ੍ਹਾਂ ਦੇ ਨਾਂ ਪ੍ਰਮਾਰ, ਰਠੌਰ ਅਤੇ ਚੌਹਾਨ ਰਖੇ। ਅੱਗੇ ਚਲਕੇ ਇਨ੍ਹਾਂ ਹੀ ਪ੍ਰਮਾਰ, ਰਠੋਰ ਅਤੇ ਚੌਹਾਨਾਂ ਵਿਚੋਂ ਗੋਆਰ / ਵਣਜਾਰਿਆਂ ਦੇ ਉਪ ਗੋਤ ਨਿਕਲੇ ਜੋ ਪ੍ਰਮਾਰ, ਰਠੋਰ ਅਤੇ ਚੌਹਾਨਾਂ ਦੇ ਪੁੱਤਰਾਂ ਦੇ ਨਾਵਾਂ ਤੇ ਪਏ।
ਗੋਆਰ / ਵਣਜਾਰਿਆਂ ਦੇ ਢਾਡੀਆ ਤੇ ਹੋਰ ਕਥਾਵਾਂ ਦਾ ਅਧਿਐਨ ਕਰਨ ਤੇ ਪਤਾ ਲਗਦਾ ਹੈ ਕਿ ਮੁੱਢ ਵਿਚ 12 ਪੁੱਤਰ ਪ੍ਰਮਾਰ ਦੇ ਪੈਦਾ ਹੋਏ, 7 ਪੁੱਤਰ ਰਾਠੌਰ ਦੇ ਪੈਦਾ ਹੋਏ ਅਤੇ 6 ਪੁੱਤਰ ਚੌਹਾਨ ਦੇ ਪੈਦਾ ਹੋਏ। ਇਨ੍ਹਾਂ ਪ੍ਰਮਾਰ, ਰਠੌਰ ਅਤੇ ਚੌਹਾਨ ਦੇ ਸ਼ੁਰੂ ਦੇ ਪੁੱਤਰਾਂ ਦੇ ਨਾਂ ਇਸ ਤਰਾਂ ਸਨ :-
12 ਪੁੱਤਰ ਪ੍ਰਮਾਰ ਦੇ (ਬਾਰਾਂ ਗੋਤ ਪ੍ਰਮਾਰ) ਇਸ ਤਰਾਂ ਨੇ :-
- ਵਿਸਾਲ ਵਥ
- ਝਰਪਾਲਾ
- ਅਜੋਧ
- ਚਾਯੋਥ
- ਬਾਨੀ
- ਸਾਰਾਬਾਨੀ (ਥਾਰਾਬਾਨੀ )
- ਵਿੰਜਰਾਵਥ (ਬਰਿਜਾਵਥ )
- ਵਨਕਾਡੋਥ
- ਲੂਨਾਵਥ (ਨੂਨਾਵਥ )
- ਲੋਕਾਵਥ
- ਆਮਗੋਥ
- ਗੋਰਾਮ (ਗੋਰਾਮੋ )
ਸੱਤ ਪੁੱਤਰ ਰਠੌਰ (ਸਤ ਗੋਤ ਰਠੌਰ) ਇਸ ਤਰਾਂ ਨੇ :-
- ਅਲਨ
- ਬਲਨ
- ਮੇਹਨ
- 5 ਧਰਮਸੀ (ਧਰਮਸੋਥ)
- ਮੁਛਾਲ
- ਚੀਨਾ ਰਨੇਰ
- ਗੋਲੀ (ਗੋਲਾਨੀ, ਹੋਲਾਨੀ, ਮੌਲਾਨੀ)
ਛੇ ਪੁੱਤਰ ਚੌਹਾਨ ਦੇ (ਛੇ ਗੌਤ ਚੌਹਾਨ) ਇਸ ਤਰਾਂ ਨੇ :-
- ਮੂਡ
- ਸਾਬਾਵਥ
- ਲਾਵਾਦੀਆਂ
- ਕੋਰਾ (ਕੁਰਹਾ ਦਿੱਲੀ ਵਿਚ )
- ਕੀਲੋਥ
- ਪਾਲਥੀਆ
ਦੰਤ ਕਥਾਵਾਂ ਤੋਂ ਪਤਾ ਲਗਦਾ ਹੈ ਕਿ ਜਦੋਂ ਰਾਧਾ ਅਤੇ ਮੇਲਾ ਦੇ ਪਾਲਤ ਪੁੱਤਰ ਪ੍ਰਮਾਰ, ਰਠੌਰ ਅਤੇ ਚੌਹਾਨ ਜਵਾਨ ਹੋਏ ਤੇ ਰਾਧਾ ਅਤੇ ਮੌਲਾ ਨੇ ਉਨ੍ਹਾਂ ਦਾ ਵਿਆਹ ਇਕ ਸਾਹੂ (ਸੁਖਦੇਵ ਬ੍ਰਾਹਮਣ) ਦੀਆਂ ਤਿੰਨ ਜਵਾਨ ਬੇਟੀਆਂ ਨਾਲ ਕਰ ਦਿੱਤਾ ਅਤੇ ਉਨ੍ਹਾਂ ਤੋਂ ਹੀ ਉਪਰੋਕਤ 12 ਪੁੱਤਰ ਪ੍ਰਮਾਰ ਦੇ 7 ਪੁੱਤਰ ਰਠੌਰ ਦੇ ਅਤੇ 6 ਪੁੱਤਰ ਚੌਹਾਨ ਦੇ ਪੈਦਾ ਹੋਏ। ਵੰਸ ਵਾਧੇ ਵਾਸਤੇ ਇਨ੍ਹਾਂ ਤਿੰਨਾਂ ਪ੍ਰਮਾਰ, ਰਠੌਰ ਅਤੇ ਚੌਹਾਨ ਨੂੰ ਅਲੱਗ ਪ੍ਰੀਵਾਰ ਅਤੇ ਅਲੱਗ ਗੋਤ ਮੰਨਿਆ ਅਤੇ ਆਪਸ ਵਿਚ ਵਿਆਹ ਸੰਬਧਾਂ ਦੀ ਮਨਜੂਰੀ ਦਿੱਤੀ ਕਿਉਂ ਜੋ ਅਪਣੀ ਗੋਤ ਵਿਚ ਸ਼ਾਦੀ ਦੀ ਮਨਾਹੀ ਸੀ ਜਿਸ ਦਾ ਕਾਰਨ ਸੀ ਕਿ ਉਹ ਇਕ ਹੀ ਪੂਰਵਜ ਤੋਂ ਆਪਸ ਵਿਚ ਭੈਣ ਭਰਾ ਸਨ। ਮੁੱਡਲਾ ਸ਼ਾਦੀ ਸੰਬਧ ਤਿੰਨਾਂ ਭਰਾਵਾਂ ਦੀ ਉਲਾਦ ਤੇ ਗੋਤ ਦਾ ਦਾਇਰਾ ਜਾਂ ਗੋਤ ਥੱਲੇ ਦਿੱਤੇ ਹਨ। ਤੀਰ ਦਾ ਨਿਸ਼ਾਨ ਨਾਲ ਗੋਆਰ / ਵਣਜਾਰਿਆਂ ਦੀ ਬਰਾਦਰੀ ਦਾ ਆਪਸ ਵਿੱਚ ਲੈਣ-ਦੇਣ ਅਤੇ ਉਨ੍ਹਾਂ ਵਿਚ ਰਿਸਤੇ ਕਰਨ ਨੂੰ ਦਰਸਾਉਂਦਾ ਹੈ:-
12 ਪੁੱਤਰ – 7 ਪੁੱਤਰ
ਪ੍ਰਮਾਰ – ਰਠੌਰ
– 6 ਪੁੱਤਰ –
– ਚੌਹਾਨ –
ਰਾਧਾ ਅਤੇ ਮੋਲਾ ਨੇ ਪ੍ਰਮਾਰ, ਰਨੌਰ ਅਤੇ ਚੌਹਾਨ ਨੂੰ ਪਾਲਿਆ ਅਤੇ ਇਹ ਤੋਂ ਪੰਜੀ (25) ਗੋਤ ਵਧੇ। ਗੋਆਰ ਢਾਡੀਆਂ ਨੇ ਇਨ੍ਹਾਂ ਨੂੰ ਪੰਚ ਚੋਲਾ ਪੰਚੀਸ ਨਾਥ ਉਸ ਸਮੇਂ ਕਿਹਾ। ਇਥੇ ਨਾਥਾ ਦਾ ਮਤਲਬ ਵਿਆਹ ਸੰਬੰਧ ਹੈ। ਇਨ੍ਹਾਂ ਮੁੱਢਲੇ ਪੰਜੀ (25) ਅਲੱਗ ਖੰਡ ਜਾਂ ਅਲੱਗ ਵਰਗ ਨੂੰ ਰਿਵਾਜ ਵਿਚ ਗੋਤ ਜਾਂ ਗੋਤਰਾ ਕਿਹਾ ਗਿਆ।
ਵੜਤੀਆ (ਬੜਤੀਆਂ) ਗੋਤ ਦਾ ਮੁੱਢ :-
ਗੋਆਰ ਵਣਜਾਰਿਆਂ ਦੇ ਢਾਡੀਆਂ ਦੀਆਂ ਕਥਾਵਾਂ ਅਨੁਸਾਰ ਇਹ ਕਿਹਾ ਜਾਂਦਾ ਹੈ ਕਿ ਰਠੌਰ, ਪ੍ਰਮਾਰ, ਚੌਹਾਨ ਨੇ ਸਦ ਗੁਰੂ ਗੋਸਾਈ ਬਾਵਾ ਦੇ ਆਸ਼ਰਮ ਤੋਂ ਆਪਣੇ ਸਸੁਰ ਸੁਖਦੇਵ ਮੁਨੀ ਦੀ ਜਾਮਨੀ ਤੇ ਤਿੰਨ ਥੈਲੇ ਧਨ ਦਾ ਕਰਜਾ ਲਿਆ ਸੀ ਜਿਸ ਨਾਲ ਉਨ੍ਹਾਂ ਨੇ ਆਪਣੇ ਲਦਨੀ ਬਲਦ ਅਤੇ ਦੂਸਰੀਆਂ ਸਾਰੀਆਂ ਚੀਜਾਂ ਜੋ ਵਿਉਪਾਰ ਵਾਸਤੇ ਜਰੂਰੀ ਸਨ, ਖਰੀਦੀਆਂ ਅਤੇ ਤਿੰਨ ਪੁਸ਼ਤਾਂ ਤਕ ਸਦ ਗੁਰੂ ਗੋਸਾਈ ਬਾਵਾ ਦਾ ਕਰਜਾ ਵਾਪਸ ਨਾ ਕਰ ਸਕੇ। ਸੁਖਦੇਵ ਬ੍ਰਾਹਮਣ ਦਾ ਦਿਹਾਂਤ ਹੋ ਗਿਆ। ਉਸ ਦਾ ਪੜਪੋਤਾ ਪਰਸੂਰਾਮ ਵੱਡਾ ਹੋ ਗਿਆ ਸੀ। ਸਦ ਗੁਰੂ ਮੱਠ ਦੇ ਮਾਲਕ ਕਰਜ਼ਾ ਵਾਪਸ ਦਿਵਾਉਂਣ ਵਾਸਤੇ ਜ਼ੋਰ ਦੇ ਰਹੇ ਸਨ। ਇਸ ਲਈ ਪਰਸੂਰਾਮ ਗੋਆਰ/ਵਣਜਾਰਿਆਂ ਕੋਲ ਗਿਆ ਅਤੇ ਆਸ਼ਰਮ ਦਾ ਕਰਜ਼ਾ ਵਾਪਸ ਕਰਨ ਲਈ ਕਿਹਾ। ਗੋਆਰ ਇਹ ਹੀ ਕਹਿੰਦੇ ਰਹੇ ਕਿ ਉਹ ਕਰਜ਼ਾ ਵਾਪਸ ਕਰ ਦੇਣਗੇ। ਇਕ ਦਿਨ ਪਰਸੂਰਾਮ ਗੋਆਰ/ਵਣਜਾਰਿਆਂ ਦੇ ਡੇਰੇ ਗਿਆ ਅਤੇ ਜਿੱਦ ਕੀਤੀ ਕਿ ਉਹ ਕਰਜਾ ਵਾਪਸ ਕਰ ਦੇਣ, ਨਹੀਂ ਤਾਂ ਗੁਰੂ ਉਨ੍ਹਾਂ ਨੂੰ ਸਰਾਪ ਦੇ ਦੇਵੇਗਾ ਪਰ ਗੋਆਰਾਂ ਨੇ ਕੁਝ ਹੋਰ ਸਮੇਂ ਵਾਸਤੇ ਕਿਹਾ ਅਤੇ ਪਰਸੂਰਾਮ ਨੂੰ ਭੋਜਨ ਕਰਨ ਵਾਸਤੇ ਬੇਨਤੀ ਕੀਤੀ। ਪਰਸੂਰਾਮ ਨੇ ਕਿਹਾ ਜਦੋਂ ਤਕ ਤੁਸੀਂ ਕਰਜ਼ਾ ਵਾਪਸ ਨਹੀਂ ਕਰਦੇ, ਮੈਂ ਨਾ ਤਾਂ ਭੋਜਨ ਕਰਾਂਗਾ ਨਾ ਹੀ ਪਾਣੀ ਪੀਵਾਂਗਾ। ਗੋਆਰ/ਵਣਜਾਰਿਆਂ ਨੇ ਉਸ ਦੇ ਅਰਾਮ ਵਾਸਤੇ ਟਾਂਡੇ ਵਿਚ ਵੱਖਰੀ ਛੰਨ ਵਿਚ ਪ੍ਰਬੰਧ ਕੀਤਾ। ਗੋਆਰ/ਵਣਜਾਰਿਆਂ ਨੇ ਝਰਪਾਲਾ ਪ੍ਰਮਾਰ ਦੀ ਜਵਾਨ ਸੋਹਣੀ ਕੁੜੀ ਜਿਸ ਦਾ ਨਾਂ ਹੰਸਕੀ ਸੀ, ਨੂੰ ਖਾਣਾ ਦੇ ਕੇ ਭੇਜਿਆ। ਹੰਸਕੀ ਦੇ ਪਿਆਰ ਨਾਲ ਕਹਿਣ ਤੇ ਪਰਸੂਰਾਮ ਨੇ ਨਾ ਕੇਵਲ ਖਾਣਾ ਹੀ ਖਾਧਾ, ਸਗੋਂ ਹੰਸਕੀ ਨਾਲ ਪਿਆਰ ਕਰ ਬੈਠਾ। ਜਦੋਂ ਇਸ ਪਿਆਰ ਦਾ ਪਤਾ ਗੋਆਰ/ਵਣਜਾਰਿਆਂ ਨੂੰ ਲੱਗਾ ਤਾਂ ਉਹ ਪਰਸੂ ਰਾਮ ਨੂੰ ਬੁਰਾ ਭਲਾ ਕਹਿਣ ਲੱਗੇ। ਇਸ ਤੇ ਪਰਸੂਰਾਮ ਨੇ ਗੋਆਰ/ਵਣਜਾਰਿਆਂ ਨੂੰ ਬੇਨਤੀ ਕੀਤੀ ਕਿ ਉਹ ਉਸ ਦੀ ਬੇਇਜ਼ਤੀ ਨਾ ਕਰਨ, ਅੱਗੇ ਤੋਂ ਉਹ ਕਰਜਾ ਵਾਪਸ ਕਰਨ ਵਾਸਤੇ ਨਹੀਂ ਕਹੇਗਾ। ਪਰਸੂਰਾਮ ਹੰਸਕੀ ਨਾਲ ਸ਼ਾਦੀ ਕਰਨ ਵਾਸਤੇ ਰਾਜੀ ਹੋ ਗਿਆ। ਇਸ ਤੇ ਗੋਆਰ/ਵਣਜਾਰਿਆਂ ਨੇ ਪਰਸੂਰਾਮ ਨੂੰ ਇਸ ਤਰਾਂ ਮੁਆਫ ਕਰ ਦਿੱਤਾ, ਜਿਸ ਤਰਾਂ ਉਹ ਉਨ੍ਹਾਂ ਦਾ ਰਿਸ਼ਤੇਦਾਰ ਹੋਵੇ ਤੇ ਹੰਸਕੀ ਦੀ ਸ਼ਾਦੀ ਪਰਸੂਰਾਮ ਨਾਲ ਕਰ ਦਿੱਤੀ। ਸਮੇਂ ਨਾਲ ਹੰਸਕੀ ਗਰਭਵਤੀ ਹੋ ਗਈ ਅਤੇ ਉਸ ਨੇ ਪੁੱਤਰ ਨੂੰ ਜਨਮ ਦਿੱਤਾ। ਗੋਆਰ/ਵਣਜਾਰਿਆਂ ਦੀ ਪੰਚਾਇਤ ਬੱਚੇ ਦਾ ਗੋਤ੍ਰ ਮਿਥਨ ਵਾਸਤੇ ਅਤੇ ਮਾਮਲੇ ਨੂੰ ਖਤਮ ਕਰਨ ਵਾਸਤੇ ਬੋਹੜ ਦੇ ਦਰਖਤ (ਬੋਹੜ/ਵਧਰੋ ਝਾੜ) ਹੇਠ ਇਕੱਠੀ ਹੋਈ। ਕਿਹਾ ਜਾਂਦਾ ਹੈ ਕਿ ਕੈਲੋਥ ਚੌਹਾਨ ਪੰਚਾਇਤ ਇੱਕਠੀ ਕਰਨ ਵਿਚ ਅੱਗੇ ਸੀ। ਵਿਲਾਸਵਥ ਪ੍ਰਮਾਰ ਫੈਸਲੇ ਦੇ ਮੁਖੀ ਵੱਜੋ ਬੈਠਾ। ਜਦੋਂ ਪੰਚਾਇਤ ਸੱਦੀ ਤਾਂ ਰਾਠੌਰ ਗੋਤ ਟਾਂਡੇ ਵਿਚ ਹਾਜਰ ਨਹੀਂ ਸੀ, ਇਸ ਲਈ ਪੰਚਾਇਤ ਵਿਚ ਇਕ ਘਾਹ ਦਾ ਪੂਲਾ ਰੱਖ ਦਿੱਤਾ ਤੇ ਉਸ ਤੇ ਪੱਗ ਰੱਖ ਦਿੱਤੀ। ਇਕ ਆਦਮੀ ਘਾਹ ਦੇ ਪੂਲੇ ਦੇ ਪਿੱਛੋਂ ਰਠੌਰ ਵੱਲੋਂ ਬੋਲਣ ਲਈ ਅਤੇ ਮਾਮਲੇ ਦੇ ਫੈਸਲੇ ਵਾਸਤੇ ਰਜਾਮੰਦੀ ਦੇਣ ਵਾਸਤੇ ਬਿਠਾਇਆ ਗਿਆ, ਇਸ ਲਈ ਕਿਹਾ ਜਾਂਦਾ ਕਿ ਭੂਕੀਆ ਵੀ ਪੰਚਾਇਤ ਵਿਚ ਹਾਜਰ ਸੀ।
ਖਾਦਰ ਪੂਲੀਆ ਉਬਾਰ ਕਾਦਨ ਉਪਰ ਪਗੜੀ ਮੇਲਨ।
ਪੂਲੀਆ ਪੰਚੀਸ ਹੁਨਕਾਰਾ ਭਰੀਆ ਕਾਛ।
ਪਰ ਉਸ ਸਮੇਂ ਭੂਕੀਆ ਗੋਤ ਰਠੌਰ ਵਿਚੋਂ ਕੋਈ ਨਹੀਂ ਸੀ ਜਿਸ ਤਰਾਂ ਖਨਡੋਬਾ ਨੇ ਅਪਣੀ ਡਾਕਟਰੇਟ ਥੀਸਸ ਵਿਚ ਕਿਹਾ ਹੈ, ‘ਇਸ ਸਬੰਧ ਵਿਚ ਇਹ ਕਿਹਾ ਹੈ ਕਿ ਝਾਗਾਦੋ ਝਾਰਪਾਲੇਰੋ, ਸਭਾ ਕਲੋਥੋਰੇ,ਮਾਥਰੋ ਮੋਦੀਰੋ,ਵਥ ਵਲਾਸਥੇਰੋ ‘ਕਿਉਂਕਿ ਹੰਸਕੀ ਨੇ ਬੋਹੜ ਦੇ ਦਰਖਤ (ਵਧਰੋ ਝਾੜ ਗੋਆਰ / ਵਣਜਾਰੀ ਭਾਸ਼ਾ ਵਿਚ) ਉਡਦੇ ਪੱਤਿਆਂ ਵਾਲਾ ਅਤੇ ਕਿਉਂਕਿ ਕਾਂ ਪੰਚਾਇਤ ਉੱਤੇ ਉਡਿਆ (ਗੋਆਰ / ਵਣਜਾਰੀ ਭਾਸ਼ਾ ਵਿਚ ਕਾਗਲਾ ਵਾਦਗੋ) ਗੋਆਰੀ / ਵਣਜਾਰੀ ਬੋਲੀ ਵਿਚ ਵਾਦ ਦਾ ਮਤਲਬ ਉਡਣਾ, ਵਾਦਰ ਝਾੜ ਦਾ ਮਤਲਬ ਬੋਹੜ ਦਾ ਦਰਖਤ। ਇਸ ਲਈ ਬੱਚੇ ਦਾ ਗੋਤ ਵੜਤੀਆ (ਬੜਤੀਆ) ਰਖਿਆ ਗਿਆ। ਬੱਚੇ ਦਾ ਪਿਤਾ ਬ੍ਰਾਹਮਣ ਹੋਣ ਕਰਕੇ ਇਸ ਦਾ ਗੋਤ ਯਾਦਵ ਕਿਹਾ ਗਿਆ। ਪਰਸੂਰਾਮ ਦੀ ਹੰਸਕੀ ਨਾਲ ਸ਼ਾਦੀ ਹੋ ਗਈ ਇਸ ਲਈ ਪਰਸੂਰਾਮ ਵਣਜਾਰਿਆ ਦੇ ਟਾਂਡੇ ਵਿਚ ਹੀ ਵਸ ਗਿਆ ਅਤੇ ਵੜਤੀਆ ਗੋਤ ਦਾ ਵੱਡਾ ਵੱਡੇਰਾ ਕਹਾਇਆ। ਉਨ੍ਹਾਂ ਦੇ ਹੇਠ ਲਿਖੇ ਬਾਰਾਂ ਪੁੱਤਰ ਹੋਏ :-
ਬਾਵਨ ਪਾਡਾ ਵੜਤੀਆ :-
- ਬਾਡਾ (ਬਾਡਾਵਥ)
- ਲਾਖਾ (ਲਾਖਾਵਥ )
- ਧਾਰਾ (ਧਾਰਾਵਥ )
- ਹਾਲਾ (ਹਾਲਾਵਥ )
- ਭਰੋਥ
- ਅਜਮੇਰਾ
- ਬੋਡਾ (ਬੋਡਾਵਥ)
- ਲੂਨਾ (ਲੂਨਾਵਥ)
- ਘੁਗਾਲ (ਘੁਗਲੋਥ)
- ਖਨਾਸੀ (ਖੁਨਾਸਾਦ)
- ਮਾਲੋਥ (ਮਾਲਾਵਥ)
- ਥੀਰਾ (ਥੀਰਾਵਥ)
ਦੱਖਣੀ ਭਾਰਤ ਵਿਚ ਵੜਤੀਆ ਦੇ ਉਪ ਗੋਤ (ਪਾਡਾ) ਇਸ ਤਰ੍ਹਾਂ ਹਨ
- ਕਾਨਾ ਵਥ
- ਨਾਰਾਨਾ ਵਥ
- ਦੋਲਾ ਵਥ
- ਧਰਮਾ ਵਥ
- ਚਿਤਰਾ ਵਥ
- ਲਾਲਾ ਵਥ
- ਕੇਮਾ ਵਥ
- ਮੂਸਾ ਵਥ
- ਨਾਥਾ ਵਥ
- ਤਿਕੋਰਾ ਵਥ
- ਬਿਦਾਨੋ
- ਲੋਗਾਲਾ
- ਝੰਨਡਵਾਨੋ
- ਨਾਂਬਾਪੋਥਾ
ਬ੍ਰਾਹਮਣ ਪਾਡਾ ਦਾ ਗੋਆਰ / ਵਣਜਾਰਿਆਂ ਵਿਚ ਮਤਲਬ ਹੈ ਬ੍ਰਾਹਮਣ ਗੋਤਰਾ (ਗੋਤ)। ਗੋਆਰ / ਵਣਜਾਰਿਆਂ ਵਿਚ ਬ੍ਰਾਹਮਣ ਪ੍ਰੋਹਤ ਦੀ ਗੈਰਹਾਜ਼ਰੀ ਵਿਚ ਇਸ ਗੋਤ ਵਿਚੋਂ ਕੋਈ ਆਦਮੀ ਪ੍ਰੋਹਤ ਦਾ ਕੰਮ ਕਰਦਾ ਸੀ। ਮੈਂ ਇਸ ਬਾਰੇ ਵੜਤੀਆ ਗੋਆਰਾਂ ਦੇ ਸਿਆਣੇ ਆਦਮੀਆਂ ਨਾਲ ਵਿਚਾਰ ਕੀਤਾ ਜੋ ਇਸ ਨੂੰ (ਬ੍ਰਾਹਮਣ ਗੋਤਰਾ ਅਤੇ ਲੋੜ ਪੈਣ ਤੇ ਪ੍ਰੋਹਤ ਦੇ ਕੰਮ ਨੂੰ ਸਹੀ ਦਸਦੇ) ਭਾਵੇਂ ਉਨ੍ਹਾਂ ਨੂੰ ਬੋਹੜ ਹੇਠ ਵੜਤੀਆ ਗੋਤ ਵਾਸਤੇ ਹੋਈ ਪੰਚਾਇਤ ਦਾ ਨਹੀਂ ਪਤਾ ਪਰ ਫਿਰ ਵੀ ਵੜਤੀਆ ਗੋਤ ਨੂੰ ਬੋਹੜ ਰਾਜਾ ਕਰਕੇ ਸੰਬੋਧਨ ਕੀਤਾ ਜਾਂਦਾ ਹੈ। ਗੋਕਲ ਦਾਸ ਸੁਆਮੀ ਜੀ ਵੜਤੀਆਂ ਬਾਰੇ ਆਪਣੀ ਕਿਤਾਬ ਬਣਜਾਰਾ ਭਾਸਕਰ ਦੇ ਪੰਨਾ 48 ਤੇ ਲਿਖਦੇ ਹਨ:
‘ਧਦੂ ਤੋਂ 13 ਪੀੜੀਆਂ ਬਾਅਦ ਬਹਰਛ ਨਾਂ ਦੇ ਪਰਸ਼ੋਤਮ ਪੰਡੇ (ਬਾਬ ਬ੍ਰਾਹਮਣ) ਦਾ ਪੁੱਤਰ ਬਨਜਾਰਾ ਹੋ ਗਿਆ ਜਿਸ ਨੂੰ ਵੜਤੀਆ ਕਹਿੰਦੇ ਹਨ। ਯਦੂ ਤੋਂ ਯਦੂਵੰਸ਼ ਚਲਿਆ। ਆਦ ਨਰਾਇਣ ਦੇ ਬ੍ਰਹਮਾ, ਬ੍ਰਹਮਾ ਦੇ ਅੱਤਰੀ, ਅੱਤਰੀ ਦੇ ਸਮੁੰਦਰ, ਸਮੁੰਦਰ ਦੇ ਸੋਮ (ਇਸ ਤੋਂ ਚੰਦਰ ਵੰਸ਼ ਚਲਿਆ), ਸੋਮ ਦੇ ਬ੍ਰਿਹਸਪਤੀ, ਬ੍ਰਿਹਸਪਤੀ ਦੇ ਬੁਧ, ਬੁਧ ਦੇ ਪੁਰਖਾ, ਪੁਰਖਾ ਦੇ ਆਯੂ, ਆਯੂ ਦੇ ਨਹੁਛ, ਨਹੁਛ ਦੇ ਯਯਾਤੀ, ਯਯਾਤੀ ਦੇ ਤਿੰਨ ਪੁੱਤਰ ਹੋਏ :-
- ਯਦੂ
- ਪੂਰੂ
- ਉਰਸ
ਪੂਰੂ ਦੇ ਜਨਮੇਜਾ ਹੋਇਆ। ਯਦੂ ਦੇ 13 ਪੀੜੀਆਂ ਬਾਅਦ ਬਹਰਛ ਦੇ ਵੜਤੀਆ ਪੈਦਾ ਹੋਇਆ। ਵੜਤੀਆ ਦੇ ਤਿੰਨ ਪੁੱਤਰ ਹੋਏ :-
- ਖੇਤਜੀ
- ਘੇਤ ਜੀ
- ਨੇਤਜੀ
ਖੇਤਜੀ ਦੇ ਚਾਰ ਪੁੱਤਰ :-
- ਲਾਖਾ
- ਲੂਣਾ
- ਭਰੋਤ
- ਜਠੋਤ
ਘੇਤ ਜੀ ਦੇ 6 ਪੁੱਤਰ ਹੋਏ :-
- ਮਾਲਾ
- ਬ੍ਰਾਹਮਾਵਤ
- ਭਰੋਤ
- ਗੁਗਲ
- ਬਾਦਾ
- ਬੋਢਾ (ਪਾਡਾ ਅੱਜਮੇਰਾ)
ਨੇਤਜੀ ਦੇ 3 ਪੁੱਤਰ ਹੋਏ :-
- ਤੇਜਾ
- ਹਾਲਾ
- ਖੁੱਦਸੀ
ਭੱਟ ਗ੍ਰੰਥਾਂ ਵਿਚ ਵੜਤੀਆਂ ਦੇ 52 ਪਾਡਾ ਇਸ ਤਰਾਂ ਹਨ :-
ਪ੍ਰਸ਼ੋਤਮ ਪੰਡੇ ਦੇ ਚਾਰ ਪਾਡੇ :-
- ਕਿਲਾਵਤ
- ਕਾਲਾਵਤ
- ਬ੍ਰਮਾਵਤ
- ਇਰਨਜਾਣੀ
ਜਨੌਤ ਦੇ 7 ਪੁੱਤਰ, ਭਰੋਤ ਦੇ 4 ਪੁੱਤਰ, ਕਿਣਸੋਤ ਦੇ 4 ਪੁੱਤਰ, ਖੇਤਾਵਤ ਦਾ 1 ਪੁੱਤਰ, ਧਨਕਾਵਤ ਦੇ 4 ਪੁੱਤਰ, ਧਾਰਾਵਤ ਦੇ 4 ਪੁੱਤਰ, ਹਾਲਾ ਦੇ 4 ਪੁੱਤਰ . ਖੁਦਸੀ ਦੇ 4 ਪੁੱਤਰ, ਬਾਣਾਵਤ ਦੇ 4 ਪੁੱਤਰ, ਬੋਡਾ ਦੇ 4 ਪੁੱਤਰ, ਲਾਖਾ ਦੇ 4 ਪੁੱਤਰ, ਲੂਣਾ ਦੇ 4 ਪੁੱਤਰ ਹੋਏ।
ਪ੍ਰਸ਼ੋਤਮ ਪੰਡੇ ਨੂੰ ਗੋਆਰ / ਵਣਜਾਰਾ ਬਨਾਉਣ ਦਾ ਕਾਰਣ ਸੁਆਮੀ ਗੋਕਲ ਦਾਸ ਅਪਣੀ ਕਿਤਾਬ ਬਣਜਾਰਾ ਭਾਸਕਰ ਵਿਚ ਪੰਨਾ 49,50 ਉਤੇ ਲਿਖਦਾ ਹੈ, ‘ਪ੍ਰਸ਼ੋਤਮ ਪੰਡੇ (ਬਾਬਾ ਬ੍ਰਾਹਮਣ) ਦਾ ਵੜਤੀਆ ਸੀ ਜਿਸ ਦਾ ਝਰਪਾਲਾ ਗੋਤਰ ਦੇ ਵਣਜਾਰੇ ਦੀ ਲੜਕੀ ਨਾਲ ਪਿਆਰ ਹੋ ਗਿਆ, ਅਤੇ ਰਾਜਾ ਭੋਜ ਨੇ ਉਸ ਨੂੰ 125 ਰੁਪਏ ਖਰਚ ਦੇ ਅਤੇ 18 ਰੁਪਏ ਜੁਰਮਾਨਾ ਕਰਕੇ ਉਸ ਨੂੰ ਵਣਜਾਰਾ ਬਣਾ ਲਿਆ। 18 ਰੁਪਏ ਜੁਰਮਾਨੇ ਦੇ ਇਸ ਤਰਾਂ ਰਸਮ ਦੇ ਤੌਰ ਤੇ ਵੰਡ ਲਏ :-
7 ਰੁਪਏ ਰਾਠੌਰ ਗੋਤ
6 ਰੁਪਏ ਚੌਹਾਨ ਗੋਤ
1 ਰੁਪਇਆ ਯਾਦਵ
1 ਰੁਪਇਆ ਤੁਰੀ
1 ਰੁਪਇਆ ਪਵਾਰ
1 ਰੁਪਇਆ ਗੁਰੂ
1 ਰੁਪਇਆ ਭਾਟ
18 ਰੁਪਏ ਇਸ ਤਰਾਂ ਪੰਚਾਇਤ ਵਿਚ ਰਸਮ ਅਨੁਸਾਰ ਵੰਡ ਕੇ ਉਸ ਨੂੰ ਵਣਜਾਰਾ ਬਣਾ ਲਿਆ। ਉਸ ਸਮੇਂ ਤੋਂ ਵੜਤੀਆ ਵਣਜਾਰਾ ਕਹਾਉਣ ਲਗਾ। ਪਰ ਇਹ ਵਿਚਾਰ ਸਹੀ ਨਹੀਂ ਲਗਣਾ। ਵਣਜਾਰਾ ਨਾਂ ਸਿਰਫ ਕੰਮ ਤੋਂ ਹੀ ਪਿਆ। ਵਣਜਾਰਾ ਵੀ ਜਦੋਂ ਆਪਣੇ ਆਪ ਨੂੰ ਗੋਆਰ ਕਹਾਉਂਦਾ ਹੈ ਤਾਂ ਵੜਤੀਆ ਨੂੰ ਵਣਜਾਰਾ ਬਨਾਉਣ ਦੀ ਗੱਲ ਸਹੀ ਨਹੀਂ ਲਗਦੀ ਕਿਉਂਕਿ ਵੜਤੀਆ ਗੋਆਰ ਸਮਾਜ ਦਾ ਹਿਸਾ ਹੈ। ਸੁਆਮੀ ਗੋਕਲ ਦਾਸ ਜੀ ਨੇ ਪਰਸ਼ੋਤਮ ਪੰਡਾ ਲਿਖਿਆ ਹੈ ਅਤੇ ਸ੍ਰੀ ਵਾਈ ਰੂਪਲਾ ਨਾਇਕ ਨੇ ਪਰਸੂਰਾਮ ਲਿਖਿਆ। ਸੁਆਮੀ ਗੋਕਲ ਦਾਸ ਨੇ ਇਹ ਵੀ ਨਹੀਂ ਦਸਿਆ ਕਿ ਪ੍ਰਸ਼ੋਤਮ ਪੰਡਾ ਵਣਜਾਰਿਆਂ ਵਿਚ ਕਿਸ ਕੰਮ ਆਇਆ ਸੀ। ਇਸ ਲਈ ਸ਼੍ਰੀ ਵਾਈ ਰੂਪਲਾ ਨਾਇਕ ਦੀ ਲਿਖਤ ਵਿਚ ਜਿਆਦਾ ਵਜਨ ਲਗਣਾ ਹੈ ਕਿਉਂ ਜੇ ਅੱਜ ਵੀ ਵੜਤੀਆਂ ਨੂੰ ਬੋਹੜ ਰਾਜਾ ਦੇ ਨਾਲ ਸੰਬੋਧਨ ਕੀਤਾ ਜਾਂਦਾ ਹੈ ਜੋ ਬੋਹੜ ਹੇਠ ਪੰਚਾਇਤ ਨੂੰ ਜਾਂ ਬੋਹੜ ਹੇਠ ਜਨਮ ਲੈਣ ਤੇ ਨਾਂ ਰਖਣ ਕਰਕੇ ਹੈ।
ਤੋਮਰ ਵੰਸ :-
ਸ਼੍ਰੀ ਵਾਈ ਰੂਪਲਾ ਨਾਇਕ ਅਪਣੀ ਕਿਤਾਬ ਕਲਰ ਫੁੱਲ ਵਣਜਾਰਾ ਵਿਚ ਤੋਂਮਰ (ਤੁਰੀ) ਵੰਸ ਦਾ ਕੋਈ ਜਿਕਰ ਨਹੀਂ ਕਰਦਾ। ਕੇਵਲ ਪ੍ਰਮਾਰ, ਰਠੌਰ, ਚੌਹਾਨ ਅਤੇ ਵੜਤੀਆ (ਯਾਦਵ) ਦਾ ਹੀ ਵਣਜਾਰਾ ਸਮਾਜ ਨਾਲ ਸਬੰਧ ਦਸਦੇ ਹਨ। ਸ੍ਰੀ ਵਾਈ ਰੂਪਲਾ ਨਾਇਕ ਅਪਣੀ ਕਿਤਾਬ ਦੇ ਪੰਨਾ 55 ਤੇ ਲਵਿਆਗੜ੍ਹ ਦੇ ਤਿੰਨ ਰਾਜਪੂਤ ਭਰਾ ਜਿਨ੍ਹਾਂ ਦੇ ਨਾਂ ਰਾਣਾ ਸਿੰਘ, ਮੋਤੀ ਸਿੰਘ ਅਤੇ ਮਾਨ ਸਿੰਘ ਸਨ। ਇਹ ਕਿਸ ਰਾਜਪੂਤ ਕੁੱਲ ਵਿਚੋਂ ਸਨ ਦੇ ਬਾਰੇ ਸ੍ਰੀ ਵਾਈ ਰੂਪਲਾ ਨਾਇਕ ਚੁੱਪ ਹੈ ਅਤੇ ਸਿਰਫ ਲਿਖਦਾ ਹੈ ਕਿ ਇਕ ਮੈਘਾਵਥ ਰਠੌਰ ਨੇ ਮਾਨ ਸਿੰਘ ਤੋਂ ਵਿਉਪਾਰ ਵਾਸਤੇ ਪੈਸੇ ਉਧਾਰ ਲਏ ਸਨ। ਮਾਨ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਖਾਮਦਾਰ ਸਿੰਘ, ਆਪਣੇ ਪਿਤਾ ਦੇ ਕਰਜੇ ਦੀ ਵਾਪਸੀ ਵਾਸਤੇ ਮੇਘਾਵਥ ਦੇ ਟਾਂਡੇ ਤੇ ਆਉਂਦਾ ਸੀ। ਉਸ ਨੇ ਉਥੇ ਇਕ ਸੋਹਣੀ ਕੁੜੀ ਦੇਖੀ, ਜਿਸ ਦਾ ਨਾਂ ਕਸਤੂਰੀ ਸੀ, ਜੋ ਰੂਪ ਗੋਗਮ ਪ੍ਰਮਾਰ ਦੀ ਕੁੜੀ ਸੀ, ਖਾਮਦਾਰ ਸਿੰਘ ਦਾ ਉਸ ਨਾਲ ਪਿਆਰ ਹੋ ਗਿਆ। ਖਾਮਦਾਰ ਸਿੰਘ ਨੇ ਮੇਘਾਵਥ ਨੂੰ ਜੋਰ ਦਿੱਤਾ ਕਿ ਉਹ ਉਸ ਦਾ ਵਿਆਹ ਕਸਤੂਰੀ ਨਾਲ ਕਰਵਾ ਦੇਵੇ ਅਤੇ ਉਹ ਵੀ ਵਣਜਾਰਿਆਂ ਦੇ ਟਾਂਡੇ ਵਿਚ ਵਸ ਜਾਵੇਗਾ। ਮੇਘਾਵਥ ਰਸੂਖ ਵਾਲਾ ਆਦਮੀ ਸੀ ਅਤੇ ਉਸ ਨੇ ਕਸਤੂਰੀ ਦਾ ਵਿਆਹ ਖਾਮਦਾਰ ਸਿੰਘ ਨਾਲ ਕਰਵਾ ਦਿੱਤਾ। ਪੰਚਾਇਤ ਵਿਚ ਮੇਘਾਵਥ ਨੇ ਜੋਰ ਦਿੱਤਾ ਕਿ ਖਾਮਦਾਰ ਸਿੰਘ ਨੂੰ ਉਸ ਦਾ ਭਰਾ ਮੰਨਿਆ ਜਾਵੇ ਅਤੇ ਉਸ ਨੂੰ ਰਠੌਰ ਗੋਤ ਵਿਚ ਮਿਲਾ ਲਿਆ ਜਾਵੇ, ਜਿਸ ਤੇ ਸਹਿਮਤੀ ਹੋ ਗਈ। ਕਸਤੂਰੀ ਨਾਲ ਵਿਆਹ ਉਪਰੰਤ ਖਾਮਦਾਰ ਸਿੰਘ ਦੇ ਹੇਠ ਲਿਖੇ ਸੱਤ ਪੁੱਤਰ ਹੋਏ :-
- ਰਾਮਸੀ (ਰਾਮਾਵਥ)
- ਵੁਦਸੀ (ਵੁਦਾਵਥ)
- ਕਰਮਸੀ (ਕਰਮਾਸੋਥ)
- ਧਰਨਾਸੀ (ਧਰਨਾਵਥ)
- ਪਾਥਾਲਸੀ (ਪਾਥਲੋਥ)
- ਥਿਨਸੀ (ਥਿਨਸੋਥ)
- ਦਿਵਸੀ (ਦੇਵਸੋਥ)
ਅਸੀਂ ਦੇਖਿਆ ਹੈ ਕਿ ਖਾਮਦਾਰ ਸਿੰਘ ਦਾ ਗੋਤ ਰਠੌਰ ਨਹੀਂ ਸੀ ਅਤੇ ਨਾ ਹੀ ਸ੍ਰੀ ਵਾਈ ਰੂਪਲਾ ਨਾਇਕ ਨੇ ਉਸ ਦੀ ਕੋਈ ਰਾਜਪੂਤ ਕੁਲ ਦਸੀ ਹੈ ਅਤੇ ਇਹ ਰਠੌਰ ,ਪ੍ਰਮਾਰ ,ਚੌਹਾਨ ਅਤੇ ਵੜਤੀਆ ਵੀ ਨਹੀਂ ਸੀ। ਸ੍ਰੀ ਗੋਕਲ ਦਾਸ ਸੁਆਮੀ ਨੇ ਆਪਣੀ ਕ੍ਰਿਤ ਬਣਜਾਰਾ ਭਾਸਕਰ ਵਿਚ ਸਫਾ 51 ਤੇ ਤੋਂਮਰ (ਤੁਰੀ) ਚੰਦਰਵੰਸੀ ਦਾ ਜਿਕਰ ਕੀਤਾ ਹੈ। ਉਸ ਅਨੁਸਾਰ ‘ਆਯੂ ਤੋਂ 16 ਪੀੜੀਆਂ ਬਾਅਦ ਬਹੁਗ ਤੋਂਮਰ ਬਣਜਾਰਾ ਹੋਇਆ ਜੋ ਤੁਰੀ ਕਹਾਉਂਦੇ ਸਨ।’ ਗੋਕਲ ਦਾਸ ਸੁਆਮੀ ਨੇ ਅੱਗੇ ਲਿਖਿਆ ਹੈ, ‘ਆਯੂ ਦੇ ਨਹੁਛ, ਨਹੁਛ ਦੇ ਯਯਾਤੀ, ਯਯਾਤੀ ਦੇ ਯਦੂ, ਪੁਰੂ ਅਤੇ ਤੁਰਵਸ਼ (ੳਰਸ) ਹੋਏ। ਯਦੂਦੇ ਚੌਥਾ ਪੁੱਤਰ ਕੋਛਕ ਸੀ। ਸ਼੍ਰੀ ਕ੍ਰਿਸ਼ਨ ਤਕ 51 ਪੀੜੀਆਂ ਅਤੇ ਪੁਰੂ ਦੇ ਪੁੱਤਰ ਜਨਮੇਜੇ ਤੋਂ ਪ੍ਰੀਕਸ਼ਤ (ਅਰਜੁਨ ਦੇ ਪੁੱਤਰ) ਤਕ 51 ਪੀੜੀਆਂ ਹੋਈਆਂ। ਕੋਛਟ ਤੋਂ ਭਾਟੀ ਅਤੇ ਜਨਮੇਜੇ ਤੋਂ ਤੋਂਮਰ ਹੋਏ। ਸੀ। ਗੋਕਲ ਦਾਸ ਸੁਆਮੀ ਵੀ ਤੋਂਮਰ ਵੰਸ ਬਾਰੇ ਜਿਆਦਾ ਨਹੀਂ ਲਿਖਦਾ ਅਤੇ ਨਾ ਹੀ ਉਸ ਦੇ ਪਾਡਿਆਂ ਬਾਰੇ ਕੋਈ ਰੋਸ਼ਨੀ ਪਾ ਰਿਹਾ। ਮੈਂ ਹਰਿਦੁਆਰ ਜਾ ਕੇ ਆਪਣੇ ਪੰਡਤ ਨੂੰ ਪੁੱਛਿਆ ਉਸ ਨੇ ਸਿਰਫ ਇਹ ਦਸਿਆ ਕਿ ਰੁਪਾਣਾ (ਵਲਜੋਤ, ਬਿਜਲੋਤ) ਤੋਂਮਰ ਰਾਜਪੂਤਾਂ ਦੇ ਪਾਡੇ ਵਿਚੋਂ ਹਨ।
ਪ੍ਰਮਾਰ, ਰਠੌਰ, ਚੌਹਾਨ ਅਤੇ ਵੜਤੀਆ ਯਾਦਵ ਦੇ ਪਾਡੇ ਬਾਰੇ ਅਸੀਂ ਪੜ੍ਹ ਹੀ ਲਿਆ ਹੈ, ਜਿਨ੍ਹਾਂ ਵਿਚੋਂ ਬਾਜ਼ੀਗਰ ਗੋਆਰਾਂ ਵਿਚ ਸਿਰਫ ਹੇਠ ਲਿਖੇ ਗੋਤ / ਪਾਡੇ ਹੀ ਸਾਹਮਣੇ ਆਏ ਅਤੇ ਪ੍ਰਚਲਤ ਹਨ :-
- ਪ੍ਰਮਾਰਾਂ ਵਿਚੋਂ ਵਿੰਜਰਾਵਤ।
- ਰਠੌਰਾਂ ਵਿਚੋਂ ਮੁਛਾਲ ਧਰਮਸੋਥ (ਧਰਮਸੋਤ) ਅਤੇ ਭੂਕੀਆ।
- ਚੌਹਾਨਾਂ ਵਿਚੋਂ ਕੁਰਾ (ਦਿੱਲੀ ਵਿਚ) ਨਾਂਮਸੋਤ ।
- ਯਾਦਵ ਵੜਤੀਆ, ਲਾਲਕਾ (ਮਰਾਠੀ ਵਿਚ ਲਾਲਾਵਥ)।
- ਤੋਂਮਰ (ਤੁਰੀ) ਵਿਚ ਰੁਪਾਣਾ (ਵਲਜੋਤ, ਬਿੰਜਲੋਥ) ।
1.ਬਾਬਾ ਹਾਥੀ ਰਾਮ ਜੀ :-
ਇਹ ਅਸਥਾਨ ਇਸ ਵੇਲੇ ਨਵਾਂ ਸ਼ਹਿਰ ਜ਼ਿਲੇ ਵਿਚ ਬੰਗੇ ਲਾਗੇ ਗੁਣਾਚੋਰ ਵਿਚ ਹੈ (ਜਿਸ ਦਾ ਪੁਰਾਣਾ ਨਾਂ ਧਾਰਾ ਨਗਰੀ ਦਸਦੇ ਹਨ, ਜੋ ਰਾਜੇ ਗੋਪੀ ਚੰਦ ਦੀ ਰਾਜਧਾਨੀ ਦਸੀ ਜਾਂਦੀ ਹੈ) ਬਾਬਾ ਹਾਥੀ ਰਾਮ ਜੀ ਜਿਨ੍ਹਾਂ ਦਾ ਅਸਲੀ ਨਾਂ ਆਸਾ ਰਾਮ ਜੀ ਸੀ, ਦੇਸ ਰਾਜ ਕੇ ਵਲਜੋਤ ਤੋਂਮਰ ਗੋਆਰ ਰਾਜਪੂਤ ਬੰਸ ਵਿਚੋਂ ਦਸੇ ਜਾਂਦੇ ਹਨ। ਆਪਣੇ ਕਬੀਲੇ ਨਾਲ ਉਨੇ ਦੀਆਂ ਪਹਾੜੀਆ ਤੋਂ ਇਥੇ ਆਏ। ਬਾਬਾ ਜੀ ਦੇ ਪ੍ਰੀਵਾਰ ਦੇ ਕਈ ਜੀਆਂ ਨੇ ਰਾਜੇ ਗੋਪੀ ਚੰਦ ਦੇ ਹਾਥੀਆਂ ਨੂੰ ਨਹਾਉਣ ਦੀ ਨੌਕਰੀ ਕਰ ਲਈ। ਉਹ ਇਕ ਇਕ ਕਰਕੇ ਹਾਥੀਆਂ ਨੂੰ ਨਦੀ ਤੇ ਲੈ ਕੇ ਜਾਂਦੇ ਅਤੇ ਨਹਾ ਕੇ ਵਾਪਸ ਲੈ ਆਉਂਦੇ। ਇਸ ਤਰਾਂ ਬਹੁਤ ਸਮਾਂ ਲਗਦਾ ਅਤੇ ਬਾਬਾ ਜੀ ਦੇ ਪ੍ਰੀਵਾਰ ਦੇ ਜੀਅ ਬਹੁਤ ਤਕਲੀਫ ਉਠਾਉਂਦੇ। ਬਾਬਾ ਆਸਾ ਰਾਮ ਜੀ ਨੇ ਇਹ ਕੰਮ ਆਪਣੇ ਜਿੰਮੇ ਲੈ ਲਿਆ ਅਤੇ ਹਾਥੀ ਨਹਾਉਂਦੇ ਰਹੇ। ਕਿਹਾ ਜਾਂਦਾ ਹੈ ਕਿ ਬਾਬਾ ਆਸਾ ਰਾਮ ਜੀ ਹਾਥੀ ਨੂੰ ਚੁੱਕ ਕੇ ਲੈ ਜਾਂਦੇ ਅਤੇ ਹਾਥੀ ਨੂੰ ਨਹਾ ਕੇ ਵਾਪਸ ਹਾਥੀਆਂ ਦੇ ਤਬੇਲੇ ਵਿਚ ਖੜਾ ਕਰ ਦਿੰਦੇ ਸਨ। ਚਰਚਾ ਚਲਦੀ ਚਲਦੀ ਰਾਜੇ ਗੋਪੀ ਚੰਦ ਕੋਲ ਪਹੁੰਚ ਗਈ। ਰਾਜੇ ਨੇ ਇਸ ਨੂੰ ਹੈਰਾਨੀ ਵਾਲੀ ਗਲ ਮੰਨਿਆ ਅਤੇ ਇਕ ਦਿਨ ਛੁਪ ਕੇ ਇਹ ਕੋਤਕ ਦੇਖਿਆ ਅਤੇ ਬਾਬਾ ਜੀ ਦੇ ਚਰਨੀ ਪੈ ਗਿਆ ਅਤੇ ਬਾਬਾ ਜੀ ਕੋਲੋਂ ਮੁਆਫੀ ਮੰਗੀ। ਇਸੇ ਦੰਤ ਕਥਾ ਅਨੁਸਾਰ ਬਾਬਾ ਜੀ ਨੇ 21 ਹਾਥੀ ਖੜੇ ਕਰਕੇ ਛਾਲ ਮਾਰੀ ਅਤੇ ਜਿਸ ਅਸਥਾਨ ਤੇ ਬਾਬਾ ਜੀ ਦਾ ਅੱਜ ਅਸਥਾਨ ਹੈ, ਉਥੇ ਪੰਹੁਚ ਗਏ ਅਤੇ ਬਾਬਾ ਹਾਥੀ ਰਾਮ ਕਹਿਲਾਏ। ਰਾਜੇ ਗੋਪੀ ਚੰਦ ਨੇ ਬਾਬਾ ਜੀ ਤੋਂ ਪ੍ਰਭਾਵਤ ਹੋ ਕੇ 12 ਖੇਤਾਂ ਦੀ ਜਗੀਰ ਬਾਬਾ ਜੀ ਦੇ ਨਾਂ ਕਰ ਦਿੱਤੀ। ਜੋ ਬਾਅਦ ਵਿਚ ਲੋਕਾਂ ਨੇ ਦੱਬ ਲਈ ਅਤੇ ਇਸ ਵੇਲੇ 10-12 ਕਨਾਲ ਜਮੀਨ ਹੀ ਬਾਬਾ ਜੀ ਦੇ ਮੰਦਰ ਨਾਲ ਹੈ । ਹਾਥੀਆਂ ਨੂੰ ਛਾਲ ਮਾਰ ਕੇ ਟੱਪਣ ਕਾਰਨ ਬਾਜ਼ੀਗਰ ਸਮਾਜ ਦਾ ਕੁਝ ਹਿਸਾ ਬਾਬਾ ਜੀ ਨੂੰ ਬਾਜ਼ੀ ਕਲਾ ਦਾ ਮੋਢੀ ਮੰਨਦਾ ਹੈ ਅਤੇ ਉਨ੍ਹਾਂ ਦੀ ਯਾਦ ਵਿਚ 3-5 ਹਾੜ ਨੂੰ ਭਾਰੀ ਮੇਲਾ ਲਗਦਾ ਹੈ। ਅੱਜ ਵੀ ਬਾਬਾ ਜੀ ਦੀ ਯਾਦ ਵਿਚ ਬਾਜ਼ੀ ਕਲਾ ਦੇ ਮੁਕਾਬਲੇ ਕਰਵਾਏ ਜਾਂਦੇ ਤੇ ਮੁਕਾਬਲਾ ਜਿੱਤਣ ਵਾਲੇ ਨੂੰ ਯੋਗ ਇਨਾਮ ਦਿੱਤਾ ਜਾਂਦਾ ਹੈ। ਭਾਵੇਂ ਬਾਬਾ ਜੀ ਬਾਰੇ ਕੋਈ ਲਿਖਤੀ ਇਤਿਹਾਸ ਨਹੀਂ, ਪੀੜੀ ਦਰ ਪੀੜੀ ਸੇਵਾਦਾਰ ਹੀ ਸੰਗਤਾਂ ਨੂੰ ਬਾਬਾ ਜੀ ਦੀ ਮਹਿਮਾ ਦੱਸਦੇ ਹਨ। ਮੈਂ ਵੀ ਮਹਿਮਾ ਭਗਤ ਭਜਨਾ ਰਾਮ ਕੋਲੋਂ ਸੁਣੀ। ਸੇਵਾਦਾਰ ਭਜਨਾ ਰਾਮ ਨਹੀਂ ਦਸ ਸਕਿਆ ਕਿ ਬਾਬਾ ਜੀ ਇਥੇ ਕਦੋਂ ਆਏ ਤੇ ਕਿੰਨਾ ਚਿਰ ਇਥੇ ਰਹੇ, ਨਾ ਹੀ ਸਬੂਤ ਵੱਜੋਂ ਕੋਈ ਕਾਗਜ਼, ਗ੍ਰੰਥ ਜਾਂ ਪੋਥੀ ਹੀ ਮਿਲੀ ਕਿ ਇਹ ਰਾਜੇ ਗੋਪੀ ਚੰਦ ਦੀ ਰਾਜਧਾਨੀ ਧਾਰਾ ਨਗਰੀ ਸੀ। ਮੇਰੇ ਅਨੁਸਾਰ ਧਾਰਾ ਨਗਰੀ ਮੱਧ ਪ੍ਰਦੇਸ਼ ਵਿਚ ਸੀ। ਰਾਜਾ ਗੋਪੀ ਚੰਦ ਬੰਗਾਲ ਦੇ ਗੋਰ ਪ੍ਰਦੇਸ ਵਿਚ ਹੋਇਆ। ਅੱਜ ਵੀ ਗੋਆਰ ਵਣਜਾਰੇ ਰਾਜੇ ਗੋਪੀ ਚੰਦ ਦੇ ਗੀਤ ਗਾਉਂਦੇ ਨੇ-
‘ਗੋਪੀ ਚੰਦਰੋ ਰਾਜਾ ਜੋਗ ਲਿੳ, ਗੋਪੀ ਚੰਦਰ ਰਾਜਾ ਰੀ ਮਾੜੀ ਹਵੇਲੀ, ਮਾੜੀ ਹਵੇਲੀ ਛੱਡ ਦਿਉ, ਗੋਪੀ ਚੰਦਰ ਰੋ ਰਾਜਾ ਜੋਗ ਲੀਓ’।
ਪ੍ਰਿਥਵੀ ਰਾਜ, ਕ੍ਰਿਤ ਸ੍ਰੀ ਗੋਗਾ ਪੁਰਾਣ (ਸਚਿਤਰਾ) ਦੇ ਗਿਆਰਵੇਂ ਅਧਿਆਏ (ਜਲੰਧਰ ਨਾਥ ਜੋਗੀ ਹੈਲਾਪਟਨ ਵਿਚ) ਕਿ ਜਲੰਧਰ ਨਾਥ ਘੁੰਮਦੇ ਘੁੰਮਾਂਦੇ ਰਾਜਾ ਗੋਪੀ ਚੰਦ ਦੇ ਗੌਰ ਬੰਗਾਲਾ ਪ੍ਰਦੇਸ਼ ਹੈਲਾ ਪੱਟਨ ਨਗਰੀ ਵਿਚ ਪਹੁੰਚ ਕੇ ਇਕਾਂਤ ਜਗ੍ਹਾ ਤੇ ਡੇਰਾ ਲਾਇਆ। ਰਾਜਾ ਗੋਪੀ ਚੰਦ ਯੁਵਕ ਰਾਜਾ ਸੀ ਅਤੇ ਉਸ ਦੇ ਪਿਤਾ ਦਾ ਨਾਂ ਰਾਜਾ ਤ੍ਰਿਲੋਚਨ ਚੰਦ ਅਤੇ ਮਾਤਾ ਦਾ ਨਾਂ ਰਾਣੀ ਮੈਨਾਵਤੀ ਸੀ। ਇਸ ਦੀ ਪੁਸ਼ਟੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਿੱਧ ਗੋਸ਼ਟ ਤੋਂ ਹੁੰਦੀ ਹੈ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਧਾਂ ਨੂੰ ਮਿਲੇ ਰਾਜਾ ਗੋਪੀ ਚੰਦ ਸਿੱਧਾਂ ਨਾਲ ਸੀ। ਰਾਜਾ ਗੋਪੀ ਚੰਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਹਨ, ਇਸ ਲਈ ਇਹ ਕਹਿਣਾ ਕਿ ਗੋਪੀ ਚੰਦ ਇਸ ਗੁਣਾਚੌਰ (ਧਾਰਾ ਨਗਰੀ) ਦਾ ਰਾਜਾ ਸੀ ਸਹੀ ਨਹੀਂ ਜਾਪਦਾ।
ਮੈਨੂੰ ਗੁਣਾਚੌਰ ਕਿਲ੍ਹੇ ਬਾਰੇ ਖੋਜ ਕਰਨ ਤੇ ਪਤਾ ਲੱਗਿਆ ਕਿ ਇਹ ਕਿਲ੍ਹਾ ਅਤੇ ਉਨੇ ਦਾ ਕਿਲ੍ਹਾ ਸਾਹਿਬ ਸਿੰਘ ਬੇਦੀ ਦੇ ਪੁਰਖਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਜਾਗੀਰ ਵੱਜੋਂ ਦਿੱਤਾ ਸੀ। ਮੈਂ ਬੇਦੀ ਕਲਾਥ ਹਾਊਸ ਨਵਾਂ ਸ਼ਹਿਰ ਗਿਆ ਅਤੇ ਇਸ ਦੇ ਮਾਲਿਕ ਸਰਦਾਰ ਜਸਪਾਲ ਸਿੰਘ ਬੇਦੀ ਨੂੰ ਮਿਲਿਆ। ਉਸ ਦੇ ਦਸਣ ਅਨੁਸਾਰ ਇਹ ਕਿਲ੍ਹਾ ਉਨ੍ਹਾਂ ਦੇ ਪ੍ਰੀਵਾਰ ਦੇ ਵੰਡੇ ਆਇਆ ਅਤੇ ਉਨੇ ਦਾ ਕਿਲ੍ਹਾ ਬਾਬਾ ਸਾਹਿਬ ਸਿੰਘ ਬੇਦੀ ਦੇ ਪ੍ਰੀਵਾਰ ਦੇ ਵੰਡੇ ਆਇਆ ਸਰਦਾਰ ਜਸਪਾਲ ਸਿੰਘ ਬੇਦੀ ਅਨੁਸਾਰ ਗੁਣਾਚੌਰ ਦਾ ਕਿਲ੍ਹਾ ਸਰਕਾਰੀ ਰਿਕਾਰਡ ਵਿਚ ਗੋਪੀ ਚੰਦ ਦਾ ਟਿੱਲਾ ਵੱਜਦਾ ਹੈ।
ਪਰਮ ਪੂਜਨੀਕ ਸੰਤ ਸ੍ਰੀ ਲਛਮਣ ਚੇਤੰਨਿਆ ਅਨੁਸਾਰ ਬਾਬਾ ਹਾਥੀ ਰਾਮ ਜੀ ਤਿਰੂਪਤੀ (ਕਰਨਾਟਕਾ) ਵਿਚ ਤਿਰੂਪਤੀ ਭਗਵਾਨ (ਬਾਲਾਜੀ) ਜਿਸ ਨੂੰ ਵਿਸ਼ਣੁ ਭਗਵਾਨ ਕਿਹਾ ਜਾਂਦਾ ਹੈ, ਨਾਲ ਰਾਤ ਦੇ ਸਮੇਂ ਚੱਪੜ ਖੇਡਦੇ ਸਨ। ਉਨ੍ਹਾਂ ਦੇ ਦੱਸਣ ਅਨੁਸਾਰ ਅੱਜ ਵੀ ਬਾਬਾ ਹਾਥੀ ਰਾਮ ਜੀ ਦਾ ਮੱਠ ਬਾਲਾ ਜੀ ਭਗਵਾਨ ਦੇ ਮੰਦਰ ਕੋਲ ਹੈ। ਸ੍ਰੀ ਵਾਈ ਰੂਪਲਾ ਨਾਇਕ ਨੇ ਅਪਣੀ ਕਿਤਾਬ ਕਲਰਫੁੱਲ ਵਣਜਾਰਾ (ਲਬਾਨੀ) ਟਰਾਈਬ ਥਰੂਦੀ ਏਜ਼ਿਜ਼ ਦੇ ਸਫਾ 221 ਤੇ ਲਿਖਿਆ ਹੈ, ‘ਤਿਰੂਪਤੀ ਕਰਨਾਟਕਾ ਵਿਚ ਇਕ ਵਣਜਾਰਾ ਸੰਤ ਹਾਥੀ ਰਾਮ ਬਾਬਾ ਹੋਇਆ, ਜੋ ਵੈਕੇਟਸ਼ਵਰ ਸਵਾਮੀ (ਬਾਲਾ ਜੀ) ਦਾ ਬਹੁਤ ਵੱਡਾ ਭਗਤ ਸੀ। ਕਿਹਾ ਜਾਂਦਾ ਹੈ ਕਿ ਭਗਵਾਨ ਬਾਲਾ ਜੀ ਉਨ੍ਹਾਂ ਨਾਲ ਰਾਤ ਦੇ ਸਮੇਂ ਚੱਸ (ਚੋਪੜ) ਖੇਡਦਾ ਸੀ। ਇਹ ਦੂਸਰੇ ਲੋਕਾਂ ਨੇ ਵੀ ਦੇਖਿਆ ਤੇ ਉਹ ਬਾਬਾ ਜੀ ਨੂੰ ਮਹਾਨ ਸੰਤ ਕਹਿਣ ਲੱਗ ਪਏ। ਮਹੰਤਾ ਮੱਠ ਬਿਲਡਿੰਗ ਮੰਦਰ ਦੇ ਲਾਗੇ ਬਾਬਾ ਹਾਥੀ ਰਾਮ ਜੀ ਦਾ ਸਥਾਨ ਹੈ ਬਾਲਾ ਜੀ ਹਜਾਰਾਂ ਵਣਜਾਰਿਆਂ ਦਾ ਦੱਖਣੀ ਭਾਰਤ ਵਿਚ ਪ੍ਰੀਵਾਰਕ ਦੇਵਤਾ ਹੈ।
ਇਕ ਦੂਸਰੀ ਦੰਤ ਕਥਾ ਅਨੁਸਾਰ ਸਹੰਸਰ ਮੱਲ ਰਿਸ਼ੀ ਹੋਇਆ ਹੈ, ਜਿਸ ਨੇ ਘੋਰ ਤਪਸਿਆ ਕਰ ਕੇ ਵਿਸ਼ਨੂੰ ਭਗਵਾਨ ਨੂੰ ਖੁਸ਼ ਕੀਤਾ ਅਤੇ ਵਰ ਲੈਣ ਵਾਸਤੇ ਜਦੋਂ ਭਗਵਾਨ ਵਿਸ਼ਨੂੰ ਨੇ ਸਹੰਸਰ ਮੱਲ ਨੂੰ ਕਿਹਾ ਤਾਂ ਉਸ ਨੇ ਭਗਵਾਨ ਵਿਸ਼ਨੂੰ ਦੀ ਗੱਦੀ ਮੰਗ ਲਈ ਬਚਨਾਂ ਵਿਚ ਬੱਧੇ ਹੋਣ ਕਰਕੇ ਭਗਵਾਨ ਵਿਸ਼ਨੂੰ ਨੇ ਅਪਣੀ ਗੱਦੀ ਸਹੰਸਰ ਮੱਲ ਰਿਸ਼ੀ ਨੂੰ ਦੇ ਦਿੱਤੀ। ਸਹੰਸਰ ਮੱਲ ਸੰਸਾਰ ਦੀ ਪਾਲਣਾ ਕਰਨ ਲਗਾ, ਕਿਉਂ ਜੋ ਭਗਵਾਨ ਵਿਸ਼ਨੂੰ ਦਾ ਕੰਮ ਸੰਸਾਰ ਦੀ ਪਾਲਣਾ ਕਰਨਾ ਸੀ ਅਤੇ ਹਰ ਇਕ ਜੀਵ ਨੂੰ ਰਿਜਕ ਦੇਣਾ ਸੀ ਜੋ ਭਗਵਾਨ ਬਿਨਾਂ ਭੇਦ ਭਾਵ ਅਤੇ ਨਿਯਮਤਾ ਨਾਲ ਚਲਾ ਰਿਹਾ ਸੀ, ਪਰ ਸੰਹਸਰ ਮੱਲ ਇਹ ਕੰਮ ਪੂਰੀ ਨਿਯਮਤਾ ਨਾਲ ਨਾ ਕਰ ਸਕਿਆ। ਜੀਵ ਜੰਤੂਆਂ ਨੇ ਭਗਵਾਨ ਵਿਸ਼ਨੂੰ ਕੋਲ ਪੁਕਾਰ ਕੀਤੀ ਪਰ ਭਗਵਾਨ ਵਿਸ਼ਨੂੰ ਨੇ ਆਪਣੇ ਦਿੱਤੇ ਬਚਨਾਂ ਕਰਕੇ ਲਾਚਾਰੀ ਦਿਖਾਈ। ਲੋਕਾਈ ਦੀ ਪੁਕਾਰ ਤੇ ਭਗਵਾਨ ਵਿਸ਼ਨੂੰ ਨੇ ਸਹੰਸਰਾ ਮੱਲ ਰਿਸ਼ੀ ਨੂੰ ਖੁਸ਼ ਕਰਨ ਵਾਸਤੇ, ਅਤੇ ਗੱਦੀ ਵਾਪਸ ਲੈਣ ਵਾਸਤੇ ਚਾਰ ਜਵਾਨ ਪ੍ਰਮਾਰ, ਰਠੌਰ, ਚੌਹਾਨ ਤੇ ਤੋਂਮਰ ਨੂੰ ਨਾਲ ਲਿਆ ਅਤੇ ਸਹੰਸਰਾ ਮੱਲ ਰਿਸ਼ੀ ਦੇ ਦਰਬਾਰ ਵਿਚ ਆਪਣਾ ਭੇਸ ਬਦਲ ਕੇ ਚਲਾ ਗਿਆ। ਰਿਸ਼ੀ ਨੇ ਪੁੱਛਿਆ ਤੁਸੀਂ ਕੀ ਚਾਹੁੰਦੇ ਹੋ, ਤਾਂ ਵਿਸ਼ਨੂੰ ਭਗਵਾਨ ਨੇ ਕਿਹਾ ਕਿ ਅਸੀ ਬਾਜੀਗਰ ਹਾਂ, ਕਲਾ ਦਿਖਾਉਣਾ ਚਾਹੁੰਦੇ ਹਾਂ ਆਗਿਆ ਦੇਵੋ। ਸਹੰਸਰ ਮੇਲ ਰਿਸ਼ੀ ਨੇ ਹਾਂ ਕਰ ਦਿੱਤੀ। ਭਗਵਾਨ ਵਿਸ਼ਨੂੰ ਨੇ ਆਪਣੇ ਚਾਰ ਜਵਾਨਾਂ ਨਾਲ ਅਜਿਹੀ ਕਲਾ ਦਿਖਾਈ ਕਿ ਰਿਸ਼ੀ ਖੁਸ਼ ਹੋ ਗਿਆ ਅਤੇ ਭਗਵਾਨ ਵਿਸ਼ਨੂੰ ਨੂੰ ਵਰ ਮੰਗਣ ਵਾਸਤੇ ਕਿਹਾ। ਭਗਵਾਨ ਵਿਸ਼ਨੂੰ ਨੇ ਰਿਸ਼ੀ ਕੋਲੋਂ ਇਕਰਾਰ ਲਿਆ ਕਿ ਜੋ ਮੰਗਾਂਗਾ ਦੇਵੇਗਾ ਤੇ ਭਗਵਾਨ ਵਿਸ਼ਨੂੰ ਨੇ ਰਿਸ਼ੀ ਸਹੰਸਰਾ ਮੱਲ ਕੋਲੋਂ ਫਿਰ ਗੱਦੀ ਮੰਗ ਲਈ ਤੇ ਆਪਣੇ ਅਸਲੀ ਰੂਪ ਵਿਚ ਆ ਗਿਆ। ਜਦ ਭਗਵਾਨ ਵਿਸ਼ਨੂੰ ਅਪਣੀ ਗੱਦੀ ਤੇ ਬੈਠਾ ਅਤੇ ਸਰਿਸ਼ਟੀ ਦੀ ਪਾਲਣਾ ਕਰਨ ਲੱਗਾ ਤਾਂ ਉਨ੍ਹਾਂ ਚਾਰ ਜਵਾਨਾਂ ਨੇ ਭਗਵਾਨ ਨੂੰ ਪੁੱਛਿਆ ਕਿ ਭਗਵਨ ਸਾਡਾ ਕੀ ਬਣੇਗਾ। ਵਿਸ਼ਨੂੰ ਭਗਵਾਨ ਨੇ ਵਰ ਦਿੱਤਾ ਕਿ ਜਿੱਥੇ ਤੁਸੀਂ ਬਾਜੀ ਦੀ ਕਲਾ ਦਿਖਾਵੋਗੇ ਵਾਹ ਵਾਹ ਖੱਟੋਗੇ। ਮੈਂ ਬਾਜੀ ਦੇਖਣ ਵਾਲਿਆਂ ਦੇ ਮਨਾਂ ਵਿਚ ਵੱਸ ਕੇ ਤੁਹਾਨੂੰ ਅੱਛਾ ਇਨਾਮ ਦਿਵਾਵਾਂਗਾ। ਬੱਸ ਫਿਰ ਕੀ ਸੀ। ਉਹ ਪਿੰਡ ਪਿੰਡ ਫਿਰਕੇ ਬਾਜੀ ਕਲਾ ਦਿਖਾਉਣ ਲੱਗੇ ਤੇ ਬਾਜੀਕਰ/ਬਾਜ਼ੀਗਰ ਕਹਿਲਾਏ। (ਕਿਸਨ ਸਿੰਘ ਧਰਮਸੋਤ, ਤਲਵੰਡੀ ਸਾਬੋ)
ਇਕ ਹੋਰ ਤੀਸਰੀ ਦੰਤ ਕਥਾ ਅਨੁਸਾਰ ਰਾਜਾ ਬਿਕਰਮਾਦਿਤ ਤੋਂ ਬਾਅਦ ਰਾਜਾ ਭੋਜ ਹੋਇਆ ਹੈ, ਉਹ ਆਪਣੇ ਆਪ ਨੂੰ 14 (ਚੌਦਾਂ) ਕਲਾਂ ਸੰਪੂਰਨ ਸਮਝਦਾ ਸੀ। ਜੋ ਵੀ ਉਸ ਦੇ ਰਾਜ ਦਰਬਾਰ ਵਿਚ ਆਪਣੀ ਕਲਾ/ਤਮਾਸ਼ਾ ਦਿਖਾਉਣ ਵਾਸਤੇ। ਆਉਂਦਾ ਤਾਂ ਰਾਜਾ ਭੋਜ ਉਸ ਨੂੰ ਕਹਿੰਦਾ ਕਿ ਉਸ ਨੂੰ 14 (ਚੌਦਾਂ) ਕਲਾਂ ਆਉਂਦੀਆਂ ਹਨ, ਜੇ ਕੋਈ ਨਵੀਂ ਕਲਾ ਦਿਖਾ ਸਕਦਾ ਹੈ ਦਿਖਾਓ। ਕਲਾ ਦਿਖਾਉਣ ਵਾਲਾ ਚੁੱਪ ਕਰਕੇ ਚਲਾ ਜਾਂਦਾ, ਇਸ ਤਰਾਂ ਕਈ ਵਾਰ ਹੋਇਆ। ਰਾਜ ਦਰਬਾਰੀ ਵੀ ਰਾਜੇ ਦੇ ਇਸ ਵਰਤਾਉ ਨਾਲ ਅੰਦਰੋਂ ਦੁਖੀ ਸਨ ਪਰ ਕੁਝ ਨਹੀਂ ਕਰ ਸਕਦੇ ਸਨ। ਇਕ ਦਿਨ ਬਾਂਕਾ ਸਿਉਂ ਨਾਂ ਦਾ ਇਕ ਵਿਅਕਤੀ ਅਪਣੀ ਘਰਵਾਲੀ ਨਾਲ ਰਾਜ ਦਰਬਾਰ ਵਿਚ ਆਇਆ ਤੇ ਅਪਣੀ ਕਲਾ ਦਿਖਾਉਣ ਦੀ ਇਜਾਜ਼ਤ ਮੰਗੀ। ਰਾਜੇ ਭੋਜ ਨੇ ਫਿਰ ਉਸ ਨੂੰ ਅਪਣੀ 14. (ਚੌਦਾਂ) ਕਲਾਂ ਦੀ ਗੱਲ ਕਹਿ ਕੇ ਮੋੜਨ ਦੀ ਕੋਸ਼ਿਸ਼ ਕੀਤੀ ਪਰ ਬਾਂਕਾ ਸਿਉਂ ਕਹਿਣ ਲੱਗਾ ਰਾਜਨ ਪਹਿਲਾ ਕਲਾ ਦੇਖ ਲਵੋ, ਜੇ ਤੁਹਾਡੀਆ 14 ਕਲਾਂ ਤੋਂ ਪੰਦਰਵੀਂ ਹੋਈ ਤਾਂ ਮੰਨ ਲੈਣਾ ਅਤੇ ਮੈਨੂੰ ਮੇਰਾ ਇਨਾਮ ਦੇ ਦੇਣਾ। ਰਾਜਾ ਭੋਜ ਮੰਨ ਗਿਆ ਤੇ ਦਰਬਾਰੀ ਵੀ ਖੁਸ਼ ਹੋ ਗਏ, ਕਿ ਚਲੋ ਕਲਾ ਦੇਖਣ ਵਾਸਤੇ ਮਿਲੇਗੀ । ਬਾਂਕਾ ਸਿਉਂ ਨੇ ਆਪਣੇ ਢੋਲ ਤੇ ਚੋਟ ਮਾਰੀ। ਬਾਂਕਾ ਸਿਉਂ ਨੇ ਕੱਚੇ ਧਾਗੇ ਦਾ ਗਲੋਟਾ ਕੱਢਿਆ ਤੇ ਇਕ ਤੰਦ ਨੂੰ ਆਪਣੇ ਪੈਰ ਥੱਲੇ ਦੱਬ ਕੇ ਪ੍ਰਮਾਤਮਾ ਦਾ ਸਿਮਰਣ ਕਰਕੇ ਧਾਗੇ ਦਾ ਗਲੋਟਾ ਉਪਰ ਵੱਲ ਉਛਾਲ ਦਿੱਤਾ। ਧਾਗੇ ਦਾ ਗਲੋਟਾ ਉਪਰ ਉਪਰ ਵੱਲ ਜਾਣ ਲੱਗਾ ਤੇ ਹੌਲੀ ਹੌਲੀ ਉਪਰਲਾ ਸਿਰਾ ਅਦ੍ਰਿਸ਼ ਹੋ ਗਿਆ। ਬਾਂਕਾ ਸਿਉਂ ਨੇ ਪ੍ਰਮਾਤਮਾ ਅਰਾਧ ਕੇ ਉਸ ਧਾਗੇ ਦੇ ਥੰਮ ਤੇ ਚੜਨਾ ਸ਼ੁਰੂ ਕੀਤਾ ਤੇ ਲੋਕਾਂ ਦੀਆਂ ਨਜਰਾਂ ਤੋਂ ਓਝਲ ਹੋ ਗਿਆ। ਬਾਂਕਾ ਸਿਉਂ ਦੀ ਔਰਤ ਢੋਲ ਵਜਾਉਂਦੀ ਰਹੀ, ਕੁਝ ਸਮੇਂ ਬਾਦ ਇਕ ਮਨੁਖੀ ਬਾਂਹ ਧਰਤੀ ਤੇ ਡਿੱਗ ਪਈ। ਇਸ ਤੇ ਬਾਕਾ ਸਿਉ ਦੀ ਔਰਤ ਨੇ ਕਿਹਾ ਕਿ ਉਸ ਦਾ ਮਰਦ ਅਸਮਾਨ ਵਿਚ ਯੁੱਧ ਕਰ ਰਿਹਾ ਹੈ। ਬਾਂਕਾ ਸਿਉਂ ਦੀ ਔਰਤ ਨੇ ਰਾਜੇ ਭੋਜ ਨੂੰ ਆਪਣੀਆਂ ਕਲਾਵਾਂ ਨਾਲ ਬਾਂਕਾਂ ਸਿਉਂ ਵਾਸਤੇ ਮਦਦ ਪਹੁੰਚਾਉਣ ਵਾਸਤੇ ਬੇਨਤੀ ਕੀਤੀ। ਇਸ ਤੇ ਰਾਜਾ ਭੋਜ ਨੇ ਕਿਹਾ ਇਹ ਕਿਸ ਤਰਾਂ ਹੋ ਸਕਦਾ ਹੈ ਕਿ ਮੈਂ ਅਸਮਾਨ ਵਿਚ ਫੌਜ ਭੇਜ ਦੇਵਾਂ। ਥੋੜ੍ਹੀ ਦੇਰ ਬਾਅਦ ਬਾਂਕਾ ਸਿਉਂ ਦੀ ਲੱਤ ਥੱਲੇ ਡਿੱਗੀ, ਫਿਰ ਸਿਰ ਅਤੇ ਅਖੀਰ ਵਿਚ ਬਾਂਕਾ ਸਿਉਂ ਦਾ ਧੱੜ ਵੀ ਧਰਤੀ ਤੇ ਡਿੱਗ ਪਿਆ। ਉਸ ਨੂੰ ਸ਼ਹੀਦ ਜਾਣਕੇ ਬਾਂਕਾ ਸਿਉਂ ਦੀ ਔਰਤ ਨੇ ਰਾਜੇ ਭੋਜ ਨੂੰ ਬੇਨਤੀ ਕੀਤੀ ਕਿ ਮੈਂ ਇਸ ਦੇ ਸਰੀਰ ਦੇ ਨਾਲ ਹੀ ਸਤੀ ਹੋਣਾ ਹੈ। ਰਾਜੇ ਭੋਜ ਨੇ ਬਾਂਕਾ ਸਿਉਂ ਦੀ ਲਾਸ਼ ਦਾ ਸਸਕਾਰ ਵਾਸਤੇ ਚਿਖਾ ਦਾ ਪ੍ਰਬੰਧ ਕੀਤਾ। ਬਾਂਕਾ ਸਿਉਂ ਦੀ ਔਰਤ ਵੀ ਲਾਸ਼ ਦੇ ਨਾਲ ਜਲ ਕੇ ਸਤੀ ਹੋ ਗਈ। ਉਸ ਦੀ ਢੋਲਕ ਇਕ ਮਰਾਸੀ ਲੈ ਗਿਆ। ਰਾਜਾ ਭੋਜ ਤੇ ਉਸ ਦੇ ਦਰਬਾਰੀ ਬਹੁਤ ਦੁਖੀ ਹੋਏ।
ਕੋਈ ਦੋ ਦਿਨ ਬੀਤੇ ਹੋਣਗੇ ਤਾਂ ਰਾਜਾ ਭੋਜ ਅਤੇ ਉਸ ਦੇ ਦਰਬਾਰੀ ਦੇਖ ਕੇ ਹੈਰਾਨ ਸੀ ਕਿ ਬਾਂਕਾ ਸਿਉਂ ਉਸੇ ਧਾਗੇ ਦੇ ਥੰਮ ਰਾਹੀਂ ਥੱਲੇ ਉਤਰ ਆਇਆ ਤੇ ਆਪਣੀ ਔਰਤ ਬਾਰੇ ਰਾਜੇ ਭੋਜ ਕੋਲੋਂ ਪੁੱਛਿਆ। ਰਾਜਾ ਭੋਜ ਬਹੁਤ ਹੈਰਾਨ ਹੋਇਆ ਕਿ ਬਾਂਕਾ ਸਿਉਂ ਜਿਉਂਦਾ ਹੈ ਪਰ ਉਸ ਦੀ ਔਰਤ ਲਾਸ਼ ਨਾਲ ਸੜ ਕੇ ਸਤੀ ਹੋ ਗਈ ਹੈ। ਰਾਜਾ ਭੋਜ ਸੋਚ ਵਿਚ ਪੈ ਗਿਆ। ਜਦ ਬਾਂਕਾ ਸਿਉਂ ਨੇ ਰਾਜੇ ਭੋਜ ਨੂੰ ਦੂਸਰੀ ਵਾਰੀ ਪੁੱਛਿਆ ਤਾਂ ਰਾਜੇ ਭੋਜ ਨੇ ਉਸ ਨੂੰ ਸਾਰੀ ਕਹਾਣੀ ਸੁਣਾਈ ਅਤੇ ਕਿਹਾ ਕਿ ਤੇਰੀ ਔਰਤ ਤੇਰੀ ਲਾਸ਼ ਨਾਲ ਸੜ ਕੇ ਸਤੀ ਹੋ ਗਈ। ਇਸ ਤੇ ਬਾਂਕਾ ਸਿਉਂ ਨੇ ਕਿਹਾ ਰਾਜਨ ਕਿਉਂ ਝੂਠ ਬੋਲਦਾ ਹੈ। ਤੇਰਾ ਮਨ ਮੇਰੀ ਔਰਤ ਤੇ ਆ ਗਿਆ, ਤੈਂ ਉਸ ਨੂੰ ਕੰਦ ਕਰ ਰਖਿਆ ਹੈ। ਰਾਜਾ ਭੋਜ ਬਾਂਕਾ ਸਿਉਂ ਨੂੰ ਕਹਿਣ ਲੱਗਾ ਕਿ ਦਰਬਾਰੀਆਂ ਦੇ ਸਾਹਮਣੇ ਤੇਰੀ ਔਰਤ ਸਤੀ ਹੋਈ ਹੈ। ਇਸ ਤੇ ਬਾਂਕਾ ਸਿਉਂ ਨੇ ਆਪਣਾ ਢੋਲ ਮੰਗਾਇਆ ਤੇ ਢੋਲ ਤੇ ਢੱਡੀ ਗੁਪਤ ਭਾਸ਼ਾ ਵਜਾਈ। ਇਸ ਤੇ ਬਾਂਕਾ ਸਿਉਂ ਦੀ ਔਰਤ ਨੇ ਜਵਾਬ ਦਿੱਤਾ ਕਿ ਮੈਨੂੰ ਰਾਜੇ ਨੇ ਜਿੰਦਰਿਆਂ ਅੰਦਰ ਮਹਿਲ ਦੇ ਚੌਥੇ ਚੁਬਾਰੇ ਵਿਚ ਬੰਦ ਕੀਤਾ ਹੈ। ਰਾਜਾ ਭੋਜ ਬਹੁਤ ਹੈਰਾਨ ਹੋਇਆ ਅਤੇ ਸ਼ੱਕ ਕਰਨ ਲਗਾ ਕਿ ਬਾਂਕਾ ਸਿਉਂ ਝੂਠ ਬੋਲਦਾ ਹੈ ਅਤੇ ਕਿਹਾ ਅਪਣੀ ਔਰਤ ਨੂੰ ਬੁਲਾ ਲਿਆ। ਇਸ ਤੇ ਬਾਂਕਾ ਸਿਉਂ ਨੇ ਫਿਰ ਐਂਡੀ ਵਜਾਈ ਅਤੇ ਉਸ ਦੀ ਔਰਤ ਛੰਮ ਛੰਮ ਕਰਦੀ ਰਾਜੇ ਭੋਜ ਦੇ ਮਹਿਲਾਂ ਵਿਚੋਂ ਨਿਕਲ ਕੇ ਤੁਰੀ ਆਵੇ ਅਤੇ ਦਰਬਾਰ ਵਿਚ ਬਾਂਕਾ ਸਿਉਂ ਦੇ ਕੋਲ ਆ ਗਈ। ਇਸ ਤੇ ਰਾਜਾ ਭੋਜ ਬਹੁਤ ਸ਼ਰਮਸਾਰ ਹੋਇਆ ਅਤੇ ਖੁਸ਼ ਵੀ ਹੋਇਆ। ਰਾਜਾ ਭੋਜ ਮੰਨ ਗਿਆ। ਕਿ ਇਹ ਕਲਾ ਉਸ ਦੀਆਂ 14 (ਚੌਦਾਂ) ਕਲਾਵਾਂ ਨਾਲੋਂ ਪੰਦਰਵੀਂ ਹੈ। ਰਾਜੇ ਭੋਜ ਨੇ ਬਾਂਕਾ ਸਿਉਂ ਨੂੰ ਬਹੁਤ ਸਾਰਾ ਇਨਾਮ ਦਿੱਤਾ ਅਤੇ ਨਾਲ ਹੀ ਫਰਮਾਨ ਜਾਰੀ ਕਰਦੇ ਕਿਹਾ ਜਿਥੇ ਵੀ ਇਹ ਆਪਣੀ ਬਾਜ਼ੀ ਦੀ ਕਲਾ ਦਿਖਾਵੇਗਾ, ਇਸ ਨੂੰ ਉਸ ਪਿੰਡ ਵਾਲੇ ਖੂਬ ਇਨਾਮ ਦੇਣਗੇ। ਇਸ ਤਰਾਂ ਲਗਦਾ ਹੈ ਬਾਂਕਾ ਸਿਉਂ ਹੀ ਪਹਿਲਾ ਵਿਅਕਤੀ ਸੀ, ਜਿਸ ਨੇ ਇਹ ਕਲਾ ਪ੍ਰਚਲਤ ਕੀਤੀ। ਬਾਜੀਕਰ / ਬਾਜ਼ੀਗਰ ਵਿਹਿਲਾਏ। (ਕਿਸ਼ਨ ਸਿੰਘ ਧਰਮਸੋਥ, ਤਲਵੰਡੀਸਾਬੋ) ਉਪਰੋਕਤ ਦੰਤ ਕਥਾਵਾਂ ਨੂੰ ਜੋ ਅਸੀਂ ਇਤਿਹਾਸਿਕ ਨਜ਼ਰੀਏ ਨਾਲ ਦੇਖੀਏ ਤਾਂ ਇਹ ਬਿਲਕੁਲ ਗਲਤ ਮਹਿਸੂਸ ਹੁੰਦਾ ਹੈ। ਜੇ ਇਹ ਸੱਚ ਹੁੰਦਾ ਤਾਂ ਬਾਜ਼ੀਕਰ / ਬਾਜ਼ੀਗਰ ਸਿਰਫ ਪੰਜਾਬ ਵਿਚ ਹੀ ਨਾ ਹੁੰਦੇ ਸਗੋਂ ਹਰ ਜਗ੍ਹਾ ਹੁੰਦੇ। ਇਸ ਲਈ ਸਾਨੂੰ ਇਤਹਾਸਿਕ ਪੱਖ ਨਹੀਂ ਭੁੱਲਣਾ ਚਾਹੀਦਾ।
ਇਹ ਸੱਚ ਹੈ ਕਿ ਹਰ ਗੋਆਰ ਰਾਜਪੂਤ / ਬਾਜ਼ੀਗਰ ਆਪਣੇ ਆਪ ਨੂੰ ਰਾਜਪੂਤ ਕਹਿੰਦਾ ਹੈ ਅਤੇ ਰਾਜਸਥਾਨ ਨੂੰ ਆਪਣਾ ਮੂਲ ਅਸਥਾਨ ਦਸਦਾ ਹੈ। ਮਹਾਨ। ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ 1029 ਸਫੇ ਤੇ ਲਿਖਦਾ ਹੈ :- ਰਾਜਪੂਤਾਨਾ :- ‘ਰਾਜਪੂਤਾਂ ਦੇ ਰਹਿਣ ਦਾ ਦੇਸ਼ ਖਾਸ ਕਰਕੇ ਇਕ ਦੇਸ਼ ਜਿਸ ਦੇ ਪੱਛਮ ਵੱਲ ਸਿੰਧ, ਪੂਰਵ ਵੱਲ ਬੁੰਦੇਲਖੰਡ ਹੈ, ਉਤਰ ਵਿਚ ਸਤਲੁਜ ਦੀ ਮਾਰੂ ਭੂਮੀ ਅਤੇ ਦੱਖਣ ਵਿਚ ਵਿੰਧਿਆਚਲ ਪਰਬਤ ਦੀ ਧਾਰਾ ਹੈ। ਇਸ ਵਿਚ ਪ੍ਰਧਾਨ ਰਿਆਸਤਾਂ ਉਦੈਪੁਰ, ਜੋਧਪੁਰ, ਬੀਕਾਨੇਰ, ਕਿਸ਼ਨਗੜ੍ਹ, ਕੋਟਾ, ਬੂੰਦੀ, ਜੈਪੁਰ ਤੇ ਜੈਸਲਮੇਰ ਸਨ।’
ਜੇ ਅਸੀਂ ਭਾਰਤ ਦੇ ਪ੍ਰਾਚੀਨ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਮਹਿਮੂਦ ਗਜ਼ਨਵੀ ਦੇ ਭਾਰਤ ਤੇ ਹਮਲਿਆਂ ਤੋਂ ਪਹਿਲਾਂ ਭਾਰਤ ਵਰਸ਼ ਵਿਚ ਰਾਜਪੂਤਾਂ ਦਾ ਰਾਜ ਸੀ, ਜੋ ਸਮੇਂ ਨਾਲ ਅਯਾਸ਼ ਹੋ ਗਏ ਤੇ ਆਪਸ ਵਿਚ ਹੀ ਲੜਦੇ ਰਹੇ, ਇਸੇ ਕਾਰਨ ਮਹਿਮੂਦ ਗਜ਼ਨਵੀ ਦੇ ਭਾਰਤ ਤੇ ਹਮਲਿਆਂ ਦਾ ਸਾਹਮਣਾ ਨਾ ਕਰ ਸਕੇ। ਮਹਿਮੂਦ ਗਜ਼ਨਵੀ ਨੇ 998 ਈ: ਤੋਂ 1030 ਈ: ਤਕ ਮੱਧ ਭਾਰਤ ਤੇ 17 ਹਮਲੇ ਕੀਤੇ ਤੇ ਇਨ੍ਹਾਂ ਹਮਲਿਆਂ ਦੀ ਮਾਰ ਰਾਜਪੂਤ ਰਾਜਿਆਂ ਨੂੰ ਪਈ। ਇਨ੍ਹਾਂ ਹਮਲਿਆਂ ਵਿਚ 1008 ਈ: ਦਾ ਮਹਿਮੂਦ ਗਜ਼ਨਵੀ ਦਾ ਛੇਵਾਂ ਹਮਲਾ, ਜੋ ਉਸ ਨੇ ਵੈਹਿੰਦ ਦੇ ਅਨੰਦ ਪਾਲ ਤੇ ਕੀਤਾ ਸੀ, ਜਿਸ ਵਿਚ ਅਨੰਦਪਾਲ ਦੇ ਨਾਲ ਗਵਾਲੀਅਰ, ਕਨੋਜ਼, ਕਾਲਿੰਜ਼ਰ, ਦਿੱਲੀ ਅਤੇ ਅਜ਼ਮੇਰ ਦੇ ਸਾਰੇ ਰਾਜਪੂਤ ਰਾਜਿਆਂ ਨੇ ਹਿਸਾ ਲਿਆ। ਇਸ ਭੀਸ਼ਣ ਯੁੱਧ ਵਿਚ ਅਨੰਦਪਾਲ ਦੀ ਹਾਰ ਹੋਈ, ਪੰਜਾਬ ਤੇ ਮਹਿਮੂਦ ਗਜ਼ਨਵੀ ਦਾ ਅਧਿਕਾਰ ਹੋਇਆ ਤੇ ਇਹ ਗਜ਼ਨੀ ਸਾਮਰਾਜ ਨਾਲ ਮਿਲ ਗਿਆ। ਇਸ ਤੋਂ ਬਾਅਦ ਗਜ਼ਨਵੀ ਨੇ ਨਗਰਕੋਟ ਅਤੇ ਨਾਰਾਇਣ ਪੁਰ ਵੀ ਆਪਣੇ ਅਧੀਨ ਕਰ ਲਏ। ਮਹਿਮੂਦ ਗਜ਼ਨਵੀ ਨੇ 1013 ਈ: ਵਿਚ ਥਾਨੇਸਵਰ ਨੂੰ ਲੁਟਿਆ ਅਤੇ 1015 ਈ: ਵਿਚ ਤਿਰਲੋਚਨਪਾਲ ਦਾ ਪਿੱਛਾ ਕੀਤਾ, ਜੋ ਭੱਜ ਕੇ ਕਲਿੰਜਰ ਚਲਾ ਗਿਆ। ਗਜ਼ਨਵੀ ਨੇ ਕਸ਼ਮੀਰ ਨੂੰ ਲੁੱਟਿਆ 1018 ਈ: ਨੂੰ ਮਥਰਾ ਦੇ ਮੰਦਰਾਂ ਨੂੰ ਲੁੱਟਿਆ, 1019 ਈ: ਨੂੰ ਕਨੌਜ ਦੇ ਰਾਜੇ ਰਾਜਪਾਲ ਨੇ ਮਹਿਮੂਦ ਗਜ਼ਨਵੀ ਦੀ ਅਧੀਨਤਾ ਸਵੀਕਾਰ ਕਰ ਲਈ, ਜਿਸ ਨੂੰ ਕਲਿੰਜਰ ਦੇ ਰਾਜੇ ਵਿਦਿਆਧਰ ਨੇ ਰਾਜਪੂਤ ਜਾਤੀ ਦਾ ਅਪਮਾਨ ਸਮਝਿਆ। ਉਸ ਨੇ ਕਲਿੰਜਰ ਦੇ ਬਾਜ ਰਾਜਪਾਲ ਤੇ ਚੜਾਈ ਕਰ ਦਿੱਤੀ ਅਤੇ ਰਾਜਪਾਲ ਨੂੰ ਮਾਰ ਦਿੱਤਾ। 1020 ਈ: ਵਿਚ ਗਵਾਲੀਅਰ ਦੇ ਰਾਜੇ ਅਰਜਨ ਨੇ ਮਾਮੂਲੀ ਵਿਰੋਧ ਤੋਂ ਬਾਅਦ ਮਹਿਮੂਦ ਗਜ਼ਨਵੀ ਦੀ ਅਧੀਨਤਾ ਸਵੀਕਾਰ ਕਰ ਲਈ, ਪਰ ਮਹਿਮੂਦ ਗਜ਼ਨਵੀ ਦੇ ਵਾਪਸ ਚਲੇ ਜਾਣ ਉਪਰੰਤ ਰਾਜਪੂਤ ਰਾਜਿਆ ਨੇ ਅਪਣੀਆਂ ਰਿਆਸਤਾਂ / ਰਾਜ ਮੁੜ ਵਸਾ ਲਏ ਤੇ ਪ੍ਰਫੁਲਤ ਹੋਣ ਲੱਗੇ। ਮਹਿਮੂਦ ਗਜ਼ਨਵੀ ਤੋਂ 150 ਸਾਲ ਬਾਅਦ ਮੁਹੰਮਦ ਗੌਰੀ ਨੇ 1175 ਤੋਂ 1205 ਤਕ ਭਾਰਤ ਤੇ ਕਈ ਹਮਲੇ ਕੀਤੇ। ਮੁਹੰਮਦ ਗੌਰੀ ਨੇ 1192 ਈ: ਵਿਚ ਦਿੱਲੀ ਉਤੇ ਹਮਲਾ ਕੀਤਾ। ਦਿੱਲੀ ਉਤੇ ਪ੍ਰਿਥਵੀ ਰਾਜ ਚੌਹਾਨ ਰਾਜ ਕਰਦਾ ਸੀ, ਪ੍ਰਿਥਵੀ ਰਾਜ ਚੌਹਾਨ ਦੀ ਹਾਰ ਹੋਈ ਤੇ ਉਸ ਨੂੰ ਬੰਦੀ ਬਣਾ ਲਿਆ। ਇਸ ਲੜਾਈ ਵਿਚ ਕਨੌਜ ਦੇ ਰਾਜੇ ਜੈਚੰਦ ਰਠੌਰ ਨੇ ਮੁਹੰਮਦ ਗੌਰੀ ਦਾ ਸਾਥ ਦਿੱਤਾ। ਪਰ 1194 ਈ ਵਿਚ ਮੁਹੰਮਦ ਗੌਰੀ ਨੇ ਕਨੌਜ ਤੇ ਹਮਲਾ ਕਰਕੇ ਜੈਚੰਦ ਨੂੰ ਛੰਦਵਾੜ ਦੇ ਮੈਂਦਾਨ ਵਿਚ ਹਰਾ ਦਿੱਤਾ। 1195 ਈ: ਵਿਚ ਅਜ਼ਮੇਰ ਅਤੇ 1197 ਈ: ਵਿਚ ਅਨਿਹਲਵਾੜ, 1202 -1203 ਈ: ਵਿਚ ਰਾਜਪੂਤਾਂ ਕੋਲੋਂ ਕਾਲਿੰਜਰ ਦਾ ਦੁਰਗ ਖੋ ਲਿਆ। ਪ੍ਰਿਥਵੀ ਰਾਜ ਚੌਹਾਨ ਨੂੰ ਮੁਹੰਮਦ ਗੋਰੀ ਵੱਲੋਂ ਅੱਖਾਂ ਨੀਵੀਆਂ ਕਰਨ ਲਈ ਕਿਹਾ, ਪਰ ਪ੍ਰਿਥਵੀ ਰਾਜ ਨੇ ਇਨਕਾਰ ਕਰ ਦਿੱਤਾ। ਇਸ ਤੇ ਮੁਹੰਮਦ ਗੌਰੀ ਨੇ ਪ੍ਰਿਥਵੀ ਰਾਜ ਦੀਆਂ ਅੱਖਾਂ ਕਢਵਾ ਦਿੱਤੀਆਂ। ਚਾਂਦ ਬਿਰਦਾਈ, ਜੋ ਪਹਿਲਾਂ ਪ੍ਰਿਥਵੀ ਰਾਜ ਦਾ ਦਰਬਾਰੀ ਕਵੀ ਸੀ, ਤੇ ਮੁਹੰਮਦ ਗੋਰੀ ਦਾ ਵਿਸ਼ਵਾਸ਼ ਜਿੱਤਣ ਵਿਚ ਕਾਮਯਾਬ ਹੋ ਗਿਆ ਸੀ, ਨੇ ਮੁਹੰਮਦ ਗੌਰੀ ਨੂੰ ਕਿਹਾ ਕਿ ਪ੍ਰਿਥਵੀ ਰਾਜ ਅੱਖਾਂ ਤੋਂ ਬਿਨਾਂ ਵੀ ਤੀਰ ਨਾਲ ਨਿਸ਼ਾਨਾ ਬਿੰਨ ਸਕਦਾ ਹੈ ਜੇ ਖੁਦ ਮੁਹੰਮਦ ਗੋਰੀ ਆਪ ਪ੍ਰਿਥਵੀ ਰਾਜ ਨੂੰ ਹੁਕਮ ਦੇਵੇ। ਮੁਹੰਮਦ ਗੋਰੀ ਦੇ ਕਹਿਣ ਤੇ ਪ੍ਰਿਥਵੀ ਰਾਜ ਚੌਹਾਨ ਨੇ ਅਵਾਜ ਤੇ ਤੀਰ ਚਲਾ ਕੇ ਮੁਹੰਮਦ ਗੋਰੀ ਦੀ ਹੱਤਿਆ ਕਰ ਦਿੱਤੀ ਤੇ ਮੁਹੰਮਦ ਗੌਰੀ ਦੇ ਜਰਨੈਲਾਂ ਨੇ ਪ੍ਰਿਥਵੀ ਰਾਜ ਦੀ ਹੱਤਿਆ ਕਰ ਦਿੱਤੀ। ਭਾਵੇਂ ਇਨ੍ਹਾਂ ਦੋਨਾਂ ਮੁਸਲਮਾਨ ਹਮਲਾਵਰਾਂ ਨੇ ਭਾਰਤ ਵਿਚ ਸਥਾਈ ਰਾਜ ਕਾਇਮ ਨਹੀਂ ਕੀਤਾ ਤੇ ਇਨ੍ਹਾਂ ਦੀ ਨੀਤੀ ਲੋਟੂ ਹਮਲਾਵਰਾਂ ਵਾਲੀ ਰਹੀ, ਪਰ ਇਨ੍ਹਾਂ ਦੀਆਂ ਜਿੱਤਾਂ ਨੇ ਭਾਰਤ ਵਿਚ ਵਿਦੇਸ਼ੀ ਹਮਲਾਵਰਾਂ ਦੇ ਹੌਸਲੇ ਵਧਾ ਦਿੱਤੇ। ਅਕਬਰ ਦੇ ਸਮੇਂ ਤਕ ਭਾਰਤ ਦੇ ਜਿਆਦਾ ਹਿੱਸੇ ਤੇ ਰਾਜ ਹੋ ਗਿਆ। ਅਕਬਰ ਦੀ ਸੈਨਿਕ ਸ਼ਕਤੀ ਤੋਂ ਡਰਦਿਆਂ ਬਹੁਤ ਸਾਰੇ ਰਾਜਪੂਤ ਰਾਜਿਆਂ ਨੇ ਅਕਬਰ ਦੀ ਅਧੀਨਤਾ ਸਵੀਕਾਰ ਕਰ ਲਈ ਤੇ ਅਕਬਰ ਦੇ ਨੁਮਾਇੰਦੇ ਬਣਕੇ ਰਾਜ ਕੀਤਾ ਤੇ ਅਕਬਰ ਦਾ ਜੰਗਾਂ ਵਿਚ ਸਾਥ ਦਿੱਤਾ। ਜਿਨ੍ਹਾਂ ਰਾਜਪੂਤ ਰਾਜਿਆਂ ਨੇ ਅਕਬਰ ਦੀ ਨੀਤੀ ਨਹੀਂ ਮੰਨੀ, ਉਨ੍ਹਾਂ ਨੂੰ ਭਾਰੀ ਨੁਕਸਾਨ ਅਤੇ ਰਾਜ ਤੋਂ ਹੱਥ ਧੋਣਾ ਪਿਆ। ਜੰਗਲਾਂ ਦੀ ਸ਼ਰਨ ਲੈਣੀ ਪਈ, ਜਿਨ੍ਹਾਂ ਵਿਚੋਂ ਮਹਾਰਾਣਾ ਪ੍ਰਤਾਪ ਅਤੇ ਉਸ ਤੋਂ ਪਹਿਲਾਂ ਚਿਤੌੜ ਦੇ ਰਾਜਪੂਤ ਰਾਜੇ ਰਾਣਾ ਰਤਨ ਸਿੰਘ, ਮਹਾਰਾਣੀ ਪਦਮਣੀ ਦਾ ਪਤੀ, ਗੋਰਾ ਬਾਦਲ, ਜੰਮਲ ਅਤੇ ਫੱਤਾ ਦੇ ਨਾਂ ਵਰਨਣ ਯੋਗ ਹਨ।
ਇਤਿਹਾਸ ਗਵਾਹ ਹੈ ਕਿ ਹਾਰ ਬਾਅਦ ਮਹਾਰਾਣਾ ਪ੍ਰਤਾਪ ਨੂੰ ਪ੍ਰੀਵਾਰ ਸਮੇਤ ਜੰਗਲਾਂ ਵਿਚ ਸ਼ਰਣ ਲੈਣੀ ਪਈ। ਇਸੇ ਤਰਾਂ ਇਸ ਭੱਜ ਨੱਠ ਵਿਚ ਜਿਹੜੇ ਰਾਜਪੂਤ ਜੰਗਲਾਂ ਵਿਚ ਦੂਸਰਿਆਂ ਕਬੀਲਿਆਂ ਵਿਚ ਮਿਲ ਗਏ ਤੇ ਰੋਜ਼ੀ ਰੋਟੀ ਵਾਸਤੇ ਸੰਘਰਸ਼ ਕਰਨ ਲੱਗੇ ਤੇ ਉਨ੍ਹਾਂ ਵਾਲੇ ਹੀ ਕੰਮ ਕਰਨ ਲੱਗੇ। ਹੋ ਸਕਦਾ ਹੈ ਉਨ੍ਹਾਂ ਵਿਚੋਂ ਕੁਝ ਨਟਾਂ ਦੇ ਸੰਪਰਕ ਵਿਚ ਆ ਕੇ ਕਲਾ ਬਾਜ਼ੀਆਂ ਪਾਉਣ ਲਗ ਪਏ। ਜਿਸਮਾਨੀ ਤੌਰ ਤੇ ਤਾਕਤਵਰ ਹੋਣ ਕਰਕੇ ਉੱਚੀਆਂ ਛਾਲਾਂ ਮਾਰਨ ਲਗੇ ਅਤੇ ਲੋਕਾਂ ਨੇ ਉਨ੍ਹਾਂ ਨੂੰ ਵੀ ਬਾਜ਼ੀਗਰ ਕਿਹਾ।
ਬਾਜ਼ੀਗਰ ਸ਼ਬਦ ਸਿਰਫ ਪੁਰਾਣੇ ਪੰਜਾਬ, ਜੋ ਪਾਕਿਸਤਾਨ ਵਿਚ ਹੈ, ਪੰਜਾਬ, ਹਰਿਆਣਾ, ਹਿਮਾਚਲ ਤੇ ਜੰਮੂ ਕਸ਼ਮੀਰ ਵਿਚ ਹੀ ਮਿਲਦਾ ਹੈ। ਸਵਾਲ ਉਠਦਾ ਹੈ। ਕਿ ਇਹ ਬਾਜ਼ੀਗਰ ਸ਼ਬਦ ਕਿਸ ਤਰਾਂ ਪ੍ਰਚਲਤ ਹੋਇਆ, ਇਸ ਵਾਸਤੇ ਸਾਨੂੰ ਭਗਤੀ ਲਹਿਰ ਦਾ ਵੀ ਵਿਸ਼ਲੇਸ਼ਣ ਕਰਨਾ ਪਵੇਗਾ। ਇਨ੍ਹਾਂ ਵਿਚ ਰਾਮਾ ਨੰਦ, ਨਾਮਦੇਵ, ਕਬੀਰ ਭਗਤ ਅਤੇ ਰਵੀਦਾਸ ਜੀ ਦਾ ਖਾਸ ਸਥਾਨ ਹੈ, ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ, ਜੋ ਸਿੱਖ ਧਰਮ ਦਾ ਸ਼ਬਦ ਗੁਰੂ ਹੈ, ਵਿਚ ਦਰਜ ਹੈ। ਭਗਤ ਕਬੀਰ ਜੀ ਅਤੇ ਭਗਤ ਰਵੀਦਾਸ ਜੀ ਨੇ ਆਪਣੀ ਬਾਣੀ ਵਿਚ ਵਾਰ ਵਾਰ ਬਾਜੀਗਰ ਸ਼ਬਦ ਦਾ ਵਰਨਣ ਕੀਤਾ ਹੈ। ਭਾਵੇਂ ਭਗਤ ਕਬੀਰ ਜੀ ਅਤੇ ਭਗਤ ਰਵੀਦਾਸ ਜੀ ਨੇ ਇਹ ਸ਼ਬਦ ਪ੍ਰਮਾਤਮਾ ਨੂੰ ਸੰਬੋਧਤ ਕਰਕੇ ਕਹੇ ਹਨ, ਪਰ ਫਿਰ ਵੀ ਆਮ ਲੋਕਾਂ ਦੀ ਸ਼ਬਦਾਵਲੀ ਤੇ ਇਨ੍ਹਾਂ ਦਾ ਅਸਰ ਹੋਣਾ ਜਰੂਰੀ ਸੀ। ਇਨ੍ਹਾਂ ਭਗਤਾਂ ਤੋਂ ਬਿਨਾਂ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅਮਰ ਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਜ਼ੀਗਰ ਸ਼ਬਦ ਦੀ ਵਰਤੋਂ ਪ੍ਰਮਾਤਮਾ ਵਾਸਤੇ ਕੀਤੀ। ਆਉ ਵਿਚਾਰ ਕਰੀਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਜ਼ੀਗਰ ਬਾਰੇ ਕਿਹੜੇ ਸ਼ਬਦ ਆਏ-
1 ਓਹੁ ਅਬਨਾਸੀ ਰਾਇਆ।। ੨।। ਕਾਠ ਕੀ ਪੁਤਰੀ ਕਹਾ ਬਪੁਰੀ ਖਿਲਾਵਨਹਾਰੋ ਜਾਨੰ,,ਜੈਸਾ ਭੇਖੁ ਕਰਾਵੈ ਬਾਜੀਗਰੁ ਓਹੁ ਤੈਸੋ ਹੀ ਸਾਜੁ ਆਨੰ ॥੩॥
(ਗਾਉੜੀ ਮਹਲਾ ੫।।) ਪੰਨਾ 206
2 ਇਸ ਜੁਗ ਕਾ ਧਰਮ ਪੜਹੁ ਤੁਮ ਭਾਈ. । । 8। ।
ਮਾਇਆ ਮੋਹਿ ਨਟਿ ਬਾਜੀ ਪਾਈ 11 ਮਨਮੁਖ ਅੰਧ ਰਹੇ ਲਪਟਾਈ ।
ਗੁਰਮੁਖਿ ਅਲਿਪਤ ਰਹੇ ਲਿਵ ਲਾਈ। । ੫ (ਗਉੜੀ ਮਹਲਾ ੩) ਪੰਨਾ 230)
3 ਬਿੰਦ ਤੇ ਜਿਨ ਪਿੰਡ ਕੀਆ ਅਗਨਿ ਕੁੰਡ ਰਹਾਇਆ
॥੨॥ ਜੀਵਨੰ ਥੀ ਆਸ ਕਰਹਿ ਜਮੁ ਨਿਹਾਰੈ ਸਾਸਾ ।
ਬਾਜੀਗਰੀ ਸੰਸਾਰ ਕਬੀਰਾ ਚੇਤਿ ਢਾਲ ਪਾਸਾ। ( ਆਸਾ ਰਾਗ- ਕਬੀਰ ਜੀ )
4 . । । ੫। । ਮਾਟੀ ਕੋ ਪੁਤਰਾ ਕੈਸੇ ਨਚਤ ਹੈ ।
ਕਹਿ ਰਵਿਦਾਸ ਬਾਜੀ ਜਗੁ ਭਾਈ।।
ਬਾਜੀਗਰ ਸਉ ਮੋੁਹਿ ਪ੍ਰੀਤਿ ਬਨਿ ਆਈ ॥੨॥੬॥
(ਆਸਾ ਰਾਗ ਸ੍ਰੀ ਰਵਿਦਾਸ ਜੀ) ਪੰਨਾ 487
5. ਜਿਨਿ ਜਗੁ ਸਿਰਜਿ ਸਮਾਇਆ ਸੋ ਸਾਹਿਬੁ ਕੁਦਰਤਿ ਜਾਣੋਵਾ ।
।੩।। ਬਾਬਾ ਰੋਵਹਿ ਰਵਹਿ ਸੁ ਜਾਣੀਅਹਿ ਮਿਲਿ ਰੋਵੈ ਗੁਣ ਸਾਰੇਵਾ,,,। । ,,,।
ਜਿਉ ਬਾਜੀਗਰ ਭਰਮੈਂ ਭੁਲੈ ਝੂਠਿ ਮੁਠੀ ਅਹੰਕਾਰੋ
ਆਪੇ ਮਾਰਗਿ ਪਾਵਣਹਾਰਾ ਆਪੇ ਕਰਮ ਕਮਾਏ ।।
ਨਾਮਿ ਰਤੇ ਗੁਰਿ ਪੂਰੈ ਰਾਖੇ ਨਾਨਕ ਸਹਿਜ ਸੁਭਾਏ ।
(ਵਡਹੰਸ ਮਹਲਾ ੧) ਪੰਨਾ 581
6. ਘਰ ੨11 ਦੁਇ ਦੁਇ ਲੋਚਨ ਪੇਖਾ
ਹਉ ਹਰਿ ਬਿਨੁ ਅਉਰੁ ਨ ਦੇਖਾ ॥ ਰਹਾਉ ।
ਬਾਜੀਗਰ ਡੰਕ ਬਜਾਈ ।। ਸਭ ਖਲਕ ਤਮਾਸੇ ਆਈ ॥
ਬਾਜੀਗਰ ਸ੍ਵਾਂਗੁ ਸਕੇਲਾ ਅਪਨੇ ਰੰਗ ਰਵੈ ਅਕੇਲਾ ॥…
ਰਾਗ ਸੋਰਠਿ ਭਗਤ ਕਬੀਰ ਜੀ) ਪੰਨਾ 655
7. ਬਾਜੀਗਰਿ ਜੈਸੇ ਬਾਜੀ ਪਾਈ । । ਨਾਨਾ ਰੂਪ ਭੇਖ ਦਿਖਲਾਈ ॥
ਸਾਂਗ ਉਤਾਰਿ ਥੰਮਿਉ ਪਾਸਾਰਾ ॥ ਤਬ ਏਕੰ ਏਕੰਕਾਰਾ । । 9 । । ..
(ਰਾਗ ਸੂਹੀ ਮਹਲਾ ੫ ਘਰ ੨) ਪੰਨਾ 736
8. ਦੂਜੀ ਦੁਰਮਤਿ ਅੰਨੀ ਬੋਲੀ । । ਕਾਮ ਕ੍ਰੋਧ ਕੀ ਕਚੀ ਚੋਲੀ ॥੮
ਐਥੇ ਗੋਇਲੜਾ ਦਿਨ ਚਾਰੇ।। ਖੇਲੁ ਤਮਾਸਾ ਧੁੰਧੂਕਾਰੇ ॥
ਬਾਜੀ ਖੇਲਿ ਗਏ ਬਾਜੀਗਰ ਜਿਉ ਨਿਸਿ ਸੁਪਨੈ ਭਖਲਾਈ ਹੇ ॥੯॥
(ਮਾਰੂ ਮਹਲਾ ੧) ਪੰਨਾ 1022-1023
9. ਜੁਗ ਛਤੀਹ ਕੀਉ ਗੁਬਾਰਾ..।।੨।। ਬਾਜੀਗਰਿ ਇਕ ਬਾਜੀ ਪਾਈ ।।
ਪੂਰੇ ਗੁਰ ਤੇ ਨਦਰੀ ਆਈ । । ਸਦਾ ਅਲਿਪੁਤ ਰਹੇ ਗੁਰ ਸ਼ਬਦੀ
ਸਾਚੇ ਸਿਉ ਚਿਤੁ ਲਾਇਦਾ.. । । ੩। ।
(ਮਾਰੂ ਮਹਲਾ ੩ ।1) ਪੰਨਾ 1061
10. ਦੀਨੁ ਬਿਸਾਰਿਓੁ ਰੇ ਦਿਵਾਨੇ, ਕਾਮੀ ਕ੍ਰੋਧੀ ਚਾਤਰੀ ਬਾਜੀਗਰ
ਬੇਕਾਮ ।। ਨਿੰਦਾ ਕਰਤੇ ਜਨਮ ਸਿਰਾਨੋ ਕਬਹੁ ਨ ਸਿਮਰਿਓ ਰਾਮੁ
(ਮਾਰੂ ਕਬੀਰ ਜੀਉ) ਪੰਨਾ 1105
ਨਿਵਲੀ ਅੰਗਮ ਭਾਠੀ ਰੇਚਕ ਪੂਰਕ ਕੁੰਭ ਕਰੈ । ।
ਨਾਮ ਬਿਨਾ ਫੋਕਟ ਸਭਿ ਕਰਮਾ ਜਿਉ ਬਾਜੀਗਰੁ ਭਰਮ ਭੁਲੈ ॥
(ਪ੍ਰਭਾਤੀ ਮਹਲਾ ੧) ਪੰਨਾ 1343
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਉਪਰੋਕਤ ਸ਼ਬਦਾਂ ਤੋਂ ਪਤਾ ਲਗਦਾ ਹੈ ਕਿ ਭਗਤਾਂ ਅਤੇ ਗੁਰੂ ਸਾਹਿਬਾਨਾਂ ਨੇ ਬਾਜ਼ੀਗਰ ਸ਼ਬਦ ਦੀ ਵਰਤੋਂ ਪ੍ਰਮਾਤਮਾ ਵਾਸਤੇ ਕੀਤੀ ਹੈ, ਨਾ ਕਿ ਕਿਸੇ ਜਾਤ ਵਿਸ਼ੇਸ਼ ਵਾਸਤੇ। ਜਿਵੇਂ ਮਾਰੂ ਰਾਗ ਵਿਚ ਸਾਹਿਬ ਸ਼੍ਰੀ ਗੁਰੂ ਅਮਰ ਦਾਸ ਜੀ ਉਚਾਰਦੇ ਹਨ:-
‘ਜੁਗ ਛਤੀਹ ਕੀਉ ਗੁਬਾਰਾ…. 2 ।। ਬਾਜੀਗਰ ਇਕ ਬਾਜੀ ਪਾਈ ।।
ਪੂਰੇ ਗੁਰ ਤੇ ਨਦਰੀ ਆਈ ।। ਸਦਾ ਅਲਿਪਤੁ ਰਹੈ ਗੁਰ ਸ਼ਬਦੀ ਸਾਚੇ ਸਿਉ ਚਿਤੁ ਲਾਇਦਾ ॥ ਮਾਰੂ ਮਹਲਾ 3 ।।
ਭਾਵੇ ਪ੍ਰਮਾਤਮਾ ਨੇ ਜੋ ਇਹ ਪਸਾਰਾ ਪਸਾਰਿਆ ਹੈ ਉਹ ਪੂਰੇ ਗੁਰੂ ਤੋਂ ਹੀ ਨਜਰ ਆ ਸਕਦਾ। ਭਗਤ ਰਵਿਦਾਸ ਜੀ ਆਸਾ ਰਾਗ ਵਿਚ ਉਚਾਰਦੇ ਹਨ :-
‘ਕਹਿ ਰਵਿਦਾਸ ਬਾਜੀ ਜਗੁ ਭਾਈ ॥
ਬਾਜੀਗਰ ਸਉ ਮੋਹਿ ਪ੍ਰੀਤ ਬਨਿ ਆਈ ।
ਆਸਾ ਬਾਣੀ ਸ੍ਰੀ ਰਵਿਦਾਸ ਜੀਉ ਕੀ ।” (487)
ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਇਹ ਸੰਸਾਰ ਹੀ ਇਕ ਬਾਜੀ ਹੈ ਅਤੇ ਇਸ ਸੰਸਾਰ ਨੂੰ ਬਨਾਉਣ ਵਾਲੇ ਬਾਜ਼ੀਗਰ ਨਾਲ ਮੇਰੀ ਪ੍ਰੀਤ ਬਣ ਗਈ ਹੈ। ਹੁਣ ਇਹ ਸਹਿਜ ਸੁਭਾਅ ਹੀ ਸਾਡੇ ਮਨ ਵਿਚ ਆਉਂਦਾ ਹੈ ਕਿ ਬਾਜ਼ੀਗਰ ਸ਼ਬਦ ਜੋ ਬਾਜ਼ੀਗਰਾਂ ਵਾਸਤੇ ਵਰਤਿਆ ਹੈ ਸਿਰਫ ਪ੍ਰਾਚੀਨ ਪੰਜਾਬ ਵਿਚ ਹੀ ਸੀ, ਜਦ ਕਿ ਭਗਤ ਰਵਿਦਾਸ ਜੀ ਅਤੇ ਭਗਤ ਕਬੀਰ ਜੀ ਬਨਾਰਸ ਵਿਚ ਹੋਏ ਹਨ ਤੇ ਉਥੇ ਬਾਜ਼ੀਗਰ ਨਹੀਂ ਹੁੰਦੇ। ਭਗਤ ਰਵਿਦਾਸ ਜੀ ਅਤੇ ਕਬੀਰ ਜੀ ਨੇ ਬਾਜ਼ੀਗਰ ਸ਼ਬਦ ਪ੍ਰਮਾਤਮਾ ਵਾਸਤੇ ਵਰਤਿਆ। ਇਸ ਲਈ ਜੇ ਅਸੀਂ ਗੁਰਬਾਣੀ ਤੇ ਵਿਚਾਰ ਕਰਦੇ ਹੋਏ ਬਾਜ਼ੀਗਰਾਂ ਤੇ ਝਾਤ ਮਾਰੀਏ ਤਾਂ ਪਤਾ ਲਗਦਾ ਹੈ ਕਿ 1000 ਈ: ਤੋਂ ਲੈ ਕੇ 14 ਵੀ ਸਦੀ ਤਕ ਮੁਸਲਮਾਨਾਂ ਦੇ ਹਮਲਿਆਂ ਨੇ ਹਿੰਦੂ ਰਾਜ ਖਾਸ ਕਰਕੇ ਰਾਜਪੂਤੀ ਰਾਜ ਨੂੰ ਛਿੰਨ ਭਿੰਨ ਕਰ ਦਿੱਤਾ ਸੀ ਅਤੇ ਰਾਜਪੂਤਾਂ ਵਿਚੋਂ ਬਹੁਤੇ ਲੋਕ ਦੂਸਰੀਆਂ ਜਾਤਾਂ ਜਾਂ ਕਬੀਲਿਆਂ ਵਿਚ ਜਾ ਮਿਲੇ ਅਤੇ ਉਨ੍ਹਾਂ ਦਾ ਕਿੱਤਾ ਅਪਣਾ ਲਿਆ ਅਤੇ ਲੋਕਾਂ ਨੇ ਉਨ੍ਹਾਂ ਨੂੰ ਵੀ ਆਪਣਾ ਕਿੱਤੇ ਦੇ ਲੋਕਾਂ ਵਾਲੇ ਨਾਂ ਹੀ ਦੇ ਦਿੱਤਾ। 1604 ਈ: ਵਿਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਰਜਨਾ ਕੀਤੀ ਅਤੇ ਇਸ ਵਿਚ ਸਾਰੇ ਭਗਤ, ਜਿਨ੍ਹਾਂ ਦੀ ਬਾਣੀ ਗੁਰੂ ਆਸ਼ੇ ਤੇ ਪੂਰੀ ਉਤਰਦੀ ਸੀ, ਇਸ ਮਹਾਨ ਗ੍ਰੰਥ ਵਿਚ ਇਕੱਤਰ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸ਼੍ਰੀ ਹਰਿਮੰਦਰ ਸਾਹਿਬ ਵਿਚ ਕੀਤਾ ਗਿਆ।
ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਪਾਸੋਂ ਗੁਰੂ ਗ੍ਰੰਥ ਸਾਹਿਬ ਦੇ ਚਾਰ ਸਰੂਪ ਤਿਆਰ ਕਰਵਾਏ, ਜੋ ਚਾਰੇ ਤਖਤਾਂ ਵਿਖੇ ਸ਼ਸ਼ੋਬਤ ਹੋਏ, ਜੋ ਸਿੱਖ ਕੌਮ ਵਾਸਤੇ ਸ਼ਬਦ ਗੁਰੂ ਨੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨਾਲ ਪੰਜਾਬ ਵਿਚ ਬਾਣੀ ਦਾ ਪ੍ਰਚਾਰ ਹੋਣ ਲੱਗਾ। ਬਾਜ਼ੀਗਰ ਸ਼ਬਦ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਹੁਤ ਜਗ੍ਹਾ ਤੇ ਹੈ ਆਮ ਪੰਜਾਬੀ ਲੋਕਾਂ ਦੇ ਦਿਮਾਗ ਵਿਚ ਵਸ ਗਿਆ। ਇਸ ਦੇ ਨਾਲ ਹੀ ਜਦੋਂ ਗੋਆਰ ਰਾਜਪੂਤ ਕਬੀਲੇ ਦੇ ਲੋਕਾਂ ਨੇ ਪੰਜਾਬ ਵਿਚ ਨਟਾਂ, ਮਰਾਸੀਆਂ ਜਾਂ ਕਿਸੇ ਨਾਲ ਮਿਲ ਕੇ ਬਾਜ਼ੀ ਦੀ ਕਲਾ ਦਿਖਾਈ ਤਾਂ ਆਮ ਲੋਕਾਂ ਨੇ ਇਨ੍ਹਾਂ ਨੂੰ ਬਾਜ਼ੀਗਰ ਕਹਿਣਾ ਸ਼ੁਰੂ ਕਰ ਦਿੱਤਾ, ਕਿਉਂ ਜੋ ਪੰਜਾਬ ਵਿਚ ਲੋਕਾਂ ਨੇ ਇਨ੍ਹਾਂ ਦੀ ਪਹਿਚਾਨ ਬਾਜ਼ੀ ਪਾਉਣ ਵਾਲੇ ਵਜੋਂ ਕੀਤੀ। ਗੋਆਰ ਕਬੀਲੇ ਦੇ ਲੋਕ ਜਿਨ੍ਹਾਂ ਨੇ ਇਸ ਬਾਜ਼ੀ ਪਾਉਣ ਨੂੰ ਆਪਣਾ ਰੋਟੀ ਰੋਜੀ ਦਾ ਸਾਧਨ ਵੱਜੋਂ ਅਪਣਾਇਆ, ਨੇ ਵੀ ਆਪਣੇ ਆਪ ਨੂੰ ਪੰਜਾਬ ਦੇ ਲੋਕਾਂ ਵਿਚ ਬਾਜ਼ੀਗਰ ਦਸਣਾ ਸ਼ੁਰੂ ਕਰ ਦਿੱਤਾ, ਪਰ ਆਪਣੇ ਡੇਰਿਆਂ/ਟਾਂਡਿਆਂ ਵਿਚ ਇਨ੍ਹਾਂ ਨੇ ਬਾਜ਼ੀਗਰ ਸ਼ਬਦ ਦੀ ਕਦੇ ਵੀ ਵਰਤੋਂ ਨਹੀਂ ਕੀਤੀ। ਜਦੋਂ ਵੀ ਇਹ ਆਪਣੇ ਕਿਸੇ ਦੂਸਰੇ ਡੇਰੇ/ਟਾਂਡੇ ਵਿਚ ਜਾਂਦੇ ਜਾਂ ਕੋਈ ਇਨ੍ਹਾਂ ਕੋਲ ਕਬੀਲੇ ਵਾਲਾ ਇਨ੍ਹਾਂ ਦੇ ਡੇਰੇ/ਟਾਂਡੇ ਵਿਚ ਆਉਂਦਾ, ਇਹ ਉਸ ਲਈ ਗੋਆਰ ਸ਼ਬਦ ਨਾਲ ਹੀ ਸੰਬੋਧਨ ਕਰਦੇ। ਪੰਜਾਬ ਤੋਂ ਬਾਹਰ ਬਾਜ਼ੀਗਰ ਸ਼ਬਦ ਦੀ ਵਰਤੋਂ ਜਿਆਦਾ ਨਹੀਂ ਹੋਈ। ਭਾਵੇਂ ਇਹ ਸ਼ਬਦ ਪਹਿਲਾਂ ਭਗਤ ਕਬੀਰ ਜੀ ਅਤੇ ਭਗਤ ਰਵਿਦਾਸ ਜੀ ਨੇ ਵਰਤਿਆ ਜੋ ਬਨਾਰਸ ਦੇ ਰਹਿਣ ਵਾਲੇ ਸਨ ਪਰ ਬਨਾਰਸ ਵਿਚ ਜਾਂ ਇਸ ਦੇ ਆਸ ਪਾਸ ਇਹ ਬਰਾਦਰੀ ਨਹੀਂ। ਇਸ ਲਈ ਇਸ ਸਿਟੇ ਤੇ ਸਹਿਜਤਾ ਨਾਲ ਪਹੁੰਚਿਆ ਜਾ ਸਕਦਾ ਹੈ ਕਿ ਬਾਜ਼ੀਗਰ ਬਰਾਦਰੀ ਉਦੋਂ ਹੀ ਹੋਂਦ ਵਿਚ ਆਈ ਜਦੋਂ ਪੰਜਾਬ ਵਿਚ ਆਮ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ, ਸੁਣਿਆ ਤੇ ਪ੍ਰਚਾਰ ਹੋਇਆ। ਲੋਕਾਂ ਦਾ ਇੱਕਠ ਕਰਨ ਲਈ ਗੋਆਰ ਕਬੀਲੇ ਦੇ ਲੋਕ ਢੋਲ ਦੀ ਵਰਤੋਂ ਕਰਦੇ ਸਨ ਅਤੇ ਭਗਤ ਕਬੀਰ ਜੀ ਦੇ ਸ਼ਬਦ ‘ਬਾਜ਼ੀਗਰ ਢੰਕ ਵਜਾਈ ਸਭ ਖਲਕ ਤਮਾਸ਼ੇ ਆਈ’ ਅਨੁਸਾਰ ਜਦੋਂ ਗੋਆਰਾਂ ਨੇ ਪਿੰਡ ਵਿਚ ਢੋਲ ਵਜਾਇਆ ਤਾਂ ਲੋਕਾਂ ਨੇ ਇਨ੍ਹਾਂ ਨੂੰ ਹੀ ਬਾਜ਼ੀਗਰ ਦੀ ਸੰਗਿਆ ਦਿੱਤੀ। ਲਗਦਾ ਹੈ ਇਸ ਤਰਾਂ ਬਾਜ਼ੀਗਰ ਬਰਾਦਰੀ ਪੰਜਾਬ ਵਿਚ ਹੋਂਦ ਵਿਚ ਆਈ, ਪਰ ਪੰਜਾਬ ਵਿਚ ਸਿੱਖ ਮਿਸਲਾਂ ਕਾਇਮ ਹੋਣ ਤੋਂ ਪਹਿਲਾਂ ਕਿਸੇ ਨੇ ਬਾਜ਼ੀ ਨਹੀਂ ਪਾਈ ਅਤੇ ਨਾ ਹੀ ਕੋਈ ਬਾਜ਼ੀਗਰ ਬਰਾਦਰੀ ਸੀ। ਜੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਭੰਗਾਣੀ ਦੇ ਯੁੱਧ ਦੇ ਇਤਿਹਾਸ ਦਾ ਅਧਿਐਨ ਕਰੀਏ ਤਾਂ ਪਤਾ ਲਗਦਾ ਹੈ ਕਿ ਗੋਆਰ ਜਾਤੀ ਉਸ ਵੇਲੇ ਸੀ ਜਿਸ ਦਾ ਗਵਾਰ ਕਰਕੇ ਵੀ ਜਿਕਰ ਆਉਂਦਾ ਹੈ। ਭੀਖਣ ਖਾਂ ਪੰਜ ਸੌ ਪਠਾਣਾਂ ਨਾਲ ਗੁਰੂ ਜੀ ਕੋਲ ਨੌਕਰ / ਸੇਵਾਦਾਰ ਸੀ ਅਤੇ ਭੰਗਾਣੀ ਦੇ ਯੁੱਧ ਵਿਚ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖਜਾਨਾ ਲੁੱਟਣ ਦੀ ਨਿਯਤ ਨਾਲ ਗੁਰੂ ਜੀ ਨੂੰ ਦਗਾ ਦੇ ਕੇ ਫਤਿਸ਼ਾਹ ਨਾਲ ਆਪਣੇ ਪੰਜ ਸੌ ਪਠਾਣਾਂ ਨਾਲ ਜਾ ਮਿਲਿਆ। ਜਦੋਂ ਗੁਰੂ ਜੀ ਦੀਆਂ ਫੌਜਾਂ ਦੀ ਮਾਰ ਨਾ ਝਲਦੇ ਹੋਏ ਪਠਾਣ ਭੱਜ ਤੁਰੇ ਤਾਂ ਭੀਖਨ ਖਾਂ ਆਪਣੇ ਸਾਥੀਆਂ ਨੂੰ ਕਹਿੰਦਾ ਹੈ ਕਿ ਇਨ੍ਹਾਂ ਗਵਾਰ ਸਿੱਖਾਂ ਕੋਲੋਂ ਕਿਉਂ ਡਰਦੇ ਹੋ। ਦਸ਼ਮੇਸ਼ ਚਮਤਕਾਰ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਸਫਾ 165 ਤੇ ਭੰਗਾਣੀ ਦੇ ਯੁੱਧ ਦਾ ਬਿਰਤਾਂਤ ਹੈ। ਭੀਖਨ ਖਾਂ ਜੋ ਪਹਾੜੀ ਰਾਜਿਆਂ ਨਾਲ ਮਿਲ ਗਿਆ ਸੀ, ਅਪਣੀ ਫੌਜ ਨੂੰ ਕਹਿੰਦਾ ਹੈ, ‘ਕਿ ਕਿਉਂ ਢਿੱਲੇ ਪੈਂਦੇ ਹੋ ? ਇਨ੍ਹਾਂ ਗਵਾਰ ਸਿੱਖਾਂ ਪਾਸੋਂ ਦਬ ਗਏ ? ਕੀ ਤੁਸੀਂ ਖਜਾਨਾ ਨਹੀਂ ਲੁੱਟਣਾ ? ਇਹ ਕਹਿ ਕੇ ਜੋਰ ਦੀ ਹੱਲਾ ਕੀਤਾ.. ਪ੍ਰਸਿਧ ਲੇਖਕ ਚੂੜਾਮਣੀ ਭਾਈ ਸੰਤੋਖ ਸਿੰਘ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥਾਵਲੀ ਪਹਿਲੀ ਪੋਥੀ ਸਫਾ 192 ਉਤੇ, ਗੁਰ ਵਿਲਾਸ ਭਾਈ ਮਨੀ ਸਿੰਘ ਮਤ ਵਿਆਖਿਆਨ, ਗੁਰ ਵਿਲਾਸ ਭਾਈ ਸੁੱਖਾ ਸਿੰਘ, ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਮਿਲਾਨ ਕੀਤਾ ਹੈ। ਇਸ ਗੁਰ ਪ੍ਰਤਾਪ ਸੂਰਜ ਗ੍ਰੰਥਾਵਲੀ ਵਿਚ ਇਸ ਤਰਾਂ ਲਿਖਿਆ ਹੈ :-
ਗੁਰ ਵਿਲਾਸ ਭਾਈ ਮਨੀ ਸਿੰਘ ਮਤ ਵਖਯਾਨ :-
ਭੰਗਾਣੀ ਯੁੱਧ ਵਿਚ ਪਠਾਣ ਨੱਸ ਕੇ ਪਹਾੜੀ ਰਾਜਿਆਂ ਨਾਲ ਜਾ ਮਿਲੇ ਤਾਂ ਗੁਰੂ ਜੀ ਦੀ ਫੌਜ ਦਾ ਵੇਰਵਾ ਇਸ ਤਰਾ ਦੱਸਦੇ ਹਨ :-
ਭੀਖਨ ਭਨਿ ਸਾਹਿਬ ਕੋ ਨਾਉ। ਰੱਯਤ ਲੋਕ ਮਿਲੇ ਇਕ ਠਾਉ।
ਜਾਟ ਗਵਾਰ ਸੁ ਤੇਲੀ ਨਾਈ। ਭਾਟੀ ਲਾਬਾਣੇ ਚਮਰਾਈ।
ਬਨੀਏ ਰੋਰੇ ਭਾਟ ਮਹਾਨਾ। ਸੂਦਰ ਛੀਪੇ ਜਾਤ ਤ੍ਰਿਖਾਨਾ।
ਬਾਰਾਂ ਜਾਤ ਸਨਾਤ ਮਿਲਾਵੇ।ਇਨ ਕੌ ਤੀਰ ਕਮਾਨ ਸਿੱਖਾਵੈ।
ਔਰ ਕਲਾਲ ਸੁਨਾਰੇ ਜੇਹੀ। ਪਕੜ ਨਾ ਜਾਨੈ ਬਰਛਾ ਤੇਹੀ।
ਤੀਰ ਤੁਫੰਗ ਕੋ ਨਾਂਹਿ ਚਲਾਵੈ। ਜਾਤ ਅਰਾਈਂ ਖੋਸੀ ਚਾਵੇ।
ਗੁਰ ਵਿਲਾਸ ਭਾਈ ਸੁੱਖਾ ਸਿੰਘ :-
ਭਾਈ ਸੁਖਾ ਸਿੰਘ ਇਸ ਤਰਾਂ ਦਸਦੇ ਹਨ,
‘ਸੰਨਾ ਫ਼ੌਜ ਖੁੱਦਾ ਕਾ ਠਾਉਂ। ਰਯਤ ਲੌਗ ਮਿਲੇ ਇਕ ਠਾਉਂ।
ਤਿਨਕੇ ਤੁਮ ਕਹੁ ਨਾਂ ਸੁਨਾਉਂ। ਸੁਨੋਂ ਗਿਰਪਤੋਂ ਸਭ ਇਕ ਠਾਉਂ।
ਜਾਟ ਗਵਾਰ ਸੁ ਤੇਲੀ ਘਨੋ। ਨਾਈ ਬਾਮਨ ਜਾਤ ਨਾ ਗਨੇ।
ਰਜੱਕ,ਸੂਦ ਲਬਾਣੇ ਜਾਨਹੁ। ਬਨੀਏ ਰੋੜੇ ਭਾਟ ਪਛਾਨਹੁ।
ਬਾਢੀ ਔਰ ਲੁਹਾਰ ਸੁਨਾਰ। ਝੀਵਰ ਲੋਗ ਘੁਮਾਰ ਕੁਲਾਰ।
ਕਿਤਕ ਬਾਹਤੀ ਔਰ ਚੁਮਾਰ। ਅਰ ਰੰਘਰੇਟੇ ਖੋਰ ਹਲਾਲ।
ਬਾਰਾਂ ਜਾਤ ਸਨਾਤ ਮਿਲਾਵੇ। ਤਿਨਕਹਿ ਤੀਰ ਕਮਾਨ ਸਿੱਖਾਵੇ।
ਬਰਛਾ ਪਕਰ ਕਿਸੂ ਨਹੀਂ ਆਵੈ ਤੀਰ ਤੁਫੰਗ ਸੁ ਕੌਨ ਚਲਾਵੇ।।
(210 ਧਿਆ 6)
ਗੁਰ ਪ੍ਰਤਾਪ ਸੂਰਜ ਗ੍ਰੰਥ :-
ਬਾਕੀ ਦੱਲ ਖੁੱਦਾਇਕੋ ਨਾਉਂ। ਮਿਲੇ ਗਵਾਰ ਲੋਕ ਸਮੁਦਾਉ।
ਹਸਿਬੇ ਜੋਗ ਜਾਤ ਜਿਨ ਕੇਰੀ। ਮੋਤੇ ਸੁਨੋ ਕਹੌਜ ਇਸ ਬੇਰੀ।
ਘਨੇ ਜਾਤ ਹੈਂ ਅਧਿਕ ਗਵਾਰ। ਨਾਈ ਬਾਮਣ ਸੂਦ ਸੁਨਾਰ।
ਬਨੀਏ ਰੋੜੇ ਜਾਟ ਲੁਹਾਰ। ਝੀਵਰ ਜਾਤ ਕਲਾਲ ਕੁਮਾਰ।
ਖਾਤੀ ਛੀਂਬੇ ਔਰ ਲੁਬਾਣੇ। ਛਤੀਸ ਜਾਤ ਸਨਾਤਿ ਪਛਾਣੇ।
ਐਪਰ ਕਹਾ ਲਗ ਕਰੋ ਉਚਾਰ। ਹੈਂ ਹਲਾਲ ਖੁਰ ਨੀਚ ਚਮਾਰ।
ਪਕਰੀ ਜਾਇ ਨਾ ਕਰ ਤਲਵਾਰ। ਨਹਿ ਜਾਨਿਹ ਕਿਸ ਤੋਂਮਰ ਧਾਰੇਂ।
ਤੀਹ ਤੁਫੰਗ ਪ੍ਰਹਾਰਨ ਜੋਇ। ਇਹ ਵਿਦਯਾ ਤਿਨ ਕੇ ਕਿਮ ਹੋਇ।
(38 ਰਿਤ ਅੰਸੂ 22)
ਉਪਰੋਕਤ ਹਵਾਲਿਆਂ ਤੋਂ ਪਤਾ ਲਗਦਾ ਹੈ ਕਿ ਭੰਗਾਣੀ ਦੇ ਯੁੱਧ ਵਿਚ ਗੋਆਰ/ਗਵਾਰ ਅਤੇ ਲੁਬਾਣਿਆਂ ਨੇ ਹਿੱਸਾ ਲਿਆ। ਕਿਤੇ ਵੀ ਬਾਜ਼ੀਗਰ / ਵਣਜਾਰਾ ਸ਼ਬਦ ਦੀ ਵਰਤੋਂ ਨਹੀਂ ਹੋਈ । ਇਸ ਤੋਂ ਸਾਫ ਪਤਾ ਲਗਦਾ ਹੈ ਕਿ ਉਸ ਸਮੇਂ ਬਾਜ਼ੀਗਰ ਬਰਾਦਰੀ ਹੋਂਦ ਵਿਚ ਹੀ ਨਹੀਂ ਆਈ ਸੀ। ਸਤਾਰਵੀਂ ਸਦੀ ਵਿਚ ਜਦੋਂ ਪੰਜਾਬ ਵਿਚ ਸਿੱਖ ਮਿਸਲਾਂ ਕਾਇਮ ਹੋਈਆਂ ਅਤੇ ਜਨਤਾ ਸ਼ਾਂਤੀ ਨਾਲ ਕੰਮ ਕਰਨ ਲੱਗੀ। ਗੋਆਰ ਜਾਤ ਦੇ ਲੋਕ ਜਿਨ੍ਹਾਂ ਨੂੰ ਕੋਈ ਹੋਰ ਕੰਮ ਨਹੀਂ ਮਿਲਿਆ ਬਾਜ਼ੀ ਦੀ ਕਲਾ ਦਿਖਾਉਣ ਲਗ ਪਏ। ਇਹ ਲੋਕ ਪਿੰਡਾਂ ਤੋਂ ਬਾਹਰ ਰਹਿੰਦੇ ਸਨ ਅਤੇ ਸਿਰਫ ਬਾਜ਼ੀ ਪਾਉਣ ਵਾਸਤੇ ਹੀ ਪਿੰਡਾਂ ਵਿਚ ਜਾਂਦੇ। ਪੰਜਾਬ ਦੇ ਲੋਕਾਂ ਨੇ ਗੁਰਬਾਣੀ ਦੇ ਸ਼ਬਦਾਂ ਦੇ ਅਧਾਰ ਤੇ ਇਨ੍ਹਾਂ ਨੂੰ ਬਾਜ਼ੀਗਰ ਕਹਿਣਾ ਸ਼ੁਰੂ ਕੀਤਾ। ਇਸ ਤੋਂ ਸਾਫ ਹੋ ਜਾਂਦਾ ਹੈ ਕਿ ਬਾਜ਼ੀਗਰ ਬਰਾਦਰੀ ਸੰਗਠਿਤ ਰੂਪ ਵਿੱਚ ਪੰਜਾਬ ਵਿਚ ਸਿੱਖ ਮਿਸਲਾਂ ਵੇਲੇ ਹੀ ਹੋਂਦ ਵਿਚ ਆਈ।
ਗੋਆਰ ਰਾਜਪੂਤਾਂ ਦੇ ਕਿੱਤੇ
ਜੋ ਗੋਆਰ ਰਾਜਪੂਤ/ਬਾਜ਼ੀਗਰ ਸਮਾਜ ਤੇ ਇਤਿਹਾਸਕ ਦੀ ਖੋਜ ਹੁਣ ਤਕ ਕੀਤੀ ਗਈ, (ਭਾਵੇਂ ਉਹ ਵਣਜਾਰਾ ਨਾਂ ਤੇ ਜਿਆਦਾ ਕੀਤੀ) ਪਰ ਗੋਆਰ ਨਾਂ ਇਕ ਸਾਂਝਾ ਨਾਂ ਹੋਣ ਕਰਕੇ, ਇਸ ਨੂੰ ਅਸੀ ਗੋਆਰ ਸਮਾਜ ਦੀ ਖੋਜ ਹੀ ਕਹਿ ਸਕਦੇ ਹਾਂ। ਪ੍ਰੋਫੈਸਰ ਮੋਤੀ ਰਾਜ ਰਠੌਰ ਦੀਆਂ ਇਤਿਹਾਸਕ ਖੋਜਾਂ ਤੋਂ ਸਾਬਤ ਹੁੰਦਾ ਹੈ ਕਿ ਗੋਆਰ ਸਮਾਜ ਕਿਸੇ ਸਮੇਂ ਅਫਗਾਨਿਸਤਾਨ, ‘ਜਿਥੇ ਅੱਜ ਵੀ ਗੋਰ ਪਹਾੜੀਆਂ, ਗੋਰ ਦਰਿਆ ਅਤੇ ਗੋਰ ਪ੍ਰਾਂਤ ਹੈ ਤੋਂ ਬੰਗਾਲ ਤਕ ਜਿਥੇ ਪਾਲ ਵੰਸ਼ ਦੇ ਗੌਰ ਵੰਸ਼ੀ ਰਾਜਿਆਂ ਦਾ ਰਾਜ ਰਿਹਾ, ਗੋਰ ਸਮਾਜ ਫੈਲਿਆ ਹੋਇਆ ਸੀ। ਕਰਨਲ ਜੇਮਸ ਟਾਡ ਅਨੁਸਾਰ ਵੀ, ‘ਭਾਵੇਂ ਗੌਰ ਵੰਸ਼ ਦੇ ਲੋਕ ਮਨ ਭਾਵਕ ਉਚਾਈਆਂ ਪ੍ਰਾਪਤ ਨਹੀਂ ਕਰ ਸਕੇ, ਪਰ ਫਿਰ ਵੀ ਇਹ ਬਹੁਤ ਸਨਮਾਨਤ ਕਬੀਲੇ ਸਨ। ਕਰਨਲ ਟਾਡ ਅਨੁਸਾਰ ਮੱਧ ਪ੍ਰਦੇਸ ਵਿਚ ਸੂਪੁਰ ਇਨ੍ਹਾਂ ਦੀ ਰਿਆਸਤ ਸੀ ਜੋ 1807 ਈ: ਤਕ ਕਾਇਮ ਰਹੀ। 1000 ਈ: ਤਕ ਸਾਰੇ ਭਾਰਤ ਵਰਸ਼ ਤੇ ਰਾਜਪੂਤਾਂ ਦਾ ਰਾਜ ਸੀ। ਸਮੇਂ ਨਾਲ ਉਹ ਆਲਸੀ ਅਤੇ ਸੁਸਤ ਹੋ ਗਏ। ਆਪਸੀ ਫੁੱਟ ਨੇ ਵੀ ਮੁਸਲਮਾਨ ਹਮਲਾਵਰਾਂ ਦੀ ਰਾਜਪੂਤ ਰਾਜਿਆਂ ਨੂੰ ਹਰਾਉਣ ਵਿਚ ਸਹਾਇਤਾ ਕੀਤੀ। ਇਸ ਤਰਾਂ ਅਲੱਗ ਅਲੱਗ ਵਿਦੇਸ਼ੀ ਹਮਲਾਵਰਾਂ ਨੇ ਰਾਜਪੂਤਾਂ ਦਾ ਨੁਕਸਾਨ ਕੀਤਾ। ਅਕਬਰ ਦੀ ਨੀਤੀ ਨੇ ਤਾਂ ਰਾਜਪੂਤਾਂ ਦਾ ਸਾਰਾ ਇਤਿਹਾਸ ਹੀ ਬਦਲ ਦਿੱਤਾ। ਰੋਟੀ ਬੇਟੀ ਦੀ ਸਾਂਝ ਨੇ ਕਈ ਰਾਜਪੂਤ ਰਾਜਿਆਂ ਦੀ ਜ਼ਮੀਰ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਉਨ੍ਹਾਂ ਨੂੰ ਅਕਬਰ ਦੀਆਂ ਲੜਾਈਆਂ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਵਿਚੋਂ ਰਾਣਾ ਰਤਨ ਸਿੰਘ, ਅਲਾਉਦੀਨ ਖਿੱਲਜ਼ੀ ਦੇ ਸਮੇਂ, ਜੈਮਲ, ਫੱਤਾ ਅਤੇ ਮਹਾਰਾਣਾ ਪ੍ਰਤਾਪ ਨੂੰ ਆਪਣੀ ਆਨ ਅਤੇ ਸ਼ਾਨ ਲਈ ਅਕਬਰ ਨਾਲ ਯੁੱਧ ਕਰਨਾ ਪਿਆ। ਇਨ੍ਹਾਂ ਯੁੱਧਾਂ ਵਿਚ ਹੋਈ ਹਾਰ ਕਾਰਨ ਬਹੁਤ ਸਾਰੇ ਰਾਜਪੂਤ ਸਰਦਾਰ ਜੰਗਲਾਂ ਵਿਚ ਚਲੇ ਗਏ ਅਤੇ ਖਾਨਾਬਦੋਸ਼ਾਂ ਦੀ ਜਿੰਦਗੀ ਜਿਉਂਣ ਲੱਗੇ। ਮਹਾਰਾਣਾ ਪ੍ਰਤਾਪ ਨੇ ਕਸਮ ਖਾਧੀ ਕਿ ਜਦ ਤਕ ਮਾਤ ਭੂਮੀ ਨੂੰ ਅਜ਼ਾਦ ਨਹੀਂ ਕਰਾ ਲੈਂਦਾ, ਸੁੱਖ ਸੁਵਿਧਾਵਾਂ ਨਹੀਂ। ਮਾਣਾਂਗਾ, ਇਸ ਕਾਰਣ ਉਸਨੂੰ ਧਰਤੀ ਉਤੇ ਸੌਣਾ ਪਿਆ।
ਸ੍ਰੀ ਵਾਈ ਰੂਪਲਾ ਨਾਇਕ ਅਤੇ ਪ੍ਰੋਫੈਸਰ ਮੋਤੀ ਰਾਜ ਰਠੌਰ ਅਨੁਸਾਰ ਵਣਜਾਰਾ ਅਤੇ ਲੁਬਾਣਾ ਸਦੀਆਂ ਤੋਂ ਵਿਉਪਾਰ ਕਰਦੇ ਆ ਰਹੇ ਹਨ। ਸ੍ਰੀ ਰੂਪਲਾ ਨਾਇਕ ਅਨੁਸਾਰ ਇਟਲੀ ਅਤੇ ਹੋਰ ਯੂਰਪੀਨ ਦੇਸ਼ਾਂ ਵਿਚੋਂ ਵੀ ਇਹ ਸਬੂਤ ਮਿਲੇ ਹਨ ਕਿ ਵਣਜਾਰੇ ਅਤੇ ਲੁਬਾਣੇ ਸਦੀਆਂ ਤੋਂ ਇਥੇ ਵਿਉਪਾਰ ਵਾਸਤੇ ਆਉਂਦੇ ਸਨ। ਜਿਥੋਂ ਤਕ ਗੋਆਰ ਰਾਜਪੂਤ/ਬਾਜ਼ੀਗਰ ਕਬੀਲੇ ਦੇ ਕਿੱਤੇ ਦਾ ਸੰਬਧ ਹੈ, ਤੱਥਾਂ ਦੇ ਅਧਾਰ ਤੇ ਕਿਹਾ ਜਾ ਸਕਦਾ ਹੈ ਕਿ ਇਹ ਰਾਜਪੂਤ ਲੋਕ ਜੋ ਮੁਗਲਾਂ ਦੇ ਹਮਲਿਆਂ ਕਾਰਨ ਰਾਜ ਅਤੇ ਉਚੇ ਅਹੁਦੇ ਤਿਆਗ ਜਾਂ ਗੁਆ ਕੇ ਜੰਗਲਾਂ ਵਿਚ ਰਹਿ ਰਹੇ ਸਨ, ਸਿੱਖ ਮਿਸਲਾਂ ਕਾਇਮ ਹੋਣ ਤੇ ਜੰਗਲਾਂ ਵਿਚੋਂ ਨਿਕਲ ਕੇ ਪਿੰਡਾਂ ਵੱਲ ਵਧਣ ਲੱਗੇ। ਨਟਾਂ ਦੇ ਮੇਲ ਨਾਲ ਇਹ ਆਪਣੀ ਜਿਸਮਾਨੀ ਤਾਕਤ ਨਾਲ ਬਾਜ਼ੀ ਪਾਉਣ ਲੱਗੇ ਅਤੇ ਲੋਕਾਂ ਨੇ ਇਨ੍ਹਾਂ ਨੂੰ ਬਾਜ਼ੀਗਰ ਕਿਹਾ। ਭਾਵੇਂ ਸਾਰਾ ਗੋਆਰ ਸਮਾਜ ਇਕ ਆਮ ਸਮਾਜ ਵਾਂਗ ਵੱਖ ਵੱਖ ਕੰਮ ਕਰਦਾ ਸੀ, ਜਿਵੇਂ ਵਣਜਾਰੇ ਅਤੇ ਲੁਬਾਣੇ ਵਿਉਪਾਰ ਦਾ ਸਿਰਕੀਬੰਦ ਸਿਰਕੀਆਂ ਬਣਾਉਂਦੇ। ਬਾਜ਼ੀਗਰ ਗੋਆਰਾਂ ਦਾ ਮੁੱਖ ਕੰਮ ਬਾਜ਼ੀ ਪਾਉਣਾ ਸੀ, ਜੋ ਅੱਜ ਦੇ ਤਕਨੀਕੀ ਜੁਗ ਵਿਚ ਅਲੋਪ ਹੋ ਰਿਹਾ ਹੈ।
ਜਦੋਂ ਪਿੰਡਾਂ ਵਿਚ ਮਨ ਪ੍ਰਚਾਵੇ ਦੇ ਸੀਮਤ ਸਾਧਨ ਸਨ, ਲੋਕ ਬਾਜ਼ੀ – ਕਲਾ ਦਾ ਖੂਬ ਆਨੰਦ ਮਾਣਦੇ ਸਨ ਅਤੇ ਇਕ ਦੂਸਰੇ ਤੋਂ ਵਧ ਕੇ ਬਾਜ਼ੀ ਪਾਉਣ ਵਾਲੇ ਕਲਾਕਾਰ, ਜਿਸ ਨੂੰ ਖਲਾਰ ਕਿਹਾ ਜਾਂਦਾ ਸੀ, ਨੂੰ ਇਨਾਮ ਦਿੰਦੇ। ਖੁਸ਼ ਹੋ ਕੇ ਪਿੰਡ ਦੇ ਵੱਡੇ ਜਿਮੀਦਾਰ ਆਪਣੇ ਹੱਥਾਂ ਦੀਆ ਸੋਨੇ ਦੀਆਂ ਮੁੰਦਰੀਆਂ ਵੀ ਇਨ੍ਹਾਂ ਨੂੰ ਇਨਾਮ ਵੱਜੋਂ ਦੇ ਦਿੰਦੇ। ਖੇਸਾਂ, ਕੰਬਲਾਂ ਅਤੇ ਸੂਟਾਂ ਦਾ ਇਕੱਠਾ ਹੋਣਾ ਤਾਂ ਆਮ ਗਲ ਸੀ। ਬਾਜ਼ੀ ਪਾਉਣ ਲਈ ਗੋਆਰ ਰਾਜਪੂਤ/ਬਾਜ਼ੀਗਰ ਸਮਾਜ ਦੇ ਆਪਸ ਵਿਚ ਪਿੰਡ ਵੰਡੇ ਹੁੰਦੇ ਸਨ। ਸਬੰਧਤ ਪਿੰਡ ਦਾ ਬਾਜ਼ੀਗਰ ਹੀ ਪਿੰਡ ਵਿਚ ਬਾਜ਼ੀ ਪਾਉਣ ਦਾ ਅਧਿਕਾਰ ਰੱਖਦਾ ਸੀ। ਇਕ ਪਿੰਡ ਵਿਚ ਬਾਜ਼ੀ ਕਾਫੀ ਸਮੇਂ ਬਾਅਦ ਪਾਈ ਜਾਂਦੀ ਸੀ। ਜੇ ਕਿਸੇ ਕਾਰਨ ਪਿੰਡ ਦਾ ਬਾਜ਼ੀਗਰ ਬਾਜੀ ਨਹੀਂ ਪਾਉਂਦਾ ਤਾਂ ਪਿੰਡ ਦੇ ਮੋਹਤਬਰ ਬੰਦੇ ਬਾਜ਼ੀ ਨਾ ਪਾਉਣ ਨੂੰ ਆਪਣੀ ਬੇਇਜ਼ਤੀ ਸਮਝਦੇ ਅਤੇ ਪਿੰਡ ਦੇ ਬਾਜ਼ੀਗਰ ਨੂੰ ਬਾਜ਼ੀ ਪਾਉਣ ਲਈ ਕਹਿੰਦੇ। ਕਈ ਵਾਰ ਬਾਜ਼ੀਗਰ ਆਪਸ ਵਿਚ ਲੈਣ ਦੇਣ ਕਰਕੇ ਪਿੰਡ ਦੇ ਅਧਿਕਾਰ ਦੂਸਰੇ ਬਾਜ਼ੀਗਰ ਨੂੰ ਵੀ ਦੇ ਦਿੰਦੇ ਸਨ। ਹਾੜੀ ਅਤੇ ਸਾਉਣੀ ਦੀ ਫਸਲ ਵੇਲੇ ਪਿੰਡ ਦਾ ਬਾਜ਼ੀਗਰ ਹਰ ਇਕ ਜਿੰਮੀਦਾਰ ਤੋਂ ਫਸਲ ਇੱਕਠੀ ਕਰਦਾ ਸੀ। ਜਿਮੀਂਦਾਰ ਕਣਕ ਤੇ ਮੱਕੀ ਵਗੈਰਾ ਦੀ ਪੂਰੀ ਭਰੀ/ਪੰਡ ਪੂਲਾ ਦਿੰਦੇ ਸਨ। ਗੋਆਰ ਰਾਜਪੂਤ/ਬਾਜ਼ੀਗਰ ਪਿੰਡ ਵਿਚ ਜਿਮੀਂਦਾਰਾਂ ਦਾ ਕੋਈ ਕੰਮ ਨਹੀਂ ਸਨ ਕਰਦੇ ਅਤੇ ਨਾ ਹੀ ਉਨ੍ਹਾਂ ਤੇ ਨਿਰਭਰ ਸਨ, ਜਿਸ ਤਰ੍ਹਾਂ ਕਿ ਲੁਹਾਰ, ਤਰਖਾਣ ਅਤੇ ਝੀਵਰ ਪਿੰਡ ਦੇ ਲੋਕਾਂ ਤੇ ਨਿਰਭਰ ਸਨ। ਛੇ ਮਹੀਨੇ ਉਹ ਜਿਮੀਂਦਾਰ ਦਾ ਕੰਮ ਕਰਦੇ ਅਤੇ ਫਸਲ ਆਉਣ ਤੇ ਅਨਾਜ ਇਕੱਠਾ ਲੈਂਦੇ ਸਨ। ਇਸ ਨੂੰ ਸੇਪੀ ਵੀ ਕਿਹਾ ਜਾਂਦਾ ਸੀ। ਇਹ ਵੀ ਹੋ ਸਕਦਾ ਹੈ ਕਿ ਜਿੱਥੇ ਇਕੱਲਾ ਘਰ ਬਾਜ਼ੀਗਰਾਂ ਦਾ ਪਿੰਡ ਵਿਚ ਪੱਕੇ ਤੌਰ ਤੇ ਰਹਿੰਦਾ ਹੋਵੇ, ਉਥੇ ਉਹ ਜਿਮੀਂਦਾਰਾਂ ਦਾ ਕੰਮ ਕਰਦਾ ਹੋਵੇ। ਇਹ ਆਮ ਗੱਲ ਸੀ ਕਿ ਗੋਆਰ ਰਾਜਪੂਤ/ਬਾਜ਼ੀਗਰ ਟਿੱਕ ਕੇ ਕਿਸੇ ਇਕ ਜਗ੍ਹਾ ਤੇ ਨਹੀਂ ਬੈਠਦੇ ਸਨ, ਇਸ ਲਈ ਇਨ੍ਹਾਂ ਦਾ ਇਕ ਪਿੰਡ ਤੇ ਨਿਰਭਰ ਹੋਣਾ ਅਤੇ ਉਨ੍ਹਾਂ ਦਾ ਕੰਮ ਕਰਨਾ ਮੁਸ਼ਕਲ ਸੀ। ਦੇਸ਼ ਦੀ ਵੰਡ ਸਮੇਂ ਜਿਹੜਾ ਗੋਆਰ ਰਾਜਪੂਤ/ਬਾਜ਼ੀਗਰ ਸਮਾਜ ਪਾਕਿਸਤਾਨ ਤੋਂ ਭਾਰਤ ਵਿਚ 1947 ਤੋਂ ਬਾਅਦ ਆਇਆ ਉਨ੍ਹਾਂ ਕੋਲ ਬਾਜ਼ੀ ਪਾਉਣ ਵਾਸਤੇ ਕੋਈ ਪਿੰਡ ਨਹੀਂ ਸਨ, ਇਸ ਲਈ ਉਹ ਪਿੰਡ ਤੋਂ ਬਾਹਰ ਅਪਣੇ ਟਾਂਡੇ-ਡੇਰਿਆਂ ਵਿਚ ਰਹਿੰਦੇ ਸਨ ਅਤੇ ਰੋਜ਼ੀ ਰੋਟੀ ਵਾਸਤੇ ਜੋ ਵੀ ਕੰਮ ਮਿਲਿਆ ਕਰਨ ਲੱਗੇ।
ਅੱਜ ਦੇ ਤਕਨੀਕੀ ਯੁੱਧ ਵਿਚ ਬਾਜ਼ੀ ਦੀ ਕੋਈ ਮਹੱਤਤਾ ਨਹੀਂ ਰਹੀ ਇਸ ਲਈ ਗੋਆਰ ਰਾਜਪੂਤ/ਬਾਜ਼ੀਗਰ ਬਾਜੀ ਪਾਉਣੀ ਤਕਰੀਬਨ ਛੱਡ ਰਿਹਾ ਹੈ। ਪਹਿਲਾਂ ਇਹ ਬਾਜ਼ੀ ਪਿੰਡਾਂ ਵਿਚ ਮਨ ਪ੍ਰਚਾਵੇ ਦਾ ਸਾਧਨ ਹੁੰਦਾ ਸੀ ਅਤੇ ਜਦੋਂ ਕਿਸੇ ਪਿੰਡ ਵਿਚ ਬਾਜ਼ੀ ਪੈਣੀ ਹੁੰਦੀ ਤਾਂ ਸਾਰਾ ਇਲਾਕਾ ਬਾਜ਼ੀ ਨੂੰ ਦੇਖਣ ਵਾਸਤੇ ਜੁੜ ਜਾਂਦਾ ਸੀ ਅਤੇ ਬਾਜ਼ੀ ਪਾਉਣ ਵਾਲੇ ਬਾਜ਼ੀਗਰ ਨੂੰ ਚੰਗੀ ਆਮਦਨ ਹੋ ਜਾਂਦੀ ਸੀ, ਪਰ ਅੱਜ ਮਨ ਪ੍ਰਚਾਵੇ ਦੇ ਨਵੇਂ ਨਵੇਂ ਸਾਧਨ ਆ ਗਏ ਹਨ, ਇਸ ਲਈਂ ਹੁਣ ਕਿਸੇ ਕੋਲ ਵੀ ਵਿਹਲਾ ਸਮਾਂ ਨਹੀਂ ਕਿ ਬਾਜ਼ੀ ਦੇਖੀ ਜਾਵੇ। ਵੈਸੇ ਵੀ ਹਰ ਆਦਮੀ ਪਦਾਰਥਵਾਦੀ ਹੋ ਚੁੱਕਾ ਹੈ, ਜੋ ਇਨਾਮ ਪਹਿਲਾਂ ਬਾਜ਼ੀ ਕਲਾ ਤੋਂ ਖੁਸ਼ ਹੋ ਕੇ ਪਿੰਡਾਂ ਦੇ ਲੋਕ ਦਿੰਦੇ ਸਨ, ਹੁਣ ਨਹੀਂ ਦੇ ਰਹੇ। ਇਸ ਤਰਾਂ ਬਾਜ਼ੀ ਸਿਰਫ ਸਭਿਆਚਾਰ ਦਾ ਹਿੱਸਾ ਹੀ ਰਹਿ ਗਈ ਹੈ ਅਤੇ ਅੱਗੇ ਤੋਂ ਇਸ ਨੂੰ ਚਾਲੂ ਰਖਣਾ ਸਮੱਸਿਆ ਬਣ ਗਈ ਹੈ, ਕਿਉਂ ਜੋ ਨਵੀ ਪੀੜੀ ਬਾਜ਼ੀ ਕਲਾ ਨੂੰ ਬਿਲਕੁਲ ਨਹੀਂ ਅਪਣਾ ਰਹੀ, ਇਸ ਲਈ ਗੋਆਰ ਰਾਜਪੂਤ/ਬਾਜ਼ੀਗਰ ਦੂਸਰੇ ਕੰਮ ਕਰਨ ਲੱਗ ਪਿਆ, ਇਨ੍ਹਾਂ ਕੰਮਾਂ ਨੂੰ ਚਾਰ ਹਿਸਿਆਂ ਵਿਚ ਵੰਡਿਆ ਜਾ ਸਕਦਾ ਹੈ :-
ਵਿਉਪਾਰ :-
ਵਿਉਪਾਰ ਕਿੱਤਾ ਗੋਆਰ ਰਾਜਪੂਤ/ਬਾਜ਼ੀਗਰ ਚਿਰਾਂ ਤੋਂ ਕਰਦਾ ਆ ਰਿਹਾ ਹੈ। ਅੱਜ ਤੋਂ 25-30 ਸਾਲ ਪਹਿਲਾਂ ਪਿੰਡਾਂ ਵਿਚ ਘਰੇਲੂ ਔਰਤਾਂ ਦੇ ਵਰਤਣ ਵਾਲਾ ਸਾਰਾ ਸਮਾਨ ਇਸੇ ਸਮਾਜ ਦੀਆਂ ਔਰਤਾਂ ਵੱਲੋਂ ਪੂਰਾ ਕੀਤਾ ਜਾਂਦਾ ਸੀ। ਬਦਲੇ ਵਿਚ ਅਨਾਜ ਇੱਕਠਾ ਕੀਤਾ ਜਾਂਦਾ ਸੀ। ਗੋਆਰ ਬਾਜ਼ੀਗਰ ਸਮਾਜ ਦਾ ਜਵਾਨ ਵਰਗ ਜਾਂ ਤਾਂ ਬਾਜ਼ੀ ਪਾਉਣ ਦਾ ਕੰਮ ਕਰਦਾ ਸੀ ਜਾਂ ਇਲਾਕੇ ਮੁਤਾਬਕ ਮਾਲ ਡੰਗਰ ਰੱਖਦਾ ਅਤੇ ਉਨ੍ਹਾਂ ਦਾ ਵਿਉਪਾਰ ਕਰਦਾ। ਦੁਆਬੇ ਦੇ ਇਲਾਕੇ ਵਿਚ ਭੇਡ, ਬਕੱਰੀ ਅਤੇ ਮੱਝਾਂ ਪਾਲਣਾ ਆਮ ਗਲ ਸੀ। ਮਾਲਵੇ ਵਿਚ ਮੱਝਾਂ ਅਤੇ ਊਠਾਂ ਦਾ ਵਿਉਪਾਰ ਕਰਦੇ, ਮਾਝੇ ਦੇ ਇਲਾਕੇ ਵਿਚ ਮੱਝਾਂ ਦਾ ਵਿਉਪਾਰ ਕਰਦੇ,ਪਾਕਿਸਤਾਨ ਤੋਂ ਆਏ ਗੋਆਰ ਰਾਜਪੂਤ/ਬਾਜ਼ੀਗਰ ਉਪਰੋਕਤ ਵਿਉਪਾਰ ਤੋਂ ਬਿਨਾਂ ਲੋਹੇ ਦੇ ਕਬਾੜ ਦਾ ਕੰਮ ਵੀ ਕਰਦੇ ਹਨ, ਜੋ ਲਾਹੇਵੰਦ ਵੀ ਸਾਬਤ ਹੋਇਆ ਅਤੇ ਜਿਸ ਨੇ ਇਸ ਸਮਾਜ ਦੇ ਕਾਫੀ ਹਿੱਸੇ ਨੂੰ ਉਨਤੀ ਦੇ ਰਾਹ ਤੇ ਲਿਆਂਦਾ।
ਖੇਤੀਬਾੜੀ :-
ਜੋ ਗੋਆਰ ਰਾਜਪੂਤ/ਬਾਜ਼ੀਗਰਾਂ ਦੇ ਪ੍ਰੀਵਾਰ ਸਮੇਂ ਦੇ ਨਾਲ ਪਿੰਡਾਂ ਵਿਚ ਪੱਕੇ ਤੌਰ ਤੇ ਵਸ ਗਏ। ਉਨ੍ਹਾਂ ਨੇ ਜ਼ਿਮੀਦਾਰਾਂ ਦੀ ਦੇਖਾ ਦੇਖੀ ਜ਼ਮੀਨ ਖਰੀਦੀ ਜਾਂ ਸਰਕਾਰੀ ਜਮੀਨ ਲੈ ਕੇ ਖੇਤੀ ਸ਼ੁਰੂ ਕੀਤੀ। ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਨੇ. ਖੇਤੀ ਕਰਨ ਵਿਚ ਦਿਲਚਸਪੀ ਨਹੀਂ ਦਿਖਾਈ। ਫਿਰ ਵੀ ਇਸ ਸਮਾਜ ਦਾ ਕਾਫੀ ਹਿੱਸਾ ਖੇਤੀ ਕਰਨ ਲਗਾ ਅਤੇ ਅੱਜ ਵੀ ਕਰਦੇ ਹਨ। ਉਨਾਂ ਖੇਤੀ ਦੇ ਧੰਦੇ ਨੂੰ ਅਪਣਾ ਕੇ ਖੂਬ ਤਰੱਕੀ ਕੀਤੀ। ਪਿੰਡਾਂ ਵਿਚ ਰਹਿ ਕੇ ਦੂਸਰੇ ਸਮਾਜ ਦੀ ਦੇਖਾ ਦੇਖੀ ਆਪਣੇ ਬਚਿਆਂ ਨੂੰ ਚੰਗੀ ਪੜਾਈ ਕਰਨ ਦੇ ਸਾਧਨ ਜੁਟਾਏ ਅਤੇ ਆਪਣੇ ਬਚਿਆਂ ਨੂੰ ਨੋਕਰੀ ਪੇਸ਼ੇ ਵਿਚ ਪਾਇਆ। ਖੇਤੀਬਾੜੀ ਦਾ ਬੁਰਾ ਅਸਰ ਗੋਆਰ ਰਾਜਪੂਤ ਸਮਾਜ ਤੇ ਵੀ ਪਿਆ ਕਿ ਨਵੀਂ ਪੀੜੀ ਆਪਣੇ ਆਪ ਨੂੰ ਗੋਆਰ ਰਾਜਪੂਤ/ਬਾਜ਼ੀਗਰ ਦਾ ਹਿੱਸਾ ਮੰਨਣ ਤੋਂ ਇਨਕਾਰੀ ਹੋ ਗਈ ਅਤੇ ਜਾਣੇ ਅਣਜਾਣੇ ਆਪਣੇ ਨਾਂ ਨਾਲ ਦੂਸਰੀਆਂ ਜਾਤਾਂ ਦੇ ਗੋਤ ਜਿਵੇਂ ਸੰਧੂ, ਚੱਠੇ, ਗਰੇਵਾਲ, ਕਾਹਲੋਂ ਅਤੇ ਸੋਢੀ ਆਦਿ ਲਿਖਣ ਲੱਗੇ।
ਨੌਕਰੀ ਪੇਸ਼ਾ :-
ਗੋਆਰ ਰਾਜਪੂਤ/ਬਾਜ਼ੀਗਰ ਸਦੀਆਂ ਤੋਂ ਪਿੰਡਾਂ ਤੋਂ ਦੂਰ ਆਪਣਾ ਡੇਰਾ ਰਖਦੇ ਸਨ ਅਤੇ ਲੋੜ ਵਾਸਤੇ ਹੀ ਪਿੰਡ ਵਿਚ ਜਾਂਦੇ ਸਨ, ਇਸ ਲਈ ਇਹ ਲੋਕ ਪੜਾਈ ਤੋਂ ਅਛੂਤੇ ਹੀ ਰਹੇ। ਅਜ਼ਾਦੀ ਬਾਅਦ ਗੋਆਰ ਰਾਜਪੂਤ/ਬਾਜ਼ੀਗਰ ਪਿੰਡਾਂ ਦੇ ਲਾਗੇ ਰਹਿਣ ਲੱਗੇ। ਇਨ੍ਹਾਂ ਵਿਚੋ ਜੋ ਲੋਕ ਖੇਤੀਬਾੜੀ ਜਾਂ ਵਿਉਪਾਰ ਦਾ ਕੰਮ ਕਰਨ ਲੱਗੇ ਅਤੇ ਉਨ੍ਹਾਂ ਦੀ ਆਰਥਕ ਹਾਲਤ ਵਿਚ ਸੁਧਾਰ ਆਇਆ ਅਤੇ ਇਹ ਆਪਣੇ ਬਚਿਆਂ ਨੂੰ ਪੜ੍ਹਾਉਂਣ ਲੱਗੇ। ਕੁਝ ਸਰਕਾਰ ਦੀਆਂ ਰਿਆਇਤੀ ਨੀਤੀਆਂ ਕਾਰਨ ਕੁਝ ਦੇਖਾ ਦੇਖੀ ਬੱਚੇ ਪੜਨ ਲੱਗ ਪਏ। ਪੜਨ ਤੋਂ ਬਾਅਦ ਛੋਟੀਆਂ ਮੋਟੀਆਂ ਨੌਕਰੀਆਂ ਕਰਨ ਲੱਗੇ। ਪੜਾਈ ਦੀ ਘਾਟ ਕਾਰਣ ਗੋਆਰ ਬਾਜ਼ੀਗਰ ਕਬੀਲੇ ਦੇ 1970 ਤਕ ਗਿਣਤੀ ਦੇ ਬੰਦੇ ਹੀ ਨੌਕਰੀ ਪੇਸ਼ੇ ਵਿਚ ਆਏ। ਹੋ ਸਕਦਾ ਹੈ ਅਜ਼ਾਦੀ ਤੋਂ ਪਹਿਲਾਂ ਵੀ ਗੋਆਰ ਰਾਜਪੂਤ/ਬਾਜ਼ੀਗਰ ਦੇ ਬੰਦੇ ਨੌਕਰੀ ਕਰਦੇ ਹੋਣ ਪਰ ਇਸ ਦੇ ਕੋਈ ਸਬੂਤ ਨਹੀਂ। ਸ. ਬਿਸ਼ਨ ਸਿੰਘ ਚੌਹਾਨ (ਕੁਰਾ ਨਾਮਸੋਤ) ਪੁੱਤਰ ਸ. ਜੀਆ ਸਿੰਘ ਚੌਹਾਨ, ਪਿੰਡ ਢਾਬੀ ਗੁਜਰਾਂ ਅੱਜ ਕਲ੍ਹ ਜ਼ਿਲ੍ਹਾ ਪਟਿਆਲਾ 1908 ਵਿਚ ਜੀਂਦ ਰਿਆਸਤ ਵਿਚ ਫੌਜ ਵਿਚ ਭਰਤੀ ਹੋਏ ਅਤੇ ਉਸ ਨੇ ਵਿਸ਼ਵ ਯੁੱਧ ਵਿਚ ਹਿੱਸਾ ਲਿਆ ਅਤੇ ਵਧ ਚੜ੍ਹ ਕੇ ਬਹਾਦਰੀ ਦਿਖਾਉਣ ਕਾਰਨ ਕਈ ਤਗਮੇ ਪ੍ਰਾਪਤ ਕੀਤੇ। 1930 ਵਿਚ ਫੌਜ ਵਿਚੋ ਹਵਾਲਦਾਰ (Examplary) ਰਿਟਾਇਰ ਹੋਏ। ਸ. ਬਿਸ਼ਨ ਸਿੰਘ ਭਰਤੀ ਹੋਣ ਸਮੇਂ ਭਾਵੇਂ ਅਨਪੜ੍ਹ ਸੀ ਪਰ 1914 ਦੇ ਦੇ ਵਿਸ਼ਵ ਯੁੱਧ ਸਮੇਂ ਵੱਖ ਵੱਖ ਦੇਸ਼ਾਂ ਵਿਚ . ਲੜਾਈ ਲੜਦਿਆਂ ਉਸ ਨੇ ਕਈ ਦੇਸ਼ਾਂ ਦੀ ਭਾਸ਼ਾ ਸਿੱਖ ਲਈ ਸੀ। ਸ. ਬਿਸ਼ਨ ਸਿੰਘ ਦੀ ਹੀ ਦੂਰ – ਅੰਦੇਸ਼ੀ ਸੀ ਕਿ ਆਪਣੇ ਬੇਟੇ ਸ. ਹਰਪਾਲ ਸਿੰਘ ਨੂੰ ਸਕੂਲ ਪੜ੍ਹਣ ਲਈ ਭੇਜਿਆ ਅਤੇ ਉਸ ਨੂੰ ਪੁਲੀਸ ਮਹਿਕਮੇ ਵਿਚ ਅਫਸਰ ਬਣਾਉਣ ਦੇ ਸਪਨੇ ਦੇਖੇ। ਸ. ਹਰਪਾਲ ਸਿੰਘ ਨੇ ਆਪਣੇ ਪਿਤਾ ਦਾ ਸੁਪਨਾ ਪੁਲੀਸ ਮਹਿਕਮੇ ਵਿਚ ਡੀ. ਐਸ. ਪੀ ਬਣਕੇ ਪੂਰਾ ਕੀਤਾ ਅਤੇ ਨੌਕਰੀ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਕਰਦੇ ਹੋਏ ਤੇ 1991 ਵਿਚ ਰਿਟਾਇਰ ਹੋਏ। ਇਸੇ ਤਰਾਂ ਸ ਬਿਸ਼ਨ ਚੌਹਾਨ ਦਾ ਵੱਡਾ ਭਰਾ ਜਿਨ੍ਹਾਂ ਦਾ ਨਾਂ ਕਲੀ ਰਾਮ ਚੌਹਾਨ ਵੀ ਪੁਲਿਸ ‘ਚ ਸੀ। ਅਜਾਦੀ ਤੋਂ ਬਾਅਦ ਜਿਹੜੇ ਗੋਆਰ ਪਿੰਡਾਂ ਵਿਚ ਆ ਗਏ। ਉਹ ਆਪਣੇ ਬਚਿਆਂ ਨੂੰ ਪੜ੍ਹਾਉਣ ਅਤੇ ਛੋਟੀਆਂ ਮੋਟੀਆਂ ਨੌਕਰੀਆਂ ਕਰਨ ਲੱਗੇ। ਅਸਲ ਵਿਚ 1960 ਤੋਂ ਬਾਅਦ ਹੀ ਗੋਆਰ ਰਾਜਪੂਤ / ਬਾਜ਼ੀਗਰਾਂ ਦੇ ਬੱਚੇ ਨੌਕਰੀਆਂ ਵਿਚ ਆਉਣ ਲਗੇ। ਅੱਜ ਤਕ ਗੋਆਰ ਰਾਜਪੂਤ / ਬਾਜ਼ੀਗਰ ਕਬੀਲੇ ਦਾ ਕੋਈ ਵੀ ਵਿਅਕਤੀ ਗਜ਼ਟਿਡ ਨੌਕਰੀ ਤੇ ਸਿੱਧਾ ਨਹੀਂ ਲੱਗਾ। ਹੌਲੀ ਹੌਲੀ ਤਰੱਕੀ ਕਰਦੇ ਕਰਦੇ ਗਿਣਤੀ ਦੇ ਬੰਦੇ ਹੀ ਕੁਝ ਚੰਗੀਆਂ ਪਦਵੀਆਂ ਪ੍ਰਾਪਤ ਕਰ ਸਕੇ। ਇਸ ਤਰਾਂ ਕਿਹਾ ਜਾ ਸਕਦਾ ਹੈ ਨੌਕਰੀ ਪੇਸ਼ੇ ਵਿਚ ਤਾਂ ਗੋਆਰ ਰਾਜਪੂਤ / ਬਾਜ਼ੀਗਰਾਂ ਦੀ ਸਿਰਫ ਸ਼ੁਰੂਆਤ ਹੀ ਹੈ, ਪਰ ਫਿਰ ਵੀ ਜੋ ਵਿਅਕਤੀ ਗੋਆਰ ਰਾਜਪੂਤ / ਬਾਜ਼ੀਗਰ ਕਬੀਲੇ ਦੇ ਚੰਗੀਆਂ ਪਦਵੀਆਂ ਤੇ ਪਹੁੰਚ ਰਹੇ ਹਨ। ਅਫਸੋਸ ਉਹ ਆਪਣੇ ਆਪ ਨੂੰ ਗੋਆਰ ਰਾਜਪੂਤ / ਬਾਜ਼ੀਗਰ ਕਬੀਲੇ ਦਾ ਹਿਸਾ ਮੰਨਣ ਤੋਂ ਵੀ ਇਨਕਾਰੀ ਹਨ। ਆਪਣੇ ਨਾਂ ਦੇ ਨਾਲ ਜੱਟਾਂ ਦੇ ਗੋਤ ਜਿਵੇਂ ਬਰਾੜ, ਸੰਧੂ, ਚੱਠੇ ਅਤੇ ਕਾਹਲੋਂ ਆਦਿ ਲਿਖਣ ਨੂੰ ਚੰਗਾ ਸਮਝਦੇ ਹਨ। ਸ਼ਾਇਦ ਇਹ ਇਸੇ ਕਰਕੇ ਹੋਇਆ ਕਿ ਇਹ ਲੋਕ ਤਰਸ ਦਾ ਪਾਤਰ ਨਹੀਂ ਬਣਨਾ ਚਾਹੁੰਦੇ ਸਨ ਤੇ ਜਿਨ੍ਹਾਂ ਜਿਮੀਦਾਰਾਂ ਕੋਲ ਇਹ ਰਹਿ ਕੇ ਕੰਮ ਕਰਦੇ ਰਹੇ, ਉਨ੍ਹਾਂ ਦਾ ਗੋਤ ਇਸ ਲਈ ਵੀ ਅਪਣਾ ਲਏ, ਕਿਉਂਕਿ ਇਨਾਂ ਨੂੰ ਸੰਧੂਆਂ ਕਾ, ਬਰਾੜਾਂ ਕਾ ਜਾਂ ਕਾਹਲੋਆਂ ਕਾ ਆਦਿ ਕਹਿ ਕੇ ਸੱਦਦੇ ਸਨ।
ਮਜ਼ਦੂਰੀ ਪੇਸ਼ਾ :-
ਪਹਿਲਾਂ ਗੋਆਰ ਰਾਜਪੂਤ / ਬਾਜ਼ੀਗਰ ਕਬੀਲੇ ਦੇ ਲੋਕ ਆਪਣੇ ਆਪ ਨੂੰ ਰਾਜਪੂਤ ਕਬੀਲਿਆਂ ਵਿਚੋ ਹੋਣ ਕਰਕੇ ਮਜ਼ਦੂਰੀ ਕਰਨ ਨੂੰ ਮਾੜਾ ਅਤੇ ਗੁਲਾਮੀ ਵਾਲਾ ਸਮਝਦੇ, ਪਰ ਸਮੇਂ ਨਾਲ ਅਤੇ ਮਜਬੂਰੀ ਵੱਸ ਅਤੇ ਅਪਣੇ ਬਚਿਆਂ ਦੇ ਚੰਗੇ ਭਵਿੱਖ ਵਾਸਤੇ ਮਜ਼ਦੂਰੀ ਕਰਨ ਲੱਗੇ। ਅੱਜ ਵੀ ਗੋਆਰ ਰਾਜਪੂਤ / ਬਾਜ਼ੀਗਰ ਕਬੀਲੇ ਦਾ ਬਹੁਤ ਥੋੜ੍ਹਾ ਹਿਸਾ ਮਜ਼ਦੂਰੀ ਕਰਦਾ ਹੈ। ਇਸ ਸਮਾਜ ਦੇ ਜਿਆਦਾ ‘ਤਰ ਲੋਕ ਆਪਣੇ ਕੰਮ ਨੂੰ ਹੀ ਪਹਿਲ ਦਿੰਦੇ ਹਨ।
ਗੋਆਰ ਰਾਜਪੂਤਾਂ ਦੀ ਨਿਆਂ ਪ੍ਰਣਾਲੀ
ਗੋਆਰ ਰਾਜਪੂਤ/ਬਾਜ਼ੀਗਰ ਕਬੀਲੇ ਦੀ ਆਪਣੀ ਹੀ ਨਿਆਂ ਪ੍ਰਣਾਲੀ ਸੀ, ਜਿਸ ਵਿਚ ਹਰ ਗੋਤ ਅਤੇ ਇਲਾਕੇ ਦੇ ਲੰਬੜਦਾਰ ਜਿਨ੍ਹਾਂ ਦੀ ਕਾਬਲੀਅਤ ਨੂੰ ਉਸ ਗੋਤ ਦੇ ਲੋਕ ਮੰਨਦੇ ਸਨ। ਜਰੂਰਤ ਪੈਣ ਤੇ ਇਹ ਲੰਬੜਦਾਰ/ਸਿਆਣੇ ਆਦਮੀ ਦੋਵੇਂ ਧਿਰਾਂ ਦੀ ਹਾਜ਼ਰੀ ਵਿਚ ਮਸਲੇ ਤੇ ਵਿਚਾਰ ਕਰਕੇ ਨਿਆਂ ਕਰਦੇ। ਇਨ੍ਹਾਂ ਲੰਬੜਦਾਰ/ਸਿਆਣੇ ਆਦਮੀਆਂ ਨੂੰ ਸਾਲਸ ਵੀ ਕਿਹਾ ਜਾਂਦਾ ਸੀ ਅਤੇ ਉਨ੍ਹਾਂ ਦਾ ਫੈਸਲਾ ਦੋਵੇਂ ਧਿਰਾਂ ਮੰਨਦੀਆਂ ਸਨ। ਉਸ ਪ੍ਰਣਾਲੀ ਨੂੰ ਗੋਆਰ ਭਾਸ਼ਾ ਵਿਚ ਢੋਹ ਮਾਰਨਾ ਵੀ ਕਹਿੰਦੇ ਸਨ। ਜਦੋਂ ਵੀ ਇੱਕ ਗੋਤ ਦਾ ਦੂਸਰੇ ਗੋਤ ਨਾਲ ਕਿਸੇ ਵੀ ਕਿਸਮ ਦਾ ਝਗੜਾ ਹੁੰਦਾ, ਤਾਂ ‘ਢੋਹ’ ਵਿਚ ਫੈਸਲਾ ਕੀਤਾ ਜਾਂਦਾ, ਜਿਸ ਦਾ ਦੋਵੇਂ ਧਿਰਾਂ ਪਾਲਣ ਕਰਦੀਆਂ। ਗੋਆਰ ਕਿਸੇ ਵੀ ਸਰਕਾਰੇ ਦਰਬਾਰੇ ਨਹੀਂ ਸਨ ਜਾਂਦੇ। ਇੱਥੋਂ ਤਕ ਕਿ ਕਤਲ ਦੇ ਕੇਸ ਦਾ ਵੀ ਇਹ ਢੋਹ ਵਿਚ ਹੀ ਫੈਸਲਾ ਕਰਦੇ ਸਨ ਅਤੇ ਫੈਸਲੇ ਸਬੰਧਤ ਧਿਰਾਂ ਵੀ ਮੰਨਦੀਆਂ। ਅਜੋਕੇ ਸਮੇਂ ਵਿਚ ਇਹ ਪ੍ਰਣਾਲੀ ਗੋਆਰ ਜਾਤੀ ਵਿਚ ਤਕਰੀਬਨ ਖਤਮ ਹੀ ਹੋ ਗਈ ਹੈ ਅਤੇ ਹਰ ਛੋਟੇ ਮੋਟੇ ਝਗੜੇ ਉਤੇ ਗੋਆਰ ਵੀ ਥਾਣੇ / ਕਚਹਿਰੀ ਜਾਣ ਲੱਗੇ। ਸਮੇਂ ਦੇ ਗੇੜ ਤੋਂ ਸਾਡੀ ਨਿਆਂ ਪ੍ਰਣਾਲੀ ਵੀ ਅਛੂਤੀ ਨਹੀਂ ਰਹੀ।
ਪੁਰਾਣੇ ਸਮੇਂ ਵਿਚ ਜੇ ਕਿਸੇ ਨੂੰ ਬਰਾਦਰੀ ਵਿਚੋਂ ਕੱਢ ਦਿੱਤਾ ਜਾਂਦਾ ਤਾਂ ਸਾਰੀ ਬਰਾਦਰੀ ਪੱਕੇ ਤੌਰ ਤੇ ਉਸ ਤੇ ਅਮਲ ਕਰਦੀ ਸੀ ਅਤੇ ਉਦੋਂ ਤਕ ਉਸ ਨਾਲ ਕੋਈ ਸਾਂਝ ਨਹੀਂ ਪਾਈ ਜਾਂਦੀ ਸੀ ਜਦ ਤਕ ਉਹ ਬਰਾਦਰੀ ਕੋਲੋਂ ਅਪਣੀ ਭੁੱਲ ਨਾ ਸੁਧਾਰ ਲਏ ਜਾਂ ਡੰਨ ਦੇ ਕੇ ਦੁਬਾਰਾ ਬਰਾਦਰੀ ਵਿਚ ਰਲ ਜਾਵੇ, ਪਰ ਅੱਜ ਦੇ ਸਮੇਂ ਵਿਚ ਇਸ ਗੱਲ ਦਾ ਕੋਈ ਮਹੱਤਵ ਨਹੀਂ ਰਿਹਾ। ਮਤਲਬ ਵਾਸਤੇ ਕਿਸੇ ਵੀ ਭੰੜੇ ਜਾਂ ਬਰਾਦਰੀ ਵਿਚ ਕੱਢੇ ਵਿਅਕਤੀ ਨਾਲ ਬਰਾਦਰੀ ਦੇ ਅਨੇਕਾਂ ਹੀ ਲੋਕਾਂ ਵੱਲੋਂ ਸਬੰਧ ਫਿਰ ਤੋਂ ਕਾਇਮ ਕਰ ਲਿਆ ਜਾਂਦਾ ਹੈ। ਚਾਰ ਕੁ ਦਹਾਕੇ ਪਹਿਲਾਂ ਇਕ ਕਹਾਵਤ ਸਕੂਲਾਂ ਵਿਚ ਦੱਸੀ ਜਾਂਦੀ ਸੀ ਕਿ :-
‘ਜੇ ਪੈਸਾ ਚਲਾ ਗਿਆ ਤਾਂ ਕੁੱਝ ਵੀ ਨਹੀਂ ਗਵਾਚਾ।
ਜੇ ਸਿਹਤ ਵਿਗੜ ਗਈ ਤਾਂ ਕੁੱਝ ਥੋੜ੍ਹਾ ਜਿਹਾ ਗੁੰਮਿਆ।
ਜੋ ਚਾਲ ਚਲਣ ਗਿਆ ਤਾਂ ਸਭ ਕੁਝ ਗੁੰਮ ਹੋ ਗਿਆ।
ਜਿਥੇ ਉਪਰੋਕਤ ਕਹਾਵਤ ਨੇ ਸਾਰੇ ਸਮਾਜ ਵਿਚ ਹੀ ਆਪਣਾ ਮਹੱਤਵ ਖੋ ਦਿੱਤਾ ਹੈ, ਉਥੇ ਗੋਆਰ ਰਾਜਪੂਤ/ਬਾਜ਼ੀਗਰ ਵੀ ਪਿੱਛੇ ਨਹੀਂ। ਪੈਸੇ ਵਾਲੇ ਨਾਲ, ਭਾਵੇਂ ਉਸ ਵਿਚ ਸਾਰੇ ਹੀ ਦੋਸ਼ ਹੋਣ, ਹਰ ਗੋਆਰ ਸਬੰਧ ਬਨਾਉਣਾ ਚਾਹੁੰਦਾ ਹੈ, ਪਰ ਪਿਛਲੇ ਸਮੇਂ ਵਿਚ ਜਿਸ ਗੋਆਰ, ਚਾਹੇ ਉਸ ਦਾ ਰੁਤਬਾ ਕੋਈ ਵੀ ਕਿਉਂ ਨਾ ਹੋਵੇ, ਨੂੰ ਬਰਾਦਰੀ ਨੇ ਡੰਨ ਲਾ ਦਿੱਤਾ ਜਾਂ ਬਰਾਦਰੀ ਵਿਚੋਂ ਕੱਢ ਦਿੱਤਾ, ਉਸ ਨੂੰ ਨਿਰਧਾਰਤ ਡੈਨ ਦੇਣਾ ਪੈਂਦਾ ਸੀ ਤੇ ਉੱਨਾ ਚਿਰ ਬਰਾਦਰੀ ਵਿਚ ਕਿਸੇ ਦੀ ਵੀ ਉਸ ਨਾਲ ਸਾਂਝ ਕਰਨ ਦੀ ਹਿੰਮਤ ਨਹੀਂ ਸੀ ਹੁੰਦੀ। ਇਹੋ ਜਿਹੀਆਂ ਉਦਾਹਰਨਾਂ ਵੀ ਪੁਰਾਣੇ ਬੰਦਿਆਂ / ਗੋਆਰਾਂ ਕੋਲੋਂ ਸੁਣੀਆਂ ਨੇ ਕਿ ਥੰਮ੍ਹੇ ਦੇ ਲੰਬੜਦਾਰ ਨੂੰ ਥੰਮ੍ਹੇ ਦੇ ਨੁਕਸ/ ਗਲਤੀ ਵਾਸਤੇ ਡੰਨ ਭੁਗਤਣਾ ਪਿਆ, ਇਸ ਦਾ ਜ਼ਿਕਰ ਬਾਅਦ ਵਿਚ ਕਰਾਂਗੇ। ਪਹਿਲਾਂ ਨਿਆਂ ਪ੍ਰਣਾਲੀ ਦਾ ਮੁੱਖ ਸਰੋਤ ਢੋਹ ਬਾਰੇ ਵਿਚਾਰ ਕਰਦੇ ਹਾਂ।ਢੋਹ ਦਾ ਮਤਲਬ ਬਰਾਦਰੀ ਦੇ 6 ਗੋਤਾਂ (ਧਰਮਸੌਥ, ਮੁਛਾਲ, ਵੜਤੀਆ, ਵਲਜੋਤ / ਰੁਪਾਣਾ, ਨਾਮੋਸੌਤ, ਵੰਜਰਾਵਤ) ਦਾ ਇਕੱਠ, ਜਿਸ ਵਿਚ ਇੱਕ ਗੋਤ ਜਿਸ ਨੇ ਕਿਸੇ ਦੂਸਰੇ ਗੋਤ ਤੋਂ ਕੋਈ ਨਿਆਂ ਲੈਣਾ ਹੁੰਦਾ, ਤਾਂ ਉਸ ਇਲਾਕੇ ਦੀ ਗੋਆਰ ਬਰਾਦਰੀ ਦੇ ਲੰਬਰਦਾਰਾਂ ਨੂੰ ਮਿਲ ਕੇ ਨਿਆਂ ਵਾਸਤੇ ਢੋਹ ਦਾ ਦਿਨ ਲੈਂਦਾ ਅਤੇ ਨਿਸਚਿਤ ਸਮੇਂ ਅਤੇ ਸਥਾਨ ਉਤੇ ਗੋਆਰ ਇਕੱਠੇ ਹੁੰਦੇ ਅਤੇ ਜਿਸ ਵਿਚ ਇਲਾਕੇ ਦੇ ਸਿਆਣੇ / ਲੰਬੜਦਾਰ ਅਤੇ ਗੋਆਰ ਪੂਰੀ ਜੁੜਦੀ ਅਤੇ ਸਬੰਧਤ ਧਿਰਾਂ ਦਾ ਫੈਸਲਾ ਕਰਦੇ। ਫੈਸਲਾ ਕਰਨ ਤੋਂ ਪਹਿਲਾਂ ਦੋਸ਼ੀ ਧਿਰ ਕੋਲੋਂ ਕੁਝ ਪੈਸੇ, ਪਹਿਲਾਂ ਇਹ 125 ਰੁਪਏ ਸਨ, ਫੜ ਲਏ ਜਾਂਦੇ ਅਤੇ ਦੋਵਾਂ ਧਿਰਾਂ ਤੋਂ ਫੈਸਲਾ ਮੰਨਣ ਲਈ ਬਚਨ ਲੈ ਲਿਆ ਜਾਂਦਾ, ਤਾਂ ਕੇ ਪੰਚਾਇਤ ਦਾ ਕੀਤਾ ਫੈਸਲਾ ਲਾਗੂ ਕੀਤਾ ਜਾ ਸਕੇ। ਜੇ ਦੋਸ਼ੀ ਧਿਰ ਪੰਚਾਇਤ ਦਾ ਫੈਸਲਾ ਮੰਨਣ ਤੋਂ ਇਨਕਾਰੀ ਹੁੰਦਾ ਤਾਂ ਉਸ ਤੋਂ ਫੜੇ ਹੋਏ ‘ਮੋਖ ਦੇ ਪੈਸੇ ਸਾਰੀਆਂ ਹਾਜ਼ਰ ਗੋਤਾਂ ਵਿਚ ਵੰਡ ਦਿੱਤੇ ਜਾਂਦੇ ਅਤੇ ਬਰਾਦਰੀ ਉਸ ਨਾਲ ਵਰਤ ਵਰਤਾਵਾ ਬੰਦ ਕਰ ਦਿੰਦੀ। ਇਸ ਨਾਲ ਦੋਸ਼ੀ ਧਿਰ ਅਪਣੀ ਬੇਇਜ਼ਤੀ ਸਮਝਦਾ ਅਤੇ ਹਰ ਹਾਲ ਵਿਚ ਇਹ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਇਹ ਮੋਖ ਦੇ ਪੈਸੇ ਵੰਡੇ ਨਾ ਜਾਣ। ਕਈ ਵਾਰ ਇਹ ਢੋਹ ਦੋ ਜਾਂ ਤਿੰਨ ਦਿਨ ਵੀ ਬੈਠੀ ਰਹਿੰਦੀ ਅਤੇ ਨਿਆਂ ਕਰਕੇ ਹੀ ਉਠਦੀ ਅਤੇ ਦੋਸ਼ੀ ਗੁਆਰ ਨੂੰ ਡੰਨ / ਗਠਾ ਲਾਉਂਦੀ ਅਤੇ ਪੀੜਤ ਧਿਰ ਨੂੰ ਯੋਗ ਮੁਆਵਜਾ ਦਿਵਾਇਆ ਜਾਂਦਾ। ਦੋਸ਼ੀ ਧਿਰ ਨੂੰ ਰਕਮ ਜੁਰਮਾਨਾ ਕੀਤਾ ਜਾਂਦਾ ਜੋ ਗੋਆਰਾਂ ਦੇ ਹਾਜ਼ਰ ਗੋਤਾਂ ਵਿਚ ਵੰਡਿਆ ਜਾਂਦਾ। ਆਮ ਤੌਰ ਤੇ ਢੋਹ ਹੇਠ ਲਿਖੇ ਕਾਰਨਾਂ ਤੇ ਹੁੰਦੀ:-
ਗੈਰ ਬਰਾਦਰੀ ਦੀ ਔਰਤ ਨਾਲ ਵਿਆਹ :-
ਗੋਆਰ ਰਾਜਪੂਤ / ਬਾਜ਼ੀਗਰ ਸਮਾਜ ਆਪਣੇ ਆਪ ਨੂੰ ਸ਼ੁੱਧ ਰਾਜਪੂਤਾਂ ਵਿਚੋਂ ਮੰਨਦੇ ਹਨ ਅਤੇ ਸਮਾਜ ਤੋਂ ਬਾਹਰ ਵਿਆਹ ਨੂੰ ਬਹੁਤ ਬੁਰਾ ਮੰਨਦੇ ਹਨ. ਇਸ ਲਈ ਜੇ ਕੋਈ ਗੁਆਰ ਕਿਸੇ ਗੈਰ ਬਰਾਦਰੀ ਦੀ ਔਰਤ ਆਪਣੇ ਘਰ ਲੈ ਆਉਦਾ ਤਾਂ ਪਤਾ ਲੱਗਣ ਤੇ ਢੋਹ ਧਰੀ ਜਾਂਦੀ ਅਤੇ ਜਿਸ ਗੋਆਰ ਨੇ ਗੈਰ ਬਰਾਦਰੀ ਦੀ ਔਰਤ ਲਿਆਂਦੀ ਹੋਵੇ ਨੂੰ ਢੋਹ ਵਿਚ ਸੱਦ ਕੇ ਉਸ ਦੇ ਗੋਤ ਦੇ ਲੰਬੜਦਾਰ ਤੋਂ ਪੁੱਛ ਪੜਤਾਲ ਕੀਤੀ ਜਾਂਦੀ। ਦੋਸ਼ੀ ਪਾਏ ਜਾਣ ਤੇ ਸਬੰਧਤ ਗੋਆਰ ਨੂੰ ਉਚਿਤ ਡੰਨ ਲਾਇਆ ਜਾਂਦਾ। ਕਈ ਵਾਰ ਉਸ ਨੂੰ ਬਰਾਦਰੀ ਵਿਚੋਂ ਕੱਢ ਦਿੱਤਾ ਜਾਂਦਾ। ਗੈਰ ਬਰਾਦਰੀ ਦੀ ਔਰਤ ਤੋਂ ਪੈਦਾ ਹੋਈ ਔਲਾਦ ਨੂੰ ਕੈਂਡੀ ਦੇ ਕਿਹਾ ਜਾਂਦਾ ਤੇ ਉਨ੍ਹਾਂ ਦਾ ਬਰਾਦਰੀ ਵਿਚ ਵਿਆਹ ਵਰਜਿਤ ਹੁੰਦਾ।
ਵੱਨੀ ਦਾ ਝਗੜਾ :-
ਵੱਨੀ ਦਾ ਮਤਲਬ ਮੰਗ। ਗੋਆਰ ਜਾਤੀ ਵਿਚ ਪਹਿਲਾਂ ਰਿਵਾਜ ਸੀ ਕਿ ਜਦੋਂ ਬੱਚਿਆਂ ਦਾ ਜਨਮ ਹੁੰਦਾ, ਸਾਲ ਦੇ ਅੰਦਰ ਅੰਦਰ ਉਨ੍ਹਾਂ ਦਾ ਮੰਗਣਾ ਕਰ ਦਿੰਦੇ। ਜਦੋਂ ਬੱਚੇ ਜਵਾਨ ਹੁੰਦੇ ਤਾਂ ਵਿਆਹ ਕਰਦੇ। ਕਈ ਹਾਲਤਾਂ ਵਿਚ ਇਹ ਮੰਗ ਝਗੜੇ ਦਾ ਕਾਰਨ ਵੀ ਬਣਦੀ। ਉਦਾਹਰਨ ਦੇ ਤੌਰ ਤੇ ਜਦੋਂ ਤਕ ਬੱਚਾ, ਮੁੰਡਾ ਜਾਂ ਕੁੜੀ ਜਵਾਨ ਹੁੰਦੇ, ਕੋਈ ਨੁਕਸ ਪੈ ਜਾਂਦਾ ਤਾਂ ਦੂਸਰੀ ਧਿਰ ਉਸਨੂੰ ਵਿਆਹੁਣ ਤੋਂ ਇਨਕਾਰੀ ਹੋ ਜਾਂਦੀ। ਖਾਸ ਕਰਕੇ ਜੇਕਰ ਕੁੜੀ ਵਾਲੇ ਇਨਕਾਰੀ ਹੁੰਦੇ ਤਾਂ ਕਈ ਵਾਰੀ ਮੁੰਡੇ ਵਾਲੇ ਇਸਨੂੰ ਇੱਜ਼ਤ ਦਾ ਸਵਾਲ ਸਮਝ ਕੇ ਢੋਹ ਸੱਦ ਲੈਂਦੇ ਅਤੇ ਕੁੜੀ ਵਾਲੇ ਕੋਲੋਂ ਨਿਆਂ ਮੰਗਦੇ। ਦੂਸਰੀ ਧਿਰ ਨੂੰ ਫੈਸਲਾ ਕਰਨ ਵਾਸਤੇ ਡੰਨ ਭਰਨਾ ਪੈਂਦਾ।
ਵਿਆਹ ਤੋਂ ਬਾਅਦ ਲੜਕੀ ਛੱਡਣੀ ਹੋਵੇ ਜਾਂ ਨਾ ਤੋਰਨੀ :-
ਜੇ ਕੋਈ ਗੋਆਰ ਰਾਜਪੂਤ/ਬਾਜ਼ੀਗਰ ਕਿਸੇ ਕਾਰਨ ਵਿਆਹੀ ਹੋਈ ਕੁੜੀ ਨੂੰ ਛੱਡਦਾ ਜਾਂ ਕੁੜੀ ਦੇ ਮਾਪੇ ਵਿਆਹ ਤੋਂ ਬਾਅਦ ਕੁੜੀ ਨੂੰ ਨਾ ਤੋਰਦੇ, ਇਸ ਝਗੜੇ ਤੇ ਵੀ ਢੋਹ ਸੱਦੀ ਜਾਂਦੀ। ਬਰਾਦਰੀ ਦੇ ਸਿਆਣੇ/ਲੰਬੜਦਾਰ ਦੋਵੇ ਧਿਰਾਂ ਨੂੰ ਸੁਣ ਕੇ ਸਮਝਾ ਬੁਝਾ ਕੇ ਫੈਸਲਾ ਕਰਵਾ ਦਿੰਦੇ। ਦੋਸ਼ੀ ਨੂੰ ਗੱਠਾ – ਡੰਨ ਲਾਇਆ ਜਾਂਦਾ ਤੇ ਨਿਆਂ ਕੀਤਾ ਜਾਂਦਾ। ਇਸੇ ਡਰ ਤੋਂ ਬਰਾਦਰੀ ਵਿਚ ਅਨੁਸ਼ਾਸਨ ਸੀ। ਨਿਯਮ ਚੰਗੀ ਤਰ੍ਹਾਂ ਮੰਨੇ ਜਾਂਦੇ ਅਤੇ ਝਗੜੇ ਘੱਟ ਹੁੰਦੇ। ਇੱਕ ਹੋਰ, ਕੁੜੀ ਦੇ ਝਗੜੇ ਵਿਚ ਉਸ ਦੇ ਮਾਂ ਪਿਉ ਨੂੰ ਆਪਣੀ ਕੁੜੀ ਨੂੰ ਪਹਿਲੇ ਵਿਆਹ ਦੇ ਹੁੰਦਿਆਂ ਦੂਸਰੀ ਜਗ੍ਹਾ ਤੋਰਨ ਲਈ ਬਰਾਦਰੀ ਦੀ ਸਜਾ ਭੁਗਤਣੀ ਪਈ। ਗੋਆਰ ਰਾਜਪੂਤ/ਬਾਜ਼ੀਗਰ ਬਰਾਦਰੀ ਦੇ ਵਿਚ ਪੰਚਾਂ ਦਾ ਫੈਸਲਾ ਹੈ ਕਿ ਜੇਕਰ ਵਿਆਹ ਤੋਂ ਪਿੱਛੋਂ ਮੁੰਡੇ ਵਾਲਾ ਬਹੂ ਛੱਡੇ ਤਾਂ ਪਹਿਲਾਂ 28,000 ਰੁਪਏ ਅਤੇ ਅੱਜ ਕੱਲ੍ਹ 50,000/- ਰੁਪਏ ਡੰਨ ਭਰਨਾ ਪੈਦਾ ਹੈ। ਜੇ ਵਿਆਹ ਤੋਂ ਬਾਅਦ ਕੁੜੀ ਵਾਲਾ ਕੁੜੀ ਨਾ ਤੋਂਰਨਾ ਚਾਹੁੰਦਾ ਤੇ ਕਿਤੇ ਹੋਰ ਭੇਜਣਾ ਚਾਹੁੰਦਾ ਤਾਂ ਕੁੜੀ ਵਾਲੇ ਨੂੰ ਪਹਿਲਾਂ 15,000/- ਰੁਪਏ ਤੇ ਅੱਜ ਕੱਲ੍ਹ 25,000 ਰੁਪਏ ਡੰਨ ਭਰਨਾ ਪੈਦਾ ਹੈ। ਪੰਚਾਇਤ ਵਿਚ ਇਨਕਾਰੀ ਹੋਣ ਤੇ ਬਰਾਦਰੀ ਵਿਚੋਂ ਕੱਢ ਦਿੱਤਾ ਜਾਂਦਾ ਹੈ। 125/ – ਰੁਪਏ ਜਿਹੜੇ ਕਿ ਫੈਸਲਾ ਕਰਨ ਤੋਂ ਪਹਿਲਾਂ ਪੰਚਾਇਤ ਫੜਦੀ ਹੈ, ਉਥੇ ਹਾਜ਼ਰ ਬਰਾਦਰੀ ਦੀਆਂ ਗੋਤਾਂ ਵਿਚ ਵੰਡ ਦਿੱਤਾ ਜਾਂਦਾ। ਗੋਆਰ ਰਾਜਪੂਤ / ਬਾਜ਼ੀਗਰਾਂ ਦਾ ਦੋਸ਼ੀ ਬੰਦਾ, ਇਸ ਨੂੰ ਆਪਣੀ ਸਭ ਤੋਂ ਵੱਡੀ ਬੇਇੱਜ਼ਤੀ ਸਮਝਦਾ ਅਤੇ ਹਰ ਹਾਲ ਵਿਚ ਇਸ ਨੂੰ ਵੰਡਣ ਤੋਂ ਬਚਾਉਂਦਾ। ਇਸੇ ਤਰ੍ਹਾਂ ਡੰਨ ਦਾ 10 % ਪੰਚਾਇਤ ਆਪਣੇ ਕੋਲ ਰੱਖ ਕੇ ਬਾਕੀ ਦੇ ਪੈਸੇ ਸਬੰਧਤ ਧਿਰ ਨੂੰ ਦੇ ਦਿੱਤੇ ਜਾਂਦੇ। 10 % ਪੰਚਾਇਤ ਨੇ ਰੱਖਿਆ ਹੁੰਦਾ, ਉਸ ਨੂੰ ਹਾਜ਼ਰ ਜੀਅ ਪ੍ਰਤੀ ਗੋਤ ਵੰਡ ਦਿੱਤਾ ਜਾਂਦਾ, ਜਿਸ ਨੂੰ ਬਰਾਦਰੀ ਦੇ ਫੈਸਲੇ ਦੀ ਮੋਹਰ ਸਮਝਿਆ ਜਾਂਦਾ ਸੀ।
ਅੱਜ ਵੀ ਗੋਆਰ ਰਾਜਪੂਤ / ਬਾਜ਼ੀਗਰ ਬਰਾਦਰੀ ਪੰਚਾਇਤਾਂ ਦਾ ਫੈਸਲਾ ਖਿੜੇ ਮੱਥੇ ਮੰਨ ਲੈਂਦੀ, ਇਸ ਦੀ ਉਦਾਹਰਨ ਮੈਨੂੰ ਦੇਖਣ ਲਈ ਮਿਲੀ। ਇਕ ਕੁੜੀ ਵਿਆਹ ਪਿੱਛੋਂ, ਜਿਸ ਦਾ ਪਤੀ ਵਿਦੇਸ਼ ਗਿਆ ਸੀ, ਸਹੁਰੇ ਘਰ ਆਪਣੇ ਸੱਸ ਸਹੁਰੇ ਨਾਲ ਰਹਿ ਰਹੀ ਸੀ। ਕਿਸੇ ਕਾਰਨ ਉਸਨੇ ਚੁੰਨੀ ਨਾਲ ਫਾਹਾ ਲੈ ਲਿਆ। ਉਸ ਦੇ ਸੱਸ ਅਤੇ ਸਹੁਰਾ ਕਿਤੇ ਕੰਮ ਗਏ ਹੋਏ ਸਨ। ਭਾਰਤੀ ਦੰਡਾਵਲੀ ਧਾਰਾ 304 ਬੀ ਅਨੁਸਾਰ ਜੇ ਕੋਈ ਕੁੜੀ ਵਿਆਹ ਦੇ 7 ਸਾਲਾਂ ਦੇ ਅੰਦਰ ਅੰਦਰ ਕਿਸੇ ਗੈਰ ਕੁਦਰਤੀ ਜਾਂ ਸ਼ੱਕੀ ਹਾਲਤਾਂ ‘ਚ ਮਰ ਜਾਵੇ ਤਾਂ ਇਸ ਨੂੰ ਦਾਜ ਵਾਸਤੇ ਹੱਤਿਆ ਮੰਨਿਆ ਜਾਂਦਾ ਹੈ, ਜਿਸ ਵਾਸਤੇ 7 ਸਾਲ ਤੋਂ ਘੱਟ ਸਜਾ ਨਹੀਂ। ਇਸੇ ਤਰ੍ਹਾਂ ਭਾਰਤੀ ਦੰਡਾਂਵਲੀ ਦੇ ਖੰਡ 306 ਅਨੁਸਾਰ ਜੇ ਕੋਈ ਵਿਅਕਤੀ ਦੂਸਰੇ ਨੂੰ ਆਤਮ ਹੱਤਿਆ ਕਰਨ ਵਾਸਤੇ ਉਕਸਾਉਂਦਾ, ਜਿਸ ਦੇ ਫਲਸਰੂਪ ਜੇ ਦੂਸਰਾ ਵਿਅਕਤੀ ਆਤਮ ਹੱਤਿਆ ਕਰ ਲੈਦਾ, ਤਾਂ ਦੋਸ਼ੀ ਨੂੰ 10 ਸਾਲ ਦੀ ਸਜਾ ਦੇਣ ਦਾ ਪ੍ਰਬੰਧ ਹੈ, ਪਰ ਮੈਨੂੰ ਹੈਰਾਨੀ ਵੀ ਹੋਈ ਜਦ ਕਚਹਿਰੀਆਂ ਦੀ ਖੱਜਲ ਖੁਆਰੀ ਤੋਂ ਬਚਣ ਲਈ ਬਰਾਦਰੀ ਦਾ ਕੀਤਾ ਨਿਆਂ – ਫੈਸਲਾ ਸੁਣ ਕੇ ਮਨ ਖੁਸ਼ ਵੀ ਹੋਇਆ। ਦਰਅਸਲ ਅੱਜ ਕੱਲ੍ਹ ਇਨ੍ਹਾਂ ਦੋਵਾਂ ਧਾਰਾਵਾਂ (ਭਾਰਤੀ ਦੰਡਾਵਲੀ) ਦੀ ਧਾਰਾ 304-ਬੀ ਅਤੇ 306 ਦਾ ਬਹੁਤ ਦੁਰਉਪਯੋਗ ਹੁੰਦਾ ਹੈ। ਭਾਵੇਂ ਸਹੁਰੇ ਪਰਿਵਾਰ ਦਾ ਦੋਸ਼ ਵੀ ਨਾ ਹੋਵੇ ਤਾਂ ਵੀ ਉਸ ਦੇ ਸਾਰੇ ਪ੍ਰੀਵਾਰ ਨੂੰ ਇਨ੍ਹਾਂ ਦੋਵਾਂ ਧਾਰਾਵਾਂ ਦਾ ਸੰਤਾਪ ਝੱਲਣਾ ਪੈਂਦਾ ਹੈ, ਪਰ ਸਾਡੀ ਬਰਾਦਰੀ ਦੋਵਾਂ ਧਿਰਾਂ ਤੋਂ ਸਾਲਸ ਉਠਾ ਕੇ ਵਿਚਾਰ ਵਟਾਂਦਰਾ ਕਰਕੇ ਫੈਸਲਾ ਕਰਦੀ ਹੈ ਜੋ ਦੋਵਾਂ ਧਿਰਾਂ ਨੂੰ ਮਨਜੂਰ ਹੁੰਦਾ ਹੈ ਅਤੇ ਮਨਾਂ ਵਿਚ ਦੁਸ਼ਮਣੀ/ਕੜੱਤਣ ਵੀ ਪੈਦਾ ਨਹੀਂ ਹੁੰਦੀ। ਬਰਾਦਰੀ ਵਿਚ ਏਕਤਾ ਅਤੇ ਸਨਮਾਨ ਦੀ ਭਾਵਨਾ ਨਜ਼ਰ ਆਉਂਦੀ ਹੈ।
ਆਪਣੇ ਥੰਮ੍ਹੇ ਵਿਚ ਵਿਆਹ :-
ਜਿਸ ਤਰ੍ਹਾਂ ਗੈਰ ਬਰਾਦਰੀ ਵਿਚ ਸ਼ਾਦੀ ਨੂੰ ਬੁਰਾ ਮੰਨਿਆ ਜਾਂਦਾ, ਉਸੇ ਤਰ੍ਹਾਂ ਗੋਆਰ ਰਾਜਪੂਤ/ਬਾਜ਼ੀਗਰ ਬਰਾਦਰੀ ਵਿਚ ਆਪਣੇ ਹੀ ਥੰਮ੍ਹੇਦਾਰ ਦੇ ਘਰ ਸ਼ਾਦੀ ਨੂੰ ਬੁਰਾ ਮੰਨਿਆ ਜਾਂਦਾ ਸੀ। ਅੱਜ ਹਿੰਦੂ ਵਿਆਹ ਕਾਨੂੰਨ ਅਨੁਸਾਰ ਆਪਣੇ ਗੋਤ ਵਿਚ ਵਿਆਹ ਨੂੰ ਅਯੋਗ ਵਿਆਹ ਕਰਾਰ ਦਿੰਦਾ ਹੈ, ਪਰ ਗੋਆਰ ਬਰਾਦਰੀ ਵਿਚ ਇਸ ਨਿਯਮ ਦੀ ਪਹਿਲਾ ਹੀ ਸਖਤਾਈ ਨਾਲ ਪਾਲਣਾ ਕੀਤੀ ਜਾਂਦੀ ਹੈ। ਵਿਆਹ ਤੋਂ ਪਹਿਲਾਂ ਥੰਮ੍ਹਿਆਂ ਦੀ ਜਾਣਕਾਰੀ ਲਈ ਜਾਂਦੀ ਹੈ, ਫਿਰ ਵੀ ਜੇ ਕੋਈ ਆਪਣੇ ਹੀ ਥੰਮ੍ਹੇ ਵਿਚ ਵਿਆਹ ਕਰਨ ਦੀ ਕੋਸ਼ਿਸ਼ ਕਰਦਾ ਸੀ ਤਾਂ ਢੋਹ ਸੱਦੀ ਜਾਂਦੀ। ਵਿਆਹ ਬਾਰੇ ਪਹਿਲਾ ਪਤਾ ਲੱਗਣ ਤੇ ਗੋਆਰ ਬਰਾਦਰੀ ਦੋਵੇਂ ਪਰਿਵਾਰਾਂ ਨੂੰ ਸ਼ਾਦੀ ਕਰਨ ਤੋਂ ਰੋਕਦੇ, ਜੇ ਵਿਆਹ ਤੋਂ ਬਾਅਦ ਵੀ ਪਤਾ ਲਗ ਜਾਂਦਾ ਤਾਂ ਢੋਹ ਰਾਹੀਂ ਸਬੰਧਤ ਗੋਆਰ ਨੂੰ ਯੋਗ ਡੰਨ ਲਾਇਆ ਜਾਂਦਾ। ਜੇ ਗਲਤੀ ਜਾਣ ਬੁੱਝ ਕੇ ਕੀਤੀ ਹੈ ਤਾਂ ਬਰਾਦਰੀ ਵਿਚੋਂ ਵੀ ਕੱਢ ਦਿੱਤਾ ਜਾਂਦਾ ਤੇ ਉਸ ਦਾ ਹੁੱਕਾ ਪਾਣੀ ਵੀ ਬੰਦ ਕੀਤਾ ਜਾਂਦਾ। ਇਹ ਨਿਯਮ ਸਾਰਿਆਂ ਵਾਸਤੇ ਇਕੋ ਹੀ ਹੁੰਦੇ। ਕਈ ਵਾਰ ਲੰਬੜਦਾਰਾਂ ਨੂੰ ਵੀ ਇਹ ਡੰਨ ਅਤੇ ਬਰਾਦਰੀ ਦੇ ਹੁਕਮ ਮੰਨਣੇ ਪਏ।
ਗੋਆਰ ਰਾਜਪੂਤਾਂ ਦੇ ਤਿਉਹਾਰ ਅਤੇ ਮੇਲੇ
ਅਜੋਕੇ ਸਮੇਂ ਵਿਚ ਗੋਆਰ ਜਾਤ ਸਾਰੇ ਮਸ਼ਹੂਰ ਕੌਮੀ ਤਿਉਹਾਰ, ਜਿਵੇਂ ਲੋਹੜੀ ਅਤੇ ਦੀਵਾਲੀ ਆਦਿ ਮਨਾਉਂਦੀ ਹੈ, ਪਰ ਪੁਰਾਣੇ ਸਮੇਂ ਵਿਚ ਗੋਆਰਾਂ ਦਾ ਮੁੱਖ ਤਿਉਹਾਰ ਦੀਵਾਲੀ ਸੀ ਜੋ ਆਮ ਲੋਕਾਂ ਤੋਂ ਤਿੰਨ ਦਿਨ ਪਹਿਲਾਂ ਮਨਾਇਆ ਜਾਂਦਾ ਸੀ। ਇਸ ਦਿਨ ਗੋਆਰ ਰਾਜਪੂਤ/ਬਾਜ਼ੀਗਰ ਆਪਣੇ ਪਿੱਤਰਾਂ ਨੂੰ ਪਾਣੀ ਦਿੰਦੇ ਸਨ। ਘਰ ਦਾ ਮੁੱਖੀਆ ਆਪਣੇ ਪ੍ਰੀਵਾਰ ਨਾਲ ਛੱਪੜ ਜਾਂ ਨਦੀ ਕਿਨਾਰੇ ਪਿੱਤਰਾਂ ਨੂੰ ਪਾਣੀ ਦਿੰਦਾ। ਚਾਵਲ ਬਣਾ ਕੇ ਪਹਿਲਾਂ ਘਰ ਦਾ ਮੁੱਖੀਆ ਆਪਣੇ ਪਿੱਤਰਾਂ ਦੇ ਨਾਂ ਲੈ ਕੇ ਪਾਣੀ ਦਿੰਦਾ, ਜਿਵੇਂ ਦਾਦਾ ਤੂੰ ਲੈ, ਦਾਦੀ ਤੂੰ ਲੈ ਆਦਿ। ਉਸ ਤੋਂ ਬਾਅਦ ਪ੍ਰੀਵਾਰ ਦੇ ਬਾਕੀ ਜੀਅ ਉਸੇ ਤਰ੍ਹਾਂ ਪਾਣੀ ਦਿੰਦੇ। ਇਸ ਤੋਂ ਬਿਨਾਂ ਗੋਆਰ ਰਾਜਪੂਤ/ਬਾਜ਼ੀਗਰ ਸਮਾਜ ਆਪਣੇ ਵੱਡ ਵਡੇਰਿਆਂ ਦੇ ਹੋਰ ਮੇਲੇ ਵੀ ਮਨਾਉਂਦੇ ਜੋ ਇਸ ਤਰਾਂ ਹਨ :-
ਬਾਬੇ ਹਾਥੀ ਦਾ ਮੇਲਾ ਗੁਣਾਚੌਰ :-
ਇਹ ਮੇਲਾ ਦੁਆਬੇ ਵਿਚ ‘ਗੁਣਾਚੌਰ ਵਿਚ ਬਾਬਾ ਹਾਥੀ ਰਾਮ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਇਹ ਅਸਥਾਨ ਇਸ ਵੇਲੇ ਨਵਾਂ ਸ਼ਹਿਰ ਜ਼ਿਲ੍ਹੇ ਵਿਚ ਬੰਗੇ ਲਾਗੇ ਹੈ। ਬਾਬਾ ਹਾਥੀ ਰਾਮ ਜੀ ਬੜੇ ਸਿੱਧ ਪੁਰਸ਼ ਹੋਏ ਨੇ। ਇਹ ਧਾਰਨਾ ਹੈ। ਕਿ ਜੋ ਵੀ ਸੱਚੇ ਦਿਲ ਨਾਲ ਬਾਬਾ ਜੀ ਦੇ ਦਰਬਾਰ ਵਿਚ ਬੇਨਤੀ / ਮੰਨਤ ਕਰਦਾ, ਬਾਬਾ ਜੀ ਉਸ ਦੀ ਮੁਰਾਦ ਪੂਰੀ ਕਰਦੇ ਹਨ। ਭਾਵੇਂ ਅੱਜ ਕੱਲ੍ਹ ਇਹ ਮੇਲਾ ਗੋਆਰ ਰਾਜਪੂਤ/ਬਾਜ਼ੀਗਰ ਬਰਾਦਰੀ ਨਾਲ ਸਬੰਧਤ ਹੋ ਚੁੱਕਾ ਹੈ। ਬਾਬਾ ਜੀ ਦੇ ਮੰਦਰ ਦੇ ਵਿਹੜੇ ਵਿਚ ਤਲਾਬ ਤੇ ਮੈਂ ਇਕ ਪੱਥਰ ਲਗਿਆ ਦੇਖਿਆ ਸੀ, ਜੋ ਅੱਜ ਕੱਲ ਨਜ਼ਰ ਨਹੀਂ ਆਉਂਦਾ। ਇਹ ਪੱਥਰ 1901 ਵਿਚ ਕਿਸੇ ਕਪੂਰ ਸਾਹਿਬ ਦੇ ਨਾਂ ਦਾ ਸੀ, ਜਿਸ ਨੇ ਮੁਰਾਦ ਪੂਰੀ ਹੋਣ ਦੀ ਖੁਸ਼ੀ ਵਿਚ ਇਹ ਤਲਾਬ ਬਣਵਾਇਆ ਸੀ। ਬਾਬਾ ਜੀ ਨੂੰ ਸਮਰਪਿਤ ਇਥੇ ਹਰ ਸਾਲ 3 ਤੋਂ 5 ਹਾੜ ਨੂੰ ਤਿੰਨ ਦਿਨ ਮੇਲਾ ਲਗਦਾ ਹੈ। ਜਿਨ੍ਹਾਂ ਦੀਆਂ ਸੁੱਖਣਾਂ ਬਾਬਾ ਜੀ ਨੇ ਪੂਰੀਆਂ ਕੀਤੀਆਂ, ਮੇਲੇ ਤੇ ਸੁੱਖਣਾਂ ਦਿੰਦੇ ਹਨ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਵੀ ਹਰ ਸਾਲ ਕਰਵਾਏ ਜਾਂਦੇ ਹਨ, ਜਿਨ੍ਹਾਂ ਦੇ ਭੋਗ 5 ਹਾੜ ਤਕ ਪਾਏ ਜਾਂਦੇ ਹਨ। ਮੇਲੇ ਦੇ ਦੂਸਰੇ ਦਿਨ 4 ਹਾੜ ਨੂੰ ਬਾਬਾ ਜੀ ਨੂੰ ਸਮਰਪਿਤ ਬਾਜ਼ੀ ਕਲਾ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਅਤੇ ਹੋਣਹਾਰ ਜਵਾਨ ਮੁੰਡੇ ਅਪਣੀ ਕਲਾ ਦਾ ਪਰਦਰਸ਼ਨ ਕਰਦੇ ਹਨ। ਉਨ੍ਹਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਫੈਸਲੇ ਵਾਸਤੇ ਕਈ ਜੱਜਾਂ ਦਾ ਸਮੂਹ ਹੁੰਦਾ ਹੈ ਤੇ ਜਿੱਤ ਦੇ ਫੈਸਲੇ ਬਾਅਦ ਅੱਵਲ ਆਏ ਜਵਾਨ ਨੂੰ ਯੋਗ ਇਨਾਮ ਦਿੱਤਾ ਜਾਂਦਾ ਹੈ। 5 ਹਾੜ ਨੂੰ ਇਕ ਸੱਭਿਆਚਾਰਕ ਪ੍ਰੋਗਰਾਮ ਹੁੰਦਾ ਹੈ, ਜਿਸ ਵਿਚ ਬਾਬਾ ਹਾਥੀ ਰਾਮ ਜੀ ਦੇ ਗੁਣ ਗਾਨ ਤੋਂ ਇਲਾਵਾ ਗੀਤ ਸੰਗੀਤ ਦਾ ਪ੍ਰੋਗਰਾਮ ਚਲਦਾ ਹੈ। ਪ੍ਰਬੰਧਕ ਕਮੇਟੀ ਹੋਣਹਾਰ ਬੱਚਿਆਂ ਨੂੰ ਵੀ ਸਨਮਾਨਤ ਕਰਦੀ, ਢੋਲ ਵਜਾਉਣ ਦੇ ਮੁਕਾਬਲੇ ਕਰਵਾਏ ਜਾਂਦੇ ਅਤੇ ਅੱਵਲ ਆਉਣ ਵਾਲੇ ਜਵਾਨ ਨੂੰ ਯੋਗ ਇਨਾਮ – ਦਿੱਤਾ ਜਾਂਦਾ ਹੈ। ਅਤੁੱਟ ਲੰਗਰ ਦਾ ਪ੍ਰਬੰਧ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਾਈਆਂ ਜਾਂਦੀਆਂ ਹਨ।
ਨਾਮਸੋਤਾਂ ਦੀ ਦਾਦੀ ਦਾ ਮੇਲਾ :-
ਮਾਤਾ ਦੇਸਾਂ ਨੂੰ ਨਾਮਸੋਤਾਂ ਦੀ ਦਾਦੀ ਹੋਣ ਦਾ ਮਾਣ ਪ੍ਰਾਪਤ ਹੈ। ਇਹ ਮੰਦਰ ਕਰੂਕਸ਼ੇਤਰ ਵਿਚ ਬ੍ਰਹਮ ਸਰੋਵਰ ਦੇ ਦੱਖਣੀ – ਪੱਛਮੀ ਕੋਨੇ ਤੇ ਹੈ। ਇਸ ਮੰਦਰ ਤੇ ਹਰ ਸਾਲ 10 ਹਾੜ ਨੂੰ ਭਾਰੀ ਮੇਲਾ ਲਗਦਾ ਹੈ। ਮੈਂ ਇਹ ਮੰਦਰ ਦੇਖਣ ਗਿਆ ਤਾਂ ਪਤਾ ਲਗਾ ਕਿ ਗੋਆਰ ਰਾਜਪੂਤ ਸਮਾਜ ਨੇ ਇਥੇ ਤਿੰਨ ਹੋਰ ਮੰਦਰ ਬਣਾਏ, ਜਿਨ੍ਹਾਂ ਵਿਚ ਭਗਵਾਨ ਸ਼ਿਵ ਜੀ ਦਾ ਮੰਦਰ, ਇਕ ਮਾਤਾ ਦੁਰਗਾ ਦੇਵੀ ਦਾ ਮੰਦਰ ਅਤੇ ਇਕ ਧੰਨੇ ਭਗਤ ਦਾ ਮੰਦਰ ਹੈ। ਇਹ ਮੰਦਰ ਸਮਾਜ ਦੇ ਵੱਖ ਵੱਖ ਗੋਤਾਂ ਵਾਲਿਆਂ ਨੇ ਬਣਾਏ। ਮੈਂ ਨਾਮਸੋਤਾਂ ਦੀ ਦਾਦੀ ਦੇ ਮੇਲੇ ਦੀ ਗਲ ਕਰ ਰਿਹਾ ਸੀ। ਮੰਦਰ ਦਾ ਮੁਖੀ ਭਗਤ (ਜੋ ਅਪਣੇ ਆਪ ਨੂੰ ਦਾਦੀ ਦੀ 17 ਵੀਂ ਪੀੜੀ ਵਿਚੋਂ ਦਸਦਾ ਸੀ) ਦੇ ਕਹਿਣ ਅਨੁਸਾਰ ਦਾਦੀ ਦਾ ਨਾਂ ਦੇਸਾਂ, ਉਨ੍ਹਾਂ ਦੇ ਪਿਤਾ ਦਾ ਨਾਂ ਮੀਹਾਂ ਜੀ ਲਾਲਕਾ ਅਤੇ ਮਾਤਾ ਦਾ ਨਾਂ ਤਾਬੋ ਜੀ ਸੀ। ਜਦੋਂ ਦੇਸਾਂ ਦੇਵੀ ਜਵਾਨ ਹੋਈ ਤਾਂ ਉਨ੍ਹਾਂ ਦਾ ਵਿਆਹ ਕੌਡੇ ਨਾਮਸੋਤ (ਚੌਹਾਨ) ਨਾਲ ਹੋਇਆ। ਵਿਆਹ ਦੇ ਪਹਿਲੇ ਦਿਨ ਹੀ ਦੇਸਾਂ ਦੇਵੀ ਨੇ ਆਪਣੇ ਪਤੀ ਕੌਡੇ ਨੂੰ ਦਸਿਆ ਕਿ ਉਹ ਜਤੀ ਕੁਵਾਰੀ ਹੀ ਰਹਿਣਾ ਚਾਹੁੰਦੀ ਹੈ, ਪਰ ਲੋਕ ਲਾਜ ਕਰਕੇ ਉਸ ਦੇ ਮਾਤਾ ਪਿਤਾ ਨੇ ਉਸ ਦੀ ਸ਼ਾਦੀ ਕਰ ਦਿੱਤੀ। ਉਨ੍ਹਾਂ ਪਤੀ ਨੂੰ ਕਿਹਾ ਕਿ ਉਹ ਉਸ ਦਾ ਵਿਆਹ ਆਪ ਕਰੇਗੀ। ਦੇਸਾਂ ਦੇਵੀ ਨੇ ਆਪਣੇ ਮਾਮੇ ਦੀ ਕੁੜੀ, ਜੋ ਗੁਲਾਬੇ ਕੇ ਧਰਮਸੋਤ ਕਿਆਂ ਦੀ ਸੀ, ਨਾਲ ਆਪਣੇ ਪਤੀ ਦਾ ਵਿਆਹ ਕਰਵਾ ਦਿੱਤਾ। ਆਪ ਸਾਰੀ ਉਮਰ ਜਤੀ ਕੁਵਾਰੀ ਦਾ ਜੀਵਨ ਬਤੀਤ ਕੀਤਾ। ਕੰਡੇ ਚੌਹਾਨ ਦੇ ਚਾਰ ਪੁੱਤਰ ਹੋਏ, ਜਿਨ੍ਹਾਂ ਦਾ ਨਾਂ ਪ੍ਰੇਮਾ, ਹਜਾਰੀ, ਵਾਰੀ ਅਤੇ ਸ਼ੀਹਾ ਸੀ। ਮਾਤਾ ਦੇਸਾਂ ਦੇਵੀ 113 ਸਾਲ ਦੀ ਊਮਰ ਭੋਗ ਕੇ ਲਾਹੌਰ ਵਿਚ ਸਵਰਗ ਸਿਧਾਰੀ। ਭਗਤ ਦੇ ਦੱਸਣ ਅਨੁਸਾਰ ਲਹੌਰ ਤੋਂ ਮਾਤਾ ਦੇਸਾਂ ਦੀ ਮੜੀ ਦੀ ਰਾਖ ਲਿਆ ਕੇ ਇਥੇ ਰੱਖੀ ਤੇ ਮੰਦਰ ਬਣਾਇਆ।
ਭਗਤ ਜੀ ਦੇ ਦੱਸਣ ਅਨੁਸਾਰ ਦਾਦੀ ਮਾਤਾ ਨੂੰ ਗੋਆਰਾਂ ਦੇ ਸਾਰੇ ਗੋਤ ਮੰਨਦੇ ਹਨ ਅਤੇ ਮਾਤਾ ਗੋਆਰਾਂ ਦੀਆਂ ਹੀ ਨਹੀਂ ਸਗੋਂ ਜੋ ਵੀ ਸੱਚੇ ਦਿਲੋਂ ਸੁਖਣਾ ਸੁਖਦਾ ਹੈ ਪੂਰੀ ਕਰਦੀ ਹੈ। ਭਗਤ ਜੀ ਦੇ ਦੱਸਣ ਅਨੁਸਾਰ ਮਾਤਾ ਨੇ ਹੁਕਮ ਕੀਤਾ ਸੀ वि :-
- ਜਦੋਂ ਵੀ ਘਰ ਵਿਚ ਦੇਸੀ ਘਿਉ ਆਵੇ, ਪਹਿਲਾਂ ਉਸ ਦੇ ਨਾਂ ਦੀ ਧੂਫ ਦੇਵੋ।
- ਘਰ ਵਿਚ ਖੁਸ਼ੀ ਆਏ, ਜੀਆ (ਬੱਕਰੇ) ਦੀ ਬਲੀ ਦੇਵੋ (ਜੋ ਇਸ ਸਮੇਂ ਬੰਦ ਹੈ ਕਹਿੰਦੇ ਹਨ ਕਿ ਮਾਤਾ ਕੋਲੋਂ ਇਹ ਹੁਕਮ ਬਖਸ਼ਾ ਲਿਆ ਹੈ)
- ਜਦ ਵੀ ਘਰ ਵਿਚ ਨਵੀਂ ਬਹੂ ਆਵੇ 1-1/2 (ਡੇਢ) ਕਿਲੋ ਚਾਵਲਾਂ ਦੀ ਕੰਦੂਰੀ ਮਾਤਾ ਦੇ ਨਾਂ ਦੀ ਦੇਵੇ। (ਨਵੀਂ ਬਹੂ ਕੇਸੀਂ ਨਹਾ ਕੇ, ਇਕ ਕਪੜੇ ਵਿਚ ਖੁਦ ਚਾਵਲ ਤਿਆਰ ਕਰਦੀ ਤੇ ਮਾਤਾ ਨੂੰ ਮੱਥਾ ਟੇਕ ਕੇ ਫੇਰ ਅਪਣੇ ਗੋਤ ਵਿਚ ਹੀ ਚਾਵਲ ਖੁਆਉਂਦੀ ਹੈ), ਇਸ ਮੇਲੇ ਦੇ ਸਮੇਂ ਬਹੁਤ ਇੱਕਠ ਹੁੰਦਾ ਹੈ, ਖੂਬ ਲੰਗਰ ਚਲਦੇ ਹਨ। ਗੋਆਰ ਰਾਜਪੂਤ / ਬਾਜ਼ੀਗਰ ਇਥੇ ਸੁੱਖਾਂ ਦਿੰਦੇ ਤੇ ਮੰਗਦੇ ਹਨ।
ਬੀਬੜੀਆਂ ਦੇ ਭੋਗ/ਕੰਦੂਰੀ ਦੇਣਾ :-
ਇਹ ਰਿਵਾਜ ਗੋਆਰਾਂ ਵਿਚ ਪ੍ਰਚਲਤ ਸੀ ਕਿ ਅੱਸੂ ਅਤੇ ਕੱਤੇ ਦੇ ਮਹੀਨੇ ਵਿਚ ਘਰ ਪ੍ਰੀਵਾਰ ਦੀ ਵੱਡੀ ਔਰਤ ਬੀਬੜੀਆਂ ਦੇ ਭੋਗ ਭਰਦੀ। ਅੰਮ੍ਰਿਤ ਵੇਲੇ ਉਠ ਕੇ ਕੇਸੀਂ ਇਸ਼ਨਾਨ ਕਰਕੇ, ਇਕ ਹੀ ਕੱਪੜਾ (ਫੁਲਕਾਰੀ ਜਾਂ ਧੋਤੀ) ਆਪਣੇ ਸਰੀਰ ਤੇ ਲਵੇਟ ਕੇ ਚੁੱਲ੍ਹੇ ਨੂੰ ਗਊ ਗੋਬਰ ਦਾ ਪੋਚਾ ਲਾ ਕੇ ਚਾਵਲ (ਮਿੱਠੇ ਜਾਂ ਨਮਕੀਨ) ਬਣਾਕੇ, ਬੀਬੜੀਆਂ ਨੂੰ ਭੋਗ ਲਵਾਕੇ, ਕਬੀਲੇ ਦੇ ਬੱਚਿਆਂ ਨੂੰ ਖਵਾਉਂਦੀਆਂ ਸਨ। ਦੰਤ ਕਥਾ ਹੈ ਕਿ ਦੋ ਗੋਆਰ ਰਾਜਪੂਤ ਰਾਜਕੁਮਾਰੀਆਂ ਨੂੰ ਕਿਸੇ ਮੁਸਲਮਾਨ ਰਾਜੇ ਨੇ ਬੰਦੀ ਬਣਾ ਕੇ ਜਬਰਦਸਤੀ ਉਨ੍ਹਾਂ ਨਾਲ ਵਿਆਹ ਕਰਾਉਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਇਨ੍ਹਾਂ ਰਾਜ ਕੁਮਾਰੀਆਂ ਨੇ ਅਪਣੀ ਜਾਨ ਦੇ ਦਿੱਤੀ ਪਰ ਕਬੀਲੇ ਦੀ ਆਨ ਤੇ ਇਜੁੱਤ ਤੇ ਕੋਈ ਆਂਚ ਨਹੀਂ ਆਉਣ ਦਿੱਤੀ। ਸਾਰੇ ਗੋਆਰ ਰਾਜਪੂਤ ਉਨ੍ਹਾਂ ਨੂੰ ਸੱਚੀਆਂ ਸਾਹਿਬਜ਼ਾਦੀਆਂ ਕਹਿੰਦੇ ਹਨ ਅਤੇ ਉਨ੍ਹਾਂ ਦੀ ਯਾਦ ਵਿਚ ਘਰ ‘ਕਬੀਲੇ ਦੀਆਂ ਔਰਤ ਭੋਗ ਭਰਦੀਆਂ ਕੰਦੂਰੀ ਦਿੰਦੀਆਂ ਹਨ । ਵਾਸ਼ਨਾ / ਧੂਫ ਦੇਣ ਸਮੇਂ ਸੱਚੀਆਂ ਸਾਹਿਬਜਾਦੀਆਂ ਨੂੰ ਯਾਦ ਕੀਤਾ ਜਾਂਦਾ ਹੈ।
ਗੋਪਾਲ ਮੰਦਰ ਹਰਿਦੁਆਰ :-
ਗੋਪਾਲ ਮੰਦਰ ਬਰਮਪੁਰੀ ਹਰਕੀ ਪੌੜੀ ਲਾਗੇ ਹਰਿਦੁਆਰ ਵਿਚ ਹੈ। ਪੰਜਾਬ, ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਵਿਚੋਂ ਗੋਆਰ ਸਮਾਜ ਇਥੇ ਆਉਂਦਾ ਹੈ। ਜਦੋਂ ਮੈਂ ਇਸ ਮੰਦਰ ਦੇ ਦਰਸ਼ਨ ਕਰਨ ਗਿਆ, ਇਸ ਮੰਦਰ ਦਾ ਪ੍ਰਬੰਧ ਸ੍ਰੀ ਭਗਵਾਨ ਦਾਸ ਜੀ ਚਲਾ ਰਹੇ ਸਨ, ਜਿਨ੍ਹਾਂ ਨੇ ਮੰਦਰ ਦੇ ਪ੍ਰਬੰਧ ਵਾਸਤੇ ਆਪਣਾ ਪ੍ਰੀਵਾਰ ਤਿਆਗ ਦਿੱਤਾ ਅਤੇ ਸਾਰੇ ਗੋਆਰ ਰਾਜਪੂਤ / ਬਾਜ਼ੀਗਰ ਸਮਾਜ ਦੇ ਇੱਕਠ ਅਤੇ ਏਕਤਾ ਵਾਸਤੇ ਯਤਨ ਕਰ ਰਹੇ ਸਨ। ਹਰਿਦੁਆਰ ਵਿਚ ਸ਼ਿਵਰਾਤ੍ਰੀ ਅਤੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਗੋਪਾਲ ਮੰਦਰ ਹਰਿਦੁਆਰ ਵਿਚ ਵੀ ਮਨਾਇਆ ਜਾਂਦਾ ਹੈ। ਇਨ੍ਹਾਂ ਤਿਉਹਾਰਾਂ ਤੇ ਗੋਆਰ ਸਮਾਜ ਦਾ ਭਾਰੀ ਇੱਕਠ ਹੁੰਦਾ ਹੈ। ਤਿਉਹਾਰ ਬੜੀ ਧੂਮ ਧਾਮ ਨਾਲ ਮਨਾਉਂਦੇ ਹਨ। ਇਨ੍ਹਾਂ ਤਿਉਹਾਰਾਂ ਦਾ ਗੋਆਰ ਰਾਜਪੂਤ / ਬਾਜ਼ੀਗਰ ਸਮਾਜ ਵੱਲੋਂ ਸਹਿਜ ਸੁਭਾਅ ਮਨਾਉਣ ਨਾਲ ਇਸ ਸਮਾਜ ਦਾ ਸੰਬੰਧ ਅਤੇ ਉਤਪਤੀ ਸ੍ਰੀ ਕ੍ਰਿਸ਼ਨ ਜੀ ਦੀ ਸੇਵਿਕਾ / ਗੋਪੀ ਰਾਧਾ ਅਤੇ ਮੋਲਾ ਤੋਂ ਪ੍ਰਮਾਣਤ ਕਰਦਾ ਹੈ। ਸ਼ਿਵਰਾਤ੍ਰੀ ਮਨਾਉਣ ਨਾਲ ਸੁਆਮੀ ਗੋਕਲ ਦਾਸ ਦੇ ਉਸ ਕਥਨ ਨੂੰ ਬਲ ਮਿਲਦਾ ਹੈ, ਜਿਸ ਵਿਚ ਉਹ ਗੋਆਰ ਰਾਜਪੂਤ / ਬਾਜ਼ੀਗਰ ਸਮਾਜ ਦੀ ਉਤਪਤੀ ਸ਼ਿਵਾਂ ਦੇ ਪੰਜ ਗਣਾਂ ਤੋਂ ਹੋਈ ਦਸਦਾ ਹੈ। ਕੁਝ ਵੀ ਹੋਵੇ ਇਹ ਦੋਵੇਂ ਤਿਉਹਾਰ ਗੋਆਰ ਸਮਾਜ ਬੜੀ ਸ਼ਰਧਾ ਨਾਲ ਮਨਾਉਂਦਾ ਹੈ।
ਸਾਧਿਆਂਵਾਲਾ ਦਾ ਮੇਲਾ :-
ਉਤਰ ਪੱਛਮੀ ਸਰਹੱਦੀ ਇਲਾਕੇ ਦੇ ਜਾਤਾਂ ਅਤੇ ਕਬੀਲੇ (Casts and Tribe in north west frontier Province) ਦੇ ਪੰਨਾ 79. ਦੇ ਅਨੁਸਾਰ, ਬੁੱਢੀ ਮਾਈ ਜੋ ਬਹੁਤ ਸਮਾਂ ਪਹਿਲਾਂ ਮਰ ਗਈ, ਦੀ ਯਾਦ ਵਿਚ ਭਾਦਰੋਂ ਦੇ ਮਹੀਨੇ ਸਾਧਿਆਂਵਾਲਾ ਜਿਲ੍ਹਾ ਫਿਰੋਜ਼ਪੁਰ ਮੇਲਾ ਲਗਦਾ ਹੈ। ਮੈਂ ਸਾਧਿਆਂਵਾਲ ਥਾਂ ਖੋਜਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਸਫਲਤਾ ਨਾ ਮਿਲੀ।
ਗੋਆਰ ਰਾਜਪੂਤਾਂ ਦੀਆਂ ਰਸਮਾਂ/ਰਿਵਾਜ
ਵਿਆਹ :-
ਗੋਆਰ ਰਾਜਪੂਤਾਂ/ਬਾਜ਼ੀਗਰਾਂ ਵਿਚ ਵਿਆਹ ਆਪਣੀ ਬਰਾਦਰੀ ਤੋਂ ਬਾਹਰ ਨਹੀਂ ਕਰਦੇ ਅਤੇ ਜੇ ਕੋਈ ਮੁੰਡਾ ਜਾਂ ਕੁੜੀ ਬਰਾਦਰੀ ਤੋਂ ਬਾਹਰ ਸ਼ਾਦੀ ਕਰਦਾ ਤਾਂ ਸਾਰੀ ਬਰਾਦਰੀ ਵਾਲੇ ਉਸ ਦਾ ਹੁੱਕਾ ਪਾਣੀ ਬੰਦ ਕਰ ਦਿੰਦੇ। ਇਸ ਤੋਂ ਇਲਾਵਾ ਵਿਆਹ ਵੇਲੇ ਹੇਠਲੀਆਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ:-
- ਰਿਸ਼ਤਾ ਆਪਣੇ ਗੋਤ ਵਿਚ ਨਾ ਹੋਵੇ।
- ਮਾਂ ਦੇ ਗੋਤ ਵਿਚ ਰਿਸਤਾ ਨਾ ਹੋਵੇ।
ਹਿੰਦੂ ਵਿਆਹ ਕਾਨੂੰਨ ਵਿਚ ਕੁੱਝ ਰਿਸ਼ਤੇ ਵਿਆਹ ਕਰਨ ਸਮੇਂ ਛੱਡਣੇ ਪੈਦੇ ਸਨ ਤਾਂ ਜੋ ਵਿਆਹ ਉਸੇ ਪ੍ਰੀਵਾਰ ਵਿਚ ਨਾ ਹੋ ਜਾਵੇ। ਗੋਆਰ ਰਾਜਪੂਤਾਂ / ਬਾਜ਼ੀਗਰਾਂ ਵਿਚ ਬਰਾਦਰੀ ਤੋਂ ਬਾਹਰ ਵਿਆਹ ਖੂਨ ਦੀ ਸ਼ੁੱਧਤਾ ਜਾਂ ਨਸਲ ਦੀ ਸੁੱਧਤਾ ਰੱਖਣ ਲਈ ਹੀ ਨਹੀਂ ਕੀਤਾ ਜਾਂਦਾ ਸੀ। ਜੇ ਕੋਈ ਬਰਾਦਰੀ ਤੋਂ ਬਾਹਰ ਵਿਆਹ ਕਰਦਾ ਤਾਂ ਵਿਆਹ ਵਿਚੋਂ ਪੈਦਾ ਹੋਏ ਬੱਚਿਆਂ ਨੂੰ ਜਾਂਗੜ ਜਾਂ ਕੈਂਡੀ ਦਾ ਕਿਹਾ ਜਾਂਦਾ ਸੀ। ਉਸ ਨੂੰ ਬਰਾਦਰੀ ਵਾਲੇ ਰਿਸ਼ਤਾ ਨਾ ਦਿੰਦੇ ਇਸ ਲਈ ਬਰਾਦਰੀ ਤੋਂ ਬਾਹਰ ਵਿਆਹ ਦੀ ਇਜਾਜ਼ਤ ਨਹੀਂ ਸੀ। ਕੋਈ ਬਰਾਦਰੀ ਤੋਂ ਬਾਹਰ ਵਿਆਹ ਕਰਵਾਉਣ ਦੀ ਹਿੰਮਤ ਨਹੀਂ ਸੀ ਕਰਦਾ, ਕਿਉਂਕਿ ਅਜਿਹਾ ਕਰਨ ਤੇ ਬਰਾਦਰੀ ਵਿਚੋਂ ਕੱਢ ਦਿੱਤਾ ਜਾਂਦਾ ਸੀ। ਪੁਰਾਣੇ ਸਮੇਂ ਵਿਚ ਗੋਆਰਾਂ ਵਿਚ ਇੱਕ ਤੋਂ ਵੱਧ ਔਰਤਾਂ ਰੱਖਣ ਦਾ ਰਿਵਾਜ ਸੀ, ਜੋ ਹੁਣ ਸਮੇਂ ਨਾਲ ਜਾਂ ਆਰਥਿਕ ਜ਼ਰੂਰਤਾਂ ਕਰਕੇ ਖਤਮ ਹੋ ਗਿਆ ਹੈ। ਸਮੇਂ ਦੇ ਨਾਲ ਨਵੀਂ ਪੀੜ੍ਹੀ ਨਵੇਂ ਪ੍ਰਭਾਵਾਂ ਹੇਠ ਕਿਤੇ ਕਿਤੇ ਬਰਾਦਰੀ ਤੋਂ ਬਾਹਰ ਵੀ ਵਿਆਹ ਸੰਬਧ ਕਰ ਲੈਂਦੇ ਨੇ, ਭਾਵੇਂ ਕਿ ਹਾਲੇ ਵੀ ਬਰਾਦਰੀ ਤੋਂ ਬਾਹਰ ਵਿਆਹ ਦੀ ਇਜਾਜ਼ਤ ਨਹੀਂ ਹੈ। ਇਹੋ ਜਹੇ ਵਿਆਹਾਂ ਦੀ ਸਫ਼ਲਤਾ ਤੇ ਵੀ ਪੂਰਨ ਸ਼ੱਕ ਰਹਿੰਦਾ ਹੈ।
ਗੋਆਰ ਰਾਜਪੂਤਾਂ/ਬਾਜ਼ੀਗਰਾਂ ਦੇ ਵਿਆਹ ਦੀਆਂ ਕਿਸਮਾਂ :-
- ਪੁੰਨ ਦਾ ਰਿਸ਼ਤਾ :- ਇਸ ਵਿਚ ਕੁਆਰਾ ਮੁੰਡਾ ਅਤੇ ਕੁਆਰੀ ਕੁੜੀ ਦਾ ਬਿਨਾਂ ਵੱਟੇ ਜਾਂ ਪੈਸੇ ਦਿੱਤੇ ਲਏ ਤੋਂ ਵਿਆਹ ਕਰਦੇ ਨੇ, ਜਿਸ ਨੂੰ ਗੋਆਰ ਰਾਜਪੂਤ/ਬਾਜ਼ੀਗਰ ਸਮਾਜ ਵਿਚ ਪੁੰਨ ਦਾ ਰਿਸ਼ਤਾ ਮੰਨਿਆ ਜਾਂਦਾ ਹੈ।
- ਚੱਦਰ ਅੰਦਾਜ਼ੀ ਦਾ ਵਿਆਹ :- ਜੇ ਪ੍ਰੀਵਾਰ ਵਿਚ ਕਿਸੇ ਨੌਜਵਾਨ ਪਤਨੀ ਦਾ ਪਤੀ ਮਰ ਜਾਂਦਾ ਤਾਂ ਆਮ ਤੌਰ ਤੇ ਉਸਦਾ ਵਿਆਹ ਚੱਦਰ ਅੰਦਾਜ਼ੀ ਨਾਲ ਉਸੇ ਹੀ ਪ੍ਰੀਵਾਰ ਦੇ ਦੂਸਰੇ ਮੁੰਡੇ ਨਾਲ ਕਰ ਦਿੱਤਾ ਜਾਂਦਾ। ਜੇ ਕੋਈ ਉਸ ਘਰ ਦਾ ਕੁਆਰਾ ਮੁੰਡਾ ਨਾ ਹੁੰਦਾ ਤਾਂ ਉਸ ਦੇ ਘਰ ਦੇ ਦੂਸਰੇ ਮੁੰਡੇ, ਜਿਸ ਦੀ ਭਾਵੇਂ ਪਤਨੀ ਹੋਵੇ, ਦੇ ਨਾਲ ਉਸ ਦਾ ਵਿਆਹ ਚੱਦਰ ਅੰਦਾਜ਼ੀ ਨਾਲ ਕਰ ਦਿੱਤਾ ਜਾਂਦਾ। ਚੱਦਰ ਅੰਦਾਜ਼ੀ ਦੀ ਰਸਮ ਵਿਚ ਵਿਧਵਾ ਔਰਤ ਦਾ ਵਿਆਹ ਦੇਵਰ ਜਾਂ ਜੇਠ ਦੇ ਨਾਲ ਕਰਨ ਲੱਗਿਆਂ ਬਰਾਦਰੀ ਇਕੱਠੀ ਹੋ ਕੇ ਦੋਹਾਂ ਨੂੰ ਇਕੱਠੇ ਬਿਠਾ ਕੇ ਉਨ੍ਹਾਂ ਉੱਤੇ ਚੱਦਰ ਪਾ ਦਿੰਦੇ ਅਤੇ ਸ਼ਗਨ ਦਿੰਦੇ। ਇਸ ਰੀਤੀ ਨਾਲ ਵਿਧਵਾ ਦਾ ਵਿਆਹ ਕਰਨ ਨੂੰ ਚਾਦਰ ਅੰਦਾਜੀ ਕਿਹਾ ਜਾਂਦਾ ਤੇ ਉਨ੍ਹਾਂ ਨੂੰ ਪਤੀ ਪਤਨੀ ਦੇ ਤੌਰ ਤੇ ਮਾਨਤਾ ਮਿਲਦੀ ਸੀ।
- ਦੁਹਾਜੂ ਦਾ ਵਿਆਹ :- ਜੇ ਕਿਸੇ ਦੀ ਪਤਨੀ ਮਰ ਜਾਂਦੀ ਅਤੇ ਮਰਦ ਦੀ ਦੂਸਰੀ ਸ਼ਾਦੀ ਕਰਨ ਨੂੰ ਦੁਹਾਜੂ ਦਾ ਵਿਆਹ ਕਿਹਾ ਜਾਂਦਾ। ਆਮ ਤੌਰ ਤੇ ਦੁਹਾਜੂਵਾਸਤੇ ਲੜਕੀ ਜੋ ਪਹਿਲਾਂ ਕਿਸੇ ਨੇ ਛੱਡੀ ਹੋਵੇ ਜਾਂ ਕਿਸੇ ਗਰੀਬ ਪ੍ਰੀਵਾਰ, ਜੋ ਲਾਲਚੀ ਹੋਵੇ, ਉਸ ਨੂੰ ਖਰਚਾ ਦੇ ਕੇ ਕੁਆਰੀ ਕੁੜੀ ਵਿਆਹ ਲੈਂਦੇ, ਇਸ ਤਰ੍ਹਾਂ ਛੱਡੀ ਹੋਈ ਔਰਤ ਜਾਂ ਵਿਧਵਾ ਔਰਤ, ਜਿਸ ਦਾ ਸਹੁਰੇ ਘਰ ਵਿਚ ਚੱਦਰ ਅੰਦਾਜ਼ੀ ਨਾਲ ਵੀ ਦੂਸਰਾ ਵਿਆਹ ਨਾ ਹੋਵੇ, ਦੁਹਾਜੂ ਦੇ ਨਾਲ ਵਿਆਹ ਦਿੱਤੀ ਜਾਂਦੀ ਹੈ। ਕਈ ਆਦਮੀ ਆਪਣੀ ਪਤਨੀ ਦੇ ਮਰਨ ਤੋਂ ਬਾਅਦ ਦੂਸਰਾ ਵਿਆਹ ਮਜਬੂਰੀ ਵੱਸ, ਜਿਵੇਂ ਛੋਟੀ ਉਮਰੇ ਪਤਨੀ ਦਾ ਮਰ ਜਾਣਾ ਜਾਂ ਪਹਿਲੀ ਪਤਨੀ ਤੋਂ ਪੈਦਾ ਹੋਏ ਬਚਿਆਂ ਨੂੰ ਸੰਭਾਲਣ ਲਈ, ਕਰਵਾਉਂਦੇ, ਪਰ ਕਈ ਆਦਮੀ ਆਪਣੀ ਉਮਰ ਦਾ ਲਿਹਾਜ ਨਾ ਕਰਦੇ ਹੋਏ ਅਪਣੇ ਅਹਿਮ ਲਈ ਹੀ ਦੂਜਾ ਵਿਆਹ ਕਰਵਾਉਂਦੇ ਹਨ।
- ਵਿਆਹ ਦੀਆਂ ਰਸਮਾਂ :- ਗੋਆਰ ਰਾਜਪੂਤ/ਬਾਜ਼ੀਗਰ ਸਮਾਜ ਵਿਚ ਵਿਆਹ ਦੀਆਂ ਰਸਮਾਂ ਦੱਸਣ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਇਸ ਬਰਾਦਰੀ ਦੇ ਲੋਕ ਜਿਨ੍ਹਾਂ ਵੱਖ ਵੱਖ ਇਲਾਕਿਆਂ ਵਿਚ ਵਸਦੇ ਸਨ ਉਨ੍ਹਾਂ ਇਲਾਕਿਆਂ ਦੇ ਰਸਮਾਂ ਰਿਵਾਜਾਂ ਦਾ ਵੀ ਇਸ ਬਰਾਦਰੀ ਦੀਆਂ ਰਸਮਾਂ ਰਿਵਾਜਾਂ ਉਤੇ ਪ੍ਰਭਾਵ ਪਿਆ ਹੈ। ਇਸ ਲਈ ਇਨ੍ਹਾਂ ਵਿਚ ਹੋ ਸਕਦਾ ਹੈ ਕੋਈ ਰਿਵਾਜ ਇੱਕ ਦੂਸਰੇ ਨਾਲੋਂ ਭਿੰਨ ਹੋਣ। ਅਜੋਕੇ ਸਮੇਂ ਵਿਚ ਤਾਂ ਪਹਿਲੇ ਪੁਰਾਣੇ ਰਿਵਾਜ ਸਹੀ ਤਰੀਕੇ ਨਾਲ ਹੂ-ਬੂ-ਹੂ ਕੋਈ ਵੀ ਨਹੀ ਕਰ ਰਿਹਾ, ਤੇ ਗੋਆਰ ਰਾਜਪੂਤਾਂ ਦੇ ਰਲਦੇ ਮਿਲਦੇ ਰਿਵਾਜ ਇਸ ਤਰ੍ਹਾਂ ਹਨ:-
- ਸਾਹੇ ਦੀ ਚਿੱਠੀ :-
ਸਾਹੇ ਦੀ ਚਿੱਠੀ ਗੋਆਰ ਰਾਜਪੂਤ / ਬਾਜ਼ੀਗਰ ਸਮਾਜ ਵਿਚ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਭੇਜਦੇ। ਪ੍ਰੋਹਿਤ ਜਾਂ ਕਿਸੇ ਸਿਆਣੇ ਬੰਦੇ ਦੀ ਰਾਏ ਅਨੁਸਾਰ ਵਿਆਹ ਦਾ ਦਿਨ ਪੱਕਾ ਕੀਤਾ ਜਾਂਦਾ ਅਤੇ ਵਿਚੋਲਾ ਜਾਂ ਕੁੜੀ ਵਾਲੇ ਪਾਸੇ ਤੋਂ ਕੋਈ ਹੋਰ ਸਿਆਣਾ ਆਦਮੀ ਮੁੰਡੇ ਵਾਲਿਆਂ ਦੇ ਘਰ ਵਿਆਹ ਦੀ ਚਿੱਠੀ ਲੈ ਕੇ ਜਾਂਦਾ। ਇਹ ਇੱਕ ਤਰ੍ਹਾਂ ਦਾ ਸੱਦਾ ਪੱਤਰ ਹੁੰਦਾ, ਜਿਸ ਵਿਚ ਬਰਾਤ ਦੇ ਆਉਣ ਦਾ ਦਿਨ ਅਤੇ ਸਮਾਂ ਦਿੱਤਾ ਹੁੰਦਾ। ਚਿੱਠੀ ਭੇਜਣ ਵੇਲੇ ਅਤੇ ਮੁੰਡੇ ਵਾਲਿਆਂ ਦੇ ਚਿੱਠੀ ਪਹੁੰਚਣ ਸਮੇਂ ਸ਼ਗਨਾਂ ਦੇ ਗੀਤ ਗਾਏ ਜਾਂਦੇ। ਸ਼ਗਨ ਵੱਜੋ ਹਾਜ਼ਰ ਲੋਕਾਂ ਵਿਚ ਗੁੜ ਜਾਂ ਪਤਾਸੇ ਵੰਡੇ ਜਾਂਦੇ।
- ਗਾਨੇ ਦੀ ਰਸਮ :-
ਜਿਸ ਦਿਨ ਚਿੱਠੀ ਦਾ ਸ਼ਗਨ ਹੁੰਦਾ ਪ੍ਰੋਹਿਤ ਜਾਂ ਸਿਆਣਾ ਆਦਮੀ ਮੌਲੀ ਦਾ ਕੱਚਾ ਗਾਨਾ ਕੁੜੀ ਦੇ ਬੰਨਦਾ ਅਤੇ ਚਿੱਠੀ ਮੁੰਡੇ ਵਾਲਿਆਂ ਦੇ ਘਰ ਪਹੁੰਚਾਈ ਜਾਂਦੀ। ਉਸ ਵੇਲੇ ਜਿਹੜਾ ਆਦਮੀ, ਲਾਗੀ ਜਾਂ ਪ੍ਰੋਹਿਤ ਚਿੱਠੀ ਲੈ ਕੇ ਜਾਂਦਾ, ਉਹ ਮੁੰਡੇ ਦੇ ਮੌਲੀ ਦਾ ਗਾਨਾ ਬੰਨ੍ਹਦਾ ਅਤੇ ਜਿਸ ਦਿਨ ਤੇਲ ਲਾਉਣਾ ਹੁੰਦਾ ਉਸ ਦਿਨ ਮੁੰਡੇ/ਕੁੜੀ ਦੇ ਪੱਕਾ ਗਾਨਾ ਮੌਲੀ ਦਾ, ਜਿਸ ਨਾਲ ਸੁਪਾਰੀ, ਲੋਹਾ ਅਤੇ ਕੌਡੀ ਸੱਤ ਗੰਢਾਂ ਦੇ ਕੇ ਬਨਿਆਂ ਜਾਂਦਾ। ਵਿਆਹ ਹੋਣ ਤੋਂ ਦੂਸਰੇ ਦਿਨ ਗਾਨਾ ਖੇਡਣ ਦੀ ਰੀਤ ਤੇ ਖੋਲ੍ਹਿਆ ਜਾਂਦਾ।
- ਮੰਡੇ ਦੀ ਰਸਮ :-
ਇਹ ਮੁੰਡੇ ਵਾਲਿਆਂ ਵੱਲ ਕੀਤੀ ਜਾਂਦੀ ਅਤੇ ਬਰਾਤ ਜਾਣੋਂ ਇੱਕ ਦਿਨ ਪਹਿਲਾਂ ਹੁੰਦੀ। ਇਹ ਰਸਮ ਹਰ ਜਗ੍ਹਾ ਤੇ ਨਹੀਂ ਹੁੰਦੀ, ਇਲਾਕੇ ਦੇ ਰਿਵਾਜ ਮੁਤਾਬਿਕ ਹੁੰਦੀ ਹੈ। ਇਸ ਵਿਚ ਮੁੰਡੇ ਦਾ ਮਾਮਾ ਘਰ ਦੇ ਦਰਵਾਜ਼ੇ ਵਿਚ ਪਰਾਂਦੇ ਨਾਲ ਬੰਨ੍ਹੀਆਂ ਮਿੱਟੀ ਦੀਆਂ ਠੂਠੀਆਂ ਭੰਨ੍ਹਦਾ ਅਤੇ ਲੜਕੇ ਨੂੰ ਚੁੱਕ ਕੇ ਘਰ ਦੇ ਅੰਦਰ ਲੈ ਜਾਂਦਾ। ਬਰਾਤ ਜਾਣ ਤੋਂ ਪਹਿਲੀ ਰਾਤ ਮੁੰਡਾ ਆਪਣੇ ਘਰ ਨਾ ਸੌਦਾ। ਦੂਸਰੀ ਸਵੇਰ ਜਿੱਥੇ ਰਾਤ ਨੂੰ ਮੁੰਡਾ ਰੁਕਿਆ ਹੋਵੇ ਉਥੇ ਹੀ ਨਹਾਈ-ਧੁਆਈ ਕਰਕੇ ਬਰਾਤ ਦੇ ਨਾਲ ਮਿਲ ਜਾਂਦਾ ਤੇ ਵਹੁਟੀ ਨੂੰ ਲੈ ਕੇ ਹੀ ਆਪਣੇ ਘਰ ਆਉਂਦਾ।
- ਵੱਟਣਾ ਮਲਣਾ :-
ਵਿਆਹ ਤੋਂ ਦੋ ਤਿੰਨ ਦਿਨ ਪਹਿਲਾਂ ਵਿਆਂਹਦੜ ਮੁੰਡਾ ਜਾਂ ਕੁੜੀ ਦੇ ਵੱਟਣਾ ਮਲਿਆ ਜਾਂਦਾ। ਮਾਂ, ਤਾਈਆਂ, ਚਾਚੀਆਂ, ਭੈਣਾਂ ਤੇ ਭਰਜਾਈਆਂ ਵੱਟਣਾ ਮਲਦੀਆਂ, ਸ਼ਗਨਾਂ ਦੇ ਗੀਤ ਗਾਉਂਦੀਆਂ, ਸ਼ਗਨ ਦੇਂਦੀਆਂ ਅਤੇ ਖੁਸ਼ੀ ਮਨਾਉਂਦੀਆਂ।
- ਮੂਸਲ ਗੱਡਣਾ :-
ਜਦੋਂ ਬਰਾਤ ਕੁੜੀ ਵਾਲਿਆਂ ਦੇ ਘਰ ਪਹੁੰਚ ਜਾਂਦੀ ਤਾਂ ਬਰਾਤੀਆਂ ਵਿਚੋਂ ਉਨ੍ਹਾਂ ਦਾ ਜੁਆਈ ਕੁੜੀ ਵਾਲਿਆਂ ਦੇ ਘਰ / ਖਟੋਲੇ ਕੋਲ ਗੰਧਾਲਾ ਗੱਡ ਦਿੰਦਾ, ਜਿਸ ਨੂੰ ਮੂਸਲ ਗੱਡਣ ਦੀ ਰਸਮ ਕਿਹਾ ਜਾਂਦਾ ਹੈ।
- ਬੋਦੀ ਦਾ ਗੁੰਦਣਾ :-
ਵਿਆਹ ਤੋਂ ਇਕ ਦੋ ਦਿਨ ਪਹਿਲਾਂ ਵਿਆਹ ਵਾਲੇ ਮੁੰਡੇ ਦੀ ਬੋਦੀ ਗੁੰਦੀ ਜਾਂਦੀ। ਇਸ ਰਸਮ ਵਿਚ ਮੁੰਡੇ ਦੀਆਂ ਭਾਬੀਆਂ ਮੁੰਡੇ ਦੇ ਸਿਰ ਤੇ ਬੋਦੀ ਗੁੰਦਦੀਆਂ ਅਤੇ ਸ਼ਗਨਾਂ ਦੇ ਗੀਤ ਗਾਉਂਦੀਆਂ ਹਨ।
- ਬਰਾਤ ਦਾ ਉਤਾਰਾ :-
ਜਦ ਬਰਾਤ ਕੁੜੀ ਵਾਲਿਆਂ ਦੇ ਪਿੰਡ ਪਹੁੰਚਦੀ ਤਾਂ ਕੁੜੀ ਵਾਲੇ ਪਾਸੇ ਤੋਂ ਸਿਆਣੇ ਆਦਮੀ ਇਕੱਠੇ ਹੋ ਕੇ ਬਰਾਤ ਦਾ ਸਵਾਗਤ ਕਰਦੇ ਅਤੇ ਸੁੱਖ-ਸਾਂਦ ਪੁੱਛਕੇ ਬਰਾਤ ਦਾ ਉਤਾਰਾ ਕਰਦੇ। ਇਹ ਆਮ ਤੌਰ ਤੇ ਘਰ ਦੇ ਲਾਗੇ ਜਾਂ ਥੋੜ੍ਹਾ ਦੂਰ ਵੱਡੇ ਦਰਖ਼ਤ ਥੱਲ੍ਹੇ, ਬੜ੍ਹ ਜਾਂ ਪਿੱਪਲ ਥੱਲੇ ਹੁੰਦਾ ਸੀ। ਉਥੇ ਪਰਾਲੀ ਜਾਂ ਦਰੀਆਂ ਵਿਛਾ ਦਿੰਦੇ ਸਨ। ਅਜੋਕੇ ਸਮੇਂ ਬਰਾਤ ਦਾ ਉਤਾਰਾ ਕਿਸੇ ਜੰਜ ਘਰ ਵਿਚ ਜਾਂ ਕਿਸੇ ਸਾਂਝੀ ਥਾਂ ਤੇ ਵੀ ਕੀਤਾ ਜਾਂਦਾ ਹੈ। ਅਰਾਮ ਲਈ ਅੱਜ ਦੇ ਸਮੇਂ ਵਿਆਹ ਮੈਰਿਜ ਪੈਲਸ ਵਿਚ ਹੀ ਕੀਤਾ ਜਾਂਦਾ ਹੈ।
8.ਮਿਲਣੀ :-
ਬਰਾਤ ਦੇ ਕੁੜੀ ਵਾਲਿਆਂ ਦੇ ਘਰ ਪਹੁੰਚਣ ਤੇ ਸਭ ਤੋਂ ਪਹਿਲਾਂ ਮਿਲਣੀ ਕੀਤੀ ਜਾਂਦੀ ਅਤੇ ਕੁੜੀ ਵੱਲੋਂ ਔਰਤਾਂ ਮਿਲਣੀ ਦੇ ਗੀਤ ਗਾਉਂਦੀਆ। ਬਰਾਤ ਦੇ ਕੁੜੀ ਵਾਲਿਆਂ ਦੇ ਘਰ ਪਹੁੰਚਣ ਤੇ ਕੁੜੀ ਦੇ ਪ੍ਰੀਵਾਰ ਵਿਚੋਂ ਸਿਆਣਾ ਆਦਮੀ ਮੁੰਡੇ ਵਾਲਿਆਂ ਦੇ ਪ੍ਰੀਵਾਰ ਦੀ ਰਾਜੀ ਖੁਸ਼ੀ ਪੁੱਛਦਾ ਜਿਸ ਉਪਰੰਤ ਕੁੜੀ ਦੇ ਪਿਤਾ ਦੀ ਅਤੇ ਮੁੰਡੇ ਦੇ ਪਿਤਾ ਦੀ ਮਿਲਣੀ ਕਰਵਾਈ ਜਾਂਦੀ, ਜੋ ਕੁੜੀ ਵਾਲਿਆਂ ਦੀ ਸਮਰੱਥਾ ਅਤੇ ਮੁੰਡੇ ਵਾਲਿਆਂ ਦੀ ਹੈਸੀਅਤ ਮੁਤਾਬਿਕ ਹੁੰਦੀ। ਦੂਸਰੀ ਮਿਲਣੀ ਕੁੜੀ ਦੇ ਮਾਮੇ ਅਤੇ ਮੁੰਡੇ ਦੇ ਮਾਮੇ ਦੀ ਕਰਵਾਈ ਜਾਂਦੀ। ਇਸ ਰਿਵਾਜ ਨੂੰ ਦਾਦਕਿਆਂ ਅਤੇ ਨਾਨਕਿਆਂ ਦੀ ਮਿਲਣੀ ਕਿਹਾ ਜਾਂਦਾ ਹੈ। ਇਸ ਤੋਂ ਬਿਨਾਂ ਵੀ ਅੱਜ ਕੱਲ੍ਹ ਸਰਦੇ ਪੁੱਜਦੇ ਲੜਕੀ ਵਾਲੇ ਆਪਣਾ ਵਡੱਪਣ ਦਿਖਾਉਣ ਵਾਸਤੇ ਜਾਂ ਮਜਬੂਰੀ ਵੱਸ ਚਾਚੇ. ਤਾਏ, ਭਾਈਆਂ ਅਤੇ ਜੁਆਈ/ਜੁਆਈਆਂ ਦੀ ਮਿਲਣੀ ਕਰਾਉਂਦੇ ਹਨ। ਵਿਆਹ ਤੋਂ ਬਾਅਦ ਕੁੜੀ ਦੀ ਮਾਂ ਸ਼ਗਨ ਵੱਜੋਂ ਤੋਹਫੇ ਲੈ ਕੇ ਮੁੰਡੇ ਦੀ ਮਾਂ ਨਾਲ ਮਿਲਣੀ ਕਰਨ ਜਾਂਦੀ ਹੈ
ਨੋਟ:- ਪੁਰਾਣੇ ਸਮੇਂ ਦਾ ਘਰ/ਛੰਨ ਵਿਚ ਜਿਸ ਮੰਜੇ ਤੇ ਜਰੂਰੀ ਕਪੜੇ, ਕੀਮਤੀ ਸਮਾਨ, ਜਾਂ ਬਿਸਤਰੇ ਹੁੰਦੇ ਉਸ ਨੂੰ ਖਟੋਲਾ ਕਿਹਾ ਜਾਂਦਾ ਸੀ।
- ਸੱਸ ਵੱਲੋਂ ਬੋਦੀ ਦਾ ਪਾਣੀ ਪੀਣਾ :-
ਗੋਅਰ ਰਾਜਪੂਤਾਂ/ਬਾਜ਼ੀਗਰਾਂ ਵਿਚ ਫੇਰਿਆਂ ਤੋਂ ਪਹਿਲਾਂ ਮੁੰਡੇ ਨੂੰ ਸਹੁਰੇ ਘਰ ਅੱਗੇ ਪਰਾਤ ਮੂਧੀ ਮਾਰਕੇ ਜਾਂ ਪੱਟੜੇ ਤੇ ਬਿਠਾਕੇ ਨਹਾਇਆ ਜਾਂਦਾ ਸੀ। ਇਸ ਸਮੇਂ ਮੁੰਡੇ ਦੇ ਸਾਲੇ ਉਸ ਨੂੰ ਵੱਟਣਾ ਮੱਲਕੇ ਨਹਾਉਂਦੇ ਤੇ ਹਾਸਾ ਮਖੌਲ ਵੀ ਕਰਦੇ। ਕੁੜੀਆਂ – ਤੀਵੀਆਂ ਸ਼ਗਨਾਂ ਦੇ ਗੀਤ ਗਾਉਂਦੀਆਂ। ਨਹਾਉਣ ਉਪਰੰਤ ਲਾੜਾ ਪਰਾਤ ਜਾਂ ਪਟੜੇ ਤੇ ਬੈਠ ਜਾਂਦਾ। ਲਾੜੇ ਦੀ ਸੱਸ ਕੰਘੀ ਨਾਲ ਉਸ ਦੇ ਵਾਲਾਂ ਵਿਚੋਂ ਪਾਣੀ ਖਿੱਚ ਕੇ ਗਰਦਨ ਵਾਲੇ ਪਾਸੇ ਖੱਬੇ ਹੱਥ ਤੇ ਪਾਣੀ ਪਾਉਂਦੀ ਅਤੇ ਫਿਰ ਉਹ ਪਾਣੀ ਪੀਦੀ ਜਿਸ ਨੂੰ ਸ਼ਿਵ ਜੀ ਦੀਆਂ ਜਟਾਂ ਵਿਚੋਂ ਗੰਗਾ ਦਾ ਨਿਕਲਣਾ ਦਰਸਾਉਂਦੇ। ਕੁੜੀ ਦੀ ਮਾਂ ਵਿਆਂਹਦੜ ਮੁੰਡੇ ਨੂੰ ਸ਼ਿਵ ਜੀ ਦਾ ਰੂਪ ਮੰਨ ਕੇ ਗੰਗਾ ਦਾ ਗੰਗੋਤਰ भीरी।
- ਫੇਰੇ :-
ਗੋਅਰ ਰਾਜਪੂਤਾਂ/ਬਾਜ਼ੀਗਰਾਂ ਵਿਚ ਵਿਆਹ ਦੇ ਫੇਰੇ ਪ੍ਰੋਹਿਤ ਤੋਂ ਕਰਵਾਏ ਜਾਂਦੇ ਅਤੇ ਹਿੰਦੂ ਰਿਵਾਜ ਮੁਤਾਬਿਕ ਪ੍ਰੋਹਿਤ ਵਿਆਹ ਕਰਵਾਉਂਦਾ ਹੈ। ਅੱਜ ਵੀ ਗੋਆਰ ਰਾਜਪੂਤਾਂ/ਬਾਜ਼ੀਗਰਾਂ ਦਾ ਜ਼ਿਆਦਾ ਹਿੱਸਾ ਫੇਰੇ ਹੀ ਕਰਦਾ ਹੈ ਅਤੇ ਹਿੰਦੂ ਰੀਤੀ ਰਿਵਾਜਾਂ ਨੂੰ ਮੰਨਦਾ ਹੈ। ਪਰ ਸਿੱਖ ਪ੍ਰੀਵਾਰ ਅੰਨਦ ਕਾਰਜ ਹੀ ਕਰਵਾਉਂਦੇ ਹਨ।
- ਖੱਟ ਦੀ ਰਸਮ :-
ਫੇਰਿਆਂ ਤੋਂ ਬਾਅਦ ਖੱਟ ਦੀ ਰਸਮ ਹੁੰਦੀ, ਇਸ ਵਿਚ ਮੰਨ ਮਨੌਤੀਆਂ ਤੋਂ ਬਿਨਾਂ ਕੁੜੀ ਵਾਲੇ ਦੋ ਰੁਪਏ ਜਾਤ ਸ਼ਨਾਖਤ ਅਤੇ 110 ਰੁਪਏ ਮੋਹਰੀ ਦੇ ਦਿੰਦੇ ਸਨ। ਮੁੰਡੇ ਵਾਲੇ ਇਨ੍ਹਾਂ 110 ਰੁਪਏ ਵਿਚੋਂ 10 ਰੁਪਏ ਰੱਖ ਕੇ 100 ਰੁਪਿਆ ਵਾਪਸ ਮੋੜ ਦਿੰਦੇ ਸਨ। ਇਸ ਸਮੇਂ ਮੁੰਡੇ ਵਾਲੇ ਵੀ ਜਾਤ ਸ਼ਨਾਖਤ ਦੇ ਦੋ ਰੁਪਏ ਕੁੜੀ ਵਾਲਿਆਂ ਨੂੰ ਦਿੰਦੇ ਅਤੇ ਵਿਆਹ ਦੇ ਇੱਕਠ ਵਿਚ ਬੈਠੇ ਚਾਹੇ ਉਹ ਬਰਾਤੀ ਹੋਣ ਜਾਂ ਕੁੜੀ ਵਾਲਿਆਂ ਵੱਲ ਹੋਣ, ਅਪਣੀ ਗੋਤ ਵਿਚ ਵਿਆਹੇ ਹੋਏ ਬੰਦੇ ਨੂੰ ਮਾਣ ਵਜੋਂ ਇਕ ਜਾਂ ਦੋ ਰੁਪਏ ਦੇ ਕੇ, ਉਨ੍ਹਾਂ ਨੂੰ ਮੰਨਦੇ ਸਨ।
12 ਬਰਾਤ ਦੀ ਰੋਟੀ :-
ਗੋਅਰ ਰਾਜਪੂਤਾਂ/ਬਾਜੀਗਰਾ ਵਿਚ ਪਹਿਲੇ ਦਿਨ ਬਰਾਤ ਦੀ ਰੋਟੀ ਕੁੜੀ ਵਾਲੇ ਪਾਸੇ ਸਾਰੇ ਡੇਰੇ / ਟਾਂਡੇ ਵਾਲੇ ਰਲ ਕੇ ਸਾਂਝੇ ਘਰ ਲਿਜਾ ਕੇ ਖੁਆਉਂਦੇ, ਤਾਂ ਜੋ ਕੁੜੀ ਵਾਲਿਆਂ ਉਪਰ ਕਿਸੇ ਤਰਾਂ ਦਾ ਬੋਝ ਨਾ ਪਵੇ। ਇਸ ਤਰ੍ਹਾਂ ਕੁੜੀ ਦੇ ਵਿਆਹ ਵਿਚ ਪਿੰਡ ਵਾਲੇ ਕੁੜੀ ਵਾਲੇ ਪ੍ਰੀਵਾਰ ਦੀ ਮੱਦਦ ਕਰਨਾ ਜਾਂ ਦਾਨ ਕਰਨਾ ਠੀਕ ਸਮਝਦੇ ਸਨ। ਅੱਜ ਦੇ ਸਮੇਂ ਇਹ ਰਿਵਾਜ ਨਹੀਂ ਹੈ। ਕੁੜੀ ਵਾਲਾ ਆਪਣੀ ਸਮਰੱਥਾ ਮੁਤਾਬਿਕ ਆਪ ਹੀ ਬਰਾਤ ਅਤੇ ਮੇਲ ਦੀ ਸੇਵਾ ਕਰਦਾ। ਇਸ ਸਮੇਂ ਸਭ ਤੋਂ ਜਿਆਦਾ ਪੈਸਾ ਵਿਆਹ-ਮਹਿਲਾਂ ਵਿਚ ਸ਼ਾਦੀ ਤੇ ਖ਼ਰਚ ਹੋ ਰਿਹਾ ਹੈ, ਇਹ ਫਜ਼ੂਲ ਖਰਚੀ ਤੋਂ ਬਿਨਾਂ ਕੁਝ ਵੀ ਨਹੀਂ। ਇਹ ਖਰਚਾ ਕਈ ਵਾਰ ਕੁੜੀ ਵਾਲੇ ਆਪਣੇ ਅਹਿਮ ਵਾਸਤੇ ਵੀ ਕਰਦੇ ਅਤੇ ਕਈ ਮਜਬੂਰੀ ਵੱਸ ਕਰਜਾ ਲੈ ਕੇ ਕਰਦੇ ਨੇ।
- ਚਾਦਰ ਵਿਚਾਲੇ ਤਾਨਣਾ :-
ਜਿਸ ਦਿਨ ਫੇਰੇ ਹੋ ਜਾਂਦੇ ਅਤੇ ਕੁੜੀ ਵਾਲਿਆਂ ਦੇ ਘਰ ਰਾਤ ਨੂੰ ਵਿਚਾਲੇ ਚਾਦਰ ਤਾਣ ਕੇ ਇੱਕ ਪਾਸੇ ਮੁੰਡਾ ਅਤੇ ਉਸ ਦਾ ਸਰਬਾਲਾ ਜਾਂ ਹੋਰ ਇੱਕ ਦੋ ਮੁੰਡੇ ਸੌਂਦੇ ਅਤੇ ਚਾਦਰ ਦੇ ਦੂਸਰੇ ਪਾਸੇ ਕੁੜੀ, ਜਿਸ ਦਾ ਵਿਆਹ ਹੋਇਆ ਹੋਵੇ ਉਹ ਅਤੇ ਉਸ ਦੀਆਂ ਸਹੇਲੀਆਂ ਸੌਂਦੀਆਂ। ਇਹ ਉਹ ਸਮਾਂ ਸੀ ਜਦੋਂ ਬਰਾਤ ਕੁੜੀ ਵਾਲਿਆਂ ਦੇ ਘਰ ਰਾਤ ਰੁਕਦੀ ਸੀ। ਅੱਜ ਕੱਲ੍ਹ ਵਿਆਹ ਵਾਲੇ ਦਿਨ ਹੀ ਬਰਾਤ ਜਾਂਦੀ ਹੈ। ਵਿਆਹ ਉਪਰੰਤ ਵਾਪਸ ਘਰ ਪਹੁੰਚ ਜਾਂਦੀ ਹੈ। ਇਹ ਰਿਵਾਜ ਅੱਜ ਦੇ ਸਮੇਂ ਦੇਖਣ ਲਈ ਨਹੀਂ ਮਿਲਦਾ, ਹੋ ਸਕਦਾ ਹੈ ਪੁਰਾਣੇ ਸਮੇਂ ਵਿਚ ਇਸ ਦੀ ਕੋਈ ਖਾਸ ਮਹੱਤਤਾ ਹੋਵੇ ਜੋ ਅੱਜ ਖਤਮ ਹੋ ਗਈ ਹੈ।
- ਪਾਣੀ ਵਾਰਨਾ :-
ਫੇਰਿਆਂ ਤੋਂ ਬਾਅਦ ਜਦੋਂ ਬਰਾਤ ਵਾਪਸ ਡੇਰੇ/ਟਾਂਡੇ/ਘਰ ਪਹੁੰਚ ਜਾਂਦੀ ਅਤੇ ਬਹੂ (ਲਾੜੀ) ਦੇ ਘਰ ਪਹੁੰਚਣ ਤੇ ਮੁੰਡੇ ਦੀ ਮਾਂ ਘਰ ਦੇ ਦਰਵਾਜ਼ੇ ਵਿਚ ਪਾਣੀ ਵਾਰਨ ਦੀ ਰਸਮ ਪੂਰੀ ਕਰਦੀ ਸੀ। ਬਹੂ ਨੂੰ ਕੋਈ ਟੀਮ (ਗਹਿਣਾ) ਦੇ ਕੇ ਅੰਦਰ ਲਿਆਉਂਦੀ ਸੀ। ਇਸ ਵੇਲੇ ਖੂਬ ਗੀਤ ਗਾਏ ਜਾਂਦੇ, ਸ਼ਗਨ ਮਨਾਏ ਜਾਂਦੇ ਅਤੇ ਨਾਚ ਵੀ ਕੀਤੇ ਜਾਂਦੇ।
- ਗਾਨਾ ਖੇਡਣਾ :-
ਮੁੰਡੇ ਦੇ ਵਿਆਹ ਦੇ ਦੂਸਰੇ ਦਿਨ ਮੁੰਡੇ ਦੀਆਂ ਭਾਬੀਆਂ ਅਤੇ ਭੈਣਾਂ ਮੁੰਡੇ ਅਤੇ ਕੁੜੀ ਨੂੰ ਗਾਨਾ ਖਿਡਾਉਂਦੀਆਂ। ਮੁੰਡਾ ਕੁੜੀ ਦੇ ਗਾਨੇ ਦੀਆਂ ਗੰਢਾਂ ਖੋਲ੍ਹਦਾ ਹੈ ਅਤੇ ਕੁੜੀ ਮੁੰਡੇ ਦੇ ਗਾਨੇ ਦੀਆਂ ਗੰਢਾਂ ਖੋਲ੍ਹਦੀ ਹੈ। ਕੁੜੀ ਆਪਣੀ ਮੁੱਠੀ ਵਿਚ ਤੀਲੀਆਂ (ਲੱਕੜ ਦੀਆਂ) ਫੜਦੀ ਹੈ ਅਤੇ ਮੁੰਡਾ ਤੀਲੀਆਂ ਖਿੱਚਦਾ ਹੈ।ਇਸੇ ਤਰ੍ਹਾਂ ਮੁੰਡਾ ਤੀਲੀਆਂ ਫੜਦਾ ਹੈ ਅਤੇ ਕੁੜੀ ਤੀਲੀਆਂ ਖਿੱਚਦੀ ਹੈ। ਫਿਰ ਇਹ ਸਾਰਾ ਸਾਮਾਨ ਇਕੱਠਾ ਕਰਕੇ ਇੱਕ ਪਰਾਤ ਵਿਚ ਪਾ ਕੇ, ਵਿਚ ਵੱਟਣੇ ਵਾਲਾ ਪਾਣੀ ਪਾ ਦਿੰਦੇ ਹਨ। ਇੱਕ ਚਾਂਦੀ ਦਾ ਰੁਪਿਆ ਪਾਣੀ ਵਿਚ ਪਾਉਂਦੇ ਹਨ। ਕੁੜੀ ਅਤੇ ਮੁੰਡਾ ਦੋਵੇਂ ਇਕੱਠੇ ਪਰਾਤ ਵਿਚ ਹੱਥ ਮਾਰਦੇ ਅਤੇ ਰੁਪਏ ਨੂੰ ਚੁੱਕਣ / ਲੱਭਣ ਦੀ ਕੋਸ਼ਿਸ਼ ਕਰਦੇ। ਜਿਹੜਾ ਵੀ ਰੁਪਏ ਨੂੰ ਪਹਿਲਾਂ ਚੁੱਕ ਲਵੇ ਉਸਨੂੰ ਜਿੱਤ ਗਿਆ ਕਹਿੰਦੇ। ਆਮ ਤੌਰ ਤੇ ਇਹ ਜਿੱਤ ਮੁੰਡੇ ਦੀ ਹੀ ਦਿਖਾਈ ਜਾਂਦੀ ਅਤੇ ਕੁੜੀਆਂ ਗੀਤ ਗਾਉਂਦੀਆਂ ਅਤੇ ਠੱਠਾ ਮਖੌਲ ਕਰਦੀਆਂ।
- ਪਿੱਤਰਾਂ ਵਿਚ ਰਲਾਉਣਾ :-
ਇਸ ਤੋਂ ਬਾਅਦ ਵਿਆਹ ਕੇ ਲਿਆਂਦੀ ਵਹੁਟੀ ਨੂੰ ਆਪਣੇ ਗੋਤ ਵਿਚ ਰਲਾਇਆ ਜਾਂਦਾ। ਘਰ ਦਾ ਵੱਡਾ ਮੈਂਬਰ ਪਿਤਾ ਜਾਂ ਮਾਤਾ ਚਾਵਲ ਬਣਾ ਕੇ ਅੱਗ ਤੇ ਦੇਸੀ ਘਿਉ ਦੀ ਧੂਫ ਪਾਉਂਦਾ ਅਤੇ ਪਿੱਤਰਾਂ ਨੂੰ ਅਰਦਾਸ ਕਰਕੇ ਮੱਥਾ ਟੇਕਦਾ। ਇਸ ਉਪਰੰਤ ਸਾਰਾ ਪ੍ਰੀਵਾਰ ਅਤੇ ਨਵੀਂ ਵਿਆਹੀ ਵਹੁਟੀ ਵੀ ਪਿੱਤਰਾਂ ਨੂੰ ਮੱਥਾ ਟੇਕਦੀ ਤੇ ਪਿੱਤਰਾਂ ਵਾਲੇ ਚਾਵਲ ਸਿਰਫ ਆਪਣੇ ਗੋਤ ਵਿਚ ਹੀ ਵੰਡੇ ਜਾਂਦੇ।
- ਮੁਕਲਾਵਾ :-
ਪੁਰਾਣੇ ਸਮਿਆਂ ਵਿਚ ਗੋਅਰ ਰਾਜਪੂਤਾਂ / ਬਾਜ਼ੀਗਰਾਂ ਵਿਚ ਬਾਲ ਵਿਆਹ ਦੀ ਪ੍ਰਥਾ ਸੀ। ਜਦੋਂ ਕੁੜੀ ਤੇ ਮੁੰਡਾ ਜਵਾਨ ਹੁੰਦੇ ਤਾਂ ਮੁਕਲਾਵੇ ਦੀ ਰਸਮ ਹੁੰਦੀ। ਇਸ ਵਿਚ ਮੁੰਡਾ, ਮੁੰਡੇ ਦਾ ਪਿਤਾ, ਭਣੋਈਆ ਜਾਂ ਭਰਾ ਕੁੜੀ ਵਾਲਿਆਂ ਦੇ ਘਰ ਜਾਂਦੇ ਤੇ ਕੁੜੀ ਵਾਲੇ ਦੂਸਰੇ ਜਾਂ ਤੀਸਰੇ ਦਿਨ ਕੁੜੀ ਨੂੰ ਸ਼ਗਨਾਂ ਨਾਲ ਮੁੰਡੇ ਨਾਲ ਤੋਰਦੇ ਪਰ ਅੱਜ ਕਲ੍ਹ ਮੁਕਲਾਵਾ ਵਿਆਹ ਦੇ ਨਾਲ ਹੀ ਕਰ ਦਿੱਤਾ ਜਾਂਦਾ ਹੈ।
- ਦਾਜ ਪ੍ਰਥਾ:-
ਪਹਿਲਾਂ ਬਰਾਦਰੀ ਵਿਚ ਦਾਜ ਦੀ ਪ੍ਰਥਾ ਨਹੀਂ ਸੀ, ਸਗੋਂ ਕੁੜੀ ਵਾਲਿਆਂ ਦੀ ਮੱਦਦ ਕਰਨ ਦਾ ਰਿਵਾਜ ਸੀ ਤੇ ਬਰਾਤ ਦੀ ਰੋਟੀ ਵੀ ਨਗਰ/ਡੇਰਾ/ਟਾਂਡੇ ਵਾਲੇ ਮਿੱਲ ਕੇ ਕਰਦੇ। ਇਸ ਤੋਂ ਉਲਟ ਕੁੜੀ (ਵਹੁਟੀ) ਨੂੰ ਸਹੁਰੇ ਥੋੜ੍ਹੇ ਬਹੁਤੇ ਗਹਿਣੇ ਜ਼ਰੂਰ ਪਾਉਂਦੇ ਜਿਵੇ ਕੁੜੀ ਵਾਸਤੇ ਚੰਦ ਡੋਰਾ ਚਮਕਲੀ, ਸੱਗੀ ਫੁੱਲ, ਸਿਰ ਵਾਸਤੇ ਗੁੱਤ, ਕੰਨਾਂ ਵਿਚ ਢੇਡੂ, ਹੱਥਾਂ ਨੂੰ ਗੋਖਰੂ, ਚੌਲੀ, ਕਾਰਵਾਂ ਘੱਗਰਾ, ਪੰਜੇਬਾਂ ਜਾਂ ਪਟਰੀਆਂ ਤੇ ਨੱਕ ਵਾਸਤੇ ਸੋਨੇ ਦਾ ਲੋਗ। ਪਰ ਅੱਜ ਦੇ ਸਮੇਂ ਗੋਆਰ ਰਾਜਪੂਤ/ਬਾਜ਼ੀਗਰ ਸਮਾਜ ਵੀ ਇਸ ਨਾ-ਮੁਰਾਦ ਬਿਮਾਰੀ (ਦਾਜ) ਤੋਂ ਅਛੂਤਾ ਨਹੀਂ ਰਿਹਾ। ਹਰ ਆਦਮੀ ਅਪਣੀ ਪਹੁੰਚ ਤੋਂ ਵੱਧ ਖਰਚ ਕਰ ਰਿਹਾ ਹੈ ਅਤੇ ਸ਼ਰੀਕੇ ਵਿਚ ਦੂਸਰੇ ਨਾਲੋ ਵੱਧ ਦਾਜ ਦੇਣ ਨੂੰ ਸ਼ਾਨ ਸਮਝਦਾ ਹੈ।
- ਫੁਟਕਲ:-
ਗੋਆਰ ਸਮਾਜ ਦੇ ਲੋਕ ਪੁਰਾਣੇ ਪੰਜਾਬ (1947 ਤੋਂ ਪਹਿਲਾਂ) ਦੇ ਜਿਨ੍ਹਾਂ ਹਿਸਿਆਂ ਵਿਚ ਵਸਦੇ ਸਨ ਉਸੇ ਇਲਾਕੇ ਦੇ ਨਾਵਾਂ ਨਾਲ ਇਨ੍ਹਾਂ ਦੀ ਪਹਿਚਾਣ ਸੀ, ਜਿਵੇਂ ਕਿ ਪੰਜਾਬ ਦੇ ਮਾਲਵੇ ਵਿਚ ਵਸਦੇ ਲੋਕਾਂ ਨੂੰ ਮਲਵਈ, ਮਾਝੇ ਵਿਚ ਵਸਦੇ ਲੋਕਾਂ ਨੂੰ ਮੁਝੈਲ, ਦੁਆਬੇ ਇਲਾਕੇ ਵਿਚ ਵਸਦੇ ਲੋਕਾਂ ਨੂੰ ਦੁਆਬੀਏ, ਪਾਕਿਸਤਾਨੀ ਪੰਜਾਬ ਦੇ ਤੱਪੇ ਇਲਾਕੇ (ਮੁਲਤਾਨ ਦਾ ਇਲਾਕਾ) ਨੂੰ ਤੱਪੇ ਦੇ, ਖੜੀ ਦੇ ਇਲਾਕੇ ਵਿਚ ਵਸਦੇ ਲੋਕਾਂ ਨੂੰ ਖੜੀ ਦੇ, ਰਾਵੀ ਦੇ ਨਾਲ (ਦੀਪਾਲਪੁਰ ਦਾ ਇਲਾਕਾ) ਵਿਚ ਵਸਦੇ ਲੋਕਾਂ ਨੂੰ ਰਾਵੀ ਦੇ, ਲੰਮੇ ਦੇ ਇਲਾਕੇ (ਮੁਲਤਾਨ ਤੋਂ ਅਗੇ ਦਾ ਇਲਾਕਾ) ਦੇ ਲੋਕਾਂ ਨੂੰ ਲੰਮੇ ਦੇ, ਰਾਜਿਆਂ ਦੀਆਂ ਰਿਆਸਤਾਂ ਵਿਚ ਵਸਦੇ ਲੋਕਾਂ ਨੂੰ ਰਿਆਸਤੀ ਅਤੇ ਇਸੇ ਤਰ੍ਹਾਂ ਪਾਕਿਸਤਾਨ ਦੇ ਨੱਕੇ ਅਤੇ ਹੱੜਪਾ ਇਲਾਕੇ ਵਿਚ ਵਸਦੇ ਲੋਕਾਂ ਨੂੰ ਨੱਕੇ ਦੇ ਤੇ ਹੱੜਪਾ ਦੇ ਨਾਵਾਂ ਨਾਲ ਜਾਣਿਆ ਜਾਂਦਾ ਸੀ। ਮਾਲਵੇ, ਮਾਝੇ ਤੇ ਰਿਆਸਤੀ ਗੋਆਰ ਰਾਜਪੂਤ/ਬਾਜ਼ੀਗਰ ਲੋਕਾਂ ਤੇ ਸਿੱਖੀ ਦਾ ਕਾਫੀ ਪ੍ਰਭਾਵ ਸੀ ਇਸ ਲਈ ਇਨ੍ਹਾਂ ਲੋਕਾਂ ਦੇ ਰੀਤੀ ਰਿਵਾਜਾਂ ਤੇ ਸਿੱਖ ਧਰਮ ਦਾ ਪ੍ਰਭਾਵ ਸੀ। ਇਹ ਵਿਆਹ ਸਿੱਖੀ ਰਿਵਾਜਾਂ ਨਾਲ ਅਨੰਦ ਕਾਰਜ ਰਾਹੀਂ ਜਾਂ ਹਿੰਦੂ ਤੌਰ ਤਰੀਕੇ ਨਾਲ ਨਿਭਾਉਂਦੇ ਸਨ। ਵਿਆਹ ਵਿਚ ਲਾੜੇ ਦੇ ਹੱਥ ਵਿਚ ਤਲਵਾਰ ਦਾ ਹੋਣਾ ਅਤੇ ਸਿਰ ਤੇ ਪੱਗ ਬੰਨਣਾ ਲਾਜਮੀ ਹੁੰਦਾ। ਸਵਾ ਰੁਪਿਆ ਗੋਆਰ ਰਾਜਪੂਤ ਸਮਾਜ ਵਿਚ ਗੰਢ ਜੋੜੇ ਨਾਲ ਸਾਰੇ ਫਿਰਕੇ ਬੰਨਦੇ। ਇਸ ਦਾ ਸਬੰਧ ਇਕ ਦੰਤ ਕਥਾ ਅਨੁਸਾਰ ਗੋਆਰ ਰਾਜਪੂਤਾਂ ਸਮਾਜ ਵਿਚ ਪੁਰਖਿਆਂ ਵੱਲੋਂ ਸਦ ਗੁਰੂ ਤੋਂ ਲਿਆ ਕਰਜ਼ਾ ਮੋੜਨ ਵਾਸਤੇ ਹੈ।ਇਕ ਵਿਚਾਰ ਅਨੁਸਾਰ ਇਹ ਸਵਾ ਰੁਪਿਆ ਗੋਆਰ ਰਾਜਪੂਤਾਂ ਸਮਾਜ ਵਿਚ ਗੰਢ ਜੋੜੇ ਨਾਲ ਸਾਰੇ ਫਿਰਕੇ ਵਾਲੇ ਗੁਰੂ ਨਾਨਕ ਦੇਵ ਜੀ ਦੇ ਨਾਂ ਦਾ ਕੱਢਿਆ ਬੰਨਦੇ ਸਨ ਪਰ ਅੱਜ • ਕਲ੍ਹ ਇਹ ਰਿਵਾਜ ਘਟਦੇ ਜਾ ਰਹੇ ਨੇ।
ਮੌਤ ਵੇਲੇ ਦੇ ਰਿਵਾਜ :-
ਮੌਤ ਤਾਂ ਅਟੱਲ ਸਚਾਈ ਹੈ, ਗੋਆਰ ਰਾਜਪੂਤਾਂ/ਬਾਜ਼ੀਗਰਾਂ ਵਿਚ ਮੁਰਦੇ ਦਾ ਸਸਕਾਰ ਕਰਦੇ ਹਨ ਅਤੇ ਫੁੱਲ (ਅਸਥੀਆਂ) ਚੁੱਗ ਕੇ ਹਰਿਦੁਆਰ ਜਾਂ ਕੀਰਤਪੁਰ ਵਿਚ ਜਲ ਪ੍ਰਵਾਹ ਕਰਦੇ। ਆਪਣੀ ਉਮਰ ਭੋਗ ਕੇ ਕੁਦਰਤੀ ਮੌਤ ਮਰਨ ਵਾਲੇ ਵਿਅਕਤੀ ਦਾ ਸੋਗ ਘੱਟ ਕੀਤਾ ਜਾਂਦਾ ਹੈ। ਸਗੋਂ ਉਸ ਦਾ ਪ੍ਰੀਵਾਰ ਮਰੇ ਬਜੁਰਗ ਦਾ ਸਮਰੱਥਾ ਮੁਤਾਬਕ ਬਿਬਾਣ ਕੱਢਦੇ, ਗਦੌੜੇ ਪਕਾਏ ਜਾਂਦੇ ਅਤੇ ਮੇਲ ਕੀਤਾ ਜਾਂਦਾ। ਬਾਜ਼ੀਗਰ ਬਰਾਦਰੀ ਵਿਚ ਮੌਤ ਦੀਆਂ ਰਸਮਾਂ ਜਿਆਦਾ ਤਰ ਹਿੰਦੂ ਰੀਤੀ ਰਿਵਾਜਾਂ ਨਾਲ ਮਿਲਦੀਆਂ ਹਨ, ਪਰ ਜੋ ਪ੍ਰੀਵਾਰ ਸਿੱਖੀ ਧਾਰਨ ਕਰ ਚੁਕੇ ਹਨ ਜਾਂ ਸਿੱਖ ਬਰਾਦਰੀ ਵਿਚ ਵਿਚਰਦੇ ਹਨ, ਉਹ ਇਨ੍ਹਾਂ ਰਸਮਾਂ ਨੂੰ ਸਿੱਖੀ ਧਰਮ ਅਨੁਸਾਰ ਕਰਦੇ ਹਨ। ਗੋਆਰ ਰਾਜਪੂਤ ਬਾਜ਼ੀਗਰਾਂ ਵਿਚ ਰਸਮਾਂ ਇਹ ਹਨ :- ਮੌਤ ਦੋ ਸ਼੍ਰੇਣੀਆਂ ਵਿਚ ਵੰਡੀ ਜਾ ਸਕਦੀ ਹੈ :-
- ਕੁਦਰਤੀ ਮੌਤ ਜਾਂ ਖਾ ਹੰਢਾ ਕੇ ਮਰਨਾ।
- ਅਣਆਈ ਮੌਤ (ਛੋਟੀ ਉਮਰ ਵਿਚ ਅਚਾਨਕ ਮਰ ਜਾਣਾ ਜਾਂ ਕਿਸੇ ਹਾਦਸੇ ਵਿਚ ਹੋਈ ਅਣਆਈ ਮੌਤ)
- ਕੁਦਰਤੀ ਮੌਤ :-
ਜਿਉਂ ਹੀ ਕੁਦਰਤੀ ਮੌਤ ਦੀ ਖਬਰ ਬਰਾਦਰੀ ਵਿਚ ਫੈਲਦੀ ਤਾਂ ਇਸ ਨੂੰ ਸਹਿਜਤਾ ਨਾਲ ਲਿਆ ਜਾਂਦਾ। ਪ੍ਰੀਵਾਰ ਦੇ ਜੀਅ ਮਿਲਕੇ ਮੁਰਦੇ ਨੂੰ ਧਰਤੀ ਤੇ ਕਪੜਾ ਵਿੱਛਾ ਕੇ ਪਾ ਦਿੰਦੇ। ਸਾਕ ਸਬੰਧੀਆਂ ਨੂੰ ਸੁਨੇਹੇ ਭੇਜ ਦਿੱਤੇ ਜਾਂਦੇ ਅਤੇ ਸਾਰੇ ਸਾਕ ਸੰਬਧੀ ਇੱਕਠੇ ਹੋਣੇ ਸ਼ੁਰੂ ਹੋ ਜਾਂਦੇ। ਜੇ ਹੋ ਸਕੇ ਤਾਂ ਉਸੇ ਦਿਨ ਸੂਰਜ ਛਿੱਪਣ ਤੋਂ ਪਹਿਲਾਂ ਮੁਰਦੇ ਦਾ ਦਾਹ ਸਸਕਾਰ ਕਰ ਦਿੱਤਾ ਜਾਂਦਾ । ਕੁਦਰਤੀ ਮੌਤ ਵਿਚ ਇਸ ਨੂੰ ਪ੍ਰਮਾਤਮਾ ਦਾ ਭਾਣਾ ਮੰਨ ਕੇ ਅਤੇ ਜੋ ਬਣਿਆ ਹੈ ਉਹ ਇਕ ਦਿਨ ਤਾਂ ਭੱਜਣਾ ਹੀ ਹੈ, ਕਹਿ ਕੇ ਭਾਣਾ ਮੰਨਣ ਦੀ ਪ੍ਰੇਰਣਾ ਦਿੱਤੀ ਜਾਂਦੀ। ਭਾਵੇਂ ਕੁਦਰਤੀ ਮੌਤ ਨਾਲ ਵਿਅਕਤੀ ਆਪਣੀ ਪੂਰੀ ਉਮਰ ਭੋਗ ਕੇ ਮਰਿਆ ਹੋਵੇ ਫਿਰ ਵੀ ਘਰ ਦੀਆਂ ਔਰਤਾਂ ਕੀਰਨੇ ਪਾਉਂਦੀਆਂ ਅਤੇ ਕੀਰਨਿਆਂ ਵਿਚ ਉਸ ਦੇ ਕੰਮਾਂ ਨੂੰ ਯਾਦ ਕਰਦੀਆਂ ਹੋਈਆਂ ਵਡਿਆਉਂਦੀਆਂ ਹਨ।
- ਅਣਆਈ ਮੌਤ :-
ਗੋਆਰ ਰਾਜਪੂਤ / ਬਾਜ਼ੀਗਰ ਬਰਾਦਰੀ ਵਿਚ ਅਣਆਈ ਮੌਤ ਦਾ ਸਾਕ ਸੰਬਧੀਆਂ ਵਿਚ ਬਹੁਤ ਸੋਗ ਮਨਾਇਆ ਜਾਂਦਾ। ਸਾਰਾ ਪ੍ਰੀਵਾਰ ਅਤੇ ਸਾਕ ਸੰਬਧੀ ਵਿੱਛੜੇ ਵਿਅਕਤੀ ਨੂੰ ਯਾਦ ਕਰਕੇ ਵਿਰਲਾਪ ਕਰਦੇ। ਵਿਛੋੜੇ ਨੂੰ ਅਕਹਿ ਅਤੇ ਅਸਹਿ ਦਸਦੇ ਹੋਏ ਰੱਬ ਦਾ ਭਾਣਾ ਮੰਨਣ ਤੇ ਜੋਰ ਦਿੰਦੇ । ਜਿਸ ਦੀ ਇਥੇ ਲੋੜ ਉਸ ਦੀ ਅਗੇ ਵੀ ਲੋੜ ਕਹਿ ਕੇ ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ। ਜੇ ਮਰਨ ਵਾਲਾ ਵਿਅਕਤੀ ਵਿਆਹਿਆ ਹੋਵੇ ਤਾਂ ਉਸ ਦੀ ਵਿਧਵਾ ਤੀਵੀਂ ਮਰੇ ਪਤੀ ਦੇ ਕੋਲ ਚੂੜੀਆਂ ਤੋਂੜਦੀ ਅਤੇ ਵਿੱਲਕਦੀ ਕੁਰਲਾਉਂਦੀ ਹੈ। ਅਜਿਹੀਆਂ ਹਿਰਦੇ ਵੇਦਕ ਲੇਰਾਂ, ਮੈਂ ਲੁੱਟੀ ਗਈ. ਮੈਂ ਪੁੱਟੀ ਗਈ, ਮੇਰਾ ਕੌਣ ਬਣੂ ਸਹਾਰਾ… ਅਧਵਾਟੇ ਛੱਡਕੇ ਕਿੱਥੇ ਤੁਰ ਗਿਉਂ… ਆਦਿ। ਇਨ੍ਹਾਂ ਲੇਰਾਂ ਵਿਚ ਰੱਬੀ ਬੇਇਨਸਾਫੀ ਲਈ ਅਥਾਹ ਪੀੜਾ ਅਤੇ ਵੇਦਨਾ ਹੁੰਦੀ। ਅਣਆਈ ਮੌਤ ਤੇ ਗੋਆਰ ਰਾਜਪੂਤ / ਬਾਜ਼ੀਗਰ ਬਰਾਦਰੀ ਦੇ ਲੋਕ ਟੱਪਰੀ (ਘਰ) ਵਿਚ ਮ੍ਰਿਤ ਦੇਹ ਦੇ ਰਹਿਣ ਤਕ ਹੇਠ ਲਿਖੇ ਕੰਮ ਨਹੀ ਕਰਦੇ :-
- . ਚੁੱਲੇ ਵਿਚ ਅੱਗ ਨਹੀਂ ਬਾਲਦੇ।ਖਾਣਾ ਨਹੀਂ ਬਣਾਉਂਦੇ।
- ਕੋਈ ਵੀ ਖੁਸ਼ੀ ਦਾ ਕੰਮ ਜੇ ਪਹਿਲਾਂ ਸ਼ੁਰੂ ਹੋਵੇ, ਬੰਦ ਕਰ ਦਿੱਤਾ ਜਾਂਦਾ ਹੈ।
- ਖੁਸ਼ੀ ਦੇ ਕੰਮ ਜੋ ਸ਼ੁਰੂ ਨਹੀਂ ਹੋਏ ਪਰ ਮਿਥੇ ਹਨ, ਅੱਗੇ ਪਾ ਦਿੱਤੇ ਜਾਂਦੇ ਹਨ।
3. ਸੱਥਰ ਵਿਛੋਣਾ :-
ਡੇਰੇ ਜਾਂ ਘਰ ਵਿਚ ਜਿਸ ਦਾ ਜੀਅ ਮਰੇ ਉਹ ਸਥਰ ਵਿਛਾਉਂਦਾ ਅਤੇ ਬਰਾਦਰੀ ਦੇ ਸਾਰੇ ਬੰਦੇ ਸਥੱਰ ਉਤੇ ਬਹਿੰਦੇ। ਵਿੱਛੜੀ ਰੂਹ ਨੂੰ ਯਾਦ ਕਰਦੇ ਅਤੇ ਪ੍ਰੀਵਾਰ ਨੂੰ ਧੀਰਜ ਦਿੰਦੇ ਹਨ। ਮੁਰਦਾ ਦੇਹ ਰਾਤ ਭਰ ਘਰ ਵਿਚ ਰੱਖਣ ਤੋਂ ਗੁਰੇਜ ਕੀਤਾ ਜਾਂਦਾ ਹੈ। ਅਜਿਹੀ ਹਾਲਤ ਵਿਚ ਜਦੋਂ ਮੌਤ ਸੂਰਜ ਛਿਪਣ ਤੋਂ ਬਾਅਦ ਹੋਵੇ ਜਾਂ ਰਾਤ ਸਮੇਂ ਹੋਈ ਹੋਵੇ ਜਾਂ ਕਿਸੇ ਕਾਰਨ ਸਸਕਾਰ ਨਾ ਕੀਤਾ ਜਾ ਸਕੇ ਮੁਰਦਾ ਦੇਹ ਛੰਨ (ਘਰ) ਵਿਚ ਰੱਖੀ ਜਾਂਦੀ ਅਤੇ ਮੁਰਦਾ ਦੇਹ ਨੂੰ ਇੱਕਲਾ ਛੱਡਣਾ ਮਨਾ ਹੈ। ਸਿਆਣੇ ਆਦਮੀ ਜਾਗ ਕੇ ਵਾਰੀ ਵਾਰੀ ਪਹਿਰਾ ਦਿੰਦੇ। ਮੁਰਦਾ ਦੇਹ ਨੂੰ ਧਰਤੀ ਤੇ ਪਾ ਕੇ ਕੋਲ ਦੀਵਾ ਜਗਾ ਦਿੱਤਾ ਜਾਂਦਾ। ਘਰ ਦੇ ਜਾਂ ਬਰਾਦਰੀ ਦੇ ਸਿਆਣੇ ਆਦਮੀ ਮੁਰਦਾ ਦੇਹ ਦੀ ਰਾਖੀ ਵੀ ਕਰਦੇ ਤਾਂ ਕਿ ਮੁਰਦਾ ਦੇਹ ਨੂੰ ਕੋਈ ਨੁਕਸਾਨ ਨਾ ਹੋਵੇ।
- ਕਾਨ੍ਹਾ ਮਿਣਨਾ :-
ਗੋਆਰ ਰਾਜਪੂਤਾਂ/ਬਾਜ਼ੀਗਰਾਂ ‘ਚ ਜੇ ਕਿਸੇ ਕਾਰਨ ਮੁਰਦਾ ਦੇਹ ਰਾਤ ਨੂੰ ਕੁੱਲੀ (ਘਰ) ਵਿਚ ਰੱਖਣੀ ਪਵੇ ਤਾਂ ਮੁਰਦਾ ਦੇਹ ਨੂੰ ਧਰਤੀ ਤੇ ਲਿੱਟਾ ਕੇ ਉਸ ਦੇ ਬਰਾਬਰ ਦਾ ਕਾਨਾ ਮਿਣਕੇ ਮੁਰਦਾ ਦੇਹ ਤੇ ਰੱਖ ਦਿੱਤਾ ਜਾਂਦਾ, ਇਹ ਵਿਸ਼ਵਾਸ ਹੈ ਕਿ ਜੇ ਕੋਈ ਭੂਤ ਪ੍ਰੇਤ ਮੁਰਦਾ ਦੇਹ ਵਿਚ ਵਾਸਾ ਕਰਨਾ ਚਾਹੇ ਤਾਂ ਇਸ ਕਾਨੇ ਤੋਂ ਪਤਾ ਲਗ ਜਾਂਦਾ ਕਿ ਮੁਰਦਾ ਦੇਹ ਛੋਟੀ ਜਾਂ ਵੱਡੀ ਤਾਂ ਨਹੀਂ ਹੋ ਗਈ। ਇਹ ਕਾਨਾ ਦਾਹ ਸਸਕਾਰ ਸਮੇਂ ਦੇਹ ਦੇ ਨਾਲ ਹੀ ਅਗਨੀ ਭੇਂਟ ਕਰ ਦਿੱਤਾ ਜਾਂਦਾ।
- ਫੁੱਲ ਚੁਗਣੇ :-
ਗੋਆਰ ਰਾਜਪੂਤਾਂ/ਬਾਜ਼ੀਗਰਾਂ ‘ਚ ਦਾਗ ਦੇਣ ਤੋਂ ਬਾਅਦ ਤੀਸਰੇ ਦਿਨ ਫੁੱਲ ਚੁਗਣ ਦੀ ਰਸਮ ਹੁੰਦੀ। ਫੁੱਲ ਚੁਗਣ ਤੋਂ ਬਾਅਦ ਰਾਖ ਦੀ ਢੇਰੀ ਬਣਾ ਦਿੱਤੀ ਜਾਂਦੀ ਅਤੇ ਢੇਰੀ ਦੇ ਦੁਆਲੇ ਚਾਰ ਕਿੱਲੀਆਂ ਗੱਡ ਕੇ ਕੱਚੇ ਧਾਗੇ ਦੇ ਸੱਤ ਚੱਕਰ ਲਗਾਏ ਜਾਂਦੇ। ਇਸ ਤੋਂ ਬਾਅਦ ਮੁਰਦੇ ਦੇ ਸਰ੍ਹਾਣੇ ਵਾਲੇ ਪਾਸੇ ਕਿਸੇ ਪੱਤਲ ਤੇ ਜੋ ਦੇ ਆਟੇ ਦਾ ਬਣਿਆ ਮੋਟਾ ਜਿਹਾ ਪੇੜਾ ਰੱਖ ਦਿੱਤਾ ਜਾਂਦਾ। ਇਸ ਤੋਂ ਉਪਰੰਤ ਢੇਰੀ ਨੂੰ ਧਾਰ ਦਿੱਤੀ ਜਾਂਦੀ। ਪਹਿਲਾਂ ਧਾਰ ਬੱਕਰੇ ਨੂੰ ਝਟਕ ਕੇ ਉਸ ਦੇ ਖੂਨ ਦੀ ਦਿੱਤੀ ਜਾਂਦੀ ਸੀ, ਪਰ ਅਜੋਕੇ ਸਮੇਂ ਵਿਚ ਧਾਰ ਗੁੱੜ ਨੂੰ ਘੋਲ ਕੇ ਦਿੱਤੀ ਜਾਂਦੀ ਹੈ। ਫੁੱਲ ਚੁੱਗਣ ਤੋਂ ਬਾਅਦ ਮਿੱਠਾ ਚੂਰਮਾ ਕੁੱਟਿਆ ਜਾਂਦਾ ਹੈ (ਰੋਟੀਆਂ ਵਿਚ ਘਿਉ ਪਾ ਕੇ ਗੁੱੜ ਨਾਲ ਰੋਟੀ ਨੂੰ ਗੁੰਨਿਆਂ ਜਾਂਦਾ) ਪਹਿਲਾਂ ਇਸ ਵਿਚੋਂ ਚਾਰ ਕਾਂਦੀਆਂ (ਮੁਰਦੇ ਨੂੰ ਮੋਢਾ ਦੇਣ ਵਾਲੇ) ਨੂੰ ਦਿੱਤਾ ਜਾਂਦਾ, ਜੋ ਮਿਲ ਕੇ ਖਾਂਦੇ ਅਤੇ ਦੇਸੀ ਘਿਉ ਨਾਲ ਇਕ ਦੂਸਰੇ ਦੇ ਕੰਧਿਆਂ ਦੀ ਮਾਲਸ਼ ਕਰਦੇ। ਇਹ ਮੰਨਿਆ ਜਾਂਦਾ ਸੀ ਕਿ ਫੁੱਲਾਂ ਤੇ ਚਾਰੇ ਕਾਂਧੀਏ ਹੋਣੇ ਜਰੂਰੀ ਹਨ, ਪਰ ਅੱਜ ਇਸ ਤੇ ਜਿਆਦਾ ਜੋਰ ਨਹੀਂ ਦਿੱਤਾ ਜਾਂਦਾ।
- ਮ੍ਰਿਤਕ ਸੰਬਧੀ ਭੋਗ :-
ਮ੍ਰਿਤਕ ਵਿਅਕਤੀ ਦੀ ਰੂਹ ਦੀ ਸ਼ਾਂਤੀ ਵਾਸਤੇ ਹਿੰਦੂ ਮੱਤ ਵਾਲੇ ਗੋਆਰ ਪੰਡਤ ਕੋਲੋਂ ਗਰੁੜ ਪੁਰਾਣ ਦਾ ਪਾਠ ਕਰਵਾਉਂਦੇ ਹਨ ਅਤੇ ਸਿੱਖ ਵਿਚਾਰਧਾਰਾ ਵਾਲੇ ਸਹਿਜ ਪਾਠ ਜਾਂ ਅਖੰਠ ਪਾਠ ਕਰਵਾਉਂਦੇ । ਮ੍ਰਿਤਕ ਔਰਤ ਦਾ ਗਿਆਰਵਾਂ ਅਤੇ ਮ੍ਰਿਤਕ ਆਦਮੀ ਦਾ ਬਾਰਵਾਂ ਕੀਤਾ ਜਾਂਦਾ। ਭੋਗ ਵਾਲੇ ਦਿਨ ਜੇ ਕੁਦਰਤੀ ਮੌਤ ਹੋਈ ਹੋਵੇ (ਵੱਡੇਰੀ ਉਮਰ ਦੇ ਆਦਮੀ/ਔਰਤ ਦੀ ਮੌਤ) ਉਸ ਨੂੰ ਵੱਡਾ ਕੀਤਾ ਜਾਂਦਾ ਹੈ ਅਤੇ ਆਈ ਸੰਗਤ ਦੀ ਸੇਵਾ ਮਠਿਆਈ ਨਾਲ ਕੀਤੀ ਜਾਂਦੀ। ਸਰਦੇ ਪੁੱਜਦੇ ਪਹਿਲਾਂ ਗਦੌੜਾ ਪਕੋਂਦੇ ਸਨ। ਦੋ ਜਾਂ ਤਿੰਨ ਰੋਟੀਆਂ (ਪੁਰਾਣੇ ਸਮੇਂ ਵਿਚ ਤਾਂ ਦੋ ਜਾਂ ਤਿੰਨ ਦਿਨ ਮੇਲ ਦੀ ਸੇਵਾ ਕੀਤੀ ਜਾਂਦੀ) ਮੇਲ ਨੂੰ ਦਿੰਦੇ ਸਨ। ਇਸ ਨੂੰ ਮੇਲ ਕਰਨਾ ਵੀ ਕਹਿੰਦੇ ਪਰ ਅਜੋਕੇ ਸਮੇਂ ਵਿਚ ਸਮੇਂ ਦੀ ਘਾਟ ਕਾਰਨ ਇਹ ਰਿਵਾਜ ਖਤਮ ਹੋ ਗਿਆ ਹੈ ਅਤੇ ਕੇਵਲ ਭੋਗ ਵਾਲੇ ਦਿਨ ਹੀ ਇੱਕਠ ਦੀ ਪ੍ਰੀਵਾਰ ਵੱਲੋਂ ਸਮਰਥਾ ਅਨੁਸਾਰ ਸੇਵਾ ਕੀਤੀ ਜਾਂਦੀ, ਪਰ ਜੇ ਜਵਾਨ ਆਦਮੀ/ਔਰਤ ਦੀ ਮੌਤ ਹੋਈ ਹੋਵੇ ਤਾਂ ਕੇਵਲ ਦਾਲ ਰੋਟੀ ਨਾਲ ਹੀ ਸੰਗਤ/ਆਏ ਰਿਸ਼ਤੇਦਾਰਾਂ ਦੀ ਸੇਵਾ ਕੀਤੀ ਜਾਂਦੀ ਹੈ।
- ਪਾਣੀ ਦੇਣਾ ਜਾਂ ਘੜਾ ਰੱਖਣਾ :-
ਮ੍ਰਿਤਕ ਦੀ ਰੂਹ ਨੂੰ ਪਾਣੀ ਦੇਣਾ ਬਹੁਤ ਹੀ ਪੁਰਾਣੀ ਰੀਤੀ ਹੈ ਪਰ ਸਮੇਂ ਨਾਲ ਇਸ ਰੀਤੀ ਵਿਚ ਵੀ ਤਬਦੀਲੀ ਆ ਗਈ। ਪੁਰਾਣੇ ਰਿਵਾਜ ਵਿਚ ਗੋਆਰ ਰਾਜਪੂਤ/ਬਾਜ਼ੀਗਰ ਮ੍ਰਿਤਕ ਪ੍ਰਾਣੀ ਨੂੰ ਛੱਪੜ ਦੇ ਕੰਡੇ ਤੇ ਦੋ ਮਿੱਟੀ ਦੇ ਪਿਆਲੇ ਰੱਖ ਕੇ ਡਿੱਬ ਦੇ ਪੱਤਿਆਂ ਨਾਲ ਪਿਆਲਿਆਂ ਵਿਚੋਂ ਪਾਣੀ ਡੋਲ ਕੇ ਦਿੰਦੇ ਸਨ, ਜਿਵੇਂ ਜਿਵੇਂ ਗੋਆਰ ਪਿੰਡਾਂ ਦੇ ਲਾਗੇ ਪੱਕੇ ਤੌਰ ਤੇ ਰਹਿਣ ਲਗੇ ਤਾਂ ਘੜੇ ਵਿਚ ਪਾਣੀ ਰੱਖ ਕੇ ਨਾਲ ਦੋ ਪਿਆਲੇ ਰੱਖੇ ਜਾਂਦੇ ਅਤੇ ਘੜੇ ਵਿਚੋਂ ਪਾਣੀ ਪਿਆਲਿਆਂ ਵਿਚ ਪਾ ਕੇ ਘਾਹ ਦੇ ਤੀਲਿਆਂ ਨਾਲ ਪਾਣੀ ਦਿੱਤਾ ਜਾਂਦਾ। ਬਦਲਦਾ ਬਦਲਦਾ ਹੁਣ ਰਿਵਾਜ ਸਿਰਫ ਘੜੇ ਨੂੰ ਹੱਥ ਲਾ ਕੇ ਮੱਥਾ ਟੇਕਣ ਤਕ ਰਹਿ ਗਿਆ। ਪਹਿਲਾਂ ਇਸ ਘੜੇ ਤੇ ਬਰਾਦਰੀ ਦੇ ਕਈ ਅੜੇ ਹੋਏ ਮਸਲੇ ਹਲ ਹੋ ਜਾਂਦੇ ਸਨ। ਬਰਾਦਰੀ ਜਿਸ ਗੋਆਰ ਵਿਚ ਕੋਈ ਨੁਕਸ ਹੁੰਦਾ ਜਾਂ ਜਿਹੜਾ ਬਰਾਦਰੀ ਵਿਚੋਂ ਕਿਸੇ ਕਾਰਣ ਕੱਢਿਆ ਹੁੰਦਾ, ਨੂੰ ਘੜੇ ਤੇ ਨਹੀਂ ਜਾਣ ਦਿੰਦੀ ਸੀ। ਗੈਰ ਬਰਾਦਰੀ ਵਾਲਾ ਘੜੇ ਨੂੰ ਹੱਥ ਨਹੀਂ ਲਾ ਸਕਦਾ ਸੀ। ਅੱਜ ਇਹ ਘੜਾ ਆਪਣਾ ਸਰੂਪ ਖੋ ਚੁਕਿਆ ਹੈ ਅਤੇ ਅੱਜ ਗੋਆਰ ਰਾਜਪੂਤ/ਬਾਜ਼ੀਗਰ ਬਰਾਦਰੀ ਦਾ ਕੋਈ ਵੀ ਬੰਦਾ ਕਿਸੇ ਨੂੰ ਨਹੀਂ ਪੁੱਛਦਾ, ਭਾਵੇਂ ਘੜੇ ਨੂੰ ਹੱਥ ਲਾਉਣ ਵਾਲੇ ਗੋਆਰ ਵਿਚ ਸਾਰੇ ਦੋਸ਼ ਹੋਣ। ਉਦਾਹਰਣ ਵੱਜੋਂ ਭਾਵੇਂ ਉਸ ਨੇ ਆਪਣੇ ਹੀ ਥੰਮੇਦਾਰਾਂ ਦੀ ਕੁੜੀ ਲਿਆਂਦੀ ਹੋਵੇ ਜਾਂ ਆਪਣੇ ਹੀ ਥੰਮੇਦਾਰ ਨੂੰ ਕੁੜੀ ਦਿੱਤੀ ਹੋਵੇ ਜਾਂ ਉਸ ਦੇ ਘਰ ਗੈਰ ਜਾਤੀ ਦੀ ਔਰਤ ਹੋਵੇ ਜਾਂ ਉਸਨੇ ਬਰਾਦਰੀ ਪੰਚਾਇਤ ਦਾ ਫੈਸਲਾ ਨਾ ਮੰਨਿਆ ਹੋਵੇ ਅਤੇ ਬਰਾਦਰੀ ਵਿਚੋਂ ਕੱਢ ਦਿੱਤਾ ਹੋਵੇ, ਇਸੇ ਕਰਕੇ ਹੀ ਕਈ ਵਾਸੂ (ਦੇਸੀ) ਗੋਆਰਾਂ ਨੇ ਘੜਾ ਰੱਖਣਾ ਛੱਡ ਦਿੱਤਾ।
- ਪੱਗ ਦੀ ਰਸਮ :-
ਜੇ ਮ੍ਰਿਤਕ ਘਰ ਦਾ ਮੋਹਰੀ ਮਰਦ ਹੋਵੇ ਤਾਂ ਉਸ ਵਿਅਕਤੀ ਦੇ ਸੁਸਰਾਲ ਵਾਲੇ ਆਪਣੇ ਵੱਡੇ ਦੋਹਤੇ/ਭਾਣਜੇ ਨੂੰ ਪੱਗ ਬੰਨਾਉਂਦੇ ਹਨ, ਜਿਸ ਦਾ ਮਤਲਬ ਹੁੰਦਾ ਹੈ ਕਿ ਮ੍ਰਿਤਕ ਮਰਦ ਤੋਂ ਬਾਅਦ ਸਾਰੀ ਜੁੰਮੇਵਾਰੀ ਉਸਦੀ ਹੋਵੇਗੀ। ਜੇ ਮਰਨ ਵਾਲਾ ਸ਼ਾਦੀ ਸ਼ੁਦਾ ਜਵਾਨ ਲੜਕਾ ਹੁੰਦਾ ਤਾਂ ਕੁੜੀ ਦੇ ਮਾਂ ਪਿਉ, ਜੇ ਮਰਨ ਵਾਲੇ ਦਾ ਕੋਈ ਛੋਟਾ ਭਰਾ ਹੋਵੇ ਤਾਂ ਰਿਸਤੇ ਨੂੰ ਚਲਦਾ ਰਖਣ ਲਈ, ਉਸ ਨੂੰ ਪੱਗ ਦਿੰਦੇ। ਜੇ ਕਰ ਲੜਕੇ ਦੇ ਮਾਂ – ਪਿਉ ਬਹੂ ਨਾ ਰੱਖਣਾ ਚਾਹੁਣ ਤਾਂ ਲੜਕੀ ਵਾਲੇ ਆਪਣੀ ਲੜਕੀ ਨੂੰ ਬੁਰਾ (ਚਿੱਟਾ ਸੂਟ) ਪਵਾ ਕੇ ਆਪਣੇ ਘਰ ਲੈ ਆਉਂਦੇ।
- ਪਿੱਤਰਾਂ ਨਾਲ ਰਲਾਉਣਾ :-
ਚਾਵਲ ਬਣਾ ਕੇ ਮਰਣ ਵਾਲੇ ਵਿਅਕਤੀ ਨੂੰ ਉਸ ਦਾ ਪਿਤਾ/ਪਤੀ ਜਾਂ ਵੱਡਾ ਪੁੱਤਰ ਮੱਘਦੇ ਗੋਹੇ ਦੀ ਅੱਗ ਤੇ ਦੇਸੀ ਘਿਉ ਦੀ ਧੂਫ ਦੇ ਕੇ ਪਿੱਤਰਾਂ ਨੂੰ ਮ੍ਰਿਤਕ ਨੂੰ ਆਪਣੇ ਨਾਲ ਰਲਾਉਣ ਵਾਸਤੇ ਬੇਨਤੀ ਕਰਦਾ ਹੈ। ਸਾਰੇ ਪ੍ਰੀਵਾਰ ਦੇ ਜੀਅ ਵੀ ਪਿੰਤਰਾਂ ਨੂੰ ਮੱਥਾ ਟੇਕਦੇ ਹਨ। ਪਿੱਤਰਾਂ ਵਾਲੇ ਚਾਵਲ ਕੇਵਲ ਉਸ ਗੋਤ ਦੇ ਜੀਅ ਹੀ ਖਾ ਸਕਦੇ ਹਨ, ਜਿਸ ਗੋਤ ਦਾ ਵਿਅਕਤੀ ਮਰਿਆ ਹੋਵੇ।
10 ਫੁੱਲ ਪਾਉਣੇ
ਰੀਆਰ ਰਾਜਪੂਤਾਂ/ਸਾਜੀਗਰਾਂ ਵਿਚ ਕਈ ਫੁੱਲ (ਅਸਤੀਆਂ) ਢੇਰੀ ਵਾਲੇ ਦਿਨ ਪਾ ਦਿੰਦੇ ਹਨ ਅਤੇ ਕਈ ਅਸਤੀਆਂ ਭੋਗ ਪੈਣ ਤੋਂ ਬਾਅਦ ਪਾਉਂਦੇ ਹਨ। ਹਿੰਦੂ ਵਿਚਾਰਾਂ ਵਾਲੇ ਰੀਆਰ ਅਸਤੀਆਂ (ਫੁੱਲ) ਹਰਿਦੁਆਰ ਪਾਉਂਦੇ ਅਤੇ ਸਿੱਖ ਵਿਚਾਰਧਾਰਾ ਵਾਲੇ ਰੀਆਰ ਅਸਤੀਆਂ (ਫੁੱਲ) ਕੀਰਤਪੁਰ ਜਾਂ ਗੋਇੰਦਵਾਲ ਦਰਿਆ ਵਿਚ ਜਲ ਪਰਵਾਹ ਕਰਦੇ ਹਨ।
ਗੋਆਰ ਰਾਜਪੂਤਾਂ ਦੀ ਬੋਲੀ
ਅਸੀ ਉਸ ਇਲਾਕੇ ਬਾਰੇ ਵੀ ਜਾਣੀਏ ਜਿੱਥੇ ਗੋਆਨ-ਗੈਰ ਬੋਲੀ ਜਾਂ ਉਸ ਨਾਲ ਮਿਲਦੀ ਬੋਲੀ, ਬੋਲੀ ਜਾਂਦੀ ਹੈ। ਕਦੇ ਅਫਗਾਨਿਸਤਾਨ ਤੇ ਬੰਗਾਲ ਤਕ ਗੋਆਰ/ਗੈਰ ਰਾਜਪੂਤਾਂ ਦਾ ਰਾਜ ਸੀ, ਜਿਸ ਕਰਕੇ ਹੀ ਰੀਆਰ/ਰੀਰ ਸਾਰੇ ਭਾਰਤ ਵਰਸ ਵਿਚ ਵੱਖ ਵੱਖ ਨਾਂਵਾਂ ਨਾਲ ਵਸਦੇ ਨੇ। ਇਨ੍ਹਾਂ ਦੀ ਸਾਂਝੀ ਬੋਲੀ ਹੈ ਜੇ ਅੱਜ ਵੀ ਆਪਸ ਵਿਚ ਬੋਲਦੇ ਹਨ, ਜਿਸ ਨੂੰ ਰੀਆਰ/ਵੀਰ ਬੇਲੀ ਕਹਿੰਦੇ ਹਨ। ਅੱਜ ਵੀ ਭਾਰਤ ਵਰਸ਼ ਦੇ ਕਈ ਇਲਾਕਿਆਂ ਦੀ ਬੋਲੀ ਬੀਆਰ/ਗੈਰ ਬੋਲੀ ਨਾਲ ਮਿਲਦੀ ਹੈ। ਉਦਾਹਰਣ ਵੱਜੋਂ ਗੁਜਰਾਤੀ ਬੋਲੀ, ਮਾਰਵਾੜੀ ਅਤੇ ਬ੍ਰਿਜ ਭਾਸ਼ਾ ਬਹੁਤ ਹੱਦ ਤਕ ਬੀਆਰ/ਰੀਰ ਬੋਲੀ ਨਾਲ ਮਿਲਦੀ ਹੈ। ਜਦੋਂ ਮੈਂ ਆਪਣੇ ਮਿੱਤਰ ਸ ਜਗੀਰ ਸਿੰਘ ਯਾਦਵ ਵੜਤੀਆ ਨਾਲ ਗਵਾਲੀਅਰ ਤੋਂ ਵਾਪਸ ਆਉਂਦੇ ਹੋਏ ਮਥੁਰਾ ਤੇ ਵਰਿੰਦਾਵਨ ਗਿਆ। ਸਾਨੂੰ ਪਿਆਸ ਲਗੀ ਅਤੇ ਸਾਨੂੰ ਗੁਰੂ ਘਰ ਦਾ ਨਿਸ਼ਾਨ ਸਾਹਿਬ ਨਜਰ ਆ ਗਿਆ। ਮਨ ਵਿਚ ਵਿਚਾਰ ਕਰਕੇ ਕਿ ਪਾਣੀ ਗੁਰਦੁਆਰਾ ਸਾਹਿਬ `ਚ ਦਰਸ਼ਨ ਕਰਕੇ ਪੀਦਾਰੀ। ਅਸੀ ਗੁਰੂ ਘਰ (ਗੁਰੂਦੁਆਰਾ ਸਾਹਿਬ) ਕੋਲ ਪਹੁੰਚੇ ਨਿਸ਼ਾਨ ਸਾਹਿਬ ਕਿਸੇ ਘਰ ਲੱਗਾ ਸੀ। ਕੋਲ ਇਕ ਨਲਕਾ ਸੀ ਜਿਸ ਤੇ ਬੱਚੇ ਪਾਣੀ ਭਰ ਰਹੇ ਸਨ। ਸਾਨੂੰ ਹੈਰਾਨੀ ਹੋਈ ਕਿ ਜਿਹੜੀ ਬੋਲੀ ਉਹ ਬੋਲ ਰਹੇ ਸਨ ਹਿੰਦੀ ਨਹੀਂ, ਗੋਆਰ/ਗੈਰ ਬੋਲੀ ਨਾਲ ਮਿਲਦੀ ਸੀ ਤੇ ਅਸੀ ਸਮਝ ਰਹੇ ਸਾਂ। ਅਸੀਂ ਰੀਆਰ/ਰੀਰ ਬੋਲੀ ਵਿਚ ਬਚਿਆਂ ਨਾਲ ਗੱਲਾਂ ਕੀਤੀਆਂ ਜੇ ਉਹ ਸਮਝਣ ਲੱਗ। ਸਾਡੇ ਪੁੱਛਣ ਤੇ ਉਨ੍ਹਾਂ ਦਸਿਆ ਕਿ ਉਹ ਯਾਦਵ ਰੀਆਲਿਆਂ ਦੇ ਬੱਚੇ ਹਨ। ਬੀਆਰ ਬੋਲੀ ਦੇ ਧੁਝ ਸ਼ਬਦ ਇਸ ਤਰਾਂ ਹਨ
ਪ੍ਰਚੱਲਤ ਪੰਜਾਬੀ – ਗੋਆਰ ਬੋਲੀਂ
- ਸੂਰ – ਵਾਂਕਲਾ
2.ਬੱਕਰੀ – ਢਾਬਰਕੀ
3.ਲੜਕਾ – ਪੋਰੀਆ
4.ਲੜਕੀ – ਪੋਰਨੀ
- ਨੂੰਹ – ਬੋੜੀ
- ਪੈਸਾ – ਨੇਤਲਾ, ਗੋਨਾ
- ਮੀਟ – ਟੋਬੀ
- ਪਾਣੀ – ਨੀਰਾ
9 ਰੋਟੀ – ਢਵਾਰੀ
- ਪੀਣਾ – ਢੋਂਥਣਾ
- ਅੱਖ – ਫੋਲਕੀ
- ਮੂੰਹ – ਟੋਣਗਾ
- ਧੌਣ – ਗਾਟਾ
- ਮੱਥਾ – ਥਾਮੋਂ
- ਓਪਰਾ ਆਦਮੀ – ਨਾਟੀ, ਕੌਰ
- ਓਪਰੀ ਤੀਵੀਂ – ਨਾਟਣ, ਕੌਰੀ
- ਥਾਣੇਦਾਰ – ਦਾਲਾ
- ਸਿਪਾਹੀ – ਧੂਕਲਾ, ਤੇਤਰੀਆ
19 ਜੱਟ – ਧੂਧੜਕਾ
- ਛੋਲੇ – ਢੇਵਲੇ
- ਮੂੰਗੀ – ਫੂਮੀ
- ਕਣਕ – ਢਾਣਕੀ
- ਸ਼ਰਾਬ – ਨੀਰੀ
- ਰਜਾਈ – ਲੇਫ
- ਜੁੱਤੀ – ਚਾਂਕਲੀ
- ਸੋਟੀ – ਰੋਟੜਕੀ
- ਗੁੜ – ਬਿਲਗਾ
- ਘਿਉ – ਖਡੀਲਾ
- ਦੁੱਧ – ਹਾਲਗਾ
- ਦਾਲ – ਕਡੀ
31 ਲੂਣ – ਖਾਰਵਾ
32 ਖੋਤੀ – ਖਾਰਸੀ
- ਖੋਤਾ – ਖਾਰਸਾ
- ਕੁੱਤਾ – ਝੂਕਲਾ
35.ਬੋਤੀ – ਘੋਗੀ, ਘੋਤੜਕੀ
- ਮੁਰਗੀ – ਕੂਰਗੀ
- ਸੂਰ – ਵਾਂਕਲਾ
- ਕੱਪੜਾ ਲਤਾ – ਖਦਰ ਕਰੇਬ
- ਸਿਰਕੀ – ਬਿਰਕੀ
- ਮੱਝ – ਲੋਪਗੀ
- ਅੱਗ – ਚੋਲਖੀ
- ਪਖਲ – ਫੜਕੋ
- ਭਾਂਡੇ – ਲਿਆਡਾ
- ਪਿੰਡ – ਗਾਂਵ, ਪੇੜਾ ਤੇ ਟਾਂਡਾ
- ਟਿਕਟਿਕੀ ਲਾਉਣੀ – ਚੋਲਖੀ ਮਾਰਨੀ
- ਗਾਲ੍ਹ ਕੱਢਣੀ – ਰੇਲਡੀ ਕੋਡੀ
- ਚੁੱਪ ਕਰ – ਨੁੱਪ ਕਟਾੜ
- ਫੱੜ ਲਉ – ਚੋਕੜ ਲੈ
- ਛੱਡ ਦੇ – ਘੁਟ ਜਾਲ, ਮੇਲ ਦੇ
- ਛੇਤੀ ਕਰ – ਰਵਦੇ ਕਰ
- ਲੁਕ ਜਾ – ਚਿਲਫ ਜੋ
- ਦੌੜ ਜਾ – ਢਿਣਸ ਜੋ
- ਮਰ ਗਿਆ – ਲੁਗੜ ਗਿਆ
- ਬੋਲਣਾ – ਜੋਲਣਾ
- ਆਉਣਾ – ਏਵਣਾ
- ਕਿੱਥੇ – ਕਥੀ, ਕਿਮੇ
ਗੋਆਰ ਬੋਲੀ ਆਮ ਕਰਕੇ ਅਪਣੀ ਬਰਾਦਰੀ ਦੇ ਬੰਦਿਆਂ ਵਿਚ ਹੀ ਬੋਲਦੇ ਨੇ। ਦੂਸਰੇ ਲੋਕ ਜਿਨ੍ਹਾਂ ਨੂੰ ਗੋਆਰ / ਗੈਰ ਬੋਲੀ ਵਿਚ ਕੌਰ ਕਿਹਾ ਜਾਂਦਾ ਸੀ. ਨਹੀ ਸਮਝ ਸਕਦੇ :-
- ਕਿੱਥੇ ਜਾ ਰਿਹਾ ਹੈ ?
ਕਿਮੇ ਜਾਏ ਲਾਗੋ ?
- ਕੀ ਕਰ ਰਿਹਾ ਹੈ ?
ਕਾਈ ਕਰੇ ਲਾਗੋ ?
- ਕੀ ਹਾਲ ਹੈ ?
ਕਾਈ ਹਾਲ ਛੇ ?
- ਮੁੰਡਿਆ ਥਾਣੇਦਾਰ ਆ ਗਿਆ ਹੈ ਚਲਾ ਜਾ।
ਏ ਪੋਰੀਆ ਦਾਲਾ ਏਵ ਗਿਉ ਪੁਠਾ ਚਿਲਫ ਜਾ।
- ਕੰਮ ਕਰਲੈ, ਮੁੰਡ ਸੋ ਗਿਆ ਹੈ। ਕਾਮ ਕਰਲੋ,
ਪੋਰੀਆ ਡਿਵਰ ਗਿਉ ਛੇ।
- ਕੌਣ ਆਇਆ ਹੈ ?
ਕੌਣ ਏਵਿਚ ਛੇ ?
- ਓਪਰਾ ਆਦਮੀ ਆਇਆ ਹੈ। ਨਾਟੀ ਏਵਿਉ ਛੇ।
- ਜਨਾਨੀ ਸੋਹਣੀ ਹੈ! ਬਲਵੀ ਕੋਛੀ ਛੇ।
- ਕੱਪੜਾ-ਲੀੜਾ ਸੰਭਾਲ ਕੇ, ਬੋਤੀਆਂ ਲੈ ਕੇ ਆ ਜਾਵੋ।
ਖੱਦਰ-ਕਰੇਬ, ਘੋਗੀ ਕੇਵ, ਕੁਰਗੀ ਟੇਗ ਛੇਤੀ ਏਵ।
- ਸ਼ਰਾਬ ਪੀ ਲੈ। ਨੀਰੀ ਚੋਥ ਲੈ।
- ਰੋਟੀ ਖਾ ਲੈ। ਢੁਆਰੀ ਟੇਗ ਲੈ।
- ਹੁਣ ਕਿੱਥੇ ਜਾਣਾ ਹੈ ?
ਅਬੇ ਕਿਮੇ ਜਾਣੋ ਛੇ ?
- ਇੱਥੇ ਬੰਠ ਜਾ। ਅਥੀ ਬੈਠ ਜੋ।
- ਮੈਂ ਤੈਨੂੰ ਜਾਣਦਾ ਹਾਂ। ਮੈਂ ਤੰਨੈ ਜਾਣੂੰ ਛੂੰ।
- ਚੁੱਪ ਕਰ ਜਾ ਦੂਸਰਾ ਆਦਮੀ ਆ ਗਿਆ ਹੈ। ਨੁੱਪ ਕਟਾੜ, ਨਾਟੀ ਏਵ ਗਿਓ ਛੇ।
- ਫੜ ਲਓ, ਜਾਵੇ ਨਾ। ਚੌਕੜ ਲੇ ਜਾਵਾ ਨਾ।
- ਛੱਡ ਦਿਓ ਮਰ ਜਾਊ। ਖੁਟ ਜਾਲ ਲੁਗੜ ਜਾਈਆ।
- ਪੈਸੇ ਫੜ ਲੈ। ਨੇਤਲੇ ਚੌਕੜ ਲੈ।
ਗੋਆਰ ਰਾਜਪੂਤਾਂ ਦਾ ਸਿੱਖ ਧਰਮ ਨਾਲ ਸੰਬਧ
ਗੋਆਰ ਰਾਜਪੂਤ ਸਮਾਜ ਦਾ ਸਿੱਖ ਧਰਮ ਨਾਲ ਅਨਿੱਖੜਵਾਂ ਸੰਬਧ ਹੈ। ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਗੁਰੂ ਘਰ ਨਾਲ ਜੁੜੇ ਹੋਏ ਹਨ, ਜਿਸ ਦਾ ਸਬੂਤ ਹੈ ਕਿ ਜਦੋਂ ਵੀ ਕੋਈ ਗੋਆਰ ਕਿਸੇ ਦੂਸਰੇ ਖੇੜੇ / ਟਾਂਡੇ ਵਿਚ ਜਾਂਦਾ ਤਾਂ ਪਹਿਲਾਂ ਹੱਥ ਜੋੜ ਕੇ ਫਤਿਹ ਬੁਲਾਉਂਦਾ, ਇਹ ਹੀ ਗੋਆਰ ਦੀ ਪਹਿਚਾਣ ਸੀ। ਅੱਜ ਵੀ ਸਾਰੇ ਗੋਆਰ ਮੁੰਡੇ ਦੇ ਵਿਆਹ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਦਾ ਇਕ ਰੁਪਈਆ ਲਾੜੇ ਦੇ ਕੱਪੜੇ ਨਾਲ ਬੰਨਦੇ ਹਨ। ਹਰ ਸ਼ੁਭ ਕੰਮ ਵੇਲੇ ਗੁਰੂ ਨਾਨਕ ਦੇਵ ਜੀ ਦੀ ਅਰਦਾਸ ਕਰਦੇ, ਪਰ ਜਿਨ੍ਹਾਂ ਗੋਆਰਾਂ ਨੇ ਅੰਮ੍ਰਿਤ ਛੱਕਿਆ ਹੈ, ਉਹ ਦਸ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੂਰਨ ਤੌਰ ਤੇ ਸਮਰਪਿਤ ਹਨ। ਉਹ ਹਰ ਸ਼ੁਭ / ਅਸ਼ੁਭ ਕੰਮ ਵੇਲੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ / ਅਖੰਠਪਾਠ ਕਰਵਾਉਂਦੇ ਹਨ। ਅੱਜ ਦੇ ਸਮੇਂ ਗੋਆਰ ਸਮਾਜ ਵਿਚ ਗੁਰੂ ਘਰ ਵਾਸਤੇ ਬਹੁਤ ਆਦਰ ਸਤਿਕਾਰ ਹੈ। ਜੇ ਹਜੂਰ ਸਾਹਿਬ ਜਾਣ ਦਾ ਸਮਾਂ ਮਿਲੇ ਤਾਂ ਦੇਖੋਗੇ ਕਿ ਹੋਲੀ ਅਤੇ ਦਿਵਾਲੀ ਦੇ ਸਮੇਂ ਵਣਜਾਰੇ | ਗੋਆਰ ਖੂਬ ਹੁੰਮ – ਹੁੰਮਾ ਕੇ ਗੁਰੂ ਘਰ ਦੇ ਦਰਸ਼ਨ ਕਰਦੇ ਹਨ।
ਪੰਡਾ ਵਹੀਆਂ ਅਤੇ ਭੱਟ ਵਹੀਆਂ ਦਾ, ਜੋ ਵਰਨਣ ਗਿਆਨੀ ਗਰਜਾ ਸਿੰਘ ਦੀ ਸੰਪਾਦਤ ਸ਼ਹੀਦ ਬਿਲਾਸ ਭਾਈ ਮਨੀ ਸਿੰਘ ਵਿਚ ਅਤੇ ਪ੍ਰੋਫੈਸਰ ਪਿਆਰਾ ਸਿੰਘ ਪੱਦਮ ਦੀ ਸੰਪਾਦਤ ਗੁਰੂ ਕੀਆਂ ਸਾਖੀਆਂ ਵਿਚ ਹੈ, ਦੇ ਅਧਿਐਨ ਕਰਨ ਤੋਂ ਗੋਆਰ ਸਮਾਜ ਦਾ ਗੁਰੂ ਘਰ ਅਤੇ ਸਿੱਖ ਧਰਮ ਨਾਲ ਅਤੁੱਟ ਸੰਬਧ ਨਜ਼ਰ ਆਉਂਦਾ ਹੈ। ਗਿਆਨੀ ਗਰਜਾ ਸਿੰਘ ਜੀ ਜੋ ਭੱਟਾਂ ਦੀ ਭਾਸ਼ਾ ਜਾਣਦੇ ਸਨ ਅਤੇ ਇਸ ਸਮਾਜ ਵਿਚੋਂ ਸਨ, ਨੇ ਬਹੁਤ ਮਿਹਨਤ ਕਰਕੇ ਭੱਟਾ ਖੀਰੀ ਤੋਂ ਪੰਜਾਬੀ ਵਿਚ, ਇਨ੍ਹਾਂ ਵਹੀਆਂ (ਜੋ ਭੱਟਾਂ ਕੋਲ ਅੱਜ ਵੀ ਸੰਭਾਲ ਕੇ ਰਖੀਆਂ ਹਨ) ਵਿਚੋਂ ਅਨੇਕਾਂ ਜਾਣਕਾਰੀਆਂ ਲਈਆਂ ਹਨ। ਗੁਰੂ ਕੀਆਂ ਸਾਖੀਆਂ ਭਾਈ ਸਰੂਪ ਸਿੰਘ ਕੋਸ਼ਿਸ਼ ਨੇ ਭੱਟ ਵਹੀਆਂ ਤੇ ਅਧਾਰਤ ਲਿਖੀ ਅਤੇ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਇਸ ਨੂੰ ਸੰਪਾਦਤ ਕੀਤੀ। ਜੋ ਜਾਣਕਾਰੀ ਇਸ ਪੁਸਤਕ ਵਿਚ ਸਿੱਖ ਧਰਮ ਅਤੇ ਗੋਆਰ ਸਮਾਜ ਬਾਰੇ ਹੈ ਉਹ ਛੇਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਤੋਂ ਸ਼ੁਰੂ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਤਕ ਕੋਈ ਲਿਖਤੀ ਜਾਣਕਾਰੀ ਨਹੀਂ ਪਰ ਜੋ ਜਾਣਕਾਰੀਆਂ ਛੇਵੇਂ ਗੁਰੂ ਸਾਹਿਬ ਨਾਲ ਗੋਆਰ ਰਾਜਪੂਤਾਂ ਦੇ ਸਬੰਧ ਵਿਚ ਮਿਲਦੀਆਂ ਹਨ, ਉਨ੍ਹਾਂ ਨੂੰ ਪੜ੍ਹ ਕੇ, ਇਹ ਸਹਿਜ ਸੁਭਾਅ ਹੀ ਕਿਹਾ ਜਾ ਸਕਦਾ ਹੈ ਕਿ ਗੋਆਰ ਰਾਜਪੂਤ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਤੋਂ ਪਹਿਲਾਂ ਵੀ ਗੁਰੂ ਘਰ ਨਾਲ ਅਤੁੱਟ ਨਾਤਾ ਰਖਦੇ ਸਨ ਅਤੇ ਇਹ ਨਹੀ ਹੋ ਸਕਦਾ ਕਿ ਅਚਨਚੇਤ ਗੋਆਰ ਰਾਜਪੂਤ ਗੁਰੂ ਹਰਿਗੋਬਿੰਦ ਸਾਹਿਬ ਦੇ ਸੇਵਕ (ਸਿੱਖ) ਬਣੇ ਹੋਣ। ਭੱਟ ਵਹੀ ਜਦੋਬੰਸੀਆਂ ਬੜਤੀਆ ਤੋਂ ਪਤਾ ਲਗਦਾ ਹੈ ਕਿ ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿਚ ਬਵੰਜਾ ਰਾਜਿਆਂ ਨਾਲ ਕੈਦ ਸਨ ਤਾਂ ਕਿਲ੍ਹੇ ਦੇ ਦਰੋਗੇ ਹਰੀ ਰਾਮ ਬੇਟਾ ਨਾਇਕ ਹਰਬੰਸ ਲਾਲ ਚੰਦਰ ਬੰਸੀ ਯਾਦਵ ਬੜਤੀਆ ਕਨਾਵਤ ਗੁਰੂ ਸਾਹਿਬ ਜੀ ਦੀ ਸੇਵਾ ਵਿਚ ਲੱਗੇ ਰਹੇ। ਭੱਟ ਵਹੀ ਜਦੋਬੰਸੀਆਂ ਬੜਤੀਆ ਦਸਦੀ ਹੈ ਕਿ ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਕਿਲ੍ਹੇ ਤੋਂ ਰਿਹਾਅ ਹੋਏ ਤਾਂ ਇਕ ਦਿਨ ਨਾਇਕ ਹਰੀ ਰਾਮ ਦੇ ਘਰ ਨਿਵਾਸ ਕਰਕੇ ਗਵਾਲੀਅਰ ਤੋਂ ਵਿਦਾਇਗੀ ਲਈ ਤੇ ਚੱਕ ਗੁਰੂ (ਅੰਮ੍ਰਿਤਸਰ) ਆਏ ਤਾਂ ਬਲੂਰਾਇ ਬੇਟਾ ਮੂਲ ਚੰਦ ਜਲਾਨੇ ਪੁਆਰ ਬੀਝੇ ਕਾ ਬੰਜਰਾਉਤ ਅਤੇ ਪਦਮਰਾਇ ਬੇਟਾ ਕੌਲਾ ਦਾਸ ਹਜਾਵਤ ਚੌਹਾਨ ਵੀ ਗੁਰੂ ਜੀ ਨਾਲ ਸਨ। ਭੱਟ ਵਹੀ ਤਲਉਂਦਾ ਪਰਗਣਾ ਜੀਂਦ ਅਨੁਸਾਰ :-
ਜਦ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਤੋਂ ਚੱਕ ਗੁਰੂ (ਅੰਮ੍ਰਿਤਸਰ) ਬਾਦਸ਼ਾਹ ਜਹਾਂਗੀਰ ਦੇ ਨਾਲ ਸੰਮਤ 1676 ਫੱਗਨ ਸੰਗਰਾਂਦ ਵਾਲੇ ਦਿਨ ਆਏ ਉਨ੍ਹਾਂ ਨਾਲ ਬਾਬਾ ਬੁੱਢਾ ਬੇਟਾ ਬਾਬਾ ਸੁੱਘਾ ਰੰਧਾਵੇ ਕਾ, ਗੁਰਦਾਸ ਬੇਟਾ ਈਸ਼ਰ ਦਾਸ ਭੱਲੇ ਕਾ, ਬੱਲੂ ਰਾਇ ਬੇਟਾ ਮੂਲ ਚੰਦ ਜਲਾਨ੍ਹੇ ਪੁਆਰ ਬੀਝੇ ਕਾ, ਬੰਜਰਉਤ ਅਤੇ ਪਦਮ ਰਾਇ ਬੇਟਾ ਕੌਲ ਦਾਸ ਹਜਾਵਤ ਚੌਹਾਨ ਅਤੇ ਹੋਰ ਸਿੱਖ ਫਕੀਰ ਆਏ।
ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਪਣੇ ਤਾਊ ਪ੍ਰਿਥੀ ਚੰਦ ਦੀ ਮੁਕਾਣ ਗੋਇੰਦਵਾਲ ਤੋਂ ਹੇਹਰ ਪਿੰਡ ਗਏ ਤਾਂ ਉਨ੍ਹਾਂ ਨਾਲ ਬਾਬਾ ਬੁੱਢਾ ਜੀ, ਗੁਰਦਾਸ ਜੀ ਅਤੇ ਬੱਲੂਰਾਇ ਨਾਲ ਗਏ। ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਜਲ੍ਹਾਨੇ ਕਾ ਦੀ ਜਾਣਕਾਰੀ ਇਸ ਤਰਾਂ ਹੈ :-
‘ਗੁਰੂ ਹਰਿਗੋਬਿੰਦ ਜੀ ਮਹਲ ਛਟਾ, ਤਾਊ ਗੁਰੂ ਪ੍ਰਿਥੀ ਚੰਦ ਦੀ ਮੁਕਾਣ ਦੇਣ ਗੋਇੰਦ ਵਾਲ ਸੇ ਹੇਹਰ ਪਰਗਣਾ ਪੱਟੀ, ਗੁਰੂ ਮੇਹਰਬਾਨ ਕੇ ਘਰ ਆਏ, ਸਾਲ ਸੋਲਾਂ ਸੋ ਸਤੱਤਰ ਪੋਖ ਪ੍ਰਵਿਸ਼ਟੇ ਅਠਾਈ, ਦਿਹੁੰ ਸ਼ੁਕਰਵਾਰ ਕੇ ਸਾਥ ਅਰਜਾਨੀ ਸਾਹਿਬ ਬੇਟਾ ਗੁਰੂ ਮੋਹਰੀ ਜੀ ਦਾ ਪੋਤਾ ਗੁਰੂ ਅਮਰ ਦਾਸ ਮਹਲੇ ਤੀਜੇ ਕਾ ਬਾਬਾ ਬੁੱਢਾ ਜੀ, ਰਾਮ ਦਾਸ ਬੇਟਾ ਸੁੱਘੇ ਰੰਧਾਵੇ ਕਾ, ਗੁਰਦਾਸ ਬੇਟਾ ਈਸਰ ਦਾਸ ਭੱਲੇ ਕਾ. ਬਲੂ ਬੇਟਾ ਮੂਲੇ ਜਲ੍ਹਾਨੇ ਪੰਵਾਰ ਕਾ ਆਇਆ।
ਜਦੋਂ ਮਕਾਣ ਦੇ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਵਾਪਸ ਅੰਮ੍ਰਿਤਸਰ ਆ ਕੇ ਬਿਰਾਜਦੇ ਹਨ ਇਸ ਬਾਰੇ ਵੀ ਭੱਟ ਵਹੀ ਦੀ ਗਵਾਹੀ ਮੌਜੂਦ ਹੈ। ਜਿਸ ਬਾਰੇ ਭੱਟ ਵਹੀ ਤਲਾਉਂਦਾ, ਪਰਗਣਾ ਜੀਂਦ ਵਿਚ ਇਸ ਤਰਾਂ ਬਿਆਨਦੀ ਹੈ :-
‘ਸ਼੍ਰੀ ਗੁਰੂ ਹਰਿਗੋਬਿੰਦ ਜੀ ਮਹਲ ਛਟਾ ਬੇਟਾ ਸ਼੍ਰੀ ਗੁਰੂ ਅਰਜਨ ਜੀ ਕਾ ਸੰਮਤ ਸੋਲਾਂ ਸੌ ਸਤੱਤਰਾ ਮਾਘ ਪ੍ਰਵਿਸ਼ਟੇ ਪਹਿਲੀ ਕੇ ਦਿੰਹੁ ਹੇਹਰ ਨਗਰੀ ਸੇ ਚਲ ਗਾਮ ਗੁਰੂ ਕੇ ਚੱਕ ਪ੍ਰਗਣਾਂ ਨਿੱਝਰਆਲਾ ਆਏ ਰੀਲੋਂ ਗੁਰੂ ਅਰਜਾਨੀ ਸਾਹਿਬ ਬੇਟਾ ਗੁਰੂ ਮੋਹਰੀ ਜੀ ਕਾ, ਗੁਰੂ ਮੇਹਰਬਾਨ ਬੇਟਾ ਗੁਰੂ ਪ੍ਰਿਥੀ ਚੰਦ ਜੀ ਕਾ, ਬਾਬਾ ਬੁੱਢਾ ਰਾਮਦਾਸ ਬੇਟਾ ਸੁੱਘੇ ਰੰਧਾਵੇ ਕਾ, ਗੁਰਦਾਸ ਬੇਟਾ ਈਸਰ ਦਾਸ ਭੱਲੇ ਕਾ, ਬੱਲੂ ਰਾਇ ਬੇਟਾ ਮੂਲ ਚੰਦ ਜਲ੍ਹਾਨੇ ਕਾ, ਕੋਲ ਜੀ ਦਾਸ ਬੇਟਾ ਅੰਬੀਏ ਹਜਾਵਤ ਕਾ ਹੋਰ ਸਿੱਖ ਫਕੀਰ ਆਏ। ਗੁਰੂ ਜੀ ਕੇ ਆਨੇ ਕੀ ਖੁਸ਼ੀ ਮੇਂ ਦੀਪ ਮਾਲਾ ਕੀ ਗਈ ਸ਼੍ਰੀ ਹਰਿਮੰਦਰ ਸਾਹਿਬ ਜੀ ਮੇਂ ਦੀਆ ਬਾਤੀ ਕੀ ਸੇਵਾ ਗੁਰੂ ਮੇਹਰਬਾਨ ਕੀ ਲਾਈ। ਗੁਰੂ ਜੀ ਤੀਜੇ ਦਿੰਹੋ ਗੁਰੂ ਚੱਕ ਸੇ ਵਿਦਾ ਹੋਇ ਗੋਇੰਦਵਾਲ ਮੇਂ ਆਏ ਬਿਰਾਜੇ (ਪੰਨਾ 31 ਗੁਰੂ ਕੀਆਂ ਸਾਖੀਆਂ)
ਇਨ੍ਹਾਂ ਵਹੀਆਂ ਦੀਆਂ ਲਿਖਤਾਂ ਤੋਂ ਸਾਫ ਜਾਹਰ ਹੁੰਦਾ ਹੈ ਕਿ ਬੱਲੂ ਰਾਇ ਬੇਟਾ ਮੂਲ ਚੰਦ ਜਲ੍ਹਾਨਾ ਪੁਵਾਰ ਬੀਝੇ ਕਾ ਬੰਜਰਉਂਤ ਗੁਰੂ ਦੇ ਹਜ਼ੂਰੀ ਸਿੱਖਾਂ ਵਿਚ ਹਰ ਸਮੇਂ ਗੁਰੂ ਜੀ ਦੀ ਸੇਵਾ ਵਿਚ ਰਹਿੰਦਾ ਸੀ। 28 ਅਸੂ 1678 ਬਿ: ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਹਿਲੀ ਲੜਾਈ ਜੋ ਚੰਦੂ ਦੇ ਪੁੱਤਰ ਕਰਮ ਚੰਦ ਤੇ ਕਾਨੇ ਭਗਤ ਦੇ ਪੁੱਤਰ ਭਗਵਾਨੇ ਘੋਰੜ ਦੇ ਪੋਤਰੇ ਰਤਨ ਚੰਦ ਵਿਚ ਹੋਈ। ਇਸ ਲੜਾਈ ਵਿਚ ਬਾਕੀ ਸਿੱਖਾਂ ਤੋਂ ਇਲਾਵਾ ਰਾਜਪੂਤ ਗੋਆਰ ਬੱਲੂ ਦਾ ਭਰਾ ਨਾਨੂੰ ਅਤੇ ਮਾਂਡਨ ਰਠੌਰ ਅਤੇ ਉਸ ਦਾ ਪੁੱਤਰ ਬਿਹਾਰੀ, ਧੂੜਾ ਬੇਟਾ ਗੋਦੜੀਏ ਦਾ ਸ਼ਹੀਦ ਹੋਏ ਭਗਵਾਨਾ ਘੋਰੜ ਮਾਰਿਆ ਗਿਆ ਅਤੇ ਉਸ ਦਾ ਪੁੱਤਰ ਰਤਨ ਚੰਦ ਜ਼ਖਮੀਂ ਹੋ ਗਿਆ। ਇਸ ਬਾਰੇ ਭੱਟ ਵਹੀ ਮੁਲਤਾਨੀ ਸਿੰਧੀ ਵਿਚ ਇਸ ਤਰਾਂ ਦਰਜ ਕੀਤਾ ਗਿਆ ਹੈ:-
‘ਮਾਡਨ ਬੇਟਾ ਉਦੇ ਕਾ ਪੋਤਾ ਨਾਥੂ ਕਾ ਪੜਪੋਤਾ ਜਲ੍ਹਾਣੇ ਕਾ, ਬਿਹਾਰੀ ਬੇਟਾ ਉਦਾਨੇ, ਧੂੜਾ ਬੇਟਾ ਗੋਦੜੀਏ ਕਾ ਪੋਤਾ ਰਣ ਮੱਲ ਗਾਂਮ ਰੁਹੀਲਾ ਪ੍ਰਗਣਾਂ ਬਟਾਲਾ, ਭਗਵਾਨਾ ਬੇਟਾ ਕਾਨ੍ਹੇ ਕਾ ਘੋਰੜ ਖਤਰੀ ਕੇ ਸਾਥ ਜੂਝ ਕਰ ਘਾਯਲ ਹੋਏ ਸੋਲਾਂ ਸੋ ਅਠੱਤ੍ਰਾਂ ਅਸੁਜ ਪ੍ਰਵਿਸ਼ਟੇ ਅਠਾਈ ਕੋ ਭਗਵਾਨਾ ਘੋਰੜ ਮਾਰਾ ਇਸ ਕਾ ਬੇਟਾ ਰਤਨ ਚੰਦ ਘਾਯਲ ਹੋਯਾ’ (ਪੰਨਾ 32 ਗੁਰੂ ਕੀਆਂ ਸਾਖੀਆਂ)
ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਬੰਝਰਉਂਤੋਂ ਕਾ ਵਿਚ ਨਾਨੂ ਬੇਟਾ ਮੂਲੇ ਕਾ ਵਾਸਤੇ ਇਸ ਤਰਾਂ ਲਿਖਿਆ ਗਿਆ ਹੈ :-
‘ਨਾਨੂ ਬੇਟਾ ਮੂਲੇ ਕਾ ਪੋਤਾ ਰਾਉ ਕਾ ਪੜਪੋਤਾ ਚਾਹੜ ਕਾ ਬੰਸ ਬੀਂਝੇ ਕਾ ਬੰਝਰਾਉਤ ਸਾਲ ਸੋਲਾਂ ਸੌ ਅਠਤ੍ਰਾ ਕਤਕ ਪ੍ਰਵਿਸ਼ਟੇ ਤੀਜ ਕੇ ਦਿੰਹੁ ਗਾਮ ਰੁਹੀਲਾ ਪ੍ਰਗਣਾਂ ਬਟਾਲਾ ਕੇ ਮਲ੍ਹਾਨ, ਗੁਰੂ ਕਾ ਬਚਨ ਪਾਇ ਰਤਨਾ ਬੇਟਾ ਭਗਵਾਨਾ ਕਾ ਘਾਯਲ ਹੋਯਾ, ਕਰਮਾ ਬੇਟਾ ਚੰਦੂ ਕਾ ਬਾਸੀ ਕਲਾਨੌਰ ਕੋ ਮਾਰ ਕੇ ਮਰਾ। ਗੇਲੋਂ ਮਥਰਾ ਬੇਟਾ ਭਿਖੇ ਕਾ ਕੋਸ਼ਿਸ਼ ਗੋਤ੍ਰ ਗੋੜ ਬ੍ਰਾਹਮਣ, ਪਰਾਗਾ ਬੇਟਾ ਗੋਤਮ ਕਾ ਭਾਰਗਵ ਗੋਤ੍ਰ ਛਿਬਰ ਬ੍ਰਾਹਮਣ, ਹੋਰ ਗੁਰੂ ਕੇ ਜੋਧੇ ਸਾਮੇ ਮਾਥੇ ਰਣ ਮੈਂ ਜੂਝ ਕਰ ਮਰੇ (ਪੰਨਾ 32 ਗੁਰੂ ਕੀਆਂ ਸਾਖੀਆਂ)
ਜਹਾਂਗੀਰ ਦੀ ਮੌਤ ਬਾਅਦ ਸ਼ਾਹਜਹਾਂ ਗੱਦੀ ਤੇ ਬੈਠਾ। ਗੁਰੂ ਘਰ ਦੇ ਵਿਰੋਧੀਆਂ ਵੱਲੋਂ ਉਸ ਨੂੰ ਵਰਗਲਾਇਆ ਗਿਆ, ਵਿਸਾਖ 1691 ਬਿ: ਵਿਚ ਜਦੋਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਅਪਣੀ ਬੇਟੀ ਵੀਰੋ ਦੇ ਵਿਆਹ ਦਾ ਦਿਨ ਬੰਨਿਆ ਤਾਂ ਸ਼ਾਹੀ ਹੁਕਮ ਨਾਲ ਮੁਗਲ ਫੌਜ ਮੁਖਲਸ ਖਾਂ ਗੋਰਖਪੁਰੀ ਦੀ ਕਮਾਨ ਹੇਠ ਅੰਮ੍ਰਿਤਸਰ ਤੇ ਚੜ੍ਹ ਆਈ। ਮੁਰਤਜਾ ਖਾਂ ਵੀ ਇਸ ਲੜਾਈ ਵਿਚ ਸ਼ਾਮਲ ਹੋਇਆ ਘਮਸਾਨ ਦਾ ਯੁੱਧ ਹੋਇਆ। ਅਨੇਕ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ। ਲੜਾਈ ਵਿਚ ਭਾਈ ਮਨੀ ਸਿੰਘ ਦਾ ਬਾਬਾ ਬੱਲੂ ਰਾਇ ਮੁਰਤਜਾ ਖਾਂ ਨੂੰ ਮਾਰ ਕੇ ਸ਼ਹੀਦ ਹੋਏ, ਇਸ ਬਾਰੇ ਭੱਟ ਵਹੀ ਮੁਲਤਾਨੀ ਸਿੰਧੀ ਵਿਚ ਲਿਖਿਆ ਹੈ :-
‘ਬੱਲੂ ਬੇਟਾ ਮੂਲੇ ਕਾ ਪੋਤਾ ਰਾਉ ਕਾ ਪੜਪੋਤਾ ਚਾਹੜ ਕਾ ਰਦਉਂਤ ਜਲ੍ਹਾਨਾ ਸਾਲ ਸੋਲਾਂ ਸੌ ਇਕਾਨਮੇ ਵਿਸਾਖ ਪ੍ਰਵਿਸ਼ਟੇ ਸਤਾਰਾਂ ਗੁਰੂ ਚੱਕ ਕੇ ਮਲ੍ਹਾਨ ਗੁਰੂ ਕਾ ਬਚਨ ਪਾਇ ਸਾਮ੍ਹੇ ਮਾਥੇ ਰਣ ਮੇ ਮੁਰਤੱਜਾ ਖਾਂ ਕੋ ਮਾਰ ਕੇ ਮਰਾ ਗੇਲੋਂ ਕੀਰਤ ਬੇਟਾ ਭਿੱਖੇ ਕਾ ਪੋਤਾ ਰਈਏ ਕਾ ਪੜਪੋਤਾ ਨਰਸੀ ਕਾ ਕੋਸ਼ਿਸ਼ ਗੋਤ੍ਰ ਗੋੜ ਬ੍ਰਾਹਮਣ ਮਾਰਾ ਗਿਆ’।(ਪੰਨਾ 32 ਗੁਰੂ ਕੀਆਂ ਸਾਖੀਆਂ)
ਮੁਰਤਜਾ ਖਾਂ ਵਰਗੇ ਜਰਨੈਲ ਦਾ ਮਰ ਜਾਣਾ ਕੋਈ ਸਧਾਰਨ ਗੱਲ ਨਹੀਂ ਸੀ, ਇਸ ਤੋਂ ਚਿੜ੍ਹ ਕੇ ਸੂਬਾ ਲਾਹੌਰ ਨੇ 17 ਪੋਹ 1691 ਬਿਕਰਮੀ ਨੂੰ ਸਿੱਖ ਫੌਜਾਂ ਦਾ ਪਿੱਛਾ ਕਰਦਿਆਂ ਫਿਰ ਮਰ੍ਹਾਝ ਲਾਗੇ ਸਤਿਗੁਰਾਂ ਨੂੰ ਜਾ ਘੇਰਿਆ। ਮਾਂਡਨ ਦੇ ਬੇਟੇ ਸੁਖੀਏ, ਜਿਸ ਨੂੰ ਭਾਈ ਮਨੀ ਸਿੰਘ ਦੀ ਭੂਆ ਵਿਆਹੀ ਹੋਈ ਸੀ ਨੇ ਇਸ ਜੰਗ ਵਿਚ ਚੰਗੇ ਜੌਹਰ ਦਿਖਾਏ ਅਤੇ ਮੋਹਰੀ ਫੌਜਦਾਰ ਇਬਰਾਹੀਮ ਨੂੰ ਮਾਰ ਕੇ ਖੁਦ ਵੀ ਸ਼ਹੀਦੀ ਪਾਈ। ਸੁਖਾ ਬੇਟਾ ਮਾਂਡਨ ਦੀ ਸ਼ਹੀਦ ਬਾਰੇ,’ਭੱਟ ਵਹੀ ਮੁਲਤਾਨੀ ਸਿੰਧੀ’ ਵਿਚ ਇਸ ਤਰਾਂ ਲਿਖਿਆ ਹੈ:-
‘ਸੁਖਾ ਬੇਟਾ ਮਾਂਡਨ ਕਾ ਪੋਤਾ ਉਦੇ ਕਾ ਪੜਪੋਤਾ ਨਾਥੂ ਕਾ ਉਦਾਨਾ ਸਾਲ ਸੋਲਾਂ ਸੌ ਇਕਾਨਵੇਂ ਪੋਖ ਪ੍ਰਵਿਸ਼ਟੇ ਸਤਾਰਾਂ ਮੰਗਲਵਾਰ ਕੇ ਦਿੰਹੁ ਮੁਰਾਝ ਕੇ ਮਲ੍ਹਾਨ ਗੁਰੂ ਕੇ ਹੁੱਕਮ ਰੀਲ ਸਾਮ੍ਹੇ ਮਾਥੇ ਜੂਝ ਕਰਿ ਮਰਾ।’
(ਗੁਰੂ ਕੀਆਂ ਸਾਖੀਆਂ ਪੰਨਾ 33)
ਇਸ ਤੋਂ ਚਾਰ ਮਹੀਨੇ ਬਾਅਦ ਵਿਸਾਖ 1692 ਬਿ: ਨੂੰ ਕਰਤਾਰ ਪੁਰ ਦੀ ਲੜਾਈ, ਜੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਦੂਜੇ ਪਾਸੇ ਪੈਂਦੇ ਖਾਂ, ਜੋ ਗੁਰੂ ਜੀ ਨੇ ਹੀ ਪਾਲਿਆ ਸੀ, ਅਤੇ ਅਸਮਾਨ ਖਾਂ ਝਾਂਗੜੀ ਬਸੀ ਪਠਾਨਾ ਵਾਲੇ ਵਿਚ ਹੋਈ। ਇਹ ਲੜਾਈ ਤਿੰਨ ਦਿਨ ਜਾਰੀ ਰਹੀ। ਇਸ ਲੜਾਈ ਵਿਚ ਹੋਰ ਯੋਧਿਆਂ ਸਮੇਤ ਭਾਈ ਮਾਧੋ ਪੁੱਤਰ ਬੱਲੂ ਰਾਇ ਸ਼ਹੀਦ ਹੋ ਗਿਆ ਅਤੇ ਨਠੀਆ ਪੁੱਤਰ ਬੱਲੂ ਰਾਇ ਘਾਇਲ ਹੋ ਗਿਆ। ਇਸ ਬਾਰੇ, ‘ਭੱਟ ਵਹੀ ਮੁਲਤਾਨੀ ਸਿੰਧੀ ਖਾਤਾ ਬੰਜਰਉਤ ਜਲ੍ਹਾਨੋ ਕਾ ਵਿਚ ਇਸ ਤਰਾਂ ਲਿਖਿਆ ਹੈ :-
‘ਨਠੀਆ ਬੱਲੂ ਕੇ ਪੋਤੇ ਮੂਲੇ ਕੇ ਪੜਪੋਤੇ ਰਾਉ ਕੇ ਬੰਝਰਉਂਤ ਸਾਲ ਸੋਲਾਂ ਸੰ ਬਾਨਮੇ ਪ੍ਰਵਿਸ਼ਟੇ ਇਕਤੀਸ ਮੰਗਲਵਾਰ ਕੇ ਦਿੰਹੁ ਕਰਤਾਰ ਪੁਰ ਕੇ ਮਲ੍ਹਾਨ ਪ੍ਰਗਣਾਂ ਜਲੰਧਰ ਗੁਰੂ ਕਾ ਹੁੱਕਮ ਪਾਇ ਅਸਮਾਨ ਖਾਂ ਝਾਂਗੜੀ ਗੈਲ ਭਿੜੇ, ਤੀਨ ਪਹਿਰ ਘੋਰ ਯੁੱਧ ਹੁਆ, ਭਾਈ ਮਾਧੋ ਰਣ ਭੂਮੀ ਮੇਂ ਸਾਮੇਂ ਮਾਥੇ ਜੂਝ ਕਰ ਮਰਾ, ਨਠੀਆ ਗੁਰੂ ਕਾ ਜੋਧਾ ਕਈ ਰਣ ਜੂਝਤੇ ਸੂਰਿਉਂ ਗੈਲ ਲੜ ਕੇ ਘਾਯਲ ਹੋਇਆ’। (ਪੰਨਾ 33 ਗੁਰੂ ਕੀਆਂ ਸਾਖੀਆਂ)
ਉਸੇ ਦਿਨ ਜਦੋਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕਰਤਾਰਪੁਰ ਤੋਂ ਫਗਵਾੜੇ ਵੱਲ ਆ ਰਹੇ ਸਨ, ਤੁਰਕ ਫੌਜ ਪਿਛੋਂ ਆ ਗਈ ਅਤੇ ਜੇਠ ਦੀ ਸੰਗਰਾਂਦ ਵਾਲੇ ਦਿਨ ਪਲਾਹੀ ਸਾਹਿਬ ਵਾਲੀ ਥਾਂ ਤੇ ਝੜਪ ਹੋਈ। ਇਸ ਝੱੜਪ ਵਿਚ ਭਾਈ ਬੱਲੂ ਰਾਇ ਦੇ ਪੁੱਤਰ ਦਾਸਾ ਅਤੇ ਸੁਹੇਲਾ ਸ਼ਹੀਦ ਹੋਏ। ਜਿਸ ਬਾਰੇ, ‘ਭੱਟ ਵਹੀ ਤਲਉਂਦਾ, ਪ੍ਰਗਣਾਂ ਜੀਂਦ, ਖਾਤਾ ਰਮਾਨੋ ਕਾ, ਵਿਚ ਯੁੱਧ ਬਾਰੇ ਦਿਲਕਸ਼ ਅੰਦਾਜ਼ ਵਿਚ ਇੰਜ ਲਿਖਿਆ ਹੈ :-
‘ਦਾਸਾ ਬੇਟਾ ਬੱਲੂ ਕਾ, ਸੁਹੇਲਾ ਬੇਟਾ ਬੱਲੂ ਕਾ ਪੋਤਾ ਮੂਲੇ ਕਾ ਪੜਪੋਤੇ ਚਾਹੜ ਕੇ ਜਲ੍ਹਾਨੇ, ਜਗ ਬੇਟਾ ਧਰਮੇ ਕਾ ਪੋਤਾ ਭੋਜੇ ਕਾ ਰਮਾਣਾ, ਵਾਸੀ ਲਾਂਡਵਾਂ ਪ੍ਰਗਣਾਂ ਥਨੇਸਰ, ਸਾਲ 1692 ਬਿਕਰਮੀ ਜੇਠ ਮਾਸ ਸੰਕ੍ਰਾਤ ਦਿੰਹੁ ਬੁਧਵਾਰ ਫਗਵਾੜਾ ਕੇ ਮਲ੍ਹਾਨ ਪਰਗਣਾਂ ਜਲੰਧਰ ਪਾਛੇ ਆ ਰਹੀ ਫੌਜ ਰੀਲ ਸਾਮ੍ਹੇ ਮਾਥੇ ਜੂਝ ਕਰ ਮਰੇ (ਪੰਨਾ 34 ਗੁਰੂ ਕੀਆਂ ਸਾਖੀਆਂ)
ਇਸ ਤਰਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਤੁਰਕਾਂ ਨੇ ਚਾਰ ਜੰਗਾਂ ਲੜੀਆਂ ਅਤੇ ਇਨ੍ਹਾਂ ਚਾਰੇ ਜੰਗਾਂ ਵਿਚ ਸ਼ਹੀਦ ਭਾਈ ਮਨੀ ਸਿੰਘ ਦੇ ਵੱਡ ਵੱਡੇਰਿਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਨ੍ਹਾਂ ਲੜਾਈਆਂ ਤੋਂ ਬਿਨਾਂ ਵੀ ਗੋਆਰ ਰਾਜਪੂਤ ਹਰ ਸਮੇਂ ਗੁਰੂ ਸਾਹਿਬ ਦੇ ਨਾਲ ਰਹੇ। ਜਦੋਂ ਸਾਹਿਬਜ਼ਾਦਾ ਰਾਮਰਾਏ ਜੀ (ਕਰਤਾ ਪੁਰਖ) ਔਰੰਗਜੇਬ ਦੇ ਸਦੇ ਤੇ ਦਿੱਲੀ ਗਏ ਤਾਂ ਭਾਈ ਦਰਿਆ ਜੀ ਬਾਕੀ ਸਿੱਖਾਂ ਨਾਲ ਰਾਮਰਾਇ ਜੀ ਨਾਲ ਗਏ।
ਜਦੋਂ ਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਔਰੰਗਜੇਬ ਦੇ ਸਦੇ ਤੇ ਦਿੱਲੀ . ਆਏ ਉਨ੍ਹਾਂ ਨਾਲ ਭਾਈ ਦਰਿਆ ਬੇਟਾ ਮੂਲੇ ਕਾ ਬਾਸੀ ਅਲੀਪੁਰ ਸ਼ਮਾਲੀ ਪ੍ਰਗਣਾਂ ਮੁਲਤਾਨ ਵੀ ਨਾਲ ਸੀ। ਜਦੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋਤ ਸਮਾ ਗਏ ਤਾਂ ਉਨ੍ਹਾਂ ਦੇ ਫੁੱਲ (ਅਸਤੀਆਂ) ਸਤਲੁਜ ਦਰਿਆ ਵਿਚ ਜਲ ਪਰਵਾਹ ਕੀਤੇ ਗਏ, ਉਸ ਸਮੇਂ ਹੋਰ ਸਿੱਖਾਂ ਨਾਲ ਭਾਈ ਦਰਿਆ ਜੀ ਵੀ ਨਾਲ ਸਨ।
ਜਦੋਂ ਨੌਵੇਂ ਗੁਰੂ ਸ੍ਰੀ ਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਕੱਟੜਪੰਥੀ ਤੇ ਸਿੱਖ ਧਰਮ ਵਿਰੋਧੀ ਬਾਦਸ਼ਾਹ ਔਰੰਗਜੇਬ ਦੇ ਹੁਕਮ ਨਾਲ ਧੰਮਧਾਨ ਤੋਂ ਬੰਦੀ ਬਣਾ ਕੇ ਦਿੱਲੀ ਲਿਆਂਦਾ ਗਿਆ ਤਾਂ ਬਾਕੀ ਸਿੱਖਾਂ ਨਾਲ ਗੁਰਦਾਸ ਬੇਟਾ ਕੀਰਤ ਬੜਤੀਏ ਕਾ ਅਤੇ ਦਿਆਲ ਦਾਸ ਬੇਟਾ ਮਾਈ ਦਾਸ ਜਲ੍ਹਾਨੇ ਬੰਜਰਾਉਤ ਨਾਲ ਗਿਰਫਤਾਰ ਕਰਕੇ ਲਿਆਂਦੇ ਗਏ। ਇਸ ਬਾਰੇ, ‘ਭੱਟ ਵਹੀ ਜਾਦਵ ਬੰਸੀਆਂ ਕੀ ਖਾਤਾ ਬੜਤੀਆਂ ਕਾ’ ਵਿਚ ਇਸ ਤਰਾਂ ਲਿਖਿਆ ਹੈ :-
‘ਗੁਰੂ ਤੇਗ ਬਹਾਦਰ ਜੀ ਮਹਲ ਨਾਵਾਂ ਕੋ ਗਾਮ ਧਮਧਾਨ ਬਾਂਗਰ ਸੇ ਆਲਮ ਖਾਨ ਰੁਹੇਲਾ ਸ਼ਾਹੀ ਹੁੱਕਮ ਗੈਲ ਦਿੱਲੀ ਕੋ ਲੈ ਕੇ ਆਇਆ। ਸਾਲ 1722 ਬਿ: ਕਾਰਤਕ ਮਾਸੇ ਸ਼ੁਕਲਾ ਪਖੇ ਗਿਆਰਸ ਕੋ ਸਾਥ ਦੀਵਾਨ ਮਤੀ ਦਾਸ, ਸਤੀ ਦਾਸ ਆਏ ਬੇਟੇ ਹੀਰਾ ਨੰਦ ਛਿਬਰ ਕੇ ਗੁਆਲ ਦਾਸ ਆਇਆ ਬੇਟਾ ਛੁਟੇ ਮੱਲ ਛਿਬਰ ਕਾ ਗੁਰਦਾਸ ਆਇਆ ਬੇਟਾ ਕੀਰਤ ਬੜਤੀਏ ਕਾ ਸੰਗਤਾ ਆਇਆ ਬੇਟਾ ਬਿੰਨੈ ਉਪਲ ਕਾ ਜੇਠਾ, ਦਿਆਲ ਦਾਸ ਆਏ ਬੇਟੇ ਮਾਈ ਦਾਸ ਜਲ੍ਹਾਨੇ ਬਲਉਂਤ ਕੇ ਹੋਰ ਸਿੱਖ ਫਕੀਰ ਫੜੇ ਆਏ । (ਪੰਨਾ 73 ਗੁਰੂ ਕੀਆਂ ਸਾਖੀਆਂ) ਦੋ ਮਹੀਨੇ ਤਿੰਨ ਦਿਨ ਬੰਦੀਖਾਨੇ ਵਿਚ ਰਹਿ ਕੇ ਗੁਰੂ ਜੀ ਸਾਹਿਬ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਸਿੱਖਾਂ ਸਮੇਂਤ ਬੰਦੀਖਾਨੇ ਤੋਂ ਬਾਹਰ ਰਾਣੀ ਪੁਸ਼ਪਾਦੇਵੀ ਕੇ ਗ੍ਰਹਿ ਮੇਂ ਆਇ ਗਏ।
(ਪੰਨਾ 74 ਗੁਰੂ ਕੀਆਂ ਸਾਖੀਆਂ)
ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਿਲਕ ਜੰਜੂ ਦੀ ਰਾਖੀ ਲਈ > ਦਿੱਲੀ ਨੂੰ ਚਾਲੇ ਪਾਏ ਅਤੇ ਮਲਕਪੁਰ ਰੰਗੜਾਂ ਤੋਂ ਨੂਰ ਮੁਹੰਮਦ ਖਾਨ ਮਿਰਜ਼ਾ ਚਉਂਕੀ ਰੋਪੜ੍ਹ ਵਾਲੇ ਨੇ ਗ੍ਰਿਫਤਾਰ ਕਰਕੇ ਸਰਹੰਦ ਪਹੁੰਚਾਇਆ ਤਾਂ ਉਨ੍ਹਾਂ ਨਾਲ ਤਿੰਨ ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਵੀ ਨਾਲ ਗ੍ਰਿਫਤਾਰ ਕੀਤੇ ਗਏ। ਇਸ ਬਾਰੇ, ’ਭੱਟ ਵਹੀ ਮੁਲਤਾਨੀ ਸਿੰਧੀ ਵਿਚ ਇਸ ਤਰਾਂ ਲਿਖਿਆ ਹੈ:-
‘ਗੁਰੂ ਤੇਗ ਬਹਾਦਰ ਮਹਲ ਨਾਵਾਂ ਕੋ ਨੂਰ ਮੁਹੰਮਦ ਖਾਨ ਮਿਰਜਾ ਚਉਂਕੀ ਰੋਪੜ੍ਹ ਵਾਲੇ ਨੇ ਸਾਲ ਸਤਰਾਂ ਸੈ ਬਤੀਸ ਸਾਵਨ ਪ੍ਰਵਿਸ਼ਟੇ ਬਾਰਾਂ ਕੇ ਦਿੰਹੁ ਗਾਮ ਮਲਕ ਪੁਰ ਰੰਗੜਾਂ, ਪਰਗਣਾਂ ਘਨੋਲਾ ਸੇ ਪਕੜ ਕੇ ਸਰਹੰਦ ਪਹੁੰਚਾਇਆ। ਗੇਲੋਂ ਦੀਵਾਨ ਮਤੀ ਦਾਸ, ਸਤੀ ਦਾਸ ਬੇਟਾ ਹੀਰਾ ਮੱਲ ਛਿਬਰ, ਦਿਆਲ ਦਾਸ ਬੇਟਾ ਮਾਈ ਦਾਸ ਬਲਉਂਤ ਕਾ ਪਕੜ ਆਇਆ। ਚਾਰ ਮਾਸ ਬਸੀ ਪਠਾਨਾ ਬੰਦੀਖਾਨੇ ਬੰਦ ਰਹੇ। (ਪੰਨਾ 80 ਗੁਰੂ ਕੀਆਂ ਸਾਖੀਆਂ)
ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਔਰੰਗਜੇਬ ਬਾਦਸ਼ਾਹ ਦੀ ਕੋਈ ਗੱਲ ਨਾ ਮੰਨੀ ਤਾਂ ਕਾਜੀ ਨੇ ਗੁਰੂ ਜੀ ਤੇ ਦਬਾ ਪਾਉਣ ਵਾਸਤੇ ਹੁਕਮ ਦਿੱਤਾ ਕਿ ਇਸ ਦੇ ਨਾਲ ਲਿਆਂਦੇ ਸਿੱਖਾਂ ਨੂੰ ਇਸ ਦੇ ਸਾਹਮਣੇ ਤਸੀਹੇ ਦੇ ਕੇ ਮਾਰ ਦਿੱਤਾ ਜਾਵੇ।
ਅੱਵਲ ਤਾਂ ਦਿਆਲ ਦਾਸ ਨੂੰ ਰੀਝਤੇ ਦੇਗੇ ਵਿਚ ਬੰਦ ਕਰ ਕੇ ਮਾਰ ਦਿੱਤਾ ਜਾਏ ਅਤੇ ਮਤੀ ਦਾਸ ਨੂੰ ਆਰੇ ਨਾਲ ਚੀਰ ਕੇ ਅਤੇ ਸਤੀ ਦਾਸ ਨੂੰ ਰੂੰ ਵਿਚ ਲਵੇਟ ਕੇ ਅੱਗ ਲਗਾ ਕੇ ਮਾਰ ਦਿੱਤਾ ਜਾਵੇ। ਇਸ ਤਰਾਂ ਦਿਆਲ ਦਾਸ ਨੂੰ ਉਬਲਦੇ ਦੇਗਚੇ ਵਿਚ ਰਿੰਨ ਕੇ ਸ਼ਹੀਦ ਕੀਤਾ ਗਿਆ। ਇਸ ਬਾਰੇ, ਭੱਟ ਵਹੀ ਤਲੋਂਦਾ ਪਰਗਣਾ ਜੀਂਦ ਵਿਚ ਇਸ ਤਰਾਂ ਲਿਖਿਆ ਹੈ :-
‘ਦਿਆਲ ਦਾਸ ਬੇਟਾ ਮਾਈ ਦਾਸ ਕਾ ਪੋਤਾ ਬੱਲੂ ਰਾਉ ਕਾ ਗੁਰੂ ਤੇਗ ਬਹਾਦਰ ਗੈਲੋਂ ਸਾਲ ਸਤਰਾਂ ਸੈਂ ਬਤੀਸ ਮਗਸਰ ਸੁਦੀ ਪੰਚਮੀ ਵੀਰਵਾਰ ਕੇ ਦਿੰਹੁ ਦਿੱਲੀ ਚਾਂਦਨੀ ਚੌਂਕ ਕੇ ਮਲ੍ਹਾਨ, ਸ਼ਾਹੀ ਹੁੱਕਮ ਗੈਲ ਮਾਰਾ ਗਿਆ। ਸਾਥ ਮਤੀ ਦਾਸ, ਸਤੀ ਦਾਸ ਬੇਟੇ ਹੀਰਾ ਮੱਲ ਕੇ ਪੋਤੇ ਦਵਾਰਕਾ ਦਾਸ ਕੇ ਭਾਰਗਵ ਗੋਤਰੇ ਛਿਬਰ ਬ੍ਰਾਹਮਣ ਮਾਰੇ ਗਏ। (ਪੰਨਾ 19 ਗੁਰੂ ਕੀਆਂ ਸਾਖੀਆਂ)
ਇਥੇ ਹੀ ਬੱਸ ਨਹੀਂ ਜਦੋਂ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਵਿਚ ਸ਼ਹੀਦ ਕਰ ਦਿੱਤਾ ਅਤੇ ਔਰੰਗਜ਼ੇਬ ਦੇ ਡਰ ਕਰਕੇ ਕੋਈ ਵੀ ਸਿੱਖ ਗੁਰੂ ਜੀ ਦੀ ਦੇਹ ਦੀ ਸੰਭਾਲ ਵਾਸਤੇ ਅੱਗੇ ਨਾ ਆਇਆ ਤਾਂ ਦਿੱਲੀ ਦੀ ਸਿੱਖ ਸੰਗਤ ਭਾਈ ਲੱਖੀ ਸ਼ਾਹ ਵਣਜਾਰਾ ਦੇ ਕੋਲ ਗਏ ਅਤੇ ਸਾਰੀ ਵਿਥਿਆ ਸੁਣਾਈ। ਅੱਧੀ ਰਾਤ ਨੂੰ ਲੱਖੀ ਸ਼ਾਹ ਨੇ ਆਪਣੇ ਗੱਡਿਆਂ ਦਾ ਘੇਰਾ ਪਾ ਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦੇਹ ਅਪਣੇ ਗੱਡਿਆਂ ਵਿਚ ਰੱਖ ਲਈ ਅਤੇ ਸਵਾ ਪਹਿਰ ਰਾਤ ਰਹਿੰਦਿਆਂ ਭਾਈ ਲੱਖੀ ਸ਼ਾਹ ਨੇ ਅਪਣੇ ਘਰ ਨੂੰ ਅੱਗ ਲਾ ਕੇ ਗੁਰੂ ਸਾਹਿਬ ਜੀ ਦੀ ਪਵਿਤਰ ਦੇਹ ਦਾ ਸਸਕਾਰ ਕੀਤਾ। ‘ਭੱਟ ਵਹੀ ਜਾਦੋਬੰਸੀਆਂ ਕੀ, ਖਾਤਾ ਬੜਤੀਏ ਕਨਾਉਂਤੋਂ ਕਾ, ਵਿਚ ਇਸ ਤਰਾਂ ਲਿਖਿਆ ਹੈ :-
‘ਲਖੀਆ ਬੇਟਾ ਗੋਧੂ ਕਾ, ਨਗਾਹੀਆ, ਹੇਮਾ, ਹਾੜੀ ਬੇਟੇ ਲਖੀਏ ਕੇ ਜਾਦੋਬੰਸੀ ਬੜਤੀਏ ਕਨਾਉਂਤ, ਨਾਇਕ ਧੂਮਾਂ ਬੇਟਾ ਕਾਨ੍ਹੇ ਕਾ ਤੂਮਰ ਬਿੰਜਲਉਤ। ਗੁਰੂ ਤੇਗ ਬਹਾਦਰ ਜੀ ਮਹਲ ਨਾਵਾਂ, ਕੀ ਲਾਸ਼ ਉਠਾਇ ਲਾਏ, ਸਾਲ ਸਤਰਾਂ ਸੇ ਬਤੀਸ ਮੰਗਸਰ ਸੁਦੀ ਛਠ ਗੁਰੂਵਾਰ ਕੇ ਦਿਹੁੰ। ਦਾਗ ਦੀਆ ਰਸੀਨਾ ਗਾਮ ਮੇਂ ਆਧ ਘਰੀ ਰੈਨ ਰਹੀ। (ਪੰਨਾ 85 ਗੁਰੂ ਕੀਆਂ ਸਾਖੀਆਂ)
ਜਦੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਤਿਆਰ ਕੀਤਾ ਤਾਂ ਇਹ ਸਾਰੇ ਗੁਆਰ ਰਾਜਪੂਤ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਅਤੇ ਮਨੀ ਰਾਮ ਤੋਂ ਮਨੀ ਸਿੰਘ ਕਹਿਲਾਏ ਅਤੇ ਅਪਣੇ ਸਾਰੇ ਪ੍ਰੀਵਾਰ ਸਮੇਤ ਦਸ਼ਮੇਸ਼ ਪਿਤਾ ਦੀ ਹਜ਼ੂਰੀ ਵਿਚ ਰਹੇ ਅਤੇ ਹਰ ਜੰਗ ਵਿਚ ਵੱਧ ਚੜ ਕੇ ਹਿੱਸਾ ਲਿਆ। ਜਦੋਂ ਪਹਾੜੀ ਰਾਜਿਆਂ ਨੇ ਗੜ੍ਹ ਅੰਨਦਪੁਰ ਨੂੰ ਘੇਰਾ ਪਾਇਆ ਅਤੇ ਸ਼ਰਾਬ ਨਾਲ ਮਸਤ ਹਾਥੀ ਕਿਲ੍ਹੇ ਦਾ ਦਰਵਾਜਾ ਤੋੜਨ ਲਈ ਲੋਹੇ ਦੀਆਂ ਤਵੀਆਂ ਨਾਲ ਮੜ ਕਿਲ੍ਹੇ ਵੱਲ ਤੋਰਿਆ ਤਾਂ ਭਾਈ ਬਚਿਤ੍ਰ ਸਿੰਘ ਪੁੱਤਰ ਮਨੀ ਸਿੰਘ ਨੇ ਦਸ਼ਮੇਸ਼ ਪਿਤਾ ਕੋਲੋਂ ਅਸ਼ੀਰਵਾਦ ਲੈਕੇ ਹਾਥੀ ਦੇ ਸਿਰ ਵਿਚ ਐਸਾ ਨੇਜ਼ਾ (ਨਾਗਣੀ ਨੇਜ਼ਾ) ਮਾਰਿਆ ਜੋ ਲੋਹੇ ਦੀਆਂ ਤਵੀਆਂ ਨੂੰ ਚੀਰ ਕੇ ਹਾਥੀ ਦੇ ਸਿਰ ਵਿਚ ਜਾ ਖੁਭਿਆਂ ਅਤੇ ਹਾਥੀ ਪੀੜ ਨਾ ਸਹਾਰਦਾ ਹੋਇਆ ਪੁੱਠਾ ਪਹਾੜੀ ਰਾਜਿਆਂ ਦੀ ਫੌਜ ਨੂੰ ਰੌਦਦਾ ਹੋਇਆ ਭੱਜ ਗਿਆ। ਇਸੇ ਜੰਗ ਵਿਚ ਬਚਿਤਰ ਸਿੰਘ ਦੇ ਛੋਟੇ ਭਾਈ ਉਦੇ ਸਿੰਘ ਨੇ ਪਹਾੜੀ ਰਾਜੇ ਕੇਸਰੀ ਚੰਦ ਜਸਵਾਰੀਏ ਦਾ ਸਿਰ ਵੱਡ ਕੇ ਲਿਆਂਦਾ। ਇਸੇ ਤਰਾਂ ਭਾਈ ਮਨੀ ਸਿੰਘ ਨੂੰ ਵਿਸਾਖੀ 1748 ਬਿਕਰਮੀ ਨੂੰ ਦਸ਼ਮੇਸ਼ ਪਿਤਾ ਨੇ ਦਿਵਾਨ ਥਾਪਿਆ ਅਤੇ ਜੇਠ ਸੁਦੀ 3, 1755 ਬਿਕਰਮੀ ਨੂੰ ਭਾਈ ਮਨੀ ਸਿੰਘ ਨੂੰ ਪੰਜ ਸਿੱਖ ਦੇ ਕੇ ਗੁਰੂ ਕੇ ਚੱਕ (ਅੰਮ੍ਰਿਤਸਰ) ਭੇਜਿਆ।
ਭਾਈ ਮਨੀ ਸਿੰਘ ਦੇ 10 ਭਰਾ, 9 ਪੁੱਤਰ ਅਤੇ 10 ਪੋਤਰੇ ਗੁਰੂ ਸਾਹਿਬ ਦੀਆਂ ਜੰਗਾਂ ਵਿਚ ਸ਼ਹੀਦ ਹੋਏ। ਜੇ ਭਾਈ ਮਨੀ ਸਿੰਘ ਦੇ ਬਾਬਾ ਜੀ ਅਤੇ ਉਨ੍ਹਾਂ ਦੇ ਭਰਾ, ਤਾਏ, ਚਾਚੇ ਅਤੇ ਉਨ੍ਹਾਂ ਦੀ ਔਲਾਦ, ਜੋ ਗੁਰੂ ਸਾਹਿਬ ਦੀਆਂ ਜੰਗਾਂ ਵਿਚ ਸ਼ਹੀਦ ਹੋਏ, ਦੀ ਗਿਣਤੀ ਕਰੀਏ ਤਾਂ ਇਨ੍ਹਾਂ ਦੀ ਗਣਿਤੀ 52 ਹੋ ਜਾਂਦੀ ਹੈ, ਜਿਵੇਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਸ਼ਮੇਸ਼ ਪਿਤਾ ਨੇ ਨੰਦੇੜ ਤੋਂ ਪੰਜਾਬ ਭੇਜਿਆ ਤਾਂ ਉਸ ਦੇ ਨਾਲ ਪੰਜ ਸਿੰਘਾਂ ਵਿੱਚ ਭਾਈ ਭਗਵੰਤ ਸਿੰਘ, ਕਉਰ ਸਿੰਘ, ਬਾਜ ਸਿੰਘ, ਬਿਨੋਦ ਸਿੰਘ ਅਤੇ ਕ੍ਹਾਨ ਸਿੰਘ ਵੀ ਭੇਜੇ ਸਨ। ਇਨ੍ਹਾਂ ਵਿਚੋਂ ਭਗਵੰਤ ਸਿੰਘ, ਕਉਰ ਸਿੰਘ ਤੇ ਬਾਜ ਸਿੰਘ ਤਿੰਨੇ ਹੀ ਭਾਈ ਮਨੀ ਸਿੰਘ ਦੇ ਚਾਚੇ ਨਠੀਏ ਦੇ ਪੁੱਤਰ ਸਨ। ਸਰਹਿੰਦ ਫਤਿਹ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਾਜ ਸਿੰਘ ਨੂੰ ਸਰਹਿੰਦ ਦਾ ਗਵਰਨਰ ਥਾਪਿਆ। ਇਨ੍ਹਾਂ ਤਿੰਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਦਿੱਲੀ ਵਿਚ ਸ਼ਹਾਦਤ ਪਾਈ, ਜਿਸ ਬਾਰੇ ਭੱਟ ਵਹੀ ਭਾਦਸੋਂ, ਪ੍ਰਗਣਾ ਥਾਨੇਸ਼ਰ ਵਿਚ ਇਸ ਤਰਾਂ ਦਰਜ ਕੀਤਾ ਗਿਆ ਹੈ :-
‘ਭਗਵੰਤ ਸਿੰਘ ਬੇਟਾ ਨਠੀਆ ਕਾ, ਕਉਰ ਸਿੰਘ ਬੇਟਾ ਨਠੀਆ ਕਾ, ਬਾਜ ਸਿੰਘ ਬੇਟਾ ਨਠੀਆ ਕਾ ਸ਼ਾਮ ਸਿੰਘ ਬੇਟਾ ਨਠੀਆ ਕਾ ਪੋਤੇ ਬੱਲੂ ਰਾਉ ਪੜਪੋਤੋਂ ਨਾਇਕ ਮੂਲ ਚੰਦ ਕੇ ਚੰਦਰ ਬੰਸੀ ਭਾਰਦਵਾਜੀ ਗੋੜ੍ਹੇ ਪੁਆਰੇ ਬੰਸ ਬੀਝੇ ਕਾ ਬੰਝਰਾਵਤ ਜਲਾਨੇ ਸੰਮਤ 1773 ਅਸਾਢ ਮਾਸੇ ਸੁਦੀ ਏਕਮ ਕੇ ਦਿਵਸ ਸਵਾ ਪਹਿਰ ਦਿਹੁੰ ਚਢੇ ਬਖਤਯਰ ਕਾਕੀ ਦੇ ਮਕਬਰੇ ਪਾਸ ਜਮਨਾ ਨਦੀ ਦੇ ਕਿਨਾਰੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਸ਼ਹਾਦਤਾਂ ਪਾਇ ਗਏ।’(ਪੰਨਾ 199 ਗੁਰੂ ਕੀਆਂ ਸਾਖੀਆਂ) ਜਿਥੇ ਭਾਈ ਮਨੀ ਸਿੰਘ ਦੇ ਪ੍ਰੀਵਾਰ ਨੇ ਲੜਾਈਆਂ ਵਿਚ ਸ਼ਹੀਦੀਆਂ ਪਾਈਆਂ ਉਥੇ ਭਾਈ ਮਨੀ ਸਿੰਘ ਨੇ ਘੋਰ ਸੰਕਟ ਦੇ ਸਮੇਂ ਹਰਿਮੰਦਰ ਸਾਹਿਬ ਦੀ ਸੇਵਾ ਕੀਤੀ ਅਤੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕਥਾ ਸੁਣਾਉਂਦੇ ਰਹੇ ਅਤੇ ਵਾਹਿਗੁਰੂ ਦਾ ਭਾਣਾ ਮੰਨਦੇ ਹੋਏ ਅਸਾੜ ਸੁਦੀ ਪੰਚਮੀ 1791 ਬਿਕਰਮੀ ਨੂੰ ਲਾਹੌਰ ਵਿਚ ਬੰਦ ਬੰਦ ਕਟਵਾ ਕੇ ਸ਼ਹੀਦੀ ਪਾਈ। ਇਸ ਬਾਰੇ,’ਭੱਟ ਵਹੀ ਮੁਲਤਾਨੀ ਸਿੰਧੀ ਵਿਚ ਇੰਜ ਲਿਖਿਆ ਹੈ :-
‘ਮਨੀ ਸਿੰਘ ਬੇਟਾ ਮਾਈ ਦਾਸ ਕਾ ਪੋਤਾ ਬੱਲੂ ਕਾ ਪੜਪੋਤਾ ਮੂਲੇ ਕਾ ਸ਼ਾਹੀ ਹੁੱਕਮ ਗੈਲ ਸੰਮਤ ਸਤਰਾਂ ਸੌ ਇਕਾਨਮੇ ਅਸਾਢ ਸੁਦੀ ਪੰਚਮੀ ਲਾਹੌਰ ਕੇ ਮਲਹਾਨ ਛੇ ਘੜੀ ਦਿਹੂੰ ਚਢੇ ਬੰਦ ਬੰਦ ਕਾਟ ਭੂੰ ਕਾਟ ਆਇਆ ਗੇਲ ਜਗਤ ਸਿੰਘ ਬੇਟਾ ਮਾਈਦਾਸ ਕਾ ਚਿੱਤਰ ਸਿੰਘ ਬੇਟਾ ਮਨੀ ਸਿੰਘ ਕਾ ਗੁਰਬਕਸ਼ ਸਿੰਘ ਬੇਟਾ ਮਨੀ ਸਿੰਘ ਕਾ ਮਾਰੇ ਗਏ। (ਪੰਨਾ 21 ਗੁਰੂ ਕੀਆਂ ਸਾਖੀਆਂ) ਇਥੇ ਇਹ ਦਸਣਾ ਜਰੂਰੀ ਹੈ ਜਿਨ੍ਹਾਂ ਬੀਬੀਆਂ ਦਾ ਅਸੀਂ ਹਰ ਰੋਜ਼ ਅਰਦਾਸ ਵਿਚ ਜਿਕਰ ਕਰਦੇ ਹਾਂ ਉਹ ਕੋਈ ਹੋਰ ਨਹੀਂ ਸਗੋਂ ਸ਼ਹੀਦ ਭਾਈ ਮਨੀ ਸਿੰਘ ਦੇ ਪ੍ਰੀਵਾਰ ਦੀਆਂ ਹੀ ਸਨ, ਜਿਨ੍ਹਾਂ ਨੇ ਮਾਤਾ ਸੀਤੋਂ ਬਾਈ ਜੀ (ਬਸੰਤ ਕੌਰ) ਦੀ ਅਗਵਾਈ ਹੇਠ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਅਪਣੀ ਝੋਲੀ ਵਿਚ ਪਵਾਏ ਅਤੇ ਗੁਰੂ ਦੇ ਭਾਣੇ ਨੂੰ ਮੰਨ ਕੇ ਅਡੋਲ ਰਹੀਆਂ, ਸ਼ਹੀਦੀਆਂ ਪਾਈਆਂ ਅਤੇ ਸ਼ਾਂਤੀ ਨਾਲ ਸਿੱਖੀ ਸਿਦਕ ਨਿਭਾਇਆ।
ਅਜੋਕੇ ਸਮੇਂ ਵਿਚ ਵੀ ਪੰਜਾਬ ਦੇ ਰਾਜਪੂਤ ਸਿੱਖੀ ਸਰਪੂ ਵਿਚ ਹਨ। ਜੇ ਅਸੀਂ ਗੁਰੂ ਘਰ ਦੇ ਸੇਵਾਦਾਰਾਂ, ਗ੍ਰੰਥੀਆਂ, ਰਾਗੀ ਤੇ ਢਾਡੀਆਂ ਦੀ ਪੜਤਾਲ ਕਰੀਏ ਤਾਂ ਇਸ ਦਾ ਪ੍ਰਮਾਣ ਮਿਲ ਜਾਂਦਾ ਹੈ ਕਿ ਅੱਜ ਵੀ ਗੋਆਰ ਗੁਰੂ ਘਰ ਨਾਲ ਹੀ ਜੁੜੇ ਹਨ ।ਬਾਬਾ ਬਲਬੀਰ ਸਿੰਘ ਵਲਜੋਤ, ਜਥੇਦਾਰ ਬਾਬਾ ਬੁੱਡਾ ਦੱਲ ਛਿਆਨਵੇ ਕਰੋੜੀ ਗਿਆਨੀ ਅਮਰਜੀਤ ਸਿੰਘ ਚਾਕਰ, ਜਿਨ੍ਹਾਂ ਨੇ ਹਜ਼ੂਰੀ ਰਾਗੀ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਨਿਰੋਲ ਗੁਰਬਾਣੀ ਕੀਰਤਨ ਦੀ ਸੇਵਾ ਕੀਤੀ, ਸਵਰਗ ਵਾਸੀ ਗਿਆਨੀ ਬੱਗਾ ਸਿੰਘ (ਇੰਦਰ ਸਿੰਘ ਵਲਜੋਤ ਦੇ ਪਿਤਾ ਜੀ), ਸਵਰਗ ਵਾਸੀ ਗਿਆਨੀ ਕਰਮ ਸਿੰਘ ਜੀ, ਸਵਰਗ ਵਾਸੀ ਢਾਡੀ ਜੋਗਿੰਦਰ ਸਿੰਘ ਸ਼ੇਰਪੁਰੀ ਫਰੀਦ ਕੋਟ (ਜਿਨ੍ਹਾਂ ਨੂੰ ਢਾਡੀ ਜਗਤ ਦਾ ਬੋਹੜ ਕਿਹਾ ਜਾਂਦਾ ਸੀ), ਇੰਦਰ ਜੀਤ ਸਿੰਘ ਸ਼ੇਰਪੁਰੀ ਦੀ ਸਰੰਗੀ ਪਹਿਚਾਨ ਦੀ ਮੋਹਤਾਜ ਨਹੀਂ ਜਿਸ ਨੇ ਦੇਸ਼ ਵਿਦੇਸ਼ ਵਿਚ ਧੁੰਮਾਂ ਪਾਈਆਂ ਹਨ. ਇਹ ਸਾਰੇ ਗੋਆਰ ਰਾਜਪੂਤ ਸਮਾਜ ਦੇ ਅਨਮੋਲ ਹੀਰੇ ਹਨ। ਜੇ ਇਸ ਸਮਾਜ ਦੇ ਸਾਰੇ ਰਾਗੀ, ਢਾਡੀ ਅਤੇ ਗੁਰੂ ਘਰ ਦੇ ਸੇਵਾਦਾਰਾਂ ਦੇ ਨਾਂ ਦਿੱਤੇ ਜਾਣ ਤਾਂ ਇਹ ਸੂਚੀ ਬਹੁਤ ਲੰਮੀ ਹੋ ਜਾਵੇਗੀ, ਉਪਰੋਕਤ ਨਾਂ ਤਾਂ ਸਿਰਫ ਮਿਸਾਲ ਲਈ ਹੀ ਦਿੱਤੇ ਗਏ ਹਨ।
ਸ਼ਹੀਦ ਭਾਈ ਮਨੀ ਸਿੰਘ ਜੀ
ਗੁਰੂ ਸਾਹਿਬ ਦੇ ਸਮੇਂ ਕਈ ਸਿੱਖਾਂ ਦੇ ਸੰਪੂਰਨ ਪ੍ਰੀਵਾਰਾਂ ਦੇ ਪ੍ਰੀਵਾਰ ਹੀ ਗੁਰੂ ਘਰ ਲਈ ਕੁਰਬਾਨ ਹੋ ਗਏ। ਉਨ੍ਹਾਂ ਵਿਚੋਂ ਇਕ ਸਿਦਕੀ ਪ੍ਰੀਵਾਰ ਭਾਈ ਮਨੀ ਸਿੰਘ ਜੀ ਦਾ ਹੈ। ਇਸ ਪ੍ਰੀਵਾਰ ਵਿਚ ਬਹੁਤ ਸਿਦਕੀ ਸਿੱਖ ਅਤੇ ਜੋਧੇ ਹੋਏ ਹਨ। ਭਾਈ ਮਨੀ ਸਿੰਘ ਜੀ ਦੇ ਪ੍ਰੀਵਾਰ ਦੀਆਂ ਕੁਰਬਾਨੀਆਂ ਦੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ। ਜਦੋਂ ਤੋਂ ਗੁਰੂ ਸਾਹਿਬ ਨੂੰ ਜੁਲਮ ਦੇ ਵਿਰੁਧ ਸਮੇਂ ਦੇ ਹਾਕਮਾਂ ਨਾਲ ਲੋਹਾ ਲੈਣਾ ਪਿਆ, ਇਸ ਪ੍ਰੀਵਾਰ ਦੇ ਸਿਰਲੱਥ ਜੋਧੇ ਕੁਰਬਾਨੀ ਦੇਂਦੇ ਹੋਏ ਮੈਦਾਨ ਵਿਚ ਅਗਲੀਆਂ ਕਤਾਰਾਂ ਵਿਚ ਖੜੇ। ਭਾਈ ਮਨੀ ਸਿੰਘ ਜੀ ਸ਼ਹੀਦ ਦੇ ਦਾਦਾ ਜੀ ਬੱਲੂ ਰਾਏ ਛੇਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਗੁਰੂ ਕੇ ਚੱਕ ਸ਼ਾਹੀ ਫੌਜਾਂ ਨਾਲ 74 ਸਾਲ ਦੀ ਉਮਰ ਵਿਚ ਵੀਰਤਾ ਦੇ ਜੌਹਰ ਦਿਖਾਂਦੇ ਹੋਏ ਮੁਰਤਜਾ ਖਾਨ ਨੂੰ ਮਾਰ ਕੇ ਸ਼ਹੀਦ ਹੋਏ। ਜਿਸ ਬਾਰੇ, ਭੱਟ ਵਹੀਆਂ ਵਿਚ ਇੰਦਰਾਜ਼ ਇਸ ਤਰਾਂ ਹੈ:-
‘ਬੱਲੂ ਬੇਟਾ ਮੂਲੇ ਦਾ ਪੋਤਾ ਰਾਓ ਦਾ ਪੜਪੋਤਾ ਚਾਹੜ ਦਾ ਚੰਦ੍ਰਬੰਸੀ ਭਾਰਦਵਾਜੀ ਗੋਤਰ ਪੁਆਰ ਬੰਸ ਬੀਝੇ ਕਾ ਬੰਝਰਉਂਤ ਰਦਉਂਤ ਜਲ੍ਹਾਨਾ। ਸਾਲ ਸੋਲਾਂ ਸੈ ਇਕਾਨਮੇ ਵੈਸਾਖ ਪ੍ਰਵਿਸ਼ਟੇ ਸਤਾਰਾਂ ਸੋਮਵਾਰ ਕੇ ਦਿਹੁੰ ਗੁਰੂ ਚੱਕ ਕੇ ਮਲ੍ਹਾਨ ਪਰਗਣਾਂ ਨਿਝਰਆਲਾ, ਗੁਰੂ ਕੇ ਬਚਨ ਪਾਇ ਸਾਹਵੇਂ ਮਾਥੇ ਰਣ ਮੇਂ ਮੁਰਤਜਾ ਖਾਨ ਕੋ ਮਾਰ ਕੇ ਮਰਾ। ਗੈਲੋਂ ਕੀਰਤ ਬੇਟ ਭਿੱਖਾ ਦਾ ਪੋਤਾ ਰਈਏ ਕਾ ਪੜਪੋਤਾ ਨਰਸੀ ਕਾ, ਬੰਸ ਭਗੀਰਥ ਕਾ ਕੋਸ਼ਸ਼ ਗੋਤ੍ਰਾ ਗੌੜ ਬਰਾਹਮਣ ਰਣ ਮੇਂ ਜੂਝ ਮਰਾ। (ਪੰਨਾ 19 ਗੁਰੂ ਕੀਆਂ ਸਾਖੀਆਂ)
ਉਪਰੋਕਤ ਭੱਟ ਵਹੀ ਤੋਂ ਸਾਫ ਪਤਾ ਲਗਦਾ ਹੈ, ਕਿ ਭਾਈ ਮਨੀ ਸਿੰਘ ਜੀ ਸ਼ਹੀਦ ਨੂੰ ਕੁਰਬਾਨੀ ਅਤੇ ਜੁਲਮ ਨਾਲ ਟੱਕਰ ਲੈਣ ਦੀ ਗੁੜਤੀ ਵਿਰਸੇ ਵਿਚ ਮਿਲੀ। ਇਸ ਤੋਂ ਪਹਿਲਾਂ ਕਿ ਸ਼ਹੀਦ ਭਾਈ ਮਨੀ ਸਿੰਘ ਦੇ ਜੀਵਨ ਬਾਰੇ ਗਲ ਤੋਰੀਏ, ਇਹ ਸ਼ੰਕੇ ਦੂਰ ਕਰ ਲੈਣੇ ਚਾਹੀਦੇ ਹਨ, ਕਿ ਬੰਦ ਬੰਦ ਕਟਵਾਉਣ ਵਾਲਾ ਮਹਾਨ ਸ਼ਹੀਦ ਭਾਈ ਮਨੀ ਸਿੰਘ ਪੁੱਤਰ ਮਾਈਦਾਸ ਪੋਤਾ ਬਲੂੰ ਕਾ ਚੰਦਰਵੰਸੀ ਭਾਰਦਵਾਜੀ ਗੋਤ੍ਰ ਪੰਵਾਰ ਬੰਸ ਬੀਝੇ ਕਾ ਬੰਝਰਾਉਂਤ ਹੈ, ਜਾਂ ਭਾਈ ਮਨੀ ਸਿੰਘ ਕੰਬੋਹ ਜਿਸ ਤਰਾਂ ਭਾਈ ਕੇਸਰ ਸਿੰਘ ਲਿਖਦੇ ਹਨ, ਜਾਂ ਫੇਰ ਭਾਈ ਮਨੀ ਸਿੰਘ ਕਾਨ੍ਹੇ ਕਾਛੇ ਵਾਲੇ ਜਿਵੇਂ ਭਾਈ ਵੀਰ ਸਿੰਘ ਬੱਲ ਅਪਣੀ ਰਚਨਾ ਜੋ ਉਨ੍ਹਾਂ ਨੇ ਸਿੰਘ ਸਾਗਰ ਦੇ ਨਾਂ ਤੇ 1827 ਵਿਚ ਕੀਤੀ, ਦੇ ਵਿਚ ਉਲੇਖ ਕਰਦੇ ਹਨ ਅਤੇ ਜਾਂ ਭਾਈ ਮਨੀ ਸਿੰਘ ਦੁਲੱਟ ਜੱਟ, ਗਿਆਨੀ ਗਿਆਨ ਸਿੰਘ ਲਿਖਤ ਪੰਥ ਪ੍ਰਕਾਸ਼ ਵਿਚ ਦਰਸਾਉਂਦੇ ਹਨ। ਇਸ ਲਈ ਆਓ ਇਸ ਤੇ ਵਿਚਾਰ ਕਰੀਏ ਅਤੇ ਨਿਰਣਾ ਕਰੀਏ ਕਿ ਬੰਦ ਬੰਦ ਕਟਵਾਉਣ ਵਾਲਾ ਸ਼ਹੀਦ ਭਾਈ ਮਨੀ ਸਿੰਘ ਕੌਣ ਸੀ।
ਭਾਈ ਮਨੀ ਸਿੰਘ ਕੰਬੋਹ :-
ਗਿਆਨੀ ਗਰਜਾ ਸਿੰਘ ਜੀ, ‘ਸ਼ਹੀਦ ਬਿਲਾਸ’ ਵਿਚ ਲਿਖਦੇ ਹਨ ‘ਭਾਈ ਮਨੀ ਸਿੰਘ ਦੀ ਕੰਬੋਹ ਵੰਸ ਵਿਚ ਉਪਜ ਮੰਨਣ ਵਾਲੇ ਪ੍ਰਥਮੇ ਭਾਈ ਕੇਸਰ ਸਿੰਘ ਜੀ ਛਿੱਬਰ ਹਨ ਅਤੇ ਇਹ ਦਾਵਾ ਕਰਦੇ ਹਨ ਕਿ ਅਸਾਂ ਦਸ਼ਮੇਸ਼ ਜੀ ਦੇ ਮਾਮਾ ਬਾਬਾ ਕ੍ਰਿਪਾਲ ਸਿੰਘ ਸਮੇਤ ਭਾਈ ਮਨੀ ਸਿੰਘ ਕੰਬੋਹ ਦੇ ਦਰਸ਼ਨ ਕੀਤੇ ਸਨ। ਨਾਲ ਹੀ ਕੇਸਰ ਸਿੰਘ ਛਿੱਬਰ ਜੀ ਮੰਨਦੇ ਹਨ ਕਿ ਉਸ ਵੇਲੇ ਉਹ ਬਾਲਕ ਸੀ, ਪੰਜ ਜਾਂ ਛੇ ਵਰਿਆਂ ਦਾ ਹੀ ਸੀ। ਇਸ ਲਈ ਉਸ ਦੀ ਕਹੀ ਗੱਲ ਤੇ ਯਕੀਨ ਨਹੀਂ ਕੀਤਾ ਜਾ ਸਕਦਾ। ਲਗਦਾ ਹੈ ਭਾਈ ਕੇਸਰ ਸਿੰਘ ਛਿੱਬਰ ਜੀ ਨੂੰ ਕੋਈ ਭੁਲੇਖਾ ਲਗਾ ਹੈ, ਇਸ ਲਈ ਉਹ ਭਾਈ ਮਨੀ ਸਿੰਘ ਮੁਲਤਾਨੀ, ਗੋਤ੍ਰ ਪਵਾਰ ਨੂੰ ਹੀ ਕੰਬੋਹ ਲਿਖ ਗਏ।
ਭਾਈ ਮਨੀ ਸਿੰਘ ਦੁਲੱਟ :-
ਗਿਆਨੀ ਗਰਜਾ ਸਿੰਘ ਜੀ ਅਨੁਸਾਰ ਭਾਈ ਮਨੀ ਸਿੰਘ ਨੂੰ ਦੁਲੱਟ ਲਿਖਣ ਵਾਲੇ ਗਿਆਨੀ ਗਿਆਨ ਸਿੰਘ ਜੀ ਹਨ, ਜੋ ਆਪ ਦੁਲੱਟ ਜੱਟ ਹਨ, ਸਬੂਤ ਵਜੋਂ ਹੇਠ ਲਿਖੇ ਉਦਾਹਰਣ ਪੇਸ਼ ਕੀਤੇ ਹਨ :-
ਮਨੀ ਸਿੰਘ ਕੇ ਥੇ ਜੋ ਬਹਾਦਰ।
ਵਹਿ ਭੀ ਬਸੈ ਤਹਾਂ ਕੀ ਸਾਦਰ।
ਜਿਨ ਮੇ ਸੇ ਇਕ ਸਿੰਘ ਨਗਾਹੀਆ।
ਬਿਦਤ ਡਕੈਤ ਭਯੋ ਨਗਾਹੀਆ।
ਹੈ ਸੰਤਤ ਤਿਹ ਠਾਂ ਅਬ ਤਾਹਿ।
ਭਯੋ ਕਵਿ ਯਹਿ ਜਿਸ ਕੁਲ ਮਾਹਿ।
ਤਿਨ ਕੇ ਡੂਮ ਸਾਹਸੀ ਭਾਟ।
ਯਾਹੀ ਸੁਨਾਯੋ ਜੋ ਠਾਟ।
(ਪੰਥ ਪ੍ਰਕਾਸ਼, ਪਹਿਲੀ ਛਾਪ, ਬਿਸਰਾਮ ਤ੍ਰਿਤਾਲੀ ਸਵੋ)
ਮਨੀ ਸਿੰਘ ਕੀ ਕੰਹੋ ਗਾਥਾ। ਸੁਨੋ ਖਾਲਸਾ ਜੀ ਹਿਤ ਸਾਥਾ। ਬਹੁ ਬਿਰਪਨ ਤੇ ਜਯੋ ਹਮਸੁਨੀ। ਲਿਖੀ ਪਿਖੀ ਜੇਤਕ ਸੋ ਗੁਨੀ…।
(ਪੰਥ ਪ੍ਰਕਾਸ਼, ਦੂਸਰੀ ਛਾਪ ਲਾਹੋਰੀ, ਪਨਾ 278) ਇਸ ਤੋਂ ਸਾਫ ਹੋ ਜਾਂਦਾ ਹੈ ਕਿ ਗਿਆਨੀ ਗਿਆਨ ਸਿੰਘ ਆਪ ਹੀ ਮੰਨਦੇ ਹਨ ਕਿ ਉਨ੍ਹਾਂ ਨੇ ਇਹ ਸੁਣੀ ਸੁਣਾਈ ਲਿਖੀ ਹੈ, ਅਤੇ ਪੰਡਾ ਸ੍ਰੀ ਕੰਠ ਪੁੱਤਰ ਲਖਸ਼ਮੀ ਕਾਂਤ ਦਾ ਕੁਰੂਖਛੇਤਰ ਵਿਚ ਦਰਜ ਹੈ:-
‘ਹਮੀਰ ਸਿੰਘ, ਮਹਾਰਾਜ ਸਿੰਘ, ਥਰਾਜ ਸਿੰਘ, ਤਾਰਾ ਸਿੰਘ, ਬਖਤਾ ਸਿੰਘ, ਰੁਘਾ ਸਿੰਘ, ਸੁਜਾਨ ਸਿੰਘ ਨਗਾਹੀਏ ਕੇ ਬੇਟੇ ਕਾਲਾ ਸਿੰਘ ਕੇ ਪੋਤੇ…) ਆਏ ਦੀਦਾਰ ਸਿੰਘ, ਸਦਾ ਸਿੰਘ, ਗਿਆਨ ਸਿੰਘ, ਭਾਗ ਸਿੰਘ ਕੇ ਬੇਟੇ, ਭਾਗ ਸਿੰਘ, ਬਖਤਾ ਸਿੰਘ ਕਾ ਬੇਟਾ, ਨਗਾਹੀਆ ਕਾ ਪੋਤਾ, ਦੀਦਾਰ ਸਿੰਘ, ਸਦਾ ਸਿੰਘ, ਗਿਆਨ ਸਿੰਘ, ਭਾਗ ਸਿੰਘ ਕੇ ਬੇਟੇ ਆਏ। (ਪੰਨਾ 13 ਸ਼ਹੀਦ ਬਿਲਾਸ ਭਾਈ ਮਨੀ ਸਿੰਘ)
ਉਪਰੋਕਤ ਪੈਰੇ ਵਿਚ ਗਿਆਨੀ ਗਿਆਨ ਸਿੰਘ ਤੇ ਉਸ ਦੇ ਵੱਡੇ ਵੱਡੇਰਿਆਂ ਦਾ ਜਿਕਰ ਤਾਂ ਹੈ ਪਰ ਭਾਈ ਮਨੀ ਸਿੰਘ ਦਾ ਕਿਧਰੇ ਜਿਕਰ ਨਹੀਂ ਆਉਂਦਾ। ਲਗਦਾ ਹੈ ਗਿਆਨੀ ਗਿਆਨ ਸਿੰਘ ਖੁੱਦ ਦੁਲੱਟ ਗੋਤ ਵਿਚੋਂ ਹਨ, ਇਸ ਲਈ ਭਾਈ ਮਨੀ ਸਿੰਘ ਨੂੰ ਆਪਣੇ ਨਾਲ ਜੋੜ ਰਹੇ ਹਨ। ਇਕ ਭਾਈ ਕੇਸਰ ਸਿੰਘ ਛਿੱਬਰ ਦੇ ਕਹਿਣ ਤੇ ਕੰਬੋਹ ਅਤੇ ਦੂਸਰਾ ਦੁਲੱਟ। ਗਿਆਨੀ ਗਿਆਨ ਸਿੰਘ ਜੀ ਨੇ ਪਹਿਲੀ ਛਾਪ ਵਿਚ ਭਾਈ ਮਨੀ ਸਿੰਘ ਦੇ ਪਿਤਾ ਦਾ ਨਾਂ ਬੀਕਾ ਤੇ ਉਸ ਦੇ ਅੱਗੇ ਨਗਾਹੀਆ ਸਿੰਘ ਆਦਿ ਪੰਜ ਪੁੱਤਰ ਦਸੇ ਹਨ। ਗਿਆਨੀ ਗਿਆਨ ਸਿੰਘ ਜੀ ਨੇ ਇਹ ਸਾਫ ਲਿਖਿਆ ਹੈ ਕਿ ਇਹ ਮੈਂ ਡੂੰਮਾਂ ਤੇ ਸਾਂਸੀਆਂ ਪਾਸੋਂ ਸੁਣਿਆ ਹੈ। ਦੂਸਰੀ ਸ਼ਾਪ ਵਿਚ ਬਿਰਧਾਂ ਦੇ ਬਿਆਨ ਦੇ ਅਧਾਰ ਤੇ ਬੀਕੇ ਦੀ ਜਗ੍ਹਾ ਕਾਲਾ ਤੇ ਨਗਾਹੀਆ ਸਿੰਘ ਦਾ ਇਕੋ ਭਰਾ ਮਨੀ ਸਿੰਘ ਦਸਿਆ ਹੈ। ਇਸ ਲਈ ਗਿਆਨੀ ਗਿਆਨ ਸਿੰਘ ਨੇ ਭਾਈ ਮਨੀ ਸਿੰਘ ਮੁਲਤਾਨੀ ਕੌਮ ਪਵਾਰ ਨੂੰ ਹੀ ਦੁੱਲਟ ਬਣਾ ਲਿਆ ਜਿਸ ਦਾ ਅਸਲ ਵਿਚ ਕੋਈ ਸਬੂਤ ਗਿਆਨੀ ਗਿਆਨ ਸਿੰਘ ਕੋਲ ਨਹੀਂ ਹੈ ਅਤੇ ਨਾ ਹੀ ਉਸ ਦਾ ਕੋਈ ਵਜੂਦ ਹੀ ਸਾਹਮਣੇ ਹੈ।
ਭਾਈ ਮਨੀ ਸਿੰਘ ਕਾਨ੍ਹੇ ਕਾਫੀਆ :-
ਭਾਈ ਮਨੀ ਸਿੰਘ ਨੂੰ ਕਾਨ੍ਹੇ ਕਾਛਾ ਪ੍ਰਗਣਾ ਲਾਹੌਰ ਦਾ ਲਿਖਣ ਵਾਲਾ ਭਾਈ ਵੀਰ ਸਿੰਘ ਬੱਲ ਮਾਝੇ ਦੇ ਨਗਰ ਸਠਿਆਲੇ ਦਾ ਨਿਵਾਸੀ ਸੀ। ਇਸ ਨੇ 1884 (1829 ਈ:) ਨੂੰ, ‘ਸਿੰਘ ਸਾਗਰ’ ਨਾਂ ਦੀ ਪੁਸਤਕ ਵਿਚ ਇਹ ਲਿਖਦਾ ਹੈ:-
ਲੋ ਕੁਸ਼ ਕੇ ਅੰਤੇ, ਕਾਨਾ ਕਾਛਾ ਗਿਰਾਉ ।
ਤਹਿ ਪੁਰ ਜਿਹ ਭੱਟ ਭਵ ਲਯੋ ਮਨੀ ਸਿੰਘ ਤਿਹ ਨਾਓ। (ਅਧਿਆਏ 21)
ਭਾਈ ਵੀਰ ਸਿੰਘ ਬੱਲ ਦਾ ਕਥਨ ਹੈ ਕਿ ਭਾਈ ਮਨੀ ਸਿੰਘ ਨੇ ਕਾਨਾ ਕਾਛਾ ਨਗਰ ਵਿਚ ਜਨਮ ਲਿਆ। ਅਸਲ ਵਿਚ ਇਹ ਠੀਕ ਨਹੀਂ, ਭਾਈ ਮਨੀ ਸਿੰਘ ਮੁਲਤਾਨੀ ਬੰਸ ਚੰਦਰਬੰਸੀ ਭਾਰਦਵਾਜੀ ਪੰਵਾਰ ਗੋਤ, ਬੀਝੇ ਕੇ ਬੰਜਰਾਉਤ ਰਾਜਪੂਤ ਦੇ ਦੂਸਰੇ ਤੇ ਤੀਸਰੇ ਪੁੱਤਰ (ਬਚਿਤਰ ਸਿੰਘ, ਉਦੇ ਸਿੰਘ) ਦੀ ਉਲਾਦ ਕਾਨੇ ਕਾਛੇ ਪਿੰਡ ਮਰਲ ਭੈਣੀ ਆਦਿ ਨਗਰਾਂ ਵਿਚ ਆ ਕੇ ਅਬਾਦ ਹੋ ਗਈ। ਹੋ ਸਕਦਾ ਹੈ ਭਾਈ ਵੀਰ ਸਿੰਘ ਬੱਲ ਨੂੰ ਇਹ ਹੀ ਭੁਲੇਖਾ ਲਗਿਆ ਹੋਵੇ ਤੇ ਉਸ ਨੇ ਭਾਈ ਮਨੀ ਸਿੰਘ ਮੁਲਤਾਨੀ ਨੂੰ ਹੀ ਕਾਨੇ ਕਾਛੇ ਦਾ ਵਸਨੀਕ ਦਸਿਆ। ਇਸ ਤਰਾਂ ਇਹ ਸਾਫ ਹੋ ਜਾਂਦਾ ਹੈ ਕਿ ਭਾਈ ਮਨੀ ਸਿੰਘ ਇਕ ਹੀ ਹੋਇਆ ਹੈ, ਜਿਸ ਦੇ ਵੱਡ ਵੱਡੇਰੇ ਪਹਿਲਾਂ ਖਾਨ ਦੇਸ਼ ਤੋਂ ਹਿਮਾਚਲ ਪ੍ਰਦੇਸ਼ ਦੇ ਨਗਰ ਨਾਹਨ ਆ ਟਿਕੇ। ਬਾਅਦ ਵਿਚ ਅਲੀਪੁਰ ਪ੍ਰਗਨਾ ਮੁਲਤਾਨ ਵਿਚ ਜਾ ਵਸੇ। ਸੰਮਤ 1582 ਬਿ: (1525 ਈ:) ਰਾਉ ਬੇਟਾ ਚਾਹੜ ਦੀ ਵਧਾਈ ਸਮੇਂ ਬੀਝੇ ਦਾ ਖਾਨਦਾਨ ਨਾਹਨ ਵਿਚ ਵਸਦਾ ਸੀ, ਜੋ ਹੇਠ ਲਿਖੀ ਭੱਟ ਵਹੀ ਤੋਂ ਸਾਫ ਹੋ ਜਾਂਦਾ ਹੈ :-
‘ਬਧਾਈ ਲੀ ਰਾਉ ਕੀ ਬੇਟਾ ਚਾਹੜ ਕਾ ਪੋਤਾ ਹਾਫਾ ਕਾ ਪੜਪੋਤਾ ਜੱਲਾ ਕਾ ਚੰਦਰ ਬੰਸੀ ਮੁਞਾਨੇ ਭੋਜਾਨੇ ਬੰਸ ਬੀਂਝੇ ਕਾ ਮਿਤੀ ਅਸਾੜ ਬਦੀ ਇਕਾਦਸੀ ਸੰਬਤ 1582 ਨਾਹਨ ਕੇ ਮਲਹਾਨ ਦੇਸ ਸਿਰਮੌਰ ਦੇਸ ਮੇਂ ਏਕ ਘੋਰੋ ਦਾਨ ਕੀਆ, ਕੁੱਲ ਪਰੋਹਤ ਨਰਸੀ ਕੋ ਮਾਨਾ’ ਰਾਉ ਦੇ ਪੁੱਤਰ ਮੂਲੇ ਦੀ ਵਧਾਈ ਵਿਚ, ਜੋ ਸੰਮਤ 1600 ਬਿ: (1543 ਈ:) ਨੂੰ ਹੋਈ ਇਸ ਪ੍ਰਵਾਰ ਦਾ ਪਰਗਨਾ ਮੁਲਤਾਨ ਦੇ ਪਿੰਡ ਅਲੀਪੁਰ ਵਿਚ ਵਸਣ ਦਾ ਪਤਾ ਚਲਦਾ ਹੈ।
‘ਬਧਾਈ ਲੀ ਮੂਲੇ ਕੀ ਬੇਟਾ ਰਾਉ ਕਾ ਪੋਤਾ ਚਾਹੜ ਕਾ ਪੜਪੋਤਾ ਹਾਫਾ ਕਾ. ਪੰਵਾਰ ਬੰਸ ਬੀਝੇ ਕਾ ਬੰਝਰਾਉਤ ਰਟਉਤ ਜਲਹਾਨਾ, ਮਿਤੀ ਸਾਵਨ ਬਦੀ ਦੂਜ ਸੰਮਤ 1600 ਬਿ: ਕੋ ਅਲੀਪੁਰ ਕੇ ਮਲਹਾਨ ਪਰਗਨਾ ਮੁਲਤਾਨ ਏਕ ਊਂਟ ਏਕ ਘੋਰੋ ਦਾਨ ਕੀਆ ਕੁੱਲ ਪ੍ਰੋਹਤ ਦਰੀਆ ਕੋ ਮਾਨਾ। (ਪੰਨਾ 18 ਸ਼ਹੀਦ ਬਿਲਾਸ ਭਾਈ ਮਨੀ ਸਿੰਘ) ਉਪਰੋਕਤ ਵੇਰਵਿਆਂ ਤੋਂ ਸਾਫ ਹੋ ਜਾਂਦਾ ਹੈ ਕਿ ਬੰਦ ਬੰਦ ਕਟਵਾਉਂਣ ਵਾਲਾ ਭਾਈ ਮਨੀ ਸਿੰਘ ਕੋਈ ਹੋਰ ਨਹੀਂ, ਜਿਸ ਤਰਾਂ ਵੱਖ ਵੱਖ ਲਿਖਾਰੀਆਂ ਨੇ ਭੁੱਲੇਖੇ ਪਾਉਣ ਵਾਸਤੇ ਕਈ ਮਨੀ ਸਿੰਘ ਬਣਾ ਦਿੱਤੇ, ਪਰ ਭਾਈ ਮਨੀ ਸਿੰਘ ਮੁਲਤਾਨੀ ਬੰਸ ਪੰਵਾਰ ਰਾਜਪੂਤ ਬੀਝੇ ਕੇ ਬੰਝਰਾਉਂਤ ਬੇਟਾ ਮਾਈਦਾਸ ਪੋਤਾ ਬੱਲੂ ਰਾਏ ਹੀ ਹੈ, ਜੋ ਸਦਾ ਗੁਰੂ ਘਰ ਦੀਆਂ ਬਖਸ਼ਿਸ਼ਾਂ ਦਾ ਪਾਤਰ ਰਿਹਾ।
ਭਾਈ ਮਨੀ ਸਿੰਘ ਜੀ ਨੂੰ ਸਤਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਿ ਰਾਏ ਜੀ ਤੋਂ ਲੈ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਕ ਦਰਸ਼ਨ ਅਤੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਉਹ ਸਿੱਖੀ ਸਿਦਕ ਦੀ ਹਰ ਪ੍ਰੀਖਿਆ ਵਿਚ ਸਫਲ ਰਹੇ। ਭਾਈ ਮਨੀ ਸਿੰਘ ਸ਼ਹੀਦ ਜੀ ਦੇ ਵੱਡ ਵੱਡੇਰੇ ਵੀ ਗੁਰੂ ਘਰ ਦੀਆਂ ਬਖਸ਼ਿਸ਼ਾਂ ਦੇ ਪਾਤਰ ਰਹੇ। ਭਾਈ ਮਨੀ ਸਿੰਘ ਸ਼ਹੀਦ ਦੇ ਪਿਤਾ, ਮਾਈਦਾਸ ਦਾ ਸ਼ਾਹ ਜਹਾਨ ਦੇ ਦਰਬਾਰ ਵਿਚ ਚੰਗਾ ਰੁਤਬਾ ਸੀ। ਚੋਖਾ ਭੱਟ ਭਾਈ ਮਨੀ ਸਿੰਘ ਜੀ ਦੇ ਪਿਤਾ ਮਾਈਦਾਸ ਬਾਰੇ ਲਿਖਦਾ ਹੈ :-
‘ਮਾਈਦਾਸ ਸ਼ਾਹ ਜਹਾਂਨ ਕੋ ਮਿਲਿਆ, ਵੇਖੇ ਹਿੰਦੂ ਮੁਸਲਮਾਨ।
ਮਾਈਦਾਸ ਤੇਰੇ ਤੰਬੂ ਗੈਨ ਮਹਿ ਝੂਲੇ, ਡਿਉਢੀ ਬਾਹਰ ਖੜੇ ਦਰਬਾਨ।”
ਇਹ ਹੀ ਨਹੀਂ ਭਾਈ ਮਨੀ ਸਿੰਘ ਦੀ ਭੂਆ, ਮਲੂਕੀ, ਅਕਬਰ ਬਾਦਸ਼ਾਹ ਨੂੰ ਮਿਲੀ, ਜਿਸ ਨੇ ਉਸ ਦਾ ਬੇਟੀ ਕਰਕੇ ਮਾਣ ਕੀਤਾ ਅਤੇ ਬਹੁਤ ਵਡਿਆਈ ਦਿੱਤੀ।
ਜਿਸ ਬਾਰੇ ਚੋਖਾ ਭੱਟ ਲਿਖਦਾ ਹੈ :-
‘ਮਲੂਕੀ ਮਿਲੀ ਅਕਬਰ ਬਾਅਦਸ਼ਾਹ ਕੋ, ਜਿਹ ਬੇਟੀ ਕਹਿ ਬਿਠਲਾਈ।
ਧੜਾ ਪੰਸੇਰੀ ਕਾਠ ਕਰੋੜਾ, ਸੋਲਾਂ ਜਤੀਆਂ ਮੇਂ ਸਨਮਾਨ ਕਰਾਈ।
ਤਾਂਬਾ ਪੜ੍ਹੋ ਉਪ ਤਹਿ ਬਾਦਸ਼ਾਹ ਸੇ ਸੁਗੰਧ ਲਿਖਾਈ।
ਨਿਸਾਨ ਨਿਗਾਰਾ ਸੋਲਾਂ ਜਾਤਾਂ ਮੇਂ ਮਲੂਕੀ ਰਾਂਗੜੀ ਲਿਆਈ’।
( ਪੰਨਾ 21 – ‘ਸ਼ਹੀਦ ਬਿਲਾਸ ਭਾਈ ਮਨੀ ਸਿੰਘ)
ਭਾਈ ਮਨੀ ਸਿੰਘ ਦੇ ਪਿਤਾ ਜੀ ਬਾਰਾਂ ਭਰਾ ਭਾਈ ਮਲੂਕਾ, ਭਾਈ ਰੂੜੀਆ, ਭਾਈ ਰੂਪੀਆ, ਭਾਈ ਜੈਮਲ, ਭਾਈ ਬੀਰੀਆ, ਭਾਈ ਨੇਤਾ, ਭਾਈ ਸਾਹੂ, ਭਾਈ ਸੁੰਦਰ, ਭਾਈ ਮਾਧੋ, ਭਾਈ ਰਈਆ, ਭਾਈ ਸੁਹੇਲਾ ਅਤੇ ਭਾਈ ਮਾਈਦਾਸ ਅਤੇ ਤੇਰਵੀਂ ਭੈਣ ਮਲੂਕੀ ਜੀ ਸਨ।
ਭਾਈ ਮਾਈਦਾਸ ਜਿਸ ਦਾ ਸ਼ਾਹ ਜਹਾਨ ਦੇ ਸ਼ਾਹੀ ਦਰਬਾਰ ਵਿਚ ਅੱਛਾ ਰੁਤਬਾ ਸੀ, ਉਨ੍ਹਾਂ ਦੀਆਂ ਦੋ ਪਤਨੀਆਂ, ਮਧੁਰੀ ਬਾਈ ਅਤੇ ਲਡੀਕੀ ਸਨ। ਮਾਤਾ ਮਧੁਰੀ ਬਾਈ ਦੀ ਕੁੱਖੋਂ 7 ਬੀਰ ਪੁੱਤਰਾਂ ਨੇ ਜਨਮ ਲਿਆ ਅਤੇ ਸਿਧ ਕੀਤਾ, ‘ਜਨਨੀ ਜਨੇ ਤੋ ਭਗਤ ਜਨ ਕੇ ਦਾਤਾ ਕੇ ਸੂਰ।’ ਭਾਈ ਅਮਰ ਚੰਦ ਨੂੰ ਛੱਡ ਕੇ ਬਾਕੀ ਛੇ ਪੁੱਤਰ ਗੁਰੂ ਘਰ ਦੀ ਸੇਵਾ ਕਰਦਿਆਂ ਸ਼ਹੀਦ ਹੋਏ। ਭਾਈ ਦਿਆਲਾ ਜੀ ਜਿਨ੍ਹਾਂ ਨੇ ਮੁਗਲਾਂ ਦੇ ਜੁਲਮ ਸਹਾਰਦਿਆਂ ਗੁਰੂ ਭਾਣੇ ਵਿਚ ਰਹਿ ਕੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਨਮੁੱਖ ਦੇਗ ਵਿਚ ਉਬਾਲੇ ਗਏ ਅਤੇ ਸ਼ਹੀਦੀ ਪ੍ਰਾਪਤ ਕੀਤੀ। ਸ਼ਹੀਦ ਭਾਈ ਮਨੀ ਸਿੰਘ, ਜੋ ਤੀਸਰੇ ਨੰਬਰ ਤੇ ਸਨ, ਨੇ ਸਾਰੀ ਉਮਰ ਗੁਰੂ ਘਰ ਦੀ ਸੇਵਾ ਕੀਤੀ ਅਤੇ ਹਰ ਜੰਗ/ਯੁੱਧ ਵਿਚ ਸ਼ਹੀਦ ਭਾਈ ਮਨੀ ਸਿੰਘ ਵੀਰਤਾ ਨਾਲ ਹਿੱਸਾ ਲਿਆ ਅਤੇ 90 ਸਾਲ ਦੀ ਉਮਰ ਵਿਚ ਬੰਦ ਬੰਦ ਕਟਵਾ ਕੇ ਸ਼ਹੀਦੀ ਜਾਮ ਪੀਤਾ ਅਤੇ ਸਿਦਕ ਦੀ ਮਿਸਾਲ ਕਾਇਮ ਕੀਤੀ। ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਭਾਈ ਮਨੀ ਸਿੰਘ ਦੀ ਸ਼ਹੀਦੀ ਬਾਰੇ ਇਸ ਤਰਾਂ ਇਕ ਦੋਹਾ ਬਿਆਨ ਕੀਤਾ ਗਿਆ ਹੈ:-
ਮਨਸੂਰ ਮਨਸੂਰ ਇਸ ਜਗ ਭਯੋ, ਕਟੇ ਹੱਥ ਇਕ ਸੱਟ।
ਮਨੀ ਸਿੰਘ ਬਹੁ ਸੱਟ ਸਹੀ, ਬੰਦ ਬੰਦ ਸੁਟਯੋ ਕੱਟ।
(ਪ੍ਰਾਚੀਨ ਪੰਥ ਪ੍ਰਕਾਸ਼ 227)
ਸ਼ਹੀਦ ਭਾਈ ਮਨੀ ਸਿੰਘ ਦੇ ਪੰਜ ਭਾਈ ਮਾਤਾ ਮਧੁਰੀ ਬਾਈ ਤੋਂ, ਜਿਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਦਾ ਵੇਰਵਾ ਇਸ ਤਰਾਂ ਹੈ :-
- ਭਾਈ ਜੇਠਾ ਸਿੰਘ (ਸ਼ਹੀਦੀ 11-10-1711 ਈ: ਆਲੋਵਾਲ)
- ਭਾਈ ਦਿਆਲਾ ਜੀ (ਸ਼ਹੀਦੀ 11-11-1675 ਈ: ਦਿੱਲੀ)
- ਭਾਈ ਦਾਨ ਸਿੰਘ (ਸ਼ਹੀਦੀ 7-10-1705 ਈ: ਚਮਕੌਰ)
- ਭਾਈ ਮਾਨ ਸਿੰਘ (ਸ਼ਹੀਦੀ 3-4-1707 ਈ : ਚਿਤੌੜਗੜ੍ਹ)
- ਭਾਈ ਰੂਪ ਸਿੰਘ (ਸ਼ਹੀਦੀ 11-10-1710 ਈ: ਆਲੋਵਾਲ)
ਮਾਤਾ ਲਡੀਕੀ ਬਾਈ ਦੀ ਕੁੱਖੋਂ ਪੰਜ ਪੁੱਤਰਾਂ ਨੇ ਜਨਮ ਲਿਆ ਅਤੇ ਪੰਜੇ ਪੁੱਤਰ ਗੁਰੂ ਘਰ ਦੀ ਸੇਵਾ ਕਰਦੇ ਸ਼ਹੀਦ ਹੋਏ ਜੋ ਇਸ ਤਰਾਂ ਹਨ –
- ਭਾਈ ਜਗਤ ਸਿੰਘ (ਸ਼ਹੀਦੀ 24-6-1734 ਈ: ਲਾਹੌਰ)
- ਭਾਈ ਸੋਹਣ ਸਿੰਘ (ਸ਼ਹੀਦੀ 20-3-1691 ਈ: ਨਦੌਣ)
-3. ਭਾਈ ਲਹਿਣਾ ਜੀ (ਸ਼ਹੀਦੀ 20-2-1696 ਈ ਗੁਲੇਰ)
- ਭਾਈ ਰਾਇ ਸਿੰਘ (ਸ਼ਹੀਦੀ 30-12-1705 ਈ: ਮੁਕਤਸਰ)
- ਭਾਈ ਹੱਠੀ ਚੰਦ (ਸ਼ਹੀਦੀ 18-9-1688 ਈ: ਭੰਗਾਣੀ)
ਸ਼ਹੀਦ ਭਾਈ ਮਨੀ ਸਿੰਘ ਜੀ ਦਾ ਜਨਮ 1 ਚੇਤਰ ਸੁਦੀ ਦੁਆਦਸੀ ਦਿਨ ਐਤਵਾਰ. ਸੰਮਤ 1701 ਬਿ: (10 ਮਾਰਚ 1644 ਈ:) ਨੂੰ ਚੰਦਰਬੰਸੀ ਭਾਰਦਵਾਜੀ ਪੰਵਾਰ ਗੋਤ ਦੇ ਰਾਜਪੂਤ ਮਾਈਦਾਸ ਦੇ ਘਰ ਮਾਤਾ ਮਧੁਰੀ ਬਾਈ ਦੀ ਕੁੱਖੋਂ, ਪਿੰਡ ਅਲੀਪੁਰ ਉਤਰੀ ਜੋ ਅੱਜ ਕੱਲ੍ਹ ਤਹਿਸੀਲ ਤੇ ਜ਼ਿਲ੍ਹਾ ਮੁਜਫੱਰ ਗੜ੍ਹ ਪਛਮੀ ਪੰਜਾਬ, ਪਾਕਿਸਤਾਨ ਵਿਚ ਹੈ ਵਿਖੇ ਵਿਚ ਹੋਇਆ, ਜਿਸ ਦਾ ਜਿਕਰ ਮੁਲਤਾਨੀ ਸਿੰਧੀ ਵਹੀ ਵਿਚ ਇਸ ਤਰਾਂ ਹੈ :-
‘ਬਧਾਈ ਲੀ ਮਨੀ ਰਾਮ ਕੀ ਬੇਟਾ ਮਾਈਦਾਸ ਕਾ, ਪੋਤਾ ਬੱਲੂ ਕਾ, ਪੜਪੋਤਾ ਮੂਲੇ ਕਾ ਸੰਮਤ 1701 ਬਰਖੇ ਰਾਹ ਚੇਤਰ ਸੁਦੀ ਦੁਆਦਸੀ ਰਵੀਵਾਰ ਸ਼ੁਭ ਵਾਰ ਸ਼ੁਭ ਘੜੀ ਜਨਮ ਹੁਆ, ਕੁੱਲ ਪ੍ਰੋਹਤ ਬੋਹਥ ਭੱਟ ਕੋ ਮਾਨਾ, ਗੁਰੂ ਕੀ ਕੜਾਹੀ ਕੀ। (ਪੰਨਾ 20 ਗੁਰੂ ਕੀਆਂ ਸਾਖੀਆਂ)
ਭਾਈ ਮਨੀ ਰਾਮ ਜੀ ਤੇਰਾਂ ਵਰਿਆਂ ਦੀ ਉਮਰ ਵਿਚ ਆਪਣੇ ਪਿਤਾ ਮਾਈਦਾਸ ਨਾਲ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਕੀਰਤਪੁਰ ਸਾਹਿਬ ਪਹੁੰਚੇ। ਗੁਰੂ ਦਰਸ਼ਨ ਕਰਕੇ ਭਾਈ ਮਨੀ ਨਿਹਾਲ ਹੋਏ। ਸਾਹਿਬ ਸ੍ਰੀ ਗੁਰੂ ਹਰਿ ਰਾਏ ਸਾਹਿਬ ਨੇ ਭਾਈ ਮਨੀ ਰਾਮ ਦੇ ਸੁੰਦਰ ਸਰੂਪ, ਬਲਸ਼ਾਲੀ ਹੋਣਹਾਰ ਬਾਲਕ ਵੇਖ ਕੇ ਨਿਹਾਲ ਹੋਏ ਅਤੇ ਬਚਨ ਕੀਤਾ :-
‘ਮਨੀਆ ਇਹ ਗੁਨੀਆ ਹੋਵੇਗਾ ਬੀਚ ਜੱਗ ਸਾਰੇ।
ਸੇਵਾ ਹਰੀ ਸ੍ਰੀ ਮੁਖੋਂ ਕਿਹਾ ਇਹ ਸੁਣਾਇ ਜੀ।’
ਪੰਨਾ 55 ਸ਼ਹੀਦ ਬਿਲਾਸ ਭਾਈ ਮਨੀ ਸਿੰਘ)
( ਜਦੋਂ ਭਾਈ ਮਨੀ ਸਿੰਘ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਐਸਾ ਅੰਨਦ ਆਇਆ ਕਿ ਆਪ ਗੁਰੂ ਘਰ ਦੇ ਹੀ ਹੋ ਕੇ ਰਹਿ ਗਏ। ਦੋ ਸਾਲ ਆਪ ਨੇ ਆਪਣਾ ਮਨ ਸਾਫ ਕਰਨ ਲਈ ਜੂਠੇ ਬਰਤਨ ਸਾਫ ਕਰਨ ਦੀ ਸੇਵਾ ਅਤੇ ਗੁਰੂ ਸੰਗਤਾਂ ਦੀ ਸੇਵਾ ਵਿਚ ਬਤੀਤ ਕੀਤੇ। ਸਮਾਂ ਮਿਲਣ ਤੇ ਭਾਈ ਮਨੀ ਸਿੰਘ ਗੁਰੂ ਜੱਸ ਸੁਣਦੇ ਅਤੇ ਗੁਰਬਾਣੀ ਦੀਆਂ ਵਿਚਾਰਾਂ ਅਤੇ ਗੁਰੂ ਕ੍ਰਿਪਾ ਨਾਲ ਗੁਰਬਾਣੀ ਦਾ ਪਾਠ ਬੜੇ ਪਿਆਰ ਨਾਲ ਕਰਦੇ। ਪੰਦਰਾਂ ਸਾਲ ਦੀ ਉਮਰ ਹੀ ਭਾਈ ਮਨੀ ਸਿੰਘ ਨੇ ਪੂਰੀ ਕੀਤੀ ਸੀ ਤਾਂ ਆਪ ਦੇ ਪਿਤਾ ਮਾਈਦਾਸ ਜੀ ਗੁਰੂ ਆਗਿਆ ਨਾਲ ਆਪ ਨੂੰ ਸ਼ਾਦੀ ਵਾਸਤੇ ਵਾਪਸ ਪਿੰਡ ਲੈ ਗਏ। ਹਾੜ ਦੀ ਪੂਰਨਮਾਸੀ ਵਾਲੇ ਦਿਨ ਭਾਈ ਲਖੀ ਰਾਏ, ਯਾਦਵ ਬੜਤੀਆ ਨਿਵਾਸੀ ਪਿੰਡ ਖੈਰਪੁਰ, ਦੀ ਪੁੱਤਰੀ ਸੀਤੋ ਬਾਈ ਨਾਲ ਭਾਈ ਮਨੀ ਸਿੰਘ ਦਾ ਵਿਆਹ ਕਰ ਦਿੱਤਾ। ਇਥੇ ਦਸਣਾ ਜਰੂਰੀ ਹੈ ਕਿ ਭਾਈ ਲੱਖੀ ਰਾਏ ਨੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਬਹੁਤ ਹੀ ਹਿੰਮਤ ਨਾਲ ਗੁਰੂ ਜੀ ਦੇ ਪਵਿਤਰ ਸਰੀਰ ਦਾ ਦਾਹ ਸਸਕਾਰ ਆਪਣੇ ਘਰ ਨੂੰ ਅੱਗ ਲਾ ਕੇ ਕੀਤਾ।
ਭਾਈ ਮਨੀ ਸਿੰਘ ਦੀਆਂ ਦੋ ਸ਼ਾਦੀਆਂ ਹੋਈਆਂ। ਪਹਿਲੀ ਸ਼ਾਦੀ ਲੱਖੀ ਰਾਏ ਬੜਤੀਆ ਦੀ ਸਪੁੱਤਰੀ ਸੀਤੋ ਬਾਈ ਨਾਲ ਅਤੇ ਦੂਸਰੀ ਸ਼ਾਦੀ ਗੁਰੀਏ ਚੌਹਾਨ ਹਜਾਵਤ ਦੀ ਸਪੁੱਤਰੀ ਖੇਮੀ ਜੀ ਨਾਲ ਹੋਈ। ਸ਼ਹੀਦ ਭਾਈ ਮਨੀ ਸਿੰਘ ਦੇ ਦਸ ਪੁੱਤਰ ਹੋਏ, ਜਿਨ੍ਹਾਂ ਵਿਚੋਂ ਛੇ ਪੁੱਤਰਾਂ ਦਾ ਜਨਮ ਮਾਤਾ ਸੀਤੋ ਬਾਈ ਦੀ ਕੁੱਖੋਂ ਹੋਇਆ, ਜੋ ਇਸ ਤਰਾਂ ਹਨ :-
- ਚਿੱਤਰ ਸਿੰਘ (ਸ਼ਹੀਦੀ 1734 ਈ:: ਲਾਹੌਰ ਭਾਈ ਮਨੀ ਸਿੰਘ ਨਾਲ)
- ਬਚਿੱਤਰ ਸਿੰਘ (ਸ਼ਹੀਦੀ 1705 ਈ: ਮਲਕਪੁਰ ਰੰਗੜਾਂ, ਕੋਟਲਾ ਨਿਹੰਗ ਮੇ ਸਵਾਸ ਦਿਏ)
- ਉਦੈ ਸਿੰਘ (ਸ਼ਹੀਦੀ 1705 ਈ: ਸ਼ਾਹੀ ਟਿੱਬੀ ਪਰਗਨਾ ਭਰਤਗੜ੍ਹ ਰਾਜ ਕਹਿਲੂਰ)
- ਅਨਿਕ ਸਿੰਘ (ਸ਼ਹੀਦੀ 1705 ਈ: ਚਮਕੌਰ ਪਰਗਨਾ ਰੋਪੜ)
- ਅੱਜਬ ਸਿੰਘ (ਸ਼ਹੀਦੀ 1705 ਈ: ਚਮਕੌਰ ਪਰਗਨਾ ਰੋਪੜ)
- ਅਜਾਇਬ ਸਿੰਘ (ਸ਼ਹੀਦੀ 1705 ਈ: ਚਮਕੌਰ ਪਰਗਨਾ ਰੋਪੜ)
ਮਾਤਾ ਖੇਮੀ ਬਾਈ ਦੀ ਕੁੱਖੋਂ ਚਾਰ ਪੁੱਤਰ ਹੋਏ ਜੋ ਇਸ ਤਰਾਂ ਹਨ :-
- ਗੁਰਬਖਸ਼ ਸਿੰਘ (ਸ਼ਹੀਦੀ 1734 ਈ: ਲਾਹੌਰ, ਭਾਈ ਮਨੀ ਸਿੰਘ ਨਾਲ)
- ਭਗਵਾਨ ਸਿੰਘ (ਸ਼ਹੀਦੀ 1700 ਈ: ਕਿਲਾ ਫਤੇਗੜ੍ਹ ਪਰਗਨਾ ਸਹੋਟਾ)
- ਬਲਰਾਮ ਸਿੰਘ ।
- ਦੇਸਾ ਸਿੰਘ, ਜਿਸ ਦੁਆਰਾ ਸਿੱਖ ਰਹਿਤਨਾਮਾ ਲਿਖਿਆ ਹੋਈਆ ਹੈ।
ਭਾਈ ਮਨੀ ਸਿੰਘ ਦੇ ਸਾਰੇ ਪੁੱਤਰ ਇਕ ਤੋਂ ਇਕ ਵਧ ਚੜ ਕੇ ਯੋਧੇ ਸਨ ਅਤੇ ਹਰ ਸਮੇਂ ਜੰਗ ਲਈ ਤਿਆਰ ਰਹਿੰਦੇ ਸਨ। ਗੁਰੂ ਹੁਕਮ ਤੋਂ ਕਦੇ ਵੀ ਪਿੱਛੇ ਨਹੀਂ ਹਟਦੇ ਸਨ ਤੇ ਇਹ ਗੁਰੂ ਹੁਕਮ ਨੂੰ ਗੁਰੂ ਦੀ ਕ੍ਰਿਪਾ ਮੰਨਦੇ ਸਨ।
ਬੀਰ ਬਚਿਤਰ ਸਿੰਘ ਨੂੰ ਜਦੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਸਤ ਹਾਥੀ ਨਾਲ ਲੜਨ ਲਈ ਹੁਕਮ ਦਿੱਤਾ ਤਾਂ ਬਚਿਤਰ ਸਿੰਘ ਨੇ ਗੁਰੂ ਸਾਹਿਬ ਦੀ ਮਿਹਰ ਸਮਝਿਆ ਤੇ ਝੱਟ ਤਿਆਰ ਹੋ ਗਿਆ। ਸਿੰਘ ਗੁਰੂ ਹੁਕਮ ਤੇ ਜਾਨ ਵਾਰਦੇ ਸਨ।
ਜੁਲਾਈ ਸੰਨ 1675 ਵਿਚ ਜਦੋਂ ਤਿਲਕ ਜੰਜੂ ਦੀ ਰਾਖੀ ਵਾਸਤੇ ਨੌਵੇਂ ਪਾਤਿਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਨੂੰ ਚਾਲੇ ਪਾਏ ਉਸ ਸਮੇਂ ਭਾਈ ਮਨੀ ਸਿੰਘ, ਭਾਈ ਜੇਠਾ ਜੀ, ਭਾਈ ਦਿਆਲਾ ਜੀ, ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਉਦਾ ਰਠੋਰ ਆਦਿ ਸਿੱਖ ਗੁਰੂ ਜੀ ਦੇ ਨਾਲ ਸਨ। ਗੁਰੂ ਤੇਗ ਬਹਾਦਰ ਜੀ ਨੇ ਭਾਈ ਮਨੀ ਸਿੰਘ ਅਤੇ ਭਾਈ ਜੇਠਾ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿਚ ਅਨੰਦਪੁਰ ਰਹਿਣ ਦਾ ਹੁਕਮ ਦਿੱਤਾ।
ਅਨੰਦਪੁਰ ਵਿਖੇ ਠਹਿਰਣ ਸਮੇਂ ਭਾਈ ਮਨੀ ਸਿੰਘ ਜੀ, ਗੁਰੂ ਪ੍ਰੀਵਾਰ ਦੀ ਤੇ ਸੰਗਤਾਂ ਦੀ ਤਨ – ਮਨ ਅਤੇ ਸਿਦਕ ਨਾਲ ਸੇਵਾ ਕਰਦੇ ਰਹੇ। ਗੁਰਬਾਣੀ ਪੜ੍ਹਨ, ਕੰਠ ਕਰਨ ਅਤੇ ਸਮਝਣ ਵੱਲ ਵੀ ਪੂਰਾ ਧਿਆਨ ਦਿੰਦੇ ਰਹੇ ਅਤੇ ਸਿੱਖ ਇਤਿਹਾਸ ਦੀ ਤਵਾਰੀਖੀ ਖੋਜ ਵੱਲ ਵੀ ਧਿਆਨ ਦਿੱਤਾ। ਨੌਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਭਾਈ ਮਨੀ ਸਿੰਘ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਜੂਰੀ ਸਿੱਖਾਂ ਵਿਚ ਸ਼ਾਮਲ ਸਨ। ਭਾਈ ਮਨੀ ਸਿੰਘ ਜੀ ਕੁਸ਼ਲ ਲਿਖਾਰੀ, ਗੁਰਬਾਣੀ ਅਰਥ ਬੋਧ ਦੇ ਗਿਆਤਾ, ਯੁੱਧ ਲਈ ਸੂਰਬੀਰ ਯੋਧੇ ਅਤੇ ਸਿੱਖੀ ਸਿਦਕ ਨਾਲ ਭਰਪੂਰ ਜਜ਼ਬੇ ਵਾਲੇ ਸਿੱਖ ਸਨ। ਇਸੇ ਲਈ ਗੁਰੂ ਸਾਹਿਬ ਵੱਲੋਂ ਆਪ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ ਤੇ ਕਈ ਉਤਾਰੇ ਕਰਵਾਏ ਗਏ। ਭਾਈ ਸੇਵਾ ਸਿੰਘ ਭੱਟ ਨੇ ਕਾਵਿ ਟੋਟੇ ਰਾਹੀਂ ਇਸ ਤਰਾਂ ਪੇਸ਼ ਕੀਤੀ :-
‘ਸੇਵਾ ਸੀ ਕਰੰਤ ਤੇ ਰਹੇਤ ਗੁਰਾਂ ਪਾਸ ਸਦਾ.
ਲਿਖ – ਲਿਖ ਬਾਅਦੀ ਕਰੇ ਪੋਥੀਆਂ ਤਿਆਰ ਇਹ।
ਪੜ੍ਹਦਾ ਪੜ੍ਹਾਂਦਾ ਤੇ ਜਤਾਂਦਾ ਨਹੀ ਆਪ ਤਾਈਂ,
ਮਨ ਨੀਵੀ ਮੱਤ ਉਚੀ ਇਹੋ ਦਿਲ ਧਾਰ ਇਹ।
ਹਠੀ – ਤਪੀ ਪੂਰਾ ਸਿੱਖੀ ਸਿਦਕ ਕਾ ਪੁਤਲਾ,
ਸਾਖੀਆਂ ਸਿਦਕ ਦੀਆਂ ਕਰਦਾ ਉਚਾਰ ਇਹ।
ਸੇਵਾ ਹਰੀ ਇਵੇਂ ਕਿਵੇਂ ਬੀਤ ਗਏ ਬਰਖ ਕਈ,
ਜੁਧ ਦੇ ਕਾਰਨ ਵਿਚ ਵਡਾ ਹੁਸ਼ਿਆਰ ਇਹ।
ਆਯੂ ਪੈਂਤੀ ਬਰਖ ਕੀ ਮਨੀ ਸਿੰਘ ਕੀ ਆਹਿ,
ਲਿਖੇ ਲਿਖਾਏ ਪੋਥੀਆਂ ਮਨ ਮਹਿ ਬਹੁ ਉਤਸ਼ਾਹਿ।
ਜਦੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਰਾਜਾ ਮੇਦਨੀ ਪ੍ਰਸਾਦ ਦੇ ਸੱਦੇ ਤੇ ਸੰਨ 1685 ਈ: ਨੂੰ ਨਾਹਨ ਪਹੁੰਚੇ ਉਸ ਸਮੇਂ ਭਾਈ ਮਨੀ ਸਿੰਘ ਵੀ ਨਾਲ ਹੀ ਸਨ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਾਉਂਟਾ ਸਾਹਿਬ ਵਸਾਇਆ ਤੇ ਉਥੇ ਰਹਿਣਾ ਲੱਗੇ। ਭਾਈ ਮਨੀ ਸਿੰਘ ਵੀ ਗੁਰੂ ਜੀ ਦੀ ਸੇਵਾ ਵਿਚ ਹਾਜ਼ਰ ਰਹੇ, ਉਨ੍ਹਾਂ ਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀਆਂ ਵਿਚ ਉੱਘਾ ਅਸਥਾਨ ਸੀ। ਇਸ ਬਾਰੇ ਭੱਟ ਭਾਈ ਸੇਵਾ ਸਿੰਘ ਨੇ ਕਾਵਿ ਸੰਗ੍ਰਹਿ ਵਿਚ ਲਿਖਿਆ ਹੈ:-
ਦੇਸ਼ ਬਦੇਸ਼ ਤੇ ਸੰਗਤ ਆਵੈ। ਗੋਬਿੰਦ ਕਾ ਦਰਸ਼ਨ ਪਾਵੈ।
ਬਾਵਨ ਕਵੀ ਗੁਰੂ ਢਿਗ ਰਹੇ। ਮਨੀਆ ਉਨ ਮਹਿ ਗੁਨੀਆ ਅਹੈ।
ਪਾਉਂਟਾ ਸਾਹਿਬ ਰਹਿੰਦਿਆਂ ਭਾਈ ਮਨੀ ਸਿੰਘ ਗੁਰੂ ਹੁਕਮਾਂ ਦੀ ਪਾਲਣਾ ਕਰਦੇ ਬਾਬਾ ਰਾਮ ਰਾਇ ਦੀ ਪਹਿਲੀ ਬਰਸੀ ਤੇ ਚੌਣਵੇਂ ਸਿੰਘਾਂ ਨਾਲ ਦੇਹਰਾਦੂਨ ਗਏ ਅਤੇ ਮਸੰਦ ਗੁਰਬਖਸ਼ ਰਾਮਰਾਈਏ ਨੇ ਜਦੋਂ ਗੁਰੂ ਜੀ ਪ੍ਰਤੀ ਕੁਝ ਅਪ – ਸ਼ਬਦ ਬੋਲੇ ਤਾਂ ਜਿਸ ਨੂੰ ਸੁਣਕੇ ਭਾਈ ਮਨੀ ਸਿੰਘ ਤੇ ਬਾਕੀ ਸਿੰਘਾਂ ਨੇ ਉਸ ਨੂੰ ਚੰਗੀ ਤਰਾਂ ਸੋਧਿਆ। ਸੰਮਤ 1745 ਬਿ: (ਸੰਨ 1688 ਈ:) ਨੂੰ ਜਦੋਂ ਸਿਰਮੋਰ ਦੇ ਰਾਜੇ ਫਤੇਸ਼ਾਹ ਨੇ ਗੁਰੂ ਜੀ ਨਾਲ ਬੇਵਜ੍ਹਾ ਜੰਗ ਕੀਤਾ, ਜਿਸ ਨੂੰ ਭੰਗਾਣੀ ਦਾ ਯੁੱਧ ਵੀ ਕਿਹਾ ਜਾਂਦਾ ਹੈ, ਭਾਈ ਮਨੀ ਸਿੰਘ ਨੇ ਆਪਣੇ ਪੁੱਤਰਾਂ ਸਮੇਤ ਖੂਬ ਜੌਹਰ ਦਿਖਾਏ। ਭੰਗਾਣੀ ਯੁੱਧ ਦਾ ਜਿਕਰ ਦੇਸੂ ਭੱਟ ਨੇ ਪੰਜ ਸਾਲ ਬਾਅਦ ਭਾਈ ਮਨੀ ਸਿੰਘ ਦੇ ਬੇਟਿਆਂ ਦੇ ਵਿਆਹ ਸਮੇਂ ਉਸਤਤ ਵਿਚ ਗਾਇਆ, ਜੋ ਇਸ ਤਰਾਂ ਹੈ :-
ਸਿਮਰ ਭੱਟ ਤਉ ਸਤਿਗੁਰ ਅਪਨਾ ਗਿਆਨ ਬਤਾਵੈ ਸੱਚਾ,
ਦਿੱਲੀ ਲਗ ਧਾਂਕ ਸੁਨੀ ਤੇਰੀ ਬੱਲੂ ਤਉ ਜਾਨੈ ਸ਼ਾਹ ਚੁਗਤਾ,
ਸਪੂਤ ਪੋਤਾ ਤਉ ਰਾਉ ਮਨੀ ਰਾਮ ਰੋਸ਼ਨ ਬੰਸ ਜੱਲੇ ਕਾ ਕਿੱਤਾ.
ਪੈਰਾਂ ਹੇਠ ਭਗਾਣੀ ਮਾਰੀ ਰਾਨਾ ਘਾਲ ਕੀਆ ਰਣ ਜਿੱਤਾ।
ਇਸੇ ਤਰਾਂ ਨਦੌਣ ਦੀ ਜੰਗ ਵਿਚ ਗੁਰੂ ਸਾਹਿਬ ਨੇ ਚੋਣਵੇਂ ਸਿੱਖਾਂ ਨਾਲ ਕਹਿਲੂਰ ਦੇ ਰਾਜੇ ਭੀਮਚੰਦ ਦੀ ਮਦਦ ਕੀਤੀ। ਭਾਈ ਮਨੀ ਸਿੰਘ ਨੇ ਵੀ ਗੁਰੂ ਕ੍ਰਿਪਾ ਨਾਲ ਖੂਬ ਤਲਵਾਰ ਚਲਾਈ ਅਤੇ ਵੈਰੀਆਂ ਦੇ ਆਹੂ ਲਾਏ। ਜੰਗ ਵਿਚ ਫਤਿਹ ਬਾਅਦ ਅੰਨਦਪੁਰ ਪੁੱਜ ਕੇ ਗੁਰੂ ਜੀ ਨੇ ਪ੍ਰਸੰਨਤਾ ਨਾਲ ਭਾਈ ਮਨੀ ਸਿੰਘ ਨੂੰ ਦਰਬਾਰੀ ਦਿਵਾਨ ਨਿਯੁਕਤ ਕੀਤਾ ਅਤੇ ਭਾਈ ਮਨੀ ਸਿੰਘ ਨੇ ਗੁਰੂ ਘਰ ਦੀ ਚੰਗੀ ਚੋਖੀ ਸੇਵਾ ਪੂਰੇ ਸਿਦਕ ਨਾਲ ਕੀਤੀ। ਨਦੋਣ ਦੀ ਜੰਗ ਦਾ ਜਿਕਰ ਭਾਈ ਦੇਸੂ ਭੱਟ ਨੇ ਇਕ ਦੋਹੇ ਵਿਚ ਇਸ ਤਰਾਂ ਕੀਤਾ ਹੈ :-
‘ਸਾਕਾ ਕੀਆ ਨਦਾਵਨ ਤੇ ਨੇ, ਘਾਲਿਆ ਰਾਨਾ ਬੀਰ ਪਰਬਤਾ।
ਧੰਨ ਧੰਨ ਮਾਤਾ ਮਧੁਰੀ ਬਾਈ, ਤਉ ਜਾਇਆ ਮਨੀਰਾਮ ਪੂਤ ਸਪੂਤਾ’
1694 ਈ: ਵਿਚ ਜਦੋਂ ਦਿਵਾ ਹੋ ਕੇ ਭਾਈ ਮਨੀ ਸਿੰਘ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਹਰਿਦੁਆਰ ਆਏ ਤਾਂ ਇਸ ਬਾਰੇ ਪੰਡਾ ਖੇਮ ਚੰਦ ਹਰਿਦੁਆਰ ਦੀ ਵਹੀ ਵਿਚ ਇਵੇ ਦਰਜ ਹੈ:-
‘ਲਿਖਤੰ ਮਨੀਰਾਮ ਬੇਟਾ ਨਾਇਕ ਮਾਈਦਾਸ ਕਾ, ਪੋਤਾ ਬੱਲੂ ਕਾ ਪੜਪੋਤਾ ਮੂਲੇ ਕਾ ਜਤੀਆ ਪੰਵਾਰ – ਬੰਸ ਬੀਝੇ ਕਾ ਬੰਝਰਉਤ ਜਲਹਾਨਾ ਬਾਸੀ ਅਲੀਪੁਰ ਪਰਗਨਾ ਮੁਲਤਾਨ ਮਿਤੀ 2 ਚੇਤ ਸੰਮਤ 1751 ਕੋ ਗੁਰੂ ਗੋਬਿੰਦ ਰਾਇ ਕੇ ਸਾਥ ਦੀਵਾਨ ਹੋ ਕਰ ਹਰਿਦੁਆਰ ਆਏ ਸੁਖ ਕੇ ਇਸ਼ਨਾਨ’ (ਪੰਨਾ 16 ਗੁਰੂ ਕੀਆਂ ਸਾਖੀਆਂ)
ਆਪਣੀ ਸ਼ਾਸ਼ਤਰ ਕਲਾ ਕਰਕੇ ਭਾਈ ਮਨੀ ਸਿੰਘ ਸਮਕਾਲੀਆਂ ਵਿਚ ਪ੍ਰਮੁੱਖ ਜੋਧਾ ਮੰਨਿਆ ਜਾਂਦਾ ਸੀ। ਅਨੰਦਪੁਰ ਜੁੱਧ ਵਿਚ ਜਿਥੇ ਬਚਿਤਰ ਸਿੰਘ ਨੇ ਹਾਥੀ ਦੇ ਮੱਥੇ ਵਿਚ ਨਾਗਣੀ ਨੇਜਾ ਮਾਰ ਕੇ ਪੁੱਠਾ ਭਜਾ ਦਿੱਤਾ, ਉਥੇ ਭਾਈ ਮਨੀ ਸਿੰਘ ਨੇ ਵੀ ਵੈਰੀ ਦਲ ਨਾਲ ਖੂਬ ਤੇਗਾਂ ਖੜਕਾਈਆਂ ਅਤੇ ਬਹਾਦਰੀ ਦੇ ਜੌਹਰ ਦਿਖਾਏ। ਭਾਈ ਮਨੀ ਸਿੰਘ ਨੂੰ ਦਰਬਾਰੀ ਦੀਵਾਨ ਹੋਣ ਤੋਂ ਬਾਅਦ ਅਨੇਕਾਂ ਮਾਲੀ, ਸਿਆਸੀ ਤੇ ਪ੍ਰਬੰਧਕੀ ਮਸਲਿਆਂ ਵੱਲ ਧਿਆਨ ਦੇਣਾ ਪੈਂਦਾ, ਪਰ ਫਿਰ ਵੀ ਭਾਈ ਮਨੀ ਸਿੰਘ ਸਮਾਂ ਕੱਢ ਲੈਂਦੇ ਤਾਂ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਦਾ ਗਿਆਨ ਹਾਸਲ ਕਰ ਸਕਣ ਅਤੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਵਿਆਖਿਆ ਸਹਿਤ ਸਮਝਾ ਸਕਣ। ਭਾਈ ਸੇਵਾ ਸਿੰਘ ਅਨੁਸਾਰ ਭਾਈ ਸਾਹਿਬ ਰੋਜ਼ ਅੰਨਦਪੁਰ ਸਿੱਖ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਸੁਣਾਉਂਦੇ ਸਨ :-
ਕਥਾ ਰੋਜ ਗੁਰੂ ਗ੍ਰੰਥ ਕੀ ਸੰਗਤ ਤਾਂਈ ਸੁਨਾਏ।
ਅੰਨਦਪੁਰੇ ਕੁਛ ਸਮਾਂ ਇਸ ਬੀਤ ਗਯੋ ਥੀ ਆਇ। (ਸ਼ਹੀਦ ਬਿਲਾਸ)
ਭਾਈ ਮਨੀ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਨੀ ਸਿੱਖ ਸੰਗਤਾਂ ਦੇ ਕਲਿਆਣ ਵਾਸਤੇ ਜਰੂਰੀ ਸਮਝੀ। ਇਨ੍ਹਾਂ ਦੇ ਨਾਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਵਾਚਕਾਂ ਦੀ ਇਕ ਸੰਪ੍ਰਦਾਇ ਵੀ ਪ੍ਰਚਲਤ ਹੋਈ, ਜਿਸ ਨੂੰ ‘ਗਿਆਨੀ ਸੰਪ੍ਰਦਾਇ’ ਕਿਹਾ ਜਾਂਦਾ ਹੈ।
ਭਾਈ ਮਨੀ ਸਿੰਘ ਨੂੰ ਇਸੇ ਵਿਦਵਤਾ ਅਤੇ ਗਿਆਨ ਸਦਕਾ ਹੀ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਆਪ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਅੰਮ੍ਰਿਤਸਰੀ ਸਿੱਖਾਂ ਦੀ ਬੇਨਤੀ ਤੇ ਪੰਜ ਸਿੰਘਾਂ ਸਮੇਤ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਬੁੰਗੇ ਦਾ ਸੇਵਾਦਾਰ ਨਿਯੁਕਤ ਕਰਕੇ ਭੇਜਿਆ ਸੀ। ਇਸ ਸਬੰਧ ਵਿਚ ਭਾਈ ਸੇਵਾ ਸਿੰਘ ਲਿਖਦੇ ਹਨ ਕਿ ਭਾਈ ਮਨੀ ਸਿੰਘ ਨਾਲ ਭਾਈ ਭੂਪਤ ਸਿੰਘ, ਗੁਲਜਾਰ ਸਿੰਘ, ਕੋਇਰ ਸਿੰਘ ਚੰਦਰਾ, ਦਾਨ ਸਿੰਘ ਅਤੇ ਕੀਰਤ ਸਿੰਘ ਗਏ। ਤਹਿਕੀਕਾਤ ਚਿਸਤੀ ਦੇ ਲਿਖਾਰੀ ਮੌਲਵੀ ਨੂੰਰ ਅਹਿਮਦ (ਪੰਨਾ 695 ਤੇ) ਗੁਲਜਾਰਾ ਸਿੰਘ ਦਾ ਇਨ੍ਹਾਂ ਨਾਲ ਆਉਣਾ ਦਸਦੇ ਹਨ। (ਪੰਨਾ 27 ਸ਼ਹੀਦ ਬਿਲਾਸ ਭਾਈ ਮਨੀ ਸਿੰਘ)
ਰਤਨ ਸਿੰਘ ਭੰਗੂ ਇਸ ਕਥਨ ਦੀ ਪੁਸ਼ਟੀ ਕਰਦੇ ਹਨ:-
ਪ੍ਰਥਮੇ ਭੁੰਜਗੀ ਵਲ ਮਾਝੇ ਘਲਾਏ। ਦੇ ਦੇ ਪਾਹਲ ਗੁਰੂ ਚਕ ਬਹਾਏ..36।
(ਪ੍ਰਾਚੀਨ ਪੰਥ ਪ੍ਰਕਾਸ਼ ਛਾਪ ਤੀਸਰੀ ਪੰਨਾ 47)
ਸੰਮਤ 1763 ਬਿ: (1706 ਈ:)ਦੀ ਜੇਠ ਸੁਦੀ ਚੌਥ ਨੂੰ ਦੇਸਾ ਸਿੰਘ ਭੱਟ ਦੀ ਟੋਲੀ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੀ। ਭਾਈ ਮਨੀ ਸਿੰਘ ਦੇ ਪੋਤੇ ਭਾਗੂ ਸਿੰਘ ਦੀ ਵਧਾਈ ਲਈ। ਇਸ ਮੌਕੇ ਤੇ ਦੇਸਾ ਸਿੰਘ ਭੱਟ ਨੇ ਭਾਈ ਮਨੀ ਸਿੰਘ ਦੇ ਪ੍ਰੀਵਾਰ
ਦੀ ਬਹਾਦਰੀ ਬਾਰੇ ਇੰਜ ਕਿਹਾ:-
‘ਜਲਹਾਨੇ ਪੰਵਾਰ ਬਾਕੇ ਅਲੀਪੁਰ ਕੇ ਬੰਝਰ ਉਤੋਂ, ਤਉ ਸੇ ਕੌਨ ਅਰੈ।
ਜਸਵਾਰੀ ਗਾਮ ਕਾ ਮਾਰਿਆ ਕੇਸਰੀ, ਹਾਥੀ ਗੈਲ ਲਰੇ।
ਬਚਿੱਤਰ ਸਿੰਘ ਤੇਰੀ ਬਰਛੀ ਰੋਸ਼ਨ, ਤੇਰੀ ਸਾਂਗ ਝਰਮਲ ਕਰੈ।
ਤੇਰੇ ਨਾਂ ਥੀ ਰਿਪੁ ਥਰਥਰ ਕਾਂਪੇ, ਤੇਰੀ ਪਰਬਤੀ ਹਲਕ ਪਰੈ।
ਧੰਨ ਮਾਤਾ ਤਉ ਸੀਤੋਂ ਬਾਈ ਤੇਰੇ ਪਾਂਚ ਸਪੂਤ ਰਨ ਲਰ ਮਰੰ।
ਬੀਰ ਮਨੀ ਸਿੰਘ ਜੱਸ ਤਉਂ ਕਾ ਗਾਉਂ, ਤੇਰਾ ਨਾਂ ਚੰਉ ਕੁੰਟੀ ਮੁਖ ਪਰੇ।
ਧੰਨ ਧੰਨ ਦਿਆਲ ਦਾਸ ਜੱਸ ਤਉਕਾ ਖੰਡ ਬ੍ਰਹਿਮੰਡ ਮੂੰਡ ਸਬ ਉਚਰੈ।
ਚਾਰ ਬਰਨ ਖਟ ਦਰਸ਼ਨ ਸਾਰੇ ਰਟਤ ਨਾਂ ਨਿਸ ਬਾਸਰ ਘਰੈ।
ਜੱਸ ਜੋੜ ਦੇਸਾ ਭੱਟ ਭਨਿਆ, ਸਾਲ ਸਤ੍ਰਾਂ ਸੈ ਤ੍ਰੈਸਠ।
ਉਜੱਲ ਦਾਨ ਦੀਓ ਗਲਜੋਟ ਕਰੇ। ਥੀ ਬਧਾਈ ਪੋਤੇ ਭਾਗੂ ਸਿੰਘ ਕੀ ਗੁਰੂ ਚੱਕ ਕੇ ਮਲਹਾਨ, ਜੇਠ ਚਾਨਨਾ ਚੌਥ ਰੂਪਉਂ ਸੇ ਮੂੰਡ ਭਰੈ।’
(ਪੰਨਾ 32 ਸ਼ਹੀਦ ਬਿਲਾਸ ਭਾਈ ਮਨੀ ਸਿੰਘ)
ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਦੱਖਣ ਵੱਲ ਜਾਣ ਦੀ ਤਿਆਰੀ ਕੀਤੀ ਤਾਂ ਸਾਰੀਆਂ ਸੰਗਤਾਂ ਤਾਈ ਲੱਖੀ ਜੰਗਲ ਦੇ ਪਿੰਡ ਸਾਬੋ ਕੀ ਤਲਵੰਡੀ (ਦਮਦਮਾ ਸਾਹਿਬ) ਤੋਂ ਕਸਾਈਆਂ ਦੇ ਵਿੰਗ ਦਾ ਹਵਾਲਾ ਦੇ ਕੇ ਸਿੱਖ ਸੰਗਤਾਂ ਦੇ ਨਾਂ ਸੱਦ ਕੀਤੀ ਤਾਂ ਭਾਈ ਮਨੀ ਸਿੰਘ ਜੀ ਸੰਗਤ ਸਮੇਤ ਸ੍ਰੀ ਅੰਮ੍ਰਿਤਸਰ ਤੋਂ ਗੁਰ ਚਰਨਾਂ ਵਿਚ ਹਾਜਰ ਹੋਏ। ਗੁਰੂ ਜੀ ਦਾ ਦੱਖਣ ਜਾਣਾ ਸੁਣ ਕੇ ਦੂਰ ਨੇੜੇ ਤੋਂ ਸੰਗਤਾਂ ਹੁੰਮ – ਹੁੰਮਾ ਕੇ ਗੁਰ ਦਰਸ਼ਨਾਂ ਨੂੰ ਆਈਆਂ। ਸੰਗਤ ਨੇ ਬੇਨਤੀ ਕੀਤੀ, ‘ਜੀ ਪਾਤਿਸ਼ਾਹ ! ਦੱਖਣ ਭਠ ਪਈ ਕਾ ਕੀ ਨਾਉ ਲੈਂਦੇ ਹਉ। ਗੁਰੂ ਜੀ ਬਚਨ ਕੀਤਾ,’ਨਾ ਵੇ !
ਸਾਡਾ ਕੰਮ ਹੀ ਹੈ, ਅਸਾਂ ਨੂੰ ਜਰੂਰ ਜਾਣਾ ਹੀ ਹੈ… । ਦੱਖਣ ਵੱਲ ਜਾਣ ਦੀ ਪੁਸ਼ਟੀ ਹੁਕਮਨਾਮਾ ਪਾ: 10 ਤੋਂ, ਜੋ 20 ਕਤਕ 1763 ਬਿ: (21 ਅਕਤੂਬਰ,1706 ਈ:) ਨੂੰ ਭਾਈ ਰੂਪੇ ਦੀ ਸੰਗਤ, ਭਾਈ ਧਰਮ ਸਿੰਘ ਆਦਿ ਦੇ ਨਾਂ ਭੇਜਿਆ ਸੀ, ਤੋਂ ਹੁੰਦੀ ਹੈ :-
ੴ ਸਿਰੀ ਸਤਿਗੁਰੂ ਜੀ।
ਸਿਰੀ ਗੁਰੂ ਜੀ ਕੀ ਆਗਿਆ ਹੈ।
ਸਰਬਤਿ ਸੰਗਤਿ ਬੈਰਾੜਾ ਕੀ ਗੁਰੂ ਰਖੇਗਾ,
ਗੁਰੂ ਗੁਰੂ ਜਪਣਾ ਜਨਮ ਸਉਰੇਗਾ…
ਭਾਈ ਧਰਮ ਸਿੰਘ ਰੂਪੇ ਕਾ।
ਸਰਬਤਿ ਸੰਗਤਿ ਬੈਰਾੜਾਂ ਕੀ,
ਭਾਈ ਰੂਪੇ ਕੀ ਵਸਦੀ ਕੀ ਗੁਰੂ ਰਖੇਗਾ।
4 ਬੈਲ ਚਾਰ ਹਛੇ ਬਹਲਾ ਨੋ ਭੇਜਣੇ ਹੁਕਮੁ ਦੇਖਦਿਆਂ,
ਮੇਰੀ ਤੁਸਾਂ ਉਪਰ ਖੁਸ਼ੀ ਹੈ।
ਅਸਾਂ ਦਖਣ ਕੋ ਕੂਚ ਕੀਤਾ ਹੈ।
ਜਿਨਿ ਸਿੱਖ ਸਾਡੇ ਨਾਲਿ ਚਲਣਾ ਹੋਇ ਤਿਨ ਹੁਕਮੁ ਦੇਖਦਿਆਂ
ਹਜੂਰਿ ਆਵਣਾ ਮੇਰੀ ਤੁਸਾਂ ਉਪਿਰ ਖੁਸ਼ੀ ਹੈ ਤੁਸਾਡੀ ਗੁਰੂ
ਜੀ ਤੁਸਾਡੀ ਰਖੈਗਾ। ਸੰਮਤ 1763 ਮਿਤੀ ਕਤਕ 20
(ਪੰਨਾ 185 ਹੁਕਮਨਾਮੇ ਗੰਡਾ ਸਿੰਘ)
ਸ਼ਹੀਦ ਬਿਲਾਸ ਅਨੁਸਾਰ ਭਾਈ ਮਨੀ ਸਿੰਘ ਬਘੌਰ ਤੋਂ ਵਾਪਸ ਅੰਮ੍ਰਿਤਸਰ ਆ ਗਏ ਸਨ। ਗੁਰੂ ਸਾਹਿਬ ਦੇ ਦੱਖਣ ਜਾਣ ਦੇ ਉਪਰੰਤ ਸਿੱਖਾਂ ਵਿਚ ਕੁਝ ਉਦਾਸੀ ਛਾ ਗਈ ਸੀ। ਭਾਈ ਸਾਹਿਬ ਨੇ ਸਿੱਖਾਂ ਵਿਚ ਸ਼ਰਧਾ – ਭਾਵ ਕਾਇਮ ਰੱਖਣ ਤੇ ਉਨ੍ਹਾਂ ਦੀ ਉਦਾਸੀ ਦੂਰ ਕਰਨ ਦਾ ਇਕ ਢੰਗ ਬਾਬਾਣੀਆਂ ਕਹਾਣੀਆਂ ਕਰਨ ਦਾ ਸੋਚਿਆ। ਭਾਈ ਸੇਵਾ ਸਿੰਘ ਦਸਦੇ ਹਨ :-
ਦੱਖਨ ਦਿਸ ਸਤਿਗੁਰ ਗਏ, ਸੰਗਤ ਭਈ ਉਦਾਸ।
ਧੀਰਜ ਦੇਵੇ ਮਨੀ ਸਿੰਘ ਰੱਚ ਸਾਖੀਆਂ ਖਾਸ 199। (ਸ਼ਹੀਦ ਬਿਲਾਸ)
ਸ੍ਰੀ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਤਕ ਸੁਦੀ ਪੰਚਮੀ 1765 ਬਿ: (1708 ਈ:) ਨੂੰ ਨੰਦੇੜ (ਦੱਖਣ) ਵਿਚ ਜੋਤੀ ਜੋਤ ਸਮਾਉਣ ਪਿਛੋਂ ਸਿੱਖੀ ਦੀ ਲਹਿਰ ਨੂੰ ਸੋਕੇ ਤੋਂ ਬਚਾਉਣ ਲਈ ਭਾਈ ਮਨੀ ਸਿੰਘ ਨੇ ਸੰਮਤ 1766 ਬਿ: (1709 ਈ:) ਦੀ ਵਿਸਾਖੀ ਸ੍ਰੀ ਅੰਮ੍ਰਿਤਸਰ ਮਨਾਉਣ ਲਈ ਦੂਰ ਦੂਰ ਤਕ ਪੱਤਰ ਭੇਜੇ। ਵਿਸਾਖੀ ਦੇ ਮੌਕੇ ਸਿੱਖਾਂ ਦਾ ਚੂਹੜ ਮੱਲ ਦੇ ਪੁੱਤਰ ਰਾਮੂ ਮੱਲ ਨਾਲ, ਜੋ ਭਾਈ ਸੇਵਾ ਸਿੰਘ ਅਨੁਸਾਰ ਸੋਢੀ ਨਿਰੰਜਣ ਰਾਇ ਦਾ ਸੇਵਕ ਸੀ, ਤੂਤਾਂ ਦੀਆਂ ਤੂਤੀਆਂ ਦੀ ਛੋਟੀ ਜਹੀ ਗੱਲ ਤੇ ਝਗੜਾ ਹੋ ਗਿਆ ਜੋ ਵਧਦਾ ਵਧਦਾ ਕੁਝ ਗੰਭੀਰ ਰੂਪ ਧਾਰਨ ਕਰ ਗਿਆ। ਬਹੁਤ ਸਮਝਾਉਣ ਤੇ ਵੀ ਜਦੋਂ ਝਗੜਾ ਖਤਮ ਨਾ ਹੋਇਆ ਤਾਂ ਸਿੰਘਾਂ ਉਸ ਨੂੰ ਖੂਬ ਰਗੜਾ ਲਾਇਆ। ਇਸ ਤੇ ਚੂਹੜ ਮੱਲ ਨਾਜ਼ਮ ਲਾਹੌਰ ਰਾਹੀਂ ਹਰਿ ਸਹਾਇ ਹਾਕਮ ਪੱਟੀ ਨੂੰ ਚੜ੍ਹਾ ਲਿਆਇਆ, ਜੋ ਤਾਰਾ ਸਿੰਘ ਢਿੱਲਵਾਂ ਦੇ ਹੱਥੋਂ 9 ਵਿਸਾਖ 1766 ਬਿ: (1706 ਈ:) ਨੂੰ ਮੈਦਾਨੇ ਜੰਗ ਵਿਚ ਮਾਰਿਆ ਗਿਆ। ਇਸ ਜੰਗ ਦਾ ਜਿਕਰ ਜੰਪੁਰ ਰਾਜ ਦੀਆਂ ਖਬਰਾਂ ਵਿਚ ਵੀ ਆਇਆ ਹੈ। 19 ਜੇਠ 1767 ਬਿਕਰਮੀ ਦੇ ਨੇੜੇ ਜਦੋਂ ਬਹਾਦਰ ਸ਼ਾਹ ਬਾਦਸ਼ਾਹ ਦੱਖਣੋਂ ਮੁੜ ਕੇ ਰਾਜਪੂਤਾਨੇ ਵਿਚ ਟੋਡੇ ਪੜਾਉ ਤੇ ਪਹੁੰਚਿਆ ਤਾਂ ਬਹਾਦਰ ਸ਼ਾਹ ਬਾਦਸ਼ਾਹ ਦੇ ਪੁੱਛਣ ਤੇ ਖਾਲਸਾ ਸਿੱਖਾਂ ਦੀ ਹਕੀਕਤ ਸ਼ਹੀਦ ਬਿਲਾਸ ਭਾਈ ਮਨੀ ਸਿੰਘ ਵਿਚ ਬਿਆਨ ਇਉਂ ਕੀਤੀ :-
‘ਸਭ ਤੋਂ ਪਹਿਲਾਂ ਤਲੁਕਾ ਪਰਗਣਾ ਪੱਟੀ ਵਿਚ ਚੱਕ ਪਿੰਡ, ਜੋ ਗੁਰੂ ਚੱਕ ਕਰ ਕੇ ਮਸ਼ਹੂਰ ਹੈ, ਯੁੱਧ ਦਾ ਅਉਸਰ ਬਣਿਆ। ਖਾਲਸਾ ਸਿੱਖ ਜਿਤ ਗਏ। ਲਾਹੌਰ ਵਲੋਂ ਭੇਜੀ ਗਈ ਜਮੀਅਤ ਉਨ੍ਹਾਂ ਤੇ ਕਾਬੂ ਨਾ ਪਾ ਸਕੀ, ਸਗੋਂ ਉਹ ਜਲੰਧਰ ਵਲ ਸਾਰੇ ਦੇਸ ਉੱਤੇ ਛਾ ਗਏ ਤੇ ਲੁੱਟ ਮਾਰ ਕਰਨ ਡਹਿ ਪਏ। ਇਨ੍ਹਾਂ ਹੰਗਾਮਿਆਂ ਵਿਚ ਵਜੀਰ ਖਾਂ ਨੇ ਅਪਣੀਆਂ ਫੌਜਾਂ ਭੇਜੀਆਂ। ਭਾਵੀ ਵਸ ਉਨ੍ਹਾਂ ਦੇ ਸਰਦਾਰ ਭੀ ਮਾਰੇ ਗਏ।’ (ਫੁਟ ਨੋਟ ਪੰਨਾ 27 ਸ਼ਹੀਦ ਬਿਲਾਸ ਭਾਈ ਮਨੀ ਸਿੰਘ)
ਚੂਹੜ ਮੱਲ ਇਹ ਹੇਠੀ ਨਾ ਸਹਾਰ ਸਕਿਆ ਅਤੇ ਦਾਦ ਫਰਿਆਦ ਲੈ ਕੇ ਲਾਹੌਰ ਦੇ ਨਾਜ਼ਮ ਅਸਲਮ ਖਾਨ ਨੂੰ ਜਾ ਮਿਲਿਆ। ਉਸ ਨੇ ਇੱਕ ਚੌਧਰੀ ਦੇਵੇ ਨੂੰ ਮੁਲਖਈਆਂ ਅਤੇ ਕੁਝ ਆਪਣੀ ਫੌਜ ਦੇ ਕੇ ਚੂਹੜ ਮੱਲ ਦੀ ਸਹਾਇਤਾ ਵਾਸਤੇ ਅੰਮ੍ਰਿਤਸਰ ਭੇਜ ਦਿੱਤਾ। ਲੜਾਈ ਦੀ ਕਮਾਨ ਖੁਦ ਭਾਈ ਮਨੀ ਸਿੰਘ ਕਰ ਰਹੇ ਸਨ। ਸਿੱਖਾਂ ਨੇ ਮੁਲਖਈਆਂ ਤੇ ਨਾਜ਼ਮ ਦੀ ਫੌਜ ਨੂੰ ਨਠਾ ਦਿੱਤਾ। ਇਹ ਘਟਨਾ 15 ਵੈਸਾਖ ਦੀ ਹੈ। ਇਸ ਦੀ ਪ੍ਰੌੜਤਾ ਕਵੀ ਦਰਸ਼ਨ ਰਚਿਤ, ‘ਵਾਰ ਅੰਮ੍ਰਿਤਸਰ ਕੀ’ ਅਤੇ ਪ੍ਰਾਚੀਨ ਪੰਥ ਪ੍ਰਕਾਸ਼ (ਛਾਪ ਤੀਸਰੀ ਪੰਨਾ 203) ਤੋਂ ਵੀ ਹੋ ਜਾਂਦੀ ਹੈ। ਕਾਵਿ ਦਰਸ਼ਨ ਰਚਿਤ ਵਾਰ ਅੰਮ੍ਰਿਤਸਰ ਵਿਚ ਇਉਂ ਲਿਖਿਆ ਹੈ:-
ਸੰਮਤ ਸਤਾਰਾਂ ਸੈ ਛਿਆਠ ਰਾਜ ਬਹਾਦਰ ਸ਼ਾਹੀ।
ਚੱਕ ਗੁਰੂ ਕਾ ਘਰ ਨਾਨਕ ਕਾ, ਦਿਨੁ ਦਿਨੁ ਕਲਾ ਸਵਾਈ।
ਸਹਲ ਕੰਮ ਤੋਂ ਕਾਵਸ ਉਠੀ, ਕੀ ਬਾਬਤ ਤਰ ਕਾਰੀ।
ਦਿਨ ਵੈਸਾਖੀ ਤੂਤ ਝੜਾਏ, ਖੋਹੀ ਸਿੰਘਾਂ ਖਾਰੀ । 4 ।
ਇਸ ਤਰਾਂ ਭਾਈ ਮਨੀ ਸਿੰਘ ਦੀ ਜਿੱਤ ਪੰਜਾਬ ਵਿਚ ਮੁਗਲ ਰਾਜ ਦੀ ਅਧੋਗਤੀ ਦੇ ਇਤਿਹਾਸ ਵਿਚ ਇੱਕ ਅਹਿਮ ਪੜਾਅ ਸਮਝਣਾ ਚਾਹੀਦੀ ਹੈ। ਉਸ ਵੇਲੇ ਭਾਈ ਸਾਹਿਬ ਦੀ ਉਮਰ 65 ਵਰਿਆਂ ਦੀ ਸੀ। ਜਦੋਂ 30 ਮੱਘਰ 1767 ਬਿ: (30 ਨਵੰਬਰ,1710 ਈ:) ਨੂੰ ਬਾਬਾ ਬੰਦਾ ਸਿੰਘ ਜੀ ਲੋਹ ਗੜ੍ਹ ਦੇ ਕਿਲ੍ਹੇ ਵਿਚੋਂ ਆਪਣੀ ਜਗ੍ਹਾ ਭਾਈ ਗੁਲਾਬ ਸਿੰਘ ਬਖਸ਼ੀ ਨੂੰ ਛੱਡ ਕੇ ਘੇਰੇ ਵਿਚੋਂ ਨਿਕਲ ਜਾਣ ਵਿੱਚ ਕਾਮਯਾਬ ਹੋ ਗਏ। ਅਗਲੇ ਹੀ ਦਿਨ ਕਿਲ੍ਹਾ ਬਾਦਸ਼ਾਹੀ ਫੌਜਾਂ ਨੇ ਫਤਿਹ ਕਰ ਲਿਆ। ਇਸ ਤਰਾਂ ਸਾਰਾ ਦੇਸ਼ ਸਿੱਖਾਂ ਦੇ ਹੱਥੋਂ ਨਿਕਲ ਗਿਆ। ਹਕੂਮਤ ਵੱਲੋਂ ਖਾਲਸਾ ਲਹਿਰ ਨੂੰ ਦਬਾਉਣ ਲਈ ਪੂਰੀ ਤਾਕਤ ਤੋਂ ਕੰਮ ਲਿਆ। ਇਸ ਦਾ ਅਸਰ ਗੁਰੂ ਕੀ ਨਗਰੀ ਸ਼੍ਰੀ ਅੰਮ੍ਰਿਤਸਰ ਤੇ ਵੀ ਪਿਆ। ਮੁਸੱਦੀ (ਕਾਰਕੁਨ) ਸਭ ਭਾਈ ਸਾਹਿਬ ਦਾ ਸਾਥ ਛੱਡ ਗਏ, ਪਰ ਇਹ ਨਿਰਭੈ, ਨਿਰਮਾਣ ਅਤੇ ਨਿਸ਼ਕਾਮ ਸੇਵਕ ‘ਸੇਵਕ ਕਉ ਸੇਵਾ ਬਨਿ ਆਈ’ ਦੇ ਸ਼ੁਭ ਭਾਵ ਨੂੰ ਸਮਝਦਾ ਹੋਇਆ, ਗੁਰ ਦਰਬਾਰ ਦੀ ਸੇਵਾ ਤੇ ਡੱਟਿਆ ਰਿਹਾ। ਸਿੰਘਾਂ ਵਿਚ ਫੁਟ ਪਾਉਣ ਦੀ ਨੀਤੀ ਨਾਲ ਸੰਮਤ 1767 ਬਿ: (1711 ਈ:) ਵਿਚ ਬਾਦਸ਼ਾਹ ਬਹਾਦਰ ਸ਼ਾਹ ਦੇ ਜਨਮ ਦਿਨ ਉਤੇ ਮਾਘੀ ਵਾਲੇ ਦਿਨ ਅੰਮ੍ਰਿਤਸਰ ਦੀ 12 ਪਿੰਡਾਂ ਦੀ ਜਗੀਰ, ਜੋ ਪਹਿਲਾਂ ਜ਼ਬਤ ਸੀ. ਮਾਤਾ ਸਾਹਿਬ ਕੌਰਾਂ ਜੀ ਦੇ ਪਾਲਿਤ ਪੁੱਤਰ ਅਜੀਤ ਸਿੰਘ ਨੂੰ ਵਾਪਸ ਕੀਤੀ।
ਖਾਲਸੇ ਦੀ ਆਪਸੀ ਫੁੱਟ ਕਾਰਨ ਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜ੍ਹੀ ਵਿਚ ਲੰਮੇ ਘੇਰੇ ਤੋਂ ਬਾਅਦ 740 ਸਾਥੀਆ ਸਮੇਤ ਬੰਦੀ ਬਣਾ ਕੇ ਬਹੁਤ ਤਸੀਹੇ ਦੇ ਕੇ ਦਿੱਲੀ ਲਿਆਉਣੋਂ ਬਾਅਦ ਅਣਮਨੁੱਖੀ ਤਸੀਹੇ ਦੇ ਕੇ ਜੂਨ 1716 ਈ: ਨੂੰ ਸ਼ਹੀਦ ਕਰ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ • ਤੋਂ ਬਾਅਦ ਤੱਤ ਖਾਲਸੇ ਅਤੇ ਬੰਦਈ ਖਾਲਸੇ, ਜਿਸ ਦੀ ਅਗਵਾਈ ਅਮਰ ਸਿੰਘ ਖੇਮਕਰਨੀਆ ਕਰ ਰਿਹਾ ਸੀ, ਦਰਬਾਰ ਸਾਹਿਬ ਤੇ ਕਬਜੇ ਵਾਸਤੇ ਝਗੜਾ ਸ਼ੁਰੂ ਹੋ ਗਿਆ। ਸੰਮਤ 1780 ਬਿ: (1723 ਈ:) ਦੀ ਦੀਪਮਾਲਾ ਨੂੰ ਬੰਦਈ ਤੇ ਤੱਤ ਖਾਲਸੇ ਦਾ ਝਗੜਾ ਨਿਪਟਾਉਣ ਲਈ ਮਾਤਾ ਸੁੰਦਰੀ ਜੀ ਨੇ ਦਿੱਲੀ ਤੋਂ ਭਾਈ ਮਨੀ ਸਿੰਘ ਨੂੰ ਆਪ ਸ੍ਰੀ ਅੰਮ੍ਰਿਤਸਰ ਵਿਖੇ ਭੇਜਿਆ। ਉਸ ਵੇਲੇ ਅਕਾਲ ਤਖਤ ਸਾਹਿਬ ਉਪਰ ਤੱਤ ਖਾਲਸੇ ਦੇ ਬਾਬਾ ਕਾਹਨ ਸਿੰਘ ਦਾ ਕਬਜਾ ਸੀ। ਝੰਡਾ ਬੁੰਗਾ ਉਪਰ ਮਹੰਤ ਸਿੰਘ ਬੰਦਈ ਖੇਮਕਰਨੀ ਦਾ ਅਧਿਕਾਰ ਸੀ। ਵਿਸਾਖੀ ਵਾਲੇ ਦਿਨ ਭਾਈ ਮਨੀ ਸਿੰਘ ਨੇ ਤਜਵੀਜ਼ ਪੇਸ਼ ਕੀਤੀ ਕਿ ਪਰਚੀਆਂ ਪਾ ਕੇ ਫੈਸਲਾ ਕੀਤਾ ਜਾਵੇ। ਇਕ ਪਰਚੀ ਉਪਰ ‘ਵਾਹਿਗੁਰੂ ਜੀ ਕੀ ਫਤਿਹ ਲਿਖਿਆ ਗਿਆ ਤੇ ਦੂਸਰੀ ਉਪਰ ‘ਫਤਿਹ ਦਰਸ਼ਨ’। ਜਦੋਂ ਪਰਚੀਆਂ ਸਰੋਵਰ ਵਿਚ ਸੁੱਟੀਆਂ ਗਈਆਂ ਤਾਂ ਕੁਝ ਚਿਰ ਪਿੱਛੋਂ ਵਾਹਿਗੁਰੂ ਜੀ ਕੀ ਫਤਿਹ ਵਾਲੀ ਪਰਚੀ ਉਪਰ ਆ ਗਈ। ਇਸ ਤਰਾਂ ਇਹ ਝਗੜਾ ਸ਼ਾਂਤੀ ਨਾਲ ਨਜਿੱਠਿਆ ਗਿਆ । (ਪੰਨਾ 104 ਸ਼੍ਰੋਮਣੀ ਸ਼ਹੀਦ).
ਰਤਨ ਸਿੰਘ ਭੰਗੂ ਲਿਖਦਾ ਹੈ ਕਿ ਪਰਚੀਆਂ ਪਾਉਣ ਪਿੱਛੋਂ ਵੀ ਝਗੜਾ ਖਤਮ ਨਾ ਹੋਇਆ। ਤੱਤ ਖਾਲਸੇ ਤੇ ਬੰਦਈ ਸਿੰਘਾਂ ਦਾ ਘੋਲ ਵੀ ਹੋਇਆ ਤੇ ਖੇਮਕਰਨੀਆ ਸਿੰਘ ਮਾਰਿਆ ਗਿਆ ਅਤੇ ਖਾਲਸੇ ਦੀ ਜਿੱਤ ਹੋਈ। ਭਾਈ ਮਨੀ ਸਿੰਘ ਨੇ 79 ਸਾਲ ਦੀ ਉਮਰ ਵਿਚ ਅਮਰ ਸਿੰਘ ਬੰਦਈ ਦੀ ਥਾਂ ਸੇਵਾ ਸੰਭਾਲ ਲਈ। ਭਾਈ ਰਤਨ ਸਿੰਘ ਭੰਗੂ ਲਿਖਦਾ ਹੈ :-
ਸਿੱਖਨ ਕੋ ਸਿੱਖੀ ਦਿੜਾਵੇ।
ਸਿੱਖੀਓਂ ਚੂਕੈ ਤਿਸ ਤਨਖਾਹ ਲਾਵੈ।
ਬੀਜ ਬੀਜੇ ਵਹਿ ਗੁਰਮਤਿ ਲਾਵੈ।
ਚਾਰ ਬਰਨ ਕੋ ਸਿੱਖੀ ਦ੍ਰਿੜਾਵੰ।
ਮਾਤਾ ਭੇਜਯੋ ਤਿਸੈ ਥੋ ਦਿੱਲੀ ਤੇ ਸਮਝਾਇ।
ਅੰਮ੍ਰਿਤਸਰ ਚੜ੍ਹਤੀ ਚੜ੍ਹੀ ਸ਼ਸੱਖਨ ਜਾਹਿ ਖਵਾਇ ।6।
ਸੰਬਤ 1790 ਬਿ: (ਸੰਨ 1733 ਈ:) ਨੂੰ ਭਾਈ ਮਨੀ ਸਿੰਘ ਨੇ ਦਿਵਾਲੀ ਦਾ ਤਿਉਹਾਰ ਸ੍ਰੀ ਅੰਮ੍ਰਿਤਸਰ ਵਿਚ ਬੜੀ ਧੂਮਧਾਮ ਨਾਲ ਮਨਾਉਣ ਦੀ ਵਿਉਂਤਬੰਦੀ ਕੀਤੀ ਅਤੇ ਇਸ ਵਾਸਤੇ ਸੂਬਾ ਲਾਹੌਰ ਪਾਸੋਂ ਮੇਲਾ ਕਰਨ ਵਾਸਤੇ ਪ੍ਰਵਾਨਗੀ ਇਸ ਸ਼ਰਤ ਤੇ ਮਿਲੀ ਕਿ ਸਿੱਖਾਂ ਵੱਲੋਂ ਮੇਲੇ ਤੋਂ ਪਿਛੋਂ 5,000/ ਟਕੇ ਸਰਕਾਰੀ ਖਜਾਨੇ ਵਿਚ ਜਮ੍ਹਾਂ ਕਰਵਾਏ ਜਾਣਗੇ। ਸੂਬੇ ਲਾਹੌਰ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦਾ ਚੰਗਾ ਮੌਕਾ ਜਾਣਕੇ ਸਾਜਸ਼ ਅਧੀਨ ਆਪਣੇ ਭਰੋਸੇਮੰਦ ਵਜ਼ੀਰ ਲੱਖਪਤ ਰਾਇ ਨੂੰ ਗੁਪਤ ਰੂਪ ਵਿਚ ਅੰਮ੍ਰਿਤਸਰ ਭੇਜ ਦਿੱਤਾ । ਇਸ ਲੱਖਪਤ ਰਾਇ ਨੇ ਪਹਿਲਾਂ ਵੀ ਸਿੱਖਾਂ ਤੇ ਬਹੁਤ ਜੁਲਮ ਕੀਤੇ ਸਨ। ਜਦੋਂ ਭਾਈ ਮਨੀ ਸਿੰਘ ਜੀ ਨੂੰ ਇਸ ਸਾਜਸ਼ ਦਾ ਪਤਾ ਲਗਾ ਤਾਂ ਭਾਈ ਮਨੀ ਸਿੰਘ ਨੇ ਸੁਨੇਹੇ ਭੇਜ ਕੇ ਸਿੱਖਾਂ ਨੂੰ ਆਉਣੋਂ ਮਨ੍ਹਾ ਕਰ ਦਿੱਤਾ। ਇਸ ਤਰਾਂ ਨਾ ਹੀ ਮੇਲਾ ਲਗਿਆ ਅਤੇ ਨਾ ਹੀ ਕੋਈ ਆਮਦਨ ਹੋਈ। ਇਸ ਕਰਕੇ ਜਜ਼ੀਆ ਜਮ੍ਹਾਂ ਕਰਵਾਉਣਾ ਔਖਾ ਸੀ। ਸਰਕਾਰ ਵੱਲੋਂ ਜਜ਼ੀਆ ਜਮਾਂ ਕਰਵਾਉਣ ਤੇ ਜ਼ੋਰ ਦੇਣ ਤੇ ਭਾਈ ਮਨੀ ਸਿੰਘ ਨੇ ਅਗਲੀ ਦੀਵਾਲੀ ਤਕ ਸੂਬਾ ਲਾਹੌਰ ਨੂੰ ਰਾਜੀ ਕਰ ਲਿਆ। ਇਸ ਵਾਰ ਵੀ ਲਾਹੌਰ ਦੀ ਸੰਗਤ ਤੋਂ ਭਾਈ ਮਨੀ ਸਿੰਘ ਨੂੰ ਸੂਬਾ ਲਾਹੌਰ ਦੀ ਸਿੱਖਾਂ ਉਤੇ ਹਮਲਾ ਕਰਨ ਦੀ ਘਿਨਾਉਣੀ ਸਾਜਸ਼ ਦਾ ਪਤਾ ਲੱਗ ਗਿਆ। ਭਾਈ ਮਨੀ ਸਿੰਘ ਨੇ ਸੁਨੇਹੇ ਭੇਜ ਕੇ ਸਿੱਖਾਂ ਨੂੰ ਅੰਮ੍ਰਿਤਸਰ ਆਉਣ ਤੋਂ ਇਕ ਵਾਰ ਫੇਰ ਮਨ੍ਹਾ ਕਰ ਦਿੱਤਾ। ਇਸ ਤਰ੍ਹਾਂ ਇਸ ਵਾਰ ਵੀ ਮੇਲਾ ਨਾ ਲਗਿਆ ਅਤੇ ਨਾ ਹੀ ਕੋਈ ਆਮਦਨ ਹੋਈ। ਜਜ਼ੀਆ ਜਮ੍ਹਾਂ ਕਰਵਾਉਣਾ ਔਖਾ ਹੋ ਗਿਆ।
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਭਾਈ ਮਨੀ ਸਿੰਘ ਸੂਬਾ ਲਾਹੌਰ ਦੀਆਂ ਅੱਖਾਂ ਵਿਚ ਰੜਕ ਰਿਹਾ ਸੀ ਅਤੇ ਸੂਬਾ ਲਾਹੌਰ ਭਾਈ ਮਨੀ ਸਿੰਘ ਨੂੰ ਫੜਨ ਵਾਸਤੇ ਬਹਾਨੇ ਲੱਭ ਰਿਹਾ ਸੀ। ਇਸ ਵਾਰ ਸੂਬਾ ਲਾਹੌਰ ਨੂੰ ਜਜ਼ੀਆ ਨਾ ਜਮ੍ਹਾਂ ਕਰਵਾਉਣ ਦਾ ਬਹਾਨਾ ਮਿਲ ਗਿਆ, ਜਿਸ ਦੇ ਫਲਸਰੂਪ ਮੁਗਲ ਫੌਜਾਂ ਨੇ ਸ੍ਰੀ ਅੰਮ੍ਰਿਤਸਰ ਤੇ ਚੜਾਈ ਕਰ ਦਿੱਤੀ। ਭਾਈ ਮਨੀ ਸਿੰਘ ਅਤੇ ਹੋਰ ਹਾਜ਼ਰ ਸਿੰਘ, ਭਾਈ ਜਗਤ ਸਿੰਘ, ਭਾਈ ਚਿੱਤਰ ਸਿੰਘ, ਭਾਈ ਗੁਲਜਾਰ ਸਿੰਘ, ਭਾਈ ਰਣ ਸਿੰਘ, ਭਾਈ ਭੂਪਤ ਸਿੰਘ ਆਦਿ ਜੋ ਲਗਭਗ ਸਾਰੇ ਹੀ ਭਾਈ ਮਨੀ ਸਿੰਘ ਦੇ ਪ੍ਰੀਵਾਰਕ ਮੈਂਬਰ ਤੇ ਸਕੇ ਸੰਬੰਧੀ ਸਨ, ਨੂੰ ਗਿਰਫਤਾਰ ਕਰਕੇ ਲਾਹੌਰ ਲਿਆਂਦਾ ਗਿਆ। ਅਤੇ ਜੇਲ ਵਿਚ ਨਜ਼ਰਬੰਦ ਕਰ ਦਿੱਤਾ। ਭਾਈ ਮਨੀ ਸਿੰਘ ਜੇਲ ਵਿਚ ਨਿਤਨੇਮ ਪਾਠ ਕਰਦੇ ਅਤੇ ਆਪਣੇ ਸਾਥੀ ਸਿੰਘਾਂ ਨੂੰ ਚੜਦੀ ਕਲਾ ਵਿਚ ਰੱਖਣ ਵਾਸਤੇ ਸੂਰਮਿਆਂ ਤੇ ਗੁਰੂਆਂ ਦੀਆਂ ਸਾਖੀਆਂ ਸੁਣਾਉਂਦੇ। ਭਾਈ ਮਨੀ ਸਿੰਘ ਨੂੰ ਸੂਬੇ ਨੇ ਜਜ਼ੀਆ ਨਾ ਦੇਣ ਦਾ ਦੋਸ਼ੀ ਠਹਿਰਾਇਆ, ਜੋ ਭਾਈ ਮਨੀ ਸਿੰਘ ਨੇ ਬਿਲਕੁਲ ਬੇਇਨਸਾਫੀ ਦਸਦੇ ਹੋਏ ਕਿਹਾ ਜਦੋਂ ਤੁਸੀਂ ਮੇਲਾ ਹੀ ਨਹੀਂ ਲੱਗਣ ਦਿੱਤਾ, ਤਾਂ ਜਜ਼ੀਆ ਕਿਸ ਚੀਜ ਦਾ ? ਦੂਸਰਾ ਭਾਈ ਮਨੀ ਸਿੰਘ ਨੂੰ ਜੋ ਸਿੰਘ ਮਿਲਣ ਆਉਂਦੇ ਸਨ ਨੂੰ ਫੜਾਉਣ ਵਾਸਤੇ ਕਿਹਾ, ਪਰ ਭਾਈ ਸਾਹਿਬ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ। ਤੀਸਰਾ ਸੂਬੇ ਨੇ ਭਾਈ ਮਨੀ ਸਿੰਘ ਨੂੰ ਦੀਨ ਕਬੂਲਣ ਲਈ ਕਿਹਾ ਅਤੇ ਭਾਈ ਸਾਹਿਬ ਨੇ ਸਾਫ ਇਨਕਾਰ ਕਰ ਦਿੱਤਾ। ਉਨ੍ਹਾਂ ਸੂਬਾ ਲਾਹੌਰ ਨੂੰ ਮੰਦੇ ਬੋਲ ਦੁਬਾਰਾ ਨਾ ਬੋਲਣ ਲਈ ਕਿਹਾ। ਇਸ ਬਾਰੇ ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਇਸ ਤਰਾਂ ਦਰਜ ਹੈ :-
ਹਮ ਸਿਦਕ ਨਾ ਹਾਰੈ। ਕਈ ਜਨਮ ਸਿਦਕ ਸੁ ਗਾਰੈ।।
ਦੇਹੀ ਕਿਸਕੀ ਬਾਪਰੀ ਸਿੱਖੀ ਜਿ ਸਾਬਤ ਹੋਏ।।
ਦੇਹ ਤੋਂ ਆਵਣ ਜਾਣ ਹੈ ਸਿੱਖੀ ਲਭੈ ਕਬ ਕੋਇ।
ਜਦੋਂ ਭਾਈ ਮਨੀ ਸਿੰਘ ਨੇ ਸੂਬੇ ਲਾਹੌਰ ਦੀ ਕੋਈ ਗਲ ਨਾ ਮੰਨੀ ਤਾਂ ਸੂਬੇ ਨੇ ਪਹਿਲਾਂ ਭਾਈ ਸਾਹਿਬ ਦੇ ਨਾਲ ਕੈਦ ਕੀਤੇ ਸਿੱਖਾਂ ਨੂੰ ਭਾਰੀ ਤਸੀਹੇ ਦੇਣ ਅਤੇ ਭਾਈ ਮਨੀ ਸਿੰਘ ਦੇ ਬੰਦ ਬੰਦ ਕੱਟਣ ਦਾ ਹੁਕਮ ਦਿੱਤਾ। ਜਦ ਲਾਹੌਰ ਦੀ ਸੰਗਤ ਨੂੰ ਇਸ ਬਾਰੇ ਪਤਾ ਲਗਿਆ ਤਾਂ ਸੰਗਤ ਨੂੰ ਬਹੁਤ ਚਿੰਤਾ ਹੋਈ। ਸੰਗਤ ਨੇ ਪੈਸੇ ਇੱਕਠੇ ਕਰ ਕੇ ਜਜ਼ੀਆ ਤਾਰਨ ਦਾ ਵਿਚਾਰ ਕੀਤਾ ਤਾਂ ਜੋ ਭਾਈ ਸਾਹਿਬ ਨੂੰ ਜਾਲਮਾਂ ਦੇ ਪੰਜੇ ‘ਚੋਂ ਛੁਡਾਇਆ ਜਾ ਸਕੇ। ਜਦੋਂ ਉਹ ਇਸ ਮੰਤਵ ਵਾਸਤੇ ਭਾਈ ਮਨੀ ਸਿੰਘ ਨੂੰ ਮਿਲੇ ਤਾਂ ਭਾਈ ਸਾਹਿਬ ਨੇ ਇਸ ਨੂੰ ਸਿਰੇ ਤੋਂ ਨਕਾਰ ਦਿੱਤਾ, ਜੁਲਮ ਅੱਗੇ ਨਾ ਝੁੱਕਣ ਅਤੇ ਗੁਰੂ ਭਾਣਾ ਮੰਨਣ ਵਾਸਤੇ ਕਿਹਾ। ਭਾਈ ਮਨੀ ਸਿੰਘ ਨੇ ਗੁਰੂ ਅੱਗੇ ਅਰਦਾਸ ਕੀਤੀ ਕਿ ਗੁਰੂ ਸਿੱਖੀ ਸਿੱਦਕ ਨਿਭਾਉਣ ਦੀ ਸ਼ਕਤੀ ਬਖਸ਼ੇ ਅਤੇ ਇਹ ਬੁੱਢਾ ਸ਼ਰੀਰ ਜੋ ਅੱਜ ਕੱਲ੍ਹ ਨਾਸ਼ ਹੋਣਾ ਹੀ ਹੈ, ਪੰਥ ਲੇਖੇ ਲਗ ਜਾਵੇ। ਇਸ ਤਰ੍ਹਾਂ ਜੂਨ 1734 ਈ: (ਸੰਮਤ 1791 ਬਿ:) ਨੂੰ ਭਾਈ ਮਨੀ ਸਿੰਘ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਨ੍ਹਾਂ ਨਾਲ ਲਿਆਂਦੇ ਸਿੱਖਾਂ ਨੂੰ ਬਹੁਤ ਤਸੀਹੇ ਦੇ ਕੇ, ਸ਼ਹੀਦ ਕੀਤਾ ਗਿਆ ਅਤੇ ਸੰਮਤ 1791 ਬਿਕਰਮੀ ਹਾੜ ਸੁਦੀ ਪੰਚਮੀ (24 ਜੂਨ 1734 ਈ:) ਨੂੰ ਲਾਹੌਰ ਦੇ ਨਿਖਾਸ ਚੌਂਕ ਵਿਖੇ ਭਾਈ ਮਨੀ ਸਿੰਘ ਨੂੰ ਜਲਾਦਾਂ ਵੱਲੋਂ ਤਸੀਹੇ ਦਿੱਤੇ ਗਏ। ਭਾਈ ਸਾਹਿਬ ਦੀਆਂ ਪਹਿਲਾਂ ਉਂਗਲਾਂ ਪੋਰੀ ਪੋਰੀ, ਗੁੱਟ, ਕੂਹਣੀਆਂ, ਬਾਹਵਾਂ, ਮੋਢੇ ਅਤੇ ਫਿਰ ਪੈਰ ਦੀਆਂ ਉਂਗਲਾਂ, ਗਿੱਟੇ, ਗੋਡੇ ਤੇ ਕੂਲੇ ਕੱਟੇ। ਅਖੀਰ ਗਰਦਨ ਕੱਟ ਕੇ ਭਾਰੀ ਤਸੀਹੇ ਦੇ ਦੇ ਕੇ ਭਾਈ ਮਨੀ ਸਿੰਘ ਨੂੰ ਸ਼ਹੀਦ ਕੀਤਾ। ਭਾਈ ਮਨੀ ਸਿੰਘ ਨੇ ਇਹ ਸਾਰੇ ਤਸੀਹੇ ਖਿੜੇ ਮੱਥੇ ਗੁਰਬਾਣੀ ਦਾ ਜਾਪ ਕਰਦਿਆਂ ਸਹੇ ਅਤੇ ਮੁਗਲਾਂ ਦੀ ਨਾ ਈਨ ਕਬੂਲੀ ਨਾ ਆਪਣਾ ਦੀਨ ਧਰਮ ਬਦਲਨਾ ਹੀ ਕਬੂਲਿਆ। ਇਸ ਤਰਾਂ ਭਾਈ ਮਨੀ ਸਿੰਘ ਨੇ ਸਿੱਖੀ ਰਹਿਤ ਮਰਿਆਦਾ ਵਿਚ ਰਹਿ ਕੇ ਵੀ ਆਪਣਾ ਜਲੌਅ ਵਿਖਾਇਆ।
ਭਾਈ ਮਨੀ ਸਿੰਘ ਦੇ ਬੰਦ ਬੰਦ ਕੱਟਕੇ ਸ਼ਹੀਦ ਕਰਨ ਬਾਰੇ, ਉਸੇ ਸਮੇਂ ਦੇ ਸਰਕਾਰੀ ਰਿਕਾਰਡ ਮੁਤਾਬਿਕ, ਲਗਭਗ ਸਾਰੇ ਇਤਿਹਾਸਕਾਰਾਂ ਤੇ ਭੱਟਾਂ ਆਦਿ ਦੀ ਇਕੋ ਰਾਏ ਹੈ। ਭਾਈ ਸੇਵਾ ਸਿੰਘ ਭੱਟ ਨੇ ਇਸ ਸ਼ਹੀਦੀ ਨੂੰ ਆਪਣੀਆਂ ਕਾਵਿ ਸਤਰਾਂ ਰਾਹੀਂ ਇਸ ਤਰ੍ਹਾਂ ਪੇਸ਼ ਕੀਤਾ ਹੈ :-
ਹਾੜ ਸੁਧੀ ਪੰਚਮ ਥਿਤ ਆਹਿ। ਸਤਹ ਸੈ ਇਕਾਨਵੈਂ ਮਾਹੀ।
ਜਾਇ ਨਿਖਾਸ ਚੌਕ ਕੇ ਬੀਚ। ਸੂਬੇ ਖਾਨ ਬਹਾਦਰ ਨੀਚ।
ਪਹਿਲੋਂ ਮਨੀ ਸਿੰਘ ਕੇ ਤਾਈਂ। ਕਾਜੀ ਫਤਵਾ ਦੀਯੋ ਸੁਣਾਈ।
ਤਸੇ ਗੈਲ ਜਲਾਦੈ ਆਇ। ਬੰਦ ਬੰਦ ਦੀਯੇ ਜੁਦਾ ਕਰਾਇ।
ਜਹਾਂ ਭਯੋ ਇਹ ਸਾਕਾ ਭਾਰੀ ਖਲਕਤ ਦੇਖਣ ਆਈ ਸਾਰੀ।
ਭੱਟ ਵਹੀ ਮੁਲਤਾਨੀ ਸਿੰਧੀ ਵਿਚ ਇਸ ਸ਼ਹਾਦਤ ਦਾ ਇੰਦਰਾਜ ਹੈ :-
‘ਮਨੀ ਸਿੰਘ, ਮਾਈਦਾਸ ਦਾ, ਪੋਤਾ ਬੱਲੂ ਕਾ, ਪੜਪੋਤਾ ਮੂਲੈ ਕਾ, ਸ਼ਾਹੀ ਹੁੱਕਮ ਗੈਲ ਆਸਾੜ ਸੁਦੀ ਪੰਚਮੀ ਸੰਬਤ 1791 ਕੋ ਲਾਹੌਰ ਕੇ ਮਲਹਾਨ ਘੜੀ ਦਿਨ ਚੜੇ ਬੰਦ ਬੰਦ ਕਾਟਾ। ਭੂੰ ਕਾਟ ਆਇਆ, ਗੈਲੋਂ ਜਗਤ ਸਿੰਘ ਬੇਟਾ ਮਾਈ ਦਾਸ ਕਾ. ਚਿਤਰ ਸਿੰਘ ਬੇਟਾ ਮਨੀ ਸਿੰਘ ਕਾ, ਗੁਰਬਖਸ਼ ਸਿੰਘ ਬੇਟਾ ਮਨੀ ਸਿੰਘ ਕਾ ਮਾਰੇ ਗਏ ਆਗੇ ਗੁਰੂ ਆਪ ਭਾਣੇ ਕਾ ਖਾਵਿੰਦ, ਗੁਰ ਗੁਰੂ ਜਪਣਾ ਜਨਮ ਸਉਰੇਗਾ। (ਭੱਟ ਵਹੀ ਮੁਲਤਾਨੀ ਸਿੰਧੀ) (ਪੰਨਾ 21 ਗੁਰੂ ਕੀਆਂ ਸਾਖੀਆਂ)
ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਬਾਰੇ ਇੰਜ ਦਰਜ ਹੈ :-
ਮਨਸੂਰ ਮਨਸੂਰ ਇਮ ਜਗ ਭਯੋ।
ਕਟੇ ਹੱਥ ਇਕ ਸੱਟ।
ਮਨੀ ਸਿੰਘ ਬਹੂ ਸੱਟ ਸਹੀ।
ਬੰਦ ਬੰਦ ਸੁਟਾਯੋ ਕੱਟ। (ਪੰਨਾ 227, ਪ੍ਰਾਚੀਨ ਪੰਥ ਪ੍ਰਕਾਸ਼)
ਅੰਮ੍ਰਿਤ ਸਿੰਘ ‘ਚੌਧਰੀ’ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਬਾਰੇ ਲਿਖਦੇ ਨੇ- ‘ਭਾਈ ਮਨੀ ਸਿੰਘ ਜੀ ਨੇ ਆਪਣੇ ਸਿਧਾਂਤਾਂ ਖਾਤਰ ਸੱਚੇ ਮਾਰਗ ਲਈ ਜਾਲਮ ਨੂੰ ਲਲਕਾਰਿਆ ਤੇ ਜੁਲਮੀ ਸਰਕਾਰ ਨੇ ਉਨ੍ਹਾਂ ਦੇ ਬੰਦ ਬੰਦ ਕੱਟਕੇ ਸ਼ਹੀਦ ਕਰ ਦਿੱਤਾ।’
ਗਿਆਨੀ ਭਜਨ ਸਿੰਘ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਬਾਰੇ ਲਿਖਦੇ ਨੇ ‘ਭਾਈ ਮਨੀ ਸਿੰਘ ਜੀ ਬੜੇ ਵੱਡੇ ਵਿਦਵਾਨ ਸਨ। ਜੇ ਇਹ ਕਿਹਾ ਜਾਵੇ ਕਿ ਭਾਈ ਗੁਰਦਾਸ ਜੀ ਤੋਂ ਪਿਛੋਂ ਆਪ ਹੀ ਵੱਡੇ ਸਿੱਖ ਵਿਦਵਾਨ ਹੋਏ ਤਾਂ ਅਤਿਕਥਨੀ ਨਹੀਂ ਹੋਵੇਗੀ। ਆਪ ਮਹਾਨ ਧਾਰਮਕ ਆਗੂ ਅਤੇ ਸਾਹਿਤਕਾਰ ਸਨ। ਮੁਗਲ ਸ਼ਾਸਕਾਂ ਨੇ ਸਿੱਖਾਂ ਦੀ ਹੋਂਦ ਮਿਟਾਉਣ ਦੀ ਲੜੀ ਵਿਚ ਇੱਕ ਸਾਜਸ਼ ਅਧੀਨ ਭਾਈ ਮਨੀ ਸਿੰਘ ਜੀ ਨੂੰ ਮੌਲਵੀਆਂ ਤੋਂ ਬੰਦ ਬੰਦ ਕੱਟਕੇ ਕਤਲ ਕਰਨ ਦਾ ਫਤਵਾ ਦਿਵਾਇਆ। ਭਾਈ ਮਨੀ ਸਿੰਘ ਜੀ ਨੇ ਖਿੜੇ ਮੱਥੇ ਕੁਰਬਾਨੀ ਦੇਣ ਦਾ ਨਿਸ਼ਚਾ ਕੀਤਾ। ਭਾਈ ਮਨੀ ਸਿੰਘ ਜੀ ਪਾਠ ਕਰੀ ਜਾ ਰਹੇ ਸਨ ਤੇ ਜਲਾਦ ਸ਼ਰੀਰ ਦੇ ਟੋਟੇ – ਟੋਟੇ ਕਰ ਢੇਰ ਕਰੀ ਜਾ ਰਿਹਾ ਸੀ। ਆਪ ਨੂੰ ਅੰਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ।
ਇਸ ਸ਼ਹੀਦੀ ਤੋਂ ਕੌਮ ਵਿਚ ਅਜਿਹਾ ਜੋਸ਼ ਪੈਦਾ ਹੋਇਆ ਕਿ ਸਿੰਘਾਂ ਨੇ ਮੈਂਦਾਨੇ ਜੰਗ ਵਿਚ ਨਿਕਲਕੇ ਮਿਸਲਾਂ ਬਣਾ ਲਈਆਂ ਅਤੇ ਅਖੀਰ ਮੁਗਲ ਰਾਜ ਪਲਟ ਕੇ ਰੱਖ ਦਿੱਤਾ।’
ਲਾਲਾ ਮੁਲਕ ਰਾਜ ਭੱਲਾ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਬਾਰੇ ਲਿਖਦੇ ਨੇ – ‘ਨਾਜਮ ਨੇ ਮੁਫਤੀ ਸੇ ਭਾਈ ਮਨੀ ਸਿੰਘ ਕੀ ਬਾਬਤ ਸ਼ਾਹ ਕਾ ਫਤਵਾ ਮਾਂਗਾ। ਮੁਫਤੀ ਬੇਰਹਿਮ ਕਾ ਫਤਵਾ ਯਿਹ ਥਾ ਕਿ ਐਸੇ ਅਹਿਦ ਸ਼ਿਕਨ ਕੇ ਜਿਸਮ ਕੇ ਬੰਦ ਬੰਦ ਜੁਦਾ ਕਰਕੇ ਅਜ਼ਾਬ ਸੇ ਮਾਰਾ ਜਾਏ। ਬਚਾਓ ਸਿਰਫ ਇਸੀ ਸੂਰਤ ਪਰ ਹੋ ਸਕਤਾ ਹੈ ਕਿ ਵਹੁ ਦੀਨ ਇਸਲਾਮ ਕਬੂਲ ਕਰੇ। ਯਿਹ ਹੁਕਮ ਸੁਨ ਕਰ ਵਹੁ ਮੁਤਲਿਕ ਨ ਘਬਰਾਏ। ਦੀਨ ਇਸਲਾਮ ਤੋਂ ਇਨਹੇ ਕਿਆ ਕਬੂਲ ਕਰਨਾ ਥਾ ਸਾਫ ਇਨਕਾਰ ਕਰ ਦਿਆ ਔਰ ਸ਼ਾਂਤੀ ਸੇ ਜਲਾਦ ਕੇ ਸਾਥ ਹੋ ਲੀਏ। ਅੰਤ ਅਸਾਢ ਸੁਦੀ ਪੰਚਮੀ 1791 ਬਿਕ੍ਰਮੀ ਕੋ ਇਨਕੋ ਨਿਖਾਸ ਚੌਕ ਬੰਦ ਬੰਦ ਜੁਦਾ ਕਰ ਮਾਰਾ, ਜਹਾਂ ਸ਼ਹੀਦ ਗੰਜ ਗੁਰਦੁਆਰਾ ਹੈ।’
ਸਿੱਖ ਫੁਲਵਾੜੀ ਅਕਤੂਬਰ, 1995 ਵਿੱਚ ਲਿੱਖਿਆ ਹੈ ‘ਭਾਈ ਮਨੀ ਸਿੰਘ ਜੀ ਦਾ ਜਨਮ ਭਾਈ ਮਾਈ ਦਾਸ ਦੇ ਗ੍ਰਹਿ ਮਾਤਾ ਮਧੁਰੀ ਬਾਈ ਦੇ ਗ੍ਰਹਿ ਪਿੰਡ ਅਲੀਪੁਰ ਜਿਲ੍ਹਾ ਮੁਜਫਰ ਗੜ੍ਹ ਰਿਆਸਤ ਮੁਲਤਾਨ (ਹੁਣ ਪੱਛਮੀ ਪਾਕਿਸਤਾਨ ) ਵਿਖੇ ਹੋਇਆ। ਆਪ ਦੇ ਦਾਦਾ ਭਾਈ ਬੱਲੂ ਜੀ ਬੜੇ ਬਹਾਦਰ ਸਨ ਜੋ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੁਰਕਾਂ ਨਾਲ ਜੰਗ ਕਰਦੇ ਸ਼ਹੀਦੀ ਪਾ ਗਏ। ਮੁਗਲ ਹਕੂਮਤ ਨੇ ਇਕ ਸਾਜਸ਼ ਅਧੀਨ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਜਾਕੇ ਅਕਹਿ ਤੇ ਅਸਹਿ ਤਸੀਹੇ ਦਿੰਦੇ ਹੋਏ ਬੰਦ ਬੰਦ ਕੱਟਕੇ ਸ਼ਹੀਦ ਕਰ ਦਿੱਤਾ। ਭਾਈ ਮਨੀ ਸਿੰਘ ਜੀ ਦਾ ਸਮੁਚਾ ਜੀਵਨ ਇਕ ਅਦੁੱਤੀ ਤੇ ਅਮੋਲਕ ਵਿਰਸਾ ਹੈ। ਭਾਈ ਮਨੀ ਸਿੰਘ ਦਾ ਲੱਗਭੱਗ ਸਾਰਾ ਪ੍ਰੀਵਾਰ ਸਿੱਖੀ ਸਿਦਕ ਨਿਭਾਉਂਦਾ ਸ਼ਹੀਦੀਆਂ ਪਾ ਗਿਆ। ਭਾਈ ਸਾਹਿਬ ਦੀ ਅਦੁੱਤੀ ਘਾਲਣਾ ਸਿੱਖ ਪੰਥ ਲਈ ਹਮੇਸ਼ਾ ਲਈ ਹੀ ਚਾਨਣ ਮੁਨਾਰੇ ਦਾ ਕੰਮ ਦੇਂਦੀ ਰਹੇਗੀ।’
ਸਿੰਘ ਸਾਹਿਬ ਭਾਈ ਕ੍ਰਿਪਾਲ ਸਿੰਘ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਭਾਈ ਸਾਹਿਬ ਇਸ ਸ਼ਹੀਦੀ ਬਾਰੇ ਲਿਖਦੇ ਨੇ – ਸਿੱਖ ਕੌਮ ਦੀ ਮਹਾਨ ਜਾਣੀ ਪਛਾਣੀ ਸਤਿਕਾਰ ਯੋਗ ਮਹਾਨ ਸ਼ਹੀਦ ਸੁਖਸੀਅਤ ਭਾਈ ਮਨੀ ਸਿੰਘ ਜੀ ਦਾ ਪੂਰਾ ਖਾਨਦਾਨ ਹੀ ਸ਼ਹੀਦਾਂ ਦਾ ਖਾਨਦਾਨ ਹੈ। ਭਾਈ ਮਨੀ ਸਿੰਘ ਜੀ ਸ਼ਹੀਦ ਦਾ ਇੱਕ ਦਾਦਾ, ਦਸ ਭਰਾ, ਸੱਤ ਪੁੱਤਰ, ਦਸ ਪੋਤਰੇ ਅਤੇ ਆਪ ਖੁਦ ਸ਼ਹੀਦ ਹੋਏ ਜਿਸ ਕਰਕੇ ਆਪਦਾ ਪ੍ਰੀਵਾਰ ਸ਼ਹੀਦਾਂ ਦਾ ਪ੍ਰੀਵਾਰ ਹੈ।
ਬੀਬੀ ਕੁਲਵੰਤ ਕੋਰ ‘ਨਨੀ’ ਸੰਪਾਦਕ, ਨਿਰਮਲ ਮਾਰਗ ਵਿੱਚ ਲਿਖਦੇ ਨੇ – ਭਾਈ ਮਾਈਦਾਸ ਦੇ ਗਿਆਰਾਂ ਪੁੱਤਰ ਸ਼ਹਾਦਤ ਦਾ ਜਾਮ ਪੀ ਕੇ ਸੰਸਾਰ ਤੋਂ ਵਿਦਾ ਹੋਏ। ਉਨ੍ਹਾਂ ਵਿਚੋਂ ਭਾਈ ਮਨੀ ਸਿੰਘ ਜੀ ਵੀ ਸਿੱਖੀ ਸਿਦਕ ਨਿਭਾਉਂਦੇ, ਸੱਚ ਤੇ ਪਹਿਰਾ ਦਿੰਦੇ, ਅਡੋਲ ਸ਼ਾਂਤ ਚਿੱਤ ਰਹਿ ਗੁਰੂ ਕ੍ਰਿਪਾ ਸੇਤੀ ਬੰਦ ਬੰਦ ਕਟਵਾਕੇ ਸ਼ਹੀਦ ਹੋਏ। ਇਨ੍ਹਾਂ ਦਾ ਪ੍ਰੀਵਾਰ ਪੰਵਾਰ ਰਾਜਪੂਤ ਗੁਰਸਿੱਖ ਸੀ ਤੇ ਇਸ ਪ੍ਰੀਵਾਰ ਦੀ ਸ਼ਹੀਦੀਆਂ ਦੀ ਮਹਿਮਾ ਨਾਲ ਭੱਟਾਂ ਦੀਆਂ ਵਹੀਆਂ ਭਰੀਆਂ ਪਈਆਂ ਹਨ।
ਉਘੇ ਭੱਟ ਕਵੀ ਭਾਈ ਸੇਵਾ ਸਿੰਘ ਜੀ ਨੇ ਭਾਈ ਸਾਹਿਬ ਜੀ ਦੀ ਸ਼ਹੀਦੀ ਤੇ ਸਖ਼ਸੀਅਤ ਬਾਰੇ ਸ਼ਰਧਾ ਨਾਲ ਵਿਚਾਰ ਕਾਵਿਬੰਦ ਕੀਤੇ ਨੇ :-
ਹੇ ਕਰੁਨਾਨਿਧ ਮਿਹਰ ਕਰੋ ਤਉ ਚਿਤ੍ਰ ਬਚਿਤ੍ਰ ਕਥੂ ਇਹ ਲੀਲਾ
ਜਿਹ ਪੜਨ ਕਰ ਸਿਦਕ ਬਡ਼ੀ ਔਰ ਕਾਯਰ ਸੁਨੈ ਮੁਖ ਰਹੈ ਨਾ ਪੀਲਾ।
ਅੰਗ-ਅੰਗ ਕਟੇ ਨਹਿ ਸੀ ਕਹੀ ਜਿਹ ਸੀਸ ਦਯੋ ਸਿੱਖ ਭਯੋ ਨ ਢੀਲਾ।
ਸੇਵਾ ਹਰੀ ਤੁਆ ਮਧ ਕੋਊ, ਸਮ ਸਿੰਘ ਮਨੀ ਨਹਿ ਭਯੋ ਹਠੀਲਾ।
ਪ੍ਰਾਨ ਹਰੈ ਸ਼ਜਹ ਧਰਮ ਹਿਤ ਖਾਤਰ ਪਰਉਪਕਾਰ।
ਐਸੇ ਸਿਦਕੀ ਸਿੱਖ ਕੀ ਗਾਥਾ ਕਹੂੰ ਉਚਾਰ।। (ਭੱਟ ਸੇਵਾ ਸਿੰਘ)
ਸ਼ਹੀਦ ਭਾਈ ਬਚਿੱਤਰ ਸਿੰਘ ਜੀ
ਸ਼ਹੀਦ ਭਾਈ ਬਚਿੱਤਰ ਸਿੰਘ ਦਾ ਜਨਮ 15 ਵਿਸਾਖ 1720, ਸ਼ਹੀਦ ਭਾਈ ਮਨੀ ਸਿੰਘ ਦੇ ਗ੍ਰਹਿ ਮਾਤਾ ਸੀਤੋ ਬਾਈ (ਬਸੰਤ ਕੌਰ) ਦੀ ਕੁੱਖੋਂ ਹੋਇਆ। ਸ਼ਹੀਦੀ ਭਾਈ ਬਚਿੱਤਰ ਸਿੰਘ ਨੂੰ ਵਿਰਸੇ ਵਿਚ ਮਿਲੀ। ਸ਼ਹੀਦ ਭਾਈ ਬਚਿੱਤਰ ਸਿੰਘ ਦੇ ਪੜਦਾਦਾ ਜੀ ਨੇ 74 ਸਾਲ ਦੀ ਉਮਰ ਵਿਚ ਅੰਮ੍ਰਿਤਸਰ ਦੀ ਜੰਗ ਵਿਚ ਮੁਰਤਜਾ ਖਾਨ ਨੂੰ ਮਾਰ ਕੇ ਸਾਲ 1634 ਈ: ਵਿਚ ਸ਼ਹੀਦੀ ਪ੍ਰਾਪਤ ਕੀਤੀ ਇਸ ਬਾਰੇ ਭਟ ਵਹੀ ਕਰਸਿੰਧੂ ਪਰਗਣਾ ਸਫੈਦੋਂ ਵਿਚ ਇੰਜ ਲਿਖਿਆ ਹੈ:-
‘ਬੱਲੂ ਬੇਟਾ ਮੂਲੇ ਕਾ ਪੋਤਾ ਰਾਉ ਕਾ ਪੜਪੋਤਾ ਚਾਹੜ ਕਾ ਚੰਦ੍ਰਬੰਸੀ ਭਾਰਦਵਾਜੀ ਗੋਤਰ ਪੁਆਰ ਬੰਸ ਬੀਝੇ ਕਾ ਬੰਝਰਉਂਤ ਰਦਉਂਤ ਜਲ੍ਹਾਨਾ। ਸਾਲ ਸੋਲਾਂ ਸੈ ਇਕਾਨਮੇ ਬੰਸਾਖ ਪ੍ਰਵਿਸ਼ਟੇ ਸਤਾਰਾਂ ਸੋਮਵਾਰ ਕੇ ਦਿਹੁੰ ਗੁਰੂ ਚੱਕ ਕੇ ਮਲਾਨ ਪਰਗਣਾਂ ਨਿਝਰਆਲਾ, ਗੁਰੂ ਕਾ ਬਚਨ ਪਾਇ ਸਾਹਵੇਂ ਮਾਥੋਂ ਰਣ ਮੇਂ ਮੁਰਤਜਾ ਖਾਨ ਕੋ ਮਾਰ ਕੇ ਮਰਾ। ਗੈਲੋਂ ਕੀਰਤ, ਬੇਟਾ ਭਿਖੇ ਕਾ ਪੋਤਾ ਰਈਏ ਕਾ, ਪਰਪੋਤਾ ਨਰਸੀ ਕਾ, ਬੰਸ ਭਗੀਰਥ ਕੀ, ਕੋਸ਼ਿਸ਼ ਗੋਤ੍ਰ ਗਉੜ ਬ੍ਰਾਹਮਣ ਮਾਰਾ ਗਿਆ। (ਗੁਰੂ ਕੀਆਂ ਸਾਖੀਆਂ ਪੰਨਾ 19)
ਸ਼ਹੀਦ ਭਾਈ ਬਚਿੱਤਰ ਸਿੰਘ ਦੇ ਪਿਤਾ ਜੀ ਬਾਰਾਂ ਭਰਾ ਸਨ, ਜਿਨ੍ਹਾਂ ਵਿਚੋਂ ਇਕ ਨੂੰ ਛੱਡ ਕੇ ਬਾਕੀ ਗੁਰੂ ਘਰ ਦੀ ਸੇਵਾ ਕਰਦੇ ਹੋਏ ਸ਼ਹੀਦ ਹੋਏ। ਭਾਈ ਦਿਆਲਾ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਦੇਗ ਵਿਚ ਉਬਾਲ ਕੇ ਸ਼ਹੀਦ ਕੀਤਾ ਗਿਆ। ਸ਼ਹੀਦ ਭਾਈ ਬਚਿੱਤਰ ਸਿੰਘ ਆਪਣੇ ਪੰਜ ਭਾਈਆਂ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿਚ ਰਹੇ। ਇਨ੍ਹਾਂ ਦੀ ਸੇਵਾ ਅਤੇ ਲਗਨ ਨੂੰ ਦੇਖਦੇ ਹੋਏ ਗੁਰੂ ਜੀ ਨੇ ਇਨ੍ਹਾਂ ਨੂੰ ਆਪਣੇ ਨਿੱਜੀ ਸੁੱਰਖਿਆ ਦਸਤੇ ਵਿਚ ਸ਼ਾਮਲ ਕੀਤਾ।
. ਸ਼ਹੀਦ ਭਾਈ ਬਚਿਤ੍ਰ ਸਿੰਘ ਦੇ ਪੰਜ ਭਰਾਵਾਂ ਦਾ ਗੁਰੂ ਜੀ ਦੀ ਸੇਵਾ ਲਈ ਆਪਾ, ਭੇਟ ਕਰਨ ਬਾਰੇ ਸਿੱਖ ਇਤਿਹਾਸਕਾਰ ਭਾਈ ਕਾਨ੍ਹ ਸਿੰਘ ਨਾਭਾ ਇੰਜ ਲਿਖਦਾ ਹੈ
‘ਮਨੀ ਰਾਮ ਜ਼ਿਲ੍ਹਾ ਮੁਲਤਾਨ ਦੇ ਅਲੀਪੁਰ ਗ੍ਰਾਮ ਦਾ ਵਸਨੀਕ ਰਾਜਪੂਤ ਜਿਸ ਨੇ ਆਪਣੇ ਪੰਜ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਅਰਪਣ ਕੀਤੇ। ਕਲਗੀਧਰ ਮਹਾਰਾਜ ਨੇ ਵਿਸਾਖ ਸੰਮਤ 1756 ਨੂੰ ਅੰਮ੍ਰਿਤ ਛਕਾ ਕੇ ਇਨ੍ਹਾਂ ਨੂੰ ਸਿੰਘ ਸਜਾਇਆ, ਇਹ ਪੰਜੇ ਵੀਰ (ਉਦਯ ਸਿੰਘ, ਅੱਜਬ ਸਿੰਘ, ਅਜਾਇਬ ਸਿੰਘ, ਅਨਕ ਸਿੰਘ ਅਤੇ ਬਚਿੱਤਰ ਸਿੰਘ) ਸਦਾ ਕਲਗੀਧਰ ਮਹਾਰਾਜ ਦੀ ਸੇਵਾ ਵਿਚ ਹਾਜ਼ਰ ਰਹੇ।(ਭਾਈ ਕ੍ਹਾਨ ਸਿੰਘ ਨਾਭਾ ਮਹਾਨ ਕੋਸ਼ ਦੇ ਪੰਨਾ 951)
ਜਦੋਂ ਚਤਰ ਸਿੰਘ ਬਰਾੜ ਸੂਹੀਏ ਸਿੱਖ ਨੇ ਗੁਰੂ ਜੀ ਨੂੰ ਮਸਤ ਹਾਥੀ ਦੇ ਲੋਹਗੜ ਕਿਲ੍ਹੇ ਦਾ ਦਰਵਾਜਾ ਤੋੜਨ ਲਈ ਭੇਜੇ ਜਾਣ ਦੀ ਖਬਰ ਦਿੱਤੀ ਤਾਂ ਗੁਰੂ ਜੀ ਨੇ ਦੁਨੀ ਚੰਦ ਨੂੰ ਹਾਥੀ ਦਾ ਮੁਕਾਬਲਾ ਕਰਨ ਲਈ ਤਿਆਰ ਰਹਿਣ ਲਈ ਕਿਹਾ। ਦੁਨੀ ਚੰਦ ਗੁਰੂ ਸਾਹਿਬ ਦੇ ਹੁਕਮਾਂ ਦੇ ਬਾਵਜੂਦ ਮਸਤ ਹਾਥੀ ਨਾਲ ਜੰਗ ਕਰਨ ਤੋਂ ਡਰ ਗਿਆ ਅਤੇ ਰਾਤ ਦੇ ਹਨੇਰੇ ਵਿਚ ਹੀ ਆਪਣੇ ਸਾਥੀਆਂ ਸਮੇਤ ਕਿਲ੍ਹੇ ਦੀ ਕੰਧ ਟੱਪ ਕੇ ਭੱਜ ਗਿਆ। ਬੀਰ ਬਚਿਤਰ ਸਿੰਘ ਨੂੰ ਜਦੋਂ ਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਸਤ ਹਾਥੀ ਨਾਲ ਲੜਨ ਲਈ ਹੁਕਮ ਦਿੱਤਾ ਤਾਂ ਇਸ ਹੁਕਮ ਨੂੰ ਬਚਿਤਰ ਸਿੰਘ ਗੁਰੂ ਸਾਹਿਬ ਦੀ ਮਿਹਰ ਸਮਝ ਕੇ ਝੱਟ ਤਿਆਰ ਬਰ ਤਿਆਰ ਹੋ ਗਿਆ। ਗੁਰੂ ਸਾਹਿਬ ਨੇ ਬਚਿਤਰ ਸਿੰਘ ਦਾ ਜੰਗੀ ਪੋਸ਼ਾਕ ਵਿਚ ਹਾਰ ਸ਼ਿੰਗਾਰ ਕਰਕੇ, ਇਕ ਨਾਗਣੀ ਬਰਛੀ ਬਖਸ਼ੀ ਅਤੇ ਬਚਿਤਰ ਸਿੰਘ ਨੂੰ ਥਾਪੜਾ ਦੇ ਕੇ ਜਾਂਬਾਜ਼ ਸਿੰਘਾਂ ਦੀ ਇਕ ਟੁੱਕੜੀ ਨਾਲ ਮਸਤ ਹਾਥੀ ਨਾਲ ਮੁਕਾਬਲਾ ਕਰਨ ਹਸਦੇ ਹਸਦੇ ਤੋਰਿਆ। ਭਾਈ ਬਚਿਤਰ ਸਿੰਘ ਪੂਰੇ ਜੋਸ਼ ਨਾਲ ਕਿਲ੍ਹੇ ‘ਚੋਂ ਨਿਕਲਿਆ। ਅਪਣਾ ਬਚਾਅ ਕਰਦੇ ਹੋਏ ਬਚਿਤਰ ਸਿੰਘ ਨੇ ਫੁਰਤੀ ਨਾਲ ਮਸਤ ਖੂਨੀ ਹਾਥੀ ਦੇ ਮੱਥੇ ਵਿਚ ਗੁਰੂ ਸਾਹਿਬ ਦੀ ਬਖਸ਼ੀ ਨਾਗਨੀ ਬਰਛੀ ਐਸੀ ਮਾਰੀ ਕਿ ਹਾਥੀ ਦੇ ਮੱਥੇ ਤੇ ਬੰਨੀਆਂ ਫੌਲਾਦੀ ਤਵੀਆਂ ਨੂੰ ਚੀਰ ਕੇ ਹਾਥੀ ਦੇ ਮੱਥੇ ਵਿਚ ਖੁੱਭੀ ਅਤੇ ਹਾਥੀ ਦਰਦ ਨਾ ਸਹਾਰਦਾ ਹੋਇਆ ਪੁੱਠਾ ਪਹਾੜੀ ਰਾਜਿਆਂ ਦੀ ਫੌਜ ਨੂੰ ਲਤਾੜਦਾ ਹੋਇਆ ਭੱਜ ਗਿਆ। ਜਿਸ ਉਪਰੰਤ ਪਹਾੜੀ ਰਾਜਿਆਂ ਦੀਆਂ ਫੌਜਾਂ ਵਿੱਚ ਭਗਦੜ ਮੱਚ ਗਈ।
ਜਦੋਂ ਪਹਾੜੀ ਰਾਜਿਆਂ ਦੀਆਂ ਕਸਮਾਂ ਉਤੇ ਯਕੀਨ ਕਰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ ਅਤੇ ਸਰਸਾ ਨਦੀ ਦੇ ਕਿਨਾਰੇ ਪਹੁੰਚੇ ਤਾਂ ਪਿਛੋਂ ਪਹਾੜੀ ਰਾਜਿਆਂ ਅਤੇ ਮੁਗਲਾਂ ਦੀਆਂ ਫੌਜਾਂ ਨੇ ਸਭ ਕਸਮਾਂ ਭੁੱਲਾ ਕੇ ਸਿੱਖਾਂ ਤੇ ਹੱਲਾ ਬੋਲ ਦਿੱਤਾ। ਗੁਰੂ ਜੀ ਨੇ ਉਦੈ ਸਿੰਘ ਨੂੰ ਪੰਜਾਹ (50) ਸਿੱਖਾਂ ਨਾਲ ਸ਼ਾਹੀ ਟਿੱਬੀ ਤੇ ਵੈਰੀਆਂ ਦਾ ਟਾਕਰਾ ਕਰਨ ਲਈ ਹੁਕਮ ਦਿੱਤਾ। ਭਾਈ ਬਚਿਤ੍ਰ ਸਿੰਘ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਕੀਤੇ ਬਚਨਾਂ ਬਾਰੇ ਗੁਰੂ ਕੀਆਂ ਸਾਖੀਆਂ ਵਿਚ ਪੰਨਾ 154-155 ਉਤੇ ਲਿਖਿਆ ਹੈ :-
‘ਭਾਈ ਬਚਿਤ੍ਰ ਸਿੰਘ ਕੋ ਬਚਨ ਹੋਇਆ, ਤੁਸੀਂ ਰੋਪਰ ਕੀ ਤਰਫ ਧਿਆਨ ਕਰੀਏ। ਇਸੇ ਸੌ ਸਿੰਘ ਦੇ ਕੇ ਥਾਪਨਾ ਦੇਈ, ਕਹਾ ਤੁਸਾਂ ਅਗੇ ਸੇਂ ਆਇ ਰਹੀ ਤੁਰਕ ਫੌਜ ਕੋ ਰੋਕਨਾ ਹੈ ਤਾਂ ਕਿ ਜਾਇ ਰਹਾ ਵਹੀਰ ਸਰਸਾ ਨਦੀ ਸੇ ਦੁਰਾਡੇ ਚਲਾ ਜਾਏ ….।
ਗੁਰਾਂ ਦਾ ਹੁਕਮ ਪਾ ਕੇ, ਬਚਿਤ੍ਰ ਸਿੰਘ ਸਰਸਾ ਨਦੀ ਸੇ ਰੋਪਰ ਦੀ ਤਰਫ ਆਇਆ, ਇਸ ਕੀ ਮੁੱਠ ਭੇੜ ਮਲਕਪੁਰ ਰੰਘੜਾਂ ਦੇ ਮੈਦਾਨ ਵਿਚ ਸਰਹੰਦੀ ਫੌਜ ਗੈਲ ਹੋਈ। ਇਸ ਕੇ ਸਾਰੇ ਸਾਥੀ ਇਕ ਇਕ ਕਰਕੇ ਸ਼ਹਾਦਤਾਂ ਪਾਇ ਗਏ, ਇਹ ਸਖਤ ਘਾਇਲ ਹੋਇ ਜਮੀਨ ਤੇ ਗਿਰ ਪੜਾ, ਹਾਲਾਤ ਇਸ ਕੀ ਕਾਬੂ ਸੇ ਬਾਹਰ ਹੋਇ ਗਈ ਸੀ। ਪੀਛੇ ਸੇ ਸਾਹਿਬਜ਼ਾਦਾ ਅਜੀਤ ਸਿੰਘ, ਮਦਨ ਸਿੰਘ ਆਦਿ ਸਿੱਖਾਂ ਕੇ ਗੈਲ ਆਇ ਪਹੁੰਚਾ। ਇਸ ਬਚਿਤਰ ਸਿੰਘ ਕੋ ਉਠਾਇ ਕੋਟਲਾ ਨਿਹੰਗ ਮੇਂ ਲੈ ਆਂਦਾ। ਇਥੇ ਗੁਰੂ ਜੀ ਕੋ ਮਸਤਕ ਟੇਕਾ ਗੁਰੂ ਜੀ ਨੇ ਬਚਿਤਰ ਸਿੰਘ ਵਲ ਦੇਖਾ, ਇਨੇ ਏਕ ਇਕਾਂਤ ਕੋਠੜੀ ਮੇਂ ਯਹਾ ਇਨਕਾ ਆਪਨਾ ਨਿਵਾਂਸ ਥਾ, ਚਾਰਪਾਈ ਪੇ ਲਿਟਾਇ ਦੀਆ। ਸਾਰਾ ਦਿਵਸ ਸਤਿਗੁਰੂ ਜੀ ਪਠਾਨ ਕੇ ਗ੍ਰਹਿ ਮੇ ਰਹਿ ਕੇ ਰਾਤ ਕੇ ਸਮੇਂ ਚਲਨੇ ਕੀ ਤਿਆਰੀ ਕੀ। ਬਚਿਤਰ ਸਿੰਘ ਕੇ ਹੋਰ ਜਖਮਾਂ ਕੇ ਇਲਾਵਾ ਏਕ ਭਾਰੀ ਜ਼ਖਮ ਥਾ, ਇਸੇ ਪਠਾਨ ਕੇ ਘਰ ਛੋਰਾ।
ਗੁਰੂ ਕੀਆਂ ਸਾਖੀਆਂ ਵਿਚ ਪੰਨਾ 157 -158 ਉਤੇ ਲਿਖਿਆ ਹੈ :-
ਚੌਧਰੀ ਜਾਫਰ ਅਲੀ ਖਾਨ ਨੇ ਚੌਧਰੀ ਨਿਹੰਗ ਖਾਨ ਕੀ ਹਵੇਲੀ ਮੇਂ ਦਾਖਲ ਹੋਇ ਕੇ ਦੇਖਾ, ਕਾਈ ਸਿਖ ਗੜ੍ਹੀ ਮੇਂ ਨਜਰ ਨਾ ਆਇਆ। ਗੜ੍ਹੀ ਬੀਚ ਏਕ ਕੋਠੜੀ ਰਹਿ ਗਈ ਜਿਸ ਮੇਂ ਭਾਈ ਬਚਿਤਰ ਸਿੰਘ ਮਰਿਗ ਬਿਸਤਰ ਪਰ ਪੜਾ ਥਾ ਤੇ ਪਠਾਨ ਕੀ ਬੇਟੀ ਮੁਮਤਾਜ ਇਸ ਕੇ ਹਾਜਰ ਖ਼ਿਦਮਤ ਸੀ। ਚੌਕੀ ਸਰਦਾਰ ਕੇ ਪੂਛਨੇ ਸੇ ਇਸੇ ਕਹਾ ਕਿ ਇਸ ਕੇ ਅੰਦਰ ਮੇਰੀ ਲੜਕੀ ਤੇ ਮੇਰਾ ਦਾਮਾਦ ਹੈ, ਬਤਾਈਏ ਇਸੇ ਖੋਲ ਕੇ ਦਿਖਾਇ ਦੂੰ। ਚੌਕੀ ਸਰਦਾਰ ਨੇ ਕਹਾ, ਮੁਝੇ ਮਾਫ ਕਰਨਾ, ਇਤਲਾਹ ਦੇਨੇ ਵਾਲੇ ਨੇ ਗਲਤ ਬਿਆਨੀ ਕੀ ਹੈ, ਮੈਂ ਵਾਪਸ ਚੌਕੀ ਜਾਇ ਰਹਾ ਹੂੰ। ਇਤਨਾ ਕਹਿ ਕੇ ਗੈਲ ਆਇ ਸਿਪਾਹੀਆਂ ਕੋ ਸਾਥ ਲੈ ਗੜ੍ਹੀ ਸੇ ਵਾਪਸ ਰੋਪਰ ਆਇ ਗਿਆ। ਭਾਈ ਬਚਿਤਰ ਸਿੰਘ ਮੌਤ ਕੀ ਘੜੀਆਂ ਗਿਣ ਰਹਾ ਸੀ, ਅਗਲੇ ਦਿਵਸ ਨੋ ਪੋਹ ਸ਼ਨੀਵਾਰ ਕੇ ਦਿਹੁੰ ਡੇਢ ਪਹਿਰ ਰੰਣ ਗਈ ਇਸ ਦੁਨੀਆ ਸੇ ਚਲ ਵਸਿਆ।
ਭੱਟ ਵਹੀ ਤਲਉਂਦਾ ਪਰਗਨਾ ਜੀਂਦ – ਗੁਰੂ ਕੀਆਂ ਸਾਖੀਆਂ ਪੰਨਾ 158 ਵਿਚ ਵੀ ਭਾਈ ਬਚਿਤਰ ਸਿੰਘ ਦੀ ਸ਼ਹਾਦਤ ਬਾਰੇ ਇੰਜ ਦਰਜ ਹੈ :-
‘ਬਚਿਤਰ ਸਿੰਘ ਬੇਟਾ ਮਨੀ ਸਿੰਘ, ਪੋਤਾ ਮਾਈਦਾਸ ਕਾ ਪੜਪੋਤਾ ਬੱਲੂ ਕਾ ਚੰਦਰਬੰਸੀ ਭਾਰਦਵਾਜੀ ਗੋਤਰ ਪੁਆਰ ਬੰਸ ਬੀਝੇ ਕਾ ਬੰਝਰਉਤ ਜਲ੍ਹਾਨਾ ਬਲਾਉਂਤ ਗੁਰੂ ਕਾ ਬਚਨ ਪਾਇ ਸੰਮਤ 1762 ਪੋਖ ਮਾਸੇ ਸੁਦੀ ਦੂਜ ਕੋ ਮਲਕਪੁਰ ਰੰਘੜਾ ਕੇ ਮਲ੍ਹਾਨ ਰੰਘੜਾਂ ਕੇ ਹਾਥ ਸੇ ਘਾਇਲ ਹੋਇ ਪੋਖ ਮਾਸੇ ਸੁਦੀ ਚਉਥ ਸ਼ੁਕਰਵਾਰ ਕੇ ਦਿੰਹੁ ਡੇਢ ਪਹਿਰ ਰਾਤ ਗਈ ਕੋਟਲਾ ਨਿਹੰਗ ਮੇ ਸੁਆਸ ਪੂਰੇ ਹੂਏ। ਸੁਦਾਗਰ ਕੀ ਪਤ ਗੁਰੂ ਰਾਖੀ, ਇਸ ਕੀ ਬੇਟੀ ਮੁਮਤਾਜ ਕਾ ਸਤ ਰਹਾ।
ਦੇਸਾ ਸਿੰਘ ਭੱਟ ਦੀ ਟੋਲੀ ਨੇ 1706 ਈ: ਨੂੰ ਅੰਮ੍ਰਿਤਸਰ ਪਹੁੰਚ ਕੇ ਭਾਈ ਮਨੀ ਸਿੰਘ ਦੇ ਪੋਤੇ ਭਾਗੂ ਦੀ ਵਧਾਈ ਲੈਣ ਸਮੇਂ ਬਾਬਾ ਬਚਿਤਰ ਸਿੰਘ ਦੀ ਉਸਤਤ ਵਿਚ ਇਹ ਦੋਹਾ ਕਿਹਾ :-
ਜਲਾਹਨੇ ਪੰਵਾਰ ਬਾਂਕੇ ਅਲੀਪੁਰ ਕੇ ਬੰਝਰਉਤੋਂ ਤਉ ਸੇ ਕੌਨ ਅਰੈ।
ਜਸਵਾਰੀ ਗਾਮ ਕਾ ਮਾਰਿਆ ਕੇਸਰੀ, ਹਾਥੀ ਗੈਲ ਲਰੈ ।
ਬਚਿਤ੍ਰ ਸਿੰਘ ਤੇਰੀ ਬਰਛੀ ਰੋਸ਼ਨ, ਤੇਰੀ ਸਾਂਗ ਝਰਮਲ ਕਰੈ ।
ਤੇਰੇ ਨਾਂ ਥੀ ਰਿਪੁ,ਥਰ ਥਰ ਕਾਂਪੇ, ਤੇਰੀ ਪਰਬਤੀ ਹਲਕ ਪਰੈ।
ਧਨ ਮਾਤਾ ਤਉ ਸੀਤੋਂ ਬਾਈ ਤੇਰੇ ਪਾਚ ਸਪੂਤ ਰਨ ਲਰ ਮਰੇ।
ਸ਼ਹੀਦ ਭਾਈ ਦਿਆਲਾ ਜੀ
ਮੁਗਲਾਂ ਦੇ ਜੁਲਮ ਵਿਰੁਧ ਪਹਿਲਾਂ ਪਹਿਲ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਜੀ ਨੂੰ ਮੀਰੀ ਪੀਰੀ ਦੀ ਤਲਵਾਰ ਪਹਿਨਣੀ ਪਈ। ਇਸ ਤੋਂ ਪਹਿਲਾਂ ਪੰਜ ਗੁਰੂ ਸਾਹਿਬਾਨਾਂ ਨੇ ਸਿੱਖੀ ਦੇ ਬੂਟੇ ਨੂੰ ਬੜੀ ਦਰਿੜਤਾ ਨਾਲ ਪੱਕਾ ਕੀਤਾ। ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਸ਼੍ਰੀ ਗੁਰੂ ਹਰਿਗੋਬਿੰਦ ਜੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ। ਉਨ੍ਹਾਂ ਦੀ ਸ਼ਾਹੀ ਸ਼ਾਨੋ ਸ਼ੌਕਤ ਮੁਗਲਾਂ ਕੋਲੋਂ ਜਰੀ ਨਹੀਂ ਗਈ, ਜੋ ਪਹਿਲਾਂ ਹੀ ਗੁਰੂ ਘਰ ਅਤੇ ਸਿੱਖ ਗੁਰੂਆਂ ਦੇ ਵਿਰੋਧੀ ਸਨ, ਇਸੇ ਲਈ ਜਹਾਂਗੀਰ ਨੇ ਪੰਜਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਰੇ, ‘ਤੁਜ਼ਕੇ ਜਹਾਂਗੀਰੀ ਵਿਚ ਲਿਖਿਆ ਹੈ :-
‘ਬਿਆਸ ਦਰਿਆ ਕੰਢੇ ਗੋਇੰਦਵਾਲ ਨਗਰ ਵਿਚ ਇਕ ਪੀਰ ਬਜੁਰਗਾਂ ਦੇ ਭੇਸ ਵਿਚ ਅਰਜਨ ਨਾਂ ਦਾ ਹਿੰਦੂ ਸੀ। ਉਸ ਨੇ ਬਹੁਤ ਸਾਰੇ ਭੋਲੇ ਭਾਲੇ ਹਿੰਦੂਆਂ ਅਤੇ ਬੇਸਮਝ ਮੂਰਖ ਮੁਸਲਮਾਨਾਂ ਨੂੰ ਆਪਣੇ ਧਰਮ ਕਰਮ ਦਾ ਸ਼ਰਧਾਲੂ ਬਣਾ ਕੇ ਅਪਣੀ ਪੀਰੀ ਦਾ ਢੋਲ ਵਜਾਇਆ ਹੋਇਆ ਸੀ, ਲੋਕ ਉਨ੍ਹਾਂ ਨੂੰ ਗੁਰੂ ਆਖਦੇ ਸਨ। ਇਧਰ ਉਧਰ ਦੇ ਅਣਜਾਣ ਤੇ ਦੰਭ ਦੇ ਪੁਜਾਰੀ ਲੋਕ ਆ ਕੇ ਉਸ ਉਤੇ ਅਤੁੱਟ ਇਤਕਾਦ ਜ਼ਾਹਿਰ ਕਰਦੇ ਸਨ। ਤਿੰਨ ਚਾਰ ਪੀੜ੍ਹੀਆਂ ਤੋਂ ਉਨ੍ਹਾਂ ਦੀ ਦੁਕਾਨ ਚਲ ਰਹੀ ਸੀ, ਚਿਰਾਂ ਤੋਂ ਮੇਰੇ ਦਿਲ ਵਿਚ ਇਹ ਖਿਆਲ ਆ ਰਿਹਾ ਸੀ ਕਿ ਇਸ ਝੂਠ ਦੇ ਵਿਉਪਾਰ ਨੂੰ ਬੰਦ ਕਰ ਦਿਆ ਜਾਂ ਉਸ ਨੂੰ (ਗੁਰੂ ਅਰਜਨ) ਇਸਲਾਮ ਵਿਚ ਲੈ ਆਵਾਂ। ਇਨ੍ਹਾਂ ਦਿਨਾਂ ਵਿਚ ਹੀ ਖੁਸਰੋ ਇਥੋਂ ਦੀ ਲੰਘਿਆ। ਉਸ ਜਾਹਲ ਤੇ ਹਕੀਰ ਆਦਮੀ ਨੇ ਇਹ ਧਾਰੀ ਕਿ ਉਸ ਨੂੰ ਮਿਲਿਆ ਜਾਵੇ ਤੇ ਉਸ ਨੇ ਉਸ ਗੁਰੂ ਦੇ ਡੇਰੇ ਵਿਚ ਪੜਾਉ ਕੀਤਾ ਤੇ ਮਿਲਿਆ। ਕਈ ਪਹਿਲੇ ਮਿਥੀਆਂ ਹੋਈਆਂ ਗੱਲਾਂ ਕੀਤੀਆਂ ਤੇ ਨਾਲੇ ਉਂਗਲੀ ਨਾਲ ਖੁਸਰੋ ਦੇ ਮੱਥੇ ਤੇ (ਤਿਲਕ) ਕੇਸਰ ਦਾ ਟਿੱਕਾ ਲਾਇਆ, ਜਿਸ ਨੂੰ ਹਿੰਦੂ ਇਕ ਚੰਗਾ ਸ਼ਗਨ ਮੰਨਦੇ ਹਨ। ਜਦੋਂ ਇਹ ਗਲ ਮੇਰੇ ਕੰਨੀ ਪਈ, ਅੱਗੇ ਹੀ ਇਸ ਝੂਠੇ ਅਡੰਬਰ ਤੋਂ ਜਾਣੂ ਸਾਂ। ਮੈਂ ਹੁਕਮ ਕੀਤਾ। ਕਿ ਉਸ ਨੂੰ (ਗੁਰੂ) ਹਾਜ਼ਰ ਕੀਤਾ ਜਾਵੇ। ਉਸ ਦਾ ਘਰ ਘਾਟ ਤੇ ਬੱਚੇ ਮੁਰਤਜਾ ਖਾਂ ਦੇ ਹਵਾਲੇ ਕੀਤੇ ਜਾਣ ਅਤੇ ਉਸ ਦਾ ਮਾਲ ਅਸਬਾਬ ਜਬਤ ਕਰ ਲਿਆ ਜਾਵੇ। ਮੈਂ ਹੁਕਮ ਦਿੱਤਾ ਕਿ ਉਸ ਨੂੰ ਤਸੀਹੇ ਦੇ ਕੇ ਮਾਰ ਮੁਕਾ ਦਿੱਤਾ ਜਾਵੇ । (ਪੰਨਾ 12 ਸ਼੍ਰੋਮਣੀ ਸ਼ਹੀਦ)
ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਪਿੱਛੋਂ ਛੇਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਜੀ ਨੇ, ‘ਭੈ ਕਾਹੋ ਕੋ ਦੇਤ ਹੈ ਨਾ ਭੈ ਮਾਨਤ ਆਨਿ ਦੀ ਰੀਤ ਚਲਾਈ ਅਤੇ ਸਿੱਖ ਸੰਗਤਾਂ ਨੂੰ ਜੁਲਮ ਵਿਰੁਧ ਲਾਮਬੰਦ ਕੀਤਾ। ਇਸ ਲਾਮਬੰਦੀ ਵਿਚ ਗੋਆਰ ਰਾਜਪੂਤਾਂ ਨੇ ਵੀ ਵਧ ਚੜ ਕੇ ਹਿਸਾ ਲਿਆ। ਭਾਈ ਮਨੀ ਸਿੰਘ ਸ਼ਹੀਦ ਦੇ ਦਾਦਾ ਜੀ ਬੱਲੂ ਰਾਏ, ਜੋ ਹਰ ਸਮੇਂ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸੇਵਾ ਵਿਚ ਰਹੇ। ਮੁਗਲਾਂ ਵੱਲੋਂ ਸੰਮਤ 1691 ਬਿਕਰਮੀ ਨੂੰ ਜਦੋਂ ਗੁਰੂ ਸਾਹਿਬ ਤੇ ਹੱਲਾ ਬੋਲਿਆ ਤਾਂ ਬੱਲੂ ਰਾਏ, ਜਿਨ੍ਹਾਂ ਦੀ ਉਮਰ ਉਸ ਵੇਲੇ 74 ਸਾਲ ਦੀ ਸੀ, ਨੇ ਚੰਗੇ ਜੌਹਰ ਦਿਖਾਏ ਅਤੇ ਮੁਗਲ ਜਰਨੈਲ ਮੁਰਤਜਾ ਖਾਂ ਨੂੰ ਸਿੱਧੀ ਲੜਾਈ ਵਿਚ ਮਾਰ ਕੇ ਸ਼ਹੀਦੀ ਪ੍ਰਾਪਤ ਕੀਤੀ। ਇਸ ਸ਼ਹੀਦੀ ਬਾਰੇ ਭੱਟ ਵਹੀਆਂ ਦਸਦੀਆਂ ਹਨ :-
‘ਬੱਲੂ ਮੂਲੇ ਦਾ ਪੋਤਾ ਚਾਹੜ ਦਾ ਚੰਦਰ ਬੰਸੀ ਗੋਤਾ ਪੰਵਾਰ ਮਿਤੀ ਬੰਸਾਖ ਪ੍ਰਵਿਸ਼ਟੇ 17 ਸੰਬਤ 1691 ਬਿ: ਕੋ ਗੁਰੂ ਚੱਕ ਕੇ ਮਲਹਾਨ ਗੁਰੂ ਕੇ ਹੁੱਕਮ ਗੈਲ ਸਾਮੇ ਮਾਥੇ ਮੁਰਤਵਜਾ ਖਾਂਨ ਕੋ ਮਾਰ ਕਰ ਜੂਝਾ ।‘
ਇਸੇ ਤਰਾਂ ਛੇਵੇਂ ਗੁਰੂ ਸਾਹਿਬ ਸ਼੍ਰੀ ਹਰਿਗੋਬਿੰਦ ਜੀ ਦੀ ਸੇਵਾ ਵਿਚ ਭਾਈ ਮਨੀ ਸਿੰਘ ਸ਼ਹੀਦ ਦੇ ਦਾਦਾ ਬੱਲੂ ਰਾਏ ਤੋਂ ਬਿਨਾਂ ਭਾਈ ਮਨੀ ਸਿੰਘ ਦੇ ਫੁੱਫੜ ਮਾਂਡਨ ਰਠੌਰ, ਭਾਈ ਮਨੀ ਸਿੰਘ ਦੇ ਦਾਦਾ ਜੀ ਦੇ ਭਰਾ ਭਾਈ ਨਾਨੂੰ ਜੀ, ਅਤੇ ਫੁੱਫੜ ਦਾ ਬੇਟਾ ਸੁੱਖਾ, ਭਾਈ ਮਨੀ ਸਿੰਘ ਦੇ ਤਾਇਆ/ਚਾਚਾ ਦਾਸਾ ਅਤੇ ਸੁਹੇਲਾ ਪੁੱਤਰ ਬੱਲੂ ਰਾਏ ਅਤੇ ਹੋਰ ਗੋਆਰ ਰਾਜਪੂਤ ਗੁਰੂ ਜੀ ਦੀ ਸੇਵਾ ਕਰਦਿਆਂ ਮੁਗਲਾਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ।
ਗੁਰੂ ਹਰਿਗੋਬਿੰਦ ਜੀ ਤੋਂ ਬਾਅਦ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਤਕ ਭਾਵੇਂ ਜੰਗਾਂ ਨਹੀਂ ਹੋਈਆਂ, ਪਰ ਮੁਗਲ ਫੌਜ ਦੀ ਨੀਤੀ ਗੁਰੂ ਘਰ ਦੇ ਵਿਰੁੱਧ ਹੀ ਰਹੀ। ਮੁਗਲ ਬਾਦਸ਼ਾਹ ਔਰੰਗਜੇਬ ਵੇਲੇ ਇਹ ਨੀਤੀ ਸਿੱਖਰ ਤੇ ਸੀ, ਇਸੇ ਨੀਤੀ ਕਰਕੇ ਹੀ ਔਰੰਗਜੇਬ ਨੇ ਗੁਰੂ ਹਰਿ ਰਾਏ ਸਾਹਿਬ ਨੂੰ ਦਿੱਲੀ ਸੱਦਿਆ ਅਤੇ ਗੁਰੂ ਹਰਿ ਰਾਏ ਸਾਹਿਬ ਨੇ ਆਪਣੇ ਸਾਹਿਬਜ਼ਾਦੇ ਰਾਮ ਰਾਏ ਨੂੰ ਦਿੱਲੀ ਭੇਜਿਆ। ਰਾਮ ਰਾਏ ਔਰੰਗਜੇਬ ਦੇ ਅਸਰ ਹੇਠ ਆ ਗਿਆ ਅਤੇ ਗੁਰੂ ਆਸ਼ੇ ਤੇ ਪੂਰਾ ਨਾ ਉਤਰਿਆ। ਜਦੋਂ ਅੱਠਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰੂ ਗੱਦੀ ਤੇ ਬਿਰਾਜਮਾਨ ਹੋਏ ਤਾਂ ਉਨ੍ਹਾਂ ਨੂੰ ਵੀ ਔਰੰਗਜੇਬ ਨੇ ਦਿੱਲੀ ਸੱਦਿਆ। ਇਨ੍ਹਾਂ ਸਮਿਆਂ ਵਿਚ ਗੁਰੂ ਘਰ ਦੇਂ ਸੇਵਕ ਗੋਆਰ ਰਾਜਪੂਤ ਗੁਰੂ ਜੀ ਨਾਲ ਦਿੱਲੀ ਗਏ ਅਤੇ ਗੁਰੂ ਘਰ ਦੀ ਸੇਵਾ ਵਿਚ ਰਹੇ। ਅੱਠਵੇਂ ਗੁਰੂ ਸਾਹਿਬ ਸ੍ਰੀ ਹਰਿਕ੍ਰਿਸ਼ਨ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਸ਼੍ਰੀ ਗੁਰੂ ਤੇਗ ਬਹਾਦਰ ਜੀ ਗੁਰੂ ਗੱਦੀ ਤੇ ਬਿਰਾਜਮਾਨ ਹੋਏ।
ਭਾਈ ਦਿਆਲਾ ਜੀ ਮਾਈ ਦਾਸ ਦੇ 12 ਪੁੱਤਰਾਂ ਵਿਚੋਂ ਦੂਸਰੇ ਨੰਬਰ ਤੇ ਸਨ। ਭਾਈ ਮਨੀ ਰਾਮ, ਜੋ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਸ਼ਹੀਦ ਭਾਈ ਮਨੀ ਸਿੰਘ ਕਰਕੇ ਪ੍ਰਸਿੱਧ ਹੋਏ, ਭਾਈ ਦਿਆਲਾ ਜੀ ਤੋਂ ਛੋਟੇ ਸਨ। ਜਦੋਂ 1657 ਈ: ਨੂੰ ਮਾਈ ਦਾਸ ਸੱਤਵੇਂ ਗੁਰੂ ਸਾਹਿਬ ਸ੍ਰੀ ਹਰਿ ਰਾਏ ਜੀ ਦੇ ਦਰਸ਼ਨਾਂ ਨੂੰ ਆਏ ਤਾਂ ਮਾਈ ਦਾਸ ਨੇ ਭਾਈ ਦਿਆਲਾ ਜੀ ਨੂੰ ਗੁਰੂ ਚਰਨਾਂ ਵਿਚ ਹੀ ਅਰਪਨ ਕਰ ਦਿੱਤਾ। ਇਸ ਤਰਾਂ ਭਾਈ ਦਿਆਲਾ ਜੀ ਨੂੰ ਸੱਤਵੇਂ, ਅੱਠਵੇਂ ਅਤੇ ਨੌਵੇਂ ਗੁਰੂ ਸਾਹਿਬ ਦੀ ਸੇਵਾ ਕਰਨ ਦਾ ਮਾਣ ਪ੍ਰਾਪਤ ਹੈ।
ਭਾਈ ਦਿਆਲਾ ਜੀ ਦੀ ਸੇਵਾ ਅਤੇ ਗੁਰੂ ਘਰ ਵਾਸਤੇ ਨਿਸ਼ਠਾ ਕਰਕੇ ਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਭਾਈ ਦਿਆਲਾ ਜੀ ਨੂੰ ਦਿਵਾਨ ਥਾਪਿਆ। ਗੁਰੂ ਤੇਗ ਬਹਾਦਰ ਜੀ ਨੇ ਭਾਈ ਦਿਆਲਾ ਜੀ ਵਾਸਤੇ ਕਈ ਹੁਕਮਨਾਮੇ ਜਾਰੀ ਕੀਤੇ, ਜਿਵੇਂ ਲਿਖਿਆ ਹੈ :-
‘ਭਾਈ ਦਿਆਲ ਦਾਸ ਗੁਰੂ ਕਾ ਪੁੱਤ ਹੈ, ਅਤੇ ਪਟਨੇ ਦੀ ਸੰਗਤ ਨੂੰ ਲਿਖਿਆ, ‘ਭਾਈ ਦਿਆਲ ਦਾਸ ਕਹੇ, ਸੰਗਤ ਗੁਰੂ ਕਾ ਹੁਕਮ ਕਰਿ ਮੰਨਣਾ, ਸੰਗਤ ਕੇ ਮਨੋਰਥ ਗੁਰੂ ਪੂਰੇ ਕਰੇਗਾ ।
ਬਨਾਰਸ ਦੀ ਸੰਗਤ ਨੂੰ ਲਿਖੇ ਹੁਕਨਾਮਿਆਂ ਵਿਚ ਭਾਈ ਦਿਆਲ ਦਾਸ ਦਾ ਵਾਰ ਵਾਰ ਨਾਂ ਆਉਂਦਾ ਹੈ ਜਿਵੇਂ :-
‘ਸਰਬਤ ਸੰਗਤ ਬਨਾਰਸ ਦੀ ਗੁਰੂ ਗੁਰੂ ਜਪਣਾ, ਜਨਮ ਸਉਰੇ ਸੰਗਤ ਕੇ ਮਨੋਰਥ ਗੁਰੂ ਪੂਰੇ ਕਰੇਗਾ, ਕਾਰ ਸੰਗਤ ਦੀ ਏਕ ਸੌ ਛਿਆਸਠ ਰੁਪਯੇ ਸੰਗਤ ਨੇ ਭਾਈ ਦਿਆਲ ਦਾਸ ਪਾਸਿ ਭੇਜੇ ਸੋ ਹਜੂਰ ਆਏ ਸੰਗਤ ਕੀ ਬਹੁੜੀ ਹੋਈ ਆਗੇ ਕਾਰ ਭੇਟ ਮਨੰਤ ਸਭ ਭਾਈ ਦਿਆਲ ਦਾਸ ਕੋ ਸੰਗਤ ਨੇ ਲੋਚ ਕੇ ਦੇਣਾ ਸੰਗਤ ਕਾ ਰਿਜਕ ਵਧੇਗਾ ਮਨੋਰਥ ਪੂਰੇ ਗੁਰੂ ਕਰੇਗਾ।(ਪੰਨਾ 99 ਹੁਕਮਨਾਮੇ ਗੰਡਾ ਸਿੰਘ)
ਇਨ੍ਹਾਂ ਹੁਕਮਨਾਮਿਆਂ ਤੋਂ ਸਾਫ ਹੋ ਜਾਂਦਾ ਹੈ ਕਿ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਭਾਈ ਦਿਆਲ ਦਾਸ ਨੂੰ ਮਸੰਦ ਵੀ ਥਾਪਿਆ ਹੋਇਆ ਸੀ ਜੋ ਕਾਰ ਸੇਵਾ ਦੀ ਉਗਰਾਹੀ ਕਰਦਾ ਸੀ ਅਤੇ ਗੁਰੂ ਦੀ ਗੋਲਕ ਵਿਚ ਜਮ੍ਹਾਂ ਕਰਵਾਉਂਦਾ ਸੀ। ਐਨਾ ਹੀ ਨਹੀਂ ਜਦੋਂ ਇਕ ਵਾਰ ਗੁਰੂ ਤੇਗ ਬਹਾਦਰ ਜੀ ਨੂੰ ਧੰਮਧਾਨ ਪਰਗਨਾ ਬਾਂਗਰ ਤੋਂ ਆਲਮ ਖਾਂ ਰੁਹੇਲਾ ਨੇ ਸ਼ਾਹੀ ਹੁਕਮ ਨਾਲ ਬੰਦੀ ਬਣਾਕੇ ਦਿੱਲੀ ਲਿਆਂਦਾ ਜਿਸ ਬਾਰੇ ਗੁਰੂ ਕੀਆਂ ਸਾਖੀਆਂ ਵਿਚ ਪੰਨਾ 74 ਉਤੇ ਇੰਜ ਦਰਜ ਹੈ :-
‘ਗੁਰੂ ਤੇਗ ਬਹਾਦਰ ਜੀ ਮਹਲ ਨਾਮਾਂ ਕੋ ਗਾਮ ਧਮਧਾਨ ਪਰਗਨਾ ਬਾਂਗਰ ਸੇ ਆਲਮ ਖਾਨ ਰੁਹੇਲਾ ਸ਼ਾਹੀ ਹੁੱਕਮ ਗੈਲ ਦਿੱਲੀ ਕੋ ਲੈ ਕੇ ਆਇਆ। ਸਾਲ ਸਤਰਾਂ ਸੈ ਬਾਇਸ ਕਾਰਤਕ ਮਾਸੇ ਸ਼ੁਕਲਾ ਪਖੇ ਗਿਆਰਸ ਕੋ। ਸਾਥ ਦੀਵਾਨ ਮਤੀਦਾਸ, ਸਤੀਦਾਸ ਆਏ ਗੁਰਦਾਸ ਆਇਆ ਬੇਟਾ ਕੀਰਤ ਬੜ੍ਹਤੀਏ ਕਾ । ਜੇਠਾ, ਦਿਆਲ ਦਾਸ ਆਏ ਬੇਟੇ ਮਾਈ ਦਾਸ ਜਲਹਾਨੇ ਬੰਸ ਬੀਝੇ ਕਾ ਬੰਝਰਉਂਤ ਕੇ।
ਹੋਰ ਸਿੱਖ ਫਕੀਰ ਆਏ। (ਭੱਟ ਵਹੀ ਜਾਦਵਬੰਸੀਆਂ ਕੀ, ਖਾਤਾ ਬੜ੍ਹਤੀਓ ਕਾ)
ਬਾਦਸ਼ਾਹ ਨੇ ਗੁਰੂ ਜੀ ਕੋ ਕਤਲ ਕਰਨੇ ਕਾ ਹੁਕਮ ਦੀਆ। ਕੰਵਰ ਰਾਮ ਸਿੰਘ ‘ਕਛੁਹਾਰਾ’ ਨੇ ਐਸਾ ਕਰਨੇ ਸੇ ਰੋਕਾ। ਬਾਦਸ਼ਾਹ ਨੇ ਕੰਵਰ ਰਾਮ ਸਿੰਘ ਕੀ ਤਰਫ ਦੇਖਾ, ਇਨ੍ਹੇ ਇਸ ਕੀ ਮਿਸਲ ਮੇਂ ਸਤਿਗੁਰਾਂ ਕੋ ਮਤੀਦਾਸ ਆਦਿ ਸਾਥੀਆਂ ਸਮੇਤ ਨਜ਼ਰਬੰਦ ਕਰ ਦੀਆ। ਗੁਰੂ ਜੀ ਕਾ ਬੰਦੀਵਾਨ ਹੋਨਾ ਸੁਨ ਕੇ ਦੀਵਾਨ ਦਰਘਾ ਮੱਲ ਤੇ ਚਉਪਤਰਾਇ ਆਦਿ ਸਿੱਖ ਦਿਹਲੀ ਮੇਂ ਰਸੀਨਾ ਨਗਰੀ ਆਏ। ਰਾਣੀ ਪੁਸ਼ਪਾ ਦੇਵੀ ਨੇ ਇਨ ਕੇ ਆਏ ਕਾ ਬਡਾ ਸਤਿਕਾਰ ਕੀਆ, ਰਹਿਨੇ ਕੇ ਲੀਏ ਇਕਾਂਤ ਥਾਇ ਦਈ। ਦੀਵਾਨ ਦਰਘਾ ਮੱਲ ਨੇ ਰਾਣੀ ਸੇ ਪੂਛਾ ਕਿ ਗੁਰੂ ਜੀ ਕਾ ਕਿਆ ਹਾਲ ਹੈ। ਆਗੇ ਰਾਣੀ ਨੇ ਇਨ੍ਹੇ ਧੀਰਜ ਦਈ, ਕਹਾ ਗੁਰੂ ਜੀ ਜਲਦੀ ਬੰਦੀਖਾਨੇ ਸੇ ਬਾਹਰ ਆ ਜਾਇੰਗੇ। ਸੰਮਤ ਸਤਰਾਂ ਸੈ ਬਾਈਸ ਕ੍ਰਿਸ਼ਨਾ ਪੱਖੇ ਪੋਖ ਮਾਸ ਕੀ ਪੰਚਮੀ ਕੋ ਗੁਰੂ ਜੀ ਦੋ ਮਾਸ ਤੀਨ ਦਿਹੁੰ ਬੰਦੀਵਾਨ ਰਹਿ ਕੇ ਬੰਦੀਖਾਨੇ ਸੇ ਬਾਹਰ ਰਾਣੀ ਪੁਸ਼ਪਾ ਦੇਵੀ ਕੇ ਗ੍ਰਹਿ ਮੇਂ ਆਇ ਗਏ। (ਪੰਨਾ 74 ਗੁਰੂ ਕੀਆਂ ਸਾਖੀਆਂ) ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਪੂਰਬ ਦੀ ਯਾਤਰਾ ਤੇ ਗਏ ਤਾਂ ਘਰ ਦੀ ਸਾਰੀ ਜਿੰਮੇਵਾਰੀ ਭਾਈ ਦਿਆਲ ਦਾਸ ਦੀ ਸੀ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਆਏ ਹੁਕਮਾਂ ਦੀ ਪਾਲਣਾ ਕਰਨੀ ਭਾਈ ਦਿਆਲ ਦਾਸ ਆਪਣਾ ਮੁੱਖ ਫਰਜ ਸਮਝਦੇ ਸਨ, ਇਸੇ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਭਾਈ ਦਿਆਲ ਦਾਸ ਜੀ ਨੂੰ ਘਰਬਾਰੀ ਦਿਵਾਨ ਥਾਪਿਆ ਹੋਇਆ ਸੀ।
ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 1673 ਈ: ਵਿਚ ਪੰਜਾਬ ਪਰਤੇ ਤਾਂ ਦਿਆਲ ਦਾਸ ਵੀ ਉਨ੍ਹਾਂ ਦੇ ਨਾਲ ਹੀ ਪੰਜਾਬ ਆਇਆ। ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਸ਼ਮੀਰੀ ਪੰਡਤਾਂ ਦੀ ਗੱਲ ਔਰੰਗਜੇਬ ਨਾਲ ਕਰਨ ਵਾਸਤੇ ਦਿੱਲੀ ਚਾਲੇ ਪਾਏ, ਉਸ ਸਮੇਂ ਭਾਈ ਦਿਆਲਾ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਗੁਰੂ ਜੀ ਨਾਲ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਤਿੰਨਾਂ ਸਿੱਖਾਂ ਸਮੇਤ ਮਲਕ ਪੁਰ ਰੰਘੜਾਂ ਤੋਂ ਨੂਰ ਮੁਹੰਮਦ ਖ਼ਾਨ ਮਿਰਜ਼ਾ ਚੌਕੀ ਰੋਪੜ ਨੇ ਬੰਦੀ ਬਣਾ ਕੇ ਸਰਹੰਦ ਪੇਸ਼ ਕੀਤਾ। ਤਿੰਨ ਮਹੀਨੇ ਬਸੀਪਠਾਣਾਂ ਬੰਦੀਖਾਨੇ ਵਿਚ ਰਖਕੇ ਸੰਮਤ 1732 ਮੰਗਸਰ ਵਦੀ ਤ੍ਰੋਦਸੀ ਵੀਰਵਾਰ ਦੇ ਦਿਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਲਿਆਂਦਾ ਗਿਆ। ਦਿੱਲੀ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਹੁਤ ਤਸੀਹੇ ਦਿੱਤੇ ਗਏ। ਧਰਮ ਬਦਲਣ ਜਾਂ ਕਰਾਮਾਤ ਦਿਖਾਉਣ ਵਾਸਤੇ ਕਿਹਾ ਗਿਆ. ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਾਲਮਾਂ ਦੀ ਕੋਈ ਗਲ ਨਾ ਮੰਨੀ ਤਾਂ ਗੁਰੂ ਜੀ ਨੂੰ ਡਰਾਉਣ ਵਾਸਤੇ ਸ਼ਾਹੀ ਕਾਜੀ ਨੇ ਹੁਕਮ ਕੀਤਾ ਕਿ ਗੁਰੂ ਜੀ ਦੇ ਨਾਲ ਬੰਦੀ ਬਣਾਏ ਸਿੱਖਾਂ ਭਾਈ ਦਿਆਲਾ ਜੀ, ਭਾਈ ਮਤੀਦਾਸ ਤੇ ਭਾਈ ਸਤੀਦਾਸ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਵੇ। ਗੁਰੂ ਕੀਆਂ ਸਾਖੀਆਂ ਵਿਚ ਸਫਾ 83 ਤੇ ਇੰਜ ਲਿਖਿਆ ਹੈ :-
‘ਸ਼ਾਹੀ ਕਾਜੀ ਨੇ ਇਨ ਤੀਨ ਸਿੱਖੋਂ ਕੋ ਫਤਵਾ ਦੀਆ, ਕਹਾ ਇਹ ਤੀਨੋ ਏਸ ਕੇ ਸਾਥੀ ਏਸ ਕੇ ਸਾਹਵੇਂ ਮਾਰ ਦੀਏ ਜਾਏਂ. ਅਵਲ ਦਿਆਲ ਦਾਸ ਕੇ ਏਕ ਰੀਝਤੇ ਦੇਗੇ ਮੇਂ ਬੰਦ ਕਰਕੇ ਮਾਰਾ ਜਾਵੇ…’।
ਇਸ ਤਰਾਂ ਕਾਜੀ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਜਲਾਦਾਂ ਨੇ ਦਿਆਲ ਦਾਸ ਨੂੰ ਇਕ ਵੱਡੇ ਦੇਗ ਵਿਚ ਖੌਲਦੇ ਪਾਣੀ ਵਿਚ ਬਿਠਾ ਦਿੱਤਾ। ਇਹ ਗੁਰੂ ਦਾ ਪਿਆਰਾ ਧਰਮ ਉਤੇ ਅਡੋਲ ਰਹਿ ਕੇ ਭਾਣੇ ਨੂੰ ਖਿੜੇ ਮੱਥੇ ਸਹਾਰਦਾ ਸ਼ਹੀਦੀ ਪ੍ਰਾਪਤ ਕਰ ਗਿਆ ਅਤੇ ਮੁੱਖੋਂ ਸੀ ਨਾ ਉਚਾਰੀ। ਸਾਫ ਹੈ ਕਿ ਜਿੱਥੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਜੁਲਮ ਵਿਰੁਧ ਜੰਗਾਂ ਵਿਚ ਭਾਈ ਮਨੀ ਸਿੰਘ ਦੇ ਦਾਦਾ, ਚਾਚਾ, ਤਾਇਆ, ਫੁੱਫੜ ਤੇ ਫੁੱਫੜ ਦੇ ਪੁੱਤਰਾਂ ਨੇ ਅਗਲੀਆਂ ਕਤਾਰਾਂ ਵਿਚ ਲੜਦੇ ਸ਼ਹੀਦੀ ਪਾਈ, ਉਥੇ ਔਰੰਗਜੇਬ ਦੇ ਜਬਰ ਵਿੱਰੁਧ ਵੀ ਭਾਈ ਮਨੀ ਸਿੰਘ ਸ਼ਹੀਦ ਦੇ ਵੱਡੇ ਭਰਾ ਭਾਈ ਦਿਆਲਾ ਜੀ ਨੇ ਧਰਮ ਤੇ ਅਡੋਲ ਰਹਿ ਕੇ ਭਾਣੇ ਨੂੰ ਮੰਨਦੇ ਹੋਏ ਲਾਸਾਨੀ ਸ਼ਹੀਦੀ ਦਿੱਤੀ, ਜਿਸ ਨੂੰ ਅਸੀਂ ਛੇਵੇਂ ਪਾਤਿਸ਼ਾਹ ਦੀਆਂ ਜੁਲਮ ਵਿਰੁਧ ਜੰਗਾਂ ਤੋਂ ਬਾਅਦ ਪਹਿਲੀ ਸ਼ਹੀਦੀ ਕਹਿ ਸਕਦੇ ਹਾਂ। ਹੁਣ ਸਵਾਲ ਉਠਦਾ ਹੈ ਕਿ ਕੀ ਭਾਈ ਦਿਆਲਾ ਜੀ ਅਤੇ ਉਸ ਦਾ ਪ੍ਰੀਵਾਰ ਗੋਆਰ ਰਾਜਪੂਤ ਸਨ। ਪ੍ਰਿਥਵੀਂ ਰਾਜ ਚੌਹਾਨ ਦੇ ਦਰਬਾਰੀ ਕਵੀ ਚਾਂਦ ਬਰਦਾਈ ਨੇ ਅਪਣੀ ਕਿਤਾਬ, ‘ਪ੍ਰਿਥਵੀ ਰਾਜ ਰਾਸੋਰੇਂ ਵਿਚ ਅਤੇ ਅੰਗਰੇਜ ਇਤਿਹਾਸਕਾਰ ਕਰਨਲ ਟਾਡ ਨੇ ਵੀ, ‘ਰਾਜਪੂਤ ਕਬੀਲਿਆਂ ਦਾ ਇਤਿਹਾਸ ਵਿਚ ਵੀ ਸਫਾ 99 ਤੇ ਰਾਜਪੂਤ ਕਬੀਲਿਆਂ ਦੀਆਂ 36 ਸ਼ਾਹੀ ਕੁੱਲਾਂ ਦਸੀਆਂ ਹਨ ਅਤੇ ਗੋਆਰ / ਗੌਰ ਨੂੰ ਇਨ੍ਹਾਂ ਸ਼ਾਹੀ ਕੁੱਲਾਂ ਵਿਚੋਂ ਇਕ ਕਿਹਾ ਹੈ। ਗਿਆਨੀ ਗਰਜਾ ਸਿੰਘ ਦੀ ਸੰਪਾਦਤ ‘ਸ਼ਹੀਦ ਬਿਲਾਸ ਭਾਈ ਮਨੀ ਸਿੰਘ, ਪ੍ਰੋਫੈਸਰ ਪਿਆਰਾ ਸਿੰਘ ਪਦਮ ਦੀ ਸੰਪਾਦਤ ‘ਗੁਰੂ ਕੀਆਂ ਸਾਖੀਆਂ ਵਿਚ ਅਤੇ ਗੁਰਚਰਨ ਸਿੰਘ ਔਲਖ ਨੇ ‘ਸ਼੍ਰੋਮਣੀ ਸ਼ਹੀਦ’ ਵਿਚ ਜੋ ਭੱਟ ਵਹੀਆਂ ਦੇ ਹਵਾਲੇ ਦਿੱਤੇ ਹਨ, ਇਨ੍ਹਾਂ ਹਵਾਲਿਆਂ ਵਿਚ ਭਾਈ ਮਨੀ ਸਿੰਘ ਸ਼ਹੀਦ ਦੇ ਪ੍ਰੀਵਾਰ ਨੂੰ ਪੰਵਾਰ ਬੰਸ ਬੀਝੇ ਕਾ ਬੰਝਰਾਉਤ ਅਤੇ ਭਾਈ ਲੱਖੀ ਸ਼ਾਹ (ਜੋ ਭਾਈ ਮਨੀ ਸਿੰਘ ਸ਼ਹੀਦ ਦਾ ਸੁਹਰਾ ਸੀ ਅਤੇ ਜਿਸ ਨੇ ਆਪਣੇ ਘਰ ਨੂੰ ਅੱਗ ਲਗਾ ਕੇ ਬਿਖੜੇਂ ਸਮੇਂ ਵਿਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦੇਹ ਦਾ ਸਸਕਾਰ ਕੀਤਾ ਸੀ) ਨੂੰ ਜਾਦੋਬੰਸੀ ਵੜ੍ਹਤੀਆ ਲਿਖਿਆ ਹੈ। ਇਹ ਸਾਰੇ ਗੋਤ ਪ੍ਰਚਲਤ ਹਨ ਅਤੇ ਗੋਆਰ / ਗੋਰ ਸਮਾਜ ਦੇ ਹਨ, ਇਸ ਲਈ ਭਾਈ ਦਿਆਲਾ ਜੀ ਨੂੰ ਗੋਆਰ ਰਾਜਪੂਤ ਲਿਖਣਾ ਬਿਲਕੁਲ ਸਹੀ ਅਤੇ ਹਕੀਕਤ ਬਿਆਨਣ ਵਾਲੀ ਗਲ ਹੈ।
ਭਾਈ ਲੱਖੀ ਸ਼ਾਹ ਵਣਜਾਰਾ ਜੀ
ਭਾਈ ਲੱਖੀ ਸ਼ਾਹ ਵਣਜਾਰਾ ਜੀ/ਲੱਖੀ ਰਾਇ ਵਣਜਾਰਾ ਜੀ ਦੇ ਜੀਵਨ ਬਾਰੇ ਜਿਆਦਾ ਜਾਣਕਾਰੀ ਸਿਰਫ ਭੱਟ ਵਹੀਆਂ ਦੇ ਅਧਾਰ ਤੇ ਹੀ ਮਿਲਦੀ ਹੈ, ਜੋ ਗਿਆਨੀ ਗਰਜਾ ਸਿੰਘ ਦੀ ਸੰਪਾਦਤ ਸ਼ਹੀਦ ਬਿਲਾਸ ਸ਼ਹੀਦ ਭਾਈ ਮਨੀ ਸਿੰਘ ਦੀਆਂ ਟਿੱਪਣੀਆਂ ਵਿਚ ਦਿੱਤੀ ਗਈ ਹੈ। ਭਾਈ ਸਰੂਪ ਸਿੰਘ ਕੋਸ਼ਿਸ਼ ਵੱਲੋਂ ਲਿਖੀ ਗੁਰੂ ਕੀਆਂ ਸਾਖੀਆਂ ਵਿਚ ਜੋ ਪਿਆਰਾ ਸਿੰਘ ਪਦਮ ਨੇ ਸੰਪਾਦਨ ਕੀਤੀ, ਤੋਂ ਵੀ ਜਾਣਕਾਰੀ ਮਿਲਦੀ ਹੈ। ਭਾਈ ਲੱਖੀ ਰਾਇ ਦੇ ਪਿਤਾ ਦਾ ਨਾਂ ਗੋਧੂ ਰਾਇ ਅਤੇ ਬਾਬੇ ਦਾ ਨਾਂ ਠਾਕਰ ਦਾਸ ਸੀ। ਭੱਟ ਵਹੀਆਂ ਅਨੁਸਾਰ ਬਾਬਾ ਲੱਖੀ ਰਾਇ ਬੰਸ ਪੁਰਸ਼ੋਤਮ ਦਾ ਚੰਦਰਬੰਸੀ ਯਾਦਵ ਗੋਤ, ਬੜਤੀਆ ਕਨਾਉਂਤ ਸੀ, ਜੋ ਗੋਆਰ ਰਾਜਪੂਤਾਂ ਦੇ ਪਰਮੁੱਖ ਗੋਤਾਂ ਵਿਚੋਂ ਹੈ। ਧਨਾਡ ਵਿਉਪਾਰੀ ਹੋਣ ਕਰਕੇ ਆਪ ਵਣਜਾਰਾ ਕਹਿਲਾਏ ਅਤੇ ਆਪ ਜੀ ਦਾ ਨਾਂ ਸਿੱਖ ਇਤਿਹਾਸ ਵਿਚ ਲੱਖੀ ਸ਼ਾਹ ਵਣਜਾਰੇ ਦੇ ਨਾਂ ਨਾਲ ਪ੍ਰਸਿਧ ਹੋਇਆ। ਭੱਟ ਵਹੀਆਂ ਅਨੁਸਾਰ ਬਾਬਾ ਲੱਖੀ ਰਾਇ ਦੀ ਪਤਨੀ ਦਾ ਨਾਂ ਪਾਰਾਂ ਦੇਈ ਸੀ ਅਤੇ ਇਨ੍ਹਾਂ ਦੇ ਅੱਠ ਪੁੱਤਰ ਅਤੇ ਇਕ ਧੀ ਸੀ। ਜਿਨ੍ਹਾਂ ਦੇ ਨਾਂ ਨਿਗਾਹੀਆ, ਹੇਮਾ, ਹਾੜੀ, ਸੀਤੂ, ਪੁੰਡਾਰਾ, ਬਖਸ਼ੀ, ਬਾਲਾ, ਜਵਾਹਰ ਸਨ ਅਤੇ ਇਕ ਧੀ ਸੀਤੋ ਬਾਈ ਸੀ। ਸੀਤੋਂ ਬਾਈ ਦੀ ਸ਼ਾਦੀ ਭਾਈ ਮਨੀ ਸਿੰਘ ਬੇਟਾ ਮਾਈਦਾਸ ਪੋਤਾ ਬੱਲੂ ਰਾਇ ਪੜਪੋਤਾ ਮੂਲੇ ਕਾ ਚੰਦਰਬੰਸੀ ਭਾਰਦਵਾਜੀ ਗੋਤ ਪੁਆਰ ਬੰਸ, ਬੀਝੇ ਕਾ ਬੰਝਰਉਂਤ ਦੇ ਨਾਲ ਹੋਈ। ਜਦ ਤਕ ਸਿੱਖ ਇਤਿਹਾਸ ਰਹੇਗਾ, ਭਾਈ ਲੱਖੀ ਸ਼ਾਹ ਵਣਜਾਰੇ ਦਾ ਨਾਂ ਸਦਾ ਚਮਕਦਾ ਰਹੇਗਾ।
ਸੰਮਤ 1732 ਗੁਰੂ ਨਾਨਕ ਨਾਂ ਲੈਣ ਵਾਲਿਆਂ ਵਾਸਤੇ ਬਹੁਤ ਹੀ ਭਿਆਨਕ ਸੀ। ਮੁਗਲ ਬਾਦਸ਼ਾਹ ਔਰੰਗਜੇਬ ਹਿੰਦੂਆਂ ਨੂੰ ਜਬਰਦਸਤੀ ਮੁਸਲਮਾਨ ਬਣਾ ਰਿਹਾ ਸੀ। ਹਿੰਦੂ ਧਰਮ ਦੀ ਰਾਖੀ ਵਾਸਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਬਲੀਦਾਨ ਦੇਣ ਦੀ ਤਿਆਰੀ ਕੀਤੀ। ਮੰਗਸਰ ਸੁਦੀ ਛਠ (6)
ਗੁਰੂਵਾਰ ਦੇ ਦਿਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜੇਬ ਦੇ ਹੁਕਮ ਨਾਲ ਸ਼ਹੀਦ ਕੀਤਾ ਗਿਆ। ਦਿੱਲੀ ਵਿਚ ਗੁਰੂ ਨਾਨਕ ਨਾਮ ਲੇਵਾ ਔਰੰਗਜੇਬ ਦੇ ਡਰ ਕਰਕੇ ਸਹਿਮੇ ਹੋਏ ਸਨ ਅਤੇ ਕੋਈ ਵੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿਤਰ ਸਰੀਰ ਦੇ ਲਾਗੇ ਜਾਣ ਦਾ ਹੌਸਲਾ ਨਹੀਂ ਕਰ ਰਿਹਾ ਸੀ। ਸਤਿਗੁਰੂ ਅਤੇ ਤਿੰਨ ਸਿੱਖਾਂ ਦੀ ਸ਼ਹਾਦਤ ਨੇ, ਉਨ੍ਹਾਂ ਦੇ ਮਨਾਂ ਤੋਂ ਗਹਿਰਾ ਅਸਰ ਪਾਇਆ। ਰਾਤ ਦੇ ਸਮੇਂ ਦਿੱਲੀ ਵਾਲੇ ਮੁਹੱਲੇ ਦੇ ਸਿੱਖਾਂ ਨੇ ਇਕ ਦੂਜੇ ਨੂੰ ਬੁਲਾ ਕੇ ਭਾਈ ਨਾਨੂ ਰਾਇ ਛੀਪੇ ਸਿੱਖ ਦੇ ਘਰ ਇੱਕਠੇ ਹੋਏ ਅਤੇ ਵਿਚਾਰ ਕਰਨ ਲੱਗੇ ਕਿ ਬੀ ਕਰਨਾ ਚਾਹੀਦਾ ਹੈ ? ਭਾਈ ਤੁਲਸੀ ਨੇ ਕਿਹਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪਵਿਤਰ ਸ਼ਰੀਰ ਅਤੇ ਸ਼ੀਸ਼ ਚਾਂਦਨੀ ਚੌਕ ਵਿਚ ਪਏ ਹਨ, ਕਿਸ ਤਰ੍ਹਾਂ ਉਨ੍ਹਾਂ ਨੂੰ ਉਠਾਇਆ ਜਾਵੇ। ਨਾਨੂ ਰਾਏ ਛੀਪੇ ਨੇ ਕਿਹਾ, ਕਿ ਨਾਇਕ ਭਾਈ ਲੱਖੀ ਸ਼ਾਹ ਵਣਜਾਰੇ ਨੂੰ ਪੁੱਛੀਏ, ਉਸ ਦਾ ਟਾਂਡਾ ਅੱਜ ਹੀ ਨਾਰਨੌਲ ਤੋਂ ਆਇਆ ਹੈ। ਸਾਰੇ ਸਿੱਖ ਅੱਗੇ ਪਿੱਛੇ ਚੱਲ ਕੇ ਜਮਨਾ ਦੇ ਕਿਨਾਰੇ ਭਾਈ ਲੱਖੀ ਸ਼ਾਹ ਦੇ ਡੇਰੇ ਵਿਚ ਆ ਗਏ। ਇਨ੍ਹਾਂ ਗੁਰੂ ਜੀ ਅਤੇ ਤਿੰਨ ਸਿੱਖਾਂ ਦੀ ਸ਼ਹਾਦਤ ਦਾ ਹਾਲ ਭਾਈ ਲੱਖੀ ਸ਼ਾਹ ਨੂੰ ਸੁਣਾਇਆ। ਭਾਈ ਲੱਖੀ ਸ਼ਾਹ ਨੇ ਸਾਰਾ ਹਾਲ ਸੁਣਕੇ ਬਹੁਤ ਦੁੱਖ ਮਨਾਇਆ ਅਤੇ ਕਿਹਾ ਉਹ ਨਾਰਨੌਲ ਤੋਂ ਚੂਨਾ ਲੈ ਕੇ ਅੱਜ ਹੀ ਆਇਆ ਹੈ। ਭਾਈ ਲੱਖੀ ਸ਼ਾਹ ਗੁਰੂ ਜੀ ਦੇ ਅਥਾਹ ਸ਼ਰਧਾਲੂ ਸਿੱਖ ਸਨ। ਹੱਥ ਬੰਨਕੇ ਆਇਆਂ ਸਿੱਖਾਂ ਨੂੰ ਕਿਹਾ ਕਿ ਜਿਵੇਂ ਉਸ ਨੂੰ ਕਹਿਣ, ਸੇਵਾ ਕਰਨ ਲਈ ਤਿਆਰ ਹਾਂ। ਇਸੇ ਤਰਾਂ ਗੱਲਾਂ ਕਰਦਿਆਂ ਅੱਧੀ ਰਾਤ ਹੋ ਗਈ। ਭਾਈ ਲੱਖੀ ਸ਼ਾਹ ਦਾ ਟਾਂਡਾ ਕਿਲ੍ਹੇ ਤੋਂ ਕੋਤਵਾਲੀ ਦੀ ਤਰਫ ਆਇਆ। ਭਾਈ ਨਾਨੂ ਰਾਇ, ਆ ਗਿਆ, ਜੈਤਾ ਤੇ ਭਾਈ ਊਦਾ ਇਹ ਚਾਰੇ ਸਿੱਖ ਟਾਂਡੇ ਵਿਚ ਚਾਂਦਨੀ ਚੌਕ ਪਹੁੰਚ ਕੇ ਗੁਰੂ ਜੀ ਦਾ ਸ਼ੀਸ਼ ਉਠਾਇ ਲਿਆਏ। ਇਨ੍ਹਾਂ ਚਾਰਾਂ ਨੇ ਮਿਲਕੇ ਦਿੱਲੀ ਵਾਲੇ ਮਹੱਲੇ ਭਾਈ ਜੈਤੇ ਦੇ ਘਰ ਗੁਰੂ ਜੀ ਦਾ ਸੀਸ ਜਾ ਰੱਖਿਆ।
ਭਾਈ ਲੱਖੀ ਸ਼ਾਹ ਨੇ ਆਪਣੇ ਬੇਟੇ ਨਿਗਾਹੀਆ ਅਤੇ ਹੋਰ ਸਿੱਖਾਂ ਦੀ ਮਦਦ ਨਾਲ ਗੁਰੂ ਜੀ ਦੀ ਪਵਿਤਰ ਦੇਹ ਬੜੇ ਅਦਬ ਨਾਲ ਇਕ ਬੰਲ ਗੱਡੇ ਦੇ ਉਪਰ ਰੱਖੀ ਅਤੇ ਟਾਂਡਾ ਪਿੱਛੇ ਹੌਲੀ ਹੌਲੀ ਚਲਾ ਪਿਆ, ਭਾਈ ਲੱਖੀਸ਼ਾਹ ਨੇ ਰਸੀਨੇ ਨਗਰ ਪਹੁੰਚ ਕੇ ਗੁਰੂ ਜੀ ਦੇ ਪਵਿਤਰ ਦੇਹ ਨੂੰ ਆਪਣੇ ਗ੍ਰਹਿ ਵਿਚ ਮੰਜੇ ਤੇ ਰੱਖ ਕੇ ਸਾਰੇ ਘਰ ਨੂੰ ਅੱਗ ਲਾ ਦਿੱਤੀ, ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ। ਇਸ ਤਰਾਂ ਭਾਈ ਲੱਖੀ ਸ਼ਾਹ ਨੇ ਗੁਰੂ ਜੀ ਦੀ ਦੇਹ ਦਾ ਸਸਕਾਰ ਕਰ ਦਿੱਤਾ। ਭੱਟ ਵਹੀ ਜਾਦੋਬੰਸੀਆ ਕੀ, ਖਾਤਾ ਬੜਤੀਏ ਕਨਾਉਤੋਂ ਕਾ ਵਿਚ ਇੰਜ ਲਿਖਿਆ ਹੈ :-
‘ਲਖੀਆ ਬੇਟਾ ਗੋਧੂ ਕਾ, ਨਗਾਹੀਆ, ਹੇਮਾ, ਹਾੜੀ ਬੇਟੇ ਲਖੀਏ ਕੇ ਜਾਦੋਬੰਸੀ ਬੜਤੀਏ ਕਨਾਉਂਤ, ਨਾਇਕ ਧੂਮਾ ਬੇਟਾ ਕਾਨ੍ਹੇ ਕਾ ਤੁਮਰ ਬਿੰਜਲਉਤ। ਗੁਰੂ ਤੇਗ ਬਹਾਦਰ ਜੀ ਮਹਲ ਨਾਵਾਂ, ਕੀ ਲਾਸ਼ ਉਠਾਇ ਲਾਏ, ਸਾਲ ਸਤਰਾਂ ਸੇ ਬਤੀਸ ਮੰਗਸਰ ਸੁਦੀ ਛਠ ਗੁਰੂਵਾਰ ਕੇ ਦਿਹੁੰ। ਦਾਗ ਦੀਆਂ ਰਸੀਨਾ ਗਾਮ ਮੇਂ ਆਧ ਘਰੀ ਰੈਨ ਰਹੀ। (ਗੁਰੂ ਕੀਆਂ ਸਾਖੀਆਂ ਪੰਨਾ 85)
ਭਾਈ ਲੱਖੀ ਸ਼ਾਹ ਜੀ ਦੀ ਉਪਮਾ ਵਿੱਚ ਕੇਸੋ ਭੱਟ ਨੇ ਇਕ ਦੋਹੇ ਵਿੱਚ ਲਿਖਿਆ ਹੈ :-
ਧਨ ਪਾਰਾਂ ਦੇਈਂ ਗਾਂਬਨੀ, ਪੂਤ ਜਨਮਿਆ ਨਗਾਹੀਆ,
ਪਾਂਚ ਸੈ ਹੇੜੀ ਮਾਰਿ ਭਗਾਇ।
ਗੁਰੂ ਕੀ ਲੋਥ ਉਠਾਇ ਲਿਆਨੀ ਜੱਸ ਜਗ ਮੇਂ ਪਾਇਆ,
ਪਿਤਾ ਪੂਤ ਰੋਸ਼ਨ ਭਏ ਆਇ।
ਜਸ ਗਾਉਂ ਤਉ ਲੱਖੀਏ ਗੋਧੂ ਠਾਕਰ ਕਾ,
ਤਾਜੀ ਬੰਧੇ ਬਾਰ ਊਠੋ ਬੈਲੋਂ ਕੀ ਸੋਹੇ ਲਾਰ
ਬਰਾਹਮਨ ਭਟੋਂ ਕੋ ਦੀਆ ਦਾਨ,
ਬੇਲ ਤੇਰੀ ਕੋ ਗੁਰੂ ਵਧਾਇ। (ਭੱਟ ਵਹੀ ਜਾਦੋ ਬੰਸੀ ਬੜ੍ਹਤੀਆਂ ਕੀ)
(ਪੰਨਾ 23 ਸ਼ਹੀਦ ਬਿਲਾਸ ਭਾਈ ਮਨੀ ਸਿੰਘ)
ਭੱਟ ਵਹੀਆਂ ਅਨੁਸਾਰ ਬਾਬਾ ਲੱਖੀ ਰਾਇ ਜੇਠ ਸੁਦੀ ਇਕਾਦਸੀ ਸੰਮਤ 1737 ਬਿਕਰਮੀ (1680 ਈਸਵੀ) ਨੂੰ ਰਕਾਬ ਗੰਜ ਦਿੱਲੀ ਵਿਚ ਗੁਰੂ ਚਰਨਾਂ ਵਿਚ ਜਾ ਬਿਰਾਜੇ। ਭੱਟ ਵਹੀ ਅਟੇਲਾ, ਪਰਗਣਾ ਕੈਂਥਲ ਵਿਚ ਇਸ ਤਰਾਂ ਲਿਖਿਆ :-
‘ਲੱਖੀ ਰਾਇ ਬੇਟਾ ਗੋਧੂ ਕਾ ਪੋਤਾ ਠਾਕਰ ਦਾਸ ਕਾ, ਬੰਸ ਪੁਰਸ਼ੋਤਮ ਕੀ ਚੰਦਰਬੰਸੀ ਯਾਦਵ ਗੋਤ, ਬੜਤੀਆ ਕਨਾਉਂਤ, ਸਾਲ ਸਤਰਾਂ ਸੈ ਸੈਂਤੀਆ, ਜੇਠ ਸੁਦੀ ਇਕਾਦਸੀ, ਰਕਾਬਗੰਜ ਕੇ ਮਲ੍ਹਹਾਨ ਦਿੱਲੀ ਨਗਰੀ, ਗਾਮ ਰਸੀਨਾ ਸਵਾ ਪਹਿਰ ਦਿੰਹੁ ਚੜ੍ਹੇ ਪਰਲੋਕ ਧਿਆਨਾ ਕੀਆ। (ਗੁਰੂ ਕੀਆਂ ਸਾਖੀਆਂ ਪੰਨਾ 25)
ਪੰਡਾ ਵਹੀ ਖੇਮ ਚੰਦ ਚੂਨੀ ਲਾਲ ਹਰਿਦੁਆਰ ਵਿਚ ਨਗਾਹੀਆ ਦੁਆਰਾ ਲੱਖੀ ਰਾਇ ਦੇ ਫੁੱਲ ਪਾਉਣਾ ਇਸ ਤਰਾਂ ਲਿਖਿਆ ਹੈ :-
ਨਗਾਹੀਆ, ਹੇਮ ਚੰਦ, ਹਾੜੀ, ਹੀਰਾ, ਪੁੱਡੀਆ, ਬਖਸ਼ੀ, ਬਾਲਾ ਜਮਾਹਰ, ਬੇਟੇ ਲੱਖੀ ਰਾਇ ਕੇ ਪੋਤੇ ਗੋਧੂ ਕੇ ਪੜਪੋਤੇ ਠਾਕਰ ਦਾਸ ਕੇ ਜਾਦਵਬੰਸੀ, ਉਲਾਦ ਪੁਰਸ਼ੋਤਮ ਕੀ ਬੜਤੀਆ ਕਨਾਉਂਤ, ਸਾਲ ਸਤਰਾਂ ਸੈ ਅਠੱਤੀਆ, ਭਾਦਵ ਮਾਸ ਕੀ ਅਮਾਵਸ ਕੇ ਦਿੰਹੁ ਨਗਾਹੀਆ ਗੰਗਾ ਜੀ ਆਇਆ, ਫੂਲ ਪਿਤਾ ਲੱਖੀ ਰਾਇ ਕੇ ਲੈ ਕੇ, ਸਾਥ ਹੇਮਚੰਦ ਆਇਆ, ਸਾਥ ਮਾਤਾ ਕੰਤੋਂ ਆਈ। (ਗੁਰੂ ਕੀਆਂ ਸਾਖੀਆਂ ਪੰਨਾ 26)
ਉਪਰੋਕਤ ਟਿੱਪਣੀਆਂ ਤੋਂ ਸਾਫ ਹੋ ਜਾਂਦਾ ਹੈ ਕਿ ਬਾਬਾ ਲੱਖੀ ਰਾਇ ਬੜ੍ਹਤੀਆ ਕਨਾਉਂਤ ਸਿੱਖ ਇਤਿਹਾਸ ਵਿਚ ਉਸ ਸਮੇਂ ਆਇਆ ਜਦੋਂ ਔਰੰਗਜੇਬ ਦਾ ਜਨੂੰਨ ਹਿੰਦੂਆਂ ਨੂੰ ਮੁਸਲਮਾਨ ਬਨਾਉਣ ਲਈ ਸਿਖਰ ਤੇ ਸੀ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੇ ਕੋਈ ਵੀ ਸਿੱਖ ਸਾਹਮਣੇ ਨਹੀਂ ਆਇਆ। ਜਦੋਂ ਇਸ ਗਲ ਦਾ ਬਾਲ ਗੁਰੂ ਗੋਬਿੰਦ ਰਾਇ ਜੀ ਨੂੰ ਪਤਾ ਲੱਗਾ, ਤਾਂ ਬਚਨ ਹੋਇਆ ਕਿ ਉਹ ਐਸਾ ਸਿੱਖ ਸਾਜਣਗੇ ਜੋ ਲੁੱਕਣਾ ਚਾਹੇ ਤਾਂ ਵੀ ਨਾ ਲੁਕ ਸਕੇ ਅਤੇ ਹਜ਼ਾਰਾਂ ਦੀ ਭੀੜ ਵਿਚ ਵੀ ਅਲੱਗ ਨਜ਼ਰ ਆਏਗਾ।
ਅੱਜ ਲੋੜ ਹੈ ਗੋਆਰ ਰਾਜਪੂਤ ਸਮਾਜ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਆਪਣੇ ਸਮਾਜ ਨੂੰ ਦੱਸਣ ਦੀ ਅਤੇ ਗੋਆਰ ਸਮਾਜ ਦੇ ਯੋਧਿਆਂ ਵੱਲੋਂ ਸਿਰਜੇ ਹੋਏ ਇਤਿਹਾਸ ਨੂੰ ਸੰਭਾਲਣ ਦੀ। ਸਰਬ ਸਾਂਝੇ ਸਿੱਖ ਇਤਿਹਾਸ ਵਿਚ ਜਾਣ ਬੁਝ ਕੇ ਗੋਆਰ ਸਮਾਜ ਦੀਆਂ ਕੁਰਬਾਨੀਆਂ ਦੇ ਸਹੀ ਤੱਥ ਪੇਸ਼ ਨਹੀਂ ਕੀਤੇ। ਗੋਆਰ ਰਾਜਪੂਤ ਬਰਾਦਰੀ ਨੂੰ ਸਿੱਖੀ ਦੀ ਸ਼ਾਨੋ ਸ਼ੌਕਤ ਦੀ ਚਕਾਚੌਂਧ ‘ਚ ਅਣਗੌਲੇ ਜਾਣ ਦਾ ਜਿਥੇ ਗਮ ਹੈ, ਉਥੇ ਫਖਰ ਵੀ ਹੈ ਕਿ ਸਦੀਆਂ ਤੋਂ ਸਿੱਖ ਸਮਾਜ ਦੇ ਅਨਿਖੜਵੇਂ ਅੰਗ ਵਜੋਂ ਸੇਵਾ ਨਿਭਾ ਰਹੇ ਹਨ। ਕਈ ਖਾਨਦਾਨਾਂ ਦਾ ਬਲੀਦਾਨ ਦੇ ਚੁੱਕੇ ਹਨ। ਆਓ ਸੋਚੀਏ ਕਿੰਨੇ ਕੁ ਗੋਆਰ ਰਾਜਪੂਤ ਹਨ, ਜਿਨ੍ਹਾਂ ਨੂੰ ਆਪਣੇ ਉਪਰੋਕਤ ਗੌਰਵਮਈ ਵਿਰਸੇ ਬਾਰੇ ਜਾਣਕਾਰੀ ਹੈ ? ਇਹ ਖੋਜ ਪੁਸਤਕ ‘ਗੋਆਰ ਰਾਜਪੂਤਾਂ / ਬਾਜ਼ੀਗਰਾਂ ਦਾ ਇਤਿਹਾਸ’, ਅਸੀਂ ਪੂਰਵਜਾਂ ਦੀ ਸੇਵਾ ਹਿੱਤ ਹੀ ਤਿਆਰ ਕੀਤੀ ਹੈ ਅਤੇ ਨੌਜਵਾਨ ਪੀੜੀ ਨੂੰ ਇਸ ਪੁਸਤਕ ਰਾਹੀਂ ਗਿਆਨ ਦੇਣ ਦੀ ਸਾਡੀ ਨਿਮਾਣੀ ਜਹੀ ਕੋਸ਼ਿਸ਼, ਵੇਖੋ ਕਿੰਨੀ ਕੁ ਸਫਲ ਹੁੰਦੀ ਹੈ। ਉਮੀਦ ਹੈ ਕਿ ‘ਗੋਆਰ ਰਾਜਪੂਤਾਂ / ਬਾਜ਼ੀਗਰਾਂ ਦਾ ਇਤਿਹਾਸ ਭਰਪੂਰ ਜਾਣਕਾਰੀ ਦੇਂਦਾ ਗੌਲਣ ਯੋਗ ਤੇ ਸਾਂਭਣ ਯੋਗ ਇਤਿਹਾਸਕ ਦਸਤਾਵੇਜ਼ ਸਾਬਤ ਹੋਵੇਗਾ। ਉਮੀਦ ਹੈ ਪਾਠਕ ਇਸ ਨੂੰ ਮਾਨਣਗੇ। ਅਸੀਂ ਪਾਠਕਾਂ ਦੇ ਉਸਾਰੂ ਹੁੰਗਾਰੇ ਦੀ ਉਮੀਦ ਰੱਖਦੇ ਹੋਏ, ਉਡੀਕ ਕਰਾਂਗੇ।
Credit – ਇੰਦਰ ਸਿੰਘ ਵਲਜੋਤ, ਕਰਮ ਸਿੰਘ ਵਕੀਲ