ਸਰਦਾਰ ਸੋਭਾ ਸਿੰਘ ਸਿਮਰਤੀ ਗ੍ਰੰਥ | Sardar Sobha Singh

ਮਨੁੱਖਤਾ ਦਾ ਮਹਾਨ ਚਿਤੇਰਾ ਪੁਰਦਮਨ ਸਿੰਘ ਬੇਦੀ

Contents hide

ਪੰਜਾਬ ਦੇ ਹੀ ਨਹੀਂ ਸਗੋਂ ਵਿਸ਼ਵ ਪ੍ਰਸਿੱਧ ਚਿਤਰਕਾਰ ਸਰਦਾਰ ਸੋਭਾ ਸਿੰਘ ਇਕ ਬਹੁਤ ਹੀ ਨਿੱਘੇ ਮਨੁੱਖ ਤੇ ਨੇਕ ਸੋਚਣੀ ਵਾਲੇ ਕਲਾਕਾਰ ਸਨ । ਕਾਲਜ ਵਿਚ ਪੜ੍ਹਦਿਆਂ ਉਨ੍ਹਾਂ ਬਾਰੇ ਕਾਫ਼ੀ ਕੁਝ ਅਸੀਂ ਆਪਣੇ ਪ੍ਰੋਫ਼ੈਸਰ ਸੰਤ ਸਿੰਘ ਸੇਖੋਂ ਹੁਰਾਂ ਤੋਂ ਸੁਣਦੇ ਰਹੇ ਹਾਂ । ਮਨ ਵਿਚ ਬੜੀ ਇੱਛਾ ਸੀ ਕਿ ਇਸ ਮਹਾਨ ਕਲਾਕਾਰ ਦੇ ਦਰਸ਼ਨ ਕੀਤੇ ਜਾਣ । ਏਨੇ ਨੂੰ ਪ੍ਰੀਤ ਲੜੀ ਵਿਚ ਇਹ ਸੂਚਨਾ ਛਪੀ ਕਿ, ‘ਅੰਮ੍ਰਿਤਸਰ ਦੇ ਗਾਂਧੀ ਮੈਦਾਨ ਵਿਚ ਪ੍ਰੀਤ ਮਿਲਣੀ ਹੋ ਰਹੀ ਹੈ ਜਿਸ ਵਿਚ ਹੋਰਨਾਂ ਮਹਾਂ ਪੁਰਸ਼ਾਂ ਤੋਂ ਬਿਨਾਂ ਚਿਤਰਕਾਰ ਸੋਭਾ ਸਿੰਘ ਵੀ ਪਹੁੰਚ ਰਹੇ ਹਨ ।’ ਸੋ ਉਚੇਚੇ ਤੌਰ ਤੇ ਪ੍ਰੀਤ ਮਿਲਣੀ ਵਿਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਪਹੁੰਚ ਗਿਆ ਤਾਂ ਜੋ ਕਲਾਕਾਰ ਦੇ ਦਰਸ਼ਨ ਹੋ ਜਾਣ ।
ਗਾਂਧੀ ਮੈਦਾਨ ਵਿਚ ਪ੍ਰੀਤ ਮਿਲਣੀ ਦਾ ਪ੍ਰਬੰਧ ਸੀ । ਬਹੁਤ ਸਾਰੇ ਲੇਖਕ ਤੇ ਪਾਠਕ ਪਹੁੰਚੇ ਹੋਏ ਸਨ । ਸਟੇਜ ਤੇ ਸਰਦਾਰ ਗੁਰਬਖਸ਼ ਸਿੰਘ, ਬਾਬਾ ਸੋਹਨ ਸਿੰਘ ਭੱਕਣਾ ਤੇ ਸਰਦਾਰ ਸੋਭਾ ਸਿੰਘ ਸਾਰੇ ਹੀ ਦੁੱਧ ਚਿੱਟੇ ਵਸਤਰਾਂ ਵਿਚ ਸਸ਼ੋਭਤ ਸਨ । ਸਰਦਾਰ ਸੋਭਾ ਸਿੰਘ ਤਾਂ ਇਉਂ ਲੱਗ ਰਹੇ ਸਨ ਜਿਵੇਂ ਆਕਾਸ਼ ਤੋਂ ਕੋਈ ਦੇਵਤਾ ਉਤਰਿਆ ਹੋਵੇ । ਦੁੱਧ ਚਿੱਟੀ ਦਾੜੀ ਤੇ ਸਿਰ ਦੇ ਚਿੱਟੇ ਵਾਲ ਟੈਗੋਰ ਵਾਂਗ ਪਿੱਛੇ ਵੱਲ ਨੂੰ ਵਾਹੇ ਹੋਏ, ਉਹ ਇਕ ਰਿਸ਼ੀ ਲਗ ਰਹੇ ਸਨ । ਫਿਰ ਭਾਸ਼ਣ ਹੋਣ ਲੱਗੇ । ਸੋਭਾ ਸਿੰਘ ਹੁਰਾਂ ਨੇ ਆਪਣੇ ਭਾਸ਼ਨ ਨਾਲ ਸਾਰੇ ਸਰੋਤੇ ਕੀਲ ਲਏ । ਉਨ੍ਹਾਂ ਨੇ ਸਰਦਾਰ ਗੁਰਬਖ਼ਸ਼ ਸਿੰਘ ਤੋਂ ਉਲਟ ਨੌਜਵਾਨਾਂ ਨੂੰ ਕੁਝ ਕਰ ਕੇ ਵਿਖਾਉਣ ਲਈ ਪ੍ਰੇਰਿਆ ।
ਸਰਦਾਰ ਸੋਭਾ ਸਿੰਘ ਜੀ ਮਨੁੱਖਤਾ ਦੇ ਮਹਾਨ ਚਿਤੇਰੇ ਸਨ । ਉਨ੍ਹਾਂ ਨੇ ਆਪਣੇ ਚਿਤਰਾਂ ਵਿਚ ਖੂਬਸੂਰਤੀ ਨੂੰ ਚਿਤ੍ਰਿਆ । ਚਾਹੇ ਉਹ ਚਿਤਰ ਕਿਸੇ ਦਾ ਪੋਰਟ੍ਰੇਟ ਹੋਵੇ, ਜਾਂ ਕਿਸੇ ਮਹਾਂਪੁਰਸ਼ ਦਾ, ਅਰਥਾਤ ਕਿਸੇ ਗੁਰੂ ਸਾਹਿਬ ਦਾ ਹੋਵੇ । ਉਨ੍ਹਾਂ ਨੇ ਲੜਾਈਆਂ ਨੂੰ ਨਹੀਂ ਚਿਤਿਆ । ਕੋਝ ਨੂੰ ਨਹੀਂ ਚਿੜਿਆ ਸਗੋਂ ਪ੍ਰੀਤ ਕਹਾਣੀਆਂ ਨੂੰ ਆਪਣੀਆਂ ਬੁਰਸ਼ ਛੁਹਾਂ ਨਾਲ ਅਮਰ ਕਰ ਦਿੱਤਾ । ਉਹ ਜੋ ਵੀ ਚਿਤਰ ਬਣਾਉਂਦੇ, ਉਸ ਬਾਰੇ ਪਹਿਲਾਂ ਪੂਰੀ ਤਰ੍ਹਾਂ ਪੜ੍ਹਦੇ ਸਨ, ਘੋਖ ਕਰਦੇ ਸਨ । ਸੋਹਣੀ ਮਹੀਂਵਾਲ ਦਾ ਚਿਤਰ ਪਹਿਲੀ ਵਾਰ 1935 ਵਿਚ ਬਣਾਇਆ ਸੀ ਜੋ ਉਨ੍ਹਾਂ ਦਾ ਸ਼ਾਹਕਾਰ ਚਿਤਰ ਸੀ। ਇਹ ਚਿਤਰ ਬੜੀ ਛੇਤੀ ਸਾਰੀ ਦੁਨੀਆਂ ਵਿਚ ਪ੍ਰਸਿੱਧ ਹੋ ਗਿਆ । ਉਸ ਤੋਂ ਪਿੱਛੋਂ ਵੀ ਇਹ ਚਿਤਰ ਉਨ੍ਹਾਂ ਨੇ ਸੱਤ ਵਾਰ ਬਣਾਇਆ ਪਰ ਕੋਈ ਖਾਸ ਤਬਦੀਲੀ ਨਹੀਂ ਕੀਤੀ । ਗੁਰੂ ਤੇਗ ਬਹਾਦਰ ਜੀ ਦੀ ਤੀਜੀ ਸ਼ਹੀਦੀ ਸ਼ਤਾਬਦੀ ਵੇਲੇ ਗੁਰੂ ਜੀ ਦਾ ਤਪ ਕਰਦਿਆਂ ਦਾ ਚਿਤਰ ਬਣਾਇਆ। ਗੁਰੂ ਨਾਨਕ ਦੇਵ ਜੀ ਦੀ ਪੰਜ ਸੌ ਸਾਲਾ ਜਨਮ ਸ਼ਤਾਬਦੀ ਵੇਲੇ ਅਜਿਹਾ ਚਿਤਰ ਸਿਰਜਿਆ ਕਿ ਉਹ ਸਦਾ ਜੀਵਤ ਰਹਿਣ ਵਾਲਾ ਹੋ ਨਿਬੜਿਆ । ਗੁਰੂ ਜੀ ਦਾ ਹੱਥ ਚਿਤਰਨ ਲਈ ਚਿਤਰਕਾਰ ਨੇ ਹੱਥ ਰੇਖਾ ਦੀਆਂ ਅਨੇਕਾਂ ਪੁਸਤਕਾਂ ਦਾ ਅਧਿਐਨ ਕੀਤਾ ਇਹ ਜਾਨਣ ਲਈ ਕਿ ਗੁਰੂ ਨਾਨਕ ਦੇਵ ਜੀ ਦੇ ਹੱਥ ਦੀਆਂ ਰੇਖਾਵਾਂ ਕਿਸ ਤਰ੍ਹਾਂ ਦੀਆਂ ਹੋ ਸਕਦੀਆਂ ਹਨ। ਫੇਰ ਗੁਰੂ ਅਮਰ ਦਾਸ ਦਾ ਬੀਬੀ ਭਾਨੀ ਨਾਲ ਤੇ ਗੁਰੂ ਗੋਬਿੰਦ ਸਿੰਘ ਦਾ ਘੋੜੇ ਤੇ ਬਾਜ਼ ਨਾਲ ਚਿਤਰਾਂ ਦੀ ਸਿਰਜਣਾ ਕੀਤੀ ।
ਇਸੇ ਤਰ੍ਹਾਂ ਉਹਨਾਂ ਨੇ ਸਿੱਖ ਗੁਰੂਆਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਚਿਤਰੀਆਂ। ਇਸ ਤੋਂ ਬਿਨਾਂ ਪ੍ਰਭੂ ਯਿਸੂ ਮਸੀਹ, ਭਗਵਾਨ ਰਾਮ ਚੰਦਰ, ਭਗਵਾਨ ਕ੍ਰਿਸ਼ਨ, ਮਹਾਤਮਾ ਬੁੱਧ ਤੇ ਹੋਰ ਅਨੇਕਾਂ ਮਹਾਂਪੁਰਸ਼ਾਂ ਦੇ ਚਿਤਰ ਬਣਾਏ । ਇਹ ਲਗ ਪਗ ਸਾਰੇ ਹੀ ਪਸੰਦ ਵੀ ਕੀਤੇ ਗਏ । ਪਰ ਉਨ੍ਹਾਂ ਨੂੰ ਹੰਕਾਰ ਕਦੇ ਨਾ ਹੋਇਆ। ਉਹ ਕਹਿੰਦੇ ਹੁੰਦੇ ਸਨ, “ਮੇਰਾ ਮੰਤਵ ਹੈ ਕਿ ਜ਼ਿੰਦਗੀ ਖੂਬਸੂਰਤ ਹੋਵੇ ।
ਸਾਨੂੰ ਕਲਾਕਾਰਾਂ ਨੂੰ ਈਮਾਨਦਾਰ, ਸ਼ੁੱਧ, ਖੁਸ਼ਗਵਾਰ ਤੇ ਹੋਰ ਖੂਬਸੂਰਤ ਹੋਣਾ ਚਾਹੀਦਾ ਹੈ । ਮੈਨੂੰ ਚਿਤਰਕਾਰ ਹੋਣ ਦਾ ਕੋਈ ਹੰਕਾਰ ਨਹੀਂ । ਮੈਂ ਕੁਝ ਵੀ ਇਸ ਤਰ੍ਹਾਂ ਦਾ ਸਿੱਧ ਨਹੀਂ ਕਰਨਾ ਚਾਹੁੰਦਾ । ਇਨਸਾਨ ਵਿਚ ਹਉਮੈ ਨਹੀਂ ਹੋਣੀ ਚਾਹੀਦੀ । ਇਸ ਤਰ੍ਹਾਂ ਕਲਾ ਵਧੇਰੇ ਈਮਾਨਦਾਰ ਹੋ ਜਾਂਦੀ ਹੈ । ਇਸ ਵਿਚ ਵਧੇਰੇ ਰਵਾਨੀ ਤੇ ਚਮਕ ਆਉਂਦੀ ਹੈ ।”
ਮੈਨੂੰ ਯਾਦ ਹੈ ਕਿ ਉਨ੍ਹਾਂ ਦੇ ਸਵਰਗਵਾਸ ਹੋਣ ਉਪਰੰਤ 31 ਅਗਸਤ 1986 ਨੂੰ ਸ਼ਰਧਾਂਜਲੀ ਵਜੋਂ ਇਕ ਸਮਾਗਮ ਚੰਡੀਗੜ੍ਹ ਵਿਚ ਸੈਕਟਰ 8 ਦੇ ਗੁਰਦੁਆਰੇ ਵਿਚ ਹੋਇਆ ਸੀ । ਚੰਗਾ ਭਾਰਾ ਇਕੱਠ ਸੀ । ਉਸ ਇਕੱਠ ਵਿਚ ਉਸ ਵੇਲੇ ਦੀ ਸਰਕਾਰ ਦੇ ਗ੍ਰਹਿ ਮੰਤਰੀ ਕੈਪਟਨ ਕੰਵਲਜੀਤ ਸਿੰਘ ਨੇ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਸਦੀਵੀ ਯਾਦਗਾਰ ਬਣਾਵੇਗੀ । ਇਸ ਮਤਲਬ ਲਈ ਛੇਤੀ ਹੀ ਚੰਡੀਗੜ੍ਹ ਜਾਂ ਮੁਹਾਲੀ ਵਿਚ ਜ਼ਮੀਨ ਦਾ ਬੰਦੋਬਸਤ ਕਰ ਕੇ ਇਕ ਆਰਟ ਗੈਲਰੀ ਉਹਨਾਂ ਦੇ ਨਾਂ ਤੇ ਉਸਾਰੀ ਜਾਵੇਗੀ । ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਸਰਦਾਰ ਕਾਬਲ ਸਿੰਘ ਨੇ ਕਿਹਾ ਸੀ ਕਿ ਜੇ ਸਰਦਾਰ ਸੋਭਾ ਸਿੰਘ ਦਾ ਪਰਵਾਰ ਚਾਹੇ ਤਾਂ ਅਸੀਂ ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਰਾਣਵਾਂ (ਚੰਡੀਗੜ੍ਹ ਰੋਡ ਤੇ) ਦੇ ਨਾਲ ਇਕ ਕਨਾਲ ਵਿਚ ਇਕ ਸਿੱਖ ਅਜਾਇਬ ਘਰ ਬਣਾ ਦੇਵਾਂਗੇ ਜਿਥੇ ਵਿਸ਼ੇਸ਼ ਰੂਪ ਵਿਚ ਸਰਦਾਰ ਜੀ ਦੀਆਂ ਸਿੱਖ ਇਤਿਹਾਸ ਨਾਲ ਸੰਬੰਧਿਤ ਪੇਂਟਿੰਗਜ਼ ਰੱਖੀਆਂ ਜਾਣਗੀਆਂ । ਪਰ ਅੱਜ ਤੱਕ ਜੋ ਕੁਝ ਹੋਇਆ ਹੈ, ਉਹ ਸਾਡੇ ਸਾਹਮਣੇ ਹੈ ।
ਸਰਦਾਰ ਸੋਭਾ ਸਿੰਘ ਬੜੇ ਸਪਸ਼ਟ ਸ਼ਬਦਾਂ ਵਿਚ ਕਿਹਾ ਕਰਦੇ ਸਨ, “ਪੰਜਾਬੀਆਂ ਨੂੰ ਕਲਾਕਾਰਾਂ ਦੀ ਕਦਰ ਨਹੀਂ । ਕਦਰ ਹੈ ਬੰਗਾਲੀਆਂ ਨੂੰ । ਉਨ੍ਹਾਂ ਨੇ ਰਵਿੰਦਰ ਨਾਥ ਟੈਗੋਰ ਨੂੰ ਅਸਮਾਨ ਜਿੰਨਾ ਉੱਚਾ ਕੀਤਾ ਹੈ । ਪੰਜਾਬੀਆਂ ਨੇ ਚੰਡੀਗੜ੍ਹ ਵਿਚ ਥੀਏਟਰ ਉਸਾਰਿਆ ਤਾਂ ਉਸ ਦਾ ਨਾਮ ਟੈਗੋਰ ਥੀਏਟਰ ਰੱਖ ਦਿੱਤਾ । ਪ੍ਰਿਥਵੀ ਥੀਏਟਰ ਨਹੀਂ ਸੀ ਰੱਖਿਆ ਜਾ ਸਕਦਾ ? ਬਲਰਾਜ ਸਾਹਨੀ ਦੇ ਨਾਮ ਤੇ ਇਹ ਥੀਏਟਰ ਨਹੀਂ ਸੀ ਉੱਸਰ ਸਕਦਾ ? ਕੀ ਕੀਤਾ ਹੈ ਇਨ੍ਹਾਂ ਨੇ ਬਲਰਾਜ ਸਾਹਨੀ ਜਾਂ ਪ੍ਰਿਥਵੀ ਰਾਜ ਕਪੂਰ ਲਈ ? ਐਡੇ ਵੱਡੇ ਕਲਾਕਾਰ ਸਨ ਉਹ । ਪੰਜਾਬੀਆਂ ਤੇ ਮੈਨੂੰ ਬੜਾ ਰੋਸ ਹੈ ।”
ਇਕ ਵਾਰੀ ਉਨ੍ਹਾਂ ਨਾਲ ਸਾਰੀ ਦਿਹਾੜੀ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਮਿਲਿਆ । ਅਸੀਂ ਅੰਦਰੇਟੇ ਤੋਂ ਪਠਾਨਕੋਟ ਗਏ । ਫਿਰ ਵਾਪਸ ਪਠਾਨਕੋਟ ਤੋਂ ਅੰਦਰੇਟੇ । ਰਸਤੇ ਵਿਚ ਇਕ ਥਾਂ ਰੋਕ ਕੇ ਇਕ ਮੰਦਰ ਦਿਖਾਇਆ ਜਿਥੇ ਪੱਥਰ ਪਿਘਲ ਕੇ ਕਈ ਕਿਸਮ ਦੀਆਂ ਮੂਰਤੀਆਂ ਬਣੀਆਂ ਹੋਈਆਂ ਸਨ । ਹੋਰ ਵੀ ਕਲਾ ਨਾਲ ਸੰਬੰਧਤ ਥਾਵਾਂ ਦਿਖਾਈਆਂ । ਬਹੁਤ ਸਾਰੀਆਂ ਗੱਲਾਂ ਦਾ ਆਦਾਨ ਪ੍ਰਦਾਨ ਵੀ ਹੋਇਆ । ਇਕ ਗੱਲ ਉਨ੍ਹਾਂ ਨੇ ਦੱਸੀ, “ਜਦੋਂ ਛੱਤਬੀੜ ਵਿਖੇ ਚਿੜੀਆ ਘਰ ਬਣਿਆ ਤਾਂ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਚਿੜੀਆ ਘਰ ਦੇ ਨਾਲ ਲਗਦੀ ਚਾਰ ਕਨਾਲ ਸਰਕਾਰੀ ਜ਼ਮੀਨ ਵਿਚ ਸੋਭਾ ਸਿੰਘ ਆਰਟ ਗੈਲਰੀ ਬਣਾਉਣ ਵਾਰੇ ਮੇਰੇ ਨਾਲ ਗੱਲ ਕੀਤੀ ਤੇ ਕਿਹਾ ਕਿ ਪੈਸਾ ਸਰਕਾਰ ਲਾਵੇਗੀ ਤੇ ਮੈਂ ਆਪਣਾ ਸਟੂਡੀਓ ਤੇ ਪੇਂਟਿੰਗਜ਼ ਏਥੇ ਲੈ ਆਵਾਂ । ਮੈਂ ਕਿਹਾ ਕਿ ਮੈਨੂੰ ਕਿਉਂ ਪੁੱਛਦੇ ਹੋ ਜੋ ਕਰਨਾ ਹੈ ਕਰੋ । ਮੈਂ ਕਦੋਂ ਨਾ ਕਰਨੀ ਹੈ ।” ਤੇ ਇਹ ਗੱਲ ਵਿਚੇ ਹੀ ਰਹਿ ਗਈ।
ਇਕ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਨੇ ਉਨ੍ਹਾਂ ਦਾ ਸਨਮਾਨ ਕਰਨ ਦਾ ਯਤਨ ਆਰੰਭਿਆ । ਸਾਰਾ ਕੁਝ ਤਹਿ ਹੋ ਗਿਆ। ਗੁਰੂ ਨਾਨਕ ਦੇਵ ਅਧਿਐਨ ਵਿਭਾਗ ਨੂੰ ਇਹ ਕੰਮ ਸੌਂਪ ਵੀ ਦਿੱਤਾ ਗਿਆ। ਚਿਤਰਕਾਰ ਬਾਰੇ ਇਕ ਕਿਤਾਬ ਛਾਪਣ ਦਾ ਕੰਮ ਵੀ ਸ਼ੁਰੂ ਹੋ ਗਿਆ । ਫੇਰ ਅਚਾਨਕ ਹੀ ਕਿਸੇ ਗੱਲੋਂ ਸਮੁੰਦਰੀ ਸਾਹਿਬ ਤੇ ਸਰਦਾਰ ਸੋਭਾ ਸਿੰਘ ਦਾ ਕੁਝ ਪੇਂਟਿਗਜ਼ ਬਣਾਉਣ ਬਾਰੇ ਮੱਤ ਭੇਦ ਹੋ ਗਿਆ ਤੇ ਸਨਮਾਨ ਦਾ ਸਾਰਾ ਕੰਮ ਵੀ ਠੱਪ ਹੋ ਗਿਆ ।
ਉਨ੍ਹਾਂ ਦੇ ਪੂਰੇ ਹੋਣ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਡਾ. ਮਦਨਜੀਤ ਕੌਰ ਦੀ ਸੰਪਾਦਨਾ ਹੇਠ ਇਕ ਬੜੀ ਵੱਡੀ ਪੁਸਤਕ ਪੇਂਟਰ ਆਫ਼ ਦਾ ਡਿਵਾਈਨ (Painter of the Divine) ਪ੍ਰਕਾਸ਼ਤ ਕਰ ਕੇ ਯੂਨੀਵਰਸਿਟੀ ਦੇ ਸਥਾਪਨਾ ਦਿਵਸ 24 ਨਵੰਬਰ 1986 ਨੂੰ ਰਿਲੀਜ਼ ਕੀਤੀ ਸੀ। ਮੁਖ ਮੰਤਰੀ ਸਰਦਾਰ ਸੁਰਜੀਤ ਸਿੰਘ ਬਰਨਾਲਾ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਨੇ ਆਪਣੇ ਪਰਚੇ ਜਾਗ੍ਰਤੀ ਦਾ ਚਿਤਰਕਾਰ ਸੋਭਾ ਸਿੰਘ ਵਿਸ਼ੇਸ਼ ਅੰਕ ਪ੍ਰਕਾਸ਼ਤ ਕੀਤਾ ਸੀ। ਫੇਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੁਲਵੰਤ ਸਿੰਘ ਦੀ ਅੰਗਰੇਜ਼ੀ ਵਿਚ ਲਿਖੀ ਅਤੇ ਹਰਬੀਰ ਸਿੰਘ ਭੰਵਰ ਦੀ ਪੰਜਾਬੀ ਵਿਚ ਲਿਖੀ ਚਿਤਰਕਾਰ ਸੋਭਾ ਸਿੰਘ ਦੀ ਜੀਵਨੀ ਬਾਰੇ ਦੋ ਪੁਸਤਕਾਂ ਪ੍ਰਕਾਸ਼ਤ ਕੀਤੀਆਂ।
ਡਾਕਟਰ ਮਹਿੰਦਰ ਸਿੰਘ ਰੰਧਾਵਾ ਬਾਰੇ ਉਹ ਕਿਹਾ ਕਰਦੇ ਸਨ ਕਿ ਬਥੇਰੇ ਆਈ. ਸੀ. ਐਸ. ਅਫ਼ਸਰ ਹੋਣਗੇ ਤੇ ਬਥੇਰੇ ਵਾਈਸ ਚਾਂਸਲਰ ਹੋਣ ਗੇ ਪਰ ਰੰਧਾਵੇ ਜਿਹਾ ਕੋਈ ਨਹੀਂ ਹੋਣਾ । ਡਾਕਟਰ ਰੰਧਾਵਾ ਆਪ ਵੀ ਉਨ੍ਹਾਂ ਦੀ ਬਹੁਤ ਇੱਜ਼ਤ ਕਰਦੇ ਸਨ । ਉਨ੍ਹਾਂ ਨੇ ਵੰਡ ਤੋਂ ਬਾਅਦ ਸੋਭਾ ਸਿੰਘ ਹੋਰਾਂ ਦੀ ਬਹੁਤ ਮਦਦ ਕੀਤੀ ਸੀ । ਸੰਨ 1948 ਵਿਚ ਸਰਦਾਰ ਜੀ ਦੀਆਂ ਪੇਂਟਿਗਜ਼ ਦੀ ਨੁਮਾਇਸ਼ ਲਗਵਾਈ ਸੀ । ਬਹੁਤ ਸਾਰੇ ਚਿਤਰ ਵਿਕ ਗਏ ਸਨ । ਉਦੋਂ ਡਾਕਟਰ ਰੰਧਾਵਾ ਪੰਜਾਬ ਦੇ ਵਿਕਾਸ ਕਮਿਸ਼ਨਰ ਸਨ । ਬਟਵਾਰੇ ਤੋਂ ਬਾਅਦ ਦਿੱਲੀ ਵਿਚ ਮੁੜ ਵਸਾਊ ਮਹਿਕਮੇ ਦੇ ਕਮਿਸ਼ਨਰ ਹੋਣ ਕਰਕੇ ਰੰਧਾਵਾ ਸਾਹਿਬ ਨੇ ਉੱਜੜ ਕੇ ਆਏ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਲੇਖਕਾਂ ਤੇ ਕਲਾਕਾਰਾਂ ਲਈ ਬਹੁਤ ਕੁਝ ਕੀਤਾ ਸੀ । ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਹੁੰਦਿਆਂ ਰੰਧਾਵਾ ਸਾਹਿਬ ਨੇ ਸਰਦਾਰ ਸੋਭਾ ਸਿੰਘ ਬਾਰੇ ਇਕ ਬੜਾ ਵਧੀਆ ਮੋਨੋਗਰਾਮ ਲਿਖਿਆ ਜੋ ਵਿਸ਼ੇਸ਼ ਯਤਨਾਂ ਸਦਕਾ ਪੰਜਾਬ ਆਰਟਸ ਕੌਂਸਲ ਵੱਲੋਂ ਬਹੁਤ ਖੂਬਸੂਰਤ ਤਰੀਕੇ ਨਾਲ 1981 ਵਿਚ ਪ੍ਰਕਾਸ਼ਤ ਕਰਵਾਇਆ ਸੀ । ਇਸ ਵਿਚ ਸਰਦਾਰ ਜੀ ਦੀਆਂ ਕਈ ਖੂਬਸੂਰਤ ਪੇਂਟਿੰਗਜ਼ ਵੀ ਛਪੀਆਂ ਹੋਈਆਂ ਹਨ। ਇਹ ਚਿਤਰਕਾਰ ਬਾਰੇ ਹੋਇਆ ਪਹਿਲਾ ਨਿੱਗਰ ਯਤਨ ਹੈ ਤੇ ਸਦੀਵੀ ਯਾਦਗਾਰ ਵੀ ।
ਸਰਦਾਰ ਸੋਭਾ ਸਿੰਘ ਆਪਣੀਆਂ ਤਸਵੀਰਾਂ ਬੰਬਈ, ਮਦਰਾਸ, ਸ਼ਿਵਾਕਾਸੀ ਆਦਿ ਸ਼ਹਿਰਾਂ ਦੇ ਛਾਪੇ ਖਾਨਿਆਂ ਤੋਂ ਛਪਵਾਉਂਦੇ ਹੁੰਦੇ ਸਨ । ਉਨ੍ਹਾਂ ਨੇ ਉਥੇ ਜਾ ਕੇ ਉਹਨਾਂ ਲੋਕਾਂ ਦੇ ਸਭਿਆਚਾਰ ਤੇ ਜ਼ਿੰਦਗੀ ਬਾਰੇ ਭਰਪੂਰ ਜਾਣਕਾਰੀ ਹਾਸਲ ਕੀਤੀ । ਉਥੋਂ ਦੇ ਲੋਕਾਂ ਦੇ ਸਲੀਕੇ ਬਾਰੇ ਉਹ ਬਹੁਤ ਗੱਲਾਂ ਸੁਣਾਇਆ ਕਰਦੇ ਸਨ । ਇਸ ਲਈ ਕੁਝ ਸਮਾਂ ਪਹਿਲਾਂ ਮੈਂ ਦੱਖਣੀ ਭਾਰਤ ਵਿਚ ਸੈਰ ਕਰਨ ਲਈ ਗਿਆ। ਉਥੇ ਮੈਂ ਦੇਖਿਆ ਕਿ ਉਹਨਾਂ ਲੋਕਾਂ ਨੂੰ ਆਪਣੇ ਵਿਰਸੇ ਦੀ ਸੰਭਾਲ ਬਾਰੇ ਬੜੀ ਚੇਤਨਤਾ ਹੈ । ਉਹਨਾਂ ਨੇ ਸ਼ਹਿਰਾਂ ਅਤੇ ਕਸਬਿਆਂ ਵਿਚ ਆਪਣੇ ਕਲਾਕਾਰਾਂ, ਲੇਖਕਾਂ ਤੇ ਸਾਇੰਸਦਾਨਾਂ ਦੀਆਂ ਬੜੀਆਂ ਸੁਹਣੀਆਂ ਯਾਦਗਾਰਾਂ ਬਣਾਈਆਂ ਹੋਈਆਂ ਹਨ । ਉਹ ਉਨ੍ਹਾਂ ਯਾਦਗਾਰਾਂ ਦੀ ਬੜੀ ਸੰਭਾਲ ਤੇ ਕਦਰ ਕਰਦੇ ਹਨ । ਬੰਗਲੌਰ ਵਿਚ ਸਰਕਾਰੀ ਅਜਾਇਬ ਘਰ, ਵਿਸ਼ਵੇਸ਼ਰੀਆ ਅਜਾਇਬ ਘਰ ਤੋਂ ਬਿਨਾਂ ਪ੍ਰਸਿੱਧ ਕੰਨੜ ਚਿਤਰਕਾਰ ਐਸ. ਕੇ. ਵੈਂਕਟੱਪਾ ਆਰਟ ਗੈਲਰੀ ਬਣਾਈ ਹੋਈ ਹੈ । ਇਸ ਖੂਬਸੂਰਤ ਪੰਜ ਮੰਜ਼ਲੀ ਇਮਾਰਤ ਵਿਚ ਚਿਤਰਕਾਰ ਦੀਆਂ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਤੋਂ ਬਿਨਾਂ ਉਸ ਦੀਆਂ ਵੱਖ ਵੱਖ ਵਿਸ਼ਿਆਂ ਬਾਰੇ ਪੇਂਟਿੰਗਜ਼, ਉਸ ਦੀਆਂ ਲਕੜੀ ਤੋਂ ਬਣੀਆਂ ਪ੍ਰਿਤਮਾਵਾਂ, ਧਾਤ ਦੀਆਂ ਪ੍ਰਿਤਮਾਵਾਂ ਅਤੇ ਉਸ ਦੇ ਲੱਕੜੀ ਦੇ ਬਣਾਏ ਹੋਏ ਸਾਜ਼ ਵੀ ਸਜਾਏ ਹੋਏ ਹਨ । ਗੈਲਰੀ ਵਿਚ ਸੈਮੀਨਾਰ ਹਾਲ ਵੀ ਹੈ । ਇਸ ਹਾਲ ਵਿਚ ਹੋਰ ਚਿਤਰਕਾਰਾਂ ਦੀਆਂ ਨੁਮਾਇਸ਼ਾਂ ਵੀ ਲੱਗੀਆਂ ਰਹਿੰਦੀਆਂ ਹਨ । ਇਸੇ ਤਰ੍ਹਾਂ ਮੈਸੂਰ ਵਿਚ ਪ੍ਰਸਿੱਧ ਚਿਤਰਕਾਰ ਰਾਜਾ ਰਵੀ ਵਰਮਾ ਆਰਟ ਗੈਲਰੀ ਵੀ ਬੜੀ ਪ੍ਰਸਿੱਧ ਹੈ। ਜਿਥੇ ਹਜ਼ਾਰਾਂ ਦਰਸ਼ਕ ਰੋਜ਼ ਆਉਂਦੇ ਹਨ ।
ਇਹ ਦੇਖ ਕੇ ਮੈਨੂੰ ਸਰਦਾਰ ਸੋਭਾ ਸਿੰਘ ਦੀ ਗੱਲ ਯਾਦ ਆ ਗਈ ਕਿ ਬਾਹਰਲੇ ਸੂਬਿਆਂ ਵਿਚ ਕਿਸੇ ਪੰਜਾਬੀ ਕਲਾਕਾਰ ਜਾਂ ਲੇਖਕ ਦਾ ਨਾਂ ਤੱਕ ਨਹੀਂ ਲਿਆ ਜਾਂਦਾ । ਪੰਜਾਬ ਵਿਚ ਡਾਕਟਰ ਇਕਬਾਲ, ਭਾਈ ਵੀਰ ਸਿੰਘ, ਪੂਰਨ ਸਿੰਘ, ਧਨੀ ਰਾਮ ਚਾਤ੍ਰਿਕ ਆਦਿ ਅਨੇਕਾਂ ਮਹਾਨ ਮਨੁੱਖ ਪੈਦਾ ਹੋਏ ਹਨ । ਸਾਡੇ ਪੰਜਾਬੀਆਂ ਨੇ ਕਿਸੇ ਦੀ ਯਾਦਗਾਰ ਤਾਂ ਕੀ ਬਣਾਉਣੀ ਹੈ ਸਗੋਂ ਉਸਦਾ ਬਣਦਾ ਸਨਮਾਨ ਵੀ ਕਿਸੇ ਨੇ ਨਹੀਂ ਕੀਤਾ ।
ਸਰਦਾਰ ਸੋਭਾ ਸਿੰਘ ਨੂੰ ਬਹੁਤ ਸਾਰੇ ਇਨਾਮ ਸਨਮਾਨ ਮਿਲੇ ਹਨ ਪਰ ਉਨ੍ਹਾਂ ਨੂੰ ਇਨ੍ਹਾਂ ਸਨਮਾਨਾਂ ਦੀ ਕੋਈ ਭੁੱਖ ਨਹੀਂ ਸੀ । ਉਹ ਕਹਿੰਦੇ ਹੁੰਦੇ ਸਨ, “ਕਲਾਕਾਰ ਨੂੰ ਇਨਾਮਾਂ ਦੀ ਭੁੱਖ ਨਹੀਂ ਹੁੰਦੀ । ਇਹਨਾਂ ਨਾਲ ਨਾ ਉਹਨਾਂ ਦੇ ਹੱਥ ਵੱਡੇ ਹੋ ਜਾਣੇ ਹਨ ਨਾ ਹੀ ਕੰਨ। ਜਾਂ ਉਨ੍ਹਾਂ ਦੇ ਸਿਰ ਤੇ ਸਿੰਗ ਉੱਗ ਆਉਣ ਗੇ ਜਾਂ ਪੂਛ ਲਗ ਜਾਵੇਗੀ । ਮੈਂ ਅੱਜ ਵੀ ਪੇਂਟਿੰਗ ਕਰਕੇ ਰੋਟੀ ਕਮਾਉਂਦਾ ਹਾਂ ਤੇ ਕਲ੍ਹ ਵੀ ਪੇਂਟਿੰਗ ਕਰ ਕੇ ਹੀ ਰੋਟੀ ਕਮਾਉਂਦਾ ਰਹਾਂਗਾ ।…”
ਉਹ ਕਿਹਾ ਕਰਦੇ ਸਨ, “ਮਨੁੱਖ ਦੋ ਟੰਗਾ ਜਨੌਰ ਹੈ, ਇਸ ਅੰਦਰ ਜਦ ਤੋਂ ਅਨੁਭਵ ਜਾਗਿਆ ਅਤੇ ਨਾਲ ਹੀ ਸੋਚਣ ਦ੍ਰਿਸ਼ਟੀ, ਉਦੋਂ ਤੋਂ ਹੀ ਮਨੁੱਖ ਗਗਨ ਚੋਟੀਆਂ ਵੱਲ ਝਾਕਿਆ ਹੈ ਤੇ ਇਸ ਨੇ ਉਥੇ ਪੁੱਜਣ ਦੇ ਉਪਰਾਲੇ ਕੀਤੇ । ਇਸ ਦੇ ਯਤਨ ਬਹੁਤੀ ਵਾਰੀ ਸਫਲ ਹੋਏ ।
“ਇਸ ਘਾਲਣਾ ਰਾਹੀਂ ਮਨੁੱਖ ਨੇ ਸਾਗਰ ਅੰਦਰ ਵਿਚਰਦੇ ਨਿਰਾਕਾਰ ਦੀ ਸੂਝ ਪਾਈ ਹੈ । ਆਪਣੇ ਅਸਲੇ ਦੀ ਪਛਾਣ ਹੀ ਮਨੁੱਖ ਦੀ ਸਭ ਤੋਂ ਵੱਡੀ ਸੂਝ ਬੂਝ ਹੈ । ਇਸ ਸੂਝ ਦੇ ਆਧਾਰ ਤੇ ਹੀ ਇਹ ਆਪਣੇ ਅਸਲੇ ਨਾਲ ਇਕਮਿਕ ਹੋਇਆ ਹੈ, ਇਸ ਨੇ ਆਪਣੀ ਜੀਵਨ ਜੋਤ ਨੂੰ ਮੁੱਢਲੀ ਜੋਤ ਨਾਲ ਮਿਲਾਇਆ ਤੇ ਜੀਵਨ ਮੁਕਤੀ ਦੀ ਪਦਵੀ ਪਾਈ ।…
“ਜ਼ਿੰਦਗੀ ਵਿਚ ਮਹਾਨ ਮਨੁੱਖ ਕਈ ਵਾਰੀ ਉਹੀ ਬਣਦਾ ਹੈ ਜਿਸ ਨੇ ਜ਼ਿੰਦਗੀ ਵਿਚ ਠੋਕਰਾਂ ਖਾਧੀਆਂ ਹੋਣ ਤੇ ਮਾਂ ਦੇ ਚਿਹਰੇ ਵਾਂਗ ਜ਼ਿੰਦਗੀ ਨੂੰ ਜਾਣਿਆ ਤੇ ਪਛਾਣਿਆ ਹੋਵੇ । ਜੋ ਬੱਚਾ ਜੰਮਣ ਸਾਰ ਹੀ ਲਹਿਰਾਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ, ਜੇ ਉਹ ਜਿਉਂਦਾ ਰਹੇ ਤਾਂ ਹਰ ਹਾਲਤ ਵਿਚ ਮਹਾਨ ਸ਼ਖ਼ਸੀਅਤ ਬਣਦਾ ਹੈ ।”
ਸਰਦਾਰ ਸੋਭਾ ਸਿੰਘ ਦੀ ਜ਼ਿੰਦਗੀ ਸ਼ੁਰੂ ਵਿਚ ਮੁਸ਼ਕਲਾਂ ਵਿਚੋਂ ਗੁਜ਼ਰੀ । ਉਨ੍ਹਾਂ ਨੇ ਕਦੇ ਮੱਥੇ ਵੱਟ ਵੀ ਨਹੀਂ ਸੀ ਪਾਇਆ ਅਤੇ ਨਾ ਹੀ ਮੁਸ਼ਕਲਾਂ ਤੋਂ ਭਾਂਜ ਖਾਧੀ ਹੈ । ਖਿੜੇ ਮੱਥੇ ਚਟਾਨ ਵਰਗੀ ਦ੍ਰਿੜਤਾ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਦੇ ਰਹੇ । ਬਚਪਨ ਵਿਚ ਕੁਝ ਅਜਿਹਾ ਸਮਾਂ ਵੀ ਆਉਂਦਾ ਹੈ ਜਦ ਬੱਚੇ ਨੂੰ ਕੋਈ ਰਾਹ ਦਿਖਾਈ ਨਹੀਂ ਦਿੰਦਾ, ਪਰ ਹੌਲੀ ਹੌਲੀ ਹਿੰਮਤ ਨਾਲ ਹੋਣਹਾਰ ਬੱਚਾ ਆਪਣਾ ਰਾਹ ਆਪ ਅਖਤਿਆਰ ਕਰ ਲੈਂਦਾ ਹੈ । ਇਸ ਲਈ ਹੀ ਉਨ੍ਹਾਂ ਨੇ ਆਪਣੀ ਛੋਟੀ ਉਮਰ ਵਿਚ ਅਰਥਾਤ ਸੱਤ ਅੱਠ ਸਾਲ ਦੀ ਉਮਰ ਵਿਚ ਹੀ ਮੂਰਤਾਂ ਵਾਹੁਣੀਆਂ ਸ਼ੁਰੂ ਕਰ ਦਿੱਤੀਆਂ ਸਨ । ਉਨ੍ਹਾਂ ਦੇ ਪਿਤਾ ਜੀ ਦੀ ਇੱਛਾ ਸੀ ਕਿ ਪੁੱਤਰ ਵੱਡਾ ਹੋ ਕੇ ਪੜ੍ਹ ਲਿਖ ਕੇ ਕਿਸੇ ਉਚੇ ਅਹੁਦੇ ਤੇ ਪਹੁੰਚੇ । ਪਰ ਏਦਾਂ ਹੋਇਆ ਨਹੀਂ । ਭਾਵੀ ਨੂੰ ਕੁਝ ਹੋਰ ਹੀ ਮਨਜੂਰ ਸੀ । ਉਹ ਚਿਤਰਕਾਰ ਹੀ ਬਣੇ । ਸੋ ਸਾਰੀ ਉਮਰ ਹੀ ਉਹ ਆਪਣੀ ਮਰਜ਼ੀ ਅਨੁਸਾਰ ਚਲਦੇ ਰਹੇ । ਉਨ੍ਹਾਂ ਦੇ ਅੰਦਰ ਇਕ ਕਲਾਕਾਰ ਦਾ ਦਿਲ ਸੀ । ਉਨ੍ਹਾਂ ਨੇ ਕਦੇ ਆਪਣੀ ਰੋਜ਼ੀ ਰੋਟੀ ਦੀ ਪਰਵਾਹ ਨਹੀਂ ਸੀ ਕੀਤੀ । ਉਹ ਮਿਹਨਤ ਵਿਚ ਵਿਸ਼ਵਾਸ ਰੱਖਦੇ ਸਨ । ਹਰ ਕੰਮ ਮਿਹਨਤ ਅਤੇ ਲਗਨ ਨਾਲ ਕਰਦੇ ਤੇ ਇਸੇ ਲਈ ਰੋਜ਼ੀ ਤੇ ਰੋਟੀ ਉਨ੍ਹਾਂ ਦੇ ਮਗਰ ਹੀ ਤੁਰਦੀ ਰਹਿੰਦੀ । ਆਪਣੀ ਉਮਰ ਦੇ ਪਹਿਲੇ ਸਾਲ ਭਾਵੇਂ ਉਹ ਕੁਝ ਉਦਾਸ ਤੇ ਇਕੱਲੇ ਰਹੇ, ਪਰ ਮਿਹਨਤ ਉਨ੍ਹਾਂ ਦਾ ਹਰ ਵੇਲੇ ਸਾਥ ਦਿੰਦੀ ਰਹੀ । ਆਪਣੀ ਇਕੱਲਤਾ ਅਤੇ ਉਦਾਸੀ ਨੂੰ ਕਲਾਕਾਰ ਨੇ ਆਪਣੇ ਚਿਤਰਾਂ ਵਿਚ ਬਹੁਤ ਚਿੜ੍ਹਿਆ । ਥਾਂ ਥਾਂ ਉਹ ਗਏ, ਕਦੀ ਲਾਹੌਰ, ਕਦੀ ਪ੍ਰੀਤ ਨਗਰ, ਕਦੀ ਦਿੱਲੀ, ਪਰ ਅਖੀਰ ਟਿਕੇ ਆ ਕੇ ਪਹਾੜਾਂ ਦੀ ਦਹਿਲੀਜ਼ ਤੇ ਵਸੇ ਨਿੱਕੇ ਜਿਹੇ ਪਿੰਡ ਅੰਦਰੇਟੇ ਵਿਚ । ਇਸ ਇਕਾਂਤ ਥਾਂ ਤੇ ਵਸੇ ਪਿੰਡ ਵਿਚ ਹੀ ਉਨ੍ਹਾਂ ਦਾ ਮਨ ਲਗਿਆ। ਬਚਪਨ ਦਾ ਔਖਾ ਸਮਾਂ ਸਖਤ ਪਿਤਾ ਦੀ ਛਤਰ ਛਾਇਆ ਹੇਠ ਸੰਘਿਆ । ਮਾਂ ਦਾ ਪਿਆਰ ਉਕਾ ਹੀ ਨਸੀਬ ਨਹੀਂ ਹੋਇਆ । ਉਦਾਸੀ ਤੇ ਇਕੱਲ ਨਾਲ ਜਿੰਦਗੀ ਲੰਘਣ ਲੱਗੀ । ਮਿਹਨਤ ਤੇ ਮੁਸ਼ੱਕਤ ਵਾਲੀ ਜ਼ਿੰਦਗੀ । ਆਖਰ ਬਗਦਾਦ ਡਰਾਫ਼ਸਮੈਨ ਦੀ ਨੌਕਰੀ ਇਕ ਫੌਜੀ ਦਸਤੇ ਵਿਚ ਕੀਤੀ । ਉਥੇ ਵੀ ਮਨ ਨਾ ਲਗਿਆ। ਭਾਰਤ ਆ ਗਏ। ਅਖੀਰ ਕਲਾਕਾਰ ਦੀ ਜਿੱਤ ਹੋਈ । ਉਸ ਦੀ ਜੋ ਤਲਾਸ਼ ਸੀ, ਉਹ ਉਸ ਦੀ ਪਕੜ ਦੇ ਨੇੜੇ ਆਉਣ ਲੱਗੀ । ਉਸ ਨੇ ਬੁਰਸ਼ ਤੇ ਰੰਗਾਂ ਦਾ ਸਹਾਰਾ ਲਿਆ ਤੇ ਚਿਤ੍ਰਕਲਾ ਵਿਚ ਪੂਰੀ ਤਰ੍ਹਾਂ ਲੀਨ ਹੋ ਗਿਆ। ਇਸੇ ਦੌਰਾਨ ਦਿੱਲੀ ਰਹਿੰਦਿਆਂ ਕੁਝ ਚਿਰ ਲਈ ਉਨ੍ਹਾਂ ਨੂੰ ਕਮਰਸ਼ੀਅਲ ਕੰਮ ਵੀ ਕਰਨੇ ਪਏ । ਪਰ ਬਾਅਦ ਵਿਚ ਇਕ ਸੱਚੇ ਸੁੱਚੇ ਕਲਾਕਾਰ ਦੀ ਜ਼ਿੰਦਗੀ ਬਤੀਤ ਕਰਨ ਲਈ ਫ਼ਰੀ ਲਾਂਸਰ ਦੇ ਤੌਰ ਤੇ ਚਿਤ੍ਰਕਲਾ ਨੂੰ ਅਪਣਾ ਲਿਆ । ਪਹਿਲਾਂ ਪਹਿਲ ਉਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਘੋੜੇ ਉਪਰ ਬੈਠਿਆਂ ਦੀ ਇਕ ਤਸਵੀਰ ਬਣਾਈ ਜੋ ਬਹੁਤ ਸਲਾਹੀ ਗਈ। ਇਹ ਤਸਵੀਰ ਹੁਣ ਵੀ ਚੰਡੀਗੜ੍ਹ ਮਿਊਜ਼ੀਅਮ ਵਿਚ ਲੱਗੀ ਹੋਈ ਹੈ।
ਸ਼ੁਰੂ ਸ਼ੁਰੂ ਵਿਚ ਜਦ ਕਲਾਕਾਰ ਆਪਣੇ ਕਸਬ ਨੂੰ ਅਪਣਾਉਂਦਾ ਹੈ ਤਾਂ ਉਸ ਨੂੰ ਇਕ ਨੁੰਮ੍ਹਣੇ ਦੀ ਲੋੜ ਪੈਂਦੀ ਹੈ। ਇਸ ਤਸਵੀਰ ਦਾ ਮਕਬੂਲ ਹੋਣਾ ਇਕ ਨੁੰਮ੍ਹਣਾ ਹੀ ਸੀ । ਬੱਸ ਫਿਰ ਕੀ ਸੀ । ਉਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੇ ਪੇਜ਼ਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਤਸਵੀਰਾਂ ਬਣਾਈਆਂ। ਇਹ ਤਸਵੀਰਾਂ ਪੂਰੀ ਤਰ੍ਹਾਂ ਪਰਵਾਨ ਚੜ੍ਹੀਆਂ। ਇਥੋਂ ਤੱਕ ਕਿ ਹਜ਼ਾਰਾਂ ਪ੍ਰਿੰਟ ਮਾਰਕੀਟ ਵਿਚ ਆਏ ਤੇ ਵਿਕੇ । ਸਰਦਾਰ ਸੋਭਾ ਸਿੰਘ ਦੀ ਤੁਲਿਕਾ ਨੇ ਫ਼ਖ਼ਰ ਮਹਿਸੂਸ ਕੀਤਾ, ਜਿਵੇਂ ਹਰ ਕਲਾਕਾਰ ਦਾ ਮਾਣ ਕਿਸੇ ਮਹਾਨ ਕ੍ਰਿਤ ਨੂੰ ਜਨਮ ਦੇ ਕੇ ਫ਼ਖ਼ਰ ਮਹਿਸੂਸ ਕਰਦਾ ਹੈ ।
ਇਕ ਸਮਾਂ ਉਹ ਵੀ ਆਇਆ ਜਦ ਸੋਭਾ ਸਿੰਘ ਜੀ ਬੀਬੀ ਇੰਦਰ ਕੌਰ ਨਾਲ ਵਿਆਹ ਕਰਵਾਉਣ ਤੋਂ ਬਾਅਦ ਇਕੱਲਤਾ, ਉਦਾਸੀ, ਭਟਕਣ ਤੇ ਅਵਾਰਗੀ ਵਿਚ ਗੁੰਮ ਗਏ । ਵੈਸੇ ਇਹ ਸਭ ਗੱਲਾਂ ਹੀ ਕਲਾਕਾਰ ਦੀ ਜ਼ਿੰਦਗੀ ਵਿਚ ਆਉਣੀਆਂ ਅਤਿ ਜ਼ਰੂਰੀ ਹਨ । ਕਿਉਂਕਿ ਇਹ ਕਲਾਕਾਰ ਨੂੰ ਜੀਵਨ ਦੀ ਪਕੜ ਤੇ ਉਸ ਦੀ ਕਲਾ ਨੂੰ ਹੋਰ ਡੂੰਘਿਆਈ ਬਖਸ਼ਦੀਆਂ ਹਨ।
ਉਹ ਕਹਿੰਦੇ ਹੁੰਦੇ ਸਨ,”ਆਪਣੇ ਚੰਗੇ ਜਾਂ ਮਾੜੇ ਤਜਰਬੇ ਮਨੁੱਖ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਰਾਸਤ ਵਿਚ ਦਿੰਦਾ ਹੈ । ਇਸ ਵਿਰਾਸਤ ਦੇ ਬਲ ਬੋਤੇ ਤੇ ਹੀ ਮਨੁੱਖ ਨੇ ਸਭ ਤੋਂ ਵੱਡੀ ਮੁਸੀਬਤ ਵੇਲੇ ਵੀ, ਆਪਣੀ ਧੌਣ ਉਚੀ ਰੱਖੀ ਹੈ। ਅਸੱਤ ਦੇ ਅੱਗੇ ਸਿਰ ਨਹੀਂ ਝੁਕਾਇਆ । ਬੀਤ ਚੁੱਕਿਆ ਮਨੁੱਖ ਭਵਿੱਖ ਦੇ ਮਨੁੱਖ ਲਈ ਇਹੋ ਆਦਰਸ਼ ਛੱਡ ਗਿਆ ਹੈ। ਇਸੇ ਆਦਰਸ਼ ਨੇ ਪੰਜਾਬੀ ਕਿਰਦਾਰ ਨੂੰ ਪਾਲਿਆ ਹੈ। ਆਪਣੇ ਵੱਡਿਆਂ ਦੀਆਂ ਕਮਾਈਆਂ ਤੇ ਕਾਰਨਾਮਿਆਂ ਦੇ ਸਿਰ ਤੇ ਹੀ ਅੱਜ ਦਾ ਮਨੁੱਖ ਜਿਉਂ ਰਿਹਾ ਹੈ । ਇਸੇ ਲਈ ਇਸ ਦਾ ਸਿਰ ਉੱਚਾ ਹੈ । ਆਪਣੇ ਰਾਹ ਵਿਚ ਆਈਆਂ ਮੁਸ਼ਕਲਾਂ ਨੂੰ ਇਹ ਪਾਰ ਕਰ ਲੈਂਦਾ ਰਿਹਾ ਹੈ ।”
ਨੌਜਵਾਨਾਂ ਬਾਰੇ ਉਹ ਕਿਹਾ ਕਰਦੇ ਸਨ, “ਸਾਡੀ ਨੌਜਵਾਨ ਪੀੜ੍ਹੀ ਆਸ਼ਾਵਾਦ ਦੀਆਂ ਝਾਕੀਆਂ ਹਰ ਥਾਂ ਵੇਖਦੀ ਹੈ, ਉਸੇ ਆਸ਼ਾਵਾਦ ਦਾ ਰੰਗ ਯੁਵਕ ਉਤੇ ਚੜ੍ਹਦਾ ਹੈ । ਉਸ ਦਾ ਕੀ ਕਸੂਰ ਹੈ ? ਉਸ ਅੱਗੇ ਤਾਂ ਇਸ ਤੋਂ ਚੰਗੇ ਦ੍ਰਿਸ਼ ਪੇਸ਼ ਹੀ ਨਹੀਂ ਹੁੰਦੇ । ਸਾਡੇ ਅਖਬਾਰਾਂ ਵਿਚ ਹੋਰ ਸਭ ਕੁਝ ਹੈ ਸਿਰਫ਼ ਚੰਗੇ ਆਦਰਸ਼ ਭਰਪੂਰ ਜੀਵਨ ਦੀ ਪ੍ਰੇਰਨਾ ਉੱਕਾ ਹੀ ਨਹੀਂ ।”
ਸਿੱਖ ਇਤਿਹਾਸ ਦੀ ਉਦਾਹਰਣ ਦਿੰਦਿਆਂ ਉਹ ਨੌਜਵਾਨਾਂ ਬਾਰੇ ਕਹਿੰਦੇ ਹੁੰਦੇ ਸਨ, “ਸਿੱਖ ਇਤਿਹਾਸ ਵਿਚ ਕੁਰਬਾਨੀ ਤੇ ਦਇਆ ਦੀਆਂ ਮਿਸਾਲਾਂ ਅਨੇਕਾਂ ਮਿਲਦੀਆਂ ਹਨ, ਤਿਆਗ ਦੀਆਂ ਬਥੇਰੀਆਂ ਮਿਸਾਲਾਂ ਹਨ। ਆਪਣੇ ਇਤਿਹਾਸ ਨੂੰ ਭਾਵੇਂ ਸਿੱਖ ਨਾ ਜਾਣਨ, ਨਾ ਚੇਤੇ ਰੱਖਣ, ਪਰ ਸਵੇਰੇ ਸ਼ਾਮ ਆਪਣੀ ਅਰਦਾਸ ਵਿਚ ਦਸਾਂ ਗੁਰੂਆਂ, ਸਾਹਿਬਜ਼ਾਦਿਆਂ, ਪੰਜਾਂ ਪਿਆਰਿਆਂ, ਚਾਲੀ ਮੁਕਤਿਆਂ, ਸ਼ਹੀਦਾਂ, ਮੁਰੀਦਾਂ ਦੀ ਯਾਦ ਵਿਚ ਇਸ ਦਾ ਸਿਰ ਜ਼ਰੂਰ ਝੁਕਦਾ ਹੈ । ਇਨ੍ਹਾਂ ਕੁਰਬਾਨੀਆਂ ਦੀ ਯਾਦ, ਇਸ ਨੂੰ ਜਿਉਣ ਤੇ ਥਿਉਣ ਦਾ ਬਲ ਬਖਸ਼ਦੀ ਹੈ । ਸਿੱਖ ਕਿਰਦਾਰ ਨੂੰ ਸਦਾ ਲਈ ਜਿਉਂਦਿਆਂ ਰੱਖਣ ਲਈ ਕੀ ਇਹ ਅਰਦਾਸ ਹੀ ਕਾਫੀ ਨਹੀਂ । ਅਰਦਾਸ ਸੁਣਨ ਦੀ, ਅੱਜ ਦੀ ਪੀੜ੍ਹੀ ਨੂੰ ਵਿਹਲ ਕਿੱਥੇ ਹੈ ? ਇਸ ਲਈ ਤਾਂ ਜ਼ਰੂਰੀ ਹੈ ਕਿ ਸਿੱਖ ਇਤਿਹਾਸ ਦੀ ਪੜ੍ਹਾਈ ਹੋਵੇ, ਵੱਧ ਤੋਂ ਵੱਧ ਪਰਚਾਰ ਹੋਵੇ । ਇਸ ਮਹਾਨ ਵਿਰਸੇ ਨੂੰ ਮੂਰਤੀਮਾਨ ਕੀਤਾ ਜਾਵੇ । ਸਾਡੇ ਘਰਾਂ ਦੀਆਂ ਕੰਧਾਂ, ਸਕੂਲਾਂ ਦੀਆਂ ਕਿਤਾਬਾਂ, ਟੈਲੀਵੀਜਨ ਤੇ ਸਿਨੇਮਾ-ਪਰਦੇ ਉਤੇ ਇਸ ਮਹਾਨ ਮਨੁੱਖੀ ਜੀਵਨ ਦੇ ਝਲਕਾਰੇ ਪੈਂਦੇ ਰਹਿਣ ।”
ਇਤਿਹਾਸ ਸੰਬੰਧੀ ਉਨ੍ਹਾਂ ਦੀਆਂ ਗੱਲਾਂ ਵਿਚ ਮੈਂ ਬੜੀ ਦਿਲਚਸਪੀ ਲਈ । ਮੈਂ ਉਨ੍ਹਾਂ ਨੂੰ ਪੁਛਿਆ, “ਦਾਰ ਜੀ, ਸਿਰਫ਼ ਸਿੱਖ ਇਤਿਹਾਸ ਹੀ ਪਰਚਾਰਨਾ ਚਾਹੀਦਾ ਹੈ ਜਾਂ ਹੋਰ ਇਤਿਹਾਸ ਦੀਆਂ ਗੱਲਾਂ ਵੀ ਹੋਣੀਆਂ ਚਾਹੀਦੀਆਂ ਹਨ ?” ਜਵਾਬ ਵਿਚ ਉਹ ਬੋਲੇ, “ਇਤਿਹਾਸ ਸਦਾ ਹੀ ਮਹਾਨ ਹੁੰਦਾ ਹੈ । ਕੋਈ ਵੀ ਇਤਿਹਾਸ ਸਾਨੂੰ ਮਨੁੱਖੀ ਕਦਰਾਂ ਕੀਮਤਾਂ ਦੀ ਕੋਈ ਨਾ ਕੋਈ ਪ੍ਰੇਰਨਾ ਦਿੰਦਾ ਰਹਿੰਦਾ ਹੈ । ਮੈਂ ਤੁਹਾਨੂੰ ਇਕ ਘਟਨਾ ਸੁਣਾਉਂਦਾ ਹਾਂ । ਅੰਮ੍ਰਿਤਸਰ ਦੀ ਮਿਊਂਸਪਲ ਕਮੇਟੀ ਦੇ ਟਾਊਨ ਹਾਲ ਵਿਚ ਇਸ ਸ਼ਹਿਰ ਦੇ ਬਾਨੀ ਸ੍ਰੀ ਗੁਰੂ ਰਾਮ ਦਾਸ ਜੀ ਦੀ ਤਸਵੀਰ ਬੜੀਆਂ ਨੋਕਾਂ ਝੋਕਾਂ ਪਿਛੋਂ ਸਥਾਪਤ ਹੋਈ।… ਡਾਕਟਰ ਕਿਚਲੂ ਜੀ ਨੇ ਗੁਰੂ ਕੇ ਬਾਗ਼ ਦੇ ਮੋਰਚੇ ਵੱਲ ਅਣਥੱਕ ਕੰਮ ਕੀਤਾ। ਅੰਗਰੇਜ਼ ਦੀਆਂ ਜੜ੍ਹਾਂ ਉਖਾੜਨ ਵਿਚ ਅਹਿਮ ਹਿੱਸਾ ਪਾਇਆ, ਉਨ੍ਹਾਂ ਦੀਆਂ ਯਾਦਗਾਰਾਂ ਕਿੰਨੀਆਂ ਕੁ ਹਨ ?”
ਤੇ ਆਪਣੇ ਕਥਨ ਦੀ ਪੁਸ਼ਟੀ ਕਰਦਿਆਂ ਉਹ ਅੱਗੇ ਕਹਿੰਦੇ ਗਏ, “ਅੱਜ ਇਤਿਹਾਸਕ ਸਾਕਿਆਂ ਨੂੰ ਮੂਰਤੀਮਾਨ ਕਰਨ ਦੀ ਬੜੀ ਲੋੜ ਹੈ । ਆਮ ਚਿਤਰਕਾਰ ਇਕੱਲਾ ਇਸ ਮਹਾਨ ਸਿੱਖੀ ਇਤਿਹਾਸ ਨੂੰ ਮੂਰਤੀਮਾਨ ਕਰਨ ਦੇ ਸਮਰੱਥ ਨਹੀਂ ਹੈ । ਇਥੇ ਇਕ ਵਖਰੇ ਸਟਾਈਲ, ਵਖਰੇ ਸਕੂਲ ਦੀ ਲੋੜ ਹੈ । ਇਸ ਦਾ ਇਕ ਰਾਹ ਹੈ ਸਿਖੀ ਆਦਰਸ਼ ਉਤੇ ਚਲਦੇ ਕੁਝ ਯੁਵਕ ਜੁੜ ਬਹਿਣ, ਉਹ ਸਿੱਖ ਕਲਚਰ, ਸਿੱਖ ਇਤਿਹਾਸ, ਸਿੱਖ ਚਿਹਰੇ, ਸ਼ਸਤਰਾਂ, ਵਸਤਰਾਂ, ਘੋੜਿਆਂ, ਜੋੜਿਆਂ ਦਾ ਅਭਿਆਸ ਕਰਨ । ਸੱਚਾ ਤੇ ਸੁੱਚਾ ਜੀਵਨ ਜਿਉਂਦਿਆਂ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਹੀ ਸਿੱਖ ਇਤਿਹਾਸ ਨੂੰ ਮੂਰਤੀਮਾਨ ਕਰਨਾ ਹੋਵੇ । ਉਹ ਡਿਪਲੋਮਿਆਂ ਤੇ ਡਿਗਰੀਆਂ ਦੇ ਪਿੱਛੇ ਉਕਾ ਨਾ ਪੈਣ । ਫੇਰ ਦੇਖਿਓ ਨਤੀਜਾ ਕੀ ਨਿਕਲਦਾ ਹੈ ।”
ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਕੋਈ ਡਿਗਰੀ ਆਦਿ ਨਹੀਂ ਸੀ ਲਈ । ਸਾਰੀ ਪੜ੍ਹਾਈ ਆਪ ਹੀ ਘਰ ਵਿਚ ਕੀਤੀ । ਅੰਗਰੇਜ਼ੀ, ਉਰਦੂ, ਪੰਜਾਬੀ ਜਾਂ ਹਿੰਦੀ ਘਰ ਵਿਚ ਹੀ ਪੜ੍ਹੀਆਂ ਤੇ ਸਿੱਖੀਆਂ। ਉਹ ਇਨ੍ਹਾਂ ਭਾਸ਼ਾਵਾਂ ਵਿਚ ਚੰਗਾ ਸਾਹਿਤ ਪੜ੍ਹ ਤੇ ਲਿਖ ਲੈਂਦੇ ਸਨ । ਉਹ ਰੋਜ਼ਾਨਾ ਕਈ ਕਈ ਘੰਟੇ ਪੜ੍ਹਦਿਆਂ ਹੀ ਗੁਜ਼ਾਰ ਦਿੰਦੇ । ਥੋਰੋ, ਵਾਲਟ ਵਿਟਮੈਨ, ਐਮਰਸਨ ਆਦਿ ਉਨ੍ਹਾਂ ਦੇ ਮਨ ਭਾਉਂਦੇ ਲੇਖਕ ਸਨ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਰੋਜ਼ਾਨਾ ਪਾਠ ਕਰਦੇ ਵੀ ਸਨ ਤੇ ਸੁਣਦੇ ਵੀ ਸਨ। ਉਹ ਕਹਿੰਦੇ ਸਨ, “ਗੁਰਬਾਣੀ ਮਹਾਨ ਬਾਣੀ ਹੈ । ਮੈਨੂੰ ਨਿਸ਼ਚਾ ਹੈ ਕਿ ਗੁਰਬਾਣੀ ਨੂੰ ਮੇਟਣ ਵਾਲਾ ਕੋਈ ਨਹੀਂ । ਇਹ ਹਰ ਕਸਵੱਟੀ ਤੇ ਪੂਰੀ ਉਤਰਦੀ ਹੈ । ਇਹ ਜੁਗਾਂ ਜੁਗਾਂਤਰਾਂ ਤੱਕ ਜਿਉਂਦੀ ਰਹੇਗੀ । ਮੇਰਾ ਆਪਣਾ ਮਿਸ਼ਨ ਵੀ ਉਹੋ ਹੈ ਕਿ ਸਿੱਖ ਨੂੰ ਆਪਣੇ ਅਸਲੀ ਜੀਵਨ ਦੀ ਝਲਕ ਦੇਣੀ, ਇਸ ਨੂੰ ਸਿੱਖੀ ਆਦਰਸ਼ ਅਨੁਸਾਰ ਜਿਉਣ ਲਈ ਪ੍ਰੇਰਨਾ ਦੇਣੀ । ਇਸ ਮਿਸ਼ਨ ਦੀ ਪੂਰਤੀ ਲਈ ਮੈਂ ਆਪਣਾ ਸਾਰਾ ਜੀਵਨ ਲੇਖੇ ਲਾਇਆ ਹੈ । ਅਪ੍ਰੈਲ 1971 ਵਿਚ ਮੇਰੇ ਸਰੀਰ ਦੇ ਸੱਜੇ ਪਾਸੇ ਨੇ ਕੰਮ ਕਰਨਾ ਬੰਦ ਕਰ ਦਿੱਤਾ । ਅੱਧ ਮੋਇਆ ਹੋ ਗਿਆ ਹੈ । ਪਾਸਾ ਵੀ ਸੱਜਾ। ਨਾ ਲਿਖਿਆ ਜਾਵੇ ਨਾ ਕੋਈ ਕੰਮ ਹੋਵੇ । ਡਾਕਟਰਾਂ ਨੂੰ ਖਤਰਾ ਸੀ ਕਿ ਏਸ ਉਮਰੇ ਇਹ ਠੀਕ ਹੋਣਾ ਮੁਸ਼ਕਲ ਹੈ । ਅਧੂਰੀਆਂ ਤਸਵੀਰਾਂ ਵਿਚ ਘਾਟੇ ਲਭਦੇ ਸਨ ਪਰ ਕੀ ਕਿੱਤਾ ਜਾਵੇ । ਸਿੱਕ ਉਠਦੀ, ਕਿਤੇ ਮੈਂ ਠੀਕ ਹੋ ਜਾਵਾਂ ਤਾਂ ਪਹਿਲੋਂ ਇਹਨਾਂ ਘਾਟਿਆਂ ਨੂੰ ਖਤਮ ਕਰਾਂ । ਮੈਂ ਇਕ ਅਬੋਲ ਅਰਦਾਸ ਵਿਚ ਜੁਟਿਆ। ਇਸ ਸਵੈ ਪ੍ਰੇਰਨਾ ਨੇ ਹੀ ਮੈਨੂੰ ਮੁੜ ਪੈਰਾਂ ਉਤੇ ਖੜ੍ਹਾ ਕੀਤਾ । ਰਾਜੀ ਹੁੰਦਿਆਂ ਹੀ ਮੈਂ ਚੰਗੇ ਪ੍ਰੈਸ ਦੀ ਭਾਲ ਵਿਚ ਆਪਣੇ ਦੇਸ਼ ਦੀ ਦੱਖਣੀ ਨੁਕਰੇ ਗਿਆ । ਦੋ ਮਹੀਨਿਆਂ ਦੀ ਮਿਹਨਤ ਮਗਰੋਂ ਆਪਣੀਆਂ ਦੋ ਤਸਵੀਰਾਂ ਦੀ ਛਪਾਈ ਕਰਵਾਈ । ਮੇਰੀ ਪੂਰੀ ਤਸੱਲੀ ਫਿਰ ਵੀ ਨਾ ਹੋਈ ।”
ਉਨ੍ਹਾਂ ਨੇ ਦੱਖਣੀ ਭਾਰਤ ਦੀ ਯਾਤਰਾ ਇਸੇ ਹੀ ਮਕਸਦ ਨਾਲ ਕੀਤੀ ਸੀ । ਫਿਰ ਉਹ ਇੰਗਲੈਂਡ ਗਏ ਕਿਉਂਕਿ ਉਨ੍ਹਾਂ ਦੇ ਖ਼ਿਆਲ ਵਿਚ ਉਥੇ ਤਸਵੀਰਾਂ ਚੰਗੀਆਂ ਛਪਦੀਆਂ ਹਨ । ਉਹ ਦਸਦੇ ਸਨ, “ਮੇਰੇ ਤਜਰਬੇ ਨੇ ਗਵਾਹੀ ਭਰੀ । ਕਮਜ਼ੋਰ ਸਿਹਤ ਦੇ ਹੁੰਦਿਆਂ ਵੀ 1972 ਵਿਚ ਮੈਂ ਇੰਗਲੈਂਡ ਪਹੁੰਚਿਆ । ਉਥੇ ਤਿੰਨ ਮਹੀਨੇ ਅਸੀਂ ਫਿਰਦੇ ਤੁਰਦੇ ਰਹੇ, ਪਤਾ ਲਗਿਆ ਕਿ ਉਥੇ ਛਪਾਈ ਬਹੁਤ ਹੀ ਮਹਿੰਗੀ ਸੀ ।”
ਬਗਦਾਦ ਵਿਚ ਰਹਿੰਦਿਆਂ ਉਹ ਆਪਣੀ ਜ਼ਿੰਦਗੀ ਦੀ ਇਕ ਘਟਨਾ ਸੁਣਾਉਂਦੇ, “ਮਾਸ ਮੈਂ ਨਹੀਂ ਸੀ ਖਾਂਦਾ, ਸ਼ਰਾਬ ਮੈਂ ਨਹੀਂ ਸੀ ਪੀਂਦਾ, ਖਜੂਰਾਂ ਨਾਲ ਮੈਂ ਰੋਟੀ ਖਾ ਛਡਦਾ । ਉਥੋਂ ਦੇ ਖਰਬੂਜ਼ੇ ਤੇ ਤਰਬੂਜ਼ ਬਹੁਤ ਚੰਗੇ ਸਨ, ਉਹ ਕਦੇ ਕਦੇ ਖਾ ਲੈਂਦਾ । ਕਦੇ ਮੈਂ ਉਸ ਬਜ਼ਾਰ ਵਿਚੋਂ ਨਹੀਂ ਸੀ ਲੰਘਿਆ ਜਿਥੇ ਔਰਤਾਂ ਦਾ ਧੰਦਾ ਹੁੰਦਾ ਸੀ । ਪਰ ਜਿਥੇ ਮੈਂ ਇਕ ਕਿਰਾਏ ਦੀ ਕੋਠੜੀ ਵਿਚ ਰਹਿੰਦਾ ਸੀ ਉਥੇ ਵੀਹ ਪੱਚੀ ਕਮਰਿਆਂ ਦੀ ਪੁਰਾਣੀ ਇਮਾਰਤ ਵਿਚ ਭਾਵੇਂ ਆਰਮੀਨੀਆ ਅਤੇ ਕਾਕੇਸ਼ੀਆ ਦੀਆਂ ਪਰੀਆਂ ਵਰਗੀਆਂ ਕਿੰਨੀਆਂ ਹੀ ਕੁੜੀਆਂ ਰਹਿੰਦੀਆਂ ਸਨ, ਪਰ ਉਨ੍ਹਾਂ ਨੇ ਆਪਣਾ ਇਹੋ ਜਿਹਾ ਇਤਬਾਰ ਬਣਾਇਆ ਹੋਇਆ ਸੀ ਕਿ ਮੈਂ ਉਨ੍ਹਾਂ ਵੱਲ ਅੱਖ ਝਪਕ ਕੇ ਦੇਖਦਾ ਤੱਕ ਨਹੀਂ ਸੀ । ਉਹ ਸਾਰੀਆਂ ਮਜ਼ਦੂਰ ਕੁੜੀਆਂ ਹੀ ਸਨ । ਕਦੇ ਕੋਈ ਚੀਜ਼ ਉਨ੍ਹਾਂ ਕੋਲ ਮੁੱਕ ਜਾਂਦੀ ਤਾਂ ਉਹ ਨਿਸੰਗ ਮੇਰੇ ਕੋਲੋਂ ਲੈਣ ਆ ਜਾਂਦੀਆਂ । ਪਰ ਮੇਰੀ ਮਾਲਕ ਮਕਾਨ ਬੜੀ ਡਾਢੀ ਔਰਤ ਸੀ, ਉਹ ਗੱਲਾਂ ਗੱਲਾਂ ਵਿਚ ਆਪਣੇ ਕਿਰਾਏਦਾਰਾਂ ਨਾਲ ਲੜਦੀ ਸੀ ਤੇ ਉਨ੍ਹਾਂ ਨੂੰ ਘਰੋਂ ਕੱਢਣ ਦੇ ਡਰਾਵੇ ਦਿੰਦੀ ਰਹਿੰਦੀ ਸੀ । ਇਸ ਲਈ ਮੈਂ ਕਾਫੀ ਡਰਦਾ ਰਹਿੰਦਾ ਸੀ । ਇਕ ਰਾਤ ਉਦਾਸ ਮਨ ਹੋਣ ਕਾਰਨ ਮੈਂ ਬੀਅਰ ਪੀ ਲਈ । ਜਿਹੜੇ ਕਮਰੇ ਵਿਚ ਕਿਰਾਏ ਤੇ ਰਹਿੰਦਾ ਸੀ, ਉਹਦੀ ਇਮਾਰਤ ਦਾ ਬਾਹਰਲਾ ਫਾਟਕ ਰਾਤ ਪੈਣ ਸਾਰ ਹੀ ਬੰਦ ਹੋ ਜਾਂਦਾ ਸੀ । ਮਾਲਕ ਮਕਾਨ ਤੋਂ ਡਰਦਿਆਂ ਸਾਰੇ ਕਿਰਾਏਦਾਰ ਰਾਤ ਪੈਣ ਤੋਂ ਪਹਿਲਾਂ ਪਹਿਲਾਂ ਹੀ ਆਪਣੇ ਆਪਣੇ ਕਮਰੇ ਵਿਚ ਆ ਜਾਂਦੇ । ਪਰ ਉਸ ਦਿਨ ਚੋਖੀ ਰਾਤ ਬੀਤ ਗਈ ਸੀ ਤੇ ਮੈਂ ਬੀਅਰ ਪੀ ਕੇ ਸੜਕਾਂ ਉਤੇ ਘੁੰਮਦਾ ਰਿਹਾ ਸੀ । ਜਦੋਂ ਲੱਤਾਂ ਤੁਰਨੋਂ ਰਹਿ ਗਈਆਂ ਤਾਂ ਘਰ ਦਾ ਚੇਤਾ ਆਇਆ । ਨਾਲ ਹੀ ਮਾਲਕ ਮਕਾਨ ਦਾ । ਮੈਂ ਡਰਦੇ ਡਰਦੇ ਨੇ ਫਾਟਕ ਨਾ ਖੜਕਾਇਆ ਸਗੋਂ ਹੌਲੀ ਜਿਹੀ ਫਾਟਕ ਟੱਪ ਕੇ ਅੰਦਰ ਲੰਘ ਗਿਆ । ਪਰ ਪੋਲੇ ਪੈਰੀਂ ਪੌੜੀਆਂ ਚੜ੍ਹਦਿਆਂ ਹੀ ਮਾਲਕ ਮਕਾਨ ਦੀ ਕੁਰੱਖਤ ਆਵਾਜ਼ ਆਈ । ‘ਬਾਬੂ!’ ਮੈਂ ਸਹਿਮ ਗਿਆ । ਤੇ ਉਹ ਪੁੱਛਣ ਲੱਗੀ, ‘ਤੇਰੀ ਤਬੀਅਤ ਠੀਕ ਨਹੀਂ?’ ਮੈਂ ਕਿਹਾ ਕਿ ‘ਮੇਰੀ ਤਬੀਅਤ ਤਾਂ ਠੀਕ ਹੈ, ਪਰ ਮੇਰਾ ਜੀ ਉਦਾਸ ਹੈ ।” ਉਹ ਪੁੱਛਣ ਲੱਗੀ, ‘ਘਰੋਂ ਕੋਈ ਚਿੱਠੀ ਆਈ ਹੋਊ ?’ ਮੈਂ ਕਿਹਾ, ‘ਮੇਰਾ ਘਰ ਹੀ ਕੋਈ ਨਹੀਂ । ਮਾੜੀ ਚਿੱਠੀ ਕੀਹਦੀ ਆਈ ਹੋਵੇਗੀ ?’ ਉਹ ਫਿਰ ਪੁੱਛਣ ਲੱਗੀ, ‘ਤੇਰਾ ਕੋਈ ਨਹੀਂ ?’ ਮੈਂ ਨਾਂਹ ਵਿਚ ਸਿਰ ਹਿਲਾਇਆ ਤੇ ਹਰ ਇਕ ਕਿਰਾਏਦਾਰ ਨਾਲ ਲੜਨ ਤੇ ਖਹਿਣ ਵਾਲੀ ਮਾਲਕ ਮਕਾਨ ਦੀਆਂ ਅੱਖਾਂ ਵਿਚ ਅੱਥਰੂ ਆ ਗਏ । ਉਸ ਦਿਨ ਤੋਂ ਉਹ ਰੋਜ ਸਵੇਰੇ ਉਠਦੇ ਨੂੰ ਮੈਨੂੰ ਚਾਹ ਦਾ ਇਕ ਗਰਮ ਗਰਮ ਪਿਆਲਾ ਬਣਾ ਕੇ ਦੇਣ ਲੱਗ ਪਈ ।” ਉਹ ਇਕ ਕਾਲਜ ਵਿਚ ਗਏ ਜਿਥੇ ਉਨ੍ਹਾਂ ਨੇ ਕਲਾ ਤੇ ਜ਼ਿੰਦਗੀ ਦੇ ਅਨੇਕਾਂ ਪੱਖਾਂ ਬਾਰੇ ਇਕ ਭਾਸ਼ਨ ਦਿੱਤਾ ਸੀ । ਉਨ੍ਹਾਂ ਦਾ ਇਹ ਭਾਸ਼ਨ ਮੈਂ ਕਲਮਬੰਦ ਕੀਤਾ ਸੀ ਜੋ ਕਲਾ ਬਾਰੇ ਉਨ੍ਹਾਂ ਦੇ ਵਿਚਾਰਾਂ ਦਾ ਪੂਰਾ ਖਲਾਸਾ ਕਿਹਾ ਜਾ ਸਕਦਾ ਹੈ :
“ਤੁਹਾਡਾ ਸੁਨੇਹ ਮੈਨੂੰ ਇਥੇ ਖਿੱਚ ਲਿਆਇਆ ਹੈ । ਮੈਂ ਬੜਾ ਖੁਸ਼ ਹੋਇਆ ਹਾਂ, ਇਸ ਆਲੇ ਦੁਆਲੇ ਵਿਚ ਆ ਕੇ । ਜੇ ਮੈਂ ਇੱਥੇ ਨਾ ਆਉਂਦਾ ਤਾਂ ਇਸ ਸੋਹਣੀ ਥਾਂ ਨੂੰ ਦੇਖਣ ਤੋਂ ਵਾਂਝਿਆਂ ਰਹਿ ਜਾਣਾ ਸੀ।…
“ਤੁਸੀਂ ਮੈਨੂੰ ਇਥੇ ਇਕ ਟਾਕ ਦੇਣ ਲਈ ਬੁਲਾਇਆ ਹੈ । ਟਾਕ ਦੇਣਾ ਬਹੁਤ ਵੱਡਾ ਆਰਟ ਹੈ । ਮੈਂ ਤਾਂ ਇਕ ਚਿਤ੍ਰਕਾਰ ਹਾਂ । ਆਪਣੀ ਚਿਤ੍ਰਕਲਾ ਬਾਰੇ ਕੁਝ ਟੁੱਟੇ ਭੱਜੇ ਖਿਆਲ ਹੀ ਦੱਸ ਸਕਾਂ ਗਾ ਆਪਣੀ ਟਾਕ ਦੇ ਵਿੱਚ । ਮੈਂ ਇੰਨਾ ਮਾਹਿਰ ਨਹੀਂ ਤੇ ਮੇਰੀਆਂ ਗੱਲਾਂ ਸੁਣ ਕੇ ਸ਼ਾਇਦ ਤੁਹਾਨੂੰ ਸੁਆਦ ਵੀ ਨਾ ਆਵੇ । ਹਾਂ, ਤੁਹਾਨੂੰ ਦੂਜੇ ਦੀ ਗੱਲ ਸੁਣਨ ਦਾ ਆਰਟ ਜ਼ਰੂਰ ਆਉਣਾ ਚਾਹੀਦਾ ਹੈ, ਕੰਨਾਂ ਨਾਲ ਨਹੀਂ, ਦਿਲ ਨਾਲ, ਆਤਮਾ ਨਾਲ ਤੇ ਮੈਂ ਆਤਮਾ ਦੀ ਗੱਲ ਕਰਾਂਗਾ ।…
“ਜ਼ਿੰਦਗੀ ਆਪਣੇ ਆਪ ਵਿਚ ਇਕ ਵੱਡਾ ਨਾਂ ਹੈ, ਕਲਾ ਉਸ ਤੋਂ ਵੀ ਵੱਡਾ । ਜ਼ਿੰਦਗੀ ਬਾਰੇ ਜੋ ਸਾਨੂੰ ਸੂਝ ਹੈ, ਉਹ ਕਲਾ ਰਾਹੀਂ ਆਈ । ਆਪਣੇ ਆਪ ਤੋਂ ਬਾਹਰ ਨਿਕਲ ਕੇ ਪੜ੍ਹਨਾ, ਵਿਚਾਰਨਾ, ਮਾਨਣਾ ਵੀ ਕਲਾ ਹੈ । ਇਸ ਦਾ ਸੁਆਦ ਆਦਮੀ ਹੀ ਮਾਣ ਸਕਦਾ ਹੈ ਜਾਨਵਰ ਨਹੀਂ, ਕਿਉਂਕਿ ਜਾਨਵਰ ਨੂੰ ਸੂਝ ਨਹੀਂ, ਜਾਚ ਨਹੀਂ ।…
“ਮੇਰੀਆਂ ਇਹ ਗੱਲਾਂ ਜੇ ਤੁਹਾਡੇ ਜੀਵਨ ਵਿਚ ਤੇਜ਼ੀ ਲਿਆ ਸਕਣ ਤਾਂ ਮੇਰੀ ਇਹ ਵੱਡੀ ਖੁਸ਼ੀ ਹੋਵੇਗੀ । ਕਿਉਂਕਿ ਮੈਂ ਕੋਈ ਲੈਕਚਰਾਰ ਨਹੀਂ । ਇਸ ਲਈ ਮੈਥੋਂ ਠੇਠ ਪੰਜਾਬੀ ਦੀ ਆਸ ਨਾ ਰੱਖਣੀ । ਮੇਰੀ ਮਾਂ ਬੋਲੀ ਪੰਜਾਬੀ ਹੈ, ਇਸ ਵਿਚ ਮਾਂਜੇ, ਢੁਕਵੇਂ ਅਤੇ ਜਚਵੇਂ ਸ਼ਬਦ ਨਹੀਂ ਹਨ ਤੇ ਮੈਂ ਕਿਤੇ ਕਿਤੇ ਅੰਗਰੇਜ਼ੀ ਦੇ ਸ਼ਬਦਾਂ ਦਾ ਪ੍ਰਯੋਗ ਵੀ ਕਰਾਂਗਾ ।…
“ਪਹਿਲਾਂ ਅਸੀਂ ਸਾਰੇ ਜਾਨਵਰ ਸਾਂ, ਦਰਖਤਾਂ ਆਦਿ ਦੀ ਛਾਂ, ਫਲ ਸਾਡਾ ਸਹਾਰਾ ਸਨ । ਇਕ ਸਮਾਂ ਆਇਆ ਕਿ ਇਸ ਚਾਰ ਟੰਗਾਂ ਦੇ ਜਾਨਵਰ ਨੇ ਚਾਰ ਹੱਥਾਂ ਦੀ ਥਾਂ ਦੋ ਹੱਥਾਂ ਨੂੰ ਵਰਤਣਾ ਸ਼ੁਰੂ ਕੀਤਾ । ਜਿਸ ਨੂੰ ਅਸੀਂ ਬਣਮਾਣੂੰ ਕਿਹਾ, ਫੇਰ ਮਾਣੂੰ ਤੇ ਹੁਣ ਆਦਮੀ ਤੇ ਕੱਲ੍ਹ ਨੂੰ ਇਸ ਨੇ ਫ਼ਰਿਸ਼ਤਾ ਬਣਨਾ ਹੈ । ਜਦੋਂ ਅਸੀਂ ਜੰਗਲ ਛੱਡਿਆ, ਉਦੋਂ ਅਸੀਂ ਜਾਨਵਰ ਸਾਂ, ਹੁਣ ਸਮਾਜਕ ਪ੍ਰਾਣੀ ਹਾਂ । ਫ਼ਰਕ ਸਿਰਫ਼ ਇਹ ਹੈ ਕਿ ਜਾਨਵਰ ਘੁਰਨਾ ਬਣਾ ਕੇ ਰਹਿੰਦਾ ਹੈ ਤੇ ਆਦਮੀ ਨੇ ਮਕਾਨ ਬਣਾ ਲਏ ਹਨ । ਪਹਿਲਾਂ ਕੱਚੇ, ਫਿਰ ਪੱਕੇ ਸੀਮਿੰਟ ਦੇ ਤੇ ਹੁਣ ਲੋਹੇ ਦੇ । ਸੁਸਾਇਟੀ ਦੇ ਇਸ ਟਰੈਕ ਤੇ ਪੈਣ ਨਾਲ ਮਨੁੱਖ ਨੇ ਆਪਣੇ ਕੁਦਰਤੀ ਟਿਕਾਣੇ ਮਾਰ ਲਏ, ਉਸ ਦੇ ਵੇਗ ਕੁਰੱਪਟ ਹੋ ਗਏ ਤੇ ਫੇਰ ਆਪਣੇ ਬਚਾਅ ਲਈ ਉਸ ਨੇ ਕਈ ਤਰ੍ਹਾਂ ਦੇ ਆਪਣੇ ਦੇਵੀ ਦੇਵਤੇ ਜਾਂ ਰੱਬ ਬਣਾਏ।… “ਮਰਨ ਤੋਂ ਡਰਨ ਦੀ ਬਹੁਤੀ ਲੋਕ ਨਹੀਂ । ਉਹ ਪੱਥਰ ਜਿਹੜੇ ਤੁਹਾਡੇ ਟਰੈਕ ਵਿਚ ਰੁਕਾਵਟ ਹਨ, ਉਨ੍ਹਾਂ ਨੂੰ ਵਗਾਹ ਸੁੱਟੋ, ਟਰੈਕ ਤੋੜ ਦੇਵੋ । ਟਰੈਕ ਨੂੰ ਤੋੜਨ ਤੋਂ ਬੰਦਾ ਅਸਮਰਥ ਸੀ, ਉਸ ਨੇ ਕਲਪਨਾ ਦਾ ਸਹਾਰਾ ਲਿਆ। ਜਿਸ ਨੂੰ ਅਸੀਂ ਮੈਟਲ ਫਲਾਈਟ ਵੀ ਕਹਿ ਸਕਦੇ ਹਾਂ । ਇਕ ਇਸਤਰੀ ਦੀ ਉਦਾਹਰਣ ਹੀ ਲੈ ਲਵੋ ਜਿਸ ਦਾ ਪਤੀ ਭਰ ਜਵਾਨੀ ਵਿਚ ਪਰਦੇਸ ਚਲਿਆ ਗਿਆ। ਹੋਵੇ, ਜਵਾਨ ਦਿਲ ਵਿਚ ਵਲਵਲੇ ਉਠਦੇ ਹਨ, ਇਹ ਵਲਵਲੇ ਏਨੇ ਤੇਜ਼ ਹੋ ਜਾਂਦੇ ਹਨ ਕਿ ਉਹ ਗੀਤ ਦਾ ਰੂਪ ਧਾਰ ਲੈਂਦੇ ਹਨ । ਕਲਪਨਾ ਵਿਚ ਹੀ ਆਪਣੇ ਪਤੀ ਨਾਲ ਉਹ ਗੱਲਾਂ ਕਰ ਲੈਂਦੀ । ਕਲਪਨਾ ਵਿਚ ਹੀ ਉਹ ਜ਼ਿੰਦਗੀ ਜਿਉਂ ਲੈਂਦੀ, ਜਿਹੜੀ ਅਸੀਂ ਆਪਣੇ ਆਪ ਜੀਵਨ ਵਿਚ ਨਹੀਂ ਮਾਣ ਸਕਦੇ, ਇਹੋ ਇੱਕ ਕਲਾ ਹੈ । ਕਲਾ ਦਾ ਨਾਂ ਹੈ ।…
“ਜਦੋਂ ਅਸੀਂ ਆਪਣੇ ਆਪ ਨੂੰ ਮਾਨਸਿਕ ਔਕੜਾਂ ਵਿਚ ਜਕੜਿਆ ਸਮਝਦੇ ਹਾਂ, ਉਸ ਵੇਲੇ ਅਸੀਂ ਕਲਾ ਦਾ ਸਹਾਰਾ ਲੈਂਦੇ ਹਾਂ । ਕਦੇ ਕਦੇ ਇਹ ਕਲਪਨਾ ਵਧਦੀ ਵਧਦੀ ਏਨੀ ਤੇਜ਼ ਹੋ ਜਾਂਦੀ ਹੈ ਕਿ ਦਿਨੇ ਸੁਪਨੇ ਲੈਣ ਦੀ ਆਦਤ ਬਣ ਜਾਂਦੀ ਹੈ । ਆਪਣੇ ‘ਰੱਬ’ ਦੇ, ‘ਈਸ਼ਵਰ’ ਦੇ ਦਰਸ਼ਨ ਇਸੇ ਕਲਪਨਾ ਉਡਾਰੀ ਦਾ ਸਿੱਟਾ ਹਨ ਤੇ ਭਗਤ ਇਸੇ ਲਈ ਤਾਂ ਨਿਰਭੈ ਹੋ ਜਾਂਦੇ ਹਨ ।…
“ਮਨੁੱਖ ਜਦ ਤੋਂ ਸਮਾਜਕ ਪ੍ਰਾਣੀ ਬਣਿਆ, ਉਸ ਦੀਆਂ ਲੋੜਾਂ ਨੇ ਵਧਦੀਆਂ ਲੋੜਾਂ ਨਾਲ ਸਾਂਝ ਪੈਦਾ ਕੀਤੀ । ਬਿੱਲੀ ਕਦੇ ਆਪਣਾ ਚੂਹਾ ਦੂਜੀ ਬਿੱਲੀ ਨਾਲ ਸਾਂਝਾ ਨਹੀਂ ਕਰੇਗੀ ਪਰ ਮਨੁੱਖ ਰੋਟੀ, ਨੀਂਦ ਆਪਣੀ ਜਾਨ ਤੇ ਸਭ ਕੁਝ ਕੁਰਬਾਨ ਕਰ ਸਕਦਾ ਹੈ ।…
“ਸਾਡਾ ਆਮ ਜੀਵਨ, ਸਮਾਜਕ ਜੀਵਨ ਹੀ ਤਾਂ ਹੁੰਦਾ ਹੈ । ਜੇ ਤੁਸੀਂ ਉਸ ਨੂੰ ਤਿਆਗ ਦੇਵੋ ਤਾਂ ਤੁਸੀਂ ਜਿਉਂ ਰਹੇ ਹੋਵੋਗੇ । ਅਸੀਂ ਇਕ ਦੂਜੇ ਤੇ ਨਿਰਭਰ ਕਰਦੇ ਹਾਂ ਤੇ ਇਹ ਨਿਰਭਰ ਹੋਣਾ ਹੀ ਸਾਨੂੰ ਸਾਡੇ ਟਰੈਕ ਵਿਚ ਪਾਉਂਦਾ ਹੈ । ਇਨ੍ਹਾਂ ਚੀਜ਼ਾਂ ਨੂੰ ਕੰਪੈਨਸੇਟ ਕਰਨ ਵਾਸਤੇ ਘਾਟਾਂ ਦੀ ਪੂਰਤੀ ਲਈ ਅਸੀਂ ਆਰਟ ਦਾ ਸਹਾਰਾ ਲੈਂਦੇ ਹਾਂ ।…
“ਇਕ ਮਹਾਂ ਪੁਰਖ ਦਾ ਕਥਨ ਹੈ God has created man in his own image ਕਹਿਣ ਦਾ ਭਾਵ ਇਹ ਹੈ ਕਿ ਮਨੁੱਖ ਵਿਚ ਈਸ਼ਵਰੀ ਗੁਣ ਹਨ । ਗੰਦਗੀ ਨੂੰ ਕੁਦਰਤ ਵੀ ਬਰਦਾਸ਼ਤ ਨਹੀਂ ਕਰਦੀ । ਜੇ ਕੋਈ ਥਾਂ ਗੰਦੀ ਹੈ ਤਾਂ ਕੁਝ ਦਿਨਾਂ ਪਿਛੋਂ ਉਥੇ ਘਾਹ ਜਾਂ ਬੂਟਾ ਹਰਾ ਹੋ ਜਾਂਦਾ ਹੈ । ਈਸ਼ਵਰ ਵੀ ਕਰੂਪਤਾ ਨੂੰ ਬਰਦਾਸ਼ਤ ਨਹੀਂ ਕਰਦਾ । ਕੋਈ ਬੱਚਾ ਡਿੱਗ ਪੈਂਦਾ ਹੈ, ਲਿੱਬੜ ਜਾਂਦਾ ਹੈ, ਤੁਸੀਂ ਉਸ ਨੂੰ ਚੁੱਕਦੇ ਹੋ, ਪੂੰਝਦੇ ਹੋ, ਪਿਆਰਦੇ ਹੋ, ਤੁਸੀਂ ਮਹਾਨ ਕਲਾਕਾਰ ਹੋ । ਕਲਾਕਾਰੀ ਕੇਵਲ ਬੁਰਸ਼ ਨਾਲ ਮੂਰਤਾਂ ਵਾਹੁਣੀਆਂ ਹੀ ਨਹੀਂ ਹਨ ਸਗੋਂ ਭੁੱਖੇ ਨੂੰ ਰੋਟੀ, ਬੇਰੁਜ਼ਗਾਰ ਨੂੰ ਰੁਜ਼ਗਾਰ, ਕਰੂਪਤਾ ਨੂੰ ਸਰੂਪਤਾ ਵਿਚ ਬਦਲ ਦੇਣ ਵਾਲਾ ਬੰਦਾ ਵੀ ਕਲਾਕਾਰ ਹੈ ।
“ਕਰੂਪਤਾ ਨੂੰ ਸੁੰਦਰਤਾ ਵਿਚ ਬਦਲਣਾ ਤੇ ਸੱਚ ਜਿਉਣਾ ਹੀ ਕਲਾ ਹੈ । ਸੱਚ ਬੋਲਣਾ ਏਨਾ ਚੰਗਾ ਹੈ, ਸੱਚ ਜਿਉਣਾ ਹੋਰ ਵੀ ਚੰਗਾ ਹੈ । ਸੱਚ ਜੀਵੋ, ਇਹ ਈਸ਼ਵਰੀ ਰੂਪ ਹੈ । ਜੇ ਤੁਸੀਂ ਕੋਈ ਕਰੀਏਟਿਵ ਕੰਮ ਕਰਦੇ ਹੋ ਤਾਂ ਤੁਹਾਡਾ ਮਨ ਮੰਦੀਆਂ ਵਾਸ਼ਨਾਵਾਂ ਵੱਲ ਨਹੀਂ ਜਾਂਦਾ । ਵਾਸ਼ਨਾਵਾਂ ਢਹਿੰਦੀਆਂ ਕਲਾਂ ਹਨ ਤੇ ਬੰਦਾ ਸ਼ੈਤਾਨ ਬਣ ਜਾਂਦਾ ਹੈ । ਆਪਣੇ ਵਿਹਲੇ ਸਮੇਂ ਨੂੰ ਕਿਸੇ ਕਰੀਏਟਿਵ ਕੰਮ ਵਿਚ ਲਾ ਦੇਵੋ । ਤੁਹਾਡੀ ਜ਼ਿੰਦਗੀ ਸਵਰਗ ਬਣ ਜਾਵੇਗੀ ਤੇ ਤੁਸੀਂ ਜੀ ਰਹੇ ਹੋਵੋਗੇ ।…
“ਹਰ ਉਪਰਲਾ, ਹਰ ਤਰਲਾ ਜੀਵਨ ਦੀ ਰਵਾਨੀ ਵਾਸਤੇ ਹੀ ਤਾਂ ਹੈ । ਖਾਣ ਪੀਣ ਹੈ, ਕੱਪੜਾ ਲੱਤਾ, ਘਰ ਬਾਰ, ਮਜ਼ਹਬ, ਵਿਦਿਆ, ਸਿਆਸਤ, ਆਰਟ, ਰਾਗ, ਹਿਕਮਤ ਆਦਿ, ਸਭ ਜੀਵਨ ਰਵਾਨੀ ਲਈ ਹੀ ਸਾਧਨ ਹਨ, ਰਵਾਨੀ ਜੋ ਸਰੀਰ ਤੱਕ ਹੀ ਬੱਸ ਨਹੀਂ ਹੋ ਜਾਂਦੀ । ਮਨ ਦੀ ਬਣਤਰ ਨੂੰ ਟਪ, ਮਨ ਦੀ ਗਹਿਰਾਈ ਚੋਂ ਆਤਮਾ ਦਾ ਝਲਕਾਰਾ ਲੈਣ ਤਕ ਰਵਾਨੀ ਹੈ ।…
“ਸਾਡਾ ਸੰਬੰਧ ਕੇਵਲ ਕਲਾ ਦੇ ਸਾਧਨ ਰਾਹੀਂ ਉਸ ਅਵਸਥਾ ਤੱਕ ਅਪੜਨਾ ਹੈ । ਇਹ ਭਾਵੇਂ ਪ੍ਰਤੱਖ ਹੋਵੇ ਭਾਵੇਂ ਅਨੁਭਵੀ, ਭਾਵੇਂ ਸਾਕਾਰ ਮੂਰਤੀ ਹੋਵੇ, ਭਾਵੇਂ ਅੱਖਰਾਂ ਰਾਹੀਂ ਤੇ ਭਾਵੇਂ ਸਮਾਧੀ ਰਾਹੀਂ ਕਿਸੇ ਚਿੰਨ੍ਹ ਜਾਂ ਬਿੰਬ ਦਾ ਆਧਾਰ ਹੋਵੇ ।
“ਖੁਸ਼ਹਾਲ ਜ਼ਿੰਦਗੀ ਬਿਤਾਉਣ ਲਈ ਅਸੀਂ ਪ੍ਰੇਮੀ ਲਭਦੇ ਹਾਂ, ਭਗਤੀਆਂ ਕਰਦੇ ਹਾਂ, ਸਮਾਧੀਆਂ ਲਾਉਂਦੇ ਹਾਂ ਅਤੇ ਹੋਰ ਕਈ ਕਿਸਮ ਦੇ ਤਰਲੇ ਮਾਰਦੇ ਹਾਂ, ਪਰ ਵਰਲਾ, ਕਿਉਂਕਿ ਉਹ ਮਾਨਸਿਕ ਹੁੰਦਾ ਹੈ, ਸਾਨੂੰ ਉਸ ਤੋਂ ਦੂਰ ਤੇ ਦੁਰਾਡੇ ਲਈ ਜਾਂਦਾ ਹੈ ।…
“ਹਰ ਸੁਹਣੀ ਸ਼ੈ, ਜੇ ਸਾਡੀ ਅੰਦਰਲੀ ਅੱਖ ਖੁਲ੍ਹੀ ਹੋਵੇ ਤਾਂ ਸਾਨੂੰ ਇਸ ਅਵਸਥਾ ਦੇ ਨੇੜੇ ਲੈ ਆਉਂਦੀ ਹੈ, ਜਿੱਦਾਂ ਪਰਦੇਸੀ ਦੇ ਸਾਹਮਣੇ ਹਰ ਵਤਨ ਦੀ ਸ਼ੈ ਵਰਗੀ ਸ਼ੈ ਉਸ ਨੂੰ ਵਤਨ ਦਾ ਹੁਲਾਰਾ
ਦੇ ਜਾਂਦੀ ਹੈ । ਪਰ ਹੁਲਾਰਾ ਹੀ ਹਨ। ਅਸਲੀਅਤ ਅਤੇ ਠੋਸ ਅਵਸਥਾ ਤਾਂ ਵਤਨ ਮੁੜਿਆਂ ਹੀ ਮਿਲ ਸਕਦੀ ਹੈ।…
“ਜਿਵੇਂ ਹਰ ਸੁਹਣੀ ਸ਼ੈ- ਆਜ਼ਾਦੀ ਦੀ ਅਵਸਥਾ ਅਤੇ ਸਚਾਈ ਸਾਨੂੰ ਮੁਗਧ ਕਰ ਦਿੰਦੀ ਹੈ, ਏਸੇ ਤਰ੍ਹਾਂ ਇਹਨਾਂ ਤਿੰਨਾਂ ਖੂਬੀਆਂ ਨੂੰ ਅਪਣਾਉਣ ਨਾਲ ਅਸਲੀ ਅਵਸਥਾ ਪ੍ਰਾਪਤ ਹੋ ਸਕਦੀ ਹੈ।
“ਮੈਂ ਐਮਰਸਨ ਦੇ ਨਿਬੰਧ ਬੜੇ ਚੰਗੀ ਤਰ੍ਹਾਂ ਪੜ੍ਹੇ ਤੇ ਮਾਣੇ ਹਨ ਤੇ ਜਿਊਏਂ ਹਨ । ਇਕ ਥਾਂ ਉਹ वर्चिरे ग्रु, To educate the wise man, the state exists and with the disappearance of the wise man the state expires, में उमी ही मिश्रहे घटे डे मॅस ਦਾ ਜੀਵਨ ਬਤੀਤ ਕਰੋ ।”
ਉਨ੍ਹਾਂ ਦਾ ਇਹ ਸੰਖੇਪ ਭਾਸ਼ਨ ਦੇਣ ਦਾ ਮਕਸਦ ਸਿਰਫ਼ ਏਨਾ ਸੀ ਕਿ ਇਹ ਵਿਚਾਰ ਉਨ੍ਹਾਂ ਨੇ ਆਪਣੀ ਉਮਰ ਦੇ 85 ਸਾਲ ਜਿਉਏਂ । ਉਨ੍ਹਾਂ ਨੇ ਬੜੇ ਵੱਡੇ ਕੰਮ ਕੀਤੇ । ਰਾਤ ਨੂੰ ਦਸ ਵਜੇ ਤੋਂ ਤੜਕੇ ਤਿੰਨ ਵਜੇ ਤੱਕ ਉਹ ਸਿਰਫ਼ ਪੰਜ ਘੰਟੇ ਸੌਂਦੇ ਸਨ । ਦੁਪਹਿਰ ਦੋ ਘੰਟੇ ਮੰਜੇ ਤੇ ਲੇਟ ਕੇ ਜਾਂ ਸੌਂ ਕੇ ਆਰਾਮ ਕਰਦੇ ਸਨ । ਬਾਕੀ ਦਾ ਸਾਰੇ ਦਾ ਸਾਰਾ ਸਮਾਂ ਕੰਮਾਂ ਵਿਚ ਬਿਤਾ ਦਿੰਦੇ । ਤੜਕਸਾਰ ਉਠ ਕੇ ਤਿਆਰ ਹੋ ਕੇ ਪਾਠ ਕਰਦੇ ਤੇ ਫਿਰ ਆਪਣੇ ਮੂਡ ਅਨੁਸਾਰ ਕਿਤਾਬਾਂ ਪੜ੍ਹਦੇ । ਫਿਰ ਸਵੇਰੇ ਸੱਤ ਵਜੇ ਤੱਕ ਪੇਂਟ ਕਰਦੇ । ਫਿਰ ਥੋੜ੍ਹੀ ਦੇਰ ਲਈ ਤੁਰਦੇ ਫਿਰਦੇ । ਉਸ ਤੋਂ ਬਾਅਦ ਫਿਰ ਕੰਮ ਵਿਚ ਰੁੱਝ ਜਾਂਦੇ । ਬਹੁਤ ਘੱਟ ਸਮਾਂ ਉਨ੍ਹਾਂ ਨੇ ਅੰਞਾਈਂ ਗੁਆਇਆ । ਬੈਠੇ ਬੈਠੇ ਹੀ ਉਹ ਕੁਝ ਨਾ ਕੁਝ ਸੋਚਦੇ ਰਹਿੰਦੇ ਤੇ ਨੋਟਸ ਲਈ ਜਾਂਦੇ ਜਾਂ ਆਪਣੇ ਵਿਚਾਰ ਲਿਖਾਈ ਜਾਂਦੇ । ਉਨ੍ਹਾਂ ਦੇ ਬਹੁਤ ਸਾਰੇ ਲੇਖ ਛਪੇ ਹਨ । ਬਹੁਤ ਸਾਰੇ ਅਜੇ ਅਣਛਪੇ ਪਏ ਹਨ । ਬਹੁਤ ਸਾਰੀਆਂ ਕਵਿਤਾਵਾਂ ਵੀ ਲਿਖ ਗਏ ਹਨ । ਗੱਲਾਂ ਵੀ ਉਹ ਕਵਿਤਾਵਾਂ ਵਰਗੀਆਂ ਹੀ ਕਰਦੇ ਸਨ । ਉਨ੍ਹਾਂ ਦੀ ਇਕ ਲੰਮੀ ਕਵਿਤਾ ਕਲਾਕਾਰ ਬੜੀ ਪ੍ਰਸਿਧ ਹੈ । ਉਨ੍ਹਾਂ ਦੀ ਇਕ ਛੋਟੀ ਜਿਹੀ ਕਵਿਤਾ ਮੈਨੂੰ ਅਜੇ ਵੀ ਯਾਦ ਹੈ :

ਕੁੱਝ ਰੱਬ ਦੇ ਲੇਖੇ, ਕੁਝ ਲੈ ਗਏ ਧੰਦੇ ।
ਏਵੇਂ ਜਨਮ ਗਵਾਇਆ, ਮਿੱਟੀ ਦੇ ਬੰਦੇ ।

ਇਕ ਕਵਿਤਾ ਉਨ੍ਹਾਂ ਦੀ ‘ਕੁੱਤਬ ਦੀ ਲਾਠ’ ਹੈ :

ਪੱਥਰਾਂ ਤੇ ਵੀ ਮਜ਼ਹਬੀ ਰੰਗਣ, ਹੁਨਰਾਂ ਦੇ ਗਲ਼ ਧਾਗੇ
ਤੇਰੀ ਸ਼ਾਨ ਘਟਾਈ ਸ਼ਾਨਾਂ, ਹਾ ਹਾ ਦੇਸ਼ ਅਭਾਗੇ ।
ਜਮਨਾ ਨੂੰ ਤੱਕ ਗਦ ਗਦ ਹੋਵੇ, ਸੀਨਾ ਚੀਰ ਖਲਾ ਦਾ,

ਤੂੰ ਹੈਂ ਕਿਸੇ ਧਨੀ ਦੀ ਉਂਗਲ, ਤਿਸ ਤੇ ਨਾਚ ਕਲਾ ਦਾ ।ਬੜੀ ਖੁਸ਼ੀ ਦੀ ਗੱਲ ਹੈ ਕਿ ਦਾਰ ਜੀ ਦੀਆਂ ਸਾਰੀਆਂ ਲਿਖਤਾਂ ਦਾ ਪ੍ਰਸਿੱਧ ਪੰਜਾਬੀ ਕਵੀ ਪਿਆਰਾ ਸਿੰਘ ਸਹਿਰਾਈ ਨੇ ਸੰਪਾਦਨ ਕੀਤਾ ਅਤੇ ਸਰਦਾਰ ਪ੍ਰੀਤਮ ਸਿੰਘ ਜੀ ਐਡੀਟਰ ਆਰਸੀ ਤੇ ਨਵਯੁਗ ਪਬਲਿਸ਼ਰਜ਼ ਦੇ ਮਾਲਕ ਨੇ ਕਲਾ ਵਾਹਿਗੁਰੂ ਦੀ ਦੇ ਨਾਂ ਹੇਠ ਬਹੁਤ ਹੀ ਸੁੰਦਰ ਦਿੱਖ ਵਿਚ ਪ੍ਰਕਾਸ਼ਤ ਕੀਤਾ ਹੈ। ਪੰਜਾਬੀ ਪਾਠਕ ਇਸ ਮਹਾਨ ਉਦਮ ਲਈ ਉਪਰੋਕਤ ਦੋਹਾਂ ਵਿਅਕਤੀਆਂ ਅਤੇ ਦਾਰ ਜੀ ਦੀ ਸਪੁੱਤਰੀ ਬੀਬੀ ਗੁਰਚਰਨ ਕੌਰ ਦੇ ਰਿਣੀ ਰਹਿਣਗੇ ।
ਦਾਰ ਜੀ ਨੂੰ ਕੋਈ ਸਿੱਖ ਚਿਤਰਕਾਰ ਕਹਿੰਦਾ ਹੈ । ਕੋਈ ਪੋਰਟਰੇਟ ਪੇਂਟਰ ਕਹਿੰਦਾ ਹੈ । ਪਰ ਮੈਂ ਉਨ੍ਹਾਂ ਨੂੰ ਮਨੁੱਖਤਾ ਦਾ ਮਹਾਨ ਚਿਤੇਰਾ ਕਹਿੰਦਾ ਹਾਂ । ਜਿੱਥੇ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਸਿੱਖ ਗੁਰੂਆਂ ਦੇ ਚਿਤਰ ਬਣਾਏ ਹਨ, ਉਥੇ ਸ੍ਰੀ ਕ੍ਰਿਸ਼ਨ, ਸ੍ਰੀ ਰਾਮ, ਈਸਾ ਮਸੀਹ ਦੇ ਚਿੱਤਰ ਵੀ ਉਲੀਕ ਕੇ ਨਾਮ ਖੱਟਿਆ ਹੈ । ਉਨ੍ਹਾਂ ਨੇ ਦੁਨੀਆਂ ਦੀਆਂ ਪ੍ਰੀਤ ਕਹਾਣੀਆਂ ਨੂੰ ਵੀ ਆਪਣੀਆਂ ਬੁਰਸ਼ ਛੋਹਾਂ ਲਾ ਕੇ ਪ੍ਰਸਿੱਧ ਕਰ ਦਿੱਤਾ । ਹੀਰ ਰਾਂਝੇ ਦਾ ਚਿੱਤਰ ਬਣਾਇਆ । ਸੱਸੀ ਪੁਨੂੰ ਦਾ, ਮਿਰਜ਼ਾ ਸਾਹਿਬਾਂ ਦਾ ਤੇ ਸੋਹਣੀ ਮਹੀਂਵਾਲ ਦਾ ਚਿੱਤਰ ਬਣਾ ਕੇ ਸਾਰੀ ਦੁਨੀਆਂ ਵਿਚ ਪ੍ਰਸਿੱਧੀ ਹਾਸਲ ਕੀਤੀ। ਜਿਵੇਂ ਰਾਂਝੇ ਦੀ ਹੀਰ ਨੂੰ ਲੋਕ ਵਾਰਿਸ ਦੀ ਹੀਰ ਕਹਿੰਦੇ ਹਨ । ਇਸੇ ਤਰ੍ਹਾਂ ਲੋਕ ਸੋਹਣੀ ਨੂੰ ਵੀ ਸੋਭਾ ਸਿੰਘ ਦੇ ਨਾਂ ਨਾਲ ਜੋੜਦੇ ਹਨ, ਸੋਭਾ ਸਿੰਘ ਦੀ ਸੋਹਣੀ । ਉਹ ਆਪ ਵੀ ਇਕ ਕਵਿਤਾ ਵਿਚ ਕਹਿੰਦੇ ਹਨ, ‘ਸੋਹਣੀ ਨੂੰ ਲੱਭਾ ਮੈਂ ਸੋਹਣੀ ਲਕੀਰ ਕੇ ।’
ਸੋਭਾ ਸਿੰਘ ਨੇ ਮੁਸਲਮਾਨ ਫ਼ਕੀਰ ਵੀ ਚਿਤਰੇ । ਬਾਬਾ ਫ਼ਰੀਦ ਦੇ ਦੋ ਚਿਤਰ ਬਣਾਏ । ਸਾਈਂ ਮੀਆਂ ਮੀਰ ਦਾ ਪੋਰਟਰੇਟ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਚਿਤਰਿਆ ਜੋ ਅਜਾਇਬ ਘਰ ਵਿਚ ਸੁਸ਼ੋਭਿਤ ਹੈ । ਉਸ ਚਿਤਰ ਬਾਰੇ ਅਲੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਕਿਹਾ ਸੀ, “ਸਿੱਖ ਧਰਮ ਐਸਾ ਧਰਮ ਹੈ, ਜੋ ਹਰ ਮਸਜਦ ਵਿਚੋਂ ਸੁਣਾਇਆ ਜਾਣਾ ਚਾਹੀਦਾ ਹੈ । ਮੈਂ ਮੀਆਂ ਮੀਰ ਸਾਹਿਬ ਬਾਰੇ ਕਾਫ਼ੀ ਅਦਬ ਅਤੇ ਇਤਿਹਾਸ ਪੜ੍ਹਿਆ ਹੈ । ਮੀਆਂ ਸਾਹਿਬ ਸਿੱਖ ਤੇ ਮੁਸਲਮਾਨ ਇਤਿਹਾਸ ਵਿਚ ਇਕ ਪੁਲ ਸਨ । ਮੈਂ ਹੈਰਾਨ ਹਾਂ ਕਿ ਇਕ ਸਿੱਖ ਚਿਤਰਕਾਰ ਨੇ ਇਸਲਾਮ ਦੇ ਰੰਗ ਵਿਚ ਅੰਦਰੋਂ ਬਾਹਰੋਂ ਇਕ ਹੋਏ ਮੀਆਂ ਮੀਰ ਸਾਹਿਬ ਜੀ ਦਾ ਧੁਰ ਅੰਦਰਲਾ ਤੇ ਬਾਹਰਲਾ ਪੂਰਾ ਪੂਰਾ ਵਾਤਾਵਰਣ ਕਿਵੇਂ ਚਿਤਰ ਲਿਆ ? ਮੈਂ ਨਹੀਂ ਸਮਝਦਾ ਕਿ ਇਹੋ ਜਿਹੇ ਚਿਤਰ ਸ਼ਾਇਦ ਕੋਈ ਸਾਦਿਕ ਮੁਸਲਮਾਨ ਚਿਤਰਕਾਰ ਵੀ ਨਾ ਬਣਾ ਸਕੇ ।”
ਸੋਭਾ ਸਿੰਘ ਜੀ ਨੇ ‘ਹੁਸੀਨ ਮਲਕਾ ਨੂਰਜਹਾਂ ਦਾ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿਚ ਹਾਜ਼ਰੀ ਭਰਦਿਆਂ’ ਇਕ ਬਹੁਤ ਖੂਬਸੂਰਤ ਚਿਤਰ ਚਿਤਰਿਆ । ਮੁਗ਼ਲ ਬਾਦਸਾਹ ਜਹਾਂਗੀਰ ਦੀ ਇਸ ਬਹੁਤ ਹੀ ਸੁਨੱਖੀ ਮਲਕਾ ਦੇ ਅਨੇਕਾਂ ਚਿਤਰ ਚਿਤਰੇ ਗਏ । ਅਨੇਕਾਂ ਕਹਾਣੀਆਂ ਪ੍ਰਚਲਿਤ ਹਨ ਪਰ ਜੋ ਸੋਭਾ ਸਿੰਘ ਜੀ ਚਿਤਰ ਗਏ ਹਨ, ਉਸ ਦਾ ਕੋਈ ਜਵਾਬ ਨਹੀਂ । ਮੀਰੀ ਪੀਰੀ ਦੇ ਮਾਲਕ, ਮਨਮੋਹਣੀ ਸ਼ਖ਼ਸੀਅਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤਖ਼ਤ ਤੇ ਬਿਰਾਜਮਾਨ ਹਨ । ਨੂਰਜਹਾਂ ਉਨ੍ਹਾਂ ਸਾਹਮਣੇ ਆਪਣਾ ਸਤਿਕਾਰ ਡੰਡਉਤ ਕਰ ਕੇ ਕਰ ਰਹੀ ਹੈ । ਦੋਵੇਂ ਇਕ ਦੂਜੇ ਨੂੰ ਪਵਿੱਤਰ ਤੇ ਸਤਿਕਾਰਯੋਗ ਨਜ਼ਰਾਂ ਨਾਲ ਦੇਖ ਰਹੇ ਹਨ । ਇਹ ਚਿਤਰ ਸਨ 1935 ਵਿਚ ਇੰਗਲੈਂਡ ਦੇ ਪ੍ਰਸਿੱਧ ਹਫ਼ਤਾਵਾਰੀ ਅਖ਼ਬਾਰ ਲੰਡਨ ਇਲਸਟ੍ਰੇਟਿਡ ਨਿਊਜ਼ (London Illustrated News) ਦੇ ਸਾਲਾਨਾ ਅੰਕ ਵਿਚ ਛਪਿਆ ਤਾਂ ਇਸ ਨੂੰ ਉਸ ਸਮੇਂ ਦਾ ਇਕ ਸ਼ਾਹਕਾਰ ਮੰਨਿਆ ਗਿਆ । ਲੋਕਾਂ ਨੇ ਇਹ ਚਿਤਰ ਬੜਾ ਪਸੰਦ ਕੀਤਾ ਤੇ ਲੰਡਨ ਇਲਸਟ੍ਰੇਟਿਡ ਨਿਊਜ਼ ਦਾ ਸਾਲਾਨਾ ਅੰਕ ਹੱਥੋ ਹੱਥ ਵਿਕ ਗਿਆ । ਪਰ ਜਦੋਂ ਇਹ ਚਿੱਤਰ ਭਾਰਤ ਵਿਚ ਇਲਸਟ੍ਰੇਟਿਡ ਵੀਕਲੀ ਵਿਚ ਛਪਿਆ ਤਾਂ ਕੁਝ ਕੱਟੜ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤੇ ਹਕੂਮਤ ਨੂੰ ਇਹ ਚਿਤਰ ਬੈਨ ਕਰਨ ਲਈ ਜ਼ੋਰ ਲਾਇਆ ।
ਉਦੋਂ ਸਰਦਾਰ ਜੀ ਦਾ ਸਟੂਡਿਓ ਲਾਹੌਰ ਵਿਚ ਅਨਾਰਕਲੀ ਬਾਜ਼ਾਰ ਵਿਚ ਸੀ। ਸਟੂਡੀਉ ਦਾ ਨਾਂ ਸੀ ਇਕੋ ਸਟੂਡੀਉ (Eco Studio) । ਇਸ ਚਿਤਰ ਨੇ ਉਨ੍ਹਾਂ ਨੂੰ ਬਹੁਤ ਪ੍ਰਸਿੱਧੀ ਦਿਵਾਈ । ਬੜੇ ਲੋਕ ਉਨ੍ਹਾਂ ਦੇ ਚਿਤਰ ਦੇਖਣ ਆਉਂਦੇ ਸਨ । ਲੋਕ ਉਨ੍ਹਾਂ ਦੀ ਚਿਤਰਕਾਰੀ ਤੋਂ ਬਹੁਤ ਪ੍ਰਭਾਵਤ ਹੋ ਗਏ । ਨੂਰਜਹਾਂ ਦੀ ਇਸ ਤਸਵੀਰ ਨੂੰ ਲੈ ਕੇ ਜੋ ਬਾਵੇਲਾ ਹੋਇਆ, ਉਹ ਸਿਆਸਤ ਤੇ ਆਧਾਰਤ ਹੀ ਸੀ । ਇਹ ਸਾਰੇ ਹੀ ਜਾਣਦੇ ਸਨ ।
ਸਰਦਾਰ ਜੀ ਨੂੰ ਇਥੇ ਰਹਿੰਦਿਆਂ ਬਹੁਤ ਸਾਰੇ ਚਿਤਰਕਾਰਾਂ ਤੇ ਸਾਹਿਤਕਾਰਾਂ ਦਾ ਸਾਥ ਪ੍ਰਾਪਤ ਸੀ ਇਸ ਲਈ ਉਨ੍ਹਾਂ ਨੂੰ ਕਿਸੇ ਕਿਸਮ ਦੇ ਵਿਰੋਧ ਦਾ ਕੋਈ ਫ਼ਿਕਰ ਨਾ ਹੋਇਆ। ਫ਼ਿਕਰ ਹੋਇਆ ਤਾਂ ਇਹ ਕਿ ਉਨ੍ਹਾਂ ਨੂੰ ਕੰਮ ਬਹੁਤ ਜਿਆਦਾ ਮਿਲਣ ਲਗ ਪਿਆ ਤੇ ਉਹ ਹਰ ਵੇਲੇ ਕੰਮ ਕਰਨ ਦੇ ਫਿਕਰ ਵਿਚ ਹੀ ਰਹਿੰਦੇ ਤੇ ਪੇਂਟ ਕਰਨ ਵਿਚ ਹੀ ਮਸ਼ਗੂਲ ਰਹਿੰਦੇ ਸਨ। ਈਸ਼ਵਰ ਚਿਤਰਕਾਰ, ਅਬਦੁਲ ਰਹਿਮਾਨ ਚੁਗਤਾਈ ਵਰਗੇ ਚਿਤਰਕਾਰ ਉਨ੍ਹਾਂ ਨੂੰ ਅਕਸਰ ਮਿਲਦੇ ਹੁੰਦੇ ਸਨ । ਹੋਰਾਂ ਨਵੇਂ ਚਿਤਰਕਾਰਾਂ ਵਾਂਗ ਈਸ਼ਵਰ, ਚੁਗ਼ਤਾਈ ਦੇ ਸਟਾਈਲ ਤੋਂ ਬਹੁਤ ਪ੍ਰਭਾਵਤ ਸੀ । ਸੋਭਾ ਸਿੰਘ ਜੀ ਚੁਗਤਾਈ ਦੀ ਸ਼ੈਲੀ ਨੂੰ ਸਟਾਈਲ ਕਹਿਣਾ ਤਾਂ ਠੀਕ ਮੰਨਦੇ ਸਨ ਪਰ ਆਰਟ ਨਹੀਂ ਸਨ ਮੰਨਦੇ । ਇਸ ਤਰ੍ਹਾਂ ਕਈ ਵਾਰ ਉਨ੍ਹਾਂ ਦਾ ਬਹਿਸ ਮਬਾਹਿਸਾ ਵੀ ਹੋ ਜਾਂਦਾ ।
ਦਾਰ ਜੀ ਨੇ ਬਹੁਤ ਪ੍ਰਸਿੱਧ ਪੇਂਟਿੰਗਜ਼ ਵੀ ਬਣਾਈਆਂ ਹਨ। ‘ਦੁਲਹਨ’ ਨਾਂ ਦੀਆਂ ਅੱਠ ਕਿਸਮ ਦੀਆਂ ਤਸਵੀਰਾਂ ਬਣਾਈਆਂ ਹਨ। ‘ਮਜ਼ਦੂਰ ਦੇ ਸਿਰ ਤੇ ਜ਼ਿੰਦਗੀ ਦਾ ਨੀਂਹ ਪੱਥਰ’ ਉਨ੍ਹਾਂ ਦੀ ਬਹੁਤ ਮਸ਼ਹੂਰ ਪੇਂਟਿੰਗ ਹੈ। ‘ਵਿਧਵਾ’ ਨਾਂ ਦਾ ਇਕ ਹੋਰ ਪ੍ਰਸਿੱਧ ਚਿਤਰ ਹੈ । ‘ਉਮਰ ਖਿਆਮ’, ‘ਆਖਰੀ ਇੱਛਾ’, ‘ਮੁਮਤਾਜ਼ ਬਾਰੇ ਸ਼ਾਹ ਜਹਾਨ ਦਾ ਸੁਪਨਾ’ ਦਾਰ ਜੀ ਦੀਆਂ ਕਦੀ ਨਾ ਭੁੱਲਣ ਵਾਲੀਆਂ ਤਸਵੀਰਾਂ ਹਨ। ਕੋਈ ਕਲਾ ਪ੍ਰੇਮੀ ਇਨ੍ਹਾਂ ਦੀਆਂ ਇਹੋ ਜਿਹੀਆਂ ਵੱਡ-ਮੁੱਲੀਆਂ ਤਸਵੀਰਾਂ ਦੇਖ ਕੇ ਇਹੋ ਕਹੇਗਾ ਕਿ ਸਰਦਾਰ ਸੋਭਾ ਸਿੰਘ ਮਨੁੱਖਤਾ ਦੇ ਚਿਤਰਕਾਰ ਹਨ । ਉਹ ਮਨੁੱਖ ਸਨ, ਮਨੁੱਖਤਾ ਲਈ ਜੀਵੇ ਤੇ ਸਾਰੀ ਮਨੁੱਖਤਾ ਹੀ ਉਨ੍ਹਾਂ ਨੂੰ ਯਾਦ ਰੱਖੇਗੀ ।
ਉਨ੍ਹਾਂ ਨੇ ਕਈ ਬੁੱਤ ਵੀ ਬਣਾਏ । ਪ੍ਰਿਥਵੀ ਰਾਜ ਕਪੂਰ, ਐਮ. ਐਸ. ਰੰਧਾਵਾ, ਅੰਮ੍ਰਿਤਾ ਪ੍ਰੀਤਮ, ਪ੍ਰੋ. ਨਿਰਮਲ ਚੰਦਰ ਅਤੇ ਟੈਗੋਰ ਤੇ ਲਿੰਕਨ ਦਾ ਇਕੱਠਾ ਬੁੱਤ ਬਹੁਤ ਸਾਰੇ ਲੋਕਾਂ ਨੇ ਦੇਖੇ ਹੋਣ ਗੇ । ਪ੍ਰਿਥਵੀ ਰਾਜ ਕਪੂਰ ਦਾ ਬੁੱਤ ਉਨ੍ਹਾਂ ਦੀ ਆਪਣੀ ਕੋਠੀ Grow More Good ਦੇ ਇਕ ਪਾਸੇ ਸੁਭਾਇਮਾਨ ਹੈ ਤੇ ਉਨ੍ਹਾਂ ਦੀ ਕਲਾ ਦਾ ਬਹੁਮੱਲਾ ਨਮੂਨਾ ਹੈ । ਡਾਕਟਰ ਰੰਧਾਵਾ ਦਾ ਬੁੱਤ ਚੰਡੀਗੜ੍ਹ ਮਿਊਜ਼ੀਅਮ ਵਿਚ ਸਸ਼ੋਭਤ ਹੈ ।
ਦਾਰ ਜੀ ਨੇ ਸਿੱਖ ਇਤਿਹਾਸ ਨੂੰ ਚਿਤਰਦਿਆਂ ਬਹੁਤ ਵੱਡੇ ਵੱਡੇ ਪੈਨਲ ਵੀ ਬਣਾਏ ਜੋ ਪਾਰਲੀਮੈਂਟ ਹਾਊਸ ਵਿਚ, ਹਿਮਾਚਲ ਅਸੈਂਬਲੀ ਹਾਲ ਵਿਚ ਅਤੇ ਹੋਰ ਕਈ ਆਰਟ ਗੈਲਰੀਆਂ ਵਿਚ ਲਗੇ ਹੋਏ ਹਨ । ਉਹ ਬਹੁਤ ਯਾਦਗਾਰੀ ਚਿਤਰ ਹਨ ਤੇ ਬਹੁਤ ਸਲਾਹੇ ਗਏ । ਉਹ ਮਨੁੱਖਤਾ ਤੇ ਸਮਾਜ ਬਾਰੇ ਕਹਿੰਦੇ ਹੁੰਦੇ ਸਨ :
“ਸਮਾਜ ਦੇ ਕੰਮ ਇਕੱਲਾ ਮਨੁੱਖ ਨਹੀਂ ਨਬੇੜ ਸਕਦਾ । ਇਸ ਲਈ ਸਾਂਝੇ ਉਦਮ ਦੀ ਲੋੜ ਹੈ ।… ਸਾਂਝੀਵਾਲਤਾ ਮਨੁੱਖ ਦਾ ਟੀਚਾ ਹੈ । ਅਸੀਂ ਟੀਚੇ ਤੋਂ ਉਖੜੇ ਹੋਏ ਹਾਂ, ਕਈ ਗੱਲਾਂ ਵਿਚ । ਇਸ ਸਾਂਝੀਵਾਲਤਾ ਦੇ ਟੀਚੇ ਤੇ ਪਹੁੰਚਾਂਗੇ ਜ਼ਰੂਰ ।…. ਮਨੁੱਖ ਸਦਾ ਟੀਸੀਆਂ ਤੇ ਚੜ੍ਹਿਆ ਹੈ । ਆਪਣੇ ਟੀਚੇ ਇਸ ਨੇ ਬਹੁਤੇਰੀ ਵਾਰ ਸਰ ਕੀਤੇ ਹਨ ।”

ਜ਼ਿੰਦਗੀ ਦੇ ਕਲਾਕਾਰ

ਹਿਮਾਚਲ ਪ੍ਰਦੇਸ਼ ਦੀ ਕਾਂਗੜਾ ਵਾਦੀ ਵਿਚ ਪਾਲਮਪੁਰ ਤੋਂ 12 ਕਿਲੋਮੀਟਰ ਦੂਰ ਪੰਚਰੁਖੀ ਰੇਲਵੇ ਸਟੇਸ਼ਨ ਲਾਗੇ ਇਕ ਛੋਟਾ ਜਿਹਾ ਪਿੰਡ ਅੰਦਰੇਟਾ ਹੈ ਜੋ ਆਪਣੀ ਕੁਦਰਤੀ ਸੁੰਦਰਤਾ ਕਰ ਕੇ ਪ੍ਰਸਿੱਧ ਹੈ। ਕਈ ਮਸ਼ਹੂਰ ਲੇਖਕ ਤੇ ਕਲਾਕਾਰ ਇਸ ਪਿੰਡ ਵਿਚ ਰਹਿ ਰਹੇ ਹਨ ।
ਪੰਜਾਬੀ ਨਾਟਕ ਦੀ ਨਕੜਦਾਦੀ ਸ੍ਰੀਮਤੀ ਨੋਰ੍ਹਾ ਰਿਚਰਡਜ਼, ਜੋ ਇਕ ਆਇਰਿਸ਼ ਔਰਤ ਸੀ, ਇਸ ਵਾਦੀ ਵਿਚ ਇਸ ਸਦੀ ਦੇ ਦੂਜੇ ਦਹਾਕੇ ਆ ਕੇ ਵਸ ਗਈ ਸੀ । ਉਸ ਦਾ ਪਤੀ ਪ੍ਰੋਫ਼ੈਸਰ ਫ਼ਿਲਪ ਅਰਨੈਸਟ ਰਿਚਰਡਜ਼ ਇਸ ਸਦੀ ਦੇ ਸ਼ੁਰੂ ਵਿਚ ਦਿਆਲ ਸਿੰਘ ਕਾਲਜ ਲਾਹੌਰ ਵਿਚ ਵਿਦਿਆਰਥੀਆਂ ਨੂੰ ਅੰਗਰੇਜ਼ੀ ਪੜ੍ਹਾਉਂਦੇ ਸਨ । ਸ੍ਰੀਮਤੀ ਨੋਰ੍ਹਾ ਨੇ ਇਥੇ ਰਹਿ ਕੇ ਕਾਲਜ ਦੇ ਵਿਦਿਆਰਥੀਆਂ ਵਿਚ ਡਰਾਮਾ ਖੇਡਣ ਦੀ ਚੇਟਕ ਲਾਈ ਸੀ ਜਿਸ ਦੇ ਫਲਸਰੂਪ ਹਿੰਦੀ ਤੇ ਪੰਜਾਬੀ ਰੰਗ ਮੰਚ ਨੂੰ ਈਸ਼ਵਰ ਚੰਦਰ ਨੰਦਾ, ਜੈ ਦਿਆਲ ਅਤੇ ਪ੍ਰਿਥਵੀ ਰਾਜ ਕਪੂਰ ਵਰਗੇ ਕਲਾਕਾਰ ਮਿਲੇ । ਪ੍ਰੋਫੈਸਰ ਰਿਚਰਡਜ਼ ਦੀ ਭਰ ਜਵਾਨੀ ਵਿਚ ਹੀ ਮੌਤ ਹੋ ਗਈ ਸੀ । ਨੋਰ੍ਹਾ ਇਕੱਲੀ ਰਹਿ ਗਈ । ਪਹਿਲਾਂ ਤਾਂ ਉਹ ਬੜੀ ਉਦਾਸ ਹੋਈ ਤੇ ਆਪਣੇ ਵਤਨ ਪਰਤਣ ਲਈ ਤਿਆਰ ਹੋ ਗਈ । ਤੇ ਉਹ ਆਪਣੇ ਵਤਨ ਚਲੀ ਵੀ ਗਈ । ਹਿੰਦੁਸਤਾਨੀਆਂ ਤੇ ਵਿਸ਼ੇਸ਼ ਕਰ ਕੇ ਪੰਜਾਬੀਆਂ ਨਾਲ ਉਸ ਨੂੰ ਬਹੁਤ ਪਿਆਰ ਸੀ । ਇਕ ਥੀਏਟਰ ਵਿਚ ਫ਼ਿਲਮ ਦੇਖਦਿਆਂ, ਉਸ ਤੋਂ ਹਿੰਦੁਸਤਾਨੀਆਂ ਵਿਰੁੱਧ ਬੋਲੇ ਸ਼ਬਦ ਸੁਣੇ ਨਾ ਗਏ ।
ਇਸ ਲਈ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਉਸ ਨੂੰ ਇਕ ਮਹੀਨੇ ਦੀ ਕੈਦ ਕੱਟਣੀ ਪਈ । ਫਿਰ ਉਹ ਪੰਜਾਬ ਪਰਤ ਆਈ । ਤੇ ਜ਼ਿਲ੍ਹਾ ਕਾਂਗੜਾ ਦੇ ਪਿੰਡ ਬਨੂਰੀ ਵਿਚ ਰਹਿਣ ਲੱਗ ਪਈ । ਕੁਝ ਚਿਰ ਬਾਅਦ ਉਸ ਦੀ ਇਕ ਪ੍ਰਸ਼ੰਸਕ ਤੇ ਦੋਸਤ ਸ੍ਰੀਮਤੀ ਪਾਰਕਰ ਨੇ ਉਸ ਨੂੰ ਆਪਣੀ ਅੰਦਰੇਟੇ ਵਾਲੀ ਇਸਟੇਟ ਦੇ ਦਿੱਤੀ ਤੇ ਉਹ ਇਥੇ ਰਹਿਣ ਲਗ ਪਈ । ਇਥੇ ਉਸ ਨੇ ਆਪਣੀਆਂ ਰੰਗ ਮੰਚ ਵਾਲੀਆਂ ਸਰਗਰਮੀਆਂ ਜਾਰੀ ਰੱਖੀਆਂ । ਆਪਣੇ ਨਿਵਾਸ ਸਥਾਨ ਨੂੰ ਵੁੱਡਲੈਂਡ ਰੀਟ੍ਰੀਟ ਦਾ ਨਾਂ ਦਿੱਤਾ । ਉਸ ਇਸਟੇਟ ਵਿਚ ਹੀ ਇਕ ਖੁੱਲ੍ਹਾ ਰੰਗ ਮੰਚ ਬਣਵਾਇਆ ਜਿੱਥੇ ਬਹੁਤ ਸਾਰੇ ਡਰਾਮੇ ਖੇਡੇ ਜਾਂਦੇ ਰਹੇ । ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਉਸ ਦੀ ਇਸ ਦੇਣ ਬਦਲੇ ਡੀ ਲਿੱਟ ਦੀ ਡਿਗਰੀ ਦਿੱਤੀ ਗਈ । ਅਖੀਰ 3 ਮਾਰਚ 1971 ਨੂੰ ਉਸਦਾ ਦਿਹਾਂਤ ਹੋ ਗਿਆ। ਉਸ ਨੇ ਆਪਣੀ ਸਾਰੀ ਇਸਟੇਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਂ ਕਰ ਦਿੱਤੀ । ਯੂਨੀਵਰਸਿਟੀ ਨੇ ਉਥੇ ਲੇਖਕ ਘਰ ਬਣਾਇਆ ਤੇ ਉਨ੍ਹਾਂ ਵਲੋਂ ਹੀ ਨੋਰ੍ਹਾ ਦੇ ਜਨਮ ਦਿਨ ਤੇ ਹਰ ਸਾਲ ਸਮਾਗਮ ਕੀਤਾ ਜਾਂਦਾ ਹੈ ਜੋ ਕਈ ਦਿਨ ਚਲਦਾ ਰਹਿੰਦਾ ਹੈ । ਧੌਲਾਧਾਰ ਦੀਆਂ ਰਮਣੀਕ ਪਹਾੜੀਆਂ ਦੇ ਨੇੜੇ ਜਿਹੜਾ ਖੂਬਸੂਰਤ ਬਾਗ਼ ਦਿਖਾਈ ਦਿੰਦਾ ਹੈ ਉਸ ਵਿਚ ਹੀ ਕੱਚੀਆਂ ਇੱਟਾਂ ਤੇ ਗਾਰੇ ਨਾਲ ਬਣਿਆ ਚਾਮਲੀ ਨਿਵਾਸ ਹੈ ਜਿਸ ਵਿਚ ਨੋਰ੍ਹਾ ਰਹਿੰਦੀ ਹੁੰਦੀ ਸੀ । ਅੰਤਿਮ ਸਵਾਸ ਵੀ ਉਸ ਨੇ ਇਥੇ ਹੀ ਲਏ । ਵੁਡਲੈਂਡ ਰੀਟ੍ਰੀਟ ਵਿਚ ਬਣੇ ਖੁਲ੍ਹੇ ਰੰਗ ਮੰਚ ਦੇ ਇਕ ਪਾਸੇ ਉਸ ਦੀ ਸਮਾਧ ਬਣੀ ਹੋਈ ਹੈ ਜਿਸ ਤੇ ਲਿਖਿਆ ਹੋਇਆ ਹੈ : ਐ ਥੱਕੇ ਹੋਏ ਦਿਲ ! ਆਰਾਮ ਕਰ, ਤੇਰਾ ਕੰਮ ਪੂਰਾ ਹੋ ਚੁਕਿਆ ਹੈ । ਸੰਸਾਰ ਪ੍ਰਸਿੱਧ ਕੁੰਭਕਾਰ ਸਰਦਾਰ ਗੁਰਚਰਨ ਸਿੰਘ ਵੀ ਨੋਰ੍ਹਾ ਰਿਚਰਡਜ਼ ਦੀ ਪ੍ਰੇਰਣਾ ਨਾਲ ਸੰਨ 1960 ਵਿਚ ਅੰਦਰੇਟੇ ਆ ਗਏ ਸਨ । ਉਨ੍ਹਾਂ ਦਾ ਘਰ ਅਤੇ ਵਰਕਸ਼ਾਪ ਉਥੇ ਹੀ ਵੁਡਲੈਂਡ ਇਸਟੇਟ ਦੇ ਨੇੜੇ ਹੀ ਹੈ । ਆਪ ਕੁੰਭਕਾਰੀ ਦੇ ਮਹਾਨ ਕਲਾਕਾਰ ਸਨ ਤੇ ਇਸ ਖੇਤਰ ਵਿਚ ਪ੍ਰਸਿੱਧ ਹਸਤੀ ਸਨ । ਆਪ ਦੀ ਪ੍ਰਸਿੱਧੀ ਦਿੱਲੀ ਬਲਿਊ ਆਰਟ ਪੋਟਰੀ ਕਾਰਨ ਹੋਈ । 1995 ਦੀ 19 ਅਗਸਤ ਨੂੰ ਉਹ ਸਵਰਗਵਾਸ ਹੋ ਗਏ । ਹੁਣ ਉਥੇ ਉਨ੍ਹਾਂ ਦਾ ਬੇਟਾ ਮਿਨੀ (ਮਨ ਸਿਮਰਨ ਸਿੰਘ) ਅਤੇ ਨੂੰਹ ਮੇਰੀ ਰਹਿੰਦੇ ਹਨ । ਮੇਰੀ ਇਕ ਅੰਗਰੇਜ਼ ਔਰਤ ਹੋਣ ਦੇ ਬਾਵਜੂਦ ਇਸ ਪਿੰਡ ਨੂੰ ਬਹੁਤ ਪਸੰਦ ਕਰਦੀ ਹੈ । ਆਪਣੇ ਪਿਤਾ ਕੁੰਭਕਾਰ ਸਰਦਾਰ ਗੁਰਚਰਨ ਸਿੰਘ ਵਾਂਗ ਮਿਨੀ ਤੇ ਮੇਰੀ ਵੀ ਕੁੰਭਕਾਰੀ ਦੇ ਖੇਤਰ ਵਿਚ ਕਾਫੀ ਨਾਮ ਕਮਾ ਚੁੱਕੇ ਹਨ । ਉਹ ਲੋਕਾਂ ਵਿਚ ਇਸ ਕਲਾ ਨੂੰ ਜਾਗ੍ਰਿਤ ਕਰਨ ਲਈ ਕੰਮ ਕਰਦੇ ਹਨ ਅਤੇ ਸਥਾਨਕ ਕਲਾਕਾਰਾਂ ਨੂੰ ਲੋੜੀਂਦੀ ਸਿੱਖਿਆ ਵੀ ਦਿੰਦੇ ਹਨ । ਇਥੇ ਅੰਦਰੇਟੇ ਵਿਚ ਉਨ੍ਹਾਂ ਨੇ ਅੰਦਰੇਟਾ ਪਾਟਰੀ ਬਣਾਈ ਹੋਈ ਹੈ । ਉਨ੍ਹਾਂ ਦੇ ਮਿਲਣਸਾਰ ਸੁਭਾ ਕਾਰਨ ਲੋਕ ਉਨ੍ਹਾਂ ਦਾ ਬੜਾ ਸਤਿਕਾਰ ਕਰਦੇ ਹਨ । ਉਹ ਹਰ ਸਾਲ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿਚ ਨੁਮਾਇਸ਼ਾਂ ਵੀ ਲਗਾਉਂਦੇ ਹਨ ।
ਫਿਲਮੀਂ ਦੁਨੀਆਂ ਦੇ ਪ੍ਰਸਿੱਧ ਅਭਿਨੇਤਾ ਪ੍ਰਿਥਵੀ ਰਾਜ ਕਪੂਰ ਵੀ ਅਕਸਰ ਇਥੇ ਆਪਣੇ ਮਿੱਤਰ ਸੋਭਾ ਸਿੰਘ ਨੂੰ ਮਿਲਣ ਆਇਆ ਕਰਦੇ ਸਨ । ਆਪ ਪ੍ਰੋ. ਰਿਚਰਡਜ਼ ਦੇ ਸ਼ਾਗਿਰਦ ਹੋਣ ਕਾਰਨ ਸ੍ਰੀਮਤੀ ਨੋਰ੍ਹਾ ਰਿਚਰਡਜ਼ ਦੀ ਬਹੁਤ ਇੱਜ਼ਤ ਕਰਦੇ ਸਨ । ਗਰਮੀਆਂ ਵਿਚ ਅੰਦਰੇਟੇ ਆ ਕੇ ਰਾਤ ਨੋਰ੍ਹਾ ਦੇ ਘਰ ਕਟਦੇ ਸਨ ਅਤੇ ਸਾਰਾ ਦਿਨ ਸਰਦਾਰ ਸੋਭਾ ਸਿੰਘ ਕੋਲ ਬਿਤਾਉਂਦੇ ਸਨ । ਆਪਣੀ ਕੋਠੀ ਬਣਾਉਣ ਲਈ ਉਨ੍ਹਾਂ ਨੇ ਇਥੇ ਜ਼ਮੀਨ ਵੀ ਖਰੀਦੀ ਸੀ ਪਰ ਜ਼ਿੰਦਗੀ ਨੇ ਵਫ਼ਾ ਨਹੀਂ ਕੀਤੀ । ਉਹਨਾਂ ਦਾ ਦਿਹਾਂਤ ਮਈ 1972 ਵਿਚ ਹੋ ਗਿਆ ਸੀ ।
ਸਰਦਾਰ ਸੋਭਾ ਸਿੰਘ ਉਨ੍ਹਾਂ ਬਾਰੇ ਬਹੁਤ ਕੁਝ ਦੱਸਿਆ ਕਰਦੇ ਸਨ । ਇਕ ਗੱਲ ਜੋ ਨਹੀਂ ਭੁੱਲਦੀ ਉਹ ਸੀ- ਗਰਮੀਆਂ ਵਿਚ ਇਕ ਚਸ਼ਮੇ ਦੇ ਨੇੜੇ ਰੇਤੇ ਉੱਤੇ ਇਹ ਦੋਵੇਂ ਕਲਾਕਾਰ ਬੈਠ ਗਏ । ਸ਼ਾਮ ਦਾ ਵੇਲਾ ਸੀ । ਪ੍ਰਿਥਵੀ ਰਾਜ ਕਪੂਰ ਨੂੰ ਠੰਢਾ ਰੇਤਾ ਬਹੁਤ ਚੰਗਾ ਲਗਦਾ ਸੀ । ਦੋਵੇਂ ਜਣੇ ਰੇਤਾ ਪਰ੍ਹੇ ਹਟਾ ਕੇ ਛੋਟੇ ਜਿਹੇ ਟੋਏ ਪੁੱਟ ਕੇ ਉਨ੍ਹਾਂ ਵਿਚ ਬੈਠ ਗਏ । ਕਪੂਰ ਸਾਹਿਬ ਨੂੰ ਠੰਢਾ ਠੰਢਾ ਰੇਤਾ ਬਹੁਤ ਚੰਗਾ ਲੱਗ ਰਿਹਾ ਸੀ । ਉਤੋਂ ਰਾਤ ਪੈ ਗਈ । ਘਰ ਨੂੰ ਜਾਣ ਵੇਲੇ ਦੋਵੇਂ ਉਠਣ ਲੱਗੇ ਤਾਂ ਕਪੂਰ ਸਾਹਿਬ ਝੱਟ ਉਠ ਖੜ੍ਹੇ ਹੋਏ ਪਰ ਸਰਦਾਰ ਸੋਭਾ ਸਿੰਘ ਤੋਂ ਉਠਿਆ ਨਾ ਗਿਆ । ਉਨ੍ਹਾਂ ਦਾ ਲੱਕ ਜੁੜ ਗਿਆ ਸੀ ਜੋ ਬਹੁਤ ਦਰਦ ਕਰ ਰਿਹਾ ਸੀ ਬਸ ਫੇਰ ਕੀ ਸੀ ਖੁਸ਼ੀ ਦੀ ਥਾਂ ਅਫ਼ਸੋਸ ਨੇ ਮੱਲ ਲਈ। ਸਰਦਾਰ ਜੀ ਨੂੰ ਕਿਸੇ ਤਰ੍ਹਾਂ ਘਰ ਲਿਜਾਇਆ ਗਿਆ ਤੇ ਗਰਮ ਪਾਣੀ ਦੀਆਂ ਟਕੋਰਾਂ ਹੋਣ ਲੱਗੀਆਂ। ਸਰਦਾਰ ਜੀ ਕੁਰਾਹ ਰਹੇ ਸਨ ਤੇ ਕਪੂਰ ਸਾਹਿਬ ਰੋ ਰਹੇ ਸਨ। ਉਹਨਾਂ ਦੀਆਂ ਅੱਖਾਂ ਵਿਚੋਂ ਹੰਝੂ ਬਹਿ ਰਹੇ ਸਨ । ਉਹ ਪਸ਼ਚਾਤਾਪ ਕਰਦਿਆਂ ਬੋਲੇ, “ਹਾਏ, ਇਸ ਤਰ੍ਹਾਂ ਮੈਂ ਕਿਉਂ ਕੀਤਾ, ਕਿਉਂ ਕੀਤਾ ? ਇਹ ਮੇਰਾ ਬੜਾ ਵੱਡਾ ਕਸੂਰ ਹੈ ।”
ਪ੍ਰਸਿੱਧ ਚਿਤਰਕਾਰ ਪ੍ਰੋ. ਬੀ. ਸੀ. ਸਾਨਿਆਲ ਨੇ ਵੀ ਇਥੇ ਆਪਣੀ ਕੋਠੀ ਬਣਾਈ ਹੈ ਅਤੇ ਗਰਮੀਆਂ ਵਿਚ ਆ ਕੇ ਰਹਿੰਦੇ ਹਨ । ਪ੍ਰੋ. ਸਾਨਿਆਲ ਇਸ ਸਾਲ ਅਪ੍ਰੈਲ ਵਿਚ ਸੌ ਸਾਲ ਦੇ ਹੋ ਗਏ। ਹਨ । ਅਜੇ ਵੀ ਉਹ ਚੰਗੀ ਸਿਹਤ ਵਾਲੇ ਹਨ ਤੇ ਖੂਬ ਚਿਤਰ ਬਣਾਉਂਦੇ ਹਨ ।
ਫਿਲਮੀ ਦੁਨੀਆਂ ਵਿਚ ਜਾਣ ਤੋਂ ਪਹਿਲਾਂ ਕਬੀਰ ਬੇਦੀ ਅਕਸਰ ਅੰਦਰੇਟੇ ਆਇਆ ਕਰਦੇ ਸਨ । ਉਨ੍ਹਾਂ ਦੀ ਮਾਤਾ ਸ੍ਰੀਮਤੀ ਫਰੈਡਾ ਬੇਦੀ ਨੇ ਆਪਣੀ ਕੋਠੀ ਇਥੇ ਬਣਾਈ ਹੋਈ ਸੀ ।
ਪ੍ਰੋਫ਼ੈਸਰ ਰਿਚਰਡਜ਼ ਦੇ ਸ਼ਗਿਰਦ ਪ੍ਰੋ ਜੈਦਿਆਲ ਅਤੇ ਇੰਜਨੀਅਰ ਬਸੰਤ ਸਿੰਘ ਸ੍ਰੀਮਤੀ ਨੋਰ੍ਹਾ ਰਿਚਰਡਜ਼ ਦਾ ਬੜਾ ਸਤਿਕਾਰ ਕਰਦੇ ਸਨ । ਉਨ੍ਹਾਂ ਦੇ ਘਰ ਵੀ ਇਥੇ ਹੀ ਹਨ ।
ਸ੍ਰੀਮਤੀ ਨੋਰ੍ਹਾ ਰਿਚਰਡਜ਼ ਅੰਦਰੇਟਾ ਵਿਖੇ ਇਕ ਲੇਖਕ ਕਾਲੋਨੀ ਬਣਾਉਣਾ ਚਾਹੁੰਦੇ ਸਨ । ਉਨ੍ਹਾਂ ਦੀ ਪ੍ਰੇਰਨਾ ਸਦਕਾ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਅਤੇ ਬਲਵੰਤ ਗਾਰਗੀ ਨੇ ਇਥੇ ਪਲਾਟ ਖਰੀਦੇ ਹੋਏ ਹਨ ।
ਪੰਡਿਤ ਮੰਗਤ ਰਾਮ, ਜੋ ਵਾਇਲਨ ਦੇ ਉਸਤਾਦ ਸਨ, ਆਪਣੀ ਨੌਕਰੀ ਤੋਂ ਰਿਟਾਇਰ ਹੋ ਕੇ 1964 ਵਿਚ ਇਥੇ ਆ ਕੇ ਰਹਿਣ ਲੱਗੇ ਸਨ । ਉਨ੍ਹਾਂ ਦਾ ਘਰ ਸਰਦਾਰ ਸੋਭਾ ਸਿੰਘ ਆਰਟ ਗੈਲਰੀ ਦੇ ਨਾਲ ਹੀ ਹੈ । ਪੰਡਿਤ ਜੀ ਸਰਦਾਰ ਸੋਭਾ ਸਿੰਘ ਦੇ ਸਭ ਤੋਂ ਪਹਿਲੇ ਸ਼ਗਿਰਦ ਸਨ । ਅੰਮ੍ਰਿਤਸਰ ਰਹਿੰਦਿਆਂ ਉਹ ਨਾਨਕ ਸਿੰਘ ਨਾਵਲਿਸਟ ਦੇ ਗੂੜ੍ਹੇ ਦੋਸਤ ਸਨ । 23 ਮਈ 1981 ਵਾਲੇ ਦਿਨ ਪੰਡਿਤ ਜੀ ਵੀ ਚੜ੍ਹਾਈ ਕਰ ਗਏ ਸਨ ।
ਪਰ ਇਥੋਂ ਦੀ ਸਭ ਤੋਂ ਵੱਧ ਖਿੱਚ ਦਾ ਕਾਰਨ ਹਨ ਵੀਹਵੀਂ ਸਦੀ ਦੇ ਮਹਾਨ ਚਿੱਤਰਕਾਰ ਸਰਦਾਰ ਸੋਭਾ ਸਿੰਘ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ 37 ਸਾਲ ਇਥੇ ਹੀ ਬਿਤਾਏ ਸਨ । ਉਨ੍ਹਾਂ ਦੇ ਖੂਬਸੂਰਤ ਚਿਤਰਾਂ ਦੀ ਸਿਰਜਣਾ ਵੀ ਇਥੇ ਹੀ ਹੋਈ ਸੀ ।
ਜ਼ਿਲ੍ਹਾ ਗੁਰਦਾਸਪੁਰ ਦੇ ਨਿੱਕੇ ਜਿਹੇ ਕਸਬੇ ਸ੍ਰੀ ਹਰਗੋਬਿੰਦਪੁਰ ਵਿਚ ਸਰਦਾਰ ਚੜ੍ਹਤ ਸਿੰਘ ਹੋਏ ਸਨ ਜੋ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਘੋੜ ਸਵਾਰ ਸਨ । ਉਹਨਾਂ ਦਾ ਬੇਟਾ ਦੇਵਾ ਸਿੰਘ ਭਾਰਤ ਦੀ ਅੰਗਰੇਜ਼ ਫੌਜ ਦੀ 22 ਬਟਾਲੀਅਨ ਵਿਚ ਸਰਵੇਅਰ ਸੀ । ਸਰਦਾਰ ਦੇਵਾ ਸਿੰਘ ਇਕ ਨਾਮੀ ਚਿਤਰਕਾਰ ਵੀ ਸਨ । ਐਸੇ ਪਿਤਾ ਦੇ ਘਰ ਮਾਤਾ ਇੱਛਰਾ ਦੇਵੀ ਦੀ ਕੁੱਖੋਂ 29 ਨਵੰਬਰ 1901 ਨੂੰ ਸੋਭਾ ਸਿੰਘ ਨੇ ਜਨਮ ਲਿਆ । ਸੋਭਾ ਸਿੰਘ ਦੀਆਂ ਦੋ ਮਤਰੇਈਆਂ ਭੈਣਾਂ ਸਨ । ਦੋਵੇਂ ਉਸ ਤੋਂ ਵੱਡੀਆਂ ਸਨ । ਛੋਟੀ ਉਮਰ ਵਿਚ ਹੀ ਮਾਂ ਦਾ ਸਾਇਆ ਸਿਰੋਂ ਹਮੇਸ਼ਾ ਲਈ ਉੱਠ ਗਿਆ । ਇਸ ਲਈ ਇਹ ਬਾਲਕ ਮਾਂ ਦੇ ਪਿਆਰ ਤੋਂ ਵਾਂਝਾ ਹੀ ਰਿਹਾ । ਪਿਤਾ ਜੀ ਦਾ ਸੁਭਾ ਬੜਾ ਸਖਤ ਸੀ ਜਿਸ ਕਰਕੇ ਬਾਲਕ ਦੇ ਦਿਲ ਵਿਚ ਹਰ ਵੇਲੇ ਡਰ ਰਹਿੰਦਾ । ਪਿੰਡ ਦੇ ਸਕੂਲ ਵਿਚੋਂ ਪੜ੍ਹਾਈ ਵੀ ਛੇਵੀਂ ਤੱਕ ਹੋਈ । ਇਸ ਹੋਣਹਾਰ ਬਾਲਕ ਦੀ ਪਾਲਣਾ ਪੋਸਣਾ ਉਹਦੀ ਵੱਡੀ ਭੈਣ ਲੱਛਮੀ ਦੇਵੀ, ਜੋ ਮੰਗਲ ਸਿੰਘ ਓਵਰਸੀਅਰ ਨਾਲ ਵਿਆਹੀ ਹੋਈ ਸੀ ਤੇ ਅੰਮ੍ਰਿਤਸਰ ਰਹਿੰਦੀ ਸੀ, ਨੇ ਕੀਤੀ। ਛੋਟੀ ਭੈਣ ਕਿਸ਼ਨ ਕੌਰ ਦਾ ਵਿਆਹ ਅੰਮ੍ਰਿਤਸਰ ਵਿਚ ਹੀ ਖ਼ਜ਼ਾਨ ਸਿੰਘ ਨਾਲ ਹੋਇਆ ਸੀ । ਇਸ ਲਈ ਇਥੇ ਬਾਲ ਸੋਭਾ ਸਿੰਘ ਦਾ ਦਿਲ ਲਗਿਆ ਰਹਿੰਦਾ । ਇਥੇ ਸੋਭਾ ਸਿੰਘ ਦਾ ਮੇਲ ਆਪਣੇ ਹਾਣ ਦੇ ਭਾਣਜੇ ਨਾਲ ਹੋਇਆ । ਪੰਦਰਾਂ ਸਾਲਾਂ ਦਾ ਹੋਣ ਤੇ ਸੋਭਾ ਸਿੰਘ ਨੂੰ ਅੰਮ੍ਰਿਤਸਰ ਦੇ ਸਰਕਾਰੀ ਇੰਡਸਟਰੀਅਲ ਸਕੂਲ ਵਿਚ ਦਾਖਲ ਕਰਵਾ ਦਿੱਤਾ ਗਿਆ ਜਿਥੇ ਉਹਨੇ ਕਲਾ ਤੇ ਸ਼ਿਲਪ ਦਾ ਇਕ ਸਾਲ ਦਾ ਕੋਰਸ ਕੀਤਾ । ਸੋਭਾ ਸਿੰਘ ਦੇ ਅੰਦਰਲੇ ਚਿਤਰਕਾਰ ਨੂੰ ਪਛਾਣਦਿਆਂ ਸਕੂਲ ਦੇ ਪ੍ਰਿੰਸੀਪਲ ਨੇ ਉਸ ਨੂੰ ਚਿਤਰ ਬਣਾਉਣ ਦੀ ਸਲਾਹ ਦਿੱਤੀ ।
ਮਾਂ ਦੇ ਪਿਆਰ ਤੋਂ ਵਾਂਝੇ ਰਹੇ ਸੋਭਾ ਸਿੰਘ ਦੇ ਪਿਤਾ ਜੀ ਸੰਨ 1917 ਵਿਚ ਪੂਰੇ ਹੋ ਗਏ । ਇਕ ਵਾਰ ਫਿਰ ਕੋਮਲ ਚਿੱਤ ਕਲਾਕਾਰ ਸੋਭਾ ਸਿੰਘ ਨੂੰ ਬੜਾ ਧੱਕਾ ਲੱਗਿਆ । ਕੁਝ ਚਿਰ ਇਧਰ ਉਧਰ ਭਟਕਣ ਪਿਛੋਂ ਅਕਤੂਬਰ 1919 ਵਿਚ ਉਹ ਹਿੰਦੁਸਤਾਨੀ ਫ਼ੌਜ ਵਿਚ ਡਰਾਫ਼ਸਮੈਨ ਦੇ ਤੌਰ ਤੇ ਭਰਤੀ ਹੋ ਗਏ ਤੇ ਚਾਰ ਸਾਲ ਬਗ਼ਦਾਦ ਰਹੇ, ਜਿਥੇ ਯੂਰਪੀ ਚਿਤਰਕਲਾ ਬਾਰੇ ਅਨੇਕਾਂ ਪੁਸਤਕਾਂ ਪੜ੍ਹੀਆਂ ਅਤੇ ਅੰਗਰੇਜ਼ੀ ਚਿਤਰਕਲਾ ਦੀ ਜਾਣਕਾਰੀ ਹਾਸਲ ਹੋਈ ਤੇ ਪ੍ਰੇਰਨਾ ਵੀ ਮਿਲੀ ।
ਸੋਭਾ ਸਿੰਘ ਦੀ ਸਿਹਤ ਬਚਪਨ ਤੋਂ ਹੀ ਬੜੀ ਕਮਜ਼ੋਰ ਸੀ । ਉਸ ਦਾ ਦਿਲ ਵੀ ਬੜਾ ਕੋਮਲ ਸੀ । ਉਹਦੇ ਪਿਤਾ ਨੇ ਆਪਣੇ ਘਰ ਦੀਆਂ ਕੰਧਾਂ ਉਤੇ ਚਿਤਰ ਬਣਾਉਣ ਵਾਲੇ ਆਪਣੇ ਪੁੱਤਰ ਨੂੰ ਝਾੜ ਝੰਬ ਪਾਈ ਸੀ ਤੇ ਇਸ ਕੰਮ ਨੂੰ ਵਕਤ ਜ਼ਾਇਆ ਕਰਨਾ ਆਖਿਆ ਸੀ । ਮੁੰਡਾ ਬੜਾ ਹਠੀ ਸੀ ਤੇ ਪਿਤਾ ਵਲੋਂ ਦੱਸੀ ਮਰਿਆਦਾ ਵਿਚ ਰਹਿਣਾ ਉਸ ਨੂੰ ਚੰਗਾ ਨਹੀਂ ਸੀ ਲਗਦਾ ਤੇ ਪਿਤਾ ਨੂੰ ਰੋਹ ਚੜ੍ਹਦਾ ਸੀ । ਉਨ੍ਹਾਂ ਦਾ ਕਹਿਣਾ ਸੀ ਕਿ ਜਿਥੇ ਘੋੜੇ ਤਾਂ ਉਹਦਾ ਹੁਕਮ ਮੰਨਦੇ ਸਨ ਅਤੇ ਉਹਦੇ ਕਹਿਣ ਅਨੁਸਾਰ ਰੁਕਦੇ, ਦੌੜਦੇ ਜਾਂ ਛਾਲ ਮਾਰਦੇ ਸਨ, ਉਥੇ ਉਹਦਾ ਆਪਣਾ ਪੁੱਤਰ ਉਹਦਾ ਕਿਹਾ ਨਹੀਂ ਸੀ ਮੰਨਦਾ ਅਤੇ ਜੱਦੀ ਘਰ ਦੀਆਂ ਕੰਧਾਂ ਉਤੇ ਲੀਕਾਂ ਵਾਹ ਵਾਹ ਕੇ ਇਹਨਾਂ ਨੂੰ ਖ਼ਰਾਬ ਕਰ ਦਿੰਦਾ ਸੀ । ਉਹ ਚਾਹੁੰਦੇ ਸਨ ਕਿ ਉਸ ਦਾ ਪੁੱਤਰ ਪੜ੍ਹ ਲਿਖ ਕੇ ਅਫ਼ਸਰ ਬਣੇ ਤੇ ਆਪਣੀ ਜ਼ਿੰਦਗੀ ਦਾ ਨਿਰਬਾਹ ਸ਼ਾਨੋ ਸ਼ੌਕਤ ਨਾਲ ਕਰੇ । ਇਸੇ ਲਈ ਉਹ ਪੁੱਤਰ ਨੂੰ ਝਿੜਕਦੇ ਸਨ । ਸੋਭਾ ਸਿੰਘ ਨੇ ਸੋਚਿਆ ਕਿ ਅਜਿਹੀ ਜ਼ਿੰਦਗੀ ਜਿਉਣ ਦੇ ਕੋਈ ਅਰਥ ਨਹੀਂ, ਤੇ ਮਰ ਜਾਣਾ ਚਾਹਿਆ। ਉਹਨੇ ਸੁਣਿਆ ਸੀ ਕਿ ਉਹਨਾਂ ਦੀ ਗੁਆਂਢਣ ਠੰਢ ਲਗਣ ਨਾਲ ਨਮੂਨੀਏ ਨਾਲ ਬਿਮਾਰ ਹੋ ਕੇ ਮਰ ਗਈ ਸੀ । ਉਹਨੇ ਸਮਝਿਆ, ਸ਼ਾਇਦ ਇਹ ਮਰਨ ਦਾ ਸਭ ਤੋਂ ਸੌਖਾ ਢੰਗ ਹੈ । ਉਹ ਬਿਆਸ ਵਲ ਦੌੜਿਆ, ਰੇਤ ਦੇ ਟਿੱਬੇ ਛਾਲਾਂ ਮਾਰਦਿਆਂ ਪਾਰ ਕੀਤੇ ਤੇ ਜਦੋਂ ਮੁੜ੍ਹਕੋ ਮੁੜ੍ਹਕੀ ਹੋ ਗਿਆ, ਉਹਨੇ ਇਕ ਵਾਹੜੇ ਵਿਚ ਛਾਲ ਮਾਰੀ । ਪਰ ਜਦੋਂ ਬਾਹਰ ਨਿਕਲਿਆ ਤਾਂ ਪਹਿਲਾਂ ਨਾਲੋਂ ਤਕੜਾ ਤੇ ਤਰੋ ਤਾਜ਼ਾ ਮਹਿਸੂਸ ਕਰ ਰਿਹਾ ਸੀ । ਉਹ ਸੋਚਣ ਲੱਗਾ ਕਿ ਮੌਤ ਇਸ ਤਰ੍ਹਾਂ ਨਹੀਂ ਆਉਂਦੀ । ਉਹਨੂੰ ਛੇਤੀ ਹੀ ਗਿਆਨ ਹੋ ਗਿਆ ਕਿ ਜ਼ਿੰਦਗੀ ਤਾਂ ਕੁਦਰਤ ਦੀ ਅਮੋਲ ਦਾਤ ਹੈ । ਜ਼ਿੰਦਗੀ ਵਿਚ ਕਦੇ ਨਿਰਾਸ਼ ਨਹੀਂ ਹੋਣਾ ਚਾਹੀਦਾ ਅਤੇ ਇਹਨੂੰ ਕਾਇਮ ਰੱਖਣ ਦੀ ਤੇ ਜਿਊਣ ਦੀ ਲੋੜ ਹੈ। ਸੋਭਾ ਸਿੰਘ ਫੁਰਤੀਲਾ ਮੁੰਡਾ ਸੀ ਜਿਸ ਨੂੰ ਕਰਤੱਬ ਕਰਨ ਦਾ ਸ਼ੌਕ ਸੀ । ਉਹ ਦਰੱਖਤਾਂ ਦੇ ਟਾਹਣਿਆਂ ਨਾਲ ਕਲਾਬਾਜ਼ੀਆਂ ਪਾਉਂਦਾ, ਆਪਣੇ ਸਰੀਰ ਨੂੰ ਦੂਹਰਾ ਤੀਹਰਾ ਕਰ ਕੇ ਖੇਡਦਾ ਰਹਿੰਦਾ । ਇਕ ਦਿਨ ਰਾਏ ਸਾਹਿਬ ਦੇ ਵੱਡੇ ਸੀਖਾਂ ਵਾਲੇ ਫਾਟਕ ਤੇ ਕਲਾਬਾਜ਼ੀਆਂ ਖਾ ਰਿਹਾ ਸੀ । ਉਸ ਦੇ ਸਾਥੀ ਮੁੰਡੇ ਦੇਖ ਰਹੇ ਸਨ । ਅਚਾਨਕ ਖੱਬਾ ਚੂਲਾ ਕੜਕ ਕਰ ਕੇ ਆਪਣੀ ਥਾਂ ਤੋਂ ਨਿਕਲ ਗਿਆ ਜਿਸ ਦੇ ਦਰਦ ਤੇ ਲੱਤ ਟੁੱਟਣ ਦੇ ਡਰ ਨਾਲ ਉਹ ਬੇਹੋਸ਼ ਹੋ ਗਿਆ । ਉਸ ਨੂੰ ਠੀਕ ਹੋਣ ਲਈ ਕਾਫ਼ੀ ਚਿਰ ਲਗ ਗਿਆ ਪਰ ਉਹ ਜੀਵਨ ਭਰ ਲਈ ਲੰਙਾ ਹੋ ਗਿਆ । ਪਰ ਇਸ ਨਿਰਯੋਗਤਾ ਨੇ ਉਹਦਾ ਦਿਲ ਨਹੀਂ ਢਾਹਿਆ। ਉਹਨੂੰ ਇਸ ਗੱਲ ਨੇ ਤਸੱਲੀ ਦਿੱਤੀ ਕਿ ਉਘਾ ਅੰਗਰੇਜ਼ੀ ਸ਼ਾਇਰ ਬਾਇਰਨ ਵੀ ਤਾਂ ਲੰਬਾ ਸੀ, ਫੇਰ ਵੀ ਖੂਬਸੂਰਤ ਔਰਤਾਂ ਉਹਨੂੰ ਸਲਾਹੁੰਦੀਆਂ ਸਨ ।
ਸੰਨ 1923 ਦੇ ਸ਼ੁਰੂ ਵਿਚ ਸੋਭਾ ਸਿੰਘ ਬਗ਼ਦਾਦ ਤੋਂ ਦੇਸ ਪਰਤ ਆਏ ਤੇ ਵਿਸਾਖੀ ਵਾਲੇ ਦਿਨ ਗੁਰਦਾਸਪੁਰ ਦੇ ਠੇਕੇਦਾਰ ਸਰਦਾਰ ਰਾਮ ਸਿੰਘ ਦੀ ਧੀ ਬੀਬੀ ਇੰਦਰ ਕੌਰ ਨਾਲ ਉਨ੍ਹਾਂ ਦਾ ਵਿਆਹ ਹੋ ਗਿਆ । ਫਿਰ ਉਹ ਇਕ ਸੁਤੰਤਰ ਚਿਤਰਕਾਰ ਵਜੋਂ ਕੰਮ ਕਰਨ ਲਗੇ । ਅੰਮ੍ਰਿਤਸਰ ਵਿਚ ਚੌਕ ਫ਼ੁਹਾਰਾ ਦੇ ਲਾਗੇ ਆਪਣਾ ਇਕ ਵਧੀਆ ਸਟੂਡੀਓ ਸੁਭਾਸ਼ ਸਟੂਡੀਓ ਨਾਂ ਹੇਠ ਸਥਾਪਤ ਕੀਤਾ । ਇਥੇ 1924 ਵਿਚ ਸਰਦਾਰ ਸੋਭਾ ਸਿੰਘ ਜੀ ਦੀ ਗਿਆਨੀ ਹੀਰਾ ਸਿੰਘ ਦਰਦ ਹੁਰਾਂ ਨਾਲ ਮੁਲਾਕਾਤ ਹੋਈ ਤੇ ਉਨ੍ਹਾਂ ਦੇ ਮਾਸਕ ਪੱਤਰ ਫੁਲਵਾੜੀ ਦੇ ਅਨੇਕਾਂ ਚਿਤਰ ਟਾਈਟਲ ਤੇ ਛਪਣ ਲਈ ਬਣਾਏ, ਜਿਨ੍ਹਾਂ ਵਿਚ ਉਨ੍ਹਾਂ ਦਾ ਪ੍ਰਸਿੱਧ ਚਿਤਰ ਸੱਸੀ ਵੀ ਸ਼ਾਮਿਲ ਹੈ । ਇੱਥੇ ਹੀ ਉਨ੍ਹਾਂ ਦਾ ਮੇਲ ਨਾਨਕ ਸਿੰਘ ਨਾਵਲਕਾਰ ਨਾਲ ਹੋਇਆ ਤੇ ਸਾਰੀ ਜ਼ਿੰਦਗੀ ਲਈ ਜਿਗਰੀ ਦੋਸਤ ਬਣ ਗਏ । ਚਿਤਰਕਾਰ ਦੀ ਕਲਾ ਦਾ ਵਿਕਾਸ ਇਥੇ ਹੀ ਹੋਇਆ । ਕੁਝ ਤਸਵੀਰਾਂ ਬਣਾਈਆਂ ਤੇ ਪ੍ਰਸਿੱਧ ਹੋਈਆਂ ।
ਉਹਨਾਂ ਵੇਲਿਆਂ ਵਿਚ ਗੁਰੂ ਕਾ ਬਾਗ਼ ਦਾ ਮੋਰਚਾ ਖੂਬ ਭਖਿਆ ਹੋਇਆ ਸੀ । ਸੋਭਾ ਸਿੰਘ ਹੋਰਾਂ ਨੂੰ ਸਿੱਖ ਸਤਿਆਗ੍ਰਹੀਆਂ ਦੇ ਚਿਹਰਿਆਂ ਉਤੇ ਆਤਮਿਕ ਤੇਜ ਡਲ੍ਹਕਾਂ ਮਾਰਦਾ ਦਿਸਦਾ । ਉਨ੍ਹਾਂ ਨੂੰ ਆਪਣੇ ਆਰਟ ਲਈ ਵਿਸ਼ਾ-ਵਸਤੂ ਦੀ ਪਛਾਣ ਹੋ ਗਈ ਤੇ ਉਨ੍ਹਾਂ ਨੇ ਸਿੱਖ ਗੁਰੂਆਂ ਦੇ ਚਿਤਰ ਬਣਾਉਣ ਦਾ ਨਿਰਣਾ ਕੀਤਾ ਜਿਨ੍ਹਾਂ ਨੇ ਅਤਿ ਵਿਰੋਧੀ ਹਾਲਤਾਂ ਵਿਚ ਵੀ ਆਪਣੀਆਂ ਧੌਣਾਂ ਸਿੱਧੀਆਂ ਰਖੀਆਂ । ਸਰਦਾਰ ਸੋਭਾ ਸਿੰਘ ਇਹ ਸਾਰਾ ਕੁਝ ਆਪਣੇ ਸਟੂਡੀਓ ਦੀ ਤਾਕੀ ਵਿਚੋਂ ਦੇਖਦੇ ਰਹਿੰਦੇ । ਉਹ ਸੋਚਦੇ ਕਿ ਇਹ ਕੀ ਹੋ ਰਿਹਾ ਹੈ । ਇਹ ਸਿੱਖ ਕੌਮ ਕਿਸ ਮਿੱਟੀ ਦੀ ਬਣੀ ਹੋਈ ਹੈ ਜਿਸ ਨੂੰ ਮੰਨਣ ਵਾਲੇ ਏਨਾ ਤਸ਼ੱਦਦ ਸਹਿ ਕੇ ਵੀ ਅਮਨ ਤੇ ਸ਼ਾਂਤੀ ਨਾਲ ਗੁਰੂ ਦਾ ਨਾਮ ਜਪਦੇ ਹਨ । ਸਿੱਖਾਂ ਦੀਆਂ ਇਨ੍ਹਾਂ ਕੁਰਬਾਨੀਆਂ ਦਾ ਉਨ੍ਹਾਂ ਦੇ ਮਨ ਤੇ ਬੜਾ ਅਸਰ ਹੋਇਆ । ਜਿਸ ਕਾਰਨ ਸਿੱਖ ਇਤਿਹਾਸ ਦਾ ਅਧਿਐਨ ਕਰਕੇ ਇਹ ਸਭ ਕੁਝ ਚਿਤਰਨ ਦਾ ਮਨ ਬਣਾਇਆ। ਇਸ ਸਿਲਸਿਲੇ ਵਿਚ ਹੀ ਉਹ ਭਾਈ ਵੀਰ ਸਿੰਘ ਅਤੇ ਭਾਈ ਕਾਨ੍ਹ ਸਿੰਘ ਨਾਭਾ ਨੂੰ ਮਿਲੇ ਤੇ ਉਨ੍ਹਾਂ ਤੋਂ ਵੀ ਬਹੁਤ ਸਾਰੀ ਸਮੱਗਰੀ ਪ੍ਰਾਪਤ ਕੀਤੀ। ਉਪਰਲੇ ਦੋਨਾਂ ਮਾਨਯੋਗ ਸੱਜਣਾਂ ਦੀ ਸੰਗਤ ਨੇ ਉਨ੍ਹਾਂ ਨੂੰ ਬਹੁਤ ਪ੍ਰੇਰਣਾ ਦਿੱਤੀ । ਇਸ ਸੰਬੰਧ ਵਿਚ ਉਨ੍ਹਾਂ ਨੇ ਇਕ ਗੱਲ ਦੱਸੀ :
ਭਾਈ ਕਾਨ੍ਹ ਸਿੰਘ ਨਾਭਾ ਦੇ ਪਿਤਾ ਭਾਈ ਨਰਾਇਣ ਸਿੰਘ ਮਹਾਰਾਜਾ ਹੀਰਾ ਸਿੰਘ ਦੇ ਦਰਬਾਰ ਵਿਚ ਨੌਕਰੀ ਕਰਦੇ ਸਨ । ਭਾਈ ਸਾਹਿਬ ਇਕ ਬਹੁਤ ਵੱਡੇ ਪੰਥਕ ਵਿਦਵਾਨ ਸਨ । ਗੁਰਬਾਣੀ ਬਾਰੇ ਵਿਚਾਰ ਕਰਦਿਆਂ ਮਹਾਰਾਜਾ ਨਾਭਾ ਨੇ ਉਨ੍ਹਾਂ ਨੂੰ ਪੁਛਿਆ, “ਕੀ ਕੋਈ ਗੁਰਮੁਖ ਸੱਜਣ ਇਕੋ ਬੈਠਕ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰ ਸਕਦਾ ਹੈ।” ਤਾਂ ਭਾਈ ਸਾਹਿਬ ਨੇ ਉੱਤਰ ਦਿੱਤਾ, “ਮਹਾਰਾਜ! ਜ਼ਰੂਰ ਕਰ ਸਕਦਾ ਹੈ ਪਰ ਜੇ ਕੋਈ ਗੁਰਮੁਖ ਪਾਠ ਸਰਵਣ ਕਰਨ ਵਾਲਾ ਹੋਵੇ ਤਾਂ ।” ਇਸ ਤੇ ਮਹਾਰਾਜਾ ਨੇ ਕਿਹਾ, “ਮੈਂ ਪਾਠ ਸਰਵਣ ਕਰਾਂ ਗਾ ।” ਤੁਰੰਤ ਭਾਈ ਸਾਹਿਬ ਨੇ ਕਿਹਾ, “ਮਹਾਰਾਜ ਇਹ ਅਖੰਡ ਪਾਠ ਮੈਂ ਕਰਾਂਗਾ।” ਕੁਝ ਦਿਨ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਅਭਿਆਸ ਕਰਨ ਉਪਰੰਤ ਭਾਈ ਸਾਹਿਬ ਨੇ ਮਹਾਰਾਜਾ ਨਾਭਾ ਦੇ ਕਹਿਣ ਤੇ ਅਖੰਡ ਪਾਠ ਸ਼ੁਰੂ ਕਰ ਦਿੱਤਾ ਅਤੇ ਮਹਾਰਾਜਾ ਨੇ ਆਪ ਸੁਣਿਆ। ਪਾਠ ਦੀ ਸਮਾਪਤੀ ਉਪਰੰਤ ਮਹਾਰਾਜਾ ਨੇ ਖੁਸ਼ ਹੋ ਕੇ ਭਾਈ ਨਰਾਇਣ ਸਿੰਘ ਨੂੰ ਮੂੰਹ ਮੰਗਿਆ ਇਨਾਮ ਦੇਣ ਦੀ ਪੇਸ਼ਕਸ਼ ਕੀਤੀ । ਪਰ ਭਾਈ ਸਾਹਿਬ ਨੇ ਗੁਰਬਾਣੀ ਦੇ ਪਾਠ ਦਾ ਕੋਈ ਇਵਜਾਨਾ ਲੈਣ ਤੋਂ ਨਾਂਹ ਕਰ ਦਿੱਤੀ । ਅਗਲੇ ਦਿਨ ਮਹਾਰਾਜੇ ਨੇ ਭਾਈ ਸਾਹਿਬ ਨੂੰ ਬੜੇ ਸਤਿਕਾਰ ਨਾਲ ਸ਼ਾਹੀ ਪਾਲਕੀ ਵਿਚ ਬਿਠਾ ਕੇ ਉਨ੍ਹਾਂ ਦੇ ਘਰ ਭੇਜਿਆ। ਰਸਤੇ ਵਿਚ ਉਨ੍ਹਾਂ ਨੇ ਦੇਖਿਆ ਕਿ ਦੋਵੇਂ ਪਾਸੇ ਲੋਕ ਹੱਥ ਜੋੜ ਕੇ ਖੜ੍ਹੇ ਹਨ ਅਤੇ ਪਾਲਕੀ ਅੱਗੇ ਝੁਕ ਝੁਕ ਕੇ ਸਲਾਮਾਂ ਕਰ ਰਹੇ ਹਨ। ਭਾਈ ਸਾਹਿਬ ਨੇ ਸਮਝਿਆ ਕਿ ਸ਼ਾਹੀ ਪਾਲਕੀ ਵਿਚ ਬੈਠੇ ਹੋਣ ਕਰਕੇ ਲੋਕ ਉਹਨਾਂ ਦਾ ਸਤਿਕਾਰ ਕਰ ਰਹੇ ਹਨ । ਪਰ ਜਦੋਂ ਉਨ੍ਹਾਂ ਨੇ ਬਾਹਰ ਦੇਖਿਆ ਤਾਂ ਮਹਾਰਾਜਾ ਹੀਰਾ ਸਿੰਘ ਆਪ ਪਾਲਕੀ ਚੁਕਣ ਵਾਲਿਆਂ ਵਿਚ ਇਕ ਸਨ । ਇਸ ਗੱਲ ਦਾ ਸੋਭਾ ਸਿੰਘ ਦੇ ਮਨ ਤੇ ਬਹੁਤ ਅਸਰ ਹੋਇਆ । ਗੁਰਬਾਣੀ ਦੀ ਮਹੱਤਤਾ ਨੂੰ ਜਾਣ ਕੇ ਉਨ੍ਹਾਂ ਨੇ ਸਿੱਖ ਗੁਰੂਆਂ ਦੇ ਚਿਤਰ ਬਣਾਏ । ਅੰਦਰੇਟੇ ਵਿਚਲੇ ਆਪਣੇ ਘਰ ਦੇ ਇਕ ਕਮਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦਾ ਪ੍ਰਕਾਸ਼ ਕੀਤਾ ਹੋਇਆ ਸੀ । ਉਹ ਅਕਸਰ ਆਪ ਪਾਠ ਕਰਦੇ ਜਾਂ ਘਰ ਦੇ ਕਿਸੇ ਹੋਰ ਮੈਂਬਰ ਤੋਂ ਸੁਣਦੇ ਸਨ ।
1926 ਵਿਚ ਉਹ ਲਾਹੌਰ ਚਲੇ ਗਏ ਅਤੇ ਅਨਾਰਕਲੀ ਬਾਜ਼ਾਰ ਤੇ ਕਾਲਜ ਰੋਡ ਦੇ ਦੋਰਾਹੇ ਲਾਗੇ ਆਪਣਾ ਈਕੋ ਸਕੂਲ ਆਫ਼ ਆਰਟ ਨਾਂ ਦਾ ਸਟੂਡੀਓ ਸਥਾਪਤ ਕੀਤਾ । ਸਟੂਡੀਓ ਦੇ ਹੇਠਾਂ ਇਕ ਫਲ ਵਾਲੇ ਦੀ ਦੁਕਾਨ ਸੀ । ਉਹਨੀਂ ਦਿਨੀਂ ਮਹਿੰਦਰ ਸਿੰਘ ਰੰਧਾਵਾ ਗੌਰਮਿੰਟ ਕਾਲਜ, ਲਾਹੌਰ ਵਿਖੇ ਬਨਸਪਤੀ ਵਿਗਿਆਨ ਦੇ ਵਿਦਿਆਰਥੀ ਸਨ । 1929 ਵਿਚ ਉਹ ਐਮ.ਐਸ-ਸੀ. ਲਈ ਆਪਣਾ ਥੀਸਸ ਲਿਖ ਰਹੇ ਸਨ ਤਾਂ ਉਹ ਸੋਭਾ ਸਿੰਘ ਨੂੰ ਮਿਲੇ ਤੇ ਉਨ੍ਹਾਂ ਦੀ ਮੰਗ ਉਤੇ ਸਰਦਾਰ ਜੀ ਨੇ ਥੀਸਸ ਨਾਲ ਸੰਬੰਧਤ ਜੜੀਆਂ ਬੂਟੀਆਂ ਦੇ ਪੈਨਸਿਲ ਸਕੈੱਚ ਬਣਾਏ । ਰੰਧਾਵਾ ਸਾਹਿਬ ਨੇ ਸਟੂਡੀਓ ਵਿਚ ਕੰਧਾਂ ਉਤੇ ਲਟਕੇ ਪੰਜਾਬੀ ਮੁਟਿਆਰਾਂ ਦੇ ਕੁਝ ਚਿੱਤਰ ਵੀ ਵੇਖੇ । ਸਲਵਾਰ ਕਮੀਜ਼ ਪਾਈ ਤੀਵੀਆਂ ਦੇ ਇਹ ਚਿਤਰ ਵੇਖ ਕੇ ਉਹ ਬਹੁਤ ਪ੍ਰਸੰਨ ਹੋਏ । ਇਕ ਹੋਰ ਨੌਜਵਾਨ, ਜਿਸ ਨੇ ਸਰਦਾਰ ਜੀ ਦੀ ਕਲਾ ਤੋਂ ਪ੍ਰਭਾਵਤ ਹੋ ਕੇ ਉਨ੍ਹਾਂ ਤੋਂ ਚਿਤਰਕਲਾ ਦੀ ਸਿੱਖਿਆ ਲਈ ਸੀ, ਉਹ ਹੈ ਹਰਬੰਸ ਸਿੰਘ । ਆਪ ਪੰਜਾਬ ਹਾਈਕੋਰਟ ਦੇ ਜੱਜ ਵੀ ਰਹੇ । ਇਸੇ ਦੌਰਾਨ ਹੀ ਸਰਦਾਰ ਸੋਭਾ ਸਿੰਘ ਦਾ ਅੰਮ੍ਰਿਤਾ ਪ੍ਰੀਤਮ ਦੇ ਪਿਤਾ ਜੀ ਗਿਆਨੀ ਕਰਤਾਰ ਸਿੰਘ ਹਿਤਕਾਰੀ ਨਾਲ ਮੇਲ ਹੋਇਆ । ਉਨ੍ਹਾਂ ਦੇ ਮਾਸਕ ਪੱਤਰ ਰਣਜੀਤ ਨਗਾਰਾ ਦੇ ਟਾਈਟਲਾਂ ਦੇ ਚਿੱਤਰ ਬਣਾਏ । ਇਥੇ ਉਹ 1929 ਤੱਕ ਰਹੇ ਤੇ ਇਕ ਕਮਰਸ਼ੀਅਲ ਆਰਟਿਸਟ ਵਜੋਂ ਬਹੁਤ ਨਾਮਣਾ ਖੱਟਿਆ ।
ਲਾਹੌਰ ਵਿਚ ਰਹਿੰਦਿਆਂ ਉਨ੍ਹਾਂ ਦਾ ਮਨ ਉਚਾਟ ਹੋ ਗਿਆ ਤੇ 1930 ਵਿਚ ਦਿੱਲੀ ਆ ਗਏ । ਕਨਾਟ ਸਰਕਸ ਵਿਚ ਬੜਾ ਆਲੀਸ਼ਾਨ ਸਟੂਡੀਓ ਬਣਾਇਆ । ਆਪਣੀ ਰਿਹਾਇਸ਼ ਕਰੋਲ ਬਾਗ਼ ਦੇ ਏਰੀਏ ਵਿਚ ਰੱਖੀ । ਆਪ ਨੇ ਪੋਰਟਰੇਟ ਪੇਂਟਿੰਗ ਦਾ ਅਭਿਆਸ ਸ਼ੁਰੂ ‘ ਕੀਤਾ । ਛੇਤੀ ਹੀ ਇਸ ਹੁਨਰ ਵਿਚ ਮੁਹਾਰਤ ਹਾਸਲ ਕਰ ਲਈ । ਫੇਰ ਕੀ ਸੀ ਆਪ ਦੀ ਪ੍ਰਸਿੱਧੀ ਦੂਰ ਦੂਰ ਤੱਕ ਫੈਲ ਗਈ । ਸੰਨ 1933 ਤੋਂ ਭਾਰਤੀ ਰੇਲਵੇ ਲਈ ਅਤੇ ਡਾਕ ਤੇ ਤਾਰ ਵਿਭਾਗ ਲਈ ਪੋਸਟਰ ਬਣਾਉਣੇ ਆਰੰਭ ਕੀਤੇ। ਇਸ ਨਾਲ ਉਨ੍ਹਾਂ ਦੀ ਮਾਲੀ ਹਾਲਤ ਵੀ ਸੁਧਰੀ ਤੇ ਪ੍ਰਸਿੱਧੀ ਵੀ ਹਾਸਲ ਹੋਈ। ਰੇਲਵੇ ਵਿਭਾਗ ਨੇ ਕਈ ਪੋਸਟਰ ਬਣਵਾਏ ਜੋ ਬਹੁਤ ਪ੍ਰਸਿੱਧ ਹੋਏ । ਡਾਕ-ਤਾਰ ਵਿਭਾਗ ਨੇ ਪੋਸਟਰ ਬਣਵਾਏ। ਇਕ ਰੰਗਦਾਰ ਪੋਸਟਰ ਜਿਸ ਵਿਚ ਇਕ ਪੋਸਟਮੈਨ ਵਰਦੀ ਪਾਈ ਲਾਲ ਰੰਗ ਵਾਲੇ ਲੈਟਰ ਬਕਸ ਵਿਚੋਂ ਚਿੱਠੀਆਂ ਕੱਢ ਕੇ ਇਕ ਥੈਲੇ ਵਿਚ ਪਾਉਂਦਾ ਦਿਖਾਇਆ ਗਿਆ ਹੈ । ਇਕ ਲਫ਼ਾਫ਼ਾ ਉਸ ਦੇ ਹੱਥ ਵਿਚ ਫੜਿਆ ਹੋਇਆ ਹੈ ਜਿਸ ਤੇ ਪਤਾ ਇਹ ਲਿਖਿਆ ਹੋਇਆ ਹੈ : ‘ਨਾਨਕ ਸਿੰਘ ਕਵੀਸ਼ਰ, ਗਲੀ ਪੰਜਾਬ ਸਿੰਘ, ਅੰਮ੍ਰਿਤਸਰ’ । ਇਸੇ ਦੌਰਾਨ ਹੀ ਭਾਰਤੀ ਰਿਆਸਤਾਂ ਦੇ ਰਾਜੇ-ਮਹਾਰਾਜਿਆਂ ਦੇ ਕਹਿਣ ਤੇ ਬਹੁਤ ਸਾਰੇ ਚਿਤਰਾਂ ਦੀ ਸਿਰਜਣਾ ਕੀਤੀ । ਕਈ ਚਿਤਰ ਪ੍ਰਦਰਸ਼ਨੀਆਂ ਵਿਚ ਇਨਾਮ ਤੇ ਤਗ਼ਮੇ ਹਾਸਿਲ ਕੀਤੇ ।
1934 ਵਿਚ ਸੋਭਾ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਣਾਈ ਜਿਸ ਵਿਚ ਮਧਕਾਲ ਦੇ ਈਸਾਈ ਆਰਟ ਦੀ ਝਲਕ ਪ੍ਰਤੱਖ ਦਿਖਾਈ ਦਿੰਦੀ ਹੈ । ਬਾਲਕ ਨਾਨਕ ਨੂੰ ਮਾਤਾ ਤ੍ਰਿਪਤਾ ਨੇ ਗੋਦੀ ਵਿਚ ਪਾਇਆ ਹੋਇਆ ਹੈ ਅਤੇ ਉਹ ਘਰ ਪਰਵਾਰ ਦੀਆਂ ਤੀਵੀਆਂ ਵਿਚ ਘਿਰੀ ਹੋਈ ਹੈ । ਬੇਬੇ ਨਾਨਕੀ ਵੀ ਕੋਲ ਖੜ੍ਹੀ ਹੈ । ਪਿਛੋਕੜ ਵਿਚ ਸ਼ਿਵ, ਰਾਮ ਤੇ ਸੀਤਾ ਅਤੇ ਸਰਸਵਤੀ ਰੱਬੀ ਨੂਰ ਵਾਲੇ ਚਿਹਰੇ ਬਾਲਕ ਉਤੇ ਫੁੱਲਾਂ ਦੀ ਵਰਖਾ ਕਰ ਰਹੇ ਹਨ। ਇਹ ਚਿਤਰ ਬੜਾ ਪ੍ਰਸਿੱਧ ਹੋਇਆ । 1935 ਵਿਚ ਲੰਡਨ ਇਲਸਟਰੇਟਿਡ ਨਿਊਜ਼ ਦੇ ਸਾਲਾਨ ਅੰਕ ਵਿਚ ਆਪ ਦੇ ਦੋ ਚਿਤਰ ਪ੍ਰਕਾਸ਼ਤ ਹੋਏ ਜੋ ਬਹੁਤ ਮਕਬੂਲ ਹੋਏ । ਫਾਈਨ ਆਰਟਸ ਗੈਲਰੀ, ਸ਼ਿਮਲਾ ਵਲੋਂ ਸਰਦਾਰ ਜੀ ਦੇ ਬਹੁਤ ਸਾਰੇ ਚਿਤਰਾਂ ਦੀ ਪਹਿਲੀ ਸਫ਼ਲ ਪ੍ਰਦਰਸ਼ਨੀ ਲੱਗੀ ਜੋ ਸਮੂਹ ਸੰਗਤ ਨੂੰ ਪ੍ਰਵਾਨ ਹੋਈ । ਇਸੇ ਸਾਲ ਹੀ ਸੋਹਣੀ ਮਹੀਂਵਾਲ ਦਾ ਚਿਤਰ ਪਹਿਲੀ ਵਾਰ ਪੇਂਟ ਕੀਤਾ ।
“ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ” ਵਾਲੀ ਤਸਵੀਰ 1937 ਵਿਚ ਬਣਾਈ ਸੀ, ਜਿਸ ਵਿਚ ਅਧ ਮੀਟੀਆਂ ਅੱਖਾਂ ਵਾਲੇ ਗੁਰੂ ਸਾਹਿਬ ਨੂੰ ਰਹੱਸਮਈ ਸਮਾਧੀ ਵਿਚ ਦਰਸਾਇਆ ਗਿਆ ਹੈ । ਗੁਰੂ ਨਾਨਕ ਦੇਵ ਜੀ ਦੀਆਂ ਬਹੁਤ ਸਾਰੀਆਂ ਪੇਂਟਿੰਗਜ਼ ਕਲਾਕਾਰ ਨੇ ਬਣਾਈਆਂ ਸਨ। ਉਨ੍ਹਾਂ ਵਿਚੋਂ ਵੱਖ ਵੱਖ ਪੋਜ਼ਾਂ ਵਿਚ ਚਿਤਰੀਆਂ ਤਸਵੀਰਾਂ ਚੰਡੀਗੜ੍ਹ ਮਿਊਜ਼ੀਅਮ ਵਿਚ ਲਗੀਆਂ ਹੋਈਆਂ ਹਨ । ਇਹਨਾਂ ਚਿਤਰਾਂ ਦੀ ਰੂਹਾਨੀ ਤੇ ਇਤਿਹਾਸਕ ਕਦਰ ਨੂੰ ਪਛਾਣਦਿਆਂ ਡਾਕਟਰ ਰੰਧਾਵਾ ਨੇ ਚੰਡੀਗੜ੍ਹ ਮਿਊਜ਼ੀਅਮ ਲਈ ਇਹਨਾਂ ਨੂੰ ਖ਼ਰੀਦ ਲਿਆ ਸੀ । ਦਰਸ਼ਕ ਬੜੇ ਆਦਰ ਸਤਿਕਾਰ ਨਾਲ ਇਹਨਾਂ ਚਿਤਰਾਂ ਨੂੰ ਵੇਖਦੇ ਥੱਕਦੇ ਨਹੀਂ ।
ਨਵੀਂ ਦਿੱਲੀ ਵਿਖੇ ਗੁਰਦਵਾਰਾ ਬੰਗਲਾ ਸਾਹਿਬ ਲਈ ਸੋਭਾ ਸਿੰਘ ਨੇ ਬੀਮਾਰਾਂ ਨੂੰ ਰਾਜ਼ੀ ਕਰ ਰਹੇ ਸ੍ਰੀ ਗੁਰੂ ਹਰਕ੍ਰਿਸ਼ਨ ਦੀ ਤਸਵੀਰ ਬਣਾਈ । ਇਸ ਦੀ ਆਤਮਾ ਪੂਰੀ ਤਰ੍ਹਾਂ ਭਾਰਤੀ ਹੈ । ਗੁਰੂ ਨਾਨਕ ਦੇਵ ਦੀਆਂ ਤਸਵੀਰਾਂ ਵਿਚ ਸ਼ਾਂਤ ਰਸ ਪਰਧਾਨ ਹੈ। ਕਲਾਕਾਰ ਇਹਨਾਂ ਚਿਤਰਾਂ ਰਾਹੀਂ ਦਰਸ਼ਕਾਂ ਦੀ ਸ਼ਾਂਤੀ ਤੇ ਇਕਸੁਰਤਾ ਦੇ ਅਹਿਸਾਸ ਜਗਾਉਣਾ ਚਾਹੁੰਦਾ ਹੈ । ਦਸਵੇਂ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਜੀ ਦੇ ਚਿਤਰਾਂ ਵਿਚ ਵੀਰ ਰਸ ਪਰਧਾਨ ਹੈ ।
ਜੀਵਨ ਦੇ ਪਹਿਲੇ ਦੌਰ ਵਿਚ ਕਲਾਕਾਰ ਸੋਭਾ ਸਿੰਘ ਨੂੰ ਪੰਜਾਬ ਦੀਆਂ ਪਿਆਰ-ਕਥਾਵਾਂ ਨੇ ਖਿਚ ਪਾਈ । 1929 ਵਿਚ ਉਨ੍ਹਾਂ ਨੇ ਸਿੰਧ ਦੇ ਮਾਰੂਥਲ ਵਿਚ ਗੁਆਚੀ ਸੱਸੀ ਨੂੰ ਚਿਤਰਿਆ। ਸਲਵਾਰ ਕਮੀਜ਼ ਪਾਈ ਇਕ ਸੋਹਣੀ ਮੁਟਿਆਰ ਆਪਣੇ ਪ੍ਰੇਮੀ ਦੀ ਭਾਲ ਵਿਚ ਨੱਠੀ ਜਾ ਰਹੀ ਹੈ । ਉਸ ਦੇ ਪ੍ਰੇਮੀ ਪੁੰਨੂ ਨੂੰ ਜ਼ਾਲਮਾਂ ਨੇ ਧੋਖੇ ਨਾਲ ਖੋਹ ਲਿਆ ਸੀ। ਸੱਸੀ ਦੇ ਨਿਰਸੁਆਰਥ ਪਿਆਰ ਨੇ ਪੰਜਾਬ ਤੇ ਸਿੰਧ ਦੇ ਕਵੀਆਂ ਤੇ ਲੋਕਾਂ ਨੂੰ ਪ੍ਰੇਰਿਆ ਹੈ ।
ਸੋਭਾ ਸਿੰਘ ਨੇ ਸੋਹਣੀ ਮਹੀਂਵਾਲ ਦੀ ਤਸਵੀਰ ਬਣਾਈ । ਇਸ ਮੁਟਿਆਰ ਦੇ ਸੱਚੇ ਪਿਆਰ ਅਤੇ ਦੁਖਾਂਤ ਨੇ ਹਿੰਦੁਸਤਾਨ ਦੇ ਲੋਕਾਂ ਦੇ ਦਿਲਾਂ ਨੂੰ ਟੁੰਬਿਆ ਹੈ । ਸੋਭਾ ਸਿੰਘ ਨੇ ਸੋਹਣੀ ਮਹੀਂਵਾਲ ਦੀ ਤਸਵੀਰ ਸਭ ਤੋਂ ਪਹਿਲਾਂ 1935 ਵਿਚ ਬਣਾਈ ਸੀ ਜਿਹੜੀ ਉਨ੍ਹਾਂ ਨੇ ਸ਼ੇਖੂਪੁਰੇ ਆਪਣੇ ਇਕ ਮਿੱਤਰ ਦੇ ਹਵਾਲੇ ਕਰ ਦਿੱਤੀ ਸੀ । ਇਹ ਤਸਵੀਰ ਵੰਡ ਵੇਲੇ ਪਾਕਿਸਤਾਨ ਵਿਚ ਹੀ ਰਹਿ ਗਈ ਸੀ। ਉਹ ਕਿਹਾ ਕਰਦੇ ਸਨ, “ਪਿਆਰ ਕਰਨ ਵਾਲੇ ਲੋਕ ਪਵਿੱਤਰ ਰੂਹਾਂ ਹੁੰਦੀਆਂ ਹਨ ।… ਮਹਿਬੂਬ ਦਾ ਮੋਢਾ ਹੀ ਪਿਆਰ ਕਰਨ ਵਾਲਿਆਂ ਲਈ ਇਕ ਸ਼ਰਣ ਹੁੰਦਾ ਹੈ । ਹਨੇਰੀ ਰਾਤ, ਗਰਜਦੇ ਬੱਦਲ, ਲਿਸ਼ਕਦੀ ਬਿਜਲੀ ਅਤੇ ਅੱਥਰੀ ਹੋਈ ਝਨਾਂ ਨੂੰ ਪਾਰ ਕਰਕੇ ਸੋਹਣੀ ਆਪਣੇ ਪਿਆਰੇ ਮਹੀਂਵਾਲ ਤੱਕ ਪੁੱਜ ਗਈ ਸੀ । ਉਸ ਨੂੰ ਆਪਣੇ ਮਹਿਬੂਬ ਦੇ ਮੋਢੇ ਤੇ ਸਿਰ ਰੱਖ ਕੇ ਜੋ ਸਕੂਨ ਮਿਲਿਆ ਸੀ, ਉਸ ਨੂੰ ਮੈਂ ਆਪਣੇ ਕੈਨਵਸ ਉੱਤੇ ਰੰਗਾਂ ਨਾਲ ਦਰਸਾਉਣ ਦੀ ਕੋਸ਼ਿਸ਼ ਕੀਤੀ । ਇਕ ਪਾਸੇ ਮਿੱਟੀ ਦਾ ਘੜਾ ਜਿਸ ਵਿਚ ਉਸ ਦਾ ਸੋਨੇ ਦਾ ਹਾਰ ਤੇ ਕੁਝ ਸੁੱਕੇ ਕਪੜੇ, ਦੂਜੇ ਪਾਸੇ ਬਲਦੀ ਅੱਗ ਦੇ ਚਾਨਣ ਵਿਚ ਦਰਿਆ ਝਨਾਂ ਦੀਆਂ ਲਹਿਰਾਂ ਤੇ ਦਿਲਾਂ ਵਿਚ ਪਿਆਰ ਦਾ ਵਲਵਲਾ ਸੰਭਾਲੀ ਦੋਹਾਂ ਪ੍ਰੇਮੀਆਂ ਨੂੰ ਆਪਣੇ ਦਿਲ ਦੇ ਲਹੂ ਨਾਲ ਚਿਤਰਿਆ ਹੈ ।” ਕਲਾਕਾਰ ਨੇ 1943 ਵਿਚ ਪ੍ਰੀਤਨਗਰ ਰਹਿੰਦਿਆਂ ਇਹ ਤਸਵੀਰ ਮੁੜ ਬਣਾਈ ਤੇ 1948 ਵਿਚ ਇਹ ਤਸਵੀਰ ਚਿਤਰੀ ਤਾਂ ਇਕ ਗਾਹਕ ਨੂੰ ਵੇਚ ਦਿੱਤੀ । ਫਿਰ ਬਣਾਈ ਤਾਂ ਉਹ ਕਹਿਣ ਲਗੇ, “ਮੈਂ ਫੈਸਲਾ ਕੀਤਾ ਕਿ ਇਹ ਤਸਵੀਰ ਨਹੀਂ ਵੇਚਾਂ ਗਾ ਤੇ ਕਿਸੇ ਵਧੀਆ ਪ੍ਰੈਸ ਤੋਂ ਇਸ ਦੇ ਬਹੁਤ ਵਧੀਆ ਪੋਸਟਰ ਛਪਵਾ ਕੇ ਘਰ ਘਰ ਪਹੁੰਚਾਵਾਂ ਗਾ । ਮੈਂ ਇਹ ਤਸਵੀਰ ਵੇਚਣੀ ਨਹੀਂ ਸੀ ਚਾਹੁੰਦਾ ਕਿਉਂਕਿ ਇਹ ਮੈਨੂੰ ਆਪਣਾ ਆਪਾ ਨਜ਼ਰ ਆਉਂਦੀ ਸੀ (It is not a painting but a person to me) । ਯੁਵਰਾਜ ਕਰਨ ਸਿੰਘ ਨੂੰ ਇਹ ਤਸਵੀਰ ਏਨੀ ਪਸੰਦ ਆਈ ਕਿ ਉਹ ਖਰੀਦਣਾ ਚਾਹੁੰਦੇ ਸਨ । ਮੈਂ ਉਨ੍ਹਾਂ ਨੂੰ ਨਾ ਕਰ ਦਿੱਤੀ । ਉਨ੍ਹਾਂ ਨੇ ਦੋ ਤਿੰਨ ਵਾਰ ਆਪਣਾ ਏ.ਡੀ. ਭੇਜਿਆ । ਫਿਰ ਉਨ੍ਹਾਂ ਦੀ ਪਤਨੀ ਜੋ ਬੜੀ ਰਾਇਲ ਔਰਤ ਸੀ ਤੇ ਮੇਰੀ ਸ਼ਾਗਿਰਦ ਵੀ ਰਹੀ ਹੈ, ਨੇ ਵੀ ਇਹ ਤਸਵੀਰ ਖਰੀਦਣ ਲਈ ਬੜਾ ਜ਼ੋਰ ਪਾਇਆ । ਯੁਵਰਾਜ ਦੀ ਮਾਤਾ ਜੀ ਵੀ ਕਹਿਣ ਲੱਗੀ ਕਿ ਇਹ ਤਸਵੀਰ ਜਰੂਰ ਦੇ ਦਿਉ ਕਿਉਂਕਿ ਮੇਰਾ ਪੁੱਤਰ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਤਸਵੀਰ ਖਰੀਦ ਰਿਹਾ ਹੈ । ਮੈਂ ਕੁਝ ਸ਼ਰਤਾਂ ਰਖੀਆਂ ਜੋ ਉਹਨਾਂ ਨੇ ਮੰਨ ਲਈਆਂ । ਮੈਂ ਕਿਹਾ ਇਸ ਦੇ ਕਾਪੀ ਰਾਈਟਸ ਨਹੀਂ ਦੇਣੇ । ਮੈਂ ਇਸ ਨੂੰ ਛਾਪਾਂ ਗਾ ਤੇ ਛਾਪਣ ਲਈ ਤੁਹਾਡੇ ਕੋਲੋਂ ਕੁਝ ਪੈਸੇ ਕਰਜ਼ੇ ਦੇ ਰੂਪ ਵਿਚ ਵੀ ਲਾਵਾਂ ਗਾ । ਕਹਿਣ ਲੱਗੇ ਕਿ ਓਦਾਂ ਹੀ ਲੈ ਲਓ । ਪ੍ਰਿੰਸ ਤੋਂ ਕਰਜ਼ਾ ਲੈਣਾ ਚੰਗਾ ਨਹੀਂ ਲੱਗਦਾ । ਫਿਰ ਕਹਿਣ ਲੱਗੇ ਕਿ ਮੇਰੀ ਵੀ ਇਕ ਕੰਡੀਸ਼ਨ ਹੈ ਕਿ ਤੁਸੀਂ ਇਸ ਨੂੰ ਜ਼ਰੂਰ ਛਪਾਉ ਪਰ ਮੁੱਲ ਥੋੜ੍ਹਾ ਨਾ ਰੱਖਣਾ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਇਸ ਨੂੰ ਹਰ ਪਾਨ ਬੀੜੀ ਵਾਲਾ ਵੀ ਆਪਣੀ ਦੁਕਾਨ ਤੇ ਲਾਈ ਰੱਖੇ । ਰੱਖੇ ਤਾਂ ਇੱਜ਼ਤ ਨਾਲ ਰੱਖੇ, ਫਰੇਮ ਕਰਾ ਕੇ ਰੱਖੇ ।”
ਇਸ ਤਰ੍ਹਾਂ ਯੁਵਰਾਜ ਕਰਨ ਸਿੰਘ ਜੀ ਨੇ ਤਸਵੀਰ ਖ਼ਰੀਦ ਲਈ, ਪਰ ਇਸ ਨੂੰ ਛਾਪ ਕੇ ਵੇਚਣ ਦਾ ਹੱਕ ਸੋਭਾ ਸਿੰਘ ਨੇ ਆਪਣੇ ਕੋਲ ਰਖਿਆ ਤੇ ਇਕ ਵਧੀਆ ਪ੍ਰੈਸ ਵਕੀਲ ਪ੍ਰੈਸ ਲਿਮਿਟਿਡ ਤੋਂ ਛਪਵਾਈ । ਸੋਹਣੀ ਮਹੀਂਵਾਲ ਦਾ ਇਹ ਪੋਸਟਰ ਲੋਕਾਂ ਨੇ ਏਨਾ ਪਸੰਦ ਕੀਤਾ ਕਿ ਸਾਰਾ ਛੇ ਮਹੀਨਿਆਂ ਵਿਚ ਹੀ ਖ਼ਤਮ ਹੋ ਗਿਆ। ਫਿਰ ਉਨ੍ਹਾਂ ਨੇ ਆਪਣੇ ਇਕ ਸ਼ਾਗਿਰਦ ਰਵਿੰਦਰ ਕੁਮਾਰ, ਜਿਸ ਨੂੰ ਰਵੀ ਕਹਿੰਦੇ ਹਨ ਤੇ ਟਾਈਮਜ਼ ਆਫ਼ ਇੰਡੀਆ ਪ੍ਰੈਸ ਦੇ ਹਫ਼ਤਾਵਾਰੀ ਇਲਸਟ੍ਰੇਟਿਡ ਵੀਕਲੀ ਆਫ਼ ਇੰਡੀਆ ਦਾ ਚਿੱਤਰਕਾਰ ਲਗਿਆ ਹੋਇਆ ਹੈ, ਦੇ ਕਹਿਣ ਤੇ ਟਾਈਮਜ਼ ਆਫ਼ ਇੰਡੀਆ ਪ੍ਰੈਸ ਤੋਂ ਛਪਵਾਈ । ਉਹਨੀਂ ਦਿਨੀਂ ਸਰਦਾਰ ਖੁਸਵੰਤ ਸਿੰਘ ਵੀਕਲੀ ਦੇ ਮੁੱਖ ਸੰਪਾਦਕ ਸਨ । ਉਨ੍ਹਾਂ ਦੀ ਸਹਾਇਤਾ ਵੀ ਸਮੇਂ ਸਮੇਂ ਮਿਲਦੀ ਰਹੀ । ਇਹ ਤਸਵੀਰ ਦੁਨੀਆਂ ਦੇ ਅਨੇਕਾਂ ਕਲਾ ਪ੍ਰੇਮੀਆਂ ਦੇ ਘਰਾਂ ਦਾ ਸ਼ਿੰਗਾਰ ਬਣੀ ਹੋਈ ਹੈ । ਪੰਜਾਬ ਦੇ ਮਧ-ਵਰਗੀ ਘਰਾਂ ਵਿਚ ਵੀ ਵੇਖੀ ਜਾ ਸਕਦੀ ਹੈ। ਸੋਹਣੀ ਦੀ ਲਚਕੀਲੀ ਆਕ੍ਰਿਤੀ ਧੜ ਨਾਲ ਚਿਪਕੇ ਗਿੱਲੇ ਦੁਪੱਟੇ ਸਦਕਾ, ਉਸ ਦੀ ਸਰੀਰਕ ਸੁੰਦਰਤਾ ਨੂੰ ਪ੍ਰਗਟਾਉਂਦੀ ਹੈ । ਇਹ ਇਸਤਰੀ ਦੇ ਸੌਂਦਰਯ ਦੀ ਖੇੜੇ-ਭਰੀ ਤੇ ਸੁਹਾਵਣੀ ਪੇਸ਼ਕਾਰੀ ਹੈ । ਇਸ ਤਸਵੀਰ ਦੀਆਂ ਅਨੇਕਾਂ ਐਡੀਸ਼ਨਾਂ ਛਪੀਆਂ ਤੇ ਦੇਸ਼ ਵਿਦੇਸ਼ ਵਿਚ ਵਿਕੀਆਂ ਹਨ।
ਯੁਵਰਾਜ ਕਰਨ ਸਿੰਘ ਦਾ ਸਾਰਾ ਪਰਵਾਰ ਹੀ ਸੋਭਾ ਸਿੰਘ ਦੀ ਕਲਾ ਦਾ ਦੀਵਾਨਾ ਸੀ । ਸੋਭਾ
ਸਿੰਘ ਨੇ ਰਾਜ ਮਾਤਾ ਤਾਰਾ ਦੇਵੀ ਦਾ ਇਕ ਬਹੁਤ ਖੂਬਸੂਰਤ ਚਿੱਤਰ ਬਣਾਇਆ ਸੀ । ਯੁਵਰਾਣੀ ਤਾਂ ਉਨ੍ਹਾਂ ਤੋਂ ਚਿਤਰਕਾਰੀ ਵੀ ਸਿੱਖਦੀ ਰਹੀ ਸੀ । ਉਹ ਸਰਦਾਰ ਜੀ ਦੀ ਸੇਵਾ ਤੇ ਮਾਣ ਉਸੇ ਤਰ੍ਹਾਂ ਕਰਦੀ ਜਿਵੇਂ ਉਨ੍ਹਾਂ ਦੇ ਹੋਰ ਸ਼ਾਗਿਰਦ ਕਰਦੇ ਸਨ । ਕਿਸੇ ਵੇਲੇ ਤਾਂ ਰਸੋਈ ਵਿਚ ਜਾ ਕੇ ਰੋਟੀ ਵੀ ਆਪ ਪਕਾ ਕੇ ਲਿਆਉਂਦੀ ਸੀ । ਯੁਵਰਾਜ ਕਰਨ ਸਿੰਘ ਨੇ ਆਪਣੇ ਅਜਾਇਬ ਘਰ ਅਮਰ ਪੈਲੇਸ ਲਈ ਬਹੁਤ ਸਾਰੇ ਪੋਰਟ੍ਰੇਟ ਸਰਦਾਰ ਜੀ ਤੋਂ ਤਿਆਰ ਕਰਵਾਏ ।
1942 ਵਿਚ ਸੋਭਾ ਸਿੰਘ ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਦੇ ਸੱਦੇ ਤੇ ਅਤੇ ਆਪਣੇ ਜਿਗਰੀ ਦੋਸਤ ਨਾਨਕ ਸਿੰਘ ਨਾਵਲਿਸਟ ਦੇ ਜ਼ੋਰ ਪਾਉਣ ਤੇ ਪ੍ਰੀਤ ਨਗਰ ਚਲੇ ਗਏ । ਇਥੇ ਸੋਹਣੀ ਮਹੀਂਵਾਲ ਵਾਲੀ ਤਸਵੀਰ ਫਿਰ ਚਿਤਰੀ । ਗੁਰੂ ਸਾਹਿਬਾਨ ਦੇ ਕੁਝ ਉੱਘੇ ਚਿਤਰ ਵੀ ਇਥੇ ਹੀ ਸਿਰਜੇ ਸਨ । 1943 ਵਿਚ ਪ੍ਰੀਤ ਨਗਰ ਤੋਂ ਪ੍ਰੀਤ ਸੈਨਿਕਾਂ ਦੀ ਇਕ ਟੋਲੀ ਸਰਦਾਰ ਗੁਰਬਖਸ਼ ਸਿੰਘ ਦੀ ਅਗਵਾਈ ਹੇਠ ਅੰਦਰੇਟੇ ਗਈ । ਉਥੇ ਉਨ੍ਹਾਂ ਨੇ ਕਈ ਦਿਨ ਰੁਕਣਾ ਸੀ । ਸ੍ਰੀਮਤੀ ਨੋਰ੍ਹਾ ਰਿਚਰਡਜ਼ ਦੀ ਵੁਡਲੈਂਡ ਇਸਟੇਟ ਵਿਚ ਠਹਿਰਨਾ ਸੀ ਪਰ ਅਚਾਨਕ ਹੀ ਸਰਦਾਰ ਗੁਰਬਖਸ਼ ਸਿੰਘ ਦੀ ਜਾੜ੍ਹ ਦਰਦ ਕਰਨ ਲਗ ਪਈ ਸੀ । ਦੂਜੇ ਪਾਸੇ ਸ੍ਰੀਮਤੀ ਨੋਰ੍ਹਾ ਰਿਚਰਡਜ਼ ਵੀ ਪਾਲਮਪੁਰ ਹਸਪਤਾਲ ਵਿਚ ਖੂਨ ਦਾ ਦੌਰਾ ਵੱਧ ਜਾਣ ਕਾਰਨ ਦਾਖਿਲ ਸਨ । ਭਾਵੇਂ ਉਨ੍ਹਾਂ ਦਾ ਸਰਦਾਰ ਜੀ ਨੂੰ ਸੁਨੇਹਾ ਪਹੁੰਚ ਗਿਆ ਸੀ ਕਿ ਬਿਨਾਂ ਕਿਸੇ ਝਿਜਕ ਦੇ ਮੇਰੇ ਘਰ ਵਿਚ ਰਹੋ ਤੇ ਮੇਰੇ ਨੌਕਰ ਤੁਹਾਡੀ ਸੇਵਾ ਵਿਚ ਹਾਜ਼ਰ ਹੋਣਗੇ ।
ਇਥੇ ਕੁਝ ਦਿਨ ਰਹਿਣ ਕਰਕੇ ਸਰਦਾਰ ਸੋਭਾ ਸਿੰਘ ਨੂੰ ਇਹ ਇਕਾਂਤ ਤੇ ਸਾਫ਼ ਸੁਥਰੀ ਥਾਂ ਬਹੁਤ ਪਸੰਦ ਆ ਗਈ ਸੀ । ਤੇ ਉਨ੍ਹਾਂ ਨੇ ਉਸੇ ਵੇਲੇ ਉਥੇ ਇਕ ਘਰ ਬਣਾ ਕੇ ਰਹਿਣ ਦਾ ਮਨ ਬਣਾ ਲਿਆ । ਪ੍ਰੀਤ ਨਗਰ ਪਹੁੰਚ ਕੇ ਉਨ੍ਹਾਂ ਨੇ ਆਪਣੀ ਪਤਨੀ ਬੀਬੀ ਇੰਦਰ ਕੌਰ ਨੂੰ ਆਪਣੇ ਫੈਸਲੇ ਬਾਰੇ ਦੱਸ ਦਿੱਤਾ । ਬੀਬੀ ਇੰਦਰ ਕੌਰ ਪਹਿਲਾਂ ਹੀ ਉਥੇ ਰਹਿ ਕੇ ਖੁਸ਼ ਨਹੀਂ ਸਨ ਸਗੋਂ ਉਹ ਤਾਂ ਦਿੱਲੀ ਰਹਿਣ ਲਈ ਬਜ਼ਿੱਦ ਸਨ ਕਿਉਂਕਿ ਉਨ੍ਹਾਂ ਦੀਆਂ ਦੋ ਭੈਣਾਂ ਦੇ ਪਰਵਾਰ ਵੀ ਉਥੇ ਰਹਿੰਦੇ ਸਨ । ਸਰਦਾਰ ਜੀ ਨੇ ਅੰਦਰੇਟੇ ਰਹਿਣ ਦਾ ਪੱਕਾ ਫੈਸਲਾ ਕਰ ਲਿਆ ਸੀ । ਇਸ ਤੇ ਬੀਬੀ ਇੰਦਰ ਕੌਰ ਨਰਾਜ਼ ਹੋ ਗਏ ਤੇ ਸਰਦਾਰ ਜੀ ਨਾਲ ਬੋਲ-ਚਾਲ ਬੰਦ ਕਰ ਦਿੱਤੀ ਸੀ ਜਿਹੜੀ ਕਈ ਦਿਨ ਚਲਦੀ ਰਹੀ । ਸੋਭਾ ਸਿੰਘ ਹੋਰਾਂ ਦਾ ਮਨ ਵੀ ਉਥੇ ਰਹਿਣ ਤੋਂ ਉਚਾਟ ਹੋ ਗਿਆ । ਏਨੇ ਨੂੰ ਸਰਦਾਰ ਗੁਰਬਖ਼ਸ਼ ਸਿੰਘ ਨਾਲ ਉਨ੍ਹਾਂ ਦੀ ਕਿਸੇ ਗੱਲੋਂ ਅਣਬਣ ਹੋ ਗਈ ਤੇ 1945 ਵਿਚ ਪ੍ਰੀਤ ਨਗਰ ਛੱਡ ਕੇ ਸ਼ਿਮਲੇ ਚਲੇ ਗਏ । ਉਥੇ ਅੱਠ ਮਹੀਨੇ ਲਈ ਭਾਰਤੀ ਫ਼ੌਜ ਦੇ ਸੰਚਾਰ ਦਫ਼ਤਰ ਵਿਚ ਮੁਖ ਚਿਤਰਕਾਰ ਵਜੋਂ ਕੰਮ ਕੀਤਾ । ਦੂਜਾ ਸੰਸਾਰ ਯੁੱਧ ਸਮਾਪਤ ਹੋ ਗਿਆ ਸੀ । ਇਸ ਲਈ ਭਾਰਤੀ ਫ਼ੌਜ ਨੇ ਇਸ ਵਿੰਗ ਨੂੰ ਬੰਦ ਕਰ ਦਿੱਤਾ । ਇਸ ਦੇ ਨਾਲ ਹੀ ਸਰਦਾਰ ਜੀ ਵੀ ਵਿਹਲੇ ਹੋ ਗਏ ਸਨ ਤੇ ਉਹ ਲਾਹੌਰ ਚਲੇ ਗਏ । ਉਥੇ ਸਰਕੂਲਰ ਰੋਡ ਉੱਤੇ ਮਹਿਤਾ ਆਰਟ ਪ੍ਰੈਸ ਦੀ ਤੀਜੀ ਤੇ ਚੌਥੀ ਮੰਜ਼ਿਲ ਤੇ ਆਪਣਾ ਸਟੂਡੀਓ ਸਥਾਪਤ ਕੀਤਾ । ਇਸੇ ਦੌਰਾਨ ਬੁੱਤ ਤਰਾਸ਼ ਨਾਂ ਦੀ ਫ਼ਿਲਮ ਦਾ ਆਰਟ ਡਾਇਰੈਕਸ਼ਨ ਕੀਤਾ । ਪ੍ਰਸਿੱਧ ਕਲਾਕਾਰ ਪ੍ਰਿਥਵੀ ਰਾਜ ਕਪੂਰ ਨਾਲ ਸੋਭਾ ਸਿੰਘ ਦਾ ਮੇਲ ਇਥੇ ਹੀ ਹੋਇਆ । ਇਸ ਤਰ੍ਹਾਂ ਇਕ ਮਹਾਨ ਫ਼ਿਲਮੀ ਹਸਤੀ ਤੇ ਚੰਗੇ ਇਨਸਾਨ ਨਾਲ ਦੋਸਤੀ ਹੋਈ।
ਅਗਸਤ 1947 ਵਿਚ ਸੋਭਾ ਸਿੰਘ ਲਾਹੌਰ ਤੋਂ ਦਿੱਲੀ ਆ ਗਏ । ਉਹਨਾਂ ਨੂੰ ਆਪਣੇ 100 ਤੋਂ ਵੱਧ ਚਿਤਰ ਤੇ ਘਰ ਦਾ ਸਾਰਾ ਸਾਮਾਨ ਲਾਹੌਰ ਹੀ ਛਡ ਕੇ ਖਾਲੀ ਹੱਥ ਦਿੱਲੀ ਆਉਣਾ ਪਿਆ ਸੀ । ਉਹ ਆਪਣੇ ਇਕ ਸ਼ਾਗਿਰਦ ਨਾਲ ਕਾਂਗੜਾ ਵਾਦੀ ਵਿਚ ਅੰਦਰੇਟੇ ਪਹੁੰਚੇ । ਮੁਹਲੇਧਾਰ ਮੀਂਹ ਵਰ੍ਹੇ ਰਿਹਾ ਸੀ । ਠੰਢ ਅੰਤਾਂ ਦੀ ਸੀ ਤੇ ਕਿਸੇ ਨੇ ਉਨ੍ਹਾਂ ਨੂੰ ਆਸਰਾ ਨਾ ਦਿੱਤਾ । ਉਨ੍ਹਾਂ ਨੇ ਇਕ ਦੁਕਾਨ ਦੇ ਬਾਹਰਲੇ ਫੱਟੇ ਉਤੇ ਆਪਣੇ ਬਿਸਤਰੇ ਲਾਏ । ਕਹਿਣ ਲਗੇ, “ਗੋਪਾਲ, ਇਥੇ ਬਿਸਤਰੇ ਲਾਉਂਦੇ ਹਾਂ,
ਦੇਖਦੇ ਹਾਂ ਕੌਣ ਸਾਨੂੰ ਰੋਕਦਾ ਹੈ ।” ਇਕ ਦੁਕਾਨਦਾਰ ਨੇ ਉਹਨਾਂ ਦੀ ਇਹ ਹਾਲਤ ਵੇਖੀ ਤਾਂ ਆਪਣੇ ਇੱਕ ਸ਼ੈੱਡ, ਜਿਹੜਾ ਉਹ ਚਾਹ ਦੀ ਪੱਤੀ ਸਾਂਭਣ ਲਈ ਵਰਤਦਾ ਸੀ, ਵਿਚ ਰਾਤ ਕੱਟਣ ਦੀ ਆਗਿਆ ਦੇ ਦਿੱਤੀ । ਕਾਂਗੜਾ ਵਾਦੀ ਵਿਚ ਉਨ੍ਹਾਂ ਦਾ ਸਵਾਗਤ ਅਸਲੋਂ ਹੀ ਠੰਢਾ ਸੀ । ਸ੍ਰੀਮਤੀ ਨੋਰ੍ਹਾ ਰਿਚਰਡਜ਼ ਤੋਂ ਕਿਰਾਏ ‘ਤੇ ਲਏ ਇਕ ਕਮਰੇ ਵਿਚ ਅੱਠ ਮਹੀਨੇ ਬਿਤਾਉਣ ਪਿਛੋਂ ਸੋਭਾ ਸਿੰਘ ਨੇ ਉਥੇ ਆਪਣਾ ਇਕ ਘਰ ਬਣਾਉਣ ਦਾ ਮਨ ਬਣਾਇਆ, ਅਤੇ ਇਸ ਮਤਲਬ ਲਈ ਦੋ ਕਨਾਲ ਜ਼ਮੀਨ ਖ਼ਰੀਦੀ । ਘਰ ਬਣਾਉਣ ਲਈ ਪੈਸਾ ਚਾਹੀਦਾ ਸੀ ਤੇ ਉਨ੍ਹਾਂ ਨੇ ਪੈਸਾ ਕਮਾਉਣ ਲਈ ਸ਼ਿਮਲੇ ਤੇ ਬੰਬਈ ਵੱਲ ਮੂੰਹ ਕੀਤਾ ।
ਅਕਤੂਬਰ 1947 ਵਿਚ ਉਹ ਦਿੱਲੀ ਚਲੇ ਗਏ ਜਿਥੇ ਪਾਕਿਸਤਾਨੋਂ ਆਏ ਸ਼ਰਨਾਰਥੀਆਂ ਦੇ ਟੋਲੇ ਪਹੁੰਚ ਰਹੇ ਸਨ । ਇਥੇ ਉਹਨਾਂ ਨੂੰ ਕਮਾਈ ਦਾ ਕੋਈ ਵਸੀਲਾ ਨਾ ਦਿਸਿਆ । ਇਸ ਲਈ ਉਹ ਉਥੇ ਟਿਕਣ ਲਈ ਦੁਚਿੱਤੀ ਵਿਚ ਪੈ ਗਏ ਭਾਵੇਂ ਡਾ. ਰੰਧਾਵਾ ਦੇ ਸਹਿਯੋਗ ਨਾਲ ਕੁਝ ਪੋਸਟਰ ਆਦਿ ਬਣਾਉਣ ਦਾ ਕੰਮ ਉਨ੍ਹਾਂ ਨੂੰ ਮਿਲਦਾ ਰਿਹਾ ਸੀ । ਫੇਰ ਉਹ ਬੰਬਈ ਚਲੇ ਗਏ । ਦਸੰਬਰ 1948 ਵਿਚ, ਰੰਧਾਵਾ ਸਾਹਿਬ ਦਿੱਲੀਉਂ ਤਬਦੀਲ ਹੋ ਕੇ ਪੰਜਾਬ ਦੇ ਡਿਵੈਲਪਮੈਂਟ ਕਮਿਸ਼ਨਰ ਲਗ ਕੇ ਅੰਬਾਲੇ ਆ ਗਏ ਤੇ ਉਨ੍ਹਾਂ ਨੇ ਕੁੰਭਕਾਰ ਗੁਰਚਰਨ ਸਿੰਘ ਰਾਹੀਂ ਸੁਨੇਹਾ ਭੇਜ ਕੇ ਸਰਦਾਰ ਸੋਭਾ ਸਿੰਘ ਨੂੰ ਆਪਣੇ ਕੋਲ ਬੁਲਾਇਆ । ਉਹ ਅੰਬਾਲੇ ਆ ਗਏ ਤੇ ਡਾ. ਰੰਧਵਾ ਦੇ ਘਰ ਕੁਝ ਚਿਰ ਟਿਕੇ ਤੇ ਨੁਮਾਇਸ਼ ਲਾਉਣ ਜੋਗੇ ਚਿਤਰ ਤਿਆਰ ਕੀਤੇ। ਰੰਧਾਵਾ ਸਾਹਿਬ ਇਕ ਥਾਂ ਲਿਖਦੇ ਹਨ, “ਇਸ ਦੌਰ ਵਿਚ ਮੈਂ ਉਨ੍ਹਾਂ ਨੂੰ ਇਕ ਦਿਨ ਚੀਕਣੀ ਮਿੱਟੀ ਗੁੰਨ੍ਹਦਿਆਂ ਵੇਖਿਆ। ਮੇਰੇ ਪੁਛਣ ‘ਤੇ ਕਿ ਕੀ ਬਣਾ ਰਹੇ ਹੋ, ਉਨ੍ਹਾਂ ਨੇ ਦਸਿਆ ਕਿ ਉਹ ਮੇਰਾ ਬਸਟ (ਅੱਧਾ ਬੁੱਤ) ਬਣਾਉਣਾ ਚਾਹੁੰਦੇ ਹਨ । ਮੈਨੂੰ ਹੈਰਾਨੀ ਹੋਈ । ਇਹ ਤਾਂ ਮੈਂ ਜਾਣਦਾ ਸਾਂ ਕਿ ਉਹ ਚਿਤਰਕਾਰ ਹਨ, ਪਰ ਇਹ ਨਹੀਂ ਸੀ ਮਲੂਮ ਕਿ ਉਹ ਮੂਰਤੀਕਾਰ ਵੀ ਹਨ । ਮੈਂ ਕੁਝ ਬੈਠਕਾਂ (ਸਿਟਿੰਗਜ਼) ਉਨ੍ਹਾਂ ਨੂੰ ਦਿੱਤੀਆਂ ਅਤੇ ਹਫ਼ਤੇ ਕੁ ਪਿਛੋਂ ਉਨ੍ਹਾਂ ਨੇ ਮੈਨੂੰ ਮੇਰਾ ਬਸਟ ਲਿਆ ਭੇਟ ਕੀਤਾ । ਵੇਖਣ ਵਾਲਿਆਂ ਅਨੁਸਾਰ ਇਹ ਬਹੁਤ ਸੋਹਣੀ ਹੂ ਬ ਹੂ ਮੇਰੀ ਮੂਰਤੀ ਹੈ । ਇਹ ਮੂਰਤੀ ਕਾਂਸੀ ਵਿਚ ਢਾਲੀ ਗਈ ਤੇ ਹੁਣ ਇਹ ਚੰਡੀਗੜ੍ਹ ਮਿਊਜ਼ੀਅਮ ਦੀ ਲਾਇਬ੍ਰੇਰੀ ਵਿਚ ਲੱਗੀ ਹੋਈ ਹੈ ।”
ਰੰਧਾਵਾ ਸਾਹਿਬ ਨੇ ਸਰਹਿੰਦ ਕਲੱਬ, ਅੰਬਾਲਾ ਛਾਉਣੀ ਵਿਚ ਸੋਭਾ ਸਿੰਘ ਦੇ ਚਿਤਰਾਂ ਦੀ ਪ੍ਰਦਰਸ਼ਨੀ ਦਾ ਪ੍ਰਬੰਧ ਕੀਤਾ । ਇੰਡੀਅਨ ਏਅਰਫੋਰਸ ਦੇ ਅਫ਼ਸਰਾਂ ਨੇ ਉਨ੍ਹਾਂ ਦੇ ਕਈ ਚਿਤਰ ਖਰੀਦੇ । ਇਥੇ ਹੀ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਵੀ ਬਣਾਈ ਜੋ ਅੰਬਾਲੇ ਸ਼ਹਿਰ ਵਿਚ ਕਾਇਮ ਕੀਤੀ ਗਈ ਲਾਇਬ੍ਰੇਰੀ ਲਈ ਖਰੀਦੀ ਗਈ । ਆਪਣੇ ਚਿਤਰਾਂ ਦੀ ਵਿਕਰੀ ਤੋਂ ਪ੍ਰਾਪਤ ਪੈਸੇ ਨਾਲ ਸੋਭਾ ਸਿੰਘ ਨੇ ਅੰਦਰੇਟੇ ਵਿਖੇ ਆਪਣਾ ਘਰ ਬਣਾਇਆ। ਇਸ ਕਲਾ ਮੰਦਰ ਦੇ ਉੱਤਰ ਵਿਚ ਬਰਫ਼-ਕੱਜੀਆਂ ਧੌਲਾਧਾਰ ਦੀਆਂ ਪਹਾੜੀਆਂ ਹਨ ਅਤੇ ਹੇਠਾਂ ਕਰ ਕੇ ਝੋਨੇ ਦੀਆਂ ਸਾਵੀਆਂ ਪੈਲੀਆਂ । ਇਹ ਕਲਾਮਈ ਘਰ 1949 ਵਿਚ ਮੁਕੰਮਲ ਹੋਇਆ। ਇਹ ਉਨ੍ਹਾਂ ਦੇ ਦਿਲ ਦੀ ਰੀਝ ਦੀ ਪੂਰਤੀ ਸੀ । ਇਥੇ ਹੀ ਉਨ੍ਹਾਂ ਦਾ ਸਟੂਡੀਓ ਸੀ । ਜਿਥੇ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਕਈ ਚਿਤਰ, ਗੁਰੂ ਅਮਰ ਦਾਸ ਜੀ ਦਾ ਚਿਤਰ, ਗੁਰੂ ਅਰਜਨ ਦੇਵ ਜੀ ਦਾ ਚਿਤਰ, ਗੁਰੂ ਹਰਗੋਬਿੰਦ ਸਾਹਿਬ ਦੇ ਕਈ ਚਿਤਰ, ਗੁਰੂ ਤੇਗ ਬਹਾਦਰ ਜੀ ਦਾ ਚਿਤਰ, ਗੁਰੂ ਗੋਬਿੰਦ ਸਿੰਘ ਜੀ ਦੇ ਕਈ ਚਿਤਰ, ਸ੍ਰੀ ਰਾਮ, ਸ੍ਰੀ ਕ੍ਰਿਸ਼ਨ, ਈਸਾ ਮਸੀਹ, ਸ਼ੇਖ ਫ਼ਰੀਦ ਦੇ ਚਿਤਰ ਬਣਾਏ । ਬਹੁਤ ਸਾਰੇ ਧਰਤ ਦ੍ਰਿਸ਼ ਚਿਤਰੇ । ਕਈ ਉਘੇ ਭਾਰਤੀ ਨੇਤਾਵਾਂ ਦੇ ਪੋਰਟ੍ਰੇਟ, ਆਪਣੀ ਪਤਨੀ ਤੇ ਨੋਰ੍ਹਾ ਰਿਚਰਡਜ਼ ਦੇ ਪੋਰਟ੍ਰੇਟ ਚਿਤਰੇ । ਕਾਂਗੜਾ ਬਰਾਈਡ ਆਦਿ ਬਹੁਤ ਸਾਰੀਆਂ ਪੇਂਟਿੰਗਜ਼ ਕੀਤੀਆਂ।
ਸੋਭਾ ਸਿੰਘ ਕਾਂਗੜਾ ਸਕੂਲ ਦੀਆਂ ਤਸਵੀਰਾਂ ਤੋਂ ਪ੍ਰੇਰਿਤ ਸਨ ਜਿਨ੍ਹਾਂ ਵਿਚ ਮਨ-ਮੋਹਣੀਆਂ ਤੀਵੀਆਂ ਚਿਤਰੀਆਂ ਹੋਈਆਂ ਹਨ। ਉਨ੍ਹਾਂ ਨੇ ਤੇਲ ਦੇ ਰੰਗ ਵਰਤੇ ਹਨ, ਪਰ ਇਹਨਾਂ ਦੀ ਵਰਤੋਂ ਨਾਲ ਵੀ ਉਹ ਕਾਂਗੜਾ ਸ਼ੈਲੀ ਦੀ ਨਫ਼ਾਸਤ ਤੇ ਸੂਖਮਤਾ ਨੂੰ ਦਰਸਾਉਣ ਵਿਚ ਸਫਲ ਹੋਏ ਹਨ। ਪਾਲਕੀ ਵਿਚ ਬੈਠੀ ਲਾੜੀ ਅਤੇ ਆਪਣੇ ਸੱਜੇ ਪਾਸੇ ਬੈਂਤ ਦੀਆਂ ਦੋ ਟੋਕਰੀਆਂ ਰਖੀ ਫ਼ਰਸ਼ ਉੱਤੇ ਬੈਠੀ ਕਾਂਗੜਾ ਬਰਾਈਡ ਵਿਚ ਉਹ ਸੁੰਦਰਤਾ ਚਿਤਰੀ ਮਿਲਦੀ ਹੈ ਜੋ ਕਾਂਗੜਾ ਲਘੂ-ਚਿੱਤਰ ਕਲਾ ਦਾ ਖਾਸ ਗੁਣ ਹੈ । ਕਾਂਗੜਾ ਸਕੂਲ ਦੀਆਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਵੀ ਦੇਖਣ ਯੋਗ ਹਨ।
ਅੰਦਰੇਟਾ ਵਿਖੇ ਸੋਭਾ ਸਿੰਘ ਦੇ ਘਰ ਨੇ ਆਰਟ ਸੈਂਟਰ ਦਾ ਰੂਪ ਧਾਰਨ ਕਰ ਲਿਆ ਹੋਇਆ ਹੈ। ਅਨੇਕਾਂ ਦਰਸ਼ਕ ਤੇ ਪ੍ਰਸ਼ੰਸਕ ਕਲਾਕਾਰ ਦੇ ਆਰਟ ਸੈਲਰੀ ਵਿਚ ਲਗੇ ਚਿਤਰ ਦੇਖਣ ਆਉਂਦੇ ਹਨ। ਸਥਾਨਕ ਪਹਾੜੀ ਮਰਦ ਇਸਤਰੀਆਂ ਵੀ ਗੇੜਾ ਲਾਉਂਦੇ ਹਨ। ਹੋਰਨਾਂ ਬਹੁਤ ਸਾਰੇ ਚਿਤਰਾਂ ਤੋਂ ਬਿਨਾਂ ਇਹਨਾਂ ਵਿਚ ਸ੍ਰੀ ਰਾਮ, ਸ੍ਰੀ ਕ੍ਰਿਸ਼ਨ, ਸ਼ੇਖ਼ ਫ਼ਰੀਦ ਤੇ ਹਜ਼ਰਤ ਈਸਾ ਦੇ ਚਿਤਰ ਵੀ ਰਖੇ ਗਏ। ਹਨ। ਭਗਤ ਰਵੀਦਾਸ ਦਾ ਅਧੂਰਾ ਚਿਤਰ ਈਜ਼ਲ ਤੇ ਪਿਆ ਹੈ । ਦੇਖਣ ਵਾਲੇ ਇਸ ਚਿੱਤਰ ਨੂੰ ਵੀ ਬੜੇ ਧਿਆਨ ਨਾਲ ਵਾਚਦੇ ਹਨ ।
ਪੰਜਾਬੀ ਲੋਕ ਸੋਭਾ ਸਿੰਘ ਹੁਰਾਂ ਨੂੰ ਇਕ ਲੋਕ-ਕਲਾਕਾਰ ਵਜੋਂ ਸਤਿਕਾਰਦੇ ਹਨ । ਸਾਰੇ ਸੰਸਾਰ ਦੇ ਪੰਜਾਬੀ ਹੀ ਨਹੀਂ ਸਗੋਂ ਹੋਰ ਬੁੱਧੀਜੀਵੀ ਲੋਕ ਉਨ੍ਹਾਂ ਦੀ ਕਦਰ ਕਰਦੇ ਹਨ । ਦਸੰਬਰ 1956 ਨੂੰ ਨਵੀਂ ਦਿੱਲੀ ਵਿਚ ਐਫਰੋ-ਏਸ਼ੀਅਨ ਰਾਈਟਰਜ਼ ਕਾਨਫਰੰਸ ਵੇਲੇ ਵਿਦੇਸ਼ੀ ਲੇਖਕਾਂ ਨੇ ਸਰਦਾਰ ਸੋਭਾ ਸਿੰਘ ਜੀ ਦੀ ਪੇਂਟਿੰਗ ਸੋਹਣੀ ਮਹੀਂਵਾਲ ਦੀ ਬਹੁਤ ਪ੍ਰਸ਼ੰਸਾ ਕੀਤੀ ਸੀ ਤੇ ਉਹ ਉਸ ਦੇ ਪ੍ਰਿੰਟ ਖਰੀਦ ਕੇ ਲੈ ਗਏ ਸਨ । ਲੋਕਾਂ ਦੇ ਦਿਲਾਂ ਵਿਚ ਵਸੇ ਇਸ ਕਲਾਕਾਰ ਦੇ ਸਤਿਕਾਰ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 1970 ਵਿਚ ਉਨ੍ਹਾਂ ਨੂੰ ਫੈਲੋਸ਼ਿਪ ਪ੍ਰਦਾਨ ਕੀਤੀ ਸੀ । ਪੰਜਾਬ ਸਰਕਾਰ ਨੇ ਆਪ ਨੂੰ ਜੂਨ 1972 ਵਿਚ ਬਿਊਟੀਫੀਕੇਸ਼ਨ ਆਫ਼ ਪੰਜਾਬ ਕਮੇਟੀ ਦੇ ਮੈਂਬਰ ਬਣਾਇਆ । ਦਸੰਬਰ 1972 ਵਿਚ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਸ਼ਿਮਲਾ ਦੀ ਕੋਰਟ ਦੇ ਮੈਂਬਰ ਬਣੇ । ਸਤੰਬਰ 1973 ਵਿਚ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਸ੍ਰੀ ਆਈ. ਕੇ. ਗੁਜਰਾਲ ਦੀ ਪਹਿਲ ਕਦਮੀ ਉਤੇ ਉਨ੍ਹਾਂ ਬਾਰੇ ਲੋਕਾਂ ਦਾ ਚਿਤਰਕਾਰ ਨਾਂ ਦੀ ਇਕ ਡਾਕੂਮੈਂਟਰੀ ਫ਼ਿਲਮ ਤਿਆਰ ਕੀਤੀ ਗਈ । ਇਹ ਫ਼ਿਲਮ ਲਗਪਗ ਸਾਰੀਆਂ ਭਾਰਤੀ ਭਾਸ਼ਾਵਾਂ ਵਿਚ ਡਬ ਕੀਤੀ ਗਈ ਸੀ । 1974 ਵਿਚ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਰਾਜ ਕਲਾਕਾਰ ਵਜੋਂ ਨਿਵਾਜਿਆ। ਯੁਵਰਾਜ ਕਰਨ ਸਿੰਘ ਦੇ ਯਤਨਾਂ ਨਾਲ ਆਪ ਦੇ 75ਵੇਂ ਜਨਮ ਦਿਨ 29 ਨਵੰਬਰ 1976 ਨੂੰ ਨਵੀਂ ਦਿੱਲੀ ਵਿਖੇ ਆਰਟ ਐਂਡ ਕਰਾਫ਼ਟ ਸੁਸਾਇਟੀ ਵਿਚ ਆਪ ਦੇ ਚਿੱਤਰਾਂ ਦੀ ਪ੍ਰਦਰਸ਼ਨੀ ਲਗੀ ਜੋ ਬਹੁਤ ਸਫਲ ਰਹੀ। ਇਹ ਪ੍ਰਦਰਸ਼ਨੀ ਦੇਖਣ ਲਈ ਨਾ ਸਿਰਫ ਰਾਜਸੀ ਆਗੂ, ਬੁੱਧੀਜੀਵੀ ਅਤੇ ਆਮ ਲੋਕ ਹੀ ਆਏ ਸਗੋਂ ਬਾਹਰਲੇ ਮੁਲਕਾਂ ਦੇ ਡਿਪਲੋਮੈਟ ਵੀ ਆਏ ਸਨ । 1982 ਵਿਚ ਪੰਜਾਬ ਆਰਟਸ ਕੌਂਸਲ ਨੇ ਆਪਣਾ ਸਰਵਉੱਚ ਇਨਾਮ ਉਨ੍ਹਾਂ ਨੂੰ ਪ੍ਰਦਾਨ ਕੀਤਾ । 1983 ਵਿਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਸ਼੍ਰੀ ਦੀ ਉਪਾਧੀ ਦਿੱਤੀ। 1984 ਵਿਚ ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ, ਲੰਡਨ ਨੇ ਸਰਦਾਰ ਸੋਭਾ ਸਿੰਘ ਤੇ ਡਾਕੂਮੈਂਟਰੀ ਫ਼ਿਲਮ ਬਣਾਈ । ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ 8 ਮਾਰਚ 1985 ਨੂੰ ਡਾਕਟਰ ਆਫ਼ ਲਿਟਰੇਚਰ ਦੀ ਡਿਗਰੀ ਦੇ ਕੇ ਆਪ ਜੀ ਦਾ ਸਨਮਾਨ ਕੀਤਾ।
ਸਰਦਾਰ ਸੋਭਾ ਸਿੰਘ ਭਾਵੇਂ ਸਰਦਾਰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਵਿਚਾਰਾਂ ਦੇ ਹਾਮੀ ਨਹੀਂ ਸਨ ਪਰ ਦੋਹਾਂ ਦੀ ਨੇੜਤਾ ਅੰਤ ਸਮੇਂ ਤੱਕ ਕਾਇਮ ਰਹੀ । ਗੁਰਬਖ਼ਸ਼ ਸਿੰਘ ਹੁਰਾਂ ਦੀ ਪਤਨੀ ਸਰਦਾਰਨੀ ਜਗਜੀਤ ਕੌਰ 10 ਦਸੰਬਰ 1975 ਨੂੰ ਪੂਰੇ ਹੋ ਗਏ ਸਨ ਤਾਂ ਉਨ੍ਹਾਂ ਨੇ ਸੋਭਾ ਸਿੰਘ ਜੀ ਨੂੰ 23 ਅਗਸਤ 1976 ਨੂੰ ਪ੍ਰੀਤਨਗਰ ਤੋਂ ਇਹ ਚਿੱਠੀ ਲਿਖੀ :
ਮੇਰੇ ਪਿਆਰੇ ਸੋਭਾ ਸਿੰਘ ਜੀ, ਇਕ ਮਿਹਰ ਆਪ ਪਾਸੋਂ ਮੰਗਦਾ ਹਾਂ । ਨਵਤੇਜ ਦੇ ਮਾਤਾ ਜੀ ਦੀ ਤਸਵੀਰ ਆਪ ਦੇ ਸੁਚੱਜੇ ਹੱਥਾਂ ਤੋਂ ਪੇਂਟ ਹੋਈ ਜੇ ਮਿਲ ਜਾਏ ਤਾਂ ਅਸੀਂ ਸਾਰਾ ਪਰਵਾਰ ਆਪ ਦੇ ਕਿਰਤੱਗ ਹੋਵਾਂ ਗੇ । ਜਿਹੜੀ ਭੇਟਾ ਹੁਕਮ ਕਰੋ ਗੇ, ਮੈਂ ਹਾਜ਼ਰ ਕਰ ਦਿਆਂ ਗਾ । ਆਪ ਦੀ ਪਰਵਾਨਗੀ ਆਉਣ ਉਤੇ ਮੈਂ ਮਾਤਾ ਜੀ ਦੀ ਤਸਵੀਰ ਘੱਲ ਦਿਆਂ ਗਾ ।
ਇਕ ਹੋਰ ਜੇ ਕਿਰਪਾ ਕਰ ਸਕੋ- ਨੋਰ੍ਹਾ ਰਿਚਰਡਜ਼ ਉੱਤੇ ਜੇ ਇਕ ਲੇਖ ਲਿਖ ਭੇਜਣ ਦੀ ਕਿਰਪਾ ਕਰ ਸਕੋ, ਬੜੀ ਮਿਹਰਬਾਨੀ ਹੋਵੇਗੀ ।… ਬੜੇ ਪਿਆਰ ਨਾਲ, ਆਪ ਦਾ, ਗੁਰਬਖਸ਼ ਸਿੰਘ ।”
ਸੋਭਾ ਸਿੰਘ ਜੀ ਬਹੁਤ ਰੁਝੇਵਿਆਂ ਵਿਚ ਸਨ ਫੇਰ ਵੀ ਉਨ੍ਹਾਂ ਨੇ ਤਸਵੀਰ ਬਣਾਉਣੀ ਪਰਵਾਨ ਕਰ ਲਈ ਪਰ ਬਣਾ ਉਹ ਸਰਦਾਰ ਗੁਰਬਖਸ਼ ਸਿੰਘ ਦੇ ਦਿਹਾਂਤ 20 ਅਗਸਤ 1977 ਤੋਂ ਬਾਅਦ ਹੀ ਸਕੇ । ਪੇਂਟਿੰਗ ਉਹ 4 ਸਤੰਬਰ 1977 ਨੂੰ ਪ੍ਰੀਤਨਗਰ ਵਿਚ ਗੁਰਬਖਸ਼ ਸਿੰਘ ਹੁਰਾਂ ਦੀਆਂ ਅੰਤਿਮ ਰਸਮਾਂ ਵੇਲੇ ਲੈ ਕੇ ਗਏ ਸਨ । ਸਾਰਾ ਪਰਵਾਰ ਬੜੀ ਕਿਰਤੱਗਤਾ ਨਾਲ ਕਹਿਣ ਲਗਿਆ, “ਚਾਚਾ ਜੀ, ਸਾਡੀ ਮਾਂ ਤਾਂ ਜਿਉਂਦੀ ਕਰ ਦਿੱਤੀ ਹੈ । ਹੁਣ ਦਾਰ ਜੀ ਦਾ ਚਿਤਰ ਵੀ ਬਣਾ ਦੇਵੋ ।”
ਆਪਣੇ ਜੀਵਨ ਕਾਲ ਦੌਰਾਨ ਸੋਭਾ ਸਿੰਘ ਨੇ ਨਾਮਣਾ ਖੱਟਣ ਲਈ ਕਰੜੀ ਘਾਲਣਾ ਘਾਲੀ ਹੈ । ਉਹ 60 ਸਾਲ ਤਕ ਨਿਰੰਤਰ ਚਿਤਰ ਬਣਾਉਂਦੇ ਰਹੇ । ਮਰਿਆਦਾ-ਪੂਰਨ ਜੀਵਨ ਅਤੇ ਵਿਧੀ- ਪੂਰਵਕ ਕ੍ਰਿਤ ਉਹਨਾਂ ਦੀ ਰਚਣਾਤਮਿਕਤਾ ਦਾ ਭੇਦ ਹਨ । ਹੋਰ ਕਿਸੇ ਵੀ ਕਲਾਕਾਰ ਨੇ ਪੰਜਾਬ ਦੇ ਲੋਕਾਂ ਦੇ ਆਤਮਕ ਜੀਵਨ ਨੂੰ ਏਨਾ ਪ੍ਰਭਾਵਤ ਨਹੀਂ ਕੀਤਾ । ਉਹ ਸਮਾਂ ਦੂਰ ਨਹੀਂ ਜਦੋਂ ਥੱਪੇ ਹੋਏ ਰੰਗਾਂ ਵਾਲੀ ਚਿਤਰਕਾਰੀ ਤੇ ਅਰਥ-ਹੀਣ ਲਕੀਰਾਂ ਵਾਲੇ ਚਿੱਤਰ, ਜਿਨ੍ਹਾਂ ਨੂੰ ਅਮੂਰਤ-ਕਲਾ ਦੱਸਿਆ ਜਾਂਦਾ ਹੈ, ਭੁਲਾ ਵਿਸਾਰ ਦਿੱਤੇ ਜਾਣਗੇ, ਸਰਦਾਰ ਸੋਭਾ ਸਿੰਘ ਦੀਆਂ ਤਸਵੀਰਾਂ ਜ਼ਿੰਦਾ ਰਹਿਣਗੀਆਂ ਅਤੇ ਵਡਮੁੱਲੇ ਖ਼ਜ਼ਾਨੇ ਵਜੋਂ ਪਿਆਰੀਆਂ ਜਾਣਗੀਆਂ, ਕਿਉਂ ਜੁ ਇਹ ਇਕ ਸੁਨੇਹਾ ਦਿੰਦੀਆਂ ਹਨ । ਪੰਜਾਬ ਦੇ ਕਲਾ-ਵਿਰਸੇ ਵਿਚ ਇਨ੍ਹਾਂ ਨੂੰ ਅਦੁੱਤੀ ਥਾਂ ਪ੍ਰਾਪਤ ਹੈ ।
ਸੋਭਾ ਸਿੰਘ ਨੇ ਮੁਗ਼ਲ ਹਾਕਮਾਂ ਜਾਂ ਜਾਬਰ ਸਰਕਾਰਾਂ ਵਿਰੁਧ ਜੂਝਦੇ ਸਿੱਖਾਂ ਨੂੰ ਨਹੀਂ ਚਿਤਰਿਆ । ਉਹ ਇਸ ਸੰਬੰਧ ਵਿਚ ਕਿਹਾ ਕਰਦੇ ਸਨ, “ਇਸ ਤਰ੍ਹਾਂ ਦੇ ਚਿੱਤਰ ਵੇਖ ਕੇ ਲੋਕ ਜ਼ੁਲਮ ਜਬਰ ਤੇ ਨਫ਼ਰਤ ਨੂੰ ਭੁੱਲ ਨਹੀਂ ਸਕਣਗੇ । ਲਹੂ ਨੂੰ ਲਹੂ ਨਾਲ ਧੋਤਾ ਨਹੀਂ ਜਾ ਸਕਦਾ । ਜੰਗਾਂ ਯੁਧਾਂ ਅਤੇ ਮਜ਼੍ਹਬੀ ਤੰਗਦਿਲੀ ਤੇ ਕੱਟੜਤਾ ਨੂੰ ਦਰਸਾਉਣ ਵਾਲੇ ਚਿੱਤਰ ਲੋਕਾਂ ਵਿਚਲੀ ਖਾਈ ਨੂੰ ਹੋਰ ਚੌੜਾ ਕਰਦੇ ਹਨ । ਪਰ ਸ਼ਾਂਤੀ ਲਈ ਸ਼ਹੀਦ ਹੋਣ ਵਾਲਿਆਂ ਦੇ ਚਿੱਤਰ ਮਨੁੱਖਾਂ ਵਿਚਕਾਰ ਪਏ ਪਾੜਿਆਂ ਨੂੰ ਘਟਾਉਂਦੇ ਤੇ ਪੂਰਦੇ ਹਨ । ਇਸ ਤਰ੍ਹਾਂ ਦੇ ਚਿੱਤਰ ਦਾ ਮੁਕਾਬਲਾ ਬਲਦੀ ਹੋਈ ਮੋਮਬਤੀ ਨਾਲ ਕੀਤਾ ਜਾ ਸਕਦਾ ਹੈ ਜਿਹੜੀ ਆਪਣੀ ਲੋਅ ਨਾਲ ਇਕ ਸੀਮਿਤ ਖੇਤਰ ਨੂੰ ਰੌਸ਼ਨ ਕਰਦੀ ਹੈ, ਪਰ ਇਸ ਦੀ ਹਕੀਕਤ ਬਹੁਤ ਮਹੱਤਵਪੂਰਨ ਹੁੰਦੀ ਹੈ ।”
ਇਹ ਪੁੱਛਣ ‘ਤੇ ਕਿ ਉਹ ਜਨ-ਸਾਧਾਰਨ ਦੀਆਂ ਮੁਸ਼ਕਲਾਂ ਤੇ ਔਖਿਆਈਆਂ ਨੂੰ ਕਿਉਂ ਨਹੀਂ ਚਿਤਰਦੇ, ਉਨ੍ਹਾਂ ਨੇ ਕਿਹਾ, “ਮੁਸ਼ਕਲਾਂ ਤੇ ਔਖਿਆਈਆਂ ਤਾਂ ਥਾਂ ਥਾਂ ਚਿਤਰੀਆਂ ਮਿਲਦੀਆਂ ਹਨ। ਭੁੱਖ, ਗ਼ਰੀਬੀ, ਦੁੱਖ, ਪੀੜ, ਕੰਗਾਲੀ ਤੇ ਅਤਿਆਚਾਰ ਨੂੰ ਤਾਂ ਹਾਰੀ ਸਾਰੀ ਥਾਂ ਥਾਂ ਵੇਖ ਸਕਦਾ ਹੈ । ਕੀ ਇਹਨਾਂ ਨੂੰ ਕੈਨਵਸ ਤੇ ਚਿਤਰਨ ਦੀ ਲੋੜ ਹੈ ? ਮੈਂ ਤਾਂ ਬਸ ਸੁੰਦਰਤਾ ਅਤੇ ਜੀਵਨ ਵਿਚ ਜੋ ਕੁਝ ਚੰਗਾ ਤੇ ਭਲਾ ਹੈ ਉਹਨੂੰ ਚਿਤਰਨਾ ਲੋਚਦਾ ਹਾਂ, ਜਿਹੜੇ ਹੁਣ ਬੜੇ ਦੁਰਲਭ ਹੁੰਦੇ ਜਾ ਰਹੇ ਹਨ । ਮੇਰੇ ਲਈ ਤਾਂ ਸਤਿਅਮ, ਸ਼ਿਵਮ, ਸੁੰਦਰਮ ਦਾ ਸੰਕਲਪ ਸੁੰਦਰਮ, ਸ਼ਿਵਮ ਤੇ ਸਤਿਅਮ ਬਣ ਜਾਂਦਾ ਹੈ ।”
ਸੋਭਾ ਸਿੰਘ ਹੁਰਾਂ ਦੀ ਪਤਨੀ ਬੀਬੀ ਇੰਦਰ ਕੌਰ ਆਪਣੀ ਆਖਰੀ ਉਮਰ ਵਿਚ ਬਿਮਾਰ ਰਹਿਣ, ਲਗ ਪਏ ਸਨ । ਉਨ੍ਹਾਂ ਨੂੰ ਡਾਇਬਟੀਜ਼ ਦੀ ਨਾਮੁਰਾਦ ਬਿਮਾਰੀ ਨੇ ਘੇਰ ਲਿਆ ਸੀ । ਇਕ ਦਿਨ ਉਹ ਕਹਿਣ ਲਗੇ, “ਇਸਤਰੀ ਦੀ ਸ਼ੋਭਾ ਮਰਦ ਦੇ ਮੋਢੇ ਚੜ੍ਹ ਕੇ ਜਾਣ ਵਿਚ ਹੈ । ਪਰਮਾਤਮਾ ਕਿਰਪਾ ਕਰੇ, ਮੈਂ ਤੁਹਾਡੇ ਮੋਢੇ ਚੜ੍ਹ ਕੇ ਜਾਵਾਂ ।”
ਸੋਭਾ ਸਿੰਘ ਜੀ ਬੜੇ ਹਾਜ਼ਰ ਜਵਾਬ ਸਨ । ਹੱਸ ਕੇ ਕਹਿਣ ਲਗੇ, “ਆਪ ਤਾਂ ਤੂੰ ਨਾ ਢਿੱਡ ਵਿਚ ਕਿਸੇ ਮੁੰਡੇ ਕੁੜੀ ਦਾ ਭਾਰ ਚੁੱਕਿਆ ਅਤੇ ਨਾ ਢਾਕੇ ਲਾਇਆ, ਸਾਰੀ ਉਮਰ ਮੇਰੇ ਤੇ ਸਵਾਰ ਰਹੀ ਏਂ, ਜੇ ਤੂੰ ਫੈਸਲਾ ਕਰ ਲਿਆ ਹੈ ਕਿ ਮੇਰੇ ਹੀ ਮੋਢੇ ਤੇ ਚੜ੍ਹਨਾ ਹੈ ਤਾਂ ਕਿਰਪਾ ਕਰ ਕੇ ਜਾਣ ਤੋਂ ਪਹਿਲਾਂ ਮੇਰੇ ਮੋਢਿਆਂ ਨਾਲ ਆਪਣੇ ਮੋਢੇ ਬਟਾ ਲਵੀਂ ।”
ਬੀਬੀ ਇੰਦਰ ਕੌਰ ਨੇ ਵਿਅੰਗ ਨਾਲ ਕਿਹਾ, “ਮੈਂ ਤਾਂ ਮੁਸ਼ਕਲ ਨਾਲ ਸੱਸ ਦੇ ਕਾਗ਼ਜ਼ਾਂ ਅਤੇ ਰੰਗਾਂ ਨਾਲ ਵਿਗੜੇ ਮੁੰਡੇ ਨੂੰ ਪਾਲ ਰਹੀ ਹਾਂ, ਜੇ ਕਿਤੇ ਆਪ ਕੋਈ ਜੁਆਕ ਜੰਮਣ ਦੀ ਗ਼ਲਤੀ ਕਰ ਲੈਂਦੀ ਤਾਂ ਉਸ ਨੇ ਖਿਡੌਣਿਆਂ ਦੀ ਦੁਕਾਨ ਦੇ ਸਾਹਮਣੇ ਬੈਠ ਕੇ ਸਾਡੀ ਜਾਨ ਨੂੰ ਰੋਇਆ ਕਰਨਾ ਸੀ।”
ਗੁਰੂ ਗੋਬਿੰਦ ਸਿੰਘ ਜੀ ਦੀ ਤੀਜੀ ਸ਼ਹੀਦੀ ਸ਼ਤਾਬਦੀ ਵੇਲੇ ਆਪ ਦੇ ਚਿੱਤਰਾਂ ਦੀ ਇਕ ਨੁਮਾਇਸ਼ ਚੰਡੀਗੜ੍ਹ ਤੇ ਅੰਮ੍ਰਿਤਸਰ ਲੱਗੀ । ਜਿਸਦੀ ਹਰ ਪਾਸਿਓਂ ਪ੍ਰਸ਼ੰਸਾ ਹੋਈ । ਇਸ ਮੌਕੇ ਆਪ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਕਈ ਚਿੱਤਰ ਬਣਾਏ । ਇਕ ਚਿਤਰ ਮਹਾਰਾਜਾ ਪਟਿਆਲਾ ਨੇ ਵੀ ਖ਼ਰੀਦਿਆ। ਅਜੇ ਆਪ ਨੁਮਾਇਸ਼ ਵਿਚ ਹੀ ਸਨ ਕਿ ਅਚਾਨਕ ਹੀ ਬੀਬੀ ਇੰਦਰ ਕੌਰ ਦੀ ਤਬੀਅਤ ਬਹੁਤ ਖਰਾਬ ਹੋ ਗਈ ਤੇ ਉਹ 15 ਜਨਵਰੀ 1967 ਨੂੰ ਸਵਰਗਵਾਸ ਹੋ ਗਏ । ਉਸ ਵੇਲੇ ਉਨ੍ਹਾਂ ਕੋਲ ਸਰਦਾਰ ਜੀ ਦੇ ਸ਼ਾਗਿਰਦ ਹਰਬੀਰ ਸਿੰਘ ਭੰਵਰ ਤੇ ਉਨ੍ਹਾਂ ਦੀ ਸੁਪਤਨੀ ਬੀਬੀ ਗੁਰਚਰਨ ਕੌਰ ਸਨ। ਇਸ ਸੁਭਾਗ ਜੋੜੀ ਨੇ ਬੀਬੀ ਜੀ ਦੀ ਬੜੀ ਸੇਵਾ ਕੀਤੀ । ਸੰਸਕਾਰ ਵੇਲੇ ਸਰਦਾਰ ਜੀ ਪਹੁੰਚ ਨਾ ਸਕੇ ਤੇ ਸੰਸਕਾਰ ਸਮੇਂ ਦੀਆਂ ਰਸਮਾਂ ਹਰਬੀਰ ਸਿੰਘ ਭੰਵਰ ਨੇ ਹੀ ਕੀਤੀਆਂ ।
1969 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਉਤਸਵ ਵੇਲੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਹਿਣ ਤੇ ਆਪ ਨੇ ਗੁਰੂ ਜੀ ਦਾ ਅਸੀਸ ਦਿੰਦਿਆਂ ਦਾ ਚਿਤਰ ਬਣਾਇਆ । ਗੁਰੂ ਸਾਹਿਬ ਦੇ ਹੱਥ ਦੀਆਂ ਰੇਖਾਵਾਂ ਬਨਾਉਣ ਲਈ ਆਪ ਨੂੰ ਹਸਤ ਰੇਖਾ ਦੀਆਂ ਬਹੁਤ ਸਾਰੀਆਂ ਪੁਸਤਕਾਂ ਪੜ੍ਹਨੀਆਂ ਪਈਆਂ । ਇਹ ਚਿਤਰ ਬਹੁਤ ਪ੍ਰਸਿੱਧ ਹੋਇਆ । ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੱਖਾਂ ਦੀ ਗਿਣਤੀ ਵਿਚ ਇਹ ਚਿਤਰ ਛਪਵਾ ਕੇ ਬੜੇ ਥੋੜ੍ਹੇ ਮੁੱਲ ਤੇ ਘਰ ਘਰ ਪਹੁੰਚਾਇਆ । ਇਸ ਤਰ੍ਹਾਂ ਸਰਦਾਰ ਸੋਭਾ ਸਿੰਘ ਵਰਗਾ ਕੋਮਲ ਚਿਤ ਕਲਾਕਾਰ ਲੋਕਾਂ ਦੇ ਮਨਾਂ ਵਿਚ ਵਸ ਗਿਆ । ਇਸ ਤੋਂ ਪਹਿਲਾਂ ਆਪ ਦਾ ਚਿੱਤਰ ਸੋਹਣੀ ਮਹੀਂਵਾਲ ਹੀ ਛਪ ਕੇ ਖਾਸ ਲੋਕਾਂ ਦੇ ਘਰਾਂ ਦਾ ਸ਼ਿੰਗਾਰ ਬਣਿਆ ਸੀ । ਹੁਣ ਤਾਂ ਉਨ੍ਹਾਂ ਦੇ ਅਨੇਕਾਂ ਚਿਤਰ ਪ੍ਰਕਾਸ਼ਤ ਹੋ ਕੇ ਲੋਕਾਂ ਦੇ ਘਰੀਂ ਪਹੁੰਚ ਗਏ ਹਨ । ਸਿੰਧੀ ਲੋਕਾਂ ਲਈ ਚੇਲਾ ਰਾਮ ਜੀ ਦੇ ਕਹਿਣ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਤਿਬਤੀ ਟੋਪੀ ਵਾਲਾ ਇਕ ਚਿਤਰ ਛਾਪਿਆ । ਇਸ ਦਾ ਵੀ ਬਹੁਤ ਸਵਾਗਤ ਹੋਇਆ ਪਰ ਕੱਟੜ ਸਿੱਖ ਲੋਕਾਂ ਨੂੰ ਥੋੜ੍ਹੀ ਤਕਲੀਫ਼ ਹੋਈ । ਸ੍ਰੀ ਕ੍ਰਿਸ਼ਨ ਜੀ ਤੇ ਸ੍ਰੀ ਰਾਮ ਚੰਦਰ ਜੀ ਦੇ ਚਿੱਤਰ ਵੀ ਛਪਵਾਏ । ਪਰ ਇਹ ਚਿਤਰ ਬਹੁਤੀ ਗਿਣਤੀ ਵਿਚ ਨਾ ਵਿਕੇ । ਫਿਰ ਕਾਂਗੜਾ ਬਰਾਈਡ, ਹੀਰ ਰਾਂਝਾ, ਗੱਦਣ, ਉਮਰ ਖਿਆਮ, ਪੰਜਾਬੀ ਲਾੜੀ, ਸ਼ਾਹਜਹਾਨ ਤੇ ਮੁਮਤਾਜ਼ ਮਹਿਲ, ਭਗਤ ਸਿੰਘ ਆਦਿ ਚਿੱਤਰ ਪ੍ਰਕਾਸ਼ਤ ਕਰਵਾਏ ਜੋ ਵੱਡੀ ਗਿਣਤੀ ਵਿਚ ਵਿਕ ਰਹੇ ਹਨ।
ਸੋਭਾ ਸਿੰਘ ਜੀ ਨੇ ਸ਼ਹੀਦ ਭਗਤ ਸਿੰਘ ਦਾ ਚਿਤਰ ਬਣਾਇਆ । ਭਾਵੇਂ ਹੋਰ ਚਿਤਰਕਾਰਾਂ ਨੇ ਵੀ ਭਗਤ ਸਿੰਘ ਦੇ ਚਿਤਰ ਬਣਾਏ ਹਨ । ਪਰ ਜੋ ਸ਼ਾਨ ਸੋਭਾ ਸਿੰਘ ਦੇ ਚਿਤਰੇ ਸ਼ਹੀਦ ਭਗਤ ਸਿੰਘ
ਦੇ ਪੋਰਟਰੇਟ ਵਿਚ ਹੈ ਉਸ ਦੀ ਕੋਈ ਮਿਸਾਲ ਨਹੀਂ। ਚਿਤਰ ਵਿਚ ਭਗਤ ਸਿੰਘ ਮੰਜੀ ਤੇ ਬੈਠਾ
ਹੋਇਆ ਹੈ ਤੇ ਮੰਜੀ ਦੇ ਵਾਣ ਦੀਆਂ ਰੱਸੀਆਂ ਤੱਕ ਨੂੰ ਵਿਸਥਾਰ ਨਾਲ ਦਿਖਾਇਆ ਗਿਆ ਹੈ । ਉਸਦੇ ਚਿਹਰੇ ਤੇ ਦਾੜ੍ਹੀ ਹੈ, ਸਿਰ ਤੇ ਵਾਲਾਂ ਦਾ ਜੂੜਾ ਬੰਨ੍ਹਿਆ ਹੋਇਆ ਹੈ ਤੇ ਉਸ ਦੇ ਚਿਹਰੇ ਤੇ ਇਕ ਸਹਿਜ ਭਾਵ ਹੈ । ਉਸ ਦੀਆਂ ਅੱਖਾਂ ਵਿਚ ਇਨਕਲਾਬੀ ਜੋਸ਼ ਹੈ । ਜਿਵੇਂ ਵਕਤ ਨੂੰ ਆਰ ਪਾਰੋਂ ਦੇਖ ਰਹੀਆਂ ਹੋਣ । ਮੰਜੀ ਦੇ ਥੱਲੇ ਉਸ ਦੇ ਪੈਰ ਲਟਕ ਕੇ ਫਰਸ਼ ਨੂੰ ਛੁਹ ਰਹੇ ਹਨ । ਸਾਰੇ ਚਿਤਰ ਵਿਚ ਦ੍ਰਿੜ ਇਰਾਦੇ ਵਾਲੇ ਪਰ ਕੋਮਲ ਚਿਤ ਭਗਤ ਸਿੰਘ ਦੀ ਜਿਹੜੀ ਛਵੀ ਦਿਖਾਈ ਗਈ ਹੈ, ਉਹ ਸਾਨੂੰ ਸਭਨਾਂ ਨੂੰ ਪ੍ਰਭਾਵਤ ਕਰਦੀ ਹੈ ।
ਪਿੰਡ ਸਰਾਭੇ ਦੇ ਨੌਜਵਾਨਾਂ ਦੀ ਇਕ ਜੱਥੇਬੰਦੀ ਨੇ ਪੰਚਾਇਤ ਦੀ ਸਹਾਇਤਾ ਨਾਲ ਆਪਣੇ ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦਗਾਰ ਬਣਾਈ ਹੈ । ਉਸ ਵਿਚ ਉਸ ਹੋਣਹਾਰ ਸਪੂਤ ਦਾ ਪੋਰਟਰੇਟ ਕਿਸੇ ਆਰਟਿਸਟ ਤੋਂ ਬਣਵਾ ਕੇ ਲਗਾਉਣ ਦਾ ਫੈਸਲਾ ਕੀਤਾ । ਇਕ ਨੇ ਕਿਹਾ ਕਿ ਇਹ ਕੰਮ ਸਰਦਾਰ ਸੋਭਾ ਸਿੰਘ ਤੋਂ ਕਰਵਾਇਆ ਜਾਵੇ ਪਰ ਇਕ ਹੋਰ ਨੇ ਕਿਹਾ ਕਿ ਉਹ ਪੈਸੇ ਬਹੁਤ ਮੰਗਣ ਗੇ। ਅੰਤ ਫ਼ੈਸਲਾ ਹੋਇਆ ਕਿ ਸਰਦਾਰ ਸੋਭਾ ਸਿੰਘ ਨੂੰ ਬੇਨਤੀ ਕੀਤੀ ਜਾਵੇ । ਸੋਭਾ ਸਿੰਘ ਜੀ ਨੇ ਪੋਰਟਰੇਟ ਬਣਾਉਣ ਲਈ ਹਾਮੀ ਭਰ ਲਈ । ਜਦੋਂ ਪੋਰਟਰੇਟ ਤਿਆਰ ਹੋ ਗਿਆ ਤਾਂ ਨੌਜਵਾਨਾਂ ਨੂੰ ਸਰਦਾਰ ਜੀ ਨੇ ਸਨੇਹਾ ਭੇਜਿਆ ਕਿ ਪੋਰਟਰੇਟ ਬਣ ਗਿਆ ਹੈ, ਲੈ ਜਾਵੋ । ਜਦੋਂ ਨੌਜਵਾਨਾਂ ਨੇ ਪੋਰਟਰੇਟ ਬਣਿਆ ਦੇਖਿਆ ਤਾਂ ਸਾਰੇ ਬੜੇ ਖੁਸ਼ ਹੋਏ ਤੇ ਸਰਦਾਰ ਜੀ ਨੂੰ ਕਹਿਣ ਲਗੇ, “ਦਾਰ ਜੀ, ਤੁਸੀਂ ਤਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਸੱਚਮੁੱਚ ਦਾ ਬਣਾ ਦਿੱਤਾ ਹੈ । ਇਸ ਤਰ੍ਹਾਂ ਦਾ ਹੋਰ ਕੋਈ ਵੀ ਚਿੱਤਰਕਾਰ ਨਹੀਂ ਸੀ ਬਣਾ ਸਕਦਾ । ਦੱਸੋ, ਅਸੀਂ ਤੁਹਾਨੂੰ ਇਸ ਦੀ ਸੇਵਾ ਦੇ ਕਿੰਨੇ ਪੈਸੇ ਦੇਈਏ ।” ਸਰਦਾਰ ਜੀ ਬੜੀ ਨਿਮਰਤਾ ਨਾਲ ਕਹਿਣ ਲਗੇ, “ਮੈਂ ਤਾਂ ਬਈ, ਇਸ ਮਹਾਨ ਸ਼ਖ਼ਸੀਅਤ ਦੀਆਂ ਅੱਖਾਂ ਵੱਲ ਦੇਖ ਵੀ ਨਹੀਂ ਸਕਦਾ । ਸਰਦਾਰ ਕਰਤਾਰ ਸਿੰਘ ਸਰਾਭਾ ਇਕ ਬਹੁਤ ਵੱਡਾ ਨਾਂ ਹੈ । ਤੁਹਾਥੋਂ ਮੈਂ ਪੈਸੇ ਕਿਵੇਂ ਲੈ ਲਵਾਂ ।” ਇਸ ਤਰ੍ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਪੋਰਟਰੇਟ ਸਰਾਭੇ ਪਿੰਡ ਵਿਚ ਸ਼ਹੀਦ ਦੀ ਯਾਦਗਾਰ ਵਿਚ ਸਸ਼ੋਭਿਤ ਹੈ ।
ਸਰਦਾਰ ਸੋਭਾ ਸਿੰਘ ਜੀ ਦੇ ਸ਼ਰਧਾਲੂਆਂ ਨੇ ਉਨ੍ਹਾਂ ਨੂੰ ਬਾਹਰਲੇ ਮੁਲਕਾਂ ਵਿਚ ਜਾਣ ਲਈ ਵੀ ਕਈ ਵਾਰ ਸਪਾਂਸਰ ਕੀਤਾ ਤੇ ਆਪ ਗਏ ਵੀ । ਆਪ ਤਿੰਨ ਵਾਰ ਇੰਗਲੈਂਡ, ਇਟਲੀ, ਫਰਾਂਸ ਆਦਿ ਮੁਲਕਾਂ ਵਿਚ ਗਏ । ਜੂਨ 1972 ਵਿਚ ਇੰਗਲੈਂਡ ਗਏ ਜਿਥੇ ਉਥੋਂ ਦੇ ਲੋਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ । ਪ੍ਰੈਸ ਅਤੇ ਟੈਲੀਵਿਯਨ ਨੇ ਇੰਟਰਵੀਊ ਕੀਤੇ। ਸਰਦਾਰ ਸੁਰਜੀਤ ਸਿੰਘ ਬਰਨਾਲਾ ਸਰਦਾਰ ਜੀ ਦੇ ਸ਼ਰਧਾਲੂ ਅਤੇ ਦੋਸਤ ਸਨ । ਇਕ ਵਾਰੀ ਉਹ ਬਰਨਾਲਾ ਸਾਹਿਬ ਨੂੰ ਕਹਿਣ ਲਗੇ, “ਮੈਂ ਮੱਥੇ ਨਹੀਂ ਗਿਆ ।” ਤੇ ਉੱਤਰ ਮਿਲਿਆ, “ਮੱਕੇ ਜਾਣ ਦੀ ਕੀ ਲੋੜ ਪੈ ਗਈ ?” ਦਾਰ ਜੀ ਫਿਰ ਬੋਲੇ, “ਰੋਮ ਚਿਤਰਕਾਰਾਂ ਲਈ ਮੱਕਾ ਹੈ । ਮੈਂ ਉਥੇ ਜਾਣਾ ਚਾਹੁੰਦਾ ਹਾਂ ।” ਉਸ ਵੇਲੇ ਬਰਨਾਲਾ ਸਾਹਿਬ ਕੇਂਦਰੀ ਸਰਕਾਰ ਦੇ ਖੇਤੀਬਾੜੀ ਮੰਤਰੀ ਸਨ । ਸੰਨ 1978 ਵਿਚ ਉਹ ਦਾਰ ਜੀ ਨੂੰ ਆਪਣੇ ਨਾਲ ਇਟਲੀ ਲੈ ਗਏ । ਰੋਮ ਸ਼ਹਿਰ ਵਿਚ ਦਾਰ ਜੀ ਨੇ ਲਗਪਗ ਸਾਰੇ ਕਲਾ ਮਿਊਜ਼ੀਅਮ ਦੇਖੇ । ਇਕੱਲੀ ਇਕੱਲੀ ਤਸਵੀਰ ਤੇ ਬੁੱਤ ਬੜੇ ਧਿਆਨ ਨਾਲ ਦੇਖ ਕੇ ਉਹ ਬਹੁਤ ਖੁਸ਼ ਹੋਏ । ਮਾਈਕਲਐਂਜਲੋ ਆਰਟ ਗੈਲਰੀ ਵਿਚ ਹਜ਼ਰਤ ਈਸਾ ਦਾ ਚਿਤਰ ਬੜੇ ਧਿਆਨ ਨਾਲ ਚਾਰੇ ਪਾਸੇ ਘੁੰਮ ਕੇ ਦੇਖਿਆ। ਤੇ ਉਹ ਦਸਦੇ ਹੁੰਦੇ ਹਨ ਕਿ ਜਦੋਂ ਕਲਾਕਾਰ ਇਹ ਬੁੱਤ ਬਣਾ ਚੁਕਿਆ ਤਾਂ ਉਹ ਕਹਿਣ ਲੱਗਿਆ । ਹਜੂਰ ਬੋਲੋ । ਤੇ ਬੁੱਤ ਨੇ ਕਿਥੋਂ ਬੋਲਣਾ ਸੀ । ਕਲਾਕਾਰ ਨੇ ਗੁੱਸੇ ਵਿਚ ਆ ਕੇ ਬੁੱਤ ਦੇ ਪੈਰ ਤੇ ਹਥੌੜਾ ਮਾਰਿਆ ਜੋ ਸੋਭਾ ਸਿੰਘ ਜੀ ਨੇ ਦੇਖਿਆ।

ਜਦੋਂ 1984 ਵਿਚ ਇੰਗਲੈਂਡ ਗਏ ਤਾਂ ਉਥੋਂ ਦੀ ਸੰਗਤ ਨੇ ਆਪ ਦਾ ਬਣਾਇਆ ਦਸ਼ਮੇਸ ਪਿਤਾ ਦਾ ਗੱਦੀ ਤੇ ਬੈਠਿਆਂ ਦਾ ਚਿੱਤਰ ਖਰੀਦਿਆ ਤੇ ਬਹੁਤ ਹੀ ਖੂਬਸੂਰਤ ਛਾਪਿਆ। ਉਸ ਵੇਲੇ ਬੀ. ਬੀ. ਸੀ. ਦੇ ਸੱਦੇ ਤੇ ਗਏ ਸਨ ਤੇ ਉਨ੍ਹਾਂ ਨੇ ਕਲਾਕਾਰ ਬਾਰੇ ਇਕ ਬਹੁਤ ਵਧੀਆ ਡਾਕੂਮੈਂਟਰੀ ਫ਼ਿਲਮ ਤਿਆਰ ਕੀਤੀ । ਉਦੋਂ ਸਰਦਾਰ ਜੀ ਸਵਿਟਜ਼ਰਲੈਂਡ, ਨਾਰਵੇ, ਸਕਾਟਲੈਂਡ, ਸਵੀਡਨ, ਕੈਨੇਡਾ ਆਦਿ ਦੇਸ਼ਾਂ ਵਿਚ ਵੀ ਗਏ । ਇਸ ਬਾਰੇ ਉਹ ਕਿਹਾ ਕਰਦੇ ਸਨ, “ਮੈਂ ਲਗਪਗ ਸਾਰੇ ਪੱਛਮੀ ਦੇਸ਼ਾਂ ਵਿਚ ਗਿਆ ਹਾਂ ਪਰ ਅੰਦਰੇਟਾ ਵਰਗੀ ਸੋਹਣੀ ਥਾਂ ਮੈਨੂੰ ਦੇਖਣ ਨੂੰ ਨਹੀਂ ਮਿਲੀ ।”
ਨਵੰਬਰ 1984 ਵਿਚ ਹੋਏ ਸਿੱਖ ਦੰਗਿਆਂ ਦੌਰਾਨ ਕੁਝ ਕੱਟੜ ਪੰਥੀਆਂ ਨੇ ਆਪ ਅਤੇ ਆਪ ਦੀ ਆਰਟ ਗੈਲਰੀ ਤੇ ਹਮਲਾ ਕਰ ਦਿੱਤਾ । ਪਰ ਵਾਹਿਗੁਰੂ ਦੀ ਕਿਰਪਾ ਨਾਲ ਆਪ ਦਾ ਵਾਲ ਵਿੰਗਾ ਵੀ ਨਾ ਹੋਇਆ । ਕਿਉਂਕਿ ਆਰਟ ਗੈਲਰੀ ਦੇਖਣ ਲਈ ਭਾਰਤੀ ਫ਼ੌਜ ਦੀ ਇਕ ਟੁਕੜੀ ਆਪ ਕੋਲ ਆਈ ਹੋਈ ਸੀ । ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਭਜਾ ਦਿੱਤਾ । ਜਦੋਂ ਇਹ ਖ਼ਬਰ ਅਖਬਾਰਾਂ ਵਿਚ ਛਪੀ ਤਾਂ ਆਪ ਦੇ ਸ਼ੁਭਚਿੰਤਕਾਂ ਵਲੋਂ ਆਪ ਨੂੰ ਚਿੱਠੀਆਂ ਮਿਲਣ ਲਗੀਆਂ । ਜਸਟਿਸ ਹਰਬੰਸ ਸਿੰਘ ਵਲੋਂ ਇੱਕ ਚਿੱਠੀ ਮਿਲੀ ਜਿਸ ਵਿਚ ਲਿਖਿਆ ਹੋਇਆ ਸੀ :
“ਮੇਰੇ ਪਿਆਰੇ ਗੁਰੂਦੇਵ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ॥
ਮੈਨੂੰ ਇਹ ਜਾਣ ਕੇ ਬਹੁਤ ਦੁਖ ਹੋਇਆ ਕਿ ਸਿੱਖ ਦੰਗਿਆਂ ਦੌਰਾਨ ਆਪ ਦੇ ਉੱਤੇ ਵੀ ਧਾੜਵੀਆਂ ਨੇ ਹਮਲਾ ਕਰ ਦਿੱਤਾ । ਪਰਮਾਤਮਾ ਦਾ ਸ਼ੁਕਰ ਹੈ ਕਿ ਆਪ ਬਚ ਗਏ । ਮਜਬੂਰਨ ਆਪ ਨੂੰ ਪੰਜਾਬ ਵਿਚ ਆ ਕੇ ਵਸਣ ਲਈ ਸੋਚਣਾ ਪਿਆ । ਮੈਨੂੰ ਪਤਾ ਲੱਗਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ ਨੂੰ ਕੁਝ ਜ਼ਮੀਨ ਦੇਣ ਦਾ ਫੈਸਲਾ ਕੀਤਾ ਹੈ । ਮੈਂ ਚਾਹੁੰਦਾ ਹਾਂ ਕਿ ਆਪ ਚੰਡੀਗੜ੍ਹ ਜਾਂ ਮੁਹਾਲੀ ਆਉਣ ਦਾ ਵਿਚਾਰ ਹੀ ਬਣਾਉਣਾ । ਇਸ ਸੰਬੰਧ ਵਿਚ ਜੇ ਮੈਂ ਆਪ ਦੀ ਕੋਈ ਸਹਾਇਤ ਕਰ ਸਕਦਾ ਹੋਵਾਂ ਤਾਂ ਲਿਖਣ ਦੀ ਕਿਰਪਾ ਕਰਨੀ ।
ਆਪ ਦੇ ਉੱਤਰ ਦੀ ਉਡੀਕ ਵਿਚ, ਬੜੇ ਸਤਿਕਾਰ ਨਾਲ, ਆਪ ਦਾ, ਹਰਬੰਸ ਸਿਘ ।” ਡਾਕਟਰ ਮਹਿੰਦਰ ਸਿੰਘ ਰੰਧਾਵਾ ਨੂੰ ਜਦੋਂ ਪਤਾ ਲੱਗਿਆ ਤਾਂ ਉਨ੍ਹਾਂ ਨੇ 15 ਮਾਰਚ 1985 ਨੂੰ ਉਦੋਂ ਦੇ ਹਿਮਾਚਲ ਪ੍ਰਦੇਸ਼ ਦੇ ਮੁਖ ਮੰਤਰੀ ਸ੍ਰੀ ਵੀਰ ਭੱਦਰ ਸਿੰਘ ਨੂੰ ਇਕ ਵਿਸਥਾਰ ਨਾਲ ਚਿੱਠੀ ਵਿਚ ਲਿਖਿਆ ਸੀ, “ਮੈਂ ਆਪਣੇ ਮਿੱਤਰ ਪ੍ਰਸਿੱਧ ਚਿੱਤਰਕਾਰ ਸ੍ਰ. ਸੋਭਾ ਸਿੰਘ ਨੂੰ ਅੰਦਰੇਟੇ ਮਿਲਿਆ ਹਾਂ । ਉਨ੍ਹਾਂ ਨਾਲ ਬਹੁਤ ਸਾਰੇ ਵਿਚਾਰ ਸਾਂਝੇ ਹੋਏ । ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਉਨ੍ਹਾਂ ਦੀ ਰਖਿਆ ਲਈ ਤੁਸੀਂ ਕੁਝ ਕਰੋ । ਨਵੰਬਰ ਦੇ ਸਿੱਖ ਦੰਗਿਆਂ ਵੇਲੇ ਕੁਝ ਗੁੰਡਿਆਂ ਨੇ ਉਨ੍ਹਾਂ ਤੇ ਹਮਲਾ ਕੀਤਾ ਸੀ । ਹੁਣੇ ਹੀ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡੀ ਲਿੱਟ ਦੀ ਡਿਗਰੀ ਮਿਲੀ ਹੈ । ਉਨ੍ਹਾਂ ਨੂੰ ਜਾਨੋਂ ਮਾਰਨ ਦੇ ਧਮਕੀ ਭਰੇ ਪੱਤਰ ਮਿਲੇ ਹਨ । ਜਿਹੜੇ ਕਿ ਉਨ੍ਹਾਂ ਦੀ ਚਿੰਤਾ ਵਿਚ ਵਾਧਾ ਕਰ ਰਹੇ ਹਨ । ਕਿਰਪਾ ਕਰਕੇ ਆਪਣੇ ਰਾਜ ਦੇ ਸੰਬੰਧਿਤ ਅਫ਼ਸਰਾਂ ਨੂੰ ਉਨ੍ਹਾਂ ਦੀ ਸਹਾਇਤਾ ਕਰਨ ਲਈ ਹੁਕਮ ਕਰੋ । ਕੁਝ ਸਮਾਂ ਕੱਢ ਕੇ ਪਾਲਮਪੁਰ ਜਾਉ । ਤੇ ਉਨ੍ਹਾਂ ਨੂੰ ਅੰਦਰੇਟੇ ਵਿਚ ਮਿਲਣ ਦਾ ਪ੍ਰੋਗਰਾਮ ਬਣਾਉ, ਤਾਕਿ ਉਨ੍ਹਾਂ ਦਾ ਕੁਝ ਹੌਸਲਾ ਵਧੇ ।
ਬੜੇ ਸਤਿਕਾਰ ਨਾਲ, ਆਪ ਦਾ ਸੁਭਚਿੰਤਕ, ਮਹਿੰਦਰ ਸਿੰਘ ਰੰਧਾਵਾ।” ਡਾਕਟਰ ਰੰਧਾਵਾ ਨੂੰ 18 ਅਪ੍ਰੈਲ 1985 ਨੂੰ ਲਿਖੇ ਆਪਣੇ ਪੱਤਰ ਵਿਚ ਸ੍ਰੀ ਵੀਰ ਭੱਦਰ ਸਿੰਘ ਨੇ ਲਿਖਿਆ, “ਮੈਂ ਆਪ ਜੀ ਨੂੰ ਯਕੀਨ ਦਿਵਾਉਂਦਾ ਹਾਂ ਕਿ ਮਹਾਨ ਚਿੱਤਰਕਾਰ ਸਰਦਾਰ ਸੋਭਾ ਸਿੰਘ ਦੀ ਰਖਿਆ ਲਈ ਸਾਰੇ ਪ੍ਰਬੰਧ ਕਰ ਦਿੱਤੇ ਗਏ ਹਨ ਤੇ ਇਸ ਸੰਬੰਧ ਵਿਚ ਮੈਂ ਸੰਬੰਧਤ ਅਫ਼ਸਰਾਂ ਨੂੰ ਵੀ ਸੂਚਿਤ ਕਰ ਦਿੱਤਾ ਹੈ । ਹੋਰ ਕੋਈ ਸੇਵਾ । ਸਤਿਕਾਰ ਨਾਲ, ਆਪ ਦਾ, ਵੀਰ ਭੱਦਰ ਸਿੰਘ।” ਇਨ੍ਹਾਂ ਘਟਨਾਵਾਂ ਨਾਲ ਆਪ ਦੇ ਮਨ ਤੇ ਬੜਾ ਅਸਰ ਹੋਇਆ । ਲਗਪਗ ਪੰਜਾਬ ਆਉਣ ਦਾ
ਮਨ ਬਣਾ ਹੀ ਲਿਆ । ਆਪਣੇ ਸ਼ਾਗਿਰਦ ਤੇ ਦੋਸਤ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਸੁਰਜੀਤ ਸਿੰਘ ਬਰਨਾਲਾ ਨੂੰ ਲਿਖ ਵੀ ਦਿੱਤਾ ਜਿਸ ਦੇ ਉੱਤਰ ਵਜੋਂ ਪੰਜਾਬ ਦੇ ਸਿਖਿਆ ਮੰਤਰੀ ਸ. ਸੁਖਜਿੰਦਰ ਸਿੰਘ ਨੇ ਉਨ੍ਹਾਂ ਨੂੰ ਲਿਖਿਆ, “ਸਤਿਕਾਰਯੋਗ ਸਰਦਾਰ ਸਾਹਿਬ ਜੀਓ, ਪੰਜਾਬੀਆਂ ਨੂੰ ਬੜਾ ਮਾਣ ਤੇ ਗੌਰਵ ਹੈ ਕਿ ਆਪ ਨੇ ਕਲਾ ਦੇ ਖੇਤਰ ਵਿਚ ਬਹੁਤ ਮਹਾਨ ਯੋਗਦਾਨ ਪਾਇਆ ਹੈ ਤੇ ਹੁਣ ਵੀ ਪੰਜਾਬ ਦੀ ਕਲਾ ਤੇ ਚਿੱਤਰਕਾਰੀ ਦੇ ਖੇਤਰ ਵਿਚ ਘਾਲਣਾ ਘਾਲ ਰਹੇ ਹੋ । ਸ਼ਾਇਦ ਹੀ ਪੰਜਾਬ ਵਿਚ ਕੋਈ ਅਜਿਹਾ ਘਰ ਹੋਵੇ ਜਿਥੇ ਆਪ ਦੀਆਂ ਕਲਾ ਕ੍ਰਿਤੀਆਂ ਦੇ ਨਮੂਨੇ ਘਰਾਂ ਦੀਆਂ ਦੀਵਾਰਾਂ ਨੂੰ ਨਾ ਸਜਾ ਰਹੇ ਹੋਣ । ਸਿੱਖ ਗੁਰੂਆਂ ਦੇ ਚਿੱਤਰ ਜੋ ਆਪ ਜੀ ਨੇ ਉਲੀਕੇ ਹਨ ਉਨ੍ਹਾਂ ਦੀ ਮੂਰਤ ਸਾਰਿਆਂ ਦੇ ਦਿਲਾਂ ਵਿਚ ਸਾਕਾਰ ਹੋ ਗਈ ਹੈ। ਇਸ ਵੇਲੇ ਪੰਜਾਬ ਦੇ ਸਭ ਤੋਂ ਉਘੇ ਕਲਾਕਾਰਾਂ ਵਿਚ ਆਪ ਜੀ ਦਾ ਸਥਾਨ ਉਤਮ ਹੈ । ਆਪ ਦੀਆਂ ਸੇਵਾਵਾਂ ਸਦਕਾ ਪੰਜਾਬ ਦੀ ਚਿੱਤਰਕਲਾ ਦਾ ਵਿਸ਼ੇਸ਼ ਨਾਂ ਭਾਰਤ ਵਿਚ ਹੀ ਨਹੀਂ ਸਗੋਂ ਜਿਥੇ ਕਿਤੇ ਪੰਜਾਬੀ ਸੰਸਾਰ ਵਿਚ ਵਸਦੇ ਹਨ ਉਥੇ ਵੀ ਸੁਗੰਧ ਦੇ ਰਿਹਾ ਹੈ ।
ਮੈਨੂੰ ਪਤਾ ਲਗਿਆ ਹੈ ਕਿ ਆਪ ਪੰਜਾਬ ਵਿਚ ਮੁੜ ਆਉਣ ਅਤੇ ਆਪਣੇ ਸਟੂਡੀਓ ਦਾ ਰੂਪ ਧਾਰਨ ਕਰਨਾ ਚਾਹੁੰਦੇ ਹੋ । ਜਿਥੇ ਆਪ ਦੀਆਂ ਸਾਰੀਆਂ ਕਲਾ ਕ੍ਰਿਤੀਆਂ ਗੈਲਰੀ ਦਾ ਰੂਪ ਧਾਰਨ ਕਰ ਸਕਣ । ਜੇਕਰ ਆਪ ਜੀ ਦੀ ਇਹ ਇੱਛਾ ਹੈ ਤਾਂ ਪੰਜਾਬ ਸਰਕਾਰ ਆਪ ਨੂੰ ਜੀ ਆਇਆਂ ਆਖਦੀ ਹੈ ਤੇ ਇਸ ਖੇਤਰ ਵਿਚ ਆਪਣਾ ਯੋਗਦਾਨ ਪਾਉਣਾ ਚਾਹੁੰਦੀ ਹੈ । ਇਸ ਸੰਬੰਧ ਵਿਚ ਮੈਂ ਸਭਿਆਚਾਰਕ ਮਾਮਲਿਆਂ ਦੇ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਗੀਤਿਕਾ ਕਲ੍ਹਾ ਨੂੰ ਆਪ ਕੋਲ ਅਗਲੇ ਹਫ਼ਤੇ ਮਿਲਣ ਲਈ ਭੇਜ ਰਿਹਾ ਹਾਂ ਤਾਂ ਜੋ ਇਸ ਸੰਬੰਧ ਵਿਚ ਆਪ ਜੀ ਨਾਲ ਵੇਰਵੇ ਸਹਿਤ ਵਿਚਾਰ ਵਟਾਂਦਰਾ ਹੋ ਸਕੇ । ਆਪ ਦਾ ਹਿਤੂ, ਸੁਖਜਿੰਦਰ ਸਿੰਘ ।” 1971 ਵਿਚ ਆਪ ਜੀ ਤੇ ਅਧਰੰਗ ਦਾ ਹਮਲਾ ਹੋ ਗਿਆ ਸੀ ਪਰ ਵਾਹਿਗੁਰੂ ਦੀ ਕਿਰਪਾ ਨਾਲ
ਛੇਤੀ ਹੀ ਠੀਕ ਹੋ ਗਏ ਸਨ । ਪਰ 9 ਅਗਸਤ 1986 ਨੂੰ ਸ਼ਾਮ ਤੱਕ ਠੀਕ ਠਾਕ ਕੰਮ ਕਰਦੇ ਰਹੇ । ਤਬੀਅਤ ਵੀ ਵੱਲ ਰਹੀ ਪਰ ਅਗਲੇ ਦਿਨ ਅਚਾਨਕ ਹੀ ਮਨ ਕਾਹਲਾ ਪੈਣ ਲਗ ਪਿਆ ਤੇ ਕਮਜ਼ੋਰੀ ਮਹਿਸੂਸ ਹੋਈ । ਤੁਰੰਤ ਪਾਲਮਪੁਰ ਮਿਲਟਰੀ ਹਸਪਤਾਲ ਵਿਚ ਉਨ੍ਹਾਂ ਨੂੰ ਦਾਖਲ ਕਰਾਇਆ ਗਿਆ । ਡਾਕਟਰਾਂ ਦਾ ਖ਼ਿਆਲ ਸੀ ਕਿ ਚੰਡੀਗੜ੍ਹ ਪੀ ਜੀ ਆਈ ਵਿਚ ਜਾਂ ਦਿੱਲੀ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿਚ ਦਾਖਲ ਕੀਤਾ ਜਾਣਾ ਚਾਹੀਦਾ ਹੈ । ਸਰਦਾਰ ਸੁਰਜੀਤ ਸਿੰਘ ਬਰਨਾਲਾ ਦੇ ਯਤਨਾਂ ਰਾਹੀਂ ਆਪ ਜੀ ਨੂੰ ਏਅਰਫੋਰਸ ਦੇ ਇਕ ਹੈਲੀਕਾਪਟਰ ਰਾਹੀਂ ਚੰਡੀਗੜ੍ਹ ਲਿਆਂਦਾ ਗਿਆ ਤੇ 17 ਅਗਸਤ ਨੂੰ ਪੀ ਜੀ ਆਈ ਵਿਚ ਆਪ ਜੀ ਨੂੰ ਦਾਖਲ ਕਰਵਾ ਦਿੱਤਾ ਗਿਆ। ਆਖਰੀ ਦਸ ਤੱਕ ਡਾਕਟਰਾਂ ਨੇ ਪੂਰਾ ਜ਼ੋਰ ਲਾਇਆ ਪਰ ਇਸ ਵਾਰ ਆਪ ਸਿਹਤਯਾਬ ਨਾ ਹੋ ਸਕੇ ਤੇ 22 ਅਗਸਤ 1986 ਨੂੰ ਸਵੇਰੇ ਦੇ 12.30 ਵਜੇ ਪੂਰੇ ਹੋ ਗਏ।
ਉਸੇ ਦਿਨ ਹੀ ਸ਼ਾਮ ਨੂੰ ਪੰਜਾਬ ਸਰਕਾਰ ਵਲੋਂ ਆਪ ਦਾ ਸੰਸਕਾਰ ਰਾਜ ਪੱਧਰ ਤੇ ਕੀਤਾ ਗਿਆ । 31 ਅਗਸਤ 1986 ਨੂੰ ਚੰਡੀਗੜ੍ਹ ਦੇ 8 ਸੈਕਟਰ ਦੇ ਗੁਰਦੁਆਰੇ ਵਿਚ ਆਪ ਦੀ ਯਾਦ ਵਿਚ ਬੜੀ ਵੱਡੀ ਗਿਣਤੀ ਵਿਚ ਲੋਕ ਜੁੜੇ । 14 ਸਤੰਬਰ ਨੂੰ ਅੰਦਰੇਟੇ ਵਿਚ ਇਸੇ ਤਰ੍ਹਾਂ ਦਾ ਇਕ ਸਮਾਰੋਹ ਹੋਇਆ । ਉਸ ਸਮਾਰੋਹ ਵਿਚ ਸ਼ਾਮਲ ਹੋਣ ਲਈ ਲੁਧਿਆਣਾ, ਪਟਿਆਲਾ ਤੇ ਅੰਮ੍ਰਿਤਸਰ ਯੂਨੀਵਰਸਿਟੀਆਂ ਵਿਚੋਂ ਆਪਣੀਆਂ ਆਪਣੀਆਂ ਬੱਸਾਂ ਲੈ ਕੇ ਦਾਰ ਜੀ ਦੇ ਸ਼ਰਧਾਲੂ ਅੰਦਰੇਟੇ ਪਹੁੰਚੇ । ਤੇ ਇਸ ਮਹਾਨ ਕਲਾਕਾਰ ਦੀ ਯਾਦ ਵਿਚ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ।
ਉਸੇ ਸਾਲ ਹੀ ਅੰਦਰੇਟੇ ਵਿਚ ਸੋਭਾ ਸਿੰਘ ਮੈਮੋਰੀਅਲ ਆਰਟ ਸੋਸਾਇਟੀ ਤੇ ਸ੍ਰੀ ਹਰਗੋਬਿੰਦਪੁਰ
ਵਿਚ ਸਰਦਾਰ ਸੋਭਾ ਸਿੰਘ ਮੈਮੋਰੀਅਲ ਫਾਊਂਡੇਸ਼ਨ ਸਥਾਪਤ ਹੋ ਗਈਆਂ । ਸੋਭਾ ਸਿੰਘ ਮੈਮੋਰੀਅਲ ਆਰਟ ਸੁਸਾਇਟੀ ਅੰਦਰੇਟਾ ਸਰਦਾਰ ਜੀ ਦੇ ਪਰਵਾਰ ਦੇ ਸਹਿਯੋਗ ਨਾਲ ਹਰ ਸਾਲ ਉਨ੍ਹਾਂ ਦੇ ਜਨਮ ਦਿਨ ਵੇਲੇ ਇਕ ਪ੍ਰੋਗਰਾਮ ਕਰਾਉਂਦੀ ਆ ਰਹੀ ਹੈ। ਸਰਦਾਰ ਸੋਭਾ ਸਿੰਘ ਮੈਮੋਰੀਅਲ ਫਾਊਂਡੇਸ਼ਨ ਸ੍ਰੀ ਹਰਗੋਬਿੰਦਪੁਰ ਵੀ 29 ਨਵੰਬਰ ਨੂੰ ਬਹੁਤ ਵੱਡਾ ਪ੍ਰੋਗਰਾਮ ਸ੍ਰੀ ਹਰਗੋਬਿੰਦਪੁਰ ਵਿਚ ਕਰਵਾਉਂਦੀ ਹੈ । ਇਸ ਦਿਨ ਬਹੁਤ ਸਾਰੇ ਕਲਾਕਾਰਾਂ ਨੂੰ ਸਨਮਾਨ ਦਿੱਤੇ ਜਾਂਦੇ ਹਨ । 22 ਅਗਸਤ ਵਾਲੇ ਦਿਨ ਇਸੇ ਫਾਊਂਡੇਸ਼ਨ ਵਲੋਂ ਲੁਧਿਆਣੇ ਵਿਚ ਹਰ ਸਾਲ ਸਮਾਰੋਹ ਕੀਤਾ ਜਾਂਦਾ ਹੈ। ਇਸ ਫਾਊਂਡੇਸ਼ਨ ਨੇ ਸ੍ਰੀ ਹਰਗੋਬਿੰਦਪੁਰ ਵਿਚ ਸਰਦਾਰ ਜੀ ਦੀ ਯਾਦ ਵਿਚ ਇਕ ਲਾਇਬ੍ਰੇਰੀ ਬਣਾਈ ਹੈ ।
ਇਸ ਸਾਲ ਇਸ ਮਹਾਨ ਕਲਾਕਾਰ ਦਾ ਸੌਵਾਂ ਜਨਮ ਦਿਨ ਸਰਕਾਰੀ ਪੱਧਰ ਤੇ ਮਨਾਇਆ ਜਾ ਰਿਹਾ ਹੈ । ਇਸ ਲਈ ਕਮੇਟੀ ਬਣਾਈ ਗਈ ਜਿਸ ਨੇ ਕਈ ਅਹਿਮ ਫੈਸਲੇ ਲਏ । ਇਕ ਫ਼ੈਸਲਾ ਇਹ ਵੀ ਸੀ ਸਾਰਾ ਸਾਲ ਕਲਾ ਸਰਗਰਮੀਆਂ ਜਾਰੀ ਰਹਿਣਗੀਆਂ । ਕਲਾ ਮੁਕਾਬਲੇ ਕਰਵਾਏ ਜਾਣਗੇ । ਫਾਊਂਡੇਸ਼ਨ ਵਲੋਂ ਬਟਾਲੇ ਦੇ ਫੋਟੋ ਕਲਾਕਾਰ ਹਰਭਜਨ ਸਿੰਘ ਬਾਜਵਾ ਨੂੰ ਸਰਦਾਰ ਜੀ ਦੇ 100 ਚਿੱਤਰ ਵੱਡੇ ਸਾਈਜ਼ ਵਿਚ ਬਣਾ ਕੇ ਵੱਖ ਵੱਖ ਸ਼ਹਿਰਾਂ ਵਿਚ ਪ੍ਰਦਰਸ਼ਨੀਆਂ ਲਾਉਣ ਲਈ ਸਪਾਂਸਰ ਕੀਤਾ ਹੈ । ਉਸ ਨੇ ਅਜਿਹੀਆਂ ਪ੍ਰਦਰਸ਼ਨੀਆਂ ਚੰਡੀਗੜ੍ਹ ਨਵੀਂ ਦਿੱਲੀ ਅਤੇ ਲੁਧਿਆਣੇ ਵਿਚ ਲਾਈਆਂ ਵੀ ਹਨ । ਸ੍ਰੀ ਹਰਗੋਬਿੰਦਪੁਰ ਦੇ ਬਾਹਰ ਸੋਭਾ ਸਿੰਘ ਯਾਦਗਾਰੀ ਗੇਟ ਬਣਵਾਉਣ ਲਈ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਸ. ਕੁਲਬੀਰ ਸਿੰਘ ਸਿੱਧੂ ਨੇ ਪੰਜਾਬ ਦੇ ਮੁਖ ਮੰਤਰੀ ਤੋਂ ਪੰਜ ਲੱਖ ਦੀ ਗਰਾਂਟ ਮੰਨਜ਼ੂਰ ਕਰਵਾਈ ਹੈ । ਸਿੱਧੂ ਸਾਹਿਬ ਦਾ ਕਹਿਣਾ ਹੈ ਕਿ ਇਹ ਯਾਦਗਾਰੀ ਗੇਟ ਬਹੁਤ ਖੂਬਸੂਰਤ ਤੇ ਅਨੂਠਾ ਤਿਆਰ ਕਰਵਾਇਆ ਜਾ ਰਿਹਾ ਹੈ । ਉਨ੍ਹਾਂ ਦੇ ਇਸ ਉਦਮ ਲਈ ਕਲਾ ਪ੍ਰਸ਼ੰਸਕ ਧੰਨਵਾਦੀ ਹਨ । 29 ਨਵੰਬਰ 2001 ਨੂੰ ਅੰਮ੍ਰਿਤਸਰ ਵਿਚ ਸਭਿਆਚਾਰਕ ਵਿਭਾਗ ਪੰਜਾਬ ਅਤੇ ਲਲਿਤ ਕਲਾ ਅਕਾਡਮੀ ਵਲੋਂ ਸਰਦਾਰ ਸੋਭਾ ਸਿੰਘ ਜਨਮ ਸ਼ਤਾਬਦੀ ਸਮਾਰੋਹ ਨੂੰ ਸਮਰਪਿਤ ਰਾਜ ਪੱਧਰੀ ਪ੍ਰੋਗਰਾਮ ਆਰੰਭ ਹੋਇਆ । ਜਿਸ ਵਿਚ ਚਿਤਰਕਾਰ ਦੇ 25 ਚਿੱਤਰਾਂ ਦੀ ਪ੍ਰਦਰਸ਼ਨੀ ਲਾਈ ਗਈ । ਤਿੰਨ ਵਿਦਵਾਨਾਂ ਵੱਲੋਂ ਪਰਚੇ ਪੜ੍ਹੇ ਗਏ । ਦਸੰਬਰ 2001 ਵਿਚ ਜਲੰਧਰ, ਪਟਿਆਲੇ ਅਤੇ ਚੰਡੀਗੜ੍ਹ ਵਿਚ ਵੀ ਦਾਰ ਜੀ ਦੇ ਚਿਤਰਾਂ ਦੀਆਂ ਪ੍ਰਦਰਸ਼ਨੀਆਂ ਉਨ੍ਹਾਂ ਦੇ ਸ਼ਾਗਿਰਦ ਮੇਹਰ ਸਿੰਘ ਦੇ ਉਦਮ ਨਾਲ ਲਗੀਆ। ਪੰਜਾਬ ਸਰਕਾਰ ਦੇ ਸਭਿਆਚਾਰ ਵਿਭਾਗ ਵਲੋਂ ਹਰ ਸਾਲ ਇਕ ਚਿਤਰਕਾਰ ਨੂੰ ਇੱਕ ਲੱਖ ਰੁਪਏ ਦਾ ਸੋਭਾ ਸਿੰਘ ਯਾਦਗਾਰੀ ਪੁਰਸਕਾਰ ਭੇਂਟ ਕਰਨ ਦਾ ਫੈਸਲਾ ਹੋਇਆ ਹੈ । ਇਸ ਸਾਲ ਇਹ ਪੁਰਸਕਾਰ ਸਰਦਾਰ ਸੋਭਾ ਸਿੰਘ ਦੇ ਸ਼ਾਗਿਰਦ ਮੇਹਰ ਸਿੰਘ, ਜੋ ਪੰਜਾਬ ਲਲਿਤ ਕਲਾ ਅਕਾਡਮੀ ਦੇ ਪ੍ਰਧਾਨ ਹਨ, ਨੂੰ ਦਿੱਤਾ ਗਿਆ ਹੈ । ਸੋਭਾ ਸਿੰਘ ਮੈਮੋਰੀਅਲ ਆਰਟ ਸੁਸਾਇਟੀ ਵਲੋਂ ਚਿਤਰਕਾਰ ਦੇ ਪਰਵਾਰ ਦੇ ਸਹਿਯੋਗ ਨਾਲ ਕਲਾਕਾਰ ਦੀ ਜਨਮ ਸ਼ਤਾਬਦੀ ਦੇ ਸੰਬੰਧ ਵਿਚ 1-5 ਨਵੰਬਰ 2001 ਨੂੰ ਪੰਜ ਦਿਨ ਕਲਾ ਉਤਸਵ ਕੀਤਾ । ਪਹਿਲੇ ਦਿਨ ਹੀ ਉਤਰਾਂਚਲ ਦੇ ਰਾਜਪਾਲ ਸਰਦਾਰ ਸੁਰਜੀਤ ਸਿੰਘ ਬਰਨਾਲਾ ਆਏ । ਤੇ ਉਨ੍ਹਾਂ ਨੇ ਇਕ ਨਵੀਂ ਬਣ ਸ੍ਰੀ ਸੋਭਾ ਸਿੰਘ ਆਰਟ ਸੈਲਰੀ ਦਾ ਨੀਂਹ ਪੱਧਰ ਰੱਖਿਆ । ਕਲਾਕਾਰ ਨਾਲ ਆਪਣੇ ਸੰਬੰਧਾਂ ਬਾਰੇ ਬੜੇ ਵਿਸਥਾਰ ਨਾਲ ਚਾਨਣਾ ਪਾਇਆ । ਹਿਮਾਚਲ ਪ੍ਰਦੇਸ਼ ਦੇ ਮੁਖ ਮੰਤਰੀ ਸ੍ਰੀ ਪ੍ਰੇਮ ਕੁਮਾਰ ਧੂਮਲ ਨੇ ਪਾਲਮਪੁਰ ਤੋਂ ਅੰਦਰੇਟੇ ਨੂੰ ਜਾਣ ਵਾਲੀ ਸੜਕ ਦਾ ਨਾਂ ਸੋਭਾ ਸਿੰਘ ਮਾਰਗ ਅਤੇ ਅੰਦਰੇਟੇ ਦੇ ਹਾਈ ਸਕੂਲ ਦਾ ਨਾਮ ਸੋਭਾ ਸਿੰਘ ਸਰਕਾਰੀ ਹਾਈ ਸਕੂਲ ਰੱਖਿਆ ਹੈ । ਹਿਮਾਚਲ ਸਰਕਾਰ ਨੇ ਇਹ ਜਨਮ ਸ਼ਤਾਬਦੀ ਸਮਾਰੋਹ ਸ਼ਿਮਲੇ ਵਿਖੇ 29 ਨਵੰਬਰ 2001 ਵਾਲੇ ਦਿਨ ਸ੍ਰੀ ਪ੍ਰੇਮ ਕੁਮਾਰ ਧੂਮਲ ਦੀ ਪ੍ਰਧਾਨਗੀ ਹੇਠ ਮਨਾਇਆ। ਉਸੇ ਦਿਨ ਹੀ ਸਰਦਾਰ ਸੋਭਾ ਸਿੰਘ ਦੀ ਯਾਦ ਵਿਚ ਡਾਕ ਟਿਕਟ ਜਾਰੀ ਕੀਤਾ। 28 ਦਸੰਬਰ 2001 ਨੂੰ ਪੰਜਾਬੀ ਭਵਨ ਨਵੀਂ ਦਿੱਲੀ ਵਿਚ ਡਾ. ਕਰਨ ਸਿੰਘ ਦੀ ਪ੍ਰਧਾਨਗੀ ਹੇਠ ਇਕ ਸੈਮੀਨਾਰ ਵੀ ਹੋਇਆ ।

ਇਕ ਸੋਹਣਾ ਇਨਸਾਨ ਗੁਰਬਖ਼ਸ਼ ਸਿੰਘ

ਸਰਦਾਰ ਸੋਭਾ ਸਿੰਘ ਚੋਟੀ ਦੇ ਚਿਤਰਕਾਰ ਹੀ ਨਹੀਂ, ਬੜੇ ਸੋਹਣੇ ਇਨਸਾਨ ਵੀ ਹਨ । ਉਹਨਾਂ ਦੇ ਵਿਕੋਲਿਤੇ ਚਿਤਰ ਤਾਂ ਲੱਖਾਂ ਹੀ ਅੱਖਾਂ ਦੇ ਸਾਹਮਣੇ ਆ ਚੁੱਕੇ ਹਨ ਪਰ ਉਹਨਾਂ ਦੀ ਸ਼ਖ਼ਸੀਅਤ ਦਾ ਸੁਹੱਪਣ ਸਾਰਿਆਂ ਚਿਤਰ-ਪ੍ਰਬੰਧਕਾਂ ਨੂੰ ਦਿਸ ਨਹੀਂ ਸਕਦਾ । ਉਹਨਾਂ ਦੇ ਚਿਤਰਾਂ ਸਾਹਮਣੇ ਖੜ੍ਹ ਕੇ ਕਈਆਂ ਨੇ ਨੁਮਾਇਸ਼ਾਂ ਵੇਖੀਆਂ ਹਨ ਪਰ ਜਿਸ ਨੂੰ ਉਹਨਾਂ ਦੀ ਮਿਕਨਾਤੀਸੀ ਸ਼ਖ਼ਸੀਅਤ ਦੇ ਸਾਹਮਣੇ ਖੜੋਣ ਦਾ ਸੁਭਾਗ ਮਿਲਿਆ ਹੈ, ਉਹਨੂੰ ਭਾਵੇਂ ਚਿਤਰਕਾਰੀ ਦੀ ਪੂਰੀ ਪਰਖ ਨਾ ਵੀ ਹੋਵੇ, ਉਹ ਖੂਬਸੂਰਤ ਇਨਸਾਨੀਅਤ ਤੋਂ ਪ੍ਰਭਾਵਤ ਹੋਣੋਂ ਨਹੀਂ ਰਹਿ ਸਕਦਾ ।
ਮੈਂ ਓਦੋਂ 1933-34 ਵਿਚ ਪ੍ਰੀਤ ਲੜੀ ਦੇ ਪ੍ਰਕਾਸ਼ਤ ਹੋਣ ਵੇਲੇ ਤਕ ਨਾ ਸੋਭਾ ਸਿੰਘ ਜੀ ਦਾ ਕੋਈ ਚਿਤਰ ਵੇਖਿਆ ਸੀ ਤੇ ਨਾ ਉਹਨਾਂ ਦਾ ਨਾਂ ਹੀ ਸੁਣਿਆ ਹੋਇਆ ਸੀ, ਹਾਲਾਂਕਿ ਓਦੋਂ ਵੀ ਸਰਦਾਰ ਸਾਹਿਬ ਚਿਤਰਕਾਰੀ ਦੀ ਦੁਨੀਆਂ ਵਿਚ ਚੰਗਾ ਨਾਮਣਾ ਰਖਦੇ ਸਨ । ਮੈਂ ਓਦੋਂ ਗੁੰਮਨਾਮ ਜਿਹਾ ਆਦਮੀ ਸਾਂ ਪਰ ਮੇਰੀ ਗੁੰਮਨਾਮੀ ਦੇ ਬਾਵਜੂਦ ਧਾਰਮਿਕ ਅਦਾਰਿਆਂ ਨੇ ਮੇਰੇ ਖ਼ਿਲਾਫ਼ ਇਕ ਜਹਾਦ ਛੇੜ ਦਿੱਤਾ ਸੀ ।
ਮੈਂ ਬੜਾ ਪਰੇਸ਼ਾਨ ਹੋਇਆ ਸਾਂ । ਪ੍ਰੀਤ ਲੜੀ ਬੰਦ ਕਰਨੀ ਸੋਚ ਰਿਹਾ ਸਾਂ, ਤਦੇ ਸੋਭਾ ਸਿੰਘ ਹੋਰਾਂ ਦੀ ਦਿੱਲੀਓਂ ਅਤਿ ਨਿੱਘੀ ਚਿਠੀ ਆਈ : “ਤੁਸੀਂ ਬਿਲਕੁਲ ਨਾ ਘਬਰਾਓ, ਤੁਹਾਡੇ ਨਾਲ ਨੌਜਵਾਨਾਂ ਦਾ ਇਕ ਲਸ਼ਕਰ ਹੈ । ਮੈਨੂੰ ਹੁਕਮ ਕਰੋ ਪੈਰਾਂ ਨਾਲ ਤਾਂ ਕੀ, ਮੈਂ ਸਿਰ ਪਰਨੇ ਤੁਰਕੇ ਪਹੁੰਚਾਂ ਗਾ ।”
ਚਿੱਠੀਆਂ ਹੋਰ ਵੀ ਹੌਸਲਾ ਦੇਣ ਵਾਲੀਆਂ ਆਈਆਂ ਸਨ ਪਰ ਸੋਭਾ ਸਿੰਘ ਹੋਰਾਂ ਦੇ ਸ਼ਬਦਾਂ ਵਿਚ ਸੁੱਤੀਆਂ ਕਲਾਂ ਜਗਾਣ ਵਾਲੀ ਹਲਾਸ਼ੇਰੀ ਸੀ ।
ਸਮੇਂ ਨਾਲ ਉਹ ਝੱਖੜ ਝੁਲ ਹਟਿਆ । ਮੇਰੇ ਪ੍ਰਬੰਧਕਾਂ ਨੇ ਆਪਣਾ ਪ੍ਰੀਤ ਨਗਰ ਵਸਾ ਲਿਆ ਤਦੇ ਸੋਭਾ ਸਿੰਘ ਹੋਰਾਂ ਦੀ ਚਿੱਠੀ ਆ ਪਹੁੰਚੀ ਕਿ ਉਹ ਮੇਰੇ ਕੋਲ ਆ ਕੇ ਰਹਿਣਾ ਚਾਹੁਣਗੇ । ਮੇਰੇ ਸੁਭਾਗ ਕਿ ਉਹ ਪ੍ਰੀਤ ਨਗਰ ਆ ਵੱਸੇ । ਸਾਰੇ ਮੈਂਬਰਾਂ ਤੇ ਸਾਡੇ ਨਵੀਨ ਐਕਟਿਵਿਟੀ ਸਕੂਲ ਦੇ ਵਿਦਿਆਰਥੀਆਂ ਲਈ ਉਹ ਵਿਆਪਕ ਪ੍ਰੇਰਨਾ ਸਨ । ਉਹ ਸਕੂਲ ਵਿਚ ਚਿਤਰਕਾਰੀ ਸਿਖਾਉਂਦੇ ਰਹੇ । ਮੇਰੀ ਇਕ ਪੁਤਰੀ ਤੇ ਹੋਰ ਵਿਦਿਆਰਥੀਆਂ ਨੂੰ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਦੀ ਬਾਰ੍ਹਵੀਂ ਜਮਾਤ ਪਾਸ ਕਰਾਈ । ਮੇਰੀਆਂ ਤਿੰਨੇ ਵੱਡੀਆਂ ਪੁਤਰੀਆਂ ਦੇ ਉਹ ਅਧਿਆਪਕ ਗੁਰੂ ਸਨ ।
ਉਹ ਨਿਰੇ ਬੁਰਸ਼ ਦੇ ਧਨੀ ਹੀ ਨਹੀਂ, ਉਹ ਜ਼ਬਾਨ ਦੇ ਵੀ ਜਾਦੂਗਰ ਹਨ। ਸਕੂਲ ਦੇ ਸਮਾਗਮਾਂ ਉਤੇ ਉਹ ਇਹੋ ਜਿਹੀਆਂ ਨਕਲਾਂ ਲਾਉਂਦੇ ਸਨ ਕਿ ਦਰਸ਼ਕ ਲੋਟ ਪੋਟ ਹੋ ਹੋ ਪੈਂਦੇ ਸਨ । ਉਹ ਪ੍ਰੀਤ ਨਗਰ ਦੀ ਸਭਿਆਚਾਰਕ ਜ਼ਿੰਦਗੀ ਦਾ ਮਾਨਯੋਗ ਭਾਗ ਸਮਝੇ ਜਾਣ ਲਗ ਪਏ ਸਨ ।
ਉਹਨਾਂ ਦੀ ਦਲੇਰ-ਖਿਆਲੀ ਬੇਮਿਸਾਲ ਸੀ। ਜੇ ਉਹਨਾਂ ਸਿਰ ਨੰਗੇ ਸੈਰ ਕਰਨੀ ਚੰਗੀ ਸਮਝੀ, ਤਾਂ ਨੁਕਤਾਚੀਨੀ ਤੋਂ ਬਿਲਕੁਲ ਬੇ-ਪਰਵਾਹ ਉਹ ਦਸਤਾਰ ਬਿਨਾਂ ਸੈਰ ਕਰਦੇ ਰਹੇ ਤੇ ਓੜਕ ਉਹਨਾਂ ਨੇ ਦਸਤਾਰ ਤਿਆਗ ਹੀ ਦਿੱਤੀ । ਕੋਈ ਕੁਝ ਪਿਆ ਆਖੇ, ਉਹ ਏਸ ਵੇਸ ਵਿਚ ਕੋਈ ਰਿਸ਼ੀ ਵਿਖਾਈ ਦੇਂਦੇ ਹਨ ।
ਉਹਨਾਂ ਦਾ ਜੀਵਨ ਹੈ ਵੀ ਰਿਸ਼ੀਆਂ ਵਰਗਾ ! ਚੋਟੀ ਦਾ ਚਿਤਰਕਾਰ ਹੋਣਾ ਕੀ ਆਖ, ਤੇ ਅਤਿ ਸਾਦਾ ਜੀਵਨ ਕੀ ਆਖ ! ਕੋਈ ਕਲਾਕਾਰ ਆਖਿਆ ਜਾਣ ਲਗ ਪਏ, ਤਾਂ ਸ਼ਰਾਬ ਉਸ ਦੀ ਕਲਾ ਦੀ ਪ੍ਰੇਰਨਾ ਬਣ ਜਾਂਦੀ ਹੈ । ਪਰ ਇਹ ਲਾਸਾਨੀ ਕਲਾਕਾਰ ਨਾ ਸ਼ਰਾਬ ਪੀਂਦਾ ਹੈ, ਨਾ ਮਾਸ ਖਾਂਦਾ ਹੈ । ਮਾਸ ਖਾਣਾ ਤਾਂ ਇਕ ਪਾਸੇ ਰਿਹਾ, ਇਹ ਕੋਈ ਸ਼ੌਂਕੀ ਪੱਕਿਆ ਖਾਣਾ ਵੀ ਨਹੀਂ ਖਾਂਦੇ । ਇਹਨਾਂ ਦੀ ਖੁਰਾਕ ਅਤਿ ਸਾਦੀ ਤੇ ਥੋੜ੍ਹੀ ਹੈ ।
ਇਕ ਵਾਰੀ ਏਸ਼ੀਆਈ ਲੇਖਕ ਕਾਨਫਰੰਸ ਦੇ ਬਾਅਦ, ਰੂਸੀ ਡੈਲੀਗੇਸ਼ਨ ਦੇ ਸਭ ਕਵੀ ਤੇ ਲਿਖਾਰੀ ਮੈਨੂੰ ਮਿਲਣ ਪ੍ਰੀਤ ਨਗਰ ਆਏ । ਇਕ ਰਾਤ ਉਹਨਾਂ ਮੇਰੇ ਕੋਲ ਰਹਿਣਾ ਸੀ । ਮੈਂ ਸੋਭਾ ਸਿੰਘ ਹੋਰਾਂ ਨੂੰ ਸੁਝਾਉ ਦਿੱਤਾ ਕਿ ਆਪਣੇ ਕੁਝ ਚਿਤਰ ਲੈ ਕੇ ਉਹ ਵੀ ਮੇਰੇ ਕੋਲ ਆਉਣ ਦੀ ਖੁਸ਼ੀ ਮੈਨੂੰ ਦੇਣ ।
ਮੇਰੀ ਚਿੱਠੀ ਪੜ੍ਹਦਿਆਂ ਹੀ ਸੋਭਾ ਸਿੰਘ ਜੀ ਅੰਦਰੇਟੇ ਤੋਂ ਪ੍ਰੀਤ ਨਗਰ ਆ ਗਏ । ਉਹਨਾਂ ਦੇ ਰੋਸ਼ਨ ਚਿਤਰਾਂ ਨੇ ਮੇਰੇ ਘਰ ਦੀ ਸਾਦਗੀ ਨੂੰ ਰੰਗ ਦਿੱਤਾ । ਬੈਠਕ-ਕਮਰੇ ਵਿਚ ਅਜ਼ੀਜ਼ ਮਹਿਮਾਨ ਤਸਵੀਰ ਤਸਵੀਰ ਫਿਰੇ, ਤੇ ਚਿਤਰਕਾਰ ਕੋਲੋਂ ਉਹਦੀਆਂ ਤਸਵੀਰਾਂ ਦੀ ਕਹਾਣੀ ਸੁਣਕੇ ਬੜੇ ਪ੍ਰਭਾਵਿਤ ਹੋਏ । “ਸੋਹਣੀ ਮਹੀਂਵਾਲ” ਦਾ ਚਿੱਤਰ ਉਹਨਾਂ ਨੂੰ ਖ਼ਾਸ ਪਸੰਦ ਆਇਆ । ਮਹੀਂਵਾਲ ਦਾ ਘਰ, ਬੁਖਾਰਾ, ਅਜ ਸੋਵੀਅਤ ਯੂਨੀਅਨ ਦਾ ਸ਼ਹਿਰ ਹੈ, ਤੇ ਬੁਖਾਰੇ ਇਲਾਕੇ ਦਾ ਇਕ ਨਵੀ ਡੈਲੀਗੇਸ਼ਨ ਦਾ ਮੈਂਬਰ ਸੀ । ਉਸ ਨੂੰ ਸੋਭਾ ਸਿੰਘ ਹੋਰਾਂ ਤਸਵੀਰ ਭੇਟ ਕਰ ਦਿਤੀ ।
ਬੈਠਕ ਵਿਚ ਤੀਹ ਚਾਲੀ ਇਸਤਰੀਆਂ ਮਰਦ ਬੈਠੇ ਕਿਸੇ ਪ੍ਰੀਤ ਲੈਅ ਵਿਚ ਇਕ ਜਿੰਦ ਹੋਏ ਝੂਮ ਰਹੇ ਸਨ । ਕਿਸੇ ਗੌਂਵਿਆਂ, ਕਿਸੇ ਨਚਿਆ, ਕਿਸੇ ਨਜ਼ਮ ਪੜ੍ਹੀ, ਕਿਸੇ ਨਕਲ ਕੀਤੀ । ਸੋਭਾ ਸਿੰਘ ਜੀ ਦੀਆਂ ਤਿੰਨ ਨਕਲਾਂ ਨੇ ਹਸਾ ਹਸਾ ਕੇ ਦਰਸ਼ਕ ਦੂਹਰੇ ਕਰ ਦਿੱਤੇ । ਇਕ ਨਕਲ ਉਹਨਾਂ ਕਿਸੇ ਥੱਥੇ ਦੀ ਲਾਈ । ਡੈਲੀਗੇਸ਼ਨ ਦਾ ਇਕ ਮੈਂਬਰ ਰਤਾ ਥਥਲਾਉਂਦਾ ਸੀ । ਉਹ ਸਭ ਤੋਂ ਵੱਧ ਹੱਸਿਆ ਤੇ ਉਸ ਨੇ ਸੋਭਾ ਸਿੰਘ ਹੋਰਾਂ ਨੂੰ ਜਫੀ ਪਾ ਲਈ ।
ਪ੍ਰੀਤ ਨਗਰੋਂ ਜਾਣ ਦੇ ਕੁਝ ਸਮੇਂ ਬਾਅਦ ਸੋਭਾ ਸਿੰਘ ਹੋਰਾਂ ਅੰਦਰੇਟੇ (ਪਾਲਮਪੁਰ) ਆਪਣੇ ਲਈ ਇਕ ਕਲਾਮਈ ਕੁਟੀਆ ਬਣਾ ਲਈ, ਦੋ ਵਾਰੀ ਇਹਨਾਂ ਦੇ ਕੋਲ ਅੰਦਰੇਟੇ ਜਾ ਕੇ ਮੈਂ ਰਿਹਾ ਹਾਂ । ਚਿਤਰਾਂ ਤੇ ਬੁੱਤਾਂ ਤੇ ਫੁੱਲਾਂ ਦਾ ਇਹ ਕੋਈ ਸਵਰਗ ਹੈ, ਤੇ ਕਲਾਕਾਰ ਦੇ ਸ਼ਰਧਾਲੂਆਂ ਦੀ ਯਾਤਰਾ ਹੈ।

ਮਿੱਤਰ ਪਿਆਰਾ ਨਾਨਕ ਸਿੰਘ

ਸੋਭਾ ਸਿੰਘ ਨਾਲ ਮੇਰੀ ਪਹਿਲੀ ਜਾਣ ਪਛਾਣ ਓਦੋਂ ਹੋਈ, ਜਦੋਂ ਮੈਂ ਅੰਮ੍ਰਿਤਸਰ ਵਿਚ ਪ੍ਰੈੱਸ ਦਾ ਕੰਮ ਜਾਰੀ ਕੀਤਾ ਹੋਇਆ ਸੀ । ਉਹ ਉਦੋਂ ਨਵਾਂ ਨਵਾਂ ਹੀ ਬਸਰੇ ਬਗਦਾਦ ਵਲੋਂ ਹੋ ਕੇ ਆਇਆ ਸੀ, ਤੇ ਉਸੇ ਬਾਜ਼ਾਰ (ਮਾਈ ਸੇਵਾਂ) ਵਿਚ ਜਾਨਕੀ ਦਾਸ ਕਿਤਾਬਾਂ ਵਾਲੇ ਦੀ ਉਪਰਲੀ ਬੈਠਕ ਵਿਚ ਰਹਿੰਦਾ ਸੀ । ਇਕ ਦਿਨ ਦਾ ਜ਼ਿਕਰ ਹੈ, ਮੈਂ ਪ੍ਰੈੱਸ ਦੇ ਦਫ਼ਤਰ ਵਿਚ ਬੈਠਾ ਪਰੂਫ਼ ਪੜ੍ਹ ਰਿਹਾ ਸਾਂ, ਕਿ ਦੁੰਹ ਸਜਨਾਂ ਨੇ ਕਮਰੇ ਵਿਚ ਪ੍ਰਵੇਸ਼ ਕੀਤਾ- ਇਕ ਸੀ ਸੋਭਾ ਸਿੰਘ, ਤੇ ਦੂਜਾ ਉਸਦਾ ਸ਼ਗਿਰਦ ਪੰਡਤ ਮੰਗਤ ਰਾਮ । ਇਨ੍ਹਾਂ ਪਾਸ ਗੁਰੂ ਨਾਨਕ ਦੇਵ ਜੀ ਦੀ ਇਕ ਦਸਤੀ ਤਸਵੀਰ ਸੀ, ਜਿਹੜੀ ਮੈਨੂੰ ਵਿਖਾਣ ਲਈ ਲਿਆਏ ਸਨ ।
ਕੁਝ ਤਸਵੀਰ ਨੇ, ਤੇ ਕੁਝ ਮੁਸੱਵਰ ਦੀ ਸ਼ਖਸੀਅਤ ਨੇ- ਦੁਹਾਂ ਰਲ ਮਿਲ ਕੇ ਐਸਾ ਅਸਰ ਪਾਇਆ ਕਿ ਮੈਂ ਖਿਚਿਆ ਜਿਹਾ ਗਿਆ ਸੋਭਾ ਸਿੰਘ ਵੱਲ । ਇਹੋ ਸੀ ਸਾਡੀ ਦੋਸਤੀ ਦਾ ਮੁੱਢ । ਓਦੋਂ ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀ । ਤੇ ਸੋਭਾ ਸਿੰਘ ਦਾ ਵੀ ਮੈਥੋਂ ਛੇ ਕੁ ਮਹੀਨੇ ਪਹਿਲਾਂ । ਥੋੜੇ ਹੀ ਦਿਨਾਂ ਦੇ ਮੇਲ ਗੇਲ ਤੋਂ ਬਾਅਦ ਅਸਾਂ ਦੁਹਾਂ ਨੇ ਆਪੋ ਆਪਣੀਆਂ ਪਤਨੀਆਂ ਨਾਲ ਇਕ ਦੂਜੀ ਦੀ ਜਾਣ ਪਹਿਚਾਣ ਕਰਾਈ, ਤੇ ਇਸ ਤੋਂ ਬਾਅਦ ਅਸੀਂ ਦਿਨੋ ਦਿਨ ਨੇੜੇ ਹੁੰਦੇ ਗਏ । ਇਧਰ ਸਾਡੀ ਦੋਸਤੀ ਪਕਦੀ ਗਈ, ਤੇ ਓਧਰ ਦੁਹਾਂ ਵਹੁਟੀਆਂ ਦਾ ਸਹੇਲ ਪੈਣਾ ਸ਼ੁਰੂ ਹੋਇਆ । ਪਰ ਇਕ ਗੱਲ ਦੀ ਮੈਨੂੰ ਅਜ ਤੀਕ ਸਮਝ ਨਾ ਆ ਸਕੀ ਕਿ ਇਤਨਾ ਪਿਆਰ ਹੁੰਦਿਆਂ ਹੋਇਆਂ ਵੀ ਅਸੀਂ ਲੜ ਕਿਉਂ ਪੈਂਦੇ ਸਾਂ ।
ਪਿਆਰ ਇਤਨਾ ਕਿ ਜਿੰਦ ਪਰਾਣ ਦੀ ਸਾਂਝ । ਤੇ ਲੜਾਈ ਦਾ ਇਹ ਹਾਲ ਕਿ ਜ਼ਰਾ ਜਿੰਨੀ ਕਿਸੇ ਗੱਲ ਬਦਲੇ ਤੱਤ ਫੱਟ ਤੋੜ ਵਿਛੋੜਾ। ਇਕ ਦਿਨ ਦੀ ਗੱਲ ਮੈਨੂੰ ਯਾਦ ਹੈ । ਸੋਭਾ ਸਿੰਘ ਓਦੋਂ ਲਾਹੌਰ ਹੁੰਦਾ ਸੀ । ਚਿੱਠੀ ਆਈ ਕਿ ਮਿਲਿਆਂ ਬੜਾ ਚਿਰ ਹੋ ਗਿਆ ਹੈ । ਦਿਲ ਉਦਾਸ ਹੈ, ਛੇਤੀ ਆਓ । ਓਸੇ ਸ਼ਾਮ ਅਸੀਂ ਮੀਆਂ ਬੀਵੀ ਲਾਹੌਰ ਜਾ ਪਹੁੰਚੇ । ਪਹੁੰਚਣ ਤੋਂ ਇਕ ਘੰਟਾ ਬਾਅਦ ਵੀ ਸਾਡੀ ਇਤਨੀ ਸਖ਼ਤ ਲੜਾਈ ਸ਼ੁਰੂ ਹੋ ਪਈ, ਕਿ ਰਾਤ ’ਕੱਠਿਆਂ ਗੁਜ਼ਾਰਨੀ ਮੁਸ਼ਕਲ ਹੋ ਗਈ । ਨਤੀਜਾ ਇਹ ਹੋਇਆ ਕਿ ਅਸੀਂ ਓਸੇ ਵੇਲੇ ਰੇਲਵੇ ਸਟੇਸ਼ਨ ਵਲ ਉਠ ਤੁਰੇ ।
ਇਹ ਸੀ ਸਾਡੀ ਲੜਾਈ ਦਾ ਹਾਲ । ਪਰ ਏਨਾ ਹੋਣ ਦੇ ਬਾਵਜੂਦ ਦੀ ਅਸੀਂ ਇਕ ਦੂਜੇ ਤੋਂ ਬਿਨਾਂ ਰਹਿ ਨਹੀਂ ਸਾਂ ਸਕਦੇ । ਜਿਉਂ ਹੀ ਚਾਰ, ਦਿਨ, ਦਸ ਦਿਨ, ਬੀਤਦੇ ਕਿ ਦੁਪਾਸੀਂ ਤੜਪਣੀ ਲਗ ਪੈਂਦੀ।
ਲੜਾਈ ਵੀ ਤਾਂ ਐਵੇਂ ਨਿਗੁਣੀਆਂ ਜਿਹੀਆਂ ਗੱਲਾਂ ਤੋਂ ਹੀ ਪੈਂਦੀ ਸੀ । ਪਰ ਮੈਂ ਸਮਝਦਾ ਹਾਂ ਇਸ ਵਿਚ ਕਸੂਰਵਾਰ ਬਹੁਤਾ ਮੈਂ ਹੀ ਹੁੰਦਾ ਸਾਂ ਤੇ ਜਾਂ ਸੋਭਾ ਸਿੰਘ ਦੀ ਘਰ ਵਾਲੀ । ਇਧਰ ਜਿੰਨਾ ਮੈਂ ਮੂੰਹ-ਫੱਟ ਤੇ ਬੜਬੋਲਾ ਸਾਂ, ਓਨੀ ਜਾਂ ਉਸਤੋਂ ਕੁਝ ਹੀ ਘੱਟ ਸੀ ਸ੍ਰੀਮਤੀ ਸੋਭਾ ਸਿੰਘ । ਦੂਜੇ ਪਾਸੇ ਸੋਭਾ ਸਿੰਘ ਜਿੰਨਾ ਬੁਰਦਬਾਰ ਸੀ ਓਨਾ ਹੀ ਮੇਰੀ ਪਤਨੀ ਸਹਿਨਸ਼ੀਲ । ਅਜਬ ਜਿਹਾ ਸੁਭਾਵਾਂ ਦਾ ਮਿਲਗੋਭਾ ਸੀ ਇਹ ।
ਪਿਆਰ ਤਾਂ ਮੈਨੂੰ ਆਪਣੇ ਦੋਸਤ ਪਾਸੋਂ ਮਿਲਣਾ ਹੀ ਸੀ, ਤੇ ਰਜਵਾਂ ਮਿਲ ਰਿਹਾ ਹੈ ਅਜ ਤਕ। ਪਿਆਰ ਤੋਂ ਛੁਟ ਸੁਆਦ ਵੀ, ਪਰ ਜੇਹੜੀ ਸਭ ਤੋਂ ਕੀਮਤੀ ਚੀਜ਼ ਸੋਭਾ ਸਿੰਘ ਨੇ ਮੈਨੂੰ ਪ੍ਰਦਾਨ ਕੀਤੀ, ਇਹ ਹੈ ‘ਹਾਸ ਰਸ’ । ਮੇਰੇ ਸੁਭਾ ਵਿਚ ਏਸ ਚੀਜ਼ ਦਾ ਲਗ ਪਗ ਅਭਾਵ ਸੀ । ਮੁੱਢ ਤੋਂ ਹੀ ਮੈਂ ਸੰਜੀਦਾ ਜਿਹੀ ਤਬੀਅਤ ਦਾ ਸਾਂ । ਬੇ-ਮਤਲਬ ਹੀ ਹਰ ਗੱਲ ਨੂੰ ਸੋਚੀ ਜਾਣਾ, ਸੋਚੀ ਜਾਣਾ, ਤੇ ਗੱਲ ਬਾਤ ਘਟ ਤੋਂ ਘਟ ਕਰਨੀ । ਪਰ ਜਦ ਤੋਂ ਸੋਭਾ ਸਿੰਘ ਨੇ ਮੇਰੀ ਜ਼ਿੰਦਗੀ ਵਿਚ ਪ੍ਰਵੇਸ਼ ਕੀਤਾ, ਮੇਰੀ ਜਮਾਂਦਰੂ ਘਾਟ ਕਾਫ਼ੀ ਹਦ ਤਕ ਪੂਰੀ ਹੋ ਗਈ ।
ਸੋਭਾ ਸਿੰਘ ਨਾਲ ਜਿਨ੍ਹਾਂ ਲੋਕਾਂ ਦਾ ਵਾਹ ਪਿਆ ਹੈ, ਉਹ ਜਾਣਦੇ ਨੇ ਕਿ ਉਹ ਕਿੰਨਾ ਹਾਸ ਰਸੀਆ ਤੇ ਜ਼ਿੰਦਾਦਿਲ ਆਦਮੀ ਹੈ । ਬਾਕੀ ਰਹੀ ਉਸ ਦੇ ਹੁਨਰ ਦੀ ਖੂਬੀ, ਇਸ ਬਾਰੇ ਤਾਂ ਮੈਂ ਸਮਝਦਾ ਹਾਂ ਸੋਭਾ ਸਿੰਘ ਨਿਰਾ ਆਰਟਿਸਟ ਹੀ ਨਹੀਂ, ਉਹ ਆਰਟ ਵਿਚ ਜੀਉਂਦਾ ਪਲਰਦਾ ਹੈ, ਆਰਟ ਵਿਚ ਸੁਆਸ ਲੈਂਦਾ ਹੈ, ਤੇ ਆਰਟ ਉਸ ਦੇ ਰਗ ਰੇਸ਼ੇ ਵਿਚ ਜੀਰਿਆ ਹੋਇਆ ਹੈ । ਸੋਭਾ ਸਿੰਘ ਆਪਣੇ ਆਰਟ ਦਾ ਆਸ਼ਕ ਹੈ ਸਚੇ ਅਰਥਾਂ ਵਿਚ ਆਸ਼ਕ ।
ਵੈਸੇ ਤਾਂ ਮੈਂ ਵੀ ਆਪਣੇ ਆਪ ਨੂੰ ਕਲਾ ਦੇ ਮਜਨੂੰਆਂ ਵਿਚ ਗਿਣਦਾ ਹਾਂ ਪਰ ਕਿਆ ਕਹਿਣੇ ਸੋਭਾ ਸਿੰਘ ਦੇ, ਜਿਸ ਨੇ ਕਲਾ ਦੇ ਇਸ਼ਕ ਵਿਚ ਰੰਗੀਜ ਕੇ ਸਮੁੱਚੇ ਤੌਰ ਤੇ ਡੇਰਾ ਹੀ ਪਹਾੜਾਂ (ਅੰਦਰੇਟਾ, ਜ਼ਿਲ੍ਹਾ ਕਾਂਗੜਾ) ਵਿਚ ਜਾ ਲਾਇਆ । ਸੋਭਾ ਸਿੰਘ ਅਕਸਰ ਕਹਿੰਦਾ ਹੁੰਦਾ ਹੈ ਕਿ ਆਰਟ ਉਹ ਬੱਚਾ ਹੈ ਜੇਹੜਾ ਕੁਦਰਤ ਦੀ ਗੋਦੀ ਵਿਚ ਹੀ ਪਲ ਸਕਦਾ ਹੈ । ਤੇ ਸੋਭਾ ਸਿੰਘ ਨੇ ਏਸ ਲੋਕੋਕਤੀ ਨੂੰ ਕ੍ਰਿਤਕਾਰਜ ਕਰ ਦਿਖਾਇਆ, ਜਿਹੜਾ ਆਪਣੇ ਹੁਨਰ ਨੂੰ ਹਿੱਕ ਨਾਲ ਲਾ ਕੇ ਖੁਦ ਹੀ ਕੁਦਰਤ ਦੀ ਗੋਦੀ ਵਿਚ ਜਾ ਬੈਠਾ ਹੈ ।
ਪਰ ਮੈਂ ਇਥੇ ‘ਆਰਟਿਸਟ’ ਸੋਭਾ ਸਿੰਘ ਦਾ ਜ਼ਿਕਰ ਨਹੀਂ ਕਰ ਰਿਹਾ, ਮੈਂ ਤਾਂ ‘ਦੋਸਤ’ ਸੋਭਾ ਸਿੰਘ ਦੀ ਗੱਲ ਕਰਨ ਲੱਗਾ ਹਾਂ । ਉਸ ਦੀ ਤੇ ਮੇਰੀ ਦੋਸਤੀ ਦੀ ਉਮਰ ਲਗ ਪਗ ਪੈਂਤੀ ਸਾਲਾਂ ਦੀ ਹੈ, ਤੇ ਇਨ੍ਹਾਂ ਪੈਂਤੀਆਂ ਸਾਲਾਂ ਵਿਚ ਅਸਾਂ ਜ਼ਿੰਦਗੀ ਦਾ ਜਿੰਨਾ ਕੁ ਸੁਆਦ ਮਾਣਿਆ, ਇਸਦਾ ਵਰਨਣ ਕਰਨਾ ਮੁਸ਼ਕਲ ਹੈ । ਉਹਨਾਂ ਸੁਆਦਲੀਆਂ ਘੜੀਆਂ ਦੀ ਨਿਰੀ ਯਾਦ ਹੀ ਆ ਕੇ ਦਿਲ ਨੂੰ ਮਸਰੂਰ ਕਰ ਦੇਂਦੀ ਹੈ ।
ਦੋਸਤੀ ਦੇ ਮੁੱਢ ਤੋਂ ਲੈ ਕੇ ਕੁਝ ਸਾਲਾਂ ਤਕ ਸਾਡਾ ਤੇਗੜਾ ਹੁੰਦਾ ਸੀ-ਤੀਜਾ ਉਹ ਪੰਡਤ ਮੰਗਤ ਰਾਮ । ਇਹ ਤਿੰਨਾਂ ਦਾ ਜੋੜ ਇਕ ਅਜੀਬ ਜੋੜ ਸੀ । ਇਕ ਮੁਸੱਵਰ, ਇਕ ਨਾਵਲਿਸਟ ਤੇ ਇਕ ਸੰਗੀਤਕਾਰ ! ਮੰਗਤ ਰਾਮ ਮੰਨਿਆ ਹੋਇਆ ਸੰਗੀਤਕਾਰ ਸੀ । ਖਾਸ ਕਰਕੇ ਵਾਇਲਿਨ ਵਜਾਣ ਵਿਚ ਉਹ ਮਾਸਟਰ ਸੀ । ਜਦੋਂ ਕਦੇ ਅਸੀਂ ਤਿੰਨੇ ਰਲ ਕੇ ਬਾਜ਼ਾਰ ਵਿਚੋਂ ਲੰਘ ਰਹੇ ਹੁੰਦੇ ਤਾਂ ਸਾਡੇ ਜਾਣੂੰ ਪਛਾਣੂੰ ਕਹਿੰਦੇ- “ਜਾ ਰਿਹਾ ਜੇ ਨੀਮ ਪਾਗ਼ਲਾਂ ਦਾ ਤੇਗੜਾ” । ਸਚ ਪੁਛੋ ਤਾਂ ਅਸੀਂ ਹੈ ਵੀ ਨੀਮ ਪਾਗਲ ਹੀ ਸਾਂ । ਏਹਨਾਂ ਪਾਗ਼ਲ-ਪਣਿਆਂ ਦਾ ਜੋ ਵਿਸਥਾਰ ਨਾਲ ਜ਼ਿਕਰ ਕਰਨ ਲਗਾਂ ਤਾਂ ਸੌ ਅੱਸੀ ਸਫ਼ੇ ਬੇ-ਮਤਲਬ ਹੀ ਚਿਤਰੇ ਜਾਣਗੇ । ਸੰਖੇਪ ਵਿਚ ਹੀ ਇਥੇ ਕੁਝ ਇਕ ਗੱਲਾਂ ਦਾ ਜ਼ਿਕਰ ਕਰਾਂਗਾ ।
ਸੈਰ ਦੇ ਸੰਬੰਧ ਵਿਚ ਅਸਾਂ ਤਿੰਨਾਂ ਵਿਚ ਇਕ ਬੜੇ ਅਜੀਬ ਕਿਸਮ ਦਾ ਅਹਿਦਨਾਮਾ ਸੀ, ਕਿ ਤਿੰਨਾਂ ਵਿਚੋਂ ਜੇ ਕੋਈ ਕਿਸੇ ਵੇਲੇ ਤੇ ਕਿਸੇ ਪਾਸੇ ਦੀ ਸੈਰ ਤੇ ਜਾਣ ਲਈ ਕਹੇ, ਤਾਂ ਦੁਸਰੇ ਦੁਹਾਂ ਨੂੰ ਬਿਨਾਂ ਹੀਲ ਹੁੱਜਤ ਤੁਰ ਪੈਣਾ ਹੋਵੇਗਾ । ਏਹਨਾਂ ਸੈਰਾਂ ਦਾ ਜ਼ਿਕਰ ਕਰਨ ਲਗਾ ਮੈਂ ਸੋਚਦਾ ਹਾਂ ਅਸੀਂ ‘ਨੀਮ ਪਾਗਲਾਂ’ ਦਾ ਤ੍ਰੈਗੜਾ ਸਾਂ ਕਿ ‘ਡਬਲ ਪਾਗਲਾਂ’ ਦਾ ?
ਇਕ ਵਾਰੀ ਰਾਤ ਦੇ ਕੋਈ ਨੌਂ ਸਾਢੇ ਨੌਂ ਵਜੇ ਇਹ ਦੋਵੇਂ ਮਿੱਤਰ-ਸੋਭਾ ਸਿੰਘ ਤੇ ਮੰਗਤ ਰਾਮ ਮੇਰੇ ਮਕਾਨ ਤੇ ਆ ਧਮਕੇ, ਕਿ ਚਲੋ ਧਰਮਪੁਰ (ਕਾਲਕਾ ਤੋਂ ਸ਼ਿਮਲੇ ਵਿਚਾਲੇ ਇਕ ਥਾਂ) ਚੱਲੀਏ । ਸੁਣ ਕੇ ਮੈਂ ਹੱਕਾ ਬੱਕਾ ਰਹਿ ਗਿਆ । ਸਿਆਲ ਦਾ ਮੌਸਮ, ਤੇ ਸ਼ਿਮਲੇ ਦਾ ਸਫ਼ਰ । ਪਰ ਨਾਂਹ ਨੁੱਕਰ ਦੀ ਜਾਹ ਨਹੀਂ ਸੀ । ਖੜ੍ਹੇ ਖੜੋਤਿਆਂ ਸੰਖੇਪ ਜਿਹਾ ਬਿਸਤਰਾ ਕੱਛੇ ਮਾਰਿਆ, ਥੋੜ੍ਹਾ ਬਹੁਤਾ-ਜਿੰਨਾ ਕੁ ਸੰਭਵ ਹੋ ਸਕਿਆ, ਪੈਸਿਆਂ ਦਾ ਪ੍ਰਬੰਧ ਕੀਤਾ, ਤੇ ਉਠ ਕੇ ਨਾਲ ਹੋ ਟੁਰੇ । ਸ੍ਰੀਮਤੀ ਪੁਛਦੀ ਹੀ ਰਹਿ ਗਈ- “ਕਿਥੇ ਜਾ ਰਹੇ ਹੋ ?” ਪਰ ਜਵਾਬ ਉਸ ਨੂੰ ਪੌੜੀਆਂ ਵਿਚੋਂ ਮਿਲਿਆ- “ਆ ਕੇ ਦੱਸਾਂਗਾ।”
ਲਓ ਜੀ, ਅਸੀਂ ਧਰਮਪੁਰ ਜਾ ਪਹੁੰਚੇ । ਸੋਭਾ ਸਿੰਘ ਪਾਸ ਰੰਗ ਦੀਆਂ ਕੁਝ ਟੀਊਬਾਂ ਤੇ ਸਫ਼ਰੀ ਈਜ਼ਲ ਸੀ, ਮੇਰੇ ਕੋਲ ਸੀ ਨਾਵਲ ਦਾ ਸ਼ਿਕਾਰ ਕਰਨ ਲਈ ਬੰਦੂਕ (ਕੋਰੀ ਕਾਪੀ) ਤੇ ਮੰਗਤ ਰਾਮ ਕੋਲ ਸੀ ਆਪਣਾ ਵਾਇਲਿਨ ।
ਧਰਮਪੁਰ ਜਾ ਕੇ ਵੇਖਿਆ, ਨਾ ਆਦਮੀ ਨਾ ਆਦਮੀ ਦੀ ਜ਼ਾਤ-ਹਰ ਪਾਸੇ ਬਰਫ਼ਾਂ ਹੀ ਬਰਫ਼ਾਂ । ਕਪੜੇ ਸਾਡੇ ਕੋਲ ਮਾਮੂਲੀ ਸਨ, ਤੇ ਸਰਦੀ ਸੀ ਹੱਡ ਤੋੜਵੀਂ । ਇਸ ਉਤੇ ਮੁਸੀਬਤ ਇਹ ਕਿ ਦੁਕਾਨਾਂ ਹੋਟਲ ਸਭ ਬੰਦ-ਗਾਹਕ ਹੀ ਕੋਈ ਨਹੀਂ ਸੀ, ਦੁਕਾਨਾਂ ਕਿਥੋਂ ਆਉਂਦੀਆਂ । ਛੇਕੜ ਰੱਬ ਰੱਬ ਕਰ ਕੇ ਇਕ ਪਹਾੜਨ ਮਾਈ ਨੇ ਸਾਨੂੰ ਰਹਿਣ ਲਈ ਇਕ ਨਿੱਕੀ ਜਿਹੀ ਕੋਠੜੀ ਦਿੱਤੀ । ਜਦ ਅਸਾਂ ਉਸ ਵਿਚ ਉਤਾਰਾ ਕੀਤਾ ਤਾਂ ਮਲੂਮ ਹੋਇਆ ਕਿ ਉਹ ਅਸਲ ਵਿਚ ਕੁੱਤਿਆਂ ਦੇ ਰਹਿਣ ਦੀ ਥਾਂ ਸੀ । ਕਈ ਕੁੱਤੇ ਪਰਾਲੀ ਤੇ ਲੇਟੇ ਹੋਏ ਸਨ ।
ਕੁੱਤਿਆਂ ਨੂੰ ਉਥੋਂ ਭਜਾ ਕੇ ਅਸਾਂ ਪਰਾਲੀ ਉਤੇ ਬਿਸਤਰੇ ਕਰ ਲਏ, ਪਰ ਸਾਡੀ ਬਦਕਿਸਮਤੀ ਨੂੰ ਇਕ ਬਾਰੀ ਦੇ ਤਾਕ ਨਹੀਂ ਸਨ । ਜਿਸ ਥਾਣੀ ਕੁੱਤੇ ਫੇਰ ਅੰਦਰ ਆ ਵੜਦੇ । ਸਾਰੀ ਰਾਤ ਸਾਡੀ ਕੁੱਤਿਆਂ ਨੂੰ ਗਾਲ੍ਹਾਂ ਕਢਦਿਆਂ ਤੇ ਸ਼ਿਸ਼ਕਾਰਦਿਆਂ ਹੀ ਗੁਜ਼ਰੀ । ਦੂਜੇ ਦਿਨ ਅਸੀਂ ਬੋਰੀਆ ਬਿਸਤਰਾ ਲਪੇਟ ਕੇ ਵਾਪਸ ਆ ਗਏ । ਬੜੀ ਅਵਾਜ਼ਾਰੀ ਉਠਾਣੀ ਪਈ, ਪਰ ਕਿੰਨਾ ਸੁਆਦ ਆਇਆ ਉਸ ਅਵਾਜ਼ਾਰੀ ਵਿਚੋਂ ਵੀ ।
ਇਸੇ ਤਰ੍ਹਾਂ ਇਕ ਵਾਰੀ ਬੈਠਿਆਂ ਬੈਠਿਆਂ ਉਛੇਲ ਆ ਗਿਆ- ਚਲੋ ਨੂਰਪੁਰ (ਜ਼ਿਲ੍ਹਾ ਕਾਂਗੜੇ ਦਾ ਇਕ ਪਹਾੜੀ ਇਲਾਕਾ) ਚੱਲੀਏ ! ਬਸ ਮੂੰਹੋਂ ਨਿਕਲਣ ਦੀ ਦੇਰ ਸੀ ਕਿ ਤਿਆਰੀ ਸ਼ੁਰੂ ਹੋ ਗਈ, ਤੇ ਅਗਲੀ ਪਰਭਾਤੇ ਪਠਾਨਕੋਟੋਂ ਟਾਂਗੇ ਵਿਚ ਸਵਾਰ ਹੋ ਕੇ ਅਸੀਂ ਨੂਰਪੁਰ ਜਾ ਰਹੇ ਸਾਂ ।
ਪਰਭਾਤ ਦਾ ਵੇਲਾ, ਠੰਢੀ ਠੰਢੀ ਹਵਾ ਚਲ ਰਹੀ ਸੀ, ਤੇ ਸਾਡਾ ਟਾਂਗਾ ਇਕ ਹਰਿਆਵਲੀ ਵਾਦੀ ਵਿਚੋਂ ਲੰਘ ਰਿਹਾ ਸੀ । ਉਸ ਸਮੇਂ ਦਾ ਕੋਈ ਐਸਾ ਮਾਦਕ ਜਿਹਾ ਅਸਰ ਹੋਇਆ ਕਿ ਅਸੀਂ ਤਿੰਨੇ ਸਚਮੁੱਚ ਹੀ ਪਾਗਲ ਹੋ ਉਠੇ । ਸਾਡੀ ਖੁਸ਼-ਕਿਸਮਤੀ ਨੂੰ ਟਾਂਗੇ ਵਾਲਾ ਬਿਲਕੁਲ ਬੋਲਾ ਸੀ, ਜਿਸ ਕਰ ਕੇ ਉਹ ਸਾਡੀ ਬਕਵਾਸ ਨੂੰ ਸੁਣ ਨਹੀਂ ਸੀ ਸਕਦਾ ।
ਅਸਾਂ ਉਸ ਸਾਰੇ ਰਸਤੇ ਕਿੰਨੀ ਤਰ੍ਹਾਂ ਦੀਆਂ ਬਕਵਾਸਾਂ ਕੀਤੀਆਂ, ਗੋਡੇ ਵਜਾਂਦਿਆਂ ਕੇਹੜੇ ਕੇਹੜੇ ਗੀਤ ਗਾਏ ? ਇਸ ਸਾਰੇ ਨੂੰ ਛਡ ਕੇ ਮੈਂ ਇਕ ਨਿੱਕੀ ਜਿਹੀ ਗੱਲ ਦਾ ਜ਼ਿਕਰ ਕਰਾਂਗਾ ।
ਟਾਂਗੇ ਵਿਚ ਏਸੇ ਬੇਖ਼ੁਦੀ ਦੀ ਹਾਲਤ ਵਿਚ ਬਕੜਵਾਹ ਕਰਦਿਆਂ ਤੇ ਗਾਣੇ ਗਾਂਦਿਆਂ ਪਤਾ ਨਹੀਂ ਕਿਵੇਂ ਅਸਾਂ ਇਕ ਆਪੇ ਉਗਮਿਆਂ ਡਰਾਮਾ ਖੇਡਣਾ ਸ਼ੁਰੂ ਕਰ ਦਿਤਾ । ਸਾਡੇ ਵਿਚੋਂ ਇਕ ਜੇਲਰ ਬਣ ਗਿਆ, ਇਕ ਕੈਦੀ, ਤੇ ਇਕ ਸਿਪਾਹੀ । ਸਿਪਾਹੀ ਨੇ ਕੈਦੀ ਨੂੰ ਪੇਸ਼ ਕਰਦਿਆਂ ਸ਼ਿਕਾਇਤ ਕੀਤੀ “ਹਜ਼ੂਰ, ਇਹ ਬੜਾ ਗੁਸਤਾਖ ਕੈਦੀ ਹੈ । ਕਰਮਚਾਰੀਆਂ ਨੂੰ ਪਰੇਸ਼ਾਨ ਕਰਦਾ ਰਹਿੰਦਾ ਹੈ, ਕਿਸੇ ਦਾ ਲਿਹਾਜ਼ ਨਹੀਂ ਕਰਦਾ । ਅੰਗਰੇਜ਼ ਬਾਦਸ਼ਾਹ ਦੇ ਖਿਲਾਫ਼ ਪਰਚਾਰ ਵੀ ਕਰਦਾ ਹੈ…”
ਜੇਲਰ ਦਾ ਪਾਰਟ ਮੈਂ ਕਰ ਰਿਹਾ ਸਾਂ, ਤੇ ਕੈਦੀ ਦਾ ਮੰਗਤ ਰਾਮ । ਸੋਭਾ ਸਿੰਘ ਸਿਪਾਹੀ ਬਣਿਆ ਹੋਇਆ ਸੀ । ਸਿਪਾਹੀ ਦਾ ਬਿਆਨ ਸੁਣ ਕੇ ਜੇਲਰ ਨੂੰ (ਮੈਨੂੰ) ਇਕਦਮ ਗੁੱਸਾ ਚੜ੍ਹ ਗਿਆ ਤੇ ਪੈਂਦੀ ਸੱਟੇ ਹੀ ਮੈਂ ਕੈਦੀ (ਪੰਡਤ) ਨੂੰ ਤਾੜ ਤਾੜ ਦੋ ਤਿੰਨ ਚਪੇੜਾਂ ਜੜ੍ਹ ਦਿੱਤੀਆਂ, ਇਹ ਕਹਿੰਦਿਆਂ ਹੋਇਆ- “ਹਰਾਮਜ਼ਾਦੇ, ਉੱਲੂ ਕੇ ਪੱਠੇ… ਮਾਦਰ” ਤੇ ਹੋਰ ਕਿੰਨੀਆਂ ਹੀ ਵਾਹਯਾਤ ਗਾਲ੍ਹਾਂ ਮੈਂ ਉਸ ਨੂੰ ਕੱਢ ਗਿਆ । ਪੰਡਤ ਵਿਚਾਰਾਂ ਗੱਲਾਂ ਮਲਦਾ ਹੋਇਆ ਪੀੜ ਨਾਲ ਬਿਲਬਿਲਾ ਉਠਿਆ । ਇਹ ਸੀ ਸਾਡੀਆਂ ਸੈਰਾਂ ਦੀ ਵੰਨਗੀ ।
ਸੋਭਾ ਸਿੰਘ ਤੇ ਮੈਂ, ਜਦੋਂ ਦੋਵੇਂ ਰਲ ਕੇ ਬੈਠਦੇ ਤਾਂ ਉਹ ਸ਼ੇਖਚਿਲੀ ਵਾਲੇ ਐਸੇ ਪੁਲ ਪਕਾਂਦਾ ਕਿ ਜ਼ਮੀਨ ਅਸਮਾਨ ਦੇ ਕਲਾਬੇ ਮੇਲ ਕੇ ਰੱਖ ਦੇਂਦਾ- “ਫਲਾਣੇ ਪਹਾੜ ਦੀ ਚੋਟੀ ਤੇ ਇਕ ਐਸੀ ਕਿਸਮ ਦਾ ਮਕਾਨ ਬਣਾਵਾਂਗੇ, ਜੇਹੜਾ ਲੋੜ ਅਨੁਸਾਰ ਜ਼ਮੀਨ ਦੇ ਹੇਠਾਂ ਵੀ ਚਲਾ ਜਾਵੇ ਤੇ ਉੱਪਰ ਵੀ ਆ ਜਾਵੇ । ਉੱਥੇ ਫਲਾਣੀ ਵਿਉਂਤ ਦਾ ਬਾਗ਼ ਲਗਾਵਾਂਗੇ, ਫਲਾਣੇ ਫਲਾਣੇ ਕਿਸਮ ਦੇ ਪੰਛੀ ਤੇ ਜਾਨਵਾਰ ਪਾਲਾਂਗੇ । ਤਾਲਾਬ, ਫ਼ੁਆਰੇ ਤੇ ਹੋਰ ਪਤਾ ਨਹੀਂ ਕੀ ਕੀ ਗਿਣਦਾ ਚਲਾ ਜਾਂਦਾ ।
ਕੁਝ ਸਾਲਾਂ ਬਾਅਦ ਮੰਗਤ ਰਾਮ ਦਾ ਸਾਥ ਛੁਟ ਗਿਆ, ਤੇ ਅਸੀਂ ਤੇਗੜਾ ਤੋਂ ਜੋੜਾ ਬਣ ਕੇ ਰਹਿ ਗਏ । ਅਸਾਂ ਦੁਹਾਂ ਰਲ ਕੇ ਧਰਮਸ਼ਾਲਾ ਤੋਂ ਲੈ ਕੇ ਮਸੂਰੀ ਤਕ ਦੇ ਸਾਰੇ ਪਹਾੜ ਪੰਜਾਂ ਸੱਤਾਂ ਸਾਲਾਂ ਵਿਚ ਗਾਹ ਸੁੱਟੇ । ਜਦੋਂ ਵੀ ਦੋਵੇਂ ਰਲ ਕੇ ਸਫ਼ਰ ਨੂੰ ਨਿਕਲਦੇ, ਤਾਂ ਜਾਪਦਾ ਜਿਵੇਂ ਸਾਰੀ ਕਾਇਨਾਤ ਦੇ ਸ੍ਵਰਗ ਕੱਠੇ ਹੋ ਕੇ ਸਾਡੇ ਕਦਮਾਂ ਹੇਠ ਆ ਜੁੜੇ ਹੋਣ । ਅਸੀਂ ਰੇਲ ਤੇ ਥਰਡ ਕਲਾਸ ਦੇ ਡੱਬੇ ਦੇ ਬੂਹੇ ‘ਚੋਂ ਬਾਹਰ ਲੱਤਾਂ ਲਮਕਾ ਕੇ ਬੈਠ ਜਾਂਦੇ, ਤੇ ਗੋਡੇ ਵਜਾਂਦੇ ਹੋਏ ਜੋ ਮੂੰਹ ਆਉਂਦਾ, ਝੂਮ ਝੂਮ ਕੇ ਗਾਈ ਜਾਂਦੇ । ਲੋਕੀ ਸਾਨੂੰ ਵੇਖ ਵੇਖ ਕੇ ਕੀ ਸੋਚਦੇ ਹੋਣਗੇ, ਕਦੀ ਏਸ ਗੱਲ ਦਾ ਧਿਆਨ ਹੀ ਨਹੀਂ ਸੀ ਆਉਂਦਾ ।
ਪੈਸੇ ਟਕੇ ਵਲੋਂ ਅਸੀਂ ਦੋਵੇਂ ਹੀ ਇਕੋ ਜਿਹੇ ਸਾਂ- ‘ਤਲੀ ਮੇਂ ਆਇਆ, ਗਲੀ ਮੇਂ ਖਾਇਆ’ ਵਾਲੀ ਹਾਲਤ । ਪਰ ਕਿੰਨਾ ਸੁਆਦ ਸੀ ਉਸ ਗੁਰਬਤ ਵਿਚ, ਤੇ ਕਿੰਨਾ ਖੇੜਾ ਸੀ ਉਸ ਮੁਫ਼ਲਸੀ ਵਿਚ, ਕਿ ਜਦੋਂ ਹੀ ਕੱਠੇ ਹੁੰਦੇ ਦੁਨੀਆਂ ਦੇ ਸਾਰੇ ਦੁੱਖਾਂ ਦਰਦਾਂ ਨੂੰ ਭੁੱਲ ਜਾਂਦੇ ਸਾਂ ।
ਫੇਰ ਇਕ ਵਕਤ ਆਇਆ, ਜਦੋਂ ਮੈਨੂੰ ਤਾਂ ਸਰਦਾਰ ਗੁਰਬਖ਼ਸ਼ ਸਿੰਘ ਦੇ ਕਲਮੀ ਜਾਦੂ ਨੇ ਪ੍ਰੀਤ ਨਗਰ ਵਲ ਖਿੱਚ ਖੜਿਆ, ਤੇ ਸੋਭਾ ਸਿੰਘ ਨੇ ਲਾਹੌਰ ਨੂੰ ਅਲਵਿਦਾ ਕਹਿ ਕੇ ਦਿੱਲੀ ਵਲ ਮੁਹਾਰਾਂ ਮੋੜ ਲਈਆਂ । ਏਸ ਤਰ੍ਹਾਂ ਕਾਫ਼ੀ ਚਿਰ ਅਸੀਂ ਵਿਛੜੇ ਰਹੇ ।
ਇਕ ਹੋਰ ਵਕਤ ਆਇਆ, ਜਦੋਂ ਦਿਲਾਂ ਦੀ ਖਿੱਚ ਨੇ ਸਾਨੂੰ ਇਕ ਵਾਰੀ ਫੇਰ ਕੱਠਿਆਂ ਕਰ ਦਿੱਤਾ । ਸੋਭਾ ਸਿੰਘ ਪ੍ਰੀਤ ਨਗਰ ਵਿਚ ਆ ਵਸਿਆ। ਖਿਆਲ ਕਰਦੇ ਸਾਂ ਕਿ ਦੋਵੇਂ ਦੋਸਤ ਇਕ ਵਾਰੀ ਫੇਰ ਨੇੜੇ ਹੋ ਕੇ ਪਹਿਲਾਂ ਵਰਗੇ ਸਵਰਗੀ ਦਿਨ ਮਾਣਾਂਗੇ, ਪਰ ਪਾਸਾ ਸਗੋਂ ਉਲਟਾ ਹੀ ਪੈ ਗਿਆ । ਸੋਭਾ ਸਿੰਘ ਨੂੰ ਪ੍ਰੀਤ ਨਗਰ ਆਇਆਂ ਥੋੜਾ ਹੀ ਚਿਰ ਹੋਇਆ ਸੀ ਕਿ ਕੁਝ ਬਖ਼ੀਲਾਂ ਦੀਆਂ ਕਾਰਿਸਤਾਨੀਆਂ ਨੇ ਸਾਨੂੰ ਦੁਹਾਂ ਨੂੰ ਇਕ ਦੂਜੇ ਤੋਂ ਦੂਰ ਲੈ ਜਾਣਾ ਸ਼ੁਰੂ ਕਰ ਦਿੱਤਾ । ਇਹ ਦੂਰਤਾ ਇੰਨੀ ਤੇਜ਼ੀ ਨਾਲ ਵਧੀ ਕਿ ਅਸੀਂ ਦੋਸਤ ਦੇ ਥਾਂ ਇਕ ਤਰ੍ਹਾਂ ਨਾਲ ਦੁਸ਼ਮਣ ਬਣ ਗਏ । ਦੁਹਾਂ ਨੂੰ ਦੁਹਾਂ ਦੀ ਸ਼ਕਲ ਵੇਖ ਕੇ ਹੀ ਗੁੱਸਾ ਚੜ੍ਹ ਜਾਂਦਾ । ਸਾਨੂੰ ਮੰਨਣਾ ਪਵੇਗਾ ਕਿ ਕਿਸੇ ਤੀਜੇ ਦੀ ਸ਼ੈਤਾਨੀ ਚਾਲ ਪੂਰੀ ਤਰ੍ਹਾਂ ਕਾਮਯਾਬ ਹੋ ਗਈ, ਜਿਸ ਨੇ ਸਾਨੂੰ ਉੱਲੂ ਬਣਾ ਛੱਡਿਆ ਛੇਕੜ ।
ਉਸ ਤੋਂ ਬਾਅਦ ਸੋਭਾ ਸਿੰਘ ਪਹਿਲਾਂ ਲਾਹੌਰ, ਤੇ ਫੇਰ ਅੰਦਰੇਟੇ ਚਲਾ ਗਿਆ । ਇਸ ਤਰ੍ਹਾਂ ਕੋਈ ਚਾਰ ਕੁ ਸਾਲ ਅਸੀਂ ਆਪੋ ਵਿਚ ਰੁੱਸੇ ਰਹੇ । ਕਦੀ ਭੁਲ ਚੁਕ ਕੇ ਵੀ ਜੇ ਸਾਹਮਣਾ ਹੋ ਜਾਂਦਾ, ਤਾਂ ਅੱਖਾਂ ਭੰਵਾ ਕੇ ਲੰਘ ਜਾਂਦੇ ਸਾਂ ।
1945 ਦੇ ਲੜੇ ਹੋਏ ਅਸੀਂ 1950 ਵਿਚ ਫੇਰ ਮੰਨੇ, ਤੇ ਸਾਡਾ ਇਹ ਮੰਨੇਵਾਂ ਵੀ ਬੜੇ ਅਜੀਬ ਢੰਗ ਨਾਲ ਹੋਇਆ । ਮੈਂ ਪਤਾ ਨਹੀਂ ਕਿਸ ਕੰਮ ਲਈ ਪਟਿਆਲੇ ਗਿਆ, ਤੇ ਉਥੇ ਅਚਾਨਕ ਸੋਭਾ ਸਿੰਘ ਦਾ ਮੇਲ ਹੋ ਗਿਆ। ਐਤਕੀਂ ਵੀ ਖਿਆਲ ਸੀ ਕਿ ਪਹਿਲਾਂ ਵਾਂਗ ਅੱਖ ਬਚਾ ਕੇ ਲੰਘ ਜਾਵਾਂਗੇ, ਪਰ ਨਾ ਲੰਘ ਸਕੇ । ਦੁਹਾਂ ਦੇ ਅੰਦਰੋਂ ਪਤਾ ਨਹੀਂ ਕਿਹੋ ਜਿਹਾ ਉਛਾਲਾ ਉਠਿਆ ਕਿ ਅਸੀਂ ਬੇਤਹਾਸ਼ਾ ਇਕ ਦੂਜੇ ਦੀਆਂ ਬਾਹਾਂ ਵਿਚ ਜਕੜੇ ਗਏ ।
ਉਸ ਦਿਨ ਤੋਂ ਲੈ ਕੇ ਇਹਨਾਂ ਸਤਰਾਂ ਦੇ ਲਿਖਣ ਵੇਲੇ ਤੀਕ ਅਸੀਂ ਫੇਰ ਕਦੀ ਨਹੀਂ ਲੜੇ । ਲੜਨ ਦਾ ਸਵਾਲ ਹੀ ਕਦੀ ਪੈਦਾ ਨਹੀਂ ਹੋਇਆ, ਜਦ ਕਿ ਮੈਂ ਅੰਮ੍ਰਿਤਸਰ ਵਿਚ, ਤੇ ਉਹ ਅੰਦਰੇਟੇ ਬੈਠਾ ਹੈ । ਕਦੀ ਸਹਿਕ ਸਕਾਂਵੀਆਂ, ਜੇ ਮਿਲਾਪ ਦੀਆਂ ਦੋ ਘੜੀਆਂ ਆਉਂਦੀਆਂ ਵੀ ਨੇ, ਤਾਂ ਅੱਖ- ਫਰੱਕੇ ਦੀ ਢਿੱਲ ਵਿਚ ਲੰਘ ਜਾਂਦੀਆਂ ਨੇ, ਤੇ ਅਸੀਂ ਫੇਰ ਜਿਉਂ ਦੇ ਤਿਉਂ ਵਸਾਲ ਲਈ ਤੜਫਦੇ ਰਹਿ ਜਾਂਦੇ ਹਾਂ । ਸਾਡਾ ਦੁਹਾਂ ਦਾ ਯਕੀਨ ਹੈ ਕਿ ਹੁਣ ਅਸੀਂ ਕਦੀ ਨਹੀਂ ਲੜਾਂਗੇ-ਸ਼ਾਇਦ ਕੇਸਾਂ ਦੀ ਸਫ਼ੈਦੀ ਨੇ ਸਾਨੂੰ ਦੁਹਾਂ ਨੂੰ ਕਾਫ਼ੀ ਅਕਲਮੰਦ ਬਣਾ ਦਿੱਤਾ ਹੈ ।
ਇਕ ਗੱਲ ਦੀ ਮੈਨੂੰ ਸੋਭਾ ਸਿੰਘ ਉੱਤੇ ਬੜੀ ਈਰਖਾ ਆਉਂਦੀ ਹੈ । ਅਸਾਂ ਦੁਹਾਂ ਨੇ ਕਦੀ ਆਪੋ ਵਿਚ ਇਕ ਪ੍ਰਣ ਕੀਤਾ ਸੀ ਕਿ ਅਸੀਂ ਜ਼ਿੰਦਗੀ ਦਾ ਤੀਜਾ ਪੜਾਉ (ਬੁਢੇਪਾ) ਕਿਸੇ ਰਮਣੀਕ ਪਹਾੜ ਦੀ ਵਾਦੀ ਵਿਚ ਇਕੱਠੇ ਰਹਿ ਕੇ ਜੀਆਂਗੇ । ਤੇ ਓਹੀ ਸਾਡੀ ‘ਅੰਤਮ ਆਰਾਮਗਾਹ’ ਹੋਵੇਗੀ । ‘ਅੰਤਮ ਆਰਾਮਗਾਹ’ ਬਾਰੇ ਕੋਈ ਕੀ ਜਾਣ ਸਕਦਾ ਹੈ ਕਿ ਕਿਸ ਦੀ ਕਿੱਥੇ ਬਣੇਗੀ । ਪਰ ‘ਤੀਜੇ ਪੜਾਉ’ ਵਾਲੀ ਹਸਰਤ ਜਿੱਥੇ ਸੋਭਾ ਸਿੰਘ ਨੇ ਪੂਰੀ ਕਰ ਲਈ ਹੈ, ਉੱਥੇ ਮੈਂ ਅੱਜ ਤੀਕ ਇਸ ਤੋਂ ਵਾਂਜਿਆ ਹੋਇਆ ਹਾਂ । ਉਸ ਨੇ ਅੰਦਰੇਟੇ ਵਿਚ ਜ਼ਮੀਨ ਦਾ ਇਕ ਸਰਸਬਜ਼ ਜਿਹਾ ਕਿੱਤਾ ਖ਼ਰੀਦ ਕੇ ਬੜੇ ਆਰਟਿਸਟਿਕ ਢੰਗ ਦਾ ਮਕਾਨ ਬਣਾ ਲਿਆ, ਤੇ ਉਸ ਵਿਚ ਮੁਸਤਕਿਲ ਤੌਰ ਤੇ ਰਹਿ ਰਿਹਾ ਹੈ । ਪਰ ਮੈਂ ? ਮੈਂ ਅਜੇ ਤੀਕ ਕੋਹਲੂ ਦਾ ਬੈਲ ਬਣਿਆ ਹੋਇਆ ਆਪਣੇ ਪਰਵਾਰ ਦੁਆਲੇ ਘੁੰਮੀ ਜਾਂਦਾ ਹਾਂ । ਤੇ ਇਸ ਉਤੇ ਮੇਰੀ ਬਦ-ਕਿਸਮਤੀ ਮੁਲਾਹਜ਼ਾ ਹੋਵੇ ਕਿ ਅਜ ਤੀਕ ਮੈਂ ਆਪਣੇ ਦੋਸਤ ਦਾ ਉਹ ਨਿਵਾਸ ਨਹੀਂ ਵੇਖ ਸਕਿਆ, ਭਾਵੇਂ ਕਿ ਉਸ ਵਲੋਂ ਹਰ ਸਾਲ ਕਈ ਦਾਹਵਤਨਾਮੇ ਆਉਂਦੇ ਰਹਿੰਦੇ ਨੇ ।
ਪਿਛੇ ਜਿਹੇ ਮੇਰਾ ਇਕ ਨਾਵਲ ‘ਚਿਤਰਕਾਰ’ ਛਪਿਆ ਸੀ । ਉਸ ਦਾ ਪਲਾਟ ਤਾਂ ਭਾਵੇਂ ਸਾਰਾ ਹੀ ਕਲਪਿਤ ਸੀ, ਪਰ ਜੇ ਕੋਈ ਸਿਆਣਾ ਪਾਠਕ ਉਸ ਨੂੰ ਡੂੰਘੇਰੀ ਨਜ਼ਰ ਨਾਲ ਪੜ੍ਹੇਗਾ ਤਾਂ ਉਸ ਵਿਚ ਸੋਭਾ ਸਿੰਘ ਦੀ ਹੀ ਰੂਹ ਜਰੂਰ ਦਿਸ ਪਵੇਗੀ ।
ਦੋਸਤ ਦਾ ਧੰਨਵਾਦ ਕਰਨਾ ਬੇਲੋੜਾ ਹੁੰਦਾ ਹੈ, ਪਰ ਕਦੀ ਕਦੀ ਆਪਣੇ ਇਸ ਦੋਸਤ ਲਈ ਮੇਰੇ ਅੰਦਰੋਂ ਬਦੋ-ਬਦੀ ਧੰਨਵਾਦ ਦੇ ਭਾਵ ਉਮਡ ਆਉਂਦੇ ਨੇ, ਜਦ ਮੈਂ ਖ਼ਿਆਲ ਕਰਦਾ ਹਾਂ ਕਿ ਸੋਭਾ ਸਿੰਘ ਨੇ ਮੈਨੂੰ ਕਿੰਨਾ ਕੁਝ ਦਿਤਾ-ਪਿਆਰ, ਹਾਸ ਰਸ, ਪਹਾੜੀ ਸੈਰ ਦਾ ਸ਼ੌਕ, ਤੇ ਆਪਣੇ ਹੁਨਰ ਵਿਚ ਬਹੁਤ ਸਾਰੀ ਮਦਦ ਵੀ । ਰੱਬ ਉਸ ਨੂੰ ਮਾਰਕੰਡੇ ਰਿਸ਼ੀ ਜਿੰਨੀ ਉਮਰ ਦੇਵੇ ।

ਖੂਬਸੂਰਤ ਇਨਸਾਨ ਮੁਲਕ ਰਾਜ ਆਨੰਦ

ਸਰਦਾਰ ਸੋਭਾ ਸਿੰਘ ਨਾਲ ਮੇਰੀ ਮੁਲਾਕਾਤ 1952 ਵਿਚ ਹੋਈ ਜਦ ਮੈਂ ਮਹਿੰਦਰ ਸਿੰਘ ਰੰਧਾਵਾ ਅਤੇ ਡਬਲਿਯੂ ਜੀ ਆਰਚਰ ਦੇ ਨਾਲ ਅੰਦਰੇਟਾ ਵਿਖੇ ਗਿਆ ਸੀ । ਉਨ੍ਹਾਂ ਨੇ ਸ਼ਹਿਰ ਦੇ ਸ਼ੋਰ- ਸ਼ਰਾਬੇ, ਰੌਲੇ ਰੱਪੇ ਨੂੰ ਤਿਲਾਂਜਲੀ ਦਿੱਤੀ ਅਤੇ ਕਾਂਗੜਾ ਵਾਦੀ ਦੇ ਦੂਰ-ਪਾਰ ਦੀ ਇੱਕ ਨੁੱਕਰ ਵਿਚ ਨਿਵਾਸ ਕਰਨ ਦਾ ਇਰਾਦਾ ਬਣਾਇਆ । ਰਿਸ਼ੀਆਂ ਮੁਨੀਆਂ ਜਿਹੀ ਖੁਲ੍ਹੀ ਚਿੱਟੀ ਦਾਹੜੀ ਅਤੇ ਖਿੰਡੇ-ਪੁੰਡੇ ਵਾਲਾਂ ਤੋਂ ਉਹ ਤਾਲਸਤਾਇ ਦੇ ਭਰਾ (cousin) ਪ੍ਰਤੀਤ ਹੁੰਦੇ ਸਨ ।
ਸਰ੍ਹੋਂ ਦੇ ਸਾਗ ਅਤੇ ਮੱਕੀ ਦੀ ਰੋਟੀ ਦੇ ਸੁਆਦ ਅਤੇ ਨਿੱਘੀ ਪ੍ਰਾਹੁਣਾਚਾਰੀ ਦੇ ਵਾਤਾਵਰਨ ਵਿਚ ਅਸੀਂ ਗੱਲਾਂ ਬਾਤਾਂ ਦਾ ਖੂਬ ਅਨੰਦ ਮਾਣਿਆ । ਉਪਰੰਤ, ਇਹ ਵਚਨ ਦਿੱਤਾ ਕਿ ਫਿਰ ਵੀ ਆਵਾਂਗੇ, ਅਤੇ ਆਪਣੇ ਆਪਣੇ ਪੋਰਟਰੇਟ ਵਾਸਤੇ ਬੈਠਾਂਗੇ । ਮੇਰਾ ਖਿਆਲ ਹੈ ਕਿ ਰੰਧਾਵਾ ਸਾਹਿਬ ਤਾਂ, ਫੇਰ ਗਏ ਹੋਣਗੇ । ਪਰ ਆਰਚਰ ਅਤੇ ਮੈਂ ਨਾ ਜਾ ਸਕੇ, ਪਰ ਜਦੋਂ ਮੈਂ ਪਿਛਲੀ ਵਾਰ ਗਿਆ ਤਾਂ ਮੈਂ ਪੋਰਟਰੇਟ ਲਈ ਅਵਸਰ ਦਿੱਤਾ। ਸੋਭਾ ਸਿੰਘ ਨੇ ਕਿਹਾ ਕਿ ਉਹ ਲੋਕਾਂ ਦੀ ਚਾਪਲੂਸੀ ਕਰਨ ਲਈ ਪੋਰਟਰੇਟ ਨਹੀਂ ਬਣਾਉਂਦੇ, ਸਗੋਂ ਆਪਣੀ ਗੈਲਰੀ ਵਿਚ ਉਨ੍ਹਾਂ ਦੋਸਤਾਂ ਪਿਆਰਿਆਂ ਦਾ ਵਾਧਾ ਕਰਨ ਲਈ ਅਜਿਹਾ ਕਰਦੇ ਹਨ, ਜਿਨ੍ਹਾਂ ਨੂੰ ਉਹ ਯਾਦ ਰਖਣਾ ਚਾਹੁੰਦੇ ਹਨ ।
ਮੇਰਾ ਵਿਚਾਰ ਹੈ ਕਿ ਰਚਨਾਤਮਿਕ ਚਿੱਤਰਕਾਰੀ ਲਈ ਵੀ ਉਨ੍ਹਾਂ ਨੇ ਇਹੋ ਵਤੀਰਾ ਅਪਣਾਇਆ ਸੀ । ਅਸਲ ਵਿਚ ਉਨ੍ਹਾਂ ਦੀ ਚਿੱਤਰਕਾਰੀ ਦਿਲ ਦੇ ਅੰਦਰੋਂ ਸੀ, ਸ਼ਾਇਦ ਇਸੇ ਲਈ ਸੋਹਣੀ ਮਹੀਂਵਾਲ ਦਾ ਚਿਤਰ ਉਨ੍ਹਾਂ ਦਾ ਸ਼ਾਹਕਾਰ ਹੈ- ਨਾਜ਼ਕ ਧੂਪੇ ਰੰਗਾਂ ਵਿਚ ਇਹ ਰੋਮਾਂਟਿਕ ਚਿੱਤਰ ਹੈ ਜਿਹੜਾ ਨਵੇਂ ਨੌਜਵਾਨਾਂ ਨੂੰ ਪੰਜਾਬ ਦੇ ਨਾਇਕਾਂ ਦੀ ਯਾਦ ਦਿਵਾਉਂਦਾ ਹੈ ਕਿ ਅਤੀਤ ਵਿਚ ਉਹ ਕਿਵੇਂ ਆਪਣਾ ਆਪਾ ਕੁਰਬਾਨ ਕਰ ਦਿੰਦੇ ਸਨ । ਇਸਤਰੀ ਦੇ ਸਤਿਕਾਰ, ਉਸਦੀ ਮਹਿਮਾ ਅਤੇ ਉਸਦੀ ਕੋਮਲਤਾ ਬਾਰੇ ਸ੍ਰੀ ਗੁਰੂ ਨਾਨਕ ਦੇਵ ਦੇ ਵਿਚਾਰਾਂ ਪ੍ਰਤੀ ਸਰਦਾਰ ਸੋਭਾ ਸਿੰਘ ਜੀ ਆਸਥਾ ਸੀ ।
ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਿੱਤਰ ਵਿਚ ਉਨ੍ਹਾਂ ਨੇ ਇਕ ਵੀਰ-ਪੁਰਸ਼ ਦੀ ਪੁਨਰ-ਰਚਨਾ ਕਰਨ ਦਾ ਯਤਨ ਕੀਤਾ ਜਿਹੜਾ ਅਕਾਲ ਪੁਰਖ ਦੇ ਸਮੀਪ ਸੀ, ਜਿਸਦਾ ਚਿਹਰਾ ਆਭਾ ਨਾਲ ਝਲਕ ਰਿਹਾ ਸੀ ਅਤੇ ਅੱਖੀਆਂ ਵਿਚ ਪ੍ਰਕਾਸ਼ ਸੀ ।
ਨਿੱਜੀ ਰੂਪ ਵਿਚ ਸਾਂਭੇ ਹੋਏ ਵੀ ਕੁਝ ਚਿੱਤਰ ਮੇਰੀ ਨਜ਼ਰ ਵਿਚ ਆਏ ਹਨ । ਉਨ੍ਹਾਂ ਅੰਦਰ ਮਨੁੱਖਾਂ, ਪਸ਼ੂਆਂ, ਪੇੜਾਂ ਅਤੇ ਸਿੱਖ ਧਰਮ ਦੇ ਬਾਨੀ ਪ੍ਰਤੀ ਅਹਿਸਾਸ ਸੀ । ਮੇਰੀ ਇੱਛਾ ਹੈ ਕਿ ਨਵੀਂ ਪੀੜ੍ਹੀ ਦੇ ਨੌਜਵਾਨਾਂ ਅੰਦਰ ਪਿਆਰ ਦਾ ਸੰਦੇਸ਼ ਇਕ ਵਿਰਸਾ ਬਣੇ, ਜਿਸ ਨੂੰ ਉਨ੍ਹਾਂ ਸਿੱਖ ਗੁਰੂ ਸਾਹਿਬਾਨ ਪਾਸੋਂ ਵਿਰਾਸਤ ਵਜੋਂ ਗ੍ਰਹਿਣ ਕੀਤਾ ਅਤੇ ਆਪਣੇ ਕੁਝ ਚਿੱਤਰਾਂ ਵਿਚ ਢਾਲਿਆ । ਇਹ ਸਾਡੇ ਕੌਮੀ ਇਤਿਹਾਸ ਦਾ ਸ਼ਿੰਗਾਰ ਹੋਣਗੇ ਜਿਨ੍ਹਾਂ ਵਿਚ ਮੁਖ ਗੁਣ ਜੀਵਨ ਲਈ ਕੋਮਲਤਾ ਹੈ ।
ਸਰਦਾਰ ਸੋਭਾ ਸਿੰਘ ਹਰ ਰੋਜ਼ ਇਕ ਚਿਤਰ ਬਣਾਉਂਦੇ ਸਨ, ਕਿਉਂਕਿ ਉਹਨਾਂ ਦਾ ਵਿਸ਼ਵਾਸ ਸੀ ਕਿ ਰਚਨਾਤਮਿਕਤਾ ਇਕ ਵਿਅਕਤੀ ਦੀ ਆਤਮਾ ਅਤੇ ਸਰੀਰ ਨੂੰ ਜੀਵੰਤ ਰਖਦੀ ਹੈ, ਵਾਸ਼ਨਾਵਾਂ ਜਾਂ ਸ਼ਕਤੀਆਂ ਗਤੀਸ਼ੀਲ ਰਹਿੰਦੀਆਂ ਹਨ ਅਤੇ ਵਿਅਕਤੀ ਨੂੰ ਨਵਾਂ ਨਰੋਆ ਰਖਦੀਆਂ ਹਨ ।
ਸੋਭਾ ਸਿੰਘ ਸੁਭਾ ਅਨੁਸਾਰ ਹੀ ਕਦੀ ਤਾਂ ਰੋਮਾਂਚਕ ਚਿਤਰਕਾਰ ਸਨ ਅਤੇ ਕਦੀ ਵਾਸਤਵੀ। ਜਦੋਂ ਵੀ ਕੁਝ ਚਾਹ ਰਹੇ ਹੁੰਦੇ ਤਾਂ ਉਸ ਦਾ ਚਿਤਰ ਉਨ੍ਹਾਂ ਦੇ ਤਸੱਵਰ ਵਿਚ ਚੰਗੀ ਤਰ੍ਹਾਂ ਜੰਮ ਜਾਂਦਾ। ਫੇਰ ਉਹ ਇਕ ਦਮ ਧਰਤੀ ਤੇ ਉਤਰ ਆਉਂਦੇ ਤੇ ਪੱਥਰ ਲਿਜਾਂਦੇ ਕਾਮਿਆਂ, ਪੰਜਾਬ ਦੇ ਪਿੰਡਾਂ ਦੇ ਖੇਤਾਂ ਵਿਚ ਇਸਤਰੀਆਂ ਨੂੰ ਕੰਮ ਕਰਦਿਆਂ ਚਿਤਰਣ ਲਗ ਜਾਂਦੇ।

ਸੋਭਾ ਸਿੰਘ ਤੇ ਉਨ੍ਹਾਂ ਦੀ ਕਲਾ ਮੇਹਰ ਸਿੰਘ

ਸਰਦਾਰ ਸੋਭਾ ਸਿੰਘ ਦੀਆਂ ਕਲਾ-ਕ੍ਰਿਤਾਂ ਨੂੰ ਗਹੁ ਨਾਲ ਦੇਖਣ ਤੇ ਉਨ੍ਹਾਂ ਦੀ ਬਹੁਪੱਖੀ ਸ਼ਖਸੀਅਤ ਸਾਹਮਣੇ ਆਉਂਦੀ ਹੈ । ਚਿਤਰਕਲਾ ਨੇ ਉਨ੍ਹਾਂ ਨੂੰ ਹਰ ਵਰਗ ਦੇ ਲੋਕਾਂ ਵਿਚ ਪ੍ਰਸਿੱਧੀ ਅਤੇ ਮਾਨਤਾ ਦਿੱਤੀ ਅਤੇ ਘਰ-ਘਰ ਉਨ੍ਹਾਂ ਦੇ ਉਲੀਕੇ ਚਿਤਰਾਂ ਨੇ ਆਪਣੀ ਥਾਂ ਮੱਲੀ । ਭਾਵੇਂ ਕੋਈ ਸੋਭਾ ਸਿੰਘ ਨੂੰ ਮਿਲਿਆ ਹੋਵੇ ਜਾਂ ਨਾ, ਫਿਰ ਵੀ ਤਸਵੀਰ ਉਨ੍ਹਾਂ ਰਾਹੀਂ ਹੀ ਚਿਤਰੀ ਭਾਲਦਾ ਹੈ ।
ਇਸ ਕਲਾਕਾਰ ਨੇ ਆਪਣੀ ਪਸੰਦ ਦੇ ਨਾਇਕਾਂ ਨਾਲ ਆਮ ਲੋਕਾਂ ਦਾ ਮੋਹ ਵੀ ਪ੍ਰਾਪਤ ਕਰਨ ਦਾ ਸ਼ਰਫ਼ ਹਾਸਲ ਕੀਤਾ ਹੈ । ਗੁਰੂ ਸਾਹਿਬ, ਸੰਤ ਵੀਰ-ਯੋਧੇ ਅਤੇ ਪ੍ਰੇਮੀ ਜਿਥੇ ਉਨ੍ਹਾਂ ਦੇ ਖ਼ਾਸ ਵਿਸ਼ੇ ਹਨ, ਉਥੇ ਇਨਸਾਨੀ ਜੀਵਨ ਨਾਲ ਜੁੜੇ ਸਮਾਜਿਕ ਅਤੇ ਧਾਰਮਿਕ ਵਿਸ਼ਿਆਂ ਨੂੰ ਵੀ ਕੈਨਵਸ ਤੇ ਬਾਖੂਬੀ ਉਤਾਰਿਆ ਹੈ । ਫਿਰ ਇੰਞ ਕਹਿ ਲਵੋ ਕਿ ਸੋਭਾ ਸਿੰਘ ਨੇ ਇਨਸਾਨੀ ਜੀਵਨ ਲੈ ਕੇ ਚੰਗੇ ਅਤੇ ਸੁਚੱਜੇ ਆਦਰਸ਼ਾਂ ਤੇ ਆਪਣੀ ਚਿਤਰਕਲਾ ਦੁਆਰਾ ਖੂਬ ਰੋਸ਼ਨੀ ਪਾਈ ਹੈ ।
ਉਨ੍ਹਾਂ ਦੀਆਂ ਪ੍ਰਮੁੱਖ ਕਲਾ-ਕ੍ਰਿਤਾਂ ਵਿਚੋਂ, ਜੋ ਝਲਕ ਦਿਖਾਈ ਦਿੰਦੀ ਹੈ ਉਸ ਵਿਚ ਸ਼ਾਮਲ ਹਨ:
ਗੁਰੂ ਨਾਨਕ ਦੇਵ ਜੀ ਦਾ ਸਮੁੱਚੇ ਸੰਸਾਰ ਦੇ ਜੀਵਾਂ ਤੇ ਇਸ ਦੇ ਕਰਤਾ ਪ੍ਰਤੀ ਪਿਆਰ, ਗੁਰੂ ਗੋਬਿੰਦ ਸਿੰਘ ਜੀ ਦਾ ਚੜ੍ਹਦੀ ਕਲਾ ਵਾਲਾ ਜੀਵਨ ਜਿਉਣ ਦਾ ਫ਼ਲਸਫ਼ਾ, ਭਗਵਾਨ ਕ੍ਰਿਸ਼ਨ ਦਾ ਉਪਦੇਸ਼, ਮਹਾਤਮਾ ਬੁਧ ਦੀ ਜੀਵਨ ਖੋਜ, ਸੋਹਣੀ ਦੀ ਪ੍ਰੇਮ ਖਿਚ, ਸੂਰਮਿਆਂ ਦੀ ਨਿਡਰਤਾ, ਸੂਫ਼ੀ ਸੰਤਾਂ ਦੇ ਕੱਢੇ ਜੀਵਨ-ਤੱਤ, ਕੁਦਰਤ ਵਿਚ ਵਿਚਰਦੀਆਂ ਅਤੇ ਸਮਾਜੀ ਬੰਧਨ ਦੇ ਡੋਲੇ ਵਿਚ ਪਹਾੜੀ ਸੁੰਦਰੀਆਂ ।
ਸਰਦਾਰ ਸੋਭਾ ਸਿੰਘ ਪੰਜਾਬ ਦੇ ਪਹਿਲੇ ਕਲਾਕਾਰ ਹਨ ਜਿਨ੍ਹਾਂ ਨੇ ਏਨੀ ਸਪਸ਼ਟਤਾ ਅਰਥਾਤ ਯਥਾਰਥਕਤਾ ਨਾਲ ਚਿਤਰ ਉਲੀਕੇ । ਉਨ੍ਹਾਂ ਵਿਚਲੇ ਪਾਤਰ ਜਿਉਂਦੇ ਜਾਗਦੇ ਲਗਦੇ ਹਨ । ਇਹ ਵੀ ਉਹਨਾਂ ਦੀ ਲੋਕਪ੍ਰਿਅਤਾ ਦੀ ਖ਼ਾਸ ਵਜ੍ਹਾ ਹੈ ।
ਸਰਦਾਰ ਸੋਭਾ ਸਿੰਘ ਨੇ ਬਹੁਤੇ ਚਿੱਤਰ ਤੇਲ ਰੰਗਾਂ ਨਾਲ ਚਿਤਰੇ ਹਨ ਪਰ ਜਿਨ੍ਹਾਂ ਦਿਨਾਂ ਵਿਚ ਉਹ ਕਮਰਸ਼ਲ ਕੰਮ ਕਰਦੇ ਸਨ ਸਿਰਫ਼ ਵਿਸ਼ੇ ਦੀ ਲੋੜ ਅਨੁਸਾਰ ਹੀ ਮਾਧਿਅਮ ਮੀਡੀਅਮ ਵਰਤਿਆ, ਪੁਸਤਕ ਵਿਸ਼ਲੇਸ਼ਣ ਲਈ ਪੈਨਸਿਲ, ਪੈਨ ਅਤੇ ਸਿਆਹੀ ਨਾਲ ਬਹੁਤ ਹੀ ਉੱਚ ਕੋਟੀ ਦੀਆਂ ਮੂਰਤਾਂ ਬਣਾਈਆਂ, ਪੁਸਤਕਾਂ ਅਤੇ ਪਰਚਿਆਂ ਦੇ ਟਾਈਟਲ ਲਈ ਵਾਟਰ ਕਲਰ ਵਰਤੇ, ਭਾਰਤੀ ਰੇਲਵੇ, ਡਾਕ-ਤਾਰ ਵਿਭਾਗ ਅਤੇ ਕਸ਼ਮੀਰ ਦੇ ਪੋਸਟਰਾਂ ਲਈ ਪੋਸਟਰ ਰੰਗਾਂ ਦਾ ਕਮਾਲ ਕਰ ਦਿਖਾਇਆ । ਚਿਤਰਾਂ ਦੇ ਨਾਲ ਨਾਲ ਮੂਰਤੀ ਕਲਾ ਵਿਚ ਵੀ ਮਾਅਰਕੇ ਮਾਰੇ । ਪ੍ਰਿਥਵੀ ਰਾਜ ਕਪੂਰ ਅਤੇ ਡਾ. ਐਮ. ਐਸ. ਰੰਧਾਵਾ ਦੇ ਬੁੱਤ ਉਨ੍ਹਾਂ ਦੀ ਏਸੇ ਵਿਲੱਖਣ ਕਲਾ ਦੀ ਤਰਜਮਾਨੀ ਕਰਦੇ ਹਨ।
ਸਰਦਾਰ ਸੋਭਾ ਸਿੰਘ ਦੀ ਕਲਾ ਨੂੰ ਲੋਕ ਪਿਆਰ ਕਰਦੇ ਹਨ ਤੇ ਯਥਾਰਥਕ ਕੰਮ ਕਰਨ ਵਾਲੇ ਕਲਾਕਾਰ ਆਪਣਾ ਰਹਿਬਰ ਤਸਲੀਮ ਕਰਦੇ ਹਨ ।
ਸਰਦਾਰ ਸੋਭਾ ਸਿੰਘ ਦੀ ਆਪਣੀ ਜੀਵਨੀ ਤੇ ਝਾਤ ਮਾਰੀ ਜਾਵੇ ਤਾਂ ਉਹ ਵੀ ਇਕ ਜੀਵਨ ਕਲਾ ਹੀ ਹੈ । ਬਚਪਨ ਵਿਚ ਮਾਂ ਦੇ ਪਿਆਰ ਤੋਂ ਸੱਖਣੇ ਰਹਿਣ, ਪਿਤਾ ਦੇ ਸੁਭਾਅ ਦੀ ਸਖਤਾਈ, ਭੈਣ- ਭਣਵਈਏ ਕੋਲ ਰਹਿਣਾ, ਬਗ਼ਦਾਦ ਜਾ ਕੇ ਡਰਾਫ਼ਸਮੈਨ ਦੀ ਨੌਕਰੀ ਕਰਨ ਤੇ ਵਿਦੇਸ਼ੀਆਂ ਦੇ ਰਹਿਣ ਸਹਿਣ ਦੀ ਜਾਣਕਾਰੀ ਮਿਲਣਾ ਆਦਿ ਘਟਨਾਵਾਂ ਨੇ ਸਰਦਾਰ ਸੋਭਾ ਸਿੰਘ ਦੇ ਮਨ ਤੇ ਜੋ ਅਸਰ ਪਾਏ ਉਸ ਨਾਲ ਉਨ੍ਹਾਂ ਨੇ ਆਪਣਾ ਨਿਸ਼ਚਾ ਕਰ ਲਿਆ ਕਿ ਨਾ ਹੀ ਅਪਮਾਨ ਸਹਿਣਾ ਹੈ ਅਤੇ ਨਾ ਹੀ ਕਰਨਾ ਹੈ । ਘਿਰਨਾ ਨਹੀਂ ਪਿਆਰ ਵੰਡਣਾ ਹੈ । ਬਚਪਨ ਵਿਚ ਵਿਦਿਆ ਮਿਲਣ ਦੀ ਘਾਟ ਆਪ ਪੂਰੀ ਕਰਨੀ ਹੈ । ਅੰਦਰ ਲਗੇ ਕਲਾ-ਬੀਜ ਨੂੰ ਹਿੰਮਤ ਨਾਲ ਪਾਲਣਾ ਹੈ ਅਤੇ ਇਸ ਦੇ ਫਲ ਦੂਜਿਆਂ ਵਿਚ ਵਰਤਾਉਣੇ ਹਨ ।
ਸਰਦਾਰ ਸੋਭਾ ਸਿੰਘ ਨੇ ਕਿਸੇ ਦੀ ਸ਼ਾਗਿਰਦੀ ਨਹੀਂ ਕੀਤੀ, ਆਪਣੀ ਪਸੰਦ ਦੀ ਕਲਾ ਤਕਨੀਕ ਚੁਣੀ, ਜਾਣਕਾਰੀ ਹਾਸਲ ਕੀਤੀ ਅਤੇ ਪੂਰੀ ਲਗਨ ਨਾਲ ਮਾਸਟਰੀ ਕੀਤੀ, ਪੈਸੇ ਦੀ ਕਮੀ ਦੀ ਪ੍ਰਵਾਹ ਨਾ ਕਰਦਿਆਂ ਮੰਜ਼ਿਲ ਵਲ ਪੁਲਾਂਘਾਂ ਪੁੱਟੀ ਗਏ । ਉਹ ਕਿਹਾ ਕਰਦੇ ਸਨ ਕਿ ਅਸਲੀ ਕੀਮਤ ਤਾਂ ਉਹ ਹੈ ਜੋ ਕੰਮ ਕਰਦਿਆਂ ਆਨੰਦ ਆਉਂਦਾ ਹੈ ਤੇ ਤਸੱਲੀ ਹੁੰਦੀ ਹੈ । ਉਹ ਕਿਹਾ ਕਰਦੇ ਸਨ ਕਿ ਸਾਰੀ ਦੁਨੀਆਂ ਨੂੰ ਮੁਆਫ਼ ਕਰ ਦੇਵੋ ਪਰ ਆਪਣੇ ਆਪ ਨੂੰ ਕਦੇ ਮੁਆਫ਼ ਨਾ ਕਰੋ, ਕੰਮ ਨੂੰ ਇਬਾਦਤ ਸਮਝ ਕੇ ਕਰੋ । ਉਹ ਬੇਹੱਦ ਸਫ਼ਾਈ ਪਸੰਦ ਸਨ । ਉਨ੍ਹਾਂ ਨੂੰ ਕੋਝ ਚੰਗਾ ਨਹੀਂ ਸੀ ਲਗਦਾ । ਹਮੇਸ਼ਾਂ ਚਾਹੁੰਦੇ ਕਿ ਕੰਮ ਕਰਨ ਵਾਲੀ ਜਗ੍ਹਾ ਤੇ ਹਰ ਚੀਜ਼ ਆਪਣੇ ਠਿਕਾਣੇ ਹੋਣੀ ਚਾਹੀਦੀ ਹੈ । ਮੰਨਿਆ ਜਾਂਦਾ ਹੈ ਕਿ ਜਿਸ ਤਰ੍ਹਾਂ ਦੀ ਰਹਿਣੀ ਬਹਿਣੀ ਹੋਵੇ ਇਨਸਾਨ ਦੀ ਸ਼ਖ਼ਸੀਅਤ ਵੀ ਉਸੇ ਤਰ੍ਹਾਂ ਦੀ ਹੋ ਜਾਂਦੀ ਹੈ । ਸੋਭਾ ਸਿੰਘ ਹੁਰਾਂ ਦੀ ਰਹਿਣੀ ਤੇ ਬੋਲ-ਚਾਲ ਦੇ ਨਾਲ ਆਪਣੀ ਸ਼ਖ਼ਸੀਅਤ ਵੀ ਖੂਬ ਸੀ ਜਿਵੇਂ ਕੋਈ ਫ਼ਰਿਸ਼ਤਾ ਹੋਵੇ । ਛੋਟੇ ਬੱਚੇ ਨੂੰ ਵੀ ‘ਜੀ’ ਕਹਿ ਕੇ ਬੁਲਾਉਂਦੇ । ਜਿਹੜਾ ਇਕ ਵਾਰ ਮਿਲ ਲਿਆ ਬੱਸ ਉਨ੍ਹਾਂ ਦਾ ਹੋ ਗਿਆ ।
ਸ਼ਹਿਰਾਂ ਨੂੰ ਛੱਡ ਕੇ ਕਾਂਗੜੇ ਦੇ ਪਹਾੜਾਂ ਦੀਆਂ ਵਾਦੀਆਂ ਵਿਚ ਖੂਬਸੂਰਤ ਥਾਂ ਅੰਦਰੇਟਾ ਵਿਖੇ ਜਾ ਰਹਿਣਾ ਭਾਵੇਂ ਸ਼ੁਰੂ ਵਿਚ ਬਹੁਤ ਹੀ ਔਖਾ ਸਾਬਤ ਹੋਇਆ ਪਰ ਇਹ ਔਖਾਂ ਉਨ੍ਹਾਂ ਦਾ ਇਰਾਦਾ ਨਾ ਬਦਲ ਸਕੀਆਂ । ਦੂਰ-ਨੇੜੇ ਵਸਦੇ ਕਲਾਕਾਰ ਤੇ ਕਲਾ-ਪ੍ਰੇਮੀਆਂ ਲਈ ਅੰਦਰੇਟਾ ਖਿੱਚ ਦਾ ਕੇਂਦਰ ਬਣ ਗਿਆ । ਜਦੋਂ ਸਰਦਾਰ ਸੋਭਾ ਸਿੰਘ ਨੂੰ ਭਾਰਤ ਸਰਕਾਰ ਨੇ ਪਦਮ ਸ਼੍ਰੀ ਦੀ ਉਪਾਧੀ ਨਾਲ ਸਨਮਾਨਿਆ ਤਾਂ ਇਸ ਖੇਤਰ ਦਾ ਹੋਰ ਮਾਣ ਵਧਿਆ । ਹੁਣ ਇਹ ਹਿਮਾਚਲ ਦਾ ਇਕ ਟੂਰਿਸਟ ਸਪਾਟ ਬਣ ਗਿਆ ਹੈ । ਸਰਦਾਰ ਸੋਭਾ ਸਿੰਘ ਦੀ ਆਰਟ ਗੈਲਰੀ ਜਿਸ ਦੀ ਪਰਿਵਾਰ ਵਲੋਂ ਚੰਗੀ ਸੰਭਾਲ ਹੋ ਰਹੀ ਹੈ, ਇਕ ਜ਼ਿਆਰਤਗਾਹ ਬਣ ਗਈ ਹੈ ।
ਸਰਦਾਰ ਸੋਭਾ ਸਿੰਘ ਇਕ ਅਜਿਹੇ ਕਲਾਕਾਰ, ਲੇਖਕ, ਕਵੀ, ਫ਼ਿਲਾਸਫ਼ਰ ਸਨ ਜਿਨ੍ਹਾਂ ਨੂੰ ਸਭ ਨੇ ਸਤਿਕਾਰਿਆ।

ਹਮਸਾਇਆ-ਇ-ਖ਼ੁਦਾ ਮੰਗਤ ਰਾਮ

ਮਈ 28, 1923 ਦੀ ਸ਼ਾਮ, ਮੈਂ ਆਪਣੀ ਟਾਈਪ ਦੀ ਮਸ਼ੀਨ ਵਾਸਤੇ ਰਿਬਨ ਲੈਣ ਲਈ, ਕਟੜਾ ਜੈਮਲ ਸਿੰਘ ਜਦੋਂ ਮੋਹਨ ਸਿੰਘ ਖੁਰਾਣਾ ਦੀ ਦੁਕਾਨ ਤੇ ਪਹਿਲਾਂ ਵਾਂਗ ਗਿਆ, ਉਨ੍ਹਾਂ ਦੇ ਦੂਜੇ ਕਮਰੇ ਵਿਚ ਇਕ ਤਸਵੀਰ ਲਟਕੀ ਹੋਈ ਵੇਖੀ, ਜਿਸ ਵਿਚ ਸ਼ੇਰਾਂ ਦਾ ਇਕ ਜੋੜਾ ਬੈਠਾ ਸੀ । ਮੂੰਹੋਂ ਬੋਲਦੀ ਇਸ ਤਸਵੀਰ ਨੂੰ ਵੇਖ ਕੇ ਮੈਂ ਏਨਾ ਪ੍ਰਭਾਵਿਤ ਹੋਇਆ ਕਿ ਖੁਰਾਣਾ ਸਾਹਿਬ ਤੋਂ ਪੁਛਿਆ, “ਇਹ ਤਸਵੀਰ ਜਰਮਨੀ ਛਪੀ ਹੋਈ ਹੈ ?” ਉਹ ਹੱਸੇ ਅਤੇ ਸਰਦਾਰ ਸੋਭਾ ਸਿੰਘ, ਜੋ ਉਥੇ ਹੀ ਖੜ੍ਹੇ ਸਨ, ਵਲ ਇਸ਼ਾਰਾ ਕਰਦੇ ਹੋਏ ਕਹਿਣ ਲਗੇ, “ਛਪੀ ਨਹੀਂ, ਇਨ੍ਹਾਂ ਨੇ ਹੱਥ ਨਾਲ ਬਣਾਈ ਹੈ” । ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ-ਕਦੀ ਤਸਵੀਰ ਨੂੰ ਵੇਖਦਾ, ਕਦੀ ਇਨ੍ਹਾਂ ਨੂੰ ਵੇਖਦਾ ਅਤੇ ਸੋਚਦਾ ਕਿ ਕੀ ਇਹ ਸੰਭਵ ਹੈ ਕਿ ਇਸ ਉਮਰ ਵਿਚ ਏਡੀ ਸੁਹਣੀ ਤਸਵੀਰ ਹੱਥ ਨਾਲ ਬਣਾਈ ਹੋਵੇ । ਸਰਦਾਰ ਸਾਹਿਬ ਦੀ ਉਸ ਸਮੇਂ ਸਾਢੇ ਬਾਈ ਸਾਲ ਦੀ ਉਮਰ ਸੀ ਅਤੇ ਮੇਰੀ ਇੱਕੀ ਸਾਲ ਦੀ । ਮੈਂ ਇਕਦਮ ਪੁੱਛਿਆ, “ਕੀ ਤੁਸੀਂ ਤਸਵੀਰਾਂ ਬਨਾਉਣਾ ਸਿਖਾਂਦੇ ਵੀ ਹੋ ?” ਇਨ੍ਹਾਂ ਦੀ ‘ਹਾਂ’ ਸੁਣ ਕੇ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ ।
ਉਹ ਸ਼ਾਮ ਅਤੇ ਰਾਤ ਮੈਂ ਸਵੇਰ ਹੋਣ ਦੀ ਉਡੀਕ ਵਿਚ ਕਿਵੇਂ ਕੱਟੀ, ਭੁੱਲ ਨਹੀਂ ਸਕਦਾ । ਅਗਲੀ ਸਵੇਰ ਹੀ ਮੈਂ ਮਲਮਲ ਦੀ ਪਗੜੀ ਖਰੀਦੀ, ਪੰਜ ਰੁਪਏ ਨਕਦ ਲਏ । ਡਰਾਇੰਗ ਦੀ ਕਾਪੀ, ਪੈਨਸਲ ਅਤੇ ਰਬੜ ਲੈ ਕੇ ਸਵੇਰੇ ਹੀ ਸਰਦਾਰ ਸਾਹਿਬ ਦੀ ਬੈਠਕ ਜਾ ਪੁੱਜਾ । ਬੜੀ ਸ਼ਰਧਾ ਨਾਲ ਪਗੜੀ ਅਤੇ ਪੰਜ ਰੁਪੈ ਭੇਟ ਕੀਤੇ ਅਤੇ ਪਹਿਲਾ ਪਾਠ ‘ਬੁਲ੍ਹ’ ਇਨ੍ਹਾਂ ਮੇਰੀ ਕਾਪੀ ਵਿਚ ਉਲੀਕ ਦਿੱਤਾ ਅਤੇ ਕਿਹਾ, “ਇਹਦੀ ਨਕਲ ਕਰੋ ।” ਨਕਲ ਕੀਤੀ, ਪਰ ਫ਼ਰਕ ਜ਼ਮੀਨ ਆਸਮਾਨ ਦਾ ਸੀ । ਫੇਰ ਵੀ ਇਨ੍ਹਾਂ ਨੇ ਦੂਜੇ ਦਿਨ ਅੱਖ, ਕੰਨ, ਚਿਹਰਾ ਆਦਿ ਦੀ ਡਰਾਇੰਗ ਨਕਲ ਕਰਨ ਵਾਸਤੇ ਦਿਤੀ । ਪਰ ਦਸ ਬਾਰਾਂ ਦਿਨਾਂ ਦੇ ਅਭਿਆਸ ਪਿਛੋਂ ਹੀ ਮੈਨੂੰ ਯਕੀਨ ਹੋ ਗਿਆ ਕਿ ਕਲਾਕਾਰ ਪੈਦਾ ਹੁੰਦੇ ਹਨ, ਬਣਾਏ ਨਹੀਂ ਜਾ ਸਕਦੇ । ਮੇਰਾ ਇਹ ਸ਼ੌਕ ਕੜ੍ਹੀ ਦੇ ਉਬਾਲ ਜਾਂ ਸੋਢਾ ਵਾਟਰ ਦੀ ਝੱਗ ਵਾਂਗ ਉਛਲਦੇ ਹੀ ਬਹਿ ਗਿਆ । ਪਰ ਸਰਦਾਰ ਸਾਹਿਬ, ਜੋ ਹੁਣੇ ਹੁਣੇ ਪਹਿਲੇ ਸੰਸਾਰ ਯੁੱਧ ਤੋਂ ਬਗਦਾਦ ਤੋਂ ਮੁੜੇ ਸਨ, ਦੀਆਂ ਗੱਲਾਂ ਅਤੇ ਸੰਗਤ ਏਨੀ ਦਿਲਖਿੱਚਵੀਂ ਸਾਬਤ ਹੋਈ ਕਿ ਮੈਂ ਸਿਰਫ਼ ਖਾਣਾ ਖਾਣ, ਦਫ਼ਤਰ ਜਾਂ ਫਿਰ ਬੜੀ ਰਾਤ ਸੌਣ ਲਈ ਹੀ ਘਰ ਜਾਂਦਾ ਸਾਂ, ਬਾਕੀ ਸਾਰਾ ਸਮਾਂ ਇਹਨਾਂ ਪਾਸ ਗੁਜ਼ਾਰੇ ਬਿਨਾਂ ਚੈਨ ਨਹੀਂ ਆਉਂਦਾ ਸੀ ।
ਉਸ ਸਮੇਂ ਸਰਦਾਰ ਸਾਹਿਬ ਆਪਣੇ ਨਾਂ ਨਾਲ ‘ਸੁਭਾਸ਼’ ਤਖਲਸ ਲਿਖਿਆ ਕਰਦੇ ਸਨ । ਇਨ੍ਹਾਂ ਇਕ ਫਰਮ ‘ਸੁਭਾਸ਼ ਐਂਡ ਕੰਪਨੀ’ ਨਾਂ ਦੀ ਖੋਲ੍ਹੀ ਜਿਸ ਦੇ ਚਾਰ ਹਿੱਸੇਦਾਰ ਸਨ । ਇਕ ਦੁਕਾਨ ਕਟੜਾ ਕਨ੍ਹਈਆ ਕਿਰਾਏ ਤੇ ਲਈ । ਖਰਾਦ ਲਗਾਇਆ-ਹਾਥੀ ਦੰਦ ਦੇ ਮਣਕੇ ਬਨਾਉਣ ਲਈ । ਬੁੱਤ ਬਨਾਉਣ ਦਾ ਵੀ ਪ੍ਰੋਗਰਾਮ ਸੀ ਮਗਰ ਇਹ ਸਭ ਕੁਝ ਅਸਫਲ ਰਿਹਾ । ਨਾ ਖਰਾਦ ਚਲਿਆ, ਨਾ ਸਾਂਚਾ ਬਣ ਸਕਿਆ, ਨਾ ਮਣਕੇ ਤੇ ਨਾ ਹੀ ਬੁੱਤ ।
ਮੇਰੇ ਤੇ ਇਨ੍ਹਾਂ ਦੀ ਮਿਹਰ ਭਰੀ ਨਜ਼ਰ ਜਿਉਂ ਦੀ ਤਿਉਂ ਬਣੀ ਰਹੀ । ਇਹ ਅੰਮ੍ਰਿਤਸਰ ਤੋਂ ਲਾਹੌਰ ਗਏ, ਮੈਂ ਵੀ ਨਾਲ ਗਿਆ-ਦਿੱਲੀ ਰਹੇ, ਉਥੇ ਵੀ ਰਿਹਾ-ਸ਼ਿਮਲੇ ਵੀ ਇਨ੍ਹਾਂ ਨੂੰ ਮਿਲਣ ਜਾਂਦਾ ਰਿਹਾ ਅਤੇ ਪ੍ਰੀਤ ਨਗਰ ਵੀ 1942 ਵਿਚ ਇਨ੍ਹਾਂ ਨੂੰ ਮਿਲਣ ਲਈ ਗਿਆ ।
ਸਰਦਾਰ ਨਾਨਕ ਸਿੰਘ ਜਿਨ੍ਹਾਂ ਹਾਲੇ ਨਾਵਲ ਲਿਖਣਾ ਸ਼ੁਰੂ ਨਹੀਂ ਕੀਤਾ ਸੀ ਅਤੇ ‘ਸਤਿਗੁਰੂ ਮਹਿਮਾ’ ਲਿਖਣ ਕਰਕੇ ਮਸ਼ਹੂਰ ਸਨ, 1924 ਵਿਚ ਸਾਡੇ ਮਿੱਤਰ ਬਣੇ । ਸਾਡੀ ਤਿੱਕੜੀ ਅਕਸਰ ਪਠਾਨਕੋਟ, ਤਿਰਲੋਕਪੁਰ, ਆਦਿ ਥਾਵਾਂ ਤੇ ਘੁੰਮਣ ਲਈ ਹਰ ਸਾਲ ਜਾਂਦੀ । ਪੂਰੇ ਹਾਲ ਲਿਖਣ ਵਾਸਤੇ ਤਾਂ ਇਕ ਗ੍ਰੰਥ ਚਾਹੀਦਾ ਹੈ । ਇਥੇ ਸਿਰਫ਼ ਇਕ ਦੋ ਘਟਨਾਵਾਂ ਦਾ ਹੀ ਜ਼ਿਕਰ ਕਰਾਂਗਾ ।
ਸਾਡੀ ਤਿਕੜੀ ਦਾ ਬਜਟ ਦਸ ਰੁਪੈ ਪ੍ਰਤੀ ਮੈਂਬਰ ਹੁੰਦਾ ਸੀ ਅਤੇ ਸਾਡੀ ਦੌੜ ਆਮ ਤੌਰ ਤੇ ਪਠਾਨਕੋਟ ਜਾਂ ਤਿਰਲੋਕਪੁਰ ਤਕ ਹੀ ਸੀਮਤ ਹੋਇਆ ਕਰਦੀ ਸੀ । ਇਕ ਵਾਰੀ ਅਸੀਂ ਧਰਮਪੁਰ ਜਾਣ ਦਾ ਪਰੋਗਰਾਮ ਬਣਾਇਆ। ਮੇਰੇ ਇੱਕ ਮਿੱਤਰ ਨੂੰ ਕਿਸੇ ਨੇ ਵਹਿਮ ਪਾ ਦਿੱਤਾ ਸੀ ਕਿ ਉਸ ਨੂੰ ਟੀ ਬੀ ਦੀ ਬੀਮਾਰੀ ਹੈ ਅਤੇ ਉਹ ਧਰਮਪੁਰ ਟੀ ਬੀ ਦੀ ਸੈਨੀਟੋਰੀਅਮ ਚਲੇ ਗਏ ਸਨ । ਅਕਤੂਬਰ ਦਾ ਮਹੀਨਾ ਸੀ, ਅੰਮ੍ਰਿਤਸਰ ਤੋਂ ਕਾਲਕਾ ਤਕ ਅਸੀਂ ਕਾਲਕਾ ਮੇਲ ਰਾਹੀਂ ਜਾਣਾ ਸੀ, ਸੈਰ ਦੇ ਚਾਅ ਵਿਚ ਅਸੀਂ ਏਨੇ ਮਗਨ ਸਾਂ ਕਿ ਕਿਸੇ ਤੋਂ ਪੁਛਿਆ ਵੀ ਨਾ ਅਤੇ ਕਾਲਕਾ ਮੇਲ ਦੀ ਬਜਾਏ ਇਸ ਦੇ ਸਾਹਮਣੇ ਲਗੀ ਇਕ ਪੈਸੰਜਰ ਗੱਡੀ ‘ਚ ਜਾ ਬੈਠੇ । ਜਲੰਧਰ ਨੇੜੇ ਇਹ ਗੱਡੀ ਕਿਸੇ ਸਟੇਸ਼ਨ ਤੇ ਰੁਕੀ ਅਤੇ ਕਾਲਕਾ ਮੇਲ ਪਿਛੋਂ ਆ ਕੇ ਛੱਕ ਛੱਕ ਕਰਦੀ ਇਥੇ ਬਿਨਾਂ ਰੁਕੇ ਲੰਘ ਗਈ । ਅਸੀਂ ਫੇਰ ਵੀ ਧਿਆਨ ਨਾ ਦਿਤਾ ਅਤੇ ਆਪਸ ਵਿਚ ਗੱਪਾਂ ਹੀ ਮਾਰਦੇ ਰਹੇ । ਜਦੋਂ ਲੁਧਿਆਣੇ ਪਹੁੰਚੇ, ਗੱਡੀ ਖਾਲੀ ਹੋਣ ਲਗੀ-ਡੱਬੇ ਵਿਚ ਅਸੀਂ ਸਿਰਫ਼ ਤਿੰਨੇ ਹੀ ਰਹਿ ਗਏ । ਅਸੀਂ ਉਤਰਦੇ ਵੀ ਕਿਉਂ, ਅਸੀਂ ਤਾਂ ਕਾਲਕਾ ਉਤਰਨਾ ਸੀ । ਜਦੋਂ ਗੱਡੀ ਨਾਲੋਂ ਇੰਜਣ ਵੀ ਵੱਖਰਾ ਕਰ ਦਿਤਾ ਤਾਂ ਅਸੀਂ ਪੁੱਛਿਆ ਕਿ ਇੰਜਣ ਕਿਉਂ ਬਦਲ ਰਹੇ ਹੋ, ਤਾਂ ਪਤਾ ਲਗਿਆ ਕਿ ਇਹ ਗੱਡੀ ਲੁਧਿਆਣੇ ਤਕ ਸੀ, ਕਾਲਕਾ ਮੇਲ ਤਾਂ ਅੰਬਾਲੇ ਪਹੁੰਚ ਚੁੱਕੀ ਹੋਏਗੀ । ਕਹਿਰ ਜਾਨ ਬਰ ਜਾਨ ਦਰਵੇਸ਼-ਬਿਸਤਰਾ ਉਠਾਇਆ ਜੋ ਸਾਡਾ ਤਿੰਨਾਂ ਦਾ ਇਕੋ ਹੀ ਹੋਇਆ ਕਰਦਾ ਸੀ, ਅਤੇ ਸਟੋਵ ਵਗੈਰਾ ਵਾਲਾ ਪੀਪਾ ਚੁਕ ਕੇ ਤੀਜੇ ਦਰਜੇ ਦੇ ਮੁਸਾਫ਼ਰ ਖਾਨੇ ਜਾ ਬੈਠੇ । ਖਾਣਾ ਤਾਂ ਕੀ ਖਾਣਾ ਸੀ, ਚਾਹ ਪੀ ਕੇ ਲੇਟ ਗਏ । ਸਾਡੇ ਨਾਲ ਬਹੁਤ ਬੁਰੀ ਹੋਈ ਸੀ ।
ਅਗਲੀ ਸਵੇਰ ਪਹਿਲੀ ਗੱਡੀ ਲੈ ਕੇ ਕਾਲਕਾ ਪਹੁੰਚੇ ਅਤੇ ਉਥੋਂ ਗੱਡੀ ਲੈ ਕੇ ਸ਼ਾਮ ਤਕ ਧਰਮਪੁਰ ਪਹੁੰਚੇ । ਹਨੇਰਾ ਹੋ ਚੁਕਿਆ ਸੀ, ਜਾਂਦੇ ਤਾਂ ਕਿਥੇ ਜਾਂਦੇ-ਰੇਲਵੇ ਸਟੇਸ਼ਨ ਦੇ ‘ਉਡੀਕ-ਘਰ’ ਦੀ ਹੀ ਸ਼ੋਭਾ ਬਣੇ ਅਤੇ ਬਿਸਤਰਾ ਵਿਛਾ ਦਿੱਤਾ ਸੌਣ ਵਾਸਤੇ । ਕਿਸੇ ਭਲੇ ਮਾਣਸ ਨੇ ਕਿਹਾ, “ਜਵਾਨੋ, ਇਥੇ ਟੀ ਬੀ ਦੇ ਰੋਗੀ ਆਉਂਦੇ ਜਾਂਦੇ ਹਨ, ਇਥੇ ਨਾ ਰਹੋ ਕਿਤੇ ਹੋਰ ਠਿਕਾਣਾ ਕਰੋ ।” ਜਾਂਦੇ ਕਿਥੇ, ਇਕ ਹਨੇਰਾ, ਦੂਜੇ ਨਾਵਾਕਫ਼ੀਅਤ ਉਥੇ ਦੇ ਹੀ ਹੋ ਕੇ ਰਹਿ ਗਏ । ਨਾਨਕ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਮਾਸਟਰ ਜੀ ਕਿਹਾ ਕਰਦੇ ਸੀ, ਸਾਡੇ ਤਿੰਨਾਂ ਦੇ ਜਥੇਦਾਰ ਉਹੀ ਹੁੰਦੇ ਸਨ, ਨੇ ਗੜ੍ਹਵੀ ਚੁਕੀ ਅਤੇ ਦੁੱਧ ਲੈਣ ਸਟੇਸ਼ਨ ਤੋਂ ਬਾਹਰ ਨਿਕਲੇ ।
ਸ਼ਾਇਦ ਸਾਡੇ ਚੰਗੇ ਭਾਗ ਜਾਗ ਪਏ ਸਨ । ਜਿਸ ਦੁਕਾਨ ਤੇ ਉਹ ਦੁਧ ਲੈਣ ਗਏ, ਉਸ ਦੀ ਮਾਲਕ ਇਕ ਬੁੱਢੀ ਸੀ । ਬਹੁਤ ਸਾਰੇ ਟੀ ਬੀ ਦੇ ਮਰੀਜ਼ ਤਕੜੇ ਹੋ ਕੇ ਉਥੇ ਹੀ ਰਹਿਣ ਲਗ ਪੈਂਦੇ ਸਨ, ਮਾਈ ਵੀ ਇਨ੍ਹਾਂ ਚੋਂ ਹੀ ਸੀ । ਮਾਈ ਨੇ ‘ਸਤਿਗੁਰ ਮਹਿਮਾ’ ਦੀ ਇਕ ਕਾਪੀ ਆਪਣੇ ਪਾਸ ਰਖੀ ਹੋਈ ਸੀ । ਮਾਸਟਰ ਜੀ ਦੀਆਂ ਅੱਖਾਂ ਇਸ ਨੂੰ ਵੇਖ ਕੇ ਚਮਕ ਉਠੀਆਂ-ਪੁੱਛਿਆ, “ਮਾਈ, ਇਹ ਕੀ ਹੈ ?” ਉਹ ਬੋਲੀ, “ਇਹ ਸਤਿਗੁਰ ਮਹਿਮਾ ਹੈ।” ਪੁਛਣ ਲਗੇ, “ਕਿਸ ਨੇ ਲਿਖੀ ਹੈ ?” ਕਹਿਣ ਲਗੀ, “ਭਾਈ ਨਾਨਕ ਸਿੰਘ ਕਵੀਸ਼ਰ ਨੇ ਲਿਖੀ ਹੈ ।” ਇਨ੍ਹਾਂ ਫਿਰ ਪੁਛਿਆ, “ਮਾਈ ਉਨ੍ਹਾਂ ਨੂੰ ਕਦੀ ਵੇਖਿਆ ਹੈ ?” ਕਹਿੰਦੀ, “ਭਾਈ ਮੇਰੀ ਅਜਿਹੀ ਕਿਸਮਤ ਕਿਥੇ ਜੋ ਉਨ੍ਹਾਂ ਦੇ ਦਰਸ਼ਨ ਕਰ ਸਕਦੀ ।” ਤਾਂ ਬੋਲੇ, “ਮੈਂ ਹੀ ਨਾਨਕ ਸਿੰਘ ਕਵੀਸ਼ਰ ਹਾਂ ।” ਮਾਈ ਹੱਕੀ ਬੱਕੀ ਰਹਿ ਗਈ ਜਿਵੇਂ ਕੀੜੀ ਦੇ ਘਰ ਨਾਰਾਇਣ ਆ ਗਏ ਹੋਣ । ਮਾਈ ਨੇ ਦੁੱਧ ਦੇ ਵੀ ਪੈਸੇ ਨਹੀਂ ਲਏ ਅਤੇ ਸ਼ਰਧਾ ਭਰੇ ਦਿਲ ਨਾਲ ਪੁਛਣ ਲਗੀ, “ਕਿਥੇ ਠਹਿਰੋ ਹੋ ?”- ਜਵਾਬ ਮਿਲਿਆ, “ਸਟੇਸ਼ਨ ਦੇ ਮੁਸਾਫਰ ਖਾਨੇ ਵਿਚ- ਹੁਣੇ ਆਏ ਹਾਂ ।” ਮਾਈ ਕਹਿਣ ਲੱਗੀ, “ਮੇਰਾ ਚੁਬਾਰਾ ਖਾਲੀ ਹੈ, ਤੁਸੀਂ ਉਥੇ ਆ ਜਾਓ ਅਤੇ ਰਾਤ ਨੂੰ ਵਿਸ਼ਰਾਮ ਕਰੋ ।”
ਮਾਸਟਰ ਜੀ ਦੁੱਧ ਨਾਲ ਹੀ ਜਦੋਂ ਇਹ ਖੁਸ਼ਖ਼ਬਰੀ ਲੈ ਕੇ ਆਏ, ਸਾਡੀਆਂ ਵਾਛਾਂ ਖੁਲ੍ਹ ਗਈਆਂ। ਇਕ ਛੋਟਾ ਜਿਹਾ ਚੁਬਾਰਾ ਸੀ । ਮਾਸਟਰ ਜੀ ਚੰਗੇ ਕਵੀਸ਼ਰ ਹੋਣ ਦੇ ਬਾਵਜੂਦ ਚੰਗੇ ਬਾਵਰਚੀ ਵੀ ਸਨ । ਉਨ੍ਹਾਂ ਨੇ ਹੀ ਖਾਣਾ ਬਣਾਇਆ । ਇਕ ਕੋਨੇ ਵਿਚ ਅਸੀਂ ਆਪਣਾ ਬਿਸਤਰਾ ਵਿਛਾ ਦਿਤਾ, ਇਸੇ ਵਿਚ ਅਸੀਂ ਤਿੰਨਾਂ ਨੇ ਹੀ ਸੌਣਾ ਸੀ ।
ਅਸੀਂ ਹਾਲੇ ਲੇਟੇ ਵੀ ਨਹੀਂ ਸੀ ਕਿ ਦਰਵਾਜ਼ਾ ਖੜਕਿਆ। ਮਾਸਟਰ ਜੀ ਸਾਡੇ ਲੀਡਰ ਸਨ, ਉਨ੍ਹਾਂ ਨੇ ਖੋਲ੍ਹਿਆ ਤਾਂ ਅਗੇ ਇਕ ਵੱਡੇ ਕੱਦ ਦਾ ਕੁੱਤਾ ਖੜ੍ਹਾ ਸੀ । ਮਾਸਟਰ ਜੀ ਨੇ ਧਿਤਕਾਰ ਕੇ ਨੱਠਾ ਦਿੱਤਾ । ਥੋੜ੍ਹੀ ਦੇਰ ਪਿਛੋਂ ਫਿਰ ਦਸਤਕ ਹੋਈ- ਖੋਲ੍ਹਣ ਤੇ ਉਹੀ ਕੁੱਤਾ ਫਿਰ ਖੜ੍ਹਾ ਸੀ । ਅਸਲ ‘ਚ ਗੱਲ ਇਹ ਸੀ ਕਿ ਉਹ ਮਾਈ ਦਾ ਪਾਲਤੂ ਕੁੱਤਾ ਸੀ ਅਤੇ ਜਿਸ ਕੋਨੇ ਵਿਚ ਅਸੀਂ ਬਿਸਤਰਾ ਵਿਛਾਇਆ ਸੀ, ਉਹ ਕੋਨਾ ਹੀ ਉਸਦੇ ਰਾਤ ਨੂੰ ਸੌਣ ਦੀ ਥਾਂ ਸੀ, ਜਿਸਦਾ ਸਾਨੂੰ ਪਤਾ ਨਹੀਂ ਸੀ । ਸੋ ਸਾਰੀ ਰਾਤ ਇਸ ਕੁੱਤੇ ਨੇ ਸਾਡੀ ਨੀਂਦ ਹਰਾਮ ਕਰ ਛੱਡੀ । ਮਾਸਟਰ ਜੀ ਨੇ ਉਸ ਨੂੰ ਬੜੀਆਂ ਹੀ ਗਾਲਾਂ ਕੱਢੀਆਂ । ਉਹ ਵਿਚਾਰਾ ਇਸ ਸਰਦੀ ਵਿਚ ਜਾਂਦਾ ਵੀ ਕਿਥੇ, ਉਹਦਾ ਠਿਕਾਣਾ ਤਾਂ ਅਸੀਂ ਕਬਜ਼ਾ ਕਰਕੇ ਬੈਠੇ ਸੀ । ਖੈਰ, ਜਿਵੇਂ ਕਿਵੇਂ ਰਾਤ ਕੱਟੀ, ਅਗਲੇ ਦਿਨ ਅਸੀਂ ਵਾਪਸ ਆ ਗਏ ।
ਦਸੰਬਰ ਦੇ ਦਿਨਾਂ ਵਿਚ ਮੈਂ ਅਤੇ ਸਰਦਾਰ ਜੀ ਇਕ ਵਾਰੀ ਪਠਾਨਕੋਟ ਗਏ । ਸਾਮਾਨ ਇਕ ਧਰਮਸ਼ਾਲਾ ਵਿਚ ਰਖਿਆ । ਦੂਜੇ ਦਿਨ ਦੁਪਹਿਰੇ ਆਉਣ ਜਾਣ ਲਈ ਯੱਕਾ ਲੈ ਕੇ ਚੱਕੀ ਦੇ ਪੁੱਲ ਤੇ ਗਏ । ਯੱਕਾ ਖੜ੍ਹਾ ਕਰਕੇ, ਚੱਕੀ ਦਰਿਆ, ਜੋ ਸੁੱਕਾ ਪਿਆ ਸੀ, ਕਿਤੇ ਕਿਤੇ ਥੋੜਾ ਥੋੜਾ ਪਾਣੀ ਬਹਿ ਰਿਹਾ ਸੀ- ਧੁੱਪ ਸੀ, ਸੋ ਅਸੀਂ ਸੁੱਕੇ ਦਰਿਆ ਵਿਚ ਹੀ ਉਤਰ ਗਏ । ਸਰਦਾਰ ਜੀ ਚਲਦੇ ਪਾਣੀ ਵਿਚ ਪੈਰ ਪਾ ਕੇ ਬੰਸਰੀ ਵਜਾਉਣ ਲਗ ਗਏ ਅਤੇ ਮਸਤ ਹੋ ਗਏ । ਚਾਰ ਵਜ ਗਏ । ਮੈਂ ਕਿਹਾ, “ਵਾਪਸ ਮੁੜਣਾ ਹੈ ?” ਕਹਿੰਦੇ, “ਨਹੀਂ, ਯੱਕੇ ਵਾਲੇ ਨੂੰ ਤਿੰਨ ਰੁਪੈ ਦੇ ਆਓ ਅਤੇ ਕਹੋ ਮੁੜ ਜਾਏ, ਅਸੀਂ ਨਹੀਂ ਜਾ ਰਹੇ ।” ਹੈਰਾਨੀ ਹੋਈ ਪਰ ਹੁਕਮ ਦੀ ਪਾਲਣਾ ਕਰਦਾ ਹੋਇਆ ਮੈਂ ਧੱਕੇ ਵਾਲੇ ਨੂੰ ਪੈਸੇ ਦੇ ਕੇ ਵਾਪਸ ਜਾਣ ਲਈ ਕਹਿਕੇ ਆ ਗਿਆ । ਫਿਰ ਕਹਿਣ ਲਗੇ, “ਮੈਂ ਨਹਾਊਂਗਾ ।” ਸ਼ਾਮ ਦੇ ਪੰਜ ਵਜ ਚੁਕੇ ਸਨ । ਚੱਕੀ ਦੇ ਕੰਢੇ ਕੰਢੇ ਅਸੀਂ ਤੁਰ ਪਏ । ਹਨੇਰਾ ਹੋ ਗਿਆ ਸੀ । ‘ਹਾੜਾ’ ਨਾਂ ਦੇ ਪਿੰਡ ਅਸੀਂ ਜਾ ਪੁਜੇ । ਕਿਸੇ ਨੂੰ ਪੁਛਿਆ, ‘ਕਿਥੇ ਰਹੀਏ’ ? ‘ਮੰਦਰ ਚਲੇ ਜਾਓ’, ਜਵਾਬ ਮਿਲਿਆ ਅਤੇ ਨਾਲ ਇਕ ਗਾਈਡ ਵੀ ਤੋਰ ਦਿੱਤਾ । ਇਕ ਦਰਵਾਜ਼ਾ ਖੋਲ੍ਹ ਕੇ ਗਾਈਡ ਅੰਦਰ ਚਲਾ ਗਿਆ, ਅਸੀਂ ਬਾਹਰ ਹੀ ਖੜ੍ਹੇ ਰਹੇ ਕਿ ਕੋਈ ਘਰ ਹੈ, ਅੰਦਰ ਕਿਵੇਂ ਜਾਈਏ, ਔਰਤਾਂ ਪਰਦਾ ਕਰਦੀਆਂ ਹੋਣਗੀਆਂ । ਕਾਫੀ ਦੇਰ ਇੰਤਜਾਰ ਕਰਨ ਪਿਛੋਂ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਮੱਝਾਂ ਬੈਠੀਆਂ ਉਗਾਲੀ ਕਰ ਰਹੀਆਂ ਸਨ । ਸਾਹਮਣੇ ਵਾਲੇ ਦਰਵਾਜ਼ੇ ਚੋਂ ਬਾਹਰ ਨਿਕਲੇ, ਗਾਈਡ ਗਾਇਬ ਸੀ । ਖੈਰ ਮੰਦਰ ਪਹੁੰਚੇ ਇਕ ਵਧੀਆ ਕਮਰਾ ਸਾਨੂੰ ਮਿਲ ਗਿਆ, ਬਿਸਤਰੇ ਵਿਛਾ ਕੇ ਅਸੀਂ ਬੈਠ ਗਏ । ਸਾਨੂੰ ਕਿਹਾ ਗਿਆ ਸੀ ਕਿ ਖਾਣਾ ਆਰਤੀ ਹੋਣ ਪਿਛੋਂ ਮਿਲੇਗਾ ।
ਸਰਦਾਰ ਸਾਹਿਬ ਨੂੰ ਭੁੱਖ ਇਸ ਕਦਰ ਲੱਗੀ, ਜੋ ਦਰਅਸਲ ਭੁੱਖ ਨਹੀਂ ਸੀ, ਸਗੋਂ ਝੂਠੀ ਖੋਹ ਸੀ । ਕਹਿਣ ਲਗੇ, “ਖਾਣ ਨੂੰ ਕੁਝ ਲੈ ਕੇ ਆਓ ।” ਮੈਂ ਕਿਹਾ, “ਮੰਦਰ ਚੋਂ ਖਾਣਾ ਮਿਲੇਗਾ, ਪਰ
ਉਹ ਆਰਤੀ ਪਿਛੋਂ ਕਾਫੀ ਲੇਟ ਮਿਲਣਾ ਹੈ।” ਉਹ ਕਹਿੰਦੇ, “ਮੈਂ ਬਹੁਤ ਔਖਾ ਹਾਂ ।” ਮੈਂ ਕਿਸੇ ਤੋਂ ਟਾਰਚ ਲਈ ਅਤੇ ਬਾਹਰ ਨਿਕਲਿਆ । ਦੁਕਾਨਾਂ ਬੰਦ ਸਨ । ਹਨੇਰਾ ਬੜਾ ਸੀ । ਇਕ ਦੁਕਾਨਦਾਰ ਆਪਣੀ ਦੁਕਾਨ ਅੱਗੇ ਮੰਜਾ ਡਾਹੀ ਸੁਤਾ ਸੀ, ਉਸ ਨੂੰ ਆਵਾਜ਼ ਦਿੱਤੀ ਤਾਂ ਉਹ ਕਹਿੰਦਾ, “ਮੈਨੂੰ ਬੁਖਾਰ ਹੈ, ਉਠ ਨਹੀਂ ਸਕਦਾ ।” ਮੈਂ ਉਹਦੀਆਂ ਬੜੀਆਂ ਹੀ ਮਿੰਨਤਾ ਕੀਤੀਆਂ ਤੇ ਕਿਹਾ, “ਭਾਈ, ਇਕ ਆਦਮੀ ਮਰ ਰਿਹਾ ਹੈ- ਤੂੰ ਬੁਖ਼ਾਰ ‘ਚ ਹੀ ਉਠ ਕੇ ਉਸਨੂੰ ਬਚਾ, ਸੋ ਗਊ ਦਾ ਪੁੰਨ ਲਗੇਗਾ ।” ਮੇਰੇ ਤਰਲੇ ਸੁਣ ਕੇ ਉਹ ਉਠਿਆ ਤੇ ਦੁਕਾਨ ਖੋਲ੍ਹੀ ਤਾਂ ਮੈਂ ਪੁਛਿਆ ਕਿ ਤੇਰੇ ਪਾਸ ਖਾਣ ਵਾਸਤੇ ਕੀ ਹੈ । ਉਸ ਨੇ ਕਿਹਾ, “ਪਤਾਸੇ, ਬਦਾਮ ਅਤੇ ਰਿਉੜੀਆਂ ।” ਮੈਂ ਚਾਰ ਆਨੇ ਦੀਆਂ ਤਿੰਨੇ ਚੀਜ਼ਾਂ ਲਈਆਂ । ਇਕ ਬਦਾਮ ਦੀ ਗਿਰੀ ਅਤੇ ਇਕ ਪਤਾਸਾ ਖਾ ਕੇ ਹੀ ਸਰਦਾਰ ਜੀ ਦੀ ਭੁੱਖ ਸ਼ਾਂਤ ਹੋ ਗਈ । ਮੈਂ ਕਿਹਾ, “ਤੁਸੀਂ ਏਨਾ ਜ਼ਿਆਦਾ ਪਰੇਸ਼ਾਨ ਕੀਤਾ, ਤੇ ਖਾਧਾ ਵੀ ਕੁਝ ਨਹੀਂ ।” ਕਹਿੰਦੇ, “ਹੁਣ ਲੋੜ ਹੀ ਨਹੀਂ ਰਹੀ ।” ਸੋ ਅਸੀਂ ਸੌਂ ਗਏ । ਆਰਤੀ ਕਦੋਂ ਹੋਈ, ਖਾਣਾ ਆਇਆ ਕਿ ਨਹੀਂ, ਸਾਨੂੰ ਪਤਾ ਨਹੀਂ । ਸਵੇਰੇ ਉਠ ਕੇ ਅਸੀਂ ਪਠਾਨਕੋਟ ਆ ਗਏ ।
ਇਕ ਵਾਰੀ ਸੁਜਾਨਪੁਰ ਨੇੜੇ ਇਕ ਕਿੰਗ ਕੋਬਰਾ ਸਾਡੇ ਵਲ ਭੱਜਿਆ ਆ ਰਿਹਾ ਸੀ ਅਸੀਂ ਮੱਸੀਂ ਬਚੇ । ਕਿੱਸੇ ਤਾਂ ਬੇਸ਼ੁਮਾਰ ਹਨ ਜੋ ਬੜੇ ਹੀ ਦਿਲਚਸਪ ਵੀ ਹਨ ਪਰ ਇਨ੍ਹਾਂ ਨੂੰ ਦੱਸਣ ਲਈ ਕਾਫੀ ਸਮਾਂ ਚਾਹੀਦਾ ਹੈ ।
ਮੈਂ ਜੀਵਨ ਦੇ ਕਈ ਉਤਾਰ ਚੜ੍ਹਾਓ ਵੇਖੇ ਹਨ, ਅਤੇ ਮੁਸੀਬਤ ਪੈਣ ਤੇ ਸਰਦਾਰ ਸਾਹਿਬ ਪਾਸ ਹੀ ਜਾਂਦਾ, ਜਿਵੇਂ ਬੱਚਾ ਮਾਂ ਦੀ ਗੋਦ ਵਿਚ ਦੌੜ ਕੇ ਸ਼ਾਂਤੀ ਪਾਉਂਦਾ ਹੈ, ਮੈਨੂੰ ਸੁਖ ਇਨ੍ਹਾਂ ਪਾਸੋਂ ਮਿਲਦਾ ਸੀ । ਮਈ 1964 ਵਿਚ ਮੈਂ ਵੀ ਨੌਕਰੀ ਅਤੇ ਘਰ ਬਾਰ ਛੱਡ ਕੇ ਸਰਦਾਰ ਸਾਹਿਬ ਦੀ ਛੱਤਰ ਛਾਇਆ ਵਿਚ ਹੀ ਰੀਟਾਇਰਡ ਜੀਵਨ ਬਿਤਾ ਰਿਹਾ ਹਾਂ, ਭਾਵੇਂ ਇਨ੍ਹਾਂ ਦੀ ਵੱਡਤਣ ਅਤੇ ਮੇਰੀ ਔਕਾਤ ਵਿਚ ਕੋਹਾਂ ਦਾ ਫਾਸਲਾ ਹੈ ।
ਅਤੇ
“ਚਿਹਨਿਸਬਤ ਖ਼ਾਕ ਰਾ ਬਾ ਆਲਮੋਂ ਪਾਕ”

ਇਕ ਜ਼ਰ੍ਹਾ ਕੀ ਨਿਸਬਤ ਭੀ ਹੋਤੀ ਹੈ ਕੁਛ,

ਮੇਰੀ ਨਿਸਬਤ ਨਹੀਂ ਕੁਛ, ਮੈਂ ਤੋਂ ਕੁਛ ਭੀ ਨਹੀਂ ।

ਜਿੱਥੇ ਉਹ ਇੱਕ ਮਕਬੂਲ ਮਸ਼ਹੂਰ ਬਾਵਕਾਰ ਆਲਮ  V. I. P. (very important person)
ਹਨ , ਉੱਥੇ ਮੈਂ ਇੱਕ ਗੁਮਨਾਮ ਨਾਚੀਜ਼ ਅਦਨਾ ਹਕੀਰ  V. O. P. (very ordinary person) ਹਾਂ । ਫੇਰ ਵੀ ਫ਼ਖਰ ਨਾਲ ਗ਼ਾਲਿਬ ਦੇ ਇਸ ਸ਼ੇਅਰ ਨਾਲ ਲੇਖ ਖ਼ਤਮ ਕਰ ਰਿਹਾ ਹਾਂ :

ਮਸਜਿਦ ਕੇ ਜ਼ੇਰੇ ਸਾਇਆ, ਇਕ ਘਰ ਬਣਾ ਲੀਆ ਹੈ ।

ਯੇ ਬੰਦਾ-ਇ-ਕਮੀਨਾ, ਹਮਸਾਇਆ-ਇ-ਖੁਦਾ ਹੈ ।

ਰੰਗਲਾ ਸੱਜਣ ਪਿਆਰਾ ਸਿੰਘ ਸਹਿਰਾਈ

ਸੋਭਾ ਸਿੰਘ ਆਰਟਿਸਟ ਲਈ ਰੰਗਲਾ ਸੱਜਣ ਸ਼ਬਦ ਵਰਤ ਕੇ ਮੈਨੂੰ ਇਕ ਖਾਸ ਤਰ੍ਹਾਂ ਦੀ ਖੁਸ਼ੀ ਇਕ ਖਾਸ ਤਰ੍ਹਾਂ ਦੀ ਤਸੱਲੀ ਹੁੰਦੀ ਹੈ । ਉਹਨੂੰ ਮੈਂ ਜਿੰਦਗੀ ਦੀ ਬਸੰਤ ਦਾ ਖਿੜਦਾ ਮਹਿਕਦਾ ਫੁੱਲ ਵੀ ਆਖ ਸਕਦਾ ਹਾਂ । ਭਾਈ ਵੀਰ ਸਿੰਘ ਦੀ ਪੰਗਤੀ ‘ਖਿੜਨ ਖਿਤਾਵਣ ਬਾਤੋਂ ਸਾਨੂੰ ਹੋਰ ਸੁਰਤ ਨਾ ਕਾਈ’ ਜਿਨ੍ਹਾਂ ਗਿਣਤੀ ਦੇ ਲੋਕਾਂ ਦੇ ਜੀਵਨ ਉਤੇ ਢੁਕਦੀ ਹੈ ਉਨ੍ਹਾਂ ਵਿਚ ਸੋਭਾ ਸਿੰਘ ਪਹਿਲੀ ਪਾਲ ਵਿਚ ਖੜ੍ਹਾ ਦਿਸਦਾ ਹੈ ।
ਸੋਭਾ ਸਿੰਘ ਦੁਨੀਆਂ ਵਿਚ ਰਹਿੰਦਾ, ਵਿਚਰਦਾ, ਘਾਲਣਾ ਘਾਲਦਾ, ਜ਼ਿੰਦਗੀ ਦੇ ਦੁਖ ਸੁਖ ਹੰਢਾਉਂਦਾ ਇਕ ਫ਼ਕੀਰ ਹੈ । ਉਪਰੋਕਤ ਪ੍ਰਭਾਵ ਮੇਰੇ ਮਨ ਦੇ ਸ਼ੀਸ਼ੇ ਉਤੇ ਹੀਰੇ ਦੀ ਕਿਸੇ ਅਦਿੱਖ ਕਣੀ ਨਾਲ ਇਕ ਅਮਿਟ ਚਿਤਰ ਦੇ ਰੂਪ ਵਿਚ ਉਦੋਂ ਉਕਰੇ ਗਏ ਜਦੋਂ ਮੈਂ ਉਨ੍ਹਾਂ ਨੂੰ ਪਹਿਲੀ ਵਾਰ ਪ੍ਰੀਤ ਨਗਰ ਮਿਲਿਆ । ਉਨ੍ਹਾਂ ਦੇ ਚਿਤਰ ਵੇਖ ਕੇ, ਖਾਸ ਕਰਕੇ ‘ਸੱਸੀ’ ਦਾ ਚਿਤਰ ਵੇਖਕੇ ਜਿਹੜਾ ਤੀਹਵਿਆਂ ਵਿਚ ਸ਼ਾਇਦ “ਪ੍ਰੀਤਮ” ਰਸਾਲੇ ਵਿਚ ਪ੍ਰਕਾਸ਼ਤ ਹੋਇਆ ਸੀ, ਤੇ ਜਿਹੜਾ ਮੈਂ ਵਰ੍ਹਿਆਂ- ਬਧੀ ਸੰਭਾਲ ਕੇ ਰਖਿਆ ਸੀ, ਏਸ ਕਲਾਕਾਰ ਦੀ ਫ਼ਕੀਰ-ਆਸ਼ਕ ਵਾਲੀ ਤਸਵੀਰ ਮੇਰੇ ਦਿਲ ਦੀਆਂ ਗਹਿਰਾਈਆਂ ਵਿਚ ਟਿਕੀ ਰਹੀ ਸੀ ।
ਸੋਭਾ ਸਿੰਘ ਦਾ ਦੀਦਾਰ ਹੋਇਆ ਤਾਂ ਉਹ ਮੇਰੀ ਕਲਪਤ ਤਸਵੀਰ ਨਾਲੋਂ ਕੋਈ ਬਹੁਤੇ ਫਰਕ ਵਾਲੇ ਨਹੀਂ ਸਨ । ਮੈਨੂੰ ਉਨ੍ਹਾਂ ਦੀ ਸ਼ਖਸੀਅਤ ਨੇ ਮੋਹ ਲਿਆ। ਮੈਂ ਕਵੀ ਸਾਂ, ਅਤੇ ਮੁਹਾਈ ਪ੍ਰੀਤ ਤਾਂ ਬੇਲਿਆਂ ਵਲ ਹੀ ਧਾ ਕੇ ਜਾਂਦੀ ਹੈ । ਇਸ ਕਲਾਕਾਰ ਦੀਆਂ ਮਿਲਣੀਆਂ ਨੇ ਜ਼ਿੰਦਗੀ ਵਿਚ ਕੋਈ ਰਸ ਕੋਈ ਰੰਗ ਭਰ ਦਿੱਤਾ ਹੈ ਅਤੇ ਆਤਮਾ ਉਤੇ ਕੁਝ ਅਮਿੱਟ ਆਕ੍ਰਿਤੀਆਂ ਵਾਹੀਆਂ ਗਈਆਂ। ਉਨ੍ਹਾਂ ਦੇ ਸ਼ਾਹਕਾਰ ‘ਸੋਹਣੀ ਮਹੀਂਵਾਲ’ ਨੂੰ ਤੱਕ ਤੱਕ ਕੇ ਨਾ ਤਾਂ ਅੱਖਾਂ ਰੱਜੀਆਂ ਹਨ ਅਤੇ ਨਾ ਹੀ ਆਤਮਾ । ਇਹ ਚਿਤਰ ਤਾਂ ਉਨ੍ਹਾਂ ਬੰਧਨਾਂ ਦੀ ਵਾਰਤਾ ਸੁਣਾਉਂਦਾ ਹੈ ਜਿਹੜੇ ਅਜੇ ਤੱਕ ਜਾਣੇ ਨਹੀਂ ਜਾ ਸਕੇ, ਪਛਾਣੇ ਨਹੀਂ ਜਾ ਸਕੇ ।
ਸੋਭਾ ਸਿੰਘ ਜੀ ਨੇ ਸ਼ੁਰੂ ਚਾਲੀਵਿਆਂ ਵਿਚ ਪ੍ਰੀਤ ਨਗਰ ਆਣ ਡੇਰਾ ਲਾਇਆ ਸੀ । ਗੁਰਬਖਸ਼ ਸਿੰਘ, ਨਾਨਕ ਸਿੰਘ ਨਾਵਲਿਸਟ ਅਤੇ ਸੋਭਾ ਸਿੰਘ ਚਿਤਰਕਾਰ : ਇਹ ਸੀ ਅਭੁਲ ਤ੍ਰਿਵੈਣੀ! ਪ੍ਰੀਤ ਨਗਰ ਦੀ ਧਰਤੀ ਉਤੇ ਇਨ੍ਹਾਂ ਖੂਬਸੂਰਤ ਇਨਸਾਨਾਂ ਦੇ ਪੈਰ-ਚਿਤਰ ਅਦਿਖ ਰੂਪ ਵਿਚ ਸਦਾ ਸਦਾ ਲਈ ਕਾਇਮ ਰਹਿਣਗੇ ।. ਪੰਜਾਬੀ ਸਭਿਆਚਾਰ ਦੇ ਇਨ੍ਹਾਂ ਚਾਨਣ-ਮੁਨਾਰਿਆਂ ਦੀਆਂ, ਅਨੇਕਾਂ ਕਵੀਆਂ, ਲਿਖਾਰੀਆਂ ਅਤੇ ਕਲਾਕਾਰਾਂ ਦੇ ਇਨ੍ਹਾਂ ਪ੍ਰੇਰਨਾ-ਸਰੋਤਾਂ ਦੀਆਂ ਅਭੁਲ ਯਾਦਾਂ ਇਥੋਂ ਦੀ ਮਿੱਟੀ ਵਿਚ, ਇਥੋਂ ਦੀ ਹਵਾ ਵਿਚ ਸਮਾ ਚੁਕੀਆ ਹੋਈਆਂ ਹਨ, ਜਿਸ ਵਿਚ ਸਾਹ ਲਿਆਂ ਕਿਸੇ ਖੁਸ਼ਬੋ ਦਾ, ਕਿਸੇ ਸੁਗੰਧ ਦਾ ਅਹਿਸਾਸ ਹੁੰਦਾ ਹੈ । ਸੋਭਾ ਸਿੰਘ ਜੀ ਬੜੀ ਰੰਗੀਲੀ ਤਬੀਅਤ ਦੇ ਸਾਦ- ਮੁਰਾਦੇ, ਸਰਲ ਸੁਭਾ ਦੇ ਮਾਲਕ ਹਨ । ਉਨ੍ਹਾਂ ਦਾ ਚੇਤਾ ਆਉਂਦਿਆਂ ਕਿਸੇ ਪਰਵਾਹ ਦਾ, ਕਿਸੇ ਸ਼ਾਂਤ ਵਹਿੰਦੇ ਝਰਨੇ ਦਾ, ਕਿਸੇ ਕਲ ਕਲ ਕਰਦੀ ਕੂਹਲ ਦਾ ਚੇਤਾ ਆਉਂਦਾ ਹੈ, ਜਾਂ ਫੇਰ ਵਹਿੰਦੀ ਨਦੀ ਵਿਚ ਖੜ੍ਹੇ ਬੈਤ-ਮਜਨੂੰ ਦੇ ਬ੍ਰਿਛ ਦਾ ।
ਸੋਭਾ ਸਿੰਘ ਜੀ ਦੀ ਸੰਗਤ ਵਿਚ ਬੀਤੀਆਂ ਘੜੀਆਂ ਭਾਵੇਂ ਗਿਣਤੀ ਦੀਆਂ ਹਨ, ਪਰ ਇਨ੍ਹਾਂ ਦੀ ਕੀਮਤ ਸਦੀਆਂ ਦੇ ਬਰਾਬਰ ਹੈ । ਵਿਚਾਰਧਾਰਾ ਦੇ ਖੇਤਰ ਵਿਚ ਉਨ੍ਹਾਂ ਨਾਲ ਮੇਰੇ ਵਿਚਾਰ ਟਕਰਾਉਂਦੇ ਵੀ ਸਨ ਤੇ ਉਨ੍ਹਾਂ ਨਾਲ ਮੇਰੀ ਇਕ ਦੋ ਵਾਰ ਬਹਿਸ ਵੀ ਹੋਈ ਸੀ, ਪਰ ਕੋਈ ਸਾਂਝਾ ਸੁਪਨਾ ਸਾਨੂੰ ਇਕ ਦੂਜੇ ਦੀ ਪਛਾਣ ਕਰਵਾਉਂਦਾ ਰਿਹਾ, ਇਕ ਦੂਜੇ ਦੇ ਨੇੜੇ ਲਿਆਉਂਦਾ ਗਿਆ ਅਤੇ ਇਹ ਸੀ ਮਨੁੱਖ ਨੂੰ ਤੇ ਧਰਤੀ ਨੂੰ ਹੁਸੀਨ ਵੇਖਣ ਦੀ ਰੀਝ ਤੇ ਇਹਦੇ ਲਈ ਘਾਲਣਾ ਘਾਲਣ ਦਾ ਸੰਕਲਪ । ਸੋਭਾ ਸਿੰਘ ਦੇ ਕਈ ਚਿਤਰ ਇਸ ਸੁੰਦਰਤਾ ਨੂੰ ਆਪਣੇ ਰੰਗਾਂ ਦੀ ਗਰਿਫਤ ਵਿਚ ਲੈ ਕੇ ਸਾਂਭਣ ਦਾ, ਅਗਲੀਆਂ ਪੀੜ੍ਹੀਆਂ ਲਈ ਕਾਇਮ ਰੱਖਣ ਦਾ ਜਤਨ ਹਨ । ਉਹ ਆਪ ਤਾਂ ਕਦੇ ਚੁਪ ਹੋ ਜਾਣਗੇ ਪਰ ਉਨ੍ਹਾਂ ਦੇ ਇਹ ਚਿਤਰ ਸੁੰਦਰਤਾ ਨੂੰ ਸਮਝਣ, ਮਾਣਨ ਅਤੇ ਰੰਗਾਂ ਦਾ ਰੂਪ ਦੇਣ ਸੰਬੰਧੀ ਉਨ੍ਹਾਂ ਦੀ ਲਗਨ ਦੀ, ਘਾਲਣਾ ਅਤੇ ਬਲੀਦਾਨ ਦੀ ਵਾਰਤਾ ਸੁਣਾਉਂਦੇ ਰਹਿਣਗੇ ।
ਮੈਂ ਬਲੀਦਾਨ ਦਾ ਸ਼ਬਦ ਵਰਤ ਬੈਠਾ ਹਾਂ । ਕਲਾ ਇਕ ਅਰਥ ਵਿਚ ਬਲੀਦਾਨ ਹੀ ਤਾਂ ਹੁੰਦੀ ਹੈ । ਹਰ ਸੱਚਾ ਕਲਾਕਾਰ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਕੁਰਬਾਨੀ ਕਰਦਾ ਹੈ । ਸੋਭਾ ਸਿੰਘ ਨੂੰ ਜਾਨਣ ਵਾਲੇ ਜਾਣਦੇ ਹਨ ਕਿ ਉਹ ਇਕ ਤਿਆਗੀ ਹੈ, ਜਲ ਵਿਚ ਕੰਵਲ ਦਾ ਰੂਪ ਹੈ, ਸਾਡੀ ਸਭਿਅਤਾ ਦੇ ਇਤਿਹਾਸ ਵਿਚ ਵਿਚਾਰਵਾਨ ਦਾ ਜੋ ਬਿੰਬ ਮਿਲਦਾ ਹੈ, ਸੋਭਾ ਸਿੰਘ ਉਹਦਾ ਸਾਕਾਰ ਰੂਪ ਹੈ । ਏਸ ਬਲੀਦਾਨ ਦਾ ਸਦਕਾ ਹੀ ਉਹ ਹਾਸੇ ਵੰਡਦਾ ਹੈ, ਮੁਸਕਾਨਾਂ ਦੀ ਛਹਿਬਰ ਲਾਉਂਦਾ ਹੈ ਅਤੇ ਬਾਲਾਂ ਵਾਂਗ ਕਿਲਕਾਰੀਆਂ ਲਾਉਂਦਾ ਹੈ । ਨਿਰਮਲ ਝਰਨੇ ਵਰਗਾ ਨਿਰਮਲ ਮਨੁੱਖ ਉਹਦੇ ਕੋਲ ਬੈਠਿਆਂ ਕੋਈ ਅਦਿਖ ਲਹਿਰਾਂ ਉਸ ਵਲੋਂ ਆਉਂਦਿਆਂ ਸਾਡੇ ਅੰਦਰ ਪਰਵੇਸ਼ ਕਰਦੀਆਂ ਹਨ, ਜ਼ਿੰਦਗੀ ਦੀਆਂ ਲਹਿਰਾਂ ਜੋ ਉਹਨੇ ਜ਼ਿੰਦਗੀ ਦਾ ਦੁਖ ਸੁਖ ਹੰਢਾ ਕੇ ਆਪਣੇ ਹੀ ਢੰਗ ਨਾਲ ਲੋਕਾਂ ਦਾ ਦੁਖ ਸੁਖ ਹੰਢਾ ਕੇ, ਹਾਸਲ ਕੀਤੀਆਂ ਹਨ। ਇਹੋ ਲਹਿਰਾਂ ਉਸਦੇ ਚਿਤਰਾਂ ਵਿਚ ਵਿਚਰਦੀਆਂ ਹਨ, ਰੰਗਾਂ ਵਿਚ ਥਰਥਰਾਉਂਦੀਆਂ ਹਨ ।
ਮੈਂ ਸੋਭਾ ਸਿੰਘ ਨੂੰ ਬੁਰਸ਼ ਫੜੀ, ਕਿਸੇ ਮਸਤੀ ਵਿਚ, ਕੈਨਵਸ ਉਤੇ ਛੋਹਾਂ ਲਾਉਂਦਿਆ ਵੇਖਿਆ ਹੈ । ਉਦੋਂ ਇੰਞ ਲਗਦਾ ਹੈ ਜਿਵੇਂ ਉਹ ਕੋਈ ਪੈਗੰਬਰ ਹੋਵੇ; ਇਲਾਹੀ ਬਾਣੀ ਨੂੰ ਰੰਗਾਂ ਦੀ ਜ਼ਬਾਨ ਦੇ ਰਿਹਾ ਹੋਵੇ । ਉਹਦੇ ਪੈਰ ਧਰਤੀ ਉਤੇ ਟਿੱਕੇ ਹੁੰਦੇ ਹਨ, ਨਜ਼ਰਾਂ ਕੈਨਵਸ ਉਤੇ, ਮਨ ਕਿਸੇ ਵਲਵਲੇ ਦੇ ਦੇਸ਼’ ਉਡਾਰੀਆਂ ਮਾਰ ਰਿਹਾ ਹੁੰਦਾ ਹੈ, ਆਤਮਾ ਰੰਗਲੇ ਪ੍ਰੀਤਮ ਨਾਲ ਛੋਹ ਵਿਚ ਹੁੰਦੀ ਹੈ ।
1 ਸੋਭਾ ਸਿੰਘ ਦੀ ਕਲਾ ਉਚੇ-ਸੁਚੇ ਜਜ਼ਬੇ ਜਗਾਉਂਦੀ ਹੈ, ਕੋਈ ਬਲ ਬਖਸ਼ਦੀ ਹੈ । ਕਲਾਕਾਰ ਸਿਖੀ ਸਪਿਰਟ ਨੂੰ ਕਮਾਲ ਰੂਪ ਵਿਚ ਚਿਤਰਦਾ ਹੈ । ਜਿਥੇ ਉਹ ਦਿਨ ਰਾਤ ਚੜ੍ਹੀ ਰਹਿਣ ਵਾਲੀ ਨਾਮ-ਖੁਮਾਰੀ ਅਤੇ ਸ਼ਾਂਤੀ ਦਾ ਸੁਨੇਹਾ ਮਨੁਖਤਾ ਨੂੰ ਦਿੰਦਾ ਹੈ ਉਥੇ ਅਨਿਆ ਅਤੇ ਜ਼ੁਲਮ ਵਿਰੁੱਧ ਜੂਝ ਮਰਨ ਦਾ ਪੈਗਾਮ ਵੀ ਦਿੰਦਾ ਹੈ । ਰਣ-ਤੱਤੇ ਵਿਚ ਜੂਝਣ ਦਾ ਅਹਿਸਾਸ ਮਨੁੱਖੀ ਜੀਵਨ ਦੀ ਪੀੜ ਦੇ ਅਹਿਸਾਸ ਦੀ ਹੀ ਤਾਂ ਉਪਜ ਹੈ ।
ਮੈਂ ਕਲਾ-ਪਾਰਖੂ ਤਾਂ ਨਹੀਂ, ਪਰ ਕਵੀ ਹੋਣ ਦੇ ਨਾਤੇ ਇਹ ਜ਼ਰੂਰ ਜਾਣਦਾ ਹਾਂ ਕਿ ਸੁਹਣੀ ਚੀਜ਼ ਸਦੀਵੀਂ ਖੁਸ਼ੀ ਦਾ ਸੋਮਾ ਹੁੰਦੀ ਹੈ, ਅਤੇ ਸੋਭਾ ਸਿੰਘ ਜੀ ਦੀਆਂ ਕਲਾਕ੍ਰਿਤਾਂ ਵੇਖ ਕੇ ਇਹ ਖੁਸ਼ੀ ਜਨਮ ਲੈਂਦੀ ਅਨੁਭਵ ਹੁੰਦੀ ਹੈ । ਅੰਦਰੇਟੇ ਦੀ ਢੱਕੀ ਵਿਖੇ ਪਹਾੜੀ ਬ੍ਰਿਛਾਂ ਦੀ ਇਕ ਝੁੱਗੀ ਵਿਚ ਸ਼ਾਂਤ- ਵਗਦੀ ਕੁਲ ਦੇ ਕੰਢੇ ਪੱਥਰ ਉਤੇ ਲੱਤਾਂ ਪਸਾਰੀ ਤੇ ਅੱਖਾਂ ਮੀਟੀ ਬੈਠਾ ਸੋਭਾ ਸਿੰਘ ਹਿੰਦੁਸਤਾਨ ਦੇ ਉਨ੍ਹਾਂ ਮਹਾਨ ਰਿਸ਼ੀਆਂ ਦੇ ਵਿਚਾਰਵਾਨਾਂ ਦੇ ਚੇਤੇ ਸਜਰਾਉਂਦਾ ਹੈ ਜਿਨ੍ਹਾਂ ਨੇ ਪੰਜਾਬ ਦੇ ਦਰਿਆਵਾਂ ਦੇ ਕੰਢਿਆ ਉਤੇ ਬਹਿ ਕੇ ਵੇਦ-ਮੰਤਰਾਂ ਦੀ ਰਚਨਾ ਕੀਤੀ, ਸੰਗੀਤ ਦੀ ਛਹਿਬਰ ਲਾਈ ਅਤੇ ਉਨ੍ਹਾਂ ਕਦਰਾਂ ਕੀਮਤਾਂ ਨੂੰ ਸਿਰਜਿਆ ਜੋ ਸਾਡਾ ਅਮੋਲ ਵਿਰਸਾ ਹਨ ।
ਅੰਤ ਵਿਚ ਮੈਂ ਇਹ ਜ਼ਰੂਰ ਆਖਾਂਗਾ ਕਿ ਸੋਭਾ ਸਿੰਘ ਉਤੇ ਇਹ ਸ਼ਬਦ ਪੂਰੀ ਤਰ੍ਹਾਂ ਢੁਕਦੇ ਹਨ ਕਿ ਸੱਚੇ ਕਲਾਕਾਰ ਅਤੇ ਉਹਦੀ ਕਿਰਤ ਨੂੰ ਨਿਖੇੜਿਆ ਨਹੀਂ ਜਾ ਸਕਦਾ । ਕਲਾਕਾਰ ਕਿਸੇ ਵਿਸ਼ਵਾਸ ਦੇ ਅਧੀਨ ਬੁਰਸ਼ ਫੜਦਾ ਹੈ, ਸਿੱਖੀ ਦੇ ਤੇ ਗੁਰੂ ਸਾਹਿਬਾਨ ਦੇ ਮਹਾਨ ਆਦਰਸ਼ਾਂ ਨੂੰ ਚਿਤਰਦਾ ਹੈ । ਇਹੋ ਉਹਦੀ ਪ੍ਰਾਪਤੀ ਦਾ ਅਤੇ ਲੋਕਪ੍ਰਿਅਤਾ ਦਾ ਆਧਾਰ ਹੈ ।

ਗੱਲ ਇਕ ਮੋਮਬੱਤੀ ਦੀ ਅੰਮ੍ਰਿਤਾ ਪ੍ਰੀਤਮ

ਇਹ ਗੱਲ ਕਦੇ ਸਦੀਆਂ ਪਿਛੋਂ ਵਾਪਰਦੀ ਹੈ ਕਿਸੇ ਕੋਲ ਹੁਨਰ ਦੀ ਮੋਮਬੱਤੀ ਹੋਵੇ ਤੇ ਉਹਨੂੰ ਉਹ ਰੂਹਾਨੀਅਤ ਦੀ ਅੱਗ ਨਾਲ ਜਗਾ ਲਵੇ ।
ਉਹ ਅੱਗੇ ਸਾਡੇ ਚਿੱਤਰਕਾਰ ਸੋਭਾ ਸਿੰਘ ਜੀ ਨੇ ਦੇਵਤਿਆਂ ਦੇ ਘਰੋਂ ਕਿਵੇਂ ਚੁਰਾਈ ਸੀ, ਇਕ ਦਿਨ ਉਸ ਦੀ ਗੱਲ ਕਰਦਿਆਂ ਕਹਿਣ ਲੱਗੇ, “ਇਕ ਘਰ ਸੀ, ਜਿਹੜਾ ਮੈਂ ਜਨਮ ਤੋਂ ਲੱਭ ਰਿਹਾ ਸਾਂ। ਮਸਾਂ ਕੋਈ ਅੱਠਾਂ ਵਰ੍ਹਿਆਂ ਦਾ ਹੋਵਾਂਗਾ, ਜਦੋਂ ਵਿਹੜੇ ਦੇ ਚੌਂਕੇ ਉਤੇ ਬਣੀ ਇਕ ਪਰਛੱਤੀ ਨੂੰ ਧੋ ਪੂੰਝ ਕੇ ਮੈਂ ਘਰ ਬਣਾਇਆ ਸੀ । ਉਹ ਪਰਛੱਤੀ ਮਸਾਂ ਤਿੰਨ ਕੁ ਫੁੱਟ ਦੀ ਹੋਵੇਗੀ । ਪਰ ਉਸ ਕੱਜੀ ਹੋਈ ਪਰਛੱਤੀ ਵਿਚ ਕੁਝ ਗਿੱਠਾਂ ਖੁਲ੍ਹੀ ਥਾਂ ਸੀ, ਜਿਥੇ ਮੈਂ ਟੁੱਟੀਆਂ ਹੋਈਆਂ ਦੋ ਕਾੜ੍ਹਨੀਆਂ ਲੈ ਕੇ ਉਹਨਾਂ ਵਿਚ ਮਿੱਟੀ ਭਰ ਲਈ ਤੇ ਚੰਬੇ ਦੇ ਫੁੱਲ ਬੀਜ ਲਏ ਸਨ । ਉਦੋਂ ਅਜੇ ਮੈਨੂੰ ਪੜ੍ਹਨਾ ਨਹੀਂ ਸੀ ਆਉਂਦਾ, ਪਰ ਇਕ ਸੋਹਣੀ ਜਿਹੀ ਜਿਲਦ ਵਾਲੀ ਪੰਜ ਗ੍ਰੰਥੀ ਲੱਭ ਕੇ ਮੈਂ ਘਰ ਨੂੰ ਸਜਾ ਲਿਆ ਸੀ । ਉਹਦੇ ਲਈ ਇਕ ਚੌਰੀ ਵੀ ਲੱਭੀ ਸੀ, ਜੋ ਭਾਵੇਂ ਲੇਹ ਦੀ ਟੁੱਕੀ ਖਾਧੀ ਹੋਈ ਸੀ । ਨਾਲ ਹੀ ਪਰਛੱਤੀ ਦੀਆਂ ਕੰਧਾਂ ਉਤੇ ਕਾਗਜ਼ਾਂ ਦੀਆਂ ਮੂਰਤਾਂ ਲਾ ਕੇ ਮੈਂ ਘਰ ਨੂੰ ਸਜਾ ਲਿਆ ਸੀ ।”
ਤੇ ਸੋਭਾ ਸਿੰਘ ਦੇ ਹੋਠਾਂ ਉਤੇ ਇਕ ਹਉਕਾ ਹੱਸ ਪਿਆ। ਕਹਿਣ ਲੱਗੇ, “ਉਹ ਘਰ ਮੇਰਾ ਕਦੇ ਨਾ ਬਣਿਆ, ਇਸ ਲਈ ਮੈਂ ਖਿਆਲੀ ਘਰ ਦੀਆਂ ਕੰਧਾਂ ਸਜਾਣ ਲਈ ਮੂਰਤਾਂ ਸਜਾਣ ਲੱਗ चित्रा…”
ਸੋਭਾ ਸਿੰਘ ਜੀ ਮੇਰੇ ਪਿਤਾ ਜੀ ਦੇ ਮਿੱਤਰ ਸਨ । ਮੈਂ ਨਿੱਕੀ ਜਿਹੀ ਆਪਣੇ ਪਿਤਾ ਜੀ ਦੀ ਉਂਗਲ ਫੜ ਕੇ ਜਦੋਂ ਲਾਹੌਰ, ਸੋਭਾ ਸਿੰਘ ਜੀ ਦੇ ਸਟੂਡੀਓ ਵਿਚ ਜਾਂਦੀ ਹੁੰਦੀ ਸਾਂ, ਉਹਨਾਂ ਨਾਲ ਬੜਾ ਸੁਭਾਵਕ ਰਿਸ਼ਤਾ ਬਣ ਗਿਆ, ਉਹਨਾਂ ਨੂੰ ਚਾਚਾ ਜੀ ਕਹਿਣ ਦਾ । ਫੇਰ ਵਰ੍ਹੇ ਪਾ ਕੇ ਏਸ ਰਿਸ਼ਤੇ ਨੇ ਭਾਵੇਂ ਬਜ਼ੁਰਗ ਦੋਸਤੀ ਦੀ ਹੱਦ ਛੋਹ ਲਈ, ਪਰ ਪਹਿਲੇ ਚਾਚਾ ਜੀ ਆਖਣ ਵਾਲੇ ਰਿਸ਼ਤੇ ਨੂੰ ਅੰਗ ਸੰਗ है वे ।
ਏਸੇ ਲਈ ਜਦੋਂ ਇਕ ਦਿਨ ਉਹਨਾਂ ਨੇ ਆਪਣੇ ਖਿਆਲੀ ਘਰ ਦਾ ਦਰਦ ਮੇਰੇ ਨਾਲ ਵੰਡਿਆ, ਤਾਂ ਮੈਂ ਹੱਸ ਕੇ ਪੁੱਛ ਸਕੀ, “ਫੇਰ ਚਾਚਾ ਜੀ! ਖਿਆਲੀ ਘਰ ਨੂੰ ਵਸਾਉਣ ਲਈ ਖਿਆਲੀ ਪ੍ਰੇਮਿਕਾ ਦੀ ਕਿਹੜੀ ਮੂਰਤ ਬਣਾਈ ਸੀ?”
ਸੋਭਾ ਸਿੰਘ ਦੀ ਜ਼ਿੰਦਗੀ ਦਾ ਇਕ ਬੜਾ ਡੂੰਘਾ ਹਉਕਾ ਸੀ, ਜੋ ਅਕਸਰ ਉਹਨਾਂ ਦੇ ਹੋਠਾਂ ਦੀ ਮੁਸਕਰਾਹਟ ਬਣ ਜਾਂਦਾ ਹੁੰਦਾ ਸੀ । ਪਰ ਉਸ ਦਿਨ ਜਦੋਂ ਮੈਂ ਖਿਆਲੀ ਪ੍ਰੇਮਿਕਾ ਵਾਲੀ ਗੱਲ ਪੁੱਛ ਲਈ, ਤਾਂ ਵੇਖਿਆ ਕਿ ਉਹਨਾਂ ਦੇ ਹੋਠਾਂ ਉਤੇ ਵੱਸੀ ਹੋਈ ਮੁਸਕਰਾਹਟ ਹਉਕੇ ਵਿਚ ਵੱਟ ਗਈ। ਕਹਿਣ ਲੱਗੇ, “ਪਹਿਲੋਂ ਤਾਂ ਭਗਤਾਂ ਦੀਆਂ ਤਸਵੀਰਾਂ ਬਣਾਈਆਂ-ਕਬੀਰ, ਸੂਰਦਾਸ ਦੀਆਂ, ਫੇਰ ਜਾਪਿਆ ਕਿ ਆਸ਼ਕ ਉਹਨਾਂ ਤੋਂ ਵੱਡੇ ਹੁੰਦੇ ਹਨ, ਇਸ ਲਈ ਸੋਹਣੀ ਮਹੀਂਵਾਲ ਤੇ ਹੀਰ ਰਾਂਝਾ ਚਿੱਤਰੇ । ਫੇਰ ਜਾਪਿਆ- ਉਹ ਚੰਦਰੇ ਵੀ ਬਿਰਹਾ ਭੋਗਦੇ ਹੀ ਆਸ਼ਕ ਹੁੰਦੇ ਹਨ। ਜੇ ਕਿਤੇ ਜੰਞੇ ਚੜ੍ਹ ਕੇ ਸੋਹਣੀਆਂ ਤੇ ਹੀਰਾਂ ਦੀਆਂ ਡੋਲੀਆਂ ਲੈ ਆਂਦੇ, ਤਾਂ ਘਰ ਬਾਹਰੀ ਹੋ ਕੇ ਸਾਰਾ ਇਸ਼ਕ ਭੁੱਲ ਜਾਂਦੇ… ਫੇਰ ਮੈਨੂੰ ਜਾਪਿਆ ਕਿ ਅਸਲ ਵਿਚ ਔਰਤ ਮਹਾਨ ਹੁੰਦੀ ਹੈ- ਆਪਣੇ ਸਾਰੇ ਬਿਰਛ ਦੀਆਂ ਜੜ੍ਹਾਂ ਧਰਤੀ ਵਿਚ ਲੁਕਾ ਕੇ ਬੈਠੀ ਹੋਈ… ਦੇਖ ਬੀਬੀ! ਜਿਵੇਂ ਤੇਰੇ ਵਿਚ ਰੱਬ ਦਾ ਨਾਂ ਸ਼ਾਇਰਾ ਏ, ਮੇਰੇ ਵਿਚ ਰੱਬ ਦਾ ਨਾਂ ਚਿੱਤਰਕਾਰ ਏ, ਉਸੇ ਤਰ੍ਹਾਂ ਔਰਤ ਵਿਚ ਰੱਬ ਦਾ ਨਾਂ ਮਾਂ ਏ…”
ਜਾਣਦੀ ਸਾਂ-ਇਹ ਸਾਡਾ ਚਿੱਤਰਕਾਰ ਜਦੋਂ ਚਹੁੰ ਵਰ੍ਹਿਆਂ ਦਾ ਬੱਚਾ ਹੁੰਦਾ ਸੀ, ਤਾਂ ਉਹਦੀ ਮਰ ਰਹੀ ਮਾਂ ਦੇ ਮੂੰਹ ਉਤੇ ਇਕ ਪਤਲਾ ਜਿਹਾ ਕਪੜਾ ਪਾ ਕੇ ਉਹਨੂੰ ਪੁੱਤਰ ਦਾ ਮੂੰਹ ਵਿਖਾ ਦਿੱਤਾ ਗਿਆ ਸੀ । ਪਰ ਉਹਦੀਆਂ ਦੋਵੇਂ ਬਾਹਵਾਂ ਪੁੱਤਰ ਨੂੰ ਗਲ ਨਾਲ ਲਾਣ ਲਈ ਉੱਲਰੀਆਂ ਰਹਿ ਗਈਆਂ ਸਨ, ਜਦੋਂ ਪੁੱਤਰ ਨੂੰ ਖਿੱਚ ਕੇ ਪਰ੍ਹਾਂ ਕਰ ਦਿੱਤਾ ਗਿਆ ਸੀ, ਕਿ ਮਰਨ ਵਾਲੀ ਦੇ ਸਾਹਵਾਂ ਵਿਚੋਂ ਕੋਈ ਬੀਮਾਰੀ ਪੁੱਤਰ ਨੂੰ ਨਾ ਲੱਗੇ ਜਾਏ…
ਤੇ ਮਾਂ ਦੀਆਂ ਉਹ ਬਾਹਵਾਂ ਸਾਰੀ ਉਮਰ ਸੋਭਾ ਸਿੰਘ ਜੀ ਦੇ ਜ਼ਿਹਨ ਵਿਚ ਖਲੋਤੀਆਂ ਰਹੀਆਂ. ਸੋਭਾ ਸਿੰਘ ਜੀ ਨੇ ਸਿੱਖ ਇਤਿਹਾਸ ਨੂੰ ਚਿੱਤਰਿਆ ਹੈ, ਪਰ ਕਿਸੇ ਦੁਖਦਾਈ ਵਾਕਿਆ ਨੂੰ ਕਾਗਜ਼ ‘ਤੇ ਨਹੀਂ ਉਭਾਰਿਆ ਇਕ ਦਿਨ ਕਹਿਣ ਲਗੇ : “ਜੁਲਮ ਦੇ ਇਤਿਹਾਸ ਨੂੰ ਚਿੱਤਰਣ ਦਾ ਅਰਥ ਹੈ ਕਿ ਜ਼ੁਲਮ ਨੂੰ ਕਦੇ ਨਾ ਭੁੱਲ ਸਕਣਾ । ਜ਼ੁਲਮ ਨੂੰ ਨਾ ਭੁੱਲਣ ਦਾ ਅਰਥ ਹੈ ਕਿ ਜ਼ੁਲਮ ਨਾਲ ਪੈਦਾ ਹੋਈ ਨਫ਼ਰਤ ਨੂੰ ਹਮੇਸ਼ਾ ਚੇਤੇ ਰੱਖਣਾ । ਲਹੂ ਕਦੇ ਵੀ ਲਹੂ ਨਾਲ ਧੋਤਾ ਨਹੀਂ ਜਾ ਸਕਦਾ । ਜਿਸ ਦਿਨ ਅਸੀਂ ਲਹੂ ਨੂੰ ਪਾਣੀ ਨਾਲ ਧੋਣ ਦੀ ਜਾਚ ਸਿਖ ਲਵਾਂਗੇ- ਦੁਨੀਆਂ ਵਿਚ ਲਹੂ ਧੋਤਾ ਜਾਏਗਾ…”
ਸੋਭਾ ਸਿੰਘ ਜੀ ਦਾ ਦਾਦਾ ਚੜ੍ਹਤ ਸਿੰਘ, ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਘੋੜ ਸਵਾਰ ਸੀ । ਮਿਆਣੀ ਦੀ ਲੜਾਈ ਵਿਚ ਉਸਨੇ ਤਿੰਨ ਗੋਲੀਆਂ ਖਾਧੀਆਂ ਸਨ । ਸੱਜੇ ਡੌਲੇ ਵਿਚ, ਛਾਤੀ ਵਾਲੇ ਪਾਸੇ, ਤੇ ਸੋਭਾ ਸਿੰਘ ਜੀ ਦਸਦੇ ਸਨ, “ਜਦੋਂ ਮੈਂ ਨਿੱਕਾ ਜਿਹਾ ਸਾਂ, ਉਹੋ ਤਿੰਨ ਛੇਕ ਵੇਖਦਾ ਹੁੰਦਾ ਸੀ । ਕਾਲੇ ਤੇ ਡੂੰਘੇ ਛੇਕ ਤੇ ਮੇਰਾ ਜੀਅ ਕਰਦਾ ਹੁੰਦਾ ਸੀ ਕਿ ਉਹਨਾਂ ਛੇਕਾਂ ਨੂੰ ਭਰਦਿਆਂ..” ।
ਕਲਾਕਾਰ ਦੇ ਕਰਮ ਦੀ ਗੱਲ ਚੱਲੀ ਤਾਂ ਉਹ ਕਹਿਣ ਲੱਗੇ, “ਸੱਚਾ ਇਨਸਾਨ ਇਕ ਮੋਮਬੱਤੀ ਹੁੰਦਾ ਹੈ । ਉਹਦੀ ਰੌਸ਼ਨੀ ਦੂਰ ਤਕ ਨਹੀਂ ਜਾਂਦੀ, ਪਰ ਦੋ ਚਾਰ ਗਿੱਠਾਂ ਧਰਤੀ ਚਾਨਣ ਹੋ ਜਾਂਦੀ ਹੈ…”
ਸਥੂਲ ਤੋਂ ਸੂਖਮ ਦੀ ਯਾਤਰਾ ਕਰਦਿਆਂ ਕਰਦਿਆਂ ਅੱਜ ਸੋਭਾ ਸਿੰਘ ਜੀ ਬਹੁਤ ਦੂਰ ਚਲੇ ਗਏ ਹਨ, ਜਿੱਥੇ ਸਾਡੀ ਨਜ਼ਰ ਦਾ ਹੱਥ ਨਹੀਂ ਪਹੁੰਚਦਾ । ਪਰ ਜਿਸ ਤਰ੍ਹਾਂ ਉਹਨਾਂ ਦੇ ਚਿੱਤਰਾਂ ਵਿਚ ਉਹਨਾਂ ਦਾ ਜ਼ਿਹਨੀ ਘਰ ਤਾਮੀਰ ਹੁੰਦਾ ਰਿਹਾ, ਉਹਨਾਂ ਦੀਆਂ ਕਿਰਤਾਂ ਦੇ, ਜਿਸ ਕਾਲ ਵਿਚ ਜੋ ਵੀ ਦਰਸ਼ਨ ਹੋਣਗੇ, ਉਨ੍ਹਾਂ ਦੇ ਮਨ ਮਸਤਕ ਵਿਚ ਸੋਭਾ ਸਿੰਘ ਜੀ ਦੀ ਜ਼ਿਹਨੀ ਸੂਰਤ ਕਾਇਮ ਰਹੇਗੀ । ਤੇ ਉਸ ਜਿਹਨੀ ਸੂਰਤ ਦੇ ਹੋਠਾਂ ਵਿਚੋਂ ਇਕ ਆਵਾਜ਼ ਆਉਂਦੀ ਰਹੇਗੀ- ਸੱਚਾ ਇਨਸਾਨ ਇਕ ਮੋਮਬੱਤੀ ਹੁੰਦਾ ਹੈ । ਉਸਦੀ ਰੌਸ਼ਨੀ ਦੂਰ ਤਕ ਨਹੀਂ ਜਾਂਦੀ, ਪਰ ਦੋ ਚਾਰ ਗਿੱਠਾਂ ਧਰਤੀ ਚਾਨਣ ਹੋ ਜਾਂਦੀ ਹੈ…
ਸੋਭਾ ਸਿੰਘ ਦਾ ਚੇਤਾ, ਉਹਨਾਂ ਦੀ ਯਾਦ ਵਿਚ ਆਇਆ ਕਿਸੇ ਵੀ ਅੱਖ ਦਾ ਅੱਥਰੂ ਜਾਂ ਉਹਨਾਂ ਦੀ ਕਲਾ ਦਾ ਜ਼ਿਕਰ ਸਹੀ ਮਾਅਨਿਆਂ ਵਿਚ ਸਿਰਫ਼ ਉਹ ਚਿਣਗ ਹੋ ਸਕਦਾ ਹੈ, ਜਿਸ ਦੇ ਨਾਲ ਛੋਹ ਕੇ ਕੋਈ ਆਪਣੀ ਰੂਹ ਦੀ ਮੋਮਬੱਤੀ ਜਗਾ ਲਵੇ ਤੇ ਅੱਜ ਦੇ ਹਨੇਰੇ ਵਿਚ ਦੋ ਚਾਰ ਗਿੱਠਾਂ ਧਰਤੀ ਚਾਨਣ ਕਰ ਲਵੇ । ਤੇ ਉਹ ਦੋ ਚਾਰ ਗਿੱਠਾਂ-ਦੋ ਚਾਰ ਗਿੱਠਾਂ ਨਾਲ ਜ਼ਰਬ ਹੁੰਦੀਆਂ ਜਾਣ…
ਭਰੀਆਂ ਅੱਖਾਂ ਨਾਲ-ਅੰਮ੍ਰਿਤਾ ਪ੍ਰੀਤਮ

ਧੌਲਾਧਾਰ ਦਾ ਪੁੱਤਰ ਪ੍ਰੀਤਮ ਸਿੰਘ

ਸਰਦਾਰ ਸੋਭਾ ਸਿੰਘ ਦਾ ਨਾਂ ਮੇਰੇ ਕੰਨਾਂ ਵਿਚ ਦੇਸ਼ ਦੀ ਵੰਡ ਤੋਂ ਕਾਫ਼ੀ ਚਿਰ ਪਹਿਲਾਂ ਪੈ ਚੁੱਕਾ ਸੀ । ਕੁਝ ਕੁਝ ਚੇਤਾ ਵੀ ਆਉਂਦਾ ਹੈ ਕਿ ਜਿਵੇਂ ਇਨ੍ਹਾਂ ਦੇ ਬਣਾਏ ਸਿੱਖ ਇਤਿਹਾਸ ਦੇ ਚੋਣਵੇਂ ਸਾਕਿਆਂ ਦੇ ਤੇ ਗੁਰੂ ਗੋਬਿੰਦ ਸਿੰਘ ਦੇ ਕੁਝ ਚਿਤਰ ‘ਕਵੀ’ (ਕਲਕੱਤਾ) ਤੇ ‘ਫੁਲਵਾੜੀ’ (ਲਾਹੌਰ) ਵਿਚ ਵੇਖੇ ਹੋਣ। ਆਹਮੋ ਸਾਹਮਣੇ ਮੈਂ ਉਨ੍ਹਾਂ ਨੂੰ ਪਹਿਲੀ ਵਾਰੀ ਓਦੋਂ ਮਿਲਿਆ ਜਦੋਂ ਮੈਨੂੰ ਪ੍ਰਿੰਸੀਪਲ ਨਿਰੰਜਨ ਸਿੰਘ ਜੀ ਦੀ ਪ੍ਰੇਰਨਾ ਨਾਲ ਸਿੱਖ ਨੈਸ਼ਨਲ ਕਾਲਿਜ, ਲਾਹੌਰ ਵਿਚ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੀ ਇਕ ਇਨਾਮੀ ਨੁਮਾਇਸ਼ ਦਾ ਪ੍ਰਬੰਧ ਕਰਨਾ ਪਿਆ, ਉਸ ਮੌਕੇ ਉੱਤੇ ਕੁਝ ਸਿਰ-ਕੱਢ ਕਲਾਕਾਰਾਂ ਨੂੰ ਤਸਵੀਰਾਂ ਦੀ ਪਰਖ ਲਈ ਤੇ ਕੁਝ ਤਸਵੀਰਕਾਰਾਂ ਨੂੰ ਉਨ੍ਹਾਂ ਨਾਲ ਗੱਲ-ਬਾਤ ਕਰਨ ਲਈ ਬੁਲਾਇਆ ਗਿਆ ਸੀ । ਜਿਸ ਆਪ ਹੁਦਰੇ ਢੰਗ ਨਾਲ ਗੁਰੂ ਸਾਹਿਬਾਨ ਦੀਆਂ ਘਟੀਆ ਤੇ ਭੱਦੀਆਂ ਤਸਵੀਰਾਂ ਧੜਾਧੜ ਬਣ ਰਹੀਆਂ ਸਨ, ਉਸ ਨੂੰ ਠਲ੍ਹ ਪਾਉਣਾ ਤੇ ਤਸਵੀਰਕਾਰਾਂ ਵਿਚ ਕਲਾਤਮਕ ਚੇਤਨਾ ਉਪਜਾਉਣਾ ਇਸ ਉੱਦਮ ਦਾ ਮੰਤਵ ਸੀ । ਸਾਡਾ ਮਤਿ ਸੀ ਕਿ ਗੁਰੂ ਸਾਹਿਬਾਨ ਦੇ ਵੇਲੇ ਦੀਆਂ ਜਾਂ ਉਨ੍ਹਾਂ ਦੇ ਵੱਧ ਤੋਂ ਵੱਧ ਨੇੜੇ ਦੀਆਂ ਪ੍ਰਮਾਣਿਕ ਤਸਵੀਰਾਂ ਅੱਜ ਦੀਆਂ ਤਸਵੀਰਾਂ ਦਾ ਆਧਾਰ ਬਣਨੀਆਂ ਚਾਹੀਦੀਆਂ ਹਨ, ਤਾਂ ਜੋ ਮੁਹਾਂਦਰੇ, ਕੱਦ-ਕਾਠ, ਪਹਿਰਾਵੇ ਤੇ ਸਮੁੱਚੇ ਪ੍ਰਭਾਵ ਵਿਚ ਕਲਾਕਾਰ ਵੱਧ ਤੋਂ ਵੱਧ ਅਸਲ ਦੇ ਨੇੜੇ ਹੋਵੇ, ਵਰਨਾ ਵੱਡੀਆਂ ਇਤਿਹਾਸਕ ਗ਼ਲਤੀਆਂ ਦਾ ਡਰ ਹਮੇਸ਼ਾ ਬਣਿਆ ਰਹੇਗਾ । ਜਿਵੇਂ ਸਿਆਣੇ ਲੋਕ ਜਾਣਦੇ ਹਨ ਕਿ ਗੁਰੂ ਹਰਿਗੋਬਿੰਦ ਸਾਹਿਬ ਦਾ ਸਰੀਰ ਕਾਫ਼ੀ ਭਾਰਾ ਤੇ ਕੱਦਾਵਰ ਸੀ । ਭਾਈ ਗੁਰਦਾਸ ਦੀਆਂ ਵਾਰਾਂ ਤੋਂ ਲੈ ਕੇ ਬਾਬਾ ਰਾਮ ਰਾਏ ਦੇ ਡਿਹਰਾਦੂਨ ਵਾਲੇ ਦਰਬਾਰ ਵਿਚ ਪਈਆਂ ਤਸਵੀਰਾਂ ਤੱਕ, ਸਾਰੇ ਸਬੂਤ ਇਹੀ ਸਿੱਧ ਕਰਦੇ ਹਨ, ਪਰ ਜੋ ਤਸਵੀਰ ਗੁਰੂ ਸਾਹਿਬ ਦੀ ਸੋਭਾ ਸਿੰਘ ਨੇ ਉਸ ਨੁਮਾਇਸ਼ ਵਿਚ ਭੇਜੀ ਸੀ ਉਸ ਵਿਚ ਉਨ੍ਹਾਂ ਦਾ ਬਦਨ ਗੁਰੂ ਗੋਬਿੰਦ ਸਿੰਘ ਵਰਗਾ ਇਕਹਿਰਾ ਤੇ ਛਹੇਰਾ ਸੀ । ਸਪਸ਼ਟ ਸੀ ਕਿ ਕਲਾਕਾਰ ਪਾਸ ਮੌਲਿਕ ਸੂਚਨਾ ਦੀ ਅਣਹੋਂਦ ਸੀ । ਪ੍ਰਬੰਧਕਾਂ ਦਾ ਇਹ ਵੀ ਖ਼ਿਆਲ ਸੀ ਕਿ ਜੇ ਕਿਸੇ ਕਾਰਨ ਤਨ ਦੀ ਪ੍ਰਮਾਣਿਕ ਤਸਵੀਰ ਨਾ ਜੁੜ ਸਕੇ ਤਾਂ ਚਿਤਰਪਟ ਉੱਤੇ ਬਾਣੀ ਤੇ ਇਤਿਹਾਸ ਵਿਚੋਂ ਉਭਰਣ ਵਾਲੀ ਸ਼ਖ਼ਸੀਅਤ ਨੂੰ ਪ੍ਰਤਿਬਿੰਬਿਤ ਕਰਨ ਦਾ ਜਤਨ ਹੋਣਾ ਚਾਹੀਦਾ ਹੈ, ਨਹੀਂ ਤਾਂ ਕਈ ਜਨਮ-ਸਾਖੀਆਂ ਦੇ ਚਿਤੇਰਿਆਂ ਵਾਂਗ, ਸੱਚੇ ਸੌਦੇ ਦੀ ਸਾਖੀ ਭਾਵੇਂ 35 ਵਰ੍ਹਿਆਂ ਦੇ ਭਰ ਜਵਾਨ ਨਾਨਕ ਦੀ ਹੀ ਕਿਉਂ ਨਾ ਹੋਵੇ, ਚਿਤਰ ਬਾਲ-ਨਾਨਕ ਦਾ ਹੀ ਬਣਾਇਆ ਹੋਵੇਗਾ ।
ਮੀਟਿੰਗ ਵਾਲੇ ਦਿਨ ‘ਅਕਾਲੀ’ ਅਖ਼ਬਾਰ ਵਿਚ ਮੇਰਾ ਇਕ ਲੇਖ ਛਪਿਆ, ਜਿਸ ਵਿਚ ਚਿਤਰਕਾਰੀ ਦੀ ਅਹਿਮੀਅਤ ਦਰਸਾਉਣ ਲਈ ਉਸ ਕਹਾਣੀ ਦਾ ਹਵਾਲਾ ਦਿੱਤਾ ਹੋਇਆ ਸੀ ਜਿਸ ਅਨੁਸਾਰ ਡੁੱਬਣ ਦੇ ਇਰਾਦੇ ਨਾਲ ਜਾ ਰਿਹਾ ਬੰਦਾ, ਰਾਹ ਵਿਚ ਪੈਂਦੀ ਤਸਵੀਰਾਂ ਦੀ ਨੁਮਾਇਸ਼ ਵਿਚੋਂ ‘ਹੋਪ’ (Hope ਆਸ) ਨਾਂ ਦੀ ਤਸਵੀਰ ਦੇਖ ਕੇ ਮਰਨ ਦੀ ਥਾਂ ਜਿਉਣ ਦਾ ਮਨ ਬਣਾ ਲੈਂਦਾ ਹੈ । ਸਾਡੀ ਪ੍ਰਦਰਸ਼ਨੀ ਵੇਖਣ ਤੇ ਮੀਟਿੰਗ ਵਿਚ ਭਾਗ ਲੈਣ ਲਈ ਪੰਜਾਬੀ ਦੇ ਉਸ ਵੇਲੇ ਦੇ ਚੋਣਵੇਂ ਚਿਤਰਕਾਰ, ਅਬਦੁੱਰ-ਰਹਿਮਾਨ ਚੁਗ਼ਤਾਈ, ਅੱਲਾਹ ਬਖ਼ਸ਼, ਠਾਕਰ ਸਿੰਘ, ਸੋਭਾ ਸਿੰਘ ਤੇ ਈਸ਼ਵਰ ਚਿਤਰਕਾਰ ਪਹੁੰਚੇ ਸਨ । ਸਰਦਾਰ ਸੋਭਾ ਸਿੰਘ ਦੀਆਂ ਤਸਵੀਰਾਂ ਨੁਮਾਇਸ਼ ਵਿਚ ਮੌਜੂਦ ਸਨ, ਪਰ ਪ੍ਰਦਰਸ਼ਿਤ ਤਸਵੀਰਾਂ ਵਿਚੋਂ ਕੋਈ ਤਸਵੀਰ ਚੁਗ਼ਤਾਈ ਸਾਹਿਬ ਤੇ ਅੱਲਾਹ ਬਖ਼ਸ਼ ਸਾਹਿਬ ਦੀ ਪਰਖ-ਕਸਵੱਟੀ ਉਤੇ ਪੂਰੀ ਨਾ ਉਤਰ ਸਕੀ । ਸੋਭਾ ਸਿੰਘ ਹੁਰਾਂ ਦਾ ਉਦੋਂ ਦਾ ਇਕ ਪ੍ਰਭਾਵ ਮੇਰੇ ਮਨ ਉਤੇ ਉਕਰਿਆ ਹੋਇਆ ਹੈ । ਜਦੋਂ ਚਗਤਾਈ ਸਾਹਿਬ ਸੋਭਾ ਸਿੰਘ ਹੁਰਾਂ ਦੇ ਇਕ ਚਿਤਰ ਦੀ ਤਕਨੀਕੀ ਅਪੂਰਣਤਾ ਬਾਰੇ ਕੁਝ ਸੁਝਾ ਦੇ ਰਹੇ ਸਨ ਤਾਂ ਇਕ ਪਾਸੇ ਉਹ ਸੁਝਾਉ ਪ੍ਰਵਾਨ ਕਰਨ ਦਾ ਹੁੰਗਾਰਾ ਭਰ ਰਹੇ ਸਨ ਤੇ ਦੂਜੇ ਪਾਸੇ ਉਨ੍ਹਾਂ ਦੇ ਮੱਥੇ ਉਤੇ ਬੇਮਲੂਮ ਜਹੀਆਂ ਕੁਝ ਤਿਉੜੀਆਂ ਉੱਭਰ ਖਲੋਤੀਆਂ ਸਨ । ਸ੍ਵਰਗਵਾਸੀ ਚਗਤਾਈ ਸਾਹਿਬ ਦੇ ਆਦਰ ਕਰਕੇ ਓਦੋਂ ਸੋਭਾ ਸਿੰਘ ਦੀਆਂ ਤਿਊੜੀਆਂ ਨੇ ਸ਼ਬਦ-ਰੂਪ ਧਾਰਨ ਨਹੀਂ ਕੀਤਾ ਹੋਣਾ, ਪਰ ਹੁਣ ਉਸ ਦੇ ਸ੍ਵੈ-ਵਿਸ਼ਵਾਸ ਵਿਚ ਵਾਧੇ ਨੇ ਉਸ ਦੇ ਸੈਮਾਣ ਵਿਚ ਵੀ ਵਾਧਾ ਕਰ ਦਿੱਤਾ ਹੈ ।
ਅੱਜ ਇਸ ਗੱਲ ਨੂੰ 30 ਸਾਲ ਤੋਂ ਉਪਰ ਹੋ ਚੱਲੇ ਹਨ । ਚਗ਼ਤਾਈ ਸਾਹਿਬ, ਸਾਡੇ ਕਈ ਵਾਰੀ ਕਹਿਣ ਦੇ ਬਾਵਜੂਦ ਆਪਣੇ ਬੁਰਸ਼ ਨੂੰ, ਗੁਰੂ-ਚਿਤਰਣ ਦਾ ਵੱਲ ਨਾ ਸਿਖਾ ਸਕੇ; ਅੱਲਾਹ ਬਖਸ਼ ਜੀ ਨੇ ਵੀ ਆਪਣੇ ਪੁਰਾਣੇ ਰਾਹ ਨੂੰ ਛੱਡ ਕੇ ਨਵੇਂ ਪਾਸੇ ਲੱਗਣ ਤੋਂ ਸੰਕੋਚ ਵਰਤਿਆ; ਸ੍ਵਰਗਵਾਸੀ ਠਾਕਰ ਸਿੰਘ ਜੀ ਦੀ ਕਲਮ ਨੂੰ ਰਿਆਸਤਾਂ ਦੇ ਮੁਖੀ ਹੀ ਵਿਹਲਾ ਨਹੀਂ ਸੀ ਰਹਿਣ ਦੇਂਦੇ, ਈਸ਼ਵਰ, ਮੂਰਤ ਦੀ ਥਾਂ ਅਮੂਰਤ ਵੱਲ ਵਧੇਰੇ ਰੁਚਿਤ ਹੁੰਦਾ ਗਿਆ; ਇਕੱਲਾ ਸੋਭਾ ਸਿੰਘ ਰਹਿ ਗਿਆ ਜੋ ਇਸ ਉਡੀਕ ਵਿਚ ਕਿ ਕਦੀ ਨਾ ਕਦੀ ਤਾਂ ਗੁਰੂ-ਮੂਰਤ ਆਪੇ ਮੂੰਹੋਂ ਬੋਲੇਗੀ, ਉਸ ਨਾਲ ਤਜਰਬੇ ਉਤੇ ਤਜਰਬਾ ਕਰਦਾ ਰਿਹਾ । ਉਸ ਨੇ ਅਸਲ ਗੁਰੂ-ਮੂਰਤਾਂ ਦੀ ਭਾਲ ਵਿਚ ਸਮਾਂ ਨਾ ਲਾਇਆ, ਨਾ ਸਿੱਖ ਸਾਹਿੱਤ ਦੇ ਇਤਿਹਾਸ ਦੇ ਪੰਨਿਆਂ ਉਤੇ ਮਗ਼ਜ਼-ਮਾਰੀ ਕੀਤੀ । ਉਸ ਦਾ ਮਤਿ ਕੁਝ ਇਸ ਤਰ੍ਹਾਂ ਦਾ ਸੀ ਕਿ ਜਿਸ ਤਰ੍ਹਾਂ ਦੀ ਵੀ ਸ਼ਕਲ ਕਿਸੇ ਗੁਰੂ ਸਾਹਿਬ ਦੀ ਸੀ, ਉਸ ਉਤੇ ਅਤੀਤ ਆਪਣਾ ਗੂੜ੍ਹਾ ਕਾਲਾ ਰੰਗ ਫੇਰ ਚੁੱਕਾ ਹੈ । ਹੁਣ, ਜਿਵੇਂ ਭਾਈ ਵੀਰ ਸਿੰਘ ਨੇ ਮਨੋਕਲਪਿਤ ਚਿਤਰ ਤਿਆਰ ਕੀਤੇ ਹਨ, ਉਸੇ ਤਰ੍ਹਾਂ ਮੈਂ ਰੰਗ ਦੇ ਸ਼ਬਦਾਂ ਨਾਲ ਉਨ੍ਹਾਂ ਦੇ ਕਲਪਿਤ ਚਿਤਰ ਕਿਉਂ ਨਾ ਤਿਆਰ ਕਰਾਂ ? ਸੋ ਉਹ ਪੋਥੀਆਂ ਦੀ ਥਾਂ ਚਿਹਰਿਆਂ ਦੀ ਭਾਲ ਵਿਚ ਰਿਹਾ । ਗੁਰੂ ਬਾਰੇ ਜਿਸ ਤਰ੍ਹਾਂ ਦਾ ਵੀ ਸੰਕਲਪ ਉਸ ਦੇ ਅੰਦਰ ਸੀ, ਉਹ ਉਸ ਉਤੇ ਪੂਰੇ ਉਤਰਨ ਵਾਲੇ ਜਾਂ ਉਸ ਦੇ ਨੇੜੇ ਦੇ ਮਾਡਲ ਲੱਭਦਾ ਰਹਿੰਦਾ । ਕਾਫ਼ੀ ਚਿਰ ਪਿਛੋਂ ਇਕ ਵਾਰੀ ਜਦੋਂ ਸਰਦਾਰ ਜੀ ਮੇਰੇ ਘਰ ਤਸ਼ਰੀਫ਼ ਲਿਆਏ ਤਾਂ ਮੈਂ ਹਸਦਿਆਂ ਕਿਹਾ, “ਸਰਦਾਰ ਜੀ, ਸ਼ਰੋਮਣੀ ਕਮੇਟੀ ਨੂੰ ਖੁਸ਼ ਕਰਨ ਲਈ ਤੁਸੀਂ ਸੰਤਾਂ ਦੀ ਤਸਵੀਰ ਹੇਠਾਂ ਹੀ ‘ਗੁਰੂ ਨਾਨਕ’ ਲਿਖ ਦਿੱਤਾ! ਗੁਰੂ ਤਾਂ ਕਿਰਤੀ ਬੰਦਾ ਸੀ, ਹਲ ਵਾਹੁਣ ਵਾਲਾ, ਖੇਤੀ ਕਰਨ ਵਾਲਾ, ਮੀਂਹ ਹਨੇਰੀ ਵਿਚ ਪੈਂਡੇ ਕੱਛਣ ਵਾਲਾ, ਉਸ ਦੇ ਮੂੰਹ ਉਤੇ ਏਨਾ ਫ਼ਾਲਤੂ ਮਾਸ ਕਿਥੋਂ ਆ ਸਕਦਾ ਸੀ ?” ਉਨ੍ਹਾਂ ਨੇ ਵੀ ਹਾਸੇ ਵਿਚ ਕਹਿ ਦਿੱਤਾ, “ਮੈਨੂੰ ਤਾਂ ਜਿਹੋ ਜਿਹੇ ਲੱਗਦੇ ਸਨ, ਮੈਂ ਚਿਤਰ ਦਿਤੇ, ਤੁਹਾਨੂੰ ਪਸੰਦ ਨਹੀਂ ਤਾਂ ਉਨ੍ਹਾਂ ਦੀ ਅਸਲ ਤਸਵੀਰ ਲੱਭ ਦਿਓ, ਮੈਂ ਉਹੋ ਜਿਹਾ ਬਣਾ ਦਿਆਂਗਾ ।”
ਦੇਸ਼ ਦੀ ਵੰਡ ਪਿਛੋਂ ਈਸ਼ਵਰ ਇੰਗਲੈਂਡ ਚਲਾ ਗਿਆ ਤੇ ਸਰਦਾਰ ਠਾਕਰ ਸਿੰਘ ਨੂੰ ਬਹੁਤਾ ਸਮਾਂ ਆਪਣੀ ਅਕਾਡਮੀ ਦੀ ਉਸਾਰੀ ਵੱਲ ਦੇਣਾ ਪਿਆ । ਸੋਭਾ ਸਿੰਘ ਮੂਰਤਾਂ ਬਣਾਉਂਦਾ ਤੇ ਢਾਹੁੰਦਾ ਰਿਹਾ । ਉਸ ਦੀ ‘ਨਾਮ ਖੁਮਾਰੀ’ ਵਾਲੀ ਤਸਵੀਰ ਜੋ ਉਸ ਨੇ 1935 ਵਿਚ ਬਣਾਈ ਸੀ, ਚੱਲ ਨਿਕਲੀ ਸੀ । ਸਾਧਾਰਣ ਤੋਂ ਭਾਰਾ ਧੜ, ਅੱਧ ਮੀਟੀਆਂ ਅੱਖਾਂ ਤੇ ਅੱਧ ਵਿਚਕਾਰਲੀ ਸਿਊਣ ਵਾਲਾ ਚੋਲਾ । ਕੁਝ ਗੱਲਾਂ ਵਿਚ ਇਹ ਚਿਤਰ ਨਵਾਂ ਸੀ । ਜਿਵੇਂ ਕਲਾਕਾਰ ਨੇ ਬਾਲੇ ਤੇ ਮਰਦਾਨੇ ਦੀਆਂ ਗੌਣ ਮੂਰਤਾਂ ਪਾਸਿਆਂ ਉਤੇ ਬਿਠਾ ਕੇ ਉਨ੍ਹਾਂ ਦੇ ਮੁਕਾਬਲੇ ਉਤੇ ਵਿਚਕਾਰਲੇ ਮੁੱਖ ਚਿੱਤਰ ਨੂੰ ਉਭਾਰਨ ਦੀ ਥਾਂ ਕੇਵਲ ਗੁਰੂ-ਚਿਤਰ ਨੂੰ ਹੀ ਦ੍ਰਿਸ਼ਟੀ-ਪਾਤਰ ਬਣਾ ਲਿਆ ਸੀ ਤੇ ਰੁੱਖ, ਪਿੰਜਰੇ ਵਿਚ ਪਏ ਤੋਤੇ ਤੇ ਖੜਾਵਾਂ ਵਾਲੇ ਪ੍ਰਚਲਿਤ ਚਿੰਨ੍ਹ ਇਕਦਮ ਤਿਆਗ ਦਿੱਤੇ ਸਨ । ਪਰ ਇਸ ਤਸਵੀਰ ਦੀ ਸਫ਼ਲਤਾ ਦੇ ਬਾਵਜੂਦ ਸੋਭਾ ਸਿੰਘ ਦੇ ਮਨ ਵਿਚ ਮੁੜ ਮੁੜ ਕੇ ਪ੍ਰਸ਼ਨ ਉਠਦੇ ਰਹੇ ਕਿ ਉਹ ਗੁਰੂ-ਮੁਖੜੇ ਕਿਵੇਂ ਦੇ ਚਿਤਰੇ ? ਗੋਲ, ਲੰਬੂਤਰੇ ਕਿ ਚੌਰਸ ? ਦਾੜੀ ਕੈਸੀ ਬਣਾਵੇ- ਨੋਕੀਲੀ ਕਿ ਛਾਜਲੀ ? ਮੁੱਛਾਂ ਖੜ੍ਹੀਆਂ ਰੱਖੋ ਕਿ ਡਿੱਗੀਆਂ ਹੋਈਆਂ ? ਬਾਣਾ ਕਿਸ ਤਰ੍ਹਾਂ ਦਾ ਪਵਾਏ-ਭਗਵਾਂ ਕਿ ਚਿੱਟਾ, ਜਾਂ ਕਿਸੇ ਹੋਰ ਰੰਗ ਦਾ ? ਅੱਖਾਂ ਖੁੱਲ੍ਹੀਆਂ ਰੱਖੋ, ਬਿਲਕੁਲ ਬੰਦ ਕਰ ਦੇਵੇ ਜਾਂ ਅੱਧ ਖੁੱਲ੍ਹੀਆਂ ਰੱਖੇ ? ਇਕੱਲੇ ਦੀ ਮੂਰਤ ਬਣਾਵੇ ਕਿ ਮਰਦਾਨਾ ਨਾਲ ਸਜਾਵੇ ? ਬਾਲਾ ਕੋਲ ਹੋਵੇ ਕਿ ਨਾ ? ਜੇ ਹੋਵੇਂ ਤਾਂ ਤਿੰਨਾਂ ਦੀ ਕੰਪੋਜ਼ੀਸ਼ਨ ਕਿਸ ਤਰ੍ਹਾਂ ਦੀ ਹੋਵੇ ? ਸੋਭਾ ਸਿੰਘ ਨੇ ਮਹਿਸੂਸ ਕੀਤਾ ਕਿ ਗੁਰੂ-ਮੂਰਤਾਂ ਤੇ ਹੋਰ ਕਲਾ- ਕਿਰਤਾਂ ਨਾਲ ਨਿਆਂ ਕਰਨ ਲਈ ਅਜੇ ਉਸ ਨੂੰ ਕਲਾ ਦੇ ਕਸਬ ਬਾਰੇ ਅਤੇ ਦੁਨੀਆਂ ਦੇ ਵੱਡੇ ਕਲਾਕਾਰਾਂ ਬਾਰੇ ਕਾਫ਼ੀ ਹੋਰ ਅਧਿਐਨ ਦੀ ਲੋੜ ਹੈ ਅਤੇ ਸਭ ਤੋਂ ਵਧ ਲੋੜ ਹੈ ਚਿੰਤਨ ਦੀ । ਉਸ ਦੀ ਬਹੁਤੀ ਉਮਰ ਉਜਰਤ ਉਤੇ ਬੁਰਸ਼-ਕਿਰਤਾਂ ਬਣਾਉਣ ਵਿਚ ਲੰਘੀ ਸੀ, ਪਰ ਉਸ ਦੀ ਮਨੋਬਿਰਤੀ ਆਪਣੀ ਕਿਰਤ ਨੂੰ ਕਲਾ ਬਣਾਉਣ ਉਤੇ ਟਿਕੀ ਹੋਈ ਸੀ ।
ਕਲਾ ਦੀ ਖਿੱਚ ਉਸ ਨੂੰ ਧੌਲਾਧਾਰ ਦੀ ਬਾਂਕੀ ਕਾਂਗੜਾ ਵਾਦੀ ਦੇ ਇਕ ਨਿੱਕੇ ਜਿਹੇ ਪਿੰਡ ਅੰਦਰੇਟੇ ਵਿਚ ਲੈ ਗਈ, ਜਿੱਥੇ ਨੋਰ੍ਹਾ ਰਿਚਰਡਜ਼ ਨੇ ਅੱਗੇ ਹੀ ਆਪਣਾ ਟਿਕਾਣਾ ਬਣਾਇਆ ਹੋਇਆ ਸੀ । ਸੋਭਾ ਸਿੰਘ ਨੇ ਇਸੇ ਪਿੰਡ ਵਿਚ ਆਪਣੀ ਕੁਟੀਆ ਬਣਾ ਲਈ । ਉਸ ਦੀ ਕੋਠੀ ਦੇ ਵਿਛਵਾੜੇ ਸਦਾ ਵਗਦਾ ਪਾਣੀ ਹੈ, ਇਕ ਵੱਖੀ ਵੱਲ ਸੰਘਣਾ ਜੰਗਲ, ਚੁਪਾਸੀਂ ਬਰਫ਼ਾਨੀ ਟੋਪੀਆਂ ਵਾਲੀਆਂ ਪਰਬਤੀ ਧਾਰਾਂ ਤੇ ਖੁੱਲ੍ਹੇ ਖੇਤ ਹਨ । ਮੌਸਮ ਕੰਮ ਵਿਚ ਸਹਾਇਕ, ਲੋਕ ਅਸਲੋਂ ਸਰਲ ਤੇ ਸਤਿਕਾਰ ਦੇਣ ਵਾਲੇ । ਘਰ ਵਿਚ ਉਹ ਸੀ ਜਾਂ ਉਸ ਦੀ ਪਤਨੀ, ਮਾਹੌਲ ਸਾਰੇ ਦਾ ਸਾਰਾ ਸੁਖਾਵਾਂ । ਕਲਾਮਈ ਵਾਤਾਵਰਨ ਪੈਦਾ ਕਰਨ ਲਈ ਉਸ ਨੇ ਪਹਿਲਾ ਕੰਮ ਆਪਣੇ ਘਰ ਨੂੰ ਸੁੰਦਰ ਬਣਾਉਣ ਦਾ ਕੀਤਾ । ਚੋਰ-ਕਲਾਕਾਰਾਂ ਵਲੋਂ ਉਸ ਦੀਆਂ ਤਸਵੀਰਾਂ ਦੀਆਂ ਅਨੇਕਾਂ ਨਕਲਾਂ ਬਣ ਜਾਣ ਦੇ ਬਾਵਜੂਦ ਉਸ ਦੀਆਂ ਤਸਵੀਰਾਂ ਵਿਕਦੀਆਂ ਸਨ । ਇਸ ਆਮਦਨ ਨੂੰ ਉਸ ਨੇ ਘਰ ਉਤੇ ਲਾਇਆ । ਉਸ ਦੀ ਰੀਝ ਸੀ ਕਿ ਘਰ ਦੀ ਹਰ ਚੀਜ਼ ਵਿਚੋਂ ਉਸ ਦੇ ਅੰਦਰਲੇ ਦਾ ਸੁਹਜ ਝਾਕਣਾ ਚਾਹੀਦਾ ਹੈ, ਇਸ ਲਈ ਉਸ ਨੇ ਰਸੋਈ ਤੇ ਗੁਸਲਖਾਨੇ ਤੋਂ ਲੈ ਕੇ ਸੌਣ-ਕਮਰੇ ਤੱਕ ਕੇਵਲ ਅਤਿ ਸੁੰਦਰ ਨੂੰ ਹੀ ਘਰ ਵਿਚ ਵੜਨ ਦਿੱਤਾ, ਦੂਜੇ ਦਰਜੇ ਦੀ ਜਾਂ ਫਾਡੀ ਚੀਜ਼ ਨੂੰ ਨੇੜੇ ਹੀ ਨਾ ਫਟਕਣ ਦਿੱਤਾ । ਸੋਭਾ ਸਿੰਘ ਨੂੰ ਜ਼ਿੰਦਗੀ ਨਾਲ ਪਿਆਰ ਹੈ; ਜ਼ਿੰਦਗੀ ਦੇ ਸੁਣੱਪ ਲਈ ਉਸ ਵਿਚ ਅਪਾਰ ਖਿੱਚ ਹੈ, ਉਸ ਦੇ ਸੁਆਦ ਰਈਸਾਨਾ ਹਨ; ਮੈਲ, ਕੋਝ ਜਾਂ ਘਟੀਆਪਨ ਨੂੰ ਉਹ ਬਿਲਕੁਲ ਝੱਲ ਹੀ ਨਹੀਂ ਸਕਦਾ । ਕਪੜਾ ਪਾਉਣਾ ਹੈ ਤਾਂ ਸਭ ਤੋਂ ਉਪਰ ਦੀ ਕੁਆਲਿਟੀ ਦਾ, ਉਸ ਦਾ ਤੌਲੀਆ ਹੋਵੇ ਭਾਵੇਂ ਸਲੀਪਰ, ਹੋਵੇਗਾ ਬਹੁਤ ਵਧੀਆ । ਸਾਰਾ ਸਾਰਾ ਦਿਨ ਬੁਰਸ਼ ਨਾਲ ਕੰਮ ਕਰਨ ਦੇ ਬਾਵਜੂਦ ਉਹ ਆਪਣਾ ਕੋਈ ਹੱਥ ਇਕ ਮਿੰਟ ਲਈ ਵੀ ਮੈਲਾ ਨਹੀਂ ਰੱਖ ਸਕਦਾ । ਉਸ ਦੇ ਕੰਮ ਵਾਲੇ ਕਮਰੇ ਵਿਚ ਪਾਣੀ ਦਾ ਹਮਾਮ ਰੱਖਿਆ ਹੋਇਆ ਹੈ । ਰਸੋਈ ਵਿਚ ਵੀ, ਹਰ ਗਿਰਾਹੀ ਪਿਛੋਂ ਹੱਥ ਧੋ ਸਕਣ ਲਈ ਉਸ ਦੀ ਕੁਰਸੀ ਦੇ ਕੋਲ ਟੂਟੀ ਫ਼ਿਟ ਹੋਈ ਹੋਈ ਹੈ । ਰੋਟੀ ਖਾਂਦਿਆਂ ਉਹ ਪਤਾ ਨਹੀਂ ਕਿੰਨੀ ਵਾਰੀ ਆਪਣੀਆਂ ਉਂਗਲਾਂ ਪਾਣੀ ਨਾਲ ਸਾਫ਼ ਕਰਦਾ ਹੈ । ਪਤਨੀ ਜੀਉਂਦੀ ਸੀ ਤਾਂ ਉਹ ਪਤੀ ਦੇ ਨਖ਼ਰੇ ਪੂਰੇ ਕਰਨ ਦਾ ਜਤਨ ਕਰਦੀ ਹੋਵੇਗੀ । ਉਸ ਦੇ ਹੁੰਦਿਆਂ ਹੀ ਉਸ ਦੀ ਇਕੱਲ ਨੂੰ ਦੂਰ ਕਰਨ ਲਈ, ਘਰ ਵਿਚ ਹਰਬੀਰ ਸਿੰਘ ਭੰਵਰ ਤੇ ਉਸ ਦੇ ਪਰਵਾਰ ਨੂੰ ਟਿਕਾਣਾ ਦਿੱਤਾ ਗਿਆ ਸੀ । ਕੁਦਰਤ ਨੇ ਇਹ ਢੋ ਐਸਾ ਢੁਕਾਇਆ ਹੈ ਕਿ ਇਹ ਪਰਵਾਰ ਸੋਭਾ ਸਿੰਘ ਹੁਰਾਂ ਦਾ ਆਪਣਾ ਪਰਵਾਰ ਹੀ ਬਣ ਗਿਆ ਹੈ । ਉਸ ਦੀ ਪਤਨੀ ਦੇ ਚਲਾਣੇ ਪਿਛੋਂ ਹਰਬੀਰ ਤੇ ਉਸ ਦੇ ਸੁੱਘੜ ਪਤਨੀ ਗੁਰਚਰਨ ਨੇ ਸੋਭਾ ਸਿੰਘ ਹੁਰਾਂ ਦੀ ਸੇਵਾ ਸੰਭਾਲ ਲਈ ਹੈ । ਮੈਂ ਸੋਭਾ ਸਿੰਘ ਦੀ ਪਤਨੀ ਨੂੰ ਨਹੀਂ ਮਿਲਿਆ ਹੋਇਆ, ਸੋ ਮੈਂ ਨਹੀਂ ਜਾਣਦਾ ਕਿ ਉਹ ਉਹਨਾਂ ਦੀ ਕਿੰਨੀ ਕੁ ਸੇਵਾ ਕਰਦੀ ਸੀ, ਪਰ ਭੰਵਰ ਪਰਵਾਰ ਨੇ ਸੋਭਾ ਸਿੰਘ ਹੁਰਾਂ ਨੂੰ ਜਿਸ ਤਰ੍ਹਾਂ ਆਪਣਾ ਸੁਖ- ਆਰਾਮ ਅਰਪਿਤ ਕੀਤਾ ਹੈ, ਉਸ ਨੇ ਇਸ ਕਲਾਕਾਰ ਨੂੰ ਵਡੇਰੀ ਉਮਰ ਵਿਚ ਕੰਮ ਵਿਚ ਲੱਗੇ ਰਹਿਣ ਦੀ ਖੁੱਲ੍ਹੀ ਵਿਹਲ ਮੁਹੱਈਆ ਕੀਤੀ ਹੈ ।
ਪੱਕੀ ਸੜਕ ਅੰਦਰੇਟੇ ਵਿਚ ਜਾਂਦੀ ਹੈ । ਇਸ ਸੜਕ ਦੇ ਉਤੇ ਪਿੰਡ ਦਾ ਪਹਿਲਾ ਮਕਾਨ ਸੋਭਾ’ ਸਿੰਘ ਦਾ ਹੈ । ਮਕਾਨ ਬੜੀ ਰੀਝ ਨਾਲ ਤਿਆਰ ਕਰਵਾਇਆ ਹੋਇਆ ਹੈ । ਇਸ ਦੇ ਚੁਪਾਸੀਂ ਲੀਚੀ, ਅੰਬ, ਅਮਰੂਦ ਦੇ ਰੁੱਖ ਤੇ ਥਾਂ-ਥਾਂ ਫੁੱਲ ਲਾਏ ਹੋਏ ਹਨ । ਵਿਹੜੇ ਦੇ ਇਕ ਖੂੰਜੇ ਵਿਚ ਗਾਂ- ਮੱਝ ਦਾ ਪ੍ਰਬੰਧ ਹੈ । ਰਿਹਾਇਸ਼ੀ ਕਮਰਿਆਂ ਦੇ ਨੇੜੇ, ਕੁਝ ਵਿੱਥ ਉਤੇ ਰਸੋਈ ਹੈ, ਜਿਸ ਦੇ ਅੰਦਰ ਹੀ ਖਾਣੇ ਦਾ ਮੇਜ਼ ਲੱਗਾ ਹੋਇਆ ਹੈ । ਰਸੋਈ ਦੇ ਪਿਛਵਾੜੇ ਐਵਰਕਲੀਨ ਟੁੱਟੀ ਹੈ । ਇਕ ਪਾਸੇ ਪਾਣੀ ਲਈ ਬਣੀ ਡਿੱਗੀ ਨੂੰ ਹੌਜ਼ ਦੀ ਸ਼ਕਲ ਦਿੱਤੀ ਹੋਈ ਹੈ । ਮੈਂ ਪਹਿਲੀ ਵਾਰੀ ਗਿਆ ਤਾਂ ਬਰਾਂਡੇ ਵਿਚ, ਕੰਧ-ਆਕਾਰ ਦੀ ਜਾਲੀ ਲਾ ਕੇ ਕੰਧ ਦੇ ਨਾਲ ਇਕ ਵੱਡਾ ਸਾਰਾ ਪਿੰਜਰਾ ਬਣਾਇਆ ਵੇਖਿਆ, ਜਿਸ ਵਿਚ ਰੰਗ ਬਰੰਗੀਆਂ ਚਿੜੀਆਂ ਫੁਦਕ ਰਹੀਆਂ ਸਨ । ਦੂਜੀ ਵਾਰੀ ਗਿਆ ਤਾਂ ਇਹ ਚਹਿਲ- ਪਹਿਲ ਉਜੜ ਚੁਕੀ ਸੀ । ਬਰਾਂਡੇ ਵਿਚ ਉਪਰਵਾਰ ਸਟਿੱਲ-ਲਾਈਫ਼ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ । ਇਨ੍ਹਾਂ ਵਿਚ ਬਹੁਤੀਆਂ ਉਤੇ ਗੁਰਚਰਨ (ਮਿਸਿਜ਼ ਹਰਬੀਰ ਸਿੰਘ) ਦੇ ਦਸਖ਼ਤ ਸਨ। ਲਹਿੰਦੇ ਵੱਲ ਇਕ ਜਾਲੀ ਵਾਲੇ ਦਰਵਾਜ਼ੇ ਦੇ ਬਾਹਰ ਜੁੱਤੀ ਲਾਹ ਕੇ ਅੰਦਰ ਦਾਖ਼ਲ ਹੋਣ ਦੀ ਸੂਚਨਾ ਲੱਗੀ ਹੋਈ ਸੀ । ਇਹ ਸੋਭਾ ਸਿੰਘ ਹੁਰਾਂ ਦਾ ਰਹਿਣ-ਕਮਰਾ ਸੀ । ਮੈਂ ਹਾਸੇ ਨਾਲ ਕਿਹਾ, “ਜਿਹੜਾ ਕਿਸਮਤ ਦਾ ਬਲੀ ਏਥੇ ਇਕ ਵਾਰੀ ਆ ਫਸੇ, ਉਸ ਦੀਆਂ ਜੁੱਤੀਆਂ ਵੀ ਲਵਾ ਲੈਂਦੇ ਹੋ ?” ਸੋਭਾ ਸਿੰਘ ਹੁਰੀਂ ਖਿੜ ਖਿੜਾ ਕੇ ਹੱਸੇ ਤੇ ਕਹਿਣ ਲੱਗੇ, “ਜੋ ਵੀ ਆਇਆ ਹੈ, ਉਸ ਦੇ ਪਾਸ ਮੇਰੇ ਲਈ ਜੁੱਤੀਆਂ ਤੋਂ ਬਗ਼ੈਰ ਹੋਰ ਹੁੰਦਾ ਹੀ ਕੀ ਹੈ ?” ਮੈਂ ਤਾੜ ਗਿਆ, ਬੰਦਾ ਖੁਸ਼-ਮਿਜ਼ਾਜ ਹੀ ਨਹੀਂ, ਹਾਜ਼ਰ-ਜਵਾਬ ਵੀ ਹੈ । ਬੈਠਕ ਦੇ ਅੰਦਰ ਵੜੇ । ਬੈਠਕ ਕਾਹਦੀ ਹੈ, ਵਿੱਚੇ ਬੈਠਣ ਦਾ ਪ੍ਰਬੰਧ, ਵਿੱਚੇ ਸੌਣ ਦਾ ਪ੍ਰਬੰਧ, ਵਿੱਚੇ ਨਹਾਉਣ ਧੋਣ ਦਾ ਪ੍ਰਬੰਧ ਤੇ ਵਿੱਚੇ ਸਟੂਡੀਓ, ਪਰ ਹਰ ਚੀਜ਼ ਕਰੀਨੇ ਨਾਲ ਥਾਂ- ਸਿਰ ਲੱਗੀ ਹੋਈ । ਸਫ਼ਾਈ ਤੇ ਨਿਰਮਲਤਾ ਧਾਰਮਿਕ ਅਸਥਾਨਾਂ ਵਰਗੀ । ਹਰ ਚੀਜ਼ ਸੋਭਾ ਸਿੰਘ ਦੀ ਨਫ਼ਾਸਤ ਤੇ ਸੁਹਜ-ਸੁਆਦ ਦੇ ਸਨੇਹੇ ਦੇਂਦੀ । ਅੰਦਰ ਵੜਦਿਆਂ ਸਾਹਮਣੀ ਨੁੱਕਰ ਵਿਚ ਡਾ. ਐਮ. ਐਸ. ਰੰਧਾਵਾ ਦਾ ਬੁੱਤ, ਸੱਜੇ ਹੱਥ ਕੰਧ ਨਾਲ ਤਖ਼ਤ ਪੋਸ਼ ਉਤੇ ਬਿਸਤਰਾ ਵਿਛਿਆ ਹੋਇਆ, ਕੰਧ ਤੇ ਸਿਰਹਾਣੇ ਵੱਲ ਕਿਤਾਬਾਂ ਦੇ ਸ਼ੈਲਫ਼; ਕੋਲ ਟ੍ਰਾਂਜ਼ਿਸਟਰ ਤੇ ਟੇਪ-ਰੀਕਾਰਡਰ । ਸਿਰਹਾਣੇ ਵੱਲ ਖਿੜਕੀ ਦੇ ਚਾਨਣ ਵਿਚ ਸਟੈਂਡ ਉਤੇ ਅਧੂਰੀ ਤਸਵੀਰ ਚੜ੍ਹੀ ਹੋਈ, ਉਸ ਦੇ ਹਰ ਪਾਸੇ ਰੰਗਾਂ ਦੀਆਂ ਟਿਊਬਾਂ ਤੇ ਬੁਰਸ਼ਾਂ ਦੇ ਢੇਰ । ਤਖ਼ਤਪੋਸ਼ ਦੇ ਕੋਲ ਇਕ ਨਿੱਕਾ ਜਿਹਾ ਹਮਾਮ, ਥੱਲੇ ਚਿਲਮਚੀ । ਕੁਝ ਚਿਤਰ ਕੰਧਾਂ ਨਾਲ ਲਟਕੇ ਹੋਏ । ਵਿਚਕਾਰ ਕਾਲੀਨ ਵਿਛਿਆ ਹੋਇਆ । ਇਕ ਦੋ ਆਰਾਮ ਕੁਰਸੀਆਂ ਤੇ ਸਟੂਲ ਅਤੇ ਇਕ ਪਾਸੇ ਗੁਸਲਖ਼ਾਨਾ । ਇਸ ਛੋਟੀ ਸਵਾਰ ਕੇ ਰੱਖੀ ਹੋਈ ਤੇ ਬਹੁ-ਪੱਖੀ ਸੇਵਾ ਦੇਣ ਵਾਲੀ ਬੈਠਕ ਵਿਚ ਬਿਸਤਰੇ ਉਤੇ ਬੈਠਾ ਸੋਭਾ ਸਿੰਘ ਮੈਨੂੰ ਕਿਸੇ ਰਿਸ਼ੀ ਵਾਂਗ ਲੱਗਿਆ; ਲਾਲ ਭਾਹ-ਮਾਰਦਾ ਗੋਰਾ ਰੰਗ; ਸਨੁੱਖਾ ਚਿਹਰਾ ਜਿਸ ਦੀ ਧਰਤੀ ਉਤੇ ਡਿੱਗੇ ਮਾਤਾਂ ਦੇ ਤ੍ਰੇਲ-ਨਿਸ਼ਾਨ ਉਚੇਚਾ ਧਿਆਨ ਨਹੀਂ ਖਿੱਚਦੇ; ਮੋਢਿਆਂ ਉਤੇ ਖਿੱਲਰੇ ਬਰਫ਼ ਚਿੱਟੇ ਕੇਸ । ਬਾਹਰ ਮੈਂ ਧੌਲਾਧਾਰ ਦੀਆਂ ਧੌਲੀਆਂ ਧਾਰਾਂ ਵੇਖੀਆਂ ਸਨ- ਪੁਰਾਤਨ, ਨਿਰਮਲ ਤੇ ਸ਼ਾਂਤ । ਅੰਦਰ ਮੈਨੂੰ ਇਉਂ ਲੱਗਾ ਜਿਵੇਂ ਮੇਰੇ ਸਾਹਮਣੇ ਧੌਲਾਧਾਰ ਦਾ ਪੁੱਤਰ ਬੈਠਾ ਹੋਵੇ- ਪੁਰਾਤਨ, ਨਿਰਮਲ ਤੇ ਸ਼ਾਂਤ । ਉਸ ਨੇ ਗੱਲਾਂ ਸ਼ੁਰੂ ਕੀਤੀਆਂ ਯੂਰਪ ਦੇ ਕਲਾਕਾਰਾਂ ਦੀਆਂ (ਨਿੱਕੇ ਨਿੱਕੇ ਟੋਟਕਿਆਂ ਨੂੰ ਇਕ ਲੜੀ ਵਿਚ ਜੋੜਨ ਵਿਚ ਉਹ ਬੜਾ ਉਸਤਾਦ ਹੈ); ਗੱਲਾਂ ਕੀਤੀਆਂ ਉਸ ਕਲਾ ਦੀਆਂ, ਜਿਸ ਦੀ ਪ੍ਰੇਰਣਾ, ਸਾਧਨਾ ਦੇ ਬਗ਼ੈਰ ਨਿਰਾਰਥਕ ਰਹਿੰਦੀ ਹੈ; ਗੱਲਾਂ ਕੀਤੀਆਂ ਉਨ੍ਹਾਂ ਕਲਾ ਤੋਂ ਕੋਰੇ ਰਾਜਿਆਂ, ਰਾਣੀਆਂ, ਵਜ਼ੀਰਾਂ ਤੇ ਜਰਨੈਲਾਂ ਦੀਆਂ ਜੋ ਉਸ ਦੀ ਕੁਟੀਆਂ ਵਿਚ ਆਪਣਾ ਮੂਰਤ ਰੂਪ ਅਮਰ ਕਰਵਾਉਣ ਲਈ ਪਧਾਰਦੇ ਹਨ; ਗੱਲਾਂ ਕੀਤੀਆਂ ਪੰਜਾਬ ਸਰਕਾਰ ਤੇ ਉਸ ਦੇ ਅਧਿਕਾਰੀਆਂ ਦੇ ਲਾਰਿਆਂ ਦੀਆਂ ਅਤੇ ਡਾ. ਕਰਮ ਸਿੰਘ, ਡਾ. ਰੰਧਾਵੇ, ਅੰਮ੍ਰਿਤਾ ਪ੍ਰੀਤਮ, ਗੁਰਬਖਸ਼ ਸਿੰਘ ਤੇ ਹਰਭਜਨ ਬਾਜਵੇ ਦੀਆਂ । ਸੁਰ ਮੱਧਮ, ਬੋਲ ਸਪੱਸ਼ਟ ਤੇ ਰਮੇ-ਭਰਿਆ ਅਤੇ ਵਿਚ ਵਿਚ ਹਾਸ-ਰਸ ਦਾ ਛਿੱਟਾ । ਕੰਨਾਂ ਨੂੰ ਮਸ਼ੀਨ ਤਾਂ ਲਾਈ ਹੋਈ ਸੀ ਪਰ ਸ਼ਾਇਦ ਪੂਰਾ ਕੰਮ ਨਹੀਂ ਸੀ ਕਰ ਰਹੀ, ਇਸ ਲਈ ਮੈਨੂੰ ਗੱਜ ਕੇ ਬੋਲਣਾ ਪੈਂਦਾ ਸੀ । ਮੈਂ ਕਿਹਾ, “ਤੁਸੀਂ ਬੜੇ ਚਤਰ ਹੋ । ਵੇਖ ਕੇ ਅਣਡਿੱਠ ਨਹੀਂ ਕਰਦੇ, ਅਗਲੇ ਨੂੰ ਜਿਉਂ ਦਾ ਤਿਉਂ ਕਾਗਜ਼ ਉਤੇ ਲਾਹ ਲੈਂਦੇ ਹੋ, ਪਰ ਸੁਣੇ ਨੂੰ ਅਣਸੁਣਿਆ ਜ਼ਰੂਰ ਕਰ ਛੱਡਦੇ ਹੋ । ਤੁਹਾਨੂੰ ਬਹਾਨਾ ਚੰਗਾ ਮਿਲਿਆ ਹੈ, ਕੰਮ ਦੀ ਗੱਲ ਸੁਣ ਲਈ, ਬਾਕੀਆਂ ਲਈ ਬੋਲੇ-ਬੱਦਲ ਬਣ ਬੈਠੇ ।” ਸੋਭਾ ਸਿੰਘ ਨੇ ਸਿਰ ਪਿਛਾਂਹ ਸੁੱਟਿਆ ਤੇ ਖੁੱਲ੍ਹਾ, ਨਿਰਮਲ ਹਾਸਾ ਹੱਸਿਆ । ਫੇਰ ਰੋਟੀ ਖਾਧੀ ਤੇ ਸੌਂ ਗਏ । ਸਵੇਰੇ ਤੜਕੇ ਅੱਖ ਖੁਲ੍ਹੀ ਤਾਂ ਉਸ ਦੇ ਕਮਰੇ ਵਿਚੋਂ ਸੁਖਮਨੀ ਦੇ ਪਾਠ ਦੀ ਬੜੀ ਰਸੀਲੀ ਧੁਨੀ ਆ ਰਹੀ ਸੀ । ਪਿਛੋਂ ਪਤਾ ਲੱਗਾ ਕਿ ਉਸ ਦੇ ਕਮਰੇ ਵਿਚ ਹਰ ਰੋਜ਼ ਸਵੇਰੇ ਸੁਖਮਨੀ ਦਾ ਤਵਾ ਲੱਗਦਾ ਹੈ । ਉਹ ਨਹਾ ਧੋ ਕੇ, ਬਲਕਿ ਕਈ ਵਾਰੀ ਉਸ ਤੋਂ ਵੀ ਪਹਿਲਾਂ ਈਜ਼ਲ ਉਤੇ ਲੱਗੀ ਤਸਵੀਰ ਦੇ ਦੁਆਲੇ ਹੋ ਜਾਂਦਾ ਹੈ ਤੇ ਉਸ ਦੇ ਨੈਣ-ਨਕਸ਼ ਨਿਖਾਰਦਾ ਰਹਿੰਦਾ ਹੈ । ਤੇਲ ਵਾਲੇ ਰੰਗਾਂ ਨਾਲ ਤਸਵੀਰ ਬਣਾਉਣ ਵਾਲੇ ਕਲਾਕਾਰ ਨੇ ਤਸਵੀਰ ਉਤੇ ਰੰਗ ਸੁੱਕਣ ਤੋਂ ਪਹਿਲਾਂ ਪਹਿਲਾਂ ਹੀ ਅਦਲਾ-ਬਦਲੀ ਕਰਨੀ ਹੁੰਦੀ ਹੈ । ਇਸ ਲਈ ਉਸ ਨੂੰ ਆਪਣੀ ਤਸਵੀਰ ਨਾਲ ਲੰਮੀਆਂ ਬੈਠਕਾਂ ਲਾਉਣੀਆਂ ਪੈਂਦੀਆਂ ਹਨ । ਜਿਨ੍ਹਾਂ ਦਿਨਾਂ ਵਿਚ ਸੋਭਾ ਸਿੰਘ ਦੀ ਕੋਈ ਤਸਵੀਰ ਬਣ ਰਹੀ ਹੁੰਦੀ ਹੈ, ਉਹ ਮੁੜ ਮੁੜ ਕੇ ਸਟੂਲ ਜਾ ਮੱਲਦਾ ਹੈ ਤੇ ਕਦੀ ਅੱਖ, ਕਦੀ ਨੱਕ, ਕਦੀ ਵਾਲ ਤੇ ਕਦੀ ਦ੍ਰਿਸ਼ ਸਵਾਰਨ ਉਤੇ ਲੱਗਾ ਰਹਿੰਦਾ ਹੈ । ਆਪਣੀ ਤਸਵੀਰ ਦੀ ਚੰਗੀ ਫ਼ਿਨਿਸ਼ ਕਰਨ ਵਿਚ ਨਾ ਖੇਚਲ ਤੋਂ ਡਰਦਾ ਹੈ,
ਨਾ ਖੁਰਚ ਤੋਂ ।
ਸੋਭਾ ਸਿੰਘ ਪੋਰਟ੍ਰੇਟ ਦਾ ਉਸਤਾਦ ਹੈ । ਉਸ ਨੇ ਭੀੜ ਨੂੰ ਜਾਂ ਤਾਂ ਚਿਤਰਿਆ ਨਹੀਂ ਜਾਂ ਬਹੁਤ ਘੱਟ ਚਿਤਰਿਆ ਹੈ-ਜਲੂਸ, ਜਲਸੇ ਜਾਂ ਲੜਾਈ ਦੀ ਉਸ ਨੇ ਕੋਈ ਤਸਵੀਰ ਨਹੀਂ ਬਣਾਈ । ਹੈਰਾਨੀ ਦੀ ਗੱਲ ਇਹ ਹੈ ਕਿ ਉਸ ਨੇ ਦ੍ਰਿਸ਼-ਚਿਤਰਣ ਵੱਲ ਵੀ ਬਹੁਤ ਘੱਟ ਧਿਆਨ ਦਿੱਤਾ ਹੈ, ਹਾਲਾਂਕਿ ਪ੍ਰਕਿਰਤੀ ਉਸ ਦੇ ਬੂਹੇ ਦੇ ਅੱਗੇ ਨਿਤ ਆਪਣੇ ਅਨੇਕ ਰੰਗਾਂ-ਰੂਪਾਂ ਦੀ ਖਟ ਵਿਛਾਈ ਰੱਖਦੀ ਹੈ । ਉਸ ਨੂੰ ਸ਼ਾਇਦ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਭੀੜ ਵਿਚ ਉਸ ਦਾ ਵਿਅਕਤਿਤਵ ਗਵਾਚ ਜਾਂਦਾ ਹੋਵੇ । ਉਹ ਸ਼ਾਇਦ ਨਿਰੋਲ ਪ੍ਰਕਿਰਤੀ-ਚਿਤਰਣ ਵਿਚ ਲੱਗੇ ਰਹਿਣ ਨੂੰ ਵੀ ਪਲਾਇਣੀ ਰੋਮਾਂਚਿਕਤਾ ਹੀ ਸਮਝਦਾ ਹੈ । ਉਸ ਦਾ ਵਿਸ਼ਵਾਸ ਹੈ ਕਿ ਸਾਡੀ ਦੁਨੀਆਂ ਵਾਂਗ, ਚਿਤਰਕਾਰੀ ਦੀ ਦੁਨੀਆਂ ਵਿਚ ਵੀ, ਮਨੁੱਖ ਦੀ ਸਿਕਦਾਰੀ ਕਾਇਮ ਰਹਿਣੀ ਚਾਹੀਦੀ ਹੈ । ਇਸੇ ਲਈ ਉਹ ਵਧੇਰੇ ਕਰਕੇ ਮਨੁੱਖਾਂ ਦਾ ਚਿਤੇਰਾ ਹੈ । ਮਨੁੱਖ ਵੀ ਉਹ ਜੋ ਸਾਡੇ ਧਰਮ ਜਾਂ ਕਲਚਰ ਦਾ ਪ੍ਰਤੀਕ ਬਣ ਗਏ ਹਨ ।
ਜਿਸ ਕਾਂਗੜੇ ਨੂੰ ਉਸ ਨੇ ਆਪਣਾ ਘਰ ਬਣਾਇਆ ਹੈ ਉਸ ਵਿਚ ਕਦੀ ਮਾਣਕੂ ਤੇ ਨੈਨਸੁਖ ਵਰਗੇ ਰੰਗਾਂ ਦੇ ਜਾਦੂਗਰ ਰਿਹਾ ਕਰਦੇ ਸਨ । ਉਹ ਪ੍ਰਭਾਵ ਨੂੰ ਤੀਬਰ ਤੇ ਵੇਗਮਈ ਬਣਾਉਣ ਲਈ ਸਾਰੇ ਵਣ-ਤ੍ਰਿਣ ਨੂੰ ਆਪਣੇ ਕੇਂਦਰੀ ਪਾਤਰਾਂ ਦੀ ਬਿਰਤੀ ਦੇ ਅਨੁਕੂਲ ਜਾਂ ਉਨ੍ਹਾਂ ਦੇ ਸੂਚਕ ਬਣਾਉਣ ਵਿਚ ਬੜੇ ਕਾਰੀਗਰ ਸਨ । ਵਸਲ ਦਾ ਦ੍ਰਿਸ਼ ਹੈ ਤਾਂ ਸਾਰੀ ਦੀ ਸਾਰੀ ਪ੍ਰਕਿਰਤੀ ਗਤੀ-ਭਾਵ ਨੂੰ ਹੀ ਉੱਦੀਪਿਤ ਕਰਦੀ ਜਾਪੇਗੀ । ਜੇ ਬਿਰਹਨ ਚਿਤਰੀ ਹੈ ਤਾਂ ਚਿਤਰ ਦੀ ਸਾਰੀ ਕਾਇਨਾਤ ਉਤੇ ਇਕ ਉਤਸੁਕ ਉਦਾਸੀਨਤਾ ਦਾ ਪਰਛਾਵਾਂ ਦਿੱਸੇਗਾ । ਕਾਂਗੜਾ ਕਲਮ ਦੇ ਉਸਤਾਦਾਂ ਨੇ ਵੱਖ-ਵੱਖ ਰੰਗਾਂ, ਪਸ਼ੂ-ਪੰਛੀਆਂ, ਜੀਵ-ਜੰਤੂਆਂ, ਬਿਰਛਾਂ ਤੇ ਫੁੱਲਾਂ ਵਿਚ ਵੱਖ ਵੱਖ ਅਰਥ ਭਰ ਲਏ ਹੋਏ ਸਨ । ਉਨ੍ਹਾਂ ਰੰਗਾਂ ਦੀ ਆਪਣੀ ਇਕ ਵੱਖਰੀ ਭਾਸ਼ਾ ਘੜ ਲਈ ਸੀ । ਉਨ੍ਹਾਂ ਦਾ ਸੰਪੂਰਨ ਸੁਆਦ ਮਾਣਨ ਵਾਸਤੇ ਉਨ੍ਹਾਂ ਦੇ ਪ੍ਰਤੀਕਾਂ ਦੀ ਜਾਣਕਾਰੀ ਦੀ ਲੋੜ ਪੈਂਦੀ ਹੈ । ਸੋਭਾ ਸਿੰਘ, ਪ੍ਰਕਿਰਤੀ ਨੂੰ ਕਾਂਗੜਾ ਕਲਮ ਦੇ ਚਿਤੇਰਿਆਂ ਵਾਂਗ ਭਾਵ-ਜਾਂ-ਪ੍ਰਭਾਵ ਉੱਦੀਪਨ ਲਈ ਨਹੀਂ ਵਰਤਦਾ, ਨਾ ਪ੍ਰਤੀਕ ਵਜੋਂ ਹੀ ਵਰਤਦਾ ਹੈ । ਅਸਲ ਵਿਚ ਉਸਨੂੰ ਕਾਂਗੜਾ-ਕਲਮ ਦਾ ਵਾਰਿਸ ਸਮਝਣਾ ਹੀ ਨਹੀ ਚਾਹੀਦਾ । ਕਹਿਣਾ ਇਹ ਚਾਹੀਦਾ ਹੈ ਕਿ ਉਹ ਕਾਂਗੜੇ ਵਿਚ ਇਕ ਨਵੀਂ ਸ਼ੈਲੀ ਲੈ ਗਿਆ ਹੈ ਜਿਸ ਵਿਚ ਚਿਤਰਕਾਰ ਵਧੇਰੇ ਕਰਕੇ ਵਫ਼ਾਦਾਰ ਦਰਪਣ ਦਾ ਕੰਮ ਕਰਦਾ ਹੈ । ਉਹ ਕਿਰਪਾਲ ਸਿੰਘ ਵਾਂਗ ਗਰਾਂਡੀਲ, ਸਾਧਾਰਣ ਤੋਂ ਕਿਤੇ ਵਡ-ਆਕਾਰੀ ਮਹਾਂ-ਮਨੁੱਖ ਨਹੀਂ ਬਣਾਉਂਦਾ । ਇਸ ਪ੍ਰਕਰਣ ਵਿਚ ਉਹ ਠਾਕਰ ਸਿੰਘ ਦੇ ਵਧੇਰੇ ਨੇੜੇ ਹੈ। ਇਹ ਸਕੂਲ ਆਪਣੀ ਅੱਖ ਤੋਂ, ਕੈਮਰੇ ਵਾਲਾ ਕੰਮ ਲੈਂਦਾ ਹੈ । ਇਸ ਵਿਚ ਕੋਈ ਸੱਕ ਨਹੀਂ ਕਿ ਕੈਮਰੇ ਦੀ ਅੱਖ ਉਤੇ ਲਹਿਰੀਏ ਵਾਲੇ, ਲੱਕੇ ਤੇ ਕੁੱਬੇ ਲੈਨਜ਼ ਜਾਂ ਫਿਲਟਰ ਲਾ ਕੇ ਸਾਹਮਣੀ ਸੂਰਤ ਨੂੰ ਕੀ ਦਾ ਕੀ ਬਣਾਇਆ ਜਾ ਸਕਦਾ ਹੈ । ਮਨੁੱਖੀ ਅੱਖ ਨੂੰ ਤਾਂ ਇਹੋ ਜਿਹੇ ਲੈਨਜ਼ ਤੇ ਫਿਲਟਰ ਲਾਉਣ ਦੀ ਵੀ ਲੋੜ ਨਹੀਂ ਪੈਂਦੀ, ਉਸ ਦੇ ਪਿੱਛੇ ਬੈਠੇ ਸੁਚੇਤ ਦਿਮਾਗ਼ ਵਿਚ ਉਛਾੜ ਦੇ ਥੱਲੇ ਪਹੁੰਚ ਜਾਣ ਦੀ ਸਰਮੱਥਾ ਹੁੰਦੀ ਹੈ । ਬੀਬੀਆਂ ਦਾੜ੍ਹੀਆਂ ਤੇ ਸੁਹਣੀਆਂ ਪੱਗਾਂ ਦੇ ਉਹਲੇ ਵਿਚ ਕੀਤੀਆਂ ਜਾਂਦੀਆਂ ਕਰਤੂਤਾਂ ਉਸ ਤੋਂ ਗੁੱਝੀਆਂ ਨਹੀਂ ਹੁੰਦੀਆਂ। ਇਸੇ ਲਈ ਪੋਰਟਰੇਟ ਬਣਾਉਂਦਿਆਂ ਜੋ ਕਲਾਕਾਰ ਅੱਖ ਨਾਲੋਂ ਦਿਮਾਗ਼ ਦੀ ਬਹੁਤੀ ਵਰਤੋਂ ਕਰਦਾ ਹੈ, ਕੋਈ ਵੱਡੀ ਗੱਲ ਨਹੀਂ, ਉਸ ਦੀ ਬਣਾਈ ਕਿਸੇ ਉਚ ਘਰਾਣੇ ਦੀ ਸਵਾਣੀ ਦੀ ਤਸਵੀਰ ਵਿਚੋਂ ਕਿਸੇ ਆਦਮਖੋਰ, ਲੁੱਚੀ ਬਜਾਰੀ ਔਰਤ ਦਾ ਝਾਉਲਾ ਪੈਂਦਾ ਹੋਵੇ । ਚਿਤਰਕਾਰ ਦੀ ਅੱਖ ਨੂੰ ਤਾਂ ਸਾਡੇ ਵਾਂਗ ਹੀ ਇਕ ਫਬੀ ਸੰਵਰੀ ਸੁੰਦਰੀ ਬੈਠੀ ਦਿੱਸਦੀ ਹੈ, ਪਰ ਉਸ ਦਾ ਦਿਮਾਗ਼, ਜੋ ਅਸਲ ਦੁਸ਼ਟਾ ਹੈ, ਉਸ ਦੀਆਂ ਅੱਖਾਂ, ਬੁੱਲ੍ਹਾਂ, ਛਾਤੀਆਂ ਤੇ ਚੱਡਿਆਂ ਦੀ ਕਾਰਵਾਈ ਨੂੰ ਆਪਣੇ ਚਿੱਤਰ ਵਿਚ ਪ੍ਰਤਿਬਿੰਬਤ ਕਰਨ ਦੀ ਆਹਰ ਵਿਚ ਹੁੰਦਾ। ਹੈ । ਸੋਭਾ ਸਿੰਘ ਇਸ ਤਰ੍ਹਾਂ ਦਾ ਕਲਾਕਾਰ ਨਹੀਂ ਹੈ । ਉਹ ਕਿਸੇ ਅਜੇਹੇ ਵਿਸਤ੍ਰਿਤ ਮਨੋਪਾਠ ਵਿਚ ਨਹੀਂ ਪੈਂਦਾ ਜੋ ਚਿਤਰ ਦੀ ਦੁੱਖ ਜਾਂ ਸਰੀਰ ਦੇ ਅੰਗ ਅਨੁਪਾਤ ਵਿਚ ਵਿਕਾਸ ਪਾ ਕੇ ਹੀ ਪ੍ਰਗਟਾਇਆ ਜਾ ਸਕਦਾ ਹੈ । ਉਹ ਆਰਟ ਨੂੰ ਕੇਵਲ ਬੁੱਧੀਮਾਨਾਂ ਤੱਕ ਸੀਮਿਤ ਰੱਖਣ ਦੇ ਹੱਕ ਵਿਚ ਨਹੀਂ ਹੈ, ਨਾ ਉਹ ਚਾਹੁੰਦਾ ਹੈ ਕਿ ਉਸ ਦੀ ਹਰ ਤਸਵੀਰ ਦਾ ਭੇਤ ਉਸ ਦੀ ਆਪਣੀ ਜਾਂ ਕਲਾ-ਆਲੋਚਕਾਂ ਦੀ ਵਿਆਖਿਆ ਉਪਰੰਤ ਹੀ ਪੱਲੇ ਪਵੇ । ਸੋਭਾ ਸਿੰਘੀ ਤਸਵੀਰ ਉਹੀ ਹੈ ਜੋ ਆਪਣੇ ਮੂੰਹੋਂ ਆਪ ਪਈ ਬੋਲੇ ।
ਇਹੀ ਕਾਰਨ ਹੈ ਕਿ ਸਰਪ੍ਰਸਤੀ ਦੇ ਮਾਮਲੇ ਵਿਚ ਸਰਦਾਰ ਸੋਭਾ ਸਿੰਘ ਨੂੰ ਕਦੀ ਕੋਈ ਖੇਚਲ ਪੇਸ਼ ਨਹੀਂ ਆਈ । ਰਾਜਿਆਂ ਤੋਂ ਲੈ ਕੇ ਮਲੰਗਾਂ ਤਕ ਸਾਰੇ ਉਸ ਦੇ ਗਾਹਕ ਹਨ । ਉਸ ਵਿਚ ਆਪਣੇ ਮਾਡਲ ਦੇ ਨਕਸ਼-ਨੈਣ ਹੂ-ਬ-ਹੂ ਚਿਤਰ ਦੇਣ ਦੀ ਸਮਰਥਾ ਹੈ ਤੇ ਹਲਕੇ ਰੰਗ ਇਕ ਦੂਜੇ ਵਿਚ ਇਸ ਤਰ੍ਹਾਂ ਮਿਲਾਉਂਦਾ ਹੈ ਕਿ ਹੂ-ਬ-ਹੂ ਹੁੰਦਾ ਹੋਇਆ ਚਿਤਰ, ਮਾਡਲ ਤੋਂ ਕੁਝ ਸੁਹਣੇਰਾ ਬਣ ਜਾਂਦਾ ਹੈ । ਚਾਹੇ ਚੰਡੀਗੜ੍ਹ ਦੇ ਅਫ਼ਸਰ ਦੀ ਕੁੜੀ ਦਾ ਚਿਤਰ ਹੈ, ਚਾਹੇ ਗੋਰਖੇ ਫੌਜੀ ਦਾ, ਚਾਹੇ ਡਾ. ਕਰਨ ਸਿੰਘ ਦੀ ਸੁਪਤਨੀ ਦਾ ਹੈ, ਚਾਹੇ ਕਿਸੇ ਸੇਠ ਦਾ, ਉਸ ਦੀ ਡਰਾਇੰਗ ਤੇ ਰੰਗਾਂ ਦੀ ਵਰਤੋਂ ਦਾ ਕਮਾਲ ਹਰ ਤਸਵੀਰ ਵਿਚ ਇਕਸਾਰ ਦਿੱਸੇਗਾ । ਇਹੀ ਗੱਲ ਉਸ ਦੇ ਗੁਰੂ ਸਾਹਿਬਾਨ ਤੇ ਪੰਜਾਬੀ ਲੋਕ-ਕਥਾਵਾਂ ਦੇ ਅਮਰ ਪਾਤਰਾਂ ਦੇ ਚਿਤਰਾਂ ਬਾਰੇ ਕਹੀ ਜਾ ਸਕਦੀ ਹੈ । ਗੁਰੂ-ਚਿਤਰਾਂ ਬਾਰੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਸੋਭਾ ਸਿੰਘ ਨੇ ਜੋ ਸੂਰਤ ਉਨ੍ਹਾਂ ਨੂੰ ਦੇ ਦਿੱਤੀ ਹੈ ਸਿੱਖਾਂ ਦੇ ਹਿਰਦਿਆਂ ਵਿਚ ਉਹੀ ਪੱਥਰ ਉਤੇ ਲੀਕ ਹੋਈ ਪਈ ਹੈ । ਉਸ ਦੇ ਪ੍ਰਭਾਵ ਦਾ ਇਹ ਹਾਲ ਹੈ ਕਿ ਉਸ ਦੀ ਕਲਪੀ ਹੋਈ ਗੁਰੂ-ਮੂਰਤ ਦੇ ਸਨਮੁਖ ਜੇ ਕੋਈ ਲੱਭ ਲਭਾ ਕੇ ਅਸਲ ਮੂਰਤ ਵੀ ਲਿਆ ਖੜ੍ਹੀ ਕਰ ਦੇਵੇ ਤਾਂ ਪਤਾ ਨਹੀਂ ਉਸ ਨੂੰ ਲੋਕ-ਪ੍ਰਵਾਨਗੀ ਮਿਲ ਸਕੇ ਕਿ ਨਾ !

ਰੰਗਾਂ ਦਾ ਸੰਗੀਤਕਾਰ ਗੁਰਦਿਆਲ ਸਿੰਘ ਫੁੱਲ

ਕਦੀ ਕਦੀ ਰੰਗ ਆਪਣਾ ਆਪ ਵਿਛਾ ਕੇ ਆਤਮਾ ਦੀ ਕੋਈ ਬਾਤ ਸੁਣਾ ਜਾਂਦੇ ਹਨ। ਕਦੀ ਕਦੀ ਧਰਤੀ ਕੁੱਖ ਕਾਰਬਨ ਵਿਚੋਂ ਕੋਹਿਨੂਰ ਸਿਰਜ ਕੇ ਇਸ ਖਾਕੀ ਨੂੰ ਨੂਰੀ ਹੋਣ ਦਾ ਅਹਿਸਾਸ ਕਰਾ ਜਾਂਦੀ ਹੈ ਤੇ ਕਦੀ ਕਦੀ ਏਸ ਬ੍ਰਹਿਮੰਡ ਦੀਆਂ ਕਲਾਤਮਕ ਰੁਚੀਆਂ ਰੰਗਾਂ ਦੀਆਂ ਸੁਰਾਂ ਵਿਚ ਗਾਉਣ ਵਾਲਾ, ਆਤਮਾ ਦਾ ਗਵੱਈਆ ਸਿਰਜ ਦਿਆ ਕਰਦੀਆਂ ਹਨ । ਇਹ ਗਵੱਈਆ ਵਿਰਸੇ, ਰੱਬੀ ਮਿਲੀ ਪ੍ਰਤਿਭਾ ਤੇ ਤੱਪ ਵਰਗੀ ਤਪੱਸਿਆ ਦੇ ਸੰਜੋਗ ਨਾਲ ਮਾਨਵ ਦੀ ਆਤਮਾ ਨਾਲ ਇਕ ਸੁਰ ਹੋ ਕੇ ਐਸੀ ਇਲਾਹੀ ਸਿਰਜਣਾ ਕਰਦਾ ਹੈ, ਜਿਸ ਦੀ ਸ਼ੋਭਾ ਸਾਰੇ ਫੈਲ ਕੇ ਇਕ ਰਸ ਤੇ ਅਨੰਦ ਸਿਰਜਿਆ ਕਰਦੀ ਹੈ ।
ਇਹੋ ਜਿਹਾ ਰੰਗਾਂ ਦੀਆਂ ਸੁਰਾਂ ਵਿਚ ਮਾਨਵ ਦੇ ਆਤਮਕ ਗੀਤ ਗਾਉਣ ਵਾਲੇ ਸਰਦਾਰ ਸੋਭਾ ਸਿੰਘ ਜੀ ਹਨ ਜਿਨ੍ਹਾਂ ਨੂੰ ਰੰਗਾਂ ਦੇ ਸੰਗੀਤ, ਰੰਗਾਂ ਦੀ ਆਤਮਾ, ਮਨੁੱਖੀ ਉਦਗਾਰਾਂ ਤੇ ਰੰਗਾਂ ਦੀ ਸਾਂਝ, ਸਰੀਰਕ ਬਣਤਰ ਦੀ ਸੂਝ, ਸਰੀਰਕ ਪਹਿਰਾਵੇ ਤੇ ਭਾਵਾਂ ਦੀ ਸਾਂਝ ਦਾ ਬਹੁਤ ਡੂੰਘਾ ਗਿਆਨ ਹੈ । ਉਹ ਰਾਂਗਲਾ ਚਰਖਾ ਵੇਖਕੇ ਸਜ ਵਿਆਹੀ ਮੁਕਲਾਵੇ ਆਈ ਮੁਟਿਆਰ ਦਾ ਰੂਪ ਸਿਰਜ ਲੈਂਦੇ ਹਨ । ਉਹ ਪੁਰਾਣੀ ਚਰਖੀ ਵੇਖ ਕੇ ਪੰਜਾਬ ਦੀ ਬੁੱਢੀ ਦਾ ਜੋ ਆਪਣੇ ਚਰਖੇ ਨਾਲ ਹੰਢ ਗਈ ਹੈ, ਦਰਸ਼ਨ ਕਰ ਲੈਂਦੇ ਹਨ ਤੇ ਜਿਨ੍ਹਾਂ ਰਾਹਾਂ ਰਾਹੀਂ ਉਹ ਲੰਘੀ ਹੈ ਉਨ੍ਹਾਂ ਰਾਹਾਂ ਨੂੰ ਉਸ ਦੀਆਂ ਝੁਰੜੀਆਂ ਵਿਚ ਸਾਕਾਰ ਕਰਨ ਦੇ ਸਮਰਥ ਹੋ ਜਾਂਦੇ ਹਨ । ਉਹ ਕਿਸੇ ਮੁਟਿਆਰ ਦੀ ਚੁੰਨੀ ਦੇ ਮਟਕਾਂ ਤੋਂ ਉਸ ਦੇ ਅੰਦਰ ਨਚਦੀ ਜੁਆਨੀ ਦਾ ਅਨੁਭਵ ਕਰ ਲੈਂਦੇ ਹਨ । ਉਹ ਇਸ਼ਕ ਦੇ ਸਾਰੇ ਰੰਗ ਸਮਝਦੇ ਹਨ ਤੇ ਇਸ਼ਕ ਦੇ ਕੁਸੰਭੜੇ ਤੇ ਪ੍ਰੇਮ ਦੀ ਮਜੀਠ ਦਾ ਸੰਜੋਗ ਅਨੁਭਵ ਕਰ ਸਕਦੇ ਹਨ ।
ਇਨ੍ਹਾਂ ਦੇ ਦਰਸ਼ਨਾਂ ਨਾਲ ਆਤਮਕ ਇਸ਼ਨਾਨ ਹੋ ਜਾਂਦਾ ਹੈ । ਅੰਦਰ ਦਾ ਕੰਵਲ ਖਿੜ ਜਾਂਦਾ ਹੈ ਤੇ ਕਲਪਨਾ ਤੇ ਨੀਝ ਐਨੇ ਸੂਖਮ ਹੋ ਜਾਂਦੇ ਹਨ ਕਿ ਬ੍ਰਹਿਮੰਡ ਦਾ ਹਰ ਕਿਣਕਾ ਪਿਆਰਾ ਲਗਣ ਲਗ ਪੈਂਦਾ ਹੈ । ਆਪਣਾ ਅੰਗ ਜਾਪਣ ਲਗ ਪੈਂਦਾ ਹੈ ।
ਅਠਾਰਾਂ ਉਨੀ ਸਾਲ ਦੀ ਪੁਰਾਣੀ ਗੱਲ ਹੈ ਸਰਦਾਰ ਸੋਭਾ ਸਿੰਘ ਜੀ ਅੰਦਰੇਟੇ ਰਹਿੰਦੇ ਸਨ ਮੈਂ ਵੀ ਇਨ੍ਹਾਂ ਦੇ ਲਾਗੇ ਥਾਂ ਲੈ ਕੇ ਰਹਿਣ ਦਾ ਵਿਚਾਰ ਬਣਾ ਰਿਹਾ ਸਾਂ । ਮੈਂ ਇਨ੍ਹਾਂ ਨੂੰ ਮਿਲਣ ਗਿਆ । ਮੇਰਾ ਖਿਆਲ ਹੈ ਸਤੰਬਰ ਦੇ ਦਿਨ ਸਨ । ਮਿੱਠੀ ਮਿੱਠੀ ਗੁਲਾਬੀ ਠੰਢ ਸੀ । ਵਾਤਾਵਰਨ ਕਿਸੇ ਅਨੋਖੇ ਰੰਗ ਵਿਚ ਨਿਖਰਿਆ ਹੋਇਆ ਸੀ । ਮੇਰੇ ਨਾਲ ਇਕ ਬਜ਼ੁਰਗ ਸਰਦਾਰ ਤਾਰਾ ਸਿੰਘ ਜੀ ਸਨ । ਅਸੀਂ ਦੋਵੇਂ ਇਨ੍ਹਾਂ ਦੇ ਅਸਥਾਨ ਦੀ ਬਾਹਰਲੀ ਸੜਕ ਰਾਹੀਂ ਇਨ੍ਹਾਂ ਵਲ ਆ ਰਹੇ ਸਾਂ । ਇਹ ਆਪਣੇ ਕਮਰੇ ਵਿਚ ਬੈਠੇ ਸਨ । ਅਸੀਂ ਇਨ੍ਹਾਂ ਨੂੰ ਨਹੀਂ ਵੇਖਿਆ, ਇਨ੍ਹਾਂ ਨੇ ਸਾਨੂੰ ਵੇਖ ਲਿਆ ।
ਜਦ ਅਸੀਂ ਉਪਰ ਦੀ ਹੋ ਕੇ ਬੰਗਲੇ ਦੇ ਫਾਟਕ ਰਾਹੀਂ ਅੰਦਰ ਗਏ ਤਾਂ ਆਪ ਅੰਦਰੋਂ ਝਟ ਪਟ ਬਾਹਰ ਆ ਗਏ ਜਿਵੇਂ ਫੁੱਲਾਂ ਨਾਲ ਲੱਦੀ ਕੋਈ ਹੁਸੀਨ ਸੁੰਦਰ ਨੂਰੀ ਜੋਤ ਹੋਵੇ । ਚਿੱਟੇ ਪਹਿਰਾਵੇ ਵਿਚ ਗੁਲਾਬ ਵਰਗਾ ਚਿਹਰਾ ਤੇ ਚਮਕੀਲੇ ਨੈਣ ਜੋ ਅਜੀਬ ਬਾਤਾਂ ਪਾ ਰਹੇ ਸਨ, ਬੜਾ ਪ੍ਰਭਾਵਤ ਕਰ ਰਹੇ ਸਨ । ਆਪ ਨੇ ਆ ਕੇ ਮੈਨੂੰ ਇਉਂ ਗਲਵਕੜੀ ਪਾ ਲਈ ਜਿਵੇਂ ਪੁਤਰ ਪਿਆਰ ਵਿਚ ਵਿਆਕੁਲ ਮਾਂ ਆਪਣੇ ਚਿਰ-ਵਿਛੁੰਨੇ ਬੱਚੇ ਨੂੰ ਆਪਣੇ ਨਾਲ ਲਾ ਲਿਆ ਕਰਦੀ ਹੈ । ਆਪ ਦੀਆਂ ਅੱਖਾਂ ਵਿਚ ਇਕ ਅਨੋਖੀ ਚਮਕ ਸੀ । ਮਸਤਕ ਉਤੇ ਇਕ ਅਨੋਖਾ ਜਲੌ ਸੀ ।
ਆਪ ਜੀ ਦੇ ਮੁੱਖ ਵਿਚੋਂ ਸ਼ਹਿਦ ਵਰਗੇ ਮਿੱਠੇ ਬੋਲ ਲਰਜ਼ੇ, “ਤੁਸੀਂ ਬੜੀ ਅਜੀਬ ਗੱਲ ਕੀਤੀ। ਤੁਸੀਂ ਆਪਣੇ ਆਉਣ ਦੀ ਖਬਰ ਮੈਨੂੰ ਪਹਿਲਾਂ ਕਿਉਂ ਨਾ ਦਿੱਤੀ । ਮੈਂ ਤੁਹਾਨੂੰ ਆਪ ਸਟੇਸ਼ਨ ਤੇ ਲੈਣ ਜਾਂਦਾ ।”
ਮੈਂ ਬੜੇ ਸਤਿਕਾਰ ਨਾਲ ਉਤਰ ਦਿੱਤਾ, “ਮੈਂ ਆਪਣੇ ਆਉਣ ਬਾਰੇ ਇਸ ਕਰਕੇ ਚਿੱਠੀ ਨਾ ਪਾਈ ਕਿ ਜੇ ਮੈਂ ਨਾ ਆ ਸਕਿਆ ਤਾਂ ਆਪ ਨੂੰ ਉਡੀਕ ਵਿਚ ਪਰੇਸ਼ਾਨ ਹੋਣਾ ਪਵੇਗਾ।”
ਉਨ੍ਹਾਂ ਦਾ ਚਿਹਰਾ ਝਟ ਉਤਰ ਗਿਆ । ਉਨ੍ਹਾਂ ਦੀ ਗਲਵਕੜੀ ਢਿੱਲੀ ਪੈ ਗਈ । ਉਨ੍ਹਾਂ ਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ । ਉਨ੍ਹਾਂ ਦੀ ਇਹ ਉਦਾਸੀ ਵੇਖ ਕੇ ਮੈਂ ਵੀ ਉਦਾਸ ਹੋ ਗਿਆ ਤੇ ਡਰ ਗਿਆ ਕਿ ਸ਼ਾਇਦ ਮੈਥੋਂ ਬੜੀ ਭਾਰੀ ਅਵੱਗਿਆ ਹੋ ਗਈ ਹੈ ।
ਆਪ ਹੌਲੀ ਜੇਹੀ ਬੋਲੇ, “ਤੁਸੀਂ ਚਿੱਠੀ ਨਾ ਪਾਈ । ਤੁਸੀਂ ਮੈਨੂੰ ਉਡੀਕਣ ਦਾ ਅਵਸਰ ਨਾ ਦਿੱਤਾ । ਸਜਣਾਂ ਨੂੰ ਉਡੀਕਣਾ ਤਾਂ ਸਿਮਰਨ ਹੁੰਦਾ ਹੈ । ਤੁਸੀਂ ਮੈਨੂੰ ਸਿਮਰਨ ਤੋਂ ਵਾਂਜਿਆ ਰਖਕੇ ਬਹੁਤ ਵਡਾ ਅਪਰਾਧ ਕੀਤਾ ਹੈ ।”
ਮੇਰਾ ਅੰਗ ਅੰਗ ਕੁਰਲਾ ਉਠਿਆ । ਮੈਂ ਇਕ ਅਧਮੋਏ ਬੱਚੇ ਵਾਂਗ ਉਨ੍ਹਾਂ ਨਾਲ ਚਿੰਬੜ ਗਿਆ । ਮੈਂ ਇਉਂ ਅਨੁਭਵ ਕਰਨ ਲਗਾ ਜਿਵੇਂ ਮੈਂ ਬਹੁਤ ਡੂੰਘਾ ਆਤਮਕ ਸਰੋਵਰ ਵਿਚ ਡੁਬ ਰਿਹਾ ਹੋਵਾਂ ਤੇ ਸਾਰਾ ਬ੍ਰਹਿਮੰਡ ਸਿਮਟ ਕੇ ਇਕ ਨੂਰੀ ਜੋਤ ਬਣ ਗਿਆ ਹੋਵੇ । ਕਾਫੀ ਚਿਰ ਮਗਰੋਂ ਮੈਂ ਸੰਭਲਿਆ ।
ਜਦੋਂ ਅੰਦਰ ਝਾਤੀ ਮਾਰੀ ਤਾਂ ਹੋਰ ਆਨੰਦ ਆਇਆ । ਉਨ੍ਹਾਂ ਨੇ ਆਪਣਾ ਆਲਾ-ਦੁਆਲਾ ਆਪਣੇ ਸਾਰੇ ਰੰਗ, ਰੰਗਾਂ ਨੂੰ ਮਟਕਾਉਣ ਵਾਲੇ ਬੁਰਸ਼, ਪੈਨਸਲਾਂ ਆਦਿ ਸਭ ਚੀਜ਼ਾਂ ਬੜੀ ਕਲਾਤਮਕ ਜੁਗਤੀ ਨਾਲ ਸੁਰ ਕਰਕੇ ਟਿਕਾਈਆਂ ਹੋਈਆਂ ਸਨ ਜਿਵੇਂ ਸਿਰਜਣਹਾਰ ਨੇ ਆਪਣੇ ਹੁਕਮ ਅੰਦਰ ਸਾਰਾ ਬ੍ਰਹਿਮੰਡ ਕੀਲਿਆ ਹੋਇਆ ਹੈ । ਨਿੱਕੀ ਨਿੱਕੀ ਚੀਜ਼ ਇਕ ਚਿੱਤਰ ਬਣਾ ਰਹੀ ਸੀ । ਆਪ ਪਾਲੀਆਂ ਹੋਈਆਂ ਰੰਗ ਬਰੰਗੀਆਂ ਚਿੜੀਆਂ ਆਪ ਜੀ ਦੇ ਹਰ ਕਰਮ ਤੇ ਹੁਕਮ ਨਾਲ ਸੁਰ ਹੋ ਕੇ ਇਕ ਰਸ ਸਿਰਜ ਰਹੀਆਂ ਸਨ । ਕੰਧ ਤੇ ਲਗੀਆਂ ਤਸਵੀਰਾਂ ਸਰਦਾਰ ਜੀ ਦੇ ਅਥਾਹ ਤੇ ਡੂੰਘੇ ਦਿਲ ਦੀਆਂ ਰਮਜ਼ਾਂ ਦੇ ਗੀਤ ਗਾ ਰਹੀਆਂ ਸਨ । ਸਟੈਂਡ ਦੇ ਈਜ਼ਲ ਤੇ ਬਣ ਰਹੀ ਤਸਵੀਰ ਆਪ ਜੀ ਦੀ ਆਤਮਕ ਇਕਾਗਰਤਾ ਤੇ ਤਪੱਸਿਆ ਦੀ ਗਵਾਹੀ ਭਰ ਰਹੀ ਸੀ ਜਿਵੇਂ ਕੋਈ ਨਵ ਜੰਮੀ ਕਲੀ ਕਿਸੇ ਕਿਰਨ ਨੂੰ ਉਡੀਕ ਰਹੀ ਹੋਵੇ ਜਾਂ ਜਿਵੇਂ ਲਾੜੀ ਸ਼ਿੰਗਾਰਨ ਵਾਲੀਆਂ ਸਹੇਲੀਆਂ ਨੂੰ ਉਡੀਕ ਰਹੀ ਹੋਵੇ ਜੋ ਉਸ ਨੂੰ ਰੰਗ ਬਖਸ਼ ਜਾਵੇ, ਤਿਵੇਂ ਉਹ ਆਪ ਦੇ ਬੁਰਸ਼ ਦੇ ਵਾਲਾਂ ਦੀ ਛੋਹ ਉਡੀਕਦੀ ਜਾਪਦੀ ਹੈ ।
ਉਨ੍ਹਾਂ ਨੇ ਕਲਾਕਾਰ ਦੇ ਚਿਤਵੇ ਚਿਤਰ ਤੋਂ ਲੈ ਕੇ ਚਿਤਰ ਸੰਪੂਰਨ ਹੋਣ ਦੇ ਸਫ਼ਰ ਨੂੰ ਬੜੇ ਕਲਾਤਮਕ ਢੰਗ ਨਾਲ ਸਮਝਾਇਆ ਕਿ ਕਲਾਕਾਰ ਨੇ ਆਪਣੇ ਚਿਤਵੇ ਚਿੱਤਰ, ਕਲਪਣਾ, ਅਭਿਆਸ ਨੂੰ ਅਨੋਖੇ ਢੰਗ ਨਾਲ ਇਕ ਸੁਰ ਕਰਕੇ ਆਪਣਾ ਸ੍ਵੈ ਪ੍ਰਗਟਾ ਬੁਰਸ਼ ਰਾਹੀਂ ਕਰਨਾ ਹੁੰਦਾ ਹੈ, ਜਿਹੜਾ ਤਾਂ ਹੀ ਸੰਭਵ ਹੈ ਜੇ ਕਲਾਕਾਰ ਪੂਰਨ ਤੌਰ ਤੇ ਆਪਣੇ ਆਪ ਨੂੰ ਸਾਧਨ ਦੇ ਸਮਰਥ ਹੋਵੇ ਤੇ ਚਿਤਰ ਸੰਪੂਰਨ ਹੋਣ ਤੋਂ ਪਹਿਲਾਂ ਉਸ ਦਾ ਸਿਦਕ ਇਕਾਗਰਤਾ ਤੇ ਚੇਤੰਨਤਾ ਦੀ ਲੈ ਨਾ ਟੁੱਟੇ । ਇਉਂ ਗੱਲਾਂ ਕਰਦਿਆਂ ਮੈਂ ਕਲਾਕਾਰ ਤੇ ਮਾਡਲ ਦੇ ਸੰਬੰਧ ਬਾਰੇ ਪੁਛਿਆ।
ਆਪ ਨੇ ਬੜੇ ਪਿਆਰ ਨਾਲ ਉਤਰ ਦਿਤਾ, “ਮਾਡਲ ਕਲਾਕਾਰ ਲਈ ਇਕ ਖਾਸ਼ ਕਲਾਤਮਕ ਨੁਕਤਾ ਹੁੰਦਾ ਹੈ ਜਿਹੜਾ ਕਲਾਕਾਰ ਨੇ ਆਪਣੇ ਚਿਤਵੇ ਚਿੱਤਰ ਦੀ ਆਤਮਕ ਤਾਸੀਰ ਤੋਂ ਚੁਣਿਆ ਹੁੰਦਾ ਹੈ । ਕਲਾਕਾਰ ਨੇ ਇਸ ਨੁਕਤੇ ਨਾਲ ਸੁਰ ਵੀ ਹੋਣਾ ਹੁੰਦਾ ਹੈ ਤੇ ਨਿਰਲੇਪ ਵੀ ਰਹਿਣਾ ਹੁੰਦਾ ਹੈ । ਜਿਵੇਂ ਤੁਸੀਂ ਰਾਹ ਨਾਲ ਸਾਂਝ ਤਾਂ ਪਾਉਣੀ ਹੈ, ਪਰ ਰਾਹ ਨਾਲ ਬਝਣਾ ਨਹੀਂ ਹੈ । ਮਾਡਲ ਨੇ ਕਲਾਕਾਰ ਦੇ ਅੰਦਰ ਚਿਤਵੇ ਵਿਸ਼ੇ ਨੂੰ ਸਾਕਾਰ ਹੋਣ ਦਾ ਅਵਸਰ ਬਖ਼ਸ਼ਣਾ ਹੁੰਦਾ ਹੈ । ਏਸ ਲਈ ਮਾਡਲ ਦਾ ਕਲਾਕਾਰ ਵਲ ਇਕ ਮਹਾਨ ਕਰਤਵ ਹੁੰਦਾ ਹੈ । ਮਾਡਲ ਨੇ ਆਪਣੇ ਆਪ ਨੂੰ ਇਕ ਸੁਰ ਕਰਕੇ ਆਪਣੇ ਆਪ ਨੂੰ ਰਾਹ ਵਾਂਗ ਵਿਛਾ ਕੇ ਕਲਾਕਾਰ ਨੂੰ ਆਪਣੀ ਮੰਜ਼ਲ ਤੇ ਪਹੁੰਚਾਣਾ ਹੁੰਦਾ ਹੈ । ਜਿਵੇਂ ਜੇ ਰਾਹ ਰਾਹੀ ਨੂੰ ਰਾਹ ਵਿਚ ਛਡ ਦੇਵੇ ਤੇ ਮੰਜ਼ਲ ਤੀਕ ਨਾ ਪਹੁੰਚਾਏ, ਤਾਂ ਉਹ ਰਾਹ ਰਾਹ ਨਹੀਂ ਹੁੰਦਾ, ਕੁਰਾਹ ਹੁੰਦਾ ਹੈ ਤਿਵੇਂ ਜੇ ਮਾਡਲ ਕਲਾਕਾਰ ਨੂੰ ਉਸ ਦੀ ਆਪਣੀ ਮੰਜ਼ਲ ਤੇ ਨਾ ਪਹੁੰਚਾਏ, ਭਾਵ ਚਿਤਰ ਸੰਪੂਰਨ ਹੋਣ ਤੀਕ ਆਪਣਾ ਆਪ ਕਲਾਕਾਰ ਦੇ ਹਵਾਲੇ ਨਾ ਕਰੇ ਤਾਂ ਉਹ ਉਸ ਮਾਂ ਵਰਗਾ ਹੋ ਨਿਬੜਦਾ ਹੈ ਜਿਸ ਦਾ ਬੱਚਾ ਜਨਮ ਤੋਂ ਪਹਿਲਾ ਮਰ ਜਾਂਦਾ ਹੈ । ਮੰਜ਼ਲ ਤੇ ਪੁਜਣ ਮਗਰੋਂ ਮਾਡਲ ਤੇ ਕਲਾਕਾਰ ਦਾ ਸੰਬੰਧ ਰਹਿਣਾ ਕਲਾ, ਕਲਾਕਾਰ ਤੇ ਮਾਡਲ ਤਿੰਨਾਂ ਦੀ ਮੌਤ ਦਾ ਕਾਰਨ ਹੁੰਦਾ ਹੈ ।”
ਕਲਾਕਾਰ ਤੇ ਮਾਡਲ ਦੇ ਸੰਬੰਧ ਨੂੰ ਹੋਰ ਸਪਸ਼ਟ ਕਰਨ ਲਈ ਉਨ੍ਹਾਂ ਨੇ ਇਕ ਕਹਾਣੀ ਸੁਣਾਈ : ਇਕ ਸ਼ਹਿਰ ਦਾ ਰਾਜਾ ਆਪਣੇ ਸ਼ਹਿਰ ਦੇ ਵੱਡੇ ਕਲਾਕਾਰ ਦਾ ਮਾਡਲ ਬਣਿਆ ਹੋਇਆ ਸੀ । ਮਾਡਲ ਸਾਹਮਣੇ ਬੈਠਾ ਸੀ । ਕਲਾਕਾਰ ਤਸਵੀਰ ਬਣਾ ਰਿਹਾ ਸੀ । ਤਸਵੀਰ ਪੂਰੀ ਹੋਣ ਤੇ ਆਈ ਹੋਈ ਸੀ । ਮਾਡਲ ਤੇ ਕਲਾਕਾਰ ਤਸਵੀਰ ਦੀ ਸੰਪੂਰਨਤਾ ਲਈ ਇਕ ਤਪੱਸਿਆ ਕਰ ਰਹੇ ਸਨ । ਐਨ ਏਸ ਵੇਲੇ ਰਾਜੇ ਦੇ ਅਹਿਲਕਾਰ ਨੇ ਦੱਸਿਆ ਕਿ ਵੈਰੀ ਨੇ ਸ਼ਹਿਰ ਤੇ ਚੜ੍ਹਾਈ ਕਰ ਦਿੱਤੀ ਹੈ । ਵੈਰੀ ਦੀਆਂ ਫੌਜਾਂ ਸ਼ਹਿਰ ਦੇ ਲਾਗੇ ਪੁੱਜ ਚੁਕੀਆਂ ਹਨ । ਰਾਜਾ ਦੁਚਿਤੀ ਵਿਚ ਫਸ ਗਿਆ । ਦੋ ਫਰਜ਼ਾਂ ਵਿਚ ਲਤਾੜਿਆ ਗਿਆ । ਰਾਜਾ ਮਾਡਲ ਸੀ ਉਸ ਨੇ ਆਪਣੇ ਆਪ ਨੂੰ ਮਾਰ ਕੇ ਕਲਾਕਾਰ ਦੀ ਕਲਪਣਾ ਦੇ ਹਵਾਲੇ ਕੀਤਾ ਹੋਇਆ ਸੀ । ਮਾਡਲ ਦੇ ਰੂਪ ਵਿਚ ਉਸਦਾ ਧਰਮ ਕਲਾਕਾਰ ਨੂੰ ਉਸਦੀ ਮੰਜ਼ਲ ਤੇ ਪਹੁੰਚਾਉਣਾ ਸੀ । ਰਾਜੇ ਦਾ ਧਰਮ ਆਪਣੇ ਸ਼ਹਿਰ, ਸ਼ਹਿਰ ਵਾਸੀਆਂ ਭਾਵ ਆਪਣੀ ਪਰਜਾ ਨੂੰ ਬਚਾਉਣਾ ਸੀ । ਉਸਦੇ ਦੋਹੀਂ ਪਾਸੀਂ ਜਿੱਤ ਸੀ । ਉਸ ਦੇ ਦੋਹੀਂ ਪਾਸੀਂ ਹਾਰ ਸੀ । ਜੇ ਉਹ ਮਾਡਲ ਬਣ ਕੇ ਬੈਠਾ ਰਹੇ ਤਾਂ ਸ਼ਹਿਰ ਤਬਾਹ ਹੁੰਦਾ ਸੀ, ਪਰਜਾ ਤਬਾਹ ਹੁੰਦੀ ਸੀ । ਤੇ ਜੇ ਸ਼ਹਿਰ ਬਚਾਉਣ ਜਾਂਦਾ ਸੀ ਤਾਂ ਕਲਾਕਾਰ ਦੀ ਮੌਤ ਹੁੰਦੀ ਸੀ । ਉਹ ਬੜੇ ਭਾਰੇ ਇਮਤਿਹਾਨ ਵਿਚ ਫਸ ਗਿਆ । ਅੰਤ ਉਸ ਨੇ ਕਲਾਕਾਰ ਨੂੰ ਬਚਾਉਣ ਦਾ ਫੈਸਲਾ ਕੀਤਾ ਤੇ ਉਦੋਂ ਤੀਕ ਬੈਠਾ ਰਿਹਾ ਜਦ ਤੀਕ ਕਲਾਕਾਰ ਨੇ ਆਗਿਆ ਨਾ ਦਿੱਤੀ । ਦੂਜੇ ਪਾਸੇ ਇਕੱਲਾ ਆਪਣੇ ਮਾਡਲ ਦੇ ਇਸ਼ਕ ਵਿਚ ਫਸ ਕੇ ਸੁਆਹ ਹੋ ਗਿਆ, ਉਹ ਚਿੱਤਰ ਮੁਕਣ ਤੋਂ ਮਗਰੋਂ ਮਾਡਲ ਤੋਂ ਨਿਰਲੇਪ ਨਾ ਹੋ ਸਕਿਆ ।
ਇਉਂ ਉਨ੍ਹਾਂ ਨੇ ਕਲਾਕਾਰ ਤੇ ਮਾਡਲ ਦਾ ਸੰਬੰਧ ਸਪਸ਼ਟ ਕਰਕੇ ਰੰਗਾਂ ਤੇ ਕਲਾਕਾਰ ਦੀ ਆਤਮਾ ਦੀ ਸਾਂਝ ਦੀ ਗੱਲ ਕੀਤੀ । ਕਲਾਕਾਰ ਨੇ ਆਪਣੇ ਚਿਤਵੇ ਚਿੱਤਰ ਦੇ ਅਧਾਰ ਨੂੰ ਮਾਡਲ ਵਿਚ ਲਭ ਕੇ ਆਪਣੇ ਰੰਗਾਂ ਵਿਚ ਲੀਨ ਹੋ ਕੇ ਰੰਗ ਵਾਂਗ ਕੋਮਲ ਤਰਲ ਬਣਨਾ ਹੁੰਦਾ ਹੈ । ਜੇ ਉਹ ਇਉਂ ਨਹੀਂ ਕਰੇਗਾ ਤਾਂ ਉਹ ਰੰਗਾਂ ਵਿਚ ਜਾਨ ਨਹੀਂ ਪਾ ਸਕੇਗਾ । ਤੇ ਸੰਕੇਤਾਂ ਰਾਹੀਂ ਉਦਗਾਰ ਉਪਾਰਨ ਵਾਲੇ ਰੰਗਾਂ, ਰੰਗ ਲਾਉਣ ਵਾਲੇ ਬੁਰਸ਼, ਬੁਰਸ਼ ਫੜਨ ਵਾਲੇ ਹੱਥਾਂ ਤੇ ਹੱਥਾਂ ਦੇ ਸੰਚਾਲਕ ਕਲਾਕਾਰ ਦੀ ਪ੍ਰਤਿਭਾ ਸਭ ਦੀ ਮੌਤ ਹੋ ਜਾਵੇਗੀ ਤੇ ਕਲਾਕਾਰ ਆਪਣੇ ਰੰਗਾਂ ਦੇ ਸਾਹਮਣੇ ਇਕ ਮਹਾਨ ਗੁਨਾਹਗਾਰ ਹੋ ਨਿਬੜੇਗਾ।
ਆਪ ਕੋਲ ਇਹ ਮਹਾਨ ਗੁਣ ਤੇ ਤਪੱਸਿਆ ਹੈ । ਆਪ ਕੋਲ ਆਪਣੀ ਚਿਤਵੀ ਕਲਾ ਕਿਰਤ ਦੇ ਸੰਕਲਪ ਨਾਲ ਰੰਗਾਂ ਵਾਂਗ ਆਪਣੇ ਆਪੇ ਨੂੰ ਪਵਿੱਤਰ ਕਲਾਤਮਕ ਤਰਲ ਬਣਾਉਣ ਦੀ ਰੱਬੀ ਪ੍ਰਤਿਭਾ ਹੈ । ਇਸ ਲਈ ਆਪ ਸਰੀਰਕ ਹੱਡੀਆਂ, ਹੱਡੀਆਂ ਉਤਲੇ ਸੁੰਦਰ ਮਾਸ, ਸੁੰਦਰ ਮਾਸ ਉਤੇ ਪਏ ਪਹਿਰਾਵੇ, ਪਹਿਰਾਵੇ ਰਾਹੀਂ ਪ੍ਰਗਟਾਏ ਭਾਵਾਂ, ਮਾਨਸਿਕ ਭਾਵਾਂ ਤੇ ਅੱਖਾਂ ਦੀ ਜੋਤ ਦਾ ਸੰਬੰਧ, ਕਹਿਣੀ ਤੇ ਤਕਣੀ, ਤਕਣੀ ਤੇ ਸੋਚਣੀ ਆਦਿ ਦਾ ਪਰਸਪਰ ਆਤਮਕ ਸੰਬੰਧ ਜਾਣਦੇ ਹਨ । ਜਿਸ ਕਰਕੇ ਆਪ ਦੇ ਬਣਾਏ ਚਿੱਤਰਾਂ ਵਿਚ ਉਨ੍ਹਾਂ ਦੀਆਂ ਅੱਖਾਂ, ਚਿਹਰੇ ਦੇ ਪ੍ਰਭਾਵਾਂ, ਪਹਿਰਾਵੇ ਰੰਗਾਂ ਤੇ ਵੱਟਾਂ ਤੋਂ ਵਿਅਕਤੀ ਦਾ ਪੂਰਨ ਸਰੂਪ ਸਾਕਾਰ ਹੋ ਜਾਂਦਾ ਹੈ । ਇਹੋ ਕਾਰਨ ਹੈ ਉਨ੍ਹਾਂ ਦੇ ਗੁਰੂਆਂ ਦੇ ਬਣਾਏ ਚਿੱਤਰਾਂ ਚੋਂ ਗੁਰੂ ਸਾਹਿਬਾਨ ਦੀ ਸ਼ਖ਼ਸੀਅਤ ਹੀ ਨਹੀਂ ਸਗੋਂ ਉਨ੍ਹਾਂ ਦੀ ਰਚੀ ਬਾਣੀ ਤੇ ਰੂਹਾਨੀਅਤ ਵੀ ਅਭਿਵਿਅਕਤ ਹੋ ਜਾਂਦੀ ਹੈ । ਏਸ ਲਈ ਉਨ੍ਹਾਂ ਦੇ ਇਨ੍ਹਾਂ ਚਿਤਰਾਂ ਵਿਚੋਂ ਐਨਾ ਨੂਰ ਫੁੱਟਦਾ ਹੈ ਕਿ ਅੱਖਾਂ ਨਹੀਂ ਟਿਕਦੀਆਂ । ਆਪ ਦੀ ਰੰਗਾਂ ਦੀ ਆਤਮਕ ਸੰਗਤ ਤੇ ਸੁਮਾਪੀ ਇਕਾਗਰਤਾ ਚਿਤਰ ਨੂੰ ਦੋ ਪੱਖੀ ਤੋਂ ਉਚਿਆ ਕੇ ਬਹੁਪੱਖੀ ਬਣਾ ਲੈਂਦੇ ਹਨ । ਆਪ ਦੇ ਚਿਤਰ
ਕੈਨਵਸ ਉਤੇ ਹੀ ਨਹੀਂ ਰਹਿੰਦੇ ਸਗੋਂ ਸੁਜੀਵ ਹੋ ਕੇ ਉਪਰ ਉਠਕੇ ਜੀਉਂਦੇ ਜਾਪਣ ਲਗ ਪੈਂਦੇ ਹਨ ।
ਆਪ ਬੁਰਸ਼ ਦੀ ਇਕ ਛੋਹ ਨਾਲ ਪੂਰਨ ਆਤਮਕ ਕਹਾਣੀ ਪਾ ਜਾਂਦੇ ਹਨ । ਰੰਗ ਦੀ ਨੱਢੀ ਲਕੀਰ ਨਾਲ ਕਿਸੇ ਨੱਢੀ ਦੇ ਅੰਦਰ ਠਾਠਾਂ ਮਾਰਦਾ ਇਸ਼ਕ ਸਾਕਾਰ ਕਰ ਜਾਂਦੇ ਹਨ । ਸੋਹਣੀ ਦੇ ਘੜੇ ਵਿਚੋਂ ਹਵੇਲੇ ਦੀ ਇਕ ਮੋਹਰ ਦਾ ਚਮਤਕਾਰਾ ਪਾ ਕੇ ਸਮੁੱਚੀ ਪੰਜਾਬੀ ਸਭਿਅਤਾ ਦਾ ਪੂਰਨ ਜਲੌ ਸਿਰਜ ਜਾਂਦੇ ਹਨ । ਆਪ ਕਿਸੇ ਮਹਾਨ ਵਿਅਕਤੀ ਦੇ ਉਚਾਰੇ ਸ਼ਬਦਾਂ ਨੂੰ ਸੁਣਕੇ ਉਸ ਵਿਅਕਤੀ ਦਾ ਸੰਪੂਰਨ ਆਪ ਚਿਤਰਨ ਦੀ ਤਾਕਤ ਰਖਦੇ ਹਨ ।
ਜੇ ਆਪ ਦੀ ਕਲਾ ਦਾ ਆਲੋਚਨਾਤਮਕ ਅਧਿਅਨ ਕਰੀਏ ਤੇ ਹਰ ਚਿੱਤਰ ਦੀ ਆਤਮਾ ਤੇ ਉਸ ਵਿਚ ਵਰਤੇ ਰੰਗਾਂ ਦੀ ਸਰੀਰਕ ਵਿਗਿਆਨਕ ਦ੍ਰਿਸ਼ਟੀ ਨਾਲ ਵਿਆਖਿਆ ਕਰੀਏ ਤਾਂ ਇਹ ਗੱਲ ਪੂਰਨ ਭਾਂਤ ਸਪਸ਼ਟ ਹੋ ਜਾਵੇਗੀ ਕਿ ਭਾਵੇਂ ਇਸ ਚਿੱਤਰ ਕਲਾ ਦੇ ਆਧਾਰ ਵਿਚ ਕਾਂਗੜਾ ਚਿੱਤਰ ਕਲਾ, ਭਾਰਤੀ ਚਿੱਤਰ ਕਲਾ ਤੇ ਮੁਗਲ ਚਿੱਤਰ ਕਲਾ ਦੇ ਕਈ ਅਧਾਰਤ ਅੰਸ਼ ਵਿਖਾਈ ਦਿੰਦੇ ਹਨ ਪਰ ਇਹ ਕਲਾ ਆਪ ਜੀ ਦੀ ਆਪਣੀ ਵਿਲਖਣ ਪ੍ਰਤਿਭਾ ਦੀ ਉਪਜ ਹੈ ਤੇ ਅਨੋਖੀ ਸਿੱਖ ਕਲਾ ਦਾ ਸੁੰਦਰ ਨਮੂਨਾ ਹੈ ਜਿਸ ਵਿਚ ਪਹਿਲੀ ਵਾਰੀ ਰੰਗਾਂ ਦੀ ਸੂਖਮਤਾ ਨਾਲ ਥੋੜੇ ਨਾਲ ਬਹੁਤਾ ਸਾਰਨ ਤੇ ਬਾਹਰਲੇ ਸੰਕੇਤ ਤੋਂ ਅੰਦਰਲੀ ਆਤਮਾ ਸਿਰਜਨ ਦੀ ਕਲਾ ਕੌਸ਼ਲਤਾ ਵਿਖਾਈ ਗਈ ਹੈ । ਇਨ੍ਹਾਂ ਚਿਤਰਾਂ ਨੇ ਖਾਸ ਕਰਕੇ ਰੂਹਾਨੀਅਤ ਦਾ ਚਿਹਰੇ ਉਤੇ ਜਲੌ ਰੂਪਮਾਨ ਕਰਨ ਵਿਚ ਤੇ ਇਸ਼ਕ ਵਿਚ ਰੱਤੇ ਆਤਮਾ ਨੂੰ ਸਾਕਾਰ ਕਰਨ ਵਿਚ ਨਵੀਆਂ ਸਿਖਰਾਂ ਛੋਹੀਆਂ ਹਨ ।
ਸੋ ਸਰਦਾਰ ਸੋਭਾ ਸਿੰਘ ਦੇ ਚਿਤਰਾਂ ਦੀ ਸੋਭਾ ਮਹਾਨ ਵਿਅਕਤੀ ਦੀ ਆਤਮਾ ਦਾ ਰੰਗਾਂ ਦੇ ਬੜੇ ਪਵਿਤਰ ਸਮਾਪੀ ਸੁਮੇਲ ਰਾਹੀਂ ਦਰਸ਼ਨ ਕਰਾਉਣ ਵਿਚ ਹੈ । ਗੁਰੂ ਸਾਹਿਬਾਨ ਜੀ ਦੀ ਬਾਣੀ, ਸ਼ਖ਼ਸੀਅਤ, ਤੇ ਰਹੱਸ ਦਾ ਰੰਗਾਂ ਰਾਹੀਂ ਵਿਆਖਿਆ ਕਰਨ ਵਿਚ ਹੈ।
ਤਦੇ ਕਿਹਾ ਜਾਂਦਾ ਹੈ ਕਿ ਸਰਦਾਰ ਸੋਭਾ ਸਿੰਘ ਦੇ ਚਿਤਰ ਅਸਲ ਵਿਚ ਉਚੇ ਸੁਚੇ ਮਨਾਂ ਦੇ ਸਮੁੰਦਰੋਂ ਡੂੰਘੇ ਇਲਾਹੀ ਉਦਗਾਰਾਂ ਦੇ ਰੰਗਾਂ ਵਿਚ ਕੀਤੇ ਰਾਗਆਤਮਕ ਟੀਕੇ ਹੀ ਨਹੀਂ ਸਗੋਂ ਡੂੰਘੇ ਆਤਮਕ ਭਾਵ ਦੇ ਕੋਸ਼ ਹਨ । ਅਕਹਿ ਉਦਗਾਰਾਂ ਦੀ ਕਲਾਤਮਕ ਪ੍ਰਦਰਸਨੀ ਹੈ ।

ਸੋਭਾ ਸਿੰਘ : ਸ਼ਖ਼ਸੀਅਤ ਅਤੇ ਕਲਾ ਸਰਦਾਰਾ ਸਿੰਘ ਜੌਹਲ

ਨਿਪੁੰਨ, ਕਰਮਸ਼ੀਲ ਅਤੇ ਹੱਸਾਸ ਲੇਖਕ, ਕਲਾਕਾਰ ਅਤੇ ਚਿਤ੍ਰਕਾਰ ਕਦੀ ਕਦੀ ਪੈਦਾ ਹੁੰਦੇ ਹਨ। ਮਿਸਾਲ ਵਜੋਂ ਵਾਰਿਸ, ਟੈਗੋਰ, ਤਾਲਸਤਾਏ, ਆਦਿ ਆਪਣੇ ਆਪਣੇ ਸਮੇਂ ਦੀਆਂ ਵਿਲੱਖਣ ਸ਼ਖਸੀਅਤਾਂ ਸਨ । ਸੋਭਾ ਸਿੰਘ ਜੀ ਨੂੰ ਵੀ ਇਸੇ ਸ਼੍ਰੇਣੀ ਵਿਚ ਗਿਣਿਆ ਜਾ ਸਕਦਾ ਹੈ ।
ਭਾਵੇਂ ਮੇਰਾ ਨਿੱਜੀ ਸੰਬੰਧ ਇਸ ਚਿਤ੍ਰਕਾਰ ਨਾਲ ਬਹੁਤ ਥੋੜ੍ਹਾ ਸਮਾਂ ਤਿੰਨ ਕੁ ਸਾਲ ਰਿਹਾ ਹੈ, ਪਰ ਇਨ੍ਹਾਂ ਤਿੰਨਾਂ ਸਾਲਾਂ ਦੇ ਸਮੇਂ ਦਾ ਪ੍ਰਭਾਵ ਮੇਰੇ ‘ਤੇ ਕੁਝ ਇਸ ਤਰ੍ਹਾਂ ਦਾ ਹੈ ਜਿਵੇਂ ਮੈਂ ਉਨ੍ਹਾਂ ਨੂੰ ਕਈ ਦਹਾਕਿਆਂ ਤੋਂ ਜਾਣਦਾ ਹੋਵਾਂ । ਪਹਿਲੀ ਵਾਰ ਮੈਂ 1983 ਵਿਚ ਜਦ ਅੰਦਰੇਟੇ ਮੈਡਮ ਨੋਰ੍ਹਾ ਰਿਚਰਡਜ਼ ਦੀ ਪੰਜਾਬੀ ਯੂਨੀਵਰਸਿਟੀ ਨੂੰ ਦਿੱਤੀ ਆਪਣੀ ਜਾਇਦਾਦ ਵਿਚ ਬਣੇ ਰਾਈਟਰਜ਼ ਹੋਮ ਵਿਚ ਦੋ ਹਫ਼ਤੇ ਵਾਸਤੇ ਕੁਝ ਲਿਖਣ ਪੜ੍ਹਨ ਵਾਸਤੇ ਗਿਆ ਸਾਂ ਤਾਂ ਮੇਰੀ ਮੁਲਾਕਾਤ ਇਸ ਵਿਲੱਖਣ ਸ਼ਖ਼ਸੀਅਤ ਨਾਲ ਹੋਈ । ਇਨ੍ਹਾਂ ਦੇ ਚਿਤਰਾਂ ਬਾਰੇ ਤਾਂ ਮੈਂ ਪਹਿਲੋਂ ਹੀ ਜਾਣਦਾ ਸਾਂ । ਸੋਹਣੀ-ਮਹੀਂਵਾਲ ਅਤੇ ਬਾਬਾ ਨਾਨਕ ਦੇ ਚਿਤਰਾਂ ਦੇ ਪ੍ਰਿੰਟ ਤਾਂ ਮੇਰੇ ਕਮਰੇ ਦੀ ਸੋਭਾ ਪਹਿਲਾਂ ਤੋਂ ਹੀ ਹੋਇਆ ਕਰਦੇ ਸਨ, ਪਰ ਉਦੋਂ ਇਨ੍ਹਾਂ ਚਿਤਰਾਂ ਦੇ ਕਰਤਾ ਨੂੰ ਪਹਿਲੀ ਵਾਰ ਮਿਲਿਆ ਸਾਂ । ਇਸ ਤੋਂ ਪਹਿਲੋਂ ਵੀ ਵੈਸੇ ਮੈਂ ਇਨ੍ਹਾਂ ਬਾਰੇ ਕੁਝ ਆਪਣਾ ਇੰਪ੍ਰੈਸ਼ਨ ਜ਼ਰੂਰ ਬਣਾਇਆ ਹੋਇਆ ਸੀ । ਉਹ ਸੀ ਕਿ ਇਹ ਸਚਾਈ ਅਤੇ ਖੂਬਸੂਰਤੀ ਦੇ ਸ਼ੈਦਾਈ ਹਨ । ਮੇਰੇ ਵਿਚਾਰ ਵਿਚ ਇਹ ਦੋਵੇਂ ਮੁਤਜ਼ਾਦ ਸ਼ਕਤੀਆਂ ਹਨ । ਸੱਚ ਤਾਂ ਨਾਂ ਮੌਤ ਦਾ ਹੈ ਅਤੇ ਖੂਬਸੂਰਤੀ ਜਾਂ ਸੁਹਜ ਜ਼ਿੰਦਗੀ ਹੈ ।
ਸੋਭਾ ਸਿੰਘ ਫ਼ੋਟੋਗ੍ਰਾਫੀ ਨੂੰ ਕੋਈ ਵੱਡਾ ਆਰਟ ਨਹੀਂ ਮੰਨਦੇ ਸਨ । ਪਰ ਇਨ੍ਹਾਂ ਨੇ ਜਦ ਜਨਮੇਜਾ ਸਿੰਘ ਜੌਹਲ ਦੀਆਂ ਫ਼ੋਟੋਆਂ ਦੀ ਪ੍ਰਦਰਸ਼ਨੀ ਦਾ ਐਕਸਟੈਨਸ਼ਨ ਲਾਇਬ੍ਰੇਰੀ ਲੁਧਿਆਣਾ ਵਿਚ ਉਦਘਾਟਨ ਕੀਤਾ ਤਾਂ ਮੈਂ ਜਨਮੇਜੇ ਨੂੰ ਪੁੱਛਿਆ ਕਿ ਸੋਭਾ ਸਿੰਘ ਕਿਵੇਂ ਤੇਰੀ ਪ੍ਰਦਰਸ਼ਨੀ ਦਾ ਉਦਘਾਟਨ ਕਰਨਾ ਮੰਨ ਗਏ, ਤਾਂ ਉਸ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੇ ਮੇਰੀਆਂ ਤਸਵੀਰਾਂ ਵੇਖ ਕੇ ਕਿਹਾ ਕਿ “ਤੂੰ ਤਾਂ ਕੈਮਰੇ ਨਾਲ ਪੇਂਟਿੰਗ ਕਰਦਾ ਹੈਂ !” ਇਹ ਉਦਾਹਰਣ ਮੈਂ ਤਾਂ ਦਿੱਤੀ ਹੈ ਕਿ ਮੇਰੀ ਧਾਰਨਾ ਵਿਚ ਉਹ ਕੱਟੜਪੁਣੇ ਵਾਲੇ ਜਾਂ ਰਿੱਜਡ ਆਰਟਿਸਟ ਨਹੀਂ ਸਨ ਅਤੇ ਉਹ ਆਪਣੇ ਆਪ ਨੂੰ ਵਰਗੀਕਰਣ ਵਿਚ ਵੀ ਬੰਨ੍ਹਣਾ ਪਸੰਨ ਨਹੀਂ ਕਰਦੇ ਸਨ । ਉਨ੍ਹਾਂ ਦੇ ਆਪਣੇ ਕਥਨ ਮੁਤਾਬਕ : “ਮੈਂ ਕਿਸੇ ਨਾਉਂ ਦਾ ਪਟਾ ਆਪਣੇ ਗਲ ਵਿਚ ਨਹੀਂ ਪਾਉਣਾ ਚਾਹੁੰਦਾ, ਤਾਂ ਫੇਰ ਮੈਂ ਆਪਣੇ ਆਰਟ ਦੇ ਸਟਾਈਲ ਦਾ ਕੀ ਨਾਉਂ ਰੱਖ ਸਕਦਾ ਹਾਂ । ਮੈਂ ਹਰ ਇਕ ਸ਼ੈ ਜ਼ਿੰਦਗੀ ਲਈ ਸਮਝਦਾ ਹਾਂ, ਜ਼ਿੰਦਗੀ ਕਿਸੇ ਸ਼ੈ ਲਈ ਨਹੀਂ ।”
ਜਦ ਮੈਂ 1983 ਵਿਚ ਉਨ੍ਹਾਂ ਨੂੰ ਮਿਲਿਆ ਤਾਂ ਇੰਞ ਮਹਿਸੂਸ ਹੋਇਆ ਜਿਵੇਂ ਇਸ ਇਨਸਾਨ ਦੀ ਆਤਮਾ ਵਿਚ ਪਰਮਾਤਮਾ ਆਪ ਬੋਲਦਾ ਹੈ । ਸਿੱਧੀ ਸਾਦੀ, ਧੋਤੀ-ਨਿੱਖਰੀ ਗੱਲ ਕਰਦੇ ਸਨ ਜੋ ਕਿ ਉਨ੍ਹਾਂ ਦਾ ਦਿਲ ਬੋਲਦਾ ਸੀ । ਜ਼ੁਬਾਨ ਤਾਂ ਦਿਲ ਦੇ ਬੋਲਣ ਦਾ ਸਾਧਨ ਹੀ ਸੀ । ਕਈ ਵਾਰ ਇਨਸਾਨ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਇਕ ਵਿਅਕਤੀ ਨੂੰ ਤਾਂ ਵੇਖਦਿਆਂ ਹੀ ਉਸਦਾ ਹੋ ਜਾਂਦਾ ਹੈ ਅਤੇ ਕੁਝ ਵਿਅਕਤੀ ਐਸੇ ਟੱਕਰਦੇ ਹਨ ਕਿ ਵੇਖਦਿਆਂ ਹੀ ਮਨ ਉੱਖੜ ਜਾਂਦਾ ਹੈ । ਇਸ ਦਾ ਕਾਰਨ ਲੱਭਣਾ ਸੰਭਵ ਨਹੀਂ ਹੁੰਦਾ । ਪਤਾ ਹੀ ਨਹੀਂ ਲੱਗਦਾ ਕਿ ਕਿਉਂ ? ਮੈਂ ਤਾਂ ਇਸ ਨੂੰ ਪਿਛਲੇ ਜਨਮ ਜਾਂ ਜਨਮਾਂ ਦੇ ਸੰਸਕਾਰ ਜਾਂ ਸੰਬੰਧ ਹੀ ਮੰਨਦਾ ਹਾਂ, ਜੋ ਪਹਿਲੀ ਨਜ਼ਰ ਨਾਲ ਹੀ ਉੱਘੜ ਕੇ ਸਾਹਮਣੇ ਆ ਜਾਂਦੇ ਹਨ । ਸੋਭਾ ਸਿੰਘ ਬਾਰੇ ਵੀ ਮੇਰੇ ਨਾਲ ਇੰਞ ਹੀ ਵਾਪਰਿਆ। ਮੈਂ ਉਨ੍ਹਾਂ ਦੇ
ਆਰਟ ਨੂੰ ਵੇਖ ਕੇ ਜਦ ਉਨ੍ਹਾਂ ਵੱਲ ਨੀਝ ਨਾਲ ਵੇਖਿਆ ਤਾਂ ਉਨ੍ਹਾਂ ਨੇ ਆਪਣੇ ਆਰਟ ਨਾਲੋਂ ਆਪਣੀ ਸ਼ਖ਼ਸੀਅਤ ਨਾਲ ਮੈਨੂੰ ਵੱਧ ਪ੍ਰਭਾਵਤ ਕੀਤਾ । ਸ਼ਾਇਦ ਆਪਣੇ ਆਰਟ ਨਾਲੋਂ ਉਹ ਆਪ ਵੱਧ ਪੂਰਨ ਸਨ । ਆਪਣੇ ਜੀਵਨ ਦੀ ਅਨੰਤ ਸ਼ਕਤੀ ਦੀ ਰਵਾਨੀ ਨੂੰ ਉਨ੍ਹਾਂ ਦੇ ਆਰਟ ਨੇ ਸ਼ਾਇਦ ਹਾਲਾਂ ਵੀ ਪੂਰੀ ਤਰ੍ਹਾਂ ਨਹੀਂ ਚਿਤਰਿਆ ਸੀ । ਉਹ ਇਕ ਥਾਂ ਆਪਣੀ ਡਾਇਰੀ ਵਿਚ ਲਿਖਦੇ ਹਨ, “ਇਕ ਗੱਲ ਦਾ ਅਹਿਸਾਸ ਮੇਰੇ ਅੰਦਰ ਹੈ । ਉਹ ਇਹ ਹੈ ਕਿ ਮੈਂ ਆਪਣੇ ਆਪ ਨੂੰ ਆਰਟਿਸਟ ਕਦੀ ਨਹੀਂ ਸਮਝ ਸਕਿਆ ।… ਪਰ ਜੋ ਜੀਵਨ ਵਿਚ ਆਉਂਦਾ ਹੈ, ਪੂਰੇ ਦਿਲ ਨਾਲ ਕਰਦਾ ਹਾਂ, ਪੂਰੇ ਦਿਲ ਨਾਲ ਜਿਊਂਦਾ ਹਾਂ ।”
ਮੈਂ ਸਮਝਦਾ ਹਾਂ ਕਿ ਸੋਭਾ ਸਿੰਘ ਦੀ ਸ਼ਖ਼ਸੀਅਤ ਡੁਲ੍ਹ-ਡੁਲ੍ਹ ਪੈਂਦੀ ਨਿਰਮਲ ਜਲ ਦੀ ਝੀਲ ਵਾਂਗ ਸੀ ਜਦਕਿ ਉਨ੍ਹਾਂ ਦੇ ਚਿਤਰ ਤਾਂ ਉਸ ਝੀਲ ਵਿਚੋਂ ਕੁਝ ਗਾਗਰਾਂ ਉਸ ਸਾਫ਼ ਨਿਰਮਲ ਜਲ ਦੀਆਂ ਹਨ । ਉਹ ਤਾਂ ਨਾ ਮੁਕਣ ਵਾਲੇ ਅਨੰਤ ਜੀਵਨ ਦੇ ਚਸ਼ਮੇ ਸਨ ਜਿਸ ਵਿਚੋਂ ਕੁਝ ਵੰਨਗੀਆਂ ਉਹ ਸਾਡੇ ਵਾਸਤੇ ਆਪਣੇ ਚਿਤਰਾਂ ਰਾਹੀਂ ਛੱਡ ਗਏ ।
ਸੋਭਾ ਸਿੰਘ ਦਾ ਆਰਟ ਉਨ੍ਹਾਂ ਦੇ ਆਪੇ ਤੋਂ ਨਿਖੇੜਿਆ ਨਹੀਂ ਜਾ ਸਕਦਾ । ਆਪਣੇ ਆਰਟ ਬਾਰੇ ਉਹ ਕਹਿੰਦੇ ਹਨ, “ਮੈਂ ਤਕਨੀਸ਼ਨ ਨਹੀਂ, ਨਾ ਹੀ ਆਰਟਿਸਟ ਹਾਂ । ਇਹ ਮੇਰੀ ਭਗਤੀ ਹੈ ਅਤੇ ਮੈਂ ਆਪਣੇ ਮਨ ਦਾ ਸਾਧਕ ਹਾਂ ।” ਫੇਰ ਅੱਗੇ ਕਹਿੰਦੇ ਹਨ, “ਮੈਂ ਕਿਸੇ ਨਾਉਂ ਨਾਲ ਆਪਣੇ ਆਪ ਨੂੰ ਮਹਿਦੂਦ ਨਹੀਂ ਕਰਨਾ ਚਾਹੁੰਦਾ । ਮੈਂ ਇਕ ਗਤੀ ਵਿਚ ਅਤੇ ਵਧਦੀ ਜਾਂਦੀ ਚੇਤਨਾ ਹਾਂ । ਲੋਕ ਪੁਛਦੇ ਨੇ ਕਿ ਕਿੰਨੀਆਂ ਕੁ ਤਸਵੀਰਾਂ ਬਣਾਈਆਂ ਹਨ ? ਮੈਂ ਕਹਿਨਾਂ, ਅਜੇ ਇਕ ਵੀ ਨਹੀਂ ਪੂਰੀ ਕਰ ਸਕਿਆ । ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ । ਮੁੜ ਸਵਾਲ ਹੁੰਦਾ ਹੈ, ਪਰ ਇਹ ਤਾਂ ਐਨੀਆਂ ਸਾਰੀਆਂ ਬਣਾਈਆਂ ਹੋਈਆਂ ਹਨ ! ਮੈਂ ਇਹ ਕਹਿੰਦਾ ਹਾਂ ਇਹ ਤੁਹਾਨੂੰ ਬਹੁਤ ਸਾਰੀਆਂ ਦਿਸਦੀਆਂ ਹਨ, ਪਰ ਮੈਨੂੰ ਇਹ ਇਕ ਅਧੂਰੀ ਤਸਵੀਰ ਹੀ ਦਿਸਦੀਆਂ ਹਨ ।”
ਉਨ੍ਹਾਂ ਦਾ ਆਪਣਾ ਕਥਨ ਉਨ੍ਹਾਂ ਦੀ ਅਨੰਤ ਗਤੀਸ਼ੀਲ ਚੇਤਨਾ ਦਰਸਾਉਂਦਾ ਹੈ, “ਮੇਰੀ ਇਕ ਤਸਵੀਰ ਪਿਛੇ ਪਤਾ ਨਹੀਂ ਕਿੰਨੀਆਂ ਕੁ ਤਸਵੀਰਾਂ ਛੁਪੀਆਂ ਹੋਈਆਂ ਹਨ, ਪਰ ਮੈਂ ਉਸਨੂੰ ਹਰ ਛਿਣ ਚੰਗੇਰੀ ਬਨਾਉਣ ਦਾ ਉਪਰਾਲਾ ਕਰਦਾ ਰਹਿੰਦਾ ਹਾਂ । ਕੋਈ ਆਵਾਜ਼ ਪੈਂਦੀ ਹੈ, ਇਹ ਤਾਂ ਪਹਿਲੋਂ ਵਧੇਰੇ ਚੰਗੀ ਸੀ ਤੇ ਮੈਂ ਅਥੱਕ ਮਿਹਨਤ ਤੇ ਪੋਚਾ ਪਾ ਕੇ ਫੇਰ ਨਵੇਂ ਸਿਰਿਓਂ ਸ਼ੁਰੂ ਕਰ ਦਿੰਦਾ ਹਾਂ ।”
ਉਨ੍ਹਾਂ ਦੀ ਸ਼ਖ਼ਸੀਅਤ ਦੇ ਪ੍ਰਭਾਵ ਤੋਂ ਸਾਫ਼ ਦਿਖਾਈ ਦਿੰਦਾ ਸੀ ਕਿ ਇਹ ਪੂਰਨ ਗਤੀਸ਼ੀਲ ਅਨੰਤ ਸ਼ਕਤੀ ਪਰਮਾਤਮਾ ਤੋਂ ਵਿੱਛੜੀ ਇਕ ਕਿਰਨ ਹੈ ਜੋ ਆਪਣੇ ਸਰੋਤ ਵੱਲ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਆਪਣੀ ਵਧਦੀ ਚੇਤਨਾ ਦੇ ਨਿਸ਼ਾਨ ਆਪਣੇ ਚਿਤਰਾਂ ਰਾਹੀਂ ਛੱਡਦੀ ਜਾ ਰਹੀ ਹੈ। ਇਹ-ਪੂਰਨਤਾ ਵੱਲ ਵਧਦੀ ਪੂਰਨ-ਚੇਤਨਾ ਦੇ ਅਪੂਰਨ ਚਿੱਤਰ ਹੀ, ਮੁੜ-ਮੁੜ ਚਿਤਰਾਂ ਨੂੰ ਹੋਰ ਅਤੇ ਹੋਰ ਬਿਹਤਰ ਕਰਨ ਲਈ ਮਜਬੂਰ ਕਰਦੇ ਸੀ ਸੋਭਾ ਸਿੰਘ ਨੂੰ । ਉਹ ਖੁਦ ਕਹਿੰਦੇ ਹਨ ਕਿ, “ਕਾਰਜ ਤੇ ਕਾਰਨ ਦੇ ਅਸੂਲ ਅਨੁਸਾਰ, ਹਰ ਕਿਸੇ ਵਾਂਗ, ਮੈਂ ਅਪੂਰਨ ਹੁੰਦਾ ਹੋਇਆ ਵੀ ਪੂਰਨ ਹਾਂ, ਪੂਰਨ ਸਾਂ ਤੇ ਪੂਰਨ ਰਹਾਂਗਾ । ਕੇਵਲ ਮੇਰੇ ਵਿਕਾਸ ਦੀ ਸ਼ਕਲ ਬਦਲਦੀ ਰਹੀ ਹੈ, ਬਦਲ ਰਹੀ ਹੈ ਅਤੇ ਬਦਲਦੀ ਰਹੇਗੀ ।”
ਇਹ ਸ਼ਾਇਦ ਸਾਰੇ ਜਾਣਦੇ ਹਨ ਕਿ ਉਨ੍ਹਾਂ ਨੇ ਸੋਹਣੀ-ਮਹੀਂਵਾਲ ਦੀਆਂ ਕਈ ਤਸਵੀਰਾਂ ਬਣਾਈਆਂ । ਹਰ ਅਗਲੀ ਤਸਵੀਰ ਪੂਰਨਤਾ ਵੱਲ ਇਕ ਹੋਰ ਕਦਮ ਸੀ, ਪਰ ਉਨ੍ਹਾਂ ਦੇ ਖਿਆਲ ਮੁਤਾਬਕ ਸ਼ਾਇਦ ਹਾਲਾਂ ਵੀ ਉਸ ਤਸਵੀਰ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ। ਗੁਰੂ ਸਾਹਿਬਾਨ ਦੀਆਂ ਤਸਵੀਰਾਂ ਬਾਰੇ ਕਹਿੰਦੇ ਹਨ, “ਰੀਝ ਹੈ, ਸਭ ਦੈਵੀ ਗੁਣ ਮਹਾਰਾਜ ਦੀ
ਤਸਵੀਰ ਵਿਚ ਸਾਕਾਰ ਕਰ ਸਕਾਂ । ਪਰ ਜਿਉਂ ਜਿਉਂ ਕਰਦਾ ਹਾਂ, ਅੰਦਰਲੇ ਗੁਰੂ ਹੋਰ ਉਚੇਰੇ ਹੁੰਦੇ ਚਲੇ ਜਾ ਰਹੇ ਹਨ। ਪਤਾ ਨਹੀਂ ਇਹ ਕਿਸੇ ਆਦਰਸ਼ ਪੁਰਖ ਲਈ ਮੇਰੀ ਤੜਪ ਹੈ ਜਾਂ ਆਪਣੀ ਕਿਸੇ ਉੱਚੀ ਅਵਸਥਾ ਲਈ ਤੜਪ ।” ਇਸ ਤਰ੍ਹਾਂ ਸੋਭਾ ਸਿੰਘ ਦੀ ਸ਼ਖਸੀਅਤ, ਚੇਤਨਾ, ਇਸ ਦੀ ਰਵਾਨੀ, ਚਿਤਰ ਵਿਸ਼ਾ, ਚਿਤਰ ਅਤੇ ਇਸ ਵਿਚਲੇ ਰੰਗ, ਰੰਗਾਂ ਦੇ ਸੁਮੇਲ, ਇਕਸੁਰਤਾ ਅਤੇ ਉਚੇਰੇ ਤੋਂ ਉਚੇਰੇ ਅਚੇਤ, ਪਰਿਭਾਸ਼ਾ ਰਹਿਤ ਆਦਰਸ਼ ਜਾਂ ਮੰਜ਼ਲ ਨੂੰ ਨਿਖੇੜਿਆ ਨਹੀਂ ਜਾ ਸਕਦਾ । ਇਸ ਸ਼ਖਸੀਅਤ ਦੀ ਵਿਸ਼ਾਲਤਾ ਦੇਖੋ । ਕਹਿੰਦੇ ਹਨ, “ਸੱਚ ਕਿਸੇ ਦਾ ਬੱਝਾ ਹੋਇਆ ਨਹੀਂ । ਕੋਈ ਵੀ ਜਿਊਂਦੀ ਜਾਗਦੀ ਆਤਮਾ ਇਸ ਦਾ ਪ੍ਰਗਟਾਵਾ ਆਪਣੇ ਜੀਵਨ ਕਰਤੱਵ ਰਾਹੀਂ ਜਾਂ ਸ਼ਬਦਾਂ ਰਾਹੀਂ ਦੇ ਸਕਦੀ ਹੈ ਅਤੇ ਅਸੀਂ ਲੈ ਸਕਦੇ ਹਾਂ । ਜੋ ਸਚਾਈ ਜਾਂ ਖਿਆਲ ਤੁਹਾਨੂੰ ਟੁੰਬਦਾ ਹੈ, ਲੈ ਲਵੇ । ਇਹ ਨਾ ਸੋਚੇ ਕਿ ਇਹ ਸਾਡੇ ਗੁਰੂ ਨੇ ਕਿਹਾ ਹੈ ਜਾਂ ਕਿਸੇ ਹੋਰ ਦੇ ਗੁਰੂ ਨੇ । ਸਚਾਈਆਂ ਨੂੰ ਵਾਤਾਂ ਨਾ ਲਾਓ ।” ਇਸੇ ਰੌਂ ਵਿਚ ਅੱਗੇ ਕਹਿੰਦੇ ਹਨ, “ਆਰਟ ਤੇ ਲੇਬਲ ਨਾ ਲਗਾਓ, ਆਰਟ ਦੇ ਗਲ ਵਿਚ ਕਤੂਰਿਆਂ ਵਾਂਗ ਪਟੇ ਨਾ ਪਾਓ ।”
ਇਸ ਵਿਕਸਤ ਅਤੇ ਗਤੀਸ਼ੀਲ ਪੂਰਨਤਾ ਵੱਲ ਵਧਦੀ ਚੇਤਨਾ ਦੀ ਇਕ ਹੋਰ ਝਲਕ ਸਾਨੂੰ ਉਨ੍ਹਾਂ ਦੀ ਆਦਮੀ ਬਾਰੇ ਟਿੱਪਣੀ ਤੋਂ ਦਿਸਦੀ ਹੈ, ‘ਜੋ ਵੀ ਜਾਗਦਾ ਮਨੁੱਖ, ਅਵਤਾਰ, ਪੀਰ, ਪੈਗੰਬਰ, ਮਹਾਤਮਾ ਆਇਆ, ਉਸੇ ਨੇ ਹੀ ਆਦਮੀ ਨੂੰ ਆਦਮੀ (ਇਨਸਾਨ) ਬਨਾਉਣਾ ਚਾਹਿਆ, ਪਰ ਜੇ ਮਹਾਤਮਾ ਬੁੱਧ ਨੇ ਇਸ ਨੂੰ ਆਦਮੀ ਬਨਾਉਣਾ ਚਾਹਿਆ ਤਾਂ ਇਹ ਬੋਧੀ ਬਣ ਗਿਆ, ਜੇ ਸ਼ੰਕਰਾਚਾਰੀਆ ਨੇ ਇਸ ਨੂੰ ਆਦਮੀ ਬਨਾਉਣਾ ਚਾਹਿਆ ਤਾਂ ਇਹ ਹਿੰਦੂ ਬਣ ਗਿਆ । ਜੇ ਈਸਾ ਮਸੀਹ ਨੇ ਇਸ ਨੂੰ ਆਦਮੀ ਬਨਾਉਣਾ ਚਾਹਿਆ ਤਾਂ ਇਹ ਈਸਾਈ ਬਣ ਗਿਆ । ਏਸੇ ਹੀ ਤਰ੍ਹਾਂ ਜੇ ਮੁਹੰਮਦ ਸਾਹਿਬ ਨੇ ਇਸ ਨੂੰ ਆਦਮੀ ਬਨਾਉਣਾ ਚਾਹਿਆ ਤਾਂ ਇਹ ਮੁਸਲਮਾਨ ਬਣ ਗਿਆ । ਤੇ ਜਦ ਕਬੀਰ ਸਾਹਿਬ ਨੇ ਇਸ ਨੂੰ ਆਦਮੀ ਬਨਾਉਣਾ ਚਾਹਿਆ ਤਾਂ ਇਹ ਕਬੀਰਪੰਥੀਆ ਤੇ ਗੁਰੂ ਨਾਨਕ ਨੇ ਇਸ ਨੂੰ ਆਦਮੀ ਬਨਾਉਣਾ ਚਾਹਿਆ ਤਾਂ ਇਹ ਆਦਮੀ ਨਹੀਂ, ਸਗੋਂ ਸਿੱਖ ਬਣ ਗਿਆ । ਪੰਡਤ ਤਾਂ ਇਹ ਬਣ ਸਕਦਾ ਹੈ, ਸਾਇੰਸਦਾਨ ਵੀ ਬਣ ਸਕਦਾ ਹੈ, ਕਲਾਕਾਰ, ਭਗਤ, ਸੰਤ, ਮਹਾਤਮਾ, ਰਾਜਨੇਤਾ ਆਦਿ ਸਭ ਕੁਝ ਬਣ ਸਕਦਾ ਹੈ, ਪਰ ਆਦਮੀ ਬਣਨ ਤੋਂ ਇਸ ਨੂੰ ਸੰਕੋਚ ਹੈ।” ਉਹੀ ਗੱਲ ਹੈ :

ਇਨਸਾਨ ਬਨਨੇ ਕੀ ਹਿੰਮਤ ਨਾ ਹੂਈ,

ਆਦਮੀ ਖੁਦਾ ਸੇ ਡਰਤਾ ਰਹਾ ।

ਸੋਭਾ ਸਿੰਘ ਦੀ ਇਨਸਾਨੀਅਤ ਦੀ ਪੂਰਨਤਾ ਉਨ੍ਹਾਂ ਦੇ ਚਿਤਰਾਂ ਤੋਂ ਤਾਂ ਝਲਕਦੀ ਹੀ ਹੈ, ਪਰ ਉਨ੍ਹਾਂ ਦੀ ਪ੍ਰਤਿਭਾ ਦਾ ਪ੍ਰਭਾਵ ਇਸ ਤੋਂ ਵੀ ਵੱਧ ਉੱਭਰ ਕੇ ਅਸਰ-ਅੰਦਾਜ਼ ਹੁੰਦਾ ਹੈ । ਰਾਮ, ਕ੍ਰਿਸ਼ਨ ਭਗਵਾਨ ਦੇ ਬਣਾਏ ਚਿਤਰਾਂ ਵਿਚ ਵੀ ਚਿਤਰਕਾਰ ਨੂੰ ਉਹੀ ਦੈਵੀ ਗੁਣ ਅਤੇ ਪੂਰਨਤਾ ਦੀ ਲੋਚ ਹੈ, ਜੋ ਉਹ ਗੁਰੂ ਸਾਹਿਬਾਨ ਦੇ ਚਿਤ੍ਰਾਂ ਵਿਚ ਪ੍ਰਗਟਾਉਣ ਦੀ ਕੋਸ਼ਿਸ਼ ਕਰਦਾ ਹੈ। ਸੋਹਣੀ-ਮਹੀਂਵਾਲ, ਹਰ ਗਰੇਸ ਦੀ ਗੱਦਣ, ਸ਼ਹੀਦੇ-ਆਜ਼ਮ ਭਗਤ ਸਿੰਘ, ਹੀਰ ਰਾਂਝਾ, ਉਮਰ ਖਿਆਮ, ਕੋਈ ਵੀ ਚਿੱਤਰ ਲੈ ਲਵੋ, ਪੂਰਨਤਾ ਵੱਲ ਨੂੰ ਇਕ ਤਾਂਘ ਹੈ । ਪਰ ਇਸ ਚਿੱਤਰਕਾਰ ਦੀ ਆਪਣੀ ਜ਼ਿੰਦਗੀ ਵੀ ਪੂਰਨਤਾ ਵੱਲ ਨੂੰ ਗਤੀ ਅਤੇ ਪ੍ਰਗਤੀ ‘ਤੇ ਹੈ । ਸੋਭਾ ਸਿੰਘ ਨੂੰ ਵੇਖੀਏ ਤਾਂ ਆਪਣੇ ਚਿੱਤਰਾਂ ਵਾਂਗ ਹੀ ਉਹ ਇਸ ਪੂਰਨਤਾ ਦੀ ਤਸਵੀਰ ਪੇਸ਼ ਕਰਦਾ ਹੈ, ਜੋ ਹਰ ਵਕਤ ਇਕਸੁਰਤਾ ਅਤੇ ਸੁਤੇ-ਸਿਧੀ ਦੀ ਗਤੀ ਦਿਖਾਈ ਦੇਂਦੀ ਹੈ । ਇਸੇ ਇਕਸੁਰਤਾ ਅਤੇ ਸੁਤੇ-ਸਿਧੀ ਦੀ ਗਤੀ ਵਿਚੋਂ ਸੋਭਾ ਸਿੰਘ ਦਾ ਆਰਟ ਉਤਪੰਨ ਹੁੰਦਾ ਹੈ ।
ਸੋਭਾ ਸਿੰਘ ਨੇ ਆਪਣੇ ਆਪ ਨੂੰ ਕਲਾਕਾਰ ਨਹੀਂ ਮੰਨਿਆ ਸਗੋਂ ਅਸਲੀ ਕਲਾਕਾਰ ਵਾਹਿਗੁਰੂ ਨੂੰ ਮੰਨਿਆ ਹੈ । ਜਦ ਉਨ੍ਹਾਂ ਨੂੰ ਆਪਣੀ ਕਲਾ ਬਾਰੇ ਲਿਖਣ ਲਈ ਕਿਹਾ ਗਿਆ ਸੀ ਤਾਂ ਉਸ ਵੇਲੇ ਉਨ੍ਹਾਂ “ਮੈਂ ਤੇ ਮੇਰੀ ਕਲਾ” ਨਹੀਂ ਲਿਖਿਆ ਸਗੋਂ “ਮੈਂ ਤੇ ਕਲਾ ਵਾਹਿਗੁਰੂ ਦੀ” ਲਿਖਿਆ ਸੀ । ਪਰਮਾਤਮਾ ਦੀ ਦਾਤ ‘ਤੇ ਅਥਾਹ ਵਿਸ਼ਵਾਸ ਸੀ ਇਸ ਕਲਾਕਾਰ ਨੂੰ । ਉਨ੍ਹਾਂ ਦੇ ਅਕੀਦੇ ਮੁਤਾਬਕ, “ਦਾਤਾ ਦੇਂਦਾ ਹੈ, ਅਵੱਸ਼ ਦੇਂਦਾ ਹੈ, ਪਰ ਜੇ ਸਾਨੂੰ ਲੈਣ ਦੀ ਜਾਚ ਹੋਵੇ । ਉਹ ਆਪਣੀਆਂ ਦਾਤਾਂ ਮੰਗਤਿਆਂ ਨੂੰ ਨਹੀਂ ਦਿੰਦਾ, ਸਗੋਂ ਦਾਤੇ ਨੂੰ ਦਿੰਦਾ ਹੈ । ਛੱਪੜ ਜਮ੍ਹਾ ਕਰਨ ਲਈ ਨਹੀਂ, ਸਗੋਂ ਸੋਮੇ ਦੇ ਪਾਣੀ ਵਾਂਗ ਚਲਦੇ ਰਹਿਣ ਲਈ ਦੇਂਦਾ ਹੈ, ਤਾਂ ਜੋ ਉਸ ਦਾ ਹਰ ਕਤਰਾ ਤਾਜ਼ਾ ਹੋਵੇ, ਨਿਰਮਲ ਹੋਵੇ । ਪਰ ਆਮ ਬੰਦੇ ਉਸ ਤੋਂ ਮੰਗਤੇ ਬਣ ਕੇ ਲੈਣਾ ਚਾਹੁੰਦੇ ਹਨ । ਚਸ਼ਮੇ ਦੇ ਪਾਣੀ ਨੂੰ ਛੱਪੜ ਵਿਚ ਜਮ੍ਹਾਂ ਕਰਦੇ ਹਨ ਅਤੇ ਉਸ ‘ਤੇ ਹੰਕਾਰ ਕਰਦੇ ਹਨ । ਉਨ੍ਹਾਂ ਨੂੰ ਉਸ ਦੀ ਦਾਤ ’ਤੇ ਭਰੋਸਾ ਨਹੀਂ ਹੁੰਦਾ, ਸਗੋਂ ਆਪਣੇ ਮੰਗਤੇਪਣ ਅਤੇ ਮੰਗਣ-ਕਲਾ ‘ਤੇ ਮਾਣ ਹੁੰਦਾ ਹੈ । ਦੂਜੇ ਲੋਕ ਚਸ਼ਮੇ ਦੇ ਪਾਣੀ ਵਾਂਗ ਦੇਣਾ ਹੀ ਜਾਣਦੇ ਹਨ ਅਤੇ ਦੇਂਦੇ ਹੀ ਰਹਿੰਦੇ ਹਨ । ਦਾਤਾ ਉਨ੍ਹਾਂ ਦੀ ਝੋਲੀ ਕਦੇ ਖਾਲੀ ਨਹੀਂ ਹੋਣ ਦੇਂਦਾ, ਸਗੋਂ ਵਧੇਰੇ ਭਰਪੂਰਦਾ ਰਹਿੰਦਾ ਹੈ ।”
ਕਿੱਡਾ ਵੱਡਾ ਇਨਸਾਨ ਸੋਭਾ ਸਿੰਘ ਦੇ ਅੰਦਰੋਂ ਬੋਲਦਾ ਹੈ, ਜਦ ਉਹ ਕਹਿੰਦਾ ਹੈ, “ਕਿਸੇ ਦੀ ਗ਼ਲਤੀ ‘ਤੇ ਅੱਖ ਨਾ ਧਰੋ, ਸ਼ਰਮਿੰਦਿਆਂ ਨਾ ਕਰੋ, ਠਿੱਠ ਨਾ ਕਰੋ, ਸਗੋਂ ਜੇ ਹੋ ਸਕੇ ਤਾਂ ਆਪਣੀ ਵਧੇਰੇ ਬੇਵਕੂਫ਼ੀ ਸੁਣਾ ਕੇ ਉਸ ਦੀ ਬੇਵਕੂਫ਼ੀ ਛੁਟਿਆ ਦਿਓ, ਤਾਂ ਜੋ ਉਹ ਸ਼ਰਮਿੰਦਾ ਹੋਣ ਦੀ ਥਾਂ ਉਸ ‘ਤੇ ਹੱਸ ਛੱਡੇ ।” ਮੇਰੇ ਵਿਚਾਰ ਵਿਚ ਵੱਡਾ ਆਦਮੀ ਉਹ ਹੁੰਦਾ ਹੈ, ਜਿਸ ਕੋਲ ਬੈਠ ਕੇ ਜਾਂ ਜਿਸ ਨਾਲ ਗੱਲ ਕਰਕੇ ਬੰਦਾ ਆਪਣੇ ਆਪ ਨੂੰ ਛੋਟਾ ਮਹਿਸੂਸ ਨਾ ਕਰੇ । ਸੋਭਾ ਸਿੰਘ ਇਹੋ ਜਿਹਾ ਹੀ ਵੱਡਾ ਇਨਸਾਨ ਸੀ ।
ਸੋਭਾ ਸਿੰਘ ਨੇ ਆਪਣੇ ਵਿਚਾਰ ਬਹੁਤ ਵਿਸ਼ਿਆਂ ‘ਤੇ ਪ੍ਰਗਟਾਏ ਹਨ । ਉਹ ਸਿੱਖੀ ਬਾਰੇ ਕਹਿੰਦੇ ਹਨ, “ਸਿੱਖ ਆਪਣੇ ਗੁਰੂ ਵਾਂਗ ਦੇਣਾ ਜਾਣਦਾ ਹੈ, ਦੇਣਾ ਸਭ ਕੁਝ, ਅਤੇ ਜਾਨ ਦੇਣਾ ਤਾਂ ਇਸ ਲਈ ਸਭ ਤੋਂ ਨਿੱਕੀ ਚੀਜ਼ ਹੈ । ਪਰ ਅੱਜ ਦਾ ਸਿੱਖ ਮੰਗਤਾ ਬਣ ਕੇ ਆਪਣੇ ਕੇਂਦਰ ਤੋਂ ਉੱਖੜ ਗਿਆ ਹੈ। ਇਸ ਲਈ ਇਹ ਆਮ ਆਦਮੀ ਜਿਹਾ ਵੀ ਨਹੀਂ ਰਿਹਾ। ਮੰਗਤਾ, ਹਾਂ ਮੰਗਤਾ। ਅਸੰਬਲੀਆਂ ਦੀਆਂ ਕੁਰਸੀਆਂ ਲਈ ਮੰਗਤਾ, ਲੀਡਰੀਆਂ ਲਈ ਮੰਗਤਾ, ਵਜ਼ਾਰਤਾਂ ਲਈ ਮੰਗਤਾ, ਨੌਕਰੀਆਂ ਲਈ ਮੰਗਤਾ। ਇਹੋ ਜਿਹੇ ਸਿੱਖ ਨਾਲ ਜਿੰਨੀ ਹੋਵੇ, ਥੋੜ੍ਹੀ ਹੈ ।”
ਸਿੱਖ ਤਾਂ ਨਿਥਾਵੇਂ ਦਾ ਥਾਉਂ, ਨਿਲੱਜੇ ਦੀ ਲੱਜ, ਬਿਨ-ਜੀਭੇ ਦੀ ਜੀਭ, ਦੁਖੀ ਦਿਲਾਂ ਦਾ ਫੁੰਮ੍ਹਣਾ, ਜ਼ਾਲਮਾਂ ਦੀ ਮੌਤ ਤੇ ਸੰਤਾਂ ਦਾ ਸੇਵਕ ਬਣਨ ਲਈ ਸਾਜਿਆ ਗਿਆ ਸੀ । ਰਾਜ ਇਸ ਦਾ ਆਦਰਸ਼ ਨਹੀਂ । ਰਾਜ ਤਾਂ ਕੀ, ਜੀਵ ਦੀ ਸਭ ਤੋਂ ਵੱਡੀ ਮੰਗ ‘ਮੁਕਤੀ’ ਵੀ ਇਹਦਾ ਆਦਰਸ਼ ਨਹੀਂ, ਸਗੋਂ ਅਕਾਲ ਪੁਰਖ ਦੇ ਚਰਨਾਂ ਦਾ ਪ੍ਰੇਮ, ਸਤਿ ਦਾ ਪ੍ਰੇਮ ਹੀ ਇਹਦਾ ਆਦਰਸ਼ ਹੈ । ਸੁਣੋ ਇਹ ਨਿਰਮਲ ਆਤਮਾ ਕੀ ਕਹਿੰਦੀ ਹੈ, “ਗੁਰੂ ਨਾਨਕ ਦੀ ਸੁਹਿਰਦ ਉਂਗਲ ਨੇ ਮਨੁਖਤਾ ਦੇ ਪਿਆਰ ਰੰਗੇ ਹਿਰਦੇ ਨਾਲ ਭਗਤੀ, ਨਾਮ, ਕੁਰਬਾਨੀ ਦਾ ਪ੍ਰਗਟਾਵਾ ਦੇ ਕੇ ਸਾਡੇ ਮੱਥੇ ‘ਤੇ ‘ਦਾਤਾ’ ਲਿਖਿਆ ਸੀ । ਅਸੀਂ ਸਿਆਸੀ ਭੁੱਲ-ਭੁਲੱਈਆਂ ਵਿਚ ਪੈ ਕੇ ਉਹ ਦੈਵੀ ਅੱਖਰ ਆਪਣੇ ਮੱਥੇ ਤੋਂ ਪੂੰਝ ਦਿੱਤਾ ਹੈ ਅਤੇ ਮੰਗਤੇ ਬਣ ਗਏ ਹਾਂ । ਸਾਡਾ ਧਰਮ ਥੋਥਾ ਪੈ ਕੇ ਹੁਣ ਸਿਆਸਤ ਦਾ ਰੂਪ ਧਾਰਨ ਕਰ ਬੈਠਾ ਹੈ … ਧਰਮ ਸਾਡੀ ਸਿਆਸਤ ਅਤੇ ਸਿਆਸਤ ਸਾਡਾ ਧਰਮ ਬਣ ਗਿਆ ਹੈ ।”
ਇਸ ਸੰਦਰਭ ਵਿਚ ਜਦ ਮੈਂ ਸੋਚਦਾ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ ਅਸੀਂ ਸੋਭਾ ਸਿੰਘ ਦੀ ਸੋਚਣੀ ਤੋਂ ਵੀ ਕਿਤੇ ਡੂੰਘੇ ਡੁੱਬ ਚੁੱਕੇ ਹਾਂ, ਸਗੋਂ ਨਿੱਘਰ ਚੁੱਕੇ ਹਾਂ । ਸੱਤਾ ਦੀ ਕੁਰਸੀ ਸਾਨੂੰ ਕਲੰਦਰ ਵਾਂਗ ਨਚਾ ਰਹੀ ਹੈ । ਅਸੀਂ ਲੀਡਰੀ ਵਾਸਤੇ ਕਾਲਾ ਧਨ, ਸ਼ਰਾਬਾਂ, ਅਫੀਮ, ਪੋਸਤ ਆਦਿ ਸਾਰੇ ਨਸ਼ਿਆਂ ਦੇ ਛਬੀਲਾਂ, ਲੰਗਰ ਲਗਾਉਂਦੇ ਹਾਂ । ਸਿੱਖ ਪੰਥ ਦੇ ਨਾਉਂ ‘ਤੇ ਵੱਢੀਆਂ ਦੇ ਨਸ਼ਿਆਂ ਦੇ ਆਸਰੇ ਵੋਟ ਮੰਗਦੇ ਹਾਂ, ਬੇਈਮਾਨੀਆਂ ਕਰਦੇ ਹਾਂ ਅਤੇ ਹਰ ਹੱਥਕੰਡਾ ਵਰਤਦੇ ਹਾਂ, ਫੇਰ ਵੀ ਸਿੱਖ ਕਹਾਉਂਦੇ ਹਾਂ ਅਤੇ ਸਿੱਖੀ ਅਤੇ ਪੰਥ ਦੇ ਨਾਉਂ ‘ਤੇ ਵੋਟਾਂ ਮੰਗਦੇ ਹਾਂ । ਇਸ ਤੋਂ ਘਟੀਆ ਕਿਸਮ ਦੇ ਮੰਗਤੇ ਸ਼ਾਇਦ ਹੋ ਹੀ ਨਹੀਂ ਸਕਦੇ ਕਿਤੇ ।
ਸਿੱਖ ਆਰਕੀਟੈਕਚਰ ਉਤੇ ਸੋਭਾ ਸਿੰਘ ਦੇ ਵਿਚਾਰ ਬਹੁਤ ਵਿਲੱਖਣ ਹਨ । ਕਹਿੰਦੇ ਹਨ, “ਸਿੱਖ ਆਰਕੀਟੈਕਚਰ ਵੀ ਏਵੇਂ ਹੀ ਹੈ । ਹਰਿਮੰਦਰ ਸਾਹਿਬ ਦਾ ਡੀਜ਼ਾਇਨ ਲੈ ਲਈਏ, ਤਾਂ ਸਿਵਾਏ ਇਸ ਦੇ ਕਿ ਗੁੰਬਦਾਂ ਨੂੰ ਨੀਵੇਂ ਤੇ ਸਨਿਮਰ ਕੀਤਾ ਹੋਇਆ ਹੈ, ਬਿਲਕੁਲ ਮੁਗਲ ਆਰਕੀਟੈਕਚਰ ਹੈ । ਸਿੱਖ ਆਰਕੀਟੈਕਚਰ ਬਿਲਕੁਲ ਸਿੱਖੀ ਆਚਾਰ ਵਾਲਾ ਹੋਣਾ ਚਾਹੀਦਾ ਹੈ । ਸਾਦਾ, ਸੁਥਰਾ, ਲੋੜ ਦੇ ਅਨੁਸਾਰ ਕੰਮ ਆਉਣ ਵਾਲਾ, ਲਾਭਦਾਇਕ, ਹਵਾਦਾਰ, ਰੌਸ਼ਨ, ਅਹੰਕਾਰ ਤੋਂ ਰਹਿਤ, ਜੇ ਹੋ ਸਕੇ ਤਾਂ ਉਸ ਵਿਚ ਨਿਮਰਤਾ ਦਾ ਪ੍ਰਭਾਵ ਹੋਵੇ । ਬੁਰਜੀਆਂ ਹੀ ਬੁਰਜੀਆਂ ਹਨ ਜਿਨ੍ਹਾਂ ਦੇ ਬਨਾਉਣ ਤੇ ਬੜਾ ਸਮਾਂ ਤੇ ਪੈਸਾ ਖਰਚ ਹੁੰਦਾ ਹੈ, ਅਤੇ ਅਰਥ ਜਾਂ ਲਾਭ ਕੁਝ ਨਹੀਂ ।…”
ਸੋਭਾ ਸਿੰਘ ਮਜ਼੍ਹਬੀ ਛੋਟੇਪਣ ‘ਤੇ ਚੋਟ ਕਰਦਿਆਂ ਕਹਿੰਦੇ ਹਨ ਕਿ “ਅੱਖਾਂ ਮੀਟ ਘੰਟੀਆਂ ਛੈਣੇ ਵਜਾਉਣ ਵਾਲਿਆਂ ਵੱਲ ਨਾ ਜਾਓ । ਇਨ੍ਹਾਂ ’ਚੋਂ ਬਹੁਤ ਸਾਰੇ ਸਰੀਰਕ ਅਤੇ ਦੁਨਿਆਵੀ ਸੁਖਾਂ ਦੀਆਂ ਮੰਗਾਂ ਦੇ ਮੰਗਤੇ ਹਨ । ਦੁੱਧ ਮੰਗਣਗੇ, ਪੁੱਤ ਮੰਗਣਗੇ, ਆਪਣੇ ਪਰਿਵਾਰ ਦੀ ਸੁੱਖ ਮੰਗਣਗੇ । ਆਪਣਿਆਂ ਦੁਸ਼ਮਣਾਂ ਦੀ ਖੈ ਤੇ ਆਪਣੀ ਜੈ ਮੰਗਣਗੇ ।”
ਆਦਮੀ ਦੇ ਸੁਆਰਥ, ਛੋਟੇਪਣ ਅਤੇ ਹਊਮੈ ਨੂੰ ਪੱਠੇ ਪਾਉਣ ਦੇ ਨਾਲ-ਨਾਲ, ਪਰਮਾਤਮਾ ਨੂੰ ਆਪਣੀ ਖ਼ੈਰ ਅਤੇ ਦੁਸ਼ਮਣਾਂ ਨਾਲ ਦੁਸ਼ਮਣੀ ਨਿਭਾਉਣ ਵਿਚ ਭਾਈਵਾਲ ਬਨਾਉਣ ਦੀ, ਆਦਮੀ ਦੀ ਇਹ ਇਕ ਹੱਸਾਸ ਤਸਵੀਰ ਹੈ, ਜੋ ਸੋਭਾ ਸਿੰਘ ਨੇ ਪੇਸ਼ ਕੀਤੀ ਹੈ । ਪਰਮਾਤਮਾ ਅਤੇ ਆਤਮਾ ਦਾ ਰਿਸ਼ਤਾ ਅਥਾਹ ਸਾਗਰ ਅਤੇ ਉਸ ਤੋਂ ਵਿਛੋੜੇ ਪਾਣੀ ਨਾਲ ਦਰਸਾਇਆ ਹੈ ਸੋਭਾ ਸਿੰਘ ਨੇ । ਸਮੁੰਦਰ ਤੋਂ ਭਾਫ਼ ਬਣ ਕੇ ਵਿਛੜਦਾ ਹੈ ਕੁਝ ਪਾਣੀ, ਉਹ ਬੱਦਲ ਬਣ ਉੱਡਦਾ, ਪਹਾੜਾਂ ਜਾਂ ਠੰਢੇ ਮਾਹੌਲ ਵਿਚ ਮੁੜ ਪਾਣੀ, ਬਰਫ਼, ਗੜੇ ਬਣਦਾ ਹੈ ਅਤੇ ਢਲਾਣਾਂ, ਨੁੱਕਰਾਂ, ਨਦੀਆਂ, ਨਾਲਿਆਂ ਵਿਚ ਸਮਾਉਂਦਾ, ਦਰਖ਼ਤਾਂ, ਫ਼ਸਲਾਂ, ਘਾਹ-ਬੂਟੇ, ਫੁੱਲਾਂ, ਪਸ਼ੂਆਂ, ਬੰਦਿਆਂ ਅਤੇ ਜੀਵ-ਜੰਤੂਆਂ ਵਿਚ ਦੀ ਉੱਤੇ ਉੱਠਦਾ ਧਰਤੀ ‘ਤੇ ਡਿੱਗਦਾ, ਸਮਾਉਂਦਾ, ਪੱਥਰਾਂ ਨਾਲ ਖਹਿੰਦਾ-ਟਕਰਾਉਂਦਾ ਆਪਣੇ ਸਰੋਤ ਅਤੇ ਅਸਲ ਵੱਲ ਨੂੰ ਤਾਂਘਦਾ ਰਹਿੰਦਾ ਹੈ ਜਦੋਂ ਤੱਕ ਮੁੜ ਸਾਗਰ ਦੇ ਪਾਣੀ ਨਾਲ ਪਾਣੀ ਨਹੀਂ ਹੋ ਜਾਂਦਾ । ਇਸ ਤਰ੍ਹਾਂ ਜੀਵ-ਆਤਮਾ ਆਪਣੇ ਸਰੋਤ (ਪਰਮਾਤਮਾ) ਤੋਂ ਵਿਛੋੜੀ, ਉਸੇ ਵੱਲ ਤਾਂਘਦੀ ਹੈ । ਇਸ ਰਵਾਨੀ ਅਤੇ ਇਕਸੁਰਤਾ ਦਾ ਨਾਉਂ ਹੀ ਜ਼ਿੰਦਗੀ ਹੈ ਅਤੇ ਖੜੋਤ ਦਾ ਨਾਉਂ ਮੌਤ ! ਜੋ ਕਰਮ ਜ਼ਿੰਦਗੀ ਦੀ ਰੌਂ ਨੂੰ ਰਵਾਨੀ ਦਿੰਦਾ ਹੈ ਜਾਂ ਇਸ ਵਿਚ ਸਹਾਈ ਹੁੰਦਾ ਹੈ, ਉਹ ਪੁੰਨ ਹੈ ਅਤੇ ਜੋ ਕਰਮ ਇਸ ਰਵਾਨੀ ਨੂੰ ਰੋਕਦਾ ਹੈ, ਅੜਿੱਕਾ ਪਾਉਂਦਾ ਹੈ ਅਤੇ ਖੜੋਤ ਦਿੰਦਾ ਹੈ, ਉਹ ਪਾਪ ਹੈ । ਕੁਦਰਤ ਦੇ ਨਿਜ਼ਾਮ ਵਿਚ ਹੋਰ ਕੋਈ ਪੁੰਨ ਜਾਂ ਪਾਪ ਨਹੀਂ ।
ਕੁਦਰਤ ਦੀ ਇਸ ਇਕਸੁਰਤਾ ਨੂੰ ਤੋੜਨਾ ਪਾਪ ਹੈ । ਇਨਸਾਨੀ ਕਾਨੂੰਨਾਂ, ਪਰੰਪਰਾਵਾਂ ਜਾਂ ਨਿਯਮਾਂ ਨੂੰ ਉਲੰਘਣਾ, ਤੋੜਨਾ, ਅਪਰਾਧ ਜਾਂ ਜੁਰਮ ਤਾਂ ਹੋ ਸਕਦਾ ਹੈ, ਪਾਪ ਨਹੀਂ । ਪਰ ਜੇ ਇਨ੍ਹਾਂ ਅਪਰਾਧਾਂ ਰਾਹੀਂ ਜ਼ਿੰਦਗੀ ਦੀ ਰਵਾਨੀ ਜਾਂ ਇਕਸੁਰਤਾ ਟੁੱਟਦੀ ਹੋਵੇ ਤਾਂ ਜੁਰਮ ਜਾਂ ਅਪਰਾਧ, ਪਾਪ ਬਣ ਜਾਂਦਾ ਹੈ । ਸੋਭਾ ਸਿੰਘ ਦਾ ਆਰਟ ਇਸੇ ਜੀਵਨ ਦੀ ਰਵਾਨੀ ਚਿਤਰਦਾ ਹੈ, ਖੜੋਤ ਨਹੀਂ । ਪਿਆਰ, ਸੁਹੱਪਣ, ਅਮਨ ਅਤੇ ਇਕਸੁਰਤਾ ਹੀ ਇਸ ਚਿਤਰਕਾਰ ਦਾ ਵਿਸ਼ਾ ਹੈ, ਚਾਹੇ ਉਹ ਗੁਰੂ ਸਾਹਿਬਾਨ ਦੇ ਚਿਤਰ ਹੋਣ ਤੇ ਚਾਹੇ ਸੋਹਣੀ ਜਾਂ ਗੱਦਣ ਦਾ ਚਿੱਤਰ ਹੋਵੇ ।
ਸੋਭਾ ਸਿੰਘ ਨੇ ਤਾਂ ਆਪਣੀ ਜ਼ਿੰਦਗੀ ਅਤੇ ਹੁਨਰ ਵਿਚ ਸਤਿਅਮ-ਸ਼ਿਵਮ-ਸੁੰਦਰਮ ਨੂੰ ਵੀ ਉਲਟਾ ਕਰਕੇ ਮਾਣਿਆ ਅਤੇ ਚਿਤਰਿਆ ਹੈ । ਉਹ ਕਹਿੰਦੇ ਹਨ, “ਜੇ ਸਾਡੇ ਵਿਚ ਸੁੰਦਰਤਾ ਦਾ ਗੁਣ ਹੈ ਤਾਂ ਨਿਰਸੰਦੇਹ ਸਾਡੇ ਵਿਚ ਦੈਵੀ ਗੁਣ ਹੈ… ਜਦ ਅਸੀਂ ਕੋਈ ਸੋਹਣੀ ਸ਼ੈ ਵੇਖਦੇ ਹਾਂ ਤਾਂ ਉਸਦੇ ਬਨਾਉਣ ਵਾਲੇ ਨੂੰ ਵੇਖਣ ਦੀ ਸਾਡੀ ਇੱਛਾ ਹੁੰਦੀ ਹੈ ਤਾਂ ਅਸੀਂ ਸਤਿ (ਸ਼ਿਵਮ) ਦੀ ਤਲਾਸ਼ ਵਿਚ ਵਿਚਰਦੇ ਹਾਂ । ਸਤਿ ਲੱਭਣ ਤੇ ਸਭ ਕੁਝ ਸੋਹਣਾ ਸੋਹਣਾ ਲਗਣ ਲੱਗ ਪੈਂਦਾ ਹੈ । ਇਸ ਅੰਦਰਲੀ ਸੁੰਦਰਤਾ ਤੋਂ ਹੀ ਕਲਾ ਉਪਜਦੀ ਹੈ ।” ਸੋਭਾ ਸਿੰਘ ਦਾ ਅਕੀਦਾ ਹੈ ਕਿ ਕਲਾ ਕਿਤੋਂ ਬਾਹਰੋਂ ਨਹੀਂ ਆਉਂਦੀ, ਨਾ ਸਿਖਾਈ ਜਾ ਸਕਦੀ ਹੈ; ਸਗੋਂ ਇਹ ਸਰਵ-ਵਿਆਪੀ ਅਨੁਸ਼ਾਸਨ, ਸੰਜਮ ਦਾ ਵਹਾਓ ਹੈ, ਵਿਕਾਸ ਹੈ, ਸੋਮਾ ਹੈ, ਜਿਸ ਨੂੰ ਰਵਾਨੀ ਵਿਚ ਲਿਆਉਣ ਲਈ ਇਸ ਸੋਮੇ ਦੇ ਅੱਗੋਂ ਜਨਮਾਂ ਦੀ ਜੰਮੀ ਹੋਈ ਕਾਈ, ਮਿੱਟੀ ਰੋੜੇ, ਕੰਕਰ ਹਟਾਉਣ ਦੀ ਲੋੜ ਹੈ । ਇਟਲੀ ਦੇ ਮਹਾਨ ਕਲਾਕਾਰ ਮਾਈਕਲਐਂਜਲੋ ਨੂੰ ਕਿਸੇ ਨੇ ਸਵਾਲ ਕੀਤਾ ਸੀ ਕਿ ਤੁਸੀਂ ਇਨ੍ਹਾਂ ਪੱਥਰਾਂ ‘ਚੋਂ ਬੁੱਤ ਕਿਵੇਂ ਘੜਦੇ ਹੋ ? ਉਸਨੇ ਜੁਆਬ ਦਿੱਤਾ ਸੀ ਕਿ ਬੁੱਤ ਤਾਂ ਪਹਿਲੋਂ ਹੀ ਇਨ੍ਹਾਂ ਵਿਚ ਮੌਜੂਦ ਹਨ । ਮੈਂ ਤਾਂ ਵਾਧੂ ਮਲਬਾ ਉਤਾਰ ਦਿੰਦਾ ਹਾਂ ਤੇ ਬੁਤ ਆਪਣੇ ਆਪ ਪ੍ਰਗਟ ਹੋ ਜਾਂਦਾ ਹੈ ! ਇਸੇ ਤਰ੍ਹਾਂ ਇਸ ਹੱਸਾਸ ਕਲਾਕਾਰ ਦੇ ਅਕੀਦੇ ਅਨੁਸਾਰ ‘ਕਲਾ ਇਕ ਖੁਦ-ਰੌਂ ਰਚਨਾਤਮਕ ਕ੍ਰਿਆ ਹੈ, ਜੋ ਲਾਭ ਅਤੇ ਹਾਨੀ ਦੀ ਕਸਵੱਟੀ ‘ਤੇ ਨਹੀਂ ਰਗੜੀ ਜਾਣੀ ਚਾਹੀਦੀ, ਮਜ਼ਹਬਾਂ ਅਤੇ ਕੌਮੀਅਤਾਂ ਦੀਆਂ ਡੰਡੀਆਂ ਨਾਲ ਨਹੀਂ ਨਾਪੀ ਜਾਣੀ ਚਾਹੀਦੀ, ਸਗੋਂ ਇਹ ਤਾਂ ਮਜ਼ਹਬੀ ਜ਼ੰਜੀਰਾਂ ਤੋੜਦੀ ਹੈ, ਕੌਮੀ ਹੱਦਾਂ ਨੂੰ ਮੇਟਦੀ ਹੈ । ਜਿਹੜੀ ਸ਼ਕਤੀ ਫੁੱਲਾਂ ਨੂੰ, ਬੱਦਲਾਂ ਨੂੰ ਮਧੁਰਤਾ ਘੋਲ ਚਿਤਰ ਬਨਾਉਂਦੀ ਹੈ ਤੇ ਤਿਤਲੀਆਂ ਦੇ ਪਰਾਂ ‘ਤੇ ਫੁਲ ਬੂਟੇ ਪਾਉਂਦੀ ਹੈ, ਉਹ ਹਰ ਇਕ ਮਨੁੱਖੀ ਹਿਰਦੇ ਵਿਚ ਹੈ ਤੇ ਜ਼ਰਾ ਕੁ ਵੀ ਵਿਕਾਸ ਮਿਲਣ ‘ਤੇ ਆਪਣਾ ਜਾਦੂ ਭਰਿਆ ਨਖਰਾ ਕਰ ਜਾਂਦੀ ਹੈ; ਜਿਸ ਨੂੰ ਅਸੀਂ ਕਲਾ ਆਖਦੇ ਹਾਂ ।’
ਇਸ ਸ਼ਖ਼ਸੀਅਤ ਬਾਰੇ ਲਿਖਣਾ ਹੋਵੇ ਤਾਂ ਪੂਰੀ ਦੀ ਪੂਰੀ ਕਿਤਾਬ ਬਣ ਸਕਦੀ ਹੈ; ਕਿਉਂਕਿ ਇਹ ਹਰ ਪਹਿਲੂ ਤੋਂ ਪੂਰਨ ਵਿਅਕਤੀ ਸੀ, ਜੋ ਆਜ਼ਾਦ ਆਤਮਾ ਦੀ ਖੁੱਲ੍ਹੇ ਅੰਬਰਾਂ ਵਿਚ ਪ੍ਰਵਾਜ਼ ਦਾ ਪ੍ਰਤੀਕ ਸੀ । ਸੁਹੱਪਣ ਦਾ ਪੁਜਾਰੀ, ਸਤਿ ਦਾ ਨਮੂਨਾ, ਹੱਸਾਸ ਆਤਮਾ, ਇਕਸੁਰਤਾ ਦਾ ਦੇਵਤਾ, ਇਕ ਰਵਾਂ-ਦਵਾਂ ਜ਼ਿੰਦਗੀ ਜੀਵਿਆ ਅਤੇ ਇਸ ਰਵਾਨੀ ਭਰੀ ਇਕਸੁਰਤਾ ਦੀਆਂ ਪੈੜਾਂ ਆਪਣੇ ਚਿਤਰਾਂ ਰਾਹੀਂ ਇਨਸਾਨੀ ਭਾਈਚਾਰੇ ਲਈ ਛੱਡ ਗਿਆ ਹੈ; ਜੋ ਆਦਮੀ ਨੂੰ ਇਨਸਾਨ ਬਣਨ ਲਈ ਹਮੇਸ਼ਾ ਟੁੰਬਦੀਆਂ ਅਤੇ ਪ੍ਰੇਰਦੀਆਂ ਰਹਿਣਗੀਆਂ ।
ਆਪਣੀ ਗੱਲ ਖ਼ਤਮ ਕਰਨ ਤੋਂ ਪਹਿਲੋਂ ਜੇ ਮੈਂ ਸੋਭਾ ਸਿੰਘ ਦੇ ਇਕ ਹੋਰ ਪੱਖ ਨੂੰ ਨਾ ਉਭਾਰਾਂ, ਜੋ ਆਮ ਲੋਕਾਂ ਨੂੰ ਸ਼ਾਇਦ ਨਹੀਂ ਪਤਾ, ਤਾਂ ਉਸ ਸ਼ਖ਼ਸੀਅਤ ਨਾਲ ਅਨਿਆਂ ਹੋਵੇਗਾ । ਸੋਭਾ ਸਿੰਘ ਚਿਤੁਕਾਰੀ ਦੇ ਨਾਲ ਨਾਲ ਕਿਤੇ ਕਿਤੇ ਕਾਵਿ-ਰਚਨਾ ਵੀ ਕਰਦੇ ਸਨ । ਉਨ੍ਹਾਂ ਨੇ ਕੋਈ ਦੋ ਦਰਜਨ ਦੇ ਕਰੀਬ ਛੋਟੀਆਂ ਵੱਡੀਆਂ ਕਵਿਤਾਵਾਂ ਰਚੀਆਂ ਹਨ। ਕਵਿਤਾਵਾਂ ਵੀ ਚਿਤ੍ਰਾਂ ਵਾਂਗੂੰ ਹੀ ਸੂਖਮ ਅਤੇ ਹੱਸਾਸ ਹਨ । ਨਮੂਨਾ ਹੈ :
O ਕਵਿਤਾ ਨਹੀਂ, ਇਹ ਦਿਲ ਦੀਆਂ ਤੇੜਾਂ, ਫੁਰਕਤ, ਸਿੱਕਾ, ਹਾੜੇ ਡਾਰੋਂ ਕੂੰਜ ਵਿਛੁੰਨੀ ਰੋਵੇ, ਸਖਾ ਲਈ ਸੰਘ ਪਾੜੇ।

O ਪੱਥਰਾਂ ‘ਤੇ ਭੀ ਮਜ਼ਹਬੀ ਰੰਗਣ ਹੁਨਰਾਂ ਨੂੰ ਗਲ ਧਾਗੇ । ਤੇਰੀ ਸ਼ਾਨ ਘਟਾਈ ਸ਼ਾਨਾਂ ਹਾ-ਹਾ ਦੇਸ ਅਭਾਗੇ ।

O ਇਹ ਇਸ਼ਕ਼ ਸਿਖਾਵੇ ਅਕਲਾਂ

ਰਾਂਝਾ ਮੁੜ ਗੰਵਾਰ ਕਿਤੇ ਦਾ

ਤੇ ਜੱਟੀ ਹੀਰ ਇਆਣੀ

ਪੜ੍ਹਕੇ ਸਬਕ ਇਸ਼ਕ ਦਾ ਦੋਵੇਂ

ਹੋ ਗਏ ਚਤੁਰ ਸਿਆਣੇ ।

ਕਾਜ਼ੀ ਨੂੰ ਦਿੱਤੀਆਂ ਅਕਲਾਂ

ਸਾਨੂੰ ਇਸ਼ਕ ਸਿਖਾਵੇ ਅਕਲਾਂ

ਪਿਆਰ ਨਾ ਤੱਕੇ ਮਜਹਬ ਤੇ ਜਾਤਾਂ

ਸ਼ਹੁ ਦਰਿਆ ਨਾ ਰਾਤ ਬਰਾਤਾਂ ।
O ਜਿਸ ਹਿਕੜੀ ਵਿਚ ਪਿਆਰ ਦਾ ਚਾਨਣ

ਤਿਸ ਹਿਕੜੀ ਵਿਚ ਵੈਰ ?

ਨਾਂਹ !

ਵੈਰ ਕਰੇਂਦੇ ਮੰਗਤੇ

ਭੁਖ ਕਰਾਵੇ ਵੈਰ

ਭੁਖ ਬਣਾਵੇ ਗ਼ੈਰ

ਇਹ ਸਨ ਪਦਮਸ਼੍ਰੀ ਸੋਭਾ ਸਿੰਘ ਡੀ. ਲਿਟ., ਜਿਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਨਰਸ ਕਾਜ਼ ਡਿਗਰੀ ਪ੍ਰਦਾਨ ਕਰਕੇ ਉਨ੍ਹਾਂ ਦੇ ਆਰਟ ਅਤੇ ਸ਼ਖ਼ਸੀਅਤ ਦੀ ਕਦਰ ਕਰਦਿਆਂ ਆਪਣਾ ਮਾਣ ਵਧਾਇਆ ਸੀ ।
(ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਵੱਲੋਂ ਚਿਤਰਕਾਰ ਸੋਭਾ ਸਿੰਘ ਦੇ ਜਨਮ ਦਿਨ 29 ਨਵੰਬਰ 1998 ਨੂੰ ਦਿੱਤਾ ਗਿਆ ਪਹਿਲਾ ਸੋਭਾ ਸਿੰਘ ਯਾਦਗਾਰੀ ਭਾਸ਼ਨ)

ਸੋਭਾ ਦਾ ਸਵਾਮੀ ਸ. ਸ. ਅਮੋਲ

ਸਰਦਾਰ ਸੋਭਾ ਸਿੰਘ ਆਰਟਿਸਟ ਨੂੰ ਜਾਨਣ ਦਾ ਫ਼ਖ਼ਰ ਮੈਨੂੰ ਉਸ ਸਮੇਂ ਤੋਂ ਹੈ ਜਦੋਂ ਮੈਂ ਆਪ ਅਜੇ ਗ੍ਰੈਜੂਏਟ ਵੀ ਨਹੀਂ ਸੀ । ਇਸ ਵਾਕਫ਼ੀਅਤ ਦਾ ਸੋਮਾ ਪ੍ਰਿੰਸੀਪਲ ਤੇਜਾ ਸਿੰਘ ਜੀ ਸਨ ਜਿਨ੍ਹਾਂ ਨੇ ਬੜੇ ਜ਼ੋਰ ਨਾਲ ਕਿਹਾ ਕਿ ਜੇ ਕੋਈ ਚੰਗਾ ਚਿਤਰ ਤੁਸੀਂ ਆਪਣੇ ਤਜਵੀਜ਼ ਕੀਤੇ ਮਾਸਕ ਪੱਤਰ ‘ਲਿਖਾਰੀ ਕਿਆਰੀ’ ਲਈ ਬਣਵਾਉਣਾ ਚਾਹੁੰਦੇ ਹੋ ਤਾਂ ਸਰਦਾਰ ਸੋਭਾ ਸਿੰਘ ਕੋਲੋਂ ਬਣਵਾਓ । ਉਸ ਫੇਲੇ ਸਰਦਾਰ ਸੋਭਾ ਸਿੰਘ ਅੰਮ੍ਰਿਤਸਰ ਵਿਚ ਨਹੀਂ ਸਨ ਰਹਿੰਦੇ, ਇਸ ਲਈ ਮੈਂ ਬਹੁਤ ਉਪਰਾਲਾ। ਕਰਕੇ ਉਨ੍ਹਾਂ ਨੂੰ ਸੰਦੇਸ਼ਾ ਪਹੁੰਚਾਇਆ ਅਤੇ ਉਹ ਪ੍ਰਿੰਸੀਪਲ ਤੇਜਾ ਸਿੰਘ ਦੇ ਨਾਲ ਹੀ ਮੈਨੂੰ ਮਿਲੇ । ਅਸਾਂ ਦੋਹਾਂ ਨੇ ਜੋ ਕੁਝ ਉਨ੍ਹਾਂ ਨੂੰ ਸਲਾਹਵਾਂ ਦਿੱਤੀਆਂ, ਉਨ੍ਹਾਂ ਨੂੰ ਵਰਤਦਿਆਂ ਜੋ ਤਸਵੀਰ ਉਨ੍ਹਾਂ ਨੇ ਬਣਾਈ, ਉਹ ਅੱਜ ਤਕ ਮੇਰੀ ਇਕ ਵਿਸ਼ੇਸ਼ ਜਾਇਦਾਦ ਹੈ ਜੋ ਉਸ ਵੇਲੇ ਦੀ ਅਦਾ ਕੀਤੀ ਕ੍ਰਿਤਫਲ ਨਾਲੋਂ ਬਹੁਤੀ ਨਹੀਂ ਤਾਂ ਦਸ ਗੁਣਾ ਪੇਸ਼ ਕੀਤੀ ਜਾਂਦੀ ਰਕਮ ਪਿਛੋਂ ਵੀ ਨਹੀਂ ਛਡੀ ।
ਇਕ ਨਿੱਕੀ ਜਿਹੀ ਤੇ ਕਾਫੀ ਪੁਰਾਣੀ ਘਟਨਾ ਜਿਸ ਨੂੰ ਅੱਜ ਅਧੀ ਸਦੀ ਬੀਤਣ ਲਗੀ ਹੈ, ਕੇਵਲ ਇਹ ਦੱਸਣ ਲਈ ਲਿਖੀ ਗਈ ਹੈ ਕਿ ਸਰਦਾਰ ਸੋਭਾ ਸਿੰਘ ਨੂੰ ਆਪਣੀ ਕਲਾ ਵਿਚ ਕਿੰਨੀ ਛੋਟੀ ਉਮਰ ਵਿਚ ਹੀ ਕਿੰਨੀ ਖੁਲ੍ਹੀ ਮਿੱਤ ਵਿਚ ਕੁਦਰਤ ਵਲੋਂ ਬਖ਼ਸ਼ਿਸ਼ ਹੋਈ ਸੀ । ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਇਹ ਹੁਨਰ ਕਿਤੋਂ ਸਿਖਿਆ ਜਾਂ ਟਰੇਨਿੰਗ ਲਈ ਕਿ ਨਹੀਂ, ਪਰ ਏਨਾ ਪਤਾ ਹੈ ਕਿ ਉਨ੍ਹਾਂ ਦੀ ਚਿਤਰੀ ਜੋ ਵੀ ਤਸਵੀਰ ਦੇਖਣ ਦਾ ਸੁਭਾਗ ਮੈਨੂੰ ਮਿਲਿਆ ਉਸ ਨੇ ਮੇਰਾ ਹੀ ਨਹੀਂ ਸਗੋਂ ਸਭਨਾਂ ਦਾ ਮਨ ਮੋਹਿਆ, ਆਪਣੇ ਵਲ ਖਿਚਿਆ ਤੇ ਪ੍ਰਸੰਸਾ ਪ੍ਰਾਪਤ ਕੀਤੀ ।
ਤੇ ਇਕ ਵਾਰੀ ਕਈ ਸਾਲ ਪਿਛੋਂ ਅਸੀਂ ਪਟਿਆਲੇ ਇਕੱਠੇ ਹੋ ਗਏ । ਉਸ ਵੇਲੇ ਪੰਜਾਬੀ ਦੇ ਪ੍ਰਸਿੱਧ ਉਪਨਿਆਸਕਾਰ ਭਾਈ ਨਾਨਕ ਸਿੰਘ ਵੀ ਮੇਰੇ ਨਾਲ ਸਨ ਤੇ ਅਸੀਂ ਇਕੱਠੇ ਹੀ ਉਥੇ ਹੋ ਰਹੀ ਸਿੱਖ ਐਜੂਕੇਸ਼ਨਲ ਕਾਨਫਰੰਸ ਦੇ ਸਮਾਗਮ ਵਿਚ ਭਾਗ ਲੈਣ ਲਈ ਗਏ ਸਾਂ । ਭਾਈ ਨਾਨਕ ਸਿੰਘ ਜੀ ਸੋਭਾ ਸਿੰਘ ਜੀ ਦੇ ਖ਼ਾਸ ਮਿਤਰਾਂ ਵਿਚੋਂ ਸਨ ਅਤੇ ਜਦ ਵੀ ਇਹ ਦੋਵੇਂ ਰਲ ਬਹਿੰਦੇ ਤਾਂ ਚਾਤ੍ਰਿਕ ਤੇ ਚੰਨਣ ਸਿੰਘ ਜੇਠੂਵਾਲੀਏ ਵਾਂਗ ਇਨ੍ਹਾਂ ਦੇ ਹਾਸੇ ਮਖੌਲ ਨਾਲ ਆਲੇ ਦੁਆਲੇ ਦੀਆਂ ਕੰਧਾਂ ਵੀ ਗੂੰਜ ਉਠਦੀਆਂ, ਸਰੋਤਿਆਂ ਦੀ ਤਾਂ ਕੀ ਗੱਲ ਕਰਨੀ ਹੈ । ਖੁਸ਼ਕਿਸਮਤੀ ਨੂੰ ਅਸੀਂ ਇਕ ਸਾਧਾਰਨ ਜੇਹੇ ਚਾਹ ਦੇ ਖੋਖੇ ਜੇਹੇ ਉਤੇ ਹੀ ਚਾਹ ਪੀਣ ਬਹਿ ਗਏ । ਇਥੇ ਬੈਠਿਆਂ ਪਤਾ ਓਦੋਂ ਹੀ ਲਗਾ ਜਦੋਂ ਇਕ ਘੰਟਾ ਬੀਤ ਚੁੱਕਾ ਸੀ । ਇਸ ਮਿਲਣੀ ਵਿਚੋਂ ਮੈਨੂੰ ਇਤਨੇ ਮਿਹਨਤੀ ਤੇ ਇਕ ਚਿਤ ਹੋ ਕੇ ਚਿਤਰਕਾਰੀ ਜੇਹੇ ਗੰਭੀਰ ਹੁਨਰ ਨੂੰ ਨਿਭਾਹੁਣ ਵਾਲੇ ਚਿਤ੍ਰਕਾਰ ਸੋਭਾ ਸਿੰਘ, ਵਿਚ ਹਾਸੇ ਵਾਲੀ, ਖੁਲ੍ਹ ਕੇ ਗੱਲ ਕਰਨ ਵਾਲੀ ਅਤੇ ਫੇਰ ਉਸ ਸਾਧਾਰਨ ਜਿਹੀ ਗੱਲ ਵਿਚ ਕੁੱਜੇ ਵਿਚ ਸਮੁੰਦਰ ਬੰਦ ਕਰਨ ਵਾਂਗ ਬਹੁਤ ਕੁਝ ਭਰ ਜਾਣ ਵਾਲੀ ਅਨੋਖੀ ਸਰਲ ਸ਼ਖ਼ਸੀਅਤ ਵੀ ਦਿੱਸੀ । ਇਸ ਮਿਲਣੀ ਨੇ ਮੇਰੇ ਮਨ ਦੇ ਕਪਾਟ ਖੋਲ੍ਹ ਦਿੱਤੇ ਅਤੇ ਮੇਰਾ ਯਕੀਨ ਬਣ ਗਿਆ, ਜੋ ਅੱਜ ਤਕ ਕਾਇਮ ਹੈ, ਕਿ ਗੰਭੀਰ ਤੇ ਮਿਹਨਤ ਕਰਨ ਵਾਲੇ ਆਦਮੀਆਂ ਤੇ ਇਸਤਰੀਆਂ ਨੂੰ ਵੀ ਜੀਵਨ ਦੇ ਇਸ ਹਲਕੇ ਫੁਲਕੇ ਪੱਖ ਦੀ ਅਤਿਅੰਤ ਆਵੱਸ਼ਕਤਾ ਹੈ, ਨਹੀਂ ਤਾਂ ਉਹ ਤਪਦਿਕ ਦੇ ਮਰੀਜ਼ ਬਣ ਜਾਣ ਅਤੇ ਉਨ੍ਹਾਂ ਵਿਚ ਤੇ ਸੋਗੀ ਫ਼ਿਲਾਸਫ਼ਰਾਂ ਵਿਚ ਕੋਈ ਫਰਕ ਨਾ ਰਹਿ ਜਾਏ । ਇਹੋ ਜੇਹੇ ਸੋਗੀ ਕਲਾਕਾਰ ਹੀ, ਮੇਰਾ ਖਿਆਲ ਹੈ, ਬਹੁਤ ਕਰ ਕੇ ਤਪਦਿਕ ਦੇ ਮਰੀਜ਼ ਹੁੰਦੇ ਹਨ । ਜੋ ਖੁਲ੍ਹ ਕੇ ਹੱਸ ਸਕਦਾ ਹੈ, ਅਤੇ ਜੋ ਆਪਣੇ ਦਿਲ ਵਿਚ ਕੋਈ ਗੱਲ ਲੁਕਾ ਕੇ ਨਹੀਂ ਰਖਦਾ, ਉਹ ਆਰਥਿਕ ਘਾਟਾ ਤਾਂ ਹੋ ਸਕਦਾ ਹੈ ਕਿ ਸਹਾਰੇ ਪਰ ਉਸ ਦਾ ਆਪਣਾ ਤਨ ਮਨ ਦੋਵੇਂ ਵਧੇਰੇ ਸੁਖੀ ਰਹਿੰਦੇ ਹਨ ਅਤੇ ਇਸ ਲਈ ਉਸ ਦੇ ਪਾਗਲ ਹੋਣ ਦਾ ਕੋਈ ਖ਼ਤਰਾ ਵੀ ਨਹੀਂ ਰਹਿੰਦਾ ।
ਮੇਰਾ ਇਹ ਵਿਸ਼ਵਾਸ਼ ਏਡੀ ਦੂਰ ਤਕ ਪਹੁੰਚ ਗਿਆ ਹੈ ਕਿ ਜਦ ਕਦੇ ਵੀ ਮੇਰਾ ਕਿਸੇ ਸੋਗੀ ਜਾਂ ਵਧੇਰੇ ਸੋਚਵਾਨ ਕਲਾਕਾਰ ਨਾਲ ਮੇਲ ਹੁੰਦਾ ਹੈ ਤਾਂ ਮੈਂ ਬਹੁਤ ਕਰ ਕੇ ਉਸ ਉਤੇ ਹੈਰਾਨ ਹੁੰਦਾ ਹਾਂ ਤੇ ਕਹਿੰਦਾ ਹਾਂ, “ਭਾਈ, ਜਿਸ ਕੋਲ ਕਲਾ ਹੈ, ਉਸ ਨੂੰ ਦਿਮਾਗੀ ਰੋਗ ਜਾਂ ਚਿੰਤਾ ਰੋਗ ਹੋਣਾ ਗ਼ਲਤ ਜਿਹੀ ਗੱਲ ਹੈ । ਇਹੋ ਕਾਰਨ ਹੋ ਸਕਦਾ ਹੈ ਕਿ ਆਪਣੇ ਮਨ ਦੇ ਪ੍ਰਗਟਾ ਲਈ ਆਪਣੀ ਕਲਾ ਦੀ ਵਰਤੋਂ ਨਹੀਂ ਕਰ ਰਿਹਾ ਤੇ ਕਲਾ ਵਿਚ ਹੋਰ ਲੋਕਾਂ ਦੀਆਂ ਗੱਲਾਂ ਪ੍ਰਗਟਾਉਂਦਾ ਰਹਿੰਦਾ ਹੈ ।” ਜੋ ਆਪਣਾ ਮਨ ਕਿਸੇ ਹੋਰ ਦੇ ਨਾਂ ਤੇ ਜਾਂ ਕਿਸੇ ਹੋਰ ਸਰੀਰ ਦੇ ਰੂਪ ਵਿਚ ਪ੍ਰਗਟਾ ਸਕਦਾ ਹੈ, ਉਸ ਦੇ ਹਿੱਸੇ ਇਸ ਸੋਗ ਭਰੇ ਤੇ ਗੁੰਝਲਾਂ ਭਰੇ ਸੰਸਾਰ ਵਿਚ ਨਾ ਕੋਈ ਗੋਰਖ-ਧੰਧਾ ਹੈ ਅਤੇ ਨਾ ਕੋਈ ਚਿੰਤਾ, ਉਸ ਨੂੰ ਖਈ ਰੋਗ ਵਾਂਗ ਚੰਬੜਦੀ ਹੈ । ਇਹ ਕਹਿਣ ਦੀ ਤਾਂ ਲੋੜ ਨਹੀਂ ਕਿ ਮੈਂ ਇਹ ਦਵਾਈ ਸਾਹਿਤਕਾਰਾਂ, ਚਿਤਰਕਾਰਾਂ ਅਤੇ ਹਰ ਤਰ੍ਹਾਂ ਦੇ ਕਲਾਕਾਰਾਂ ਉਤੇ ਵਰਤ ਲੈਂਦਾ ਹਾਂ । ਇਹ ਨੁਸਖਾ ਹੁਣ ਤਕ ਅੱਸੀ ਫੀ ਸਦੀ ਯੋਗ ਹੀ ਸਿੱਧ ਹੋਇਆ ਹੈ ।
ਜਦ ਮੈਨੂੰ ਬਜ਼ੁਰਗ ਸਰਦਾਰ ਸੋਭਾ ਸਿੰਘ ਜਲੰਧਰ ਵਿਚ ਕਲਾਕਾਰਾਂ ਦੇ ਇਕ ਸਮਾਗਮ ਨੂੰ ਪ੍ਰਧਾਨ ਦੇ ਤੌਰ ਤੇ ਸੰਬੋਧਨ ਕਰਦਿਆਂ ਵੇਖਣ ਦਾ ਅਵਸਰ ਹੋਇਆ ਤਾਂ ਮੈਂ ਹੈਰਾਨ ਹੀ ਰਹਿ ਗਿਆ। ਮੇਰਾ ਅਚੰਭਾ ਇਕ ਗੱਲ ਕਰ ਕੇ ਸੀ । ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਚਿਤਰਕਾਰ ਤੇ ਲੇਖਕ ਅਤੇ ਇੰਜ ਹੀ ਗਵੱਈਏ ਵੀ ਚੰਗੇ ਭਾਸ਼ਨਕਾਰ ਜਾਂ ਚੰਗੇ ਵਾਰਤਾਲਾਪ ਕਰਨ ਵਾਲੇ ਨਹੀਂ ਹੁੰਦੇ । ਪਰ ਇਸ ਵਾਰੀ ਦੇ ਦਰਸ਼ਨਾਂ ਨੇ ਮੇਰੇ ਇਹ ਦੋਵੇਂ ਭੁਲੇਖੇ ਕੱਟ ਦਿੱਤੇ । ਇਨ੍ਹਾਂ ਦਾ ਭਾਸ਼ਨ ਸੁਣ ਕੇ ਮੈਂ ਇਸ ਨਤੀਜੇ ਉਤੇ ਪਹੁੰਚਿਆ ਕਿ ਸਰਦਾਰ ਸੋਭਾ ਸਿੰਘ ਨਾ ਕੇਵਲ ਚੰਗੇ ਭਾਸ਼ਨਕਾਰ ਹਨ ਬਲਕਿ ਆਪਣੇ ਆਪ ਵਿਚ ਇਕ ਚਿੰਤਕ ਹਨ ਅਤੇ ਜ਼ਰੂਰ ਬਹੁਤ ਕੁਝ ਪੜ੍ਹਦੇ, ਵਿਚਾਰਦੇ ਅਤੇ ਆਪਣੇ ਨਤੀਜੇ ਕਢਦੇ ਹਨ । ਹੁਣ ਤਕ ਮੈਂ ਇਨ੍ਹਾਂ ਨੂੰ ਕੇਵਲ ਇਕ-ਤਸਵੀਰਾਂ ਬਣਾਉਣਾ ਵਾਲਾ ਚਿਤਰਕਾਰ ਹੀ ਸਮਝਦਾ ਸਾਂ ਜੋ ਦਿਨ-ਰਾਤ ਰੰਗਾਂ ਤੇ ਬੁਰਸ਼ਾਂ ਨਾਲ ਹੀ ਚੁਪ ਬੋਲੀ ਵਿਚ ਗੱਲਾਂ ਕਰਦਾ ਹੋਵੇਗਾ । ਪਰ ਇਸ ਭਾਸ਼ਨ ਵਿਚੋਂ ਮੈਨੂੰ ਪਤਾ ਲੱਗਾ ਕਿ ਸੋਭਾ ਸਿੰਘ ਜੀ ਵੀ ਇਕ ਚੇਤੰਨ ਕਲਾਕਾਰ ਹਨ ਜਿਨ੍ਹਾਂ ਨੂੰ ਆਪਣੀ ਕਲਾ ਦਾ ਹੀ ਨਹੀਂ ਸਗੋਂ ਸਮੁੱਚੇ ਕਲਾ-ਸੰਸਾਰ ਦਾ ਪੂਰਾ ਗਿਆਨ ਹੈ ਅਤੇ ਉਸ ਦੇ ਤਕਨੀਕ ਦੇ ਸਿਧਾਂਤ ਨੂੰ ਪੂਰੀ ਤਰ੍ਹਾਂ ਉਹ ਸਮਝਦੇ ਹਨ । ਇਸ ਲਈ ਉਹ ਬਹੁਤ ਥੋੜੇ ਤੇ ਸਾਦੇ ਢੰਗ ਨਾਲ ਸਮਝਾ ਸਕਦੇ ਹਨ ਤੇ ਸੇਧ ਵੀ ਦੇ ਸਕਦੇ ਹਨ ।
ਉਨ੍ਹਾਂ ਦੇ ਵਾਰਤਾਲਾਪਕਾਰ ਹੋਣ ਦਾ ਪਤਾ ਮੈਨੂੰ ਤਾਂ ਹੀ ਲਗਾ ਜਦੋਂ ਉਸ ਸ਼ਾਮ ਅਸੀਂ ਦੋਵੇਂ ਮੇਰੇ ਘਰ ਖਾਣੇ ਉਤੇ ਇਕੱਠੇ ਹੋਏ ਜੋ ਉਨ੍ਹਾਂ ਨੇ ਅਨੇਕਾਂ ਹੋਰ ਨਿਓਤੇ ਛੱਡ ਕੇ ਪ੍ਰਵਾਨ ਕਰਨ ਦੀ ਕ੍ਰਿਪਾ ਕੀਤੀ ਸੀ । ਕੁਝ ਵੀ ਨਹੀਂ ਤਾਂ ਅਸੀਂ ਤਿੰਨ ਘੰਟੇ ਜ਼ਰੂਰ ਖਾਣੇ ਤੋਂ ਪਹਿਲਾਂ ਤੇ ਪਿਛੋਂ ਕਈ ਮਸਲਿਆਂ ਤੇ ਗੱਲਾਂ-ਬਾਤਾਂ ਕਰਦੇ ਰਹੇ ਜੋ ਇਤਨੀਆਂ ਸਵਾਦਲੀਆਂ ਸਨ ਕਿ ਮੇਰੀ ਬਹੁਤ ਥੋੜ੍ਹੀ ਪੜ੍ਹੀ ਹੋਈ ਪਤਨੀ ਤੇ ਬਹੁਤ ਥੋੜ੍ਹਾ ਥੋੜ੍ਹਾ ਪੜ੍ਹੇ ਹੋਏ ਬੱਚੇ ਵੀ ਪੂਰਾ ਵਕਤ ਤੇ ਧਿਆਨ ਦੇ ਕੇ ਸੁਣਦੇ ਰਹੇ । ਇਹ ਇਸ ਵਾਰਤਾਲਾਪ ਦੀ ਖੂਬੀ ਸੀ । ਇਸੇ ਕਰਕੇ ਇਸ ਵਿਚ ਖਿੱਚ ਸੀ ਕਿਉਂਕਿ ਇਸ ਵਿਚ ਬਨਾਵਟ ਨਹੀਂ ਸੀ ਪਰ ਸੁੰਦਰਤਾ ਹੈ ਸੀ । ਸੁੰਦਰਤਾ-ਖਿਆਲਾਂ ਦੀ, ਸ਼ਬਦਾਂ ਦੀ ਤੇ ਰਸ ਦੀ। ਲਗ ਪਗ ਹਰ ਗੱਲ ਵਿਚੋਂ ਸਾਨੂੰ ਕੁਝ ਨਾ ਕੁਝ ਨਵੀਂ ਜਾਣਕਾਰੀ ਜਾਂ ਨਵੀਂ ਚਮਕ ਨਜ਼ਰ ਆਉਂਦੀ ਸੀ ਅਤੇ ਹੁਣ ਤੋਂ ਮੈਂ ਵੀ ਆਪਣੇ ਖ਼ਾਸ ਮਿੱਤਰਾਂ ਵਿਚੋਂ ਇਕ ਸਰਦਾਰ ਸੋਭਾ ਸਿੰਘ ਨੂੰ ਵੀ ਸਮਝਣ ਲਗ ਪਿਆ। ਮੇਰੀ ਇਹ ਲਿਸਟ ਬਹੁਤ ਛੋਟੀ ਹੈ । ਕਿਉਂਕਿ ਇਹ ਸਾਰੀ ਉਮਰ ਵਿਚ 5-6 ਤੋਂ ਵੱਧ ਨਹੀਂ ਹੋਈ।
ਭਾਈ ਨਾਨਕ ਸਿੰਘ ਜੀ ਨਾਲ ਜਾਂ ਹੋਰ ਵੀ ਸਮੇਂ ਸਮੇਂ ਸਾਡੀਆਂ ਮਿਲਣੀਆਂ ਕਦੇ ਕਦੇ ਕਿਤੇ ਕਿਤੇ ਸੁਭਾਵਕ ਹੁੰਦੀਆਂ ਰਹੀਆਂ, ਪਰ ਜਿਸ ਗੱਲ ਨੇ ਮੇਰੇ ਉਤੇ ਇਕ ਅਮਿੱਟ ਜਿਹੀ ਯਾਦ ਛੱਡੀ ਹੈ ਉਹ ਵੀ ਜਲੰਧਰ ਦੇ ਖਾਲਸਾ ਕਾਲਜ ਦੀ ਹੀ ਘਟਨਾ ਹੈ । ਮੈਂ ਕਾਲਜ ਵਲੋਂ ਮਿਲੀ ਹੋਈ ਆਪਣੀ ਕੋਠੀ ਵਿਚ ਸੁਭਾਵਕ ਹੀ ਬੈਠਾ ਸਾਂ ਕਿ ਇਕ ਆਦਮੀ ਨੇ ਆ ਕਿਹਾ, “ਅਮੋਲ ਤੁਹਾਡਾ ਹੀ ਨਾਂ ਹੈ ?” ਮੇਰੀ ‘ਹਾਂ’, ਸੁਣਦਿਆਂ ਹੀ ਉਹ ਕਹਿਣ ਲੱਗਾ, “ਓਥੇ ਸੜਕ ਉਤੇ ਤੁਹਾਨੂੰ ਸਰਦਾਰ ਸੋਭਾ ਸਿੰਘ ਆਰਟਿਸਟ ਉਡੀਕ ਰਹੇ ਹਨ, ਤੁਹਾਨੂੰ ਮਿਲਣਾ ਚਾਹੁੰਦੇ ਹਨ ।” ਮੈਂ ਹੈਰਾਨੀ ਨਾਲ ਕਿਹਾ, “ਉਹ ਘਰ ਹੀ ਕਿਉਂ ਨਹੀਂ ਆ ਗਏ ਕੋਈ ਓਪਰੀ ਥਾਂ ਸੀ ?” ਉਸ ਸੱਜਣ ਨੇ ਉਤਰ ਦਿੱਤਾ, “ਉਹ ਕੁਝ ਅਗੇ ਜਾਣ ਦੀ ਕਾਹਲੀ ਵਿਚ ਹਨ, ਕੁਝ ਉਨ੍ਹਾਂ ਕੋਲ ਸਾਮਾਨ ਹੈ ਤੇ ਨਾਲ ਹੀ ਤੁਸੀਂ ਜਾਣਦੇ ਹੋ ਉਨ੍ਹਾਂ ਲਈ ਤੁਰਨਾ (ਪੈਰ ਦੀ ਤਕਲੀਫ ਕਰਕੇ) ਏਨਾ ਸੌਖਾ ਨਹੀਂ ।”
ਮੈਂ ਜਿਸ ਤਰ੍ਹਾਂ ਸਾਂ ਉਸੇ ਤਰ੍ਹਾਂ ਹੀ ਭੱਜਾ ਭੱਜਾ ਸੜਕ ਉਤੇ ਗਿਆ ਅਤੇ ਵੇਖਿਆ ਇਕ ਛੋਟੀ ਜਿਹੀ ਗਠੜੀ ਰਖੀ ਇੰਨਾ ਮਸ਼ਹੂਰ ਆਰਟਿੰਸਟ ਇਕ ਰੁਖ ਥੱਲੇ ਮਿੱਟੀ ਵਿਚ ਹੀ ਬੈਠਾ ਸੀ ! ਜਿਵੇਂ ਕੋਈ ਪਿੰਡ ਦਾ ਅਤਿ ਓਪਰਾ ਤੇ ਅਤਿ ਸਾਧਾਰਨ ਮਨੁੱਖ ਵੀ ਸ਼ਾਇਦ ਅਜਕਲ ਨਹੀਂ ਬਹਿੰਦਾ । ਮੈਂ ਅਜੇ ਸਤਿ ਸ੍ਰੀ ਅਕਾਲ ਬੁਲਾਈ ਹੀ ਸੀ ਕਿ ਉਨ੍ਹਾਂ ਨੇ ਇਕ ਕਿਤਾਬ ਤੇ ਉਹ ਵੀ ਅੰਗਰੇਜ਼ੀ ਦਾ ਇਕ ਨਾਵਲ ਮੇਰੇ ਹਵਾਲੇ ਕਰਦਿਆਂ ਕਿਹਾ, “ਮੈਨੂੰ ਚੰਡੀਗੜ੍ਹ ਇਹ ਲਭ ਗਈ ਸੀ । ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਨੂੰ ਪੜ੍ਹੋ, ਮੈਂ ਉਚੇਚਾ ਤੁਹਾਡੇ ਲਈ ਲੈ ਕੇ ਆਇਆ ਹਾਂ । ਜੀਅ ਕਰਦਾ ਹੈ, ਇਸ ਦਾ ਅਨੁਵਾਦ ਪੰਜਾਬੀ ਵਿਚ ਹੋਵੇ ।”
ਮੇਰੇ ਲਾਇਬਰੇਰੀ ਦੇ ਸ਼ੌਕ ਦਾ ਤਾਂ ਉਹਨਾਂ ਨੂੰ ਪਤਾ ਹੀ ਸੀ, ਮੈਂ ਜਦ ਕੀਮਤ ਪੇਸ਼ ਕਰਨੀ ਚਾਹੀ ਤਾਂ ਉਨ੍ਹਾਂ ਨੇ ਕਿਹਾ, “ਨਹੀਂ, ਇਹ ਮੇਰੇ ਵਲੋਂ ਤੋਹਫਾ ਹੈ ਤੇ ਇਸ ਦਾ ਮੁੱਲ ਕੇਵਲ ਇਸ ਦਾ ਪੜ੍ਹਨਾ ਹੀ ਹੈ ।” ਇਹ ਕਿਤਾਬ ਮੈਂ ਇਕ ਤੋਂ ਵਧੀਕ ਵਾਰ ਪੜ੍ਹੀ ਹੈ ਤੇ ਇਸ ਦੀ ਲੇਖਕਾ ਇਕ ਮੰਨੀ ਪ੍ਰਮੰਨੀ ਉਪਨਿਆਸਕਾਰ ‘ਮੇਰੀ ਕੁਰੇਲੀ’ ਨਾਂ ਦੀ ਹੈ । ਇਸ ਕਿਤਾਬ ਦਾ ਨਾਂ “ਟ੍ਰੈਯੀਰ ਆਫ਼ ਹੈਵਨ” (Treasure of Heaven) ਹੈ । ਪਹਿਲਾਂ ਤਾਂ ਮੈਂ ਸਮਝਿਆ ਸੀ ਕਿ ਅੰਗਰੇਜ਼ੀ ਦੇ ਨਾਵਲ ‘ਲਸਟ ਫਾਰ ਲਾਈਫ’ (Lust for life) ਵਾਂਗ ਇਸ ਵਿਚ ਵੀ ਕਿਸੇ ਚਿਤਰਕਾਰ ਦੀ ਸ਼ੋਕਮਈ ਦੁਖਾਂਤ ਕਹਾਣੀ ਹੋਵੇਗੀ ਅਤੇ ਇਹ ਅਰਸ਼ੀ ਖਜ਼ਾਨਾ ਚਿਤਰਕਾਰੀ ਹੋਵੇਗਾ । ਪੁਸਤਕ ਪੜ੍ਹ ਕੇ ਪਤਾ ਲਗਾ ਕਿ ਸਭ ਤੋਂ ਉੱਤਮ ਖਜ਼ਾਨਾ ਸੱਚਾ ਤੇ ਸੁੱਚਾ ਪਿਆਰ ਹੈ । ਜਿਸ ਵਿਚ ਨਾ ਕਾਮ ਹੈ ਨਾ ਤ੍ਰਿਸ਼ਨਾ, ਨਾ ਕੋਈ ਗ਼ਰਜ਼ ਅਤੇ ਨਾ ਕੋਈ ਕਬਜ਼ੇ ਦੀ ਭਾਵਨਾ । ਠੀਕ ਹੈ ਮੈਂ ਅਜੇ ਤਕ ਇਸ ਦਾ ਅਨੁਵਾਦ ਨਹੀਂ ਕਰ ਸਕਿਆ, ਪਰ ਇਹ ਵੀ ਸੱਚ ਹੈ ਕਿ ਮੈਂ ਹਰ ਸਾਲ ਦੇ ਪ੍ਰੋਗਰਾਮ ਵਿਚ ਇਸ ਦੇ ਅਨੁਵਾਦ ਕਰਨ ਦਾ ਕੰਮ ਰਖ ਲੈਂਦਾ ਹਾਂ । ਹੋਣਾ ਕਦੋਂ ਹੈ ? ਖੁਦਾ ਜਾਣੇ ।
ਸਾਡੀ ਅਗਲੀ ਮਿਲਣੀ ਤੋਂ ਪਹਿਲਾਂ ਹੀ ਮੈਨੂੰ ਸਰਦਾਰ ਸੋਭਾ ਸਿੰਘ ਜੀ ਲਈ ਅਤਿਅੰਤ ਸ਼ਰਧਾ ਭਾਵਨਾ ਤੇ ਸ਼ਿਸ਼ ਭਾਵਨਾ ਰਖਣ ਵਾਲੀ ਚਿਤਕਾਰ ਬੀਬੀ ਫੁਲਾਂ ਰਾਣੀ ਦੀ ਕਲਾ ਨਾਲ ਤੇ ਉਸ ਦੇ ਪਰਵਾਰ ਨਾਲ ਮਿਲਣ ਦਾ ਸੁਭਾਗ ਵਧੇਰੇ ਹੋ ਗਿਆ। ਸ਼ਿਸ਼ ਭਾਵਨਾ ਤਾਂ ਮੇਰੇ ਲਈ ਕੋਈ ਅਚੰਭਾ ਨਹੀਂ ਸੀ, ਕਿਉਂਕਿ ਉਹ ਤਾਂ ਉਸ ਕੀਬੀ ਵਿਚ ਮੇਰੇ ਲਈ ਵੀ ਹੈ ਸੀ ਅਤੇ ਉਨ੍ਹਾਂ ਦੇ ਪਤੀ ਦੇਵ ਵੀ ਮੇਰੇ ਬਹੁਤ ਸਤਿਕਾਰ ਯੋਗ ਸਜਣਾਂ ਵਿਚੋਂ ਇਕ ਹਨ ਪਰ ਬਹੁਤ ਵਧੇਰੇ ਸ਼ਰਧਾ ਨੇ ਮੈਨੂੰ ਕੁਝ ਵਧੇਰੇ ਹੀ ਆਕਰਸ਼ਤ ਕੀਤਾ । ਮੈਂ ਪ੍ਰਸ਼ਨ ਕਰ ਦਿੱਤਾ, “ਬੀਬਾ ਜੀ, ਰੰਗਾਂ ਦੀ ਇੰਨੀ ਨਫਾਸਤ ਤੇ ਖੂਬਸੂਰਤ ਚੋਣ ਤੁਸੀਂ ਕਿਵੇਂ ਕਰ ਲੈਂਦੇ ਹੋ ?”
ਸੁਭਾਵਕ ਹੀ ਉਤਰ ਮਿਲਿਆ, “ਤੁਸੀਂ ਸਰਦਾਰ ਸੋਭਾ ਸਿੰਘ ਦੀਆਂ ਬਣਾਈਆਂ ਤਸਵੀਰਾਂ ਵੇਖੀਆਂ ਹੋਣਗੀਆਂ । ਇਹ ਉਨ੍ਹਾਂ ਦਾ ਅਸਰ ਤੇ ਸਿਖਿਆ ਹੈ ।” ਮੈਂ ਹੈਰਾਨ ਸਾਂ, ਕਿਉਂਕਿ ਮੈਨੂੰ ਹੁਣ ਤਕ ਸਰਦਾਰ ਸੋਭਾ ਸਿੰਘ ਦੀਆਂ ਕੇਵਲ ਉਹੀ ਤਸਵੀਰਾਂ ਵੇਖਣ ਦਾ ਮੌਕਾ ਮਿਲਿਆ ਸੀ ਜੋ ਛਪ ਚੁਕੀਆਂ ਸਨ, ਜਿਵੇਂ ‘ਸੋਹਣੀ ਮਹੀਂਵਾਲ’ । ਉਨ੍ਹਾਂ ਦੇ ਕ੍ਰਿਤਾਂ ਦਾ ਮੂਲ ਰੂਪ ਆਪਣੇ ਕੋਲ ਵਾਲੀ ਇਕ ਤਸਵੀਰ ਤੋਂ ਬਿਨਾਂ ਮੈਂ ਘੱਟ ਹੀ ਕੋਈ ਦੇਖਿਆ ਸੀ ਅਤੇ ਜੋ ਦੇਖਿਆ ਵੀ ਸੀ ਤਾਂ ਦੋ ਤਿੰਨ ਨੁਮਾਇਸ਼ਾਂ ਵਿਚ । ਵਿਸਮਾਦ ਇਸ ਗੱਲ ਦਾ ਸੀ ਕਿ ਜਿਸ ਦੀ ਸ਼ਿਸ਼ ਜਾਂ ਸ਼ਰਧਾਲੂ ਦੇ ਚਿਤਰਾਂ ਵਿਚ ਏਨੀ ਨਫ਼ਾਸਤ ਤੇ ਬਾਰੀਕੀ ਹੈ, ਉਸ ਦਾ ਆਪਣਾ ਕੀ ਹਾਲ ਹੋਵੇਗਾ । ਇਸ ਘਟਨਾ ਨੇ ਮੇਰੇ ਅੰਦਰ ਇਕ ਤੀਬਰ ਇਛਾ ਸਰਦਾਰ ਸੋਭਾ ਸਿੰਘ ਦੀ ਚਿਤਰ-ਕਲਾ ਦੀ ਗੈਲਰੀ ਵੇਖਣ ਦੀ ਉਤਕੰਠਾ ਪੈਦਾ ਕਰ ਦਿੱਤੀ । ਇਹ ਸੁਭਾਗ ਮੈਨੂੰ ਛੇਤੀ ਹੀ ਪ੍ਰਾਪਤ ਹੋ ਗਿਆ ਜਦੋਂ ਸਨ 1969 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੈਨੂੰ ਇਸ ਗੱਲ ਲਈ ਸੱਦਾ ਦਿੱਤਾ ਕਿ ਮੈਂ ਕੁਝ ਹੋਰ ਵਿਸ਼ੇਸ਼ ਵਿਅਕਤੀਆਂ ਨਾਲ ਜਾ ਕੇ ਸਰਦਾਰ ਸੋਭਾ ਸਿੰਘ ਜੀ ਵਲੋਂ ਬਣਾਈ ਜਾ ਰਹੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨੂੰ ਵੇਖ ਕੇ ਕੋਈ ਸਲਾਹ ਜਾਂ ਸੁਝਾਅ ਦੇ ਸਕਾਂ । ਅਸੀਂ (ਗਿਆਨੀ ਮੁਹਿੰਦਰ ਸਿੰਘ ਸਕੱਤਰ, ਸਰਦਾਰ ਗੁਰਬਖ਼ਸ਼ ਸਿੰਘ ਸਕੱਤਰ ਧਰਮ ਪ੍ਰਚਾਰ, ਪ੍ਰਿੰਸੀਪਲ ਹਰਿਭਜਨ ਸਿੰਘ, ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਗਿਆਨੀ ਭੁਪਿੰਦਰ ਸਿੰਘ ਜੀ, ਸਾਬਕਾ ਹੈਡ ਗ੍ਰੰਥੀ ਆਦਿ ਨਾਲ ਸਨ) ਅੰਦਰੇਟੇ ਉਨ੍ਹਾਂ ਨੂੰ ਜਾ ਮਿਲੇ । ਅੰਦਰੇਟਾ ਕਾਂਗੜੇ ਦੇ ਕੋਲ ਪਾਲਮਪੁਰ ਤੋਂ ਨੇੜੇ ਹੀ ਇਕ ਨੱਗਰ ਛੋਟੀ ਜਿਹੀ ਨਦੀ ਦੇ ਕਿਨਾਰੇ ਤੇ ਹੈ । ਇਥੇ ਬਾਹਰਵਾਰ ਹੀ ਇਕ ਸੁੰਦਰ ਪਰ ਨਿੱਕੀ ਜਿਹੀ ਕੋਠੀ ਆਪਣੇ ਆਪ ਵਿਚ ਇਕ ਵਿਸਮਾਦ ਸੀ । ਉਸ ਦੇ ਆਲੇ ਦੁਆਲੇ ਇਕ ਸੁੰਦਰ ਬਗੀਚਾ ਸੀ ਅਤੇ ਉਸ ਦੇ ਅੰਦਰ ਸਰਦਾਰ ਸੋਭਾ ਸਿੰਘ ਦੀ ਸੁੰਦਰ ਸ਼ਖ਼ਸੀਅਤ ਤੋਂ ਬਿਨਾਂ ਉਸਦੀ ਸੁੰਦਰ ਕਲਾ ਵੀ ਬਹੁਤ ਸਾਰੀ ਸੁਭਾਇਮਾਨ ਸੀ । ਉਥੇ ਹੀ ਉਸ ਵੇਲੇ ਡਾ. ਕਰਮ ਸਿੰਘ ਜੀ ਗਰੇਵਾਲ ਤੇ ਹੋਰ ਵੀ ਕਈ ਪ੍ਰਸਿੱਧ ਹਸਤੀਆਂ ਪਹੁੰਚੀਆਂ ਹੋਈਆਂ ਸਨ । ਸਭ ਨੂੰ ਹੀ ਸਾਦਾ ਜਿਹਾ ਭੋਜਨ, ਚਾਹ ਅਤੇ ਕਾਫੀ, ਸਮੇਂ ਸਿਰ ਮਿਲਦੀ ਰਹੀ । ਇਹ ਸਾਰੀ ਸੇਵਾ ਉਥੋਂ ਦੇ ਹੀ ਇਕ ਸਿੱਖ ਦੰਪਤੀ (ਸਰਦਾਰ ਹਰਬੀਰ ਸਿੰਘ ਭੰਵਰ ਤੇ ਉਨ੍ਹਾਂ ਦੀ ਧਰਮ-ਪਤਨੀ ਬੀਬੀ ਗੁਰਚਰਨ ਕੌਰ) ਕਰ ਰਹੇ ਸਨ ।
ਇਸ ਲਈ ਅਸੀਂ ਜੋ ਛੇਤੀ ਹੀ ਵਾਪਸ ਆਉਣ ਦਾ ਪ੍ਰੋਗਰਾਮ ਬਣਾ ਕੇ ਗਏ ਸਾਂ, ਬਦੋਬਦੀ ਸ਼ਾਮ ਦੇ ਛੇ ਵਜੇ ਤੱਕ ਉਥੇ ਜ਼ਿੰਦਗੀ ਦੀ ਇਕ ਵੱਡੀ ਪ੍ਰਸੰਨਤਾ ਮਾਣਦੇ ਰਹੇ ਅਤੇ ਪ੍ਰਸੰਨਤਾ ਦੇ ਅਤੇ ਪ੍ਰਸ਼ੰਸਾ ਦੇ ਕਈ ਰੰਗ ਦੇਖਦੇ ਰਹੇ । ਪਹਿਲਾ ਰੰਗ ਇਹ ਸੀ ਕਿ ਉਹਨਾਂ ਦਾ ਯਤਨ ਸੀ ਕਿ ਉਥੇ ਹੀ ਹੋਰ ਕੁਝ ਕਲਾਕਾਰ ਆ ਵੱਸਣ ਅਤੇ ਇਸ ਲਈ ਉਨ੍ਹਾਂ ਨੇ ਬਹੁਤ ਸਸਤੇ ਮੂਲ ਤੋਂ ਕੁਝ ਜ਼ਮੀਨ ਵੀ ਉਨ੍ਹਾਂ ਲੋਕਾਂ ਨੂੰ ਦੇਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ । ਓਦੋਂ ਤੱਕ ਏਥੇ ਪੰਜਾਬੀ ਨਾਟਕਕਾਰਾਂ ਨੂੰ ਉਤਸ਼ਾਹ ਦੇਣ ਵਾਲੀ ਸ੍ਰੀਮਤੀ ਨੋਰ੍ਹਾ ਰਿਚਰਡਜ਼ ਅਤੇ ਸਰਦਾਰ ਗੁਰਬਚਨ ਸਿੰਘ ਇੰਜੀਨੀਅਰ ਵੀ ਰਹਿੰਦੇ ਹਨ । ਸਰਦਾਰ ਸੋਭਾ ਸਿੰਘ ਦੀ ਕੋਠੀ ਦੇ ਸਾਹਮਣੇ ਹੀ ਬੀਬੀ ਫੂਲਾਂ ਰਾਣੀ ਆਰਟਿਸਟ ਨੇ ਇਕ ਵੱਡਾ ਸਾਰਾ ਕੋਠਾ ਪਾਇਆ ਹੋਇਆ ਸੀ, ਜੋ ਨੋਰ੍ਹਾ ਰਿਚਰਡਜ਼ ਦੀ ਜ਼ਬਾਨੀ ਪਤਾ ਲਗਾ ਕਿ ਉਸ ਦੀ ਇਕ ਨਵੀਂ ਥਿਊਰੀ ਅਨੁਸਾਰ ਹੈ ਕਿ ਨਿੱਕੇ ਨਿੱਕੇ ਕਮਰਿਆਂ ਦੀ ਥਾਂ ਵੱਡੇ ਸਾਰੇ ਕਮਰੇ ਵਿਚ ਹੀ ਵੱਖ-ਵੱਖ ਕੰਮਾਂ ਲਈ ਹਿੱਸੇ ਨੀਯਤ ਹੋਣੇ ਚਾਹੀਦੇ ਹਨ। ਨਾਲ ਹੀ ਇਹ ਕਿ ਕੋਈ ਜ਼ਰੂਰੀ ਨਹੀਂ ਜੋ ਬਹੁਤ ਕੀਮਤੀ ਸਾਮਾਨ ਲਾ ਕੇ ਮਹਿੰਗੇ ਘਰ ਹੀ ਬਣਾਏ ਜਾਣ, ਸਗੋਂ ਚੰਗੀ ਪੱਧਰ ਉਤੇ ਰਹਿਣ ਵਾਲੇ ਮਕਾਨ ਏਨੇ ਸਾਦੇ ਵੀ ਬਣਾਏ ਜਾ ਸਕਦੇ ਹਨ ਕਿ ਉਹ ਕੇਵਲ ਕੱਚੀਆਂ ਇੱਟਾਂ ਦੇ ਬਣੇ ਹੋਏ ਹੋਣ ।
ਇਸ ਅੱਧੇ ਪਚੱਧੇ ਦਿਨ ਦੀ ਸੰਗਤ ਨਾਲ ਮੈਨੂੰ ਪਤਾ ਲੱਗਾ ਕਿ ਸਰਦਾਰ ਸੋਭਾ ਸਿੰਘ ਆਪਣੀ ਕਲਾ ਲਈ ਸੁਝਾਵਾਂ ਤੇ ਸੰਕੇਤਾਂ ਨੂੰ ਬੜੀ ਖੁਲ੍ਹ-ਦਿਲੀ ਨਾਲ ਤੇ ਧੀਰਜ ਨਾਲ ਸੁਣਦੇ ਤੇ ਮੰਨਦੇ ਹਨ। ਦੂਜੀ ਗੱਲ ਇਹ ਸਮਝ ਆਈ ਕਿ ਕਲਾ ਦੀ ਉਤਮਤਾ ਸੱਚਮੁਚ ਇਸੇ ਵਿਚ ਹੈ ਕਿ ਜਿਥੋਂ ਮਿਹਨਤ ਹਾਰ ਜਾਏ, ਉਥੋਂ ਕਲਾ ਸ਼ੁਰੂ ਹੋਵੇ ।
ਸਰਦਾਰ ਸੋਭਾ ਸਿੰਘ ਨੇ ਆਪ ਹੀ ਦੱਸਿਆ ਕਿ ਕਈ ਤਸਵੀਰਾਂ ਉਤੇ ਉਹ ਕਈ ਕਈ ਮਹੀਨੇ ਲਾ ਦਿੰਦੇ ਹਨ । ਫੇਰ ਵੀ ਉਨ੍ਹਾਂ ਨੂੰ ਇਕ ਵਾਰ ਬਣਾ ਕੇ ਬੱਸ ਨਹੀਂ ਕਰਦੇ, ਸਗੋਂ ਕਈ ਵਾਰ ਉਸ ਦੇ ਰੰਗ ਧੋ ਸੁਟਦੇ ਹਨ ਅਤੇ ਫਿਰ ਉਸ ਵਿਚ ਓਹੀ ਰੰਗ ਭਰਦੇ ਹਨ । ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ 20-25 ਵਾਰ ਕਿਸੇ ਤਸਵੀਰ ਨੂੰ ਧੋ ਦੇਣ ਨਾਲ ਉਸ ਵਿਚ ਇਕ ਅਜੀਬ ਚਮਕ ਤੇ ਮੁਲਾਇਮੀ ਆਉਂਦੀ ਹੈ ਜੋ ਹੋਰ ਕਿਸੇ ਢੰਗ ਨਾਲ ਨਹੀਂ ਆਉਂਦੀ । ਉਨ੍ਹਾਂ ਦੀ ਇਹ ਗੱਲ ਸੁਣ ਕੇ ਸਾਨੂੰ ਲਗਪਗ ਸਾਰਿਆਂ ਨੂੰ ਸਮਝ ਆਈ ਕਿ ਅਸੀਂ ਆਪਣੇ ਕੰਮਾਂ ਵਿਚ ਕਿੰਨੇ ਕਾਹਲੇ ਹਾਂ ਅਤੇ ਇਉਂ ਕਲਾਹੀਨ ਹਾਂ, ਮੇਰਾ ਅੰਦਰਲਾ ਲੇਖਕ ਬੋਲ ਪਿਆ, “ਭਲਿਆ ਲੋਕਾ, ਜੋ ਲਿਖੇਂ, ਉਸ ਨੂੰ ਦੋ-ਤਿੰਨ ਵਾਰ ਮੁੜ ਪੜ੍ਹ ਲਿਆ ਕਰ ਤੇ ਮਾਂਜ ਲਿਆ ਕਰ ਅਤੇ ਫੇਰ ਪਰੂਫ਼ ਪੜ੍ਹਦਿਆਂ ਵੀ ਧਿਆਨ ਰਖਿਆ ਕਰ ਕਿ ਕੋਈ ਹੋਰ ਸੁਧਾਰ ਕੀਤਾ ਜਾ ਸਕਦਾ ਹੈ ਤਾਂ ਕਰ ਲਿਆ ਜਾਏ ।” ਇਹ ਆਪਣਾ ਹੰਕਾਰ ਮਾਰਨ ਵਾਲੀ ਗੱਲ ਹੈ ਜੋ ਹਰ ਕਲਾਕਾਰ ਨੂੰ ਹੁੰਦਾ ਹੈ । ਪਰ ਕਈ ਲੋਕ ਇਸ ਨੂੰ ਸਵੈ-ਵਿਸ਼ਵਾਸ ਦੀ ਘਾਟ ਸਮਝਦੇ ਹਨ, ਮੇਰਾ ਖਿਆਲ ਹੈ ਕਿ ਉਹ ਅਨਜਾਣ ਹਨ । ਉਹ ਕਲਾਕਿਰਤ ਦੀ ਸਾਰ ਨਹੀਂ ਜਾਣਦੇ ।
ਇਸੇ ਮਿਲਣੀ ਵਿਚ ਲੌਢੇ ਵੇਲੇ ਦੀ ਕਾਫੀ ਪੀਂਦਿਆਂ, ਮੈਂ ਇਕ ਪ੍ਰਸ਼ਨ ਕੀਤਾ, “ਸਵਾਮੀ ਜੀ ! (ਕਿਉਂਕਿ ਸਾਰੇ ਪਿੰਡ ਦੇ ਲੋਕ ਉਨ੍ਹਾਂ ਨੂੰ ਤਸਵੀਰਾਂ ਵਾਲਾ ਸਵਾਮੀ ਜੀ ਕਹਿੰਦੇ ਹਨ ਅਤੇ ਆਸ ਪਾਸ ਦੇ ਨਗਰਾਂ ਵਿਚ ਵੀ ਉਨ੍ਹਾਂ ਦਾ ਇਹੋ ਨਾਂ ਪ੍ਰਚੱਲਤ ਹੈ । ਧਰਮਸ਼ਾਲਾ ਤੇ ਡਲਹੌਜ਼ੀ ਦੇ ਪਹਾੜਾਂ ਉਤੇ ਮੈਂ ਲੋਕਾਂ ਨੂੰ ਇਸ ਤਰ੍ਹਾਂ ਹੀ ਗੱਲਾਂ ਕਰਦੇ ਸੁਣਿਆ ਸੀ । ਇਕ ਕਾਰਨ ਹੋਰ ਵੀ ਹੈ ਕਿ ਉਨ੍ਹਾਂ ਨੇ ਆਪਣੇ ਚਿੱਟੇ ਵਾਲ ਸਾਧੂਆਂ ਵਾਂਗ ਜਾਂ ਸੂਫੀਆਂ ਵਾਂਗ ਪਿਛੇ ਸੁਟੇ ਹੋਏ ਹਨ ਅਤੇ ਸੱਚਮੁੱਚ ਹੀ ਸਾਧੂ ਜੀ ਜਾਂ ਸਵਾਮੀ ਜੀ ਜਾਪਦੇ ਹਨ) । ਤੁਸੀਂ ਸ਼ਹਿਰਾਂ ਨੂੰ ਛੱਡ ਕੇ ਇਥੇ ਏਡੀ ਦੂਰ ਕਿਥੇ ਆ ਬੈਠੇ ਹੋ ਅਤੇ ਕੀ ਇਥੇ ਤੁਹਾਡਾ ਰੋਜ਼ੀ ਦਾ ਮਸਲਾ ਹਲ ਹੋ ਜਾਂਦਾ ਹੈ ?”
ਸਵਾਮੀ ਜੀ ਨੇ ਉਤਰ ਦਿੱਤਾ, “ਮੈਂ ਸੋਚਿਆ, ਹਜ਼ਾਰ ਕਮਾ ਕੇ ਹਜ਼ਾਰ ਖਰਚ ਕੇ ਕੰਗਾਲ ਰਹਿਣ ਨਾਲੋਂ ਚੰਗਾ ਹੈ ਦੋ ਚਾਰ ਸੌ ਕਮਾ ਕੇ ਵੀ ਅਮੀਰ ਰਹੀਏ । ਫੇਰ ਇਥੋਂ ਦੀ ਸ਼ਾਂਤੀ, ਇਕਾਂਤ ਅਤੇ ਰੌਲੇ ਤੋਂ ਮੁਕਤੀ ਦਿੱਲੀ ਜਾਂ ਹੋਰ ਕਿਸੇ ਸ਼ਹਿਰ ਵਿਚ ਮੈਨੂੰ ਕਿਥੇ ਨਸੀਬ ਸੀ ? ਰਹੀ ਗੱਲ ਕੰਮ ਦੀ। ਅਹਿ ਵੇਖੋ ਨਾ ਕਸ਼ਮੀਰ ਦੇ ਰਾਜੇ ਦੀ ਮੈਂ ਤਸਵੀਰ ਬਣਾਈ ਹੈ । ਉਹ ਤੇ ਉਸ ਦੀ ਰਾਣੀ ਦੋਵੇਂ ਹੀ ਏਥੇ ਮੇਰੇ ਸਾਹਮਣੇ ਬੈਠ ਕੇ ਤਸਵੀਰ ਬਣਵਾਉਂਦੇ ਰਹੇ ਹਨ । ਤੇ ਇਕ ਪ੍ਰਸਿੱਧ ਫਿਲਮ ਐਕਟਰ ਡਾਇਰੈਕਟਰ ਕਲ੍ਹ ਹੀ ਗਏ ਹਨ। ਬਾਹਰ ਬਰਾਂਡੇ ਵਿਚ ਉਨ੍ਹਾਂ ਦਾ ਜੋ ਬੁਤ ਪਿਆ ਹੈ ਇਹ ਉਨ੍ਹਾਂ ਨੇ ਸਾਹਮਣੇ ਬਹਿ ਕੇ ਹੀ ਬਣਵਾਇਆ ਹੈ ਨਾ, ਭਾਵੇਂ ਅਜੇ ਇਹ ਪੂਰਾ ਨਹੀਂ ਹੋਇਆ । ਇਹ ਪਲਾਸਟਰ ਆਫ ਪੈਰਿਸ
(ਚਾਕ) ਦਾ ਹੈ ।” ਹੁਣ ਤਾਂ ਇਨ੍ਹਾਂ ਦੀਆਂ ਬਣਾਈਆਂ ਹੋਰ ਗੁਰੂ ਸਾਹਿਬਾਂ ਦੀਆਂ ਤਸਵੀਰਾਂ ਤੇ ਹੋਰ ਅਨੇਕਾਂ ਧਾਰਮਕ ਤੇ ਇਤਿਹਾਸਕ ਚਿਤਰ ਛਪੇ ਹੋਏ ਮਿਲਦੇ ਹਨ ਅਤੇ ਸੋਹਣੀ ਮਹੀਂਵਾਲ ਦੇ ਚਿਤਰ ਦਾ ਜੋ ਸਤਿਕਾਰ ਤੇ ਲੋਕ-ਪ੍ਰਿਯਤਾ ਹੈ ਉਸ ਦੀ ਮਿਸਾਲ ਪੰਜਾਬ ਦੇ ਕਿਸੇ ਕਲਾਕਾਰ ਦੀ ਹੋਰ ਮੇਰੀ ਨਜ਼ਰ ਵਿਚ ਨਹੀਂ । ਠੀਕ ਹੈ ਅੱਜ ਉਹ ਚੰਡੀਗੜ੍ਹ ਵਿਚ ਆਪਣੀ ਇਕ ਗੈਲਰੀ ਸੁਭਾਇਮਾਨ ਕਰ ਰਹੇ ਹਨ ਜਿਸ ਨਾਲ ਪੰਜਾਬ ਦੀ ਕਲਚਰ ਜਾਂ ਸਭਿਆਚਾਰ ਵਿਚ ਇਕ ਅਮਿਟ ਯਾਦ ਤੇ ਖਜ਼ਾਨਾ ਸਦਾ ਲਈ ਰਹਿ ਜਾਏਗਾ । ਪ੍ਰਮਾਤਮਾ ਕਰੇ, ਕਿ ਉਨ੍ਹਾਂ ਦਾ ਜੀਵਨ ਅਰੋਗ ਤੇ ਲੰਬਾ ਹੋਵੇ ਤਾਂ ਜੋ ਉਹ ਪੰਜਾਬ ਦੇ ਇਸ ਬਹੁਤ ਛੋਟੇ ਖਜ਼ਾਨੇ ਵਿਚ ਬਹੁਤ ਵੱਡਾ ਵਾਧਾ ਕਰਦੇ ਰਹਿਣ ।

ਜਿਸ ਪਿਆਰੇ ਸਿਓ ਨਿਹੁੰ ਪਿਆਰਾ ਸਿੰਘ ਦਾਤਾ

ਮਹਾਨ ਕਲਾਕਾਰ ਸੋਭਾ ਸਿੰਘ ਦੇ ਅਕਾਲ ਚਲਾਣੇ ਨਾਲ ਉਨ੍ਹਾਂ ਦੇ ਲੱਖਾਂ ਪ੍ਰਸੰਸਕਾ ਵਾਂਗ ਮੇਰੇ ਹਿਰਦੇ ਤੇ ਵੀ ਤਕੜੀ ਸੱਟ ਵੱਜੀ ਹੈ । ਉਹ ਕਲਾਕਾਰ ਦੇ ਨਾਲ ਇਕ ਮਹਾਨ ਮਨੁੱਖ, ਬੁਧੀਜੀਵੀ ਤੇ ਮਹਿਮਾਨ ਨਿਵਾਜ਼ ਇਨਸਾਨ ਵੀ ਸੀ । ਉਸ ਦਾ ਜਨਮ ਸ੍ਰੀ ਹਰਗੋਬਿੰਦਪੁਰ (ਜ਼ਿਲ੍ਹਾ ਗੁਰਦਾਸਪੁਰ) ਵਿਖੇ ਸਰਦਾਰ ਦੇਵਾ ਸਿੰਘ ਤੇ ਮਾਤਾ ਇਛਰਾਂ ਦੇਵੀ ਦੇ ਘਰ 29 ਨਵੰਬਰ, ਸੰਨ 1901 ਨੂੰ ਹੋਇਆ। ਉਸ ਦੇ ਪਿਤਾ ਜੀ ਇਕ ਚਿਤਰਕਾਰ ਸਨ ਪਰ ਉਨ੍ਹਾਂ ਨੂੰ ਚਿਤਰਕਾਰੀ ਨਾਲ ਤਾਂ ਕੋਈ ਲਗਾਉ ਨਹੀਂ ਸੀ; ਭਾਵੇਂ ਉਨ੍ਹਾਂ ਨੂੰ ਪੁਰਾਣੀਆਂ ਮੂਰਤਾਂ ਇਕੱਠੀਆਂ ਕਰ ਕੇ ਘਰ ਸਜਾਉਣ ਦਾ ਬਹੁਤ ਸ਼ੌਕ ਸੀ । ਉਸ ਸਮੇਂ ਪਿੰਡ ਦੇ ਵੱਡੇ ਵੱਡੇ ਘਰਾਂ ਦੇ ਬੂਹਿਆਂ ਬਾਰੀਆਂ ਉੱਤੇ ਪੁਰਾਣੀ ਤਰ੍ਹਾਂ ਦੀ ਮੀਨਾਕਾਰੀ ਦਾ ਬੜਾ ਰਿਵਾਜ ਸੀ । ਸੋ ਬਚਪਨ ਵਿਚ ਆਪਣੇ ਘਰ ਵਿਚ ਮੂਰਤਾਂ ਤੇ ਬੂਹਿਆਂ ਬਾਰੀਆਂ ਤੇ ਚਿਤਰਕਾਰੀ ਵੇਖ ਕੇ ਸੋਭਾ ਸਿੰਘ ਨੂੰ ਇਸ ਕਿੱਤੇ ਦਾ ਸ਼ੌਕ ਉਤਪੰਨ ਹੋ ਗਿਆ, ਜੋ ਅੱਗੇ ਜਾ ਕੇ ਕਮਾਲ ਦੀ ਟੀਸੀ ਤੇ ਜਾ ਪਹੁੰਚਿਆ ।
ਬਾਲਕ ਸੋਭਾ ਸਿੰਘ ਆਮ ਬਾਲਾਂ ਵਾਂਗ ਬਹੁਤ ਫੁਰਤੀਲਾ ਤੇ ਸ਼ਰਾਰਤੀ ਸੀ । ਇਕ ਦਿਨ ਖੇਡਦਿਆਂ ਉਸ ਦਾ ਚੂਲਾ ਨਿਕਲ ਗਿਆ, ਜਿਸ ਤੇ ਪਿੰਡ ਦੇ ਪਹਿਲਵਾਨ ਨੇ ਮਾਲਸ਼ ਕਰਕੇ ਪੱਟੀਆਂ ਬੰਨ੍ਹ ਦਿੱਤੀਆਂ । ਵੀਹਵੀਂ ਸਦੀ ਦੇ ਆਰੰਭ ਵਿਚ ਅੱਜ ਕਲ੍ਹ ਵਰਗੀਆਂ ਸਹੂਲਤਾਂ ਕਿੱਥੇ ? ਸੋ ਉਸ ਦੀ ਇਕ ਲੱਤ ਵਿਚ ਮਾੜਾ ਜਿਹਾ ਲੰਙਾ ਪੈਦਾ ਹੋਇਆ ਜੋ ਅੰਤ ਤੀਕ ਉਸ ਨਾਲ ਹੀ ਨਿਭਿਆ । ਸੋਭਾ ਸਿੰਘ ਜਮਾਂਦਰੂ ਕਲਾਕਾਰ ਸੀ, ਇਸ ਲਈ ਲੰਙਾ ਕਾਰਨ ਕਦੇ ਵੀ ਉਸ ਦੇ ਮਨ ਵਿਚ ਘਟੀਆਪਨ ਦਾ ਅਹਿਸਾਸ ਨਹੀਂ ਸੀ ਪੈਦਾ ਹੋਇਆ । ਇਸ ਨੂੰ ਉਹ ਕੁਦਰਤ ਦੀ ਦੇਣ ਹੀ ਸਮਝਦਾ ਰਿਹਾ ।
ਸ੍ਰੀ ਹਰਗੋਬਿੰਦਪੁਰ ਵਿਚ ਸਿਰਫ਼ ਪ੍ਰਾਇਮਰੀ ਤੀਕ ਸਕੂਲ ਸੀ । ਸਕੂਲ ਦੀ ਪੜ੍ਹਾਈ ਮਗਰੋਂ ਸੋਭਾ ਸਿੰਘ ਅੰਮ੍ਰਿਤਸਰ ਚਲਾ ਗਿਆ। ਉਥੇ ਉਸ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਬਾਕੀ ਦੇ ਸਿੱਖ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕੀਤੇ । ਉਨ੍ਹਾਂ ਅਸਥਾਨਾਂ ਦੀਆਂ ਛੱਤਾਂ ਅਤੇ ਕੰਧਾਂ ਤੇ ਕੀਤੀ ਹੋਈ ਮੀਨਾਕਾਰੀ ਵੇਖ ਕੇ ਉਸ ਦਾ ਮਨ ਮੋਹਿਆ ਗਿਆ । ਜਦੋਂ ਲੋਕੀਂ ਇਨ੍ਹਾਂ ਅਸਥਾਨਾਂ ਦੇ ਦਰਸ਼ਨ ਕਰਕੇ ਚਲੇ ਜਾਂਦੇ, ਤਾਂ ਉਹ ਬੜੇ ਧਿਆਨ ਨਾਲ ਭਾਰਤ ਦੀ ਇਸ ਪੁਰਾਤਨ ਕਲਾ ਨੂੰ ਅੱਖਾਂ ਵਿਚ ਸਮੇਂਦਾ ਰਹਿੰਦਾ । ਬਚਪਨ ਵਿਚ ਹੀ ਸੋਭਾ ਸਿੰਘ ਨੇ ਇਹ ਫੈਸਲਾ ਕਰ ਲਿਆ ਕਿ ਉਹ ਚਿਤਰਕਾਰੀ ਦਾ ਕਿੱਤਾ ਅਪਣਾਏਗਾ । ਸਲੇਟ, ਤਖਤੀ ਅਤੇ ਕਾਪੀ ਤੇ ਲਕੀਰਾਂ ਵਾਹੁਣੀਆਂ ਤੇ ਛੋਟੀਆਂ ਮੋਟੀਆਂ ਚੀਜ਼ਾਂ ਜਿਵੇਂ ਬੱਕਰੀ, ਬਿੱਲੀ, ਕੁੱਤਾ, ਗਾਂ ਤੇ ਬਲਦਾਂ ਦੀਆਂ ਸ਼ਕਲਾਂ ਵਾਹੁਣ ਦਾ ਉਸ ਨੂੰ ਬਚਪਨ ਤੋਂ ਹੀ ਸ਼ੌਕ ਸੀ । 19 ਸਾਲ ਦੀ ਉਮਰ ਵਿਚ ਉਸ ਨੂੰ ਡਰਾਫਟਸਮੈਨ ਚੁਣ ਲਿਆ ਗਿਆ ਤੇ ਫ਼ੌਜ ਦੀ ਇਕ ਟੁਕੜੀ ਨਾਲ ਇਰਾਕ ਜਾ ਪਹੁੰਚਿਆ । ਇਸ ਫੌਜੀ ਨੌਕਰੀ ਸਮੇਂ ਆਪਣੇ ਕਿੱਤੇ ਦੇ ਨਾਲ ਨਾਲ ਉਸ ਨੇ ਦੁਨੀਆਂ ਦੇ ਮਹਾਨ ਕਲਾਕਾਰਾਂ ਦੇ ਜੀਵਨ ਤੇ ਉਨ੍ਹਾਂ ਦੀਆਂ ਕਲਾਕ੍ਰਿਤਾਂ ਦਾ ਚੰਗੀ ਤਰ੍ਹਾਂ ਅਧਿਅਨ ਕੀਤਾ ।
ਕੁਝ ਸਾਲਾਂ ਦੀ ਨੌਕਰੀ ਕਰ ਕੇ ਉਹ ਅੰਮ੍ਰਿਤਸਰ ਵਾਪਸ ਪਰਤ ਆਇਆ । ਇਥੇ ਹੀ ਉਸ ਦੀ ਮੁਲਾਕਾਤ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਨਾਲ ਹੋਈ, ਜੋ ਉਸ ਸਮੇਂ ਕੁਝ ਮਹੀਨੇ ਜੇਲ੍ਹ ਵਿਚ ਰਹਿ ਕੇ ਮੁਨਸ਼ੀ ਪ੍ਰੇਮ ਚੰਦ ਦੇ ਹਿੰਦੀ ਨਾਵਲ ਪੜ੍ਹਨ ਮਗਰੋਂ ਪੰਜਾਬੀ ਨਾਵਲਕਾਰ ਬਣਨ ਦੇ ਸੁਪਨੇ ਲੈ ਰਿਹਾ ਸੀ । ਇਨ੍ਹਾਂ ਦਾ ਤੀਜਾ ਸਾਥੀ ਪੰਡਿਤ ਮੰਗਤ ਰਾਮ ਸੀ । ਉਸ ਨੂੰ ਸੰਗੀਤ ਦਾ ਬੜਾ ਸ਼ੌਕ ਸੀ । ਇਨ੍ਹਾਂ ਤਿੰਨਾਂ ਸਾਥੀਆਂ ਨੂੰ ਘਰੋਗੀ ਜੀਵਨ ਨਾਲ ਕੋਈ ਦਿਲਚਸਪੀ ਨਹੀਂ ਸੀ । ਉਹ ਪਹਾੜਾਂ ਦੀਆਂ ਸੈਰਾਂ ਕਰਦੇ, ਕੁਦਰਤੀ ਦ੍ਰਿਸ਼ਾਂ ਦਾ ਆਨੰਦ ਮਾਣਦੇ, ਪਹਾੜੀ ਨਦੀਆਂ ਨਾਲਿਆਂ ਦੀ ਸੰਗੀਤਕ ਆਵਾਜ਼ ਸੁਣਦੇ ਅਤੇ ਜੰਗਲੀ ਪੰਛੀਆਂ ਦੇ ਮਧੁਰ ਤੇ ਦਿਲ-ਚੀਰਵੇਂ ਗਾਇਨ ਸੁਣ ਸੁਣ ਮੁਗਧ ਹੋ ਜਾਂਦੇ । ਇਹ ਤਿੰਨੇ ਸਾਥੀ ਬਿਨਾਂ ਘਰਦਿਆਂ ਨੂੰ ਇਤਲਾਹ ਦਿੱਤਿਆਂ ਘਰੋਂ ਨਿਕਲ ਤੁਰਦੇ । ਅੰਮ੍ਰਿਤਸਰ ਸਟੇਸ਼ਨ ਤੋਂ ਜਿਧਰ ਨੂੰ ਜਾਣ ਵਾਲੀ ਗੱਡੀ ਸਭ ਤੋਂ ਪਹਿਲਾਂ ਮਿਲਦੀ ਉਸ ਵਿਚ ਸਵਾਰ ਹੋ ਜਾਂਦੇ । ਉਹ ਡੱਬੇ ਵਿਚ ਚੜ੍ਹਨ ਵਾਲੇ ਰਾਹ ਵਿਚ ਬੈਠ ਜਾਂਦੇ । ਆਪਣੇ ਗੋਡਿਆਂ ਨੂੰ ਢੋਲਕੀ ਵਾਂਗ ਕੁਟਦੇ ਤੇ ਫੱਕਰਾਂ ਵਾਂਗ ਗੀਤ ਗਾਉਂਦੇ ਤੇ ਲੋਕਾਈ ਨੂੰ ਹਸਾਉਂਦੇ ਖਿਡਾਉਂਦੇ ਆਪਣਾ ਅਣਮਿਥਿਆ ਸਫਰ ਜਾਰੀ ਰਖਦੇ ।
ਇਨ੍ਹਾਂ ਜੰਗਲਾਂ ਪਹਾੜਾਂ ਦੀਆਂ ਯਾਤਰਾਵਾਂ ਮਗਰੋਂ ਵਾਪਸ ਅੰਮ੍ਰਿਤਸਰ ਪਹੁੰਚ ਕੇ ਸੋਭਾ ਸਿੰਘ ‘ਰੋਟੀ ਕਪੜਾ ਤੇ ਮਕਾਨ’ ਦੇ ਝੰਜਟ ਖਾਤਰ ਕਦੀ ਕਦੀ ਈਜ਼ਲ ਅੱਗੇ ਬੈਠ ਜਾਂਦਾ, ਜੋ ਛੋਟਾ ਮੋਟਾ ਕੰਮ ਮਿਲਦਾ ਕਰਦਾ ਰਹਿੰਦਾ । ਉਨ੍ਹੀਂ ਦਿਨੀਂ ਉਸ ਨੂੰ ਡਾਕਖਾਨੇ ਦੇ ਪੋਸਟਰ ਬਣਾਉਣ ਦਾ ਕੰਮ ਮਿਲ ਗਿਆ । ਮੈਂ ਆਪਣੇ ਬਚਪਨ ਵਿਚ ਉਸ ਦਾ ਡਾਕਖਾਨੇ ਲਈ ਬਣਾਇਆ ਇਕ ਪੋਸਟਰ ਵੇਖਿਆ, ਮੈਨੂੰ ਉਹ ਬੜਾ ਪਿਆਰਾ ਲਗਾ । ਫੇਰ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਵਧੀਆ ਚਿਤਰ ਵੇਖਿਆ। ਦੇਖ ਕੇ ਚਿਤਰਕਾਰ ਦੀਆਂ ਪਿਆਰੀਆਂ ਉਂਗਲਾਂ ਚੁੰਮ ਲੈਣ ਨੂੰ ਜੀਅ ਕੀਤਾ । ਇਧਰੋਂ ਉਧਰੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਉਹ ਚਿਤਰ ਸੋਭਾ ਸਿੰਘ ਜੀ ਦੀ ਹਸਤ ਕਲਾ ਦਾ ਬਿਹਤਰੀਨ ਸ਼ਾਹਕਾਰ ਸੀ । ਮੈਂ ਉਸ ਨੂੰ ਚਿੱਠੀ ਲਿਖੀ “ਪਿਆਰਿਓ, ਅਜਿਹੀਆਂ ਪਿਆਰੀਆਂ ਮੂਰਤਾਂ ਬਣਾਉਣ ਵਾਲਿਓ ! ਜੀਅ ਕਰਦਾ ਹੈ ਕਿ ਪੜ੍ਹਾਈ ਸੰਪੂਰਨ ਕਰ ਕੇ ਤੁਹਾਡੇ ਪਾਸ ਆ ਜਾਵਾਂ ਤੇ ਬਾਕੀ ਦਾ ਜੀਵਨ ਤੁਹਾਡੇ ਮੁਰਤੱਵ ਵਿਚ ਬੈਠ ਕੇ ਤਸਵੀਰਾਂ ਬਣਾਉਣੀਆਂ ਸਿਖਾਂ । ਤੁਹਾਡੀ ਬਣੀ ਤਸਵੀਰ ਵੇਖ ਕੇ ਸੱਚ ਮੁੱਚ ਜੀਅ ਕਰਦਾ ਏ ਕਿ ਤੁਹਾਡੇ ਹੱਥ ਚੁੰਮ ਲਵਾਂ ।” ਤੇ ਹੋਰ ਪਤਾ ਨਹੀਂ ਇਸ ਮਨ ਵਿਚ ਕੀ ਕੁਝ ਆਇਆ, ਜੋ ਉਸ ਚਿੱਠੀ ਵਿਚ ਲਿਖ ਦਿੱਤਾ ।
ਕੁਝ ਦਿਨਾਂ ਮਗਰੋਂ ਹੀ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਸੋਭਾ ਸਿੰਘ ਦਾ ਇਕ ਬਹੁਤ ਪਿਆਰਾ ਪੱਤਰ ਆਇਆ ਜਿਸ ਵਿਚ ਉਸ ਨੇ ਲਿਖਿਆ ਸੀ, “ਜੇ ਇਹ ਸ਼ੌਕ ਏਨਾ ਪਰਬਲ ਹੈ ਤਾਂ ਜਦੋਂ ਜੀਅ ਕਰੇ, ਆ ਜਾਵੋ, ਇਸ ਘਰ ਦੇ ਦਰ ਤੁਹਾਡੇ ਲਈ ਸਦਾ ਖੁਲ੍ਹੇ ਹਨ ।” ਇਹ ਪੱਤਰ 1947 ਦੇ ਦੰਗੇ ਫਸਾਦਾਂ ਤੱਕ ਮੈਂ ਸੰਭਾਲ ਕੇ ਰੱਖਿਆ ਤੇ ਉਦੋਂ ਉਹ ਅਸਤ ਵਿਅਸਤ ਹੋਇਆ ਜਦੋਂ ਸੋਭਾ ਸਿੰਘ ਦੀ ਸਾਰੀ ਉਮਰ ਦੀ ਕਿਰਤ ਕਮਾਈ ਕਈ ਦਰਜਨ ਬਹੁਤ ਖੂਬਸੂਰਤ ਚਿਤਰ ਸਾਡੇ ਮਕਾਨ ਵਿਚ ਹੀ ਲਾਹੌਰ ਰਹਿ ਗਏ ਤੇ ਜਿਨ੍ਹਾਂ ਦੀ ਕੋਈ ਵੀ ਸੁਹ ਅੱਜ ਤੱਕ ਨਹੀਂ ਲੱਗੀ ।
ਮੇਰੀ ਪਹਿਲੀ ਮੁਲਾਕਾਤ ਸੋਭਾ ਸਿੰਘ ਨਾਲ ਪ੍ਰੀਤ ਨਗਰ ਵਿਖੇ ਸੰਨ 1942 ਵਿਚ ਹੋਈ । ਉਥੇ ਕੁਝ ਚਿਰ ਰਹਿਣ ਮਗਰੋਂ ਸੋਭਾ ਸਿੰਘ ਆਮ ਕ੍ਰਿਤੀ ਕਾਮਿਆਂ ਵਿਚ ਬੜਾ ਹਰਦਿਲ ਅਜ਼ੀਜ਼ ਸਮਝਿਆ ਜਾਣ ਲਗ ਪਿਆ । ਉਸ ਦੇ ਹਸੌਣੇ ਟੋਟਕਿਆਂ, ਲਤੀਫ਼ਿਆਂ ਤੇ ਨਕਲਾਂ ਨੂੰ ਹਰ ਕੋਈ ਪਸੰਦ ਕਰਦਾ, ਪਰ ਸਰਦਾਰ ਗੁਰਬਖਸ਼ ਸਿੰਘ, ਨਾਨਕ ਸਿੰਘ ਤੇ ਕੁਝ ਸੈਨਕਾਂ ਨਾਲ ਉਸ ਦੀ ਬਣ ਨਾ ਸਕੀ । ਨਾਨਕ ਸਿੰਘ ਨਾਲ ਉਸ ਦੀ ਸਾਰੀ ਉਮਰ ਦੀ ਯਾਰੀ ਪ੍ਰੀਤ ਨਗਰ ਪਹੁੰਚ ਕੇ ਖੇਰੂੰ-ਖੇਰੂੰ ਹੋ ਗਈ । ਉਸ ਦਾ ਮਨ ਉਦਾਸ ਹੋ ਗਿਆ, ਤੇ ਉਹ ਆਪਣੀ ਪਤਨੀ ਸਮੇਤ ਲਾਹੌਰ ਆ ਗਿਆ। ਮੈਂ ਵੀ ਉਨ੍ਹੀਂ ਦਿਨੀਂ ਲਾਹੌਰ ਹੀ ਸੀ । ਉਸ ਦੇ ਘਰ ਬਾਲ ਬੱਚਾ ਨਹੀਂ ਸੀ । ਉਹ ਲਾਹੌਰ ਵਿਚ ਕਈ ਸਾਲ ਰਿਹਾ। ਲਾਹੌਰ ਦੇ ਦੋ ਵੱਡੇ ਕਲਾਕਾਰਾਂ ਅਬਦੁਲ ਰਹਿਮਾਨ ਚੁਗ਼ਤਾਈ ਤੇ ਅੱਲਾ ਬਖਸ਼ ਨਾਲ ਉਸ ਦੇ ਦੋਸਤਾਨਾ ਸੰਬੰਧ ਸਨ । ਲਾਹੌਰ ਵਿਚ ਉਹ ਬੜਾ ਸੋਹਣਾ ਜੀਵਨ ਗੁਜ਼ਾਰ ਰਿਹਾ ਸੀ । ਉਸ ਨੇ ਨਾਮਣਾ ਵੀ ਬੜਾ ਖੱਟਿਆ, ਪਰ ਸ਼ਹਿਰੀ ਜੀਵਨ ਤੋਂ ਉਸ ਦਾ ਮਨ ਉਚਾਟ ਹੀ ਰਹਿੰਦਾ ਸੀ । ਉਹ ਫੁੱਲਾਂ ਨਾਲ ਘਿਰੀ ਕਿਸੇ ਅਤਿ ਸੁੰਦਰ ਵਾਦੀ ਵਿਚ ਜੀਵਨ ਬਿਤਾਉਣਾ ਚਾਹੁੰਦਾ ਸੀ । ਇਸੇ ਕਾਰਨ ਉਹ 1944 ਦੇ ਆਰੰਭ ਵਿਚ ਅੰਦਰੇਟੇ ਵੀ ਚੱਕਰ ਲਾ ਆਇਆ । ਇਹ ਥਾਂ ਉਸ ਨੂੰ ਬੜੀ ਪਸੰਦ ਆਈ । ਉਥੋਂ ਵਾਪਸ ਪਰਤ ਕੇ ਉਸ ਨੇ ਆਪਣਾ ਪ੍ਰੋਗਰਾਮ ਦੱਸਿਆ । ਉਦੋਂ ਉਹ ਸਾਡੇ ਨਿਸਬਤ ਰੋਡ ਵਾਲੇ ਮਕਾਨ ਦੇ ਹੇਠਲੇ ਕਮਰੇ ਵਿਚ ਕੰਮ ਕਰਦਾ ਸੀ । ਉਥੇ ਉਸ ਨੇ ਆਪਣੀਆਂ ਸਾਰੀਆਂ ਤਸਵੀਰਾਂ ਟਿਕਾ ਦਿੱਤੀਆਂ । ਉਨ੍ਹੀਂ ਦਿਨੀਂ ਹਰੀ ਪੁਰ ਹਜ਼ਾਰਾ ਅਤੇ ਰਾਵਲ ਪਿੰਡੀ ਵਿਚ ਹਿੰਦੂ ਸਿੱਖਾਂ ਤੇ ਹਮਲੇ ਹੋ ਰਹੇ ਸਨ । ਲੋਕੀਂ ਹਜ਼ਾਰਾਂ ਦੀ ਗਿਣਤੀ ਵਿਚ ਮਾਰੇ ਗਏ ਸਨ ਤੇ ਬਹੁਤ ਸਾਰੇ ਆਪਣੇ ਘਰ ਘਾਟ ਛੱਡ ਕੇ ਸੁਰੱਖਿਅਤ ਥਾਵਾਂ ਵਲ ਚਲੇ ਗਏ ਸਨ । ਹੁਣ ਲਾਹੌਰ ਵਿਚ ਵੀ ਹਾਲਾਤ ਖਰਾਬ ਹੋਈ ਜਾ ਰਹੇ ਸਨ । ਸੋ ਸੋਭਾ ਸਿੰਘ ਤੇ ਭੈਣ ਜਸਵੰਤ ਕੌਰ ਗਿਲ ਅੰਦਰੇਟੇ ਚਲੇ ਗਏ । ਕੁਝ ਦਿਨਾਂ ਮਗਰੋਂ ਮੈਨੂੰ ਵੀ ਉਨ੍ਹਾਂ ਨੇ ਆਪਣੇ ਪਾਸ ਬੁਲਾ ਲਿਆ । ਉਸ ਪਿੰਡ ਦੇ ਇਕ ਪੰਡਤ ਤੋਂ ਇਕ ਕਮਰਾ ਕਿਰਾਏ ਤੇ ਲੈ ਕੇ ਉਹ ਰਹਿ ਰਹੇ ਸਨ । ਬੜਾ ਸੁੰਦਰ ਆਲਾ ਦੁਆਲਾ ਸੀ । ਨੇੜੇ ਹੀ ਇਕ ਨਦੀ ਵਹਿੰਦੀ ਸੀ । ਚਾਰੇ ਪਾਸੇ ਹਰਿਆਵਲ ਤੇ ਜੰਗਲੀ ਫੁੱਲਾਂ ਨਾਲ ਭਰਪੂਰ ਵਾਦੀ ਬੜੀ ਪਿਆਰੀ ਲਗ ਰਹੀ ਸੀ । ਕੁਝ ਦਿਨ ਅਸੀਂ ਦੂਰ ਨੇੜੇ ਘੁੰਮਦੇ ਰਹੇ । ਪਿੰਡ ਵਾਲੇ ਬੜੇ ਖੁਸ਼ ਸਨ ਕਿ ਉਨ੍ਹਾਂ ਦੇ ਨਗਰ ਵਿਚ ਇਕ ਮੂਰਤੀਕਾਰ ਆ ਵਸਿਆ ਹੈ ।
ਇਕ ਦਿਨ ਸੋਭਾ ਸਿੰਘ, ਮੈਨੂੰ ਅੰਦਰੇਟੇ ਤੋਂ ਇਕ ਕਿਲੋਮੀਟਰ ਦੇ ਫਾਸਲੇ ਤੇ ਗੋਜਰ ਨਾਂ ਦੇ ਪਿੰਡ ਲੈ ਗਿਆ । ਉਥੇ ਅਸੀਂ ਇਕ ਪਹਾੜੀ ਦੇ ਦਾਮਨ ਵਿਚ ਇਕ ਪੁਰਾਤਨ ਬਾਉਲੀ ਵੇਖੀ । ਪਿੰਡ ਦੀਆਂ ਕੁੜੀਆਂ ਤੇ ਗਭਰੂ ਉਥੋਂ ਪੀਣ ਲਈ ਪਾਣੀ ਲਿਜਾ ਰਹੇ ਸਨ । ਸੋਭਾ ਸਿੰਘ ਨੇ ਦਸਿਆ, “ਦਾਤਾ ਜੀ ! ਇਹ ਉਹੀ ਥਾਂ ਹੈ, ਜਿਸ ਬਾਰੇ ਰਵਾਇਤ ਹੈ ਕਿ ਚਿੱਟੀਆਂ ਦੁੱਧ ਚਾਨਣੀਆਂ ਰਾਤਾਂ ਵਿਚ ਪਿੰਡ ਦੀਆਂ ਨਵ-ਜੋਬਨਾਂ ਤੇ ਗਭਰੂ ਇਥੇ ਪਿਆਰ ਦੀ ਕਸਮ ਖਾਇਆ ਕਰਦੇ ਸਨ । ਕਿਹਾ ਜਾਂਦੈ ਕਿ ਜਦੋਂ ਦੋਵੇਂ ਪ੍ਰੇਮੀ, ਦੇਵਤਿਆਂ ਦੇ ਨਾਂ ਤੇ ਬਾਉਲੀ ਦੇ ਕੰਢੇ ਸਾਰਾ ਜੀਵਨ ਇਕੱਠਿਆਂ ਬਿਤਾਣ ਲਈ ਮਨ ਵਿਚ ਪੱਕੀ ਧਾਰ ਲੈਂਦੇ ਤਾਂ ਦੁਨੀਆਂ ਦੀ ਕੋਈ ਸ਼ਕਤੀ ਉਨ੍ਹਾਂ ਦੇ ਪਿਆਰ ਵਿਚ ਵਿਘਨ ਨਾ ਪਾ ਸਕਦੀ ।”
ਇਸ ਪਿਆਰ ਵਾਦੀ ਨੂੰ ਵੇਖ ਕੇ ਅਸਾਂ ਅਸਫਲ ਪ੍ਰੇਮੀਆਂ ਦੇ ਸਿਰ ਝੁਕ ਗਏ । ਸਾਹਮਣੇ ਧੌਲਾਧਾਰ ਦੀਆਂ ਆਕਾਸ਼ ਛੁੰਹਦੀਆਂ ਪਹਾੜੀਆਂ ਨਜ਼ਰ ਆ ਰਹੀਆਂ ਸਨ । ਉਨ੍ਹਾਂ ਪਿੱਛੇ ਗੱਦੀ ਲੋਕਾਂ ਦੀ ਦੁਨੀਆਂ ਵਸਦੀ ਹੈ, ਜੋ ਬਰਫ਼ਾਂ ਪੈਣ ਸਮੇਂ ਅਤਿ ਦੀਆਂ ਕਠਨਾਈਆਂ ਸਹਿੰਦੇ, ਸੈਂਕੜੇ ਭੇਡਾਂ ਦੇ ਇੱਜੜ ਲੈ ਕੇ ਮੈਦਾਨਾਂ ਵਲ ਤੁਰ ਪੈਂਦੇ ਹਨ । ਸ਼ੇਰਾਂ ਵਰਗੇ ਕੁੱਤੇ ਉਨ੍ਹਾਂ ਦੇ ਇੱਜੜਾਂ ਦੀ ਰਖਵਾਲੀ ਕਰਦੇ ਸਨ । ਜਿਥੇ ਜੀਅ ਕੀਤਾ ਰਾਤ ਬਿਸਰਾਮ ਕਰ ਲਿਆ, ਭੇਡਾਂ ਦੀ ਉਨ ਵੇਚ ਕੇ ਉਹ ਲੋਕ ਆਪਣੀ ਉਪਜੀਵਕਾ ਤੋਰਦੇ ਅਗਾਂਹ ਹੀ ਅਗਾਂਹ ਤੁਰੀ ਜਾਂਦੇ ਨਜ਼ਰ ਆਉਂਦੇ ਹਨ । ਇਹ ਦ੍ਰਿਸ਼ ਬੜਾ ਸੁਹਾਵਣਾ ਸੀ । ਸਾਹਮਣੇ ਪਿਆਰ ਮੱਤੀਆਂ ਯੁਵਤੀਆਂ ਵੰਨ ਸੁਵੰਨੇ ਬਸਤਰ ਪਹਿਨੀ ਬਾਉਲੀ ਚੋਂ ਪਾਣੀ ਭਰ ਰਹੀਆਂ ਸਨ । ਅਸੀਂ ‘ਗੋਜਰ ਦੀਆਂ ਪਰੀਆਂ’ ਦੀ ਇਸ ਪਿਆਰੀ ਧਰਤੀ ਨੂੰ ਪ੍ਰਣਾਮ ਕਰ ਕੇ ਵਾਪਸ ਤੁਰ ਪਏ ।
ਸੋਭਾ ਸਿੰਘ ਦੀ ਅੰਦਰੇਟਾ ਆਮਦ ਤੋਂ ਪਹਿਲਾਂ ਹੀ ਪੰਜਾਬੀ ਨਾਟਕ ਦੀ ਨਕੜਦਾਦੀ ਨੋਰ੍ਹਾ ਰਿਚਰਡਜ਼ ਨੇ ਇਥੇ ਕੁਟੀਆ ਪਾਈ ਹੋਈ ਸੀ । ਅਸੀਂ ਤਿੰਨੇ ਉਸ ਨੂੰ ਮਿਲਣ ਗਏ । ਉਸ ਦੀ ਕੁਟੀਆ ਪਹਾੜ ਦੇ ਦਾਮਨ ਵਿਚ ਸੀ । ਉਹ ਬਿਮਾਰ ਸੀ ਤੇ ਮੰਜੇ ਤੇ ਲੇਟੀ ਹੋਈ ਸੀ । ਬੋਲੀ ਹੋਣ ਕਰ ਕੇ ਸਲੇਟ ਤੇ ਲਿਖ ਕੇ ਹੀ ਗੱਲਬਾਤ ਕਰਦੀ ਸੀ । ਉਸ ਮਹਾਨ ਕਲਾਕਾਰ ਨੇ ਇਸ ਇਕਾਂਤ ਧਰਤੀ ਨੂੰ ਪਸੰਦ ਕੀਤਾ ਸੀ । ਉਹ ਉਦੋਂ ਹੱਡੀਆਂ ਦੀ ਮੁੱਠ ਸੀ, ਪਰ ਉਸ ਦੀ ਦ੍ਰਿੜਤਾ ਤੇ ਸਿਰੜ ਨੇ ਉਸ ਨੂੰ ਉਸ ਤੋਂ ਮਗਰੋਂ 24 ਸਾਲ ਹੋਰ ਜੀਂਦਿਆਂ ਰੱਖਿਆ।
ਕੁਝ ਦਿਨ ਅੰਦਰੇਟੇ ਰਹਿ ਕੇ ਮੈਂ ਲਾਹੌਰ ਵਾਪਸ ਆ ਗਿਆ । ਪਰ ਉਦੋਂ ਲਾਹੌਰ ਬੁਰੀ ਤਰ੍ਹਾਂ ਸੜ ਰਿਹਾ ਸੀ । ਮੁਸਲਿਮ ਇਲਾਕਿਆਂ ਵਿਚ ਕਿਸੇ ਹਿੰਦੂ ਸਿੱਖ ਦਾ ਜਾਣਾ ਤੇ ਹਿੰਦੂ ਇਲਾਕਿਆਂ ਵਿਚ ਕਿਸੇ ਮੁਸਲਮਾਨ ਦਾ ਲੰਘਣਾ ਖਤਰੇ ਤੋਂ ਖਾਲੀ ਨਹੀਂ ਸੀ ।
ਰਾਵਲਪਿੰਡੀ ਵਿਚ ਸਾਡਾ ਘਰ ਲੁਟ ਕੇ ਸਾੜ ਦਿੱਤਾ ਗਿਆ ਸੀ । ਮੈਂ ਆਪਣੇ ਮਾਤਾ ਪਿਤਾ ਨੂੰ ਵਰ੍ਹਦੀ ਅੱਗ ਵਿਚੋਂ ਕੱਢ ਕੇ ਪ੍ਰੀਤ ਨਗਰ ਪੁਚਾ ਆਇਆ ਤੇ ਮਗਰੋਂ ਆਪਣੀ ਪਤਨੀ ਤੇ ਬੱਚਿਆਂ ਨੂੰ ਲਾਹੌਰੋਂ ਪ੍ਰੀਤ ਨਗਰ ਲੈ ਆਇਆ ਅਤੇ ਸਮਾਨ ਉਥੇ ਹੀ ਟਿਕਿਆ ਰਹਿਣ ਦਿੱਤਾ ਕਿਉਂ ਜੋ ਕੁਝ ਚਿਰ ਦੇ ਰਾਮ ਰੌਲੇ ਮਗਰੋਂ ਸ਼ਾਂਤੀ ਹੋ ਜਾਣ ਤੇ ਅਸੀਂ ਵਾਪਸ ਪਰਤ ਆਉਣਾ ਸੀ । ਪਰ ਹਾਲਾਤ ਇਨੇ ਖਰਾਬ ਹੋ ਗਏ ਕਿ ਮੁੜ ਅਸੀਂ ਲਾਹੌਰ ਨਾ ਜਾ ਸਕੇ ।
ਮੇਰਾ ਇਕ ਮਿੱਤਰ ਡਾਕਟਰ ਕੁਲਭੂਸ਼ਨ ਲਾਹੌਰ ਸਾਡੇ ਘਰ ਦੇ ਨੇੜੇ ਹੀ ਦੂਜੀ ਗਲੀ ਵਿਚ ਰਹਿੰਦਾ ਸੀ । ਉਹ ਮਹੱਲਾ ਹਾਲੀਂ ਸੁਰੱਖਿਅਤ ਸੀ । ਮੈਂ ਉਸ ਨੂੰ ਚਿੱਠੀ ਲਿਖੀ, “ਆਪਣੇ ਮਕਾਨ ਦੀਆਂ ਚਾਬੀਆਂ ਘੱਲ ਰਿਹਾ ਹਾਂ, ਹੇਠਲੇ ਕਮਰੇ ਚੋਂ ਸਰਦਾਰ ਸੋਭਾ ਸਿੰਘ ਦੀਆਂ ਪੇਂਟਿੰਗਜ਼ ਕੱਢਕੇ ਆਪਣੇ ਘਰ ਲੈ ਜਾਉ, ਤੇ ਜੇ ਹਾਲਾਤ ਵਧੇਰੇ ਖਰਾਬ ਹੋ ਜਾਣ ਤਾਂ ਆਪਣੇ ਸਮਾਨ ਨਾਲ ਹੀ ਸਾਰੀਆਂ ਪੇਂਟਿੰਗਜ਼ ਭਾਰਤ ਲੈ ਆਉ ।” ਇਸ ਮਗਰੋਂ ਉਨ੍ਹਾਂ ਤਸਵੀਰਾਂ ਦਾ ਕੀ ਬਣਿਆ, ਕੋਈ ਥਹੁ ਪਤਾ ਨਾ ਲਗਾ । ਦੋ ਸਾਲ ਮਗਰੋਂ ਡਾਕਟਰ ਕੁਲਭੂਸ਼ਨ ਦਿੱਲੀ ਮਿਲਿਆ, ਉਸ ਨੇ ਮੈਨੂੰ ਦੱਸਿਆ, “ਮੈਂ ਤੁਹਾਡੀ ਚਿੱਠੀ ਮਿਲਣ ਤੇ ਤੁਹਾਡੇ ਮਕਾਨ ਜਾ ਪਹੁੰਚਿਆ । ਚਾਬੀ ਤਾਂ ਮੈਨੂੰ ਮਿਲੀ ਨਹੀਂ ਸੀ, ਇਕ ਲੋਹੇ ਦੀ ਸੀਖ ਤਾਲੇ ਵਿਚ ਫਸਾ ਕੇ ਤਾਲਾ ਤੋੜਨ ਲਗਾ, ਤਾਂ ਮੇਰੇ ਮਹੱਲੇ ਦੇ ਦੋਧੀ ਨੇ ਮੈਨੂੰ ਪਛਾਣ ਲਿਆ । ਉਸ ਨੇ ਚੀਕ ਕੇ ਕਿਹਾ, ਇਹ ਹਿੰਦੂ ਤਾਲੇ ਤੋੜ ਰਿਹੈ, ਮਾਰੋ ਮਰਦੂਦ ਨੂੰ. । ਉਸ ਦੀ ਆਵਾਜ਼ ਸੁਣ ਕੇ ਲੋਕੀਂ ਇਕੱਠੇ ਹੋ ਗਏ । ਮੈਂ ਉਥੋਂ ਨੱਠਾ । ਲੋਕੀਂ ਸ਼ੋਰ ਮਚਾਉਂਦੇ ਪਿਛੇ ਪਿਛੇ ਤੇ ਮੈਂ ਅਗੇ ਅਗੇ । ਅਗੋਂ ਅਚਾਨਕ ਮੇਰਾ ਵਾਕਫਕਾਰ ਇਕ ਥਾਣੇਦਾਰ ਆ ਮਿਲਿਆ । ਉਸ ਨੂੰ ਵੇਖ ਕੇ ਲੋਕ ਭਜ ਗਏ ਤੇ ਇਸ ਤਰ੍ਹਾਂ ਮੇਰੀ ਜਾਨ ਬਚੀ ।”
ਸੋ ਇਸ ਤਰ੍ਹਾਂ ਸੋਭਾ ਸਿੰਘ ਦੀਆਂ ਕਲਾ ਕ੍ਰਿਤਾਂ ਦਾ ਕੀਮਤੀ ਖਜ਼ਾਨਾ ਲਾਹੌਰ ਹੀ ਰਹਿ ਗਿਆ । ਹਦਬੰਦੀ ਕਮਿਸ਼ਨ ਨੇ ਲਾਹੌਰ ਪਾਕਿਸਤਾਨ ਨੂੰ ਦੇ ਦਿੱਤਾ । ਤੇ ਇਸ ਤਰ੍ਹਾਂ ਸਾਡੇ ਕਲਾਕਾਰ ਦੀਆਂ ਕ੍ਰਿਤਾਂ ਵੀ ਪਾਕਿਸਤਾਨ ਨੂੰ ਮਿਲ ਗਈਆਂ ਜਾਂ ਉਥੋਂ ਦੇ ਲੋਕਾਂ ਨੇ ਹੀ ਵੇਚ ਵੱਟ ਲਈਆਂ ਕੋਈ ਪਤਾ ਨਹੀਂ । ਉਨ੍ਹਾਂ ਚਿਤਰਾਂ ਵਿਚ ਗੁਰੂ ਸਾਹਿਬਾਨ ਦੇ ਵਖਰੇ ਵਖਰੇ ਪੋਜ਼ਾਂ ਦੇ ਕਈ ਚਿਤਰ, ਸੋਹਣੀ ਮਹੀਂਵਾਲ ਤੇ ਹੋਰ ਕਈ ਚਿਤਰ ਸ਼ਾਮਲ ਸਨ ।
ਫੇਰ ਕਈ ਸਾਲ ਆਪਣੇ ਬਜ਼ੁਰਗ ਤੇ ਮੀਤ ਪਿਆਰੇ ਦੇ ਦਰਸ਼ਨ ਨਾ ਹੋਏ । 1950 ਵਿਚ ਉਹ ਕਿਸੇ ਕੰਮ ਦਿੱਲੀ ਆਇਆ ਤੇ ਮੇਰਾ ਪਤਾ ਟਿਕਾਣਾ ਪੁੱਛ ਪੁਛਾ ਕੇ ਪਹੁੰਚ ਗਿਆ । ਪਤਾ ਚਲਿਆ ਕਿ ਪਾਕਿਸਤਾਨ ਬਨਣ ਪਿਛੋਂ ਸੋਭਾ ਸਿੰਘ ਨੇ ਅੰਦਰੇਟੇ ਪਿੰਡ ਦੇ ਬਾਹਰਵਾਰ ਕਰਕੇ ਜ਼ਮੀਨ ਖਰੀਦ ਲਈ। ਉਥੇ ਉਸ ਨੇ ਆਪਣੀ ਮਨ ਮਰਜ਼ੀ ਦੀ ਕੋਠੀ ਬਣਾਈ, ਇਕ ਛੋਟੀ ਜਿਹੀ ਬਗੀਚੀ, ਕੋਠੀ ਦੇ ਦੋ ਕਮਰੇ ਤੇ ਇਕ ਸਟੂਡੀਓ ਹਾਲ । ਇਸ ਤਰ੍ਹਾਂ ਸੋਭਾ ਸਿੰਘ ਪੱਕੀ ਤਰ੍ਹਾਂ ਅੰਦਰੇਟੇ ਵਸ ਗਿਆ। ਉਸ ਨੇ ਆਪਣੀਆਂ ਕ੍ਰਿਤਾਂ ਨੂੰ ਦੁਬਾਰਾ ਬਣਾ ਕੇ ਮੁੜ ਸੁਰਜੀਤ ਕੀਤਾ । ਸੋਹਣੀ ਮਹੀਂਵਾਲ ਨੂੰ ਦੋਬਾਰਾ ਬੁਰਸ਼ ਛੋਹਾਂ ਦਿੱਤੀਆਂ । ਕਈ ਮਹੀਨਿਆਂ ਦੀ ਕਠਨ ਤਪੱਸਿਆ ਮਗਰੋਂ ਜਦੋਂ ਉਹ ਤਸਵੀਰ ਮੁਕੰਮਲ ਹੋ ਗਈ ਤਾਂ ਕਸ਼ਮੀਰ ਦੇ ਕਲਾ ਪ੍ਰੇਮੀ ਡਾਕਟਰ ਕਰਨ ਸਿੰਘ ਉਥੇ ਆਏ । ਇਹ ਤਸਵੀਰ ਉਨ੍ਹਾਂ ਨੇ ਖਰੀਦ ਲਈ, ਪਰ ਕਲਾਕਾਰ ਨੂੰ ਇਸ ਪੇਂਟਿੰਗ ਦਾ ਬਲਾਕ ਬਣਾ ਕੇ ਜਿੰਨੀਆਂ ਉਹ ਚਾਹੇ ਤਸਵੀਰਾਂ ਤਿਆਰ ਕਰਵਾ ਕੇ ਛਪਵਾ ਲੈਣ ਦੇ ਹੱਕ ਦੇ ਦਿਤੇ । ਸੋਭਾ ਸਿੰਘ ਨੇ ਮਦਰਾਸ ਤੇ ਬੰਬਈ ਦੇ ਕਈ ਵਧੀਆ ਛਾਪਾ ਖਾਨਿਆਂ ਤੋਂ ਉਸ ਦੇ ਕਈ ਐਡੀਸ਼ਨ ਛਪਵਾਏ । ਅੱਜ ਪੰਜਾਬ ਦੀ ਇਸ ਬੜੀ ਪਿਆਰੀ ਪ੍ਰੇਮ-ਕਹਾਣੀ ਦੀ ਤਸਵੀਰ ਦੁਨੀਆਂ ਦੇ ਕਲਾ-ਪ੍ਰੇਮੀਆਂ ਦੇ ਘਰ ਵਿਚ ਬਿਰਾਜਮਾਨ ਹੈ । ਇਸ ਦੀ ਅਸਲ ਕਾਪੀ ਡਾਕਟਰ ਕਰਨ ਸਿੰਘ ਦੀ ਕੋਠੀ ਦੀ ਆਰਟ ਗੈਲਰੀ ਵਿਚ ਲਗੀ ਹੋਈ ਹੈ ।
ਇਸ ਪਿਛੋਂ ਸੋਭਾ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੀ ਪਗੜੀ ਵਾਲੀ ਤਸਵੀਰ ਤਿਆਰ ਕੀਤੀ। ਪਹਿਲਾਂ ਦੀਆਂ ਸਾਰੀਆਂ ਪੁਰਾਤਨ ਤੇ ਨਵੀਨ ਤਸਵੀਰਾਂ ਟੋਪੀ ਵਾਲੀਆਂ ਹੀ ਸਨ । ਟੋਪੀ ਦੇ ਨਾਲ ਹੀ ਉਸ ਨੇ ਬਾਲਾ ਮਰਦਾਨਾ ਤੇ ਤੋਤਾ ਪਿੰਜਰਾ ਅਤੇ ਗੁਰੂ ਜੀ ਦੀਆਂ ਖੜਾਵਾਂ ਵੀ ਗਾਇਬ ਕਰ ਦਿੱਤੀਆਂ । ਆਰੰਭ ਵਿਚ ਇਸ ਤਸਵੀਰ ਦੀ ਵਿਰੋਧਤਾ ਹੋਈ ਪਰ ਮਗਰੋਂ ਗੁਰੂ ਨਾਨਕ ਪ੍ਰੇਮੀਆਂ ਨੇ ਪਗੜੀ ਵਾਲੇ ਬਾਬਾ ਜੀ ਨੂੰ ਪ੍ਰਵਾਨ ਕਰ ਲਿਆ । ਗੁਰੂ ਗੋਬਿੰਦ ਸਿੰਘ, ਗੁਰੂ ਤੇਗ ਬਹਾਦਰ ਤੇ ਹੋਰ ਕਈ ਤਸਵੀਰਾਂ ਉਸ ਨੇ ਬਣਾਈਆਂ । ਪੰਜਾਬ ਦੇ ਮਾਇਆ ਨਾਜ਼ ਸਪੂਤ ਡਾ. ਐਮ. ਐਸ. ਰੰਧਾਵਾ ਨੇ ਪੰਜਾਬ ਦੇ ਹਰ ਕਲਾਕਾਰ ਦੇ ਸਿਰ ਤੇ ਹੱਥ ਰਖਿਆ । ਲਗਪਗ ਹਰ ਕਲਾਕਾਰ ਦੀਆਂ ਬਣਾਈਆਂ ਤਸਵੀਰਾਂ ਵਡੇ ਵਡੇ ਸ਼ਹਿਰਾਂ ਦੀਆਂ ਆਰਟ ਗੈਲਰੀਆਂ ਲਈ ਖਰੀਦੀਆਂ । ਰੰਧਾਵਾ ਸਾਹਿਬ ਦੀ ਸਰਪਰਸਤੀ ਤੇ ਆਰਥਕ ਸਹਾਇਤਾ ਨੇ ਪੰਜਾਬ ਦੇ ਇਸ ਮਹਾਨ ਕਲਾਕਾਰ ਦਾ ਬੜਾ ਹੌਸਲਾ ਵਧਾਇਆ । ਰੰਧਾਵਾ ਸਾਹਿਬ ਆਪ ਕਲਾ ਪ੍ਰੇਮੀ ਸਨ । ਉਹ ਕਈ ਵਾਰ ਸੋਭਾ ਸਿੰਘ ਨੂੰ ਮਿਲਣ ਅੰਦਰੇਟੇ ਆਉਂਦੇ ਰਹੇ । ਪੰਜਾਬ ਦਾ ਹਰ ਮੁੱਖ ਮੰਤਰੀ ਸੋਭਾ ਸਿੰਘ ਦਾ ਸਟੂਡੀਓ ਦੇਖਣ ਲਈ ਇਥੇ ਆਇਆ ਕਰਦਾ ਸੀ । ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਇਥੇ ਤਿੰਨ ਵਾਰ ਆਏ ।
ਹਰ ਸਾਲ ਬਹੁਤ ਸਾਰੇ ਕਲਾ ਪ੍ਰੇਮੀ, ਕਵੀ ਤੇ ਲਿਖਾਰੀ ਇਥੇ ਆਉਂਦੇ ਰਹਿੰਦੇ ਸਨ, ਪਰ ਉਸ ਦਾ ਬਚਪਨ ਦਾ ਯਾਰ ਨਾਨਕ ਸਿੰਘ ਇਥੇ ਨਹੀਂ ਆ ਸਕਿਆ । ਉਸ ਨੇ ਸੋਭਾ ਸਿੰਘ ਦੇ ਕਿਰਦਾਰ ਨੂੰ ਮੁਖ ਰਖ ਕੇ ਆਪਣਾ ਪ੍ਰਸਿੱਧ ਨਾਵਲ ਚਿਤ੍ਰਕਾਰ ਲਿਖਿਆ, ਪਰ ਸੋਭਾ ਸਿੰਘ, ਨਾਨਕ ਸਿੰਘ ਦੇ ਅਕਾਲ ਚਲਾਣੇ ਤੀਕ ਅੰਦਰੇਟੇ ਉਸ ਦੀ ਉਡੀਕ ਕਰਦਾ ਰਿਹਾ । ਸੋਭਾ ਸਿੰਘ ਦੇ ਦੂਜੇ ਲੰਗੋਟੀਏ ਯਾਰ ਪੰਡਤ ਮੰਗਤ ਰਾਮ ਨੇ ਉਸ ਦੀ ਪ੍ਰੇਰਨਾ ਨਾਲ ਉਸ ਦੇ ਗਵਾਂਢ ਵਿਚ ਹੀ ਕੋਠੀ ਪਾ ਲਈ । ਨੇੜੇ ਹੀ ਬੁਤਕਾਰ ਗੁਰਚਰਨ ਸਿੰਘ ਤੇ ਚਿਤਰਕਾਰ ਫੂਲਾਂ ਰਾਣੀ ਦੀਆਂ ਕੋਠੀਆਂ ਹਨ ।
1960 ਵਿਚ ਮੇਰੇ ਮਾਤਾ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਸੁਣ ਕੇ ਸੋਭਾ ਸਿੰਘ ਜੀ ਅੰਦਰੇਟੇ ਤੋਂ ਚੱਲ ਕੇ ਦਿੱਲੀ ਪਹੁੰਚੇ ਤੇ ਸਾਨੂੰ ਸਾਰੇ ਪਰਵਾਰ ਨੂੰ ਹੌਸਲਾ ਦੇ ਕੇ ਵਾਪਸ ਚਲੇ ਗਏ । ਮੈਂ 23 ਅਕਤੂਬਰ 1974 ਨੂੰ ਉਨ੍ਹਾਂ ਦੇ ਦਰਸ਼ਨ ਕਰਨ ਅੰਦਰੇਟੇ ਜਾ ਸਕਿਆ । ਸਰਦਾਰ ਸੋਭਾ ਸਿੰਘ ਜੀ ਆਪਣੇ ਕਮਰੇ ਵਿਚ ਆਰਾਮ ਕਰ ਰਹੇ ਸਨ । ਉਹਨਾਂ ਦੀ ਸਪੁੱਤਰੀ ਬੀਬੀ ਗੁਰਚਰਨ ਕੌਰ ਉਥੇ ਹੀ ਸੀ । ਉਸ ਨੂੰ ਮੇਰੀ ਆਮਦ ਦਾ ਪਤਾ ਲਗਾ ਤਾਂ ਉਹ ਬੜੀ ਪ੍ਰਸੰਨ ਹੋਈ । ਚਾਹ ਪਾਣੀ ਦੀ ਸੇਵਾ ਮਗਰੋਂ ਸਰਦਾਰ ਜੀ ਜਾਗ ਪਏ । ਘੁੱਟ ਘੁੱਟ ਜਫੀਆਂ ਪਾ ਕੇ ਮਿਲੇ । ਮੈਨੂੰ ਇਸ ਮਹਾਨ ਕਲਾਕਾਰ ਦਾ ਸਟੂਡੀਓ ਵੇਖਣ ਦੀ ਤਾਂਘ ਹੀ ਇਥੇ ਖਿਚ ਲਿਆਈ ਸੀ । ਸੋ ਸਭ ਤੋਂ ਪਹਿਲਾਂ ਉਹ ਵੇਖ ਕੇ ਆਪਣੀਆਂ ਚਿਰ ਦੀਆਂ ਸਧਰਾਈਆਂ ਅੱਖਾਂ ਨੂੰ ਤ੍ਰਿਪਤ ਕੀਤਾ ।
ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਕਈ ਪੋਜ਼ਾਂ ਦੀਆਂ ਵੱਡੀਆਂ ਵੱਡੀਆਂ ਤਸਵੀਰਾਂ ਮਨੁੱਖ ਨੂੰ ਆਪਸੀ ਝਗੜਿਆਂ ਝਾਂਜਿਆ, ਫਿਰਕੂ ਵਿਚਾਰਾਂ ਤੇ ਮਨ ਦੀ ਅਸ਼ਾਂਤੀ ਨੂੰ ਤਿਆਗ ਕੇ ਪ੍ਰਭੂ ਦੇ ਚਰਨਾਂ ਵਿਚ ਜੁੜ ਜਾਣ ਦੀ ਪ੍ਰੇਰਨਾ ਦੇ ਰਹੀਆਂ ਸਨ । ਉਨ੍ਹਾਂ ਮਹਾਂਪੁਰਸ਼ਾਂ ਦੀਆਂ ਅੰਤਾਂ ਦੀਆਂ ਪਿਆਰੀਆਂ ਤੇ ਦਿਲ ਖਿਚਵੀਆਂ ਮੂਰਤਾਂ ਵੇਖ ਕੇ ਉਨ੍ਹਾਂ ਪ੍ਰਤੀ ਸ਼ਰਧਾ ਜਾਗ ਉਠਦੀ ਹੈ। ਇਕ ਬਿਲਕੁਲ ਨਵੀਂ ਬਣੀ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਤਸਵੀਰ ਸਾਹਮਣੇ ਲਟਕੀ ਹੋਈ ਸੀ, ਜੋ ਬਾਬੇ ਬਕਾਲੇ ਕਈ ਸਾਲ ਤਪੱਸਿਆ ਕਰਨ ਦੇ ਸਮੇਂ ਦੀ ਸੀ। ਇਸੇ ਕਲਾਕਾਰ ਦੀਆਂ ਬਾਬਾ ਰਾਮ ਸਿੰਘ ਜੀ ਨਾਮਧਾਰੀ, ਭਾਈ ਗੁਰਦਾਸ ਜੀ ਤੇ ਦੋ ਹੋਰ ਤਸਵੀਰਾਂ ਪਰਸੋਂ ਹੀ ਮੈਂ ਸਿੱਖ ਮਿਊਜ਼ੀਅਮ ਅੰਮ੍ਰਿਤਸਰ ਵਿਚ ਵੇਖ ਕੇ ਆਇਆ ਸਾਂ । ਸਾਹਮਣੇ ਲਟਕੀ ਗੁਰੂ ਨਾਨਕ ਦੇਵ ਜੀ ਦੇ ਮੱਕੇ ਦੀ ਯਾਤਰਾ ਦੀ ਤਸਵੀਰ ਬੜੀ ਪਿਆਰੀ ਲਗੀ । ਸੱਜੇ ਹੱਥ ਦੀ ਦੀਵਾਰ ਤੇ ਲਟਕੀ ਸ਼ੇਖ ਫ਼ਰੀਦ ਦੀ ਤਸਵੀਰ ਵਿਚ ਉਹ ਝਾਕੀ ਦਰਸਾਈ ਗਈ ਸੀ, ਜਿਸ ਵਿਚ ਸ਼ੇਖ ਫਰੀਦ ਇਕ ਬੜੀ ਹੁਸੀਂ ਤੇ ਮਾਣ ਮਤੀ ਵੇਸਵਾ ਦੀ ਮੌਤ ਮਗਰੋਂ ਉਸ ਦਾ ਪਿੰਜਰ ਜੰਗਲ ਵਿਚ ਪਿਆ ਵੇਖਦੇ ਹਨ । ਉਸ ਦੇ ਦਿਲ ਖਿਚਵੇਂ ਨੈਣਾਂ ਵਿਚ ਪੰਛੀਆਂ ਨੇ ਆਪਣੇ ਆਲ੍ਹਣੇ ਪਾ ਲਏ ਹਨ, ਤਾਂ ਸ਼ੇਖ ਫਰੀਦ ਦੇ ਮੂੰਹੋ ਇਹ ਸ਼ਲੋਕ ਨਿਕਲ ਜਾਂਦਾ ਹੈ:

ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈ ਡਿਠੁ॥
ਕਜਲ ਰੇਖ ਨ ਸਹਿੰਦੀਆਂ, ਸੇ ਪੰਖੀ ਸੁਹਿ ਬਹਿਠੁ॥

ਸ਼ਹੀਦ-ਇ-ਆਜ਼ਮ ਸਰਦਾਰ ਭਗਤ ਸਿੰਘ ਦੀ ਤਸਵੀਰ ਹਾਲੀ ਮੁਕੰਮਲ ਨਹੀਂ ਸੀ ਹੋਈ, ਜਦੋਂ ਉਹ ਸੰਪੂਰਨ ਹੋ ਗਈ, ਤਾਂ ਉਸ ਸ਼ਹੀਦਾਂ ਦੇ ਸਰਦਾਰ ਅਗੇ ਦੇਸ਼ ਵਾਸੀਆਂ ਦੇ ਸਿਰ ਝੁਕਿਆ ਕਰਨਗੇ । ਹੁਣ ਇਹ ਚਿਤਰ ਤਿਆਰ ਹੋ ਚੁਕਿਆ ਹੈ ।
ਇਸ ਮਹਾਨ ਕਲਾਕਾਰ ਦਾ ਸਟੂਡਿਓ ਵੇਖ ਕੇ ਚਿਤ ਪ੍ਰਸੰਨ ਹੋ ਗਿਆ। ਉਨ੍ਹਾਂ ਦੀਆਂ ਉਂਗਲਾਂ ਨੂੰ ਫੜਕੇ ਮੈਂ ਆਪਣੇ ਸੀਸ ਨੂੰ ਛੁਹਾਇਆ, ਜਿਨ੍ਹਾਂ ਦੀ ਪਿਆਰੀ ਛੋਹ ਸਦਕਾ ਇੰਨੀਆਂ ਪਿਆਰੀਆਂ ਕ੍ਰਿਤਾਂ ਚਿਤਰੀਆਂ ਗਈਆਂ ਸਨ ।
ਸਟੂਡੀਉ ਵੇਖਣ ਮਗਰੋਂ ਮੈਂ ਸਰਦਾਰ ਜੀ ਦੇ ਆਰਾਮ ਕਮਰੇ ਵਿਚ ਜਾ ਕੇ ਬੈਠ ਗਿਆ । ਉਨ੍ਹਾਂ ਨੇ ਪ੍ਰੋਗਰਾਮ ਪੁੱਛਿਆ । ਮੈਂ ਦੱਸਿਆ ਕਿ ਦੋ ਦਿਨ ਅੰਦਰੇਟੇ ਠਹਿਰਣ ਮਗਰੋਂ ਵਾਪਸ ਪਰਤ ਜਾਣਾ ਹੈ, ਕਿਉਂਕਿ ਕੰਮਾਂ ਕਾਜਾਂ ਚੋਂ ਮਸਾਂ ਇਨਾ ਕੁ ਸਮਾਂ ਕੱਢ ਸਕਿਆ ਹਾਂ ।
“ਤਾਂ ਕੀ ਕੁੱਲੂ ਦਾ ਦਸਹਿਰਾ, ਰਵਾਲ ਸਰ, ਮੰਡੀ, ਮਨੀਕਰਨ ਤੇ ਮਨਾਲੀ ਆਦਿ ਥਾਵਾਂ ਨਹੀਂ ਵੇਖਣੀਆਂ ?” ਸਰਦਾਰ ਜੀ ਮੁਸਕਰਾ ਕੇ ਪੁਛਣ ਲਗੇ ।
“ਇਹ ਅਸਥਾਨ ਵੇਖਣ ਦੀ ਬੜੀ ਰੀਝ ਹੈ ਪਰ ਹਾਲੀ ਸਮਾਂ ਹੈ ਨਹੀਂ, ਫਿਰ ਕਦੀ ਸਹੀ…” ਮੈਂ ਮੁੜ ਕਿਸੇ ਵੇਲੇ ਆਉਣ ਦੇ ਇਕਰਾਰ ਵਜੋਂ ਕਿਹਾ । ਪਰ ਮੇਰੇ ਇਸ ਉਤਰ ਨਾਲ ਉਨ੍ਹਾਂ ਦੀ ਤਸੱਲੀ ਨਾ ਹੋਈ । ਕੁਝ ਪਲਾਂ ਦੀ ਖਾਮੋਸ਼ੀ ਮਗਰੋਂ ਉਹ ਬੋਲੇ :
“ਯੋਰਪ ਦੇ ਕਿਸੇ ਸ਼ਹਿਰ ਦੀ ਕਹਾਣੀ ਹੈ । ਉਸ ਸ਼ਹਿਰ ਵਿਚ ਇਕ ਡਾਕਟਰ ਰਹਿੰਦਾ ਸੀ।
ਡਾਕਟਰ ਦਾ ਆਪਣੀ ਪਤਨੀ ਨਾਲ ਬੜਾ ਪਿਆਰ ਸੀ । ਦੋਵੇਂ ਇਕ ਜੋਤ ਦੋਇ ਮੂਰਤੀ ਸਮਾਨ ਸਨ, ਪਰ ਅਜਿਹੇ ਪ੍ਰੇਮੀ ਜੋੜੇ ਗ੍ਰਹਿਸਥੀ ਜੀਵਨ ਦਾ ਬਹੁਤ ਦੇਰ ਆਨੰਦ ਨਹੀਂ ਮਾਣ ਸਕਦੇ । ਸ਼ਾਦੀ ਤੋਂ ਕੁਝ ਸਾਲ ਮਗਰੋਂ ਹੀ ਪਤਨੀ ਦੀ ਅਚਾਨਕ ਮੌਤ ਹੋ ਗਈ । ਡਾਕਟਰ ਲਈ ਇਹ ਵਿਛੋੜਾ ਸਹਿਣਾ ਬੜੀ ਕਠਿਨ ਤਪੱਸਿਆ ਸੀ । ਹੁਣ ਕਿਸੇ ਕੰਮ ਵਿਚ ਉਸ ਦਾ ਜੀਅ ਹੀ ਨਹੀਂ ਸੀ ਲਗਦਾ । ਉਹ ਕੋਈ ਕੰਮ ਕਰਨ ਲਗਦਾ, ਉਸ ਦੀ ਪਤਨੀ ਦੀ ਭੋਲੀ ਭਾਲੀ ਤੇ ਪਿਆਰੀ ਸੂਰਤ ਉਸ ਦੀਆਂ ਅੱਖਾਂ ਅਗੇ ਆ ਖਲੋਂਦੀ । ਅਖੀਰ ਉਸ ਦੇ ਮਿਤਰਾਂ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਇਕ ਬਹੁਤ ਵੱਡਾ ਹਸਪਤਾਲ ਖੋਲ੍ਹ ਲਏ, ਜਿਸ ਵਿਚ ਕਈ ਡਾਕਟਰ ਤੇ ਨਰਸਾਂ ਕੰਮ ਕਰਨ । ਮਰੀਜ਼ਾਂ ਦਾ ਤਾਂਤਾ ਲਗਾ ਰਹੇ । ਇਸ ਮਾਹੌਲ ਵਿਚ ਉਸ ਦਾ ਜੀਅ ਜ਼ਰੂਰ ਪਰਚ ਜਾਵੇਗਾ ।
“ਉਸ ਨੇ ਇਵੇਂ ਹੀ ਕੀਤਾ। ਉਸ ਦਾ ਬਹੁਤ ਸਮਾਂ ਹਸਪਤਾਲ ਵਿਚ ਲਗ ਜਾਂਦਾ ਤੇ ਮਨ ਵੀ ਪਰਚਿਆ ਰਹਿੰਦਾ, ਪਰ ਰਾਤੀਂ ਜਦੋਂ ਉਹ ਬਿਸਤਰੇ ਤੇ ਪੈਂਦਾ, ਤਾਂ ਉਹ ਸੂਲਾਂ ਦੀ ਸੇਜ ਬਣਾ ਕੇ ਰਹਿ ਜਾਂਦਾ । ਸਾਰੀ ਸਾਰੀ ਰਾਤ ਉਸ ਨੂੰ ਆਪਣੀ ਪ੍ਰਿਤਮਾ ਦੇ ਸੁਪਨੇ ਆਉਂਦੇ ਰਹਿੰਦੇ । ਇਸੇ ਤਰ੍ਹਾਂ ਕਾਫ਼ੀ ਸਮਾਂ ਬੀਤ ਗਿਆ । ਜਵਾਨੀ ਟੱਪ ਕੇ ਉਹ ਬੁਢਾਪੇ ਵਿਚ ਪੈਰ ਪਾਉਣ ਲਗਾ, ਤਾਂ ਉਸ ਦੇ ਹਸਪਤਾਲ ਵਿਚ ਇਕ ਯੁਵਤੀ ਇਲਾਜ ਕਰਾਉਣ ਆਈ । ਉਸ ਕੁੜੀ ਨੇ ਵੇਖ ਕੇ ਉਸ ਨੂੰ ਮੁੜ ਆਪਣੀ ਪਤਨੀ ਦੀ ਯਾਦ ਤਾਜ਼ਾ ਹੋ ਗਈ । ਹੂ-ਬ-ਹੂ ਉਹ ਉਸ ਦੀ ਪਤਨੀ ਦੀ ਸ਼ਕਲ ਦੀ ਸੀ । ਉਸ ਤਰ੍ਹਾਂ ਦਾ ਹੀ ਭੋਲਾ ਤੇ ਮਾਸੂਮ ਚਿਹਰਾ ਅਤੇ ਦਿਲ-ਖਿਚਵੀਆਂ ਅੱਖਾਂ ਤੇ ਮਿੱਠੀ ਬੋਲੜੀ । ਉਹ ਉਸ ਕੁੜੀ ਨੂੰ ਵੇਖ ਕੇ ਤੜਪ ਉਠਿਆ । ਉਸ ਯੁਵਤੀ ਦਾ ਉਸ ਨੇ ਆਪ ਇਲਾਜ ਕਰਨਾ ਆਰੰਭਿਆ । ਰੋਜ਼ ਕਈ ਕਈ ਵਾਰ ਉਸ ਨੂੰ ਉਹ ਵੇਖਣ ਜਾਂਦਾ । ਕੁਝ ਦਿਨਾਂ ਦੇ ਇਲਾਜ ਨਾਲ ਉਹ ਰਾਜ਼ੀ ਹੋ ਗਈ ਤੇ ਅੰਤ ਉਸ ਦੀ ਵਿਦਾਇਗੀ ਦਾ ਸਮਾਂ ਆ ਗਿਆ । ਡਾਕਟਰ ਦਾ ਬੁਰਾ ਹਾਲ ਸੀ, ਪਰ ਯੁਵਤੀ ਉਸ ਨੂੰ ਹੌਸਲਾ ਦੇ ਰਹੀ ਸੀ । ਉਸ ਨੇ ਬੜੇ ਪਿਆਰ ਨਾਲ ਡਾਕਟਰ ਨੂੰ ਆਪਣੇ ਸ਼ਹਿਰ ਆਉਣ ਦਾ ਸੱਦਾ ਦਿੱਤਾ । ਡਾਕਟਰ ਨੇ ਫੁਰਸਤ ਮਿਲਣ ਤੇ ਉਸ ਦੇ ਨਗਰ ਆਉਣ ਦਾ ਇਕਰਾਰ ਕੀਤਾ । ਆਖਰੀ ਮਿਲਣੀ ਸਮੇਂ ਉਹਨਾਂ ਦੋਹਾਂ ਦੀਆਂ ਅੱਖਾਂ ਵਿਚ ਵਿਛੋੜੇ ਦੇ ਅਥਰੂ ਸਨ ।
ਅੰਤ ਬੜੇ ਜਿਗਰੇ ਨਾਲ ਦੋਵੇਂ ਵਖ ਹੋਏ । ਯੁਵਤੀ ਦੀ ਵਿਦਾਇਗੀ ਮਗਰੋਂ ਡਾਕਟਰ ਦਾ ਹੋਰ ਵੀ ਬੁਰਾ ਹਾਲ ਹੋ ਗਿਆ । ਕਈ ਵਾਰ ਉਸ ਨੇ ਯੁਵਤੀ ਕੋਲ ਜਾਣ ਦਾ ਪ੍ਰੋਗਰਾਮ ਬਣਾਇਆ, ਪਰ ਹਸਪਤਾਲ ਦੇ ਕੰਮਾਂ ਨੇ ਉਸ ਨੂੰ ਉਥੋਂ ਨਿਕਲਣ ਨਾ ਦਿੱਤਾ । ਇਸੇ ਤਰ੍ਹਾਂ ਕੁਝ ਸਮਾਂ ਹੋਰ ਗੁਜ਼ਰ ਗਿਆ ਤਾਂ ਇਕ ਦਿਨ ਉਸ ਨੂੰ ਉਸ ਯੁਵਤੀ ਦੀ ਚਿੱਠੀ ਆ ਗਈ :
ਮੇਰੇ ਪਿਆਰੇ …
ਤਹਾਥੋਂ ਅੰਤਮ ਵਿਦਾਇਗੀ ਸਮੇਂ ਮੈਂ ਤੁਹਾਡੀਆਂ ਅੱਖਾਂ ‘ਚੋਂ ਤੁਹਾਡੇ ਮਨ ਦੀ ਹਾਲਤ ਪੜ੍ਹ ਲਈ ਸੀ । ਤੁਹਾਡਾ ਸਾਰਾ ਦੁਖ ਤੁਹਾਡੇ ਨੈਣਾਂ ਵਿਚ ਆਣ ਕਠਾ ਹੋਇਆ ਸੀ । ਕਾਸ਼ ! ਤੁਸੀਂ ਮੇਰੀਆਂ ਅੱਖਾਂ ‘ਚ ਮੇਰਾ ਦੁੱਖ ਵੀ ਪੜ੍ਹ ਸਕਦੇ । ਤੁਸੀਂ ਸੋਚਦੇ ਹੋਵੋਂਗੇ ਕਿ ਮੈਂ ਤੁਹਾਨੂੰ ਪਿਆਰ ਤੇ ਉਤਸ਼ਾਹ ਦੇ ਕੇ ਮੁੜ ਜ਼ਿੰਦਗੀ ਦੇ ਸਕਦੀ ਸਾਂ, ਪਰ ਜਿਹੜਾ ਬੰਦਾ ਤੁਹਾਥੋਂ ਵਧੇਰੇ ਦੁਖੀ ਹੋਵੇ, ਉਹ ਕਿਵੇਂ ਤੁਹਾਡੇ ਦਰਦ ਦਾ ਮਹਿਰਮ ਬਣ ਸਕਦੈ ? ਤੁਹਾਡੀ ਪਿਆਰੀ ਪਤਨੀ ਤੁਹਾਨੂੰ ਵਿਛੋੜਾ ਦੇ ਗਈ, ਇਹ ਬੜਾ ਅਸਹਿ ਸਦਮਾ ਹੈ, ਪਰ ਮੇਰਾ ਪ੍ਰੇਮੀ ਮੈਨੂੰ ਧੋਖਾ ਦੇ ਕੇ ਨੱਠ ਗਿਆ । ਮੇਰਾ ਦੁਖ ਤੁਹਾਡੇ ਤੋਂ ਵਧੇਰੇ ਤੜਪਾਉਣ ਵਾਲਾ ਹੈ । ਆਪਣਾ ਦਿਲ ਟੁੱਟਿਆ ਹੋਣ ਕਾਰਣ ਮੈਂ ਤੁਹਾਡੀ ਉਦਾਸੀ ਤੇ ਨਿਰਾਸਤਾ ਦੂਰ ਕਰਨ ਦੇ ਬਿਲਕੁਲ ਅਸਮਰਥ ਸਾਂ ।
ਹੁਣ ਮੈਂ ਆਪਣੇ ਮਨ ਨੂੰ ਪੱਕਾ ਕਰ ਲਿਆ ਹੈ । ਤੁਸੀਂ ਮੇਰੇ ਕੋਲ ਆ ਜਾਉ । ਤੁਹਾਨੂੰ ਆਪਣੀ ਬੇਟੀ ਦਾ ਪਿਆਰ ਮਿਲੇਗਾ । ਤੁਸੀਂ ਕਿੰਨੇ ਸਮੇਂ ਤੋਂ ਯਾਤਰਾ ਦਾ ਪ੍ਰੋਗਰਾਮ ਬਣਾ ਰਹੇ ਸੀ, ਪਰ ਕੰਮਾਂ ਵਿਚ ਫਸੇ ਹੋਣ ਕਾਰਣ ਹਸਪਤਾਲੋਂ ਨਿਕਲ ਨਹੀਂ ਸਕੇ । ਹੁਣ ਇਕ ਦਮ ਫੈਸਲਾ ਕਰ ਲਉ । ਇਕ ਦਮ ਉਹ ਨਗਰ ਛਡ ਕੇ ਤੁਰ ਪਓ । ਜੇ ਹੁਣ ਉਥੋਂ ਨਾ ਨਿਕਲੇ, ਤਾਂ ਕਦੀ ਨਹੀਂ ਨਿਕਲ ਸਕੋਗੇ । (Now or never) ਭਾਵ ਹੁਣੇ ਜਾਂ ਕਦੀ ਨਹੀਂ । ਪਿਆਰੇ ਫਾਦਰ ! ਇਸ ਚਿੱਠੀ ਦੇ ਪਹੁੰਚਦਿਆਂ ਸਾਰ ਆਪਣੀ ਬੇਟੀ ਨੂੰ ਮਿਲਣ ਲਈ ਘਰੋਂ ਨਿਕਲ ਤੁਰੋ ।

ਤੁਹਾਡੀ ਉਡੀਕ ਵਿਚ ਤੁਹਾਡੀ ਪਿਆਰੀ ਬੇਟੀ

“ਇਸ ਚਿੱਠੀ ਦੇ ਪਹੁੰਚਦਿਆ ਸਾਰ ਡਾਕਟਰ ਨੇ ਹਸਪਤਾਲ ਛਡਣ ਦਾ ਫੈਸਲਾ ਕਰ ਲਿਆ । ਉਸ ਦਾ ਇਕ ਮਿੱਤਰ ਵੀ ਉਸ ਨਾਲ ਤਿਆਰ ਹੋ ਗਿਆ । ਉਹ ਦੋਵੇਂ ਮਿਲ ਕੇ ਉਸ ਨਗਰੋਂ ਚਲ ਕੇ ਆਪਣੇ ਇਕ ਰਿਟਾਇਰਡ ਕਰਨਲ ਮਿਤ੍ਰ ਕੋਲ ਜਾ ਠਹਿਰੇ । ਉਸ ਨੂੰ ਵੀ ਯਾਤਰਾ ਲਈ ਉਨ੍ਹਾਂ ਪ੍ਰੇਰਨਾ ਦਿੱਤੀ । ਉਸ ਨੇ ਇਕ ਮਹੀਨਾ ਤਿਆਰੀ ਲਈ ਮੰਗਿਆ, ਪਰ ਡਾਕਟਰ ਨੇ ਇਨਕਾਰ ਕਰ ਦਿੱਤਾ । ਦੋ ਦਿਨਾਂ ਮਗਰੋਂ ਕਰਨਲ ਵੀ ਤਿਆਰ ਹੋ ਗਿਆ ਤੇ ਇਹ ਕਾਫਲਾ ਅਗੇ ਤੁਰ ਪਿਆ । ਉਨ੍ਹਾਂ ਕਈ ਮਹੀਨੇ ਦੁਨੀਆਂ ਦੇ ਵੱਖੋ ਵੱਖ ਦੇਸ਼ਾਂ ਦੀ ਯਾਤਰਾ ਕੀਤੀ। ਕਈ ਪਹਾੜ, ਸੁਮੰਦਰ ਤੇ ਦੇਸ਼ ਗਾਹੇ, ਕੁਦਰਤੀ ਨਜ਼ਾਰੇ ਵੇਖ ਵੇਖ ਉਨ੍ਹਾਂ ਨੂੰ ਆਪੋ ਆਪਣੇ ਦੁਖ ਭੁਲ ਗਏ । ਅੰਤ ਇਹ ਕਾਫਲਾ ਦੂਰ ਦੇਸ਼ ਦੇ ਇਕ ਪਹਾੜੀ ਨਗਰ ਵਿਚ ਉਸ ਯੁਵਤੀ ਕੋਲ ਪੁਜਿਆ । ਉਸ ਨੇ ਸਭ ਦਾ ਨਿੱਘਾ ਸਵਾਗਤ ਕੀਤਾ। ਡਾਕਟਰ ਨੂੰ ਉਸ ਨੇ ਬੜਾ ਪਿਆਰ ਦਿੱਤਾ । ਡਾਕਟਰ ਤੇ ਉਹ ਯੁਵਤੀ ਦੋਵੇਂ ਆਪਣੇ ਦੁੱਖ ਭੁੱਲ ਗਏ । ਵਾਪਸੀ ਤੇ ਡਾਕਟਰ ਨਾਲ ਉਸ ਦੀ ਬੇਟੀ ਵੀ ਉਸ ਦੇ ਨਗਰ ਆ ਗਈ। ਡਾਕਟਰ ਨੇ ਵੇਖਿਆ, ਹਸਪਤਾਲ ਉਸੇ ਤਰ੍ਹਾਂ ਚਲ ਰਿਹਾ ਸੀ, ਬਾਕੀ ਸਭ ਕੁਝ ਵੀ ਉਸੇ ਤਰ੍ਹਾਂ ਸੀ । ਕੁਝ ਦਿਨਾਂ ਮਗਰੋਂ ਹੀ ਕਰਨਲ ਦੀ ਮੌਤ ਹੋ ਗਈ । ਡਾਕਟਰ ਨੂੰ ਆਪਣੀ ਬੇਟੀ ਦੀ ਚਿੱਠੀ ਦੇ ਉਹ ਸ਼ਬਦ ਯਾਦ ਆ ਗਏ, ਕਿ ਤੁਸੀਂ ਹੁਣ ਆਪਣਾ ਕਾਰੋਬਾਰ ਛੱਡ ਕੇ ਤੁਰ ਪਓ, ਜੇ ਹੁਣ ਨਹੀਂ ਤੇ ਕਦੀ ਵੀ ਨਹੀਂ ।”
ਉਪਰੋਕਤ ਵਾਰਤਾ ਸਣਾਉਂਦਿਆਂ ਹੋਇਆ, ਕਲਾਕਾਰ ਬੋਲੇ, “ਦਾਤਾ ਜੀ! ਜੇ ਇਥੇ ਪਹੁੰਚ ਕੇ ਵੀ ਕਾਂਗੜਾ ਵਾਦੀ ਦੀ ਯਾਤਰਾ ਨਹੀਂ ਕਰਨੀ ਤਾਂ ਸਮਝੋ, ਸ਼ਾਇਦ ਉਹ ਕਦੀ ਵੀ ਨਾ ਹੋ ਸਕੇ, ਹੁਣੇ ਜਾਂ ਕਦੀ ਵੀ ਨਹੀਂ ।” ਉਨ੍ਹਾਂ ਦੇ ਪ੍ਰੇਰਨ ਤੇ ਮੈਂ ਹਾਂ ਕਰ ਦਿੱਤੀ । ਮੈਂ ਆਪਣੇ ਪਿਛਲੇ ਕੰਮਾਂ ਦੀ ਖਿਚ ਭੁਲਾ ਦਿੱਤੀ । ਸੋ ਅਸੀਂ ਰਾਤੋ ਰਾਤ ਬਿਸਤਰੇ ਬੰਨ੍ਹ ਕੇ ਤਿਆਰੀ ਕਰ ਲਈ । 24 ਅਕਤਬੂਰ, 1974 ਦੀ ਸਵੇਰ ਨੂੰ ਨਾਸ਼ਤਾ ਕਰਨ ਮਗਰੋਂ ਸਾਡਾ ਕਾਫਲਾ ਜਿਸ ਵਿਚ ਸਰਦਾਰ ਸੋਭਾ ਸਿੰਘ, ਭੰਵਰ ਸਾਹਿਬ, ਬੀਬੀ ਗੁਰਚਰਨ ਕੌਰ, ਡਾਕਟਰ ਕੁਲਵੰਤ ਸਿੰਘ ਤੇ ਇਨ੍ਹਾਂ ਸਤਰਾਂ ਦਾ ਲਿਖਾਰੀ ਕੁੱਲੂ ਮਿਨਾਲੀ, ਮੰਡੀ, ਰਿਵਾਲਸਰ ਤੇ ਮਨੀਕਰਨ ਆਦਿ ਸਥਾਨਾਂ ਦੀ ਯਾਤਰਾ ਕਰਨ ਅੰਦਰੇਟਿਓਂ ਤੁਰ ਪਏ ।
ਇਹ ਯਾਦਗਾਰੀ ਯਾਤਰਾ ਅਸੀਂ ਪੰਜ ਦਿਨਾਂ ਵਿਚ ਮੁਕਾਈ । ਸੋਭਾ ਸਿੰਘ ਹੋਰਾਂ ਦੇ ਸਾਥ ਵਿਚ ਜੋ ਆਨੰਦ ਆਇਆ, ਉਹ ਬਿਆਨ ਨਹੀਂ ਕੀਤਾ ਜਾ ਸਕਦਾ । ਮਨਾਲੀ ਦੀ ਯਾਤਰਾ ਕਰਦਿਆਂ ਮੈਂ ਪੁਛਿਆ, “ਭਰਾ ਜੀ ! ਤੁਸੀਂ ਅਗੇ ਵੀ ਇਧਰ ਆਏ ਹੋ ?”
“ਹਾਂ ਕਈ ਵਾਰ ਆਇਆ ਹਾਂ, ਪਿਛਲੇ ਦਿਨੀਂ ਸਰਦਾਰ ਗੁਰਬਖਸ਼ ਸਿੰਘ, ਉਨ੍ਹਾਂ ਦੀ ਪਤਨੀ ਤੇ ਉਨ੍ਹਾਂ ਦੇ ਹੋਰ ਸਾਥੀਆਂ ਨਾਲ ਇਧਰ ਆਇਆ ਸਾਂ, ਪਰ ਉਸ ਯਾਤਰਾ ਵਿਚ ਮਜ਼ਾ ਨਹੀਂ ਸੀ ਆਇਆ । ਦੁਨੀਆਂ ਨੂੰ ਜ਼ਿੰਦਗੀ ਬਖਸ਼ਣ ਵਾਲੇ ਸਰਦਾਰ ਗੁਰਬਖਸ਼ ਸਿੰਘ ਹੋਰੀਂ ਬੁਝੇ ਬੁਝੇ ਲਗਦੇ ਸਨ । ਹਾਸਾ ਉਨ੍ਹਾਂ ਦੇ ਬੁਲ੍ਹਾਂ ਅਤੇ ਅੱਖਾਂ ਵਿਚੋਂ ਗਾਇਬ ਹੋ ਚੁਕਾ ਸੀ ।”
ਉਹਨਾਂ ਆਪਣੀ ਗੱਲ ਜਾਰੀ ਰਖਦਿਆਂ ਕਿਹਾ: “ਵੈਸੇ ਤਾਂ ਮੈਂ ਪ੍ਰੀਤ ਨਗਰ ਤਿੰਨ ਸਾਲ ਰਿਹਾ ਹਾਂ, ਅਤੇ ਇਹ ਤਿੰਨ ਸਾਲ ਮੈਂ ਮਾਤਾ ਜੀ ਦੇ ਸਿਰ ਤੇ ਹੀ ਕਟੇ ਸਨ । ਨਹੀਂ ਤਾਂ ਸ਼ਾਇਦ ਤਿੰਨ ਮਹੀਨੇ ਵੀ ਨਾ ਕੱਢ ਸਕਦਾ । ਮਾਤਾ ਜੀ, ਜਗਿੰਦਰ ਸਿੰਘ, ਖੁਰਾਣਾ ਸਾਹਿਬ, ਡਾ. ਜਸਵੰਤ ਕੌਰ ਗਿਲ ਤੇ ਤੁਹਾਡੇ ਵਰਗੇ ਮਿਤਰਾਂ ਆਸਰੇ ਹੀ ਮੈਂ ਪ੍ਰੀਤ ਨਗਰ ਤਿੰਨ ਸਾਲ ਰਹਿ ਸਕਿਆ ਸਾਂ, ਪਰ ਜੋ ਬੜੱਪਨ, ਪਿਆਰ ਅਤੇ ਸਰਲ ਸੁਭਾ ਮੈਂ ਬੀਬੀ ਜੀਤਾਂ ਦਾ ਮਨਾਲੀ ਵਿਖੇ ਵੇਖਿਆ, ਪਹਿਲੋਂ ਕਦੇ ਨਹੀਂ ਸੀ ਵੇਖਣ ‘ਚ ਆਇਆ ।… ਵਸ਼ਿਸ਼ਟ ਕੁੰਡ ਵੇਖ ਕੇ ਅਸੀਂ ਵਾਪਸ ਮੁੜੇ ਤਾਂ ਉਥੇ ਚਾਲੀ ਕੁ ਮੀਲ ਦੀ ਵਿਥ ਤੇ ਬਜੌਰਾ ਆ ਕੇ ਮੈਂ ਸਰਦਾਰ ਹੋਰਾਂ ਨੂੰ ਪੁਛਿਆ, ‘ਸਰਦਾਰ ਜੀ, ਤੁਹਾਡਾ ਕੋਈ ਚੰਮ (Chum) ਵੀ ਹੈ ?” ਕਹਿਣ ਲਗੇ, “ਬੜੇ ਹਨ।” ਮੈਂ ਹੱਸ ਕੇ ਕਿਹਾ ਕਿ “ਚੰਮ ਤਾਂ ਇਕ ਅੱਧਾ ਹੀ ਹੁੰਦਾ ਹੈ, ਬਾਕੀ ਮਿੱਤਰ ਜਾਂ ਸ਼ਰਧਾਲੂ ਹੁੰਦੇ ਹਨ ।” ਉਹ ਕਹਿਣ ਲਗੇ, “ਤੁਹਾਨੂੰ ਇਹ ਪੁੱਛਣ ਦੀ ਕਿਉਂ ਲੋੜ ਭਾਸੀ ?” ਮੈਂ ਕਿਹਾ, “ਕੱਲ੍ਹ ਸਵੇਰ ਦੇ ਇਕ ਦੂਜੇ ਨਾਲ ਜੁੜੇ ਬੈਠੇ ਹਾਂ, ਪਰ ਮੈਂ ਤੀਹਾਂ ਘੰਟਿਆਂ ‘ਚ ਨਾ ਤੁਹਾਨੂੰ ਮੁਸਕਰਾਉਂਦਿਆਂ ਵੇਖਿਆ ਹੈ, ਨਾ ਹਸਦਿਆਂ, ਨਾ ਬੋਲਦਿਆਂ ਭਾਵ ਤੁਸੀਂ ਬਿਲਕੁਲ ਖੁਲ੍ਹੇ ਨਹੀਂ, ਪਰ ਚੰਮ ਸਾਹਮਣੇ ਅਸੀਂ ਪੂਰਨ ਤੌਰ ਤੇ ਖੁਲ੍ਹ ਸਕਦੇ ਹਾਂ ।” ਇਹ ਸੁਣ ਕੇ ਉਨ੍ਹਾਂ ਨੇ ਮੇਰਾ ਹੱਥ ਘੁਟਿਆ । ਅਸਲ ਵਿਚ ਉਨ੍ਹਾਂ ਨੇ ਮੇਰਾ ਹੱਥ ਨਹੀਂ, ਗਲਾ ਘੁਟਿਆ ਸੀ, ਕਿ ਮੈਂ ਉਸ ਵੇਲੇ ਕੁਝ ਨਾ ਬੋਲਾਂ, ਜਿਵੇਂ ਉਹ ਮਾਤਾ ਜੀ ਨੂੰ ਹੱਥ ਖੜ੍ਹਾ ਕਰਕੇ ਸਾਰਾ ਰਾਹ ਘੁਟਦੇ ਆਏ ਸਨ ।
ਉਥੋਂ ਕੁਝ ਮੀਲ ਬਾਅਦ ਹੀ ਔਟ ਆ ਜਾਂਦਾ ਹੈ, ਜਿਥੇ ਵਨ ਵੇ ਟਰੈਫਿਕ ਕਾਰਨ ਸਾਨੂੰ ਰੁਕਣਾ ਪਿਆ ਤਾਂ ਸਰਦਾਰ ਜੀ ਮੈਨੂੰ ਹੱਥ ਫੜੀ ਫੜੀ ਦਰਿਆ ਬਿਆਸ ਦੇ ਪੁਲ ਤੇ ਲੈ ਗਏ ਅਤੇ ਕੁਝ ਚਿਰ ਮੇਰੇ ਚਿਹਰੇ ਵਲ ਵੇਖ ਕੇ ਮੈਨੂੰ ਮੈਸਮਰਾਈਜ਼ ਕਰਦੇ ਰਹੇ । ਫਿਰ ਬੋਲੇ, “ਸੋਭਾ ਸਿੰਘ ਜੀ, ਅਸੀਂ ਆਰਟਿਸਟ ਹਾਂ । ਇਹੋ ਜਿਹੀਆਂ ਗੱਲਾਂ ਹਰ ਕਿਸੇ ਦੇ ਸਾਹਮਣੇ ਨਹੀਂ ਪੁਛੀ ਦੀਆਂ । ਮੇਰੀ ਉਮਰ ਹੁਣ ਹੱਸਣ ਦੀ ਨਹੀਂ, ਮੁਸਕਰਾਉਣ ਦੀ ਨਹੀਂ । ਮੇਰੀ ਪਰਬਲ ਰੀਝ ਇਹ ਹੈ ਕਿ ਕਿਸੇ ਇਕਾਂਤ ਥਾਂ ਵਿਚ ਮੈਂ ਰਹਿ ਸਕਾਂ ਅਤੇ ਆਪਣੇ ਆਪ ਨਾਲ ਜਿਉਂ ਕੇ ਕੁਝ ਪੜ੍ਹ ਲਿਖ ਸਕਾਂ ।”

ਮੈਂ ਕਿਹਾ, “ਕਾਹਦੇ ਤੇ ਪੜ੍ਹਣਾ ਤੇ ਲਿਖਣਾ ਚਾਹੁੰਦੇ ਹੋ ਸਰਦਾਰ ਜੀ ?”

ਤਾਂ ਉਹ ਬੋਲੇ, “ਜ਼ਿੰਦਗੀ ਤੇ ।”

“ਮੈਨੂੰ ਕਹਿਣਾ ਪਿਆ, ਉਸ ਜ਼ਿੰਦਗੀ ਤੇ ਜੋ ਮੁਸਕਰਾ ਨਹੀਂ ਸਕਦੀ, ਜੋ ਹੱਸ ਨਹੀਂ ਸਕਦੀ, ਅਤੇ ਹਰਪਾਲ ਵਰਗੇ ਤੁਹਾਡੇ ਸਜਣ ਤੇ ਮੀਤ ਪਿਆਰੇ ਨੂੰ ਹਰ ਕੋਈ ਸਮਝਦੀ ਹੈ ?” ਜਵਾਬ ਵਿਚ ਉਹ ਨੀਵੀਂ ਪਾਈ ਬਿਆਸ ਦੀਆਂ ਲਹਿਰਾਂ ਵਲ ਤੱਕਣ ਲਗ ਪਏ । ਉਨੇ ਚਿਰ ਨੂੰ ਬਸਾਂ ਦੇ ਹਾਰਨ ਵੱਜਣ ਲਗ ਪਏ । ਅਤੇ ਅਸੀਂ ਵਾਪਸ ਆ ਕੇ ਆਪਣੀ ਕਾਰ ਵਿਚ ਬੈਠ ਗਏ ।
ਇਹ ਬੜੀ ਪਿਆਰੀ ਯਾਤਰਾ ਸੰਪੂਰਨ ਹੋ ਗਈ । ਇਹ ਬੜੀ ਪੁਰਾਣੀ ਗੱਲ ਹੈ, ਪਰ ਹੁਣ ਉਹ ਬੁਰਸ਼ ਦਾ ਧਨੀ ਕਲਾਕਾਰ ਸਾਨੂੰ ਵਿਛੋੜਾ ਦੇ ਕੇ ਆਪ ਤੁਰ ਗਿਐ । ਉਹਨਾਂ ਦੀ ਸੰਗਤ ਨਾਲ ਮੈਂ ਇਹ ਅਨੁਭਵ ਕੀਤਾ ਹੈ ਕਿ ਸੋਭਾ ਸਿੰਘ ਬਹੁਤ ਵਧੀਆ ਚਿਤਰਕਾਰ ਹੋਣ ਦੇ ਨਾਲ ਨਾਲ ਇਕ ਵਧੀਆ ਇਨਸਾਨ ਵੀ ਸਨ । ਉਹ ਮਨੁੱਖਤਾ ਦੀਆਂ ਪੀੜਾਂ ਨੂੰ ਆਪਣੀ ਪੀੜ ਸਮਝਦੇ ਹੋਏ ਜਿਥੋਂ ਤੀਕ ਹੋ ਸਕੇ ਲੋੜਵੰਦਾਂ ਦੀ ਸਹਾਇਤਾ ਕਰਦੇ ਤੇ ਆਪਣੀ ਜਾਦੂਮਈ ਗੱਲਬਾਤ ਰਾਹੀਂ ਉਹਨਾਂ ਦੇ ਜ਼ਖ਼ਮਾਂ ਤੇ ਹਮਦਰਦੀ, ਪਿਆਰ ਤੇ ਉਤਸ਼ਾਹ ਦੀ ਮਰਹਮ ਵੀ ਲਾਉਣਾ ਜਾਣਦੇ ਸਨ ।
ਮੇਰੀਆਂ ਅੱਖਾਂ ਸਾਹਮਣੇ ਅਜੇ ਵੀ ਮੇਰਾ ਅੰਦਰੇਟੇ ਦਾ ਵਾਸ ਘੁੰਮ ਰਿਹਾ ਹੈ । ਸਰਦਾਰ ਸੋਭਾ ਸਿੰਘ ਰੋਜ਼ ਸਵੇਰੇ ਸਾਝਰੇ ਉੱਠਦੇ ਹਨ । ਆਪਣਾ ਕੰਮ ਆਰੰਭ ਕਰ ਦਿੰਦੇ ਹਨ । ਆਪਣੇ ਘਰ ਦੇ ਬਰਾਂਡੇ ਵਿਚ ਵੱਡੇ ਸਾਰੇ ਪਿੰਜਰੇ ਵਿਚ ਰੰਗ ਬਰੰਗੇ ਪਿਆਰੇ ਪੰਛੀਆਂ ਨਾਲ ਗੱਲਾਂ ਕਰਦੇ ਹਨ । ਉਨ੍ਹਾਂ ਨੂੰ ਚੋਗਾ ਪਾਉਂਦੇ ਹਨ । ਉਹਨਾਂ ਦੇ ਦਰਸ਼ਨਾਂ ਨੂੰ ਵੇਲੇ ਕੁਵੇਲੇ ਪਾਰਟੀਆਂ ਆਉਂਦੀਆਂ ਰਹਿੰਦੀਆਂ ਹਨ । ਉਹਨਾਂ ਦੀ ਬੇਟੀ ਗੁਰਚਰਨ ਕੌਰ ਤੇ ਜਵਾਈ ਹਰਬੀਰ ਸਿੰਘ ਭੰਵਰ ਆਏ ਗਏ ਦਾ ਸਵਾਗਤ ਕਰਦੇ ਹਨ ਤੇ ਆਪਣੇ ਦਾਰ ਜੀ ਦੀ ਸਿਹਤ ਤੇ ਆਰਾਮ ਦਾ ਖਿਆਲ ਰੱਖਦੇ ਹਨ । ਪਰ ਜਦੋਂ ਬਾਹਰੋਂ ਆਏ ਸੱਜਣ ਇਨ੍ਹਾਂ ਪਿਆਰੀਆਂ ਕਿਰਤਾਂ ਦੇ ਰਚਣਹਾਰ ਦਾ ਦਰਸ਼ਨ ਕਰਨਾ ਲੋਚਦੇ ਹਨ ਤਾਂ ਆਪਣੇ ਕਮਰੇ ਵਿਚ ਕੰਮ ਕਰ ਰਹੇ ਸੋਭਾ ਸਿੰਘ ਜੀ ਹੱਥਲੀ ਕਿਰਤ ਨੂੰ ਵਿਚੇ ਹੀ ਛੱਡ ਕੇ ਬੁਰਸ਼ ਨੂੰ ਇਕ ਪਾਸੇ ਰੱਖ ਕੇ ਬਾਹਰ ਨਿਕਲ ਆਉਂਦੇ ਹਨ ਤੇ ਬੜੀ ਪਿਆਰੀ ਮੁਸਕਰਾਹਟ ਛਡਦੇ ਹਨ । ਸਭ ਨੂੰ ਗਲੇ ਲਗਾ ਕੇ, ਉਨ੍ਹਾਂ ਦੀ ਸੁੱਖ ਸਾਂਦ ਪੁੱਛਦੇ ਹਨ । ਉਨ੍ਹਾਂ ਨੂੰ ਸਟੂਡੀਓ ਦਿਖਾਉਂਦੇ ਹਨ । ਬਾਹਰੋਂ ਆਈ ਜਨਤਾ ਦੀ ਇੱਛਾ ਅਨੁਸਾਰ ਗੱਲਾਂ ਕਰਦੇ ਹਨ । ਏਨੇ ਨੂੰ ਬੀਬੀ ਗੁਰਚਰਨ ਜੀ ਸਭ ਲਈ ਚਾਹ ਤਿਆਰ ਕਰਕੇ ਲੈ ਆਉਂਦੇ ਹਨ । ਬੜੀ ਵਧੀਆ ਖੁਸ਼ਬੂਆਂ ਤੇ ਲਪਟਾਂ ਛੱਡਦੀ ਚਾਹ ਦੀਆਂ ਚੁਸਕੀਆਂ ਲੈਂਦਿਆਂ ਤੇ ਭਾਰਤ ਦੇ ਪ੍ਰਸਿੱਧ ਚਿਤਰਕਾਰ ਨੂੰ ਕਿਸੇ ਪੁਰਾਤਨ ਰਿਸ਼ੀ ਵਾਂਗ ਬੈਠਿਆਂ ਤੇ ਗੱਲਾਂ ਕਰਦਿਆਂ ਵੇਖ ਕੇ ਇਉਂ ਜਾਪਦੈ ਜਿਵੇਂ ਬੰਦਾ ਸਵਰਗ ਵਿਚ ਬੈਠਾ ਕੁਦਰਤ ਦੇ ਰੰਗ ਮਾਣ ਰਿਹਾ ਹੋਵੇ । ਉਸ ਦੇ ਪ੍ਰਸੰਸਕ, ਉਸ ਦੀਆਂ ਅਮਰ ਕ੍ਰਿਤਾਂ ਤੇ ਉਸ ਦੇ ਦਿਤੇ ਪਿਆਰ ਨੂੰ ਕਦੀ ਨਹੀਂ ਭੁਲਾ ਸਕਦੇ । ਸੋਭਾ ਸਿੰਘ ਸਦਾ ਅਮਰ ਰਹੇਗਾ ।

ਸੋਭਾ ਸਿੰਘ ਚਿਤਰਕਾਰ ਭਾਪਾ ਪ੍ਰੀਤਮ ਸਿੰਘ

ਸੋਭਾ ਸਿੰਘ ਪੰਜਾਬ ਦੇ ਇਕ ਲੋਕ-ਪ੍ਰਿਅ ਕਲਾਕਾਰ ਸਨ । ਉਹਨਾਂ ਦੇ ਪਿਤਾ ਦਾ ਨਾਂ ਸਰਦਾਰ ਦੇਵਾ ਸਿੰਘ ਸੀ । ਉਹ ਬਾਈ ਨੰਬਰ ਰਸਾਲੇ ਵਿਚ ਸਰਵੇਅਰ ਸਨ । ਸੁਭਾਅ ਦੇ ਕਠੋਰ ਤੇ ਬੇਦਰਦ, ਸਾਰਾ ਪਰਵਾਰ ਉਹਨਾਂ ਤੋਂ ਥਰ ਥਰ ਕੰਬਦਾ ਸੀ ।
ਦੇਵਾ ਸਿੰਘ ਦੀ ਪਤਨੀ ਨੇ ਬਿਸਤਰਾ ਮ ਲ ਲਿਆ । ਬੀਮਾਰੀ ਜ਼ੋਰ ਫੜਦੀ ਗਈ । ਚਹੁੰ ਸਾਲਾਂ ਦੀ ਉਮਰ ਵਿਚ ਸੋਭਾ ਸਿੰਘ ਦੀ ਮਾਂ ਦਮ ਤੋੜ ਗਈ । ਸੋਭਾ ਸਿੰਘ ਇਸ ਦੁਰਘਟਨਾ ਨੂੰ ਸਾਰੀ ਉਮਰ ਨਾ ਭੁਲਾ ਸਕਿਆ । ਇਸ ਦੁਖਾਂਤ ਨੇ ਉਹਦੇ ਦਿਲ ਉੱਪਰ ਇਕ ਅਮਿੱਟ ਘਾਓ ਕਰ ਦਿੱਤਾ।
ਸੋਭਾ ਸਿੰਘ ਉਦਾਸ ਰਹਿੰਦਾ । ਉਹ ਬਾਹਰ ਨਿਕਲ ਜਾਂਦਾ । ਰੇਤੇ ਦੇ ਇਕ ਟਿੱਬੇ ਉਪਰ ਜਾ ਬਹਿੰਦਾ ਅਤੇ ਛੁਰੀ ਨਾਲ ਰੇਤਲੀ ਚਟਾਨ ਖੁਰਚਦਾ ਰਹਿੰਦਾ । ਇਸ ਤਰ੍ਹਾਂ ਇਕ ਆਕ੍ਰਿਤੀ ਬਣ ਜਾਂਦੀ । ਉਹ ਸੀਤਾ ਮਾਤਾ ਦੀ ਆਕ੍ਰਿਤੀ ਬਣਾਉਣ ਦੀ ਕੋਸ਼ਿਸ਼ ਕਰਦਾ, ਪਰ ਉਹਦੇ ਮਨ ਵਿਚ ਮਾਂ ਵੱਸੀ ਹੋਣ ਕਰਕੇ ਇਹ ਉਹਦੀ ਮਾਂ ਦੀ ਆਕ੍ਰਿਤੀ ਹੀ ਹੁੰਦੀ ।
ਸੋਭਾ ਸਿੰਘ ਵਿਚ ਜੀਉਣ ਦੀ ਇੱਛਾ ਮੁੱਕ ਗਈ । ਉਹ ਉਦਾਸ ਤੇ ਉਪਰਾਮ ਰਹਿਣ ਲੱਗ ਪਿਆ । ਇਕ ਦਿਨ ਉਹ ਆਤਮਘਾਤ ਕਰਨ ਦੇ ਇਰਾਦੇ ਨਾਲ ਬਾਹਰ ਨਿਕਲ ਗਿਆ । ਪਿੰਡ ਲਾਗੇ ਨਦੀ ਵਗਦੀ ਸੀ । ਉਹਦੇ ਕੰਢੇ ਕੰਢੇ ਦੌੜਦਾ ਰਿਹਾ, ਦੌੜਦਾ ਰਿਹਾ ਤੇ ਜਦੋਂ ਮੁੜ੍ਹਕੋ ਮੁੜ੍ਹਕੀ ਹੋ ਗਿਆ। ਤਾਂ ਨਦੀ ਵਿਚ ਛਾਲ ਮਾਰ ਦਿੱਤੀ ਤਾਂ ਜੋ ਉਹ ਮਰ ਜਾਵੇ । ਪਰ ਉਹ ਮਰਿਆ ਨਾ। ਉਹਨੇ ਤਾਂ ਜੀਊਣਾ ਸੀ, ਲੰਮੀ ਉਮਰ ਭੋਗਣੀ ਸੀ ਤੇ ਇਕ ਮਹਾਨ ਕਲਾਕਾਰ ਬਣ ਕੇ ਨਾਮਣਾ ਖੱਟਣਾ ਸੀ।
ਸੋਭਾ ਸਿੰਘ ਸੋਲਾਂ ਸਾਲ ਦਾ ਹੋਇਆ ਤਾਂ ਪਿਤਾ ਵੀ ਮਰ ਗਿਆ । ਉਹਦੀ ਭੈਣ ਲੱਛਮੀ ਉਹਨੂੰ ਆਪਣੇ ਕੋਲ ਅੰਮ੍ਰਿਤਸਰ ਲੈ ਆਈ । ਉਹਦਾ ਜੀਜਾ ਓਵਰਸੀਅਰ ਸੀ । ਉਹਦੀ ਸੰਗਤ ਵਿਚ ਸੋਭਾ ਸਿੰਘ ਡਰਾਇੰਗ ਕਰਦਾ ਤੇ ਚਿੱਤਰ ਬਣਾਉਂਦਾ ।
ਇਹਨੀਂ ਦਿਨੀਂ ਹੀ ਜਲ੍ਹਿਆਂ ਵਾਲੇ ਬਾਗ਼ ਦਾ ਸਾਕਾ ਹੋਇਆ । ਸੋਭਾ ਸਿੰਘ ਉਸੇ ਜਲਸੇ ਵਿਚ ਸ਼ਾਮਿਲ ਸੀ ਜਿਸ ਉੱਤੇ ਡਾਇਰ ਨੇ ਗੋਲੀਆਂ ਦਾ ਮੀਂਹ ਵਰ੍ਹਾਇਆ ਸੀ । ਸੋਭਾ ਸਿੰਘ ਨੂੰ ਲਾਸ਼ਾਂ ਦੇ ਢੇਰ ਵਿਚੋਂ ਕੱਢਿਆ ਗਿਆ ਸੀ । ਉਹਨੂੰ ਗੋਲੀ ਨਹੀਂ ਸੀ ਵੱਜੀ ਤੇ ਉਹ ਬਚ ਗਿਆ ਸੀ ।
ਸੋਭਾ ਸਿੰਘ ਦਾ ਜੀਜਾ ਉਹਨੂੰ ਆਹਰੇ ਲਾਉਣਾ ਚਾਹੁੰਦਾ ਸੀ । ਉਹਨੇ ਭੱਜ ਦੌੜ ਕਰਕੇ ਉਹਨੂੰ ਮਿਲਟਰੀ ਵਿਚ ਡਰਾਫ਼ਟਸਮੈਨ ਲੁਆ ਦਿੱਤਾ ।
1923 ਵਿਚ ਅਕਾਲੀ ਲਹਿਰ ਨੇ ਜ਼ੋਰ ਫੜਿਆ ਤੇ ਗੁਰੂ ਕੇ ਬਾਗ਼ ਦਾ ਮੋਰਚਾ ਲੱਗਿਆ । ਅਕਾਲੀਆਂ ਦੀਆਂ ਕੁਰਬਾਨੀਆਂ ਨੇ ਸੋਭਾ ਸਿੰਘ ਦੇ ਦਿਲ ਵਿਚ ਸਿੱਖੀ ਲਈ ਪਿਆਰ ਤੇ ਸ਼ਰਧਾ ਦਾ ਜਜ਼ਬਾ ਤਿੱਖਾ ਤੇ ਡੂੰਘਾ ਕਰ ਦਿੱਤਾ ।
1924 ਵਿਚ ਨਾਨਕ ਸਿੰਘ ਨਾਵਲਿਸਟ ਨਾਲ ਸੋਭਾ ਸਿੰਘ ਦੀ ਮੁਲਾਕਾਤ ਹੋਈ । ਨਾਨਕ ਸਿੰਘ ਨੂੰ ਪਹਾੜਾਂ ਦੀ ਸੈਰ ਦਾ ਬਹੁਤ ਸ਼ੌਕ ਸੀ । ਦੋਵੇਂ ਮਿੱਤਰ ਪਹਾੜਾਂ ਤੇ ਚਲੇ ਜਾਂਦੇ ਤੇ ਖੂਬ ਸੈਰ ਸਪਾਟੇ ਕਰਦੇ ।
ਸਭਿਆਚਾਰ ਹੀ ਕੌਮਾਂ ਦੇ ਜੀਵਨ ਦਾ ਮਾਪਦੰਡ ਹੁੰਦਾ ਹੈ । ਸਭਿਆਚਾਰ ਨੂੰ ਅਮੀਰ ਬਣਾਉਣ ਵਿਚ ਕਵੀਆਂ, ਸਾਹਿਤਕਾਰਾਂ ਤੇ ਕਲਾਕਾਰਾਂ ਨੇ ਬਹੁਤ ਮਹੱਤਵਪੂਰਣ ਰੋਲ ਅਦਾ ਕੀਤਾ ਹੈ । ਇਹ ਉਹ ਲੋਕ ਹਨ, ਜਿਹੜੇ ਜਿੰਦਗੀ ਵਿਚ ਹੁਸਨ ਭਰਦੇ ਹਨ, ਲੋਕਾਈ ਦੇ ਜੀਵਨ ਵਿਚ ਸੁੰਦਰਤਾ ਤੇ ਕੋਮਲਤਾ ਦੇ ਤੱਤ ਭਰਦੇ ਹਨ । ਪੰਜਾਬੀ ਸਭਿਆਚਾਰ ਨੂੰ ਅਮੀਰ ਤੇ ਭਰਪੂਰ ਬਣਾਉਣ ਵਿਚ ਜਿਨ੍ਹਾਂ ਲੋਕਾਂ ਦੇ ਨਾਂ ਰੌਸ਼ਨ ਤਾਰਿਆਂ ਵਾਂਗ ਲਿਸ਼ਕਦੇ ਹਨ, ਉਹਨਾਂ ਵਿਚੋਂ ਸੋਭਾ ਸਿੰਘ ਇਕ ਹੈ ।
ਸੋਭਾ ਸਿੰਘ ਕਲਾ ਦੇ ਪੁਜਾਰੀ ਸਨ । ਉਹਨਾਂ ਦਾ ਜੀਵਨ ਇਕ ਤਪੱਸਵੀ ਦਾ ਜੀਵਨ ਸੀ । ਉਹ ਕਲਾ ਦਾ ਸਾਕਾਰ ਰੂਪ ਸਨ । ਕਲਾ ਦੀ ਉਪਾਸਨਾ ਹੀ ਉਹਨਾਂ ਲਈ ਪ੍ਰਭੂ ਭਗਤੀ ਸੀ ।
ਸੋਭਾ ਸਿੰਘ ਦੇ ਦਿਲ ਵਿਚ ਗੁਰੂਆਂ ਲਈ ਅਥਾਹ ਸ਼ਰਧਾ ਤੇ ਅਥਾਹ ਪਿਆਰ ਸੀ । ਉਹਨਾਂ ਦੇ ਮਨ ਦੀਆਂ ਅੱਖਾਂ ਸਾਹਮਣੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਤੇ ਦੂਜੇ ਗੁਰੂ ਸਾਹਿਬਾਨ ਦੇ ਅਨੇਕ ਰੂਪ ਸਨ, ਜਿਨ੍ਹਾਂ ਨੂੰ ਉਹ ਰੰਗਾਂ ਵਿਚ ਰੂਪਮਾਨ ਕਰਨਾ ਲੋਚਦੇ ਸਨ । ਉਹਨਾਂ ਦੇ ਅੰਦਰ ਕੋਈ ਬੇਚੈਨੀ ਸੀ ਅਤੇ ਜਦੋਂ ਤਕ ਉਹ ਆਪਣੇ ਗੁਰੂਆਂ ਦੇ ਪ੍ਰਤੀਰੂਪ ਰੰਗਾਂ ਵਿਚ ਨਾ ਭਰ ਦਿੰਦੇ, ਚੈਨ ਨਾਲ ਨਹੀਂ ਸੀ ਬੈਠ ਸਕਦੇ ।
ਗੁਰੂ ਗੋਬਿੰਦ ਸਿੰਘ ਜੀ ਬਹੁ-ਪੱਖੀ ਸ਼ਖਸੀਅਤ ਦੇ ਮਾਲਕ ਸਨ । ਉਹ ਮਾਨਵ-ਪ੍ਰੇਮੀ ਸਨ ਸਾਹਿਤਕਾਰ ਸਨ, ਕਵੀ ਸਨ, ਯੋਧਾ ਸਨ । ਉਹਨਾਂ ਦਾ ਜੀਵਨ ਕਿਸੇ ਵੀ ਕਲਾਕਾਰ ਲਈ ਵੰਗਾਰ ਸੀ । ਸੋਭਾ ਸਿੰਘ ਨੇ ਏਸ ਵੰਗਾਰ ਨੂੰ ਹੁੰਗਾਰਾ ਭਰਿਆ ਤੇ ਉਹਨਾਂ ਦੇ ਬੁਰਸ਼ ਨੇ ਕਮਾਲ-ਪ੍ਰਾਪਤੀ ਦੀਆਂ ਮੰਜ਼ਿਲਾਂ ਤਹਿ ਕੀਤੀਆਂ । ਗੁਰੂ ਸਾਹਿਬਾਨ ਦੇ ਚਿੱਤਰ ਬਣਾਉਣ ਵਿਚ ਸੋਭਾ ਸਿੰਘ ਦਾ ਕੋਈ ਸਾਨੀ ਨਹੀਂ । ਏਸ ਮੈਦਾਨ ਵਿਚ ਉਹ ਬੇ-ਨਜ਼ੀਰ ਹਨ, ਬੇ-ਮਿਸਾਲ ਹਨ ।
ਸੋਭਾ ਸਿੰਘ ਦੇ ਗੁਰੂ ਨਾਨਕ ਦੇਵ ਵਿਚ ਰੱਬੀ ਨੂਰ ਹੈ, ਰੂਹਾਨੀ ਕੋਮਲਤਾ ਹੈ । ਸੋਭਾ ਸਿੰਘ ਦੇ ਗੁਰੂ ਗੋਬਿੰਦ ਸਿੰਘ ਵਿਚ ਇਕ ਅਜ਼ਮਤ ਹੈ, ਜਾਹੋ-ਜਲਾਲ ਹੈ, ਇਕ ਤੇਜ ਹੈ ।
ਸੋਭਾ ਸਿੰਘ ਪੋਰਟਰੇਟ ਪੇਂਟਰ ਸਨ, ਉਹਨਾਂ ਨੇ ਜਿੱਥੇ ਗਾਂਧੀ ਜੀ, ਲਾਲ ਬਹਾਦੁਰ ਸ਼ਾਸਤਰੀ ਦੇ ਪੋਰਟਰੇਟ ਬਣਾਏ, ਓਥੇ ਸਾਧਾਰਨ ਪਹਾੜੀ ਲੋਕਾਂ ਦੇ ਪੋਰਟਰੇਟ ਵੀ ਬਣਾਏ ।
ਸੋਹਣੀ ਮਹੀਂਵਾਲ ਸੋਭਾ ਸਿੰਘ ਦੀ ਸ਼ਾਨਦਾਰ ਕਲਾ-ਕ੍ਰਿਤ ਹੈ । ਪੰਜਾਬ ਦੀ ਧਰਤੀ ਦੀ ਸੁੰਦਰਤਾ, ਪੰਜਾਬੀ ਰੂਹ ਦਾ ਹੁਸਨ, ਪੰਜਾਬੀ ਪਿਆਰ ਦੇ ਤਸੱਵੁਰ ਦੀ ਪਵਿੱਤਰਤਾ, ਇਨਸਾਨੀ ਰੂਹ ਲਈ ਸ਼ਰਧਾ ਇਸ ਚਿੱਤਰ ਵਿਚ ਝਲਕਦੇ ਹਨ । ਅਸਲ ਵਿਚ ਪਿਆਰ ਤੇ ਸ਼ਰਧਾ ਹੀ ਉਹ ਗੁਣ ਹਨ, ਜਿਨ੍ਹਾਂ ਤੋਂ ਬਿਨਾਂ ਮਹਾਨ ਕਲਾ ਦਾ ਜਨਮ ਨਹੀਂ ਹੁੰਦਾ ।
ਸੋਭਾ ਸਿੰਘ ਯਾਰਾਂ ਦੇ ਯਾਰ ਸਨ । ਕੋਈ ਮਿੱਤਰ ਮਿਲਣ ਆਉਂਦਾ ਤਾਂ ਉਹਨਾਂ ਨੂੰ ਕੋਈ ਚਾਅ ਚੜ੍ਹ ਜਾਂਦਾ, ਉਹ ਫੁੱਲ ਵਾਂਗ ਖਿੜ ਪੈਂਦੇ । ਹਾਸ-ਰਸ ਉਹਨਾਂ ਦਾ ਇਕ ਪ੍ਰਧਾਨ ਗੁਣ ਸੀ । ਮਜ਼ਾਕ ਕਰਦੇ, ਲਤੀਫੇ ਸੁਣਾਉਂਦੇ, ਖੂਬ ਹਸਦੇ ਤੇ ਹਸਾਉਂਦੇ, ਕਹਿਕਹੇ ਲਾਉਂਦੇ ਅਤੇ ਲੁਆਉਂਦੇ ।
ਸੋਭਾ ਸਿੰਘ ਦਾਰਸ਼ਨਿਕ ਸੁਭਾਓ ਦੇ ਮਾਲਕ ਸਨ । ਉਨ੍ਹਾਂ ਨੇ ਭਾਰਤੀ ਦਰਸ਼ਨ ਦਾ ਚੰਗਾ ਅਧਿਐਨ ਕੀਤਾ ਸੀ ਅਤੇ ਇਹਦੇ ਅਸੂਲਾਂ ਨੂੰ ਆਪਣੇ ਜੀਵਨ ਵਿਚ ਢਾਲਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ।
ਜ਼ਿੰਦਗੀ ਦੇ ਆਖ਼ਰੀ ਦਹਾਕੇ ਉਹਨਾਂ ਨੇ ਹਿਮਾਚਲ ਪ੍ਰਦੇਸ਼ ਦੇ ਅੰਦਰੇਟਾ ਨਗਰ ਵਿਚ ਬਿਤਾਏ । ਪ੍ਰਕਿਰਤੀ ਨੇ ਜ਼ਿੰਦਗੀ ਦੇ ਹੁਸਨ ਦੀ ਪਛਾਣ ਕਰਵਾਈ ਜੀਹਨੂੰ ਉਹਨਾਂ ਦੇ ਬੁਰਸ਼ ਨੇ ਰੰਗਾਂ ਵਿਚ ਭਰਨ ਦੀ ਭਰਪੂਰ ਕੋਸ਼ਿਸ਼ ਕੀਤੀ ।
ਉਹ ਸਰਘੀ ਵੇਲੇ ਉਠਦੇ, ਸ਼ਾਲ ਓੜ ਕੇ ਸੂਰਜ ਦੀ ਉੱਗਦੀ ਟਿੱਕੀ ਨੂੰ ਪ੍ਰਣਾਮ ਕਰਦੇ । ਉਹ ਪਿਛੋਂ ਕਾਫ਼ੀ ਦਾ ਪਿਆਲਾ ਪੀਂਦੇ ਅਤੇ ਆਪਣੀ ਈਜ਼ਲ ਦੇ ਸਾਹਮਣੇ ਜਾ ਬਹਿੰਦੇ । ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਸ੍ਰੀ ਕ੍ਰਿਸ਼ਨ ਜੀ, ਅਰਥਾਤ ਜਿਸ ਦਾ ਚਿੱਤਰ ਵੀ ਬਣਾਉਣਾ ਹੁੰਦਾ, ਉਹਦੀ ਅਰਾਧਨਾ ਕਰਦੇ ਅਤੇ ਭਗਤ ਕਬੀਰ ਦਾ ਹੇਠ ਲਿਖਿਆ ਸ਼ਬਦ ਗੁਣਗੁਣਾਉਂਦੇ ਰਹਿੰਦੇ :
ਸੰਤੋ ਸਹਿਜ ਸਮਾਧ ਭਲੀ, ਜੋ ਦਿਨ ਸੇ ਅੰਤ ਨਾ ਸੁਰਤ ਚਲੀ । ਗੁਰ ਪ੍ਰਸਾਦਿ ਭਓ, ਸੰਤੋ ਸਹਿਜ ਸਮਾਧ ਭਲੀ। ਆਂਖ ਨ ਮੁੰਦੂ, ਕਾਨ ਨ ਮੂੰਦੂ ਕਾਇਆ ਕਸ਼ਟ ਨ ਧਾਰੂੰ । ਖੁਲ੍ਹੇ ਨੈਣ ਮੈਂ ਹਸ ਹਸ ਪੇਖੂੰ ਸੁੰਦਰ ਰੂਪ ਨਹਾਰੂੰ । ਕਹੂੰ ਸੁ ਨਾਮ ਸੁਣੂੰ ਸੋਊ ਸਿਮਰਨ ਖਾਊਂ ਪੀਊਂ ਸੋ ਪੂਜਾ । ਗ੍ਰਹਿ ਤਿਆਗ ਏਕ ਸਮ ਪੇਖੂੰ ਭਾਓ ਮਿਟਾਊਂ ਦੂਜਾ । ਜਹਾਂ ਜਹਾਂ ਜਾਊਂ ਸੋਈ ਪ੍ਰਕਰਮਾ ਜੋ ਕੁਛ ਕਰੂੰ ਸੋ ਸੇਵਾ । ਜਬ ਸੋਊਂ ਤਬ ਕਰੂੰ ਡੰਡਓਤ ਪੂਜੂੰ ਔਰ ਨਾ ਦੇਵਾ । ਕਹੂੰ ਕਬੀਰ ਯੇਹੋ ਉਤਮ ਰਹਿਣੀ ਸੁ ਪ੍ਰਗਟ ਕਹਿ ਗਾਈ । ਦੁਖ ਸੁਖ ਪਰੇ ਪਰਮ ਪਦ ਦਰਸੈ ਸੋਈ ਸਦਾ ਸੁਖਦਾਈ ।

ਅੰਦਰੇਟੇ ਦੀ ਸੋਭਾ ਚਿਤਰਕਾਰ ਸੋਭਾ ਸਿੰਘ ਹਰਭਜਨ ਸਿੰਘ ਬਾਜਵਾ

ਰੀਝਾਂ ਤੇ ਸੁਪਨਿਆਂ ਦਾ ਇਕ ਵਾ-ਵਰੋਲਾ ਸ੍ਰੀ ਹਰਿਗੋਬਿੰਦਪੁਰ ਤੋਂ ਉੱਠਿਆ ਤੇ ਉਹ ਵਾ- ਵਰੋਲਾ ਆਪਣੀਆਂ ਰੀਝਾਂ ਤੇ ਸੁਪਨਿਆਂ ਨੂੰ ਸਾਕਾਰ ਰੂਪ ਦੇਣ ਲਈ ਥਾਂ ਦੀ ਭਾਲ ਵਿਚ ਸਾਰਾ ਭਾਰਤ ਘੁੰਮ ਕੇ ਕਾਂਗੜਾ ਵਾਦੀ ਵਿਚ ਆਇਆ ਤੇ ਧੌਲਾਧਾਰ ਪਰਬਤ ਦੇ ਪੈਰਾਂ ਵਿਚ ਵਸੇ ਅੰਦਰੇਟਾ ਪਿੰਡ ਨੂੰ ਪਸੰਦ ਕਰਕੇ ਉਥੇ ਹੀ ਆਪਣੀ ਤਪੱਸਿਆ ਦੀ ਧੂਣੀ ਧੁਖਾ ਦਿੱਤੀ । ਧੂਣੀ ਜਿਸ ਦਾ ਧੂੰਆਂ ਦੇਸ ਪ੍ਰਦੇਸ ਤਕ ਖਿਲਰ ਗਿਆ ਸੀ । ਤੇ ਉਹ ਧੂਣੀ ਦਿਨ ਦੂਣੀ ਤੇ ਰਾਤ ਚੌਗਣੀ ਉੱਨਤੀ ਦੀਆਂ ਸਿਖਰਾਂ ਵੱਲ ਨੂੰ ਵੱਧਦੀ ਗਈ । ਉਹ ਧੂਣੀ ਸਰਦਾਰ ਸੋਭਾ ਸਿੰਘ ਮਹਾਨ ਕਲਾਕਾਰ ਦੀ ਸੀ, ਉਸ ਕਲਾਕਾਰ ਦੀ ਜਿਸ ਦੀ ਸੋਭਾ ਸੁਣ ਕੇ ਲੋਕ ਉਸ ਦੇ ਦਰਸ਼ਨਾਂ ਲਈ ਦੂਰੋਂ ਦੂਰੋਂ ਆਉਂਦੇ ਸਨ ।
ਸਰਦਾਰ ਸੋਭਾ ਸਿੰਘ ਨੇ ਆਪਣੇ ਬਚਪਨ ਵਿਚ ਬਹੁਤ ਸਾਰੀਆਂ ਤਕਲੀਫ਼ਾਂ ਝੱਲੀਆਂ ਸਨ । ਉਹਨਾਂ ਦੇ ਪਿਉ ਦਾ ਸੁਭਾਅ ਸਖ਼ਤ ਸੀ ਅਤੇ ਮਾਂ ਬਹੁਤੀ ਬੀਮਾਰ ਹੀ ਰਹੀ ਸੀ ਤੇ ਬਚਪਨ ਵਿਚ ਹੀ ਪੂਰੀ ਹੋ ਗਈ ਸੀ । ਇਸ ਕਰਕੇ ਸਰਦਾਰ ਸੋਭਾ ਸਿੰਘ ਨੂੰ ਬਚਪਨ ਸਮੇਂ ਵਿਚ ਮਾਂ ਬਾਪ ਦਾ ਬਹੁਤਾ ਪਿਆਰ ਨਹੀਂ ਮਿਲਿਆ ਤੇ ਨਾ ਹੀ ਬਹੁਤੀਆਂ ਖੁਸ਼ੀਆਂ ਪ੍ਰਾਪਤ ਹੋਈਆਂ । ਪਰ ਆਪਣੇ ਬਚਪਨੇ ਸੁਭਾਅ ਅਨੁਸਾਰ ਹੀ ਆਪਣੇ ਬਾਰੇ ਸੋਚਦੇ ਰਹੇ ਤੇ ਜਿਉਂ ਜਿਉਂ ਬਚਪਨ ਦਾ ਜਾਲਾ ਉਹਨਾਂ ਦੇ ਦੁਆਲਿਉਂ ਟੁੱਟਦਾ ਰਿਹਾ ਤਿਉਂ ਤਿਉਂ ਹੀ ਉਹ ਅੱਗੇ ਵਲ ਵਧਦੇ ਗਏ ।
ਸਰਦਾਰ ਸੋਭਾ ਸਿੰਘ ਨੇ ਪ੍ਰਾਇਮਰੀ ਤੱਕ ਹੀ ਵਿਦਿਆ ਪ੍ਰਾਪਤ ਕੀਤੀ ਸੀ ਕਿਉਂਕਿ ਉਹ ਘਰ ਦੀਆਂ ਪਰੇਸ਼ਾਨੀਆਂ ਤੋਂ ਤੰਗ ਸਨ ਤੇ ਆਪਣੇ ਪਿਉ ਦੀਆਂ ਰੀਝਾਂ ਤੋਂ ਉਲਟ ਸਭ ਕੁਝ ਕਰਦੇ ਸਨ । ਪਿਉ ਚਾਹੁੰਦਾ ਸੀ ਮੇਰਾ ਬੇਟਾ ਮਿਲਟਰੀ ਅਫ਼ਸਰ ਬਣੇ, ਪਰ ਬੇਟਾ ਇਸ ਦੇ ਉਲਟ ਸੀ । ਉਹ ਚਾਹੁੰਦਾ ਸੀ ਕਿ ਮੇਰੇ ਅੰਦਰਲੀ ਜਿਉਂਦੀ ਕਲਾ ਮੈਨੂੰ ਕਲਾਕਾਰ ਬਣਾ ਦੇਵੇ । ਇਸ ਕਰਕੇ ਸਰਦਾਰ ਸੋਭਾ ਸਿੰਘ ਨੇ ਕਲਾ ਨੂੰ ਜਿਊਂਦੀ ਰਖਣ ਵਾਸਤੇ ਕਲਾ ਨੂੰ ਆਪਣੀ ਜ਼ਿੰਦਗੀ ਮੰਨ ਲਿਆ ਸੀ ਕਿਉਂਕਿ ਕਲਾ ਉਹਨਾਂ ਨੂੰ ਜਨਮ ਨਾਲ ਹੀ ਮਿਲੀ ਸੀ ।
ਸਰਦਾਰ ਸੋਭਾ ਸਿੰਘ ਨੇ ਵੱਖ-ਵੱਖ ਥਾਵਾਂ ਤੇ ਨੌਕਰੀਆਂ ਕੀਤੀਆਂ ਤੇ ਉਸ ਤੋਂ ਬਾਅਦ ਮਿਲਟਰੀ ਵਿਚ ਇਕ ਡਰਾਫ਼ਟਸਮੈਨ ਦੇ ਤੌਰ ਤੇ ਵੀ ਨੌਕਰੀ ਕੀਤੀ ਜਿਥੇ ਜਾ ਕੇ ਉਹਨਾਂ ਨੂੰ ਜ਼ਿੰਦਗੀ ਦੇ ਬਹੁਤ ਸਾਰੇ ਸਖ਼ਤ ਤਜਰਬੇ ਹਾਸਲ ਹੋਏ ਕਿਉਂਕਿ ਅੰਗਰੇਜ਼ ਸਰਕਾਰ ਦੀ ਨੌਕਰੀ ਕਰਨੀ ਤੇ ਅਰਬ ਮੁਲਕਾਂ ਵਿਚ ਰਹਿਣਾ, ਇਹ ਸਰਦਾਰ ਸੋਭਾ ਸਿੰਘ ਲਈ ਜ਼ਿੰਦਗੀ ਦੇ ਨਵੇਂ ਤਜਰਬੇ ਸਨ ਜਿਹੜੇ ਉਨ੍ਹਾਂ ਨੇ ਪਹਿਲਾਂ ਕਦੀ ਨਹੀਂ ਸਨ ਵੇਖੇ ਤੇ ਸੁਣੇ ! ਇਸ ਨੌਕਰੀ ਸਮੇਂ ਸਰਦਾਰ ਸੋਭਾ ਸਿੰਘ ਨੂੰ ਕਈ ਵਾਰੀ ਮੌਤ ਦੇ ਮੂੰਹ ਵਿਚੋਂ ਹੋ ਕੇ ਮੁੜਨਾ ਪਿਆ ਪਰ ਉਹਨਾਂ ਨੇ ਕਦੀ ਆਪਣੇ ਆਪ ਨੂੰ ਕਲਾ ਵਲੋਂ ਨਹੀਂ ਸੀ ਮੋੜਿਆ । ਆਖਰ ਅੰਗਰੇਜ਼ ਸਰਕਾਰ ਦੀ ਨੌਕਰੀ ਛੱਡ ਕੇ ਅੰਮ੍ਰਿਤਸਰ ਆ ਗਏ । ਉਸ ਤੋਂ ਬਾਅਦ ਲਾਹੌਰ, ਦਿੱਲੀ ਤੇ ਬੰਬਈ ਦੇ ਚੱਕਰ ਲਾ ਕੇ ਆਪਣੇ ਪਸੰਦ ਕੀਤੇ ਹੋਏ ਥਾਂ ਅੰਦਰੇਟੇ ਆ ਕੇ ਟਿਕ ਗਏ।
ਅੰਦਰੇਟੇ ਜਦੋਂ ਸਰਦਾਰ ਸੋਭਾ ਸਿੰਘ ਆਏ ਤਾਂ ਉਸ ਵਕਤ ਉਹ ਇਕੱਲੇ ਹੀ ਸਨ । ਉਹਨਾਂ ਦੀ ਪਤਨੀ ਦਿੱਲੀ ਰਹਿੰਦੀ ਸੀ । ਉਹ ਉਹਨਾਂ ਨੂੰ ਸਿਰ ਫਿਰਿਆ ਆਦਮੀ ਸਮਝ ਕੇ ਉਹਨਾਂ ਨਾਲ ਨਾ ਆਈ । ਸਰਦਾਰ ਸੋਭਾ ਸਿੰਘ ਨੇ ਅੰਦਰੇਟੇ ਆ ਕੇ ਪਹਿਲਾਂ ਤਾਂ ਇਕ ਛੋਟਾ ਜਿਹਾ ਕਮਰਾ ਕਿਰਾਏ ਤੇ ਲਿਆ ਤੇ ਉਸ ਤੋਂ ਬਾਅਦ ਦੋ ਕਨਾਲ ਥਾਂ ਖਰੀਦ ਕੇ ਉਸ ਥਾਂ ਤੇ ਆਪਣਾ ਘਰ ਬਣਾਇਆ ਜਿਹੜਾ ਹੁਣ ਕਲਾ ਪ੍ਰੇਮੀਆਂ ਲਈ ਮੱਕਾ ਬਣ ਗਿਆ ਹੈ ਤੇ ਦੇਸ਼ ਪ੍ਰਦੇਸ਼ ਤੋਂ ਬਹੁਤ ਸਾਰੇ ਸ਼ਰਧਾਲੂ ਉਨ੍ਹਾਂ ਦੇ ਚਿਤਰਾਂ ਦੇ ਦਰਸ਼ਨਾਂ ਲਈ ਆਉਂਦੇ ਰਹਿੰਦੇ ਹਨ ।
ਸਰਦਾਰ ਸੋਭਾ ਸਿੰਘ ਨੂੰ ਸਭ ਤੋਂ ਪਹਿਲਾ ਮੋਹ ਆਪਣੀ ਜਨਮ-ਭੂਮੀ ਸ੍ਰੀ ਹਰਿਗੋਬਿੰਦਪੁਰ ਦਾ ਆਇਆ । ਜਿਸ ਗੁਰੂ ਸਾਹਿਬਾਨ ਦੇ ਨਾਂ ਤੇ ਇਹ ਸ਼ਹਿਰ ਵੱਸਿਆ ਹੋਇਆ ਹੈ ਉਸ ਗੁਰੂ ਸ੍ਰੀ ਹਰਿਗੋਬਿੰਦਪੁਰ ਸਾਹਿਬ ਦੀ ਪੇਂਟਿੰਗ ਸਭ ਤੋਂ ਪਹਿਲਾਂ ਬਣਾਉਣੀ ਸ਼ੁਰੂ ਕੀਤੀ ਜਿਹੜੀ ਪੇਂਟਿੰਗ ਅਜੇ ਤਕ ਵੀ ਉਹ ਪੂਰੀ ਨਹੀਂ ਕਰ ਸਕਦੇ ਸਨ ਕਿਉਂਕਿ ਉਸ ਪੇਂਟਿੰਗ ਨਾਲ ਉਹਨਾਂ ਦਾ ਅਥਾਹ ਪਿਆਰ ਸੀ । ਉਸ ਤੋਂ ਬਾਅਦ ਉਹਨਾਂ ਨੂੰ ਬਚਪਨ ਵਿਚ ਮਾਂ ਤੇ ਭੈਣ ਦੇ ਪਿਆਰ ਦਾ ਨਾ ਮਿਲਣਾ ਬਾਰ ਬਾਰ ਤੰਗ ਕਰਦਾ ਸੀ । ਤੇ ਫੇਰ ਉਹਨਾਂ ਨੇ ਉਹਨਾਂ ਰੂਹਾਂ ਨੂੰ ਪੇਂਟ ਕੀਤਾ ਜਿਨ੍ਹਾਂ ਰੂਹਾਂ ਨੇ ਆਪਸ ਵਿਚ ਪਿਆਰ ਕੀਤਾ ਏ । ਜਿਸ ਤਰ੍ਹਾਂ ਸੋਹਣੀ ਮਹੀਂਵਾਲ, ਹੀਰ ਰਾਂਝਾ, ਸੱਸੀ ਪੁੰਨੂੰ ਤੇ ਮਿਰਜ਼ਾ ਸਾਹਿਬਾਂ ਕਿਉਂਕਿ ਸਰਦਾਰ ਸੋਭਾ ਸਿੰਘ ਅੰਦਰ ਔਰਤ ਦੇ ਪਿਆਰ ਦੀ ਘਾਟ ਸੀ । ਇਹ ਪਿਆਰ ਉਹਨਾਂ ਨੂੰ ਬਚਪਨ ਵਿਚ ਵੀ ਨਹੀਂ ਸੀ ਮਿਲਿਆ ਤੇ ਉਸ ਤੋਂ ਬਾਅਦ ਜਦੋਂ ਉਨ੍ਹਾਂ ਦੀ ਸ਼ਾਦੀ ਹੋ ਗਈ ਉਸ ਵਕਤ ਵੀ ਇਸ ਘਾਟ ਨੂੰ ਮਹਿਸੂਸ ਕਰਦੇ ਹੀ ਰਹੇ । ਸ਼ਾਇਦ ਕਲਾਕਾਰਾਂ ਦੀਆਂ ਬੀਵੀਆਂ ਕਲਾਕਾਰਾਂ ਨੂੰ ਘਟ ਹੀ ਸਮਝਦੀਆਂ ਹਨ । ਇਸ ਕਰਕੇ ਬਹੁਤੇ ਕਲਾਕਾਰਾਂ ਨੂੰ ਘਰੋਂ ਪਿਆਰ ਘੱਟ ਹੀ ਮਿਲਦਾ ਏ । ਪਰ ਸਰਦਾਰ ਸੋਭਾ ਸਿੰਘ ਨੇ ਪੰਜਾਬੀ ਸਾਹਿਤ ਦੀਆਂ ਦੋ ਮਹਾਨ ਔਰਤਾਂ ਨੂੰ ਪਿਆਰ ਕੀਤਾ ਏ ਤੇ ਉਨ੍ਹਾਂ ਔਰਤਾਂ ਨੇ ਵੀ ਸਰਦਾਰ ਸੋਭਾ ਸਿੰਘ ਨੂੰ ਰੱਜ ਕੇ ਪਿਆਰ ਕੀਤਾ ਤੇ ਬਜ਼ੁਰਗਾਂ ਵਾਂਗ ਸਤਿਕਾਰ ਦਿੰਦੀਆਂ ਰਹੀਆਂ ਹਨ । ਇਹ ਔਰਤਾਂ ਸ੍ਰੀਮਤੀ ਅੰਮ੍ਰਿਤਾ ਪ੍ਰੀਤਮ ਤੇ ਡਾਕਟਰ ਜਸਵੰਤ ਕੌਰ ਗਿੱਲ ਹਨ । ਇਹਨਾਂ ਔਰਤਾਂ ਦਾ ਪੰਜਾਬੀ ਸਾਹਿਤ ਵਿਚ ਮਹਾਨ ਅਸਥਾਨ ਹੈ । ਇਹਨਾਂ ਔਰਤਾਂ ਨੇ ਸਰਦਾਰ ਸੋਭਾ ਸਿੰਘ ਦੀ ਜ਼ਿੰਦਗੀ ਨੂੰ ਬਹੁਤ ਨੇੜੇ ਤੋਂ ਵੇਖਿਆ ਏ ਤੇ ਉਹਨਾਂ ਨੇ ਇਹਨਾਂ ਔਰਤਾਂ ਨੂੰ ਬੱਚਿਆਂ ਵਾਂਗ ਪਲਦਿਆਂ ਵੇਖਿਆ ਤੇ ਬੱਚਿਆਂ ਵਾਂਗ ਹੀ ਇਹਨਾਂ ਨਾਲ ਪਿਆਰ ਕੀਤਾ ।
ਸਰਦਾਰ ਸੋਭਾ ਸਿੰਘ ਨੇ ਗੁਰੂ ਕੇ ਬਾਗ਼ ਦਾ ਮੋਰਚਾ ਸਾਰਾ ਆਪਣੀਆਂ ਅੱਖਾਂ ਸਾਹਮਣੇ ਵਾਪਰਦਾ ਵੇਖਿਆ ਸੀ ਜਿਸ ਕਰਕੇ ਉਹਨਾਂ ਦੇ ਅੰਦਰ ਸਿੱਖੀ ਜਜ਼ਬਾ ਕੁੱਟ ਕੁੱਟ ਕੇ ਭਰਿਆ ਪਿਆ ਸੀ । ਭਾਵੇਂ ਆਪ ਉਹ ਕੱਟੜ ਸਿੱਖ ਨਹੀਂ ਸਨ । ਇਸੇ ਚੀਜ਼ ਨੇ ਹੀ ਉਹਨਾਂ ਨੂੰ ਗੁਰੂ ਸਾਹਿਬਾਂ ਦੀਆਂ ਪੇਂਟਿੰਗਜ਼ ਬਣਾਉਣ ਵਾਸਤੇ ਬਹੁਤਾ ਪ੍ਰੇਰਿਆ ਸੀ ।
ਸਰਦਾਰ ਸੋਭਾ ਸਿੰਘ ਆਪਣੇ ਸੁਭਾਅ ਦੇ ਆਪ ਹੀ ਮਾਲਕ ਸਨ। ਕਈ ਵਾਰੀ ਗੱਲਾਂ ਕਰਦੇ ਕਰਦੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਜਾਂਦੇ ਸਨ ਜਿਨ੍ਹਾਂ ਤੋਂ ਉਹਨਾਂ ਦੀ ਜ਼ਿੰਦਗੀ ਦਾ ਸੱਚ ਨਜ਼ਰ ਆਉਂਦਾ ਸੀ । ਇਕ ਵਾਰੀ ਮੈਨੂੰ ਆਖਣ ਲੱਗੇ, “ਸੋਹਣੀ ਤੋਂ ਮੈਂ ਪੈਸੇ ਕਮਾਏ ਹਨ ਤੇ ਗੁਰੂ ਸਾਹਿਬਾਂ ਦੀਆਂ ਪੇਂਟਿੰਗਜ਼ ਤੇ ਖਰਚ ਕਰ ਛੱਡੇ ਹਨ । ਪਰ ਇਹ ਗੁਰੂ ਧਾਮਾਂ ਦੀ ਧਾਨ ਖਾਣ ਵਾਲਿਆਂ ਨੇ ਮੇਰੀ ਤਾਂ ਕੋਈ ਕਦਰ ਨਹੀਂ ਪਾਈ, ਆਪ ਸਾਰੇ ਆਪਸ ਵਿਚ ਚੌਧਰਾਂ ਲਈ ਲੜਦੇ ਰਹੇ ਤੇ ਸਿੱਖ ਕੌਮ ਦਾ ਭਵਿੱਖ ਗੰਧਲਾ ਕਰ ਰਹੇ ਹਨ ।”
ਇਹ ਉਹਨਾਂ ਦਾ ਸੁਭਾਅ ਸੀ । ਉਹ ਆਪ ਕਿਸੇ ਦੀ ਕੀਤੀ ਆਪਣੇ ਆਪ ਤੇ ਆਲੋਚਨਾ ਨਹੀਂ ਸਨ ਸੁਣਦੇ ਪਰ ਆਪ ਸਾਰੇ ਸਾਹਿਤਕਾਰਾਂ, ਕਲਾਕਾਰਾਂ ਤੇ ਲੀਡਰਾਂ ਦੇ ਮੂੰਹ ਤੇ ਸਾਰੀ ਗੱਲ ਆਖ ਦਿੰਦੇ ਸਨ, ਭਾਵੇਂ ਕਿਸੇ ਨੂੰ ਕੌੜੀ ਲਗੇ ਜਾਂ ਮਿੱਠੀ । ਉਹ ਦੂਸਰਿਆਂ ਨੂੰ ਕਦੀ ਮਾਫ ਨਹੀਂ ਸਨ ਕਰਦੇ । ਸਾਰੇ ਸਿਆਸੀ ਤੇ ਧਾਰਮਕ ਲੀਡਰਾਂ ਵਿਚੋਂ ਸੰਤ ਹਰਚੰਦ ਸਿੰਘ ਲੌਂਗੋਵਾਲ, ਸਿੰਘ ਸਾਹਿਬ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ, ਡਾ. ਮਹਿੰਦਰ ਸਿੰਘ ਰੰਧਾਵਾ ਤੇ ਸਰਦਾਰ ਸੁਰਜੀਤ ਸਿੰਘ ਬਰਨਾਲਾ ਦਾ ਮਨੋ ਸਤਿਕਾਰ ਕਰਦੇ ਸਨ ਤੇ ਇਹਨਾਂ ਸਾਰਿਆਂ ਨੂੰ ਪਿਆਰ ਵੀ ਕਰਦੇ ਸਨ । ਆਖਰੀ ਪੇਂਟਿੰਗਜ਼ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਣਾਉਂਦੇ ਬਣਾਉਂਦੇ ਉਹ ਆਪਣੇ ਬਹੁਤ ਸਾਰੇ ਪਿਆਰੇ ਸਾਥੀਆਂ ਕੋਲ ਸਵਰਗ ਵਿਚ ਪਹੁੰਚ ਗਏ ਹਨ ।
ਹਰ ਇਕ ਮਨੁੱਖ ਮਹਾਨ ਮਨੁੱਖ ਨਹੀਂ ਬਣ ਸਕਦਾ ਕਿਉਂਕਿ ਮਹਾਨ ਮਨੁੱਖ ਬਣਨ ਲਈ ਵੀ ਕੁਝ ਖੂਬੀਆਂ ਹੁੰਦੀਆਂ ਹਨ ਜਿਹੜੀਆਂ ਖੂਬੀਆਂ ਜਾਂ ਗੁਣ ਹਰ ਮਨੁੱਖ ਵਿਚ ਪੈਦਾ ਨਹੀਂ ਹੋ ਸਕਦੇ । ਸਰਦਾਰ ਸੋਭਾ ਸਿੰਘ ਜਿੱਥੇ ਏਨੇ ਵੱਡੇ ਚਿਤਰਕਾਰ ਸਨ, ਉਥੇ ਓਨੇ ਹੀ ਮਹਾਨ ਮਨੁੱਖ ਸਨ । ਉਹਨਾਂ ਦੇ ਮਹਾਨ ਮਨੁੱਖ ਵਾਲੇ ਗੁਣ ਉਹ ਲੋਕ ਜਾਣਦੇ ਹਨ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਹੋਈ ਸੀ । ਜਦੋਂ ਉਹ ਆਪਣੇ ਦਿਲ ਦੀਆਂ ਗੱਲਾਂ ਦੱਸ ਰਹੇ ਹੁੰਦੇ ਹਨ ਤਾਂ ਇਹ ਮਹਿਸੂਸ ਹੁੰਦਾ ਸੀ ਕਿ ਉਹੋ ਜਿਹੀਆਂ ਗੱਲਾਂ ਆਮ ਮਨੁੱਖ ਨਹੀਂ ਕਰ ਸਕਦਾ । ਇਸ ਤਰ੍ਹਾਂ ਦੀ ਰੂਹਾਨੀਅਤ ਦੀ ਉਚਾਈ ਨੂੰ ਆਮ ਮਨੁੱਖ ਨਹੀਂ ਛੁਹ ਸਕਦਾ ।
ਸਰਦਾਰ ਸੋਭਾ ਸਿੰਘ ਹਰ ਮਨੁੱਖ ਨੂੰ ਏਨਾ ਪਿਆਰ ਦਿੰਦੇ ਸਨ ਕਿ ਉਸ ਪਿਆਰ ਨੂੰ ਭੁੱਲਣਾ ਮੁਸ਼ਕਲ ਹੋ ਜਾਂਦਾ । ਜੋ ਸੱਜਣ ਉਹਨਾਂ ਨੂੰ ਇਕ ਵਾਰ ਮਿਲ ਲੈਂਦਾ, ਉਹ ਉਨ੍ਹਾਂ ਦੇ ਪਿਆਰ ਨੂੰ ਕਦੇ ਨਹੀਂ ਭੁੱਲ ਸਕਦਾ । ਜਦੋਂ ਅਸੀਂ ਲੋਕ ਉਹਨਾਂ ਨੂੰ ਮਿਲ ਰਹੇ ਹੁੰਦੇ ਸਾਂ, ਉਸ ਵਕਤ ਅਸੀਂ ਇਕ ਚਿਤਰਕਾਰ ਨੂੰ ਮਿਲ ਰਹੇ ਹੁੰਦੇ ਸਾਂ ਪਰ ਕੁਝ ਸਮੇਂ ਬਾਅਦ ਅਸੀਂ ਮਹਿਸੂਸ ਕਰਦੇ ਸਾਂ ਜਿਵੇਂ ਅਸੀਂ ਕਿਸੇ ਧਰਮਾਤਮਾ ਪੁਰਖ ਨਾਲ ਬੈਠੇ ਸੰਗਤ ਕਰ ਰਹੇ ਸਾਂ । ਚਿਤਰਕਾਰ ਬਾਰੇ ਅਸੀਂ ਭੁੱਲ ਹੀ ਜਾਂਦੇ ਸਾਂ । ਇਹ ਖੂਬੀ ਸਰਦਾਰ ਸੋਭਾ ਸਿੰਘ ਦੇ ਪਿਆਰ ਭਿੰਨੇ ਕਹੇ ਹੋਏ ਸ਼ਬਦਾਂ ਦੀ ਏ ਜਿਹੜੇ ਉਹਨਾਂ ਦੀ ਮਹਾਨਤਾ ਨੂੰ ਸਾਡੇ ਸਾਹਮਣੇ ਲੈ ਆਉਂਦੇ ਸਨ ।
ਇਕ ਥਾਂ ਸਰਦਾਰ ਸੋਭਾ ਸਿੰਘ ਲਿਖਦੇ ਹਨ, “ਸਾਨੂੰ ਪਹਿਲਾਂ ਚੰਗਾ ਮਨੁੱਖ ਬਣਨਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਚੰਗੇ ਚਿਤਰਕਾਰ, ਚੰਗੇ ਇੰਜਨੀਅਰ ਜਾਂ ਫਿਰ ਚੰਗੇ ਅਧਿਆਪਕ ਹੋਣਾ ਚਾਹੀਦਾ ਹੈ ।” ਪਿਆਰ ਬਾਰੇ ਉਹ ਦਸਦੇ ਹੁੰਦੇ ਸਨ ਕਿ ਜੇ ਤੁਹਾਨੂੰ ਆਪਣੇ ਆਪ ਨੂੰ ਪਿਆਰ ਨਾ ਮਿਲਿਆ ਹੋਵੇ ਤਾਂ ਇਸ ਦੀ ਘਾਟ ਦੂਸਰਿਆਂ ਨੂੰ ਮਹਿਸੂਸ ਨਾ ਹੋਣ ਦੇਵੋ । ਇਸੇ ਕਰਕੇ ਪਿਆਰ ਵੰਡਣ ਦੀ ਦਾਤ ਉਹਨਾਂ ਨੂੰ ਕੁਦਰਤ ਕੋਲੋਂ ਮਿਲੀ ਸੀ, ਵੰਡਦੇ ਰਹੇ, ਹਰ ਤਰ੍ਹਾਂ ਦੇ ਇਨਸਾਨ ਨੂੰ, ਭਾਵੇਂ ਉਹ ਬੱਚਾ ਹੋਵੇ, ਭਾਵੇਂ ਜਵਾਨ ਤੇ ਭਾਵੇਂ ਬੁੱਢਾ । ਉਹਨਾਂ ਨੂੰ ਮਿਲਣ ਵਾਲਾ ਹਰ ਛੋਟਾ ਵੱਡਾ ਇਨਸਾਨ ਉਹਨਾਂ ਦੇ ਪਿਆਰ ਦਾ ਕਰਜ਼ਾਈ ਹੈ । ਇਹ ਦਾਤ ਕੁਦਰਤ ਹਰ ਇਨਸਾਨ ਨੂੰ ਨਹੀਂ ਦਿੰਦੀ ।
29 ਨਵੰਬਰ ਉਹਨਾਂ ਸਾਰਿਆਂ ਦਾ ਖਿੱਚ ਦਾ ਦਿਨ ਬਣਿਆ ਰਿਹਾ ਹੈ ਜਿਹੜੇ ਲੋਕ ਕਲਾ ਅਤੇ ਪਿਆਰ ਨੂੰ ਪਸੰਦ ਕਰਦੇ ਹਨ ਕਿਉਂਕਿ 29 ਨਵੰਬਰ ਨੂੰ ਹੀ ਅਸੀਂ ਸਾਰੇ ਲੋਕ ਅੰਦਰੇਟੇ ਸਰਦਾਰ ਸੋਭਾ ਸਿੰਘ ਦਾ ਜਨਮ ਦਿਨ ਮਨਾਉਣ ਵਾਸਤੇ ਇਕੱਠੇ ਹੁੰਦੇ ਸਾਂ ਤੇ ਇਸ ਇਕੱਠ ਵਿਚ ਕਈ ਵਾਰੀ ਉਹਨਾਂ ਹਸਤੀਆਂ ਦੇ ਦਰਸ਼ਨ ਵੀ ਹੋ ਜਾਂਦੇ ਸਨ ਜਿਨ੍ਹਾਂ ਦੇ ਉਸ ਤਰ੍ਹਾਂ ਦਰਸ਼ਨ ਕਰਨ ਦਾ ਸ਼ਾਇਦ ਸਾਨੂੰ ਕਦੀ ਸਮਾਂ ਹੀ ਨਾ ਮਿਲੇ । ਸਰਦਾਰ ਸੋਭਾ ਸਿੰਘ ਦੇ ਜਨਮ ਦਿਨ ਦੇ ਹਰ ਸਾਲ ਹੀ ਇਕ ਪੰਡਿਤ ਜੋਤਸ਼ੀ ਆਉਂਦਾ ਹੁੰਦਾ ਸੀ ਤੇ ਉਹਨਾਂ ਦਾ ਹੱਥ ਦੇਖ ਕੇ ਦੱਸਦਾ ਹੁੰਦਾ ਸੀ, “ਸਰਦਾਰ ਜੀ ਦੀ ਉਮਰ ਬਹੁਤ ਲੰਮੀ ਹੋਵੇਗੀ।” ਪਰ ਉਸ ਪੰਡਿਤ ਜੋਤਸ਼ੀ ਨੂੰ ਸ਼ਾਇਦ ਆਪਣੀ ਉਮਰ ਬਾਰੇ ਕੁਝ ਪਤਾ ਨਹੀਂ ਸੀ । ਸਰਦਾਰ ਸੋਭਾ ਸਿੰਘ ਦੇ ਸਵਰਗਵਾਸ ਹੋਣ ਤੋਂ ਇਕ ਸਾਲ ਪਹਿਲਾਂ ਉਹ ਜੋਤਸ਼ੀ ਚਲ ਵਸਿਆ ਤਾਂ ਉਸ ਸਾਲ ਸਰਦਾਰ ਜੀ ਨੂੰ ਆਪਣੇ ਜਨਮ ਦਿਨ ਤੇ ਉਸ ਜੋਤਸ਼ੀ ਨੂੰ ਨਾ ਦੇਖਿਆ ਤਾਂ ਉਹ ਕਹਿਣ ਲਗੇ, “ਮੇਰੀ ਲੰਮੀ ਉਮਰ ਦੱਸਣ ਵਾਲਾ ਪੰਡਿਤ ਆਪ ਹੀ ਨਹੀਂ ਰਿਹਾ ਤੇ ਹੁਣ ਸਾਡੀ ਉਮਰ ਲੰਮੀ ਕੌਣ ਕਰੇਗਾ ?” ਉਥੇ ਖੜ੍ਹੇ ਉਹਨਾਂ ਦੇ ਸਾਰੇ ਪ੍ਰਸੰਸਕਾਂ ਨੇ ਕਿਹਾ, “ਸਰਦਾਰ ਜੀ, ਤੁਹਾਡੀ ਉਮਰ ਵਾਹਿਗੁਰੂ ਲੰਮੀ ਕਰੇਗਾ ।”
ਉਹਨਾਂ ਦੇ ਜਨਮ ਦਿਨ ਤੇ ਬਹੁਤ ਸਾਰੇ ਉਹਨਾਂ ਦੇ ਸ਼ਰਧਾਲੂ ਆਉਂਦੇ ਰਹੇ । ਡਾਕਟਰ ਕਰਮ ਸਿੰਘ ਗਰੇਵਾਲ, ਡਾਕਟਰ ਮਹਿੰਦਰ ਸਿੰਘ ਰੰਧਾਵਾ, ਸਰਦਾਰ ਬਿਸ਼ਨ ਸਿੰਘ ਸਮੁੰਦਰੀ, ਸ੍ਰੀ ਪ੍ਰਿਥਵੀ ਰਾਜ ਕਪੂਰ ਉਹਨਾਂ ਸ਼ਰਧਾਲੂਆਂ ਵਿਚੋਂ ਸਨ । 29 ਨਵੰਬਰ 1976 ਦਾ ਜਨਮ ਦਿਨ ਡਾਕਟਰ ਕਰਨ ਸਿੰਘ (ਮਹਾਰਾਜ ਜੰਮੂ ਕਸ਼ਮੀਰ) ਜੋ ਉਸ ਵੇਲੇ ਕੇਂਦਰ ਦੀ ਸਰਕਾਰ ਵਿਚ ਮੰਤਰੀ ਸਨ, ਨੇ ਦਿੱਲੀ ਮਨਾਇਆ ਸੀ । ਉਹਨਾਂ ਨੇ ਸਰਦਾਰ ਸੋਭਾ ਸਿੰਘ ਦੇ ਚਿਤਰਾਂ ਦੀ ਇਕ ਨੁਮਾਇਸ਼ ਵੀ ਚਾਨਕਿਆ ਆਰਟ ਗੈਲਰੀ ਵਿਚ ਸਰਬ ਭਾਰਤੀ ਕੋਮਲ ਕਲਾ ਕੇਂਦਰ ਦੀ ਸਹਾਇਤਾ ਨਾਲ ਲਾਈ ਸੀ ਜੋ ਕਰੀਬ ਇਕ ਹਫ਼ਤਾ ਲੱਗੀ ਰਹੀ । ਇਹ ਪਹਿਲੀ ਵਾਰ ਸਾਡੇ ਦੇਖਣ ਵਿਚ ਆਇਆ ਸੀ ਕਿ ਸਰਦਾਰ ਸੋਭਾ ਸਿੰਘ ਨੇ ਆਪਣੇ ਘਰ ਅੰਦਰੇਟੇ ਤੋਂ ਬਾਹਰ ਆਪਣਾ ਜਨਮ ਮਨਾਇਆ ਸੀ, ਨਹੀਂ ਤਾਂ ਉਹ ਭਾਵੇਂ ਕਿਤੇ ਹੋਣ 29 ਨਵੰਬਰ ਦਾ ਦਿਨ ਹਮੇਸ਼ਾ ਹੀ ਅੰਦਰੇਟੇ ਹੀ ਮਨਾਉਂਦੇ ਸਨ ।
ਸਰਦਾਰ ਸੋਭਾ ਸਿੰਘ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਚੰਗਾ ਵਕਤ ਅੰਦਰੇਟੇ ਹੀ ਕੱਟਿਆ ਹੈ। ਤੇ ਆਪਣੀ ਜ਼ਿੰਦਗੀ ਦੀਆਂ ਸਭ ਤੋਂ ਚੰਗੀਆਂ ਕਿਰਤਾਂ ਵੀ ਅੰਦਰੇਟੇ ਹੀ ਬਣਾਈਆਂ ਹਨ । ਜਿਥੇ ਅੰਦਰੇਟੇ ਨੇ ਸਰਦਾਰ ਸੋਭਾ ਸਿੰਘ ਨੂੰ ਚੰਗਾ ਮਾਹੌਲ ਤੇ ਚੰਗੀ ਥਾਂ ਦਿਤੀ ਹੈ ਉਥੇ ਸਰਦਾਰ ਸੋਭਾ ਸਿੰਘ ਨੇ ਅੰਦਰੇਟੇ ਦਾ ਨਾਂ ਦੇਸ਼ ਪ੍ਰਦੇਸ਼ਾਂ ਵਿਚ ਮਸ਼ਹੂਰ ਕਰ ਦਿੱਤਾ ਹੈ । ਅੱਜ ਅੰਦਰੇਟੇ ਦਾ ਨਾਂ ਹਰ ਕਲਾ ਪ੍ਰੇਮੀ ਨੂੰ ਯਾਦ ਹੈ । ਭਾਵੇਂ ਇਸ ਅੰਦਰੇਟੇ ਵਿਚ ਹੋਰ ਵੀ ਲੋਕ ਰਹਿੰਦੇ ਹਨ ਪਰ ਅੰਦਰੇਟੇ ਨੂੰ ਜਿੰਨਾ ਭਾਗ ਸਰਦਾਰ ਸੋਭਾ ਸਿੰਘ ਨੇ ਲਾਇਆ ਹੈ ਇਸ ਤੋਂ ਵੱਧ ਕਿਸੇ ਹੋਰ ਮਨੁਖ ਨੇ ਨਹੀਂ ਲਾਇਆ । ਉਹ ਰੀਝਾਂ ਤੇ ਸੁਪਨਿਆਂ ਦਾ ਉਠਿਆ ਵਾ-ਵਰੋਲਾ ਸਾਰੇ ਸੰਸਾਰ ਵਿਚ ਕਿਣਕਾ ਕਿਣਕਾ ਬਣ ਕੇ ਖਿਲਰ ਗਿਆ ਹੈ । ਤੇ ਸਾਡੇ ਲਈ ਆਪਣੀਆਂ ਰੀਝਾਂ ਤੇ ਸੁਪਨੇ ਛੱਡ ਗਿਆ ਹੈ । ਜਿਨ੍ਹਾਂ ਨੂੰ ਵੇਖ ਕੇ ਅਸੀਂ ਉਸ ਮਹਾਨ ਕਲਾਕਾਰ ਨੂੰ ਵੇਖ ਕੇ ਸਿਰ ਨਿਵਾਉਂਦੇ ਹਾਂ । ਸਦੀਆਂ ਬਾਅਦ ਵੀ ਇਸ ਤਰ੍ਹਾਂ ਦੇ ਰੀਝਾਂ ਤੇ ਸੁਪਨਿਆਂ ਭਰੇ-ਵਾ-ਵਰੋਲੇ ਉਠਦੇ ਹਨ ।

ਅੰਦਰੇਟੇ ਦੇ ਦਸ ਦਿਨ ਅੰਮ੍ਰਿਤਾ ਪ੍ਰੀਤਮ

ਦਿੱਲੀ ਦਾ ਰੌਲਾ ਹੁਣ ਸਿਰਫ਼ ਕੰਨਾਂ ਵਿਚ ਨਹੀਂ ਸੀ ਗੂੰਜਦਾ, ਮੇਰੇ ਸਿਰ ਦੀਆਂ ਸਾਰੀਆਂ ਨਾੜਾਂ ਵਿਚ ਖੌਰੂ ਪਾਣ ਲਗ ਪਿਆ ਸੀ । ਮੈਂ ਸੋਭਾ ਸਿੰਘ ਜੀ ਨੂੰ ਲਿਖਿਆ, “ਤੁਹਾਡੇ ਅੰਦਰੇਟੇ ਦੀ ਚੁੱਪ ਤੋਂ ਸਿਵਾ ਹੁਣ ਕੋਈ ਪਨਾਹ ਨਹੀਂ ਜਾਪਦੀ ।”
“ਸਾਰੀਆਂ ਗਰਮੀਆਂ ਥੱਕ ਲੱਥੇ ਹਾਂ ਉਡੀਕਦੇ, ਹੁਣ ਵੀ ਕਾਰਡ ਪਾਇਆ ਜੇ, ਚਿੱਠੀ ਨਹੀਂ ਪਾਈ, ਸਰਫ਼ਾ ਕਰ ਲਿਆ ਜੇ, ਆਉਣ ਦਾ ਸਰਫ਼ਾ ਨਾ ਕਰਨਾ ।”, ਜਵਾਬ ਆਇਆ। ਤੇ ਨਾਲ ਹੀ ਲਿਖਿਆ ਹੋਇਆ ਸੀ, “ਦੁਸਹਿਰੇ ਦੀਆਂ ਛੁੱਟੀਆਂ ਵਿਚ ਮੇਰੇ ਕੋਲ ਦੋ ਮਹਿਮਾਨ ਆ ਰਹੇ ਹਨ, ਉਹ ਵੀ ਤੁਹਾਨੂੰ ਮਿਲਣਾ ਚਾਹੁਣਗੇ ।”
“ਨਹੀਂ, ਮੈਂ ਤੁਹਾਡੇ ਵੇਲੇ ਦਾ ਹਿੱਸਾ ਕਿਸੇ ਨਾਲ ਨਹੀਂ ਵੰਡਾ ਸਕਦੀ । ਛੁਟੀਆਂ ਤੋਂ ਬਾਅਦ ਆਵਾਂਗੀ, ਜਦੋਂ ਤੁਹਾਡਾ ਸਾਰਾ ਵੇਲਾ ਸਿਰਫ ਮੇਰੇ ਲਈ ਹੋਵੇਗਾ।” ਮੈਂ ਲਿਖਿਆ ।
“ਚੰਗਾ ਇੰਜੇ ਹੀ ਸਹੀ । ਇੰਦਰਜੀਤ ਨੂੰ ਤਾਂ ਆਖਣਾ ਆਉਣ ਲਈ, ਉਂਜ ਤਾਂ ਉਸ ਨਿੱਘਰੇ ਹੋਏ ਨੇ ਕਦੇ ਆਉਣਾ ਨਹੀਂ, ਤੇ ਪ੍ਰੀਤਮ ਜੀ ਤਾਂ ਆਉਣਗੇ ਹੀ, ਨਹੀਂ ਤਾਂ ਸਾਡੀਆਂ ਗੱਲਾਂ ਦੀ ਦਾਦ ਕੌਣ ਦੇਵੇਗਾ ।” ਜਵਾਬ ਆਇਆ । “ਪ੍ਰੀਤਮ ਜੀ ਨਾਲ ਦਿੱਲੀ ਨੇ ਬੜਾ ਮੋਹ ਪਾ ਲਿਆ ਹੈ, ਏਨੇ ਦਿਨਾਂ ਦੀ ਛੁੱਟੀ ਨਹੀਂ ਦੇਂਦੀ ।
ਆਪਣੀਆਂ ਗੱਲਾਂ ਦੀ ਆਪੇ ਹੀ ਦਾਦ ਦੇਣੀ ਪਵੇਗੀ । ਇੰਦਰਜੀਤ ਨੇ ਤੁਹਾਡਾ ਸੱਦਾ ਮੰਨ ਲਿਆ ਹੈ।” ਮੈਂ ਫੇਰ ਲਿਖਿਆ ।
ਸੋਭਾ ਸਿੰਘ ਜੀ ਦਾ ਇਕ ਖ਼ਤ ਇੰਦਰਜੀਤ ਨੂੰ ਆਇਆ, “ਤੁਹਾਨੂੰ ਉਹ ਲੈ ਆਉਣਗੇ, ਜਿਵੇਂ ਅਰਜਨ ਦਾ ਰਥ ਕ੍ਰਿਸ਼ਨ ਨੇ ਖਿੱਚਿਆ ਸੀ ।”
ਏਡੀ ਵੱਡੀ ਪਦਵੀ ਦੀ ਛਾਂ ਹੇਠਾਂ ਖਲੋ ਕੇ ਪੈਰ ਭੋਏਂ ‘ਤੇ ਨਹੀਂ ਸਨ ਲਗਦੇ, ਤੇ ਜਦੋਂ ਪੈਰਾਂ ਨੇ ਕਾਂਗੜਾ ਵਾਦੀ ਨੂੰ ਛੋਹਿਆ ਸਾਡੇ ਸਿਰਾਂ ਉਤੇ ਸਾਡੇ ਚਿਤਰਕਾਰ ਦੀ ਆਪਣੀ ਛਾਂ ਸੀ । ਸਟੇਸ਼ਨ ਮਾਸਟਰ ਆਖ ਰਿਹਾ ਸੀ, “ਤੁਸੀਂ ਸਰਦਾਰ ਜੀ ਦੇ ਮਹਿਮਾਨ ਹੋ, ਚਾਹ ਪੀ ਕੇ ਜਾਣਾ ।”
ਸਟੂਡੀਓ ਵਿਚ ਜਦੋਂ ਚਾਹ ਆਈ, ਪਿਆਲੇ ਚਾਰ ਸਨ, ਸਰਦਾਰ ਜੀ, ਉਹਨਾਂ ਦੀ ਪਤਨੀ, ਇੰਦਰਜੀਤ ਤੇ ਮੇਰੇ ਲਈ । ਪਰ ਚਾਹ ਦੇ ਦੁਆਲੇ ਅਸੀਂ ਸੱਤ ਜਣੇ ਬੈਠੇ ਹੋਏ ਸਾਂ । ਕ੍ਰਿਸ਼ਨਾ ਮੂਰਤੀ, ਐਮਰਸਨ, ਤੇ ਖ਼ਲੀਲ ਜਬਰਾਨ ਸਰਦਾਰ ਜੀ ਦੇ ਸੱਜੇ ਖੱਬੇ ਬੈਠੇ ਹੋਏ ਸਨ । ਤੇ ਫੇਰ ਸਿਰਫ਼ ਉਸ ਵੇਲੇ ਹੀ ਨਹੀਂ, ਅਗਲਿਆਂ ਸਾਰਿਆਂ ਦਿਨਾਂ ਵਿਚ ਮੈਂ ਵੇਖਿਆ ਉਹ ਹਰ ਘੜੀ ਉਹਨਾਂ ਦੇ ਅੰਗ ਸੰਗ ਰਹਿੰਦੇ ਸਨ । ਉਹ ਤਿੰਨੇ ਹੀ ਨਹੀਂ, ਦੂਸਰੇ ਦਿਨ ਉਨ੍ਹਾਂ ਦਾ ਚੌਥਾ ਸਾਥੀ ਥੋਰੋ ਵੀ ਆ ਗਿਆ ਤੇ ਤੀਸਰੇ ਦਿਨ ਵਾਲਟ ਵਿਟਮੈਨ ਵੀ । ਇਹ ਪੰਜੇ ਸਰਦਾਰ ਜੀ ਦੇ ਪੰਜ ਪਿਆਰੇ ਹਨ।
ਇੰਦਰਜੀਤ ਨਾਲ ਆਪਣੇ ਦੁਆਲੇ ਦੇ ਲੋਕਾਂ ਨੂੰ ਵਾਕਫ਼ ਕਰਾਂਦਿਆਂ ਸਰਦਾਰ ਜੀ ਆਖ ਰਹੇ ਸਨ, “ਜਿਹੜੀ ਮਾਰ ਸਾਨੂੰ ਵੱਗੀ ਹੋਈ ਏ, ਉਹੀ ਫਿਟਕ ਇਨ੍ਹਾਂ ਨੂੰ ਪਈ ਹੋਈ ਏ ।” ਤੇ ਲੋਕ ਆਦਰ ਨਾਲ ਭਰ ਜਾਂਦੇ ਸਨ ਕਿ ਉਹ ਇਕ ਚਿਤਰਕਾਰ ਨੂੰ ਮਿਲ ਰਹੇ ਹਨ ।
ਇੰਜ ਦੇ ਹਾਸੇ ਸੋਭਾ ਸਿੰਘ ਜੀ ਦੀ ਵੱਡੀ ਸ਼ਖ਼ਸੀਅਤ ਦੇ ਭੇਤ ਹਨ । ਉਨ੍ਹਾਂ ਦਾ ਆਖਣਾ ਹੈ, “ਵੱਡਾ ਆਦਮੀ ਉਹ ਹੈ ਜੋ ਆਪਣੇ ਕੋਲ ਬੈਠੇ ਹੋਏ ਨੂੰ ਛੋਟਾ ਨਾ ਮਹਿਸੂਸ ਹੋਣ ਦੇਵੇ ।”
ਉਹ ਆਪਣੇ ਮਹਿਮਾਨ ਨੂੰ ਹਮੇਸ਼ਾ ਆਪਣੀ ਸਫ਼ ਉੱਤੇ ਬਿਠਾਂਦੇ ਹਨ। ਉਨ੍ਹਾਂ ਦੇ ਕੋਲ ਆਣ ਕੇ ਇੱਕ ਬੁੱਢੀ ਪਹਾੜਨ ਆਪਣਾ ਦਿਲ ਫੋਲ ਸਕਦੀ ਹੈ, “ਮੇਰੀ ਨੂੰਹ ਮੈਨੂੰ ਘਰ ਵਿਚ ਮੇਰੀ ਥਾਂ ਨਹੀਂ ਦੇਂਦੀ । ਮੇਰੇ ਪੁੱਤਰ ਦੇ ਕੰਨਾਂ ਵਿਚ ਪਤਾ ਨਹੀਂ ਕਿਹੜਾ ਰੂੰ ਭਰ ਗਿਆ ਹੈ।” ਅਤੇ ਉਨ੍ਹਾਂ ਦੇ ਕੋਲ ਆਣ ਕੇ ਪ੍ਰਿਥਵੀ ਰਾਜ ਕਪੂਰ ਆਖ ਸਕਦਾ ਹੈ, “ਮੇਰੀ ਛਾਤੀ ਵਿਚ ਇੰਞ ਜਾਪਦਾ ਹੈ ਜਿਵੇਂ ਇਕ ਸ਼ਮਸ਼ਾਨ ਹੋਵੇ…”
ਪੂਰਨਮਾਸ਼ੀ ਹੁਣੇ ਹੁਣੇ ਲੰਘੀ ਸੀ, ਚੰਨ ਰਤਾ ਕੁ ਚਿਰਾਕਾ ਚੜ੍ਹਨਾ ਸੀ ਪਰ ਸੋਭਾ ਸਿੰਘ ਜੀ ਨੇ ਆਖਿਆ ਅਸੀਂ ਖੇਤਾਂ ਦੇ ਬੰਨੇ ਖਲੋਵਾਂਗੇ ਤੇ ਸਾਹਮਣੇ ਉੱਚੇ ਪਹਾੜਾਂ ਦੇ ਪਿਛੋਂ ਚੜ੍ਹਦਾ ਚੰਨ ਵੇਖਾਂਗੇ । ਜਿੱਡੀ ਤਾਬ ਨਾਲ ਚੰਨ ਚੜ੍ਹਿਆ, ਸਾਡੇ ਚਿੱਤਰਕਾਰ ਨੇ ਓਡੀ ਤਾਬ ਨਾਲ ਹੀ ਉਹਦਾ ਸਵਾਗਤ ਕੀਤਾ । ਵਾਦੀ ਦੀ ਸੁੱਤੀ ਹੋਈ ਪਰੀ ਦਾ ਅੰਗ ਅੰਗ ਲਿਸ਼ਕ ਉੱਠਿਆ, ਤੇ ਨਾਲ ਹੀ ਉਡੀਕਾਂ ਵਾਲੇ ਮੂੰਹ ਚਮਕ ਉੱਠੇ ।
“ਸ਼ਹਿਰਾਂ ਵਿਚ ਚੰਨ ਸੂਰਜ ਇੰਞ ਆਉਂਦੇ ਨੇ ਤੇ ਇੰਞ ਟੁਰ ਜਾਂਦੇ ਨੇ ਜਿਵੇਂ ਅਣਸੱਦੇ ਹੀ ਆ ਜਾਂਦੇ ਹੋਣ ਤੇ ਅਣਪੁੱਛੇ ਹੀ ਟੁਰ ਜਾਂਦੇ ਹੋਣ ।” ਮੈਂ ਆਖਿਆ।
“ਮੈਂ ਆਪਣੇ ਘਰ ਪਾਣੀ ਦਾ ਤਲਾ ਹੀ ਇਸੇ ਲਈ ਬਣਵਾਇਆ ਏ ਕਿ ਉਦ੍ਹੇ ਵਿਚ ਚੰਨ ਨੂੰ ਵੇਖ ਸਕਿਆ ਕਰਾਂ । ਇਕ ਮੇਰੇ ਕੋਲ ਬੰਦਾ ਆਇਆ ਤੇ ਆਖਣ ਲੱਗਾ, ਏਨੀ ਗੱਲ ਪਿੱਛੇ ਤਲਾ ਬਨਵਾਣ ਦੀ ਕੀ ਲੋੜ ਸੀ, ਚੰਨ ਤੇ ਉਂਞ ਹੀ ਦਿੱਸ ਪੈਂਦਾ ਏ…” ਸੋਭਾ ਸਿੰਘ ਜੀ ਹੱਸਣ ਲੱਗ ਪਏ ।
ਜਦੋਂ ਅਸੀਂ ਘਰ ਮੁੜੇ, ਕ੍ਰਿਸ਼ਨਾ ਮੂਰਤੀ ਉਨ੍ਹਾਂ ਦੀ ਤਾਈਦ ਕਰ ਰਿਹਾ ਸੀ, “ਸਿਆਣਪ, ਜਾਣਕਾਰੀ ਨਹੀਂ ਹੁੰਦੀ ਜੋ ਕਿ ਬਾਹਰੋਂ ਕਿਸੇ ਚੀਜ਼ ਵਿਚੋਂ ਹਾਸਿਲ ਕੀਤੀ ਜਾਂਦੀ ਹੈ । ਇਹ ਇੱਕ ਚਾਨਣ ਹੈ, ਜੋ ਸਾਡੇ ਆਪਣੇ ਅੰਦਰੋਂ ਜਾਗਦਾ ਹੈ, ਅਤੇ ਹਰ ਉਸ ਚੀਜ਼ ਨੂੰ ਰੋਸ਼ਨ ਕਰ ਜਾਂਦਾ ਹੈ, ਜੋ ਇਹਦੇ ਨਾਲ ਛੁਹ ਜਾਵੇ ।”
ਜਦੋਂ ਇੰਦਰ ਕੌਰ ਜੀ (ਸੋਭਾ ਸਿੰਘ ਜੀ ਦੀ ਪਤਨੀ) ਨੇ ਤਵਾ ਰੱਖਿਆ, ਮੈਨੂੰ ਸੋਭਾ ਸਿੰਘ ਜੀ ਆਖਣ ਲੱਗੇ, “ਆਪਣੀ ਚਾਚੀ ਨਾਲ ਇਕ ਝੂਠੀ ਸੁਲ੍ਹਾ ਮਾਰ ਦੇਣਾ ਰੋਟੀ ਪਕਾਣ ਦੀ ।”
“ਝੂਠੀ ਨਹੀਂ, ਸੱਚੀ ਸੁਲ੍ਹਾ ਮਾਰਾਂਗੀ ।” ਤੇ ਮੈਂ ਚਾਚੀ ਜੀ ਨੂੰ ਮਨਾ ਲਿਆ ਕਿ ਰੋਟੀ ਮੈਂ ਬਣਾਵਾਂਗੀ ।
ਇੰਦਰਜੀਤ ਹੱਸ ਰਹੇ ਸਨ । ਉਨ੍ਹਾਂ ਮੈਨੂੰ ਅੱਗੇ ਕਦੇ ਰੋਟੀ ਪਕਾਂਦਿਆਂ ਨਹੀਂ ਸੀ ਵੇਖਿਆ, ਛੇਤੀ ਨਾਲ ਕੈਮਰਾ ਕੱਢ ਲਿਆਏ, ਪਰ ਮੈਂ ਆਖਿਆ “ਕੈਮਰਾ ਫੜਣ ਦੀ ਥਾਵੇਂ ਜੇ ਅੱਗ ਨੂੰ ਫੂਕਾਂ ਮਾਰਦੇ ਰਵੋ ਤਾਂ ਰੋਟੀ ਚੰਗੀ ਬਣੇਗੀ । ਲੱਕੜਾਂ ਗਿੱਲੀਆਂ ਨੇ ।”
ਉਸ ਦਿਨ ਤੋਂ ਲੈ ਕੇ ਰੋਜ਼ ਕਿਵੇਂ ਸਾਰਿਆਂ ਨੂੰ ਆਪੋ ਆਪਣਾ ਕੰਮ ਚੇਤੇ ਹੋ ਗਿਆ । ਚਾਚੀ ਜੀ ਸਬਜ਼ੀ ਚਾੜ੍ਹ ਦੇਂਦੇ, ਇੰਦਰਜੀਤ ਅੱਗ ਬਾਲਦੇ ਰਹਿੰਦੇ । ਮੈਂ ਰੋਟੀਆਂ ਪਕਾ ਦੇਂਦੀ ਤੇ ਰਸੋਈ ਵਿਚ ਮੂੜ੍ਹੇ ਉਤੇ ਬਹਿ ਕੇ ਸੋਭਾ ਸਿੰਘ ਜੀ ਆਪਣੇ ਪੰਜਾਂ ਪਿਆਰਿਆਂ ਵਿਚੋਂ ਕਦੇ ਕਿਸੇ ਦੀਆਂ ਗੱਲਾਂ ਕਰਦੇ, ਕਦੇ ਕਿਸੇ ਦੀਆਂ ।
“ਬਿਸਤਰੇ ਦੀ ਚਾਹ ਨੂੰ ਮੈਂ ਪੱਟੜੀ ਦੀ ਚਾਹ ਬਣਾ ਲਿਆ ਹੋਇਆ ਏ ।” ਰਾਤ ਨੂੰ ਉਹ ਆਖਣ ਲੱਗੇ ।
“ਉਹ ਕੀਕਣ ?”
“ਇੰਦਰ ਕੌਰ ਜੀ ਅਜੇ ਸੁੱਤੇ ਹੋਏ ਹੁੰਦੇ ਨੇ, ਜਦੋਂ ਮੈਂ ਰਸੋਈ ਵਿਚ ਆਣ ਕੇ ਚਾਹ ਦੀ ਪਿਆਲੀ ਬਣਾ ਲੈਂਦਾ ਹਾਂ, ਤੇ ਚੁੱਲ੍ਹੇ ਕੋਲ ਪਈ ਹੋਈ ਪਟੜੀ ਉਤੇ ਬਹਿ ਕੇ ਪੀ ਲੈਂਦਾ ਹਾਂ, ਤੁਸੀਂ ਆਖੋ ਤੇ ਬਿਸਤਰੇ ਵਿਚ ਭੇਜ ਦਿਆਂਗਾ।”
ਨਹੀਂ ਨਹੀਂ, ਅਸੀਂ ਵੀ ਸਵੇਰੇ ਪਟੜੀ ਦੀ ਚਾਹ ਹੀ ਪੀਵਾਂਗੇ ।” ਤੇ ਜਦੋਂ ਸਵੇਰ ਸਾਰ ਅਸੀਂ ਚੁੱਲ੍ਹੇ ਦੇ ਦੁਆਲੇ ਆਣ ਬੈਠੇ ਸਾਨੂੰ ਇਕ ਇਕ ਪਿਆਲਾ ਚਾਹ ਦਾ ਦੇ ਕੇ ਸੋਭਾ ਸਿੰਘ ਜੀ ਕਦੇ ਇੱਧਰ ਵੇਖਣ ਕਦੇ ਉਧਰ ।
“ਕੁਝ ਲਭਦੇ ਹੋ ?”
“ਲਭਦਾ ਤੇ ਕੁਝ ਨਹੀਂ, ਪਰ ਇਕ ਗੱਲ ਏ ਕਿ ਮੈਂ ਇੱਕ ਗੁਪਤ ਦਾਨ ਕਰਦਾ ਹੁੰਦਾ ਹਾਂ ।”
“ਗੁਪਤ ਦਾਨ … ।”
“ਵੇਖੋ ਨਾ ਸਵੇਰੇ ਠੰਢ ਬੜੀ ਹੁੰਦੀ ਏ, ਬਉਲੀ ਸਾਡੇ ਘਰੋਂ ਕਿੱਢੀ ਦੂਰ ਏ, ਸਵੇਰੇ ਸਵੇਰੇ ਪਾਣੀ ਦੇ ਘੜੇ ਲਿਆਉਣੇ ਹੁੰਦੇ ਨੇ ।”
“ਸੰਤੀ ਲਿਆਉਂਦੀ ਏ ਨਾ ਪਾਣੀ, ਮਹਿਰੀ ਤੁਹਾਡੀ ?”
“ਓਸੇ ਦੀ ਗੱਲ ਕਰਦਾ ਹਾਂ, ਤੇ ਜੇ ਉਹ ਵਿਚਾਰੀ ਚਾਹ ਦੀ ਪਿਆਲੀ ਪੀ ਕੇ ਜਾਵੇ… ।”
“ਆਹੋ, ਆਹੋ ਮੈਂ ਵਾਜ ਦਿਆਂ ਸੰਤੀ ਨੂੰ, ਅਹੁ ਬਾਹਰ ਭਾਂਡੇ ਮਾਂਜਦੀ ਪਈ ਏ ।”
“ਵਾਜ ਨਹੀਂ ਜੀ, ਬੱਸ ਅਹਿ ਪਿਆਲਾ ਔਸ ਜਾਲੀ ਹੇਠਾਂ ਧਰ ਦਿਓ, ਉਹ ਆਪੇ ਵੇਲਾ ਵੇਖ ਕੇ ਪੀ ਲਵੇਗੀ ।”
“ਠੰਢਾ ਹੋ ਜਾਵੇਗਾ ਸੂ, ਮੈਂ ਵਾਜ ਦੇ ਦੇਨੀ ਆਂ ।”
“ਵਾਜ ਨਾ ਦਿਓ, ਮਾੜਾ ਜਿਹਾ ਇਸ਼ਾਰਾ ਕਰ ਦਿਓ ਸੁ, ਗੁਪਤਦਾਨ ਨੂੰ ਨਾ ਭੁੱਲੋ…” ਸੋਭਾ ਸਿੰਘ ਜੀ ਦਾ ਹਾਸਾ ਕੁਲ ਦੇ ਪਾਣੀ ਵਰਗਾ ਸੁੱਚਾ ਤੇ ਗੰਭੀਰ ਹੈ ।
ਸੰਤੀ ਨੂੰ ਹੁਣ ਪਤਾ ਲੱਗ ਗਿਆ ਸੀ ਕਿ ਅਸੀਂ ਵੀ ਉਹਦੇ ਚਾਹ ਦੇ ਪਿਆਲੇ ਦਾ ਭੇਤ ਜਾਣਦੇ ਹਾਂ, ਉਸ ਨੇ ਮਿੱਟੀ ਵਾਲੇ ਹੱਥ ਧੋ ਕੇ ਜਦੋਂ ਚਾਹ ਦਾ ਪਿਆਲਾ ਫੜਿਆ, ਉਹਦੇ ਹਾਸੇ ਨਾਲ ਉਹਦੇ ਨੱਕ ਦਾ ਲੌਂਗ ਹੋਰ ਚਮਕਣ ਲਗ ਪਿਆ ।
“ਤੁਸੀਂ ਪਰਾਉਂਠਿਆਂ ਵਿਚ ਮੱਖਣ ਦੀ ਥਾਵੇਂ ਅੰਡੇ ਦੀ ਜ਼ਰਦੀ ਲਾਓ, ਉਤੋਂ ਮੱਖਣ ਨਾਲ ਤਲ ਲਵੋ, ਨਾਲ ਚਾਹ ਬਣਾ ਕੇ ਥਰਮਸ ਵਿਚ ਪਾ ਲਓ, ਤੇ ਸਾਹਮਣੇ ਪਹਾੜ ਉੱਤੇ ਚੜ੍ਹ ਜਾਓ, ਜਿੱਥੇ ਜੀਅ ਕਰੇ ਬੈਠਣਾ ਤੇ ਜਿੱਥੇ ਭੁੱਖ ਲੱਗੇ ਖਾਣਾ ।” ਦੂਸਰਿਆਂ ਦੀ ਪ੍ਰਾਹੁਣਚਾਰੀ ਸੋਭਾ ਸਿੰਘ ਜੀ ਕਈ ਤਰ੍ਹਾਂ ਨਾਲ ਕਰਦੇ ਹਨ ਪਰ ਆਪ ਉਹ ਦੁੱਧ ਸੂਜੀ ਤੋਂ ਬਿਨਾਂ ਸਵੇਰੇ ਕੁਝ ਨਹੀਂ ਖਾਂਦੇ । ਅੱਗੋਂ ਉਹ ਆਖ ਰਹੇ ਸਨ, “ਅੱਜ ਮੈਂ ਕੁਝ ਘੰਟੇ ਕੰਮ ਕਰਨਾ ਏਂ, ਤੁਹਾਡੇ ਨਾਲ ਨਹੀਂ ਜਾਵਾਂਗਾ, ਤਰਕਾਲਾਂ ਨੂੰ ਇਕੱਠੇ ਚਲਾਂਗੇ ।”
ਅਸੀਂ ਜਦੋਂ ਜਾਣ ਲਗੇ, ਉਹ ਆਪਣੇ ਸਟੂਡਿਓ ਵਿਚੋਂ ਬਾਹਰ ਆ ਗਏ, “ਥੋੜਾ ਜਿਹਾ ਰਸਤਾ ਤੁਹਾਡੇ ਨਾਲ ਜਾਵਾਂਗਾ, ਫੇਰ ਮੁੜ ਆਵਾਂ ਗਾ, ਤੁਸੀਂ ਅਗੇ ਚਲੇ ਜਾਣਾ ।”
“ਰਾਹ ਦਿਖਾ ਆਵੋਗੇ ।”
“ਨਹੀਂ, ਬਣੇ ਹੋਏ ਰਾਹਵਾਂ ਉੱਤੇ ਨਹੀਂ ਪਾਵਾਂਗਾ, ਰਾਹ ਆਪੇ ਲੱਭਣਾ… ।”
ਥੋੜ੍ਹੀ ਜਹੀ ਚੜ੍ਹਾਈ ਚੜ੍ਹ ਕੇ ਜਦੋਂ ਅਸੀਂ ਸਾਹ ਲੈਣ ਲਈ ਬੈਠੇ, ਉਨ੍ਹਾਂ ਨੇ ਆਪਣੀ ਜੇਬ ਵਿਚੋਂ ਕ੍ਰਿਸ਼ਨਾ ਮੂਰਤੀ ਕੱਢ ਲਿਆ: “ਦਿਲ ਦੀ ਭਰਪੂਰਤਾ ਵਿਚ ਵੈਰਾਗ ਨੂੰ ਸੱਦਾ ਦੇ ਲਵੋ, ਖੁਸ਼ੀ ਦੇ ਅੰਬਾਰ ਲੱਗ ਜਾਣਗੇ, ਜਿਵੇਂ ਭਾਰੀ ਵਰਖਾ ਪਿਛੋਂ ਨਦੀ ਚੱਲ ਪੈਂਦੀ ਹੈ, ਅਤੇ ਚਲਦੇ ਪਾਣੀ ਦੇ ਸੰਗੀਤ ਵਿਚ ਪੱਥਰ ਟੋਟਿਆਂ ਦੀ ਚਹਿਲ ਪਹਿਲ ਲੱਗ ਜਾਂਦੀ ਹੈ । ਤੁਹਾਡਾ ਸੈਲਾਨੀਪਣ ਉਸ ਸੱਖਣ ਨੂੰ ਭਰ ਦੇਂਦਾ ਹੈ, ਜਿਹਦੇ ਤੋਂ ਡਰ ਪੈਦਾ ਹੁੰਦਾ ਹੈ । ਵੈਰਾਗ, ਜ਼ਿੰਦਗੀ ਦੀ ਬਣਤਰ ਦੀਆਂ ਤੈਹਾਂ ਖੋਹਲਦਾ ਹੈ । ਵੈਰਾਗ ਇਕਲਾਪੇ ਦੀ ਤਾਕਤ ਦੇਂਦਾ ਹੈ, ਅਤੇ ਵੈਰਾਗ ਤੁਹਾਡੇ ਦਿਲਾਂ ਦੇ ਬੰਦ ਭਿੱਤਾਂ ਨੂੰ ਤੁਹਾਡੇ ਲਈ ਖੋਹਲ ਦੇਂਦਾ ਹੈ । ਵੈਰਾਗ ਦੀ ਆਵਾਜ਼ ਪੂਰਤੀ ਦੀ ਆਵਾਜ਼ ਹੈ, ਅਤੇ ਪੂਰਤੀ ਦੇ ਰੱਜ ਵਿਚ ਜ਼ਿੰਦਗੀ ਦੀ ਭਰਪੂਰਤਾ ਹੈ ।”
ਸੋਭਾ ਸਿੰਘ ਜੀ ਉਥੋਂ ਮੁੜ ਗਏ ਪਰ ਉਨ੍ਹਾਂ ਦੇ ਹੋਠਾਂ ਵਿਚੋਂ ਨਿਕਲੀ ਹੋਈ ਕ੍ਰਿਸ਼ਨਾ ਮੂਰਤੀ ਦੀ ਆਵਾਜ਼ ਅਗਲੇ ਰਾਹ ਉਤੇ ਵੀ ਸੁਣੀਂਦੀ ਰਹੀ । ਅਜਿਹੀਆਂ ਵੈਰਾਗ ਦੀਆਂ ਘੜੀਆਂ ਮੈਂ ਜ਼ਿੰਦਗੀ ਵਿਚ ਕਈ ਵਾਰ ਜੀਵੀਆਂ ਹੋਈਆਂ ਹਨ, ਅਤੇ ਜਦੋਂ ਨਹੀਂ ਜੀਅ ਸਕਦੀ, ਉਦੋਂ ਇੰਞ ਹੀ ਜਾਪਦਾ ਹੁੰਦਾ ਹੈ ਜਿਵੇਂ ਕੋਈ ਆਪਣੀ ਛੱਤ ਦੇ ਆਸਰੇ ਤੋਂ ਬਾਹਰ ਭਟਕ ਰਿਹਾ ਹੋਵੇ । ਏਸ ਭਟਕਣਾਂ ਤੋਂ ਪਨਾਹ ਉਦੋਂ ਹੀ ਮਿਲਦੀ ਹੁੰਦੀ ਹੈ, ਜਦੋਂ ਆਪਣੀ ਜਾਣੀ ਪਛਾਣੀ ਉਦਾਸੀ ਦੀ ਛਾਂ ਲੱਭ ਪਏ । ਅੱਜ ਸੋਭਾ ਸਿੰਘ ਜੀ ਨੇ ਛਾਂ ਹੋਰ ਵੀ ਸੰਘਣੀ ਕਰ ਦਿੱਤੀ ਸੀ । ਮੈਂ ਜਦੋਂ ਵਾਪਸ ਮੁੜੀ, ਉਨ੍ਹਾਂ ਨੂੰ ਆਖਿਆ, “ਦੁਨੀਆਂ ਨਾਲ ਤੇ ਉਹਦੇ ਕੰਮਾਂ ਨਾਲ ਅੱਗੇ ਹੀ ਸੁਲ੍ਹਾ ਨਹੀਂ ਹੁੰਦੀ, ਤੁਸੀਂ ਮਨ ਨੂੰ ਹੋਰ ਵੀ ਅਮੋੜ ਬਣਾ ਦਿਓਗੇ ।”
ਉਹ ਹੱਸ ਪਏ । ਆਪ ਕੁਝ ਨਾ ਆਖਿਆ, ਆਪਣੇ ਐਮਰਸਨ ਨੂੰ ਕੁਝ ਆਖਣ ਲਈ ਕਿਹਾ । ਉਹ ਆਖ ਰਿਹਾ ਸੀ, “ਅਸੀਂ ਆਪਣੇ ਛੋਟੇਪਣ ਦੇ ਅਹਿਸਾਸ ਤੋਂ ਬਚਣ ਲਈ ਕਾਨੂੰਨਾਂ ਤੋਂ ਮੂੰਹ ਮੋੜ ਲੈਂਦੇ ਹਾਂ, ਪਰ ਇਹ ਅਕਾਰਥ ਹੈ । ਸਿਰਫ਼ ਆਪਣੀ ਕੁਦਰਤੀ ਯੋਗਤਾ ਅੱਗੇ ਝੁਕਣ ਨਾਲ ਹੀ, ਉਹਦੇ ਆਪਣੇ ਅਸੂਲਾਂ ਦੇ ਰਾਹ ਉੱਤੇ ਜਾਣ ਨਾਲ ਹੀ ਇੱਕ ਕੋਨ ਮਨੁੱਖ ਦੇ ਅੱਗੇ ਆਣ ਉਠਦੀ ਹੈ, ਜਿਹੜੀ ਉਹਦਾ ਹੱਥ ਫੜ ਕੇ ਕੈਦ ਦੀਆਂ ਸਾਰੀਆਂ ਕੋਠੜੀਆਂ ਵਿਚੋਂ ਉਸ ਨੂੰ ਬਾਹਰ ਲੈ ਜਾਂਦੀ ਹੈ ।”
ਅਤੇ ਅਗਲੀ ਕਿਸੇ ਸ਼ਾਮ ਨੂੰ ਥੋਰੋ ਆਖ ਰਿਹਾ ਸੀ, “ਆਪਣੇ ਤਜਰਬੇ ਤੋਂ ਮੈਂ ਜਾਣ ਲਿਆ ਹੈ ਕਿ ਜੇ ਕੋਈ ਆਪਣੇ ਸੁਪਨਿਆਂ ਦੇ ਰਾਹ ਵੱਲ ਯਕੀਨ ਨਾਲ ਵਧਦਾ ਹੈ, ਤੇ ਉਹ ਜ਼ਿੰਦਗੀ ਜਿਹੜੀ ਉਸ ਦੀ ਕਲਪਨਾ ਨੇ ਬਣਾਈ ਹੈ, ਜੀਊਂਦਾ ਹੈ, ਉਸ ਨੂੰ ਸਾਧਾਰਨ ਘੜੀਆਂ ਵਿਚ ਹੀ ਕਿਸੇ ਵੇਲੇ ਮੁਰਾਦ ਮਿਲ ਜਾਏਗੀ । ਉਹ ਅਦਿੱਖ ਹੱਦਾਂ ਨੂੰ ਲੰਘ ਜਾਏਗਾ । ਨਵੇਂ ਸਰਬਵਿਆਪੀ ਅਤੇ ਹੋਰ ਵਿਸ਼ਾਲ ਕਾਨੂੰਨ ਉਹਦੇ ਅੰਦਰ ਵੱਸ ਜਾਣਗੇ । ਜਾਂ ਪੁਰਾਣੇ ਕਾਨੂੰਨ ਹੀ ਵਿਸ਼ਾਲ ਹੋ ਜਾਣਗੇ ਅਤੇ ਉਨ੍ਹਾਂ ਦੇ ਭਾਵ ਉਹਦੇ ਹੱਕ ਵਿਚ ਹੋ ਜਾਣਗੇ । ਜ਼ਿੰਦਗੀ ਨੂੰ ਕੋਈ ਜਿੰਨੀ ਵੀ ਸਾਦੀ ਸਾਦੀ ਬਣਾਂਦਾ ਜਾਏਗਾ, ਉਹ ਵਡੇਰੇ ਤੇ ਵਿਸ਼ਾਲ ਅਸੂਲਾਂ ਦੇ ਹੱਕ ਨਾਲ ਜੀਵੇਗਾ… ।”
ਸੋਭਾ ਸਿੰਘ ਜੀ ਦੇ ਘਰ ਕੁਝ ਦਿਨਾਂ ਲਈ ਇਕ ਬਜ਼ੁਰਗ ਮਿੱਤਰ ਠਹਿਰੇ ਹੋਏ ਹਨ । ਉਨ੍ਹਾਂ ਨੂੰ ਅੰਕ-ਵਿਦਿਆ ਵਿਚ ਬੜਾ ਸ਼ੌਕ ਹੈ । ਸਾਰਿਆਂ ਦੇ ਨਾਵਾਂ ਤੋਂ ਅਤੇ ਜਨਮ ਤਾਰੀਖਾਂ ਤੋਂ ਉਹ ਨੰਬਰ ਗਿਣਦੇ ਰਹਿੰਦੇ ਹਨ । ਉਹਨਾਂ ਨੇ ਜਦੋਂ ਸਾਡੇ ਨੰਬਰ ਗਿਣੇ, ਮੇਰਾ ਚਾਰ ਸੀ ਅਤੇ ਇੰਦਰਜੀਤ ਦਾ ਅੱਠ । ਉਹ ਘਬਰਾ ਗਏ । ਆਖਣ ਲੱਗੇ ਆਪਣੇ ਨਾਵਾਂ ਦੀਆਂ ਲਗਾਂ ਮਾਤਰਾਂ ਬਦਲ ਕੇ ਨੰਬਰ ਬਦਲ ਲਵੋ । ਜਨਮ ਤਾਰੀਖਾਂ ਤੇ ਬਦਲ ਨਹੀਂ ਸਕਦੀਆਂ ਪਰ ਨਾਵਾਂ ਦੇ ਨੰਬਰ ਬਦਲਣ ਨਾਲ ਕੁਝ ਅਸਰ ਘੱਟ ਹੋ ਜਾਏਗਾ । ਉਹਨਾਂ ਨੇ ਆਪਣੀ ਕਿਤਾਬ ਕੱਢੀ । ਉਹਦੇ ਵਿਚ ਲਿਖਿਆ ਹੋਇਆ ਸੀ, “ਚਾਰ ਤੇ ਅੱਠ ਨੰਬਰ ਬੜੇ ਔਖੇ ਨੰਬਰ ਹਨ, ਸਭ ਤੋਂ ਔਖੇ ਨੰਬਰ । ਇਹਨਾਂ ਨੰਬਰਾਂ ਵਾਲੇ ਲੋਕਾਂ ਲਈ ਜ਼ਿੰਦਗੀ ਇਕ ਘਾਲਣਾ ਹੁੰਦੀ ਹੈ, ਇਹ ਦੁਨੀਆਂ ਦੇ ਬਣਾਏ ਹੋਏ ਅਸੂਲਾਂ ਦੀ ਹਮੇਸ਼ਾ ਉਲੰਘਣਾ ਕਰਦੇ ਹਨ । ਲੋਕ ਇਹਨਾਂ ਨੂੰ ਕਦੇ ਨਹੀਂ ਸਮਝ ਸਕਦੇ । ਦੌਲਤ ਇਹਨਾਂ ਦੀ ਮੰਜ਼ਲ ਨਹੀਂ ਹੁੰਦੀ। ਇਹ ਕਿਸਮਤ ਦੇ ਬੱਚੇ ਆਖੇ ਜਾ ਸਕਦੇ ਹਨ ।”
ਇੰਦਰਜੀਤ ਦੇ ਮਨ ਵਿਚ ਜਿਵੇਂ ਕੋਈ ਦੀਵਾ ਜਗ ਉਠਿਆ । ਬੜੇ ਦਿਲ ਨਾਲ ਆਖਣ ਲੱਗੇ,
“ਮੈਂ ਇਸ ਤੋਂ ਘੱਟ ਕਦੇ ਵੀ ਨਹੀਂ ਹੋਣਾ ਚਾਹਵਾਂਗਾ । ਖਲੀਲ ਜਬਰਾਨ ਆਖਦਾ ਹੈ ਕਿ ਮੈਨੂੰ ਆਪਣੀ
ਆਤਮਾ ਅੱਗੇ ਸੱਤ ਵਾਰ ਝੁਕਣਾ ਪਿਆ ਸੀ, ਤੇ ਉਹਨਾਂ ਵਿਚੋਂ ਇਕ ਵਾਰ ਉਹ ਸੀ ਜਦੋਂ ਮੈਂ ਔਖੇ ਰਾਹ ਨੂੰ ਛੱਡ ਕੇ ਸੌਖਾ ਰਾਹ ਕਬੂਲਿਆ ਸੀ । ਮੈਂ ਆਪਣੀ ਆਤਮਾ ਅੱਗੇ ਨਹੀਂ ਝੁਕਣਾ ਚਾਹੁੰਦਾ । ਮੈਨੂੰ ਸੌਖੇ ਰਾਹ ਦੀ ਲੋੜ ਨਹੀਂ । ਮੈਂ ਅੱਠ ਨੰਬਰ ਨੂੰ ਹੋਰ ਤਿੱਖਿਆਂ ਕਰਾਂਗਾ।”
ਸੋਭਾ ਸਿੰਘ ਜੀ ਨੇ ਜਿਵੇਂ ਇੰਦਰਜੀਤ ਦੇ ਅੱਠ ਨੰਬਰ ਨੂੰ ਛੇਤੀ ਨਾਲ ਤਿੱਖਾ ਕਰਨਾ ਚਾਹਿਆ । ਆਪਣੇ ਥੋਰੋ ਨੂੰ ਬੁਲਾ ਲਿਆ । ਥੋਰੋ ਆਖ ਰਿਹਾ ਸੀ : “ਜੇ ਤੁਸਾਂ ਹਵਾ ਵਿਚ ਕੋਈ ਮਹਲ ਬਣਾਏ ਹਨ ਉਹ ਅਜਾਈਂ ਨਹੀਂ ਜਾਣਗੇ, ਉਥੇ ਹੀ ਰਹਿਣ ਦਿਓ । ਸਿਰਫ਼ ਉਹਨਾਂ ਦੇ ਹੇਠਾਂ ਨੀਂਹ ਰੱਖ ਦਿਓ।” ਤੇ ਅੱਗੋਂ ਉਹ ਆਖ ਰਿਹਾ ਸੀ, “ਕਾਹਿਰਾ ਵਿਚ ਇਕ ਕਲਾਕਾਰ ਰਹਿੰਦਾ ਸੀ, ਪੂਰਨਤਾ ਦੀ ਤਲਾਸ਼ ਵਿਚ । ਉਹਦੇ ਮਿੱਤਰਾਂ ਨੇ ਹੌਲੀ ਹੌਲੀ ਉਹਨੂੰ ਤਿਆਗ ਦਿੱਤਾ । ਕਿਉਂਕਿ ਉਹ ਵੇਲੇ ਨਾਲ ਬੁੱਢੇ ਹੋ ਗਏ ਸਨ ਤੇ ਉਹਨਾਂ ਦੇ ਕੰਮ ਮਰ ਗਏ ਸਨ । ਪਰ ਉਹਨੂੰ ਕੋਈ ਵੀ ਪਲ ਬੁੱਢਿਆਂ ਨਹੀਂ ਸੀ ਕਰ ਸਕਿਆ । ਉਹਨੇ ਵਕਤ ਨਾਲ ਸਮਝੌਤਾ ਨਹੀਂ ਸੀ ਕੀਤਾ । ਵਕਤ ਉਹਦੇ ਰਾਹ ਤੋਂ ਪਰ੍ਹਾਂ ਖਲੋ ਕੇ ਸਿਰਫ਼ ਹੌਕੇ ਭਰਦਾ ਰਿਹਾ ਸੀ, ਕਿਉਂਕਿ ਉਹ ਉਸ ਨੂੰ ਜਿੱਤ ਨਹੀਂ ਸੀ ਸਕਿਆ ।”
ਇੰਦਰਜੀਤ ਦਾ ਮਾਣ ਹੋਰ ਵੀ ਵਧ ਗਿਆ । ਉਹ ਮੁੜ ਮੁੜ ਆਖਣ, “ਆਹ ਕਿਸਮਤ ਦਾ ਬੱਚਾ ਵਾਲੀ ਗੱਲ ਬਹੁਤ ਵਧੀਆ ਏ ।” ਅਤੇ ਸੋਭਾ ਸਿੰਘ ਜੀ ਨੇ ਉਹ ਮਾਣ ਰੱਖਣ ਲਈ ਇੰਦਰਜੀਤ ਨੂੰ “ਨੰਬਰ ਅੱਠ” ਸੱਦਣਾ ਸ਼ੁਰੂ ਕਰ ਦਿੱਤਾ ।
ਜਦੋਂ ਇੰਦਰਜੀਤ ਦਾ ਕਾਫ਼ੀ ਪੀਣ ਤੇ ਜੀਅ ਕਰਦਾ ਉਹ ਸੌਖਿਆਂ ਹੀ ਮੇਰਾ ਨਾਂ ਲੈ ਕੇ ਬਣਵਾ ਲੈਂਦੇ ਕਿਉਂਕਿ ਮੇਰੀ ਚਾਹ ਤੇ ਕਾਫੀ ਮੰਨੀ ਪ੍ਰਮੰਨੀ ਗੱਲ ਸੀ । ਇਕ ਦਿਹਾੜੇ ਸੋਭਾ ਸਿੰਘ ਜੀ ਆਖਣ ਲੱਗੇ, “ਉਂਜ ਤੇ ਤੁਸੀਂ ਨੰਬਰ ਅੱਠ ਹੋ, ਤਗੜੇ ਤੇ ਜ਼ਿੱਦੀ ਪਰ ਬੰਦੂਕ ਦੂਜਿਆਂ ਦੇ ਮੋਢੇ ਉੱਤੇ ਰੱਖ ਕੇ ਕਿਉਂ ਚਲਾਂਦੇ ਹੋ ?”
“ਮੋਢੇ ਤਗੜੇ ਨੇ ਜੀ, ਨੰਬਰ ਚਾਰ ਦੇ” ਇੰਦਰਜੀਤ ਨੇ ਹੱਸ ਕੇ ਆਖਿਆ ।
“ਨੰਬਰ ਅੱਠ ਵਿਚ ਚਤਰਾਈ ਵੀ ਹੁੰਦੀ ਹੋਵੇਗੀ । -ਭਲਾ ਜੀ ਮੇਰਾ ਨੰਬਰ ਕੀ ਬਣਿਆ ?” ਸੋਭਾ ਸਿੰਘ ਜੀ ਨੇ ਪੁੱਛਿਆ ।
“ਤੁਹਾਡੀ ਜਨਮ ਤਾਰੀਖ਼ ਉੱਣਤੀ ਨਵੰਬਰ, ਨੌਂ ਤੇ ਦੋ ਗਿਆਰਾਂ, ਨੰਬਰ ਇੱਕ” ਮੈਂ ਆਖਿਆ ਤੇ ਕਿਤਾਬ ਦੇ ਸਫ਼ੇ ਤੋਂ ਪੜ੍ਹ ਕੇ ਸੁਣਾਇਆ “ਇੱਕ ਨੰਬਰ ਉਹ ਹੈ ਜਿਥੋਂ ਸਾਰੇ ਨੰਬਰ ਨਿਕਲਦੇ ਹਨ ।”
“ਬੱਸ ਜੀ ਆਦਿ ਸੱਚ ਜੁਗਾਦ ਸੱਚ, ਅੱਗੋਂ ਕੀ ਪੜ੍ਹਨਾ ਏਂ ।”
“ਨੰਬਰ ਚਾਰ ਨਾਲ ਨੰਬਰ ਇਕ ਦਾ ਖ਼ਾਸ ਜੋੜ ਹੁੰਦਾ ਏ” ਮੈਂ ਆਖਿਆ।
“ਚੰਗਾ ਜੀ ਫੇਰ ਆਪਾਂ ਤੇ ਕਦੇ ਲੜਨਾ ਨਹੀਂ, ਨੰਬਰ ਅੱਠ ਦਾ ਕੀ ਬਣੇਗਾ?” ਸੋਭਾ ਸਿੰਘ ਜੀ ਨੇ ਪੁੱਛਿਆ ।
“ਲਿਖਿਆ ਹੋਇਆ ਏ, ਲੱਖ ਜਤਨ ਕਰੋ, ਨੰਬਰ ਚਾਰ ਤੇ ਨੰਬਰ ਅੱਠ ਜ਼ਿੰਦਗੀ ਵਿਚ ਮਿਲਣੇ ਜ਼ਰੂਰੀ ਹਨ । ਜਦੋਂ ਇਹ ਮਿਲਣ, ਸਮਝੋ ਕੋਈ ਦੁਖਾਂਤ ਵਾਪਰੇਗਾ ।”
“ਤੇ ਜੇ ਉਹ ਦੁਖਾਂਤ ਨੂੰ ਵੀ ਉਸੇ ਤਰ੍ਹਾਂ ਕਬੂਲ ਲੈਣ ਜਿਵੇਂ ਸੁਖਾਂਤ ਨੂੰ ?” ਸੋਭਾ ਸਿੰਘ ਜੀ ਨੇ ਆਖਿਆ ।
“ਇਹ ਵੀ ਅਗਲੇ ਪੈਰੇ ਵਿਚ ਲਿਖਿਆ ਹੋਇਆ ਏ ਕਿ ਜੇ ਉਹ ਦੁਖਾਂਤ ਦੀ ਪ੍ਰਵਾਹ ਛੱਡ ਦੇਣ ਤਾਂ ਮੰਜ਼ਿਲ ਉਨ੍ਹਾਂ ਦੀ ਏ ।”
“ਅਸਲ ਵਿਚ ਜ਼ਿੰਦਗੀ ਦਾ ਭੇਤ ਹੀ ਇਹੋ ਹੈ ਜੀ ! ਦੁਖਾਂਤ ਵੀ ਉਨਾ ਚਿਰ ਹੀ ਅੱਖਾਂ ਕੱਢ ਕੇ ਵਿਖਾਂਦਾ ਏ, ਜਿੰਨਾ ਚਿਰ ਕੋਈ ਪ੍ਰਵਾਹ ਨਾਲ ਵੇਖਣ ਵਾਲਾ ਹੋਵੇ । ਡਰ ਪੈਦਾ ਹੁੰਦਾ ਏ ਲਾਲਚ ਤੋਂ । ਤੇ ਲਾਲਚ ਪੈਦਾ ਹੁੰਦਾ ਏ ਆਪਣੇ ਛੋਟੇਪਣ ਦੇ ਅਹਿਸਾਸ ਤੋਂ । ਜਦੋਂ ਆਪਣਾ ਅੰਦਰ ਵੱਡਾ ਹੋ ਜਾਵੇ ਫੇਰ ਕਾਹਦਾ ਲੋਭ ਤੇ ਕਾਹਦਾ ਡਰ…”
ਇੰਞ ਦੀਆਂ ਗੱਲਾਂ ਕਰਦੇ ਅਸੀਂ ਘਰੋਂ ਤੁਰਦੇ ਸੰਘਣੇ ਰੁੱਖਾਂ ਵਿਚ ਪਹੁੰਚ ਗਏ ਸਾਂ । ਪਾਸੇ ਨਾਲ ਪਹਾੜੀ ਨਾਲਾ ਵਗਦਾ ਸੀ । ਪਤਲੀਆਂ ਪਤਲੀਆਂ ਡੰਡੀਆਂ ਪਹਾੜ ਉੱਤੇ ਚੜ੍ਹਦੀਆਂ ਸਨ । ਕਿਸੇ ਕਿਸੇ ਰੁੱਖ ਦੇ ਤਣੇ ਉਤੇ ਲਾਲ ਪੱਤੀਆਂ ਉਗੀਆਂ ਹੋਈਆਂ ਸਨ, ਜੋ ਸਾਵੇ ਰੁੱਖਾਂ ਵਿਚ ਫੁੱਲਾਂ ਵਾਂਗ ਸੋਹਣੀਆਂ ਲਗਦੀਆਂ ਸਨ । ਇਕ ਥਾਵੇਂ ਸੂਹੇ ਬੇਰਾਂ ਜਿੱਡਾ ਕੋਈ ਫਲ ਸੀ, ਪਰ ਉਸਦੀ ਚਮਕ ਮੋਤੀਆਂ ਵਾਂਗ ਸੀ । ਇੰਦਰਜੀਤ ਨੇ ਇਕ ਟਾਹਣੀ ਤੋੜ ਲਈ, ਦੋ ਬੇਰਾਂ ਨੂੰ ਮੈਂ ਵਾਲੀਆਂ ਵਿਚ ਪਰੋ ਕੇ ਕੰਨਾਂ ਵਿਚ ਪਾ ਲਿਆ, ਜਿਨ੍ਹਾਂ ਨੂੰ ਕਿਸੇ ਨਾ ਮੰਨਿਆ ਕਿ ਉਹ ਲਾਲ ਮੋਤੀ ਨਹੀਂ ਸਨ । ਉਥੇ ਸੋਭਾ ਸਿੰਘ ਜੀ ਨੇ ਵਾਲਟ ਵਿਟਮੈਨ ਦੀ ਕਵਿਤਾ ਪੜ੍ਹੀ, “ਖੁਸ਼ੀ ਤੇ ਖੀਵੇ ਪਨ ਦਾ ਇੱਕ ਘੰਟਾ” ਤੇ ਸਾਨੂੰ ਜਾਪ ਰਿਹਾ ਸੀ ਅਸਲੀ ਉਮਰ ਉਹੀ ਹੁੰਦੀ ਹੈ ਜੋ ਵਾਲਟ ਵਿਟਮੈਨ ਦੇ ਉਸ ਘੰਟੇ ਵਾਂਗ ਜੀਵੀ ਜਾਂਦੀ ਹੈ ! ਅਤੇ ਸੋਭਾ ਸਿੰਘ ਜੀ ਨੇ ਉਹੋ ਜਹੀ ਉਮਰ ਵਧਾਣ ਲਈ ਸਾਨੂੰ ਕਿੰਨੇ ਹੀ ਥਾਂ ਵਿਖਾਏ ਜਿਥੇ ਇਕ ਦੋ ਕਮਰੇ ਪਾ ਕੇ ਜਦੋਂ ਚਾਹੀਏ ਕੁਝ ਦਿਨ ਰਿਹਾ ਜਾ ਸਕਦਾ ਸੀ । ਤੇ ਫੇਰ ਆਪ ਹੀ ਆਖਣ ਲੱਗੇ, “ਵੱਖਰੇ ਕਮਰਿਆਂ ਦੀ ਮੁਹਤਾਜੀ ਵੀ ਨਹੀਂ, ਮੇਰੇ ਕਮਰੇ ਤਾਂ ਹੈਣ ਹੀ, ਤੁਹਾਨੂੰ ਆਵਾਜ਼ ਦੇਂਦੇ ਰਹਿਣਗੇ ।” ਤੇ ਮੈਂ ਸੋਚ ਰਹੀ ਸਾਂ ਜ਼ਿੰਦਗੀ ਵਿਚ ਇਹੋ ਜਹੀ ਆਵਾਜ਼ ਸੁਣ ਲੈਣੀ ਕਿੰਨੇ ਕੁ ਕੰਨਾਂ ਨੂੰ ਨਸੀਬ ਹੁੰਦੀ ਹੈ ।
ਧਾਨ ਦੀ ਕਟਾਈ ਲਗ ਪਗ ਖ਼ਤਮ ਹੋ ਚੁਕੀ ਸੀ, ਕੁਝ ਕੁ ਪਿਛੇਤਰੇ ਖੇਤ ਰਹਿ ਗਏ ਸਨ, ਸ਼ਹਿਰਾਂ ਵਰਗੀ ਭਾਜੜ ਤਾਂ ਪਿੰਡਾਂ ਵਿਚ ਕਦੇ ਵੀ ਨਹੀਂ ਹੁੰਦੀ, ਪਰ ਪਹਾੜੀ ਪਿੰਡਾਂ ਵਿਚ ਜ਼ਿੰਦਗੀ ਹੋਰ ਵੀ ਹੌਲੀ ਤੁਰਦੀ ਹੈ । ਸੋਭਾ ਸਿੰਘ ਜੀ ਸਾਨੂੰ ਕੁਝ ਪਹਾੜੀ ਘਰਾਂ ਵਿਚ ਲੈ ਗਏ । ਅੱਜ ਕਲ੍ਹ ਉਹਨਾਂ ਘਰਾਂ ਵਿਚ ਮਾੜੀ ਜਹੀ ਰੌਣਕ ਸੀ ਕਿਉਂਕਿ ਦੀਵਾਲੀ ਨੇੜੇ ਸੀ । ਕਿਸੇ ਘਰ ਦੀ ਸਵਾਣੀ ਸਾਰੇ ਘਰ ਨੂੰ ਪੋਚਾ ਦੇਣ ਦਾ ਆਹਰ ਲੈ ਕੇ ਬੈਠੀ ਹੋਈ ਸੀ, ਕਿਸੇ ਘਰ ਦੀ ਸਵਾਣੀ ਸਾਰੇ ਵੇਹੜੇ ਵਿਚ ਲੱਛਮੀ ਦੇ ਪੈਰਾਂ ਦੇ ਨਿਸ਼ਾਨ ਬਣਾ ਰਹੀ ਸੀ ਅਤੇ ਕਿਸੇ ਘਰ ਦੀ ਮੁਟਿਆਰ ਬੋਰੀਆਂ ਦੇ ਧਾਗੇ ਰੰਗ ਕੇ ਗਲੀਚਾ ਉਨਣਾ ਪਾਣ ਲੱਗੀ ਸੀ । ਮੱਕੀ ਦੀਆਂ ਛੱਲੀਆਂ ਅਤੇ ਅੰਬਾਂ ਦੀਆਂ ਅਮਾਕੜੀਆਂ ਸੁੱਕਣੇ ਪਈਆਂ ਹੋਈਆਂ ਸਨ ।
ਸੋਭਾ ਸਿੰਘ ਜੀ ਆਖਦੇ ਹੁੰਦੇ ਹਨ ਕਿ ਬੁਰਸ਼ ਦਾ ਪਹਿਲਾ ਰੰਗ ਜਿਹੜੇ ਪਾਣੀ ਵਿਚ ਧੋ ਕੇ ਦੂਸਰਾ ਰੰਗ ਲਾਈਦਾ ਹੈ, ਫੇਰ ਦੂਸਰਾ ਰੰਗ ਉਸੇ ਪਾਣੀ ਵਿਚ ਧੋ ਕੇ ਤੀਸਰਾ ਲਾਈਦਾ ਹੈ, ਉਸ ਪਾਣੀ ਦਾ ਜੋ ਸਭਨਾਂ ਰੰਗਾਂ ਦੇ ਮਿਲਣ ਤੋਂ ਘਸਮੈਲਾ ਰੰਗ ਬਣਦਾ ਹੈ, ਉਸ ਰੰਗ ਦੀ ਕੋਈ ਰੀਸ ਨਹੀਂ । ਉਹ ਕਪੜੇ ਵੀ ਉਸੇ ਰੰਗ ਨਾਲ ਮਿਲਦੇ ਜੁਲਦੇ ਪਾਂਦੇ ਹਨ । ਸੰਘਣੇ ਰੁੱਖਾਂ ਵਿਚ ਬੈਠੇ ਹੁੰਦੇ ਸਨ ਤਾਂ ਮੈਂ ਉਹਨਾਂ ਨੂੰ ਬਨ-ਦੇਵਤਾ ਆਖਦੀ ਹੁੰਦੀ ਸਾਂ । ਅੱਜ ਮੈਂ ਪਹਾੜਣਾਂ ਨੂੰ ਵੇਖਿਆ ਉਹ ਸਚੀ ਮੁਚੀ ਉਹਨਾਂ ਨੂੰ ਦੇਵਤਿਆਂ ਵਾਂਗ ਪੂਜਦੀਆਂ ਹਨ । ਅੱਖਾਂ ਉਤੇ ਪੱਲਾ ਨੀਵਾਂ ਕਰ ਕੇ ਉਹਨਾਂ ਦੇ ਪੈਰਾਂ ਅੱਗੇ ਮੱਥਾ ਨਿਵਾਂਦੀਆਂ ਹਨ । ਉਹ ਪੈਰਾਂ ਨੂੰ ਪਿਛਾਂਹ ਵਲ ਖਿਚਦੇ ਰਹਿ ਜਾਂਦੇ ਹਨ, “ਨਾ ਬੀਬੀ ਤੁਸੀਂ ਇੰਞ ਨਾ ਕਰਿਆ ਕਰੋ” ਪਰ ਉਨ੍ਹਾਂ ਨੇ ਕੁਝ ਆਪਣੇ ਮਨ ਦੀ ਵੀ ਮੰਨਣੀ ਹੁੰਦੀ ਹੈ । ਉਹ ਸੋਚਦੀਆਂ ਹਨ ਕਿ ਏਸ ਕਲਾਕਾਰ ਨੇ ਵੱਡੇ ਵੱਡੇ ਸ਼ਹਿਰਾਂ ਤੋਂ ਮੂੰਹ ਮੋੜ ਕੇ ਜੇ ਸਾਡੇ ਕੱਚਿਆਂ ਘਰਾਂ ਦਾ ਗਵਾਂਢ ਮੰਗ ਲਿਆ ਹੈ ਤਾਂ ਸਾਡਾ ਇਹਦੇ ਨਾਲ ਰਿਸ਼ਤਾ ਵੱਡਾ ਹੈ ਅਤੇ ਉਹ ਰਿਸ਼ਤਾ ਦਿਲਾਂ ਦੇ ਆਦਰ ਤੋਂ ਸਿਵਾ ਕਿਵੇਂ: ਦੱਸਿਆ ਜਾ ਸਕਦਾ ਹੈ ।
ਜਿਹੜੀ ਤਸਵੀਰ ਉਤੇ ਸੋਭਾ ਸਿੰਘ ਜੀ ਆਪਣੇ ਹੱਥਾਂ ਦੀ ਆਖਰੀ ਛੋਹ ਲਾਂਦੇ ਪਏ ਸਨ ਉਹ
“ਰਵਾਲਸਰ” ਦੀ ਸੀ । ਮੈਂ ਉਹਦੇ ਬਾਰੇ ਰੰਗਾਂ ਦੇ ਜਾਂ ਤਕਨੀਕਾਂ ਦੇ ਵੇਰਵੇ ਨਹੀਂ ਸਾਂ ਜਾਣਦੀ । ਸਿਰਫ਼ ਏਨਾ ਮਹਿਸੂਸ ਕਰ ਸਕਦੀ ਸਾਂ ਕਿ ਉਹ ਇਕ ਖੂਬਸੂਰਤ ਸੁਪਨੇ ਵਾਂਗ ਅੱਖਾਂ ਵਿਚ ਛਾਂ ਜਾਂਦੀ ਸੀ, ਪਰ ਇੰਦਰਜੀਤ ਉਸ ਨੂੰ ਕਈਆਂ ਵੇਰਵਿਆਂ ਨਾਲ ਸਲਾਹ ਰਹੇ ਸਨ । ਅਗਲੀ ਤਸਵੀਰ ਉਨ੍ਹਾਂ ਨੇ “ਖਜਿਆਰ” ਦੀ ਬਨਾਣੀ ਸੀ । ਖਜਿਆਰ ਉਨ੍ਹਾਂ ਨੇ ਤੱਕਿਆ ਨਹੀਂ ਹੋਇਆ, ਤੇ ਮੈਂ ਆਖ ਰਹੀ ਸਾਂ- ਇੰਞ ਨਹੀਂ, ਪਹਿਲਾਂ ਖਜਿਆਰ ਚਲੋ ।”
“ਨਾਲ ਚਲੋਗੇ ?”
“ਚੱਲੋ ।”
“ਮੈਂ ਚਾਹੁੰਦਾ ਹਾਂ ਤੁਸੀਂ ਰਵਾਲਸਰ ਵੀ ਵੇਖੋ ।”
“ਚਲੋਂ ਪਰ ਜਿਹੜਾ ਰਵਾਲਸਰ ਮੈਂ ਤੁਹਾਡੇ ਹੱਥਾਂ ਦੀ ਕਿਰਤ ਵਿਚ ਵੇਖਿਆ ਹੈ, ਕੋਈ ਹੋਰ ਰਵਾਲਸਰ ਉਸ ਤੋਂ ਸੋਹਣਾ ਨਹੀਂ ਹੋ ਸਕਦਾ ।”
ਖਜਿਆਰ ਬੁਲਾਂਦਾ ਰਿਹਾ, ਕੁੱਲੂ ਦੀ ਵਾਦੀ ਨੇ ਵੀ ਆਵਾਜ਼ ਦਿੱਤੀ ਪਰ ਅੰਦਰੇਟੇ ਦੀ ਪਕੜ ਡਾਢੀ ਸੀ । ਇਕ ਦਿਨ ਬੈਜਨਾਥ ਜਾਣ ਤੋਂ ਸਿਵਾ ਕਿਤੇ ਨਾ ਗਏ । ਦਫ਼ਤਰੋਂ ਲਈ ਹੋਈ ਛੁੱਟੀ ਤੇ ਦਿਨ ਲੰਘ ਗਏ ਸਨ । ਹੋਰ ਅਰਜ਼ੀ ਭੇਜੀ ਹੋਈ ਸੀ, ਉਹ ਵੀ ਦਿਨ ਲੰਘਦੇ ਪਏ ਸਨ । ਇਕ ਹੋਰ ਅਰਜ਼ੀ ਭੇਜਣ ਤੇ ਜੀਅ ਸੀ ਪਰ ਦੀਵਾਲੀ ਆਉਂਦੀ ਪਈ ਸੀ ਤੇ ਦੋਹਾਂ ਬੱਚਿਆਂ ਦੀਆਂ ਦੋ ਪਿਆਰੀਆਂ ਚਿੱਠੀਆਂ ਆਈਆਂ । ਉਹ ਜਗਦੇ ਦੀਵਿਆਂ ਵਾਂਗ ਆਪਣੇ ਵੱਲ ਬੁਲਾ ਰਹੇ ਸਨ । ਉਨ੍ਹਾਂ ਦੇ ਪਾਪਾ ਜੀ ਦਾ ਕਹਿਣਾ ਸੀ ਕਿ ਮੈਂ ਅਜੇ ਹੋਰ ਆਪਣੀ ਮਰਜ਼ੀ ਦੇ ਦਿਨ ਰਹਿ ਲਵਾਂ ਪਰ ਮੈਨੂੰ ਪਤਾ ਸੀ ਕਿ ਉਹ ਦੀਵਾਲੀ ਵਾਲੇ ਦਿਨ ਮੇਰਾ ਨਾ ਬਦਲ ਦੇਂਦੇ ਹਨ । ਉਹ ਅੰਮ੍ਰਿਤਾ ਦੀ ਥਾਵੇਂ ਉਸ ਦਿਨ ਮੈਨੂੰ ਲੱਛਮੀ ਬੁਲਾਂਦੇ ਹਨ ਤੇ ਮੇਰਾ ਦਿਲ ਕਰਦਾ ਸੀ ਮੈਂ ਆਪਣੇ ਨਾਂ ਬਦਲਣ ਵਾਲੇ ਦਿਨ ਉਨ੍ਹਾਂ ਕੋਲ ਹੋਵਾਂ ।
“ਭਾਈ ਵੀਰ ਸਿੰਘ ਚਲੇ ਗਏ, ਚਾਤ੍ਰਿਕ ਚਲੇ ਗਏ, ਮੈਂ ਸੋਚਦਾ ਹੀ ਰਹਿ ਗਿਆ ਕਿ ਕੁਝ ਕਰਾਂਗਾ ।” ਸੋਭਾ ਸਿੰਘ ਜੀ ਕਹਿ ਰਹੇ ਸਨ ।
“ਪੰਜਾਬ ਕੋਲ ਲਿਖਾਰੀ ਵੀ ਹਨ ਤੇ ਚਿਤਰਕਾਰ ਵੀ ਪਰ ਪੰਜਾਬ ਨੇ ਕਦੀ ਵੀ ਨਹੀਂ ਸੋਚਿਆ ਕਿ ਉਨ੍ਹਾਂ ਦੀ ਕੋਈ ਨਿਸ਼ਾਨੀ ਸਾਂਭ ਲਵੇ ।”
“ਸਭਾਵਾਂ ਤੇ ਅਕਾਦਮੀਆਂ ਨੂੰ ਲੜਣ ਤੋਂ ਹੀ ਵੇਹਲ ਨਹੀਂ ਮਿਲਦੀ, ਆਪੇ ਹੀ ਕੁਝ ਹੱਥ ਪੈਰ ਮਾਰਾਂਗੇ । ਤੁਸੀਂ ਤੇ ਆਏ ਹੋਏ ਹੋ, ਦੋ ਕੁ ਦਿਨ ਸਾਹਮਣੇ ਬੈਠੇ ਖਾਂ, ਮੈਂ ਪਿਛਲੇ ਵਰ੍ਹੇ ਵਾਲਾ ਬੁੱਤ ਪੂਰਾ ਕਰ ਲਵਾਂ” ਅਤੇ ਬੁੱਤ ਉਤੇ ਕੰਮ ਕਰਦਿਆਂ ਉਨ੍ਹਾਂ ਨੇ ਪੁੱਛਿਆ, “ਕਿਉਂ ਜੀ ਤੁਹਾਡਾ ਬਾਹਰਲੇ ਮੁਲਕਾਂ ਵਿਚ ਜਾਣ ਦਾ ਖ਼ਿਆਲ ਹੈ ?”
“ਜ਼ਰੂਰ ਹੈ, ਪਰ ਉਸ ਤੋਂ ਪਹਿਲਾਂ ਆਪਣਾ ਹਿੰਦੁਸਤਾਨ ਵੇਖਣਾ ਚਾਹੁੰਦੀ ਹਾਂ ।”
“ਮੇਰਾ ਵੀ ਇਹੋ ਖ਼ਿਆਲ ਹੈ, ਸੋਚਦਾ ਹਾਂ ਜੇ ਸੋਹਣੀ ਦੀ ਤਸਵੀਰ ਦੂਸਰੀ ਵਾਰ ਛਪ ਜਾਵੇ, ਫੇਰ ਮੇਰੀ ਤੇ ਇੰਦਰ ਕੌਰ ਦੀ ਰੋਟੀ ਤਾਂ ਨਿਕਲ ਹੀ ਆਵੇਗੀ ਫੇਰ ਕੁਝ ਓੜ੍ਹ ਤੋੜ੍ਹ ਕਰਕੇ…”
ਅੱਗੋਂ ਮੇਰੇ ਕੋਲੋਂ ਸੁਣਿਆ ਨਾ ਗਿਆ । ਇਹ ਸਾਡਾ ਚਿੱਤਰਕਾਰ ਇਹ ਉਹਦੇ ਕੋਲ ਹੁਨਰ ਦੀ ਅਮੀਰੀ… ਤੇ ਉਸ ਨੂੰ ਆਪਣੀ ਤੇ ਆਪਣੀ ਪਤਨੀ ਦੀ ਰੋਟੀ ਦਾ ਫ਼ਿਕਰ ।
ਮੁੜਨ ਵਿਚ ਦੋ ਕੁ ਦਿਨ ਰਹਿ ਗਏ ਸਨ ਜਦੋਂ ਸੋਭਾ ਸਿੰਘ ਜੀ ਨੇ ਆਖਿਆ, “ਧਰਮਸ਼ਾਲਾ ਵਿਚ ਇਕ ਵੱਸੋਂ ਹੈ ਨਿੱਕੇ ਨਿੱਕੇ ਘਰਾਂ ਦੀ । ਪਰ ਉਹ ਇਸ ਤਰ੍ਹਾਂ ਫੁੱਲਾਂ ਤੇ ਬੂਟਿਆਂ ਵਿਚ ਵਲੇਟੇ ਹੋਏ ਹਨ। ਜਿਵੇਂ ਉਹਨਾਂ ਘਰਾਂ ਵਿਚ ਫੁੱਲ ਨਾ ਉਗੇ ਹੋਣ ਸਗੋਂ ਫੁੱਲਾ ਤੇ ਪੱਤਿਆਂ ਦੀ ਵਾਦੀ ਵਿਚ ਨਿੱਕੇ ਨਿੱਕੇ ਘਰ ਉਗ ਪਏ ਹੋਣ । ਜੇ ਤੁਸੀਂ ਉਹ ਵੇਖੋ..,”
“ਚਲੋ ।”
ਸਵੇਰੇ ਚਾਰ ਵਜ ਕੇ ਪੰਝੀ ਮਿੰਟ ਤੇ ਜੋ ਗੱਡੀ ਜਾਂਦੀ ਏ, ਜੇ ਉਹ ਪਕੜ ਸਕੀਏ ।”
“ਸਟੇਸ਼ਨ ਇੱਥੋਂ ਡੇਢ ਮੀਲ ਏ ।”
“ਰਾਤ ਸਟੇਸ਼ਨ ਉਤੇ ਰਹਿਣਾ ਪਵੇਗਾ, ਕੋਈ ਗੱਲ ਨਹੀਂ, ਸਟੇਸ਼ਨ ਮਾਸਟਰ ਨੂੰ ਸੁਨੇਹਾ ਭੇਜ ਦਿਆਂਗੇ ।”
ਉਸ ਰਾਤ ਜਦੋਂ ਰੋਟੀ ਖਾ ਕੇ ਤੇ ਸਾਮਾਨ ਲੈ ਕੇ ਅੰਦਰੇਟੇ ਤੋਂ ਅਸੀਂ ਚੱਲੇ ਤਾਂ ਸਾਰੀ ਵਾਦੀ ਡੂੰਘੇ ਹਨੇਰੇ ਵਿਚ ਸੁੱਤੀ ਹੋਈ ਸੀ । ਪਹਾੜਾਂ ਦੀਆਂ ਸਿਖਰਾਂ ਉਤੇ ਪਈ ਹੋਈ ਚਿੱਟੀ ਬਰਫ਼ ਹੁਣ ਸੌਲੀ ਹੋ ਗਈ ਸੀ । ਖੇਤਾਂ ਨੂੰ ਚੀਰਦੀ ਜਿਹੜੀ ਡੰਡੀ ਸਟੇਸ਼ਨ ਨੂੰ ਜਾਂਦੀ ਹੈ, ਪੈਰ ਉਸ ਨੂੰ ਟੋਹ ਟੋਹ ਕੇ ਲੱਭ ਲੈਂਦੇ ਸਨ । ਇਕ ਦੋ ਵਾਰਾਂ ਰਾਹ ਲੱਭਣ ਲਈ ਬੈਟਰੀ ਜਗਾਈ ਪਰ ਹਨੇਰੇ ਦੇ ਕੂਲੇ ਪਿੰਡੇ ਉਤੇ ਬੈਟਰੀ ਦਾ ਚਾਨਣ ਚੁਭਦਾ ਜਾਪਦਾ ਸੀ, ਫੇਰ ਨਾ ਜਗਾਈ । ਸੱਜੇ ਬੰਨੇ ਇੱਕ ਪਹਾੜ ਉਤੇ ਅੱਗ ਬਲਦੀ ਪਈ ਸੀ, ਦੂਰੋਂ ਇਕ ਜਗਦੇ ਦੀਵੇ ਵਾਂਗ ਦਿਸਦੀ ਸੀ ।
“ਇਹ ਗੱਦੀ ਹੋਣਗੇ । ਜਿਉਂ ਜਿਉਂ ਸਰਦੀ ਪੈਂਦੀ ਹੈ, ਉਹ ਹੇਠਾਂ ਉਤਰਦੇ ਨੇ, ਕੱਲ੍ਹ ਨੂੰ ਇਹ ਅੱਗ ਹੋਰ ਨੀਵੇਂ ਆ ਜਾਏਗੀ।” ਸੋਭਾ ਸਿੰਘ ਜੀ ਨੇ ਆਖਿਆ ।
ਮੁੜਦੀ ਡੰਡੀ ਨਾਲ ਤੇ ਰੁੱਖਾਂ ਦੇ ਪਰਛਾਵਿਆਂ ਨਾਲ ਕਦੇ ਕਦੇ ਉਹ ਅੱਗੇ ਇਸ ਤਰ੍ਹਾਂ ਜਾਪਦੀ ਸੀ ਜਿਵੇਂ ਤੁਰਦੀ ਹੋਵੇ । “ਇਹ ਤੇ ਕੋਈ ਛਲੇਡਾ ਜਾਪਦਾ ਏ, ਇੰਦਰਜੀਤ ਜੀ ਸਾਡੇ ਵੱਲ ਹੀ ਆਉਂਦਾ ਪਿਆ ਏ, ਹੁਣੇ ਪਤਾ ਨਹੀਂ ਕੀ ਬਣ ਕੇ ਆ ਜਾਵੇ ।” ਸੋਭਾ ਸਿੰਘ ਜੀ ਹੱਸ ਪਏ ।
“ਅੱਜ ਤੇ ਇਕ ਹੁਸੀਨ ਸੁਪਨਾ ਬਣ ਕੇ ਆਵੇਗਾ, ਹੋਰ ਕੁਝ ਨਹੀਂ ।” ਇੰਦਰਜੀਤ ਨੇ ਜਵਾਬ ਦਿੱਤਾ ਤੇ ਫੇਰ ਠਹਿਰ ਕੇ ਆਖਿਆ, “ਮੈਂ ਅੱਜ ਦੇ ਸਫ਼ਰ ਨੂੰ ਪੇਂਟ ਕਰਾਂਗਾ, ਸੁਪਨਿਆਂ ਦੀ ਡੰਡੀ ਉੱਤੇ ਜਿਵੇਂ ਖ਼ਿਆਲ ਤੁਰਦੇ ਹਨ । ਤੇ ਭਾਵੇਂ ਮੇਰੀ ਤਸਵੀਰ ਵਿਚ ਇਹ ਪਰਛਾਵੇਂ ਕਿਸੇ ਕੋਲੋਂ ਨਾ ਪਛਾਣੇ ਜਾਣ ।”
“ਇਹ ਅੰਮ੍ਰਿਤ ਜੀ ਨਾਲ ਮੇਰਾ ਪਹਿਲਾ ਸਫਰ ਏ, ਮੈਂ ਇਸ ਨੂੰ ਆਪਣੀ ਡਾਇਰੀ ਵਿਚ
ਲਿਖਾਂਗਾ ।” ਸੋਭਾ ਸਿੰਘ ਜੀ ਆਖ ਰਹੇ ਸਨ । ਮੈਂ ਕੁਝ ਨਹੀਂ ਸਾਂ ਬੋਲ ਰਹੀ ਸਿਰਫ਼ ਜੀਅ ਰਹੀ ਸਾਂ ।
ਕਣੀਆਂ ਲਹਿ ਪਈਆਂ ਤੇ ਸੋਭਾ ਸਿੰਘ ਜੀ ਦੀ ਸਿਹਤ ਵਲੋਂ ਸਾਨੂੰ ਥੋੜ੍ਹਾ ਜਿਹਾ ਡਰ ਲੱਗਾ, ਪਰ ਉਹ ਆਖ ਰਹੇ ਸਨ, “ਮਨੁੱਖ ਵੱਡਾ ਕਿ ਮੀਂਹ ।”
ਚਾਰ ਪੰਝੀ ਦੀ ਛੋਟੀ ਗੱਡੀ ਪਕੜ ਕੇ ਕੋਈ ਛੇ ਵਜੇ ਸਵੇਰ ਸਾਰ ਅਸੀਂ ਨਗਰੋਟੇ ਪਹੁੰਚੇ । ਮੀਂਹ ਅਜੇ ਵੀ ਲੱਥਾ ਹੋਇਆ ਸੀ । ਪਤਾ ਲੱਗਾ ਸਵਾ ਛੇ ਵਜੇ ਇਥੋਂ ਇਕ ਬੱਸ ਜਾਂਦੀ ਹੈ ਸਿੱਧੀ ਧਰਮਸ਼ਾਲਾ । ਸਟੇਸ਼ਨ ਉਤੇ ਸਾਮਾਨ ਰਖਦਿਆਂ ਤੇ ਚਾਹ ਦਾ ਇਕ ਇਕ ਪਿਆਲਾ ਪੀਂਦਿਆਂ ਸਵਾ ਛੇ ਵਜ ਗਏ ਸਨ । ਬੱਸਾਂ ਦਾ ਅੱਡਾ ਜ਼ਰਾ ਦੂਰ ਸੀ । ਫੇਰ ਵੀ ਸੋਭਾ ਸਿੰਘ ਜੀ ਨੇ ਆਖਿਆ, “ਮੈਂ ਬੱਸ ਵੱਲ ਜਾਂਦਾ ਹਾਂ, ਜੇ ਉਹ ਪੰਜ ਮਿੰਟ ਸਾਨੂੰ ਉਡੀਕ ਲਵੇ ।”
“ਇਹ ਬੱਸ ਤਾਂ ਹੁਣ ਮਿਲਣੀ ਨਹੀਂ ਜੀ, ਤੁਸੀਂ ਅਗਲੀ ਬੱਸ ਲੈ ਲੈਣੀ ।” ਕੁਲੀ ਆਖ ਰਿਹਾ ਸੀ । ਪਰ ਸੋਭਾ ਸਿੰਘ ਜੀ ਨੂੰ ਜਿਵੇਂ ਪਤਾ ਸੀ ਕਿ ਉਹਨਾਂ ਦਾ ਆਖਿਆ ਕਿਸੇ ਕੋਲੋਂ ਮੋੜਿਆ ਨਹੀਂ ਸੀ ਜਾਣਾ । ਉਹ ਬਸਾਂ ਦੇ ਅੱਡੇ ਵੱਲ ਚਲੇ ਗਏ ।
ਬੱਸ ਮਿਲ ਗਈ । ਰਾਹ ਦੇ ਨਿੱਕੇ ਨਿੱਕੇ ਪਿੰਡਾਂ ਨੂੰ ਵੇਖਦਿਆਂ ਵਖਾਂਦਿਆਂ ਜਦੋਂ ਅਸੀਂ ਧਰਮਸ਼ਾਲਾ ਪਹੁੰਚੇ, ਮੀਂਹ ਹੋਰ ਵੀ ਮਿਹਰਬਾਨ ਹੋ ਗਿਆ ਹੋਇਆ ਸੀ ।
ਹੋਟਲ ਵਿਚ ਸਮਾਨ ਰੱਖ ਕੇ ਚਾਹ ਪੀਤੀ ਸੀ ਕਿ ਕਲਾਕਾਰ ਦੇ ਫੁੱਲ ਦੀ ਖੁਸ਼ਬੋ ਖਿੰਡ ਗਈ।
ਕਿਸੇ ਮਿੱਤਰ ਨੂੰ ਰਾਹ ਜਾਂਦਿਆਂ ਪਤਾ ਲੱਗ ਗਿਆ ਤੇ ਕਿਸੇ ਨੇ ਕਿਸੇ ਨੂੰ ਸੁਨੇਹਾ ਭਿਜਵਾ ਦਿੱਤਾ ।
ਸੋਭਾ ਸਿੰਘ ਜੀ ਦੇ ਦੁਆਲੇ ਇਕ ਦਰਬਾਰ ਲੱਗ ਗਿਆ । ਮੈਂ ਦਰਬਾਰ ਦੇ ਉਨ੍ਹਾਂ ਲੋਕਾਂ ਵਿਚੋਂ ਕਿਸੇ ਨੂੰ ਨਹੀਂ ਸਾਂ ਜਾਣਦੀ । ਕਿਸੇ ਦੇ ਮੂੰਹੋਂ ਦਲੀਪ ਕੌਰ ਟਿਵਾਨਾ ਦਾ ਨਾਂ ਸੁਣ ਕੇ ਮੈਂ ਉਸ ਨੂੰ ਆਉਣ ਦਾ ਸੁਨੇਹਾ ਭੇਜਿਆ ਅਤੇ ਦਲੀਪ ਦੀ ਆਵਾਜ਼ “ਦੀਦੀ” ਨੇ ਆਣ ਕੇ ਉਸ ਦਰਬਾਰ ਨਾਲ ਮੇਰਾ ਰਿਸ਼ਤਾ ਜੋੜ ਦਿੱਤਾ ।
ਮਿੱਤਰਾਂ ਦਾ ਆਦਰ ਬਹੁਤ ਸੀ ਤੇ ਵੇਲਾ ਥੋਹੜਾ ਸੀ । ਧਰਮਸ਼ਾਲਾ ਦੇ ਕਿਸੇ ਕਵੀ ਨੇ ਸੋਭਾ ਸਿੰਘ ਉਰਾਂ ਉਤੇ ਕਵਿਤਾ ਲਿਖੀ ਹੋਈ ਸੀ ਤੇ ਕਿਸੇ ਨੇ ਉਹਨਾਂ ਦੀ ਰਚਨਾ ‘ਸੋਹਣੀ’ ਉਤੇ । ਕਿਸੇ ਮਿੱਤਰ ਨੇ ਉਹਨਾਂ ਲਈ ਸਵੈਟਰ ਉਣਾ ਕੇ ਰਖਿਆ ਹੋਇਆ ਸੀ, ਤੇ ਕਿਸੇ ਨੇ ਫੁੱਲਾਂ ਦੇ ਬੀਅ ਸਾਂਭੇ ਹੋਏ ਸਨ ।
ਫੁੱਲਾਂ ਦੀ ਵਾਦੀ ਵਿਚ ਜਿਹੜੇ ਮਿੱਤਰ ਦਾ ਘਰ ਸੀ, ਉਹਦਾ ਸਨੇਹ ਫੁੱਲਾਂ ਵਰਗਾ ਕੂਲਾ ਸੀ । ਉਹਦੇ ਕੋਲ ਛੱਬੀ ਤਰ੍ਹਾਂ ਦਾ ਗੁਲਾਬ ਸੀ, ਤੇ ਨਰਗਸ ਜਿਹੜੀ ਅਜੇ ਸਾਰੀ ਵਾਦੀ ਵਿਚ ਕਿਸੇ ਦੇ ਘਰ ਨਹੀਂ ਸੀ ਖਿੜੀ, ਰੁੱਤੋਂ ਪਹਿਲਾਂ ਹੀ ਉਹਦੇ ਘਰ ਖਿੜੀ ਹੋਈ ਸੀ । ਕਾਂਗੜਾ ਕਲਮ ਦੀਆਂ ਪੁਰਾਣੀਆਂ ਯਾਦਾਂ ਨੂੰ ਉਸਨੇ ਰੁਮਾਲਾਂ ਵਿਚ ਵਲੇਟ ਵਲੇਟ ਕੇ ਆਪਣੇ ਟਰੰਕਾਂ ਵਿਚ ਇਸ ਤਰ੍ਹਾਂ ਸਾਂਭਿਆ ਹੋਇਆ ਸੀ ਜਿਵੇਂ ਆਪਣੇ ਪਿਆਰੇ ਦੇ ਖ਼ਤ ਹੋਣ । ਤੇ ਉਹ ਸਚੀ ਮੁਚੀ ਹੁਨਰਕਾਰਾਂ ਦੇ ਖਤ ਜਾਪਦੇ ਸਨ ਹੁਨਰਕਾਰਾਂ ਵੱਲ ।
“ਇਕੋ ਗੱਲ ਹੀ ਔਖੀ ਏ, ਮੇਰੇ ਦੋਸਤ ਜਦੋਂ ਮੇਰੇ ਮਾੜੇ ਜਹੇ ਪਿੰਡੇ ਨੂੰ ਵੇਖਦੇ ਨੇ, ਸੋਚਦੇ ਨੇ ਕਿ ਇਕੋ ਦਿਨ ਵਿਚ ਹੀ ਇਸ ਨੂੰ ਏਨਾ ਖੁਆ ਦੇਈਏ ਕਿ ਇਹਦੇ ਪਿੰਡੇ ਉਤੇ ਮਾਸ ਆ ਜਾਵੇ…” ਦੋਸਤਾਂ ਦੀਆਂ ਪ੍ਰਾਹੁਣਚਾਰੀਆਂ ਨੂੰ ਵੇਖ ਵੇਖ ਕੇ ਆਖਰ ਸੋਭਾ ਜੀ ਨੇ ਆਖਿਆ ।
ਦੂਸਰੀ ਸਵੇਰ ਉਨ੍ਹਾਂ ਦੇ ਇਕ ਮਿੱਤਰ ਨੇ ਜੀਪ ਲੈ ਆਂਦੀ ਤੇ ਅਸੀਂ ਭਾਗ ਸੁ ਨਾਗ ਵੇਖਣ ਲਈ ਚੱਲ ਪਏ । ਮੈਕਲੋਡ ਗੰਜ ਪਹੁੰਚ ਕੇ ਜੀਪ ਛੱਡ ਦਿੱਤੀ, ਤੇ ਜਦੋਂ ਭਾਗ ਸੁ ਨਾਗ ਦੀ ਪਥਰੀਲੀ ਡੰਡੀ ਉਤੇ ਚੱਲੇ ਤਾਂ ਸੋਭਾ ਸਿੰਘ ਜੀ ਦੇ ਇਕ ਮਿੱਤਰ ਨੇ ਆਖਿਆ, “ਇਥੋਂ ਦੇ ਬੱਦਲ ਤੁਹਾਨੂੰ ਸਲਾਮੀ ਦੇਣ ਲੱਗੇ ਜੇ ।”
ਬੱਦਲ ਜਿਵੇਂ ਰੁੱਖ ਸਨ, ਤੇ ਹੁਣ ਉਨ੍ਹਾਂ ਨਾਲੋਂ ਚਿੱਟੇ ਫੁੱਲ ਡਿੱਗਣ ਲੱਗ ਪਏ । ਗੋਲ ਤੇ ਬਰਫ਼ੀਲੇ ਫੁੱਲ । ਕੋਈ ਦਸ ਮਿੰਟ ਫੁੱਲਾਂ ਦੀ ਵਰਖਾ ਹੁੰਦੀ ਰਹੀ । ਸਾਹਮਣੀ ਡੰਡੀ ਉਤੇ ਮੋਤੀਆਂ ਦਾ ਵਿਛੌਣਾ ਹੋ ਗਿਆ ਸੀ ।
“ਤੁਸੀਂ ਕਿਸੇ ਐਹੋ ਜਿਹੇ ਵੇਲੇ ਏਥੇ ਆਣ ਕੇ ਕਿਉਂ ਨਹੀਂ ਕੁਝ ਕੰਮ ਕਰਦੇ ?” ਸੋਭਾ ਸਿੰਘ ਜੀ
ਨੇ ਆਪਣੇ ਇੱਕ ਮਿੱਤਰ ਨੂੰ ਆਖਿਆ । ਜਾਪਦਾ ਸੀ ਕਿ ਉਸ ਮਿੱਤਰ ਨੂੰ ਚਿਤਰਕਾਰੀ ਦਾ ਸ਼ੌਕ ਸੀ ਜਾਂ ਕਿਸੇ ਸਮੇਂ ਰਿਹਾ ਸੀ ।
“ਹੁਣ ਤੇ ਕੰਮਾਂ ਨੇ ਕੁਝ ਇਸ ਤਰ੍ਹਾਂ ਬੰਨ੍ਹ ਲਿਆ ਏ ।” ਉਸ ਮਿੱਤਰ ਨੇ ਆਖਿਆ ।
“ਫੈਜ਼ ਦਾ ਆਖਿਆ ਸੱਚ ਹੀ ਹੋਵੇਗਾ, ਰੁਜ਼ਗਾਰ ਦਾ ਗ਼ਮ ਬੜਾ ਵੱਡਾ ਹੁੰਦਾ ਏ ।” ਸੋਭਾ ਸਿੰਘ ਜੀ ਆਖ ਰਹੇ ਸਨ ।
“ਪਰ ਗੁਲਸ਼ਨ ਦਾ ਕਾਰੋਬਾਰ ਵੀ ਤਾਂ ਨਹੀਂ ਚਲਦਾ ਕਿਸੇ ਦੇ ਆਉਣ ਬਿਨਾਂ ਇਹ ਵੀ ਤਾਂ ਫ਼ੈਜ਼ ਦਾ ਆਖਿਆ ਏ ।” ਮੈਂ ਕਿਹਾ।
“ਠੀਕ ਹੈ ਤੀਰਥ ਸਿੰਘ ਜੀ ਗੁਲਸ਼ਨ ਦਾ ਕਾਰੋਬਾਰ ਵੀ ਨਹੀਂ ਚਲਦਾ । ਹੁਣ ਜਾਂ ਤੇ ਤੁਸੀਂ ਵੀ ਮੂਰਤਾਂ ਵਾਹੋ, ਨਹੀਂ ਤੇ ਅਸੀਂ ਵੀ ਛੱਡ ਦਿਆਂਗੇ ।” ਸੋਭਾ ਸਿੰਘ ਜੀ ਹੱਸ ਪਏ ।
“ਉਹਨਾਂ ਕੋਲੋਂ ਤੇ ਹੋਵੇ ਨਾ ਹੋਵੇ, ਪਤਾ ਨਹੀਂ ਪਰ ਤੁਹਾਡੇ ਕੋਲੋਂ ਇਹ ਨਹੀਂ ਹੋਣਾ ਇਹ ਤੇ ਆਲਿਵ ਸ਼ਰੀਨਰ ਦੇ ਆਖਣ ਵਾਂਗ” ਇੰਦਰਜੀਤ ਨੇ ਅਜੇ ਫ਼ਿਕਰਾ ਪੂਰਾ ਨਹੀਂ ਸੀ ਕੀਤਾ, ਸੋਭਾ ਸਿੰਘ ਜੀ ਆਖ ਉਠੇ, “ਇਹ ਤੇ ਸਾਨੂੰ ਉਹ ਤਾਪ ਚੜ੍ਹਿਆ ਹੋਇਆ ਏ ਜਿਹੜਾ ਜੀਉਂਦੇ ਜੀਅ ਨਹੀਂ ਲਹਿਣਾ ।”
ਭਾਗ ਸੁ ਨਾਗ ਆ ਗਿਆ । ਸੋਭਾ ਸਿੰਘ ਜੀ ਉਸ ਦਾ ਅਰਥ ਕਰ ਰਹੇ ਸਨ “ਭਾਗਾਂ ਦਾ ਚਸ਼ਮਾ ।”
ਆਲਿਵ ਸ਼ਰੀਨਰ ਦੇ ਸੁਪਨਿਆਂ ਵਿਚੋਂ ਮੈਂ ਜਦੋਂ ਵੀ “ਮਧੂ ਮੱਖੀਆਂ” ਪੜ੍ਹਦੀ ਹਾਂ, ਕੋਈ ਵੀ ਸੱਚ ਮੈਨੂੰ ਉਸ ਤੋਂ ਵੱਡਾ ਨਹੀਂ ਜਾਪਦਾ । ਕਿਵੇਂ ਉਸ ਸੁਪਨੇ ਦਾ ਭੋਰਾ ਭੋਰਾ ਆਲਿਵ ਸ਼ਰੀਨਰ ਨੇ ਜੀਵਿਆ ਹੋਵੇਗਾ । ਜੀਊਂਦੇ ਹੋਰ ਵੀ ਹਨ, ਪਰ ਉਸ ਨੇ ਅਕਹਿ ਨੂੰ ਕਿਹਾ ਹੈ । ਆਪਣੇ ਲਈ ਕਿਹਾ ਹੈ, ਆਪਣੇ ਜਿਹੇ ਹੋਰਨਾਂ ਲਈ ਕਿਹਾ ਹੈ ।
ਚਸ਼ਮੇ ਤੋਂ ਅੱਗੇ ਖੱਡ ਵਗਦੀ ਹੈ । ਨਿੱਕੀ ਪਥਰੀਲੀ ਡੰਡੀ ਹੋਰ ਉਤੇ ਚੜ੍ਹਦੀ ਜਾਂਦੀ ਹੈ । ਸਾਹਮਣੇ ਸਲੇਟਾਂ ਦੇ ਪਹਾੜ ਹਨ । ਸਾਂਚੇ ਤੇ ਛੈਣੀਆਂ ਲੈ ਕੇ ਕਿੰਨੇ ਹੀ ਮਜ਼ਦੂਰ ਸਲੇਟਾਂ ਕਟਦੇ ਹਨ । ਜਿਵੇਂ ਉਹ ਸਾਰੇ ਫ਼ਰਹਾਦ ਹਨ । ਦਿਨੇ ਰਾਤ ਪਹਾੜ ਖੋਦਦੇ ਹਨ ਇਹ ਸਾਡੇ ਮਜ਼ਦੂਰ- ਇਹ ਸਾਡੇ ਫ਼ਰਹਾਦ-ਜ਼ਿੰਦਗੀ ਦੀ ਸ਼ੀਰੀਂ ਨੇ ਕਿਹੋ ਜਹੀ ਸ਼ਰਤ ਕੀਤੀ ਹੈ । ਮੈਂ ਸੋਚ ਰਹੀ ਸਾਂ ਇਨ੍ਹਾਂ ਦੇ ਪਿੰਡੇ ਲੀਰਾਂ ਵਿਚ ਵਲੇਟੇ ਰਹਿਣਗੇ, ਇਹਨਾਂ ਦੇ ਜਵਾਨ ਹੱਥ ਤੇ ਇਨ੍ਹਾਂ ਦੇ ਬੁੱਢੇ ਹੱਥ ਤੇਸਿਆਂ ਤੇ ਛੈਣੀਆਂ ਨਾਲ ਘੁਲਦੇ ਰਹਿਣਗੇ ਤੇ ਕਦਮਾਂ ਦੀ ਵਿੱਥ ਉਤੇ ਭਾਗਾਂ ਦਾ ਚਸ਼ਮਾ ਵਗਦਾ ਰਹੇਗਾ…
ਇਹ ਸਾਡੇ ਕਲਾਕਾਰ-ਸਾਡੇ ਫ਼ਰਹਾਦ-ਕਲਾ ਦੀ ਸ਼ੀਰੀਂ ਨੇ ਕਿਹੋ ਜਹੀ ਸ਼ਰਤ ਲਾਈ ਹੈ । ਦਸਾਂ ਦਸਾਂ ਘੰਟਿਆਂ ਦੀ ਰੋਜ਼ ਤਪੱਸਿਆ । ਤੇ ਹੁਨਰ ਦੇ ਸ਼ਾਹਕਾਰ ਵਰ੍ਹਿਆਂ ਬੱਧੀ ਕੰਧਾਂ ਉਤੇ ਲੱਗੇ ਰਹਿਣਗੇ, ਕਿਸੇ ਦੀ ਅੱਖ ਉਹਨਾਂ ਦਾ ਮੁੱਲ ਨਾ ਪਾਵੇਗੀ ਤੇ ਭਾਗਾਂ ਦਾ ਚਸ਼ਮਾ ਪੱਥਰਾਂ ਨਾਲ ਸਿਰ ਮਾਰਦਾ ਰਹੇਗਾ…
ਇਹ ਸਾਡੀ ਦੁਨੀਆਂ ਦੇ ਆਸ਼ਕ-ਸਾਡੇ ਫ਼ਰਹਾਦ-ਮੁਹੱਬਤ ਦੀ ਸ਼ੀਰੀਂ ਨੇ ਕਿਹੋ ਜਿਹੀ ਸ਼ਰਤ ਬੰਨ੍ਹੀ ਹੈ । ਵਰ੍ਹਿਆਂ ਦੀ ਲਗਨ, ਉਮਰਾਂ ਦੀ ਤੜਪ, ਛਾਤੀਆਂ ਨਾਲ ਲੱਗੇ ਹੋਏ ਸੁਪਨੇ ਸਿਸਕਦੇ ਰਹਿਣਗੇ ਤੇ ਭਾਗਾਂ ਦਾ ਚਸ਼ਮਾ ਵਿਛੋੜਿਆਂ ਦੀ ਵਾਦੀ ਵਿਚ ਵਗਦਾ ਰਹੇਗਾ…
ਦੋ ਸਤਰਾਂ ਮੂੰਹੋ ਨਿਕਲੀਆਂ :

ਹੋਠਾਂ ਦੇ ਉੱਚੇ ਪਰਬਤ ਮਾਹੀਆ ਸਾਹਾਂ ਦੇ ਪਾਣੀ ਵਗਦੇ ਵੇ,

ਭਾਗਾਂ ਦੇ ਚਸ਼ਮੇ ਕਹਿਣ ਜਿਨ੍ਹਾਂ ਨੂੰ ਸਾਡੇ ਕੁਝ ਨਹੀਂ ਉ ਲਗਦੇ ਵੇ ।

ਤੇ ਪਾਣੀਆਂ ਨੂੰ ਛੋਹੇ ਬਿਨਾਂ ਅਸੀਂ ਸਾਰੇ ਭਾਗ ਸੁ ਨਾਗ ਤੋਂ ਵਾਪਸ ਮੁੜ ਆਏ । ਹੋਰ ਘੜੀ ਨੂੰ ਇਕ ਵਜੇ ਦੀ ਬਸ ਲੈ ਕੇ ਸੋਭਾ ਸਿੰਘ ਜੀ ਨੇ ਅੰਦਰੇਟੇ ਟੁਰ ਜਾਣਾ ਸੀ, ਤੇ ਦੋ ਵਜੇ ਦੀ ਬਸ ਲੈ ਕੇ ਮੈਂ ਤੇ ਇੰਦਰਜੀਤ ਨੇ ਦਿੱਲੀ ਮੁੜ ਆਉਣਾ ਸੀ । ਰਾਹ ਨਿੱਖੜਨ ਲੱਗ ਪਏ ।

ਚਿਤਰਕਾਰ ਸਰਦਾਰ ਸੋਭਾ ਸਿੰਘ ਜੀ ਬਲਬੀਰ ਸਿੰਘ ਸੂਚ

ਜਗਤ ਪ੍ਰਸਿੱਧ ਚਿੱਤਰਕਾਰ ਸਰਦਾਰ ਸੋਭਾ ਸਿੰਘ ਜੀ ਨੂੰ ਜਿਵੇਂ ਸੁਣਿਆ, ਪੜ੍ਹਿਆ ਤੇ ਅਨੁਭਵ ਕੀਤਾ ਭਾਵੇਂ ਉਹਨਾਂ ਨਾਲ ਮੁਲਾਕਾਤ ਨਹੀਂ ਹੋਈ, ਉਹ ਇੱਕ ਅਮੀਰ ਕਲਾਤਮਿਕ ਉਡਾਰੀ ਦੇ ਮਾਹਿਰ ਆਪਣੀ ਸ਼ਰਧਾ ਵਿਚੋਂ ਉਪਜੀ ਕਲਪਨਾ ਨਾਲ ਸੱਚ ਨੂੰ ਉਭਾਰਨ ਵਾਲੇ ਇਕ ਕਲਾਕਾਰ ਵਜੋਂ ਕਲਾ ਦੇ ਪ੍ਰੇਮੀਆਂ ਅੰਦਰ ਹਮੇਸ਼ਾ ਵਸੇ ਰਹਿਣਗੇ । ਉਨ੍ਹਾਂ ਦੀ ਕਲਾ ਨੂੰ ਮੂਰਤੀ ਪੂਜਾ ਦਾ ਉਭਾਰ ਕਹਿਣ ਵਾਲਿਆਂ ਨਾਲ ਸਹਿਮਤੀ ਪ੍ਰਗਟ ਕਰਨੀ ਔਖੀ ਹੈ ਕਿਉਂਕਿ ਉਨ੍ਹਾਂ ਦੇ ਨਿੱਜੀ ਜੀਵਨ ਵਿਚੋਂ ਅਜਿਹਾ ਉਦੇਸ਼ ਨਹੀਂ ਮਿਲਦਾ ।
ਇਨਸਾਨ ਦਾ ਜੀਵਨ ਘੁਟਿਆ ਘੁਟਿਆ ਨਹੀਂ ਹੋਣਾ ਚਾਹੀਦਾ ਸਗੋਂ ਖੋਜੀ ਹੋਵੇ ਤਾਂ ਚੰਗੀ ਗੱਲ ਹੈ । ਇਹ ਗੁਣ ਸਰਦਾਰ ਸੋਭਾ ਸਿੰਘ ਜੀ ਦੀ ਕਲਾ ਵਿਚੋਂ ਸਪਸ਼ਟ ਉਜਾਗਰ ਹੁੰਦਾ ਹੈ ਜਿਸ ਤੋਂ ਆਉਣ ਵਾਲੀਆਂ ਨਸਲਾਂ ਨੂੰ ਪ੍ਰੇਰਣਾ ਮਿਲਦੀ ਰਹੇਗੀ । ਸਰਦਾਰ ਸੋਭਾ ਸਿੰਘ ਜੀ ਦੇ ਚਿੱਤਰਾਂ ਨੂੰ ਜਿਥੇ ਜਾਣੇ-ਅਣਜਾਣੇ ਮੂਰਤੀ ਪੂਜਾ ਵਜੋਂ ਵਰਤੋਂ ਕਰਨ ਵਾਲੇ ਮਨੋ-ਵਿਗਿਆਨੀਆਂ ਦੀ ਭਾਸ਼ਾ ਵਿਚ ਮਾਨਸਿਕ ਰੋਗੀ ਹੀ ਕਹੇ ਜਾਣਗੇ ਉਥੇ ਕਿਸੇ ਹੋਰ ਕਾਰਨਾਂ ਕਰਕੇ ਇਸ ਮਹਾਨ ਚਿੱਤਰਕਾਰ ਦੀ ਕਲਾ ਨੂੰ ਅਣਡਿੱਠਾ ਕਰਕੇ ਕਲਾ ਦੇ ਕਦਰਦਾਨ ਘਾਟਾ ਨਹੀਂ ਖਾਣਗੇ ।
ਕਲਾਕਾਰ ਕਿਸੇ ਵਿਸ਼ੇ ਜਾਂ ਫੀਲਡ ਦਾ ਵੀ ਕਿਉਂ ਨਾ ਹੋਵੇ, ਸਤਿਕਾਰ ਦੀ ਆਸ ਰੱਖਦਾ ਹੈ ਤੇ ਆਪਣੀ ਯੋਗਤਾ ਮੁਤਾਬਕ ਉਹ ਸਤਿਕਾਰ ਲੈ ਕੇ ਹੀ ਰਹਿੰਦਾ ਹੈ । ਉਹੀ ਹਾਲ ਸਰਦਾਰ ਸੋਭਾ ਸਿੰਘ ਜੀ ਦਾ ਵੀ ਹੈ । ਕਲਾ ਇਨਸਾਨ ਲਈ ਖੁਰਾਕ ਵਾਂਗ ਭੁੱਖ ਦੂਰ ਕਰਨ ਲਈ ਜ਼ਰੂਰੀ ਹੈ । ਕਲਾ ਦਾ ਘੇਰਾ ਵਿਸ਼ਾਲ ਹੈ । ਇਸ ਲਈ ਇਸ ਦੀ ਕੋਈ ਸੀਮਾ ਨਿਸ਼ਚਿਤ ਨਹੀਂ ਕੀਤੀ ਜਾ ਸਕਦੀ । ਇਸ ਕਾਰਨ ਹੀ ਕਲਾ ਦੇ ਚਹੇਤੇ ਵੰਨ-ਸੁਵੰਨੇ ਹਨ । ਸੁਭਾਵਕ ਹੀ ਹਰ ਕਲਾ ਹਰੇਕ ਨੂੰ ਰਾਸ ਨਹੀਂ ਆਉਂਦੀ । ਸਰਦਾਰ ਸੋਭਾ ਸਿੰਘ ਜੀ ਨੇ ਆਪਣੀ ਕਲਪਨਾ, ਵਿਸ਼ਵਾਸ ਤੇ ਇਕੱਠੀ ਕੀਤੀ ਸਮੱਗਰੀ ਨੂੰ ਸੁੰਦਰਤਾ ਤੇ ਆਦਰਸ਼ ਦੇ ਘੇਰੇ ਵਿਚ ਲਿਆਉਣ ਲਈ ਆਪਣੇ ਬੁਰਸ਼ ਨੂੰ ਕਿਸੇ ਸੀਮਾ ਵਿਚ ਕੈਦ ਨਹੀਂ ਰੱਖਿਆ ਤੇ ਚਿੱਤਰਾਂ ਤੋਂ ਸੁਤੰਤਰਤਾ ਉਭਰ ਕੇ ਸਾਹਮਣੇ ਆਉਂਦੀ ਹੈ ।
ਜਿਵੇਂ ਇੱਕ ਅਭਿਨੇਤਾ ਜਾਂ ਨਕਲੀਆ ਸਮਾਜਿਕ ਬੁਰਾਈ ਨੂੰ ਆਪਣੀ ਕਲਾ ਰਾਹੀਂ ਲੋਕਾਂ ਨੂੰ ਹਸਾਉਣ ਦੇ ਲਹਿਜੇ ਵਿਚ ਉਭਾਰਦਾ ਹੋਇਆ ਰਲੀ ਕੁੱਤੀ ਤੇ ਚੋਰ ਨੂੰ ਵੀ ਹਸਾ ਕੇ ਉਸ ਭੈੜ ਪ੍ਰਤੀ ਪਬਲਿਕ ਵਿਚ ਬਣੀ ਗੰਭੀਰ ਵਿਚਾਰਸ਼ੀਲਤਾ ਨੂੰ ਮੁਕਾ ਕੇ, ਸਮਾਜਿਕ ਲਾਹਨਤਾਂ ਨੂੰ ਜਿਉਂ ਦੀ ਤਿਉਂ ਛੱਡ ਜਾਂਦਾ ਹੈ ਭਾਵ ਫਿਰ ਲੋਕ ਸੋਚਦੇ ਹਨ ਕਿ ਅਸੀਂ ਜੋ ਕਹਿਣਾ ਜਾਂ ਕਰਨਾ ਸੀ ਉਹ ਕੁਝ ਨਕਲੀਏ ਨੇ ਭਰੇ ਬਜ਼ਾਰ ਤੇ ਦਰਬਾਰ ਵਿਚ ਕਹਿ ਦਿੱਤਾ ਹੈ ਇਸ ਦਾ ਕੋਈ ਹੱਲ ਜ਼ਰੂਰ ਹੋਵੇਗਾ । ਪਰ ਅਸਲ ਮੁੱਦਾ ਤਾਂ ਹਾਸੇ ਭਾਣੇ ਉਸੇ ਵੇਲੇ ਭੁਲਾ ਦਿੱਤਾ ਜਾਂਦਾ ਹੈ ਕਿਉਂਕਿ ਗੰਭੀਰ ਸਮੱਸਿਆ ‘ਤੇ ਹੱਸਣ ਨਾਲ ਉਸ ਦੀ ਸੰਜੀਦਗੀ ਹੀ ਨਹੀਂ ਰਹਿੰਦੀ । ਇਸ ਦਾ ਲਾਭ ਲੋਕਾਂ ਨੂੰ ਨਹੀਂ ਮਿਲਦਾ ਸਿਰਫ਼ ਭ੍ਰਿਸ਼ਟ ਹੁਕਮਰਾਨ ਹੀ ਉਠਾਉਂਦੇ ਹਨ । ਇਹ ਸਭ ਕੁਝ ਦੇਖ ਕੇ ਤੇ ਵਿਚਾਰ ਕਰਕੇ ਕਈ ਵਾਰੀ ਦੁੱਖ ਤਾਂ ਹੁੰਦਾ ਹੈ । ਪਰ ਨਾਲ ਹੀ ਸਵਾਲ ਪੈਦਾ ਹੋ ਜਾਂਦਾ ਹੈ ਕਿ ਹਮੇਸ਼ਾ ਲੋਕਾਂ ਨੂੰ ਗੰਭੀਰਤਾ ਵਿਚ ਡੋਬਣ ਨੂੰ ਸਮਾਜ ਸੇਵਾ ਹੀ ਮੰਨ ਕੇ ਕਲਾ ਨੂੰ ਕਿਵੇਂ ਨਿਕਾਰਿਆ ਜਾ ਸਕਦਾ ਹੈ ? ਪਰ ਸਰਦਾਰ ਸੋਭਾ ਸਿੰਘ ਜੀ ਦੀ ਕਲਾ ਦੀ ਪਰਖ ਕਰਨ ਤੋਂ ਅਜਿਹਾ ਕਿੰਤੂ-ਪਰੰਤੂ ਕਰਨ ਵਾਲਾ ਸਵਾਲ ਹੀ ਨਹੀਂ ਉੱਠਦਾ ਭਾਵੇਂ ਸਮੇਂ ਦੀ ਨਜ਼ਾਕਤ ਤੇ ਸ਼ਰਧਾ ਵਿਚ ਕੀਤੀ ਗ਼ਲਤੀ ਨੂੰ ਸੁਧਾਰਨ ਦੇ ਉਨ੍ਹਾਂ ਦੇ ਕਿੱਸੇ ਸੁਣਨ ਲਈ ਜਰੂਰ ਮਿਲਦੇ ਹਨ । ਸਰਦਾਰ ਸੋਭਾ ਸਿੰਘ ਨੂੰ ਇੱਕ ਦ੍ਰਿਰ੍ਹਾ, ਸਿਰੜੀ ਤੇ ਮਿੱਤਰਾਂ ਦੇ ਮਿੱਤਰ ਵਜੋਂ ਵੀ ਜਾਣਿਆ ਜਾਂਦਾ ਰਹੇਗਾ ।
ਮਾਸਕ ਪੱਤਰ ਮੀਰ ਦੇ ਸੰਪਾਦਕ ਰਦਮਨ ਸਿੰਘ ਬੇਦੀ ਦੀ ਸਰਦਾਰ ਸੋਭਾ ਸਿੰਘ ਜੀ ਨਾਲ ਕਾਫ਼ੀ ਨੇੜਤਾ ਸੀ । ਉਹ ਅਕਸਰ ਉਸ ਮਹਾਨ ਚਿੱਤਰਕਾਰ ਦੀਆਂ ਗੱਲਾਂ ਕਰਿਆ ਕਰਦੇ ਹਨ ਅਤੇ ਕਾਫੀ ਅੰਦਰੂਨੀ ਗੁੱਝੇ ਰਾਜ ਤੇ ਉਨ੍ਹਾਂ ਦੇ ਜੀਵਨ ਦੇ ਕਠਿਨ ਪਹਿਲੂਆਂ ਨੂੰ ਛੂੰਹਦੇ ਨਹੀਂ ਧੱਕਦੇ। ਸਰਦਾਰ ਸੋਭਾ ਸਿੰਘ ਨੂੰ ਬੇਦੀ ਜੀ ਆਪਣੇ ਪਿਤਾ ਸਮਾਨ ਸਮਝਦੇ ਹਨ ਤੇ ਆਪਣੇ ਪਿਆਰੇ ਕਲਾਕਾਰ ਦੀ ਵਿਰੋਧਤਾ ਉੱਕਾ ਹੀ ਕਿਸੇ ਦੇ ਮੂੰਹੋਂ ਸੁਣਨ ਲਈ ਸਮਝੌਤਾ ਨਹੀਂ ਕਰਦੇ ਸਗੋਂ ਅਜਿਹੀ ਸਥਿਤੀ ਉਤਪੰਨ ਹੋਣ ਦੀ ਸੂਰਤ ਵਿਚ ਬੜੇ ਭਾਵੁਕ ਹੋ ਕੇ ਕੈਰੇ ਜਵਾਬ ਦੇਣ ਤੋਂ ਸੰਕੋਚ ਨਹੀਂ ਕਰਦੇ । ਗੋਲ ਹੀ ਉਸ ਮਹਾਨ ਕਲਾਕਾਰ ਦੀ ਵਡੱਪਣ ਦੀ ਝਲਕ ਬੇਦੀ ਜੀ ਦੇ ਚਿਹਰੇ ਤੋਂ ਸਪਸਟ ਦੇਖਣ ਨੂੰ ਮਿਲ ਜਾਂਦੀ ਹੈ ।
ਭਾਵੇਂ ਸਰਦਾਰ ਸੋਭਾ ਸਿੰਘ ਜੀ ਨੇ ਆਪਣੇ ਆਪ ਨੂੰ ਕਦੀ ਵੀ ਸਿੱਖੀ ਆਦਰਸ਼ਕ ਜੀਵਨ ਦੇ ਦਾਅਵੇਦਾਰ ਵਜੋਂ ਪੇਸ਼ ਨਹੀਂ ਕੀਤਾ ਤੇ ਨਾ ਹੀ ਅਜਿਹੀ ਬਹਿਸ ਵਿਚ ਉਹ ਕਦੀ ਕਿਸੇ ਨਾਲ ਪਏ ਸਨ ਪਰ ਉਨ੍ਹਾਂ ਨੇ ਗੁਰਬਾਣੀ ਦੀ ਮਹੱਹਤਾ ਨੂੰ ਜਾਣਕੇ ਸਿੱਖ ਗੁਰੂਆਂ ਦੇ ਚਿੱਤਰ ਬਣਾਏ । ਉਨ੍ਹਾਂ ਦੀ ਨਿਸਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੀ ਹੋਣ ਕਰਕੇ ਅੰਦਰੇਟੋ ਵਿਚਲੇ ਆਪਣੇ ਘਰ ਗਰੇ ਮੋਰ ਗੁੱਡ ਦੇ ਇੱਕ ਕਮਰੇ ਵਿਚ ਪਾਵਨ ਸਰੂਪ ਦਾ ਪ੍ਰਕਾਸ਼ ਕੀਤਾ ਹੋਇਆ ਸੀ । ਉਹ ਅਕਸਰ ਆਪ ਪਾਠ ਕਰਦੇ ਜਾਂ ਘਰ ਦੇ ਕਿਸੇ ਹੋਰ ਮੈਂਬਰ ਤੋਂ ਸੁਣਦੇ ਸਨ ।
ਇਨ੍ਹਾਂ ਸਤਰਾਂ ਦਾ ਲੇਖਕ ਦਿਲੋਂ ਸਾਰੇ ਉਸਾਰੂ ਕਲਾਕਾਰਾਂ ਦਾ ਸਤਿਕਾਰ ਤੇ ਸ਼ਲਾਘਾ ਕਰਦਾ ਹੈ ਕਿਉਂਕਿ ਕਲਾਕਾਰ ਆਪਣੀ ਕਲਾ ਨਾਲ ਲੋਕਾਂ ਦੇ ਸੁਹਜ-ਸੁਆਦ ਨੂੰ ਟੁੰਬਦੇ ਅਤੇ ਉਨ੍ਹਾਂ ਦਾ ਮੰਨੋਰਜਨ ਕਰਕੇ ਵੱਡਮੁੱਲੀ ਸੇਵਾ ਕਰਦੇ ਹਨ। ਇਹ ਸੇਵਾ ਲੋਕਾਂ ਦੀ ਮਾਨਸਿਕ ਸਤੁੰਸ਼ਟੀ ਲਈ ਦੀਵੇ ਲਈ ਤੇਲ ਵਾਂਗ ਅਤਿ ਜਰੂਰੀ ਹੈ । ਜਦੋਂ ਵੀ ਪ੍ਰਸਿੱਧ ਗਾਇਕ, ਤੂੰਬੀ ਦਾ ਬਾਦਸ਼ਾਹ ਲਾਲ ਚੰਦ ਯਮਲਾ ਜੱਟ ਇਨ੍ਹਾਂ ਸਤਰਾਂ ਦੇ ਲੇਖਕ ਦੇ ਲਾਗਿਓਂ ਗੁਜਰਦਾ ਤਾਂ ਉਸ ਬਾਦਸ਼ਾਹ ਨੂੰ ਹੱਥ ਜੋੜ ਕੇ ਬੜੇ ਸਤਿਕਾਰ ਨਾਲ ਨਮਸਕਾਰ ਕਰਕੇ ਖੁਸ਼ੀ ਲੈਂਦਾ ਤੇ ਉਨ੍ਹਾਂ ਵਲੋਂ ਉਸਾਰੂ ਗਾਇਕੀ ਨਾਲ ਲੋਕਾਂ ਨੂੰ ਖੁਸ਼ੀਆਂ ਵੰਡਣ ਦੀ ਸੇਵਾ ਲਈ ਖ਼ੁਦ ਨੂੰ ਰਿਣੀ ਹੋਣ ਦਾ ਜਦੋਂ ਅਹਿਸਾਸ ਕਰਵਾਉਂਦਾ ਤਾਂ ਯਮਲਾ ਜੱਟ ਦਿਲੋਂ ਨਿਕਲੀ ਆਵਾਜ ਨੂੰ ਪਹਿਚਾਨਦਾ ਹੋਇਆ ਸਤਿਕਾਰ ਨਾਲ ਜਵਾਬ ਵਿਚ ਅੰਦਰੋ ਅੰਦਰ ਯਮਲਾ ਹੋ ਜਾਂਦਾ ਸੀ । ਇਸੇ ਪ੍ਰਕਾਰ ਜੇ ਸਰਦਾਰ ਸੋਭਾ ਸਿੰਘ ਜੀ ਦੇ ਦਰਸ਼ਨ ਕਰਕੇ ਉਨ੍ਹਾਂ ਦੀ ਕਲਾ ਦੀ ਸ਼ਲਾਘਾ ਕਰਨ ਦਾ ਮੌਕਾ ਮਿਲ ਜਾਂਦਾ ਤਾਂ ਇਨ੍ਹਾਂ ਸਤਰਾਂ ਦੇ ਲੇਖਕ ਲਈ ਬੜੇ ਵਡੱਪਣ-ਵਾਲੀ ਗੱਲ ਹੋਣੀ ਸੀ ਜੋ ਹੋ ਨਾ ਸਕੀ । ਸਰਦਾਰ ਸੋਭਾ ਸਿੰਘ ਜੀ ਕਲਾਕਾਰਾਂ ਲਈ ਚਿਰਾਗ ਦਾ ਕੰਮ ਹਮੇਸ਼ਾ ਕਰਦੇ ਰਹਿਣਗੇ । ਇਹੀ ਹਰ ਇੱਕ ਲਈ ਜੀਵਨ ਦਾ ਉਦੇਸ਼ ਹੋਣਾ ਚਾਹੀਦਾ ਹੈ ।

ਵੀਹਵੀਂ ਸਦੀ ਦਾ ਧੰਨਾ ਭਗਤ ਹਰਚਰਨ ਸਿੰਘ

ਸਮੁੱਚੇ ਤੌਰ ਤੇ ਸਰਦਾਰ ਸੋਭਾ ਸਿੰਘ ਰੂਹਾਨੀ ਚਿਤਰਕਾਰ ਹੈ । ਉਂਵ ਉਸ ਦੀ ਸਖਸੀਅਤ ਬਹੁ- ਪੱਖੀ ਹੈ ਅਤੇ ਚਿਤਰਕਲਾ ਬਹੁ-ਦਿਸ਼ਾਵੀ ਹੈ । ਗੁਰੂ ਨਾਨਕ ਦੇਵ ਦਾ ਸਹੀ ਸ਼ਿਸ਼ ਹੋਣ ਕਰਕੇ ‘ਮਾਨਸ ਕੀ ਜਾਤ ਨੂੰ ਉਹ ਇਕੋ ਰੂਪ ਜਾਣਦਾ ਹੈ । ਉਸ ਦਾ ਦਿਲ ਸਮੁੱਚੀ ਮਨੁੱਖ ਜਾਤੀ ਲਈ ਪਿਆਰ ਤੇ ਹਮਦਰਦੀ ਨਾਲ ਧੜਕਦਾ ਹੈ । ਉਹ ਦਸਾਂ ਨਹੁੰਆਂ ਦੀ ਸੁੱਚੀ ਕਿਰਤ ਕਰਕੇ ਪੇਟ ਪਾਲਣ ਦਾ ਅਨੁਆਈ ਹੈ । ਇਸ ਤੋਂ ਬਿਨਾਂ ਉਹ ਇਕ ਸੁਚੇਤ ਕਲਾਕਾਰ ਹੈ ਜਿਸ ਨੂੰ ਵਰਤਮਾਨ ਸਮਾਜਕ ਸਥਿਤੀ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਹਾਲਾਤ ਦਾ ਪੂਰਾ ਗਿਆਨ ਹੈ । ਉਹ ਮੈਨੂੰ ਡਾਕਟਰ ਰੰਧਾਵਾ ਵਾਂਗ ਪੈਰ ਦੇ ਨਹੁੰਆਂ ਤੋਂ ਸਿਰ ਦੇ ਵਾਲਾਂ ਤਕ ਪੰਜਾਬੀ ਲਗਦਾ ਹੈ । ਉਸ ਵਿਚ ਪੰਜਾਬੀਆਂ ਵਾਲੀ ਜ਼ਿੰਦਾ-ਦਿਲੀ, ਉਦਾਰ ਤਬੀਅਤ ਖੁੱਲ੍ਹਾ ਤੇ ਖੁਲਾਸਾ ਸੁਭਾ ਹੈ । ਉਹ ਜਲ੍ਹਣ ਜੱਟ ਦੇ ਇਲਾਕੇ ਦਾ ਜਮਪਲ ਹੈ ਸ਼ਾਇਦ ਇਸੇ ਕਰਕੇ ਸੁੱਚਾ ਤੇ ਬੇਲਿਹਾਜ ਹੈ । ਮੈਂ ਇਥੇ ਉਸ ਦੀ ਸ਼ਖਸੀਅਤ ਤੇ ਕਲਾ ਦੀ ਪ੍ਰਾਪਤੀ ਦਾ ਕੇਵਲ ਇਕ ਨੁਕਤਾ ਹੀ ਛੋਹ ਸਕਿਆ ਹਾਂ ।
ਇਹ ਇਕ ਮੰਨੀ ਹੋਈ ਸਚਾਈ ਹੈ ਕਿ ਈਸਾਈ ਮੌਤ ਦਾ ਜਿੰਨਾ ਪ੍ਰਚਾਰ ਪੱਛਮ ਦੇ ਚਿਤਰਕਾਰਾਂ ਨੇ ਮਸੀਹ ਦਿਆਂ ਅਪਾਰ ਚਿਤਰਾਂ ਰਾਹੀਂ ਕੀਤਾ ਹੈ ਓਨਾ ਕੋਈ ਵੀ ਵੰਡੇ ਤੋਂ ਵੱਡਾ ਵਿਅਕਤੀ ਜਾਂ ਮਹਾਂ
ਪਾਦਰੀ ਵੀ ਨਹੀਂ ਕਰ ਸਕਿਆ । ਬੁਧ ਧਰਮ ਦਾ ਸੰਦੇਸ਼ਾ ਜਿੰਨਾ ਮਹਾਤਮਾ ਬੁੱਧ ਦੇ ਕਲਾ ਬੁੱਤਾਂ ਰਾਹੀਂ ਸੰਸਾਰ ਨੂੰ ਮਿਲਿਆ ਹੈ ਓਨਾ ਸ਼ਾਇਦ ਕਿਸੇ ਵੀ ਪਰਚਾਰ ਮਿਸ਼ਨ ਨੇ ਨਹੀਂ ਕੀਤਾ । ਇਸੇ ਤਰ੍ਹਾਂ ਮੇਰਾ ਵਿਅਕਤੀਗਤ ਵਿਚਾਰ ਹੈ ਕਿ ਸੋਭਾ ਸਿੰਘ ਗੁਰੂ ਸਾਹਿਬਾਨ ਦੇ ਚਿਤਰਾਂ ਰਾਹੀਂ ਅੱਜਕਲ੍ਹ ਮਿਸਨਰੀਆਂ ਨਾਲੋਂ ਕਿਤੇ ਵਧ ਪਰਚਾਰ ਕਰ ਰਿਹਾ ਹੈ । ਪੰਜਾਬ ਦਾ ਕੋਈ ਵੀ ਨਿੱਕਾ ਵੱਡਾ ਸ਼ਹਿਰ ਜਾਂ ਭਾਰਤ ਦਾ ਕੋਈ ਮੁਖ ਸ਼ਹਿਰ ਅਜਿਹਾ ਨਹੀਂ ਹੋਵੇਗਾ ਜਿਥੇ ਉਸ ਦੇ ਚਿਤਰ, ਰਸਵੀਰਾਂ ਵੇਚਣ ਵਾਲੇ ਜਾਂ ਫਰੇਮ ਲਾਉਣ ਵਾਲੇ ਦੁਕਾਨਦਾਰਾਂ ਨੇ ਆਪਣੀਆਂ ਹੱਟੀਆਂ ਤੇ ਸਜਾਏ ਨਾ ਹੋਣਗੇ । ਇਹ ਚਿਤਰ ਹਜ਼ਾਰਾਂ ਘਰਾਂ ਵਿਚ ਗੁਰੂ ਸਾਹਿਬਾਨ ਦਾ ਪਿਆਰ ਤੇ ਸ਼ਕਤੀ ਦਾ ਸੁਨੇਹਾ ਦੇ ਰਹੇ ਹਨ । ਬਹੁਤ ਸਾਰੇ ਦੁਕਾਨਦਾਰ ਇਹ ਚਿਤਰ ਵੇਚਕੇ ਪੇਟ ਪਾਲਦੇ ਹਨ, ਸੱਚ ਪੁਛੋ ਮੈਨੂੰ ਤਾਂ ਭਾਈ ਗੁਰਦਾਸ ਅਤੇ ਭਾਈ ਵੀਰ ਸਿੰਘ ਤੋਂ ਬਾਅਦ ਸੋਭਾ ਸਿੰਘ ਸਭ ਤੋਂ ਵੱਡਾ ਗੁਰ ਆਸੇ ਨੂੰ ਫੈਲਾਉਣ ਵਾਲਾ ਵਿਅਕਤੀ ਲਗ ਰਿਹਾ ਹੈ । ਵਾਧਾ ਇਹ ਹੈ ਕਿ ਸੋਭਾ ਸਿੰਘ ਦਾ ਕਲਾ ਮਾਧਿਅਮ ਅੰਤਰ-ਰਾਸ਼ਟਰੀ ਹੋਣ ਕਰਕੇ ਵਿਸ਼ਾਲ ਤੇ ਅਥਾਹ ਹੈ ਜੋ ਦੇਸ ਕਾਲ ਦੀਆਂ ਹੱਦਾਂ ਅੰਦਰ ਸੀਮਤ ਨਹੀਂ । ਸੋਭਾ ਸਿੰਘ ਨੇ ਗੁਰੂ ਸਾਹਿਬਾਨ ਦੇ ਦਰਜਨ ਦੇ ਲਗਪਗ ਵਖੋ ਵਖ ਰੂਪਾਂ ਤੇ ਸਥਿਤੀਆਂ ਦੇ
ਚਿਤਰ ਖਿਚੇ ਹਨ। ਹਰ ਚਿਤਰ ਵਿਚ ਗੁਰੂ ਸਾਹਿਬ ਦਾ ਕੋਈ ਨਾ ਕੋਈ ਸਰਬ-ਵਿਆਪਕ ਇਲਾਹੀ ਸੁਨੇਹਾ ਹੁੰਦਾ ਹੈ । ਬਹੁਤ ਵਾਰੀਂ ਬਾਜ਼ਾਰ ਵਿਚ ਲੰਘਦਿਆਂ ਦੇਖੀ ਦਾ ਹੈ ਕਿ ਇਕ ਹੀਰ-ਸਿੱਖ ਵੀ ਗੁਰੂ ਗੋਬਿੰਦ ਸਿੰਘ ਦਾ “ਦੇਹਿ ਸਿਵਾ ” ਜਾਂ ਗੁਰੂ ਨਾਨਕ ਦੇਵ ਦਾ “ਨਾਮ ਖੁਮਾਰੀ” ਦਾ ਚਿੱਤਰ ਦੇਖ ਕੇ ਕੀਲਿਆ ਖਲੋ ਜਾਂਦਾ ਹੈ ।
ਇਸੇ ਕਰਕੇ ਮੈਨੂੰ ਸੋਭਾ ਸਿੰਘ ਵਰਤਮਾਨ ਜੁਗ ਦਾ ਸਭ ਤੋਂ ਵੱਡਾ ਗੁਰਸਿੱਖ ਜਾਪਦਾ ਹੈ । ਉਸ ਨੇ ਇਕ ਇਕ ਚਿਤਰ ਉਤੇ ਕਈ ਕਈ ਮਹੀਨੇ ਧਿਆਨ ਮਗਨ ਹੋ ਕੇ ਬੜੀ ਤੀਬਰਤਾ ਤੇ ਲਗਨ ਨਾਲ ਕੰਮ ਕੀਤਾ ਹੈ । ਕਿਸੇ ਅੰਤਰੀਵ ਖਿਚ ਤੇ ਧੂਹ ਕਾਰਨ ਹੀ ਉਹ ਇਸ ਵਡੇਰੀ ਉਮਰ ਵਿਚ ਦਸ ਦਸ ਬਾਰਾਂ ਬਾਰਾਂ ਘੰਟੇ ਰੋਜ ਕੰਮ ਕਰ ਸਕਦਾ ਹੈ । ਸੰਬੰਧਤ ਗੁਰੂ ਆਤਮਾ ਨਾਲ ਇਕ ਸੁਰ ਹੋਏ ਬਿਨਾਂ ਕੋਈ ਪ੍ਰਭਾਵਸ਼ਾਲੀ ਚਿਤਰ ਨਹੀਂ ਸੀ ਖਿਚਿਆ ਜਾ ਸਕਦਾ । ਸੋਭਾ ਸਿੰਘ ਨੇ ਇਨ੍ਹਾਂ ਚਿਤਰਾਂ ਰਾਹੀਂ ਸੰਸਾਰ ਨੂੰ ਸਿੱਖ ਧਰਮ ਦਾ ਪਿਆਰ ਤੇ ਅਮਨ ਦਾ ਸੰਦੇਸਾ ਪਹੁੰਚਾਉਣ ਦਾ ਉਪਰਾਲਾ ਆਰੰਤਿਆ ਹੋਇਆ ਹੈ। ਜਿਉਂ ਜਿਉਂ ਵਕਤ ਬੀਤੇਗਾ ਉਸ ਦਾ ਮੇਰਾ ਅਵੇਸ਼ ਵਧੇਗਾ । ਅਸੋਹੇ ਸਨੇਹੀ ਦੀ ਅੱਜ ਦੇ ਜੁੱਗ ਨੂੰ ਸਖ਼ਤ ਲੋੜ ਹੈ।
ਸੋਭਾ ਸਿੰਘ ਬੁਰਸ ਮਜਦੂਰ ਹੈ ਜੋ ਸਖ਼ਤ ਤੋਂ ਸਖਤ ਮਿਹਨਤ ਕਰਨ ਵਾਲੇ ਮਜਦੂਰ ਨਾਲੋਂ ਵੀ ਵਧ ਮਿਹਨਤ ਮਜਦੂਰੀ ਕਰਦਾ ਹੈ । ਸੱਚ ਪੁਛੇ ਮੈਨੂੰ ਸੋਭਾ ਸਿੰਘ ਵੀਹਵੀਂ ਸਦੀ ਦਾ ਧੰਨਾ ਭਗਤ ਜਾਪਦਾ ਹੈ ਜੇ ਘੰਟਿਆ ਬੰਧੀ ਈਜ਼ਲ ਸਾਹਮਣੇ ਧਿਆਨ ਮਗਨ ਹੋ ਕੇ ਗੁਰੂ ਸਾਹਿਬਾਨ ਦੇ ਸੰਦੇਸ਼ ਨੂੰ ਸਕਾਰ ਤੇ ਸਜੀਵ ਕਰਨ ਦਾ ਸਹਿਯੋਗ ਧਾਰਨ ਕਰ ਰਿਹਾ ਹੈ ।
ਕੁਝ ਆਲੋਚਕ ਸੋਤਾ ਸਿੰਘ ਦੇ ਜੀਵਨ ਤੇ ਵੱਡਾ ਕਿੰਤੂ ਕਰਦੇ ਸੁਣੇ ਹਨ ਕਿ ਉਹ ਇਕਾਂਤ ਵਾਸੀ ਕਿਉਂ ਹੈ, ਲੋਕਾਂ ਵਿਚ ਕਿਉਂ ਨਹੀਂ ਰਹਿੰਦਾ । ਇਸ ਗਲੋਂ ਉਹ ਭਾਈ ਵੀਰ ਸਿੰਘ ਨਾਲ ਮੇਲ ਖਾਂਦਾ ਹੈ । ਉਹ ਸਮਾਜ ਤੋਂ ਅਭਿੱਜ ਰਹਿਣ ਦਾ ਖਾਹਿਸਮੰਦ ਨਹੀਂ ਸਗੋਂ ਉਸ ਦੇ ਕੰਮ ਦੀ ਪ੍ਰਕਿਤੀ ਇਸ ਭਾਂਤ ਦੀ ਹੈ ਕਿ ਉਹ ਨਿਵੇਕਲਾ ਬੈਠ ਕੇ ਕੰਮ ਕਰ ਸਕਦਾ ਸੀ । ਹੁਣ ਉਸ ਦੀ ਇੱਛਾ ਪੰਜਾਬ ਅੰਦਰ ਕੋਈ ਸਟੂਡੀਓ ਸਥਾਪਤ ਕਰਨ ਦੀ ਹੈ।
ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ । ਉਸ ਨੇ ਸੋਭਾ ਸਿੰਘ ਦਾ ਸਨਮਾਨ ਕਰਕੇ ਆਪਣੇ ਆਪ ਨੂੰ ਜਾਗਤ ਅਤੇ ਲੋਕ ਪੱਖੀ ਹੋਣ ਦਾ ਸਬੂਤ ਦਿੱਤਾ ਹੈ।
ਪੰਜਾਬੀਆਂ ਵਿਚ ਇਕ ਭੇਤ ਹੈ । ਅਸੀਂ ਜੀਉਂਦਿਆਂ ਦੀ ਕਦਰ ਨਹੀਂ ਕਰਦੇ ਮੋਇਆਂ ਦੀਆਂ ਮੜ੍ਹੀਆਂ ਪੂਜਦੇ ਹਾਂ ।
ਜੀਵਨ ਪਿਤਰ ਨਾ ਮਾਨੈ ਕੋਊ ਮੋਈ ਸਰਾਧ ਕਰਾਹੀ
ਆਓ, ਅਸੀਂ ਜੀਉਂਦੇ ਜਾਗਦੇ ਧੰਨੇ ਭਗਤ ਨੂੰ ਪਛਾਣੀਏ ਅਤੇ ਉਸ ਦੀ ਪ੍ਰੇਮ ਭਗਤੀ ਦੀ ਕਲਾ
ਦੀ ਕਦਰ ਪਾਈਏ

ਚਾਂਦੀ ਚਿੱਟਾ ਚਿੱਤਰਕਾਰ ਜਸਵੰਤ ਸਿੰਘ ਕੰਵਲ 

ਡਾ. ਜਸਵੰਤ ਗਿੱਲ ਲਾਹੌਰ ਮੈਡੀਕਲ ਕਾਲਜ ਵਿਚ ਪੜ੍ਹਦੀ, ਸ. ਸੋਭਾ ਸਿੰਘ ਦੀ ਪ੍ਰਸੰਸਕ ਹੈ ਗਈ ਸੀ । ਉਹ ਉਸ ਨੂੰ ਭਾਪਾ ਜੀ ਆਖਦੀ ਸੀ । ਸੋਤਾ ਸਿੰਘ ਦਾ ਪ੍ਰੀਤ ਨਗਰ ਵਾਹਵਾ ਆਉਣਾ ਜਾਣਾ ਸੀ ਤੇ ਡਾ. ਜਸਵੰਡ ਦਾ ਭਰਾ ਦਰਸ਼ਨ ਸਿੰਘ ਪ੍ਰੀਤ ਸੈਨਿਕ ਹੁੰਦਿਆਂ, ਪ੍ਰੀਤ ਲਗੀ ਦਾ ਪਬਲਿਸਰ ਵੀ ਸੀ । ਸੇਤਾ ਸਿੰਘ, ਗੁਰਬਖਸ਼ ਸਿੰਘ ਤੇ ਨਾਵਲਕਾਰ ਨਾਨਕ ਸਿੰਘ ਹੋਰਾਂ ਦਾ ਪਲੰਦੜਾ ਯਾਰ ਸੀ। ਤਿੰਨ ਦੇਵਤੇ ਜਦੋਂ ਪ੍ਰੀਤ ਨਗਰ ਜਾਂ ਲਾਹੌਰ ਅੰਮ੍ਰਿਤਸਰ ਇਕੱਠੇ ਹੁੰਦੇ, ਵਾਹਵਾ ਠਾਠ ਮੰਝਦਾ ਸੀ। ਕਲਾਕਾਰੀ ਦੇ ਮਖੌਲਾਂ ਦੀ ਝੜੀ ਫਿਤ ਪੈਂਦੀ । ਨਾਨਕ ਸਿੰਘ ਤੇ ਸੋਭਾ ਸਿੰਘ ਦੀ ਦਿਲੀ ਸਾਂਝ ਕੁਝ ਵਧੇਰੇ ਹੀ ਸੰਘਣੀ ਸੀ । ਇਸ ਤਰ੍ਹਾਂ ਦੇ ਮਖੌਲਾਂ ਤੇ ਚੇਟ ਦਾ ਮੌਕਾ ਮਸਵੰਤ ਗਿੱਲ ਨੂੰ ਵੀ ਮਿਲ ਜਾਂਦਾ, ਜਦੋਂ ਉਸ ਨੂੰ ਕਾਲਜ ਵਲੋਂ ਛੁੱਟੀਆਂ ਹੁੰਦੀਆਂ । ਉਹ ਪਿਤਾ ਪੁਰਖੀ ਵਲੋਂ ਵੀ ਇਕ ਤਰ੍ਹਾਂ ਸੋਭਾ ਸਿੰਘ ਦਾ ਸਤਿਕਾਰ ਕਰਦੀ ਸੀ । ਸਾਹਿਤ ਤੇ ਕੋਮਲ ਹੁਨਰ ਨਾਲ ਉਸ ਨੂੰ ਸੋਭਾ ਸਿੰਘ ਨੇ ਹੀ ਭੇਜਿਆ ਸੀ । ਪਾਕਿਸਤਾਨ ਬਣਨ ਪਿਛੋਂ ਸੋਭਾ ਸਿੰਘ ਨੇ ਬੁਰੀ ਹਾਲਤ ਵਿਚ ਲਾਹੌਰ ਤੋਂ ਚੰਡੇ ਬੁੰਗੇ ਪੁੱਟੇ ਤੇ ਦੇਖ ਭਾਲੀ ਇਕਾਂਤ ਵਿਚ ਅੰਦਰੇਟੇ ਡੇਰੇ ਆ ਲਾਏ । ਚਿੱਤਰਕਾਰ ਦਾ ਪਿਛਲਾ ਪਹਿਰ ਆ ਗਿਆ ਸੀ। ਡਾ. ਸਸੰਵਤ ਗਿੱਲ ਨੇ ਮੈਨੂੰ ਸੂਰਜਪੁਰ ਸੰਦ ਕੇ ਗੱਲ ਤੋਰੀ, “ਸੁਣਿਆ ਏ. ਸੋਭਾ ਸਿੰਘ ਜੀ ਕੁਝ ਦਿੱਲੇ ਐ. ਬੁਖਾਰ ਚਲਦਾ ਹੈ, ਮੈਂ ਉਨ੍ਹਾਂ ਦੀ ਖਬਰ ਨੂੰ ਜਾਣਾ ਚਾਹੁੰਦੀ ਆਂ, ਜੇ ਤੁਸੀਂ ਮੈਨੂੰ ਅੰਦਰੇਟੇ ਲੈ ਚਲੇ ।” ਉਸ ਨੇ ਆਪਣੀ ਵਲੋਂ ਬੇਨਤੀ ਰੀਝ ਜਾਹਰ ਕੀਤੀ।
“ਲੈ ਤਾਂ ਚਲਦਾ ਆ, ਪਰ ਅਜ ਨਹੀਂ ਪਹੁੰਚ ਹੋਣਾ ।” ਮੈਂ ਕਦੇ ਉਸ ਦੀ ਗੱਲ ਟਾਲੀ ਨਹੀਂ ਸੀ। “ਹੁਣ ਮੇਰੇ ਕੋਲ ਦੇ ਛੁੱਟੀਆਂ ਹਨ, ਫਿਰ ਮੇਰੇ ਕੋਲੋਂ ਜਾਇਆ ਨਹੀਂ ਜਾਣਾ । ਨਾਲੇ ਤੁਸਾਂ ਉਨ੍ਹਾਂ ਨੂੰ ਮਿਲ ਲੈਣਾ, ਵਧੀਆ ਬੰਦੇ ਹਨ । ਉਨ੍ਹਾਂ ਦੇ ਇਸ ਉਮਰ ਵਿਚ ਬੁਖਾਰ ਨੂੰ ਫੀਲ ਕਰਦੀ ਆਂ । ਕੁਝ ਦਵਾਈਆਂ ਦੇ ਆਵਾਂਗੀ ।” ਉਸ ਦੇ ਚਿਹਰੇ ਤੇ ਉਦਾਸ ਪਰਛਾਈਂ ਸੀ ।

“ਠੀਕ ਐ, ਜਿਵੇਂ ਆਖੇ, ਮੈਂ ਤਿਆਰ ਆਂ ।”

ਦੁਪਹਿਰ ਦਾ ਸਮਾਂ ਸੀ । ਬੱਸ ਰਾਹੀਂ ਲੁਧਿਆਣੇ ਪਹੁੰਚੇ । ਓਥੋਂ ਰੇਲ ਰਾਹੀਂ ਐਹੋ ਐਰ ਹੁੰਦੀ ਨੂੰ ਪਠਾਨਕੋਟ ਜਾ ਉਤਰੇ । ਓਥੇ ਸਾਡੀ ਕੋਈ ਜਾਣ ਪਛਾਣ ਨਹੀਂ ਸੀ । ਪਾਲਮਪੁਰ ਨੂੰ ਰੇਲ ਸਵੇਰੇ ਜਾਣੀ ਸੀ। ਰਾਤ ਕੱਟਣ ਦੀ ਸਮੱਸਿਆ ਸੀ । ਮੈਂ ਉਸ ਨੂੰ ਰੇਲਵੇ ਦੇ ਰੇਟਿੰਗ ਰੂਮ ਵਿਚ ਬਹਾ ਕੇ ਕਮਰੇ ਦੀ ਭਾਲ ਵਿਚ ਤੁਰ ਪਿਆ । ਪਠਾਨਕੋਟ ਵਿਚ ਹਿੰਦੂਆਂ ਦਾ ਕੋਈ ਸਮਾਗਮ ਚਲ ਰਿਹਾ ਸੀ। ਨਕੀਮੇ ਤੋਂ ਨਕੰਮੇ ਹੋਟਲ ਵਿਚ ਵੀ ਖਾਲੀ ਕਮਰਾ ਨਾ ਮਿਲਿਆ । ਇਕ ਡੋਰਮੈਟਰੀ ਦੀ ਦੱਸ ਪਈ । ਓਥੇ ਚਾਰ ਮੰਜੇ ਪਹਿਲਾਂ ਹੀ ਮੁਸਾਫਰਾਂ ਨੇ ਮੇਲੇ ਹੋਏ ਸਨ। ਦੇ ਦੇ ਪੈਸੇ ਮੈਂ ਦੇ ਦਿੱਤੇ । ਅਸੀਂ ਸੌਣਾ ਚਾਹੁੰਦੇ ਸਾਂ, ਪਰ ਕਟੂਏ ਆਖਦੇ ਸਨ, ਤੁਹਾਡੇ ਗਿਣ ਗਿਣ ਬਦਲੇ ਲੈਣੇ ਐ। ਬੁਰੇ ਹਾਲੀਂ ਰਾਤ ਕੱਟੀ, ਧੱਫੜਾਂ ਨਾਲ ਪਿੰਡ ਲਾਲੇ ਲਾਲ ਸਨ । ਡਾਕਟਰ ਭਾਵੇਂ ਮੇਰੇ ਤੇ ਔਖੀ ਸੀ, ਪਰ ਕੁਝ ਆਖ ਨਹੀਂ ਸਕਦੀ ਸੀ।
ਸਵੇਰੇ ਰੇਲਵੇ ਪਲੇਟਫਾਰਮ ‘ਤੇ ਆ ਕੇ ਅਸਾਂ ਚਾਹ ਪੀਤੀ ਤੇ ਜਸਵੰਤ ਦਾ ਗੁੱਸਾ ਥੋੜ੍ਹਾ ਨਰਮ ਪਿਆ । “ਰਾਹੀਂ ਤਾਂ ਮੈਂ ਖਾ ਈ ਲਈ ਕਟੂਆਂ ਨੇ ।”
“ਇਹ ਰਾਤ ਯਾਦਗਾਰੀ ਬਣੀ ਰਹੇਗੀ ।” ਮੈਂ ਥੋੜ੍ਹਾ ਮੁਸਕਾ ਪਿਆ । “ਬਈ ਕਾਹਲੇ ਸਫਰ ਵਿਚ ਕਦੇ ਔਖ ਵੀ ਕੱਟਣੀ ਪੈ ਜਾਂਦੀ ਐ। ਚਾਰਾ ਈ ਕੋਈ ਨਹੀਂ ਸੀ ।”
“ਸਾਰੇ ਧੋਵਤ ਪੈ ਗਏ ਐ। ਕਿਹੇ ਜਿਹੀ ਥਾਂ ਲਿਆ ਫਸਾਇਆ।” ਉਹਦੀਆਂ ਅੱਖਾਂ ਵਿਚ ਗਹਿਰਾ ਰੋਸ ਸੀ ।
ਅਸੀਂ ਦੜ ਵਟ ਕੇ ਗੱਡੀ ਚੜ੍ਹ ਗਏ । ਛੇਤੀ ਹੀ ਠੰਢੀ ਹਵਾ ਤੇ ਹਰਿਆਵਲ ਨੇ ਰਾਤ ਦੀ ਸਾਰੀ ਪੀੜ ਜੂਸ ਲਈ । ਪਾਲਮਪੁਰ ਅਸਾਂ ਮੁੜ ਚਾਹ ਪੀਤੀ ਤੇ ਬਾਰਾਂ ਵਜਦੇ ਨੂੰ ਅੰਦਰੇਟੇ ਜਾ ਪਹੁੰਚੇ । ਓਦੋਂ ਤੱਕ ਜਕੜ ਮਾਰਦੇ ਰੇਲਵੇ ਸਟੇਸ਼ਨ ਤੋਂ ਤੁਰਦੇ ਵਾਹਵਾ ਤਰੋ ਤਾਜਾ ਹੋ ਗਏ ਸਾਂ । ਸਭ ਤੋਂ ਪਹਿਲਾਂ ਸੋਭਾ ਸਿੰਘ ਜੀ ਮਿਲੇ । ਡਾ. ਜਸਵੰਤ ਅੱਗੇ ਸੀ, ਉਸ ਹੱਥ ਜੋੜਦਿਆਂ ਉਨ੍ਹਾਂ ਨੂੰ
ਸਤਿ ਸ੍ਰੀ ਅਕਾਲ ਆਖੀ । ਅਗੋਂ ਉਨ੍ਹਾਂ ਗਿਲੇ ਨਾਲ ਕਿਹਾ. ”ਤੂੰ ਹੁਣੇ ਆ ਗਈ, ਮਰੇ ਤੋਂ ਆਉਣਾ ਸੀ ।” ਜਸਵੰਤ ਨੇ ਉਨ੍ਹਾਂ ਦੀ ਚੇਤ, ਵਿਅੰਗ ਨੂੰ ਬੁਰੀ ਤਰ੍ਹਾਂ ਮਹਿਸੂਸ ਕੀਤਾ । “ਵਾਹਿਗੁਰੂ ਆਖੇ ਭਾਪਾ ਜੀ! ਕਿਹੋ ਜਿਹੀਆਂ ਗੱਲਾਂ ਕਰਦੇ ਹੋ ।” ਉਸ ਝੇਂਪਦੀ ਨੇ ਮੇਰੀ ਜਾਣ
ਪਛਾਣ ਕਰਵਾਈ, ਮੈਂ ਉਨ੍ਹਾਂ ਨੂੰ ਪਹਿਲੀ ਵਾਰ ਮਿਲ ਰਿਹਾ ਸੀ ।
“ਹਾਂਅ, ਉਹ ਕੰਵਲ ਪਾਲੀ ਪੂਰਨਮਾਸ਼ੀ ਵਾਲਾ ।” ਗਿਲਾ ਛੱਡ ਕੇ ਸੋਭਾ ਸਿੰਘ ਝਟ ਮੁਸਕਾ ਪਿਆ। ਮੈਂ ਸਤਿ ਸ੍ਰੀ ਅਕਾਲ ਆਖਦਿਆਂ ਉਨ੍ਹਾਂ ਦੇ ਗੋਡੇ ਛੋਹ ਲਏ ।
“ਗੋਡੀ ਹੱਥ ਲਾਉਣਾ ਮੈਨੂੰ ਉੱਕਾ ਪਸੰਦ ਨਹੀਂ । ਬਸ ਸਿੱਖ ਸਿੱਖ ਨੂੰ ਫਤਿਹ ਬੁਲਾਵੇ ।”
ਮੈਨੂੰ ਉਸ ਦੀ ਸਿੱਖੀ ਧਾਰਨਾ ਵਾਲੀ ਸਟੈਂਡ ਚੰਗੀ ਲੱਗੀ । ਮੈਂ ਵੀ ਨਝੋਕ ਆਖਿਆ, “ਸੱਚੀ ਗੱਲ ਐ, ਪੈਰੀਂ ਹੱਥ ਲਾ ਕੇ ਮੈਂ ਵੀ ਰਾਜੀ ਨਹੀਂ, ਮੈਂ ਤਾਂ ਡਰਦੇ ਨੇ ਹੀ ਲਾਏ ਐ, ਕਿਤੇ ਤੁਹਾਡੀ ਧੀ ਇਹ ਨਾ ਆਖੇ, ਮੈਂ ਕਲਾਕਾਰ ਦੀ ਇੱਜਤ ਨਹੀਂ ਕੀਤੀ ।”
ਅਸੀਂ ਸਾਰੇ ਹੱਸ ਪਏ ਸਾਂ ।
“ਆਹੋ, ਅੰਮ੍ਰਿਤਸਰ ਵਾਲੇ ਸਮਾਗਮ ਵਿਚ ਤੂੰ ਬੜੇ ਜਟਕੇ ਦੰਗ ਨਾਲ ਬੋਲਿਆ ਸੀ, ਮੈਨੂੰ ਯਾਦ ਐ, ਤੂੰ ਮੈਨੂੰ ਮਿਲਿਆ ਕਿਉਂ ਨਾ ?”
“ਮੈਨੂੰ ਕਿਸੇ ਮਿਲਾਇਆ ਹੀ ਨੀਂ, ਆਪਣੇ ਆਪ ਮਿਲਣਾ ਮੈਨੂੰ ਨੀਵਾਂ ਲਗਦਾ ਸੀ ।” “ਝੋਲੀ ਚੁਕਾਂ ਨਾਲੋਂ ਅਣਖ ਨਾਲ ਜੀਣ ਵਾਲੇ ਪੰਜਾਬੀਆਂ ਦੀ ਮੈਂ ਕਦਰ ਕਰਦਾ ਆਂ ।”
“ਏਹੋ ਖੂਬੀ ਇਕ ਕਲਾਕਾਰ ਨੂੰ ਵਿਸ਼ੇਸ਼ ਬਣਾਉਂਦੀ ਹੈ ।”
“ਖੂਬੀਆਂ ਖੂਹ ਖਾਤੇ ਪਾਓ ਤੇ ਆਓ ਪਹਿਲਾਂ ਚਾਹ ਪੀਈਏ ।”
ਅਸੀਂ ਖੂਬਸੂਰਤ ਗਰਾਸੀ ਪਲਾਟ ਵਿਚ ਕੁਰਸੀਆਂ ਤੇ ਆ ਬੈਠੇ । ਚੌਫੇਰੇ ਖਿਤੇ ਫੁੱਲ ਮਹਿਕ ਰਹੇ ਸਨ । ਅਸਮਾਨੇ ਬਦਲਾਂ ਦੇ ਪਾਟੇ ਲਭ ਖਿਲਰਦੇ ਜੁੜਦੇ ਪ੍ਰਤੀਤ ਹੁੰਦੇ ਸਨ । ਧੌਲਾਧਾਰ ਕਲਾ ਨਾਲ ਅੱਖ ਮਟੱਕਾ ਕਰ ਰਿਹਾ ਸੀ । ਮੈਂ ਸੋਚਦਾ ਸਾਂ, ਸੋਭਾ ਸਿੰਘ ਨੇ ਕਲਾ ਦੇ ਵਿਕਾਸ ਲਈ ਹੁਸੀਨ ਤੇ ਇਕਾਂਤ ਟਿਕਾਣਾ ਚੁਣਿਆ ਹੈ । ਸੁੰਦਰਤਾ ਦਾ ਚੌਫੇਰਾ ਖਿਲਾਰਾ ਵੇਖ ਕੇ ਕਲਾਕਾਰ ਦੀ ਚੋਣ ਦੇ ਸਦਕੇ ਜਾਣ ਨੂੰ ਜੀ ਕਰਦਾ ਸੀ । ਉਹਦਾ ਸੁਭਾ ਜਾਣ ਕੇ ਲੱਗਾ, ਇਹ ਬੰਦਾ ਕਦੇ ਬੀਮਾਰ ਹੋ ਹੀ ਨਹੀਂ ਸਕਦਾ। ਫਿਰ ਦੇਵਤਿਆਂ ਦੇ ਤਪੋ ਬਣ ਵਿਚ । ਡਾ. ਜਸਵੰਤ ਆਪਣੀ ਥਾਂ ਬਹੁਤ ਖੁਸ਼ ਸੀ । ਉਹ ਬਹੁਤ ਚਿਰ ਤੋਂ ਮੈਨੂੰ ਸੋਭਾ ਸਿੰਘ ਨਾਲ ਮਿਲਾਉ ਸੀ । ਕਲਾ ਸੁੰਦਰਤਾ ਤੇ ਹਰਿਉਲੇ ਇਕਾਂਤ ਪਖੋਂ ਰੱਜਿਆ, ਰੱਜਿਆ ਵੇਖ ਕੇ ਪ੍ਰਸੰਨ ਹੋ ਰਹੀ ਸੀ, ਤੂੰ ਆਪਣੇ ਯਾਰਾਂ ਉੱਤੇ ਮਾਣ ਨਾ ਕਰੀਂ । ਮੇਰੇ ਭਾਪਾ ਜੀ ਕਿਸੇ ਤੋਂ ਘੱਟ ਨਹੀਂ । ਮੇਰੀ ਖੁਸ਼ੀ ਡੂੰਘੇ ਸਾਹਾਂ ਨਾਲ ਫਿਕਰੇ ਸਾਫ ਕਰ ਰਹੀ ਸੀ । ਵਾਕਈ ਉਹ ਥਾਂ ਇਕ ਕਲਾਕਾਰ ਦੇ ਰਹਿਣ ਲਈ ਐਨ ਮੇਚ ਤੇ ਐਨ ਫੱਬਵੀਂ ਸੀ ।
ਫਿਰ ਡਾ. ਜਸਵੰਤ ਨੇ ਉਠ ਕੇ ਮੈਨੂੰ ਕਲਾਕਾਰ ਦਾ ਸਟੂਡੀਓ ਵਿਖਾਇਆ । ਮੈਂ ਸੁਹਣੀ ਮਹੀਂਵਾਲ ਦੀ ਤਸਵੀਰ ਉਤੇ ਪੈਰ ਗੱਡ ਕੇ ਖਲੋ ਗਿਆ । ਸੋਚਦਾ ਸਾਂ, ਜਿਨ੍ਹਾਂ ਨੂੰ ਜ਼ਿੰਦਗੀ ਨਹੀਂ ਮਿਲਦੀ, ਉਹੀ ਜ਼ਿੰਦਗੀ ਦੀ ਖੋਜ ਵਿਚ ਮਾਰੇ ਮਾਰੇ ਫਿਰਦੇ ਕਲਾਕਾਰ ਹੋ ਨਿਬੜਦੇ ਹਨ। ਪ੍ਰਾਪਤੀ ਤਾਂ ਸੰਤੁਸ਼ਟੀ ਹੈ । ਕਿਸੇ ਵੀ ਖੋਜਕਾਰੀ ਆਰਟਿਸਟ ਦਾ ਮੁਕਤੀ ਮਾਰਗ ਹੁੰਦਾ ਹੈ । ਬਾਬਾ ਨਾਨਕ ਦੀ ਪ੍ਰਭਾਵਸਾਲੀ ਛੜੀ ਅੱਗੇ ਮੈਂ ਆਪ-ਮੁਹਾਰੇ ਮੁਸਕਰਾ ਪਿਆ । ਮੈਨੂੰ ਪਤਾ ਏ ਬਾਬਾ, ਤੂੰ ਕਿਉਂ ਔਧੀਓਂ ਬਹੁਤੀ ਉਮਰ ਵਿਚਾਰਾਂ ਦਾ ਹਾਣੀ ਸਾਧੀ ਭਾਲਦਾ ਦੇਸ਼ਾਂ ਬਦੇਸ਼ਾਂ ਵਿਚ ਫਿਰਦਾ ਰਿਹਾ, ਮੈਂ ਡਾ. ਜਸਵੰਤ ਵੱਲ ਤੱਕ ਕੇ ਆਖਿਆ, “ਤੇਰਾ ਧੰਨਵਾਦ, ਤੂੰ ਇਕ ਵਧੀਆ ਕਲਾਕਾਰ ਹੀ ਨਹੀਂ, ਵਧੀਆ ਮਨੁੱਖ ਨਾਲ ਮਿਲਾਇਆ ਏ । ਇਹਦੇ ਬਾਹਰ ਚਾਂਦੀ ਚਮਕਦੀ ਐ ਤੇ ਅੰਦਰ ਖਰਾ, ਖੰਟਾ ਸੇਲਾ ।”
“ਮੇਰੀ ਚਿਰੋਕੀ ਰੀਝ ਸੀ, ਤੁਸੀਂ ਭਾਪਾ ਜੀ ਨੂੰ ਮਿਲੇ ।” “ਏਸ ਮਿਲਣੀ ਲਈ ਮੈਂ ਤੇਰਾ ਧੰਨਵਾਦ ਕਰ ਚੁੱਕਾ ਹਾਂ ।”
ਰੋਟੀ ਖਾਣ ਤੋਂ ਪਹਿਲਾਂ ਇਕ ਕਾਰ ਆ ਗਈ । ਉਸ ਵਿਚੋਂ ਇਕੋ ਟੱਬਰ ਦੇ ਪੰਜ ਜੀਅ ਉਤਰੇ । ਉਹ ਸਭ ਸੋਤਾ ਦੇ ਸ਼ਰਧਾਲੂ ਸਨ, ਵਾਹਵਾ ਮੇਲਾ ਜਿਹਾ ਬਣ ਗਿਆ । ਮੈਨੂੰ ਲੱਗਾ, ਸ਼ਾਂਤੀ ਦਾ ਕੀ ਬਣੇਗਾ ? ਏਥੇ ਸਾਡੇ ਵਹਗੇ ਪ੍ਰਸੰਸਕ ਬਹੁਤ ਆਉਂਦੇ ਤੇ ਸੋਭਾ ਸਿੰਘ ਕੰਮ ਕਿਹੜੇ ਵੇਲੇ ਕਰਦੇ ਹੋਣਗੇ। ਆਏ ਪ੍ਰਾਹੁਣਿਆਂ ਦੀ ਆਉ ਭਗਤ ਵਿਚ ਲਗੇ ਰਹਿੰਦੇ ਹੋਣਗੇ । ਹੁਣ ਹੀ ਤਾਂ ਕਲਾ ਦੀ ਪ੍ਰਰਪੱਕਤਾ ਉਨ੍ਹਾਂ ਅੰਦਰ ਅੰਗੜਾਈ ਭਰ ਰਹੀ ਹੋਵੇਗੀ ਤੇ ਆਏ ਸ਼ਰਧਾਲੂ ਕਲਾ ਬਾਧਕ ਨਹੀਂ ਸੁਣਦੇ ਹੋਣਗੇ । ਵਾਤਾਵਰਨ ਦਾ ਰੰਗ ਢੰਗ ਵੇਖ ਕੇ ਮੈਂ ਡਾ. ਜਸਵੰਤ ਨੂੰ ਕਹਿ ਦਿੱਤਾ, “ਮੈਂ ਏਥੇ ਰਾਤ ਨਹੀਂ ਰਹਾਂਗਾ ।” “ਕਿਉਂ ? ਪ੍ਰਾਹੁਣੇ ਆ ਗਏ ਕਰਕੇ ? ਏਥੇ ਤਾਂ ਇਉਂ ਚਲਵਾ ਈ ਰਹਿੰਦਾ ਏ ।” ਉਹ ਮੈਨੂੰ ਰਾਤ ਰੱਖੂ ਸੀ ।
“ਨਾ ਬਈ, ਮੈਂ ਪਾਲਮਪੁਰ ਰਹਾਂਗਾ, ਤੂੰ ਸਵੇਰ ਦੀ ਗੱਡੀ ਆ ਜਾਵੀਂ, ਮੈਂ ਅਗੇ ਸਟੇਸ਼ਨ ਤੇ ਖੜ੍ਹਾ ਹੋਵਾਂਗਾ ।” “ਇਹ ਕੀ ਗੱਲ ਹੋਈ, ਰਾਤ ਨੂੰ ਤਾਂ ਗੋਲਾਂ ਮਾਰਨੀਆਂ ਸਨ ।”
“ਐਨੇ ਰੌਲੇ ਗੋਲੇ ਵਿਚ ਕੋਈ ਗੋਲ ਹੋ ਸਕਦੀ ਐ ?” ਮੈਂ ਠੀਕ ਸੋਚਦਾ ਸਾਂ । ਡਾ. ਜਸਵੰਤ ਮੇਰੀ ਦ੍ਰਿੜ੍ਹਤਾ ਵੇਖ ਕੇ ਚੁੱਪ ਵੱਟ ਗਈ । ਮੈਂ ਸੋਭਾ ਸਿੰਘ ਜੀ ਤੋਂ ਬਹਾਨਾ ਬਣਾ ਕੇ ਛੁੱਟੀ ਲਈ ਤੇ ਪਾਲਮਪੁਰ ਆ ਗਿਆ । ਪਰ ਕਲਾਕਾਰ ਦਾ ਖੂਬਸੂਰਤ ਟਿਕਾਣਾ ਦਿਲ ਵਿਚ ਖੁਭ ਕੇ ਰਹਿ ਗਿਆ ਸੀ । ਰੈਸਟ ਹਾਊਸ ਵਿਚ ਮੈਨੂੰ ਵਧੀਆ ਟਿਕਾਣਾ ਮਿਲ ਗਿਆ । ਮੈਂ ਚੌਕੀਦਾਰ ਨਾਲ ਆਉਣ ਸਾਰ ਯਾਰੀ ਗੰਦ ਲਈ । ਉਸ ਨੇ ਮੈਨੂੰ ਬੜਾ ਆਰਾਮ ਦਿੱਤਾ । ਰੋਟੀ ਖਾ ਕੇ ਆਨੰਦ ਨਾਲ ਸੁੱਤਾ। ਸਵੇਰੇ ਤੁਰਨ ਤੋਂ ਪਹਿਲਾਂ ਉਸ ਦੇ ਹੱਥ ਉਤੇ ਦਸਾਂ ਦਾ ਨੋਟ ਰੱਖ ਦਿੱਤਾ। ਉਹ ਲਵੇ ਨਾ, ਮੈਂ ਜੇਰੀਂ ਉਹਦੀ ਜੇਬ ਵਿਚ ਤੁੰਨ ਦਿੱਤਾ । ਗੱਡੀ ਆਉਣ ਤੋਂ ਪਹਿਲਾਂ ਮੈਂ ਰੇਲਵੇ ਸਟੇਸ਼ਨ ਤੇ ਟਹਿਲਦਾ ਰਿਹਾ। ਰੇਲ ਆਈ, ਜਸਵੰਤ ਝੋਬੇ
ਦੇ ਬਾਰ ਵਿਚ ਖਲੋਤੀ ਬਾਂਹ ਹਿਲਾ ਰਹੀ ਸੀ । ਮੈਂ ਉਸ ਦੇ ਝੰਬੇ ਵਿਚ ਚੜ੍ਹ ਗਿਆ, ਉਹ ਆਖਣ ਲੱਗੀ, “ਤੁਸੀਂ ਚੰਗੇ ਰਹੇ, ਜਿਹੜੇ ਆ ਗਏ, ਪ੍ਰਾਹੁਣਿਆਂ ਨੇ ਬੜਾ ਖੋਰ ਕੀਤਾ । ਪਰ ਅਸ਼ਕੇ ਭਾਪਾ ਜੀ ਦੇ ਉਨ੍ਹਾਂ ਦੀਆਂ ਗੱਲਾਂ ਦਾ ਹਸ ਹਸ ਹੁੰਘਾਰਾ ਭਰਦੇ ਰਹੇ । ਉਨ੍ਹਾਂ ਇਕ ਵਾਰ ਵੀ ਨਾ ਟੇਕਿਆ । ਮੈਨੂੰ ਬੜਾ ਗੁੱਸਾ ਆ ਰਿਹਾ ਸੀ ।”
“ਬਈ ਉਹ ਚਲ ਕੇ ਆਏ ਪ੍ਰਾਹੁਣਿਆਂ ਦਾ ਤ੍ਰਿਸਕਾਰ ਕਿਵੇਂ ਕਰਦੇ ? ਵੰਡੇ ਕਲਾਕਾਰਾਂ ਦੇ ਜੋੜੇ ਵੀ ਵੱਡੇ ਹੁੰਦੇ ਐ।”
“ਇਹ ਤਾਂ ਠੀਕ ਐ, ਫ਼ਜੂਲ ਜੱਕੜ ਤੇ ਫੱਕੜ ਮਾਰੀ ਜਾਣਾ ਵੀ ਕੀ ਹੋਇਆ ।” “ਸਾਧਾਰਨ ਲੋਕਾਂ ਦੇ ਪੱਧਰ ਨੂੰ ਇਕ ਕਲਾਕਾਰ ਸਮਝਦਾ ਏ, ਔਕਲਕਾਣ ਨਹੀਂ ਹੁੰਦਾ । ਜਰਨਾ ਕਈ ਵਾਰ ਉਸ ਦੀ ਮਜਬੂਰੀ ਹੁੰਦੀ ਐ।”
ਚਲੋਂ ਮੈਨੂੰ ਤਸੱਲੀ ਐ ਭਾਪਾ ਜੀ ਠੀਕ ਠਾਕ ਹਨ । ਹੋਰ ਚੰਗੀ ਗੱਲ, ਤੁਸੀਂ ਉਨ੍ਹਾਂ ਨੂੰ ਮਿਲ ਲਏ ।” “ਇਹ ਤਾਂ ਮੂੰਹ ਵੇਖਣੀ ਸੀ । ਦਿਲ ਦੀ ਸਾਂਝ ਬਿਨਾਂ ਕਾਹਦਾ ਮਿਲਣ ?” ਮੈਂ ਇਸ ਨੂੰ ਅਧੂਰੀ ਮਿਲਣੀ ਸਮਝਦਾ ਸਾਂ । “ਮੱਕੇ ਗਿਆ ਗੱਲ ਮੁੱਕਦੀ ਨਾਹੀਂ, ਜੇ ਨਾ ਦਿਲੋਂ ਮੁਕਾਈਏ ।”
“ਪ੍ਰਾਹੁਣਿਆਂ ਦੀ ਘੜਮਸ ਨਾਲ ਕੰਮ ਖਰਾਬ ਹੋ ਗਿਆ । ਪਰ ਮੈਂ ਤੁਹਾਡੇ ਏਨੇ ਮੇਲ ਨਾਲ ਵੀ ਖੁਸ਼ ਆਂ ।”
“ਤੇਰਾ ਭਾਪਾ ਬਹੁਤ ਵਧੀਆ ਬੰਦਾ ਏ, ਅੰਦਰੋਂ ਬਾਹਰੋਂ ਬਰਾਬਰ ਸਾਵਾਂ ।”
ਅਸੀਂ ਵਾਪਸ ਆ ਗਏ । ਲੁਧਿਆਣੇ ਆ ਕੇ ਅਸੀਂ ਆਪਣੇ ਆਪਣੇ ਘਰਾਂ ਲਈ ਵਿਛੜ ਗਏ। ਮੈਂ ਘਰ ਆ ਕੇ ਵੀ ਸ. ਸੋਭਾ ਸਿੰਘ ਬਾਰੇ ਹੀ ਸੋਚਦਾ ਰਿਹਾ ਤੇ ਖ਼ਤ ਲਿਖਣੋਂ ਨਾ ਰਹਿ ਸਕਿਆ।
“ਸਤਿਕਾਰੇ ਤੇ ਪਿਆਰੇ ਸੋਭਾ ਸਿੰਘ ਜੀ ।
ਤੁਹਾਡਾ ਸਮਾਂ ਹੀਰਿਆਂ ਤੋਂ ਵੀ ਮਹਿੰਗਾ ਹੈ । ਤੁਸੀਂ ਆਪਣੇ ਲੋਕਾਂ ਦੀ ਸੁੱਚੀ ਅਮਾਨਤ ਹੋ। ਕੁਦਰਤ ਵਲੋਂ ਬਖਸ਼ੀ ਕਲਾ ਦਾਤ, ਲੋਕਾਂ ਨੂੰ ਵਰੋਸਾਉਣ ਲਈ ਤੁਹਾਨੂੰ ਪ੍ਰਾਪਤ ਹੋਈ ਐ । ਆਪਣੇ ਸ਼ਰਧਾਲੂਆਂ ਨੂੰ ਮਿਲਣ ਲਈ ਇਕ ਸਮਾਂ ਨਿਸ਼ਚਿਤ ਕਰੋ । ਬਾਕੀ ਸਮਾਂ ਆਪਣੇ ਵਿਸਮਾਦ ਨੂੰ ਦੇਵੋ । ਤੁਸੀਂ ਹੁਣ ਕਲਾ ਸੀਮਾਂ ਦੀ ਸਿਖਰ ਨੂੰ ਪਹੁੰਚੇ ਹੋਏ ਹੋ । ਹੁਣ ਤੁਹਾਡਾ ਵਿਸ਼ਾਲ ਅਨੁਭਵ ਤੇ ਸਾਧਨਾ ਲੋਕਾਂ ਨੂੰ ਕਲਿਆਣ ਪ੍ਰਦਾਨ ਕਰਨ ਦੇ ਸਮਰੱਥ ਹੈ । ਬਰਾਏ ਮਿਹਰਬਾਨੀ ਆਪਣੇ ਸ਼ਰਧਾਲੂਆਂ ਤੋਂ ਬਚੋ ਤੇ ਬਾਕੀ ਸਮਾਂ ਕਲਾ ਨੂੰ ਦੇ ਕੇ ਇਤਿਹਾਸਕਤਾ ਦਾ ਸਿਰ ਬੁਲੰਦ ਕਰੋ । ਬੇਨਤੀ ਰੂਪ ਵਿਚ ਚਾਰ ਅੱਖਰ ਲਿਖੇ ਹਨ, ਗਿਲਾ ਨਾ ਕਰਨਾ । ਸਿਹਤ ਦੀ ਸੰਭਾਲ ਜ਼ਰੂਰੀ ਹੈ । ਜੀਵੋਗੇ ਤਾਂ ਲੋਕਾਂ ਦਾ ਉਦਾਰ ਵੀ ਕਰ ਸਕੋਗੇ ।
ਤੁਹਾਡੀ ਸਰੀਰਕ ਅਰੋਗਤਾ ਲਈ ਅਰਦਾਸ ਕਰਦਾ ਆਂ । ਤੁਹਾਡਾ ਸਨੇਹੀ ਬਾਈ…”
ਏਸੇ ਢੰਗ ਦਾ ਇਕ ਲੇਖ ਸੋਭਾ ਸਿੰਘ ਨੂੰ ਉਸ ਦੇ ਸ਼ਰਧਾਲੂਆਂ ਤੋਂ ਬਚਾਓ ਅਖਬਾਰਾਂ ਨੂੰ ਲਿਖ ਮਾਰਿਆ । ਥੋੜ੍ਹੇ ਦਿਨਾਂ ਪਿਛੋਂ ਸ. ਸੋਭਾ ਸਿੰਘ ਦਾ ਜਵਾਬ ਆਇਆ, ਪੱਤਰ ਪਤਾ ਨਹੀਂ ਕਿਥੇ ਗੁੰਮ ਗਿਆ, ਪਰ ਮੋਟਾ ਮੋਟਾ ਭਾਵ ਯਾਦ ਹੈ ।
“ਤੁਸਾਂ ਲਿਖਿਆ ਤਾਂ ਠੀਕ ਹੈ, ਪਰ ਮਜਬੂਰੀ ਐ, ਮੈਂ ਆਏ ਪ੍ਰਾਹੁਣਿਆਂ ਨੂੰ ਜੀ ਆਇਆ ਕਿਵੇਂ ਨਾ ਆਖਾਂ । ਕੋਈ ਐਨੀ ਦੂਰੋਂ ਚਲ ਕੇ ਆਵੇ, ਉਸ ਨੂੰ ਗਲ ਨਾ ਲਾਇਆ ਜਾਵੇ, ਕਲਾਕਾਰੀ ਹਉਮੈਵਾਦੀ ਨਹੀਂ ਹੋ ਜਾਵੇਗੀ ? ਸ਼ਰਧਾਵਾਨ ਆਪਣਾ ਦਿਲ ਨੰਗਾ ਕਰਦੇ ਹਨ, ਮੈਨੂੰ ਉਨ੍ਹਾਂ ਦੀਆਂ ਭਾਵਨਾਵਾਂ ਪੜ੍ਹਨ ਦਾ ਅਵਸਰ ਮਿਲਦਾ ਹੈ, ਬਾਹਰਲੇ ਨਕਸ਼ਾਂ ਨਾਲੋਂ ਅੰਦਰਲੀ ਰੂਹ ਦਾ ਹੁਸਨ ਨਿਖਾਰਨਾ ਹੀ ਕਲਾ ਹੈ । ਲੋਕਾਂ ਦੀਆਂ ਭਾਵਨਾਵਾਂ ਨੂੰ ਰੰਗ ਕੇ ਉਨ੍ਹਾਂ ਨੂੰ ਮੋੜਨਾ ਹੀ ਕਲਾ ਦਾ ਸਹੀ ਮਕਸਦ ਹੈ, ਜਿਹੜੀਆਂ ਗੱਲਾਂ ਉਹ ਮੂਕ ਅਵਸਥਾ ਵਿਚ ਕਹਿ ਨਹੀਂ ਸਕਦੇ, ਉਹ ਹੀ ਉਨ੍ਹਾਂ ਅੱਗੇ ਚਿਤਰਨੀਆਂ ਹੁੰਦੀਆਂ ਹਨ ।
“ਬਾਕੀ ਮੈਨੂੰ ਅਫ਼ਸੋਸ ਐ, ਤੁਹਾਡੇ ਨਾਲ ਖੁੱਲ੍ਹ ਕੇ ਗੱਲਾਂ ਨਹੀਂ ਹੋ ਸਕੀਆਂ । ਤੁਸੀਂ ਐਨੀ ਛੇਤੀ ਕਿਉਂ ਤੁਰ ਗਏ ? ਕਦੇ ਫੇਰ ਆਓ, ਜ਼ਰੂਰ ਆਓ । ਦਿਲ ਦੇ ਮੋਹ ਨਾਲ, ਤੁਹਾਡਾ ਸੋਭਾ ਸਿੰਘ ।”
ਚਿੱਠੀ ਪੜ੍ਹ ਕੇ, ਉਹ ਮੇਰੇ ਅੰਦਰੋਂ ਧੌਲਾਧਾਰ ਵਾਂਗ ਉਸਰ ਪਏ । ਉਨ੍ਹਾਂ ਦੀ ਗਹਿਰਾਈ ਮਾਨਸਰੋਵਰ ਹੋ ਗਈ । ਦਿਲ ਦੀ ਸਪਸ਼ਟਤਾ ਟੁਣਕਦੀ ਚਾਂਦੀ । ਮੇਰੇ ਲਈ ਉਹ ਕਲਾਕਾਰ ਬਾਬਾ ਪੰਜਾਬ ਦੀ ਤਾਰੀਖੀ ਵਿਰਾਸਤ ਬਣ ਗਿਆ ।
ਵਾਰਿਸ ਸ਼ਾਹ ਨੇ ਕਿਹਾ ਹੈ, “ਹੁਸਨ ਹੀਰ ਦਾ ਬੋਲਦਾ ਥਾਓਂ ਥਾਈਂ, ਰਾਗ ਨਿਕਲੇ ਜ਼ੀਲ ਦੀ ਤਾਰ ਵਿਚੋਂ ।” ‘ਇਸ਼ਕ’ ਸ਼ਬਦ ਨੂੰ ਮੈਂ ‘ਹੁਸਨ’ ਵਿਚ ਵਟਾ ਲਿਆ ਹੈ, ਖਿਮਾਂ ਕਰਨਾ ।

ਦਾਰ ਜੀ ਸੋਭਾ ਸਿੰਘ ਜਸਵੰਤ ਕੌਰ ਗਿੱਲ

ਖ਼ਬਰ ਆਈ ਦਾਰ ਜੀ ਤੁਰ ਗਏ ਹਨ । ਸਿੰਮਦੀਆਂ ਅੱਖਾਂ ਮੈਂ ਨੂਟ ਲਈਆਂ। ਇਕ ਬੋਹੜ ਡਿੱਗ ਪਿਆ ਸੀ । ਇਸ ਦੀ ਠੰਢ ਤੇ ਛਾਂ ਹੁਣ ਕਦੇ ਨਸੀਬ ਨਹੀਂ ਹੋਣੀ, ਮੈਨੂੰ ਤੇ ਮੇਰੇ ਜਿਹੇ ਹੋਰ ਕਈਆਂ ਨੂੰ । ਪੀੜ ਦੀ ਸੜਦੀ ਧੁੱਪ ਨੇ ਮੇਰਾ ਪਿੰਡਾ ਲੂਹ ਦਿੱਤਾ । ਸਰਦੇ ਪੁਜਦੇ ਘਰ ਦੀ ਸੁਆਣੀ ਚੇਤੇ ਆਈ, ਦਰਦ ਨਾਲ ਉਸ ਦੀਆਂ ਅੱਖਾਂ ਵੀ ਤ੍ਰਿਪ ਰਹੀਆਂ ਸਨ । ਪਿਛਲੇ ਤਿੰਨ ਦਿਨ ਤੋਂ ਉਹ ਹਰ ਰੋਜ਼ ਘੰਟਿਆਂਬੱਧੀ ਪੀ. ਜੀ. ਆਈ. ਹਸਪਤਾਲ ਦੇ ‘ਕਾਰੋਨਰੀ ਕੇਅਰ ਯੂਨਿਰ’ ਅੱਗੇ ਖੜ੍ਹੀ ਰਹਿੰਦੀ, ਮਹਾਂਪੁਰਖ ਚਿਤਰਕਾਰ ਦੀ ਸੇਵਾ ਦਾ ਨਸੀਬਾ ਪਾਉਣ ਲਈ । ਪਰ ਸੋਭਾ ਸਿੰਘ ਜੀ ਦੀ ਧਰਮ ਪੁਤਰੀ ਗੁਰਚਰਨ ਨੇ ਇਹ ਬੇਨਤੀ ਪ੍ਰਵਾਨ ਨਹੀਂ ਕੀਤੀ । ਹੋਰ ਵੀ ਕਈ ਪਿਆਰ ਗੁੱਝੇ ਮਰਦ ਤੇ ਤ੍ਰੀਮਤਾਂ ਉਸ ਦਰਵਾਜ਼ੇ ਅੱਗੇ ਜੁੜਦੇ ਸਨ ਜਿਸ ਦੇ ਅੰਦਰ ਉਨ੍ਹਾਂ ਦਾ ਮਹਿਬੂਬ ਕਲਾਕਾਰ ਬੀਮਾਰੀ ਨਾਲ ਜੂਝ ਰਿਹਾ ਸੀ । ਸੁੰਦਰ ਸਰੂਪ ਘੜਦੇ ਹੱਥਾਂ ਨੂੰ ਉਹ ਬਾਹਰੋਂ ਹੀ ਨਮਸਕਾਰ ਕਰਦੇ ਤੇ ਮਸੋਸੇ ਦਿਲ ਨਾਲ ਖਾਲੀ ਖਾਲੀ ਜਿਹੇ ਮੁੜ ਜਾਂਦੇ ।
ਗ਼ਮ ਵਿਚ ਡੁਬਿਆ ਮੇਰਾ ਸਿਰ ਤੇ ਇਸ ਨੂੰ ਛੂੰਹਦੀਆਂ ਆਪਣੀਆਂ ਹੀ ਉਂਗਲਾਂ ਥਰਕ ਪਈਆਂ । ਇਹ ਪੋਟੇ ਦਾਰ ਜੀ ਦੇ ਉਖੜਦੇ ਸਾਹਾਂ ਨੂੰ ਛੋਹ ਕੇ ਆਏ ਸਨ । ਇਕ ਚਮਕ ਉਠੀ ਉਦੋਂ ਅੱਧ-ਮੀਟੀਆਂ ਅੱਖਾਂ ਵਿਚ । ਨੀਲੇ ਪੈਂਦੇ ਮਲੂਕ ਹੱਥਾਂ ਵਿਚ ਉਸ ਵੇਲੇ ਮੋਹ ਦੀ ਸ਼ਕਤੀ ਉਮਡੀ ਤੇ ਮੇਰਾ ਹੱਥ ਫੜ ਕੇ, ਉਹ ਆਪਣੇ ਹੋਠਾਂ ਤਾਈਂ ਲੈ ਗਏ ਸਨ । ਇਹ ਲਿਸ਼ਕ ਮੈਂ ਚਾਲੀ ਵਰ੍ਹੇ ਪਹਿਲਾਂ ਵੀ ਤੱਕੀ ਸੀ । ਇਕੱਤੀ ਦਸੰਬਰ ਦੀ ਕਕਰੀਲੀ ਰਾਤ, ਰਾਵਲਪਿੰਡੀ ਮਹੱਲੇ ਦੀਆਂ ਸੁੰਨ ਹਨੇਰੀਆਂ ਗਲੀਆਂ ਵਿਚ, ਮਿੱਤਰ ਦਾ ਘਰ ਕਾਹਲੀ ਕਾਹਲੀ ਲੱਭਦੇ, ਪਿਤਾ ਜੀ ਵਲੋਂ ਖੋਲ੍ਹੇ ਦਰਵਾਜ਼ੇ ਥਾਣੀ ਦਾਰ ਜੀ ਜਦ ਅੰਦਰ ਲੰਘ ਆਏ ਸਨ । ਸਭ ਤੋਂ ਪਹਿਲਾਂ ਟਿਕ ਟਿਕ ਕਰਦੀ ਕਲਾਕ ਵੱਲ ਉਨ੍ਹਾਂ ਵੇਖਿਆ, ਸੁਖ ਦਾ ਸਾਹ ਭਰਿਆ ਤੇ ਆਖਣ ਲੱਗੇ-ਨਵਾਂ ਸਾਲ ਚੜ੍ਹਨ ਵਿਚ ਅਜੇ ਪੰਜ ਮਿੰਟ ਬਾਕੀ ਹਨ । ਆਪਣੀ ਧੀ ਨਾਲ ਕੀਤੇ ਕੌਲ ਦੇ ਕਿਲ੍ਹੇ ਨੂੰ ਫਤਹਿ ਕਰਦਿਆਂ ਹੀ, ਉਹ ਸਫ਼ਰ ਦੀ ਸਾਰੀ ਖ਼ਫ਼ਗੀ ਭੁੱਲ ਗਏ ਸਨ ।
ਟੀ. ਵੀ. ਸਕਰੀਨ ਉਤੇ ਸੋਭਾ ਸਿੰਘ ਜੀ ਸਾਖਿਅਤ ਖੜ੍ਹੇ ਹਨ । ਧੌਲਾਧਾਰ ਜਿਹੇ ਦੁੱਧ-ਚਿੱਟੇ ਕੇਸ, ਭਰਵੱਟੇ ਤੇ ਬਾਣਾ; ਸਤਿਅਮ, ਸ਼ਿਵਮ, ਸੁਦੰਰਮ, ਦੀ ਇਕ ਝਲਕ । ਇਸ ਕਥਨ ਵਿਚ ਆਪਾਂ ‘ਸੁੰਦਰਮ’ ਸ਼ਬਦ ਨੂੰ ਪਹਿਲਾਂ ਜੋੜੀਏ, ਆਪਣੇ ਸਰੋਤਿਆਂ ਨੂੰ ਦਾਰ ਜੀ ਦੱਸ ਰਹੇ ਹਨ । ਸਾਰੀ ਉਮਰ ਉਹ ਆਪਣੀਆਂ ਉਂਗਲਾਂ ਨਾਲ, ਕੈਨਵਸ ਉਤੇ, ਰੰਗਾਂ ਰਾਹੀਂ, ਆਹਲਾ ਸੋਹਣਾ ਮਨੁੱਖ ਸਿਰਜਦੇ ਰਹੇ, ਜਿਸ ਨੂੰ ਵੇਖ, ਵੱਡਾ ਤੇ ਬੱਚਾ. ਆਪ ਮੁਹਾਰੇ ਆਪੇ ਨੂੰ ਉਸ ਸੁਹੱਪਣ ਵਿਚ ਢਾਲ ਲਵੇ । ਸਿੱਖ, ਇਕ ਜੰਗ ਜੂ, ਤਾਕਤਵਰ ਕੌਮ ਹੈ, ਦਾਰ ਜੀ ਨੇ ਸੋਚਿਆ ਸੀ ਇਸ ਨੂੰ ਸੁਹਜ ਸੁਆਦ ਤੇ ਕੋਮਲ, ਅਨੁਭਵੀ ਕਦਰਾਂ ਕੀਮਤਾਂ ਨਾਲ ਸ਼ਿੰਗਾਰਿਆ ਜਾਏ । ਇਸ ਦੀ ਰੂਹ ਉਤੇ ਇਸ ਨਾਲ ਖੂਬਸੂਰਤੀ ਦਾ ਜੋਬਨ ਚਮਕੇਗਾ ਤੇ ਇਹ, ਪੰਜਾਬੀ ਦੁਲ੍ਹਾ, ਮੀਰੀ ਪੀਰੀ ਦਾ ਮਾਲਕ, ਸ਼ਕਤੀ ਤੇ ਜ਼ਿੰਦਗੀ ਦਾ ਸ਼ਹਿਜ਼ਾਦਾ, ਪਿਆਰ ਵਿਚ ਓਤ ਪੋਤ ਹੋ ਕੇ, ਪੂਰਨ ਪੁਰਖ ਤੇ ਸਿੱਖੀ ਸਰੂਪ ਦਾ ਜਾਮਾ ਪਹਿਨ ਲਵੇਗਾ । ਫੇਰ ਇਹ ਇਨਸਾਨ ਆਪਣੀ ਕਹਿਣੀ ਤੇ ਕਰਨੀ ਦਾ ਪਹਿਰੇਦਾਰ ਸ਼ੁਹਰਤ ਤੇ ਮਾਇਆ ਤੋਂ ਅਭਿੱਜ, ਸ਼ੁਭ ਕਾਰਜ ਦਾ ਸ਼ਾਹ ਸਵਾਰ ਹੋਵੇਗਾ । ਇਸ ਮਰਦ ਅਗੰਮੜੇ ਨੂੰ ਉਲੀਕਣ ਲਈ, ਸਰਦਾਰ ਜੀ ਅੰਤਿਮ ਸਾਹ ਤਾਈਂ ਟਿੱਲ ਲਾਉਂਦੇ ਰਹੇ । ਕੋਈ ਵੀ ਸ਼ਾਹਕਾਰ ਇਸ ਚਿਤਰਕਾਰ ਨੇ ਘੜਿਆ, ਇਸ ਨੂੰ ਕੋਈ ਵੀ ਨਾਂ ਦਿੱਤਾ, ਇਸ ਦੀਆਂ ਅੱਖਾਂ ਵਿਚੋਂ ਸਾਥੀ ਮਨੁੱਖ ਦਾ ਪਿਆਰ ਡੁਲ੍ਹ ਡੁਲ੍ਹ ਪੈਂਦਾ ਤੇ ਆਪਾ ਵਾਰ ਜਿੰਦਗੀ ਨੂੰ ਸਿੰਜਣ ਲਈ ਉਹ ਦ੍ਰਿੜ ਨਜ਼ਰੀਂ ਆਉਂਦਾ ਸੀ, “ਜਬ ਆਵ ਕੀ ਅਉਧ ਨਿਧਾਨ ਬਣੇ, ਅਤਿ ਹੀ ਰਣ ਮੇਂ ਤਬ ਜੂਝ ਮਰਉਂ”, ਵਾਲਾ ਇਸ਼ਕ ।
ਜੀਉਂਦੇ ਮਾਡਲ ਤੋਂ ਉਹ ਕਦੇ ਇਹੋ ਜਿਹਾ ਚਿਤਰ ਨਹੀਂ ਵਾਹ ਸਕੇ । ਆਪਣੇ ਪਿਆਰ ਦੀ ਹਾਮੀ ਭਰਦੇ, ਇਕ ਸੁਹਣੇ ਸਜੀਲੇ ਗਭਰੂ ਜਵਾਨ ਨੂੰ, ਇਸ ਕਲਾਕਾਰ ਨੇ ਆਪਣੇ ਸਾਹਵੇਂ ਬਿਠਾ ਲਿਆ, ਸੋਹਣੀ ਦਾ ਮਹੀਂਵਾਲ ਚਿਤੁਨ ਵਾਸਤੇ । ਬੜੀ ਮਿਹਨਤ ਕੀਤੀ, ਦਸ ਘੰਟੇ ਰੰਗ ਲਗਦੇ ਤੇ ਬੁਰਸ਼ ਵਜਦੇ ਰਹੇ, ਪਰ ਉਸ ਚਿਤਰ ਉਤੇ ਕੋਮਲ, ਸੂਖਮ, ਪਿਆਰ ਮੁਗਧ ਭਾਵ ਨਹੀਂ ਉਘੜੇ । ਮਾਡਲ ਬਣਿਆ ਮਰਦ ਆਪਣੇ ਪਿਆਰ ਵਿਚ ਲਿਵਲੀਨ ਨਹੀਂ ਸੀ । ਚਿਤਰਕਾਰ ਨੇ ਉਸ ਦਾ ਦਿਲ ਨਹੀਂ ਤੋੜਿਆ । ਉਸ ਦੇ ਜਾਣ ਮਗਰੋਂ ਬਣਿਆ ਚਿਤਰ ਰੱਦ ਕੀਤਾ ਤੇ ਆਪਣੀ ਕਲਾ ਦੇ ਪਰਾਂ ਉਤੇ ਉਡਾਰੀ ਲਾਉਂਦਿਆਂ ਪਿਆਰ-ਮੁਖ ਨੂੰ ਉਲੀਕਿਆ ।
ਖੂਬਸੂਰਤ ਵਿਚਾਰ ਤੇ ਨਜ਼ਾਰਿਆਂ ਨੂੰ ਸਰਦਾਰ ਜੀ ਆਪਣੇ ਅੰਦਰ ਰਚਾਉਂਦੇ ਰਹਿੰਦੇ । ਥੋਰੋ, ਵਾਲਟ ਵਿਟਮੈਨ, ਖਲੀਲ ਜਿਬਰਾਨ ਤੇ ਕ੍ਰਿਸ਼ਨਾ ਮੂਰਤੀ ਉਨ੍ਹਾਂ ਦੇ ਚਹੇਤੇ ਸਾਹਿਤਕਾਰ ਸਨ । ਥੋਰੋ ਦੀ ਪੁਸਤਕ ‘ਵਾਲਡਨ’ ਨੂੰ ਉਹ ਕਈ ਵਰ੍ਹੇ ਆਪਣੇ ਸਿਰ ਹੇਠ ਰੱਖ ਕੇ ਸੌਂਦੇ ਰਹੇ। ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਸਵੇਰੇ ਉਹ ਸਾਹਿਤਕ ਰਚਨਾ ਪੜ੍ਹਦੇ, ਗੁਰਬਾਣੀ ਵਿਚੋਂ ਵਾਕ ਲੈਣ ਵਾਂਗ । ਚੰਗਾ ਵਾਕ ਜਦੋਂ ਜਿਥੇ ਉਨ੍ਹਾਂ ਨੂੰ ਹਲੂਣਦਾ, ਉਹ ਉਸੇ ਵੇਲੇ ਉਠਦੇ ਤੇ ਆਪਣੀ ਈਜ਼ਲ ਅੱਗੇ ਕੰਮ ਆਸਨ ਉਤੇ ਜਾ ਬੈਠਦੇ ਸਨ । ਆਇਲ ਪੇਂਟ, 8-10-12 ਘੰਟੇ ਦੀ ਲਗਾਤਾਰ ਬੈਠਕ ਤੇ ਕਠਿਨ ਤਪੱਸਿਆ ਮੰਗਦਾ ਹੈ । ਰੰਗ ਸੁੱਕਣ ਤੋਂ ਪਹਿਲਾਂ ਤਸਵੀਰ ਮੁਕੰਮਲ ਸ਼ਕਲ ਸੂਰਤ ਉਘਾੜਨੀ ਜ਼ਰੂਰੀ ਹੁੰਦੀ ਹੈ ।
ਦੁਖਦੀ ਲੱਤ ਦੀ ਪੀੜ ਤੋਂ ਬੇਪ੍ਰਵਾਹ ਉਹ ਅੰਦਰੇਟੇ ਦੀਆਂ ਉਭੜ ਖੁਭੜੀਆਂ ਗਲੀਆਂ ਵਿਚ ਭੱਜੇ ਜਾਂਦੇ, ਉਸ ਟਿੱਲੇ ਵਲ, ਜਿਥੇ ਚੜ੍ਹਦਾ ਡੁੱਬਦਾ ਸੂਰਜ ਆਪਣੀਆਂ ਚਮਤਕਾਰੀ ਕਿਰਨਾਂ ਵਿਛਾਉਂਦਾ, ਦਿਖਾਈ ਦਿੰਦਾ ਸੀ । ਸੁੰਦਰ ਦ੍ਰਿਸ਼ ਦੇਖ ਕੇ ਉਹ ਅੰਤਰ ਮੁਗਧ ਹੁੰਦੇ ਤੇ ਅੱਖੀਆਂ ਨੂਟ ਵਿਸਮਾਦ ਦੀ ਮਸਤੀ ਨੂੰ ਪਾ ਲੈਂਦੇ ਸਨ । ਕੁਦਰਤੀ ਛੱਬ ਦੇ ਸੁਹੱਪਣ, ਦਾਰ ਜੀ ਦੀ ਤਾਕਤ ਸੀ, ਜਿੰਦ ਤੇ ਜਾਨ । ਇਸ ਨੂੰ ਉਹ ਆਪਣੇ ਚੁਫੇਰੇ ਖਿਲਾਰੀ ਰਖਦੇ । ਥੱਕੀਆਂ ਅੱਖਾਂ ਕੰਮ ਤੋਂ ਚੁਕਦੇ ਤਾਂ ਧੌਲਾਧਾਰ ਦੂਰ ਖੜ੍ਹੀ, ਉਨ੍ਹਾਂ ਦੀ ਵੱਡੀ ਖਿੜਕੀ ਵਿਚੋਂ ਮੁਸਕਾਉਂਦੀ, ਕਲਾਧਾਰੀ ਮਸਤਕ ਨੂੰ ਸਹਿਲਾਉਂਦੀ ਸੀ । ਸੌਣ ਪਲੰਘ ਦੀ ਲਾਗਵੀਂ ਖਿੜਕੀ ਵਿਚ ਰੰਗ-ਬਿਰੰਗੇ ਮਨਮੋਹਕ ਪੰਛੀ ਫੁਦਕਦੇ, ਕਲੋਲਾਂ ਕਰਦੇ ਰਹਿੰਦੇ । ਬਿਸਰਾਮ ਕਰਨ ਵੇਲੇ ਦਾਰ ਜੀ ਖਿੜਕੀ ਨੂੰ ਪਰਦਾ ਕਰਦੇ ਤੇ ਪੰਛੀ ਚੁੱਪ-ਚਾਪ ਸੌ ਜਾਂਦੇ । ਪ੍ਰਭਾਤੀ ਜਾਗਦਿਆਂ ਹੀ ਇਹ ਪਰਦਾ ਖਿੱਚਣ ਸਾਰ, ਪ੍ਰਿੰਦਿਆਂ ਦੀ ਚਹਿਕ ਨਾਲ ਕਮਰਾ ਖਿੜਦਾ ਤੇ ਇਸ ਦਾ ਹਰ ਨੁੱਕਰ ਕੋਨਾ ਧੜਕਦਾ ਸੀ ।
ਸੌਣ, ਬਹਿਣ ਤੇ ਕੰਮ ਕਰਨ ਲਈ ਸਰਦਾਰ ਜੀ ਦਾ ਇਹੀ ਕਮਰਾ ਸੀ । ਹਰ ਵਸਤੂ ਇਥੇ ਕਰੀਨੇ ਨਾਲ ਜੜੀ ਹੋਈ । ਈਜ਼ਲ ‘ਤੇ ਮੁਕੰਮਲ ਹੋ ਰਹੀ ਤਸਵੀਰ, ਹੱਥੀਂ ਚਿਤਰੇ ਸ਼ਾਹਕਾਰਾਂ ਨਾਲ ਸਜੀਆਂ ਦੀਵਾਰਾਂ, ਬੁਕ ਸ਼ੈਲਫ ਉਤੇ ਚਿਣੀਆਂ ਪੁਸਤਕਾਂ ਹੱਥ ਪਹੁੰਚ ਦੇ ਨੇੜੇ, ਤਰਤੀਬ ਨਾਲ ਰੱਖੇ ਰੰਗ ਬੁਰਸ਼, ਕਲਾਕਾਰ ਦੀ ਛੂਹ ਨੂੰ ਜਿਵੇਂ ਉਡੀਕਣ ਹੋਣ । ਇਹ ਕਮਰਾ ਸ਼ਾਂਤ ਤੇ ਸਜ-ਵਿਆਹੀ ਵਾਂਗ ਟਹਿਕਦਾ ਮਹਿਕਦਾ ਰਹਿੰਦਾ । ਕੰਮ ਤੇ ਤਣਾਓ ਤੇ ਤਪਸ਼ ਸਮੇਂ ਇਥੇ ਧੂਫ ਜਗਦੀ । ਮੂੰਹ ਧੌਣ ਲਈ ਚਿਰਮਚੀ ਤੇ ਚਾਹ ਉਬਾਲਣ ਵਾਲੀ ਕੇਤਲੀ ਇਥੇ ਹੀ ਸੁਸ਼ੋਭਤ ਹੁੰਦੀ, ਕਿਧਰੇ ਕੁਝ ਅਜੋੜ ਨਹੀਂ ਸੀ। ਜਾਪਦਾ । ਮੁਨੱਕੇ ਤੇ ਸੌਗੀ ਦਾਣੇ ਦਾਰ ਜੀ ਇਥੋਂ ਹੀ ਕੱਢ ਲੈਂਦੇ, ਕੰਮ ਕਰਦਿਆਂ ਜਦ ਕਦੇ ਉਨ੍ਹਾਂ ਨੂੰ ਲੋੜ ਪੈਂਦੀ । ਪੁਸ਼ਾਕ ਹੀ ਨਹੀਂ, ਖੁਰਾਕ ਵੀ ਦਾਰ ਜੀ ਦੀ ਖਾਸ ਸੀ, ਥੋੜ੍ਹੀ ਤੇ ਸਾਫ, ਭੋਜਨ ਤੱਤ ਭਰਪੂਰ । ਸਮੇਂ ਸਿਰ ਖਾਣਾ, ਅੱਗੋਂ ਪਿਛੋਂ ਕੁਝ ਨਹੀਂ । ਕਈ ਵਾਰ ਸਿਰਫ਼ ਫਲ ਖਾ ਕੇ ਸੰਤੁਸ਼ਟ ਰਹਿੰਦੇ ਸਨ ।
ਇਸ ਕਮਰੇ ਦਾ ਇਕ ਦਰਵਾਜ਼ਾ ਗੁਸਲਖਾਨੇ ਵਲ ਖੁਲ੍ਹਦਾ ਹੈ, ਉਸ ਦੇ ਅੰਦਰ ਦਾਖਲ ਹੋਣ ਲਈ ਸਫੈਦ ਸੁਥਰੇ ਸਲੀਪਰ, ਦਰਵਾਜ਼ੇ ਦੇ ਨੇੜੇ ਟਿਕੇ ਰਹਿੰਦੇ । ਸੁਹਜ ਸੁਆਦ ਭਰਿਆ, ਸਲੀਕੇ ਦਾ ਜੀਵਨ ਢੰਗ ਮੈਂ ਵੀ ਆਪਣੇ ਇਸ ਪੂਜਯ ਪਿਤਾ ਤੋਂ ਸਿਖਿਆ ਹੈ ਤੇ ਹੋਰ ਅਨੇਕਾਂ ਉਨ੍ਹਾਂ ਦੇ ਨੇੜਲੇ ਸ਼ਾਗਿਰਦਾਂ ਨੇ ਵੀ । ਆਪਣੇ ਅਧਿਆਪਕ ਵਾਂਗ ਉਹ ਵੀ ਮਿੱਠ-ਬੋਲੜੇ ਤੇ ਨਿਰਮਾਣ ਸਨ, ਧੀਰਜ ਭਾਅ ਨਾਲ ਬੋਲਦੇ ਤੇ ਪੈਰ ਇਵੇਂ ਪੁੱਟਦੇ ਕਿ ਕੋਈ ਕੀੜੀ ਵੀ ਅਜਾਈਂ ਕਦਮਾਂ ਹੇਠ ਮਧੋਲੀ ਨਾ ਜਾਏ । ਸ. ਅਮਰ ਸਿੰਘ ਜੀ ਤੇ ਸੁਮਾਟਰਾ ਜੀ ਦੀ ਸ਼ਖ਼ਸੀਅਤ ਮੈਨੂੰ ਖਾਸ ਚੇਤੇ ਹੈ ।
ਕਦੇ ਕਿਸੇ ਤੋਂ ਕੁਝ ਮੰਗਿਆ ਨਹੀਂ । ਪ੍ਰਸ਼ੰਸਕ ਮਿੱਤਰਾਂ ਪਾਸੋਂ ਵੀ ਮਦਦ ਸਵੀਕਾਰ ਨਹੀਂ ਕੀਤੀ। ਉਹ ਦਿਨ ਵੀ ਵੇਖੇ ਜਦ ਰਸਦ ਪਾਣੀ ਖਰੀਦਣ ਵੇਲੇ, ਤਜੌਰੀ ਅੰਦਰੋਂ ਚੁੱਕੇ ਪੈਸੇ ਪਹਿਲਾਂ ਗਿਣਨੇ ਪੈਂਦੇ ਸਨ । ਦਿਲ ਦੀ ਬਾਦਸ਼ਾਹੀ ਨੇ ਉਦੋਂ ਵੀ ਸਾਥ ਦਿੱਤਾ । ਰਹਿਣੀ ਬਹਿਣੀ ਸਾਦਾ, ਪਰ ਗ਼ੈਰਤ ਤੇ ਮਾਨਸਿਕ ਸ਼ਕਤੀ ਦਾ ਪੂਰਾ ਜੌਹ ਜਲਾਲ । ਸਟੂਡੀਓ ਅੰਦਰ ਸਜਾਏ ਆਪਣੇ ਸ਼ਾਹਕਾਰਾਂ ਨੂੰ, ਗੁਰੂ ਗੋਬਿੰਦ ਸਿੰਘ ਵਾਂਗ ਆਪ ਹੀ ਪੰਜ ਹਜ਼ਾਰੀ ਤੇ ਦਸ ਹਜ਼ਾਰੀ ਦੀ ਖਿਲਤ ਪੇਸ਼ ਕਰਦੇ ਹੁੰਦੇ ਸਨ । ਗੱਲਬਾਤ ਕਰਦਿਆਂ ਨਹਿਲੇ ਦਾ ਉਤਰ ਆਪ ਦਹਿਲੇ ਨਾਲ ਮੋੜਦੇ । ਜਿਸ ਮਹਿਫਲ ਵਿਚ ਉਹ ਬੈਠੇ ਹੋਣ, ਉਥੇ ਹਾਸੇ ਦੀ ਫੁਹਾਰ ਜ਼ਰੂਰ ਫੁਟਦੀ । ਜ਼ਿੰਦਗੀ ਦੀ ਖੇਡ ਵੇਲੇ, ਹਿੱਸੇ ਆਏ ਪੱਤਿਆਂ ਵਿਚ ਭਾਵੇਂ ਦੁੱਕੀ ਤਿੱਕੀ ਹੋਵੇ, ਕਲਾਕਾਰ ਨੇ ਦਿਲ ਨਹੀਂ ਹਾਰਿਆ, ਸਿਰ ਨਹੀਂ ਝੁਕਾਇਆ, ਵਿਰੋਧੀ ਭਾਵੇਂ ਕਿੱਡਾ ਹੀ ਰਾਣੀ ਖਾਂ ਹੋਵੇ । ਅਣਖ ਦੀ ਧੌਣ ਨੀਵੀਂ ਨਹੀਂ ਹੋਣ ਦਿੱਤੀ । ਪਿਆਰ ਨੂੰ ਰੱਬਤਾ ਦੀ ਬੁਲੰਦੀ ਤਾਈਂ ਪਹੁੰਚਾਉਂਦਿਆਂ, ਇਸ ਨੂੰ ਕਾਮ ਦੀ ਖੱਡ ਵੱਲ ਰਿੜ੍ਹਨ ਤੋਂ ਬਚਾਇਆ ਸੀ । ਇਸਤ੍ਰੀਅਤ ਦਾ ਪੂਰਨ ਸਤਿਕਾਰ ਕਰਦਿਆਂ, ਉਸ ਦੀ ਮਮਤਾ ਅੱਗੇ ਸਿਰ ਝੁਕਾਉਂਦਿਆਂ ਉਸ ਦੀ ਕਠੋਰਤਾ ਨੂੰ ਜ਼ੁਲਮ (Tyrannical) ही ष्ठां श्राधिना । Oh! Woman!! Tyranny is Thy name. वलात ਦੇ ਹੋਠਾਂ ਵਿਚੋਂ ਕਿਰਿਆ ਸੀ ਜਦ ਕਦੇ ਕਲਾ-ਵਿਹੂਣੀ ਨਾਰ ਨੇ ਉਨ੍ਹਾਂ ਵੱਲ ਕੁੜਿੱਤਣ ਦਾ ਪੱਥਰ ਸੁੱਟਿਆ ।
8 ਮਾਂ ਦੇ ਲਾਡ ਪਿਆਰ ਤੋਂ ਉਹ ਵਾਂਝੇ ਰਹੇ । ਪੀਲੀ ਭੂਕ, ਔਖੇ ਸਾਹ ਲੈਂਦੀ ਮਾਂ ਦੇ ਅੰਤਮ ਦਰਸ਼ਨ, ਉਸ ਦੁਆਲੇ ਤਾਣੀ ਪਤਲੀ ਚਾਦਰ ਵਿਚੋਂ ਕੀਤੇ । ਸਹਿਕਦੀ ਮਾਂ ਦੀਆਂ ਅੱਡੀਆਂ ਬਾਹਾਂ ਬਾਲ ਮਨ ਦੇ ਧੁਰ ਅੰਦਰ ਖੁਣੀਆਂ ਗਈਆ । ਅੰਦਰਲੇ ਇਸ ਖਾਲੀ ਕਟੋਰੇ ਨੂੰ ਚਿਤਰਾਂ ਰਾਹੀਂ ਆਪਣੇ ਹੀ ਪਿਆਰ ਰਸ ਨਾਲ ਭਰਦਾ, ਕਲਾਕਾਰ ਅੱਗੋਂ ਲੋੜਵੰਦ ਰੂਹਾਂ ਨੂੰ ਵੰਡਦਾ ਰਿਹਾ । ਸੂਝਵਾਨ ਤੇ ਮਸੂਮ, ਦੋਵੇਂ ਦਿਲ ਇਸ ਧਰਮ ਆਤਮਾ ਅੱਗੇ ਆਪਣਾ ਸਿਰ ਝੁਕਾਉਂਦੇ ਹਨ ।
ਮਹਾਨ ਇਨਸਾਨ, ਚਿਤਰਕਾਰ ਸੋਭਾ ਸਿੰਘ ਜੀ ਦੁਆਲੇ ਸਨੇਹੀ ਜੁੜੇ ਹਨ, ਅੱਖਾਂ ਸੇਜਲ, ਜਿਵੇਂ ਸਭ ਦੀ ਹੋਂਦ ਦਾ ਕੋਮਲ ਟੋਟਾ ਟੁੱਟ ਕੇ ਧਰਤੀ ਉਤੇ ਜਾ ਡਿੱਗਿਆ ਹੋਵੇ । ਹਰ ਕੋਈ ਆਦਰ ਮਾਣ ਨਾਲ ਝੁਕਿਆ, ਇਹ ਟੋਟਾ ਚੁੱਕਿਆ ਤੇ ਇਸ ਨੂੰ ਦਾਰ ਜੀ ਦੀ ਯਾਦ ਨਾਲ ਮੜ੍ਹ ਕੇ, ਆਪਣੇ ਅੰਦਰ ਸਮੋ ਲਿਆ ।

ਕਲਾ ਦਾ ਭਰ ਵਗਦਾ ਦਰਿਆ ਗੁਰਭਜਨ ਗਿੱਲ

ਬਿਆਸ ਦਰਿਆ ਦੇ ਕੰਢੇ ਵੱਸੇ ਨਿੱਕੇ ਜਿਹੇ ਇਤਿਹਾਸਕ ਕਸਬੇ ਸ੍ਰੀ ਹਰਗੋਬਿੰਦਪੁਰ (ਗੁਰਦਾਸਪੁਰ) ਦਾ ਜੰਮਿਆ ਜਾਇਆ, ਗੁਰੂ ਸਾਹਿਬਾਨ ਦੀ ਅਸ਼ੀਰਵਾਦ ਛੋਹ ਨਾਲ ਵਰੋਸਾਇਆ ਸਰਦਾਰ ਸੋਭਾ ਸਿੰਘ ਅੱਜ ਤੋਂ ਪੂਰੀ ਇਕ ਸਦੀ ਪਹਿਲਾਂ ਇਸ ਧਰਤੀ ‘ਤੇ ਆਇਆ । ਪਹਿਲਾਂ ਬਿਆਸ ਦਰਿਆ ਦੇ ਕੰਢੇ ਚੀਕਣੀ ਮਿੱਟੀ ਉਤੇ ਆਪਣੇ ਨਿੱਕੇ-ਨਿੱਕੇ ਪੋਟਿਆਂ ਨਾਲ ਲਕੀਰਾਂ ਵਾਹੁੰਦਾ ਸੀ ਤੇ ਮਗਰੋਂ ਕਲਾ-ਜਗਤ ਦੀ ਕੈਨਵਸ ‘ਤੇ ਰੰਗ ਭਰਦਾ ਭਰਦਾ ਵਿਸ਼ਵ ਕੈਨਵਸ ਤੋਂ ਅਚਾਨਕ 1986 ਵਿਚ ਅਲੋਪ ਹੋ ਗਿਆ। ਪਿਤਾ ਦੇਵਾ ਸਿੰਘ ਅਤੇ ਮਾਂ ਇੱਛਰਾਂ ਦੇਵੀ ਨੂੰ ਕੀ ਪਤਾ ਸੀ ਕਿ ਘਟਨਾਵਾਂ, ਦੁਰਘਟਨਾਵਾਂ ਦੀ ਚਰਖੜੀ ਨੇ ਇਸ ਨੂੰ ਕਿਵੇਂ ਪਿੰਜਣਾ ਹੈ । ਪੰਜ ਵਰ੍ਹਿਆਂ ਦੀ ਉਮਰੇ ਮਾਂ ਤੁਰ ਗਈ ਤੇ ਸੋਲ੍ਹਵੇਂ ਵਰ੍ਹੇ ਬਾਪ । ਇਸ ਧਰਤੀ ਦੇ ਗਿਆਨ ਦੀਆਂ ਕੁੱਲ ਛੇ ਜਮਾਤਾਂ ਹਿੱਸੇ ਆਈਆਂ । ਉਹ ਵੀ ਵੱਡੀ ਭੈਣ ਲੱਛਮੀ ਦੇਵੀ ਦੇ ਪਰਾਏ ਬੂਹੇ ਬੈਠ ਕੇ । ਲਕੀਰਾਂ ਦੇ ਸ਼ੌਕੀਨ ਨੂੰ ਅੰਮ੍ਰਿਤਸਰ ਦੇ ਆਰਟ ਤੇ ਕਰਾਫਟ ਕਾਲਜ ਵਿਚ ਦਸ ਮਹੀਨੇ ਦੀ ਸਿਖਲਾਈ ਨੇ ਫ਼ੌਜ ਵਿਚ ਡਰਾਫ਼ਸਮੈਨ ਭਰਤੀ ਹੋਣ ਜੋਗਾ ਕਰ ਦਿੱਤਾ । ਉਦੋਂ ਜਲ੍ਹਿਆਂ ਵਾਲੇ ਬਾਗ਼ ਦਾ ਕਤਲੇਆਮ ਹੋਇਆ ਸੀ ਅਤੇ ਬਗ਼ਦਾਦ ਚਲਿਆ ਗਿਆ । 1923 ਵਿਚ ਬ੍ਰਿਟਿਸ਼ ਫ਼ੌਜ ਦੀ ਇਸ ਨੌਕਰੀ ਨੂੰ ਅਲਵਿਦਾ ਆਖੀ । ਵਿਆਹ ਬੰਧਨ ਵਿਚ ਇਸ ਵਰ੍ਹੇ ਇੰਦਰ ਕੌਰ ਨਾਲ ਬੱਝਣਾ ਪਿਆ । ਖਰ੍ਹਵੇ ਸੁਭਾਅ ਦੀ ਸਾਥਣ ਨੇ ਇਨ੍ਹਾਂ ਦੇ ਰੇਸ਼ਮੀ ਸੁਭਾਅ ਨੂੰ ਵੀ ਪ੍ਰਭਾਵਿਤ ਕੀਤਾ ।
ਅੰਮ੍ਰਿਤਸਰ, ਲਾਹੌਰ, ਦਿੱਲੀ ਤੇ ਪ੍ਰੀਤਨਗਰ ਵਿਚ ਰਹਿੰਦਿਆਂ ਕਲਾਤਮਕ ਜਗਤ ਨਾਲ ਰਿਸ਼ਤਾ ਜੋੜਿਆ । ਗਿਆਨੀ ਹੀਰਾ ਸਿੰਘ ਦਰਦ ਦੇ ਪਰਚੇ ਫੁਲਵਾੜੀ ਤੋਂ ਲੈ ਕੇ ਪ੍ਰੀਤਲੜੀ ਦੇ ਮੁੱਖ ਪੰਨੇ ਨੂੰ ਸ਼ਿੰਗਾਰਨ ਤੱਕ ਲਿਖਾਰੀਆਂ ਨਾਲ ਨੇੜ ਨਿਭਾਇਆ । ਅੰਮ੍ਰਿਤਾ ਪ੍ਰੀਤਮ ਦੇ ਪਿਤਾ ਗਿਆਨੀ ਕਰਤਾਰ ਸਿੰਘ ਹਿਤਕਾਰੀ ਦੇ ਪਰਚੇ ਰਣਜੀਤ ਨਗਾਰੇ ਨੂੰ ਵੀ ਸ਼ਿੰਗਾਰਿਆ । ਕਲਾ ਪਾਰਖੂ ਡਾ. ਮਹਿੰਦਰ ਸਿੰਘ ਰੰਧਾਵਾ ਨਾਲ ਯਾਰੀ ਪਈ । ਸਰਦਾਰ ਸੋਭਾ ਸਿੰਘ ਕੋਲੋਂ ਸੁਰਜੀਤ ਸਿੰਘ ਬਰਨਾਲਾ, ਅਮਰ ਸਿੰਘ ਚਿੱਤਰਕਾਰ ਤੇ ਮੇਹਰ ਸਿੰਘ ਚਿਤਰਕਾਰ ਵੀ ਚਿਤਰਕਾਰੀ ਸਿੱਖਦੇ ਰਹੇ । ਲਾਹੌਰ ਦੇ ਅਨਾਰਕਲੀ ਬਾਜ਼ਾਰ ਵਿਚ ਆਪ ਦੇ ਆਰਟ ਸਟੂਡੀਓ ਨੂੰ ਅੱਜ ਵੀ ਪੁਰਾਣੇ ਲਾਹੌਰੀਏ ਚੇਤੇ ਵਿਚ ਰਮਾਈ ਬੈਠੇ ਨੇ । 1930 ਵਿਚ ਦਿੱਲੀ ਦੇ ਕਨਾਟ ਪਲੇਸ ਵਿਚ ਸਟੂਡੀਓ ਬਣਾ ਕੇ ਪੂਰੇ 12 ਵਰ੍ਹੇ ਏਥੇ ਡੇਰਾ ਰੱਖਿਆ । ਭਾਰਤੀ ਰੇਲਵੇ, ਡਾਕ ਤੇ ਤਾਰ ਵਿਭਾਗ ਲਈ ਪੋਸਟਰ ਅਤੇ ਡਾਕ ਟਿਕਟਾਂ ਡਿਜ਼ਾਈਨ ਕਰਨ ਤੋਂ ਇਲਾਵਾ ਇਥੋਂ ਦੇ ਕਰੋਲ ਬਾਗ਼ ਵਿਚ ਰਹਿੰਦਿਆਂ ਪੋਰਟਰੇਟ ਚਿਤਰਨ ਵਿਚ ਵੀ ਹੱਥ ਅਜ਼ਮਾਇਆ। ਇਥੇ ਵੱਸਦਿਆਂ ਹੀ ਸੋਹਣੀ ਮਹੀਂਵਾਲ ਦੀ ਤਸਵੀਰ ਪਹਿਲੀ ਵਾਰ ਛਪੀ । ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸੁਪਨ-ਨਗਰੀ ਪ੍ਰੀਤਨਗਰ ਵਿਚ ਵੱਸਣ ਦਾ ਸੁਪਨਾ ਲੈ ਕੇ ਆਪ ਵੀ 1942 ਵਿਚ ਉਥੇ ਗਏ ।
ਬਾਲੜੀ ਜਸਵੰਤ ਗਿੱਲ ਅਤੇ ਉਰਮਿਲਾ ਆਨੰਦ ਦੀਆਂ ਕੋਮਲ ਉਂਗਲਾਂ ਵਿਚ ਬੁਰਸ਼ ਫੜਾਇਆ ਪਰ ਵੱਡੀਆਂ ਹੋ ਕੇ ਇਹ ਦੋਵੇਂ ਰੰਗਾਂ ਦੀ ਥਾਵੇਂ ਅੱਖਰਾਂ ਦੇ ਲੜ ਲੱਗੀਆਂ। ਇਥੇ ਰਹਿ ਕੇ ਹੀ ਆਪ ਨੇ ਸੋਹਣੀ ਮਹੀਂਵਾਲ ਦਾ ਚਿੱਤਰ ਦੁਬਾਰਾ ਸਿਰਜਿਆ । ਗੁਰੂ ਸਾਹਿਬਾਨ ਦੇ ਸਰੂਪ ਇਥੇ ਹੀ ਵਿਉਂਤੇ । ਨਾਵਲਕਾਰ ਨਾਨਕ ਸਿੰਘ ਨਾਲ ਆਪ ਦੀ ਵਧੇਰੇ ਨੇੜਤਾ ਰਹੀ । 1945 ਵਿਚ ਫੇਰ ਬ੍ਰਿਟਿਸ਼ ਫੌਜ ਵਿਚ ਮੁੱਖ ਆਰਟਿਸਟ ਵਜੋਂ ਚਲੇ ਗਏ । ਅੱਠ ਮਹੀਨੇ ਬਾਅਦ ਮੋਹ ਭੰਗ ਹੋ ਗਿਆ ਤੇ ਫਿਰ ਲਾਹੌਰ ਪਰਤ ਆਏ ।
ਫਿਲਮ ‘ਬੁੱਤ ਤਰਾਸ਼’ ਦੀ ਕਲਾ-ਨਿਰਦੇਸ਼ਨਾ ਕਰਨ ਉਪਰੰਤ ਪ੍ਰਿਥਵੀ ਰਾਜ ਕਪੂਰ ਨਾਲ ਦੋਸਤੀ ਦਾ ਮੀਨਾਰ ਸਿਰਜਿਆ । ਅੰਦਰੇਟਾ (ਹਿਮਾਚਲ ਪ੍ਰਦੇਸ਼) ਵਿਚ ਪ੍ਰਦਰਸ਼ਿਤ ਸ੍ਰੀ ਪ੍ਰਿਥਵੀ ਨਾਲ ਕਪੂਰ ਦਾ ਅਰਧ ਸਰੀਰੀ ‘ਬਸਟ ਤੁਹਾਡੇ ਨਾਲ ਗੁਫਤਗੂ ਕਰਨ ਦੇ ਕਾਬਲ ਹੈ। 1947 ਵਿੱਚ ਰਾਜ ਦੋ ਟੋਟੇ ਹੋ ਗਿਆ । ਲਾਹੌਰ ਵਾਲਾ ਟੋਟਾ ਪਾਕਿਸਤਾਨ ਬਣ ਗਿਆ, ਜਿਸ ਕਰਕੇ ਕਲਾਕਾਰ ਦੇਸ਼ ਸਿੰਘ ਨੂੰ ਇਧਰ ਆਉਣਾ ਪਿਆ । ਕੈਨਵਸ ਤੇ ਰੰਗਾਂ ਵਾਲੇ ਬਰਤਨ ਲਾਹੌਰ ਹੀ ਟੰਗੇ ਰਹਿ ਗਏ । ਵਡਮੁੱਲਾ ਕਲਾ-ਖਜ਼ਾਨਾ ਰੌਲਿਆਂ ਦੀ ਭੇਟ ਚੜ੍ਹ ਗਿਆ । ਜਦੋਂ ਪੁੱਟੇ ਰੁੱਖ ਨੂੰ ਦਿੱਲੀ ਵਿਚ ਧਰਤੀ ਨਸੀਬ ਹੋਈ । ਭਲਾ ਹੋਵੇ ਡਾ. ਮਹਿੰਦਰ ਸਿੰਘ ਰੰਧਾਵਾ ਦਾ, ਜਿਸ ਨੇ 1948 ਵਿਚ ਦਿੱਲੀਓਂ ਬੁਲਾ ਕੇ ਅੰਬਾਲੇ ਆਪਣੇ ਘਰ ਰੱਖਿਆ । ਪੇਂਟਿੰਗਜ਼ ਕਰਵਾ ਕੇ, ਕੁਝ ਆਪ ਖਰੀਦੀਆਂ ਤੇ ਕੁਝ ਸੰਸਥਾਵਾਂ ਨੂੰ ਵਿਕਵਾ ਕੇ ਆਰਥਿਕ ਤੌਰ ‘ਤੇ ਕਲਾਕਾਰ ਸੋਭਾ ਸਿੰਘ ਨੂੰ ਕੁਝ ਆਜਾਦ ਕੀਤਾ । ਪੰਜਾਬ ਦੀ ਪਹਾੜੀ ਨੁੱਕਰੇ ਅੰਦਰੇਟੇ ਦੀ ਧਰਤੀ ਆਪ ਨੂੰ ਸਟੂਡੀਓ ਲਈ ਚੰਗੀ ਲੱਗੀ । 1949 ਵਿਚ ਆਪ ਅੰਦਰੇਟੇ ਆ ਵੱਸੇ। ਇਹੀ ਅੰਦਰੇਟਾ ਮਗਰੋਂ ਹਿਮਾਚਲ ਪ੍ਰਦੇਸ਼ ਵਿਚ ਗਿਣਿਆ ਗਿਆ ਤੇ ਸੋਭਾ ਸਿੰਘ ਦੇ ਨਾਂ ਤੇ ਜਾਣਿਆ ਜਾਂਦਾ ਹੈ । ਇਸ ਕਲਾਤਮਕ ਸਟੂਡੀਓ ਦੇ ਨੇੜੇ ਹੀ ਪੰਜਾਬੀ ਨਾਟਕ ਦੀ ਨਕੜਦਾਦੀ ਸ੍ਰੀਮਤੀ ਨੋਰ੍ਹਾ ਰਿਚਰਡਜ਼ ਵੀ ਰਹਿੰਦੀ ਸੀ ।
ਇਥੇ ਰਹਿ ਕੇ ਆਪ ਨੇ ਗੁਰੂ ਨਾਨਕ ਦੇਵ ਜੀ ਦੇ ਅਨੇਕਾਂ ਸਰੂਪਾਂ ਤੋਂ ਇਲਾਵਾ ਸ੍ਰੀ ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਜੀ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ, ਭਗਵਾਨ ਰਾਮ, ਈਸਾ ਮਸੀਹ, ਬਾਬਾ ਫ਼ਰੀਦ, ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਕਈ ਭਾਰਤੀ ਆਗੂਆਂ ਦੇ ਚਿੱਤਰ ਤਿਆਰ ਕੀਤੇ । ਇਥੇ ਰਹਿੰਦਿਆਂ ਹੀ ਆਪ ਦੀ ਜੀਵਨ ਸਾਥਣ ਵਿਛੋੜਾ ਦੇ ਗਈ । ਹਰਬੀਰ ਸਿੰਘ ਭੰਵਰ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਕੀਤੀ ਸੇਵਾ ਨੇ ਉਨ੍ਹਾਂ ਦੀ ਪਿਛਲੇਰੀ ਜ਼ਿੰਦਗੀ ਵਿਚ ਡੰਗੋਰੀ ਦਾ ਕੰਮ ਕੀਤਾ । ਹਰਬੀਰ ਦੀ ਜੀਵਨ ਸਾਥਣ ਬੀਬੀ ਗੁਰਚਰਨ ਕੌਰ ਅਤੇ ਪੁੱਤਰ ਹਿਰਦੇਪਾਲ ਨੂੰ ਆਪਣੇ ਵਾਰਿਸ ਥਾਪ ਕੇ ਸੋਭਾ ਸਿੰਘ ਨੇ ਕਲਾ ਦੀ ਵੱਡਮੁਲੀ ਵਿਰਾਸਤ ਨੂੰ ਸਦੀਵੀ ਸੰਭਾਲ ਦੇ ਕਾਬਲ ਕੀਤਾ । ਦੋਹਾਂ ਮਾਂ-ਪੁੱਤਰਾਂ ਨੇ ਸੋਭਾ ਸਿੰਘ ਦੇ ਚਿੱਤਰਾਂ ਦੇ ਪ੍ਰਕਾਸ਼ਨ ਅਤੇ ਮਿਆਰੀ ਪੇਸ਼ਕਾਰੀ ਦਾ ਬੜਾ ਯਤਨ ਕੀਤਾ ਹੈ ਪਰ ਕਈ ਸ਼ੈਤਾਨ ਰੂਹਾਂ ਨੇ ਸੋਭਾ ਸਿੰਘ ਦੀ ਰੂਹ ਨਾਲ ਵਿਸ਼ਵਾਸਘਾਤ ਕਰਕੇ ਆਪਣੇ ਵਣਜ ਵਪਾਰ ਲਈ ਨਕਲੀ ਪੇਂਟਿੰਗਜ਼ ਛਾਪ ਕੇ ਜਾਂ ਆਪਣੇ ਨਾਮ ‘ਤੇ ਛਾਪ ਕੇ ਅਕ੍ਰਿਤਘਣਤਾ ਦਾ ਸਬੂਤ ਦਿੱਤਾ ਹੈ ।
22 ਅਗਸਤ, 1986 ਨੂੰ ਆਪ ਸਾਨੂੰ ਅਲਵਿਦਾ ਆਖ ਗਏ । ਸਰਦਾਰ ਸੁਰਜੀਤ ਸਿੰਘ ਬਰਨਾਲਾ ਦੀ ਉਦੋਂ ਪੰਜਾਬ ਵਿਚ ਸਰਕਾਰ ਸੀ, ਜਿਸ ਨੇ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਰਾਹੀਂ ਸ੍ਰੀ ਹਰਗੋਬਿੰਦਪੁਰ ਵਿਖੇ ਨਾਮ-ਧਰੀਕ ਆਰਟ ਗੈਲਰੀ ਤਾਂ ਉਸਾਰ ਦਿੱਤੀ ਪਰ ਰੱਖ ਰਖਾਓ ਦਾ ਕੋਈ ਪ੍ਰਬੰਧ ਨਾ ਕੀਤਾ । ਅੱਜ ਤੱਕ ਵੀ ਪੰਜਾਬ ਦੇ ਸਭਿਆਚਾਰਕ ਮਾਮਲੇ ਵਿਭਾਗ ਦੇ ਰਿਕਾਰਡ ਵਿਚ ਇਸ ਆਰਟ ਗੈਲਰੀ ਦਾ ਨਾਮ ਨਹੀਂ ਬੋਲਦਾ । ਅੱਜ ਜਨਮ ਸ਼ਤਾਬਦੀ ਹੈ ਪਰ ਪੂਰੀ ਸਦੀ ਬੀਤਣ ‘ਤੇ ਵੀ ਕਿਸੇ ਸਰਕਾਰ ਨੇ ਸਰਦਾਰ ਸੋਭਾ ਸਿੰਘ ਦੇ ਨਾਮ ‘ਤੇ ਕੋਈ ਸੰਸਥਾ ਨਹੀਂ ਉਸਾਰੀ। ਕੀ ਪੰਜਾਬ ਵਿਚ ਇਕ ਕਲਾ-ਕਾਲਜ ਨਹੀਂ ਖੋਲ੍ਹਿਆ ਜਾ ਸਕਦਾ ? ਕੇਂਦਰੀ ਸਰਕਾਰ ਦੇ ਡਾਕ ਮਹਿਕਮੇ ਨੇ ਜ਼ਰੂਰ ਸਰਦਾਰ ਸੋਭਾ ਸਿੰਘ ਮੈਮੋਰੀਅਲ ਫਾਊਂਡੇਸ਼ਨ (ਰਜਿ:) ਸ੍ਰੀ ਹਰਗੋਬਿੰਦਪੁਰ ਅਤੇ ਕਈ ਜ਼ਿੰਮੇਵਾਰ ਵਿਅਕਤੀਆਂ ਦੇ ਆਖਣ ‘ਤੇ ਡਾਕ-ਟਿਕਟ ਜਾਰੀ ਕਰ ਦਿੱਤੀ ਹੈ । ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 1985 ਵਿਚ ਉਪਕੁਲਪਤੀ ਡਾ. ਸ. ਸ. ਜੌਹਲ ਨੇ ਆਪ ਨੂੰ ਡੀ. ਲਿੱਟ ਦੀ ਉਪਾਧੀ ਦੇ ਕੇ ਸਨਮਾਨਿਆ : ਭਾਰਤ ਸਰਕਾਰ ਨੇ ਪਦਮ ਸ੍ਰੀ ਦਾ ਸਨਮਾਨ ਵੀ ਦਿੱਤਾ । ਅਨੇਕ ਸੰਸਥਾਵਾਂ ਨੇ ਸਰਦਾਰ ਸੋਭਾ ਸਿੰਘ ਦੇ ਨਾਂ ‘ਤੇ ਜਨਮ ਸ਼ਤਾਬਦੀ ਪ੍ਰੋਗਰਾਮ ਉਲੀਕੇ ਹਨ ।
ਉਨ੍ਹਾਂ ਦੀ ਧਰਮ ਧੀ ਬੀਬੀ ਗੁਰਚਰਨ ਕੌਰ ਅਤੇ ਦੋਹੜੇ ਹਿਰਦੇਪਾਲ ਨੇ ਉੱਘੇ ਫੋਟੋ-ਕਲਾਕਾਰ ਤੇਜ ਪ੍ਰਤਾਪ ਸਿੰਘ ਸੰਧੂ ਦੀ ਮਦਦ ਨਾਲ ਉਨ੍ਹਾਂ ਦੇ ਜੀਵਨ ਦੇ 101 ਚਿੱਤਰ ਇਕ ਨੁਮਾਇਸ਼ ਦੇ ਰੂਪ ਵਿਚ ਤਿਆਰ ਕੀਤੇ ਹਨ, ਜਿਸ ਦੀ ਇਕ ਪ੍ਰਦਰਸ਼ਨੀ ਅੰਦਰੇਟਾ (ਹਿਮਾਚਲ ਪ੍ਰਦੇਸ਼) ਵਿਚ ਹੋ ਚੁੱਕੀ ਹੈ । ਉਸ ਨੁਮਾਇਸ਼ ਵਿਚੋਂ ਹੀ ਵੱਖ-ਵੱਖ ਸਮੇਂ ‘ਤੇ ਵੱਖ-ਵੱਖ ਫੋਟੋ ਕਲਾਕਾਰਾਂ ਵਲੋਂ ਖਿੱਚੇ ਸਰਦਾਰ ਸੋਭਾ ਸਿੰਘ ਦੇ ਚਿੱਤਰਾਂ ਨੂੰ ਇਕ ਜੀਵਨ-ਲੜੀ ਵਿਚ ਪਰੋ ਕੇ ਇਕ ਕੋਲਾਜ ਵਿਚ ਤੇਜ ਪ੍ਰਤਾਪ ਸਿੰਘ ਸੰਧੂ ਨੇ ਪੇਸ਼ ਕੀਤਾ ਹੈ । ਚੜ੍ਹਦੀ ਉਮਰ ਦੇ ਜਵਾਨ ਸੋਭਾ ਸਿੰਘ ਤੋਂ ਲੈ ਕੇ ਡੁੱਬਦੇ ਸੂਰਜ ਵਾਂਗ ਪਿੱਠ ਕਰਕੇ ਅਸਤ ਹੁੰਦੇ ਸਰਦਾਰ ਸੋਭਾ ਸਿੰਘ ਤੱਕ, ਕਿਤੇ ਰੱਜ ਕੇ ਸ਼ੌਕੀਨ, ਕਿਤੇ ਦਰਵੇਸ਼, ਟੈਗੋਰ ਵਾਂਗ ਰੱਖੇ, ਖੁੱਲ੍ਹੇ ਵਾਲਾਂ ਵਾਲਾ ਰਿਸ਼ੀ । ਵੱਡੇ ਆਦਰਸ਼ਾਂ ਵਾਲਾ, ਵੱਡਾ ਆਦਮੀ, ਰੁੱਖ ਦੇ ਹੇਠਾਂ ਅਕਸਰ ਆਖਿਆ ਜਾਂਦਾ ਹੈ ਕਿ ਰੁੱਖ ਨਹੀਂ ਉੱਗਦਾ ਪਰ ਉਸ ਦੇ ਹੇਠਾਂ ਅਨੇਕਾਂ ਰੁੱਖ ਉੱਗੇ, ਸ਼ਾਗਿਰਦ ਮੇਹਰ ਸਿੰਘ ਅਤੇ ਅਮਰ ਸਿੰਘ ਵਰਗੇ ਕੱਦਾਵਰ ਕਲਾਕਾਰ । ਇਕ ਪਲ ਲਾਵੇ ਦਾ ਦਰਿਆ ਹੁੰਦਾ ਤੇ ਦੂਜੇ ਪਲ ਬਰਫ਼ਾਨੀ ਟੀਸੀ । ਸਰਦਾਰ ਸੋਭਾ ਸਿੰਘ ਦੀ ਜਨਮ ਸ਼ਤਾਬਦੀ ਮੌਕੇ ਸਰਦਾਰ ਸੋਭਾ ਸਿੰਘ ਮੈਮੋਰੀਅਲ ਫਾਊਂਡੇਸ਼ਨ (ਰਜਿ:) ਸ੍ਰੀ ਹਰਗੋਬਿੰਦਪੁਰ (ਗੁਰਦਾਸਪੁਰ) ਨੇ ਪ੍ਰਣ ਕੀਤਾ ਹੈ ਕਿ ਉਨ੍ਹਾਂ ਦੀ ਜਨਮ ਸ਼ਤਾਬਦੀ ਮੌਕੇ ਅੰਮ੍ਰਿਤਸਰ, ਜਲੰਧਰ, ਚੰਡੀਗੜ੍ਹ ਅਤੇ ਲੁਧਿਆਣਾ ਵਿਚ ਕਲਾ-ਨੁਮਾਇਸ਼ਾਂ ਤੋਂ ਇਲਾਵਾ ਕਲਾ ਮੁਕਾਬਲੇ ਅਤੇ ਵਿਸ਼ਾਲ ਕਲਾ-ਮੇਲਾ ਉਨ੍ਹਾਂ ਦੀ ਜੰਮਣ ਭੂਮੀ ‘ਤੇ ਕਰਵਾਇਆ ਜਾਵੇਗਾ ।

ਸਿਰਜਣਹਾਰ ਹੱਥ ਜਸਵੰਤ ਕੌਰ ਬੇਦੀ

ਸਰਦਾਰ ਸੋਭਾ ਸਿੰਘ ਜੀ ਦੇ ਦਰਸ਼ਨ ਮੈਂ ਪਹਿਲੀ ਵਾਰ ਅੰਮ੍ਰਿਤਸਰ ਦਰਬਾਰ ਸਾਹਿਬ ਵਿਚ ਕੀਤੇ ਸਨ । ਮੈਂ ਆਪਣੀ ਕਲਾਸ ਨਾਲ ਗਈ ਹੋਈ ਸੀ ਤੇ ਸੋਭਾ ਸਿੰਘ ਜੀ ਉਥੇ ਪਹੁੰਚੇ ਹੋਏ ਸਨ । ਦੁੱਧ ਚਿੱਟੇ ਕਪੜਿਆਂ ਦੇ ਵਿਚ ਉਹ ਫ਼ਰਿਸ਼ਤੇ ਜਾਪ ਰਹੇ ਸਨ । ਬਹੁਤ ਸਾਰੇ ਲੋਕ ਆਦਰ ਵਜੋਂ ਉਨ੍ਹਾਂ ਨੂੰ ਚਰਨਵੰਦਨਾ ਕਰ ਰਹੇ ਸਨ । ਮੈਂ ਉਹਨਾਂ ਨੂੰ ਦੇਖ ਕੇ ਬੜੀ ਪ੍ਰਭਾਵਿਤ ਹੋਈ ਸੀ । ਉਨ੍ਹਾਂ ਦੀ ਚਿਤਰੀ ਹੋਈ ਗੁਰੂ ਨਾਨਕ ਦੀ ਹੱਥ ਵਾਲੀ ਅਸੀਸ ਦਿੰਦਿਆਂ ਦੀ ਪੇਂਟਿੰਗ ਦੇ ਦਰਸ਼ਨ ਕਿਸ ਨੇ ਨਹੀਂ ਕੀਤੇ ਹੋਣਗੇ ? ਇਹ ਤਸਵੀਰ ਬਹੁਤ ਵਿਕੀ ਹੈ । ਜਦੋਂ ਮੇਰਾ ਵਿਆਹ ਹੋਇਆ ਤਾਂ ਮੈਂ ਇਸ ਮਹਾਨ ਸ਼ਖ਼ਸੀਅਤ ਤੋਂ ਇਸ ਲਈ ਵੀ ਬੜੀ ਪ੍ਰਭਾਵਿਤ ਹੋਈ ਸੀ ਕਿ ਮੇਰੇ ਸਹੁਰੇ ਘਰ ਵਿਚ ਦਾਰ ਜੀ ਦੀਆਂ ਚਿਤਰੀਆਂ ਕਈ ਤਸਵੀਰਾਂ ਦੇ ਪ੍ਰਿੰਟ ਲਗੇ ਹੋਏ ਸਨ । ਪਤਾ ਲਗਿਆ ਕਿ ਮੇਰੇ ਸਰਦਾਰ ਜੀ (ਮੇਰੇ ਪਤੀ ਪੁਰਦਮਨ ਸਿੰਘ ਬੇਦੀ) ਸੋਭਾ ਸਿੰਘ ਹੋਰਾਂ ਦੇ ਬਹੁਤ ਸ਼ਰਧਾਲੂ ਹਨ ।
ਮੈਂ ਵਿਆਹ ਤੋਂ ਪਹਿਲਾਂ ਪਹਾੜਾਂ ਦੀ ਸੈਰ ਕਰਨ ਤੋਂ ਅਸਮਰਥ ਹੀ ਰਹੀ ਕਿਉਂਕਿ ਘਰ ਵਿਚ ਬਹੁਤ ਗਰੀਬੀ ਸੀ । 1970 ਦੀ ਵਿਸਾਖੀ ਵਾਲੇ ਦਿਨ ਸਾਡਾ ਵਿਆਹ ਹੋਇਆ ਸੀ । ਵਿਆਹ ਤੋਂ ਬਾਅਦ ਦੀਆਂ ਰਸਮਾਂ ਪੂਰੀਆਂ ਕਰਕੇ ਮੈਂ ਸਰਦਾਰ ਜੀ ਨੂੰ ਅੰਦਰੇਟੇ ਜਾਣ ਲਈ ਬੇਨਤੀ ਕੀਤੀ । ਅਸੀਂ ਅੰਦਰੇਟੇ ਤਾਂ ਨਾ ਜਾ ਸਕੇ ਪਰ ਸ਼ਿਮਲੇ ਜਾ ਕੇ ਇਕ ਹਫ਼ਤਾ ਪਹਾੜਾਂ ਦੀ ਖੂਬ ਸੈਰ ਕੀਤੀ । ਬੜਾ ਆਨੰਦ ਆਇਆ । ਕੁਝ ਪਹਾੜਾਂ ਕਰਕੇ ਅਤੇ ਕੁਝ ਨਵੇਂ ਦੋਸਤਾਂ ਤੇ ਜਾਣਕਾਰਾਂ ਨਾਲ ਮੇਲ ਹੋਣ ਕਰਕੇ । ਸਬੱਬ ਨਾਲ ਸਾਡਾ ਮੇਲ ਮੇਰੀ ਇਕ ਦੋਸਤ ਮਿਸ ਵਿਮਲ ਭਗਤ ਨਾਲ ਹੋ ਗਿਆ ਜੋ ਸਾਨੂੰ ਹੋਟਲ ਵਿਚੋਂ ਆਪਣੇ ਘਰ ਲੈ ਗਏ ਸਨ । ਉਹਨੀਂ ਦਿਨੀਂ ਉਹ ਹਿਮਾਚਲ ਸਕੂਲ ਬੋਰਡ ਦੇ ਸਕੱਤਰ ਲਗੇ ਹੋਏ ਸਨ । ਉਹ ਬੜੇ ਨੇਕ ਦਿਲ ਇਨਸਾਨ ਹਨ । ਉਨ੍ਹਾਂ ਨੇ ਬਹੁਤ ਸਾਰੀਆਂ ਗਿਆਨਵਾਨ ਗੱਲਾਂ ਨਾਲ ਸਾਨੂੰ ਸਰਸ਼ਾਰ ਕੀਤਾ । ਫੇਰ ਉਹ ਹਮੇਸ਼ਾ ਸਾਡੀ ਕਈ ਕਿਸਮ ਨਾਲ ਮਦਦ ਵੀ ਕਰਦੇ ਰਹੇ। ਅੱਜ ਕਲ੍ਹ ਉਹ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋ ਕੇ ਸ਼ਿਮਲੇ ਵਿਚ ਹੀ ਰਹਿ ਰਹੇ ਹਨ ।
1974 ਦੀਆਂ ਗਰਮੀਆਂ ਵਿਚ ਸਾਨੂੰ ਧਰਮਸ਼ਾਲਾ ਜਾਣ ਦਾ ਸੁਭਾਗ ਪ੍ਰਾਪਤ ਹੋਇਆ । ਮੈਂ ਸਰਦਾਰ ਜੀ ਨੂੰ ਅੰਦਰੇਟੇ ਜਾਣ ਲਈ ਫੇਰ ਬੇਨਤੀ ਕੀਤੀ । ਅਸੀਂ ਉਥੋਂ ਸਵੇਰੇ ਪਹਿਲੀ ਬਸ ਫੜ ਲਈ ਤੇ ਪਾਲਮਪੁਰ ਪਹੁੰਚ ਗਏ । ਉਥੋਂ ਇਕ ਟੈਕਸੀ ਕੀਤੀ ਤੇ ਅੰਦਰੇਟੇ ਪਹੁੰਚ ਗਏ । ਪਾਲਮਪੁਰ ਤੋਂ ਅੰਦਰੇਟੇ ਦਾ ਅੱਧੇ ਕੁ ਘੰਟੇ ਦਾ ਸਫ਼ਰ ਹੈ । ਸਾਡੀ ਕਾਰ ਆਰਾਮ ਨਾਲ ਜਾ ਰਹੀ ਸੀ । ਰਸਤੇ ਵਿਚ ਅਸੀਂ ਹਰਿਆਵਲ ਦਾ ਆਨੰਦ ਮਾਣ ਰਹੇ ਸੀ । ਖੇਤਾਂ ਵਿਚ ਪਹਾੜੀ ਇਸਤਰੀਆਂ ਤਾਂ ਕੰਮ ਕਰ ਰਹੀਆਂ ਸਨ ਪਰ ਹਰ ਖੇਤ ਵਿਚ ਇਕ ਪਹਾੜੀ ਮਨੁੱਖ ਬੈਠਾ ਹੁੱਕਾ ਪੀਂਦਾ ਨਜ਼ਰ ਆਇਆ ਸੀ । ਪਹਾੜਾਂ ਵਿਚ ਇਸਤਰੀਆਂ ਨੂੰ ਹੀ ਹਰ ਕਿਸਮ ਦੇ ਕੰਮ ਕਰਨੇ ਪੈਂਦੇ ਹਨ । ਘਰ ਦੇ ਵੀ ਤੇ ਖੇਤਾਂ ਦੇ ਵੀ । ਪਾਲਮਪੁਰ ਚਾਹ ਦੇ ਬਾਗਾਂ ਵਿਚ ਪਹਾੜਨਾਂ ਚਾਹ ਪੱਤੀ ਤੋੜ ਰਹੀਆਂ ਸਨ । ਦੇਖ ਕੇ ਬੜੀਆਂ ਚੰਗੀਆਂ ਲੱਗ ਰਹੀਆਂ ਸਨ।
ਅੰਦਰੇਟੇ ਵਿਚ ਪਹਿਲਾ ਘਰ ਹੀ ਸਰਦਾਰ ਸੋਭਾ ਸਿੰਘ ਜੀ ਦਾ ਹੈ । ਉਨ੍ਹਾਂ ਦੇ ਸਾਹਮਣੇ ਪੰਜਾਬ ਦੀ ਪ੍ਰਸਿੱਧ ਚਿਤਰਕਾਰ ਫੂਲਾਂ ਰਾਣੀ ਦਾ ਘਰ ਹੈ । ਅਸੀਂ ਕੋਈ ਇਕ ਘੰਟਾ ਦਾਰ ਜੀ ਨਾਲ ਗੱਲਾਂ ਕਰਦੇ ਰਹੇ । ਉਨ੍ਹਾਂ ਕੋਲ ਕਾਫ਼ੀ ਸੱਜਣ ਮਿਲਣ ਵਾਲੇ ਆਏ ਹੋਏ ਸਨ । ਅਸੀਂ ਉਨ੍ਹਾਂ ਦੀ ਆਰਟ ਗੈਲਰੀ ਤੇ ਉਨ੍ਹਾਂ ਨੂੰ ਕੰਮ ਕਰਦਿਆਂ ਦੇਖ ਕੇ ਮਿਸਿਜ਼ ਨੋਰ੍ਹਾ ਰਿਚਰਡਜ਼ ਦੀ ਅਸਟੇਟ ਦੇਖਣ ਚਲੇ ਗਏ। ਸਾਨੂੰ ਧਰਮਸ਼ਾਲਾ ਵਾਪਸ ਜਾਣ ਦੀ ਕਾਹਲੀ ਸੀ ਤੇ ਅਸੀਂ ਸ਼ਾਮ ਤੱਕ ਵਾਪਸ ਧਰਮਸ਼ਾਲਾ ਪਹੁੰਚ ਗਏ । ਮਨ ਵਿਚ ਇੱਛਾ ਸੀ ਕਿ ਅਜਿਹੇ ਮਹਾਨ ਕਲਾਕਾਰ ਕੋਲ ਇਕ ਦੋ ਦਿਨ ਠਹਿਰ ਕੇ ਉਨ੍ਹਾਂ ਦਾ ਸਾਥ ਮਾਣਿਆ ਜਾਏ ।
1976 ਵਿਚ ਅਸੀਂ ਗਰਮੀਆਂ ਵਿਚ ਅੰਦਰੇਟੇ ਗਏ ਤੇ ਦਾਰ ਜੀ ਕੋਲ ਹੀ ਚਾਰ ਦਿਨ ਰਹੇ । ਖੂਬ ਉਹਨਾਂ ਦਾ ਸਾਥ ਮਾਣਿਆ । ਉਹ ਬੜੇ ਹਸਮੁਖ ਸੁਭਾ ਦੇ ਇਨਸਾਨ ਸਨ । ਗੱਲਾਂ ਬਾਤਾਂ ਵਿਚ ਉਨ੍ਹਾਂ ਨੇ ਸਾਡੇ ਕੋਲੋਂ ਔਲਾਦ ਬਾਰੇ ਪੁੱਛਿਆ । ਹਾਸੇ ਨਾਲ ਕਹਿਣ ਲੱਗੇ, “ਸਾਡੇ ਨਾਲ ਹੀ ਇਕ ਵੰਙ ਵਗਦੀ ਹੈ । ਉਥੇ ਬਹੁਤ ਸਾਰੀਆਂ ਮੱਛੀਆਂ ਹਨ । ਉਨ੍ਹਾਂ ਨੂੰ ਲੋਕ ਆਟੇ ਦੀਆਂ ਗੋਲ਼ੀਆਂ ਪਾ ਕੇ ਆਉਂਦੇ ਹਨ । ਕਿਹਾ ਜਾਂਦਾ ਹੈ ਕਿ ਉਥੇ ਲੋਕਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਹਨ । ਖ਼ਾਸ ਕਰ ਕੇ ਜਿਨ੍ਹਾਂ ਦੇ ਕੋਈ ਬੱਚਾ ਨਾ ਹੋਇਆ ਹੋਵੇ ।” ਅਸੀਂ ਹੱਸ ਪਏ । ਮੈਨੂੰ ਯਾਦ ਆਇਆ ਕਿ ਪੰਜਾਬੀ ਦੀ ਪ੍ਰਸਿੱਧ ਸ਼ਾਇਰ ਅੰਮ੍ਰਿਤਾ ਪ੍ਰੀਤਮ ਨੇ ਇਸੇ ਸਥਾਨ ਬਾਰੇ ਗੋਜਰ ਦੀਆਂ ਪਰੀਆਂ ਨਾਂ ਦੀ ਕਹਾਣੀ ਲਿਖੀ ਸੀ । ਜੋ ਪੰਜਾਬੀ ਪਾਠਕਾਂ ਨੇ ਬਹੁਤ ਪਸੰਦ ਕੀਤੀ ਸੀ ।
ਮੈਂ ਉਹਨਾਂ ਦੀ ਇਸ ਗੱਲ ਦਾ ਉੱਤਰ ਕੀ ਦਿੰਦੀ । ਹਾਂ, ਇਕ ਪੁਰਾਣੀ ਘਟਨਾ ਯਾਦ ਆ ਗਈ । ਹੱਡੀਆਂ ਦੇ ਮਾਹਰ ਡਾਕਟਰ ਕਰਮ ਸਿੰਘ ਗਰੇਵਾਲ ਦਾਰ ਜੀ ਦੇ ਮਿੱਤਰ ਸਨ । ਉਹ ਦਾਰ ਜੀ ਕੋਲ ਅੰਦਰੇਟੇ ਹਰ ਸਾਲ ਆਇਆ ਕਰਦੇ ਸਨ । ਇਕ ਵਾਰ ਦਾਰ ਜੀ ਮਿਸਿਜ਼ ਡਾਕਟਰ ਗਰੇਵਾਲ ਨੂੰ ਹੱਸਦਿਆਂ ਕਹਿਣ ਲਗੇ, “ਬੀਬੀ ਜੀ, ਤੁਹਾਡੇ ਘਰ ਵਾਹਿਗੁਰੂ ਨੇ ਬੇਟੀਆਂ ਦੀ ਬੜੀ ਬਖਸ਼ਿਸ਼ ਕੀਤੀ ਹੈ ।” ਤਾਂ ਮਿਸਿਜ਼ ਗਰੇਵਾਲ ਨੇ ਉਸੇ ਲਹਿਜੇ ਵਿਚ ਹੀ ਦਾਰ ਜੀ ਨੂੰ ਕਿਹਾ, “ਹਾਂ, ਸਰਦਾਰ ਜੀ, ਡਾਕਟਰ ਸਾਹਿਬ ਨੂੰ ਸ਼ਿਕਾਰ ਖੇਡਣ ਦਾ ਬਹੁਤ ਸ਼ੌਕ ਸੀ । ਸ਼ਿਕਾਰ ਵਿਚ ਉਹ ਬਹੁਤਾ ਕਰਕੇ ਮੁਰਗ਼ਾਬੀਆਂ ਹੀ ਮਾਰ ਕੇ ਲਿਆਉਂਦੇ ਸਨ । ਇਸ ਕਰ ਕੇ ਹੀ ਬਹੁਤੀਆਂ ਬੇਟੀਆਂ ਪੈਦਾ ਹੋਈਆਂ ਹਨ ।” ਦਾਰ ਜੀ ਫੇਰ ਹੱਸ ਕੇ ਕਹਿਣ ਲਗੇ, “ਡਾਕਟਰ ਸਾਹਿਬ ਨੂੰ ਚਾਹੀਦਾ ਸੀ ਕਿ ਉਹ ਚਾਰ ਪੰਜ ਹੰਸ ਮਾਰ ਕੇ ਘਰ ਲੈ ਆਉਂਦੇ ਤਾਂ ਚਾਰ ਪੰਜ ਪੁੱਤਰ ਹੋ ਜਾਂਦੇ ।” ਡਾਕਟਰ ਗਰੇਵਾਲ, ਜੋ ਸਭ ਕੁਝ ਸੁਣ ਰਹੇ ਸਨ, ਕਹਿਣ ਲਗੇ, “ਸਰਦਾਰ ਜੀ ! ਅਸੀਂ ਤਾਂ ਕੁਝ ਨਾ ਕੁਝ ਮਾਰਦੇ ਹੀ ਰਹੇ ਹਾਂ । ਤੁਸੀਂ ਕੁਝ ਵੀ ਨਹੀਂ ਮਾਰਿਆ । ਜੇ ਤੁਸੀਂ ਵੀ ਸ਼ਿਕਾਰ ਖੇਡਿਆ ਹੁੰਦਾ ਤਾਂ ਤੁਹਾਡੀ ਕੋਠੀ ਵਿਚ ਖੂਬ ਰੌਣਕਾਂ ਹੁੰਦੀਆਂ ।” ਇਹ ਸੁਣ ਕੇ ਸਾਰੇ ਹੱਸ ਪਏ ।
ਪ੍ਰਸਿੱਧ ਲੇਖਕ ਅੰਮਿਤਾ ਪ੍ਰੀਤਮ ਵੀ ਦਾਰ ਜੀ ਕੋਲ ਅਕਸਰ ਆਇਆ ਕਰਦੀ ਸੀ । ਹਾਸੇ ਹਾਸੇ ਵਿਚ ਕਹਿਣ ਲਗੀ, “ਚਾਚਾ ਜੀ ! ਇਹਨਾਂ ਮਹਾਨ ਪ੍ਰੇਮੀਆਂ ਦੀਆਂ ਪੇਂਟਿੰਗਜ ਤੁਸੀਂ ਬਹੁਤ ਹੀ ਖੂਬਸੂਰਤੀ ਨਾਲ ਆਪਣੇ ਪੂਰੇ ਜਲੌਅ ਵਿਚ ਬਣਾਈਆਂ ਹਨ । ਕੀ ਤੁਸੀਂ ਆਪ ਵੀ ਕਦੇ ਇਸ ਤਰ੍ਹਾਂ ਕਿਸੇ ਨੂੰ ਪਿਆਰ ਕੀਤਾ ਹੈ ?” ਦਾਰ ਜੀ ਵੀ ਅੱਗੋਂ ਹੱਸ ਕੇ ਹੀ ਬੋਲੇ, “ਜੇ ਮੈ ਪਿਆਰ ਨਾ ਕਰਦਾ ਹੁੰਦਾ ਤਾਂ ਤੈਨੂੰ ਇਹ ਪੇਂਟਿੰਗਜ਼ ਕਿਵੇਂ ਦਿਖਾ ਸਕਦਾ ! ਮੈਂ ਕਿਸੇ ਨੂੰ ਪਿਆਰ ਕਰਦਾ ਹਾਂ ਤਾਂ ਹੀ ਇਸ ਤਰ੍ਹਾਂ ਦੀਆਂ ਤਸਵੀਰਾਂ ਚਿਤਰੀਆਂ ਗਈਆਂ ਹਨ।” ਅੰਮ੍ਰਿਤਾ ਦਾਰ ਜੀ ਨੂੰ ਸੋਹਣੀ ਦਾ ਚਿਤਰਕਾਰ ਕਹਿ ਕੇ ਯਾਦ ਕਰਦੀ ਹੈ ।
4 ਸਤੰਬਰ 1977 ਨੂੰ ਪ੍ਰੀਤ ਨਗਰ ਵਿਖੇ ਸਰਦਾਰ ਗੁਰਬਖਸ਼ ਸਿੰਘ ਦੇ ਭੋਗ ਵੇਲੇ ਦਾਰ ਜੀ ਵੀ ਪਹੁੰਚੇ ਸਨ । ਉਦੋਂ ਉਹ ਸਰਦਾਰਨੀ ਜਗਜੀਤ ਕੌਰ ਸੁਪਤਨੀ ਗੁਰਬਖਸ਼ ਸਿੰਘ ਦੀ ਪੇਂਟਿੰਗ ਬਣਾ ਕੇ ਲਿਆਏ ਸਨ । ਉਨ੍ਹਾਂ ਦੀਆਂ ਬੇਟੀਆਂ ਤੇ ਪਰਵਾਰ ਕਹਿ ਰਿਹਾ ਸੀ ਕਿ ਚਾਚਾ ਜੀ ਨੇ ਸਾਡੀ ਮਾਂ ਤਾਂ ਜਿਉਂਦੀ ਕਰ ਦਿੱਤੀ ਹੈ । ਹੁਣ ਦਾਰ ਜੀ ਦਾ ਚਿਤਰ ਵੀ ਬਣਾ ਦੇਣ । ਸਰਦਾਰਨੀ ਜਗਜੀਤ ਕੌਰ ਜਿਨ੍ਹਾਂ ਨੂੰ ਸਾਰੇ ਮਾਤਾ ਜੀ ਕਹਿੰਦੇ ਸਨ 10 ਦਸੰਬਰ 1975 ਨੂੰ ਪੂਰੇ ਹੋ ਗਏ ਸਨ ।
ਦੋ ਸਾਲਾਂ ਬਾਅਦ ਮੈਨੂੰ ਦਾਰ ਜੀ ਦੇ ਦਰਸ਼ਨ ਕਰਨ ਦਾ ਮਾਣ ਮਿਲਿਆ ਸੀ । ਦੁੱਧ ਚਿੱਟੇ ਕੁੜਤੇ ਪਜਾਮੇ ਵਿਚ ਚਿੱਟੀ ਦਾੜ੍ਹੀ ਤੇ ਚਿੱਟੇ ਸਿਰ ਦੇ ਵਾਲ ਅਤੇ ਚਿਹਰੇ ਤੇ ਨੂਰਾਨੀ ਚਮਕ । ਉਹ ਕੁਰਸੀ ਉਤੇ ਬੈਠੇ ਇਕ ਰਿਸ਼ੀ ਲੱਗ ਰਹੇ ਸਨ । ਐਤਵਾਰ ਹੋਣ ਕਾਰਨ ਉਹ ਕੁਝ ਵੇਹਲੇ ਸਨ ਤੇ ਗੱਲ ਬਾਤ ਕਰਨ ਦੇ ਰੌਂਅ ਵਿਚ ਸਨ । ਉਹ ਦਸ ਰਹੇ ਸਨ, “ਇਥੇ ਆਰਟ ਗੈਲਰੀ ਦੇਖਣ ਬਹੁਤ ਸਾਰੇ ਲੋਕ ਆਉਂਦੇ ਹਨ । ਉਹਨਾਂ ਵਿਚ ਵਿਦਿਆਰਥੀ, ਪ੍ਰੋਫ਼ੈਸਰ, ਅਫ਼ਸਰ, ਲੀਡਰ ਤੇ ਆਮ ਲੋਕ ਹੁੰਦੇ ਹਨ । ਕਈ ਵਾਰ ਤਾਂ ਵੱਡੀ ਗਿਣਤੀ ਵਿਚ ਆ ਜਾਂਦੇ ਹਨ ਤੇ ਮੈਨੂੰ ਕੰਮ ਕਰਨਾ ਦੁਭਰ ਹੋ ਜਾਂਦਾ ਹੈ । ਕਈਆਂ ਨੂੰ ਤਾਂ ਇਹ ਵੀ ਪਤਾ ਨਹੀਂ ਹੁੰਦਾ ਕਿ ਚਿਤਰ ਜਾਂ ਫ਼ੋਟੋ ਵਿਚ ਫ਼ਰਕ ਕੀ ਹੁੰਦਾ ਹੈ । ਕਹੀ ਜਾਣਗੇ ਕਿ ਫ਼ੋਟੋਆਂ ਬੜੀਆਂ ਸੋਹਣੀਆਂ ਹਨ । ਇਹ ਸੁਣ ਕੇ ਮੈਨੂੰ ਬੜਾ ਦੁਖ ਹੁੰਦਾ ਹੈ । ਕਿਉਂਕਿ ਚਿਤਰ ਬਣਾਉਂਦਿਆਂ ਮੇਰੀਆਂ ਕਿੰਨੀਆਂ ਰੀਝਾਂ ਸ਼ਰਫ ਹੋਈਆਂ ਹੁੰਦੀਆਂ ਹਨ । ਕਿੰਨੀ ਮਿਹਨਤ ਹੁੰਦੀ ਹੈ । ਬੱਚਾ ਜੰਮਣ ਵਾਂਗ ਪੀੜ ਹੁੰਦੀ ਹੈ ।” ਫੇਰ ਉਹ ਆਪਣੀ ਰੋਮ ਫੇਰੀ ਬਾਰੇ ਦੱਸਣ ਲੱਗੇ, “ਉਸ ਵੈਟੀਕਨ ਸਿਟੀ ਵਿਚ ਕੋਈ ਤਿੰਨ ਮੀਲ ਲੰਬੀ ਆਰਟ ਗੈਲਰੀ ਬਣੀ ਹੋਈ ਹੈ । ਲੱਤ ਦੀ ਤਕਲੀਫ਼ ਕਾਰਨ ਮੈਂ ਪੂਰੀ ਵੀ ਨਾ ਦੇਖ ਸਕਿਆ । ਜਿੰਨੀਆਂ ਕਿਰਤਾਂ ਮੈਂ ਦੇਖ ਸਕਿਆ ਬਸ ਸਾਰੀਆਂ ਸ਼ਾਹਕਾਰ ਸਨ । ਇਹ ਸਦੀਆਂ ਪੁਰਾਣੀਆਂ ਪੇਂਟਿੰਗਜ਼ ਸਨ ਜੋ ਉਨ੍ਹਾਂ ਨੇ ਬਹੁਤ ਚੰਗੀ ਤਰ੍ਹਾਂ ਸੰਭਾਲ ਕੇ ਰਖੀਆਂ ਸਨ । ਮਾਂ ਮਰੀਅਮ ਤੇ ਯਸੂ ਮਸੀਹ ਦੀ ਮੂਰਤੀ ਬਹੁਤ ਹੀ ਹੈਰਾਨ ਕਰਨ ਵਾਲੀ ਸੀ । ਉਹਨਾਂ ਕਿਰਤਾਂ ਨੂੰ ਦੇਖਣ ਲਈ ਹਜ਼ਾਰਾਂ ਦਰਸ਼ਕ ਰੋਜ਼ਾਨਾ ਆਉਂਦੇ ਹਨ । ਇਸ ਤਰ੍ਹਾਂ ਕਰੋੜਾਂ ਰੁਪਏ ਦੀ ਆਮਦਨ ਹੁੰਦੀ ਹੈ । ਅਫ਼ਸੋਸ ਹੈ ਸਾਡੇ ਦੇਸ ਵਿਚ ਅਜਿਹੀ ਕੋਈ ਆਰਟ ਗੈਲਰੀ ਨਹੀਂ। ਸਾਡੇ ਦੇਸ ਵਿਚ ਚਿਤਰਕਾਰ ਤੇ ਕਲਾਕਾਰ ਨੂੰ ਉਹਨਾਂ ਦਾ ਬਣਦਾ ਮਾਣ-ਸਤਿਕਾਰ ਵੀ ਨਹੀਂ ਮਿਲਦਾ । ਸਾਡੇ ਮੁਲਕ ਵਿਚ ਇਕ ਸਿਆਸੀ ਲੀਡਰ ਨੂੰ ਬੜਾ ਸਤਿਕਾਰ ਦਿੱਤਾ ਜਾਂਦਾ ਹੈ ।”
ਮੈਂ ਉਨ੍ਹਾਂ ਨੂੰ ਕਿਹਾ, “ਦਾਰ ਜੀ ਹੋਰ ਕੋਈ ਵਧੀਆ ਗੱਲ ਸੁਣਾਓ ।” ਉਹ ਕਹਿਣ ਲੱਗੇ, “ਪਹਿਲਾਂ ਮੇਰੀ ਗੱਲ ਪੂਰੀ ਹੋਣ ਦਿਓ । ਮੈਂ ਕਹਿ ਰਿਹਾ ਸੀ ਕਿ ਪਿਛਲੇ ਦਿਨੀਂ ਮੇਰੇ ਕੋਲ ਇਕ ਮੰਤਰੀ ਜੀ ਆਏ ਤੇ ਬੋਲੇ ਕਿ ਤੁਸੀਂ ਆਰਟ ਟ੍ਰੇਨਿੰਗ ਸਕੂਲ ਕਿਉਂ ਨਹੀਂ ਖੋਲ੍ਹਦੇ ? ਮੈਂ ਕਿਹਾ ਇਹ ਕੰਮ ਸਰਕਾਰਾਂ ਦਾ ਹੈ । ਮੈਂ ਇਸ ਰੱਫੜ ਵਿਚ ਕਿਉਂ ਪਵਾਂ । ਸਕੂਲ ਦੀ ਮਨਜ਼ੂਰੀ ਲਈ ਕਲਰਕਾਂ ਦੇ ‘ ਹਾੜੇ ਕੱਢਦਾ ਫਿਰਾਂ । ਕੌਣ ਭਲਾ ਮਾਣਸ ਆਖੂ ਮੈਨੂੰ । ਨਾਲੇ ਸ਼ਾਇਰੀ ਤੇ ਚਿਤਰਕਾਰੀ ਸਿਖਲਾਈ ਨਾਲ ਨਹੀਂ ਆਉਂਦੀ ਇਹ ਤਾਂ ਵਾਹਿਗੁਰੂ ਦੀ ਬਖ਼ਸ਼ੀ ਹੋਈ ਦਾਤ ਹੈ ।”
ਫੇਰ ਉਹ ਕਹਿਣ ਲੱਗੇ, “ਮੇਰਾ ਆਰਟ ਕਮਰਸ਼ਲ ਨਹੀਂ ਹੈ । ਇਹ ਤਾਂ ਭਗਤੀ ਤੇ ਸਾਧਨਾ ਹੈ । ਮੈਂ ਸਮਝਦਾ ਹਾਂ ਕਿ ਮੇਰੇ ਉਪਰ ਵਾਹਿਗੁਰੂ ਦੀ ਬਖ਼ਸ਼ਿਸ਼ ਹੈ । ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹਾਂ । ਉਸ ਵਿਚੋਂ ਬਾਣੀ ਪੜ੍ਹਦਾ ਹਾਂ । ਜਿਸ ਵਿਚੋਂ ਮੈਨੂੰ ਆਪਣੇ ਗੁਰੂਆਂ ਦੀਆਂ ਮਹਾਨ ਸ਼ਖ਼ਸੀਅਤਾਂ ਦੇ ਚਿਹਨ ਚੱਕਰ ਦਿਖਾਈ ਦਿੰਦੇ ਹਨ । ਹੌਲੀ ਹੌਲੀ ਮੇਰੇ ਮਨ ਵਿਚ ਵਲਵਲਾ ਉਠਦਾ ਹੈ ਕਿ ਕੁਝ ਕਰਾਂ । ਇਸ ਤਰ੍ਹਾਂ ਗੁਰੂ ਸਾਹਿਬਾਨ ਦੇ ਚਿਤਰ ਬਣਦੇ ਗਏ ।”
ਥੋੜ੍ਹਾ ਰੁਕ ਕੇ ਉਹ ਬੋਲੇ, “ਮੈਨੂੰ ਬਹੁਤ ਸਾਰੇ ਲੋਕ ਮਾਡਰਨ ਆਰਟ ਬਾਰੇ ਮੇਰੇ ਖਿਆਲ ਪੁੱਛਦੇ ਹਨ । ਮੈਂ ਉਨ੍ਹਾਂ ਨੂੰ ਜਵਾਬ ਦਿੰਦਾ ਹਾਂ ਕਿ ਭਾਈ ਮੇਰਾ ਇਹ ਫ਼ੀਲਡ ਨਹੀਂ ਹੈ। ਇਸ ਬਾਰੇ ਮੈਂ ਕੀ ਦਸ ਸਕਦਾ ਹਾਂ । ਜੇ ਕੋਈ ਸਿਰਫਿਰੇ ਲੋਕ ਗਾਂ ਦੇ ਵੱਛੇ ਦੇ ਧੜ ਤੇ ਕੁਕੜੀ ਦੇ ਬੱਚੇ ਦਾ ਸਿਰ ਬਣਾ ਦੇਣ ਤੇ ਆਖਣ ਕਿ ਇਹ ਮਾਡਰਨ ਆਰਟ ਹੈ । ਤੇ ਅਸਲੀ ਇਹੋ ਆਰਟ ਹੈ। ਇਹ ਗੱਲ ਮੈਨੂੰ ਤਾਂ ਠੀਕ ਨਹੀਂ ਲਗਦੀ । ਤੁਸੀਂ ਵੀ ਮੇਰੇ ਨਾਲ ਸਹਿਮਤ ਹੋਵੋਂਗੇ ।”
ਅਗਲੇ ਦਿਨ ਮੈਂ ਉਨ੍ਹਾਂ ਨੂੰ ਚਿਤਰ ਬਣਾਉਂਦਿਆਂ ਦੇਖਿਆ ਬੜੇ ਨੇੜੇ ਹੋ ਕੇ । ਇਸ ਤਰ੍ਹਾਂ ਜਾਪਦਾ ਸੀ ਜਿਵੇਂ ਸਿਰਜਣਹਾਰ ਆਪਣੇ ਕੋਮਲ ਹੱਥਾਂ ਨਾਲ ਕੋਈ ਸ਼ਾਹਕਾਰ ਚਿਤਰ ਰਿਹਾ ਹੋਵੇ । ਮੈਨੂੰ ਉਹਨਾਂ ਨੇ ਦੇਖ ਕੇ ਆਪਣੇ ਕੋਲ ਬਿਠਾ ਲਿਆ । ਗੱਲਾਂ ਕਰਦੇ ਉਹ ਬੋਲੇ, “ਕੀ ਤੁਸੀਂ ਵੀ ਆਰਟ ਦਾ ਸ਼ੌਕ ਰਖਦੇ ਹੋ ।” ਮੈਂ ਕਿਹਾ, ‘ਸ਼ੌਕ ਤਾਂ ਹੈ ਪਰ ਸਮਾਂ ਨਹੀਂ ਮਿਲਦਾ । ਮੈਂ ਤਾਂ ਸਿਰਫ਼ ਡਰਾਇੰਗ ਦਾ ਹੀ ਕੋਰਸ ਕੀਤਾ ਹੋਇਆ ਹੈ । ਫਾਈਨ ਆਰਟਸ ਦਾ ਨਹੀਂ ।” ਫੇਰ ਉਹ ਧੌਲਾਧਾਰ ਦੀਆਂ ਬਰਫ਼ ਕੱਜੀਆਂ ਚੋਟੀਆਂ ਉਪਰ ਰੰਗ ਬਰੰਗੇ ਬੱਦਲਾਂ ਦਾ ਨਜ਼ਾਰਾ ਲੈਂਦੇ ਰਹੇ ਤੇ ਕਹਿਣ ਲੱਗੇ, ‘ਕਲਾ ਸੱਚ ਦੀ ਭਾਲ ਹੈ । ਸੱਚ ਰੱਬ ਦਾ ਰੂਪ ਹੈ । ਇਸੇ ਕਰਕੇ ਮੇਰੀ ਰਾਏ ਹੈ ਕਿ ਕਲਾ ਲਈ ਹਲੀਮੀ, ਲਗਨ ਤੇ ਸ਼ਰਧਾ ਦੀ ਲੋੜ ਹੈ ।” ਤੇ ਉਹ ਆਪਣਾ ਕੰਮ ਕਰਦੇ ਰਹੇ । ਕੁਝ ਦੇਰ ਬਾਅਦ ਆਪਣੀ ਲਿਖੀ ਇਕ ਕਵਿਤਾ ਦੇ ਬੰਦ ਗੁਣਗਣਾਉਣ ਲੱਗੇ :
ਕਾਦਰ ਨੇ ਜਦ ਕੁਦਰਤ ਸਾਜੀ ਮਾਇਆ ਪਰਿਥਮ ਸਜਾਈ ਟਿੱਬੇ ਟੋਏ ਨਰ ਤੇ ਨਾਰੀ ਦੀ ਇਕ ਖੇਲ ਰਚਾਈ ਮੇਰੇ ਪੁਛਣ ਤੇ ਉਨ੍ਹਾਂ ਨੇ ਦੱਸਿਆ ਕਿ ਇਹ ਮੇਰੀ ਕਵਿਤਾ ਦੇ ਬੰਦ ਹਨ । ਮੇਰੇ ਕਹਿਣ ਤੇ ਉਨ੍ਹਾਂ ਨੇ ਆਪਣੀ ਇਕ ਛੋਟੀ ਜਿਹੀ ਕਵਿਤਾ ਦੇ ਬੰਦ ਸੁਣਾਏ :
ਆਪਣਾ ਆਪ ਸਜਾਵਣ ਵਾਲਾ ਅੱਜ ਆਪਣੀ ਕਾਇਆ ਤੋਂ ਡਰਦੈ ਕਾਇਆ ਵਿਚ ਮੁਨੱਵਰ ਹੋ ਕੇ ਹੁਣ ਇਸ ਦੀ ਛਾਇਆ ਤੋਂ ਡਰਦੈ ਸਰਵ ਵਿਆਪੀ ਸਦਾ ਅਲੇਪਾ ਹੁਣ ਆਪਣੀ ਮਾਇਆ ਤੋਂ ਡਰਦੈ
ਇਹ ਕਵਿਤਾਵਾਂ ਸੁਣ ਕੇ ਮੈਂ ਗਦ ਗਦ ਹੋ ਗਈ । ਉਥੋਂ ਉਠ ਖੜੋਈ ਤੇ ਦਾਰ ਜੀ ਦੇ ਕਮਰੇ ਤੋਂ ਬਾਹਰ ਆ ਗਈ । ਉਹ ਆਪਣੇ ਕੰਮ ਵਿਚ ਰੁਝ ਗਏ । ਉਸ ਵੇਲੇ ਉਹ ਬਾਬਾ ਨਾਨਕ ਦਾ ਚਿਤਰ ਸਿਰਜ ਰਹੇ ਸਨ । ਅਸੀਂ ਉਨ੍ਹਾਂ ਦੀ ਉਸ ਵੇਲੇ ਕੰਮ ਕਰਦਿਆਂ ਦੀ ਫ਼ੋਟੋ ਖਿੱਚ ਲਈ ਸੀ ਜੋ ਅੱਜ ਵੀ ਸਾਡੇ ਕੋਲ ਹੈ । ਕੰਮ ਕਰਦਿਆਂ ਕਰਦਿਆਂ ਉਹ ਕਦੇ ਵੀ ਥਕਾਵਟ ਮਹਿਸੂਸ ਨਾ ਕਰਦੇ । ਘੰਟਿਆਂ ਬਧੀ ਪੇਂਟ ਕਰਦੇ ਰਹਿੰਦੇ । ਹਨ੍ਹੇਰਾ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਸੈਰ ਕਰਨ ਜਾਣਾ ਸੀ ਤੇ ਮੈਂ ਫਿਰ ਉਨ੍ਹਾਂ ਦੇ ਕਮਰੇ ਵਿਚ ਉਨ੍ਹਾਂ ਨੂੰ ਸਿਰਜਣਾ ਕਰਦਿਆਂ ਧਿਆਨ ਨਾਲ ਦੇਖਿਆ । ਮੈਨੂੰ ਜਾਪਿਆ ਜਿਵੇਂ ਸਚਮੁਚ ਹੀ ਸਿਰਜਣਹਾਰ ਦੇ ਹੱਥ ਕੋਈ ਸਿਰਜਣਾ ਕਰ ਰਹੇ ਹੋਣ । ਫੇਰ ਉਹ ਉੱਠ ਖੜੋਏ । ਮੈਂ ਵੀ ਉਨ੍ਹਾਂ ਦੇ ਨਾਲ ਬਾਹਰ ਆ ਗਈ । ਤੇ ਸਾਰੇ ਸੈਰ ਲਈ ਤੁਰ ਪਏ । ਰਸਤੇ ਵਿਚ ਵੀ ਉਹ ਕਈ ਵਿਸ਼ਿਆਂ ਬਾਰੇ ਆਪਣੇ ਵਿਚਾਰ ਸੁਣਾਉਂਦੇ ਰਹੇ ।
ਅਗਲੇ ਦਿਨ ਸਵੇਰੇ ਮੈਂ ਦੇਖਿਆ ਦਾਰ ਜੀ ਸੂਰਜ ਚੜ੍ਹਨ ਤੋਂ ਪਹਿਲਾਂ ਆਪਣੇ ਬਰਾਂਡੇ ਵਿਚ ਕੁਰਸੀ ਡਾਹ ਕੇ ਬੈਠੇ ਸਨ । ਸੂਰਜ ਧੌਲਾਧਾਰ ਦੀਆਂ ਪਹਾੜੀਆਂ ਪਿਛੋਂ ਹੌਲੀ ਹੌਲੀ ਨਿਕਲਦੇ ਨੂੰ ਦਾਰ ਜੀ ਬੜੀ ਨੀਝ ਨਾਲ ਦੇਖ ਰਹੇ ਸਨ । ਜਦੋਂ ਉਹਨਾਂ ਨੇ ਮੈਨੂੰ ਦੇਖਿਆ ਤਾਂ ਬੋਲੇ, “ਅੱਜ ਸੂਰਜ ਦੇ ਦਰਸ਼ਨ ਕਰਕੇ ਕੰਮ ਸ਼ੁਰੂ ਕਰਾਂਗੇ ਤੇ ਸਾਰੀ ਦਿਹਾੜੀ ਸੂਰਜ ਵਾਂਗ ਹੀ ਚਮਕਦੇ ਰਵਾਂ ਗੇ ।”
ਮਾਰਚ 1983 ਵਿਚ ਪਦਮ ਸ਼੍ਰੀ ਮਿਲਣ ਤੇ ਡਾਕਟਰ ਰੰਧਾਵਾ ਨੇ ਉਹਨਾਂ ਦਾ ਲੁਧਿਆਣੇ ਪੰਜਾਬੀ
ਭਵਨ ਵਿਚ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਹੋਣ ਦੇ ਨਾਤੇ ਸਨਮਾਨ ਕੀਤਾ। ਉਸ ਵੇਲੇ ਉਨ੍ਹਾਂ ਨੂੰ ਮਿਲਣ ਦਾ ਇਕ ਵਾਰ ਫੇਰ ਮੌਕਾ ਮਿਲਿਆ। ਉਹ ਬਹੁਤ ਖੁਸ਼ ਸਨ । ਇਸੇ ਵੇਲੇ ਪ੍ਰਸਿੱਧ ਲੇਖਕ ਡਾ. ਅਤਰ ਸਿੰਘ ਤੇ ਸੰਗੀਤਕਾਰ ਸ. ਸੋਹਣ ਸਿੰਘ ਦਾ ਸਨਮਾਨ ਵੀ ਹੋਇਆ ਸੀ ।
22 ਅਗਸਤ 1986 ਨੂੰ ਉਹਨਾਂ ਦੇ ਪੂਰੇ ਹੋਣ ਦੀ ਦੁੱਖ ਭਰੀ ਖਬਰ ਸੁਣੀ ਤਾਂ ਸਾਰੀ ਦੁਨੀਆਂ ਵਿਚ ਸੋਗ ਪੈ ਗਿਆ । ਮੈਨੂੰ ਜਾਪ ਰਿਹਾ ਸੀ ਕਿ ਸਿਰਜਣਹਾਰ ਚਲਿਆ ਗਿਆ । ਅੱਜ ਵੀ ਮੇਰੀਆਂ ਅੱਖਾਂ ਅੱਗੇ ਸਿਰਜਣਹਾਰ ਦੇ ਹੱਥ ਗੁਰੂ ਨਾਨਕ ਦੇਵ ਜੀ ਦਾ ਚਿਤਰ ਸਿਰਜ ਰਹੇ ਹਨ ।

ਹਨੇਰੇ ਦੀ ਭਾਲ ਵਿਚ ਅਮਰ ਭਾਰਤੀ

ਮੋਟਰ ਦੇ ਆਉਂਦਿਆਂ ਹੀ ਮਿਲਣ ਆਏ ਦਰਸ਼ਕਾਂ ਨੂੰ ਉਸ ਉਪਰ ਚੜ੍ਹਾਉਣ ਲਈ ਮੈਂ ਵੀ ਬਾਹਰ ਸੜਕ ਤੇ ਆ ਗਿਆ । ਉਨ੍ਹਾਂ ਸਭਨਾਂ ਨਾਲ ਵਿਦਾਈ ਹੱਥ ਮਿਲਾਉਣ ਤੋਂ ਬਾਅਦ ਸੋਭਾ ਸਿੰਘ ਜੀ ਨੇ ਉਸੇ ਅੰਦਾਜ਼ ਵਿਚ ਮੇਰਾ ਹੱਥ ਵੀ ਫੜ ਲਿਆ। ਕੁਝ ਮੁਸਕਰਾਉਂਦਿਆਂ ਹੋਇਆ ‘ਮੈਂ ਤਾਂ ਅੱਜ ਦੀ ਰਾਤ ਤੁਹਾਡੇ ਕੋਲ ਹੀ ਰਹਾਂ ਗਾ’ ਆਖ ਕੇ ਮੈਂ ਸੋਭਾ ਸਿੰਘ ਜੀ ਦੇ ਚੇਹਰੇ ਵਲ ਤੱਕਣ ਲਗ ਪਿਆ।
“ਬੜੀ ਖੁਸ਼ੀ ਦੀ ਗੱਲ ਏ ।” ਆਖਦਿਆਂ ਆਖਦਿਆਂ ਸੋਭਾ ਸਿੰਘ ਜੀ ਦੇ ਮਸਤਕ ਉਪਰ ਇਕ ਖਾਸ ਕਿਸਮ ਦੀਆਂ ਰੇਖਾਵਾਂ ਉਭਰੀਆਂ ਤੇ ਮਿਲ ਗਈਆਂ । ਉਨ੍ਹਾਂ ਰੇਖਾਵਾਂ ਤੋਂ ਮੈਂ ਏਨਾ ਕੁ ਜ਼ਰੂਰ ਸਮਝ ਗਿਆ ਕਿ ਏਥੇ ਰਹਿਣ ਦਾ ਰੌਂ ਦੱਸ ਕੇ ਮੈਂ ਕੁਝ ਵਧੀਕੀ ਕੀਤੀ ਹੈ, ਪਰ ਹੋਰ ਕੋਈ ਉਪਾਅ ਵੀ ਤੇ ਨਹੀਂ ਸੀ ।
ਸਿਰਫ ਤਿੰਨ ਘੰਟੇ ਪਹਿਲਾਂ ਮੈਂ ਧਰਮਸ਼ਾਲਾ ਤੋਂ ਅੰਦਰੇਟੇ ਵਿਚ ਪਹੁੰਚਿਆ ਸਾਂ । ਮੇਰੇ ਨਾਲ ਹੀ ਸੱਤ ਅੱਠ ਦਰਸ਼ਕਾਂ ਦਾ ਇਕ ਹੋਰ ਜੱਥਾ ਮੋਟਰ ਵਿਚੋਂ ਉੱਤਰਿਆ ਸੀ ਅਤੇ ਅਸੀਂ ਸਾਰੇ ਇਕ ਜੱਥੇ ਵਾਂਗ ਹੀ ਸੋਭਾ ਸਿੰਘ ਜੀ ਦੇ ਸਾਹਮਣੇ ਜਾ ਬੈਠੇ ਸਾਂ । ਪੰਦਰਾਂ ਵੀਹ ਮਿੰਟ ਤਕ ਤਰਦੀਆਂ ਤਰਦੀਆਂ ਗੱਲਾਂ ਤੋਂ ਬਾਅਦ ਮੈਂ ਸੋਭਾ ਸਿੰਘ ਜੀ ਦੀਆਂ ਨਜ਼ਰਾਂ ਵਿਚ ਜੱਥੇ ਨਾਲੋਂ ਵੱਖਰੇ ਇਕ ਵਿਅਕਤੀ ਦੇ ਰੂਪ ਵਿਚ ਆ ਸਕਿਆ ਸਾਂ ਅਤੇ ਉਸ ਤੋਂ ਪੰਦਰਾਂ ਵੀਹ ਮਿੰਟ ਬਾਅਦ ਹੀ ਉਸ ਜੱਥੇ ਨਾਲ ਮੈਂ ਵੀ ਅੰਦਰੇਟੇ ਵਿਚ ਤੀਹ ਚਾਲੀ ਸਾਲ ਤੋਂ ਵਸਦੀ ਅੱਸੀ-ਨੱਬੇ ਸਾਲਾ ਉਸ ਮੇਮ ਲੇਖਿਕਾ ਨੋਰ੍ਹਾ ਰਿਚਰਡਜ਼ ਨੂੰ ਦੂਰੋਂ ਵੇਖਣ ਲਈ ਚਲਿਆ ਗਿਆ । ਜਿਸ ਦੇ ਬਾਹਰਲੇ ਫਾਟਕ ਅੱਗੇ ਅੰਗਰੇਜ਼ੀ ਤੇ ਹਿੰਦੀ ਦੇ ਦੋ ਵੱਡੇ ਸਾਈਨ ਬੋਰਡਾਂ ਉਪਰ ਲਿਖਿਆ ਹੋਇਆ ਹੈ, “ਅੰਦਰ ਆਉਣਾ ਸਖਤ ਮਨ੍ਹਾ ਹੈ ।” ਮੇਮ ਲੇਖਿਕਾ ਬੋਲੀ ਹੈ, ਬਹੁਤ ਬਿਰਧ ਵੀ, ਹਰ ਹਫਤੇ ਉਹ ਇਕ ਲੇਖ ਟ੍ਰਿਬਿਊਨ ਨੂੰ ਭੇਜਦੀ ਹੈ ਜਿਸ ਵਿਚ ਉਸ ਦੇ ਇਸ ਉਮਰ ਦੇ ਉਹ ਅਨੁਭਵ ਹੁੰਦੇ ਹਨ ਜਿਹੜੇ ਇਸ ਬਣ-ਪਰਬਤ ਦੀ ਕੁਦਰਤ ਨਾਲ ਇਕਾਗਰਤਾ ਵਿਚੋਂ ਉਸ ਨੂੰ ਪ੍ਰਾਪਤ ਹੁੰਦੇ ਹਨ । ਮਿਲਦੀ ਉਹ ਕਿਸੇ ਨੂੰ ਨਹੀਂ ਅਤੇ ਜੇ ਕੋਈ ਉਸ ਦੇ ਘਰ ਚਲਿਆ ਹੀ ਜਾਵੇ ਤਾਂ ਗਾਲਾਂ ਦੀ ਬੁਛਾੜ ਨਾਲ ਹੀ ਉਸ ਦਾ ਸਵਾਗਤ ਹੁੰਦਾ ਹੈ । ਅਸੀਂ ਸਾਰੇ ਹੀ ਇਸ ਸਵਾਗਤ ਤੋਂ ਵਿਰਵੇ ਰਹੇ ਸਾਂ ਕਿਉਂਕਿ ਉਸ ਦੇ ਦਰਸ਼ਨ ਦੂਰੋਂ ਵੀ ਨਹੀਂ ਸਨ ਹੋ ਸਕੇ ।
ਮੁੜ ਕੇ ਸੋਭਾ ਸਿੰਘ ਜੀ ਦੀ ਕੋਠੀ ਪਹੁੰਚਦਿਆਂ ਤੱਕ ਢਾਈ ਘੰਟੇ ਸਮਾਂ ਬੀਤ ਚੁੱਕਾ ਸੀ ਤੇ ਜਾਂਦਿਆਂ ਹੀ ਅੰਦਰੇਟੇ ਵਿਚੋਂ ਲੰਘਦੀ ਉਸ ਦਿਨ ਦੀ ਇਕੋ ਇਕ ਬੱਸ ਆ ਗਈ ਸੀ । ਮੈਂ ਬਿਨਾਂ ਚੰਗੀ ਤਰ੍ਹਾਂ ਮਿਲਿਆਂ ਤੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕੀਤਿਆਂ ਬੱਸ ਵਿਚ ਚੜ੍ਹ ਕੇ ਤੁਰ ਜਾਣ ਲਈ ਆਪਣੇ ਆਪ ਨੂੰ ਮਨਾ ਨਹੀਂ ਸਾਂ ਸਕਿਆ ਤੇ ਰਾਤ ਰਹਿਣ ਬਾਰੇ ਆਖ ਦਿੱਤਾ ਸੀ । ਹੁਣ ਸੋਭਾ ਸਿੰਘ ਜੀ ਦੇ ਮਸਤਕ ਉਪਰ ਚਿੰਤਾ ਦੀ ਇਕ ਮਹੀਨ ਜਿਹੀ ਰੇਖਾ ਉਭਰਦਿਆਂ ਤੇ ਫਿਰ ਵਿਲੀਨ ਹੁੰਦਿਆਂ ਵੇਖ ਕੇ ਮੇਰਾ ਅੰਦਰਲਾ ਬਾਰ ਬਾਰ ਆਖਣ ਲੱਗਾ ਕਿ ‘ਕਿਸੇ ਤਰ੍ਹਾਂ ਵੀ ਹੋਵੇ ਏਥੋਂ ਤੁਰ ਚੱਲ ।’ ਪਰ ਇਕ ਵਾਰੀ ਰਹਿਣ ਬਾਰੇ ਆਖ ਕੇ ਹੁਣ ਤੁਰ ਜਾਣ ਦੀ ਗੱਲ ਆਖਣੀ ਵੀ ਕਿਹੜੀ ਸੌਖੀ ਸੀ ! ਅਤੇ ਫਿਰ ਬਿਨਾਂ ਰਾਹ ਵਿਚ ਕਿਧਰੇ ਰਾਤ ਕੱਟਿਆਂ ਉਸੇ ਦਿਨ ਧਰਮਸ਼ਾਲਾ ਪਹੁੰਚਣ ਦਾ ਵਸੀਲਾ ਵੀ ਤੇ ਕੋਈ ਨਹੀਂ ਸੀ । ਸੋ ਚੁੱਪ ਕਰਕੇ ਉਨ੍ਹਾਂ ਦੇ ਨਾਲ ਹੀ ਕਮਰੇ ਵਿਚ ਜਾ ਬੈਠਾ । ਡਾ. ਗੁਰਦਿਆਲ ਸਿੰਘ ਫੁੱਲ ਪਹਿਲਾਂ ਹੀ ਆਪਣੇ ਇਕ ਸਾਥੀ ਨਾਲ ਡਟੇ ਬੈਠੇ ਸਨ ।
ਬਹਿੰਦਿਆਂ ਹੀ ਸੋਭਾ ਸਿੰਘ ਜੀ ਨੇ ਕਲਾ ਤੇ ਸਭਿਆਚਾਰ ਬਾਰੇ ਗੱਲ ਸ਼ੁਰੂ ਕਰ ਦਿੱਤੀ ਅਤੇ ਕੁਝ ਮਿੰਟਾਂ ਵਿਚ ਹੀ ਗੱਲ ‘ਮੌਲਿਕਤਾ’, ‘ਪੰਜਾਬੀਪਣ ਦੀ ਅਣਹੋਂਦ’, ‘ਸ਼ਾਂਤੀ ਨਿਕੇਤਨ’ ਤੇ ਹੋਰ ਕਈ ਦੋਸ਼ੀ ਬਦੇਸ਼ੀ ਆਰਟ ਸਕੂਲਾਂ ਦੀਆਂ ਨਕਲਚੀ ਰੁਚੀਆਂ ਦੀ ਆਲੋਚਨਾ ਉੱਤੇ ਜਾ ਪਹੁੰਚੀ । ਉਹ ਆਖ ਰਹੇ ਸਨ, “ਜੇ ਇਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਬਨਾਉਣ ਲਈ ਆਖੋ ਤਾਂ ਇਹ ਇਕ ਕੋਮਲ ਜਿਹੇ ਲੰਮੀਆਂ ਲੰਮੀਆਂ ਅੱਖਾਂ ਤੇ ਅਜੀਬ ਜਿਹੇ ਗੁੱਸੇ ਵਾਲੇ ਕਿਸੇ ਆਦਮੀ ਦੇ ਹੱਥ ਵਿਚ ਤਲਵਾਰ ਤੇ ਬਾਜ਼ ਫੜਾ ਕੇ ਥੱਲੇ ਲਿਖ ਦੇਣਗੇ : ਗੁਰੂ ਗੋਬਿੰਦ ਸਿੰਘ ਜੀ ।”
ਮੈਂ ਕਿਹਾ, “ਆਧੁਨਿਕ ਸ਼ੈਲੀ ਤੇ ਨਹੀਂ ਸਗੋਂ ਯਥਾਰਥਕ ਸ਼ੈਲੀ ਵਿਚ ਬਣੀ ਗੁਰੂ ਗੋਬਿੰਦ ਸਿੰਘ ਜੀ ਦੀ ਇਕ ਇਸੇ ਤਰ੍ਹਾਂ ਦੀ ਤਸਵੀਰ ਮੈਂ ਸ਼ਾਂਤੀ ਨਿਕੇਤਨ ਦੇ ‘ਹਿੰਦੀ ਭਵਨ’ ਵਿਚ ਵੇਖ ਵੀ ਆਇਆ ਹਾਂ । ਉਸ ਭਵਨ ਦੀਆਂ ਅੰਦਰਲੀਆਂ ਦੀਵਾਰਾਂ ਉਪਰ ਉਲੀਕੇ ਗਏ ਚਿਤਰਾਂ ਵਿਚ ਇਕ ਸੁਕੜੂ ਜਿਹੇ ਆਦਮੀ ਦੇ ਹੱਥ ਵਿਚ ਤੀਰ-ਤਲਵਾਰ ਵੇਖਕੇ ਵੀ ਪਛਾਣ ਨਾ ਸਕਣ ਕਰਕੇ ਪੁੱਛਣ ਤੇ ਉਤਰ ‘ਗੁਰੂ ਗੋਬਿੰਦ ਸਿੰਘ’ ਮਿਲਿਆ ਸੀ ।”
ਗੱਲਾਂ ਕਰਦਿਆ ਕਰਦਿਆਂ ਮੈਂ ਵਿਚ ਵਿਚ ਚੋਰ ਅੱਖ ਨਾਲ ਸੋਭਾ ਸਿੰਘ ਜੀ ਦੇ ਉਸ ਕਮਰੇ ਦੀਆਂ ਦੀਵਾਰਾਂ ਨਾਲ ਲੱਗੀਆਂ ਤਸਵੀਰਾਂ ਨੂੰ ਵੇਖ ਲੈਂਦਾ ਸਾਂ । ਮੇਰੇ ਸਾਹਮਣੀ ਦੀਵਾਰ ਉਪਰ ਬੀਰ ਰੂਪ ਗੁਰੂ ਗੋਬਿੰਦ ਸਿੰਘ ਜੀ, ਗੁਰੂ ਹਰਗੋਬਿੰਦ ਸਾਹਿਬ ਜੀ, ਕਲਿਆਣ ਮੂਰਤੀ ਗੁਰੂ ਨਾਨਕ ਦੇਵ ਜੀ ਵਿਸ਼ਾਲ ਅੰਗਰੇਜ਼ੀ ਸਾਮਰਾਜ ਨਾਲ ਅਹਿੰਸਕ ਉਪਾਵਾਂ ਨਾਲ ਜੂਝਣ ਲਈ ਦੂਰ ਭਵਿੱਖ ਵਿਚ ਨਜ਼ਰਾਂ ਜਮਾਈ ਬੈਠੇ ਦ੍ਰਿੜ੍ਹਤਾ ਦੀ ਜਗਦੀ ਜੋਤ ਬਾਬਾ ਰਾਮ ਸਿੰਘ ਜੀ ਤੇ ਬੇਪਰਵਾਹ-ਬ੍ਰਹਮ ਗਿਆਨੀ ਯਸੂ ਮਸੀਹ ਦੀਆਂ ਤਸਵੀਰਾਂ ਵਾਰ ਵਾਰ ਮੇਰਾ ਧਿਆਨ ਖਿੱਚ ਰਹੀਆਂ ਸਨ । ਖੱਬੇ ਪਾਸੇ ਦੀ ਦੀਵਾਰ ਦੇ ਇਕ ਸਿਰੇ ਉਤੇ ਲਗੀ ਤਸਵੀਰ ਵਿਚ ਅੰਮ੍ਰਿਤਾ ਪ੍ਰੀਤਮ ਉਸ ਠੇਠ ਪੰਜਾਬਣ ਸਵਾਣੀ ਦੇ ਰੂਪ ਵਿਚ ਬੈਠੀ ਸੀ ਜਿਹੜਾ ਉਸਦੇ ਦਿਸਦੇ ਰੂਪ ਨਾਲੋਂ ਬਿਲਕੁਲ ਵੱਖਰਾ ਤੇ ਮੌਲਿਕ ਸੀ । ਪਿਛਲੀ ਦੀਵਾਰ ਨਾਲ ਰਵਾਲਸਰ ਤੇ ਖਜਿਆਰ ਦੇ ਵਿਸ਼ਾਲ ਦ੍ਰਿਸ਼-ਚਿਤਰ ਸਨ, ਸੱਜੀ ਦੀਵਾਰ ਉਪਰ ਜਗਤ ਪ੍ਰਸਿੱਧ ਹਿੰਦੁਸਤਾਨੀ ਐਕਟਰ ਪ੍ਰਿਥਵੀ ਰਾਜ ਕਪੂਰ, ਅੰਦਰੇਟੇ ਵਿਚ ਕਈ ਸਾਲਾਂ ਤੱਕ ਆ ਆ ਕੇ ਰਹਿੰਦੀ ਰਹੀ ਇਕ ਅਮਰੀਕਨ ਸਵਾਣੀ ਦੀ ਤਸਵੀਰ ਤੇ ਇਕ ਮਨਾਹੀਆਂ ਦੇ ਜੰਗਲੇ ਪਿਛੇ ਅਮੁਕ ਕਾਲੀ ਹਨੇਰੀ ਚਾਦਰ ਵਿਚ ਘਿਰੀ ਹੋਈ ਹਿਰਨ ਰੂਪੀ ਧਾਉਂਦੇ ਅਮੋੜ ਜਜ਼ਬਿਆਂ ਨੂੰ ਕਾਬੂ ਕਰਦੀ ਵਿਧਵਾ ਦੀ ਤਸਵੀਰ ਹੈ । ਕੋਲ ਹੀ ਗੁਰੂ ਦੇਵ ਟੈਗੋਰ, ਲਿੰਕਨ, ਪ੍ਰਿਥਵੀ ਰਾਜ ਕਪੂਰ, ਐਮ. ਐਸ. ਰੰਧਾਵਾ ਤੇ ਪ੍ਰੋਫੈਸਰ ਨਿਰਮਲ ਚੰਦਰ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਸਨ । ਇਨ੍ਹਾਂ ਮੂਰਤੀਆਂ ਤੇ ਤਸਵੀਰਾਂ ਰਾਹੀਂ ਪ੍ਰਗਟੀਆਂ ਭਰਪੂਰ ਸ਼ਖ਼ਸੀਅਤਾਂ ਦੇ ਵਿਚਕਾਰ ਤਖਤ ਪੋਸ਼ ਉਪਰ ਵਿਛੇ ਚਿੱਟੇ ਵਿਛੌਣੇ ਉਤੇ ਸੋਭਾ ਸਿੰਘ ਜੀ ਦੀ ਸੁਭਰ ਸ਼ਖਸੀਅਤ ਆਪਣੇ ਲੰਮੇ ਸਫ਼ੈਦ ਦਾੜ੍ਹੇ ਤੇ ਖੁਲ੍ਹੇ ਕੇਸਾਂ ਨਾਲ ਇੰਞ ਬਿਰਾਜਮਾਨ ਸੀ ਜਿਵੇਂ ਆਪਣੇ ਚੁਫੇਰੇ ਦੀ ਵਿਗਸਦੀ ਕੁਦਰਤੀ ਸੋਭਾ ਦੇ ਪ੍ਰਕਾਸ਼ ਵਿਚ ਬਰਫ- ਢੱਕੀ ਪਰਬਤ-ਦੇਵ ਦੀ ਮੂਰਤੀ ਬਿਰਾਜਮਾਨ ਹੋਵੇ । ਹਰ ਤਸਵੀਰ ਤੇ ਹਰ ਮੂਰਤੀ ਵਿਚਲੀ ਸ਼ਖਸੀਅਤ ਆਪਣੇ ਚੌਖਟੇ ਚੋਂ ਉਭਰ ਉਭਰ ਕੇ ਵਿਗਸਦੀ ਦਿਸਦੀ ਅਤੇ ਆਪਣੇ ਇਤਿਹਾਸ ਦੇ ਪਿਛੋਕੜ ਵਿਚ ਘਟੀਆਂ ਘਟਨਾਵਾਂ ਉਨ੍ਹਾਂ ਤੋਂ ਉਪਜੇ ਮਨੋਭਾਵਾਂ ਤੇ ਅਮਲਾਂ ਦਾ ਇਕ ਝਉਲਾ ਜਿਹਾ ਦੇ ਜਾਂਦੀ ਹੈ ।
ਮੇਰੇ ਮੂੰਹੋਂ ਸ਼ਾਂਤੀ ਨਿਕੇਤਨ ਦੀ ਗੱਲ ਨਿਕਲਦਿਆਂ ਹੀ ਚਰਚਾ ਦਾ ਰੁਖ ਇਕ ਦਮ ਬਦਲ ਗਿਆ ਤੇ ਸੋਭਾ ਸਿੰਘ ਜੀ ਨੇ ਸਵਾਲ ਕੀਤਾ, “ਤੁਹਾਡਾ ਕੀ ਖਿਆਲ ਏ ਕਿ ਜਿਵੇਂ ਟੈਗੋਰ ਨੇ ਆਸ਼ਰਮ ਬਣਾਇਆ ਸੀ ਉਹੋ ਜਿਹੇ ਆਸ਼ਰਮਾਂ ਦੀ ਲੋੜ ਹੈ ਅਤੇ ਉਹ ਅੱਜ ਵੀ ਚੱਲ ਸਕਦੇ ਨੇ ?” ਇਸ ਸਵਾਲ ਵਿਚੋਂ ਮੈਨੂੰ ਸੋਭਾ ਸਿੰਘ ਜੀ ਦੀ ਉਸ ਅੰਦਰਲੀ ਮਾਨਸ ਮੂਰਤੀ ਵਲ ਇਕ ਝਾਤੀ ਮਾਰਨ ਦਾ ਮੌਕਾ ਮਿਲ ਗਿਆ ਜਿਹੜੀ ਉਸਨੂੰ ਦਿੱਲੀ ਤੇ ਬੰਬਈ ਵਰਗੇ ਸ਼ਹਿਰਾਂ ਤੋਂ ਖੋਹ ਕੇ ਅੰਦਰੇਟੇ ਦੀ ਇਸ ਬਣਾਂ-ਪਰਬਤਾਂ ਵਾਲੀ ਧਰਤੀ ਉੱਤੇ ਖਿੱਚ ਲਿਆਈ ਹੈ । ਹਿੰਦੁਸਤਾਨ ਦੇ ਅਤੇ ਖਾਸ ਕਰਕੇ ਪੰਜਾਬ ਦੇ ਕਰੀਬ ਕਰੀਬ ਸਾਰੇ ਹੀ ਕਲਾਕਾਰ ਸ਼ਹਿਰਾਂ ਵਿਚ ਰਹਿੰਦੇ ਤੇ ਬਣਾਂ-ਪਰਬਤਾਂ ਦੀਆਂ ਤਸਵੀਰਾਂ ਬਣਾਉਂਦੇ ਹਨ ਪਰ ਸੋਭਾ ਸਿੰਘ ਜੀ ਬਣਾਂ-ਪਰਬਤਾਂ ਵਿਚ ਵਸਦੇ ਹੋਏ ਆਪਣੇ ਬੁਰਸ਼ ਨਾਲ ਇਤਿਹਾਸ ਦੀਆਂ ਉਜਲੀਆਂ ਸ਼ਖ਼ਸੀਅਤਾਂ ਦੇ ਚਿਹਰਿਆਂ ਉਤੋਂ ਸਮੇਂ ਦੀ ਵਿਥ ਦਾ ਪਰਦਾ ਲਾਹੁੰਦੇ ਤੇ ਉਨ੍ਹਾਂ ਦੇ ਅਣਥਕ ਘੋਲਾਂ ਤੇ ਉੱਜਲੇ ਭਵਿੱਖ ਦੀ ਨੁਹਾਰ ਨੂੰ ਚਿਤਰਦੇ ਰਹਿੰਦੇ ਹਨ । ਬੜਾ ਸਪੱਸ਼ਟ ਹੈ ਕਿ ਸ਼ਹਿਰਾਂ ਵਿਚ ਵਸਦੇ ਕਲਾਕਾਰ ਬਣਾਂ-ਪਰਬਤਾਂ ਦੇ ਕੁਦਰਤੀ ਜੀਵਨ ਦੇ ਸੁਪਨੇ ਲੈਂਦੇ ਹਨ ਪਰ ਸੋਭਾ ਸਿੰਘ ਜੀ ਦਾ ਚਿਤਰਕਾਰ ਬਣ-ਆਸ਼ਰਮ ਵਿਚ ਬੈਠ ਕੇ ਹਿੰਦੁਸਤਾਨ ਦੇ ਆਦਿ ਰਿਸ਼ੀਆਂ ਵਾਂਗ ਉਨ੍ਹਾਂ ਸ਼ਖਸੀਅਤਾਂ ਦੀ ਰਚਨਾ ਕਰਨੀ ਚਾਹੁੰਦਾ ਹੈ ਜਿਹੜੇ ਵਰਤਮਾਨ ਤੇ ਭਵਿੱਖ ਦੀ ਨੁਹਾਰ ਬਦਲ ਕੇ ਹਿਮਾਲੇ ਜਿਹੀ ਗੌਰਵਤਾ ਬਖਸ਼ ਸਕਣ । ਇਸੇ ਭਾਵਨਾ ਚੋਂ ਨਿਕਲੇ ਉਪਰੋਕਤ ਸਵਾਲ ਵਿਚੋਂ ਸੋਭਾ ਸਿੰਘ ਜੀ ਦਾ ਮਨ ਮੈਨੂੰ ਹੁੰਗਾਰਾ ਲਭਦਾ ਜਾਪਿਆ ।
ਮੈਂ ਕਿਹਾ, “ਇਹੋ ਜਿਹੇ ਆਸ਼ਰਮ ਸਦੀਆਂ ਦੇ ਤਜਰਬਿਆਂ ਵਿਚੋਂ ਨਿਕਲੀ ਸਮਾਜ ਦੀ ਇਕ ਸੁਚੱਜੀ ਤੇ ਸਾਤਵਿਕ ਰੂਪ-ਰੇਖਾ ਸਨ, ਇਨ੍ਹਾਂ ਦੀ ਲੋੜ ਉਸ ਜੁਗ ਵਿਚ ਵੀ ਸੀ ਜਿਸ ਨੂੰ ਅਸੀਂ ਤਪੋ- ਬਨ ਜੁਗ ਆਖਦੇ ਹਾਂ । ਇਨ੍ਹਾਂ ਦੀ ਲੋੜ ਉਦੋਂ ਵੀ ਸੀ ਜਦੋਂ ਬਦੇਸ਼ੀ ਰਾਜ ਸੀ ਅਤੇ ਟੈਗੋਰ ਤੇ ਗਾਂਧੀ ਜਿਹੇ ਮਹਾਂਪੁਰਖਾਂ ਨੇ ਸ਼ਾਂਤੀ ਨਿਕੇਤਨ ਤੇ ਸੇਵਾਗ੍ਰਾਮ ਜਿਹੇ ਆਸ਼ਰਮ ਬਣਾਏ ਸਨ । ਇਨ੍ਹਾਂ ਆਸ਼ਰਮਾਂ ਦੀ ਲੋੜ ਅੱਜ ਵੀ ਹੈ ਪਰ ਇਹ ਚਲਦੇ ਸ਼ਖਸੀਅਤਾਂ ਨਾਲ ਹੀ ਨੇ । ਸੰਸਥਾਵਾਂ ਜਾਂ ਸਰਕਾਰਾਂ ਇਨ੍ਹਾਂ ਦਾ ਨਾਸ ਹੀ ਮਾਰ ਸਕਦੀਆਂ ਨੇ । ਟੈਗੋਰ ਦੇ ਸਮੇਂ ਤੇ ਅਜ ਦੇ ਸਮੇਂ ਵਿਚ ਇਕ ਬੁਨਿਆਦੀ ਫ਼ਰਕ ਪੈ ਗਿਆ ਹੈ ਜਿਹੜਾ ਇਹੋ ਜਿਹੇ ਆਸ਼ਰਮਾਂ ਦੇ ਰਾਹ ਵਿਚ ਆ ਖਲੋਤਾ ਹੈ। ਉਦੋਂ ਚਾਹੁਣ ਤੇ ਵੀ ਸਰਕਾਰ ਕੋਈ ਵੀ ਮਦਦ ਨਹੀਂ ਸੀ ਦੇਂਦੀ ਕਿਉਂਕਿ ਸਰਕਾਰ ਇਨ੍ਹਾਂ ਆਸ਼ਰਮਾਂ ਦੀ ਭਾਵਨਾ ਤੋਂ ਹੀ ਭੈ-ਭੀਤ ਸੀ ਅਤੇ ਅਜ ਦੀ ਸਰਕਾਰ ਕੌਮੀ ਹੋਣ ਕਰਕੇ ਉਹ ਸਮਾਜ ਦੇ ਕਿਸੇ ਵੀ ਅੰਗ ਜਾਂ ਢਾਂਚੇ ਨੂੰ ਆਪਣੀ ਛੋਹ ਤੋਂ ਬਰੀ ਰਹਿਣ ਦੇਣ ਲਈ ਤਿਆਰ ਨਹੀਂ । ਟੈਗੋਰ ਤੇ ਗਾਂਧੀ ਦੇ ਸਾਹਮਣੇ ਦੇਸ਼ ਦੀ ਇਕ ਮਾਨਸ ਮੂਰਤੀ ਸੀ ਅਤੇ ਮੈਂ ਸਮਝਦਾ ਹਾਂ ਕਿ ਜਦੋਂ ਤਕ ਪ੍ਰਾਚੀਨ ਤਪੋ-ਬਨ ਦੇ ਰਿਸ਼ੀਆਂ ਵਾਂਗ ਹਕੂਮਤਾਂ ਨੂੰ ਆਪਣੀ ਇਛਿਆ ਮੁਤਾਬਕ ਚਲਾ ਸਕਣ ਦੀ ਯੋਗਤਾ ਤੇ ਸਮਰੱਥਾ ਰੱਖਣ ਵਾਲੇ ਵਿਅਕਤੀ ਆਪਣੇ ਵਿਚਾਰਾਂ ਦੇ ਢਾਂਚੇ ਅਨੁਸਾਰ ਸੰਪੂਰਨ ਰੂਪ ਵਿਚ ਬੇਪਰਵਾਹ ਹੋ ਕੇ ਚਲਣ ਲਈ ਤਿਆਰ ਨਹੀਂ ਹੁੰਦੇ ਉਦੋਂ ਤੱਕ ਮੌਜੂਦਾ ਜੁਗ ਵਿਚ ਕੋਈ ਵੀ ਆਸ਼ਰਮ ਬਣ ਨਹੀਂ ਸਕਦਾ ਤੇ ਚਲ ਵੀ ਨਹੀਂ ਸਕਦਾ ।”
“ਤੁਸੀਂ ਇਨ੍ਹਾਂ ਗੱਲਾਂ ਨੂੰ ਬੁੱਧੀ ਰਾਹੀਂ ਹੀ ਵੇਖਦੇ ਓ ਕਿ ਆਤਮਾ ਨਾਲ ਮਹਿਸੂਸ ਕਰਕੇ ਮੰਨਦੇ ਵੀ ਓ ?”
ਮੈਂ ਮਹਿਸੂਸ ਕੀਤਾ ਕਿ ਸੋਭਾ ਸਿੰਘ ਜੀ ਨੇ ਇਹ ਸਵਾਲ ਕਰਕੇ ਮੇਰੇ ਸ਼ਬਦ-ਜਾਲ ਵਿਚ ਮੈਨੂੰ ਹੀ ਫਸਾ ਦਿੱਤਾ ਹੈ ਕਿਉਂਕਿ ਉਨ੍ਹਾਂ ਦਾ ਦੂਸਰਾ ਸਵਾਲ ਇਹ ਸੀ ਕਿ ਇਹੋ ਜਿਹੀਆਂ ਗੱਲਾਂ ਸੋਚਣ ਤੇ ਮੰਨਣ ਵਾਲਾ ਆਦਮੀ ਦਿੱਲੀ ਵਰਗੇ ਸ਼ਹਿਰ ਵਿਚ ਕਿਵੇਂ ਰਹਿ ਸਕਦਾ ਹੈ ਜਿਥੇ ਉਸਦਾ ਬਹੁਤਾ ਸਮਾਂ ਤੇ ਉਹਦੀਆਂ ਸ਼ਕਤੀਆਂ ਦਾ ਬਹੁਤਾ ਹਿੱਸਾ ਸ਼ਹਿਰ ਦੇ ਰੌਲੇ-ਗੌਲੇ, ਵਾਹੋ-ਦਾਹੀ, ਝੂਠੇ ਸਾਊਪੁਣੇ ਤੇ ਅਪਹੁੰਚ ਬਹੁਲਤਾ ਨਾਲ ਬੇਕਾਰ ਲੜਨ ਵਿਚ ਹੀ ਜ਼ਾਇਆ ਹੋ ਜਾਂਦੇ ਹਨ ।
“ਦਿੱਲੀ ਮੈਂ ਰਹਿਣਾ ਤੇ ਨਹੀਂ ਚਾਹੁੰਦਾ ਪਰ ਫਿਰ ਰਵਾਂ ਵੀ ਕਿਥੇ ?”
“ਤੁਹਾਨੂੰ ਅੰਦਰੇਟਾ ਕਿਹੋ ਜਿਹਾ ਲਗਦਾ ਏ ?”
ਹੁਣ ਤਕ ਜਿੰਨਾ ਕੁ ਵੇਖਿਐ ਉਹ ਤੇ ਮਨ ਨੂੰ ਫੜੀ ਬੈਠਾ ਏ ।”
“ਫਿਰ ਏਥੇ ਹੀ ਰਹੋ ।”
“ਏਥੇ ਇਸ ਜੰਗਲ ਵਿਚ ਰਹਿ ਕੇ ਕਰਾਂਗਾ ਕੀ ? ਰੋਟੀ ਤਾਂ ਕਮਾ ਕੇ ਖਾਣੀ ਹੀ ਪਏਗੀ।”
“ਪਰ ਮੈਂ ਤਾਂ ਸਮਝਦਾ ਹਾਂ ਕਿ ਮਨੁੱਖ ਨੂੰ ਆਪਣੇ ਨਿਸ਼ਾਨੇ ਦੇ ਅਨੁਸਾਰ ਕੰਮ ਕਰੀ ਜਾਣਾ ਚਾਹੀਦੈ, ਰੋਟੀ ਆਪੇ ਉਸਦੇ ਮਗਰ ਮਗਰ ਤੁਰੀ ਆਉਂਦੀ ਏ । ਜਾਂ ਇੰਞ ਆਖੋ ਕਿ ਤੁਹਾਡਾ ਨਿਸ਼ਾਨਾ ਹੀ ਰੋਟੀ ਕਮਾਉਣਾ ਏ । ਪਰ ਮੇਰਾ ਖਿਆਲ ਨਹੀਂ ਕਿ ਤੁਹਾਡੇ ਜਿਹੇ ਆਦਮੀ ਦਾ ਨਿਸ਼ਾਨਾ ਸਿਰਫ਼ ਰੋਟੀ ਕਮਾਉਣਾ ਹੀ ਹੋ ਸਕਦੈ । ਅੱਜ ਦੁਨੀਆਂ ਜਿਸ ਅੰਨ੍ਹੀ ਦੌੜ ਵਿਚ ਲੱਗੀ ਹੋਈ ਏ ਉਸ ਵਿਚ ਜੇ ਤੁਸੀਂ ਕੋਈ ਸੁਖਾਵੀਂ ਤਬਦੀਲੀ ਨਾ ਵੀ ਲਿਆ ਸਕੋ, ਪਰ ਸਾਤਵਿਕ ਗੁਣਾਂ ਨਾਲ ਆਪ ਜਿਓ ਕੇ ਜੇ ਉਨ੍ਹਾਂ ਗੁਣਾਂ ਨੂੰ ਹੀ ਬਚਾਈ ਰੱਖ ਸਕੋ ਤਾਂ ਇਹ ਵੀ ਇਕ ਬੜਾ ਵੱਡਾ ਕੰਮ ਹੋਵੇਗਾ । ਦੁਨੀਆਂ ਵਿਚ ਝੂਠ, ਫਰੇਬ, ਸ਼ੱਕ, ਬੇਵਿਸਾਹੀ ਤੇ ਲੋਭ-ਲਾਲਚ ਏਨੇ ਵਧ ਗਏ ਨੇ ਕਿ ਕਿਸੇ ਸ਼ੁੱਧ ਹਿਰਦੇ ਚੋਂ ਨਿਕਲੀ ਸੱਚ ਤੇ ਪਿਆਰ ਦੀ ਆਵਾਜ਼ ਨੂੰ ਦੁਨੀਆਂ ਤਰਸ ਗਈ ਏ, ਤੁਸੀਂ ਕਿਵੇਂ ਸਰਬੱਤ ਦੇ ਭਲੇ ਦੀਆਂ ਗੱਲਾਂ ਕਰਦੇ ਓ ਉਸ ਮੁਤਾਬਕ ਤੁਹਾਨੂੰ ਡਟ ਜਾਣਾ ਚਾਹੀਦਾ ਏ । ਜੇ ਤੁਸੀਂ ਆਪਣੇ ਆਪ ਨੂੰ ਸਰਬੱਤ ਦੇ ਭਲੇ ਲਗਾਓ ਗੇ ਤਾਂ ਸਰਬੱਤ ਤੁਹਾਨੂੰ ਰੋਟੀਓਂ ਭੁੱਖਿਆਂ ਨਹੀਂ ਰਹਿਣ ਦੇਣਗੇ ।”
“ਮੈਂ ਸੁਣਿਐ ਤੁਸੀਂ ਏਥੇ ਕੋਈ ਕਲਾਕਾਰ ਬਸਤੀ ਵਸਾਉਣ ਲੱਗੇ ਓ ।”
“ਚਾਹੁੰਦਾ ਤਾਂ ਮੈਂ ਜ਼ਰੂਰ ਹਾਂ । ਇਸ ਕੰਮ ਲਈ ਮੈਂ ਜ਼ਮੀਨ ਵੀ ਖਰੀਦੀ ਏ ਪਰ ਸਾਡੇ ਲੋਕਾਂ ਵਿਚ ਇਕ ਪਰੰਪਰਾਗਤ ਗੁਣ ਏ, ਉਹ ਗੁਣ ਏ, ਮਿਲ ਕੇ ਨਾ ਚਲਣਾ । ਟੀਮ ਵਰਕ ਸਾਡੇ ਸੁਭਾਵਾਂ ਵਿਚ ਹੀ ਨਹੀਂ । ਆਉਣਾ ਏਥੇ ਬਹੁਤ ਸਾਰੇ ਲੋਕ ਚਾਹੁੰਦੇ ਹਨ ਪਰ ਹਰ ਕੋਈ ਰੀਟਾਇਰ ਹੋਣ ਤੋਂ ਬਾਅਦ, ਕਈਆਂ ਨੇ ਜਗ੍ਹਾ ਵੀ ਲੈ ਲਈ ਏ ਪਰ ਸ਼ਰਤ ਉਹੋ ਹੀ ਉਨ੍ਹਾਂ ਦੇ ਆਉਣ ਦੀ । ਪੰਜਾਬ ਸਰਕਾਰ ਦੀ ਵੀ ਇਕ ਸਕੀਮ ਆਰਟ ਸਕੂਲ ਖੋਲ੍ਹਣ ਦੀ ਸੀ, ਪਰ ਸਰਕਾਰਾਂ ਜਿਵੇਂ ਕੰਮ ਕਰਦੀਆਂ ਨੇ ਤੁਹਾਨੂੰ ਪਤਾ ਹੀ ਹੈ। ਸਰਵੇ ਵਿਚ ਹੀ ਪਤਾ ਨਹੀਂ ਕਿੰਨੇ ਸਾਲ ਲਗ ਜਾਣੇ ਨੇ ਅਤੇ ਜੇ ਕਦੀ ਉਹ ਸਕੀਮ ਅਮਲ ਵਿਚ ਆ ਵੀ ਗਈ ਤਾਂ ਸਰਕਾਰ ਨੇ ਆਪਣਾ ਸਿਲੇਬਸ ਮੜ੍ਹ ਦੇਣਾ ਏ । ਮੈਂ ਚਾਹੁੰਦਾ ਹਾਂ ਕਿ ਆਰਟ ਦੇ ਵਿਦਿਆਰਥੀ ਏਥੇ ਆਉਣ, ਰਹਿਣ, ਉਹ ਆਪਣੀਆਂ ਅੱਖਾਂ ਨਾਲ ਦੁਨੀਆਂ ਨੂੰ ਵੇਖਣ, ਆਪਣੀ ਕਲਪਨਾ ਨਾਲ ਉਸ ਨੂੰ ਚਿਤ੍ਰਣ ਅਤੇ ਆਰਟ ਦੀ ਕੰਪੋਜ਼ੀਸ਼ਨ ਤੇ ਟੈਕਨੀਕ ਬਾਰੇ ਉਨ੍ਹਾਂ ਦੀ ਲੋੜ ਅਨੁਸਾਰ ਮੈਂ ਜਾਂ ਮੇਰੇ ਜਿਹੇ ਹੋਰ ਆਰਟਿਸਟ ਉਨ੍ਹਾਂ ਨੂੰ ਦੱਸ ਦਿਆ ਕਰਨ । ਸਰਕਾਰੀ ਸਿਲੇਬਸ ਰਾਹੀਂ ਪੜ੍ਹੇ ਸਿੱਖੇ ਤਾਂ ਨੌਕਰ ਹੀ ਬਣ ਸਕਦੇ ਨੇ ਪਰ ਮੇਰੀ ਕਲਪਨਾ ਦਾ ਆਦਮੀ ਨੌਕਰ ਨਹੀਂ ਸਗੋਂ ਸੁਤੰਤਰ ਰੂਪ ਵਿਚ ਕੰਮ ਹੱਥੀਂ ਕਰਕੇ ਗੌਰਵ ਨਾਲ ਜਿਉਂ ਸਕਣ ਵਾਲਾ ਹੋਵੇਗਾ ।”
“ਤੁਸਾਂ ਇਸ ਸਿਲਸਿਲੇ ਵਿਚ ਕੁਝ ਆਰੰਭ ਕੀਤਾ ਏ ?”
“ਮੇਰਾ ਆਰੰਭ ਇਹੋ ਐ ਕਿ ਸੋਲਾਂ ਸਤਾਰਾਂ ਸਾਲ ਤੋਂ ਏਥੇ ਬੈਠ ਕੇ ਕੰਮ ਕਰ ਰਿਹਾ ਹਾਂ । ਸਮਾਜ ਦੇ ਇਕ ਖਾਸ ਹਿੱਸੇ ਦਾ ਧਿਆਨ ਅੰਦਰੇਟੇ ਵੱਲ ਖਿਚਿਆ ਜਾ ਚੁੱਕਾ ਏ । ਇਹ ਧਰਤੀ ਸੰਸਕਾਰਮਈ ਬਣ ਗਈ ਏ । ਏਥੇ ਦੂਰ ਨੇੜੇ ਤੋਂ ਅਨੇਕਾਂ ਲੋਕ ਆਉਂਦੇ ਨੇ, ਕੋਈ ਮੈਨੂੰ ਮਿਲਣ ਆਉਂਦਾ ਏ ਕੋਈ ਮੇਰੀਆਂ ਤਸਵੀਰਾਂ ਦੇਖਣ ਆਉਂਦਾ ਏ ਤੇ ਕੋਈ ਇਹੋ ਵੇਖਣ ਲਈ ਆ ਜਾਂਦਾ ਏ ਕਿ ਅੰਦਰੇਟੇ ਵਿਚ ਹੀ ਅਜਿਹਾ ਕੀ ਐ ਜੋ ਮੈਂ ਵੱਡੇ-ਵੱਡੇ ਸ਼ਹਿਰਾਂ ਨੂੰ ਛੱਡ ਕੇ ਏਥੇ ਆ ਬੈਠਾ ਹਾਂ । ਇਹੋ ਜਿਹੇ ਲੋਕ ਵੀ ਏਥੇ ਆਉਂਦੇ ਨੇ ਜਿਹੜੇ ਇਹ ਸਮਝਦੇ ਨੇ ਕਿ ਏਥੇ ਰਹਿ ਕੇ ਐਸੇ ਕੰਮ ਕੀਤੇ ਜਾ ਸਕਦੇ ਨੇ ਜਿਹੜੇ ਸਮਾਜ ਵਿਚ ਬੁਨਿਆਦੀ ਤਬਦੀਲੀਆਂ ਲਿਆ ਸਕਣ ਵਿਚ ਸਮਰੱਥ ਹੋਣ । ਏਥੇ ਆਰਟਿਸਟ
ਆਉਂਦੇ ਨੇ ਤੇ ਲਿਖਾਰੀ ਵੀ । ਪ੍ਰਾਚੀਨ ਸਮਿਆਂ ਵਿਚ ਸਾਡੇ ਰਿਸ਼ੀਆਂ, ਕਵੀਆਂ, ਲਿਖਾਰੀਆਂ ਨੇ ਇਨ੍ਹਾਂ ਪਹਾੜਾਂ-ਜੰਗਲਾਂ ਵਿਚ ਬੈਠ ਕੇ ਹੀ ਸਾਧਨਾ ਕੀਤੀ ਸੀ ਤੇ ਸਮਾਜ ਦੇ ਕਲਿਆਣ ਹਿੱਤ ਇਨ੍ਹੀਂ ਬਾਈਂ ਹੀ ਤਪੋਬਨ ਆਸ਼ਰਮ ਚਲਦੇ ਸਨ । ਮੈਂ ਸਮਝਦਾ ਹਾਂ ਕਿ ਕੰਮ ਕਰਨ ਵਾਲਿਆਂ ਦਾ ਘਾਟਾ ਨਹੀਂ, ਇਕ ਇਕ ਆਦਮੀ ਆਪਣੇ ਆਪ ਵਿਚ ਇਕ ਇਕ ਸ਼ਖਸੀਅਤ ਹੁੰਦਾ ਹੈ । ਉਹ ਲੋਕ ਜੋ ਏਥੇ ਆ ਕੇ ਕੁਝ ਸ਼ੁਰੂ ਕਰ ਸਕਣ ਤਾਂ ਬਹੁਤ ਕੁਝ ਹੋ ਸਕਦਾ ਏ ।”
“ਪਰ ਇਨ੍ਹਾਂ ਕੰਮਾਂ ਦੇ ਪਿੱਛੇ ਤਾਂ ਕੋਈ ਇਕ ਵਡੀ ਸ਼ਖ਼ਸੀਅਤ ਹੀ ਖੜ੍ਹੀ ਹੁੰਦੀ ਏ । ਬਾਕੀ ਸਾਰੀਆਂ ਸ਼ਖਸੀਅਤਾਂ ਉਸਦੇ ਦਵਾਲੇ ਹੀ ਘੁੰਮਦੀਆਂ ਨੇ । ਹਰ ਕਿਸੇ ਵਿਚ ਏਨੀ ਹਿੰਮਤ ਨਹੀਂ ਹੁੰਦੀ ਕਿ ਉਹ ਨਵੇਂ ਸਿਰੇ ਕੋਈ ਵੱਡਾ ਕੰਮ ਸ਼ੁਰੂ ਕਰ ਸਕੇ । ਪਰ ਤੁਹਾਡੇ ਛੋਹੇ ਹੋਏ ਕੰਮ ਵਿਚ ਜ਼ਰੂਰ ਬਹੁਤ ਸਾਰੇ ਲੋਕ ਆ ਰਲਣਗੇ ਤੇ ਉਸਨੂੰ ਅਗਾਂਹ ਵੀ ਵਧਾ ਲਿਜਾਣਗੇ ।”
ਗੱਲਾਂ ਕਰਦਿਆਂ ਕਰਦਿਆਂ ਰਾਤ ਅੱਧੀਓਂ ਬਹੁਤੀ ਬੀਤ ਚੁੱਕੀ ਸੀ ਸੋ ਇਨ੍ਹਾਂ ਨੂੰ ਸਵੇਰ ਉੱਤੇ ਪਾ ਕੇ ਉਸ ਰਾਤ ਲਈ ਸੌਣ ਚਲੇ ਗਏ ।
ਉਸ ਤੋਂ ਬਾਅਦ ਡੇੜ੍ਹ ਮਹੀਨਾ ਬੀਤ ਚੁੱਕਾ ਹੈ, ਮੈਨੂੰ ਅੰਦਰੇਟੇ ਵਿਚ ਹੀ । ਰੋਜ਼ਾਨਾ ਘੰਟਿਆ ਬੱਧੀ ਗੱਲਾਂ ਹੁੰਦੀਆਂ ਰਹੀਆਂ ਹਨ, ਸਵਾਲ ਜਵਾਬ ਹੁੰਦੇ ਰਹੇ ਹਨ। ਅਨੇਕਾਂ ਲੋਕਾਂ ਨੂੰ ਏਥੇ ਸੋਭਾ ਸਿੰਘ ਜੀ ਦੇ ਦਰਸ਼ਨਾਂ ਲਈ ਆਉਂਦਿਆਂ ਤਕਦਾ ਹਾਂ । ਦਸਾਂ, ਵੀਹਾਂ, ਪੰਜਾਹਾਂ ਦੇ ਜੱਥੇ ਵੀ ਆਉਂਦੇ ਹਨ ਅਤੇ ਨਾਲ ਆਉਂਦੇ ਹਨ ਅਨੇਕਾਂ ਸਵਾਲ ।
ਮੈਂ ਵੀ ਪੁਛ ਲੈਂਦਾ ਹਾਂ, “ਅੰਦਰੇਟੇ ਵਿਚ ਤੁਹਾਡੇ ਕੋਲ ਏਨੇ ਲੋਕਾਂ ਦੇ ਆਉਣ ਦਾ ਕਾਰਣ ਤੁਹਾਡੇ ਖਿਆਲ ਵਿਚ ਤੁਹਾਡਾ ਆਰਟ ਏ, ਤੁਹਾਡੀ ਸ਼ਖਸੀਅਤ ਏ ਜਾਂ ਅੰਦਰੇਟੇ ਦਾ ਉਸ ਬਣ-ਪਰਬਤ ਭੂਮੀ ਉੱਤੇ ਹੋਣਾ ਹੈ ਜਿੱਥੇ ਪ੍ਰਾਚੀਨ ਸਮੇਂ ਤੋਂ ਸੰਸਾਰ ਦੀਆਂ ਵਡੀਆਂ ਹਲਚਲਾਂ ਤੋਂ ਲਾਂਭੇ ਕੁਦਰਤ ਦੀ ਗੋਦ ਵਿਚ ਬੈਠ ਕੇ ਸਾਧਨਾ ਕਰਨ ਦੀ ਰਿਸ਼ੀ-ਪਰੰਪਰਾ ਏ ? ਕਿਉਂਕਿ ਆਰਟਿਸਟ ਤਾਂ ਹਿੰਦੁਸਤਾਨ ਵਿਚ ਹੋਰ ਵੀ ਬਹੁਤ ਨੇ ਤੇ ਉਨ੍ਹਾਂ ਵਿਚੋਂ ਕਈ ਬੜੇ ਮਸ਼ਹੂਰ ਵੀ ਨੇ ।”
“ਇਸਦਾ ਜਵਾਬ ਤਾਂ ਏਥੇ ਆਉਣ ਵਾਲਿਆਂ ਕੋਲੋਂ ਹੀ ਮਿਲ ਸਕਦਾ ਏ । ਤੁਸੀਂ ਵੀ ਤੇ ਇਕ ਦਿਨ ਇਸੇ ਤਰ੍ਹਾਂ ਆਏ ਸੀ ਫਿਰ ਆਪੇ ਹੀ ਕਿਉਂ ਨਹੀਂ ਇਸ ਸਵਾਲ ਦਾ ਜਵਾਬ ਦੇਂਦੇ ?”
“ਮੈਂ ਤਾਂ ਜਦੋਂ ਅੰਦਰੇਟੇ ਵਿਚ ਤੁਹਾਡੇ ਨਿਵਾਸ ਬਾਰੇ ਸੁਣਿਆ ਸੀ ਉਦੋਂ ਕੁਝ ਇਹੋ ਜਿਹੀ ਕਲਪਨਾ ਬਣਾਈ ਸੀ ਕਿ ਕਿਸੇ ਪਹਾੜ ਦੀ ਉੱਚੀ ਸਾਰੀ ਚੋਟੀ ਉਪਰ ਤੁਹਾਡਾ ਇਕ ਸਾਦਾ ਤੇ ਸੰਖੇਪ ਜਿਹਾ ਘਰ ਏ । ਤੁਸੀਂ ਉਸ ਇਕਾਂਤ ਵਿਚ ਆਪਣੀ ਮੌਜ ਨਾਲ ਤਸਵੀਰਾਂ ਬਣਾਉਂਦੇ ਓ । ਆਲੇ ਦਵਾਲੇ ਦੇ ਲੋਕਾਂ ਨਾਲ ਸਨੇਹ ਸਦਕਾ ਉਹ ਸ਼ਰਧਾ ਨਾਲ ਤੁਹਾਡੇ ਕੋਲ ਆਉਂਦੇ ਨੇ, ਆਉਂਦਿਆਂ ਹੋਇਆਂ ਖਾਣ ਪੀਣ ਦੀ ਸਮਗਰੀ ਲਈ ਆਉਂਦੇ ਨੇ ਤੇ ਜਾਂਦੇ ਹੋਏ ਤੁਹਾਡਾ ਆਸ਼ੀਰਵਾਦ ਲੈ ਜਾਂਦੇ ਨੇ । ”
“ਠੀਕ ਐ, ਇਸੇ ਤਰ੍ਹਾਂ ਹੀ ਆਪਣੀ ਆਪਣੀ ਕਲਪਨਾ ਨਾਲ ਲੋਕ ਆਉਂਦੇ ਨੇ । ਥੋੜ੍ਹੇ ਜਿਹੇ ਫ਼ਰਕ ਨਾਲ ਤੁਹਾਡੀ ਕਲਪਨਾ ਹੀ ਠੀਕ ਏ । ਘਰ ਮੇਰਾ ਉਚੀ ਚੋਟੀ ਤੇ ਨਾ ਹੋ ਕੇ ਇਕ ਖੁਲ੍ਹੀ ਲੰਮੀ ਚੌੜੀ ਘਾਟੀ ਵਿਚ ਸੜਕ ਦੇ ਕੰਢੇ ਤੇ ਐ । ਏਧਰ ਇਕ ਬੰਨੇ ਦੂਰ ਤਕ ਫੈਲੀ ਹੋਈ ਹਿਮਾਲੇ ਦੀ ਧੌਲਾਧਾਰ ਏ ਜਿਹੜੀ ਅੱਜਕਲ੍ਹ ਬੱਦਲਾਂ ਨਾਲ ਹਰੀ ਨੀਲੀ ਭਾਹ ਮਾਰਦੀ ਏ ਤੇ ਸਰਦੀਆਂ ਵਿਚ ਬਰਫ਼ ਨਾਲ ਚਿਟੀ ਦੁਧ ਹੋ ਜਾਂਦੀ ਏ । ਦੂਸਰੇ ਬੰਨੇ ਸਾਡਾ ਇਹ ਪਿੰਡ ਉੱਚੇ ਸਰਸਬਜ਼ ਪਹਾੜ ਦੇ ਠੀਕ ਪੈਰਾਂ ਵਿਚ ਏ । ਵਿਚਕਾਰ ਐ ਰੰਗ-ਸੁਰੰਗਾ ਵਿਕਾਸ, ਦੂਰ ਦੂਰ ਤੱਕ ਫੈਲੇ ਹਰੇ ਭਰੇ ਖੇਤ । ਇਹ ਨਿਤ ਰੰਗ ਵਟਾਉਂਦੇ ਰਹਿੰਦੇ ਨੇ ਤੇ ਮੈਂ ਇਨ੍ਹਾਂ ਰੰਗਾਂ ਵਿਚ ਜੀਵਨ ਨੂੰ ਜਿਊਂਦਾ ਹਾਂ । ਏਧਰ ਦੇ ਸਾਧਾਰਨ ਲੋਕ ਆਰਟ ਨੂੰ ਸਮਝਦੇ ਨਹੀਂ ਇਸ ਲਈ ਭਗਤੀ ਵਸ ਮੇਰੇ ਕੋਲ ਆਉਂਦੇ ਵੀ ਨਹੀਂ।…
“ਆਰਟ ਦੀ ਪਛਾਣ ਵਾਲੇ ਲੋਕ ਥੋੜ੍ਹੇ ਤੇ ਉਹ ਵੀ ਚੂਰੋਂ ਆਉਂਦੇ ਨੇ । ਮਕਾਨ ਮੇਰਾ ਜ਼ਰੂਰ ਸਾਦਾ ਤੇ ਸੰਖੇਪ ਜਿਹਾ ਹੀ ਸੀ ਪਰ ਕੁਝ ਸ਼ੌਕ ਸਦਕਾ ਤੇ ਕੁਝ ਬਾਹਰੋਂ ਆਉਣ ਵਾਲਿਆਂ ਦੇ ਸਵਾਦ ਸਦਕਾ ਇਹ ਦਿਨੋ-ਦਿਨ ਵੱਡਾ ਤੇ ਆਰਟਿਸਟਿਕ ਬਣਦਾ ਗਿਆ ਏ । ਇਸਨੂੰ ਵਧਾਉਣ ਤੇ ਲਗਾਤਾਰ ਨਵੇਂ ਸਿਰੇ ਬਣਵਾਉਣ ਵਿਚ ਮੈਨੂੰ ਆਨੰਦ ਮਿਲਦਾ ਏ । ਐਹ ਸੈਂਕੜੇ ਕਿਸਮਾਂ ਦੇ ਫੁੱਲ ਹਾਸਲ ਕਰਨ ਲਈ ਮੈਨੂੰ ਕਿਥੇ ਕਿਥੇ ਨਹੀਂ ਜਾਣਾ ਪਿਆ ! ਤੇ…”
“ਅੱਛਾ, ਤੁਹਾਡੇ ਦੋ ਸਪਸ਼ਟ ਰੂਪ ਮੈਨੂੰ ਏਥੇ ਦਿਸੇ ਨੇ । ਇਕ ਇਸ ਸ਼ਾਨਦਾਰ ਕੋਠੀ ਵਿਚ ਵਸਦੇ ਆਰਟਿਸਟ ਸੋਭਾ ਸਿੰਘ ਦਾ ਅਤੇ ਦੂਸਰਾ, ਇਸ ਨਾਲ ਦੇ ਜੰਗਲ ਦੀ ਘੋਰ ਇਕੱਲਤਾ ਵਿਚ ਬਰਸਾਤੀ ਪਾਣੀ ਦੀ ਇਕਸਾਰ ਸੰਗੀਤਕ ਸੁਰ ਵਿਚ ਡਿਗਦੀ ਧਾਰ ਹੇਠਲੇ ਤਲਾਅ ਦੇ ਕੰਢੇ ਬਣੀ ਤੁਹਾਡੀ ਨਿਕੀ ਜਿਹੀ ਕੁਟੀਆ ਵਾਲੇ ਸੋਭਾ ਸਿੰਘ ਦਾ । ਤੁਹਾਡਾ ਕਿਹੜਾ ਰੂਪ ਯਥਾਰਥਕ ਏ ਤੇ ਕਿਹੜਾ…”
“ਉਹ ਕੁਟੀਆ ਵੀ ਮੈਂ ਓਨੀ ਹੀ ਰੀਝ ਨਾਲ ਬਣਾਈ ਏ ਜਿੰਨੀ ਰੀਝ ਨਾਲ ਐਹ ਕੋਠੀ । ਰਹਿੰਦਾ ਮੈਂ ਜ਼ਰੂਰ ਇਸ ਕੋਠੀ ਵਿਚ ਹੀ ਹਾਂ ਪਰ ਉਹ ਕੁਟੀਆ ਵੀ ਮੈਨੂੰ ਬੁਲਾਉਂਦੀ ਰਹਿੰਦੀ ਏ । ਵਿਚ ਵਿਚ ਮੈਂ ਉਥੇ ਜਾ ਕੇ ਬਹਿੰਦਾ ਹਾਂ ਤੇ ਕੁਦਰਤ ਨਾਲ ਪੂਰਨ ਇਕਾਗਰਤਾ ਅਨੁਭਵ ਕਰਦਾ ਹਾਂ। ਉਥੇ ਜਾਂ ਤਾਂ ਪਾਣੀ ਦੀ ਆਵਾਜ਼ ਏ ਜਾਂ ਫਿਰ ਪੰਛੀਆਂ ਦੀ ਕਿਲਕਾਰੀ । ਉਥੋਂ ਦੇ ਸੱਪ ਤੇ ਹੋਰ ਜੰਗਲੀ ਜੀਵ ਜੰਤੂ ਮੇਰੇ ਮਿੱਤਰ ਨੇ ਤੇ ਉਥੇ ਜਾ ਕੇ ਹੀ ਮੇਰਾ ਅੰਦਰਲਾ ਸੋਭਾ ਸਿੰਘ ਜਾਗਦਾ ਏ ।”

ਸੋਹਣੀ ਦਾ ਆਸ਼ਕ ਸੋਭਾ ਸਿੰਘ ਪ੍ਰੇਮ ਪ੍ਰਕਾਸ਼

ਡੇਢ ਸੌ ਮੀਲ ਰੇਲ ਗੱਡੀ ਤੇ ਵਿੰਗ ਤੜਿੰਗਾ ਪਹਾੜੀ ਸਫ਼ਰ ਤੇ ਡੇਢ ਮੀਲ ਪੈਦਲ । ਧਾਨ ਦੀਆਂ ਉੱਚੀਆਂ ਨੀਵੀਆਂ ਖੇਤਰੀਆਂ ਵਿਚਕਾਰ ਕੱਚੀ-ਪੱਕੀ ਸੜਕ, ਇਹ ਅੰਦਰੇਟਾ ਹੈ। ਸਭ ਤੋਂ ਪਹਿਲਾਂ ਬੰਗਲਾ-ਨੁਮਾ ਨਵੇਂ ਢੰਗ ਦਾ ਮਕਾਨ, ਮੱਥੇ ਤੇ ਲਿਖਿਆ ਹੋਇਆ ਹੈ- ‘Grow More Good’ “ਇਹ ਸੋਭਾ ਸਿੰਘ ਹੋਰਾਂ ਦਾ ਮਕਾਨ ਹੈ।” ਮੇਰੇ ਨਾਲ ਦੇ ਸੱਜਣ ਨੇ ਦੱਸਿਆ ।
ਸੂਰਜ ਡੁੱਬ ਚਲਿਆ ਸੀ । ਪਹਾੜ ਬਦਲਾਂ ਉਹਲੇ ਸਨ ਤੇ ਪਿੰਡ ਕਾਲਖ ਹੇਠਾਂ ਲੁਕ ਚਲਿਆ ਸੀ । ਬਰਾਮਦੇ ਵਿਚ ਬਤੀ ਜਗਦੀ ਸੀ ਤੇ ਵੱਡੇ ਸਾਰੇ ਪਿੰਜਰੇ ਵਿਚ ਬੰਦ ਤੋਤੀਆਂ (Birds of Love) ਚਹਿਕ ਰਹੀਆਂ ਸਨ । ਮੇਰਾ ਸੱਜਣ ਅੰਦਰ ਚਲਾ ਗਿਆ ਤੇ ਮੈਂ ਉਡੀਕਣ ਲੱਗਾ… ਵੱਡਾ ਕਲਾਕਾਰ ਕਿਵੇਂ ਮਿਲਦਾ ਹੈ ।
ਸੱਜਣ ਦੀ ਆਵਾਜ਼ ਤੇ ਪੋਲੇ ਜਿਹੇ ਬੂਹਾ ਖੋਲ੍ਹ ਕੇ ਮੈਂ ਅੰਦਰ ਗਿਆ ਤਾਂ ਉਥੇ ਪੀਲੀ ਮਧਮ ਜਿਹੀ ਰੌਸ਼ਨੀ ਸੀ । ਦੋ ਬਜ਼ੁਰਗ ਕੁਰਸੀਆਂ ਤੇ ਬੈਠੇ ਸਨ, ਚਿੱਟੀਆਂ ਦਾੜੀਆਂ ਤੇ ਚਿੱਟਿਆਂ ਚੋਲਿਆਂ ਵਾਲੇ, ਐਨਕਾਂ ਲਾਈ । ਇਕ ਦੀ ਦਾੜ੍ਹੀ ਬਹੁਤੀ ਘਣੀ ਤੇ ਬਹੁਤ ਸਲੀਕੇ ਨਾਲ ਤਰਾਸ਼ੀ ਹੋਈ ਸੀ, ਜਿਵੇਂ ਮੇਰੇ ਸ਼ਹਿਰ ਦੇ ਇਕ ਬਜ਼ੁਰਗ ਪਾਦਰੀ ਦੀ ਹੁੰਦੀ ਸੀ । ਦੂਜੇ ਦੀ ਖਿਲਰੀ ਹੋਈ ਤੇ ਨੀਮ ਗੰਜੇ ਸਿਰ ਦੇ ਚੱਪਾ ਚੱਪਾ ਵਾਲ ਵੀ ਆਲੇ ਦੁਆਲੇ ਖਿਲਰੇ ਹੋਏ । ਮੇਰਾ ਖਿਆਲ ਸੀ ਕਿ ਘੜੀ ਦਾੜ੍ਹੀ ਵਾਲੇ ਸੋਭਾ ਸਿੰਘ ਨੇ । ਪਰ ਤੁਆਰਫ਼ ਕਰਾਉਣ ਤੇ ਪਤਾ ਲਗਾ ਕਿ ਉਹ ਪੰਡਤ ਮੰਗਤ ਰਾਮ ਨੇ, ਸੰਗੀਤਕਾਰ । ਇਥੇ ਹੀ ਨਾਲ ਦੇ ਮਕਾਨ ‘ਚ ਰਹਿੰਦੇ ਨੇ । ਤੇ ਸੋਭਾ ਸਿੰਘ ਹੋਰੀਂ ਤਾਂ ਦੂਜੇ ਨੇ, ਖਿਲਰੀ ਦਾੜ੍ਹੀ ਤੇ ਵਾਲਾਂ ਵਾਲੇ । ਜਿਹੜੇ ਬੜੇ ਪਿਆਰ ਨਾਲ ਹੱਥ ਮਿਲਾ ਕੇ ਬੈਟਰੀ ਦੀ ਰੌਸ਼ਨੀ ‘ਚ ਇਕ ਪਰਚੀ ਤੋਂ ਪੜ੍ਹ ਪੜ੍ਹ ਕੇ ਟੇਪ-ਰਿਕਾਰਡਰ ਤੋਂ ਆਪਣੀ ਕੋਈ ਗੱਲਬਾਤ ਜਾਂ ਕਿਸੇ ਸੰਗਤ ਦੀ ਲਤੀਫ਼ਾ-ਬਾਜ਼ੀ ਸੁਣਨ ‘ਚ ਰੁਝੇ ਹੋਏ ਸਨ ।
ਰੀਕਾਰਡਰ ਤੇ ਪਿੰਡ ਦੀਆਂ ਦੋ ਚੂਹੜੀਆਂ ਵਿਚਕਾਰ ਗੱਲ ਬਾਤ ਚਲ ਰਹੀ ਸੀ ਇਕ ਜਣੀ ਗੱਲ ਘੁਮਾ ਵਲਾ ਕੇ ਦੱਸਣਾ ਚਾਹੁੰਦੀ ਸੀ ਕਿ ਉਸਦਾ ਪ੍ਰਾਹੁਣਾ ਲੈਣ ਆਇਆ ਹੈ ਤੇ ਦੂਜੀ ਮਚਲੀ ਹੋ ਕੇ ਉਹਦੀ ਗੱਲ ਸਮਝ ਨਹੀਂ ਸੀ ਰਹੀ । ਬਾਅਦ ‘ਚ ਪਤਾ ਲੱਗਾ ਕਿ ਉਹ ਦੋਵੇਂ ਆਵਾਜ਼ਾਂ ਸੋਭਾ ਸਿੰਘ ਹੋਰਾਂ ਦੀਆਂ ਸਨ ।
ਕਾਫ਼ੀ ਪੀਂਦੇ ਗੱਲਾਂ ਕਰ ਰਹੇ ਸੀ ਪਰ ਮੇਰਾ ਜਿਸਮ ਏਨਾ ਥੱਕ ਗਿਆ ਸੀ ਕਿ ਦਿਮਾਗ਼ ਦਾ ਸਾਥ ਨਹੀਂ ਸੀ ਦੇ ਰਿਹਾ । ਕਿਸੇ ਗੱਲ ਤੇ ਹਾਸਾ ਪੈਂਦਾ ਤਾਂ ਮੈਨੂੰ ਖਿਆਲ ਆਉਂਦਾ ਕਿ ਸੋਭਾ ਸਿੰਘ ਹੋਰਾਂ ਦੀਆਂ ਆਪਣੇ ਪੁਰਾਣੇ ਦੋਸਤਾਂ ਨਾਲ ਟਿਚਰਾਂ ਜਾਰੀ ਨੇ । ਉਨੀਂਦਰਾ ਸੀ ਰਾਤ ਭਰ ਦਾ, ਹਾਸੇ ਦੀ ਆਵਾਜ਼ ਵੀ ਸ਼ਾਂ ਸ਼ਾਂ ਕਰਦੀ । ਉਹਨਾਂ ਹੱਸ ਕੇ ਮੇਰੇ ਵਲ ਸੈਨਤ ਕਰਦਿਆਂ ਕਿਹਾ, “ਅਸਾਂ ਗੱਲਾਂ ਕਰੀ ਜਾਣੀਆਂ ਨੇ ਤੇ ਚਿੜੀਆਂ ਦਾ ਮਰਨ ਹੋ ਜਾਣੈ ।” ਅਸੀਂ ਸਾਰੇ ਜ਼ੋਰ ਦੀ ਹੱਸੇ । ਤੇ ਇਸੇ ਹਾਸੇ ਦੀ ਆੜ ਵਿਚ ਮੈਂ ਛੇਤੀ ਛੇਤੀ ਰੋਟੀ ਖਾ ਕੇ ਦੂਜੇ ਕਮਰੇ ਵਿਚ ਆਪਣੇ ਬਿਸਤਰੇ ਤੇ ਜਾ ਢੱਠਾ । ਦੂਜੇ ਕਮਰੇ ਵਿਚੋਂ ਹਾਸੇ ਦੀ ਆਵਾਜ਼ ਅਜੇ ਵੀ ਆ ਰਹੀ ਸੀ ।
ਸਵੇਰੇ ਜਾਗ ਆਈ ਤਾਂ ਮਹਿਸੂਸ ਹੋਇਆ ਕਿ ਤੋਤੀਆਂ ਮੇਰੇ ਸਰ੍ਹਾਣੇ ਬੈਠੀਆਂ ਚਹਿਕਦੀਆਂ ਪਿਆਰ ਕਰਨ ਲਗ ਪਈਆਂ ਨੇ । ਅੱਖ ਖੋਹਲੀ ਤਾਂ ਪਤਾ ਲਗਾ ਕਿ ਉਹਨਾਂ ਦੇ ਪਿੰਜਰੇ ਤੇ ਮੇਰੇ ਪਲੰਘ ਵਿਚਕਾਰ ਕੋਈ ਕੰਧ ਨਹੀਂ ਸੀ, ਸਿਰਫ਼ ਜਾਲੀ ਸੀ। ਦੂਜੇ ਹਨੇਰੇ ਖੂੰਜੇ ‘ਚ ਸੋਭਾ ਸਿੰਘ ਹੋਰੀਂ ਰੀਕਾਰਡ-ਪਲੇਅਰ ਨੂੰ ਛੇੜ ਰਹੇ ਸਨ । ਮੈਂ ਆਦਾਬ ਅਰਜ਼ ਕੀਤੀ ਤਾਂ ਆਖਣ ਲੱਗੇ, “ਸੁਣਿਆ ਸੀ. ਪਈ ਕਲਾਕਾਰ ਤੇ ਬਾਦਸ਼ਾਹ ਸੰਗੀਤ ਦੀ ਆਵਾਜ਼ ਨਾਲ ਉਠਦੇ ਨੇ । ਮੈਂ ਕਿਹਾ ਖੋਰੇ ਪੰਛੀਆਂ ਦੇ ਗਾਉਣ ਦਾ ਅਸਰ ਨਾ ਹੁੰਦਾ ਹੋਵੇ ।”
ਅਸੀਂ ਉਹਨਾਂ ਦੇ ਕਮਰੇ ਵਿਚ ਬੈਠੇ ਸੀ । ਉਹ ਇਥੇ ਤਸਵੀਰਾਂ ਬਣਾਉਂਦੇ ਨੇ, ਇਥੇ ਹੀ ਆਏ ਗਿਆਂ ਨੂੰ ਮਿਲਦੇ ਨੇ ਤੇ ਇਥੇ ਹੀ ਸੌਂਦੇ ਨੇ । ਦੀਵਾਰ ਤੇ ਲਗੀ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਵਾਰ ਵਾਰ ਮੇਰਾ ਧਿਆਨ ਖਿਚ ਰਹੀ ਸੀ । ਈਜ਼ਲ ਤੇ ਟੰਗਿਆ ਕੈਨਵਸ ਖਾਲੀ ਪਿਆ ਸੀ । ਅਸੀਂ ਕਾਫ਼ੀ ਉਡੀਕ ਰਹੇ ਸੀ । ਖੜਪ ਖੜਪ ਕਰਦੇ ਸੋਭਾ ਸਿੰਘ ਹੋਰੀਂ ਕਿਚਨ ਵਲੋਂ ਆਏ । ਇਹ ਕਿਸੇ ਬੀਮਾਰੀ ਵਿਚ ਖਰਾਬ ਹੋਈ ਉਹਨਾਂ ਦੀ ਛੋਟੀ ਲੱਤ ਵਾਲੇ ਬੂਟ ਦੇ ਥੱਲੇ ਨਾਲ ਲਗੀ ਲੱਕੜ ਦੀ ਅਵਾਜ਼ ਸੀ । ਤੇਜ਼ੀ ਨਾਲ ਅੰਦਰ ਵੜਦਿਆਂ ਉਹ ਮੁਸਕਰਾਂਦੇ, ਦੋਹਾਂ ਹੱਥਾਂ ਨਾਲ ਦਾੜ੍ਹੀ ਮਲਦੇ ਕੋਈ ਫ਼ਾਰਸੀ ਦਾ ਸ਼ਿਅਰ ਗੁਣਗੁਣਾ ਰਹੇ ਸਨ । ਜਿਸ ਦਾ ਮਤਲਬ ਸ਼ਾਇਦ ਇਹ ਸੀ- ਇੰਤਜ਼ਾਰ ਕਰੋ, ਕਤਰੇ ਨੂੰ ਮੋਤੀ ਬਣਨ ਲਈ ਵਕਤ ਲਗਦਾ ਹੈ ।
“ਮੈਂ ਇੰਟਰਵਿਊ ਲੈਣ ਨਹੀਂ ਆਇਆ, ਗੱਲਾਂ ਕਰਨ ਆਇਆ ਹਾਂ,” ਮੈਂ ਦਸਿਆ । ਇਸ ਤੋਂ ਅਗਾਂਹ ਤਿਖੀਆਂ ਗੱਲਾਂ ਕਰਦਿਆਂ ਸਾਡੀ ਸਾਂਝ ਪੈ ਗਈ, ਅਸੀਂ ਪੇਂਟਿੰਗ ਬਾਰੇ ਕੋਈ ਗੱਲ ਨਹੀਂ ਕੀਤੀ ਨਾ ਮੈਂ ਉਹਨਾਂ ਦੀ ਨਿਜੀ ਜ਼ਿੰਦਗੀ ਬਾਰੇ ਕੁਝ ਪੁਛਿਆ । ਬਸ ਗੱਲਾਂ ਕਰੀ ਗਏ । ਇਸ ਦੌਰਾਨ ਉਹਨਾਂ ਕਿਹਾ- “ਆਰਟ ਤਾਂ ਤਰਤੀਬ ਦਾ ਨਾਂ ਏ, ਇਕ ਕੰਪੋਜ਼ੀਸ਼ਨ ਦਾ, ਖਿਲਰੀਆਂ ਚੀਜ਼ਾਂ ਨੂੰ ਸੁਹਣੇ ਢੰਗ ਨਾਲ ਤਰਤੀਬ ਦੇਣ ਦਾ । ਇਹ ਕਹਿਣਾ ਪਈ ਕਲਾ ਜ਼ਿੰਦਗੀ ਨਾਲੋਂ ਵੱਖਰੀ ਕੋਈ ਚੀਜ਼ ਏ, ਗ਼ਲਤ ਏ । ਜ਼ਿੰਦਗੀ ਆਪਣੇ ਆਪ ‘ਚ ਇਕ ਕਲਾ ਏ । ਇਹ ਕੁਦਰਤ ਦੀਆਂ ਜਿਹੜੀਆਂ ਚੀਜ਼ਾਂ ਖਿਲਰੀਆਂ ਹੋਈਆਂ, ਪਰ ਸੁਹਣੀਆਂ ਲਗਦੀਆਂ ਨੇ, ਉਹਨਾਂ ਵਿਚ ਵੀ ਇਕ ਤਰਤੀਬ ਹੈ, ਜਿਹੜੀ ਕਲਾਕਾਰ ਪੈਦਾ ਕਰਦਾ ਹੈ ।”
ਦੁਪਹਿਰੇ ਉਹਨਾਂ ਖਾਲੀ ਕੈਨਵਸ ਤੇ ਡਾ. ਰੰਧਾਵਾ ਦਾ ਪੋਰਟ੍ਰੇਟ ਬਣਾਉਣਾ ਸ਼ੁਰੂ ਕਰ ਦਿੱਤਾ । ਉਹ ਬੁਰਸ਼ ਲਾਉਂਦੇ ਲਾਉਂਦੇ ਸਾਡੇ ਵਲ ਮੂੰਹ ਭੁਆ ਲੈਂਦੇ । ਬੁਰਸ਼ ਵਾਲੇ ਹੱਥ ਨਾਲ ਐਨਕ ਲਾਹੁੰਦਿਆਂ ਉਹ ਬੋਲੇ- “ਵਰਡਜ਼ਵਰਥ ਕਹਿੰਦਾ ਹੈ ਪਈ ਫੁੱਲ ਖਿਲਰੇ ਪਏ ਨੇ । ਤੁਸੀਂ ਉਹਨਾਂ ਨੂੰ ਚੁਣ ਕੇ ਗੁਲਦਸਤਾ ਬਣਾ ਦਿਉ, ਇਹੀ ਕਲਾ ਹੈ ।”
“ਜਿਹੜੀ ਸਾਡੇ ਸੁਹਜ-ਸੁਆਦ ਨੂੰ ਰਾਜ਼ੀ ਕਰੇ ।”
“ਹਾਂ, ਜਿਹੜੀ harmonious ਹੋਵੇ, ਜਿਹੜੀ rhythemic ਹੋਵੇ ਕਿਉਂਕਿ ਸਾਡੇ ਅੰਦਰ harmony ਹੈ, rhythem ਹੈ । ਅਸੀਂ ਉਹਨਾਂ ਨੂੰ maintain ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਾਨੂੰ ਬਾਹਰੋਂ distortion ਮਿਲਦੀ ਹੈ, ਅਸੀਂ ਉਹਨੂੰ harmonious ਕਰਦੇ ਹਾਂ ।”
“ਸਵੇਰੇ ਜਾਂ ਰਾਤੀਂ ਤੁਸੀਂ ਆਰਟ ਦੇ function ਬਾਰੇ ਗੱਲ ਕੀਤੀ ਸੀ । ਉਹ ਗੱਲ ਕੁਝ ਗੋਲ ਜਿਹੀ ਲੱਗੀ ਮੈਨੂੰ ।”
“ਲੋਕ ਆਰਟ ਦੇ ਵਖਰੇ ਵਖਰੇ ਫੰਕਸ਼ਨ ਦਸਦੇ ਨੇ,” ਉਹਨਾਂ ਡਾ. ਰੰਧਾਵਾ ਦੇ ਨੱਕ ਤੋਂ ਬੁਰਸ਼ ਚੁਕਦਿਆਂ ਕਿਹਾ, “ਮੈਨੂੰ ਤਾਂ ਜੀ ਆਰਟ ਦਾ ਅੰਤਮ ਮਕਸਦ aesthetical ਮਲੂਮ ਹੁੰਦਾ ਹੈ, ਤੁਸੀਂ ਭਾਵੇਂ decorative ਆਰਟ ਲੈ ਲਵੋ ਤੇ ਭਾਵੇਂ fine ਆਰਟ । ਗੱਲ ਇਹ ਵੇ ਪਈ ਹਰ ਬੰਦੇ ਦੇ ਅੰਦਰ ਵੱਡੇ ਤੋਂ ਵੱਡਾ ਸ਼ੈਤਾਨ ਤੇ ਵੱਡੇ ਤੋਂ ਵੱਡੇ ਸੰਤ ਬੈਠਾ ਹੁੰਦਾ ਹੈ । ਇਹ ਫੈਸਲਾ ਕਰਨਾ ਸਾਡਾ ਕੰਮ ਏ, ਪਈ ਅਸੀਂ ਸ਼ੈਤਾਨ ਨੂੰ ਟੁੰਬਣਾ ਹੈ ਕਿ ਸੰਤ ਨੂੰ । ਟੁੰਬ ਕੇ ਅਸੀਂ ਉਹਨੂੰ stabalise ਕਰਨਾ ਹੈ। ਪੈਸੇ ਪਿਛੇ ਪਏ ਲੋਕ ਆਮ ਤੌਰ ਤੇ ਸ਼ੈਤਾਨ ਨੂੰ ਟੁੰਬਦੇ ਨੇ, ਪਰ ਜਿਨ੍ਹਾਂ ਅੰਦਰ ਸੰਤ ਤਕੜਾ ਹੈ, ਉਹ मंड …. ।”
“ਤਾਂ ਕਲਾ ਦਾ ਮਕਸਦ ਸੰਤ ਨੂੰ ਟੁੰਬਣਾ ਹੋਇਆ ?”
“ਹਾਂ, ਪਰ ਆਰਟ ਦਾ ਕੰਮ ਏ abstract, ਨਿਰਾਕਾਰ ਜੀਹਨੂੰ ਕਹਿੰਦੇ ਹੋ ਤੁਸੀਂ, ਉਹਨੂੰ ਸਾਕਾਰ ਰੂਪ ‘ਚ ਲੈ ਆਉਣਾ । ਤੁਹਾਡੇ ਖਿਆਲਾਤ ਨੂੰ ਜਜ਼ਬਾਤ ਵਿਚ ਬਦਲ ਦੇਣਾ । ਜੇ ਕਲਾ ਤੁਹਾਡੇ ਅੰਦਰ ਸਵਾਲ ਹੀ ਪੈਦਾ ਕਰਦੀ ਰਹੇ, ਤਾਂ ਉਹ ਕਲਾ ਨਹੀਂ । ਵੇਖੋ ਨਾ, ਅਜ ਕਲ੍ਹ ਜਿਹੜੀ ਕਲਾ ਪੇਸ਼ ਕੀਤੀ ਜਾਂਦੀ ਹੈ, ਤੁਸੀਂ ਚੰਗੇ ਭਲੇ ਜਜ਼ਬਾਤੀ (emotional) ਹੁੰਦੇ ਹੋ, ਉਹਨੂੰ ਉਹ distort ਕਰ ਦਿੰਦੀ ਹੈ । distorted art ਬੰਦੇ ਨੂੰ distort ਹੀ ਕਰ ਸਕਦਾ ਹੈ ।”
“ਪਰ ਸਾਹਿਤ ‘ਚ ਗੱਲ ਕੁਝ ਵਖਰੀ ਐ । ਮੇਰਾ ਖਿਆਲ ਏ, ਬਈ ਜੇ ਕਲਾ ਸਾਡੇ ਜਜ਼ਬਾਤ ਦੇ ਨਾਲ ਸਾਡੀ ਸੂਝ ਨੂੰ ਨਹੀਂ ਟੁੰਬਦੀ, ਉਹ ਵਧੀਆ ਨਹੀਂ ਹੋ ਸਕਦੀ ।”
“ਨਾ ਜੀ, ਤੁਹਾਡੀ ਸੂਝ ਨੂੰ ਤਾਂ ਨਾਲ ਖੜੇਗੀ, ਪਰ ਬਣਾਏਗੀ ਤੁਹਾਨੂੰ ਜਜ਼ਬਾਤੀ ਹੀ । ਤੁਸੀਂ ਚੰਗੀ ਕਹਾਣੀ ਲਿਖਦੇ ਜਾਂ ਪੜ੍ਹਦੇ ਹੋ । ਤੁਹਾਡੀਆਂ ਅੱਖਾਂ ਬੰਦ ਹੋ ਜਾਂਦੀਆਂ ਨੇ, ਪਈ ਸੁਆਦ ਆ ਗਿਆ।”
“ਪਰ ਜਦੋਂ ਉਹ intellectual level ਤੇ ਸਾਨੂੰ ਕਿਸੇ ਨਤੀਜੇ ਤੇ ਪੁਚਾਏਗੀ, ਤਦੇ ਸਾਡੇ ਜਜ਼ਬਾਤ ਉਹਦੇ ਨਾਲ ਇਕ ਸੁਰ ਹੋ ਸਕਣਗੇ ।”
“ਉਹਦੇ means (ਸਾਧਨ) ਤਾਂ ਸੂਝ ਹੀ ਹੋਵੇਗੀ । ਉਸਦੀ ਸਹਾਇਤਾ ਨਾਲ ਜਿਹੜੀ ਤਸਵੀਰ ਤੁਹਾਡੀ ਕਲਪਨਾ ‘ਚ ਬਣੇਗੀ, ਸੁਆਦ ਦੇਵੇਗੀ, ਉਹੀ ਕਲਾ ਕਹਾਵੇਗੀ ।”
“ਮੈਂ ਰਾਤੀਂ ਸੁਣੀ ਤੁਹਾਡੀ ਕਵਿਤਾ “ਕਲਾਕਾਰਾਂ ਬਾਰੇ” ਦੀ ਗੱਲ ਕਰਦਾ ਹਾਂ । ਸੁਣਦਿਆਂ ਮੈਨੂੰ ਸੁਆਦ ਆਇਆ, ਪਰ ਨਾਲ ਹੀ ਨਾਲ ਮੈਂ ਸੂਝ ਦੇ ਪੱਧਰ ਤੇ ਉਹਦੇ ਵਿਚਾਰਾਂ ਬਾਰੇ ਸੋਚ ਰਿਹਾ ਸੀ । ਸਾਡੀ ਸੋਚ ਰਲ ਗਈ ਤਾਂ ਮੇਰੇ ਜਜ਼ਬਾਤ ਨੇ ਵੀ ਉਹਨੂੰ ਕਬੂਲ ਕਰ ਲਿਆ ।”
“ਲਿਖੀ ਤਾਂ ਸੂਝ ਨਾਲ ਈ ਗਈ ਏ, ਪੜ੍ਹੀ ਵੀ ਸੂਝ ਨਾਲ ਈ ਜਾਵੇਗੀ ।… ਕੋਈ ਵੀ ਗੱਲ ਪਹਿਲਾਂ ਸਾਡੀ ਸੂਝ ਕਬੂਲ ਕਰਦੀ ਹੈ, ਉਹ ਦਿਲ ਨੂੰ ਦੇਂਦੀ ਹੈ ਤੇ ਫੇਰ ਸਾਡੇ ਜਜ਼ਬਾਤ ਪ੍ਰਭਾਵਤ ਹੁੰਦੇ ਨੇ ।… ਤੁਸੀਂ ਆਪ ਲੇਖਕ ਹੋਣ ਕਰਕੇ ਜਦ ਇਹਨੂੰ analyse ਕਰਦੇ ਹੋ ਤਾਂ ਉਹਦੇ ਵਿਚ ਜਿਹੜਾ ਹੁਸਨ ਲੱਭਦਾ ਹੈ, ਉਹਨੂੰ ਮਾਣਦੇ ਹੋ । ਇਸ ਕੰਮ ‘ਚ ਲਫ਼ਜ਼ਾਂ ਦੇ ਰੰਗਾਂ ਨਾਲ ਤੁਹਾਡੀ pre- attachment ਤੇ mental approach ਤਸਵੀਰ ਬਣਾ ਕੇ ਸੁਆਦ ਦੇਂਦੀ ਹੈ ।”
ਡਾ. ਰੰਧਾਵਾ ਦਾ ਚਿਹਰਾ ਬਣ ਗਿਆ ਸੀ । ਪੁਰਾਣੇ ਫੌਜੀ ਕੋਟ ਤੇ ਰੰਗ ਲਗਣ ਲੱਗ ਪਿਆ ਸੀ । ਕਲਾਕਾਰਾਂ ਬਾਰੇ ਟਿਚਰਬਾਜ਼ੀ ਕਰਦਿਆਂ ਸੋਭਾ ਸਿੰਘ ਨੇ ਬੁਰਸ਼ ਰੱਖ ਕੇ, ਐਨਕ ਲਾਹ ਕੇ ਮੇਰੇ ਵਲ ਦੇਖਿਆ । ਆਖਣ ਲੱਗੇ, “ਪਲੈਟੋ ਨੇ ਕਿਹਾ ਏ- Outlaws and Artists are not the part of the society. Outlaws ਤਾਂ ਹੈ ਈ ਨਹੀਂ, ਇਹ ਤਾਂ ਮੰਨੀ ਹੋਈ ਗੱਲ ਏ, ਪਰ ਕਲਾਕਾਰ ਵੀ ਨਹੀਂ । ਜਦ ਤਕ ਕਲਾਕਾਰ ਸਮਾਜ ਨਾਲੋਂ ਉਪਰ ਨਹੀਂ ਉਠ ਜਾਂਦਾ, ਗੱਲ ਨਹੀਂ ਬਣਦੀ । ਕਿਉਂਕਿ conventions ‘ਚ ਗ੍ਰਸੇ ਆਦਮੀ ਨੂੰ ਉਹੀ ਆਜ਼ਾਦ ਕਰਾ ਸਕਦਾ ਹੈ, ਜਿਹੜਾ ਆਪ ਆਜ਼ਾਦ ਹੋਵੇ । ਹਾਂ, ਉਹ ਸੁਸਾਇਟੀ ਦੇ ਮਸਲਿਆਂ ਨੂੰ ਸਮਝਦਾ ਹੋਵੇ ਤੇ ਹਲ ਵੀ ਜਾਣਦਾ ਹੋਵੇ । ਪਰ ਉਹ ਗੱਲ ਕਰੋ ਕਲਾ ਰਾਹੀਂ ।”
“ਇਸ ਸਿਲਸਿਲੇ ‘ਚ ਪਹਿਲਾਂ ਤੁਸੀਂ ਡਾ. ਇਕਬਾਲ ਦੀ ਚਿੱਠੀ ਦੀ ਗੱਲ ਕੀਤੀ ਸੀ ।”
“ਹਾਂ, ਹਾਂ । ਡਾ. ਜ਼ਾਕਰ ਹੁਸੈਨ ਨੇ ਜਾਮਿਆ ਮਿਲੀਆ ਬਣਾਉਣ ਬਾਰੇ ਇਕਬਾਲ ਨੂੰ ਲਿਖਿਆ
ਕਿ ਤੂੰ ਵੀ ਸਾਡੇ ਨਾਲ ਰਲ ਕੇ ਉਦਮ ਕਰ । ਤਾਂ ਡਾ. ਇਕਬਾਲ ਨੇ ਉਹਦੇ ਜਵਾਬ ‘ਚ ਲਿਖਿਆ-
“ਮੈਂ ਤੁਹਾਡੇ ਵਿਚ ਹਾਂ, ਪਰ ਤੁਹਾਡੇ ਨਾਲ ਨਹੀਂ ਰਲ ਸਕਦਾ । ਕਿਉਂਕਿ ਤੁਸੀਂ ਨਾਚੇ ਹੋ ਤੇ ਮੈਂ ਸਾਜ਼ਿੰਦਾ । ਜੇ ਮੈਂ ਵੀ ਨੱਚਣ ਲੱਗ ਪਿਆ ਤਾਂ ਸਾਜ਼ ਕੌਣ ਵਜਾਏਗਾ । ਮੈਂ ਤੁਹਾਡੇ ਵਿਚ ਹਾਂ । ਮੈਂ ਤੇ ਸਦੀਆਂ ਤੋਂ ਤੁਹਾਡੇ ਵਿਚ ਹਾਂ, ਜਦੋਂ ਤੋਂ ਬੰਦੇ ਨੇ ਨੇਕੀ ਤੇ ਬਦੀ ‘ਚ ਤਮੀਜ਼ ਕਰਨੀ ਸਿੱਖੀ ਨਚੋ ਤੁਸੀਂ, ਮੈਂ ਸਾਜ਼ ਵਜਾਵਾਂਗਾ ।”
ਸੋਭਾ ਸਿੰਘ ਹੋਰਾਂ ਦੇ ਹੱਥ ਹੇਠੋਂ ਸਹਾਰੇ ਵਾਲੀ ਖੂੰਡੀ ਤਿਲ੍ਹਕ ਗਈ । ਸ਼ਾਇਦ ਥੱਕ ਗਏ ਸਨ । ਬੁਰਸ਼ ਰਖ ਕੇ ਉਹ ਤੇਜ਼ੀ ਨਾਲ ਬਾਹਰ ਚਲੇ ਗਏ । ਮੇਰੇ ਨਾਲ ਦਾ ਸਜਣ ਕਾਫ਼ੀ ਤਿਆਰ ਕਰਨ ਲਗ ਪਿਆ । ਕੈਨਵਸ ਤੇ ਡਾ. ਰੰਧਾਵੇ ਦਾ ਚਿਹਰਾ ਬੇਹਿਸ ਸੀ ਹਾਲੇ । ਉਹਦਾ ਕਟਿਆ ਹੋਇਆ ਹੱਥ ਅਣਖਿੜੇ ਫੁੱਲਾਂ ਦੀ ਟਹਿਣੀ ਵਲ ਨੂੰ ਵਧ ਰਿਹਾ ਸੀ ।
ਸੋਭਾ ਸਿੰਘ ਹੋਰੀਂ ਪਿਆਰੇ ਸਜਣ ਦੀ ਬਣਾਈ ਕਾਫ਼ੀ ਦੀ ਚੁਸਕੀ ਲੈਂਦੇ ਮੂੰਹ ਉਹਦੇ ਵਲ ਕਰ ਕੇ, ਪਰ ਗੱਲ ਮੈਨੂੰ ਸੁਣਾਉਂਦੇ ਬੋਲੇ, “ਕਲਾਕਾਰ ਦੇ ਅੰਦਰ ਰੌਸ਼ਨੀ ਦੀ ਇਕ ਕਿਰਨ ਹੁੰਦੀ ਹੈ । ਉਹ ਮਹਿਸੂਸ ਕਰਦਾ ਹੈ ਕਿ ਜਿਹੜੀਆਂ ਰੂਹਾਂ ਦੁਖੀ ਨੇ, ਔਖੀਆਂ ਨੇ, ਉਹਨਾਂ ਨੂੰ ਕਿਵੇਂ ਸੌਖਿਆਂ ਕੀਤਾ ਜਾ ਸਕਦਾ ਹੈ । ਆਰਟ ਦਾ ਮਕਸਦ ਇਹ ਵੇ ਪਈ ਉਹਨਾਂ ਨੂੰ liberate ਕਰਾਵੇ ।”
ਮੈਂ ਸਿਗਰਟ ਪੀਣ ਤੋਂ ਔਖਾ ਸੀ, ਉਠ ਕੇ ਬਾਹਰ ਬਰਾਂਡੇ ਵਿਚ ਜਾ ਬੈਠਾ । ਉਥੇ ਕਈ ਕੁਰਸੀਆਂ ਡਠੀਆਂ ਸਨ । ਜਿਵੇਂ ਬਹੁਤੇ ਗਾਹਕਾਂ ਵਾਲੇ ਡਾਕਟਰਾਂ ਦੀਆਂ ਕੋਠੀਆਂ ਦੇ ਬਰਾਂਡਿਆਂ ’ਚ ਹੁੰਦੀਆਂ ਨੇ । ਵਡੇ ਸਾਰੇ ਲਾਨ ’ਚ ਫੁੱਲ-ਬੂਟੇ ਤਰਤੀਬ ਨਾਲ ਲਗੇ ਹੋਏ ਸਨ । ਵਿਚਕਾਰ ਫ਼ਵਾਰਾ ਸੀ ਤੇ ਉਸ ਤੋਂ ਪਰ੍ਹੇ ਪਹਾੜੀ ਜਿਹੀ ਤੇ ਬਾਰਾਂ ਸਿੰਗਾ ਬੈਠਾ ਸੀ, ਇਕ ਲਤ ਨਸਾਲੀ । ਉਹ ਅਮਰੂਦਾਂ ਦੇ ਫਲੇ ਬੂਟਿਆਂ ਵਲ ਦੇਖ ਰਿਹਾ ਸੀ । ਜ਼ਿੰਦਗੀ ਦੀਆਂ ਉਹ ਸਭ ਸਹੂਲਤਾਂ ਇਥੇ ਸਨ ਜਿਹੜੀਆਂ ਕੋਈ ਅਮੀਰ ਕਲਾਕਾਰ ਚਾਹੁੰਦਾ ਹੈ । ਜਦ ਸੋਭਾ ਸਿੰਘ ਹੋਰੀਂ ਤੇ ਉਹ ਸਜਣ ਵੀ ਬਾਹਰ ਆ ਬੈਠੇ ਤੇ ਪੰਡਤ ਮੰਗਤ ਰਾਮ ਹੋਰੀਂ ਵੀ ਆ ਗਏ ਤਾਂ ਮੈਂ ਆਖਿਆ, “ਪਿੰਡ ਤੁਹਾਡਾ ਅੰਦਰੇਟਾ ਹੈ ਪਰ ਰਹਿੰਦੇ ਤੁਸੀਂ ਬੰਬਈ ‘ਚ ਹੋ ?” -ਗੱਲ ਟੁਰੀ ਤਾਂ ਆਰਟਿਸਟ ਹੋਰੀਂ ਚਮਕ ਪਏ । ਤਿੱਖੀਆਂ ਟਿੱਚਰਾਂ ਕਰਨ ਲਗ ਪਏ- ਆਪਣੀ, ਪੰਡਤ ਜੀ ਦੀ ਤੇ ਮੇਰੀ ਦਾੜ੍ਹੀ ਤੇ । ਵੱਖੀਉਂ ਗੱਲ ਕਰਦੇ ਤੇ ਨਾਲ ਨਾਲ ਪਖਾਣੇ ਪਾਉਂਦੇ, ਉਰਦੂ ਦੇ ਸ਼ਿਅਰ ਛਡਦੇ ਤੇ ਅੰਗਰੇਜ਼ੀ ਦੀਆਂ quotations ਜੜਦੇ ।
ਕਾਫ਼ੀ ਪੀਂਦਿਆਂ ਸੋਭਾ ਸਿੰਘ ਹੋਰੀਂ ਦਸ ਰਹੇ ਸਨ, “ਇਸ ਪਿੰਜਰੇ ‘ਚ ਇਕ ਮਾਦਾ ਹੈ, ਬਾਕੀ ਛੜਿਆਂ ਦਾ ਡੇਰਾ । ਇਕ ਹੋਰ ਮਾਦਾ ਲਿਆ ਕੇ ਛੱਡੀ, ਉਹਨੇ ਬੱਚੇ ਵੀ ਦਿਤੇ । ਪਰ ਇਹ ਏਨੀ ਜ਼ਾਲਮ ਨਿਕਲੀ ਕਿ ਹੌਲੀ ਹੌਲੀ ਵਿਚਕਾਰਲੀ ਕੰਧ ਵਿਚ ਖੁੰਡ ਕਰ ਕਰਕੇ ਉਹਨੂੰ ਢਾਹ ਕੇ ਮਾਰ ਦਿਤਾ । ਜੀ, ਤੀਵੀਆਂ ਤਾਂ ਡੂਢ ਨਹੀਂ ਕੱਟ ਸਕਦੀਆਂ ਕੱਠੀਆਂ । ਅਸੀਂ ਦੋ ਛੜੇ ਚਿੱਟੀਆਂ ਦਾੜ੍ਹੀਆਂ ਵਾਲੇ ਕਿਵੇਂ ਸੁੱਖ ਨਾਲ ਵਸਦੇ ਹਾਂ । ”
ਗੱਲ ਟੁਰਦੀ ਪ੍ਰੀਤ ਲੜੀ ਵਾਲਿਆਂ ਤੇ ਆ ਗਈ, ਜਿਸ ਨੂੰ ਉਹ ਮਖੌਲ ‘ਚ ਪ੍ਰੇਤ-ਲੜੀ, ਪ੍ਰੇਤ- ਮਿਲਣੀ ਤੇ ਪ੍ਰੇਤ-ਨਗਹ ਹੀ ਕਹਿੰਦੇ ਰਹੇ । ਉਹਨਾਂ ਦੱਸਿਆ, “ਮੈਨੂੰ ਤਿੰਨ ਚਿੱਠੀਆਂ ਆਈਆਂ ਪ੍ਰੇਤ- ਮਿਲਣੀ ਦੀਆਂ ਪਈ ਤੁਸੀਂ ਕੁਝ ਬੋਲਣਾ ਏ । ਮੈਂ ਗਿਆ ਤਾਂ ਨਵਤੇਜ ਹੱਥ ਮਲਦਾ ਹੀਂ ਹੀਂ ਕਰਦਾ ਪੁੱਛਣ ਲੱਗਾ- ਜੀ, ਤੁਸੀਂ ਕੁਝ ਬੋਲੋਗੇ । ਮੈਂ ਕਿਹਾ, ਆਹੋ । ਇਹੀ ਗੱਲ ਗੁਰਬਖਸ਼ ਸਿੰਘ ਨੇ ਆ ਕੇ ਪੁੱਛੀ । ਮੈਂ ਹੈਰਾਨ ਸੀ ਕਿ ਫੇਰ ਇਹਨਾਂ ਦੀਆਂ ਤਿੰਨ ਚਿੱਠੀਆਂ ਦਾ ਮਕਸਦ ਕੀ ਸੀ, ਮੇਰਾ ਮੂੰਹ ਦੇਖਣਾ ।
“ਸਟੇਜ ਤੇ ਕੋਈ ਗਿਲ ਸਾਹਿਬ ਕਲਾਕਾਰਾਂ ਦੀ ਹੌਸਲਾ-ਅਫ਼ਜ਼ਾਈ ਤੇ ਇਨਾਮ ਦੇਣ ਦੀ ਗੱਲ
ਕਰ ਗਏ । ਮੈਨੂੰ ਬੋਲਣ ਲਈ ਕਿਹਾ ਤਾਂ ਮੈਂ ਆਖਿਆ-ਤੁਸੀਂ ਸਾਨੂੰ ਇਨਾਮ ਦੇਣ ਵਾਲੇ ਕੌਣ ਹੁੰਦੇ ਹੋ ? ਕਲ੍ਹ ਦੇ ਮੁੰਡੇ ਸਾਨੂੰ ਇਨਾਮ ਦੇਣ ? ਅਸੀਂ ਤੁਹਾਨੂੰ ਇਨਾਮ ਦੇ ਸਕਦੇ ਹਾਂ ਜਿਨ੍ਹਾਂ ਨੇ ਅੱਧੀ ਸਦੀ ਲੰਘਾਈ ਏ ਇਸ ਕੰਮ ‘ਚ । ਆਰਟਿਸਟ ਇਨਾਮਾਂ ਦੇ ਭੁੱਖੇ ਨਹੀਂ ਹੁੰਦੇ । ਉਹਨਾਂ ਦਾ ਇਹੀ ਇਨਾਮ ਹੈ ਕਿ ਉਹਨਾਂ ਦਾ ਕੰਮ ਦੂਜਿਆਂ ਤਕ ਪਹੁੰਚੇ । ਕਲਾਕਾਰ ਖਰੀਦੇ ਨਹੀਂ ਜਾ ਸਕਦੇ ਵਰਡਜ਼ਵਰਥ ਦੀ ਗੱਲ ਏ, ਉਹਨੂੰ ਕਿਸੇ ਅਮੀਰ ਵਿਧਵਾ ਨੇ ਆਪਣੇ ਕੋਲ ਰੱਖਿਆ ਹੋਇਆ ਸੀ, (ਜਿਵੇਂ ਅਲਸੈਸ਼ਨ ਕੁੱਤਾ ਰੱਖਿਆ ਹੋਵੇ) । ਉਸ ਔਰਤ ਲਈ ਏਨਾ ਈ ਕਾਫੀ ਸੀ ਕਿ ਜਦੋਂ ਕੋਈ ਬਾਹਰਲਾ ਬੰਦਾ ਆਉਂਦਾ ਉਹ ਦਸਦੀ- ਇਹ ਮੈਂ ਹਾਂ ਤੇ ਇਹ ਵਰਡਜ਼ਵਰਥ ਹੈ, ਮੇਰੇ ਕੋਲ । ਇਕ ਵਾਰ ਸ਼ਿਕਾਰ ਨੂੰ ਚੱਲੀ ਤਾਂ ਵਰਡਜ਼ਵਰਥ ਤੇ ਵੀ ਨਾਲ ਚਲਣ ਲਈ ਜ਼ੋਰ ਪਾਇਆ । ਉਹ ਨਾ ਗਿਆ । ਜਦ ਉਹ ਮੁੜ ਕੇ ਆਈ ਤਾਂ ਮੇਜ਼ ਤੇ ਚਿਟ ਪਈ ਸੀ । ਜਿਸ ਤੇ ਲਿਖਿਆ ਹੋਇਆ ਸੀ- I am going, artist should be fed, not fettered (ਕਲਾਕਾਰ ਦੀ ਪਾਲਣਾ ਕੀਤੀ ਜਾ ਸਕਦੀ ਹੈ, ਬੰਨ੍ਹਿਆਂ ਨਹੀਂ ਜਾ ਸਕਦਾ) ।
“ਪੰਜਾਬੀ ਯੂਨੀਵਰਸਿਟੀ ਨੇ ਮੈਨੂੰ fellowship ਦੀ ਆਫਰ ਕੀਤੀ ਤੇ ਲਿਖਿਆ ਪਈ 700 ਰੁਪਏ ਮਹੀਨਾ ਦਿਆਂਗੇ, ਤੁਸੀਂ ਸਾਡੇ ਲਈ ਕੁਝ ਕੰਮ ਕਰ ਦਿਆ ਕਰੋ । ਮੈਂ ਜਵਾਬ ਦੇ ਦਿੱਤਾ, ਤੇ ਲਿਖਿਆ ਪਈ ਮੈਨੂੰ ਤੁਹਾਡੀ fellowship ਦੀ ਲੋੜ ਨਹੀਂ । ਤੁਸੀਂ ਮੈਨੂੰ ਅਸਿਸਟੈਂਟ ਪ੍ਰੋਫ਼ੈਸਰ ਦੀ ਤਨਖਾਹ ਦੇ ਕੇ ਨੌਕਰ ਰਖਣਾ ਚਾਹੁੰਦੇ ਹੋ ? ਉਹਨਾਂ ਦੀ ਫੇਰ ਚਿੱਠੀ ਆਈ ਤਾਂ ਮੈਂ ਲਿਖ ਭੇਜਿਆ- “We are not disciples of Guru Nanak or the Ten Gurus, we are half-mad politicians.” ਮੈਂ ਤੁਹਾਡੇ ਇਸ਼ਾਰੇ ਤੇ ਨਹੀਂ ਨੱਚ ਸਕਦਾ । ਕਿਉਂ ਨੱਚਾਂ ? ਮੈਂ ਦਸਾਂ ਨੌਂਹਾਂ ਦੀ ਕਿਰਤ ਕਰਕੇ ਰੋਟੀ ਖਾ ਸਕਦਾ ਹਾਂ । ਮੈਂ ਨੂੰਹ ਲਿਆਉਣੀ ਨਹੀਂ, ਧੀ ਤੋਰਨੀ ਨਹੀਂ ।… ਤੁਸੀਂ ਚਾਹੁੰਦੇ ਹੋ ਕਿ ਇਸ ਬੁੱਢੀ ਉਮਰ ‘ਚ ਮੇਰੇ ਅੰਦਰ ਖੂਨ ਦੇ ਜਿਹੜੇ ਚੰਦ ਕਤਰੇ ਨੇ, ਉਹ ਤੁਹਾਡੇ ਕੰਮ ‘ਚ ਲਾ ਦਿਆਂ ?”
ਸ਼ਾਮੀਂ ਅਸੀਂ ਸੋਭਾ ਸਿੰਘ ਹੋਰਾਂ ਦੀ ਉਹ ਕੁਟੀਆ ਵੇਖਣ ਜਾ ਰਹੇ ਸੀ ਜਿਹੜੀ ਸੰਘਣੇ ਜੰਗਲ ਵਿਚ ਸੀ । ਜਿਸ ਨੂੰ ਉਹ ਮੇਰੇ ਵਰਗੇ ਨਾਲ ਗੱਲ ਕਰਨ ਤਾਂ ਝੁੱਗੀ, ਕਿਸੇ ਪੜ੍ਹੇ ਲਿਖੇ ਨਾਲ ਕਰਨ ਤਾਂ Jungle Hut ਕਹਿੰਦੇ ਨੇ । ਜਿਸ ਬਾਰੇ ਉਹ ਕਹਿੰਦੇ ਨੇ ਕਿ ਨੋਰ੍ਹਾ ਰਿਚਰਡਜ਼ ਦੀ Wood Lands ਨਾਲੋਂ ਘੱਟ ਨਹੀਂ । ਅਸੀਂ ਪਿੰਡ ਦੀਆਂ ਪੱਥਰ ਜੋੜ ਕੇ ਬਣਾਈਆਂ ਪਰ ਟੁੱਟੀਆਂ ਗਲੀਆਂ ਵਿਚੋਂ ਲੰਘ ਰਹੇ ਸੀ । ਸੋਭਾ ਸਿੰਘ ਹੋਰੀਂ ਇਕ ਪਾਸੇ ਸੋਟੀ ਤੇ ਦੂਜੇ ਪਾਸੇ ਸਾਡੇ ਸਜਣ ਦਾ ਸਹਾਰਾ ਲੈ ਕੇ ਕਾਹਲੀ ਕਾਹਲੀ ਟੁਰ ਰਹੇ ਸਨ । ਰਾਹ ‘ਚ ਘਮਿਆਰਾਂ ਦਾ ਲਿਪਿਆ ਪੋਚਿਆ ਘਰ ਆਇਆ ਤਾਂ ਉਹ ਬੋਲੇ, “ਇਹ ਮੇਰੀ ‘ਸੋਹਣੀ’ ਦਾ ਘਰ ਏ ।”
ਜੰਗਲ ‘ਚ ਕੋਈ ਰਾਹ ਨਹੀਂ ਸੀ, ਰਾਹ ਦਾ ਮਿਟਿਆ ਮਿਟਿਆ ਨਿਸ਼ਾਨ ਸੀ । ਸੂਰਜ ਲੁਕਣ ਵਾਲਾ ਸੀ । ਘਣੇ ਦਰਖ਼ਤਾਂ ਵਿਚੀਂ ਛਣ ਛਣ ਪੈਂਦੀਆਂ ਕਿਰਨਾਂ ਦੀ ਲੋਅ ਸੀ । ਦੋ ਘਰਾਲਾਂ ਟੱਪ ਕੇ, ਬੂਟਿਆਂ ਨੂੰ ਖੱਬੇ ਸੱਜੇ ਕਰ ਕੇ- ਇਹ ਦੋ ਮੰਜੀਆਂ ਦੇ ਵਰਾਂਡੇ ਵਾਲਾ ਇਕ ਕਮਰਾ ਸੀ । ਵਰਾਂਡਾ ਗਿਦੜਾਂ ਦੇ ਗੰਦੇ ਨਾਲ ਗੰਦਾ ਸੀ । ਕਮਰੇ ਤੋਂ ਇਕ ਪਾਸੇ ਖੁਲ੍ਹਾ ਜਿਹਾ ਥਾਂ ਸੀ । – “ਇਥੇ ਕਦੇ ਛਪੜ ਹੁੰਦਾ ਸੀ ।” ਸੋਭਾ ਸਿੰਘ ਹੋਰਾਂ ਨੇ ਦੱਸਿਆ, “ਕੋਈ ਸੰਤ ਤਪੱਸਿਆ ਕਰਦਾ ਹੁੰਦਾ ਸੀ ਇਥੇ ।… ਕਿੰਨੀ ਸ਼ਾਂਤ ਥਾਂ ਹੈ ? ਕੈਰੋਂ (ਪ੍ਰਤਾਪ ਸਿੰਘ) ਨਾਲ ਗੱਲ ਕਰ ਕੇ ਮੈਂ ਤਜਵੀਜ਼ ਕੀਤਾ ਸੀ ਕਿ ਇਥੇ ਕਈ ਕੁਲੀਆਂ ਬਣਾ ਦਿੱਤੀਆਂ ਜਾਣ । ਕਲਾਕਾਰ ਆਉਣ, ਰਹਿਣ ਤੇ ਕੰਮ ਕਰਨ। ਇਹੀ ਗੱਲ ਮੈਂ ਹੁਣ ਹਿਮਾਚਲ ਸਰਕਾਰ ਨਾਲ ਕਰ ਰਿਹਾ ਹਾਂ ।”
“ਤੁਸੀਂ ਤਾਂ ਕਹਿੰਦੇ ਸੀ ਕਿ ਕਲਾਕਾਰ ਨੂੰਹੇ ਹੁੰਦੇ ਨੇ । ਉਹ ਰਲ ਬੈਠਣਗੇ ਤਾਂ ਇਕ ਦੂਜੇ ਨਾਲ ਲੜਨਗੇ ।” ਮੈਂ ਕਿਹਾ।
“ਵੱਡੇ ਲੜਦੇ ਨੇ, ਨਿੱਕੇ ਜੇ ਲੜਦੇ ਨੇ ਤਾਂ ਖੇਡਦੇ ਵੀ ਨੇ ।” ਉਹ ਮੁਸਕਰਾਂਦੇ ਬੋਲੇ ।
ਅਸੀਂ ਥੱਕੇ ਹੋਏ ਲਾਨ ਦੇ ਗੋਲ ਫਰਸ਼ ਤੇ ਬੈਠੇ ਸੀ । ਸੋਭਾ ਸਿੰਘ ਹੋਰਾਂ ਦੀ ਨਿਗਾਹ ਪੱਕੇ ਅਮਰੂਦਾਂ ਵਲ ਗਈ । ਨੌਕਰ ਨੇ ਤੋੜ ਕੇ ਲਿਆ ਕੇ ਦਿਤੇ ਤਾਂ ਉਹ ਤੇ ਮੇਰਾ ਸੱਜਣ ਫਾੜੀਆਂ ਕਰ ਕੇ ਖਾਣ ਲੱਗੇ, ਮੈਂ ਸਿਗਰਟ ਪੀਂਦਾ ਰਿਹਾ । ਪਤਾ ਨਹੀਂ ਕਿਵੇਂ ਗੱਲ ਕਲਾਕਾਰ ਦੇ ਸਿਪਾਹੀ ਹੋਣ ਦੀ ਚਲ ਪਈ । ਮੈਂ ਬਾਬਰ, ਅਮੀਰ ਖੁਸਰੋ, ਬੀਰਬਲ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਮਿਸਾਲਾਂ ਦਿੱਤੀਆਂ ਤਾਂ ਉਹਨਾਂ ਨੇ ਕਿਹਾ- “ਜੀਨੀਅਸ ਵਿਚ versatility ਹੁੰਦੀ ਹੈ । ਜਦ ਉਹ ਕਿਸੇ ਕੰਮ ਨੂੰ ਹੱਥ ਪਾਉਂਦਾ ਹੈ ਤਾਂ ਧੁਰ ਅੰਦਰ ਤਕ ਖੁਭ ਜਾਂਦਾ ਹੈ । ਕਿਉਂਕਿ ਉਹਦੇ ਅੰਧਰ illumination ਹੋ ਗਈ ਹੁੰਦੀ ਹੈ । ਉਹ ਹਰ ਕੰਮ ਨੂੰ perfection ਤੱਕ ਪੁਚਾ ਦੇਂਦਾ ਹੈ ।” 1
“ਆਰਟ ਦੇ ਫ਼ੰਕਸ਼ਨ ਬਾਰੇ ਕਿਹਾ ਗਿਆ ਏ । -It is to refine the swine and to devine the refine, ਪਰ ਕੁਝ ਲੋਕ ਆਰਟ ਨੂੰ define ਕਰਦਿਆਂ de-fine ਕਰ ਦੇਂਦੇ ਨੇ ।” ਰਾਤੀਂ ਅਸੀਂ ਰੋਟੀ ਖਾ ਕੇ ਬੈਠੇ ਸੀ ਕਿ ਸੋਭਾ ਸਿੰਘ ਹੋਰੀਂ ਰੰਧਾਵਾ ਦਾ ਅਣਖਿੜੇ ਫੁੱਲਾਂ ਵਲ ਵਧ ਰਿਹਾ ਹੱਥ ਤੇ ਐਨਕ ਦਾ ਫਰੇਮ ਵਿਚਕਾਰ ਛੱਡ ਫੇਰ ਗੱਲਾਂ ‘ਚ ਜੁਟ ਗਏ । ਗੱਲ ਚਲ ਰਹੀ ਸੀ ਕਲਚਰ ਤੇ ਭਾਸ਼ਾ ਦੀ । ਉਹ ਕਹਿਣ ਲੱਗੇ, “ਸਾਡੇ ਕਲਚਰ ‘ਚ, ਸਾਡੀ ਭਾਸ਼ਾ ‘ਚ ਸਾਡੇ way of life ‘ਚ adultration ਹੋ ਗਈ ਏ । ਅਸਲੀ ਰੂਪ ਗੁਆਚ ਗਿਆ ਹੈ ।”
“ਪਰ ਮੇਰਾ ਖਿਆਲ ਹੈ ਕਿ ਭਾਸ਼ਾ ਜਾਂ ਕਲਚਰ ਬਣਦੇ ਹੀ ਅਡਲਟ੍ਰੇਸ਼ਨ ਨਾਲ ਨੇ । ਜਦ ਕੋਈ ਓਪਰਾ ਕਲਚਰ ਜਾਂ ਭਾਸ਼ਾ ਸਾਡੇ ਤੇ ਅਸਰ ਪਾਉਂਦੀ ਹੈ ਤਾਂ ਉਹਦਾ ਰੂਪ ਬਦਲ ਜਾਂਦਾ ਹੈ । ਅਸਲੀ ਰੂਪ ਤਾਂ ਅਸੀਂ ਕਿਸੇ ਨੂੰ ਵੀ ਨਹੀਂ ਕਹਿ ਸਕਦੇ ।”
“ਨਹੀਂ, ਇਹ ਕੌੜੀ ਦਵਾਈ ਖਾਣ, ਨਿਗਲਣ ਜਾਂ ਮਿੱਠੀ ਗੋਲੀ ਚੂਸਣ ਵਾਲੀ ਗੱਲ ਏ । ਨਵੇਂ ਕਲਚਰ ਜਾਂ ਭਾਸ਼ਾ ਵਾਸਤੇ ਜ਼ਰੂਰੀ ਹੈ ਕਿ ਉਹ ਬਾਂਦਰ-ਨਕਲ ਨਾ ਹੋਵੇ । ਉਹ ਸਾਡੀਆਂ ਭੂਗੋਲਕ, ਜਜ਼ਬਾਤੀ ਤੇ ਸਮਾਜੀ ਲੋੜਾਂ ਦੇ ਅਨੁਸਾਰ ਹੋਣ। ਉਹਦੇ ਨਾਲ ਸਾਡੀ ਭਾਸ਼ਾ ਜਾਂ ਕਲਚਰ ਅਮੀਰ ਹੋਵੇ ਨਾਕਿ ਹਾਸੋ-ਹੀਣੀ ।… ਜਦ ਤਕ ਕੋਈ ਵਿਚਾਰ ਉਹਦੇ intellect ਤੋਂ ਹੇਠਾਂ ਨਹੀਂ ਉਤਰਦਾ, ਉਹ ਕਲਚਰ ਦਾ ਹਿੱਸਾ ਨਹੀਂ ਬਣ ਸਕਦਾ ।… ਨਕਲ ਮੈਂ ਇਹਨੂੰ ਕਹਿਨਾ ਵਾਂ, ਜਿਹੜੇ ਮਾਡਰਨ ਆਰਟਿਸਟ ਪੁੱਠੀਆਂ ਸਿੱਧੀਆਂ ਲੀਕਾਂ ਵਾਹ ਕੇ ਉੱਲੂ ਬਾਟੇ ਜਿਹੇ ਬਣਾ ਛੱਡਦੇ ਨੇ । ਆਰਟ ਦਾ ਮਕਸਦ ਤਾਂ ਇਹ ਵੇ ਪਈ ਤੁਹਾਡੇ distorted emotions ਨੂੰ culturise ਕਰੇ ।”
“ਤੁਸੀਂ ਨਵੀਂ ਕਵਿਤਾ ਪੜ੍ਹੀ ਹੈ, ਖਾਸ ਤੌਰ ਤੇ ਪੰਜਾਬੀ ਦੀ ?”
“ਮੈਂ ਪਰਚੇ ਦੇਖਦਾ ਰਹਿੰਦਾ ਹੁੰਦਾ ਹਾਂ । ਸਾਡੇ ਵੀ ਕੁਝ ਲੋਕ ਮਹਾਂ-ਯੁੱਧ ਜਾਂ ਮੌਤ ਦੇ ਭੈ, ਆਦਮੀ ਦੇ ਕੱਲੇ ਰਹਿ ਜਾਣ ਦੀ ਗੱਲ ਕਰਦੇ ਨੇ । ਸਾਡੇ ਤਾਂ ਹਾਲੇ ਉਹ ਦੌਰ ਹੀ ਨਹੀਂ ਆਇਆ। ਇਹ ਵਿਚਾਰ ਪੱਛਮ ‘ਚ ਪੈਦਾ ਹੋਏ ਨੇ ਤਾਂ ਉਹਦੀਆਂ ਕੁਝ ਬੁਨਿਆਦਾਂ ਨੇ । ਸਾਨੂੰ ਆਪਣੇ ਨਿਜੀ ਮਸਲਿਆਂ
ਬਾਰੇ ਵੱਧ ਗੰਭੀਰ ਹੋਣਾ ਚਾਹੀਦਾ ਹੈ ।” “ਸਾਡੇ ਦੇਸ਼ ‘ਚ ਇਹ ਜਿਹੜੀ ਕੁਰਪਸ਼ਨ ਹੈ, crime ਵਧਿਆ ਹੋਇਆ ਹੈ । ਨਿਕਸਲੀ ਤਹਿਰੀਕ ਚਲ ਪਈ ਹੈ । ਨੌਜਵਾਨ ਮੁੰਡੇ ਮਰਨ ਮਾਰਨ ਨੂੰ ਤਿਆਰ ਹੋ ਗਏ ਨੇ । ਉਹ ਸਭ ਕੁਝ ਕੀ ਹੈ ?” “ਇਸ ਦਾ ਇਕ ਕਾਰਨ ਤਾਂ ਜੀ ਪੈਸੇ ਤੇ ਅਹੁਦੇ ਦੀ ਲੁਟਮਾਰ ਹੈ ਜਿਹੜੀ ਦੇਸ਼ ਆਜ਼ਾਦ ਹੋਣ ਤੋਂ ਬਾਅਦ ਮੱਚੀ । ਲੋਕੀ corrupt means ਨਾਲ ਫ਼ਟਾਫ਼ਟ ਅਮੀਰ ਜਾਂ ਵੱਡੇ ਹੋ ਰਹੇ ਨੇ । ਦੂਜੇ ਜਿਹੜੇ ਇਸ tug of war ‘ਚ ਸ਼ਾਮਲ ਨਹੀਂ ਹੋ ਸਕਦੇ ਉਹ ਔਖੇ ਹੁੰਦੇ ਨੇ । Frustration ਦਾ ਇਕ ਕਾਰਨ ਇਹ ਵੀ ਹੈ ਕਿ ਲੋਕ ਆਪਣੇ ਫਰਜ਼ ਭੁਲ ਗਏ ਨੇ ਤੇ ਹੱਕ ਅੱਗੇ ਰੱਖ ਲਏ ਨੇ । ਜਿਹੜੇ ਨੌਜਵਾਨ ਮਰਨ ਮਾਰਨ ਨੂੰ ਤਿਆਰ ਹੋਏ ਨੇ, ਇਹ ਕਿਸੇ ਵੱਡੀ ਤਬਦੀਲੀ ਦੀ ਨਿਸ਼ਾਨੀ ਹੈ ।”
“ਇਹਦਾ ਇਲਾਜ ਕੀ ਹੈ ? ਕੀ ਉਦੋਂ ਹੋਵੇਗਾ ਜਦ ਲੋਕ ਪੜ੍ਹ ਲਿਖ ਜਾਣਗੇ ?”
“ਨਹੀਂ ਪੜ੍ਹਾਈ ਲਿਖਾਈ ਕੋਈ ਇਲਾਜ ਨਹੀਂ ।… ਥੋੜ੍ਹਾ ਚਿਰ ਹੋਇਆ ਜਾਪਾਨ ਦੀ ਕਿਸੇ ਫਰਮ ਦਾ ਇਕ ਨੁਮਾਇੰਦਾ ਫਿਰਦਾ ਤੁਰਦਾ ਪੁਛਦਾ ਪੁਛਾਂਦਾ ਮੇਰੇ ਕੋਲ ਆ ਗਿਆ, ਕਹਿਣ ਲੱਗਾ- ਜਦ ਭਾਰਤ ਦੇ ਲੋਕ ਪੜ੍ਹ ਲਿਖ ਜਾਣਗੇ ਤਾਂ ਦੇਸ਼ ਹੋਰ ਚੰਗਾ ਹੋ ਜਾਏਗਾ । -ਮੈਂ ਕਿਹਾ -ਹਾਂ, ਫੇਰ ਅਸੀਂ ਤੁਹਾਡੇ ਦੇਸ਼ ਤੇ ਬੰਬ ਸੁੱਟਾਂਗੇ । -ਉਹ ਹੈਰਾਨ ਹੋ ਕੇ ਮੇਰੇ ਵਲ ਵੇਖਣ ਲੱਗਾ ਤਾਂ ਮੈਂ ਕਿਹਾ- ਜਿਹੜੇ ਦੇਸ਼ ਨੇ ਨਾਗਾਸਾਕੀ ਤੇ ਹੀਰੋਸ਼ੇਮਾ ਤੇ ਬੰਬ ਸੁੱਟੇ ਸਨ, ਕੀ ਉਹ ਵਧ ਪੜ੍ਹੇ ਲਿਖੇ ਲੋਕਾਂ ਦਾ ਦੇਸ਼ ਨਹੀਂ ਸੀ ? ਸੋ ਭਾਈ ਰੂਹਾਂ ਦੀ ਅਮੀਰੀ ਦੀ ਲੋੜ ਹੈ ।”
ਸਵੇਰੇ ਮੈਂ ਜਾਣ ਲਈ ਤਿਆਰ ਸੀ । ਅਸੀਂ ਤਿੰਨੇ ਕਾਫ਼ੀ ਪੀ ਰਹੇ ਸੀ । ਪਿੰਜਰੇ ਵਿਚ ਅੱਠ ਛੜੇ ਇਕ ਮਾਦਾ ਦੁਆਲੇ ਚਹਿਕ ਰਹੇ ਸਨ । ਮੈਂ ਪਿਆਲਾ ਰਖਿਆ ਤਾਂ ਮੈਨੂੰ ਲਿਆਉਣ ਵਾਲੇ ਸੱਜਣ ਨੇ ਪੁਛਿਆ, “ਹੁਣ ਕਦੋਂ ਆਉਗੇ ?” ਸੋਭਾ ਸਿੰਘ ਹੋਰੀਂ ਵੱਖੀ ਵਿਚੀਂ ਵੇਖਦੇ ਦਾੜ੍ਹੀ ‘ਚ ਉਂਗਲਾਂ ਫੇਰਦੇ ਸ਼ਿਅਰ ਪੜ੍ਹਨ ਲੱਗ ਪਏ…
“ਜਜ਼ਬਾ-ਇ-ਇਸ਼ਕ ਸਲਾਮਤ ਹੈ ਤੋ, ਇਨਸ਼ਾ ਅੱਲਾ ।”
“ਮੈਂ ਕੱਚੇ ਧਾਗੇ ਨਾਲ ਬਝ ਕੇ ਆਉਣ ਦਾ ਕਾਇਲ ਨਹੀਂ” ਆਖ ਕੇ ਟੁਰ ਪਿਆ ।

ਸੋਭਾ ਸਿੰਘ : ਕਲਾ ਜਿਸ ਦੀ ਇਬਾਦਤ ਸੀ ਸਰੋਜ ਚਮਨ

ਕਲਾਕਾਰ ਸੋਭਾ ਸਿੰਘ ਆਪਣੇ ਆਪ ਵਿਚ ਪੂਰਾ ਬ੍ਰਹਿਮੰਡ ਹਨ ਜਿਨ੍ਹਾਂ ਨੇ ਤਿੰਨਾਂ ਕਾਲਾਂ ਵਿਚ ਜਿਉਂਦੇ ਜੀਵਾਂ/ਵਸਤਾਂ ਨੂੰ ਨੇੜਿਓਂ ਹੋ ਕੇ ਵੇਖਿਆ ਹੈ । ਉਨ੍ਹਾਂ ਦੇ ਜਿਊਣ ਤੋਂ ਮਰਨ ਤਕ ਦਾ ਪਲ- ਪਲ ਸੋਭਾ ਸਿੰਘ ਦੀ ਆਤਮਾ ਦਾ ਹਿੱਸਾ ਬਣਿਆ ਰਹਿੰਦਾ ਤੇ ਉਹ ਇਸ ਸਵੈ-ਪ੍ਰਕਿਰਿਆ ਵਿਚੋਂ ਗੁਜ਼ਰ ਕੇ ਨਵੀਨਤਾ ਦਾ ਜਾਮਾ ਧਾਰਦਾ । ਸਮੇਂ ਨੇ ਉਸ ਨੂੰ ਤ੍ਰਿਪੁਰਾਰੀ ਬਣਾ ਦਿੱਤਾ ਜਿਸ ਵਿਚ ਉਹ ਤਿੰਨਾਂ ਪਾਤਾਲਾਂ ਦੀ ਖ਼ਬਰ ਇਕੋ ਤੀਰ ਨਾਲ ਲੈਣ ਦੇ ਕਾਬਲ ਹੋਏ ।
ਚਿੱਟੇ ਚਾਂਦੀ ਨਾਲ ਮੇਲ ਖਾਂਦੇ ਖੁੱਲ੍ਹੇ ਵਾਲਾਂ ਦਾ ਪਿਛਾਹਾਂ ਮੋਢਿਆਂ ਉਤੇ ਡਿੱਗ ਕੇ ਦੂਜਿਆਂ ਨੂੰ ਧੌਲਾਧਾਰ ਦਾ ਭੁਲੇਖਾ ਪਾਉਣਾ ਤੇ ਖੋਜੀ ਦਾ ਇਨ੍ਹਾਂ ਬੱਦਲਾਂ ਵਿਚ ਗੁਆਚ ਜਾਣਾ, ਚੌੜੇ ਮੱਥੇ ਉਤੇ ਵਿੱਧ ਮਾਤਾ ਦਾ ਖੁਦਾਈ ਕੀਤਾ ਖਿਤਾ, ਚੰਦ ਤੇ ਸੂਰਜ ਨਾਲ ਮੇਲ ਖਾਂਦੇ ਨੈਣ, ਆਦਮ ਦੇ ਬਾਗ਼ ਵਿਚ ਉੱਗਿਆ ਪਹਿਲਾ ਫਲ ਉਸ ਦੀ ਕੋਮਲਤਾ ਉਸ ਦਾ ਗੁੰਦਵਾਂ ਤੇ ਪਤਲਾ ਸਰੀਰ, ਤਰਾਸ਼ੇ ਹੱਥ ਪੈਰ, ਸਿਰਜਣਾਤਮਿਕ ਮਨੁੱਖ ਨੂੰ ਪਿਛਾਂਹ ਨਾ ਮੁੜਣ ਦਿੰਦੇ । ਇਹ ਸੰਪੂਰਨ ਚਿਤਰਸੂਰਤ ਸਨ ਜਿਸ ਦੀ ਇਬਾਰਤ ਸਿਰਫ਼ ਉਚਕੋਟੀ ਦੀਆਂ ਰੂਹਾਂ ਸਮਝਦੀਆਂ ।
ਸੋਭਾ ਸਿੰਘ ਦੀ ਜੀਵਨੀ, ਕਲਾ ਤੇ ਸ਼ਖਸੀਅਤ ਉਤੇ ਅਨੇਕਾਂ ਲੇਖ ਤੇ ਖੋਜ ਪੱਤਰ ਲਿਖੇ ਜਾ ਚੁੱਕੇ ਹਨ । ਕਲਾ ਪ੍ਰਤੀ ਉਨ੍ਹਾਂ ਦੀ ਸੋਚ, ਰਚਨਾ ਪ੍ਰਕਿਰਿਆ, ਕਲਾ ਤੇ ਸਮਾਜ ਦਾ ਸੰਬੰਧ, ਕਲਾ ਤੇ ਧਰਮ ਆਦਿ ਮੁੱਖ ਵਿਸ਼ਿਆਂ ਉਤੇ ਚਰਚਾ ਚਲਦੀ ਰਹੀ ਹੈ । ਕੀ ਉਹ ਯਥਾਰਥਵਾਦੀ ਕਲਾ ਸਿਰਜਣਾ ਕਰਦੇ ਹਨ ਜਾਂ ਕਲਾ ਦੇ ਅਨੁਕਰਣ ਸਿਧਾਂਤ ਦੇ ਉਪਾਸ਼ਕ ਹਨ ਜਾਂ ਫੇਰ ਮਾਡਰਨ ਕਲਾ ਨੂੰ ਨਾ-ਪਸੰਦ ਕਰਦੇ ਹਨ ? ਅਜਿਹੇ ਪ੍ਰਸ਼ਨ ਵਿਦਵਾਨਾਂ ਦੇ ਦਿਮਾਗ਼ ਦੀ ਉਪਜ ਹਨ ਜਦੋਂ ਕਿ ਸੋਭਾ ਸਿੰਘ ਅਜਿਹੇ ਸ਼ਕ- ਸ਼ੁਭਿਆਂ ਤੋਂ ਕੋਹਾਂ ਮੀਲ ਦੂਰ ਸਨ । ਉਹ ਆਪਣੇ ਪਾਤਰ ਆਪ ਸਿਰਜਦੇ ਸਨ । ਦੂਜਿਆਂ ਨਾਲ ਉਸ ਦੀ ਪਹੁੰਚ ਤੇ ਸੋਚ ਅਨੁਸਾਰ ਕਿਸੇ ਨਾ ਕਿਸੇ ਤਰ੍ਹਾਂ ਸੰਪਰਕ ਕਾਇਮ ਕਰਨਾ ਆਪਣਾ ਧਰਮ ਸਮਝਦੇ ਸਨ  ।
ਸੋਭਾ ਸਿੰਘ ਨੇ ਮਨੁੱਖ ਦੀਆਂ ਕੋਮਲ ਤੇ ਪਵਿੱਤਰ ਭਾਵਨਾਵਾਂ ਦੀ ਸਿਰਜਣਾ ਸਵੈ-ਜਿਊਂ ਕੇ ਕੀਤੀ ਹੈ । ਬਾਹਰੀ ਰੂਪ ਵਿਚ ਵਸਿਆ ਅੰਤ ਮਨੁੱਖ, ਉਸ ਦੀਆਂ ਮਾਨਸਿਕ ਗੁੰਝਲਾਂ, ਡਰ-ਭੈ, ਈਰਖਾ, ਨਫ਼ਰਤ ਪ੍ਰੇਮ-ਰੰਗ ਸੋਭਾ ਸਿੰਘ ਦੀ ਸਿਰਜਣਾ ਦਾ ਮਹੱਤਵਪੂਰਨ ਵਿਸ਼ਾ ਸਨ । ਗੁਰੂਆਂ, ਪੀਰਾਂ ਫ਼ਕੀਰਾਂ ਦੇ ਫ਼ਲਸਫ਼ੇ ਦੇ ਰੰਗ ਜਿਨ੍ਹਾਂ ਨੂੰ ਉਹ ਖੁਦ ਪੋਥੀਆਂ ਦੇ ਅਣਗਿਣਤ ਪੰਨਿਆਂ ਵਿਚ ਕਹਿੰਦੇ, ਸੋਭਾ ਸਿੰਘ ਇਕ ਆਕਾਰ ਵਿਚ ਚੀਰ ਫਾੜ ਕਰ ਕੇ ਰਸਿਕ ਸਾਹਮਣੇ ਪੇਸ਼ ਕਰਦੇ । ਗੁਰੂ ਗੋਬਿੰਦ ਸਿੰਘ ਜੀ ਅਣਗਿਣਤ ਚਿਤਰਾਂ ਦਾ ਵਿਸ਼ਾ ਰਹੇ ਹਨ। ਉਨ੍ਹਾਂ ਦੇ ਕਣ ਕਣ ਵਿਚ ਵਹਿੰਦਾ ਯੋਧੇ ਦਾ ਵੀਰ ਰਸ ਲੜਾਕੂ ਯੋਧੇ ਦੀ ਪੁਸ਼ਾਕ ਨਾਲ ਸੱਜੇ ਧੱਜੇ, ਸ਼ਾਸਤਰਾਂ ਨਾਲ ਲੱਦੇ, ਉਚੇ ਲੰਬੇ ਨੌਜਵਾਨ ਜਿਨ੍ਹਾਂ ਦੀ ਖੂਬਸੂਰਤੀ ਨੈਣ ਨਕਸ਼ਾਂ ਦੁਆਰਾ ਡੁੱਲ੍ਹ ਡੁੱਲ੍ਹ ਪੈਂਦੀ ਕਲਾਕਾਰ ਨੇ ਕਮਾਲ ਦੀ ਪੇਂਟ ਕੀਤੀ ਹੈ। ਆਨੰਦਪੁਰ ਦੇ ਕਿਲ੍ਹੇ ਦੀ ਕੰਧ ਉਤੇ ਖੜ੍ਹੇ ਗੁਰੂ ਗੋਬਿੰਦ ਸਿੰਘ ਦੀਆਂ ਮੁਦਰਾਵਾਂ ਤੇ ਅਣਖ ਦਾ ਪ੍ਰਗਟਾਵਾ ਕਮਾਲ ਦਾ ਹੈ। ਸੋਚ ਦੇ ਖਾਸ ਪਲ, ਨੀਤੀ ਤੇ ਸਿਧਾਂਤ ਪੋਰਟਰੇਟ ਵਿਚ ਆਪ ਮੁਹਾਰੇ ਫੁੱਟਦੇ ਹਨ। ਮਾਂ, ਪਤਨੀ ਤੇ ਬੇਟਿਆਂ ਨਾਲ ਉਨ੍ਹਾਂ ਦੇ ਸੰਬੰਧਾਂ ਦੀ ਗਾਥਾ ਕਲਾਕਾਰ ਨੇ ਹਰੇਕ ਪੱਖੋਂ ਸਾਕਾਰ ਕੀਤੀ ਹੈ । ਹਰੇਕ ਚਿੱਤਰ ਪੂਰੇ ਇਤਿਹਾਸ ਦਾ ਪੰਨਾ ਹੈ । ਸਮਾਂ, ਸਪੇਸ ਤੇ ਥਾਂ ਪਲਾਂ ਵਿਚ ਪਛਾਣੇ ਜਾਂਦੇ ਹਨ । ਸੋਭਾ ਸਿੰਘ ਦਾ ਗੁਰੂ ਨਾਨਕ ‘ਆਈਕਨ’ ਇਸ ਲਈ ਬਣ ਗਿਆ ਕਿ ਉਸ ਆਕਾਰ ਵਿਚ ਏਕੀਕਰਨ’ ਹੈ, ਕੈਥਾਰਸਜ਼ ਦਾ ਕੇਂਦਰ ਬਿੰਦੂ ਹੈ, ਮੁਕਤੀ ਦਾ ਵਾਕ ਹੈ ਤੇ ਆਨੰਦ ਦਾ ਸੋਮਾ ਹੈ । ਗੁਰੂ ਦੀਆਂ ਜਨਮ-ਸਾਖੀਆਂ ਪੇਂਟ ਕਰਦੇ ਸਮੇਂ ਕਲਾਕਾਰ ਨੇ ਰਿਸ਼ਤਿਆਂ ਦੇ ਸੁਭਾਵਿਕ ਰੰਗ, ਕੁਦਰਤੀ ਮੋਹ, ਬੰਧਨਾਂ ਦੀ ਖੂਬਸੂਰਤੀ ਵੀ ਉਲੀਕੀ । ਪਹਿਲੀ ਉਦਾਸੀ ਵਿਚ ਗੁਰੂ ਦਾ ਗਿਆਨ, ਕੁਝ ਲੱਭਣ ਦੀ ਇੱਛਾ, ਸੋਚ ਦੀ ਖੋਜ, ਅਦਿੱਖ ਸ਼ਕਤੀ ਦੀ ਲਾਲਸਾ, ਆਦਿ ਕਲਾਕ੍ਰਿਤ ਵਿਚ ਮਹਿਸੂਸ ਕੇ ਸਿਰਜੇ ਗਏ ਹਨ । ਸਾਰੇ ਚਰਿੱਤਰ ਪਹਿਲੀ ਨਜ਼ਰ ਵਿਚ ਹੀ ਪਛਾਣੇ ਜਾਂਦੇ ਹਨ । ਪਿੱਠ-ਭੂਮੀ ਵਿਚ ਕੁਦਰਤ ਚੁੱਪੀ ਨਾਲ ਹੀ ਆਪਣਾ ਫੈਸਲਾ ਸੁਣਾ ਜਾਂਦੀ ਹੈ । ਇਸੇ ਤਰ੍ਹਾਂ ਅਛਾਈ ਦੀ ਬੁਰਾਈ ਉਤੇ ਜਿੱਤ ਕਲਾਕਾਰ ਨੇ ਆਪਣੇ ਸਵੈ-ਵਿਸ਼ਵਾਸ ਵਿਚੋਂ ਸਾਕਾਰ ਕੀਤੀ ਹੈ । ਰਾਖਸ਼ ਦੇ ਖੁੱਲ੍ਹੇ-ਡੁੱਲ੍ਹੇ ਅੰਗ, ਸਰੀਰ ਉਤੇ ਚੜ੍ਹਿਆ ਫ਼ਾਲਤੂ ਮਾਸ, ਭਿਆਨਕ ਅੱਖਾਂ ਦੇ ਦਰਵਾਜ਼ਿਆਂ ਵਿਚ ਬੈਠੀ ਰਾਖ਼ਸ਼ ਦੀ ਰੂਹ ਤੇ ਦੂਜੇ ਪਾਸੇ ਖੜ੍ਹੇ ਦੈਵਿਕ ਸ਼ਕਤੀ ਦੇ ਪ੍ਰਤੀਨਿਧੀ ਗੁਰੂ ਨਾਨਕ ਜਿਨ੍ਹਾਂ ਦੇ ਹੱਥ ਦੀ ਛੋਹ ਉਸ ਅੰਦਰ ਕੰਬਣੀ ਪੈਦਾ ਕਰ ਦਿੰਦੀ ਹੈ । ਕਲਾਕਾਰ ਦੀ ਯੋਗ ਸਾਧਨਾ ਦਾ ਇਹ ਉਹ ਪਲ ਹੈ ਜਦੋਂ ਉਹ ਪੰਜਾਂ ਭੂਤਾਂ ਤੋਂ ਪਿੱਛਾ ਛੁਡਾ ਕੇ ਉਚ ਪੱਧਰ ਦੀ ਸਤਹ ਵਿਚ ਵਿਲੀਨ ਹੋ ਗਿਆ । ਗੁਰੂ ਨਾਨਕ ਦੇ ਜਨਮ ਚਿੱਤਰ ਵਿਚ ਜਿਵੇਂ ਫਰਿਸ਼ਤਾ ਆਕਾਸ਼ ਤੋਂ ਉਤਰਿਆ ਹੋਵੇ, ਮਾਂ ਦੀ ਗੋਦ ਦਾ ਆਨੰਦ, ਮਾਂ ਦੇ ਮੂੰਹ ਉਤੇ ਸੰਪੂਰਨ ਸੰਤੁਸ਼ਟੀ, ਭੈਣ ਦੀ ਅਨੰਤ ਖੁਸ਼ੀ ਦੇ ਸੰਵੇਗਮਈ ਪਲ ਕਲਾਕਾਰ ਨੇ ਹੰਢਾਏ ਹਨ । ਬਾਬਰ ਦੀਆਂ ਚੱਕੀਆਂ ਪੀਹਣ ਵਿਚ ਵੀ ਗੁਰੂ ਨਾਨਕ ਨੂੰ ਜ਼ੁਲਮ ਸਾਹਮਣੇ ਨਾ ਝੁਕਣ ਦੇ ਨਿਸ਼ਚਾ ਦਾ ਪ੍ਰਤੀਕ ਬਣਾਇਆ ਹੈ । ਤੁਰਕੀ ਵੇਸ਼-ਭੂਸ਼ਾ ਦੇ ਹਾਰ-ਸ਼ਿੰਗਾਰ ਨਾਲ ਲੱਦਿਆ ਬਾਬਰ ਉਸ ਰੂਹਾਨੀ ਸ਼ਕਤੀ ਮੂਹਰੇ ਕਿਵੇਂ ਝੁਕਦਾ ਹੈ, ਕਲਾਕਾਰ ਨੇ ਮਨੁੱਖੀ ਧਰਾਤਲ ਤੋਂ ਉਤਾਂਹ ਉਠ ਕੇ ਮਹਿਸੂਸ ਕੀਤਾ ਹੈ । ਇਸੇ ਤਰ੍ਹਾਂ ਦਾ ਵਿਸ਼ਾ ਵਸਤੂ ਉਸ ਦੇ ਅਨੇਕਾਂ ਚਿੱਤਰਾਂ ਦਾ ਹੈ ।
ਸੋਭਾ ਸਿੰਘ ਨੇ ਅਨੇਕਾਂ ਚਿੱਤਰ ਉਹ ਪੇਂਟ ਕੀਤੇ ਜਿਨ੍ਹਾਂ ਦੀ ਸਮਾਜ ਦੇ ਚਰਿੱਤਰ ਨੂੰ ਬਚਾਉਣ ਵਿਚ ਬਹੁਤ ਲੋੜ ਸੀ, ਜਿਵੇਂ, ਮਿਹਨਤ ਤੇ ਹੱਕ ਦੀ ਕਮਾਈ ਦੀ ਜਨਮ ਸਾਖੀ ਉਨ੍ਹਾਂ ਬਹੁਤ ਹੀ ਸੋਹਣੇ ਢੰਗ ਨਾਲ ਸਿਰਜੀ ਹੈ । ਉਨ੍ਹਾਂ ਆਪਣੇ ਅਨੇਕਾਂ ਚਿੱਤਰ ‘ਸਮਾਜ ਲਈ’ ਪੇਂਟ ਕੀਤੇ ਤਾਂ ਜੋ ਲੋਕਾਂ ਦੀ ਮਾਨਸਿਕਤਾ ਉਤੇ ਅਸਰ ਹੁੰਦਾ ਰਹੇ । ਹਰੇਕ ਸਿੱਖ ਗੁਰੂ ਦੇ ਗੁਣਾਂ ਨੂੰ ਕਲਾਕਾਰ ਨੇ ਤੱਤ ਕੱਢ ਕੇ ਆਪਣੀ ਭਾਸ਼ਾ ਵਿਚ (ਰੰਗਾਂ-ਰੇਖਾਵਾਂ) ਲਿਖਿਆ । ਗੁਰੂ ਅਮਰਦਾਸ ਦੇ ਚਰਿੱਤਰ ਨੂੰ ਸੋਭਾ ਸਿੰਘ ਨੇ ਮਨੁੱਖੀ ਸਤਹ ਉਤੇ ਖੜ੍ਹੇ ਹੋ ਕੇ ਪਰਖਿਆ ਤੇ ਸਾਧਾਰਨ ਜੀਵ ਨੂੰ ਉਨ੍ਹਾਂ ਦੀਆਂ ਰੰਗਾਂ ਵਿਚ ਉਦਾਹਰਣਾਂ ਦੇ ਕੇ ਸਮਝਾਇਆ ।
ਔਰਤ ਦੀ ਕੋਮਲਤਾ, ਸੁੰਦਰਤਾ, ਦੁੱਖ-ਸੁੱਖ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰਨ ਦੀ ਇੰਤਹਾ, ਸੂਖਮ ਦਿਲ ਲਗਨ, ਸੰਬੰਧਾਂ ਦੀ ਇਮਾਨਦਾਰੀ, ਸੰਯੋਗ-ਵਿਯੋਗ ਤੇ ਬਿਰਹੜੇ ਨੂੰ ਹੰਢਾਉਣ ਦੀ ਹਿੰਮਤ ਸੋਭਾ ਸਿੰਘ ਨੇ ਇਸ ਵਿਚ ਇਕਮਿਕ ਹੋ ਕੇ ਵੇਖਿਆ। ਉਹ ਔਰਤ ਦੀ ਬਾਹਰੀ ਤੇ ਅੰਦਰਲੀ ਸੁੰਦਰਤਾ ਦਾ ਮੁੱਦਈ ਸੀ ਇਸੇ ਲਈ ਉਸ ਦੀ ਜਣਨੀ ਉਸ ਸਾਹਮਣੇ ਹਲਫ਼ੋਂ ਨੰਗੀ ਹੈ । ਤੇਤੀ ਭਾਵਾਂ ਤੇ ਅੱਠ ਰਸਾਂ ਨੂੰ ਕਲਾਕਾਰ ਨੇ ਆਪਣੀ ਨਾਇਕਾ ਵਿਚ ਬੁਣਿਆ ਹੈ। ਵਿਛੋੜੇ ਵਿਚ ਉਹ ਪਲ ਪਲ ਤੜਫ਼ਦੀ ਹੈ ਪਰੰਤੂ ਕਿਸੇ ਨੂੰ ਉਸ ਦੇ ਅੰਦਰ ਬਲਦੀ ਅੱਗ ਦਾ ਅਹਿਸਾਸ ਤਕ ਨਹੀਂ ਹੁੰਦਾ ਤੇ ਜਦੋਂ ਕਦੇ ਭਿਣਕ ਪੈ ਜਾਵੇ ਤਾਂ ਲੋਕ ਤਿਹ-ਤ੍ਰਿਹ ਕਰ ਉਠਦੇ ਹਨ । ਪਰ ਉਸ ਉੱਤੇ ਕੋਈ ਅਸਰ ਨਹੀਂ ਹੁੰਦਾ । ਉਹ ਕਿਸੇ ਵੀ ਤਰ੍ਹਾਂ ਦੂਜਿਆਂ ਦੀ ਹਮਦਰਦੀ ਤੇ ਮਿਹਰਬਾਨੀਆਂ ਕਬੂਲ ਨਹੀਂ ਕਰਦੀ ਤੇ ਨਾ ਹੀ ਦਿੱਤੇ ਵਾਇਦੇ ਤੋਂ ਮੁਕਰਨਾ ਉਸ ਦੀ ਫ਼ਿਤਰਤ ਹੈ। ਵਿਧਵਾ ਦੀ ਵੇਦਨਾ ਨੂੰ ਸੋਭਾ ਸਿੰਘ ਨੇ ਉਸ ਦੇ ਸਰੀਰਕ ਅੰਗਾਂ ਦੀ ਖੂਬਸੂਰਤੀ ਵਿਚ ਉਠਦੀ ਅਜੀਬ ਪੀੜਾ ਨਾਲ ਝੁਕੀ ਮੁਦਰਾ, ਉਭਰਵੀਆਂ ਛਾਤੀਆਂ ਨਾਲ ਹਿਰਨ ਦੀ ਛੋਹ ਉਸ ਦੇ ਅੰਦਰੂਨੀ ਤੂਫ਼ਾਨ ਦਾ ਪ੍ਰਗਟਾਓ ਕਰਦਾ ਹੈ ਤੇ ਹੇਠਾਂ ਡਿਗਦੇ ਕੱਪੜੇ ਵਿਚ ਸਰੀਰਕ ਅੱਗ ਮਹਿਸੂਸ ਕੀਤੀ ਜਾ ਸਕਦੀ ਹੈ । ਇਸੇ ਤਰ੍ਹਾਂ ਸੱਸੀ ਦੀ ਅੰਤਾਂ ਦੀ ਸੁੰਦਰਤਾ ਜਿਵੇਂ ਕੁਦਰਤ ਨੇ ਚੁਣ ਚੁਣ ਕੇ ਸਿਰਜੀ ਹੋਵੇ । ਉਸ ਦੇ ਤਿੱਖੇ ਤਿੱਖੇ ਨੈਣ-ਨਕਸ਼, ਲੰਬੀਆਂ ਬਾਹਵਾਂ, ਪਤਲੀ ਕਮਰ, ਭਾਰੀ ਲੱਕ, ਗੁੰਦਵੀਆਂ ਤਰਾਸ਼ੀਆਂ ਲੱਤਾਂ, ਫੁੱਲਾਂ ਵਰਗੇ ਪੈਰ ਆਦਿ ਦਾ ਪਰਛਾਵਾਂ ਜਦੋਂ ਸੜਦੀ ਬਲਦੀ ਰੇਤ ਉਤੇ ਪੈਂਦਾ ਹੈ ਤਾਂ ਚੁਫ਼ੇਰਿਆਂ ਅਦਿੱਖ ਸ਼ਕਤੀ ਦੀਆਂ ਅਵਾਜ਼ਾਂ ਨੂੰ ਸਿਰਫ਼ ਕਲਾਕਾਰ ਨੇ ਹੀ ਸੁਣਿਆ । ਪੁੰਨੂ ਦੀ ਭਾਲ ਵਿਚ ਬੇਹਾਲ ਸੱਸੀ ਦੀ ਤੜਪ ਦੇ ਆਖ਼ਰੀ ਪਲ ਕਲਾਕਾਰ ਨੇ ਨਾਲ ਭੋਗੇ ਹਨ ।
ਸੋਹਣੀ ਮਹੀਂਵਾਲ ਦੇ ਸੰਯੋਗ ਪਲਾਂ ਨੂੰ ਕਲਾਕਾਰ ਨੇ ਰੂਹਾਨੀ ਲੋਰ ਵਿਚ ਹੰਢਾਇਆ ਹੈ- ਧਰਤੀ ਤੇ ਆਕਾਸ਼ ਦਾ ਮੇਲ, ਸਮੁੰਦਰੀ ਤੂਫ਼ਾਨ ਦਾ ਕਿਨਾਰਿਆਂ ਤੋਂ ਬੇਕਾਬੂ ਹੋ ਜਾਣਾ, ਖੁਰਦੇ ਘੜੇ ਦੇ ਬੁਲਬੁਲੇ ਭਿਆਨਕ ਹਨੇਰ ਘੁੱਪ ਆਦਿ ਸੋਭਾ ਸਿੰਘ ਨੇ ਦੋ ਆਸ਼ਕਾਂ ਦੇ ਬੋਲਾਂ ਲਈ ਵਰਤੇ ਹਨ । ਸੋਹਣੀ ਦੀ ਲੰਬੀ ਕਾਲੀ ਗੁੱਤ, ਤਿੱਖੇ ਤਿੱਖੇ ਨੈਣ ਨਕਸ਼, ਲੰਬੀ ਸੁਰਾਹੀ ਵਰਗੀ ਗਰਦਨ, ਦਰਖ਼ਤ ਦੀਆਂ ਸ਼ਾਖਾਵਾਂ ਨਾਲ ਮੇਲ ਖਾਂਦੀਆਂ ਬਾਹਵਾਂ, ਭਾਰੀ ਛਾਤੀ ਤੇ ਪਾਰਦਰਸ਼ੀ ਗਿੱਲੇ ਕਪੜੇ ਵਿਚੋਂ ਵਿਖਾਈ ਦਿੰਦੇ ਅੰਗ, ਚਾਂਦੀ ਵਰਗਾ ਰੰਗ ਪਤਾ ਨਹੀਂ ਕਲਾਕਾਰ ਨੇ ਕਿਹੜੇ ਚਿਤਰ ਸੂਤਰ ਨੂੰ ਚਿਤਰਿਆ ਹੈ । ਸੋਹਣੀ ਦੀ ਛਾਤੀ ਵਿਚੋਂ ਫੁੱਟਦਾ ‘ਰਸ’ ਮਹੀਂਵਾਲ ਨੂੰ ਸ਼ਕਤੀ ਬਖਸ਼ਦਾ ਹੈ । ਦੋਵਾਂ ਦੇ ਪ੍ਰੇਮ ਦੀ ਪਰਿਭਾਸ਼ਾ ਸਿਰਫ਼ ਅਜਿਹਾ ਯੋਗੀ ਹੀ ਦੇ ਸਕਦਾ ਸੀ । ਇਸੇ ਤਰ੍ਹਾਂ ਮਿਰਜ਼ਾ ਸਾਹਿਬਾਂ ਨੂੰ ਉਨ੍ਹਾਂ ਦੀ ਸਭਿਆਚਾਰਕ ਪੋਸ਼ਾਕ ਵਿਚ ਵਿਖਾ ਕੇ ਦੋਵਾਂ ਦਾ ਪਿਛੋਕੜ ਸਾਕਾਰ ਕੀਤਾ ਹੈ । ਪ੍ਰੇਮ ਦੀ ਡੂੰਘਾਈ ਤੇ ਸੱਚ, ਪ੍ਰੇਮ ਦੁਆਰਾ ਪ੍ਰਮਾਤਮਾ ਪ੍ਰਾਪਤ ਕਰਨਾ, ਪ੍ਰੇਮ ਨੂੰ ਰੱਬ ਵਾਂਗ ਪੂਜਣਾ ਸੋਭਾ ਸਿੰਘ ਦੇ ਅਨੇਕਾਂ ਚਿੱਤਰਾਂ ਦਾ ਵਿਸ਼ਾ ਰਿਹਾ ਹੈ । ਉਮਰ ਖ਼ਿਆਮ ਦੇ ਰੋਮਾਂਸ ਨੂੰ ਕਲਾਕਾਰ ਨੇ ਭਿੱਜ ਕੇ ਪੇਂਟ ਕੀਤਾ ਹੈ । ਨਿੱਕੇ ਨਿੱਕੇ ਪ੍ਰੇਮ ਵਲਵਲੇ, ਛੋਹ ਦੀ ਝਨ-ਝੰਨਾਹਟ, ਕੰਬਣੀ, ਅਜੀਬ ਕਿਸਮ ਦਾ ਨਸ਼ਾ, ਅੰਗਾਂ ਦੀ ਸਥਿਤੀ ਵਿਚ ਬੇਕਾਬੂ ਹੋ ਜਾਣਾ ਸੋਭਾ ਸਿੰਘ ਨੇ ਦਿਲਚਸਪ ਢੰਗ ਨਾਲ ਦਰਸਾਇਆ ਹੈ । ਅਜਿਹੇ ਵਿਸ਼ਿਆਂ ਦੇ ਰੰਗ ਸੰਗੀਤਮਈ ਹਨ ਜਿਹੜੇ ਪਲ ਪਲ ਪਿਘਲਦੇ, ਢਲਦੇ ਤੇ ਜੰਮਦੇ ਹਨ ।
ਆਮ ਜ਼ਿੰਦਗੀ ਵਿਚੋਂ ਅਨੇਕਾਂ ਦਿਲਚਸਪ ਦ੍ਰਿਸ਼ ਪੇਂਟ ਕੀਤੇ । ਜਿਨ੍ਹਾਂ ਨੇ ਸਭਿਆਚਾਰ ਨੂੰ ਸੰਜੀਵ ਰੱਖਿਆ । ਬੀਨ ਵਜਾਉਂਦਾ ਜੋਗੀ ਦੀ ਸਰੀਰਕ ਤੇ ਮਾਨਸਿਕ ਹਾਲਤ, ਅਕਾਲੀ ਫੂਲਾ ਸਿੰਘ ਦਾ ਨਾਅਰਾ, ਭਾਈ ਗੁਰਦਾਸ ਦਾ ਵਾਕ ਲਿਖਣ ਦਾ ਆਸਨ ਆਦਿ । ਸ਼ਾਇਦ ਹੀ ਅਜਿਹਾ ਕੋਣ ਹੋਵੇਗਾ ਜਿਸ ਨੂੰ ਸੋਭਾ ਸਿੰਘ ਨੇ ਨਾ ਛੁਹਿਆ ਹੋਵੇ । ਉਸ ਦੇ ਗੁਰੂ ਨਾਨਕ ਦੇ ਪੋਰਟਰੇਟ ਵਿਚ ਸਥਿਰ ਅਵਸਥਾ, ਅਧਿਆਤਮਕ ਬਿੰਦੂ ਤਿੰਨਾਂ ਯੁੱਗਾਂ ਦਾ ਗਿਆਨ, ਮੋਕਸ਼ ਸਤਹ ਤੇ ਗੁਰੂ ਗੋਬਿੰਦ ਸਿੰਘ ਦੀਆਂ ਆਕ੍ਰਿਤੀਆਂ ਵਿਚ ਜ਼ਿੰਦਗੀ ਜਿਊਣ ਦੇ ਅਰਥ ਹਨ । ਸੋਭਾ ਸਿੰਘ ਨੇ ਕਲਾ ਦੁਆਰਾ ਮੁਕਤੀ ਪ੍ਰਾਪਤ ਕੀਤੀ, ਉਸ ਦੀਆਂ ਕ੍ਰਿਤਾਂ ਇਸ ਦੈਵਿਕ ਸ਼ਕਤੀ ਤਕ ਪਹੁੰਚਣ ਦਾ ਮਾਧਿਅਮ ਬਣੀਆਂ ।
ਉਸ ਨੇ ਆਪਣਾ ਹੀ ਸੌਂਦਰੀਯ ਸ਼ਾਸਤਰ ਸਿਰਜਿਆ, ਆਪਣੇ ਹੀ ਰਸ ਭਾਵ ਤੇ ਸੁਹਜ ਅਨੁਭਵ ਰਚਿਆ । ਉਸ ਨੇ ਕਦੇ ਵੀ ਮਾਡਰਨ ਕਲਾ ਨੂੰ ਨਹੀਂ ਸਵੀਕਾਰਿਆ, ਉਹ ਕਲਾ ਨੂੰ ਮਨੁੱਖ ਲਈ ਸਮਝਦਾ ਸੀ । ਸੋਭਾ ਸਿੰਘ ਅਨੁਸਾਰ ਕਲਾ ਜ਼ਿੰਦਗੀ ਦੇ ਅਰਥ ਸਮਝਾਉਂਦੀ ਹੈ, ਇਸ ਨੂੰ ਸੰਵਾਰਦੀ ਹੈ ਤੇ ਸਲੀਕਾ ਸਿਖਾਉਂਦੀ ਹੈ । ਉਸ ਨੇ ਰੰਗਾਂ-ਰੇਖਾਵਾਂ ਦੁਆਰਾ ਆਤਮ ਦੀ ਇਬਾਰਤ ਲਿਖੀ। ਉਸ ਦੀਆਂ ਕ੍ਰਿਤਾਂ ਲੱਖਾਂ ਲੋਕਾਂ ਨੂੰ ਉਂਗਲ ਲਾ ਕੇ ਟੁਰਦੀਆਂ ਹਨ।

ਦਾਰ ਜੀ ਨਾਲ ਆਖ਼ਰੀ ਪਲ, ਅਮੋਲਕ ਸਿੰਘ ਚਿੱਤਰਕਾਰ

ਸੋਮਵਾਰ 18 ਅਗਸਤ 1986 ਨੂੰ ਦੁਪਹਿਰ ਵੇਲੇ ਅੰਮ੍ਰਿਤਸਰ ਮੈਨੂੰ ਦਾਰ ਜੀ ਬਾਰੇ ਇਕ ਵਿਸ਼ੇਸ਼ ਸੁਨੇਹਾ ਪੁੱਜਿਆ । ਸੁੱਖ ਸੁਨੇਹੇ ਤਾਂ ਪਹਿਲਾਂ ਵੀ ਆਉਂਦੇ ਜਾਂਦੇ ਰਹਿੰਦੇ ਸਨ, ਪਰ ਇਸ ਸੁਨੇਹੇ ਨੇ ਮੇਰਾ ਅੰਦਰਲਾ ਝੰਜੋੜ ਦਿੱਤਾ । ਸੁਨੇਹਾ ਇਹ ਸੀ ਕਿ ਮੈਂ ਜਲਦੀ ਚੰਡੀਗੜ੍ਹ ਪੁਜਾਂ ਕਿਉਂਕਿ ਦਾਰ ਜੀ ਦੀ ਸਿਹਤ ਵਿਗੜ ਜਾਣ ਕਾਰਨ ਪੀ ਜੀ ਆਈ ਚੰਡੀਗੜ੍ਹ ਵਿਚ ਇਲਾਜ ਲਈ ਪਾਲਮਪੁਰ ਤੋਂ ਹੈਲੀਕਾਪਟਰ ਰਾਹੀਂ ਆ ਰਹੇ ਹਨ ।
ਰਾਤ ਸਾਰੀ ਤਰਲੋ-ਮੱਛੀ ਹੁੰਦਾ ਰਿਹਾ ਅਤੇ ਅਗਲੇ ਦਿਨ ਸਵੇਰੇ ਬੱਸ ਪਕੜ ਕੇ ਚੰਡੀਗੜ੍ਹ ਪੀ ਜੀ ਆਈ ਦੇ ਰਿਸੈਪਸ਼ਨ ਤੇ ਪੁੱਜ ਗਿਆ । ਪੁੱਛਣ ਗਿੱਛਣ ਤੇ ਪਤਾ ਲੱਗਾ ਕਿ ਦਾਰ ਜੀ ਚੌਥੀ ਮੰਜ਼ਲ ਤੇ ਕੇਡੀਉਲੋਜੀ ਵਾਰਡ ਦੇ ਕਮਰਾ ਨੰਬਰ 8 ਵਿਚ ਹਨ । ਰਵਾਂ-ਰਵੀਂ ਉਥੇ ਪਹੁੰਚਿਆ ਤਾਂ ਦਰਵਾਜ਼ੇ ਤੇ ਵਿਜ਼ਟਰ ਦੇ ਦਾਖਲੇ ਦੀ ਪਾਬੰਦੀ ਦਾ ਨੋਟਿਸ ਲੱਗਾ ਹੋਇਆ ਸੀ ।
ਨਿਯਮਾਂ ਤੇ ਅਸੂਲਾਂ ਦੀ ਦੁਫੇੜ ਨੇ ਮੈਨੂੰ ਇਕ ਵਾਰ ਪਿਛੇ ਧਕੇਲ ਦਿੱਤਾ । ਦਸ ਕੁ ਮਿੰਟ ਪਿਛੋਂ ਬੈਂਚ ਤੇ ਬੈਠਾ ਰਿਹਾ ਫਿਰ ਇਕ ਦਮ ਜਜ਼ਬਾਤਾਂ ਦੇ ਵੇਗ ਦੇ ਹੜ੍ਹ ਨੇ ਅਸੂਲਾਂ ਤੇ ਨਿਯਮਾਂ ਨੂੰ ਅੱਗੇ ਰੋੜ੍ਹ ਲਿਆ ਅਤੇ ਮੈਂ ਕਮਰਾ ਨੰਬਰ 8 ਦਾ ਦਰਵਾਜ਼ਾ ਲੰਘ ਕੇ ਦਾਰ ਜੀ ਦੇ ਬੈੱਡ ਦੇ ਸਾਹਮਣੇ ਖੜ੍ਹਾ ਸੀ । ਗੁਲੂਕੋਜ਼ ਅਤੇ ਆਕਸੀਜਨ ਲੱਗੀ ਦੇਖ ਕੇ ਮੇਰੇ ਮਨ ਨੂੰ ਝੁਲਕਾ ਜਿਹਾ ਫਿਰਿਆ ਕਿ ਕੈਨਵਸ ਉਪਰ ਬੁਰਸ਼ ਤੇ ਰੰਗਾਂ ਨਾਲ ਰੂਹਾਂ ਫੂਕਣ ਵਾਲਾ ਮਹਾਂਪੁਰਸ਼ ਅੱਜ ਕਿਸ ਹਾਲਤ ਵਿਚ ਪਿਆ ਹੈ । ਮੈਂ ਡੌਰ- ਭੌਰਾ ਹੋਇਆ ਇਹ ਸਭ ਕੁਝ ਦੇਖਦਾ ਹੀ ਰਿਹਾ । ਬੋਲਣ ਬੁਲਾਉਣ ਦੀ ਹਿੰਮਤ ਹੀ ਨਹੀਂ ਸੀ ਰਹਿ ਗਈ । ਪਾਸ ਹੀ ਬੀਬੀ ਜੀ (ਦਾਰ ਜੀ ਦੀ ਸਪੁੱਤਰੀ ਗੁਰਚਰਨ ਕੌਰ) ਬੈਠੇ ਸਨ । ਕੋਲ ਹੀ ਬੈਠੇ ਸਰਦਾਰ ਹਰਭਜਨ ਸਿੰਘ ਹੋਰਾਂ (ਡਾਕਟਰ ਕੁਲਵੰਤ ਸਿੰਘ ਦੇ ਭਾਈ ਸਾਹਿਬ) ਨੇ ਦੱਸਿਆ ਕਿ ਹੁਣੇ ਹੀ ਥੋੜੀ ਦੇਰ ਤੋਂ ਦਾਰ ਜੀ ਨੂੰ ਨੀਂਦਰ ਆਈ ਹੈ ।
ਪੰਦਰਾਂ ਕੁ ਮਿੰਟ ਬਾਅਦ ਦਾਰ ਜੀ ਨੇ ਅਚਾਨਕ ਪਾਸਾ ਪਲਟਿਆ ਤੇ ਨਜ਼ਰਾਂ ਨਾਲ ਨਜ਼ਰਾਂ ਮਿਲ ਗਈਆਂ । ਮੈਂ ਪੈਰੀਂ ਹੱਥ ਲਗਾ, ਨਮਸਕਾਰ ਕੀਤੀ । ਦਾਰ ਜੀ ਨੇ ਹੱਥ ਫੜ ਲਏ । ਬੱਚਿਆਂ ਦੀ ਸੁਖ ਸਾਂਦ ਖੈਰੀਅਤ ਪੁੱਛੀ । (ਜਦ ਕਿ ਹਾਲ-ਚਾਲ ਤਾਂ ਅਸੀਂ ਪੁਛਣ ਗਏ ਸੀ) ਇਸ ਸਮੇਂ ਦਾਰ ਜੀ ਗੱਲ ਤਾਂ ਕਰਦੇ ਸਨ ਪਰੰਤੂ ਏਨੀ ਸਪੱਸ਼ਟਤਾ ਨਹੀਂ ਸੀ ।
ਬੀਬੀ ਜੀ ਹੋਰੀਂ ਕਿਉਂਕਿ ਲਗਾਤਾਰ ਦੋ ਦਿਨ ਤੋਂ ਜਾਗ ਰਹੇ ਸਨ ਇਸ ਲਈ ਇਸ ਰਾਤ ਦਾਰ ਜੀ ਪਾਸ ਰਹਿਣ ਦੀ ਇਛਾ ਜ਼ਾਹਿਰ ਕਰਦਿਆਂ ਮੈਂ ਉਹਨਾਂ ਨੂੰ ਇਸ ਰਾਤ ਆਰਾਮ ਕਰਨ ਲਈ ਕਿਹਾ । ਪਰ ਉਹਨਾਂ ਮੈਨੂੰ ਦੱਸਿਆ ਕਿ ਸਰਦਾਰ ਮੇਹਰ ਸਿੰਘ ਜੀ (ਦਾਰ ਜੀ ਦੇ ਸ਼ਿਸ਼) ਵੀ ਦਿੱਲੀਉਂ ਆਏ ਹਨ । ਅੱਜ ਦੀ ਰਾਤ ਉਹਨਾਂ ਨੇ ਰਹਿਣਾ ਹੈ, ਤੁਸੀਂ ਕੱਲ੍ਹ ਰਹਿ ਜਾਣਾ ।
ਅਸੀਂ ਆਪਣੇ ਮਨ ਅੰਦਰ ਅਰਜ਼ੋਈਆਂ ਕਰ ਰਹੇ ਸਾਂ ਕਿ ਹੇ ਅਕਾਲ ਪੁਰਖ ! ਦਾਰ ਜੀ ਨੂੰ ਤੰਦਰੁਸਤੀ ਬਖਸ਼ । ਮੈਂ ਤੇ ਸਰਦਾਰ ਅਮਰ ਸਿੰਘ ਜੀ ਸਾਰੀ ਰਾਤ ਉਹਨਾਂ ਦੇ ਗ੍ਰਹਿ ਵਿਖੇ ਦਾਰ ਜੀ ਦੀ ਸਿਹਤ ਬਾਰੇ ਹੀ ਤੌਖਲਾ ਕਰਦੇ ਰਹੇ । ਅਗਲੇ ਦਿਨ ਸਵੇਰੇ 7 ਵਜੇ ਹੀ ਅਸੀਂ ਪੀ ਜੀ ਆਈ ਆ ਗਏ । ਦਾਰ ਜੀ ਨੂੰ ਫਤਹਿ ਬੁਲਾਈ ਅਤੇ ਉਹਨਾਂ ਹਮੇਸ਼ਾ ਵਾਂਗ ਖਿੜੇ ਮੱਥੇ ਤੰਦਰੁਸਤਾਂ ਵਾਂਗ ਫਤਹਿ ਦਾ ਜਵਾਬ ਦਿੱਤਾ ।
ਦੁਪਹਿਰ ਹੋਈ ਤਾਂ ਫੇਰ ਉਹਨਾਂ ਨੇ ਜਿਵੇਂ ਕਿ ਉਹ ਆਮ ਪੁਛਿਆ ਕਰਦੇ ਸਨ ਸਾਨੂੰ ਪੁਛਿਆ ਕਿ ‘ਪ੍ਰਸ਼ਾਦਿ ਛਕ ਲਿਆ ਜੇ ?’ ਮੈਂ ਦੱਸਿਆ ਕਿ ਅਸੀਂ ਤਾਂ ਛਕ ਲਿਆ ਹੈ ਤੁਸੀਂ ਦਸੋ ਕੁਝ ਖਾਣ ਨੂੰ ਦਿਲ ਕਰਦਾ ਹੈ ? ਦਾਰ ਜੀ ਨੇ ਗੋਲਡ ਸਪਾਟ ਪੀਣ ਦੀ ਇੱਛਾ ਜ਼ਾਹਿਰ ਕੀਤੀ । ਮੈਂ ਭੱਜ ਕੇ ਗੋਲਡ ਸਪਾਟ ਦੀ ਇਕ ਬੋਤਲ ਲਿਆਂਦੀ ਤੇ ਆਸਰਾ ਦੇ ਕੇ ਉਸ ਦੀ ਨਾਲੀ ਮੂੰਹ ਨੂੰ ਲਗਾ ਦਿੱਤੀ । ਉਹਨਾਂ ਦੋ ਚਾਰ ਘੁੱਟ ਗੋਲਡ ਸਪਾਟ ਦੇ ਭਰੇ । ਫਿਰ ਕਹਿਣ ਲਗੇ, ‘ਮੇਰੀ ਸੱਜੀ ਬਾਂਹ ਦਰਦ ਕਰਦੀ ਹੈ ਜ਼ਰਾ ਪਾਸਾ ਪਲਟਾ ਦਿਉ ।’ ਮੈਂ ਪਾਸਾ ਪਲਟਾਇਆ ।
ਫਿਰ ਸਾਢੇ ਚਾਰ ਵਜੇ ਦੇ ਕਰੀਬ ਪਿਸ਼ਾਬ ਕਰਵਾਇਆ । ਬਿਸਤਰਾ, ਪਜਾਮਾ ਬਦਲੀ ਕੀਤਾ । ਇਸ ਮੌਕੇ ਦਾਰ ਜੀ ਨਹੀਂ ਬੋਲੇ । ਸਾਨੂੰ ਮਹਿਸੂਸ ਹੋ ਰਿਹਾ ਸੀ ਕਿ ਉਹਨਾਂ ਦੀ ਤਬੀਅਤ ਪਹਿਲਾਂ ਤੋਂ ਜ਼ਿਆਦਾ ਖਰਾਬ ਹੋ ਰਹੀ ਹੈ । ਇਸ ਸਮੇਂ ਬੀਬੀ ਜੀ ਨੇ ਦੋ ਕੁ ਚਮਚ ਸੂਪ ਦੇ ਉਹਨਾਂ ਦੇ ਮੂੰਹ ਵਿਚ ਪਾਏ ਸਨ ।
ਰਾਤ ਸਾਢੇ ਨੌ ਵਜੇ ਸਪੈਸ਼ਲ ਡਾਕਟਰ ਸਾਹਿਬਾਨ ਦੀ ਟੀਮ ਨੇ ਚੈੱਕ ਕੀਤਾ । ਉਹਨਾਂ ਸਾਨੂੰ ਦੱਸਿਆ ਕਿ ਸੱਜੇ ਪਾਸੇ ਅਧਰੰਗ ਦਾ ਅਟੈਕ ਹੋ ਚੁੱਕਾ ਹੈ । ਇਸ ਸਮੇਂ ਦਾਰ ਜੀ ਨੂੰ ਫੂਡ ਪਾਈਪ ਵੀ ਲਗਾ ਦਿੱਤੀ ।
ਅਸੀਂ ਬੜੀ ਬਿਹਬਲਤਾ ਨਾਲ ਡਾਕਟਰ ਸਾਹਿਬ ਤੋਂ ਦਾਰ ਜੀ ਦੀ ਸਿਹਤ ਬਾਰੇ ਪੁਛ ਰਹੇ ਸਾਂ ਪਰ ਡਾਕਟਰ ਦਾ ਆਪਣਾ ਵੀ ਰਗਾਂ ਦਾ ਗੱਚ ਭਰਿਆ ਹੋਇਆ ਸੀ, ਉਹਨਾਂ ਨੇ ਸਾਨੂੰ ਇਤਨਾ ਹੀ ਕਿਹਾ ਕਿ ਅਕਾਲ ਪੁਰਖ ਅੱਗੇ ਅਰਦਾਸ ਕਰੋ ।
ਉਹ ਰਾਤ ਜਿਵੇਂ ਬੀਤੀ, ਬਿਆਨ ਤੋਂ ਬਾਹਰ ਹੈ । ਬੀਬੀ ਜੀ ਸਾਰੀ ਰਾਤ ਬਹੁਤ ਘਬਰਾਏ ਰਹੇ । ਅਸੀਂ ਇਕ ਦੂਜੇ ਨੂੰ ਕੁਝ ਸਮਾਂ ਆਰਾਮ ਕਰਨ ਲਈ ਕਹਿ ਰਹੇ ਸਾਂ ਪਰੰਤੂ ਨੀਂਦਰ ਕਿਸੇ ਨੂੰ ਵੀ ਨਹੀਂ ਸੀ ਆ ਰਹੀ ।
ਮੈਂ ਸਵੇਰੇ ਛੇ ਵਜੇ ਸਰਦਾਰ ਅਮਰ ਸਿੰਘ ਦੇ ਘਰ ਗਿਆ । ਪਰ ਆਰਾਮ ਕਰਨ ਨੂੰ ਦਿਲ ਨਾ ਕੀਤਾ । ਇਸ਼ਨਾਨ ਕਰਕੇ ਫਿਰ ਦੁਬਾਰਾ ਪੀ ਜੀ ਆਈ ਹੀ ਆ ਗਿਆ ।
ਅੰਮ੍ਰਿਤਸਰੋਂ ਚੰਡੀਗੜ੍ਹ ਜਾਣ ਲੱਗਿਆਂ ਮੈਂ ਕਾਹਲੀ ਵਿਚ ਕੁਝ ਕਪੜੇ ਨਹੀਂ ਸੀ ਖੜ੍ਹ ਸਕਿਆ। ਇਸ ਲਈ ਮੈਂ ਬੀਬੀ ਜੀ ਤੋਂ ਇਕ ਰਾਤ ਲਈ ਛੁੱਟੀ ਲੈ ਕੇ ਅੰਮ੍ਰਿਤਸਰ ਵਾਪਸ ਆ ਗਿਆ ।
ਮੇਰੇ ਆਉਣ ਦਾ ਇਹ ਵੀ ਮਕਸਦ ਸੀ ਕਿ ਉਹਨਾਂ ਦੇ ਦਾਮਾਦ ਸਰਦਾਰ ਹਰਬੀਰ ਸਿੰਘ ਭੰਵਰ, ਜੋ ਅੰਮ੍ਰਿਤਸਰ ਟ੍ਰਿਵਿਊਨ ਦੇ ਸਟਾਫ਼ ਰਿਪੋਰਟਰ ਸਨ, ਨੂੰ ਦਾਰ ਜੀ ਦੀ ਸਿਹਤ ਬਾਬਤ ਦੱਸਾਂ ਕਿਉਂਕਿ ਅਖਬਾਰਾਂ ਰਾਹੀਂ ਕੋਈ ਖਾਸ ਖਬਰ ਨਹੀਂ ਸੀ ਮਿਲ ਰਹੀ ।
ਸਾਡਾ ਸਵੇਰੇ ਵਾਪਸ ਨੌ ਵਜੇ ਜਾਣ ਦਾ ਪ੍ਰੋਗਰਾਮ ਸੀ ਪਰੰਤੂ ਅੱਠ ਵਜੇ ਰੇਡੀਓ ਨੇ ਮੰਦ ਭਾਗੀ ਖ਼ਬਰ ਦੇ ਦਿੱਤੀ ਕਿ ਦਾਰ ਜੀ ਸਾਨੂੰ ਹਮੇਸ਼ਾ ਲਈ ਛੱਡ ਕੇ ਜਾ ਚੁੱਕੇ ਹਨ । ਸਾਨੂੰ ਕੁਝ ਵੀ ਸੁੱਝ ਨਹੀਂ ਸੀ ਰਿਹਾ ਕਿ ਇਹ ਕੀ ਭਾਣਾ ਵਾਪਰ ਗਿਆ ਹੈ ? ਮੈਂ ਬੜੀ ਨਾਜ਼ਕ ਸਥਿਤੀ ਅੱਖੀਂ ਦੇਖ ਕੇ ਆਇਆ ਸੀ ਪਰੰਤੂ ਫਿਰ ਵੀ ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਦਾਰ ਜੀ ਸਵਰਗਵਾਸ ਹੋ ਚੁਕੇ ਹੋਣਗੇ । ਪਰ ਹੋਣੀ ਨੂੰ ਕੌਣ ਰੋਕ ਸਕਦਾ ਹੈ ? ਰੇਡੀਓ ਤਾਂ ਬਾਰ ਬਾਰ ਕੁਰਲਾਹਟ ਪਾ ਰਿਹਾ ਸੀ, ਸੋ ਭਾਣਾ ਵਾਪਰ ਚੁੱਕਾ ਸੀ ।
ਅਸੀਂ ਵੈਸੇ ਵੀ ਜਾਣ ਲਈ ਤਿਆਰ ਹੀ ਸੀ, ਪਰ ਇਹ ਖਬਰ ਮਿਲਣ ਤੇ ਸਰਦਾਰ ਭਾਨ ਸਿੰਘ ਜੀ, ਸਕੱਤਰ ਸ਼੍ਰੋਮਣੀ ਕਮੇਟੀ, ਹੋਰਾਂ ਨੂੰ ਮਿਲ ਕੇ ਜਾਣਾ ਉਚਿਤ ਸਮਝਿਆ ਕਿਉਂਕਿ ਉਹ ਵੀ ਉਹਨਾਂ ਦੇ ਬੜੇ ਪ੍ਰੇਮੀ ਸਨ । ਉਹਨਾਂ ਨੇ ਖ਼ਬਰ ਮਿਲਦਿਆਂ ਹੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅਤੇ ਅਜਾਇਬ ਘਰ ਉਹਨਾਂ ਦੇ ਸਨਮਾਨ ਵਿਚ ਬੰਦ ਕਰਵਾ ਦਿੱਤੇ । ਨਾਲ ਹੀ ਮੈਂ ਤੇ ਹਰਬੀਰ ਸਿੰਘ ਜੀ ਜਲਦੀ ਚੰਡੀਗੜ੍ਹ ਪਹੁੰਚਣ ਲਈ ਸਮਰਾਲੇ ਤੱਕ ਉਨ੍ਹਾਂ ਦੀ ਕਾਰ ਵਿਚ ਹੀ ਗਏ ।
ਪਰ ਜਦ ਬਹੁਤ ਤੇਜ਼ੀ ਕਰਦਿਆਂ ਅਸੀਂ ਤਿੰਨ ਵਜੇ ਚੰਡੀਗੜ੍ਹ ਪਹੁੰਚੇ ਤਾਂ ਜਾਂਦਿਆਂ ਨੂੰ ਸਸਕਾਰ ਹੋ ਚੁੱਕਾ ਸੀ । ਲੱਖਾਂ ਦੀ ਗਿਣਤੀ ਵਿਚ ਆਪਣੇ ਪ੍ਰੇਮੀਆਂ ਅਤੇ ਸ਼ਰਧਾਲੂਆਂ ਨੂੰ ਛੱਡ ਕੇ ਉਹ ਕਲਾ ਦਾ ਮਹਾਨ ਪੁਜਾਰੀ ਅਰਸ਼ਾਂ ਦਾ ਰਾਹਗੀਰ ਬਣ ਚੁੱਕਾ ਸੀ ।
ਚਿਖਾ ਦੁਆਲੇ ਸਰਦਾਰ ਸੁਰਜੀਤ ਸਿੰਘ ਫੋਟੋਗ੍ਰਾਫਰ (ਪੰਜਾਬੀ ਯੂਨੀਵਰਸਿਟੀ ਵਾਲੇ) ਅਤੇ ਕੁਝ ਹੋਰ ਗਿਣਤੀ ਦੇ ਪ੍ਰੇਮੀ ਸੱਜਣ ਬੈਠੇ ਸਨ ਬਾਕੀ ਸਭ ਮਨਿਸਟਰ ਆਦਿ ਅਤੇ ਉਹਨਾਂ ਦੇ ਬਾਕੀ ਬੰਦੇ ਜਾ ਚੁੱਕੇ ਸਨ ।
ਸੁਹਜ ਸਵਾਦ ਤੇ ਕਲਾਮਈ ਜ਼ਿੰਦਗੀ ਜਿਉਣ ਵਾਲੇ ਮਹਾਨ ਫ਼ਿਲਾਸਫ਼ਰ ਦੀ ਜਲਦੀ ਚਿਤਾ ਵੇਖੀ ਕਿ ਲੱਕੜਾਂ ਵਿਚੋਂ ਜੋ ਧੂੰਆਂ ਨਿਕਲ ਰਿਹਾ ਸੀ ਉਹ ਵੀ ਆਪਣੀ ਤੋਰ ਵਿਚੋਂ ਨਵੇਂ ਅਕਸ ਉਲੀਕ ਰਿਹਾ ਸੀ । ਮੈਂ ਤੇ ਹਰਬੀਰ ਸਿੰਘ ਕੁਝ ਸਮਾਂ ਚਿਤਾ ਪਾਸ ਬੈਠੇ ਚੁਪ-ਚਾਪ ਦਾਰ ਜੀ ਨਾਲ ਬਿਤਾਈ ਜ਼ਿੰਦਗੀ ਦੇ ਉਹ ਦਿਨ ਯਾਦ ਕਰ ਰਹੇ ਸੀ ਜਦ ਅਸੀਂ ਉਨ੍ਹਾਂ ਤੋਂ ਕਲਾ, ਧਰਮ, ਫ਼ਿਲਾਸਫ਼ੀ ਅਤੇ ਸਦਾਚਾਰ ਬਾਰੇ, ਉੱਚੇ ਤੇ ਸੁੱਚੇ ਵਿਚਾਰ ਅੰਧੇਰੇ ‘ਚ ਬੈਠੇ ਸੁਣਿਆ ਕਰਦੇ ਸੀ ।
ਉਹਨਾਂ ਦੀਆਂ ਗੱਲਾਂ ਅਤੇ ਬਾਕੀ ਸਾਰੀਆਂ ਕਿਰਿਆਵਾਂ ਸਾਡੀਆਂ ਅੱਖਾਂ ਸਾਹਮਣੇ ਇਕ ਫ਼ਿਲਮ ਦੀ ਤਰ੍ਹਾਂ ਲੰਘ ਗਈਆਂ ਤੇ ਮੇਰੇ ਕੰਨਾਂ ਵਿਚ ਉਹਨਾਂ ਦੇ ਉਹੀ ਆਖਰੀ ਬੋਲ ਗੂੰਜਣ ਲੱਗੇ ਜੋ ਉਹਨਾਂ ਇਕ ਦਿਨ ਪਹਿਲਾਂ ਮੇਰੇ ਨਾਲ ਬੋਲੇ ਸਨ, “ਬੱਚੇ ਠੀਕ ਠਾਕ ਹਨ… ? ਫੇਰ, ਪ੍ਰਸਾਦਿ ਛਕਿਆ ने… ? मैं गेलड मथाट थीटी वै…।”
ਉਸ ਸਮੇਂ ਇਹ ਕੌਣ ਜਾਣਦਾ ਸੀ ਕਿ ਇਹ ਉਹਨਾਂ ਦੇ ਆਖ਼ਰੀ ਤੇ ਅਖੀਰੀ ਬੋਲ ਹੋਣਗੇ ।

ਦਾਰ ਜੀ ਨਾਲ ਬਿਤਾਏ ਕੁਝ ਸਾਲ ਹਰਬੀਰ ਸਿੰਘ ਭੰਵਰ

ਤੇਜ਼ੀ ਨਾਲ ਬਦਲਦੀ ਹੋਈ ਇਸ ਦੁਨੀਆਂ ਵਿਚ ਹਰ ਚੀਜ਼ ਵੀ ਤੇਜ਼ੀ ਨਾਲ ਬਦਲ ਰਹੀ ਹੈ । ਜ਼ਿੰਦਗੀ ਦੇ ਹਰ ਖੇਤਰ ਵਿਚ ਤੇਜ਼ੀ ਨਾਲ ਪਰਿਵਰਤਨ ਹੋ ਰਹੇ ਹਨ । ਪੁਰਾਣੇ ਰਸਮੋ-ਰਿਵਾਜ, ਰਹੁ-ਰੀਤੀਆਂ ਢਹਿ ਢੇਰੀ ਹੋ ਰਹੀਆਂ ਹਨ, ਨਵੇਂ ਬਣ ਰਹੇ ਹਨ । ਪੁਰਾਣੇ ਰਿਸ਼ਤੇ ਟੁੱਟ ਰਹੇ ਹਨ, ਨਵੇਂ ਬਣ ਰਹੇ ਹਨ । ਰਿਸ਼ਤੇ ਜੋ ਖੂਨ ਦੇ ਹਨ, ਰਿਸ਼ਤੇ ਜੋ ਰਿਸ਼ਤੇਦਾਰੀਆਂ ਦੇ ਹਨ, ਰਿਸ਼ਤੇ ਜੋ ਪਿਆਰ ਦੇ ਹਨ, ਦਿਲਾਂ ਦੇ ਹਨ, ਸਾਂਝੇ ਵਿਚਾਰਾਂ ਦੇ ਹਨ । ਪਿਆਰ ਦੇ ਰਿਸ਼ਤਿਆਂ ਵਿਚ ਬੰਨ੍ਹਿਆ ਇਕ ਕਲਾਕਾਰ ਪਰਿਵਾਰ, ਸਰਦਾਰ ਸੋਭਾ ਸਿੰਘ ਦੇ ਪਰਵਾਰ ਅਤੇ ਮੇਰੇ, ਉਨ੍ਹਾਂ ਦੇ ਇਕ ਸ਼ਾਗਿਰਦ ਦੇ ਪਰਵਾਰ ਦੇ ਇਕ-ਮਿਕ ਹੋਣ ‘ਤੇ ਬਣਿਆ ਪਰਵਾਰ, ਸਮੇਂ ਦੇ ਚੱਕਰ ਨਾਲ ਆਪਸੀ ਹਉਮੈ, ਜ਼ਿੱਦ, ਗ਼ਲਤ-ਫਹਿਮੀਆਂ ਤੇ ਵਿਸ਼ਵਾਸ ਵਿਚ ਤ੍ਰੇੜਾਂ ਆਉਣ ਨਾਲ ਢਹਿ ਢੇਰੀ ਹੋ ਗਿਆ । ਕਈ ਇਸ ਨੂੰ ਦੋ ਪੀੜ੍ਹੀਆਂ ਦੀ ਲੜਾਈ ਅਤੇ ਕਈ “ਪਰਸਨੈਲਿਟੀ ਕਲੈਸ਼” (Personality Clash) ਅਰਥਾਤ ਸ਼ਖਸੀਅਤਾਂ ਦਾ ਟਕਰਾਓ ਵੀ ਕਹਿੰਦੇ ਹਨ । ਸ਼ਾਇਦ ਰਿਸ਼ਤਿਆਂ ਦੇ ਆਪਸੀ ਸਨਮਾਨ ਦੀ ਘਾਟ ਕਾਰਨ ਮਤਭੇਦ ਉਭਰੇ । ਉਨ੍ਹਾਂ ਨੇ ਮੇਰੀ ਪਤਨੀ ਗੁਰਚਰਨ ਨੂੰ ਆਪਣੀ ਧੀ ਬਣਾ ਲਿਆ, ਪਰ ਮੈਨੂੰ ਨਾ ਪੁੱਤਰ ਸਮਝਿਆ ਨਾ ਦਾਮਾਦ । ਮੈਂ ਸ਼ਾਗਿਰਦ ਬਣ ਕੇ ਅੰਦਰੇਟੇ ਗਿਆ ਸੀ, ਰਿਸ਼ਤੇ ਬਦਲ ਜਾਣ ਦੇ ਬਾਵਜੂਦ ਉਹ ਹਮੇਸ਼ਾ ਮੇਰੇ ਨਾਲ ਸ਼ਾਗਿਰਦਾਂ ਵਾਲਾ ਵਿਵਹਾਰ ਕਰਦੇ ਰਹੇ । ਮੇਰੀਆਂ ਭਾਵਨਾਵਾਂ ਦੀ ਅਕਸਰ ਅਣਦੇਖੀ ਹੁੰਦੀ ਰਹਿੰਦੀ । ਤਿੜਕੇ ਰਿਸ਼ਤਿਆਂ ਲਈ ਕਸੂਰ ਸਾਡਾ ਸਭਨਾਂ ਦਾ ਹੈ, ਕਿਸੇ ਦਾ ਵੱਧ ਅਤੇ ਕਿਸੇ ਦਾ ਘੱਟ । ਸ਼ਾਇਦ ਬਹੁਤਾ ਕਸੂਰ ਮੇਰਾ ਹੀ ਹੋਵੇ ਪਰ ਉਨ੍ਹਾਂ ਨੇ ਕਦੀ ਰਿਸ਼ਤਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕੀਤੀ । ਇਸੇ ਦੌਰਾਨ ਮੇਰੇ ਤੇ ਗੁਰਚਰਨ ਦੇ ਸਾਡੀ ਵਿਆਹੁਤਾ ਜ਼ਿੰਦਗੀ ਵਿਚ ਪਹਿਲੀ ਵੇਰੀ ਉਨ੍ਹਾਂ ਕਾਰਨ ਹੀ ਮਤਭੇਦ ਪੈਦਾ ਹੋਏ । ਸਾਡੀ ਦੂਰੀ ਵਧਦੀ ਗਈ ਪਰ ਉਨ੍ਹਾਂ ਨੇ ਇਹ ਦੂਰੀ ਘਟਾਉਣ ਦਾ ਇਕ ਵਾਰੀ ਵੀ ਯਤਨ ਨਾ ਕੀਤਾ ਸਗੋਂ ਇਕ ਪਾਸੜ ਫੈਸਲਾ ਲੈਂਦੇ ਰਹੇ । ਜੇਕਰ ਗੁਰਚਰਨ ਉਨ੍ਹਾਂ ਦੀ ਸਕੀ ਧੀ ਹੁੰਦੀ ਤਾਂ ਸ਼ਾਇਦ ਸਾਡਾ ਘਰ ਤੀਲਾ ਤੀਲਾ ਹੁੰਦਾ ਨਾ ਦੇਖ ਸਕਦੇ ਅਤੇ ਕੋਈ ਨਾ ਕੋਈ ਹੱਲ ਜ਼ਰੂਰ ਲਭਦੇ ।
ਇਹ ਜੁਲਾਈ 1960 ਦੀ ਗੱਲ ਹੈ, ਮੈਂ ਜਵਾਨੀ ਵਿਚ ਪੈਰ ਰੱਖ ਰਿਹਾ ਸੀ । ਮੋਗੇ ਲਾਗੇ ਇਕ ਸਕੂਲ ਵਿਚ ਅਧਿਆਪਕ ਲੱਗਾ ਹੋਇਆ ਸੀ ਅਤੇ ਚਿੱਤਰਕਾਰੀ ਦਾ ਸ਼ੌਕ ਸੀ । ਮੇਰੇ ਕਈ ਮਿੱਤਰਾਂ ਨੇ ਸਲਾਹ ਦਿਤੀ ਕਿ ਕਿਸੇ ਉਸਤਾਦ ਚਿੱਤਰਕਾਰ ਪਾਸ ਰਹਿ ਕੇ ਕੰਮ ਸਿੱਖ, ਤਾਂ ਜੋ ਤੇਰਾ ਹੱਥ ਹੋਰ ਸਾਫ ਹੋ ਸਕੇ । ਮੈਂ ਉਸ ਸਮੇਂ ਦੇਸ਼ ਦੇ ਸਾਰੇ ਪ੍ਰਸਿੱਧ ਚਿਤਰਕਾਰਾਂ ਨੂੰ ਪੱਤਰ ਲਿਖੇ ਕਿ ਮੈਨੂੰ ਚਿੱਤਰਕਾਰੀ ਦਾ ਸ਼ੌਕ ਹੈ । ਤੁਹਾਡੀ ਰਹਿਨੁਮਾਈ ਚਾਹੁੰਦਾ ਹਾਂ, ਜੋ ਫ਼ੀਸ ਆਦਿ ਕਹੋਗੇ, ਦੇ ਦਿਆਂਗਾ । ਕਿਸੇ ਨੇ ਜਵਾਬ ਦੇਣ ਦੀ ਵੀ ਖੇਚਲ ਨਾ ਕੀਤੀ, ਸਿਰਫ਼ ਅੰਦਰੇਟੇ ਤੋਂ ਸਰਦਾਰ ਸੋਭਾ ਸਿੰਘ ਜੀ ਦਾ ਹੀ ਜੁਆਬ ਆਇਆ, “ਮੈਂ ਤਾਂ ਇਕ ਮਜ਼ਦੂਰ ਆਦਮੀ ਹਾਂ… ਤੁਸੀਂ ਇਥੇ ਆ ਜਾਓ, ਆਰਟ ਬਾਰੇ ਜੋ ਵੀ ਜਾਣਕਾਰੀ ਮੈਂ ਦੇ ਸਕਦਾ ਹਾਂ, ਦਿਆਂਗਾ । ਰਿਹਾਇਸ਼ ਆਦਿ ਦਾ ਪ੍ਰਬੰਧ ਤੁਹਾਨੂੰ ਖੁਦ ਕਰਨਾ ਪਏਗਾ ।” ਗਰਮੀ ਦੀਆਂ ਛੁੱਟੀਆਂ ਵਿਚ ਮੈਂ ਅੰਦਰੇਟੇ ਚਲਾ ਗਿਆ । ਮੈਂ ਪਹਾੜਾਂ ਵਿਚ ਵੀ ਪਹਿਲੀ ਵਾਰੀ ਹੀ ਆਇਆ ਸੀ । ਪਹਾੜਾਂ ਦਾ ਸ਼ਾਂਤ ਮਾਹੌਲ, ਠੰਢੀ ਰੁਮਕਦੀ ਹਵਾ, ਬਰਫ਼ ਲੱਦੇ ਪਰਬਤਾਂ ਤੇ ਵਾਦੀ ਦੀ ਹਰਿਆਵਲ ਦੀ ਸੁੰਦਰਤਾ ਨੇ ਮੈਨੂੰ ਰਸਤੇ ਵਿਚ ਹੀ ਦੀਵਾਨਾ ਕਰ ਦਿੱਤਾ ਸੀ ।
ਦਾਰ ਜੀ (ਸਰਦਾਰ ਸੋਭਾ ਸਿੰਘ ਨੂੰ ਸਾਰੇ ਪਿਆਰ ਤੇ ਸਤਿਕਾਰ ਨਾਲ ਦਾਰ ਜੀ ਕਹਿ ਕੇ ਬੁਲਾਉਂਦੇ ਸਨ) ਦੀ ਟੈਗੋਰ ਵਰਗੀ ਸ਼ਾਨਦਾਰ ਸ਼ਖ਼ਸੀਅਤ, ਮਿੱਠ ਬੋਲੜਾ ਸੁਭਾਅ, ਨਿਮਰਤਾ, ਫ਼ਿਲਾਸਫ਼ੀ ਭਰੀਆਂ ਗੱਲਾਂ, ਜ਼ਿੰਦਾਦਿਲੀ ਦਾ ਜਿਵੇਂ ਮੇਰੇ ਤੇ ਜਾਦੂ ਹੋ ਗਿਆ ਹੋਵੇ । ਉਥੇ ਦੋ ਮੁੰਡੇ ਹੋਰ ਗੁਰਦਾਸਪੁਰ ਤੋਂ ਚਰਨਜੀਤ ਸਿੰਘ ਅਤੇ ਅਲੀਗੜ੍ਹ ਤੋਂ ਦਲਜੀਤ ਸਿੰਘ ਵੀ ਕੰਮ ਸਿੱਖ ਰਹੇ ਸਨ । ਮੈਂ ਉਹਨਾਂ ਕੋਲ ਹੀ ਠਹਿਰਿਆ ਸੀ । ਜ਼ਿਲ੍ਹਾ ਕਾਂਗੜਾ ਉਹਨਾਂ ਦਿਨਾਂ ਵਿਚ ਪੰਜਾਬ ਦਾ ਹੀ ਇਕ ਹਿੱਸਾ ਹੁੰਦਾ ਸੀ । ਅੰਦਰੇਟੇ ਵਿਚ ਉਹਨੀਂ ਦਿਨੀਂ ਬੀ. ਡੀ. ਓ. ਦਾ ਦਫਤਰ ਹੁੰਦਾ ਸੀ, ਜਿਸ ਕਾਰਨ ਉਥੇ ਕਾਫੀ ਰੌਣਕ ਰਹਿੰਦੀ ਸੀ । ਦਫ਼ਤਰ ਦੇ ਕਈ ਕਰਮਚਾਰੀ ਅਕਸਰ ਅੰਦਰੇਟਾ ਨਿਵਾਸੀਆਂ ਨੂੰ ਕਹਿੰਦੇ “ਤੁਹਾਡੇ ਪਿੰਡ ਵਿਚ ਦੋ ਬਹੁ-ਮੁਲੇ ਹੀਰੇ ਰਹਿ ਰਹੇ ਹਨ ।” (ਸ੍ਰੀਮਤੀ ਨੋਰ੍ਹਾ ਰਿਚਰਡਜ਼ ਵੀ ਉਹਨਾਂ ਦਿਨਾਂ ਵਿਚ ਜ਼ਿੰਦਾ ਸਨ) ਤੇ ਪਿੰਡ ਵਾਲੇ ਅਗੋਂ ਕਹਿੰਦੇ, “ਜੀ ਹਾਂ, ਸਾਨੂੰ ਉਹਨਾਂ ਤੇ ਮਾਣ ਹੈ ।”
ਮੈਂ ਲਗਪਗ ਡੇਢ ਕੁ ਮਹੀਨਾ ਇਥੇ ਰਿਹਾ । ਦਾਰ ਜੀ ਦੀ ਕਲਾ ਤੇ ਸ਼ਖਸੀਅਤ ਨੇ ਮੈਨੂੰ ਕੀਲ ਲਿਆ ਸੀ । ਮੈਂ ਇਧਰ ਦੀ ਬਦਲੀ ਕਰਵਾਉਣ ਦਾ ਫੈਸਲਾ ਕਰ ਲਿਆ । ਦਾਰ ਜੀ ਜਦੋਂ ਕਦੀ ਜਲੰਧਰ, ਲੁਧਿਆਣਾ ਜਾਂ ਫ਼ਰੀਦਕੋਟ ਆਉਂਦੇ ਤਾਂ ਮੈਨੂੰ ਪਹਿਲੋਂ ਖ਼ਤ ਲਿਖ ਦਿੰਦੇ, ਮੈਂ ਦਰਸ਼ਨ ਕਰਕੇ ਆ ਜਾਂਦਾ । ਇਸੇ ਦੌਰਾਨ ਮੇਰਾ ਵਿਆਹ ਹੋ ਗਿਆ । ਅਪ੍ਰੈਲ 1963 ਵਿਚ ਮੇਰੀ ਬਦਲੀ ਅੰਦਰੇਟੇ ਲਾਗੇ ਗੌਰਮਿੰਟ ਹਾਈ ਸਕੂਲ, ਪਪਰੋਲਾ ਦੀ ਹੋ ਗਈ । ਗਰਮੀ ਦੀਆਂ ਛੁੱਟੀਆਂ ਪਿਛੋਂ ਅਗਸਤ ਦੇ ਆਖ਼ਰੀ ਹਫਤੇ ਮੈਂ ਆਪਣੀ ਪਤਨੀ ਗੁਰਚਰਨ ਅਤੇ ਨਵਜੰਮੇ ਬੱਚੇ ਬੱਬੂ (ਹਿਰਦੇਪਾਲ) ਨੂੰ ਵੀ ਅੰਦਰੇਟੇ ਲੈ ਆਇਆ । ਉਹਨਾਂ ਦੇ ਬਿਲਕੁਲ ਨਾਲ ਦੀ ਕੋਠੀ ਵਿਚ ਅਸੀਂ ਰਹਿਣ ਲੱਗੇ । ਦਾਰ ਜੀ ਦੇ ਘਰੋਂ, ਬੀਬੀ ਇੰਦਰ ਕੌਰ ਜੀ ਅਕਸਰ ਬੀਮਾਰ ਰਹਿੰਦੇ ਸਨ । ਮੈਂ ਤੇ ਗੁਰਚਰਨ ਉਹਨਾਂ ਦੀ ਵਧ ਤੋਂ ਵਧ ਸੇਵਾ ਕਰਦੇ । ਮੈਂ ਸਕੂਲ ਚਲਾ ਜਾਂਦਾ, ਤਾਂ ਪਿਛੋਂ ਗੁਰਚਰਨ ਆਪਣਾ ਕੰਮ ਮੁਕਾ ਕੇ ਬੱਬੂ ਨੂੰ ਨਾਲ ਲੈ ਕੇ ਉਧਰ ਚਲੀ ਜਾਂਦੀ ਅਤੇ ਬੀਬੀ ਜੀ ਨਾਲ ਕੰਮ ਵਿਚ ਹੱਥ ਵਟਾ ਆਉਂਦੀ । ਕਈ ਵਾਰੀ ਸਾਰਾ ਕੰਮ ਹੀ ਕਰ ਆਉਂਦੀ । ਬੀਬੀ ਜੀ ਅਕਸਰ ਗੁਰਚਰਨ ਨੂੰ ਕਹਿੰਦੇ, “ਅਸੀਂ ਤੈਨੂੰ ਆਪਣੀ ਧੀ ਬਣਾ ਲੈਣਾ ਹੈ ।” (ਉਹਨਾਂ ਦਾ ਆਪਣਾ ਕੋਈ ਬੱਚਾ ਨਹੀਂ ਸੀ) ਬੀਬੀ ਜੀ ਬੱਬੂ ਨੂੰ ਵੀ ਬੜਾ ਹੀ ਪਿਆਰ ਕਰਦੇ ਸਨ ਅਤੇ ਪਿਆਰ ਨਾਲ ਆਵਾਜ਼ਾਂ ਮਾਰਦੇ, “ਵੇ ਮਟਕੇ” । ਦਾਰ ਜੀ ਨੂੰ ਅਕਸਰ ਬਾਹਰ ਜਾਣਾ ਪੈਂਦਾ ਸੀ, ਪਿਛੋਂ ਅਸੀਂ ਹੀ ਬੀਬੀ ਜੀ ਦਾ ਖ਼ਿਆਲ ਰਖਦੇ । ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੀਜੀ ਜਨਮ ਸ਼ਤਾਬਦੀ ਦੇ ਸਮਾਗਮਾਂ ਵਿਚ ਹਿੱਸਾ ਲੈਣ ਲਈ ਆਪਣੀਆਂ ਤਸਵੀਰਾਂ ਲੈ ਕੇ ਚੰਡੀਗੜ੍ਹ ਆਏ ਹੋਏ ਸਨ ਕਿ ਬੀਬੀ ਜੀ 15 ਜਨਵਰੀ, 1967 ਨੂੰ ਦੋ ਦਿਨ ਮੰਜੇ ਤੇ ਪੈ ਕੇ ਅਕਾਲ ਚਲਾਣਾ ਕਰ ਗਏ । ਅਸੀਂ ਦਾਰ ਜੀ ਨਾਲ ਚੰਡੀਗੜ੍ਹ ਟੈਲੀਫੋਨ ਤੇ ਗੱਲਬਾਤ ਕੀਤੀ, ਉਹ ਆਖਣ ਲੱਗੇ ਕਿ ਮੈਂ ਦੋ ਦਿਨ ਹੋਰ ਨਹੀਂ ਆ ਸਕਦਾ, ਤੁਸੀਂ ਬੀਬੀ ਜੀ ਦਾ ਅੰਤਮ ਸੰਸਕਾਰ ਕਰ ਦਿਓ । ਸੋ ਬੀਬੀ ਜੀ ਦੇ ਅੰਤਮ ਸੰਸਕਾਰ ਦੀਆਂ ਸਾਰੀਆਂ ਰਮਮਾਂ ਅਸੀਂ ਹੀ ਕੀਤੀਆਂ । ਉਹਨਾਂ ਦੀ ਚਿਤਾ ਨੂੰ ਅੱਗ ਮੈਂ ਹੀ ਲਗਾਈ ਅਤੇ ਮੈਂ ਹੀ ਅਸਥੀਆਂ ਚੁਣ ਕੇ ਕੀਰਤਪੁਰ ਸਾਹਿਬ ਜਲ ਪਰਵਾਹ ਕਰਕੇ ਆਇਆ। ਦਾਰ ਜੀ ਦੋ ਦਿਨ ਪਿਛੋਂ ਚੰਡੀਗੜ੍ਹ ਤੋਂ ਪਰਤੇ । ਇਸ ਪਿਛੋਂ ਉਹਨਾਂ ਨੇ ਸਾਨੂੰ ਆਪਣੇ ਘਰ ਨਹੀਂ ਜਾਣ ਦਿੱਤਾ । ਕੁਝ ਸਮੇਂ ਪਿਛੋਂ ਸ੍ਰੀ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਗੁਰਚਰਨ ਨੂੰ ਆਪਣੀ ਬੇਟੀ ਬਣਾ ਲਿਆ ਤੇ ਇਕ ਵਸੀਹਤ ਰਾਹੀਂ ਆਪਣੀ ਸਾਰੀ ਜਾਇਦਾਦ ਉਸਦੇ ਨਾਂ ਕਰਵਾ ਦਿਤੀ । ਮੈਂ ਜਦੋਂ ਜ਼ਿਲ੍ਹਾ ਮੋਗਾ ਤੋਂ ਆਪਣੀ ਬਦਲੀ ਕਰਵਾ ਕੇ ਅੰਦਰੇਟੇ ਗਿਆ ਸੀ ਤਾਂ ਦਾਰ ਜੀ ਨੇ ਮੈਨੂੰ ਕਿਹਾ ਸੀ, “ਅੰਗਰੇਜ਼ੀ ਦੀ ਇਕ ਕਹਾਵਤ ਹੈ, ‘Blue are the hills that look beyonds’ -ਭਾਵ ਦੂਰ ਤੋਂ ਵੇਖਿਆਂ ਸਾਰੇ ਪਹਾੜ ਨੀਲੇ ਜਾਂ ਸੁਹਣੇ ਲਗਦੇ ਹਨ (ਦੂਰ ਦੇ ਢੋਲ ਹੀ ਸੁਹਾਵਣੇ ਹੁੰਦੇ ਹਨ) । ਮੈਂ ਨਹੀਂ ਚਾਹੁੰਦਾ ਕਿ ਮੇਰਾ ਕੋਈ ਸੁਨੇਹੀ ਮੇਰੇ ਬਹੁਤ ਨੇੜੇ ਆਏ, ਨੇੜੇ ਆਉਣ ਨਾਲ ਆਦਮੀ ਅਕਸਰ ਇਕ ਦੂਜੇ ਦੀਆਂ ਕਮਜ਼ੋਰੀਆਂ ਅਤੇ ਔਗੁਣ ਜਾਣ ਜਾਂਦਾ ਹੈ ਜਿਸ ਕਾਰਨ ਕਈ ਵਾਰੀ ਆਪਸ ਵਿਚ ਫਿੱਕ ਪੈ ਜਾਂਦਾ ਹੈ ।” ਇਹ ਗੱਲ ਬਿਲਕੁਲ ਸੱਚ ਸਾਬਤ ਹੋਈ । ਹੌਲੀ ਹੌਲੀ ਜਿਥੇ ਅਸੀਂ ਇਕ ਦੂਜੇ ਦੇ ਬਹੁਤ ਹੀ ਨੇੜੇ ਆਏ ਅਤੇ ਮੈਂ ਸ਼ਾਗਿਰਦ ਤੋਂ ਉਹਨਾਂ ਦਾ ਜਵਾਈ ਬਣ ਗਿਆ, ਸਮੇਂ ਦੇ ਫੇਰ ਨਾਲ ਸਾਡੇ ਵਿਚ ਮਤਭੇਦ ਵੀ ਪੈਦਾ ਹੋ ਗਏ । ਮੈਂ ਆਪਣਾ ਰਾਹ ਵਖਰਾ ਚੁਣ ਲਿਆ ਤੇ ਪੱਤਰਕਾਰ ਬਣ ਕੇ ਅੰਮ੍ਰਿਤਸਰ ਆ ਗਿਆ- ਅੰਦਰੇਟੇ ਨੂੰ ਹਮੇਸ਼ਾ ਲਈ ਅਲਵਿਦਾ ਆਖ ਦਿਤੀ । ਸਾਡੀ ਆਪਸੀ ਹਉਮੈ ਤੇ ਜ਼ਿੱਦ ਕਾਰਨ ਇਕ ਹੱਸਦਾ ਵੱਸਦਾ ਕਲਾਕਾਰ ਪਰਵਾਰ ਹਮੇਸ਼ਾ ਲਈ ਉਜੜ ਗਿਆ ।
‘ਦਾਰ ਜੀ’ ਨਿਰਸੰਦੇਹ ਇਕ ਮਹਾਨ ਕਲਾਕਾਰ ਸਨ । ਉਹ ਬਹੁ-ਪੱਖੀ ਪ੍ਰਤਿਭਾ ਵਾਲੀ ਸ਼ਾਨਦਾਰ ਸ਼ਖਸੀਅਤ ਸਨ । ਆਮ ਲੋਕ ਉਹਨਾਂ ਨੂੰ ਇਕ ਉੱਚ ਕੋਟੀ ਦੇ ਚਿੱਤਰਕਾਰ ਵਜੋਂ ਤਾਂ ਜਾਣਦੇ ਹੀ ਹਨ । ਗੁਰੂ ਘਰ ਦੇ ਸ਼ਰਧਾਲੂ ਉਹਨਾਂ ਦੀਆਂ ਬਣੀਆਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਕਰਕੇ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਨਾਲ ਯਾਦ ਕਰਦੇ ਹਨ । ਕਈ ਸ਼ਰਧਾਲੂ ਤਾਂ ਅਕਸਰ ਕਹਿੰਦੇ ਸੁਣੇ ਗਏ, “ਇਹਨਾਂ ਦੇ ਦਿਲ ਵਿਚ ਗੁਰੂ ਸਾਹਿਬ ਸਮਾਏ ਹੋਏ ਹਨ ਤਾਂ ਹੀ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਤੇ ਇਤਨਾ ਨੂਰ ਹੁੰਦਾ ਹੈ ।” ਕਲਾ-ਪ੍ਰੇਮੀ ਸੋਹਣੀ ਮਹੀਂਵਾਲ ਦੇ ਸ਼ਾਹਕਾਰ ਕਾਰਨ ਉਹਨਾਂ ਦਾ ਆਦਰ ਕਰਦੇ ਹਨ । ਆਮ ਪੰਜਾਬੀ ਘਰਾਂ ਵਿਚ ਸੋਹਣੀ ਮਹੀਂਵਾਲ ਅਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਵੇਖੀਆਂ ਜਾ ਸਕਦੀਆਂ ਹਨ । ਪਿਛਲੇ ਵਰ੍ਹੇ ਆਪਣੀ ਕੇਨੈਡਾ ਯਾਤਰਾ ਦੌਰਾਨ ਮੈਂ ਦੇਖਿਆ ਕਿ ਮੈਂ ਜਿਸ ਵੀ ਸਿੱਖ ਪਰਵਾਰ ਦੇ ਘਰ ਗਿਆ, ਤਾਂ ਹਰਿਮੰਦਰ ਸਾਹਿਬ ਅਤੇ ਦਾਰ ਜੀ ਦੇ ਬੁਰਸ਼ ਤੋਂ ਬਣੀ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਲੱਗੀ ਹੋਈ ਸੀ । ‘ਸੋਭਾ ਸਿੰਘ’ ਇਕ ਘਰੇਲੂ ਨਾਂ ਬਣ ਚੁੱਕਾ ਹੈ । ਕਈ ਕਲਾ ਆਲੋਚਕਾ ਦਾ ਖ਼ਿਆਲ ਹੈ ਕਿ ਕਲਾ- ਜਗਤ ਵਿਚ ਉਹਨਾਂ ਦੀ ਮਾਨਤਾ ਅਤੇ ਉਹਨਾਂ ਨੂੰ ਹਮੇਸ਼ਾ ਅਮਰ ਰੱਖਣ ਲਈ ‘ਸੋਹਣੀ ਮਹੀਂਵਾਲ’ ਦੀ ਇਕੋ ਤਸਵੀਰ ਹੀ ਕਾਫ਼ੀ ਹੈ । ਵੈਸੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਇਸ ਨਾਲੋਂ ਕਿਤੇ ਵਧ ਹਰਮਨ ਪਿਆਰੀਆਂ ਹੋਈਆਂ ਹਨ ।
ਭਰ ਜੁਆਨੀ ਵਿਚ ਭਾਰਤੀ ਫੌਜ ਦੀ ਬੜੀ ਹੀ ਅਰਾਮਦੇਹ ਨੌਕਰੀ ਛੱਡ ਕੇ ਬਗ਼ਦਾਦ ਤੋਂ ਆ ਗਏ ਅਤੇ 1923 ਵਿਚ ਅੰਮ੍ਰਿਤਸਰ ਆਪਣਾ “ਆਰਟ ਸਟੂਡੀਓ” ਖੋਲ੍ਹ ਲਿਆ । ਉਹ ਕਿਹਾ ਕਰਦੇ ਸਨ, “ਮੈਂ ਕੰਮ ਨਾ ਕਰਾਂ ਤਾਂ ਬੀਮਾਰ ਹੋ ਜਾਂਦਾ ਹਾਂ ।” ਕਈ ਵਾਰੀ ਜਦੋਂ ਬੀਮਾਰ ਹੁੰਦੇ, ਲੇਟੇ ਲੇਟੇ ਉਠ ਕੇ ਕੰਮ ਕਰਨ ਲੱਗ ਪੈਂਦੇ ਅਤੇ ਸੱਚੀ ਮੁੱਚੀਂ ਠੀਕ ਹੋ ਜਾਂਦੇ ਸਨ ਜਾਂ ਆਪਣੇ ਕੰਮ ਵਿਚ ਇਤਨਾ ਗੁਆਚ ਜਾਂਦੇ ਸਨ ਕਿ ਆਪਣਾ ਬੁਖ਼ਾਰ, ਆਪਣਾ ਆਪ ਭੁੱਲ ਜਾਂਦੇ ਸਨ । ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਤਕ ਉਹ 85 ਸਾਲ ਦੀ ਉਮਰ ਹੋ ਜਾਣ ਦੇ ਬਾਵਜੂਦ ਕਈ ਵਾਰੀ 12-12 ਘੰਟੇ ਲਗਾਤਾਰ ਬੈਠ ਕੇ ਕਿਸੇ ਚਿੱਤਰ ਤੇ ਕੰਮ ਕਰਦੇ ਰਹਿੰਦੇ ਸਨ । ਮੈਂ ਅਨੇਕਾਂ ਚਿੱਤਰਕਾਰਾਂ ਨੂੰ ਮਿਲਿਆ ਹਾਂ ਅਤੇ ਨੇੜਿਓਂ ਹੋ ਕੇ ਵੇਖਿਆ ਹੈ, ਸੱਚੀ ਗੱਲ ਇਹ ਹੈ ਕਿ ਮੈਂ ਕਿਸੇ ਨੂੰ ਵੀ ਇਤਨੀ ਮਿਹਨਤ, ਲਗਨ ਅਤੇ ਸਾਧਨਾ ਨਾਲ ਆਪਣੇ ਕੰਮ ਵਿਚ ਲੀਨ ਨਹੀਂ ਵੇਖਿਆ। ਨੌਜਵਾਨ ਵੀ ਇਤਨੀ ਦੇਰ ਨਹੀਂ ਬੈਠ ਸਕਦੇ, ਤਪੱਸਿਆ ਨਹੀਂ ਕਰ ਸਕਦੇ । ਚੰਗੀਆਂ ਤਸਵੀਰਾਂ ਕਈ ਚਿੱਤਰਕਾਰ ਬਣਾ ਲੈਂਦੇ ਹਨ, ਪਰ ਤਸਵੀਰ ਵਿਚ ਇਤਨੀ ਅਸਲੀਅਤ, ਇਤਨੀ ਜਾਨ ਕੋਈ ਵਿਰਲਾ ਚਿੱਤਰਕਾਰ ਹੀ ਪਾ ਸਕਦਾ ਹੈ । ਜਿਹੜੀ ਤਸਵੀਰ ਵੀ ਉਹ ਚਿਤਰਦੇ ਸਨ, ਉਸ ਵਿਅਕਤੀ ਦਾ ਚਰਿੱਤਰ, ਉਸ ਦੇ ਗੁਣ ਆਦਿ ਉਸ ਦੇ ਚਿਹਰੇ ਅਤੇ ਅੱਖਾਂ ਵਿਚ ਭਰਨ ਦਾ ਪੂਰਾ ਪੂਰਾ ਯਤਨ ਕਰਦੇ ਸਨ । ਬਹੁਤੀਆਂ ਤਸਵੀਰਾਂ ਉਹਨਾਂ ਦੇ ਗੁਰੂ ਸਾਹਿਬਾਨ ਦੀਆਂ ਬਣਾਈਆਂ ਹਨ । ਹਰ ਚਿੱਤਰ ਦੇ ਚਿਹਰੇ ਅਤੇ ਅੱਖਾਂ ਵਿਚ ਗੁਰੂ ਸਾਹਿਬ ਦਾ ਮਹਾਨ ਚਰਿੱਤਰ, ਵਿਦਵਤਾ, ਨੂਰ ਜਾਂ ਬੀਰਤਾ ਆਦਿ ਭਰਨ ਦਾ ਪੂਰਾ ਪੂਰਾ ਯਤਨ ਕੀਤਾ ਹੈ । ਉਹਨਾਂ ਨੇ ਗੁਰੂ ਸਾਹਿਬਾਨ ਦੇ ਜੀਵਨ ਦਾ ਨਿਰਾ ਅਧਿਐਨ ਹੀ ਨਹੀਂ ਸੀ ਕੀਤਾ ਅਤੇ ਗੁਰਬਾਣੀ ਦਾ ਪਾਠ ਹੀ ਨਹੀਂ ਕੀਤਾ ਸਗੋਂ ਮਾਣਿਆ ਅਤੇ ਜੀਵਿਆ ਵੀ ਹੈ। ਗੁਰੂ ਸਾਹਿਬਾਨ ਦੇ ਪੁਰਾਤਨ ਚਿੱਤਰਾਂ, ਬਸਤਰਾਂ, ਸ਼ਸਤਰਾਂ ਆਦਿ ਦਾ ਅਧਿਐਨ ਕੀਤਾ ਸੀ। ਉਹ ਕਿਹਾ ਕਰਦੇ ਸਨ, “ਮੈਂ ਗੁਰੂ ਸਾਹਿਬਾਨ ਦੇ ਗੁਣਾਂ ਨੂੰ ਚਿੱਤਰਦਾ ਹਾਂ ।”
ਉਹ ਕਿਹਾ ਕਰਦੇ ਸਨ ਕਿ ਕਲਾ ਕੇਵਲ ਕਲਾ ਲਈ ਨਹੀਂ, ਸਗੋਂ ਜੀਵਨ ਲਈ ਹੋਣੀ ਚਾਹੀਦੀ ਹੈ। ਇਸ ਦੀ ਉਦਾਹਰਣ ਉਹ ਇਸ ਤਰ੍ਹਾਂ ਦਿਆ ਕਰਦੇ ਸਨ, “ਕਲਾ ਲਈ ਕਲਾ ਮੇਰੀਆਂ ਨਜ਼ਰਾਂ ‘ਚ ਕੋਈ ਅਰਥ ਨਹੀਂ ਰਖਦੀ । ਇਹ ਇਵੇਂ ਹੀ ਹੈ, ਜਿਵੇਂ ਕੋਈ ਪਹਿਲਵਾਨ ਕੇਵਲ ਅਖਾੜੇ ਵਿਚ ਢੋਲ ਦੀ ਆਵਾਜ਼ ਤੇ ਹੀ ਲੜ ਸਕਦਾ ਹੈ, ਪਰ ਕਿਸੇ ਮਜ਼ਲੂਮ ਉਤੇ ਬਿਪਤਾ ਪੈਣ ਤੇ ਕੰਮ ਨਹੀਂ ਆ ਸਕਦਾ, ਸਗੋਂ ਕਈ ਵਾਰੀ ਜ਼ੁਲਮ ਵੀ ਕਰ ਦਿੰਦਾ ਹੈ ।” ਦਾਰ ਜੀ ਨੇ ਸਾਰਾ ਜੀਵਨ ਕਲਾ ਨੂੰ ਪੂਰੀ ਤਰ੍ਹਾਂ ਜੀਵਿਆ ਤੇ ਮਾਣਿਆ । ਉਹਨਾਂ ਦਾ ਸਟੂਡੀਓ, ਆਰਟ ਗੈਲਰੀ, ਬਗੀਚਾ, ਗੱਲ ਕੀ ਘਰ ਦੀ ਹਰ ਇਕ ਚੀਜ਼ ਇਸ ਗੱਲ ਦੀ ਗਵਾਹ ਹੈ । ਬਗੀਚੇ ਦੇ ਸਾਰੇ ਬੂਟੇ ਵੀ ਇਕੋ ਜਿਹੇ ਫ਼ਾਸਲੇ ਅਤੇ ਕਿਸੇ ਖ਼ਾਸ ਤਰਤੀਬ ਵਿਚ ਲੱਗੇ ਹੋਏ ਹਨ । ਉਹ ਤਾਂ ਇਥੋਂ ਤਕ ਕਿਹਾ ਕਰਦੇ ਸਨ ਕਿ ਜੇ ਰਸੋਈ ਵਿਚ ਮਾਂਜਣ ਲਈ ਜੂਠੇ ਭਾਂਡੇ ਪਏ ਹਨ ਤਾਂ ਉਹ ਵੀ ਕਿਸੇ ਤਰਤੀਬ ਵਿਚ ਰੱਖੇ ਜਾਣ । ਘਰ ਵਿਚ ਮੁਰੰਮਤ ਆਦਿ ਲਈ ਇੱਟਾਂ ਜਾਂ ਰੇਤਾ ਆਦਿ ਆਉਂਦਾ, ਉਹ ਵੀ ਕਿਸੇ ਖ਼ਾਸ ਅੰਦਾਜ਼ ਵਿਚ ਰਖਵਾਉਂਦੇ ਕਿ ਜ਼ਰਾ ਵੀ ਓਪਰਾ ਨਾ ਲੱਗਦਾ । ਇਕ ਵਾਰੀ ਮਿੱਟੀ ਦਾ ਇਕ ਕੁੱਜਾ ਹੇਠਲੇ ਪਾਸਿਓਂ ਟੁੱਟ ਗਿਆ ਤਾਂ ਦਾਰ ਜੀ ਨੇ ਉਸ ਨੂੰ ਇਸ ਅੰਦਾਜ਼ ਵਿਚ ਟਿਕਾ ਕੇ ਵਿਚ ਕੈਕਟਸ ਲਗਵਾ ਦਿੱਤੀ ਕਿ ਉਹ ਵੀ ਖੂਬਸੂਰਤ ਲਗਣ ਲਗ ਪਿਆ । ਉਹਨਾਂ ਦੇ ਇਕ ਮਿਤਰ ਡਾ. ਕਰਮ ਸਿੰਘ ਗਰੇਵਾਲ ਕਹਿਣ ਲਗੇ, “ਆਰਟਿਸਟਾਂ ਦੇ ਘਰ ਕੁੱਜੇ ਵੀ ਆਰਟਿਸਟੀਕਲ ਟੁਟਦੇ ਹਨ ।”
ਹਰ ਚਿੱਤਰ ਦੀ ਕਲਰ-ਸਕੀਮ ਜਾਂ ਬੈਕ-ਗਰਾਊਂਡ ਵਿਚ ਕੋਈ ਨਾ ਕੋਈ ਤਬਦੀਲੀ ਕਰਦੇ ਰਹਿੰਦੇ ਸਨ । ਇਕ ਤਸਵੀਰ ਦੇ ਕਈ ਕਈ ਫ਼ਰੇਮ ਬਦਲੇ ਜਾਂਦੇ ਸਨ । ਇਹ ਉਹਨਾਂ ਦੀ ਕਲਾ ਦੇ ਵਿਕਾਸ ਦਾ ਸਬੂਤ ਹੈ । ਹਰ ਚਿਤਰ ਵਿਚ ਨਵੀਂ ਕਲਾ ਸਕੀਮ ਜਾਂ ਬੈਕ ਗਰਾਊਂਡ ਨਾਲ ਨਵਾਂ ਨਿਖਾਰ ਆ ਜਾਂਦਾ ਹੈ । ਲਗਪਗ ਹਰ ਚਿਤਰ ਉੱਤੇ ਉਹ ਇਸ ਦੇ ਬਾਹਰ ਜਾਂ ਪ੍ਰੈਸ ਵਿਚ ਛਪਣ ਲਈ ਜਾਣ ਤੱਕ ਮਿਹਨਤ ਕਰਦੇ ਰਹਿੰਦੇ ਸਨ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ 1969 ਵਿਚ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਣਾਈ ਸੀ । ਇਸ ਦੇ ਛਪਵਾਉਣ ਲਈ ਜਦੋਂ ਉਹ ਬੰਬਈ ਗਏ ਸਨ ਤਾਂ ਖਾਲਸਾ ਕਾਲਜ ਠਹਿਰੇ ਸਨ ਅਤੇ ਉਥੇ ਵੀ ਕੰਮ ਕਰਦੇ ਰਹੇ ਸਨ । ਜਦੋਂ ਇਹ ਤਸਵੀਰ ਘਰੋਂ ਗਈ ਸੀ ਤਾਂ ਉਸ ਦੀ ਬੈਕ ਗਰਾਊਂਡ ਵਿਚ ਬੇਰੀ ਦਾ ਇਕ ਦਰਖਤ ਸੀ ਪਰ ਹੁਣ ਸਾਫ ਹੈ । ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ‘ਦੇਹ ਸਿਵਾ ਵਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ” ਦਿੱਲੀ ਤੋਂ ਛਪਵਾਉਣੀ ਸੀ । ਉਥੇ ਸਰਦਾਰ ਪ੍ਰੀਤਮ ਸਿੰਘ ਐਡੀਟਰ ਆਰਸੀ ਪਾਸ ਠਹਿਰੇ ਸਨ । ਗਰਮੀ ਕਾਫ਼ੀ ਸੀ । ਉਨ੍ਹਾਂ ਦੇ ਗੁਸਲਖਾਨੇ ਵਿਚ ਬੈਠ ਕੇ ਇਸ ਤਸਵੀਰ ਤੇ ਕੰਮ ਕਰਦੇ ਰਹੇ ਸਨ ਕਿਉਂਕਿ ਉਥੇ ਜ਼ਰਾ ਠੰਢਕ ਮਹਿਸੂਸ ਹੁੰਦੀ ਸੀ । ਪ੍ਰੀਤਮ ਸਿੰਘ ਜੀ ਕਈ ਵਾਰੀ ਹਾਸੇ ਨਾਲ ਕਹਿਆ ਕਰਦੇ ਸਨ, “ਆਮ ਚਿਤਰ ਸਟੂਡੀਓ ਵਿਚ ਜਾਂ ਬਾਹਰ ਕਿਸੇ ਦ੍ਰਿਸ਼ ਨੂੰ ਦੇਖ ਕੇ ਬਣਦੇ ਹਨ । ਪਰ ਗੁਰੂ ਗੋਬਿੰਦ ਸਿੰਘ ਦਾ ਚਿਤਰ ਸਾਡੇ ਬਾਥਰੂਮ ਵਿਚ ਬਣਿਆ ਹੈ ।” ਤਸਵੀਰਾਂ ਵਾਂਗ ਘਰ ਵਿਚ ਵੀ ਕੋਈ ਨਾ ਕੋਈ ਤਬਦੀਲੀ ਕਰਦੇ ਰਹਿੰਦੇ ਸਨ । ਕਦੀ ਬਾਰੀ ਵਾਲੀ ਥਾਂ ਦਰਵਾਜ਼ਾ, ਦਰਵਾਜ਼ੇ ਵਾਲੀ ਥਾਂ ਬਾਰੀ ਜਾਂ ਕਿਸੇ ਕੰਧ ਵਿਚ ਨਵਾਂ ਦਰਵਾਜ਼ਾ ਜਾਂ ਬਾਰੀ ਨਿਕਲ ਆਉਂਦੀ ਸੀ ਜਾਂ ਬੰਦ ਕਰ ਦਿੱਤੀ ਜਾਂਦੀ ਸੀ । ਸੀਮੈਂਟ ਦੀ ਚਿਣਾਈ ਦੀਆਂ ਕੰਧਾਂ ਢੁਆਈਆਂ ਸਨ… ਲੈਂਟਰ ਤੋੜੇ ਗਏ ਸਨ… ਚਿਪਸ ਵਾਲੇ ਫ਼ਰਸ਼ ਪੁਟੇ ਗਏ ਸਨ । ਉਹ ਅੰਦਰੇਟੇ 1947 ਵਿਚ ਦੇਸ਼ ਦੀ ਵੰਡ ਪਿਛੋਂ ਲਾਹੌਰ ਤੋਂ ਬਿਲਕੁਲ ਖ਼ਾਲੀ ਹੱਥ ਗਏ ਸਨ ਅਤੇ ਇਹ ਥਾਂ ਖ਼ਰੀਦ ਕੇ ਕੋਠੀ 1949 ਵਿਚ ਬਨਾਉਣੀ ਸ਼ੁਰੂ ਕੀਤੀ ਸੀ । ਅਗਸਤ 1986 ਆਪਣੇ ਅੰਤਲੇ ਦਿਨਾਂ ਤਕ ਇਸ ਵਿਚ ਕੋਈ ਨਾ ਕੋਈ ਤਬਦੀਲੀ ਜਾਂ ਵਾਧਾ ਘਾਟਾ ਆਦਿ ਕਰਦੇ ਰਹੇ ਸਨ । ਜਿੰਨਾ ਪੈਸਾ ਇਸ ਕੋਠੀ ਤੇ ਲਗਿਆ ਹੈ, ਜੇ ਨਕਸ਼ਾ ਬਣਾ ਕੇ ਇਕੋ ਵਾਰੀ ਪੱਕੇ ਤੌਰ ਤੇ ਬਨਾਉਣਾ ਹੁੰਦਾ ਤਾਂ ਕੁਲ ਖਰਚ ਦੇ ਅੱਧੇ ਨਾਲੋਂ ਵੀ ਘੱਟ ਖ਼ਰਚ ਹੋਣਾ ਸੀ।
ਦਾਰ ਜੀ ਦੀ ਸਾਹਿਤ ਵਿਚ ਵੀ ਬਹੁਤ ਦਿਲਚਸਪੀ ਸੀ, ਭਾਵੇਂ ਵਧੇਰੇ ਕਰਕੇ ਅੰਗਰੇਜ਼ੀ ਸਾਹਿੱਤ ਵਿਚ ਤੇ ਉਹ ਵੀ ਫ਼ਿਲਾਸਫ਼ੀ ਦੀਆਂ ਕਿਤਾਬਾਂ ਹੀ ਪੜ੍ਹਦੇ ਸਨ । ਐਮਰਸਨ, ਵਾਲਟ ਵਿਟਮੈਨ, ਥੋਰੋ, ਖਲੀਲ ਜਿਬਰਾਨ, ਜੇ. ਕਰਿਸ਼ਨਾਮੂਰਤੀ, ਰਮਨ ਮਹਾਂਰਿਸ਼ੀ ਆਦਿ ਫ਼ਿਲਾਸਫ਼ਰ ਉਹਨਾਂ ਦੇ ਮਨਪਸੰਦ ਲੇਖਕ ਸਨ । ਆਮ ਗੱਲਬਾਤ ਵਿਚ ਇਹਨਾਂ ਦੀ ਲਿਖਤ ਦਾ ਕੋਈ ਹਵਾਲਾ ਜ਼ਰੂਰ ਦਿੰਦੇ ਸਨ । ਉਹ ਚੰਗੀਆਂ ਕਿਤਾਬਾਂ ਪੜ੍ਹਦੇ ਹੀ ਨਹੀਂ ਸਨ, ਸਗੋਂ ਆਪਣੇ ਮਿੱਤਰਾਂ ਅਤੇ ਸਨੇਹੀਆਂ ਨੂੰ ਪੜ੍ਹਨ ਲਈ ਪ੍ਰੇਰਦੇ ਵੀ ਸਨ । ਕਈਆਂ ਨੂੰ ਆਪਣੀਆਂ ਕਿਤਾਬਾਂ ਪੜ੍ਹਨ ਲਈ ਦੇ ਦੇਂਦੇ ਜਾਂ ਆਪਣੇ ਕੋਲੋਂ ਖ਼ਰੀਦ ਕੇ “ਗਿਫ਼ਟ” ਦੇ ਦਿੰਦੇ ਸਨ । ਪਰ ਆਪ ਖੁਦ ਕਿਸੇ ਤੋਂ ਬਹੁਤ ਹੀ ਘਟ ਕਿਤਾਬ ਉਧਾਰੀ ਲੈਂਦੇ ਸਨ । ਜੇ ਕੋਈ ਸੱਜਣ ਕਿਸੇ ਚੰਗੀ ਕਿਤਾਬ ਦੀ ਸਿਫਾਰਸ਼ ਕਰ ਦਿੰਦਾ ਤਾਂ ਝਟ ਖ਼ਰੀਦ ਲਿਆਉਂਦੇ ਸਨ । ਉਹ ਕਹਿੰਦੇ, “ਜਿਸ ਲੇਖਕ ਨੇ ਕਿਤਾਬ ਲਿਖਣ ਤੇ ਇਤਨੀ ਮਿਹਨਤ ਕੀਤੀ ਹੈ, ਉਸ ਨੂੰ ਵੀ ਤਾਂ ਚਾਰ ਪੈਸੇ ਮਿਲਣੇ ਚਾਹੀਦੇ ਹਨ ।” ਉਹ ਕਿਤਾਬੀ ਫ਼ਿਲਾਸਫ਼ਰ ਨਹੀਂ ਸਨ, ਸਗੋਂ ਉਹਨਾਂ ਨੇ ਕੁਦਰਤ ਦੀ ਗੋਦ ਵਿਚ ਰਹਿ ਕੇ ਸਿੱਧਾ ਸਾਦਾ, ਸੱਚਾ ਸੁੱਚਾ ਜੀਵਨ ਬਤੀਤ ਕੀਤਾ । ਉਹਨਾਂ ਪਾਸ ਬੈਠਾ ਕੋਈ ਵੀ ਆਦਮੀ ਅੱਕਦਾ ਨਹੀਂ ਸੀ, ਸਗੋਂ ਇਕ ਖੁਸ਼ੀ, ਇਕ ਆਨੰਦ ਮਹਿਸੂਸ ਕਰਦਾ ਸੀ । ਉਹ ਕਿਹਾ ਕਰਦੇ ਸਨ, “ਵੱਡਾ ਆਦਮੀ ਉਹ ਹੈ ਜੋ ਆਪਣੇ ਕੋਲ ਬੈਠਣ ਵਾਲੇ ਨੂੰ ਛੋਟਾ ਮਹਿਸੂਸ ਨਾ ਹੋਣ ਦੇਵੇ ।”
ਦਾਰ ਜੀ ਆਪ ਵੀ ਇਕ ਲੇਖਕ ਸਨ । ਉਹਨਾਂ ਨੇ ਕਈ ਕਵਿਤਾਵਾਂ ਤੋਂ ਬਿਨਾਂ ਕਲਾ ਬਾਰੇ ਲੇਖ ਅਤੇ ਆਪਣੇ ਸਮਕਾਲੀਆਂ ਬਾਰੇ ਵੀ ਕਈ ਚਿਹਨ ਚੱਕਰ ਲਿਖੇ ਜੋ ਪੰਜਾਬੀ ਪੱਤਰਾਂ ਵਿਚ ਛਪਦੇ ਰਹੇ ਹਨ ਤੇ ਬੜੇ ਸਲਾਹੇ ਗਏ । ਇਹ ਸਭ ਕੁਝ ਦੋ ਕਿਤਾਬਾਂ ਦਾ ਮੈਟਰ ਹੈ । ਉਨ੍ਹਾਂ ਦੀ ਪੁਸਤਕ ‘ਕਲਾ ਵਾਹਿਗੁਰੂ ਦੀ’ ਇਸ ਦਾ ਪ੍ਰਮਾਣ ਹੈ ।
ਉਹ ਕਦੀ ਵੀ ਵਿਹਲੇ ਨਹੀਂ ਬੈਠਦੇ ਸਨ । ਸਵੇਰੇ ਅੰਮ੍ਰਿਤ ਵੇਲੇ ਉਠਣ ਤੋਂ ਲੈ ਕੇ ਰਾਤੀਂ ਸੌਣ ਤੱਕ ਕੁਝ ਨਾ ਕੁਝ ਕਰਦੇ ਜਾਂ ਪੜ੍ਹਦੇ ਰਹਿੰਦੇ ਸਨ । ਕੰਮ ਕਰਦੇ ਕਰਦੇ ਜੇ ਆਰਾਮ ਕਰਨ ਲਈ ਬਗੀਚੇ ਵਿਚ ਆ ਕੇ ਬੈਠਦੇ, ਤਾਂ ਉਥੋਂ ਵੀ ਡਿੱਗੇ ਪੱਤੇ ਚੁਗਣ ਲੱਗ ਪੈਂਦੇ ਜਾਂ ਗੁਲਾਬਾਂ ਤੇ ਹੋਰ ਬੂਟਿਆਂ ਦੀਆਂ ਸੁੱਕੀਆਂ ਟਹਿਣੀਆਂ ਆਦਿ ਕੱਟਣ ਲੱਗ ਪੈਂਦੇ ਸਨ । ਦੁਪਹਿਰ ਦੇ ਖਾਣੇ ਪਿਛੋਂ ਦੋ ਕੁ ਘੰਟੇ ਆਰਾਮ ਜ਼ਰੂਰ ਕਰਦੇ ਸਨ ।
ਸਭ ਤੋਂ ਵੱਡੀ ਗੱਲ, ਉਹ ਬੜੇ ਹੀ ਜ਼ਿੰਦਾ ਦਿਲ ਸਨ । ਉਹਨਾਂ ਦਾ ਸੁਭਾਅ ਬੜਾ ਹੀ ਹੱਸਮੁਖ ਸੀ । ਹਰ ਕਿਸੇ ਨੂੰ ਮਖੌਲ ਕਰਦੇ ਰਹਿੰਦੇ ਸਨ । ਸਾਡੇ ਗਵਾਂਢੀ ਪੰਡਿਤ ਮੰਗਤ ਰਾਮ, ਜੋ 1924 ਤੋਂ ਉਹਨਾਂ ਦੇ ਸ਼ਾਗਿਰਦ ਹੀ ਨਹੀਂ ਸਗੋਂ ਦੋਸਤ ਵੀ ਸਨ ਅਤੇ ਲਾਗਲੀ ਹੀ ਕੋਠੀ ਵਿਚ ਰੀਟਾਇਰਡ ਜੀਵਨ ਬਿਤਾ ਰਹੇ ਸਨ, ਨਾਲ ਜ਼ਰੂਰ ਕੋਈ ਨਾ ਕੋਈ ਮਖੌਲ ਜਾਂ ਟਕੋਰ ਆਦਿ ਕਰਦੇ ਰਹਿੰਦੇ ਸਨ । ਅਗੋਂ ਪੰਡਿਤ ਜੀ ਵੀ ਬੜੇ ਹਸਮੁੱਖ ਤੇ ਜਿੰਦਾ ਦਿਲ ਇਨਸਾਨ ਸਨ । ਉਹ ਕਹਿ ਦਿੰਦੇ, “ਕੀ ਹੋਇਆ ਜੇ ਸਾਡੇ ਵਾਲ ਚਿੱਟੇ ਹਨ ਪਰ ਸਾਡੇ ਦਿਲ ਤਾਂ ਕਾਲੇ ਹਨ ।” ਤੇ ਕਈ ਵਾਰ ਪੰਡਿਤ ਜੀ ਬਾਹਰੋਂ ਆਏ ਗਏ ਨੂੰ ਕਹਿੰਦੇ, “ਸਾਡੇ ਸਰਦਾਰ ਜੀ ਜਿੰਨੇ ਵੱਡੇ ਆਰਟਿਸਟ ਹਨ ਓਨੇ ਵੱਡੇ ਹੀ ਭੰਡ ਵੀ ਹਨ ।”
ਗੁੱਸਾ ਉਹਨਾਂ ਨੂੰ ਬਹੁਤ ਘੱਟ ਆਉਂਦਾ ਸੀ । ਆਮ ਤੌਰ ਤੇ ਉਹ ਬਹੁਤ ਗੱਲਾਂ ਨੂੰ ਵੇਖ ਕੇ ਹੀ ਅਣਡਿੱਠ ਕਰ ਦਿੰਦੇ ਸਨ । ਉਹ ਕਿਹਾ ਕਰਦੇ ਸਨ, “ਦੂਜਿਆਂ ਨੂੰ ਜ਼ਰੂਰ ਮੁਆਫ਼ ਕਰ ਦਿਓ, ਪਰ ਆਪਣੇ ਆਪ ਨੂੰ ਕਦੇ ਮੁਆਫ਼ ਨਹੀਂ ਕਰਨਾ ਚਾਹੀਦਾ ।” ਜਦੋਂ ਗੁੱਸਾ ਆਉਂਦਾ ਤਾਂ ਬਹੁਤ ਹੀ ਆਉਂਦਾ ਅਤੇ ਬੋਲਣ ਲਗੇ ਜ਼ਰਾ ਵੀ ਨਹੀਂ ਸੀ ਸੋਚਦੇ ਕਿ ਕੀ ਕਹਿਣਾ ਹੈ ਜਾਂ ਕੀ ਨਹੀਂ ਕਹਿਣਾ । ਪਰ ਗੁੱਸਾ ਆਉਂਦਾ ਉਦੋਂ ਹੀ ਜਦੋਂ ਕੋਈ ਲਛਮਣ ਰੇਖਾ ਪਾਰ ਕਰ ਜਾਏ । ਗੁੱਸੇ ਵਿਚ ਉਹ ਸਿਰਫ਼ ‘ਭੂਤਨੀ ਦਾ’ ਜਾਂ ‘ਉੱਲੂ ਦਾ ਪੱਠਾ’ ਕਹਿ ਕੇ ਗਾਲ਼ ਕੱਢਦੇ ।
ਡਾਕ ਦੀ ਉਹਨਾਂ ਨੂੰ ਬਹੁਤ ਹੀ ਤਾਂਘ ਰਹਿੰਦੀ । ਅੰਦਰੇਟੇ ਡਾਕ ਦਾ ਪ੍ਰਬੰਧ ਕੋਈ ਬਹੁਤਾ ਚੰਗਾ ਨਹੀਂ ਹੈ । ਕਈ ਵਾਰ ਹਫ਼ਤਾ ਹਫ਼ਤਾ ਡਾਕ ਨਹੀਂ ਸੀ ਆਉਂਦੀ । ਕਈ ਵਾਰ ਦਾਰ ਜੀ ਪੁੱਛਦੇ, “ਹਾਲੇ ਡਾਕ ਨਹੀਂ ਆਈ ?” ਹਰ ਚਿੱਠੀ ਦਾ ਜਵਾਬ ਉਹ ਆਪ ਦਿੰਦੇ । ਉਹ ਹਰ ਚਿੱਠੀ ਬੜੇ ਹੀ ਧੀਰਜ ਨਾਲ ਲਿਖਦੇ । ਕਈ ਵਾਰੀ ਪਹਿਲਾਂ ਰਫ਼ ਖਰੜਾ ਲਿਖ ਲੈਂਦੇ ਸਨ । ਇਹੀ ਕਾਰਨ ਹੈ ਕਿ ਉਨ੍ਹਾਂ ਦੀਆਂ ਲਿਖੀਆਂ ਚਿੱਠੀਆਂ ਵਿਚ ਬੜੀ ਜਾਨ ਹੁੰਦੀ ਤੇ ਉਹ ਇਕ ਸਾਹਿੱਤਕ ਰਚਨਾ ਹੀ ਮਾਲੂਮ ਹੁੰਦੀ । ਉਹ ਕਿਹਾ ਕਰਦੇ ਸਨ, “ਇਕ ਕਲਾਕਾਰ ਦਾ ਘਰ ਅਤੇ ਆਲਾ ਦੁਆਲਾ ਸੁਹਣਾ ਹੋਣਾ ਚਾਹੀਦਾ ਹੈ । ਇਕ ਲਿਖਾਰੀ ਦੀ ਚਿੱਠੀ ਵਿਚੋਂ ਉਹਦੇ ਲਿਖਾਰੀ ਹੋਣ ਦਾ ਝਉਲਾ ਪੈਣਾ ਚਾਹੀਦਾ ਹੈ ਅਤੇ ਉਸ ਦੀ ਲਿਖਾਈ ਬਹੁਤ ਹੀ ਸੁੰਦਰ ਹੋਣੀ ਚਾਹੀਦੀ ਹੈ । ਇਕ ਗਵੱਈਏ ਦੀ ਗੱਲਬਾਤ ਵਿਚ ਉਹਦੇ ਗਲੇ ਦੀ ਮਿਠਾਸ ਅਤੇ ਨੱਚਣ ਵਾਲੇ ਦੀ ਤੋਰ ਵਿਚ ਇਕ ਅਦਾ ਹੋਣੀ ਚਾਹੀਦੀ ਹੈ ।” ਆਮ ਤੌਰ ਤੇ ਉਹ ਸਵੇਰੇ ਸਵੇਰੇ ਚਿੱਠੀਆਂ ਲਿਖਿਆ ਕਰਦੇ ਸਨ । ਬੜੇ ਹੀ ਸਹਿਜ ਨਾਲ ਬੜੀ ਹੌਲੀ ਹੌਲੀ ।
ਇਹੋ ਹਾਲ ਉਹਨਾਂ ਦਾ ਉਦੋਂ ਹੁੰਦਾ ਜਦੋਂ ਕਿਤੇ ਉਹਨਾਂ ਨੇ ਬਾਹਰ ਜਾਣਾ ਹੁੰਦਾ ਸੀ । ਘਰ ਅੱਗੇ ਬੱਸ ਖੜ੍ਹੀ ਹਾਰਨ ਤੇ ਹਾਰਨ ਦੇ ਰਹੀ ਹੁੰਦੀ (ਘਰ ਸੜਕ ਦੇ ਉਤੇ ਹੀ ਹੋਣ ਕਰਕੇ) ਅਤੇ ਉਹ ਹਾਲੇ ਤਿਆਰ ਹੋ ਰਹੇ ਹੁੰਦੇ । ਉਹ ਤਿਆਰ ਹੋਣ ਵੇਲੇ ਕੁੜੀਆਂ ਵਾਂਗ ਬਹੁਤ ਦੇਰ ਲਾ ਦਿੰਦੇ ਸਨ । ਫਿਰ ਛੇਤੀ ਛੇਤੀ ਤੁਰਦੇ । ਇਸੇ ਕਰਕੇ ਉਹਨਾਂ ਨੇ ਆਪਣੀ ਕਾਰ ਲੈ ਲਈ ਸੀ । ਕਿਤੇ ਬਾਹਰ ਜਾਣ ਵੇਲੇ ਰਾਤੀਂ ਕਹਿ ਦਿੰਦੇ, “ਸਵੇਰੇ ਪੰਜ ਵਜੇ ਸਵਖਤੇ ਹੀ ਤੁਰ ਪੈਣਾ ਹੈ ।” ਪਰ ਆਪ ਮਸਾਂ ਛੇ ਸਵਾ ਛੇ ਤਕ ਤਿਆਰ ਹੁੰਦੇ । ਜੇ ਕਿਤੇ ਆਪ ਪਹਿਲਾਂ ਤਿਆਰ ਹੋ ਜਾਣ ਤਾਂ ਦੂਜਿਆਂ ਨੂੰ ਕਹਿੰਦੇ, “ਤੁਸੀਂ ਅਜੇ ਤੱਕ ਕਰਦੇ ਕੀ ਪਏ ਹੋ ਪੰਦਰਾਂ ਮਿੰਟ ਲੇਟ ਹੋ ਗਏ ਹਾਂ ।”
ਬਾਹਰ ਘੁੰਮ ਫਿਰ ਕੇ ਬੜਾ ਖੁਸ਼ ਰਹਿੰਦੇ ਸਨ । ਕਦੀ ਚਾਰ ਦਿਨ ਕਿਤੇ ਬਾਹਰ ਨਾ ਜਾਂਦੇ ਤਾਂ ਬੋਰ ਹੋ ਜਾਂਦੇ ਸਨ । ਲਗਪਗ ਹਰ ਮਹੀਨੇ ਇਕ ਲੰਮਾ ਟੂਰ ਲਾਉਂਦੇ ਸਨ । ਉਹਨਾਂ ਦੇ ਬਾਹਰ ਦੇ ਬਹੁਤੇ ਪ੍ਰੋਗਰਾਮ ਆਮ ਤੌਰ ਤੇ ਬੇਤਰਤੀਬੇ ਹੁੰਦੇ ਸਨ । ਆਪਣੇ ਪ੍ਰੋਗਰਾਮ ਦਾ ਕਈ ਵਾਰ ਉਹਨਾਂ ਨੂੰ ਆਪ ਵੀ ਪਤਾ ਨਹੀਂ ਸੀ ਹੁੰਦਾ । ਜੇ ਲੁਧਿਆਣੇ ਆ ਕੇ ਅੰਦਰੇਟੇ ਮੁੜਨ ਦਾ ਪ੍ਰੋਗਰਾਮ ਹੁੰਦਾ ਤਾਂ ਰਸਤੇ ਵਿਚੋਂ ਵੀ ਗੱਡੀ ਚੰਡੀਗੜ੍ਹ ਜਾਂ ਸ਼ਿਮਲੇ ਜਾਂ ਪਟਿਆਲੇ ਨੂੰ ਮੋੜ ਲੈਂਦੇ ਸਨ, “ਚਲੋ ਇਧਰ ਵੀ ਹੋ ਚਲਦੇ ਹਾਂ, ਫਲਾਣੇ ਨੂੰ ਮਿਲ ਚੱਲਾਂ ਗੇ ।”
ਸਫ਼ਰ ਕਰਦਿਆਂ ਕਿਤੇ ਵੀ ਬੱਸ ਜਾਂ ਕਾਰ ਜ਼ਰਾ ਕੁ ਰੁਕੇ ਤਾਂ ਉਹਨਾਂ ਦੀ ਕਲਾਕਾਰ ਅੱਖ ਹਰ
ਸੁਹਣੀ ਚੀਜ਼ ਨੂੰ ਝੱਟ ਤਾੜ ਲੈਂਦੀ ਤੇ ਕਹਿੰਦੇ, “ਔਹ ਸਾਹਮਣੀ ਦੁਕਾਨ ਤੇ ਕੱਪੜਾ ਬੜਾ ਸੁਹਣਾ ਪਿਆ ਹੈ, ਪਰਦਿਆਂ ਲਈ ਹੀ ਲੈ ਆਓ ।” ਜਾ ਔਹ ਸੇਬ ਬੜੇ ਚੰਗੇ ਜਾਪਦੇ ਹਨ । ਜ਼ਰਾ ਇਕ ਕਿਲੋ ਫੜਨਾ ਤਾਂ…” ਫਿਰ ਬੱਚਿਆਂ ਵਾਂਗ ਝੱਟ ਹੀ ਸੇਬ, ਸੰਤਰਾ ਜਾਂ ਕੇਲਾ ਆਦਿ ਖਾਣਾ ਸ਼ੁਰੂ ਕਰ ਦਿੰਦੇ ।
ਅੰਦਰੇਟੇ ਸਾਡੇ ਘਰ ਪ੍ਰਾਹੁਣੇ ਬਹੁਤ ਹੀ ਆਉਂਦੇ ਰਹਿੰਦੇ ਸਨ । ਆਵਾਜਈ ਦੇ ਸਾਧਨ ਘਟ ਹੋਣ ਕਰਕੇ ਕਈ ਘਟੋ ਘਟ ਇਕ ਰਾਤ ਸਾਡੇ ਘਰ ਹੀ ਰਹਿੰਦੇ । ਦਾਰ ਜੀ ਹਰ ਕਿਸੇ ਨੂੰ ਪੂਰਾ ਪਿਆਰ ਤੇ ਸਤਿਕਾਰ ਹੀ ਨਹੀਂ ਸਨ ਦਿੰਦੇ ਸਗੋਂ ਸਿਰ ਤੇ ਚੁਕ ਲੈਂਦੇ ਸਨ । ਉਹ ਕਹਿੰਦੇ, “ਜੋ ਇਤਨੀ ਦੂਰੋਂ ਸਾਨੂੰ ਮਿਲਣ ਆਇਆ ਹੈ, ਉਸ ਨੂੰ ਯੋਗ ਆਦਰ ਮਿਲਣਾ ਹੀ ਚਾਹੀਦਾ ਹੈ ।” ਇਸੇ ਕਾਰਨ ਸਾਡੇ ਘਰ ਆਉਣ ਵਾਲੇ ਇਹ ਮਹਿਮਾਨ ਅਕਸਰ ਇਹੋ ਹੀ ਸਮਝਦੇ ਸਨ ਕਿ ਦਾਰ ਜੀ ਸਿਰਫ਼ ਮੇਰੇ ਹੀ ਹਨ। ਕਈ ਸੱਜਣ ਤਾਂ ਇਹਨਾਂ ਦੀ ਮਹਿਮਾਨ ਨਮਾਜ਼ੀ ਤੋਂ ਖੁਸ਼ ਹੋ ਕੇ ਇਹਨਾਂ ਦੇ ਮੰਜੇ ਤੇ ਵੀ ਚੜ੍ਹ ਬੈਠਦੇ ਸਨ । ਭਾਵੇਂ ਇਹਨਾਂ ਸੱਜਣਾਂ ਦੀਆਂ ਜੁਰਾਬਾਂ ਦੀ ਬੋ ਜਾਂ ਮੂੰਹ ਦੀ ਹਵਾੜ ਨਾਲ ਸਿਰ ਚਕਰਾ ਜਾਏ, ਪਰ ਉਸ ਨੂੰ ਅਨੁਭਵ ਨਹੀਂ ਹੋਣ ਦੇਂਦੇ ਸਨ, ਸਿਰਫ਼ ਆਪਣੇ ਕਮਰੇ ਦੇ ਬੂਹੇ ਬਾਰੀਆਂ ਖੋਲ੍ਹ ਦਿੰਦੇ ਸਨ ਅਤੇ ਅਗਰਬਤੀ ਜਲਾ ਲੈਂਦੇ ਸਨ । ਉਸ ਸੱਜਣ ਦੇ ਜਾਣ ਪਿਛੋਂ ਕਹਿ ਵੀ ਦਿੰਦੇ ਸਨ, “ਪੁੱਠਾ ਮੇਰੀ ਛਾਤੀ ਤੇ ਚੜ੍ਹ ਕੇ ਬੈਠ ਗਿਆ । ਤੇ ਹਵਾੜ੍ਹ ਨਾਲ ਮੇਰਾ ਸਿਰ ਚਕਰਾ ਗਿਆ ਹੈ ।”
ਉਹਨਾਂ ਦੀਆਂ ਕਈ ਆਦਤਾਂ ਬਿਲਕੁਲ ਬੱਚਿਆਂ ਵਰਗੀਆਂ ਸਨ । ਆਪਣੇ ਮੂੰਹ ਵਿਚੋਂ ਨਿਕਲੀ ਹਰ ਗੱਲ ਝੱਟ ਪੂਰੀ ਹੋਣੀ ਲੋਚਦੇ ਸਨ । ਕਈ ਵਾਰੀ ਕੋਈ ਚੀਜ਼ ਬੜੀ ਹੀ ਰੀਝ ਨਾਲ ਲਿਆਉਂਦੇ ਪਰ ਵਰਤਦੇ ਇਕ ਦਿਨ ਵੀ ਨਹੀਂ ਸਨ । ਦੁੱਧ ਡੱਬਿਆਂ ਦਾ ਪੀਂਦੇ ਸਨ ਭਾਵੇਂ ਘਰ ਵਿਚ ਗਊ ਦੁੱਧ ਦੇਣ ਵਾਲੀ ਲਿਆਂਦੀ ਹੋਈ ਸੀ । ਕਹਿੰਦੇ, “ਸੁਹਣੀ ਲਗਦੀ ਹੈ ।” ਬਾਂਗਾਂ ਸੁਨਣ ਵਾਸਤੇ ਇਕ ਕੁੱਕੜ ਲਿਆ । ਜੇ ਕੋਈ ਕਹਿੰਦਾ, “ਇਹ ਗੰਦ ਬੜਾ ਪਾਉਂਦੇ ਹਨ” ਤਾਂ ਕਹਿੰਦੇ, “ਇਹਦੀਆਂ ਬਾਂਗਾਂ ਦੀ, ਰੰਗ ਦੀ ਕੋਈ ਤਾਰੀਫ਼ ਨਹੀਂ ਕਰਦਾ ।”
ਖੁਰਾਕ ਬਾਰੇ ਵੀ ਉਹ ਬੜੇ ਤਜਰਬੇ ਕਰਦੇ ਰਹਿੰਦੇ ਸਨ । ਕਦੀ ਮੂੰਗੀ ਭਿਉਂ ਕੇ ਖਾਣੀ ਸ਼ੁਰੂ ਕਰ ਦਿੱਤੀ, ਕਦੀ ਉਬਲੀਆਂ ਹੋਈਆਂ ਸਬਜ਼ੀਆਂ, ਕਦੀ ਬਾਦਾਮ ਜਾਂ ਦੋਧੀ ਜਾਂ ਸਿਰਫ਼ ਫ਼ਲ ਖਾ ਕੇ ਹੀ ਦਿਹਾੜੀ ਕੱਢ ਲੈਂਦੇ । ਲੋੜ ਤੋਂ ਜ਼ਰਾ ਵੀ ਵਧ ਨਹੀਂ ਸਨ ਖਾਂਦੇ ।
ਪ੍ਰਸਿੱਧ ਨਾਵਲਕਾਰ ਸਰਦਾਰ ਜਸਵੰਤ ਸਿੰਘ ਕੰਵਲ ਇਕ ਵਾਰੀ ਅੰਦਰੇਟੇ ਆਏ ਸਨ । ਉਹਨਾਂ ਵਾਪਸ ਜਾ ਕੇ ਮੈਨੂੰ ਖ਼ਤ ਲਿਖਿਆ ਸੀ, “ਸਰਦਾਰ ਸੋਭਾ ਸਿੰਘ ਜੀ ਨੇ ਕੁਝ ਵੀ ਕਰਨਾ ਹੈ ਤਾਂ ਹੁਣ ਪਹਿਲੇ ਸਿਹਤ ਚਾਹੀਦੀ ਹੈ । ਸਿਹਤ ਲਈ ਆਰਾਮ ਤੇ ਮਨ ਦਾ ਇਕਾਂਤ ਬੁਨਿਆਦੀ ਲੋੜਾਂ ਹਨ । ਤੁਸੀਂ ਦੋਵੇਂ (ਹਰਬੀਰ ਤੇ ਗੁਰਚਰਨ) ਇਸ ਛੱਤ ਦੀਆਂ ਮੈਨੂੰ ਥੰਮ੍ਹੀਆਂ ਲਗੇ ਹੋ । ਇਸ ਕਾਰਨ ਮੇਰੇ ਮਨ ਨੇ ਤੁਹਾਡਾ ਇਹਤਰਾਮ ਮਹਿਸੂਸ ਕੀਤਾ ਹੈ । ਖੂਬਸੂਰਤ ਫੁੱਲ ਜਿਥੇ ਮਹਿਕ ਵੰਡਦਾ ਏ, ਉਥੇ ਮਾਲੀ ਦੀ ਮਹਾਨਤਾ ਕਿਸੇ ਗੱਲੋਂ ਘੱਟ ਨਹੀਂ ਹੁੰਦੀ, ਭਾਵੇਂ ਉਹ ਆਮ ਲੋਕਾਂ ਨੂੰ ਘਟ ਹੀ ਨਜ਼ਰ ਆਉਂਦੀ ਹੈ । ਸੋ ਮੋਢਾ ਦੇਈ ਰਖੋ, ਜਦ ਤਕ ਮੰਜ਼ਲ ਨਹੀਂ ਆਉਂਦੀ ।”
ਮੈਂ ਉਹਨਾਂ ਦੀ ਸੇਵਾ ਵਿਚ ਪਿਛੇ ਰਹਿ ਗਿਆ ਸੀ, ਜਾਂ ਹਾਰ ਹੀ ਗਿਆ ਸੀ, ਹੁਣ ਸਾਡਾ ਬੱਚਾ ਹਿਰਦੇਪਾਲ ਵੀ ਉਹਨਾਂ ਦੀ ਸੇਵਾ ਕਰਨ ਲੱਗ ਗਿਆ ਸੀ) ਪਰ ਗੁਰਚਰਨ ਉਹਨਾਂ ਦੇ ਆਖਰੀ ਸਾਹੇ ਤੱਕ ਇਕ ਸਕੀ ਧੀ ਵਾਂਗ ਉਹਨਾਂ ਦੀ ਹਰ ਤਰ੍ਹਾਂ ਦੇਖ ਭਾਲ ਤੇ ਸੇਵਾ ਕਰਦੀ ਰਹੀ ਹੈ । ਨਿਰਸੰਦੇਹ ਬੀਬੀ ਭਾਨੀ ਦੀ ਆਪਣੇ ਪਿਤਾ ਜੀ ਦੀ ਕੀਤੀ ਸੇਵਾ ਵਾਂਗ, ਗੁਰਚਰਨ ਨੇ ਦਾਰ ਜੀ ਦੀ ਬਹੁਤ ਹੀ ਸੇਵਾ ਕੀਤੀ ਹੈ। ਇਹ ਕੇਵਲ ਉਹੋ ਹੀ ਕਰ ਸਕਦੀ ਸੀ, ਮੈਂ ਨਹੀਂ । ਉਨ੍ਹਾਂ ਦੇ ਤੁਰ ਜਾਣ ਪਿਛੋਂ ਉਹ ਠੀਕ ਹੀ ਉਨ੍ਹਾਂ ਦੀ ਵਾਰਿਸ ਬਣੀ ਹੈ ਅਤੇ ਆਰਟ ਗੈਲਰੀ ਦੀ ਬਹੁਤ ਚੰਗੀ ਤਰ੍ਹਾਂ ਸਾਂਭ ਸੰਭਾਲ ਕਰ ਰਹੀ ਹੈ । ਜੋ ਕੰਮ ਮੈਨੂੰ ਕਰਨਾ ਚਾਹੀਦਾ ਸੀ, ਉਸ ਨੇ ਕੀਤਾ ਹੈ। ਉਸ ਵਿਚ ਮੇਰੇ ਨਾਲੋਂ ਕਿਤੇ ਵੱਧ ਸੇਵਾ ਭਾਵ ਸਹਿਣਸ਼ੀਲਤਾ ਤੇ ਸਬਰ ਸੰਤੋਖ ਹੈ । ਪਰਮਾਤਮਾ ਉਤੇ ਅਥਾਹ ਤੇ ਅਟੁੱਟ ਵਿਸ਼ਵਾਸ ਹੈ।

ਕੁਦਰਤ ਦੀ ਖੂਬਸੂਰਤ ਰਚਨਾ-ਦਾਰ ਜੀ ਹਿਰਦੇਪਾਲ ਸਿੰਘ

ਸਟੂਡੀਓ ਵਿਚ ਸਾਫ਼ ਕਰਨ ਲਈ ਇਕੱਠੀਆਂ ਕੀਤੀਆਂ ਕਿਤਾਬਾਂ ਦੇ ਢੇਰ ਵਿਚੋਂ ਲਾਲਾ ਹਰਦਿਆਲ ਦੀ ਕਿਤਾਬ ਹਿੰਟਸ ਫਾਰ ਸੈਲਫ਼ ਕਲਚਰ (Hints for self culture) ਮੈਨੂੰ ਫੜਾਉਂਦੇ ਹੋਏ ਦਾਰ ਜੀ ਨੇ ਕਿਹਾ, “ਬੜੀ ਚੰਗੀ ਕਿਤਾਬ ਏ, ਇਸ ਨੂੰ ਜ਼ਰੂਰ ਪੜ੍ਹ ਲਵੀਂ ।” ਕੋਰਸ ਦੀਆਂ ਕਿਤਾਬਾਂ ਅਤੇ ਬੱਚਿਆਂ ਦੀਆਂ ਕਿਤਾਬਾਂ ਤੋਂ ਬਿਨਾਂ ਉਹ ਪਹਿਲੀ ਕਿਤਾਬ ਸੀ ਜਿਸਨੇ ਮੈਨੂੰ ਬਹੁਤ ਪ੍ਰਭਾਵਤ ਕੀਤਾ । ਮੈਂ ਜਦ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਤਾਂ ਭਵਿੱਖ ਦੀ ਸੋਚ ਵਿਚ ਡੁੱਬ ਗਿਆ । ਤਦ ਵੀ ਦਾਰ ਜੀ ਨੇ ਮੈਨੂੰ ਸੁਝਾਇਆ, “ਮੁਢਲੀ ਸਿੱਖਿਆ ਪ੍ਰਾਪਤ ਕਰਕੇ ਆਪਣੇ ਪ੍ਰਾਕ੍ਰਿਤਕ ਗੁਣ (Genius) ਨੂੰ ਵਧਾਉਣਾ ਚਾਹੀਦਾ ਹੈ । ਜੋ ਤੁਹਾਡੀ ਅੰਤਰ ਆਤਮਾ ਕਹਿੰਦੀ ਹੈ, ਉਹੀ ਕਰੋ । ਮੁਸ਼ਕਿਲਾਂ ਵੀ ਆਉਣਗੀਆਂ ਪਰ ਆਪਣੇ ਚੁਣੇ ਹੋਏ ਮਾਰਗ ਤੇ ਅਟੱਲ ਰਹੋ ।” ਇਹੀ ਗੱਲ ਉਹ ਉਹਨਾਂ ਲੋਕਾਂ ਨੂੰ ਵੀ ਸੁਝਾਉਂਦੇ ਜਿਹੜੇ ਆਪਣੇ ਬੱਚਿਆਂ ਬਾਰੇ ਉਹਨਾਂ ਨਾਲ ਸਲਾਹ ਮਸ਼ਵਰਾ ਕਰਦੇ ਸਨ । ਉਹ ਕਿਹਾ ਕਰਦੇ ਸਨ ਕਿ ਸਿੱਖਿਆ ਅਸਲ ਵਿਚ ਮਨੁੱਖ ਦੀ ਸੋਚਣ ਦੀ ਸ਼ਕਤੀ ਨੂੰ ਨਸ਼ਟ ਕਰ ਦਿੰਦੀ ਹੈ । ਆਈਨ ਰੈਂਡ ਦੀ ਕਿਤਾਬ ਐਂਬਮ (Embem) ਅਤੇ ਹਰਮਨ ਹੈੱਸ ਦੀ ਬਿਨੀਥ ਦੀ ਵਹੀਲ (Beneath the Wheel) ਪੜ੍ਹ ਕੇ ਵੀ ਮੇਰੇ ਅੰਦਰ ਇੰਨੀ ਹਿੰਮਤ ਨਾ ਹੋਈ ਕਿ ਮੈਂ ਉਹੀ ਕੁਝ ਕਰਾਂ ਜਿਸਦੇ ਲਈ ਮੈਂ ਅਸਲ ਵਿਚ ਬਣਿਆ ਹਾਂ ।
ਦਾਰ ਜੀ ਲਈ ਹਰ ਇਕ ਇਨਸਾਨ ਬਰਾਬਰ ਸੀ ਅਤੇ ਉਹ ਸਭ ਦੀ ਬਰਾਬਰ ਇੱਜ਼ਤ ਕਰਕੇ ‘ਜੀ’ ਕਹਿੰਦੇ ਸਨ । ਪਿਛਲੇ ਦੋ ਤਿੰਨ ਸਾਲ ਤੋਂ ਸਾਡਾ ਬੁੱਢਾ ਡਰਾਈਵਰ ਕਾਰ ਨਾ ਚਲਾ ਸਕਦਾ ਪਰ ਫਿਰ ਵੀ ਉਨ੍ਹਾਂ ਦੀ ਹਿਦਾਇਤ ਸੀ ਕਿ ਉਹ ਡਰਾਈਵਰ ਜਦ ਵੀ ਆਵੇ, ਉਸਨੂੰ ਆਉਣ ਜਾਣ ਦਾ ਕਿਰਾਇਆ ਅਤੇ ਕੁਝ ਰੁਪਏ ਦੇ ਦਿੱਤੇ ਜਾਣ । ਹਰ ਆਉਣ ਵਾਲੇ ਮਹਿਮਾਨ ਨੂੰ ਚਾਹ ਆਦਿ ਪਿਲਾਉਣਾ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਸੀ । ਕਹਿੰਦੇ ਸਨ, “ਪਤਾ ਨਹੀਂ ਕੌਣ ਕਿੰਨੀ ਦੂਰੋਂ ਚੱਲ ਕੇ ਆਉਂਦਾ ਹੈ । ਰੋਟੀ ਵੇਲੇ ਰੋਟੀ, ਚਾਹ ਵੇਲੇ ਚਾਹ, ਉਸਨੂੰ ਦੇਣਾ ਸਾਡਾ ਫਰਜ਼ ਬਣਦਾ ਹੈ । ਇਹ ਘਰ ਮੇਰਾ ਨਹੀਂ ਗੁਰੂ ਸਾਹਿਬਾਨ ਦਾ ਹੈ ।” ਇਹ ਪਤਾ ਹੁੰਦੇ ਹੋਏ ਵੀ ਕਿ ਕੁਝ ਲੋਕ ਉਹਨਾਂ ਦੇ ਚੇਲੇ ਬਣਕੇ ਉਹਨਾਂ ਦੀਆਂ ਤਸਵੀਰਾਂ ਦੀ ਨਕਲ ਉਤਾਰਨ ਆਏ ਹਨ, ਉਹ ਕਿਸੇ ਨੂੰ ਬੁਰਾ ਭਲਾ ਨਾ ਕਹਿੰਦੇ । ਸਾਡੇ ਸ਼ਿਕਾਇਤ ਅਤੇ ਵਿਰੋਧ ਕਰਨ ਤੇ ਉਹ ਕਹਿੰਦੇ, “ਆਪਣੇ ਕੀਤੇ ਦਾ ਫਲ ਪਾਵੇਗਾ, ਜਾਣ ਦਿਓ ਸਹੁਰੇ ਨੂੰ, ਦੂਜੇ ਨੂੰ ਦਗਾ ਦੇਣ ਤੋਂ ਪਹਿਲਾਂ ਇਸਨੇ ਆਪਣੇ ਆਪ ਨਾਲ ਦਗਾ ਕੀਤਾ ਹੈ ।” ਸਫ਼ਰ ਤੇ ਜਾਣਾ ਵੀ ਉਹਨਾਂ ਨੂੰ ਚੰਗਾ ਲਗਦਾ । ਸਾਲ ਵਿਚ ਕੁੱਲੂ-ਮਨਾਲੀ, ਡਲਹੌਜ਼ੀ ਜਾਂ ਖਜਿਆਰ ਜ਼ਰੂਰ ਜਾਂਦੇ । ਜਿਹੜੀ ਵੀ ਜਗ੍ਹਾ ਚੰਗੀ ਲਗਦੀ, ਕਹਿੰਦੇ, “ਇਥੇ ਜ਼ਮੀਨ ਲੈ ਲਉ, ਛੋਟਾ ਜਿਹਾ ਘਰ ਬਣਾਵਾਂਗੇ ।” ਅਤੇ ਨਾਲ ਹੀ ਸੱਚਮੁੱਚ ਤਿਆਰ ਵੀ ਹੋ ਜਾਂਦੇ, ਚਾਹੇ ਉਹ ਥਾਂ ਪਾਉਂਟਾ ਸਾਹਿਬ ਹੋਵੇ ਜਾਂ ਮਨਾਲੀ ਦਾ ਤ੍ਰਿਵੈਣੀ ਸੰਗਮ । ਲਗਾਤਾਰ ਵਹਿੰਦੇ ਪਾਣੀ ਨਾਲ ਉਹਨਾਂ ਨੂੰ ਬਹੁਤ ਡੂੰਘਾ ਇਸ਼ਕ ਸੀ, ਖਾਸ ਤੌਰ ਤੇ ਨਦੀਆਂ ਦੇ ਸਾਫ਼ ਪਾਣੀ ਨਾਲ । ਘਰ ਤੋਂ ਇਕ ਜਾਂ ਡੇਢ ਕਿਲੋਮੀਟਰ ਦੂਰ ਉਹਨਾਂ ਨੇ ਜੰਗਲ ਵਿਚ ਇਕ ਕੁਟੀਆ ਬਣਾਈ ਹੋਈ ਸੀ, ਜਿਥੇ ਜਾਣਾ ਉਹਨਾਂ ਨੂੰ ਬਹੁਤ ਚੰਗਾ ਲਗਦਾ ਸੀ । ਜੰਗਲੀ ਪਰਿੰਦਿਆਂ ਦੀ ਖੇਡ ਅਤੇ ਉੱਚੇ ਦਰਖ਼ਤਾਂ ਵਿਚੋਂ ਛਣ ਕੇ ਆਉਂਦੀ ਧੁੱਪ ਵਿਚ ਅਸੀਂ ਦੁਪਹਿਰ ਦਾ ਖਾਣਾ ਖਾ ਕੇ ਘਰ ਵਾਪਸ ਆਉਂਦੇ । ਹਲਕੇ ਪੀਲੇ ਗੁਲਾਬ ਦੇ ਫੁੱਲ ਉਹਨਾਂ ਨੂੰ ਖਾਸ ਤੌਰ ਤੇ ਚੰਗੇ ਲੱਗਦੇ । ਘਰ ਵਿਚ ਫੁੱਲ-ਫਲ ਅਤੇ ਸਬਜ਼ੀਆਂ ਵੀ ਆਪ ਹੀ ਲਗਾਉਂਦੇ, ਹਰ ਚੀਜ਼ ਆਪਣੀ ਸਹੀ ਥਾਂ ਗਮਲਿਆਂ ਵਿਚ ਮਿੱਟੀ ਪਾ ਕੇ ਬੂਟੇ ਲਗਾ ਕੇ ਆਪ ਹੀ ਪਾਣੀ ਦਿੰਦੇ । ਚੀਜ਼ਾਂ ‘ਚ ਬਦਲਾਉ ਉਹਨਾਂ ਨੂੰ ਚੰਗਾ ਲਗਦਾ । ਘਰ ਦਾ ਕੰਮ ਵੀ ਚਲਦਾ ਹੀ ਰਹਿੰਦਾ । ਮਾਤਾ ਜੀ ਕਹਿੰਦੇ, “ਦਾਰ ਜੀ, ਤੁਸੀਂ ਤਾਂ ਰੱਬ ਤੋਂ ਇਕ ਲੱਕੜੀ ਅਤੇ ਸੀਮੈਂਟ ਵਾਲਾ ਪਰਮਾਨੈਂਟ ਮਿਸਤਰੀ ਮੰਗ ਲਉ ।” ਸ਼ਾਇਦ ਹੁਣ ਤੱਕ ਪੰਜ ਘਰ ਹੋਰ ਬਣ ਜਾਂਦੇ ਜੇਕਰ ਹੁਣ ਵਾਲੀ ‘ਗਰੋ ਮੋਰ ਗੁੱਡ’ Grow More Good) ਟੁੱਟ ਟੁੱਟ ਕੇ ਬਣਾਉਣ ਵਾਲੀ ਉਨ੍ਹਾਂ ਦੀ ਨੀਤੀ ਨਾ ਹੁੰਦੀ । ਸਫ਼ਾਈ ਵਲ ਉਹ ਖਾਸ ਧਿਆਨ ਦਿੰਦੇ, ਇਸੇ ਕਰਕੇ ਹੀ ਮਾਤਾ ਜੀ ਸਵੇਰੇ ਉੱਠਕੇ ਘਰ ਵਿਚ ਝਾੜੂ ਲਗਾ ਦਿੰਦੇ ਤਾਂ ਜੋ ਸੂਰਜ ਨਿਕਲਦੇ ਹੀ ਜਦ ਉਹ ਆਪਣੇ ਘਰ ਤੋਂ ਬਾਹਰ ਆਉਣ ਤਾਂ ਉਹਨਾਂ ਨੂੰ ਫਰਸ਼ ਉਤੇ ਪੰਛੀਆਂ ਨੂੰ ਪਾਏ ਚਾਵਲ ਦੇ ਦਾਣਿਆਂ ਤੋਂ ਬਿਨਾਂ ਕੁਝ ਵੀ ਨਾ ਦਿਸੇ ।
ਉਹ ਖੁਸ਼ਮਿਜ਼ਾਜ ਵੀ ਇੰਨੇ ਸਨ ਕਿ ਆਪ ਵੀ ਹੱਸਦੇ ਰਹਿੰਦੇ ਅਤੇ ਦੂਜਿਆਂ ਨੂੰ ਵੀ ਹਸਾਉਂਦੇ ਰਹਿੰਦੇ । ਇਕ ਦਿਨ ਮੇਰੀਆਂ ਪੇਂਟ ਕੀਤੀਆਂ ਹੋਈਆਂ ਕੁੜੀਆਂ ਦੀਆਂ ਤਸਵੀਰਾਂ ਨੂੰ ਦੇਖ ਕੇ ਕਹਿਣ ਲੱਗੇ, “ਬੀਬੀ ਜੀ, ਇਸ ਨੂੰ ਹੁਣ ਵਿਆਹ ਦਿਉ । ਪੱਠਾ ਤਾਂ ਹੁਣ ਕੁੜੀਆਂ ਦੀਆਂ ਤਸਵੀਰਾਂ ਬਨਾਉਣ ਲੱਗਾ ਹੈ !” ਚੰਦ ਚਾਨਣੀ ਰਾਤ ਵਿਚ ਕਈ ਵਾਰ ਤਾਰਿਆਂ ਦੀ ਛਾਵੇਂ ਆ ਬਹਿੰਦੇ ਅਤੇ ਕੁਦਰਤ ਦੇ ਹਰ ਪਸਾਰ ਦਾ ਆਨੰਦ ਮਾਣਦੇ । ਬਦਲਦੇ ਮੌਸਮ ਵਿਚ ਬਦਲਦੇ ਹੋਏ ਪੱਤਿਆਂ ਦੇ ਰੰਗ, ਗੁਲਾਬੀ ਅਤੇ ਸਫੈਦ ਫੁੱਲਾਂ ਨਾਲ ਢਕਿਆ ਹੋਇਆ ਸਾਹਮਣੇ ਵਾਲਾ ਪਹਾੜ ਜਾਂ ਦੂਰ ਦੁਰਾਡੇ ਧੌਲਾਧਾਰ ਦੀਆਂ ਪਹਾੜੀਆਂ ਤੇ ਪਈ ਬਰਫ਼ ਨਾਲ ਸੂਰਜ ਦੀਆਂ ਕਿਰਨਾਂ ਦਾ ਸ਼ਾਮ ਸਵੇਰੇ ਖਿਲਵਾੜ । ਉਹ ਸੂਰਜ ਨਾਲ ਬੱਦਲਾਂ ਵਿਚ ਲੱਗੀ ਅੱਗ ਨੂੰ ਵੇਖਕੇ ਕਹਿੰਦੇ, “ਭਲਾ ਕੋਈ ਕਿਵੇਂ ਇੰਨੀਆਂ ਸੁੰਦਰ ਕੁਦਰਤੀ ਤਸਵੀਰਾਂ ਬਣਾ ਸਕਦਾ ਹੈ ।” ਹਾਲਾਂਕਿ ਉਹਨਾਂ ਦੀਆਂ ਕਿਰਤਾਂ ਵਿਚ ਉਹੀ ਰੰਗ ਆ ਜਾਂਦੇ । ਉਹ ਕਹਿੰਦੇ, “ਕੁਦਰਤ ਹਰ ਬਦਸੂਰਤੀ ਨੂੰ ਖੂਬਸੂਰਤ ਬਣਾ ਦਿੰਦੀ ਹੈ । ਵੇਖੋ ਸਫੈਦੇ ਦੀ ਜਿਹੜੀ ਟਾਹਣੀ ਟੁੱਟ ਗਈ ਸੀ, ਉਥੇ ਨਵੀਆਂ ਕਰੂੰਬਲਾਂ ਫੁੱਟ ਪਈਆਂ ਨੇ ਅਤੇ ਬਿਰਖ ਪਹਿਲਾਂ ਨਾਲੋਂ ਵੀ ਸੋਹਣਾ ਲੱਗਣ ਲਗ ਪਿਆ ਏ ।” ਵੈਸੇ ਉਹ ਆਪ ਵੀ ਕੁਦਰਤ ਦੇ ਬੁਰਸ਼ ਤੇ ਕਲਮ ਨਾਲ ਉੱਚਰੀ ਇਕ ਪੂਰਣ ਅਤੇ ਸਰਵਉੱਤਮ ਰਚਨਾ ਸਨ ।
ਆਪਣੇ ਸਰੀਰ ਦੀ ਮਾਲਸ਼ ਕਰਵਾਉਣਾ ਅਤੇ ਮਿੰਨੀ-ਮਿੰਨੀ ਧੁੱਪ ਵਿਚ ਬੈਠ ਕੇ ਚਿਰਮਚੀ ਵਿਚ ਪੈਰ ਧੁਆਉਣਾ ਵੀ ਉਹਨਾਂ ਨੂੰ ਚੰਗਾ ਲਗਦਾ । ਉਹਨਾਂ ਦੇ ਕਲਾਤਮਿਕ ਹੱਥਾਂ ਦੀਆਂ ਉਂਗਲਾਂ ਇੰਨੀਆਂ ਲੰਮੀਆਂ ਸਨ ਕਿ ਉਹ ਇਕ ਹੱਥ ਨਾਲ ਹੀ ਤਾੜੀ ਵਜਾ ਲੈਂਦੇ ਸਨ । ਜਿਸਦੀ ਆਵਾਜ਼ ਕਿਸੇ ਤਰ੍ਹਾਂ ਵੀ ਦੋ ਹੱਥਾਂ ਦੀ ਤਾੜੀ ਤੋਂ ਘੱਟ ਨਹੀਂ ਸੀ । ਸਫੈਦ ਕਮੀਜ਼ ਪਜਾਮਾ ਅਤੇ ਸ਼ਾਲ-ਇਹ ਉਹਨਾਂ ਦਾ ਪਹਿਰਾਵਾ ਸੀ । ਕਹਿੰਦੇ ਹੁੰਦੇ ਸਨ, “ਲੋਕ ਅਕਸਰ ਇੰਨੇ ਰੰਗ ਬਿਰੰਗੇ ਕਪੜੇ ਪਹਿਨਦੇ ਹਨ ਕਿ ਉਹਨਾਂ ਦੀ ਅਸਲ ਸ਼ਖ਼ਸੀਅਤ ਉਹਨਾਂ ਦੇ ਕਪੜਿਆਂ ਵਿਚ ਹੀ ਲੁੱਕ ਜਾਂਦੀ ਹੈ ।” ਨਰਮ ਤੇ ਮੁਲਾਇਮ ਕਪੜੇ ਦੇ ਉਹ ਸ਼ੌਕੀਨ ਸਨ । ਇਸੇ ਲਈ ਉਹ ਬਨੈਣ ਉਲਟੀ ਪਹਿਨਦੇ ਸਨ । ਅਤੇ ਖਾਣਾ-ਪੀਣਾ ਵੀ ਉਹਨਾਂ ਨੂੰ ਬੇਹੱਦ ਪਸੰਦ ਸੀ । ਮੌਸਮੀ ਫਲ ਖਾਸ ਤੌਰ ਤੇ ਖਰਬੂਜ਼ਾ, ਅੰਬ ਅਤੇ ਸੇਬ ਉਹਨਾਂ ਨੂੰ ਬੜੇ ਚੰਗੇ ਲਗਦੇ ਸਨ । ਤਾਜਾ ਤਰਬੂਜ਼ ਤਾਂ ਉਹਨਾਂ ਨੂੰ ਬੇਹੱਦ ਪਸੰਦ ਸੀ । ਇਸੇ ਲਈ ਮਾਤਾ ਜੀ ਸਵੇਰੇ ਹੀ ਦੋ ਕਿਲੋਮੀਟਰ ਪੈਦਲ ਤੁਰ ਕੇ ਤਰਬੂਜ਼ ਲੈਣ ਆਉਂਦੇ । ਸਵੇਰੇ ਉੱਠਕੇ ਰਾਤ ਦੀ ਬੇਹੀ ਰੋਟੀ ਦਹੀ ਦੇ ਨਾਲ ਅਤੇ ਦੁਪਹਿਰ ਨੂੰ ਚਾਵਲ ਖਾਂਦੇ ਸਨ । ਬੱਚਿਆਂ ਲਈ ਬਣੇ ‘ਨੈਸਟਮ’ ਅਤੇ ‘ਸੈਰੇਲੈਕ’ ਵੀ ਖਾ ਲੈਂਦੇ । ਦੁੱਧ ਸਿਰਫ਼ ਡੱਬੇ ਦਾ ਹੀ ਪਸੰਦ ਕਰਦੇ । ਉਹ ਵੀ ਕਾਫ਼ੀ ਜਾਂ ਚਾਹ ਵਿਚ । “ਇਸ ਉਮਰ ਵਿਚ ਬੱਚੇ ਅਤੇ ਬਜ਼ੁਰਗ ਦਾ ਜਿਸਮ ਇਕੋ ਜਿਹਾ ਹੋ ਜਾਂਦਾ ਹੈ, ਇਸ ਨੂੰ ਬਹੁਤ ਸੰਭਾਲਣਾ ਪੈਂਦਾ ਹੈ ।” ਉਹ ਹੱਸ ਕੇ ਕਹਿੰਦੇ । ਪੇਂਟਿੰਗ ਕਰਦੇ ਹੋਏ ਉਹ ਕਦੀ ਕੁਝ ਗੁਣਗਣਾਉਂਦੇ ਵੀ ਰਹਿੰਦੇ । ਗੁਰਬਾਣੀ ਦੀਆਂ ਕੁਝ ਸਤਰਾਂ ਜਾਂ ਬੇਗਮ ਅਖਤਰ ਦੀ “ਐ ਮੁਹੱਬਤ ਤੇਰੇ ਅੰਜਾਮ ਪੇ ਰੋਣਾ ਆਇਆ ।” ਬਹੁਤ ਸਾਰੇ ਚੁਟਕਲੇ, ਸ਼ਿਅਰ ਅਤੇ ਕਹਾਣੀਆਂ ਉਹਨਾਂ ਨੂੰ ਜ਼ਬਾਨੀ ਯਾਦ ਸਨ, ਜਿਹੜੇ ਕਈ ਮੌਕਿਆਂ ਤੇ ਬਿਲਕੁਲ ਠੀਕ ਬੈਠਦੇ । ਸ਼ਾਇਦ ਹੀ ਕੋਈ ਪ੍ਰਸ਼ਨ ਕਰਨ ਵਾਲਾ ਹੋਵੇ ਜਿਸਨੂੰ ਉਹਨਾਂ ਨੇ ਸੰਤੁਸ਼ਟ ਨਾ ਕੀਤਾ ਹੋਵੇ । ਵੱਡੇ ਵੱਡੇ ਵਿਦਵਾਨ ਵੱਖ-ਵੱਖ ਵਿਸ਼ਿਆਂ ਉੱਤੇ ਗੱਲਾਂ ਸੁਣਕੇ ਕਹਿੰਦੇ, “ਦਾਰ ਜੀ, ਅਸੀਂ ਤਾਂ ਬੜੀ ਮੁਸ਼ਕਲ ਨਾਲ ਇਕ ਪੀ-ਐਚ ਡੀ ਕੀਤੀ ਹੈ, ਤੁਸੀਂ ਤਾਂ ਹਰ ਵਿਸ਼ੇ ਦੇ ਡਾਕਟਰ ਹੋ ।” ਖੇਤੀਬਾੜੀ ਹੋਵੇ ਜਾਂ ਧਰਮ ਸ਼ਾਸਤਰ, ਕਲਾ ਹੋਵੇ ਜਾਂ ਦਰਸ਼ਨ ਸ਼ਾਸਤਰ, ਉਹਨਾਂ ਦੀ ਹਰ ਵਿਸ਼ੇ ਵਿਚ ਮੁਹਾਰਤ ਸੀ। ਕਹਿੰਦੇ “ਈਸਾ ਮਸੀਹ ਨੇ ਸਾਨੂੰ ਇਨਸਾਨ ਬਨਾਉਣਾ ਚਾਹਿਆ ਪਰ ਅਸੀਂ ਇਸਾਈ ਬਣ ਗਏ। ਹਜ਼ਰਤ ਮੁਹੰਮਦ ਨੇ ਇਨਸਾਨ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਸਲਮਾਨ ਅਤੇ ਗੁਰੂ ਨਾਨਕ ਨੇ ਇਨਸਾਨ ਬਨਾਉਣਾ ਚਾਹਿਆ ਤਾਂ ਸਿੱਖ ਬਣ ਗਏ । ਗਾਂਧੀ ਨੇ ਜਦ ਚਾਹਿਆ ਕਿ ਅਸੀਂ ਕੇਵਲ ਮਨੁੱਖ ਬਣੀਏ ਤਾਂ ਅਸੀਂ ਕਾਂਗਰਸੀ ਬਣ ਗਏ ।” ਮਨੁੱਖਤਾ ਹੀ ਅਸਲ ਵਿਚ ਉਹਨਾਂ ਲਈ ਧਰਮ ਸੀ ।
ਬੇਸ਼ੱਕ ਦਾਰ ਜੀ, ਅਕਸਰ ਮਜ਼ਾਕ ਵਿਚ ਆਪਣੇ ਸੁਨੇਹੀਆਂ ਨੂੰ ਕਹਿੰਦੇ ਹੁੰਦੇ ਸਨ, “ਮੇਰੀ ਤਾਂ ਹੁਣ ਚੁਰਾਸੀ ਕੱਟੀ ਗਈ ਹੈ, ਹੁਣ ਤਾਂ ਤੁਹਾਡੇ ਵਰਗਿਆਂ ਦੀਆਂ ਸ਼ੁਭ ਇਛਾਵਾਂ ਨਾਲ ਡੂੰਗੇ (ਮੁਫ਼ਤ) ਦੀ ਜ਼ਿੰਦਗੀ ਜਿਉਂ ਰਿਹਾਂ ।” ਪਰ ਅਸਲ ਵਿਚ ਉਹਨਾਂ ਨੇ ਆਪਣੀ ਸਾਹੀ ਜ਼ਿੰਦਗੀ ਵਿਚ ਕੁਦਰਤ ਦੇ ਪਸਾਰ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਅਤੇ ਉਸ ਦਾ ਆਨੰਦ ਮਾਣਿਆ। ਚਾਹੇ ਪਹਾੜਾਂ ਪਿਛੋਂ ਚੜ੍ਹਦੇ ਸੂਰਜ ਦੀ ਪਹਿਲੀ ਕਿਰਨ ਹੋਵੇ ਜਾਂ ਫਿਰ ਡੁਬਦੇ ਸੂਰਜ ਦੀ ਲਾਲੀ ਨਾਲ ਬੱਦਲ ‘ਚ ਲੱਗੀ ਅੱਗ । ਭਰ ਮੌਸਮ ਵਿਚ ਬਦਲਦੇ ਪੱਤਿਆਂ ਦੇ ਰੰਗ ਹੋਣ ਜਾਂ ਫਿਰ ਬਸੰਤ ਵਿਚ ਖਿੜਦੇ ਹੋਏ ਆੜੂ ਦੇ ਗੁਲਾਬੀ ਫੁੱਲ, ਉਹਨਾਂ ਨੇ ਹਰ ਕੁਦਰਤੀ ਸ਼ੋਅ ਨੂੰ ਪਿਆਰ ਕੀਤਾ । ਉਹ ਅਕਸਰ ਹੀ ਕਹਿੰਦੇ ਹੁੰਦੇ ਸਨ, “ਕੁਦਰਤ ਦੇ ਬਹੁੰਰਗੇ ਪਾਸਾਰ ਚੋਂ ਕਲਾਕਾਰ ਦੀ ਅੱਖ ਆਪਣੀ ਕਲਾ ਦੇ ਪ੍ਰਗਟਾਵੇ ਲਈ ਸੇਧ ਪ੍ਰਾਪਤ ਕਰ ਹੀ ਲੈਂਦੀ ਹੈ ।” ਉਦਾਹਰਣ ਵਜੋਂ ਕੇਵਲ ਹਰੇ ਰੰਗ ਨੂੰ ਹੀ ਕਲਾਕਾਰ ਕਈ ਰੂਪਾਂ ਵਿਚ ਪੇਸ਼ ਕਰ ਦਿੰਦਾ ਹੈ । ਇਸੇ ਤਰ੍ਹਾਂ ਹੀ ਉਹਨਾਂ ਨੂੰ ਕੁਦਰਤੀ ਜੀਵੰਤ ਪੁਤਲਿਆਂ ਅਰਥਾਤ ਪੰਛੀਆਂ ਆਦਿ ਨਾਲ ਵੀ ਬਹੁਤ ਪਿਆਰ ਸੀ । ਘਰ ਵਿਚ ਰੱਖੇ ਲਵ ਬਰਡਜ਼ (Love birds) ਵਿਚੋਂ ਕੋਈ ਪੰਛੀ ਬੀਮਾਰ ਹੋ ਜਾਂਦਾ ਤਾਂ ਉਹ ਆਪਣੇ ਕਮਰੇ ਵਿਚ ਲੈ ਜਾਂਦੇ ਤੇ ਉਸ ਨੂੰ ਆਪਣੇ ਪਿਆਰ ਦਾ ਨਿੱਘ ਦਿੰਦੇ ।
‘ਵਿੰਸਰ ਨਿਊਟਨ’ ਦੇ ਰੰਗ ਉਹਨਾਂ ਨੇ ਸਾਰੀ ਉਮਰ ਵਰਤੇ । ਪਿਛਲੇ ਪੰਜ-ਛੇ ਵਰ੍ਹਿਆਂ ਤੋਂ ‘ਇਨੈਮਲ’ ਦੇ ਨਾਲ ਵੀ ਵਰਤਦੇ । ਉਹਨਾਂ ਦਾ ਕਹਿਣਾ ਸੀ ਇਸ ਨਾਲ ਜ਼ਿਆਦਾ ਬਰੀਕ ਕੰਮ, ਜ਼ਿਆਦਾ ਚੰਗੀ ਤਰ੍ਹਾਂ ਹੋ ਜਾਂਦਾ ਹੈ । ਕਿਸੇ ਵੀ ਕਿਰਤ ਨੂੰ ਕਦੇ ਵੀ ਪੂਰੀ ਹੋਈ ਨਾ ਮੰਨਦੇ, ਛਪ ਵੀ ਜਾਂਦੀ ਤਾਂ ਵੀ ਦਸ ਪੰਦਰਾਂ ਸਾਲ ਪੁਰਾਣੀਆਂ ਤਸਵੀਰਾਂ ਉੱਤੇ ਕੰਮ ਕਰਨ ਲੱਗ ਜਾਂਦੇ । ਕਹਿੰਦੇ, “ਇਨਸਾਨ ਜਦ ਅੰਦਰੋਂ ਹੀ ਉੱਨਤੀ ਕਰਦਾ ਜਾਂਦਾ ਹੈ ਤਾਂ ਤਸਵੀਰਾਂ ਵਿਚ ਉਹ ਜ਼ਾਹਿਰ ਹੋਣੀ ਚਾਹੀਦੀ ਹੈ ।” ਕਲਾ ਤਾਂ ਉਹਨਾਂ ਲਈ ਜ਼ਿੰਦਗੀ ਸੀ, ਪੂਜਾ ਸੀ । ਆਪਣੇ ਆਖਰੀ ਦਿਨਾਂ ਤਕ ਉਹਨਾਂ ਨੇ ਬੁਰਸ਼ ਹੱਥੋਂ ਨਾ ਛੱਡਿਆ । ਬਿਮਾਰ ਹੁੰਦੇ ਹੋਏ ਵੀ ਕੰਮ ਕਰਕੇ ਉਹ ਆਪਣੇ ਆਪ ਨੂੰ ਤਰੋਤਾਜ਼ਾ ਤੇ ਬਿਲਕੁਲ ਠੀਕ ਸਮਝਦੇ । ਉਹਨਾਂ ਦਿਨਾਂ ਵਿਚ ਉਹ ਲੱਕੜੀ ਦੇ ਕਾਰੀਗਰ ਨੂੰ ਕਹਿੰਦੇ, “ਮਿਸਤਰੀ ਜੀ, ਕੋਈ ਐਸਾ ਈਜ਼ਲ ਬਣਾਉ ਜਿਸ ਨਾਲ ਮੈਂ ਬਿਸਤਰ ਤੇ ਪਿਆ ਹੋਇਆ ਹੀ ਤਸਵੀਰਾਂ ਬਣਾ ਲਵਾਂ ।” ਸੱਚਮੁੱਚ ਹੀ ਕਿੰਨਾ ਮੋਹ ਸੀ ਉਹਨਾਂ ਨੂੰ ਆਪਣੇ ਕੰਮ ਨਾਲ । ਤੇ ਇਹ ਮੋਹ ਵੀ ਉਸ ਉਮਰ ਵਿਚ ਜਦ ਬਹੁਤੇ ਲੋਕ ਬੀਤੇ ਯੁਗ ਦਾ ਹੀ ਰੋਣਾ ਰੋਂਦੇ ਹਨ ਜਾਂ ਦੂਜਿਆਂ ਨੂੰ ਬੁਰਾ ਭਲਾ ਕਹਿਣ ਤੋਂ ਸਿਵਾ ਕੁਝ ਨਹੀਂ ਕਰਦੇ ।
ਰੰਗ ਅਤੇ ਤੁਲਿਕਾ ਦੇ ਜਾਦੂਗਰ ਸਰਦਾਰ ਸੋਭਾ ਸਿੰਘ ਚਿਤਰ ਚਿਤਰਨ ਤੋਂ ਬਿਨਾਂ ਆਪਣੀ ਜ਼ਿੰਦਗੀ ਦੇ ਹੋਰ ਕੰਮ ਵੀ ਬੜੇ ਚਾਅ ਤੇ ਲਗਨ ਨਾਲ ਕਰਨ ਦੇ ਸ਼ੌਕੀਨ ਸਨ । ਉਨ੍ਹਾਂ ਵਿਚੋਂ ਇਕ ਵੱਖ- ਵੱਖ ਲੋਕਾਂ ਨਾਲ ਚਿੱਠੀ ਪੱਤਰ ਵੀ ਹੈ। ਉਨ੍ਹਾਂ ਨੇ ਨਾ ਸਿਰਫ਼ ਆਪਣੀ ਜ਼ਿੰਦਗੀ ਦੇ ਮੁਢਲੇ ਸਾਲਾਂ ਵਿਚ ਸਗੋਂ ਆਖਰੀ ਦਮ ਤਕ ਹਰ ਆਉਣ ਵਾਲੀ ਚਿੱਠੀ ਦਾ ਜਵਾਬ ਦਿੱਤਾ । ਬਹੁਤੀਆਂ ਚਿੱਠੀਆਂ ਉਹ ਆਪ ਨੇ ਲਿਖਦੇ ਤੇ ਕੁਝ ਜ਼ਰੂਰੀ ਚਿੱਠੀਆਂ ਆਪਣੇ ਛੋਟੇ ਜਿਹੇ ਟਾਈਪ ਰਾਈਟਰ ਤੇ ਆਪ ਹੀ ਹੌਲੀ ਹੌਲੀ ਟਾਈਪ ਕਰ ਲੈਂਦੇ ਸਨ ।
ਉਨ੍ਹਾਂ ਨੂੰ ਡਾਕ ਦੀ ਬਹੁਤ ਉਡੀਕ ਰਹਿੰਦੀ ਤੇ ਦੁਪਹਿਰ ਦਾ ਖਾਣਾ ਖਾ ਕੇ, ਆਰਾਮ ਕਰਨ ਤੋਂ ਬਾਅਦ ਉਠਦੇ ਤਾਂ ਡਾਕ ਰਾਹੀਂ ਆਈਆਂ ਚਿੱਠੀਆਂ ਦੇਖਦੇ । ਉਨ੍ਹਾਂ ਦੀ ਕੋਸ਼ਸ਼ ਹੁੰਦੀ ਕਿ ਜਵਾਬ ਉਸੇ ਦਿਨ ਜਾਂ ਉਸੇ ਹਫ਼ਤੇ ਵਿਚ ਦੇ ਦਿੱਤਾ ਜਾਵੇ । ਹਰ ਰੋਜ਼ ਅਖ਼ਬਾਰ ਵੀ ਪੜ੍ਹਦੇ ਤੇ ਟ੍ਰਿਬਿਊਨ ਦੇ ਸੰਪਾਦਕੀ ਲੇਖਾਂ ਤੇ ਕਦੇ ਕਦੇ ਆਪਣੀ ਰਾਏ ਵੀ ਲਿਖ ਕੇ ਭੇਜ ਦਿੰਦੇ । ਉਨ੍ਹਾਂ ਦੀਆਂ ਚਿੱਠੀਆਂ ਪੜ੍ਹ ਕੇ ਪਤਾ ਲਗਦਾ ਹੈ ਕਿ ਉਨ੍ਹਾਂ ਦੇ 1947 ਵਿਚ ਅੰਦਰੇਟੇ ਆ ਕੇ ਵਸਣ ਤੋਂ ਬਾਅਦ ਆਈਆਂ ਚਿੱਠੀਆਂ ਵਿਚੋਂ ਬਹੁਤੀਆਂ ਉਨ੍ਹਾਂ ਦੇ ਗੂੜ੍ਹੇ ਦੋਸਤਾਂ ਦੀਆਂ ਦਿਲੀ ਭਾਵਨਾਵਾਂ ਨਾਲ ਭਰਪੂਰ ਚਿੱਠੀਆਂ ਹਨ। ਰੰਗ-ਮੰਚ ਤੇ ਫ਼ਿਲਮੀ ਦੁਨੀਆਂ ਦੇ ਕਲਾਕਾਰ ਪ੍ਰਿਥਵੀ ਰਾਜ ਕਪੂਰ ਦੀਆਂ 1951 ਵਿਚ ਲਿਖੀਆਂ ਚਿੱਠੀਆਂ ਤੋਂ ਪਤਾ ਚਲਦਾ ਹੈ ਕਿ ਮੂਲ ਰੂਪ ਵਿਚ ਉਨ੍ਹਾਂ ਦੀ ਭਾਸ਼ਾ ਉਰਦੂ ਹੀ ਸੀ । ਪਰ ਉਨ੍ਹਾਂ ਨੇ ਗੁਰਮੁਖੀ ਲਿਖਣੀ ਸੋਭਾ ਸਿੰਘ ਜੀ ਤੋਂ ਸਿੱਖੀ ਤੇ ਫੇਰ ਇਹ ਚਿੱਠੀਆਂ ਕਾਵਿਮਈ ਹੁੰਦੀਆਂ ਗਈਆਂ।
ਆਪਣੇ ਸਾਹਿਤਕਾਰ ਮਿੱਤਰ ਨਾਨਕ ਸਿੰਘ ਨੂੰ ਵੀ ਚਿਤਰਕਾਰ ਨੇ ਜਿਹੜੀਆਂ ਚਿੱਠੀਆਂ ਲਿਖੀਆਂ, ਉਨ੍ਹਾਂ ਵਿਚ ਨਾਵਲਕਾਰ ਦੋਸਤ ਨੂੰ ਉੱਚ ਕੋਟੀ ਦੀ ਸਾਹਿੱਤ ਰਚਨਾ ਦੀ ਪ੍ਰੇਰਣਾ ਦੇਣ ਲਈ ਵਿਸ਼ਵ ਪ੍ਰਸਿੱਧ ਸਾਹਿੱਤਕਾਰਾਂ ਦੀਆਂ ਲਿਖਤਾਂ ਦੀਆਂ ਉਦਾਹਰਣਾਂ ਦਿੱਤੀਆਂ ਹੋਈਆਂ ਹਨ । ਇਸੇ ਤਰ੍ਹਾਂ ਉਨ੍ਹਾਂ ਦਾ ਕੁਝ ਹੋਰ ਸਾਹਿੱਤਕਾਰਾਂ ਜਿਵੇਂ ਭਾਈ ਵੀਰ ਸਿੰਘ, ਗੁਰਬਖਸ਼ ਸਿੰਘ, ਪਿਆਰਾ ਸਿੰਘ ਦਾਤਾ, ਪ੍ਰੀਤਮ ਸਿੰਘ, ਜਸਵੰਤ ਕੌਰ ਗਿੱਲ, ਬਲਰਾਜ ਸਾਹਨੀ, ਸ਼ਿਵ ਕੁਮਾਰ, ਹਰਚਰਨ ਸਿੰਘ, ਗੁਰਦਿਆਲ ਸਿੰਘ ਫੁੱਲ, ਵਿਸ਼ਵਨਾਥ ਤੇ ਕਿਸ਼ੋਰੀ ਲਾਲ ਵੈਦ ਨਾਲ ਵੀ ਚਿੱਠੀ ਪੱਤਰ ਹੁੰਦਾ ਰਿਹਾ ।
ਪ੍ਰਸਿੱਧ ਕਵਿਤ੍ਰੀ ਅੰਮ੍ਰਿਤਾ ਪ੍ਰੀਤਮ ਦੇ ਪਿਤਾ ਜੀ ਗਿਆਨੀ ਕਰਤਾਰ ਸਿੰਘ ਹਿੱਤਕਾਰੀ ਦੀ ਸਰਦਾਰ ਸੋਭਾ ਸਿੰਘ ਨਾਲ ਦੋਸਤੀ ਲਾਹੌਰ ਰਹਿੰਦਿਆਂ ਤੋਂ ਹੀ ਸੀ । ਇਸ ਲਈ ਮੁੱਢ ਵਿਚ ਅੰਮ੍ਰਿਤਾ ਪ੍ਰੀਤਮ ਉਨ੍ਹਾਂ ਨੂੰ ਚਾਚਾ ਜੀ ਕਿਹਾ ਕਰਦੀ ਸੀ । ਪਿਛੋਂ ਉਨ੍ਹਾਂ ਦਾ ਰਿਸ਼ਤਾ ਇਕ ਕਲਾਕਾਰ ਦਾ ਦੂਜੇ ਕਲਾਕਾਰ ਨਾਲ ਸੰਬੰਧ ਵਾਲਾ ਬਣ ਗਿਆ।
ਦਾਰਸ਼ਨਿਕ ਕਲਾਕਾਰ ਦੇ ਪੱਕੇ ਦੋਸਤਾਂ ਡਾਕਟਰ ਕਰਮ ਸਿੰਘ ਗਰੇਵਾਲ, ਡਾਕਟਰ ਸ. ਸ. ਮਨਚੰਦਾ, ਉਜਾਗਰ ਸਿੰਘ ਕੰਗ ਨੂੰ ਲਿਖੀਆਂ ਚਿੱਠੀਆਂ ਵਿਚੋਂ ਦੋਸਤੀ ਦੀ ਖੁਸ਼ਬੋ ਮਹਿਕਦੀ ਹੈ ।
ਸਰਦਾਰ ਸੋਭਾ ਸਿੰਘ ਨੂੰ ਲਿਖੀਆਂ ਹੋਰ ਚਿੱਠੀਆਂ ਵਿਚ ਬੜੇ ਵਿਦਵਾਨ ਸੱਜਣਾਂ ਵਲੋਂ ਉਨ੍ਹਾਂ ਦੇ ਚਿਤਰਾਂ ਬਾਰੇ ਲਿਖੇ ਵਿਚਾਰ ਹਨ । ਡਾਕਟਰ ਕਰਨ ਸਿੰਘ ਦੀਆਂ ਚਿੱਠੀਆਂ ਤੋਂ ਪਤਾ ਚਲਦਾ ਹੈ ਕਿ ਕਲਾਕਾਰ ਦੀ ਪੇਂਟਿੰਗ ਸੋਹਣੀ ਮਹੀਂਵਾਲ ਯੁਵਰਾਜ ਕਰਨ ਸਿੰਘ ਨੇ ਕਿਵੇਂ ਖਰੀਦੀ । ਏਸੇ ਪੇਂਟਿੰਗ ਦੇ ਪੋਸਟਰ ਸਰਦਾਰ ਸੋਭਾ ਸਿੰਘ ਛਪਵਾਉਂਦੇ ਰਹੇ ਸਨ । ਛਪਾਈ ਲਈ ਕਾਪੀਰਾਈਟ ਯੁਵਰਾਜ ਕਰਨ ਸਿੰਘ ਤੋਂ ਲੈ ਲਏ ਸਨ । ਯੁਵਰਾਜ ਕਰਨ ਸਿੰਘ ਨੇ 1966 ਵਿਚ ਕੋਈ ਅਪਰੇਸ਼ਨ ਕਰਵਾਇਆ ਤਾਂ ਬਰੀਚ ਕੈਂਡੀ ਹਸਪਤਾਲ ਤੋਂ ਕਲਾਕਾਰ ਸੋਭਾ ਸਿੰਘ ਨੂੰ ਭਗਵਾਨ ਕ੍ਰਿਸ਼ਨ ਦੀ ਇਕ ਪੇਂਟਿੰਗ ਇਕ ਵਿਸ਼ੇਸ਼ ਸਲੋਕ ਤੇ ਅਧਾਰਤ ਬਣਾਉਣ ਲਈ ਵੀ ਕੁਝ ਚਿੱਠੀਆਂ ਲਿਖੀਆਂ ।
ਪਟਿਆਲੇ ਦੇ ਮਹਾਰਾਜੇ ਯਾਦਵਿੰਦਰ ਸਿੰਘ ਵੀ ਸਰਦਾਰ ਸੋਭਾ ਸਿੰਘ ਦੀ ਕਲਾ ਦੇ ਪ੍ਰਸ਼ੰਸ਼ਕਾਂ ਵਿਚੋਂ ਸਨ । ਉਨ੍ਹਾਂ ਨੇ ਕੁਝ ਸਿੱਖ ਗੁਰੂਆਂ ਦੀਆਂ ਪੇਂਟਿੰਗਜ਼ ਵੀ ਖਰੀਦੀਆਂ ਸਨ । ਇਸੇ ਤਰ੍ਹਾਂ ਮੰਡੀ ਦੇ ਰਾਜਾ ਜੋਗਿੰਦਰ ਸੈਨ, ਊਟਾਕਮੰਡ ਦੇ ਸ਼ਾਹੀ ਪਰਵਾਰ ਤੇ ਹੋਰਾਂ ਨਾਲ ਵੀ ਕਲਾਕਾਰ ਦਾ ਚਿੱਠੀਆਂ ਰਾਹੀਂ ਸੰਪਰਕ ਰਿਹਾ ।
ਪੰਜਾਬ ਦੇ ਗਵਰਨਰ ਮਹਿੰਦਰ ਮੋਹਨ ਚੌਧਰੀ ਅੰਦਰੇਟੇ ਆਏ ਸਨ । ਉਹ ਦਿਲੋਂ ਚਾਹੁੰਦੇ ਸਨ ਕਿ ਕਲਾਕਾਰ ਪੰਜਾਬ ਵਿਚ ਵਸ ਜਾਣ । ਇਸ ਸਿਲਸਿਲੇ ਵਿਚ ਉਨ੍ਹਾਂ ਨੇ ਉਦੋਂ ਦੇ ਮੁਖ ਮੰਤਰੀ ਨੂੰ ਕਹਿਕੇ ਪੰਜਾਬ ਸਰਕਾਰ ਵਲੋਂ ਪੰਦਰਾਂ ਏਕੜ ਜ਼ਮੀਨ ਛੱਤਬੀੜ (ਪਟਿਆਲਾ) ਲਾਗੇ ਲੈ ਵੀ ਦਿੱਤੀ ਸੀ। ਆਰਟ ਗੈਲਰੀ ਅਤੇ ਰਹਾਇਸ਼ ਦੇ ਨਕਸ਼ੇ ਵੀ ਬਣ ਗਏ ਸਨ ਪਰ ਸਰਦਾਰ ਸੋਭਾ ਸਿੰਘ ਨੇ ਅੰਦਰੇਟਾ ਦੀ ਪ੍ਰਕਿਰਤੀ ਨਾਲੋਂ ਰਿਸ਼ਤਾ ਤੋੜਨਾ ਮਨਜ਼ੂਰ ਨਾ ਕੀਤਾ । ਗਵਰਨਰ ਸਾਹਿਬ ਦਾ ਖ਼ਿਆਲ ਸੀ ਕਿ ਅੰਦਰੇਟੇ ਜਾਂ ਆਲੇ ਦੁਆਲੇ ਚੰਗੀਆਂ ਸਿਹਤ ਸੇਵਾਵਾਂ ਨਹੀਂ ਹਨ । ਜਵਾਬ ਵਿਚ ਕਲਾਕਾਰ ਨੇ ਕਿਹਾ ਸੀ, ‘ਮੌਤ ਕੋਲੋਂ ਨੱਠ ਕੇ ਆਦਮੀ ਕਿਤੇ ਨਹੀਂ ਜਾ ਸਕਦਾ ।’ ਉਨ੍ਹਾਂ ਨੂੰ ਪੰਜਾਬ ਲੈ ਜਾਣ ਲਈ ਗਵਰਨਰ ਡੀ. ਸੀ. ਪਾਵਟੇ, ਸਿੱਖਿਆ ਮੰਤਰੀ ਸੁਖਜਿੰਦਰ ਸਿੰਘ, ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਆਦਿ ਦੇ ਕਹਿਣ ਦਾ ਵੀ ਕੋਈ ਅਸਰ ਨਾ ਹੋਇਆ ।
ਸੁਰਜੀਤ ਸਿੰਘ ਬਰਨਾਲਾ ਇਕ ਪ੍ਰਸ਼ੰਸਕ ਜਾਂ ਸਿਖਾਂਦਰੂ ਕਲਾਕਾਰ ਦੇ ਰੂਪ ਵਿਚ ਸੋਭਾ ਸਿੰਘ ਜੀ ਕੋਲ ਆਉਂਦੇ ਰਹੇ ਤੇ ਕੇਂਦਰੀ ਮੰਤਰੀ ਜਾਂ ਮੁੱਖ ਮੰਤਰੀ ਬਣਨ ਤੇ ਵੀ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਕਲਾਕਾਰ ਨੂੰ ਆਪ ਹੀ ਚਿੱਠੀਆਂ ਲਿਖਦੇ । ਜਦੋਂ ਕਦੇ ਰਾਜਨੀਤਕ ਕਾਰਨਾਂ ਕਰਕੇ ਬਰਨਾਲਾ ਸਾਹਿਬ ਨੂੰ ਜੇਲ੍ਹ ਜਾਣਾ ਪੈਂਦਾ ਤਾਂ ਵੀ ਕਲਾਕਾਰ ਨਾਲ ਉਨ੍ਹਾਂ ਦਾ ਚਿੱਠੀ ਪੱਤਰ ਚਲਦਾ ਰਹਿੰਦਾ ।
ਰਾਸ਼ਟਰਪਤੀ ਰਜਿੰਦਰ ਪ੍ਰਸਾਦ, ਸਰਵਾਪਲੀ ਰਾਧਾਕ੍ਰਿਸ਼ਨਨ, ਵੀ. ਵੀ. ਗਿਰੀ, ਨੀਲਮ ਸੰਜੀਵਾ ਰੈਡੀ ਤੇ ਗਿਆਨੀ ਜ਼ੈਲ ਸਿੰਘ ਨਾਲ ਵੀ ਕਲਾਕਾਰ ਦਾ ਚਿੱਠੀ ਪੱਤਰ ਹੁੰਦਾ ਰਿਹਾ । ਗਿਆਨੀ ਜ਼ੈਲ ਸਿੰਘ ਦਾ ਪੋਰਟਰੇਟ ਬਣਾਉਣ ਲਈ ਸਾਰੇ ਦੇਸ਼ ਵਿਚੋਂ ਸਰਦਾਰ ਸੋਭਾ ਸਿੰਘ ਨੂੰ ਚੁਣਿਆ ਗਿਆ ਤੇ ਉਸਦੀ ਡਰਾਇੰਗ ਵੀ ਕਲਾਕਾਰ ਨੇ ਤਿਆਰ ਕਰ ਲਈ ਪਰ ਅਚਾਨਕ ਉਨ੍ਹਾਂ ਦੇ ਬਿਮਾਰ ਹੋ ਜਾਣ ਕਾਰਨ ਉਹ ਪੋਰਟਰੇਟ ਨਾ ਬਣ ਸਕਿਆ ।
ਡਾਕਟਰ ਮਹਿੰਦਰ ਸਿੰਘ ਰੰਧਾਵਾ ਦਾ ਸੋਭਾ ਸਿੰਘ ਜੀ ਨਾਲ ਸੰਪਰਕ ਵੰਡ ਤੋਂ ਪਹਿਲਾਂ ਲਾਹੌਰ ਵਿਚ ਉਸ ਵੇਲੇ ਹੋਇਆ ਸੀ ਜਦੋਂ ਉਹ ਬਨਸਪਤੀ ਵਿਗਿਆਨ ਦੀ ਐਮ. ਐਸ-ਸੀ. ਕਰ ਰਹੇ ਸਨ ਤੇ ਥੀਸਸ ਵਿਚਲੇ ਰੇਖਾ-ਚਿਤਰ ਬਣਵਾਉਣ ਲਈ ਕਲਾਕਾਰ ਕੋਲ ਆਉਂਦੇ ਹੁੰਦੇ ਸਨ । ਫੇਰ ਡਾਕਟਰ ਰੰਧਾਵਾ ਆਈ. ਸੀ. ਐਸ. ਕਰ ਕੇ ਕਈ ਪਦਵੀਆਂ ਤੇ ਰਹੇ । ਇਸ ਦੌਰਾਨ ਇਹਨਾਂ ਦਾ ਆਪਸ ਵਿਚ ਬਹੁਤ ਮੇਲ ਜੋਲ ਰਿਹਾ । ਜਦੋਂ ਸਰਦਾਰ ਜੀ ਅੰਦਰੇਟੇ ਆ ਕੇ ਰਹਿਣ ਲਗੇ ਤਾਂ ਰੰਧਾਵਾ ਸਾਹਿਬ ਨੂੰ ਪਹਾੜੀ ਪੇਂਟਿੰਗਜ਼ ਤੇ ਲੋਕ ਗੀਤਾਂ ਆਦਿ ਬਾਰੇ ਪੁਸਤਕਾਂ ਲਿਖਣ ਲਈ ਕਾਫੀ ਸਮੱਗਰੀ ਉਨ੍ਹਾਂ ਪਾਸੋਂ ਮਿਲੀ । ਰਿਟਾਇਰ ਹੋ ਕੇ ਡਾਕਟਰ ਰੰਧਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲਗ ਗਏ । ਉਹ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਵੀ ਰਹੇ। ਉਸ ਵਕਤ ਉਨ੍ਹਾਂ ਨੇ ਸਰਦਾਰ ਸੋਭਾ ਸਿੰਘ ਬਾਰੇ ਇਕ ਮੋਨੋਗਰਾਮ ਲਿਖ ਕੇ ਛਪਵਾਇਆ । 1984 ਦੇ ਦੰਗਿਆਂ ਦੌਰਾਨ ਡਾਕਟਰ ਰੰਧਾਵਾ ਨੂੰ ਸੋਭਾ ਸਿੰਘ ਦੀ ਸੁਰੱਖਿਆ ਸੰਬੰਧੀ ਬੜਾ ਫਿਕਰ ਹੋਇਆ ਤੇ ਉਸ ਵੇਲੇ ਦੇ ਹਿਮਾਚਲ ਦੇ ਮੁੱਖ ਮੰਤਰੀ ਨੂੰ ਇਸ ਸੰਬੰਧੀ ਲਿਖਦੇ ਰਹੇ ।
ਹੋਰ ਵੀ ਸਿੱਖਿਆ ਸ਼ਾਸਤਰੀਆਂ ਨਾਲ ਸਰਦਾਰ ਸੋਭਾ ਸਿੰਘ ਦਾ ਚਿੱਠੀ ਪੱਤਰ ਹੁੰਦਾ ਰਿਹਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਕੁਲਪਤੀ ਸਰਦਾਰ ਬਿਸ਼ਨ ਸਿੰਘ ਸਮੁੰਦਰੀ, ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਰਦਾਰ ਕਿਰਪਾਲ ਸਿੰਘ ਨਾਰੰਗ, ਸਰਦਾਰਨੀ ਇੰਦਰਜੀਤ ਕੌਰ ਸੰਧੂ, ਡਾਕਟਰ ਭਗਤ ਸਿੰਘ ਵੀ ਉਨ੍ਹਾਂ ਨੂੰ ਪੇਂਟਿੰਗਜ਼ ਬਣਾ ਕੇ ਦੇਣ ਲਈ ਚਿੱਠੀਆਂ ਲਿਖਦੇ ਰਹੇ ਹਨ। ਏਸੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਸਰਦਾਰਾ ਸਿੰਘ ਜੌਹਲ ਵੇਲੇ ਸੋਭਾ ਸਿੰਘ ਜੀ ਨੂੰ ਡੀ ਲਿਟ ਦੀ ਡਿਗਰੀ ਦੇ ਕੇ ਸਨਮਾਨਿਆ ਗਿਆ ਸੀ । ਕਲਾਕਾਰ ਜਦੋਂ ਪੀ. ਜੀ. ਆਈ. ਵਿਚ ਆਪਣੇ ਆਖਰੀ ਸਮੇਂ ਦੌਰਾਨ ਦਾਖਲ ਸਨ ਤਾਂ ਡਾਕਟਰ ਜੌਹਲ ਦੀ ਚਿੱਠੀ ਮਿਲੀ ਜੋ ਕਲਾਕਾਰ ਦੇ ਨਾਮ ਕਿਸੇ ਦੀ ਆਖਰੀ ਚਿੱਠੀ ਸੀ ।
ਇਸ ਤੋਂ ਬਿਨਾਂ ਸੋਭਾ ਸਿੰਘ ਜੀ ਨੂੰ ਫ਼ਿਲਮੀ ਡਾਇਰੈਕਟਰਾਂ, ਐਕਟਰਾਂ, ਕਲਾਕਾਰਾਂ, ਸ਼ਰਧਾਲੂਆਂ ਤੇ ਆਮ ਲੋਕਾਂ ਦੀਆਂ ਚਿੱਠੀਆਂ ਆਉਂਦੀਆਂ ਰਹਿੰਦੀਆਂ ਸਨ । ਜਿਨ੍ਹਾਂ ਦਾ ਉਹ ਜਵਾਬ ਜ਼ਰੂਰ ਦਿੰਦੇ ਸਨ । ਚਾਹੇ ਹੱਥ ਨਾਲ ਲਿਖ ਕੇ ਤੇ ਚਾਹੇ ਟਾਈਪ ਕਰਕੇ ।
ਆਪਣੇ ਅਖੀਰਲੇ ਸਮੇਂ ਤਕ ਮੁਸਕਰਾਉਂਦੇ ਰਹੇ । ਜਦ ਪਾਲਮਪੁਰ ਹਸਪਤਾਲ ਵਿਚ ਕੁਝ ਦਿਨ ਬੀਮਾਰ ਰਹਿਣ ਤੋਂ ਬਾਅਦ ਉਹਨਾਂ ਨੂੰ ਚੰਡੀਗੜ੍ਹ ਪੀ ਜੀ ਆਈ ਲਿਆਂਦਾ ਗਿਆ ਤਾਂ ਬੋਲੇ, “ਤੁਹਾਡੇ ਗਰਾਂ ਤਾਂ ਬਹੁਤ ਗਰਮੀ ਏ ।” ਪੀ ਜੀ ਆਈ ਵਿਚ ਬਰਨਾਲਾ ਸਾਹਿਬ ਹਾਲ ਚਾਲ ਪੁੱਛਣ ਆਏ ਤਾਂ ਵਾਲਟ ਵਿਟਮੈਨ ਦੀਆਂ ਕਵਿਤਾਵਾਂ ਬਾਰੇ ਗੱਲਾਂ ਕਰਨ ਲੱਗੇ ।
ਉਹ ਹੱਥ ਜਿਨ੍ਹਾਂ ਨੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਸ੍ਰੀ ਰਾਮ, ਸ੍ਰੀ ਕ੍ਰਿਸ਼ਨ, ਹਜ਼ਰਤ ਮੀਆਂ ਮੀਰ, ਸ਼ੇਖ ਫ਼ਰੀਦ, ਈਸਾ ਮਸੀਹ ਦੇ ਨਾਲ ਨਾਲ ਸੋਹਣੀ ਮਹੀਂਵਾਲ, ਹੀਰ ਰਾਂਝਾ, ਮੁਮਤਾਜ਼ ਜਹਾਂਗੀਰ, ਆਦਿ ਅਨੇਕਾਂ ਅਣਡਿਠੇ ਚਿਹਰਿਆਂ ਨੂੰ ਆਪਣੇ ਬੁਰਸ਼ ਨਾਲ ਦੁਨੀਆਂ ਸਾਹਮਣੇ ਲਿਆਂਦਾ, ਉਹਨਾਂ ਹੱਥਾਂ ਵਿਚ ਬਿਮਾਰੀ ਵਿਚ ਟੀਕੇ ਤੇ ਗਲੂਕੋਜ਼ ਲੱਗ ਲੱਗ ਕੇ ਸੋਜ਼ਿਸ਼ ਆ ਗਈ ਸੀ । ਪਤਾ ਨਹੀਂ ਕਿਉਂ ਅਤੇ ਕਿਸਨੇ ਉਹਨਾਂ ਦੇ ਹੱਥਾਂ ਨੂੰ ਨਜ਼ਰ ਲਗਾ ਦਿਤੀ । ਉਹਨਾਂ ਹੱਥਾਂ ਨੂੰ ਜਿਹੜੇ ਕੇਵਲ ਕਲਾ ਦੀ ਸਾਧਨਾ ਕਰਦੇ ਸਨ ਤੇ ਕਦੀ ਕਿਸੇ ਦਾ ਬੁਰਾ ਕਰਨ ਦਾ ਯਤਨ ਨਾ ਕੀਤਾ । ਉਹਨਾਂ ਦੀ ਆਖਰੀ ਰਾਤ, ਉਹਨਾਂ ਦੇ ਵਿਛੜਨ ਤੋਂ ਦੋ ਕੁ ਘੰਟੇ ਪਹਿਲਾਂ ਹੀ ਮੈਂ ਕਿਹਾ ਸੀ, ‘ਦਾਰ ਜੀ, ਡਾਕਟਰ ਸਾਹਿਬ ਕਹਿ ਰਹੇ ਨੇ, ਤੁਸੀਂ ਠੀਕ ਹੋ ਜਾਉਗੇ ।’ ਤਦ ਉਹਨਾਂ ਨੇ ਇਨਕਾਰ ਵਜੋਂ ਸਿਰ ਹਿਲਾ ਦਿੱਤਾ । ਜਿਵੇਂ ਉਹਨਾਂ ਨੂੰ ਆਪਣੇ ਭਵਿੱਖ ਦਾ ਗਿਆਨ ਹੋ ਗਿਆ ਹੋਵੇ ।
ਉਹਨਾਂ ਨੇ ਉਸ ਰਾਤ ਇਕ ਸੰਤੁਸ਼ਟ ਅਤੇ ਸੰਪੂਰਨ ਜੀਵਨ ਯਾਤਰਾ ਸਮਾਪਤ ਕੀਤੀ । ਉਹਨਾਂ ਨੇ ਜੋ ਕਿਹਾ, ਕਰ ਦਿਖਾਇਆ, ਜੋ ਚਾਹਿਆ, ਉਹ ਪ੍ਰਾਪਤ ਕੀਤਾ। ਇਕ ਸੱਚੀ ਤੇ ਪਵਿੱਤਰ ਕਲਾਕਾਰ ਦੀ ਜ਼ਿੰਦਗੀ ਜਿਉਂਦੇ ਗਏ, ਜਿਹੜੀ ਕਿ ਅਜੋਕੇ ਯੁੱਗ ਵਿਚ ਬਹੁਤ ਕਠਿਨ ਹੈ । ਸਾਨੂੰ ਉਹਨਾਂ ਦੀਆਂ ਪ੍ਰੇਰਕ ਗੱਲਾਂ, ਉਹਨਾਂ ਦੇ ਆਦਰਸ਼, ਉਹਨਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ, ਕੁਝ ਨਾ ਭੁੱਲਣ ਵਾਲੇ ਪ੍ਰਸੰਗ-ਹਮੇਸ਼ਾ ਉਹਨਾਂ ਦੀ ਯਾਦ ਦੁਆਉਂਦੇ ਰਹਿਣਗੇ, ਉਸ ਮਹਾਨ ਆਤਮਾ ਦੀ, ਜਿਸ ਨੇ ਚਿੱਤਰਕਲਾ ਦੀ ਜਿਉਂਦੀ ਜਾਗਦੀ ਤਰਤੀਬ ਸਾਡੇ ਸਾਹਮਣੇ ਰੱਖੀ ।
ਅਜੇ ਵੀ ਯਕੀਨ ਨਹੀਂ ਆਉਂਦਾ ਕਿ ਉਹ ਸਾਡੇ ਨਾਲ ਨਹੀਂ ਹਨ । ਲਗਦਾ ਹੈ ਕਿ ਉਹ ਸਟੂਡੀਓ ਵਿਚ ਬੈਠੇ ਪੇਂਟ ਕਰ ਰਹੇ ਹਨ, ਜਾਂ ਫਿਰ ਖਲੀਲ ਜਿਬਰਾਨ ਜਾਂ ਕ੍ਰਿਸ਼ਨਾ ਮੂਰਤੀ ਦੀ ਕੋਈ ਕਿਤਾਬ ਪੜ੍ਹ ਰਹੇ ਹਨ, ਜਾਂ ਫਿਰ ਸ਼ਾਇਦ ਸੁੱਤੇ ਹੋਏ ਹਨ । ਲੋਕ ਇਹ ਕਿਉਂ ਕਹਿੰਦੇ ਹਨ ਕਿ ਉਹ ਸਾਨੂੰ ਛੱਡ ਗਏ ਹਨ ? ਯਕੀਨ ਤਾਂ ਨਹੀਂ ਆਉਂਦਾ ਪਰ ਸ਼ਾਇਦ ਇਹ ਸੱਚ ਹੈ, ਸ਼ਾਇਦ ਲੋਕ ਝੂਠ ਹੀ ਕਹਿੰਦੇ ਹਨ ਕਿਉਂਕਿ ਉਹ ਤਾਂ ਆਪਣੀਆਂ ਤਸਵੀਰਾਂ ਅਤੇ ਆਦਰਸ਼ਾਂ ਕਾਰਨ ਸਾਡੇ ਨਾਲ ਹਨ, ਅੰਗ ਸੰਗ ਹਨ ਘਰ ਘਰ ਵਿਚ ਹਨ। ਸਾਡੇ ਹੀ ਨਹੀਂ ਸਗੋਂ ਸਭਨਾਂ ਦੇ ਸਾਂਝੇ ਦਾਰ ਜੀ ਕਦੇ ਵੀ ਹਮੇਸ਼ਾ ਲਈ ਨਹੀਂ ਜਾ ਸਕਦੇ । ਉਹਨਾਂ ਦੀ ਸਰੀਰਕ ਹੋਂਦ ਨਾ ਸਹੀ, ਪਰ ਯਾਦਾਂ ਤਾਂ ਬਾਕੀ ਹਨ-ਜਿਉਂਦੀਆਂ ਅਤੇ ਸੱਚੀਆਂ ਸੁੱਚੀਆਂ ਯਾਦਾਂ ।

ਚਿੱਤਰਕਾਰ ਸੋਭਾ ਸਿੰਘ ਨੂੰ ਯਾਦ ਕਰਦਿਆਂ ਸਤਿੰਦਰ ਸਿੰਘ ਨੰਦਾ

ਹਿਮਾਚਲ ਪ੍ਰਦੇਸ਼ ਦਾ ਪਿੰਡ ਅੰਦਰੇਟਾ ਇਕ ਵਿਸ਼ੇਸ਼ ਸਥਾਨ ਹੈ ਜੋ ਪਾਲਮਪੁਰ ਤੋਂ ਕੁਝ ਮੀਲਾਂ ਦੀ ਵਿਥ ਤੇ ਵਸਿਆ ਹੋਇਆ ਹੈ ਅਤੇ ਧੌਲਾਧਾਰ ਦੀਆਂ ਪਹਾੜੀਆਂ ਵਿਚ ਘਿਰਿਆ ਹੋਇਆ ਇਕ ਮਨਮੋਹਕ ਸਥਾਨ ਹੈ । ਪੰਚਰੁਖੀ ਰੇਲਵੇ ਸਟੇਸ਼ਨ ਤੋਂ ਕੇਵਲ ਇਕ ਕਿਲੋਮੀਟਰ ਹੈ । ਪੰਚਰੁਖੀ ਵੀ ਇਕ ਰਮਣੀਕ ਪਿੰਡ ਹੈ ਜਿਸ ਨੂੰ ਰੇਲ ਨਾਲ ਜੋੜਿਆ ਹੋਇਆ ਹੈ । ਇਹ ਰੇਲ ਪਠਾਨਕੋਟ ਤੋਂ ਮੀਟਰ ਗੇਜ ਲਾਈਨ ਤੇ ਹੌਲੀ ਹੌਲੀ ਚਲਦੀ ਬੈਜਨਾਥ ਤੱਕ ਜਾਂਦੀ ਹੈ ।
ਅੰਦਰੇਟਾ ਪੰਜਾਬੀ ਦੇ ਨਾਟਕ ਖੇਤਰ ਵਿਚ ਜਾਣੀ ਜਾਂਦੀ ਨਕੜਦਾਦੀ ਸ੍ਰੀਮਤੀ ਨੋਰ੍ਹਾ ਰਿਚਰਡਜ਼ ਕਰਕੇ ਵੀ ਪ੍ਰਸਿੱਧ ਹੈ ਕਿਉਂਕਿ ਇਸ ਦਿਲ ਟੁੰਬਵੇਂ ਸਥਾਨ ਨੂੰ ਉਸ ਨੇ ਆਪਣੀ ਰਿਹਾਇਸ਼-ਗਾਹ ਵਜੋਂ ਚੁਣਿਆ ਸੀ ਅਤੇ ਏਸੇ ਸਥਾਨ ਤੇ ਹੀ ਉਸ ਨੇ ਵਫ਼ਾਤ ਪਾਈ ਸੀ । ਨੋਰ੍ਹਾ ਰਿਚਰਡਜ਼ ਦਾ ਰੈਣ ਬਸੇਰਾ ਵੁੱਡ ਲੈਂਡ ਰਿਟਰੀਟ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਬੰਧ ਅਧੀਨ ਹੈ ਜਿਥੇ ਸਾਹਿਤਕ ਗਤੀਵਿਧੀਆਂ ਉਤੇ ਕਾਰਜ ਹੁੰਦੇ ਰਹਿੰਦੇ ਹਨ । ਇਹ ਸਥਾਨ ਕੋਈ ਡੇਢ ਕੁ ਮੀਲ ਦੇ ਫਾਸਲੇ ਤੇ ਪਹਾੜੀਆਂ ਦੀ ਗੋਦ ਵਿਚ ਹੈ । ਅੰਦਰੇਟੇ ਦਾ ਪਹਿਲਾ ਘਰ ਕਲਾ ਦੇ ਮੰਦਰ ਵਜੋਂ ਜਾਣੇ ਜਾਂਦੇ ਸ. ਸੋਭਾ ਸਿੰਘ ਚਿਤਰਕਾਰ ਦਾ ਰੈਣ ਬਸੇਰਾ ਹੈ ਜਿਥੇ 1949 ਤੋਂ ਆਪਣੀ ਵਫ਼ਾਤ 1986 ਤੱਕ ਉਹ ਰਹੇ । ਇਥੇ ਬੁਰਸ਼ ਛੋਹਾਂ ਦੇ ਨਾਲ ਨਾਲ ਮੂਰਤੀ ਕਲਾ ਦੀ ਕਲਾਕਾਰੀ ਦੇ ਖੁਲ੍ਹੇ ਦਰਸ਼ਨ ਦੀਦਾਰ ਹੁੰਦੇ ਹਨ । ਇਸ ਕਲਾ ਮੰਦਰ ਦੀ ਬਾਹਰੀ ਦਿਖ ਨੂੰ ਸ. ਸੋਭਾ ਸਿੰਘ ਨੇ ਆਪਣੇ ਪਰਮ ਮਿੱਤਰ ਅਤੇ ਹਿੰਦੀ ਸਿਨੇਮਾ ਦੇ ਜਾਣੇ ਪਛਾਣੇ ਤੇ ਮੰਨੇ ਪ੍ਰਮੰਨੇ ਹਸਤਾਖਰ ਸ੍ਰੀ ਪ੍ਰਿਥਵੀ ਰਾਜ ਕਪੂਰ ਦੀ ਮੂਰਤੀ ਨਾਲ ਸਜਾਇਆ ਹੋਇਆ ਹੈ । ਸ. ਸੋਭਾ ਸਿੰਘ ਦੇ ਇਸ ਕਲਾ ਮੰਦਰ ਵਿਚ ਕਲਾਕ੍ਰਿਤੀਆਂ ਨੂੰ ਵੇਖਣ ਤੋਂ ਪਹਿਲਾਂ ਰੰਗ- ਬਰੰਗੀਆਂ ਚਿੜੀਆਂ ਦੇ ਦੀਦਾਰੇ ਹੁੰਦੇ ਹਨ ਤੇ ਉਨ੍ਹਾਂ ਦੀ ਦਿਲ ਟੁੰਬਵੀ ਸੰਗੀਤਕ ਚੀਂ-ਚੀਂ ਨਾਲ ਕੁਦਰਤੀ ਵਾਤਾਵਰਣ ਸੰਗੀਤਮਈ ਹੋ ਜਾਂਦਾ ਹੈ ਅਤੇ ਪ੍ਰਦਰਸ਼ਨੀ ਦੇਖਣ ਲਈ ਮਨ ਇਕਾਗਰ ਚਿਤ ਹੋ ਉਠਦਾ ਹੈ ।
ਬੇਸ਼ਕ ਸ. ਸੋਭਾ ਸਿੰਘ ਦੀ ਜਨਮਭੂਮੀ ਸ੍ਰੀ ਹਰਗੋਬਿੰਦਪੁਰ ਨੇ ਉਨ੍ਹਾਂ ਨੂੰ ਕੁਝ ਨਹੀਂ ਦਿੱਤਾ, ਪਰ ਜਨਮ ਭੂਮੀ ਨੂੰ ਅਮਰ ਬਣਾਉਣ ਵਿਚ ਆਪ ਦਾ ਬਹੁਤ ਤਕੜਾ ਹਿੱਸਾ ਹੈ । ਸ. ਸੋਭਾ ਸਿੰਘ ਦਾ ਬਚਪਨ ਸ੍ਰੀ ਹਰਿਗੋਬਿੰਦਪੁਰ ਵਿਚ ਦਰਿਆ ਬਿਆਸ ਦੇ ਕੰਢੇ ਹੀ ਬੀਤਿਆ । ਬਚਪਨ ਵਿਚ ਦਰਿਆ ਦੇ ਕੰਢੇ ਚਲੇ ਜਾਂਦੇ ਤੇ ਉਥੋਂ ਦੀ ਰੇਤ ਵਿਚ ਹੱਥਾਂ ਨਾਲ ਚਿੱਤਰ ਬਣਾਉਂਦੇ ਤੇ ਢਾਹ ਦਿੰਦੇ । ਕਲਾਕਾਰ ਦੀ ਚਿੱਤਰਕਾਰੀ ਦੀ ਜਨਮਭੂਮੀ ਇਹੋ ਜਗ੍ਹਾ ਹੈ । ਬਚਪਨ ਵਿਚ ਹੀ ਦਰਿਆ ਬਿਆਸ ਦੇ ਕੰਢੇ ਆਪਣੇ ਹਾਣ ਦੇ ਮੁੰਡਿਆ ਨਾਲ ਖੇਡਣ ਵਾਲਾ ਇਕ ਅਣਜਾਣ ਵਿਅਕਤੀ ਕੀ ਪਤਾ ਸੀ ਕਿ ਕਦੇ ਇਸ ਧਰਤੀ ਤੇ ਇੰਨਾ ਲੋਕਪ੍ਰਿਯ ਤੇ ਉਚਕੋਟੀ ਦਾ ਚਿੱਤਰਕਾਰ ਬਣੇਗਾ। ਕੁਦਰਤੀ ਨਜ਼ਾਰੇ ਇਸ ਚਿੱਤਰਕਾਰ ਨੂੰ ਬਚਪਨ ਤੋਂ ਚੰਗੇ ਲਗਦੇ ਸਨ । ਆਪ ਦਾ ਜੀਵਨ ਬਹੁਤ ਹੀ ਸਾਦਾ ਤੇ ਸਰਲ ਸੀ ।
ਸਵਰਗੀ ਸ. ਕਪੂਰ ਸਿੰਘ ਘੁੰਮਣ ਨੇ ਸ. ਸੋਭਾ ਸਿੰਘ ਬਾਰੇ ਵਿਚਾਰ ਪ੍ਰਗਟਾਉਂਦਿਆਂ ਆਖਿਆ ਸੀ ਕਿ ਪੰਜਾਬ ਦੇ ਸਿਰਮੌਰ ਕਲਾਕਾਰ ਸਰਦਾਰ ਸੋਭਾ ਸਿੰਘ ਆਪਣੀ ਕਲਾ ਨੂੰ ‘ਵਾਹਿਗੁਰੂ’ ਦੀ ਦੇਣ ਮੰਨਦੇ ਹਨ, ਜਿਹੜੀ ਸਾਨੂੰ ਮੋਕਸ਼ ਦੇ ਦਵਾਰ ਤੱਕ ਲਿਜਾ ਸਕਦੀ ਹੈ । ‘ਜਗਤ-ਜਲੰਦੇ’ ਦੀ ਅੰਤਰ ਪੀੜ ਨੂੰ ਮਹਿਸੂਸ ਕਰਦੇ ਹੋਏ ਬੁਰਸ਼ ਦੀ ਜਾਦੂਗਰੀ ਨਾਲੋਂ ਇਨ੍ਹਾਂ ਨੇ ਜੋ ਸੁੰਦਰਤਾ ਨਿਰਾਕਾਰ ਤੋਂ ਸਾਕਾਰ ਕੀਤੀ ਹੈ, ਸੰਸਾਰ ਦੇ ਕਲਾ-ਇਤਿਹਾਸ ਵਿਚ ਉਸ ਦਾ ਕੋਈ ਮੁਕਾਬਲਾ ਨਹੀਂ । ਭਾਰਤ ਸਰਕਾਰ ਨੇ ਪਦਮਸ਼ੀ ਦਾ ਖਿਤਾਬ ਦੇ ਕੇ ਇਨ੍ਹਾਂ ਦੀ ਕਲਾ ਦਾ ਸਨਮਾਨ ਕੀਤਾ ਹੈ । ਸਰਦਾਰ ਸੋਭਾ ਸਿੰਘ ਇਕ ਰਿਸ਼ੀ ਕਲਾਕਾਰ ਹਨ, ਜਿਨ੍ਹਾਂ ਨੇ ਸਤਿਅੰ, ਸ਼ਿਵੰ, ਸੁੰਦਰੀ ਦੇ ਮਹਾਨ ਭਾਰਤੀ ਉਦੇਸ਼ਾਂ ਨੂੰ ਆਪਣੀ ਅਨੂਠੀ ਤੇ ਅਗੰਮੀ ਕਲਾ-ਪ੍ਰਤਿਭਾ ਨਾਲ ਅਨੂਪਮ ਚਿਤ੍ਰਾਂ ਰਾਹੀਂ ਰੂਪਮਾਨ ਕੀਤਾ ਹੈ ।
ਆਪ ਨੇ ਆਪਣੀ ਕਲਾ ਦੇ ਜੌਹਰ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਤੋਂ ਇਲਾਵਾ ਭਗਵਾਨ ਸ੍ਰੀ ਕ੍ਰਿਸ਼ਨ, ਸ੍ਰੀ ਰਾਮ, ਈਸਾ, ਭਗਤ ਰਵੀਦਾਸ, ਸ਼ੇਖ਼ ਫ਼ਰੀਦ, ਮਹਾਰਾਜਾ ਰਣਜੀਤ ਸਿੰਘ, ਬਾਬਾ ਦੀਪ ਸਿੰਘ, ਸੋਹਣੀ ਮਹੀਂਵਾਲ, ਹੀਰ ਰਾਂਝਾ, ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਭਗਤ ਸਿੰਘ, ਪ੍ਰਤਾਪ ਸਿੰਘ ਕੈਰੋਂ ਅਤੇ ਗੁਰਮੁਖ ਸਿੰਘ ਮੁਸਾਫ਼ਰ ਆਦਿ ਦੀਆਂ ਤਸਵੀਰਾਂ ਵੀ ਬਣਾਈਆਂ ਹਨ ।
ਸ. ਸੋਭਾ ਸਿੰਘ ਹੁਰਾਂ ਨਾਲ 1983 ਵਿਚ ਮੁਲਾਕਾਤ ਕਰਨ ਦਾ ਮੌਕਾ ਮਿਲਿਆ । ਇਹ ਮੁਲਾਕਾਤ ਉਨਾਂ ਦੇ ਨਿਵਾਸ ਸਥਾਨ ਤੇ ਨਹੀਂ ਬਲਕਿ ਵਿਭਾਗੀ ਸਮਾਗਮ ਵਿਚ ਰੂ-ਬ-ਰੂ ਦੇ ਸਿਲਸਿਲੇ ਵਿਚ ਪਟਿਆਲਾ ਵਿਖੇ ਪਧਾਰੇ ਹੋਣ ਕਾਰਨ ਸੰਭਵ ਹੋਈ ਅਤੇ ਉਹ ਆਪਣੇ ਸਮਾਗਮ। ਵਿਚ ‘ਮੈਂ ਅਤੇ ਕਲਾ ਵਾਹਿਗੁਰੂ ਦੀ- ਨਾਮਕ ਪਰਚਾ ਲੈ ਕੇ ਆਪਣੇ ਪ੍ਰਸ਼ੰਸਕਾਂ ਦੇ ਸਨਮੁਖ ਹੋਏ ਸਨ। ਪ੍ਰੋਗਰਾਮ ਤੋਂ ਬਾਅਦ ਉਨ੍ਹਾਂ ਨਾਲ ਮੈਨੂੰ ਵੀ ਦੋ ਚਾਰ ਸੁਆਲ ਕਰਨ ਦਾ ਅਵਸਰ ਮਿਲਿਆ, ਜਿਨ੍ਹਾਂ ਦਾ ਜੁਆਬ ਉਨ੍ਹਾਂ ਨੇ ਬੜੇ ਹੀ ਸਹਿਜ ਅਤੇ ਸਰਲ ਰੂਪ ਵਿਚ ਦਿੱਤਾ । ਮੇਰੇ ਪੁੱਛਣ ਤੇ ‘ਕਲਾਕਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ ?’ ਦੇ ਸੰਬੰਧ ਵਿਚ ਚਿਤਰਕਾਰ ਜੀ ਨੇ ਪਲੈਟੋ ਦੀ ‘ਰੀਪਬਲਿਕ’ ਵਿਚੋਂ ਹਵਾਲਾ ਦਿੰਦਿਆਂ ਦਸਿਆ ਕਿ ਜਰਾਇਮ ਪੇਸ਼ਾ ਅਤੇ ਕਲਾਕਾਰ ਸਮਾਜ ਦੇ ਹਿੱਸੇ ਨਹੀਂ । ਕਲਾਕਾਰ ਤਾਂ ਸਮਾਜ ਤੋਂ ਉਚੇਰੀ ਸੋਚ ਦੇ ਧਾਰਨੀ ਹੋਣੇ ਚਾਹੀਦੇ ਹਨ ਜੋ ਵਕਤਨ ਫਵਕਤਨ ਸਮਾਜ ਨੂੰ ਨਵੀਆਂ ਦਿਸ਼ਾਵਾਂ ਪ੍ਰਦਾਨ ਕਰ ਸਕਣ ਦੇ ਸਮਰੱਥ ਹੋ ਸਕੇ । ਭਾਵ ਇਹ ਕਿ ਰਾਹ ਦਸੇਰਾ ਬਣ ਸਕਣ ਦੇ ਸਮਰੱਥ ਹੋ ਸਕੇ । ਮੇਰੇ ਵਲੋਂ ਸਵਾਲ ਕਰਨ ਤੋਂ ਪਹਿਲਾਂ ਹੀ ਉਹ ਬੋਲ ਪਏ ਕਿ ਅਜਕਲ੍ਹ ਦੇ ਬਹੁਤੇ ਕਲਾਕਾਰ ਤਾਂ ਮਨੁੱਖ ਨਾਲੋਂ ਵੱਧ, ਨਾਮ, ਦਾਮ ਤੇ ਕਾਮ ਦੀ ਪੂਜਾ ਕਰਨ ਅਤੇ ਹਰ ਤਰ੍ਹਾਂ ਦਾ ਨਸ਼ਾ ਸੇਵਨ ਕਰਦੇ ਹਨ । ਕਲਾਕਾਰ ਤਾਂ ਨਿਰਪੱਖ ਸੋਚਾਂ ਦਾ ਵਿਅਕਤੀ ਹੋਣਾ ਚਾਹੀਦਾ ਹੈ ਵਿਲੱਖਣ ਵਿਅਕਤਿਤਵ ਵਾਲਾ । ਮਾੜੀਆਂ ਤੇ ਘਟੀਆ ਸੋਚਾਂ ਵਾਲੇ ਕਲਾਕਾਰਾਂ ਕੋਲ ਕਲਾ ਨੂੰ ਪਛਾਣ ਸਕਣ ਦੀ ਸ਼ਕਤੀ ਹੀ ਨਹੀਂ ਹੁੰਦੀ । ਨਕਲ ਮਾਰਨ ਵਿਚ ਸ਼ੇਰ ਹੁੰਦੇ ਹਨ । ਮੈਂ ਅਜਿਹੇ ਕਈ ਕਲਾਕਾਰਾਂ ਨੂੰ ਨਿਜੀ ਤੌਰ ਤੇ ਜਾਣਦਾ ਹਾਂ । ਅਜਿਹੇ ਕਲਾਕਾਰ ਦੇ ਆਚਰਣ ਏਨੇ ਵਿਗੜ ਜਾਂਦੇ ਹਨ ਕਿ ਸਿਖਾਂਦਰੂਆਂ ਦਾ ਵੀ ਸ਼ੋਸ਼ਣ ਕਰਨ ਤੋਂ ਗੁਰੇਜ਼ ਨਹੀਂ ਕਰਦੇ ਅਤੇ ਮਾਪੇ ਇਨ੍ਹਾਂ ਕੋਲ ਆਪਣੇ ਪੁੱਤਰ ਪੁਤਰੀਆਂ ਭੇਜਣ ਤੋਂ ਸੰਕੋਚ ਕਰਨ ਲਗ ਪੈਂਦੇ ਹਨ, ਜਿਸ ਦਾ ਸਿੱਟਾ ਮਾੜਾ ਹੁੰਦਾ ਹੈ ਕਿਉਂਕਿ ਉਨ੍ਹਾਂ ਅੰਦਰਲੀ ਕਲਾ ਦੱਬ ਕੇ ਰਹਿ ਜਾਂਦੀ ਹੈ । ਕਲਾਕਾਰ ਕਲਾ ਪ੍ਰਤੀ ਸੁਚਿਆਰਾ ਹੋਣਾ ਜ਼ਰੂਰੀ ਹੈ । ਜੇ ਅੰਦਰ ਕਲਾ ਹੋਵੇ ਤਾਂ ਲੇਖਕ ਤਾਂ ਕਾਗ਼ਜ਼ ਪੈਨਸਿਲ ਨਾਲ ਵੀ ਬਣਿਆ ਜਾ ਸਕਦਾ ਹੈ ।
ਮੈਂ ਪੁਛਿਆ ਕਿ ਤੁਹਾਨੂੰ ਕਲਾ ਦੀ ਜਾਗ ਕਿਥੋਂ ਲਗੀ ਤਾਂ ਉਨ੍ਹਾਂ ਨੇ ਦਸਿਆ ਕਿ ਮੈਨੂੰ ਕਲਾ ਵਿਰਸੇ ਵਿਚੋਂ ਮਿਲੀ ਕਿਉਂਕਿ ਮੇਰੇ ਪਿਤਾ ਜੀ ਸਖ਼ਤ ਡਸਿਪਲਨ ਰਖਣ ਵਾਲੇ ਫੌਜੀ ਸਨ, ਪਰ ਕਲਾ ਦੇ ਵਿਚ ਕਾਫੀ ਨਿਪੁੰਨ ਹੋਣ ਕਰਕੇ ਤਸਵੀਰਾਂ ਬਣਾਇਆ ਕਰਦੇ ਸਨ । ਅਖੌਤੀ ਕਲਾਕਾਰ ਦੇ ਮਾੜੇ ਸੁਭਾਅ ਨੂੰ ਭਾਂਪਦਿਆਂ ਹੋਇਆਂ ਮੈਨੂੰ ਇਸ ਖੇਤਰ ਵਿਚ ਨਹੀਂ ਸਨ ਪਾਉਣਾ ਚਾਹੁੰਦੇ ਤਾਂ ਜੋ ਮੈਂ ਮਾੜੀਆਂ ਆਦਤਾਂ ਦਾ ਸ਼ਿਕਾਰ ਨਾ ਹੋ ਜਾਵਾਂ । ਮਾਂ ਮਹਿਟਰ ਤੇ ਇਕੋ ਇਕ ਔਲਾਦ (ਮੁੰਡਾ) ਹੋਣ ਕਰਕੇ ਮੇਰੇ ਉਤੇ ਪਾਬੰਦੀ ਵੀ ਕੁਝ ਜ਼ਿਆਦਾ ਸੀ, ਪਰ ਮੈਂ ਪਿਤਾ ਜੀ ਦੀ ਸਖਤੀ ਦੇ ਉਲਟ ਲਕੀਰਾਂ ਵਾਹ ਵਾਹ ਕੇ ਆਪਣਾ ਸ਼ੌਕ ਪੂਰਾ ਕਰ ਲਿਆ ਕਰਦਾ ਸੀ ਅਤੇ ਮਾਰ ਵੀ ਬੜੀ ਖਾਂਦਾ ਹੁੰਦਾ ਸੀ । ਬਾਲ ਉਮਰ ਵਿਚ ਮੈਨੂੰ ਪਿਤਾ ਜੀ ਦੇ ਰੁਕਾਵਟ ਪਾਉਣ ਕਰਕੇ ਬੜਾ ਗੁੱਸਾ ਚੜ੍ਹਦਾ ਹੁੰਦਾ ਸੀ ਅਤੇ ਵਿਦਰੋਹੀ ਸੁਰ ਹੋਣ ਕਰਕੇ ਝਿੜਕਾਂ ਤੇ ਮਾਰ ਵੀ ਖਾਂਦਾ ਰਿਹਾ, ਪਰੰਤੂ ਹੋਸ਼ ਸੰਭਾਲਣ ਉਤੇ ਮਹਿਸੂਸ ਕਰਦਾ ਹਾਂ ਕਿ ਉਹ ਠੀਕ ਹੀ ਕਰਦੇ ਹੁੰਦੇ ਸਨ ਕਿਉਂਕਿ ਉਹ ਅਕਸਰ ਆਖਿਆ ਕਰਦੇ ਸਨ, ‘ਤੂੰ ਮੇਰਾ ਇਕੋ ਇਕ ਪੁੱਤਰ ਹੈਂ । ਜਾਨ ਤੇਰੇ ਵਿਚ ਹੈ ਨਹੀਂ । ਨਾਲੇ ਮੈਂ ਵੀ ਕੋਈ ਵੱਡਾ ਲੈਂਡ ਲਾਰਡ ਨਹੀਂ ਹਾਂ । ਕਿਵੇਂ ਆਪਣਾ ਗੁਜ਼ਾਰਾ ਕਰਿਆ ਕਰੇਂਗਾ ? ਜੇ ਕੁਝ ਪੜ੍ਹ ਲਿਖ ਜਾਵੇਂਗਾ ਤੇ ਥੋੜ੍ਹਾ ਬਹੁਤ ਕੰਮ ਕਾਰ ਸਿੱਖ ਲਵੇਂਗਾ, ਦਫਤਰ ਵਿਚ ਬਾਬੂ ਲਗ ਜਾਵੇਂਗਾ ਅਤੇ ਸੁਖੀ ਰਹੇਂਗਾ ।” ਮੇਰੇ ਉਜਲੇ ਭਵਿੱਖ ਦੀ ਚਿੰਤਾ ਵਿਚ ਪਿਤਾ ਜੀ ਆਪਣੇ ਦੋਸਤਾਂ ਨਾਲ ਗੱਲ ਕਰਿਆ ਕਰਦੇ ਸਨ, ਜੋ ਅਕਸਰ ਮੈਂ ਚੁਪ ਚਾਪ, ਲੁਕ ਛਿਪ ਕੇ, ਡੁੰਨ ਵੱਟਾ ਜਿਹਾ ਬਣ ਕੇ ਸੁਣ ਲਿਆ ਕਰਦਾ ਸੀ । ਮੈਂ ਅੱਜ ਆਪਣੇ ਚੁਫੇਰੇ ਨਜ਼ਰ ਮਾਰਦਾ ਹਾਂ ਤਾਂ ਮੈਨੂੰ ਕਲਾਕਾਰਾਂ ਦੀ ਬੇਕਦਰੀ ਹੁੰਦੀ ਨਜ਼ਰ ਆਉਂਦੀ ਹੈ ਅਤੇ ਬਹੁਤ ਕਲਾਕਾਰ ਤਾਂ ਆਪਣੀ ਬੇਕਦਰੀ ਦਾ ਆਪ ਹੀ ਸ਼ਿਕਾਰ ਹੋ ਜਾਂਦੇ ਹਨ-ਸ਼ਰਾਬਾਂ ਪੀਣੀਆਂ, ਭਾਂਤ ਸੁਭਾਂਤੇ ਨਸ਼ੇ ਕਰਨੇ, ਕਲਪਨਾ ਦੇ ਇਸ਼ਕ ਪਾਲਣੇ ਅਤੇ ਆਪਣੇ ਆਪ ਨੂੰ ‘ਪ੍ਰਗਤੀਵਾਦ’ ਦਾ ਚੁੰਮਣਾ ਦੇਂਦੇ ਦੇਂਦੇ ਛੋਟੀ ਉਮਰੇ ਹੀ ਚਲ ਵਸਦੇ ਹਨ ।
ਜਦੋਂ ਚਿਤਰਕਾਰ ਜੀ ਉਠ ਕੇ ਜਾਣ ਲਗੇ ਤਾਂ ਮੈਂ ਜਲਦੀ ਜਲਦੀ ਉਨ੍ਹਾਂ ਨਾਲ ਇਕ ਹੋਰ ਸੁਆਲ ਸਾਂਝਾ ਕੀਤਾ ਕਿ ਤੁਸੀਂ ਸਿੱਖ ਗੁਰੂਆਂ ਦੇ ਦਿਲ ਟੁੰਬਵੇਂ ਚਿਤਰ ਬਣਾਏ ਹਨ, ਜੋ ਬਹੁਤ ਹੀ ਪਸੰਦ ਕੀਤੇ ਗਏ ਹਨ ਪਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਚਿਤਰ ਏਨਾ ਕਲਾਮਈ, ਸੁਹਜਮਈ ਅਤੇ ਪ੍ਰੇਰਨਾਮਈ ਕਿਵੇਂ ਬਣਾ ਲਿਆ ? ਕੀ ਇਸ ਪਿਛੇ ਕੋਈ ਗ਼ੈਬੀ ਸ਼ਕਤੀ ਸੀ ਜਾਂ ਸੁਪਨਾ ਜਾਂ ਕੋਈ ਲੁਕਵਾਂ ਖਿਆਲ ? ਮੇਰਾ ਸੁਆਲ ਸੁਣਦੇ ਹੀ ਸੋਭਾ ਸਿੰਘ ਜੀ ਮੇਰੀਆਂ ਅੱਖਾਂ ਵਿਚ ਕੁਝ ਪੜ੍ਹਨ ਲਗ ਪਏ । “ਦਰਅਸਲ, ਛੁਪਿਆ ਹੋਇਆ ਕੋਈ ਰਾਜ਼ ਨਹੀਂ ਸੀ । ਬਸ, ਇਹ ਵਿਚਾਰ ਦਿਮਾਗ ਵਿਚ ਜ਼ਰੂਰ ਸੀ ਕਿ ਕੋਈ ਐਸੀ ਤਸਵੀਰ ਹੋਵੇ, ਜੋ ਹਰ ਤਰ੍ਹਾਂ ਨਾਲ ਸੁਹਜ ਸੁਆਦ ਦੇਵੇ ਜਾਂ, ਜਦੋਂ ਮੈਂ ਇਹ ਤਸਵੀਰ ਬਣਾ ਰਿਹਾ ਸਾਂ ਤਾਂ ਮੇਰੇ ਕੋਲ ਇਕ ਫੌਜੀ ਜਰਨੈਲ ਆਇਆ ਕਰਦਾ ਸੀ, ਜਿਸ ਦਾ ਚਿਹਰਾ ਬੜਾ ਰੁਹਬਦਾਰ ਤੇ ਜੁੱਸਾ ਆਕਰਸ਼ਿਤ ਕਰ ਲੈਣ ਵਾਲਾ ਸੀ । ਉਸਦੇ ਚਿਹਰੇ ਉਤੇ ਬੜਾ ਤੇਜ਼ ਹੋਣ ਕਰਕੇ ਕੁਝ ਕੁ ਲਕੀਰਾਂ ਵਿਚ ਉਸ ਦਾ ਮੁਹਾਂਦਰਾ ਜ਼ਰੂਰ ਲਕੀਰਿਆ ਗਿਆ ਹੈ । ਨਾਲੇ ਕਲਪਨਾ ਤਾਂ ਕਲਪਨਾ ਹੀ ਹੁੰਦੀ ਹੈ । ਮੈਂ ਕਿਹੜਾ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਹੋਏ ਨੇ ? ਮੇਰੇ ਦਿਮਾਗ਼ ਵਿਚ ਜਿਹੋ ਜਿਹੇ ਇਕ ਯੋਧੇ ਦੇ ਭਾਵ ਹੋਣੇ ਚਾਹੀਦੇ ਹਨ, ਉਹ ਸਾਰੇ ਹਾਵ ਭਾਵ ਆਪਣੇ ਚੋਜੀ ਪ੍ਰੀਤਮ ਤੇ ਸਰਬੰਸਦਾਨੀ ਪਰਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਸਾਨੀ ਤੇ ਨੂਰਾਨੀ ਚਿਹਰੇ ਨੂੰ ਚਿਤਰਨ ਵੇਲੇ ਉਘਾੜ ਦਿੱਤੇ ਸਨ । ਤੁਹਾਨੂੰ ਲੋਕਾਂ ਨੂੰ ਚਿਤਰ ਟੁੰਬਦਾ ਹੈ ਜੋ ਮੈਨੂੰ ਚੰਗਾ ਲਗਦਾ ਹੈ ਅਤੇ ਸਭਨਾਂ ਦੀ ਅਕੀਦਤ ਅਗੇ ਮੇਰਾ ਵੀ ਸਿਰ ਝੁਕ ਜਾਂਦਾ ਹੈ ।”
ਸ. ਸੋਭਾ ਸਿੰਘ ਜੀ ਅਜੇ ਬੋਲ ਹੀ ਰਹੇ ਸਨ ਕਿ ਇਸ਼ਾਰਾ ਮਿਲਣ ਉਤੇ ਉਹ ਉਠ ਖੜੋਤੇ ਅਤੇ ਪ੍ਰਸ਼ੰਸਕਾਂ ਤੇ ਪ੍ਰਬੰਧਕਾਂ ਵਿਚ ਘਿਰ ਗਏ । ਮੇਰੀ ਇੱਛਾ ਪੂਰੀ ਹੋ ਗਈ ਸੀ ਅਤੇ ਮੇਰੀ ਇੱਛਾ ਅੰਦਰੇਟੇ ਜਾਣ ਦੀ ਪ੍ਰਬਲ ਹੋ ਗਈ । ਚਿਤਰਕਾਰ ਜੀ ਦੇ ਜਿਊਂਦਿਆਂ ਮੈਂ ਉਥੇ ਜਾ ਨਹੀਂ ਸਕਿਆ ਅਤੇ ਉਨ੍ਹਾਂ ਦੇ ਸਵਰਗਵਾਸ ਹੋਣ ਤੋਂ ਸਵਾ ਅੱਠ ਸਾਲ ਬਾਅਦ ਅਰਥਾਤ 21 ਮਾਰਚ 1995 ਨੂੰ ਅੰਦਰੇਟੇ ਜਾਣ ਦੀ ਇੱਛਾ ਪੂਰੀ ਹੋਈ ਤੇ ਕਲਾਕਾਰ ਜੀ ਦੇ ਰੈਣ ਬਸੇਰੇ ਵਿਖੇ ਪਹੁੰਚ ਕੇ ਬਹੁਤ ਆਨੰਦ ਮਾਣਿਆ ।

ਪੰਜਾਬ ਦਾ ਰਾਂਗਲਾ ਚਿੱਤਰਕਾਰ ਬਲਵੰਤ ਗਾਰਗੀ

ਮੈਂ ਸੋਭਾ ਸਿੰਘ ਨੂੰ ਸਭ ਤੋਂ ਪਹਿਲਾਂ 1944 ਵਿਚ ਪ੍ਰੀਤ ਨਗਰ ਵਿਚ ਮਿਲਿਆ । ਉਨ੍ਹਾਂ ਦਾ ਸਟੂਡੀਓ ਲੋਕ ਕਲਾ ਦੇ ਨਮੂਨਿਆਂ ਨਾਲ ਸਜਿਆ ਹੋਇਆ ਸੀ । ਕੰਧ ਉਤੇ ਤਸਵੀਰਾਂ, ਫ਼ਰਸ਼ ਉਤੇ ਖੋਜੀ ਦੀਆਂ ਚੱਟਾਈਆਂ । ਵਿਚਕਾਰ ਉਨ੍ਹਾਂ ਦੀ ਮਸ਼ਹੂਰ ਪੇਂਟਿੰਗ ‘ਸੋਹਣੀ ਮਹੀਂਵਾਲ’ ਈਜ਼ਲ ਉਤੇ ਖੜੀ ਸੀ।
ਸੋਭਾ ਸਿੰਘ ਦੀ ਰਾਂਗਲੀ ਕਲਾ ਨੇ ਪ੍ਰੀਤ ਨਗਰ ਦੀਆਂ ਜੁਆਨ ਕੁੜੀਆਂ ਮੁੰਡਿਆਂ ਨੂੰ ਮੋਹ ਰਖਿਆ ਸੀ । ਆਮ ਤੌਰ ‘ਤੇ ਕਹਾਣੀਕਾਰ ਨੌਰੰਗ ਸਿੰਘ, ਕਵੀ ਪਿਆਰਾ ਸਿੰਘ ਸਹਿਰਾਈ, ਸੋਭਾ ਸਿੰਘ ਤੇ ਮੈਂ ਦੁਪਹਿਰ ਪਿੱਛੋਂ ਚਾਹ ਵੇਲੇ ਇਕੱਠੇ ਹੁੰਦੇ । ਇਹਨਾਂ ਮਜਲਸਾਂ ਵਿਚ ਸੋਭਾ ਸਿੰਘ ਪੇਂਡੂ ਪਾਤਰਾਂ ਦੇ ਟੋਟਕੇ ਮਸਾਲੇ ਲਾ ਲਾ ਕੇ ਸੁਣਾਉਂਦੇ : ਯਮ੍ਹਲਾ ਜੱਟ, ਬੇਵਕੂਫ਼ ਜੁਲਾਹਾ, ਭੁੱਖਾ ਮਿਰਾਸੀ, ਸ਼ੌਕੀਨ ਤੁਲੰਗਾ, ਕੁਪੱਤੀ ਰੰਨ । ਉਹ ਸਾਰਿਆਂ ਦਾ ਮੌਜੂ ਉਡਾਉਂਦੇ ।
ਸਭ ਤੋਂ ਹਸਾਉਣੀ ਕਥਾ ਪਿੰਡ ਦੇ ਚੂਹੜੇ ਦੀ ਸੀ ਜੋ ਫੌਜ ਵਿਚ ਭਰਤੀ ਹੋ ਜਾਂਦਾ ਹੈ । ਉਹ ਛੁੱਟੀ ਆਉਂਦਾ ਹੈ ਤੇ ਆਪਣੀ ਵਹੁਟੀ ਨੂੰ ਲਿਆਉਣ ਲਈ ਸਹੁਰੇ ਜਾਂਦਾ ਹੈ । ਨਵੀਂ ਵਰਦੀ ਪਾਈ ਆਕੜਿਆ ਹੋਇਆ ਉਹ ਆਪਣੇ ਸਹੁਰਿਆਂ ‘ਤੇ ਰੁਹਬ ਪਾਉਣ ਲਈ ਬੰਦੂਕ ਵੀ ਨਾਲ ਲੈ ਜਾਂਦਾ ਹੈ । ਸੱਸ ਦੇ ਪੈਰੀਂ ਹੱਥ ਲਾਉਣ ਲੱਗਿਆਂ ਬੰਦੂਕ ਨੂੰ ਮੰਜੀ ਉਤੇ ਰੱਖ ਦੇਂਦਾ ਹੈ । ਸੱਸ ਬੰਦੂਕ ਉਤੇ ਬੈਠ ਜਾਂਦੀ ਹੈ ਤੇ ਤਬਕ ਕੇ ਬੰਦੂਕ ਨੂੰ ਦੇਖਦੀ ਹੈ ਤੇ ਚੀਖ਼ ਮਾਰਦੀ ਹੈ । ਫ਼ੌਜੀ ਚੂਹੜੇ ਨੂੰ ਇਹ ਸਮਝ ਨਹੀਂ ਆਉਂਦੀ ਕਿ ਉਹ ਬੰਦੂਕ ਰੱਖੇ ਕਿਥੇ । ਰੋਟੀ ਖਾਣ ਲੱਗੇ, ਸੌਣ ਲੱਗੇ, ਨਹਾਉਣ ਲੱਗੇ, ਖ਼ੈਰ-ਸੁਖ ਦੀਆਂ ਗੱਲਾਂ ਕਰਨ ਲੱਗੇ ਉਹ ਹਰ ਵਾਰ ਬੰਦੂਕ ਨੂੰ ਗ਼ਲਤ ਥਾਂ ‘ਤੇ ਰੱਖ ਦਿੰਦਾ ਹੈ । ਹਰ ਵਾਰ ਕਦੇ ਸਹੁਰਾ, ਕਦੇ ਸਾਲੀ, ਕਦੇ ਸੱਸ ਗ਼ਲਤੀ ਨਾਲ ਬੰਦੂਕ ਉਤੇ ਬੈਠ ਜਾਂਦੇ ਹਨ । ਫ਼ੌਜੀ ਚੂਹੜਾ ਬੰਦੂਕ ਨੂੰ ਗਾਲ਼ਾਂ ਕੱਢਦਾ ਹੈ । ਸੋਭਾ ਸਿੰਘ ਇਸ ਘਟਨਾ ਦੀਆਂ ਨਕਲਾਂ ਲਾਹੁੰਦੇ ਹੁੰਦੇ ਤੇ ਅਸੀਂ ਹੱਸ-ਹੱਸ ਲੋਟ-ਪੋਟ ਹੋ ਜਾਂਦੇ ਸਾਂ।
ਇਕ ਦਿਨ ਮੈਂ ਸੋਭਾ ਸਿੰਘ ਕੋਲ ਗਿਆ । ਉਹ ਅੱਧ-ਨੰਗੀ ਸੋਹਣੀ ਦੀ ਪੇਂਟਿੰਗ ਨੂੰ ਬੁਰਸ਼ ਨਾਲ ਠੀਕ ਕਰ ਰਹੇ ਸਨ । ਸੋਹਣੀ ਦੀਆਂ ਭਰਵੀਆਂ ਛਾਤੀਆਂ ਬਰੀਕ ਗਿੱਲੇ ਦੁਪੱਟੇ ਵਿਚੋਂ ਨਜ਼ਰ ਆ ਰਹੀਆਂ ਸਨ । ਝਨਾਂ ਵਿਚੋਂ ਨਿਕਲ ਰਿਹਾ ਸੋਹਣੀ ਤੇ ਮਹੀਂਵਾਲ ਦਾ ਜੋੜਾ । ਸੋਹਣੀ ਦੀ ਨੰਗੀ ਬਾਂਹ, ਕਲਾਈ ਉਤੇ ਚੂੜੀਆਂ ਤੇ ਹੱਥ ਵਿਚ ਸ਼ਗਨਾਂ ਵਾਲਾ ਘੜਾ ।
ਸੋਭਾ ਸਿੰਘ ਬੁਰਸ਼ ਨਾਲ ਸੋਹਣੀ ਦੀਆਂ ਸੁਡੌਲ ਛਾਤੀਆਂ ਉਤੇ ਪਾਣੀ ਤੁਪਕੇ ਪੇਂਟ ਕਰ ਰਹੇ ਸਨ । ਮੈਂ ਆਖਿਆ, “ਇਸ ਦੀਆਂ ਛਾਤੀਆਂ ਖੂਬਸੂਰਤ ਹਨ । ਪਾਣੀ ਦੇ ਤੁਪਕੇ ਪੇਂਟ ਕਰਨ ਨਾਲ ਸ਼ਾਇਦ ਇਹ ਖ਼ਰਾਬ ਹੋ ਜਾਣ ।”
ਉਹ ਆਖਣ ਲੱਗੇ, “ਦਰਿਆ ਤੋਂ ਬਾਹਰ ਨਿਕਲਦੀ ਸੋਹਣੀ ਦੇ ਵਾਲ ਤੇ ਜਿਸਮ ਤੇ ਕੱਪੜੇ ਸੁੱਕੇ ਨਜ਼ਰ ਨਹੀਂ ਆਉਣੇ ਚਾਹੀਦੇ । ਪਾਣੀ ਦੇ ਕੁਝ ਤੁਪਕੇ ਉਸ ਦੇ ਭਿੱਜੇ-ਭਿੱਜੇ ਹੁਸਨ ਨੂੰ ਹੋਰ ਚਮਕਾਉਣਗੇ.. ਮੈਂ ਹਰ ਵਾਲ, ਕਪੜੇ ਦਾ ਹਰ ਵੱਟ ਤੇ ਜਿਸਮ ਦੇ ਹਰ ਰੰਗ ਨੂੰ ਪੇਂਟ ਕਰਦਾ ਹਾਂ । ਛਾਵਾਂ ਤੇ ਧੁੱਪਾਂ ਨੂੰ, ਤੇ ਇਹਨਾਂ ਦੇ ਮਿਲੇ-ਜੁਲੇ ਰੰਗਾਂ ਨੂੰ । ਦਰੱਖਤਾਂ ਦੀਆਂ ਜੜ੍ਹਾਂ ਨੂੰ, ਉਹਨਾਂ ਦੀਆਂ ਖੋਹਾਂ ਨੂੰ, ਉਹਨਾਂ ਦੇ ਪਤਲੇ ਖਰਵੇ ਸੱਕਾਂ ਨੂੰ, ਝੂਮਦੇ ਪੱਤਿਆਂ ਨੂੰ, ਮੈਨੂੰ ਇਹਨਾਂ ਸਭਨਾਂ ਦਾ ਗਿਆਨ ਹੈ ।”
ਸੋਭਾ ਸਿੰਘ ਅਕਸਰ ਨੰਗੇ ਜਿਸਮ ਦੀ ਖੂਬਸੂਰਤੀ ਬਾਰੇ ਗੱਲਾਂ ਕਰਦੇ, ਔਰਤ ਦੇ ਹੁਸਨ ਬਾਰੇ, ਉਸ ਦੀ ਲੱਜਿਆ ਤੇ ਸ਼ਰਮੀਲੀ ਅਦਾ ਬਾਰੇ । ਉਹ ਆਖਦੇ, “ਔਰਤ ਆਦਮੀ ਨਾਲੋਂ ਜ਼ਿਆਦਾ ਗੂੜ੍ਹ ਹੈ । ਇਸ ਦੇ ਜਿਸਮ ਵੱਲ ਦੇਖੋ । ਇਸ ਦੇ ਅੰਗ ਕਿੰਨੇ ਭੇਦ-ਭਰੇ ਹਨ, ਗੁੱਝੇ, ਲੁਕੇ ਹੋਏ । ਹਰ ਅੰਗ ਗੋਲ ਤੇ ਵਲ ਖਾਂਦਾ ਹੋਇਆ ਇਕ ਦੂਜੇ ਵਿਚ ਗੁਆਚ ਜਾਂਦਾ ਹੈ । ਔਰਤ ਹਰ ਚੀਜ਼ ਲੁਕੋ ਕੇ ਰੱਖਦੀ ਹੈ । ਕੁਦਰਤ ਦਾ ਰਹੱਸ । ਆਦਮੀ ਦਲੇਰ ਹੈ, ਨਿਝੱਕ ਹੈ, ਸਿੱਧਾ, ਬਿਲਕੁਲ ਆਪਣੇ ਸਰੀਰ ਵਾਂਗ। ਸਾਡਾ ਸੁਭਾਅ ਵੀ ਸਾਡੇ ਸਰੀਰ ਮੁਤਾਬਿਕ ਬਣ ਜਾਂਦਾ ਹੈ । ਸਾਡਾ ਮਨ ਵੀ ਏਸੇ ਤਰ੍ਹਾਂ ਹੈ । ਔਰਤ ਦਾ ਮਨ ਵਧੇਰੇ ਗੁੱਝਾ ਹੁੰਦਾ ਹੈ, ਵਧੇਰੇ ਵਲੇਵੇਂਦਾਰ, ਵਧੇਰੇ ਵਚਿੱਤਰ ।”
ਸੋਭਾ ਸਿੰਘ ਨਾਲ ਗੱਲਬਾਤ ਤੋਂ ਪ੍ਰੇਰਿਤ ਹੋ ਕੇ ਮੈਂ ਇਕ ਨਾਟਕ ਲਿਖਿਆ ‘ਕਲਾਕਾਰ’ । ਇਸ ਦਾ ਵਿਸ਼ਾ ਇਹ ਸੀ ਕਿ ਇਕ ਆਰਟਿਸਟ ਨਗਨ-ਚਿੱਤਰ ਬਣਾਉਂਦਾ ਹੈ । ਜਦੋਂ ਉਸ ਦੀ ਮਾਸੀ ਆਪਣੀ ਧੀ ਨਾਲ ਸਟੂਡੀਓ ਵਿਚ ਆਉਂਦੀ ਹੈ ਤਾਂ ਨੌਕਰ ਇਹਨਾਂ ਪੇਂਟਿੰਗਜ਼ ਨੂੰ ਉਲਟਾ ਕਰਕੇ ਕੰਧ ਵੱਲ ਕਰ ਦੇਂਦਾ ਹੈ । (ਮੈਂ ਇਸ ਵਿਚ ਨੌਕਰ ਦਾ ਪਾਰਟ ਕੀਤਾ ਸੀ) । ਅਖੀਰ ਵਿਚ ਮਾਸੀ ਨਗਨ ਚਿੱਤਰ ਦੇਖਦੀ ਹੈ ਤੇ ਗੁੱਸੇ ਹੁੰਦੀ ਹੈ ਤੇ ਆਪਣੀ ਧੀ ਨੂੰ ਲੈ ਕੇ ਇਸ ਲੁੱਚੇ ਕਲਾ-ਭਵਨ ਵਿਚੋਂ ਬਾਹਰ ਨਿਕਲ ਜਾਂਦੀ ਹੈ ।
ਇਹ ਨਾਟਕ ਪ੍ਰੀਤ ਨਗਰ ਦੀ ਸਟੇਜ ਉਤੇ 1944 ਵਿਚ ਖੇਡਿਆ ਗਿਆ । ਸੋਭਾ ਸਿੰਘ ਨੇ ਇਸ ਵਿਚ ਕਲਾਕਾਰ ਦਾ ਪਾਰਟ ਕੀਤਾ । ਪ੍ਰੋਡਕਸ਼ਨ ਨੂੰ ਵਧੇਰੇ ਯਥਾਰਥਕ ਬਣਾਉਣ ਲਈ ਉਨ੍ਹਾਂ ਨੇ ਆਪਣੀਆਂ ਕਈ ਪੇਟਿੰਗਜ਼ ਮੰਚ ਉਤੇ ਟੰਗ ਦਿੱਤੀਆਂ । ਸੋਭਾ ਸਿੰਘ ਲੰਙ ਮਾਰਦੇ ਹੋਏ ਦਾਖ਼ਲ ਹੋਏ । ਉਨ੍ਹਾਂ ਦੀ ਐਕਟਿੰਗ ਤੇ ਮਸਖਰੀ ਭਰੇ ਹਾਵ-ਭਾਵ ਨੇ ਲੋਕਾਂ ਦਾ ਮਨ ਮੋਹ ਲਿਆ । ਸਾਂਗਾਂ ਲਾਹੁਣ ਵਿਚ ਉਹ ਉਸਤਾਦ ਸਨ ।
ਸੋਭਾ ਸਿੰਘ 29 ਨਵੰਬਰ, 1901 ਨੂੰ ਸ੍ਰੀ ਹਰਿਗੋਬਿੰਦਪੁਰ, ਜ਼ਿਲਾ ਗੁਰਦਾਸਪੁਰ ਵਿਚ ਪੈਦਾ ਹੋਏ । ਉਨ੍ਹਾਂ ਦੀ ਮਾਤਾ ਦਾ ਨਾਂ ਅੱਛਰਾਂ ਦੇਵੀ ਸੀ, ਪਿਤਾ ਦੇਵਾ ਸਿੰਘ ਫ਼ੌਜ ਵਿਚ ਸਰਵੇਖਕ ਸਨ। ਫੌਜ ਦੇ ਅੰਗਰੇਜ਼ ਅਫ਼ਸਰ ਜਦੋਂ ਵਾਪਸ ਵਲੈਤ ਪਰਤਦੇ ਤਾਂ ਆਪਣੀਆਂ ਚੀਜ਼ਾਂ ਵੇਚ ਜਾਂਦੇ । ਦੇਵਾ ਸਿੰਘ ਅੰਗਰੇਜ਼ ਅਫ਼ਸਰਾਂ ਕੋਲੋਂ ਪੇਂਟਿੰਗਜ਼ ਦੀਆਂ ਕਿਤਾਬਾਂ ਤੇ ਪੁਰਾਣੀਆਂ ਮੂਰਤਾਂ ਖ਼ਰੀਦ ਲੈਂਦੇ । ਇਹਨਾਂ ਵਿਚੋਂ ਕੁਝ ਪੇਂਟਿੰਗਜ਼ ਉਨ੍ਹਾਂ ਨੇ ਫ਼ਰੇਮ ਕਰਵਾ ਕੇ ਰੱਖੀਆਂ ਹੋਈਆਂ ਸਨ ਤੇ ਇਹਨਾਂ ਦੀ ਸ਼ੈਲੀ ਵਿਚ ਖੁਦ ਵੀ ਕੁੱਝ ਚਿੱਤਰ ਬਣਾਏ । ਉਨ੍ਹਾਂ ਨੇ ਗੁਰੂ ਨਾਨਕ ਦੇਵ ਦੇ ਪੁਰਾਣੇ ਚਿੱਤਰ ਵੀ ਇਕੱਠੇ ਕੀਤੇ ਜਿਨ੍ਹਾਂ ਵਿਚ ਕਾਂਗੜਾ ਦੇ ਲਘੂ ਚਿੱਤਰਾਂ ਤੇ ਰਾਜਪੂਤ ਪੇਂਟਿੰਗਾਂ ਵਾਂਗ ਪਾਤਰਾਂ ਦੇ ਨਕਸ਼ ਲਕੀਰੇ ਹੋਏ ਸਨ । ਨਿੱਕੇ ਹੁੰਦਿਆਂ ਸੋਭਾ ਸਿੰਘ ਆਪਣੇ ਬਾਪ ਨੂੰ ਰੇਖਾ ਚਿੱਤਰ ਬਣਾਉਂਦਿਆਂ ਦੇਖਦੇ ਤੇ ਘਰ ਦੀਆਂ ਕੰਧਾਂ ਤੇ ਲਕੜੀ ਦੀਆਂ ਅਲਮਾਰੀਆਂ ਉਤੇ ਘੀਚ-ਮਚੋਲੇ ਵਾਹ ਦੇਂਦੇ ।
ਬਚਪਨ ਵਿਚ ਸੋਭਾ ਸਿੰਘ ਬਹੁਤ ਫੁਰਤੀਲੇ ਸਨ । ਸੱਤ-ਅੱਠ ਸਾਲ ਦੀ ਉਮਰ ਵਿਚ ਇਕ ਵਾਰ ਉਹ ਲੱਕੜ ਦੇ ਫਾਟਕ ਉਤੇ ਚੜ੍ਹ ਕੇ ਆਪਣੇ ਦੋਸਤਾਂ ਨੂੰ ਕਲਾਬਾਜ਼ੀਆਂ ਦੇ ਜੌਹਰ ਦਿਖਾ ਰਹੇ ਸਨ । ਅਚਾਨਕ ਉਹ ਫਾਟਕ ਉਤੇ ਪੁੱਠੇ ਹੀ ਟੰਗੇ ਗਏ ਤੇ ਉਨ੍ਹਾਂ ਦੇ ਦੋਸਤ ਉਨ੍ਹਾਂ ਨੂੰ ਛੱਡ ਕੇ ਦੌੜ ਗਏ । ਗਲੀ ਦੇ ਲੋਕ ਇਕੱਠੇ ਹੋ ਗਏ । ਇਕ ਨੇ ਆਖਿਆ, “ਔਹ ਦੇਖੋ ਫਾਟਕ ਉਤੇ ਸੋਭਾ ਪੁੱਠੀ ਛਾਲ ਮਾਰ ਕੇ ਲਟਕਿਆ ਪਿਆ ਹੈ ।” ਛੇਤੀ ਹੀ ਉਨ੍ਹਾਂ ਦਾ ਬਾਪ ਤੇ ਆਂਢੀ ਗੁਆਂਢੀ ਆ ਗਏ । ਉਹਨਾਂ ਨੇ ਉਨ੍ਹਾਂ ਨੂੰ ਫਾਟਕ ਤੋਂ ਹੇਠਾਂ ਲਾਹਿਆ । ਸੋਭਾ ਸਿੰਘ ਦੀ ਲੱਤ ਟੁੱਟ ਗਈ ਸੀ । ਡਾਕਟਰ ਨੇ ਦਵਾਈਆਂ ਦਿੱਤੀਆਂ ਤੇ ਲੱਤ ਨੂੰ ਪਲੱਸਤਰ ਲਾ ਕੇ ਪੱਟੀ ਬੰਨ੍ਹ ਦਿੱਤੀ । ਪਰ ਹੱਡੀ ਚੰਗੀ ਤਰ੍ਹਾਂ ਨਾ ਜੁੜੀ । ਨਤੀਜਾ ਇਹ ਹੋਇਆ ਕਿ ਸਾਰੀ ਉਮਰ ਲਈ ਸੋਭਾ ਸਿੰਘ ਦੀ ਲੱਤ ਵਿਚ ਕੱਜ ਪੈ ਗਿਆ ।
ਉਹ ਆਖਦੇ ਸਨ, “ਮੈਂ ਆਪਣੇ ਲੰਙੜੇਪਨ ਦੀ ਪਰਵਾਹ ਨਹੀਂ ਕਰਦਾ। ਲਾਰਡ ਬਾਇਰਨ ਵੀ ਤਾਂ ਲੰਙ ਮਾਰ ਕੇ ਤੁਰਦਾ ਸੀ । ਉਸ ਸਮੇਂ ਲੰਡਨ ਵਿਚ ਲਾਰਡ ਬਾਇਰਨ ਦੀ ਰੀਸੀ ਜ਼ਰਾ ਕੁ ਲੰਙ ਮਾਰ ਕੇ ਤੁਰਨ ਦਾ ਫ਼ੈਸ਼ਨ ਚਲ ਪਿਆ ਸੀ । ਲੰਙ ਮਾਰਨ ਦੇ ਬਾਵਜੂਦ ਮੈਂ ਫ਼ੌਜ ਦੇ ਸਰੀਰਕ ਟੈਸਟ ਪਾਸ ਕੀਤੇ ਤੇ ਅੱਧੀ ਦੁਨੀਆਂ ਗਾਹ ਮਾਰੀ । ਹੁਣ ਮੈਂ ਬੁੱਢਾ ਹੋ ਗਿਆ ਹਾਂ । ਮਾਸ ਸੁੰਗੜ ਗਿਆ ਹੈ ਤੇ ਪੈਰ ਦੀ ਹੱਡੀ ਬਾਹਰ ਨੂੰ ਵੱਧ ਗਈ ਹੈ । ਮੇਰੇ ਪੈਰ ਦੀ ਸ਼ਕਲ ਵਿਗੜ ਗਈ ਹੈ । ਹੁਣ ਮੈਨੂੰ ਮਦਦ ਦੀ ਲੋੜ ਹੈ ।”
ਸੋਭਾ ਸਿੰਘ ਛੇਵੀਂ ਜਮਾਤ ਤੀਕ ਆਪਣੇ ਪਿੰਡ ਦੇ ਸਕੂਲ ਵਿਚ ਪੜ੍ਹੇ । ਫਿਰ ਉਹ ਅੰਮ੍ਰਿਤਸਰ ਆ ਗਏ ਤੇ ਕਈ ਸਾਲ ਆਪਣੀ ਵੱਡੀ ਭੈਣ ਕੋਲ ਰਹੇ । ਉਨ੍ਹਾਂ ਨੇ ਗਲੀਆਂ-ਮੁਹੱਲਿਆਂ ਤੇ ਬਾਜ਼ਾਰਾਂ ਦੇ ਜੀਵਨ-ਗਿਆਨ ਨੂੰ ਆਪਣੇ ਅੰਦਰ ਰਮਾਇਆ ਅਤੇ ਇਸ ਸ਼ਹਿਰ ਦਾ ਧਾਰਮਕ ਵਾਤਾਵਰਣ ਗ੍ਰਹਿਣ ਕੀਤਾ। ਉਹ ਫਿਤਰਤਨ ਕਟਾਖ਼ਸ਼ ਤੇ ਹਾਜ਼ਰ ਜੁਆਬੀ ਵਿਚ ਮਾਹਿਰ ਸਨ । ਉਨ੍ਹਾਂ ਦੀ ਤਬੀਅਤ ਹਮੇਸ਼ਾ ਸਰੀਰਕ ਰੂਪ ਨੂੰ ਪਿਆਰ ਕਰਦੀ ਸੀ, ਪਰ ਇਹ ਸਭ ਕੁਝ ਅਤਿ ਸੂਖ਼ਮ ਤੇ ਸੰਵੇਦਨਸ਼ੀਲ ਸੀ ।
1919 ਵਿਚ ਉਹ ਡਰਾਫ਼ਟਸਮੈਨ ਦੇ ਤੌਰ ‘ਤੇ ਬਗਦਾਦ ਗਏ । ਉਥੇ ਉਹ ਬਹੁਤ ਸਾਰੇ ਅੰਗਰੇਜ਼ਾਂ ਨੂੰ ਮਿਲੇ ਜਿਨ੍ਹਾਂ ਤੋਂ ਉਨ੍ਹਾਂ ਨੇ ਚਿੱਤਰ ਕਲਾ ਦੇ ਰੂਪ, ਪਰਿਲੇਖ-ਚਿੱਤਰ ਤੇ ਰੇਖਾਵਾਂ ਦੇ ਨਿਯਮ ਗ੍ਰਹਿਣ ਕੀਤੇ । ਕਈ ਮਸ਼ਹੂਰ ਯੂਰਪੀਨ ਚਿੱਤਰਕਾਰਾਂ ਦੀਆਂ ਪੇਂਟਿੰਗਜ਼ ਉਤੇ ਕਿਤਾਬਾਂ ਪੜ੍ਹੀਆਂ ਤੇ ਆਪਣੀ ਕਲਾ ਨੂੰ ਪੁਖ਼ਤਾ ਕੀਤਾ ।
ਵਾਪਸ ਆ ਕੇ ਉਹ ਕੁਝ ਸਮੇਂ ਲਈ ਅੰਮ੍ਰਿਤਸਰ ਰਹੇ ਜਿਥੇ ਉਨ੍ਹਾਂ ਦੇ ਬਚਪਨ ਦੇ ਦੋਸਤ ਨਾਨਕ ਸਿੰਘ ਨਾਵਲਿਸਟ ਨਾਲ ਡੂੰਘਾ ਸੰਪਰਕ ਹੋਇਆ । ਫਿਰ ਉਹ ਲਾਹੌਰ ਚਲੇ ਗਏ । ਉਥੇ ਉਨ੍ਹਾਂ ਨੇ ਆਪਣਾ ਸਟੂਡੀਓ ਸਥਾਪਿਤ ਕੀਤਾ ਤੇ ਕੰਮ ਕਰਨ ਲੱਗੇ । ਰੇਖਾ, ਰੂਪ ਅਤੇ ਅੰਗਰੇਜ਼ੀ, ਉਰਦੂ, ਹਿੰਦੀ ਤੇ ਪੰਜਾਬੀ ਵਿਚ ਉਨ੍ਹਾਂ ਨੇ ਕਲਾਤਮਕ ਖੁਸ਼ਨਵੀਸੀ ਵਾਲੇ ਉੱਤਮ ਡੀਜ਼ਾਇਨ ਬਣਾਏ । ਉਹ ਉਸ ਸਮੇਂ ਦੇ ਮਸ਼ਹੂਰ ਕਮਰਸ਼ੀਅਲ ਆਰਟਿਸਟ ਮੰਨੇ ਜਾਣ ਲੱਗੇ ।
ਉਨ੍ਹਾਂ ਨੇ ਕਿਤਾਬਾਂ ਦੇ ਜੈਕਟ-ਕਵਰ ਬਣਾਏ ਅਤੇ ਰੇਲਵੇ ਤੇ ਡਾਕ-ਤਾਰ ਵਿਭਾਗ ਲਈ ਕੁਝ ਅਤਿ ਪ੍ਰਭਾਵਕਾਰੀ ਪੋਸਟਰ ਤਿਆਰ ਕੀਤੇ । ਇਹਨਾਂ ਵਿਚੋਂ ਮਸ਼ਹੂਰ ਇਹ ਹਨ : ਡਾਕ ਦਾ ਥੈਲਾ ਚੁੱਕੀ ਊਠ ਉਤੇ ਚੜ੍ਹਿਆ ਹੋਇਆ ਡਾਕੀਆ, ਲਾਲ ਰੰਗ ਦੇ ਲੈਟਰ-ਬਕਸ ਵਿਚ ਚਿੱਠੀਆਂ ਤੇ ਪਾਰਸਲ ਕੱਢਦਾ ਹੋਇਆ ਡਾਕੀਆ, ਇਕ ਲਿਫ਼ਾਫ਼ੇ ਉਤੇ ਉਰਦੂ ਵਿਚ ਪਤਾ ਲਿਖਿਆ ਹੋਇਆ ਸੀ : ‘ਬ-ਖ਼ਿਦਮਤ ਨਾਨਕ ਸਿੰਘ ਕਵੀਸ਼ਰ, ਕਟੜਾ ਜੈਮਲ ਸਿੰਘ, ਅੰਮ੍ਰਿਤਸਰ ।’ ਪ੍ਰਸਿੱਧ ਕਹਾਣੀਕਾਰ ਪੰਡਿਤ ਸੁਦਰਸ਼ਨ ਦੇ ਸੰਪਾਦਤ ਕੀਤੇ ਉਰਦੂ ਦੇ ਰਸਾਲੇ ‘ਚੰਦਨ’ ਦਾ ਕਵਰ ਵੀ ਸੋਭਾ ਸਿੰਘ ਨੇ ਬਣਾਇਆ। ਹੋਰ ਬਹੁਤ ਸਾਰੇ ਸਾਹਿਤ ਤੇ ਕਲਾ ਨਾਲ ਸੰਬੰਧਿਤ ਰਸਾਲਿਆਂ ਦੇ ਡੀਜ਼ਾਇਨ ਤੇ ਚਿੱਤਰ ਵੀ ਉਨ੍ਹਾਂ ਨੇ ਤਿਆਰ ਕੀਤੇ ।
ਚੰਗੇਰੇ ਭਵਿੱਖ ਦੀ ਆਸ ਵਿਚ ਉਹ ਦਿੱਲੀ ਚਲੇ ਗਏ । 1937 ਵਿਚ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਹਰਮਨ ਪਿਆਰੀ ਤਸਵੀਰ ਬਣਾਈ ‘ਨਾਮ ਖੁਮਾਰੀ ਨਾਨਕਾ’ । ਇਸ ਵਿਚ ਗੁਰੂ ਨਾਨਕ ਪੀਲਾ ਚੋਗਾ ਪਾਈ, ਰੱਬੀ ਸਰੂਰ ਵਿਚ ਅੱਖਾਂ ਮੀਟੀ ਬੈਠੇ ਹਨ । ਸਿਰ ਉਤੇ ਸੰਤਾਂ ਵਰਗੀ ਦਸਤਾਰ ‘ਤੇ ਹੱਥ ਵਿਚ ਮਾਲਾ । ਸੋਭਾ ਸਿੰਘ ਨੇ ਇਹ ਪੇਂਟਿੰਗ ਇਕ ਪਬਲਿਸ਼ਰ ਨੂੰ ਉੱਕੇ-ਪੁੱਕੇ ਮੁੱਲ ਉਤੇ ਵੇਚ ਦਿੱਤੀ। ਪਬਲਿਸ਼ਰ ਨੇ ਇਸ ਦੀਆਂ ਲੱਖਾਂ ਕਾਪੀਆਂ ਵੇਚ ਕੇ ਬਹੁਤ ਮੁਨਾਫ਼ਾ ਖੱਟਿਆ ।
ਉਹਨੀਂ ਦਿਨੀਂ ਹੀ ਸੋਭਾ ਸਿੰਘ ਨੇ ‘ਸੋਹਣੀ ਮਹੀਂਵਾਲ’ ਬਣਾਈ ਜੋ ਉਨ੍ਹਾਂ ਦੀ ਮਸ਼ਹੂਰ ਪੇਂਟਿੰਗ ਹੈ।
ਗੁਰਬਖ਼ਸ਼ ਸਿੰਘ ਨੇ 1942 ਵਿਚ ਉਨ੍ਹਾਂ ਨੂੰ ਸੱਦਾ ਭੇਜਿਆ ਕਿ ਉਹ ਪ੍ਰੀਤ ਨਗਰ ਆ ਕੇ ਦੇਖਣ। ਗੁਰਬਖ਼ਸ਼ ਸਿੰਘ ਨੇ ਇਸ ਕਲਚਰਲ ਕਾਲੋਨੀ ਨੂੰ ਬੰਨ੍ਹਿਆ ਤੇ ਇਹ ਲੇਖਕਾਂ, ਪੇਂਟਰਾਂ, ਕਵੀਆਂ ਤੇ ਸਭਿਆਚਾਰਕ ਹਸਤੀਆਂ ਦਾ ਕੇਂਦਰ ਬਣ ਗਈ । ਸੋਭਾ ਸਿੰਘ 1943 ਦੇ ਕਰੀਬ ਇਥੇ ਆ ਕੇ ਰਹਿਣ ਲੱਗੇ ਤੇ ਉਨ੍ਹਾਂ ਨੇ ਆਪਣਾ ਸਟੂਡੀਓ ਖੋਲ੍ਹਿਆ ਜੋ ਨੌਜੁਆਨ ਲੇਖਕਾਂ, ਕਲਾ-ਪ੍ਰੇਮੀ ਕੁੜੀਆਂ ਤੇ ਦਰਸ਼ਕਾਂ ਦਾ ਯਾਤਰਾ ਸਥਾਨ ਬਣ ਗਿਆ ।
ਇਥੇ ਉਨ੍ਹਾਂ ਨੇ ਬਹੁਤ ਸਾਰੇ ਦਿਲਚਸਪ ਜਲ-ਚਿੱਤਰ ਬਣਾਏ : ‘ਤਿੰਨ ਸਤੰਬਰ’-ਇਸ ਵਿਚ ਹਜ਼ਰਤ ਈਸਾ ਮੋਢੇ ਉਤੇ ਭਾਰੀ ਸਲੀਬ ਚੁੱਕੀ ਇਸ ਦੇ ਬੋਝ ਥੱਲੇ ਝੁਕਿਆ, ਸਿਰ ਨੀਵਾਂ ਕਰੀ, ਤੁਰਿਆ ਜਾਂਦਾ ਹੈ । ਇਸ ਪੇਂਟਿੰਗ ਦਾ ਇਹ ਨਾਂ ਇਸ ਕਰਕੇ ਰਖਿਆ ਸੀ ਕਿਉਂਕਿ ਤਿੰਨ ਸਤੰਬਰ ਨੂੰ ਦੂਜਾ ਮਹਾਂਯੁਧ ਸ਼ੁਰੂ ਹੋਇਆ ਸੀ ਅਤੇ ਮਨੁੱਖਤਾ ਨੂੰ ਇਕ ਵਾਰ ਜ਼ੁਲਮ ਦੀ ਸਲੀਬ ਚੁੱਕਣੀ ਪਈ ਸੀ । ਇਕ ਹੋਰ ਵਿਅੰਗਮਈ ਚਿੱਤਰ ਸੀ : ‘ਜਿੰਨਾ ਵੱਡਾ ਅਪਾਹਜ ਓਨਾ ਹੀ ਬਹੁਤਾ ਕਾਮਯਾਬ’ । ਇਸ ਵਿਚ ਤਰ੍ਹਾਂ ਤਰ੍ਹਾਂ ਦੇ ਮੰਗਤਿਆਂ ਨੂੰ ਦਰਸਾਇਆ ਸੀ । ਕੋਈ ਅੰਨ੍ਹਾ, ਕੋਈ ਕੁੱਬਾ, ਕੋਈ ਲੰਙੜਾ । ਸਾਡੇ ਸਮਾਜ ਵਿਚ ਅਪਾਹਜ ਤੇ ਮੰਗਤੇ ਆਪਸ ਵਿਚ ਇਕ ਦੂਜੇ ਨੂੰ ਮਾਤ ਕਰਨ ਦੀ ਜਦੋ-ਜਹਿਦ ਕਰਦੇ ਹਨ । ਜਿਸ ਮੰਗਤੇ ਦੀਆਂ ਦੋਵੇਂ ਟੰਗਾਂ ਟੁੱਟੀਆਂ ਹੋਣ, ਉਹ ਉਸ ਮੰਗਤੇ ਤੋਂ ਵਧੇਰੇ ਕਾਮਯਾਬ ਹੋਵੇਗਾ ਜਿਸ ਦੀ ਸਿਰਫ ਇਕ ਲੱਤ ਟੁੱਟੀ ਹੈ । ਸੋਭਾ ਸਿੰਘ ਨੇ ਡਾਰਵਿਨ ਦੇ ਸਿਧਾਂਤ ਦੀ ਖਿੱਲੀ ਉਡਾਈ ਸੀ । ਇਸ ਨੂੰ ਪੁੱਠਿਆਂ ਕਰ ਕੇ ਚੁਭਵੀਂ ਸਮਾਜਿਕ ਟਿੱਪਣੀ ਦਿੱਤੀ ਸੀ । ਇਹ ਦਰਸ਼ਨੀ ਕਲਾ ਵਿਚ ਬਲੈਕ ਹਿਊਮਰ ਦੀ ਮਿਸਾਲ ਸੀ ।
ਇਸ ਸਮੇਂ ਦੀ ਇਕ ਹੋਰ ਮਸ਼ਹੂਰ ਪੇਂਟਿਗਜ਼ ਸੀ: ‘ਅੰਤਿਮ ਓਟ’ । ਇਕ ਆਦਮੀ ਸਿਮਰਨੀ ਫੜੀ, ਡੂੰਘੇ ਚਿੰਤਨ ਵਿਚ ਬੈਠਾ ਹੈ । ਪਿਛੋਕੜ ਵਿਚ ਊਸ਼ਾ ਦੀ ਲਾਲੀ ਵਿਚ ਇਕ ਬੱਚਾ ਖੇਡ ਰਿਹਾ ਹੈ । ਮਨੁੱਖ ਦੇ ਵਿਗਸਣ ਦੇ ਭਿੰਨ-ਭਿੰਨ ਪੜਾਅ ਦਿਖਾਏ ਗਏ ਹਨ । ਕਿਵੇਂ ਉਹ ਮਿੱਤਰਾਂ ਦੀ ਦੋਸਤੀ, ਸੰਭੋਗ, ਸ਼ਰਾਬ ਤੇ ਲਾਲਸਾ ਵਿਚ ਡੁੱਬਿਆ ਹੋਇਆ ਅਖ਼ੀਰ ਤਸਬੀਹ ਫੜ ਲੈਂਦਾ ਹੈ । ਇਹ ਸਭ ਕੁਝ ਇਕ ਪ੍ਰਕਾਰ ਦੀ ਖੇਡ ਹੈ, ਇਕ ਪ੍ਰਕਾਰ ਦੀ ‘ਓਟ’, ਜੀਵਨ ਦੇ ਸੱਚ ਤੋਂ ਬਚਣ ਦੇ ਸਾਧਨ ।
ਇਹ ਸਦ੍ਰਿਸ਼ਮੂਲਕ ਪੇਂਟਿੰਗਜ਼ ਮਨੁੱਖ ਦੇ ਚਲਾਇਮਾਨ ਭੂਤ ਦੀਆਂ ਮੂਰਤਾਂ ਹਨ, ਰੰਗਾਂ ਦੇ ਯਥਾਰਥਕ ਚਿੱਤਰ, ਜਿਵੇਂ ਕਿਸੇ ਫ਼ਿਲਮ ਵਿਚ ਸੁਪਨਿਆਂ ਦਾ ਨਿਰੰਤਰ ਕ੍ਰਮ ਹੋਵੇ । ਸੋਭਾ ਸਿੰਘ ਨੇ ਮੈਨੂੰ ਦੱਸਿਆ, “ਅਸੀਂ ਸਾਰੀ ਜ਼ਿੰਦਗੀ ਬਸਾਖੀਆਂ ‘ਤੇ ਨਹੀਂ ਤੁਰ ਸਕਦੇ । ਅਸੀਂ ਜ਼ਿੰਦਗੀ ਨੂੰ ਚੰਬੜੇ ਰਹਿਣ ਲਈ ਓਟਾਂ ਦੇ ਬਹਾਨੇ ਤੇ ਬਿੰਬ ਲੱਭਦੇ ਹਾਂ । ਜਿਸ ਰੱਬ ਦਾ ਅਸੀਂ ਤਸੱਵਰ ਕਰਦੇ ਹਾਂ, ਉਹ ਵੀ ਥਾਣੇਦਾਰ ਵਾਂਗ ਹੈ । ਉਹ ਸਾਡੇ ‘ਤੇ ਨਜ਼ਰ ਰੱਖਦਾ ਹੈ, ਸਾਨੂੰ ਤਾੜਦਾ ਹੈ ਤੇ ਡਰਾਉਂਦਾ ਹੈ । ਸਭਨਾਂ ਦੇ ਵੱਖਰੇ-ਵੱਖਰੇ ਰੱਬ ਹਨ। ਅਸੀਂ ਉਸ ਨੂੰ ਸਰਬ ਸਮਰੱਥ ਤੇ ਸਰਬ ਵਿਆਪਕ ਨਹੀਂ ਚਿਤਵਦੇ…ਸਾਨੂੰ ਚਾਹੀਦਾ ਹੈ ਆਪਣੀਆਂ ਲੱਤਾਂ ਦੀ ਮਾਲਿਸ਼ ਕਰਕੇ ਉਹਨਾਂ ਨੂੰ ਤਕੜਾ ਬਣਾਈਏ । ਤੁਰਨ ਲੱਗੇ ਮਜ਼ਬੂਤ ਲੱਤਾਂ ਦੀ ਲੋੜ ਹੈ, ਬਸਾਖੀਆਂ ਨਹੀਂ ਲੱਭਦੇ ਫਿਰਨਾ ਚਾਹੀਦਾ ਸਾਨੂੰ ਆਪਣੇ ਆਪ ‘ਤੇ ਭਰੋਸਾ ਹੋਣਾ ਚਾਹੀਦਾ ਹੈ, ਆਤਮ ਵਿਸ਼ਵਾਸ ।”
ਆਤਮ ਵਿਸ਼ਵਾਸ ਦੀ ਇਹ ਧਾਰਣਾ ਸੋਭਾ ਸਿੰਘ ਦੇ ਸਮੁੱਚੇ ਜੀਵਨ ਦਾ ਵਿਸ਼ਾ ਰਹੀ ਹੈ । ਉਨ੍ਹਾਂ ਨੇ ਆਖਿਆ, “ਮੈਂ ਚਿੱਤਰ ਬਣਾਉਣ ਲੱਗਿਆ ਮਾਡਲ ਵਰਤਦਾ ਹਾਂ ਪਰ ਇਹ ਸਿਰਫ਼ ਕਲਾਤਮਿਕ ਉਡਾਰੀ ਲਈ ਇਕ ਇਸ਼ਾਰਾ ਹੀ ਹੈ ਇਹਨਾਂ ਚਿਤਰਾਂ ਵਿਚ ਮੈਂ ਖੂਬਸੂਰਤੀ, ਰੰਗ, ਸ਼ਿੱਦਤ ਤੇ ਜਜ਼ਬਾ ਅੰਦਰੋਂ ਭਰਦਾ ਹਾਂ । ਮੇਰੀ ਕਲਪਨਾ ਇਹਨਾਂ ਵਿਚ ਕੋਈ ਡੂੰਘਾ ਸੱਚ ਭਰ ਦੇਂਦੀ ਹੈ । ਇਕ ਮਸ਼ਹੂਰ ਇਟੈਲੀਅਨ ਪੇਂਟਰ ਨੇ ਕੁਆਰੀ ਮਰੀਅਮ ਦੀ ਪੇਂਟਿੰਗ ਬਣਾਈ । ਲੋਕ ਇਸ ਦੀ ਖੂਬਸੂਰਤੀ ਦੇਖ ਕੇ ਠਠੰਬਰ ਗਏ ਤੇ ਪੁੱਛਿਆ, ‘ਮਰੀਅਮ ਦੀ ਮਾਡਲ ਕਿਹੜੀ ਕੁੜੀ ਹੈ” ? ਉਸ ਨੇ ਆਪਣੀ ਕੋਝੀ ਮੋਟੀ ਨੌਕਰਾਣੀ ਵੱਲ ਇਸ਼ਾਰਾ ਕੀਤਾ ਜੋ ਸਿਲਵੱਟੇ ਉਤੇ ਉਸ ਲਈ ਰੰਗ ਪੀਂਹਦੀ ਹੁੰਦੀ ਸੀ । ਇਹੀ ਉਸ ਦੀ ਖੂਬਸੂਰਤ ਮਰੀਅਮ ਸੀ । ਮੇਰੇ ਮਾਡਲ ਵੀ ਆਮ ਲੋਕ, ਦਰਖ਼ਤ, ਪਸ਼ੂ ਤੇ ਪਾਣੀ ਭਰਦੀਆਂ ਗੁਜਰੀਆਂ ਤੇ ਪਿੰਡ ਦੇ ਕਿਸਾਨ ਤੇ ਮੁਟਿਆਰਾਂ ਹਨ । ਪਰ ਮੈਂ ਇਹਨਾਂ ਦੀ ਕਾਇਆ ਕਲਪ ਕਰ ਦੇਂਦਾ ਹਾਂ ।”
ਉਹਨੀਂ ਦਿਨੀਂ ਪ੍ਰੀਤ ਨਗਰ ਵਿਚ ਇਕ ਇੰਜੀਨੀਅਰ ਦੀ ਧੀ ਗਰਮੀਆਂ ਦੀਆਂ ਛੁੱਟੀਆਂ ਕੱਟਣ ਲਈ ਉਥੇ ਆਈ । ਉਹ ਸੋਭਾ ਸਿੰਘ ਦਾ ਸਟੂਡੀਓ ਵੇਖਣ ਗਈ ਤੇ ਉਸ ਨੂੰ ਉਨ੍ਹਾਂ ਦੇ ਚਿਤਰ ਚੰਗੇ ਲੱਗੇ । ਸੋਭਾ ਸਿੰਘ ਨੇ ਉਸ ਦਾ ਪੋਰਟਰੇਟ ਬਨਾਉਣਾ ਮਨਜ਼ੂਰ ਕੀਤਾ । ਉਹ ਕਈ ਕਈ ਘੰਟੇ ਸਟੂਡੀਓ ਵਿਚ ਬੈਠੀ ਰਹਿੰਦੀ ਤੇ ਸੋਭਾ ਸਿੰਘ ਉਸਨੂੰ ਪੇਂਟ ਕਰਦੇ । ਜਦ ਇੰਜੀਨੀਅਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਲੋਹਾ ਲਾਖਾ ਹੋ ਗਿਆ । ਉਸ ਨੇ ਆਪਣੀ ਧੀ ਨੂੰ ਸਟੂਡੀਓ ਜਾਣ ਤੋਂ ਮਨ੍ਹਾਂ ਕਰ ਦਿੱਤਾ । ਸੋਭਾ ਸਿੰਘ ਨੇ ਪੋਰਟਰੇਟ ਤਿਆਰ ਕਰਕੇ ਉਸ ਦੇ ਘਰ ਭੇਜ ਦਿੱਤਾ । ਪੇਟਿੰਗ ਇਤਨੀ ਖੂਬਸੂਰਤ ਸੀ ਕਿ ਕੁੜੀ ਦਾ ਪਿਉ ਪੰਘਰ ਗਿਆ ਤੇ ਉਨ੍ਹਾਂ ਦੀ ਕਲਾ ਨੂੰ ਸਲਾਹੁਣ ਲੱਗਾ । ਪਰ ਸੋਭਾ ਸਿੰਘ ਨੇ ਇਸ ਪਿਛੋਂ ਕੁੜੀ ਨੂੰ ਤੇ ਉਸ ਦੇ ਬਾਪ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ।
ਮੈਂ ਆਪਣਾ ਨਾਟਕ ‘ਲੋਹਾ ਕੁੱਟ’ ਖ਼ਤਮ ਕੀਤਾ ਸੀ । ਮੈਂ ਸੋਭਾ ਸਿੰਘ ਨੂੰ ਆਖਿਆ ਕਿ ਉਹ ਪੁਸਤਕ ਦਾ ਜੈਕਟ ਕਵਰ ਬਣਾ ਦੇਣ । ਉਨ੍ਹਾਂ ਨੇ ਝੱਟ ਬੁਰਸ਼ ਚੁੱਕਿਆ, ਕਾਲੀ ਸਿਆਹੀ ਵਿਚ ਡੁਬੋਇਆ ਅਤੇ ਗੁਰਮੁਖੀ ਅੱਖਰਾਂ ਵਿਚ ‘ਲੋਹਾ ਕੁੱਟ’ ਤੇ ਮੇਰਾ ਨਾਂ ਲਿਖ ਮਾਰਿਆ । ‘ਲੋਹਾ ਕੁੱਟ’ ਮੋਟੇ ਅੱਖਰਾਂ ਵਿਚ ਖੁਣਿਆ ਹੋਇਆ ਸੀ-ਲੁਹਾਰ ਦੇ ਨਿੱਗਰ ਕਿੱਤੇ ਵਾਂਗ ।
ਸੋਭਾ ਸਿੰਘ ਨਾਲ ਗੱਪ-ਸ਼ਪ ਦੀਆਂ ਮਹਿਫ਼ਲਾਂ ਲਗਦੀਆਂ। ਇਹਨਾਂ ਮਹਿਫ਼ਲਾਂ ਵਿਚ ਅਸੀਂ ਪ੍ਰੀਤ ਨਗਰ ਦੇ ਚੌਧਰੀਆਂ ਦੀ ਸਮੀਖਿਆ ਕਰਦੇ । ਅਕਸਰ ਗੁਰਬਖ਼ਸ਼ ਸਿੰਘ ਦੇ ਫ਼ਲਸਫ਼ੇ, ਜੀਵਨ ਤੇ ਕਲਾਤਮਕ ਕੀਮਤਾਂ ਉਤੇ ਚੋਟ ਹੁੰਦੀ । ਸੋਭਾ ਸਿੰਘ ਨੂੰ ਸ਼ਿਕਾਇਤ ਸੀ ਕਿ ਗੁਰਬਖ਼ਸ਼ ਸਿੰਘ ਨੇ ਪ੍ਰੀਤ ਲੜੀ ਵਿਚ ਉਨ੍ਹਾਂ ਬਾਰੇ ਕੋਈ ਵੱਡਾ ਲੇਖ ਨਹੀਂ ਸੀ ਲਿਖਿਆ, ਨਾ ਹੀ ਉਨ੍ਹਾਂ ਦੀ ਚਿਤਰ ਕਲਾ ਦਾ ਚਰਚਾ ਕੀਤਾ ਸੀ । ਗੁਰਬਖ਼ਸ਼ ਸਿੰਘ ਸਮਝਦਾ ਸੀ ਕਿ ਉਸ ਨੇ ਸੋਭਾ ਸਿੰਘ ਨੂੰ ਪ੍ਰੀਤ ਨਗਰ ਵਿਚ ਸ਼ਰਨ ਦੇ ਕੇ ਉਨ੍ਹਾਂ ‘ਤੇ ਮਿਹਰਬਾਨੀ ਕੀਤੀ ਹੈ, ਸੋਭਾ ਸਿੰਘ ਸਮਝਦੇ ਸਨ ਕਿ ਦਿੱਲੀ ਤੇ ਲਾਹੌਰ ਵਰਗੇ ਕਲਚਰਲ ਸੈਂਟਰ ਛੱਡ ਕੇ ਜੇ ਉਹ ਦੂਰ-ਦੁਰਾਡੇ ਨਿੱਕੇ ਜਿਹੇ ਪ੍ਰੀਤ ਨਗਰ ਵਿਚ ਆ ਵਸੇ ਸਨ ਤਾਂ ਉਨ੍ਹਾਂ ਨੇ ਪ੍ਰੀਤ ਨਗਰ ਦੀ ਸ਼ਾਨ ਵਧਾਈ ਸੀ । ਗੁਰਬਖ਼ਸ਼ ਸਿੰਘ ਦੀ ਇਥੇ ਬਹੁਤ ਮਾਨਤਾ ਸੀ ਤੇ ਸਾਰੇ ਪ੍ਰੀਤ ਨਗਰੀਏ ਉਨ੍ਹਾਂ ਨੂੰ ਕਲਚਰਲ ਨੇਤਾ ਸਮਝਦੇ ਸਨ ਤੇ ਪੂਜਦੇ ਸਨ । ਗੁਰਬਖ਼ਸ਼ ਸਿੰਘ ਨੂੰ ਸੋਭਾ ਸਿੰਘ ਦਾ ਸਟੂਡੀਓ ਬਗਾਵਤ ਦਾ ਡੇਰਾ ਜਾਪਿਆ । ਕੁਝ ਮਹੀਨਿਆਂ ਪਿਛੋਂ ਦੋਹਾਂ ਵਿਚ ਤਕਰਾਰ ਹੋ ਗਿਆ । ਸੋਭਾ ਸਿੰਘ ਨੇ ਪ੍ਰੀਤ ਨਗਰ ਛੱਡ ਦਿੱਤਾ ।
ਉਹ ਲਾਹੌਰ ਚਲੇ ਗਏ । ਉਨ੍ਹਾਂ ਕੋਲ ਬੇਸ਼ੁਮਾਰ ਪੇਂਟਿੰਗਜ਼ ਸਨ ਤੇ ਉਹਨਾਂ ਨੂੰ ਥਾਂ-ਥਾਂ ਚੁੱਕੀ ਫਿਰਨਾ ਮੁਸ਼ਕਿਲ ਸ਼ੀ । ਸ਼ੇਖਪੂਰੇ ਵਿਚ ਉਨ੍ਹਾਂ ਦੇ ਦੋਸਤ ਦਾ ਇਕ ਰਿਸ਼ਤੇਦਾਰ ਸੀ, ਜਿਸ ਨੂੰ ਸੋਭਾ ਸਿੰਘ ਦੀ ਕਲਾ ਨਾਲ ਇਸ਼ਕ ਸੀ । ਉਸ ਨੇ ਆਖਿਆ ਕਿ ਸੋਭਾ ਸਿੰਘ ਇਹਨਾਂ ਪੇਂਟਿੰਗਾਂ ਨੂੰ ਉਸ ਕੋਲ ਛੱਡ ਦੇਣ ਤੇ ਉਹ ਇਹਨਾਂ ਨੂੰ ਸੰਭਾਲ ਕੇ ਰਖੇਗਾ। ਪਰ ਜਦੋਂ ਦੇਸ਼ ਦੀ ਵੰਡ ਹੋਈ ਤਾਂ ਇਹ ਸਾਰੀਆਂ ਪੇਂਟਿੰਗਜ਼ ਪਾਕਿਸਤਾਨ ਰਹਿ ਗਈਆਂ।
ਉਨ੍ਹਾਂ ਦੀਆਂ ਗੁਆਚੀਆਂ ਪੇਂਟਿੰਗਜ਼ ਵਿਚੋਂ ‘ਸੋਹਣੀ ਮਹੀਂਵਾਲ’ ਵੀ ਸ਼ੇਖੂਪੁਰੇ ਹੀ ਰਹਿ ਗਈ ਸੀ । ਪਰ ਸੋਭਾ ਸਿੰਘ ਨੂੰ ਇਸ ਪੇਂਟਿੰਗ ਦੀ ਇਕ-ਇਕ ਤਫਸੀਲ ਯਾਦ ਸੀ । ਉਨ੍ਹਾਂ ਨੇ ਬੁਰਸ਼ ਦੀ ਕਰਾਮਾਤ ਨਾਲ ਇਸ ਨੂੰ ਨਵੇਂ ਸਿਰਿਉਂ ਚਿਤਰਿਆ ਅਤੇ ਆਪਣੇ ਸਰਪ੍ਰਸਤ ਡਾ. ਐਮ. ਐਸ. ਰੰਧਾਵਾ ਦੀ ਸਹਾਇਤਾ ਨਾਲ ਇਸ ਨੂੰ ਵੇਚਿਆ ।
ਉਹ ਕੰਮ ਦੀ ਭਾਲ ਵਿਚ ਬੰਬਈ ਚਲੇ ਗਏ । ਕੁਝ ਮਹੀਨੇ ਉਥੇ ਰਹੇ ਅਤੇ ਫ਼ਿਲਮਾਂ ਦੇ ਫੱਟੇ ਤੇ ਇਸ਼ਤਿਹਾਰ ਪੇਂਟ ਕਰਨ ਦਾ ਕੰਮ ਲੱਭ ਲਿਆ । ਇਤਨੇ ਵਿਚ ਉਨ੍ਹਾਂ ਨੂੰ ਡਾ. ਐਮ. ਐਸ. ਰੰਧਾਵਾ ਦੀ ਚਿੱਠੀ ਮਿਲੀ ਕਿ ਉਹ ਝਟ ਪਟ ਪੰਜਾਬ ਆ ਜਾਣ ਕਿਉਂਕਿ ਉਥੇ ਉਨ੍ਹਾਂ ਲਈ ਬਹੁਤ ਕੰਮ ਸੀ। ਸੋਭਾ ਸਿੰਘ ਆਪਣੇ ਦੋਸਤਾਂ ਤੇ ਸ਼ਾਗਿਰਦਾਂ ਨੂੰ ਦੱਸੇ ਬਿਨਾਂ ਗੱਡੀ ਵਿਚ ਬੈਠੇ ਤੇ ਪੰਜਾਬ ਆ ਗਏ ।
ਉਨ੍ਹਾਂ ਨੇ ਫਿਰ ‘ਸੋਹਣੀ ਮਹੀਂਵਾਲ’ ਪੇਂਟ ਕੀਤੀ-ਤੀਜੀ ਵਾਰ ਤੇ ਇਸ ਨੂੰ ਡਾ. ਕਰਨ ਸਿੰਘ ਕੋਲ ਵੇਚ ਦਿੱਤਾ । ਛਾਪਣ ਦੇ ਅਧਿਕਾਰ ਆਪਣੇ ਕੋਲ ਹੀ ਰੱਖੇ । ਇਹ ਪੇਂਟਿੰਗ ਉਨ੍ਹਾਂ ਨੇ ਖੁਦ ਛਪਵਾਈ ਅਤੇ ਲੱਖਾਂ ਦੀ ਗਿਣਤੀ ਵਿਚ ਵੇਚੀ। ਭਾਰਤ ਤੇ ਵਿਦੇਸ਼ ਵਿਚ ਸੋਹਣੀ ਮਹੀਂਵਾਲ ਦੀ ਪੇਂਟਿੰਗ ਪੰਜਾਬੀ ਘਰਾਂ ਦੀ ਸੋਭਾ ਬਣ ਗਈ ।
ਪੰਜਾਬੀ ਰੰਗ-ਮੰਚ ਦੀ ਨੱਕੜਵਾਦੀ ਨੋਰ੍ਹਾ ਰਿਚਰਡਜ਼ ਅੰਦਰੇਟੇ ਤੋਂ ਪ੍ਰੀਤ ਨਗਰ ਆਉਂਦੀ ਹੁੰਦੀ ਸੀ । ਬਟਵਾਰੇ ਤੋਂ ਪਿਛੋਂ ਉਸ ਨੇ ਸੋਭਾ ਸਿੰਘ ਨੂੰ ਆਪਣੀ ਪਹਾੜੀ ਮਿਲਖ ਉਤੇ ਆ ਕੇ ਰਹਿਣ ਦਾ ਸੱਦਾ ਦਿੱਤਾ । ਉਹ ਅੰਦਰੇਟੇ ਚਲੇ ਗਏ, ਜਿਥੇ ਉਨ੍ਹਾਂ ਨੇ ਇਕ ਸੁਹਣਾ ਘਰ ਬਣਾਇਆ ਅਤੇ ਬਹੁਤ ਸਾਰੇ ਚਿਤਰ ਪੇਂਟ ਕੀਤੇ, ਜਿਨ੍ਹਾਂ ਵਿਚ ‘ਕਾਂਗੜੇ ਦੀ ਦੁਲਹਨ’, ‘ਗੱਦੀ ਔਰਤ’ ਤੇ ਸਿੱਖ ਗੁਰੂ ਸਾਹਿਬਾਨ ਦੇ ਚਿਤਰ ਸ਼ਾਮਿਲ ਹਨ ।
ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ ਸਰਪ੍ਰਸਤੀ ਹੇਠ ਟੈਗੋਰ ਸ਼ਤਾਬਦੀ ਸਮਾਰੋਹ ਦੀ ਕਲਚਰਲ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਕਲਾਕਾਰ, ਲੇਖਕ ਤੇ ਕਵੀ ਸ਼ਾਮਿਲ ਸਨ । ਸੋਭਾ ਸਿੰਘ ਵੀ ਇਸ ਮੀਟਿੰਗ ਵਿਚ ਮੌਜੂਦ ਸੀ । ਮੈਂ ਵੀ ਕਮੇਟੀ ਦਾ ਮੈਂਬਰ ਸਾਂ ।
ਮੀਟਿੰਗ ਵਿਚ ਬੈਠਿਆਂ ਸੋਭਾ ਸਿੰਘ ਦੇ ਮੱਥੇ ਉੱਤੇ ਤਿਊੜੀ ਸੀ ਤੇ ਅੱਖਾਂ ਵਿਚ ਗੁੱਸਾ । ਉਹ ਬੋਲੇ, “ਸਰਕਾਰ ਹਮੇਸ਼ਾ ਗ਼ਲਤ ਕਿਸਮ ਦੇ ਲੋਕਾਂ ਤੇ ਘਟੀਆ ਕਲਾਕਾਰਾਂ ਦੀ ਸਰਪ੍ਰਸਤੀ ਕਰਦੀ ਹੈ । ਚੰਗੇ ਕਲਾਕਾਰਾਂ ਦੀ ਇੱਜ਼ਤ ਉਹਨਾਂ ਦੀ ਮੌਤ ਪਿਛੋਂ ਹੀ ਹੁੰਦੀ ਹੈ । ਵਜ਼ੀਰਾਂ ਨੂੰ ਤਕਰੀਰਾਂ ਕਰਨ ਦਾ ਮੌਕਾ ਮਿਲ ਜਾਂਦਾ ਹੈ । ਚੰਗਾ ਆਰਟ ਉਦੋਂ ਪੈਦਾ ਹੁੰਦਾ ਹੈ ਜਦੋਂ ਆਰਟਿਸਟ ਮੁਸ਼ਕਿਲਾਂ ਵਿਚ ਦਿਨ ਕੱਟਦਾ ਹੈ । ਜਦ ਉਹ ਭੁੱਖਾ ਮਰਦਾ ਹੈ, ਉਦੋਂ ਹੀ ਚੰਗਾ ਰਚਦਾ ਹੈ । ਸਰਕਾਰ ਕਿਉਂ ਇਹਨਾਂ ਨੂੰ ਪੁਚ-ਪੁਚ ਕਰਦੀ ਹੈ ? ਬੇਹਤਰ ਹੈ ਇਹਨਾਂ ਨੂੰ ਜੇਲ੍ਹਾਂ ਵਿਚ ਬੰਦ ਕਰ ਦਿਉ । ਨੱਬੇ ਫ਼ੀ ਸਦੀ ਆਰਟਿਸਟ ਜੇਲ੍ਹ ਦਾ ਨਾਂ ਸੁਣਦਿਆਂ ਹੀ ਦੌੜ ਜਾਣਗੇ । ਜਿਨ੍ਹਾਂ ਵਿਚ ਕੁਝ ਕਣੀ ਹੋਵੇਗੀ, ਉਹ ਆਪਣੇ ਆਪ ਨੂੰ ਆਰਟਿਸਟ ਕਹਿਣਗੇ ।”
ਲੋਕ ਸੋਭਾ ਸਿੰਘ ਦੀਆਂ ਟਿਪਣੀਆਂ ‘ਤੇ ਹੱਸੇ । ਸਾਰੇ ਸਮਝਦੇ ਸਨ ਕਿ ਉਹ ਮਜ਼ਾਕ ਕਰ ਰਹੇ ਹਨ ਪਰ ਸੋਭਾ ਸਿੰਘ ਨੂੰ ਉਸ ਮੀਟਿੰਗ ਵਿਚ ਆਏ ਕਲਾਕਾਰਾਂ ਤੇ ਸਾਹਿਤਕਾਰਾਂ ਉਤੇ ਗੁੱਸਾ ਸੀ । ਉਹ ਸਿਆਸਤਦਾਨਾਂ ਦੀ ਚਾਪਲੂਸੀ ਕਰ ਰਹੇ ਸਨ ਤੇ ਜ਼ਲੀਲ ਹੋ ਰਹੇ ਸਨ । ਉਨ੍ਹਾਂ ਨੇ ਆਖਿਆ, “ਮੇਹਰਬਾਨੀ ਕਰਕੇ ਮੈਨੂੰ ਕਾਰ ਵਿਚ ਆਉਣ ਦਾ ਟੀ. ਏ. ਦੇ ਦਿਉ । ਮੈਂ ਇਸ ਉਮਰ ਵਿਚ ਅੰਦਰੇਟੇ ਤੋਂ ਇਸ ਸਰਕਾਰੀ ਦਫ਼ਤਰ ਤੀਕ ਲੰਙ ਮਾਰਦਾ ਹੋਇਆ ਨਹੀਂ ਆ ਸਕਦਾ ।”
ਸੋਭਾ ਸਿੰਘ ਹਰ ਚੀਜ਼ ਉਤੇ ਟਕੋਰ ਲਾ ਸਕਦੇ ਸਨ । ਲੋਕਾਂ ‘ਤੇ, ਕਲਾਕਾਰਾਂ ‘ਤੇ ਅਤੇ ਆਪਣੇ ਆਪ ‘ਤੇ ਵੀ । ਜਦੋਂ ਉਨ੍ਹਾਂ ਦੀ ਬੀਵੀ ਦਾ ਦੇਹਾਂਤ ਹੋਇਆ ਤਾਂ ਇਕ ਦੋਸਤ ਅਫ਼ਸੋਸ ਕਰਨ ਗਿਆ। ਉਸ ਨੇ ਦੇਖਿਆ ਸੋਭਾ ਸਿੰਘ ਮਖ਼ਮਲੀ ਰਜ਼ਾਈ ਲਈ ਪਏ ਸਨ । ਖੱਦਰ ਦਾ ਅੰਦਰਸ ਉਪਰਲੇ ਪਾਸੇ ਤੇ ਮਖਮਲ ਵਾਲਾ ਪਾਸਾ ਹੇਠਾਂ । ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੇ ਰਜ਼ਾਈ ਪੁੱਠੀ ਕਿਉਂ ਲਈ ਹੋਈ ਹੈ ਤਾਂ ਉਨ੍ਹਾਂ ਨੇ ਜੁਆਬ ਦਿੱਤਾ, “ਮੇਰੀ ਬੀਵੀ ਨੇ ਮੈਨੂੰ ਕਦੇ ਮਖ਼ਮਲ ਵਾਲੇ ਪਾਸੇ ਨੂੰ ਛੂਹਣ ਨਹੀਂ ਸੀ ਦਿੱਤਾ ਮਤਾ ਕਿਤੇ ਮੈਲਾ ਹੋ ਜਾਵੇ । ਮੇਰੇ ਜਿਸਮ ਨੂੰ ਹਮੇਸ਼ਾ ਖੁਰਦਰਾ ਪਾਸਾ ਹੀ ਚੁਭਦਾ ਰਿਹਾ। ਹੁਣ ਮੈਨੂੰ ਕੋਈ ਰੋਕਣ ਵਾਲਾ ਨਹੀਂ । ਮਖ਼ਮਲ ਦਾ ਮਜ਼ਾ ਲੈ ਰਿਹਾ ਹਾਂ ।”
ਇਹ ਮਖੌਲ ਸੀ ਜਾਂ ਦਾਰਸ਼ਨਿਕ ਟਿੱਪਣੀ ?
ਮੇਰੇ ਨਾਲ ਲੰਮੀ ਗੱਲ-ਬਾਤ ਕਰਦਿਆਂ ਉਨ੍ਹਾਂ ਨੇ ਆਖਿਆ, “ਬੇਹਤਰ ਹੈ ਇਨਸਾਨ ਚੰਗਾ ਬਣੇ ਤੇ ਦੁਨੀਆਂ ਵਿਚ ਚਾਨਣ ਸੁੱਟੇ । ਆਰਟ ਬਹੁਤ ਵੱਡਾ ਹਥਿਆਰ ਹੈ । ਸੁਆਲ ਇਹ ਹੈ ਕਿ ਇਸ ਨੂੰ ਕੌਣ ਵਰਤਦਾ ਹੈ । ਇਹ ਕਿਸ ਦੇ ਹੱਥ ਵਿਚ ਹੈ । ਬੰਦੂਕ ਵੀ ਤਾਂ ਹਥਿਆਰ ਹੈ । ਨਿਆਣੇ ਦੇ ਹੱਥ ਵਿਚ ਬੰਦੂਕ ਫੜਾ ਦਿਓ ਤਾਂ ਉਹ ਆਪਣੇ ਆਪ ਨੂੰ ਮਾਰ ਲਵੇਗਾ ਜਾਂ ਫਿਰ ਤੁਹਾਨੂੰ ਗੋਲੀ ਮਾਰ ਦੇਵੇਗਾ। ਕਿਸੇ ਡਾਕੂ ਦੇ ਹੱਥ ਵਿਚ ਹੋਵੇ ਤਾਂ ਉਹ ਤੁਹਾਨੂੰ ਲੁੱਟੇਗਾ । ਕਿਸੇ ਸੰਤ ਦੇ ਹੱਥ ਵਿਚ ਹੋਵੇ ਤਾਂ ਉਹ ਤੁਹਾਡੀ ਰੱਖਿਆ ਕਰੇਗਾ । ਬੰਦੂਕ ਦਾ ਕੋਈ ਕਸੂਰ ਨਹੀਂ । ਸੁਆਲ ਹੈ ਕਿ ਇਸ ਦਾ ਇਸਤੇਮਾਲ ਕੌਣ ਕਰਦਾ ਹੈ ।”
ਉਹ ਹਮੇਸ਼ਾ ਮਨੁੱਖੀ ਹੋਣੀ ਨੂੰ ਬੇਹਤਰ ਬਣਾਉਣ ਦੀ ਕੋਸ਼ਿਸ਼ ਵਿਚ ਰਹੇ । ਉਹ ਆਖਦੇ, “ਆਰਟਿਸਟ ਦਾ ਫ਼ਰਜ਼ ਹੈ ਸੰਸਾਰ ਨੂੰ ਖੂਬਸੂਰਤ ਬਣਾਉਣਾ… ਵਧੇਰੇ ਜੀਊਣਯੋਗ, ਵਧੇਰੇ ਸਿਹਤਮੰਦ । ਅਸੀਂ ਸਕਾਈ ਸਕਰੇਪਰ ਬਣਾ ਲਏ ਹਨ, ਅਸਮਾਨ ਦੇ ਨੇੜੇ ਪਹੁੰਚ ਗਏ ਹਾਂ ਪਰ ਸਾਡਾ ਇਖ਼ਲਾਕ ਥੱਲੇ ਹੀ ਥੱਲੇ ਡਿਗਦਾ ਜਾਂਦਾ ਹੈ । ਅਸੀਂ ਟੈਕਨਾਲੋਜੀ ਨੂੰ ਜਿੱਤ ਲਿਆ ਹੈ ਪਰ ਆਪਣੀ ਆਤਮਾ ਖੋ ਬੈਠੇ ਹਾਂ । ਜੇ ਹਰ ਕੋਈ ਆਪਣਾ ਆਪਣਾ ਦੀਵਾ ਜਗਾਵੇ ਤਾਂ ਭਾਵੇਂ ਦੀਵੇ ਦਾ ਚਾਨਣਾ ਮਸਾਂ ਤਿੰਨ ਫੁੱਟ ਤੀਕ ਹੀ ਹੋਵੇਗਾ । ਪਰ ਇਸ ਨਾਲ ਸਾਰੀ ਦੁਨੀਆਂ ਰੌਸ਼ਨ ਹੋ ਉਠੇਗੀ । ਅਸੀਂ ਖ਼ੁਦਗਰਜ਼ ਹਾਂ, ਹੰਕਾਰ ਨਾਲ ਭਰੇ ਹੋਏ । ਅਸੀਂ ਦੂਜਿਆਂ ਨੂੰ ਭੰਡ ਕੇ ਆਪਣਾ ਨਾਂ ਚਮਕਾਉਣਾ ਚਾਹੁੰਦੇ ਹਾਂ । ਇਹੋ ਸਾਡੀ ਤਬਾਹੀ ਦਾ ਕਾਰਨ ਹੈ । ਅਸੀਂ ਸਮੁੱਚੀ ਚੰਗਿਆਈ ਵੱਲ ਧਿਆਨ ਨਹੀਂ ਕਰਦੇ, ਸਾਨੂੰ ਹਮੇਸ਼ਾ ਆਪਣੀ ਹਉਮੈ ਦਾ ਖ਼ਿਆਲ ਰਹਿੰਦਾ ਹੈ ਤੇ ਇਸ ਦੀ ਪੂਰਤੀ ਦਾ ।”
ਉਹ ਆਲੋਚਕਾਂ ਦੀ ਵੀ ਖ਼ਬਰ ਲੈਂਦੇ ਸੀ । ਉਹ ਆਖਦੇ, “ਸਾਡੀ ਕਲਾ ਦੀਆਂ ਕਸਵੱਟੀਆਂ ਹਨ-ਪ੍ਰਗਤੀਵਾਦੀ ਕਲਾ, ਆਧੁਨਿਕ ਕਲਾ, ਇਨਕਲਾਬੀ ਕਲਾ । ਇਹਨਾਂ ਵੰਡੀਆਂ ਨੇ ਕਲਾ ਨੂੰ ਤਬਾਹ ਕਰ ਦਿੱਤਾ ਹੈ । ਅਸੀਂ ਹਰ ਵੇਲੇ ਆਪਣੀਆਂ ਕਸਵੱਟੀਆਂ ਬਦਲ ਰਹੇ ਹਾਂ ।”
ਉਨ੍ਹਾਂ ਨੇ ਗੁਰੂ ਨਾਨਕ ਦੀ ਪੰਜ ਸੌ ਸਾਲਾ ਜਨਮ ਸ਼ਤਾਬਦੀ ਉਤੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਪੇਂਟਿੰਗ ਬਣਾਈ । ਇਸ ਚਿੱਤਰ ਵਿਚ ਗੁਰੂ ਨਾਨਕ ਦੇਵ ਦਸਤਾਰ ਸਜਾਈ ਆਸ਼ੀਰਵਾਦ ਦੇ ਰਹੇ ਹਨ ।
ਸਿੰਧੀ ਭਾਈ ਚੇਲਾ ਰਾਮ ਕੀਰਤਨੀਏ ਨੇ ਸੋਭਾ ਸਿੰਘ ਕੋਲ ਸ਼ਿਕਾਇਤ ਕੀਤੀ, “ਤੁਸੀਂ ਗੁਰੂ ਨਾਨਕ ਨੂੰ ਸਾਡੇ ਕੋਲੋਂ ਖੋਹ ਲਿਆ ਹੈ, ਇਹ ਪੇਂਟਿੰਗ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਬਣਾ ਕੇ ।”
ਸੋਭਾ ਸਿੰਘ ਨੇ ਜੁਆਬ ਦਿੱਤਾ, “ਗੁਰੂ ਨਾਨਕ ਨੂੰ ਕੋਈ ਕਿਵੇਂ ਖੋਹ ਸਕਦਾ ਹੈ ? ਉਹ ਤਾਂ ਸਭ ਦਾ ਸਾਂਝਾ ਹੈ ।”
ਭਾਈ ਚੇਲਾ ਰਾਮ ਨੇ ਆਖਿਆ, “ਤੁਸੀਂ ਗੁਰੂ ਮਹਾਰਾਜ ਨੂੰ ਹਮੇਸ਼ਾ ਦਸਤਾਰ ਹੀ ਬੰਨ੍ਹਾਈ ਹੈ । ਸਾਡੀ ਇੱਛਾ ਹੈ ਕਿ ਅਸੀਂ ਗੁਰੂ ਮਹਾਰਾਜ ਨੂੰ ਟੋਪੀ ਪਹਿਨੇ ਹੋਏ ਉਹਨਾਂ ਦੇ ਦਰਸ਼ਨ ਕਰੀਏ ।” ਸੋਭਾ ਸਿੰਘ ਹੱਸੇ, “ਤੁਸੀਂ ਦਸਤਾਰ ਤੇ ਟੋਪੀ ਦੇ ਫੇਰ ਵਿਚ ਪੈ ਗਏ। ਲਓ, ਮੈਂ ਤੁਹਾਡੇ ਲਈ ਗੁਰੂ ਮਹਾਰਾਜ ਨੂੰ ਸੇਹਲੀ ਟੋਪੀ ਪਹਿਨਾ ਦਿਆਂਗਾ ।” ਤੇ ਉਨ੍ਹਾਂ ਨੇ ਗੁਰੂ ਨੂੰ ਟੋਪੀ ਵਿਚ ਪੇਂਟ ਕਰ ਦਿੱਤਾ । ਅਸਲ ਵਿਚ ਇਹ ਤਿਬਤੀ ਟੋਪੀ ਸੀ । ਗੁਰੂ ਨਾਨਕ ਲਾਸਾ ਗਏ ਸਨ ਤੇ ਛੇ ਮਹੀਨੇ ਉਥੇ ਰਹੇ । ਇਹਨਾਂ ਨੂੰ ਸਰੋਪਾ ਭੇਟ ਕੀਤਾ ਗਿਆ । ਉਥੇ ਇਕ ਸਥਾਨਕ ਪੇਂਟਰ ਨੇ ਤਿਬਤੀ ਟੋਪੀ ਵਿਚ ਗੁਰੂ ਨਾਨਕ ਦੀ ਪੇਂਟਿੰਗ ਬਣਾਈ ਸੀ । ਸੋਭਾ ਸਿੰਘ ਨੂੰ ਉਥੋਂ ਹੀ ਪ੍ਰੇਰਨਾ ਮਿਲੀ ।”
ਭਾਈ ਚੇਲਾ ਰਾਮ ਖੁਸ਼ ਹੋ ਗਿਆ । ਪਰ ਕੁਝ ਕੱਟੜ ਪੰਥੀ ਨਾਰਾਜ਼ ਹੋ ਗਏ । ਸੋਭਾ ਸਿੰਘ ਆਖਣ ਲੱਗੇ, “ਜੇ ਕੁਝ ਲੋਕ ਗੁਰੂ ਨਾਨਕ ਦੀ ਪੂਜਾ ਕਰਨਾ ਚਾਹੁੰਦੇ ਹਨ ਤੇ ਉਹਨਾਂ ਤੋਂ ਪ੍ਰੇਰਿਤ ਹੋਣਾ ਚਾਹੁੰਦੇ ਹਨ, ਤਾਂ ਮੈਂ ਗੁਰੂ ਨਾਨਕ ਨੂੰ ਕੋਈ ਵੀ ਪਹਿਰਾਵਾ ਪਹਿਨਾ ਸਕਦਾ ਹਾਂ । ਕੀ ਫ਼ਰਕ ਪੈਂਦਾ ਹੈ ਇਸ ਨਾਲ । ਗੁਰੂ ਨਾਨਕ ਨੇ ਆਪਣੇ ਆਪ ਨੂੰ ਸਥਾਨਕ ਲੋਕਾਂ ਨਾਲ ਜੋੜਨ ਲਈ ਕਈ ਪ੍ਰਕਾਰ ਦੇ ਵਸਤਰ ਪਹਿਨੇ ਸਨ ।”
ਸੋਭਾ ਸਿੰਘ ਨੇ ਗੁਰੂ ਨਾਨਕ ਦੇਵ ਦਾ ਦ੍ਰਿਸ਼ਟੀ-ਮੂਲਕ ਸੰਕਲਪ ਦਿੱਤਾ ਹੈ । ਇਹ ਸੰਕਲਪ ਸਿੱਖਾਂ ਦੀਆਂ ਤਿੰਨ ਪੁਸ਼ਤਾਂ ਦੇ ਮਨਾਂ ਵਿਚ ਉਕਰਿਆ ਗਿਆ ਹੈ । ਇਹੋ ਚਿੱਤਰ ਗੁਰੂ ਨਾਨਕ ਦਾ ਸਥਾਈ ਤੇ ਪ੍ਰਮਾਣਿਕ ਬਿੰਬ ਬਣ ਗਿਆ ਹੈ । ਸੋਭਾ ਸਿੰਘ ਦੇ ਚਿੱਤਰ ਕੇਰਲਾ ਦੇ ਰਾਜਾ ਰਵੀ ਵਰਮਾ ਆਰਟਿਸਟ ਦੀ ਯਾਦ ਦਿਵਾਉਂਦੇ ਹਨ, ਜਿਸ ਨੇ ਇਸ ਸਦੀ ਦੇ ਆਰੰਭ ਵਿਚ ਭਗਵਾਨ ਕ੍ਰਿਸ਼ਨ ਤੇ ਹਿੰਦੂ ਦੇਵਤਿਆਂ ਦੇ ਰਾਂਗਲੇ ਚਿੱਤਰ ਬਣਾਏ ਤੇ ਇਹਨਾਂ ਤਸਵੀਰਾਂ ਤੇ ਕੈਲੰਡਰਾਂ ਨੂੰ ਸਾਰੇ ਭਾਰਤ ਵਿਚ ਮਕਬੂਲ ਕੀਤਾ । ਸੋਭਾ ਸਿੰਘ ਨੇ ਵੀ ਗੁਰੂ ਦਾ ਕਲਾਤਮਕ ਪ੍ਰਸਾਰਣ ਕੀਤਾ । ਉਨ੍ਹਾਂ ਨੇ ਪੰਜਾਬ ਦੇ ਇਸ਼ਕੀਆ ਕਿੱਸੇ ਵੀ ਚਿੱਤਰੇ । ਇਹਨਾਂ ਵਿਚੋਂ ‘ਹੀਰ ਰਾਂਝਾ’, ‘ਸੱਸੀ ਪੁੱਨੂੰ’, ‘ਮਿਰਜ਼ਾ ਸਾਹਿਬਾਂ’ ਤੇ ਜਗਤ ਪ੍ਰਸਿੱਧ ‘ਸੋਹਣੀ ਮਹੀਂਵਾਲ’ ਨੇ ਸੋਭਾ ਸਿੰਘ ਨੂੰ ਪੰਜਾਬ ਦਾ ਮਹਿਬੂਬ ਪੇਂਟਰ ਬਣਾ ਦਿੱਤਾ ।
ਇਕ ਧਾਰਮਿਕ ਸੰਸਥਾ ਨੇ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਬਣਾਉਣ ਲਈ ਆਖਿਆ ਅਤੇ ਦਸ ਹਜ਼ਾਰ ਰੁਪਏ ਦੀ ਪੇਸ਼ਕਸ਼ ਕੀਤੀ । ਇਹ ਪੇਸ਼ਕਸ਼ ਠੁਕਰਾਉਂਦਿਆਂ ਸੋਭਾ ਸਿੰਘ ਨੇ ਆਖਿਆ, “ਤੁਹਾਨੂੰ ਪੇਂਟਿੰਗ ਦੇ ਛਾਪਣ ਦਾ ਕੀ ਪਤਾ ? ਤੁਸੀਂ ਇਸ ਨੂੰ ਸਾਲਾਨਾ ਕੈਲੰਡਰਾਂ ਵਾਂਗ ਘਟੀਆ ਤਰੀਕੇ ਨਾਲ ਛਾਪੋਗੇ । ਸਸਤਾ ਕਾਗਜ਼, ਸਸਤੇ ਰੰਗ, ਸਸਤਾ ਪ੍ਰੈੱਸ । ਸਭ ਕੁਝ ਸਸਤਾ ਤੇ ਘਟੀਆ । ਇਹ ਦਸ ਹਜ਼ਾਰ ਰੁਪਿਆ ਆਪਣੀ ਗੋਲਕ ਵਿਚ ਰਖੋ । ਮੈਂ ਖੁਦ ਇਹ ਪੇਂਟਿੰਗ ਬਣਾਵਾਂਗਾ ਆਪਣੇ ਲਈ ਤੇ ਲੋਕਾਂ ਲਈ ।”
ਗੁਰੂ ਗੋਬਿੰਦ ਸਿੰਘ ਦੀ ਤਸਵੀਰ ਬਣਾਉਂਦਿਆਂ ਕਈ ਮਹੀਨੇ ਲਗ ਗਏ । ਉਨ੍ਹਾਂ ਨੇ ਇਸ ਦੇ ਸੰਕਲਪ, ਵਿਉਂਤ, ਬਾਰੀਕੀਆਂ ਤੇ ਰੰਗਾਂ ਉਤੇ ਬਹੁਤ ਮਿਹਨਤ ਕੀਤੀ । ਇਸ ਪੇਂਟਿੰਗ ਵਿਚ ਗੁਰੂ ਸੁਨਹਿਰੀ ਲਿਬਾਸ ਵਿਚ ਹੈ । ਸ਼ਾਹੀ ਜਲਾਲ ਤੇ ਆਤਮਿਕ ਭਾਵ । ਉਹ ਇਸ ਪੇਂਟਿੰਗ ਨੂੰ ਮਦਰਾਸ ਲੈ ਗਏ ਅਤੇ ਰੰਗਾਂ ਦੀ ਕਾਰਜ-ਵਿਧੀ ਤੇ ਪ੍ਰਿੰਟਿੰਗ ਦੇ ਸਾਰਿਆਂ ਪੜਾਵਾਂ ਦੀ ਖੁਦ ਨਿਗਰਾਨੀ ਕੀਤੀ । ਇਸ ਪੇਂਟਿੰਗ ਦੀਆਂ ਵੀਹ ਹਜ਼ਾਰ ਕਾਪੀਆਂ ਦਾ ਪਹਿਲਾ ਐਡੀਸ਼ਨ ਵਿਦੇਸ਼ ਵਿਚ ਗਿਆ। ਇਸ ਪਿਛੋਂ ਏਸੇ ਪੇਂਟਿੰਗ ਦੇ ਕਈ ਐਡੀਸ਼ਨ ਤੇ ਪ੍ਰਤਿਰੂਪ ਆਏ । ਤਕਰੀਬਨ ਹਰ ਸਿੱਖ ਘਰ ਵਿਚ, ਗੁਰਦੁਆਰੇ ਤੇ ਸੰਸਥਾ ਵਿਚ ਦਸ਼ਮੇਸ਼ ਪਾਤਸ਼ਾਹ ਦੀ ਇਹ ਤਸਵੀਰ ਹੈ ।
ਜੋ ਲੋਕ ਸੋਭਾ ਸਿੰਘ ਨੂੰ ਪੂਜਾ-ਪਾਠ ਕਰਨ ਵਾਲਾ ਦੇਵਤਾ ਸਮਝਦੇ ਹਨ, ਉਹਨਾਂ ਨੂੰ ਇਹ ਨਹੀਂ ਪਤਾ ਕਿ ਇਸ ਸੰਤ ਕਲਾਕਾਰ ਵਿਚ ਇਕ ਵੇਗ-ਮੱਤਾ ਇਨਸਾਨ ਸੁੱਤਾ ਪਿਆ ਸੀ । ਉਨ੍ਹਾਂ ਵਿਚ ਸੰਵੇਦਨਸ਼ੀਲਤਾ ਸੀ, ਆਨੰਦ ਮਾਣਨ ਦੀ ਤਪਦੀ ਰੀਝ । ਉਹ ਸਰੀਰਕ ਰੂਪ ਤੇ ਸੁੰਦਰਤਾ ਦੇ ਉਪਾਸ਼ਕ ਸਨ । ਇਕ ਅਜਿਹੇ ਸਮਾਜ ਵਿਦਰੋਹੀ, ਜਿਨ੍ਹਾਂ ਨੇ ਆਪਣੇ ਅੰਤਰੀਵ ਦੀ ਅਮੀਰੀ, ਦਘਦਾ ਜਜ਼ਬਾ, ਰੂਪ ਤੇ ਰੰਗ ਦਾ ਹੁਸਨ ਸ਼ਰਧਾਲੂ ਕਲਾ-ਜਗਤ ਨੂੰ ਬਖਸ਼ਿਆ ।
ਮੈਨੂੰ ਪਤਾ ਲੱਗਾ ਕਿ ਸੋਭਾ ਸਿੰਘ ਪਦਮ ਸ੍ਰੀ ਅਵਾਰਡ ਲੈਣ ਲਈ ਦਿੱਲੀ ਆਏ ਹੋਏ ਸਨ । ਉਹ ਲੋਧੀ ਹੋਟਲ ਵਿਚ ਠਹਿਰੇ ਸਨ ਤੇ ਮੈਂ ਟੈਲੀਫੋਨ ਕਰਕੇ ਉਨ੍ਹਾਂ ਨੂੰ ਮਿਲਣ ਚਲਾ ਗਿਆ । ਸ਼ਾਮ ਦੇ ਚਾਰ ਵੱਜੇ ਸਨ ।
ਮੈਂ ਉਨ੍ਹਾਂ ਦੇ ਕਮਰੇ ਵਿਚ ਦਾਖਿਲ ਹੋਇਆ ਤਾਂ ਦੇਖਿਆ ਕਿ ਉਹ ਨੀਵੇਂ ਪਲੰਘ ਉਤੇ ਘੂਕ ਸੱਤੇ ਪਏ ਸਨ । ਉਨ੍ਹਾਂ ਦੀ ਧੀ ਗੁਰਚਰਨ ਕੌਰ ਹੇਠਾਂ ਦਰੀ ਉਤੇ ਬੈਠੀ ਸੀ । ਗੁਰਚਰਨ ਕੌਰ ਆਖਣ ਲੱਗੀ, “ਦਾਰ ਜੀ ਨੂੰ ਜਗਾ ਦੇਵਾਂ ?” ਮੈਂ ਉਂਗਲ ਬੁੱਲ੍ਹਾਂ ’ਤੇ ਰੱਖ ਕੇ ਇਸ਼ਾਰਾ ਕੀਤਾ ਕਿ ਉਹ ਨਾ ਜਗਾਵੇ । ਆਰਾਮ ਕਰਨ ਦੇਵੇ ।
ਮੈਂ ਸੋਭਾ ਸਿੰਘ ਨੂੰ ਪੰਦਰਾਂ ਸਾਲ ਪਿਛੋਂ ਦੇਖਿਆ ਸੀ । ਉਨ੍ਹਾਂ ਨਾਲ ਪ੍ਰੀਤ ਨਗਰ ਵਿਚ ਬਿਤਾਏ ਦਿਨਾਂ ਦੀ ਯਾਦ ਆ ਗਈ…ਹਾਸੇ, ਮਸਖ਼ਰੀਆਂ, ਕਲਾਤਮਕ ਚੋਟਾਂ, ਚਿਤਰ ਕਲਾ ਉਤੇ ਬਹਿਸਾਂ । ਜਜ਼ਬੇ ਦੀ ਰੌਅ ਨਾਲ ਸਭ ਕੁਝ ਮੇਰੇ ਜ਼ਿਹਨ ਵਿਚ ਘੁੰਮ ਗਿਆ ।
ਥੋੜ੍ਹੀ ਦੇਰ ਪਿਛੋਂ ਸੋਭਾ ਸਿੰਘ ਜਾਗ ਪਏ ਅਤੇ ਉਨ੍ਹਾਂ ਨੇ ਆਪਣੀ ਐਨਕ ਮੰਗੀ । ਗੁਰਚਰਨ ਨੇ ਉਨ੍ਹਾਂ ਦੇ ਕੰਨ ਕੋਲ ਜਾ ਕੇ ਆਖਿਆ, “ਬਲਵੰਤ ਗਾਰਗੀ ਤੁਹਾਨੂੰ ਮਿਲਣ ਆਏ ਹਨ ।” ਸੋਭਾ ਸਿੰਘ ਨੇ ਐਨਕ ਲਾਈ, ਮੇਰੇ ਵੱਲ ਦੇਖਿਆ ਤੇ ਮੁਸਕਰਾਏ । ਉਨ੍ਹਾਂ ਨੇ ਮੈਨੂੰ ਜੱਫੀ ਪਾਈ । ਮੈਂ ਦੇਖਿਆ ਕਿ ਉਨ੍ਹਾਂ ਦੀਆਂ ਅੱਖਾਂ ਵਿਚ ਉਹੀ ਚਮਕ ਸੀ, ਉਹੀ ਤੇਜ਼ ਸਿਆਣਪ, ਉਹੀ ਖੇੜਾ । ਉਹ ਬੋਲੇ, “ਤੂੰ ਆਪਣੇ ਮੂੰਹ ’ਤੇ ਲਾਊਡ ਸਪੀਕਰ ਫਿਟ ਕਰ ਲੈ, ਜਾਂ ਮੈਨੂੰ ਕੰਨਾਂ ਵਿਚ ਟੂਟੀ ਲਾ ਲੈਣ ਦੇਹ ।”
ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਉਨ੍ਹਾਂ ਦੀ ਕਲਾ ਤੇ ਉਨ੍ਹਾਂ ਦੀ ਜ਼ਿੰਦਗੀ ਬਾਰੇ ਇਕ ਲੰਮਾ ਲੇਖ ਲਿਖ ਰਿਹਾ ਸਾਂ । ਇਸੇ ਬਾਰੇ ਮੈਂ ਗੱਲ ਕਰਨ ਆਇਆ ਸਾਂ ।
ਉਹ ਆਖਣ ਲੱਗੇ, “ਇਕ ਗੱਲ ਸਾਫ਼ ਦੱਸ ਦੇਵਾਂ । ਜਦੋਂ ਕੋਈ ਲੇਖਕ ਮੇਰੀ ਇੰਟਰਵਿਊ ਕਰਦਾ ਹੈ ਤੇ ਮੇਰੇ ਬਾਰੇ ਲਿਖਦਾ ਹੈ ਤਾਂ ਉਹ ਕੁਝ ਨਾ ਕੁਝ ਮਸਾਲਾ ਆਪਣੇ ਕੋਲੋਂ ਵੀ ਨਾਲ ਜੋੜ ਦੇਂਦਾ ਹੈ । ਤੂੰ ਜੋ ਕੁਝ ਲਿਖੇਂਗਾ ਉਹ ਮੈਂ ਨਹੀਂ ਹੋਵਾਂਗਾ, ਸਗੋਂ ਤੂੰ ਤੇ ਮੈਂ ਹੋਵਾਂਗੇ । ਮੈਂ ਸਿਰਫ਼ ‘ਮੈਂ” ਰਹਿਣਾ ਚਾਹੁੰਦਾ ਹਾਂ । ਖੁਦ ਆਪਣੀ ਜ਼ਿੰਦਗੀ ਬਾਰੇ ਲਿਖ ਰਿਹਾ ਹਾਂ, ਆਪਣੀ ਕਲਾ ਬਾਰੇ, ਆਪਣੇ ਸਿਧਾਂਤਾਂ ਬਾਰੇ ਤੇ ਆਤਮ-ਖੋਜ ਬਾਰੇ । ਜਿਵੇਂ ਮੈਨੂੰ ਔੜ੍ਹਦਾ ਜਾਵੇਗਾ, ਉਸੇ ਤਰ੍ਹਾਂ ਲਿਖਦਾ ਜਾਵਾਂਗਾ… । ਬਿਨਾਂ ਕਿਸੇ ਵਿਉਂਤ ਜਾਂ ਸਜਾਵਟ ਦੇ…ਮੇਰੇ ਅੱਧ ਬੁਣੇ ਖਿਆਲ, ਸੁਪਨੇ, ਬਚਪਨ ਦੀਆਂ ਯਾਦਾਂ, ਘਟਨਾਵਾਂ ਦਾ ਪ੍ਰਵਾਹ । ਮੈਟਾਫਿਜ਼ੀਕਲ ਤੇ ਰੀਅਲਿਸਟਿਕ ਇਮੇਜਜ਼ ਜੋ ਮੇਰੇ ਮਨ ਅੰਦਰ ਤੁਰਦੇ ਰਹਿੰਦੇ ਹਨ। ਇਹ ਨਿਰੋਲ ‘ਮੈਂ” ਹੋਵਾਂਗਾ । ਤੂੰ ਮੇਰੇ ਬਾਰੇ ਕਿਵੇਂ ਲਿਖ ਸਕਦਾ ਹੈਂ ?”
ਮੈਂ ਆਖਿਆ, “ਜਦ ਮੈਂ ਤੁਹਾਡੇ ਬਾਰੇ ਲਿਖਾਂਗਾ ਤਾਂ ਇਹ ਤੁਹਾਡੇ ਤੇ ਤੁਹਾਡੀ ਕਲਾ ਬਾਰੇ ਮੇਰੇ ਦ੍ਰਿਸ਼ਟੀਕੋਣ ਤੋਂ ਦੇਖੀ ਤਸਵੀਰ ਹੋਵੇਗੀ । ਤੁਸੀਂ ਆਤਮ ਕਥਾ ਲਿਖ ਰਹੇ ਹੋ ਪਰ ਲਿਖਣਾ ਵੀ ਇਕ ਮੁਸ਼ਕਿਲ ਆਰਟ ਹੈ । ਇਹ ਇਸੇ ਤਰ੍ਹਾਂ ਹੋਵੇਗਾ ਜਿਵੇਂ ਮੈਂ ਆਪਣਾ ਸਵੈ-ਚਿੱਤਰ ਪੇਂਟ ਕਰਾਂ । ਨੱਕ. ਕਿਤੇ ਹੋਵੇਗਾ ਤੇ ਕੰਨ ਕਿਤੇ ।”
ਪਰ ਸੋਭਾ ਸਿੰਘ ਨੇ ਗੱਲ ਜਾਰੀ ਰੱਖੀ, “ਪੇਂਟਰ ਹੋਣ ਦੇ ਨਾਤੇ ਮੈਨੂੰ ਪਤਾ ਹੈ ਕਿ ਜੇ ਤਿੰਨ ਆਦਮੀ ਇਕੋ ਵਸਤ ਪੇਂਟ ਕਰਨ ਤਾਂ ਤਿੰਨ ਵੱਖਰੇ-ਵੱਖਰੇ ਢੰਗ ਨਾਲ ਪੇਂਟ ਕਰਨਗੇ…ਵੱਖਰੇ ਦ੍ਰਿਸ਼ਟੀਕੋਣ, ਵੱਖਰੇ ਪਰਸਪੈਕਟਿਵ, ਵੱਖਰੀਆਂ ਰੌਸ਼ਨੀਆਂ, ਵੱਖਰੇ ਰੰਗ, ਵੱਖਰੇ ਪਰਛਾਵੇਂ । ਇਸ ਲਈ ਤੈਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ । ਮੈਂ ਆਪਣੇ ਬਾਰੇ ਲਿਖਾਂਗਾ ਤੇ ਫਿਰ ਜੋ ਮਰਜ਼ੀ ਹੈ ਇਹਦੇ ਵਿਚੋਂ ਲੈ ਲਵੀਂ । ਮੈਂ ਹਰ ਤਜਰਬੇ ਦਾ ਸਾਰ ਦੇਵਾਂਗਾ ਤੇ ਇਸ ਵਿਚੋਂ ਮਿਲੀ ਸਿਖਿਆ ਦੱਸਾਂਗਾ। ਮੇਰਾ ਮਨੋਰਥ ਹੈ ਕਿ ਜੀਵਨ ਖੂਬਸੂਰਤ ਹੋਵੇ । ਸਾਨੂੰ ਕਲਾਕਾਰਾਂ ਨੂੰ ਚਾਹੀਦਾ ਹੈ ਕਿ ਇਸਨੂੰ ਹੋਰ ਖੂਬਸੂਰਤ ਬਣਾਈਏ । ਹੋਰ ਈਮਾਨਦਾਰ, ਸ਼ੁੱਧ ਤੇ ਖੁਸ਼ਗਵਾਰ । ਮੈਨੂੰ ਆਰਟਿਸਟ ਹੋਣ ਦਾ ਹੰਕਾਰ ਨਹੀਂ । ਮੈਂ ਕੁਝ ਵੀ ਸਿੱਧ ਨਹੀਂ ਕਰਨਾ ਚਾਹੁੰਦਾ । ਜਦੋਂ ਹਉਮੈ ਨਿਕਲ ਜਾਂਦੀ ਹੈ ਤਾਂ ਕਲਾ ਵਧੇਰੇ ਈਮਾਨਦਾਰ ਹੋ ਜਾਂਦੀ ਹੈ । ਇਸ ਵਿਚ ਵਧੇਰੇ ਰਵਾਨੀ ਤੇ ਚਮਕ ਹੁੰਦੀ ਹੈ…ਸੋ ਮੈਂ ਆਪਣੀ ਸਵੈ-ਜੀਵਨੀ ਲਿਖਾਂਗਾ ।”
ਗੁਰਚਰਨ ਨੇ ਚਾਹ ਲਿਆਂਦੀ ਤੇ ਅਸੀਂ ਇਸ ਦੇ ਘੁੱਟ ਭਰਨੇ ਸ਼ੁਰੂ ਕੀਤੇ । ਮੈਂ ਸੋਭਾ ਸਿੰਘ ਵੱਲ ਦੇਖਿਆ । ਉਨ੍ਹਾਂ ਦਾ ਚਿਹਰਾ ਪਤਲਾ ਹੋ ਗਿਆ ਸੀ । ਜਿਸਮ ‘ਚੋਂ ਮਾਸ ਛਟ ਗਿਆ ਸੀ । ਰੇਸ਼ਮੀ ਕੁੜਤੇ ਵਿਚੋਂ ਉਨ੍ਹਾਂ ਦੀਆਂ ਪੱਸਲੀਆਂ ਨਜ਼ਰ ਆ ਰਹੀਆਂ ਸਨ ।
ਉਨ੍ਹਾਂ ਨੇ ਮੈਨੂੰ ਗੁਰੂ ਅਮਰਦਾਸ, ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਦੀਆਂ ਪੇਂਟਿੰਗਜ਼ ਦੇ ਰੰਗਦਾਰ ਪ੍ਰਿੰਟ ਦਿਖਾਏ । ਅਸੀਂ ਇਹਨਾਂ ਦੀ ਛਪਾਈ, ਰੰਗ, ਸੁਧਾਈ ਤੇ ਰਸਾਇਣਕ ਤੇ ਕਲਾਤਮਕ ਪੱਖਾਂ ਬਾਰੇ ਗੱਲ-ਬਾਤ ਕੀਤੀ ।
“ਅੱਜ ਕੱਲ੍ਹ ਕੀ ਪੇਂਟ ਕਰ ਰਹੋ ?” ਮੈਂ ਪੁੱਛਿਆ ।
“ਬਹੁਤ ਸਾਰੇ ਵਿਸ਼ੇ ਤੇ ਰੂਪ ਮੇਰੇ ਜ਼ਿਹਨ ਵਿਚ ਉਮਡ ਰਹੇ ਹਨ । ਹੁਣੇ-ਹੁਣੇ ਮੈਂ ਦਸ਼ਮੇਸ਼ ਪਾਤਸ਼ਾਹ ਦੀ ਪੇਂਟਿੰਗ ਮੁਕਾਈ ਹੈ । ਇਸ ਵਿਚ ਮੈਂ ਦੋਵੇਂ ਚਿੰਨ੍ਹ ਵਰਤੇ ਹਨ-ਘੋੜਾ ਤੇ ਬਾਜ਼ ।”
ਗੁਰਚਰਨ ਕੌਰ ਪੇਂਟਿੰਗਾਂ ਦਾ ਬੰਡਲ ਲਿਆਈ । ਇਹਨਾਂ ਵਿਚੋਂ ਉਸ ਨੇ ਇਕ ਪੇਂਟਿੰਗ ਕੱਢ ਕੇ ਬਿਸਤਰੇ ਉਤੇ ਵਿਛਾ ਦਿੱਤੀ । ਇਹ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਸੀ…ਮਿਕਨਾਤੀਸੀ ਅੱਖਾਂ, ਸੁਨਹਿਰੀ ਦਸਤਾਰ, ਸੱਜੇ ਹੱਥ ਉਤੇ ਬਾਜ਼, ਤੇ ਖੱਬੇ ਪਾਸੇ ਘੋੜੇ ਦਾ ਸਿਰ ।
ਸੋਭਾ ਸਿੰਘ ਨੇ ਬੁੱਤ ਤਰਾਸ਼ੀ ਉਤੇ ਵੀ ਹੱਥ ਅਜ਼ਮਾਇਆ ਅਤੇ ਡਾ. ਐਮ. ਐਸ. ਰੰਧਾਵਾ, ਪ੍ਰਿਥਵੀਰਾਜ ਕਪੂਰ, ਨਿਰਮਲ ਚੰਦਰ ਦੇ ਬੁੱਤ ਬਣਾਏ ।
ਉਹ ਪਸ਼ਮੀਨੇ ਦੀ ਚਾਦਰ ਗੋਡਿਆਂ ਉਤੇ ਲੈ ਕੇ ਬੋਲੇ, “ਮੈਂ ਪੇਂਟਿੰਗ ਕਰਨ ਨਾਲੋਂ ਮਿੱਟੀ ਦੇ ਬੁੱਤ ਬਣਾਉਣਾ ਜ਼ਿਆਦਾ ਪਸੰਦ ਕਰਦਾ ਹਾਂ. ਜਦ ਮੈਂ ਮਿੱਟੀ ਪੱਥ ਕੇ ਬੁੱਤ ਘੜਦਾ ਹਾਂ ਤਾਂ ਮੈਨੂੰ ਕਿਸੇ
ਪਰਸਪੈਕਟਿਵ ਜਾਂ ਪਰਛਾਵੇਂ ਜਾਂ ਰੰਗ ਜਾਂ ਰੇਖਾ ਦੀ ਚਿੰਤਾ ਨਹੀਂ ਹੁੰਦੀ । ਮੈਨੂੰ ਚਿੰਤਾ ਹੁੰਦੀ ਹੈ ਕੇਵਲ ਰੂਪ ਦੀ । ਮਨੁੱਖੀ ਧੜ ਨੂੰ ਹੀ ਲਵੋ । ਜੇ ਇਹ ਮੈਨੂੰ ਪਸੰਦ ਨਹੀਂ ਤਾਂ ਮੈਂ ਇਸ ਨੂੰ ਮਰੋੜ ਸਕਦਾ ਹਾਂ, ਤੇ ਸਹੀ ਰੂਪ ਘੜ ਸਕਦਾ ਹਾਂ । ਪੇਂਟਿੰਗ ਵਿਚ ਤੁਸੀਂ ਰੂਪ ਨਾਲ ਨਹੀਂ ਖੇਡ ਸਕਦੇ, ਪਰ ਪੱਥੀ ਹੋਈ ਮਿੱਟੀ ਨਾਲ ਖੇਡ ਸਕਦੇ ਹੋ । ਮੈਂ ਆਪਣੇ ਘੜੇ ਬੁੱਤਾਂ ਦੀ ਨਕਲ ਨਹੀਂ ਉਤਾਰ ਸਕਦਾ । ਬੁੱਤ ਨੂੰ ਪੇਂਟਿੰਗ ਵਾਂਗ ਪ੍ਰਿੰਟ ਕਰਕੇ ਇਸ ਦੀਆਂ ਕਾਪੀਆਂ ਨਹੀਂ ਤਿਆਰ ਕੀਤੀਆਂ ਜਾ ਸਕਦੀਆਂ । ਤਾਂਬੇ ਜਾਂ ਕਹਿੰ ਦੇ ਬੁੱਤ ਉਤੇ ਦਸ ਹਜ਼ਾਰ ਰੁਪਿਆ ਖਰਚ ਆ ਸਕਦਾ ਹੈ ਤੇ ਬੇਹੱਦ ਮਿਹਨਤ । ਕੋਈ ਵੀ ਏਨੇ ਪੈਸੇ ਖਰਚਣ ਲਈ ਤਿਆਰ ਨਹੀਂ ਹੋਵੇਗਾ । ਮੈਂ ਬਹੁਤ ਸਾਰੇ ਬੁੱਤ ਘੜੇ ਤੇ ਦੋਸਤਾਂ ਨੂੰ ਤੋਹਫ਼ੇ ਵਜੋਂ ਦੇ ਦਿੱਤੇ । ਇਹਨਾਂ ਨੂੰ ਆਪਣੀ ਖ਼ਾਤਿਰ ਹੀ ਘੜਿਆ ਸੀ, ਸਿਰਫ ਆਪਣੀ ਖੁਸ਼ੀ ਖ਼ਾਤਿਰ । ਪੰਜਾਬ ਵਿਚ ਬੁੱਤ ਤਰਾਸ਼ੀ ਦੀ ਕੋਈ ਗੁੰਜਾਇਸ਼ ਨਹੀਂ, ਬਹੁਤ ਘੱਟ ਖ਼ਰੀਦਦਾਰ ਹਨ ।”
ਉਹ ਕੁਝ ਦੇਰ ਚੁੱਪ ਰਹੇ ਤੇ ਨੀਝ ਗੱਡ ਕੇ ਮੈਨੂੰ ਦੇਖਦੇ ਰਹੇ । ਬੋਲੇ, “ਬਲਵੰਤ, ਲੋਕ ਹਰ ਚੀਜ਼ ਉਤੇ ਕਬਜ਼ਾ ਕਰਨਾ ਚਾਹੁੰਦੇ ਹਨ. ਜ਼ਮੀਨ, ਔਰਤ, ਪੇਂਟਿੰਗਜ਼, ਜਾਇਦਾਦ ਹਰ ਚੀਜ਼ । ਉਹਨਾਂ ਨੂੰ ਖੂਬਤ ਹੈ ਕਬਜ਼ੇ ਦਾ । ਅਸੀਂ ਹੀਰਾ ਕਿਉਂ ਪਸੰਦ ਕਰਦੇ ਹਾਂ ? ਇਸ ਨੂੰ ਪ੍ਰਾਪਤ ਕਰਕੇ, ਮੁੰਦਰੀ ਵਿਚ ਜੜਾ ਕੇ ਕਿਸੇ ਚੂਹੜੀ ਵਾਂਗ ਆਪਣੇ ਘਰ ਨੂੰ ਵੀ ਅੱਗ ਲਾ ਲੈਂਦੇ ਹਾਂ । ਆਪਣੀ ਦੌਲਤ ਦਾ ਦਿਖਾਵਾ ਕਰਨ ਦੀ ਸਾਨੂੰ ਬੀਮਾਰੀ ਹੈ । ਭਲਾ ਹੀਰੇ ਵਿਚ ਕੀ ਪਿਆ ਹੈ ? ਸਵੇਰ ਵੇਲੇ ਫੁੱਲਾਂ ‘ਤੇ ਪਏ ਤੇਲ ਦੇ ਤੁਪਕੇ ਨੂੰ ਦੇਖੋ । ਕਿਵੇਂ ਚਮਕਦਾ ਹੈ । ਹੀਰਿਆਂ ਤੋਂ ਵੱਧ ਖੂਬਸੂਰਤ। ਪਰ ਅਸੀਂ ਇਸ ਨੂੰ ਫੜ ਨਹੀਂ ਸਕਦੇ । ਇਸ ਨੂੰ ਮੁੰਦਰੀ ਵਿਚ ਨਹੀਂ ਜੜ ਸਕਦੇ । ਇਸ ‘ਤੇ ਕਬਜ਼ਾ ਨਹੀਂ ਕਰ ਸਕਦੇ ਸਾਡੀ ਕਸੌਟੀ ਬਦਲ ਗਈ ਹੈ ਕਿਉਂਕਿ ਅਸੀਂ ਦੌਲਤ ਦੇ ਪੁਜਾਰੀ ਬਣ ਗਏ ਹਾਂ ।”
ਉਹ ਥੋੜ੍ਹੀ ਦੇਰ ਰੁਕੇ ਤੇ ਆਖਣ ਲੱਗੇ, “ਪਿਛਲੇ ਸਾਲ ਮੈਂ ਆਪਣੀ ਇਕ ਪੇਂਟਿੰਗ ਦੀ ਪ੍ਰਿੰਟਿੰਗ ਕਰਵਾਉਣ ਲਈ ਬੰਬਈ ਗਿਆ । ਉਥੇ ਆਪਣੇ ਦੋਸਤ ਰਾਜਿੰਦਰ ਸਿੰਘ ਬੇਦੀ ਨੂੰ ਮਿਲਿਆ। ਉਹ ਬੀਮਾਰ ਸੀ । ਜੁਆਨ ਪੁੱਤ ਦੀ ਮੌਤ ਪਿਛੋਂ ਉਹ ਟੁੱਟ ਗਿਆ ਸੀ । ਬਹੁਤ ਵਧੀਆ ਇਨਸਾਨ ਹੈ। ਉਹ। ਮੈਨੂੰ ਆਖਣ ਲੱਗਾ, “ਸੋਭਾ ਸਿੰਘ ਜੀ, ਭਾਰਤ ਸਰਕਾਰ ਨੂੰ ਚਾਹੀਦਾ ਹੈ ਤੁਹਾਨੂੰ ਪਦਮਸ੍ਰੀ ਨਾਲ ਸਨਮਾਨੇ ।” ਪਰ ਬਲਵੰਤ, ਮੈਂ ਪੁੱਛਦਾ ਹਾਂ, ਇਸ ਨਾਲ ਮੇਰੇ ਵਿਚ ਕੀ ਫਰਕ ਪੈ ਜਾਵੇਗਾ? ਕੀ ਮੇਰੇ ਕੰਨ ਲੰਮੇ ਹੋ ਜਾਣਗੇ ? ਜਾਂ ਮੇਰੇ ਸਿਰ ‘ਤੇ ਸਿੰਗ ਉੱਗ ਆਉਣਗੇ, ਜਾਂ ਮੇਰੇ ਪੂਛ ਲੱਗ ਜਾਵੇਗੀ ? ਮੈਂ ਅੱਜ ਵੀ ਪੇਂਟਿੰਗ ਕਰਕੇ ਰੋਟੀ ਕਮਾਉਂਦਾ ਹਾਂ ਤੇ ਕਲ੍ਹ ਵੀ ਪੇਂਟਿੰਗ ਕਰਕੇ ਹੀ ਰੋਟੀ ਕਮਾਉਂਦਾ ਰਹਾਂਗਾ।” ਥੋੜ੍ਹੀ ਦੇਰ ਸੋਚ ਕੇ ਬੋਲੇ, “ਕੱਲ੍ਹ ਮੈਂ ਪਦਮਸ਼ੀ ਲੈਣ ਲਈ ਰਾਸ਼ਟਰਪਤੀ ਭਵਨ ਦੇ ਵੱਡੇ ਹਾਲ ਗਿਆ । ਉਥੇ ਦੇਖਿਆ ਕਿ ਕੁਝ ਅਜਿਹੇ ਲੋਕ ਵੀ ਸਨਮਾਨ ਲੈਣ ਆਏ ਸਨ ਜੋ ਏਨੇ ਬੁੱਢੇ ਸਨ ਕਿ ਉਹਨਾਂ ਦੇ ਮਿੱਤਰ ਜਾਂ ਕੋਈ ਪੁੱਤ ਪੋਤਾ ਉਹਨਾਂ ਨੂੰ ਸਹਾਰਾ ਦੇ ਕੇ ਹੌਲੀ ਹੌਲੀ ਤੋਰਦੇ ਰਾਸ਼ਟਰਪਤੀ ਕੋਲ ਲੈ ਕੇ ਗਏ । ਕੁਝ ਲੋਕ ਇਕ ਦੋ ਮਹੀਨੇ ਪਹਿਲਾਂ ਹੀ ਚਲਾਣਾ ਕਰ ਗਏ ਸਨ ਤੇ ਉਹਨਾਂ ਦੀ ਵਿਧਵਾ ਪਤਨੀ ਜਾਂ ਪੁੱਤ ਇਹ ਸਨਮਾਨ ਫੜਨ ਲਈ ਆਏ ਸਨ । ਮੇਰੇ ਕੋਲ ਇਕ ਨੌਜੁਆਨ ਬੈਠਾ ਹੋਇਆ ਸੀ, ਮਸਾਂ ਪੱਚੀ ਕੁ ਸਾਲ ਦਾ । ਮੈਂ ਉਸ ਨੂੰ ਪੁਛਿਆ ਕਿ ਉਸ ਨੇ ਕੀ ਅਜਿਹਾ ਅਨੋਖਾ ਕੰਮ ਕੀਤਾ ਹੈ। ਕਿ ਉਸ ਨੂੰ ਪਦਮਸ਼੍ਰੀ ਮਿਲ ਰਿਹਾ ਸੀ । ਉਸ ਨੇ ਦੱਸਿਆ ਕਿ ਉਹ ਗੋਲਾ ਸੁੱਟਣ ਦਾ ਪਹਿਲਵਾਨ ਸੀ । ਅਸੀਂ ਦੋਵੇਂ ਇਕੋ ਕਤਾਰ ਵਿਚ ਖੜ੍ਹੇ ਸਾਂ । ਉਸ ਨੇ ਗੋਲਾ ਸੂਟ ਸੂਟ ਆਪਣੇ ਡੌਲੇ ਕਮਾਏ ਸਨ, ਤੇ ਮੈਂ ਪਿਛਲੇ ਸੱਤਰ ਸਾਲ ਤੋਂ ਪੇਂਟ ਕਰਦਾ ਕਰਦਾ ਬੁੱਢਾ ਹੋ ਗਿਆ ਸਾਂ ਤੇ ਮੇਰਾ ਕੁੱਬ ਨਿਕਲ ਆਇਆ ਸੀ। ਇਹ ਬਹੁਤ ਵੱਡਾ ਮਜ਼ਾਕ ਸੀ ।” ਇਹ ਆਖ ਕੇ ਉਹ ਚੁੱਪ ਹੋ ਗਏ । ਅਗਲੇ ਦਿਨ ਉਹ ਵਾਪਸ ਅੰਦਰੇਟੇ ਚਲੇ ਗਏ ।
ਉਹ ਆਖਿਰੀ ਉਮਰ ਤੀਕ ਅੰਦਰੇਟੇ ਹੀ ਰਹੇ । ਫੁੱਲਾਂ ਨਾਲ ਸ਼ਿੰਗਾਰੀ ਉਨ੍ਹਾਂ ਦੀ ਸ਼ਾਹੀ ਕੁਟੀਆ, ਜਿਸ ਦੇ ਮੱਥੇ ਉਤੇ ਸੀਮਿੰਟ ਦੇ ਮੋਟੇ ਅੱਖਰਾਂ ਵਿਚ ਲਿਖਿਆ ਹੈ, ‘ਹੋਰ ਚੰਗੇ ਬਣੋ’ ।
ਇਹ ਕੁਟੀਆ ਹੀ ਉਨ੍ਹਾਂ ਦਾ ਸਟੂਡੀਓ ਸੀ, ਉਨ੍ਹਾਂ ਦਾ ਪੂਜਾ ਸਥਾਨ । ਹਰ ਰੋਜ਼ ਤੜਕੇ ਉਠਕੇ ਉਹ ਇਕ ਘੰਟਾ ਧਿਆਨ ਲਾਉਂਦੇ, ਰੱਬ ਦੀ ਲੀਲ੍ਹਾ ਦੀ ਉਸਤਤ ਕਰਦੇ । ਧੌਲਾਧਾਰ ਪਹਾੜੀਆਂ ਦੇ ਸਿਲਸਿਲੇ ਦੀ ਖੂਬਸੂਰਤੀ ਤੇ ਦੂਰ ਹਿਮਾਲਾ ਦੀਆਂ ਬਰਫ਼ਾਨੀ ਚੋਟੀਆਂ ਦੇ ਦਰਸ਼ਨ ਕਰਦੇ । ਕੁਦਰਤ ਦਾ ਜਲਵਾ ਦੇਖਦੇ, ਜਿਸ ਵਿਚ ਉਨ੍ਹਾਂ ਨੂੰ ਰੱਬ ਨਜ਼ਰ ਆਉਂਦਾ । ਇਸ ਪਿਛੋਂ ਉਹ ਪੇਂਟ ਕਰਨ ਬੈਠ ਜਾਂਦੇ ।
ਅਗਸਤ 1986 ਵਿਚ ਉਹ ਬੀਮਾਰ ਹੋ ਗਏ ਤਾਂ ਉਨ੍ਹਾਂ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਚ ਦਾਖਲ ਕਰਵਾ ਦਿੱਤਾ ਗਿਆ । ਉਨ੍ਹਾਂ ਦੇ ਫੇਫੜਿਆਂ ਵਿਚ ਤਕਲੀਫ ਵੱਧ ਗਈ ਤੇ ਸਾਹ ਔਖਾ ਔਖਾ ਆਉਂਦਾ ਸੀ। ਦਿਨੋ ਦਿਨ ਹਾਲਤ ਖਰਾਬ ਹੁੰਦੀ ਗਈ ।
ਆਖਿਰ 22 ਅਗਸਤ ਨੂੰ ਸਵੇਰੇ ਅੰਮ੍ਰਿਤ ਵੇਲੇ ਉਨ੍ਹਾਂ ਨੇ ਪ੍ਰਾਣ ਤਿਆਗ ਦਿੱਤੇ । ਪਿੱਛੇ ਛੱਡ ਗਏ। ਆਪਣੇ ਅਦੁੱਤੀ ਰਾਂਗਲੇ ਚਿਤਰ, ਜੋ ਪੰਜਾਬ ਦੇ ਸਭਿਆਚਾਰਕ ਵਿਰਸੇ ਦਾ ਹਿੱਸਾ ਬਣ ਗਏ ਹਨ।

ਤੁਰਦਾ ਫਿਰਦਾ ਧੌਲਾਧਾਰ ਬੀ. ਸੀ. ਸਾਨਿਆਲ

ਸੋਭਾ ਸਿੰਘ ਇਕ ਚਮਤਕਾਰ ਹੈ- ਸਰਦਾਰ ਸੋਭਾ ਸਿੰਘ-ਕਲਾਕਾਰ । ਉਹਨਾਂ ਨੂੰ ਆਪਣੇ ਮਿੱਤਰਾਂ ਵਿਚ ਸਰਦਾਰ ਜੀ ਦੇ ਪਿਆਰੇ ਸੰਖੇਪ ਰੂਪ, ਦਾਰ ਜੀ ਵਜੋਂ ਜਾਣਿਆ ਜਾਂਦਾ ਹੈ । ਦਾਰ ਜੀ ਚਰਿਤ੍ਰ ਦੇ ਕਈ ਪੱਖ ਹਨ, ਪਰ ਇਕ ਉਦੇਸ਼ ਦ੍ਰਿੜ ਮਨ ਨਾਲ ਆਪਣੇ ਆਪ ਨੂੰ ਚਿਤਰਕਾਰ ਵਜੋਂ ਸਥਾਪਤ ਕਰਨਾ-ਉਸ ਨੇ ਅਭੁਲ ਆਪਣੀ ਤਕਦੀਰ ਆਪ ਬਣਾਈ ਹੈ ।
ਰਿਵਾਜੀ ਵਿਦਿਆ ਤੋਂ ਬਿਨਾਂ, ਪਰ ਸਿਰਫ਼ ਇਕ ਵਰ੍ਹਾ ਇੰਡਸਟ੍ਰੀਅਲ ਸਕੂਲ ਵਿਚ ਲਗਾ ਕੇ ਫੌਜ ਵਿਚ ਡਰਾਫ਼ਟਸਮੈਨ ਵਜੋਂ ਭਰਤੀ ਹੋਣ ਤੇ ਬਗ਼ਦਾਦ ਭੇਜ ਦਿਤਾ ਗਿਆ । ਤਿੰਨ ਵਰ੍ਹੇ ਪਿਛੋਂ ਫੌਜ ਦੀ ਨੌਕਰੀ ਛੱਡ ਕੇ ਅੰਮ੍ਰਿਤਸਰ ਆਪਣਾ ਸਟੂਡੀਓ ਸਥਾਪਤ ਕਰ ਲਿਆ- ਫਿਰ ਲਾਹੌਰ ਅਤੇ ਦਿੱਲੀ- ਜਿਥੇ ਉਸ ਨੇ ਪੇਸ਼ਾਵਰੀ ਕਮਰਸ਼ੀਅਲ ਆਰਟਿਸਟ ਵਜੋਂ ਸਫਲਤਾ ਪ੍ਰਾਪਤ ਕੀਤੀ ।
ਉਸ ਸਮੇਂ ਮੈਂ ਉਸ ਨੂੰ ਭਾਰਤੀ ਰੇਲਵੇ ਅਤੇ ਡਾਕ ਤਾਰ ਵਿਭਾਗ ਲਈ ਡੀਜ਼ਾਇਨ ਕੀਤੇ ਉਸਦੇ ਪੋਸਟਰਾਂ ਰਾਹੀਂ ਜਾਣਦਾ ਸਾਂ । ਜਾਪਦਾ ਹੈ ਕਿ ਜਦੋਂ 1929 ਵਿਚ ਲਾਹੌਰ ਪੁਜਿਆ, ਉਹ ਆਪਣਾ ਅਨਾਰਕਲੀ ਵਾਲਾ ਸਟੂਡੀਓ ਛਡਕੇ ਜਾ ਚੁਕਾ ਸੀ । ਉਸ ਨਾਲ ਮੇਰੀ ਵਾਕਫ਼ੀਅਤ ਕਾਂਗੜਾ ਵਾਦੀ ਵਿਚ ਬਰਫ਼ਾਂ ਲੱਦੇ ਧੌਲਾਧਾਰ ਦੇ ਪੈਰਾਂ ਵਿਚ ਵਸੇ ਪਿੰਡ ਅੰਦਰੇਟਾ ਵਿਖੇ ਹੋਈ, ਜਿਥੇ ਮੈਂ ਨੋਰ੍ਹਾ ਰਿਚਰਡਜ਼, ਪਿਆਰੀ ਬਜ਼ੁਰਗ ਇਸਤਰੀ, ਜੋ ਇਸ ਇਕਾਂਤ ਪਿੰਡ ਵਿਚ ਆ ਵਸੀ ਸੀ, ਨੂੰ ਮਿਲਣ ਅਕਸਰ ਜਾਇਆ ਕਰਦਾ ਸੀ । ਉਥੇ ਮੈਂ 1936 ਤੋਂ ਕਾਫ਼ੀ ਜਾਂਦਾ ਰਿਹਾ ਹਾਂ । ਨੋਰ੍ਹਾ ਨੇ ਮੈਨੂੰ ਸੋਭਾ ਸਿੰਘ ਨਾਲ ਮਿਲਾਇਆ, ਜੋ ਆਪ ਵੀ 1949 ਵਿਚ ਪੱਕੇ ਤੌਰ ਤੇ ਵਸ ਗਿਆ ਸੀ । ਉਸ ਸਮੇਂ ਤੋਂ ਮੈਂ ਕਲਾਕਾਰ ਨੂੰ ਜਾਣਦਾ ਹਾਂ ਅਤੇ ਉਹਦੀ ਕਲਾ ਵੇਖਣ ਦਾ ਬਹੁਤ ਵਾਰੀ ਮੌਕਾ ਮਿਲਿਆ ਹੈ ।
ਵੇਖਣ ਨੂੰ ਉਹ ਆਪਣੀ ਕਲਾ ਵਾਂਗ ਹੀ ਦਿਲਚਸਪ ਹੈ, ਖੁਲ੍ਹੇ ਸਫੈਦ ਵਾਲ, ਐਨਕ ਲਗੀ ਅਤੇ ਟੈਗੋਰ ਵਾਂਗ ਸਫੈਦ ਲੰਬੀ ਦਾੜ੍ਹੀ ਫੱਬਦੀ ਹੈ । ਉਸ ਨੂੰ ਪਗੜੀ ਤਿਆਗਣੀ ਲਾਹੇਵੰਦ ਰਹੀ ਹੈ । ਮੈਂ ਉਸਨੂੰ ਤੁਰਦਾ ਫਿਰਦਾ ਧੌਲਾਧਾਰ ਸਮਝਦਾ ਹਾਂ ।
ਸੋਭਾ ਸਿੰਘ ਬੜੀ ਸੁਹਣੀ ਪੋਸ਼ਾਕ ਪਹਿਨਦਾ ਹੈ । ਉਸਦਾ ਕਰੀਮ ਰੰਗ ਦਾ ਕੁੜਤਾ ਅਤੇ ਪਜਾਮਾ ਉਸ ਦੀ ਸ਼ਖਸੀਅਤ ਨਾਲ ਖੂਬ ਜੱਚਦਾ ਹੈ । ਉਹ ਆਪਣਾ ਸਮਾਨ ਅਤਿ ਸਾਵਧਾਨੀ ਨਾਲ ਚੁਣਦਾ ਹੈ। ਭਾਵੇਂ ਇਸ ਦੀ ਕਿੰਨੀ ਕੀਮਤ ਦੇਣੀ ਪਏ ।
ਉਸ ਨੇ ਇਕ ਭਵਨ ਬਣਾਇਆ ਹੈ, ਹਵਾ ਵਿਚ ਨਹੀਂ, ਅੰਦਰੇਟੇ ਦੀ ਪੱਕੀ ਧਰਤੀ ਉਤੇ ਧੌਲਾਦਾਰ ਸਾਹਮਣੇ । ਇਥੇ ਉਹ ਰਹਿੰਦਾ ਹੈ, ਸੁਪਨੇ ਲੈਂਦਾ ਹੈ, ਚਿਤਰ ਬਣਾਉਂਦਾ ਹੈ । ਆਪਣੀਆਂ ਕਿਰਤਾਂ ਨੂੰ ਪਰਦਰਸ਼ਿਤ ਕਰਨ ਲਈ ਉਸਨੇ ਇਕ ਗੈਲਰੀ ਬਣਾਈ ਹੈ ।
ਭਵਨ ਦੇ ਬਿਲਕੁਲ ਬਾਹਰ ਮੱਥੇ ਵਲ ਮੋਟੇ ਅੱਖਰਾਂ ਵਿਚ ਇਕ ਮੋਟੋ ਉਕਰਿਆ ਹੈ “ਗਰੋ ਮੋਰ ਗੁਡ ।” ਮੇਰੀ ਕਈ ਵਾਰੀ ਸ਼ੈਤਾਨੀ ਇੱਛਾ ਹੋਈ ਹੈ ਕਿ ‘ਗੁਡ’ ਪਿਛੇ ‘ਐਸ’ ਲਗਾ ਦੇਵਾਂ ।
ਸੋਭਾ ਸਿੰਘ ਨੇ ਆਪਣੇ ਬਾਗ਼ ਵਿਚ ਫੁੱਲਾਂ ਅਤੇ ਗੁਲਾਬ ਦੇ ਬੂਟੇ ਲਗਾਕੇ ਅਤੇ ਤਲਾ ਬਣਾਕੇ ਸੋਹਜਵਾਦ ਵਿਚ ਵਾਧਾ ਕੀਤਾ ਹੈ । ਤਲਾ ਵਿਚੋਂ, ਪਹਾੜੀ ਵਾਂਗ ਉਠਦਾ ਹੋਇਆ ਇਕ ਟਿਲਾ ਹੈ । ਜਿਥੇ ਸੀਮੈਂਟ ਵਿਚ ਤਰਾਸ਼ਿਆ ਹਿਰਨ ਵਿਸ਼ਰਾਮ ਕਰ ਰਿਹਾ ਹੈ। ਉਸ ਨੇ ਬਾਹਰੋਂ ਲਿਆ ਕੇ ਪਿੰਜਰੇ ਵਿਚ ਵੱਖ ਵੱਖ ਰੰਗ ਦੇ ਪੰਛੀ ਵੀ ਰਖੇ ਹੋਏ ਹਨ, ਜੋ ਵੇਖਣ ਨੂੰ ਬਹੁਤ ਸੁੰਦਰ ਲਗਦੇ ਹਨ।
ਸੋਭਾ ਸਿੰਘ ਦੀ ਕਲਾ ਉਸ ਦੀ ਸ਼ਖਸੀਅਤ ਦਾ ਇਕ ਵਿਸਤਾਰ ਹੈ, ਜਿਸ ਵਿਚ ਬੇਦਾਗ਼ ਨਕਸ਼ਾ-ਨਵੀਨੀ ਦੀ ਛਾਪ ਹੈ, ਰੰਗਾਂ ਦਾ ਸੁਰਮੇਲ ਅਤੇ ਬਾਰੀਕੀਆਂ ਵੇਖੀਆਂ ਜਾ ਸਕਦੀਆਂ ਹਨ। ਰੋਮਾਂਟਕ ਅਤੇ ਕ੍ਰਿਆਤਮਕ-ਉਹ ਆਪਣੇ ਵਿਸ਼ੇ ਚੁਣਦਾ ਹੈ ਜਿਸ ਤੇ ਖੁਲ੍ਹੇ ਮਨ ਨਾਲ ਸੰਘਰਸ਼ ਕਰਦਾ ਹੈ ਅਤੇ ਹਰਮਨ ਪਿਆਰਾ ਬਣਾਉਂਦਾ ਹੈ । ਇਸ ਤਰ੍ਹਾਂ ਉਹ ਆਪਣੀ ਕਲਾ ਅਤੇ ਦੂਰ ਦਰੇਡੇ ਦੇ ਅਨਗਿਣਤ ਪ੍ਰਸ਼ੰਸਕਾਂ ਵਿਚ ਇਕ ਪੁਲ ਬਣਦਾ ਹੈ ।
ਪੰਜਾਬ ਦੀ ਪ੍ਰੀਤ ਕਹਾਣੀ ‘ਸੋਹਣੀ ਮਹੀਂਵਾਲ’ ਨੇ ਸੋਭਾ ਸਿੰਘ ਦੇ ਬੁਰਸ਼ ਅਤੇ ਸੁਭਾ ਦੀ ਪ੍ਰਸ਼ੰਸਾ ਸਹਿਤ ਛੋਹ ਪ੍ਰਾਪਤ ਕੀਤੀ ਹੈ, ਅਤੇ ਇਸਦਾ ਸਿੱਟਾ ਸੁੰਦਰ ਸੋਹਣੀ ਦੇ ਖੂਬਸੂਰਤ ਜਿਸਮ ਨਾਲ ਗਿੱਲੇ ਕਪੜਿਆਂ ਦਾ ਚਿੰਬੜਣਾ, ਇਕ ਸੁੰਦਰ ਡਰਾਮਾ ਹੈ ।
ਪਰੰਤੂ ਸੋਭਾ ਸਿੰਘ ਵਧੇਰੇ ਕਰਕੇ ਗੁਰੂਆਂ ਦੇ ਚਿਤਰਾਂ ਕਰਕੇ ਜਾਣਿਆ ਜਾਂਦਾ ਹੈ । ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤਕ-ਸਿਰਜੇ ਚਿਤਰ ਉਸ ਦੀ ਕੈਨਵਸ ਤੇ ਡੂੰਘੇ ਅਨੁਭਵ, ਪਹਿਚਾਣ ਅਤੇ ਰੂਹਾਨੀ, ਸ਼ਰਧਾਮਈ ਸੂਝ ਬੂਝ ਨਾਲ ਉਤਰੇ ਹਨ ।
ਉਸਦੇ ਚਿਤਰਾਂ ਦੀਆਂ ਹਜ਼ਾਰਾਂ ਵਿਚ ਕਾਪੀਆਂ ਵਿਕੀਆਂ ਹਨ। ਸ਼ਾਇਦ ਹੀ ਕੋਈ ਪੰਜਾਬੀ ਘਰ ਹੋਏਗਾ ਜਿਥੇ ਸੋਭਾ ਸਿੰਘ ਦੇ ਚਿਤਰਾਂ ਦਾ ਪ੍ਰਿੰਟ ਨਾ ਲਗਾ ਹੋਏ । ਉਸ ਦੇ ਪ੍ਰਿੰਟਾਂ ਨੇ ਮਧ ਸ਼੍ਰੇਣੀ ਦੇ ਆਮ ਭਾਰਤੀ ਘਰਾਂ ਦੀਆਂ ਦੀਵਾਰਾਂ ਨੂੰ ਕੈਲੰਡਰਾਂ ਨਾਲ ਸਜਾਉਣ ਨੂੰ ਕਾਫੀ ਹਦ ਤੱਕ ਹਟਾਇਆ ਹੈ । ਕਲਾ ਲਈ ਉਸ ਦੀ ਇਹ ਸੇਵਾ ਬੜੀ ਹੀ ਪ੍ਰਸੰਸਾ ਯੋਗ ਹੈ । ਇਸੇ ਕਾਰਨ ਉਹ ਸਿਰਫ਼ ਆਪਣੇ ਧਰਮ ਦੇ ਲੋਕਾਂ ਵਿਚ ਹੀ ਨਹੀਂ ਸਤਿਕਾਰਿਆ ਜਾਂਦਾ, ਸਗੋਂ ਹਰ ਤਰ੍ਹਾਂ ਦੇ ਆਮ ਲੋਕਾਂ ਤੋਂ ਵੀ ਸਤਿਕਾਰਿਆ ਜਾਂਦਾ ਹੈ । ਇਸਦਾ ਸਬੂਤ ਉਸ ਦੇ ਘਰ ਅਗੇ ਹਮੇਸ਼ਾ ਕਾਰਾਂ ਤੇ ਜੀਪਾਂ ਦਾ ਖੜ੍ਹਿਆ ਰਹਿਣਾ ਹੈ, ਭਾਵੇਂ ਕਿ ਬਾਹਰ ਮੋਟੇ ਅੱਖਰਾਂ ਵਿਚ ਲਿਖਿਆ ਹੋਇਆ ਹੈ, “ਦਰਸ਼ਕ ਦਿਵਸ-ਕੇਵਲ ਐਤਵਾਰ ।” ਉਡੀਕ ਕਰ ਰਹੀਆਂ ਜੀਪਾਂ ਆਮ ਤੌਰ ਤੇ ਪਾਲਮਪੁਰ ਲਾਗਲੀ ਮਿਲਟਰੀ ਛਾਉਣੀਆਂ ਤੋਂ ਜਰਨੈਲਾਂ ਦੀਆਂ ਹੁੰਦੀਆਂ ਹਨ । ਕੋਈ ਸੋਚੇਗਾ ਕਿ ਸੋਭਾ ਸਿੰਘ ਦਾ ਭਵਨ (ਇਸ ਨੂੰ ਉਹ ਘਰ ਕਹਿੰਦਾ ਹੈ) ਕਾਂਗੜਾ ਵੈਲੀ ਵਿਚ ਕਲਾ ਦੀ ਛਾਉਣੀ ਹੈ । ਉਹ ਅਤੇ ਉਸਦੀ ਆਰਟ ਗੈਲਰੀ ਇਸ ਇਲਾਕੇ ਵਿਚ ਸੈਲਾਨੀਆਂ ਵਾਸਤੇ ਇਕ ਵੱਡੀ ਖਿੱਚ ਹਨ ।
ਉਸ ਦੀ ਕਲਾ ਦਾ ਖੇਤਰ ਬੜਾ ਵਿਸ਼ਾਲ ਹੈ, ਪੋਰਟਰੇਟ, ਲੈਂਡਸਕੇਪ, ਸਟਿਲ ਲਾਈਫ਼ ਅਤੇ ਫਿਗਰ ਕੰਪੋਜ਼ੀਸ਼ਨ । ਉਸ ਨੇ ਰੰਧਾਵਾ ਅਤੇ ਪ੍ਰਿਥਵੀ ਰਾਜ ਦੇ ਬੜੇ ਹੀ ਸੋਹਣੇ ਬੁੱਤ ਵੀ ਬਣਾਏ ਹਨ। ਸੁਭਾਵਕ ਤੌਰ ਤੇ ਉਸ ਦੀ ਰੁਚੀ ਸੰਸਕ੍ਰਿਤਕ (classicism) ਕਲਾ ਵਲ ਹੈ । ਖੁਦ ਹੀ ਪੜ੍ਹਿਆ, ਉਹ ਦੁਨੀਆਂ ਵਿਚ ਵਾਪਰ ਰਹੀਆਂ ਘਟਨਾਵਾਂ ਬਾਰੇ ਜਾਣੂ ਰਹਿੰਦਾ ਹੈ । ਉਸਦਾ ਆਤਮ ਵਿਸ਼ਵਾਸ ਬੜਾ ਪੱਕਾ ਹੈ ਅਤੇ ਜ਼ਰਾ ਵੀ ਥਿੜਕਦਾ ਨਹੀਂ । ਜਾਪਦਾ ਹੈ ਕਿ ਕਲਾ ਉਸ ਲਈ ਕਦੀ ਵੀ ਸਮੱਸਿਆ ਨਹੀਂ ਬਣੀ । ਉਸ ਦੇ ਚਰਿਤਰ ਦੀ ਇਹ ਸ਼ਕਤੀ ਹੈ ਕਿ ਉਹ ਇਕ ਦੁਰਘਟਨਾ ਵਿਚ ਚੂਲਾ ਹਿਲ ਜਾਣ ਤੇ ਲੰਙਾ ਨੂੰ ਅਣਡਿਠ ਕਰੀ ਰਖਦਾ ਹੈ ਅਤੇ ਆਪਣੇ ਕੰਮ ਵਿਚ ਪੂਰੀ ਸ਼ਰਧਾ ਅਤੇ ਲਗਨ ਨਾਲ ਖੁਸ਼ੀ ਖੁਸ਼ੀ ਰੁਝਾ ਰਹਿੰਦਾ ਹੈ ।
ਪਦਾਰਥਕ ਤੌਰ ਤੇ ਉਸ ਨੇ ਚੰਗੀ ਕਮਾਈ ਕੀਤੀ ਹੈ। ਕਿੰਨੇ ਕੁ ਭਾਰਤੀ ਕਲਾਕਾਰਾਂ ਪਾਸ ਪੇਂਡੂ ਵਾਤਾਵਰਣ ਵਿਚ ਰਹਿੰਦਿਆਂ ਆਪਣਾ ਘਰ, ਕਾਰ ਜਾਂ ਟੈਲੀਫੋਨ ਹੈ ?
ਸੋਭਾ ਸਿੰਘ ਮੇਰਾ ਸਮਕਾਲੀ ਹੈ ਜੋ ਮੈਥੋਂ ਪੰਜ ਮਹੀਨੇ ਪਹਿਲਾਂ ਪੈਦਾ ਹੋਇਆ ਹੈ । ਪਰਮਾਤਮਾ ਉਸ ਨੂੰ ਲੰਬੀ ਉਮਰ ਅਤੇ ਚੰਗੀ ਸਿਹਤ ਬਖਸ਼ੇ ਤਾਂ ਜੋ ਉਹ ਕਲਾ ਦੀ ਹੋਰ ਸੇਵਾ ਕਰ ਸਕੇ । (1976)

ਇਕ ਸਚਾਈ-ਇਕ ਮੁਹੱਬਤ ਕੈਲਾਸ਼ ਪੁਰੀ

ਦੋਸਤਾਂ ਦੇ ਇਕ ਟੋਲੇ ਨੂੰ ਖ਼ੁਦਾ ਹਾਫ਼ਿਜ਼ ਆਖ ਕੇ ਮੇਜ਼ ਤੇ ਉਡੀਕਦੇ ਅਣ-ਜਵਾਬੇ ਖਤ ਅਤੇ ਅੱਧ-ਰਾਹ-ਖਲੋਤੇ ਲੇਖ ਤੇ ਨਜ਼ਮਾਂ ਨਾਲ ਪਲ ਸਾਂਝੇ ਕਰਨ ਬੈਠੀ ਹੀ ਸਾਂ ਕਿ ਪਛਾਣੀ ਹੋਈ ਹੇਕ ਕੰਨੀਂ ਪਈ, ‘ਗੁਡ ਮਾਰਨਿੰਗ…’ ਸਟੱਡੀ ਦੀਆਂ ਮੁੱਕਲੀਆਂ ਸ਼ੀਸ਼ੇਦਾਰ ਖਿੜਕੀਆਂ ‘ਚੋਂ ਸ਼ਾਇਦ ਉਹਨੇ ਮੈਨੂੰ ਵੇਖ ਲਿਆ ਸੀ । ਹਾਲਾਂਕਿ ਸਵੇਰ ਵਾਂਗ ਚੁੱਪ ਚੁਪੀਤਾ ਉਹ ਖ਼ਤ ਲੈਟਰ ਬਕਸ ਵਿਚ ਸੁਟ ਕੇ ਮੁੜ ਜਾਂਦਾ ਪਰ ਆਪਣੀ ਆਦਤ ਅਨੁਸਾਰ ਜੇ ਡਿਉਢੀ ਦਾ ਬੂਹਾ ਖੁਲ੍ਹਾ ਹੋਵੇ ਤਾਂ ਚਿੱਠੀ ਅੰਦਰ ਸੁਟਦਿਆਂ ਉਹ ‘ਗੁਡ ਮਾਰਨਿੰਗ’ ਜ਼ਰੂਰ ਕਹਿੰਦਾ ਹੈ ਅਤੇ ਜੇ ਦਿਨ ਵੇਲੇ ਮੈਂ ਘਰ ਹੋਵਾਂ ਤਾਂ ਬਾਹਰਲਾ ਬੂਹਾ ਹਰ ਵੇਲੇ ਖੁਲ੍ਹਾ ਰਖਣਾ ਮੇਰਾ ਠਰਕ ਹੈ ਤਾਂਕਿ ਸੂਰਜ-ਸਾਜਨ ਦੀਆਂ ਕੋਸੀਆਂ ਕਿਰਨਾਂ ਘਰ ਦਾ ਧੁਰ ਅੰਦਰ ਰੁਸ਼ਨਾਉਂਦੀਆਂ ਰਹਿਣ ।
ਖਤ ਓਪਰੇ ਜਿਹੇ ਦਸਖ਼ਤ ਵਾਲਾ ਸੀ ਪਰ ਖੋਲ੍ਹਦਿਆਂ ਹੀ ਕਿੰਨਾ ਕੁਝ ਮੇਰੀਆਂ ਅੱਖਾਂ ਅੱਗੇ ਆ ਕੇ ਬਹਿ ਗਿਆ । ਲਿਖਿਆ ਸੀ :
ਪਰਮ ਸਤਿਕਾਰ ਯੋਗ ਭੈਣ ਜੀਉ,
ਆਸ ਹੈ ਕਿ ਆਪ ਚੜ੍ਹਦੀਆਂ ਕਲਾਂ ਵਿਚ ਹੋਵੋਗੇ । ਇਹ ਬਹੁਤ ਹੀ ਲੰਮੇ ਅਰਸੇ ਮਗਰੋਂ ਆਪ ਜੀ ਨੂੰ ਲਿਖ ਰਿਹਾ ਹਾਂ । ਸ਼ਾਇਦ ਸੁਭਾਗਵਤੀ ਦੇ ਬੰਦ ਹੋਣ ਤੋਂ ਪਿਛੋਂ ਪਹਿਲੀ ਵਾਰ… ਇਹ ਖ਼ਤ ਮੈਂ ਆਪ ਜੀ ਨੂੰ ਇਸ ਲਈ ਉਚੇਚੇ ਤੌਰ ਤੇ ਲਿਖ ਰਿਹਾ ਹਾਂ ਕਿ ਪੰਜਾਬ ਦੇ ਪ੍ਰਸਿੱਧ ਚਿਤਰਕਾਰ ਸਰਦਾਰ ਸੋਭਾ ਸਿੰਘ ਜੀ 10 ਜੂਨ ਨੂੰ ਇੰਗਲੈਂਡ ਆ ਰਹੇ ਹਨ । ਲਗ ਪਗ ਦੋ ਮਹੀਨੇ ਉਥੇ ਰਹਿਣ ਦਾ ਉਹਨਾਂ ਦਾ ਪ੍ਰੋਗਰਾਮ ਹੈ ਤੇ ਉਹ ਆਪਣੀਆਂ ਤਸਵੀਰਾਂ ਦੀ ਐਗਜ਼ੀਬੀਸ਼ਨ ਵੀ ਕਰਨਗੇ… ਡਾਕਟਰ ਸਾਹਿਬ ਨੂੰ ਸਤਿਕਾਰ. ।

ਸਤਿਕਾਰ ਸਹਿਤ,

ਆਪ ਦਾ ਸਨੇਹੀ

ਹਰਬੀਰ ਸਿੰਘ ਭੰਵਰ

ਅਜੀਬ, ਅਹਿਸਾਸ…ਕੋਈ ਖੁਸ਼ੀ ਅਜਿਹੀ ਹੁੰਦੀ ਹੈ ਜਿਹੜੀ ਚਿਹਰੇ ਤੋਂ ਲੰਘ ਧੁਰ ਅੰਦਰ ਲਹਿ ਜਾਂਦੀ ਹੈ-ਇਕ ਮਿੱਠੀ ਮਹਾਨਤਾ ਕੋਈ ਬਰ ਆਈ ਮੁਰਾਦ… ।
ਪੂਨਾ ਰਹਿੰਦੇ ਸਾਂ ਤਾਂ ਕਈ ਵਾਰ ਸਰਦਾਰ ਸੋਭਾ ਸਿੰਘ ਜੀ ਨੂੰ ਮਿਲਣ ਤੇ ਬੜਾ ਜੀਅ ਕਰਦਾ ਸੀ ਪਰ ਅਸੀਂ ਅਜਿਹੇ ਪੰਜਾਬੀ ਸਾਂ, ਜਿਨ੍ਹਾਂ ਨੂੰ ਸੋਭਾ ਸਿੰਘ ਦੀ ਹੱਦਬੰਦੀ ਨੇ ਕੋਹਾਂ ਦੂਰ ਰਖਿਆ । ਗੋਪਾਲ ਉੱਤਰੀ ਤੇ ਦੱਖਣੀ ਅਮਰੀਕਾ, ਫ਼ਲੋਰਿਡਾ, ਯੂਰਪ ਤੇ ਇਧਰ ਕੰਨਿਆ ਕੁਮਾਰੀ, ਕੋਡੇਕਨਾਲ, ਊਟੀ, ਮੈਸੂਰ, ਮਦਰਾਸ ਤੋਂ ਲੈ ਕੇ ਕਲਕੱਤਾ, ਸ਼ੀਲਾਂਗ ਤੇ ਉੱਤਰ ਪ੍ਰਦੇਸ਼ ਦਾ ਟੂਰ ਕਰਦੇ ਰਹਿੰਦੇ ਸਨ । ਛੁੱਟੀਆਂ ਵਿਚ ਅਕਸਰ ਅਸੀਂ ਇਕੱਠੇ ਹੀ ਜਾਂਦੇ ਸਾਂ ਪਰ ਪੰਜਾਬ ਨਾਲ ਸਾਡੀ ਕੋਈ ਸਾਂਝ ਨਾ ਬਣੀ । ਐਤਕਾਂ ਵੀ ਮੈਨੂੰ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ, ਸਰਦਾਰ ਗੁਰਬਖਸ਼ ਸਿੰਘ ਜੀ ਦੇ ਅਭਿਨੰਦਨ-ਗ੍ਰੰਥ-ਭੇਟ ਦੇ ਸਮਾਗਮ ਸਮੇਂ ਡਾਕਟਰ ਐਮ. ਐਸ. ਰੰਧਾਵਾ ਜੀ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਸੀ । ਉਹਨਾਂ ਮੈਨੂੰ ਖਰੜ ਚਲਣ ਦਾ ਸੱਦਾ ਦਿੱਤਾ । ਇਹੋ ਜਿਹਾ ਅਵਸਰ ਗੁਆਉਂਦਿਆਂ ਆਪਣੇ ਆਪ ਤੇ ਗੁੱਸਾ ਆਇਆ ਕਿ ਮੈਂ ਕਿਉਂ ਦਿੱਲੀ ਮਿਲਣੀਆਂ ਦੀ ਪੱਕ ਕਰ ਆਈ ਸਾਂ । ਅਸੀਂ ਅਲਾਹਾਬਾਦ ਸਾਂ ਤੇ ਡਾਕਟਰ ਰੰਧਾਵਾ ਆਏ ਸਨ ਤੇ ਮੁੜ ਕੇ ਹੁਣ ਮੇਲ ਹੋਇਆ ਸੀ । ਇਹ ਵੀ ਕਿਹੀ ਮਜਬੂਰੀ ਸੀ ਕਿ ਚਾਹੁੰਦਿਆਂ ਹੋਇਆ ਵੀ ਮੈਂ ਉਹਨਾਂ ਨਾਲ ਨਹੀਂ ਸਾਂ ਜਾ ਸਕਦੀ ਤੇ ਹੁਣ ਸਰਦਾਰ ਸੋਭਾ ਸਿੰਘ ਜੀ ਦੇ ਆਉਣ ਦੀ ਖ਼ਬਰ ਸੁਣ ਕੇ ਅਸੀਂ ਬੜੇ ਖੁਸ਼ ਹੋਏ । ਹਰਬੀਰ ਸਿੰਘ ਭੰਵਰ ਦੀ ਦੱਸੀ ਹੋਈ ਤਾਰੀਖ਼ ਮੁਤਾਬਿਕ ਮੈਂ ਲੰਦਨ ਖ਼ਤ ਪਾਇਆ ਤੇ ਉਹ ਦੋ ਤਾਰੀਖਾਂ ਵੀ ਦਰਜ ਕਰ ਦਿੱਤੀਆਂ । ਇਕ ਸ਼ਾਮ ਸਾਡੇ ਘਰ ਅੰਗਰੇਜ਼ ਚਿਤਰਕਾਰਾਂ ਦੀ ਕਾਕਟੇਲ ਤੇ ਅਗਲੀ ਸ਼ਾਮ ਲਾਰਡ ਮੇਅਰ ਤੇ ਲੇਡੀ ਮੇਅਰੈੱਸ ਨੇ ਸਾਡੇ ਮਹਿਮਾਨਾਂ ਦੇ ਆਦਰ ਵਿਚ ਟਾਊਨ ਹਾਲ ਵਿਚ ‘ਟੀ ਪਾਰਟੀ’ ਦੇਣੀ ਨੀਯਤ ਕੀਤੀ ਸੀ ਤੇ ਨਾਲ ਹੀ ਇਹ ਵੀ ਲਿਖਿਆ ਕਿ ਉਹਨਾਂ ਦੇ ਚਿਤਰਾਂ ਦੀ ਪ੍ਰਦਰਸ਼ਨੀ ਸੈਂਟਰਲ ਲਾਇਬਰੇਰੀ ਵਿਚ ਹੋਣੀ ਪੱਕੀ ਹੋ ਗਈ ਹੈ । ਮਿਸਟਰ ਮਾਈਕਲ ਵਾਕਰ ਆਪ ਸਾਨੂੰ ਮਿਲਣ ਆਏ ਤੇ ਕਹਿ ਗਏ ਕਿ ਉਹਨਾਂ ਦੀ ਜਾਚੇ ਇਹ ਪ੍ਰਦਰਸ਼ਨੀ ਇਥੇ ਬੜੀ ਸਲਾਹੀ ਜਾਏਗੀ ਤੇ ਉਹ ਸਰਦਾਰ ਸੋਭਾ ਸਿੰਘ ਹੋਰਾਂ ਨੂੰ ਬੜੇ ਚਾਅ ਨਾਲ ਉਡੀਕ ਰਹੇ ਸਨ ।
ਦੂਜੇ ਦਿਨ ਮੈਨੂੰ ਮਾਈਕਲ ਨੇ ਫੋਨ ਤੇ ਕਿਹਾ ਕਿ ਮੈਂ ਸਰਦਾਰ ਜੀ ਕੋਲੋਂ ਚਿਤਰਾਂ ਦਾ ਸਾਈਜ਼ ਅਤੇ ਗਿਣਤੀ ਮੰਗਵਾ ਦਿਆਂ ਤਾਕਿ ਉਸ ਮੁਤਾਬਿਕ ਉਹ ਛੋਟਾ ਜਾਂ ਵੱਡਾ ਹਾਲ ਤਿਆਰ ਕਰ ਰਖਣਗੇ । ਇਸ ਪਰਦਰਸ਼ਨੀ ਦਾ ਉਦਘਾਟਨ ਕਰਾਉਣ ਲਈ ਅਸਾਂ ਲਾਰਡ ਮੇਅਰ ਨਾਲ ਵੀ ਪੱਕ ਕਰ ਲਈ । ਕਈ ਦਿਨ ਉਡੀਕਦਿਆਂ ਲੰਘ ਗਏ ।
ਪੁਜਦਿਆਂ ਜਦ ਸਰਦਾਰ ਜੀ ਨੂੰ ਮੇਰਾ ਖ਼ਤ ਮਿਲਿਆ ਸੀ ਤਾਂ ਉਹਨਾਂ ਵਲੋਂ ਬੜਾ ਪਿਆਰਾ ਖ਼ਤ ਆਇਆ : “…ਤੁਸੀਂ ਜ਼ਰਾ ਦੂਰ ਰਹਿੰਦੇ ਹੋ । ਚੰਗੀਆਂ ਰੂਹਾਂ ਨੂੰ ਮਿਲਣ ਦੀ ਮੈਨੂੰ ਹਮੇਸ਼ਾ ਸਿਕ ਰਹਿੰਦੀ ਹੈ । ਜੇ ਆਪ ਨੇ ਇਧਰ ਟੂਰ ਤੇ ਆਉਣਾ ਹੋਵੇ ਤਾਂ ਜ਼ਰੂਰ ਦਰਸ਼ਨ ਦੇਣਾ…” ਏਡੇ ਵੱਡੇ ਪ੍ਰਸਿੱਧ ਕਲਾਕਾਰ ਵਿਚ ਏਡੀ ਨਿਰਮਾਣਤਾ, ਇਤਨਾ ਨਿੱਘ ਕਿਵੇਂ ਸਾਨੂੰ ਨਾ-ਚੀਜ਼ਾਂ ਨੂੰ ਉਹ ਵਡਿਆ ਰਹੇ ਸਨ । ਪਰ ਜਿਸ ਖ਼ਤ ਦੀ ਮੈਨੂੰ ਡੂੰਘੀ ਉਡੀਕ ਸੀ, ਉਹ ਪੁੱਜਿਆ ਨਾ ਤੇ ਮੈਂ ਨੁਮਾਇਸ਼- ਹਾਲ ਵਲੋਂ ਮਾਈਕਲ ਵਾਕੁਰ ਨਾਲ ਇਸ਼ਤਿਹਾਰਾਂ ਬਾਰੇ ਗੱਲ ਵੀ ਕਰਨੀ ਸੀ । ਅਗਲੇ ਦਿਨ ਖ਼ਤ ਆਇਆ… ਬੜਾ ਉਦਾਸ, ਬੜੀ ਮਾਯੂਸੀ “… ਇਹਨਾਂ ਨੂੰ ਨਾ Art ਦੀ ਸੂਝ ਹੈ ਤੇ ਨਾ ਗੁਰੂ ਸਾਹਿਬਾਂ ਨਾਲ ਪਿਆਰ… 20 ਜੁਲਾਈ ਤਕ ਠਹਿਰਣਾ (ਇਸੇ ਦਿਨ ਸਾਡੇ ਘਰ ਕਾਕਟੇਲ ਤੇ ਅਗਲੇ ਦਿਨ ਲਾਰਡ ਮੇਅਰ ਦੀ ਪਾਰਟੀ ਸੀ) ਤਾਂ ਮੇਰੇ ਲਈ ਮੁਸ਼ਕਲ ਹੈ । ਸ਼ਿਵ ਕੁਮਾਰ ਦੇ ਮੁਸ਼ਾਇਰੇ ਅਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦਾ ਮੇਲ ਵੀ ਕੋਈ ਨਹੀਂ…”
ਜਿਥੋਂ ਇਹ ਚਿੱਠੀ ਸਰਦਾਰ ਜੀ ਨੇ ਲਿਖੀ, ਉਥੋਂ ਦਾ ਫੋਨ ਵੀ ਉਹਨਾਂ ਲਿਖਿਆ ਸੀ । ਚਿੱਠੀ ਪੜ੍ਹ ਕੇ ਅਸੀਂ ਦੋਵੇਂ ਥੋੜ੍ਹੇ ਉਦਾਸ ਹੋਏ । ਦੁਖ਼ ਵੀ ਲਗਾ ਕਿ ਸਰਦਾਰ ਸੋਭਾ ਸਿੰਘ ਜੀ ਚਿਤਰਕਾਰ ਵਰਗੀ ਉੱਚ ਪ੍ਰਤਿਭਾ ਅਤੇ ਸ਼ਖ਼ਸੀਅਤ ਨੂੰ ਮਿਲਣ ਦਾ ਅਵਸਰ ਪਰਦੇਸ ਰਹਿੰਦੇ ਭਾਰਤੀਆਂ ਨੂੰ ਮਿਲੇ ਤਾਂ ਏਦੂੰ ਵਧ ਹੋਰ ਕਿਹੜਾ ਸੁਭਾਗ ਹੋ ਸਕਦਾ ਹੈ । ਸਾਡੇ ਦੇਸ਼ ਦੇ ਕਿੰਨੇ ਕੁ ਅਜਿਹੇ ਸਿਹਤ ਵਿਚ ਬੇ- ਆਰਾਮੀ ਬਰਦਾਸ਼ਤ ਕਰਨ ਲਈ ਘਰ ਦਾ ਸੁਖ ਛੱਡਦੇ ਹਨ । ਅਸੀਂ ਦੋਵੇਂ (ਮੈਂ ਤੇ ਗੋਪਾਲ) ਏਥੋਂ ਦੀਆਂ ਕਦਰਾਂ, ਕੀਮਤਾਂ ਅਤੇ ਵਡਿਆਈਆਂ ਨੂੰ ਜਾਣਦਿਆਂ, ਸਹਿੰਦਿਆਂ ਨਵੇਂ ਸਿਰਿਉਂ ਦੁਖੀ ਹੋ ਰਹੇ ਸਾਂ । ਸਾਡੇ ਆਪਣੇ ਨਾਲ ਕੀ ਕੀ ਬੀਤ ਚੁੱਕੀ ਤੇ ਕੀ ਬੀਤ ਰਹੀ ਸੀ । ਇਹਦੀ ਪੀੜ ਮੁੜ ਜਾਗ੍ਰਿਤ ਹੋ ਗਈ । ਪਰ ਮਹਿਮਾਨ ਸਰਦਾਰ ਜੀ ਵਰਗੀ ਹੈਸੀਅਤ ਨਾਲ ਅਜਿਹਾ ਵਤੀਰਾ ਕਿਉਂ ? ਉਡੀਕ ਉਡੀਕ ਕੇ ਸ਼ਾਮ ਹੋਈ ਤੇ ਮੈਂ ਉਹਨਾਂ ਨੂੰ ਫ਼ੋਨ ਕੀਤਾ ਤੇ ਇਕ ਵਾਰ ਫਿਰ ਆਪਣੀ ਮਨਸ਼ਾ ਦੁਹਰਾਈ ਕਿ ਅਗਰ ਉਹਨਾਂ ਦੀ ਸਿਹਤ ਸਫ਼ਰ ਦੀ ਬੇ-ਆਰਾਮੀ ਸਹਾਰ ਸਕੇ ਤਾਂ ਉਹ ਸਾਡੇ ਆਲ੍ਹਣੇ ਵਿਚ ਜ਼ਰੂਰ ਥੋੜੇ ਸਮੇਂ ਲਈ ਆਉਣ । ਉਹਨਾਂ ਨੇ ਇਸ ਦੀਦਾਰ-ਖਿੱਚ ਨੂੰ ਕਬੂਲ ਕਰ ਲਿਆ । ਕਾਰ ਗੇਟ ਅੰਦਰ ਵੜੀ ਤੇ ਗੋਪਾਲ ਬੜੇ ਮਾਣ ਤੇ ਆਦਰ ਨਾਲ ਸਰਦਾਰ ਜੀ ਅਤੇ ਗੁਰਚਰਨ
ਜੀ ਨੂੰ ਘਰ ਦੇ ਅੰਦਰ ਲਿਆ ਰਹੇ ਸਨ । ਰਿਸ਼ਮ (ਸਾਡੀ ਨਿਕੜੀ ਬੱਚੀ) ਨੇ ਉਪਰੋਂ ਆਪਣੇ ਕਮਰੇ ਵਿਚੋਂ ਤੱਕਿਆ ਤੇ ਦੌੜਦੀ ਮੇਰੇ ਕਮਰੇ ਅੰਦਰ ਆਈ, “ਤੁਹਾਡੇ ਮਹਿਮਾਨ ਆ ਗਏ ਨੇ । ਦੇਖੋ ਤਾਂ ਸੀ। He is Lovely.”
ਉਹਨਾਂ ਦੀ ਚੰਗੀ ਸਿਹਤ ਲਈ ਅਸੀਂ ਦੁਆ ਮੰਗਦੇ ਰਹੇ ਸਾਂ । ਸਿਰਫ ਲਿਵਰਪੂਲ ਆਉਣ ਲਈ ਹੀ ਨਹੀਂ ਹਮੇਸ਼ਾਂ ਲਈ । ਲਿਵਰਪੂਲ ਦੇ ਚਿਤਰਕਾਰਾਂ ਨੂੰ ਚਾਅ ਚੜ੍ਹਿਆ ਹੋਇਆ ਸੀ । ਉਹਨਾਂ ਨੇ ਭਾਰਤ ਦੇ ਮਸ਼ਹੂਰ ਚਿਤਰਕਾਰ ਨੂੰ ਮਿਲਣ ਤੇ ਉਹਦੀਆਂ ਸੰਸਾਰ ਪ੍ਰਸਿੱਧ ਕਿਰਤਾਂ ਨੂੰ ਅੱਖਾਂ ਅਤੇ ਦਿਲ ਵਿਚ ਵਸਾਉਣਾ ਸੀ । ਇਕ ਹੋਰ ਕਿਸਮ ਦੇ ਆਰਟ ਚੜ੍ਹੋਂਮ ਪੂਰਬੀ ਚਿਤਰਕਾਰੀ, ਰੰਗਾਂ ਦਾ ਅਨੋਖਾ ਮੇਲ ਅਤੇ ਚਿਤਰਕਾਰ ਦੀ ਵਿਲੱਖਣ ਸ਼ਖ਼ਸੀਅਤ ।
ਮੀਜ਼ਬਾਨ ਚਿਤਰਕਾਰ ਨਾਲ ਹੱਥ ਵੀ ਮਿਲਾ ਕੇ ਸਾਰੇ ਮਹਿਮਾਨ ਅੰਗਰੇਜ਼ ਚਿਤਰਕਾਰ ਮਰਦ ਅਤੇ ਔਰਤਾਂ ਪ੍ਰਸ਼ੰਸਕ ਨਜ਼ਰਾਂ ਮਿਲਾਂਦੇ ਬਹਿ ਗਏ । ਸਪੈਂਸਰ ਲੀਅ (Spencer Leigh) ਨੇ ਚਿਤਰਕਾਰਾਂ ਵਲੋਂ ਸਰਦਾਰ ਸੋਭਾ ਸਿੰਘ ਜੀ ਨੂੰ ‘ਜੀ ਆਇਆਂ’ ਕਿਹਾ ਤੇ ਖੁਸ਼ੀ ਪ੍ਰਗਟਾਈ ਕਿ ‘ਪਹਿਲੀ ਵਾਰ ਸਾਨੂੰ ਭਾਰਤ ਦੇ ਉਚ ਕੋਟੀ ਦੇ ਚਿਤਰਕਾਰ ਨੂੰ ਮਿਲਣ ਦਾ ਅਵਸਰ ਮਿਲਿਆ ਹੈ ।” ਫਿਰ ਡਾਕਟਰ ਪੁਰੀ ਨੇ ਸਰਦਾਰ ਜੀ ਦੀ ਕਲਾ ਬਾਰੇ ਮੁਖ਼ਤਸਰ ਜਿਹਾ ਦਸਿਆ ਤੇ ਉਹਨਾਂ ਦਾ ਧੰਨਵਾਦ ਕੀਤਾ ਕਿ ਨਾ-ਸਾਜ਼ ਤਬੀਅਤ ਹੁੰਦਿਆਂ ਵੀ ਉਹਨਾਂ ਨੇ ਏਡੀ ਖੇਚਲ ਇਥੇ ਆਉਣ ਦੀ ਕੀਤੀ ਹੈ ਤੇ ਸਰਦਾਰ ਸੋਭਾ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਉਹ ਆਪ ਆਪਣੀ ‘ਸੋਹਣੀ ਮਹੀਂਵਾਲ’, ‘ਗੁਰੂ ਗੋਬਿੰਦ ਸਿੰਘ’ ਅਤੇ ਹੋਰ ਚਿਤਰਾਂ ਬਾਰੇ ਅੰਗਰੇਜ਼ ਚਿਤਰਕਾਰਾਂ ਨੂੰ ਦਸਣ ਦੀ ਕਿਰਪਾ ਕਰਨ ।
ਸਰਦਾਰ ਸੋਭਾ ਸਿੰਘ ਜੀ ਦੀ ਸ਼ਖ਼ਸੀਅਤ, ਲਹਿਜਾ ਅਤੇ ਅੰਗਰੇਜ਼ੀ ਬੋਲੀ ਤੇ ਕਮਾਂਡ ਹਰ ਲਫ਼ਜ਼ ਸਰੋਤੇ ਚਿਤਰਕਾਰ ਸਾਹ ਰੋਕ ਕੇ ਆਪਣੇ ਅੰਦਰ ਸਾਂਭ ਰਹੇ ਸਨ । ਉਹਨਾਂ ਨੇ ‘ਸੋਹਣੀ ਮਹੀਂਵਾਲ’, ‘ਗੁਰੂ ਗੋਬਿੰਦ ਸਿੰਘ’ ਅਤੇ ‘ਡੋਲੇ ਬੈਠੀ ਮੁਟਿਆਰ’ ਚਿਤਰਾਂ ਦਾ ਵਿਸ਼ਾ ਦੱਸਿਆ । ਸਾਰੇ ਚਿਤਰਕਾਰ ਇਸ ਕਲਾ ਵਿਚ ਪਰੋਤੇ ਇਕ ਰੂਹ ਹੋਏ ਸੁਣ ਰਹੇ ਸਨ । ਸ਼ਬਦ-ਰਹਿਤ ਪ੍ਰਸ਼ੰਸਾ ਹਰ ਚਿਹਰੇ ਤੋਂ ਲੰਘਦੀ ਚਿਤਰਕਾਰ ਨੂੰ ਚੁੰਮ ਰਹੀ ਸੀ ।
ਇਕ ਹੋਰ ਉਤਾਵਲ ਜਿਹੜੀ ਸਾਰੇ ਦਿਲਾਂ ਵਿਚ ਮਚਲ ਰਹੀ ਸੀ- ਉਹ ਸਮਾਂ ਆ ਗਿਆ- ਇਸੇ ਹਾਲ ਵਿਚ ਚਿਤਰਾਂ ਦੀ ਨੁਮਾਇਸ਼ ਲਗੀ ਹੋਈ ਸੀ । ਬੜੀ ਖਿਚ ਅਤੇ ਡੂੰਘੀ ਦਿਲਚਸਪੀ ਨਾਲ ਸਾਰਿਆਂ ਨੇ ਚਿਤਰ ਵੇਖੇ ਚਿਤਰਕਾਰਾਂ ਨੇ ਖ਼ਿਆਲ ਸਾਂਝੇ ਕੀਤੇ-ਚਿਤਰ ਕਲਾ ਦੀ ਪ੍ਰਬੀਨਤਾ ਅਤੇ ਡੂੰਘਾਈ ਤੇ ਵਟਾਂਦਰਾ ਕੀਤਾ- ਜਾਮ ਸਾਂਝੇ ਕੀਤੇ-ਖਾਂਦਿਆਂ ਤੇ ਪੀਂਦਿਆਂ ਤੇ ਮਹਿਮਾਨ ਚਿਤਰਕਾਰ ਦੀ ਕਲਾ ਮਾਣਦਿਆਂ ਰਾਤ ਡੂੰਘੀ ਪੈ ਗਈ-ਵਾਰੋ ਵਾਰ ਹਰ ਹੋਠ ‘ਚੋਂ ਆਵਾਜ਼ ਨਿਕਲੀ- He is lovely. He is great. Thanks for giving us the apportunity of meeting this great master.
ਅੱਜ ਬਕਲੈਂਡਜ਼ ਦੇ ਬੂਹੇ ਬਾਰੀਆਂ ਸਾਰੇ ਰੋਸ਼ਨ ਸਨ ।
ਅਗਲੀ ਸ਼ਾਮ ਲਾਰਡ ਮੇਅਰ ਤੇ ਲੇਡੀ ਮੇਅਰੈੱਸ ਨਾਲ ਟਾਊਨ ਹਾਲ, ਵਿਚ ‘ਟੀ ਪਾਰਟੀ ਸੀ। ਬੜੇ ਆਦਰ ਨਾਲ ਉਹਨਾਂ ਸਰਦਾਰ ਸੋਭਾ ਸਿੰਘ ਜੀ ਦਾ ਸਵਾਗਤ ਕੀਤਾ। ਲੇਡੀ ਮੇਅਰੈੱਸ ਉਹਨਾਂ ਦਾ ਸੱਜਾ ਹੱਥ ਆਪਣੇ ਦੋਹਾਂ ਹੱਥਾਂ ਵਿਚ ਲੈ ਕੇ ਘੁਟਦੀ ਪ੍ਰਸੰਸਕ ਨਜ਼ਰਾਂ ਨਾਲ ਉਹਨਾਂ ਵਲ਼ ਤੱਕ ਕੇ ਮੇਰੇ दल भुत्री, “Isn’t he lovely ? He is lovely.” डे ढित चिउवात हूँ हते थे भाट लाल विए, “It is marvellous to have you in the Town Hall.” ਮੀਜ਼ਬਾਨ ਤੇ ਮਹਿਮਾਨ ਵਾਰੋ ਵਾਰੀ ਚਿਤਰਾਂ ਅਗੇ ਖਲੋਤੇ ਕਲਾ ਦੀ ਸੂਖਮਤਾ, ਰੰਗਾਂ ਦਾ
ਮਿਸ਼ਰਣ ਅਤੇ ਜਜ਼ਬਾਤਾਂ ਦੇ ਵੇਗ ਵਿਚ ਵਹਿੰਦੇ ਪੂਰਬੀ ਚਿਤਰਕਾਰੀ ਦੀ ਵਿਲੱਖਣਤਾ ਤੇ ਵਿਚਾਰ ਕਰਦੇ ਰਹੇ । ਲਾਰਡ ਮੇਅਰ ਤੇ ਲੇਡੀ ਮੇਅਰੈੱਸ ਉਹਨਾਂ ਦੇ ਚਿਤਰਾਂ ਤੋਂ ਪ੍ਰਭਾਵਿਤ ਹੋਏ । ਹਮੇਸ਼ਾਂ ਵਾਂਗ ਅੱਜ ਵੀ ਉਹਨਾਂ ਨੇ ਸਾਥੋਂ ‘ਵਿਜ਼ਿਟਰ ਬੁਕ’ ਵਿਚ ਸਿਰਨਾਵਾਂ ਅਤੇ ਦਸਖ਼ਤ ਕਰਾਏ ਤੇ ਲੇਡੀ ਮੇਅਰੈੱਸ ਨੇ ਇਕ ਵਾਰ ਫਿਰ ਡੂੰਘਾ ਤੱਕਦੀਆਂ ਲਿਸ਼ਕਦੀਆਂ ਸਾਵੀਆਂ, ਅੱਖਾਂ ਝਮਕਾਂਦਿਆਂ ਸ਼ੁਕਰੀਆਂ ਕਰਦਿਆਂ ਸਰਦਾਰ ਜੀ ਨੂੰ ਆਖਿਆ, “It has been lovely to have you.” ਤੇ ਫਿਰ ਉਹਨੇ ਗੋਪਾਲ ਵਲ ਤਕਿਆ, ਹੱਥ ਘੁਟੇ ਤੇ ਕਿਹਾ, “Thank you for bringing him. We will always treasure his visit.”
ਆਪਣੀ ਰੋਜ਼ਾਨਾ ਰਿਚੁਅਲ ਅਨੁਸਾਰ ਸਵੇਰੇ ਸਾਢੇ ਸਤ ਵਜੇ ਗੋਪਾਲ ਕਾਫ਼ੀ ਬਣਾ ਕੇ ਲਿਆਏ ਤੇ ਅਸੀਂ ਸਾਰੇ ਸਰਦਾਰ ਜੀ ਦੇ ਕਮਰੇ ਵਿਚ ਜਾ ਬੈਠੇ । ਖ਼ਲੀਲ ਜਿਬਰਾਨ, ਜੈਦੇਵ, ਗੁਰੂ ਗੋਬਿੰਦ ਸਿੰਘ ਜੀ, ਨੂਰ ਜਹਾਂ ਤੋਂ ਹੁੰਦੀਆਂ ਗੱਲਾਂ ਮਾਈਕਲਐਂਜਲੋ, ਲਿਊਨਾਰਦੋ ਦਾ ਵਿੰਚੀ, ਗੋਗਾਂ, ਵਾਨ ਗਾਗ, ਮੋਨੇ, ਠਾਕੁਰ ਸਿੰਘ ਤੇ ਫਿਰ ਸਰਦਾਰ ਸੋਭਾ ਸਿੰਘ ਜੀ ਦੀ ਕਲਾ ਪ੍ਰਬੀਨਤਾ ਤੇ ਆ ਰੁਕੀਆਂ ।
“ਉਹਨਾਂ ਦਿਨਾਂ ਵਿਚ ਆਰਟ ਸਕੂਲ ਨਹੀਂ ਸਨ ਹੁੰਦੇ ਤੇ ਉਸ ਜ਼ਮਾਨੇ ਦੇ ਚਿਤਰਕਾਰਾਂ ਕੋਲੋਂ ਕਿਸੇ ਨੇ ਕੀ ਸਿਖਣਾ ਸੀ- ਉਹਨਾਂ ਨੇ ਗਾਲ਼ਾਂ ਕੱਢਣੀਆਂ-ਪਰ ਸਿਖਾਣਾ ਕੁਝ ਨਾ । ਸੋਲ਼ਾਂ ਵਰ੍ਹਿਆਂ ਦੀ ਉਮਰ ਵਿਚ ਪਿਤਾ ਜੀ ਗੁਜ਼ਰ ਗਏ- ਭਣਵਈਏ ਕੋਲੋਂ ਸਰਵੇਇੰਗ (Surveying) ਸਿਖੀ ਤੇ ਡਰਾਫ਼ਟਸਮੈਨ ਲਗ ਗਏ- ਫਿਰ ਮੈਂ ਬਗ਼ਦਾਦ ਚਲਾ ਗਿਆ ਤੇ ਸੰਨ 1923 ਵਿਚ ਵਾਪਸ ਆਇਆ… ।”
“ਤੁਹਾਡੀ ਪਹਿਲੀ ਪੇਂਟਿੰਗ ਕਦੋਂ ਛਪੀ ਸੀ ?”
“ਮੇਰੀ ਪਹਿਲੀ ਪੇਂਟਿੰਗ 1924 ਵਿਚ ਫੁਲਵਾੜੀ ਵਿਚ ਛਪੀ ਸੀ… ਇਹ ਇਕ ਤੇਲ ਚਿਤਰ ਸੀ, ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਪੰਜਾਂ ਪਿਆਰਿਆਂ ਕੋਲੋਂ ਅੰਮ੍ਰਿਤ ਛਕ ਰਹੇ ਸਨ ।”
“ਇਹ ਚਿਤਰ ਹੁਣ ਕਿੱਥੇ ਹੈ ?”
“1949 ਵਿਚ ਰਾਇਲ ਏਅਰ ਫ਼ੋਰਸ ਨੇ ਇਹ ਚਿਤਰ ਖਰੀਦ ਲਿਆ ਸੀ ।”
ਗੱਲਾਂ ਹੁੰਦੀਆਂ ਰਹੀਆਂ ਤੇ ਵਕਤ ਮਲਕੜੇ ਲੰਘਦਾ ਗਿਆ-ਸਾਨੂੰ ਪਤਾ ਵੀ ਨਾ ਲੱਗਾ ਗੁਰਚਰਨ ਜੀ ਕਿਸ ਵੇਲੇ ਹੌਲੀ ਜਿਹੀ ਉਠ ਗਏ ਤੇ ਚਾਰ ਮਘ ਹੋਰ ਸੁਗੰਧਾਂ ਛਡਦੀ ਕਾਫ਼ੀ ਦੇ ਲੈ ਆਏ । ਲੰਘ ਚੁੱਕੀ ਰਾਤ ਵੀ ਅਸਾਂ ਗੁਰਚਰਨ ਜੀ ਦੇ ਹੱਥਾਂ ਦੇ ਹਲਕੇ ਤੇ ਸਵਾਦੀ ਫੁਲਕੇ ਖਾਧੇ ਸਨ ਤੇ ਐਸ ਵੇਲੇ ਵੀ ਉਹਨਾਂ ਮੈਨੂੰ ਕਹਿ ਦਿੱਤਾ- “ਤੁਸੀਂ ਦਾਰ ਜੀ ਨਾਲ ਗੱਲਾਂ ਕਰੋ-ਦੁਪਹਿਰ ਦੀ ਰੋਟੀ ਦਾ ਕੰਮ ਮੈਂ ਆਪੇ ਕਰ ਲਵਾਂਗੀ…” ਮੀਟੇ ਹੋਠ ਅਤੇ ਪ੍ਰਸ਼ੰਸਕ ਅੱਖਾਂ ਨਾਲ ਇਸ ਬੜੀ ਪਿਆਰੀ, ਅਤੇ ਸੇਵਾ ਦੀ ਖੁਸ਼ੀ ਵਿਚ ਸਾਹ ਲੈਂਦੀ ਸਿਆਣੀ ਕੁੜੀ ਵੱਲ ਵੇਖਦੀ ਮੈਂ ਸੋਚਣ ਲੱਗੀ ਕਿ ਸਾਡੇ ਸਨੇਹੀਆਂ ਵਿਚ ਕਿੱਡਾ ਨਿੱਘ ਤੇ ਪਿਆਰ ਹੈ-ਜਿਵੇਂ ਗੁਰਚਰਨ ਜੀ ਨੇ ਰਸੋਈ ਦਾ ਚਾਰਜ ਲੈ ਲਿਆ ਸੀ ਇਸੇ ਤਰ੍ਹਾਂ ਪਿਛਲੇ ਹਫਤੇ ਫ਼ਿਲਮੀ ਦੁਨੀਆਂ ਦੀ ਇਕ ਅਮੀਰਜ਼ਾਦੀ ਜੋ ਪਿਛਲੇ ਵਰ੍ਹੇ ਵੀ ਬਕਲੈਂਡਜ਼ ਆਪਣੇ ਮਸ਼ਹੂਰ ਡਾਇਰੈਕਟਰ ਤੇ ਪ੍ਰੋਡਿਊਸਰ ਪਤੀ ਨਾਲ ਆਈ ਤਾਂ ਰਸੋਈ ਵਿਚ ਮੈਨੂੰ ਕਿਸੇ ਪੈਰ ਨਹੀਂ ਸੀ ਧਰਨ ਦਿਤਾ ਤੇ ਏਸੇ ਕੁੜੀ ਦੀ ਸੱਸ-ਮਾਂ ਨੇ ਜਦ ਇਥੇ ਆਉਣਾ ਸੀ ਤਾਂ ਫ਼ੋਨ ਤੇ ਮੇਰੇ ਨਾਲ ਪੱਕ ਕਰ ਲਈ, “ਪਰ ਮੇਰੀ ਇਹ ਸ਼ਰਤ ਹੈ ਕਿ ਤੁਸੀਂ ਰਸੋਈ ਵਿਚ ਪੈਰ ਨਹੀਂ ਧਰੋਗੇ ਤੁਸੀਂ ਆਪਣਾ ਲਿਖਣ ਪੜ੍ਹਨ ਦਾ ਕੰਮ ਕਰਨਾ, ਅਸੀਂ ਪਕਾਵਾਂਗੇ ਤਦ ਸਾਰੇ ਰਲ ਕੇ ਮਰਸੀ ਸਾਇਡ ਬੀਚ ਤੇ ਜਾ ਕੇ वाहांगे…”
ਗੱਲਾਂ ਦੀ ਲੜੀ ਜਾਰੀ ਸੀ, “ਤੇ ਸੋਹਣੀ ਕਦੋਂ ?”
“1937 ਵਿਚ ਸੋਹਣੀ ਬਣਾਈ ਸੀ- ਪਰ ਇਹ ਪਾਕਿਸਤਾਨ ਵਿਚ ਹੀ ਰਹਿ ਗਈ । ਮੁੜ ਕੇ 1943 ਵਿਚ ਪ੍ਰੀਤ ਨਗਰ ਬਣਾਈ। ਫੇਰ 1949 ਵਿਚ ਬਣਾਈ ਤਾਂ ਉਹ ਅੰਬਾਲੇ ਖਰੀਦੀ ਗਈ । 1954 ਵਿਚ ਬਣਾਈ ਤੇ ਇਹ ਕਸ਼ਮੀਰ ਦੇ ਮਹਾਰਾਜਾ ਕਰਨ ਸਿੰਘ ਹੋਰਾਂ ਨੇ ਖਰੀਦ ਲਈ । ਐਹ ਵਾਲੇ ਪ੍ਰਿੰਟ (ਉਹਨਾਂ ਨਾਲ ਲਿਆਂਦੇ ਪ੍ਰਿੰਟਸ ਵਲ ਇਸ਼ਾਰਾ ਕਰਦਿਆਂ ਕਿਹਾ) 1956-57 ਦੇ ਹਨ।”
“ਪਰ ਸੋਹਣੀ ਕਿਵੇਂ… ? ਕੀ ਇਹ ਤੁਹਾਡੀ ਅਨਕਾਂਸ਼ੱਸ਼ ਦਾ ਝਾਉਲਾ… ?”
“ਹਾਂ ਅਨਕਾਂਸ਼ੱਸ਼ ਮਾਈਂਡ ਵਿਚ ਕੁਝ ਹੁੰਦਾ ਹੈ ਜੋ ਫੜਕਦਾ ਹੈ- ਪਰ ਨਿਕਲ ਨਹੀਂ ਸਕਦਾ… ਪਿਆਰ ਇਕ ਐਸੀ ਅਮੁੱਲੀ ਚੀਜ਼ ਹੈ ਜੋ ਕਦੇ ਵੀ ਬਾਹਰ ਨਿਕਲ ਨਹੀਂ ਸਕਦੀ ।” ਡਬਲਬੈੱਡ ਦੀ ਵਿਸ਼ਾਲਤਾ ਵਿਚ ਸਰਦਾਰ ਜੀ ਦਾ ਸਰੀਰ ਹੋਰ ਵੀ ਨਾਜ਼ਕ ਲਗ ਰਿਹਾ ਸੀ, ਪਰ ਕੰਮ ਲਗਨ ਦਾ ਜਲੌ ਵੇਖਿਆਂ ਬਣਦਾ ਸੀ ।
“ਇਹ ਪਰਫ਼ੈਕਸ਼ਨ ਹਾਸਲ ਕਰਨ ਵਿਚ ਤੁਹਾਨੂੰ ਡੂੰਘੀ ਮਾਨਸਕ ਪ੍ਰੇਸ਼ਾਨੀ ਸਹਿਣੀ ਪਈ ਹੋਵੇਗੀ ?”
“ਬਹੁਤ ਜ਼ਿਆਦਾ… ਪਹਿਲਾਂ ਤਾਂ ਦੋ ਚਾਰ ਸਕੈੱਚ ਬਣਾਏ- ਇਕ ਕੰਪੋਜ਼ੀਸ਼ਨ ਮੈਨੂੰ ਬਹੁਤ ਪਸੰਦ ਆਇਆ, ਪਰ ਅਜੇ ਵੀ ਕੁਝ ਬਾਕੀ ਸੀ ਤੇ ਮੈਂ ਸਕੈੱਚ ਕਰਦਾ ਕਰਦਾ ਸੌਂ ਗਿਆ… ਸੁਫ਼ਨਾ ਆਇਆ ਕਿ ਪੇਂਟਿੰਗ ਬਣ ਗਈ ਹੈ ਤੇ ਬਸ ਮੈਂ ਫਿਰ ਇਸੇ ਵਿਚ ਲੀਨ ਹੋ ਗਿਆ-ਦਿਨ ਰਾਤ ਇਹੋ ਖਿਆਲ ਇਹੋ ਭਟਕਣ-ਬੜੀ ਮੁਸ਼ਕਲ-ਸਾਡੇ ਉਥੇ ਤਾਂ ਮਾਡਲ ਵੀ ਨਹੀਂ ਮਿਲਦੇ-ਕੀਤਾ ਕੀ ਜਾਏ ? ਗਿੱਲੀ ਧੋਤੀ ਆਪਣੇ ਜਿਸਮ ਗਿਰਦ ਲਪੇਟੀ, ਸ਼ੀਸ਼ੇ ਵਿਚ ਦੇਖਿਆ-ਕਈ ਦਿਨ ਕਿਤਨਾ ਕੁਝ ਕਰਦਾ ਰਿਹਾ… ਨਾ ਨੀਂਦ, ਨਾ ਭੁੱਖ ਪਰ ਕੁਝ ਪਾ ਲੈਣ ਦਾ ਵਿਸਮਾਦ ਖਿੱਚ..ਰਵਾਨਗੀ… ਜਦ ਇਹ ਚਿਤਰ ਮੁਕੰਮਲ ਹੋ ਗਿਆ ਤਾਂ ਬੜੀ ਰੀਲੀਫ਼ ਹੋਈ ਜੋ ਕੁਝ ਤੁਹਾਡੇ ਅੰਦਰ ਹੁੰਦਾ ਹੈ ਉਹ ਨਿਕਲ ਆਏ ਤਾਂ ਬੜੀ ਤਸਕੀਨ ਹੁੰਦੀ ਹੈ ।”
“ਸੋਹਣੀ ਸਿਰਫ ਚਿਤਰ ਹੀ ਨਹੀਂ ਇਹ ਇਕ… ?”
“It is not a painting. It is a person.” ਘਰ ਵਿਚ ਕੋਈ ਤਾਂ ਹੋਣਾ ਚਾਹੀਦਾ ਹੈ ।” ਇਕ ਸਚਾਈ, ਇਕ ਮੁਹੱਬਤ ਉਹਨਾਂ ਦੇ ਮੱਥੇ ਤੋਂ ਲਿਸ਼ਕ ਪਈ । ਨਾਸ਼ਤਾ ਕਰਕੇ ਅਸੀਂ ਆਪੋ ਆਪਣੇ ਕਮਰਿਆਂ ਵਿਚ ਸਟੇਸ਼ਨ ਜਾਣ ਦੀ ਤਿਆਰੀ ਕਰਨ ਲਗ ਪਏ- ਦੋ ਕਲਮਾਂ ਆਪੋ ਆਪਣੇ ਕਮਰੇ ਵਿਚ ਆਪੋ ਆਪਣੀ ਕਿਰਤ ਤੇ ਭੇਟ ਪਿਆਰ ਦਰਜ ਕਰ ਰਹੀਆਂ ਸਨ… ਬੜੇ ਚਾਅ ਤੇ ਸਤਿਕਾਰ ਨਾਲ ਆਪੇ ਆਪਣੀ ਭੇਟ ਖੋਲ੍ਹ ਕੇ ਵੇਖੀ- ਜਿਵੇਂ ਕਿਸੇ ਨੇ ਸਲਾਹ ਕਰਕੇ ਸ਼ਬਦ ਚੁਣੇ ਹੋਣ- ਜਿਵੇਂ ਕੋਈ ਚੁੱਪ ਚੁਪੀਤਾ ਕਿਸੇ ਦੇ ਕੰਨੀਂ ਕੁਝ ਕਹਿ ਗਿਆ ਹੋਵੇ- ਸੇਜਲ ਅੱਖਾਂ ਤੇ ਡੂੰਘੀ ਯਾਦ… ।
ਲਾਈਮ ਸਟਰੀਟ ਸਟੇਸ਼ਨ ਤੇ ਸਰਦਾਰ ਜੀ ਅਤੇ ਗੁਰਚਰਨ ਜੀ ਨੂੰ ਗੱਡੀ ਚੜ੍ਹਾ ਕੇ ਵਿਦਾਇਗੀ ਹੱਥ ਹਿਲਾਂਦਿਆਂ ਅਸੀਂ ਅੰਦਰੇਟੇ ਨੂੰ ਵੀ ਸਲਾਮ ਕਰ ਰਹੇ ਸਾਂ ਜਿਸ ਖੂਬਸੂਰਤ ਵਾਦੀ ਵਿਚ ਇਸ ਖੂਬਸੂਰਤ ਚਿਤਰਕਾਰ ਦਾ ਕਲਾ-ਮੰਦਰ ਹੈ- ਸਾਂਝੇ ਗੁਜ਼ਾਰੇ ਪਲਾਂ ਦੀ ਇਹ ਯਾਦ ਹਮੇਸ਼ਾ ਮੁਸਕਰਾਂਦੀ ਰਹੇਗੀ ।

ਮਹਾਨ ਚਿੱਤਰਕਾਰ-ਸੋਭਾ ਸਿੰਘ, ਜੈਤੇਗ ਸਿੰਘ ਅਨੰਤ

ਇਸ ਮਹਾਨ ਚਿੱਤਰਕਾਰ ਨਾਲ ਮੇਰੀ ਪਹਿਲੀ ਮੁਲਾਕਾਤ ਸੰਨ 1971 ਵਿਚ ਚੰਡੀਗੜ੍ਹ ਵਿਖੇ ਹੋਈ । ਆਪ ਆਪਣੇ ਕਿਸੇ ਸੁਨੇਹੀ ਦੇ ਘਰ ਕੀਰਤਨ ਸਮਾਗਮ ਵਿਚ ਆਏ ਹੋਏ ਸਨ । ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਰਾਗੀ ਜੱਥਾ ਮਧੁਰ ਕੀਰਤਨ ਕਰ ਰਿਹਾ ਸੀ । ਕਮਰੇ ਦੀ ਇਕ ਨੁਕਰ ਵਿਚ ਪਤਲੇ ਜੁੱਸੇ ਤੇ ਲੰਮੇ ਕੱਦ ਵਾਲਾ ਇਕ ਵਿਅਕਤੀ ਸਿਰ ਤੇ ਛੋਟੀ ਦਸਤਾਰ ਸਜਾਈ ਚਾਂਦੀ ਰੰਗੇ ਵਸਤਰਾਂ ਵਿਚ ਕੀਰਤਨ ਦਾ ਆਨੰਦ ਮਾਣ ਰਿਹਾ ਸੀ । ਕੀਰਤਨ ਦੀ ਸਮਾਪਤੀ ਉਪਰੰਤ ਸੰਤ ਕਰਤਾਰ ਸਿੰਘ ਕਮਾਲੀਏ ਵਾਲਿਆਂ ਨੇ ਖੜ੍ਹੇ ਹੋ ਕੇ ਉਸ ਵਿਅਕਤੀ ਵਲ ਇਸ਼ਾਰਾ ਕਰਕੇ ਦਸਿਆ ਕਿ ਸੋਭਾ ਸਿੰਘ ਚਿਤਰਕਾਰ ਵਿਸ਼ੇਸ਼ ਤੌਰ ਤੇ ਅੰਦਰੇਟੇ ਤੋਂ ਆਏ ਹਨ ਤੇ ਆਪਣੇ ਵਿਚਾਰ ਹਾਜ਼ਰ ਸਰੋਤਿਆਂ ਸਾਹਮਣੇ ਰੱਖਣਗੇ । ਸਰੋਤਿਆਂ ਵਿਚ ਵਧੇਰੇ ਸੂਝਵਾਨ ਤੇ ਬੁਧੀਮਾਨ ਤਬਕਾ ਸੀ । ਸੋਭਾ ਸਿੰਘ ਜੀ ਨੂੰ ਪਹਿਲਾਂ ਕਿਸੇ ਨੇ ਦੱਸਿਆ ਹੀ ਨਹੀਂ ਸੀ ਕਿ ਉਨ੍ਹਾਂ ਵੀ ਬੋਲਣਾ ਹੈ । ਪਰ ਮਾਈਕ ਸਰਦਾਰ ਸੋਭਾ ਸਿੰਘ ਦੇ ਸਾਹਮਣੇ ਲਿਆ ਰਖਿਆ ਗਿਆ, “ਮੈਂ, ਰੰਗਾਂ ਦਾ ਕਲਾਕਾਰ ਹਾਂ, ਸ਼ਬਦਾਂ ਦਾ ਨਹੀਂ । ਪਰ ਤਦ ਵੀ ਇਕ ਘਟਨਾ ਦੀ ਤਸਵੀਰ ਸ਼ਬਦਾਂ ਰਾਹੀਂ ਖਿਚਣ ਦਾ ਯਤਨ ਕਰਾਂਗਾ । ਹੋ ਸਕਦਾ ਹੈ ਕਿਸੇ ਵਿਅਕਤੀ ਦੇ ਜੀਵਨ ਤੇ ਇਹ ਤਸਵੀਰ ਅਸਰ ਕਰ ਸਕੇ ।” ਇਹ ਬੋਲ ਉਸ ਮਹਾਨ ਕਲਾਕਾਰ ਦੇ ਮੂੰਹੋਂ ਮੈਂ ਪਹਿਲੀ ਵਾਰ ਸੁਣੇ । ਉਨ੍ਹਾਂ ਜੋ ਕੁਝ ਵੀ ਕਿਹਾ ਉਸ ਤੋਂ ਉਨ੍ਹਾਂ ਦੇ ਸਿੱਖੀ ਵਿਚ ਦ੍ਰਿੜ ਵਿਸ਼ਵਾਸ ਦਾ ਪਤਾ ਲੱਗਦਾ ਹੈ ।
ਸੋਭਾ ਸਿੰਘ ਜੀ ਪਿਛਲੇ ਕਈ ਦਹਾਕਿਆਂ ਤੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਚਿੱਤਰ ਬਣਾਉਂਦੇ ਆ ਰਹੇ ਸਨ । ਗੁਰੂ ਸਾਹਿਬ ਦਾ ਬਾਬਰ ਦੇ ਬੰਦੀਖਾਨੇ ਵਿਚ ਚੱਕੀ ਚਲਾਉਣ ਬਾਰੇ ਚਿੱਤਰ
ਉਨ੍ਹਾਂ ਦੀ ਮੁੱਢਲੀ ਦੇਣ ਸੀ । ਸਰਦਾਰ ਸੋਭਾ ਸਿੰਘ ਗੁਰੂ ਨਾਨਕ ਦੀ ਬਾਣੀ ਤੋਂ ਬਹੁਤ ਹੀ ਪ੍ਰਭਾਵਿਤ ਸਨ । ਉਨ੍ਹਾਂ ਦਾ ਆਪਣਾ ਜੀਵਨ ਵੀ ਇਕੋ ਪ੍ਰਮਾਤਮਾ ਦੀ ਭਗਤੀ ਵਿਚ ਜੁੜਿਆ ਰਿਹਾ । ਉਨ੍ਹਾਂ ਦਾ ਇਕ ਨਵੀਨ ਚਿੱਤਰ ਜੋ ਗੁਰੂ ਬਾਣੀ ਦੀ ਇਹ ਤੁੱਕ “ਏਕੋ ਸਿਮਰੋ ਨਾਨਕਾ ਜਲ ਥਲ ਰਿਹਾ ਸਮਾਏ” ਨੂੰ ਲੈ ਕੇ ਚਿਤਰਿਆ ਗਿਆ ਜੋ ਕਲਾ ਜਗਤ ਵਿਚ ਵਿਸ਼ੇਸ਼ ਥਾਂ ਰੱਖਦਾ ਹੈ । ਇਸ ਵਿਚ ਗੁਰੂ ਨਾਨਕ ਸਾਹਿਬ ਨੂੰ ਠਾਠਾਂ ਮਾਰਦੇ ਸੁਮੰਦਰ ਵਿਚ ਖੜ੍ਹਿਆਂ ਵਿਖਾਇਆ ਗਿਆ ਹੈ । ਉਨ੍ਹਾਂ ਦੀ ਸੱਜੇ ਹੱਥ ਦੀ ਇਕ ਉਂਗਲ ਇਕ ਪ੍ਰਮਾਤਮਾ ਦੀ ਹੋਂਦ ਦਾ ਪ੍ਰਗਟਾਵਾ ਕਰਦੀ ਹੈ । ਚਿੱਤਰਕਾਰ ਨੇ ਗੁਰੂ ਨਾਨਕ ਦਾ ਪ੍ਰਗਟਾਵਾ ਆਪਣੀ ਨਿਵੇਕਲੀ ਸ਼ੈਲੀ ਤੇ ਕਲਾਤਮਿਕ ਛੋਹਾਂ ਨਾਲ ਰੂਪਮਾਨ ਕੀਤਾ ਹੈ ।
ਸਰਦਾਰ ਸੋਭਾ ਸਿੰਘ ਆਪਣੇ ਚਿੱਤਰਾਂ ਵਿਚ ਵਿਸ਼ਾ ਵਸਤੂ ਦੀ ਸੂਖਮਤਾਈ ਨੂੰ ਬੜੇ ਸੁੰਦਰ ਢੰਗ ਨਾਲ ਉਭਾਰਦਾ ਸੀ । ਜ਼ਿੰਦਗੀ ਦਾ ਕੋਈ ਪੱਖ ਅਜਿਹਾ ਨਹੀਂ ਛੱਡਿਆ ਜਿਸ ਵਿਚ ਉਹ ਡੀਟੇਲਜ਼ ਨਾ ਦੇਣ । ਉਹ ਆਪਣੇ ਚਿੱਤਰਾਂ ਵਿਚ ਫਰਨੀਚਰ, ਬਰਤਨ, ਪਸ਼ੂ, ਪੰਛੀ, ਸ਼ਸਤਰ, ਵਸਤਰ ਤੇ ਹੋਰ ਕਾਦਰ ਦੇ ਅਮੁੱਖ ਨਜ਼ਾਰਿਆਂ ਨੂੰ ਇਕ ਸੁਹਣੇ ਢੰਗ ਤੇ ਮਿਹਨਤ ਨਾਲ ਇਸ ਤਰ੍ਹਾਂ ਉਘਾੜਦੇ ਸਨ ਕਿ ਹੋਰ ਕੋਈ ਕਲਾਕਾਰ ਉਸ ਬਾਰੇ ਕਲਪਨਾ ਵੀ ਨਾ ਕਰ ਸਕੇ । ਉਨ੍ਹਾਂ ਦੀ ਇਕ ਤਸਵੀਰ, ਜਿਸ ਵਿਚ ਸ਼ਾਹਜਹਾਂ ਨਾਲ ਮਲਕਾ ਮੁਮਤਾਜ਼ ਜੋ ਮਰਨ ਕਿਨਾਰੇ ਹੈ, ਕਲਾ ਦੀ ਦ੍ਰਿਸ਼ਟੀ ਵਿਚ ਇਕ ਉਤਮ ਨਮੂਨਾ ਮੰਨੀ ਗਈ ਹੈ । ਕਪੜਿਆਂ ਦੀ ਮਹੀਨ ਬਰੀਕੀ ਬਹੁਤ ਸੁੰਦਰਤਾ ਤੇ ਸਫਲਤਾ ਨਾਲ ਉਲੀਕੀ ਹੈ । ਜਦ ਕਿ ਮੁਮਤਾਜ਼ ਦਾ ਮੂੰਹ ਚੁੰਨੀ ਨਾਲ ਢਕਿਆ ਹੋਇਆ ਹੈ । ਪਰ ਫਿਰ ਵੀ ਉਸ ਦਾ ਰੂਪ ਉਸ ਘੁੰਡ ਵਿਚੋਂ ਸਪਸ਼ਟਤਾ ਨਾਲ ਦਿਖਾਈ ਦਿੰਦਾ ਹੈ । ਉਸ ਦੀਆਂ ਅੱਖਾਂ ਵਿਚ ਅੱਥਰੂ ਤੇ ਬਾਦਸ਼ਾਹ ਦੀ ਗਲਵਕੜੀ ਵਿਚ ਹੋਣਾ ਉਹਨਾਂ ਦੇ ਪਿਆਰ ਦੀ ਇਕ ਸੱਚੀ ਸ਼ਰਧਾਂਜਲੀ ਹੈ ਜੋ ਕਲਾਕਾਰ ਨੇ ਆਪਣੀ ਪੇਂਟਿੰਗ ਵਿਚ ਦਰਸਾਈ ਹੈ ।
ਮਹਾਨ ਕਲਾਕਾਰ ਪਾਸੋਂ ਭਾਵੇਂ ਸੈਂਕੜਿਆਂ ਕਲਾਕਾਰਾਂ ਨੇ ਸਮੇਂ ਸਮੇਂ ਸਿਰ ਸ਼ਗਿਰਦੀ ਪ੍ਰਾਪਤ ਕੀਤੀ ਪਰ ਅਸਲ ਮਾਨ ਦੇ ਪਾਤਰ ਬਣੇ ਉਹਨਾਂ ਦੇ ਦੋ ਸੱਚੇ ਸੁੱਚੇ ਸ਼ਾਗਿਰਦ ਚਿੱਤਰਕਾਰ ਅਮਰ ਸਿੰਘ ਤੇ ਚਿੱਤਰਕਾਰ ਮੇਹਰ ਸਿੰਘ । ਇਹਨਾਂ ਦੋਨਾਂ ਕਲਾਕਾਰਾਂ ਨੇ ਆਪਣੇ ਗੁਰੂਦੇਵ ਕਲਾਕਾਰ ਨਾਲ ਅੰਤਮ ਸਮੇਂ ਤਕ ਪ੍ਰੀਤ ਨਿਭਾਈ । ਉਨ੍ਹਾਂ ਦੇ ਦੁੱਖ ਸੁੱਖ ਦੇ ਸਾਂਝੀਵਾਲ ਬਣੇ । ਸੋਭਾ ਸਿੰਘ ਇਹਨਾਂ ਦੋਨਾਂ ਕਲਾਕਾਰਾਂ ਨੂੰ ਇੰਨਾ ਪਿਆਰ ਦਿੰਦੇ ਸਨ ਜਿਸ ਦੀ ਕੋਈ ਮਿਸਾਲ ਨਹੀਂ । ਇਹਨਾਂ ਦੋਨਾਂ ਕਲਾਕਾਰਾਂ ਨੇ ਸੋਭਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਭਾਰਤ ਦੀ ਪੋਰਟਰੇਟ ਕਲਾ ਪਿੜ ਵਿਚ ਇਕ ਵਿਸ਼ੇਸ਼ ਥਾਂ ਪ੍ਰਾਪਤ ਕੀਤੀ। ਸਰਦਾਰ ਅਮਰ ਸਿੰਘ ਚਿੱਤਰਕਾਰ ਜੋ ਸੰਨ 1938 ਤੋਂ ਸਰਦਾਰ ਸੋਭਾ ਸਿੰਘ ਜੀ ਦੇ ਸੰਪਰਕ ਵਿਚ ਚਲੇ ਆ ਰਹੇ ਹਨ ਆਪਣੇ ਉਸਤਾਦ ਕਲਾਕਾਰ ਬਾਰੇ ਬੜੇ ਫ਼ਖਰ ਨਾਲ ਆਖਦੇ ਹਨ, “ਸਰਦਾਰ ਸੋਭਾ ਸਿੰਘ ਜੀ ਏਸ ਸਦੀ ਅੰਦਰ ਪੰਜਾਬ ਦੇ ਹੀ ਨਹੀਂ ਸਗੋਂ ਭਾਰਤ ਦੇ ਇਕ ਮਹਾਨ ਚਿੱਤਰਕਾਰ, ਚੋਟੀ ਦੇ ਵਿਦਵਾਨ ਅਤੇ ਸੂਝਵਾਨ ਪੁਰਸ਼ ਹੋਏ ਹਨ । ਆਪ ਪੋਰਟਰੇਟ, ਲੈਂਡਸਕੇਪ ਤੇ ਬੁੱਤ ਤਰਾਸ਼ੀ ਵਿਚ ਕਮਾਲ ਦੀ ਪਹੁੰਚ ਰੱਖਦੇ ਸਨ । ਖਿਆਲੀ ਚਿੱਤਰਾਂ ਦੇ ਬਨਾਣ ਵਿਚ ਤਾਂ ਆਪ ਜੀ ਦੀ ਪਹੁੰਚ ਸਿਖਰਾਂ ਛੋਂਹਦੀ ਸੀ ।”
ਕੁਝ ਸਾਲ ਹੋਏ ਪੰਜਾਬ ਲਲਿਤ ਕਲਾ ਅਕਾਡਮੀ ਵਲੋਂ ਇਕ ਕੁਲ ਹਿੰਦ ਮਹਾਰਾਜਾ ਰਣਜੀਤ ਸਿੰਘ ਦੀ ਪੋਰਟਰੇਟ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਪ੍ਰਬਮ ਐਵਾਰਡ ਪੰਜ ਹਜ਼ਾਰ ਰੁਪਏ ਦਾ ਸੀ । ਭਾਰਤ ਦੇ ਚੋਟੀ ਦੇ ਚਿੱਤਰਕਾਰਾਂ ਨੂੰ ਇਸ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ । ਉਨ੍ਹਾਂ ਵਿਚ ਸਰਦਾਰ ਸੋਭਾ ਸਿੰਘ ਵੀ ਇਕ ਸਨ । ਪਰ ਉਨ੍ਹਾਂ ਦੇ ਸ਼ਾਗਿਰਦ ਸਰਦਾਰ ਮੇਹਰ ਸਿੰਘ ਚਿੱਤਰਕਾਰ ਪਤਾ ਨਹੀਂ ਕਿਸ ਕਾਰਨ ਇਸ ਮੁਕਾਬਲੇ ਦੇ ਸੱਦਾ ਪੱਤਰ ਤੋਂ ਵਾਂਝੇ ਰਹਿ ਗਏ । ਪਰ ਜਿਉਂ ਹੀ ਮੇਹਰ ਸਿੰਘ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਡਾ. ਐਮ. ਐਸ. ਰੰਧਾਵਾ ਜੀ ਨੂੰ ਇਸ ਮੁਕਾਬਲੇ ਵਿਚ ਸ਼ਾਮਲ ਹੋਣ ਲਈ ਆਪਣੀ ਇੱਛਾ ਪ੍ਰਗਟਾਈ । ਪਰ ਤਦ ਵੀ ਰੰਧਾਵਾ ਸਾਹਿਬ ਦੀ ਇਹ ਖਾਹਿਸ਼ ਸੀ ਕਿ ਸੋਭਾ ਸਿੰਘ ਜੀ ਇਸ ਮੁਕਾਬਲੇ ਵਿਚ ਸ਼ਾਮਲ ਹੋਣ, ਇੰਝ ਹੋ ਨਹੀਂ ਸੀ ਸਕਦਾ । ਸੋਭਾ ਸਿੰਘ ਜੀ ਨੇ ਮੇਹਰ ਸਿੰਘ ਦੇ ਜੋਸ਼ ਅਤੇ ਵਲਵਲੇ ਨੂੰ ਵੇਖਦੇ ਹੋਏ ਆਪਣਾ ਅਸ਼ੀਰਵਾਦ ਮੇਹਰ ਸਿੰਘ ਦੀ ਪਿੱਠ ਤੇ ਰੱਖਿਆ ਤੇ ਇਸ ਮੁਕਾਬਲੇ ਵਿਚ ਮੇਹਰ ਸਿੰਘ ਨੂੰ ਬੜੀ ਗੰਭੀਰਤਾ ਨਾਲ ਸਫਲ ਉਤਰਨ ਹਿੱਤ ਪ੍ਰੇਰਨਾ ਦਿੱਤੀ । ਮੇਹਰ ਸਿੰਘ ਲਈ ਇਹ ਬੜੀ ਵੱਡੀ ਚੁਣੌਤੀ ਸੀ । ਉਨ੍ਹਾਂ ਨੂੰ ਇਸ ਗੱਲ ਦਾ ਮਾਣ ਸੀ ਕਿ ਮੈਂ ਆਪਣੇ ਗੁਰੂ ਦੇਵ ਸੋਭਾ ਸਿੰਘ ਦੀ ਸ਼ਗਿਰਦੀ ਨੂੰ ਆਂਚ ਨਹੀਂ ਆਉਣ ਦੇਣੀ ਤੇ ਆਪਣੇ ਗੁਰੂ ਦੇਵ ਦਾ ਨਾਂ ਉੱਚਾ ਚੁੱਕਣਾ ਹੈ । ਹੋਇਆ ਵੀ ਇੰਞ ਹੀ । ਜਦੋਂ ਅਖਬਾਰਾਂ ਵਿਚ ਮੁਕਾਬਲੇ ਵਿਚ ਆਏ ਪ੍ਰਥਮ ਐਵਾਰਡ ਦਾ ਐਲਾਨ ਸਰਦਾਰ ਸੋਭਾ ਸਿੰਘ ਚਿੱਤਰਕਾਰ ਦੇ ਆਪਣੇ ਹੀ ਚੇਲੇ ਸਰਦਾਰ ਮੇਹਰ ਸਿੰਘ ਦੀ ਝੋਲੀ ਵਿਚ ਹੀ ਪਿਆ । ਇਕ ਵਿਸ਼ੇਸ਼ ਸਮਾਗਮ ਵਿਚ ਜਦੋਂ ਸਰਦਾਰ ਮੇਹਰ ਸਿੰਘ ਨੂੰ ਡਾ. ਐਮ. ਐਸ. ਰੰਧਾਵਾ ਨੇ ਪੰਜ ਹਜ਼ਾਰ ਦੇ ਐਵਾਰਡ ਨਾਲ ਸਨਮਾਨਤ ਕੀਤਾ ਤਾਂ ਰੰਧਾਵਾ ਸਾਹਿਬ ਨੇ ਉਸ ਸਮੇਂ ਇਕ ਹੋਰ ਲਿਫਾਫਾ ਵੀ ਮੇਹਰ ਸਿੰਘ ਦੇ ਹੱਥ ਫੜਾਉਂਦੇ ਕਿਹਾ, “ਇਹ ਪੰਜ ਸੌ ਰੁਪਏ ਦਾ ਚੈੱਕ ਵੀ ਇਨਾਮ ਦੀ ਸ਼ਕਲ ਵਿਚ ਇਸ ਤੋਂ ਇਲਾਵਾ ਦਿੱਤਾ ਜਾ ਰਿਹਾ ਹੈ ਜੋ ਮੇਹਰ ਸਿੰਘ ਦੇ ਉਸਤਾਦ ਸਰਦਾਰ ਸੋਭਾ ਸਿੰਘ ਜੀ ਚਿੱਤਰਕਾਰ ਨੇ ਆਪਣੇ ਸ਼ਗਿਰਦ ਦੀ ਸਫਲਤਾ ਦੀ ਖੁਸ਼ੀ ਤੇ ਵਿਸ਼ੇਸ਼ ਤੌਰ ਤੇ ਭੇਜਿਆ ਹੈ ਤੇ ਤਾਕੀਦ ਕੀਤੀ ਹੈ ਕਿ ਇਹ ਚੈੱਕ ਪੰਜ ਹਜ਼ਾਰ ਦੇ ਐਵਾਰਡ ਸਮੇਂ ਦਿੱਤਾ ਜਾਵੇ ।” ਜੋ ਅਸੀਮ ਖੁਸ਼ੀ ਦੀ ਲਹਿਰ ਸੋਭਾ ਸਿੰਘ ਉੱਤੇ ਉਤਰੀ ਇਹ ਮੇਹਰ ਸਿੰਘ ਤੇ ਕਲਾ ਜਗਤ ਕਦੇ ਇਸ ਨੂੰ ਭੁਲਾ ਨਹੀਂ ਸਕਦੇ । ਅਜਿਹਾ ਪਿਆਰ-ਸਨੇਹ ਦੇਂਦੇ ਸਨ ਗੁਰੂ ਦੇਵ ਸੋਭਾ ਸਿੰਘ ਆਪਣੇ ਪਿਆਰੇ ਆਗਿਆਕਾਰੀ ਸ਼ਗਿਰਦਾਂ ਨੂੰ ਉਹਨਾਂ ਦੀਆਂ ਸਫਲਤਾਵਾਂ ਅਤੇ ਪ੍ਰਾਪਤੀਆਂ ਉੱਤੇ । ਅੱਜ ਸੋਭਾ ਸਿੰਘ ਇਸ ਸੰਸਾਰ ਵਿਚ ਨਹੀਂ ਰਹੇ । ਉਨ੍ਹਾਂ ਦੇ ਸਮਕਾਲੀ ਉਨ੍ਹਾਂ ਦੀ ਇਸ ਮੌਤ ਤੇ ਹੰਝੂ ਹੀ ਨਹੀਂ ਕੇਰਦੇ ਸਗੋਂ ਬੜੇ ਚਿੰਤਾਤਰ ਵੀ ਹਨ । ਸਰਦਾਰ ਕਿਰਪਾਲ ਸਿੰਘ ਚਿੱਤਰਕਾਰ ਨੂੰ ਯਕੀਨ ਨਹੀਂ ਬੱਝਦਾ ਕਿ ਹੁਣ ਕੌਣ ਸੋਹਣੀ ਨੂੰ ਆਪਣੀ ਕੈਨਵਸ ਤੇ ਚਿਤਰੇਗਾ । ਚਿੱਤਰਕਾਰ ਦਵਿੰਦਰ ਸਿੰਘ ਆਖਦਾ ਹੈ, “ਸੋਭਾ ਸਿੰਘ ਜੀ ਦੀ ਚਿੱਤਰਕਲਾ ਨੇ ਮੈਨੂੰ ਡਾਢਾ ਪ੍ਰਭਾਵਤ ਕੀਤਾ ਹੈ । ਆਪ ਮੇਰੀ ਕਲਾ ਲਈ ਬਹੁਤ ਵੱਡੇ ਪ੍ਰੇਰਕ ਹਨ । ਆਪ ਜੀ ਦੇ ਚਿੱਤਰਾਂ ਵਿਚ ਜਿਊਂਦੀ ਜਾਗਦੀ ਰੂਹ ਹੁੰਦੀ ਹੈ । ਉਹ ਜੋ ਵੀ ਵਿਸ਼ਾ ਚਿਤਰਦੇ ਸਨ ਉਸ ਵਿਸ਼ੇ ਦੀ ਗਹਿਰਾਈ ਵਿਚ ਉਤਰ ਕੇ ਚਿਤਰਦੇ ਸਨ । ਇਹੀ ਕਾਰਨ ਹੈ ਕਿ ਉਹਨਾਂ ਦੇ ਚਿੱਤਰ ਹਰ ਇਕ ਨੂੰ ਮੋਹ ਲੈਂਦੇ ਹਨ । ਉਨ੍ਹਾਂ ਦੀ ਸ਼ਖ਼ਸੀਅਤ ਅਤੇ ਕਲਾ ਨੂੰ ਜੋ ਵੇਖਦਾ ਹੈ, ਉਸ ਦਾ ਸਿਰ ਆਪ ਮੁਹਾਰੇ ਸਤਿਕਾਰ ਨਾਲ ਝੁਕ ਜਾਂਦਾ ਹੈ । ਚਿੱਤਰਕਾਰ ਤ੍ਰਿਲੋਕ ਸਿੰਘ ਪਟਿਆਲੇ ਵਾਲੇ ਸੋਭਾ ਸਿੰਘ ਜੀ ਨੂੰ ਇਕ ਸ਼ਕਤੀ, ਇਕ ਪ੍ਰੇਰਨਾ ਤੇ ਇਕ ਸ਼ੈਲੀ ਦੱਸਦੇ ਹਨ । ਚਿੱਤਰਕਲਾ ਦੇ ਇਤਿਹਾਸ ਵਿਚ ਉਹਨਾਂ ਦੀ ਦੇਣ ਲਾਸਾਨੀ ਹੈ । ਜਿਸ ਉਚੇਰੀ ਪ੍ਰੇਰਨਾ ਤੋਂ ਉਹਨਾਂ ਦੀ ਚਿੱਤਰਕਲਾ ਮਹਾਨ ਬਣੀ ਹੈ, ਉਹੀ ਪ੍ਰੇਰਨਾ ਆਗਾਮੀ ਪੀੜ੍ਹੀ ਦੇ ਚਿੱਤਰਕਾਰਾਂ ਵਿਚ ਸੋਭਾ ਸਿੰਘ ਰਾਹੀਂ ਅਪਣਾਏ ਗਏ ਆਦਰਸ਼ਾਂ ਅੱਗੇ ਚਿੱਤਰਕਲਾ ਵਿਚ ਇਉਂ ਪ੍ਰਸਾਰਤ ਰੱਖੇਗੀ। ਜਿਵੇਂ ਭਾਰਤ ਵਿਚ ਸਤਲੁਜ ਜਮਨਾ ਤੇ ਰੰਗਾਂ ਦੀਆਂ ਨਿਰਮਲ ਜਲ ਧਾਰਾਵਾਂ ਆਪਣਾ ਅਨਾਦੀ ਤੇ ਅਨੰਤ ਸੰਗੀਤ ਰਾਗ ਅਲਾਪ ਰਹੀਆਂ ਹਨ।

ਸ਼ੀਸ਼ੇ ਦੇ ਟੁਕੜੇ ਅੰਮ੍ਰਿਤਾ ਪ੍ਰੀਤਮ

1940 ਦੀ ਗੱਲ ਹੈ, ਇਕ ਦਿਨ ਈਜ਼ਲ ਉੱਤੇ ਕੈਨਵਸ ਪਈ ਸੀ, ਪਰ ਉਹਦੇ ਉੱਤੇ ਉਭਰਨ ਵਾਲੀਆਂ ਲਕੀਰਾਂ ਤੇ ਗੁਲਾਈਆਂ, ਅਜੇ ਚਿਤਰਕਾਰ ਦੀ ਕਲਪਨਾ ਵਿਚ ਸਨ । ਤੇ ਉਹਦੇ ਸੱਜੇ ਹੱਥ ਦੀਆਂ ਬੇਚੈਨ ਉਂਗਲਾਂ ਅਜੇ ਗਲ ਵਿਚ ਪਈ ਹੋਈ ਕਮੀਜ਼ ਦੇ ਬਟਨ ਨਾਲ ਉਲਝੀਆਂ ਹੋਈਆਂ ਸਨ…
ਬਟਨ ਟੁੱਟ ਕੇ ਫਰਸ਼ ਉੱਤੇ ਡਿੱਗ ਪਿਆ । ਹੱਥੋਂ ਡਿੱਗੀ ਚੀਜ਼ ਨੂੰ ਲੱਭਣ ਦੀ ਮਨੁੱਖ ਨੂੰ ਸੁਭਾਵਕ ਜਿਹੀ ਆਦਤ ਹੁੰਦੀ ਹੈ, ਚਿਤਰਕਾਰ ਦੀਆਂ ਅੱਖਾਂ ਫਰਸ਼ ਨੂੰ ਫਰੋਲਣ ਲੱਗ ਪਈਆਂ । ਚਿੱਟਾ ਗੋਲ ਬਟਨ ਰਿੜ੍ਹ ਕੇ ਕਮਰੇ ਦੀ ਉਸ ਪਰੇਡੀ ਗੁੱਠੇ ਚਲਾ ਗਿਆ ਸੀ, ਜਿਥੇ ਕੱਲ੍ਹ ਆਲੇ ਵਿਚੋਂ ਡਿੱਗ ਕੇ ਇਕ ਸ਼ੀਸ਼ਾ ਟੁੱਟ ਗਿਆ ਸੀ ।
ਸ਼ੀਸ਼ੇ ਦੇ ਛੋਟੇ ਵੱਡੇ ਟੁਕੜੇ ਅਜੇ ਉਥੇ ਹੀ ਪਏ ਸਨ, ਚਿਤਰਕਾਰ ਜਦੋਂ ਉਠ ਕੇ ਬਟਨ ਨੂੰ ਫੜਣ ਲੱਗਾ ਤਾਂ ਸ਼ੀਸ਼ੇ ਦੇ ਹਰ ਟੁਕੜੇ ਵਿਚ ਉਹਨੂੰ ਆਪਣਾ ਬਿੰਬ ਦਿਸਿਆ । ਹਰ ਟੁਕੜੇ ਨੇ ਉਹਦੇ ਸਾਬਤ
ਬਿੰਬ ਨੂੰ ਤੋੜ-ਕਤਰ ਕੇ ਜਿਵੇਂ ਆਪਣੇ ਜਿੱਡਾ ਕਰ ਲਿਆ ਹੋਇਆ ਸੀ…
ਛੋਟੇ ਵੱਡੇ ਸ਼ੀਸ਼ੇ ਦੇ ਟੁਕੜੇ ਤੇ ਚਿਤਰਕਾਰ ਦੇ ਛੋਟੇ ਵੱਡੇ ਆਪਣੇ ਬਿੰਬ..
ਮਨੁੱਖ ਨੂੰ ਆਪਣਾ ਮੂੰਹ ਆਪਣੇ ਬਾਪ ਵਿਚ ਵੀ ਦਿਸਦਾ ਹੈ, ਸ੍ਰੀ ਹਰਿਗੋਬਿੰਦਪੁਰ ਦਾ ਹਵਾਲਦਾਰ ਸਰਦਾਰ ਦੇਵਾ ਸਿੰਘ, ਬਾਈ ਨੰਬਰ ਰਸਾਲੇ ਦਾ ਸਰਵੇਅਰ । ਗਰਜਦੀ ਬਰਸਦੀ ਜਵਾਨੀ ਵਿਚੋਂ ਲੰਘਿਆ, ਤੇ ਘਰ ਵਿਚ ਵੀ ਇਹੋ ਜਿਹਾ ਹਾਕਮ ਕਿ ਉਹਦੀ ਤੀਵੀਂ ਉਹਦਾ ਹੁਕਮ ਨਾ ਅਦੂਲਦੀ, ਉਹਦੇ ਤੋਂ ਥਰ ਥਰ ਕੰਬਦੀ । ਨਹੀਂ ਤਾਂ ਉਹ ਸਾਰੀ ਰਾਤ ਆਪਣੀ ਤੀਵੀਂ ਦੀਆਂ ਤਲੀਆਂ ਮੰਜੀ ਦੇ ਪਾਵਿਆਂ ਹੇਠ ਰੱਖ ਕੇ ਆਪ ਮੰਜੀ ਉਤੇ ਸੌਂ ਜਾਂਦਾ ।
ਚਿੱਤਰਕਾਰ ਨੇ ਸ਼ੀਸ਼ੇ ਦੇ ਜਿਸ ਟੁਕੜੇ ਵਿਚੋਂ ਆਪਣੇ ਬਾਪ ਦਾ ਬਿੰਬ ਵੇਖਿਆ ਸੀ, ਛੇਤੀ ਨਾਲ ਉਸ ਤੋਂ ਅੱਖਾਂ ਹਟਾ ਲਈਆਂ, ਤੇ ਫੇਰ ਦੂਜੇ ਟੁਕੜੇ ਵਿਚ ਵੇਖਿਆ। ਦੂਜੇ ਟੁਕੜੇ ਵਿਚ ਮਾਂ ਦਾ ਮੂੰਹ ਸੀ, ਮਾਂ ਇੱਛਰਾਂ ਦਾ । ਚੜ੍ਹੀ ਤਣੀ ਰਾਵਲਪਿੰਡੀ ਦਾ ਇਕ ਸੋਹਣੀ ਜ਼ਨਾਨੀ, ਜੋ ਕਿਸੇ ਫੋਰਮੈਨ ਨਾਲ ਵਿਆਹੀ ਹੋਈ ਸੀ, ਤੇ ਇਕ ਧੀ ਕਿਸ਼ਨੀ ਉਹਦੇ ਕੁੱਛੜ ਸੀ ਕਿ ਉਹਦਾ ਘਰ ਬਾਰ ਤਿੜਕ ਗਿਆ । ਉਹਦਾ ਮਰਦ ਮਰ ਗਿਆ । ਤੇ ਉਹ ਨਿਮਾਣੀ ਜਿਹੀ ਹੋ ਕੇ, ਕੁੜੀ ਨੂੰ ਉਂਗਲੀ ਲਾ ਕੇ, ਦੂਜੇ ਥਾਂ ਬਹਿ ਗਈ ਸੀ, ਸਰਦਾਰ ਦੇਵਾ ਸਿੰਘ ਦੇ ਘਰ । ਇਹ ਸੰਨ 1985 ਦੀ ਗੱਲ ਹੈ । ਦੇਵਾ ਸਿੰਘ ਦੀ ਪਹਿਲੀ ਤੀਵੀਂ ਗੁਜ਼ਰ ਗਈ ਹੋਈ ਸੀ, ਤੇ ਉਹਨੇ ਆਪਣੀ ਧੀ ਲੱਛਮੀ ਨੂੰ ਨਵੀਂ ਮਾਂ ਦੀ ਝੋਲੀ ਪਾ ਦਿੱਤਾ ਸੀ ।
ਲੱਛਮੀ ਤੇ ਕਿਸ਼ਨੀ, ਇਕ ਮੋਈ ਦੀ ਨਿਸ਼ਾਨੀ, ਇਕ ਮੋਏ ਪਿਉ ਦੀ ਨਿਸ਼ਾਨੀ, ਦੋਵੇਂ ਰਲ ਕੇ ਖੇਡਦੀਆਂ ਤਾਂ ਰੱਬ ਕੋਲੋਂ ਇਕ ਵੀਰ ਮੰਗਦੀਆਂ । ਇਕ ਵੀਰ ਜੰਮਿਆ, ਸੰਗਤ ਸਿੰਘ, ਪਰ ਨਿੱਕਾ ਜਿਹਾ ਹੀ ਮਰ ਗਿਆ । ਤੇ ਉਹ ਦੋਵੇਂ ਅਰਧ-ਭੈਣਾਂ ਇਕ ਜੀਊਣ ਜੋਗਾ ਵੀਰ ਫੇਰ ਰੱਬ ਕੋਲੋਂ ਮੰਗਣ ਲੱਗ ਪਈਆਂ…
ਚਿਤਰਕਾਰ ਨੇ ਸ਼ੀਸ਼ੇ ਦੇ ਉਸ ਟੁਕੜੇ ਵਲੋਂ ਨਜ਼ਰ ਹਟਾ ਕੇ ਇਕ ਹੋਰ ਨਿੱਕੇ ਜਿਹੇ ਟੁਕੜੇ ਵਿਚ ਵੇਖਿਆ, ਇਥੇ ਉਹਦਾ ਆਪਣਾ ਮੂੰਹ ਸੀ, ਨਿੱਕਾ ਜਿਹਾ, ਅਲੂੰਆਂ ਜਿਹਾ, ਜਿਹਨੂੰ ਸਾਰੇ ਸੋਭਾ ਕਹਿ
ਕੇ ਬੁਲਾਉਂਦੇ ਸਨ । ਇਹ ਸੰਨ 1901 ਸੀ ।
ਫੇਰ ਨਿੱਕਾ ਜਿਹਾ ਸੋਭਾ ਬਾਤਾਂ ਤੇ ਕਹਾਣੀਆਂ ਸੁਨਣ ਜੋਗਾ ਹੋਇਆ । ਪਿਉ ਤੋਂ ਕਹਾਣੀ ਸੁਣਦਾ, “ਵੇਖ ਓਏ ਮੁੰਡਿਆ, ਬਹਾਦਰ ਬਣੀਂ ! ਤੇਰਾ ਦਾਦਾ ਚੜ੍ਹਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦਾ ਘੋੜ ਸਵਾਰ ਸੀ । ਘੋੜੇ ਦੀ ਸਵਾਰੀ ਅਜਿਹੀ ਜਾਣਦਾ ਸੀ ਕਿ ਹੱਥ ਵਿਚ ਪਾਣੀ ਦਾ ਛੰਨਾ ਫੜ ਕੇ ਘੋੜਾ ਦੁੜਾਉਂਦਾ, ਤਾਂ ਛੰਨੇ ਵਿਚੋਂ ਪਾਣੀ ਦੀ ਬੂੰਦ ਨਹੀਂ ਸੀ ਡੁਲ੍ਹਦੀ । ਮਿਆਣੀ ਦੀ ਲੜਾਈ ਵਿਚ ਉਹਨੇ ਤਿੰਨ ਗੋਲੀਆਂ ਖਾਧੀਆਂ ਸਨ, ਪਰ ਪਿੱਠ ਵਾਲੇ ਪਾਸੇ ਨਹੀਂ, ਸੱਜੇ ਡੌਲੇ ਵਿਚ, ਛਾਤੀ ਵਾਲੇ ਪਾਸੇ ।”
ਤੇ ਨਿੱਕੇ ਜਿਹੇ ਸੋਭੇ ਦੀਆਂ ਅੱਖਾਂ ਅਗੇ ਆਪਣੇ ਦਾਦੇ ਦੀ ਉਹ ਬਾਂਹ ਆ ਜਾਂਦੀ, ਜਿਹਦੇ ਵਿਚ ਤਿੰਨ ਛੇਕ ਪਏ ਹੋਏ ਸਨ । ਕਾਲੇ ਤੇ ਡੂੰਘੇ ਛੇਕ । ਤੇ ਨਿੱਕੇ ਜਿਹੇ ਸੋਭੇ ਦਾ ਜੀਅ ਕਰਦਾ ਉਹ ਛੇਕਾਂ ਨੂੰ ਭਰ ਦੇਵੇ, ਤੇ ਸੁਰਗਾਂ ਵਿਚ ਦਾਦੇ ਦੀ ਬਾਂਹ ਫੇਰ ਤਗੜੀ, ਸਾਬਤ ਤੇ ਸੋਹਣੀ ਹੋ ਜਾਵੇ…
ਟੁੱਟੇ ਹੋਏ ਸ਼ੀਸ਼ੇ ਦਾ ਇਕ ਹੋਰ ਟੁਕੜਾ, ਮਾਂ ਬੀਮਾਰ ਪਈ ਹੋਈ, ਪਿਉ ਨੇ ਉਹਦੀ ਬੀਮਾਰੀ ਤੋਂ ਅੱਕ ਕੇ ਉਹਨੂੰ ਪੇਕੇ ਭੇਜਿਆ ਹੋਇਆ, ਤੇ ਫੇਰ ਉਹ ਮਰਣ ਮਰਾਂਦ, ਚਹੁੰ ਜਣਿਆਂ ਦੇ ਕੰਧੇ ਚੜ੍ਹਣ ਤੋਂ ਪਹਿਲਾਂ, ਦੋ ਕਹਾਰਾਂ ਤੋਂ ਡੋਲੀ ਚੁਕਵਾ ਕੇ, ਪੁੱਤਰ ਦਾ ਮੂੰਹ ਵੇਖਣ ਲਈ, ਪੁੱਤਰ ਦੇ ਪਿਉ ਦੀਆਂ ਦਹਿਲੀਜ਼ਾਂ ਵਿਚ ਆ ਬੈਠੀ ।
ਬੈਠਣ ਜੋਗੀ ਨਹੀਂ ਸੀ, ਔਖੇ ਸਾਹ ਗਿਣਦੀ ਦਹਿਲੀਜ਼ਾਂ ਵਿਚ ਲੰਮੀ ਪਈ ਹੋਈ ਸੀ, ਕਿ ਬਾਪ ਨੇ ਚਹੁੰ ਵਰ੍ਹਿਆਂ ਦੇ ਸੋਭੇ ਦੀ ਬਾਂਹ ਫੜਕੇ ਮਾਂ ਨੂੰ ਪੁੱਤਰ ਵਿਖਾ ਦਿੱਤਾ । ਮਾਂ ਨੇ ਪੁੱਤਰ ਵੇਖਿਆ, ਪਰ ਪੁੱਤਰ ਨੇ ਮਾਂ ਨਹੀਂ ਵੇਖੀ । ਉਸ ਵੇਲੇ ਮਾਂ ਦੇ ਮੂੰਹ ਉਤੇ ਬਾਪ ਨੇ ਇਕ ਚਿੱਟਾ ਪਤਲਾ ਕਪੜਾ ਪਾ ਦਿੱਤਾ ਹੋਇਆ ਸੀ ਤਾਂ ਕਿ ਪੁੱਤਰ ਨੂੰ ਮਰਣ ਵਾਲੀ ਮਾਂ ਦੀ ਬੀਮਾਰੀ ਨਾ ਛੋਹੇ । ਸ਼ੀਸ਼ੇ ਦੇ ਉਸ ਟੁਕੜੇ ਵਿਚੋਂ ਮਾਂ ਦਾ ਮੂੰਹ ਨਹੀਂ ਸੀ ਦਿਸ ਰਿਹਾ, ਸਿਰਫ ਏਨਾ ਕਿ ਕਿਸੇ ਔਰਤ ਨੇ ਮੂੰਹ ਨੂੰ ਚਿੱਟੇ ਕੱਪੜੇ ਨਾਲ ਢੱਕਿਆ ਹੋਇਆ, ਤੇ ਪੁੱਤਰ ਨੂੰ ਇਕ ਵਾਰੀ ਗਲ ਨਾਲ ਲਾਉਣ ਵਾਸਤੇ ਦੋਵੇਂ ਬਾਹਵਾਂ ਉਲਾਰੀਆਂ ਹੋਈਆਂ…
ਸੋਭਾ ਸਿੰਘ ਚਿਤਰਕਾਰ ਦੇ ਸਾਰੇ ਪਿੰਡੇ ਉਤੇ ਲੂੰਅ ਖਲੋ ਗਏ… ਯਾਦ ਆਇਆ, ਪਿਉ ਨੇ ਬਾਹੋਂ ਧਰੀਕ ਕੇ ਉਹਨੂੰ ਪਰ੍ਹਾਂ ਕਰ ਲਿਆ ਸੀ, ਤਾਂ ਕਿ ਮਰਨ ਵਾਲੀ ਮਾਂ ਕਿਤੇ ਸਚਮੁਚ ਉਹਨੂੰ ਛਾਤੀ ਨਾਲ ਨਾ ਲਾ ਲਵੇ । ਤੇ ਫੇਰ ਸੱਖਣ ਵਿਚ ਅੱਡੀਆਂ ਹੋਈਆਂ ਮਾਂ ਦੀਆਂ ਬਾਹਵਾਂ, ਉੱਥੇ, ਉਸੇ ਪਲ, ਭੋਂ ਉੱਤੇ ਡਿੱਗ ਪਈਆਂ ਸਨ । ਉਹਦੀ ਮਾਂ ਮਰ ਗਈ ਸੀ ।
ਸ਼ੀਸ਼ੇ ਦੇ ਇਕ ਹੋਰ ਟੁਕੜੇ ਵਿਚ ਮਾਂ ਵਾਹਰਾ ਛੇ ਵਰ੍ਹਿਆਂ ਦਾ ਸੋਭਾ, ਸਾਰਾ ਸਾਰਾ ਦਿਨ ਪਿੰਡ ਦੀਆਂ ਜੂਹਾ ਕੱਛਦਾ, ਇਕ ਦਿਨ ਹਾਣੀਆਂ ਨਾਲ ਰਲ ਕੇ, ਪਿੱਠ ਵਲੋਂ ਦੂਹਰਿਆਂ ਹੋ ਕੇ ਅੱਡੀਆਂ ਨੂੰ ਹੱਥ ਦੀਆਂ ਤਲੀਆਂ ਲਾਉਣ ਦੀ ਖੇਡ ਖੇਡਦਾ, ਇਕ ਉੱਚੀ ਥਾਂ ਤੋਂ ਡਿੱਗ ਪਿਆ, ਤੇ ਲੱਤ ਦੀ ਹੱਡੀ ਤੁੜਵਾ ਬੈਠਾ । ਪਿੰਡ ਦੇ ਹਕੀਮ ਨੇ ਹੱਡੀ ਚੜ੍ਹਾਈ ਪਰ ਮਾਂ ਜੀਉਂਦੀ ਹੁੰਦੀ, ਉਹਦੀ ਰੱਖ ਕਰਦੀ, ਹੱਡੀ ਫੇਰ ਥਾਂ ਤੋਂ ਹਿੱਲ ਗਈ, ਤੇ ਮੁੰਡਾ ਉਸੇ ਤਰ੍ਹਾਂ ਲੰਕੇਵਾਹ ਤੁਰਦਾ ਰਿਹਾ…
ਸ਼ੀਸ਼ੇ ਦੇ ਇਕ ਹੋਰ ਟੁਕੜੇ ਵਿਚ ਨਿੱਕਾ ਜਿਹਾ ਸੋਭਾ ਸਿੰਘ ਘਰੋਂ ਚਾਕੂ ਚੁਰਾ ਲਿਜਾਂਦਾ, ਤੇ ਵੰਝ ਵਿਚ ਚਲਾ ਜਾਂਦਾ । ਉਥੇ ਰੇਤਲੀ ਚਟਾਨ ਨੂੰ ਚਾਕੂ ਨਾਲ ਖੋਦ ਕੇ ਇਕ ਮੂਰਤ ਬਣਾਉਂਦਾ ਆਪਣੇ ਵਲੋਂ ਮਾਤਾ ਸੀਤਾ ਦੀ, ਪਰ ਅੰਦਰਲੇ ਮਨੋਂ ਆਪਣੀ ਮੋਈ ਹੋਈ ਮਾਂ ਇੱਛਰਾਂ ਦੀ…
ਲੱਛਮੀ ਤੇ ਕਿਸ਼ਨੀ ਦੋਵੇਂ ਭੈਣਾਂ ਵਿਆਹੀਆਂ ਗਈਆਂ ਸਨ । ਪਿਉਂ ਸੋਭੇ ਨੂੰ ਝਾੜਦਾ ਝੰਬਦਾ ਅਕਸਰ ਦੋ ਗਾਹਲਾਂ ਕੱਢਦਾ ਸੀ ਇਕ ‘ਨਾਮੁਰਾਦਾ !’ ਤੇ ਦੂਜਾ ‘ਸਹੁਰਿਆ !’ ਆਖਦਾ ਸੀ, “ਉਹ ਹੋਰ ਹੀ ਮੱਖੀਆਂ ਹੁੰਦੀਆਂ ਨੇ, ਜਿਨ੍ਹਾਂ ਦਾ ਹੱਗਿਆ ਖਾਈਦਾ ਏ, ਤੂੰ ਤਾਂ ਸਹੁਰਿਆ ! ਮੂਰਤਾਂ ਹੀ ਬਨਾਣੀਆਂ ਨੇ, ਤੇ ਭੁੱਖਿਆਂ ਮਰਨਾ ਏਂ” ਤੇ ਆਖਦਾ ਸੀ “ਨਾ ਮੁਰਾਦਾ ! ਤੇਰੇ ਨਾਲੋਂ ਤਾਂ ਮੇਰੇ ਘਰ ਚੱਟੂ ਵੱਟਾ ਹੀ ਜੰਮ ਪੈਂਦਾ, ਮੈਂ ਲੂਣ ਪੀਹ ਲੈਂਦਾ । ਤੇਰਾ ਕੀ ਕਰਾਂਗਾ ?”
ਪਿਉ ਨੂੰ ਮੁਰਗਾਬੀਆਂ ਮਾਰਨ ਦਾ ਸ਼ੌਕ ਸੀ, ਫਟੜ ਮੁਰਗਾਬੀਆਂ ਨੂੰ ਜਦੋਂ ਸੋਭਾ ਵੇਹੜੇ ਵਿਚ ਵੇਖਦਾ, ਉਹਨੂੰ ਆਪਣਾ ਆਪ ਵੀ ਫੱਟੜ ਮੁਰਗਾਬੀ ਵਾਂਗ ਲਗਦਾ । ਤੇ ਜਦੋਂ ਮੁਰਗਾਬੀਆਂ ਦਾ ਮਾਸ ਭੁੰਨ ਕੇ ਪਿਉ ਉਹਨੂੰ ਖਾਣ ਲਈ ਦੇਂਦਾ, ਤਾਂ ਸੋਭਾ ਮਾਸ ਦੀ ਕੌਲੀ ਥਾਲੀ ਵਿਚੋਂ ਕੱਢ ਦੇਂਦਾ ਤੇ ਪਿਉ ਦੇ ਹੁਕਮ ਨੂੰ ਅਦੂਲਣ ਦਾ ਇਕੋ ਨਤੀਜਾ ਸੀ-ਸੋਭੇ ਨੂੰ ਕੁੱਟ ਪੈਂਦੀ…
ਟੁੱਟੇ ਹੋਏ ਸ਼ੀਸ਼ੇ ਦਾ ਇਕ ਹੋਰ ਟੁਕੜਾ, ਇਕ ਦਿਨ ਸੋਭਾ ਘਰੋਂ ਇਸ ਖ਼ਿਆਲ ਨਾਲ ਨਿਕਲਿਆ ਕਿ ਅੱਜ ਮਰ ਜਾਣਾ ਹੈ । ਮਰਨ ਦਾ ਕੋਈ ਤਰੀਕਾ ਨਹੀਂ ਸੀ ਲੱਭਦਾ । ਸੋਚਿਆ-ਨਮੂਨੀਏ ਨਾਲ ਲੋਕ ਜ਼ਰੂਰ ਮਰ ਜਾਂਦੇ ਹਨ । ਸੋ ਨਮੂਨੀਆ ਹੋ ਜਾਵੇ, ਤਾਂ ਮਰਨਾ ਯਕੀਨੀ ਹੋ ਜਾਵੇਗਾ । ਉਹ ਦੌੜ ਦੌੜ ਕੇ ਜਦੋਂ ਮੁੜ੍ਹਕੋ ਮੁੜ੍ਹਕੀ ਹੋ ਗਿਆ, ਤਾਂ ਨਦੀ ਦੇ ਠੰਢੇ ਪਾਣੀ ਵਿਚ ਛਾਲ ਮਾਰ ਦਿੱਤੀ । ਉਹ ਸੁੱਤਾ ਉਠ ਕੇ ਰਜ਼ਾਈ ਵਿਚੋਂ ਨਿਕਲਕੇ ਜਦੋਂ ਛੇਤੀ ਨਾਲ ਆਉਣ ਲਗਦਾ ਸੀ, ਤਾਂ ਪਿਉ ਹਮੇਸ਼ਾ ਆਖਦਾ ਸੀ- ਮਰ ਜਾਏਂਗਾ ਸਹੁਰਿਆ… ਨਮੂਨੀਆ ਹੋ ਜਾਏਗਾ । ਸੋ ਸੋਭੇ ਨੇ ਸੋਚਿਆ ਕਿ ਅੱਜ ਤਾਂ ਯਕੀਨੀ ਨਮੂਨੀਆ ਹੋ ਜਾਏਗਾ । ਪਰ ਨਦੀ ਵਿਚ ਨਹਾ ਕੇ ਜਦੋਂ ਬਾਹਰ ਨਿਕਲਿਆ ਤਾਂ ਉਹਦੇ ਸੌੜੇ ਪਏ ਹੋਏ ਜੀਅ ਨੂੰ ਸਗੋਂ ਠੰਢ ਜਿਹੀ ਪੈ ਗਈ । ਨਮੂਨੀਆ ਕੋਈ ਨਾ ਹੋਇਆ, ਤੇ ਉਹਦਾ ਜੀਊਣ ਨੂੰ ਜੀਅ ਕਰਨ ਲੱਗ ਪਿਆ ।
ਟੁੱਟੇ ਹੋਏ ਸ਼ੀਸ਼ੇ ਦਾ ਇਕ ਹੋਰ ਟੁਕੜਾ, ਪਿੰਡ ਵਿਚ ਇਕ ਰਾਏ ਸਾਹਿਬ ਦੀ ਨੂੰਹ ਸੀ । ਕਹਿੰਦੇ ਸਨ ਅੰਤਾਂ ਦੀ ਸੁਨੱਖੀ ਪਰ ਬੜੀ ਲਜੀਲੀ, ਸਿਰ ਦਾ ਕੱਪੜਾ ਹੋਠਾਂ ਤੱਕ ਨਿਵਾ ਛਡਦੀ, ਮੂੰਹ ਵਿਚ ਸ਼ਹਿਦ ਘੋਲ ਕੇ ਗੱਲ ਕਰਦੀ ਤੇ ਹੱਥ ਦੀ ਸਖੀ । ਸਾਰਾ ਪਿੰਡ ਉਹਦਾ ਆਦਰ ਕਰਦਾ । ਇਕ ਦਿਨ ਸੋਭੇ ਨੂੰ ਪਿਉ ਨੇ ਕੁੱਟਿਆ ਤਾਂ ਉਹ ਘੁੰਡ ਕੱਢੀ ਬੂਹੇ ਦੀਆਂ ਮੁਹਾਠਾਂ ਵਿਚ ਆ ਖਲੋਤੀ, ਉਹਦੀ ਮਿੰਨਤ ਵੀ ਉਹਦੇ ਹੁਕਮ ਵਰਗੀ ਸੀ, ਆਖਣ ਲੱਗੀ, ‘ਮੁੰਡੇ ਨੂੰ ਮਾਰਿਆ ਨਾ ਕਰੋ ! ਤੁਹਾਡੇ ਕੋਲੋਂ ਡਰਦਾ ਉਹ ਸਾਰਾ ਦਿਨ ਘਰ ਨਹੀਂ ਵੜਦਾ, ਤੇ ਭੁਖਾ ਭਾਣਾ ਘਰੋਂ ਬਾਹਰ ਫਿਰਦਾ ਰਹਿੰਦਾ ਏ । ਜੇ ਉਹਦੀ ਮਾਂ ਜੀਉਂਦੀ ਹੁੰਦੀ…”
ਤੇ ਸੋਭਾ, ਉਸ ਦਿਨ ਤੋਂ ਪਿਛੋਂ ਜਦੋਂ ਵੰਙ ਵਿਚ ਜਾ ਕੇ ਚਾਕੂ ਨਾਲ ਪੱਥਰ ਉਤੇ ਕੋਈ ਮੂਰਤ ਬਣਾਉਂਦਾ, ਉਹਨੂੰ ਜਾਪਦਾ ਮੂਰਤ ਮੱਲੋ ਮੱਲੀ ਰਾਏ ਸਾਹਿਬ ਦੀ ਨੂੰਹ ਵਰਗੀ ਬਣ ਗਈ ਸੀ…
ਟੁੱਟੇ ਹੋਏ ਸ਼ੀਸ਼ੇ ਦਾ ਇਕ ਹੋਰ ਟੁਕੜਾ, ਸੰਨ 1917, ਸਤੰਬਰ ਦਾ ਮਹੀਨਾ, ਸੋਭਾ ਸਿੰਘ ਮਸਾਂ ਸੋਲ੍ਹਾਂ ਵਰ੍ਹਿਆਂ ਦਾ ਸੀ, ਕਿ ਪਿਉ ਮਰ ਗਿਆ । ਭੈਣ ਲੱਛਮੀ ਨੂੰ ਭਰਾ ਨਾਲ ਮੋਹ ਸੀ । ਉਹ ਸੋਭਾ ਸਿੰਘ ਨੂੰ ਆਪਣੇ ਕੋਲ ਅੰਮ੍ਰਿਤਸਰ ਲੈ ਗਈ । ਭਣਵਈਆ ਓਵਰਸੀਅਰ ਸੀ, ਉਹਨੂੰ ਪਰਸਪੈਕਟਿਵ ਬਨਾਣ ਦਾ ਸ਼ੌਕ ਸੀ । ਇਸ ਲਈ ਸੋਭਾ ਸਿੰਘ ਨੂੰ ਉਹਦਾ ਸਾਥ ਚੰਗਾ ਲਗਿਆ । ਸਾਲਾ ਤੇ ਭਣਵਈਆ, ਕਿੰਨਾ ਕਿੰਨਾ ਚਿਰ ਕਾਗ਼ਜ਼ਾਂ ਤੇ ਪੈਨਸਿਲਾਂ ਦੀ ਦੁਨੀਆਂ ਵਿਚ ਬੈਠੇ ਰਹਿੰਦੇ ।…
ਟੁੱਟੇ ਹੋਏ ਸ਼ੀਸ਼ੇ ਦਾ ਇਕ ਹੋਰ ਟੁਕੜਾ, ਸੰਨ 1919 ਜਲ੍ਹਿਆਂ ਵਾਲੇ ਬਾਗ਼ ਦਾ ਜਲਸਾ, ਸੋਭਾ ਸਿੰਘ ਜਲਸੇ ਵਿਚ ਬੈਠਾ ਹੋਇਆ, ਕਿ ਅਚਾਨਕ ਗੋਲੀਆਂ…ਚੀਕਾਂ…ਲਹੂ…ਲਾਸ਼ਾਂ.. ਲੋਕ ਦੌੜ ਰਹੇ, ਕੰਧਾਂ ਨਾਲ ਟਕਰਾ ਰਹੇ ਸੋਭਾ ਸਿੰਘ ਵੀ ਦੌੜ ਰਿਹਾ ਅਗਲੇ ਬੰਦੇ ਨੂੰ ਗੋਲੀ, ਚੀਕ, ਤੇ ਉਹਦੇ ਡਿੱਗਣ ਨਾਲ ਅੜਿੱਕਾ ਖਾ ਕੇ ਸੋਭਾ ਸਿੰਘ ਦਾ ਵੀ ਡਿੱਗ ਪੈਣਾ, ਉਹਦੇ ਉੱਤੇ ਇਕ ਹੋਰ ਬੰਦੇ ਦਾ, ਤੇ ਉਹਦੇ ਉਤੇ ਇਕ ਹੋਰ ਬੰਦੇ ਦਾ ਡਿੱਗਣਾ ਫੇਰ ਕਿੰਨਾ ਚਿਰ ਕੋਈ ਸੁਰਤ ਨਹੀਂ। ਦੂਸਰੇ ਦਿਨ ਲਾਸ਼ਾਂ ਦੇ ਢੇਰ ਵਿਚੋਂ ਜੀਉਂਦੇ ਸੋਭਾ ਸਿੰਘ ਦਾ ਲੱਭਣਾ, ਤੇ ਫੇਰ ਕਈ ਮਹੀਨੇ ਉਹਦਾ ਰਾਤੀਂ ਤ੍ਰਭਕ ਤ੍ਰਭਕ ਕੇ ਉੱਠਣਾ,,,
* ਸ਼ੀਸ਼ੇ ਦਾ ਇਕ ਹੋਰ ਟੁਕੜਾ, ਵੀਹ ਅਕਤੂਬਰ ਸੰਨ 1919, ਭਣਵਈਏ ਨੇ ਸੋਭਾ ਸਿੰਘ ਨੂੰ ਮਿਲਟਰੀ ਵਿਚ ਡਰਾਫਟਸਮੈਨ ਦੀ ਨੌਕਰੀ ਲੈ ਦਿਤੀ, ਤਨਖਾਹ ਸੱਠ ਰੁਪਈਏ ਮਹੀਨਾ, ਨਾਲ ਰਾਸ਼ਨ ਤੇ ਕੱਪੜਾ । ਤੇ ਉਹ ਆਪਣੇ ਭਵਿੱਖ ਦਾ ਮੂੰਹ ਲੱਭਦਾ ਬਸਰੇ ਦੀ ਗੱਡੀ ਚੜ੍ਹ ਗਿਆ…
ਸ਼ੀਸ਼ੇ ਦਾ ਹੋਰ ਟੁਕੜਾ, ਜਵਾਨ ਜਹਾਨ ਸੋਭਾ ਸਿੰਘ, ਸੁਭਾਅ ਦਾ ਮਿਹਨਤੀ, ਹੱਥ ਦਾ ਕਲਾਕਾਰ, ਤੇ ਬਸਰੇ ਵਿਚ ਇਕ ਸਿਆਣੀ ਉਮਰ ਦਾ ਜ਼ਾਮਨ ਅਲੀ, ਉਸੇ ਦੇ ਨਾਲ ਕੰਮ ਕਰਦਾ, ਤੇ ਹੋਣਹਾਰ ਸੋਭਾ ਸਿੰਘ ਨੂੰ ਮੋਹ ਨਾਲ ਸਿੱਖ ਮੱਤ ਦੇਂਦਾ “1917 ਦੀ ਜੰਗ ਨੇ ਲੋਕਾਂ ਵਿਚ ਏਨੀ ਭੁੱਖ ਵਰਤਾਈ ਹੋਈ ਏ ਕਿ ਉਹ ਚਹੁੰ ਛਿਲੜਾਂ ਲਈ ਬੰਦਾ ਮਾਰ ਦੇਂਦੇ ਨੇ । ਤੇਰੀ ਚੜ੍ਹਦੀ ਜਵਾਨੀ ਏਂ, ਔਰਤ ਲਈ ਤੇਰਾ ਜੀਅ ਕਰੇ ਤਾਂ ਪੈਸੇ ਦੇ ਕੇ ਘਰ ਬੁਲਾ ਲਈਂ, ਪਰ ਆਪ ਕਿਸੇ ਦੇ ਘਰ ਨਾ ਜਾਈਂ ।”…
ਸੋਭਾ ਸਿੰਘ ਨੇ ਮਾਸ ਨਹੀਂ ਸੀ ਖਾਣਾ, ਖਜੂਰਾਂ ਨਾਲ ਰੋਟੀ ਖਾ ਛਡਦਾ । ਜਾਂ ਖਰਬੂਜ਼ਾ ਤੇ ਹਦਵਾਣਾ ਉਥੋਂ ਦਾ ਬਹੁਤ ਚੰਗਾ ਸੀ, ਉਹ ਖਾ ਲੈਂਦਾ । ਤੇ ਜ਼ਾਮਨ ਅਲੀ ਦੀ ਗੱਲ ਪੱਲੇ ਬੰਨ੍ਹੀ ਹੋਈ ਸੀ, ਇਸ ਲਈ ਉਸ ਬਜ਼ਾਰ ਵੀ ਉਹਨੇ ਨਹੀਂ ਸੀ ਜਾਣਾ ਜਿਥੇ ਔਰਤਾਂ ਦਾ ਧੰਦਾ ਸੀ । ਤੇ ਜਿੱਥੇ ਉਹ ਕਰਾਏ ਦੀ ਕੋਠੜੀ ਵਿਚ ਰਹਿੰਦਾ ਸੀ, ਉੱਥੇ ਵੀਹਾਂ ਪੰਝੀਆਂ ਕਮਰਿਆਂ ਦੀ ਪੁਰਾਣੀ ਇਮਾਰਤ ਵਿਚ ਭਾਵੇਂ ਆਰਮੀਨੀਆਂ ਦੀਆਂ ਤੇ ਕਾਕੇਸ਼ੀਆ ਦੀਆਂ ਪਰੀਆਂ ਵਰਗੀਆਂ ਕਿੰਨੀਆਂ ਹੀ ਕੁੜੀਆਂ ਰਹਿੰਦੀਆਂ ਸਨ, ਪਰ ਉਨ੍ਹਾਂ ਵਿਚ ਆਪਣਾ ਇਹੋ ਜਿਹਾ ਇਤਬਾਰ ਬਣਾ ਬੈਠਾ ਸੀ, ਕਿ ਉਨ੍ਹਾਂ ਵਲ ਉਹਨੇ ਅੱਖ ਭਰ ਕੇ ਨਹੀਂ ਸੀ ਤੱਕਣਾ । ਉਹ ਵੀ ਸਾਰੀਆਂ ਮਿਹਨਤ ਮਜ਼ਦੂਰੀ ਕਰਦੀਆਂ ਸਨ, ਕਦੇ ਖੰਡ ਜਾਂ ਚਾਹ ਦੀ ਪੱਤੀ ਮੁੱਕ ਜਾਂਦੀ, ਤਾਂ ਚਿਮਚਾ ਕੁ ਨਿਸ਼ੰਗ ਉਹਦੇ ਕੋਲੋਂ ਲੈਣ ਆ ਜਾਂਦੀਆਂ ਸਨ । ਉਹ ਸੋਭਾ ਸਿੰਘ ਨੂੰ ਸੋਹਣੀਆਂ ਲੱਗਦੀਆਂ ਪਰ ਅੱਖ ਭਰ ਕੇ ਉਦੋਂ ਵੇਖਦਾ, ਜਦੋਂ ਉਹ ਸਵੇਰ ਸਾਰ ਵੇਹੜੇ ਵਿਚ ਸੁੱਤੀਆਂ ਹੁੰਦੀਆਂ । ਚਿੱਟੇ ਵਿਛੌਣਿਆਂ ਉੱਤੇ ਉਨ੍ਹਾਂ ਦੇ ਕੱਟੇ ਹੋਏ ਕਾਲੇ ਵਾਲ ਉਹਨੂੰ ਖੰਭਾਂ ਵਰਗੇ ਜਾਪਦੇ ਤੇ ਜਾਪਦਾ ਹੁਣੇ ਸੁੱਤੀਆਂ ਉੱਠ ਕੇ ਉਹ ਅਸਮਾਨ ਨੂੰ ਉਡ ਜਾਣਗੀਆਂ …ਉਹ ਜਾਗਦੀਆਂ ਹੁੰਦੀਆਂ, ਤਾਂ ਸੋਭਾ ਸਿੰਘ ਅੱਖਾਂ ਨੀਵੀਆਂ ਪਾ ਲੈਂਦਾ । ਉਂਞ ਵੀ ਉਹ ਸੰਕੋਚ ਨਾਲ ਰਹਿੰਦਾ ਸੀ । ਉਸ ਪੁਰਾਣੀ ਇਮਾਰਤ ਦੀ ਮਾਲਕਣ ਨਾਇਮਾ ਬੜੀ ਡਾਢੀ ਔਰਤ ਸੀ, ਜੋ ਗੱਲੇ ਗੱਲੇ ਆਪਣੇ ਕਰਾਏਦਾਰਾਂ ਨਾਲ ਲੜਦੀ ਸੀ ਤੇ ਰੋਜ਼ ਉਨ੍ਹਾਂ ਨੂੰ ਘਰੋਂ ਕੱਢਣ ਦਾ ਡਰਾਵਾ ਦੇਂਦੀ ਸੀ ।
ਸੋਭਾ ਸਿੰਘ ਦੀ ਤਨਖਾਹ ਸੱਠਾਂ ਤੋਂ ਇਕ ਸੌ ਦਸ ਹੋ ਗਈ, ਫੇਰ ਇਕ ਸੌ ਵੀਹ, ਫੇਰ ਢਾਈ ਸੌ, ਪਰ ਤਨਖਾਹ ਦੇ ਨਾਲ ਨਾਲ ਮਨ ਦੀ ਇਕੱਲਤਾ ਵੀ ਵਧਦੀ ਗਈ ।
ਉਹਨੇ ਇਕ ਦਿਨ ਸਰਵੇਅ ਤੇ ਜਾਣਾ ਸੀ, ਲੰਬਾ ਸਫ਼ਰ ਸੀ, ਤਰਕਾਲਾਂ ਦੀ ਇਕੱਲ ਉਹਨੂੰ ਖੋਰਨ ਲੱਗ ਪਈ ‘ਗੱਡੀ ਇਕ ਸਟੇਸ਼ਨ ਉਤੇ ਰੁਕੀ, ਤਾਂ ਸੋਭਾ ਸਿੰਘ ਨੇ ਸੋਚਿਆ, ਸਟੇਸ਼ਨ ਤੋਂ ਇਕ ਅੱਧੀ ਕਿਤਾਬ ਖ਼ਰੀਦ ਲਵਾਂ, ਰਾਹ ਬੀਤ ਜਾਏਗਾ । ਸਟੇਸ਼ਨ ਦੀ ਦੁਕਾਨ ਫੋਲ ਛੱਡੀ, ਪਰ ਅੰਗਰੇਜ਼ੀ ਦੀ ਕੋਈ ਵੀ ਕਿਤਾਬ ਨਹੀਂ ਸੀ । ਨਾਲ ਦੀ ਦੁਕਾਨ ਸਿਗਰਟਾਂ ਤੇ ਸੋਢੇ ਦੀ ਸੀ । ਉਹਦੇ ਉਦਾਸੇ ਮਨ ਵਿਚ ਆਇਆ-ਇਕ ਸਿਗਰਟ ਹੀ ਪੀ ਲਵਾਂ, ਏਥੇ ਕਿਹੜਾ ਗੁਰੂ ਗੋਬਿੰਦ ਸਿੰਘ ਵੇਖਦਾ ਏ । ਸੋ ਇਕ ਸਿਗਰਟ ਖ਼ਰੀਦ ਲਈ । ਪੈਸੇ ਦੇਣ ਲਈ ਬੋਝੇ ਵਿਚ ਹੱਥ ਪਾਇਆ, ਤਾਂ ਗੱਡੀ ਨੇ ਸੀਟੀ ਮਾਰ ਦਿੱਤੀ । ਸੋਭਾ ਸਿੰਘ ਨੇ ਭੱਜ ਕੇ ਮਸਾਂ ਗੱਡੀ ਫੜੀ, ਤੇ ਸਿਗਰਟ ਉਥੇ ਹੀ ਕਾਊਂਟਰ ਉਤੇ ਪਈ ਰਹਿ ਗਈ । ਚਲਦੀ ਗੱਡੀ ਨਾਲ ਮੁੜਕਾ ਆਏ ਮੱਥੇ ਨੂੰ ਹਵਾ ਲੱਗੀ, ਤਾਂ ਸੋਭਾ ਸਿੰਘ ਨੇ ਸ਼ੁਕਰ ਕੀਤਾ, “ਅੱਜ ਤਾਂ ਗੁਰੂ ਗੋਬਿੰਦ ਸਿੰਘਾ ! ਤੇਰੇ ਸਿੱਖ ਨੂੰ ਏਸ ਗੱਡੀ ਦੀ ਸੀਟੀ ਨੇ ਹੱਥ ਦੇ ਕੇ ਰੱਖ ਲਿਆ…”
ਇਕੱਲਤਾ ਦੇ, ਤੇ ਉਦਾਸੀ ਦੇ, ਵਲੇਲ ਆਉਂਦੇ, ਲੰਘ ਜਾਂਦੇ । ਇਕ ਵਾਰ, ਇਕ ਇਹੋ ਜਿਹਾ ਵਲੇਲ ਅੜ ਕੇ ਬਹਿ ਗਿਆ । ਉਸ ਰਾਤ ਸੋਭਾ ਸਿੰਘ ਨੇ ਰਜ ਕੇ ਬੀਅਰ ਪੀਤੀ । ਜਿਹੜੇ ਕਮਰੇ
ਵਿਚ ਕਰਾਏ ਤੇ ਰਹਿੰਦਾ ਸੀ, ਉਹਦੀ ਇਮਾਰਤ ਦਾ ਬਾਹਰਲਾ ਫਾਟਕ ਮਸਾਂ ਰਾਤ ਪੈਂਦੀ ਸੀ, ਕਿ ਬੰਦ ਹੋ ਜਾਂਦਾ ਸੀ । ਮਕਾਨ ਮਾਲਕਣ ਤੋਂ ਡਰਦਿਆਂ ਸਾਰੇ ਕਰਾਏਦਾਰ ਸੰਝ ਵੇਲੇ ਹੀ ਕਮਰਿਆਂ ਵਿਚ ਆ ਬਹਿੰਦੇ ਸਨ । ਪਰ ਉਸ ਦਿਨ ਚੋਖੀ ਰਾਤ ਪੈ ਗਈ ਸੀ, ਸੋਭਾ ਸਿੰਘ ਬੀਅਰ ਪੀ ਕੇ ਸੜਕਾਂ ਉਤੇ ਘੁੰਮ ਰਿਹਾ ਸੀ । ਜਦੋਂ ਲੱਤਾਂ ਤੁਰਨੋਂ ਰਹਿ ਗਈਆਂ, ਤਾਂ ਘਰ ਦਾ ਚੇਤਾ ਆਇਆ। ਨਾਲ ਹੀ ਮਕਾਨ ਮਾਲਕਣ ਦਾ । ਡਰਦੇ ਨੇ ਫਾਟਕ ਨੂੰ ਖੜਕਾਇਆ ਨਹੀਂ, ਹੌਲੀ ਜਿਹੀ ਫਾਟਕ ਨੂੰ ਟੱਪ ਕੇ ਅੰਦਰ ਹੋ ਗਿਆ । ਪਰ ਪੋਲੇ ਪੈਰੀਂ ਪੌੜੀਆਂ ਚੜ੍ਹਦਾ ਪਿਆ ਸੀ ਕਿ ਮਕਾਨ ਮਾਲਕਣ ਦੀ ਆਵਾਜ਼ ਆਈ, ” ਬਾਬੂ !”
ਉਹ ਸਹਿਮ ਕੇ ਖਲੋ ਗਿਆ, ਤਾਂ ਉਹਦੇ ਲੱਥੇ ਹੋਏ ਮੂੰਹ ਨੂੰ ਵੇਖ ਕੇ ਉਹ ਪੁੱਛਣ ਲੱਗੀ, “ਤੇਰੀ ਤਬੀਅਤ ਠੀਕ ਨਹੀਂ ?”
“ਤਬੀਅਤ ਤਾਂ ਠੀਕ ਏ, ਪਰ ਮੇਰਾ ਜੀਅ ਉਦਾਸ ਏ…”
ਉਹ ਪੁੱਛਣ ਲੱਗੀ, “ਘਰੋਂ ਕੋਈ ਮਾੜੀ ਚਿਠੀ ਆਈ ਊ ?”
ਸੋਭਾ ਸਿੰਘ ਨੇ ਉਦਾਸੇ ਹਿਰਾਸੇ ਹੋਏ ਨੇ ਕਿਹਾ, “ਮੇਰਾ ਘਰ ਹੀ ਕੋਈ ਨਹੀਂ, ਮਾੜੀ ਚਿੱਠੀ ਕਿਹਦੀ ਆਵੇਗੀ ।”
“ਤੇਰਾ ਕੋਈ ਨਹੀਂ ?”
“ਕੋਈ ਨਹੀ…”
ਤੇ ਹਰ ਇਕ ਕਰਾਏਦਾਰ ਨਾਲ ਲੜਣ ਤੇ ਖਹਿਣ ਵਾਲੀ ਨਈਮਾਂ ਦੀਆਂ ਅੱਖਾਂ ਵਿਚ ਅੱਥਰੂ ਆ ਗਏ । ਉਸ ਦਿਨ ਤੋਂ ਉਹ ਰੋਜ਼ ਸਵੇਰੇ ਸੋਭਾ ਸਿੰਘ ਨੂੰ ਚਾਹ ਦਾ ਇਕ ਗਰਮ ਪਿਆਲਾ ਬਣਾ ਕੇ ਦੇਣ लॅग यष्टी…
ਟੁੱਟੇ ਹੋਏ ਸ਼ੀਸ਼ੇ ਦਾ ਇਕ ਟੁਕੜਾ ਸੰਨ 1940, ਸ਼ਾਹਪੁਰ ਕੰਢੀ ਵਿਚ, ਪਹਾੜੀ ਰਾਹਵਾਂ ਨੂੰ ਗਾਹੁੰਦੇ ਸੋਭਾ ਸਿੰਘ ਦੇ ਪੈਰਾਂ ਅੱਗੇ ਰਾਤ ਪੈ ਗਈ । ਇਕ ਮੰਦਰ ਦੀ ਠਾਹਰ ਆਈ । ਪੁਜਾਰਨ ਨੇ ਰੋਟੀ ਖੁਆਈ, ਚਾਹ ਪਿਆਈ, ਤੇ ਸਵੇਰੇ ਉੱਠ ਕੇ ਸੋਭਾ ਸਿੰਘ ਨੇ ਚਾਰ ਆਨੇ ਦੇਵੀ ਦੀ ਮੂਰਤੀ ਨੂੰ ਚੜ੍ਹਾਏ, ਤੇ ਦੋ ਰੁਪਈਏ ਪੁਜਾਰਨ ਦੇ ਪੈਰਾਂ ਕੋਲ ਰੱਖ ਦਿੱਤੇ । ਆਖਿਆ, “ਜੀਉਂਦੀ ਦੇਵੀ ਦੇ ਚਰਨਾਂ ਵਿਚ ਬਹੁਤੇ ਪੈਸੇ ਚੜ੍ਹਾਣੇ ਚਾਹੀਦੇ ਹਨ ।”
ਤੇ ਸ਼ੀਸ਼ੇ ਦੇ ਟੁਕੜਿਆਂ ਉਤੇ ਝੁਕਿਆ ਚਿਤਰਕਾਰ ਮੁਸਕਰਾ ਪਿਆ । ਇਕ ਦਿਨ ਇਕ ਤਸਵੀਰ ਬਣਾਵਾਂਗਾ-ਕਿਸੇ ਹੀਰ ਦੀ ਜਾਂ ਸੋਹਣੀ ਦੀ ਪਰ ਜਿਹਦੇ ਵਿਚ ਮਾਂ ਇੱਛਰਾਂ ਵੀ ਹੋਵੇਗੀ, ਰਾਏ ਸਾਹਬ ਦੀ ਨੂੰਹ ਵੀ, ਬਸਰੇ ਦੀ ਨਈਮਾ ਵੀ, ਤੇ ਸ਼ਾਹਪੁਰ ਕੰਢੀ ਦੀ ਪੁਜਾਰਨ ਵੀ..
ਟੁੱਟੇ ਹੋਏ ਸ਼ੀਸ਼ੇ ਦੇ ਟੁਕੜੇ ਉਘੜ ਦੁਘੜ ਜ਼ਿੰਦਗੀ ਦੀਆਂ ਕਤਾਰਾਂ ਵਾਂਗ ਪਏ ਸਨ । ਚਿਤਰਕਾਰ ਦਾ ਬਿੰਬ, ਟੋਟੇ ਟੋਟੇ ਸਭਨਾਂ ਵਿਚ ਖਿਲਰਿਆ ਪਿਆ ਸੀ । ਕਦੇ ਸੰਨ 1923 ਦਿਸਦਾ, ਗੁਰੂ ਕੇ ਬਾਗ ਦਾ ਮੋਰਚਾ, ਤੇ ਮਨ ਵਿਚੋਂ ਉਮ੍ਹਲਦੀ ਸਿੱਖੀ ਨਾਲ ਸ਼ਰਧਾ : ਤੇ ਕੈਨਵਸ ਉਤੇ ਉਭਰਦੀ ਗੁਰੂ ਨਾਨਕ ਦੀ ਨੁਹਾਰ, ਗੁਰੂ ਹਰਗੋਬਿੰਦ ਦਾ ਰੂਪ, ਗੁਰੂ ਗੋਬਿੰਦ ਸਿੰਘ ਦਾ ਹੁਸਨ…
ਫੇਰ 1924, ਨਾਨਕ ਸਿੰਘ ਨਾਵਲਿਸਟ ਨਾਲ ਮੁਲਾਕਾਤ, ਤੇ ਜ਼ਿੰਦਗੀ ਦੇ ਵੀਹ ਪੰਜੀ ਵਰ੍ਹੇ ਉਹਦੇ ਨਾਲ ਪਹਾੜੀ ਡੰਡੀਆਂ ਦਾ ਗਾਹੁਣਾ ਦੋਸਤੀ ਵਿਚੋਂ ਫੁੱਲਾਂ ਦੀ ਮਹਿਕ. ਫੁੱਲਾਂ ਨਾਲ ਲੱਗੇ ਕੰਡਿਆਂ ਦੀ ਚੋਭ…
ਤੇ ਉਹਦਾ ਵਿਆਹ., ਬੀਬੀ ਇੰਦਰ ਕੌਰ ਦੁੱਖਾਂ ਸੁਖਾਂ ਦੀ ਸਾਥਣ ਪਰ ਦੋਵੇਂ ਨਜ਼ਰੀਏ ਟਕਰਾ ਟਕਰਾ ਜਾਂਦੇ । ਬੱਚੇ ਦੀ ਅਣਹੋਂਦ, ਔਝੜਾਂ ਖਹਿਬੜਾਂ ਵਸਦੇ ਘਰ ਦਾ ਆਹਰ ਵੀ, ਮਨ ਦੀ ਧੁਰ ਅੰਦਰਲੀ ਇਕੱਲਤਾ ਵੀ…
1926 ਵਿਚ ਅੰਮ੍ਰਿਤਸਰ ਨੂੰ ਛੱਡ ਕੇ ਲਾਹੌਰ । 1928 ਵਿਚ ਗਿਆਨੀ ਕਰਤਾਰ ਸਿੰਘ ਹਿਤਕਾਰੀ ਤੇ ਭਾਈ ਵੀਰ ਸਿੰਘ ਨਾਲ ਮੁਲਾਕਾਤ । ਹਿਤਕਾਰੀ ਜੀ ਨਾਲ ਕਈ ਵਾਰੀ ਡਲਹੌਜ਼ੀ, ਕੁੱਲੂ ਤੇ ਸ਼ਿਮਲੇ ਤੇ ਪਹਾੜੀ ਰਾਹਵਾਂ ਨੂੰ ਗਾਹੁਣਾ, ਘਰੋਂ ਤੁਰਨ ਲੱਗਣਾ ਤਾਂ ਹਿਤਕਾਰੀ ਜੀ ਨੇ ਉਹਦਾ ਬਟੂਆ ਮੰਗ ਲੈਣਾ, ਆਪਣੇ ਕੋਲ ਰੱਖ ਲੈਣਾ । ਫੇਰ ਪਹਾੜੀ ਰਾਹਵਾਂ ਵਾਂਗ ਦਿਲਾਂ ਦੀਆਂ ਚੜ੍ਹਾਈਆਂ ਤੇ ਉਤਰਾਈਆਂ ਤੋਂ ਵਾਪਸ ਆ ਕੇ ਉਹ ਬਟੂਆ ਉਹਨੂੰ ਮੋੜ ਦੇਣਾ । ਚਿਤਰਕਾਰ ਦਾ ਪੈਸਾ ਉਂਜ ਬਚ ਜਾਣਾ ।
ਤੇ ਭਾਈ ਵੀਰ ਸਿੰਘ ਦੀਆਂ ਦੋ ਮੁਲਾਕਾਤਾਂ ਤੋਂ ਚਿਤਰਕਾਰ ਦੇ ਮਨ ਵਿਚ ਪੈਦਾ ਹੋਈ ਨਿਰਾਸਤਾ, ਪਰ ਫੇਰ ਇਕ ਵਾਰ ਸਵੇਰ ਦੇ ਪਹਿਲੇ ਪਹਿਰ ਭਾਈ ਵੀਰ ਸਿੰਘ ਦਾ, ਉਹਦੇ ਦੋਵੇਂ ਹੱਥ ਫੜ ਕੇ ਕਿੰਨਾ ਚਿਰ ਚੁੱਪ ਬੈਠੇ ਰਹਿਣਾ, ਤੇ ਫੇਰ ਹੱਥਾਂ ਨੂੰ ਪਲੋਸਣਾ ਤੇ ਆਖਣਾ “ਏਹਨਾਂ ਹੱਥਾਂ ਵਿਚ ਗੁਰੂ ਨਾਨਕ ਵਸ ਜਾਏ” …ਤੇ ਚਿਤਰਕਾਰ ਦੇ ਅੰਗਾਂ ਵਿਚ ਉਸ ਘੜੀ ਛਿੜੀ… ਇਕ ਰੂਹਾਨੀ ਝਰਨਾਹਟ । ਟੁੱਟੇ ਹੋਏ ਸ਼ੀਸ਼ੇ ਦੇ ਟੁਕੜੇ, 1930 ਵਿਚ ਲਾਹੌਰ ਤੋਂ ਦਿੱਲੀ ਚਲੇ ਜਾਣਾ…ਤੇ ਕਈ ਵਰ੍ਹੇ ਦਿੱਲੀ ਵਿਚ ਭੱਠ ਝੋਕਣਾ…
ਕਮੀਜ਼ ਦੇ ਟੁੱਟੇ ਹੋਏ ਬਟਨ ਨੂੰ ਜ਼ਮੀਨ ਤੋਂ ਚੁੱਕਣ ਲਈ ਚਿਤਰਕਾਰ ਸੋਭਾ ਸਿੰਘ ਜਦੋਂ ਉਠਿਆ ਸੀ ਤਾਂ ਕਮਰੇ ਦੀ ਗੁੱਠ ਵਿਚ ਪਏ ਇਕ ਸ਼ੀਸ਼ੇ ਦੇ ਟੁਕੜਿਆਂ ਵਿਚ ਉਹਨੇ ਆਪਣਾ ਰੂਪ ਵੇਖਿਆ ਸੀ ਉਹਦਾ ਸਵੈ ਜੋ ਕਿੰਨੀਆਂ ਹੀ ਘਟਨਾਵਾਂ ਸੋਚਾਂ ਤੇ ਉਦਾਸੀਆਂ ਵਿਚ ਵੰਡਿਆ ਹੋਇਆ ਸੀ ।
ਉਹਨੇ ਕਮੀਜ਼ ਨਾਲੋਂ ਟੁੱਟੇ ਹੋਏ ਬਟਨ ਨੂੰ ਹੱਥ ਵਿਚ ਫੜਿਆ, ਤੇ ਜ਼ਮੀਨ ਉਤੇ ਪਏ ਹੋਏ ਸ਼ੀਸ਼ੇ ਦੇ ਟੁਕੜਿਆਂ ਤੋਂ ਅੱਖਾਂ ਉਤਾਂਹ ਚੁੱਕ ਕੇ ਬਾਰੀ ਵਿਚੋਂ ਦਿਸੇ ਅਸਮਾਨ ਵੱਲ ਤੱਕਿਆ ।
“ਮੇਰਾ ਕੋਈ ਨਹੀਂ, ਕੋਈ ਵੀ ਨਹੀਂ, ਕੁਝ ਛਿਣ ਪਲ ਜੋ ਮੇਰੇ ਸਨ, ਉਹ ਵੀ ਕਮੀਜ਼ ਦੇ ਬਟਨਾਂ ਵਾਂਗ ਟੁੱਟ ਗਏ, ਪਤਾ ਨਹੀ ਡਿੱਗ ਕੇ ਕਿੱਥੇ ਚਲੇ ਗਏ ?” ਉਹਨੇ ਕਮੀਜ਼ ਦੇ ਖੁੱਲ੍ਹੇ ਗਲਮੇ ਨੂੰ ਹੱਥ ਨਾਲ ਟੋਹਿਆ ਤੇ ਆਪਣਾ ਆਪ ਉਹਨੂੰ ਈਜ਼ਲ ਉਤੇ ਪਈ ਹੋਈ ਖਾਲੀ ਕੈਨਵਸ ਵਾਂਗ ਲੱਗਾ, ਜਿਹਦੇ ਵਿਚ ਕਿਸੇ ਦਾ ਮੂੰਹ ਨਹੀਂ ਸੀ, ਕਿਸੇ ਦੀਆਂ ਅੱਖਾਂ ਨਹੀਂ ਸਨ..
ਉਹਨੂੰ ਸਾਹਮਣੇ ਅਸਮਾਨ ਵਾਂਗ ਕੁਝ ਦਿਸਦਾ ਜਰੂਰ ਸੀ, ਪਰ ਹੱਥਾਂ ਦੀ ਪਕੜ ਵਿਚ ਨਹੀਂ ਸੀ ਆਉਂਦਾ… ਉਹ ਉਂਜ ਦਾ ਉਂਜ ਪਤਾ ਨਹੀਂ ਕਿੰਨਾ ਚਿਰ ਬਾਰੀ ਵਿਚ ਖਲੋਤਾ ਰਿਹਾ । ਫੇਰ ਅਚਾਨਕ ਉਹਦੀ ਛਾਤੀ ਵਿਚ ਕੁਝ ਪੌਣ ਵਾਂਗ ਰੁਮਕਿਆ, ਮੱਥੇ ਵਿਚ ਕੁਝ ਚਾਨਣ ਵਾਂਗ ਸਰਕਿਆ, ਤੇ ਉਹਨੇ ਆਪਣੀ ਅਲਮਾਰੀ ਖੋਲ੍ਹ ਕੇ ਇਕ ਸਾਬਤ ਸ਼ੀਸ਼ਾ ਕੱਢਿਆ। ਸਾਬਤ ਸ਼ੀਸ਼ੇ ਵਿਚ ਚਿਤਰਕਾਰ ਦਾ ਸਾਬਤ ਰੂਪ ਸੀ । ਉਹ ਵੇਖ ਕੇ ਹੱਸ ਪਿਆ ਤੇ ਉਹਨੇ ਆਖਿਆ, “ਲੈ ਬਈ ਆਹ ਬੰਦਾ ਜੁ ਮੇਰਾ ਏ, ਮੈਨੂੰ ਕਾਹਦਾ ਗ਼ਮ ਏ…”

ਧੀਰਉ ਦੇਖਿ ਤੁਮਾਰੇ ਰੰਗਾ ਸੰਤਾ ਸਿੰਘ ਆਜਿਜ਼

ਜਗਤ ਪ੍ਰਸਿੱਧ ਚਿਤਰਕਾਰ ਸਰਦਾਰ ਸੋਭਾ ਸਿੰਘ ਜੀ ਦੀ ਵਚਿੱਤਰ ਕਲਾ ਦੀ ਸੋਭਾ ਮੈਂ ਅਨੇਕਾਂ ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਦੇ ਪਰਚਿਆਂ, ਮੈਗਜ਼ੀਨਾਂ ਤੇ ਅਖਬਾਰਾਂ ਵਿਚ ਛਪੀ ਹੋਈ ਅਨੇਕਾਂ ਵਾਰ ਪੜ੍ਹੀ ਤੇ ਅੱਜ ਵੀ ਪੜ੍ਹ ਰਿਹਾ ਹਾਂ ਅਤੇ ਉਹਨਾਂ ਦੀ ਕਲਾ ਦੇ ਪ੍ਰਸ਼ੰਸਕਾਂ-ਆਪਣੇ ਆਂਢੀਆਂ ਤੇ ਗੁਆਂਢੀਆਂ, ਦੋਸਤਾਂ ਤੇ ਮਿੱਤਰਾਂ, ਲੇਖਕਾਂ ਤੇ ਪ੍ਰਕਾਸ਼ਕਾਂ, ਗੁਰਸਿੱਖਾਂ ਤੇ ਗੁਰੂਘਰ ਦੇ ਸੇਵਾਦਾਰਾਂ ਤੇ ਆਪਣੇ ਡਰਾਇੰਗ ਰੂਮ ਦੀਆਂ ਦੀਵਾਰਾਂ ਪਾਸੋਂ ਅਨੇਕਾਂ ਵਾਰ ਸੁਣੀ ਤੇ ਅੱਜ ਵੀ ਸੁਣ ਰਿਹਾ ਹਾਂ । ਉਹਨਾਂ ਦੀਆਂ ਮਹਾਨ ਤੇ ਜਗਤ ਪ੍ਰਸਿੱਧ ਕਿਰਤਾਂ ਦਾ ਜਾਦੂ ਹਰ ਬਾਲ, ਬਿਰਧ ਤੇ ਜੁਆਨ ਕਲਾ- ਪ੍ਰੇਮੀਆਂ ਦੇ ਸਿਰ ਤੇ ਚੜ੍ਹਕੇ ਉਨ੍ਹਾਂ ਦੀ ਰਸਨਾ ਰਾਹੀਂ ਬੋਲਦਾ ਹੈ । ਉਹਨਾਂ ਦੇ ਲਾਸਾਨੀ ਬੁਰਸ਼ ਦੀਆਂ ਛੋਹਾਂ ਦੁਆਰਾ ਚਿਤਰਿਆ ਹੋਇਆ ਲਾਫ਼ਾਨੀ ਚਿੱਤਰ ਕਾਦਰ ਦੀ ਕੁਦਰਤ ਦੇ ਅਗੰਮੀ ਰਹੱਸ ਦਰਸ਼ਕਾਂ ਦੇ ਮੁਹਰੇ ਬੜੇ ਹੀ ਕਲਾਮਈ ਢੰਗ ਨਾਲ ਖੋਲ੍ਹਦਾ ਹੈ । ਉਹਨਾਂ ਦੀ ਇਕ ਸਰਵੋਤਮ ਕਿਰਤ ਵਿਚ ਵੈਰ ਵਿਰੋਧ ਵਿਚ ਜਲਦੀ ਜਗਤ ਦੀ ਲੋਕਾਈ ਨੂੰ ਅਮਨ ਤੇ ਇਨਸਾਫ ਦੇ ਅਵਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਸੀਤਲਤਾ, ਨਿਮਰਤਾ, ਸਰਬ ਸਾਂਝੀਵਾਲਤਾ ਅਤੇ ਧੀਰਜ ਤੇ ਸਹਿਣਸ਼ੀਲਤਾ ਦਾ ਉਪਦੇਸ਼ ਦਿੰਦੇ ਹੋਏ ਦਰਸਾਏ ਗਏ ਹਨ ਤੇ ਦੂਸਰੀ ਮਹਾਨ ਕਿਰਤ ਵਿਚ ਜਾਬਰਾਂ ਤੇ ਦੁਸ਼ਟਾਂ ਦੇ ਜਬਰ ਨੂੰ ਚੈਲਿੰਜ ਕਰਦੇ ਹੋਏ ਦਸਮੇਸ਼ ਪਿਤਾ ਭਾਰਤੀ ਅਸੀਰਾਂ ਨੂੰ ਜਾਬਰਾਂ ਦੇ ਖ਼ਿਲਾਫ਼ ਡੱਟ ਕੇ ਮੁਕਾਬਲਾ ਕਰਨ ਦੀ ਪ੍ਰੇਰਨਾ ਜਗਾਉਂਦੇ ਦੁਸ਼ਟ ਦਮਨ ਦੇ ਮਹਾਨ ਨਾਮ ਨਾਲ ਵਡਿਆਏ ਗਏ ਹਨ ।
ਦਸਮੇਸ਼ ਪਿਤਾ ਦੇ ਜਲਾਲੀ ਚਿਹਰੇ ਦਾ ਤੇ ਤੇਜ ਜਲਾਲ, ਗੈਰਾਂ ਦੀ ਗੁਲਾਮੀ ਦੇ ਫੌਲਾਦੀ ਜਾਲ ਕੱਟਣ ਦਾ ਮਨ ਵਿਚ ਜੋਸ਼ ਤੇ ਉਬਾਲ ਤੇ ਦੇਸ਼ ਦੀ ਆਜ਼ਾਦੀ ਦੀ ਬਹਾਲੀ ਦਾ ਅਹਿਮ ਸਵਾਲ, ਪਰਤੱਖ ਰੂਪ ਵਿਚ ਦਰਸ਼ਕਾਂ ਦੇ ਮੂਹਰੇ ਉਹਨਾਂ ਦੀਆਂ ਦਰਪੇਸ ਪਈਆਂ ਕਠਨ ਘਟਨਾਵਾਂ ਦਾ ਦ੍ਰਿਸ਼ ਪ੍ਰਗਟਾਉਂਦਾ ਹੈ । ਦਰਸ਼ਕਾਂ ਦੇ ਮਨਾਂ ਵਿਚ ਦੇਸ਼ ਤੇ ਕੌਮ ਹਿੱਤ ਕੁਰਬਾਨ ਹੋ ਜਾਵਣ ਦਾ ਜਜ਼ਬਾ ਵੀ ਜਗਾਉਂਦਾ ਹੈ । ਉਹਨਾਂ ਦੇ ਹੋਰ ਵੀ ਅਨੇਕਾਂ ਸ੍ਰੇਸ਼ਟ ਚਿਤਰ ਇਸ ਫ਼ਾਨੀ ਸੰਸਾਰ ਵਿਚ ਪਰਵਾਨ ਚੜ੍ਹਕੇ ਲਾਫਾਨੀ ਸ਼ੋਹਰਤ ਹਾਸਲ ਕਰ ਗਏ ਹਨ ।
ਜਿਸ ਮਹਾਨ ਚਿਤਰਕਾਰ ਨੇ ਸਿੱਖ ਗੁਰੂ ਸਾਹਿਬਾਨ ਦੀਆਂ ਮਹਾਨਤਾਵਾਂ ਤੇ ਸਮੁੱਚੀ ਮਨੁੱਖ ਜਾਤੀ ਲਈ ਘਾਲੀਆਂ ਕਠਨ ਘਾਲਨਾਵਾਂ ਦਰਸਾਉਂਦੇ ਬੇਸ਼ੁਮਾਰ ਚਿੱਤਰ ਬਣਾਏ, ਸਿੱਖੀ ਸਰੂਪ ਦੇ ਹਰ ਪਹਿਲੂ ਆਪਣੀ ਉਚਤਮ ਕਲਾ ਦੇ ਬਲ ਤੇ ਸੰਵਾਰ ਕੇ ਤੇ ਨਿਖਾਰ ਕੇ ਖੂਬ ਲਿਸ਼ਕਾਏ ਤੇ ਸਿੱਖੀ ਤੋਂ ਨਾਵਾਕਫ਼ ਗੈਰ-ਸਿੱਖਾਂ ਨੂੰ ਝੂਣ ਝੂਣ ਕੇ ਦਿਖਲਾਏ ਤੇ ਸਿੱਖ ਰਵਾਇਤਾਂ ਨੂੰ ਚਾਰ ਚੰਨ ਲਾਏ, ਉਸ ਮਹਾਨ ਚਿਤੇਰੇ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਕਰਨ ਦਾ ਹਰ ਕਲਾ ਪ੍ਰੇਮੀ ਨੂੰ ਅਵੱਸ਼ ਹੀ ਦਿਲੀ ਅਰਮਾਨ ਹੋਵੇਗਾ । ਉਸ ਮਹਾਂਪੁਰਸ਼ ਨਾਲ ਮੁਲਾਕਾਤ ਤੇ ਵਾਰਤਾਲਾਪ ਕਰਨ ਵਾਸਤੇ ਮਨ ਕਿਉਂ ਨਾ ਲਲਚਾਏ ? ਦਿਲ ਕਿਉਂ ਨਾ ਫੜਫੜਾਏ ? ਮਿਲਣੀ ਉਪਰੰਤ ਹਰ ਇਕ ਦੀ ਕਲਮ ਕਿਉਂ ਨਾ ਉਸਦੀ ਮਹਾਨਤਾ ਦੇ ਸੋਹਲੇ ਗਾਏ ?
ਆਪਣੇ ਬਹੱਤਰ ਸਾਲਾ ਜੀਵਨ ਵਿਚ ਮੈਨੂੰ ਕਈਆਂ ਪ੍ਰਸਿੱਧ ਹਸਤੀਆਂ-ਆਪਣੇ ਮਹਿਬੂਬ ਕਵੀਆਂ, ਲੇਖਕਾਂ, ਕਲਾਕਾਰਾਂ, ਨਾਵਲਕਾਰਾਂ ਅਤੇ ਸੰਗੀਤਕਾਰਾਂ ਨੂੰ ਪੜ੍ਹਨ ਸੁਣਨ ਤੇ ਮਿਲਣ ਦਾ ਸੁਭਾਗਾ ਅਵਸਰ ਪ੍ਰਾਪਤ ਹੁੰਦਾ ਰਿਹਾ ਹੈ । ਮਿਲਕੇ ਮਨ ਅਨੰਦਿਤ ਹੁੰਦਾ ਰਿਹਾ ਹੈ । ਪਰ ਅਫਸੋਸ ! ਕਈ ਪਰਮ ਸੁਨੇਹੀ ਕਲਾਕਾਰਾਂ ਨੂੰ ਮੈਂ ਹਜ਼ਾਰ ਕੋਸ਼ਿਸ਼ ਕਰਨ ਦੇ ਬਾਵਜੂਦ ਇਕ ਵਾਰੀ ਵੀ ਨਹੀਂ ਮਿਲ ਸਕਿਆ । ਅੱਜ ਉਹ ਮਹਾਨ ਕਲਾਕਾਰ ਆਪਣੀਆਂ ਮਹਾਨ ਕਿਰਤਾਂ ਸੰਸਾਰ ਦੇ ਕਲਾ ਪ੍ਰੇਮੀਆਂ ਨੂੰ ਭੇਂਟ ਚੜ੍ਹਾ ਕੇ ਖੁਦ ਮੌਤ ਦੀ ਭੇਂਟ ਚੜ੍ਹ ਗਏ ਹਨ, ਕਲਾ ਅਤੇ ਸਾਹਿਤ ਦੇ ਸੰਗਰਾਮ ਵਿਚ ਆਪੋ ਆਪਣੀ ਕਲਾਤਮਕ ਲੜਾਈ ਖੂਬ ਡੱਟ ਕੇ ਲੜ ਗਏ ਹਨ । ਅੱਜ ਉਹਨਾਂ ਮਹਿਬੂਬ ਕਲਾਕਾਰਾਂ ਦੇ ਦਰਸ਼ਨ, ਉਹਨਾਂ ਦੀਆਂ ਕਿਰਤਾਂ, ਲਿਖਤਾਂ ਤੇ ਚਿੱਤਰਾਂ ਰਾਹੀਂ ਤੇ ਆਪਣੇ ਮਿਤਰਾਂ ਰਾਹੀਂ ਹੀ ਮੈਂ ਕਰ ਸਕਦਾ ਹਾਂ ਤੇ ਆਪਣੀ ਲਾਪਰਵਾਹੀ ਤੇ ਗਾਫ਼ਿਲਤਾਈ ਤੇ ਕੇਵਲ ਦੋ ਚਾਰ ਪਛਤਾਵੇ ਦੇ ਹੰਝੂ ਹੀ ਭਰ ਸਕਦਾ ਹਾਂ ।
ਜਗਤ ਪ੍ਰਸਿੱਧ ਕਲਾਕਾਰ ਸਰਦਾਰ ਸੋਭਾ ਸਿੰਘ ਜੀ ਦੇ ਦਰਸ਼ਨ ਮੈਂ ਉਹਨਾਂ ਦੇ ਚਿੱਤਰਾਂ ਤੇ ਆਪਣੇ ਮਿੱਤਰਾਂ ਦੇ ਰਾਹੀਂ ਤਾਂ ਘੱਟ ਪਰ ਕੁਦਰਤ ਵਲੋਂ ਮਨਜ਼ੂਰੀ ਤੇ ਕਲਾਕਾਰ ਵਲੋਂ ਬੀਮਾਰੀ ਦੀ ਮਜਬੂਰੀ ਕਾਰਨ ਹੀ ਉਹਨਾਂ ਦੇ ਸਾਖਸ਼ਾਤ ਦਰਸ਼ਨ ਕਰ ਸਕਿਆ ਹਾਂ । ਮੇਰੇ ਮਨ ਵਿਚ ਉਸ ਮਹਾਨ ਕਲਾਕਾਰ ਨੂੰ ਮਿਲਣ ਦੀ ਚਾਹਤ ਪੈਦਾ ਹੋ ਗਈ, ਤੇ ਫਿਰ ਕੁਦਰਤ ਵਲੋਂ ਵੀ ਮਿਲਣ ਦਾ ਰਾਹ ਪੈਦਾ ਹੋ ਗਿਆ ।
17 ਜਨਵਰੀ, 1984 ਦੇ ਸੁਭਾਗੇ ਦਿਨ ਦੇ ਤਕਰੀਬਨ 5 ਵਜੇ ਦਾ ਸਮਾਂ ਹੋਵੇਗਾ । ਉਸ ਦਿਨ ਮੇਰਾ ਘਰੋਂ ਕਿਤੇ ਬਾਹਰ ਜਾਣ ਦਾ ਕੋਈ ਵਿਚਾਰ ਨਹੀਂ ਸੀ । ਘਰ ਦੇ ਕਿਸੇ ਕੰਮ ਕਾਰ ਜਾਂ ਬਾਜ਼ਾਰ ਵਿਚ ਕੋਈ ਖਰੀਦੋ ਫ਼ਰੋਖ਼ਤ ਕਰਨ ਨਾਲ ਵੀ ਕੋਈ ਸਰੋਕਾਰ ਨਹੀਂ ਸੀ, ਫਿਰ ਵੀ ਮੈਂ ਕਿਸੇ ਅਦਿੱਖ ਸ਼ਕਤੀ ਦਾ ਖਿੱਚਿਆ ਖਿਚਾਇਆ, ਸੱਦਿਆ, ਬੁਲਾਇਆ ਆਪਣੇ ਪਿਆਰੇ ਪੁੱਤਰ ਸਮਾਨ, ਡਾਕਟਰ ਸੁਰੇਸ਼ ਝਾਵਰ ਦੇ ਘਰ ਵੱਲ ਉੱਠ ਧਾਇਆ । ਡਾਕਟਰ ਸਾਹਿਬ ਆਪ ਤਾਂ ਅਜੇ ਆਪਣੇ ਐਕਸਰੇ ਕਲਿਨਕ ਵਿਚ ਹੀ ਸਨ, ਮੈਂ ਬੇਟੀ ਊਸ਼ਾ ਝਾਵਰ ਤੇ ਬੇਟੇ ਵਿਸ਼ਾਲ ਝਾਵਰ ਨਾਲ ਉਹਨਾਂ ਦੀ ਕੁਸ਼ਲਤਾ, ਪੜ੍ਹਾਈ ਵਿਚ ਸਫਲਤਾ ਬਾਰੇ ਪੁੱਛ ਪੁਛਾਉਣ ਲੱਗ ਪਿਆ ਤੇ ਆਪਣੀ ਤੇ ਪਰਵਾਰ ਦੀ ਸੁੱਖ ਬਾਰੇ ਦੱਸਣ ਦਸਾਉਣ ਲੱਗ ਪਿਆ ।
ਡਾਕਟਰ ਸਾਹਿਬ ਦੀ ਪਤਨੀ ਊਸ਼ਾ ਝਾਵਰ ਨੇ ਨੌਕਰ ਨੂੰ ਕਹਿ ਕੇ ਚਾਹ ਬਣਵਾਈ, ਆਪ ਪੀਤੀ ਤੇ ਮੈਨੂੰ ਵੀ ਪਿਲਾਈ, ਵਿਸ਼ਾਲ ਨੇ ਤਾਂ ਦੁੱਧ ਦਾ ਕੱਪ ਹੀ ਲਿਆ, ਅਜੇ ਅਸੀਂ ਚਾਹ ਤੇ ਦੁੱਧ ਦੇ ਦੋ ਦੋ, ਚਾਰ ਚਾਰ ਘੁੱਟ ਹੀ ਭਰੇ ਹੋਣਗੇ ਕਿ ਕਲਿਨਕ ਤੋਂ ਡਾਕਟਰ ਸਾਹਿਬ ਵਲੋਂ ਭੇਜੇ ਇਕ ਵਰਕਰ ਨੇ ਆਣਕੇ ਸਾਨੂੰ ਸਭਨਾਂ ਨੂੰ ਫੌਰਨ ਕਲਿਨਕ ਵਿਚ ਆਉਣ ਦਾ ਸੰਦੇਸ਼ ਸੁਣਾਇਆ।
ਅਸੀਂ ਸਾਰੇ ਨੌਕਰ ਸਮੇਤ ਇਹ ਫੌਰੀ ਆਉਣ ਦਾ ਸੰਦੇਸ਼ ਸੁਣ ਕੇ ਚਿੰਤਾਤੁਰ ਹੋ ਗਏ । ਤੇ * ਕਲਿਨਕ ਵਲ ਉੱਠ ਦੌੜੇ, ਕਲਿਨਕ ਕੋਈ ਦੋ ਸੌ ਗਜ਼ ਦੇ ਫਾਸਲੇ ਤੇ ਹੀ ਸੀ, ਪਰ ਸਾਨੂੰ ਇਹ ਫਾਂਸਲਾ ਹਜ਼ਾਰ ਗਜ਼ ਤੋਂ ਵੀ ਵਧ ਜਾਪਿਆ । ਕਿਉਂਕਿ ਪੰਜਾਬ ਵਿਚਲੇ ਹਾਲਾਤ ਨਾਰਮਲ ਨਹੀਂ ਸਨ ਰਹੇ । ਅਕਸਰ ਕਤਲ ਤੇ ਲੁੱਟ ਮਾਰ ਦੀਆਂ ਵਾਰਦਾਤਾਂ ਨਿੱਤ ਹੀ ਵਾਪਰ ਜਾਂਦੀਆਂ ਸਨ ਤੇ ਲੋਕ ਡਰੇ ਹੋਏ ਸਨ ਤੇ ਅਸੀਂ ਵੀ ਫੌਰੀ ਆਉਣ ਦਾ ਬੁਲਾਵਾ ਸੁਣ ਕੇ ਡਰ ਗਏ ਸਾਂ ।
ਕਲਿਨਕ ਵਿਚ ਪੁਜੇ ਤਾਂ ਨਾ ਸਿਰਫ ਸਾਡਾ ਸਾਰਾ ਡਰ ਹੀ ਸਮਾਪਤ ਹੋ ਗਿਆ, ਸਗੋਂ ਅਪਾਰ ਖੁਸ਼ੀ ਨਾਲ ਹਿਰਦਾ ਪ੍ਰਫੁਲਿਤ ਹੋ ਗਿਆ ਤੇ ਸਰਦਾਰ ਸੋਭਾ ਸਿੰਘ ਜੀ ਨੂੰ ਮਿਲਣ ਦਾ ਸੁਭਾਗ ਵੀ ਪ੍ਰਾਪਤ ਹੋ ਗਿਆ ।
ਸਰਦਾਰ ਸਾਹਿਬ ਤਨ ਵਲੋਂ ਬੀਮਾਰ, ਪੀੜਾਂ ਵਲੋਂ ਸਖਤ ਬੇਜਾਰ, ਉਮਰ ਵਲੋਂ ਅੱਠ ਦਹਾਕੇ ਪਾਰ, ਫਿਰ ਵੀ ਚਿਹਰੇ ਤੇ ਅਨੋਖੀ ਹੀ ਬਹਾਰ । ਪਰ ਉੱਠ ਕੇ ਮਿਲਣ ਵੱਲੋਂ ਲਾਚਾਰ ਤੇ ਬੈਠੇ ਬੈਠਿਆਂ ਹੀ ਸਾਡੀ ਫਤਹਿ ਦਾ ਜਵਾਬ ਫਤਹਿ ਵਿਚ ਦੇਣ ਵਲੋਂ ਖੁਸ਼ੀ ਦਾ ਇਜਹਾਰ, ਸਾਨੂੰ ਤਾਂ ਉਹਨਾਂ ਦੇ ਕੋਮਲ ਤੇ ਮਿਲਣਸਾਰ ਸੁਭਾਉ ਨੇ ਆਪਣਾ ਸੁਹਿਰਦ ਬਣਾ ਲਿਆ ਤੇ ਆਪਣੇ ਹਿਰਦੇ ਵਿਚ ਸਮਾ ਲਿਆ ।
ਆਪਣੀ ਪਿਆਰੀ ਬੇਟੀ ਤੇ ਕਿਸੇ ਪਿਆਰੇ ਅਜ਼ੀਜ਼ ਦੇ ਨਾਲ ਉਹ ਡਾਕਟਰ ਸਾਹਿਬ ਦੀ ਕਲਿਨਕ ਵਿਚ ਐਕਸਰੇ ਕਰਵਾਉਣ ਲਈ ਪਧਾਰੇ ਸਨ । ਦੋਵਾਂ ਪਿਆਰਿਆਂ ਨੇ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਉਹਨਾਂ ਨੂੰ ਕਾਰ ਤੋਂ ਉਤਾਰ ਕੇ ਡਾਕਟਰ ਸਾਹਿਬ ਦੇ ਦਫ਼ਤਰ ਵਿਚਲੇ ਨਰਮ ਤੇ ਕੋਮਲ ਸੋਫੇ ਤੇ ਲਿਟਾਇਆ ਹੋਇਆ ਸੀ ਕੁਝ ਦੇਰ ਆਰਾਮ ਫਰਮਾਉਣ ਤੇ ਠੰਢਾ ਜਲ ਪਿਆਉਣ ਤੇ ਸਾਨੂੰ ਮਿਲਣ ਮਿਲਾਉਣ ਤੋਂ ਬਾਅਦ ਡਾਕਟਰ ਸਾਹਿਬ ਨੇ ਬੜੀ ਹੀ ਇਹਤਿਆਤ ਨਾਲ ਕਲਾਕਾਰ ਜੀ ਨੂੰ ਦੋਵੇਂ ਸਹਾਇਕਾਂ ਦੇ ਨਾਲ ਐਕਸਰੇ ਮਸ਼ੀਨ ਦੇ ਟੇਬਲ ਤੇ ਲਿਆ ਕੇ ਲਿਟਾਇਆ ਤੇ ਐਕਸਰੇ ਦਾ ਕਾਰਜ ਨਿਭਾਇਆ । ਤੇ ਫਿਰ ਪੂਰੀ ਤਰ੍ਹਾਂ ਸੰਭਾਲ ਕੇ ਲੇਟਿਆਂ ਨੂੰ ਉਠਾਲ ਕੇ ਦੋਵੀਂ ਪਾਸੀਂ ਮੋਢਿਆਂ ਦਾ ਸਹਾਰਾ ਦੇ ਕੇ ਮਿੱਠਾ ਮਿੱਠਾ ਹੁੰਗਾਰਾ ਦੇ ਕੇ ਮੁੜ ਕੇ ਦਫਤਰ ਵਿਚਲੇ ਸੋਫੇ ਤੇ ਲਿਆਕੇ ਸਹਿਜ ਭਾਵ ਨਾਲ ਹੌਲੇ ਹੌਲੇ ਸੋਫੇ ਤੇ ਲਿਟਾ ਦਿੱਤਾ । ਤੇ ਛੱਤ ਦਾ ਪੱਖਾ ਫੁਲ ਸਪੀਡ ਤੇ ਚਲਾ ਦਿੱਤਾ । ਮਹਾਂਪੁਰਸ਼ ਕੁਝ ਮਿੰਟ ਅੱਖਾਂ ਬੰਦ ਕਰਕੇ ਆਰਾਮ ਫਰਮਾਉਂਦੇ ਰਹੇ । ਅਸੀਂ ਸਾਰੇ ਉਹਨਾਂ ਦੀ ਸਿਹਤਯਾਬੀ ਲਈ ਵਾਹਿਗੁਰੂ ਪਾਸ ਬੇਨਤੀਆਂ ਕਰਦੇ ਕਰਾਉਂਦੇ ਰਹੇ ।
ਜਦੋਂ ਸਰਦਾਰ ਜੀ ਕੁਝ ਰਾਹਤ ਅਤੇ ਕੁਝ ਤਾਕਤ ਮਹਿਸੂਸ ਕਰਨ ਲੱਗ ਪਏ, ਤਾਂ ਉਹਨਾਂ ਨੇ ਲੇਟੇ ਹੀ ਡਾਕਟਰ ਸਾਹਿਬ ਵਲੋਂ ਕੀਤੀ ਸਤਿਕਾਰ ਸਹਿਤ ਸੇਵਾ ਦਾ ਹਾਰਦਿਕ ਧੰਨਵਾਦ ਕੀਤਾ, ਤੇ ਫਿਰ ਮੁਖੋਂ ਇਸ ਤਰ੍ਹਾਂ ਅਰਸ਼ਾਦ ਕੀਤਾ, “ਡਾਕਟਰ ਸਾਹਿਬ ਤੁਸੀਂ ਹੁਣ ਕ੍ਰਿਪਾ ਕਰਕੇ ਇਹਨਾਂ ਪਿਆਰਿਆਂ ਸੱਜਣਾਂ ਦਾ ਮੇਰੇ ਨਾਲ ਤੁਆਰਫ਼ ਤਾਂ ਕਰਵਾ ਦਿਓ ?”
“ਬਹੁਤ ਬੇਹਤਰ, ਸਰਦਾਰ ਜੀਉ, ਲਉ ਹੁਣ ਪਹਿਲਾਂ ਊਸ਼ਾ ਝਾਵਰ ਨੂੰ ਮਿਲੋ, ਮੇਰੀ ਧਰਮ ਪਤਨੀ, ਤੇ ਇਹ ਨੌਜੁਆਨ ਵਿਸ਼ਾਲ ਝਾਵਰ ਮੇਰਾ ਛੋਟਾ ਲੜਕਾ ਤੇ ਇਹ ਛੋਕਰਾ ਮੇਰਾ ਘਰੇਲੂ ਨੌਕਰ ਕਮਲ ਨੇਪਾਲੀ ਤੇ ਇਹ ਮੇਰੇ ਪਿਤਾ ਸਮਾਨ ਸਤਿਕਾਰਯੋਗ ਬਜ਼ੁਰਗ ਸਰਦਾਰ ਸੰਤਾ ਸਿੰਘ ਆਜਿਜ਼ ਹਨ । ਇਹ ਈਸਟ ਅਫਰੀਕਾ ਵਿਚ ਰੇਲਵੇ ਦੀ ਸਰਵਿਸ ਤੋਂ ਰੀਟਾਇਰ ਹੋ ਕੇ ਭਾਰਤ ਵਿਚ ਪੱਕੇ ਤੌਰ ਤੇ ਵਸ ਗਏ ਹਨ । ਇਹਨਾਂ ਸਭਨਾਂ ਨੂੰ ਮੈਂ ਉਚੇਚਾ ਸੰਦੇਸ਼ ਭੇਜਕੇ ਤੁਹਾਡੇ ਦਰਸ਼ਨਾਂ ਲਈ ਹੀ ਬੁਲਾਇਆ ਹੈ । ਇਹ ਤੁਹਾਨੂੰ ਮਿਲਕੇ, ਤੁਹਾਡੇ ਮਿਠੜੇ ਬੋਲ ਸੁਣਕੇ ਬੜੇ ਖੁਸ਼ ਹੋਏ ਹਨ ਤੇ ਤੁਹਾਡੇ ਜਿਹੇ ਮਹਾਨ ਕਲਾਕਾਰ ਨੂੰ ਨਿਮਰਤਾ ਸਹਿਤ ਪ੍ਰਣਾਮ ਕਰਦੇ ਹਨ । ਤੁਸੀਂ ਇਹਨਾਂ ਨੂੰ ਅਸ਼ੀਰਵਾਦ ਦਿਓ ਜੀ ।”
ਊਸ਼ਾ ਝਾਵਰ, ਵਿਸ਼ਾਲ ਝਾਵਰ ਤੇ ਕਮਲ ਨੇਪਾਲੀ ਨੇ ਸਰਦਾਰ ਜੀ ਨੂੰ ਝੁਕਕੇ ਤੇ ਚਰਨ ਛੋਹਕੇ ਨਮਸਕਾਰ ਕੀਤੀ, ਮੈਂ ਤਾਂ ਉਹਨਾਂ ਨਾਲ ਪਹਿਲਾਂ ਹੀ ਫਤਹਿ ਦਾ ਅਦਾਨ ਪਰਦਾਨ ਕਰ ਚੁੱਕਾ ਸਾਂ, ਫਿਰ ਵੀ ਸਤਿਕਾਰ ਵਜੋਂ ਥੋੜਾ ਬਹੁਤ ਆਪਣਾ ਸਿਰ ਝੁਕਾ ਦਿੱਤਾ ।
ਸਰਦਾਰ ਜੀ ਨੇ ਖੁਸ਼ ਹੋ ਕੇ ਮੈਨੂੰ ਮੁਖਾਤਿਬ ਹੋ ਕੇ ਇੰਜ ਫਰਮਾਇਆ, “ਸਿੰਘ ਸਾਹਿਬ ਜੀਉ… ਤੁਸੀਂ ਅੱਜ ਕਲ੍ਹ ਆਪਣਾ ਅੱਵਕਾਸ਼ ਪ੍ਰਾਪਤ ਸਮਾਂ ਕਿਸ ਤਰ੍ਹਾਂ ਬਤੀਤ ਕਰਦੇ ਹੋ ?”
“ਸਰਦਾਰ ਜੀਉ, ਮੈਨੂੰ ਸ਼ੁਰੂ ਤੋਂ ਹੀ ਧਾਰਮਿਕ ਤੇ ਸਮਾਜਕ ਕਵਿਤਾਵਾਂ ਪੜ੍ਹਨ ਤੇ ਲਿਖਣ ਦਾ ਸ਼ੌਕ ਰਿਹਾ ਹੈ । ਇਸ ਤੋਂ ਇਲਾਵਾ ਮੇਰਾ ਗੁਰਬਾਣੀ ਦਾ ਕੀਰਤਨ ਤੇ ਭਜਨ ਗਾਇਣ ਕਰਨ ਦਾ ਹਫ਼ਤਾਵਾਰੀ ਨੇਮ ਵੀ ਜ਼ਰੂਰ ਹੈ । ਇਸਦੇ ਨਾਲ ਨਾਲ ਅਜ ਕਲ੍ਹ ਮੈਨੂੰ ਧਾਰਮਿਕ ਤੇ ਸਮਾਜਕ ਵਾਰਤਕ ਲੇਖ ਲਿਖਣ ਦੀ ਲਗਨ ਵੀ ਲੱਗ ਗਈ ਹੈ । ਮੈਂ ਕੇਵਲ ਗੁਰਮਤਿ ਦੇ ਆਧਾਰ ਤੇ ਸਿੱਖੀ ਪਰਚਾਰ ਤੇ ਸੁਧਾਰ ਕਰਨ ਖਾਤਰ ਹੀ ਲਿਖਦਾ ਹਾਂ, ਬਿਨਾਂ ਕਿਸੇ ਮਾਇਕ ਲਾਭ ਦੇ, ਕੇਵਲ ਕੌਮ ਦੇ ਵਕਾਰ ਖਾਤਰ ਹੀ ਲਿਖਦਾ ਹਾਂ ।”
“ਮੇਰੇ ਵੀਰ, ਪੜ੍ਹਨਾ ਵੀ ਜੀਵਨ ਦੀਆਂ ਵਡੇਰੀਆਂ ਲੋੜਾਂ ਵਿਚੋਂ ਇਕ ਵਡੇਰੀ ਲੋੜ ਹੈ । ਲਿਖਣਾ ਵੀ ਜੀਵਨ ਦੀਆਂ ਚੰਗੇਰੀਆਂ ਲੋੜਾਂ ਵਿਚੋਂ ਇਕ ਚੰਗੇਰੀ ਲੋੜ ਹੈ । ਤੁਸੀਂ ਲਿਖੋ, ਲਿਖੋ ਤੇ ਖੂਬ ਲਿਖੋ, ਆਪਣੀ ਲਿਖਤ ਵਿਚ ਆਪਣੀ ਜਿੰਦ ਘੋਲ ਦਿਓ, ਅਤੇ ਪ੍ਰਾਣ ਘੋਲ ਦਿਓ, ਤਾਂ ਕਿ ਤੁਹਾਡੀ ਲਿਖਤ ਨਿਰਜੀਵ ਨਾ ਰਹੇ, ਸੁਜੀਵ ਹੋ ਜਾਏ । ਜੇ ਆਪਣੀ ਲਿਖਤ ਵਿਚ ਤੁਸੀਂ ਆਪਣੀ ਜਿੰਦ, ਜਾਨ ਤੇ ਆਪਣੇ ਪ੍ਰਾਣ ਨਹੀਂ ਘੋਲ ਸਕਦੇ, ਤਾਂ ਹਰਗਿਜ਼ ਨਾ ਲਿਖੋ । ਤੇ ਕੋਰੇ ਤੇ ਚਿੱਟੇ ਕਾਗਜ਼ ਹਰਗਿਜ਼ ਕਾਲੇ ਨਾ ਕਰੋ, ਕੋਰੇ ਤੇ ਚਿੱਟੇ ਹੀ ਰਹਿਣ ਦਿਓ, ਆਪਣੇ ਲਿਖੇ ਕਾਲੇ ਲੇਖਾਂ ਨਾਲ ਆਪਣੇ ਪਾਠਕਾਂ ਦੇ ਰੰਗਲੇ ਤੇ ਉੱਜਲੇ ਵਿਚਾਰ ਤੇ ਸੰਸਕਾਰ ਕਾਲੇ ਨਾ ਕਰੋ, ਅਤੇ ਕਾਲੇ ਕਰਨ ਦੇ ਹਰਗਿਜ਼ ਉਪਰਾਲੇ ਨਾ ਕਰੋ ।
“ਗੁਰਬਾਣੀ ਦਾ ਕੀਰਤਨ ਵੀ ਹਫਤੇ ਦੀ ਬਜਾਇ, ਨਿੱਤ ਰੋਜ਼ਾਨਾ ਕਰਿਆ ਕਰੋ, ਮੇਰੇ ਭਾਈ । ਤੇ ਕੀਰਤਨ ਦੀ ਸੀਤਲ ਅੰਮ੍ਰਿਤਮਈ ਫੁਹਾਰ ਨਾਲ ਮਨ ਦਾ ਕੁਮਲਾਇਆ ਕਮਲ ਨਿੱਤ ਹਰਿਆ ਕਰਿਆ ਕਰੋ । ਪ੍ਰਭੂ ਦੇ ਭਜਨ ਗਾਇਣ ਕਰਨਾ ਵੀ ਬੜਾ ਉੱਤਮ ਕਰਮ ਹੈ ਤੇ ਪ੍ਰਭੂ ਦੀ ਅਰਾਧਨਾ ਕਰਨਾ ਹੀ ਮਨੁੱਖਤਾ ਦਾ ਪਰਮ ਧਰਮ ਹੈ ।”
ਸਰਦਾਰ ਜੀ ਇਤਨੀ ਵਾਰਤਾਲਾਪ ਕਰਨ ਉਪਰੰਤ ਫਿਰ ਕੁਝ ਕਮਜ਼ੋਰੀ ਮਹਿਸੂਸ ਕਰਨ ਲੱਗ ਪਏ, ਉਹਨਾਂ ਨੇ ਨੇਤਰ ਮੁੰਦ ਲਏ ਤੇ ਅੰਤਰ ਧਿਆਨ ਹੋ ਗਏ ।
ਕੁਝ ਮਿੰਟਾਂ ਬਾਅਦ ਉਹਨਾਂ ਨੇ ਨੇਤਰ ਖੋਲ੍ਹੇ ਤੇ ਫਿਰ ਬੜੀ ਹੀ ਨਿਮੀ ਜਿਹੀ ਆਵਾਜ਼ ਵਿਚ ਬੋਲੇ, “ਪਿਆਰੇ ਵੀਰ, ਮੈਂ ਜਿਸਮਾਨੀ ਸੁੰਦਰਤਾ ਨੂੰ ਵੀ ਆਪਣੇ ਬੁਰਸ਼ ਦੀ ਛੋਹ ਨਾਲ ਚਿਤਰਿਆ ਹੈ, ਸੋਹਣੀ ਮਹੀਂਵਾਲ ਦੇ ਚਿਤਰ ਵਿਚ ਖੂਬ ਚਿਤਰਿਆ ਹੈ ਤੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਅਥਵਾ ਹੋਰਨਾਂ ਮਹਾਂਪੁਰਸ਼ਾਂ ਦੀ ਰੂਹਾਨੀ ਸੁੰਦਰਤਾ ਦੇ ਚਿੱਤਰ ਵੀ ਆਪਣੀ ਕਲਾ ਦੇ ਬਲ ਤੇ ਚਿਤਰੇ ਹਨ ਤੇ ਖੂਬ ਚਿਤਰੇ ਹਨ । ਪਰ ਮੇਰੇ ਭਾਈ, ਜਿਸਮਾਨੀ ਸੁੰਦਰਤਾ ਤਾਂ ਆਖਰਕਾਰ ਢਲਦੀ ਸ਼ਾਮ ਦਾ ਹਨੇਰ ਹੈ, ਕੇਵਲ ਕੂੜੇ ਦਾ ਢੇਰ ਹੈ ਪਰ ਰੂਹਾਨੀ ਸੁੰਦਰਤਾ ਤਾਂ ਅਮਿੱਟ ਤੇ ਅਮੁੱਕ ਸੱਜਰੀ ਸਵੇਰ ਹੈ, ਸਦੀਵੀ ਸੱਜਰੀ ਸਵੇਰ ।”
ਅਸਾਂ ਸਭਨਾਂ ਨੇ ਉਹਨਾਂ ਦੇ ਅਮੁੱਲੇ ਬਚਨ ਸੁਣੇ, ਸੁਣ ਕੇ ਪ੍ਰਸੰਨਤਾ ਸਹਿਤ ਉਹਨਾਂ ਦੀ ਮਹਾਨ ਸ਼ਖਸੀਅਤ ਤੇ ਫਿਦਾ ਹੋ ਗਏ, ਤੇ ਕੁਝ ਪਲਾਂ ਉਪਰੰਤ ਉਹ ਮਹਾਨ ਕਲਾਕਾਰ ਸਾਡੇ ਸਾਥ ਦਾ ਸਹਾਰਾ ਲੈ ਕੇ, ਕਾਰ ਤੇ ਸਵਾਰ ਹੋ ਕੇ, ਸਾਨੂੰ ਸਭਨਾਂ ਨੂੰ ਫਤਹਿ ਬੁਲਾਉਂਦੇ ਹੋਏ ਤੇ ਮਿੰਨਾ ਮਿੰਨਾ ਮੁਸਕਰਾਉਂਦੇ ਹੋਏ ਸਾਥੋਂ ਵਿਦਾ ਹੋ ਗਏ ।
ਉਹਨਾਂ ਦੇ ਹੁੰਦਿਆਂ ਦਫ਼ਤਰ ਦਾ ਕਮਰਾ ਭਰਿਆ ਭਰਿਆ ਮੇਲੇ ਸਮਾਨ ਲੱਗਦਾ ਸੀ, ਤੇ ਉਹਨਾਂ ਦੇ ਗਿਆ ਸੱਖਣਾ, ਸੱਖਣਾ ਤੇ ਸੁੰਨਸਾਨ ਲਗਦਾ ਸੀ ।
ਉਹਨਾਂ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਪ੍ਰਭਾਵ ਨੇ ਸਾਡੇ ਸਭਨਾਂ ਦੇ ਮੁੱਖੋਂ ਇਹ ਸ਼ਬਦ ਬੇਅਖ਼ਤਿਆਰ ਕਹਿਲਵਾਏ, “ਐ ਭਾਰਤੀ ਚਿੱਤਰਕਾਰੀ ਨੂੰ ਸੁਜੀਵਤਾ ਤੇ ਚਿਰੰਜੀਵਤਾ ਪ੍ਰਦਾਨ ਕਰਨ ਵਾਲੇ ਮਹਾਨ ਕਲਾਕਾਰ, ਤੇਰੇ ਚਿਤਰਾਂ ਨੂੰ ਪ੍ਰਣਾਮ, ਤੇਰੇ ਬੁਰਸ਼ਾਂ ਤੇ ਤੇਰੇ ਰੰਗਾਂ ਨੂੰ ਪ੍ਰਣਾਮ ਅਤੇ ਤੇਰੇ ਚਿਤਰਾਂ ਦੇ ਪ੍ਰਸੰਗਾਂ ਨੂੰ ਪ੍ਰਣਾਮ । ਤੇਰੇ ਵਚਿੱਤਰ ਚਿੱਤਰ ਵੀ ਸਜੀਵ ਰਹਿਣਗੇ ਅਤੇ ਤੇਰੀ ਪਵਿੱਤਰ ਯਾਦ ਵੀ ਸਦੀਵ ਰਹੇਗੀ ।”

ਮੇਰੇ ਉਸਤਾਦ ਸੋਭਾ ਸਿੰਘ ਜੀ, ਉਰਮਿਲਾ ਆਨੰਦ

ਸੋਭਾ ਸਿੰਘ ਜੀ ਮੇਰੇ ਉਸਤਾਦ ਸਨ । ਉਸਤਾਦ ਤਾਂ ਉਹ ਕਈਆਂ ਦੇ ਹੋਣਗੇ ਪਰ ਮੇਰੇ ਪੇਕੇ ਪਰਵਾਰ ਦੇ ਨਿੱਜੀ ਸਨੇਹੀ, ਸਾਡੇ ਪ੍ਰੀਤ ਨਗਰ ਦੇ ਗੁਆਂਢੀ, ਮੇਰੀ ਪੇਂਟਿੰਗ ਦੇ ਪੂਰਨਿਆਂ ਦੇ ਉਸਤਾਦ ਤੇ ਬਰਸਾਂ ਤੀਕ ਮੇਰੀ ਵਿਆਹੁਤਾ ਜ਼ਿੰਦਗੀ ਦੇ ਸ਼ੁਭ ਇੱਛਕ ਰਹੇ ਹਨ। ਬੜੇ ਨੇੜੇ ਉਨ੍ਹਾਂ ਦੇ ਰਹਿਣ ਦਾ ਮੌਕਾ ਮਿਲਿਆ ਹੈ ਤੇ ਬੜਾ ਸਨੇਹ ਉਹਨਾਂ ਤੋਂ ਮਿਲਿਆ ਹੈ । ਬੜੀ ਚੰਗੀ ਦਿੱਖ ਵਾਲੇ ਉਹ ਮਨੁੱਖ ਸਨ । ਮੂੰਹ-ਫੱਟ ਉਹ ਬਹੁਤ ਸਨ ਜੋ ਮਾੜੀ ਗੱਲ ਲੱਗੇ ਮੂੰਹ ਤੇ ਝਟ ਕਹਿ ਦੇਂਦੇ ਸਨ ।
ਸ਼ਖਸੀਅਤ ਉਨ੍ਹਾਂ ਦੀ ਦੂਰੋਂ ਖਿੱਚ ਪਾਣ ਵਾਲੀ ਸੀ- ਇਕਹਿਰੇ ਸਰੀਰ ਦੇ, ਵਾਲ ਖੁਲ੍ਹੇ, ਹਮੇਸ਼ਾ ਸਫ਼ੈਦ ਜਾਂ ਕਿਸੇ ਹਲਕੇ ਰੰਗ ਦਾ ਖੁਲ੍ਹਾ ਕੁੜਤਾ ਪਜਾਮਾ ਪਾਉਂਦੇ ਸਨ । ਇਕ ਲੱਤ ਉਹਨਾਂ ਦੀ ਛੋਟੀ ਸੀ ਪਰ ਫਿਰ ਵੀ ਜੁਆਨਾਂ ਨਾਲ ਆਪਣੀਆਂ ਲੰਮੀਆਂ ਲੱਤਾਂ ਨਾਲ ਛੋਹਲੇ ਪੈਰ ਧਰਕੇ ਇਕਸਾਰ ਹੋ ਲੈਂਦੇ ਸੀ । ਸ਼ੁਰੂ ਤੋਂ ਹੀ ਬੜਾ ਮਿਣ ਤੋਲ ਕੇ ਖਾਣ ਵਾਲੇ, ਮਜ਼ਾਕੀਆ, ਹਾਸੇ ਠੱਠੇ ਵਾਲੇ ਤੇ ਆਪਣੇ ਮਨ ਦੀ ਗੱਲ ਕਹਿਣ ਵਾਲੇ ਸਨ । ਮਿਹਨਤੀ ਉਹ ਬਹੁਤ ਸਨ, ਆਪਣੇ ਹੁਨਰ ਨਾਲ ਉਹਨਾਂ ਨੂੰ ਇਸ਼ਕ ਸੀ ਤੇ ਆਪਣੀਆਂ ਮੂਰਤਾਂ ਵਿਚ ਜਾਨ ਪਾਉਣ ਲਈ ਉਹ ਇਕੋ ਹੀ ਤਸਵੀਰ ਤੇ ਕਈ ਕਈ ਘੰਟੇ ਕੰਮ ਕਰਦੇ ਸਨ । ਉਹ ਕਈ ਤਸਵੀਰਾਂ ਇਕੋ ਵੇਲੇ ਸ਼ੁਰੂ ਕਰਕੇ ਆਪਣੇ ਮੂਡ ਨਾਲ ਮੇਲ ਖਾ ਕੇ ਵਖ-ਵਖ ਵੇਲਿਆਂ ਤੇ ਉਨ੍ਹਾਂ ਤੇ ਕੰਮ ਕਰਦੇ ਮਹੀਨਾ ਮਹੀਨਾ ਵੀ ਲਾ ਦਿੰਦੇ ਸਨ । ਮੇਲ ਖਾਂਦੇ ਹਲਕੇ ਰੰਗਾਂ ਨਾਲ ਉਹਨਾਂ ਨੂੰ ਪਿਆਰ ਸੀ । ਤੁਸੀਂ ਦੇਖੋਗੇ ਕਿ ਇਕ ਤਸਵੀਰ ਤੇ ਇਕੋ ਹੀ ਮੁਡ ਤੇ ਇਕੋ ਰੰਗ ਭਾਰੂ ਹੋਏਗਾ ।
ਜਦੋਂ ਉਹ ਸਾਡੇ ਗੁਆਂਢ ਪ੍ਰੀਤ ਨਗਰ ਰਹਿੰਦੇ ਸਨ, ਉਹ ਸਿਹਤ ਦੇ ਪੱਖੋਂ ਵੀ ਤੇ ਹੁਨਰ ਦੇ ਪੱਖੋਂ ਵੀ ਜੁਆਨ ਸਨ । ਉਦੋਂ ਤਕ ਉਨ੍ਹਾਂ ਦੀ ਸੋਹਣੀ ਮਹੀਂਵਾਲ, ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਿਤਰ ਬਹੁਤ ਮਸ਼ਹੂਰ ਹੋ ਚੁਕੇ ਸਨ ।
1934-44 ਦੀ ਗੱਲ ਹੈ ਜਦ ਸਾਨੂੰ (5 ਕੁ ਇਹਨਾਂ ਦੇ ਇਹ ਆਰਟ ਦੇ ਸਿਖਾਂਦਰੂਆਂ ਨੂੰ) ਇਹਨਾਂ ਦੀ ਬੜੀ ਨੇੜਤਾ ਮਿਲੀ । ਸਮਾਟਰਾ ਜੀ, ਮਹਿੰਦਰ, ਧਨਵੰਤ, ਹਰਸਰਨ ਤੇ ਮੈਂ ਇਹਨਾਂ ਪਾਸੋਂ ਆਰਟ ਸਿਖਦੇ ਸੀ । ਅਜ ਵੀ ਜਦ ਪ੍ਰੀਤ ਨਗਰ ਜਾਈਦਾ ਹੈ ਤੇ ਆਪਣੇ ਗੁਆਂਢ ਸਰਦਾਰ ਦਰਸ਼ਨ ਸਿੰਘ ਨੂੰ ਮਿਲਣ ਜਾਈਦਾ ਹੈ ਤਾਂ ਉਨ੍ਹਾਂ ਦੇ ਡਰਾਇੰਗ ਰੂਮ ਵਿਚ ਬੈਠਕੇ ਇੰਞ ਮਹਿਸੂਸ ਹੁੰਦਾ ਹੈ ਕਿ ਸੋਭਾ ਸਿੰਘ ਜੀ ਦਾ ਸਟੂਡੀਓ ਹੈ ਉਹ ਆਪਣੀ ਤਸਵੀਰ ਤੇ ਮਘਨ ਕੰਮ ਕਰ ਰਹੇ ਹਨ ਤੇ ਅਸੀਂ ਸਾਰੇ ਆਲੇ ਦੁਆਲੇ ਹੇਠਾਂ ਬੈਠੇ ਆਪਣੀਆਂ ਉਂਗਲਾਂ ਖੋਲ੍ਹ ਰਹੇ ਹਾਂ । ਵਿਚ ਵਿਚ ਉਹ ਸਾਡੇ ਵੱਲ ਤੱਕ ਲੈਂਦੇ ਤੇ ਹਾਸਾ ਠੱਠਾ ਵੀ ਕਰਦੇ । ਕੋਈ ਤਸਵੀਰ ਤੇ ਕੰਮ ਕਰਦੇ ਕਰਦੇ ਲਤੀਫ਼ਾ ਵੀ ਸੁਣਾ ਦੇਂਦੇ ਤੇ ਹਾਸਾ ਠੱਠਾ ਵੀ ਕਰਦੇ । ਕਦੀ ਉਹਨਾਂ ਦੀ ਦਿਤੀ ਚੀਜ਼ ਬਨਾਉਣੀ ਔਖੀ ਲੱਗਦੀ । ਪਰ ਉਹ ਮਾਯੂਸ ਨਾ ਹੋਣ ਦਿੰਦੇ, “ਚਲੋ ਚਲੋ ਕੁਝ ਵਿੰਗਾ ਟੇਢਾ ਹੀ ਬਣਾਓ” ਤੇ ਜਦ ਠੀਕ ਕਰਨ ਲਗਿਆਂ ਇਕ ਅੱਧ ਹੀ ਇਧਰ-ਉਧਰ ਦੀ ਲਾਈਨ ਸਿੱਧੀ ਕਰਦੇ ਤਾਂ ਉਸੇ ਵਿਚ ਹੀ ਜਾਨ ਪੈ ਜਾਂਦੀ । ਸੋਭਾ ਸਿੰਘ ਜੀ ਦੇ ਹੱਥਾਂ ਵਿਚ ਉਹ ਹੁਨਰ ਸੀ ਜਿਹੜਾ ਉਨ੍ਹਾਂ ਦੀ ਨਿੱਕੀ ਜਿਹੀ ਛੋਹ ਨਾਲ ਹੀ ਬੋਲਣ ਲੱਗ ਪੈਂਦਾ ।
ਅਸੀਂ ਉਹਨਾਂ ਦੇ ਸਿਰਫ਼ ਸਿਖਾਂਦਰੂ ਹੀ ਨਹੀਂ ਸਾਂ, ਸਾਡੇ ਉਹ ਹਮਰਾਜ਼ ਵੀ ਸਨ ਤੇ ਦੋਸਤ ਵੀ। ਵਿਹਲੇ ਵਕਤ ਵਿਚ ਕਈ ਕਈ ਘੰਟੇ ਬਾਤਾਂ ਪਾਉਂਦੇ ਰਹਿੰਦੇ, ਆਪਣੇ ਦਿਲ ਦੀਆਂ ਕਹਿੰਦੇ, ਸਾਡੀਆਂ ਸੁਣਦੇ ਤੇ ਨੋਕ ਝੋਕ ਵੀ ਕਰਦੇ ਰਹਿੰਦੇ ।
ਚਾਚੀ ਇੰਦਰ ਕੌਰ ਉਹਨਾਂ ਦੀ ਬੜੀ ਸੇਵਾ ਕਰਦੇ ਹੁੰਦੇ ਸਨ । ਇਕ ਵਾਰ ਉਹ ਕਿਧਰੇ ਵਾਂਢੇ ਚਲੇ ਗਏ । ਇਹ ਸ਼ੁਰੂ ਤੋਂ ਹੀ ਬੜਾ ਹਲਕਾ ਖਾਂਦੇ ਸਨ ਤੇ ਉਹਨਾਂ ਦੇ ਪਿਛੋਂ ਇਨ੍ਹਾਂ ਦਾ ਪੇਟ ਖਰਾਬ ਹੋ ਗਿਆ । ਇਹਨਾਂ ਰਾਤ ਲਈ ਸੁਮਾਟਰਾ ਜੀ ਨੂੰ ਘਰ ਰੱਖ ਲਿਆ । ਸੁਮਾਟਰਾ ਜੀ ਦੀ ਆਵਾਜ਼ ਬੜੀ ਕੁੜੀਆਂ ਵਾਲੀ ਹੈ । ਰਾਤ ਕੋਲ ਕੋਲ ਪਏ ਇਹ ਚਿਰ ਤੀਕ ਗੱਲਾਂ ਕਰਦੇ ਰਹੇ । ਸਵੇਰੇ ਆਂਢ ਗੁਆਂਢ ਧੂਮ ਗਿਆ ਇਨ੍ਹਾਂ ਦੇ ਘਰ ਰਾਤ ਨੂੰ ਕੋਈ ਜ਼ਨਾਨੀ ਸੀ । ਮੇਰੇ ਮਾਤਾ ਜੀ ਦਾ ਪ੍ਰੀਤ ਨਗਰ ਵਿਚ ਬੜਾ ਦਾਬਾ ਸੀ । ਸਭ ਉਨ੍ਹਾਂ ਦੇ ਡਸਿਪਲਿਨ ਤੋਂ ਡਰਦੇ ਸਨ । ਉਹ ਉਨ੍ਹਾਂ ਤੋਂ ਪੁੱਛ ਬੈਠੇ, “ਕੀ ਰਾਤ ਤੁਹਾਡੇ ਘਰ, ਕੋਈ ਜ਼ਨਾਨੀ ਆਈ ਸੀ ?” ਇਨ੍ਹਾਂ ਵੀ ਅਗੋਂ ਪੀਡਾ ਮੂੰਹ ਬਣਾ ਕੇ ਆਖ ਦਿਤਾ, “ਚਲੋ ਮਾਤਾ ਜੀ (ਮਾਤਾ ਜੀ ਜਗਤ ਮਾਤਾ ਜੀ ਸਨ) ਕਦੀ ਕਦੀ ਮੌਜ ਮੇਲਾ ਵੀ ਤਾਂ ਚਾਹੀਦਾ ਹੈ” ਬੱਸ ਫਿਰ ਕੀ ਸਾਰੇ ਪ੍ਰੀਤ ਨਗਰ ਵਿਚ ਧੂਮ ਗਿਆ, “ਔਹ ਕੀ ਸੋਭਾ ਸਿੰਘ ਜੀ ਨੇ ਹਨੇਰ ਮਾਰਿਆ” ਚਾਚੀ ਜੀ ਹਫ਼ਤਾ ਭਰ ਬਾਹਰ ਰਹੇ ਤੇ ਰੋਜ਼ ਸੁਮਾਟਰਾ ਜੀ ਸੋਭਾ ਸਿੰਘ ਜੀ ਪਾਸ ਸੌਂਦੇ ਰਹੇ ਤੇ ਆਂਢ ਗੁਆਂਢ ਕੰਨ ਲਾ ਕੇ ਇਸ ਨਵੇਲੀ ਦੀ ਆਵਾਜ਼ ਦੀ ਤਾਕ ਵਿਚ ਰਹਿੰਦੇ ਤੇ ਜਦ ਇਕ ਦਿਨ ਸੋਭਾ ਸਿੰਘ ਜੀ ਨੇ ਸੁਮਾਟਰਾ ਜੀ ਵਾਲਾ ਉਹ ਭੇਦ ਖੋਲ੍ਹਿਆ ਤਾਂ ਸਭ ਦੇ ਢਿੱਡੀਂ ਪੀੜਾਂ ਪੈ ਗਈਆਂ ।
ਸੋਭਾ ਸਿੰਘ ਜੀ ਉਂਞ ਵੀ ਬਹੁਤ ਮਲੂਕ ਦਿਲ ਵਾਲੇ ਸਨ ਤੇ ਕਿਸੇ ਦਾ ਉਪੱਦਰ ਜਾਂ ਜ਼ਿਆਦਤੀ ਨਹੀਂ ਸੀ ਸਹਾਰ ਸਕਦੇ । ਉਨ੍ਹਾਂ ਦੇ ਕੋਮਲ ਦਿਲ ਨੂੰ ਜਲਦੀ ਹੀ ਠੇਸ ਲੱਗ ਜਾਂਦੀ ਸੀ । ਦਾਰ ਜੀ ਤੇ ਨਾਨਕ ਸਿੰਘ ਜੀ ਦੀ ਉਹ ਬੜੀ ਇਜ਼ਤ ਕਰਦੇ ਸਨ । ਬਾਅਦ ਵਿਚ ਜਦ ਉਹ ਅੰਦਰੇਟੇ ਤੋਂ ਚਲੇ ਗਏ ਡਾਕਟਰ ਮਹਿੰਦਰ ਸਿੰਘ ਰੰਧਾਵਾ ਜੀ ਵੀ ਉਹਨਾਂ ਦੀ ਜ਼ਿੰਦਗੀ ਵਿਚ ਬਹੁਤ ਆਏ । ਉਹ ਆਪ ਆਰਟ ਦੇ ਕਦਰਦਾਨ ਸਨ ਤੇ ਉਨ੍ਹਾਂ ਨੇ ਇਨ੍ਹਾਂ ਦੇ ਆਰਟ ਦੀ ਕਦਰ ਪਾਈ । ਉਨ੍ਹਾਂ ਦੇ ਜੀਉਂਦੇ ਜੀ ਉਨ੍ਹਾਂ ਦਾ ਇਕ ਬੁੱਤ ਵੀ ਉਸਤਾਦ ਜੀ ਨੇ ਬਣਾਇਆ ਸੀ ।
ਸਾਡੇ ਮਾਤਾ ਜੀ ਦੀ ਇਕ ਤਸਵੀਰ ਸੋਭਾ ਸਿੰਘ ਜੀ ਦਾਰ ਜੀ ਨੂੰ ਭੇਟ ਕਰਨਾ ਚਾਹੁੰਦੇ ਸਨ । ਪਰ ਉਹ ਇਹ ਜਾਨਦਾਰ ਤਸਵੀਰ ਉਦੋਂ ਸਾਡੇ ਪਾਸ ਲੈ ਕੇ ਆਏ ਸਨ ਜਦੋਂ ਦਾਰ ਜੀ ਪੂਰੇ ਹੋ ਚੁਕੇ ਸਨ ਤੇ ਉਹਨਾਂ ਦਾ ਸ਼ਰਧਾਂਜਲੀ ਸਮਾਗਮ ਸੀ । ਸੋਭਾ ਸਿੰਘ ਜੀ ਜਿਸ ਵੀ ਤਸਵੀਰ ਨੂੰ ਹੱਥ ਪਾਉਂਦੇ ਉਸ ਵਿਚ ਰੂਹ ਫੂਕ ਦੇਂਦੇ ।
ਦਾਰ ਜੀ ਦੀਆਂ ਉਨ੍ਹਾਂ ਬੜੀਆਂ ਤਸਵੀਰਾਂ ਸਾਡੇ ਪਾਸੋਂ ਮੰਗਵਾਈਆਂ । ਪਰ ਜਿਹੜਾ ਪੋਜ਼ ਉਹ ਚਾਹੁੰਦੇ ਸਨ ਉਹ ਸ਼ਾਇਦ ਉਹਨਾਂ ਨੂੰ ਲੱਭਾ ਨਾ । ਉਹ ਮਾਤਾ ਜੀ ਤੇ ਦਾਰ ਜੀ ਦੀ ਇਕੱਠਿਆਂ ਦੀ ਤਸਵੀਰ ਵੀ ਬਨਾਉਣੀ ਚਾਹੁੰਦੇ ਸਨ । ਫਿਰ ਉਹ ਦਾਰ ਜੀ ਦਾ ਇਕ ਬੁੱਤ ਬਨਾਉਣਾ ਚਾਹੁੰਦੇ ਸਨ ਉਨ੍ਹਾਂ ਦੀ ਸਮਾਧ ਲਈ । ਨਾ ਸਮਾਧ ਬਣੀ, ਨਾ ਬੁੱਤ ਲੱਗਾ ।
ਸਾਡੇ ਪ੍ਰੀਤ ਨਗਰ ਦੇ ਉਜਾੜੇ ਬਾਅਦ ਉਹ ਸਾਥੋਂ ਦੂਰ ਚਲੇ ਗਏ, ਪਰ ਦਿਲੋਂ ਉਨ੍ਹਾਂ ਨੇ ਸਾਨੂੰ ਕਦੇ ਦੂਰ ਨਾ ਕੀਤਾ । ਜਦ ਵੀ ਕਿਧਰੇ ਮੇਲੇ ਹੋਣੇ, ਬੜੇ ਆਦਰ ਨਾਲ ਉਨ੍ਹਾਂ ਅੱਗੇ ਸਿਰ ਝੁਕਾਉਣਾ, ਉਨ੍ਹਾਂ ਸਿਰ ਤੇ ਪਹਿਲਾਂ ਨਿੱਕੀ ਜਿਹੀ ਪਟੋਕੀ ਮਾਰਨੀ ਤੇ ਫਿਰ ਪਿਆਰ ਦੇਣਾ । ਉਨ੍ਹਾਂ ਦੀ ਮੁਸਕਣੀ ਬੜੀ ਹੀ ਲਾਜਵਾਬ ਸੀ ਤੇ ਅੰਦਾਜ਼ ਬੜਾ ਨਿਰਾਲਾ ।
ਪਿਛੇ ਜਿਹੇ ਮੈਂ ਤੇ ਜਗਜੀਤ ਜੀ ਕੁਝ ਮਿੱਤਰਾਂ ਨਾਲ ਉਨ੍ਹਾਂ ਨੂੰ ਅੰਦਰੇਟੇ ਮਿਲਣ ਗਏ । ਬੜੀ ਹਰਿਆਲੀ, ਸੁੰਦਰ ਤੇ ਸਲੀਕੇ ਨਾਲ ਉਸਾਰਿਆ ਉਨ੍ਹਾਂ ਦਾ ਉਥੇ ਬਸੇਰਾ ਹੈ । ਉਸ ਨੂੰ ਉਹ ਆਪਣੀ ਕੁਟੀਆ ਆਖਦੇ ਸਨ । ਉਨ੍ਹਾਂ ਨੇ ਇਕ ਧੀ ਚਾਚੀ ਜੀ ਦੇ ਚਲੇ ਜਾਣ ਬਾਅਦ ਬਣਾਈ ਤੇ ਉਨ੍ਹਾਂ ਦੀ ਇਸ ਧੀ ਨੇ ਉਹਨਾਂ ਦੀ ਹਰ ਪੱਖੋਂ ਸੇਵਾ ਕੀਤੀ । ਖੁਰਾਕ ਤੇ ਸਭ ਪੱਖੋਂ ਧਿਆਨ ਰੱਖਿਆ ਤੇ ਉਨ੍ਹਾਂ ਦੇ ਉਮਰ ਦੇ ਸਾਲ ਵਧਾਉਣ ਵਿਚ ਮਦਦ ਕੀਤੀ ।
ਅਜੇ ਸਾਲ ਵੀ ਨਹੀਂ ਹੋਇਆ ਮੈਨੂੰ ਕੱਲ੍ਹ ਵਾਂਗ ਯਾਦ ਹੈ, ਅਸੀਂ ਜੁੱਤੀਆਂ ਲਾਹ ਕੇ ਉਨ੍ਹਾਂ ਦੇ ਕੰਮ ਕਰਨ ਦੇ ਕਮਰੇ ਵਿਚ ਵੜੇ ਉਹ ਆਪਣੀ ਤਸਵੀਰ ਤੇ ਕੰਮ ਕਰ ਰਹੇ ਸਨ । ਉਠ ਕੇ ਜਗਜੀਤ ਜੀ ਨਾਲ ਹੱਥ ਮਿਲਾਇਆ, ਮੇਰੇ ਝੁਕੇ ਹੋਏ ਸਿਰ ਤੇ ਪਟੋਕੀ ਮਾਰੀ ਤੇ ਕਿਹਾ, “ਮੈਂ ਅਜੇ ਥੋੜਾ ਹੋਰ ਕੰਮ ਕਰਨਾ ਹੈ ਤੇ ਫਿਰ ਵਿਹਲੇ ਹੋ ਕੇ ਬੈਠਾਂਗੇ । ਗੁਰਚਰਨ ਇਹਨਾਂ ਨੂੰ ਓਨਾ ਚਿਰ ਲੀਚੀ ਦਾ ਸ਼ਰਬਤ ਪਿਆ ।” ਸ਼ਰਬਤ ਆ ਗਿਆ ਤੇ ਆਪਣੀ ਤਸਵੀਰ ਤੇ ਕੰਮ ਕਰਦੇ ਕਰਦੇ ਉਹ ਸਾਡੇ ਨਾਲ ਗੱਲਾਂ ਵੀ ਕਰੀ ਗਏ । ਉਹ ਕਹਿ ਰਹੇ ਸੀ, “ਮੈਂ ਅਜੇ ਵੀ 8, 8 ਤੇ ਕਈ ਵਾਰ ਲਗਾਤਾਰ 18 ਘੰਟੇ ਤਸਵੀਰ ਤੇ ਕੰਮ ਕੀਤਾ ਹੈ । ਪਤਾ ਨਹੀਂ ਲੋਕੀਂ ਕਿਵੇਂ ਥੱਕ ਜਾਂਦੇ ਹਨ ?”
ਜਦੋਂ ਉਨ੍ਹਾਂ ਨੇ ਕੰਮ ਮੁਕਾਇਆ ਬਗੀਚੀ ਵਿਚ ਡੱਠੀਆਂ ਕੁਰਸੀਆਂ ਉਤੇ ਅਸੀਂ ਸਾਰੇ ਬੈਠੇ । ਉਨ੍ਹਾਂ ਨੇ ਹੁਣ ਆਪਣੀ ਛੋਟੀ ਲੱਤ ਲਈ ਇਕ ਸਪੋਰਟ ਬਣਵਾ ਰੱਖੀ ਸੀ ਜਿਸ ਤੇ ਆਰਾਮ ਨਾਲ ਉਸ ਨੂੰ ਰੱਖ ਲੈਂਦੇ ਫਿਰ ਉਹਨਾਂ ਸਾਡੇ ਲਈ ਤਾਜ਼ੀਆਂ ਲੀਚੀਆਂ ਤੇ ਅੰਗੂਰ ਆਪਣੇ ਬਾਗ ਵਿਚੋਂ ਤੁੜਵਾਏ- “ਖਾਓ, ਖਾਓ” ਤੇ ਜਦ ਮੈਂ ਹੱਥ ਧੋਣ ਲਈ ਉਠਣ ਲੱਗੀ ਝਟ ਗੁਰਚਰਨ ਹੁਰਾਂ ਨੂੰ ਵਾਜ ਮਾਰੀ, “ਗੁਰਚਰਨ ਮਾਤਾ ਜੀ ਦੀ ਸਫ਼ਾਈ ਵਾਲੀ ਧੀ ਦੇ ਹੱਥ ਧੁਆਈਂ ਕਿਧਰੇ ਹੱਥ ਮੈਲੇ ਹੀ ਨਾ ਰਹਿ ਜਾਣ । ਕਈ ਵਾਰ ਮੀਲ੍ਹਾ ਮਾਤਾ ਜੀ ਦੀ ਸਫ਼ਾਈ ਬੜੀ ਚੇਤੇ ਆਈ ਹੈ ।” ਆਪ ਉਹ ਕਪੜੇ ਵੀ ਬੜੇ ਮਟਕਾ ਕੇ ਤੇ ਚਿੱਟੇ ਦੁੱਧ ਪਾਉਂਦੇ ਸਨ, ਮਜਾਲ ਹੈ ਕੋਈ ਵੱਟ ਦਿਸ ਜਾਏ । ਉਨ੍ਹਾਂ ਨੇ ਸਾਡੇ ਨਾਲ ਬੜੀਆਂ ਗੱਲਾਂ ਕੀਤੀਆਂ, “ਜਗਜੀਤ ਸਿੱਖੀ ਕਿੱਧਰ ਨੂੰ ਰੁੜ੍ਹੀ ਜਾਂਦੀ ਹੈ । ਸਭ ਦੀ ਸੋਚਣੀ ਖੁੰਢੀ ਤੇ ਬੀਮਾਰ ਹੋ ਗਈ ਹੈ, ਮੁਲਕ ਦਾ ਕੀ ਬਣੇਗਾ ?”
ਜਦੋਂ ਅਸੀਂ ਉਠਣ ਲੱਗੇ ਤਾਂ ਕਹਿਣ ਲੱਗੇ, “ਬੱਸ, ਮੈਂ ਤਾਂ ਸੋਚਿਆ ਸੀ ਤੁਸੀਂ ਮੇਰੇ ਕੋਲ ਰਹੋਗੇ । ਕਦੇ ਸਿਆਸਤ ਦੇ ਧੰਦੇ ਨੂੰ ਛੱਡ ਕੇ ਦੋ ਦਿਹਾੜੀਆਂ ਅਜਿਹੀ ਇਕਾਂਤ ਮਾਣ ਲਿਆ ਕਰੋ । ਜੇ ਹੁਣ ਪ੍ਰੋਗਰਾਮ ਨਹੀਂ ਬਣਾ ਕੇ ਆਏ ਤਾਂ ਅਗਲੇ ਫੇਰੇ ਜ਼ਰੂਰ ਮੇਰੇ ਪਾਸ ਰਹਿਣਾ ।” ਪਰ ਕਿਸ ਨੂੰ ਪਤਾ ਸੀ ਉਹ ਅਗਲਾ ਫੇਰਾ ਆਏਗਾ ਹੀ ਨਹੀਂ ।
ਥੋੜ੍ਹੇ ਦਿਨ ਹੋਏ ਮੇਰੀ ਧੀ ਟੀ ਵੀ ਦੇਖਦੀ ਦੇਖਦੀ ਕਹਿਣ ਲੱਗੀ, “ਤੁਹਾਡੇ ਉਸਤਾਦ ਜੀ ਨੂੰ ਪੀ ਜੀ ਆਈ ਲੈ ਗਏ ਹਨ” ਤੇ ਕੱਲ੍ਹ ਰਾਤ ਜਗਜੀਤ ਜੀ ਨੇ ਟੀ ਵੀ ਦੇਖਦਿਆਂ ਉੱਚੀ ਸਾਰੀ ਵਾਜ ਮਾਰੀ, “ਸੋਭਾ ਸਿੰਘ ਜੀ ਗੁਜ਼ਰ ਗਏ ਹਨ ।”

ਇਕ ਕਲਾਕਾਰ-ਇਕ ਇਨਸਾਨ ਪਰਮਾਨੰਦ ਸ਼ਰਮਾ

ਲਗ ਪਗ ਚਾਰ ਦਹਾਕੇ ਹੋਣ ਲਗੇ ਹਨ, ਜਦੋਂ ਮੈਂ ਪਹਿਲੀ ਵਾਰੀ ਅੰਦਰੇਟੇ ਗਿਆ ਸੀ । ਸ੍ਰੀਮਤੀ ਨੋਰ੍ਹਾ ਰਿਚਰਡਜ਼ ਦੀ ‘ਵੁਡਲੈਂਡਜ਼ ਅਸਟੇਸ’ ਦੀ ਇਕ ਕੁਟੀਆ ਵਿਚ ਭੁਖੇ ਢਿੱਡ ਅੱਧੀ ਰਾਤ ਗਏ ਸੌਣ ਲਈ ਮੈਨੂੰ 30 ਮੀਲ ਲੰਬਾ, ਸਾਰਾ ਰਸਤਾ ਪੈਦਲ ਤੁਰਨਾ ਪਿਆ ਸੀ । ਅਗਲੀ ਸਵੇਰ ਮੈਨੂੰ ਉਸੇ ਪਿੰਡ ਰਹਿੰਦੇ ਇਕ ਚਿਤਰਕਾਰ ਦੀ ਘਾਹ ਨਾਲ ਛੱਤੀ ਕੁਟੀਆ ਖਿੱਚ ਕੇ ਲੈ ਗਈ । ਇਹ ਮੇਰੀ ਸਰਦਾਰ ਸੋਭਾ ਸਿੰਘ ਨਾਲ ਪਹਿਲੀ ਮੁਲਾਕਾਤ ਸੀ ।
“ਤੁਸੀਂ ਇਕ ਕਵੀ ਹੋ ਅਤੇ ਮੈਂ ਇਕ ਕਲਾਕਾਰ ਹਾਂ, ਸਾਡੀ ਮਿੱਤਰਤਾ ਨਿੱਭ ਸਕਦੀ ਹੈ,” ਇਹ ਸ਼ਬਦ ਉਨ੍ਹਾਂ ਨੇ ਮੈਨੂੰ ਵਿਦਾ ਹੋਣ ਲਗੇ ਨੂੰ ਕਹੇ । ਜੀ ਹਾਂ, ਚਾਲੀ ਸਾਲ ਬੀਤ ਚੁਕੇ ਹਨ, ਸਾਡੀ ਆਪਸੀ ਮਿੱਤਰਤਾ ਅਤੇ ਪਿਆਰ ਦਿਨੋ ਦਿਨ ਵਧ ਰਿਹਾ ਹੈ।
ਸੋਭਾ ਸਿੰਘ ਇਕ ਵਧੀਆ ਇਨਸਾਨ ਹਨ । ਹਰ ਦਰਸ਼ਕ ਲਈ ਉਨ੍ਹਾਂ ਪਾਸ ਸਵਾਗਤ ਭਰੀ ਮੁਸਕਰਾਹਟ ਹੈ, ਭਾਵੇਂ ਉਨ੍ਹਾਂ ਦੇ ਦਰਸ਼ਕ ਮਹਾਨ ਨੇਤਾ, ਮਹਾਨ ਕਲਾਕਾਰ, ਬੁਧੀ-ਜੀਵੀਆਂ ਤੋਂ ਲੈ ਕੇ ਸਾਧਾਰਣ ਪੇਂਡੂ ਤਕ ਹਨ । ਉਨ੍ਹਾਂ ਦੀ ਪ੍ਰੌੜ ਬੁਧ, ਆਤਮ-ਵਿਸ਼ਵਾਸ, ਸੁੰਦਰ ਬੋਲ ਚਾਲ ਅਤੇ ਸੁਲਝੇ ਹੋਏ ਵਿਚਾਰ ਦਰਸ਼ਕ ਨੂੰ ਕੀਲ ਲੈਂਦੇ ਹਨ । ਉਨ੍ਹਾਂ ਦੀ ਜ਼ਿੰਦਾ ਦਿਲੀ, ਹਸਮੁਖ ਸੁਭਾ ਕਿਸੇ ਵੀ ਬਹਿਸ ਨੂੰ ਦੇਰ ਤਕ ਦਿਲਚਸਪ ਬਣਾਈ ਰਖਦੇ ਹਨ ।
ਕੁਦਰਤ ਅਤੇ ਦਿਹਾਤੀ ਜ਼ਿੰਦਗੀ ਦੇ ਪ੍ਰੇਮੀ ਸਰਦਾਰ ਸੋਭਾ ਸਿੰਘ ਜੀ ਨੇ ਵੱਡੇ ਸ਼ਹਿਰਾਂ ਦੀ ਦਮ ਘੁਟਦੀ ਜ਼ਿੰਦਗੀ ਦੀ ਥਾਂ, ਬਰਫ਼ ਲਦੇ ਧੌਲਾਧਾਰ ਦੇ ਪੈਰਾਂ ਵਿਚ ਇਕ ਸਰਸਬਜ਼ ਘਾਟੀ ਨੂੰ ਰਹਿਣ ਲਈ ਚੁਣਿਆ ਹੈ । ਸੜਕ ਕਿਨਾਰੇ ਬਣੇ “ਕਲਾ-ਮੰਦਰ” ਦੇ ਬਾਹਰ ਮੋਟੇ ਅੱਖਰਾਂ ਵਿਚ ਲਿਖਿਆ ਹੈ, “ਵਧੇਰੇ ਨੇਕੀ ਪੈਦਾ ਕਰੋ ।” ਬੜੀ ਜਦੋ ਜਹਿਦ ਅਤੇ ਤੰਗੀ ਦੇ ਦਿਨ ਬਿਤਾਉਣ ਪਿਛੋਂ ਹੁਣ ਸੁਖੀ ਜੀਵਨ ਬਿਤਾਉਂਦਿਆਂ ਉਨ੍ਹਾਂ ਵਿਚ ਕੋਈ ਤਬਦੀਲੀ ਨਹੀਂ ਆਈ । ਸੋਭਾ ਸਿੰਘ, ਇਕ ਇਨਸਾਨ, ਇਕ ਕਲਾਕਾਰ, ਸਦਾ ਵਾਂਗ ਨੇਕ, ਮਿਹਰਬਾਨ, ਸਨਿਮਰ ਪਰ ਸਤਿਕਾਰਯੋਗ ਵਿਅਕਤੀ ਹਨ । ਉਹ ਬਹੁਤ ਪੜ੍ਹਦੇ ਹਨ, ਵਧੇਰੇ ਕਰਕੇ “ਐਮਰਸਨ” ਨੂੰ ਪਸੰਦ ਕਰਦੇ ਹਨ ।
ਸੋਭਾ ਸਿੰਘ ਜੀ ਨੇ ਸਿੱਖ ਗੁਰੂਆਂ ਦੇ ਚਿੱਤਰ ਬਣਾਏ ਹਨ ਅਤੇ ਉਹਨਾਂ ਦੇ ਮਹਾਨ ਗੁਣਾਂ ਨੂੰ ਚਿਹਰੇ ਵਿਚ ਲਿਆਂਦਾ ਹੈ । ਮਹਾਤਮਾ ਗਾਂਧੀ, ਨੋਰ੍ਹਾ ਰਿਚਰਡਜ਼ ਅਤੇ ਇੰਦਰਾ ਗਾਂਧੀ ਦੇ ਚਿਤਰਾਂ ਵਿਚ ਵੀ ਇਹ ਗੁਣ ਹਨ। ਮੇਰੀ ਯਾਦਾਸ਼ਤ ਵਿਚ ਉਨ੍ਹਾਂ ਦੇ ਹੋਰ ਕਈ ਸ਼ਾਹਕਾਰ, ਪ੍ਰਭਾਤ ਦੀ ਦੇਵੀ, ਅਖੀਰਲਾ ਤਰਲਾ, ਸਮਾਜ ਦਾ ਨੀਂਹ ਪੱਥਰ, ਅੰਤਮ ਇੱਛਾ, ਦੁਲਹਨ ਅਤੇ ਗੱਦਣ ਸੁੰਦਰੀਆਂ ਆਦਿ ਰਹੇ ਸਨ, ਜੋ ਕਈ ਆਰਟ-ਗੈਲਰੀਆਂ ਦਾ ਸ਼ਿੰਗਾਰ ਹਨ । ਪਰ ਸਰਦਾਰ ਸੋਭਾ ਸਿੰਘ ਆਪਣੇ ਵਿਸ਼ਵ ਪ੍ਰਸਿੱਧ ਮਹਾਨ ਸ਼ਾਹਕਾਰ ‘ਸੋਹਣੀ-ਮਹੀਂਵਾਲ’ ਕਰਕੇ ਹਮੇਸ਼ਾ ਯਾਦ ਕੀਤੇ ਜਾਣਗੇ । ਇਕ ਕਲਾਕਾਰ ਦੇ ਰਚਨਾਤਮਕ ਕੰਮਾਂ ਪਿਛੋਂ ਇਕ ਕੇਂਦਰਤ ਰਚਨਾ ਉਭਰਦੀ ਹੈ-ਜੋ ਉਸ ਦੇ ਨਾਂ ਨਾਲ ਜੁੜ ਜਾਂਦੀ ਹੈ । ਸਰਦਾਰ ਸੋਭਾ ਸਿੰਘ ਲਈ ਇਹ ਰਚਨਾ ‘ਸੋਹਣੀ-ਮਹੀਂਵਾਲ’ ਹੈ ।
ਸਰਦਾਰ ਸੋਭਾ ਸਿੰਘ ਦੇ ਪ੍ਰਸੰਸਕ ਵੀ ਹਨ ਅਤੇ ਨਿੰਦਕ ਵੀ । ਪਰ ਸਭ ਤੋਂ ਵੱਡੀ ਸ਼ਰਧਾਂਜਲੀ ਜੋ ਇਕ ਅਨਪੜ੍ਹ-ਪਹਾੜੀ ਇਸਤਰੀ ਆਲੋਚਕ ਨੇ ਪੇਸ਼ ਕੀਤੀ, ਨਹੀਂ ਭਲਾਈ ਜਾ ਸਕਦੀ । ਉਨ੍ਹਾਂ ਦੀ ਆਰਟ ਗੈਲਰੀ ਵੇਖਦਿਆਂ ਅਤੇ ਰੰਗਾਂ ਦੇ ਸੁੰਦਰ ਸੁਮੇਲ ਨੂੰ ਵਾਚਦਿਆਂ ਉਸ ਦੇ ਮੂੰਹੋ ਨਿਕਲਿਆ, “ਆਪਣੀ ਜਿੰਦ ਕੱਢ ਕੱਢ ਇਨ੍ਹਾਂ ਤਸਵੀਰਾਂ ਵਿਚ ਪਾਈ ਜਾਂਦੇ ਹਨ ।”

ਪਿਆਰ ਅਤੇ ਰੂਹਾਨੀਅਤ ਦਾ ਚਿਤਰਕਾਰ, ਪ੍ਰਕਾਸ਼

ਪਿੱਛੇ ਜਿਹੇ ਅਮਰੀਕਾ ਦੇ ਮਸ਼ਹੂਰ ਚਿੱਤਰਕਾਰ ਐਂਡਰਿਊ ਵਾਇਥ ਦੀਆਂ ਪੇਂਟਿੰਗਜ਼, ਜੋ ਕਿ ਇਕ ਔਰਤ ਨੂੰ ਲੈ ਕੇ ਕੀਤੀਆਂ ਗਈਆਂ ਸਨ, ਬਾਰੇ ਵਾਇਸ਼ ਦੀ ਬੀਵੀ ਨੂੰ ਪੁੱਛਿਆ ਗਿਆ ਕਿ ਤੂੰ ਇਸ ਬਾਰੇ ਕੀ ਕਹਿੰਦੀ ਏਂ ਤਾਂ ਉਸ ਨੇ ਸਿਰਫ ਇਕੋ ਲਫਜ਼ ਕਿਹਾ ਸੀ ‘ਪਿਆਰ’ ।
ਵਾਇਥ ਦਾ ਕਹਿਣਾ ਹੈ ਕਿ “ਮੇਰੀ ਬੀਵੀ ਨੇ ਬਿਲਕੁਲ ਠੀਕ ਕਿਹਾ ਹੈ । ਅਸੀਂ ਚਾਹੇ ਪਹਾੜ, ਜਾਨਵਰ, ਦਰਖਤ ਜਾਂ ਪੱਥਰ ਕੁਝ ਵੀ ਬਣਾ ਰਹੇ ਹੋਈਏ, ਜਦ ਤਕ ਅਸੀਂ ਉਨ੍ਹਾਂ ਨੂੰ ਪਿਆਰ ਨਹੀਂ
ਕਰਦੇ ਉਨ੍ਹਾਂ ਵਿਚ ਆਤਮਾ ਨਹੀਂ ਭਰ ਸਕਦੇ । ਸਾਨੂੰ ਇਹੋ ਚੀਜ਼ ਹੀ ਜ਼ਿੰਦਾ ਰੱਖਦੀ ਹੈ ।”
ਠੀਕ ਇਹੋ ਗੱਲ ਅਸੀਂ ਚਿੱਤਰਕਾਰ ਸੋਭਾ ਸਿੰਘ ਹੁਰਾਂ ਬਾਰੇ ਕਹਿ ਸਕਦੇ ਹਾਂ । ਉਨ੍ਹਾਂ ਨੇ ਜੋ ਕੁਝ ਵੀ ਪੇਂਟ ਕੀਤਾ ਪੂਰੀ ਮੁਹੱਬਤ ਨਾਲ ਕੀਤਾ ।
ਆਪਾਂ ਗੱਲ ਗੁਰੂ ਨਾਨਕ ਦੇ ਚਿੱਤਰਾਂ ਤੋਂ ਸ਼ੁਰੂ ਕਰਦੇ ਹਾਂ । ਸੋਭਾ ਸਿੰਘ ਹੋਰਾਂ ਤੋਂ ਪਹਿਲਾਂ ਜਿੰਨੇ ਵੀ ਚਿਤਰਕਾਰ ਆਏ ਹਰੇਕ ਚਿੱਤਰਕਾਰ ਦਾ ਗੁਰੂ ਨਾਨਕ ਅਲੱਗ ਹੀ ਚਿਹਰੇ ਮੋਹਰੇ ਵਾਲਾ ਸੀ, ਖਾਲੀ, ਇਕਦਮ ਸਪਾਟ । ਪਰ ਸੋਭਾ ਸਿੰਘ ਹੁਰਾਂ ਇਕ ਰੂਹਾਨੀਅਤ ਨਾਲ ਭਰਿਆ ਚਿਹਰਾ ਸਾਡੇ ਸਾਹਮਣੇ ਲਿਆ ਕੇ ਦਿੱਤਾ ਕਿ ਗੁਰੂ ਨਾਨਕ ਇਸ ਤੋਂ ਇਲਾਵਾ ਹੋਰ ਹੋ ਹੀ ਨਹੀਂ ਸਕਦਾ । ਠੀਕ ਉਸੇ ਤਰ੍ਹਾਂ ਜਿਵੇਂ ਇਸਾਈਆਂ ਨੇ ਯਿਸੂ ਮਸੀਹ ਦਾ ਇਕੋ ਹੀ ਚਿਹਰਾ ਚੁਣਿਆ । ਭਾਵੇਂ ਚਿੱਤਰਕਾਰ ਕੋਈ ਵੀ ਹੋਵੇ ਯਿਸੂ ਮਸੀਹ ਉਤੇ ਤਰ੍ਹਾਂ ਦਾ ਹੀ ਰਿਹਾ ।
ਗੁਰੂ ਗੋਬਿੰਦ ਸਿੰਘ ਜੀ ਦਾ ਚਿੱਤਰ ਜਦੋਂ ਸੋਭਾ ਸਿੰਘ ਹੁਰਾਂ ਨੇ ਬਣਾ ਕੇ ਸਾਡੇ ਸਾਹਮਣੇ ਲਿਆਂਦਾ ਤਾਂ ਪੂਰੇ ਆਤਮ ਵਿਸ਼ਵਾਸ ਨਾਲ ਭਰੀ ਸ਼ਖ਼ਸੀਅਤ ਨਜ਼ਰ ਆਈ । ਜਿਸ ਚਿਹਰੇ ਤੋਂ ਲਗਦਾ ਸੀ ਕਿ ਇਹੋ ਜਿਹੀ ਹੀ ਸ਼ਖ਼ਸੀਅਤ ਵਾਲਾ ਹੀ ਕਿਸੇ ਬਹਾਦਰ ਕੌਮ ਨੂੰ ਤਿਆਰ ਕਰ ਸਕਦਾ ਹੈ ।
ਇਹ ਉਸ ਪਿਆਰ ਦਾ ਹੀ ਨਤੀਜਾ ਸੀ ਕਿ ਸੋਹਣੀ ਮਹੀਂਵਾਲ ਵਰਗੀ ਪੇਂਟਿੰਗ ਬਣਾਈ ਗਈ ਤੇ ਫਿਰ ਇਹ ਪੇਂਟਿੰਗ ਛਪ ਕੇ ਪੰਜਾਬ ਦੇ ਲਗਪਗ ਹਰੇਕ ਘਰ ਦੀ ਸ਼ਾਨ ਬਣੀ । ਸੋਹਣੀ ਦਾ ਮਹੀਂਵਾਲ ਦੀ ਖਾਤਰ ਝਨਾਂ ਪਾਰ ਕਰਕੇ ਆਉਣਾ ਤੇ ਫਿਰ ਥੱਕੀ ਟੁੱਟੀ ਨੂੰ ਸਹਾਰਾ ਦਿੰਦਾ ਮਹੀਂਵਾਲ ਇਕ ਪੂਰੀ ਮੁਹੱਬਤ ਦੀ ਦਾਸਤਾਂ ਹੈ । ਇਸੇ ਤਰ੍ਹਾਂ ਸੱਸੀ ਦੀ ਥਲਾਂ ਵਿਚ ਪੁੰਨੂੰ ਦੀ ਤਲਾਸ਼ ਜਾਂ ਫਿਰ ਇਕੱਲੀ ਸੋਹਣੀ ਝਨਾਂ ਵਿਚ ਠਿੱਲਣ ਤੋਂ ਪਹਿਲਾਂ । ਇਹ ਸਭ ਆਪਣੀ ਕਲਾ ਨਾਲ ਹੀ ਕੀਤੀ ਮੁਹੱਬਤ ਦਾ ਫਲ ਹੈ ।
ਸੋਭਾ ਸਿੰਘ ਲਈ ਖੂਬਸੂਰਤੀ ਤੇ ਇਸੇ ਤਰ੍ਹਾਂ ਦਾ ਕੁਝ ਹੋਰ ਪਚਾਸੀ ਸਾਲ ਦੀ ਉਮਰ ਤਕ ਲਗਾਤਾਰ ਕੰਮ ਕਰਨ ਲਈ ਕਾਫੀ ਸਨ । ਗਰੀਬੀ, ਗੰਦਗੀ ਜਾਂ ਫਿਰ ਦੁੱਖ ਨੂੰ ਪੇਂਟ ਕਰਨਾ ਉਨ੍ਹਾਂ ਨੂੰ ਚੰਗਾ ਨਹੀਂ ਸੀ ਲੱਗਦਾ । ਉਨ੍ਹਾਂ ਦਾ ਕਹਿਣਾ ਸੀ ਕਿ ਇਹ ਤਾਂ ਸਾਡੇ ਆਲੇ-ਦੁਆਲੇ ਐਨਾ ਫੈਲਿਆ ਹੋਇਆ ਹੈ ਕਿ ਇਸ ਤੋਂ ਵੱਧ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਫਿਰ ਇਸ ਨੂੰ ਪੇਂਟ ਕਰਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ।
ਸਾਈਂ ਮੀਆਂ ਮੀਰ ਤੇ ਭਾਈ ਗੁਰਦਾਸ ਦੇ ਬਣਾਏ ਚਿੱਤਰਾਂ ਵਿਚ ਸਾਨੂੰ ਇਕ ਸੂਫ਼ੀਆਨਾ ਮਾਹੌਲ ਦਿਖਾਈ ਦਿੰਦਾ ਹੈ । ਕੁਝ ਇਸੇ ਤਰ੍ਹਾਂ ਹੀ ਗੁਰੂ ਤੇਗ ਬਹਾਦਰ, ਸਮਾਧੀ ਲੀਨ ਵਾਲੀ ਪੇਂਟਿੰਗ ਇਕ • ਰੂਹਾਨੀਅਤ ਦੀ ਝਲਕ ਦਿੰਦੀ ਹੈ ।
ਇਹ ਪੁੱਛਣ ਤੇ ਕਿ ਉਹ ਮੁਗ਼ਲਾਂ ਨਾਲ ਚੱਲੇ ਸਿੰਘਾਂ ਦੇ ਸੰਘਰਸ਼ ਬਾਰੇ ਕਿਉਂ ਨਹੀਂ ਚਿੱਤਰ ਬਣਾਂਦੇ ਤਾਂ ਉਨ੍ਹਾਂ ਨੇ ਸਿਰਫ਼ ਇਹੋ ਜਵਾਬ ਦਿੱਤਾ ਕਿ ਇਹੋ ਜਿਹੇ ਚਿੱਤਰ ਇਨਸਾਨ ਨੂੰ ਕਦੀ ਵੀ ਸ਼ਾਂਤੀ ਲਈ ਪ੍ਰੇਰਿਤ ਨਹੀਂ ਕਰਦੇ ਸਗੋਂ ਨਫ਼ਰਤ ਵਧਾਉਂਦੇ ਹਨ ਤੇ ਫਿਰ ਖੂਨ ਨੂੰ ਕਦੀ ਵੀ ਖੂਨ ਨਾਲ ਧੋਤਾ ਨਹੀਂ ਜਾ ਸਕਦਾ । ਜੰਗਾਂ ਬਾਰੇ ਚਿੱਤਰ ਇਕ ਦੂਸਰੇ ‘ਚ ਪਾੜਾ ਵਧਾਉਂਦੇ ਹਨ, ਪੂਰਦੇ ਨਹੀਂ । ਪਰ ਸ਼ਾਂਤੀ ਦੇ ਦੂਤਾਂ ਦੇ ਚਿੱਤਰ ਇਨਸਾਨੀਅਤ ਵਿਚ ਇਕ ਨਵੀਂ ਰੌਸ਼ਨੀ ਭਰਦੇ ਹਨ । ਜਿਵੇਂ ਕਿ ਕਿਸੇ ਮੋਮਬੱਤੀ ਦੀ ਰੌਸ਼ਨੀ ਭਾਵੇਂ ਇਕ ਮਹਿਦੂਦ ਜਗ੍ਹਾ ਤਕ ਆਪਣੀ ਰੌਸ਼ਨੀ ਦਿੰਦੀ ਹੈ ਪਰ ਇਸ ਦੀ ਆਪਣੀ ਇਕ ਖਾਸ ਅਹਿਮੀਅਤ ਹੈ । ਇਸੇ ਤਰ੍ਹਾਂ ਦਾ ਸੁਨੇਹਾ ਸ਼ਾਂਤੀ ਦੇ ਦੂਤਾਂ ਦੇ ਚਿਤਰ ਦਿੰਦੇ ਹਨ।
ਸੋਭਾ ਸਿੰਘ ਦਾ ਜਨਮ ਇਕ ਫੌਜੀ ਅਫਸਰ ਦੇ ਘਰ ਹੋਇਆ ਸੀ, ਜੋ ਰਸਾਲੇ ਵਿਚ ਸੀ । ਉਸ ਵਲੋਂ ਘਰਦੀਆਂ ਕੰਧਾਂ ਉਤੇ ਬਣਾਏ ਗਏ ਚਿੱਤਰਾਂ ਨੂੰ ਦੇਖ ਕੇ ਉਨ੍ਹਾਂ ਦੇ ਬਾਪ ਨੂੰ ਅਕਸਰ ਗੁੱਸਾ ਚੜ੍ਹ ਜਾਂਦਾ ਪਰ ਸੋਭਾ ਸਿੰਘ ਆਪਣੇ ਕੰਮ ਤੇ ਲੱਗੇ ਰਹੇ । ਬਾਪ ਇਹ ਸੋਚਦਾ ਰਹਿੰਦਾ ਸੀ ਕਿ ਉਸ ਨੇ ਵੱਡੇ ਤੋਂ ਵੱਡੇ ਅੜੀਅਲ ਘੋੜੇ ਸਿੱਧੇ ਕਰ ਦਿੱਤੇ ਪਰ ਇਹ ਮੁੰਡਾ ਹੱਥ ਨਹੀਂ ਆ ਰਿਹਾ ।
ਬਚਪਨ ਦੀਆਂ ਸ਼ਰਾਰਤਾਂ ਨੇ ਅਪੰਗ ਬਣਾ ਦਿੱਤਾ ਪਰ ਸੱਚੀ ਲਗਨ ਸਦਕਾ ਚਿੱਤਰਕਾਰ ਬਣ ਗਏ । ਕੁਝ ਚਿਰ ਫੌਜ ਦੀ ਨੌਕਰੀ ਡਰਾਫ਼ਟਸਮੈਨ ਦੇ ਤੌਰ ‘ਤੇ ਕੀਤੀ ਅਤੇ ਬਗ਼ਦਾਦ ਜਾਣਾ ਪਿਆ ਤੇ ਫਿਰ ਵਾਪਸ ਆ ਕੇ ਅੰਮ੍ਰਿਤਸਰ ਵਿਚ ਆਪਣਾ ਸਟੂਡੀਓ ਖੋਲ੍ਹ ਲਿਆ । ਅੰਮ੍ਰਿਤਸਰ ਤੋਂ ਲਾਹੌਰ, ਲਾਹੌਰ ਤੋਂ ਦਿੱਲੀ ਤੇ ਫਿਰ ਅੰਬਾਲਾ ਛਾਉਣੀ ।
ਰੌਲਿਆਂ ਵੇਲੇ ਸਭ ਕੁਝ ਲਾਹੌਰ ਛੱਡ ਕੇ ਅੰਦਰੇਟੇ ਆ ਗਏ । ਦੋ ਕਨਾਲ ਜ਼ਮੀਨ ਖਰੀਦੀ ਤੇ ਫਿਰ ਦਿੱਲੀ ਕੁਝ ਕਮਾਉਣ ਲਈ ਚਲੇ ਗਏ । ਦਿੱਲੀ ਰਹਿ ਕੇ ਰੇਲਵੇ ਵਾਸਤੇ ਪੋਸਟਰ ਤਿਆਰ ਕੀਤੇ ਤੇ ਇਸੇ ਦੌਰਾਨ ਡਾ. ਐਮ. ਐਸ. ਰੰਧਾਵਾ ਦੇ ਸੰਪਰਕ ‘ਚ ਆਏ ਜਿਨ੍ਹਾਂ ਨੇ ਅੰਬਾਲਾ ਛਾਉਣੀ ਵਿਚ ਇਨ੍ਹਾਂ ਦੇ ਚਿਤਰਾਂ ਦੀ ਨੁਮਾਇਸ਼ ਕਰਵਾਈ ਤੇ ਚਿੱਤਰ ਵਿਕਵਾਏ । ਜਿਸ ਨਾਲ ਅੰਦਰੇਟੇ ਵਾਲਾ ਸਟੂਡੀਓ ਤਿਆਰ ਹੋਇਆ। ਇਨ੍ਹਾਂ ਦੇ ਕਦਰਦਾਨਾਂ ਵਿਚ ਡਾਕਟਰ ਕਰਨ ਸਿੰਘ, ਜੰਮੂ ਕਸ਼ਮੀਰ ਵਾਲੇ ਵੀ ਹਨ ।
ਕੁਝ ਆਲੋਚਕਾਂ ਦਾ ਕਹਿਣਾ ਹੈ ਕਿ ਸੋਭਾ ਸਿੰਘ ਦੀਆਂ ਪੇਂਟਿੰਗਜ਼, ਕੈਮਰੇ ਨਾਲ ਖਿੱਚੀਆਂ ਤਸਵੀਰਾਂ ਲਗਦੀਆਂ ਹਨ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਆਲੋਚਕਾਂ ਨੂੰ ਇਸ ਕਲਾ ਵਿਚ ਉਹ ਪਿਆਰ, ਉਹ ਰੂਹਾਨੀਅਤ ਨਜ਼ਰ ਨਹੀਂ ਆਉਂਦੀ ।

ਵਣਰਿਸ਼ੀ ਚਿੱਤਰਕਾਰ ਸੋਭਾ ਸਿੰਘ ਸੁਖਦੇਵ ਸਿੰਘ ਰਤਨ

ਮੈਂ ਸਾਰੀ ਉਮਰ ਭਾਰਤੀ ਸੈਨਾ ਦੀ ਨੌਕਰੀ ਦੇ ਸਿਲਸਿਲੇ ਵਿਚ ਲਗਪਗ ਸਾਰੇ ਭਾਰਤ ਦੇ ਵੱਡੇ ਵੱਡੇ ਸ਼ਹਿਰਾਂ ਵਿਚ ਰਿਹਾ ਹਾਂ। ਨੌਕਰੀ ਦੇ ਆਖਰੀ ਦਸ ਕੁ ਵਰ੍ਹੇ ਮੈਂ ਪੰਜਾਬ, ਕਸ਼ਮੀਰ ਤੇ ਹਿਮਾਚਲ ਦੇ ਸ਼ਹਿਰਾਂ ਵਿਚ ਬਿਤਾਏ । ਇਨ੍ਹਾਂ ਨੂੰ ਮੈਂ ਆਪਣੀ ਜ਼ਿੰਦਗੀ ਦੇ ਸੁਨਹਿਰੀ ਸਾਲ ਗਿਣਦਾ ਹਾਂ । ਪਰ ਸਭ ਤੋਂ ਵਧੀਆ ਪੰਜ ਸਾਲ ਹਿਮਾਚਲ ਦੀ ਧਰਤੀ ਯੋਲ ਕੈਂਟ ਨਾਂ ਦੇ ਸ਼ਹਿਰ ਦੇ ਸ਼ਾਂਤਮਈ ਮਹੌਲ ਵਿਚ ਬਿਤਾਏ ਸਾਲ ਹਨ । ਇਥੋਂ ਹੀ ਥੋੜ੍ਹੀ ਦੂਰ ਧਰਮਸ਼ਾਲਾ ਆਮ ਤੌਰ ਤੇ ਆਈਦਾ, ਜਾਈਦਾ ਸੀ । ਅੱਗੇ ਥੋੜ੍ਹੀ ਦੂਰ ਪਾਲਮਪੁਰ ਸ਼ਹਿਰ ਹੈ ਜਿਸ ਦੇ ਨੇੜੇ ਧੌਲਾਧਾਰ ਦੀਆਂ ਪਹਾੜੀਆਂ ਦੇ ਪੈਰਾਂ ਵਿਚ ਵਸਿਆ ਇਕ ਪਿੰਡ ਅੰਦਰੇਟਾ ਹੈ ਜਿਥੇ ਵਣਰਿਸ਼ੀ ਚਿਤਰਕਾਰ ਸਰਦਾਰ ਸੋਭਾ ਸਿੰਘ ਜੀ ਆਪਣੀ ਆਖਰੀ ਉਮਰ ਤੱਕ ਰਹੇ ਹਨ ।
ਮੇਰੇ ਕਮਾਂਡਰ ਸਾਹਿਬ ਦੀ ਇੱਛਾ ਸੀ ਕਿ ਉਥੇ ਜਾ ਕੇ ਵਣਰਿਸ਼ੀ ਦੇ ਦਰਸ਼ਨ ਕੀਤੇ ਜਾਣ । ਪਰ ਸਮਾਂ ਹੀ ਨਹੀਂ ਸੀ ਮਿਲਦਾ । ਇਕ ਵਾਰ ਇਥੇ ਯੋਲ ਕੈਂਟ ਵਿਚ ਸਾਡੇ ਭਾਜੀ ਪੁਰਦਮਨ ਸਿੰਘ ਬੇਦੀ ਹੁਰੀਂ (ਐਡੀਟਰ, ਮੀਰ) ਆ ਗਏ । ਉਨ੍ਹਾਂ ਜ਼ੋਰ ਪਾਇਆ ਕਿ ਅੰਦਰੇਟੇ ਚਲਿਆ ਜਾਵੇ । ਉਹਨੀਂ ਦਿਨੀਂ ਪਾਲਮਪੁਰ ਯੂਨੀਵਰਸਿਟੀ ਵਿਚ ਸਰਦਾਰ ਸੋਭਾ ਸਿੰਘ ਦੇ ਦਾਮਾਦ ਸਰਦਾਰ ਹਰਬੀਰ ਸਿੰਘ ਭੰਵਰ ਲਗੇ ਹੋਏ ਸਨ । ਮੈਂ ਕਮਾਂਡਰ ਸਾਹਿਬ ਨੂੰ ਸਾਰੀ ਗੱਲ ਦੱਸੀ । ਉਹ ਵੀ ਝੱਟ ਤਿਆਰ ਹੋ ਗਏ । ਅਗਲੇ ਦਿਨ ਹੀ ਅਸੀਂ ਤਿੰਨੇ ਜਣੇ ਯੋਲ ਤੋਂ ਪਾਲਮਪੁਰ ਚੱਲ ਪਏ । ਮਾਰਚ ਦਾ ਮਹੀਨਾ ਸੀ । ਮੌਸਮ ਬੜਾ ਸੁਹਾਵਣਾ ਸੀ । ਰਸਤੇ ਵਿਚ ਚੀਲਾਂ ਸ਼ਾਂ ਸ਼ਾਂ ਕਰਦੀਆਂ ਭਰਪੂਰ ਆਨੰਦ ਦੇ ਰਹੀਆਂ ਸਨ । ਸੜਕ ਦੇ ਦੋਵੇਂ ਪਾਸੇ ਕਈ ਕਿਸਮ ਦੇ ਫੁੱਲਾਂ ਲੱਦੇ ਦਰਖਤ ਤੇ ਬੂਟੇ ਸਾਡੀ ਰੂਹ ਨੂੰ ਖੁਸ਼ੀ ਨਾਲ ਭਰਪੂਰ ਕਰ ਰਹੇ ਸਨ । ਉਚੇ ਨੀਵੇਂ ਰਾਹ ਪਾਰ ਕਰਦੇ ਅਸੀਂ ਪਾਲਮਪੁਰ ਪਹੁੰਚ ਗਏ । ਉਥੋਂ ਭੰਵਰ ਸਾਹਿਬ ਨੂੰ ਨਾਲ ਲਿਆ ਤੇ ਧੌਲਾਧਾਰ ਪਹਾੜੀਆਂ ਦੇ ਪੈਰਾਂ ਵਿਚ ਵੱਸੇ ਅੰਦਰੇਟੇ ਦੀ ਮਨਮੋਹਕ ਵਾਦੀ ਵਿਚ ਪਹੁੰਚ ਗਏ । ਰਸਤੇ ਵਿਚ ਦੁੱਧ ਚਿੱਟੇ ਵਾਲਾਂ ਵਾਲੀਆਂ ਭੇਡਾਂ ਦੇ ਇੱਜੜ ਦਿਖਾਈ ਦਿੱਤੇ । ਜਿਨ੍ਹਾਂ ਦੀ ਖੂਬਸੂਰਤੀ ਆਪਣੀ ਹੀ ਸ਼ਾਨ ਨਾਲ ਦਿਖਾਈ ਦੇ ਰਹੀ ਸੀ । ਖੇਤਾਂ ਵਿਚ ਮਰਦ ਔਰਤਾਂ ਕੰਮੀਂ ਰੁੱਝੇ ਨਜ਼ਰ ਆ ਰਹੇ ਸਨ । ਕਿਤੇ ਕਿਤੇ ਸਿਰਫ਼ ਔਰਤਾਂ ਹੀ ਖੇਤਾਂ ਵਿਚ ਕੰਮ ਕਰਦੀਆਂ ਦਿਖਾਈ ਦਿੰਦੀਆਂ ਸਨ ਤੇ ਆਦਮੀ ਹੁੱਕਾ ਪੀ ਰਹੇ ਦਿਖਾਈ ਦਿੰਦੇ ਸਨ । ਭੇਡਾਂ ਬਕਰੀਆਂ ਚਾਰਦੇ ਆਜੜੀ ਕਿਧਰੇ ਕਿਧਰੇ ਬੰਸਰੀ ਵਜਾ ਕੇ ਫ਼ਿਜ਼ਾ ਵਿਚ ਸੰਗੀਤ ਘੋਲ ਰਹੇ ਸਨ ।
ਅੰਦਰੇਟੇ ਪਹੁੰਚਣ ਸਾਰ ਬਾਹਰ ਬਾਹਰ ਹੀ ਸਰਦਾਰ ਸੋਭਾ ਸਿੰਘ ਦੀ ਗੋਲ ਸ਼ਕਲ ਵਿਚ ਸਾਫ਼ ਸੁਖਰੀ ਬਣੀ ਹੋਈ ਕੋਠੀ ਸੀ ਤੇ ਉਸ ਦੇ ਉੱਪਰ ਅੰਗਰੇਜ਼ੀ ਵਿਚ ਗਰੋ ਮੋਰ ਗੁਡ Grow More Good) ਲਿਖਿਆ ਦਿਖਾਈ ਦੇ ਰਿਹਾ ਸੀ । ਇਕ ਕੋਨੇ ਵਿਚ ਪ੍ਰਸਿੱਧ ਕਲਾਕਾਰ ਪ੍ਰਿਥਵੀ ਰਾਜ ਕਪੂਰ ਦਾ ਬੁੱਤ ਲਗਿਆ ਹੋਇਆ ਹੈ ਜਿਸ ਤੋਂ ਇਹ ਅਨੁਭਵ ਹੁੰਦਾ ਹੈ ਕਿ ਇਕ ਮਹਾਨ ਕਲਾਕਾਰ ਨੂੰ ਇਕ ਹੋਰ ਮਹਾਨ ਕਲਾਕਾਰ ਦੀ ਕਿੰਨੀ ਕਦਰ ਹੈ ਤੇ ਕਿੰਨਾ ਪਿਆਰ ਹੈ।
ਖੂਬਸੂਰਤ ਕੋਠੀ ਦਾ ਗੇਟ ਲੰਘ ਕੇ ਅਸੀਂ ਬਰਾਂਡੇ ਵਿਚ ਬੈਠ ਗਏ । ਉਥੇ ਨਾਲ ਹੀ ਲਕੜ ਦੇ ਖੂਬਸੂਰਤ ਵੱਡੇ ਸਾਰੇ ਬਕਸੇ ਵਿਚ ਤਰ੍ਹਾਂ ਤਰ੍ਹਾਂ ਦੇ ਪੰਛੀ ਚਹਿਕ ਰਹੇ ਸਨ । ਖੱਬੇ ਹੱਥ ਚਿਤਰਕਾਰ ਦੀ ਚਿਤਰਸ਼ਾਲਾ ਹੈ ਜਿਸ ਦੇ ਬਾਹਰ ਲਿਖਿਆ ਹੋਇਆ ਹੈ, ਜੁੱਤੀਆਂ ਲਾਹ ਕੇ ਜਾਓ । ਸਾਹਮਣੇ ਉਨ੍ਹਾਂ ਦੀ ਆਰਟ ਗੈਲਰੀ ਹੈ । ਬਰਾਂਡੇ ਅਤੇ ਕੋਠੀ ਦੇ ਗੇਟ ਦੇ ਵਿਚਕਾਰ ਵਿਹੜੇ ਵਿਚ ਇਕ ਗੋਲ ਆਕਾਰ ਦਾ ਤਲਾਅ ਹੈ, ਜਿਸ ਵਿਚ ਇਕ ਚਬੂਤਰੇ ਤੇ ਬੈਠੇ ਹੋਏ ਹਿਰਨ ਦਾ ਬੁੱਤ ਲਗਿਆ ਹੋਇਆ ਹੈ। ਵਿਹੜੇ ਵਿਚ ਤੇ ਕੋਠੀ ਦੇ ਵਿਚ ਚਾਰੇ ਪਾਸੇ ਫੁੱਲਾਂ ਦੇ ਬੂਟੇ ਤੇ ਦਰਖਤ ਆਦਿ ਹਨ । ਅੰਬਾਂ ਤੇ ਲੀਚੀਆਂ ਦੇ ਦਰਖਤ ਵੀ ਲੱਗੇ ਹੋਏ ਹਨ। ਕੋਠੀ ਦੇ ਪਿਛਲੇ ਪਾਸੇ ਵਲੈਤੀ ਗਊ ਬੰਨ੍ਹੀ ਹੋਈ ਤੇ ਕਾਰ ਦਾ ਗੈਰਜ ਹੈ । ਉਪਰ ਬਹੁਤ ਵੱਡਾ ਕਮਰਾ ਹੈ ਜੋ ਆਏ ਗਏ ਲਈ ਸਦਾ ਖੁਲ੍ਹਾ ਰਹਿੰਦਾ ਹੈ । ਬਰਾਂਡੇ ਵਿਚ ਹੀ ਉਨ੍ਹਾਂ ਦੇ ਬਣਾਏ ਕਈ ਪੋਰਟਰੇਟ ਲਗੇ ਹੋਏ ਹਨ ਜਿਨ੍ਹਾਂ ਵਿਚ ਇਕ ਅੰਮ੍ਰਿਤਾ ਪ੍ਰੀਤਮ ਦਾ ਸੀ । ਚਿੱਤਰਕਾਰ ਨੇ ਅੰਮ੍ਰਿਤਾ ਨੂੰ ਇਸ ਤਰ੍ਹਾਂ ਦਾ ਲਿਬਾਸ ਪਹਿਨਾਇਆ ਹੋਇਆ ਸੀ, ਜਿਵੇਂ ਕਿ ਉਹ ਪੂਰੀ ਤਰ੍ਹਾਂ ਪੰਜਾਬਣ ਹੀ ਲਗ ਰਹੀ ਸੀ ।
ਸਾਡੇ ਉਥੇ ਪਹੁੰਚਣ ਦਾ ਸਰਦਾਰ ਜੀ ਨੂੰ ਪਤਾ ਲਗ ਚੁੱਕਾ ਸੀ ਤੇ ਉਹ ਸਾਨੂੰ ਮਿਲਣ ਲਈ ਆਪਣੀ ਚਿਤਰਸ਼ਾਲਾ ਵਿਚੋਂ ਬਾਹਰ ਆਏ । ਉਨ੍ਹਾਂ ਦੇ ਹੁਸੀਨ ਚਿਹਰੇ, ਚਿੱਟੇ ਵਾਲ ਤੇ ਬਿਸਕੁਟੀ ਰੰਗ ਦੇ ਲਿਬਾਸ ਨੇ ਸਾਨੂੰ ਇਹ ਅਨੁਭਵ ਕਰਵਾ ਦਿੱਤਾ ਕਿ ਕਲਾਕਾਰ ਤਾਂ ਇਕ ਵਣਰਿਸ਼ੀ ਹੈ । ਅਸੀਂ ਉਨ੍ਹਾਂ ਦੇ ਮਾਣ ਵਿਚ ਉਠ ਖਲੋਤੇ । ਉਹ ਖੁਸ਼ ਹੋ ਕੇ ਕਹਿ ਰਹੇ ਸਨ, “ਬੜੀ ਖੁਸ਼ੀ ਹੋਈ ਹੈ ਤੁਹਾਨੂੰ ਮਿਲ ਕੇ । ਤੁਸੀਂ ਖੜ੍ਹੇ ਕਿਉਂ ਹੋ ਗਏ ? ਬੈਠ ਜਾਵੋ । ਮੈਂ ਵੀ ਤੁਹਾਡੇ ਵਰਗਾ ਹਾਂ । ਤੁਸੀਂ ਤਾਂ ਸਾਡੇ ਦੇਸ਼ ਦੀਆਂ ਸਰਹੱਦਾਂ ਦੇ ਰਾਖੇ ਹੋ।” ਏਨੇ ਨੂੰ ਉਨ੍ਹਾਂ ਦੀ ਸਪੁੱਤਰੀ ਬੀਬੀ ਗੁਰਚਰਨ ਕੌਰ ਸਾਡੇ ਸਭਨਾਂ ਲਈ ਕਾਫੀ ਲੈ ਕੇ ਆ ਗਈ । ਬਰਾਂਡੇ ਵਿਚ ਉਨ੍ਹਾਂ ਦੇ ਬਣਾਏ ਹੋਏ ਫੁੱਲਾਂ ਦੇ ਕਈ ਕਿਸਮ ਦੇ ਚਿਤਰ ਲਗੇ ਹੋਏ ਸਨ । ਸਰਦਾਰ ਜੀ ਨੇ ਦੱਸਿਆ, “ਇਹ ਬੀਬੀ ਵੀ ਹੁਣ ਚਿਤਰਕਾਰ ਬਣ ਗਈ ਹੈ । ਮੇਰੀ ਇੱਛਾ ਹੈ ਕਿ ਇਹ ਵੀ ਆਪਣੇ ਘਰ ਦੇ ਕੰਮਾਂ ਵਿਚੋਂ ਸਮਾਂ ਕੱਢ ਕੇ ਪੇਂਟਿੰਗ ਕਰਿਆ ਕਰੇ ।”
ਅਸੀਂ ਉਥੇ ਹੀ ਕੁਝ ਸਮਾਂ ਬੈਠ ਕੇ ਕਾਫ਼ੀ ਦਾ ਆਨੰਦ ਮਾਣਦੇ ਰਹੇ ਤੇ ਨਾਲ ਨਾਲ ਸਰਦਾਰ ਜੀ ਨਾਲ ਗੱਲਾਂ ਕਰਦੇ ਗਏ । ਹੁਣ ਤਾਂ ਉਹ ਵੀ ਸਾਡੇ ਨਾਲ ਘੁਲ ਮਿਲ ਗਏ ਸਨ ਤੇ ਆਪਣੇ ਅੰਦਾਜ਼ ਵਿਚ ਹਸਾਉਣੀਆਂ ਗੱਲਾਂ ਕਰਦੇ ਰਹੇ । ਅਸੀਂ ਉਨ੍ਹਾਂ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਹੇ ਸੀ । ਸਾਨੂੰ ਬੜਾ ਆਨੰਦ ਆ ਰਿਹਾ ਸੀ ਤੇ ਨਾਲ ਸਾਡੇ ਹਿਰਦੇ ਮੁਗਧ ਹੋ ਰਹੇ ਸਨ ਕਿ ਅਸੀਂ ਇਕ ਸੰਸਾਰ ਪ੍ਰਸਿਧ ਕਲਾਕਾਰ ਦਾ ਸਾਥ ਮਾਣ ਰਹੇ ਹਾਂ ।
ਮੈਂ ਉਨ੍ਹਾਂ ਨੂੰ ਕਿਹਾ, “ਦਾਰ ਜੀ ! ਅਸੀਂ ਖਿਮਾਂ ਮੰਗਦੇ ਹਾਂ ਕਿ ਤੁਹਾਡੇ ਪਾਸੋਂ ਆਉਣ ਤੋਂ ਪਹਿਲਾਂ ਵਕਤ ਨਹੀਂ ਲਿਆ ।”
ਉਹ ਕਹਿ ਰਹੇ ਸਨ, “ਖਈ ਤੁਸੀਂ ਐਡੀ ਦੂਰੋਂ ਮਿਲਣ ਆਏ ਹੋ, ਇਸ ਤੋਂ ਵੱਧ ਮੈਨੂੰ ਕੀ ਖੁਸ਼ੀ ਹੋ ਸਕਦੀ ਹੈ । ਤੁਸੀਂ ਤਾਂ ਵਕਤ ਦਾ ਮੁੱਲ ਪਹਿਲਾਂ ਹੀ ਦੇ ਦਿੱਤਾ ਹੈ। ਜੀ ਆਇਆਂ ਨੂੰ । ਰਾਹ ਵਿਚ ਕੋਈ ਤਕਲੀਫ ਤਾਂ ਨਹੀਂ ਹੋਈ । ਇਥੇ ਆ ਕੇ ਕੋਈ ਆਨੰਦ ਮਹਿਸੂਸ ਕੀਤਾ ਹੈ ਕਿ ਨਹੀਂ ?”
ਅਸੀਂ ਤਾਂ ਬਹੁਤ ਹੀ ਖੁਸ਼ ਸੀ । ਅਸੀਂ ਕਿਹਾ, “ਸਾਨੂੰ ਤਾਂ ਤੁਹਾਨੂੰ ਮਿਲ ਕੇ, ਤੁਹਾਡੇ ਦਰਸ਼ਨ ਕਰਕੇ ਤੁਹਾਡਾ ਆਦਰ ਮਾਨ ਦੇਖ ਕੇ ਬਹੁਤ ਹੀ ਆਨੰਦ ਤੇ ਖੁਸ਼ੀ ਮਿਲੀ ਹੈ । ਉਹ ਆਨੰਦ ਤੇ ਖੁਸ਼ੀ ਜੋ ਕਦੀ ਵੀ ਨਹੀਂ ਮਿਲ ਸਕਦੀ ।”
ਉਸ ਤੋਂ ਬਾਅਦ ਅਸੀਂ ਉਨ੍ਹਾਂ ਦੀ ਆਰਟ ਗੈਲਰੀ ਦੇਖੀ। ਜਿਸ ਵਿਚ ਸਿੱਖ ਗੁਰੂਆਂ ਦੀਆਂ ਪੇਂਟਿੰਗਜ਼ ਨੇ ਸਾਨੂੰ ਬਹੁਤ ਪ੍ਰਭਾਵਿਤ ਕੀਤਾ। ਸੋਹਣੀ ਮਹੀਂਵਾਲ ਦਾ ਨਵਾਂ ਚਿੱਤਰ ਦੇਖ ਕੇ ਅਸੀਂ ਖਿਆਲ ਕੀਤਾ ਕਿ ਇਥੇ ਹੀ ਸਾਰਾ ਆਰਟ ਖਤਮ ਹੈ । ਛੇਵੇਂ ਪਾਤਸ਼ਾਹ ਦਾ ਚਿੱਤਰ ਤਾਂ ਅਸੀਂ ਕਿੰਨਾ ਚਿਰ ਹੀ ਦੇਖਦੇ ਰਹੇ । ਹੀਰ ਰਾਂਝਾ, ਸੱਸੀ ਪੁੰਨੂ ਦੇ ਚਿੱਤਰ ਵੀ ਸਾਡਾ ਧਿਆਨ ਖਿਚ ਰਹੇ ਸਨ । ਸ਼ਹੀਦ ਭਗਤ ਸਿੰਘ ਦਾ ਚਿੱਤਰ ਬਹੁਤ ਸੁੰਦਰ ਪੇਜ ਵਿਚ ਬਣਿਆ ਹੋਇਆ ਸੀ । ਗੈਲਰੀ ਵਿਚ ਉਨ੍ਹਾਂ ਦੀਆਂ ਹੋਰ ਵੀ ਪੇਂਟਿੰਗਜ਼ ਸਨ ।
ਫਿਰ ਅਸੀਂ ਉਨ੍ਹਾਂ ਨੂੰ ਚਿਤਰਸ਼ਾਲਾ ਵਿਚ ਚਿਤਰ ਬਣਾਉਂਦਿਆਂ ਨੂੰ ਦੇਖਿਆ । ਉਨ੍ਹਾਂ ਨੇ ਸਾਨੂੰ ਇਸ਼ਾਰੇ ਨਾਲ ਹੀ ਬੈਠ ਜਾਣ ਲਈ ਕਿਹਾ । ਮੈਂ ਉਨ੍ਹਾਂ ਤੋਂ ਕੁਝ ਉਨ੍ਹਾਂ ਬਾਰੇ ਸੁਣਨਾ ਚਾਹੁੰਦਾ ਸੀ, ਇਸ ਲਈ ਮੈਂ ਕਾਹਲੀ ਕਾਹਲੀ ਉਨ੍ਹਾਂ ਦੀਆਂ ਕਈ ਤਸਵੀਰਾਂ ਖਿਚੀਆਂ। ਉਹ ਪੁੱਛਣ ਲਗੇ, “ਇਹ ਕੁਝ ਕਦੋਂ ਕੁ ਦੇ ਕਰ ਰਹੇ ਹੋ ? ਕੀ ਤੁਸੀਂ ਫੋਟੋਗ੍ਰਾਫਰ ਹੀ ਹੋ ? ਜਾਪਦਾ ਤਾਂ ਇਸੇ ਤਰ੍ਹਾਂ ਹੀ ਹੈ ।”
ਮੈਂ ਬੜੀ ਨਿਮਰਤਾ ਨਾਲ ਉੱਤਰ ਦਿੱਤਾ, “ਨਹੀਂ ਇਹ ਮੇਰਾ ਸ਼ੌਕ ਹੀ ਹੈ। ਮੈਂ ਤਾਂ ਭਾਰਤੀ ਸੈਨਾ ਵਿਚ ਦਫ਼ਤਰੀ ਕੰਮ ਕਰਦਾ ਹਾਂ ।”
ਉਹ ਬੋਲੇ, “ਜੇ ਇਹ ਸ਼ੌਕ ਹੀ ਹੈ ਤਾਂ ਤੁਹਾਡਾ ਸ਼ੌਕ ਬਹੁਤ ਵਧੀਆ ਹੈ ਤੇ ਸੁਲਝਿਆ ਹੋਇਆ ਸ਼ੌਕ ਹੈ ਇਸ ਨੂੰ ਜਾਰੀ ਰੱਖੋ ।”
ਬੇਦੀ ਭਾਜੀ ਨੇ ਉਨ੍ਹਾਂ ਨੂੰ ਕਲਾ ਤੇ ਜ਼ਿੰਦਗੀ ਬਾਰੇ ਸਵਾਲ ਕੀਤੇ ਤਾਂ ਉਹ ਕਹਿਣ ਲਗੇ, “ਕਲਾ ਤੇ ਜ਼ਿੰਦਗੀ ਦੋਵੇਂ ਇੱਕ ਹੀ ਚੀਜ਼ ਹਨ । ਇਨ੍ਹਾਂ ਦਾ ਸੰਬੰਧ ਬਹੁਤ ਤਕੜਾ ਸੰਬੰਧ ਹੈ । ਕਲਾਕਾਰ ਨੂੰ ਬਹੁਤ ਸਿਆਣਾ ਹੋਣਾ ਚਾਹੀਦਾ ਹੈ ਤੇ ਸਿਆਣਪ ਨਾਲ ਹੀ ਉਹ ਚੰਗੀ ਜ਼ਿੰਦਗੀ ਜਿਊਂ ਸਕਦਾ ਹੈ । ਕਲਾਕਾਰ ਕੋਲ ਸਹਿਣ ਸ਼ਕਤੀ ਕਾਫੀ ਹੋਣੀ ਚਾਹੀਦੀ ਹੈ । ਲੋਕਾਂ ਤੋਂ ਕੁਝ ਸਿਖਣਾ ਚਾਹੀਦਾ ਹੈ । ਲੋਕਾਂ ਦੀਆਂ ਕੌੜੀਆਂ ਗੱਲਾਂ ਵੀ ਸੁਣਨੀਆਂ ਚਾਹੀਦੀਆਂ ਹਨ । ਈਸਾ ਨੂੰ ਜਦੋਂ ਸੂਲੀ ਤੇ ਚੜ੍ਹਾਇਆ ਜਾਣ ਲਗਾ ਤਾਂ ਉਹ ਕਹਿਣ ਲੱਗਾ, ‘ਰੱਬਾ ਇਨ੍ਹਾਂ ਨੂੰ ਮਾਫ ਕਰ ਦੇਵੀਂ- ਇਹ ਬੇਸਮਝ ਹਨ ।’ ਇਸ ਤਰ੍ਹਾਂ ਜੇ ਕੋਈ ਤੁਹਾਨੂੰ ਜਾਂ ਤੁਹਾਡੀ ਕਲਾ ਨੂੰ ਨਹੀਂ ਸਮਝਦਾ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਨਾਰਾਜ਼ ਹੋ ਜਾਵੋ ਜਾਂ ਉਸਦੀ ਬੇਅਰਥ ਨੁਕਤਾਚੀਨੀ ਤੋਂ ਪਰੇਸ਼ਾਨ ਹੋ ਜਾਵੋ ।”
ਇਸ ਤਰ੍ਹਾਂ ਕਲਾਕਾਰ ਦੀ ਅੱਖ ਬਾਰੇ ਉਹ ਬਹੁਤ ਕੁਝ ਦੱਸ ਰਹੇ ਸਨ, ਪਰ ਮੈਂ ਹੋਰ ਵੀ ਬਹੁਤ ਕੁਝ ਪੁਛਣਾ ਚਾਹੁੰਦਾ ਸੀ । ਮੈਂ ਉਨ੍ਹਾਂ ਦੀ ਗੱਲ ਦੇ ਸੰਦਰਭ ਵਿਚ ਹੀ ਪੁਛਿਆ, “ਕੀ ਤੁਹਾਨੂੰ ਇਹ ਥਾਂ ਬਹੁਤ ਪਸੰਦ ਹੈ ?”
“ਇਹ ਥਾਂ ਮੈਨੂੰ ਵਾਕਈ ਬਹੁਤ ਪਸੰਦ ਆਈ ਹੈ । ਇਸੇ ਲਈ ਹੀ ਇਥੇ ਉਜਾੜ ਵਿਚ ਮੈਂ ਆ ਕੇ ਰਹਿਣ ਲਗਿਆ ਹਾਂ । ਤੁਸੀਂ ਬਾਹਰ ਜਾ ਕੇ ਦੇਖੋ ਕਿ ਔਹ ਨੋਰ੍ਹਾ ਰਿਚਰਡਜ਼ ਦੇ ਘਰ ਨੂੰ ਰਾਹ ਜਾਂਦਾ ਹੈ । ਉਹ ਹੋਰ ਵੀ ਜੰਗਲ ਵਿਚ ਰਹਿ ਰਹੀ ਹੈ । ਥਾਵਾਂ ਦੀ ਵੱਖ ਵੱਖ ਵਿਸ਼ੇਸ਼ਤਾ ਹੁੰਦੀ ਹੈ । ਕਿਸੇ ਨੂੰ ਕੋਈ ਥਾਂ ਕਿਵੇਂ ਚੰਗੀ ਲਗਦੀ ਹੈ ਕਿਸੇ ਨੂੰ ਕਿਵੇਂ । ਹਰ ਇਕ ਦੀ ਆਪਣੀ ਦ੍ਰਿਸ਼ਟੀ ਹੁੰਦੀ ਹੈ ।”
“ਸਰਦਾਰ ਜੀ ! ਤੁਸੀਂ ਆਪਣੀ ਚਿਤਰਕਲਾ ਦਾ ਪਹਿਲਾ ਕੰਮ ਕਦੋਂ ਸ਼ੁਰੂ ਕੀਤਾ ਅਰਥਾਤ ਤੁਸੀਂ ਕਦੋਂ ਤੋਂ ਚਿੱਤਰ ਰਹੇ ਹੋ ?”
“ਮੈਂ ਬਚਪਨ ਤੋਂ ਹੀ ਚਿੱਤਰ ਵਾਹੁਣ ਲਗ ਪਿਆ ਸੀ । ਛੋਟੇ ਹੁੰਦਿਆਂ ਹੀ ਜਦੋਂ ਪੜ੍ਹਦਾ ਸੀ ਤਾਂ ਆਪਣੀਆਂ ਕਿਤਾਬਾਂ ਵਿਚਲੀਆਂ ਤਸਵੀਰਾਂ ਨੂੰ ਬੜੇ ਧਿਆਨ ਨਾਲ ਦੇਖਦਾ ਹੁੰਦਾ ਸੀ । ਮੇਰਾ ਜੀਅ ਕਰਦਾ ਸੀ ਕਿ ਮੈਂ ਇਸ ਤਰ੍ਹਾਂ ਦੀਆਂ ਤਸਵੀਰਾਂ ਬਣਾਵਾਂ । ਪਰ ਮੈਂ ਡਰਾਫਸਮੈਨ ਦੀ ਨੌਕਰੀ ਵੇਲੇ ਹੀ ਕੁਝ ਚਿੱਤਰ ਉਲੀਕਣ ਲਗ ਪਿਆ ਸੀ ਤੇ ਤਸਵੀਰਾਂ ਦੇਖ ਦੇਖ ਕੇ ਵਾਹ ਲਿਆ ਕਰਦਾ ਸੀ । ਉਨ੍ਹਾਂ ਨੂੰ ਦੇਖਣ ਵਾਲੇ ਮੈਨੂੰ ਖੂਬ ਸ਼ਾਬਾਸ਼ ਦਿੰਦੇ । ਸ਼ਾਇਦ 1925 ਦੀ ਗੱਲ ਹੈ ਜਾਂ 1924 ਦੀ। ਲਾਹੌਰ ਮੇਰੇ ਨਿੱਕੇ ਜਿਹੇ ਸਟੂਡੀਓ ਵਿਚ ਗਿਆਨੀ ਹੀਰਾ ਸਿੰਘ ਦਰਦ ਆਏ ਤੇ ਉਨ੍ਹਾਂ ਦੇ ਕਹਿਣ ਤੇ ਮੈਂ ‘ਫੁਲਵਾੜੀ’ ਲਈ ਟਾਈਟਲ ਬਣਾਇਆ ਸੀ । ਉਨ੍ਹਾਂ ਨੇ ਮੈਨੂੰ ਉਤਸ਼ਾਹ ਦਿਤਾ ਤੇ ਮੈਂ ਹੋਰ ਵੀ ਬਹੁਤ ਸਾਰੀਆਂ ਪੇਂਟਿੰਗਜ਼ ਬਣਾਈਆਂ ।”
ਉਤਸ਼ਾਹ ਤੋਂ ਇਕ ਸਵਾਲ ਮਨ ਵਿਚ ਆ ਗਿਆ ਹੈ, “ਤੁਹਾਨੂੰ ਕਿਸ ਚੀਜ਼ ਨੇ ਜਾਂ ਇੰਞ ਕਹਿ ਲਵੋ ਕਿ ਕਿਸ ਚਿਤਰਕਾਰ ਨੇ ਪ੍ਰਭਾਵਿਤ ਕੀਤਾ ?”
ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਮਾਈਕਲਐਂਜਲੋ ਨੇ ਕੀਤਾ । ਥੋੜ੍ਹਾ ਥੋੜ੍ਹਾ ਲਾਰਡ ਲਿਟਨ ਤੇ ਥੋਰੇ ਨੇ ਵੀ । ਪਰ ਸਭ ਤੋਂ ਵੱਧ ਪਸੰਦ ਮੈਨੂੰ ਮਾਈਕਲਐਂਜਲੋ ਹੀ ਹੈ ।”
“ਭਾਰਤੀ ਚਿਤਰਕਾਰਾਂ ਵਿਚ ਤੁਹਾਨੂੰ ਸਭ ਤੋਂ ਵੱਧ ਕਿਹੜਾ ਪਸੰਦ ਹੈ ?”
“ਆਪਣੇ ਆਪਣੇ ਖੇਤਰ ਵਿਚ ਸਾਰੇ ਹੀ ਚੰਗੇ ਹਨ । ਕੁਝ ਚਿਤਰਕਾਰ ਮੈਨੂੰ ਬਹੁਤ ਚੰਗੇ ਲਗੇ ਹਨ । ਉਨ੍ਹਾਂ ਦਾ ਕੰਮ ਬੜਾ ਉੱਚ ਪਾਏ ਦਾ ਹੈ । ਪਰ ਵਧੇਰੇ ਕਰਕੇ ਕਮਰਸ਼ਲ ਹਨ । ਉਹ ਉਚੇ ਖਿਆਲ ਨਹੀਂ ਚਿਤਰਦੇ ।”
ਇਸੇ ਖਿਆਲ ਨੂੰ ਵਿਸਥਾਰ ਨਾਲ ਦੱਸਦਿਆਂ ਉਹ ਕਹਿਣ ਲਗੇ, “ਪੈਸਿਆਂ ਤੇ ਪ੍ਰਸਿੱਧੀ ਨੂੰ ਮੁੱਖ ਰਖ ਕੇ ਕੰਮ ਕਰਨ ਦੇ ਕਾਰਨ ਜ਼ਿੰਦਗੀ ਦਾ ਵਿਕਾਸ ਰੁੱਕ ਗਿਆ ਹੈ ਤੇ ਕਲਾ ਵਿਚੋਂ ਕੋਮਲਤਾ ਖਤਮ ਹੁੰਦੀ ਜਾ ਰਹੀ ਹੈ । ਕਲਾਕਾਰਾਂ ਦੇ ਵਿਚ ਹਰ ਕਿਸਮ ਦੀ ਲਾਲਸਾ ਵੱਧ ਗਈ ਹੈ । ਨਿਰਾਸ਼ਾਵਾਦੀ ਵਿਨਾਸ਼ ਨੂੰ ਚਿਤਰਨਾ ਮੈਂ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ ਸਮਝਦਾ । ਇਕ ਵਾਰੀ ਬਲਰਾਜ ਸਾਹਣੀ ਹੁਰੀਂ ਮੈਨੂੰ ਕਹਿਣ ਲਗੇ ਕਿ ਮੈਂ ਜ਼ਿੰਦਗੀ ਦਾ ਦੁਖਾਂਤ ਕਿਉਂ ਨਹੀਂ ਚਿਤਰਦਾ । ਮੇਰਾ ਉੱਤਰ ਸਪਸ਼ਟ ਸੀ ਕਿ ਨਿਰਾਸ਼ਾ ਜਾਂ ਦੁਖਾਂਤ ਜ਼ਿੰਦਗੀ ਵਿਚ ਪਹਿਲਾਂ ਵਧੇਰੇ ਹੈ । ਮੈਂ ਉਸ ਦੁਖਾਂਤ ਨੂੰ ਚਿੱਤਰਾਂ ਤੇ ਅਮੀਰ ਖਰੀਦ ਕੇ ਆਪਣੇ ਕਮਰਿਆਂ ਦਾ ਸ਼ਿੰਗਾਰ ਬਣਾਉਣ । ਮੈਂ ਦੇਖਦਾ ਹਾਂ ਕਿ ਅੱਜ ਜੋ ਕੁਝ ਚਿੱਤਰਿਆ ਜਾ ਰਿਹਾ ਹੈ, ਉਹ ਨਾਮ, ਦਾਮ ਤੇ ਕਾਮ ਲਈ ਬਣਾਇਆ ਜਾ ਰਿਹਾ ਹੈ । ਵਿਕਾਸ ਰੁਕ ਗਿਆ ਹੈ ਤੇ ਜਮੂਦ ਆ ਗਿਆ ਹੈ । ਸਾਡੀ ਕੋਸ਼ਿਸ਼ ਇਹੋ ਹੋਣੀ ਚਾਹੀਦੀ ਹੈ ਕਿ ਜੋ ਅੱਖ ਸਾਡੀ ਦੱਬ ਗਈ ਹੈ, ਜੋ ਨਿਸ਼ਾਨਾ ਅਸੀਂ ਖੋ ਬੈਠੇ ਹਾਂ, ਉਸ ਨੂੰ ਮੁੜ ਕੇ ਅੱਗੇ ਲਿਆਂਦਾ ਜਾਵੇ । ਸਾਨੂੰ ਪਾਕਿਸਤਾਨ ਦੇ ਇਕ ਚਿੱਤਰਕਾਰ ਅਬਦੁਲ ਰਹਿਮਾਨ ਚੁਗਤਾਈ ਦੇ ਕੀਤੇ ਯਤਨਾਂ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ । ਉਨ੍ਹਾਂ ਨੇ ਮੁਗਲ ਸਟਾਈਲ ਨੂੰ ਆਪਣੇ ਹਿਸਾਬ ਨਾਲ ਸੋਧ ਕੇ ਸਾਡੇ ਸਾਹਮਣੇ ਲਿਆਂਦਾ ਹੈ । ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਦੀ ਕੌਮ ਵਿਚ ਆਪਣੀ ਭਰੱਪਣ ਬਹੁਤ ਹੈ ਜੋ ਸਾਡੇ ਵਿਚ ਨਹੀਂ ਹੈ । ਇਸੇ ਭਰੱਪਣ ਕਰਕੇ ਉਨ੍ਹਾਂ ਨੇ ਇਕਬਾਲ ਨੂੰ ਮਹਾਨ ਸ਼ਾਇਰ ਬਣਾ ਦਿੱਤਾ ਹੈ । ਮਿਰਜ਼ਾ ਗਾਲਿਬ ਨੂੰ ਵੀ ਉਨ੍ਹਾਂ ਨੇ ਬੜੀ ਮਿਹਨਤ ਨਾਲ ਚਿਤਰਿਆ ਹੈ । ਉਨ੍ਹਾਂ ਦੇ ਵਤਨੀਆਂ ਨੇ ਉਨ੍ਹਾਂ ਨੂੰ ਬਹੁਤ ਮਾਣ ਦਿੱਤਾ ਹੈ । ਇਸ ਤਰ੍ਹਾਂ ਚੁਗਤਾਈ ਸਕੂਲ ਆਫ਼ ਆਰਟ ਨਾਲ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਤੇ ਉਹ ਪ੍ਰਸਿੱਧ ਹੋ ਗਏ । ਵੈਸੇ ਉਨ੍ਹਾਂ ਦੀ ਕਲਾ ਵਿਚ ਜਾਪਾਨੀ ਚਿੱਤਰਕਲਾ ਵਾਲੀ ਸੁੰਦਰਤਾ ਵੀ ਹੈ ।”
ਸਰਦਾਰ ਜੀ ਸੁੰਦਰਤਾ ਦੇ ਬਹੁਤ ਵੱਡੇ ਆਸ਼ਕ ਸਨ । ਉਨ੍ਹਾਂ ਨੇ ਹਰ ਮਾੜੀ ਚੀਜ਼ ਨੂੰ ਸੁੰਦਰ ਬਣਾ ਨਹੀਂ ਸਨ ਰਖਦੇ । ਕਿਸੇ ਨੇ ਕੋਈ ਵਧੀਕੀ ਉਨ੍ਹਾਂ ਨਾਲ ਕੀਤੀ, ਉਹ ਵੀ ਭੁੱਲ ਜਾਂਦੇ ਤੇ ਉਹ ਹਰ ਨਵੀਂ ਮਿਲਣੀ ਵਿਚ ਉਸ ਨੂੰ ਬੜੇ ਪਿਆਰ ਨਾਲ ਸਗੋਂ ਹੋਰ ਵੀ ਵਧੇਰੀ ਨੇੜਤਾ ਨਾਲ ਮਿਲਦੇ । ਸਾਰੀ ਉਮਰ ਉਹ ਸੁਆਰਥ ਤੋਂ ਦੂਰ ਹੀ ਰਹੇ । ਕਦੇ ਉਨ੍ਹਾਂ ਨੇ ਸਰਕਾਰੀ ਸਰਪ੍ਰਸਤੀ ਕਬੂਲ ਨਹੀਂ ਕੀਤੀ । ਆਪਣੀ ਮਿਹਨਤ ਦੇ ਸਿਰ ਤੇ ਹੀ ਉਨ੍ਹਾਂ ਨੇ ਸਿਰ ਉਚਾ ਕਰਕੇ ਜਿੰਦਗੀ ਦੇ 85 ਸਾਲ ਬਿਤਾਏ । ਕਦੇ ਕਿਸੇ ਚੀਜ਼ ਨੂੰ ਸਿੱਖ ਤੇ ਕੀ ਮੁਸਲਮਾਨ ਤੇ ਈਸਾਈ ਸਾਰੇ ਲੋਕਾਂ ਨੂੰ ਪਿਆਰ ਕਰਦੇ ਸਨ । ਹਰ ਇਕ ਉਨ੍ਹਾਂ ਦਾ ਦੋਸਤ ਸੀ । ਉਹ ਸਾਰੀ ਲੋਕਾਈ ਦੇ ਸਾਂਝੇ ਚਿੱਤਰਕਾਰ ਸਨ । ਉਹ ‘ਏਕ ਪਿਤਾ ਏਕਸ ਕੇ ਹਮ ਬਾਰਿਕ’ ਤੇ ਪੂਰਾ ਵਿਸ਼ਵਾਸ ਰਖਦੇ ਸਨ। ਇਹੋ ਹੀ ਉਨ੍ਹਾਂ ਦੀ ਜ਼ਿੰਦਗੀ ਦਾ ਆਸ਼ਾ ਸੀ ਤੇ ਇਹੋ ਹੀ ਆਸ਼ਾ ਸਾਡਾ ਸਭਨਾਂ ਦਾ ਹੋਣਾ ਚਾਹੀਦਾ ਹੈ।

ਦਾਰ ਜੀ ਦੀਆਂ ਕੁਝ ਯਾਦਾਂ ਭਜਨ ਸਿੰਘ ਭਜਨ

ਅੰਦਰੇਟੇ ਤੋਂ ਪਠਾਨਕੋਟ ਤਕ ਅਸੀਂ ਇਕੋ ਬੱਸ ਵਿਚ ਆਏ, ਓਥੋਂ ਦਾਰ ਜੀ ਨੇ ਅੰਮ੍ਰਿਤਸਰ ਅਤੇ ਮੈਂ ਲੁਧਿਆਣੇ ਜਾਣਾ ਸੀ ।
ਪਠਾਨਕੋਟ, ਗੇਲਾਰਡ ਰੈਸਟੋਰੈਂਟ ਵਿਚ, ਬੈਰ੍ਹਾ ਮੇਰੇ ਲਈ ਕੋਕਾ ਕੋਲਾ ਦੀ ਬੋਤਲ ਨਲਕੀ ਸਮੇਤ ਅਤੇ ਦਾਰ ਜੀ ਲਈ ਕਾਫ਼ੀ ਦਾ ਕੱਪ ਲੈ ਆਇਆ, ਉਨ੍ਹਾਂ ਨੇ ਵੀ ਨਲਕੀ ਮੰਗਾਈ ਅਤੇ ਮੇਰੇ ਵਾਂਗ
ਨਲਕੀ ਨਾਲ ਕਾਫ਼ੀ ਪੀਣ ਲੱਗ ਪਏ ।
ਓਥੇ ਮਿਲਟਰੀ ਦੇ ਕਈ ਅਫ਼ਸਰ ਵੀ ਬੈਠੇ ਸਨ, ਉਨ੍ਹਾਂ ਵੱਲ ਵੇਖ ਕੇ ਦਾਰ ਜੀ ਕਹਿਣ ਲੱਗੇ, “ਇਹ ਸ਼ਾਇਦ ਮੇਰੇ ਵੱਲ ਵੇਖ ਕੇ ਹੱਸ ਰਹੇ ਨੇ ।”
ਮੈਂ ਕਿਹਾ, “ਮਾਫ਼ ਕਰਨਾ ਦਾਰ ਜੀ, ਮੈਂ ਵੀ ਅੱਜ ਤੱਕ ਕਿਸੇ ਨੂੰ ਨਲਕੀ ਨਾਲ ਕਾਫ਼ੀ ਪੀਂਦਿਆਂ ਨਹੀਂ ਵੇਖਿਆ, ਸੱਚਮੁੱਚ ਅਜੀਬ ਗੱਲ ਹੈ ।”
“ਜ਼ਰਾ ਸੋਚੋ, ਅਗਰ ਮੈਂ ਨਲਕੀ ਬਿਨਾਂ ਕਾਫ਼ੀ ਪੀਵਾਂਗਾ, ਸਾਰੀ ਮਲਾਈ ਮੇਰੀਆਂ ਮੁੱਛਾਂ ਦਾੜ੍ਹੀ ਵਿਚ ਫਸ ਜਾਵੇਗੀ ਅਤੇ ਮੇਰੀ ਹਾਲਤ ਹੋਰ ਵੀ ਹਾਸੋਹੀਣੀ ਹੋ ਜਾਵੇਗੀ ।… ਕਿਸੇ ਅਕਲਮੰਦ ਨੇ ਨਲਕੀ ਦੀ ਕਾਢ ਕੱਢੀ ਹੈ । ਜੇਕਰ ਅਸੀਂ ਇਸ ਤੋਂ ਲਾਭ ਨਾ ਲਈਏ ਤਾਂ ਉਸ ਦੀ ਅਕਲ ਨਾਲ ਬੇਇਨਸਾਫ਼ੀ ਹੈ ਅਤੇ ਸਾਡੀ ਕਮਅਕਲੀ ।”
ਦਾਰ ਜੀ ਦੇ ਚਿਤਰਾਂ ਦੀ ਨੁਮਾਇਸ਼ ਦਿੱਲੀ ਵਿਚ ਲੱਗੀ । ਸਾਰੀ ਦਿੱਲੀ ਨੇ ਵੇਖੀ । ਇਥੋਂ ਤੱਕ ਕਿ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਵੀ ਵੇਖੀ ਪਰ ਮੈਂ ਦਿੱਲੀ ਨਾ ਜਾ ਸਕਿਆ । ਨੁਮਾਇਸ਼ ਖ਼ਤਮ ਹੋਣ ਤੋਂ ਅਗਲੇ ਦਿਨ ਸ਼ਾਮੀਂ 5 ਵਜੇ ਦਰਵਾਜ਼ੇ ਦੀ ਘੰਟੀ ਵੱਜੀ, ਵੇਖਿਆ ਤਾਂ ਭੈਣ ਗੁਰਚਰਨ ਕੌਰ ਸੀ ਅਤੇ ਦਾਰ ਜੀ ਬਾਹਰ ਕਾਰ ਵਿਚ ਸਨ । ਮੇਰੀ ਰਿਹਾਇਸ਼ ਸਹਾਰਨਪੁਰ ਲਾਗੇ ਸਰਸਾਵੇ ਵਿਚ ਸੀ।
ਨਮਸਕਾਰ ਕਰਕੇ ਅੰਦਰ ਆਉਣ ਦੀ ਬੇਨਤੀ ਕੀਤੀ, “ਇਹ ਤਾਂ ਤੁਸੀਂ ਅਪਾਰ ਕਿਰਪਾ ਕੀਤੀ ਹੈ, ਦਰਸ਼ਨ ਦੇਣ ਦੀ ?”
“ਅਸੀਂ ਸੋਚਿਆ ਸਾਹਿਬ ਲੋਕ ਤਾਂ ਆ ਨਹੀਂ ਸਕਦੇ, ਅਸੀਂ ਪਾਣੀਪਤ ਦੀ ਬਜਾਏ ਸਹਾਰਨਪੁਰ ਵੱਲ ਕਾਰ ਘੁਮਾ ਲਈ, ਸੁਣਾਓ ਕੀ ਹਾਲ ਹੈ ?”
“ਪਹਿਲਾਂ ਤਾਂ ਨੁਮਾਇਸ਼ ਦੀ ਕਾਮਯਾਬੀ ਲਈ ਬਹੁਤ-ਬਹੁਤ ਵਧਾਈ ਹੋਵੇ । ਮੈਂ ਅਭਾਗਾ ਤਾਂ ਵੇਖ ਨਾ ਸਕਿਆ । ਤੁਸੀਂ ਲੇਟ ਕੇ ਆਰਾਮ ਕਰ ਲਵੋ ।”
“ਅਸੀਂ ਤੁਹਾਡੇ ਪਾਸ ਕੇਵਲ ਤਿੰਨ ਘੰਟੇ ਰੁਕਣਾ ਹੈ, ਅੱਜ ਰਾਤ ਚੰਡੀਗੜ੍ਹ ਪਹੁੰਚਣਾ ਹੈ, ਓਥੇ ਸ੍ਰ. ਅਮਰ ਸਿੰਘ ਦੇ ਘਰੋਂ ਬੀਬੀ ਜੀ ਬੀਮਾਰ ਹਨ । ਪਹੁੰਚਣ ਦੀ ਖਬਰ ਭੇਜ ਦਿੱਤੀ ਹੈ।”
ਮੇਰੇ ਮਿੱਤਰ ਰਾਜ ਕੁਮਾਰ ਜੀ ਵੀ ਆ ਗਏ ਸਨ, ਕਹਿਣ ਲੱਗੇ, “ਦਾਰ ਜੀ ਤੁਸੀਂ ਕਾਰ ਵਿਚ ਦਿੱਲੀ ਤੋਂ ਆਏ ਹੋ, ਥੱਕ ਗਏ ਹੋ, ਰਾਤ ਆਰਾਮ ਕਰਕੇ ਸਵੇਰੇ ਸਵੱਖਤੇ ਹੀ ਚਲੇ ਜਾਣਾ । ਬਾਕੀ ਰਹੀ ਚੰਡੀਗੜ੍ਹ ਖਬਰ ਕਰਨ ਦੀ ਗੱਲ, ਮੈਂ ਹੁਣ ਇਕ ਬੰਦਾ ਚੰਡੀਗੜ੍ਹ ਭੇਜ ਦਿੰਦਾ ਹਾਂ ਕਿ ਤੁਸੀਂ ਕੱਲ੍ਹ ਪਹੁੰਚੋਗੇ ।”
ਮੈਨੂੰ ਪਤਾ ਸੀ ਰਾਜ ਕੁਮਾਰ ਨੇ ਜਾ ਕੇ ਸੌਂ ਜਾਣਾ ਹੈ, ਖਬਰ ਕਿਸ ਨੇ ਭੇਜਣੀ ਹੈ ਪਰ ਉਨ੍ਹਾਂ ਦੇ ਸਾਹਮਣੇ ਕਿਵੇਂ ਕਹਿ ਸਕਦਾ ਸੀ, ਦੁਬਿਧਾ ਵਿਚ ਫੱਸ ਗਿਆ।
ਭਲਾ ਹੋਵੇ ਦਾਰ ਜੀ ਦਾ, ਕਹਿਣ ਲਗੇ, “ਸਰਦੀ ਦਾ ਮੌਸਮ ਹੈ, ਅਸੀਂ ਤਾਂ ਕਾਰ ਦੀਆਂ ਖਿੜਕੀਆਂ ਬੰਦ ਕਰਕੇ, ਦੋ ਘੰਟੇ ਵਿਚ ਆਰਾਮ ਨਾਲ ਚੰਡੀਗੜ੍ਹ ਪਹੁੰਚ ਜਾਣਾ ਹੈ, ਤੁਸੀਂ ਬੰਦਾ ਭੇਜੋਗੇ, ਉਹ ਵਿਚਾਰਾ ਸਰਦੀ ਵਿਚ ਠੁਰ ਠੁਰ ਕਰਦਾ ਜਾਵੇਗਾ ਕੇਵਲ ਖਬਰ ਕਰ ਕੇ ਕਿ ਸੋਭਾ ਸਿੰਘ ਕੱਲ੍ਹ ਆਵੇਗਾ, ਇਹ ਤਾਂ ਉਸ ਨਾਲ ਘੋਰ ਬੇਇਨਸਾਫ਼ੀ ਹੈ, ਮੈਂ ਬਰਦਾਸ਼ਤ ਨਹੀਂ ਕਰ ਸਕਦਾ । ਮਿਲਣਾ ਸੀ ਮਿਲ ਲਏ, ਅਸੀਂ ਜ਼ਰੂਰ ਜਾਵਾਂਗੇ ।”
ਇਕ ਦਿਨ ਦਾਰ ਜੀ ਨੂੰ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਦੀ ਬੜੀ ਵਿਸਥਾਰ ਨਾਲ ਚਿੱਠੀ ਆਈ । ਉਸ ਵਿਚ ਲਿਖੀਆਂ ਬਹੁਤ ਸਾਰੀਆਂ ਗੱਲਾਂ ਵਿਚੋਂ ਇਕ ਗੱਲ ਇਹ ਵੀ ਸੀ ਕਿ ਘਰ ਘਰ ਤੁਹਾਡੀਆਂ ਬਣਾਈਆਂ ਤਸਵੀਰਾਂ ਲਗੀਆਂ ਹੋਈਆਂ ਹਨ ਅਸੀਂ ਵੀ ਤੁਹਾਡੇ ਰਿਸ਼ਤੇਦਾਰ ਹਾਂ । ਸਾਨੂੰ ਵੀ ਕੋਈ ਮਾੜੀ ਮੋਟੀ ਤਸਵੀਰ ਭੇਜ ਦਿਉ । ਤਾਂ ਜੋ ਅਸੀਂ ਵੀ ਕਹਿਣ ਵਾਲੇ ਬਣੀਏ ਕਿ ਇਹ ਸਾਡੇ ਰਿਸ਼ਤੇਦਾਰ ਨੇ ਬਣਾਈ ਹੈ ।
ਦਾਰ ਜੀ ਨੇ ਉੱਤਰ ਵਿਚ ਲਿਖ ਭੇਜਿਆ ਕਿ ਜਦੋਂ ਕਦੇ ਮੈਂ ਕੋਈ ਮਾੜੀ ਮੋਟੀ ਤਸਵੀਰ ਬਣਾਈ ਤੁਹਾਨੂੰ ਜ਼ਰੂਰ ਭੇਜ ਦਿਆਂਗਾ ।
ਲੁਧਿਆਣੇ ਤੋਂ ਬੱਸ ਚੱਲਣ ਲੱਗੀ ਤਾਂ ਡਰਾਈਵਰ ਨੇ ਸ਼ੀਸ਼ੇ ਵਿਚ ਆਪਣੇ ਮਿੱਤਰ ਨੂੰ ਚੜ੍ਹਦਿਆਂ ਵੇਖ, ਆਵਾਜ਼ ਦੇ ਕੇ ਆਪਣੇ ਪਾਸ ਬੌਨਟ ਉਪਰ ਬਿਠਾ ਲਿਆ ਅਤੇ ਦੋਵੇਂ ਉੱਚੀ ਉੱਚੀ ਗੱਲਾਂ ਕਰਨ ਲੱਗ ਪਏ ।
ਮੇਰੇ ਨਾਲ ਬੈਠਾ ਸੱਜਣ ਬੁੜਬੁੜਾਇਆ, “ਲਓ ਜੀ ਹੁਣ ਤਾਂ ਰੱਬ ਹੀ ਰਾਖਾ ਹੈ ਸਵਾਰੀਆਂ ਦਾ ਗੱਲਾਂ ਵਿਚ ਮਸਤ ਡਰਾਈਵਰ ਦਾ ਧਿਆਨ ਉੱਕ ਜਾਣਾ ਵੱਡੀ ਗੱਲ ਨਹੀਂ, ਐਕਸੀਡੈਂਟ ਦਾ ਪੂਰਾ ਖ਼ਤਰਾ ਹੈ । ਡਰਾਈਵਰ ਨੂੰ ਚਾਹੀਦਾ ਸੀ, ਸੁਖ ਸਾਂਦ ਪੁਛਣ ਪਿਛੋਂ ਆਪਣੇ ਮਿੱਤਰ ਨੂੰ ਸੀਟ ਉਪਰ ਭੇਜ ਦਿੰਦਾ, ਪਰ ਇਹ ਤਾਂ ਇਸ ਤਰ੍ਹਾਂ ਕਰਦੇ ਨੇ ਜਿਵੇਂ ਫੇਰ ਮੌਕਾ ਹੀ ਨਹੀਂ ਮਿਲਣਾ ਮਿਲਣ ਦਾ ।”
ਖੈਰ ਕਾਂਗੜੇ ਤੋਂ ਬੱਸ ਬਦਲ ਕੇ, ਪਾਲਮਪੁਰ, ਓਥੋਂ ਪੰਚਰੁਖੀ, ਓਥੋਂ ਪੈਦਲ ਹੀ ਅੰਦਰੇਟੇ ਭੈਣ ਗੁਰਚਰਨ ਕੌਰ ਪਾਸ ਸ਼ਾਮ ਪੰਜ ਕੁ ਵਜੇ ਪਹੁੰਚ ਗਿਆ। ਦਾਰ ਜੀ ਦੀ ਕੋਠੀ ਸਭ ਤੋਂ ਪਹਿਲਾਂ ਆਉਂਦੀ ਹੈ, ਕੰਧ ਉਤੇ ਲਿਖਿਆ ਹੋਇਆ ਹੈ ਗਰੋ ਮੋਰ
ਗੁੱਡ Grow More Good-ਹੋਰ ਚੰਗੇ ਬਣੋ) ਨਾਲ ਹੀ ਨੀਚੇ ਉਤਰ ਕੇ ਦਾਰ ਜੀ ਦੇ ਸਭ ਤੋਂ ਪਹਿਲੇ ਸ਼ਿਸ਼ ਤੇ ਮਿੱਤਰ ਪੰਡਿਤ ਮੰਗਤ ਰਾਮ ਜੀ ਦਾ ਮਕਾਨ ਆਉਂਦਾ ਹੈ, ਉਦੋਂ ਉਸ ਵਿਚ ਰਹਿੰਦੇ ਸੀ ਭੈਣ ਗੁਰਚਰਨ ਹੋਰੀਂ ।
ਸੂਟ ਬੂਟ ਲਾਹ ਕੇ, ਕਪੜੇ ਬਦਲੇ ਹੀ ਸਨ ਕਿ ਗੁਰਚਰਨ ਨੇ ਖਿੜਕੀ ਵਿਚ ਵੇਖਿਆ ਦਾਰ ਜੀ ਸਾਡੇ ਵੱਲ ਆ ਰਹੇ ਸਨ । ਤਸਵੀਰ ਤਾਂ ਦੇਖੀ ਸੀ, ਪਰ ਰੂਬਰੂ ਦਰਸ਼ਨ ਨਹੀਂ ਸੀ ਕੀਤੇ। ਅੱਜ ਪਤਾ ਲੱਗਿਆ ਉਨ੍ਹਾਂ ਦੀ ਇਕ ਲੱਤ ਛੋਟੀ ਸੀ, ਲੰਗੜਾ ਕੇ ਚਲ ਰਹੇ ਸਨ । ਬਾਹਰ ਆ ਕੇ ਨਮਸਕਾਰ ਕੀਤੀ, “ਮੈਂ ਆਉਣਾ ਹੀ ਸੀ ਤੁਹਾਡੇ ਵੱਲ, ਤੁਸੀਂ ਕਿਉਂ ਤਕਲੀਫ ਕੀਤੀ ?”
“ਲਓ ਜੀ, ਤੁਸੀਂ ਸਾਨੂੰ ਮਿਲਣ ਇੰਨੀ ਦੂਰੋਂ ਆ ਸਕਦੇ ਹੋ, ਕੀ ਮੈਂ ਏਥੋਂ ਉਠ ਕੇ ਨਹੀਂ ਆ ਸਕਦਾ ?”
ਥੋੜ੍ਹਾ ਚਿਰ ਬੈਠਣ ਪਿਛੋਂ ਕਹਿਣ ਲਗੇ, “ਮੈਂ ਤਾਂ ਇਹ ਕਹਿਣ ਆਇਆ ਹਾਂ ਕਿ ਸ. ਭਜਨ ਸਿੰਘ ਜੀ, ਅੱਜ ਰਾਤ ਉਪਰ ਸਾਡੇ ਵੱਲ ਸੌਣਗੇ ।”
“ਵੀਰ ਜੀ ਪਹਿਲੀ ਵਾਰ ਆਏ ਹਨ, ਅਸੀਂ ਬਹੁਤ ਚਿਰ ਬਾਅਦ ਮਿਲੇ ਹਾਂ, ਰੱਜ ਕੇ ਗੱਲਾਂ ਕਰਨੀਆਂ ਹਨ ।”
“ਏਨੀ ਦੂਰੋਂ ਆਏ ਨੇ, ਥੱਕੇ ਟੁੱਟੇ, ਘੱਟੋ ਘੱਟ ਅੱਜ ਤਾਂ ਇਨ੍ਹਾਂ ਨੂੰ ਆਰਾਮ ਨਾਲ ਸੌਂ ਜਾਣ ਦੇਵੋ, ਏਧਰ ਰਹੋ, ਤੁਸੀਂ ਸਾਰੀ ਰਾਤ ਸੌਣ ਨਹੀਂ ਦੇਣਾ, ਜਦੋਂ ਕਿ ਗੱਲਾਂ ਕਲ੍ਹ ਵੀ ਹੋ ਸਕਦੀਆਂ ਨੇ, ਇਨ੍ਹਾਂ ਦੀ ਹਾਲਤ ਤੇ ਤਰਸ ਕਰੋ ।”
ਮੈਂ ਪਹਾੜੀ ਬੱਸ ਸਫ਼ਰ ਨਾਲ ਸੱਚ ਮੁੱਚ ਥੱਕ ਗਿਆ ਸੀ, ਮੈਨੂੰ ਦਾਰ ਜੀ ਦਾ ਸੁਝਾਅ ਬਹੁਤ ਚੰਗਾ ਲਗਿਆ । ਖਾਣਾ ਖਾ ਕੇ ਦਾਰ ਜੀ ਪਾਸ ਮੰਜੇ ਤੇ ਪੈਣ ਸਾਰ ਮੈਨੂੰ ਨੀਂਦ ਨੇ ਘੇਰ ਲਿਆ।
ਮਹਾਰਾਜਾ ਪਟਿਆਲਾ ਨਾਲ, ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਿੱਤਰ ਦਾ 5000 ਰੁਪਿਆ ਤਹਿ ਹੋਇਆ ਸੀ । ਉਹ ਅੰਦਰੇਟੇ ਆਏ ਤੇ ਚਿੱਤਰ ਵੇਖ ਕੇ ਬੜੇ ਖੁਸ਼ ਹੋਏ । ਬੋਲੇ, “ਚਿੱਤਰ ਮੈਨੂੰ ਪਸੰਦ ਹੈ, ਪੈਕ ਕਰਵਾ ਦਿਓ, ਨਾਲੇ 5000 ਰੁਪਏ ਦਾ ਚੈਕ ਲਵੋ ।”
ਦਾਰ ਜੀ ਕਹਿਣ ਲੱਗੇ, “ਇਹ ਤਾਂ ਮੁਕੰਮਲ ਨਹੀਂ । ਹਾਲੇ ਤਾਂ ਕੁਝ ਕੰਮ ਹੋਣ ਵਾਲਾ ਹੈ ।” ਮਹਾਰਾਜਾ ਸਾਹਿਬ ਕਹਿੰਦੇ, “ਪਰ ਮੇਰੀ ਪੂਰੀ ਤਸੱਲੀ ਹੈ, ਤੁਸੀਂ ਜਲਦੀ ਪੈਕ ਕਰਵਾ ਦੇਵੋ ।” ਦਾਰ ਜੀ ਬੋਲੇ, “ਜਦ ਤੱਕ ਮੇਰੀ ਤਸੱਲੀ ਨਹੀਂ ਹੁੰਦੀ ਇਹ ਚਿੱਤਰ ਸਟੂਡੀਓ ਤੋਂ ਬਾਹਰ ਨਹੀਂ ਜਾ ਸਕਦਾ, ਜਦੋਂ ਮੁਕੰਮਲ ਹੋ ਜਾਵੇਗਾ, ਤੁਹਾਨੂੰ ਖ਼ਬਰ ਕਰ ਦੇਵਾਂਗਾ।” ਕਈ
ਬਰਤਾਨਵੀ ਹਕੂਮਤ ਵੇਲੇ ਸ੍ਰ. ਸੋਭਾ ਸਿੰਘ ਜੀ ਨੇ ਬਗ਼ਦਾਦ ਵਿਖੇ ਭਾਰਤੀ ਫ਼ੌਜ ਵਿਚ ਹੈੱਡ ਡਰਾਫ਼ਸਮੈਨ ਵਜੋਂ ਨੌਕਰੀ ਕੀਤੀ ।
ਇਕ ਵਾਰ ਉਨ੍ਹਾਂ ਦੇ ਕਮਾਂਡਿੰਗ ਅਫ਼ਸਰ ਨੇ ਉਨ੍ਹਾਂ ਦੇ ਅਫ਼ਸਰ ਨੂੰ ਇਕ ਚੰਗਾ ਡਰਾਫ਼ਸਮੈਨ ਭੇਜਣ ਲਈ ਕਿਹਾ ਤੇ ਦਾਰ ਜੀ ਨੂੰ ਭੇਜ ਦਿੱਤਾ ਗਿਆ ।
ਕਮਾਂਡਰ : ਤੁਸੀਂ ਆਪਣੇ ਸਰਟੀਫਿਕੇਟ ਵਿਖਾਓ ।
ਦਾਰ ਜੀ : (ਮੇਜ਼ ਉਪਰ ਸਿੱਧੇ ਹੱਥ ਰੱਖਦੇ ਹੋਏ) ਇਹ ਹਨ ਮੇਰੇ ਸਰਟੀਫਿਕੇਟ…
ਕਮਾਂਡਰ : ਠੀਕ ਹੈ, ਵੇਖ ਲਵਾਂਗੇ । ਇਕ ਪ੍ਰਾਇਮਰੀ ਸਕੂਲ ਦਾ ਨਕਸ਼ਾ ਤਿਆਰ ਕਰਕੇ ਵਿਖਾਓ ।
ਦਾਰ ਜੀ : ਕੀ ਮੈਂ ਉਹ ਜਗ੍ਹਾ ਵੇਖ ਸਕਦਾ ਹਾਂ ਜਿਥੇ ਸਕੂਲ ਬਣਨਾ ਹੈ ?
ਕਮਾਂਡਰ : ਤੁਸੀਂ ਜਗ੍ਹਾ ਤੋਂ ਕੀ ਲੈਣਾ ਹੈ, ਸਕੂਲ ਦਾ ਨਕਸ਼ਾ ਤਿਆਰ ਕਰੋ ?
ਦਾਰ ਜੀ : ਦੋ ਖਿੜਕੀਆਂ, ਦੋ ਦਰਵਾਜ਼ੇ, ਦੋ ਰੋਸ਼ਨਦਾਨ ਹੋਣੇ ਚਾਹੀਦੇ ਹਨ । ਕਿਸੇ ਰਾਜ ਮਿਸਤਰੀ ਨੂੰ ਕਹੋ ਕਮਰੇ ਬਣਾ ਦੇਵੇਗਾ, ਨਕਸ਼ੇ ਦੀ ਕੀ ਲੋੜ ਹੈ ।
ਕਮਾਂਡਰ : ਤੁਹਾਡੇ ਕਹਿਣ ਦਾ ਮਤਲਬ ?
ਦਾਰ ਜੀ : ਮਾਫ਼ ਕਰਨਾ ਸਾਹਬ, ਬੱਚਿਆਂ ਦਾ ਸਕੂਲ ਬਣਨਾ ਹੈ, ਮੈਂ ਜਗ੍ਹਾ ਵੇਖ ਲੈਂਦਾ ਤਾਂ ਖਿਆਲ ਕਰਦਾ, ਸੂਰਜ ਕਿਧਰੋਂ ਨਿਕਲਦਾ ਹੈ, ਕਿਸ ਪਾਸੇ ਕੋਈ ਪਹਾੜੀ, ਨਦੀ ਨਾਲਾ ਜਾਂ ਫੁੱਲ ਬੂਟੇ ਹਨ, ਉਸ ਅਨੁਸਾਰ ਨਕਸ਼ਾ ਤਿਆਰ ਕਰਦਾ ਤਾਂ ਜੋ ਬੱਚਿਆਂ ਦੇ ਮਨ ਉੱਪਰ ਚੰਗਾ ਪ੍ਰਭਾਵ ਪਵੇ, ਪਰ ਤੁਸੀਂ ਜਗ੍ਹਾ ਨਹੀਂ ਵਿਖਾਉਣਾ ਚਾਹੁੰਦੇ, ਤੁਹਾਡੀ ਮਰਜੀ ।
ਕਮਾਂਡਰ : ਸ਼ਾਬਾਸ਼ ਮਿਸਟਰ ਸਿੰਘ ਮੈਂ ਤੁਹਾਡੀ ਅਕਲ ਅਤੇ ਸਾਫ਼ਗੋਈ ਦੀ ਕਦਰ ਕਰਦਾ ਹਾਂ । ਚਲੋ ਜਗ੍ਹਾ ਵੇਖੀਏ ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਚਿੱਠੀ ਆਈ, “ਸਾਡੀ ਸੈਨਟ ਨੇ ਆਪ ਜੀ ਨੂੰ ਦੋ ਸਾਲ ਲਈ ਫੈਲੋਸ਼ਿਪ ਦੇਣ ਦਾ ਫੈਸਲਾ ਕੀਤਾ ਹੈ । ਅਸੀਂ ਆਪ ਜੀ ਨੂੰ 750 ਰੁਪਏ ਮਹੀਨਾ ਦੇਵਾਂਗੇ । ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀ ਲਾਇਬ੍ਰੇਰੀ, ਕਾਨਫਰੰਸ ਹਾਲ ਆਦਿ ਲਈ ਚਿੱਤਰ ਬਣਾਓਗੇ ।” ਦਾਰ ਜੀ ਨੇ ਆਪਣੇ ਸੇਵਾਦਾਰ ਤੋਂ ਪੈਨ ਅਤੇ ਪੈਡ ਮੰਗਵਾਇਆ ਅਤੇ ਲਿਖ ਭੇਜਿਆ :
“ਅਫਸੋਸ ਹੈ, ਮੈਨੂੰ ਤੁਹਾਡੀ ਨੌਕਰੀ ਪਸੰਦ ਨਹੀਂ, ਮੈਂ ਕੇਵਲ ਵਾਹਿਗੁਰੂ ਦਾ ਨੌਕਰ ਹਾਂ ।” ਮੈਂ ਕਿਹਾ, “ਹੱਦ ਹੋ ਗਈ ਦਾਰ ਜੀ, ਤੁਹਾਨੂੰ ਘਰ ਬੈਠਿਆਂ ਨੂੰ ਏਡੀ ਵੱਡੀ ਇੱਜ਼ਤ ਅਤੇ ਨਾਲ ਏਨੀ ਰਕਮ ਮਿਲ ਰਹੀ ਹੈ, ਤੁਸੀਂ ਠੁਕਰਾ ਰਹੇ ਹੋ, ਕਿਉਂ ? ਮੇਰੀ ਸਮਝ ਵਿਚ ਨਹੀਂ ਆਇਆ।”
“ਭਜਨ ਸਿੰਘ ਜੀ, ਮੈਂ ਤਾਂ ਇਸ ਸਭ ਕਾਸੇ ਵਾਸਤੇ ਕੋਈ ਅਰਜ਼ੀ ਨਹੀਂ ਭੇਜੀ ਸੀ । ਉਹ ਮੈਨੂੰ ਕਮੀਨਾ ਸਮਝਦੇ ਹਨ ਕਿ ਉਹ ਇਤਨਾ ਕੁਝ ਦੇਣਗੇ । ਕੀ ਮੈਂ ਉਨ੍ਹਾਂ ਨੂੰ ਕੁਝ ਨਹੀਂ ਦੇਵਾਂਗਾ, ਸ਼ਰਤਾਂ ਰੱਖਣ ਦਾ ਕੀ ਮਤਲਬ ?”
ਬਾਅਦ ਵਿਚ ਯੂਨੀਵਰਸਿਟੀ ਵਲੋਂ ਕੇਵਲ ਫੈਲੋਸ਼ਿਪ ਕਬੂਲ ਕਰਨ ਲਈ ਚਿੱਠੀ ਆਈ । ਦਾਰ ਜੀ ਨੇ ਧੰਨਵਾਦ ਸਹਿਤ ਮਨਜ਼ੂਰੀ ਲਿਖ ਭੇਜੀ ।
ਅੰਮ੍ਰਿਤਸਰ ਮਿਊਂਸੀਪਲ ਕਮੇਟੀ ਨੇ ਸ਼ਹਿਰ ਦੇ ਬਾਨੀ ਗੁਰੂ ਰਾਮਦਾਸ ਸਾਹਿਬ ਦਾ ਚਿੱਤਰ ਬਣਾਉਣਾ ਸੀ । ਇਸ ਲਈ ਸ੍ਰ. ਸੋਭਾ ਸਿੰਘ ਜੀ ਨੂੰ ਬੁਲਾਇਆ ਗਿਆ ।
ਦਾਰ ਜੀ ਨੇ ਕਿਹਾ, “ਦੋ ਹਜ਼ਾਰ ਰੁਪਏ ਲੱਗਣਗੇ, ਇਕ ਹਜ਼ਾਰ ਪੇਸ਼ਗੀ ਦੇ ਦੇਵੋ, ਇਕ ਹਜ਼ਾਰ ਚਿਤਰ ਬਣਨ ਤੇ ਦੇ ਦੇਣਾ ।”
ਚੇਅਰਮੈਨ ਸਾਹਿਬ ਬੋਲੇ, “ਸਾਨੂੰ ਮਨਜ਼ੂਰ ਹੈ । ਚਿੱਤਰ ਦਾ ਠੇਕਾ ਤੁਹਾਨੂੰ ਦਿੱਤਾ, ਇਕਰਾਰਨਾਮੇ ਉਪਰ ਦਸਤਖਤ ਕਰੋ ਅਤੇ ਇਕ ਹਜ਼ਾਰ ਰੁਪਿਆ ਲੈ ਜਾਓ ।”
ਦਾਰ ਜੀ ਬੋਲੇ, “ਤੁਸੀਂ ਸਮਝਦੇ ਹੋ, ਮੈਂ ਤੁਹਾਡਾ ਇਕ ਹਜ਼ਾਰ ਰੁਪਿਆ ਲੈ ਕੇ ਨੱਸ ਜਾਵਾਂਗਾ, ਮੈਂ ਪਹਿਲਾਂ ਹੀ ਨੱਸ ਜਾਂਦਾ ਹਾਂ, ਤੁਸੀਂ ਆਪਣੇ ਇਕ ਹਜ਼ਾਰ ਆਪਣੇ ਪਾਸ ਰੱਖੋ । ਮੈਂ ਚਿਤਰਕਾਰ ਹਾਂ, ਠੇਕੇਦਾਰ ਨਹੀਂ ਜੋ ਇਕਰਾਰਨਾਮਿਆਂ ਉਪਰ ਦਸਤਖਤ ਕਰਦਾ ਫਿਰਾਂ ।
ਇਹ ਸੁਣ ਕੇ ਚੇਅਰਮੈਨ ਸਾਹਿਬ ਛਿੱਬੇ ਪੈ ਗਏ । ਉਨ੍ਹਾਂ ਨੇ ਦਾਰ ਜੀ ਤੋਂ ਖਿਮਾਂ ਮੰਗੀ। ਇਸ ਤਰ੍ਹਾਂ ਸ੍ਰੀ ਗੁਰੂ ਰਾਮ ਦਾਸ ਸਾਹਿਬ ਦਾ ਚਿਤਰ ਬਣਾਇਆ । ਇਹ ਇਕ ਬਹੁਤ ਹੀ ਖੂਬਸੂਰਤ ਚਿਤਰ ਹੈ ਜੋ ਅੱਜ ਵੀ ਉਥੇ ਲਗਿਆ ਹੋਇਆ ਹੈ ।
ਸਨ 1985 ਵਿਚ ਮੈਂ ਅੰਦਰੇਟੇ ਗਿਆ ਤਾਂ ਦਾਰ ਜੀ ਨੂੰ ਪੰਜਾਬੀ ਯੂਨੀਵਰਸਿਟੀ ਵਲੋਂ ਡੀ ਲਿੱਟ ਦੀ ਡਿਗਰੀ ਮਿਲਣ ਤੇ ਵਧਾਈ ਦਿੱਤੀ ਤਾਂ ਉਹ ਕਹਿਣ ਲੱਗੇ, “ਸਰਕਾਰ ਵਲੋਂ, ਵੱਡੀਆਂ ਵੱਡੀਆਂ ਸੰਸਥਾਵਾਂ ਵਲੋਂ ਬੜੇ ਇਨਾਮ ਸਨਮਾਨ ਮਿਲੇ ਪਰ ਅੱਜ ਇਥੋਂ ਦੀ ਇਕ ਭੋਲੀ ਭਾਲੀ ਅਨਪੜ੍ਹ ਪੇਂਡੂ ਔਰਤ ਦੇ ਧੁਰ ਅੰਦਰੋਂ ਨਿਕਲੇ ਸ਼ਬਦ ਸਭ ਪੁਰਸਕਾਰਾਂ ਨੂੰ ਮਾਤ ਪਾ ਗਏ । ਮੇਰਾ ਰੋਮ ਰੋਮ ਨਸ਼ਿਆ ਗਿਆ । ਬੜੇ ਗਹੁ ਨਾਲ ਉਸ ਨੇ ਪੇਂਟਿੰਗਜ਼ ਦੇਖੀਆਂ । ਮੇਰੇ ਵੱਲ ਇਸ਼ਾਰਾ ਕਰ ਕੇ ਆਪਣੀ ਸਾਥਣ ਨੂੰ ਕਹਿਣ ਲੱਗੀ, “ਇਸ ਤਾਂ ਆਪਣੀ ਜਾਨੀ ਕੱਢੀ ਕਰੀ ਇਨ੍ਹਾਂ ਮੂਰਤਾਂ ਵਿਚ ਪਾਈਤੀ ਏ । ਮੇਰੇ ਲਈ ਇਹ ਸੱਚਾ ਸੁੱਚਾ ਸਭ ਤੋਂ ਉੱਚਾ ਪੁਰਸਕਾਰ ਹੈ ।”

ਚਿਤਰਕਾਰ ਸੋਭਾ ਸਿੰਘ ਦੇ ਖ਼ਤ, ਕਰਤਾਰ ਸਿੰਘ ਸੂਰੀ

ਸੋਭਾ ਸਿੰਘ ਚਿਤਰਕਾਰ, ਨਾਨਕ ਸਿੰਘ ਦੇ ਬਹੁਤੇ ਨਿੱਘੇ ਦੋਸਤਾਂ ਵਿਚੋਂ ਇਕ ਸਨ । ਜਵਾਨੀ ਤੋਂ ਬੁਢਾਪੇ ਤਕ ਦੀ ਹੰਢਾਈ ਜ਼ਿੰਦਗੀ ਦਾ ਬਹੁਤ ਸਫ਼ਰ ਇਨ੍ਹਾਂ ਨੇ ਇਕੱਠਿਆਂ ਕੀਤਾ । ਇਕ ਨਾਵਲਕਾਰ ਸੀ ਦੂਸਰਾ ਚਿੱਤਰਕਾਰ । ਦੋਵੇਂ ਮਨਮੌਜੀ, ਬੇਪਰਵਾਹ, ਫੱਕੜ ਅਤੇ ਸਵੈ-ਅਭਿਮਾਨੀ । ਇਨ੍ਹਾਂ ਦਾ ਇਕ ਤੀਸਰਾ ਮਿੱਤਰ ਸੀ, ਪੰਡਿਤ ਮੰਗਤ ਰਾਮ, ਜੋ ਇੱਕ ਉੱਚੇ ਦਰਜੇ ਦਾ ਸੰਗੀਤਕਾਰ ਸੀ । ਉਂਞ ਪੰਡਿਤ ਜੀ ਕੋਲਿਆਂ ਦੀ ਖਾਨ ਦੇ ਮਾਲਕ ਸਨ ਤੇ ਇਕ ਧਨਾਢ ਵਪਾਰੀ । ਬਹੁਤ ਵਾਰੀ ਇਹ ਤੇਘੜਾ ਇਕੱਠਾ ਹੋ ਜਾਂਦਾ । ਤਿੰਨੇਂ ਹੀ ਸੁਤੰਤਰ ਸਨ ਕਿਸੇ ਨੌਕਰੀ ਦਾ ਬੰਧਨ ਨਹੀਂ ਸੀ । ਕਦੀ ਪਹਾੜ ਤੇ ਜਾਣ ਦਾ ਮੂਡ ਬਣ ਜਾਣਾ ਤਾਂ ਕਸ਼ਮੀਰ, ਕੁੱਲੂ, ਕਾਂਗੜਾ ਜਾਂ ਧਰਮਸ਼ਾਲਾ, ਕਿਸੇ ਪਾਸੇ ਮੁਹਾਰਾਂ ਮੋੜ ਲੈਂਦੇ । ਕੁਦਰਤ ਦੀ ਸੁੰਦਰਤਾ ਮਾਣਦੇ ਹੋਏ, ਇਕ ਦੂਜੇ ਨੂੰ ਹਾਸੇ ਮਜ਼ਾਕ, ਟਿਚਕਰਾਂ ਤੇ ਠੱਠੇ ਕਰਦੇ । ਪੰਡਤ ਮੰਗਤ ਰਾਮ ਦੇ ਸਾਜ਼ਾਂ ਦੀ ਮਧੁਰ ਤਾਨ ਛਿੜਦੀ, ਰਾਗ ਰਾਗਨੀਆਂ ਦੇ ਅਲਾਪ ਤੇ ਅੰਤਰੇ ਦੀ ਸੁਰੀਲੀ ਲੈਅ ਦੇ ਜਾਦੂ ਤੋਂ ਪ੍ਰਭਾਵਿਤ ਹੋ ਕੇ ਚਿੱਤਰਕਾਰ ਆਪਣੇ ਬੁਰਸ਼ਾਂ ਤੇ ਰੰਗਾਂ ਦੀ ਦੁਨੀਆਂ ਵਿਚ ਚਲਾ ਜਾਂਦਾ ਤੇ ਨਾਵਲਕਾਰ ਆਪਣੇ ਨਵੇਂ ਨਾਵਲ ਦੇ ਕਥਾਨਕ ਦੀ ਉਧੇੜ ਬੁਣ ਵਿਚ ਤੇ ਆਪਣੇ ਪਾਤਰਾਂ ਦੀ ਸਿਰਜਨ-ਪ੍ਰਕ੍ਰਿਆ ਵਿਚ ਰੁੱਝ ਜਾਂਦਾ ।
ਸੋਭਾ ਸਿੰਘ ਆਪਣੇ ਮਿੱਤਰ ਨਾਨਕ ਸਿੰਘ ਦੀਆਂ ਰਚਨਾਵਾਂ ਸੁਣਦਾ, ਪੜ੍ਹਦਾ ਤੇ ਆਲੋਚਨਾ ਕਰਦਾ । ਨਾਨਕ ਸਿੰਘ ਉਸਦੇ ਬਣਾਏ ਚਿੱਤਰ ਨੂੰ ਦੇਖਦਾ, ਪਰਖਦਾ ਤੇ ਪੜਚੋਲ ਕਰਦਾ । ਉਹ ਇਹ ਕੁਝ ਆਪਣੇ ਖ਼ਤਾਂ ਵਿਚ ਲਿਖਦੇ । ਪਿਆਰ, ਰਸ਼ਕ ਅਤੇ ਕਿਤੇ ਕਿਤੇ ਈਰਖਾ ਦਾ ਰਲਿਆ ਮਿਲਿਆ ਪ੍ਰਗਟਾਉ ਹਨ ਇਹ ਖ਼ਤ । ਤਿੰਨੇ ਇਕ ਦੂਸਰੇ ਨੂੰ ਪਿਆਰ ਨਾਲ ‘ਮਾਸ਼ਟਰ ਜੀ’ ਜਾਂ ‘ਮਾਸ਼ਟਰ ਹੋਣੀ ਜੀ’ ਸੰਬੋਧਨ ਕਰਦੇ । ਨਾਵਲਕਾਰ ਨਾਨਕ ਸਿੰਘ ਨੇ ਆਪਣੇ ਮਿੱਤਰ ਦੇ ਸਾਰੇ ਖ਼ਤ ਸਾਂਭ ਕੇ ਰੱਖ ਹੋਏ ਸਨ, ਜਿਨ੍ਹਾਂ ਵਿਚ ਕੁਝ ਇਕ ਇਥੇ ਪ੍ਰਸਤੁਤ ਕੀਤੇ ਜਾ ਰਹੇ ਹਨ ।

ਮੇਰੇ ਪਿਆਰੇ ਮਾਸ਼ਟਰ ਜੀਓ,
ਆਪਦੀ ਚਿੱਠੀ ਭੀ ਮਿਲੀ ਪਰਚਾ ਭੀ ਮਿਲਿਆ ਅਤੇ ਮਨੀਆਰਡਰ ਭੀ ਮਿਲਿਆ। ਧੰਨਵਾਦ ਕਰਨ ਨਾਲ ਕਿਤੇ ਸੁਆਦ ਨਾ ਮਾਰਿਆ ਜਾਵੇ, ਇਸ ਲਈ ਨਹੀਂ ਕਰ ਰਿਹਾ ।
ਮੈਂ ਅੱਜਕਲ੍ਹ ਬੜਾ ਮਸ਼ਗੂਲ ਹਾਂ । ਖ਼ਤ ਏਸੇ ਲਈ ਹੀ ਨਹੀਂ ਲਿਖ ਸਕਿਆ। ਸਵੇਰੇ ਤੜਕੇ ਸਾਢੇ ਛੇ ਵਜੇ ਤੋਂ ਬੈਠ ਜਾਂਦਾ ਹਾਂ ਅਤੇ ਸ਼ਾਮ ਦੇ ਸਾਢੇ ਛੇ ਕੁ ਵਜੇ ਹੀ ਉਠਦਾ ਹਾਂ । ਆਇਲ ਪੇਂਟ ਤੁਹਾਨੂੰ ਪਤਾ ਹੀ ਹੈ ਏਵੇਂ ਹੀ ਔਖਿਆਂ ਕਰਦਾ ਹੈ । ਸੁਕ ਜਾਵੇ ਤੇ ਫਿਰ ਕੰਮ ਨਹੀਂ ਆਉਂਦਾ ਅਤੇ ਮੈਂ ਚਾਹੁੰਦਾ ਸੀ ਪਈ ਚਾਰ ਤਸਵੀਰਾਂ ਬਣ ਹੀ ਜਾਣ ਤਾਂ ਚੰਗਾ ਹੈ । ਰੰਧਾਵਾ ਜੀ ਨੇ ਨੁਮਾਇਸ਼ ਦਾ ਉਪਰਾਲਾ ਮੇਰੇ ਵਾਸਤੇ ਹੀ ਵਧੇਰੇ ਕੀਤਾ ਹੈ । ਵਕਤ ਭੀ ਬੜਾ ਥੋੜ੍ਹਾ ਹੈ । ਸੱਦਿਆ ਤਾਂ ਉਨ੍ਹਾਂ 10 ਤਰੀਖ ਨੂੰ ਹੈ ਪਰ ਦਸ ਤਾਂ ਅਸੰਭਵ ਜਿਹੀ ਗੱਲ ਹੈ । ਪੰਦਰਾਂ ਤਰੀਖ ਨੂੰ ਜਾਣ ਦਾ ਵਿਚਾਰ ਹੈ । ਮੈਂ ਤੁਹਾਨੂੰ ਤਾਰ ਦਿਆਂਗਾ ਪਰ ਜੇ ਲਾਰੀ ਗੱਡੀ ਦੇ ਵੇਲੇ ਨਾ ਪੁੱਜੀ ਤਾਂ ਤੁਸਾਨੂੰ ਕਿਤੇ ਫੇਰਾ ਨਾ ਪਵੇ ।
ਨੁਮਾਇਸ਼ 18 ਤੋਂ ਸ਼ੁਰੂ ਹੋ ਰਹੀ ਹੈ । ਮੇਰੀ ਇੱਛਾ ਹੈ ਕਿ ਤੁਸੀਂ ਜ਼ਰੂਰ ਪੁੱਜੋ । ਤੁਹਾਨੂੰ ਇਕ ਚੰਗੇ ਐਡੀਟਰ ਦੀ ਹੈਸੀਅਤ ਵਿਚ ਨੁਮਾਇਸ਼ਾਂ ਦੇਖਣੀਆਂ ਅਤੇ ਉਨ੍ਹਾਂ ਦੀਆਂ ਪੇਂਟਿੰਗਜ਼ ਅਤੇ ਚਿੱਤਰਕਾਰਾਂ ਤੇ ਟੀਕਾ-ਟਿਪਣੀ ਜ਼ਰੂਰ ਕਰਨੀ ਚਾਹੀਦੀ ਹੈ । ਨਹੀਂ ਤੇ ਨੁਮਾਇਸ਼ ਤੇ ਲੋਕ-ਰਾਇ ਕਿਵੇਂ ਬਣੇ । ਦੂਜੇ ਇਕ ਦੋ ਦਿਨ ਇਕੱਠੇ ਜੀਉਂ ਲਵਾਂਗੇ ।
ਪਰਚੇ ਦਾ ਟਾਈਟਲ ਤਾਂ 20 ਮਾਰਚ ਤੋਂ ਪਿਛੋਂ ਬਣ ਸਕੇਗਾ । ਮਜ਼ਮੂਨ ਭੀ ਦਾਅ ਲੱਗਾ ਤਾਂ ਲਿਖਾਂਗਾ । ਰੂਪ ਜੀ ਮਿਲਣ ਤਾਂ ਮੇਰੀ ਪਿਆਰ ਭਰੀ ਯਾਦ ਦੇਣੀ । ਬੱਚਿਆਂ ਨੂੰ ਪਿਆਰ ।

ਤੁਸਾਡਾ ਸਾਰੇ ਪਿਆਰ ਨਾਲ

ਸੋਭਾ ਸਿੰਘ ।

ਮੇਰੇ ਪਿਆਰੇ ਮਾਸ਼ਟਰ ਜੀਓ
ਆਪਦਾ ਪਰਚਾ ਕੱਲ੍ਹ ਪੂਜਾ ਅਤੇ ਆਪਦਾ ਐਡੀਟੋਰੀਅਲ ਪੜ੍ਹ ਕੇ ਬੜੀ ਖੁਸ਼ੀ ਹੋਈ । ਇਸ ਲਈ ਮੇਰੀ ਮੁਬਾਰਕਬਾਦ ਕਬੂਲ ਕਰਨ ਦੀ ਖੇਚਲ ਕਰੋ ।
ਮੈਂ ਜਲੰਧਰ ਤੋਂ ਆਉਂਦੇ ਸਮੇਂ ਬੀਮਾਰ ਸਾਂ ਏਸ ਲਈ ਗੱਡੀ ਵਿਚ ਹੀ ਆਇਆ ਅਤੇ ਗੱਡੀ ਵਿਚ ਹੀ ਸਿੱਧਾ ਲੰਘ ਗਿਆ । ਅਸਲ ਵਿਚ ਜਿਹੜੀ 22 ਮਾਰਚ ਨੂੰ ਬਾਰਸ਼ ਤੇ ਗੜਿਆਂ ਨਾਲ ਸਰਦੀ ਪਈ ਸੀ, ਉਸ ਨਾਲ ਮੈਨੂੰ ਠੰਢ ਲਗ ਗਈ ਸੀ । ਇਥੇ ਆ ਕੇ ਕਾਫੀ ਆਰਾਮ ਕਰਨ ਤੇ ਤਬੀਅਤ ਠੀਕ ਹੋ ਗਈ ਹੈ ।
ਡੀਜ਼ਾਇਨ ਤੁਸਾਡੇ ਲਈ ਮੈਂ ਬਣਾ ਰਿਹਾ ਹਾਂ । ਉਮੀਦ ਹੈ ਚੌਦਾਂ ਪੰਦਰਾਂ ਤਰੀਕ ਤੋਂ ਪਹਿਲੋਂ ਪਹਿਲੋਂ ਤੁਸਾਡੀ ਸੇਵਾ ‘ਚ ਪੁਜ ਜਾਣਗੇ ।

ਆਪਦਾ, ਸਾਰੇ ਪਿਆਰ ਸਹਿਤ,

ਸੋਭਾ ਸਿੰਘ ।

ਪਿਆਰੇ ਵੀਰ,
ਪਿੱਛੇ ਜਿਹੇ ਤੁਸਾਡੀ ਚਿੱਠੀ ਆਈ ਸੀ ਜਿਸ ਦਾ ਮੈਂ ਉੱਤਰ ਦੇ ਦਿੱਤਾ ਸੀ, ਪਰ ਉਸਦੇ ਪਿਛੋਂ ਫੇਰ ਸਿਲਸਿਲਾ ਟੁੱਟ ਗਿਆ ਅਤੇ ਮੈਂ ਨਾ ਲਿਖ ਸਕਿਆ ।
ਪੰਡਤ ਮੰਗਤ ਰਾਮ ਜੀ ਦਿੱਲੀ ਤੋਂ ਦੋ ਕੁ ਦਿਨਾਂ ਦੇ ਆਏ ਹੋਏ ਹਨ । ਉਹੋ ਹੀ ਪਿਛਲੀਆਂ ਸਵਾਦਲੀਆਂ ਗੱਲਾਂ ਯਾਦ ਕਰ ਕਰ ਕੇ ਝੂਮ ਰਹੇ ਹਾਂ । ਪੰਡਤ ਜੀ 28.10 ਨੂੰ ਸ਼ਾਮ ਤੱਕ ਅੰਮ੍ਰਿਤਸਰ ਪੁੱਜ ਰਹੇ ਹਨ । ਮੈਂ ਭੀ ਦਿੱਲੀ ਜਾਣਾ ਸੀ । ਮੈਂ ਵੀ ਇਨ੍ਹਾਂ ਦੇ ਨਾਲ ਹੀ ਅੰਮ੍ਰਿਤਸਰ ਆਵਾਂਗਾ ਅਤੇ ਆਪ ਦੇ ਦਰਸ਼ਨ ਕਰਾਂਗੇ । ਆਸ ਹੈ ਆਪ 28.10 ਦੀ ਸ਼ਾਮ ਤੇ 29.10 ਨੂੰ ਸਾਰਾ ਦਿਨ ਘਰ ਹੀ ਹੋਵੋਗੇ। ਰਾਜ ਜੀ ਨੂੰ ਅਸਾਂ ਤਿੰਨਾਂ ਵਲੋਂ ਪਿਆਰ ਭਰੀ ਯਾਦ, ਬੱਚਿਆਂ ਨੂੰ ਪਿਆਰ ।

ਆਪਦਾ

ਸੋਭਾ ਸਿੰਘ

ਪਿਆਰੇ ਮਾਸ਼ਟਰ ਜੀਓ

ਕਲ੍ਹ ਇਕ ਖ਼ਤ ਤੁਸਾਡੀ ਸੇਵਾ ਵਿਚ ਭੇਜਿਆ ਸੀ ਅਤੇ ਏਹ ਖ਼ਤ ਕੇਵਲ ਏਸ ਲਈ ਲਿਖ ਰਿਹਾ ਹਾਂ ਕਿ ਭਾਵੇਂ ਮੈਂ ਅੰਬਾਲਿਓਂ ਹੋ ਕੇ ਆਇਆ ਸਾਂ, ਇਨਾਮ ਦਾ ਤਿੰਨ ਸੌ ਰੁਪਿਆ, ਨਹੀਂ ਆਇਆ ਅਤੇ ਨਾ ਹੀ ਕੋਈ ਉਨ੍ਹਾਂ ਦਾ ਖਤ ਆਇਆ ਹੈ । ਮਜ਼ਦੂਰਾਂ ਨੂੰ ਪੈਸੇ ਦੇਣ ਵਾਲੇ ਪਏ ਹਨ । ਉਮੀਦ ਸੀ ਕਿ ਪੈਸੇ ਆ ਜਾਣਗੇ ਤੇ ਦੇ ਦੇਵਾਂਗਾ।
ਸੋ ਜੇ ਆਸਾਨੀ ਨਾਲ ਹੋ ਸਕੇ ਤਾਂ ਸੌ ਕੁ ਰੁਪਿਆ ਭੇਜ ਦਿਓ ਅਤੇ ਜੇ ਤਾਰ ਮਨੀਆਰਡਰ ਰਾਹੀਂ ਭੇਜ ਦਿਓ ਤਾਂ ਹੋਰ ਵੀ ਚੰਗਾ ਹੋਵੇ । ਪਰ ਮੈਂ ਇਕ ਬੇਨਤੀ ਕਰਾਂਗਾ, ਔਖੇ ਹੋ ਕੇ ਕੰਮ ਨਾ ਕਰਨਾ, ਜੇ ਸੌਖੇ ਸੌਖੇ ਭੇਜ ਸਕੋ ਤਾਂ ਭੇਜਣਾ ।

ਤੁਸਾਡਾ, ਬੜੇ ਪਿਆਰ ਸਹਿਤ

ਸੋਭਾ ਸਿੰਘ ।

ਮੇਰੇ ਪਿਆਰੇ ਮਾਸ਼ਟਰ ਜੀਓ

ਆਪਦਾ ਅਤਿ ਪਿਆਰ ਵਿਚ ਗੁੱਝਾ ਸਨੇਹ ਪੱਤਰ ਪੁੱਜਾ ਜਿਸ ਲਈ ਦਿਲੀ ਧੰਨਵਾਦੀ ਹਾਂ । ਇਕ ਵਾਰ ਤਾਂ ਫੇਰ ਓਹੀ ਮੋਢੇ ਵਜਾਉਣ ਵਾਲਾ ਹੁਲਾਰਾ ਆ ਗਿਆ ਹੈ ।
ਮੈਂ ਮਹਿਸੂਸ ਕਰਦਾ ਹਾਂ ਕਿ ਕੋਲਿਆਂ ਦੀ ਦਲਾਲੀ ਪੰਡਤ ਹੁਰਾਂ ਦੇ ਮਾਸੂਮ ਦਿਲ ਤੇ ਰਾਖ ਨਹੀਂ ਧੂੜ ਸਕੀ ਅਤੇ ਉਹ ਅਜੇ ਤਕ ਬੱਚੇ ਵਾਂਗ ਚਹਿਚਹਾ ਸਕਦੇ ਹਨ । ਜੇ ਕਿਤੇ ਅਸੀਂ ਤਿੰਨੇ ਫੇਰ ਇਕੱਠੇ ਹੋ ਸਕੀਏ ਤਾਂ ਪਹਿਲਾਂ ਨਾਲੋਂ ਵਧੇਰੇ ਸੁਆਦ ਲੈ ਸਕਦੇ ਹਾਂ ।
ਪੰਡਤ ਜੀ, ਦੁਨੀਆਂ, ਅਰਥਾਤ ਗ੍ਰਹਿਸਥ ਦਾ ਕਾਫੀ ਉਤਾਰ ਚੜ੍ਹਾ ਵੇਖ ਚੁੱਕੇ ਹਨ । ਤੁਸੀਂ ਆਪਣੀਆਂ ਸਾਰੀਆਂ ਸੰਸਾਰਿਕ ਜ਼ਿੰਮੇਵਾਰੀਆਂ ਤੋਂ ਨਿਜਾਤ ਪਾ ਚੁੱਕੇ ਹੋ, ਜਿਸ ਵਿਚ ਬਹੁਤਾ ਰਾਜ ਜੀ ਦਾ ਹੱਥ ਹੈ । ਮੈਨੂੰ ਕੋਈ ਕਰਤੇ ਨੇ ਜ਼ੁੰਮੇਵਾਰੀ ਪਾਈ ਨਹੀਂ । ਅਰਥਾਤ ਹੈਵਾਨੀਅਤ ਦੀ ਭੁੱਖ ਕੋਈ ਰਹੀ ਨਹੀਂ । ਮਾਨਸਿਕ ਤੌਰ ਤੇ ਨਾਮ ਤੇ ਕਾਮ ਖੂਬ ਮਾਣੇ ਹਨ । ਹੁਣ ਕੇਵਲ ਆਤਮਾ ਮਾਣਨ ਵਾਲੀ ਰਹਿ ਗਈ ਹੈ । ਹੁਣ ਸਾਨੂੰ ਡੋਰੀ ਆਤਮਾ ਦੇ ਹੱਥ ਦੇ ਦੇਣੀ ਚਾਹੀਦੀ ਹੈ । ਜਿਵੇਂ ਨਚਾਵੇ ਨੱਚ ਲਈਏ । ‘ਸਹਿਜ’ ਵਿਚ ਵੀ ਜਿਉ ਵੇਖੀਏ ਅਤੇ ਆਪਣੇ ਅੰਦਰ ਵਸਦੇ ‘ਸਤਿਗੁਰ’ ਦੇ ਸ਼ਬਦ ਤੇ ਧਿਆਨ ਦੇਈਏ । ਇਸ ਦੇ ਮਾਸ਼ਟਰ ਹੋਣੀ ਜੀ, ਆਪਣੇ ਸਵਾਦ ਹਨ ।
ਜੋ ਤੁਸੀਂ ‘ਮੇਰੀ ਦੁਨੀਆਂ’ ਬਾਰੇ ਲਿਖਿਆ ਹੈ ਮੈਨੂੰ ਠੀਕ ਯਾਦ ਨਹੀਂ ਪਰ ਜੀਵਨੀ ਲਿਖਣ ਦਾ ਆਮ ਭਾਵ ਇਹ ਹੈ ਕਿ ਜੰਤਾ ਖ਼ਾਸ ਕਰਕੇ ਸਾਡੇ ਰਾਹ ਤੇ ਤੁਰਨ ਵਾਲੇ ਵਿਅਕਤੀ ਕੁਝ ਸਾਡੇ ਜੀਵਨ ਤਜਰਬੇ ਤੋਂ ਆਪਣੇ ਜੀਵਨ ਪੰਧ ਲਈ ਲੋਅ ਲੈ ਸਕਣ । ਏਸ ਲਈ ਇਸ ਵਿਚ ਬਹੁਤਾ ਕੰਮ ਇਸ ਨੁਕਤਾ ਨਜ਼ਰ ਨਾਲ ਹੋਣਾ ਚਾਹੀਦਾ ਹੈ । ਤੁਸੀਂ ਇਕ ਪ੍ਰਸਿੱਧ ਨਾਵਲਿਸਟ ਹੈ । ਇਸ ਲਈ ਤੁਸੀਂ ਆਪਣੀ ਜੀਵਨੀ ਭੀ ਨਾਵਲ ਦੇ ਤੌਰ ਤੇ ਹੀ ਲਿਖੀ ਹੈ ਜਿਸ ਦੇ ਹੀਰੋ ਦਾ ਨਾਉਂ ਨਾਨਕ ਸਿੰਘ ਜਾਪਦਾ ਹੈ । ਪਰ ਮੈਂ ਕੁਝ ਜੀਵਨੀਆਂ ਪੜ੍ਹੀਆਂ ਹਨ, ਜਿਨ੍ਹਾਂ ਵਿਚ ਕਈ ਥਾਈਂ ਇਉਂ ਭਾਸਦਾ ਹੈ ਕਿ ਇਸ ਥਾਂ ਤੇ ਕੇਵਲ ਮੇਰੀ ਹੀ ਕਹਾਣੀ ਹੈ ਜੇ ਮੈਂ ਏਦਾਂ ਕਰਾਂ । ਜਾਂ ਏਦਾਂ ਕਰਾਂ ਤੇ ਏਦਾਂ ਹੋ ਜਾਵੇਗਾ, ਕਈ ਵੇਰ ਸਾਨੂੰ ਆਪਣੇ ਕਰਤਵ ਦੀ ਜੀਵਨ ਰੌਅ ਵਿਚ ਪ੍ਰੌੜਤਾ ਮਿਲਦੀ ਹੈ ਜਾਂ ਕਈ ਵੇਰ ਸਾਨੂੰ ਆਪਣੀ ਰੌ ਯਾ attitude ਬਦਲਨ ਨੂੰ ਜੀਅ ਕਰਦਾ ਹੈ । ਇਹ ਹੈ ਕਿ ਕਾਮਯਾਬ ਸਵੈ-ਜੀਵਨੀ ਦੀ ਘਸਵੱਟੀ ਜਿਸ ਤੇ ਮੈਂ ਚਾਹੁੰਦਾ ਹਾਂ ਕਿ ਮੇਰਾ ਮਿੱਤਰ ਭੀ ਪਾਰ ਉਤਰੇ ।

ਪਿਆਰ ਸਹਿਤ,

ਤੁਹਾਡਾ ਸੋਭਾ ਸਿੰਘ ।

ਮੇਰੇ ਪਿਆਰੇ ਮਾਸ਼ਟਰ ਹੋਣੀ ਜੀ,
ਆਪਦਾ ਸਨੇਹ ਪੱਤਰ ਪੁੱਜਾ, ਜਿਸ ਲਈ ਅਤਿ ਧੰਨਵਾਦੀ ਹਾਂ । ਪੰਡਿਤ ਹੋਰਾਂ ਦੇ ਮਕਾਨ ਦੀ ਨੀਂਹ ਦੀ ਖੁਦਾਈ ਕਲ੍ਹ ਕ੍ਰਿਸਮਿਸ ਵਾਲੇ ਦਿਨ ਸਵੇਰੇ ਸ਼ੁਰੂ ਕਰਨੀ ਹੈ । ਇਸ ਲਈ ਅੱਜ ਸਾਰਾ ਦਿਨ ਰੁਝਾ ਰਿਹਾ ਹਾਂ । ਹੁਣ ਰਾਤ ਦੇ 12 ਦਾ ਵਕਤ ਹੈ ਜੋ ਆਪ ਵੱਲ ਇਹ ਚਿੱਠੀ ਲਿਖ ਰਿਹਾ ਹਾਂ । ਕਲ੍ਹ ਸਾਡੀ ਕਾਂਗੜਾ ਵੈਲੀ ਗਾਰਡਨ ਲਵਰਜ਼ ਐਸੋਸੀਏਸ਼ਨ ਦੀ ਮੀਟਿੰਗ ਹੈ ਉਥੇ ਭੀ ਜਾਣਾ ਹੈ, ਕਲ੍ਹ ਇਹ ਖ਼ਤ ਨਹੀਂ ਲਿਖ ਹੋ ਸਕੇਗਾ ।
ਰੱਬ ਨੂੰ ਤੁਹਾਡੇ ਏਥੇ ਆਉਣ ਵਾਸਤੇ ਮੈਂ ਪਹਿਲੇ ਹੀ ਅਰਦਾਸ ਕਰ ਛੱਡੀ ਹੋਈ ਹੈ ਅਤੇ ਉਸ ਨੇ ਤੁਹਾਡੇ ਦਿਲ ਵਿਚ ਏਥੇ ਆਉਣ ਲਈ ਕੁਤਕੁਤਾਰੀਆਂ ਭੀ ਕਰਨੀਆਂ ਆਰੰਭ ਕਰ ਦਿੱਤੀਆਂ ਹਨ । ਪਰ ਰੱਬ ਮੈਨੂੰ ਕਹਿੰਦਾ ਹੈ ਪੁੱਤਰ, ਆਰਟਿਸਟਾਂ ਦਾ ਮੂਡ ਹੁੰਦਾ ਹੈ । ਜਦ ਮੁਡ ਆ ਗਿਆ ਤਾਂ ‘ਕੱਚੇ ਧਾਗੇ ਸੋ ਬੰਧੀ ਆਏਗੀ ਸਰਕਾਰ ਤੇਰੀ’ ਨਾਲ ਕਹਿੰਦਾ ਹੈ ਆਪਣਿਆਂ ਨਾਲਿਆਂ ‘ਚ ਅਸਰ ਪੈਦਾ ਕਰ, ਸੋ ਮੈਂ ਅੱਜ ਕੱਛ ਤੇ ਪਜਾਮੇ ਵਿਚ, ਨਵੇਂ ਨਾਲੇ ਪਾ ਲਏ ਹਨ ।
ਏਥੇ ਰਹਿਣਾ ਜਾਂ ਨਾ ਰਹਿਣਾ ਤੁਹਾਡੇ ਬੀਬੀ ਰਾਜ ਕੌਰ ਤੇ ਬੀਬੀ ਇੰਦਰ ਕੌਰ ਤੇ ਨਿਰਭਰ ਹੈ। ਪਰ ਮੈਂ ਤਾਂ ਏਨੀ ਗੱਲ ਕਹਿ ਸਕਦਾ ਹਾਂ ਕਿ ਤੁਹਾਡੇ ਜਿਹੇ ਉੱਚ ਕਲਾਕਾਰ ਸਮੇਂ ਦੇ ਮੀਲ ਪੱਥਰ ਹੁੰਦੇ ਹਨ, ਜਿਨ੍ਹਾਂ ਨਾਲ ਜਗ ਤੇ ਇਤਿਹਾਸ ਬਣਦੇ ਹਨ । ਉਦੋਂ ਦੀ ਜ਼ਬਾਨ, ਰਵਾਜ ਤੇ ਕਲਚਰ, ਉਦੋਂ ਦਾ ਪਾਲੇਟਿਕਸ, ਧਰਮ ਤੇ ਸ਼ਰਮ, ਉਦੋਂ ਦੀ ਸੁਸਾਇਟੀ ਦੇ ਮਨ ਦੀ ਬਣਤਰ ਆਦਿ । ਤੁਸਾਂ ਲੋਕਾਂ ਦੀਆ ਲਿਖਤਾਂ, ਤਸਵੀਰਾਂ ਤੇ ਗੀਤਾਂ ਨੂੰ ਸੁਣ, ਪੜ੍ਹ ਕੇ ਵੇਖ ਕੇ ਯੁਗ ਦਾ ਅੰਦਾਜ਼ਾ ਲਾਇਆ ਜਾਂਦਾ ਹੈ । ਇਸ ਲਈ ਤੁਸਾਂ ਲੋਕਾਂ ਦਾ ਧਰਮ ਹੈ ਕਿ ਠੀਕ ਠੀਕ ਜੀਵਨ ਵਿਚ ਵੱਜੇ ਧਕੇ ਤੇ ਜੀਵਨ ਨਾਲ ਨਾਲ ਕੀਤੇ ਆਪਣੇ ਤੇ ਲੋਕਾਈ ਦੇ ਤਜਰਬੇ, ਰੀਝਾਂ ਤੇ ਤਜਵੀਜ਼ਾਂ ਲਿਖੋ । ਪੱਛਮ ਵਿਚ ਅੱਜ ਕਲ੍ਹ ਜਿੰਨੀਆਂ ਵੀ ਜੀਵਨੀਆਂ ਤੇ ਸਵੈ ਜੀਵਨੀਆਂ ਪੜ੍ਹੀਆਂ ਜਾਂਦੀਆਂ ਹਨ, ਫਿਕਸ਼ਨ ਨਹੀਂ ਕਿਉਂਕਿ ਲੋਕਾਈ ਦੀ ਖੋਜ ਚੰਗੇ ਤੋਂ ਚੰਗੇਰੇ ਜੀਵਨ ਵਾਸਤੇ ਦਿਨੋਂ ਦਿਨ ਵੱਧ ਰਹੀ ਹੈ ਅਤੇ ਚੰਗੇ ਜੀਵਨ ਲਈ ਰਾਹ ਦੇ ਸੁਨੇਹੇ ਚੰਗੀਆਂ ਜੀਵਨੀਆਂ ਚੋਂ ਹੀ ਮਿਲ ਸਕਦੇ ਹਨ । ਮਨਘੜਤ ਕਹਾਣੀਆਂ ਤੇ ਨਾਵਲਾਂ ‘ਚ ਘੱਟ ਹੀ ਮਿਲ ਸਕਦੇ ਹਨ ।
ਏਸ ਲਈ ਮੈਂ ਬਿਨੇ ਕਰਾਂਗਾ ਕਿ ਕੁਝ ਦਿਲ ਖੋਲ੍ਹ ਕੇ, ਬੇਸ਼ਰਮ ਹੋ ਕੇ, ਹੌਸਲੇ ਨਾਲ ਆਪਣੀ ਜੀਵਨੀ ਨਾਲ ਤੇ ਲੋਕਾਈ ਨਾਲ ਇਨਸਾਫ ਕਰ ਸੁੱਟੋ । ਤੁਸੀਂ ਇਕ ਬੜੇ ਨਾਮਾਲੂਮ ਜੀਵਨ ਦਰਜੇ ਤੋਂ ਉੱਚ ਕੋਟੀ ਦੇ ਕਲਾਕਾਰ ਅਤੇ ਪ੍ਰਸਿੱਧ ਕਲਾਕਾਰ ਦੀ ਪਦਵੀ ਆਪਣੀ ਹਿੰਮਤ ਨਾਲ ਪ੍ਰਾਪਤ ਕੀਤੀ। ਹੈ । ਇਕ ਚੰਗੇ ਪਤੀ, ਇਕ ਕਾਮਯਾਬ ਪਿਤਾ ਹੋ ਅਤੇ ਅਜ ਤਕ ਕਾਮਯਾਬੀ ਨਾਲ ਰਚਨਾ ਆਪਣੀ ਲੋਕਾਈ ਨੂੰ ਦੇ ਰਹੇ ਹੋ । ਤੁਸੀਂ ਆਪਣੇ ਨਾਲ ਧੋਖੇ ਵੀ ਕੀਤੇ ਹੋਣਗੇ । ਧੋਖੇ ਖਾਧੇ ਵੀ ਹੋਣਗੇ, ਧੋਖੇ ਦਿੱਤੇ ਭੀ ਹੋਣਗੇ, ਛੁਪੀਆਂ ਚੰਗਿਆਈਆਂ ਭੀ ਕੀਤੀਆਂ ਹੋਣਗੀਆਂ। ਅਸਫ਼ਲ ਤੇ ਅਣਜਾਣੇ ਅਤੇ ਅਨਮਾਣੇ ਪਿਆਰ ਵੀ ਲਏ ਹੋਣਗੇ, ਪਛਤਾਵੇ ਵੀ ਕੀਤੇ ਹੋਣਗੇ, ਆਪਣੇ ਜੀਵਨ ਵਿਚ ਸੋਧਾਂ ਵੀ ਕੀਤੀਆਂ ਹੋਣਗੀਆਂ। ‘ਹੋਊ ਜੀ’ ਭੀ ਕਿਹਾ ਹੋਵੇਗਾ । ਝੂਠੀਆਂ Self Justifications ਭੀ ਕੀਤੀਆਂ ਹੋਣਗੀਆਂ । ਸੋ ਲਿਖ ਸੁੱਟੋ, ਇਹ ਤੁਹਾਡਾ ਅਖੀਰਲਾ ਮਾਸਟਰ ਪੀਸ ਹੀ ਕਿਉਂ ਨਾ ਮੰਨਿਆ ਜਾਵੇਗਾ ।
ਪੰਡਤ ਹੋਰਾਂ ਦੇ ਮਕਾਨ ਦਾ ਨੀਂਹ ਪੱਥਰ ਪਹਿਲੀ ਜਨਵਰੀ ਨੂੰ ਰਖਣਾ ਚਾਹੁੰਦੇ ਹਾਂ, ਜੇ ਤੁਸੀਂ ਤੇ ਰਾਜ ਕੌਰ ਵੀ ਆ ਸਕੋ ਤਾਂ ਦਰਸ਼ਨ ਵੀ ਹੋ ਜਾਣਗੇ । ਪਠਾਨਕੋਟ ਤੋਂ ਪੰਚਰੁਖੀ ਦੇ ਸਟੇਸ਼ਨ ਦੀ ਟਿਕਟ ਲੈ ਲੈਣਾ, ਉਥੋਂ ਸਾਡਾ ਪਿੰਡ ਸਾਹਮਣੇ ਇਕ ਮੀਲ ਤੇ ਹੈ, ਮੈਨੂੰ ਲਿਖ ਦੇਣਾ, ਆ ਕੇ ਲੈ ਜਾਵਾਂਗਾ ।

ਪਿਆਰ ਸਹਿਤ

ਸੋਭਾ ਸਿੰਘ ।

ਦੋ ਕਲਾਕਾਰਾਂ ਦੀ ਦੋਸਤੀ ਹਰਬੀਰ ਸਿੰਘ ਭੰਵਰ

ਫ਼ਿਲਮੀ ਦੁਨੀਆਂ ਉਤੇ ਛਾਏ ਕਪੂਰ ਖ਼ਾਨਦਾਨ ਦੇ ਬਜ਼ੁਰਗ ਅਤੇ ਥੀਏਟਰ ਤੇ ਫ਼ਿਲਮੀ ਜਗਤ ਦੇ ਪ੍ਰਸਿੱਧ ਚਰਿਤਰ ਅਭਿਨੇਤਾ ਪਦਮ ਭੂਸ਼ਨ ਪ੍ਰਿਥਵੀ ਰਾਜ ਕਪੂਰ ਅਤੇ ਪ੍ਰਸਿੱਧ ਚਿਤਰਕਾਰ ਪਦਮਸ਼੍ਰੀ ਸੋਭਾ ਸਿੰਘ ਦੇ ਬੜੇ ਨਿਘੇ ਅਤੇ ਗੂੜ੍ਹੇ ਮਿੱਤਰਾਂ ਵਾਲੇ ਸੰਬੰਧ ਸਨ । ਉਨ੍ਹਾਂ ਦੀ ਪਹਿਲੀ ਮੁਲਾਕਾਤ ਲਾਹੌਰ ਵਿਚ ਹੋਈ ਸੀ । ਉਸ ਲਾਹੌਰ ਵਿਚ, ਜੋ 1947 ਦੀ ਦੇਸ਼ ਵੰਡ ਤੋਂ ਪਹਿਲੋਂ ਫ਼ਿਲਮੀ ਦੁਨੀਆਂ ਦਾ ਕਲਕੱਤਾ, ਬੰਬਈ ਤੇ ਮਦਰਾਸ ਦੇ ਬਰਾਬਰ ਦਾ ਕੇਂਦਰ ਸੀ । ਪਿਛੋਂ ਇਹ ਮੁਲਾਕਾਤ ਮਿੱਤਰਤਾ ਵਿਚ ਬਦਲ ਗਈ । ਦੇਸ਼ ਵੰਡ ਪਿਛੋਂ ਸ੍ਰੀ ਕਪੂਰ ਬੰਬਈ ਚਲੇ ਗਏ ਜਦੋਂ ਕਿ ਚਿਤਰਕਾਰ ਸੋਭਾ ਸਿੰਘ ਨੇ ਕਾਂਗੜਾ ਵਾਦੀ ਦੇ ਇਕ ਛੋਟੇ ਜਿਹੇ ਪਿੰਡ ਅੰਦਰੇਟਾ ਜਾ ਕੇ ਆਪਣਾ ਟਿਕਾਣਾ ਬਣਾ ਲਿਆ ।
ਦੋਨਾਂ ਦੇ ਰਹਿਣ ਦੇ ਟਿਕਾਣੇ ਭਾਵੇਂ ਬਹੁਤ ਦੂਰ ਦੂਰ ਹੋ ਗਏ ਪਰ ਦਿਲਾਂ ਦੀ ਨੇੜਤਾ ਬਣੀ ਰਹੀ, ਸਗੋਂ ਸਮੇਂ ਨਾਲ ਹੋਰ ਵੀ ਵਧਦੀ ਗਈ । ਚਿਤਰਕਾਰ ਜਦੋਂ ਵੀ ਬੰਬਈ ਜਾਂਦੇ ਤਾਂ ਆਪਣੇ ਇਸ ਮਿੱਤਰ ਪ੍ਰਿਥਵੀ ਰਾਜ ਕਪੂਰ ਅਤੇ ਪ੍ਰਸਿੱਧ ਕਹਾਣੀਕਾਰ, ਵਾਰਤਾਕਾਰ ਤੇ ਫ਼ਿਲਮ ਨਿਰਦੇਸ਼ਕ ਰਾਜਿੰਦਰ ਸਿੰਘ ਬੇਦੀ ਨੂੰ ਜ਼ਰੂਰ ਮਿਲ ਕੇ ਆਉਂਦੇ । 1952 ਪਿਛੋਂ ਆਪਣੀ ਉਮਰ ਦੇ ਆਖਰੀ ਸਾਲਾਂ ਤਕ ਉਹ ਆਪਣੇ ਮਹਾਨ ਸ਼ਾਹਕਾਰ ਸੋਹਣੀ ਮਹੀਂਵਾਲ ਦਾ ਪੋਸਟਰ ਟਾਈਮਜ਼ ਆਫ਼ ਇੰਡੀਆ ਪ੍ਰੈਸ ਜਾਂ ਵਕੀਲ ਪ੍ਰੈਸ ਤੋਂ ਛਪਣਾਉਣ ਲਈ ਅਨੇਕਾਂ ਵਾਰੀ ਬੰਬਈ ਗਏ । ਪਠਾਨਕੋਟ, ਬੈਜਨਾਥ, ਜੋਗਿੰਦਰ ਨਗਰ ਰੇਲਵੇ ਲਾਈਨ ਉਤੇ ਪੰਚਰੁਖੀ ਸਟੇਸ਼ਨ ਬਣ ਜਾਣ ਪਿਛੋਂ ਅੰਦਰੇਟੇ ਆਉਣਾ ਜਾਣਾ ਸੌਖਾ ਹੋ ਗਿਆ, ਤਾਂ ਸ੍ਰੀ ਕਪੂਰ ਕਈ ਵਾਰੀ ਅੰਦਰੇਟੇ ਆਏ । ਸੋਭਾ ਸਿੰਘ ਤੋਂ ਬਿਨਾਂ ਉਹ ਪੰਜਾਬੀ ਨਾਟਕ ਦੀ ਨਕੜਦਾਦੀ ਨੋਰ੍ਹਾ ਰਿਚਰਡਜ਼ ਦੇ ਵੀ ਬੜੇ ਸ਼ਰਧਾਲੂ ਸਨ ਕਿਉਂਕਿ ਉਨ੍ਹਾਂ ਦੇ ਮਰਹੂਮ ਪਤੀ ਪ੍ਰੋਫ਼ੈਸਰ ਪੀ. ਈ. ਰਿਚਰਡਜ਼, ਜੋ ਦਿਆਲ ਸਿੰਘ ਕਾਲਜ ਲਾਹੌਰ ਵਿਖੇ ਅੰਗਰੇਜ਼ੀ ਸਾਹਿਤ ਦੇ ਅਧਿਆਪਕ ਸਨ, ਤੋਂ ਪੜ੍ਹਦੇ ਰਹੇ ਸਨ । ਮਿਸਿਜ਼ ਰਿਚਰਡਜ਼ ਵਲੋਂ ਲਾਹੌਰ ਵਿਖੇ ਜੋ ਵੀ ਰੰਗਮੰਚ ਦੀਆਂ ਸਰਗਰਮੀਆਂ ਦਾ ਆਯੋਜਨ ਕੀਤਾ ਜਾਂਦਾ, ਉਸ ਵਿਚ ਸ੍ਰੀ ਕਪੂਰ ਵੀ ਹਿੱਸਾ ਲੈਂਦੇ ਰਹੇ ।
ਅੰਦਰੇਟੇ ਉਹ ਤਿੰਨ ਚਾਰ ਵਰ੍ਹਿਆਂ ਪਿਛੋਂ ਅਕਸਰ ਆਰਾਮ ਕਰਨ ਹੀ ਆਉਂਦੇ ਸਨ ਅਤੇ ਠਹਿਰਦੇ ਸ੍ਰੀਮਤੀ ਨੋਰ੍ਹਾ ਰਿਚਰਡਜ਼ ਪਾਸ ਹੀ ਸਨ । ਜਦੋਂ ਵੀ ਉਹ ਅੰਦਰੇਟੇ ਆਉਂਦੇ, ਦਿਨ ਦਾ ਬਹੁਤਾ ਸਮਾਂ ਚਿਤਰਕਾਰ ਸੋਭਾ ਸਿੰਘ ਪਾਸ ਬਿਤਾਉਂਦੇ । ਉਨ੍ਹਾਂ ਨੇ ਆਪਣੀ ਕੋਠੀ ਬਣਾਉਣ ਲਈ ਜ਼ਮੀਨ ਵੀ ਖ਼ਰੀਦੀ ਸੀ ਪਰ ਜ਼ਿੰਦਗੀ ਨੇ ਵਫਾ ਨਾ ਕੀਤੀ । ਮੌਤ ਦੇ ਜਾਬਰ ਪੰਜੇ ਨੇ ਉਨ੍ਹਾਂ ਨੂੰ 1972 ਦੀ ਮਈ ਵਿਚ ਨਪੀੜ ਲਿਆ ਸੀ ।
ਦੋਨਾਂ ਦੀ ਆਪਸੀ ਦੋਸਤੀ ਦੀ ਸਾਂਝ ਦਾ ਇਕ ਨਤੀਜਾ ਇਹ ਵੀ ਨਿਕਲਿਆ ਕਿ ਸੋਭਾ ਸਿੰਘ ਹੋਰਾਂ ਨੇ ਪ੍ਰਿਥਵੀ ਰਾਜ ਕਪੂਰ ਦਾ ਬਰਸਟ ਬਣਾਇਆ । ਇਹ ਬਹੁਤ ਹੀ ਖੂਬਸੂਰਤ ਬੁੱਤ ਹੈ । ਕਪੂਰ ਸਾਹਿਬ ਦੇ ਦਿਹਾਂਤ ਤੋਂ ਬਾਅਦ ਕਲਾਕਾਰ ਨੇ ਇਹ ਬੁੱਤ ਆਪਣੀ ਕੋਠੀ ਦੇ ਇਕ ਕੋਨੇ ਵਿਚ ਸਸ਼ੋਭਤ ਕੀਤਾ ਜਿਸ ਨੂੰ ਦਰਸ਼ਕ ਦੇਖ ਕੇ ਬਹੁਤ ਪ੍ਰਸੰਨ ਹੁੰਦੇ ਹਨ ।
ਕਪੂਰ ਸਾਹਿਬ ਬੜੀਆਂ ਗੱਲਾਂ ਕਰਦੇ ਸਨ । ਚਿਤਰਕਾਰ ਸੋਭਾ ਸਿੰਘ ਵੀ ਉਨ੍ਹਾਂ ਬਾਰੇ ਗੱਲਾਂ ਕਰਦੇ ਅਤੇ ਦਸਦੇ ਕਿ ਸ੍ਰੀ ਕਪੂਰ ਨੇ ਆਪਣੇ ਘਰ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੰਦੀ ਵਿਚ ਛਪਿਆ ਸਰੂਪ ਰੱਖਿਆ ਹੋਇਆ ਹੈ ਅਤੇ ਜਦੋਂ ਵੀ ਸਮਾਂ ਮਿਲਦਾ ਹੈ ਤਾਂ ਪਾਠ ਕਰਦੇ ਹਨ ਅਤੇ ਗੁਰਬਾਣੀ ਦਾ ਅਧਿਐਨ ਕਰਦੇ ਹਨ ।
ਦੇਸ਼-ਵੰਡ ਪਿਛੋਂ ਉਹ ਪੰਜਾਬ ਵਿਚ ਆਪਣੀ ਥੀਏਟਰ ਕੰਪਨੀ ਦੇ ਸਟਾਫ਼ ਨਾਲ ਪ੍ਰਸਿੱਧ ਨਾਟਕ ਪਠਾਣ ਖੇਡਣ ਦੀ ਭਰਪੂਰ ਪ੍ਰਸ਼ੰਸਾ ਕਰਦੇ । ਇਹ ਨਾਟਕ ਫ਼ਿਰਕੂ ਸਦਭਾਵਨਾ ਮਜ਼ਬੂਤ ਕਰਨ ਵਾਲਾ ਅਤੇ ਸ਼ਾਂਤੀ ਦਾ ਸੰਦੇਸ਼ ਦੇਣ ਵਾਲਾ ਸੀ । ਸ੍ਰੀ ਕਪੂਰ ਇਸ ਸੰਬੰਧੀ ਇਕ ਦਿਲਚਸਪ ਘਟਨਾ ਸੁਣਾਇਆ ਕਰਦੇ ਸਨ । ਆਪਣਾ ਇਹ ਨਾਟਕ ਸਟੇਜ ਕਰਦੇ ਕਰਦੇ ਜਦੋਂ ਉਹ ਅੰਮ੍ਰਿਤਸਰ ਆਏ। ਤਾਂ ਹਿੰਦੂ ਅਤੇ ਸਿੱਖਾਂ ਦਾ ਇਕ ਵਫ਼ਦ ਉਨ੍ਹਾਂ ਪਾਸ ਆਇਆ ਜਿਸ ਦੀ ਅਗਵਾਈ ਇਕ ਬਜ਼ੁਰਗ ਸਰਦਾਰ ਕਰ ਰਿਹਾ ਸੀ । ਉਨ੍ਹਾਂ ਨੇ ਮੰਗ ਕੀਤੀ ਕਿ ਆਪਣੀ ਟੀਮ ਚੋਂ ਮੁਸਲਮਾਨ ਅਦਾਕਾਰਾਂ ਨੂੰ ਕੱਢ ਦਿਓ ਅਤੇ ਪਠਾਣ ਨਾਟਕ ਖੇਡਣਾ ਬੰਦ ਕੀਤਾ ਜਾਏ । ਉਨ੍ਹਾਂ ਦੀ ਦਲੀਲ ਸੀ ਕਿ ਪਾਕਿਸਤਾਨ ਬਨਣ ਵੇਲੇ ਮੁਸਲਮਾਨਾਂ ਨੇ ਹਜ਼ਾਰਾਂ ਨਹੀਂ ਸਗੋਂ ਲੱਖਾਂ ਹੀ ਹਿੰਦੂ ਸਿੱਖਾਂ ਦਾ ਕਤਲੇਆਮ ਕੀਤਾ ਹੈ ਅਤੇ ਉਨ੍ਹਾਂ ਦੀਆਂ ਧੀਆਂ ਭੈਣਾਂ ਦੀ ਬੇਇਜ਼ਤੀ ਕੀਤੀ ਹੈ । ਨਾਟਕ ਵਿਚ ਪਠਾਣ ਦਾ ਚਰਿੱਤਰ ਸ਼ਲਾਘਾ ਦਾ ਪਾਤਰ ਹੈ । ਸ੍ਰੀ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੇ ਵਫ਼ਦ ਦੇ ਮੈਂਬਰਾਂ ਨੂੰ ਕਿਹਾ ਜੇਕਰ ਮੁਸਲਮਾਨਾਂ ਨੇ ਹਿੰਦੂ- ਸਿੱਖਾਂ ਦਾ ਕਤਲੇਆਮ ਕੀਤਾ ਹੈ ਤਾਂ ਇਧਰ ਪੂਰਬੀ ਪੰਜਾਬ ਵਿਚ ਹਿੰਦੂ-ਸਿੱਖਾਂ ਨੇ ਵੀ ਮੁਸਲਮਾਨਾਂ ਦਾ ਕਤਲੇਆਮ ਕੀਤਾ ਹੈ । ਦਰਅਸਲ ਉਸ ਸਮੇਂ ਸਾਰੇ (ਅਣਵੰਡੇ) ਪੰਜਾਬ ਵਿਚ ਨਫ਼ਰਤ ਦੀ ਲਾਲ ਹਨੇਰੀ ਚਲ ਰਹੀ ਸੀ ਅਤੇ ਆਦਮੀ ਸ਼ੈਤਾਨ ਹੋ ਗਿਆ ਸੀ । ਉਸ ਸਮੇਂ ਵੀ ਦੋਨੋਂ ਪਾਸੇ ਵਧੀਆ ਇਨਸਾਨ ਸਨ ਜਿਨ੍ਹਾਂ ਨੇ ਖ਼ਤਰਾ ਸਹੇੜ ਕੇ ਦੂਜੇ ਧਰਮ ਨਾਲ ਸੰਬੰਧ ਰੱਖਣ ਵਾਲੇ ਆਪਣੇ ਭਰਾਵਾਂ ਦੀ ਵੱਧ ਤੋਂ ਵੱਧ ਮਦਦ ਕੀਤੀ । ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਵਫ਼ਦ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਆਪਣੇ ਥੀਏਟਰ ਦੇ ਸਟਾਫ਼ ਚੋਂ ਮੁਸਲਮਾਨ ਮੈਂਬਰਾਂ ਨੂੰ ਕੱਢਣ ਲਈ ਸੋਚ ਸਕਦੇ ਹਨ ਪਰ ਪਹਿਲਾਂ ਇਹ ਦਸੋ ਕਿ ਕੀ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਜੋ ਸਾਈਂ ਮੀਆ ਮੀਰ ਨੇ ਰੱਖੀ ਸੀ, ਉਹ ਕੱਢਣ ਬਾਰੇ ਸੋਚ ਸਕਦੇ ਹਨ, ਕੀ ਉਹ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਬਾਬਾ ਫ਼ਰੀਦ ਦੀ ਬਾਣੀ ਕੱਢਣ ਬਾਰੇ ਵਿਚਾਰ ਕਰ ਸਕਦੇ ਹਨ । ਇਹ ਸੁਣ ਕੇ ਵਫ਼ਦ ਦੇ ਸਾਰੇ ਮੈਂਬਰ ਇਕ ਦਮ ਚੁੱਪ ਕਰ ਗਏ ਅਤੇ ਅਗਵਾਈ ਕਰ ਰਹੇ ਬਜ਼ੁਰਗ ਸਰਦਾਰ ਦੀਆਂ ਅੱਖਾਂ ਵਿਚੋਂ ਹੰਝੂ ਵਹਿਣ ਲਗੇ । ਸਾਰੇ ਮੁਆਫ਼ੀ ਮੰਗ ਕੇ ਵਾਪਸ ਪਰਤ ਗਏ ।
ਸ੍ਰੀ ਕਪੂਰ ਨੇ ਇਹ ਵੀ ਦਸਿਆ ਕਿ ਉਨ੍ਹਾਂ ਨੇ ਆਪਣੀ ਪਤਨੀ ਨੂੰ ਪੱਤਰ ਲਿਖਣ ਲਈ ਹਿੰਦੀ ਭਾਸ਼ਾ ਅਤੇ ਆਪਣੇ ਨਿੱਘੇ ਮਿੱਤਰ ਚਿਤਰਕਾਰ ਸੋਭਾ ਸਿੰਘ ਨੂੰ ਖ਼ਤ ਲਿਖਣ ਲਈ ਪੰਜਾਬੀ ਭਾਸ਼ਾ ਪੜ੍ਹਣੀ ਤੇ ਲਿਖਣੀ ਸਿੱਖੀ । ਉਨ੍ਹਾਂ ਦਿਨਾਂ ਵਿਚ ਟੈਲੀਫ਼ੋਨ ਸੇਵਾ ਬਹੁਤ ਹੀ ਘੱਟ ਸੀ । ਜਿਹੜੀ ਸੀ, ਉਹ ਕੇਵਲ ਸ਼ਹਿਰਾਂ ਵਿਚ ਹੀ ਸੀ । ਸ੍ਰੀ ਕਪੂਰ ਵਲੋਂ ਆਪਣੇ ਇਸ ਚਿਤਰਕਾਰ ਮਿੱਤਰ ਵਲ ਲਿਖੇ ਇਕ ਪੱਤਰ ਦਾ ਨਮੂਨਾ ਇੱਥੇ ਦਿਤਾ ਜਾ ਰਿਹਾ ਹੈ :

ਪਿਆਰਿਓ

ਤੁਧ ਆਪਿ ਵਿਛੋੜਿਆ ਆਪਿ ਮਿਲਾਇਆ

ਪਰ ਅਜੇ ਵੇਲਾ ਨਹੀਂ ਆਇਆ ਹੋਣਾ- ਤਦੇ ਏਡੀ ਦੇਰ ਲਗ ਰਹੀ ਹੈ । ਉਪਰੋਂ ਮੇਰੀ ਨਾਲਾਇਕੀ- ਮੁੱਦਤਾਂ ਹੋ ਗਈਆਂ ਮੈਂ ਖਤ ਨਹੀਂ ਪਾਇਆ। ਦਿਲ ਵਿਚ ਤਾਂ ਯਾਦ ਕਰਦਾ ਹੀ ਰਹਿਨਾਂ- ਟੇਪ ‘ਤੇ ਰਿਕਾਰਡ ਕੀਤੀ ਕਵਿਤਾ ਵੀ ਸੁਣ ਲੈਨਾਂ- ਕੁਝ ਤਸੱਲੀ ਹੋ ਜਾਂਦੀ ਹੈ । ਪਰ ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਕਿਵੇਂ ਲਥੇ ।
ਚੰਗਾ ਕਦੇ ਪੁਜਾਂਗਾ ਸਹੀ-ਸਰਦਾਰਨੀ ਜੀ ਨੂੰ ਪ੍ਰਣਾਮ ਕਹਿਣਾ । ਸਭ ਮਿੱਤਰਾਂ ਪਿਆਰਿਆਂ ਨੂੰ ਪਿਆਰ । ਕਲੀਆਂ ਬੂਟਿਆਂ ਨੂੰ ਪਿਆਰ- ਨਵੀਆਂ ਪੁਰਾਣੀਆਂ ਸਭ ਤਸਵੀਰਾਂ ਨੂੰ ਪਿਆਰ ।
ਰਾਹ ਆਵੰਦੜਿਆਂ ਨੂੰ ਪਿਆਰ ਰਾਹ ਜਾਵੰਦੜਿਆਂ ਨੂੰ ਪਿਆਰ
ਪਹਾੜਾਂ ਨੂੰ ਪਿਆਰ- ਫ਼ਿਜ਼ਾਵਾਂ ਨੂੰ ਪਿਆਰ-ਹਵਾਵਾਂ ਨੂੰ ਪਿਆਰ-ਝਰਨਿਆਂ ਨੂੰ ਪਿਆਰ- ਉਨ੍ਹਾਂ ਝਰਨਿਆਂ ਤੋਂ ਪਾਣੀ ਭਰੇਂਦਿਆਂ ਭਰੇਂਦੀਆਂ ਨੂੰ ਪਿਆਰ ।

ਪਿਆਰ ਭਰੇ ਸਤਿਕਾਰ ਨਾਲ

ਤੁਹਾਡਾ ਆਪਣਾ, ਪ੍ਰਿਥਵੀ

ਚਿਤਰਕਾਰ ਸੋਭਾ ਸਿੰਘ ਦੇ ਸਮਕਾਲੀ, ਪੁਰਦਮਨ ਸਿੰਘ ਬੇਦੀ

1943 ਵਿਚ ਸਰਦਾਰ ਗੁਰਬਖ਼ਸ ਸਿੰਘ ਪ੍ਰੀਤਲੜੀ ਦੀ ਅਗਵਾਈ ਵਿਚ ਇਕ ਜੱਥਾ ਅੰਦਰੇਟੇ ਪੰਜਾਬੀ ਨਾਟਕ ਦੀ ਨਕੜਦਾਦੀ ਸ੍ਰੀਮਤੀ ਨੋਰ੍ਹਾ ਰਿਚਰਡਜ਼ ਦੇ ਸੱਦੇ ਤੇ ਪਹੁੰਚਿਆ । ਉਹ ਆਪ ਤਾਂ ਬੀਮਾਰ ਹੋਣ ਕਾਰਨ ਪਾਲਮਪੁਰ ਹਸਪਤਾਲ ਵਿਚ ਦਾਖ਼ਲ ਸੀ ਪਰ ਉਸ ਨੇ ਪ੍ਰੀਤ ਸੈਨਿਕਾਂ ਨੂੰ ਅੰਦਰੇਟੇ ਆਪਣੀ ਵੁਡਲੈਂਡ ਅਸਟੇਟ ਵਿਚ ਰਹਿਣ ਦੀ ਪੂਰੀ ਖੁਲ੍ਹ ਦੇ ਦਿੱਤੀ ਸੀ । ਉਦੋਂ ਹੀ ਸਰਦਾਰ ਸੋਭਾ ਸਿੰਘ ਨੂੰ ਇਹ ਥਾਂ ਬਹੁਤ ਹੀ ਪਸੰਦ ਆ ਗਈ ਤੇ ਉਹਨਾਂ ਨੇ ਛੇਤੀ ਹੀ ਇਥੇ ਰਹਿਣ ਦਾ ਮਨ ਬਣਾ ਲਿਆ । ਪਾਕਿਸਤਾਨ ਬਣਨ ਉਪਰੰਤ ਉਹ ਆਪਣੇ ਸ਼ਾਗਿਰਦ ਗੋਪਾਲ ਨਾਲ ਸਿੱਧੇ ਅੰਦਰੇਟੇ ਹੀ ਆਏ ਤੇ ਇਥੇ ਇਕ ਕਨਾਲ ਦਾ ਪਲਾਟ ਖ਼ਰੀਦ ਲਿਆ । ਇਸ ਤੋਂ ਪਹਿਲਾਂ ਸ੍ਰੀਮਤੀ ਨੋਰ੍ਹਾ ਰਿਚਰਡਜ਼ ਦੇ ਕਹਿਣ ਤੇ ਕਈ ਪੰਜਾਬੀ, ਪੰਜਾਬੀ ਲੇਖਕ ਅਤੇ ਕਲਾਕਾਰ ਏਥੇ ਆਉਣ ਲਈ
ਤਿਆਰ ਹੋ ਗਏ ਸਨ । 1914 ਵਿਚ ਪ੍ਰੋਫ਼ੈਸਰ ਫ਼ਿਲਿਪਸ ਅਰਨੈਸਟ ਰਿਚਰਡਜ਼ ਬਰਤਾਨੀਆਂ ਤੋਂ ਆਪਣੀ ਆਇਰਿਸ਼ ਪਤਨੀ ਨੋਰ੍ਹਾ ਰਿਚਰਡਜ਼ ਨਾਲ ਲਾਹੌਰ ਵਿਚ ਦਿਆਲ ਸਿੰਘ ਕਾਲਜ ਦੇ ਅੰਗਰੇਜ਼ੀ ਅਧਿਆਪਕ ਨਿਯੁਕਤ ਹੋ ਕੇ ਆਏ ਸਨ । ਬਦਕਿਸਮਤੀ ਨਾਲ ਪ੍ਰੋਫ਼ੈਸਰ ਰਿਚਰਡਜ਼ ਦਾ ਦਿਹਾਂਤ ਛੇਤੀ ਹੀ ਹੋ ਗਿਆ। ਉਨ੍ਹਾਂ ਦੇ ਕਈ ਬਹੁਤ ਹੀ ਵਧੀਆ ਸ਼ਾਗਿਰਦ ਸਨ ਜੋ ਉਨ੍ਹਾਂ ਦਾ ਮਾਨ ਸਤਿਕਾਰ ਮਰਨ ਉਪਰੰਤ ਵੀ ਕਰਦੇ ਰਹੇ । ਉਨ੍ਹਾਂ ਦੇ ਸ਼ਾਗਿਰਦਾਂ ਦੇ ਮੋਹ ਕਾਰਨ ਸ੍ਰੀਮਤੀ ਨੋਰ੍ਹਾ ਰਿਚਰਡਜ਼ ਨੇ ਪੰਜਾਬ ਵਿਚ ਹੀ ਰਹਿਣ ਦਾ ਫ਼ੈਸਲਾ ਕਰ ਲਿਆ । ਉਹ ਪਿੰਡਾਂ ਵਿਚ ਪੰਜਾਬੀ ਸਭਿਆਚਾਰ ਬਾਰੇ ਨਾਟਕ ਕਰਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੀ ਸੀ । ਉਸ ਦੇ ਸ਼ਾਗਿਰਦਾਂ ਵਿਚੋਂ ਪ੍ਰੋਫ਼ੈਸਰ ਆਈ. ਸੀ. ਨੰਦਾ, ਪ੍ਰੋਫ਼ੈਸਰ ਜੈ ਦਿਆਲ, ਪ੍ਰਿਥਵੀ ਰਾਜ ਕਪੂਰ ਆਦਿ ਦੇ ਨਾਮ ਪ੍ਰਸਿੱਧ ਹਨ ।
ਅੰਦਰੇਟੇ ਵਿਚ ਸ੍ਰੀਮਤੀ ਨੋਰ੍ਹਾ ਰਿਚਰਡਜ਼ ਆਪਣੀ ਸਹੇਲੀ ਮਿਸ ਪਾਰਕਰ ਦੀ ਜਾਗੀਰ ਵਿਚ ਰਹਿਣ ਲੱਗ ਪਈ । ਇਥੇ ਉਸ ਨੇ ਪੰਜਾਬੀ ਰੰਗਮੰਚ ਦੇ ਆਪਣੇ ਸ਼ੌਕ ਜਾਰੀ ਰੱਖੇ । ਉਸ ਨੇ ਨਾਟਕ ਤਿਆਰ ਕਰਕੇ ਖਿਡਾਉਣੇ ਵੀ ਸ਼ੁਰੂ ਕਰ ਦਿੱਤੇ । ਉਹ ਪਿੰਡਾਂ ਵਾਂਗ ਕੱਚੇ ਘਰਾਂ ਵਿਚ ਰਹਿਣਾ ਪਸੰਦ ਕਰਦੀ ਸੀ । ਆਪਣਾ ਦੋ ਮੰਜਲਾਂ ਘਰ ਚਾਮਿਆਲੀ ਨਿਵਾਸ ਤੇ ਖੁਲ੍ਹਾ ਰੰਗ ਮੰਚ ਵੀ ਕੱਚੀਆਂ ਇੱਟਾਂ ਨਾਲ ਬਣਾਇਆ ਹੋਇਆ ਸੀ । ਉਸ ਦੇ ਕਹਿਣ ਤੇ ਸਰਦਾਰ ਸੋਭਾ ਸਿੰਘ ਵੀ ਇਥੇ ਆ ਗਏ ਭਾਵੇਂ ਆਪਸ ਵਿਚ ਉਨ੍ਹਾਂ ਦੇ ਮੱਤ ਭੇਦ ਹੀ ਰਹੇ ।
ਇਸ ਲੇਖ ਵਿਚ ਸਰਦਾਰ ਸੋਭਾ ਸਿੰਘ ਦੇ ਅੰਦਰੇਟੇ ਵਿਚ ਰਹਿ ਰਹੇ ਸਮਕਾਲੀਆਂ ਬਾਰੇ ਹੀ ਗੱਲ ਕੀਤੀ ਜਾਵੇਗੀ । ਪ੍ਰਸਿੱਧ ਚਿੰਤਕ ਸਾਧੂ ਟੀ. ਐਲ. ਵਾਸਵਾਨੀ ਦੀ ਅੰਗਰੇਜ਼ ਪਤਨੀ ਸ੍ਰੀਮਤੀ ਫ਼ਰੈਡਾ ਬੇਦੀ ਵੀ ਇਥੇ ਰਹਿੰਦੀ ਰਹੀ ਹੈ । ਉਸ ਦੇ ਮਰਨ ਉਪਰੰਤ ਉਸ ਦਾ ਪੁੱਤਰ ਪ੍ਰਸਿੱਧ ਕਲਾਕਾਰ ਕਬੀਰ ਬੇਦੀ ਵੀ ਇਥੇ ਕਾਫ਼ੀ ਦੇਰ ਰਿਹਾ । ਉਸ ਦਾ ਘਰ ਅਜੇ ਵੀ ਉਥੇ ਸੁਰੱਖਿਅਤ ਹੈ। ਕਲਾਕਾਰ ਪਰਮਜੀਤ ਸਿੰਘ, ਜੋ ਭਾਰਤ ਦਾ ਪ੍ਰਸਿੱਧ ਚਿੱਤਰਕਾਰ ਹੈ, ਵੀ ਇਥੇ ਹੀ ਰਹਿੰਦਾ ਹੈ । ਨੀਲੀ ਕੁੰਭਕਾਰੀ ਵਾਲੇ ਗੁਰਚਰਨ ਸਿੰਘ ਦਾ ਘਰ ਅਤੇ ਅੰਦਰੇਟਾ ਆਰਟ ਪਾਟਰੀ ਵੀ ਹੈ ਜੋ ਉਨ੍ਹਾਂ ਦੇ ਹੋਣਹਾਰ ਸਪੁੱਤਰ ਮਨਸਿਮਰਨ ਸਿੰਘ ਅਤੇ ਨੂੰਹ ਮੈਰੀ ਬਾਖੂਬੀ ਚਲਾ ਰਹੇ ਹਨ।
ਜਗਤ ਪ੍ਰਸਿੱਧ ਚਿੱਤਰਕਾਰ ਭਾਵੇਸ਼ ਚੰਦਰ ਸਾਨਿਆਲ (B. C. Sanyal) ਵੀ ਗਰਮੀਆਂ ਇਥੇ ਹੀ ਬਿਤਾਉਂਦੇ ਹੁੰਦੇ ਸਨ । ਭਾਵੇਂ ਉਨ੍ਹਾਂ ਨੇ ਆਪਣਾ ਘਰ ਦਿੱਲੀ ਵਿਚ ਨਿਜ਼ਾਮੁਦੀਨ ਵਿਖੇ ਹਮਾਯੂੰ ਗੁੰਬਦ ਕੋਲ ਵੀ ਬਣਾਇਆ ਹੋਇਆ ਹੈ । ਜਿਥੇ ਉਹ ਆਪਣੇ ਜੀਵਨ ਸਾਥੀ ਸ੍ਰੀਮਤੀ ਸਨੇਹ ਸਾਨਿਆਲ ਨਾਲ ਰਹਿ ਰਹੇ ਸਨ । ਸ੍ਰੀਮਤੀ ਸਨੇਹ ਇਕ ਪੰਜਾਬੀ ਔਰਤ ਹੈ । ਉਹ ਸਾਨਿਆਲ ਸਾਹਿਬ ਕੋਲੋਂ ਭਾਵੇਂ 17 ਸਾਲ ਛੋਟੀ ਹੈ ਪਰ ਉਨ੍ਹਾਂ ਦੋਹਾਂ ਦਾ ਬਹੁਤ ਹੀ ਪਿਆਰ ਸੀ । ਉਨ੍ਹਾਂ ਦੀ ਇਕ ਬੇਟੀ ਅੰਬਾ ਵੀ ਹੈ । ਬੜੇ ਸ਼ੋਕ ਦੀ ਗੱਲ ਹੈ ਕਿ ਇਸੇ ਘਰ ਵਿਚ ਹੀ 9 ਜਨਵਰੀ 2003 ਨੂੰ ਸਾਨਿਆਲ ਸਾਹਿਬ ਪੂਰੇ ਹੋ ਗਏ । ਉਸ ਵੇਲੇ ਉਨ੍ਹਾਂ ਦੀ ਉਮਰ 100 ਸਾਲ 8 ਮਹੀਨੇ ਤੇ 17 ਦਿਨ ਸੀ । ਪਿਛਲੇ ਸਾਲ ਫ਼ਰਸ਼ ਤੇ ਫ਼ਿਸਲ ਕੇ ਉਨ੍ਹਾਂ ਦੇ ਤਕੜੀ ਸੱਟ ਲੱਗੀ ਸੀ ਜਿਹੜੀ ਉਨ੍ਹਾਂ ਦੀ ਜਾਨ ਲੇਵਾ ਸਾਬਿਤ ਹੋਈ।
ਚਿਤਰਕਲਾ ਦੇ ਪਿਤਾਮਾ ਕਰਕੇ ਜਾਣੇ ਜਾਂਦੇ ਭਾਵੇਸ਼ ਸਾਨਿਆਲ ਦਾ ਜਨਮ 22 ਅਪ੍ਰੈਲ 1902 ਨੂੰ ਆਸਾਮ ਦੇ ਛੋਟੇ ਜਿਹੇ ਸ਼ਹਿਰ ਡਿਬਰੂ ਗੜ੍ਹ ਵਿਚ ਇਕ ਬੰਗਲਾ ਪਰਵਾਰ ਵਿਚ ਹੋਇਆ । ਦਸਵੀਂ ਤੱਕ ਦੀ ਪੜ੍ਹਾਈ ਉਨ੍ਹਾਂ ਨੇ ਉਥੋਂ ਹੀ ਹਾਸਲ ਕੀਤੀ । 1920 ਵਿਚ ਉਚੇਰੀ ਸਿੱਖਿਆ ਲਈ ਉਹ ਕਲੱਕਤੇ ਆ ਗਏ । ਉਨ੍ਹਾਂ ਦੇ ਰਿਸ਼ਤੇਦਾਰ ਅਤੇ ਪੁਰਖੇ ਚਾਹੁੰਦੇ ਸਨ ਕਿ ਉਹ ਉਚੇਰੀ ਵਿਦਿਆ ਹਾਸਲ ਕਰਕੇ ਅਗਰੇਜ਼ੀ ਸਰਕਾਰ ਦੇ ਉੱਚ ਅਧਿਕਾਰੀ ਲੱਗ ਜਾਣ । ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ । ਨੌਜਵਾਨ ਭਾਵੇਸ਼ ਚੰਦਰ ਤੇ ਆਪਣੇ ਮੁਲਕ ਨੂੰ ਆਜ਼ਾਦ ਦੇਖਣ ਦਾ ਸੁਪਨਾ ਭਾਰੂ ਸੀ । ਉਸ ਵਿਚ ਨੌਜਵਾਨਾਂ ਵਾਲਾ ਜੋਸ਼ ਸੀ । ਮੋਹਨ ਦਾਸ ਕਰਮ ਚੰਦ ਗਾਂਧੀ ਦੀਆਂ ਕਮਜ਼ੋਰ ਨੀਤੀਆਂ ਉਸ ਨੂੰ ਉੱਕਾ ਪਸੰਦ ਨਹੀਂ ਸਨ । ਫੇਰ ਵੀ ਉਨ੍ਹਾਂ ਦੇ ਦਿਲ ਤੇ ਪਤਾ ਨਹੀਂ ਕੀ ਆਇਆ ਕਿ ਨਾ-ਮਿਲਵਰਤਨ ਅੰਦੋਲਨ ਵੇਲੇ ਉਨ੍ਹਾਂ ਨੇ ਆਪਣੀ ਕਾਲਜ ਦੀ ਪੜ੍ਹਾਈ ਵਿਚੇ ਹੀ ਛੱਡ ਦਿੱਤੀ । ਫੇਰ ਉਨ੍ਹਾਂ ਦੇ ਦਿਲ ਵਿਚ ਪੜ੍ਹਨ ਦੀ ਉਤਸੁਕਤਾ ਜਾਗੀ । ਪਰ ਸਿਰਾਮਪੁਰ ਕਾਲਜ ਹੁਗਲੀ ਵਿਚ ਦਾਖ਼ਲਾ ਨਾ ਲਿਆ ਸਗੋਂ ਚਿਤਰਕਲਾ ਨਾਲ ਆਪਣਾ ਪਿਆਰ ਹੋਣ ਕਾਰਨ ਗੌਰਮਿੰਟ ਸਕੂਲ ਆਫ਼ ਆਰਟਸ ਕਲਕੱਤਾ ਵਿਚ 1923 ਵਿਚ ਦਾਖ਼ਲਾ ਲੈ ਲਿਆ ਜਿਥੇ ਉਨ੍ਹਾਂ ਨੇ ਇਕ ਹੋਣਹਾਰ ਵਿਦਿਆਰਥੀ ਦੇ ਤੌਰ ਤੇ ਨਾਮਣਾ ਖੱਟਿਆ । ਇਥੇ ਪੜ੍ਹਦਿਆਂ ਉਨ੍ਹਾਂ ਦਾ ਮੇਲ ਆਰਟਸ ਸਕੂਲ ਦੇ ਅੰਗਰੇਜ਼ੀ ਦੇ ਅਧਿਆਪਕ ਪਰਸੀ ਬਰਾਊਨ ਨਾਲ ਹੋਇਆ । ਉਨ੍ਹਾਂ ਦੀ ਵਿਦਵਤਾ ਦਾ ਭਾਵੇਸ਼ ਤੇ ਬਹੁਤ ਅਸਰ ਹੋਇਆ । ਉਨ੍ਹਾਂ ਨੂੰ ਅੰਗਰੇਜ਼ਾਂ ਦਾ ਚਰਿਤਰ ਤੇ ਸਮੇਂ ਦੇ ਪਾਬੰਦ ਹੋਣਾ ਤਾਂ ਚੰਗਾ ਲੱਗਿਆ ਪਰ ਉਨ੍ਹਾਂ ਦੀ ਗ਼ੁਲਾਮੀ ਉਨ੍ਹਾਂ ਨੂੰ ਉੱਕਾ ਹੀ ਪਸੰਦ ਨਹੀਂ ਸੀ । ਅਬਨਿੰਦਰ ਨਾਥ ਟੈਗੋਰ ਦੇ ਚਿੱਤਰਾਂ ਨੇ ਤਾਂ ਉਸ ਨੂੰ ਪ੍ਰਭਾਵਿਤ ਕੀਤਾ ਹੀ ਸਗੋਂ ਅਜੰਤਾ ਤੇ ਅਲੋਰਾ ਦੀਆਂ ਪੇਂਟਿੰਗਜ਼ ਦਾ ਅਸਰ ਵੀ ਉਸ ਤੇ ਪਿਆ । ਉਸ ਨੇ ਉਹਨਾਂ ਦੀ ਕਾਪੀ ਵੀ ਕੀਤੀ ਜਿਸ ਨਾਲ ਚਿਤਰਕਲਾ ਦੀ ਮੁਹਾਰਤ ਉਸ ਨੂੰ ਹਾਸਲ ਹੋਈ । ਪਰਸੀ ਬਰਾਊਨ ਅਤੇ ਜਾਮਨੀ ਗੰਗੋਲੀ ਤੋਂ ਅੰਗਰੇਜ਼ੀ ਭਾਸ਼ਾ ਤੇ ਅਬੂਲ ਹਾਸਲ ਹੋਇਆ । ਇਸ ਸਕੂਲ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ । ਗਰੀਬੀ ਅਤੇ ਨਾ-ਬਰਾਬਰੀ ਨੇ ਉਨ੍ਹਾਂ ਦੇ ਮਨ ਤੇ ਬੜਾ ਅਸਰ ਕੀਤਾ।
1929 ਵਿਚ ਉਹ ਲਾਹੌਰ ਆ ਗਏ । ਇਥੇ ਉਹ ਆਪਣੀ ਵਿਦਵਤਾ ਸਦਕਾ ਮਿਓ ਸਕੂਲ ਆਫ਼ ਆਰਟਸ ਦੇ ਵਾਈਸ ਪ੍ਰਿੰਸੀਪਲ ਲਗ ਗਏ । ਕਿਸੇ ਕਾਰਨ 1936 ਵਿਚ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ ਤੇ ਲਾਹੌਰ ਦੇ ਇਕ ਬਹੁਤ ਹੀ ਵਧੀਆ ਸਥਾਨ ਤੇ ਆਪਣਾ ਸਟੂਡੀਓ ਖੋਲ੍ਹ ਲਿਆ ਜਿਥੇ ਕਵੀ, ਲੇਖਕ, ਕਲਾਕਾਰ, ਸੰਗੀਤਕਾਰ ਅਤੇ ਅਧਿਆਪਕ ਉਨ੍ਹਾਂ ਕੋਲ ਆਉਂਦੇ ਤੇ ਉਥੇ ਬਹਿਸ- ਮੁਬਾਹਿਸੇ ਹੁੰਦੇ ਰਹਿੰਦੇ । ਉਨ੍ਹਾਂ ਨੇ ਲਾਹੌਰ ਸਕੂਲ ਆਫ਼ ਫਾਈਨ ਆਰਟਸ ਦੀ ਸਥਾਪਨਾ ਵੀ ਕੀਤੀ ਜਿਸ ਨੇ ਬਹੁਤ ਪ੍ਰਸਿੱਧੀ ਹਾਸਲ ਕੀਤੀ। ਇਸੇ ਦੌਰਾਨ ਹੀ ਲਾਹੌਰ ਵਿਚ ਪ੍ਰਸਿੱਧ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ ਦੇ ਕਿਆਮ ਬਾਰੇ ਉਨ੍ਹਾਂ ਨੂੰ ਪਤਾ ਲਗਿਆ । ਉਹ ਉਸ ਨੂੰ ਮਿਲੇ ਤੇ ਉਸ ਦੇ ਕੰਮ ਕਰਨ ਦੇ ਤਰੀਕੇ ਤੋਂ ਬਹੁਤ ਪ੍ਰਭਾਵਿਤ ਹੋਏ । ਏਥੇ ਹੀ ਸਾਨਿਆਲ ਸਾਹਿਬ ਨੇ ਚਿਤਰਕਲਾ ਅਤੇ ਮੂਰਤੀ ਕਲਾ ਵਿਚ ਪੂਰੀ ਤਰ੍ਹਾਂ ਅਭਿਆਸ ਕਰਕੇ ਪ੍ਰਸਿੱਧੀ ਪਾਈ ।
ਪਾਕਿਸਤਾਨ ਬਣਨ ਵੇਲੇ ਉਹ ਦਿੱਲੀ ਚਲੇ ਗਏ । ਉਥੇ ਉਨ੍ਹਾਂ ਨੇ ਗੋਲ ਮਾਰਕੀਟ ਵਿਚ ਆਪਣਾ ਸਟੂਡੀਓ ਬਣਾ ਲਿਆ ਜਿਥੇ ਉਨ੍ਹਾਂ ਕੋਲ ਨਵੇਂ ਪੁਰਾਣੇ ਚਿੱਤਰਕਾਰ ਤੇ ਕਲਾਕਾਰ ਆਉਣ ਲੱਗੇ । ਇਨ੍ਹਾਂ ਸਾਰਿਆਂ ਨੇ ਰਲ ਕੇ ਦਿੱਲੀ ਸ਼ਿਲਪੀ ਚੱਕਰ ਨਾਂ ਦੀ ਇਕ ਸੰਸਥਾ ਕਾਇਮ ਕੀਤੀ । ਆਪਣੇ ਬਲਬੂਤੇ ਨਾਲ ਸਾਨਿਆਲ ਸਾਹਿਬ ਨੇ ਇਸ ਸੰਸਥਾ ਨੂੰ ਪੂਰੀ ਤਰ੍ਹਾਂ ਕਾਇਮ ਰੱਖਿਆ। 1952 ਵਿਚ ਦਿੱਲੀ ਪਾਲੀਟੈਕਨਿਕ ਦੇ ਫ਼ਾਈਨ ਆਰਟਸ ਡਿਪਾਰਟਮੈਂਟ ਦੇ ਪ੍ਰੋਫ਼ੈਸਰ ਤੇ ਹੈੱਡ ਦੇ ਰੂਪ ਵਿਚ ਉਨ੍ਹਾਂ ਦੀ ਨਿਯੁਕਤੀ ਹੋਈ । ਉਦੋਂ ਤੋਂ ਉਨ੍ਹਾਂ ਦੀ ਜ਼ਿੰਦਗੀ ਅਤੇ ਕਲਾ ਵਿਚ ਇਕ-ਸਾਰਤਾ ਅਤੇ ਡੂੰਘਿਆਈ ਆ ਗਈ । 1955 ਵਿਚ ਉਨ੍ਹਾਂ ਨੂੰ ਨਿਪਾਲ ਸਰਕਾਰ ਦੀ ਕਲਾ ਸਿੱਖਿਆ ਦੇ ਸਲਾਹਕਾਰ ਦੇ ਤੌਰ ਤੇ ਕੰਮ ਕਰਨ ਦਾ ਮੌਕਾ ਮਿਲਿਆ । ਸਾਨਿਆਲ ਸਾਹਿਬ ਨੂੰ ਕਈ ਵਾਰ ਪੱਛਮੀ ਤੇ ਦੂਜੇ ਯੂਰਪੀ ਦੇਸ਼ਾਂ ਦਾ ਦੌਰਾ ਕਰਨ ਦਾ ਮੌਕਾ ਵੀ ਮਿਲਿਆ ਜਿਥੋਂ ਉਨ੍ਹਾਂ ਨੂੰ ਕਈ ਮਾਣ-ਸਨਮਾਣ ਹਾਸਲ ਹੋਏ । ਭਾਰਤ ਸਰਕਾਰ ਨੇ 1960 ਵਿਚ ਲਲਿਤ ਕਲਾ ਅਕਾਡਮੀ ਦਿੱਲੀ ਵਿਚ ਬਣਾਈ ਤਾਂ ਸਾਨਿਆਲ ਸਾਹਿਬ ਨੂੰ ਇਸ ਦੇ ਪਹਿਲੇ ਸਕੱਤਰ ਹੋਣ ਦਾ ਮਾਣ ਹਾਸਲ ਹੋਇਆ । ਭਾਵੇਂ ਬਾਅਦ ਵਿਚ ਉਹ ਇਸ ਦੇ ਚੇਅਰਮੈਨ ਵੀ ਰਹੇ । ਇਹ ਮਾਣ ਉਨ੍ਹਾਂ ਨੂੰ ਚਿਤਰਕਲਾ ਵਿਚ ਰਾਸ਼ਟਰੀ ਅਤੇ ਅੰਤਰ- ਰਾਸ਼ਟਰੀ ਪ੍ਰਸਿੱਧੀ ਕਾਰਨ ਹਾਸਲ ਹੋਇਆ । ਉਨ੍ਹਾਂ ਨੂੰ ਪਦਮ ਭੂਸ਼ਨ ਦੀ ਉਪਾਧੀ ਵੀ ਮਿਲੀ । ਉਨ੍ਹਾਂ ਦਾ ਕਲਾਕਾਰਾਂ ਦੀ ਨਵੀਂ ਤੇ ਪੁਰਾਣੀ ਪੀੜ੍ਹੀ ਵਿਚ ਬਰਾਬਰ ਦਾ ਆਦਰ ਮਾਣ ਰਿਹਾ ।
ਅੰਦਰੇਟੇ ਵਿਚ ਉਨ੍ਹਾਂ ਨੇ ਨੋਰ੍ਹਾ ਰਿਚਰਡਜ਼ ਦੇ ਸੱਦੇ ਤੇ ਵੁਡਲੈਂਡ ਅਸਟੇਟ ਵਿਚ ਆਪਣਾ ਸਟੂਡੀਓ ਸਥਾਪਤ ਕੀਤਾ । ਨੋਰ੍ਹਾ ਦੇ ਦਿਹਾਂਤ ਉਪਰੰਤ ਉਨ੍ਹਾਂ ਨੇ ਇਸ ਪਵਿੱਤਰ ਭੂਮੀ ਦੇ ਗੌਰਵ ਨੂੰ ਕਾਇਮ ਰੱਖਣ ਲਈ ਬਹੁਤ ਯਤਨ ਕੀਤਾ । ਉਨ੍ਹਾਂ ਨੇ ਆਪਣੇ ਚਿੱਤਰਾਂ ਵਿਚ ਕਾਂਗੜਾ ਵਾਦੀ ਦੇ ਦ੍ਰਿਸ਼ ਚਿਤਰੇ । ਧੌਲਾਧਾਰ ਦੀਆਂ ਪਹਾੜੀਆਂ ਦਾ ਦ੍ਰਿਸ਼ ਚਿਤਰਣ ਕੀਤਾ । ਉਨ੍ਹਾਂ ਦੇ ਚਿੱਤਰਾਂ ਵਿਚ ਇਸ ਪਹਾੜੀ ਖੇਤਰ ਦੇ ਦ੍ਰਿਸ਼ ਆਮ ਵੇਖੇ ਜਾ ਸਕਦੇ ਹਨ । ਉਨ੍ਹਾਂ ਦੇ ਬਹੁਤ ਸਾਰੇ ਚਿੱਤਰ ਬਾਹਰਲੇ ਦੇਸ਼ਾਂ ਅਤੇ ਭਾਰਤ ਦੀਆਂ ਚਿੱਤਰਸ਼ਾਲਾਵਾਂ ਵਿਚ ਸੁਸ਼ੋਭਿਤ ਹਨ ।
ਸਾਨਿਆਲ ਸਾਹਿਬ ਨੇ ਇਕ ਮੂਰਤੀਕਾਰ ਦੇ ਤੌਰ ਤੇ ਵੀ ਨਾਮਣਾ ਖੱਟਿਆ। ਚੰਡੀਗੜ੍ਹ ਆਰਟ ਗੈਲਰੀ ਵਿਚ ਉਨ੍ਹਾਂ ਦਾ ਬਣਾਇਆ ਸ਼ੋਕ ਨਾਂ ਦਾ ਪੱਥਰ ਦਾ ਬੁੱਤ ਉਨ੍ਹਾਂ ਦੀ ਬੁੱਤਕਾਰੀ ਦਾ ਉੱਤਮ ਨਮੂਨਾ ਹੈ । ਪਲਾਸਟਰ ਤੇ ਟੈਰਾਕੋਟਾ ਨਾਲ ਵੀ ਉਨ੍ਹਾਂ ਨੇ ਬਹੁਤ ਸਾਰੇ ਬੁੱਤ ਸਿਰਜੇ ਹਨ । ਉਨ੍ਹਾਂ ਨੇ ਆਪਣੇ ਸਮਕਾਲੀ ਚਿਤਰਕਾਰ ਸ਼ੈਲੋਜ ਮੁਖਰਜੀ ਦਾ ਕਾਂਸੀ ਦਾ ਬੁੱਤ ਬਣਾਇਆ ਹੈ ਜੋ ਉਨ੍ਹਾਂ ਦੇ ਸਟੂਡੀਓ ਵਿਚ ਲੱਗਾ ਹੋਇਆ ਹੈ । ਉਨ੍ਹਾਂ ਦੀ ਪੁੱਤਰੀ ਅੰਬਾ ਦਾ ਕਾਂਸੀ ਦਾ ਬੁੱਤ ਵੀ ਉਨ੍ਹਾਂ ਦੇ ਘਰ ਦੀ ਨੁਹਾਰ ਸਿਰਜ ਰਿਹਾ ਹੈ । ਟੈਰਾਕੋਟਾ ਨਾਲ ਬਣਾਇਆ ਇਕ ਔਰਤ ਦਾ ਚਿਹਰਾ ਬਹੁਤ ਹੀ ਪ੍ਰਸਿੱਧ ਬੁੱਤ ਹੈ ।
ਸਾਨਿਆਲ ਸਾਹਿਬ ਨੇ ਇਕ ਕਲਾਕਾਰ ਦੇ ਤੌਰ ਤੇ ਯਥਾਰਥਵਾਦੀ ਜੀਵਨ ਜੀਵਿਆ ਹੈ। ਆਪਣੇ ਚਿਤਰਾਂ ਅਤੇ ਬੁੱਤਾਂ ਦੀ ਸਿਰਜਣਾ ਵੇਲੇ ਵੀ ਇਸੇ ਗੱਲ ਦਾ ਧਿਆਨ ਰਖਿਆ ਹੈ । ਉਨ੍ਹਾਂ ਦੀ ਪ੍ਰਸਿੱਧੀ ਉਨ੍ਹਾਂ ਦੇ ਪਹਿਲੇ ਚਿੱਤਰਾਂ ਦੀ ਸਿਰਜਣਾ ਕਰਨ ਵੇਲੇ ਹੀ ਹੋ ਗਈ ਸੀ । ਪਰ ਸਮੇਂ ਸਮੇਂ ਜਿਹੜੇ ਵੀ ਚਿਤਰ ਉਨ੍ਹਾਂ ਨੇ ਚਿਤਰੇ ਉਹ ਵੀ ਕੋਈ ਘੱਟ ਪ੍ਰਸਿੱਧ ਨਹੀਂ ਹੋਏ ।
ਚਿੱਤਰਕਾਰ ਸਾਨਿਆਲ ਦਾ ਸਰਦਾਰ ਸੋਭਾ ਸਿੰਘ ਨਾਲ ਬਹੁਤ ਪਿਆਰ ਸੀ । ਉਹ ਸਰਦਾਰ ਜੀ ਦੀ ਬਹੁਤ ਇੱਜ਼ਤ ਕਰਦੇ ਸਨ । ਉਹ ਲਿਖਦੇ ਹਨ, ‘ਸਰਦਾਰ ਸੋਭਾ ਸਿੰਘ ਨੇ ਪਦਾਰਥਕ ਤੌਰ ਤੇ ਚੰਗੀ ਕਮਾਈ ਕੀਤੀ ਹੈ । ਕਿੰਨੇ ਕੁ ਭਾਰਤੀ ਕਲਾਕਾਰਾਂ ਪਾਸ ਪੇਂਡੂ ਵਾਤਾਵਰਨ ਵਿਚ ਰਹਿੰਦਿਆਂ ਆਪਣਾ ਘਰ, ਕਾਰ ਜਾਂ ਟੈਲੀਫੋਨ ਹੈ ?’

ਨੀਲੀ ਕੁੰਭਕਾਰੀ ਦਾ ਕਲਾਕਾਰ ਗੁਰਚਰਨ ਸਿੰਘ ਪੁਰਦਮਨ ਸਿੰਘ ਬੇਦੀ

ਅਪ੍ਰੈਲ 1992 ਵਿਚ ਮੈਨੂੰ ਆਪਣੇ ਇਕ ਦੋਸਤ ਨਾਲ ਪਾਲਮਪੁਰ ਜਾਣ ਦਾ ਮੌਕਾ ਮਿਲਿਆ । ਇਕ ਰਾਤ ਉਥੇ ਰਹੇ ਤੇ ਅਗਲੇ ਦਿਨ ਸਵੇਰ ਸਾਰ ਅਸੀਂ ਕਲਾਕਾਰਾਂ ਦੀ ਧਰਤੀ ਅੰਦਰੇਟੇ ਪਹੁੰਚ ਗਏ । ਇਸ ਧਰਤੀ ‘ਤੇ ਸੰਸਾਰ ਪ੍ਰਸਿੱਧ ਚਿੱਤਰਕਾਰ ਸੋਭਾ ਸਿੰਘ ਆਪਣੇ ਆਖਰੀ ਸੁਆਸਾਂ ਤਕ ਰਹੇ । ਪੰਜਾਬੀ ਨਾਟਕ ਦੀ ਨਕੜਦਾਦੀ ਨੋਰ੍ਹਾ ਰਿਚਰਡਜ਼ ਵੀ ਇਥੇ ਰਹਿੰਦੀ ਰਹੀ ਹੈ । ਉਸ ਨੇ ਆਪਣੀ ਸਾਰੀ ਜਾਇਦਾਦ ਵੁੱਡਲੈਂਡ ਅਸਟੇਟ, ਓਪਨ ਏਅਰ ਥੀਏਟਰ ਅਤੇ ਕੱਚਾ ਘਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਵਿਰਾਸਤ ਵਿਚ ਦੇ ਦਿੱਤੀ ਸੀ । ਯੂਨੀਵਰਸਿਟੀ ਨੇ ਉਸੇ ਸ਼ਕਲ ਵਿਚ ਹੀ ਬਹੁਤ ਮਜ਼ਬੂਤ ਤੇ ਸ਼ਾਨਦਾਰ ਯਾਦਗਾਰ ਵਿਚ ਬਦਲ ਦਿੱਤਾ ਹੋਇਆ ਹੈ । ਪ੍ਰਸਿੱਧ ਚਿੱਤਰਕਾਰ ਪ੍ਰੋ. ਬੀ. ਸੀ. ਸਾਨਿਆਲ ਵੀ ਇਥੇ ਹੀ ਗਰਮੀਆਂ ਕੱਟਦੇ ਹਨ । ਸਟੇਜ ਦੇ ਧਨੀ ਤੇ ਫ਼ਿਲਮੀ ਕਲਾਕਾਰ ਪ੍ਰਿਥਵੀ ਰਾਜ ਕਪੂਰ ਵੀ ਇਥੇ ਹੀ ਗਰਮੀਆਂ ਵਿਚ ਆਉਂਦੇ ਹੁੰਦੇ ਸਨ । ਚਿੱਤਰਕਾਰ ਫੂਲਾਂ ਰਾਣੀ ਦਾ ਘਰ ਕਿਰਾਏ ‘ਤੇ ਚੜ੍ਹਿਆ ਹੋਇਆ ਸੀ ।
ਅਸੀਂ ਸੋਭਾ ਸਿੰਘ ਹੁਰਾਂ ਦੇ ਘਰ ਗਏ । ਉਥੇ ਉਨ੍ਹਾਂ ਦੇ ਨਾਂ ਤੇ ਸੋਭਾ ਸਿੰਘ ਆਰਟ ਗੈਲਰੀ ਬਣੀ ਹੋਈ ਹੈ ਜਿਹੜੀ ਉਨ੍ਹਾਂ ਤੋਂ ਬਿਨਾਂ ਸਾਨੂੰ ਸੁਨਸਾਨ ਜਿਹੀ ਲੱਗ ਰਹੀ ਸੀ ।
ਸਾਨੂੰ ਪਤਾ ਲੱਗਿਆ ਕਿ ਨੀਲੀ ਕੁੰਭਕਾਰੀ ਦੇ ਕਲਾਕਾਰ ਸਰਦਾਰ ਗੁਰਚਰਨ ਸਿੰਘ ਉਥੇ ਆਏ ਹੋਏ ਹਨ । ਅਸੀਂ ਉਨ੍ਹਾਂ ਨੂੰ ਮਿਲੇ । ਉਹ ਬਹੁਤ ਖੁਸ਼ ਤਬੀਅਤ ਦੇ ਮਾਲਕ ਸਨ । ਉਨ੍ਹਾਂ ਨਾਲ ਖੂਬ ਗੱਲਾਂ ਹੋਈਆਂ । ਉਨ੍ਹਾਂ ਦਾ ਕੰਮ ਦੇਖਣ ਦਾ ਮੌਕਾ ਮਿਲਿਆ । 94 ਸਾਲ ਦੀ ਉਮਰ ਵਿਚ ਵੀ ਉਹ ਫੁਰਤੀਲੇ ਨਜ਼ਰ ਆਉਂਦੇ ਸਨ । ਉਨ੍ਹਾਂ ਦਾ ਜਨਮ 3 ਮਾਰਚ, 1898 ਨੂੰ ਕਸ਼ਮੀਰ ਵਿਚ ਸ੍ਰੀਨਗਰ ਵਿਚ ਹੋਇਆ ਸੀ । ਉਨ੍ਹਾਂ ਦੇ ਦਾਦਾ ਜੀ ਕਸ਼ਮੀਰ ਰਿਆਸਤ ਵਿਚ ਇਕ ਉੱਚ ਅਧਿਕਾਰੀ ਸਨ । ਉਨ੍ਹਾਂ ਦੇ ਪਿਤਾ ਜੀ ਸਰਦਾਰ ਗੁਰਮੁਖ ਸਿੰਘ ਵੀ ਉਥੇ ਹੀ ਇੰਜਨੀਅਰ ਲਗੇ ਹੋਏ ਸਨ । ਗੁਰਚਰਨ ਸਿੰਘ ਨੇ ਉਥੇ ਹੀ ਬੀ. ਐਸ-ਸੀ. ਤਕ ਵਿਦਿਆ ਹਾਸਲ ਕੀਤੀ। ਫੇਰ ਉਹ ਕੁਝ ਚਿਰ ਆਪਣੇ ਜੱਦੀ ਪਿੰਡ ਗੁੱਜਰਾਂਵਾਲਾ ਵਿਖੇ ਰਹੇ । ਇਸੇ ਦੌਰਾਨ ਹੀ ਉਨ੍ਹਾਂ ਦਾ ਵਿਆਹ ਦਿੱਲੀ ਦੇ ਪ੍ਰਸਿੱਧ ਵਪਾਰੀ ਸਰਦਾਰ ਰਾਮ ਸਿੰਘ ਕਾਬਲੀ ਦੀ ਬੇਟੀ ਚਤਰ ਕੌਰ ਨਾਲ ਹੋ ਗਿਆ ਤੇ ਉਹ ਦਿੱਲੀ ਆ ਗਏ । ਚਤੁਰ ਕੌਰ ਇਕ ਬਹੁਤ ਖੂਬਸੂਰਤ ਤੇ ਪੜ੍ਹੀ ਲਿਖੀ ਸਿਆਣੀ ਸੀ । ਉਸ ਦੇ ਪਿਤਾ ਜੀ ਤਰਨ ਤਾਰਨ ਵਾਲੇ ਪਿਤਾ ਜੀ ਭਾਈ ਮੋਹਨ ਸਿੰਘ ਵੈਦ ਸਨ । ਕਾਬਲੀ ਜੀ ਦੇ ਕੋਈ ਬੱਚਾ ਨਾ ਹੋਣ ਕਾਰਨ ਚਤੁਰ ਕੌਰ ਨੂੰ ਉਨ੍ਹਾਂ ਨੇ ਗੋਦ ਲੈ ਲਿਆ ਸੀ । ਇਸ ਤਰ੍ਹਾਂ ਗੁਰਚਰਨ ਸਿੰਘ ਹੁਰਾਂ ਦੇ ਦੋ ਸਹੁਰੇ ਘਰ ਸਨ । ਇਥੇ ਦੱਸਣ ਵਾਲੀ ਗੱਲ ਇਹ ਵੀ ਹੈ ਕਿ ਸਰਦਾਰ ਗੁਰਮੁਖ ਸਿੰਘ, ਸਰਦਾਰ ਰਾਮ ਸਿੰਘ ਕਾਬਲੀ ਜੀ ਦੋਸਤ ਸਨ ਤੇ ਕਾਬਲੀ ਜੀ ਭਾਈ ਮੋਹਨ ਸਿੰਘ ਵੈਦ ਦੇ ਦੋਸਤ ਸਨ ।
ਕਾਬਲੀ ਜੀ ਨੇ ਗੁਰਚਰਨ ਸਿੰਘ ਨੂੰ ਆਪਣੀ ਟਾਇਲਾਂ ਬਣਾਉਣ ਵਾਲੀ ਫੈਕਟਰੀ ਦੇ ਦਿੱਤੀ । ਫੇਰ ਉਨ੍ਹਾਂ ਨੂੰ ਜਾਪਾਨ ਤੇ ਯੂਰਪ ਵਿਚ ਟੈਕਨੀਕਲ ਵਿਦਿਆਲਿਆਂ ਵਿਚੋਂ ਟਾਇਲਾਂ ਅਤੇ ਭਾਂਡੇ ਬਣਾਉਣ ਦਾ ਹੁਨਰ ਸਿੱਖਣ ਲਈ ਭੇਜ ਦਿੱਤਾ । ਦਿੱਲੀ ਵਿਚ ਰਹਿੰਦਿਆਂ ਚੱਕ ਤੇ ਭਾਂਡੇ ਬਣਾਉਣ ਅਤੇ ਉਨ੍ਹਾਂ ਨੂੰ ਪਕਾ ਕੇ ਰੰਗ ਕਰਨ ਦਾ ਵੱਲ ਉਨ੍ਹਾਂ ਨੇ ਆਪਣੇ ਉਸਤਾਦ ਅਬਦੁੱਲਾ ਕੋਲੋਂ ਸਿੱਖਿਆ। ਗੁਰਚਰਨ ਸਿੰਘ ਜੀ ਵਧੇਰੇ ਕਰਕੇ ਨੀਲੇ ਕੁੰਭਕਾਰ ਕਰਕੇ ਜਾਣੇ ਜਾਂਦੇ ਹਨ। 1960 ਵਿਚ ਨੋਰ੍ਹਾ ਰਿਚਰਡਜ਼ ਦੇ ਕਹਿਣ ‘ਤੇ ਅੰਦਰੇਟੇ ਆ ਗਏ ਜਿਥੇ ਉਹ ਗਰਮੀਆਂ ਬਿਤਾਉਂਦੇ ਸਨ ਤੇ ਉਥੇ ਵੀ ਨੀਲੀ ਕੁੰਭਕਾਰੀ ਦਾ ਕੰਮ ਵੀ ਜਾਰੀ ਰਖਿਆ ।
ਉਨ੍ਹਾਂ ਨੂੰ ਬਹੁਤ ਸਾਰੇ ਸਨਮਾਨ ਮਿਲੇ। ਇਥੇ ਭਾਰਤ ਵਿਚ ਵੀ ਤੇ ਵਿਦੇਸ਼ਾਂ ਵਿਚ ਵੀ । 1991 ਵਿਚ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮ ਸ਼੍ਰੀ ਦਾ ਸਨਮਾਨ ਦਿੱਤਾ ਤਾਂ ਇਹ ਚਰਚਾ ਜ਼ੋਰਾਂ ਨਾਲ ਹੋਣ ਲੱਗੀ ਕਿ ਇਹ ਸਨਮਾਨ ਉਨ੍ਹਾਂ ਨੂੰ ਬਹੁਤ ਦੇਰ ਪਹਿਲਾਂ ਮਿਲ ਜਾਣਾ ਚਾਹੀਦਾ ਸੀ । ਉਮਰ ਦੇ 94ਵੇਂ ਸਾਲ ਵਿਚ ਪਹੁੰਚ ਕੇ ਇਹ ਸਨਮਾਨ ਉਨ੍ਹਾਂ ਨੇ ਰਾਸ਼ਟਰਪਤੀ ਕੋਲੋਂ ਪ੍ਰਾਪਤ ਕੀਤਾ।
ਮੈਂ ਪਹਿਲਾ ਹੀ ਸਵਾਲ ਇਸ ਸਨਮਾਨ ਬਾਰੇ ਕੀਤਾ ਕਿ ਇਸ ਉਮਰ ਵਿਚ ਇਹ ਸਨਮਾਨ ਪ੍ਰਾਪਤ ਕਰਕੇ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ?
ਉਹ ਕਹਿਣ ਲੱਗੇ ਕਿ ਸ਼ੁਰੂ ਤੋਂ ਹੀ ਮੇਰੇ ਸਰਕਾਰ ਨਾਲ ਮੁਕੱਦਮੇ ਚਲਦੇ ਰਹੇ ਹਨ । ਸੈਕਟਰੀ ਰੋਡ ‘ਤੇ ਮੇਰੀ ਫੈਕਟਰੀ ਹੁੰਦੀ ਸੀ ਨਾਲ ਹੀ ਸੀ ਗਵਾਲੀਅਰ ਪਾਟਰੀਜ਼ । ਲਾਰਡ ਵਲਿੰਗਟਨ ਨੇ ਦੋਹਾਂ ਫੈਕਟਰੀਆਂ ਦੇ ਧੂਏ ‘ਤੇ ਇਤਰਾਜ਼ ਕੀਤਾ ਸੀ । ਗਵਾਲੀਅਰ ਪਾਟਰੀਜ਼ ਵਾਲਿਆਂ ਨੇ ਆਪਣੇ ਅਸਰ ਰਸੂਖ ਤੇ ਕੁਝ ਦੇ ਲੈ ਕੇ ਆਪਣੀ ਫੈਕਟਰੀ ਬਚਾ ਲਈ ਪਰ ਮੈਂ ਨਹੀਂ ਬਚਾ ਸਕਿਆ । ਇਸ ਲਈ 1960 ਵਿਚ ਇਥੇ ਅੰਦਰੇਟੇ ਆ ਗਿਆ । ਦੂਜੀ ਗੱਲ ਇਹ ਹੈ ਕਿ ਅਸੀਂ ਲੋਕ ਘੁਮਿਆਰਾਂ ਦੇ ਕਿੱਤੇ ਵਿਚ ਆ ਜਾਂਦੇ ਹਾਂ । ਸਰਕਾਰ ਦਾ ਧਿਆਨ ਇਸ ਸਾਲ ਸਾਡੇ ਵਲ ਵੀ ਹੋ ਗਿਆ । ਮੈਨੂੰ ਵੀ ਥੋੜ੍ਹੀ ਖੁਸ਼ੀ ਹੋਈ ਹੈ । ਕਹਿੰਦੇ ਹਨ ਦੇਰ ਆਇਦ ਦਰੁਸਤ ਆਇਦ ।
ਤੁਸੀਂ ਇਸ ਕਿੱਤੇ ਵਿਚ ਕਿਵੇਂ ਆਏ ? ਟਾਇਲਾਂ ਬਣਾਉਣ ਦਾ ਸ਼ੌਕ ਕਿਵੇਂ ਜਾਗਿਆ ? ਕਿਸ ਕੋਲੋਂ ਪ੍ਰੇਰਨਾ ਮਿਲੀ ?
ਗੱਲ ਇਹ ਹੈ ਕਿ 1918 ਵਿਚ ਮੈਂ ਬੀ. ਐਸ-ਸੀ. ਦਾ ਇਮਤਿਹਾਨ ਦਿੱਤਾ ਸੀ । ਮੇਰੇ ਪਿਤਾ ਜੀ ਦੇ ਇਕ ਦੋਸਤ ਸਨ ਉਹ ਚੰਗੇ ਜੋਤਸ਼ੀ ਸਨ । ਉਹ ਸਾਡੇ ਘਰ ਆਏ ਤੇ ਉਨ੍ਹਾਂ ਨੇ ਮੈਨੂੰ ਕੁਝ ਗੱਲਾਂ ਦੱਸੀਆਂ । ਇਕ ਇਹ ਕਿ ਤੂੰ ਚੰਗਾ ਪੜ੍ਹ ਲਿਖ ਜਾਵੇਂਗਾ । ਦੂਜਾ ਇਹ ਕਿ ਮੈਂ ਵਿਦੇਸ਼ ਜਾਵਾਂਗਾ ਤੇ ਤੀਜਾ ਇਹ ਕਿ ਮੇਰੀ ਰੋਟੀ ਤੇ ਰੋਜ਼ੀ ਦਾ ਵੱਡਾ ਹਿੱਸਾ ਮਿੱਟੀ ਵਿਚੋਂ ਹੀ ਹੋਵੇਗਾ । ਉਸ ਵੇਲੇ ਮੈਂ ਜੋਤਸ਼ ਨੂੰ ਨਹੀਂ ਮੰਨਦਾ ਸੀ । ਅਸੀਂ ਖੱਤਰੀ ਹਾਂ । ਮਿੱਟੀ ਵਿਚੋਂ ਰੋਟੀ ਰੋਜ਼ੀ ਨਿਕਲਣ ਬਾਰੇ ਮੈਨੂੰ ਕੋਈ ਸਮਝ ਨਾ ਆਈ । ਕੁਝ ਦਿਨਾਂ ਪਿੱਛੋਂ ਬੀ. ਐਸ. ਸੀ. ਨਤੀਜਾ ਨਿਕਲ ਆਇਆ, ਮੈਂ ਪਾਸ ਸੀ । ਮੇਰੇ ਪਿਤਾ ਜੀ ਦੇ ਇਕ ਦੋਸਤ ਦਿੱਲੀ ਰਹਿੰਦੇ ਸਨ । ਉਨ੍ਹਾਂ ਦੀ ਦਿੱਲੀ ਵਿਚ ਸਿਰਾਮਿਕਸ ਦੀ ਛੋਟੀ ਜਿਹੀ ਫੈਕਟਰੀ ਸੀ । ਉਹ ਕਈ ਵਾਰ ਮੈਨੂੰ ਦਿੱਲੀ ਬੁਲਾਉਣ ਲਈ ਪਿਤਾ ਜੀ ਨੂੰ ਲਿਖ ਚੁੱਕੇ ਸਨ । ਉਸ ਸਾਲ ਫਿਰ ਚਿੱਠੀ ਆਈ । ਮੈਨੂੰ ਬੁਲਾਇਆ ਸੀ । ਇਸ ਵਾਰੀ ਮੈਂ ਦਿੱਲੀ ਚੱਲ ਪਿਆ । ਸਵੇਰ ਸਾਰ ਉਨ੍ਹਾਂ ਦੇ ਘਰ ਪਹੁੰਚਿਆ। ਤੇ ਉਥੇ ਹੀ ਗੱਲਾਂ ਬਾਤਾਂ ਕਰਦੇ ਰਹੇ । ਉਥੇ ਹੀ ਉਨ੍ਹਾਂ ਦੀ ਬੇਦੀ ਚਤਰ ਕੌਰ ਨੂੰ ਦੇਖਦਿਆਂ ਪਹਿਲੀ ਨਜ਼ਰੇ ਹੀ ਖਿੱਚਿਆ ਗਿਆ । ਸ਼ਾਮ ਨੂੰ ਉਹ ਫੈਕਟਰੀ ਵਿਚ ਲੈ ਗਏ । ਉਥੇ ਮੈਂ ਇਕ ਸੱਜਣ ਨੂੰ ਚੱਕ ‘ਤੇ ਮਿੱਟੀ ਦੇ ਭਾਂਡੇ ਬਣਾਉਂਦਿਆਂ ਦੇਖਿਆ । ਚੱਕ ਦੇ ਘੁੰਮਣ ‘ਤੇ ਭਾਂਡਾ ਬਣਦਿਆਂ ਦੇਖ ਕੇ ਮੈਂ ਬੜਾ ਹੈਰਾਨ ਹੋਇਆ । ਮੈਂ ਉਸ ਦੇ ਕੋਲ ਬੈਠ ਗਿਆ । ਉਸ ਸੱਜਣ ਦਾ ਨਾਂ ਅਬਦੁੱਲਾ ਸੀ । ਮੈਂ ਉਸ ਨੂੰ ਆਪਣਾ ਗੁਰੂ ਬਣਾ ਲਿਆ । ਅਸੀਂ ਦੋਹਾਂ ਨੇ ਚਾਲੀ ਸਾਲ ਇਕੱਠਿਆਂ ਕੰਮ ਕੀਤਾ । ਅਬਦੁੱਲਾ ਪੀੜ੍ਹੀ ਦਰ ਪੀੜ੍ਹੀ ਘੁਮਿਆਰ ਦਾ ਕੰਮ ਕਰ ਰਿਹਾ ਸੀ । ਉਸ ਦੇ ਵਡੇਰੇ ਈਰਾਨ ਵਿਚੋਂ ਆਏ ਸਨ । ਦਿੱਲੀ ਦੇ ਪੁਰਾਣੇ ਮਕਬਰਿਆਂ ਤੇ ਇਮਾਰਤਾਂ ਵਿਚ ਨੀਲੇ ਰੰਗ ਦੀਆਂ ਟਾਇਲਾਂ ਮਿਲਦੀਆਂ ਹਨ । ਉਹ ਬਣਾਉਣ ਲਈ ਇਨ੍ਹਾਂ ਲੋਕਾਂ ਨੂੰ ਬੁਲਾਇਆ ਗਿਆ ਸੀ । ਅਬਦੁੱਲਾ ਨੂੰ ਗੁਰੂ ਮੰਨ ਕੇ ਮੈਂ ਮਿੱਟੀ ਨਾਲ ਅਜਿਹਾ ਜੁੜਿਆ ਕਿ ਫੇਰ ਮੈਂ ਕਸ਼ਮੀਰ ਵਾਪਸ ਨਾ ਗਿਆ । ਇਸ ਤਰ੍ਹਾਂ ਨਾਲ ਉਸ ਜੋਤਸ਼ੀ ਦੀਆਂ ਤਿੰਨੇ ਗੱਲਾਂ ਠੀਕ ਨਿਕਲੀਆਂ ।
ਅਬਦੁੱਲਾ ਬਾਰੇ ਹੋਰ ਜਾਣਕਾਰੀ ਦਿੰਦਿਆਂ ਉਹ ਕਹਿਣ ਲੱਗੇ । ਅਬਦੁੱਲਾ ਮੇਰਾ ਗੁਰੂ ਤਾਂ ਸੀ ਹੀ, ਮੇਰਾ ਪੱਕਾ ਮਿੱਤਰ ਵੀ ਬਣ ਗਿਆ । ਅਸੀਂ ਇਕੱਠੇ ਇਕ ਪਰਵਾਰ ਵਿਚ ਰਹਿਣ ਲੱਗੇ । ਸਾਡਾ ਐਨਾ ਗੂੜ੍ਹਾ ਪਿਆਰ ਹੋ ਗਿਆ ਕਿ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ । ਤੁਹਾਨੂੰ ਇਕ ਗੱਲ ਸੁਣਾਉਂਦਾ ਹਾਂ । ਮੈਂ ਆਪਣੇ ਇਕ ਦੋਸਤ ਦੀ ਪਤਨੀ ਨੂੰ ਟਾਇਲਾਂ ਅਤੇ ਸਿਰਾਮਿਕਸ ਦੀ ਸਿਖਲਾਈ ਦਿੱਤੀ । ਉਹ ਬੰਬਈ ਚਲੀ ਗਈ ਤੇ ਉਥੋਂ ਉਸ ਦੀ ਚਿੱਠੀ ਆਈ ਕਿ ਇਥੇ ਭੱਠੀ ਲਾਉਣੀ ਹੈ । ਅਬਦੁੱਲਾ ਨੂੰ ਭੇਜ ਦੇਵੋ । ਮੈਂ ਅਬਦੁੱਲਾ ਨੂੰ ਭੇਜ ਦਿੱਤਾ । ਅਬਦੁੱਲਾ ਨੇ ਬੰਬਈ ਜਾ ਕੇ ਭੱਠੀ ਚਾਲੂ ਕਰ ਦਿੱਤੀ । ਮੇਰੇ ਦੋਸਤ ਦੀ ਪਤਨੀ ਨੇ ਉਸ ਨੂੰ ਕਿਹਾ, “ਤੂੰ ਇਥੇ ਹੀ ਰਹੁ, ਸਾਡੇ ਕੋਲ ਇਥੇ ਕੰਮ ਸੰਭਾਲ । ਅਸੀਂ ਤੈਨੂੰ ਰਹਿਣ ਲਈ ਥਾਂ ਦਿਆਂਗੇ ਤੇ ਮੂੰਹ ਮੰਗੀ ਤਨਖਾਹ ਦਿਆਂਗੇ ।” ਅਬਦੁੱਲਾ ਦਾ ਉਤਰ ਸੀ, “ਬੀਬੀ ਜੀ, ਤੁਸੀਂ ਜਾਣਦੇ ਨਹੀਂ ਮੇਰਾ ਗੁਰਚਰਨ ਨਾਲ ਕੀ ਰਿਸ਼ਤਾ ਹੈ । ਸਾਡੀ ਦੋਹਾਂ ਦੀ ਰੂਹ ਇਕ ਹੈ ਭਾਵੇਂ ਸਰੀਰ ਦੋ ਹਨ ।” ਤੇ ਉਹ ਆਪਣਾ ਬਕਸਾ ਚੁੱਕ ਕੇ ਦਿੱਲੀ ਆ ਗਿਆ ।
ਗੁਰਚਰਨ ਸਿੰਘ ਹੁਰਾਂ ਨੂੰ ਅਬਦੁੱਲਾ ਦੇ ਬਾਲ ਬੱਚੇ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗੇ- ਅਬਦੁੱਲਾ ਦਾ ਇਕ ਮੁੰਡਾ ਤਾਂ ਇਹੋ ਕੰਮ ਕਰਦਾ ਹੈ । ਦੂਜਾ ਵਪਾਰੀ ਹੈ । ਆਪਣੇ ਆਖਰੀ ਦਿਨਾਂ ਵਿਚ ਅਬਦੁੱਲਾ ਬਿਮਾਰ ਹੋ ਗਿਆ । ਉਸ ਨੇ ਆਪਣੇ ਪਿੰਡ ਜਾਣ ਦੀ ਜ਼ਿੱਦ ਕੀਤੀ । ਅਸੀਂ ਰੋਕ ਰਹੇ ਸੀ। ਉਹ ਮੰਨ ਨਹੀਂ ਸੀ ਰਿਹਾ । ਆਪਣੀ ਪਤਨੀ ਨੂੰ ਮਿਲਣ ਦੀ ਗੱਲ ਕਰਨ ਲੱਗਿਆ ਤਾਂ ਮੈਂ ਸੋਚਿਆ ਕਿ ਅਬਦੁੱਲਾ ਨੂੰ ਕਿਸੇ ਕਿਸਮ ਦੀ ਚਿੰਤਾ ਹੈ । ਮੈਂ ਉਸ ਨੂੰ ਕਿਹਾ ਕਿ ਤੂੰ ਕੋਈ ਚਿੰਤਾ ਨਾ ਕਰ । ਅਸੀਂ ਤੇਰੀ ਪਤਨੀ ਨੂੰ ਇਥੇ ਹੀ ਬੁਲਾ ਲੈਂਦੇ ਹਾਂ । ਤੇਰੇ ਪਿੱਛੋਂ ਵੀ ਅਸੀਂ ਉਸ ਦਾ ਖਿਆਲ ਰੱਖਾਂਗੇ । ਤੇ ਅਬਦੁੱਲਾ ਨੇ ਮੇਰੇ ਦੋਵੇਂ ਹੱਥ ਫੜ ਲਏ ਤੇ ਕਿਹਾ- ਗੁਰਚਰਨ ਮੈਨੂੰ ਤੇਰੇ ਕੋਲੋਂ ਇਹੋ ਆਸ ਸੀ । ਰੱਬ ਦਾ ਸ਼ੁਕਰ ਏ ਤੇਰੇ ਵਰਗਾ ਸਾਥੀ ਮੈਨੂੰ ਮਿਲਿਆ ਤਾਂ ਮੇਰੀ ਜ਼ਿੰਦਗੀ ਸੌਰ ਗਈ । ਅਬਦੁੱਲਾ ਸਾਡੇ ਕੋਲ ਚਾਲੀ ਸਾਲ ਰਿਹਾ ਤੇ ਉਸ ਦੀ ਮੌਤ ਪਿੱਛੋਂ ਉਸ ਦੀ ਪਤਨੀ ਵੀਹ ਸਾਲ ਰਹੀ। ਅਸੀਂ ਉਨ੍ਹਾਂ ਨੂੰ ਘਰ ਦੇ ਸਾਰੇ ਸੁਖ ਆਰਾਮ ਦਿੱਤੇ । ਲੋੜ ਤੋਂ ਵੱਧ ਪੈਸੇ ਵੀ ਦਿੰਦੇ ਰਹੇ ।
ਉਨ੍ਹਾਂ ਨੂੰ ਵਿਦੇਸ਼ ਜਾਣ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗੇ । ਅਬਦੁੱਲਾ ਦਾ ਸ਼ਾਗਿਰਦ ਬਣਨ ਤੋਂ ਬਾਅਦ ਮੈਂ ਪਹਿਲਾਂ ਜਾਪਾਨ ਗਿਆ । ਉਨ੍ਹੀਂ ਦਿਨੀਂ ਕੋਰੀਆ, ਚੀਨ ਤੇ ਜਾਪਾਨ ਸਿਰਾਮਿਕਸ ਟੈਕਨੀਕ ਵਿਚ ਬਹੁਤ ਅੱਗੇ ਸਨ । ਮੈਂ ਉਥੋਂ ਬੜਾ ਕੁਝ ਸਿੱਖਿਆ । 1922 ਵਿਚ ਟੋਕੀਓ ਵਿਚ ਹੀ ਆਪਣੇ ਕੰਮ ਦੀ ਨੁਮਾਇਸ਼ ਲਾਈ । ਟੋਕੀਓ ਤੋਂ ਮੈਂ ਦਿੱਲੀ ਪਰਤ ਆਇਆ। ਅਸਲ ਵਿਚ ਮੈਂ ਟਾਇਲਾਂ ਆਮ ਲੋਕਾਂ ਵਿਚ ਵੀ ਪ੍ਰਚਲਿਤ ਕਰਨੀਆਂ ਚਾਹੁੰਦਾ ਸੀ । 1927 ਵਿਚ ਟ੍ਰਾਵਨਕੋਰ ਹਾਊਸ ਤੇ ਟਾਇਲਾਂ ਨਾਲ ਹਾਥੀ ਬਣਾਏ । 1927-28 ਵਿਚ ਪਾਰਲੀਮੈਂਟ ਹਾਊਸ ਵਿਚ ਟਾਇਲਾਂ ਦਾ ਕੰਮ ਕਰਨ ਦਾ ਆਰਡਰ ਮਿਲਿਆ । ਫੇਰ ਓਡੀਅਨ ਸਿਨੇਮਾ ਲਈ ਵੱਖ ਵੱਖ ਡਿਜ਼ਾਈਨ ਦੀਆਂ ਟਾਇਲਾਂ ਤਿਆਰ ਕੀਤੀਆਂ । ਓਡੀਅਨ ਸਿਨੇਮਾ ਲਈ ਹੁਸੈਨ, ਕੁਲਕਰਨੀ, ਸਤੀਸ਼ ਗੁਜਰਾਲ ਤੇ ਸ਼ਾਂਤੀ ਦਵੇ ਨੇ ਟਾਇਲਾਂ ਦੇ ਡਿਜ਼ਾਈਨ ਤਿਆਰ ਕੀਤੇ । ਚਿਲਡਰਨ ਬੁੱਕ ਟਰੱਸਟ ਜਾਂ ਡਾਲਜ਼ ਮਿਊਜ਼ੀਅਮ ‘ਤੇ ਜਿਹੜੇ ਕੰਧ ਚਿੱਤਰ ਹਨ, ਉਨ੍ਹਾਂ ਦਾ ਡਿਜ਼ਾਈਨ ਕੁਲਕਰਨੀ ਨੇ ਬਣਾਇਆ ਹੈ ਤੇ ਟਾਇਲਾਂ ਮੈਂ ਬਣਾਈਆਂ ਹਨ। ਹੋਰ ਵੀ ਜਿਹੜੇ ਕੰਧ ਚਿੱਤਰ ਹਨ, ਉਨ੍ਹਾਂ ਦੇ ਡਿਜ਼ਾਈਨਾਂ ਦੀਆਂ ਟਾਇਲਾਂ ਮੇਰੀਆਂ ਹੀ ਬਣਾਈਆਂ ਹੋਈਆਂ ਹਨ ।
ਤੁਸੀਂ ਨੀਲੇ ਰੰਗ ਤੋਂ ਬਹੁਤ ਪ੍ਰਭਾਵਿਤ ਹੋਏ ਹੋ। ਇਹ ਲਗਦਾ ਹੈ ਕਿਉਂਕਿ ਤੁਹਾਡੇ ਕੰਮ ਵਿਚ ਨੀਲੇ ਰੰਗ ਦੀ ਬਹੁਤਾਤ ਹੈ । ਅਜਿਹਾ ਕਿਉਂ ?
ਉਹ ਬੋਲੇ- ਦਿੱਲੀ ਵਿਚ ਪਠਾਣ ਸ਼ਾਸਕਾਂ ਦੀਆਂ ਜਿਹੜੀਆਂ ਇਮਾਰਤਾਂ ਹਨ, ਉਨ੍ਹਾਂ ਵਿਚ ਇਸ ਰੰਗ ਦੀ ਵਰਤੋਂ ਬਹੁਤੀ ਹੋਈ ਦਿਖਾਈ ਦਿੰਦੀ ਹੈ । ਉਹ ਆਮ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਮੈਂ ਮੁਗਲ ਰਾਜਿਆਂ ਦੀ ਗੱਲ ਨਹੀਂ ਕਰਦਾ । ਖਿਲਜ਼ੀ ਵੰਸ਼ ਦੇ ਬਾਦਸ਼ਾਹਾਂ ਦੀਆਂ ਇਮਾਰਤਾਂ ਵਿਚ ਵੀ ਨੀਲੇ ਰੰਗ ਦੀ ਬਹੁਤਾਤ ਹੈ । ਸ਼ੇਰਸ਼ਾਹ ਸੂਰੀ, ਮੁਹੰਮਦ ਤੁਗਲਕ ਤੇ ਲੋਧੀ ਵੰਸ਼ ਦੀਆਂ ਜੋ ਇਮਾਰਤਾਂ ਬਣੀਆਂ ਹੋਈਆਂ ਹਨ, ਉਨ੍ਹਾਂ ਵਿਚ ਵੀ ਨੀਲਾ ਰੰਗ ਵਰਤਿਆ ਗਿਆ ਹੈ । ਨੀਲੇ ਰੰਗ ਦੀਆਂ ਵੀ ਅੱਗੇ ਕਈ ਕਿਸਮਾਂ ਹਨ, ਸਮੁੰਦਰੀ ਨੀਲਾ, ਅਸਮਾਨੀ ਨੀਲਾ ਜਾਂ ਮੋਰ ਪੰਖ ਵਰਗਾ ਨੀਲਾ । ਇਸ ਨੂੰ ਵਿਸਥਾਰ ਨਾਲ ਜਾਣਨ ਲਈ ਮੈਂ ਅਫਗਾਨਿਸਤਾਨ ਜਾਣ ਦਾ ਇਰਾਦਾ ਕੀਤਾ । ਆਪਣੇ ਨਾਲ ਮੈਂ ਸਾਥੀ ਚਿਤਰਕਾਰ ਕੇ. ਸੀ. ਆਰੀਅਨ ਅਤੇ ਐਨ. ਐਸ. ਬੈਂਦਰੇ ਨੂੰ ਲਿਆ । ਅਸੀਂ ਤਿੰਨੇ ਸੜਕ ਰਾਹੀਂ ਈਰਾਨ ਤਕ ਪਹੁੰਚੇ, ਬੇਬੀ ਲੋਨ ਵੀ ਘੁੰਮੇ ਫਿਰੇ । ਉਥੇ ਮੋਰ ਪੰਖ ਨੀਲੇ ਰੰਗ ਦੀ ਵਰਤੋਂ ਬਹੁਤ ਦੇਖੀ । ਉਥੋਂ ਪਤਾ ਲੱਗਿਆ ਕਿ ਮਿਸਰ ਦੀ ਨੀਲ ਨਦੀ ਤੋਂ ਇਸ ਦੀ ਸ਼ੁਰੂਆਤ ਹੋਈ ਹੈ । ਬਹੁਤ ਚਿਰ ਪਹਿਲਾਂ ਮੈਸੂਰ ਦੀਆਂ ਇਸਤਰੀਆਂ ਇਸ ਰੰਗ ਨਾਲ ਆਪਣੇ ਗਹਿਣੇ ਰੰਗਦੀਆਂ ਸਨ । ਨੀਲ ਨਦੀ ਦਾ ਰੇਤਾ, ਸੁਹਾਗਾ ਅਤੇ ਤਾਂਬੇ ਦੇ ਪਾਊਡਰ ਨੂੰ ਮਿਲਾ ਕੇ ਗਰਮ ਕਰਨ ਨਾਲ ਇਹ ਰੰਗ ਬਣਦਾ ਹੈ । ਅੱਜ ਵੀ ਅਸੀਂ ਇਹੋ ਟੈਕਨੀਕ ਵਰਤਦੇ ਹਾਂ । ਇਸ ਰੰਗ ਨੂੰ ਕੱਚ ਵਿਚ ਮਿਲਾ ਕੇ ਇਸ ਦੀਆਂ ਚੂੜੀਆਂ ਬਣਾਉਂਦੇ ਹਾਂ । ਫਿਰੋਜ਼ਾਬਾਦ ਦਾ ਫਿਰੋਜ਼ੀ ਰੰਗ ਏਸੇ ਕਰਕੇ ਪ੍ਰਸਿੱਧ ਹੈ । ਖੁਰਜਾ ਅਤੇ ਬੁਲੰਦ ਸ਼ਹਿਰ ਵਿਚ ਅਤਰ ਦੀਆਂ ਸ਼ੀਸ਼ੀਆਂ ਤੇ ਕੱਚ ਦੇ ਕੰਮ ਵਿਚ ਵੀ ਇਹ ਵਰਤਿਆ ਜਾਂਦਾ ਹੈ । ਨਾਹਟਰ, ਰੇਤ ਤੇ ਸੁਹਾਗਾ ਮਿਲਾ ਕੇ ਤੇ ਫੇਰ ਜਾਲ ਕੇ ਕੱਚ ਬਣਦਾ ਹੈ । ਚੀਨ ਵਿਚ ਲਾਲ ਰੰਗ ਬਣਾਉਣ ਲਈ ਮੈਂਗਨੀਜ਼, ਅਤੇ ਕਾਉਲਿਨ (ਚੀਨੀ ਮਿੱਟੀ) ਨੂੰ ਵਰਤਿਆ ਜਾਂਦਾ ਹੈ । ਮਿਸਰ ਦੇ ਮੋਰ ਪੰਖ ਨੀਲੇ ਤੇ ਭਾਰਤੀ ਮੋਰ ਪੰਖ ਨੀਲੇ ਰੰਗ ਵਿਚ ਥੋੜ੍ਹਾ ਅੰਤਰ ਹੈ । ਮਿਸਰ ਦੀ ਨੀਲ ਨਦੀ ਦੇ ਰੇਤੇ ਵਿਚ ਰਸਾਇਣ ਪਦਾਰਥ ਨਹੀਂ ਹਨ । ਇਥੇ ਗੰਗਾ ਤੇ ਜਮਨਾ ਜਾਂ ਹੋਰ ਦਰਿਆਵਾਂ ਦੇ ਰੇਤ ਵਿਚ ਹਵਾ ਰਾਹੀਂ ਜਾਂ ਵਾਤਾਵਰਣ ਰਾਹੀਂ ਦੂਜੀਆਂ ਚੀਜ਼ਾਂ ਰੇਤ ਵਿਚ ਮਿਲਦੀਆਂ ਰਹਿੰਦੀਆਂ ਹਨ ਜਿਸ ਕਰਕੇ ਉਨੀ ਵੀਹ ਦਾ ਫਰਕ ਆਉਂਦਾ ਰਹਿੰਦਾ ਹੈ ।
ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਨੀਲੀ ਕੁੰਭਕਾਰੀ ਦੇ ਸੰਸਥਾਪਕ ਮੰਨੇ ਜਾਂਦੇ ਹੋ । ਇਸ ਪਾਸੇ ਹੋਰ ਕਿਹੜੇ ਕਿਹੜੇ ਲੋਕ ਲੱਗੇ ਹੋਏ ਹਨ ? ਤਾਂ ਉਨ੍ਹਾਂ ਦਾ ਉੱਤਰ ਸੀ ਕਿ ਜੈਪੁਰ ਦੀ ਮੀਨਾਕਾਰੀ ਵਿਚ ਵੀ ਨੀਲਾ ਰੰਗ ਵਰਤਿਆ ਗਿਆ ਹੈ । ਜੈਪੁਰ ਵਿਚ ਹੀ ਕਿਰਪਾਲ ਸਿੰਘ ਸ਼ੇਖਾਵਤ ਹੈ ਜਿਹੜੇ ਨੀਲੇ ਕੁੰਭਕਾਰ ਹਨ। ਮੈਂ ਆਲ ਇੰਡੀਆ ਫਾਈਨ ਆਰਟਸ ਐਂਡ ਕਰਾਫ਼ਟਸ ਸੁਸਾਇਟੀ ਦੀ ਸਥਾਪਨਾ ਕੀਤੀ ਹੈ । ਬੜਦ ਚਰਨ, ਉਕੀਲ ਅਤੇ ਰਣਬੀਰ ਸਿੰਘ ਮੇਰਿਆਂ ਦੋਸਤਾਂ ਵਿਚੋਂ ਸਨ । ਸੁਸਾਇਟੀ ਦਾ ਅੱਜ ਕੱਲ੍ਹ ਵੀ ਮੀਤ ਪ੍ਰਧਾਨ ਹਾਂ । … ਅਸੀਂ ਸਾਰਿਆਂ ਹਮ ਖਿਆਲ ਕੁੰਭਕਾਰਾਂ ਨੇ ਮਿਲ ਕੇ ਇਕ ‘ਆਲ ਇੰਡੀਆ ਪਾਟਰਜ਼ ਐਸੋਸੀਏਸ਼ਨ’ ਬਣਾਈ ਹੈ ਜਿਸ ਦੀ ਸੱਤਵੀਂ ਕਲਾ ਪ੍ਰਦਰਸ਼ਨੀ ਹੋ ਚੁੱਕੀ ਹੈ। ਬੜੀ ਸਫਲ ਰਹੀ ਹੈ । ਅਸੀਂ ਵਿਦਿਆਰਥੀਆਂ ਵਿਚ ਹਰ ਸਾਲ ਕਲਾ ਮੁਕਾਬਲਾ ਕਰਵਾਉਂਦੇ ਹਾਂ ਤੇ ਹਰ ਸਾਲ ਚੰਗੇ ਵਿਦਿਆਰਥੀ ਨੂੰ ਸਿਖਲਾਈ ਵੀ ਦਿੰਦੇ ਹਾਂ ।
ਅਸੀਂ ਪੁੱਛਿਆ ਕਿ ਏਨਾ ਕੁਝ ਕਰਨ ਲਈ ਤੁਹਾਨੂੰ ਸਰਕਾਰ ਵੀ ਕੋਈ ਮਦਦ ਦਿੰਦੀ ਹੈ ਜਾਂ ਨਹੀਂ, ਤਾਂ ਉਹ ਕਹਿਣ ਲੱਗੇ, ਨਹੀਂ, ਅਸੀਂ ਸਰਕਾਰ ਕੋਲੋਂ ਕੁਝ ਨਹੀਂ ਲੈਂਦੇ । ਇਕ ਵਾਰ ਅਸੀਂ ਸਰਕਾਰ ਨੂੰ ਇਕ ਸੁਝਾਅ ਦਿੱਤਾ ਸੀ ਪਰ ਸਰਕਾਰ ਨੇ ਕੋਈ ਦਿਲਚਪਸੀ ਨਾ ਲਈ ਤੇ ਨਾ ਹੀ ਕੁਝ ਕੀਤਾ । ਵਾਸ਼ਿੰਗਟਨ ਵਿਚ ਬੁੱਢਿਆਂ ਲਈ ਵੀ ਕੰਮ ਹੁੰਦਾ ਹੈ । ਉਥੇ ਸਮੁੱਚੇ ਕਲਾ ਕੇਂਦਰ ਹਨ ਜਿਥੇ ਬੁੱਢੇ ਕਲਾਕਾਰਾਂ ਨੂੰ ਕੰਮ ਕਰਨ ਦੀ ਖੁੱਲ੍ਹ ਹੈ ਤੇ ਉਥੇ ਉਨ੍ਹਾਂ ਨੂੰ ਚਾਹ ਪਾਣੀ ਵੀ ਮਿਲਦਾ ਹੈ, ਖਾਣ ਪੀਣ ਦਾ ਬੰਦੇਬਸਤ ਹੈ । ਇਥੇ ਵੀ ਹਰ ਜ਼ਿਲੇ ਵਿਚ ਇਕ ਕਲਾ ਕੇਂਦਰ ਖੁੱਲ੍ਹਣਾ ਚਾਹੀਦਾ ਹੈ ਤੇ ਹਰ ਪਿੰਡ ਵਿਚ ਭਾਂਡੇ ਪਕਾਉਣ ਲਈ ਭੱਠੀਆਂ ਹੋਣੀਆਂ ਚਾਹੀਦੀਆਂ ਹਨ।
ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਵਿਦੇਸ਼ਾਂ ਵਿਚ ਕਾਫੀ ਘੁੰਮੇ ਹੋ । ਤੁਹਾਨੂੰ ਉਥੋਂ ਦਾ ਕੰਮ ਕਿਸ ਤਰ੍ਹਾਂ ਲੱਗਿਆ ? ਤਾਂ ਉਹ ਕਹਿਣ ਲੱਗੇ ਕਿ ਉਨ੍ਹਾਂ ਪਾਸ ਚੀਨ, ਜਾਪਾਨ, ਕੋਰੀਆ ਆਦਿ ਦੇਸ਼ਾਂ ਤੋਂ ਲਿਆਂਦਾ ਕਾਫ਼ੀ ਕਲਾਤਮਕ ਕੰਮ ਸੀ । ਮੈਂ ਕੇਂਦਰੀ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਸਾਰਾ ਕੰਮ ਇਕ ਅਜਾਇਬ ਘਰ ਵਿਚ ਰੱਖ ਲਵੇ ਪਰ ਵਿਅਰਥ। ਕਲਾ ਦੇ ਸ਼ੈਦਾਈ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੇ ਉਹ ਸਾਰੀਆਂ ਵਸਤਾਂ ਚੰਡੀਗੜ੍ਹ ਦੇ ਮਿਊਜ਼ੀਅਮ ਵਿਚ ਰੱਖੀਆਂ । ਉਹ ਵਸਤਾਂ ਦੁਰਲਭ ਸਨ ਤੇ ਕਲਾ ਅਤੇ ਸੰਸਕ੍ਰਿਤੀ ਦਾ ਨਮੂਨਾ ਸਨ ।
ਅਸੀਂ ਪੁੱਛਿਆ ਕਿ ਇਸ ਉਮਰ ਵਿਚ ਆ ਕੇ ਵੀ ਤੁਸੀਂ ਆਪਣੇ ਕੰਮ ਵਿਚ ਰੁੱਝੇ ਹੋਏ ਹੋ। ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ? ਉਹ ਕਹਿਣ ਲੱਗੇ ਕਿ ਉਮਰ ਦਾ ਪ੍ਰਭਾਵ ਸਰੀਰ ‘ਤੇ ਪਿਆ ਹੈ, ਮਨ ‘ਤੇ ਨਹੀਂ । ਮੈਂ ਇਥੇ ਰਹਿੰਦਾ ਹਾਂ । ਇਥੋਂ ਦਾ ਮਾਹੌਲ ਬੜਾ ਸ਼ਾਂਤ ਹੈ । ਇਥੇ ਹੋਰ ਵੀ ਕਲਾਕਾਰਾਂ ਨੇ ਆਪਣੇ ਸਟੂਡੀਓ ਬਣਾਏ ਹੋਏ ਹਨ । ਸੋਭਾ ਸਿੰਘ ਆਰਟ ਗੈਲਰੀ ਹੈ । ਬੀ. ਸੀ. ਸਾਨਿਆਲ, ਪਰਮਜੀਤ ਸਿੰਘ ਆਦਿ ਦੇ ਸਟੂਡੀਓ ਹਨ । ਘਰ ਤਾਂ ਬਹੁਤ ਕਲਾਕਾਰਾਂ ਦੇ ਹਨ । ਮੇਰਾ ਮਨ ਲਗਾਤਾਰ ਕੰਮ ਕਰਨ ਦੀ ਸੋਚ ਵਿਚ ਰਹਿੰਦਾ ਹੈ ਤੇ ਮੈਂ ਕੰਮ ਕਰਦਾ ਵੀ ਹਾਂ ।
ਉਹਨਾਂ ਦੀ ਲਗਨ ਅਤੇ ਮਿਹਨਤ ਤੋਂ ਪ੍ਰਭਾਵਿਤ ਹੋ ਕੇ ਮੈਨੂੰ ਕਿਸੇ ਕਲਾ ਸਮਾਲੋਚਕ ਦੀਆਂ ਗੱਲਾਂ ਯਾਦ ਆ ਗਈਆਂ ਕਿ ਚਿਤਰਕਲਾ, ਮੂਰਤੀਕਲਾ ਤੇ ਸਾਹਿਤ ਦੇ ਮਾਧਿਅਮ ਤੋਂ ਜਦੋਂ ਇਸ ਸਦੀ ਦੇ ਕਲਾਕਾਰਾਂ ਨੇ ਆਪਣੇ ਜਟਿਲ ਅਨੁਭਵਾਂ ਤੇ ਵਿਚਾਰਾਂ ਨੂੰ ਵਿਅਕਤ ਕਰਨ ਦਾ ਯਤਨ ਕੀਤਾ ਤਾਂ ਪਰੰਪਰਾਗਤ ਸ਼ਿਲਪ ਅਤੇ ਸ਼ੈਲੀਆਂ ਦੀ ਘਾਟ ਮਹਿਸੂਸ ਕੀਤੀ ਤੇ ਉਦੋਂ ਕਲਾਕਾਰਾਂ ਦੇ ਮਨ ਦਾ ਸਿਰਜਣਾਤਮਕ ਅਵੇਗ ਪੁਰਾਣੀਆਂ ਸ਼ੈਲੀਆਂ ਦੇ ਨਿਯਮਾਂ ਨੂੰ ਤੋੜ ਕੇ ਨਵੇਂ ਰੂਪਾਂ ਦੀ ਸਿਰਜਣਾ ਵਲ ਗਿਆ । ਕਲਾਕਾਰਾਂ ਨੇ ਆਪਣੇ ਵਿਚਾਰਾਂ ਨੂੰ ਲੋਕਾਂ ਦੇ ਸਾਹਮਣੇ ਰੱਖ ਕੇ ਆਪਣੀ ਕਲਾ ਦਾ ਦਿਖਾਵਾ ਕੀਤਾ । ਨਵੀਆਂ ਤੇ ਕ੍ਰਾਂਤੀਕਾਰੀ ਪ੍ਰਣਾਲੀਆਂ ਦੀ ਰਚਨਾ ਕੀਤੀ । ਇਹ ਕੁਝ ਕਰਦਿਆਂ ਉਨ੍ਹਾਂ ਨੇ ਆਦਰਸ਼ਵਾਦੀ ਅਤੇ ਲੋਕਾਂ ਦੇ ਸਮਝ ਆਉਣ ਵਾਲੀਆਂ ਰਚਨਾਵਾਂ ਦੀ ਰਚਨਾ ਕੀਤੀ । ਫਿਰ ਇਕਦਮ ਅਮੂਰਤ ਕਲਾ ਵਲ ਚਲ ਪਏ । ਪਰ ਗੁਰਚਰਨ ਸਿੰਘ ਨੇ ਆਪਣੀ ਕਲਾ ਆਮ ਲੋਕਾਂ ਵਿਚ ਪ੍ਰਚਲਤ ਕਰਕੇ ਉਨ੍ਹਾਂ ਨੂੰ ਹੀ ਸਮਰਪਣ ਕੀਤੀ ।
ਮੈਂ ਉਨ੍ਹਾਂ ਤੋਂ ਉਹਨਾਂ ਦੀ ਸਫਲਤਾ ਦਾ ਰਾਜ ਪੁਛਿਆ । ਉਹ ਕਹਿਣ ਲੱਗੇ- ਮੈਨੂੰ ਆਪਣੇ ਦਾਤੇ ਤੇ ਪੂਰਾ ਵਿਸ਼ਵਾਸ ਹੈ । ਦਾਤੇ ਦੀ ਮਿਹਰ ਹੋਵੇ ਤਾਂ ਵਾਰੇ-ਨਿਆਰੇ ਹੋ ਜਾਂਦੇ ਹਨ । ਮੈਂ ਤੁਹਾਨੂੰ ਇਕ ਘਟਨਾ ਸੁਣਾਉਂਦਾ ਹਾਂ । ਵਿਸ਼ਵ ਯੁੱਧ ਤੋਂ ਬਾਦ ਮੈਂ ਟੋਕਿਓ ਵਿਚ ਸਾਂ ਕਿ ਸੋਨੀ ਕਾਰਪੋਰੇਸ਼ਨ ਦੇ ਸੰਚਾਲਕ ਦੋ ਨੌਜਵਾਨ ਮੈਨੂੰ ਮਿਲੇ । ਉਹਨਾਂ ਨੇ ਆਪਣਾ ਕੰਮ ਬਿਨਾਂ ਪੈਸੇ ਤੋਂ ਸ਼ੁਰੂ ਕੀਤਾ । ਬੈਂਕ ਵਿਚੋਂ ਕਰਜ਼ਾ ਲੈਣ ਦਾ ਯਤਨ ਕੀਤਾ ਪਰ ਬੈਂਕ ਮੈਨੇਜਰ ਨੂੰ ਉਹਨਾਂ ਦਾ ਹੁਲੀਆ ਪਸੰਦ ਨਾ ਆਇਆ ਤੇ ਉਹਨਾਂ ਨੂੰ ਕੋਰਾ ਜਵਾਬ ਦੇ ਦਿੱਤਾ । ਪਰ ਉਹਨਾਂ ਦੋਹਾਂ ਨੌਜਵਾਨਾਂ ਨੇ ਹੌਸਲਾ ਨਾ ਹਾਰਿਆ । ਫੇਰ ਬੈਂਕ ਦੇ ਸੀਨੀਅਰ ਮੈਨੇਜਰ ਨੂੰ ਮਿਲੇ । ਜਿਸ ਨੇ ਹੁਕਮ ਕੀਤਾ ਕਿ ਇਹਨਾਂ ਨੌਜਵਾਨਾਂ ਦਾ ਪ੍ਰੋਜੈਕਟ ਦੇਖ ਕੇ ਇਹਨਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ । ਡਾਇਰੈਕਟਰ ਨੇ ਦੇਖਿਆ ਕਿ ਇਕ ਪੁਰਾਣੇ ਗੈਰੇਜ ਵਿਚ ਉਹ ਕੰਮ ਕਰ ਰਹੇ ਸਨ । ਉਹਨਾਂ ਦੇ ਕੰਮ ਨੂੰ ਤਾਂ ਉਹ ਸਮਝ ਨਾ ਸਕਿਆ । ਹਾਂ, ਉਸ ਨੇ ਬੈਂਕ ਨੂੰ ਰਿਪੋਰਟ ਦਿੱਤੀ ਕਿ ਉਹ ਨੌਜਵਾਨ ਬੜੀ ਮਿਹਨਤ ਤੇ ਲਗਨ ਨਾਲ ਕੰਮ ਕਰ ਰਹੇ ਹਨ। ਵਿਸ਼ਵਾਸ ਹੈ ਕਿ ਉਹ ਸੰਚਾਰ ਸਾਧਨਾਂ ਦੇ ਖੇਤਰ ਵਿਚ ਬਹੁਤ ਵੱਡੀ ਮੱਲ ਮਾਰਨਗੇ । ਇਸ ਤਰ੍ਹਾਂ ਉਹਨਾਂ ਨੂੰ ਕਰਜ਼ਾ ਮਿਲ ਗਿਆ । ਕੁਦਰਤ ਨੇ ਉਹਨਾਂ ਦੀ ਸੁਣ ਲਈ ਤੇ ਵਾਰੇ-ਨਿਆਰੇ ਹੋ ਗਏ । ਮੈਨੂੰ ਵੀ ਰੁਪਏ ਪੈਸੇ ਦੀ ਕੋਈ ਕਮੀ ਨਹੀਂ ਆਈ । ਦਾਤੇ ਨੇ ਮਿਹਰ ਹੀ ਰੱਖੀ ਹੈ।
ਸਰਕਾਰ ਵਲੋਂ ਕਿਸੇ ਕਿਸਮ ਦਾ ਸਹਿਯੋਗ ਮਿਲਣ ਬਾਰੇ ਉਹਨਾਂ ਦਾ ਕਹਿਣਾ ਸੀ ਕਿ ਇਕ ਸੱਚੇ ਕਲਾਕਾਰ ਨੂੰ ਸਰਕਾਰ ਤੋਂ ਕੋਈ ਆਸ ਨਹੀਂ ਰਖਣੀ ਚਾਹੀਦੀ । ਇਨਸਾਨ ਨੂੰ ਆਪਣੀ ਮਿਹਨਤ ਅਤੇ ਲਗਨ ਨਾਲ ਕੰਮ ਵਿਚ ਜੁਟੇ ਰਹਿਣਾ ਚਾਹੀਦਾ ਹੈ । ਤਾਂ ਜੋ ਆਪਣੀ ਮੰਜ਼ਿਲ ਤੇ ਪਹੁੰਚਿਆ ਜਾ ਸਕੇ । ਸਰਕਾਰ ਦਾ ਅਸਲੀ ਕੰਮ ਤਾਂ ਇਹ ਹੋਣਾ ਚਾਹੀਦਾ ਹੈ ਕਿ ਉਹ ਲੋਕਾਂ ਲਈ ਚੰਗਾ ਕੰਮ ਕਰਨਾ ਆਸਾਨ ਅਤੇ ਬੁਰਾ ਕੰਮ ਕਰਨਾ ਮੁਸ਼ਕਲ ਬਣਾਵੇ । ਸਰਕਾਰ ਕੋਲ ਪ੍ਰਸ਼ਾਸਨਿਕ ਕੰਮ ਬਥੇਰੇ ਹੁੰਦੇ । ਜਿਨ੍ਹਾਂ ਨੂੰ ਪੂਰੀ ਤਰ੍ਹਾਂ ਕਰਨ ਦੀ ਵਧੇਰੇ ਲੋੜ ਹੈ । ਇਸ ਲਈ ਕਿ ਲੋਕ ਸੁਖੀ ਰਹਿਣ ।
ਅਸੀਂ ਉਨ੍ਹਾਂ ਤੋਂ ਆਗਿਆ ਮੰਗੀ ਤੇ ਫੇਰ ਮਿਲਣ ਦਾ ਵਾਅਦਾ ਕਰਕੇ ਮੁੜ ਆਏ । ਪਰ ਦੁਬਾਰਾ ਮਿਲਿਆ ਨਾ ਜਾ ਸਕਿਆ। ਵਾਹਿਗੁਰੂ ’ਤੇ ਪੂਰੀ ਤਰ੍ਹਾਂ ਵਿਸ਼ਵਾਸ ਕਰਨ ਵਾਲੇ ਇਹ ਵਿਸ਼ਵ ਪ੍ਰਸਿੱਧ ਕਲਾਕਾਰ ਤੇ ਹਸਮੁੱਖ ਇਨਸਾਨ 19 ਅਗਸਤ, 1995 ਵਾਲੇ ਦਿਨ 97 ਸਾਲ 5 ਮਹੀਨੇ ਤੇ 16 ਦਿਨ ਜਿਉਂ ਕੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ।
ਅਗਸਤ 1998 ਵਿਚ ਫਿਰ ਅੰਦਰੇਟੇ ਜਾਣ ਦਾ ਮੌਕਾ ਮਿਲਿਆ । ਮੈਂ ਉਚੇਚੇ ਤੌਰ ‘ਤੇ ਉਨ੍ਹਾਂ ਦੇ ਅੰਡਰੇਟਾ ਪਾਟਰੀ ਗਿਆ ਤਾਂ ਕੰਮ ਉਸੇ ਤਰ੍ਹਾਂ ਚੱਲ ਰਿਹਾ ਸੀ, ਉਨ੍ਹਾਂ ਦੇ ਸਪੁੱਤਰ ਦੀ ਦੇਖ ਰੇਖ ਹੇਠ । ਪਰ ਸਾਨੂੰ ਕਲਾਕਾਰਾਂ ਦੇ ਜਾਣ ਨਾਲ ਅੰਦਰੇਟਾ ਅੱਗੇ ਨਾਲੋਂ ਰੌਣਕਾਂ ਭਰਪੂਰ ਹੋਣ ਦੇ ਬਾਵਜੂਦ ਵੀਰਾਨ ਜਿਹਾ ਲੱਗ ਰਿਹਾ ਸੀ ।
ਨਵੰਬਰ 2001 ਦੇ ਸ਼ੁਰੂ ਵਿਚ ਸਰਦਾਰ ਸੋਭਾ ਸਿੰਘ ਦੀ ਜਨਮ ਸ਼ਤਾਬਦੀ ਦੇ ਸੰਬੰਧ ਵਿਚ ਹੋਏ ਕਲਾ ਉਤਸਵ ਵਿਚ ਸ਼ਾਮਲ ਹੋਣ ਲਈ ਅੰਦਰੇਟੇ ਜਾਣ ਦਾ ਮੌਕਾ ਮਿਲਿਆ । ਉਦੋਂ ਨੋਰ੍ਹਾ ਰਿਚਰਡਜ਼ ਅਸਟੇਟ ਵਿਚ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਵੀ ਵਰਕਸ਼ਾਪ ਚਲ ਰਹੀ ਸੀ । ਉਥੋਂ ਵਿਹਲ ਕੱਢ ਕੇ ਸਰਦਾਰ ਗੁਰਚਰਨ ਸਿੰਘ ਦੇ ਸਪੁੱਤਰ ਮਿਨੀ (ਮਨਸਿਮਰਨ ਸਿੰਘ) ਤੇ ਨੂੰਹ ਮੇਰੀ ਐਲਫ਼ੀਡਾ ਨੂੰ ਮਿਲਣ ਦਾ ਮੌਕਾ ਮਿਲਿਆ।
ਮਿਨੀ ਹੋਰ੍ਹਾਂ ਨੇ ਆਪਣੇ ਪਿਤਾ ਦੀ ਯਾਦ ਵਿਚ ਇਕ ਟਰੱਸਟ ਬਣਾਇਆ ਹੋਇਆ ਹੈ। ਟਰੱਸਟ ਵਲੋਂ ਅੰਗਰੇਜ਼ੀ ਵਿਚ ਇਕ ਕਿਤਾਬ ਕੁੰਭਕਾਰੀ ਅਤੇ ਸਰਦਾਰ ਗੁਰਚਰਨ ਸਿੰਘ ਬਹੁਤ ਹੀ ਖੂਬਸੂਰਤ ਦਿੱਖ ਵਾਲੀ ਛਪਵਾਈ ਹੈ। ਆਪਣੇ ਪਿਤਾ ਜੀ ਦੇ ਪਾਏ ਪੂਰਨਿਆਂ ਤੇ ਹੀ ਉਹ ਚਲ ਰਹੇ ਹਨ । ਅੰਦਰੇਟਾ ਪਾਟਰੀ ਉਸੇ ਤਰ੍ਹਾਂ ਚਲ ਰਹੀ ਹੈ । ਬਕਾਇਦਾ ਕੁੰਭਕਾਰੀ ਦੀ ਸਿਖਲਾਈ ਲਈ ਅਕਾਡਮੀ ਚਲ ਰਹੀ ਹੈ । ਇਸ ਅਕਾਡਮੀ ਵਿਚ ਕਲਾ ਦੀ ਸਿਖਲਾਈ ਲਈ ਨਾ ਸਿਰਫ਼ ਭਾਰਤ ਵਿਚੋਂ ਹੀ ਸਗੋਂ ਵਿਦੇਸ਼ਾਂ ਵਿਚੋਂ ਵੀ ਸਿਖਿਆਰਥੀ ਆਉਂਦੇ ਹਨ । ਮਿਨੀ ਇਕ ਦੁਰਘਟਨਾ ਕਾਰਨ ਇਕ ਪਾਸੇ ਦਾ ਹਿੱਸਾ ਗੁਆ ਬੈਠੇ ਸਨ ਪਰ ਚੰਗੇ ਭਾਗਾਂ ਨੂੰ ਇਲਾਜ ਹੋ ਗਿਆ ਤੇ ਉਹ ਆਪਣੀ ਲਗਨ ਤੇ ਮਿਹਨਤ ਨਾਲ ਕੰਮ ਕਰ ਰਹੇ ਹਨ।
ਮਿਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਕੁੰਭਕਾਰੀ ਵੱਲ ਕੋਈ ਦਿਲਚਸਪੀ ਨਹੀਂ ਸੀ । ਉਹ ਮਰਚੈਂਟ ਨੇਵੀ ਵਿਚ ਜਾਣਾ ਚਾਹੁੰਦੇ ਸਨ । ਸਾਰੇ ਟੈਸਟ ਪਾਸ ਵੀ ਕਰ ਲਏ ਪਰ ਮੰਦੇ ਭਾਗਾਂ ਨੂੰ ਡਾਕਟਰੀ ਵਿਚ ਰਹਿ ਗਏ ਕਿਉਂਕਿ ਉਹ ਕਲਰ-ਬਲਾਈਡ ਸਨ । ਫਿਰ ਉਹ ਆਪਣੇ ਪਿਤਾ ਜੀ ਦੀ ਬਣਾਈਆਂ ਵਸਤਾਂ ਦੀਆਂ ਨੁਮਾਇਸ਼ਾਂ ਲਾਉਣ ਲੱਗ ਪਏ ਤੇ ਕੰਮ ਚੱਲ ਪਿਆ । 20 ਸਾਲ ਦੀ ਉਮਰ ਵਿਚ ਉਹ ਇੰਗਲੈਂਡ ਵਿਚ ਬਰਨਾਰਡ ਲੀਚ ਕੋਲੋਂ ਕੁੰਭਕਾਰੀ ਸਿੱਖਣ ਲਈ ਗਏ ਸਨ ਤੇ ਅੰਗਰੇਜ਼ ਕੁੜੀ ਔਡਰੇ ਮੇ ਨਾਲ ਵਿਆਹ ਹੋ ਗਿਆ ਤੇ ਦੋ ਬੱਚੇ ਹੋਏ। ਪਰ 1980 ਵਿਚ ਉਸ ਨਾਲ ਅਣਬਣ ਹੋ ਗਈ। ਫਿਰ ਮੇਰੀ ਐਲਫ਼ੀਡਾ ਨਾਲ ਵਿਆਹ ਕਰ ਲਿਆ । ਮਿਨੀ ਦਾ ਬੇਟਾ ਰਿਚਰਡ ਸਿੰਘ ਲੰਡਨ ਦੀ ਮੈਟਰੋਪਾਲੀਟਨ ਪੁਲਸ ਵਿਚ ਹੈ ਤੇ ਬੇਟੀ ਤਾਨੀ ਗੁਲਾਬੋ ਸਿੰਘ ਲੰਡਨ ਵਿਚ ਅਧਿਆਪਕ ਹੈ।

ਚਿਤਰਕਾਰ ਸੋਭਾ ਸਿੰਘ ਦੇ ਸ਼ਾਗਿਰਦ, ਹਰਬੀਰ ਸਿੰਘ ਭੰਵਰ

ਸਾਡੇ ਸਮਾਜ ਵਿਚ ਗੁਰੂ, ਅਧਿਆਪਕ ਅਤੇ ਉਸਤਾਦ ਦਾ ਬੜਾ ਹੀ ਮਹੱਤਵਪੂਰਨ ਅਤੇ ਸਤਿਕਾਰਯੋਗ ਸਥਾਨ ਰਿਹਾ ਹੈ । ਵਿਦਿਆ, ਗਿਆਨ, ਕਿਸੇ ਵੀ ਕਿਸਮ ਦੀ ਕਲਾ, ਸਿਖਿਆ ਅਤੇ ਹੁਨਰ ਹਾਸਲ ਕਰਨ ਲਈ ਸਾਨੂੰ ਗੁਰੂ, ਅਧਿਆਪਕ ਜਾਂ ਉਸਤਾਦ ਆਦਿ ਦੀ ਲੋੜ ਹੁੰਦੀ ਹੈ । ਵਿਰਸੇ ਵਿਚ ਮਿਲੀ ਕਿਸੇ ਦੀ ਪ੍ਰਤਿਭਾ ਦੇ ਵਿਕਾਸ ਅਤੇ ਨਿਖਾਰਨ ਦਾ ਕੰਮ ਵੀ ਕੋਈ ਅਧਿਆਪਕ ਜਾਂ ਉਸਤਾਦ ਹੀ ਕਰ ਸਕਦਾ ਹੈ । ਬਹੁਤ ਘੱਟ ਲੋਕ ਹੁੰਦੇ ਹਨ ਜੋ ਕਿਸੇ ਗੁਰੂ, ਅਧਿਆਪਕ ਜਾਂ ਉਸਤਾਦ ਦੀ ਰਹਿਨੁਮਾਈ ਬਿਨਾਂ ਕਿਸੇ ਖੇਤਰ ਵਿਚ ਮੱਲਾਂ ਮਾਰਦੇ ਹਨ ।
ਪ੍ਰਸਿੱਧ ਚਿਤਰਕਾਰ ਸੋਭਾ ਸਿੰਘ ਨੇ ਚਿਤਰਕਾਰੀ ਬਾਰੇ ਕਿਤੋਂ ਕੋਈ ਸਿਖਿਆ ਨਹੀਂ ਲਈ । ਇਹ ਸ਼ੌਕ ਵਿਰਸੇ ਵਿਚੋਂ ਮਿਲਿਆ ਸੀ । ਪਿਤਾ ਸਰਦਾਰ ਦੇਵਾ ਸਿੰਘ, ਜੋ ਘੋੜ-ਸਵਾਰ ਫ਼ੌਜ ਵਿਚੋਂ ਇਕ ਜੇ ਸੀ ਓ ਵਜੋਂ ਰਿਟਾਇਰ ਹੋਏ ਸਨ, ਨੂੰ ਚਿਤਰਕਾਰੀ ਦਾ ਸ਼ੌਕ ਸੀ । ਉਨ੍ਹਾਂ ਦੇ ਰਸਾਲੇ ਵਿਚੋਂ ਕੋਈ ਅੰਗਰੇਜ਼ ਅਫ਼ਸਰ ਤਬਦੀਲ ਹੋ ਕੇ ਜਾਂਦਾ ਜਾਂ ਇੰਗਲੈਂਡ ਵਾਪਸ ਜਾਂਦਾ ਤਾਂ ਆਪਣਾ ਸਮਾਨ ਵੇਚ ਜਾਂਦਾ । ਸਰਦਾਰ ਦੇਵਾ ਸਿੰਘ ਨੇ ਉਨ੍ਹਾਂ ਅੰਗਰੇਜ਼ਾਂ ਤੋਂ ਕੁਝ ਚਿਤਰ ਖ਼ਰੀਦੇ ਸਨ, ਜੋ ਸ੍ਰੀ ਹਰਿਗੋਬਿੰਦਪੁਰ ਵਾਲੇ ਘਰ ਲਗੇ ਹੁੰਦੇ ਸਨ । ਬਾਲ ਸੋਭਾ ਸਿੰਘ, ਜਿਸ ਨੂੰ ਬਚਪਨ ਤੋਂ ਹੀ ਤਸਵੀਰਾਂ ਵਾਹੁਣ ਦਾ ਸ਼ੌਕ ਸੀ, ਦੇ ਮਨ ਤੇ ਉਨ੍ਹਾਂ ਤਸਵੀਰਾਂ ਦਾ ਅਸਰ ਹੋਇਆ ਅਤੇ ਉਨ੍ਹਾਂ ਦੀ ਨਕਲ ਕਰਕੇ ਤਸਵੀਰਾਂ ਬਣਾਉਣ ਦਾ ਯਤਨ ਕਰਦਾ । ਅੰਮ੍ਰਿਤਸਰ ਦੇ ਸਰਕਾਰੀ ਇੰਡਸਟਰੀਅਲ ਸਕੂਲ ਤੋਂ ਆਰਟ ਐਂਡ ਕਰਾਫ਼ਟ ਦਾ ਇਕ ਸਾਲ ਦਾ ਡਿਪਲੋਮਾ ਕੋਰਸ ਕੀਤਾ । ਇਸ ਸਕੂਲ ਦੇ ਪ੍ਰਿੰਸੀਪਲ ਨੇ ਸੋਭਾ ਸਿੰਘ ਵਿਚ ਛੁਪੇ ਚਿਤਰਕਾਰ ਨੂੰ ਪਛਾਣਿਆ ਅਤੇ ਸਲਾਹ ਦਿੱਤੀ, “ਤੂੰ ਮੂਰਤਾਂ ਵਾਹਿਆ ਕਰ ।” ਇਹ ਕੋਰਸ ਪੂਰਾ ਕਰਨ ਉਪਰੰਤ ਉਹ ਭਾਰਤੀ ਫੌਜ ਵਿਚ ਡਰਾਫ਼ਸਮੈਨ ਵਜੋਂ ਭਰਤੀ ਹੋ ਕੇ ਇਰਾਕ ਚਲੇ ਗਏ । ਉਥੇ ਕਈ ਅੰਗਰੇਜ਼ ਕਲਾਕਾਰਾਂ ਨੂੰ ਮਿਲਣ ਤੇ ਉਨ੍ਹਾਂ ਦਾ ਕੰਮ ਦੇਖਣ ਦਾ ਮੌਕਾ ਮਿਲਿਆ । ਉਨ੍ਹਾਂ ਯੂਰਪੀਨ ਕਲਾਕਾਰਾਂ ਨੇ ਸੋਭਾ ਸਿੰਘ ਨੂੰ ਡਰਾਇੰਗ ਅਤੇ ਪੇਂਟਿੰਗ ਬਾਰੇ ਕਾਫ਼ੀ ਜਾਣਕਾਰੀ ਦਿੱਤੀ ਅਤੇ ਕਿਤਾਬਾਂ ਪੜ੍ਹਣ ਦੀ ਸਲਾਹ ਦਿੱਤੀ, ਜਿਸ ਤੇ ਸੋਭਾ ਸਿੰਘ ਨੇ ਪੂਰੀ ਤਰ੍ਹਾਂ ਅਮਲ ਕੀਤਾ । ਮੁੱਖ ਤੌਰ ਤੇ ਚਿਤਰਕਾਰ ਸੋਭਾ ਸਿੰਘ ਕੇਵਲ ਆਪਣੀ ਲਗਨ ਅਤੇ ਮਿਹਨਤ ਨਾਲ ਹੀ ਚਿਤਰਕਾਰ ਬਣੇ । ਦੂਜੇ ਸ਼ਬਦਾਂ ਵਿਚ ਉਹ ਸੈਲਫ਼-ਮੇਡ ਆਰਟਿਸਟ ਸਨ ।
ਇਸ ਦੇ ਬਾਵਜੂਦ ਚਿਤਰਕਾਰ ਸੋਭਾ ਸਿੰਘ ਨੇ ਪਹਿਲਾਂ ਇਕ ਕਮਰਸ਼ੀਅਲ ਆਰਟਿਸਟ ਅਤੇ ਫਿਰ ਇਕ ਫਾਈਨ-ਆਰਟ ਪੇਂਟਰ ਸਥਾਪਤ ਹੋਣ ਪਿਛੋਂ ਅਨੇਕਾਂ ਸ਼ਾਗਿਰਦਾਂ ਨੂੰ ਚਿੱਤਰਕਾਰੀ ਦਾ ਗਿਆਨ ਦਿਤਾ ਅਤੇ ਕਦੀ ਕਿਸੇ ਕੋਲੋਂ ਫ਼ੀਸ ਜਾਂ ਪੈਸਾ ਨਹੀਂ ਲਿਆ। ਇਨ੍ਹਾਂ ਸ਼ਾਗਿਰਦਾਂ ਵਿਚੋਂ ਕਈਆਂ ਨੇ ਕਲਾ-ਜਗਤ ਵਿਚ ਆਪਣਾ ਸਥਾਨ ਬਣਾਇਆ ਅਤੇ ਅੱਜ ਵੀ ਕਲਾ ਦੀ ਸੇਵਾ ਕਰ ਰਹੇ ਹਨ । ਕਈ ਸ਼ਾਗਿਰਦ ਚਿਤਰਕਾਰੀ ਦਾ ਸ਼ੌਕ ਬਹੁਤੀ ਦੇਰ ਤੱਕ ਨਾ ਪਾਲ ਸਕੇ, ਫਿਰ ਕਿਸੇ ਹੋਰ ਖੇਤਰ ਵਿਚ ਚਲੇ ਗਏ ਜਿਵੇਂ ਫ਼ੋਟੋਗਰਾਫ਼ੀ, ਸਾਹਿਤ, ਪੱਤਰਕਾਰੀ ਆਦਿ ਵੱਲ ।
ਪੰਡਤ ਮੰਗਤ ਰਾਮ ਉਨ੍ਹਾਂ ਦੇ ਪਲੇਠੀ ਦੇ ਸ਼ਾਗਿਰਦ ਸਨ, ਜੋ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬਲੜਵਾਲ ਦੇ ਰਹਿਣ ਵਾਲੇ ਸਨ । ਮਈ 1925 ਵਿਚ ਜਿਨ੍ਹਾਂ ਦਿਨਾਂ ਵਿਚ ਚਿਤਰਕਾਰ ਸੋਭਾ ਸਿੰਘ ਦਾ ਆਰਟ ਸਟੂਡੀਓ ਅੰਮ੍ਰਿਤਸਰ ਦੇ ਚੌਕ ਫ਼ਰੀਦ ਵਿਚ ਹੁੰਦਾ ਸੀ, ਦੇ ਬਾਹਰ ਇਕ ਤਸਵੀਰ ਦੇਖ ਕੇ ਅਤੇ ਪ੍ਰਭਾਵਿਤ ਹੋ ਕੇ ਪੰਡਤ ਜੀ ਨੇ ਚਿਤਰਕਾਰੀ ਸਿਖਣ ਦਾ ਫੈਸਲਾ ਕੀਤਾ ਸੀ । ਇਕ ਪਗੜੀ ਅਤੇ ਪਤਾਸ਼ੇ ਮੱਥਾ ਟੇਕ ਕੇ ਉਹ ਸੋਭਾ ਸਿੰਘ ਦੇ ਸਭ ਤੋਂ ਪਹਿਲੇ ਸ਼ਾਗਿਰਦ ਬਣੇ ਪਰ ਇਕ ਮਹੀਨੇ ਅੰਦਰ ਹੀ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਇਹ ਕਲਾ ਰੱਬੀ ਦੇਣ ਹੈ ਅਤੇ ਉਨ੍ਹਾਂ ਦੇ ਵਸ ਦੀ ਗੱਲ ਨਹੀਂ । ਫਿਰ ਉਨ੍ਹਾਂ ਸੰਗੀਤ ਸਿਖਣ ਵੱਲ ਮੁਹਾਰਾਂ ਮੋੜੀਆਂ ਅਤੇ ਸਾਰੰਗੀ ਵਜਾਉਣ ਵਿਚ ਮੁਹਾਰਤ ਹਾਸਲ ਕਰ ਲਈ । ਪਰ ਗੁਰੂ ਚੇਲੇ ਦਾ ਇਹ ਰਿਸ਼ਤਾ ਸਾਰੀ ਉਮਰ ਕਾਇਮ ਰਿਹਾ । ਪੰਡਤ ਜੀ ਦਿੱਲੀ ਦੀ ਇਕ ਬਹੁਤ ਵੱਡੀ ਫਰਮ ਦੇ ਮੈਨੇਜਰ ਦੇ ਅਹੁਦੇ ਤੋਂ ਰਿਟਾਇਰ ਹੋ ਕੇ ਮਈ 1964 ਵਿਚ ਅੰਦਰੇਟੇ ਚਲੇ ਗਏ ਅਤੇ ਚਿਤਰਕਾਰ ਦੇ ਬਿਲਕੁਲ ਗੁਆਂਢ ਵਿਚ ਇਕ ਕੋਠੀ ਬਣਾ ਕੇ ਰਹਿਣ ਲਗੇ । ਇਥੇ ਹੀ ਉਹ 1981 ਵਿਚ ਅਕਾਲ ਚਲਾਣਾ ਕਰ ਗਏ । ਚਿਤਰਕਾਰ ਸੋਭਾ ਸਿੰਘ, ਨਾਵਲਕਾਰ ਨਾਨਕ ਸਿੰਘ ਅਤੇ ਪੰਡਤ ਮੰਗਤ ਰਾਮ ਦੀ ਦੋਸਤੀ ਮਸ਼ਹੂਰ ਰਹੀ ਹੈ । ਇਹ ਤਿਕੜੀ ਮਿਲ ਕੇ ਪਹਾੜਾਂ ਦੀ ਸੈਰ ਕਰਨ ਜਾਂਦੀ ਰਹੀ ਹੈ ।
ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਾਣਵਾਂ ਦੇ ਸਰਦਾਰ ਅਮਰ ਸਿੰਘ ਇਸ ਮਹਾਨ ਚਿਤਰਕਾਰ ਦੇ ਹੋਣਹਾਰ ਸ਼ਾਗਿਰਦ ਸਨ । ਉਨ੍ਹਾਂ ਨੇ ਤਿੰਨ ਸਾਲ ਕੰਮ ਸਿਖਿਆ । ਉਹ ਆਪਣੇ ਉਸਤਾਦ ਚਿਤਰਕਾਰ ਵਾਂਗ ਪੋਰਟਰੇਟ ਬਨਾਉਣ ਵਿਚ ਬੜੇ ਹੀ ਮਹਾਨ ਸਨ । ਸੋਭਾ ਸਿੰਘ ਦੇ ਨਾਲ ਲਾਹੌਰ, ਦਿੱਲੀ ਅਤੇ ਅੰਦਰੇਟੇ ਵੀ ਰਹੇ । ਅਖ਼ੀਰ ਉਹ ਚੰਡੀਗੜ੍ਹ ਰਹਿਣ ਲਗੇ ਸਨ । ਚਿਤਰਕਾਰ ਸੋਭਾ ਸਿੰਘ ਪਾਸ ਜਦੋਂ ਬਹੁਤਾ ਕੰਮ ਹੁੰਦਾ ਤਾਂ ਆਪਣੀ ਸਹਾਇਤਾ ਲਈ ਸਰਦਾਰ ਅਮਰ ਸਿੰਘ ਨੂੰ ਚੰਡੀਗੜ੍ਹ ਤੋਂ ਬੁਲਾ ਲੈਂਦੇ । ਗੁਰੂਦੇਵ ਆਵਾਜ਼ ਮਾਰਦੇ ਉਹ ਝਟ ਹਾਜ਼ਰ ਹੁੰਦੇ । ਉਹ ਬੜੇ ਹੀ ਸਨਿਮਰ, ਮਿੱਠ ਬੋਲੜੇ ਅਤੇ ਨਿੱਘੇ ਸੁਭਾਅ ਵਾਲੇ ਵਿਅਕਤੀ ਸਨ । ਕੁਝ ਵਰ੍ਹੇ ਪਹਿਲਾਂ ਹੀ ਉਹ ਸੁਵਰਗਵਾਸ ਹੋਏ ਹਨ । ਸਰਦਾਰ ਮੇਹਰ ਸਿੰਘ ਇਕ ਹੋਰ ਬੜੇ ਹੀ ਸੁਯੋਗ ਅਤੇ ਲਾਇਕ ਸ਼ਾਗਿਰਦ ਹਨ, ਜੋ ਅਮਰ
ਸਿੰਘ ਵਾਂਗ ਆਪਣੇ ਗੁਰੂ ਦੇ ਸਭ ਤੋਂ ਵੱਧ ਯੋਗ ਉਤਰਾਧਿਕਾਰੀ ਹਨ ਅਤੇ ਫਾਈਨ ਆਰਟ ਦੀਆਂ ਸਿੱਖਰਾਂ ਛੋਹ ਰਹੇ ਹਨ । ਉਹ ਬਹੁਤਾ ਸਮਾਂ ਦਿੱਲੀ ਕੰਮ ਕਰਦੇ ਰਹੇ ਹਨ ਅਤੇ ਪਿਛਲੇ ਕੁਝ ਸਾਲਾਂ ਤੋਂ ਚੰਡੀਗੜ੍ਹ ਰਹਿ ਰਹੇ ਹਨ। ਅੱਜਕਲ੍ਹ ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਹਨ । ਸਰਦਾਰ ਮੇਹਰ ਸਿੰਘ ਵੀ ਆਪਣੇ ਉਸਤਾਦ ਚਿਤਰਕਾਰ ਵਾਂਗ ਜਿਥੇ ਡਰਾਇੰਗ ਵਿਚ ਨਿਪੁੰਨ ਸਨ, ਉਥੇ ਫਾਈਨ ਆਰਟ ਦੀਆਂ ਬਾਰੀਕੀਆਂ ਦੇ ਜਾਣੂ ਹਨ । ਉਹ ਪੋਰਟਰੇਟ ਅਤੇ ਲੈਂਡ-ਸਕੇਪ, ਡੀਜ਼ਾਈਨਿੰਗ ਆਦਿ ਸਭ ਖੇਤਰਾਂ ਵਿਚ ਨਿਪੁੰਨ ਹਨ ਅਤੇ ਆਪਣੇ ਗੁਰੂ ਦੀ ਸ਼ੈਲੀ ਨੂੰ ਅਗੇ ਤੋਰ ਰਹੇ ਹਨ । ਚਿਤਰਕਾਰ ਸੋਭਾ ਸਿੰਘ ਜਦੋਂ ਕਦੀ ਬਹੁਤਾ ਕੰਮ ਹੁੰਦਾ ਸੀ ਤਾਂ ਅਮਰ ਸਿੰਘ ਵਾਂਗ ਮੇਹਰ ਸਿੰਘ ਨੂੰ ਵੀ ਆਪਣੀ ਸਹਾਇਤਾ ਲਈ ਅੰਦਰੇਟੇ ਬੁਲਾ ਲੈਂਦੇ ਸਨ । ਚਿਤਰਕਾਰ ਸੋਭਾ ਸਿੰਘ ਦੇ ਸਾਰੇ ਸ਼ਾਗਿਰਦਾਂ ਵਿਚੋਂ ਮੇਹਰ ਸਿੰਘ ਅਤੇ ਅਮਰ ਸਿੰਘ ਉਨ੍ਹਾਂ ਦੇ ਪਦ ਚਿਨ੍ਹਾਂ ‘ਤੇ ਚਲਣ ਵਾਲੇ ਸਭ ਤੋਂ ਲਾਇਕ ਸ਼ਾਗਿਰਦ ਹਨ, ਜੇ ਕਿਹਾ ਜਾਏ ਚਿਤਰਕਾਰ ਸੋਭਾ ਸਿੰਘ ਦਾ ਦੂਜਾ ਰੂਪ ਹਨ।
ਚਿਤਰਕਾਰ ਸੋਭਾ ਸਿੰਘ ਪਹਿਲੀਆਂ ਵਿਚ ਜਦੋਂ ਲਾਹੌਰ ਰਹਿੰਦੇ ਸਨ, ਤਾਂ ਇਕ ਕਾਲਜ ਦੇ ਵਿਦਿਆਰਥੀ ਸਰਦਾਰ ਹਰਬੰਸ ਸਿੰਘ ਉਨ੍ਹਾਂ ਪਾਸੋਂ ਚਿਤਰਕਾਰੀ ਸਿੱਖਣ ਲਗੇ ਸਨ, ਪਰ ਇਹ ਸ਼ੌਕ ਥੋੜ੍ਹ-ਚਿਰਾ ਹੀ ਰਿਹਾ । ਪਿਛੋਂ ਸਰਦਾਰ ਹਰਬੰਸ ਸਿੰਘ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਬਣੇ । ਅਜਕਲ੍ਹ ਉਹ ਚੀਫ਼ ਗੁਰਦੁਆਰਾ ਇਲੈਕਸ਼ਨ ਕਮਿਸ਼ਨਰ ਹਨ।
ਲਾਹੌਰ ਦੇ ਦੂਜੀ ਵਾਰੀ ਕਿਆਮ ਦੌਰਾਨ ਸ੍ਰੀ ਗੋਪਾਲ ਸ਼ਰਮਾ ਸ਼ਾਗਿਰਦ ਬਣੇ । ਦੇਸ਼ ਵੰਡ ਤੋਂ ਥੋੜ੍ਹਾ ਸਮਾਂ ਪਹਿਲਾਂ ਜਦੋਂ ਲਾਹੌਰ ਅਤੇ ਲਾਗਲੇ ਇਲਾਕੇ ਵਿਚ ਕਟਰਪੰਥੀ ਮੁਸਲਮਾਨਾਂ ਵਲੋਂ ਹਿੰਦੂਆਂ ਅਤੇ ਸਿੱਖਾਂ ਉਤੇ ਹਮਲੇ ਹੋਣ ਲਗੇ ਤਾਂ ਚਿਤਰਕਾਰ ਸੋਭਾ ਸਿੰਘ ਸਭ ਕੁਝ ਉਥੇ ਛੱਡ ਕੇ ਅੰਦਰੇਟੇ ਆਏ ਤਾਂ ਗੋਪਾਲ ਸ਼ਰਮਾ ਉਨ੍ਹਾਂ ਨਾਲ ਆਏ ਸਨ ਅਤੇ ਕਈ ਦਿਨ ਉਥੇ ਰਹਿ ਕੇ ਵਾਪਸ ਗਏ ਸਨ।
ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਜਦੋਂ ਸਟੂਡੀਓ ਸਥਾਪਤ ਕੀਤਾ ਸੀ ਤਾਂ ਸ੍ਰੀ ਰਾਵਿੰਦਰ ਕੁਮਾਰ ਉਰਫ਼ ਰਵੀ, ਸੋਭਾ ਸਿੰਘ ਦੇ ਸ਼ਾਗਿਰਦ ਬਣੇ ਅਤੇ ਕਮਰਸ਼ੀਅਲ ਆਰਟ ਵਿਚ ਨਿਪੁੰਨਤਾ ਹਾਸਲ ਕੀਤੀ। ਉਹ ਬਹੁਤਾ ਸਮਾਂ ਟਾਈਮਜ਼ ਆਫ਼ ਇੰਡੀਆ ਪ੍ਰੈਸ, ਬੰਬਈ ਵਿਖੇ ਬਤੌਰ ਚਿਤਰਕਾਰ ਕੰਮ ਕਰਦੇ ਰਹੇ ਅਤੇ ਇਸੇ ਅਦਾਰੇ ਵਲੋਂ ਪ੍ਰਕਾਸ਼ਿਤ ਪ੍ਰਸਿੱਧ ਅੰਗਰੇਜ਼ੀ ਸਪਤਾਹਿਕ ਇਲਸਟ੍ਰੇਟਿਡ ਵੀਕਲੀ ਆਫ਼ ਇੰਡੀਆ ਨੂੰ ਚਿਤਰਨ ਦਾ ਕੰਮ ਕੀਤਾ।
ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਨਿੱਜੀ ਸੱਦੇ ਤੇ ਚਿਤਰਕਾਰ ਸੋਭਾ ਸਿੰਘ ਲਗਪਗ ਤਿੰਨ ਸਾਲ ਪ੍ਰੀਤ ਨਗਰ ਰਹੇ ਜਿਥੇ ਉਨ੍ਹਾਂ ਨੇ ਅਦਾਰਾ ਪ੍ਰੀਤ ਲੜੀ ਵਲੋਂ ਸਥਾਪਤ ਸਕੂਲ ਵਿਚ ਆਰਟ ਦੇ ਅਧਿਆਪਕ ਵਜੋਂ ਕੰਮ ਕੀਤਾ । ਸਕੂਲ ਤੋਂ ਬਿਨਾਂ ਹੀ ਉਨ੍ਹਾਂ ਪਾਸ ਗੁਰਬਖਸ਼ ਸਿੰਘ ਜੀ ਦੀ ਦੂਜੀ ਸਪੁਤਰੀ ਬੀਬੀ ਉਰਮਿਲਾ ਆਨੰਦ ਪੇਂਟਿੰਗ ਸਿਖਦੇ ਰਹੇ । ਉਹ ਇਕ ਪ੍ਰਸਿੱਧ ਲੇਖਕ ਅਤੇ ਪੱਤਰਕਾਰ ਹਨ । ਉਹ ਰੋਜ਼ਾਨਾ ਨਵਾਂ ਜ਼ਮਾਨਾ ਦੇ ਮੁਖ ਸੰਪਾਦਕ ਅਤੇ ਪ੍ਰਸਿੱਧ ਪੱਤਰਕਾਰ ਸਰਦਾਰ ਜਗਜੀਤ ਸਿੰਘ ਆਨੰਦ ਦੇ ਜੀਵਨ ਸਾਥੀ ਹਨ ਅਤੇ ਇਹ ਅਖਬਾਰ ਚਲਾਉਣ ਲਈ ਪੂਰਾ ਪੂਰਾ ਸਹਿਯੋਗ ਦੇ ਰਹੇ ਹਨ। ਪ੍ਰੀਤ ਨਗਰ ਵਿਖੇ ਸਮਾਟਰਾ ਜੀ, ਮਹਿੰਦਰ, ਧਨਵੰਤ ਤੇ ਹਰਸਰਨ ਵੀ ਉਨ੍ਹਾਂ ਤੋਂ ਆਰਟ ਸਿਖਦੇ ਰਹੇ ।
ਭਾਵੇਂ ਅੰਦਰੇਟਾ (ਪਹਿਲੀ ਨਵੰਬਰ 1966 ਤਕ ਪੰਜਾਬ ਦਾ ਹੀ ਹਿੱਸਾ) ਪੰਜਾਬ ਤੋਂ ਇਕ ਪਾਸੇ ਜਿਹਾ ਹੈ ਅਤੇ ਪਹਿਲਾਂ ਪਹਿਲਾਂ ਇਥੇ ਆਉਣਾ ਜਾਣਾ ਬੜਾ ਔਖਾ ਹੁੰਦਾ ਸੀ (ਪਾਲਮਪੁਰ ਤੋਂ ਪੈਦਲ ਜਾਣਾ ਪੈਂਦਾ ਸੀ) ਤਾਂ ਵੀ ਇਸ ਪਹਾੜੀ ਇਲਾਕੇ ਵਿਚ ਆਉਣ ਪਿਛੋਂ ਉਨ੍ਹਾਂ ਪਾਸ ਅਨੇਕ ਨੌਜਵਾਨ ਪੇਂਟਿੰਗ ਸਿੱਖਣ ਲਈ ਆਏ । ਲਾਹੌਲ ਸਪਿਤੀ ਦੇ ਬਰਫ਼ ਵਰਗੇ ਠੰਢੇ ਇਲਾਕੇ ਚੋਂ ਸ੍ਰੀ ਸੁਖਦਾਸ, ਜੋ ਪੇਸ਼ੇ ਵਜੋਂ ਇਕ ਅਧਿਆਪਕ ਸਨ, ਚਿਤਰਕਾਰੀ ਸਿੱਖਣ ਲਈ ਆਏ । ਉਹ ਹਿਮਾਚਲ ਪ੍ਰਦੇਸ਼ ਦੇ ਇਕ ਮਰਹੂਮ ਮੰਤਰੀ ਦੇਵੀ ਸਿੰਘ ਠਾਕੁਰ ਦੇ ਭਾਣਜੇ ਹਨ । ਸਰਦਾਰ ਸੋਭਾ ਸਿੰਘ ਆਰਟ ਗੈਲਰੀ ਅੰਦਰੇਟਾ ਵਲੋਂ ਸਵਰਗੀ ਚਿਤਰਕਾਰ ਦੀ ਜਨਮ ਸ਼ਤਾਬਦੀ ਦੇ ਸਮਾਗਮ, ਜਿਸ ਦੀ ਪ੍ਰਧਾਨਗੀ ਉਤਰਾਂਚਲ ਦੇ ਰਾਜਪਾਲ ਸਰਦਾਰ ਸੁਰਜੀਤ ਸਿੰਘ ਬਰਨਾਲਾ ਨੇ ਕੀਤੀ, ਸ੍ਰੀ ਸੁਖਦਾਸ ਨੂੰ ਸਨਮਾਨਿਤ ਕੀਤਾ ਗਿਆ ਸੀ ।
ਇਸੇ ਤਰ੍ਹਾਂ ਸ਼ਾਨਨ ਪਾਵਰ ਹਾਊਸ ਜੋਗਿੰਦਰ ਨਗਰ ਵਿਖੇ ਡਰਾਫ਼ਸਮੈਨ ਵਜੋਂ ਕੰਮ ਕਰਦੇ ਕੰਵਰ ਅਜੀਤ ਸਿੰਘ ਵੀ ਅੰਦਰੇਟੇ ਆ ਕੇ ਚਿੱਤਰਕਾਰੀ ਸਿਖਦੇ ਰਹੇ ਹਨ ।
ਅੰਦਰੇਟਾ ਵਿਖੇ ਉਸਤਾਦ ਚਿਤਰਕਾਰ ਤੋਂ ਲੰਮਾ ਸਮਾਂ ਪੇਂਟਿੰਗ ਸਿਖਣ ਵਾਲਿਆਂ ਵਿਚ ਗੁਰਦਾਸਪੁਰ ਤੋਂ ਚਰਨਜੀਤ ਸਿੰਘ ਅਤੇ ਅਲੀਗੜ੍ਹ ਤੋਂ ਦਿਲਜੀਤ ਸਿੰਘ ਦੇ ਨਾਂ ਵਰਨਣ ਯੋਗ ਹਨ ਜੋ ਪੰਜਾਬੀ ਨਾਟਕ ਦੀ ਨਕੜਦਾਦੀ ਮਿਸਿਜ਼ ਨੋਰ੍ਹਾ ਰਿਚਰਡਜ਼ ਦੇ ਗੁਆਂਢ ਵਿਚ ਬਟਾਲਾ ਨਿਵਾਸੀ ਸਰਦਾਰ ਬਸੰਤ ਸਿੰਘ ਇੰਜਨੀਅਰ ਦੀ ਕੋਠੀ ਵਿਚ ਰਹਿੰਦੇ ਸਨ । ਚਰਨਜੀਤ ਸਿੰਘ ਚਿਤਰਕਾਰ ਦੀ ਸਪਤਨੀ ਬੀਬੀ ਇੰਦਰ ਕੌਰ ਦੇ ਪੇਕਿਆਂ ਦੇ ਘਰਾਂ ਵਿਚੋਂ ਸਨ ਅਤੇ ਉਨ੍ਹਾਂ ਨੂੰ ਭੂਆ ਜੀ ਕਹਿ ਕੇ ਬੁਲਾਉਂਦੇ ਸਨ । ਚਰਨਜੀਤ ਦੀ ਡਰਾਇੰਗ ਅਤੇ ਪੇਂਟਿੰਗ ਵੀ ਬਹੁਤ ਸੁਹਣੀ ਸੀ । ਉਹ ਫ਼ਿਲਮੀ ਦੁਨੀਆਂ ਵਿਚ ਆਰਟ ਡਾਇਰੈਕਟਰ ਵਜੋਂ ਸਥਾਪਤ ਹੋਣਾ ਚਾਹੁੰਦੇ ਸਨ, ਇਸ ਲਈ ਚਿਤਰਕਾਰੀ ਸਿਖਣ ਉਪਰੰਤ ਬੰਬਈ ਚਲੇ ਗਏ ਅਤੇ ਉਥੇ ਹੀ ਗੁਆਚ ਗਏ । ਦਿਲਜੀਤ ਸਿੰਘ ਅਲੀਗੜ੍ਹ ਦੇ ਰਹਿਣ ਵਾਲੇ ਸਨ । ਉਹ ਚਿਤਰਕਾਰੀ ਦੀ ਸਿਖਿਆ ਪ੍ਰਾਪਤ ਕਰਕੇ ਦਿੱਲੀ ਵਿਖੇ ਇਕ ਕੈਲੰਡਰ ਕੰਪਨੀ ਵਿਚ ਬਤੌਰ ਚਿਤਰਕਾਰ ਕੰਮ ਕਰਨ ਲਗੇ । ਨਵੰਬਰ 1984 ਦੇ ਸਿੱਖ-ਵਿਰੋਧੀ ਦੰਗਿਆਂ ਦੌਰਾਨ ਸਭ ਕੁਝ ਲੁਟਾ ਕੇ ਪਰਿਵਾਰ ਸਮੇਤ ਲੁਧਿਆਣੇ ਆ ਗਏ । ਅਜਕਲ੍ਹ ਦਿਲਜੀਤ ਸਿੰਘ ਚਿਤਰਕਾਰੀ ਦਾ ਪੇਸ਼ਾ ਛਡ ਕੇ ਆਪਣੇ ਪਰਿਵਾਰ ਨਾਲ ਲੁਧਿਆਣਾ ਵਿਖੇ ਰਹਿ ਰਹੇ ਹਨ ।
ਇਸ ਲੇਖ ਦਾ ਲੇਖਕ ਵੀ ਚਿਤਰਕਾਰ ਸੋਭਾ ਸਿੰਘ ਦਾ ਸ਼ਾਗਿਰਦ ਰਿਹਾ ਹੈ, ਸਭ ਤੋਂ ਨਾਲਾਇਕ ਸ਼ਾਗਿਰਦ ਜੋ ਚਿਤਰਕਾਰ ਦੇ ਸਭ ਤੋਂ ਵੱਧ ਨੇੜੇ ਆਇਆ ਤੇ ਫਿਰ ਦੂਰ ਹੋ ਗਿਆ । ਚੜ੍ਹਦੀ ਜਵਾਨੀ ਦੇ ਦਿਨਾਂ ਵਿਚ ਜਦੋਂ ਚਿਤਰਕਾਰੀ ਦਾ ਸ਼ੌਕ ਸੀ, ਜੁਲਾਈ-ਅਗਸਤ 1960 ਦੋ ਮਹੀਨੇ ਉਹ ਚਰਨਜੀਤ ਸਿੰਘ ਅਤੇ ਦਿਲਜੀਤ ਸਿੰਘ ਨਾਲ ਰਹਿ ਕੇ ਪੇਂਟਿੰਗ ਸਿੱਖਣ ਲਈ ਗਿਆ ਤਾਂ ਉਥੋਂ ਜੋਗਾ ਹੀ ਰਹਿ ਗਿਆ । ਜ਼ਿਲ੍ਹਾ ਕਾਂਗੜਾ ਉਸ ਸਮੇਂ ਪੰਜਾਬ ਦਾ ਹੀ ਹਿੱਸਾ ਸੀ । ਇਕ ਅਧਿਆਪਕ ਵਜੋਂ ਆਪਣੀ ਬਦਲੀ ਅੰਦਰੇਟਾ ਲਾਗੇ ਗੌਰਮਿੰਟ ਹਾਈ ਸਕੂਲ ਪਪਰੋਲਾ ਦੀ ਕਰਵਾ ਲਈ । ਰਿਹਾਇਸ਼ ਅੰਦਰੇਟੇ ਹੀ ਪੰਡਤ ਮੰਗਤ ਰਾਮ ਵਾਲੀ ਕੋਠੀ ਵਿਚ ਰੱਖ ਲਈ । ਛੇ ਕਿਲੋਮੀਟਰ ਪਹਾੜੀ ਰਸਤਾ ਤਹਿ ਕਰਕੇ ਅਤੇ ਤਿੰਨ ਵੱਡੀਆਂ ਖੱਡਾਂ (ਨਦੀਆਂ) ਪਾਰ ਕਰਕੇ ਸਕੂਲ ਆਉਣ ਜਾਣ ਅਤੇ ਬੀਵੀ ਬੱਚਿਆਂ ਦੀ ਦੇਖ ਭਾਲ ਵਿਚ ਚਿਤਰਕਾਰੀ ਦਾ ਸ਼ੌਕ ਪਿਛੇ ਪੈ ਗਿਆ । ਪਰ ਚਿਤਰਕਾਰ ਦੇ ਇਤਨਾ ਨਜ਼ਦੀਕ ਆ ਗਿਆ ਕਿ ਉਨ੍ਹਾਂ ਨੇ ਉਸ ਦੀ ਪਤਨੀ ਗੁਰਚਰਨ ਕੌਰ ਨੂੰ ਆਪਣੀ ਬੇਟੀ ਵਜੋਂ ਅਪਣਾ ਲਿਆ । ਇਸ ਲੇਖਕ ਨੂੰ ਪਹਿਲਾਂ ਕਵਿਤਾਵਾਂ, ਕਹਾਣੀਆਂ ਤੇ ਲੇਖ ਲਿਖਣ ਦਾ ਵੀ ਸ਼ੌਕ ਸੀ । ਚਿਤਰਕਾਰ ਨੇ ਸਲਾਹ ਦਿੱਤੀ ਕਿ ਦੋ ਬੇੜੀਆਂ ਵਿਚਕਾਰ ਪੈਰ ਨਾ ਰਖ, ਸਾਰਾ ਧਿਆਨ ਚਿਤਰਕਾਰੀ ਵੱਲ ਦੇਹ ਜਾਂ ਲਿਖਣ ਵੱਲ, ਨਹੀਂ ਤਾਂ ਡੁਬ ਜਾਵੇਂਗਾ । ਇਸ ਲੇਖਕ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੱਤਰਕਾਰੀ ਦਾ ਕੋਰਸ ਕਰਕੇ ਪੱਤਰਕਾਰੀ ਨੂੰ ਪੇਸ਼ੇ ਵਜੋਂ ਅਪਣਾ ਲਿਆ । ਸਾਡੇ ਆਪਸੀ ਹਊਮੇ ਅਤੇ ਸ਼ਖ਼ਸੀਅਤਾਂ ਦੇ ਟਕਰਾ ਕਾਰਨ ਮਤਭੇਦ ਪੈਦਾ ਹੋ ਗਏ, ਜੋ ਸਮੇਂ ਨਾਲ ਇਤਨੇ ਵਧੇ ਕਿ ਦੋਹਾਂ ਦੇ ਰਾਹ ਵੱਖਰੇ ਵੱਖਰੇ ਹੋ ਗਏ ।
ਆਪਣੀ ਬੇਟੀ ਵਜੋਂ ਅਪਣਾਉਣ ਪਿਛੋਂ ਦਾਰ ਜੀ ਨੇ ਗੁਰਚਰਨ ਕੌਰ ਨੂੰ ਵੀ ਪੇਂਟਿੰਗ ਸਿਖਾਈ। ਦਰਅਸਲ ਇਸ ਦਾ ਪਿਛੋਕੜ ਬੜਾ ਹੀ ਦੁਖਦਾਈ ਅਤੇ ਹਿਰਦੇਵੇਦਕ ਹੈ । ਹਿਰਦੇਪਾਲ ਤੋਂ ਸਵਾ ਦੋ ਸਾਲ ਛੋਟਾ ਸਾਡਾ ਇਕ ਹੋਰ ਬੱਚਾ ਇੰਦਰਪਾਲ ਉਰਫ਼ ਬਿਟੂ ਵੀ ਸੀ, ਜੋ ਅਚਾਨਕ ਸਦੀਵੀ ਵਿਛੋੜਾ ਦੇ ਗਿਆ । ਉਹ ਬੜਾ ਹੀ ਖੂਬਸੂਰਤ ਅਤੇ ਚੁਸਤ ਬਾਲਕ ਸੀ । ਉਸ ਸਮੇਂ ਉਸ ਦੀ ਉਮਰ ਲਗਪਗ ਤਿੰਨ ਸਾਲ ਦੀ ਸੀ ਕਿ 15 ਮਈ 1968 ਦੀ ਦੁਪਹਿਰ ਖੇਡਦਿਆਂ ਖੇਡਦਿਆਂ ਅਚਾਨਕ ਹੀ ਕੋਠੀ ਵਿਚ ਬਣੇ ਲਗਪਗ ਤਿੰਨ ਸਾਢੇ ਤਿੰਨ ਫੁੱਟ ਡੂੰਘੇ ਤਾਲਾਬ ਵਿਚ ਡਿਗ ਗਿਆ । ਲਭਦਿਆਂ ਲਭਦਿਆਂ 5-7 ਮਿੰਟ ਲਗੇ ਹੋਣਗੇ, ਬਾਹਰ ਕੱਢਿਆ ਤਾਂ ਸਦਾ ਲਈ ਅੱਖਾਂ ਮੀਟ ਚੁਕਾ ਸੀ । ਡਾਕਟਰ ਵੀ ਝਟਪਟ ਹੀ ਆ ਗਿਆ, ਪਰ ਕੋਈ ਵਾਹ ਨਾ ਚਲੀ । ਇਸ ਦਾ ਸਾਨੂੰ ਬਹੁਤ ਹੀ ਦੁੱਖ ਹੋਇਆ । ਹੱਸਦੇ ਖੇਡਦੇ ਪਰਿਵਾਰ ਉਤੇ ਇਕ ਦਮ ਅਸਮਾਨੋਂ ਬਿਜਲੀ ਡਿਗ ਪਈ । ਘਰ ਵਿਚ ਮਾਤਮ ਛਾ ਗਿਆ । ਮਾਂ ਹੋਣ ਦੇ ਨਾਤੇ ਗੁਰਚਰਨ ਨੂੰ ਵਧੇਰੇ ਦੁਖ ਹੋਇਆ ਅਤੇ ਉਹ ਬਿੱਟੂ ਦੀਆਂ ਗੱਲਾਂ ਕਰ ਕਰ ਕੇ ਹਰ ਵੇਲੇ ਰੋਂਦੀ ਰਹਿੰਦੀ । ਉਸ ਸਮੇਂ ਹੌਸਲਾ ਦੇਣ ਦੇ ਨਾਲ ਨਾਲ ਦਾਰ ਜੀ ਨੇ ਗੁਰਚਰਨ ਕੌਰ ਨੂੰ ਧਿਆਨ ਮੋੜਨ ਲਈ ਤਸਵੀਰਾਂ ਬਨਾਉਣ ਦੀ ਸਲਾਹ ਦਿੱਤੀ ਅਤੇ ਕਿਹਾ, “ਇਕ ਕਲਾਕਾਰ ਵਲੋਂ ਬਣਾਈਆਂ ਤਸਵੀਰਾਂ ਉਸ ਦੇ ਬੱਚੇ ਹੀ ਹੁੰਦੇ ਹਨ ।” ਉਨ੍ਹਾਂ ਨੇ ਆਪ ਖੁਦ ਪਹਿਲਾਂ ਪਹਿਲਾਂ ਫੁੱਲਾਂ ਅਤੇ ਫਲਾਂ ਦੀਆਂ ਤਸਵੀਰਾਂ ਡਰਾਇੰਗ ਕਰਕੇ ਰੰਗ ਭਰਨ ਦਾ ਅਭਿਆਸ ਕਰਵਾਇਆ । ਗੁਰਚਰਨ ਨੇ ਵਧੇਰੇ ਕਰਕੇ ਛੋਟੇ ਛੋਟੇ ਲੈਂਡਸਕੇਪ ਜਾਂ ਫੁੱਲਾਂ ਅਤੇ ਫਲਾਂ ਦੀਆਂ ਤਸਵੀਰਾਂ ਬਣਾਈਆਂ ਹਨ, ਜੋ ਅਕਸਰ ਆਰਟ-ਗੈਲਰੀ ਅਤੇ ਸਟੂਡੀਓ ਦੇ ਬਾਹਰ ਵਾਲੇ ਬਰਾਂਡੇ ਵਿਚ ਲਗੀਆਂ ਹੋਈਆਂ ਹਨ । ਉਸ ਦੀਆਂ ਅਨੇਕਾਂ ਤਸਵੀਰਾਂ ਵਿਕੀਆਂ ਵੀ ਹਨ ।
ਸ਼ਿਮਲਾ ਨਿਵਾਸੀ ਅਤੇ ਹਿਮਾਚਲ ਲੋਕ ਨਿਰਮਾਣ ਵਿਭਾਗ ਵਿਚ ਐਗਜ਼ੈਕਟਿਵ ਇੰਜਨੀਅਰ ਵਜੋਂ ਰੀਟਾਇਰ ਹੋਏ ਸਰਦਾਰ ਤੇਜਿੰਦਰ ਸਿੰਘ ਜੀ ਦੀ ਪਤਨੀ ਵੀ ਇਸ ਮਹਾਨ ਚਿਤਰਕਾਰ ਤੋਂ ਚਿਤਰਕਾਰੀ ਸਿਖਦੇ ਰਹੇ ਹਨ । ਤੇਜਿੰਦਰ ਸਿੰਘ ਜੀ ਕਈ ਸਾਲ ਪਾਲਮਪੁਰ ਵਿਖੇ ਐਸ. ਡੀ. ਓ. ਲਗੇ ਰਹੇ। ਉਦੋਂ ਸ੍ਰੀਮਤੀ ਤੇਜਿੰਦਰ ਜੀ ਅੰਦਰੇਟੇ ਕਾਫ਼ੀ ਆਉਂਦੇ ਜਾਂਦੇ ਰਹੇ । ਸਰਦਾਰ ਤੇਜਿੰਦਰ ਸਿੰਘ ਦੀ ਬਦਲੀ ਸ਼ਿਮਲੇ ਦੀ ਹੋ ਗਈ ਇਸ ਲਈ ਉਥੇ ਚਲੇ ਗਏ । ਬਦਕਿਸਮਤੀ ਨੂੰ ਉਥੇ ਜਾਣ ਉਪਰੰਤ 1970 ਵਿਚ ਸ੍ਰੀਮਤੀ ਤੇਜਿੰਦਰ ਦਾ ਦਿਹਾਂਤ ਹੋ ਗਿਆ ।
ਪ੍ਰਸਿੱਧ ਫੋਟੋਗਰਾਫ਼ਰ ਹਰਭਜਨ ਸਿੰਘ ਬਾਜਵਾ ਵੀ ਸਰਦਾਰ ਸੋਭਾ ਸਿੰਘ ਤੋਂ ਚਿਤਰਕਾਰੀ ਸਿਖਣ ਲਈ ਅੰਦਰੇਟੇ ਗਏ ਸਨ, ਪਰ ਹੌਲੀ ਹੌਲੀ ਇਹ ਸ਼ੌਕ ਮੱਠਾ ਪੈ ਗਿਆ ਅਤੇ ਉਨ੍ਹਾਂ ਨੇ ਆਪਣਾ ਸਾਰਾ ਧਿਆਨ ਕਲਾਤਮਿਕ ਫ਼ੋਟੋਗ੍ਰਾਫ਼ੀ ਵੱਲ ਦਿੱਤਾ ਅਤੇ ਆਪਣੀ ਵੱਖਰੀ ਪਹਿਚਾਣ ਬਣਾਈ । ਭਾਵੇਂ ਬਾਜਵਾ ਸਾਹਿਬ ਚਿਤਰਕਾਰ ਨਾ ਬਣ ਸਕੇ, ਪਰ ਉਹ ਹਰ ਦੋ ਤਿੰਨ ਮਹੀਨੇ ਪਿਛੋਂ ਅੰਦਰੇਟੇ ਆਪਣੇ ਗੁਰੂਦੇਵ ਦੇ ਦਰਸ਼ਨ ਕਰਨ ਜਾਂਦੇ ਰਹੇ ਹਨ । ਚਿਤਰਕਾਰ ਸੋਭਾ ਸਿੰਘ ਅਕਸਰ ਬਾਜਵਾ ਪਰਿਵਾਰ ਦੇ ਲਗਪਗ ਹਰ ਸ਼ਾਦੀ ਵਿਆਹ ਅਤੇ ਦੁਖ ਸੁਖ ਵਿਚ ਸ਼ਾਮਿਲ ਹੁੰਦੇ ਰਹੇ ਹਨ । ਇਸੇ ਹੀ ਤਰ੍ਹਾਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਗੁਰੂ ਹਰਿਸਹਾਏ ਦੇ ਵਾਸੀ ਸੁਰਜੀਤ ਸਿੰਘ ਪੰਜਾਬੀ ਚਿਤਰਕਾਰੀ ਸਿਖਣ ਲਈ ਕਈ ਮਹੀਨੇ ਅੰਦਰੇਟੇ ਰਹੇ । ਫ਼ੋਟੋਗਰਾਫ਼ੀ ਵੀ ਕਰਦੇ ਸਨ । ਕੁਝ ਸਮਾਂ ਪਾਲਮਪੁਰ ਵਿਖੇ ਫ਼ੋਟੋ ਸਟੂਡੀਓ ਵੀ ਸਥਾਪਤ ਕੀਤਾ। ਚਿਤਰਕਾਰ ਨੇ ਆਪਣੇ ਇਸ ਸ਼ਾਗਿਰਦ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਸ ਸਮੇਂ ਦੇ ਉਪ-ਕੁਲਪਤੀ ਪ੍ਰੋ. ਕਿਰਪਾਲ ਸਿੰਘ ਨਾਰੰਗ ਨੂੰ ਕਹਿ ਕੇ ਫ਼ੋਟੋਗ੍ਰਾਫ਼ਰ ਨਿਯੁਕਤ ਕਰਵਾ ਦਿੱਤਾ ਸੀ ।
ਏ ਪੀ ਜੀ ਕਾਲਜ ਆਫ਼ ਫ਼ਾਈਨ ਆਰਟਸ ਜਲੰਧਰ ਵਿਖੇ ਲੈਕਚਰਾਰ ਵਜੋਂ ਸੇਵਾ ਕਰਦੇ ਡਾਕਟਰ ਸੁਰਜੀਤ ਕੌਰ ਵੀ ਪੇਂਟਿੰਗ ਸਿਖਣ ਲਈ ਕਈ ਮਹੀਨੇ ਅੰਦਰੇਟੇ ਰਹਿ ਕੇ ਚਿਤਰਕਾਰ ਸੋਭਾ ਸਿੰਘ ਦੀ ਸ਼ਾਗਿਰਦੀ ਕਰਦੇ ਰਹੇ ਹਨ । ਪਿਛੋਂ ਉਨ੍ਹਾਂ ਨੇ ਸਰਦਾਰ ਸੋਭਾ ਸਿੰਘ ਦੀ ਕਲਾ ਦੇ ਵਿਸ਼ੇ ਉਤੇ ਡੂੰਘੀ ਖੋਜ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੀ-ਐਚ. ਡੀ. ਦੀ ਡਿਗਰੀ ਪ੍ਰਾਪਤ ਕੀਤੀ ।
ਦਿੱਲੀ ਦੇ ਰਹਿਣ ਵਾਲੇ ਅਮੋਲਕ ਸਿੰਘ ਜੋ ਪਹਿਲਾਂ ਹੀ ਚਿਤਰਕਾਰੀ ਦਾ ਕੰਮ ਕਰ ਰਹੇ ਸਨ, ਵੀ ਅੰਦਰੇਟੇ ਆ ਕੇ ਦੋ ਕੁ ਮਹੀਨੇ ਰਹੇ ਅਤੇ ਡਰਾਇੰਗ ਪੇਂਟਿੰਗ ਦੀ ਸਿੱਖਿਆ ਪ੍ਰਾਪਤ ਕੀਤੀ। ਉਹ ਅਜਿਹੇ ਇਕੋ ਇਕ ਸ਼ਾਗਿਰਦ ਹਨ ਜਿਨ੍ਹਾਂ ਨੇ ਆਪਣੇ ਉਸਤਾਦ ਚਿਤਰਕਾਰ ਦੇ ਬਹੁਤੇ ਚਿਤਰਾਂ ਦੀ ਨਕਲ ਕਰਕੇ ਵੇਚਿਆ । ਅਜੇਹੇ ਨਕਲ ਕੀਤੇ ਕਈ ਚਿਤਰ ਪੰਜਾਬ ਐਂਡ ਸਿੰਧ ਬੈਂਕ ਦੀ ਆਰਟ ਗੈਲਰੀ ਲਈ ਖ਼ਰੀਏ ਗਏ । ਪ੍ਰਸਿੱਧ ਕਲਾ-ਆਲੋਚਕ ਹਿਰਦੇਜੀਤ ਸਿੰਘ ਭੋਗਲ ਨਾਲ ਇਕ ਮੁਲਾਕਾਤ ਵਿਚ ਖੁਦ ਚਿਤਰਕਾਰ ਸੋਭਾ ਸਿਘ ਨੇ ਗਿਲਾ ਕੀਤਾ- ‘ਅਮੋਲਕ ਸਿੰਘ ਮੇਰੇ ਕੋਲ ਸਿਰਫ਼ ਦੋ ਮਹੀਨੇ ਰਿਹਾ ਪਰ ਮੇਰੇ ਹਰ ਚਿੱਤਰ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦਾ ਰਿਹਾ । ਉਸ ਨੂੰ ਮੈਂ ਕੋਲੋਂ ਚੰਗੀ ਤਨਖ਼ਾਹ ਤੇ ਬਾਕੀ ਸਹੂਲਤਾਂ ਦੀ ਪੇਸ਼ਕਸ਼ ਕੀਤੀ ਪਰ ਟਿਕਿਆ ਨਹੀਂ ।’
ਬਾਕੀ ਦੇ ਸ਼ਾਗਿਰਦਾਂ ਵਿਚ ਸ੍ਰੀ ਮਦਨ ਮੋਹਨ ਅਤੇ ਸ੍ਰੀ ਰਾਜਨ ਦੇ ਨਾਂ ਲਿਖੇ ਜਾ ਸਕਦੇ ਹਨ, ਜਿਨ੍ਹਾਂ ਦਾ ਚਿਤਰਕਾਰ ਅਕਸਰ ਜ਼ਿਕਰ ਕਰਿਆ ਕਰਦੇ ਸਨ । ਭੁਚੋ ਮੰਡੀ ਦੇ ਫ਼ੌਜ ਵਿਚ ਸੇਵਾ ਕਰਦੇ ਗੁਰਸੇਵਕ ਸਿੰਘ ਨੇ ਵੀ ਕੁਝ ਸਮਾਂ ਅੰਦਰੇਟੇ ਰਹਿ ਕੇ ਚਿੱਤਰਕਾਰੀ ਦੀ ਸਿਖਿਆ ਹਾਸਲ ਕੀਤੀ।
ਬੀਬੀ ਫੂਲਾ ਰਾਣੀ ਨੇ ਭਾਵੇਂ ਪਹਿਲਾਂ ਚਿਤਰਕਾਰੀ ਪ੍ਰਸਿੱਧ ਚਿਤਰਕਾਰ ਐਸ. ਜੀ. ਠਾਕੁਰ ਸਿੰਘ ਵਲੋਂ ਸਥਾਪਤ ਠਾਕੁਰ ਸਿੰਘ ਸਕੂਲ ਆਫ਼ ਆਰਟਸ ਅੰਮ੍ਰਿਤਸਰ ਤੋਂ ਸਿੱਖਿਆ ਹਾਸਲ ਕੀਤੀ ਪਰ ਉਨ੍ਹਾਂ ਨੇ ਅੰਦਰੇਟੇ ਰਹਿ ਕੇ ਚਿਤਰਕਾਰ ਸੋਭਾ ਸਿੰਘ ਤੋਂ ਵੀ ਪੋਰਟਰੇਟ ਚਿਤਰਣ ਬਾਰੇ ਗਿਆਨ ਹਾਸਲ ਕੀਤਾ । ਬੀਬੀ ਫੂਲਾ ਰਾਣੀ ਨੇ ਅੰਦਰੇਟੇ ਆਪਣੀ ਕੋਠੀ ਬਣਾਈ ਹੋਈ ਹੈ, ਜਿਥੇ ਉਹ ਗਰਮੀਆਂ ਦੇ ਦੋ ਕੁ ਮਹੀਨੇ ਆ ਕੇ ਰਹਿੰਦੇ ਰਹੇ ਹਨ । ਬੀਬੀ ਇੰਦਰ ਕੌਰ ਜਦੋਂ ਅੱਖਾਂ ਦੇ ਇਲਾਜ ਲਈ ਅੰਮ੍ਰਿਤਸਰ ਗਏ ਸਨ ਤਾਂ ਉਨ੍ਹਾਂ ਪਾਸ ਠਹਿਰੇ ਸਨ, ਬੀਬੀ ਫੂਲਾ ਰਾਣੀ ਵੱਲੋਂ ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖਭਾਲ ਨਾ ਕਰਨ ਉਤੇ ਗੁਰੂ ਸ਼ਾਗਿਰਦ ਦੇ ਸੰਬੰਧ ਵਿਗੜ ਗਏ ਸਨ ।
ਕਈ ਹੋਰ ਨੌਜਵਾਨ ਵੀ ਚਿਤਰਕਾਰ ਸੋਭਾ ਸਿੰਘ ਪਾਸ ਇਹ ਕਲਾ ਸਿਖਣ ਲਈ ਆਏ, ਪਰ ਬਹੁਤਾ ਸਮਾਂ ਟਿਕ ਨਾ ਸਕੇ ।

ਚਿਤਰਕਾਰ ਸੋਭਾ ਸਿੰਘ ਦਾ ਸ਼ਾਗਿਰਦ ਅਮਰ ਸਿੰਘ ਮਲਕੀਅਤ ਸਿੰਘ ਔਲਖ

ਚਿਤਰਕਾਰ ਸੋਭਾ ਸਿੰਘ ਕਲਾ ਨੂੰ ਸਮਰਪਿਤ ਇਕ ਬਹੁਤ ਖੂਬਸੂਰਤ ਤੇ ਖੂਬਸੀਰਤ ਮਨੁੱਖ ਸੀ ਜਿਸ ਨੇ ਆਪਣਾ ਸਾਰਾ ਜੀਵਨ ਜਿਉਣਾ ਪੱਬਾਂ-ਭਾਰ ਹੋ ਕੇ ਚਿਤਰਕਾਰੀ ਦੇ ਲੇਖੇ ਲਗਾ ਦਿੱਤਾ । ਸੋਭਾ ਸਿੰਘ ਇਕੋ ਦਾਰਸ਼ਨਿਕ ਚਿਤਰਕਾਰ ਸੀ ਜਿਸ ਲਈ ਸਾਰੇ ਸੰਸਾਰ ਦੇ ਵਿਸ਼ੇ ਅਤੇ ਪ੍ਰਾਣੀ ਉਨ੍ਹਾਂ ਦੀ ਕਲਪਨਾ ਦੇ ਪੱਟ ਤੇ ਆਪਣੇ-ਆਪਣੇ ਪ੍ਰਭਾਵ ਛੱਡਦੇ ਰਹੇ ਅਤੇ ਫੁਰਸਤ ਦੇ ਪਲਾਂ ਵਿਚ ਉਨ੍ਹਾਂ ਵਿਸ਼ਿਆਂ ਨੂੰ ਵਾਰੋ-ਵਾਰ ਇੱਕ ਦਾਰਸ਼ਨਿਕ ਦ੍ਰਿਸ਼ਟੀ ਨਾਲ ਨਾਪਦੇ-ਤੋਲਦੇ ਰਹੇ ਅਤੇ ਉਨ੍ਹਾਂ ਦੇ ਮੇਚ ਦੀਆਂ ਕਲਾ-ਛੋਹਾਂ ਨਾਲ ਉਹਨਾਂ ਵਿਸ਼ਿਆਂ ਅਤੇ ਪ੍ਰਾਣੀਆਂ ਨੂੰ ਕਲਾ-ਸਨੇਹੀਆਂ ਦੇ ਸਾਹਮਣੇ ਰੂਪਮਾਨ ਕੀਤਾ। ਇਸੇ ਹੀ ਦਾਰਸ਼ਨਿਕ ਦ੍ਰਿਸ਼ਟੀ ਕਰਕੇ ਕਲਾਕਾਰ ਸੋਭਾ ਸਿੰਘ ਆਪਣੀ ਕਲਾ ਦੀ ਰਚਨਾ ਜਿਸ ਪਿਆਰ ਅਤੇ ਦੁਲਾਰ ਨਾਲ ਕਰਦੇ ਸਨ ਉਸੇ ਹੀ ਪਿਆਰ ਅਤੇ ਦੁਲਾਰ ਨਾਲ ਉਨ੍ਹਾਂ ਦੇ ਆਸ ਪਾਸ ਸਿਖਿਆਰਥੀਆਂ ਦੇ ਰੂਪ ਵਿਚ ਬਹੁਤ ਸਾਰੇ ਕੋਮਲ ਰੂਹਾਂ ਦੇ ਪ੍ਰਾਣੀ ਜੁੜ ਗਏ ਅਤੇ ਉਨ੍ਹਾਂ ਵਿਚੋਂ ਕੁਝ ਉਨ੍ਹਾਂ ਦੇ ਹੀ ਬਣ ਕੇ ਰਹਿ ਗਏ- ਸ਼ਾਗਿਰਦ ਕਹਿ ਲਵੋ, ਭਾਈ ਕਹਿ ਲਵੋ ਅਤੇ ਜਾਂ ਫਿਰ ਅਜ਼ੀਜ਼ ਕਹਿ ਲਵੋ । ਉਨ੍ਹਾਂ ਪ੍ਰਾਣੀਆਂ ਵਿਚੋਂ ਚਿਤਰਕਾਰ ਅਮਰ ਸਿੰਘ ਅਤੇ ਚਿਤਰਕਾਰ ਮੇਹਰ ਸਿੰਘ ਨਾਮ ਸ਼੍ਰੇਸ਼ਟ ਹਨ । ਇਹ ਸਭ ਸੋਭਾ ਸਿੰਘ ਦੇ ਪਿਆਰ ਅਤੇ ਕਲਾ ਦੇ ਸੋਮੇ ਦੇ ਵਹਾਅ ਹਨ । ਇਥੇ ਮੈਂ ਚਿਤਰਕਾਰ ਅਮਰ ਸਿੰਘ ਦੇ ਜੀਵਨ ਅਤੇ ਕਲਾ ਬਾਰੇ ਪਾਠਕਾਂ ਦੇ ਸਨਮੁਖ ਹਾਂ । ਚਿਤਰਕਾਰ ਅਮਰ ਸਿੰਘ 1937 ਤੋਂ ਸੋਭਾ ਸਿੰਘ ਨਾਲ ਚਿਤਰਕਾਰੀ ਦੇ ਖੇਤਰ ਵਿਚ ਸ਼ਾਗਿਰਦ ਦੇ ਤੌਰ ਤੇ ਜੁੜੇ ਅਤੇ ਉਸਤਾਦ ਦੇ ਅੰਤਲੇ ਦਿਨਾਂ ਤੱਕ ਉਨ੍ਹਾਂ ਨਾਲ ਜੁੜੇ ਰਹੇ ਜਿਵੇਂ ਕਿ ਦੋਨੋਂ ਵੱਡੇ-ਛੋਟੇ ਭਰਾ ਹੋਣ ।
ਅਮਰ ਸਿੰਘ ਨੇ ਪਿੰਡ ਰਾਣਵਾਂ, ਨੇੜੇ ਮਾਛੀਵਾੜਾ, ਜ਼ਿਲ੍ਹਾ ਲੁਧਿਆਣਾ ਵਿਖੇ ਸਾਲ 1914 ਵਿਚ ਇੱਕ ਜੱਟ-ਸਿੱਖ ਪਰਿਵਾਰ ਵਿਚ ਜਨਮ ਲਿਆ । ਦਸਵੀਂ ਪਾਸ ਕਰਨ ਤੋਂ ਬਾਅਦ ਉਨ੍ਹਾਂ ਦੇ ਪਿਤਾ ਜੀ ਦੀ ਸਲਾਹ ਅਤੇ ਮਰਜ਼ੀ ਮੁਤਾਬਿਕ ਸਰਕਾਰੀ ਕਾਲਜ ਵਿਚ ਉਚੇਰੀ ਪੜ੍ਹਾਈ ਲਈ ਦਾਖਲਾ ਲੈ ਲਿਆ । ਉਨ੍ਹਾਂ ਦੇ ਪਿਤਾ ਜੀ ਚਾਹੁੰਦੇ ਸਨ ਕਿ ਉਨ੍ਹਾਂ ਦਾ ਬੇਟਾ ਡਿਗਰੀ ਹਾਸਲ ਕਰਕੇ ਪਰਵਾਰ ਦੀ ਪਰੰਪਰਾ ਨੂੰ ਕਾਇਮ ਰੱਖਦਾ ਹੋਇਆ ਫੌਜ ਵਿਚ ਸੇਵਾ ਕਰੇ । ਪਰ ਅਮਰ ਸਿੰਘ ਵਿਚ ਧੁਰ ਵਸਿਆ ਕਲਾਕਾਰ ਉਸ ਨੂੰ ਕਲਪਨਾ ਦੀ ਦੁਨੀਆਂ ਵਿਚ ਧੱਕੀ ਗਿਆ । ਉਸ ਦੇ ਮਿੱਤਰ ਅਤੇ ਸਨੇਹੀ ਪੈਨਸਿਲ ਅਤੇ ਕਾਗ਼ਜ਼ ਸਨ ਜਿਨ੍ਹਾਂ ਰਾਹੀਂ ਉਹ ਕਲਪਨਾ ਦਾ ਸਫ਼ਰ ਕਰਦਾ ਰਹਿੰਦਾ । ਪੜ੍ਹਾਈ ਵਿਚ ਉਸ ਦਾ ਉੱਕਾ ਹੀ ਮਨ ਨਹੀਂ ਸੀ । ਅਖ਼ੀਰ ਕਾਲਜ ਦੀ ਪੜ੍ਹਾਈ ਅਧਵਾਟੇ ਛੱਡ ਕੇ ਅਮਰ ਸਿੰਘ ਬਿਨਾਂ ਮੁਰਸ਼ਦ ਦੇ ਪਿੰਡ ਵਿਚ ਹੀ ਡਰਾਇੰਗ ਦਾ ਅਭਿਆਸ ਕਰਦਾ ਰਿਹਾ । ਉਸ ਨੇ ਸੋਭਾ ਸਿੰਘ ਚਿੱਤਰਕਾਰ ਬਾਰੇ ਸੁਣਿਆ ਹੋਇਆ ਸੀ ਜੋ ਉਸ ਸਮੇਂ ਦਿੱਲੀ ਵਿਚ ਆਪਣੇ ਕਲਾ-ਸਟੂਡੀਓ ਵਿਚ ਚਿਤਰਕਾਰੀ ਕਰ ਰਹੇ ਸਨ । ਅਮਰ ਸਿੰਘ ਨੇ ਆਪਣੀਆਂ ਕੁਝ ਡਰਾਇੰਗਾਂ ਡਾਕ ਰਾਹੀਂ ਸੋਭਾ ਸਿੰਘ ਨੂੰ ਭੇਜੀਆਂ ਅਤੇ ਅਸ਼ੀਰਵਾਦ ਪ੍ਰਾਪਤ ਕਰਨ ਲਈ ਨੌਕਰੀ ਕੀਤੀ । ਸੋਭਾ ਸਿੰਘ ਦੀ ਰੂਹ ਕਲਾ ਦੀ ਪਾਰਖੂ ਸੀ ਅਤੇ ਉਨ੍ਹਾਂ ਨੇ ਝੱਟ-ਪਟ ਪੱਤਰ ਰਾਹੀਂ ਅਮਰ ਸਿੰਘ ਨੂੰ ਅਪਰੈਂਟਿਸ ਤੌਰ ਤੇ ਆਪਣੇ ਕੋਲ ਦਿੱਲੀ ਬੁਲਾ ਲਿਆ । ਇਹ ਗੱਲ 1937 ਦੀ ਹੈ। ਮਾਸਟਰ ਕਲਾਕਾਰ ਦੇ ਪ੍ਰਭਾਵ ਹੇਠਾਂ ਅਮਰ ਸਿੰਘ ਨੇ ਬਹੁਤ ਛੇਤੀ ਪੋਰਟ੍ਰੇਟ ਚਿਤਰਕਲਾ ਵਿਚ ਪ੍ਰਪੱਕਤਾ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਪਣੇ ਉਸਤਾਦ ਦੇ ਗਾਹਕਾਂ ਲਈ ਉਸ ਨੇ ਕੁਝ ਬਹੁਤ ਸਾਫ਼-ਸੁਥਰੇ ਅਤੇ ਪ੍ਰਭਾਵਸ਼ਾਲੀ ਪੋਰਟ੍ਰੇਟ ਤਿਆਰ ਕੀਤੇ । ਸੋਭਾ ਸਿੰਘ ਆਪਣੇ ਸ਼ਾਗਿਰਦ ਦੇ ਕੰਮ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਸਲਾਹ ਦਿੱਤੀ ਕਿ ਉਹ ਆਪਣਾ ਵੱਖਰਾ ਸਟੂਡੀਓ ਸ਼ੁਰੂ ਕਰੇ । ਉਸਤਾਦ ਦੇ ਅਸ਼ੀਰਵਾਦ ਨਾਲ ਸਾਲ 1938 ਵਿਚ ਸ਼ਿਮਲਾ ਵਿਖੇ ‘ਇਕਾਂਤ’ ਨਾਮ ਹੇਠ ਅਮਰ ਸਿੰਘ ਨੇ ਆਪਣਾ ਸਟੂਡੀਓ ਸ਼ੁਰੂ ਕੀਤਾ । ਸ਼ਿਮਲੇ ਵਰਗੇ ਸਥਾਨ ਦਾ ਕੁਦਰਤੀ ਅਤੇ ਸੁੰਦਰ ਵਾਤਾਵਰਨ ਅਮਰ ਸਿੰਘ ਚਿਤਰਕਾਰ ਦੀ ਰੂਹ ਅਤੇ ਚਿਤਰਕਾਰੀ ਲਈ ਇਕ ਚੰਗੀ ਖੁਰਾਕ ਸੀ । ਸਟੂਡੀਓ ਦਾ ਨਾਮ ਅਮਰ ਸਿੰਘ ਦੀ ਸ਼ਾਂਤ ਅਤੇ ਸਾਧਕ ਸ਼ਖਸੀਅਤ ਦਾ ਸੁਝਾਉ ਦਿੰਦਾ ਹੈ ।
ਸ਼ਿਮਲੇ ਵਿਖੇ ਅਮਰ ਸਿੰਘ ਚਿਤਰਕਲਾ ਦਾ ਕੰਮ ਤੇ ਅਮੀਰ ਲੋਕਾਂ ਦੇ ਪੋਰਟ੍ਰੇਟ ਬਣਾ ਕੇ ਆਪਣੀ ਰੋਜ਼ੀ ਰੋਟੀ ਕਮਾਉਂਦੇ ਰਹੇ । ਆਪਣੀ ਕਲਾ ਅਤੇ ਕਮਾਈ ਤੋਂ ਉਹ ਸੰਤੁਸ਼ਟ ਸਨ । ਫੁਰਸਤ ਦੇ ਪਲਾਂ ਵਿਚ ਉਨ੍ਹਾਂ ਨੇ ਕੁਝ ਰਚਨਾਤਮਿਕ ਕੰਮ ਵੀ ਕੀਤਾ ਜਿਸ ਨੂੰ ਉਹ ਜ਼ਿੰਦਗੀ ਦੀ ਨੱਠ-ਭੱਜ ਵਿਚ ਸੰਭਾਲ ਨਹੀਂ ਸਕੇ । ਉਨ੍ਹਾਂ ਦਾ ਜੀਵਨ ਰਵਾਂ-ਰਾਵੀਂ ਚੱਲ ਰਿਹਾ ਸੀ ਕਿ 1945 ਦੇ ਸ਼ੁਰੂ ਵਿਚ ਉਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ । ਆਪਣਾ ਸਟੂਡੀਓ ਬੰਦ ਕਰਕੇ ਪੂਰੇ ਪਰਵਾਰ ਨੂੰ ਸੰਭਾਲਣ ਲਈ ਉਨ੍ਹਾਂ ਨੂੰ ਪਿੰਡ ਰਾਣਵਾਂ ਵਾਪਸ ਆਉਣਾ ਪਿਆ ਕਿਉਂਕਿ ਉਹ ਘਰ ਵਿਚ ਸਭ ਤੋਂ ਵੱਡੇ ਪੁੱਤਰ ਸਨ । ਉਨ੍ਹਾਂ ਨੇ ਪਿੰਡ ਆ ਕੇ ਸਕੂਲ ਵਿਚ ਡਰਾਇੰਗ ਮਾਸਟਰੀ ਦੇ ਨਾਲ-ਨਾਲ ਖੇਤੀ ਕਰਵਾਈ ਅਤੇ ਫੁਰਸਤ ਵਿਚ ਕੁਝ ਚਿਤਰਕਾਰੀ ਵੀ ਕਰਦੇ ਰਹੇ । ਪਰ ਅਮਰ ਸਿੰਘ ਦਾ ਅੰਦਰਲਾ ਚਿਤਰਕਾਰ ਬੇਚੈਨ ਪਰ ਬੇਬਸ ਰਿਹਾ । ਕਲਾ-ਰਚਨਾ ਲਈ ਸ਼ਿਮਲੇ ਵਰਗਾ ਮਹੌਲ ਪਿੰਡ ਵਿਚ ਕਦਾ-ਚਿਤ ਨਹੀਂ ਮਿਲ ਸਕਦਾ ਸੀ । ਪੂਰੇ 22 ਸਾਲ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹੇ ਪਰ ਨਾਲੋਂ-ਨਾਲ ਚਿਤਰਕਾਰੀ ਦੀ ਸਾਧਨਾ ਜਾਰੀ ਰਖੀ । ਇਸ ਸਮੇਂ ਵਿਚ ਆਪਣੇ ਉਸਤਾਦ ਸੋਭਾ ਸਿੰਘ ਨਾਲ ਮੇਲ ਕਦੇ-ਕਦੇ ਹੀ ਹੁੰਦਾ ਪਰ ਸੰਬੰਧ ਬਣੇ ਰਹੇ ।
ਸਾਲ 1967 ਵਿਚ ਅਮਰ ਸਿੰਘ ਨੇ ਚੰਡੀਗੜ੍ਹ ਆਉਣ ਦਾ ਫੈਸਲਾ ਕੀਤਾ । ਇਹ ਉਨ੍ਹਾਂ ਦੇ ਜੀਵਨ ਵਿਚ ਇਕ ਚੰਗਾ ਮੋੜ ਸੀ । ਚੰਡੀਗੜ੍ਹ ਸ਼ਹਿਰ ਉਸ ਸਮੇਂ ਕਲਾ ਅਤੇ ਕਲਾ-ਸਰਗਰਮੀਆਂ ਨਾਲ ਅੰਗੜਾਈਆਂ ਭਰ ਰਿਹਾ ਸੀ । ਪਰ ਅਮਰ ਸਿੰਘ ਲਈ ਜਿਥੇ ਉਸ ਸ਼ਹਿਰ ਨੇ ਕਲਾ-ਰਚਨਾ ਲਈ ਇੱਕ ਸਾਫ਼-ਸੁਥਰਾ ਅਤੇ ਢੁਕਵਾਂ ਮਹੌਲ ਪ੍ਰਦਾਨ ਕੀਤਾ ਉਥੇ ਹੀ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਮਯੂਸੀ ਦਾ ਸਾਹਮਣਾ ਵੀ ਕਰਨਾ ਪਿਆ ਕਿਉਂਕਿ ਚੰਡੀਗੜ੍ਹ ਵਿਚ ਪਣਪ ਰਹੀ ਕਲਾ ਮਾਡਰਨ ਅਤੇ ਐਬਸਟੈਕਟ ਕਲਾ ਵਲ ਝੁਕ ਰਹੀ ਸੀ । ਉਥੋਂ ਦੇ ਅਕੈਡਮੀਸ਼ੀਅਨ ਕਲਾਕਾਰ ਅਤੇ ਕਲਾ-ਆਲੋਚਕਾਂ ਲਈ ਮਾਡਰਨ ਆਰਟ ਹੀ ਕਲਾ ਸੀ ਅਤੇ ਰੀਅਲਿਸਟਿਕ ਕਲਾ-ਰਚਨਾ ਇਕ ਰਚਨਾ ਸੀ । ਅਮਰ ਸਿੰਘ ਦੀ ਕਲਾ-ਰਚਨਾ ਵੱਲ ਇੱਕ ਕਮਰਸ਼ੀਅਲ ਆਰਟ ਜਿੰਨੀ ਹੀ ਤਵੱਜੋ ਦਿੱਤੀ ਅਤੇ ਭਾਵੇਂ ਉਹ ਸੀਨੀਅਰ ਕਲਾਕਾਰ ਹੋਣ ਕਰਕੇ ਅਮਰ ਸਿੰਘ ਨੂੰ ਰਸਮੀ ਤੌਰ ਤੇ ਗਾਹੇ-ਵਗਾਹੇ ਸਤਿਕਾਰ ਦਿੰਦੇ ਰਹੇ । ਇਸ ਦਾ ਵੱਡਾ ਕਾਰਨ ਇਹ ਵੀ ਸੀ ਕਿ ਅਮਰ ਸਿੰਘ ਸਥਾਪਤ ਚਿਤਰਕਾਰ ਸੋਭਾ ਸਿੰਘ ਦੇ ਨਾਲ ਨਜ਼ਦੀਕੀ ਤੌਰ ਤੇ ਜੁੜੇ ਹੋਏ ਸਨ ਅਤੇ ਚਾਰੇ ਪਾਸੇ ਸੋਭਾ ਸਿੰਘ ਦੀ ਪੁੱਛ-ਪ੍ਰਤੀਤ ਸੀ ।
ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਉਸ ਸਮੇਂ ਦੇ ਪੋਰਟ੍ਰੇਟ ਕਲਾਕਾਰਾਂ ਵਾਂਗ ਅਮਰ ਸਿੰਘ ਨੇ ਵੀ ਲਗਪਗ ਬਹੁਤਾ ਕੰਮ ਆਪਣੇ ਨਿੱਜੀ ਗਾਹਕਾਂ ਅਤੇ ਸਰਕਾਰੀ ਆਰਡਰਾਂ ਤੇ ਹੀ ਕੀਤਾ ਪਰ ਇਹ ਵੀ ਉਹਨਾਂ ਦੀ ਪ੍ਰਵੀਨ ਕਲਾ-ਸ਼ੈਲੀ ਉਹਨਾਂ ਵਲੋਂ ਬਣਾਏ ਹੋਏ ਚੋਣਵੇਂ ਪੋਰਟ੍ਰੇਟਾਂ ਵਿਚ ਪੂਰੇ ਜੋਬਨ ਤੇ ਨਜ਼ਰ ਆਉਂਦੀ ਹੈ । ਇਹਨਾਂ ਪੋਰਟ੍ਰੇਟਾਂ ਵਿਚੋਂ ਕਸ਼ਮੀਰ ਦੀ ਰਾਜ ਮਾਤਾ, ਪੰਡਿਤ ਜਵਾਹਰ ਲਾਲ ਨਹਿਰੂ, ਅੰਮ੍ਰਿਤਾ ਸ਼ੇਰਗਿੱਲ, ਸ਼ਹੀਦੇ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਹੋਰਾਂ ਦੇ ਪੋਰਟ੍ਰੇਟ ਜ਼ਿਕਰ-ਯੋਗ ਹਨ । ਆਪਣੇ ਮੁਰਸ਼ਦ ਚਿਤਰਕਾਰ ਸੋਭਾ ਸਿੰਘ ਦੇ ਦੋ ਪੋਰਟ੍ਰੇਟ ਅਮਰ ਸਿੰਘ ਨੇ ਫੁਰਸਤ ਦੇ ਪਲਾਂ ਵਿਚ ਬਣਾਏ । ਇੱਕ ਪੋਰਟ੍ਰੇਟ ਵਿਚ ਸੋਭਾ ਸਿੰਘ ਨੇ ਕੋਟ-ਨੈਕਟਾਈ ਪਾਈ ਹੋਈ ਜੋ 1940 ਦੇ ਕਰੀਬ ਤਿਆਰ ਕੀਤਾ ਗਿਆ । ਦੂਜੇ ਪੋਰਟ੍ਰੇਟ ਵਿਚ ਸੋਭਾ ਸਿੰਘ ਨੂੰ ਜੂੜੇ ਅਤੇ ਖੁਲ੍ਹੀ ਦਾਹੜੀ ਨਾਲ 1950 ਦੇ ਕਰੀਬ ਚਿਤਰਿਆ ਗਿਆ ਹੈ । ਇਹ ਦੋਨੋਂ ਚਿੱਤਰ ਅਮਰ ਸਿੰਘ ਦੀ ਕਲਾ ਦੀ ਪ੍ਰਵੀਨਤਾ ਅਤੇ ਆਪਣੇ ਉਸਤਾਦ ਪ੍ਰਤੀ ਮੋਹ ਅਤੇ ਅਪਣੱਤ ਦਾ ਭਰਪੂਰ ਪ੍ਰਗਟਾਵਾ ਕਰਦੇ ਹਨ।
ਚਿੱਤਰਕਾਰ ਸੋਭਾ ਸਿੰਘ ਵੱਲੋਂ ਅਮਰ ਸਿੰਘ ਨੂੰ 1939 ਤੋਂ ਆਪਣੇ ਜੀਵਨ ਦੇ ਅਖੀਰ ਤੱਕ (1986) ਲਿਖੇ ਪੱਤਰ ਦਰਸਾਉਂਦੇ ਹਨ ਕਿ ਇਹ ਦੋਨੋਂ ਉਸਤਾਦ-ਸ਼ਾਗਿਰਦ ਕਲਾਕਾਰ ਪੇਸ਼ੇ ਦੇ ਤੌਰ ਤੇ ਵੀ ਅਤੇ ਰੂਹ ਦੇ ਤੌਰ ਤੇ ਵੀ ਇਕ ਦੂਜੇ ਦੇ ਅੰਗ-ਸੰਗ ਰਹੇ । ਇੱਕ ਗੱਲ ਜਿਹੜੀ ਮੈਨੂੰ ਮਹਿਸੂਸ ਹੁੰਦੀ ਹੈ ਕਿ ਸੋਭਾ ਸਿੰਘ ਦੀ ਸ਼ੈਲੀ ਦੇ ਪ੍ਰਭਾਵ ਹੇਠਾਂ ਚੱਲ ਕੇ ਅਮਰ ਸਿੰਘ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਪਰ ਉਹਨਾਂ ਦੇ ਨਾਲ ਲਗਾਤਾਰ ਨੇੜਤਾ ਕਾਰਨ ਆਪਣੀ ਵੱਖਰੀ ਪਹਿਚਾਣ ਨਹੀਂ ਬਣਾ ਸਕੇ । ਪਿਤਾ ਦੀ ਛੱਤਰੀ ਵੱਡੀ ਹੋਣ ਕਾਰਨ ਉਸ ਦਾ ਪਰਛਾਵਾਂ ਚਿਤਰਕਾਰ ਅਮਰ ਸਿੰਘ ਅਤੇ ਮਨੁੱਖ ਅਮਰ ਸਿੰਘ ਦਾ ਦੂਰ ਤੱਕ ਪਿਛਾ ਕਰਦਾ ਰਿਹਾ । ਇਹ ਤੱਥ ਆਪਣੇ ਆਪ ਵਿਚ ਅਮਰ ਸਿੰਘ ਲਈ ਇੱਕ ਵਰ ਵੀ ਸੀ ਅਤੇ ਕੁਝ ਹੱਦ ਤੱਕ ਇਕ ਸਰਾਪ ਵੀ । ਕਹਿੰਦੇ ਨੇ ਕਿ ਇੱਕ ਰਚਨਾਹਾਰ ਜਦੋਂ ਤੱਕ ਅਲੱਗ ਹੋ ਕੇ ਨਹੀਂ ਵਿਚਰਦਾ ਉਸ ਦੀ ਰਚਨਾ ਅਸੀਸ ਪ੍ਰਾਪਤ ਨਹੀਂ ਕਰ ਸਕਦੀ ।
ਸਾਲ 1990 ਦੇ ਅਖੀਰ ਵਿਚ ਪਤਨੀ ਦੇ ਅਕਾਲ ਚਲਾਣਾ ਕਰ ਜਾਣ ਬਾਅਦ ਅਮਰ ਸਿੰਘ ਚੰਡੀਗੜ੍ਹ ਤੋਂ ਲੁਧਿਆਣੇ ਇੱਕ ਨਜ਼ਦੀਕੀ ਰਿਸ਼ਤੇਦਾਰ ਦਰਸ਼ਨ ਸਿੰਘ ਕੋਲ ਆ ਗਏ । ਇਸ ਸਮੇਂ ਉਹਨਾਂ ਦੀ ਆਪਣੀ ਸਿਹਤ ਬਹੁਤ ਨਾਜ਼ੁਕ ਸੀ । ਉਹਨਾਂ ਦੇ ਲੁਧਿਆਣੇ ਸ਼ਿਫਟ ਕਰਨ ਨਾਲ ਭਾਵੇਂ ਚੰਡੀਗੜ੍ਹ ਦੀ ਕਲਾ-ਦੁਨੀਆਂ ਨੂੰ ਭਾਵੇਂ ਕੋਈ ਫ਼ਰਕ ਨਾ ਪਿਆ ਹੋਵੇ ਪਰ ਲੁਧਿਆਣੇ ਦੇ ਕਲਾਕਾਰਾਂ ਲਈ ਅਮਰ ਸਿੰਘ ਕੁਝ ਸਮੇਂ ਲਈ ਪ੍ਰੇਰਣਾ-ਸ੍ਰੋਤ ਸਾਬਤ ਹੋਏ ਅਤੇ ਉਹਨਾਂ ਦੇ ਇਥੇ ਹੋਣ ਕਾਰਨ ਲੁਧਿਆਣੇ ਦੇ ਕੱਚੇ-ਪੱਕੇ ਕਲਾਕਾਰ ਕਿਸੇ ਰਹਿਨੁਮਾ ਵੱਲ ਦੇਖਣ ਦੇ ਯੋਗ ਹੋ ਗਏ । ਇਥੇ ਵੀ ਉਹਨਾਂ ਦੀ ਪਹਿਚਾਣ ਚਿਤਰਕਾਰ ਸੋਭਾ ਸਿੰਘ ਦੇ ਪਰਪੱਕ ਸ਼ਗਿਰਦ ਦੇ ਤੌਰ ਤੇ ਹੀ ਬਣੀ ਕਿਉਂਕਿ ਅਮਰ ਸਿੰਘ ਨਾਜ਼ੁਕ ਸਿਹਤ ਹੋਣ ਕਾਰਨ ਇਸ ਸਮੇਂ ਵਿਚ ਕੋਈ ਕਲਾ-ਰਚਨਾ ਨਾ ਕਰ ਸਕੇ ।
ਚਿਤਰਕਾਰ ਸੋਭਾ ਸਿੰਘ ਦੇ ਪੂਰੇ ਹੋਣ ਤੋਂ ਬਾਅਦ ਛੇਤੀ ਹੀ ਉਨ੍ਹਾਂ ਦੇ ਪਰਵਾਰ ਨੇ ਉਨ੍ਹਾਂ ਦੀ ਯਾਦ ਵਿਚ ਇਕ ਸੋਭਾ ਸਿੰਘ ਮੈਮੋਰੀਅਲ ਆਰਟ ਸੁਸਾਇਟੀ ਸਥਾਪਤ ਕੀਤੀ । ਇਸ ਸੁਸਾਇਟੀ ਵੱਲੋਂ ਉਨ੍ਹਾਂ ਦੇ ਜਨਮ ਦਿਨ ਤੇ ਇਕੱਠ ਕੀਤਾ ਜਾਂਦਾ ਹੈ। ਕਿਸੇ ਪ੍ਰਸਿੱਧ ਕਲਾਕਾਰ ਨੂੰ ਸਨਮਾਨਿਆ ਜਾਂਦਾ ਹੈ। ਤੇ ਅਮਰ ਸਿੰਘ ਦਾ ਸਨਮਾਨ ਵੀ ਕੀਤਾ ਗਿਆ ਸੀ। ਮਾਰਚ 1991 ਵਿਚ ਇੱਕ ਸਥਾਨਕ ਸਕੂਲ ਟੈਗੋਰ-ਵਿਦਿਆ ਮੰਦਿਰ ਨੇ ਚਿਤਰਕਾਰ ਅਮਰ ਸਿੰਘ ਜੀ ਦਾ ਸਨਮਾਨ ਕੀਤਾ। ਇਸ ਤੋਂ ਬਾਅਦ 1991 ਦੇ ਅਖੀਰ ਵਿਚ ਲੁਧਿਆਣਾ ਆਰਟ ਸੁਸਾਇਟੀ ਅਤੇ ਫਿਰ ਫਰਵਰੀ 1992 ਵਿਚ ਆਰਟ ਇੰਡੀਆ ਨਾਮੀ ਸੰਸਥਾ ਨੇ ਉਹਨਾਂ ਦਾ ਸਨਮਾਨ ਕੀਤਾ। ਚਿਤਰਕਾਰ ਅਮਰ ਸਿੰਘ ਜੀ ਦੀ ਰਹਿਨੁਮਾਈ ਵਿੱਚ ਸਥਾਪਤ ਕੀਤੀ ਕਲਪਨਾ ਫਾਈਨ ਆਰਟ ਸੁਸਾਇਟੀ ਕਾਰਜਸ਼ੀਲ ਤਾਂ ਹੈ ਭਾਵੇਂ ਉਨ੍ਹਾਂ ਵਿਚ ਸੁਭਾਵਿਤ ਖੜੋਤ ਕਦੇ-ਕਦੇ ਵੇਖਣ ਨੂੰ ਮਿਲਦੀ ਹੈ ।
ਮਾਰਚ 1992 ਵਿਚ ਲੱਕਵੇ ਦਾ ਦੌਰਾ ਪੈਣ ਕਾਰਨ ਚਿਤਰਕਾਰ ਅਮਰ ਸਿੰਘ ਕਲਾ-ਜਗਤ ਨੂੰ ਅਲਵਿਦਾ ਕਹਿ ਤੁਰੇ ਪਰ ਉਹਨਾਂ ਵਲੋਂ ਪੋਰਟ੍ਰੇਟ ਵਿਚ ਕੀਤੇ ਕੰਮ ਦੀ ਯਾਦ ਹਮੇਸ਼ਾ ਕਲਾ ਪ੍ਰੇਮੀਆਂ ਵਿਚ ਤਾਜ਼ਾ ਰਹੇਗੀ । 1990 ਤੋਂ 1992 ਤੱਕ ਦੇ ਦੋ-ਢਾਈ ਸਾਲ ਦੇ ਸਮੇਂ ਵਿਚ ਚਿਤਰਕਾਰ ਅਮਰ ਸਿੰਘ ਨਾਲ ਹੋਈਆਂ ਮੁਲਾਕਾਤਾਂ ਅਤੇ ਉਹਨਾਂ ਵਲੋਂ ਕੀਤੇ ਕੰਮ ਦੇ ਕੁਝ ਨਮੂਨੇ ਨੂੰ ਵੇਖਣ ਦਾ ਮੌਕਾ ਇਹਨਾਂ ਸਤਰਾਂ ਦੇ ਲੇਖਕ ਲਈ ਇਕ ਯਾਦਗਾਰ ਹਨ । ਚਿਤਰਕਾਰ ਅਮਰ ਸਿੰਘ ਇੱਕ ਮਿੱਠ- ਬੋਲੜੇ, ਠਰੰਮੇ ਵਾਲੇ ਅਤੇ ਮਨੁੱਖੀ ਪਿਆਰ ਵਿਚ ਗੜਗੱਚ ਮਨੁੱਖ ਸਨ ।

ਚਿਤਰਕਾਰ ਮੇਹਰ ਸਿੰਘ ਪੁਰਦਮਨ ਸਿੰਘ ਬੇਦੀ

ਚਿਤਰਕਾਰ ਮੇਹਰ ਸਿੰਘ ਲਾਹੌਰ ਵਿਚ 1 ਅਕਤੂਬਰ 1929 ਨੂੰ ਜਨਮੇ । ਉਨ੍ਹਾਂ ਦੇ ਪਿਤਾ ਜੀ ਦੀ ਫਰਨੀਚਰ ਦੀ ਵਰਕਸ਼ਾਪ ਸੀ ਤੇ ਉਨ੍ਹਾਂ ਦੇ ਚਾਚੇ ਗੋਲ ਮਾਰਕੀਟ ਲਾਹੌਰ ਦੇ ਕੋਲ ਨਿਊ ਸਕੂਲ ਆਫ ਆਰਟ ਵਿਚ ਟੀਚਰ ਸਨ । ਇਸ ਕਾਰਨ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਚਿਤਰਕਾਰੀ ਵਿਰਸੇ ਵਿਚੋਂ ਹੀ ਮਿਲੀ । ਸਬੱਬ ਨਾਲ ਉਨ੍ਹਾਂ ਨੂੰ ਸਰਦਾਰ ਸੋਭਾ ਸਿੰਘ ਦੀ ਸੰਗਤ ਵੀ ਹਾਸਲ ਹੋਈ। ਉਨ੍ਹਾਂ ਨੇ ਮਹਾਨ ਚਿਤਰਕਾਰ ਨੂੰ ਆਪਣਾ ਗੁਰੂ ਧਾਰ ਲਿਆ ।
ਮੇਹਰ ਸਿੰਘ ਹੋਰਾਂ ਨੇ ਉਚੇਰੀ ਵਿਦਿਆ ਹਾਸਲ ਕਰਕੇ ਆਪਣਾ ਪੂਰਾ ਧਿਆਨ ਚਿਤਰਕਾਰੀ ਵੱਲ ਲਾਇਆ। ਉਹ ਆਪਣੇ ਗੁਰੂ ਪਾਸ ਅੰਦਰੇਟੇ ਆ ਗਏ ਜਿਥੇ ਉਨ੍ਹਾਂ ਨੇ ਕਾਫ਼ੀ ਸਮਾਂ ਲਾ ਕੇ ਚਿੱਤਰਕਾਰੀ ਦਾ ਅਭਿਆਸ ਕੀਤਾ। ਫਿਰ ਉਹ ਦਿੱਲੀ ਆ ਗਏ ਤੇ ਆਪਣੇ ਇੱਕ ਮਿੱਤਰ ਬ੍ਰਿਜ ਭੂਸ਼ਨ ਕੋਲ ਰਹਿ ਕੇ ਇੱਕ ਚਿੱਤਰਕਾਰ ਵਜੋਂ ਕੰਮ ਕਰਨ ਲੱਗੇ । ਉਨ੍ਹਾਂ ਨੇ ਮਹਿਤਾ ਆਰਟ ਪ੍ਰੈਸ ਲਈ ਬਹੁਤ ਸਾਰੀਆਂ ਪੇਂਟਿੰਗਜ਼ ਬਣਾਈਆਂ । ਉਨ੍ਹਾਂ ਦਾ ਕੰਮ ਦੇਖ ਕੇ 1958 ਵਿਚ ਨਵੀਂ ਦਿੱਲੀ ਸਥਿਤ ਅਮਰੀਕੀ ਸਫ਼ਾਰਤਖਾਨੇ ਨੇ ਉਨ੍ਹਾਂ ਨੂੰ ਬਤੌਰ ਸੀਨੀਅਰ ਆਰਟਿਸਟ ਰੱਖ ਲਿਆ। ਜਿੱਥੇ ਉਨ੍ਹਾਂ ਨੇ 13 ਸਾਲ ਕੰਮ ਕੀਤਾ । ਉਨ੍ਹਾਂ ਨੇ ਅਮਰੀਕਾ ਦੇ ਕਈ ਪ੍ਰਧਾਨਾਂ ਦੇ ਪੋਰਟਰੇਟ ਅਤੇ ਬਸਟ ਬਣਾਏ । ਜਿਹੜੇ ਕਲਾ ਦੀ ਆਪਣੀ ਹੱਦ ਸਨ । ਪ੍ਰਧਾਨ ਰਿਚਰਡ ਨਿਕਸਨ ਤਾਂ ਆਪਣਾ ਪੋਰਟਰੇਟ ਦੇਖ ਕੇ ਇਨਾ ਖੁਸ਼ ਹੋਇਆ ਕਿ ਉਸ ਨੇ ਚਿੱਤਰਕਾਰ ਮੇਹਰ ਸਿੰਘ ਨੂੰ ਪ੍ਰਸ਼ੰਸਾ ਭਰਪੂਰ ਖ਼ਤ ਲਿਖਿਆ । ਮਹਾਰਾਜਾ ਰਣਜੀਤ ਸਿੰਘ ਦੀ ਜਨਮ ਸ਼ਤਾਬਦੀ ਸਮੇਂ ਮੇਹਰ ਸਿੰਘ ਨੇ ਮਹਾਰਾਜੇ ਦਾ ਚਿੱਤਰ ਬਣਾਇਆ ਜਿਸ ਲਈ ਪੰਜਾਬ ਸਰਕਾਰ ਨੇ 5000 ਰੁਪਏ ਦਾ ਪਹਿਲਾ ਪੁਰਸਕਾਰ ਪ੍ਰਦਾਨ ਕੀਤਾ। ਉਸੇ ਵੇਲੇ ਹੀ ਗੁਰੂ ਜੀ ਨੇ ਵੀ ਚਿੱਤਰਕਾਰ ਨੂੰ ਇਨਾਮ ਵਜੋਂ 500 ਰੁਪਏ ਦਾ ਤੁੱਛ ਜਿਹਾ ਇਨਾਮ ਦਿੱਤਾ । ਸਿੱਖ ਇਤਿਹਾਸ ਅਤੇ ਸਿੱਖ ਗੁਰੂਆਂ ਦੇ ਜੀਵਨ ਸੰਬੰਧੀ ਬਣਾਏ ਚਿੱਤਰ ਆਪਣੀ ਮਿਸਾਲ ਆਪ ਹਨ। ਇਹ ਚਿੱਤਰ ਬਹੁਤ ਸਾਰੀਆਂ ਸੰਸਥਾਵਾਂ ਵਲੋਂ ਉਨ੍ਹਾਂ ਨੂੰ ਆਰਡਰ ਦੇ ਕੇ ਬਣਵਾਏ ਗਏ ਸਨ ।
ਮੇਹਰ ਸਿੰਘ ਨੂੰ ਆਪਣੇ 50 ਸਾਲਾ ਚਿੱਤਰਕਾਰੀ ਜੀਵਨ ਵਿਚ ਅਨੇਕਾਂ ਪੁਰਸਕਾਰ ਪ੍ਰਾਪਤ ਹੋਏ ਹਨ । 1946 ਵਿਚ ਵਾਈ ਐਮ ਸੀ ਏ ਲਾਹੌਰ, 1949 ਵਿਚ ਪੰਜਾਬ ਸਰਕਾਰ, 1953 ਅਤੇ 1970 ਵਿਚ ਫਾਈਨ ਆਰਟਸ ਅਕੈਡਮੀ ਅੰਮ੍ਰਿਤਸਰ, 1970 ਵਿਚ ਅਮਰੀਕੀ ਸਫ਼ਾਰਤਖਾਨਾ, 1981 ਪੰਜਾਬ ਲਲਿਤ ਕਲਾ ਅਕਾਡਮੀ ਅਤੇ 1993 ਵਿਚ ਦਿੱਲੀ ਦੀ ਸਰਬ ਭਾਰਤੀ ਆਰਟ ਅਤੇ ਕਰਾਫ਼ਟਸ ਸੋਸਾਇਟੀ ਵਲੋਂ ਕਈ ਮਾਣ ਸਨਮਾਨ ਪ੍ਰਾਪਤ ਹੋਏ ਹਨ ।
ਆਪਣੀ ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਦਿੱਲੀ ਵਿਚ ਬਿਤਾ ਕੇ ਮੇਹਰ ਸਿੰਘ ਚਿਤਰਕਾਰ 1996 ਵਿਚ ਚੰਡੀਗੜ੍ਹ ਆ ਕੇ ਪੂਰੀ ਤਰ੍ਹਾਂ ਵਸ ਗਏ ਹਨ। ਇਥੇ ਉਹ ਪੰਜਾਬ ਲਲਿਤ ਕਲਾ ਅਕਾਡਮੀ ਦੇ 5 ਸਾਲ ਪ੍ਰਧਾਨ ਰਹੇ ਹਨ । ਮੇਹਰ ਸਿੰਘ ਨੇ ਹੀ ਆਰਟਸ ਕੌਂਸਲ ਦੀ ਬਿਲਡਿੰਗ ਵਿਚ ਇਕ ਵੱਡੀ ਆਰਟ ਗੈਲਰੀ ਸਥਾਪਤ ਕੀਤੀ ਹੈ । ਪੰਜਾਬ ਸਰਕਾਰ ਵਲੋਂ ਸਰਦਾਰ ਸੋਭਾ ਸਿੰਘ ਦੀ ਯਾਦ ਵਿਚ ਹਰ ਸਾਲ ਦਿੱਤਾ ਜਾਣ ਵਾਲਾ ਇਕ ਲੱਖ ਰੁਪਏ ਦਾ ਇਨਾਮ ਪਹਿਲੀ ਵਾਰੀ ਸਰਦਾਰ ਮੇਹਰ ਸਿੰਘ ਨੂੰ ਹੀ ਹਾਸਲ ਹੋਇਆ । ਮੇਹਰ ਸਿੰਘ ਹੋਰਾਂ ਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿ ਸਰਦਾਰ ਸੋਭਾ ਸਿੰਘ ਤੇ ਉਨ੍ਹਾਂ ਦੀਆਂ ਪੇਂਟਿੰਗਜ਼ ਦੀ ਕਾਪੀ ਕਰਕੇ ਹੋਰ ਚਿਤਰਕਾਰ ਵੇਚ ਰਹੇ ਹਨ।

ਸਰਦਾਰ ਸੋਭਾ ਸਿੰਘ ਦਾ ਹੋਣਹਾਰ ਸ਼ਾਗਿਰਦ ਪੁਰਦਮਨ ਸਿੰਘ ਬੇਦੀ

ਹਰਭਜਨ ਸਿੰਘ ਬਾਜਵਾ ਸਰਦਾਰ ਸੋਭਾ ਸਿੰਘ ਦੇ ਸ਼ਾਗਿਰਦਾਂ ਵਿਚੋਂ ਇਕ ਚਮਕਦਾ ਹੋਇਆ ਸਿਤਾਰਾ ਹੈ । ਕੋਈ ਤੀਹ ਸਾਲਾਂ ਤੋਂ ਉਹ ਫ਼ੋਟੋਗਰਾਫ਼ੀ ਦੇ ਖੇਤਰ ਵਿਚ ਵੱਡਮੁੱਲੀਆਂ ਬੁਲੰਦੀਆਂ ਤਹਿ ਕਰ ਚੁਕਾ ਹੈ । ਕੈਮਰੇ ਨਾਲ ਤਸਵੀਰਾਂ ਤਾਂ ਹਰ ਕੋਈ ਖਿੱਚ ਸਕਦਾ ਹੈ ਪਰ ਉਹ ਤਸਵੀਰ, ਜੋ ਸੱਚ ਮੁੱਚ ਸਾਰਿਆਂ ਦਾ ਧਿਆਨ ਖਿੱਚੇ, ਇਕ ਕਲਾ ਕ੍ਰਿਤੀ ਹੋ ਨਿੱਬੜਦੀ ਹੈ । ਅਜਿਹੀਆਂ ਹਜ਼ਾਰਾਂ ਤਸਵੀਰਾਂ ਖਿੱਚ ਕੇ ਨਾਮਣਾ ਖੱਟਣ ਵਾਲਾ ਬਾਜਵਾ ਹੀ ਤਾਂ ਹੈ ।
ਬਾਜਵਾ ਚਿਤਰਕਾਰ ਬਣਨਾ ਚਾਹੁੰਦਾ ਸੀ । ਇਸ ਖਿਆਲ ਨਾਲ ਉਹ ਅੰਦਰੇਟੇ ਸਰਦਾਰ ਸੋਭਾ ਸਿੰਘ ਹੁਰਾਂ ਕੋਲ ਚਲਿਆ ਗਿਆ । ਉਨ੍ਹਾਂ ਨੂੰ ਉਸਤਾਦ ਧਾਰਨ ਕਰ ਕੇ ਚਿਤਰਕਾਰੀ ਸਿੱਖਣ ਲਗਾ । ਕਈ ਮਹੀਨੇ ਉਹ ਉਥੇ ਮਹਾਨ ਚਿਤਰਕਾਰ ਕੋਲ ਰਿਹਾ । ਉਥੇ ਰਹਿ ਕੇ ਉਸਨੇ ਬਹੁਤ ਸਾਰੀਆਂ ਪੇਂਟਿੰਗਜ਼ ਬਣਾਈਆਂ ਵੀ । ਪਰ ਇਕ ਦਿਨ ਸਰਦਾਰ ਜੀ ਉਸ ਨੂੰ ਕਹਿਣ ਲਗੇ ਕਿ ਬਾਜਵਾ ਸਾਹਿਬ ਤੁਸੀਂ ਫ਼ੋਟੋਗਰਾਫ਼ੀ ਵੱਲ ਵਧੇਰੇ ਧਿਆਨ ਦੇਵੋ । ਤੁਹਾਡੀ ਪ੍ਰਤਿਭਾ ਉੱਧਰ ਹੀ ਉਜਾਗਰ ਹੋਵੇਗੀ ।
ਇਸ ਲਈ ਹਰਭਜਨ ਸਿੰਘ ਬਾਜਵਾ ਨੇ ਫ਼ੋਟੋਗਰਾਫ਼ੀ ਵੱਲ ਧਿਆਨ ਅਜਿਹਾ ਦਿੱਤਾ ਕਿ ਉਹ ਚਿਤਰਕਾਰ ਨਾਲੋਂ ਵੀ ਵਧ ਪ੍ਰਸਿੱਧ ਹੋ ਗਿਆ । ਉਸ ਦੀਆਂ ਖਿੱਚੀਆਂ ਤਸਵੀਰਾਂ ਕਲਾਕ੍ਰਿਤਾਂ ਹੀ ਤਾਂ ਹੁੰਦੀਆਂ ਹਨ । ਉਸ ਨੂੰ ਖੂਬਸੂਰਤ ਤਸਵੀਰਾਂ ਖਿੱਚਣ ਕਰਕੇ ਸਾਰੀ ਦੁਨੀਆਂ ਦੇ ਕੋਨੇ ਕੋਨੇ ਤੋਂ ਮਾਣ ਸਨਮਾਨ ਪ੍ਰਾਪਤ ਹੋਏ ਹਨ ।
ਹਰਭਜਨ ਸਿੰਘ ਬਾਜਵਾ ਪਾਸ ਪੰਜਾਬੀ ਦੇ ਹਰ ਲੇਖਕ ਜਾਂ ਕਲਾਕਾਰ ਦੀ ਤਸਵੀਰ ਹੈ । ਉਸ ਨੇ ਪ੍ਰਸਿੱਧ ਲੇਖਕਾਂ ਤੇ ਕਲਾਕਾਰਾਂ ਦੀਆਂ ਇਕ ਦਿਨ ਦੀ ‘ਦਿਨ ਚਰੀਆ’ ਸਿਰਲੇਖ ਹੇਠ ਤਸਵੀਰਾਂ ਖਿੱਚੀਆਂ ਹਨ। ਇਸ ਬਾਰੇ ਉਹ ਕਹਿੰਦਾ ਹੈ, “ਮੈਂ ਕਈ ਵਾਰ ਸੋਚਦਾ ਹੁੰਦਾ ਸੀ ਕਿ ਪੰਜਾਬੀ ਦੇ ਮੁਢਲੇ ਲੇਖਕਾਂ ਦੇ ਸਾਡੇ ਕੋਲ ਅਸਲੀ ਚਿੱਤਰ ਨਹੀਂ ਹਨ ਕਿਉਂਕਿ ਉਸ ਵੇਲੇ ਫ਼ੋਟੋਗਰਾਫ਼ੀ ਬਹੁਤ ਘੱਟ ਹੁੰਦੀ ਸੀ । ਪਰ ਹੁਣ ਜਦ ਕਿ ਇਹ ਕਲਾ ਪੂਰੀ ਤਰ੍ਹਾਂ ਵਿਕਸਿਤ ਹੋਈ ਹੈ ਤਾਂ ਕਿਉਂ ਨਾ ਇਸ ਸਾਹਿੱਤਕ ਸਰਮਾਏ ਨੂੰ ਸਾਂਭਣ ਲਈ ਵਰਤਿਆ ਜਾਵੇ । ਇਸ ਲਈ ਮੈਂ ਲਗਪਗ ਹਰ ਇਕ ਲੇਖਕ ਅਤੇ ਕਲਾਕਾਰ ਨੂੰ ਆਪਣੇ ਕੈਮਰੇ ਵਿਚ ਬੰਦ ਕੀਤਾ ਹੈ । ਅੱਜ ਮੈਨੂੰ ਮਾਣ ਹੈ ਕਿ ਮੈਂ ਹਰ ਇਕ ਲੇਖਕ ਤੇ ਕਲਾਕਾਰ ਨੂੰ ਨੇੜੇ ਹੋ ਕੇ ਦੇਖਿਆ ਹੈ ।” ਭਾਵੇਂ ਉਸ ਨੇ ਆਪਣੇ ਕੋਲੋਂ ਪੈਸਾ ਖਰਚ ਕੇ ਇਹ ਯਤਨ ਕੀਤੇ ਹਨ ਪਰ ਉਸ ਦੇ ਇਹਨਾਂ ਯਤਨਾਂ ਦਾ ਪੂਰੀ ਤਰ੍ਹਾਂ ਸਵਾਗਤ ਨਹੀਂ ਹੋਇਆ । ਇਸ ਸੰਬੰਧ ਵਿਚ ਉਸ ਦਾ ਕਹਿਣਾ ਹੈ, “ਮੈਨੂੰ ਸਿਰਫ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਿਹਾ ਕਿ ਮੈਂ ਪ੍ਰਸਿੱਧ ਲੇਖਕਾਂ ਦੀਆਂ ਤਸਵੀਰਾਂ ਤਿਆਰ ਕਰਕੇ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਪ੍ਰਦਰਸ਼ਿਤ ਕਰਾਂ । ਇਸ ਤੋਂ ਬਿਨਾਂ ਮੈਨੂੰ ਹੋਰ ਕਿਸੇ ਵਲੋਂ ਘੱਟ ਹੀ ਕੋਈ ਉਤਸ਼ਾਹ ਮਿਲਿਆ ਹੈ ।”
ਤਸਵੀਰਾਂ ਤੋਂ ਬਿਨਾਂ ਬਾਜਵਾ ਕਵਿਤਾਵਾਂ ਵੀ ਲਿਖਦਾ ਹੈ । ਕਦੀ ਕਦੀ ਉਸ ਦੇ ਲੇਖ ਵੀ ਅਖਬਾਰਾਂ ਵਿਚ ਛਪਦੇ ਹਨ । ਉਸ ਦੇ ਦੋ ਕਾਵਿ ਸੰਗ੍ਰਹਿ ਵੀ ਛਪ ਚੁਕੇ ਹਨ ।
ਸਰਦਾਰ ਸੋਭਾ ਸਿੰਘ ਦੇ ਸਤਿਕਾਰ ਵਜੋਂ ਉਹ ਸਾਲ ਵਿਚ ਦੋ-ਤਿੰਨ ਵਾਰ ਉਨ੍ਹਾਂ ਕੋਲ ਜਾਂਦਾ ਹੁੰਦਾ ਸੀ । ਉਹ ਵੀ ਉਸ ਨੂੰ ਬੜਾ ਪਿਆਰ ਕਰਦੇ ਸਨ । ਉਸ ਕੋਲ ਸਭ ਤੋਂ ਵੱਧ ਸਰਦਾਰ ਜੀ ਦੀ ਜ਼ਿੰਦਗੀ ਦੇ ਸੰਬੰਧ ਵਿਚ ਚਿਤਰ ਹਨ । ਇਸ ਲਈ ਸਰਦਾਰ ਸੋਭਾ ਸਿੰਘ ਦੇ ਸੌਵੇਂ ਜਨਮ ਤੇ ਉਸ ਨੂੰ ਸਰਦਾਰ ਸੋਭਾ ਸਿੰਘ ਮੈਮੋਰੀਅਲ ਫਾਊਂਡੇਸ਼ਨ ਸ੍ਰੀ ਹਰਗੋਬਿੰਦਪੁਰ ਨੇ ਉਨ੍ਹਾਂ ਦੇ ਜੀਵਨ ਸੰਬੰਧੀ ਸੌ ਚਿਤਰ ਵੱਡੇ ਸਾਈਜ਼ ਵਿਚ ਤਿਆਰ ਕਰਕੇ ਵੱਖ ਵੱਖ ਥਾਵਾਂ ਤੇ ਨੁਮਾਇਸ਼ਾਂ ਲਾਉਣ ਲਈ ਸਪਾਂਸਰ ਕੀਤਾ ਹੈ ।

ਹਰਬੀਰ ਸਿੰਘ ਭੰਵਰ : ਪੱਤਰਕਾਰ ਤੇ ਲੇਖਕ ਪੁਰਦਮਨ ਸਿੰਘ ਬੇਦੀ

ਸਾਡੇ ਪਿੰਡ ਦੀ ਪੰਜਾਬੀ ਸਾਹਿਤ ਸਭਾ ਦੇ ਸਾਲਾਨਾ ਸਮਾਗਮ ਤੇ ਹਰਬੀਰ ਸਿੰਘ ਭੰਵਰ ਨਾਲ ਪਹਿਲੀ ਵਾਰ ਮੇਲ ਹੋਇਆ । ਉਹ ਇਕ ਛੀਟਕਾ ਜਿਹਾ ਗੱਭਰੂ ਬਾਈ ਜਸਵੰਤ ਸਿੰਘ ਕੰਵਲ ਨਾਲ ਆਇਆ ਸੀ । ਬਸ ਫੇਰ ਕੀ ਸੀ ਜਾਣ-ਪਛਾਣ ਦੋਸਤੀ ਵਿਚ ਬਦਲ ਗਈ । ਉਹ ਕਵਿਤਾਵਾਂ ਲਿਖਦਾ ਸੀ । ਚਿਤਰਕਾਰੀ ਦਾ ਉਸ ਨੂੰ ਸ਼ੌਕ ਸੀ । ਕਿਸੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਅਧਿਆਪਕ ਲਗਿਆ ਹੋਇਆ ਸੀ । ਚਿਤਰਕਾਰੀ ਦੇ ਸ਼ੌਕ ਨੇ ਉਸ ਨੂੰ ਜਗਤ ਪ੍ਰਸਿੱਧ ਚਿੱਤਰਕਾਰ ਸੋਭਾ ਸਿੰਘ ਦਾ ਸ਼ਾਗਿਰਦ ਬਣਾ ਦਿੱਤਾ । ਆਪਣੀ ਬਦਲੀ ਕਰਾ ਕੇ ਸਰਕਾਰੀ ਸਕੂਲ ਪਪਰੋਲੇ ਜ਼ਿਲ੍ਹਾ ਕਾਂਗੜਾ ਵਿਚ ਅਧਿਆਪਕ ਲੱਗ ਗਿਆ । ਅੰਦਰੇਟੇ ਵਿਚ ਰਿਹਾਇਸ਼ ਰੱਖ ਲਈ । ਕਾਂਗੜਾ ਉਸ ਵੇਲੇ ਪੰਜਾਬ ਦਾ ਹੀ ਹਿੱਸਾ ਸੀ । ਪਪਰੋਲੇ ਤੋਂ ਅੰਦਰੇਟੇ ਆਉਣ ਜਾਣ ਕਰਕੇ ਉਹ ਚਿੱਤਰਕਾਰੀ ਵਲ ਬਹੁਤਾ ਧਿਆਨ ਨਾ ਦੇ ਸਕਿਆ । ਹਾਂ, ਪ੍ਰਸਿੱਧ ਪੰਜਾਬੀ ਪੱਤਰਾਂ ਵਿਚ ਉਸ ਦੀਆਂ ਕਵਿਤਾਵਾਂ ਤੇ ਛੋਟੇ ਛੋਟੇ ਲੇਖ ਛਪਣ ਲਗ ਪਏ । ਸਰਦਾਰ ਜੀ ਨੇ ਸਲਾਹ ਦਿੱਤੀ ਕਿ ਦੋ ਬੇੜੀਆਂ ਵਿਚ ਸਵਾਰ ਨਾ ਹੋ । ਲਿਖਣ ਜਾਂ ਚਿੱਤਰਕਾਰੀ ਵਿਚੋਂ ਇਕ ਨੂੰ ਚੁਣ ਲੈ । ਇਸ ਤਰ੍ਹਾਂ ਉਸ ਦਾ ਰੁਝਾਨ ਪੱਤਰਕਾਰੀ ਤੇ ਲੇਖਣੀ ਵੱਲ ਹੋ ਗਿਆ । 1960 ਵਿਚ ਉਸ ਦਾ ਵਿਆਹ ਗੁਰਚਰਨ ਕੌਰ ਨਾਲ ਹੋ ਗਿਆ । ਸਰਦਾਰ ਜੀ ਤੇ ਉਹਨਾਂ ਦੀ ਪਤਨੀ ਨੇ ਬੀਬੀ ਗੁਰਚਰਨ ਕੌਰ ਨੂੰ ਆਪਣੀ ਧੀ ਬਣਾ ਲਿਆ । ਇਸ ਤਰ੍ਹਾਂ ਉਹ ਸਰਦਾਰ ਜੀ ਦੇ ਨੇੜੇ ਆ ਕੇ ਪਰਵਾਰ ਦੇ ਮੈਂਬਰ ਹੀ ਬਣ ਗਏ । ਆਪਣੀ ਰਿਹਾਇਸ਼ ਸਰਦਾਰ ਜੀ ਦੇ ਨਾਲ ਲਗਦੇ ਉਨ੍ਹਾਂ ਦੇ ਸਭ ਤੋਂ ਪਹਿਲੇ ਸ਼ਾਗਿਰਦ ਪੰਡਤ ਮੰਗਤ ਰਾਮ ਦੀ ਕੋਠੀ ਵਿਚ ਰੱਖ ਲਈ। ਕਿਹਾ ਜਾਂਦਾ ਹੈ ਕਿ ਕਲਾਕਾਰ ਤਾਂ ਇਕ ਹੀ ਮਾਣ ਨਹੀਂ ਹੁੰਦਾ, ਹੁਣ ਤਾਂ ਦੋ ਕਲਾਕਾਰ ਇਕੱਠੇ ਹੋ ਗਏ ਸਨ । ਦੋਹਾਂ ਦੀ ਆਪਸ ਵਿਚ ਕਈ ਗੱਲਾਂ ਕਰਕੇ ਝੜਪ ਆਮ ਹੀ ਹੋ ਜਾਂਦੀ । ਇਸੇ ਦੌਰਾਨ ਹਰਬੀਰ ਐਮ. ਏ. ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਵਿਚ ਪੱਤਰਕਾਰੀ ਦਾ ਕੋਰਸ ਕਰਨ ਚਲਿਆ ਗਿਆ । ਦੋਹਾਂ ਦਾ ਝਗੜਾ ਏਨਾ ਵੱਧ ਗਿਆ ਕਿ ਉਹ ਮੁੜ ਕੇ ਅੰਦਰੇਟੇ ਨਾ ਵੜਿਆ । ਪੱਤਰਕਾਰੀ ਦਾ ਕੋਰਸ ਕਰਕੇ ਪਹਿਲਾਂ ਉਹ ਅੰਮ੍ਰਿਤਸਰ ਵਿਚ ਇੰਡੀਅਨ ਐਕਸਪ੍ਰੈਸ ਦਾ ਸਟਾਫ਼ ਕਾਰਸਪਾਂਡੈਂਟ ਲੱਗ ਗਿਆ । ਫਿਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਪਬਲਿਕ ਰੀਲੇਸ਼ਨਜ਼ ਅਫ਼ਸਰ ਵੀ ਲੱਗਾ ਰਿਹਾ । ਅੰਤ ਅੰਗਰੇਜ਼ੀ ਟ੍ਰਿਬਿਊਨ ਦਾ ਪੱਤਰਕਾਰ ਲੱਗ ਗਿਆ ਜਿਥੋਂ 31 ਅਗਸਤ 1998 ਨੂੰ ਸੀਨੀਅਰ ਸਟਾਫ਼ ਰਿਪੋਰਟਰ ਵਜੋਂ ਰਿਟਾਇਰ ਹੋ ਗਿਆ । ਸ਼੍ਰੋਮਣੀ ਕਮੇਟੀ
ਦੇ ਪ੍ਰਧਾਨ ਦੇ ਕਹਿਣ ਤੇ ਕੁਝ ਦੇਰ ਉਸ ਨੇ ਮੀਡੀਆ ਡਾਇਰੈਕਟਰ ਵਜੋਂ ਵੀ ਸੇਵਾ ਨਿਭਾਈ। ਇਸ ਕਾਰਨ ਸਿੱਖ ਸਿਆਸਤ ਬਾਰੇ ਉਸ ਨੂੰ ਕਾਫ਼ੀ ਜਾਣਕਾਰੀ ਹੈ । ਸਿੱਖ ਇਤਿਹਾਸ ਤੇ ਸਿੱਖ ਪ੍ਰੰਪਰਾਵਾਂ
ਸੰਬੰਧੀ ਉਸ ਨੂੰ ਮੁਹਾਰਤ ਹਾਸਲ ਹੈ ।
ਹਰਬੀਰ ਸਿੰਘ ਭੰਵਰ ਨੇ ਹੁਣ ਤੱਕ ਪੰਜ ਕਿਤਾਬਾਂ ਲਿਖੀਆਂ ਹਨ । ਸਭ ਤੋਂ ਪਹਿਲੀ ਪੁਸਤਕ ਦੱਖਣੀ ਭਾਰਤ ਦਾ ਸਫ਼ਰਨਾਮਾ ਨਾਰੀਅਲ ਦੀ ਧਰਤੀ ਤੇ ਹੈ ਜਿਸ ਦਾ ਮੁਖ ਬੰਧ ਸਰਦਾਰ ਸੋਭਾ ਸਿੰਘ ਦਾ ਲਿਖਿਆ ਹੋਇਆ ਹੈ । ਉਸ ਦੀ ਸਭ ਤੋਂ ਵੱਡੀ ਪ੍ਰਾਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪ੍ਰਕਾਸ਼ਤ ਡਾ. ਹਰਬੰਸ ਸਿੰਘ ਰਚਿਤ ਇਨਸਾਈਕਲੋਪੀਡੀਆ ਆਫ਼ ਸਿਖਿਜ਼ਮ ਦੀ ਨਵੀਂ ਐਡੀਸ਼ਨ ਲਈ ਸਾਕਾ ਨੀਲਾ ਤਾਰਾ ਬਾਰੇ ਪੰਜ ਹਜਾਰ ਸ਼ਬਦਾਂ ਦੀ ਐਂਟਰੀ ਹੈ । ਅੱਜ ਕਲ੍ਹ ਉਹ ਅਖਬਾਰਾਂ ਤੇ ਰਸਾਲਿਆਂ ਲਈ ਲੇਖ ਆਦਿ ਲਿਖ ਕੇ ਆਪਣਾ ਸਮਾਂ ਗੁਜ਼ਰਦਾ ਹੈ ।

ਸੋਭਾ ਸਿੰਘ ਦੀ ਕਲਾ : ਦ੍ਰਿਸ਼ ਜਾਂ ਦ੍ਰਿਸ਼ਟੀ ਸੁਰਿੰਦਰ ਸਿੰਘ ਨਰੂਲਾ

ਜਦੋਂ ਵੀ ਮੈਨੂੰ ਕਿਸੇ ਕਲਾ ਪ੍ਰਦਰਸ਼ਨੀ ਵਿਚ ਆਧੁਨਿਕ ਕਲਾ ਦੀਆਂ ਅੜਾਉਣੀ-ਭਰੀਆਂ ਕਲਾ-ਕ੍ਰਿਤੀਆਂ ਨੂੰ ਦੇਖਣ ਦਾ ਅਵਸਰ ਪ੍ਰਾਪਤ ਹੋਇਆ ਹੈ ਮੈਂ ਹਮੇਸ਼ਾ ਹੀ ਯਥਾਰਥਕ ਜੀਵਨ ਅਤੇ ਇਸ ਦੀ ਆਦਰਸ਼ਪਰਕ ਪੇਸ਼ਕਾਰੀ ਬਾਰੇ ਜਾਂ ਮਨ ਦੇ ਹਲਚਲ ਭਰੇ ਕੁੰਭ ਵਿਚ ਇਸ ਦੇ ਪ੍ਰਭਾਵ ਬਾਰੇ ਸੋਚਿਆ ਹੈ । ਅਜਿਹੇ ਅਵਸਰਾਂ ਤੇ ਹਮੇਸ਼ਾ ਹੀ ਮੈਨੂੰ ਚਿਤਰਕਾਰ ਐਸ. ਜੀ. ਠਾਕਰ ਸਿੰਘ ਜਾਂ ਸਰਦਾਰ ਸੋਭਾ ਸਿੰਘ ਦਾ ਚੇਤਾ ਆਉਂਦਾ ਰਿਹਾ ਹੈ । ਸਰਦਾਰ ਸੋਭਾ ਸਿੰਘ ਦੇ ਸਿੱਖ ਗੁਰੂ ਸਾਹਿਬਾਨ ਦੇ ਚਿਤਰ ਏਨੇ ਹਰਮਨ ਪਿਆਰੇ ਹੋਏ ਹਨ ਕਿ ਉਹ ਯੂਰਪੀ ਕਲਾਕ੍ਰਿਤੀ ਮੋਨਾਲਿਜ਼ਾ ਜਾਂ ਰੂਸੀ ਨਿਕਚੂ ਬੁੱਤਾਂ (icons) ਵਾਂਗ ਘਰ ਘਰ ਦੇ ਸ਼ਿੰਗਾਰ ਹਨ । ਜਿਸ ਤਰ੍ਹਾਂ ਸ਼ਾਇਦ ਹੀ ਕੋਈ ਯੂਰਪੀ ਘਰ ਹੋਵੇ ਜਿਥੇ ਮੋਨਾਲਿਜ਼ਾ ਦੇ ਚਿੱਤ੍ਰ ਦਾ ਉਤਾਰਾ ਮੌਜੂਦ ਨਾ ਹੋਵੇ ਜਾਂ ਰੂਸੀ ਇਨਕਲਾਬ (1917) ਤੋਂ ਪਹਿਲਾਂ ਕੋਈ ਵੀ ਰੂਸੀ ਟੱਬਰ ਨਿਕਚੂ ਬੁੱਤਾਂ ਤੋਂ ਸੱਖਣਾ ਨਹੀਂ ਸੀ । ਇੰਨ ਬਿੰਨ ਹੀ ਸਰਦਾਰ ਸੋਭਾ ਸਿੰਘ ਚਿਤ੍ਰਿਤ ਗੁਰੂ ਸਾਹਿਬਾਨ ਦੇ ਪੋਰਟ੍ਰੇਟ ਜਾਂ ਪੰਜਾਬ ਦੀਆਂ ਰੋਮਾਂਚਕ ਲੋਕ ਕਹਾਣੀਆਂ ਦੇ ਚਿੱਤ੍ਰ ਨਾ ਕੇਵਲ ਪੰਜਾਬ ਵਿਚ ਹੀ ਸਗੋਂ ਪੰਜਾਬੋਂ ਬਾਹਰ ਵੀ ਹਰੇਕ ਪੰਜਾਬੀ ਘਰ ਦਾ ਸ਼ਿੰਗਾਰ ਹਨ ।
ਭਾਵੇਂ ਅਕਸਰ ਲੋਕਾਂ ਦਾ ਕਲਾਤਮਕ ਦ੍ਰਿਸ਼ਟੀਕੋਣ ਪੂਰਵ ਨਿਸ਼ਚਿਤ ਮਾਨਸਿਕ ਆਗ੍ਰਹਿ ਦਾ ਸਿੱਟਾ ਹੁੰਦਾ ਹੈ ਪਰ ਬਹੁਤੇ ਪੰਜਾਬੀ ਜਾਂ ਤਾਂ ਅ-ਕਲਾਤਮਕ ਰੁੱਚੀਆਂ ਵਾਲੇ ਹਨ ਜਾਂ ਉਹ ਧਰਤੀ ਦੀ ਛੂਹ ਵਾਲੀ ਯਥਾਰਥਕ ਕਲਾ ਨੂੰ ਪਸੰਦ ਕਰਦੇ ਹਨ । ਇਹ ਤਾਂ ਕਲ੍ਹ ਦੀ ਗੱਲ ਹੈ ਕਿ ਕੁਝ ਪੰਜਾਬੀ ਚਿਤਰਕਾਰਾਂ (ਪ੍ਰਕਾਸ਼ ਨਰੂਲਾ, ਅਰਪਨਾ ਕੌਰ, ਸਤੀਸ਼ ਗੁਜਰਾਲ ਆਦਿ) ਨੇ ਭਾਵਨਾਪਰਕ ਕਲਾ (abstract art) ਵੱਲ ਵਧੇਰੇ ਧਿਆਨ ਦੇਣਾ ਸ਼ੁਰੂ ਕੀਤਾ ਹੈ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਪਰੰਪਰਾਗਤ ਯਥਾਰਥਵਾਦੀ ਕਲਾ ਸ਼ੈਲੀ ਤੋਂ ਮੂੰਹ ਮੋੜਿਆ ਹੈ ਪਰ ਇਹ ਵੀ ਤਾਂ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਭਾਵਨਾਪਰਕ ਪੰਜਾਬੀ ਕਲਾਕਾਰ ਦਿੱਲੀ ਦੀਆਂ ਮਹਾਂਨਗਰੀ ਰੁਚੀਆਂ ਤੋਂ ਪ੍ਰਭਾਵਤ ਹਨ ਅਤੇ ਉਨ੍ਹਾਂ ਵਿਚੋਂ ਪ੍ਰਕਾਸ਼ ਨਰੂਲਾ ਨੇ ਨਾ ਕੇਵਲ ਅਮਰੀਕੀ ਭਾਵਨਾਪਰਕ ਚਿਤਰਕਾਰੀ ਦਾ ਡੂੰਘਾ ਅਧਿਐਨ ਹੀ ਕੀਤਾ ਹੈ ਸਗੋਂ ਕਈ ਵਰ੍ਹੇ ਅਮਰੀਕਾ ਵਿਚ ਰਹਿ ਕੇ ਭਾਵਨਾਪਰਕ ਕਲਾ ਬਾਰੇ ਪੜ੍ਹਾਈ ਵੀ ਕੀਤੀ ਹੈ । ਸਰਦਾਰ ਸੋਭਾ ਸਿੰਘ ਨੂੰ ਭਾਵੇਂ ਕੁਝ ਬਦੇਸ਼ੀ ਮੁਲਕਾਂ ਵਿਚ ਜਾਣ ਤੇ ਰਹਿਣ ਦਾ ਮੌਕਾ ਮਿਲਿਆ ਹੈ ਪਰ ਅਜਿਹੀ ਰਹਿਣੀ ਬਹਿਣੀ ਦਾ ਉਦੇਸ਼ ਕਦੇ ਵੀ ਕਲਾਮੁਖੀ ਨਾ ਲਗਿਆ । ਇਸ ਕਾਰਨ ਸਰਦਾਰ ਸੋਭਾ ਸਿੰਘ ਆਪਣੇ ਦੇਸ਼ ਅਤੇ ਪ੍ਰਦੇਸ਼ ਦੀ ਯਥਾਰਥਕ ਪਰੰਪਰਾ ਤੋਂ ਕਦੇ ਵੀ ਨਹੀਂ ਟੁੱਟੇ । ਰਾਜਪੂਤੀ ਅਤੇ ਮੁਗ਼ਲ ਕਲਾ ਦੀਆਂ ਪਰੰਪਰਾਵਾਂ ਨੇ ਉਨ੍ਹਾਂ ਨੂੰ ਬੜਾ ਪ੍ਰਭਾਵਿਤ ਕੀਤਾ ਹੈ ਅਤੇ ਉਨ੍ਹਾਂ ਦੀਆਂ ਕਲਾ ਕ੍ਰਿਤੀਆਂ ਵਿਚ ਰੰਗ ਮਿਸ਼ਣ (colour mixing) ਅਤੇ ਫੁਲਵਾੜੀ ਦੇ ਖੁਸ਼ਬੂ ਭਿੰਨੇ ਵਾਤਾਵਰਣੀ ਢੰਗ ਉਤੇ ਮੁਗ਼ਲ ਅਤੇ ਰਾਜਪੂਤੀ ਕਲਾ ਸ਼ੈਲੀ ਦਾ ਪ੍ਰਭਾਵ ਸਿੱਧੇ ਰੂਪ ਵਿਚ ਦੇਖਿਆ ਜਾ ਸਕਦਾ ਹੈ । ਰਾਜਪੂਤ ਅਤੇ ਕਲਾ ਸ਼ੈਲੀ ਵਾਲੇ ਪੋਰਟ੍ਰੇਟਸ ਦਾ ਵਿਸ਼ੇਸ਼ ਗੁਣ ਇਹ ਹੈ ਕਿ ਇਨ੍ਹਾਂ ਵਿਚ ਚਿੱਤਰਕਾਰ ਪੋਰਟ੍ਰੇਟਸ ਦੇ ਅਸਲੀ ਨਮੂਨੇ ਨੂੰ ਆਦਰਸ਼ਕ ਰੰਗ ਰੰਗਤ ਵਿਚ ਪੇਸ਼ ਕਰਦਾ ਹੈ । ਇਹ ਗੱਲ ਪੰਜਾਬ ਦੇ ਕਾਂਗੜਾ ਸਮੂਹ ਵਾਲੇ ਚਿੱਤਰਕਾਰਾਂ ਕਿਸ਼ਨ ਸਿੰਘ ਅਤੇ ਬਿਸ਼ਨ ਸਿੰਘ ਦੀਆਂ ਪੁਰਾਣੀਆਂ ਕਲਾ ਕ੍ਰਿਤੀਆਂ ਤੋਂ ਸਹਿਜੇ ਹੀ ਦੇਖੀ ਜਾ ਸਕਦੀ ਹੈ। ਐਸ. ਜੀ. ਠਾਕਰ ਸਿੰਘ ਅਤੇ ਸੋਭਾ ਸਿੰਘ ਨੇ ਆਪਣੇ ਚਿੱਤਰਾਂ ਵਿਚ ਦੂਰੀ ਦੇ ਅਹਿਸਾਸ ਨੂੰ ਅਨੇਕ ਰੰਗ ਪਰਤਾਵਿਆਂ ਨਾਲ ਪੇਸ਼ ਕੀਤਾ ਹੈ । ਜਿਹੜੇ ਵੀ ਪੋਰਟ੍ਰੇਟਸ ਜਾਂ ਕੁਦਰਤੀ ਦ੍ਰਿਸ਼ਾਵਲੀ ਦੇ ਨਮੂਨੇ ਉਨ੍ਹਾਂ ਨੇ ਆਪਣੇ ਚਿੱਤਰਾਂ ਵਿਚ ਦਰਸਾਏ ਹਨ, ਉਨ੍ਹਾਂ ਸਭਨਾਂ ਵਿਚ ਦੂਰੀ ਅਤੇ ਵਿੱਥਮਈ ਦ੍ਰਿਸ਼ਟੀ ਨੂੰ ਕਮਾਲ ਦੀ ਯੋਗਤਾ ਨਾਲ ਪੇਸ਼ ਕੀਤਾ ਹੈ। ਓਪਰੀ ਨਜ਼ਰ ਨਾਲ ਦੇਖਿਆਂ ਇਹ ਲੱਗੇ ਗਾ ਕਿ ਸੋਭਾ ਸਿੰਘ ਨੇ ਪੁਰਾਣੇ ਪੰਜਾਬੀ ਨਕਾਸ਼ੀ ਵਾਂਗ ਹਰੇਕ ਦ੍ਰਿਸ਼ਮਾਨ ਸਥਿਤੀ ਨੂੰ ਪੂਰੀ ਪੂਰੀ ਵਫ਼ਾਦਾਰੀ ਨਾਲ ਪੇਸ਼ ਕੀਤਾ ਹੈ ਅਤੇ ਉਨ੍ਹਾਂ ਨੇ ਆਪਣੇ ਵਲੋਂ ਆਪਣੇ ਚਿੱਤਰਾਂ ਵਿਚ ਕੁਝ ਵੀ ਨਹੀਂ ਪਾਇਆ । ਅਜਿਹਾ ਸੋਚਣਾ ਵੱਡੀ ਭੁੱਲ ਹੈ ਕਿਉਂਕਿ ਸਾਧਾਰਨ ਤੋਂ ਸਾਧਾਰਨ ਕਲਾਕਾਰ ਨੂੰ ਵੀ ਜੋ ਕੁਝ ਦਿਸਦਾ ਹੈ ਉਸ ਵਿਚੋਂ ਆਪਣੇ ਦ੍ਰਿਸ਼ਟੀਕੋਣ ਜਾਂ ਸੂਝ ਬੂਝ ਅਨੁਸਾਰ ਚੋਣ ਕਰਕੇ ਹੀ ਉਸ ਦੇ ਚਿੱਤਰ ਨੂੰ ਉਲੀਕਣਾ ਹੁੰਦਾ ਹੈ ।
ਪਿੱਛੇ ਜਿਹੇ ਸਿਰਜਣਾਤਮਕ ਫੋਟੋਗ੍ਰਾਫੀ ਦਾ ਬੜਾ ਚਰਚਾ ਰਿਹਾ ਹੈ । ਸ਼ਾਂਤੀ ਨਿਕੇਤਨ ਦੇ ਫ਼ੋਟੋ ਕਲਾਕਾਰ ਸਿਮਰਣ ਨੰਦੀ ਨੇ ਕੁਝ ਫ਼ੋਟੋਗ੍ਰਾਫ਼ ਕੁਦਰਤੀ ਨਜ਼ਾਰਿਆਂ ਦੇ ਅਜਿਹੇ ਖਿੱਚੇ ਹਨ ਜਿਹੜੇ ਕਿ ਕਿਸੇ ਵੀ ਸੁਚੱਜੇ ਚਿੱਤਰਕਾਰ ਦੇ ਬਣਾਏ ਕੁਦਰਤੀ ਨਜ਼ਾਰਿਆਂ (landscapes) ਦੇ ਟਾਕਰੇ ਤੇ ਰੱਖੇ ਜਾ ਸਕਦੇ ਹਨ । ਏਸੇ ਤਰ੍ਹਾਂ ਕੁਈਲੋਨ (ਕੇਰਲਾ) ਦੇ ਚਿੱਤਰਕਾਰ ਐਸ. ਰੋਮੇਸ਼ ਨੇ ਫ਼ੋਟੋਆਂ ਦੁਆਰਾ ਭਾਵਨਾ ਪਰਕ ਚਿੱਤਰ ਪੇਸ਼ ਕੀਤੇ ਹਨ । ਚੰਗੇ ਚੰਗੇ ਸਾਹਿੱਤਕ ਪੱਤਰਾਂ ਦੇ ਮੁਖ ਆਵਰਣ ਹਮੇਸ਼ਾ ਹੀ ਸਿਰਜਣਾਤਮਕ ਫ਼ੋਟੋਆਂ ਨਾਲ ਸੁਚਿਤਰ ਹੋਏ ਹਨ। ਉਹ ਕਿਹੜੀ ਗੱਲ ਹੈ ਜਿਹੜੀ ਕਿ ਸਾਧਾਰਨ ਫ਼ੋਟੋਗ੍ਰਾਫ਼ ਨੂੰ ਜਾਂ ਸਾਧਾਰਨ ਪੋਰਟ੍ਰੇਟ ਨੂੰ ਸਿਰਜਣਾਤਮਕ ਫ਼ੋਟੋਗ੍ਰਾਫ ਜਾਂ ਸਿਰਜਣਾਤਮਕ ਪੋਰਟ੍ਰੇਟ ਬਣਾ ਦਿੰਦੀ ਹੈ । ਨਿਸਚੇ ਹੀ ਉਹ ਕਲਾਕਾਰ ਦਾ ਜੀਵਨ ਅਤੇ ਜਗਤ ਪ੍ਰਤੀ ਦ੍ਰਿਸ਼ਟੀਕੋਣ ਹੈ ਜਿਹੜਾ ਕਿ ਕਿਸੇ ਤਕਨੀਕੀ ਜਗਤ ਉਤੇ ਨਿਰਭਰ ਹੋਣ ਦੀ ਥਾਂ ਜੀਵਨ ਦੇ ਵਿਸ਼ਾਲ ਅਨੁਭਵ ਅਤੇ ਡੂੰਘੀ ਸੋਚ ਵਿਚਾਰ ਦਾ ਸਦਕਾ ਕਲਾਕਾਰ ਅਪਣਾਉਂਦਾ ਹੈ ।
ਸੋਭਾ ਸਿੰਘ ਜੀ ਦੇ ਬਹੁਤੇ ਸਮਕਾਲੀਆਂ ਨੇ ਪੁਰਾਣੇ ਨਕਾਸ਼ਾਂ ਅਤੇ ਦੰਦ-ਖੰਡੀ ਕੁਰੇਦਕਾਰਾਂ (engravers) ਦੀ ਪਰੰਪਰਾ ਨੂੰ ਜਾਰੀ ਰਖਦਿਆਂ ਕੇਵਲ ਉਤਾਰਾ ਕਰਨ ਦੀ ਵਿਉਂਤ ਨੂੰ ਹੀ ਵਧੇਰੇ ਸੁਨੱਖਾ ਬਣਾਇਆ ਹੈ । ਭਾਵੇਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੁਝ ਪੱਛਮੀ ਕਲਾਕਾਰਾਂ ਨੇ ਪੱਛਮੀ ਕਲਾ ਦੀ ਜਾਣ ਪਛਾਣ ਪੰਜਾਬੀ ਲੋਕਾਂ ਨੂੰ ਕਰਾਈ ਸੀ ਪਰ ਇਨ੍ਹਾਂ ਕਲਾਕਾਰਾਂ ਦਾ ਪ੍ਰਭਾਵ ਸਿੱਖ ਦਰਬਾਰ ਤਕ ਹੀ ਸੀਮਿਤ ਰਿਹਾ ਅਤੇ ਦਰਬਾਰ ਸਾਹਿਬ, ਅੰਮ੍ਰਿਤਸਰ ਅਤੇ ਦੂਸਰੇ ਇਤਿਹਾਸਕ ਗੁਰਦੁਆਰਿਆਂ ਉਤੇ ਜਿਹੜੇ ਭੀਤ ਚਿੱਤਰ ਬਣਾਏ ਗਏ ਉਹ ਕਲਾ ਦਾ ਨਮੂਨਾ ਹੋਣ ਦੀ ਥਾਂ ਮਨੁੱਖੀ ਮੂੰਹ ਮੱਥਿਆਂ ਦਾ ਕੇਵਲ ਉਤਾਰਾ ਹੀ ਸਨ । ਮਹਾਰਾਜਾ ਰਣਜੀਤ ਸਿੰਘ ਦਾ ਸਪੁੱਤਰ ਸ਼ੇਰ ਸਿੰਘ ਇਕ ਹੰਗੇਰੀਅਨ ਕਲਾਕਾਰ ਸ਼ੋਫਤ (Schoeft) ਦਾ ਸਰਪ੍ਰਸਤ ਸੀ । ਸ਼ੋਫਤ ਨੇ ਕਈ ਇਕ ਸਿੱਖ ਸਰਦਾਰਾਂ ਦੇ ਪੋਰਟ੍ਰੇਟ ਬਣਾਏ । ਇਨ੍ਹਾਂ ਪੋਰਟ੍ਰੇਟਾਂ ਵਿਚਲਾ ਰੰਗ ਸੰਚਾਰ ਅਤੇ ਰੰਗ ਮਿਸ਼ਰਨ ਕਮਾਲ ਦੀ ਕੋਮਲਤਾ ਵਾਲਾ ਸੀ । ਕਿਉਂਕਿ ਇਸ ਮਹਾਨ ਕਲਾਕਾਰ ਦਾ ਪ੍ਰਭਾਵ ਸਿੱਖ ਦਰਬਾਰ ਤਕ ਸੀਮਤ ਸੀ ਇਸ ਕਾਰਨ ਪੰਜਾਬੀ ਕਲਾਕਾਰਾਂ ਨੇ ਇਸ ਤੋਂ ਕੋਈ ਪ੍ਰਭਾਵ ਕਬੂਲ ਨਾ ਕੀਤਾ । ਏਨੀ ਗੱਲ ਜ਼ਰੂਰ ਹੈ ਕਿ ਸਿੱਖ ਦਰਬਾਰ ਦੇ ਪੱਛਮੀ ਕਲਾਕਾਰ ਐਮਲੀ ਏਡਨ (Emily Eden), ਬੇਰਨ ਹੂਗਲ (Baron Huegel), ਫਿਗਨੇ ਫੋਨ ਐਰਲਿਸ਼ (Vigne Von Orlich) ਅਤੇ ਵਿਲੀਅਮ ਕਾਰਪੈਂਟਰ (William Carpenter) ਇਕ ਦੂਸਰੇ ਤੋਂ ਬੜੇ ਪ੍ਰਭਾਵਿਤ ਹੋਏ ਪਰ ਜਿਹਾ ਕਿ ਉਪਰ ਦਸਿਆ ਜਾ ਚੁੱਕਿਆ ਹੈ ਇਨ੍ਹਾਂ ਦਾ ਪੰਜਾਬੀ ਕਲਾਕਾਰਾਂ ਉਤੇ ਕੋਈ ਵਿਆਪਕ ਪ੍ਰਭਾਵ ਨਾ ਪਿਆ ਅਤੇ ਪੰਜਾਬੀ ਕਲਾਕਾਰ ਕਾਂਗੜਾ ਅਤੇ ਰਾਜਪੂਤ ਨਿਕਚੂ ਕਲਾ ਕ੍ਰਿਤੀਆਂ ਦੀ ਪੁਰਾਣੀ ਪਰੰਪਰਾ ਨੂੰ ਅਪਣਾਉਂਦੇ ਪੁਰਾਣੇ ਡਗਰ ਉਤੇ ਚਲਦੇ ਰਹੇ । ਇਸ ਬਾਰੇ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਆਪਣੇ ਲਾਹੌਰ ਵਾਸ ਸਮੇਂ ਸੋਭਾ ਸਿੰਘ ਅਕਸਰ ਲਾਹੌਰ ਦੇ ਅਜਾਇਬ ਘਰ ਵਿਖੇ ਜਾ ਕੇ ਸਿੱਖ ਰਾਜ ਦੇ ਚਿੱਤਰਾਂ ਦਾ ਅਧਿਐਨ ਕਰਦੇ ਹੁੰਦੇ ਸਨ ਅਤੇ ਉਹ ਉਪਰ ਵਰਣਿਤ ਪੱਛਮੀ ਕਲਾਕਾਰਾਂ ਦੇ ਚਿੱਤਰਾਂ ਤੋਂ ਅਸਿੱਧੇ ਰੂਪ ਵਿਚ ਜ਼ਰੂਰ ਪ੍ਰਭਾਵਿਤ ਹੋਏ ਹੋਣ ਗੇ ਪਰ ਇਹ ਗੱਲ ਵੀ ਮਹੱਤਵਪੂਰਨ ਹੈ ਕਿ ਉਨ੍ਹਾਂ ਨੇ ਆਪਣੇ ਕੁਝ ਸਮਕਾਲੀ ਕਲਾਕਾਰਾਂ ਵਾਂਗ ਆਪਣੀਆਂ ਕਲਾਤਮਕ ਪਰੰਪਰਾਵਾਂ ਤੋਂ ਮੂੰਹ ਮੋੜ ਕੇ ਅੰਨ੍ਹੇ ਵਾਹ ਪੱਛਮੀ ਕਲਾਕਾਰਾਂ ਦਾ ਅਨੁਸਰਨ ਨਾ ਕੀਤਾ । ਇਸ ਦੇ ਨਾਲ ਹੀ ਉਨ੍ਹਾਂ ਨੇ ਬੜੀ ਸਿਆਣਪ ਅਤੇ ਸੂਝ ਬੂਝ ਨਾਲ ਇਹ ਫੈਸਲਾ ਵੀ ਕਰ ਲਿਆ ਕਿ ਉਹ ਨਾ ਤਾਂ ਪੁਰਾਣੇ ਪੰਜਾਬੀ ਨਕਾਸ਼ਾਂ ਵਾਂਗ ਕੇਵਲ ਰੇਖਾਂਕਨ ਉਤੇ ਜ਼ੋਰ ਦੇਣਗੇ ਅਤੇ ਨਾ ਹੀ ਸ਼ੋਖ ਰੰਗਾਂ ਦੇ ਅੱਡ ਅੱਡ ਪਰਤਾਵਿਆਂ ਦੁਆਰਾ ਲੋਕਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰਨ ਗੇ । ਇਸ ਦੇ ਉਲਟ ਉਨ੍ਹਾਂ ਨੇ ਫੈਸਲਾ ਕੀਤਾ ਕਿ ਉਹ ਰੰਗਾਂ ਨੂੰ ਇੰਞ ਦਰਸਾਉਣ ਗੇ ਜਿਵੇਂ ਕਿ ਉਨ੍ਹਾਂ ਨੇ ਸਮਾਧੀ ਲਗਾਈ ਹੋਵੇ ਅਤੇ ਚਿੱਤਰ ਦੇ ਸੰਚਾਰ ਖੇਤਰ ਵਿਚ ਵਿਚਰਦੇ ਉਹ ਪੂਰੀ ਪੂਰੀ ਜ਼ੁੰਮੇਵਾਰੀ ਤੋਂ ਕੰਮ ਲੈ ਰਹੇ ਹੋਣ । ਅਜਿਹਾ ਕਰਨਾ ਤਾਂ ਉਨ੍ਹਾਂ ਦੀ ਜਾਚੇ ਇਕੋ ਇਕ ਢੰਗ ਇਹ ਸੀ ਕਿ ਦ੍ਰਿਸ਼ ਅਤੇ ਦ੍ਰਿਸ਼ਟੀਕੋਣ ਦਾ ਸੁਮੇਲ ਪੇਸ਼ ਕਰਕੇ ਦੇਖਣਹਾਰੇ ਨੂੰ ਇਸ ਪ੍ਰਕਾਰ ਟੁੰਬਿਆ ਜਾਏ ਕਿ ਉਹ ਚਿਤਰ ਵਿਚਲੇ ਗੁਹਜ ਨੂੰ ਇਕੋ ਵਾਰੀ ਸਮਝ ਜਾਏ ।
ਸੋਭਾ ਸਿੰਘ ਜੀ ਦਾ ਵਿਚਾਰ ਸੀ ਕਿ ਦੇਖਣਹਾਰੇ ਦੀ ਦ੍ਰਿਸ਼ਟੀ ਨੂੰ ਉਲਟੀਆਂ ਸਿੱਧੀਆਂ ਲਕੀਰਾਂ ਜਾਂ ਅਮੇਲਵੇਂ ਰੰਗ ਪਰਤਾਵਿਆਂ ਵਿਚ ਉਲਝਾਉਣਾ ਦੇਖਣਹਾਰੇ ਨਾਲ ਧ੍ਰੋਹ ਕਰਨਾ ਹੈ । ਦੇਖਣਹਾਰਾ ਜਦੋਂ ਕਿਸੇ ਚਿੱਤਰ ਦਾ ਨਜ਼ਾਰਾ ਕਰੇ ਤਾਂ ਚਿੱਤਰ ਵਿਚ ਲੁਕੇ ਹੋਏ ਗੁਹਜ ਨੂੰ ਉਹ ਆਪ ਮੁਹਾਰੇ ਮਹਿਸੂਸ ਕਰੇ । ਅਜਿਹਾ ਕਰਨ ਲਈ ਉਸ ਨੂੰ ਕੋਈ ਉਚੇਚ ਨਾ ਕਰਨਾ ਪਏ । ਆਧੁਨਿਕ ਭਾਵਨਾਪਰਕ ਕਲਾਕਾਰ ਵਿਅਕਤੀ ਆਰਾਧਨਾ ਅਤੇ ਹਉਂ ਨਿਸ਼ਠਾ ਦੇ ਸਦਕਾ ਸਨਕੀ ਹੋ ਨਿਬੜੇ ਹਨ ਅਤੇ ਅਨੇਕ ਵਾਰ ਉਨ੍ਹਾਂ ਦੀਆਂ ਕਲਾ ਕ੍ਰਿਤੀਆਂ ਦਾ ਸਮਾਜ ਤੇ ਦੁਨੀਆਂ ਦੀ ਵਾਸਤਵਿਕਤਾ ਨਾਲ ਦੂਰ ਦਾ ਵਾਸਤਾ ਵੀ ਨਹੀਂ ਹੁੰਦਾ । ਸੋਭਾ ਸਿੰਘ ਜੀ ਦੁਸਰੇ ਵਿਚਾਰਾਂ ਦੇ ਧਾਰਨੀ ਸਨ । ਉਨ੍ਹਾਂ ਦਾ ਦ੍ਰਿੜ ਵਿਸ਼ਵਾਸ ਸੀ ਕਿ ਕਲਾਕਾਰ ਵੀ ਦੂਸਰੇ ਪ੍ਰਾਣੀਆਂ ਵਾਂਗ ਸਮਾਜ ਦਾ ਅੰਗ ਹੈ ਅਤੇ ਕਲਾਕਾਰ ਦੇ ਨਾਤੇ ਉਸ ਦਾ ਉੱਤਰਦਾਇਤਵ ਸਗੋਂ ਵਧੇਰੇ ਹੈ । ਉਸ ਲਈ ਇਹ ਹੀ ਗੱਲ ਯੋਗ ਹੈ ਕਿ ਉਹ ਹਰੇਕ ਕਲਾਤਮਕ ਟੁੰਬ ਨੂੰ ਸਮਾਜਕ ਕਸਵੱਟੀ ਉਤੇ ਪਰਖੇ ।
ਸੋਭਾ ਸਿੰਘ ਜੀ ਦਾ ਵਿਚਾਰ ਸੀ ਕਿ ਭਾਵਨਾਪਰਕ ਕਲਾ ਕਲਾਕਾਰ ਦੀ ਵਿਅਕਤੀਗਤ ਪ੍ਰਾਪਤੀ ਤਾਂ ਹੋ ਸਕਦੀ ਹੈ ਪਰੰਤੂ ਅਜਿਹੀ ਕਲਾ ਸਮਾਜ ਲਈ ਗੁਣਕਾਰੀ ਨਹੀਂ ਹੋ ਸਕਦੀ ਕਿਉਂਕਿ ਕਲਾਕਾਰ ਦਾ ਸਮਾਜ ਪ੍ਰਤਿ ਉਸੇ ਤਰ੍ਹਾਂ ਦਾ ਉੱਤਰਦਾਇਤਵ ਹੈ ਜਿਸ ਤਰ੍ਹਾਂ ਸਮਾਜ ਵਿਚ ਰਹਿਣ ਵਾਲੇ ਦੂਸਰੇ ਵਿਅਕਤੀਆਂ ਦਾ ਹੁੰਦਾ ਹੈ । ਉਨ੍ਹਾਂ ਦਾ ਇਹ ਵੀ ਵਿਚਾਰ ਸੀ ਕਿ ਕੇਵਲ ਅਪਸਾਰੀ ਢੰਗ ਨਾਲ ਆਦਰਸ਼ਵਾਦੀ ਵਜੋਂ ਮਿਥਿਹਾਸ ਅਤੇ ਦੇਵਗਾਥਾ ਦੇ ਚਿੱਤ੍ਰ ਬਣਾਉਂਦੇ ਰਹਿਣਾ ਸਮਾਜ ਤੋਂ ਪਿੱਠ ਮੋੜਨਾ ਹੈ । ਇਸੇ ਕਰਕੇ ਆਪਣੇ ਚਿੱਤ੍ਰਾਂ ਦੇ ਉਨ੍ਹਾਂ ਨੇ ਅਜਿਹੇ ਵਿਸ਼ੇ ਚੁਣੇ ਜਿਨ੍ਹਾਂ ਨੂੰ ਕਿ ਦੁਨੀਆਵੀ ਜਾਂ ਪਦਾਰਥਕ ਅਤੇ ਅਧਿਆਤਮਕ ਆਸ਼ਿਆਂ ਦਾ ਸੁਮੇਲ ਆਖਿਆ ਜਾ ਸਕਦਾ ਹੈ । ਉਨ੍ਹਾਂ ਨੇ ਸਿੱਖ ਗੁਰੂ ਸਾਹਿਬਾਨ ਦੇ ਪੋਰਟ੍ਰੇਟ ਬਣਾਏ ਅਤੇ ਭਾਰਤ ਦੇ ਦੂਸਰੇ ਕਲਾਕਾਰਾਂ ਵਾਂਗ ਕੇਵਲ ਦੇਵ ਗਾਥਾ ਅਤੇ ਮਿਥਿਹਾਸ ਦੇ ਚਿੱਤਰਾਂ ਨੂੰ ਲੋਕਪ੍ਰਿਯਤਾ ਹਾਸਲ ਕਰਨ ਲਈ ਨਹੀਂ ਬਣਾਇਆ। ਇਹ ਅੱਡਰੀ ਗੱਲ ਹੈ ਕਿ ਉਨ੍ਹਾਂ ਵਲੋਂ ਬਣਾਏ ਹੋਏ ਸਿੱਖ ਗੁਰੂ ਸਾਹਿਬਾਨ ਦੇ ਚਿੱਤਰਾਂ ਨੂੰ ਦੇਸ਼ ਬਦੇਸ਼ ਵਿਚ ਵਸਦੇ ਸਿੱਖਾਂ ਵਲੋਂ ਨਿਸ਼ਠਾਵਾਨ ਸ਼ਰਧਾ ਮਿਲੀ ਪਰ ਇਸ ਦਾ ਮੁੱਖ ਕਾਰਨ ਇਹ ਹੈ ਕਿ ਅਵਚੇਤਨ ਦੇ ਪੱਧਰ ਉਤੇ ਹਰੇਕ ਸਿੱਖ ਗੁਰੂ ਸਾਹਿਬਾਨ ਦੀ ਕਥਨੀ ਅਤੇ ਕਰਨੀ ਦੀ ਸੁਮੇਲਤਾ ਦੀ ਸ਼ਲਾਘਾ ਕਰਦਾ ਹੈ । ਕੁਝ ਲੋਕ ਅਜਿਹੇ ਵੀ ਹੋਣਗੇ ਜਿਹੜੇ ਕਿ ਤੱਤਵਵਾਦੀ ਢੰਗ ਨਾਲ ਸਿੱਖ ਮੱਤ ਨੂੰ ਸਮਝਣ ਵਿਚਾਰਨ ਦੀ ਥਾਂ ਉਸ ਪ੍ਰਤਿ ਉਪਚਾਰਕ ਦ੍ਰਿਸ਼ਟੀਕੋਣ ਅਪਣਾਉਂਦੇ ਹਨ। ਅਜਿਹੇ ਲੋਕਾਂ ਲਈ ਸੋਭਾ ਸਿੰਘ ਦੇ ਚਿੱਤਰ ਤਾਂ ਅੰਨ੍ਹੀ ਸ਼ਰਧਾ ਦੇ ਪਾਤਰ ਬਣੇ ਹਨ ਪਰ ਇਸ ਤਰ੍ਹਾਂ ਸੋਭਾ ਸਿੰਘ ਦੀ ਇਹ ਧਾਰਨਾ ਕਿ ਉਨ੍ਹਾਂ ਦੁਆਰਾ ਬਣਾਏ ਗਏ ਸਿੱਖ ਗੁਰੂ ਸਾਹਿਬਾਨ ਦੇ ਚਿੱਤਰ ਹਲਤ ਪਲਤ ਦੀਆਂ ਕਦਰਾਂ ਕੀਮਤਾਂ ਦਾ ਸੁਮੇਲ ਹਨ, ਝੁਠਲਾਈ ਨਹੀਂ ਜਾ ਸਕਦੀ ।
ਭਾਰਤੀ ਭਗਤੀ ਲਹਿਰ ਅਤੇ ਪੰਜਾਬੀ ਸੂਫ਼ੀ ਕਵੀਆਂ ਦੀ ਇਹ ਪਰੰਪਰਾ ਰਹੀ ਹੈ ਕਿ ਉਹ ਮਨੁੱਖੀ ਸਰੀਰ ਨੂੰ ਪਾਕ ਰੂਹ ਦਾ ਜਾਮਾ (ਲਿਬਾਸ) ਜਾਂ ਆਤਮਾ ਦਾ ਨਿਵਾਸ ਸਥਾਨ ਸਮਝਦੇ ਹਨ । ਸੋਭਾ ਸਿੰਘ ਨੇ ਆਪਣੇ ਚਿੱਤਰਾਂ ਨੂੰ ਏਸੇ ਦ੍ਰਿਸ਼ਟੀਕੋਣ ਨੂੰ ਦਰਸਾਉਣ ਲਈ ਮਾਧਿਅਮ ਵਜੋਂ ਵਰਤਿਆ ਹੈ । ਸੋਭਾ ਸਿੰਘ ਨੇ ਗੁਰੂ ਸਾਹਿਬਾਨ ਦੇ ਜਿਹੜੇ ਚਿੱਤ੍ਰ ਬਣਾਏ ਹਨ ਉਨ੍ਹਾਂ ਵਿਚ ਸਿਰ ਦੇ ਸਾਫ਼ੇ ਨੂੰ ਚੱਜ ਨਾਲ ਬੱਝੇ ਦਸਤਾਰੇ ਵਜੋਂ ਦਰਸਾਇਆ ਹੈ ਅਤੇ ਬਹੁਤ ਵਾਰ ਇਸ ਦਸਤਾਰੇ ਦਾ ਰੰਗ ਕੇਸਰੀ ਦੱਸਿਆ ਹੈ ਜਿਹੜਾ ਕਿ ਗੁੜ੍ਹੇ ਸੰਤਰੀ ਰੰਗ ਦੀ ਭਾਹ ਵੀ ਮਾਰਦਾ ਹੈ । ਭਾਰਤੀ ਮਿਥਿਹਾਸ ਦੇ ਚਿੱਤਰਾਂ ਵਿਚ ਅਤੇ ਪੰਜਾਬੀ ਲੋਕ ਗਾਥਾ ਵਿਚ ਇਹ ਦੋਵੇਂ ਹੀ ਰੰਗ ਤਿਆਗ ਅਤੇ ਵਿਰਾਗ ਦੇ ਪ੍ਰਤੀਕ ਹਨ । ਸੋਭਾ ਸਿੰਘ ਨੇ ਕੇਸਰੀ ਰੰਗ ਨਾਲ ਗੂੜ੍ਹੇ ਸੰਤਰੀ ਰੰਗ ਨੂੰ ਮਿਲਾ ਕੇ ਇਸ ਨੂੰ ਭਾਰਤੀ ਦਰਸ਼ਨ ਦੇ ਉਪਾਸ਼ਕ ਉਨ੍ਹਾਂ ਸਮਰਾਟਾਂ ਦੇ ਉਸ ਹਲਤਮਈ ਤੇਜ ਤੇ ਮਾਣ ਨੂੰ ਵੀ ਸੁਝਾਇਆ ਹੈ ਜਿਹੜੇ ਕਿ ਹਲਤ ਪਲਤ ਦੀਆਂ ਕਦਰਾਂ ਕੀਮਤਾਂ ਨੂੰ ਇਕ ਸੁਰ ਕਰ ਕੇ ਲੋਕ ਹਿਤੈਸ਼ੀ ਰਾਜ ਦੀ ਸਥਾਪਤੀ ਦੇ ਚਾਹਵਾਨ ਸਨ । ਸੋਭਾ ਸਿੰਘ ਤੋਂ ਛੁੱਟ ਜਿਹੜੇ ਦੂਸਰੇ ਚਿਤਰਕਾਰਾਂ ਨੇ ਗੁਰੂ ਨਾਨਕ ਦੇ ਚਿੱਤਰ ਬਣਾਏ ਹਨ, ਉਨ੍ਹਾਂ ਨੇ ਗੁਰੂ ਨਾਨਕ ਦੇ ਸਿਰ ਉਤੇ ਕਲੰਦਰੀ ਟੋਪੀ ਦਰਸਾਈ ਹੈ । ਗੁਰੂ ਨਾਨਕ ਦਾ ਪੰਜ ਸੌ ਸਾਲਾ ਗੁਰਪੁਰਬ ਜਦੋਂ ਪੱਛਮੀ ਪੰਜਾਬ ਵਿਚ ਵੀ ਮਨਾਇਆ ਗਿਆ ਸੀ । ਉਸ ਸਮੇਂ ਅੱਲਾ ਬਖ਼ਸ਼ ਚਿੱਤਰਕਾਰ ਦੁਆਰਾ ਬਣਾਏ ਗਏ ਚਿੱਤਰ ਦੇ ਪੁਨਰਾਂਕਣੀ ਗੁਰੂ ਨਾਨਕ ਦੇ ਚਿੱਤਰ ਵਿਚ ਇਹ ਕਲੰਦਰੀ ਟੋਪੀ ਉਘੜਵੀਂ ਹੈ । ਸੋਭਾ ਸਿੰਘ ਨੇ ਅਜਿਹੀ ਕੋਈ ਚਿੱਤ੍ਰਾਤਮਕ ਪਰੰਪਰਾ ਨਹੀਂ ਅਪਣਾਈ ਕਿਉਂਕਿ ਜਨ ਸ਼ਰਤੀ ਨਾਲੋਂ ਉਹ ਗੁਰਬਾਣੀ ਉਤੇ ਵਧੇਰੇ ਟੇਕ ਰਖਦੇ ਹਨ ਅਤੇ ਉਨ੍ਹਾਂ ਨੇ ਆਪਣੇ ਚਿੱਤਰਾਂ ਵਿਚ ਗੁਰੂ ਨਾਨਕ ਵਿਅਕਤਿਤਵ ਦੇ ਕੇਵਲ ਉਹ ਗੁਣ ਹੀ ਉਘਾੜੇ ਹਨ ਜਿਹੜੇ ਕਿ ਪ੍ਰਵਾਣਿਤ ਗੁਰ ਮਰਯਾਦਾ ਅਨੁਸਾਰ ਹਨ । ਸੋਭਾ ਸਿੰਘ ਨੇ ਹਮੇਸ਼ਾ ਹੀ ਇਸ ਗੱਲ ਦਾ ਯਤਨ ਕੀਤਾ ਕਿ ਦਿਸਦੇ ਯਥਾਰਥ ਨੂੰ ਆਦਰਸ਼ ਦੀ ਕਸਵੱਟੀ ਦੇ ਉਤੇ ਪਰਖ ਕੇ ਅਪਣਾਈਏ । ਇਸ ਤਰ੍ਹਾਂ ਉਨ੍ਹਾਂ ਲਈ ਇਹ ਗੱਲ ਸੰਭਵ ਹੋ ਸਕੀ ਕਿ ਉਹ ਆਪਣੇ ਚਿੱਤ੍ਰਾਂ ਦੁਆਰਾ ਹਲਤ ਪਲਤ ਬਾਰੇ ਆਪਣਾ ਮਿਸ਼ਰਿਤ ਦ੍ਰਿਸ਼ਟੀਕੋਣ ਪੇਸ਼ ਕਰ ਸਕਣ । ਅਸੀਂ ਉਨ੍ਹਾਂ ਦੇ ਚਿਤਰਾਂ ਨੂੰ ਯਥਾਰਥ ਦਾ ਉੱਦਾਤਮਈ ਰੂਪ ਆਖ ਸਕਦੇ ਹਾਂ ਅਤੇ ਇਸੇ ਕਾਰਨ ਉਪਰ ਇਹ ਆਖਿਆ ਗਿਆ ਹੈ ਕਿ ਸੋਭਾ ਸਿੰਘ ਦੇ ਸਿੱਖ ਗੁਰੂ ਸਾਹਿਬਾਨ ਬਾਰੇ ਚਿਤਰ ‘ਜੋ ਬ੍ਰਹਮੰਡੇ ਸੋ ਹੀ ਪਿੰਡ’ ਦੇ ਗੁਰਮਤਿ ਸਿਧਾਂਤ ਦੀ ਵਿਆਖਿਆ ਕਰਦੇ ਹਨ। ਹੱਕੀ ਗੱਲ ਤਾਂ ਇਹ ਹੈ ਕਿ ਕਣ ਕਣ ਵਿਚ ਰੱਬੀ ਜਲਵੇ ਦੇ ਦੀਦਾਰੇ ਕਰਨੇ ਭਾਰਤੀ ਕਲਾ ਦੀ ਪ੍ਰਵਾਣਿਤ ਪਰੰਪਰਾ ਰਹੀ ਹੈ ਪਰ ਸਾਨੂੰ ਇਸ ਗੱਲ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਸੋਭਾ ਸਿੰਘ ਨੇ ਕਦੇ ਵੀ ਪ੍ਰਾਚੀਨ ਭਾਰਤੀ ਕਲਾਕਾਰਾਂ ਵਾਂਗ ਜਾਂ ਅਜੋਕੇ ਯੁਗ ਦੇ ਕੁਝ ਮੂਲਵਾਦੀ ਚਿੱਤਰਕਾਰਾਂ ਅਤੇ ਮੂਰਤੀਕਾਰਾਂ ਵਾਂਗ ਇਸ ਗੱਲ ਦਾ ਯਤਨ ਨਾ ਕੀਤਾ ਕਿ ਉਹ ਹਿੰਦੂ ਦੇਵ ਗਾਥਾ ਦੇ ਪਾਤਰਾਂ ਦੀਆਂ ਸਰੀਰਕ ਮੁਦਰਾਵਾਂ ਨੂੰ ਵਧਾ ਚੜਾ ਕੇ ਪੇਸ਼ ਕਰਨ । ਸੋਭਾ ਸਿੰਘ ਜੀ ਪੱਕੇ ਗੁਰੂ ਭਗਤ ਸਨ ਅਤੇ ਹਮੇਸ਼ਾ ਹੀ ਸਿੱਖ ਗੁਰੂ ਸਾਹਿਬਾਨ ਦੇ ਕਾਰਨਾਮਿਆਂ ਦੀ ਸ਼ਲਾਘਾ ਕਰਦੇ ਹੁੰਦੇ ਸਨ । ਇਸੇ ਕਾਰਨ ਉਨ੍ਹਾਂ ਨੇ ਪ੍ਰਸਿੱਧ ਭਾਰਤੀ ਚਿੱਤਰਕਾਰ ਰਵੀ ਵਰਮਾ ਦਾ ਅਨੁਸਰਨ ਕਰਕੇ ਕੋਈ ਵਿਚਿੱਤ੍ਰ ਚਿੱਤ੍ਰਾਵਲੀ ਤਿਆਰ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੇ ਦੇਵ ਪੂਜਾ ਦੀ ਵਕਾਲਤ ਕੀਤੀ । ਇਸੇ ਲਈ ਫੂਲਾਂ ਰਾਣੀ ਵਾਂਗ ਪੰਜਾਬੀ ਯੂਨੀਵਰਸਿਟੀ ਦੇ ਜ਼ੋਰ ਦੇਣ ਦੇ ਬਾਵਜੂਦ ਪੁਰਾਤਨ ਜਨਮ ਸਾਖੀ ਨੂੰ ਸੁਚਿੱਤਰ ਕਰਨਾ ਸਵੀਕਾਰ ਕੀਤਾ।
ਸੋਭਾ ਸਿੰਘ ‘ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ’ ਵਿਚ ਯਕੀਨ ਰਖਣ ਵਾਲੇ ਨਾਮ ਦੇ ਸੱਚੇ ਰਸੀਆ ਸਨ । ਗੁਰੂ ਨਾਨਕ ਦੇ ਉਨ੍ਹਾਂ ਨੇ ਅਨੇਕਾਂ ਚਿੱਤਰ ਬਣਾਏ । ਹਰੇਕ ਚਿੱਤਰ ਤੋਂ ਉੱਪਰ ਦੱਸਿਆ ਪ੍ਰਭਾਵ ਹੀ ਪੈਂਦਾ ਹੈ । ਇਨ੍ਹਾਂ ਚਿਤਰਾਂ ਵਿਚ ਉਨ੍ਹਾਂ ਨੇ ਦ੍ਰਿਸ਼ ਅਤੇ ਦ੍ਰਿਸ਼ਟੀ ਨੂੰ ਮਿਲਾਉਣ ਦਾ ਯਤਨ ਕੀਤਾ ਹੈ । ਜਿੱਥੇ ਅਨੇਕ ਆਧੁਨਿਕ ਭਾਰਤੀ ਚਿੱਤਰਕਾਰ ਪੱਛਮੀ ਪ੍ਰਭਾਵ ਅਧੀਨ ਦ੍ਰਿਸ਼ ਅਤੇ ਦ੍ਰਿਸ਼ਟੀ ਦੇ ਸੁਮੇਲ ਨੂੰ ਨਿੱਜੀ ਢੰਗ ਨਾਲ ਪੇਸ਼ ਕਰਦੇ ਅਕਸਰ ਉਲਾਰੂ ਹੋ ਜਾਂਦੇ ਹਨ, ਉਥੇ ਸੋਭਾ ਸਿੰਘ ਸਥਿਰ ਰਹਿਕੇ ਆਪਣੇ ਚਿੱਤਰ ਬਣਾਉਂਦੇ ਰਹੇ ਅਤੇ ਮਨੁੱਖੀ ਚਿਹਰਿਆਂ ਵਿਚ ਦਿੱਵ ਦ੍ਰਿਸ਼ਟੀ ਦੇ ਝਾਉਲੇ ਦਰਸਾਉਂਦੇ ਰਹੇ । ਜਦੋਂ ਉਹ ਗੁਰੂ ਨਾਨਕ ਦਾ ਕੋਈ ਚਿੱਤ੍ਰ ਬਣਾਉਂਦੇ ਹਨ ਤਾਂ ਉਹ ਮੱਥੇ ਉਤੇ ਤੇਜਸਵੀ ਆਭਾ ਨੂੰ ਖੇਡਦਿਆਂ ਦਰਸਾਉਂਦੇ ਹਨ । ਇਨ੍ਹਾਂ ਚਿੱਤਰਾਂ ਦੇ ਪ੍ਰਭਾਵਕਾਰੀ ਜਾਦੂ ਨੂੰ ਕੋਈ ਵੀ ਦੇਖਣਹਾਰਾ ਝਟਪਟ ਅਨੁਭਵ ਕਰ ਸਕਦਾ ਹੈ । ਏਸੇ ਤਰ੍ਹਾਂ ਗੁਰੂ ਨਾਨਕ ਦੇ ਮੂੰਹ ਮੱਥੇ ਦੀ ਉੱਜਲ ਦੀਦਾਰੀ ਅਣੋਖੇ ਢੰਗ ਦੀ ਹੈ । ਤੇਜਸਵੀ ਮੱਥੇ ਹੇਠਲੀਆਂ ਭਵਾਂ ਸੋਚ ਵਿਚ ਮਗਨ ਦਰਸਾਈਆਂ ਗਈਆਂ ਹਨ ਅਤੇ ਚਿੱਤ੍ਰਿਤ ਵਿਅਕਤੀ ਬਾਰੇ ਇਹ ਸੁਝਾਉ ਦੇਂਦੀਆਂ ਹਨ ਕਿ ਬ੍ਰਿਤੀ ਟਿਕੀ ਹੋਈ ਹੈ । ਖੁਲ੍ਹੀ ਹੋਈ ਦਾੜ੍ਹੀ ਵਿਚ ਅਜਿਹਾ ਵੇਗਮਈ ਟਿਕਾਉ ਹੈ ਜਿਵੇਂ ਵਗਦਾ ਹੋਇਆ ਦਰਿਆ ਇਕ ਦਮ ਰੁਕ ਗਿਆ ਹੋਵੇ ਅਤੇ ਦਾੜ੍ਹੀ ਦਾ ਲਹਿਰਾਉ ਇਸ ਹੱਦ ਤੱਕ ਦਰਵੇਸ਼ੀ ਹੈ ਕਿ ਅਲਾਹੀ ਮਸਤੀ ਦਾ ਪ੍ਰਭਾਵ ਪਾਉਂਦਾ ਹੈ । ਹੋਠਾਂ ਵਲ ਦੀ ਤਿੱਖੀ ਨੁਹਾਰ ਵਾਲਾ ਸਿੱਧਾ ਨੱਕ ਸੁਥਰੀਆਂ ਮੁੱਛਾਂ ਅਤੇ ਅੱਲ੍ਹਾ ਦੇ ਅਲਫ਼ ਵਾਂਗ ਅਣੋਖੀ ਦਿੱਖ ਵਾਲਾ ਹੈ । ਬੁਲ੍ਹਾਂ ਦੀ ਨੁਹਾਰ ਵੀ ਅਣੋਖੀ ਤੇ ਅਨੂਠੀ ਹੈ, ਉਪਰਲਾ ਬੁੱਲ੍ਹ, ਹੇਠਲੇ ਨੂੰ ਪ੍ਰਭਾਵਕਾਰੀ ਸਾਏ ਵਿਚ ਲੈਂਦਾ ਹੈ ਅਤੇ ਦੋਹਾਂ ਦੇ ਸੁਮੇਲ ਤੋਂ ਉਭਰਦੀ ਲਕੀਰ ਅਜਿਹੀ ਭਾਵਨਾ ਦੀ ਪ੍ਰਤੀਕ ਹੈ ਜਿਹੜੀ ਇਹ ਗੱਲ ਸੁਝਾਉਂਦੀ ਹੈ ਕਿ ਕਿਸੇ ਆਦਰਸ਼ ਪ੍ਰਤੀ ਬਚਨਬੱਧਤਾ ਹੀ ਜੀਵਨ ਦਾ ਮੂਲ ਮੁੱਦਾ ਹੈ । ਇਹ ਸਭ ਕੁਝ ਭਾਵਨਾਪਰਕ ਸੁਝਾਉ ਹਨ ਅਤੇ ਪਹਿਰਾਵੇ ਨੂੰ ਦਰਸਾਉਣ ਲਈ ਚਿੱਤਰਕਾਰ ਨੇ ਜਿਹੜੇ ਰੰਗਾਂ ਦੀ ਚੋਣ ਕੀਤੀ ਹੈ ਉਹ ਅਜਿਹੇ ਹਨ ਜਿਹੜੇ ਕਿ ਭਾਰਤੀ ਸੰਤਾਂ ਦੀ ਪਛਾਣ ਦੇ ਨਵੇਕਲੇ ਚਿੰਨ੍ਹ ਮੰਨੇ ਗਏ ਹਨ । ਸਿਰ ਵਾਲਾ ਦਸਤਾਰਾ ਕੇਸਰੀ ਰੰਗ ਦਾ ਹੈ ਜਿਹੜਾ ਕਿ ਭਾਰਤੀ ਸਾਧੂ ਸੰਤਾਂ ਦੇ ਪਹਿਰਾਵੇ ਦੇ ਪਰੰਪਰਾਗਤੀ ਰੰਗ ਦਾ ਹੈ ਪਰ ਸੋਭਾ ਸਿੰਘ ਨੇ ਗੁਰੂ ਨਾਨਕ ਦੇ ਕੇਸਰੀ ਦਸਤਾਰੇ ਨੂੰ ਆਪਣੇ ਚਿਤਰਾਂ ਵਿਚ ਗੂੜ੍ਹੀ ਸੰਤਰੀ ਭਾਹ ਦਿੱਤੀ ਹੈ ਅਤੇ ਇਹ ਸੰਤਰੀ ਭਾਹ ਸਿੱਖ ਮੱਤ ਦੇ ਆਦਿ ਗੁਰੂ ਦੀ ਨਵੇਕਲੀ ਪਛਾਣ ਆਖੀ ਜਾ ਸਕਦੀ ਹੈ ਕਿਉਂਕਿ ਗੇਰੂਆ ਜਾਂ ਕੇਸਰੀ ਰੰਗ ਤਿਆਗ ਦਾ ਪ੍ਰਤੀਕ ਹੈ ਅਤੇ ਸੰਤਰੀ ਰੰਗ ਹਲਤਮਈ ਆਗ੍ਰਹਿ ਦਾ । ਗੇਰੂਏ ਰੰਗ ਦੀ ਥਾਂ ਸੋਭਾ ਸਿੰਘ ਨੇ ਕੇਸਰੀ ਰੰਗ ਹੀ ਵਰਤਿਆ ਹੈ ਜਿਹੜਾ ਕਿ ਰੂਹਾਨੀ ਤੇਜ ਦਾ ਪ੍ਰਤੀਕ ਹੈ ਅਤੇ ਸੰਤਰੀ ਰੰਗ ਦੀ ਮਿਸ਼ਰਤ ਛੋਹ ਨੇ ਇਸ ਨੂੰ ਹਲਤਮਈ ਵੀ ਸੁਝਾਇਆ ਹੈ । ਕੁਝ ਦੂਸਰੇ ਚਿੱਤਰਕਾਰਾਂ ਨੇ ਆਪਣੇ ਚਿਤਰਾਂ ਵਿਚ ਗੁਰੂ ਨਾਨਕ ਨੂੰ ਕਲੰਦਰੀ ਟੋਪੀ ਪਾਈ ਦੱਸਿਆ ਹੈ । ਇਸ ਬਾਰੇ ਇਸ ਲੇਖ ਵਿਚ ਪਹਿਲਾਂ ਵੀ ਚਰਚਾ ਕੀਤੀ ਜਾ ਚੁੱਕੀ ਹੈ ਪਰ ਇਹ ਵਿਸ਼ਾ ਇਸ ਲਈ ਦੁਹਰਾਉ ਦੀ ਮੰਗ ਕਰਦਾ ਹੈ। ਕਿ ਇਸ ਦੇ ਰਹੱਸਯ ਨੂੰ ਸਮਝੇ ਬਗੈਰ ਸੋਭਾ ਸਿੰਘ ਜੀ ਦੀਆਂ ਕਲਾ ਕ੍ਰਿਤੀਆਂ ਦੀ ਪੂਰੀ ਤਰ੍ਹਾਂ ਪਰਖ ਪੜਤਾਲ ਨਹੀਂ ਹੋ ਸਕਦੀ ।
ਸੋਭਾ ਸਿੰਘ ਜੀ ਇਕ ਸਿਦਕਵਾਨ ਸਿੱਖ ਸਨ ਪਰ ਉਹ ਕਿਸੇ ਮਾਣ ਮਰਯਾਦਾ ਦੇ ਮੁਆਮਲੇ ਵਿਚ ਸਿਰੜੀ ਨਹੀਂ ਸਨ । ਉਨ੍ਹਾਂ ਨੇ ਕੇਵਲ ਰਹੁ ਰੀਤ ਨਿਭਾਉਣ ਨੂੰ ਹੀ ਧਰਮ ਨਾ ਜਾਣਿਆ । ਏਸੇ ਕਰਕੇ ਉਨ੍ਹਾਂ ਨੇ ਕਿਸੇ ਰਵਾਇਤੀ ਢੰਗ ਨਾਲ ਚਿੱਤਰ ਬਣਾਉਣ ਦੀ ਥਾਂ ਗੁਰੂ ਸਾਹਿਬਾਨ ਦੇ ਮਾਨਵੀ ਗੁਣਾਂ ਨੂੰ ਉਘਾੜਨ ਲਈ ਆਪਣੇ ਰੰਗਾਂ ਨੂੰ ਅਤੇ ਆਪਣੇ ਬੁਰਸ਼ ਨੂੰ ਵਰਤੋਂ ਵਿਚ ਲਿਆਂਦਾ । ਉਹ ਪੰਜਾਬ ਵਿਚ ਗੁਰੂ ਨਾਨਕ ਬਾਰੇ ਪ੍ਰਚਲਿਤ ਲੋਕ ਕਥਾਵਾਂ ਤੋਂ ਜ਼ਰੂਰ ਵਾਕਿਫ਼ ਰਹੇ ਹੋਣਗੇ ਅਤੇ ਇਨ੍ਹਾਂ ਬਾਰੇ ਜਨਮ ਸਾਖੀਆਂ ਵਿਚਲੇ ਰੇਖਾਂਕਣਾਂ ਤੋਂ ਵੀ ਜਰੂਰ ਜਾਣੂ ਹੋਣਗੇ ਪਰੰਤੂ ਉਨ੍ਹਾਂ ਨੇ ਫੂਲਾ ਰਾਣੀ ਵਾਂਗ ਗੁਰੂ ਨਾਨਕ ਦੇ ਜੀਵਨ ਬਾਰੇ ਕੋਈ ਪਰੰਪਰਾਗਤ ਚਿੱਤਰ ਨਹੀਂ ਬਣਾਏ ਅਤੇ ਨਾ ਹੀ ਜਸਵੰਤ ਸਿੰਘ ਦੇ ਭਾਵਨਾਪਰਕ (abstract) ਢੰਗ ਨਾਲ ਗੁਰੂ ਨਾਨਕ ਦੇ ਜੀਵਨ ਨੂੰ ਦਰਸਾਉਣ ਦੀ ਕੋਈ ਕੋਸ਼ਿਸ਼ ਕੀਤੀ । ਗੁਰੂ ਸਾਹਿਬਾਨ ਦੇ ਮਾਨਵੀ ਖਾਸਿਆਂ ਦੀ ਜਿਹੜੀ ਝਲਕ ਸਾਨੂੰ ਉਨ੍ਹਾਂ ਦੇ ਚਿੱਤਰਾਂ ਵਿਚ ਮਿਲਦੀ ਹੈ ਉਹ ਸਾਧਾਰਨ ਮਨੁੱਖੀ ਗੁਣਾਂ ਤੇ ਖਾਸਿਆਂ ਦਾ ਉੱਦਾਤਮਈ ਰੂਪ ਹੀ ਹੈ । ਇਹੋ ਹੀ ਕਾਰਨ ਹੈ ਕਿ ਫੂਲਾ ਰਾਣੀ ਅਤੇ ਜਸਵੰਤ ਸਿੰਘ ਦੇ ਟਾਕਰੇ ਉਤੇ ਸੋਭਾ ਸਿੰਘ ਜੀ ਵਧੇਰੇ ਹਰਮਨ ਪਿਆਰੇ ਹੋਏ ਹਨ । ਉਨ੍ਹਾਂ ਦੇ ਚਿੱਤਰ ਵਧੇਰੇ ਲੋਕਤਾਂਤ੍ਰਿਕ ਹਨ ।
ਸਿੱਖ ਚਿੱਤਰਕਾਰੀ ਦਾ ਵਿਕਾਸ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬਹੁਤ ਪਛੜ ਕੇ ਹੋਇਆ । ਜਿਸ ਸਮੇਂ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਸੀ ਭਾਈ ਗੁਰਦਾਸ ਨੇ ਉਸ ਸਮੇਂ ਨੂੰ ਘੋਰ ਹਨੇਰੇ ਦਾ ਸਮਾਂ ਦੱਸਿਆ ਹੈ । ਲੋਕਾਂ ਦੇ ਸਿਰਾਂ ਉਤੇ ਬਦੇਸ਼ੀ ਹਮਲਿਆਂ ਜਾਂ ਦੇਸੀ ਹਾਕਮਾਂ ਦੇ ਜ਼ੁਲਮ ਦੀ ਤਲਵਾਰ ਹਮੇਸ਼ਾ ਲਟਕੀ ਰਹਿੰਦੀ ਸੀ । ਇਕ ਸਮਕਾਲੀ ਮੁਸਲਮਾਨ ਲੇਖਕ ਕਹਿੰਦਾ ປີ: A contemporary Muslim historian states, “Ruin stalked the whole land, Ruin walked about nåked throughout the countryside.” अवघाउ, टिव भन्नेवा ਮੁਸਲਮਾਨ ਇਤਿਹਾਸਕਾਰ ਲਿਖਦਾ ਹੈ : “ਸਾਰੇ ਦੇਸ਼ ਵਿਚ ਵੀਰਾਨੀ ਨੰਗੀ ਫਿਰ ਰਹੀ ਸੀ ।” ਇਸ ਦੇ ਬਾਵਜੂਦ ਗੁਰੂ ਨਾਨਕ ਦੇ ਜਿੰਨ੍ਹੇ ਵੀ ਪੋਰਟ੍ਰੇਟ ਸਿੱਖ ਜਾਂ ਗ਼ੈਰਸਿੱਖ ਚਿੱਤਰਕਾਰਾਂ ਵਲੋਂ ਬਣਾਏ ਗਏ ਉਨ੍ਹਾਂ ਵਿਚੋਂ ਕਿਸੇ ਇਕ ਵਿਚ ਵੀ ਗੁਰੂ ਨਾਨਕ ਨੂੰ ਕ੍ਰੋਧਵਾਨ ਨਹੀਂ ਦਰਸਾਇਆ ਗਿਆ । ਹਰੇਕ ਚਿੱਤਰ ਵਿਚ ਉਨ੍ਹਾਂ ਦੇ ਸ਼ਾਂਤੀ ਸਰੂਪ ਦਰਸ਼ਨ ਹੀ ਕਰਾਏ ਗਏ ਹਨ । ਇਸ ਤਰ੍ਹਾਂ ਨਾ ਤਾਂ ਇਤਿਹਾਸਕ ਪੱਧਰ ਉਤੇ ਅਤੇ ਨਾ ਹੀ ਵਸਤੂਗਤ ਯਥਾਰਥਕ ਪੱਧਰ ਉਤੇ ਗੁਰੂ ਨਾਨਕ ਨੂੰ ਉਨ੍ਹਾਂ ਦੀ ਬਾਣੀ ਵਾਂਗ ਸਮਕਾਲੀਨਤਾ ਨਾਲ ਜੋੜ ਕੇ ਦਰਸਾਇਆ ਗਿਆ ਹੈ ।
ਸਪੇਨੀ ਚਿੱਤਰਕਾਰ ਗੋਆ (Goya) ਨੇ ਈਸਾਈ ਸੰਤਾਂ ਤੇ ਸ਼ਹੀਦਾਂ ਦੇ ਜਿਹੜੇ ਚਿੱਤਰ ਬਣਾਏ ਹਨ ਉਨ੍ਹਾਂ ਦਾ ਪਿਛਵਾੜਾ ਸੋਗਮਈ ਵਾਤਾਵਰਨ ਵਾਲਾ ਦਰਸਾਇਆ ਹੈ । ਇਸ ਕਾਰਨ ਗੋਆ ਦੇ ਚਿੱਤਰ ਸੰਸਾਰ ਭਰ ਵਿਚ ਯਥਾਰਥਵਾਦੀ ਚਿੱਤਰਕਾਰੀ ਦਾ ਸਿਖਰ ਮੰਨੇ ਜਾਂਦੇ ਹਨ । ਇਹ ਬੜੇ ਅਫ਼ਸੋਸ ਵਾਲੀ ਗੱਲ ਹੈ ਕਿ ਕਿਸੇ ਵੀ ਪੰਜਾਬੀ ਚਿਤਰਕਾਰ ਨੇ ਗੁਰੂ ਨਾਨਕ ਦੇਵ ਦੀ ਬਾਣੀ “ਬਾਬਰ ਬਾਣੀ” ਤੋਂ ਪ੍ਰੇਰਨਾ ਲੈ ਕੇ ਕੋਈ ਐਸਾ ਚਿਤਰ ਨਹੀਂ ਬਣਾਇਆ ਜਿਹੜਾ ਕਿ ਗੋਆ ਦੇ ਚਿੱਤਰਾਂ ਵਾਂਗ ਸਮੇਂ ਦਾ ਹਾਣੀ ਹੁੰਦਾ ਹੋਇਆ ਅਮਰ ਪਦ ਪ੍ਰਾਪਤ ਕਰ ਸਕਿਆ ਹੋਵੇ । ਦਿੱਲੀ ਨਿਵਾਸੀ ਜਸਵੰਤ ਸਿੰਘ ਨੇ ਗੁਰੂ ਨਾਨਕ ਦੀਆਂ ਉਦਾਸੀਆਂ ਬਾਰੇ ਕੁਝ ਚਿੱਤ੍ਰ ਬਣਾਏ ਹਨ ਪਰ ਇਹ ਸਭੇ ਇੰਨੇ ਭਾਵਾਤਮਕ ਹਨ ਕਿ ਸਮਕਾਲੀ ਯਥਾਰਥ ਬਾਰੇ ਇਨ੍ਹਾਂ ਤੋਂ ਕੋਈ ਬਹੁਤਾ ਪਤਾ ਨਹੀਂ ਲਗਦਾ । ਕਿਰਪਾਲ ਸਿੰਘ ਸਿੱਖ ਇਤਿਹਾਸ ਦਾ ਚਿਤ੍ਰਿਤ ਰੂਪ ਪੇਸ਼ ਕਰਨ ਵਾਲਾ ਚਿਤਰਕਾਰ ਹੈ। ਉਸ ਨੇ ਗੁਰੂ ਸਾਹਿਬਾਨ ਦੇ ਪੋਰਟ੍ਰੇਟ ਬਨਾਉਣ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ । ਸੋਭਾ ਸਿੰਘ ਨੇ ਗੁਰੂ ਸਾਹਿਬਾਨ ਦੇ ਚਿੱਤਰ ਬਣਾਉਣ ਵਿਚ ਜਿਹੜੀ ਸਫਲਤਾ ਪ੍ਰਾਪਤ ਕੀਤੀ ਹੈ ਉਹ ਬੇਜੋੜ ਹੈ ਅਤੇ ਉਨ੍ਹਾਂ ਦੀ ਸਫ਼ਲਤਾ ਦਾ ਵੱਡਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਆਪਣੇ ਚਿੱਤਰਾਂ ਵਿਚ ਦ੍ਰਿਸ਼ ਤੇ ਦ੍ਰਿਸ਼ਟੀਕੋਣ ਦਾ ਸੁਮੇਲ ਕਰਕੇ ਅਤੇ ਉਨ੍ਹਾਂ ਵਿਚ ਮਾਨਵੀ ਗੁਣਾਂ ਦੇ ਲਿਸ਼ਕੋਰੇ ਬੜੀ ਸਫਲਤਾ ਨਾਲ ਦਰਸਾਏ ਹਨ।
ਪੱਛਮੀ ਚਿੱਤਰਕਾਰਾਂ ਨੇ ਜਿਹੜੇ ਈਸਾ ਦੇ ਚਿੱਤਰ ਬਣਾਏ ਹਨ, ਉਨ੍ਹਾਂ ਦੇ ਬਣਾਉਣ ਵਿਚ ਉਨ੍ਹਾਂ ਦੀ ਆਂਤ੍ਰਿਕ ਸ਼ਰਧਾ ਅਤੇ ਅੰਨ੍ਹੀ ਨਿਸ਼ਠਾ ਦਾ ਬਹੁਤ ਹੱਥ ਹੈ। ਇਸੇ ਕਰਕੇ ਉਨ੍ਹਾਂ ਦੇ ਈਸਾ ਬਾਰੇ ਬਣਾਏ ਚਿਤਰਾਂ ਵਿਚ ਹਲਤ ਨਾਲੋਂ ਪਲਤ ਦੇ ਝਾਉਲੇ ਵਧੇਰੇ ਦਿਖਾਈ ਦਿੰਦੇ ਹਨ। ਸਿੱਖ ਚਿੱਤਰਕਾਰਾਂ ਵਲੋਂ ਵਿਸ਼ੇਸ਼ ਕਰਕੇ ਸੋਭਾ ਸਿੰਘ ਵਲੋਂ ਜਿਹੜੇ ਚਿੱਤਰ ਬਣਾਏ ਗਏ ਹਨ ਉਨ੍ਹਾਂ ਵਿਚ ਗੁਰੂ ਸਾਹਿਬਾਨ ਦੇ ਆਦੇਸ਼ਾਂ ਅਨੁਸਾਰ ਹਲਤ ਪਲਤ ਦੋਹਾਂ ਨੂੰ ਇਕ ਦੂਸਰੇ ਦਾ ਪੂਰਕ ਜਾਣ ਕੇ ਚਿੱਤਰ ਬਣਾਏ ਗਏ। ਹਨ । ਸੋਭਾ ਸਿੰਘ, ਕ੍ਰਿਪਾਲ ਸਿੰਘ ਅਤੇ ਫੂਲਾਂ ਰਾਣੀ ਦੇ ਚਿੱਤਰ ਇਸੇ ਗੱਲ ਦੇ ਲਖਾਇਕ ਹਨ ।
ਜਿਹਾ ਕਿ ਉਪਰ ਦੱਸਿਆ ਜਾ ਚੁੱਕਾ ਹੈ ਸੋਭਾ ਸਿੰਘ ਦੇ ਹਰੇਕ ਚਿੱਤਰ ਵਿਚ ਭਾਵੇਂ ਉਹ ਗੁਰੂ ਸਾਹਿਬਾਨ ਦਾ ਹੈ ਜਾਂ ਪੰਜਾਬ ਦੇ ਕਿਸੇ ਰੋਮਾਂਚਕ ਹੀਰੋ (ਸੋਹਣੀ ਮਹੀਂਵਾਲ ਜਾਂ ਹੀਰ ਰਾਂਝਾ) ਬਾਰੇ, ਉਹ ਆਪਣੇ ਰੰਗਾਂ ਦਾ ਮਿਸ਼ਰਣ ਇਸ ਢੰਗ ਨਾਲ ਕਰਦੇ ਹਨ ਕਿ ਰਾਂਗਲੀਆਂ ਲਕੀਰੀ ਲਹਿਰੀਆਂ ਦੇਖਣਹਾਰਿਆਂ ਨੂੰ ਉੱਦਾਤਮਈ ਅਵਸਥਾ ਵਿਚ ਲੈ ਆਉਂਦੀਆਂ ਹਨ । ਇਹ ਕਿੰਨਾ ਚੰਗਾ ਹੁੰਦਾ ਜੇਕਰ ਉਨ੍ਹਾਂ ਨੇ ਪੰਜਾਬ ਦੇ ਸਾਰਿਆਂ ਕਿੱਸਿਆਂ ਦੀਆਂ ਮਹੱਤਵਪੂਰਨ ਘਟਨਾਵਾਂ ਨੂੰ ਚਿਤ੍ਰਾਵਲੀ ਦੇ ਰੂਪ ਵਿਚ ਆਮ ਲੋਕਾਂ ਸਾਹਮਣੇ ਪੇਸ਼ ਕੀਤਾ ਹੁੰਦਾ । ਸੋਭਾ ਸਿੰਘ ਜੀ ਅਜਿਹਾ ਨਾ ਕਰ ਸਕੇ । ਇਸ ਦਾ ਵੱਡਾ ਕਾਰਨ ਇਹ ਸੀ ਕਿ ਉਨ੍ਹਾਂ ਦੇ ਬਣਾਏ ਗੁਰੂ ਸਾਹਿਬਾਨ ਦੇ ਚਿਤਰ ਲੋਕਾਂ ਨੇ ਵਧੇਰੇ ਪਸੰਦ ਕੀਤੇ । ਲੋਕਾਂ ਵਲੋਂ ਉਨ੍ਹਾਂ ਦੇ ਬਣਾਏ ਗਏ ਗੁਰੂ ਸਾਹਿਬਾਨ ਦੇ ਚਿਤਰਾਂ ਦੀ ਇੰਨੀ ਮੰਗ ਸੀ ਕਿ ਉਨ੍ਹਾਂ ਨੇ ਗੁਰੂ ਨਾਨਕ ਦੇ ਥੋੜ੍ਹੇ ਬਹੁਤੇ ਫਰਕ ਵਾਲੇ ਬੇਸ਼ੁਮਾਰ ਚਿੱਤਰ ਬਣਾਏ । ਇਸ ਦਾ ਭਾਵ ਕਦਾਚਿੱਤ ਇਹ ਨਹੀਂ ਕਿ ਸਰਦਾਰ ਸੋਭਾ ਸਿੰਘ ਨੇ ਇਹ ਸਭ ਕੁਝ ਕਿਸੇ ਵਿਉਪਾਰਕ ਦ੍ਰਿਸ਼ਟੀਕੋਣ ਤੋਂ ਕੀਤਾ । ਉਹ ਪੂਰਨ ਗੁਰਸਿੱਖ ਸਨ ਅਤੇ ਉਨ੍ਹਾਂ ਨੇ ਗੁਰੂ ਸਾਹਿਬਾਨ ਦੇ ਬਹੁਤੇ ਚਿੱਤਰ ਅੰਦਰਲੀ ਪ੍ਰੇਰਣਾ ਸਦਕਾ ਬਣਾਏ । ਆਪਣੇ ਅੰਦਰੇਟਾ (ਹਿਮਾਚਲ ਪ੍ਰਦੇਸ਼) ਵਾਸ ਸਮੇਂ ਉਹ ਹਮੇਸ਼ਾ ਹੀ ਸਵੇਰ ਸਾਰ ਉਸ ਬਾਰੀ ਕੋਲ ਜਾ ਬੈਠਦੇ ਸਨ ਜਿਹੜੀ ਕਿ ਚੜ੍ਹਦੇ ਸੂਰਜ ਵੱਲ ਖੁਲ੍ਹਦੀ ਸੀ ਜਿਥੇ ਉਹ ਆਵੇਸ਼ਮਈ ਅਵਸਥਾ ਵਿਚ ਸਿਮਰਣ ਕਰਦੇ ਹੁੰਦੇ ਸਨ । ਉਹ ਪੱਕੇ ਨਿੱਤ ਨੇਮੀ ਸਨ ਅਤੇ ਜਪੁਜੀ ਸਾਹਿਬ ਦਾ ਪਾਠ ਸਵੇਰੇ ਉੱਠ ਕੇ ਬਾਕਾਇਦਗੀ ਨਾਲ ਕਰਦੇ ਹੁੰਦੇ ਸਨ । ਇਸ ਗੱਲ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਸਵੇਰ ਦੇ ਉੱਦਾਤਮਈ ਖਿਣਾਂ ਵਿਚ ਆਪਣੇ ਮਨ ਦੇ ਕੈਨਵਸ ਉਤੇ ਗੁਰੂ ਸਾਹਿਬਾਨ ਦੇ ਚਿਤਰਾਂ ਦੀਆਂ ਰੇਖਾਵਾਂ ਅਤੇ ਰੰਗਾਂ ਦੇ ਮਿਸ਼ਰਣ ਦੀ ਕਲਪਨਾ ਕਰਦੇ ਹੋਣਗੇ ।
ਆਧੁਨਿਕ ਚਿੱਤਰਕਾਰ ਜਿਹੜੇ ਅਮੂਰਤ ਚਿਤਰ ਬਣਾਉਂਦੇ ਹਨ ਉਨ੍ਹਾਂ ਦੀ ਚਿਤ੍ਰਾਂਕਣ ਵਿਧੀ ਨਾ ਤਾਂ ਆਵੇਸ਼ਮਈ ਹੁੰਦੀ ਹੈ ਅਤੇ ਨਾ ਹੀ ਉੱਦਾਤੀ । ਬਹੁਤੀ ਵਾਰ ਇਹ ਦੇਖਿਆ ਗਿਆ ਹੈ ਕਿ ਉਹ ਜੀਵਨ ਦੇ ਕਰੂੜ ਅਤੇ ਸੱਚੇ ਯਥਾਰਥ ਤੋਂ ਭੱਜ ਕੇ ਕਲਪਨਾ ਲੋਕ ਵਿਚ ਕਿਸੇ ਆਸਰੇ ਦੀ ਭਾਲ ਕਰਦੇ ਹਨ ਪਰ ਕੋਈ ਕਲਪਨਾ ਕਿਸੇ ਸਾਰਥਕ ਕਲਾਕ੍ਰਿਤੀ ਨੂੰ ਜਨਮ ਨਹੀਂ ਦੇ ਸਕਦੀ । ਸਾਰਥਕ ਕਲਾਕ੍ਰਿਤੀ ਨੂੰ ਹੋਂਦ ਵਿਚ ਲਿਆਉਣ ਲਈ ਸਿਦਕ, ਸਿਰੜ ਅਤੇ ਸਾਧਨਾ ਦੀ ਲੋੜ ਹੈ । ਇਹ ਮਾਨਵੀ ਗੁਣ ਅਮੂਰਤ ਕਲਾਕਾਰਾਂ ਕੋਲ ਘੱਟ ਹੀ ਹੁੰਦੇ ਹਨ । ਇਸ ਕਾਰਨ ਅਮੂਰਤ ਚਿੱਤਰ ਵਧੇਰੇ ਕਰਕੇ ਕਿਸੇ ਉਲਾਰ ਜਾਂ ਸਨਕ ਦੀ ਉਪਜ ਹੁੰਦੇ ਹਨ । ਇਸ ਦੇ ਟਾਕਰੇ ਤੇ ਯਥਾਰਥਵਾਦੀ ਚਿਤਰਕਾਰਾਂ ਦੀ ਪੁਰਾਣੀ ਪਰੰਪਰਾ ਇਹ ਰਹੀ ਹੈ ਕਿ ਉਹ ਹਮੇਸ਼ਾ ਹੀ ਆਦਰਸ਼ ਅਤੇ ਦਿਸਦੇ ਯਥਾਰਥ ਦਾ ਸੁਮੇਲ, ਬਾਹਰੀ ਜਗਤ ਵਿਚ ਵਿਧਮਾਨ ਯਥਾਰਥ ਅਤੇ ਇਸ ਦੇ ਮਾਨਸਿਕ ਅਧਿਐਨ ਨੂੰ ਸਾਵਾਂ ਰੱਖ ਕੇ ਕਰਦੇ ਰਹੇ ਹਨ । ਇਸੇ ਕਾਰਨ ਕਿਸੇ ਯਥਾਰਥਵਾਦੀ ਚਿੱਤਰਕਾਰ ਦਾ ਰੇਖਾਂਕਨ ਕੇਵਲ ਜਿਉਮੈਟ੍ਰਿਕ ਗੋਰਖ ਧੰਦਾ ਨਹੀਂ ਹੁੰਦਾ, ਸਗੋਂ ਉਹ ਹਮੇਸ਼ਾ ਹੀ ਇਸਦੇ ਯਥਾਰਥ ਨਾਲ ਜੁੜਿਆ ਹੁੰਦਾ ਹੈ ਅਤੇ ਬਹੁਤੀ ਵਾਰ ਇਸ ਦਾ ਵਿਸਤ੍ਰਿਤ ਸਰੂਪ ਹੁੰਦਾ ਹੈ ।
ਸੋਭਾ ਸਿੰਘ ਨੇ ਗੁਰੂ ਸਾਹਿਬਾਨ ਦੇ ਜਿਹੜੇ ਚਿਤਰ ਬਣਾਏ ਹਨ ਉਨ੍ਹਾਂ ਵਿਚ ਉਨ੍ਹਾਂ ਨੇ ਯਥਾਰਥ ਅਤੇ ਮਾਨਸਿਕ ਅਧਿਐਨ ਦੇ ਇਸ ਸੁਮੇਲ ਨੂੰ ਹਮੇਸ਼ਾ ਕਾਇਮ ਰੱਖਿਆ ਹੈ। ਸਿੱਟੇ ਵਜੋਂ ਇਨ੍ਹਾਂ ਚਿੱਤਰਾਂ ਦੇ ਦਰਸ਼ਕ ਗੁਰੂ ਸਾਹਿਬਾਨ ਦੇ ਵਿਅਕਤੀਗਤ ਦੈਵੀ ਗੁਣਾਂ ਨੂੰ ਇਸ ਲੌਕਿਕ ਸੰਦਰਭ ਵਿਚ ਦੇਖ ਸਕੇ ਹਨ । ਗੁਰੂ ਸਾਹਿਬਾਨ ਦੇ ਇਨ੍ਹਾਂ ਚਿੱਤਰਾਂ ਦਾ ਮਾਨਵੀ ਪੱਖ ਵਧੇਰੇ ਮਹੱਤਤਾ ਰਖਦਾ ਹੈ ਅਤੇ ਇਸ ਬਾਰੇ ਅਸੀਂ ਪਹਿਲਾਂ ਵੀ ਭਰਪੂਰ ਚਰਚਾ ਕਰ ਆਏ ਹਾਂ । ਇਸੇ ਕਾਰਨ ਇਨ੍ਹਾਂ ਚਿੱਤਰਾਂ ਦੀ ਲੋਕਪ੍ਰਿਯਤਾ ਤੋਂ ਲੋਕਾਂ ਵਿਚ ਅਤੇ ਵਿਸ਼ੇਸ਼ ਕਰ ਕੇ ਸਿੱਖ ਸੰਗਤਾਂ ਵਿਚ ਕਿਸੇ ਪ੍ਰਕਾਰ ਦਾ ਅੰਧਵਿਸ਼ਵਾਸ ਪ੍ਰਚਲਿਤ ਨਹੀਂ ਹੋਇਆ ।
ਦੱਖਣੀ ਭਾਰਤ ਦੇ ਪ੍ਰਸਿੱਧ ਚਿੱਤਰਕਾਰ ਰਾਜਾ ਰਵੀ ਵਰਮਾ ਨੇ ਰਾਮਾਇਣ ਦੇ ਪਾਤਰਾਂ (ਰਾਮ, ਸੀਤਾ, ਲਛਮਣ ਆਦਿ) ਦੇ ਜਿਹੜੇ ਚਿਤਰ ਬਣਾਏ ਹਨ ਉਨ੍ਹਾਂ ਦਾ ਸਰੂਪ ਵਧੇਰੇ ਕਰਕੇ ਮਿਥਕ ਅਤੇ ਕਥਾ ਕਹਾਣੀਆਂ ਵਾਲਾ ਹੈ । ਇਸੇ ਕਰਕੇ ਇਹ ਚਿਤਰ ਹਲਤੀ ਸਰੂਪ ਵਾਲੇ ਨਹੀਂ ਅਤੇ ਯਥਾਰਥਪਰਕ ਨਾ ਹੋਣ ਕਰਕੇ ਇਨ੍ਹਾਂ ਦੀ ਪੂਜਾ ਅਰਚਨਾ ਬਹੁਤ ਵਾਰ ਅੰਧ-ਵਿਸ਼ਵਾਸ ਦਾ ਰੂਪ ਧਾਰ ਲੈਂਦੀ ਹੈ । ਇਸੇ ਤਰ੍ਹਾਂ ਜੇਕਰ ਕ੍ਰਿਸ਼ਨ ਲੀਲ੍ਹਾ ਬਾਰੇ ਰਾਗ ਮਾਲਾ ਉਤੇ ਆਧਾਰਿਤ ਚਿੱਤਰਾਂ ਦਾ ਟਾਕਰਾ ਜਨਮ ਸਾਖੀਆਂ ਵਾਲੇ ਗੁਰੂ ਨਾਨਕ ਦੇ ਬ੍ਰਿਤਾਂਤੀ ਚਿੱਤਰਾਂ ਨਾਲ ਕਰੀਏ ਤਾਂ ਇਹ ਗੱਲ ਸਾਫ਼ ਦਿਸ ਆਉਂਦੀ ਹੈ ਕਿ ਅਜਿਹੇ ਚਿੱਤਰ ਵਧੇਰੇ ਪਲਤਮੁਖੀ ਹਨ ਅਤੇ ਇਨ੍ਹਾਂ ਦਾ ਪ੍ਰਭਾਵ ਅਜਿਹਾ ਹੈ ਕਿ ਇਹ ਅਪਸਾਰਵਾਦੀ ਰੁਚੀਆਂ ਉਪਜਾਉਂਦੇ ਹਨ । ਇਹੀ ਗੱਲ ਕਾਂਗੜਾ ਕਲਮ ਦੇ ਉਨ੍ਹਾਂ ਚਿੱਤਰਾਂ ਬਾਰੇ ਆਖੀ ਜਾ ਸਕਦੀ ਹੈ ਜਿਨ੍ਹਾਂ ਵਿਚ ਕਿ ਰਾਗ ਮਾਲਾ ਵਾਲੀ ਸ਼ੈਲੀ ਵਿਚ ਰਾਸ ਲੀਲ੍ਹਾ ਅਤੇ ਕ੍ਰਿਸ਼ਨ ਕਰੀੜਾ ਦੇ ਚਿੱਤਰ ਦਰਸਾਏ ਗਏ ਹਨ । ਇਨ੍ਹਾਂ ਚਿਤਰਾਂ ਵਿਚ ਰੁੱਤਾਂ ਦੇ ਹੇਰ ਫੇਰ ਅਤੇ ਵਾਯੂ ਮੰਡਲੀ ਪਰਤਾਵੇ ਇੰਨੇ ਪ੍ਰਭਾਵਕਾਰੀ ਹਨ ਕਿ ਚਿੱਤਰ ਨਾਇਕ ਵਲੋਂ ਦੇਖਣਹਾਰਿਆਂ ਦੀ ਦ੍ਰਿਸ਼ਟੀ ਉਲਝੀ ਜਿਹੀ ਰਹਿੰਦੀ ਹੈ ।
ਸੋਭਾ ਸਿੰਘ ਨੇ ਗੁਰੂ ਸਾਹਿਬਾਨ ਦੇ ਜਿਹੜੇ ਚਿਤਰ ਬਣਾਏ ਹਨ, ਉਨ੍ਹਾਂ ਵਿਚ ਕੋਈ ਅਜਿਹਾ ਉਲਝਾਉਪਨ ਨਹੀਂ ਹੈ । ਗੁਰੂ ਸਾਹਿਬਾਨ ਦੀ ਮੂਰਤ ਸੂਰਤ ਹੀ ਸਾਰੇ ਚਿਤਰ ਉਤੇ ਛਾਈ ਹੁੰਦੀ ਹੈ ਅਤੇ ਸ਼ਰਧਾਵਾਨ ਦੇਖਣਹਾਰੇ ਗੁਰੂ ਸਾਹਿਬ ਦੇ ਵਿਅਕਤਿਤਵ ਤੋਂ ਪ੍ਰਭਾਵਿਤ ਹੋਏ ਬਗ਼ੈਰ ਨਹੀਂ ਰਹਿ ਸਕਦੇ । ਗੁਰੂ ਨਾਨਕ ਦੇ ਚਿਤਰਾਂ ਦਾ ਪਿਛਵਾੜਾ ਮਹੀਅਲ ਦੇ ਅਸੀਮ ਪਲਾਅ ਵਾਂਗ ਸਾਦਾ ਅਤੇ ਸਪਾਟ ਦਰਸਾਇਆ ਗਿਆ ਹੈ ਅਤੇ ਇਸ ਅਨੰਤ ਦੀ ਅਸੀਮਤਾ ਵਿਚ ਗੁਰੂ ਸਾਹਿਬ ਦਾ ਜੁੱਸਾ ਹੋਰ ਵੀ ਪ੍ਰਭਾਵਸ਼ਾਲੀ ਨਜ਼ਰ ਆਉਂਦਾ ਹੈ । ਆਮ ਤੌਰ ਤੇ ਇਹ ਸਪਾਟ ਤੇ ਸਾਦਾ ਮਹੀਅਲ ਵਰਗਾ ਖਲਾਅ ਹਲਕੇ ਸੁਰਮਈ ਜਾਂ ਸਲੇਟੀ ਰੰਗ ਦਾ ਹੁੰਦਾ ਹੈ ਜਿਹੜਾ ਕਿ ਦੂਰੀ ਦਾ ਪ੍ਰਤੀਕ ਹੈ ਅਤੇ ਇਸ ਤੇ ਵਾਧਾ ਇਹ ਹੈ ਕਿ ਚੌਖਟੇ ਦੀ ਹੱਦ ਬੰਦੀ ਤੋਂ ਛੁੱਟ ਇਸ ਸਾਦੇ ਅਤੇ ਸਪਾਟ ਮਹੀਅਲ ਵਰਗੇ ਖਲਾਅ ਦੀ ਆਪਣੀ ਕੋਈ ਹੱਦ ਬੰਦੀ ਨਹੀਂ । ਇਸ ਤਰ੍ਹਾਂ ਇਹ ਚਿੱਤਰ ਜਿਸ ਪ੍ਰਭਾਵਕਾਰੀ ਅਸੀਮਤਾ ਨੂੰ ਸੁਝਾਉਂਦਾ ਹੈ ਉਹ ਹੋਰ ਵੀ ਰਹੱਸਯਮਈ ਦਿਸ ਆਉਂਦਾ ਹੈ । ਗੁਰੂ ਨਾਨਕ ਦੇ ਚਿਤਰਾਂ ਦੇ ਟਾਕਰੇ ਉਤੇ ਸੋਭਾ ਸਿੰਘ ਜੀ ਦੇ ਬਣਾਏ ਹੋਏ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਦੇ ਚਿਤਰ ਇਕ ਅੱਡਰੀ ਵਿਲੱਖਣਤਾ ਦੇ ਧਾਰਨੀ ਹਨ । ਸਰਦਾਰ ਸੋਭਾ ਸਿੰਘ ਇਕ ਵਿਦਵਾਨ ਸਿੱਖ ਸਨ ਅਤੇ ਇਸੇ ਕਰਕੇ ਉਹ ਇਹ ਜਾਣਦੇ ਸਨ ਕਿ ਸੱਚੇ ਸਿੱਖ ਦੀ ਕਰਨੀ ਅਤੇ ਕਥਨੀ ਵਿਚ ਕੋਈ ਵਿਰੋਧ ਨਹੀਂ ਹੁੰਦਾ । ਉਨ੍ਹਾਂ ਦੇ ਬਣਾਏ ਗੁਰੂ ਸਾਹਿਬਾਨ ਦੇ ਚਿੱਤਰ ਇਸੇ ਵਿਸ਼ਵਾਸ ਨੂੰ ਪਰਪੱਕ ਰੂਪ ਵਿਚ ਪੇਸ਼ ਕਰਦੇ ਹਨ। ਹਰ ਇਕ ਚਿੱਤਰ ਵਿਚ ਗੁਰੂ ਸਾਹਿਬਾਨ ਦੀ ਸਹਿਜ ਸੁਭਾਵਕਤਾ ਵਿਦਮਾਨ ਹੈ । ਗੁਰੂ ਨਾਨਕ ਦੀ ਨਾਮ ਖੁਮਾਰੀ, ਗੁਰੂ ਤੇਗ ਬਹਾਦਰ ਦੀ ਸਬਰ ਸਬੂਰੀ ਅਤੇ ਗੁਰੂ ਗੋਬਿੰਦ ਸਿੰਘ ਦੀ ਚੜ੍ਹਦੀ ਕਲਾ ਰੰਗਾਂ ਦੀ ਬੋਲੀ ਦੁਆਰਾ ਬੜੀ ਖੂਬੀ ਨਾਲ ਦਰਸਾਈ ਹੋਈ ਮਾਲੂਮ ਹੁੰਦੀ ਹੈ । ਪ੍ਰਸਿੱਧ ਚਿੱਤਰਕਾਰ ਤੇ ਕਲਾ ਆਲੋਚਕ ਕੇ. ਸੀ. ਆਰੀਅਨ ਜਦੋਂ ਇਹ ਕਹਿੰਦਾ ਹੈ ਕਿ ਸੋਭਾ ਸਿੰਘ ਨੇ ਆਪਣੇ ਚਿੱਤਰ ਲੋਕ ਬਿਰਤੀਆਂ ਅਨੁਸਾਰ ਲੋਕਪ੍ਰਿਯਤਾ ਪ੍ਰਾਪਤ ਕਰਨ ਲਈ ਬਣਾਏ ਹਨ ਤਾਂ ਉਹ ਇਹ ਗੱਲ ਭੁੱਲ ਜਾਂਦਾ ਹੈ ਕਿ ਸਿੱਖ ਕੌਮ ਮਾਇਆ ਗ੍ਰਸੀ ਹੋਈ ਵੀ ਕੁਝ ਸਦਾਚਾਰਕ ਨਿਯਮ ਅਪਣਾਉਂਦੀ ਹੈ ਜਿਹੜੇ ਕਿ ਸਰਵ ਵਿਆਪਕ ਹਨ । ਕੇ. ਸੀ. ਆਰੀਅਨ ਦਾ ਦ੍ਰਿਸ਼ਟੀਕੋਣ ਪੱਛਮੀ ਚਿੱਤਰਕਾਰੀ ਤੋਂ ਪ੍ਰਭਾਵਿਤ ਜਾਪਦਾ ਹੈ, ਇਸ ਤਰ੍ਹਾਂ ਉਹ ਪੰਜਾਬੀ ਚਿੱਤਰਕਾਰੀ ਦੀ ਸਦਾਚਾਰਕ ਪਰੰਪਰਾ ਨੂੰ ਅੱਖੋਂ ਓਹਲੇ ਰਖਦਾ ਹੈ ।
ਜਦੋਂ ਬਹੁਤੇ ਸਮਕਾਲੀਨ ਭਾਰਤੀ ਚਿੱਤਰਕਾਰ ਪੱਛਮੀ ਪ੍ਰਭਾਵਾਂ ਅਧੀਨ ਆਪਣੀਆਂ ਪਰੰਪਰਾਵਾਂ ਨੂੰ ਭੁਲਾ ਕੇ ਅਮੂਰਤ ਚਿਤਰਕਾਰੀ ਨੂੰ ਅਪਣਾ ਰਹੇ ਸਨ ਜਾਂ ਕੇਵਲ ਯਥਾਰਥਕ ਕੁਦਰਤੀ ਨਜ਼ਾਰਿਆਂ ਨੂੰ ਕੋਮਲ ਭਾਵੀ ਢੰਗ ਨਾਲ ਪੇਸ਼ ਕਰ ਰਹੇ ਸਨ, ਤਾਂ ਸੋਭਾ ਸਿੰਘ ਨੇ ਆਪਣੇ ਦੇਸ਼ ਦੀਆਂ ਉੱਦਾਤਮਈ ਚਿਤਰਕਾਰੀ ਦੀਆਂ ਪਰੰਪਰਾਵਾਂ ਤੋਂ ਮੂੰਹ ਨਹੀਂ ਸੀ ਮੋੜਿਆ । ਇਸੇ ਕਰਕੇ ਉਨ੍ਹਾਂ ਦੀ ਚਿੱਤਰਕਲਾ ਉੱਤੇ ਪੰਜਾਬੀ ਨਕਾਸ਼ਾਂ, ਮੋਹਰਾ ਕਸ਼ਾਂ, ਜਨਮ ਸਾਖੀ ਰੇਖਾਂਕਣਾਂ ਦਾ ਪ੍ਰਭਾਵ ਪੱਛਮੀ ਚਿਤਰਕਲਾ ਦੇ ਪ੍ਰਭਾਵ ਨਾਲੋਂ ਕਿਤੇ ਵਧੇਰੇ ਹੈ । ਇਸ ਦੇ ਨਾਲ ਹੀ ਸਰਦਾਰ ਸੋਭਾ ਸਿੰਘ ਦੇ ਚਿਤਰਾਂ ਬਾਰੇ ਇਕ ਵਿਸ਼ੇਸ਼ ਗੱਲ ਇਹ ਹੈ ਕਿ ਉਨ੍ਹਾਂ ਦੇ ਚਿਤਰਾਂ ਵਿਚ ਰੰਗਾਂ ਦਾ ਮਿਸ਼ਰਿਤ ਰੂਪ ਮੁਗਲ ਚਿੱਤਰਾਂ ਅਤੇ ਰਾਜਪੂਤੀ ਕਲਮ ਦੇ ਚਿਤਰਾਂ ਵਾਂਗ ਕੋਮਲ ਸਪਰਸ਼ੀ ਹੈ । ਇਹ ਖੇਦ ਦੀ ਗੱਲ ਹੈ ਕਿ ਕੇ. ਸੀ. ਆਰੀਅਨ ਨੇ ਸੋਭਾ ਸਿੰਘ ਦੇ ਚਿੱਤਰਾਂ ਦੇ ਇਨ੍ਹਾਂ ਖਾਸਿਆਂ ਨੂੰ ਨਜ਼ਰੋਂ ਓਹਲੇ ਰੱਖਿਆ ਹੈ ।
ਸੋਭਾ ਸਿੰਘ ਦੇ ਚਿਤਰ ਮੂਲ ਰੂਪ ਵਿਚ ਅਧਿਆਤਮਕ ਚਿੱਤਰ ਹਨ ਅਤੇ ਉਨ੍ਹਾਂ ਦੀ ਦਿਵ- ਦ੍ਰਿਸ਼ਟੀ ਨੇ ਜੀਵਨ ਦੇ ਤਤਵਾਦੀ ਰਹੱਸਯ ਨੂੰ ਪਛਾਣ ਕੇ ਆਪਣੇ ਚਿੱਤਰਾਂ ਰਾਹੀਂ ਇਸ ਦਾ ਪ੍ਰਗਟਾਵਾ ਕੀਤਾ ਹੈ । ਜੇਕਰ ਸੋਭਾ ਸਿੰਘ ਦੇ ਚਿਤਰ ਲੋਕਪ੍ਰਿਯ ਹਨ ਤਾਂ ਇਸ ਕਾਰਨ ਉਨ੍ਹਾਂ ਨੂੰ ਬਾਜ਼ਾਰੂ ਕਰਾਰ ਦੇਣਾ ਇਕ ਵੱਡੀ ਭੁੱਲ ਹੈ, ਉਨ੍ਹਾਂ ਦੀ ਲੋਕਪ੍ਰਿਯਤਾ ਦਾ ਵੱਡਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਮਾਨਸ ਨੂੰ ਪਹਿਚਾਣ ਕੇ ਉਸ ਦੇ ਅੰਤਹਕਰਣ ਨੂੰ ਟੁੰਬਿਆ ਹੈ । ਇਸ ਦੇ ਨਾਲ ਹੀ ਸਾਨੂੰ ਇਹ ਗੱਲ ਯਾਦ ਵੀ ਰੱਖਣੀ ਚਾਹੀਦੀ ਹੈ ਕਿ ਸੋਭਾ ਸਿੰਘ ਜਿਹੇ ਚਿਤਰਕਾਰਾਂ ਸਦਕਾ ਹੀ ਪੰਜਾਬੀ ਚਿਤਰਕਾਰੀ ਮਹੱਲਾਂ ਦੀਆਂ ਗੁਲਾਮ ਗਰਦਸ਼ਾਂ ਵਿਚੋਂ ਬਾਹਰ ਆ ਕੇ ਲੋਕਤਾਂਤ੍ਰਿਕ ਰੂਪ ਅਪਣਾ ਸਕੀ ਹੈ । ਜੇਕਰ ਸਾਡੇ ਚਿਤਰਕਾਰ ਸੋਭਾ ਸਿੰਘ ਦੇ ਰਾਹ ਨੂੰ ਅਪਣਾਉਣ ਤਾਂ ਉਹ ਅਮੀਰ ਤਬਕੇ ਉਤੇ ਨਿਰਭਰ ਰਹਿਣ ਦੀ ਥਾਂ ਜਨ-ਸਾਧਾਰਨ ਉਤੇ ਟੇਕ ਰਖ ਕੇ ਆਪਣੀ ਚਿੱਤਰਕਲਾ ਦਾ ਵਿਕਾਸ ਕਰ ਸਕਦੇ ਹਨ ।
ਓਪਰੀ ਨਜ਼ਰ ਨਾਲ ਦੇਖਿਆਂ ਸੋਭਾ ਸਿੰਘ ਦੀ ਚਿਤਰਕਾਰੀ ਸੀਮਤ ਘੇਰੇ ਵਿਚ ਜਕੜੀ ਚਿਤਰਕਾਰੀ ਹੀ ਲੱਗੇਗੀ ਪਰ ਡੂੰਘੇ ਵਿਚਾਰ ਸਦਕਾ ਇਹ ਗੱਲ ਸਮਝਣੀ ਔਖੀ ਨਹੀਂ ਕਿ ਸੋਭਾ ਸਿੰਘ ਦੀ ਚਿੱਤਰਕਾਰੀ ਬਲੌਰ ਵਾਂਗ ਸਾਫ਼ ਤੇ ਸਪਸ਼ਟ ਹੈ । ਇਸ ਵਿਚ ਆਧੁਨਿਕ ਅਮੂਰਤ ਚਿੱਤਰਕਾਰੀ ਵਾਲਾ ਕੋਈ ਧੁੰਧਲਾਪਨ ਜਾਂ ਗੁੰਝਲ ਨਹੀਂ । ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਦੀ ਚਿੱਤਰਕਾਰੀ ਜੀਵਨ ਪ੍ਰਤੀ ਕੋਈ ਵਿਅਕਤੀਗਤ ਪ੍ਰਤਿਕਰਮ ਨਹੀਂ ਸਗੋਂ ਇਸ ਦਾ ਮੂਲ ਆਧਾਰ ਇਹ ਰੀਝ ਹੈ ਕਿ ਸਾਧ ਸੰਗਤ (ਸਮਸ਼ਟੀਗਤ ਜੀਵਨ) ਨਾਲ ਸਾਂਝ ਪਾ ਕੇ ਗਰੂ ਜਸ ਅਤੇ ਗੁਰੂ ਕੀਰਤੀ ਦਾ ਰਸ ਮਾਣਿਆ ਜਾ ਸਕੇ । ਉਨ੍ਹਾਂ ਨੇ ਆਪਣੇ ਚਿੱਤਰਾਂ ਦੁਆਰਾ ਦੇਖਣਹਾਰੇ ਦਾ ਅਨੁਭਵ ਅਤੇ ਆਪਣੇ ਨਿਜੀ ਅਨੁਭਵ ਨੂੰ (ਵਿਸ਼ੇਸ਼ ਕਰਕੇ ਅਧਿਆਤਮਕ ਅਨੁਭਵ ਨੂੰ) ਇਕ ਸੁਰ ਕਰ ਕੇ ਇਸ ਨੂੰ ਅਨੁਭੂਤੀ ਦਾ ਰੂਪ ਦੇ ਕੇ ਆਪਣੇ ਚਿਤਰਾਂ ਦੁਆਰਾ ਪੇਸ਼ ਕੀਤਾ ਹੈ । ਜਿਹੜਾ ਵਿਅਕਤੀ ਧਾਰਮਿਕ ਨਿਸ਼ਠਾ ਰਖਦਾ ਹੈ, ਉਸ ਲਈ ਜੇਕਰ ਕੋਈ ਯਥਾਰਥ ਹੈ ਤਾਂ ਉਹ ਧਾਰਮਿਕ ਸੁੱਚੀ ਰਹਿਣੀ ਦਾ ਯਥਾਰਥ ਹੁੰਦਾ ਹੈ ਅਤੇ ਅਜਿਹਾ ਯਥਾਰਥ ਹਮੇਸ਼ਾ ਹੀ ਆਦਰਸ਼ਵਾਦੀ ਹੁੰਦਾ ਹੈ । ਇਨ੍ਹਾਂ ਸੂਖਸ਼ਮ ਤੱਤਾਂ ਦੀ ਹੋਂਦ ਹੀ ਸੋਭਾ ਸਿੰਘ ਦੇ ਚਿੱਤਰਾਂ ਨੂੰ ਅਮਰ ਕਲਾਤਮਕਤਾ ਪ੍ਰਦਾਨ ਕਰਦੀ ਹੈ ।
ਭਾਵੇਂ ਇਹ ਇਕ ਬਹੁਤ ਵੱਡੀ ਪ੍ਰਾਪਤੀ ਹੈ ਪਰ ਕਿੰਨਾ ਹੀ ਚੰਗਾ ਹੁੰਦਾ ਜੇ ਸਰਦਾਰ ਸੋਭਾ ਸਿੰਘ ਆਪਣੇ ਅੰਦਰੇਟੇ ਨਿਵਾਸ ਸਮੇਂ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੇ ਯਥਾਰਥਕ ਜੀਵਨ ਵੱਲ ਧਿਆਨ ਦਿੰਦੇ ਅਤੇ ਉਨ੍ਹਾਂ ਲੋਕਾਂ ਦੇ ਜੀਵਨ ਦੇ ਕੁਝ ਅਮਰ ਚਿਤਰ ਛੱਡ ਜਾਂਦੇ ਜਿਹਾ ਕਿ ਗੋਆ ਨੇ ਸਪੇਨੀ ਲੋਕਾਂ ਦੇ ਛੱਡੇ ਹਨ । ਜਾਂ ਉਹ ਰੋਰਿਖ਼ ਵਾਂਗ ਹਿਮਾਲਿਆਂ ਪਰਬਤ ਦੀ ਪ੍ਰਕਿਰਤੀ ਦੇ ਅਮਰ ਚਿੱਤਰ ਬਣਾ ਸਕਦੇ । ਕਾਂਗੜੇ ਦੀ ਸੁੰਦਰੀ ਦਾ ਜਿਹੜਾ ਚਿਤਰ ਸੋਭਾ ਸਿੰਘ ਨੇ ਬਣਾਇਆ ਹੈ ਉਹ ਹਿਮਾਚਲ ਦੀਆਂ ਸੁੰਦਰੀਆਂ ਦਾ ਪ੍ਰਤਿਨਿਧ ਚਿਤਰ ਨਹੀਂ । ਚਿਤਰ ਵਿਚਲੀ ਸੁੰਦਰੀ ਦੀ ਦਿਖ ਅਤੇ ਪਹਿਰਾਵਾ ਮਾਝੇ ਦੀ ਜੱਟੀ ਵਾਲਾ ਹੈ ਅਤੇ ਹਿਮਾਚਲੀ ਲੋਕਾਂ ਦੇ ਜਿਹੜੇ ਕੁਝ ਫੁਟਕਲ ਚਿਤਰ ਸੋਭਾ ਸਿੰਘ ਨੇ ਬਣਾਏ ਹਨ ਉਹ ਹਿਮਾਚਲੀ ਪਾਤਰਾਂ ਦੀ ਸਮਗਰਤਾ ਨਹੀਂ ਦਰਸਾਉਂਦੇ । ਹੋ ਸਕਦਾ ਹੈ ਕਿ ਸੋਭਾ ਸਿੰਘ ਨੇ ਆਪਣੀ ਪ੍ਰਤਿਭਾ ਨੂੰ ਵੰਨ-ਸੁਵੰਨਤਾ ਪ੍ਰਦਾਨ ਕਰਨ ਦੀ ਥਾਂ ਗੁਰੂ ਘਰ ਨਾਲ ਆਪਣੇ ਲਗਾਉ ਦਾ ਸਦਕਾ ਗੁਰੂ ਸਾਹਿਬਾਨ ਦੇ ਦੀਦਾਰੇ ਕਰਾਉਣ ਹਿਤ ਇਸ ਨੂੰ ਇਕੋ ਕੇਂਦਰੀ ਨੁਕਤੇ ਤੇ ਕੇਂਦਰਿਤ ਰੱਖਿਆ ਹੋਵੇ । ਉਨ੍ਹਾਂ ਦੀ ਉਦਾਤਮਈ ਕਲਪਨਾ ਨੇ ਹਿਮਾਚਲੀ ਵਿਅਕਤੀਆਂ ਨੂੰ ਇਸ ਪ੍ਰਕਾਰ ਪੇਸ਼ ਕੀਤਾ ਹੈ ਕਿ ਉਨ੍ਹਾਂ ਵਿਚ ਯਥਾਰਥ ਨਾਲੋਂ ਉਦਾਤੀ ਆਦਰਸ਼ਵਾਦ ਵਧੇਰੇ ਵਿਦਵਾਨ ਹੈ ।
ਉਪਰੋਕਤ ਵਿਚਾਰ ਦੀ ਰੌਸ਼ਨੀ ਵਿਚ ਦੋ ਗੱਲਾਂ ਸਿੱਧ ਹੁੰਦੀਆਂ ਹਨ । ਪਹਿਲੀ ਸੋਭਾ ਸਿੰਘ ਮੂਲ ਰੂਪ ਵਿਚ ਆਸਥਾਵਾਨ ਸਿੱਖ ਸਨ ਪਰ ਉਹ ਮੂਲਵਾਦੀ ਸਿੱਖ ਨਹੀਂ ਸਨ । ਇਸੇ ਕਾਰਨ ਉਨ੍ਹਾਂ ਨੇ ਹਿੰਦੂ ਦੇਵ ਗਾਥਾ ਦੇ ਕਈ ਚਿਤਰ ਬਣਾਏ ਅਤੇ ਜਿਹੜੇ ਚਿਤਰ ਉਹਨਾਂ ਨੇ ਪ੍ਰੀਤ ਕਹਾਣੀਆਂ ਦੇ ਬਣਾਏ ਉਹਨਾਂ ਵਿਚ ਵੀ ਰੋਮਾਂਚਵਾਦ ਅਤੇ ਮਾਨਵਵਾਦ ਦੀ ਅਜਿਹੀ ਮਿਸ਼ਿਤ ਝਾਕੀ ਮਿਲਦੀ ਹੈ ਕਿ ਉਹ ਮਾਨਵੀ ਹਿਰਦੇ ਨੂੰ ਓਨਾ ਹੀ ਟੁੰਬਦੇ ਹਨ ਜਿੰਨਾ ਕਿ ਕਲਪਨਾ ਨੂੰ । ਉਦਾਹਰਣ ਵਜੋਂ ਸੋਹਣੀ ਮਹੀਂਵਾਲ, ਮਿਰਜ਼ਾ ਸਾਹਿਬਾਂ, ਹੀਰ ਰਾਂਝਾ, ਸੱਸੀ ਪੰਨੂੰ ਦੇ ਜਿਹੜੇ ਚਿਤਰ ਉਨ੍ਹਾਂ ਨੇ ਬਣਾਏ ਹਨ, ਉਹ ਇਹਨਾਂ ਕਿੱਸਿਆਂ ਦੇ ਬਿਰਤਾਂਤੀ ਅੰਸ਼ ਨਾਲੋਂ ਇਹਨਾਂ ਦੇ ਸਮੁੱਚ ਦੇ ਵਧੇਰੇ ਪ੍ਰਤਿਨਿਧ ਹਨ । ਜਿਥੇ ਗੁਰੂ ਘਰ ਨਾਲ ਉਨ੍ਹਾਂ ਦਾ ਲਗਾਉ ਅਤੇ ਗੁਰੂ ਸਾਹਿਬਾਨ ਦੇ ਚਿਤਰਾਂ ਨੇ ਜਿਹੜੀ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਉਸ ਦਾ ਆਮ ਚਰਚਾ ਹੁੰਦਾ ਹੈ । ਇਸੇ ਕਾਰਨ ਭਗਵਾਨ ਕ੍ਰਿਸ਼ਨ, ਸ੍ਰੀ ਰਾਮ ਚੰਦਰ ਤੇ ਈਸਾ ਮਸੀਹ ਦੇ ਉਹਨਾਂ ਵਲੋਂ ਬਣਾਏ ਚਿਤਰ ਅਣਗੌਲੇ ਹੀ ਰਹੇ ਹਨ। ਇਸ ਦਾ ਇਕ ਹੋਰ ਕਾਰਨ ਸ਼ਾਇਦ ਇਹ ਵੀ ਹੈ ਕਿ ਉਹਨਾਂ ਦੇ ਆਲੋਚਕਾਂ ਵਲੋਂ ਵੀ ਉਨ੍ਹਾਂ ਦੇ ਸਿੱਖ ਗੁਰੂ ਸਾਹਿਬਾਨ ਬਾਰੇ ਚਿਤਰਾਂ ਦੀ ਵਧੇਰੇ ਚਰਚਾ ਕੀਤੀ ਗਈ ਹੈ । ਸੋਭਾ ਸਿੰਘ ਦੁਆਰਾ ਬਣਾਏ ਅਨੇਕ ਮੁਗ਼ਲ ਵਿਅਕਤੀਆਂ ਸ਼ਾਹ ਜਹਾਨ, ਤੇ ਮੁਮਤਾਜ਼ ਮਹਲ ਅਤੇ ਨੂਰਜਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿਚ ਆਦਿ ਚਿਤਰ ਇਤਿਹਾਸਕ ਸੰਦਰਭ ਵਿਚ ਵੇਖਿਆਂ ਹੀ ਆਪਣਾ ਮੁੱਲ ਪੁਆ ਸਕਦੇ ਹਨ । ਸੋਭਾ ਸਿੰਘ ਦੀ ਚਿਤਰਕਲਾ ਦੇ ਮੀਰੀ ਗੁਣ, ਦਿਵ ਦ੍ਰਿਸ਼ਟੀ ਦਾ ਪ੍ਰਗਟਾਓ, ਰੰਗਾਂ ਦੀ ਲੈਅ-ਬੱਧਤਾ, ਮੂਰਤ ਦੇ ਚੌਖਟੇ ਵਿਚਾਲੇ ਅਨੁਪਾਤ ਦਾ ਸਹਿਜ ਸੁਭਾਅ ਅਨੁਭਵ ਕੁਝ ਅਜਿਹੀਆਂ ਗੱਲਾਂ ਹਨ ਜਿਹੜੀਆਂ ਉਹਨਾਂ ਦੀ ਚਿਤਰਕਲਾ ਦੀਆਂ ਨਿਵੇਕਲੀਆਂ ਵਿਸ਼ੇਸ਼ਤਾਈਆਂ ਹਨ ।
ਉਪਰੋਕਤ ਵਰਨਣ ਤੋਂ ਇਹ ਸਿੱਟਾ ਨਹੀਂ ਕੱਢਣਾ ਚਾਹੀਦਾ ਕਿ ਯਥਾਰਥਕ ਚਿਤਰ ਬਣਾ ਕੇ ਸੋਭਾ ਸਿੰਘ ਨੇ ਆਪਣੀ ਕਲਾ ਨੂੰ ਕੋਈ ਹਾਨੀ ਪਹੁੰਚਾਈ ਹੈ । ਉਹਨਾਂ ਦਾ ਸਾਰਾ ਜੀਵਨ, ਰਹਿਣੀ ਬਹਿਣੀ, ਉਠਕ ਬੈਠਕ, ਪਹਿਰਾਵਾ ਤੇ ਦਿਖ ਇਸ ਗੱਲ ਦੀ ਪ੍ਰਤੀਕ ਸੀ ਕਿ ਉਹ ਸੁੱਚਮਤਾ ਤੇ ਸੁੰਦਰਤਾ ਤੇ ਇਸ ਦੇ ਨਾਲ ਹੀ ਸੱਚੇ ਆਚਾਰ ਦੇ ਅਨੁਆਈ ਸਨ । ਸੰਭਵ ਇਹ ਹੈ ਕਿ ਉਹਨਾਂ ਦੇ ਵਿਚਾਰ ਅਨੁਸਾਰ ਯਥਾਰਥ ਅਜੋਕੇ ਯੁਗ ਵਿਚ ਕਰੂਪਤਾ ਦਾ ਸਮਭਾਵੀ ਹੋ ਗਿਆ ਹੈ ਅਤੇ ਉਹ ਕਲਾ ਦੇ ਸੰਦਰਭ ਸੰਚਾਰ ਦੁਆਰਾ ਇਸ ਨੂੰ ਇਕ ਬਦਲ ਵਜੋਂ ਪੇਸ਼ ਕਰਨਾ ਚਾਹੁੰਦੇ ਸਨ । ਇਹ ਗੱਲ ਉਹਨਾਂ ਦੇ ਅੰਦਰੇਟਾ ਨਿਵਾਸ ਦੀ ਸਰਦਲ ਉਪਰ ਲਿਖੇ ਇਸੇ ਵਾਕ ਤੋਂ ਸਿੱਧ ਹੁੰਦੀ ਹੈ। ‘Grow More Good’ ਅਰਥਾਤ ‘ਵਧੇਰੇ ਚੰਗਿਆਈ ਉਗਾਓ ।

ਸੋਭਾ ਸਿੰਘ ਦੀ ਚਿਤਰਕਲਾ ਦਾ ਮਹੱਤਵ ਸੁਖਦਰਸ਼ਨ ਸਿੰਘ ਬੇਦੀ

ਕਲਾ, ਤੇ ਖਾਸ ਕਰਕੇ ਚਿਤਰਕਲਾ/ਮੂਰਤੀ ਕਲਾ ਦੇ ਵਿਕਾਸ ਲਈ ਕੁਦਰਤੀ ਅਨੁਕੂਲਤਾ ਦੀ ਘਾਟ ਪੰਜਾਬ ਵਿਚ ਉਚਿਤ ਕਿਸਮ ਦੇ ਪੱਥਰਾਂ ਦਾ ਨਾ ਮਿਲਣਾ ਸੀ । ਇਸ ਕਰਕੇ ਇਥੇ ਮੂਰਤੀ ਕਲਾ ਵਿਕਸਿਤ ਹੀ ਨਾ ਹੋ ਸਕੀ । ਚਿਤਰਕਲਾ ਦਾ ਵਿਕਾਸ ਸਦਾ ਮੂਰਤੀ ਕਲਾ ਦੇ ਪਦ-ਚਿੰਨ੍ਹਾਂ ਤੇ ਹੀ ਹੁੰਦਾ ਹੈ । ਸਮਾਜਿਕ ਕਾਰਨਾਂ ਵਿਚ ਵੀ ਪੰਜਾਬ ਦੀ ਦਰਮਿਆਨੀ ਅਰਥਿਕਤਾ ਨੇ ਕਲਾ ਵਰਗੀ ਜ਼ਰੂਰੀ ਚੀਜ਼ ਨੂੰ ਵੀ ਵਿਲਾਸ ਦਾ ਹੀ ਮਾਰਕਾ ਲਾਈ ਰੱਖਿਆ ਤੇ ਮਿਸ਼ਰਿਤ ਸਮਾਜ ਜਿਸ ਵਿਚ ਸਿੱਖ ਹਿੰਦੂ ਅਤੇ ਮੁਸਲਮਾਨ ਸੋਚ ਨਾਲੋ ਨਾਲ ਵਿਆਪਕ ਸੀ, ਕਿਸੇ ਸਰਵ-ਪ੍ਰਵਾਣਿਤ ਸ਼ੈਲੀ ਦੇ ਵਿਕਾਸ ਵਿਚ ਸਹਾਈ ਨਾ ਹੋ ਸਕੀ । ਧਾਰਮਿਕ ਕਾਰਨ ਤਾਂ ਪੰਜਾਬ ਵਿਚ ਅਠਾਰਵੀਂ ਸਦੀ ਤੱਕ ਬਿਲਕੁਲ ਹੀ ਉਲਟ ਰਹੇ ਕਿਉਂਕਿ ਮੁਸਲਮਾਨ ਅਤੇ ਸਿੱਖ ਪੂਜਾ ਵਿਧੀਆਂ ਵਿਚ ਦੇਵ-ਚਿਨ੍ਹ ਤਸਵੀਰਾਂ ਅਤੇ ਮੂਰਤੀਆਂ ਵਰਜਿਤ ਸਨ । ਮੁਸਲਮਾਨ ਹਮਲਾਵਰਾਂ ਵੱਲੋਂ ਹਿੰਦੂ ਦੇਵ-ਚਿਤਰ ਅਤੇ ਮੂਰਤੀਆਂ ਦਾ ਖ਼ਾਤਮਾ ਕੀਤਾ ਗਿਆ ਸੀ । ਜੋ ਇਸ ਪੱਖੋਂ ਵੀ ਵਿਕਾਸ ਦੀ ਆਸ ਨਹੀਂ ਸੀ ਰੱਖੀ ਜਾ ਸਕਦੀ । ਰਾਜਨੀਤਕ ਪੱਖ ਦਾ ਚਿਤਰਕਲਾ ਦੇ ਵਿਕਾਸ ਵਿਚ ਸਹਾਈ ਹੋਣ ਦੀ ਉਦਾਹਰਣ ਵੀ ਪੰਜਾਬ ਵਿਚ ਨਹੀਂ ਮਿਲਦੀ ਕਿਉਂਕਿ ਪੰਜਾਬ ਦਾ ਕੋਈ ਵੀ ਰਾਜਨੀਤਕ ਨਾਇਕ ਤਿੰਨ-ਪੀੜ੍ਹੀਆਂ ਤੱਕ ਆਪਣੇ ਚਲਣ ਦੀ ਚੰਗੀ ਕਿਸਮਤ ਲਿਖਾ ਕੇ ਨਹੀਂ ਸੀ ਲਿਆਇਆ। ਲਾਹੌਰ ਅਤੇ ਸਰਹੰਦ ਤਕੜੇ ਰਾਜਨੀਤਕ ਕੇਂਦਰ ਤਾਂ ਸਨ ਪਰ ਚਿਤਰਕਲਾ ਦੇ ਵਿਕਾਸ ਦੀ ਕੋਈ ਵੀ ਗਵਾਹੀ ਇਨ੍ਹਾਂ ਦੋਹਾਂ ਸ਼ਹਿਰਾਂ ਵਿਚੋਂ ਨਹੀਂ ਮਿਲਦੀ ।
ਉਪਰੋਕਤ ਸਮਾਂ-ਸਮੀਖਿਆ ਅਤੇ ਸਥਿਤੀ-ਵਿਵੇਚਨ ਤੋਂ ਇਹ ਤਾਂ ਸਪਸ਼ਟ ਹੈ ਕਿ ਪੰਜਾਬ ਵਿਚ ਚਿਤਰਕਲਾ ਅਤੇ ਮੂਰਤੀ ਕਲਾ ਦੇ ਵਿਕਾਸ ਲਈ ਸਹਾਈ ਕੁਝ ਵੀ ਨਹੀਂ ਸੀ । ਕੇਵਲ ਪ੍ਰਚਲਿਤ ਲੋਕ ਕਲਾਵਾਂ ਹੀ ਆਪਣੇ ਸਹਿਜ ਗਤੀ ਨਾਲ ਹੋਏ ਵਿਕਾਸ ਦੇ ਰਾਹ ਤੇ ਚਲਦੀਆਂ ਰਹੀਆਂ । ਇਨ੍ਹਾਂ ਵਿਚੋਂ ਲੋਕ ਗੀਤ ਅਤੇ ਗਾਇਕੀ ਹੀ ਪ੍ਰਸ਼ੰਸ਼ਾ ਹਾਸਲ ਕਰ ਸਕੀ ਕਿਉਂਕਿ ਇਨ੍ਹਾਂ ਕਲਾਵਾਂ ਦੇ ਵਿਕਾਸ ਵਿਚ ਵਧੇਰੇ ਸਮੱਗਰੀ ਅਤੇ ਸਾਧਨਾਂ ਦੀ ਲੋੜ ਨਹੀਂ ਸੀ ਪਰ ਚਿਤਰਕਲਾ ਤਾਂ ਇਸ ਪੱਖੋਂ ਬਹੁਤ ਹੀ ਲੋੜਵੰਦ ਤੇ ਅਭਾਗਣ ਸੀ । ਇਸੇ ਹੀ ਵਿਸ਼ੇ ਉੱਤੇ ਵਿਚਾਰ ਸਾਨੂੰ ਸਪਸ਼ਟ ਕਰੇਗਾ ਕਿ ਅਤਿ ਪ੍ਰਤਿਕੂਲ ਪ੍ਰਸਥਿਤੀ ਦੇ ਬਾਵਜੂਦ ਵੀ ਸਰਦਾਰ ਸੋਭਾ ਸਿੰਘ ਵਿਚ, ਜੋ ਇਕ ਪਿੰਡ ਹਰਗੋਬਿੰਦਪੁਰ ਦਾ ਜੰਮਪਲ ਸੀ, ਕਿਸ ਤਰ੍ਹਾਂ ਪੰਜਾਬ ਨੂੰ ਸੰਸਾਰ ਅਤੇ ਭਾਰਤ ਦੇ ਕਲਾ ਦੇ ਨਕਸ਼ੇ ਵਿਚ ਥਾਂ ਦਿਵਾ ਸਕਿਆ । ਨਿਰਸੰਦੇਹ ਉਹਨਾਂ ਦੀ ਇਹ ਸਫਲਤਾ ਹਰ ਇਕ ਨੂੰ ਅਚੰਭੇ ਵਿਚ ਪਾਉਣ ਵਾਲੀ ਹੈ ।
ਸਰਦਾਰ ਸੋਭਾ ਸਿੰਘ ਜੀ ਦੇ ਭਾਰਤੀ ਸਮਕਾਲੀ ਉਨ੍ਹਾਂ ਨਾਲੋਂ ਕਿਤੇ ਖੁਸ਼ਨਸੀਬ ਸਨ । ਯਾਮਿਨੀ ਰਾਇ, ਰਸਿਕ ਰਾਵਲ, ਲਖਸ਼ਮਨ ਪੈਅ, ਜਤਿਨ ਦਾਸ ਆਦਿ ਸਰਦਾਰ ਸੋਭਾ ਸਿੰਘ ਜੀ ਦੇ ਬਿਲਕੁਲ ਉਲਟ ਸੰਸਥਾਵਾਂ ਵਿਚੋਂ ਸਿੱਖੇ ਹੋਏ ਅਤੇ ਸਾਧਨ ਸੰਪਨ ਚਿਤਰਕਾਰ ਹਨ। ਉਨ੍ਹਾਂ ਵਿਚੋਂ ਕੁਝ ਦਾ ਤਾਂ ਪਰਵਾਰਿਕ ਪਿਛਕੋੜ ਵਿਚ ਚਿਤਰਕਲਾ ਹੋਣ ਕਰਕੇ ਉਹ ਆਪਣੀ ਵਿਰਾਸਤ ਦਾ ਲਾਭ ਉਠਾ ਰਹੇ ਸਨ । ਵੱਡੇ ਸ਼ਹਿਰਾਂ ਵਿਚ ਰਹਿਣਾ, ਉੱਚ ਵਿਦਿਆ ਅਤੇ ਸਿਖਲਾਈ ਉਨ੍ਹਾਂ ਵਿਚ ਵਿਸ਼ਵ-ਚੇਤਨਾ ਨੂੰ ਇਕ ਸੌਖੀ ਗੱਲ ਹੀ ਬਣਾ ਦਿੰਦੀ ਸੀ । ਇਸੇ ਕਰਕੇ ਇਹ ਚਿਤਰਕਾਰ ਗਤੀ ਆਧਾਰਿਤ ਸ਼ੈਲੀਆਂ ਅਪਣਾ ਕੇ ਪੋਰਟਰੇਟ ਵਰਗੇ ਅਤਿ-ਦੁਰਗਮ ਅਤੇ ਔਖੇ ਕਲਾ-ਪ੍ਰਬੰਧ ਨੂੰ ਟਾਲਣ ਵਿਚ ਕਾਮਿਆਬ ਹੋਏ ਤੇ ਸੌਖੇ ਹੀ ਨਾਂ ਅਤੇ ਥਾਂ ਪ੍ਰਾਪਤ ਕਰ ਚੁੱਕੇ ਸਨ । ਪਰ ਸੋਭਾ ਸਿੰਘ ਜੀ ਨੇ ਨਾ ਸਿਰਫ ਇਹ ਸੌਖਾ ਰਾਹ ਹੀ ਅਪਣਾਇਆ ਸਗੋਂ ਡੂੰਘ-ਪ੍ਰਗਟਾਉ (ਥਰੀ ਡਾਈਮੈਨਸ਼ਨਲ) ਸਜੀਵ ਪੋਰਟਰੇਟ ਨਿੱਕੇ ਖੇਤਰ ਦੇ ਗਤੀ ਚਿਤਰਾਂ ਨੂੰ ਹੱਥ ਪਾਇਆ। ਇਸ ਦੀ ਉਦਾਹਰਣ ਗੁਰੂ ਸਾਹਿਬਾਨ ਦੇ ਪੋਰਟਰੇਟ ਅਤੇ ਵਿਸ਼ਵ-ਵਿਖਿਆਤ ਚਿਤਰ ਸੋਹਣੀ ਮਹੀਵਾਲ ਅਤਿ ਉੱਤਮ ਕ੍ਰਿਤਾਂ ਹਨ । ਦੇਖਣ ਵਾਲੀ ਗੱਲ ਇਹ ਹੈ ਕਿ ਜੋ ਸ਼ੈਲੀ ਸੋਭਾ ਸਿੰਘ ਜੀ ਨੇ ਅਪਣਾਈ ਉਹਦੇ ਵਿਚ ਇਕ ਅਤਿ ਸੂਖਮ ਵਿਸੰਗਤੀ ਵੀ ਵੇਖਣ ਵਾਲੇ ਦੇ ਧਿਆਨ ਵਿਚ ਝੱਟਪੱਟ ਆ ਜਾਂਦੀ ਹੈ ਜਦ ਕਿ ਆਧੁਨਿਕ ਸ਼ੈਲੀਕਾਰਾਂ ਦੇ ਅਨੁਪਾਤ ਹੀਣ ਚਿੱਤਰਾਂ ਵਿਚ ਕੋਈ ਦਰਸ਼ਨ ਇਹੋ ਜਿਹੇ ਤੱਥ ਨੂੰ ਗੋਲ ਹੀ ਨਹੀਂ ਸਕਦਾ ।
ਸੋਭਾ ਸਿੰਘ ਜੀ ਦੀ ਹੱਥ ਸਮਰੱਥਾ ਦੀ ਅਤਿਅੰਤ ਨਿਪੁੰਨਤਾ ਦੇ ਨਾਲ ਨਾਲ ਉਹਨਾਂ ਦੀ ਰੰਗ ਚੋਣ ਓਨੀ ਹੀ ਮਹੱਤਵਪੂਰਣ ਸੀ । ਉਹ ਗੁਰੂ ਸਾਹਿਬਾਨ ਵਰਗੀਆਂ ਸ਼ਖ਼ਸੀਅਤਾਂ ਨੂੰ ਚਿਤਰਦੇ ਸਨ । ਚਿਤਰਕਲਾ ਦੇ ਦੋ ਹੀ ਪ੍ਰਮੁੱਖ ਆਧਾਰ ਹਨ, ਇਕ ਰੇਖਾ ਅਤੇ ਦੂਸਰਾ ਰੰਗ । ਸਰਦਾਰ ਸੋਭਾ ਸਿੰਘ ਜੀ ਲਈ ਇਹ ਦੋ ਤਲਵਾਰਾਂ ਦੀਆਂ ਧਾਰਾਂ ਸਨ ਜਿਨ੍ਹਾਂ ਉੱਤੇ ਉਹ ਬੜੀ ਹੀ ਨਿਪੁੰਨਤਾ ਨਾਲ ਚਲ ਕੇ ਗੁਰੂ ਵਿਅਕਤੀਤਵ ਦੀ ਝਾਲ ਲੁਕਾਈ ਨੂੰ ਦਰਸਾਉਣ ਵਿਚ ਸ਼ਾਨੋ ਸ਼ੌਕਤ ਨਾਲ ਸਫਲ ਹੋਏ । ਇਸ ਨਾਲ ਰੇਖਾ ਅਤੇ ਰੰਗ ਉੱਤੇ ਉਨ੍ਹਾਂ ਦੇ ਅਧਿਕਾਰ ਦਾ ਡੰਕਾ ਵੱਜਿਆ ।
ਪੰਜਾਬ ਦੇ ਹੋਰ ਚਿਤਰਕਾਰਾਂ ਐਸ. ਜੀ. ਠਾਕਰ ਸਿੰਘ ਅਤੇ ਕਿਰਪਾਲ ਸਿੰਘ ਨੇ ਵੀ ਸੋਭਾ ਸਿੰਘ ਜੀ ਦੀ ਰੇਖਾ ਅਤੇ ਰੰਗ ਸ਼ੈਲੀ ਤੋਂ ਸੇਧ ਲੈ ਕੇ ਪੰਜਾਬ ਦੀ ਚਿਤਰਕਲਾ ਦੇ ਵਿਕਾਸ ਨੂੰ ਲੀਹ ਉੱਤੇ ਅੱਗੇ ਤੋਰਿਆ ਹੈ । ਇਸ ਦੇ ਨਾਲ ਹੀ ਸੋਭਾ ਸਿੰਘ ਜੀ ਨੇ ਪੋਰਟਰੇਟ ਅਤੇ ਐਕਸ਼ਨ ਪੇਂਟਿੰਗ ਵਿਚ ਪੰਜਾਬੀ ਕਲਾਕਾਰਾਂ ਲਈ ਮਾਪਦੰਡ ਵੀ ਮਿਥ ਦਿੱਤੇ ਜਿਸ ਤੋਂ ਹਰ ਇਕ ਭਾਵੀ ਚਿਤਰਕਾਰ ਨੂੰ ਆਧੁਨਿਕਤਾ ਦੀ ਸ਼ੈਲੀ ਹੇਠ ਆਪਣੀ ਅਯੋਗਤਾ ਲੁਕਾਉਣ ਉਤੇ ਜ਼ਰੂਰ ਹੀ ਸ਼ਰਮਿੰਦਗੀ ਹੋਵੇਗੀ ਪਰ ਉਨ੍ਹਾਂ ਨੂੰ ਈਮਾਨਦਾਰ ਸਾਧਨਾਂ ਦੇ ਰਾਹ ਉੱਤੇ ਚਲਣ ਦੀ ਪ੍ਰੇਰਨਾ ਮਿਲੇਗੀ ।
ਸੋਭਾ ਸਿੰਘ ਜੀ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਜੀ ਦੇ ਸਮਕਾਲੀ ਸਨ ਤੇ ਇਸ ਮਹਾਨ ਨਾਵਲਕਾਰ ਦੀ ਪ੍ਰਸਿੱਧ ਕਾਵਿ-ਰਚਨਾ ਸਤਿਗੁਰੂ ਮਹਿਮਾ ਵਿਚ ਗੁਰੂ ਸਾਖੀਆਂ ਅਤੇ ਸਿੱਖ ਸਭਿਆਚਾਰ ਸੰਬੰਧੀ ਉਹਨਾਂ ਦੀਆਂ ਤਸਵੀਰਾਂ ਬਹੁਤ ਪਹਿਲਾਂ ਛਪੀਆਂ ਸਨ । ਅੱਗੇ ਜਾ ਕੇ ਇਹ ਨਾਵਲਕਾਰ ਅਤੇ ਚਿਤਰਕਾਰ ਮਿੱਤਰ ਆਪੋ ਆਪਣੇ ਕਰਮ-ਅਕਾਸ਼ ਵਿਚ ਚੰਨ ਸੂਰਨ ਬਣ ਕੇ ਚਮਕੇ । ਸੋਭਾ ਸਿੰਘ ਜੀ ਵਾਸਤੇ ਸਤਿਗੁਰੂ ਮਹਿਮਾ ਤੋਂ ਲੈ ਕੇ ਕਲਗੀਧਰ ਦਸਮੇਸ਼ ਦਾ ਜਾਹੋ ਜਲਾਲ ਚਿਤਰਨ ਤੱਕ ਦਾ ਸਫ਼ਰ ਇਕ ਲੰਮਾ ਸਫ਼ਰ ਤਾਂ ਹੈ ਹੀ ਪਰ ਪਹਾੜਾਂ ਦੀ ਇਕਾਂਤ ਵਿਚ ਸਾਧਨਾਂ ਦੀ ਸ਼ਿੱਦਤ ਵੀ ਇਕ ਅਦੁੱਤੀ ਉਦਾਹਰਣ ਸੀ । ਇਸ ਸਾਧਨਾ ਨੇ ਹੀ ਉਨ੍ਹਾਂ ਵਲੋਂ ਪ੍ਰਗਟਾਇਆ ਗਿਆ ਗੁਰੂ-ਵਿਅਕਤੀਤਵ ਚਿਤਰਾਂ ਦੇ ਰੂਪ ਵਿਚ ਗੁਰਬਾਣੀ ਵਾਂਗ ਹੀ ਹਰ ਸਿੱਖ ਗ੍ਰਹਿ ਵਿਚ ਸੁਸ਼ੋਭਿਤ ਅਤੇ ਸਥਾਪਿਤ ਕਰਵਾਇਆ ਹੈ । ਸੋਭਾ ਸਿੰਘ ਜੀ ਦੇ ਰਚੇ ਗਏ ਚਿਤਰ ਪੰਜਾਬੀ ਮਨ-ਮਾਨਸ ਵਿਚ ਪ੍ਰਵਾਨਗੀ ਦੀ ਉਚਤਮ ਸਿਖਰ ਤੱਕ ਪਹੁੰਚੇ ਹਨ । ਇਹ ਸਭ ਉਨ੍ਹਾਂ ਦੀ ਘਾਲਣਾ ਅਤੇ ਸਾਧਨਾ ਦੀ ਸਫਲਤਾ ਦਾ ਪ੍ਰਤੀਕ ਤਾਂ ਹੈ ਹੀ ਨਾਲ ਹੀ ਇਨ੍ਹਾਂ ਚਿਤਰਾਂ ਨੇ ਪੰਜਾਬ ਨੂੰ ਚਿਤਰਕਲਾ ਦੇ ਸੰਸਾਰ ਵਿਚ ਪਹਿਚਾਣ ਦਿੱਤੀ । ਉਨ੍ਹਾਂ ਨੇ ਪੰਜਾਬ ਦੀ ਚਿਤਕਲਾ ਨੂੰ ਪਹਿਚਾਣ ਅਤੇ ਮਜ਼ਬੂਤ ਜੜਾਂ ਤਾਂ ਦਿੱਤੀਆਂ ਹੀ ਹਨ ਨਾਲ ਹੀ ਉਹ ਭਾਵੀ ਪੀੜ੍ਹੀਆਂ ਉਤੇ ਇਸ ਨੂੰ ਅੱਗੇ ਤੋਰਨ ਅਤੇ ਸੰਭਾਲਣ ਦੀ ਜ਼ੁੰਮੇਵਾਰੀ ਵੀ ਪਾ ਗਏ ਹਨ । ਇਸ ਫ਼ਰਜ਼ ਦੀ ਪੂਰਤੀ ਲਈ ਹਰ ਪੰਜਾਬੀ ਨੂੰ ਆਪਣੀ ਹਿੰਮਤ ਤੋਂ ਵੀ ਵਧ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਪੰਜਾਬ ਸਿਰਫ਼ ਕਣਕ ਝੋਨੇ ਦਾ ਪ੍ਰਾਂਤ ਹੀ ਨਾ ਹੋ ਕੇ ਕਲਾ ਸਿਰਜਣਾ ਦਾ ਵੀ ਪ੍ਰਾਂਤ ਬਣ ਸਕੇ ।
ਕਲਾ ਜੀਵਨ ਦੀਆਂ ਰੁੱਚੀਆਂ ਅਤੇ ਵਰਤਾਰੇ ਦਾ ਸਿਰਫ਼ ਚਿਤਰਣ ਹੀ ਨਾ ਹੋ ਕੇ ਅਭਿਵਿਅਕਤੀ ਵੀ ਹੁੰਦੀ ਹੈ । ਇਸ ਕਰਕੇ ਇਸ ਦਾ ਪ੍ਰਮੁੱਖ ਆਧਾਰ ਸਭਿਆਚਾਰ ਹੁੰਦਾ ਹੈ । ਸਭਿਆਚਾਰ ਸਦਾ ਹੀ ਭੂਗੋਲਿਕ ਖਿੱਤਿਆਂ ਵਿਚ ਹੀ ਆਪਣੀ ਸ਼ੈਲੀ ਅਤੇ ਅੰਦਾਜ਼ ਨੂੰ ਸੀਮਤ ਕਰਕੇ ਰੱਖਦਾ ਹੈ । ਸੋ ਇਸ ਸਿਧਾਂਤ ਅਨੁਸਾਰ ਸਭਿਆਚਾਰ ਵੀ ਕਲਾ ਦਾ ਪ੍ਰਮੁੱਖ ਆਧਾਰ ਬਣਕੇ ਕਲਾ ਤੇ ਖ਼ਾਸ ਕਰਕੇ ਚਿਤਰਕਲਾ ਦੇ ਵਿਕਾਸ ਨੂੰ ਆਪਣੀਆਂ ਸਮਾਨੰਤਰ ਲੀਹਾਂ ਉਤੇ ਤੋਰ ਲੈਂਦਾ ਹੈ । ਇਸ ਲਈ ਖ਼ਾਸ ਖਿੱਤੇ ਵਿਚ ਵਿਕਸਿਤ ਹੋਣ ਵਾਲੀ ਕਲਾ ਸਭਿਆਚਾਰ ਦੇ ਵਿਕਾਸ ਦੀ ਰਫ਼ਤਾਰ ਦੇ ਪ੍ਰਭਾਵ ਤੋਂ ਬਾਹਰ ਨਹੀਂ ਹੋ ਸਕਦੀ । ਪੰਜਾਬ ਦਾ ਸਭਿਆਚਾਰ ਬਹੁਤ ਅਮੀਰ ਤਾਂ ਹੈ ਪਰ ਇਸ ਦੀਆਂ ਵਿਕਸਿਤ ਹੋਣ ਦੀਆਂ ਸੰਭਾਵਨਾਵਾਂ ਇਸ ਦਾ ਭਵਿੱਖ ਤਾਂ ਰੌਸ਼ਨ ਦਰਸਾਉਂਦੀਆਂ ਹਨ ਪਰ ਭਵਿੱਖ ਦੀ ਰੌਸ਼ਨੀ ਅਜੇ ਦੁਰਾਡੀ ਮੰਜ਼ਿਲ ਹੈ । ਇਹੋ ਹੀ ਅਵਸਥਾ ਪੰਜਾਬ ਦੀ ਚਿਤਰਕਲਾ ਦੀ ਹੈ । ਜੇ ਪੰਜਾਬ ਦੀ ਚਿਤਰ ਕਲਾ ਨੇ ਵਿਕਸਿਤ ਹੋ ਕੇ ਸੰਸਾਰ ਪੱਧਰ ਉੱਤੇ ਪਹੁੰਚਣਾ ਹੈ ਤਾਂ ਇਸ ਨੂੰ ਵਿਕਾਸ ਦੇ ਸਾਰੇ ਹੀ ਪੜਾਵਾਂ ਵਿਚੋਂ ਲੰਘਣਾ ਪਵੇਗਾ । ਮੁੱਢਲੇ ਪੜਾਅ ਸਦਾ ਹੀ ਮਹੱਤਵਪੂਰਨ ਹੁੰਦੇ ਹਨ ਅਤੇ ਪੰਜਾਬ ਦੀ ਚਿਤਰਕਲਾ ਲਈ ਇਹ ਖੁਸ਼ਕਿਸਮਤੀ ਦਾ ਮੁਕਾਮ ਹੈ ਕਿ ਸੋਭਾ ਸਿੰਘ ਜੀ ਦੀ ਸਾਧਨਾ ਪੰਜਾਬ ਦੀ ਚਿਤਰਕਲਾ ਨੂੰ ਮੁੱਢਲੇ ਪੜਾਵਾਂ ਤੋਂ ਅੱਗੇ ਲੰਘਾ ਕੇ ਆਧੁਨਿਕ ਸ਼ੈਲੀਆਂ ਦੇ ਮੈਦਾਨ ਵਿਚ ਲਿਆ ਚੁੱਕੀ ਹੈ । ਭਾਵੇਂ ਸਾਡੇ ਪੰਜਾਬੀ ਚਿਤਰਕਾਰ ਪੱਛਮ ਦੇ ਚਿਤਰਕਾਰਾਂ ਦੇ ਮੁਕਾਬਲੇ ਕਿਤੇ ਵੀ ਨਹੀਂ ਖੜ੍ਹਦੇ ਪਰ ਚਿਤਰਕਲਾ ਦੇ ਰਾਹ ਉੱਤੇ ਅੱਗੇ ਵਧਣ ਲਈ ਅਤੇ “ਟਰੈਡੀਸ਼ਨਲ ਫਾਰਮ” ਨੂੰ ਅੱਗੇ ਤੋਰ ਕੇ ਸ਼ੈਲੀ ਵਿਕਾਸ ਦੀਆਂ ਸਭਿਆਚਾਰ ਦੇ ਆਧਾਰ ਤੇ ਸੰਭਾਵਨਾਵਾਂ ਸੋਭਾ ਸਿੰਘ ਜੀ ਨੇ ਦਿੱਤੀਆਂ ਹਨ ਉਹ ਨੌਜੁਆਨ ਪੀੜ੍ਹੀ ਲਈ ਭਵਿੱਖ ਸਵਾਰਨ ਵਾਸਤੇ ਇਕ ਅਮੁੱਕ ਦੌਲਤ ਹੈ ।
ਪੰਜਾਬ ਦੀ ਚਿਤਰਕਲਾ “ਪਹਾੜੀ ਕਲਮ” ਦੇ ਰੂਪ ਵਿਚ ਰਾਜਪੂਤ ਕਲਮ ਵਾਂਗ “ਫਲੈਟ ਫਿਗਰ” ਦੀ ਸ਼ੈਲੀ ਵਿਚ ਆਧੁਨਿਕ ਵਿਕਾਸ ਤੋਂ ਹਟਵੀਂ ਸੀ ਤੇ ਵਿਕਸਿਤ ਪਛਮੀ ਮਾਪਦੰਡਾਂ ਅਨੁਸਾਰ ਪਛੜੀ ਹੋਈ ਸੀ । ਇਥੇ ਇਹ ਵਿਸ਼ੇਸ਼ ਕਰਕੇ ਵਰਨਣ ਯੋਗ ਹੈ ਕਿ ਸੋਭਾ ਸਿੰਘ ਜੀ ਨੇ ਡੂੰਘੀ ਦ੍ਰਿਸ਼ਟੀ ਨਾਲ ਚਿਤਰ ਕੇ ਪੰਜਾਬ ਦੀ ਚਿਤਰਕਲਾ ਨੂੰ ਆਧੁਨਿਕ ਲੀਹਾਂ ਉੱਤੇ ਤੋਰ ਕੇ ਨਵੇਂ ਚਿਤਰਕਾਰਾਂ ਅੱਗੇ ਅਪਣਾਉਣ ਯੋਗ ਉਦਾਹਰਣਾ ਰੱਖੀ । ਜੇ ਪੰਜਾਬ ਦੇ ਚਿਤਰਕਾਰ ਇਸ ਪ੍ਰਕ੍ਰਿਆ ਨੂੰ ਅੱਗੇ ਤੋਰਦੇ ਹੋਏ ਆਪਣੇ ਸਿੰਬਲ ਪੰਜਾਬ ਦੀ ਧਰਤੀ ਅਤੇ ਪੰਜਾਬੀ ਜੀਵਨ ਵਿਚੋਂ ਉਤਪੰਨ ਕਰ ਲੈਣ ਤਾਂ ਨਿਸ਼ਚੇ ਹੀ ਉਨ੍ਹਾਂ ਦੀ ਹੋਂਦ ਉਨ੍ਹਾਂ ਦੀ ਨਿਪੁੰਨਤਾ ਸਦਕਾ ਨੇਪਰੇ ਚੜ੍ਹੇਗੀ । ਸੋਭਾ ਸਿੰਘ ਜੀ ਦਾ ਪੰਜਾਬੀ ਚਿਤਰਕਾਰਾਂ ਉੱਤੇ ਇਹ ਇਕ ਵੱਡਾ ਉਪਕਾਰ ਹੋਵੇਗਾ ।
ਪੰਜਾਬ ਵਿਚ ਚਿਤਰਕਲਾ ਦੀ ਸਿਖਿਆ ਵਾਸਤੇ ਸੰਸਥਾਵਾਂ ਦੀ ਅਣਹੋਂਦ ਹੈ । ਭਾਵੇਂ ਆਪਣੇ ਜਗਿਆਸੂ ਸ਼ਗਿਰਦਾਂ ਲਈ ਸੋਭਾ ਸਿੰਘ ਜੀ ਨੇ ਖਾਸ ਯਤਨ ਕੀਤੇ । ਉਨ੍ਹਾਂ ਪ੍ਰਤੀ ਗੰਭੀਰ ਸ਼ਗਿਰਦਾਂ ਦੇ ਆਕਰਸ਼ਣ ਦਾ ਕਾਰਨ ਉਨ੍ਹਾਂ ਦੀ ਕਲਾ ਅਤੇ ਤਕਨੀਕ ਦੀ ਪੂਰਣ ਪਰਪੱਕਤਾ ਸੀ । ਉਨ੍ਹਾਂ ਨੇ ਸਿਖਾਇਆ ਸਮਝਾਇਆ ਤਾਂ ਬਹੁਤਿਆਂ ਨੂੰ ਪਰ ਕਿਸੇ ਵਿਰਲੇ ਉੱਤੇ ਹੀ ਆਪਣਾ ਅਹਿਸਾਨ ਜਤਾਇਆ ਬਲਕਿ ਉਨ੍ਹਾਂ ਨੇ ਤਾਂ ਕਈਆਂ ਨੂੰ ਗੁਣ ਦੀ ਦਾਤ ਦੇ ਕੇ ਅਗਲੇਰੇ ਗੁਣ ਦੀ ਭਾਲ ਵਾਸਤੇ ਅੱਗੇ ਤੋਰ ਦਿੱਤਾ । ਇਸ ਤਰ੍ਹਾਂ ਉਹ ਪੰਜਾਬੀ ਚਿਤਰਕਲਾ ਦੇ ਵਿਕਾਸ ਦਾ ਬੰਧਨ ਨਹੀਂ ਬਣੇ ਜਿਵੇਂ ਕਿ ਅਕਸਰ ਕਿਸੇ ਸਸ਼ਕਤ ਵਿਅਕਤੀਤਵ ਕਰਕੇ ਹੁੰਦਾ ਆਇਆ ਹੈ ਸਗੋਂ ਉਹ ਕਲਾ ਦੇ ਵਿਕਾਸ ਲਈ ਇਕ ਕੜੀ ਬਣੇ ਜਿਹੜੀ ਇਕ ਦੁਰਲੱਭ ਉਦਾਹਰਣ ਹੈ ।
ਪੰਜਾਬ ਦੀ ਕਲਾ ਦੇ ਵਿਕਾਸ ਵਿਚ ਇਕ ਵੱਡਾ ਖੋਲ੍ਹ ਸਰਦਾਰ ਸੋਭਾ ਸਿੰਘ ਜੀ ਨੇ ਹੀ ਭਰ ਕੇ ਇਸ ਨੂੰ ਠੋਸ ਆਧਾਰ ਦੇ ਕੇ ਵਿਕਾਸ ਦੇ ਰਾਹਾਂ ਉੱਤੇ ਤੁਰਨ ਲਈ ਬਖਸ਼ਿਆ ਹੈ ਉਸ ਲਈ ਪੰਜਾਬੀ ਕੇਵਲ ਸਿਰ ਨਿਵਾ ਕੇ ਧੰਨਵਾਦ ਹੀ ਕਰ ਸਕਦੇ ਹਨ ।

ਸੋਹਣੀ ਮਹੀਂਵਾਲ-ਇਕ ਚਿੱਤਰ ਤੇਜਵੰਤ ਸਿੰਘ ਗਿੱਲ, ਮਨਜੀਤ ਪਾਲ ਕੌਰ

ਸੋਹਣੀ-ਮਹੀਂਵਾਲ ਚਿੱਤਰਕਾਰ ਸੋਭਾ ਸਿੰਘ ਦਾ ਸਭ ਤੋਂ ਲੋਕਪ੍ਰਿਯ ਚਿੱਤਰ ਹੈ । ਇਸ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਇਸ ਗੱਲ ਤੋਂ ਭਲੀਭਾਂਤ ਹੀ ਲੱਗ ਜਾਂਦਾ ਹੈ ਕਿ ਇਸਦੇ ਪ੍ਰਕਾਸ਼-ਚਿੱਤਰ, ਨਗਰਾਂ ਵਿਚ ਵਿਸ਼ੇਸ਼ ਕਰਕੇ, ਲੋਕਾਂ ਦੇ ਘਰਾਂ ਦੇ ਸ਼ਿੰਗਾਰ ਹਨ । ਫਰਕ ਕੇਵਲ ਇਤਨਾ ਹੈ ਕਿ ਉਤਲੀਆਂ ਸ਼੍ਰੇਣੀਆਂ ਦੇ ਘਰਾਂ ਵਿਚ ਇਨ੍ਹਾਂ ਪ੍ਰਕਾਸ਼-ਚਿੱਤਰਾਂ ਦੇ ਫਰੇਮ ਵੱਡਮੁੱਲੇ ਸੁਨਹਿਰੀ ਹਨ । ਵਿਚਲੀਆਂ ਸ਼੍ਰੇਣੀਆਂ ਦੇ ਘਰਾਂ ਵਿਚ ਇਨ੍ਹਾਂ ਪ੍ਰਕਾਸ਼-ਚਿੱਤਰਾਂ ਦਾ ਆਕਾਰ ਤਾਂ ਉਹੀ ਹੈ ਪਰ ਇਨ੍ਹਾਂ ਦੇ ਫਰੇਮ ਕੀਮਤੀ ਲਕੜੀ ਦੇ ਹਨ । ਨਿਚਲੀਆਂ ਸ਼੍ਰੇਣੀਆਂ ਦੇ ਘਰਾਂ ਵਿਚ ਇਨ੍ਹਾਂ ਪ੍ਰਕਾਸ਼-ਚਿੱਤਰਾਂ ਦੇ ਆਕਾਰ ਹੀ ਛੋਟੇ ਨਹੀਂ ਸਗੋਂ ਉਨ੍ਹਾਂ ਦੇ ਫਰੇਮ ਵੀ ਬਹੁਤ ਤੁੱਛ ਲਕੜੀ ਦੇ ਹਨ । ਨਿਸਚੇ ਹੀ ਸੋਹਣੀ- ਮਹੀਂਵਾਲ ਚਿਤਰ ਨੂੰ ਉਹ ਮੋਹ ਪ੍ਰਾਪਤ ਹੈ ਜੋ ਸੋਹਣੀ-ਮਹੀਂਵਾਲ ਦੀ ਪ੍ਰੀਤ-ਕਥਾ ਨੂੰ ਪ੍ਰਾਪਤ ਨਹੀਂ । ਸੋਹਣੀ-ਮਹੀਂਵਾਲ ਦੀ ਪ੍ਰੀਤ-ਕਥਾ ਪ੍ਰਤੀ ਤਾਂ ਲੋਕਾਂ ਦਾ ਰਵੱਈਆ ਮੋਹ/ਨਿਰਮੋਹ ਦਾ ਹੈ । ਪ੍ਰਮਾਣ ਵਜੋਂ ਇਸ ਚਿਤਰ ਵੱਲ ਤਾਂ ਲੋਕ ਇਸ ਹੱਦ ਤੱਕ ਖਿੱਚੇ ਗਏ ਹਨ ਕਿ ਉਹ ਇਸ ਨੂੰ ਦਾਜ ਦਾ ਅੰਗ ਬਣਾਉਣ ਲਈ ਤਿਆਰ ਹਨ ਪਰ ਕੋਈ ਵੀ ਆਪਣੇ ਪੁੱਤਰ ਦਾ ਨਾਂ ਮਹੀਂਵਾਲ ਤੇ ਪੁੱਤਰੀ ਦਾ ਨਾਂ ਸੋਹਣੀ ਰੱਖਣ ਲਈ ਤਿਆਰ ਨਹੀਂ, ਇਸ ਅੰਦੇਸ਼ੇ ਅਧੀਨ ਕਿ ਉਨ੍ਹਾਂ ਦੇ ਇਸ ਤਰ੍ਹਾਂ ਨਾਂ ਰੱਖਕੇ ਕਿਤੇ ਉਹ ਉਨ੍ਹਾਂ ਨੂੰ ਇਸ ਪ੍ਰੀਤ-ਕਥਾ ਦੇ ਪਾਤਰਾਂ ਦੀ ਦੁਖਦਾਈ ਹੋਣੀ ਦੇ ਵੱਸ ਨਾ ਕਰ ਦੇਣ ।
ਇਸ ਅੰਤਰ ਦਾ ਕਾਰਨ ਇਸ ਗੱਲ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ ਕਿ ਚਿੱਤਰ ਸਥੂਲ ਵਸਤੂ ਹੋਣ ਦੇ ਨਾਤੇ ਵਰਤੋਂ-ਵਿਹਾਰ ਦੇ ਯੋਗ ਹੈ ਅਤੇ ਪ੍ਰੀਤ-ਕਥਾ ਲੋਕ ਬੋਧ ਦਾ ਭਾਗ ਹੋਣ ਦੇ ਨਾਤੇ ਇਸ ਤਰ੍ਹਾਂ ਦੇ ਵਰਤੋਂ-ਵਿਹਾਰ ਦੇ ਖੇਤਰ ਤੋਂ ਬਾਹਰ ਰਹਿ ਜਾਂਦੀ ਹੈ । ਇਸ ਅੰਤਰ ਦਾ ਪ੍ਰਮਾਣਿਕ ਕਾਰਨ ਤਾਂ ਦੋਨਾਂ ਦੇ ਵਿਸ਼ਾ-ਵਿਧਾਨ ਵਿਚ ਛੁਪਿਆ ਪਿਆ ਹੈ ਜੋ ਚਿੱਤਰ ਵਿਚ ਦੇਸ਼-ਮੂਲਕ ਹੋ ਕੇ ਸੰਚਿਤ ਹੋ ਜਾਂਦਾ ਹੈ ਅਤੇ ਪ੍ਰੀਤ-ਕਥਾ ਵਿਚ ਕਾਲਿਕੀ ਬਣ ਕੇ ਵਿਸਤ੍ਰਿਤ ਹੋ ਜਾਂਦਾ ਹੈ । ਪ੍ਰੀਤ-ਕਥਾ ਵਿਚ ਕਾਲਿਕੀ ਬਣ ਕੇ ਵਿਸਤ੍ਰਿਤ ਹੋਏ ਇਸ ਵਿਸ਼ਾ-ਵਿਧਾਨ ਦਾ ਸੁਭਾ ਸਮਾਜਕ ਹੈ ਜੋ ਵੇਲੇ ਦੀ ਸਮਾਜਕ ਬਣਤਰ ਵਿਰੁੱਧ ਵਿਦਰੋਹ ਦਾ ਸੰਦੇਸ਼ ਦਿੰਦਾ ਹੈ । ਇਹ ਵਿਦਰੋਹ ਪ੍ਰੀਤ ਰਾਹੀਂ ਨੇਪਰੇ ਚੜ੍ਹਦਾ ਹੈ ਜੋ ਰਿਸ਼ਟ-ਪੁਸ਼ਟ ਨਰ ਤੇ ਨਾਰ ਦੀ ਤਨ-ਮਤੀ ਲਿੰਗਾਤਮਕ ਪ੍ਰੀਤ ਹੈ । ਇਸ ਤਨ-ਮਤੀ ਲਿੰਗਾਤਮਕ ਪ੍ਰੀਤ ਵਿਚ ਐਨਾ ਲੋਹੜੇ ਦਾ ਵੇਗ ਹੈ ਕਿ ਸਹਿਜ ਪ੍ਰੀਤ ਦਾ ਸੰਕਲਪਾਤਮਕ ਸੀਰਸ਼ ਇਸਦੇ ਵਿਚ ਹੀ ਕਿਤੇ ਰਚਿਆ ਮਿਚਿਆ ਲਗਦਾ ਹੈ । ਇਸ ਅਮੋੜ ਵੇਗ ਦੇ ਆਧਾਰ ਤੇ ਇਸ ਪ੍ਰੀਤ ਨੂੰ ਪਸ਼ੂ-ਰੂਪੀ ਕਰਾਰ ਨਹੀਂ ਦਿੱਤਾ ਜਾ ਸਕਦਾ ਭਾਵੇਂ ਸੰਦਰਭਹਿਤ ਨਰ ਤੇ ਨਾਰ ਦੀਆਂ ਲਿੰਗਾਤਮਕ ਉਤੇਜਨਾਵਾਂ ਵਿਚ ਭਰਪੂਰ ਪਸ਼ੂ-ਰੂਪੀ ਅਮੋੜਤਾ ਵਿਆਪਕ ਹੈ । ਇਸ ਵੇਗ ਸਦਕਾ ਹੀ ਤਾਂ ਮਹੀਂਵਾਲ ਦੇ ਰੂਪ ਵਿਚ ਨਰ ਖੱਝਲ-ਖੁਆਰੀ ਦੀ ਪ੍ਰਵਾਹ ਨਾ ਕਰਦਾ ਹੋਇਆ ਦਰਿਆ ਦੇ ਉਸ ਪਾਰ ਝੋਂਪੜੀ ਬਣਾ ਬੈਠਦਾ ਹੈ ਅਤੇ ਸੋਹਣੀ ਦੇ ਰੂਪ ਵਿਚ ਅੰਨ੍ਹੀ-ਨ੍ਹੇਰੀ ਰਾਤ ਵਿਚ ਹੀ ਉਸ ਨਾਲ ਸੰਭੋਗ ਰਚਾਉਣ ਜਾਂਦੀ ਹੈ । ਇਸ ਤਰ੍ਹਾਂ ਇਹ ਹੀ ਸਿੱਧ ਨਹੀਂ ਹੋ ਜਾਂਦਾ ਕਿ ਨਰ ਦਾ ਸੁਭਾ ਕਾਲਿਕੀ ਤੇ ਨਾਰ ਦਾ ਸੁਭਾ ਦੇਸ਼-ਮੂਲਕ ਹੈ ਸਗੋਂ ਇਹ ਵੀ ਦ੍ਰਿਸ਼ਟੀਗੋਚਰ ਹੋ ਜਾਂਦਾ ਹੈ ਕਿ ਇਸ ਅਮੋੜ, ਵੇਗਮਈ ਤੇ ਤਨ-ਮਤੇ ਸੰਭੋਗ ਵਿਚ ਅਸ਼ਲੀਲਤਾ ਦਾ ਜਰਾ ਜਿੰਨਾ ਵੀ ਅੰਸ਼ ਨਹੀਂ । ਹਰ ਪਲ ਇਸਦੇ ਉਦਾਲੇ ਕਾਲਿਕੀ ਤੇ ਦੇਸ਼-ਮੂਲਕ ਫੈਲਾਉ ਪੱਸਰਿਆ ਰਹਿੰਦਾ ਹੈ ਜਿਸ ਨੂੰ ਝਾਗਦੇ ਸੋਹਣੀ ਮਹੀਂਵਾਲ ਇਸ ਮਿਲਾਪ ਤੱਕ ਪਹੁੰਚੇ ਹਨ । ਸੰਭੋਗ-ਮੁਖੀ ਲਿਖਤ ਦੀ ਸ਼ੀਲਤਾ ਦੇ ਅਸ਼ਲੀਲਤਾ ਦੀ ਵਿਆਪਕਤਾ ਤਾਂ ਦਰਅਸਲ ਇਸ ਮਾਰਮਿਕਤਾ ਵਿਚ ਛੁਪੀ ਪਈ ਹੈ ਕਿ ਕੀ ਇਸ ਵਿਚ ਚਿੱਤਰਿਆ ਸੰਭੋਗ ਆਪਣੇ ਆਪ ਤੇ ਕੇਂਦਰਿਤ ਹੁੰਦੇ ਸੁੱਖਾਂ ਦੁੱਖਾਂ ਦੇ ਫੈਲਾਉ ਦਾ ਸੰਚਾਰ ਵੀ ਕਰਦਾ ਹੈ ਜਾਂ ਆਪਣੇ ਆਪ ਨੂੰ ਕੇਵਲ ਲਿੰਗ-ਕੇਂਦਰਿਤ ਅੰਗਾਂ ਦੀਆਂ ਕਿਰਿਆਵਾਂ ਤੱਕ ਹੀ ਸੀਮਤ ਕਰ ਲੈਂਦਾ ਹੈ । ਕਿਉਂਕਿ ਸੋਹਣੀ- ਮਹੀਂਵਾਲ ਦੀ ਪ੍ਰੀਤ-ਕਥਾ ਤੋਂ ਉਪਰੋਕਤ ਸੁੱਖਾਂ ਦੁੱਖਾਂ ਦਾ ਨਿੱਗਰ ਸੰਚਾਰ ਹੁੰਦਾ ਹੈ ਇਸ ਲਈ ਇਸ ਵਿਚ ਸੰਭੋਗ ਤਨ-ਚਿਹਨ ਨਾਲੋਂ ਕਿਤੇ ਵਧੇਰੇ ਸਭਿਆਚਾਰ-ਚਿਹਨ ਬਣ ਜਾਂਦਾ ਹੈ ।
ਸਭਿਆਚਾਰ-ਚਿਹਨ ਬਣ ਕੇ ਸੋਹਣੀ-ਮਹੀਂਵਾਲ ਦਾ ਸੰਭੋਗ ਉਸ ਵੇਲੇ ਦੀ ਨੈਤ੍ਰਿਤਵਹੀਣ ਲੋਕਾਈ ਦੀ ਇਸ ਦੱਬੀ ਘੁਟੀ ਅਭਿਲਾਸ਼ਾ ਨੂੰ ਪ੍ਰਗਟ ਕਰਨ ਲੱਗ ਪੈਂਦਾ ਹੈ ਕਿ ਪ੍ਰਮਾਣਿਕ ਜੀਵਨ ਸਮਾਜਕ ਸੰਦਰਭ ਦੀ ਥਾਂ ਪ੍ਰਕਿਰਤਿਕ ਸੰਦਰਭ ਵਿਚ ਹੀ ਨੇਪਰੇ ਚੜ੍ਹ ਸਕਦਾ ਹੈ । ਪ੍ਰਮਾਣ ਵਜੋਂ ਸੰਭੋਗ ਵਿਚ ਰਚੇ ਮਿਚੇ ਨਰ ਤੇ ਨਾਰ ਦਾ ਜੀਵਨ-ਅਨੁਭਵ ਵਾਮਨ ਪੱਧਰ ਤੇ ਪ੍ਰਕਿਰਤੀ ਦੀ ਵਰਾਟ ਬਣਤਰ ਦਾ ਅਨੁਕਰਣ ਹੀ ਹੈ । ਇਸੇ ਕਰਕੇ ਨਰ ਤੇ ਨਾਰ ਦੇ ਸੰਭੋਗ ਨੂੰ, ਮਿਥਿਹਾਸ ਵਿਚ ਤਾਂ ਵਿਸ਼ੇਸ਼ ਕਰ ਕੇ, ਧਰਤੀ ਤੇ ਆਕਾਸ਼ ਦੇ ਚਾਰੋਂ ਤਰਫ਼ ਫੈਲੇ ਮੇਲ ਨਾਲ ਤੁਲਨਾਇਆ ਗਿਆ ਹੈ । ਆਕਾਸ਼ ਉਸੇ ਤਰ੍ਹਾਂ ਧਰਤੀ ਤੇ ਝੁਕਿਆ ਤੇ ਫੈਲਿਆ ਹੋਇਆ ਹੈ ਜਿਵੇਂ ਸੰਭੋਗ ਦੌਰਾਨ ਨਰ ਨਾਰ ਉਪਰ ਝੁਕਦਾ ਤੇ ਫੈਲਦਾ ਹੈ । ਜਿਵੇਂ ਧਰਤੀ ਤੇ ਆਕਾਸ਼ ਦੇ ਇਸ ਮੇਲ ਵਿਚ ਪ੍ਰਕਿਰਤੀ ਦੇ ਅਨੇਕ ਵਿਰੋਧ ਅਭੇਦ ਹੋ ਜਾਂਦੇ ਹਨ ਇਸੇ ਤਰ੍ਹਾਂ ਸੰਭੋਗ ਵੀ ਘੱਟੋ ਘੱਟ ਆਪਣੀ ਮਿਆਦ ਦੌਰਾਨ ਨਰ ਤੇ ਨਾਰ ਵਿਚਲੇ ਵਿਰੋਧਾਂ ਦਾ ਅਨੁਮੂਲਨ ਕਰ ਦਿੰਦਾ ਹੈ । ਇਸੇ ਤਰ੍ਹਾਂ ਵੇਗਮਈ ਸੰਭੋਗ ਵਿਚ ਉਸੇ ਮਿਆਦ ਉਪਰੰਤ ਭਾਗਸ਼ਾਲੀ ਹੋਇਆ ਜਾ ਸਕਦਾ ਹੈ ਜਿਸ ਮਿਆਦ ਉਪਰੰਤ ਦਿਨ ਮਗਰੋਂ ਰਾਤ ਆਉਂਦੀ ਹੈ ਅਤੇ ਰਾਤ ਮਗਰੋਂ ਦਿਨ ਆਉਂਦਾ ਹੈ । ਸੰਭੋਗ ਦੀ ਇਸ ਵਾਸਤਵਿਕ/ਮਿਥਿਹਾਸਕ ਮਹੱਤਤਾ ਨੂੰ ਆਤਮਕ ਆਕਾਰ ਮਿਲ ਜਾਂਦੇ ਹਨ ਜਦੋਂ ਧਰਮ ਦੇ ਖੇਤਰ ਵਿਚ ਇਸ ਨੂੰ ਆਤਮਾ/ਪਰਮਾਤਮਾ ਦੇ ਸੂਖਮ ਸੰਜੋਗ ਦਾ ਸਥੂਲ ਚਿਹਨ ਮੰਨ ਲਿਆ ਜਾਂਦਾ ਹੈ । ਇਸ ਤਰ੍ਹਾਂ ਮਿਥਿਹਾਸ ਵਿਚ ਤਾਂ ਸਭਿਆਚਾਰ-ਚਿਹਨ ਦੇ ਰੂਪ ਵਿਚ ਸੰਭੋਗ ਪੂਰਨ ਤੌਰ ਤੇ ਪ੍ਰਵਾਨਤ ਹੈ ਪਰ ਧਰਮ ਦੇ ਖੇਤਰ ਵਿਚ ਇਹ ਪ੍ਰਵਾਨਤ/ਅਪ੍ਰਵਾਨਤ ਹੈ । ਇਹ ਅੰਤਰ ਸ਼ਾਇਦ ਇਸ ਕਰਕੇ ਹੈ ਕਿ ਮਿਥਿਹਾਸ ਪ੍ਰਕਿਰਤੀ ਵਿਚੋਂ ਉਗਮੇ ਪਰ ਅਜੇ ਪ੍ਰਕਿਰਤੀ ਵਿਚ ਹੀ ਰਚੇ ਮਿਚੇ ਮਾਨਵੀ ਜੀਵਨ ਦੀ ਮਾਰਮਿਕਤਾ ਨੂੰ ਦ੍ਰਿਸ਼ਟੀਗੋਚਰ ਕਰਨ ਦਾ ਪਹਿਲਾ ਯਤਨ ਹੈ । ਧਰਮ ਜੋ ਮਿਥਿਹਾਸ ਤੋਂ ਮਗਰੋਂ ਪਰਵਾਨ ਚੜ੍ਹਦਾ ਹੈ ਤੇ ਮਿਥਿਹਾਸ ਤੇ ਇਤਿਹਾਸ ਵਿਚਲਾ ਸਭਿਆਚਾਰਕ ਪੜ੍ਹਾਅ ਹੈ, ਇਸ ਤੱਥ ਨੂੰ ਅੱਖੋਂ ਉਹਲੇ ਤਾਂ ਨਹੀਂ ਕਰਦਾ ਪਰ ਇਸਨੂੰ ਪੂਰਨ ਤੌਰ ਤੇ ਪ੍ਰਵਾਨ ਵੀ ਨਹੀਂ ਕਰਦਾ । ਨਿਸਚੇ ਹੀ ਧਰਮ ਵਿਚ ਪਾਰਗਮਤਾ ਦੀ ਵਿਸ਼ੇਸ਼ਤਾ ਹੈ ਜੋ ਸੰਭੋਗ ਵਰਗੇ ਵਿਆਪਕ- ਸਭਿਆਰਕ ਚਿਹਨ ਨੂੰ ਪਾਰਗਾਮੀ ਪਰਵਾਰ ਪ੍ਰਦਾਨ ਕਰ ਦਿੰਦਾ ਹੈ ।
ਸੋਹਣੀ-ਮਹੀਂਵਾਲ ਦੀ ਪ੍ਰੀਤ-ਕਥਾ ਵਿਚ ਸੰਭੋਗ ਦੇ ਇਸ ਸਭਿਆਚਾਰ-ਚਿਹਨ ਨੂੰ ਕੋਈ ਪਾਰਗਾਮੀ ਮਹਤੱਤਾ ਪ੍ਰਾਪਤ ਨਹੀਂ । ਇਸ ਨੂੰ ਪਾਰਗਾਮੀ ਮਹੱਤਤਾ ਦਾ ਪਰਵਾਰ ਪ੍ਰਦਾਨ ਕਰਨ ਵਾਲੇ ਧਾਰਮਿਕ ਸੁਭਾ ਦੇ ਲੋਕ ਆਦਰਸ਼ਕ ਨੈਤ੍ਰਿਤਵ ਨਾਲ ਪ੍ਰਤੀਬੱਧ ਹੁੰਦੇ ਹਨ । ਵੇਲੇ ਦੇ ਇਤਿਹਾਸਕ ਸੰਦਰਭ ਵਿਚ ਪ੍ਰਮਾਣਿਕ ਤੌਰ ਤੇ ਗੁਰਮਤਿ ਦੇ ਅਨੁਯਾਈ ਤੇ ਅਪ੍ਰਮਾਣਿਕ ਤੌਰ ਤੇ ਸੂਫੀਅਤ ਦੇ ਅਨੁਯਾਈ ਇਸ ਪ੍ਰਤੀਬੱਧਤਾ ਨੂੰ ਸਾਕਾਰ ਕਰਦੇ ਸਨ । ਸੋਹਣੀ-ਮਹੀਂਵਾਲ ਵਿਚਲੇ ਨਰ ਤੇ ਨਾਰ ਦੀ ਪ੍ਰਤੀਬੱਧਤਾ ਨਾ ਗੁਰਮਤਿ ਤੇ ਨਾ ਸੂਫੀਅਤ ਨਾਲ ਹੈ। ਉਨ੍ਹਾਂ ਦੀ ਪ੍ਰਤੀਬੱਧਤਾ ਤਾਂ ਪ੍ਰਕਿਰਤੀ ਨਾਲ ਹੈ। ਜਿਸ ਦੀ ਗੋਦ ਵਿਚ ਉਨ੍ਹਾਂ ਨੂੰ ਨਰ ਦੇ ਪੱਟ ਤੋਂ ਤਿਆਰ ਕੀਤੀ ਅਸਾਧਾਰਣ ਤੇ ਵਿਗੜੀ ਖੁਰਾਕ ਤੱਕ ਪ੍ਰਾਪਤ ਹੈ । ਸੋਹਣੀ-ਮਹੀਂਵਾਲ ਦੀ ਪ੍ਰੀਤ ਕਥਾ ਵਿਚ ਇਸ ਨੂੰ ਉਹੀ ਮਹੱਤਤਾ ਹੈ ਜੋ ਹੀਰ-ਰਾਂਝਾ ਦੀ ਪ੍ਰੀਤ-ਕਥਾ ਵਿਚ ਚੂਰੀ ਨੂੰ ਹੈ, ਇਸ ਕਰੁਣਾਮਈ ਅੰਤਰ ਸਹਿਤ ਕਿ ਵੇਲੇ ਦੇ ਸਮਾਜਕ ਸੰਦਰਭ ਵਿਚ ਤਾਂ ਪ੍ਰਕਿਰਤਕ ਪ੍ਰਕਾਰ ਦੀ ਰਹਿਤਲ ਨੂੰ ਉਹ ਸਤੰਤਰਤਾ ਵੀ ਨਹੀਂ ਜੋ ਤ੍ਰਾਸਦਮਈ ਰੂਪ ਵਿਚ ਹੀਰ- ਰਾਂਝਾ ਦੀ ਪ੍ਰੀਤ-ਕਥਾ ਵਿਚ ਅੰਕਿਤ ਹੈ । ਇਸੇ ਕਾਰਨ ਇਸ ਪ੍ਰੀਤ-ਕਥਾ ਵਿਚ ਦਰਿਆ ਪਾਰ ਹੀ . ਹੁੰਦਾ ਹੈ ਇਸ ਵਿਚ ਆਨੰਦ ਨਹੀਂ ਮਾਣਿਆ ਜਾਂਦਾ ਜੋ ਹੀਰ ਆਪਣੀਆਂ ਸਖੀਆਂ ਸੰਗ ਰਾਂਝੇ ਨਾਲ ਪਹਿਲਾਂ ਝਨਾ ਵਿਚ ਤੇ ਫੇਰ ਇਸ ਦੇ ਕੰਢੇ ਨਾਲ ਫੈਲੇ ਬੇਲੇ ਵਿਚ ਮਾਣਦੀ ਹੈ । ਏਥੇ ਤਾਂ ਦਰਿਆ ਪਾਰ ਕਰਨ ਲਈ ਬੇੜੀ ਵੀ ਪ੍ਰਾਪਤ ਨਹੀਂ, ਉਹ ਵੀ ਘੜੇ ਨਾਲ ਪਾਰ ਕਰਨਾ ਪੈਂਦਾ ਹੈ, ਅਖੀਰਲੀ ਵਾਰ ਕੱਚੇ ਘੜੇ ਨਾਲ ਜੋ ਸਹਿਜੇ ਹੀ ਇਸ ਵਿਦਰੋਹ ਦੀ ਨਿਰਬਲਤਾ ਤੇ ਇਸ ਉਪਰ ਮੰਡਲਾਉਂਦੇ ਸੰਕਟ ਵਲ ਸੰਕੇਤ ਕਰ ਦਿੰਦਾ ਹੈ । ਦਰਿਆ ਪਾਰ ਮਹੀਂਵਾਲ ਦੀ ਝੋਂਪੜੀ ਵਿਚ ਉਨ੍ਹਾਂ ਦੇ ਹਿੱਸੇ ਉਹ ਨੀਂਦਰ ਵੀ ਨਹੀਂ ਆਉਂਦੀ ਜੋ ਚੂਰੀ ਦੇ ਰੂਪ ਵਿਚ ਅਸਾਧਾਰਣ ਖੁਰਾਕ ਖਾ ਕੇ ਸਖੀਆਂ ਦੀ ਸੰਗਤ ਵਿਚ ਇਕ ਦੂਸਰੇ ਨਾਲ ਕਲੋਲ ਕਰ ਕੇ, ਬੇਲੇ ਦੇ ਇਕਾਂਤ ਵਿਚ ਪਿਆਰ-ਲੀਲ੍ਹਾ ਰਚਾ ਕੇ ਪ੍ਰਕਿਰਤੀ ਦੀ ਗੋਦ ਵਿਚ ਹੀਰ ਤੇ ਰਾਂਝੇ ਦੇ ਹਿੱਸੇ ਆਉਂਦੀ ਹੈ । ਖੁਰਾਕ, ਕਲੋਲ, ਪਿਆਰ, ਲੀਲ੍ਹਾ ਤੇ ਨੀਂਦਰ ਵਿਚੋਂ ਸੋਹਣੀ ਤੇ ਮਹੀਂਵਾਲ ਦੇ ਹਿੱਸੇ ਤਾਂ ਖੁਰਾਕ ਤੇ ਪਿਆਰ-ਲੀਲ੍ਹਾ ਹੀ ਆਉਂਦੇ ਹਨ, ਉਨ੍ਹਾਂ ਵਿਚੋਂ ਵੀ ਖੁਰਾਕ ਆਪਣੇ ਵਿਗੜੇ ਹੋਏ ਰੂਪ ਵਿਚ ਕਿਉਂਕਿ ਇਹ ਦਰਿਆ ਵਿਚੋਂ ਪਕੜੀ ਮਛਲੀ ਦੀ ਥਾਂ, ਮਹੀਂਵਾਲ ਦੇ ਪੱਟ ਵਿਚੋਂ ਕੱਢੀ ਮਛਲੀ ਨੂੰ ਭੁੰਨ ਕੇ ਪ੍ਰਾਪਤ ਹੁੰਦੀ ਹੈ । ਇਸੇ ਤਰ੍ਹਾਂ ਸੋਹਣੀ-ਮਹੀਂਵਾਲ ਦੀ ਪ੍ਰੀਤ-ਕਥਾ ਪ੍ਰਕਿਰਤੀ ਦੇ ਪੈਂਤੜੇ ਤੋਂ ਨੈਤ੍ਰਿਤਵਹੀਣ ਲੋਕਾਈ ਦੇ ਬਹੁਤ ਹੀ ਅਮੋੜ, ਵੇਗਮਈ ਪਰ ਨਾਲ ਹੀ ਕਰੁਣਾਮਈ ਵਿਦਰੋਹ ਨੂੰ ਸਾਕਾਰ ਕਰਦੀ ਹੈ ।
ਇਸ ਤਰ੍ਹਾਂ ਦੇ ਵਿਦਰੋਹ ਦੇ ਅੰਸ਼ ਹਰ ਸ਼ੈਣੀ ਤੇ ਹਰ ਵਰਗ ਦੇ ਲੋਕਾਂ ਦੇ ਮਨਾਂ ਵਿਚ ਵਿਆਪਕ ਹਨ ਕਿਉਂਕਿ ਇਤਿਹਾਸਕ ਉੱਥਲ-ਪੁੱਥਲ ਤੇ ਉਤਪਾਦਕ ਪਰਿਵਰਤਨ ਦੇ ਬਾਵਜੂਦ, ਪ੍ਰਕਿਰਤੀ ਜੀਵਨ ਵਿਚੋਂ ਖਾਰਜ ਨਹੀਂ ਹੋਈ । ਨਾਲ ਹੀ ਉਤਲੀ, ਵਿਚਲੀ ਤੇ ਨਿਚਲੀ ਸ਼ੈਣੀ ਦੇ ਲੋਕਾਂ ਲਈ ਇਹ ਵਿਦਰੋਹ ਆਪਣੇ ਸ਼ੁੱਧ ਰੂਪ ਵਿਚ ਪ੍ਰਵਾਨ ਹੀ ਨਹੀਂ ਹੋ ਸਕਦਾ । ਇਹ ਤਾਂ ਉਨ੍ਹਾਂ ਨੂੰ ਪ੍ਰਵਾਨਤ/ ਅਪ੍ਰਵਾਨਤ ਰਹਿੰਦਾ ਹੈ ਜਿਵੇਂ ਕਿ ਸੋਹਣੀ-ਮਹੀਂਵਾਲ ਦੀ ਪ੍ਰੀਤ-ਕਥਾ ਪ੍ਰਤੀ ਉਨ੍ਹਾਂ ਦੇ ਰਵੱਈਏ ਤੋਂ ਭਲੀਭਾਤ ਹੀ ਸਪੱਸ਼ਟ ਹੈ । ਇਸ ਦੇ ਵਿਪਰੀਤ ਸੋਭਾ ਸਿੰਘ ਦਾ ਸੋਹਣੀ-ਮਹੀਂਵਾਲ ਚਿੱਤਰ ਲੋਕਾਂ ਨੂੰ ਪ੍ਰਵਾਨਤ ਹੈ । ਕਾਰਨ ਇਸ ਦਾ ਸ਼ਾਇਦ ਇਹ ਹੈ ਕਿ ਉਸ ਨੇ ਪ੍ਰਵਾਨਗੀ ਵਾਲੇ ਅੰਸ਼ਾਂ ਨੂੰ ਉਭਾਰਿਆ ਤੇ ਲੋੜ ਤੋਂ ਵੱਧ ਉਭਾਰਿਆ ਹੈ ਅਤੇ ਅਪ੍ਰਵਾਨਗੀ ਵਾਲੇ ਅੰਸ਼ਾਂ ਨੂੰ ਇਉਂ ਪਰਿਵਰਤਿਤ ਕਰ ਦਿੱਤਾ ਹੈ ਕਿ ਉਨ੍ਹਾਂ ਉਦਾਲੇ ਵੀ ਪ੍ਰਵਾਨਗੀ ਦਾ ਪਰਵਾਰ ਉੱਭਰ ਆਇਆ ਹੈ । ਇਸ ਸਭ ਕੁਝ ਦੇ ਨਿਰੀਖਣ ਲਈ ਚਿਤਰ ਦੇ ਵਿਸ਼ਾ-ਪ੍ਰਬੰਧ ਤੇ ਰੂਪ-ਵਿਧੀ ਵਿਚਲੇ ਅੰਤਰ-ਸੰਬੰਧ ਤੇ ਅੰਤਰ-ਵਿਰੋਧ ਨੂੰ ਸਮਝਣਾ ਬੜਾ ਜ਼ਰੂਰੀ ਹੈ ।
ਸੋਹਣੀ-ਮਹੀਂਵਾਲ ਚਿੱਤਰ ਵਿਚ ਇਸ ਪ੍ਰੀਤ-ਕਥਾ ਦੇ ਵਿਸ਼ੇਸ਼ ਪਲ ਨੂੰ ਚੁਣਿਆ ਗਿਆ ਹੈ, ਉਸ ਪਲ ਨੂੰ ਜਦੋਂ ਉਹ ਝਨਾਂ ਵਿਚ ਉਮਡ ਰਹੇ ਹੜ੍ਹ ਦੀ ਲਪੇਟ ਵਿਚੋਂ ਨਿਕਲ ਕੇ ਆ ਰਹੇ ਹਨ । ਹੜ੍ਹ ਦੀ ਲਪੇਟ ਵਿਚੋਂ ਆਉਣ ਵੇਲੇ ਉਹ ਬੇਸੁੱਧ ਜਹੀ ਅਵਸਥਾ ਵਿਚ ਨਜ਼ਰ ਆਉਂਦੇ ਹਨ। ਇਸ ਤਰ੍ਹਾਂ ਪ੍ਰੀਤ-ਕਥਾ ਵਿਚਲਾ ਕਾਲਿਕੀ ਤੇ ਦੇਸ਼-ਮੂਲਕ ਫੈਲਾਉ ਚਿੱਤਰ ਵਿਚ ਸਿਰਜੇ ਜਗਤ ਤੋਂ ਬਾਹਰ ਰਹਿ ਜਾਂਦਾ ਹੈ । ਦਰਅਸਲ, ਕਾਲਿਕੀ ਤੇ ਦੇਸ਼-ਮੂਲਕ ਫੈਲਾਉ ਦੀ ਥਾਂ ਇਕ ਪਲ ਤੇ ਹੀ ਚਿੱਤਰ ਦੇ ਜਗਤ ਨੂੰ ਕੇਂਦਰਿਤ ਕਰਨਾ ਚਿੱਤਰ ਦੀ ਹੀ ਨਹੀਂ ਸ਼ਾਇਦ ਚਿੱਤਰਕਲਾ ਦੀ ਵੀ ਮਜਬੂਰੀ ਹੈ । ਪਰੰਤੂ ਇਸ ਤਰ੍ਹਾਂ ਦੀ ਮਜਬੂਰੀ ਨੂੰ ਪਾਰ ਕੀਤਾ ਜਾ ਸਕਦਾ ਸੀ ਕੁਝ ਇਸ ਤਰ੍ਹਾਂ ਦੇ ਸੰਕੇਤਾਂ ਰਾਹੀਂ ਜੋ ਪ੍ਰੀਤ-ਕਥਾ ਵਿਚਲੇ ਕਾਲਿਕੀ ਤੇ ਦੇਸ਼-ਮੂਲਕ ਫੈਲਾਉ ਨੂੰ ਚਿਤਰਣ ਤੋਂ ਤਾਂ ਅਸਫਲ ਸਨ ਪਰ ਇਸਦਾ ਸੰਕੇਤਮਈ ਸੁਝਾਅ ਕੁਝ ਹੱਦ ਤੱਕ ਦੇਣ ਯੋਗ ਹੋ ਜਾਂਦੇ । ਮਿਸਾਲ ਦੇ ਤੌਰ ਤੇ ਸੱਜੀ ਨੁੱਕਰ ਵਿਚ ਕਿਸੇ ਪਰਛਾਵੇਂ ਦੇ ਰੂਪ ਵਿਚ ਜਾਂ ਘੜੇ ਵਿਚ ਆਈ ਕਿਸੇ ਤੇੜ ਰਾਹੀਂ ਪ੍ਰਭਾਵ ਦਿੱਤਾ ਦਾ ਸਕਦਾ ਸੀ ਕਿ ਸਮਾਜ ਦੀਆਂ ਨਜ਼ਰਾਂ ਵਿਚ ਸੋਹਣੀ ਤੇ ਮਹੀਂਵਾਲ ਦਾ ਵੇਗਮਈ ਤੇ ਅਮੋੜ ਪਿਆਰ ਵਰਜਿਤ ਹੈ । ਇਸ ਸੰਕੇਤ ਰਾਹੀਂ ਹੀ ਇਸ ਤੱਥ ਨੂੰ ਸਮਰਥਾ ਮਿਲ ਜਾਣੀ ਸੀ ਕਿ ਉਨ੍ਹਾਂ ਦੀ ਵੇਗਮਈ ਤੇ ਅਮੋੜ ਪਿਆਰ ਵੇਲੇ ਦੇ ਸਮਾਜ ਦੀ ਰਸਮਾਂ ਰਿਵਾਜਾਂ ਲੱਦੀ ਸੋਚ ਦੇ ਵਿਰੁਧ ਵਿਦਰੋਹ ਹੈ ।
ਚਿੱਤਰ ਦੇ ਸੱਜੇ ਕੋਨੇ ਵਿਚ ਤਾਂ ਘੜਾ ਹੈ ਅ-ਤਿੜਕੇ ਰੂਪ ਵਿਚ ਜਿਸ ਦੇ ਗਲ ਤੋਂ ਜਾਪਦਾ ਹੈ ਕਿ ਉਸ ਵਿਚ ਨਿਰ-ਬਸਤਰ ਸੋਹਣੀ ਦਾ ਬਸਤਰ ਹੈ ਇਸ ਵਿਦਰੋਹ ਦੇ ਸਮਾਜਕ ਪੱਖ ਨੂੰ ਹੀ ਤਾਂ ਚਿੱਤਰਕਾਰ ਨਜ਼ਰ ਅੰਦਾਜ਼ ਕਰਨਾ ਚਾਹੁੰਦਾ ਹੈ ਕਿਉਂਕਿ ਉਸ ਅਨੁਸਾਰ ਤਾਂ ਇਸ ਤਰ੍ਹਾਂ ਦੀ ਪ੍ਰੀਤ ਦਾ ਇਸ ਤਰ੍ਹਾਂ ਦਾ ਅੰਤ ਇਕ ਅਧਿਆਤਮਕ ਹੋਣੀ ਹੈ । ਇਸ ਤੱਥ ਨੂੰ ਉਘਾੜਣ ਲਈ ਉਸਨੇ ਸੋਹਣੀ ਤੇ ਮਹੀਂਵਾਲ ਨੂੰ ਝਨਾਂ ਵਿਚ ਉੱਠੇ ਹੜ੍ਹ ਤੇ ਆਕਾਸ਼ਾਂ ਵਿਚ ਝੁਲਦੇ ਝੱਖੜ ਦੀ ਸੰਭਾਵਨਾ ਦੇ ਸਨਮੁਖ ਚਿਤਰਿਆ ਹੈ, ਬਿਨਾਂ ਕਿਸੇ ਅਜਿਹੇ ਸੰਕੇਤ ਦੇ ਕਿ ਇਸ ਹੜ੍ਹ ਤੇ ਝੱਖੜ ਦੇ ਸਨਮੁਖ ਆ ਜਾਣ ਦੀ ਸੰਭਾਵਨਾ ਉਨ੍ਹਾਂ ਦੀ ਸਮਾਜਕ ਮਜਬੂਰੀ ਸੀ । ਕਿਉਂਕਿ ਹੜ੍ਹ ਤੇ ਝੱਖੜ ਵਿਚੋਂ ਲੰਘ ਕੇ ਦਰਿਆ ਦੇ ਉਸ ਪਾਰ ਮਿਲਣਾ ਉਨ੍ਹਾਂ ਦੀ ਅਧਿਆਤਮਕ ਹੋਣੀ ਹੈ । ਸਮਾਜਕ ਮਜਬੂਰੀ ਵੱਸ ਜੀਵਨ ਅਨੁਭਵ ਨਹੀਂ ਇਸ ਲਈ ਪੂਰੀ ਕਠੋਰਤਾ ਨਾਲ ਝੁੱਲ ਰਹੇ ਹੜ੍ਹ ਤੇ ਝੱਖੜ ਦੀ ਸੰਭਾਵਨਾ ਦਾ ਵਿਆਪਕ ਪ੍ਰਭਾਵ ਉਨ੍ਹਾਂ ਦੇ ਤਨਾਂ ਤੋਂ ਕਿਵੇਂ ਵੀ ਸਨਮੁਖ ਨਹੀਂ ਹੁੰਦਾ । ਮਿਸਾਲ ਦੇ ਤੌਰ ਤੇ ਸੋਹਣੀ ਵਾਸਤਵ ਵਿਚ ਇਸ ਹੜ੍ਹ ਤੇ ਝੱਖੜ ਦੀ ਸੰਭਾਵਨਾ ਨੂੰ ਲੰਘਕੇ ਆਈ ਹੈ ਪਰ ਉਸਦੇ ਗੁੰਦੇ ਹੋਏ ਵਾਲਾਂ ਤੇ ਇਸ ਕਹਿਰ ਦਾ ਰਤਾ ਭਰ ਵੀ ਪ੍ਰਭਾਵ ਨਹੀਂ ਪੈਂਦਾ । ਕੋਈ ਵੀ ਲਿਟ ਆਪਣੀ ਥਾਂ ਤੋਂ ਅਸਥਿਰ ਨਹੀਂ । ਵਾਲਾਂ ਵਿਚ ਲੱਗੇ ਕਲਿੱਪ, ਕੰਨਾਂ ਵਿਚ ਪਾਈਆਂ ਡੰਡੀਆਂ, ਨਕ ਵਿਚਲੇ ਕੋਕੇ ਤੇ ਗਲ ਉਦਾਲੇ ਹਾਰ ਤੇ ਤਾਂ ਇਸਦਾ ਕੀ ਪ੍ਰਭਾਵ ਪੈਣਾ ਸੀ । ਵਾਲਾਂ ਤੇ ਗਹਿਣਿਆਂ ਦਾ ਆਪਣੇ ਨਿਸਚਿਤ ਰੂਪ ਵਿਚ ਜਿਉਂ ਦਾ ਤਿਉਂ ਰਹਿਣਾ ਵੀ ਉਨ੍ਹਾਂ ਦੀ ਅਧਿਆਤਮਕ ਹੋਣੀ ਨੂੰ ਉਘਾੜਦਾ ਹੈ ਕਿਉਂਕਿ ਇਸ ਤਰ੍ਹਾਂ ਸਿੱਧ ਹੋ ਜਾਂਦਾ ਹੈ ਕਿ ਇਸ ਉੱਦਤਤਾ ਕਾਰਨ ਹੀ ਜਿਸਦੇ ਕਿ ਇਹ ਗਹਿਣੇ ਬਾਹਰੀ ਪ੍ਰਤੀਕ ਹਨ, ਇਨ੍ਹਾਂ ਆਸ਼ਕਾਂ ਦੀ ਅਧਿਆਤਮਕ ਹੋਣੀ ਜਿਉਂ ਦੀ ਤਿਉਂ ਰਹਿੰਦੀ ਹੈ । ਇਸੇ ਪ੍ਰਭਾਵ ਨੂੰ ਸਮਰਥਾ ਪ੍ਰਦਾਨ ਕਰਨ ਲਈ ਮਹੀਂਵਾਲ ਨੂੰ ਪਿੱਠ ਭੂਮੀ ਵਿਚ ਨਹੀਂ ਤਾਂ ਸੋਹਣੀ ਦੇ ਸੱਜੇ ਪਾਸੇ ਦਿਖਾਇਆ ਗਿਆ ਹੈ । ਮਹੀਂਵਾਲ ਦਾ ਸੋਹਣੀ ਦੇ ਸੱਜੇ ਪਾਸੇ ਹੋਣ ਦੀ ਸਮਾਜਕ ਮਹੱਤਤਾ ਇਸ ਪੱਖ ਤੋਂ ਵੀ ਹੋ ਸਕਦੀ ਸੀ ਕਿ ਸਮਾਜਕ ਰਹੁ-ਰੀਤੀਆਂ ਦੇ ਵਿਪਰੀਤ ਇਸ ਸਥਿਤੀ ਦਾ ਆਵੇਸ਼ ਨਾਰ-ਸਮਰਥਾ ਤੋਂ ਹੋ ਰਿਹਾ ਹੈ । ਆਖਿਰ ਕਿਸੇ ਚਿੱਤਰ ਵਿਚਲੇ ਨਾਰ ਦਾ ਅੱਗਰ-ਭੂਮੀ ਵਿਚ ਤੇ ਨਰ ਦਾ ਪਿੱਠ ਭੂਮੀ ਵਿਚ ਹੋਣ ਦਾ ਵਿਥਮਈ ਤੇ ਸ਼ਿਲਪੀ ਸੰਦਰਭ ਹੀ ਨਹੀਂ । ਇਸ ਦਾ ਸੰਦਰਭ ਗੁਣਾਤਮਕ ਤੇ ਤਥਾਤਮਕ ਵੀ ਹੈ। ਪਰ ਰਤਾ ਕੁ ਉਲਾਰ ਜੋ ਸੋਹਣੀ ਦੇ ਸਿਰ ਦਾ ਮਹੀਂਵਾਲ ਦੇ ਮੋਢੇ ਉਪਰ ਹੈ, ਇਸ ਸੰਭਾਵਨਾ ਨੂੰ ਨਿਖੇਧ ਦਿੰਦਾ ਹੈ। ਨਤੀਜੇ ਵਜੋਂ ਉਨ੍ਹਾਂ ਦੀ ਨੇੜਤਾ ਜੋ ਨਾਰ ਦਾ ਨਰ ਦੇ ਖੱਬੇ ਪਾਸੇ ਹੋਣ ਨਾਲ ਪਰਵਾਨ ਚੜ੍ਹਦੀ ਹੈ ਸਮਾਜਕ ਰਹੁ- ਰੀਤੀ ਦੀ ਖੁਸ਼-ਫਹਿਮੀ ਦਾ ਹੀ ਪੱਖ ਪੂਰਣ ਲੱਗ ਪੈਂਦੀ ਹੈ । ਨਾਰ ਨੂੰ ਦੇਸ਼-ਮੂਲਕ ਤੇ ਨਰ ਨੂੰ ਕਾਲਿਕੀ ਸਿੱਧ ਕਰਨ ਦੀ ਥਾਂ ਨਰ ਨੂੰ ਪ੍ਰਥਮ ਤੇ ਨਾਰ ਨੂੰ ਗੌਣ ਸਿੱਧ ਕਰਨ ਵਲ ਰੁਚਿਤ ਹੋ ਜਾਂਦੀ ਹੈ । ਨਿਰਸੰਦੇਹ ਚਿੱਤਰ ਵਿਚ ਚਿੱਤਰਿਆ ਪਲ ਤੇ ਇਸ ਪਲ ਨੂੰ ਸਾਕਾਰ ਕਰਨ ਲਈ ਸੋਹਣੀ ਤੇ ਮਹੀਂਵਾਲ ਦੀ ਨਿਰਧਾਰਿਤ ਕੀਤੀ ਗਈ ਨੇੜਤਾ ਨੈਤ੍ਰਿਤਵਹੀਣ ਲੋਕਾਈ ਦੀ ਖੁਸ਼-ਫਹਿਮੀ ਨੂੰ ਹੀ ਸਮਰਥਾ ਦਿੰਦੀ ਹੈ । ਏਹੋ ਹੀ ਕਰਤੱਵ ਉਨ੍ਹਾਂ ਦੇ ਤਨ-ਚਿਤਰਣ ਦੇ ਹਿੱਸੇ ਆਉਂਦਾ ਹੈ । ਸੋਹਣੀ ਦਰਿਆ ਵਿਚੋਂ ਮਹੀਂਵਾਲ ਸੰਗ ਧਰਤੀ ਵਲ ਆਉਂਦੀ ਦਿਖਾਈ ਗਈ ਹੈ । ਉਸਨੂੰ ਦਰਿਆ ਵਿਚੋਂ ਨਿਕਲ ਕੇ ਧਰਤੀ ਤੇ ਵਿਚਰਦੀ ਨਹੀਂ ਦਿਖਾਇਆ ਗਿਆ ਕਿਉਂਕਿ ਉਸ ਹਾਲਤ ਵਿਚ ਸੋਹਣੀ ਤੇ ਮਹੀਂਵਾਲ ਨੂੰ ਸੰਭੋਗ ਦੀ ਅਵਸਥਾ ਵਿਚ ਨਹੀਂ ਤਾਂ ਇਸ ਅਵਸਥਾ ਵਲ ਰੁਚਿਤ ਦਿਖਾਇਆ ਜਾਣਾ ਸੀ । ਇਸ ਪਲ ਨੂੰ ਚਿੱਤਰ ਕੇ ਨੈਤ੍ਰਿਤਵਹੀਣ ਲੋਕਾਈ ਦੀ ਖੁਸ਼-ਫ਼ਹਿਮੀ ਦਾ ਪੱਖ ਨਹੀਂ ਪੂਰਿਆ ਜਾਣਾ ਸੀ । ਉਸ ਹਾਲਤ ਵਿਚ ਚਿਤਰੇ ਪਲ ਦਾ ਖਜੁਰਾਓ ਦਿਆਂ ਚਿੱਤਰਾਂ ਵਿਚ ਘੜੀਆਂ ਮੁਦਰਾਵਾਂ ਦਾ ਅਨੁਕਰਣ ਹੋ ਜਾਣ ਦਾ ਅੰਦੇਸ਼ਾ ਸੀ । ਭਾਰਤੀ ਬੁੱਤ-ਕਲਾ ਵਿਚੋਂ ਕਿਸੇ ਮੁਦਰਾ ਦਾ ਚਿੱਤਰ ਦੇ ਰੂਪ ਵਿਚ ਅਨੁਕਰਣ ਕਰਕੇ ਇਸ ਚਿੱਤਰ ਦੇ ਵਿਸ਼ਾ-ਪ੍ਰਬੰਧ ਨੇ ਭੋਗ-ਵਿਲਾਸ ਦਾ ਪਰਵਾਰ ਇਖਤਿਆਰ ਕਰ ਲੈਣਾ ਸੀ । ਇਸ ਤਰ੍ਹਾਂ ਇਸ਼ਕ ਦਾ ਅਧਿਆਤਮਕ ਹੋਣੀ ਹੋਣ ਦਾ ਪ੍ਰਭਾਵ ਹੀ ਝੁਠਲਾਇਆ ਨਹੀਂ ਜਾਣਾ ਸੀ ਸਗੋਂ ਉਸ ਮੁਦਰਾ ਅਧੀਨ ਅਪ੍ਰਵਾਣਿਤ ਅੰਗਾਂ ਨੂੰ ਪ੍ਰਧਾਨਤਾ ਮਿਲ ਜਾਣੀ ਸੀ । ਮਿਸਾਲ ਦੇ ਤੌਰ ਤੇ ਛਾਤੀਆਂ ਨੂੰ ਵਧੇਰੇ ਭਾਰੀਆਂ ਤੇ ਨਿਤੰਬਾਂ ਨੂੰ ਵਧੇਰੇ ਉਭਰਵੇਂ ਦਿਖਾਇਆ ਜਾਣਾ ਸੀ ਜਿਨ੍ਹਾਂ ਨੇ ਅਵੱਸ਼ ਹੀ ਭਾਰੇ ਤੇ ਉਭਰਵੇਂ ਰੂਪ ਵਿਚ ਲੋਕ-ਪ੍ਰਵਾਣਿਤ ਖੁਸ਼-ਫਹਿਮੀ ਨੂੰ ਭੰਗ ਕਰ ਦੇਣਾ ਸੀ ।
ਜੇ ਚਿੱਤਰਕਾਰ ਦੀ ਮਨਸ਼ਾ ਇਹ ਦਿਖਾਉਣ ਦੀ ਹੁੰਦੀ ਕਿ ਸੋਹਣੀ ਵਿਚ ਝੂਲਦੇ ਝੱਖੜ ਤੇ ਉਮਡਦੇ ਹੜ੍ਹ ਦੀ ਸੰਭਾਵਨਾ ਨੂੰ ਚੁਣੌਤੀ ਦੇਣ ਦੀ ਸਮਰਥਾ ਹੈ ਤਾਂ ਉਸਨੂੰ ਪੁਰਾਤਨ ਯੂਨਾਨੀ ਸੁੰਦਰੀ ਦੀ ਦੇਵੀ ਵੀਨਸ ਵਾਂਗ ਪਾਣੀ ਦੀ ਤਹਿ ਨੂੰ ਚੀਰਦੀ ਹੋਈ ਮੁਦਰਾ ਵਿਚ ਹੀ ਨਹੀਂ ਚਿਤਰੀ ਜਾਣਾ ਸੀ ਸਗੋਂ ਉਸਦੇ ਤਨ ਦਾ ਵਧੇਰੇ ਚੁਸਤ, ਸਿੱਧੀਆਂ ਤਣੀਆਂ ਹੋਈਆਂ ਲੱਤਾਂ ਦਾ ਵਧੇਰੇ ਪਤਲਾ ਤੇ ਤਨ ਦੇ ਉਪਰਲੇ ਹਿੱਸੇ ਨਾਲੋਂ ਵਧੇਰੇ ਲੰਮੀਆਂ ਹੋਣਾ ਅਨਿਵਾਰੀ ਹੋ ਜਾਣਾ ਸੀ । ਸ਼ਾਇਦ ਉਸਦੀਆਂ ਛਾਤੀਆਂ ਨੇ ਵੀ ਵਧੇਰੇ ਤਣੀਆਂ ਹੋਈਆਂ ਨਜ਼ਰ ਆਉਣਾ ਸੀ । ਇੱਥੇ ਸਿਧਾਂਤਿਕ ਪ੍ਰੀਪੇਖ ਤੋਂ ਧਿਆਨ ਵਿਚ ਰੱਖਣ ਵਾਲੀ ਗੱਲ ਇਹ ਹੈ ਕਿ ਇਸ ਪੁਰਾਤਨ ਯੂਨਾਨੀ ਦੇਵੀ ਦੇ ਅੰਗਾਂ ਨੂੰ ਵਿਰਸੇ ਵਿਚ ਲੈਂਦਾ ਹੋਇਆ ਨਾਰ ਦਾ ਤਨ ਉਸ ਨਾਰ ਦੇ ਤਨ ਨਾਲੋਂ ਬਹੁਤ ਭਿੰਨ ਹੋਣਾ ਜ਼ਰੂਰੀ ਹੈ ਜੋ ਖਜੁਰਾਓ ਦਿਆਂ ਬੁੱਤਾਂ ਵਿਚ ਤਰਾਸ਼ੀਆਂ ਭਾਰਤੀ ਇਸਤਰੀਆਂ ਵਾਂਗ ਭੋਗ-ਵਿਲਾਸ ਵਿਚ ਮਸਤ ਹੈ । ਖਜੁਰਾਓ ਦਿਆਂ ਬੁੱਤਾਂ ਵਿਚ ਤਰਾਸ਼ੀਆਂ ਭਾਰਤੀ ਇਸਤਰੀਆਂ ਦੇ ਤਨ ਗੁਦਗੁਦੇ ਹਨ । ਉਨ੍ਹਾਂ ਦੀਆਂ ਛਾਤੀਆਂ ਲੋੜ ਤੋਂ ਵੱਧ ਭਾਰੀਆਂ ਤੇ ਨਿਤੰਬ ਲੋੜ ਤੋਂ ਵੱਧ ਉਭਰਵੇਂ ਹਨ । ਉਨ੍ਹਾਂ ਦੇ ਤਨਾਂ ਦਾ ਨਿਚਲਾ ਭਾਗ ਵੀ ਉਤਲੇ ਭਾਗ ਵਾਂਗ ਹੀ ਗੁਦਗੁਦਾ ਹੈ । ਇਉਂ ਲਗਦਾ ਹੈ ਕਿ ਇਸ ਗੁਦਗੁਦਾਪਣ ਦਾ ਪ੍ਰਭਾਵ ਦੇਣ ਲਈ ਹੀ ਉਹ ਇਸ ਸੰਸਾਰ ਤੇ ਹਨ ਜਿਉਂ ਦੀਆਂ ਤਿਉਂ ਕਿਉਂਕਿ ਉਨ੍ਹਾਂ ਦੇ ਜਨਮ, ਬਚਪਨ ਤੇ ਬਾਲਪਣ ਬਾਬਤ ਕੋਈ ਵੀ ਕਿਆਸ ਨਹੀਂ ਹੋ ਸਕਦਾ । ਆਪਣੇ ਵਰਗੀ ਹੀ ਤਨਾਂ ਦੀ ਬਣਤਰ ਵਾਲੇ ਨਰਾਂ ਨਾਲ ਉਹ ਹਰ ਪਲ ਤੇ ਹਰ ਥਾਂ ਭੋਗ-ਵਿਲਾਸ ਕਰਦੀਆਂ ਜਾਪਦੀਆਂ ਹਨ। ਇਸ ਭੋਗ-ਵਿਲਾਸ ਦੀ ਮਿਆਦ ਬਾਬਤ ਕੋਈ ਕਿਆਸ ਨਹੀਂ ਕੀਤਾ ਜਾ ਸਕਦਾ : ਇਹ ਭੋਇਂ ਮੁਖੀ ਤੇ ਆਕਾਸ਼-ਮੁਖੀ ਹਰ ਮੁਦਰਾ ਵਿਚ ਨੇਪਰੇ ਚੜ੍ਹ ਰਿਹਾ ਜਾਪਦਾ ਹੈ । ਜੇ ਇਉਂ ਕਹਿ ਲਿਆ ਜਾਵੇ ਕਿ ਆਕਾਸ਼-ਮੁਖੀ ਮੁਦਰਾਵਾਂ ਦੀ ਮਹੱਤਤਾ ਵੀ ਭੋਇਂ-ਮੁਖੀ ਹੀ ਹੈ ਤਾਂ ਇਨ੍ਹਾਂ ਮੁਦਰਾਵਾਂ ਦੀ ਵਿਆਖਿਆ ਵਿਚ ਕਿਸੇ ਵਿਗਾੜ ਦਾ ਪ੍ਰਵੇਸ਼ ਨਹੀਂ ਹੁੰਦਾ । ਇਸੇ ਤਰ੍ਹਾਂ ਕਿਸੇ ਮੁਦਰਾ ਵਿਚ ਉਨ੍ਹਾਂ ਦੇ ਨੈਣ-ਖੁੱਲ੍ਹੇ ਤੇ ਕਿਸੇ ਵਿਚ ਬੰਦ ਹਨ ਪਰ ਕਿਤੇ ਵੀ ਉਨ੍ਹਾਂ ਦੇ ਖੁਲ੍ਹੇ ਨੈਣਾਂ ਤੋਂ ਇਹ ਪ੍ਰਭਾਵ ਨਹੀਂ ਪੈਂਦਾ ਕਿ ਉਹ ਕਿਸੇ ਦਿਸ਼ਾ ਵਿਚ ਨੀਝ ਨਾਲ ਤੱਕ ਰਹੀਆਂ ਹਨ ਅਤੇ ਇਸਦਾ ਨਿਰੀਖਣ ਕਰ ਰਹੀਆਂ ਹਨ । ਆਪਣੇ ਸਾਥੀਆਂ ਦੇ ਤਨਾਂ ਤੋਂ ਪਾਰ ਝਾਕਣ ਦੀ ਨਾ ਤਾਂ ਉਨ੍ਹਾਂ ਵਿਚ ਸਮਰਥਾ ਹੈ ਤੇ ਨਾ ਹੀ ਇਸਦੀ ਉਨ੍ਹਾਂ ਤੋਂ ਸੰਭਾਵਨਾ ਹੀ ਹੋ ਸਕਦੀ ਹੈ । ਪੁਰਾਤਨ ਯੂਨਾਨੀ ਸੁੰਦਰਤਾ ਦੀ ਦੇਵੀ ਵੀਨਸ ਦਾ ਸਮੁੱਚਾ ਪ੍ਰਭਾਵ ਇਨ੍ਹਾਂ ਭੋਗ-ਵਿਲਾਸ ਵਿਚ ਮਸਤ ਭਾਰਤੀ ਇਸਤਰੀਆਂ ਦੇ ਵਿਪਰੀਤ ਹੈ । ਉਸਦਾ ਤਨ ਸਰੂ ਵਾਂਗ ਲੰਮਾ ਤੇ ਪਤਲਾ ਹੈ ਪਰ ਜਿਵੇਂ ਵੀ ਇਸਦੇ ਲੰਮੇਪਣ ਤੇ ਪਤਲੇਪਣ ਤੋਂ ਇਸਦੇ ਨਿਰਬਲ ਹੋਣ ਦਾ ਪ੍ਰਭਾਵ ਨਹੀਂ ਪੈਂਦਾ । ਉਹ ਆਕਾਸ਼-ਮੁਖੀ ਮੁਦਰਾ ਵਿਚ ਸਿੱਧੀ ਸਤੋਰ ਖੜ੍ਹੀ ਹੈ । ਇਉਂ ਲਗਦਾ ਹੈ ਕਿ ਇਹ ਆਕਾਸ਼-ਮੁਖੀ ਮੁਦਰਾ ਉਸਦੀ ਨੈਤ੍ਰਿਤਵਸ਼ੀਲਤਾ ਲਈ ਅਨਿਵਾਰੀ ਹੈ ਅਤੇ ਭੋਇੰ-ਮੁਖੀ ਮੁਦਰਾ ਤਾਂ ਉਸਨੂੰ ਹੋ ਸਕਦਾ, ਨੈਤ੍ਰਿਤਵਹੀਣ ਕਰਕੇ ਰੱਖ ਦੇਵੇ । ਉਸਦੇ ਬਚਪਨ ਤੇ ਬਾਲਪਣ ਦਾ ਕਿਆਸ ਹੋ ਸਕਦਾ ਹੈ। ਅਤੇ ਇਸ ਗੱਲ ਦਾ ਵੀ ਕਿ ਜਿਉਂ ਜਿਉਂ ਉਹ ਜਵਾਨ ਹੁੰਦੀ ਗਈ ਹੈ ਉਸਦੀ ਨੈਤ੍ਰਿਤਵਸ਼ੀਲਤਾ ਵਿਚ ਵਾਧਾ ਹੁੰਦਾ ਗਿਆ ਹੈ । ਉਸਦੇ ਨੈਣ ਖੁਲ੍ਹੇ ਹਨ ਪਰੰਤੂ ਉਸਦੀ ਨਿਗਾਹ ਨਾ ਤਾਂ ਧਰਤੀ ਤੇ ਕੇਂਦਰਿਤ ਹੈ ਤੇ ਨਾ ਆਕਾਸ਼ ਵਲ ਉੱਠੀ ਹੋਈ ਹੈ । ਇਹ ਤਾਂ ਦਿਸ-ਹੱਦੇ ਤੋਂ ਪਾਰ ਦੂਰੀ ਨੂੰ ਨਿਹਾਰ ਰਹੀ ਹੈ। ਤੇ ਆਪਣੀ ਨੈਤ੍ਰਿਤਵਸ਼ੀਲਤਾ ਵਿਚ ਵਿਕਾਸ ਦੀ ਸੰਭਾਵਨਾ ਵਲ ਸੰਕੇਤ ਕਰ ਰਹੀ ਹੈ । ਉਸ ਦੀਆਂ ਪਤਲੀਆਂ ਪਰ ਵਿਸ਼ੇਸ਼ ਲੋਅ ਵਿਚ ਪਰਵਾਨ ਚੜ੍ਹੀਆਂ ਉਸਦੀਆਂ ਲੱਤਾਂ ਉਸਦੇ ਤਨ ਦੇ ਉਤਲੇ ਭਾਗ ਨਾਲੋਂ ਲੰਮੇਰੀਆਂ ਹਨ ਤੇ ਉਸਦੇ ਲੰਮ-ਸਲੰਮੇ ਕੱਦ ਤੋਂ ਲਗਦਾ ਹੈ ਕਿ ਭੋਗ- ਵਿਲਾਸ ਲਈ ਉਸਦਾ ਕੋਈ ਪਲ ਰਾਖਵਾਂ ਹੋ ਸਕਦਾ ਹੈ, ਹਰ ਪਲ ਇਸ ਲਈ ਰਾਖਵਾਂ ਰੱਖਣ ਦੀ ਉਸ ਵਿਚ ਪ੍ਰਵਿਰਤੀ ਨਹੀਂ ।
ਸੋਹਣੀ-ਮਹੀਂਵਾਲ ਚਿੱਤਰ ਵਿਚ ਸੋਹਣੀ ਦਾ ਤਨ ਇਨ੍ਹਾਂ ਵਿਚੋਂ ਕਿਸੇ ਵੀ ਇਕ ਸੰਭਾਵਨਾ ਲਈ ਪਰਵਾਨ ਚੜ੍ਹਿਆ ਪ੍ਰਤੀਤ ਨਹੀਂ ਹੁੰਦਾ । ਜਿਸ ਮੁਦਰਾ ਵਿਚ ਉਹ ਝਨਾਂ ਤੋਂ ਬਾਹਰ ਨਿਕਲਦੀ ਦਿਖਾਈ ਗਈ ਹੈ ਉਹ ਨਾ ਤਾਂ ਨਿਰੋਲ ਭੋਇਂ-ਮੁਖੀ ਤੇ ਨਾ ਹੀ ਨਿਰੋਲ ਆਕਾਸ਼-ਮੁਖੀ ਹੈ । ਇਉਂ ਭਾਸਦਾ ਹੈ ਕਿ ਉਹ ਨਾ ਤਾਂ ਪ੍ਰਕਿਰਤੀ ਦੇ ਪ੍ਰਕਟਨ ਨਾਲ ਇਕਸੁਰ ਹੈ ਜੋ ਜਿਉਂ ਦਾ ਤਿਉਂ ਰਹਿੰਦਾ ਹੈ ਤੇ ਨਾ ਜੀਵਨ ਦੇ ਪ੍ਰਕਟਨ ਨਾਲ ਇਕਸੁਰ ਹੈ ਜਿਸ ਵਿਚ ਵਿਕਾਸ ਦੀ ਸੰਭਾਵਨਾ ਹੈ । ਉਸਦੇ ਨੈਣ ਨਾ ਤਾਂ ਇਉਂ ਖੁਲ੍ਹੇ ਹਨ ਕਿ ਉਸਦੀ ਨਿਗਾਹ ਤੋਂ ਦੂਰੀ ਨੂੰ ਨਿਹਾਰਣ ਦੀ ਸਮਰੱਥਾ ਉਜਾਗਰ ਹੋ ਰਹੀ ਹੋਵੇ ਤੇ ਨਾ ਇਉਂ ਆਪ-ਮੁਹਾਰਾਪਣ ਵਿਚ ਬੰਦ ਕਿ ਉਹ ਖੁੱਲ੍ਹੇ ਵੀ ਬੰਦ ਜਾਪਣ ਤੇ ਉਨ੍ਹਾਂ ਨੂੰ ਕੁਝ ਵੀ ਨਿਹਾਰਣ ਦੀ ਆਵੱਸ਼ਕਤਾ ਨਾ ਹੋਵੇ । ਦੋਨਾਂ ਸੰਭਾਵਨਾਵਾਂ ਦੇ ਵਿਪਰੀਤ ਉਸ ਦੇ ਨੈਣ ਸਾਧਾਰਣ ਰੂਪ ਵਿਚ ਬੰਦ ਹਨ। ਵੱਧ ਤੋਂ ਵੱਧ ਜੇ ਉਸਦੇ ਨੈਣਾਂ ਦੀਆਂ ਝਿੰਮਣੀਆਂ ਤੋਂ ਕੋਈ ਪ੍ਰਭਾਵ ਪੈਂਦਾ ਹੈ ਤਾਂ ਇਹ ਕਿ ਝਨਾ ਦੇ ਕੰਢੇ ਤੇ ਪਹੁੰਚਦਿਆਂ ਉਸਨੂੰ ਮਾਰਮਿਕ ਜਿਹੀ ਤਸੱਲੀ ਦਾ ਅਨੁਭਵ ਹੋ ਰਿਹਾ ਹੈ । ਕਿਸੇ ਸੂਰਤ ਵਿਚ ਵੀ ਇਸ ਤਸੱਲੀ ਨੂੰ ਨੈਤ੍ਰਿਤਵਸ਼ੀਲਤਾ ਦੀ ਭਾਵਨਾ ਦਾ ਪ੍ਰਗਟਾਉ ਨਹੀਂ ਮਿਥਿਆ ਜਾ ਸਕਦਾ । ਲੰਮੇ ਨੱਕ ਦਾ ਤਿੱਖਾ ਉਭਾਰ ਤੇ ਬੁਲ੍ਹਾਂ ਵਿਚਕਾਰ ਲਚਕਦਾਰ ਵਿਥ ਰਾਹੀਂ ਵੀ ਇਸ ਤਸੱਲੀ ਦੀ ਭਾਵਨਾ ਨੂੰ ਹੀ ਪ੍ਰਤੀਨਿੱਧਤਾ ਪ੍ਰਦਾਨ ਹੁੰਦੀ ਹੈ । ਧੌਣ ਦੀਆਂ ਨਾੜਾਂ ਦਾ ਤਣਾਉ ਪਰ ਚਿਹਰੇ ਤੇ ਵਿਸਤ੍ਰਿਤ ਤਸੱਲੀ ਦੀ ਭਾਵਨਾ ਦਾ ਅਨੁਮੁਲਨ ਕਰਦਾ ਜਾਪਦਾ ਹੈ ਕਿਉਂਕਿ ਇਸ ਤਣਾਉ ਤੋਂ ਕੇਵਲ ਉਸ ਖੇਚਲ ਦਾ ਪ੍ਰਭਾਵ ਉਭਰਦਾ ਹੈ ਜੋ ਉਸਨੂੰ ਹੜ੍ਹ ਤੇ ਝੱਖੜ ਵਿਰੁੱਧ ਕਰਨੀ ਪਈ ਹੈ । ਉਂਞ ਵੀ ਚਿਹਰੇ ਦੀ ਤੁਲਨਾ ਵਿਚ ਧੌਣ ਵਧੇਰੇ ਸਡੌਲਤਾ ਦਾ ਪ੍ਰਭਾਵ ਦਿੰਦੀ ਹੈ । ਕੀ ਇਸ ਕਰਕੇ ਹੈ ਕਿ ਭੋਇ-ਮੁਖੀ ਸਭਿਆਚਾਰ ਵਿਚ ਸਡੌਲਤਾ ਹੀ ਸੁੰਦਰਤਾ ਦਾ ਬਦਲ ਹੁੰਦੀ ਹੈ, ਇਸਦਾ ਕੇਵਲ ਧੌਣ ਦੀ ਮਜ਼ਬੂਤੀ ਤੋਂ ਅਨੁਮਾਨ ਨਹੀਂ ਲਗਾਇਆ ਜਾ ਸਕਦਾ । ਵਾਸਤਵ ਵਿਚ ਇਹ ਚਿੱਤਰਕਾਰ ਦੀ ਚਿੱਤਰਕਾਰੀ ਦਾ ਹੀ ਨੁਕਸ ਪ੍ਰਤੀਤ ਹੁੰਦਾ ਹੈ ਕਿਉਂਕਿ ਜੇ ਇਸਦਾ ਕੋਈ ਦੂਰ-ਦਰਸ਼ੀ ਮੰਤਵ ਹੁੰਦਾ ਤਾਂ ਇਸ ਨੇ ਅਵੱਸ਼ ਹੀ ਸਮੁੱਚੇ ਤਨ ਤੇ ਅਤੇ ਵਿਸ਼ੇਸ਼ ਕਰਕੇ ਚਿਹਰੇ ਤੇ ਪ੍ਰਭਾਵ ਛੱਡ ਜਾਣਾ ਸੀ ।
ਇਉਂ ਜਾਪਦਾ ਹੈ ਕਿ ਚਿੱਤਰਕਾਰ ਸੋਹਣੀ ਦੇ ਵਾਲਾਂ, ਨੈਣਾਂ, ਪਲਕਾਂ, ਬੁਲ੍ਹਾਂ, ਗੱਲ੍ਹਾਂ, ਠੋਡੀ, ਨੱਕ ਤੇ ਧੌਣ ਨੂੰ ਕੋਈ ਸਮੱਗਰ ਅਭਿਵਿਅੱਕਤੀਮਈ ਕਰਤੱਵ ਪ੍ਰਦਾਨ ਨਹੀਂ ਕਰ ਸਕਿਆ । ਭਿੱਜੇ ਹੋਏ ਵਾਲਾਂ ਦਾ ਕਲਾਮਈ ਖਿਲਾਰ ਸਪਰਸ਼ਮਈ ਛੋਹ ਨਾਲ ਉਸ ਭੈ ਦਾ ਸਰੀਰਕ ਅਨੁਭਵ ਉਪਜਾ ਸਕਦਾ ਸੀ ਜੋ ਗਰਜਦੇ ਹੋਏ ਬਦਲਾਂ ਤੇ ਕੜਕਦੀ ਹੋਈ ਬਿਜਲੀ ਰਾਹੀਂ ਸਾਰੇ ਵਾਤਾਵਰਣ ਨੂੰ ਭੈ-ਭੀਤ ਕਰਨ ਦੀ ਸੰਭਾਵਨਾ ਰਖਦਾ ਜਾਪਦਾ ਹੈ । ਜਿਸ ਤਰ੍ਹਾਂ ਕਿ ਵਾਲ ਵਰਾਟ ਵਾਤਾਵਰਣ ਵਿਚ ਵਿਚਰਦੇ ਭੈ ਦਾ ਵਿਅੱਕਤੀਗਤ ਅਨੁਭਵ ਉਪਜਾ ਸਕਦੇ ਸਨ ਉਸੇ ਤਰ੍ਹਾਂ ਨੈਣ ਉਸ ਆਂਤ੍ਰਿਕ ਭੈ ਨੂੰ ਦ੍ਰਿਸ਼ਟਮਾਨ ਕਰ ਸਕਦੇ ਸਨ ਜਿਸਦਾ ਬਾਹਰੀ ਭੈ ਦੇ ਪ੍ਰਤੀਕਰਮ ਵਜੋਂ ਸੋਹਣੀ ਦੀ ਅੰਤਰ-ਆਤਮਾ ਵਿਚ ਵਿਗਸਣਾ ਅਨਿਵਾਰੀ ਹੈ । ਪਲਕਾਂ ਦੇ ਦਬਾਉ, ਗੱਲ੍ਹਾਂ ਦੇ ਫੈਲਾਉ, ਨੱਕ ਦੇ ਉਭਾਰ ਤੇ ਧੌਣ ਦੇ ਉਲਾਰ ਰਾਹੀਂ ਇਹ ਸਥਾਪਤ ਕੀਤਾ ਜਾ ਸਕਦਾ ਸੀ ਕਿ ਅੰਤਰ-ਆਤਮਾ ਵਿਚੋਂ ਉਠਦਾ ਹੋਇਆ ਭੈ ਹੋਰਾਂ ਮਨੋਭਾਵਾਂ ਨਾਲ ਕਿਵੇਂ ਸਿਝਦਾ ਹੈ ਅਤੇ ਅੰਤ ਵਿਚ ਕਿਸ ਤਰ੍ਹਾਂ ਦੀ ਆਤਮ-ਪਹਿਚਾਣ ਦਾ ਰੂਪ ਇਖਤਿਆਰ ਕਰਦਾ ਹੈ । ਇਨ੍ਹਾਂ ਸਾਰੇ ਅੰਗਾਂ ਦਾ ਇਸ ਤਰ੍ਹਾਂ ਦੇ ਅੰਤਰ-ਸੰਬੰਧ ਤੇ ਅੰਤਰ-ਵਿਰੋਧ ਰਾਹੀਂ ਆਤਮ- ਪਹਿਚਾਣ ਤੇ ਪਹੁੰਚਣਾ ਅਨਿਵਾਰੀ ਸੀ ਕਿਉਂਕਿ ਇਸ ਆਤਮ-ਪਹਿਚਾਣ ਨੇ ਹੀ ਉਸਨੂੰ ਉਸਦੀ ਹੋਣੀ ਦੇ ਸਨਮੁਖ ਲਿਆਉਣਾ ਸੀ । ਸੋਹਣੀ ਦੇ ਸਾਰੇ ਉਪਰੋਕਤ ਅੰਗ ਉਸਨੂੰ ਆਤਮ-ਪਹਿਚਾਣ ਤੇ ਪਹੁੰਚਾਉਣ ਦੀ ਖੇਚਲ ਨਹੀਂ ਕਰਦਾ । ਕੁਦਰਤੀ ਤੌਰ ਤੇ ਇਨ੍ਹਾਂ ਸਾਰੇ ਅੰਗਾਂ ਦੀ ਮਹੱਤਤਾ ਤਨ-ਚਿਹਨ ਹੋਣ ਵਿਚ ਹੈ, ਸਭਿਆਚਾਰ-ਚਿਹਨ ਹੋਣ ਵਿਚ ਨਹੀਂ ਜੋ ਇਸ ਤਰ੍ਹਾਂ ਦੇ ਚਿੱਤਰ ਵਿਚ ਇਨ੍ਹਾਂ ਲਈ ਹੋਣਾ ਲਾਜ਼ਮੀ ਸੀ । ਹੈਰਾਨੀ ਦੀ ਗੱਲ ਨਹੀਂ ਕਿ ਸ਼ਿਲਪੀ ਨਿਪੁੰਨਤਾ ਦੇ ਲਖਾਇਕ ਹੋ ਕੇ ਵੀ ਉਹ ਤੁਛ ਜਿਹੀ ਪ੍ਰਾਪਤੀ ਦੇ ਭਾਗੀ ਬਣ ਕੇ ਰਹਿ ਜਾਂਦੇ ਹਨ ।
ਧੌਣ ਤੋਂ ਨਿਚਲਾ ਤਨ ਵੀ ਕਿਸੇ ਪੱਖੋਂ ਸਭਿਆਚਾਰ-ਚਿਹਨ ਦੀ ਮਹੱਤਤਾ ਇਖਤਿਆਰ ਨਹੀਂ ਕਰਦਾ । ਤਨ ਦੇ ਇਸ ਭਾਗ ਦਾ ਸਮੁੱਚਾ ਪ੍ਰਭਾਵ ਆਧੁਨਿਕ ਅਭਿਨੇਤਰੀ ਦੇ ਤਨ ਦਾ ਪੈਂਦਾ ਹੈ, ਮਧਕਾਲੀਨ ਨਾਰ ਦੇ ਤਨ ਦਾ ਨਹੀਂ ਜੋ ਰਾਤ ਦੇ ਹਨੇਰੇ ਵਿਚ ਹੜ੍ਹ ਤੇ ਝੱਖੜ ਦੀ ਸੰਭਾਵਨਾ ਨੂੰ ਚੁਣੌਤੀ ਦਿੰਦੀ ਉਜਾੜ ਵਿਚ ਆਪਣੇ ਆਸ਼ਕ ਨੂੰ ਮਿਲਣ ਆਈ ਹੈ । ਖੱਬੀ ਬਾਂਹ ਦੀ ਗੋਲਾਈ ਤੋਂ ਪ੍ਰਭਾਵ ਇਹ ਪੈਂਦਾ ਹੈ ਕਿ ਮੁਲਾਇਮ ਜਿਹੀ ਇਹ ਬਾਂਹ ਸ਼ਹਿਰ ਵਿਚ ਪਲੀ ਉਸ ਅਭਿਨੇਤਰੀ ਦੀ ਤਾਂ ਹੋ ਸਕਦੀ ਹੈ ਜਿਸਨੂੰ ਸੋਹਣੀ ਦੇ ਰੋਲ ਨਾਲ ਲਗਾਉ ਹੈ, ਵਾਸਤਵ ਵਿਚ ਸੋਹਣੀ ਦੀ ਨਹੀਂ ਜੋ ਇਸ ਰੋਲ ਦਾ ਸਾਕਾਰ ਰੂਪ ਹੈ । ਹੈਰਾਨੀ ਦੀ ਗੱਲ ਨਹੀਂ ਕਿ ਉਸਨੇ ਘੜੇ ਨੂੰ ਬਣਾਉਟੀ ਜਿਹੇ ਢੰਗ ਨਾਲ ਪਕੜਿਆ ਹੋਇਆ ਹੈ । ਇਉਂ ਲੱਗਦਾ ਹੈ ਕਿ ਘੜਾ ਉਸ ਲਈ ਇਕ ਮਿੱਟੀ ਦੀ ਬਣੀ ਚੀਜ਼ ਹੀ ਹੈ, ਵਸਤੂਕਰਣ ਤੇ ਅ-ਵਸਤੂਕਰਣ ਦੀ ਦੂਹਰੀ ਪ੍ਰਕ੍ਰਿਆ ਵਸ ਉਹ ਚਿਹਨ ਨਹੀਂ ਜੋ ਸਥੂਲ ਵਸਤੂ ਹੁੰਦਾ ਹੋਇਆ ਵੀ ਉਸਦੀ ਸਫਲਤਾ-ਅਸਫਲਤਾ ਤੇ ਭੈ-ਅਭੈ ਦਾ ਬਾਹਰੀ ਪ੍ਰਤੀਕ ਹੈ । ਕੇਵਲ ਸਥੂਲ ਵਸਤੂ ਹੋਣ ਕਾਰਨ ਹੀ ਮਿੱਟੀ ਦਾ ਬਣਿਆ ਇਹ ਘੜਾ ਖੱਬੇ ਨਿਤੰਬ ਵਿਚ ਕੋਈ ਸਨਸਨੀ ਪੈਦਾ ਨਹੀਂ ਕਰ ਰਿਹਾ ਜਾਪਦਾ ਜਿਸਦੀ ਕਿ ਬਣਾਉਟੀ ਜਿਹੇ ਢੰਗ ਨਾਲ ਇਸਨੂੰ ਛੁਹ ਵੀ ਪ੍ਰਾਪਤ ਹੈ । ਕੁਦਰਤੀ ਤੌਰ ਤੇ ਇਹ ਛੁਹ ਮਾਰਮਿਕਤਾ ਤੋਂ ਵਿਹੂਣੀ ਹੈ ਜੋ ਆਪਣੇ ਆਪ ਵਿਚ ਗ਼ੈਰ ਕੁਦਰਤੀ ਜਿਹੀ ਗੱਲ ਹੈ ਕਿਉਂਕਿ ਘੜੇ ਦੀ ਬਣਤਰ ਤੋਂ ਉਹੀ ਗੋਲਾਈ ਪ੍ਰਤੀਬਿੰਬਤ ਹੁੰਦੀ ਹੈ ਜੋ ਨਿਤੰਬ ਵਿਚ ਸਾਕਾਰ ਹੋ ਰਹੀ ਹੈ । ਇਸ ਪ੍ਰਤੀਕਾਤਮਕ ਮਹੱਤਤਾ ਦੀ ਗ਼ੈਰ ਹਾਜ਼ਰੀ ਵਿਚ ਘੜੇ ਨੂੰ ਉਪਯੋਗੀ ਮਹੱਤਤਾ ਪ੍ਰਾਪਤ ਹੈ ਭਾਵ ਉਸ ਵਿਚ ਸੋਹਣੀ ਦਾ ਲਿਬਾਸ ਹੈ ਜਿਸਨੂੰ ਇਉਂ ਲਗਦਾ ਹੈ ਕਿ ਉਸਨੇ ਦਰਿਆ ਵਿਚ ਠਿੱਲ੍ਹਣ ਤੋਂ ਪਹਿਲਾਂ ਉਤਾਰ ਕੇ ਘੜੇ ਵਿਚ ਬੰਦ ਕਰ ਦਿੱਤਾ ਹੈ । ਜਾਮਣੀ ਰੰਗ ਦੇ ਇਸ ਲਿਬਾਸ ਨੂੰ ਸੁਭਾਵਕ ਹੀ ਸ਼ਿਕਾਇਤ ਹੋ ਸਕਦੀ ਹੈ ਕਿ ਉਸਦੀ ਮਹੱਤਤਾ ਨੂੰ ਯੋਗ ਤੌਰ ਤੇ ਪਹਿਚਾਣਿਆ ਨਹੀਂ ਗਿਆ : ਉਸਨੇ ਤਾਂ ਗਿੱਲਾ ਹੋ ਕੇ ਇਸ ਤੋਂ ਵੀ ਵਧੇਰੇ ਗੂੜਾ ਜਾਮਣੀ ਹੋ ਜਾਣਾ ਸੀ ਅਤੇ ਗਿੱਲਾਪਣ ਦੇ ਬਾਵਜੂਦ ਸੋਹਣੀ ਦੇ ਨੰਗੇਜ ਨੂੰ ਢਕੀ ਰੱਖਣਾ ਸੀ । ਕਿਉਂਕਿ ਚਿੱਤਰ ਵਿਚ ਸੋਹਣੀ ਦਾ ਤਨ ਉਸ ਮਧਕਾਲੀਨ ਨਾਰ ਦਾ ਨਹੀਂ ਜੋ ਇਸ਼ਕ ਵਿਚ ਨਿਡਰ ਹੁੰਦੀ ਹੋਈ ਵੀ ਆਪਣੇ ਨੰਗੇਜ ਤੋਂ ਤ੍ਰਿਭਕ ਸਕਦੀ ਹੈ ਸਗੋਂ ਉਸ ਅਭਿਨੇਤਰੀ ਦਾ ਹੈ ਜਿਸਨੂੰ ਸੋਹਣੀ ਦੇ ਰੋਲ ਨਾਲ ਕੇਵਲ ਭਾਵਕ ਲਗਾਉ ਹੀ ਹੈ ਇਸ ਲਈ ਨਿਰ- ਬਸਤਰ ਹੋਣ ਵਿਚ ਹੀ ਉਸਨੂੰ ਆਪਣੇ ਰੋਲ ਦੀ ਪੂਰਤੀ ਨਜ਼ਰ ਆਉਂਦੀ ਹੈ ।
ਅਭਿਨੇਤਰੀ ਦੇ ਤਨ ਵਾਂਗੂੰ ਹੀ ਅਗਲੇ ਪਾਸੇ ਨੂੰ ਨੰਗੇਜ ਵਸ ਕੀਤਾ ਗਿਆ ਹੈ । ਉਸਦੇ ਤਨ ਦਾ ਅਗਲਾ ਪਾਸਾ ਪ੍ਰੋਫਾਈਲ ਦੇ ਰੂਪ ਵਿਚ ਪੇਸ਼ ਹੈ ਪਰੰਤੂ ਪ੍ਰੋਫਾਈਲ ਦੀ ਤਕਨੀਕ ਨੂੰ ਮੁਦਰਾ ਦੀ ਥਾਂ ਪੋਜ਼ ਰਾਹੀਂ ਹੀ ਵਰਤੋਂ ਵਿਚ ਲਿਆਂਦਾ ਗਿਆ ਹੈ । ਇਥੇ ਪੋਜ਼ ਨੂੰ ਮੁਦਰਾ ਨਾਲੋਂ ਇਸ ਆਧਾਰ ਤੇ ਵੱਖਰਾਇਆ ਜਾ ਸਕਦਾ ਹੈ ਕਿ ਮੁਦਰਾ ਵਿਚ ਅ-ਦ੍ਰਿਸ਼ਟਮਾਨ ਦ੍ਰਿਸ਼ਟਮਾਨ ਹੋ ਜਾਂਦਾ ਹੈ ਪਰ ਪੋਜ਼ ਵਿਚ ਅ-ਦ੍ਰਿਸ਼ਟਮਾਨ ਨੂੰ ਦ੍ਰਿਸ਼ਟਮਾਨ ਕਰਨ ਦਾ ਵਿਖਾਵਾ ਵੀ ਕੀਤਾ ਜਾਂਦਾ ਹੈ । ਇਥੇ ਛਾਤੀਆਂ ਇਸ ਪ੍ਰਕਾਰ ਦੇ ਵਿਖਾਵੇ ਦੇ ਵਸ ਹੋ ਗਈਆਂ ਹਨ ਜਿਨ੍ਹਾਂ ਦਾ ਵਾਸਤਵਿਕ ਤਣਾਉ ਉਸ ਅਨੁਭਵ ਨਾਲ ਮੇਲ ਨਹੀਂ ਖਾਂਦਾ ਜੋ ਦਰਿਆ ਪਾਰ ਕਰਨ ਵਜੋਂ ਸੋਹਣੀ ਨੂੰ ਪੇਸ਼ ਆਇਆ ਹੈ । ਕਿਉਂਕਿ ਛਾਤੀਆਂ ਦਾ ਤਣਾਉ ਇਕ ਪੋਜ਼ ਦੇ ਰੂਪ ਵਿਚ ਹੀ ਪੇਸ਼ ਹੈ ਇਸ ਲਈ ਉਨ੍ਹਾਂ ਦੀ ਅ-ਸੁਭਾਵਕ ਦ੍ਰਿਸ਼ਟਮਾਨਤਾ ਨੂੰ ਅ-ਦ੍ਰਿਸ਼ਟਮਾਨ ਕਰਨ ਦਾ ਯਤਨ ਕੀਤਾ ਗਿਆ ਹੈ । ਇਸ ਮੰਤਵ ਲਈ ਗੰਢੇ ਦੇ ਪੱਤ ਵਰਗੀ ਪਤਲੀ ਮਹੀਨ ਚਾਦਰ ਦੀ ਵਰਤੋਂ ਕੀਤੀ ਗਈ ਜੋ ਜੇ ਅਨੁਮਾਨ ਸੰਦਰਭਹੀਣ ਨਾ ਹੋਵੇ ਤਾਂ ਵਾਸਤਵਿਕ ਵਿਚ ਉਸਦਾ ਸਿਰ ਢਕਣ ਵਾਲਾ ਦੁਪੱਟਾ ਹੈ । ਇਹ ਦੁਪੱਟਾ ਆਪਣੇ ਆਪ ਸਿਰ ਤੋਂ ਖਿਸਕ ਕੇ ਮੋਢਿਆਂ ਉਪਰੋਂ ਤਿਲ੍ਹਕਦਾ ਛਾਤੀਆਂ, ਪੱਟਾਂ ਤੇ ਨਿਤੰਬਾਂ ਉਦਾਲੇ ਆਪਣੇ ਆਪ ਨਹੀਂ ਲਿਪਟਿਆ ਸਗੋਂ ਜਾਣ ਬੁੱਝ ਕੇ ਲਿਪਟਾਇਆ ਜਾਪਦਾ ਹੈ । ਕੀ ਇਸਦਾ ਕਰਤੱਵ ਇਹ ਦਰਸਾਉਣਾ ਹੈ ਕਿ ਦੁਪੱਟੇ ਨਾਲ ਸਿਰ ਨੂੰ ਢਕਣਾ ਲੋਕ ਹਿਆ ਦਾ ਰਸਮੀ ਵਿਖਾਵਾ ਕਰਨਾ ਹੀ ਹੈ, ਇਸ ਦਾ ਪ੍ਰਮਾਣਿਕ ਬੰਧੇਜ ਤਾਂ ਲਿੰਗਾਤਮਕ ਅੰਗਾਂ ਨੂੰ ਪ੍ਰੇਮੀ ਨਾਲ ਪ੍ਰੇਮ-ਲੀਲਾ ਲਈ ਸੁਰੱਖਿਅਤ ਰਖਣਾ ਹੈ, ਦੁਪੱਟੇ ਦੇ ਵੱਟਾਂ ਤੋਂ ਇਸ ਗੱਲ ਦਾ ਕੋਈ ਅਨੁਮਾਨ ਨਹੀਂ ਲਗਦਾ । ਜੇ ਦੁਪੱਟਾ ਆਪਣੇ ਆਪ ਸਿਰ ਤੋਂ ਖਿਸਕ ਕੇ ਤਨ ਉਦਾਲੇ ਢਿੱਲੇ ਜਿਹੇ ਰੂਪ ਵਿਚ ਲਿਪਟਿਆ ਜਾਪਦਾ ਤਾਂ ਸ਼ਾਇਦ ਇਸ ਅਨੁਮਾਨ ਨੂੰ ਕੋਈ ਸਮਰੱਥਾ ਮਿਲ ਜਾਂਦੀ । ਉਸ ਹਾਲਤ ਵਿਚ ਦੁਪੱਟੇ ਦੇ ਵੱਟ ਵੀ ਹੋਰ ਪ੍ਰਕਾਰ ਦੇ ਹੋਣੇ ਸਨ । ਅਜੋਕੇ ਸੰਦਰਭ ਵਿਚ ਤਾਂ ਇਉਂ ਜਾਪਦਾ ਹੈ ਕਿ ਇਕ ਅਭਿਨੇਤਰੀ ਨੇ ਪੋਜ਼ ਵਜੋਂ ਇਸਨੂੰ ਆਪਣੇ ਤਨ ਉਦਾਲੇ ਲਪੇਟ ਲਿਆ ਹੈ ।
ਸੋਹਣੀ ਨੂੰ ਨਿਰ-ਬਸਤਰ ਦਿਖਾਉਣ ਦਾ ਇਕ ਮੰਤਵ ਉਸਦੇ ਗੋਰੇ ਰੰਗ ਨੂੰ ਪ੍ਰਤੱਖ ਕਰਨਾ ਵੀ ਹੋ ਸਕਦਾ ਸੀ ਤਾਂ ਜੋ ਸਥਾਪਿਤ ਧਾਰਨਾ ਸਿੱਧ ਹੋ ਸਕੇ ਕਿ ਉਸਦਾ ਚੰਦਰਮਾ ਨਾਲ ਸੰਬੰਧ ਸੀ । ਨਿਰਸੰਦੇਹ ਇਸ ਧਾਰਨਾ ਵਿਚ ਤਰਕ ਹੈ ਪਰ ਇਸਦਾ ਪ੍ਰਮਾਣ ਆਕਾਸ਼ ਤੋਂ ਵੀ ਦ੍ਰਿਸ਼ਟਮਾਨ ਹੋਣਾ ਚਾਹੀਦਾ ਸੀ, ਵਿਸ਼ੇਸ਼ ਕਰਕੇ ਕਿਤੋਂ ਉਥੋਂ ਜਿਥੋਂ ਬੱਦਲ ਪਤਲੇ ਪਏ ਹੋਏ ਹਨ । ਇਸ ਪ੍ਰਮਾਣ ਦੀ ਗੈਰ-ਹਾਜ਼ਰੀ ਵਿਚ ਤਾਂ ਇਉਂ ਲਗਦਾ ਹੈ ਕਿ ਸੋਹਣੀ ਗੋਲਾਈ ਭਰਪੂਰ ਅੰਗਾਂ ਨੂੰ ਨਿਰ-ਬਸਤਰ ਕਰਕੇ ਦ੍ਰਿਸ਼ਟਮਾਨ ਕਰਨਾ ਤੇ ਫੇਰ ਦੁਪੱਟੇ ਰਾਹੀਂ ਉਨ੍ਹਾਂ ਨੂੰ ਹੀ ਅ-ਦ੍ਰਿਸ਼ਟਮਾਨ ਰੱਖਣ ਦਾ ਯਤਨ ਕਰਨਾ ਦਰਸ਼ਕਾਂ ਦੀ ਕਾਮ-ਭੁੱਖ ਨੂੰ ਉਕਸਾਉਣਾ ਤੇ ਫੇਰ ਉਕਸਾਈ ਹੋਈ ਕਾਮ-ਭੁੱਖ ਨੂੰ ਠੇਸ ਤੋਂ ਪਰ੍ਹਾਂ ਰੱਖਣਾ ਹੈ । ਮਹੀਂਵਾਲ ਨੂੰ ਨਿਰ-ਬਸਤਰ ਰੂਪ ਵਿਚ ਪੇਸ਼ ਕਰਨ ਨਾਲ ਇਸ ਤਰ੍ਹਾਂ ਦੀ ਕਾਮ-ਭੁੱਖ ਨੂੰ ਠੇਸ ਪਹੁੰਚ ਸਕਦੀ ਸੀ । ਸੋ ਉਸਨੂੰ ਆਪਣੇ ਬਸਤਰਾਂ ਨਾਲ ਪੂਰਾ ਢਕਿਆ ਦਿਖਾਇਆ ਗਿਆ ਹੈ, ਇਥੋਂ ਤੱਕ ਕਿ ਉਹ ਭੂਰੇ ਦੇ ਰੂਪ ਵਿਚ ਲਿਪਟਿਆ ਦਿਖਾਇਆ ਗਿਆ ਹੈ । ਭੂਰੇ ਦੀ ਵਰਤੋਂ ਮਹੀਂਵਾਲ ਨੂੰ ਮੁਦਰਾ ਦੀ ਥਾਂ ਪੋਜ਼ ਦੇ ਵਸ ਕਰ ਦਿੰਦੀ ਹੈ । ਨਿਰਸੰਦੇਹ ਮਹੀਂਵਾਲ ਉਦਾਲੇ ਭੂਰਾ ਭੂਰੇ ਦੇ ਰੂਪ ਵਿਚ ਲਿਪਟਿਆ ਹੋਇਆ ਹੈ, ਸਭਿਆਚਾਰ-ਚਿਹਨ ਦੇ ਰੂਪ ਵਿਚ ਨਹੀਂ ਜੋ ਇਹ ਬਣ ਸਕਦਾ ਸੀ ਜੇ ਇਸਦੀ ਵਰਤੋਂ ਤੋਂ ਉਹ ਚੇਤਨਾ ਉਜਾਗਰ ਹੋ ਸਕਦੀ ਜੋ ਪ੍ਰੋ. ਪੂਰਨ ਸਿੰਘ ਆਪਣੀ ਕਵਿਤਾ ਸੋਹਣੀ ਦਾ ਬੁੱਤ ਵਿਚ ਅੰਕਿਤ ਕਰਨ ਦਾ ਯਤਨ ਕਰਦਾ ਹੈ । ਭੂਰੇ ਨੂੰ ਭੂਰੇ ਦੇ ਰੂਪ ਵਿਚ ਹੀ ਵਰਤ ਕੇ ਚਿਤਰਕਾਰ ਮਹੀਂਵਾਲ ਦੇ ਤਨ ਨੂੰ ਕਪੜਿਆਂ ਦੀਆਂ ਤਹਿਆਂ ਵਿਚ ਲਪੇਟ ਦਿੰਦਾ ਹੈ ।
ਇਸਦਾ ਪ੍ਰਭਾਵ ਸੋਹਣੀ ਦੇ ਨਿਰ-ਬਸਤਰ ਨੰਗੇਜ ਤੇ ਵੀ ਪੈਂਦਾ ਹੈ । ਦਰਸ਼ਕ ਨੂੰ ਇਹ ਭੁਲੇਖਾ ਪੈਣਾ ਕੁਦਰਤੀ ਹੈ ਕਿ ਜਿਸ ਨੰਗੇਜ ਦੇ ਸਨਮੁਖ ਮਹੀਂਵਾਲ ਦਾ ਨੰਗੇਜ ਕਪੜਿਆਂ ਵਿਚ ਲਿਪਟਿਆ ਰਹਿੰਦਾ ਹੈ, ਉਹ ਵੀ ਵਾਸਤਵ ਵਿਚ ਨੰਗੇਜ ਨਹੀਂ ਹੋ ਸਕਦਾ । ਉਹ ਤਾਂ ਉਸਦੀ ਕੋਈ ਰੂਹਾਨੀ ਅਵਸਥਾ ਹੀ ਹੋ ਸਕਦੀ ਹੈ ।
ਮਹੀਂਵਾਲ ਦਾ ਚਿਹਰਾ ਵੀ ਇਸ ਭੁਲੇਖੇ ਨੂੰ ਪਲਮਣ ਵਿਚ ਸਹਾਇਤਾ ਕਰਦਾ ਹੈ । ਉਸਦੇ ਵੀ ਨੈਣ ਭਾਵ-ਹੀਣ ਜਿਹੇ ਰੂਪ ਵਿਚ ਬੰਦ ਹਨ । ਇਉਂ ਪ੍ਰਭਾਵ ਪੈਂਦਾ ਹੈ ਕਿ ਉਨ੍ਹਾਂ ਦਿਆਂ ਨੈਣਾਂ ਨੇ ਆਪਸ ਵਿਚ ਨਜ਼ਰ ਸਾਂਝੀ ਹੀ ਨਹੀਂ ਕੀਤੀ । ਨਜ਼ਰ ਦੀ ਸਾਂਝ ਅਜੇਹਾ ਹਾਵ/ਭਾਵ ਹੈ ਜਿਸ ਨੂੰ ਸ਼ਬਦਾਂ ਦੀ ਮਦਦ ਦੀ ਲੋੜ ਨਹੀਂ । ਉਂਞ ਵੀ ਇਹ ਹਾਵ/ਭਾਵ ਐਨਾ ਕਾਰਗਰ ਹੈ ਕਿ ਨਰ ਤੇ ਨਾਰ ਦੇ ਧੁਰ ਅੰਦਰਲੇ ਤੱਕ ਲਹਿ ਜਾਂਦਾ ਹੈ । ਇਸੇ ਕਰਕੇ ਪ੍ਰੇਮ-ਲੀਲਾ ਦੇ ਨਿਕਾਸ ਤੇ ਵਿਕਾਸ ਵਿਚ ਇਸ ਦੀ ਬੁਨਿਆਦੀ ਮਹੱਤਤਾ ਹੈ । ਕਾਰਗਰ ਹੋਣ ਦੇ ਨਾਲ ਇਹ ਹਾਵ/ਭਾਵ ਪ੍ਰੇਮ ਸੰਬੰਧ ਨੂੰ ਅਨੁਭਵੀ ਧਰਾਤਲ ਤੇ ਕਾਇਮ ਰਖਦਾ ਹੈ ਤਾਂ ਜੋ ਇਸ ਵਿਚ ਕਾਲਿਕੀ ਤੇ ਦੇਸ਼-ਮੂਲਕ ਫੈਲਾਉ ਦਾ ਪ੍ਰਵੇਸ਼ ਰਹੇ । ਇਸ ਹਾਵ/ਭਾਵ ਦੀ ਵਾਸਤਵਿਕਤਾ ਨੈਣਾਂ ਦੇ ਸਦਾ ਖੁਲ੍ਹੇ ਰਹਿਣ ਤੇ ਆਧਾਰਤ ਨਹੀਂ । ਇਸ ਦਾ ਆਰੰਭ ਹੀ ਖੁੱਲ੍ਹੇ ਨੈਣਾਂ ਨਾਲ ਹੁੰਦਾ ਹੈ, ਇਸ ਤੋਂ ਮਗਰੋਂ ਤਾਂ ਨੈਣਾਂ ਦਾ ਬਾਹਰ ਵਲ ਝਾਕਦੇ ਹੋਣਾ ਬੇ- ਲੋੜਾ ਹੋ ਜਾਂਦਾ ਹੈ । ਫੇਰ ਤਾਂ ਇਸ ਹਾਵ/ਭਾਵ ਦੀ ਵਾਸਤਵਿਕਤਾ ਉਸ ਵਕਤ ਵੀ ਕਾਇਮ ਰਹਿੰਦੀ ਹੈ ਜਦੋਂ ਨੈਣਾਂ ਦੀ ਬਾਹਰ ਵਲ ਝਾਕਣ ਦੀ ਪ੍ਰਕ੍ਰਿਆ ਅੰਦਰ ਵਲ ਮੁੜ ਜਾਂਦੀ ਹੈ ਅਤੇ ਨਿਗਾਹ ਦੂਰ ਵਿੱਥ ਦੀ ਚੌੜਾਈ ਉੱਪਰ ਕੇਂਦਰਿਤ ਹੋਣ ਦੀ ਥਾਂ ਅੰਦਰ ਮਨ ਦੀ ਡੂੰਘਾਈ ਵਿਚ ਕੇਂਦਰਿਤ ਹੋ ਜਾਂਦੀ ਹੈ । ਸੋਹਣੀ ਤੇ ਮਹੀਂਵਾਲ ਦੇ ਨੈਣ ਬੰਦ ਹਨ ਪਰ ਜਿਸ ਸਪਾਟ ਜਿਹੇ ਢੰਗ ਨਾਲ ਉਨ੍ਹਾਂ ਦੀਆਂ ਝਿੰਮਣੀਆਂ ਨੇ ਉਨ੍ਹਾਂ ਦਿਆਂ ਡੇਲਿਆਂ ਨੂੰ ਢਕਿਆ ਹੋਇਆ ਹੈ ਉਸ ਤੋਂ ਲਗਦਾ ਹੀ ਨਹੀਂ ਕਿ ਕਿਸੇ ਪਲ ਉਨ੍ਹਾਂ ਦੇ ਨੈਣ ਮਿਲੇ ਸਨ ਅਤੇ ਹੁਣ ਦੇ ਨੈਣਾਂ ਦਾ ਬਾਹਰ ਵੱਲ ਖੁਲ੍ਹੇ ਹੋਣਾ ਬੇਲੋੜਾ ਹੈ ਅਤੇ ਨਤੀਜੇ ਵਜੋਂ ਉਨ੍ਹਾਂ ਦੀਆਂ ਨਿਗਾਹਾਂ ਅੰਦਰ ਵਲ ਮਨਾਂ ਦੀਆਂ ਡੂੰਘਾਈਆਂ ਤੇ ਕੇਂਦਰਿਤ ਹਨ । ਇਸ ਪ੍ਰਕਿਰਿਆ ਦੀ ਗੈਰਹਾਜ਼ਰੀ ਵਿਚ ਉਨ੍ਹਾਂ ਦੀ ਨੇੜਤਾ ਅਧਿਆਤਮਿਕ ਵਜੂਦ ਅਖ਼ਤਿਆਰ ਕਰ ਲੈਂਦੀ ਹੈ ਜੋ ਸਹਿਜੇ ਹੀ ਨੈਤ੍ਰਿਤਵਹੀਣ ਲੋਕਾਈ ਦੀ ਖੁਸ਼-ਫਹਿਮੀ ਨੂੰ ਟੁੰਬਦੀ ਹੈ ਅਤੇ ਇਸ ਚਿੱਤਰ ਨੂੰ ਲੋਕ-ਪ੍ਰਿਯ ਬਣਾਉਣ ਵਿਚ ਆਪਣਾ ਯੋਗਦਾਨ ਪਾਉਂਦੀ ਹੈ ।
ਚਿਤਰਕਾਰ ਦੀ ਧਾਰਨਾ ਦਾ ਖੋਖਲਾਪਣ ਮਹੀਂਵਾਲ ਦੇ ਡੌਲੇ ਤੋਂ ਪ੍ਰਤਖ ਹੋ ਜਾਂਦਾ ਹੈ । ਡੌਲੇ ਵਿਚ ਮਜ਼ਬੂਤ ਛੱਲੀ ਦੀ ਵਾਸਤਵਿਕਤਾ ਇਸ ਗੱਲ ਦਾ ਸੰਕੇਤ ਹੈ ਕਿ ਮਹੀਂਵਾਲ ਦਾ ਤਨ ਭੋਇਂ-ਮੁਖੀ ਪ੍ਰਵਿਰਤੀ ਦਾ ਹੀ ਸਾਕਾਰ ਰੂਪ ਹੈ ਅਤੇ ਆਕਾਸ਼-ਮੁਖੀ ਪ੍ਰਵਿਰਤੀ ਦਾ ਇਸ ਭੋਇਂ-ਮੁਖੀ ਪ੍ਰਵਿਰਤੀ ਨਾਲ ਦੂਰ ਦਾ ਵੀ ਵਾਸਤਾ ਨਹੀਂ । ਗਾਨੀ ਨਾਲ ਸਜੇ ਇਸ ਡੌਲੇ ਦਾ ਨਿਰੰਤਰ ਭਾਵ ਹੀ ਇਹ ਹੋ ਸਕਦਾ ਹੈ ਕਿ ਮਹੀਂਵਾਲ ਭੋਇਂ ਨੂੰ ਹੀ ਸਾਕਾਰ ਕਰਦਾ ਹੈ । ਇਸ ਪੱਖ ਤੋਂ ਉਹ ਸੋਹਣੀ ਦੇ ਵਿਪਰੀਤ ਹੈ ਜੋ ਚੰਦਰਮਾ ਦਾ ਸਾਕਾਰ ਰੂਪ ਹੈ । ਕੁਦਰਤੀ ਤੌਰ ਤੇ ਉਹ ਸੋਹਣੀ ਦੇ ਚਿਹਰੇ ਦਾ ਉਭਾਰ ਆਕਾਸ਼ ਵੱਲ ਹੈ ਜਿਥੇ ਚੰਦਰਮਾ ਵਿਚਰਦਾ ਹੈ ਅਤੇ ਮਹੀਂਵਾਲ ਦੇ ਚਿਹਰੇ ਦਾ ਉਲਾਰ ਭੋਇ ਵੱਲ ਹੈ ਜਿਸ ਉਪਰ ਉਹ ਬ੍ਰਿਛ ਵਾਂਗ ਖੜ੍ਹਾ ਹੈ- ਉਸ ਬ੍ਰਿਛ ਵਾਂਗ ਸਿੱਧਾ-ਸਤੋਰ ਤੇ ਅਡੋਲ ਤਾਂ ਨਹੀਂ ਜਿਸਦੀਆਂ ਜੜ੍ਹਾਂ ਧਰਤੀ ਵਿਚ ਡੂੰਘੀਆਂ ਉਤਰ ਗਈਆਂ ਹੋਣ ਸਗੋਂ ਉਸ ਬ੍ਰਿਛ ਵਾਂਗ ਉਲਰਿਆ ਹੋਇਆ ਹੈ ਜੋ ਧਰਤੀ ਤੋਂ ਉੱਖੜ ਸਕਦਾ ਹੈ ਪਰ ਜਿਸਨੂੰ ਇਸ ਸੰਭਾਵਨਾ ਦੀ ਚੇਤਨਾ ਨਹੀਂ । ਇਸਦੇ ਨਾਲ ਹੀ ਦ੍ਰਿਸ਼ਟੀਗੋਚਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਮਹੀਂਵਾਲ ਦਾ ਰੰਗ ਸੋਹਣੀ ਦੇ ਰੰਗ ਵਾਂਗ ਗੋਰਾ ਨਿਛੋਹ ਨਹੀਂ । ਇਹ, ਮੁਕਾਬਲਤਨ, ਸਾਂਵਲਾ ਰੰਗ ਹੈ ਅਤੇ ਇਸਦਾ ਸਾਂਵਲਾਪਣ ਵੀ ਇਸ ਗੱਲ ਦਾ ਪ੍ਰਮਾਣ ਹੈ ਕਿ ਮਹੀਵਾਲ ਭੋਇੰ-ਮੁਖੀ ਪ੍ਰਵਿਰਤੀ ਨੂੰ ਸਾਕਾਰ ਕਰਦਾ ਹੈ। ਅਜੇਹੀ ਪ੍ਰਵਿਰਤੀ ਦੇ ਸਾਕਾਰ-ਰੂਪ ਲਈ ਆਕਾਸ਼-ਮੁਖੀ ਸੁਭਾ ਦੀ ਅਧਿਆਤਮਕ ਆਭਾ ਗ੍ਰਹਿਣ ਕਰ ਲੈਣਾ ਅ-ਸੁਭਾਵਕ ਲਗਦਾ ਹੈ ਅਤੇ ਕਿਸੇ ਖੁਸ਼-ਫਹਿਮੀ ਅਧੀਨ ਹੀ ਇਹ ਮੰਨਿਆ ਜਾ ਸਕਦਾ ਹੈ ਕਿ ਇਸਦਾ ਅਧਿਆਤਮਕ ਆਭਾ ਨੂੰ ਗ੍ਰਹਿਣ ਕਰਨਾ ਸੁਭਾਵਿਕਤਾ ਦੇ ਦਾਇਰੇ ਵਿਚ ਹੀ ਆਉਂਦਾ ਹੈ ।
ਆਕਾਸ਼ ਵਿਚ ਬੱਦਲਾਂ ਦਾ ਸੰਘਣਾ ਪਾਸਾਰ ਵੀ ਇਸ ਅਧਿਆਤਮਕ ਆਭਾ ਨੂੰ ਪ੍ਰਬਲ ਸਿੱਧ ਕਰਦਾ ਜਾਪਦਾ ਹੈ । ਬੱਦਲਾਂ ਦਾ ਪਾਸਾਰ ਇਕ ਸਾਰ ਤੇ ਘਿਰਵਾਂ ਨਹੀਂ ਜਿਵੇਂ ਕਿ ਮੋਹਲੇਧਾਰ ਮੀਂਹ ਪੈਣ ਵੇਲੇ ਹੁੰਦਾ ਹੈ । ਇਸ ਪਾਸਾਰ ਵਿਚ ਪਰਿਵਰਤਸ਼ੀਲਤਾ ਹੈ ਪਰੰਤੂ ਗੁਣਾਤਮਕ ਹੋਣ ਦੀ ਥਾਂ ਇਹ ਕੇਵਲ ਗਿਣਤੀ ਆਤਮਕ ਹੈ । ਨਿਰਸੰਦੇਹ ਬੱਦਲਾਂ ਦਾ ਸੰਗਠਨ ਤੇ ਵਿਗੱਠਣ ਉਸ ਭੈ ਦਾ ਪ੍ਰਤੀਕ ਨਹੀਂ ਬਣਦਾ ਜਿਸਦਾ ਮੂਲ ਨਰ ਤੇ ਨਾਰ ਦੇ ਤਨਾਂ ਵਿਚ ਵਿਆਪਕ ਹੈ, ਜਿਸ ਵਿਚ ਨਰ ਵਿਅਕਤੀ ਦੇ ਰੂਪ ਵਿਚ ਤੇ ਨਾਰ ਸਮੂਹਕ ਰੂਪ ਵਿਚ ਭਾਗਸ਼ਾਲੀ ਹੈ । ਨਿਰਸੰਦੇਹ ਬੱਦਲਾਂ ਦਾ ਸੰਗਠਣ ਤੇ ਵਿਗੱਠਣ ਉਸ ਤਰ੍ਹਾਂ ਦ੍ਰਿਸ਼ਟੀਗਤ ਸਮਰੱਥਾ ਤੇ ਭਾਰੂ ਹੁੰਦਾ ਹੋਇਆ ਸਮੁੱਚੇ ਵਿਅਕਤਿਤਵ ਤੇ ਭਾਰੂ ਨਹੀਂ ਹੁੰਦਾ ਜਿਵੇਂ ਉਦਾਹਰਣ ਵਜੋਂ ਜਗਤ-ਪ੍ਰਸਿੱਧ ਚਿਤਰ Storm Over Toledo ਵਿਚ ਉੱਠਦਾ ਹੋਇਆ ਤੂਫਾਨ ਹੁੰਦਾ ਹੈ ਜਿਸ ਨੂੰ ਆਪਣੀ ਰਚਨਾਤਮਕ ਦ੍ਰਿਸ਼ਟੀ ਵਿਚ ਨਿਹਾਰ ਕੇ ਵੀਹਵੀਂ ਸਦੀ ਦੇ ਦਾਰਸ਼ਨਿਕ/ਇਤਿਹਾਸਕ ਕਵੀ ਬਰਤੋਲਤ ਬਰੈਖ਼ਤ ਨੂੰ ਵੀ ਉਚਾਰਣਾ ਪਿਆ ਸੀ :
Of these towers will remain
only the wind that passes through them.
ਇਸ ਭੈ ਦਾ ਇਉਂ ਅਨੁਭਵ ਹੋਣਾ ਬੜਾ ਅਨਿਵਾਰੀ ਹੈ, ਵਿਸ਼ੇਸ਼ ਕਰਕੇ ਉਸ ਸਭਿਆਚਾਰ ਵਿਚ ਜਿਥੇ ਪ੍ਰਕ੍ਰਿਤਿਕ ਵਿਸਥਾਰ ਇਤਿਹਾਸਕ ਵਿਕਾਸ ਉਪਰ ਭਾਰੂ ਹੈ । ਇਸ ਸਥਿਤੀ ਵਿਚ ਇਤਿਹਾਸਕ, ਵਿਕਾਸ ਪ੍ਰਕ੍ਰਿਤਿਕ ਵਿਸਥਾਰ ਤੱਕ ਹੀ ਸੀਮਤ ਹੋ ਜਾਂਦਾ ਹੈ ਜੋ ਪਰਿਵਰਤਨਸ਼ੀਲ ਤਾਂ ਹੈ ਪਰ ਵਿਕਾਸਸ਼ੀਲ ਨਹੀਂ । ਸੁਭਾਵਿਕ ਹੀ ਇਤਿਹਾਸਕ ਵਿਕਾਸ ਪ੍ਰਕ੍ਰਿਤਿਕ ਵਿਸਥਾਰ ਉੱਪਰ ਨੈਤ੍ਰਿਤਵ ਗ੍ਰਹਿਣ ਨਹੀਂ ਕਰਦਾ । ਇਸਦੇ ਫਲਸਰੂਪ ਭਾਵ ਤੇ ਮਨੋਭਾਵ, ਆਸਾਂ ਤੇ ਉਮੰਗਾਂ ਰਸਮਾਂ-ਰਿਵਾਜਾਂ ਵਿਚ ਸੰਚਿਤ ਹੋ ਜਾਂਦੇ ਹਨ ਅਤੇ ਜੀਵਨ ਨੈਤ੍ਰਿਤਵਤਾ, ਆਤਮ-ਨਿਰਮਾਣ ਅਤੇ ਆਤਮ-ਪਹਿਚਾਣ ਤੋਂ ਵਿਹੂਣਾ ਹੋ ਕੇ ਰਹਿ ਜਾਂਦਾ ਹੈ । ਅੰਤਰ-ਆਤਮਾ ਤੱਕ ਇਹ ਵਿਸ਼ਵਾਸ ਉਤਰ ਜਾਂਦਾ ਹੈ ਕਿ ਇਸ ਤਰ੍ਹਾਂ ਹੀ ਤਾਂ ਪ੍ਰਕ੍ਰਿਤਿਕ ਵਿਸਥਾਰ ਨੂੰ ਰਿਝਾਇਆ ਜਾ ਸਕਦਾ ਹੈ । ਇਸ ਤਰ੍ਹਾਂ ਜੀਵਨ ਇਕ ਬੋਝ ਬਣ ਜਾਂਦਾ ਹੈ ਅਤੇ ਇਸ ਬੋਝ ਦਾ ਵਧੇਰੇ ਦਮਨ ਜੀਵਨ ਦੇ ਲਿੰਗਾਤਮਕ ਵੇਗ ਉੱਪਰ ਢਹਿੰਦਾ ਹੈ ਜੋ ਪ੍ਰਕ੍ਰਿਤਿਕ ਵਿਸਥਾਰ ਦੇ ਅਨੁਕਰਣ ਵਜੋਂ ਹੀ ਪਰਫੁਲਿਤ ਹੋਇਆ ਹੁੰਦਾ ਹੈ । ਵਿਸ਼ੇਸ਼ ਨਰ ਦੀ ਵਿਸ਼ੇਸ਼ ਨਾਰ ਪ੍ਰਤੀ ਜਿਨਸੀ ਖਿੱਚ ਇਸ ਅਮੋੜ ਵੇਗ ਦਾ ਸਾਕਾਰ-ਰੂਪ ਹੋ ਜਾਂਦੀ ਹੈ ਅਤੇ ਇਸ ਜਿਨਸੀ ਖਿੱਚ ਵਿਚ ਹੀ ਉਨ੍ਹਾਂ ਨੂੰ ਨੈਤ੍ਰਿਤਵਤਾ, ਆਤਮ-ਨਿਰਮਾਣ ਤੇ ਆਤਮ-ਪਹਿਚਾਣ ਦੇ ਦੀਦਾਰ ਹੋਣ ਲੱਗ ਪੈਂਦੇ ਹਨ ।
ਕਿਉਂਕਿ ਇਹ ਜਿਸਮੀ ਖਿੱਚ ਪ੍ਰਕ੍ਰਿਤਿਕ ਵਿਸਥਾਰ ਵਿਚ ਵਿਰੋਧੀ ਸ਼ਕਤੀਆਂ ਦੇ ਸੰਯੋਗ ਵਜੋਂ ਹੀ ਪਰਵਾਨ ਚੜ੍ਹੀ ਹੁੰਦੀ ਹੈ । ਇਸ ਲਈ ਇਸਦੀ ਦਿਸ਼ਾ ਵੀ ਪ੍ਰਕ੍ਰਿਤਿਕ ਵਿਸਥਾਰ ਵਲ ਹੀ ਹੋ ਜਾਂਦੀ ਹੈ । ਹੁਣ ਜੋ ਵੀ ਦਮਨ ਪ੍ਰਕ੍ਰਿਤਿਕ ਵਿਸਥਾਰ ਵਜੋਂ ਢਹਿੰਦਾ ਹੈ ਉਸਨੂੰ ਹੋਣੀ ਤਸਲੀਮ ਕਰ ਲਿਆ। ਜਾਂਦਾ ਹੈ ਤੇ ਪਰਿਵਰਤਨ ਵੀ ਦਮਨ ਹੀ ਲਗਦਾ ਹੈ । ਇਸ ਤਰ੍ਹਾਂ ਪ੍ਰਕ੍ਰਿਤਿਕ ਵਿਸਥਾਰ ਅਮੋੜ ਦਮਨ ਦਾ ਹੀ ਭਾਗੀ ਹੋ ਜਾਂਦਾ ਹੈ । ਇਸ ਸਥਿਤੀਵਸ ਵਿਸ਼ੇਸ਼ ਨਰ ਤੇ ਨਾਰ ਦਾ ਬੋਧ ਕਦੇ ਭਾਵਾਂ ਦੀ ਪ੍ਰਤੀਗਮਤਾ ਤੇ ਕਦੇ ਮਨੋਭਾਵਾਂ ਦੀ ਅਗਰਗਮਤਾ ਵਿਚਕਾਰ ਡਿਕ ਡੋਲੇ ਖਾਣ ਲਗ ਪੈਂਦਾ ਹੈ । ਵਾਸਤਵ ਵਿਚ ਸੋਹਣੀ ਤੇ ਮਹੀਂਵਾਲ ਦਾ ਬੋਧ ਵੀ ਇਸ ਤਰ੍ਹਾਂ ਦੇ ਹੀ ਡਿਕ ਡੋਲੇ ਖਾਂਦਾ ਹੈ ਜਿਸ ਨੂੰ ਬੱਦਲਾਂ ਦੇ ਗਤੀਹੀਣ ਵਿਸਥਾਰ ਤੋਂ ਭਾਵਾਂ ਦੀ ਪ੍ਰਤੀਗਮਤਾ ਤੇ ਖੱਬੇ ਕੋਨੇ ਵਿਚੋਂ ਦ੍ਰਿਸ਼ਟਮਾਣ ਲੋਅ ਤੋਂ ਮਨੋਭਾਵਾਂ ਦੀ ਅੱਗਰਗਮਤਾ ਦਾ ਅਨੁਭਵ ਹੋ ਰਿਹਾ ਹੈ । ਵਧੇਰੇ ਸੰਜੋਗੀ ਸੁਬੋਧ ਦੀ ਗੈਰਹਾਜ਼ਰੀ ਵਿਚ ਡਿਕ-ਡੋਲੇ ਖਾਂਦਾ ਇਹ ਬੋਧ ਵਿਯੋਗੀ ਅਧਿਆਤਮਕਤਾ ਦਾ ਲਕਸ਼ ਗ੍ਰਹਿਣ ਕਰ ਲੈਂਦਾ ਹੈ । ਪ੍ਰਮਾਣ ਵਜੋਂ ਉਨ੍ਹਾਂ ਦੇ ਨੈਣ ਬੱਦਲਾਂ ਦੇ ਗਤੀਹੀਣ ਵਿਸਥਾਰ ਪ੍ਰਤੀ ਹੀ ਮੁੰਦੇ ਹੋਏ ਨਹੀਂ ਸਗੋਂ ਉਸ ਲੋਅ ਪ੍ਰਤੀ ਵੀ ਮੁੰਦੇ ਹੋਏ ਹਨ ਜੋ ਮਾਰੂ ਹੋਣੀ ਦੇ ਵਿਪਰੀਤ ਆਨੰਦਮਈ ਪਲ ਦਾ ਸੰਕੇਤ ਹੋ ਸਕਦੀ ਹੈ । ਇਸ ਤਰ੍ਹਾਂ ਦਾ ਵਿਯੋਗੀ ਅਧਿਆਤਮਕਤਾ ਸਮੇਤ ਭੁਲਾਵਾ-ਰੂਪੀ ਆਤਮ-ਨਿਰਮਾਣ ਤੇ ਆਤਮ-ਪਹਿਚਾਣ ਦੇ ਉਨ੍ਹਾਂ ਲੋਕਾਂ ਦੇ ਮਨਾਂ ਨੂੰ ਟੁੰਬਦੀ ਹੈ ਜੋ ਪ੍ਰਮਾਣਕ ਆਤਮ-ਨਿਰਮਾਣ ਤੇ ਆਤਮ-ਪਹਿਚਾਣ ਤੋਂ ਵਿਹੂਣੇ ਹਨ । ਕਿਉਂਕਿ ਇਸ ਵਿਯੋਗੀ ਅਧਿਆਤਮਕਤਾ ਦਾ ਸੰਚਾਰ ਵੀ ਭੁਲਾਵਾ-ਰੂਪੀ ਨੰਗੇਜ ਰਾਹੀਂ ਹੈ ਇਸ ਲਈ ਉਨ੍ਹਾਂ ਨੂੰ ਇਹ ਅਹਿਸਾਸ ਵੀ ਹੋ ਜਾਂਦਾ ਹੈ ਕਿ ਇਸ ਵਿਯੋਗੀ ਅਧਿਆਤਮਕਤਾ ਦੇ ਭਾਗੀ ਸਾਧੂ ਸੰਤ ਨਹੀਂ, ਉਹ ਆਪ ਹੀ ਹਨ। ਇਸ ਅਧਿਆਤਮਕਤਾ ਤੇ ਇਸ ਨੰਗੇਜ ਦੇ ਮੇਲ ਵਿਚ ਹੀ ਸੋਭਾ ਸਿੰਘ ਜੀ ਦੇ ਚਿੱਤਰ ਸੋਹਣੀ-ਮਹੀਂਵਾਲ ਦੀ ਲੋਕ-ਪ੍ਰਿਯਤਾ ਛੁਪੀ ਪਈ ਹੈ ।

ਸੋਭਾ ਸਿੰਘ ਦੀ ਚਿਤਰਕਲਾ, ਜਗਤਾਰਜੀਤ

ਸੋਭਾ ਸਿੰਘ ਦਾ ਜਨਮ 29 ਨਵੰਬਰ 1901 ਨੂੰ ਸ੍ਰੀ ਹਰਿਗੋਬਿੰਦਪੁਰ (ਜ਼ਿਲਾ ਗੁਰਦਾਸਪੁਰ) ਵਿਚ ਹੋਇਆ ਸੀ ।
ਸੋਭਾ ਸਿੰਘ ਦਾ ਬਚਪਨ ਇਕੱਲਪੁਣੇ ਵਿਚ ਗੁਜ਼ਰਿਆ । ਬਚਪਨ ਸਮੇਂ ਰੂੜ੍ਹ ਹੋਈਆਂ ਆਦਤਾਂ ਉਨ੍ਹਾਂ ਦੇ ਬਾਅਦ ਦੇ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਰਹੀਆਂ । ਇਕੱਲਪੁਣੇ ਵਿਚੋਂ ਉਨ੍ਹਾਂ ਦੀ ਸੋਚ ਨਿਸਰਦੀ ਹੈ ਅਤੇ ਕਲਾ ਪ੍ਰਤੀ ਝੁਕਾਅ ਵਧਦਾ ਹੈ ।
ਸੰਖੇਪ ਵਿਚ ਉਹ ਪੰਜਾਬ ਦੇ ਅਜਿਹੇ ਪਹਿਲੇ ਚਿਤਰਕਾਰ ਹਨ ਜਿਹੜੇ ਲੋਕਾਂ ਵਿਚ ਸਵੀਕਾਰ ਹੋਏ ਅਤੇ ਨਿਰੋਲ ਆਪਣੀ ਸਿਰਜਣਾਤਮਿਕ ਸ਼ਕਤੀ ਰਾਹੀਂ ਆਪਣੀ ਬਣਾਈ ਥਾਂ ‘ਤੇ ਅੰਤ ਸਮੇਂ ਤਕ ਖੜ੍ਹੇ ਰਹੇ ।
ਉਨ੍ਹਾਂ ਨੇ ਅਨੇਕ ਵਿਸ਼ਿਆਂ ‘ਤੇ ਚਿਤਰ ਬਣਾਏ । ਉਨ੍ਹਾਂ ਵਿਚੋਂ ਦੋ ਵਿਸ਼ੇ ਪ੍ਰਮੁੱਖ ਹਨ : ਇਕ, ਪੰਜਾਬ ਦੀਆਂ ਪ੍ਰੀਤ ਕਥਾਵਾਂ ਦੇ ਪਾਤਰ । ਦੂਜੇ ਸਿੱਖ ਗੁਰੂ ਵਿਅਕਤੀਆਂ ਦੀ ਰੂਪ ਸਿਰਜਣਾ ।
ਪਹਿਲਾਂ ਤਾਂ ਉਹ ਜੀਵਨ ਦੀ ਪੂਰਤੀ ਲਈ ਸੰਘਰਸ਼ ਕਰਦੇ ਰਹੇ । ਸਿਰਜਣਾ ਦੇ ਪਹਿਲੇ ਪੜਾਅ ਤੇ ਉਨ੍ਹਾਂ ਦਾ ਝੁਕਾਅ ਪ੍ਰੀਤ ਕਥਾਵਾਂ ਵਲ ਰਿਹਾ । ਪਰ ਜਦ ਇਸ ਗੱਲ ਦਾ ਗਿਆਨ ਹੋਇਆ ਕਿ ਪ੍ਰਸਿੱਧੀ ਅਤੇ ਪ੍ਰਾਪਤੀ ਸਿੱਖ ਗੁਰੂਆਂ ਦੇ ਚਿਤਰਾਂ ਨਾਲ ਸੰਭਵ ਹੈ ਤਾਂ ਉਹ ਤਨ ਮਨ ਨਾਲ ਇਸ ਕਾਰਜ ਵਲ ਰੁਚਿਤ ਹੋਏ । ਉਨ੍ਹਾਂ ਦੇ ਸਮੁੱਚੇ ਸਿਰਜਣਾਤਮਿਕ ਜਗਤ ਦਾ ਲੇਖਾ-ਜੋਖਾ ਕਰਨਾ ਇਸ ਲੇਖ ਦਾ ਵਿਸ਼ਾ ਨਹੀਂ ਹੈ । ਕੁਝ ਪ੍ਰਮੁੱਖ ਕਲਾ ਕ੍ਰਿਤਾਂ ਨੂੰ ਹੀ ਅਸੀਂ ਆਪਣੇ ਅਧਿਐਨ ਦਾ ਆਧਾਰ ਬਣਾਇਆ वै।
ਸੋਭਾ ਸਿੰਘ ਨੇ ਸਿੱਖ ਗੁਰੂ ਵਿਅਕਤੀਆਂ ਦੇ ਅਨੇਕ ਚਿਤਰ ਬਣਾਏ ਪਰ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਰੂਪ ਨੂੰ ਉਨ੍ਹਾਂ ਮੁੜ ਮੁੜ ਚਿੱਤਰਿਆ ਹੈ । ਇਹ ਗੱਲ ਵੀ ਸੰਯੋਗ ਵਾਲੀ ਹੈ ਕਿ ਸਿੱਖ ਸਮਾਜ ਵਲੋਂ ਇਨ੍ਹਾਂ ਚਿਤਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਵੀਕਾਰਿਆ ਅਤੇ ਸਲਾਹਿਆ ਗਿਆ । ਇਨ੍ਹਾਂ ਕਲਾ-ਕ੍ਰਿਤਾਂ ਨੇ ਸੋਭਾ ਸਿੰਘ ਦੀ ਵੱਖਰੀ ਪਛਾਣ ਕਾਇਮ ਕੀਤੀ । ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਚਿਤਰਾਂ ਨੂੰ ਸਿੱਖ ਘਰਾਂ ਵਿਚ ਮਾਣਯੋਗ ਥਾਂ ਪ੍ਰਾਪਤ ਹੋਈ । ਗੁਰੂ ਸਾਹਿਬਾਨ ਦੇ ਚਿਤਰ ਤਾਂ ਪਹਿਲਾਂ ਵੀ ਬਣਾਏ ਜਾਂਦੇ ਸਨ ਪਰ ਲੋਕ ਮਨ ਵਿਚ ਇਹ ਬਿੰਬ ਸਥਾਪਤ ਕਰਨ ਦਾ ਸਿਹਰਾ ਸੋਭਾ ਸਿੰਘ ਦੇ ਸਿਰ ਬੱਝਦਾ ਹੈ ।
ਉਨ੍ਹਾਂ ਵਲੋਂ ਬਣਾਈਆਂ ਗਈਆਂ ਪੇਂਟਿੰਗਜ਼ ਦੇ ਕੁਝ ਪਛਾਣਯੋਗ ਲੱਛਣ ਹਨ ਜਿਸ ਕਾਰਨ ਉਹ ਦੂਜੇ ਕਲਾਕਾਰਾਂ ਤੋਂ ਖੁਦ ਨੂੰ ਵੱਖਰਿਆ ਲੈਂਦੇ ਹਨ ।
ਉਹ ਸੀਨੇ ਤੋਂ ਉਪਰਲੇ ਭਾਗ ਨੂੰ ਚਿਤਰਿਤ ਕਰਦੇ ਹਨ । ਅਜਿਹੇ ਸਮੇਂ ਵੀ ਉਹ ਪ੍ਰਮੁੱਖਤਾ ਮੁੱਖ ਮੰਡਲ ਨੂੰ ਦਿੰਦੇ ਹਨ । ਹਰੇਕ ਚਿਤਰ ਸੰਬੰਧਤ ਗੁਰੂ ਦੇ ਵੱਖਰੇ ਅੰਦਾਜ਼ ਨੂੰ ਪੇਸ਼ ਕਰਦਾ ਹੈ । ਇਕ ਕੈਨਵਸ ‘ਤੇ ਇਕ ਆਕਾਰ ਹੀ ਸਿਰਜਿਆ ਜਾਂਦਾ ਹੈ ।
ਕਾਫ਼ੀ ਅਰਸਾ ਪਹਿਲਾਂ ਸੋਭਾ ਸਿੰਘ ਨੇ ਗੁਰੂ ਨਾਨਕ ਦੇਵ ਦੀ ਇਕ ਤਸਵੀਰ ਬਣਾਈ ਸੀ । ਉਸ ਵਿਚ ਗੁਰੂ, ਪ੍ਰਕ੍ਰਿਤੀ, ਪੰਖੀ ਆਦਿ ਸਭ ਇਕੋ ਥਾਂ ‘ਤੇ ਪੇਸ਼ ਹੋਏ ਹਨ। ਗੁਰੂ ਨਾਨਕ ਇਕ ਰੁੱਖ ਥੱਲੇ ਬੈਠੇ ਹੋਏ ਹਨ । ਕਲਾਕਾਰ ਨੇ ਸਮੁੱਚੇ ਦ੍ਰਿਸ਼ ਨੂੰ ਬੜੀ ਬਾਰੀਕੀ ਨਾਲ ਸਜਾਇਆ ਸੀ । ਸਜਾਵਟ ਤੇ ਸਫ਼ਾਈ ਉਸ ਚਿਤਰ ਦੇ ਪ੍ਰਮੁੱਖ ਤੱਤ ਸਨ । ਰੰਗਾਂ ਦੀ ਵਰਤੋਂ ਵਸਤੂ ਦੇ ਰੰਗ ਦੇ ਅਨੁਰੂਪ ਕੀਤੀ ਗਈ ਸੀ । ਪਰ ਇਹ ਚਿਤਰ ਉਸ ਪ੍ਰਚਲਿਤ ਚਿਤਰ ਤੋਂ ਭਿੰਨ ਸੀ ਜਿਸ ਵਿਚ ਗੁਰੂ ਨਾਨਕ ਦੇ ਨਾਲ ਭਾਈ ਬਾਲਾ ਅਤੇ ਭਾਈ ਮਰਦਾਨਾ ਵੀ ਸਨ । ਉਸ ਚਿਤਰ ਵਿਚ ਸਭਿਆਚਾਰਕ ਸਾਂਝ ਵੇਖਣ ਨੂੰ ਮਿਲਦੀ ਸੀ । ਹਿੰਦੂ ਅਤੇ ਮੁਸਲਿਮ ਸਿੱਖਾਂ ਦੇ ਵਿਚਾਲੇ ਉਭਰਦੀ ਤੀਜੀ ਧਿਰ ਅਡੋਲ ਬੈਠੀ ਹੁੰਦੀ । ਦੋਵੇਂ ਸਿੱਖ ਗੁਰੂ ਵਲ ਮੂੰਹ ਕਰਕੇ ਬੈਠੇ ਹੋਏ ਸਨ ਜਦ ਕਿ ਗੁਰੂ ਦਾ ਮੁੱਖ ਲੋਕਾਈ ਵਲ ਹੈ । ਅਜਿਹੇ ਚਿਤਰਾਂ ਵਿਚ ਡੂੰਘਾਈ ਵੀ ਵੇਖਣ ਨੂੰ ਮਿਲਦੀ ਸੀ ਚਾਹੇ ਉਹ ਚਿਤਰ ਵਿਸ਼ੇਸ਼ ਢੰਗ ਨਾਲ ਬਣਾਏ ਹੁੰਦੇ ਸੀ । ਸੋਭਾ ਸਿੰਘ, ਇੰਞ ਉਸ ਪ੍ਰਚਲਿਤ ਚਿਤਰ ਵਿਚੋਂ ਇਕ ਤੱਤ ਨੂੰ ਗ੍ਰਹਿਣ ਕਰਦੇ ਸਨ ਅਤੇ ਦੂਜੇ ਦਾ ਤਿਆਗ । ਉਹ ਭਾਈ ਬਾਲੇ ਅਤੇ ਭਾਈ ਮਰਦਾਨੇ ਨੂੰ ਆਪਣੇ ਚਿਤਰ ਵਿਚੋਂ ਖਾਰਜ ਕਰ ਦਿੰਦੇ ਹਨ। ਪਰ ਪ੍ਰਕ੍ਰਿਤਕ ਦ੍ਰਿਸ਼ ਦਾ ਤਿਆਗ ਨਹੀਂ ਕਰਦੇ । ਇੰਞ ਸੋਭਾ ਸਿੰਘ ਅਨੇਕ ਤੋਂ ਇਕ ਰੂਪ ਤੇ ਧਿਆਨ ਕੇਂਦਰਿਤ ਕਰਨ ਦਾ ਉਪਰਾਲਾ ਕਰਦੇ ਹਨ । ਚਿਤਰ ਰੂਪ ਵਿਚ ਗੁਰੂ ਸਿੱਖ ਦੇ ਜ਼ਿਆਦਾ ਕਰੀਬ ਆ
ਜਾਂਦੇ ਹਨ ।
ਪ੍ਰਕ੍ਰਿਤੀ, ਸਭਿਆਚਾਰਕ ਸਾਂਝ ਅਤੇ ਗੁਰੂ ਵਿਅਕਤੀਆਂ ਦਾ ਸੁਮੇਲ ਸਾਨੂੰ ਚਿਤਰਿਤ ਜਨਮ- ਸਾਖੀਆਂ, ਲਘੂ ਚਿਤਰਾਂ ਜਾਂ ਕੰਧ-ਚਿਤਰਾਂ ਵਿਚ ਵੀ ਵੇਖਣ ਨੂੰ ਮਿਲਦਾ ਹੈ । ਸੋਭਾ ਸਿੰਘ ਸ਼ੈਲੀਗਤ ਬਣੇ ਇਸ ਚਿਤਰ-ਪਰੰਪਰਾ ਦਾ ਤਿਆਗ ਕਰਦਿਆਂ ਹੋਇਆਂ ਚਿਤਰ-ਸਿਰਜਣਾ ਲਈ ਨਵੇਂ ਰਾਹ ਦੀ ਤਲਾਸ਼ ਕਰਦੇ ਹਨ । ਉਹ ਪਰੰਪਰਕ ਸ਼ੈਲੀ ਦਾ ਵੀ ਤਿਆਗ ਕਰਦੇ ਹਨ ਅਤੇ ਅਭਿਵਿਅਕਤੀ ਲਈ ਪੱਛਮ ਵਿਚ ਪ੍ਰਵਾਨ ਹੋਏ ਪੋਰਟਰੇਟ ਚਿਤਰਣ ਦੇ ਢੰਗ ਨਾਲ ਸਾਂਝ ਪਾਉਣ ਦਾ ਯਤਨ ਕਰਦੇ ਹਨ ।
ਉਨ੍ਹਾਂ ਨੇ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੀਆਂ ਕਲਾ-ਕ੍ਰਿਤਾਂ ਵਿਚ ਜ਼ਿਆਦਾਤਰ ਸੀਨੇ ਤੋਂ ਉਪਰਲੇ ਹਿੱਸੇ ਨੂੰ ਚਿੱਤਰਿਆ ਹੈ । ਅਪਵਾਦ ਰੂਪ ਵਿਚ ਕੁਝ ਅਜਿਹੀਆਂ ਕਲਾ-ਕ੍ਰਿਤਾਂ ਵੀ ਹਨ ਜਿਨ੍ਹਾਂ ਵਿਚ ਗੁਰੂ ਵਿਅਕਤੀਆਂ ਦੇ ਪੂਰਨ ਜਿਸਮ ਨੂੰ ਬਣਾਇਆ ਗਿਆ ਹੈ ਪਰ ਉਹ ਕਲਾ-ਕ੍ਰਿਤਾਂ ਸਿੱਖ ਸਮਾਜ ਵਿਚ ਪ੍ਰਚਲਿਤ ਅਤੇ ਪ੍ਰਵਾਨ ਨਾ ਹੋ ਸਕੀਆਂ । ਚਿਹਰੇ ਦਾ ਇਕ ਭਾਵ ਦੂਜੇ ਕੈਨਵਸ ‘ਤੇ ਜਾ ਕੇ ਭਿੰਨ ਹੋ ਜਾਂਦਾ ਹੈ । ਸੋਭਾ ਸਿੰਘ ਗੁਰੂ ਵਿਅਕਤੀਆਂ ਦੇ ਭਾਵ ਚਿਤਰ ਦੇ ਹੇਠਾਂ ਕਦੀ ਕਦਾਈਂ ਸੰਬੰਧਤ ਗੁਰੂ ਦੀ ਬਾਣੀ-ਰਚਨਾ ਦੀਆਂ ਪੰਗਤੀਆਂ ਵੀ ਦਿੰਦੇ ਹਨ । ਉਦਹਾਰਣ ਵਜੋਂ ਗੁਰੂ ਨਾਨਕ ਦੇ ਚਿਤਰ ਥੱਲੇ
ਗਲੀ ਅਸੀ ਚੰਗੀਆ ਆਚਾਰੀ ਬੁਰੀਆਹ ।
ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ ।
ਬਾਣੀ ਪੰਗਤੀਆਂ ਦਰਜ ਹਨ । ਪੇਂਟਿੰਗ ਦਾ ਇਨ੍ਹਾਂ ਨਾਲ ਕੀ ਸੰਬੰਧ ਬਣਦਾ ਹੈ ਵਧੇਰੇ ਸਪਸ਼ਟ ਨਹੀਂ ਹੁੰਦਾ । ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੇ ਦੋ ਪ੍ਰਮੁੱਖ ਚਿਤਰਾਂ ਥੱਲੇ ਵੀ ਉਨ੍ਹਾਂ ਦੀ ਬਾਣੀ ਰਚਨਾ ਦੀਆਂ ਤੁਕਾਂ ਲਿਖੀਆਂ ਮਿਲਦੀਆਂ ਹਨ ।
ਦੇਹਿ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ ।
ਨਾ ਡਰੋਂ ਅਰ ਸੋ ਜਬ ਜਾਇ ਲਰੋਂ, ਨਿਸਚੈ ਕਰ ਅਪਨੀ ਜੀਤ ਕਰੋਂ ।
ਅਤੇ
ਚੂੰ ਕਾਰ ਅਜ਼ ਹਮਾਂ ਹੀਲਤੇ ਦਰ ਗੁਜ਼ਸ਼ਤ ।
ਹਲਾਲਅਸਤ ਬੁਰਦਨ ਬ ਸ਼ਮਸ਼ੀਰ ਦਸਤ ।
ਇੰਵ ਸੋਭਾ ਸਿੰਘ ਜੀ ਬਾਣੀ ਅਤੇ ਰੂਪ ਵਿਚਾਲੇ ਸਮਤੋਲ ਜਾਂ ਸਾਂਝ ਸਥਾਪਿਤ ਕਰਨ ਦਾ ਯਤਨ ਕਰਦੇ ਪ੍ਰਤੀਤ ਹੁੰਦੇ ਹਨ ।
ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਸੁਭਾਅ ਅਤੇ ਕਾਰਜ ਵਿਧੀ ਵਿਚ ਭਿੰਨਤਾ ਹੈ। ਸਿੱਖ ਲਹਿਰ ਦੇ ਆਦਿ ਗੁਰੂ ਨਾਨਕ ਅਤੇ ਉਸ ਲਹਿਰ ਦੀ ਸਿਖਰ ਗੁਰੂ ਗੋਬਿੰਦ ਸਿੰਘ ਵਿਚਾਲੇ ਏਕਤਾ ਦੇ ਬਾਵਜੂਦ ਸਥਿਤੀ ਪਰਿਵਰਤਨ ਅਨੁਸਾਰ ਉਨ੍ਹਾਂ ਦੇ ਕਾਰਜ ਵਿਚ ਪਰਿਵਰਤਨ ਆਉਂਦਾ ਹੈ । ਸੋਭਾ ਸਿੰਘ ਉਸੇ ਪਰਿਵਰਤਨ ਨੂੰ ਰੂਪ ਸਿਰਜਣਾ ਰਾਹੀਂ ਪਕੜਨ ਦਾ ਉਪਰਾਲਾ ਕਰਦੇ ਹਨ ।
ਗੁਰੂ ਵਿਅਕਤੀਆਂ ਦੇ ਰੂਪ-ਚਿਤਰ ਉਲੀਕਣ ਦੀ ਸੁਚੇਤ ਪ੍ਰੇਰਣਾ ਈਸਾਈ ਧਰਮ-ਚਿਤਰਾਂ ਤੋਂ ਪ੍ਰਾਪਤ ਕੀਤੀ । ਇਸ ਗੱਲ ਦੀ ਪੁਸ਼ਟੀ ਸੋਭਾ ਸਿੰਘ ਨੇ ਖੁਦ ਕੀਤੀ ਹੈ । ਮੱਧਕਾਲ ਵਿਚ ਪੱਛਮੀ ਕਲਾਕਾਰਾਂ ਲਈ ਪ੍ਰਭੂ ਈਸਾ ਪ੍ਰਮੁੱਖ ਵਿਸ਼ਾ ਬਣੇ ਹੋਏ ਸਨ । ਈਸਾਈ ਧਰਮ ਨੂੰ ਜਿਥੇ ਪਾਦਰੀਆਂ ਨੇ ਵਿਸਤਾਰਿਆ ਉਥੇ ਕਲਾਕਾਰਾਂ ਨੇ ਪ੍ਰਭੂ ਈਸਾ ਦੇ ਜੀਵਨ ਨੂੰ ਕੋਮਲ ਕਲਾਵਾਂ (ਚਿਤਰ ਕਲਾ ਅਤੇ ਮੂਰਤੀ ਕਲਾ) ਵਿਚ ਪੇਸ਼ ਕੀਤਾ ਹੈ । ਅਜਿਹੀਆਂ ਕਲਾ-ਕਿਰਤਾਂ ਵਿਚ ਕਲਾ ਦੇ ਅਤਿ ਸੂਖਮ ਨਮੂਨੇ ਵੇਖਣ ਨੂੰ ਮਿਲਦੇ ਹਨ । ਸੋਭਾ ਸਿੰਘ ਵੀ ਕੁਝ ਅਜਿਹਾ ਕਰਨ ਦਾ ਯਤਨ ਕਰਦੇ ਪ੍ਰਤੀਤ ਹੁੰਦੇ ਹਨ। ਜਦ ਉਹ ਗੁਰੂਆਂ ਨੂੰ ਆਪਣੇ ਕੈਨਵਸ ਦਾ ਵਿਸ਼ਾ ਬਣਾਉਂਦੇ ਹਨ । ਪ੍ਰਭੂ ਈਸਾ ਦੇ ਚਿਤਰ ਉਨ੍ਹਾਂ ਦੇ ਜੀਵਨ ਦੀਆਂ ਭਿੰਨ ਸਥਿਤੀਆਂ-ਪ੍ਰਸਥਿਤੀਆਂ ਨੂੰ ਪੇਸ਼ ਕਰਦੇ ਹਨ ਪਰ, ਸੋਭਾ ਸਿੰਘ ਜਦ ਪ੍ਰੇਰਣਾ ਸਰੋਤ ਨੂੰ ਵਿਹਾਰਕ ਰੂਪ ਦਿੰਦੇ ਹਨ ਤਾਂ ਸੰਦਰਭਾਂ-ਕਥਾਵਾਂ ਤੋਂ ਗੁਰੂਆਂ ਨੂੰ ਤੋੜ ਲੈਂਦੇ ਹਨ । ਉਨ੍ਹਾਂ ਦਾ ਧਿਆਨ ਘਟਨਾ ‘ਤੇ ਨਹੀਂ ਬਲਕਿ ਚਿਹਰੇ ‘ਤੇ ਟਿਕ ਜਾਂਦਾ ਹੈ । ਬਿਰਤਾਂਤ ਵਿਚ ਦੂਜੇ ਪਾਤਰਾਂ ਦੇ ਵਿਉਹਾਰ ਵਿਚੋਂ ਮੁੱਖ ਪਾਤਰ ਨੂੰ ਉਭਾਰ ਮਿਲਦਾ ਹੈ । ਸੋਭਾ ਸਿੰਘ ਲਈ ਆਦਿ ਅਤੇ ਅੰਤਿਮ ਉਦੇਸ਼ ਪੋਰਟਰੇਟ ਬਣਾਉਣਾ ਹੈ । ਅਨੇਕ ਕਲਾ-ਕ੍ਰਿਤਾਂ ਦੇ ਸਰਵੇਖਣ ਤੋਂ ਇਸ ਸ਼ੱਕ ਨੂੰ ਬਲ ਮਿਲਦਾ ਹੈ ਕਿ ਕਲਾਕਾਰ ਵਿਚ ਘਟਨਾ ਜਾਂ ਬਿਰਤਾਂਤ ਵਿਸ਼ੇਸ਼ ਨੂੰ ਸਚਿੱਤਰ ਦੀ ਸਮਰਥਾ ਨਹੀਂ ਸੀ । ਉਹ ਗੁਰੂ ਵਿਅਕਤੀਆਂ ਦੇ ਰੂਪ-ਚਿਤਰ ਦਾ ਮਿਆਰੀਕਰਨ ਕਰਦੇ ਹਨ । ਇਹ ਉਨ੍ਹਾਂ ਦੀ ਕਲਾ ਦਾ ਪਛਾਨਣਯੋਗ ਪੱਖ ਹੈ ।
ਇਸੇ ਕਾਰਨ ਸੋਭਾ ਸਿੰਘ ਦੂਜੇ ਚਿਤਰਕਾਰਾਂ ਤੋਂ ਖੁਦ ਨੂੰ ਵੱਖਰਿਆ ਲੈਂਦੇ ਹਨ । ਜਦ ਕਿ ਉਨ੍ਹਾਂ ਦੇ ਸਿਰਜੇ ਚਿਤਰ ਵੀ ਲੋਕਾਂ ਦੇ ਘਰਾਂ ਵਿਚ ਕੈਲੰਡਰ ਰੂਪ ਵਿਚ ਕਲਾ ਦੀਆਂ ਬਾਰੀਕੀਆਂ ਵੇਖਣ ਨੂੰ ਨਹੀਂ ਮਿਲਦੀਆਂ ।
ਇਕ ਹੋਰ ਭਿੰਨਤਾ ਵਲ ਵੀ ਸੰਕੇਤ ਕਰਨਾ ਜ਼ਰੂਰੀ ਜਾਪਦਾ ਹੈ । ਸੋਭਾ ਸਿੰਘ ਰੂਪ ਦੀ ਏਕਤਾ ਨੂੰ ਕਾਇਮ ਰੱਖਣ ਵਿਚ ਸਫਲ ਰਹਿੰਦੇ ਹਨ । ਇਕ ਗੁਰੂ-ਰੂਪ ਜਦ ਦੂਜੇ ਕੈਨਵਸ ਤਕ ਪੁੱਜਦਾ ਹੈ ਤਾਂ ਉਸ ਦੇ ਹਾਵ ਭਾਵ ਵਿਚ ਪਰਿਵਰਤਨ ਆ ਜਾਂਦਾ ਹੈ, ਪਰ ਰੂਪ ਪਰਿਵਰਤਿਤ ਨਹੀਂ ਹੁੰਦਾ । ਰੂਪ ਵਿਚਲੀ ਏਕਤਾ ਗੁਰੂ ਵਿਅਕਤੀ ਦੀ ਪਛਾਣ ਨਿਸਚਿਤ ਕਰਦੀ ਹੈ । ਰੂਪ ਵਿਚ ਸਥਿਰਤਾ ਆਉਂਦੀ ਹੈ ਜਦ ਕਿ ਦੂਜੇ ਕਲਾਕਾਰ ਇਸ ਪੱਖ ‘ਤੇ ਆਪਣਾ ਧਿਆਨ ਕੇਂਦਰਿਤ ਨਹੀਂ ਕਰਦੇ । ਲਗਦਾ ਹੈ ਕਿ ਆਪਣੀ ਕਿਰਤ ਦੇ ਰੂਪ ਪ੍ਰਤੀ ਉਨ੍ਹਾਂ ਵਿਚ ਏਕਾਗਰਤਾ ਨਹੀਂ । ਉਹ ਕਿਸੇ ਇਕ ਚੁਣੇ ਰੂਪ ਨੂੰ ਦੂਜੀਆਂ ਕਲਾ-ਕ੍ਰਿਤਾਂ ਲਈ ਆਧਾਰ ਵਜੋਂ ਨਹੀਂ ਲੈਂਦੇ । ਸੋਭਾ ਸਿੰਘ ਦੇ ਚਿਤਰਾਂ ਵਿਚ ਰੂਪ ਦੀ ਸਮਾਨਤਾ ਅਤੇ ਇਕਸਾਰਤਾ ਹੈ । ਇਹ ਤੱਤ ਵੀ ਮਿਆਰੀਕਰਨ ਦਾ ਇਕ ਅੰਗ ਹੈ। ਇਸੇ ਮਿਆਰੀਕ੍ਰਿਤ ਕਲਾ-ਰਚਨਾਵਾਂ ਨੂੰ ਲੋਕ-ਪ੍ਰਵਾਨਗੀ ਮਿਲੀ । ਇਸ ਪ੍ਰਵਾਨਗੀ ਤੋਂ ਇਹ ਧਾਰਨਾ ਮਿਲਦੀ ਹੈ ਕਿ ਸਾਧਾਰਨ ਵਿਅਕਤੀ ਦੀ ਚੇਤਨਾ ਵਿਚ ਇਕ ਕਲਾ-ਸੂਝ ਅਚੇਤ ਹੀ ਪਈ ਹੋਈ ਹੈ। ਜਿਸ ਦੇ ਆਧਾਰ ‘ਤੇ ਉਹ ਇਕ ਦਾ ਤਿਆਗ ਕਰਦਾ ਹੈ ਅਤੇ ਦੂਜੀ ਨੂੰ ਸਵੀਕਾਰਦਾ ਹੈ।
ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਨਾਲ ਸੰਬੰਧਤ ਕਲਾ-ਕ੍ਰਿਤਾਂ ਵਿਚ ਕਸ਼ਿਸ਼ ਹੈ। ਚਿਹਰਾ ਤਿੰਨ ਪਸਾਰੀ ਹੋਣ ਕਾਰਨ ਉਸ ਦਾ ਪ੍ਰਭਾਵ ਸਾਧਾਰਨ ਪ੍ਰਾਪਤ ਹੁੰਦੇ ਚਿਤਰਾਂ ਦੇ ਪ੍ਰਭਾਵ ਤੋਂ ਅੱਡਰਾ ਹੈ।
ਧੁੱਪ-ਛਾਂ ਦੀ ਸੁਚੱਜੀ ਵਰਤੋਂ ਨਾਲ ਰੂਪ ਨੂੰ ਉਭਾਰ ਮਿਲਦਾ ਹੈ ਅਤੇ ਹਾਵ ਭਾਵ ਨੂੰ ਸਪਸ਼ਟਤਾ ਮਿਲਦੀ ਹੈ । ਆਮ ਚਿਤਰਾਂ ਵਿਚ ਲੰਬਾਈ-ਚੌੜਾਈ ਤਾਂ ਵੇਖਣ ਨੂੰ ਮਿਲ ਜਾਂਦੀ ਹੈ ਪਰ ਉਨ੍ਹਾਂ ਵਿਚ ਡੂੰਘਾਈ ਨਹੀਂ ਮਿਲਦੀ । ਸੋਭਾ ਸਿੰਘ ਉਸ ਕਮੀ ਨੂੰ ਦੂਰ ਕਰਦੇ ਹਨ ।
ਕਲਾਕਾਰ ਦੀ ਗੁਰੂ ਵਿਅਕਤੀਆਂ ਪ੍ਰਤੀ ਸ਼ਰਧਾ ਹੈ । ਉਨ੍ਹਾਂ ਦਾ ਵਰਤੇ ਜਾ ਰਹੇ ਮਾਧਿਅਮ ਅਰਥਾਤ ਰੰਗਾਂ ਪ੍ਰਤੀ ਵੀ ਸਤਿਕਾਰ ਹੈ । ਇਸੇ ਕਾਰਨ ਉਹ ਰੰਗਾਂ ਦੀ ਸ਼ਕਤੀ ਪਛਾਣ ਕੇ ਉਨ੍ਹਾਂ ਦੀ ਸੁਚੱਜੀ ਵਰਤੋਂ ਕਰ ਸਕੇ ਹਨ । ਹਲਕੇ ਰੰਗ ਦੀਆਂ ਬੁਰਸ਼ ਛੋਹਾਂ ਨਾਲ ਸਮੁੱਚੇ ਪ੍ਰਭਾਵ ਨੂੰ ਤੀਖਣਤਾ ਪ੍ਰਦਾਨ ਕਰ ਦਿੱਤੀ ਜਾਂਦੀ ਹੈ । ਬੁਰਸ਼ ਛੋਹਾਂ ਕਈ ਥਾਵਾਂ ‘ਤੇ ਮੇਲਵੀਆਂ ਹਨ ਅਤੇ ਕਈ ਵਾਰ ਅਮੇਲਵੀਆਂ ਹੀ ਰੱਖ ਲਈਆਂ ਜਾਂਦੀਆਂ ਹਨ । ਨੀਲੇ ਅਤੇ ਪੀਲੇ ਰੰਗ ਦੀ ਭਰਪੂਰ ਵਰਤੋਂ ਕੀਤੀ ਗਈ ਹੈ । ਰੰਗਾਂ ਦੀ ਅਜਿਹੀ ਸੂਖਮ ਵਰਤੋਂ ਕਿਸੇ ਹੋਰ ਕਲਾਕਾਰ ਵਲੋਂ ਘੱਟ ਹੀ ਹੋਈ ਹੈ । ਕਲਾਕਾਰ ਵਲੋਂ ਪਰਤਵੀਂ ਛਾਂ ਜਾਂ ਰੰਗ ਨੂੰ ਪਕੜਨ ਦਾ ਯਤਨ ਵੀ ਹੋਇਆ ਹੈ । ਗੁਰੂ ਗੋਬਿੰਦ ਸਿੰਘ ਦੀ ਦਸਤਾਰ ‘ਤੇ ਸਜਾਏ ਚੱਕਰਾਂ ਵਿਚ ਇਹ ਗੁਣ ਵਿਖਾਈ ਦਿੰਦਾ ਹੈ ।
ਸੋਭਾ ਸਿੰਘ ਨੇ ਸਿੱਖ-ਗੁਰੂਆਂ ਦੇ ਬਿਰਤਾਂਤ ਨੂੰ ਕੈਨਵਸ ‘ਤੇ ਉਤਾਰਨ ਤੋਂ ਗੁਰੇਜ਼ ਕੀਤਾ ਹੈ । ਸਿਰਜਣਾ ਸ਼ਕਤੀ ਇਕੋ ਪੱਖ ਅਰਥਾਤ ਤਸਵੀਰ ਕਸ਼ੀ ’ਤੇ ਕੇਂਦਰਿਤ ਹੈ । ਈਸਾ ਦੇ ਜੀਵਨ- ਬਿਰਤਾਂਤ ਨੂੰ ਪੱਛਮ ਦੇ ਮਹਾਨ ਕਲਾਸਕੀ ਕਲਾਕਾਰਾਂ ਲਿਓਨਾਰਦੋ ਦਾ ਵਿੰਸੀ, ਮਾਈਕਲਐਂਜਲੋ, ਰਫ਼ੈਲ ਆਦਿ ਨੇ ਅਨੇਕ ਪੱਖਾਂ ਤੋਂ ਚਿਤਰਿਆ । ਗਿਰਜਾ ਘਰਾਂ ਵਿਚ ਇਨ੍ਹਾਂ ਕਲਾ-ਕਿਰਤਾਂ ਨੂੰ ਮਾਣਯੋਗ ਥਾਂ ਮਿਲੀ । ਉਨ੍ਹਾਂ ਪ੍ਰਭੂ ਈਸਾ ਨੂੰ ਉਮਰ ਦੇ ਭਿੰਨ ਪੜਾਵਾਂ ਤੋਂ ਉਲੀਕਿਆ । ਇਹ ਚਿਤਰ ਕਲਾ, ਸੋਹਜ, ਐਨਾਟਮੀ ਪੱਖੋਂ ਪੂਰਨ ਹਨ । ਪਰ ਸਾਡੇ ਇਥੇ ਅਜਿਹੀ ਸਥਿਤੀ ਵੇਖਣ ਨੂੰ ਨਹੀਂ ਮਿਲਦੀ । ਕਿਸੇ ਵੀ ਕਲਾਸਕੀ ਕਲਾ-ਚਿੰਤਕ ਦੀ ਇਥੇ ਅਣਹੋਂਦ ਰਹੀ ਹੈ । ਗੁਰਦੁਆਰਿਆਂ ਵਿਚੋਂ ਗੁਰੂ-ਚਿਤਰਾਂ ਨੂੰ ਕੱਢ ਦਿੱਤਾ ਗਿਆ । ਪਰ ਕਈ ਥਾਵਾਂ ‘ਤੇ ਮਿਲਣ ਵਾਲੇ ਸ਼ੈਲੀਗਤ ਚਿਤਰਾਂ ਜਾਂ ਕੰਧ-ਚਿਤਰਾਂ ਨੂੰ ਮਕਬੂਲੀਅਤ ਨਾ ਮਿਲ ਸਕੀ । ਇੰਞ ਗੁਰੂ-ਚਿਤਰਾਂ ਨੂੰ ਦੋ ਪੱਧਰ ’ਤੇ ਅਸਵੀਕ੍ਰਿਤੀ ਮਿਲੀ । ਨਵੇਂ ਚਿਤਰਾਂ ਨੂੰ ਗੁਰਧਾਮਾਂ ਜਾਂ ਗੁਰਦੁਅਰਿਆਂ ਵਿਚ ਰੱਖਣ ਨਾ ਰੱਖਣ ਦੀ ਪ੍ਰਬੰਧਕਾਂ ਦੇ ਮਨ ਵਿਚ ਦੁਚਿਤੀ ਹੈ । ਜਿਹੜੇ ਚਿਤਰ ਜਾਂ ਕੰਧ-ਚਿਤਰ ਸਾਨੂੰ ਮਿਲਦੇ ਹਨ ਉਨ੍ਹਾਂ ਨੂੰ ਲੋਕ ਪ੍ਰਵਾਨਗੀ ਪ੍ਰਾਪਤ ਨਹੀਂ । ਸੋਭਾ ਸਿੰਘ ਦੇ ਚਿਤਰ-ਸਿਰਜਣਾ ਇਸ ਸਥਿਤੀ ਵਿਚੋਂ ਪੈਦਾ ਹੋ ਕੇ ਲੋਕ ਪ੍ਰਵਾਨ ਹੁੰਦੀ ਹੈ । ਉਨ੍ਹਾਂ ਦੀ ਪ੍ਰੇਰਨਾ ਪੱਛਮੀ ਧਰਮ-ਕਲਾ ਹੋ ਸਕਦੀ ਹੈ ਪਰ ਵਿਸ਼ਾ ਸਿੱਖ ਧਰਮ ਨਾਲ ਸੰਬੰਧਤ ਹੈ।
ਸੋਭਾ ਸਿੰਘ ਸਥਿਰ ਕਾਲ ਬਿੰਦੂ ਤੋਂ ਗੁਰੂ ਵਿਅਕਤੀਆਂ ਦੇ ਚਿਤਰ ਸਿਰਜਦੇ ਪ੍ਰਤੀਤ ਹੁੰਦੇ ਹਨ । ਪ੍ਰਭੂ ਈਸਾ ਦੇ ਚਿਤਰਾਂ ਵਿਚ ਅਜਿਹਾ ਨਹੀਂ ਹੈ । ਉਨ੍ਹਾਂ ਦੇ ਚਿਤਰ ਉਨ੍ਹਾਂ ਦੀ ਜੀਵਨ ਲੀਲਾ ਦੇ ਅਨੇਕ ਪੜਾਵਾਂ ਦਾ ਵਿਰਾਟ ਦਰਸ਼ਨ ਕਰਵਾਉਂਦੇ ਹਨ । ਸ਼ਰਧਾਲੂ ਦਰਸ਼ਕ ਰੂਪ ਤੋਂ ਬਿਰਤਾਂਤ ਵੱਲ ਪਰਤਦਾ ਹੈ । ਇੰਞ ਉਹ ਵਿਸ਼ਾਲ ਪਰਿਪੇਖ ਤੋਂ ਆਪਣੇ ਗੁਰੂ ਨੂੰ ਵੇਖਦਾ, ਜਾਣਦਾ-ਪਛਾਣਦਾ ਹੈ । ਉਹ ਉਸ ਨੂੰ ਜੀਵਨ ਦੇ ਵਧੇਰੇ ਕਰੀਬ ਲੱਗਦੇ ਹਨ । ਪਰ ਸੋਭਾ ਸਿੰਘ ਦੇ ਚਿਤਰ ਉਸ ਤਰ੍ਹਾਂ ਦਾ ਵਿਸ਼ਾਲ ਪਰਿਪੇਖ ਨਹੀਂ ਬਣਾਉਂਦੇ । ਉਹ ਗੁਰੂ ਨਾਨਕ ਦਾ ਵਡੇਰੀ ਉਮਰ ਦਾ ਰੂਪ ਚਿਤਰਦੇ ਹਨ ਅਤੇ ਗੁਰੂ ਗੋਬਿੰਦ ਸਿੰਘ ਦਾ ਜੋਬਨ ਅਵਸਥਾ ਵਾਲਾ । ਇਹ ਰੂਪ ਸ਼ਰਧਾਲੂ ਦਰਸ਼ਕ ਨੂੰ ਆਪਣੇ ਵਲ ਖਿੱਚਦੇ ਤਾਂ ਹਨ ਪਰ ਬਿਰਤਾਂਤ ਆਧਾਰਤ ਚਿਤਰ ਤੋਂ ਉਪਜਣ ਵਾਲਾ ਪ੍ਰਭਾਵ ਇਨ੍ਹਾਂ ਵਿਚੋਂ ਗਾਇਬ ਹੈ।
ਪੱਛਮ ਦੇ ਕਈ ਕਲਾਕਾਰਾਂ ਨੇ ਪ੍ਰਭੂ ਈਸਾ ਨੂੰ ਕੈਨਵਸ ‘ਤੇ ਉਤਾਰਨ ਲਈ ‘ਮਾਡਲ’ ਦਾ ਆਸਰਾ ਲਿਆ ਤਾਂ ਜੋ ਉਹ ਰੂਪ ਵਧੇਰੇ ਯਥਾਰਥਕ ਹੋ ਸਕੇ । ਸੋਭਾ ਸਿੰਘ ਵੀ ਯਥਾਰਥਕ ਅਤੇ ਪ੍ਰਭਾਵਪੂਰਵਕ ਚਿਤਰ-ਸਿਰਜਣਾ ਲਈ ਮਾਡਲ ਦੀ ਵਰਤੋਂ ‘ਤੇ ਜ਼ੋਰ ਦਿੰਦੇ ਹਨ ।
ਉਨ੍ਹਾਂ ਮਿਹਨਤ ਅਤੇ ਅਨੁਭਵ ਸਦਕਾ ਆਪਣੀ ਪਛਾਣ ਕਾਇਮ ਕੀਤੀ। ਇਸ ਖੇਤਰ ਦੀ ਉਨ੍ਹਾਂ ਨੇ ਕੋਈ ਵਿਧੀਵਤ ਸਿੱਖਿਆ ਪ੍ਰਾਪਤ ਨਹੀਂ ਸੀ ਕੀਤੀ । ਸੋਭਾ ਸਿੰਘ ਦੇ ਪ੍ਰਵੇਸ਼ ਤੋਂ ਪਹਿਲਾਂ ਅਤੇ ਉਨ੍ਹਾਂ ਦੇ ਸਮੇਂ ਦੌਰਾਨ ਸਿੱਖ ਗੁਰੂ ਵਿਅਕਤੀਆਂ ਦੀਆਂ ਨਿਮਨ ਪੱਧਰ ਦੀਆਂ ਅਤੇ ਹਲਕੀਆਂ ਤਸਵੀਰਾਂ ਦਾ ਜ਼ੋਰ ਰਿਹਾ । ਪਰ ਹੌਲੀ ਹੌਲੀ ਉਹ ਤਸਵੀਰਾਂ ਅਸਵੀਕਾਰ ਹੁੰਦੀਆਂ ਗਈਆਂ।
ਕਈ ਪ੍ਰਮੁੱਖ ਪੰਜਾਬੀ ਕਲਾਕਾਰਾਂ ਨੇ ਆਧੁਨਿਕ ਕਲਾ ਵਿਚ ਨਵੇਂ ਪੂਰਨੇ ਪਾਏ ਹਨ । ਦੇਸ਼ ਵਿਦੇਸ਼ ਵਿਚ ਉਨ੍ਹਾਂ ਦਾ ਨਾਂ ਥਾਂ ਹੈ ਪਰ ਉਨ੍ਹਾਂ ਦੀਆਂ ਕਲਾ-ਕ੍ਰਿਤਾਂ ਇਕ ਵਰਗ ਵਿਸ਼ੇਸ਼ ਤਕ ਸੀਮਤ ਰਹਿ ਜਾਂਦੀਆਂ ਹਨ । ਉਨ੍ਹਾਂ ਦੀਆਂ ਕਲਾ-ਕ੍ਰਿਤਾਂ ਆਰਟ-ਗੈਲਰੀ ਤੋਂ ਜਨ ਸਾਧਾਰਨ ਤਕ ਸਫ਼ਰ ਨਹੀਂ ਕਰਦੀਆਂ । ਉਨ੍ਹਾਂ ਦੀ ਕਲਾ ਵਿਸ਼ੇ, ਤਕਨੀਕ, ਰੂਪ ਪੱਖੋਂ ਪ੍ਰਭਾਵ ਅਤੇ ਆਧੁਨਿਕ ਹੋਣ ਦੇ ਬਾਵਜੂਦ ਜਨ ਸਾਧਾਰਨ ਤਕ ਉਸ ਦੀ ਰਸਾਈ ਨਹੀਂ । ਸੋਭਾ ਸਿੰਘ ਰਚਿਤ ਕਲਾ ਜਨ ਸਾਧਾਰਨ ਤਕ ਪੁੱਜਦੀ ਹੈ । ਇਹ ਸੱਚ ਹੈ ਕਿ ਇਹ ਧਾਰਮਿਕ ਚਿਤਰਾਂ ਦੇ ਰੂਪ ਵਿਚ ਪੁੱਜਦੀ ਹੈ । ਕਲਾਵਾਂ ਕਦੇ ਵੀ ਵਿਰੋਧਾਂ ਵਿਚ ਸਫ਼ਰ ਨਹੀਂ ਕਰਦੀਆਂ । ਉਹ ਤਾਂ ਆਪੋ ਆਪਣੇ ਖੇਤਰਾਂ ਵਿਚ ਨਿਸਰਦੀਆਂ ਅਤੇ ਪ੍ਰਵਾਨ ਹੁੰਦੀਆਂ ਹਨ ।
ਸੋਭਾ ਸਿੰਘ ਨੇ ਛੇਵੀਂ ਜਮਾਤ ਤਕ ਹੀ ਪੜ੍ਹਾਈ ਕੀਤੀ ਅਤੇ ਬਾਅਦ ਵਿਚ ਆਰਟ ਐਂਡ ਕਰਾਫ਼ਟ ਸਕੂਲ (ਅੰਮ੍ਰਿਤਸਰ) ਤੋਂ ਤਕਨੀਕੀ ਸਿੱਖਿਆ ਪ੍ਰਾਪਤ ਕੀਤੀ । ਇਸੇ ਸਦਕਾ 1919 ਈਸਵੀ ਵਿਚ ਉਹ ਬ੍ਰਿਟਿਸ਼ ਇੰਡੀਆ ਆਰਮੀ ਵਿਚ ਚੌਥੇ ਦਰਜੇ ਦੇ ਡਰਾਫਸਮੈਨ ਭਰਤੀ ਹੋਏ ਅਤੇ ਉਨ੍ਹਾਂ ਨੂੰ ਬਸਰੇ ਜਾਣ ਦਾ ਮੌਕਾ ਮਿਲਿਆ ।
ਬਸਰੇ ਪੜਾਅ ਦੌਰਾਨ ਉਨ੍ਹਾਂ ਦੀ ਕਲਾ ਪ੍ਰਤਿਭਾ ਵਿਚ ਬਹੁ-ਮੁਖੀ ਵਿਕਾਸ ਹੋਇਆ । ਸਕੂਲ ਸਮੇਂ ਤਕ ਤਾਂ ਉਹ ਲੁਕ ਛੁਪ ਕੇ ਰੇਤਲੀ ਧਰਤ ‘ਤੇ ਹੀ ਭਿੰਨ-ਭਿੰਨ ਆਕਾਰ ਸਿਰਜਦੇ ਰਹੇ ।
ਬਸਰੇ ਉਹ ਅੰਗਰੇਜ਼ ਲੋਕਾਂ ਦੇ ਸੰਪਰਕ ਵਿਚ ਆਏ । ਉਨ੍ਹਾਂ ਵਿਚੋਂ ਕੁਝ ਗੋਰੇ ਆਪਣੇ ਮਿਲੇ ਕੰਮ ਦੇ ਇਲਾਵਾ ਮਨ ਪਰਚਾਵੇ ਲਈ ਕੋਈ ਹੋਰ ਕੰਮ ਵੀ ਕਰਦੇ । ਕੁਝ ਗੋਰੇ ਤਾਂ ਸਿਰਫ ਯੁੱਧ-ਦ੍ਰਿਸ਼ ਬਣਾਉਣ ਲਈ ਹੀ ਭਰਤੀ ਕੀਤੇ ਗਏ ਸਨ ਕਿਉਂਕਿ ਉਸ ਸਮੇਂ ਫੋਟੋਗਰਾਫ਼ੀ ਅਜੇ ਆਪਣੇ ਮੁਢਲੇ ਪੜਾਅ ‘ਤੇ ਸੀ ਅਤੇ ਅੱਜ ਵਾਂਗ ਉਨਤ ਨਹੀਂ ਸੀ ਹੋਈ । ਸੋਭਾ ਸਿੰਘ ਲਈ ਅੰਗਰੇਜ਼ ਲੋਕਾਂ ਨਾਲ ਮੇਲ-ਜੋਲ ਲਾਹੇਵੰਦ ਰਿਹਾ । ਆਪਣਾ ਖਾਲੀ ਸਮਾਂ ਉਨ੍ਹਾਂ ਨੇ ਕਲਾ-ਸਿਰਜਣਾ ਨੂੰ ਸੌਂਪ ਦਿੱਤਾ । ਉਨ੍ਹਾਂ ਨੇ ਭਿੰਨ ਮਾਧਿਅਮਾਂ ਵਿਚ ਅਨੇਕ ਵਿਸ਼ਿਆਂ ਨੂੰ ਛੋਹਿਆ । ਧਰਤ-ਚਿੱਤਰ, ਵਿਅਕਤੀ-ਚਿਤਰ ਅਤੇ ਉਥੋਂ ਦੇ ਸਾਧਾਰਨ ਲੋਕਾਂ ਦੇ ਜੀਵਨ ਵਿਉਹਾਰ ਨੂੰ ਉਭਾਰਦੇ ਚਿਤਰ ਪ੍ਰਮੁੱਖ ਹਨ । ਵਾਤਾਵਰਣ ਅਤੇ ਲਗਨ ਨੇ ਉਨ੍ਹਾਂ ਦੀ ਕਲਾ ਨੂੰ ਵਿਗਸਣ ਦਾ ਮੌਕਾ ਦਿੱਤਾ । ਉਸ ਸਮੇਂ ਦੇ ਪ੍ਰਮੁੱਖ ਰੂਪ ਵਿਚ ਉਨ੍ਹਾਂ ਦੇ ਸ਼ੁਧ ਕਾਲਪਨਿਕ ਅਤੇ ਯਥਾਰਥਕ ਚਿੱਤਰ ਵੇਖਣ ਨੂੰ ਮਿਲਦੇ ਹਨ ।
ਉਨ੍ਹਾਂ ਦੀ ਸਿਰਜਣਾਤਮਿਕ ਸ਼ਕਤੀ ਨੂੰ ਮੋਟੇ ਤੌਰ ‘ਤੇ ਦੋ ਵਰਗਾਂ ਵਿਚ ਰੱਖਿਆ ਜਾ ਸਕਦਾ ਹੈ। ਧਾਰਮਿਕ ਵਰਗ ਵਿਚ ਅਵਤਾਰ, ਸੰਤ, ਭਗਤ ਅਤੇ ਗੁਰੂ-ਵਿਅਕਤੀ ਆ ਜਾਂਦੇ ਹਨ ਅਤੇ ਇਹ ਲੌਕਿਕ ਵਰਗ ਵਿਚ ਦੂਜੀਆਂ ਕਲਾ-ਕਿਰਤਾਂ ਨੂੰ ਰੱਖਿਆ ਜਾ ਸਕਦਾ ਹੈ ।
ਵਿਚਾਰ ਅਤੇ ਕਲਾ-ਸਿਰਜਣਾ ਪੱਖੋਂ ਉਹ ਇਹ ਲੌਕਿਕ ਵਿਸ਼ਿਆਂ ਤੋਂ ਧਾਰਮਿਕ ਵਿਸ਼ੇ ਵੱਲ ਯਾਤਰਾ ਕਰਦੇ ਹਨ । ਇਹ ਪਰਿਵਰਤਨ ਮਹਿਜ਼ ਗਤੀ ਵਿਚ ਵਾਪਰਦਾ ਹੈ। ਇਸ ਪਿੱਛੇ ਕਲਾਕਾਰ ਦਾ ਆਪਣਾ ਤਰਕ ਵੀ ਕਾਰਜਸ਼ੀਲ ਹੈ।
ਕੁੱਲ ਮਿਲਾ ਕੇ ਉਂਵ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੇ ਭੂਗੋਲਿਕ ਪੰਜਾਬ ਦੇ ਸੰਸਕ੍ਰਿਤਕ ਸਰਮਾਏ ਨੂੰ ਕੈਨਵਸ ‘ਤੇ ਉਤਾਰਿਆ।
ਉਨ੍ਹਾਂ ਪੰਜਾਬ ਦੀਆਂ ਪ੍ਰੀਤ ਕਥਾਵਾਂ ਦੇ ਪਾਤਰਾਂ ਨੂੰ ਬੜੀ ਲਗਨ ਨਾਲ ਚਿਤਰਿਆ । ਪੰਜਾਬ ਦੀਆਂ ਇਨ੍ਹਾਂ ਪ੍ਰੀਤ ਕਥਾਵਾਂ ਨੂੰ ਸਾਹਿਤ-ਖੇਤਰ ਵਿਚ ਵੀ ਵਿਸ਼ੇਸ਼ ਥਾਂ ਪ੍ਰਾਪਤ ਹੈ । ਉਦਾਹਰਣ ਲਈ ਕਿੱਸਾ ਸਾਹਿਤ ਨੂੰ ਲਿਆ ਜਾ ਸਕਦਾ ਹੈ । ਹਰੇਕ ਕਿੱਸਾਕਾਰ ਨੇ ਆਪਣੇ ਦ੍ਰਿਸ਼ਟੀਕੋਣ ਤੋਂ ਪ੍ਰੀਤ-ਕਥਾ ਨੂੰ ਬਿਆਨਿਆ ਹੈ । ਇਹ ਪ੍ਰੀਤ-ਕਥਾਵਾਂ ਪੰਜਾਬ ਦੀ ਧਰਤ ਨਾਲ ਸੰਬੰਧਿਤ ਹਨ ਅਤੇ ਪੰਜਾਬੋਂ ਬਾਹਰਲੀਆਂ ਵੀ ਹਨ । ਸੋਭਾ ਸਿੰਘ ਦੀਆਂ ਪ੍ਰਮੁੱਖ ਰੂਪ ਵਿਚ ਹੀਰ ਰਾਂਝਾ, ਸੋਹਣੀ ਮਹੀਂਵਾਲ ਕਲਾ- ਕਿਰਤ ਨੂੰ ਵਧੇਰੇ ਮਾਣਤਾ ਮਿਲੀ । ਉਂਞ ਉਨ੍ਹਾਂ ਨੇ ਝਨਾਂ ਕੰਢੇ ਬੈਠੀ ਇਕੱਲੀ ਸੋਹਣੀ ਦੀ ਰੂਪ- ਸਿਰਜਣਾ ਵੀ ਕੀਤੀ ਹੈ । ਮਾਰੂਥਲ ਵਿਚ ਭਟਕਦੀ ਕੱਲੀ ਸੱਸੀ ਦਾ ਦ੍ਰਿਸ਼ ਵੀ ਕਲਾਕਾਰ ਵਲੋਂ ਬਣਾਇਆ ਗਿਆ ਹੈ । ਉਪਰੋਕਤ ਦੋਹਾਂ ਚਿਤਰਾਂ ਵਿਚ ਪ੍ਰੇਮੀ ਗ਼ੈਰਹਾਜ਼ਰ ਹਨ । ਪ੍ਰੇਮਿਕਾ ਉਸ ਨੂੰ ਮਿਲਣ ਜਾਣ ਦੀ ਤਿਆਰੀ ਵਿਚ ਹੈ ਜਾਂ ਵਿਛੜ ਚੁੱਕੇ ਪ੍ਰੇਮੀ ਨੂੰ ਲੱਭਣ ਦੇ ਆਹਰ ਵਿਚ ਹੈ । ਦੋਵੇਂ ਸਥਿਤੀਆਂ ਦੁਖਮਈ ਹਨ ।
ਹੀਰ ਰਾਂਝਾ, ਸੋਹਣੀ ਮਹੀਂਵਾਲ ਅਤੇ ਮਿਰਜ਼ਾ ਸਾਹਿਬਾਂ ਕਲਾ-ਕਿਰਤਾਂ ਦਾ ਜੇ ਅਸੀਂ ਹਲਕਾ ਜਿਹਾ ਟਾਕਰਾ ਕਰੀਏ ਤਾਂ ਕੁਝ ਮਹੱਤਵਪੂਰਨ ਤੱਥ ਸਾਹਮਣੇ ਆਉਂਦੇ ਹਨ । ਇਸੇ ਵਿਸ਼ਲੇਸ਼ਣ ਦੇ ਆਧਾਰ ‘ਤੇ ਸੋਹਣੀ ਮਹੀਂਵਾਲ ਚਿਤਰ ਦੇ ਗੁਣਾਤਮਿਕ ਪੱਖ ਉਜਾਗਰ ਹੁੰਦੇ ਹਨ ।
ਸਭ ਤੋਂ ਪਹਿਲਾਂ ਇਨ੍ਹਾਂ ਕਲਾ-ਕਿਰਤਾਂ ਵਿਚ ਸਿਰਜਿਤ ਸਥਾਨ ਨੂੰ ਲਿਆ ਜਾ ਸਕਦਾ ਹੈ। ‘ਹੀਰ ਰਾਂਝਾ’ ਵਿਚ ਘਰ ਦਾ ਵਾਤਾਵਰਣ ਸਿਰਜਿਆ ਗਿਆ ਹੈ । ਰਾਂਝਾ ਜੋਗੀ ਦੇ ਭੇਖ ਵਿਚ ਹੀਰ ਨੂੰ ਮਿਲਣ ਉਸ ਦੇ ਸਹੁਰੇ ਘਰ ਜਾਂਦਾ ਹੈ । ‘ਸੋਹਣੀ ਮਹੀਂਵਾਲ’ ਦੀ ਮਿਲਣ ਸਥਲੀ ਘਰ ਨਹੀਂ ਬਾਹਰ ਹੈ, ਮੁਕਤ ਆਕਾਸ਼ । ਕਲਾਕਾਰ ਨੇ ਇਕੱਲੀ ਸੋਹਣੀ ਨੂੰ ਚਿਤਰਦੇ ਸਮੇਂ ਵੀ ਮੁਕਤ ਆਕਾਸ਼ ਦੀ ਚੋਣ ਕੀਤੀ ਹੈ । ਇਹੋ ਗੱਲ ਸੱਸੀ ਦੀ ਰਚਨਾ ਬਾਰੇ ਕਹੀ ਜਾ ਸਕਦੀ ਹੈ । ਪਹਿਲੇ ਚਿੱਤਰ ਦਾ ਸਮਾਂ ਦੁਪਹਿਰ ਦੇ ਆਸਪਾਸ ਦਾ ਹੈ ਅਤੇ ਦੂਜੇ ਚਿੱਤਰ ਵਿਚ ਸ਼ਾਮ (ਡੁੱਬ ਰਹੇ ਸੂਰਜ) ਦਾ ਸਮਾਂ ਪੇਸ਼ ਹੋਇਆ ਹੈ । ਇਹ ਦਿਨ ਅਤੇ ਰਾਤ ਦਾ ਸੰਧੀਕਾਲ ਦਾ ਸਮਾਂ ਹੈ । ਪ੍ਰਤੀਕ ਰੂਪ ਵਿਚ ਪ੍ਰੇਮ (ਮੇਲ) ਉਪਰੰਤ ਮਹਾਂ ਮਿਲਣ ਦਾ ਸਮਾਂ । ਤੀਜਾ ਚਿੱਤਰ ਸਥਾਨ ਅਤੇ ਸਮੇਂ ਤੋਂ ਵਿਰਵਾ ਪ੍ਰਤੀਤ ਹੁੰਦਾ ਹੈ ।
ਚਿੱਤਰਕਾਰ ਵਲੋਂ ਜਿਸ ਸਥਾਨ ਨੂੰ ਚੁਣ ਕੇ ਦ੍ਰਿਸ਼ ਸਿਰਜਣਾ ਕੀਤੀ ਗਈ ਹੈ, ਉਹ ਵੀ ਮਹੱਤਵਪੂਰਨ ਹੈ। ‘ਹੀਰ ਰਾਂਝਾ’ ਵਿਚ ਘਰ (ਹਵੇਲੀ) ਦਾ ਦ੍ਰਿਸ਼ ਸਿਰਜਿਆ ਹੈ । ਹੀਰ ਅਤੇ ਉਸ ਦੀ ਨਣਾਣ ਸਹਿਤੀ ਕਮਰੇ ਦੇ ਅੰਦਰ ਹਨ ਜਦ ਕਿ ਰਾਂਝਾ ਬੂਹੇ ‘ਤੇ ਖੜ੍ਹਾ ਹੈ । ਕਮਰੇ ਦੇ ਅੰਦਰਲੀਆਂ ਵਸਤਾਂ ਨੂੰ ਚਿਤਰਿਤ ਕਰਨ ਉਪਰੰਤ ਬਾਹਰ ਖੁੱਲ੍ਹੀ ਜਗ੍ਹਾ ‘ਚਾਰ ਦੀਵਾਰੀ’ ਉਸ ਤੋਂ ਪਾਰ ਵਸੇ ਦੂਜੇ ਘਰਾਂ ਵੱਲ ਦ੍ਰਿਸ਼ ਖੁਦ ਨੂੰ ਵਿਸਤਾਰਦਾ ਹੈ । ਕਲਾਕਾਰ ਦੀ ਇਸ ਉਸਾਰੀ ਵਿਚੋਂ ਨੀਲਾ ਅਸਮਾਨ ਟੋਟਿਆਂ ਵਿਚ ਵਿਖਾਈ ਦਿੰਦਾ ਹੈ । ਕਮਰੇ ਵਿਚ ਪੰਜਾਬੀ ਜੀਵਨ ਵਿਧੀ ਨਾਲ ਸੰਬੰਧਿਤ ਕੁਝ ਵੇਰਵੇ ਵੀ ਖਿੱਲਰੇ ਪਏ ਹਨ । ਇਨ੍ਹਾਂ ਮੋਟਿਫਾਂ ਲਈ ਕਲਾਕਾਰ ਵਲੋਂ ਤੇਜ਼ ਰੰਗਾਂ ਦੀ ਵਰਤੋਂ ਹੋਈ ਹੈ । ਰਾਂਝੇ ਦੇ ਪਿੰਡੇ ਦੇ ਰੰਗ ਵਿਚਲੀ ਇਕਸਾਰਤਾ ਅਤੇ ਦੋਹਾਂ ਔਰਤਾਂ ਦੇ ਪਿੰਡਿਆਂ ਅਤੇ ਵਸਤਰਾਂ, ਹਾਰ- ਸ਼ਿੰਗਾਰ ਲਈ ਕਲਾਕਾਰ ਨੇ ਵਿਵਿਧ ਰੰਗਾਂ ਦੀ ਵਰਤੋਂ ਕੀਤੀ ਹੈ । ਉਪਰੋਕਤ ਪੱਖਾਂ ਤੋਂ ਵੀ ਇਸ ਕਲਾ-ਕਿਰਤ ਦਾ ਅਧਿਐਨ ਕੀਤਾ ਜਾ ਸਕਦਾ ਹੈ ।
‘ਸੋਹਣੀ ਮਹੀਂਵਾਲ’ ਵਿਚਲਾ ਦ੍ਰਿਸ਼-ਪਰਿਪੇਖ ਦੁਮੇਲ ਤਕ ਪੱਸਰਿਆ ਹੋਇਆ ਹੈ । ਇਹ ਉਪਰੋਕਤ ਚਿੱਤਰ ਦੇ ਪਰਿਪੇਖ ਤੋਂ ਕਿਤੇ ਵਡੇਰਾ ਹੈ । ਪਹਿਲੇ ਜਿਥੇ ਮਨੁੱਖ ਨਿਰਮਿਤ ਵਸਤਾਂ ਵਿਚਾਲੇ ਇਸਤਰੀ-ਪੁਰਖ ਨੂੰ ਰੱਖਿਆ ਗਿਆ ਹੈ ਉਥੇ ਇਸ ਚਿੱਤਰ ਵਿਚ ਨਿਰੋਲ ਪ੍ਰਕਿਰਤਕ ਵਾਤਾਵਰਣ ਵਿਚ ਸੋਹਣੀ ਮਹੀਂਵਾਲ ਨੂੰ ਟਿਕਾਇਆ ਗਿਆ ਹੈ । ਮੂਲ ਰੂਪ ਵਿਚ ਇਥੇ ਦੋ ਵਸਤਾਂ ਪੇਸ਼ ਹੋਈਆਂ ਹਨ, ਧਰਤ ਅਤੇ ਆਕਾਸ਼ । ਧਿਆਨ ਨਾਲ ਵੇਖਣ ‘ਤੇ ਤਿੰਨ ਵਸਤਾਂ ਦੀ ਪਛਾਣ ਕੀਤੀ ਜਾ ਸਕਦੀ ਹੈ, ਧਰਤ, ਨਦੀ (ਝਨਾਂ) ਅਤੇ ਬੱਦਲਾਂ ਨਾਲ ਲਬਰੇਜ਼ ਅਸਮਾਨ । ਪਹਿਲਾਂ ਜਿਥੇ ਮਨੁੱਖ ਨਿਰਮਿਤ ਵਸਤਾਂ ਵਿਚਾਲੇ ਮਨੁੱਖ ਪੇਸ਼ ਹੋਏ ਹਨ, ਪਰ ਇਥੇ ਕੁਦਰਤ ਦੀ ਆਪਣੀ ਸ੍ਵੈ-ਰਚਨਾ ਵਿਚ ਮਨੁੱਖ ਹਨ । ਉਂਞ ਤਾਂ ਮਨੁੱਖ ਵੀ ਕੁਦਰਤ ਦੀ ਵਿਸ਼ਾਲ ਰਚਨਾ ਦਾ ਅਣੂ ਹੀ ਹੈ । ਪ੍ਰਕਿਰਤੀ ਅਤੇ ਮਨੁੱਖ ਦੇ ਸੁਜੋੜ ਨਾਲ ਬਣੀ ਇਹ ਪੇਂਟਿੰਗ ਨਿਵੇਕਲਾ ਅਰਥ ਸਿਰਜਦੀ ਹੈ । ‘ਮਿਰਜ਼ਾ ਸਾਹਿਬਾਂ’ ਵਿਚ ਪ੍ਰਕਿਰਤੀ ਦੀ ਪੇਸ਼ਕਾਰੀ ਨਹੀਂ ਹੋਈ । ਚਿੱਤਰ ਵਿਚ ਜੋ ਪੇਸ਼ ਹੋਇਆ ਹੈ ਉਹੋ ਸੋਚ ਹੈ । ਕਿਸੇ ਦੂਜੀ ਧਿਰ ਦੀ ਕਲਾਕਾਰ ਵਲੋਂ ਕੋਈ ਮਦਦ ਨਹੀਂ ਲਈ ਗਈ ।
ਤਿੰਨੇ ਕਲਾ-ਕਿਰਤਾਂ ਸਮਾਜ ਦੀ ਹੋਂਦ ਵੱਲ ਪ੍ਰਤੱਖ ਜਾਂ ਅਪ੍ਰਤੱਖ ਸੰਕੇਤ ਕਰਦੀਆਂ ਹਨ । ‘ਹੀਰ ਰਾਂਝਾ’ ਵਿਚ ਤੀਜੀ ਧਿਰ ਸਹਿਤੀ ਸਮਾਜ ਦੇ ਰੂਪ ਵਿਚ ਪ੍ਰਤੱਖ ਹਾਜ਼ਰ ਹੈ । ਉਹ ਦੋਹਾਂ ਨੂੰ ਮੇਲਣ ਦਾ ਕੰਮ ਕਰਦੀ ਹੈ, ਨਿਖੇੜਨ ਦਾ ਨਹੀਂ । ਉਸ ਦਾ ਇਹ ਕਾਰਜ ਕਹਾਣੀ ਦੇ ਦੂਜੇ ਪਾਤਰਾਂ ਦੇ ਵਿਰੋਧੀ ਵਤੀਰੇ ਕਾਰਨ ਹੀ ਉਪਜਦਾ ਹੈ । ਕਲਾਕਾਰ ਨੇ ਸਮਾਜ ਦੇ ਸੰਜੋਗੀ/ਸਹਾਇਕ ਪੱਖ ਨੂੰ ਪੇਂਟਿੰਗ ਦਾ ਅੰਗ ਬਣਾਇਆ ਹੈ । ਬਾਕੀ ਦੋਹਾਂ ਚਿੱਤਰਾਂ ਵਿਚ ਸਮਾਜ ਹਾਜ਼ਰ ਤਾਂ ਹੈ, ਪਰ ਅਪ੍ਰਤੱਖ ਰੂਪ ਵਿਚ । ਸੋਹਣੀ ਮਹੀਂਵਾਲ ਦਾ ਇਕ ਦੂਜੇ ਨੂੰ ਲੁਕ-ਛੁਪ ਕੇ ਮਿਲਣਾ ਇਸ ਗੱਲ ਦੀ ਸਾਖੀ ਹੈ ਕਿ ਤਤਕਾਲੀ ਸਮਾਜ ਨੂੰ ਉਨ੍ਹਾਂ ਦਾ ਮੇਲ-ਮਿਲਾਪ ਅਪ੍ਰਵਾਨ ਹੈ । ਮਿਰਜ਼ਾ ਸਾਹਿਬਾਂ ਵਿਚ ਸਮਾਜ ਆਪਣੀ ਪੂਰੀ ਤਾਕਤ ਨਾਲ ਹਾਜ਼ਰ ਨਹੀਂ ਹੈ । ਸਾਹਿਬਾਂ ਆਪਣੇ ਪ੍ਰੇਮੀ ਮਿਰਜ਼ਾ ਦੇ ਅੱਗੇ ਖੜ੍ਹੀ ਹੈ ਕਮਾਨ ‘ਤੇ ਚੜ੍ਹਿਆ ਤੀਰ ਉਸ ਤਾਕਤ ਵੱਲ ਸੇਧਿਆ ਹੋਇਆ ਹੈ ਜਿਹੜੀ ਚਿੱਤਰ ਵਿਚੋਂ ਖਾਰਜ ਹੈ । ਪ੍ਰਤੀਕ ਰੂਪ ਵਿਚ ਪ੍ਰੇਮ-ਬਾਣ ਵੀ ਹੋ ਸਕਦਾ ਹੈ । ਪਰ, ਉਹੀ ਅਦਿਸਦੀ ਧਿਰ ਭਾਵ ਸਮਾਜ ਚਿੱਤਰ ਦੇ ਵਾਤਾਵਰਣ, ਪਾਤਰਾਂ ਦੇ ਹਾਵ ਭਾਵ ਨੂੰ ਨਿਸ਼ਚਿਤ ਕਰਦੀ ਹੈ । ਦੋਹਾਂ ਨੇ ਹਾਵ-ਭਾਵ ਸੋਭਾ ਸਿੰਘ ਵਲੋਂ ਵਧੇਰੇ ਕਰ ਕੇ ਸੂਖਮ ਨਹੀਂ ਬਣਾਏ ਗਏ । ਚਿੱਤਰ ਵਿਚਲੀ ਵਸਤੂ ਸਥਿਤੀ ਦਾ ਵਿਅੰਗ ਇਹ ਹੈ ਕਿ ਸਾਹਿਬਾਂ ਦੇ ਹੱਥ ਵਾਲਾ ਤੀਰ-ਕਮਾਨ ਮਿਰਜ਼ੇ ਦੇ ਹੱਥ ਆ ਜਾਂਦਾ ਹੈ ।
ਪ੍ਰੇਮ-ਪ੍ਰਸੰਗਾਂ ਵਿਚ ਸਮਾਜ ਦਾ ਅਹਿਮ ਰੋਲ ਰਿਹਾ ਹੈ । ਸੋਭਾ ਸਿੰਘ ਉਨ੍ਹਾਂ ਨੂੰ ਆਪਣੇ ਅੰਦਾਜ਼ ਵਿਚ ਪੇਸ਼ ਕਰਦਾ ਹੈ । ਸਮਾਜ ਦੀ ਕਰੂਪਤਾ ਵੱਲ ਪ੍ਰਤੱਖ ਸੰਕੇਤ ਨਾ ਕਰ ਕੇ ਉਹ ਚਿੱਤਰਾਂ ਵਿਚਲੀ ਸੁੰਦਰਤਾ ਅਤੇ ਸੋਹਜ ਕਾਇਮ ਰਖਦੇ ਹਨ । ਉਹ ਸੁਖਦ ਛਿਣਾਂ ਨੂੰ ਚਿੱਤਰਨ ਕਰਨ ਵਾਲੇ ਚਿੱਤਰਕਾਰ ਪ੍ਰਤੀਤ ਹੁੰਦੇ ਹਨ ।
ਤਿੰਨੇ ਥਾਈਂ ਪ੍ਰੇਮੀ ਪ੍ਰੇਮਿਕਾ ਹਾਜ਼ਰ ਹਨ । ਪਰ, ਉਹ ਭਿੰਨ ਸਥਿਤੀਆਂ ਪ੍ਰਸਥਿਤੀਆਂ ਵਿਚ ਮਿਲਦੇ ਹਨ । ਹੀਰ ਦਾ ਪ੍ਰੇਮੀ ਰਾਂਝਾ ਉਸ ਦੇ ਸਮੁੱਖ ਖੜ੍ਹਾ ਹੈ । ਹੀਰ ਸਮਾਜਿਕ ਰਿਸ਼ਤਿਆਂ ਦੀ ਪਕੜ ਵਿਚ ਹੈ ਜਦ ਕਿ ਰਾਂਝੇ ਨੇ ਯੋਗ (ਜੋਗ) ਧਾਰਨ ਕਰ ਲਿਆ ਹੈ । ਦੋਵੇਂ ਅਪ੍ਰਾਪਤੀ ਦੇ ਬਿੰਦੂ ‘ਤੇ ਖੜ੍ਹੇ ਹੋਏ ਹਨ । ਰਾਂਝਾ ਹੀਰ ਨੂੰ ਪਛਾਣਦਾ ਹੈ । ਪਰ, ਦਰ ‘ਤੇ ਖੜ੍ਹੇ ਯੋਗੀ ਦੇ ਬਾਰੇ ਕੁਝ ਜਾਣਨ ਦੀ ਉਸ ਦੇ ਮਨ ਵਿਚ ਤੀਬਰ ਇੱਛਾ ਹੈ। ਇਸੇ ਕਾਰਨ ਉਸ ਦੇ ਸਰੀਰ ਵਿਚ ਗਤੀ ਹੈ । ਸੋਹਣੀ ਮਹੀਂਵਾਲ ਤਣਾਅ (ਵਿਛੋੜੇ) ਤੋਂ ਬਾਅਦ ਮੇਲਛਿਣਾਂ ਨੂੰ ਨਿਰਸੰਕੋਚ ਭੋਗਦੇ ਹਨ । ਮਿਰਜ਼ਾ ਸਾਹਿਬਾਂ ਜਿਸ ਸਥਿਤੀ ਦਾ ਸਾਹਮਣਾ ਕਰਨਗੇ, ਦੋਹਾਂ ਦੀ ਉਸ ਪ੍ਰਤੀ ਪਹੁੰਚ ਵੱਖੋ-ਵੱਖਰੀ ਹੋਵੇਗੀ। ਦੋਵੇਂ ਉਤਪੰਨ ਸੰਕਟ ਨੂੰ ਨਜਿੱਠਣ ਲਈ ਭਿੰਨ ਭਿੰਨ ਪਹੁੰਚ ਅਪਣਾਉਣ ਦਾ ਯਤਨ ਕਰਨਗੇ । ਇਸ ਦੇ ਬਾਵਜੂਦ ਦੋਵੇਂ ਇਕ ਦੂਜੇ ਨੂੰ ਪਿਆਰ ਕਰਦੇ ਹਨ ।
ਪਹਿਲੇ ਚਿੱਤਰ ਵਿਚ ਹੀਰ ਵਿਚ ਆਏ ਵਿਅਕਤੀ ਬਾਰੇ ਜਾਣਨ ਦੀ ਉਤਸੁਕਤਾ ਹੈ । ਇਸੇ ਕਾਰਨ ਕਲਾ-ਕਿਰਤ ਵਿਚ ਸਪਸ਼ਟ ਹਾਵ ਭਾਵਾਂ ਦੀ ਪੇਸ਼ਕਾਰੀ ਹੋਈ ਹੈ ਅਤੇ ਹੀਰ ਦੇ ਵਿਉਹਾਰ ਵਿਚ ਨਾਟਕੀਪਣ ਹੈ। ਹੀਰ ਦੀ ਸਰੀਰਕ ਕਿਰਿਆ ਅਤੇ ਹਲਚਲ ਦੇ ਵਿਪਰੀਤ ਰਾਂਝਾ ਅਡੋਲ ਅਤੇ ਨਿਰਭਾਵ ਹੈ। ਇਕੋ ਚਿੱਤਰ ਵਿਚ ਦੋ ਵਿਪਰੀਤ ਸੁਭਾਅ ਪ੍ਰਸਤੁਤ ਹੋਏ ਹਨ । ਇਸ ਪੱਖੋਂ ਵੀ ਕਲਾ- ਕਿਰਤ ਨੂੰ ਵਿਆਖਿਆ ਜਾ ਸਕਦਾ ਹੈ । ‘ਸੋਹਣੀ ਮਹੀਂਵਾਲ’ ਦੁਆਰਾ ਕਲਾਕਾਰ ਸ਼ਾਂਤ ਭਾਵ ਦੀ ਸਿਰਜਣਾ ਕਰਦਾ ਹੈ । ਕੋਈ ਅਜਿਹੀ ਸਰੀਰਕ ਕਿਰਿਆ ਨੂੰ ਨਹੀਂ ਉਘਾੜਿਆ ਗਿਆ ਜਿਸ ਵਿਚ ਉਚੇਚ ਜਾਂ ਨਾਟਕੀਪਣ ਹੋਵੇ । ਮਹੀਂਵਾਲ ਵਲੋਂ ਸੋਹਣੀ ਨੂੰ ਦਿੱਤਾ ਗਿਆ ਸਹਾਰਾ ਸਮ ਭਾਵ ਨੂੰ ਹੀ ਸੰਚਾਰਦਾ ਹੈ । ਨਾਟਕੀਪਣ ਸਿਰਫ਼ ਪ੍ਰਕਿਰਤਕ ਮੋਟਿਫਾਂ ਰਾਹੀਂ ਉਭਾਰਿਆ ਗਿਆ ਹੈ । ਤੀਜੇ ਚਿੱਤਰ ਵਿਚ ਪ੍ਰੇਮ ਅਤੇ ਵੀਰ ਭਾਵ ਦੀ ਸੰਜੁਗਤੀ ਵੇਖਣ ਨੂੰ ਮਿਲਦੀ ਹੈ । ਇਨ੍ਹਾਂ ਕਲਾ-ਕਿਰਤਾਂ ਤੋਂ ਭਿੰਨ ਪਾਤਰਾਂ ਦੇ ਆਪਸੀ ਮੇਲ ਸਮੇਂ ਦੀ ਮਾਨਸਿਕਤਾ ਦੀ ਥਾਹ ਵੀ ਮਿਲਦੀ ਹੈ । ਕੋਈ ਸਾਧਾਰਨ ਚਿੱਤਰ- ਕਰਤਾ ਅਜਿਹਾ ਪ੍ਰਭਾਵ ਸਿਰਜਣ ਦੇ ਸਮਰੱਥ ਨਹੀਂ ਹੋ ਸਕਦਾ ।
ਪੇਸ਼ ਪਾਤਰਾਂ ਦੀ ਆਰਥਿਕ ਸਥਿਤੀ ਸੰਬੰਧੀ ਵੇਰਵੇ ਵੀ ਇਨ੍ਹਾਂ ਕਲਾ-ਕਿਰਤਾਂ ਤੋਂ ਪ੍ਰਾਪਤ ਹੁੰਦੇ ਹਨ । ‘ਹੀਰ ਰਾਂਝਾ’ ਕਲਾ-ਕਿਰਤ ਵਿਚ ਦੋ ਭਿੰਨ ਤਰ੍ਹਾਂ ਦੀ ਰੂਪ ਸਿਰਜਣਾ ਹੋਈ ਹੈ । ਇਕ ਜਿਸ
ਕੋਲ ‘ਸਭ ਕੁਝ’ ਹੈ ਅਤੇ ਦੂਜਾ ਜਿਸ ਕੋਲ ‘ਕੁਝ ਵੀ ਨਹੀਂ” । ਕਲਾਕਾਰ ਦੋਹਾਂ ਨੂੰ ਇਕੋ ਥਾਏਂ ਰੱਖ ਕੇ ਪੇਂਟਿੰਗ ਵਿਚ ਤਵਾਜ਼ਨ ਰੱਖਣ ਦਾ ਯਤਨ ਕਰਦਾ ਹੈ । ‘ਸੋਹਣੀ ਮਹੀਂਵਾਲ’ ਵਿਚਲੇ ਦੋਹਾਂ ਪਾਤਰਾਂ ਦੀ ਸਥਿਤੀ ਤੋਂ ਕੋਈ ਵਿਸ਼ੇਸ਼ ਧਾਰਨਾ ਨਹੀਂ ਬਣਦੀ ਕਿ ਉਨ੍ਹਾਂ ਦੀ ਆਰਥਿਕ ਸਥਿਤੀ ਕਿਸ ਤਰ੍ਹਾਂ ਦੀ ਹੈ । ਦੋਵੇਂ ਘੱਟ ਤੋਂ ਘੱਟ ਕੱਪੜਿਆਂ ਵਿਚ ਪੇਸ਼ ਹੋਏ ਹਨ । ਸੋਹਣੀ ਦਾ ਹਾਰ ਸ਼ਿੰਗਾਰ ਵੀ ਸਾਧਾਰਨ ਹੈ, ਉਘੜਵਾਂ ਨਹੀਂ । ‘ਜੋ ਹੈ’ ਉਹ ਵੀ ਸਮੇਂ ਦੇ ਕਾਰਨ ਦੱਬਿਆ ਦੱਬਿਆ ਹੈ । ਉਨ੍ਹਾਂ ਦਾ ਮੂਲ ਰੰਗ ਤਕ ਵਿਸ਼ਾਲ ਵਾਤਾਵਰਣ ਵਿਚ ਆਪਣਾ ਨਿੱਜਤਵ ਗੁਆਉਂਦਾ ਪ੍ਰਤੀਤ ਹੁੰਦਾ ਹੈ । ਸੋਹਣੀ ਦੇ ਤਨ ‘ਤੇ ਪਏ ਕੱਪੜੇ ਬਾਰੇ ਵੀ ਕਿਆਸਰਾਈ ਹੀ ਕੀਤੀ ਜਾ ਸਕਦੀ ਹੈ । ਤੀਸਰੀ ਪੇਂਟਿੰਗ ਦੇ ਦੋਵੇਂ ਪਾਤਰ ਅਮੀਰੀ ਠਾਠ-ਬਾਠ ਵਿਚ ਪੇਸ਼ ਹੋਏ ਹਨ ।
ਇਹ ਹਲਕੀ ਜਿਹੀ ਤੁਲਨਾਤਮਿਕ ਦ੍ਰਿਸ਼ਟੀ ਤੋਂ ਕੁਝ ਵਿਸ਼ੇਸ਼ ਨੁਕਤੇ ਪ੍ਰਾਪਤ ਹੁੰਦੇ ਹਨ । ਸੋਭਾ ਸਿੰਘ ਚਿੱਤਰ ਸਿਰਜਣਾ ਲਈ ਲੋੜ ਅਨੁਸਾਰ ਕਦੇ ਵਿਸ਼ਾਲ ਦ੍ਰਿਸ਼ ਦਾ ਆਸਰਾ ਲੈਂਦੇ ਹਨ ਅਤੇ ਕਦੇ ਨਹੀਂ । ਕਦੇ ਕਲਾ-ਕਿਰਤ ਵਿਚ ਤਣਾਅ ਪੇਸ਼ ਹੁੰਦਾ ਹੈ ਕਦੇ ਨਹੀਂ । ਇਸ ਹਿਤ ਕਲਾਕਾਰ ਵਲੋਂ ਭਿੰਨ ਪਹੁੰਚ ਵਿਧੀਆਂ ਦੀ ਵਰਤੋਂ ਹੋਈ ਹੈ । ਕਿਸੇ ਚਿੱਤਰ ਵਿਚ ਨਾਟਕੀ ਤੱਤ ਮੌਜੂਦ ਹਨ ਅਤੇ ਕਿਸੇ ਵਿਚ ਨਹੀਂ । ਕਿਤੇ ਪੇਸ਼ ਪਾਤਰ ਦੇ ਮਨ ਵਿਚ ਆਪਣੇ ਸੰਭਾਵੀ ਦੁਸ਼ਮਣ ਨਾਲ ਟੱਕਰ ਲੈਣ ਦੀ ਭਾਵਨਾ ਮੌਜੂਦ ਹੈ ਕਿਤੇ ਪੇਸ਼ ਪਾਤਰਾਂ ਦਾ ਤੀਜੀ ਧਿਰ ਨਾਲ ਕੋਈ ਸਰੋਕਾਰ ਹੀ ਨਹੀਂ ਹੈ ।
ਜਿਸ ਸੰਤੋਖ/ਪ੍ਰਾਪਤੀ ਦੀ ਝਲਕ ਸੋਹਣੀ ਮਹੀਂਵਾਲ ਦੇ ਮੁੱਖ ਮੰਡਲ ‘ਤੇ ਉਭਰਦੀ ਹੈ ਦੂਜੇ ਚਿੱਤਰਾਂ ਦੇ ਪਾਤਰਾਂ ਵਿਚੋਂ ਗ਼ਾਇਬ ਹੈ। ਇਹ ਇਸ ਚਿੱਤਰ ਦਾ ਮੀਰੀ ਪੱਖ ਹੈ । ਚਿੱਤਰਕਾਰ ਸ਼ਾਂਤ ਚਿੱਤ ਯੁਗਲ ਨੂੰ ਉਥਲ-ਪੁਥਲ ਪ੍ਰਕਿਰਤੀ ਵਿਚ ਰਖਦਾ ਹੈ। ਉਹ ਇਸ ਰਾਹੀਂ ਕੀ ਕਹਿਣਾ ਚਾਹੁੰਦੇ ਹਨ ? ਕੀ ਪ੍ਰਕਿਰਤੀ ਦ੍ਰਿਸ਼ ਸਮਾਜ ਦੇ ਬਦਲ ਰੂਪ ਵਿਚ ਆਇਆ ਹੈ ? ਕੀ ਦੋਹਾਂ ਦੇ ਮਿਲਣ ਛਿਣ ਨੂੰ ਕੋਈ ਅਧਿਆਤਮਿਕ ਛੋਹ ਦੇਣ ਦੀ ਇੱਛਾ ਹੈ ? ਅਨੇਕ ਪ੍ਰਸ਼ਨ, ਪਰ ਉਤਰ ਸਹਿਜ ਨਹੀਂ ।
ਹੀਰ ਰਾਂਝਾ, ਸੋਹਣੀ ਮਹੀਂਵਾਲ ਅਤੇ ਮਿਰਜ਼ਾ ਸਾਹਿਬਾਂ ਦੇ ਤਿੰਨੇ ਚਿੱਤਰ ਸੋਭਾ ਸਿੰਘ ਵਲੋਂ ਬਣਾਏ ਗਏ ਹਨ । ਤਿੰਨਾਂ ਵਿਚ ਭਿੰਨ ਦ੍ਰਿਸ਼ ਸਿਰਜਣਾ ਹੋਈ ਹੈ । ਸਾਹਿਤ-ਖੇਤਰ ਵਿਚ ਤਿੰਨੇ ਪ੍ਰੇਮ- ਪ੍ਰਸੰਗ ਅਸਫ਼ਲ ਪ੍ਰੇਮ ਕਹਾਣੀਆਂ ਦੇ ਰੂਪ ਵਿਚ ਹਨ। ਚਿੱਤਰਕਾਰ ਵਲੋਂ ਤਿੰਨਾਂ ਲਈ ਵੱਖ ਵੱਖ ਸੰਦਰਭਾਂ ਨੂੰ ਦ੍ਰਿਸ਼ ਸਿਰਜਣਾ ਲਈ ਵਰਤਿਆ ਗਿਆ ਹੈ । ਉਨ੍ਹਾਂ ਵਲੋਂ ਕਿਤੇ ਵੀ ਤਿੰਨੇ ਚਿੱਤਰਾਂ ਵਿਚ ਸਿੱਧੇ ਜਾਂ ਅਸਿੱਧੇ ਰੂਪ ਵਿਚ ਆਉਣ ਵਾਲੀ ਅਸਫਲਤਾ ਵੱਲ ਸੰਕੇਤ ਨਹੀਂ ਹੋਇਆ ।
ਸੋਭਾ ਸਿੰਘ ਨੇ ਪਹਿਲਾਂ ਸੰਸਾਰਕ ਇਸਤਰੀ-ਪੁਰਖ ਪ੍ਰੇਮ ਵਿਚੋਂ ਸੁਖ ਨੂੰ ਤਲਾਸ਼ਿਆ । ਇਹੋ ਉਨ੍ਹਾਂ ਲਈ ‘ਆਦਰਸ਼ ਪਿਆਰ’ ਸੀ ਪਰ, ਗਿਆਨ-ਵਿਕਾਸ ਅਤੇ ਅਨੁਭਵ ਕਾਰਨ ਉਨ੍ਹਾਂ ਦੀ ਇਸ ਧਾਰਨਾ ਵਿਚ ਪਰਿਵਰਤਨ ਆਉਂਦਾ ਹੈ । ਇਨ੍ਹਾਂ ਦਾ ਪ੍ਰੇਮ ਵੇਗਮਈ ਹੈ ਅਤੇ ਲਗਪਗ ਸਾਰੇ ਪ੍ਰੇਮੀ ਗ੍ਰਹਿਸਥ ਜੀਵਨ ਵਿਚ ਪੈਰ ਰੱਖਣ ਤੋਂ ਪਹਿਲਾਂ ਹੀ ਮਰ ਮੁੱਕ ਗਏ । ਇਨ੍ਹਾਂ ਕਾਰਨਾਂ ਕਰਕੇ ਉਹ ਸਦੀਵੀਂ ਅਤੇ ਪਰਮ ਸੁਖ ਦੀ ਤਲਾਸ਼ ਵੱਲ ਝੁਕੇ । ਇਹ ਉਨ੍ਹਾਂ ਨੇ ਸਿੱਖ ਗੁਰੂ ਵਿਅਕਤੀਆਂ ਦੀ ਸੰਗਤ ਵਿਚੋਂ ਪ੍ਰਾਪਤ ਕਰਨ ਦਾ ਯਤਨ ਕੀਤਾ । ਸਦੀਵੀ ਅਤੇ ਪਰਮ ਸੁਖ ਪ੍ਰਾਪਤੀ ਲਈ ਉਹ ਸਿੱਖ ਗੁਰੂ ਵਿਅਕਤੀਆਂ ਦੀ ਰੂਪ ਸਿਰਜਣਾ ਆਪਣੇ ਅੰਤਿਮ ਸਮੇਂ ਤਕ ਕਰਦੇ ਰਹੇ ।

ਕਲਾ ਵਾਹਿਗੁਰੂ ਦੀ, ਰਘਬੀਰ ਸਿੰਘ

ਕਲਾ ਨਾਲ ਥੋੜ੍ਹੀ ਬਹੁਤ ਵੀ ਜਾਣ-ਪਛਾਣ ਰੱਖਣ ਵਾਲਾ ਕੋਈ ਅਜਿਹਾ ਪੰਜਾਬੀ ਨਹੀਂ ਹੋ ਸਕਦਾ ਜੋ ਸੋਭਾ ਸਿੰਘ ਦੇ ਨਾਂ ਤੋਂ ਵਾਕਫ ਨਾ ਹੋਵੇ । ਇਸ ਪ੍ਰਤਿਭਾਸ਼ੀਲ ਕਲਾਕਾਰ ਦੀਆਂ ਬੁਰਸ਼ ਛੋਹਾਂ ਨਾਲ ਬਣੇ ਗੁਰੂ ਸਾਹਿਬਾਨ ਦੇ ਚਿੱਤਰ ਜਾਂ ਪੰਜਾਬੀ ਸਭਿਆਚਾਰ ਦੇ ਕਿਸੇ ਹੋਰ ਪੱਖ ਨੂੰ ਛੋਂਹਦੇ ‘ਸੋਹਣੀ ਮਹੀਂਵਲ’ ਆਦਿ ਦੇ ਚਿੱਤਰ ਲਗ ਪਗ ਹਰ ਪੰਜਾਬੀ ਘਰ ਦਾ ਸ਼ਿੰਗਾਰ ਬਣੇ ਹਨ । ਚਿੱਤਰ ਕਲਾ ਦੀ ਅਖੌਤੀ ਆਧੁਨਿਕ ਸ਼ੈਲੀ ਤੋਂ ਪਰ੍ਹਾਂ ਰਹਿਣ ਵਾਲਾ ਇਹ ਕਲਾਕਾਰ 86 ਵਰ੍ਹਿਆਂ ਦੀ ਭਰਪੂਰ ਉਮਰ ਭੋਗ ਕੇ 1986 ਵਿਚ ਇਸ ਸੰਸਾਰ ਤੋਂ ਵਿਦਾ ਹੋ ਗਿਆ ਸੀ । ਐਪਰ ਆਪਣੇ ਜਿਉਂਦੇ ਜੀ ਹੀ ਸੋਭਾ ਸਿੰਘ ਇਕ ਸੰਸਥਾ ਬਣ ਚੁੱਕਿਆ ਸੀ । ਉਸ ਦੇ ਕਾਰਨ ਹੀ ਹਿਮਾਚਲ ਪ੍ਰਦੇਸ਼ ਦਾ ਛੋਟਾ ਜਿਹਾ ਪਹਾੜੀ ਪਿੰਡ ਅੰਦਰੇਟਾ ਜਿਥੇ ਸੋਭਾ ਸਿੰਘ ਨੇ ਪੱਕੀ ਰਿਹਾਇਸ਼ ਅਖ਼ਤਿਆਰ ਕੀਤੀ ਹੋਈ ਸੀ, ਪੰਜਾਬੀ ਕਲਾ ਪ੍ਰੇਮੀਆਂ ਲਈ ਇਕ ਤਰ੍ਹਾਂ ਦਾ ਤੀਰਥ ਸਥਾਨ ਬਣ ਗਿਆ ਸੀ ।
ਸੋਭਾ ਸਿੰਘ ਨੂੰ ਚਿੱਤਰਕਾਰੀ ਦਾ ਸ਼ੌਕ ਤੇ ਸੂਝ ਵਿਰਸੇ ਵਿਚੋਂ ਹੀ ਮਿਲੇ ਸਨ । ਉਸ ਨੇ ਇਸ ਕਲਾ ਵਿਚ ਨਿਪੁੰਨਤਾ ਪ੍ਰਾਪਤ ਕਰਨ ਲਈ ਕਿਸੇ ਵਿਸ਼ੇਸ਼ ਪ੍ਰਕਾਰ ਦੀ ਸਿਖਲਾਈ ਨਹੀਂ ਸੀ ਹਾਸਲ ਕੀਤੀ । ਪੰਜਾਬੀ ਸਭਿਆਚਾਰ ਤੇ ਸਿੱਖ ਇਤਿਹਾਸ ਨਾਲ ਆਪਣੇ ਡੂੰਘੇ ਲਗਾਓ ਵਿਚੋਂ ਸਹਿਜ ਰੂਪ ਵਿਚ ਹੀ ਉਸ ਨੇ ਚਿੱਤਰਕਾਰੀ ਆਰੰਭ ਦਿੱਤੀ ਸੀ ਜੋ ਸਮੇਂ ਦੇ ਬੀਤਣ ਨਾਲ ਉਸ ਦਾ ਕਿੱਤਾ ਵੀ ਬਣ ਗਈ । ਤੇ ਉਹ ਇਕ ਅਮੀਰ ਵਿਰਸੇ ਵਾਲਾ ਚਿਤਰਕਾਰ ਹੋ ਨਿਬੜਿਆ ।
ਹਰ ਕਲਾਕਾਰ ਦੀ ਸ਼ਖ਼ਸੀਅਤ ਵਿਚ ਕੁਝ ਨਾ ਕੁਝ ਅਨੋਖਾਪਣ ਹੁੰਦਾ ਹੈ । ਸੋਭਾ ਸਿੰਘ ਦੀ ਸ਼ਖ਼ਸੀਅਤ ਵਿਚ ਵੀ ਅਸਾਧਾਰਨਤਾ ਸੀ । ਆਮ ਲੋਕਾਂ ਵਿਚ ਆਪਣੇ ਮਹਿਬੂਬ ਕਲਾਕਾਰਾਂ ਸਾਹਿਤਕਾਰਾਂ ਆਦਿ ਦੇ ਜੀਵਨ ਵੇਰਵਿਆਂ ਨੂੰ ਜਾਣਨ ਦੀ ਤਾਂਘ ਹੁੰਦੀ ਹੈ । ਉਹ ਜਾਣਨਾ ਚਾਹੁੰਦੇ ਹਨ ਕਿ ਕਲਾ ਜਾਂ ਸਾਹਿਤ ਦੇ ਖੇਤਰ ਵਿਚ ਵੱਡੀ ਪ੍ਰਾਪਤੀ ਕਰਨ ਵਾਲਾ ਵਿਅਕਤੀ ਕਿਹੋ ਜਿਹਾ ਹੁੰਦਾ ਹੈ । ਉਸ ਵਿਚ ਆਮ ਲੋਕਾਂ ਨਾਲੋਂ ਕੀ ਵੱਖਰਾਪਣ ਹੈ । ਇਸ ਤਰ੍ਹਾਂ ਦੀ ਲੋੜ ਵਿਚੋਂ ਕਲਾਕਾਰਾਂ ਦੇ ਜੀਵਨ ਨਾਲ ਸੰਬੰਧਿਤ ਪੁਸਤਕਾਂ ਦੀ ਪ੍ਰਕਾਸ਼ਨਾ ਹੁੰਦੀ ਰਹਿੰਦੀ ਹੈ । ਹਥਲੀ ਪੁਸਤਕ (ਕਲਾ ਵਾਹਿਗੁਰੂ ਦੀ, ਲੇਖਕ : ਸੋਭਾ ਸਿੰਘ, ਪੰਨੇ : 176, ਮੁੱਲ : 350 ਰੁਪਏ, ਪ੍ਰਕਾਸ਼ਕ : ਸ. ਸੋਭਾ ਸਿੰਘ ਆਰਟ ਗੈਲਰੀ, ਅੰਦਰੇਟਾ, ਹਿਮਾਚਲ ਪ੍ਰਦੇਸ਼) ਵੀ ਅਜਿਹਾ ਹੀ ਕਾਰਜ ਨੇਪਰੇ ਚਾੜ੍ਹਦੀ ਹੈ ।
ਇਸ ਪੁਸਤਕ ਵਿਚ ਸੋਭਾ ਸਿੰਘ ਦੀ ਸ਼ਖਸੀਅਤ ਦੇ ਕਿੰਨੇ ਹੀ ਪਾਸਾਰ ਦ੍ਰਿਸ਼ਟੀਗੋਚਰ ਹੁੰਦੇ ਹਨ। ਇਸ ਪੁਸਤਕ ਦੇ ਮੁੱਲਵਾਨ ਹੋਣ ਦਾ ਇਕ ਹੋਰ ਪਰ ਬਹੁਤ ਹੀ ਮਹੱਤਵਪੂਰਨ ਪਹਿਲੂ ਇਹ ਹੈ ਕਿ ਇਸ ਵਿਚ ਸੋਭਾ ਸਿੰਘ ਦੇ ਜੀਵਨ ਕਾਲ ਦੇ ਵੱਖ ਵੱਖ ਪੜਾਵਾਂ ਦੀਆਂ ਤਸਵੀਰਾਂ ਤੋਂ ਬਿਨਾਂ ਉਸ ਦੀਆਂ ਗੌਲਣ ਯੋਗ ਕਲਾ-ਕਿਰਤਾਂ ਦੇ ਰੰਗੀਨ ਪ੍ਰਿੰਟ ਵੀ ਸ਼ਾਮਲ ਹਨ। ਇਨ੍ਹਾਂ ਵਿਚ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਚਿੱਤਰਾਂ ਤੋਂ ਬਿਨਾਂ ਮਹਾਰਾਜਾ ਰਣਜੀਤ ਸਿੰਘ, ਸੁਹਣੀ ਮਹੀਂਵਾਲ, ਹੀਰ ਰਾਂਝਾ ਤੇ ਉਮਰ ਖ਼ਿਆਮ ਆਦਿ ਚਿੱਤਰ ਗਿਣਾਏ ਜਾ ਸਕਦੇ ਹਨ। ਇਹ ਸਾਰੇ ਹੀ ਚਿੱਤਰ ਬਹੁਤ ਹੀ ਸੁਹਣੇ ਆਰਟ ਪੇਪਰ ਉਤੇ ਛਪੇ ਹਨ ।
ਪੁਸਤਕ ਵਿਚ ਲੇਖਕ ਦੇ ਜੀਵਨ ਬਿਉਰੇ ਤੋਂ ਬਿਨਾਂ ਉਸ ਦੀ ਡਾਇਰੀ ਦੇ ਪੰਨੇ ਸ਼ਾਮਲ ਹਨ ਜਿਨ੍ਹਾਂ ਵਿਚ ਕਲਾਕਾਰ ਦੇ ਵੱਖ ਵੱਖ ਵਿਸ਼ਿਆਂ ਬਾਰੇ ਵਿਚਾਰ ਅੰਕਿਤ ਹਨ । ਇਹ ਡਾਇਰੀ, ਸੋਭਾ ਸਿੰਘ ਨੇ ਇਕ ਪੁਸਤਕ ਵਜੋਂ ਯੋਜਨਾਬੱਧ ਰੂਪ ਵਿਚ ਨਹੀਂ ਸੀ ਲਿਖੀ । ਪ੍ਰਤੀਤ ਹੁੰਦਾ ਹੈ ਕਿ ਸਮੇਂ ਸਮੇਂ ਆਪਣੇ ਪ੍ਰਭਾਵਾਂ ਦੇ ਵਿਚਾਰਾਂ ਨੂੰ ਉਹ ਕਲਮਬੰਦ ਕਰਦਾ ਰਿਹਾ ਸੀ । ਇਸ ਲਈ ਪੁਸਤਕ ਵਿਚ ਕਿਤੇ ਕਿਤੇ ਦੁਹਰਾ ਵੀ ਹੈ ਪਰ ਪ੍ਰਕਾਸ਼ਕ ਤੇ ਸੰਪਾਦਕ ਨੇ ਸੰਭਵ ਹੱਦ ਤਕ ਸੁਧਾਈ ਕਰਕੇ ਇਸ ਵਿਚ ਇਕਸਾਰਤਾ ਲਿਆਉਣ ਦਾ ਯਤਨ ਕੀਤਾ ਹੈ । ਸਮੁੱਚੀ ਪੁਸਤਕ ਦੇ ਅਧਿਐਨ ਤੋਂ ਪਤਾ ਲਗਦਾ ਹੈ। ਕਿ ਸੋਭਾ ਸਿੰਘ ਕੇਵਲ ਬੁਰਸ਼ ਦਾ ਹੀ ਧਨੀ ਨਹੀਂ ਸੀ ਸਗੋਂ ਉਹ ਇਕ ਮੌਲਿਕ ਚਿੰਤਕ ਤੇ ਸੂਝਵਾਨ ਲੇਖਕ ਵੀ ਸੀ ।
ਵਿਸ਼ੈਗਤ ਸਮੱਗਰੀ ਦੇ ਪੱਖ ਤੋਂ ਪੁਸਤਕ ਨੂੰ ਛੇ ਖੰਡਾਂ ਵਿਚ ਵੰਡਿਆ ਗਿਆ ਹੈ । ਇਹ ਛੇ ਖੰਡ ਹਨ – ਕਲਾ ਤੇ ਕਲਾਕਾਰ, ਜੀਵਨ ਕੀ ਹੈ, ਮੇਰੇ ਝਰੋਖੇ ਚੋਂ, ਅਭੁੱਲ ਯਾਦਾਂ, ਬਦਲੋਟੀਆਂ ਤੇ ਕਾਵਿ ਕਿਆਰੀ । ਜਿਵੇਂ ਕਿ ਇਹ ਸ਼ੀਰਸ਼ਕ ਹੀ ਦਰਸਾਉਂਦੇ ਹਨ, ਪੁਸਤਕ ਵਿਚ ਬਹੁਤ ਸਾਰੀ ਸਮੱਗਰੀ ਹੈ ਜੋ ਬੁਨਿਆਦੀ ਮਹੱਤਤਾ ਵਾਲੇ ਵਿਸ਼ਿਆਂ ਨੂੰ ਛੋਂਹਦੀ ਹੈ । ‘ਕਲਾ ਤੇ ਕਲਾਕਾਰ’ ਅਤੇ ‘ਜੀਵਨ ਕੀ ਹੈ’ ਸਿਰਲੇਖਾਂ ਵਾਲੇ ਪਹਿਲੇ ਦੋ ਖੰਡ ਤਾਂ ਸਪਸ਼ਟ ਹੀ ਸੋਭਾ ਸਿੰਘ ਨੂੰ ਇਕ ਦਾਰਸ਼ਨਿਕ ਤੇ ਚਿੰਤਕ ਦੇ ਰੂਪ ਵਿਚ ਸਾਹਮਣੇ ਲਿਆਉਂਦੇ ਹਨ । ਇੱਥੇ ਉਹ ਕਲਾ ਦੇ ਵੱਖ ਵੱਖ ਪਹਿਲੂਆਂ ਨੂੰ ਲੈ ਕੇ ਨਿੱਜੀ ਅਨੁਭਵ ਦੇ ਆਧਾਰ ‘ਤੇ ਆਪਣੇ ਵਿਚਾਰ ਪੇਸ਼ ਕਰਦਾ ਹੈ । ਭਾਵੇਂ ਉਹ ਧਰਤੀ ਨਾਲ ਜੁੜਿਆ ਹੋਇਆ ਕਲਾਕਾਰ ਹੈ ਤੇ ਉਹ ਜੀਵਨ ਦੀਆਂ ਪਦਾਰਥਕ ਲੋੜਾਂ ਤੋਂ ਵੀ ਇਨਕਾਰੀ ਨਹੀਂ, ਤਦ ਵੀ ਇਨ੍ਹਾਂ ਖੰਡਾਂ ਵਿਚ ਉਹ ਇਕ ਅਜਿਹੇ ਆਦਰਸ਼ਵਾਦੀ ਮਨੁੱਖ ਵਜੋਂ ਉਭਰਦਾ ਹੈ ਜਿਸ ਲਈ ਨੈਤਿਕਤਾ ਤੇ ਉਚੇਰੇ ਆਤਮਿਕ ਮੰਡਲਾਂ ਦਾ ਮਹੱਤਵ ਵੀ ਕੋਈ ਘੱਟ ਨਹੀਂ ।
ਤੀਜੇ ਖੰਡ ਵਿਚ, ਜਿਸ ਦਾ ਸਿਰਲੇਖ ‘ਮੇਰੇ ਝਰੋਖੇ ‘ਚੋਂ” ਹੈ, ਸੋਭਾ ਸਿੰਘ ਨੇ ਚਿੱਤਰਕਲਾ ਨਾਲ ਸੰਬੰਧਿਤ ਮਸਲਿਆਂ ਨੂੰ ਯਥਾਰਥਕ ਪ੍ਰਸੰਗ ਵਿਚ ਛੋਹਿਆ ਹੈ । ਉਸ ਨੇ ਆਪਣੀ ਕਲਾ ਸਾਧਨਾ, ਕਲਾ ਦੇ ਆਪਣੇ ਸੰਕਲਪ, ਸਿੱਖ ਚਿਤਰਕਲਾ ਤੇ ਪੰਜਾਬੀ ਦੇ ਮੂਲ ਸੁਭਾ ਅਨੁਸਾਰ ਪੰਜਾਬੀ ਕਲਾ ਦੀ ਸੀਮਾ ਤੇ ਸਮਰੱਥਾ ਦਾ ਜ਼ਿਕਰ ਕੀਤਾ ਹੈ । ‘ਜੀਵਨ ਕੀ ਹੈ’ ਵਾਲੇ ਖੰਡ ਵਿਚ ਉਸ ਨੇ ਅਧਿਆਤਮਕ ਤੇ ਆਤਮਕ ਮੰਡਲਾਂ ਦੀ ਆਦਰਸ਼ਵਾਦੀ ਗੱਲ ਕੀਤੀ ਹੈ, ਇੱਥੇ ਉਹ ਇਕ ਅਮਲੀ ਮਨੁੱਖ ਵਜੋਂ ਉਭਰਦਾ ਹੈ, ਜਿਸ ਨੂੰ ਆਮ ਲੋਕਾਂ ਵਾਂਗ ਹੀ ਜੀਵਨ ਦੀਆਂ ਯਥਾਰਥਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇੱਥੇ ਉਹ ਕਲਾ ਦੇ ਸੰਬੰਧ ਵਿਚ ਸਾਡੇ ਸਮਾਜ ਤੇ ਰਾਜ ਦੀ ਪਹੁੰਚ ਦੀ ਗੱਲ ਵੀ ਕਰਦਾ ਹੈ। ਉਸ ਨੂੰ ਖੇਦ ਹੈ ਕਿ ਪੰਜਾਬ ਦੇ ਹੁਕਮਰਾਨ ਤੇ ਅਧਿਕਾਰੀ ਕਲਾ ਦੀ ਮਹੱਤਤਾ ਤੋਂ ਪੂਰੀ ਤਰ੍ਹਾਂ ਸੁਚੇਤ ਨਹੀਂ ਹਨ । ਸਿੱਖ ਸੰਸਥਾਵਾਂ ਦੇ ਕਲਾ ਪ੍ਰਤੀ ਵਤੀਰੇ ਤੋਂ ਵੀ ਉਹ ਉਦਾਸੀਨ ਹੈ । ਸ੍ਰੀ ਹਰਿਗੋਬਿੰਦਪੁਰ ਵਿਚ ਸਿੱਖ ਚਿੱਤਰ ਕਲਾ ਦਾ ਕੇਂਦਰ ਬਣਾਉਣ ਦੀ ਉਸ ਦੀ ਰੀਝ ਦੀ ਪੂਰਤੀ ਨਹੀਂ ਹੋ ਸਕੀ, ਕਿਉਂਕਿ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕਿਸੇ ਹੋਰ ਸੰਸਥਾ ਨੇ ਉਸ ਦੀ ਗੱਲ ਨੂੰ ਚੰਗੀ ਤਰ੍ਹਾਂ ਗੌਲਿਆ ਨਹੀਂ । ਗੁਰੂ ਗੋਬਿੰਦ ਸਿੰਘ ਫਾਉਂਡੇਸ਼ਨ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੇ ਕਲਾ-ਕਿਰਤਾਂ ਤੇ ਕਲਾਕਾਰਾਂ ਪ੍ਰਤੀ ਰਵੱਈਏ ਦੀ ਇਕ ਉਦਾਹਰਣ ਵਿਸ਼ੇਸ਼ ਤੌਰ ‘ਤੇ ਕਹਿ ਕੇ ਬਣਾਏ ਗਏ ਵੱਡੇ ਆਕਾਰ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਚਿੱਤਰ ਨੂੰ ਖਰੀਦਣ ਦੇ ਮਾਮਲੇ ਤੋਂ ਮਿਲਦੀ ਹੈ । ਫਾਊਂਡੇਸ਼ਨ ਤੇ ਸਰਕਾਰ ਦੋਵੇਂ ਹੀ ਚਿੱਤਰ ਖਰੀਦਣ ਤੋਂ ਬਚਣਾ ਚਾਹੁੰਦੇ ਹਨ । ਅੰਤ ਜਦੋਂ ਕੋਈ ਵੀ ਧਿਰ ਚਿੱਤਰ ਖਰੀਦਣ ਤੋਂ ਅਸਮਰਥ ਜਾਪਦੀ ਹੈ ਤਾਂ ਮਹਾਰਾਜਾ ਪਟਿਆਲਾ ਇਹ ਚਿੱਤਰ ਖਰੀਦ ਲੈਂਦੇ ਹਨ । ਇਕ ਕਲਾਕਾਰ ਵਜੋਂ ਸੋਭਾ ਸਿੰਘ ਨੂੰ ਇਹ ਅਫ਼ਸੋਸ ਹੈ ਕਿ ਇਹ ਚਿੱਤਰ ਕਿਸੇ ਪਬਲਿਕ ਸਥਾਨ ‘ਤੇ ਪ੍ਰਦਰਸ਼ਤ ਨਹੀਂ ਹੋਵੇਗਾ ਅਤੇ ਮਹਾਰਾਜੇ ਦੇ ਮਹੱਲ ਤਕ ਸੀਮਤ ਹੋ ਜਾਵੇਗਾ । ਹੋਰ ਕਈ ਘਟਨਾਵਾਂ ਵਿਚੋਂ ਇਕ ਬੰਨੇ ਸੋਭਾ ਸਿੰਘ ਰਾਜ ਕਾਜ ਸਾਂਭ ਰਹੇ ਸਿਆਸਤਦਾਨਾਂ ਅਤੇ ਉਚ ਅਧਿਕਾਰੀਆਂ ਦੇ ਸਾਹਮਣੇ ਖਰੀਆਂ ਖਰੀਆਂ ਗੱਲਾਂ ਕਰ ਸਕਣ ਵਾਲੇ ਦਬੰਗ ਕਲਾਕਾਰ ਵਜੋਂ ਉਭਰਦਾ ਹੈ । ਦੂਜੇ ਬੰਨੇ ਉਸਦਾ ਵਿਹਾਰ ਇਹ ਵੀ ਦਰਸਾਉਂਦਾ ਹੈ ਕਿ ਕਲਾਕਰਾਂ ਨੂੰ ਆਪਣੀ ਕਲਾ ਦੀ ਖ਼ਾਤਰ ਰਾਜ ਦੀ ਸਰਪ੍ਰਸਤੀ ਦੀ ਲੋੜ ਬਣੀ ਰਹਿੰਦੀ ਹੈ । ਪਹਿਲੇ ਖੰਡਾਂ ਵਾਂਗ ਇੱਥੇ ਵੀ ਸੋਭਾ ਸਿੰਘ ਚਿੱਤਰ-ਕਲਾ ਨਾਲ ਜੁੜੇ ਮਸਲਿਆਂ, ਕਲਾ ਦੇ ਉਦੇਸ਼ ਤੇ ਕਲਾਕਾਰ ਦੇ ਧਰਮ, ਪੰਜਾਬ ਤੇ ਖ਼ਾਸ ਕਰ ਕੇ ਸਿੱਖ ਕਲਾ ਦੀ ਸਥਿਤੀ ਬਾਰੇ ਬਹੁਤ ਮੁੱਲਵਾਨ ਗੱਲਾਂ ਕਰਦਾ ਹੈ ।
ਸਾਧਾਰਨ ਪਾਠਕ ਦੀ ਦ੍ਰਿਸ਼ਟੀ ਤੋਂ ਪੁਸਤਕ ਦਾ ਸਭ ਤੋਂ ਮਹੱਤਵਪੂਰਨ ਖੰਡ ਹੈ ‘ਅਭੁੱਲ ਯਾਦਾਂ’ । ਇਸ ਖੰਡ ਵਿਚ ਸੋਭਾ ਸਿੰਘ ਨੇ ਆਪਣੇ ਬਚਪਨ, ਆਪਣੇ ਪਰਿਵਾਰਕ ਪਿਛੋਕੜ ਤੇ ਆਪਣੇ ਜੀਵਨ ਦੀਆਂ ਕਈ ਅਹਿਮ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ ਹੈ । ਸਾਨੂੰ ਪਤਾ ਲਗਦਾ ਹੈ ਕਿ ਸੋਭਾ ਸਿੰਘ ਇਕ ਮਾਂ ਮਹਿੱਟਰ ਬਾਲਕ ਸੀ, ਜਿਸ ਨੂੰ ਮਮਤਾ ਵਾਲੇ ਪਿਆਰ ਦੀ ਥਾਂ ਪਿਤਾ ਦੇ ਕਠੋਰ ਅਨੁਸ਼ਾਸਨ ਦ ਸਾਹਮਣਾ ਕਰਨਾ ਪਿਆ ਸੀ । ਸਕੂਲ ਦੀ ਪੜ੍ਹਾਈ ਦੇ ਮੁਢਲੇ ਸਾਲਾਂ ਵਿਚ ਕਦੇ ਉਸ ਨੂੰ ਆਪਣੀ ਵਿਆਹੁਤਾ ਭੈਣ ਦੇ ਘਰ ਟਿਕਣਾ ਪਿਆ ਤੇ ਕਦੇ ਆਪਣੇ ਸ਼ਹਿਰ । ਮਾਂ ਪਿਆਰ ਤੋਂ ਵਾਂਝੇ ਰਹੇ ਸੋਭਾ ਸਿੰਘ ਨੂੰ ਘਰ ਵਿਚੋਂ ਚੀਜ਼ਾਂ ਚੋਰੀ ਕਰਨ ਦੀ ਆਦਤ ਸੀ । ਇਕ ਦੋ ਵਾਰ ਉਹ ਘਰੋਂ ਵੀ ਭੱਜਿਆ ਸੀ । ਪੜ੍ਹਾਈ ਵਿਚ ਉਸ ਦੀ ਕੋਈ ਬਹੁਤੀ ਦਿਲਚਸਪੀ ਨਹੀਂ ਸੀ । ਬਚਪਨ ਵਿਚ ਹੀ ਖੇਡਦਿਆਂ ਉਸ ਦੀ ਇਕ ਲੱਤ ਖ਼ਰਾਬ ਹੋ ਗਈ ਸੀ ਤੇ ਇਉਂ ਸਾਰੀ ਉਮਰ ਲਈ ਉਹ ਲੰਗੜਾ ਹੋ ਗਿਆ ਸੀ । ਪਿਓ ਦੇ ਕਠੋਰ ਵਤੀਰੇ ਤੋਂ ਬਿਨਾਂ ਆਪਣੇ ਹੋਰ ਸੰਬੰਧੀਆਂ ਦੇ ਵਿਹਾਰ ਵਿਚਲੇ ਰੁੱਖੇਪਣ ਦਾ ਵੀ ਉਸ ਨੂੰ ਅਨੁਭਵ ਹੋਇਆ ਸੀ । ਇਸ ਤਰ੍ਹਾਂ ਦੇ ਨਾ ਖੁਸ਼ਗਵਾਰ ਬਚਪਨ ਵਿਚੋਂ ਵੀ ਜੇ ਉਸ ਵਿਚ ਕਲਾਤਮਕਤਾ ਤੇ ਕੋਮਲਤਾ ਕਾਇਮ ਰਹੀ ਤਾਂ ਇਹ ਕੋਈ ਸਾਧਾਰਨ ਗੱਲ ਨਹੀਂ । ਏਸੇ ਖੰਡ ਵਿਚ ਹੀ ਉਹ ਨੋਰ੍ਹਾ ਰਿਚਰਡਜ਼ ਨਾਲ ਆਪਣੀ ਮੁਲਾਕਾਤ ਤੇ ਅੰਦਰੇਟੇ ਵਿਚ ਨਿਵਾਸ ਅਖ਼ਤਿਆਰ ਕਰਨ ਦੀ ਕਹਾਣੀ ਦੱਸਦਾ ਹੈ । ਔਰਤ ਦੇ ਹਰ ਰੂਪ ਪ੍ਰਤੀ ਖ਼ਾਸ ਕਰ ਕੇ ਮਮਤਾ ਦੇ ਰੂਪ ਪ੍ਰਤੀ, ਸੋਭਾ ਸਿੰਘ ਦੀ ਸਰਧਾ- ਭਾਵਨਾ ਦਾ ਪ੍ਰਗਟਾ ਵੀ ਇੱਥੇ ਹੁੰਦਾ ਹੈ ।
ਇਹ ਕੋਈ ਬਹੁਤੀ ਅਚੰਭੇ ਵਾਲੀ ਗੱਲ ਤਾਂ ਨਹੀਂ ਕਿ ਸੋਭਾ ਸਿੰਘ ਵਰਗਾ ਬੁਰਸ਼ ਨਾਲ ਕੰਮ ਕਰਨ ਵਾਲਾ ਕਲਾਕਾਰ ਇਕ ਕਵੀ ਵੀ ਹੋਵੇ । ਹਰ ਕਲਾਕਾਰ ਮੂਲ ਰੂਪ ਵਿਚ ਕਵੀ ਦਿਲ ਤਾਂ ਰੱਖਦਾ ਹੀ ਹੈ । ਤਦ ਵੀ ਬਹੁਤ ਸਾਰੇ ਪਾਠਕਾਂ ਨੂੰ ਇਹ ਸ਼ਾਇਦ ਪਹਿਲੀ ਵਾਰ ਹੀ ਪਤਾ ਲੱਗੇ ਕਿ ਸੋਭਾ ਸਿੰਘ ਨੇ ਕਵਿਤਾ ਦੀ ਰਚਨਾ ਵੀ ਕੀਤੀ ਹੈ। ਇਸ ਪੁਸਤਕ ਦੇ ਅੰਤਲੇ ਖੰਡ ਵਿਚ ‘ਕਾਵਿ ਕਿਆਰੀ’ ਸ਼ੀਰਸ਼ਕ ਹੇਠ ਸੋਭਾ ਸਿੰਘ ਦੀ ਕਾਵਿ ਰਚਨਾ ਦਾ ਨਮੂਨਾ ਵੀ ਉਪਲਬਧ ਹੈ।
ਭਾਵੇਂ ਉਸ ਦਾ ਕਹਿਣਾ ਹੈ :
ਕਵਿਤਾ ਨਹੀਂ, ਇਹ ਦਿਲ ਦੀਆਂ ਤੇੜਾਂ, ਫੁਰਕਤ, ਸਿੱਕਾਂ, ਹਾੜੇ
ਡਾਰੋਂ, ਕੂੰਜ ਵਿਛੁੰਨੀ ਹੋਵੇ ਸਖਾ ਲਈ ਸੰਘ ਪਾੜੇ
ਪਰ ਪ੍ਰੰਪਰਾਗਤ ਤੇ ਆਧੁਨਿਕ ਸ਼ੈਲੀ ਦਾ ਮਿਸ਼ਰਣ ਸੋਭਾ ਸਿੰਘ ਦੀ ਕਾਵਿ ਰਚਨਾ ਚਿੱਤਰਕਲਾ ਵਜੋਂ ਉਸ ਦੇ ਕਲਾਕਾਰ ਆਪੇ ਦਾ ਹੀ ਇਹ ਵਿਸਤਾਰ ਹੈ :

ਇਹ ਤਨ ਹੈ ਇਕ ਰੂਹ ਦਾ ਮੰਦਰ

ਸਭੋ ਕੁਝ ਹੈ ਇਸ ਦੇ ਅੰਦਰ…

ਮੋਏ ਬੁਰਸ਼ ਤੇ ਮੁਰਦਾ ਰੰਗ

ਸੀਤ ਬੁੜ੍ਹਾਪਾ ਜਿਉਣ ਉਮੰਗ

ਮੈਂ ਲੀਕਾਂ ਤਸਵੀਰ ਬੇਜਾਨ

ਪਰ ਜਿਉਂਦੀਆਂ ਰੂਹਾਂ ਪਾਵਣ ਜਾਨ

ਇਸੇ ਤਰ੍ਹਾਂ ਹੀ ਕਾਵਿ ਬੋਲ ‘ਬਦਲੋਟੀਆਂ’ ਵਿਚ ਹਨ ਭਾਵੇਂ ਕਿ ਉਨ੍ਹਾਂ ਦਾ ਦਿਸਦਾ ਰੂਪ ਵਾਰਤਕ ਵਾਲਾ ਹੈ । ‘ਬਦਲੋਟੀਆਂ’ ਸਿਰਲੇਖ ਅਧੀਨ ਇਕੱਠੇ ਕੀਤੇ ਗਏ ਸੋਭਾ ਸਿੰਘ ਦੇ ਕਥਨਾਂ ਵਿਚੋਂ ਇਕ ਅਨੁਭਵੀ, ਵਿਚਾਰਸ਼ੀਲ ਤੇ ਕਾਵਿਮਈ ਸ਼ਖ਼ਸੀਅਤ ਦੇ ਦਰਸ਼ਨ ਹੁੰਦੇ ਹਨ । ਉਦਾਹਰਣ ਵਜੋਂ ਇਹ ਦੋ ਕਥਨ ਵੇਖੇ ਜਾ ਸਕਦੇ ਹਨ :
ਕਦੇ ਸਨੇਹੀਆਂ ਦੇ ਬਹੁਤ ਨੇੜੇ ਹੋਣ ਦੀ ਕੋਸ਼ਿਸ਼ ਨਾ ਕਰੋ, ਪਹਾੜ ਦੂਰੋਂ ਹੀ ਸੋਹਣੇ ਤੇ ਮਨ ਮੋਹਣੇ ਲਗਦੇ ਹਨ ।
Ο ਜਿਸ ਆਦਮੀ ਦੀ ਭੁੱਖ ਹੈ ਲੈਣਾ, ਉਹ ਆਖਰ ਇਕ ਦਿਨ ਮੰਗਤਾ ਬਣ ਜਾਏਗਾ, ਭਾਵੇਂ ਆਦਮੀ ਤੋਂ ਮੰਗੇ ਭਾਵੇਂ ਰੱਬ ਤੋਂ, ਭਾਵੇਂ ਰੋਟੀ ਕੱਪੜਾ ਮੰਗੇ ਭਾਵੇਂ ਪਿਆਰ ਤੇ ਮੁਕਤੀ, ਪਰ ਰਹੇਗਾ ਮੰਗਤਾ ਹੀ ।
ਇਸ ਤਰ੍ਹਾਂ ਇਹ ਪੁਸਤਕ ਸੋਭਾ ਸਿੰਘ ਦੀ ਸ਼ਖ਼ਸੀਅਤ ਦੇ ਕਈ ਅਣਵੇਖੇ ਤੇ ਅਣਸੁਣੇ ਪੱਖਾਂ ਨੂੰ ਜਲਵਾਗਰ ਕਰਦੀ ਹੈ ।
ਇਸ ਤਰ੍ਹਾਂ ਦੀ ਪੁਸਤਕ ਨੂੰ ਆਮ ਪੁਸਤਕਾਂ ਦੇ ਬਰਾਬਰ ਨਹੀਂ ਰੱਖਿਆ ਜਾ ਸਕਦਾ । ਇਹ ਅਜਿਹੀ ਪੁਸਤਕ ਨਹੀਂ ਜਿਸ ਨੂੰ ਇਕ ਵਾਰ ਪੜ੍ਹ/ਵੇਖ ਕੇ ਲਾਂਭੇ ਕੀਤਾ ਜਾ ਸਕੇ । ਇਹ ਮੁੜ ਮੁੜ ਪੜ੍ਹੀ ਤੇ ਵੇਖੀ ਜਾਣ ਵਾਲੀ ਸਾਂਭਣਯੋਗ ਪੁਸਤਕ ਹੈ । ਇਸੇ ਲਈ ਭਾਪਾ ਪ੍ਰੀਤਮ ਸਿੰਘ ਨੇ ਇਸ ਪੁਸਤਕ ਨੂੰ ਅਜਿਹੇ ਰੂਪ ਵਿਚ ਪੇਸ਼ ਕੀਤਾ ਹੈ ਕਿ ਇਸ ਨੂੰ ਸੱਚ-ਮੁੱਚ ਹੀ ਸਾਂਭਣ ਨੂੰ ਦਿਲ ਕਰੇ । ਇਸ ਕਲਾਕਾਰ ਬਾਰੇ ਪੁਸਤਕ ਦੀ ਦਿੱਖ ਨੂੰ ਲਿਸ਼ਕਾਉਣ ਲਈ ਨਵਯੁਗ ਪ੍ਰੈਸ ਵਲੋਂ ਕੀਤਾ ਗਿਆ ਯਤਨ ਆਪਣੀ ਮਿਸਾਲ ਆਪ ਹੈ। ਵੱਡੇ ਸਾਈਜ਼ ਦੀ ਇਸ ਪੁਸਤਕ ਦਾ ਕਾਗ਼ਜ਼, ਛਪਾਈ ਤੇ ਜਿਲਦ ਸਭ ਕੁਝ ਹੀ ਬਹੁਤ ਸਲਾਹੁਣਯੋਗ ਹੈ । ਸੋਭਾ ਸਿੰਘ ਦੀਆਂ ਕਲਾ ਕਿਰਤਾਂ ਦੇ ਪਰਿੰਟ ਵੀ, ਜੋ ਇਸ ਪੁਸਤਕ ਵਿਚ ਸ਼ਾਮਲ ਕੀਤੇ ਗਏ ਹਨ, ਬਹੁਤ ਸੁਹਣੇ ਛਾਪੇ ਹਨ । ਇੰਞ ਇਹ ਪੁਸਤਕ ਸੋਭਾ ਸਿੰਘ ਸਿੰਘ ਦੀ ਯਾਦ ਨੂੰ ਇਕ ਢੁਕਵੀਂ ਸ਼ਰਧਾਂਜਲੀ ਹੈ ਅਤੇ ਸੋਭਾ ਸਿੰਘ ਦੇ ਚਿੱਤਰਾਂ ਵਾਂਗ ਹੀ ਇਹ ਹਰ ਪੰਜਾਬੀ ਤੇ ਹਰ ਕਲਾ ਪ੍ਰੇਮੀ ਦੇ ਘਰ ਦਾ ਸ਼ਿੰਗਾਰ ਬਣਨ ਦੀ ਅਧਿਕਾਰੀ ਹੈ।

ਰੰਗਾਂ ਦੇ ਪ੍ਰਭਾਵ, ਪ੍ਰੇਮ ਸਿੰਘ

ਰੰਗ ਇਸ ਸੰਸਾਰ ਵਿਚ ਹਮੇਸ਼ਾ ਰਹੇ ਹਨ ਤੇ ਰਹਿਣਗੇ। ਕੁਦਰਤ ਰੰਗਾਂ ਦਾ ਸੋਮਾ ਹੈ। ਚਿਤਰਕਾਰ ਇਸ ਦੀ ਗੋਦ ਵਿਚ ਜਨਮ ਲੈ ਕੇ ਰੰਗਾਂ ਨੂੰ ਜਿਊਂਦਾ ਹੈ। ਬਾਹਰਲੇ ਰੰਗਾਂ ਨੂੰ ਆਪਣੇ ਅੰਦਰਲੇ ਨਾਲ ਮੇਲ ਕੇ ਉਹ ਇਕ ਨਵੀਂ ਦੁਨੀਆਂ ਦੀ ਰਚਨਾ ਕਰਦਾ ਹੈ।
ਪਤਾਲ, ਧਰਤੀ ਤੇ ਆਕਾਸ਼ ਵਿਚ ਇਸ ਤਰ੍ਹਾਂ ਦੀ ਕੋਈ ਵਸਤੂ ਨਹੀਂ ਜਿਸ ਦਾ ਰੰਗ ਨਾ ਹੋਵੇ। ਇਨ੍ਹਾਂ ਦੀ ਪਹਿਚਾਣ ਅਸੀਂ ਸੂਰਜ ਦੀ ਅੱਖ ਰਾਹੀਂ ਵੇਖ ਕੇ ਕਰਦੇ ਹਾਂ। ਚਿਤਰਕਾਰ ਦੀ ਤੀਸਰੀ ਅੱਖ ਜਦੋਂ ਇਹਨਾਂ ਕਿਰਨਾਂ ਵਿਚੋਂ ਗੁਜ਼ਰਦੀ ਹੈ ਤਾਂ ਉਸ ਨੂੰ ਇਕ ਅਲੌਕਿਕ ਅਨੁਭਵ ਹੁੰਦਾ ਹੈ। ਇਸ ਵਿਚ ਬਦਲਦੀਆਂ ਰੁੱਤਾਂ, ਸਵੇਰ ਸ਼ਾਮ ਦਾ ਸੂਰਜ ਤੇ ਚੰਨ ਚਾਂਦਨੀ ਵੀ ਆਉਂਦੀ ਹੈ। ਜਿਸ ਤੋਂ ਉਪਜੇ ਰੰਗ ਮਨੁੱਖ ਦੀਆਂ ਅੰਤਰਮੁਖੀ ਭਾਵਨਾਵਾਂ ਨੂੰ ਉਘਾੜਦੇ ਹਨ। ਇਸ ਤਰ੍ਹਾਂ ਇਹ ਚਿਤਰਕਾਰ ਦੀ ਕਲਪਨਾ ਨੂੰ ਟੁੰਬਦੀਆਂ ਹਨ ਜੋ ਇਸ ਨੂੰ ਰੰਗਾਂ ਦੀਆਂ ਛੁਹਾਂ ਰਾਹੀਂ ਰੂਪਮਾਨ ਕਰਦਾ ਹੈ।
ਅਸੀਂ ਰੋਜ਼ ਰੰਗ ਵੇਖਦੇ ਤੇ ਮਾਣਦੇ ਹਾਂ। ਖੂਬਸੂਰਤ ਪਹਾੜ, ਪਸ਼ੂ, ਪੰਛੀ, ਫੁੱਲ, ਮਨੁੱਖ ਆਦਿ ਵੇਖਣ ਵਾਲੇ ਨੂੰ ਸੋਹਜ ਪ੍ਰਦਾਨ ਕਰਦੇ ਹਨ। ਕਲਪਨਾ ਰਹਿਤ ਮਨੁੱਖ ਇਸ ਨੂੰ ਉਪਰੋਂ ਉਪਰੋਂ ਹੀ ਮਾਣਦਾ ਹੈ ਤੇ ਉਹ ਸਹੀ ਸੋਹਜਵਾਦੀ ਅਨੁਭਵ ਤੋਂ ਵਾਂਝਿਆ ਰਹਿ ਜਾਂਦਾ ਹੈ। ਇਸ ਲਈ ਇਕਾਗਰਤਾ ਦੇ ਨਾਲ ਕੋਮਲ-ਚਿੱਤ ਹੋਣਾ ਵੀ ਅਤਿ ਅਵੱਸ਼ਕ ਹੈ। ਚਿਤਰਕਾਰ ਜਦੋਂ ਆਪਣੀ ਰਚਨਾਤਮਕ ਸ਼ਕਤੀ ਤੇ ਸੌਂਦਰਯ-ਬੋਧ ਰਾਹੀਂ ਰੰਗਾਂ ਦੇ ਸਮੁੰਦਰ ਵਿਚੋਂ ਮੋਤੀ ਚੁਣਕੇ ਤੇ ਉਹਨਾਂ ਦੀ ਮਾਲਾ ਪਰੋ ਕੇ ਲੋਕਾਂ ਦੇ ਸਾਹਮਣੇ ਰੱਖਦਾ ਹੈ ਤਾਂ ਉਹ ਇਸ ਸੁਮੇਲ ਤੋਂ ਉਪਜੀ ਸੁੰਦਰਤਾ ਨੂੰ ਮਾਣਨ ਵਿਚ ਅਸਮਰੱਥ ਹੋ ਜਾਂਦੇ ਹਨ। ਚਿਤਰਕਾਰ ਦੀ ਰਚਨਾ ਤੇ ਕੁਦਰਤ ਵਿਚ ਕੇਵਲ ਇਹੋ ਹੀ ਅੰਤਰ ਹੈ ਜਿਸ ਦੀ ਸੁੰਦਰਤਾ ਦਾ ਸੋਹਜ ਮਾਣਨ ਲਈ ਸਾਧਾਰਨ ਮਨੁੱਖ ਨੂੰ ਕਲਪਨਾ ਦੇ ਖੰਭ ਹਿਲਾ ਕੇ ਜ਼ਮੀਨ ਤੋਂ ਥੋੜ੍ਹਾ ਉੱਪਰ ਉੱਠਣਾ। ਪੈਂਦਾ ਹੈ। ਰੰਗ ਉਸ ਨੂੰ ਉਤੇਜਿਤ ਤਾਂ ਕਰਦੇ ਹਨ ਪਰ ਉਹ ਉਨ੍ਹਾਂ ਦੇ ਹਾਵ-ਭਾਵ ਪੜ੍ਹਨ ਵਿਚ ਅਸਮਰੱਥ ਹੋ ਜਾਂਦਾ ਹੈ। ਕਲਪਨਾ ਦੇ ਖੰਭ ਵੀ ਕਿਸੇ ਕਿਸੇ ਮਨੁੱਖ ਦੇ ਹੀ ਲੱਗੇ ਹੋਏ ਮਿਲਦੇ ਹਨ।
ਚਿਤਰਕਾਰ ਦਾ ਮਨੋਰਥ ਜੀਵਨ ਨੂੰ ਅਲੌਕਿਕ ਕਰਨਾ ਹੈ। ਰੰਗ ਇਸ ਵਿਚ ਉਸ ਦੇ ਸਭ ਤੋਂ ਵੱਧ ਸਹਾਇਕ ਹਨ ਜਿਨ੍ਹਾਂ ਰਾਹੀਂ ਉਹ ਆਪਣੇ ਰੂਪਾਂ ਵਿਚ ਸਜੀਵਤਾ ਭਰਦਾ ਹੈ। ਸੰਗੀਤਕਾਰ ਰੰਗਾਂ ਨੂੰ ਧੁਨੀ ਤੇ ਤਾਲ ਵਿਚ ਉਠਦਾ ਹੈ, ਕਵੀ ਸ਼ਬਦਾਂ ਰਾਹੀਂ ਰੰਗਾਂ ਦੀ ਹੋਂਦ ਮਹਿਸੂਸ ਕਰਾਉਂਦਾ ਹੈ, ਨ੍ਰਿਤਕਾਰ ਤੱਕਣੀ ਤੇ ਸੰਕੇਤਾਂ ਰਾਹੀਂ ਰੰਗ ਪ੍ਰਗਟਾਉਂਦਾ ਹੈ ਤੇ ਚਿਤਰਕਾਰ ਇਨ੍ਹਾਂ ਦੀ ਅਭਿਵਿਅਕਤੀ ਬੁਰਸ਼ ਦੀਆਂ ਛੁਹਾਂ ਰਾਹੀਂ ਉਘਾੜਦਾ ਹੈ।
ਰੰਗ ਮਨੁੱਖ ਦੇ ਸੁਭਾਅ ਵਿਚ ਵੀ ਤਬਦੀਲੀ ਲਿਆਉਂਦੇ ਹਨ। ਉਸ ਦੀਆਂ ਭਾਵਨਾਵਾਂ ਵੀ ਰੰਗਾਂ ਦੁਆਰਾ ਘਟਦੀਆਂ ਵਧਦੀਆਂ ਰਹਿੰਦੀਆਂ ਹਨ। ਬਦਲਦੀਆਂ ਰੁੱਤਾਂ ਨੂੰ ਮਨੁੱਖ ਦੀਆਂ ਬਦਲਦੀਆਂ ਅਵਸਥਾਵਾਂ ਨਾਲ ਵੀ ਮੇਲਿਆ ਗਿਆ ਹੈ ਜਿਵੇਂ ਬਾਲ-ਅਵਸਥਾ ਨੂੰ ਬਸੰਤ ਨਾਲ, ਜਵਾਨੀ ਨੂੰ ਗਰਮ ਰੁੱਤ ਨਾਲ, ਪੱਕੀ ਉਮਰ ਨੂੰ ਪਤਝੜ ਨਾਲ ਤੇ ਬ੍ਰਿਧ ਅਵਸਥਾ ਨੂੰ ਸਰਦੀ ਦੀ ਰੁੱਤ ਨਾਲ। ਹਰ ਰੁੱਤ ਦੇ ਆਪਣੇ ਰੰਗ ਹੁੰਦੇ ਹਨ। ਬਦਲਦੇ ਰੰਗ ਤੇ ਮਨੁੱਖਾ ਜੀਵਨ ਤੇ ਇਸ ਦੇ ਪੈਂਦੇ ਪ੍ਰਭਾਵ ਨੂੰ ਨਿੱਕੇ-ਚਿੱਤਰਾਂ ਦੀ ਸ਼ੈਲੀ ਦੇ ਮੁਗਲ, ਰਾਜਪੂਤ ਤੇ ਪਹਾੜੀ ਚਿਤਰਕਾਰਾਂ ਨੇ ‘ਰਾਗਮਾਲਾ’ ਤੇ ‘ਬਾਰਾਂਮਾਹਾਂ` ਦੀ ਰਚਨਾ ਵਿਚ ਬਹੁਤ ਹੀ ਪ੍ਰਬੀਨਤਾ ਵਿਖਾਈ ਹੈ। ਇਹ ਕਲਾ ਦੀ ਦੁਨੀਆਂ ਵਿਚ ਇਕ ਅਦੁੱਤੀ ਮਿਸਾਲ ਹੈ। ਰੰਗ ਚਿਤਰਕਾਰ ਦੀ ਭਗਤੀ, ਸਾਧਨਾ ਤੇ ਆਤਮਕ ਖੁਰਾਕ ਹਨ। ਇਸ ਤੋਂ ਬਿਨਾਂ ਸ਼ਾਇਦ ਚਿੱਤਰਕਾਰ ਦੀ ਹੋਂਦ ਅਸੰਭਵ ਹੈ। ਇਤਿਹਾਸ ਤੇ ਝਾਤ ਮਾਰਨ ਤੋਂ ਮਗਰੋਂ ਗਿਆਨ ਹੁੰਦਾ ਹੈ ਕਿ ਕਿਵੇਂ ਪੂਰਣ-ਇਤਿਹਾਸਕ ਯੁੱਗ ਤੋਂ ਲੈ ਕੇ ਹੁਣ ਤਕ ਮਨੁੱਖ ਰੰਗਾਂ ਦੁਆਰਾ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰਦਾ ਆ ਰਿਹਾ ਹੈ। ਪੁਰਾਤਨ ਮਿਸਰ ਵਿਚ ਰੰਗਾਂ ਦੀ ਚੋਣ ਧਾਰਮਕ ਪੱਖੋਂ ਕੀਤੀ ਗਈ। ਪੱਛਮ ਵਿਚ ਧਾਰਮਕ ਭਾਵਰਥ ਨਹੀਂ ਸੀ। ਯੂਨਾਨ, ਰੋਮ ਅਤੇ ਇਸਾਈ ਕਾਲ ਵਿਚ ਰੰਗਾਂ ਦਾ ਆਪਣਾ ਹੀ ਰੰਗ ਸੀ। ਪੁਨਰਜਾਗ੍ਰਿਤੀ ਕਾਲ ਵਿਚ ਰੰਗਾਂ ਨੂੰ ਇਕ ਨਵੇਂ ਦ੍ਰਿਸ਼ਟੀਕੋਣ ਨਾਲ ਵੇਖਿਆ ਗਿਆ। ਭਾਵੇਂ ਇਸ ਤੋਂ ਮਗਰੋਂ ਰੰਗਾਂ ਦੇ ਪ੍ਰਯੋਗ ਵਿਚ ਤਬਦੀਲੀਆਂ ਆਉਂਦੀਆਂ ਰਹੀਆਂ ਪਰ ਉਨੀਵੀਂ ਸਦੀ ਦੇ ਮੁੱਢ ਵਿਚ ਇੰਗਲੈਂਡ ਦੇ ਦੋ ਮਹਾਨ ਚਿਤਰਕਾਰ ਜੌਨ ਕਨਸਟੇਬਲ ਅਤੇ ਵਿਲੀਅਮ ਟਰਨਰ ਰੰਗਾਂ ਦੇ ਪ੍ਰਭਾਵ ਤੋਂ ਮੋਹਿਤ ਹੋ ਕੇ ਆਪਣੇ ਸਟੂਡੀਓ ਤਿਆਗ ਕੇ ਬਾਹਰ ਖੁਲ੍ਹੀ ਤਾਜ਼ੀ ਹਵਾ ‘ਚ ਚਿਤਰਕਾਰੀ ਕਰਨ ਲਗੇ। ਇਸ ਤਰ੍ਹਾਂ ਸਿੱਧੇ ਪ੍ਰੇਖਣ ਰਾਹੀਂ ਬੇਲੋੜਾ ਵਿਸਥਾਰ ਅਲੋਪ ਹੋ ਜਾਂਦਾ ਹੈ ਅਤੇ ਰੰਗ ਵਧੇਰੇ ਕੇਂਦਰਿਤ ਹੋ ਜਾਂਦੇ ਹਨ। ਇਨ੍ਹਾਂ ਦੋ ਕਲਾਕਾਰਾਂ ਨੂੰ ਪ੍ਰਭਾਵਵਾਦ ਦਾ ਨਿਰਮਾਤਾ ਮੰਨਿਆ ਜਾਂਦਾ ਹੈ ਜਿਨ੍ਹਾਂ ਦਾ ਪ੍ਰਭਾਵ ਫ਼ਰਾਂਸ ਦੇ ਚਿਤਰਕਾਰਾਂ ਤੇ ਪਿਆ ਜਿਨ੍ਹਾਂ ਨੂੰ ਕਿ ਕੁਦਰਤ ਵਿਚ ਬੈਠ ਕੇ ਚਿਤਰਕਾਰੀ ਕਰਨ ਦਾ ਇਕ ਨਵਾਂ ਗਿਆਨ ਪ੍ਰਾਪਤ ਹੋਇਆ।
ਉਨੀਵੀਂ ਸਦੀ ਦੇ ਮੱਧ ਵਿਚ ਪ੍ਰਭਾਵਵਾਦ ਦੇ ਨਾਂ ਨਾਲ ਕਲਾ ਜਗਤ ਵਿਚ ਇਕ ਨਵੀਂ ਚਾਲ ਆਈ ਜਦੋਂ ਕਿ ਚਿਤਰਕਾਰਾਂ ਨੇ ਰੇਖਾ ਨੂੰ ਤਿਆਗ ਕੇ ਨਿਰੋਲ ਰੰਗਾਂ ਤੇ ਹੀ ਕੰਮ ਕੀਤਾ। ਉਨ੍ਹਾਂ ਨੇ ਸਵੇਰ ਸ਼ਾਮ ਤੇ ਬਦਲਦੀਆਂ ਰੁੱਤਾਂ ਵਿਚ ਕਿਵੇਂ ਰੰਗਾਂ ਵਿਚ ਤਬਦੀਲੀ ਆਉਂਦੀ ਹੈ, ਨੂੰ ਬੜੀ ਹੀ ਸੂਖਮ ਦ੍ਰਿਸ਼ਟੀ ਤੋਂ ਚਿਤਰਿਆ। ਕਲਾ ਪਾਰਖੂਆਂ ਤੇ ਲੋਕਾਂ ਵਲੋਂ ਭਰਪੂਰ ਨਿੰਦਾ ਕੀਤਾ ਗਈ ਤੇ ਇਨ੍ਹਾਂ ਚਿਤਰਕਾਰਾਂ ਨੂੰ ਰੰਗ ਸੁਟਣ ਵਾਲੇ ਸਨਕੀ ਜਾਂ ਸਿਰ ਫਿਰੇ ਆਖਿਆ ਗਿਆ। ਪਰਵਾਹ ਨਾ ਕਰਦਿਆਂ ਇਨ੍ਹਾਂ ਕਲਾਕਾਰਾਂ ਨੇ ਆਪਣਾ ਰੰਗ-ਕਰਮ ਜਾਰੀ ਰਖਿਆ ਤੇ ਕਈ ਸ਼ਾਹਕਾਰ ਚਿਤਰਾਂ ਦੀ ਰਚਨਾ ਕੀਤੀ। ਇਸ ਚਾਲ ਦੇ ਪ੍ਰਮੁੱਖ ਚਿਤਰਕਾਰ ਮਾਨੇ, ਮੋਨੇ, ਸਿਸਲੇ ਤੇ ਪੀਸਾਰੋ ਸਨ। ਬਬਰਾਈ ਪਾਲ ਸੀਜ਼ਾਂ ਜਿਸ ਨੂੰ ਆਧੁਨਿਕ ਕਲਾ ਦਾ ਪਿਤਾ ਮੰਨਿਆ ਜਾਂਦਾ ਹੈ ਨੇ ਰੰਗਾਂ ਨੂੰ ਹੋਰ ਵੀ ਵਧੇਰੇ ਪ੍ਰਭਾਵਸ਼ਾਲੀ ਕਰਨ ਲਈ ਇਕ ਨਵੀਂ ਵਿਧੀ ਬਣਾਈ। ਇਸ ਦੇ ਅਨੁਸਾਰ ਨਿੰਬੂ ਦਾ ਪੀਲਾ ਰੰਗ ਹੋਰ ਵੀ ਚਮਕੀਲਾ ਲਗਦਾ ਹੈ ਅਗਰ ਉਸ ਦੇ ਦੁਆਲੇ ਨੀਲੀ ਰੂਪ-ਰੇਖਾ ਹੋਵੇ ਤੇ ਲਾਲ ਸੇਬ ਹੋਰ ਵੀ ਰੋਸ਼ਨ ਹੋ ਉਠਦਾ ਹੈ ਜਦੋਂ ਉਸ ਦੇ ਇਰਦ ਗਿਰਦ ਹਰਾ ਰੰਗ ਹੋਵੇ।
ਰੰਗਾਂ ਦੇ ਪ੍ਰਭਾਵ ਦੀ ਖੋਜ ਵਿਚ ਜਾਰਜੇ ਸੀਊਆ ਨੇ ਬਿੰਦੂ-ਚਿਤਰਨ ਵਿਧੀ ਦੀ ਚਾਲ ਪਾਈ ਜਿਸ ਦੁਆਰਾ ਚਿਤਰਕਾਰ ਘਾਹ ਨੂੰ ਹਰਾ ਨਹੀਂ ਰੰਗਦਾ ਸਗੋਂ ਨੀਲੇ ਰੰਗ ਦੇ ਤੇ ਪੀਲੇ ਰੰਗ ਦੇ ਬਿੰਦੂ ਆਪਣੇ ਬੁਰਸ਼ ਦੀ ਨੋਕ ਨਾਲ ਕੈਨਵਸ ਤੇ ਲਗਾਉਂਦਾ ਹੈ ਤੇ ਥੋੜ੍ਹੇ ਜਿਹੇ ਫ਼ਾਸਲੇ ਤੋਂ ਵੇਖਣ ਵਾਲੇ ਨੂੰ ਘਾਹ ਹਰਾ ਮਹਿਸੂਸ ਹੁੰਦਾ ਹੈ।
1905 ਵਿਚ ਯੂਰਪ ਵਿਚ ਸ਼ੁੱਧ ਰੰਗ ਦੇ ਵਿਸਮਾਦ ਤੇ ਅਧਾਰਤ ਫਾਵਿਸਟ (Fauvist) ਵਰਗੀ ਇਕ ਕ੍ਰਾਂਤੀਕਾਰੀ ਲਹਿਰ ਨੇ ਜਨਮ ਲਿਆ। ਆਰੰਭ ਵਿਚ ਇਨ੍ਹਾਂ ਰੰਗ-ਕਰਮੀਆਂ ਨੂੰ ‘ਜੰਗਲੀ ਜਾਨਵਰਾਂ ਦੀ ਦ੍ਰਿਸ਼ਟੀ’ ਵਾਲਾ ਕਿਹਾ ਗਿਆ। ਇਸ ਦਾ ਪ੍ਰਮੁੱਖ ਕਲਾਕਾਰ ਮਾਤੀਸ ਸੀ। ਰੰਗਾਂ ਨੂੰ, ਰੰਗਾਂ ਦੀ ਬੋਲੀ ਵਿਚ ਪ੍ਰਗਟਾਉਣ ਦੀ ਮਹੱਤਤਾ ਦਾ ਅਹਿਸਾਸ ਇਸ ਦੇ ਵਿਰੋਧੀਆਂ ਨੂੰ ਬਾਅਦ ਵਿਚ ਹੋਇਆ। ਇਹ ਲਹਿਰ 1907 ਤਕ ਹੀ ਪੁਰਜ਼ੋਰ ਰਹੀ। ਪਰ ਰੰਗਾਂ ਦਾ ਪ੍ਰਯੋਗ ਅੱਜ ਵੀ ਕਲਾ ਜਗਤ ਵਿਚ ਸਰਗਰਮ ਹੈ।
ਕਹਿੰਦੇ ਹਨ ਕਿ ਅੱਜ ਦਾ ਯੁੱਗ ਕਲਯੁਗ ਹੈ ਤੇ ਕਲਯੁੱਗ ਦਾ ਰੰਗ ਕਾਲਾ ਹੁੰਦਾ ਹੈ। ਇਹ ਨਿਰਾਸ਼ਵਾਦੀ ਲੋਕਾਂ ਦੀ ਕਾਢ ਹੈ। ਕਲਾਕਾਰ ਆਸ਼ਾਵਾਦੀ ਮਨੁੱਖ ਹੈ। ਉਹ ਪ੍ਰੇਰਤ ਹੋ ਕੇ ਰਚਨਾ ਕਰਦਾ ਹੈ ਤੇ ਆਪਣੀ ਰਚਨਾ ਦੁਆਰਾ ਹੀ ਪ੍ਰੇਰਤ ਕਰਦਾ ਹੈ। ਜਦੋਂ ਤਕ ਕਲਾਕਾਰ ਇਸ ਦੁਨੀਆਂ ਵਿਚ ਮੌਜੂਦ ਹੈ ਕਲਯੁੱਗ ਦਾ ਰੰਗ ਕਾਲਾ ਨਹੀਂ ਹੋ ਸਕਦਾ। ਉਹ ਹਮੇਸ਼ਾ ਇਸ ਦੀ ਸਿਆਹੀ ਨੂੰ ਖਤਮ ਕਰਕੇ ਉਸ ਦੇ ਥੱਲੇ ਦੱਬੇ ਰੰਗਾਂ ਨੂੰ ਉਭਾਰਦਾ ਰਹਿੰਦਾ ਹੈ। ਉਹ ਹਮੇਸ਼ਾ ਮਨੁੱਖ ਨੂੰ ਜਿਊਣ ਲਈ ਪ੍ਰੇਰਦਾ ਰਹੇਗਾ ਤੇ ਨਿਰਾਸ਼ਾਵਾਦੀ ਪ੍ਰਵਿਰਤੀ ਨੂੰ ਖ਼ਤਮ ਕਰਨ ਵਿਚ ਆਪਣਾ ਯੋਗਦਾਨ ਪਾਉਂਦਾ ਰਹੇਗਾ।
ਕਲਾ ਜਗਤ ਵਿਚ ਅਨੇਕਾਂ ਸ਼ੈਲੀਆਂ ਨੇ ਜਨਮ ਲਿਆ ਤੇ ਕੁਝ ਸਮੇਂ ਬਾਅਦ ਅਲੋਪ ਹੋ ਗਈਆਂ। ਪਰ ਰੰਗ ਹਮੇਸ਼ਾਂ ਰਹੇ ਹੁਣ ਵੀ ਹਨ ਤੇ ਹਰ ਥਾਂ ਹਨ ਜਿਨ੍ਹਾਂ ਦੁਆਰਾ ਚਿਤਰਕਾਰ ਰਚਨਾ ਕਰਦਾ ਹੈ। ਉਹ ਰਚਨਾ ਜੋ ਪਹਿਲਾਂ ਕਦੇ ਵੀ ਨਹੀਂ ਵੇਖੀ ਗਈ। ਰੰਗ ਜੋ ਹਮੇਸ਼ਾਂ ਗਾਉਂਦੇ, ਚੀਕਦੇ, ਬੋਲਦੇ ਤੇ ਸਰਸਰਾਉਂਦੇ ਹਨ-ਅਸੀਂ ਤਾਂ ਕੇਵਲ ਇਨ੍ਹਾਂ ਨੂੰ ਸੁਨਣਾ ਹੀ ਹੈ।
ਰੰਗ, ਰੇਖਾ ਤੇ ਰੂਪ ਚਿਤਰ ਦੀ ਬਨਾਵਟ ਹਨ। ਇਸ ਵਿਚ ਅੰਕਿਤ ਸਤੁੰਲਨ, ਤਾਲ ਤੇ ਅਨੁਪਾਤ ਇਸ ਵਿਚ ਸੁੰਦਰਤਾ ਲਿਆਉਂਦਾ ਹੈ। ਇਸ ਦਾ ਸਹੀ ਸੋਹਜ ਮਾਨਣ ਲਈ ਸਾਨੂੰ ਕੁਦਰਤ ਵਿਚ ਭਰੇ ਅਥਾਹ ਰੰਗਾਂ ਨੂੰ ਸਮਝਣਾ ਪਵੇਗਾ। ਜਦੋਂ ਅਸੀਂ ਇਹ ਸਮਝਣ ਵਿਚ ਸਮਰਥ ਹੋ ਜਾਵਾਂਗੇ ਤਾਂ ਰੰਗਾਂ ਦੀ ਦੁਨੀਆਂ ਦਾ ਬਹੁਤ ਕੁਝ ਸਮਝ ਆ ਜਾਵੇਗਾ। ਚਿਤਰਕਾਰ ਦੀ ਰਚਨਾ ਤਾਂ ਕੁਦਰਤ ਦੇ ਪ੍ਰਤੀਬਿੰਬ ਹਨ ਜੋ ਉਹ ਆਪਣੇ ਕੋਮਲ-ਚਿਤ ਰਾਹੀਂ ਅਨੁਭਵ ਕਰਕੇ ਆਪਣੀ ਕੁਸ਼ਲਤਾ ਤੇ ਕਲਪਨਾ ਦੁਆਰਾ ਉਸ ਨੂੰ ਇਕ ਨਵੀਂ ਤਰਤੀਬ ਦਿੰਦਾ ਹੈ। ਰੰਗਾਂ ਦੀ ਬੋਲੀ ਸਮਝਣ ਲਈ ਕੁਦਰਤ ਦੀ ਫੁਲਵਾੜੀ ਵਿਚੋਂ ਗੁਜ਼ਰਨਾ ਬਹੁਤ ਜ਼ਰੂਰੀ ਹੈ।
ਚਿਤਰਕਾਰ ਸੋਭਾ ਸਿੰਘ (1901-1986) ਦਾ ਜੀਵਨ ਇਕ ਸਫਲ ਜੀਵਨ ਸੀ । ਇਕ ਸਫ਼ਲ ਯਾਤਰਾ ਸੀ ਜਿਹੜੀ ਸ੍ਰੀ ਹਰਗੋਬਿੰਦਪੁਰ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਵਿਚ ਮੁੱਕੀ । ਇਕ ਸਦੀ ਤੋਂ 14 ਸਾਲ ਘੱਟ ਦੇ ਇਸ ਜੀਵਨ ਵਿਚ ਦੋ ਵਿਸ਼ਵ ਯੁੱਧ, ਭਾਰਤ ਦੀ ਵੰਡ, ਵੰਡ ਦੀ ਫ਼ਿਰਕਾਪ੍ਰਸਤੀ ਦੀ ਅੱਗ ਵਿਚ ਭੋਲੇ ਤੇ ਸਰਲ ਚਿੱਤ ਆਦਮੀਆਂ ਦਾ ਕਤਲੇਆਮ, ਫਰੰਗੀ ਸਾਮਰਾਜ ਤੋਂ ਹਿੰਦੁਸਤਾਨ ਨੂੰ ਆਜ਼ਾਦੀ, ਹੀਰੋਸ਼ੀਮਾ ਤੇ ਨਾਗਾਸਾਕੀ ਉੱਤੇ ਐਟਮ ਬੰਬ ਨਾਲ ਹੋਇਆ ਮਨੁੱਖੀ ਵਿਨਾਸ਼ ਆਦਿ ਇਤਿਹਾਸਕ ਘਟਨਾਵਾਂ ਵਾਪਰੀਆਂ । ਚਿਤਰਕਾਰ ਨੇ 47 ਸਾਲ ਗ਼ੁਲਾਮ ਦੇਸ਼ ਦੇ ਅਤੇ 39 ਸਾਲ ਅਵਾਮੀ ਆਜ਼ਾਦੀ ਦੇ ਹੰਢਾਏ ।
ਕਲਾ ਦੀ ਯਾਤਰਾ ਅੰਮ੍ਰਿਤਸਰ (1923-24) ਵਿਚ ਸੁਭਾਸ਼ ਸਟੂਡੀਓ ਦੀ ਸਥਾਪਨਾ ਕਰਕੇ ਆਰੰਭੀ। ਫੇਰ ਲਾਹੌਰ ਦੇ ਅਨਾਰਕਲੀ ਬਾਜ਼ਾਰ ਦੇ ਲਾਗੇ ਕਚਹਿਰੀ ਰੋਡ ਤੇ ਈਕੋ ਸਕੂਲ ਆਫ਼ ਆਰਟ ਨਾਂ ਦਾ ਸਟੂਡੀਓ ਕਾਇਮ ਕੀਤਾ । ਇਕ ਕਮਰਸ਼ੀਅਲ ਆਰਟਿਸਟ ਵਜੋਂ ਚੰਗਾ ਨਾਮਣਾ ਖੱਟਿਆ । ਬਾਰਾਂ ਸਾਲ ਕਨਾਟ ਪਲੇਸ ਦਿੱਲੀ ਵਿਚ ਇਕ ਸ਼ਾਨਦਾਰ ਸਟੂਡਿਓ ਬਣਾ ਕੇ ਕੰਮ ਕਰਦੇ ਰਹੇ ਤੇ ਰਹਾਇਸ਼ ਕਰੋਲ ਬਾਗ ਵਿਚ ਸੀ । ਇਸ ਦੌਰਾਨ ਉਹ ਇਕ ਪ੍ਰਤਿਭਾਸ਼ਾਲੀ ਕਲਾਕਾਰ ਵਜੋਂ ਆਪਣੀ ਪਹਿਚਾਣ ਬਣਾ ਚੁੱਕੇ ਸਨ । ਅੰਮ੍ਰਿਤਾ ਸ਼ੇਰਗਿੱਲ ਤੇ ਰਵਿੰਦਰ ਨਾਥ ਟੈਗੋਰ ਭਾਰਤ ਵਿਚ ਆਧੁਨਿਕ ਕਲਾ ਦੀ ਲਹਿਰ ਦੀ ਪਿਰਤ ਪਾ ਕੇ 1941 ਵਿਚ ਇਸ ਨਛੱਤਰ ਤੋਂ ਉਠ ਗਏ ਸਨ ।
ਸੋਭਾ ਸਿੰਘ ਜੀ ਤੇ ਇਸੇ ਸ਼ੈਲੀ ਵਿਚ ਸਿਰਜਣਾ ਕਰਦੇ ਹੋਏ ਸਮਕਾਲੀ ਚਿਤਰਕਾਰਾਂ ਬਾਰੇ ਕਲਾ ਜਗਤ ਵਿਚ ਅਕਸਰ ਕਿਹਾ ਜਾਂਦਾ ਸੀ ਕਿ ਇਹ ਮਾਡਲ ਤੋਂ ਡਰਾਇੰਗ ਨਹੀਂ ਕਰਦੇ ਅਤੇ ਇਨ੍ਹਾਂ ਦੀ ਕਲਾ ਦਾ ਆਧਾਰ ਫੋਟੋਗ੍ਰਾਫੀ ਉਤੇ ਵਧੇਰੇ ਨਿਰਭਰ ਹੈ। ਸੋਭਾ ਸਿੰਘ ਦੇ ਸ਼ਾਗਿਰਦ ਅਮਰ ਸਿੰਘ ਮੇਰੇ ਬਜ਼ੁਰਗ ਦੋਸਤਾਂ ਵਿਚੋਂ ਸਨ । ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਕਰੋਲ ਬਾਗ਼ ਦਿੱਲੀ ਵਿਚ ਉਨ੍ਹਾਂ ਦੀ ਸ਼ਾਗਿਰਦੀ ਕਰਦੇ ਸਨ ਤਾਂ ਸੋਭਾ ਸਿੰਘ ਨੇ ਮਾਡਲ ਤੋਂ ਡਰਾਇੰਗ ਕਰਨ ਦੀ ਆਪਣੀ ਇੱਛਾ ਪ੍ਰਗਟਾਈ । ਬੜੀ ਕੋਸ਼ਸ਼ ਮਗਰੋਂ ਇਕ ਔਰਤ ਥੋੜ੍ਹੇ ਪੈਸਿਆਂ ਵਿਚ ਹੀ ਮਾਡਲ ਬਣਨ ਲਈ ਤਿਆਰ ਹੋ ਗਈ ।
ਅਜੇ ਡਰਾਇੰਗ ਦਾ ਸਿਲਸਿਲਾ ਸ਼ੁਰੂ ਹੀ ਹੋਇਆ ਸੀ ਕਿ ਮਹੱਲੇ ਵਿਚ ਰੌਲਾ ਪੈ ਗਿਆ । ਆ ਗਏ ਮੁਹੱਲੇ ਵਾਲੇ ਵਿਰੋਧ ਵਿਚ ਅਤੇ ਕਹਿਣ ਲਗੇ ਕਿ ਤੁਹਾਡੇ ਘਰ ਵਿਚ ਗ਼ੈਰ ਔਰਤ ਆਉਂਦੀ ਹੈ ਅਤੇ ਇਸ ਦਾ ਮੁਹੱਲੇ ਵਾਸੀਆਂ ਉੱਤੇ ਭੈੜਾ ਪ੍ਰਭਾਵ ਪੈ ਰਿਹਾ ਸੀ । ਮਾਮਲਾ ਇੰਨਾ ਗੰਭੀਰ ਹੋ ਗਿਆ ਕਿ ਮਕਾਨ ਛੱਡਣ ਦੀ ਨੌਬਤ ਆ ਗਈ।
ਸੋਭਾ ਸਿੰਘ ਦੇ ਵਿਚਾਰ ਵਿਚ ਪੰਜਾਬੀ ਸੁਭਾਵਕ ਤੌਰ ਤੇ ਵਿਅਕਤੀਵਾਦੀ ਹੈ । ਇਹ ਪ੍ਰਵਿਰਤੀ ਉਨ੍ਹਾਂ ਦੇ ਸੁਭਾ ਵਿਚ ਸੀ । ਜਿਥੇ ਉਨ੍ਹਾਂ ਦੇ ਸਮਕਾਲੀ ਚਿਤਰਕਾਰ ਐਸ ਜੀ ਠਾਕੁਰ ਸਿੰਘ (1899-1976) ਨੇ ਅੰਮ੍ਰਿਤਸਰ ਵਿਖੇ 1928 ਵਿਚ ਇੰਡੀਅਨ ਅਕਾਡਮੀ ਆਫ਼ ਫ਼ਾਈਨ ਆਰਟਸ ਦੀ ਸਥਾਪਨਾ ਕਰ ਕੇ ਪੰਜਾਬ ਵਿਚ ਕਲਾਂ ਦੀ ਚਾਲ ਨੂੰ ਸਥਾਈ ਰੂਪ ਦਿੱਤਾ ਉਥੇ ਸੋਭਾ ਸਿੰਘ ਨੇ ਵਿਅਕਤੀਗਤ ਤੌਰ ਤੇ ਅੰਦਰੇਟੇ ਦੇ ਇਕਾਂਤ ਵਿਚ ਅਣਸੁਖਾਵੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਦਿਆਂ ਕਲਾ ਦੀ ਸਿਰਜਣਾ ਦਾ ਕਰਮ ਨਿਰੰਤਰ ਜਾਰੀ ਰੱਖਿਆ ਅਤੇ ਪੰਜਾਬ ਦੇ ਇਕ ਸਿਰਮੌਰ ਕਲਾਕਾਰ ਵਜੋਂ ਉਭਰੇ ।…
ਸੋਭਾ ਸਿੰਘ ਦੇ ਸ਼ਬਦਾਂ ਵਿਚ ਕਲਾ ਕੋਈ ਤਕਨੀਕੀ ਕਲਾਬਾਜ਼ੀ ਨਹੀਂ ਨਾ ਹੀ ਇਕ ਨਿਰਾਪੇਸ਼ਾ ਜਾ ਕਿੱਤਾ ਹੈ ਸਗੋਂ ਸਰੋਤ ਅਰਥਾਤ ਦਰਸ਼ਕ ਦੇ ਸਰੀਰ, ਮਨ ਅਤੇ ਆਤਮਾ ਲਈ ਈਸ਼ਵਰੀ (ਸਤਿਅਮ, ਸ਼ਿਵਮ, ਸੁੰਦਰਮ) ਤੇ ਪ੍ਰੇਰਨਾ ਦਾ ਅਤੇ ਸੰਤੁਲਤਾ ਵਿਚ ਲਿਆ ਕੇ ਆਪਣੀ ਸ੍ਰੋਤ ਪਰਮ- ਆਤਮਾ ਨਾਲ ਇਕਮਿਕ ਕਰਨ ਦਾ ਅਤਿ ਕੋਮਲ ਸਾਧਨ ਹੈ, ਸਵੈ ਅਰਪਣਾ ਹੈ । ਭਗਤੀ ਹੈ ਅਤੇ ਸਿਮਰਨ ਹੈ ਜਿਸ ਦੇ ਉਪਰਾਲੇ ਨਾਲ ਜੀਵਨ ਅਤੇ ਸੰਸਾਰ ਸੁੰਦਰ ਤੋਂ ਅਤਿ ਸੁੰਦਰ ਬਣਾਏ ਜਾ ਸਕਦੇ ਹਨ । ਇਹ ਹੈ ਵਾਹਿਗੁਰੂ (ਛੇਵੇਂ ਸੂਝ) ਦੀ ਦੇਣ ਜੋ ਹਰ ਕਿਸਮ ਦੇ ਸੰਦਰਭ ਤੋਂ ਪੈਦਾ ਹੋਈ ਸੁੰਦਰਤਾ ਦੀ ਦਾਤ ਪ੍ਰਤੀ ਖੋਜ ਅਤੇ ਪਰਮ ਤੱਤ ਨੂੰ ਪਾ ਲੈਣ ਉਤੇ ਉਤਪੰਨ ਹੁੰਦੀ ਹੈ । ਕਲਾ ਤਾਂ ਖੋਜ ਅਤੇ ਪਰਮ ਤੱਤ ਦਾ ਸੁਮੇਲ ਹੈ । ਕਲਾਕਾਰ ਉਹ ਕੁਝ ਬਣਾਏ ਜਿਸ ਨਾਲ ਖੁਸ਼ੀ ਵਧੇ । ਆਸ ਪਲੇ, ਪਿਆਰ ਵਧੇ ਅਤੇ ਇਕ ਦੂਜੇ ਲਈ ਸਤਿਕਾਰ ਵਧੇ ।…
ਲੋਕ ਤੰਤਰ ਦੇ ਜ਼ਮਾਨੇ ਵਿਚ ਕਲਾ ਦੀ ਪਾਲਣਾ ਉਨ੍ਹਾਂ ਦੇ ਵਿਚਾਰ ਅਨੁਸਾਰ ਔਖਾ ਜਾਪਦਾ ਹੈ । ਜਿਸ ਤੰਤਰ ਵਿਚ ਗਿਣਤੀ ਦੀ ਵਧੇਰੇ ਅਤੇ ਗੁਣ ਦੀ ਘੱਟ ਕਦਰ ਹੋਵੇ, ਉਥੇ ਇਸ ਦੀ ਉਨਤੀ ਦੀ ਘੱਟ ਹੀ ਆਸ ਰਖੀ ਜਾ ਸਕਦੀ ਹੈ । ਫਿਰ ਵੀ ਸੋਭਾ ਸਿੰਘ ਪੰਜਾਬ ਦੇ ਇਤਿਹਾਸਕ ਸਾਕਿਆਂ ਨੂੰ ਮੂਰਤੀਮਾਨ ਕਰਨ ਦੀ ਬੜੀ ਲੋੜ ਸਮਝਦੇ ਸਨ । ਇਕੱਲਾ ਚਿਤਰਕਾਰ ਇਸ ਮਹਾਨ ਸਿੱਖੀ ਇਤਿਹਾਸ ਨੂੰ ਮੂਰਤੀਮਾਨ ਕਰਨ ਦੇ ਸਮਰੱਥ ਨਹੀਂ ਹੈ । ਇਸ ਦੀ ਪਿਰਤ ਪਾਉਣ ਲਈ ਉਨ੍ਹਾਂ ਦਾ ਸੁਝਾਅ ਸੀ, ‘ਸਿੱਖੀ ਆਦਰਸ਼ ਉੱਤੇ ਚਲਦੇ ਕੁਝ ਨੌਜੁਆਨ ਜੁੜ ਬਹਿਣ । ਉਹ ਸਿੱਖ ਕਲਚਰ, ਸਿੱਖ ਇਤਿਹਾਸ, ਸਿੱਖ ਚਿਹਰੇ, ਸ਼ਸਤਰਾਂ-ਬਸਤਰਾਂ, ਘੋੜਿਆਂ ਜੋੜਿਆਂ ਦਾ ਅਭਿਆਸ ਕਰਨ । ਸੱਚਾ ਅਤੇ ਸੁੱਚਾ ਜੀਵਨ ਜਿਉਂਦਿਆਂ, ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਹੀ ਸਿੱਖ ਇਤਿਹਾਸ ਨੂੰ ਮੂਰਤੀਮਾਨ ਕਰਨਾ ਹੋਵੇ । ਉਹ ਡਿਪਲੋਮੇ ਅਤੇ ਡਿਗਰੀਆਂ ਦੇ ਪਿੱਛੇ ਉੱਕਾ ਨਾ ਪੈਣ । ਸਕੂਲ ਅਤੇ ਕਾਲਜ ਦੇ ਹੋਣਹਾਰ ਚਿਤਰਕਾਰ ਬੱਚਿਆਂ ਦੀ ਚੋਣ ਬੜੀ ਜ਼ਿੰਮੇਵਾਰੀ ਨਾਲ ਹੋਵੇ । ਸਿਰਫ਼ ਵਜ਼ੀਫੇ ਦੇ ਕੇ ਉਨ੍ਹਾ ਤੋਂ ਪਿੱਛਾ ਨਹੀਂ ਛੁਡਾ ਲੈਣਾ । ਨੌਜਵਾਨ ਚਿਤਰਕਾਰਾਂ ਦੇ ਗੁਜ਼ਾਰੇ ਲਈ ਯੋਗ ਪ੍ਰਬੰਧ ਕਰਨਾ ਹੈ। ਸ੍ਰੀ ਹਰਿਗੋਬਿੰਦਪੁਰ ਵਿਚ ਇਹੋ ਜਿਹੀ ਸੰਸਥਾ ਕਾਇਮ ਕਰਨ ਦੀ ਤਜਵੀਜ਼ ਮੈ ਕਈ ਵਾਰੀ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੂਹਰੇ ਰੱਖੀ ਹੈ ।’
ਅੱਜ ਜਦੋਂ ਪੰਜਾਬ ਸਰਕਾਰ ਨੇ ਚਿਤਰਕਾਰ ਸੋਭਾ ਸਿੰਘ ਦੀ ਜਨਮ ਸ਼ਤਾਬਦੀ ਨੂੰ ਸੂਬਾਈ ਪੱਧਰ ਉਤੇ ਮਨਾਉਣ ਦਾ ਫੈਸਲਾ ਕੀਤਾ ਹੈ, ਇਸ ਤਰ੍ਹਾਂ ਦੇ ਸਕੂਲ ਦੀ ਸਥਾਪਨਾ ਇਕ ਉਚਿਤ ਕਦਮ ਹੋਵੇਗਾ।

A PHILOSOPHER PAINTER Surjit Singh Barnala

Sardar Sobha Singh was not only an artist of great repute but was also a philosopher and a sant. His hand did not falter with age. Even at the age of 85 he could spend hours at the easel with a brush in hand and paints splashes on the palette. He was more relaxed working than lying on bed.
I did not know until I met him at his house at Andretta (Palampur) that he was a well read man and had in his library books on Plato, Socrates, Emerson, Lao Tse, Bertrand Russell, Thoreau, Tagore, Khalil Gibran, Krishnamurti and other well known philosophers and writers. Half of the books in his library were on art and painting, mostly about the old masters of the Renaissance period, but none on modern art. It was not only that he was fond of collecting good books, he read them thoroughly. He loved quoting sentences from books during conversation. But that was not enough for him, he would pick up the book concerned from the shelf and to get the actual words used. He knew on which page the quotation figured. He was an interesting conversationalist and a man of rare wit. To talk to him was not only a valuable education but also a rewarding experience. His philosophical discourses produced a saintly aura about him. With a flowing grey beard, long hair falling up to his shoulders and spotless white apparel, he looked an ethereal figure.

INNERSELF

Sobha Singh expressed his innerself in art. He worked hard for many years and produced a lot of paintings but, unfortunately, all his paintings numbering about 60 were left in Pakistan at the time of partition. He had to start a new life, and after spending some time in Delhi, Bombay and at other places, he ultimately came to the Kangra Valley and made Andretta, a remote sleepy village, his home. The backdrop of the majestic Dhauladhar’s snow- clad peaks, sprawling terraced paddy fields and the soft music of a nearby torrent made an ideal abode for an artist.
His popularity grew with Sohni Mahiwal- a remarkable painting. He painted other love legends of Punjab like Heer Ranjha, Sassi Punnu and Mirza Sahiban but it is Sohni Mahiwal that adores almost every house in Punjab. Later, he devoted himself to devotional art and earned fame as a painter of the Gurus. Before painting a divine face he studied all relevant scriptures and his life-story. His artistic skill, creative genius and a spiritual bent of mind combined to make him the most celebrated artist of Punjab. He was satisfied with nothing short of absolute perfection. In treatment of his subject he would always try to have a microscopic finish.
His painting of Guru Nanak Dev, commissioned by the Shiromani Gurdwara Parbandhak Committee on the occasion of the Guru’s fifth birth centenary, became immensely popular and lakhs of reproductions were sold in no time. The painting shows Guru Nanak Dev with his hand raised in benediction. He studied books on palmistry so that he could well represent the lines which a divine personality should have on his palm.
Again when he wanted to paint Guru Gobind Singh with a baaz (falcon) on his hand he studied all the literature that he could collect on the birds of prey.

EXTENSIVE STUDY

He was in the habit of making an extensive study of the subject he wanted to paint, contemplate on what he had studied and formed a complete idea in his mind of the picture he was going to produce. At times he was so lost in his work that it looked as if he had fallen into a trance. Once he was working on a Guru Gobind Singh painting. A visitor was so impressed by the concentration with which he was working that he said that he had no doubt that the Guru himself was directing the artist’s hand.
For Sobha Singh art was worship and the portrayal of the Gurus a manifestation of his meditation on the Gurus. He would suddenly rise in the early hours and start working on the unfinished painting as if impelled by some vision.
He has so successfully depicted the virtues of the Gurus that people have come to accept these paintings as true depiction of the Gurus. He was an unique artist in the sense that he influenced the social history of Punjab as no other artist has been able to do this so far.
He once told me that he took to painting the portraits of Sikh Gurus because he wanted to remind the Sikhs of their great spiritual heritage and traditions lest the martial community turn barbaric. He did not made the martyrdom of Sikhs as subject of his paintings because he belived that such paintings would never allow Sikhs to forget the tyranny and hatred the community had had to face during the Mughal period. Blood, he believed, could not be cleaned with blood. He used to say that people wanted beauty, not misery and it should be given to them through art which was a source of profound inner joy, strength and peace.

LANDSCAPES

Very few people know that Sobha Singh painted natural scenery also. Though few in number, his landscapes of Khajjyar and Rawalsar are the proud possession of the Himachal Pradesh Assembly and a painting of the Palace of Bhutan still adores his art gallery at Andretta. He painted a large panel for the Indian Parliament, depicting the evolution
of Sikh history. Half of the paintings depict Guru Nanak Dev, Bala and Mardana and the other Guru Gobind Singh on horseback along with his followers. The side depicting Guru Nanak Dev is in a soft bluish-green colour. Guru Nanak Dev is seen emerging out of the ocean as if bringing light to the dark world
and Mardana with his fingers on the strings of his rabab producing a melodious strain and the sea waves echoing it back. The other half is in burning bright orange and crimson colours, depicting Guru Gobind Singh’s heroic struggle against oppression and cruelty. The glow on his face and glitter in his eyes show the confidence with which he faced every challenge. The followers, advancing along with him, are a picture of devotion and fortitude with bravery writ large on every face. This panel adorns the outer gallery on the ground floor of Parliament House and is by far the best amongst the panels there. His work won him international fame and reputation. His original paintings adorn museums, art galleries and palaces while their reproductions are found in almost every Punjabi home in India and abroad.
His house at Andretta had become a place of pilgrimage for artists. Though the place is not located on a highway nor connected by a good bus service, scores of his admirers- the elite as well as the common hill folk- visit the art gallery every day. An aura of his presence still exists there. Sardar Sobha Singh’s art has immortalised him.

CREATING MYTH OUT OF REALITY Uma Vasudev

It was no accident that Sobha Singh looked like the Sikh gurus he painted. He gave them his own features. When he died recently at the age of 85 his flowing grey hair and stark white beard made him look as if he had stepped out of his own canvas. Perhaps you do begin to look like the people you live with if you identify with them. Certainly he lived with Sikh history and its religious heroes for more than a major part of his life. The result was that his portraits of Guru Nanak Dev and Guru Gobind Singh became a part of the social history of Punjab. No painter in his life time has had so much influence and become so much a part of the people’s lore as Sobha Singh in Punjab. The prints of his paintings can be found in every home, gurdwara and temple in Punjab.
The phenomenon cannot be explained away simply as the appeal of realistic portraiture. The faces of his gurus no doubt have distinct, well defined features done in the realistic style, but he does give his paintings an aura of unreality and godhead. His painting of Guru Nanak Dev for instance has the figure done with natural detail, even to the lines of the palms, but it is seen emerging out of an ocean, thereby making the human look supra-human, and therefore, unreal. He had said at one time that he did not paint the Hindu gods because they were part of mythology, not history, part of myth, not life. He wanted real people who had lived and died within realms of memory.
But his works on the Sikh gurus, despite the fact they were inspired by the actualities of their birth and significance were romantic to the point of unreality. If Guru Nanak Dev is seen emerging out of an ocean, Guru Gobind Singh, with a falcon on his finger, seems to ride the skies in an imaginary flight from reality. If anything, Sobha Singh represented a tradition in which actuality does not get transmuted into the reality of artistic truth as Satish Gujral would have it, but actuality becomes idolised. He painted Guru Nanak Dev, therefore, in mystical terms to reflect those famous lines:
Naam khumari Nanaka charhi rahe din raat (Let the intoxication of Nanak’s name govern my nights and my days.)
This was calender art on a refined level. No wonder the people were bewitched. It made sense to them. Prints of Sobha Singh’s portrait of Guru Nanak Dev sold in lakhs at Rs. 5 a piece all over Punjab in the fifties when it was painted. When it came to his portrait of Guru Gobind Singh, Sobha Singh kept the rights to himself. The prints that went out, (sometimes, as Balwant Gargi recalls, even the painting was repeated rather in the habit of Jamini Roy) brought in the gold and glitter to Sobha Singh’s cottage in Andretta in Kangra Valley in an unending stream. It made a friend of his remark humorously that the sign of Grom More Good that Sobha Singh had put outside his cottage could very happily have an S added to Good.
But Sobha Singh could take the humour in his stride even if his followers could not. The remark created an uproar of indignant protest. “He was no saint”, says playwright Balwant Gargi, who used to visit him at Andretta along with artists, writers, friends and admirers who began to throng the valley because of Sobha Singh and Norah Richards, as well as Bhupesh Sanyal, the other painter and friend who had his studio there and in recent times also because of the blue pottery artist, Gurcharan Singh. “His humour, wit and comments were sharp and earthy,” adds Balwant. “He was no spiritual recluse, either. He was a man who could paint a whore, a bride and a religious hero with the same facility.”
In fact the painting that first brought Sobha Singh into news was his very sensuous rendering in oil of the legendary lovers of Punjab, Sohni-Mahiwal. The figure of Sohni is in the forefront; it is in the curves, and shades, the delicacy and pictorial lines of the Bengal school, but it is so much more physical. It is a full blown exposure of a beautiful, alluring female form emerging from the wet out-lines of a clinging saree all very typical, yet well done. The Sohni- Mahiwal painting created a sensation. Not only were its prints found in every middle class Punjabi home who could savour its romanticism as a work of art without feeling guilty at its suggestive nudity, but on every calendar and chocolate box cover that you could have.
The third original painting of Sohni-Mahiwal went into the collection of Yuvraj Karan Singh of Kashmir.
Only 15 years ago, however, when my sister, Aruna Vasudev made a documentary on Sobha Singh for the Films Division and I wrote the commentary, Sobha Singh was not keen that she should included his ‘women’ phase. Though he later painted the Kangra women of his area with all his passionate concern for beauty, he had become extra conscious of his image as the legendary painter of the legendary Gurus, almost as if he would rather be known more as a visual social historian than as an artist. Yet, he was fond of quoting Plato that the artist, like the dacoit, has to live, or must live, outside society.
Sobha Singh chose to go and live at Andretta soon after his encounter with Mahatma Gandhi in the late 40’s. He was desparate to meet him and asked his friend, Dr Zakir Husain to arrange a meeting. Dr Zakir Husain managed to get him three minutes with the disciplined Mahatma. But Sobha Singh was undaunted. He asked Gandhiji who was then staying at an ashram why he wrote all those things from there and did not go out to the people and tell them to do something. Gandhiji smiled, but asked him very quitely in return, “Why don’t you start with yourself?” That decided him. Only few years later began his long affair with the mountains, the valleys, and the people of Himachal Pradesh.
He never left Andretta till the very last when he had to be shifted to Palampur hospital after a heart attack and then to the PGI in Chandigarh where he died on August 22, 1986. He was cremated with state honours. From Chief Minister Barnala, representing a political elite that is generally considered impervious to art, along with appreciating the fact that Sobha Singh had brought Sikh history to life, came the unusual comment that Sobha Singh’s Sohni- Mahiwal could be described as “music in colours” and that “artistically, I have become an orphan.”
The strangest part of it all is that the Lalit Kala Akademi in Delhi which is the national body “to promote awareness of art” and whose function it is to build up a reference section in this field, has nothing on Sobha Singh. While the Chandigarh Museum has a whole section devoted to Sobha Singh, the Lalit Kala Akademi here has not even a single photograph of his works, nor a pamphlet, nor an article. Nothing. As if, nationally, the man and the artist did not exist.
About ten years ago, an exhibition of Sobha Singh’s works was held in Delhi by Shammi Mendiratta who had the Gallery Chanakya going at the time. “I saw some of his works at the Chandigarh Museum once.” recalls Jatin Das, the well known painter. “They are romantic, smooth, pretty, but when you are illustrating a period of history, you can become isolated. I suppose he was a gentle soul in the arts. Like the Bengal School, valid for his own period.”
Jatin Das knew only of Sobha Singh’s portraits of the gurus. He was surprised when I told him that his early fame came from his remantic evocations of women. But the point is that the Lalit Kala Akademi had failed its responsibilities, so had the National Gallery of Modern Art. “They bring the whole word to us, but not our own artists,” he fumed, “We don’t get the opportunity to have dal and roti, but we are given souffle.”
In case the Punjabis think they are being discriminated against by the Lalit Kala Akademi in neglecting their major artist, it is worth pointing out as an example that the Lalit Kala Akademi does not have a single Souza, nor is there a booklet written about him, nor was he invited to any of the six Triennales held in Delhi. Souza, if anyone cares to remember, was judged to be one of the ten leading Indian artists in Britain as long ago as the sixties.
“I know that Sobha Singh had been asked to do a portrait of Giani Zail Singh,” adds Jatin: “I know because I was asked also. We were sent photographs by the Arts Committee and asked to forward a sample. Can you believe it? As if it were a tender. I refused. I asked them, do they ask a musician or a dancer to illustrate their work before inviting them to Rashtrapati Bhavan? Besides, one has to have the subject live before us. The most famous personalities have sat as models for an artist.
The most famous ones in recent times were Pandit Jawaharlal Nehru and Indira Gandhi, both of whom posed for Satish Gujral. But Sobha Singh had agreed to do a painting of Giani Zail Singh for the series of portraits that are hung in Rashtrapati Bhavan. I understand the work was half way through when he died. Based on photographs. It shows that he remained a practical man to the last. I would be worth seeing even the unfinished work to find out how in this case Sobha Singh made myth out of reality.

A BRUSH WITH DIVINITY
B. N. Goswamy

I was still a student, I think, working beaver-like on my doctoral dissertation, when I first met Sobha Singh. The need to do field-work was to take me to the verdant valley of Kangra and the neighbouring hills, and when I mentioned this fact to Professor Jaidayal, who was then a grey eminence among the superannuated faculty of the college where I was, he wanted to make sure that I included Andretta in my plans. This was the little village, not far from Palampur-which was one of my stops in any case- where Sobha Singh was settled and active, he told me. I had heard of the painter of course- his was quite a name by then- but not of the village, I must confess. When Professor Jaidayal mentioned that the little village was also home to Norah Richards, the doyenne of Punjabi theatre then, and occasional home to Prithviraj Kapoor, the great actor, I was easily persuaded. The place was not going to be of direct interest to my research in the painting of the region, but, curiously drawn to the idea, I made the trek on foot to the village from the picturesque little railway station of Panchrukhi one day. The whole area is singularly beautiful: lush green fields, gentle undulations in the land spreading out like endless ripples, low hills standing snugly close by, the looming presence of the snow-clad Dhauladhars in the back-ground. But this piece, I remind myself, is not about landscape, or about the other people there: it is about Sobha Singh whom I met that day, and about the landscape of his mind, if one so likes. I had arrived unannounced, but the painter was patient and gracious, and I spent some time with him in his neat little Pahari home, taking in his work. I do not quite remember what we talked about- it was certainly not about Pahari painting with which he had only passing acquaintance- but I remember, vividly, the impression he made: a lithe, athletic man with penetrating eyes, dressed in pristine white, with silky long hair and a flowing beard to match. He walked with some difficulty, I noticed, but his speech was gentle and smooth, showing no trace of physical discomfort. He looked, even to my young eyes, to be a man at peace with himself, and his surroundings. Little did I know at that time how much effort it had taken him, how much struggle, to reach that plateau of quietude. A casual visitor, like me, would have thought it came to him naturally so well did his serenity sit on him.
I was to read about his life later, but the more I did about the course of his life, especially his early years, it appeared as if they were a long patchwork of pain. A daunting, stern father, a consumptive mother whom he lost when he was barely four years old; years of near want. There is a deeply moving episode in which we hear of young Sobha Singh’s mother- always kept away from him for fear of infecting him- being brought back to the village virtually on her death-bed; and as she lay there, her only son stood at a slight distance, nervous and confused. She lifted her arms towards him, wanting to hold him in one last embrace. Her face was covered with a thin veil, for fear, once again, that closeness to her might be lethal for the boy. But, shakily, he took a step forward; before he could reach her, however, her arms fell lifeless by her side. The boy was quickly removed from the scene.
There was occasional kindness that the growing boy received after this, but life seemed to the bleak and merciless in general. It is not possible to follow all this up in detail, but one knows that there was a zigzag path they lay ahead: very limited schooling, recruitment in the army as a draughtsman; a longish stint in Basra; contact with some European officers from whom the young draughtsman picked up the essentials of painting in oils; return to India and leaving the army; settling down in Amritsar, and then movement from there to Lahore to Delhi, and eventually to Andretta; initial studio practice involving the painting of posters and sign-boards and occasional portraits. Woven into all this were marriage; a personal accident; family troubles, including a suicide attempt by his wife; generally severely limited means; but also occasional appreciation for his work,
Into Sobha Singh’s life, after he had fully committed himself to art, and emerged as a painter with an identity of his own, keep flitting names that one knows from other fields, celebrated names: Nanak Singh, the novelist; Gurbakhash Singh of Preetlari fame; Karam Singh Grewal, the distinguished orthopaedist; Giani Kartar Singh Hitkari, father of Amrita Pritam, poetess; Rajinder Singh Bedi, writer and film-maker; Karan Singh Sadr-i-Riyasat of Jammu and Kashmir; later, M.S. Randhawa, Surjit Singh Barnala. All through this period, Sobha Singh was growing, maturing, turning inwards; both as a man and as a painter. And by the time he was 50, he was beginning to emerge as something of celebrity, with a devoted following. Commissions started pouring in; exhibitions of his work were held at several places, he travelled abroad and was feted there by local communities. He had, in some ways, become a cult figure.
One associates with Sobha Singh’s early work, a range of subjects: portraits, some taken from life, others from photographs; romantic themes, drawn from folk legends, writings of Omar Khayyam; moments frozen in time, like Shahjahan holding the dying Mumtaz Mahal in a gentle embrace, or Bhagat Singh reading from a book in a prison cell. There were works that brought him wide-spread fame, like the delicately painted Sohni-Mahiwal, one version of which is in Dr. Karan Singh’s collection. But essentially it was his paintings of the great Sikh Gurus, which propelled Sobha Singh, suddenly and finally, on to the centre of the stage in Punjab. Clearly, something had been brewing inside the painter for long years. He was a devout man; Sikh history interested him no end; and he witnessed acts of great personal courage in the Guru ka Bagh Morcha, with waves of Sikhs willing to sacrifice themselves, staking all that they had, for a cause. And it all started coming out in his renderings- visualisations might be a better term- of the Gurus. For in them was embodied all that was pure and noble. He painted them again and again, ‘meditating upon them’, as he used to say, exploring insistently ways of catching their true spirit: the serenity and the gentleness of Guru Nanak, for instance; Guru Hargobind’s solemn dignity; Guru Tegh Bahadur’s pious resolve; the elan and the majesty of Guru Gobind Singh. While painting these, there were no authentic or contemporary portraits of the Gurus that he could have drawn upon: whatever ‘likenesses’ of them existed, whether in the Paharior the Punjab plains traditions, were all visulisations. With perfect logic, therefore, Sobha Singh stated, referring to his own paintings, that this was how he saw them and this was how he wanted to help others see them. As far as Sikh themes were concerned, he could have turned, like some others of his time did, towards ‘recording’ all the sacrifices, and all those violent buffetings, that so much of early Sikh history is made of. But, consciously. and with a clear intent, Sobha Singh stayed away from those subjects, preferring to evoke, and invoke, the essence of the great Gurus, and their
blessed presence. Somewhere, these works touched a deep chord within Sikh minds, and Sobha Singh’s portraits of the great Gurus were suddenly everywhere in the form of reproductions, calendars, portfolio pictures. It is as if everyone had been waiting for these works to appear. The moment seemed to be just right; and, personally, for Sobha Singh too, everything started coming together. At a popular level, the Punjab appeared to have been looking for a painter that it could give it a series of images that dipped into its past and were affecting moving in some manner, at the same time. And it found that man in Sobha Singh. What is of interest is the fact that in painting these images, Sobha Singh was not deviating in any significant manner from the style that he had been working in for a long time: there is the same fluent line; the same somewhat academic approach; the same reliance on sentiment; the same play with powdery colours and occasional theatrical effect. The effete elegance of art nouveau stands somewhere in the background of this work, and there is that fond emphasis on stylisation that marks so much of the work of the Bengal School of Art. But, while painting the portraits of the Gurus, Sobha Singh was working with a new sense of conviction, and of dedication, and it shone through in his work.
Most of his paintings done in this period are easy for anyone to access- this, in fact, was one of the great appeals of his work- but, occasionally, he would throw a challenge to the viewer, asking him or her to interpret a work. Consider, for example, his painting of Guru Nanak standing, serene and majestic, in the midst of a large expanse of water, right hand raised in a gesture that is in part benediction, in part pointing to The One that we need to meditate upon. In the waters, there is some suggestion of an early episode in the life of the great Guru when he is said to have emerged after days from the current of a stream, having recognised The Truth, and pronouncing it. But that episode relates, as said before, to a considerably earlier period in the life of Guru Nanak, when he was much younger than he appears here. What other suggestions are there in the waters here, then, with waves leaping up as if to touch the hem of his glory? A suggestion of him as an Elemental Being? Or of eternity and endless space that are a part of him? No answers are given: simply an idea is floated and placed within the viewer’s reach.
Sobha Singh had no interest in the movements that were then current in contemporary art in the world outside; nor did he make many statements about the human condition, a direction he might well have taken, judging from an early work like The Foundation Stone of Society showing a ragged labourer stoically carrying a heavy, dressed stone on his head. He was content with what he was doing: asking his viewers to think and, when possible, to turn inwards. This is what he was doing himself, evolving while cultivating the persona of a withdrawn, saintly figure, living in a remote village a communion with nature.

CENTENARY OF LEGENDARY ARTIST Ravinder Sood

Art and culture are indeed the most valuable and important assets of any nation. Artists in India have chosen painting as a medium to express and thereby preserve the rich cultural heritage of the country. Rising above narrow consideration of religion, caste and race, these artists have shown the path of peace and tranquility One of them who depicted indian culture on a big canvas and gave India its due place at international art platforms was Sobha Singh. It was he who brought this small and sleepy town of Kangra valley on the world map of remaining associated with his village for about four decades. The visitors can find written in front of his art gallery a sign that reads. “A temple of art not a picnic spot maintain its sanctity”.
Sobha Singh joined the Indian Army as draughtsman and left for Iraq. In 1925, he was attracted to Lahore, where he established his “Echo School of Arts” and thus began his “journey” into the world of arts. Later he shifted to Delhi and established his own studio. By hard work, he not only succeeded in establishing himself as a successful artist but also earned critical acclaim. But the city never fascinated him and he started looking for a place which could match his creative self.
The Himachal sojourn of this legendary artist started in 1942, when he visited the Kangra valley and was spell-bound by its beauty and idyllic charm. The snow-covered peaks of Dhauladhar, the lush green meadows so fascinated Sobha Singh that it forced him to permanently settle here.
Most of the masterpieces of Sobha Singh such as Sohni Mahiwal, Her grace the Gaddan and Kangra Bride were created at Andreatta. While living here Sobha Singh painted over 1400 paintings. Most of these paintings depicted the rich cultural heritage and natural scenic beauty of Himachal Pradesh. His paintings also focused on the Sikh Gurus. His portraits of Gurus were a manifestation of his devotion to divinity. He also painted Hindu gods and goddesses with equal reverence and zeal. The painting of Murli Manohar, signifying Lord Krishna and the portrayal of Lord Rama with bow and arrow are considered masterpieces.
The paintings of Sobha Singh have a deep-rooted message with in. The paintings were not a mere physical portrayal of personality, but it has a hidden message. Regarding his paintings he used to say. “My art is my religion and my duty is to transform the invisible to visible”.
The paintings of Sohni Mahiwal and Sikh Gurus, brought Sobha Singh on the centre-stage not only in Punjab and Himachal but also throughout the nation. Nobody will believe that Sobha Singh never learnt painting from any school or teacher, but his creative self was his greatest teacher and critic.
Recognising the contribution of Sobha Singh in the field of art, it has been decided to celebrate the birth centenary of this multifaceted personality. In addition, a postage stamp has also been brought as mark of respect to this great artist.

ਸੋਭਾ ਸਿੰਘ ਦੀ ਕਲਮ ਤੋਂ

(ਦਾਰ ਜੀ ਸਰਦਾਰ ਸੋਭਾ ਸਿੰਘ ਚਿਤਰਕਾਰ 86 ਵਰ੍ਹੇ ਭਰਪੂਰ ਜ਼ਿੰਦਗੀ ਜਿਉਂ ਕੇ ਇਸ ਸੰਸਾਰ ਤੋਂ ਵਿਦਾ ਹੋਏ । ਆਪਣੀ ਉਮਰ ਦੇ 50-60 ਵਰ੍ਹੇ ਉਹ ਰੋਜ਼ਾਨਾ ਡਾਇਰੀ ਲਿਖਦੇ ਰਹੇ ਸਨ । ਉਸ ਡਾਇਰੀ ਵਿਚ ਨਿੱਤ ਵਾਪਰਦੀਆਂ ਘਟਨਾਵਾਂ ਤੋਂ ਬਿਨਾਂ ਆਪਣੀ ਜ਼ਿੰਦਗੀ ਦੀਆਂ ਘਟਨਾਵਾਂ ਤੇ ਅਭੁੱਲ ਯਾਦਾਂ ਨੂੰ ਸ਼ਾਬਦਕ ਰੂਪ ਵਿਚ ਚਿਤਰਦੇ । ਕਿਤੇ ਕਤਾਈਂ ਅਨਮੋਲ ਮੋਤੀ ਵੀ ਸਿਰਜਦੇ । ਪਰ ਡਾਇਰੀ ਬਹੁਤਾ ਉਹ ਜੀਵਨ ਦੇ ਆਮ ਪੱਖਾਂ ਬਾਰੇ, ਆਪਣੇ ਵਿਚਾਰ ਪ੍ਰਗਟਾਉਣ ਲਈ ਲਿਖਦੇ ਸਨ । ਉਹ ਜ਼ਿੰਦਗੀ ਵਿਚ ਵਾਪਰਦੇ ਨੂੰ, ਕੁਦਰਤ ਦੀ ਖੇਡ ਨੂੰ ਦਾਰਸ਼ਨਿਕ ਦ੍ਰਿਸ਼ਟੀ ਨਾਲ ਵੇਖਦੇ, ਘੋਖਦੇ ਤੇ ਪਰਖਦੇ ਸਨ । ਇਹਨਾਂ ਲਿਖਤਾਂ ਵਿਚ ਉਹ ਜੀਵਨ-ਜਾਚ ਦੇ ਸੰਬੰਧ ਵਿਚ ਆਪਣਾ ਇਕ ਖ਼ਾਸ ਦ੍ਰਿਸ਼ਟੀਕੋਨ ਪੇਸ਼ ਕਰਦੇ ਹਨ । ਸੋਭਾ ਸਿੰਘ ਜੀ ਦੀ ਰੀਝ ਇਹਨਾਂ ਡਾਇਰੀਆਂ ਵਿਚਲੀਆਂ ਲਿਖਤਾਂ ਨੂੰ ਪੁਸਤਕ ਰੂਪ ਵਿਚ ਪ੍ਰਕਾਸ਼ਤ ਕਰਨ ਦੀ ਸੀ, ਤੇ ਇਸ ਸਿਲਸਿਲੇ ਵਿਚ ਸੰਪਾਦਨ ਦਾ ਕੰਮ ਵੀ ਕਈ ਵਾਰ ਛੋਹਿਆ, ਪਰ ਕਿਸੇ ਨਾ ਕਿਸੇ ਕਾਰਨ ਇਹ ਪਿੱਛੇ ਪੈਂਦਾ ਗਿਆ ਤੇ ਉਨ੍ਹਾਂ ਦੇ ਜੀਵਨ-ਕਾਲ ਵਿਚ ਉਨ੍ਹਾਂ ਦਾ ਇਹ ਸੁਪਨਾ ਸਾਕਾਰ ਨਾ ਹੋ ਸਕਿਆ । ਉਨ੍ਹਾਂ ਦੇ ਪੂਰੇ ਹੋਣ ਪਿਛੋਂ ਉਨ੍ਹਾਂ ਦੀਆਂ ਲਿਖਤਾਂ ਦਾ ਸੰਪਾਦਨ ਪ੍ਰਸਿੱਧ ਪੰਜਾਬੀ ਕਵੀ ਤੇ ਲੇਖਕ ਪਿਆਰਾ ਸਿੰਘ ਸਹਿਰਾਈ ਨੇ ਕੀਤਾ ਤੇ ਨਵਯੁਗ ਪ੍ਰੈੱਸ ਦੇ ਮਾਲਕ ਸਰਦਾਰ ਪ੍ਰੀਤਮ ਸਿੰਘ ਨੇ ਬੜੀ ਖੂਬਸੂਰਤੀ ਨਾਲ ਕਲਾ ਵਾਹਿਗੁਰੂ ਦੀ ਨਾਂ ਹੇਠ ਪ੍ਰਕਾਸ਼ਤ ਕੀਤਾ। ਇਸੇ ਪੁਸਤਕ ਵਿਚੋਂ ਹੇਠਲੀਆਂ ਲਿਖਤਾਂ ਧੰਨਵਾਦ ਸਹਿਤ ਦੇ ਰਹੇ ਹਾਂ ।

ਸੰਪਾਦਕ।

ਇਹ ਹੋ ਸਕਦਾ ਹੈ

ਮਨੁੱਖ ਨੇ ਪਸ਼ੂ-ਸ਼੍ਰੇਣੀ ਤੋਂ ਉੱਚੇ ਹੋਣਾ ਉਸ ਸਮੇਂ ਅਰੰਭਿਆ ਜਦੋਂ ਉਸ ਦੀ ਖੋਪਰੀ ਵਿਚ ਸੋਝੀ ਨੇ ਨਿਵਾਸ ਕੀਤਾ, ਜਿਸ ਦਾ ਸਦਕਾ ਉਸ ਦੇ ਅੰਦਰ ਆਪਣੇ ਆਲੇ-ਦੁਆਲੇ, ਰਹਿਣ-ਬਹਿਣ, ਖਾਣ- ਪੀਣ ਅਤੇ ਮਰਨ-ਜੀਉਣ ਨੂੰ ਸੁਚੱਜਾ ਬਣਾਉਣ ਦੀਆਂ ਰੀਝਾਂ ਰੀਝੀਆਂ ਤਾਂ ਜੋ ਮਨੁੱਖ ਥੋੜ੍ਹੇ ਸਮੇਂ ਵਿਚ ਬਹੁਤਾ ਕੁਝ ਕਰ ਸਕੇ ਅਤੇ ਆਰਾਮ ਨਾਲ ਕਰ ਸਕੇ ।
ਪਹਿਲੋਂ ਇਹ ਇਕ ਦੂਜੇ ਪਾਸੋਂ ਖੋਹ ਖਿੰਝ ਕੇ ਪੇਟ ਪਾਲਦਾ ਸੀ, ਫੇਰ ਖੋਹਣਾ ਖਿੰਝਣਾ ਛੱਡ ਕੇ ਸਲੂਕ ਪੈਦਾ ਕਰਨਾ ਤੇ ਇਕ ਦੂਜੇ ਦੇ ਹੱਕਾਂ ਦੀ ਰਾਖੀ ਕਰਨੀ ਸਿੱਖ ਲਈ । ਫੇਰ ਆਪਣੇ ਨਾਲੋਂ ਕਮਜ਼ੋਰ ਸਰੀਰਾਂ ਤੇ ਮਨਾਂ ਦੀ ਸਹਾਇਤਾ ਕਰਨ ਦਾ ਵੱਲ ਸਿੱਖ ਲਿਆ । ਆਪ ਭੁੱਖਿਆਂ ਰਹਿ ਕੇ ਆਪਣੇ ਨਾਲੋਂ ਵਧੇਰੇ ਭੁੱਖੇ ਦਾ ਢਿੱਡ ਭਰਨ, ਬਲਕਿ ਆਪਾ ਵਾਰ ਦੇਣ ਤਕ ਪੁੱਜਣ ਲੱਗ ਪਿਆ । ਇਸ ਤਰ੍ਹਾਂ ਉਸ ਨੇ ਜੀਵਨ ਦੀਆਂ ਉਨ੍ਹਾਂ ਵਡੇਰੀਆਂ ਤੇ ਉਚੇਰੀਆਂ ਕੀਮਤਾਂ ਦੀ ਕਦਰ ਕਰਨੀ ਸਿੱਖੀ, ਜਿਨ੍ਹਾਂ ਕੀਮਤਾਂ ਤੇ ਕਦਰਾਂ ਸਦਕਾ ਉਸ ਨੂੰ ਆਤਮਾ ਦੇ ਝਲਕਾਰੇ ਪਏ ਅਤੇ ਉਸ ਦੀ ਆਤਮਾ ਨੇ ਫਲਣਾ ਫੁਲਣਾ ਸ਼ੁਰੂ ਕੀਤਾ ।
ਇਸੇ ਰੁਚੀ ਸਦਕਾ, ਮਨੁੱਖ ਨੇ ਆਪਣਾ ਮੂਲ ਪਛਾਣਿਆ, ਵਧਦੀਆਂ, ਫੁੱਲਦੀਆਂ ਤੇ ਫਲਦੀਆਂ ਵਸਤਾਂ ਦੇ ਜੀਵਨ ਸ੍ਰੋਤ ਵਿਚ ਰੁਕਾਵਟ ਪਾਉਣ ਨੂੰ ‘ਪਾਪ’ ਤੇ ਇਸ ਨੂੰ ਦੂਰ ਕਰ ਕੇ ਉਸ ਵਿਚ ਰਵਾਨੀ ਲਿਆਉਣ ਨੂੰ ‘ਪੁੰਨ’ ਮੰਨਿਆ ।
ਅਜ਼ਲਾਂ ਤੋਂ ਮਨੁੱਖ ਦੇ ਅੰਦਰੋਂ ਬਾਹਰ ਆਉਣ ਲਈ ਕੋਈ ਅੰਤਰੀਵ ਸਚਾਈ ਤੜਪ ਰਹੀ ਜਾਪਦੀ ਹੈ ਅਤੇ ਇਸ ਅਨੁਭਵ ਸਦਕਾ ਆਦਮੀ ਨੇ ਕਈ ਵਾਰ ਉਸ ਸਚਾਈ ਦੇ ਝਲਕਾਰੇ ਵੀ ਲਏ ਜਾਪਦੇ ਹਨ ।
ਮੈਂ ਕਿਸੇ ਇਕ ਮਨੁੱਖ ਦਾ ਜ਼ਿਕਰ ਨਹੀਂ ਕਰ ਰਿਹਾ, ਸਮੂਹ ਮਨੁੱਖਤਾ ਦੀ ਕਹਾਣੀ ਦੱਸ ਰਿਹਾ ਹਾਂ ।
ਮੈਂ ਜਿਨ੍ਹਾਂ ਝਲਕਾਰਿਆਂ ਦੀ ਗੱਲ ਕੀਤੀ ਹੈ, ਇਹ ਬਹੁਤ ਕਰ ਕੇ ਓਦੋਂ ਪਏ, ਜਦੋਂ ਮਨੁੱਖਤਾ ਦੇ ਕਿਸੇ ਅੰਗ ਨੇ ਦੂਜੇ ਅੰਗ ਨੂੰ, ਨੇਜ਼ੇ ਦੀ ਨੋਕ ਜਾਂ ਧੋਖੇ ਦੀ ਜੋਕ ਨਾਲ, ਪ੍ਰਸੰਸਾ ਦੀ ਕਦਰ ਜਾਂ ਪਿਆਰ ਦੀ ਨਜ਼ਰ ਨਾਲ ਟੁੰਬਿਆ ।
ਕਦੇ ਕਦੇ ਤੇ ਕਿਤੇ ਕਿਤੇ ਇਸ ਨੇ ਆਪਣੇ ਭਲੇ ਲਈ ਕੁਝ ਵਿਚਾਰਿਆ, ਉਸ ਨੂੰ ਤਜਰਬੇ ਦੀ ਘਸਵੱਟੀ ਉੱਤੇ ਰਗੜਿਆ ਅਤੇ ਜੀਵਿਆ। ਜੇ ਸਫਲ ਹੋਏ ਤਾਂ ਸਮੂਹ ਮਨੁੱਖਤਾ ਦੀ ਜਾਣਕਾਰੀ ਦੇ ਖਜ਼ਾਨੇ ਵਿਚ ਵਾਧਾ ਹੁੰਦਾ ਰਿਹਾ ।
ਮਨੁੱਖਤਾ ਉੱਨਤੀ ਕਰਦੀ ਆਈ ਹੈ ਅਤੇ ਕਰਦੀ ਜਾਵੇਗੀ । ਉਜਾੜਾਂ ਦੀਆਂ ਕਬਰਾਂ ਵਿਚੋਂ ਨਿਕਲ ਕੇ, ਸਰੀਰਕ ਤੌਰ ਉੱਤੇ, ਇਹ ਮਨੁੱਖ ਚੰਦਰਮਾ ਤਕ ਪੁੱਜ ਗਿਆ ਹੈ ਅਤੇ ਆਤਮਕ ਤੌਰ ਉੱਤੇ ਹੈਵਾਨੀਅਤ ਤੋਂ ਪ੍ਰੇਮ ਖੰਡ ਤੇ ਪ੍ਰੇਮ ਖੰਡ ਤੋਂ ਸੱਚ ਖੰਡ ਤਕ ਪੁੱਜਦਾ ਰਿਹਾ ਹੈ ।
ਪਰ ਗਿਆਨ ਨਾਲੋਂ ਸੰਗਤ ਤੇ ਕਥਨੀ ਨਾਲੋਂ ਕਰਨੀ ਵਧੇਰੇ ਅਸਰ ਰਖਦੀ ਹੈ । ਸੱਚ ਦੇ ਖੋਜੀ, ਪ੍ਰਚਾਰਕਾਂ ਨਾਲੋਂ ਅਜੇਹੇ ਕਰਮ-ਯੋਗੀਆਂ ਦੇ ਮਗਰ ਵਧੇਰੀ ਦ੍ਰਿੜਤਾ ਨਾਲ ਲੱਗਦੇ ਰਹੇ ਹਨ, ਜਿਨ੍ਹਾਂ ਨੇ ਸੱਚ ਪਿੱਛੇ ਆਪਣਾ ਆਪ ਹੀ ਵਾਰ ਕੇ ਨਹੀਂ ਸਗੋਂ ਪਿਤਾ, ਪੁੱਤਰ ਅਤੇ ਪਿਆਰੇ ਵਾਰ ਕੇ ਮਿਸਾਲਾਂ ਕਾਇਮ ਕੀਤੀਆਂ ਅਤੇ ਕੇਵਲ “ਚੜ੍ਹ ਜਾ ਬੱਚਾ ਸੂਲੀ, ਰਾਮ ਭਲੀ ਕਰੇਂਗੇ” ਨਹੀਂ ਕਿਹਾ ।
ਕੁਝ ਸਾਲ ਹੋਏ, ਮੈਂ ਇਕ ਅੰਗਰੇਜ਼ੀ ਦੇ ਮਾਸਕ ਪੱਤਰ ਵਿਚ ਪੜ੍ਹਿਆ ਕਿ ਇਟਲੀ ਦੇ ਇਕ ਮਸ਼ਹੂਰ ਵਾਇਲਨ-ਵਾਦਕ ਦੇ ਖੱਬੇ ਹੱਥ ਦੇ ਚੱਪੇ ਦਾ ਅਗਲਾ ਹਿੱਸਾ ਕਿਸੇ ਤਰ੍ਹਾਂ ਕੱਟਿਆ ਗਿਆ। ਹੁਣ ਇਹ ਵਾਇਲਨ ਕਿਵੇਂ ਵਜਾਉਂਦਾ ? ਕਲਾ ਇਸ ਦਾ ਜੀਵਨ ਸੀ । ਬੜਾ ਦੁਖੀ ਹੋਇਆ ਅਤੇ ਉਸ ਦੇ ਦੋਸਤ ਮਿੱਤਰ ਵੀ ਬੜੇ ਦੁਖੀ ਹੋਏ ।
ਬਹੁਤ ਸਾਰੇ ਦੋਸਤਾਂ ਨੇ ਆਪ ਆ ਆ ਕੇ ਹਮਦਰਦੀ ਜਿਤਾਈ, ਬਹੁਤਿਆਂ ਨੇ ਖ਼ਤਾਂ-ਪੱਤਰਾਂ ਰਾਹੀਂ ਆਪਣਾ ਦੁੱਖ ਪ੍ਰਗਟਾਇਆ । ਪਰ ਇਕ ਜਣਾ ਜੋ ਉਸ ਦਾ ਸਭ ਤੋਂ ਨਿਜੀ ਸਨੇਹੀ ਸੀ, ਨਾ ਆਪ ਆਇਆ ਤੇ ਨਾ ਖ਼ਤ-ਪੱਤਰ ਰਾਹੀਂ ਕੋਈ ਹਮਦਰਦੀ ਪ੍ਰਗਟਾਈ । ਉਹ ਖੁਦ ਵੀ ਵਾਇਲਨ ਬੜੀ ਅੱਛੀ ਵਜਾਉਂਦਾ ਸੀ । ਕੱਟੇ ਚੱਪੇ ਵਾਲੇ ਮਿੱਤਰ ਨੂੰ ਸ਼ੰਕਾ ਹੋਇਆ ਕਿ ਸ਼ਾਇਦ ਉਸ ਨੂੰ ਮੇਰੇ ਚੱਪੇ ਕੱਟੇ ਜਾਣ ਦੀ ਖੁਸ਼ੀ ਹੋਈ ਹੈ, ਜੋ ਮੱਥੇ ਤਕ ਨਹੀਂ ਲੱਗਾ ।
ਚੱਪੇ ਦਾ ਅਗਲਾ ਹਿੱਸਾ ਕੱਟਿਆ ਗਿਆ ਸੀ ਪਰ ਉਂਗਲਾਂ ਦੇ ਟੁੰਡ ਅਜੇ ਕਾਇਮ ਸਨ । ਟੁੰਡ ਸਮੇਂ ਨਾਲ ਕੁਝ ਠੀਕ ਹੋ ਗਏ ਸਨ, ਪਰ ਇਸ ਦੁਰਘਟਨਾ ਨੇ ਉਸ ਦਾ ਹੌਂਸਲਾ ਢਾਹ ਦਿੱਤਾ ਸੀ ਤੇ ਉਹ ਸ਼ਹਿਰ ਛੱਡ ਕੇ ਆਪਣੇ ਪਿੰਡ ਰਹਿਣ ਲਗ ਪਿਆ ।
ਇਕ ਦਿਨ ਤਿੰਨ ਸਾਢੇ ਤਿੰਨ ਮਹੀਨੇ ਪਿਛੋਂ, ਉਸ ਦੇ ‘ਬੇਵਫਾ’ ਦੋਸਤ ਦੀ ਪੈਰਿਸ ਤੋਂ ਉਸ ਨੂੰ ਉਸ ਦੇ ਪਿੰਡ ਦੇ ਪਤੇ ਉੱਤੇ ਅਚਨਚੇਤ ਤਾਰ ਆਈ, “ਇਹ ਹੋ ਸਕਦਾ ਹੈ, ਮੈਂ ਪੁੱਜ ਰਿਹਾ ਹਾਂ ।” ਇਹ ਤਾਰ ਪੜ੍ਹ ਕੇ ਕਲਾਕਾਰ ਨੂੰ ਹੋਰ ਵੀ ਦੁੱਖ ਹੋਇਆ ਕਿ ਹਮਦਰਦੀ ਤਾਂ ਇਕ ਪਾਸੇ ਰਹੀ, ਹੁਣ ਮਖੌਲ ਸ਼ੁਰੂ ਕਰ ਦਿੱਤਾ ਹੈ । ਤੀਜੇ ਦਿਨ ਉਸ ਦਾ ਦੋਸਤ ਸੱਚ ਮੁੱਚ ਹੀ ਉਸ ਪਾਸ ਆ ਪਹੁੰਚਾ । ਕਲਾਕਾਰ ਦੇ ਚਿਹਰੇ ਉੱਤੇ ਦੁੱਖ-ਭਰਿਆ ਸਵਾਲ ਸੀ ਪਰ ਆਉਣ ਵਾਲੇ ਦੋਸਤ ਦੇ ਚਿਹਰੇ ਉੱਤੇ ਖਚਰੀ ਮੁਸਕਰਾਹਟ ਸੀ । ਉਸ ਨੇ ਤਾਰ ਕੱਢ ਕੇ ਉਸ ਦੇ ਅੱਗੇ ਰੱਖੀ ਤੇ ਬੋਲਿਆ, “ਇਸ ਦਾ ਕੀ ਮਤਲਬ ਹੈ ?”
ਆਉਣ ਵਾਲੇ ਮਿੱਤਰ ਨੇ ਬਿਨਾਂ ਜਵਾਬ ਦਿੱਤਿਆਂ ਉਸ ਦੀ ਵਾਇਲਨ ਕੇਸ ਵਿਚੋਂ ਕੱਢ ਕੇ ਵਜਾਉਣੀ ਸ਼ੁਰੂ ਕਰ ਦਿੱਤੀ। ਅਚਾਨਕ ਹੀ ਮਾਸਟਰ ਵਾਇਲਿਨਿਸਟ ਦੀ ਨਜ਼ਰ ਉਸ ਦੇ ਖੱਬੇ ਹੱਥ ਦੇ ਚੱਪੇ ਉੱਤੇ ਪੈ ਗਈ । ਉਹ ਉਸ ਦੇ ਆਪਣੇ ਚੱਪੇ ਵਾਂਗ ਹੀ ਕੱਟਿਆ ਹੋਇਆ ਸੀ । ਉਸ ਦੀਆਂ ਭੁੱਬਾਂ ਨਿਕਲ ਗਈਆਂ । ਦੂਜੇ ਨੇ ਵਾਇਲਨ ਆਪਣੇ ਹੱਥੋਂ ਇਕ ਪਾਸੇ ਰੱਖ ਕੇ ਉਸ ਨੂੰ ਜੱਫੀ ਵਿਚ ਲੈ ਲਿਆ ਅਤੇ ਉਸ ਦਾ ਮੱਥਾ ਚੁੰਮ ਕੇ ਬੋਲਿਆ, “ਮੇਰੇ ਦੋਸਤ, ਘਬਰਾਉਣ ਦੀ ਕੋਈ ਲੋੜ ਨਹੀਂ, ਇਹ ਹੋ ਸਕਦਾ ਹੈ ।”
ਅਸਲ ਵਿਚ ਮਿੱਤਰ ਦਾ ਚੱਪਾ ਕੱਟੇ ਜਾਣ ਪਿੱਛੋਂ ਜਦ ਇਸ ਦੇ ਦੋਸਤ ਨੇ ਵੇਖਿਆ ਕਿ ਚੱਪੇ ਦਾ ਪਿਛਲਾ ਹਿੱਸਾ ਅਜੇ ਕਾਇਮ ਹੈ ਤਾਂ ਉਸ ਨੇ ਅਫ਼ਸੋਸ ਕਰਨ ਦੀ ਥਾਂ ਆਪਣੇ ਘਰ ਜਾ ਕੇ ਦੁੱਖ ਦੇ
ਜੁਆਰਭਾਟੇ ਵਿਚ ਆਪਣਾ ਚੱਪਾ ਵੀ ਓਨਾ ਕੁ ਹੀ ਕਟਵਾ ਲਿਆ ਤੇ ਪੈਰਿਸ ਚਲਾ ਗਿਆ । ਜਦ ਚੱਪੇ ਨੂੰ ਅੰਗੂਰ ਆ ਗਿਆ ਤੇ ਉਹ ਠੀਕ ਹੋ ਗਿਆ ਤਾਂ ਉਸ ਨੇ ਉਸ ਚੱਪੇ ਨਾਲ ਵਾਇਲਨ ਉੱਤੇ ਰਿਆਜ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਇੱਛਿਤ ਸ੍ਵਰ ਨਿਕਲ ਆਉਣ ਤੇ ਮਿੱਤਰ ਨੂੰ ਤਾਰ ਦੇ ਦਿੱਤੀ ਕਿ “ਇਹ ਹੋ ਸਕਦਾ, ਮੈਂ ਪੁੱਜ ਰਿਹਾ ਹਾਂ ।”
ਮਿੱਤਰ ਦੀ ਕੁਰਬਾਨੀ ਅਤੇ ਉਸ ਦੇ ਕੱਟੇ ਹੋਏ ਚੱਪੇ ਨਾਲ ਵਾਇਲਨ ਵੱਜਦੀ ਵੇਖ ਕੇ ਉਸ ਦਾ ਹੌਂਸਲਾ ਬੱਝਾ । ਉਸ ਨੇ ਵੀ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ । ਰਾਗ ਤਾਂ ਉਸ ਦੇ ਆਪਣੇ ਅੰਦਰ ਹੈ ਹੀ ਸੀ, ਕੇਵਲ ਕੱਟੇ ਹੋਏ ਚਪੇ ਨਾਲ ਅਭਿਆਸ ਕਰਨ ਦੀ ਲੋੜ ਸੀ ।

ਅੱਧਮੋਈਆਂ ਮੁਰਗ਼ਾਬੀਆਂ

ਉਮਰ ਤੇ ਹਾਲਾਤ ਦੇ ਕਾਰਨ ਸਾਡੇ ਨਾਪ ਤੋਲ, ਸਾਡੀਆਂ ਘਸਵੱਟੀਆਂ ਬਦਲਦੀਆਂ ਰਹਿੰਦੀਆਂ ਹਨ । ਉਹਨਾਂ ਘਸਵੱਟੀਆਂ, ਜਿਹੜੀਆਂ ਸਾਡੀਆਂ ਉਸ ਵੇਲੇ ਹੁੰਦੀਆਂ ਸਨ, ਤੇ ਜੇ ਆਪਣੇ ਬਚਪਨ ਨੂੰ ਲਗਾਇਆ ਜਾਵੇ ਤਾਂ ਕੁਝ ਹੋਰ ਰੰਗ ਦਏਗਾ । ਪਰ ਫੇਰ ਵੀ ਉਸ ਵੇਲੇ ਤੇ ਨਹੀਂ ਲਗਾ ਸਕਦੇ ਸਾਂ । ਹੁਣ ਵੀ ਘਸਵੱਟੀ ਤੇ ਲਗਣ ਨਾਲ ਕੁਝ ਨਾ ਕੁਝ ਰੰਗ ਤਾਂ ਦਏਗਾ ਈ । ਫੇਰ ਤੁਸੀਂ ਆਪਣੀ ਜ਼ਿੰਦਗੀ, ਆਪਣੇ ਤਜਰਬਿਆਂ ਦੀਆਂ ਘਸਵੱਟੀਆਂ ਤੇ ਲਾਓਗੇ ਤਾਂ ਕੁਝ ਨਾ ਕੁਝ ਤੁਹਾਨੂੰ ਅਪਣੱਤ ਮਿਲੇਗੀ, ਕੁਝ ਤਜਰਬਾ ਮਿਲੇਗਾ, ਕੁਝ ਜਾਚ ਮਿਲੇਗੀ । ਇਸ ਆਸ ਤੇ ਮੈਂ ਕੁਝ ਕਹਿਣਾ ਹੁੰਦਾ ਹਾਂ ਤੇ ਉਹ ਲੋਕ, ਜਿਨ੍ਹਾਂ ਦੇ ਸੁਪਨੇ ਮੇਰੇ ਨਾਲ ਸਾਂਝੇ ਸਨ, ਮੇਰੇ ਵਰਗੇ ਹਨ, ਸ਼ਾਇਦ ਇਸ ਤੋਂ ਕੁਝ ਫ਼ਾਇਦਾ ਉਠਾ ਸਕਣ ।
ਸਾਡੀ ਸਾਰੀ ਜ਼ਿੰਦਗੀ ਦੇ ਉੱਤੇ ਸਾਡੇ ਬਚਪਨ ਦਾ ਅਸਰ ਬਹੁਤ ਡੂੰਘਾ ਤੇ ਗੰਭੀਰ ਹੁੰਦਾ ਏ । ਭਾਵੇਂ ਅਸੀਂ ਉਸ ਨੂੰ ਜਾਂਚ ਪੜਤਾਲ ਨਾਲ ਲੱਭ ਨਹੀਂ ਸਕਦੇ, ਪਰ ਹੁੰਦਾ ਜ਼ਰੂਰ ਏ, ਸਾਡੇ ਅਚੇਤ ਮਨ ਦੇ ਉੱਤੇ । ਇਸ ਵਾਸਤੇ ਕੁਝ ਬਚਪਨ ਦੀਆਂ ਘਟਨਾਵਾਂ, ਜੋ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂਗਾ । ਸ਼ਾਇਦ ਉਹਨਾਂ ਵਿਚੋਂ ਤੁਹਾਨੂੰ ਕੁਝ ਤਜਰਬਾ, ਕੋਈ ਰਾਹ, ਕੋਈ ਜਾਚ ਮਿਲ ਜਾਵੇ ।
ਬਚਪਨ ਦੀਆਂ ਕੁਝ ਘਟਨਾਵਾਂ ਜੋ ਮੈਂ ਯਾਦ ਕਰਦਾ ਹਾਂ, ਉਦੋਂ ਦੀਆਂ ਹਨ ਜਦੋਂ ਸਾਡੇ ਘਰ ਵਿਚ ਸੁੰਨ-ਸਾਂ ਛਾਈ ਹੁੰਦੀ ਸੀ, ਤੇ ਮੈਂ ਸੁਣਦਾ ਸਾਂ ਕਿ ਮੇਰੀ ਮਾਤਾ ਪੇਕੇ ਗਈ ਹੋਈ ਏ । ਪਿਤਾ ਜੀ ਰਸਾਲੇ ਦੇ ਜਵਾਨ ਸਨ । ਉਹ ਹਰ ਇਕ ਗੱਲ ਵਿਚ ਡਸਿਪਲਨ ਲੱਭਦੇ ਹੁੰਦੇ ਸਨ । ਜੇ ਕਹਿ ਦੇਣ ਖਲੋ ਜਾਵੋ ਤਾਂ ਖਲੋ ਜਾਵੋ, ਜੇ ਕਹਿ ਦੇਣ ਬਹਿ ਜਾਵੋ ਤਾਂ ਬਹਿ ਜਾਵੋ । ਨਾ ਬੈਠੋ ਤਾਂ ਮੁਜਰਮ, ਬੇ-ਅਕਲ, ਗੁਸਤਾਖ਼ । ਇਹ ਸਾਰੀਆਂ ਚੀਜ਼ਾਂ ਨਾਲ ਨਾਲ ਰਹਿੰਦੀਆਂ ਹੁੰਦੀਆਂ ਸਨ । ਫੇਰ ਵੀ ਮੈਂ ਆਲੇ-ਦੁਆਲੇ ਕੁਝ ਨਾ ਕੁਝ ਲੱਭ ਹੀ ਲੈਂਦਾ ਸਾਂ, ਜੀਊਣ ਵਾਸਤੇ ।
ਸਾਡੇ ਸ਼ਹਿਰ ਸ੍ਰੀ ਹਰਿਗੋਬਿੰਦਪੁਰ ਦੇ ਹੇਠਾਂ ਢਾਏ ਈ ਢਾਏ ਸਨ । ਇਕ ਛੋਟਾ ਦਰਿਆ ਸੀ, ਵੱਡਾ ਦਰਿਆ ਸੀ, ਅੰਬਾਂ ਦੇ ਬਾਗ਼ ਸਨ । ਉਹ ਮੇਰਾ ਦਿਲ ਬਹਿਲਾਉਣ ਵਾਸਤੇ ਕਾਫ਼ੀ ਹੁੰਦੇ ਸਨ । ਪਰ ਮੈਂ ਇਕ ਦਿਨ ਛੋਟੇ ਜਿਹੇ ਕਮਰੇ ਨੂੰ, ਛੋਟੀ ਪੜਛੱਤੀ ਨੂੰ ਜਿਸ ਹੇਠਾਂ ਗੋਹੇ ਪਏ ਹੁੰਦੇ ਸਨ, ਉਸ ਦੇ ਉੱਤੇ, ਮੁਸ਼ਕਲ ਦੇ ਨਾਲ ਕੋਈ ਸਾਢੇ ਕੁ ਛੀ ਫੁਟ ਉਸ ਦੀ ਛੱਤ ਹੋਣੀ ਏ, 4 x 4 ਦਾ ਉਹ ਘਰੌਂਦਾ ਜਿਹਾ ਹੋਣਾ ਏ । ਉਸ ਨੂੰ ਮੈਂ ਸਜਾਅ ਛੱਡਦਾ । ਇਕ ਛੋਟੀ ਜਿਹੀ ਮੰਜੀ ਰੱਖੀ ਹੁੰਦੀ ਸੀ । ਉਸ ਉਤੇ ਪੰਜ-ਗ੍ਰੰਥੀ, ਇਕ ਛੋਟੀ ਜਿਹੀ ਮੈਨੂੰ ਚੌਰੀ ਵੀ ਮਿਲ ਗਈ ਸੀ, ਉਹ ਵੀ ਮੈਂ ਰੱਖ ਲਈ । ਪਾਠ ਕਰਨਾ ਮੈਨੂੰ ਨਹੀਂ ਸੀ ਆਉਂਦਾ, ਪਰ ਫੇਰ ਵੀ ਮੈਂ ਲੋਕਾਂ ਨੂੰ ਦੇਖ ਕੇ, ਆਪਣੇ ਪਿਤਾ ਨੂੰ ਦੇਖ ਕੇ, ਜਿਸ ਤਰ੍ਹਾਂ ਉਹ ਪਾਠ ਕਰਦੇ ਹੁੰਦੇ ਸਨ, ਚੌਰੀ-ਚੂਰੀ ਫੇਰ ਛੱਡਦਾ ਹੁੰਦਾ ਸੀ । ਪਰ ਇਸ ਸੰਤੁਸ਼ਟਤਾ ਨਾਲ ਕਿ ਮੈਂ ਕੁਝ ਕੀਤੈ, ਮੇਰੀ ਆਤਮਾ ਨੂੰ ਸ਼ਾਂਤੀ ਮਿਲਦੀ ਹੁੰਦੀ ਸੀ ।
ਮੈਂ ਬਾਹਰ ਨਿਕਲ ਜਾਂਦਾ । ਰੇਤ ਦੇ ਉਤੇ ਲਕੀਰਾਂ ਵਾਹੁੰਦਾ । ਫੇਰ ਉਤੋਂ ਛਾਲ ਮਾਰਦਾ ਹੇਠਾਂ ਆਪਣੇ ਹੱਥਾਂ ਦੇ, ਪੈਰਾਂ ਦੇ, ਚਿੱਤੜਾਂ ਦੇ ਨਿਸ਼ਾਨ ਵੇਖ ਕੇ ਖੁਸ਼ ਹੁੰਦਾ ਪਈ ਹੁਣੇ ਇਹ ਰੇਤ ਸਾਫ਼ ਸੀ, ਹੁਣ ਇਹਦੀ ਸ਼ਕਲ ਬਦਲ ਗਈ ਏ, ਅੱਗੇ ਨਾਲੋਂ ਵੱਖਰੀ ਲੱਗਣ ਲੱਗ ਪਈ ਏ, ਜੇ ਮੈਂ ਉਤੋਂ ਡਿੱਗੇ ਬਿਨਾਂ ਹੀ ਇਹ ਲਕੀਰਾਂ ਲੱਤਾਂ ਬਾਹਵਾਂ ਤੇ ਹੱਥ ਪੈਰ ਬਣਾ ਸਕਾਂ ਤਾਂ ਕਿੰਨਾ ਚੰਗਾ ਹੋਵੇ । ਬੂਝਿਆਂ ਦੇ ਦੁਆਲੇ-ਦੁਆਲੇ ਮੈਂ ਘੁੰਮਦਾ ਰਹਿੰਦਾ । ਬਾਕੀ ਦੇ ਜਿਹੜੇ ਬੱਚੇ ਖੇਡਦੇ ਸਨ, ਉਹ ਸਰੀਰਕ ਤੌਰ ਤੇ ਜ਼ਿਆਦਾ ਤਾਕਤ ਵਾਲੇ ਹੁੰਦੇ ਸਨ, ਮੈਂ ਮਾੜਾ ਹੁੰਦਾ ਸੀ । ਜੇ ਮੈਂ ਉਹਨਾਂ ਨਾਲ ਖੇਡਦਾ ਤਾਂ ਉਹ ਆਪਣਾ ਹੱਥ ਉਤੇ ਰਖਦੇ ਸਨ । ਜੇ ਮੈਂ ਜਿੱਤ ਜਾਂਦਾ ਤਾਂ ਮੈਨੂੰ ਮਾਰਦੇ ਸਨ, ਤੇ ਕਈ ਵਾਰੀ ਮੇਰੀ ਮੀਟੀ ਖੋਹ ਲੈਂਦੇ ਸਨ । ਇਸ ਵਾਸਤੇ ਮੈਂ ਕੱਲਾ ਈ ਰਹਿੰਦਾ ਸਾਂ ।
ਮੈਨੂੰ ਆਪਣੇ ਆਪ ਨਾਲ ਜਿਊਣ ਦੀ ਜਾਚ ਆ ਗਈ । ਕੀ ਘਰ ਤੇ ਕੀ ਬਾਹਰ, ਮੈਂ ਆਪਣੇ ਆਪ ਨਾਲ ਜਿਉਂ ਸਕਦਾ ਸਾਂ । ਭਾਪਾ ਜੀ ਬਹੁਤ ਸਾਰੀਆਂ ਗੱਲਾਂ ਮੇਰੇ ਵਿਚ ਵੱਡਿਆਂ ਆਦਮੀਆਂ ਵਾਲੀਆਂ ਚਾਹੁੰਦੇ ਸਨ ਕਿ ਆ ਜਾਣ, ਪਰ ਨਹੀਂ ਸਨ ਆ ਸਕਦੀਆਂ । ਬੱਚਾ ਆਪ-ਮੁਹਾਰਾ ਹੁੰਦਾ ਹੈ, ਉਹ ਬੰਧਨਾਂ ‘ਚ ਨਹੀਂ ਆਉਂਦਾ, ਮੈਂ ਵੀ ਨਹੀਂ ਸੀ ਆਉਂਦਾ । ਮੇਰੀਆਂ ਦਿਲਚਸਪੀਆਂ ਆਪਣੀਆਂ ਸਨ, ਮੇਰੀਆਂ ਰੀਝਾਂ ਆਪਣੀਆਂ ਸਨ । ਪਿਤਾ ਜੀ ਦੀਆਂ ਦਿਲਚਸਪੀਆਂ ਵੱਖਰੀਆਂ ਸਨ । ਉਹ ਸ਼ਿਕਾਰੀ ਸਨ । ਸਵੇਰੇ, ਤੜਕੇ ਉੱਠ ਕੇ ਜਾਂਦੇ ਤੇ ਮੁਰਗਾਬੀਆਂ ਮਾਰ ਲਿਆਉਂਦੇ । ਮਰੀਆਂ ਹੋਈਆਂ ਦੀ ਗੱਲ ਤਾਂ ਵੱਖਰੀ, ਉਹ ਕੁਝ ਜ਼ਖ਼ਮੀ ਵੀ ਨਾਲ ਲੈ ਆਉਂਦੇ ਸਨ । ਉਹਨਾਂ ਨੇ ਰਾਤ ਭਰ ਕਰਾਹੁੰਦਿਆਂ ਰਹਿਣਾ ਤੇ ਪਿਤਾ ਜੀ ਨੇ ਦੂਜੇ ਦਿਨ ਉਹਨਾਂ ਨੂੰ ਮਾਰ ਕੇ ਖਾਣਾ ਜਾਂ ਲੋਕਾਂ ਨੂੰ ਦੇ ਦੇਣੀਆਂ। ਫੇਰ ਨ੍ਹਾ ਕੇ ਜਾਂ ਹੱਥ ਮੂੰਹ ਧੋ ਕੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿ ਜਾਣਾ । ਫੇਰ ਕਹਿਣਾ, “ਜੇ ਮੈਂ ਪੂਤ ਕਪੂਤ ਹੂੰ, ਬਹੁੜ ਪਿਤਾ ਕੋ ਲਾਜ ।” ਪਰ ਮੈਨੂੰ ਇਹ ਸਮਝ ਨਹੀਂ ਸੀ। ਆਉਂਦੀ ਕਿ ਰੱਬ ਦੀਆਂ ਬਣਾਈਆਂ ਇਹਨਾਂ ਚੀਜ਼ਾਂ ਨੂੰ ਤੋੜਨ ਵਾਲਾ ਰੱਬ ਦੀ ਕਿਰਪਾ ਦਾ ਪਾਤਰ ਕਿਵੇਂ ਹੋ ਸਕਦਾ ਹੈ ?
ਮੇਰੀ ਕੋਸ਼ਿਸ਼ ਇਹ ਹੁੰਦੀ ਸੀ ਕਿ ਉਹਨਾਂ ‘ਚੋਂ ਕੁਝ ਘੱਟ ਫੱਟੜ ਹੋਣ ਤਾਂ ਮੈਂ ਉਹਨਾਂ ਨੂੰ ਚੁੱਕ ਚੁੱਕ ਕੇ ਛੋਟੇ ਦਰਿਆ ਤੇ ਛੱਡ ਆਵਾਂ । ਪਤਾ ਨਹੀਂ ਕਿ ਉਹ ਜਿਉਂਦੀਆਂ ਸਨ ਜਾਂ ਮਰ ਜਾਂਦੀਆਂ ਸਨ, ਪਰ ਇਸ ਤਰ੍ਹਾਂ ਕਰਕੇ ਮੇਰੇ ਦਿਲ ਨੂੰ ਸ਼ਾਂਤੀ ਮਿਲ ਜਾਂਦੀ ਸੀ ।
ਇਕ ਦਿਨ, ਮੈਨੂੰ ਯਾਦ ਹੈ ਕਿ ਮੈਂ ਬੜਾ ਉਦਾਸ ਸੀ । ਭਾਪਾ ਜੀ ਨੇ ਦੋ ਤਿੰਨ ਦਫ਼ਾ ਮੈਨੂੰ ਬੁਲਾਇਆ, ਮੈਂ ਨਹੀਂ ਬੋਲਿਆ । ਉਹਨਾਂ ਪੁਛਿਆ, “ਕੀ ਗਲ ਏ, ਅੱਜ ਤੂੰ ਕਿਤੇ ਆਪਣੇ ਸਹੇਲਿਆਂ ਨਾਲ ਤੇ ਨਹੀਂ ਗੁੱਸੇ ਹੋ ਆਇਆ, ਮੈਂ ਤਾਂ ਤੈਨੂੰ ਕੁਝ ਨਹੀਂ ਕਿਹਾ।” “ਪਰ ਮੈਂ ਤਾਂ ਕਿਸੇ ਸਹੇਲੇ ਕੋਲ ਗਿਆ ਈ ਨਹੀਂ ਸੀ ਤੇ ਗੁੱਸੇ ਕਿਵੇਂ ਹੋਣਾ ਸੀ ।” ਫਿਰ ਕਹਿਣ ਲੱਗੇ, “ਦੱਸ ਫੇਰ ਕੀ ਗੱਲ ਏ ?” ਮੈਂ ਕਿਹਾ, “ਇਹ ਜਿਹੜੀਆਂ ਮੁਰਗਾਬੀਆਂ ਤੁਸੀਂ ਲਿਆਂਦੀਆਂ ਨੇ ਫੱਟੜ, ਮੈਥੋਂ ਵੇਖੀਆਂ ਨਹੀਂ ਜਾਂਦੀਆਂ ।” “ਤੇ ਫੇਰ ਤੂੰ ਕੀ ਕਰੇਂਗਾ ਉਹਨਾਂ ਨੂੰ ।” ਮੈਂ ਕਿਹਾ, “ਕਹਿ ਦਿਓ, ਮੈਂ ਛੱਡ ਆਵਾਂ, ਜਿੱਥੋਂ ਤੁਸੀਂ ਲਿਆਂਦੀਆਂ ਨੇ ਸਵੇਰਿਓਂ ।” ਕਹਿੰਦੇ, “ਇਹ ਤਾਂ ਹੁਣ ਜਿਊਂਦੀਆਂ ਰਹਿ ਈ ਨਹੀਂ ਸਕਦੀਆਂ ।” ਫੇਰ, ਮੈਂ ਕਿਹਾ, “ਤੁਸੀਂ ਇਨ੍ਹਾਂ ਨੂੰ ਮਾਰ ਦਿਓ ।” “ਅੱਛਾ ਮੈਂ ਮਾਰ ਦੇਨਾਂ ਆਂ ।”
ਉਹ ਅੰਦਰੋਂ ਖੋਖਰੀ ਲੈਣ ਗਏ ਤਾਂ ਮੈਂ ਨੱਠ ਕੇ ਬਾਹਰ ਚਲਿਆ ਗਿਆ । ਉਥੇ ਜਾ ਕੇ ਮੈਂ ਏਨਾ ਰੋਇਆ, ਏਨਾ ਰੋਇਆ ਕਿ ਮੇਰੀ ਡਿੱਗੀ ਬੱਝ ਗਈ। ਮੈਨੂੰ ਇਹੀ ਦਿਸੇ ਪਈ ਹੁਣ ਉਹਨਾਂ ਦੀਆਂ ਧੌਣਾਂ ਤੇ ਕੱਟ ਕਰ ਕੇ ਖੋਖਰੀ ਪਏਗੀ ਤੇ ਉਹ ਤੜਪ ਤੜਪ ਕੇ ਮਰ ਜਾਣਗੀਆਂ । ਬਾਪੂ ਦੇ ਇਹ ਕੁਝ ਕਰਨ ਤੇ ਵੀ ਮੇਰਾ ਦਿਲ ਠੀਕ ਨਾ ਹੋਇਆ । ਬਾਪੂ ਨੇ ਮੈਨੂੰ ਸਵੇਰੇ ਦੱਸਿਆ ਕਿ ਤੂੰ ਡਰਦਾ ਰਿਹਾ ਤੇ ਰੋਂਦਾ ਰਿਹਾ ਸੈਂ । ਬਾਅਦ ‘ਚ ਉਹਨਾਂ ਨੇ ਸੰਕੋਚ ਰਖਿਆ ਭਈ ਫੱਟੜ ਮੁਰਗਾਬੀਆਂ ਨਾ ਲਿਆਂਦੀਆਂ ਜਾਣ । ਜੇ ਲਿਆਉਣ ਤਾਂ ਕਿਸੇ ਦੂਸਰੇ ਨੂੰ ਦੇ ਛੱਡਣੀਆਂ ਤਾਂ ਕਿ ਉਹ ਮੇਰੇ ਸਾਹਮਣੇ ਨਾ ਆਉਣ ।
ਆਪਣੇ ਨੁਕਤਾ ਨਜ਼ਰ ਨਾਲ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਦੇ ਦਿਲ ‘ਚ ਮੇਰੇ ਲਈ ਪਿਆਰ ਨਹੀਂ ਸੀ, ਜ਼ਰੂਰ ਸੀ । ਆਖ਼ਰ ਮੈਂ ਉਹਨਾਂ ਦਾ ਇਕਲੌਤਾ ਬੱਚਾ ਸਾਂ । ਪਰ ਫੇਰ ਵੀ, ਮੈਂ ਦੇਖਦਾ ਸਾਂ ਕਿ ਉਹਨਾਂ ਨੇ ਕਦੇ ਮੈਨੂੰ ਆਪਣੀ ਗੋਦ ਵਿਚ ਲੈ ਕੇ ਪਿਆਰ ਨਹੀਂ ਸੀ ਕੀਤਾ । ਕਦੇ ਆਪਣੀਆਂ ਰੀਝਾਂ ਸਾਂਝੀਆਂ ਨਹੀਂ ਸੀ ਕੀਤੀਆਂ । ਰੀਝਾਂ ਪੂਰੀਆਂ ਕਰਨ ਦੀ ਉਹਨਾਂ ਨੇ ਕਦੇ ਖੁਸ਼ੀ ਨਹੀਂ ਸੀ ਲੀਤੀ । ਆਪਣੀਆਂ ਰੀਝਾਂ ਮੈਂ ਆਪ ਈ ਪੂਰੀਆਂ ਕਰਦਾ ਸਾਂ । ਇੰਨਾ ਕੁ ਹੁੰਦਾ ਸੀ ਕਿ ਜਿਹੜੀ ਚੀਜ਼ ਪੰਜ ਸੱਤ ਵੇਰਾਂ ਮੈਂ ਮੰਗਣੀ, ਉਹ ਮੈਨੂੰ ਦੇ ਜ਼ਰੂਰ ਦੇਂਦੇ ਸਨ । ਫੇਰ ਆਪੇ ਮੈਂ ਉਹਨੂੰ ਸੈੱਟ ਕਰਦਾ, ਆਪੇ ਉਸ ਤੇ ਕਪੜੇ ਪਾਉਂਦਾ, ਆਪੇ ਟਿਕਾਣੇ ਰਖਦਾ । ਇਸ ਤਰ੍ਹਾਂ ਮੈਨੂੰ ਆਪਣੇ ਆਪ ਨਾਲ ਜਿਊਣ ਦੀ ਜਾਚ ਆ ਗਈ ।

ਨੋਰ੍ਹਾ ਨਾਲ ਮੇਰੀ ਪਹਿਲੀ ਤੇ ਆਖ਼ਰੀ ਮੁਲਾਕਾਤ

1943 ਵਿਚ ਪ੍ਰੀਤ ਨਗਰ ਤੋਂ 21 ਜਾਣਿਆਂ ਦੀ ਇਕ ਪਾਰਟੀ ਅੰਦਰੇਟੇ ਗਈ । ਜਾਂਦਿਆਂ ਤਾਂ ਅਸੀਂ ਬਨੂਰੀ ਠਹਿਰੇ । ਇਹ ਪਿੰਡ ਪਠਾਨਕੋਟ ਮੰਡੀ ਦੀ ਸੜਕ ਤੇ ਹੈ ਅਤੇ ਅੰਦਰੇਟੇ ਤੋਂ ਕੋਈ ਸਵਾ ਕੁ ਚਾਰ ਮੀਲ ਹੈ । ਦੂਜੇ ਦਿਨ ਅਸੀਂ ਸਾਰੇ ਹੱਸਦੇ ਖੇਡਦੇ ਪਹਾੜੀ ਪਿੰਡਾਂ ਵਿਚੋਂ ਦੀ ਹੁੰਦੇ-ਹਵਾਂਦੇ ਅੰਦਰੇਟੇ ਪੁੱਜੇ । ਨੋਰ੍ਹਾ ਰਿਚਰਡਜ਼ ਦੀ ਪਾਲਮਪੁਰ ਹਸਪਤਾਲ ਵਿਚ ਬੀਮਾਰ ਪਈ ਦੀ ਖ਼ਬਰ ਤਾਂ ਸਾਨੂੰ ਬਨੂਰੀ ਮਿਲ ਗਈ ਸੀ ਪਰ ਅਸੀਂ ਇਸ ਦੇ ਵੁਡ ਲੈਂਡ ਅਸਟੇਟ (Wood Land Estate) ਵਿਚ ਬਣੇ ਹੋਏ ਹੋਸਟਲ ਵਿਚ ਜਾ ਠਹਿਰੇ । ਉਸ ਦੇ ਹੇਠਾਂ ਲੰਗਰ ਭੀ ਸੀ ।
ਡਾਕਟਰ ਵਲੋਂ ਹਸਪਤਾਲ ਵਿਚ ਨੋਰ੍ਹਾ ਨੂੰ ਮਿਲਣ ਦੀ ਆਗਿਆ ਨਹੀਂ ਸੀ ਕਿਉਂਕਿ ਉਹ ਗੱਲਾਂ ਬੜੀਆਂ ਕਰਦੀ ਸੀ ਜਿਸ ਨਾਲ ਉਸ ਨੂੰ ਕਮਜ਼ੋਰੀ ਹੋ ਜਾਂਦੀ ਸੀ । ਪਰ ਫੇਰ ਵੀ ਉਸ ਨੇ ਆਪਣੇ ਸੇਵਾਦਾਰ ਨੀਰੂ ਦੇ ਹੱਥ ਸਰਦਾਰ ਹੋਰਾਂ ਵੱਲ ਰੁੱਕਾ ਲਿਖ ਕੇ ਭੇਜਿਆ ਕਿ ਮੈਨੂੰ ਅਫ਼ਸੋਸ ਹੈ ਤੁਸੀਂ ਮੈਨੂੰ ਮਿਲਣ ਅੰਦਰੇਟੇ ਆਏ ਹੋ ਅਤੇ ਮੈਂ ਤੁਸਾਂ ਨੂੰ ਮਿਲ ਨਹੀਂ ਸਕਦੀ ਪਰ ਮੇਰਾ ਘਰ ਬਾਰ, ਤੁਸਾਡੇ ਲਈ ਹਾਜ਼ਰ ਹੈ ਅਤੇ ਮੇਰੇ ਸੇਵਾਦਾਰ ਤੁਸਾਡੀ ਹਰ ਤਰ੍ਹਾਂ ਨਾਲ ਸੇਵਾ ਕਰਨਗੇ ।
ਸਰਦਾਰ ਗੁਰਬਖ਼ਸ਼ ਸਿੰਘ ਹੋਰਾਂ ਸੇਵਾਦਾਰ ਨੂੰ, ਕਿਸੇ ਲੜਕੀ ਦੀ ਜੋ ਭਾਂਡੇ ਟੀਂਡੇ ਸਾਫ਼ ਕਰ ਸਕੇ, ਲਈ ਬੰਦੋਬਸਤ ਕਰਨ ਲਈ ਕਿਹਾ ਤਾਂ ਨੀਰੂ ਨੇ ਜਵਾਬ ਦਿੱਤਾ “ਜਨਾਬ ਲੜਕੀ ਹੈ ਤਾਂ ਨਹੀਂ ਪਰ ਪੈਦਾ ਕੀਤੀ ਜਾ ਸਕਤੀ ਹੈ ।” ਅਸੀਂ ਸਾਰੇ ਹੱਸ ਪਏ ਅਤੇ ਸਰਦਾਰ ਹੋਰਾਂ ਉਸ ਨੂੰ ਸੰਜੀਦਗੀ ਨਾਲ ਕਿਹਾ, “ਅੱਛਾ, ਪੈਦਾ ਹੀ ਕਰ ਦੋ ।” ਸਰਦਾਰ ਹੋਰਾਂ ਦੀ ਦਾੜ੍ਹ ਵਿਚ ਬਹੁਤ ਦਰਦ ਹੋ ਰਹੀ ਸੀ, ਪਰ ਇਸ ਗੱਲ ਦਾ ਸਰਦਾਰ ਹੋਰਾਂ ਨੂੰ ਪਤਾ ਸੀ ਜਾਂ ਇਨ੍ਹਾਂ ਦੇ ਸਕੱਤਰ ਹੀਰਾ ਸਿੰਘ ਹੋਰਾਂ ਨੂੰ ਜੋ ਵਧੇਰੇ ਦਰਦ ਹੋਣ ਤੇ ਚੁੱਪ ਕੀਤੇ ਹੀ ਇਕ ਏ. ਪੀ. ਸੀ. ਦੀ ਪੁੜੀ ਫੜਾ ਦੇਂਦੇ ਅਤੇ ਇਹ ਓਹਲੇ ਹੋ ਕੇ ਲੈ ਲੈਂਦੇ । ਇਸ ਗੱਲ ਦਾ ਸਾਨੂੰ ਚੌਥੇ ਦਿਨ ਪਤਾ ਲੱਗਾ ਤਾਂ ਸਰਦਾਰ ਹੋਰਾਂ ਦੀ ਬਰਦਾਸ਼ਤ ਦੀ ਸਭ ਨੇ ਸਲਾਹੁਣਾ ਕੀਤੀ ਜਿਨ੍ਹਾਂ ਇਹ ਨਾ ਦੱਸਣ ਦਾ ਹੱਠ ਰੱਖਿਆ ਤਾਂ ਜੋ ਸਾਰਿਆਂ ਦੇ ਟਰਿਪ ਦੀ ਪ੍ਰਸੰਨਤਾ ਕਿਤੇ ਭੰਗ ਨਾ ਹੋ ਜਾਵੇ । ਦੂਜੇ, ਇਨ੍ਹਾਂ ਦੇ ਗੋਡੇ ਵਿਚ ਦਰਦ ਸੀ ਅਤੇ ਮੈਂ ਵੀ ਬਹੁਤਾ ਟੁਰ ਨਹੀਂ ਸੀ ਸਕਦਾ । ਮੈਂ ਆਪ ਦੇ ਪਾਸ ਹੀ ਰਿਹਾ, ਬਾਕੀ ਦੀ ਸਾਰੀ ਪਾਰਟੀ ਸੈਰ-ਸਪਾਟੇ ਕਰਦੀ ਰਹਿੰਦੀ ਪਰ ਅਸੀਂ ਚੰਗੀ ਜਿਹੀ ਥਾਂ ਵੇਖ ਕੇ ਉੱਥੇ ਦੀ ਏਕਾਂਤ ਨੂੰ ਮਾਣਦੇ ਰਹਿੰਦੇ । ਅਸੀਂ ਹਫ਼ਤਾ ਕੁ ਓਥੇ ਰਹਿ ਕੇ ਵਾਪਸ ਆ ਗਏ । ਪਰ ਮੇਰਾ ਦਿਲ ਅੰਦਰੇਟੇ ਦੇ ਸੁੰਦਰ ਵਾਤਾਵਰਣ ‘ਚ ਹੀ ਅਟਕਿਆ ਰਿਹਾ। ਸਭ ਤੋਂ ਚੰਗਾ ਮੈਨੂੰ ਏਥੇ ਦਾ ਵਿਕਾਸ ਲੱਗਾ । ਕੋਈ 10 ਬਾਰਾਂ ਮੀਲ ਤੇ ਧੌਲੀਧਾਰ ਸੀ, ਅੱਠ ਦਸ ਮੀਲ ਦਾ ਲਗਾਤਾਰ ਸਲੋਪ (Slop) ਦਾ ਵਿਕਾਸ । ਨਾਲ ਹੀ ਚੀਲਾਂ ਦੇ ਜੰਗਲ ਦੀ ਇਹ ਛੋਟੀ ਜਿਹੀ ਪਹਾੜੀ ਅਤੇ ਦੁਨੀਆਂ ਨੂੰ ਭੁਲਾ ਦੇਣ ਵਾਲੀਆਂ ਉਸ ਪਹਾੜੀ ਦੀਆਂ ਕੁੱਖਾਂ । ਏਥੇ ਦੀਆਂ ਬਾਵਲੀਆਂ ਦਾ ਪਾਣੀ ਦਸਦੇ ਸਨ, ਬੜਾ ਨਰੋਆ ਹੈ । ਪਾਲਮਪੁਰ ਤੋਂ ਸੱਤ ਕੁ ਮੀਲ ਦੂਰ, ਛੋਟਾ ਜਿਹਾ ਪਿੰਡ ਸੀ। ਵੈਸੇ ਤਾਂ ਮੈਂ 1942 ਦਾ ਹੀ ਦਿੱਲੀ ਛੱਡ ਕੇ ਇਨ੍ਹਾਂ ਪਹਾੜਾਂ ਵਿਚ ਵੱਸਣ ਲਈ ਆ ਰਿਹਾ ਸਾਂ ਪਰ ਏਥੇ ਕੋਈ ਰਹਿਣ ਵਾਸਤੇ ਜ਼ਮੀਨ ਨਹੀਂ ਸੀ ਦੇਂਦਾ । ਮੈਂ ਸਾਰੀ ਕਾਂਗੜਾ ਵੈਲੀ, ਮੰਡੀ ਸੁਕੇਤ ਤੇ ਕੁੱਲੂ- ਮਨਾਲੀ ਤਕ ਟਕਰਾਂ ਮਾਰਦਾ ਰਿਹਾ, ਪਰ ਥਾਂ ਕਿਤੇ ਨਾ ਮਿਲੀ । ਜ਼ਮੀਨ ਦਾ ਕੋਈ ਟੁਕੜਾ ਆਪਣਾ ਘਰ ਪਾਉਣ ਵਾਸਤੇ ਲੈਣ ਨੂੰ ਮੈਂ ਏਥੇ ਪੁੱਛਦਾ ਰਿਹਾ ਪਰ ਥਾਂ ਨਾ ਹੀ ਮਿਲੀ । ਫੇਰ ਵੀ ਮੈਂ ਏਥੇ ਆ ਕੇ ਰਹਿਣ ਦਾ ਫ਼ੈਸਲਾ ਕਰ ਹੀ ਲਿਆ, ਭਾਵੇਂ ਮਕਾਨ ਕਿਰਾਏ ਤੇ ਲੈ ਕੇ ਹੀ ਕਿਉਂ ਨਾ ਰਹਿਣਾ ਪਵੇ ।
ਮੈਂ ਨੋਰ੍ਹਾਂ ਨੂੰ ਵੀ ਇਕ ਖ਼ਤ ਲਿਖਿਆ ਕਿ ਮੈਂ ਏਥੇ ਆ ਕੇ ਰਹਿਣਾ ਚਾਹੁੰਦਾ ਹਾਂ ਪਰ ਉਸ ਨੇ ਕਿਹਾ ਕਿ ਭਾਵੇਂ ਸ਼ਹਿਰੀਆਂ ਵਾਸਤੇ ਏਥੇ ਆ ਕੇ ਰਹਿਣਾ ਮੁਸ਼ਕਿਲ ਹੈ ਪਰ ਫਿਰ ਵੀ ਮੈਂ ਤੇਰੀ ਇਸ ਇੱਛਾ ਦਾ ਸਵਾਗਤ ਕਰਦੀ ਹਾਂ ।
ਪ੍ਰੀਤ ਨਗਰੋਂ ਆ ਕੇ ਮੈਂ ਕੋਈ ਕਮਾਈ ਤਾਂ ਨਹੀਂ ਸੀ ਕਰ ਸਕਦਾ । ਆਪਣੀ ਪਹਿਲੀ ਕਮਾਈ ਹੀ ਭੋਰ ਭੋਰ ਖਾਂਦਾ ਰਿਹਾ । ਕੁਝ ਕੁ ਚਿਰ ਐਫ. ਏ. ਦੀਆਂ ਲੜਕੀਆਂ ਨੂੰ ਆਰਟ ਦੇ ਸਬਕ ਵੀ ਦੇਂਦਾ ਰਿਹਾ, ਜਿਸ ਵਿਚ ਮੇਰਾ ਕੁਝ ਕੁ ਗੁਜ਼ਾਰਾ ਹੋ ਜਾਂਦਾ ਸੀ ਪਰ ਫਿਰ ਵੀ 1945 ਵਿਚ ਮੈਨੂੰ ਸ਼ਿਮਲੇ ਦੇ ਇਕ ਸਰਕਾਰੀ ਦਫ਼ਤਰ ਵਿਚ ਨੌਕਰੀ ਕਰਨੀ ਪੈ ਗਈ । ਜਿੱਦਣ ਮੈਂ ਆਪਣੀ ਨੌਕਰੀ ਤੇ ਗਿਆ ਉਸ ਤੋਂ ਚੌਥੇ ਦਿਨ ਦੂਸਰਾ ਮਹਾਂ-ਯੁੱਧ ਸਮਾਪਤ ਹੋ ਗਿਆ । ਹੁਣ ਤਾਂ ਉਸ ਦਫ਼ਤਰ ਦੇ ਬੰਦ ਕਰਨ ਦਾ ਕੰਮ ਹੀ ਸੀ ਪਰ ਫਿਰ ਵੀ ਮੇਰੇ ਸੱਤ ਕੁ ਮਹੀਨੇ ਲੱਗ ਹੀ ਗਏ । ਦਫ਼ਤਰ ਵਾਲੇ ਮੈਨੂੰ ਪੂਨੇ, ਉਨ੍ਹਾਂ ਦੇ ਵੱਡੇ ਦਫ਼ਤਰ ਜਾਣ ਵਾਸਤੇ ਕਹਿੰਦੇ ਸਨ ਪਰ ਮੈਂ ਨਾ ਗਿਆ । ਉਸ ਦੌਰਾਨ ਵਿਚ ਇਕ ਫ਼ਿਲਮ ਕੰਪਨੀ ਵਾਲੇ ਲਾਹੌਰ ਤੋਂ ਆ ਗਏ ਤੇ ਕਹਿਣ ਲੱਗੇ, ਸਾਨੂੰ ਇਕ ਆਰਟ ਡਾਇਰੈਕਟਰ ਦੀ ਲੋੜ ਹੈ । ਜੇ ਤੁਸੀਂ ਚੱਲੋ ਤਾਂ ਬੜਾ ਚੰਗਾ ਹੋਵੇ । ਮੈਂ ਸਿਰਫ਼ ਇਨ੍ਹਾਂ ਫ਼ਿਲਮੀ ਬੰਦਿਆਂ ਦੀ ਤਰਜ਼ੇ ਜ਼ਿੰਦਗੀ ਵੇਖਣ ਦੇ ਸ਼ੌਕ ਨਾਲ ਉਨ੍ਹਾਂ ਨਾਲ ਚਲਿਆ ਗਿਆ ਅਤੇ ਫ਼ਿਲਮ ਖਤਮ ਹੋਣ ਤੇ ਉਹਨਾਂ ਅਗਲੀ ਤਸਵੀਰ ਵਾਸਤੇ ਆਪਣੀ ਨੌਕਰੀ ਬਹਾਲ ਰੱਖਣ ਲਈ ਕਿਹਾ ਤਾਂ ਮੈਂ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਮੈਂ ਤਾਂ ਤੁਹਾਡੇ ਤੌਰ ਤਰੀਕੇ ਵੇਖਣ ਵਾਸਤੇ ਨੌਕਰੀ ਕੀਤੀ ਸੀ ਜੋ ਮੈਨੂੰ ਚੰਗੇ ਨਹੀਂ ਲਗੇ, ਅਲਵਿਦਾ।
ਮੈਂ ਪਹਿਲੀ ਮਾਰਚ 1947 ਨੂੰ ਲਾਹੌਰੋਂ ਅੰਦਰੇਟੇ ਆਉਣ ਦਾ ਫ਼ੈਸਲਾ ਕਰ ਲਿਆ ਸੀ ਪਰ ਇਕ ਦੁਕਾਨਦਾਰ ਨੇ ਕਿਹਾ ਕਿ ਮੇਰੇ ਰੰਗ-ਬੁਰਸ਼ ਹਫ਼ਤੇ ਦੇ ਅੰਦਰ ਅੰਦਰ ਆਉਣ ਵਾਲੇ ਹਨ । ਜੇ ਹਫ਼ਤਾ ਠਹਿਰ ਜਾਓ ਤਾਂ ਮੈਂ ਤੁਹਾਨੂੰ ਰੰਗ ਤੇ ਬੁਰਸ਼ ਦੇ ਸਕਦਾ ਹਾਂ । ਮੈਂ ਇਕ ਹਫ਼ਤਾ ਹੋਰ ਠਹਿਰ ਗਿਆ । ਪਰ 3 ਮਾਰਚ ਨੂੰ ਸਾਡੇ ਘਰ ਦੇ ਪਾਸੋਂ ਹੀ (ਜੋ ਕਿ ਕ੍ਰਿਸ਼ਨ ਨਗਰ ‘ਚ ਸੀ ਅਤੇ ਮੋਚੀ ਦਰਵਾਜ਼ੇ, ਜੋ ਮੁਸਲਮਾਨਾਂ ਦਾ ਗੜ੍ਹ ਸੀ, ਦੇ ਪਾਸ ਸੀ) ਬਲਵਾ ਸ਼ੁਰੂ ਹੋ ਗਿਆ । ਇਕ ਵਿਚਾਰੇ 52 ਸਾਲ ਦੇ ਹਿੰਦੂ ਨੂੰ ਮੁਲਸਮਾਨਾਂ ਡੰਡੇ ਮਾਰ ਮਾਰ ਬੇਹੋਸ਼ ਹੀ ਕਰ ਦਿੱਤਾ ਤੇ ਉਹ ਬੇਚਾਰਾ ਜੀ ਭਿਆਣਾ ਇਕ ਮਕਾਨ ਦੇ ਥੜ੍ਹੇ ਦੀ ਪੁਲੀ ਹੇਠ ਵੜ ਕੇ ਬੇਹੋਸ਼ ਹੋ ਗਿਆ । ਏਧਰੋਂ ਹਿੰਦੂ ਸਿੱਖਾਂ ਨੇ ਵੀ ਵੇਖ ਕੇ ਰੌਲਾ ਰੱਪਾ ਪਾਇਆ ਅਤੇ ਉਸ ਨੂੰ ਘਸੀਟ ਕੇ ਆਪਣੀ ਗਲੀ ਵਿਚ ਲੈ ਗਏ । ਫੇਰ ਕੀ ਸੀ । ਉਹ ਸ਼ੈਤਾਨੀ ਨਾਚ ਨੱਚਿਆ ਗਿਆ, ਜੀਹਨੂੰ ਵੇਖ ਸ਼ੈਤਾਨ ਵੀ ਸ਼ਰਮਿੰਦਾ ਹੋ ਗਿਆ ਹੋਵੇਗਾ । ਸ਼ਹਿਰ ਨੂੰ ਅੱਗਾਂ ਲਗਾਈਆਂ ਗਈਆਂ, ਮੁਹੱਲੇ ਦੇ ਮੁਹੱਲੇ ਫੂਕ ਦਿੱਤੇ ਗਏ, ਹਿੰਦੂਆਂ ਸਿੱਖਾਂ ਦਾ ਕੀਮਾ ਕੀਤਾ ਗਿਆ ।
ਆਖ਼ਰ 27 ਮਾਰਚ ਨੂੰ, ਕੁਝ ਠੰਢ ਠੰਢੋਲ ਵੇਖ ਕੇ 28 ਮਾਰਚ ਨੂੰ ਮੈਂ ਆਪਣਾ ਇਕ ਸ਼ਾਗਿਰਦ ਨਾਲ ਲੈ ਕੇ ਅਤੇ ਦੋ ਤਿੰਨ ਸਿੱਖ ਦੋਸਤਾਂ ਨੂੰ ਟਾਂਗੇ ਵਿਚ ਬਿਠਾ ਕੇ, ਜਿਨ੍ਹਾਂ ਕੋਲ ਨੰਗੀਆਂ ਤਲਵਾਰਾਂ ਸਨ, ਟਾਂਗੇ ‘ਚ ਬੈਠ ਲਾਹੌਰ ਦੇ ਸਟੇਸ਼ਨ ਤਕ ਪੁੱਜਾ । ਰਾਹ ਵਿਚ ਮੋਚੀ ਦਰਵਾਜ਼ੇ ਕੋਲ ਤੇ ਰਾਮ ਗਲੀ ਕੋਲ ਇਕ ਦੋ ਵਾਰੀ ਐਲੀ ਐਲੀ ਹੋਈ, ਪਰ ਨੰਗੀਆਂ ਤਲਵਾਰਾਂ ਵੇਖ ਕੇ ਕੋਈ ਅੱਗੇ ਨਾ ਆਇਆ। ਸਟੇਸ਼ਨ ਤੇ ਪਹੁੰਚ ਕੇ ਤਿੰਨ, ਸਾਢੇ ਤਿੰਨ ਘੰਟੇ ਗੱਡੀ ਖੜੋਤੀ ਰਹੀ । ਪਰ ਮੇਰੇ ਤਲਵਾਰਾਂ ਵਾਲੇ ਮਿੱਤਰ ਵੀ ਉਥੋਂ ਨਾ ਹਿੱਲੇ । ਅਟਾਰੀ ਲੰਘ ਕੇ ਜਾਨ ’ਚ ਜਾਨ ਆਈ, ਤਾਂ ਅਸੀਂ ਸਿੱਧੇ ਹੀ ਪਠਾਨਕੋਟ ਚਲੇ ਗਏ । ਉਥੋਂ ਬਸ ਲੈ ਕੇ ਭੋਆਰਕੇ ਪੁੱਜੇ ਤੇ ਉਥੋਂ ਪੰਜ ਮੀਲ ਪੈਦਲ ਅੰਦਰੇਟੇ ਤਕ । ਅੰਦਰੇਟੇ ਪੁੱਜਣ ਤੇ ਮਾੜੀ ਮਾੜੀ ਭੂਰ ਪੈ ਰਹੀ ਸੀ । ਵਕਤ ਵੀ ਕੋਈ ਪੰਜ ਕੁ ਵਜੇ ਦਾ ਸੀ । ਬਾਜ਼ਾਰ ਆ ਕੇ ਇਕ ਦੁਕਾਨ ਦੇ ਫੱਟੇ ਤੇ ਸੂਟਕੇਸ ਤੇ ਬਿਸਤਰੇ ਰੱਖੇ ਤਾਂ ਉੱਥੋਂ ਦੇ ਦੁਕਾਨਦਾਰ ਇਕ ਦੂਜੇ ਦੇ ਕੰਨਾਂ ‘ਚ ਘੁੱਸਰ ਮੁੱਸਰ ਕਰਨ ਲੱਗ ਪਏ । ਆਖਰ ਇਕ ਆਦਮੀ ਅੱਗੇ ਆ ਕੇ ਸਾਨੂੰ ਪੁੱਛਣ ਲੱਗਾ, “ਤੁਸੀਂ ਕਿੱਥੇ ਜਾਣਾ ਹੈ ?” ਮੈਂ ਕਿਹਾ ਕਿਤੇ ਵੀ ਨਹੀਂ, ਅੰਦਰੇਟੇ ਹੀ ਰਹਾਂਗੇ ।” ਉਹ ਕਹਿਣ ਲੱਗਾ, “ਅਸੀਂ ਓਪਰੇ ਆਦਮੀ ਨੂੰ ਪਿੰਡ ਵਿਚ ਨਹੀਂ ਰਹਿਣ ਦੇਂਦੇ ।” “ਫੇਰ ਅਸੀਂ ਕਿੱਥੇ ਜਾਈਏ ?” ਗੋਪਾਲ ਨੇ ਕਿਹਾ। “ਸਾਨੂੰ ਕੀ ਪਤਾ ਜਿੱਥੇ ਮਰਜ਼ੀ ਏ ਜਾਓ” । ਮੈਂ ਕਿਹਾ, “ਓਧਰ ਮੁਸਲਮਾਨਾਂ ਨੇ ਕੱਢ ਦਿੱਤੈ, ਏਧਰ ਤੁਸੀਂ ਨਹੀਂ ਰਹਿਣ ਦਿੰਦੇ, ਸਾਡਾ ਥਾਂ ਕਿੱਥੇ ਹੈ ?” “ਸਾਨੂੰ ਨਹੀਂ ਪਤਾ ਕਿੱਥੇ ਹੈ, ਅਸੀਂ ਏਥੇ ਨਹੀਂ ਰਹਿਣ ਦੇਵਾਂਗੇ ।” ਮੈਂ ਕਿਹਾ, “ਖੋਲ੍ਹੋ ਜੈ ਗੁਪਾਲ ਜੀ ਬਿਸਤਰਾ, ਅਸੀਂ ਇੱਥੇ ਫੱਟੇ ਤੇ ਸੌਵਾਂਗੇ । ਵੇਖੀਏ ਸਾਨੂੰ ਕੌਣ ਸਾਲਾ ਉਠਾਉਂਦਾ ਹੈ ।” ਗੋਪਾਲ ਨੇ ਬਿਸਤਰਾ ਖੋਲ੍ਹ ਦਿੱਤਾ ਅਤੇ ਮੈਂ ਨੋਰ੍ਹਾ ਵਲ ਚਲਿਆ ਗਿਆ । ਮੈਂ ਆਪਣੇ ਪਰਿਚਯ ਦਾ ਛਪਿਆ ਹੋਇਆ ਕਾਰਡ ਅੰਦਰ ਭੇਜਿਆ ਤਾਂ ਥੋੜ੍ਹੇ ਚਿਰ ਪਿੱਛੋਂ ਇੱਕ ਨੌਕਰ ਮੈਨੂੰ ਸੱਦ ਕੇ ਅੰਦਰ ਲੈ ਗਿਆ । ਅੱਗੇ ਕੁਝ ਕਮਰੇ ‘ਚ ਹਨ੍ਹੇਰਾ ਕੁਝ ਕੱਪੜੇ ਮਟਿਆਲੇ ਤੇ ਕੁਝ ਪਤਲੀ ਦੁਬਲੀ ਮੇਮ । ਬਾਹਰੋਂ ਚਾਨਣ ‘ਚੋਂ ਗਏ ਨੂੰ ਮੈਨੂੰ ਇਉਂ ਮਾਲੂਮ ਹੋਇਆ ਕਿ ਮੇਮ ਅਜੇ ਇਸ ਕਮਰੇ ‘ਚ ਆਵੇਗੀ । ਮੈਂ ਇਕ ਬਾਂਸ ਜਿਹੀ ਦੀ ਕੁਰਸੀ ਤੇ ਬਹਿਣ ਲੱਗਾ ਤਾਂ ਮੇਰੇ ਸਾਹਮਣਿਉਂ ਕੁਝ ਹਿਲਦਾ ਹਿਲਦਾ ਜਾਪਿਆ । ਮੈਂ ਉੱਠ ਕੇ ਖਲੋ ਗਿਆ ਅਤੇ ਗੁੱਡ ਆਫਟਰਨੂਨ ਕਿਹਾ । ਪੋਲੇ ਜਿਹੇ ਆਵਾਜ਼ ਆਈ “ਗੁੱਡ ਆਫਟਰ ਨੂਨ । ਤੂੰ ਸੋਭਾ ਸਿੰਘ ਹੈਂ ?” ਮੈਂ ਕਿਹਾ, ਹਾਂ । ਮੇਰੇ ਕਾਰਡ ਨੂੰ ਨੀਝ ਨਾਲ ਪੜ੍ਹਦੀ ਹੋਈ ਬੋਲੀ, “ਤੂੰ ਫ਼ਾਈਨ ਆਰਟ ਪੇਂਟਰ ਹੈਂ ।” ਮੈਂ ਕਿਹਾ, “ਨਹੀਂ ਮੈਂ ਪੇਂਟਰ ਹਾਂ ।” ਅੱਗੇ ਬਰੈਕਟ ‘ਚ ਛਪਿਆ ਹੋਇਆ ਸੀ ਆਰਟਿਸਟ (Artist) । ਕਹਿਣ ਲੱਗੀ, “ਵੈੱਲ ਆਰਟਿਸਟ ਇਕ ਐਸਾ ਲਫ਼ਜ਼ ਹੈ ਜਿਸ ਦਾ ਅਜੇ ਤਕ ਨਿਸ਼ਚਾ ਨਹੀਂ ਹੋ ਸਕਿਆ ਕਿ ਕਿਸ ਨੂੰ ਕਹਿਣਾ ਚਾਹੀਦਾ ਹੈ ।” ਮੈਂ ਕਿਹਾ, “ਹਿੰਦੁਸਤਾਨ ਵਿਚ ਪੇਂਟਰ, ਸਾਈਨ ਬੋਰਡ ਪੇਂਟਰ (Painter, Sign Board Painter) है वरेि ग्रु । टिम हामडे में घनैवट दिच भावटिमट (Artist) ਲਿਖਿਆ ਹੈ।” ਜਿਸ ਤੇ ਉਸ ਨੇ ਪੋਲੇ ਜਿਹੇ ” ਹੂੰ ” ਕਿਹਾ, ਜਿਵੇਂ ਯਕੀਨ ਨਹੀਂ ਕੀਤਾ ਹੁੰਦਾ । ਮੈਂ ਉਠ ਬੈਠਾ । “ਕਿੱਥੇ ਜਾ ਰਿਹਾ ਹੈਂ ?” “ਜਿੱਥੋਂ ਆਇਆ ਸੀ ।” “ਤੂੰ ਮੈਨੂੰ ਮਿਲਣ ਆਇਆ ਸੀ ।” “ਬਸ, ਬੜਾ ਮਿਲ ਲਿਆ ਹੈ”, ਅਤੇ ਮੈਂ ਬਾਹਰ ਵਲ ਟੁਰ ਪਿਆ ਅਤੇ ਤੁਰਦੇ ਤੁਰਦੇ ਮੈਂ ਕਿਹਾ ਕਿ ਪ੍ਰੀਤ ਨਗਰ ਤੋਂ ਮੈਂ ਚਿੱਠੀ ਲਿਖੀ ਤਾਂ ਤੂੰ ਕਿਹਾ ਸੀ ਤੂੰ ਏਥੇ ਆ ਜਾ, ਏਸ ਵਾਸਤੇ ਮੈਂ ਤੈਨੂੰ ਮਿਲਣ ਆਇਆ ਸਾਂ । “ਉਹ ਤੂੰ ਪ੍ਰੀਤ ਨਗਰੋਂ ਆਇਆ ਹੈਂ ?” “ਹਾਂ ।” “ਮੈਨੂੰ ਅਫ਼ਸੋਸ ਹੈ, ਗੁਰਬਖ਼ਸ਼ ਸਿੰਘ ਕੈਸਾ ਹੈ ?” ਮੈਂ ਤੁਰਿਆ ਗਿਆ ਅਤੇ ਕਿਹਾ “ਮੈਨੂੰ ਨਹੀਂ ਪਤਾ ।” ਹੁਣ ਇਹ ਵੀ ਉੱਠ ਕੇ ਮੇਰੇ ਮਗਰ ਮਗਰ ਹੋ ਤੁਰੀ । “ਸੋਭਾ ਸਿੰਘ ਕਮ ਹੀਅਰ, ਮੈਂ ਤੇਰੇ ਨਾਲ ਗੱਲਾਂ ਕਰਨੀਆਂ ਚਾਹੁੰਦੀ ਹਾਂ ।“ ਪਰ ਮੈਂ ਕਿਹਾ, “ਮੈਂ ਤੇਰੇ ਨਾਲ ਗੱਲਾਂ ਕਰਨੀਆਂ ਨਹੀਂ ਚਾਹੁੰਦਾ ।” “ਉਹ ਪਲੀਜ਼ ਪਲੀਜ਼” ਕਰਦੀ ਰਹੀ ਅਤੇ ਮੈਂ ਉਹਦਾ ਫਾਟਕ ਜਿਸ ਤੇ ਵੱਡਾ ਸਾਰਾ “ਆਗਿਆ ਨਹੀਂ” ਤੇ “ਲਾਂਘਾ ਨਹੀਂ” ਲਿਖਿਆ ਹੋਇਆ ਸੀ, ਲੰਘ ਆਇਆ ।
ਸੋ ਇਹ ਸੀ ਮੇਰੀ ਨੋਰ੍ਹਾ ਨਾਲ ਪਹਿਲੀ ਮੁਲਾਕਾਤ, ਅਤੇ ਅੰਦਰੇਟੇ ‘ਚ ਮੇਰਾ ਸਵਾਗਤ । ਮੈਂ ਵਾਪਸ ਬਾਜ਼ਾਰ ਵਿਚ ਗਿਆ ਅਤੇ ਗੋਪਾਲ ਤੇ ਸਵਾਲਾਂ ਦੀ ਬੁਛਾੜ ਕਰਨ ਪਿੱਛੋਂ ਇਕ ਅਸਤਬਲ ਵਰਗੇ ਕਮਰੇ ਜਿਸ ਦੇ ਬੂਹੇ ਖਿੜਕੀਆਂ ਤੇ ਸਨ, ਪਰ ਉਹਨਾਂ ਵਿਚ ਫੱਟੇ ਕੋਈ ਨਹੀਂ ਸਨ, ਵਿਚ ਬੜੀ ਮੁਸ਼ਕਿਲ ਨਾਲ ਉਤਾਰਾ ਮਿਲਿਆ, ਜਿੱਥੇ ਰਾਤ ਨੂੰ ਮੈਨੂੰ ਠੰਢ ਲੱਗ ਗਈ ।
ਦੂਜੇ ਦਿਨ ਸਵੇਰੇ ਸਾਨੂੰ ਪਤਾ ਲੱਗਾ ਕਿ ਖੂਹ ਦੇ ਨਾਲ ਇਕ ਮਕਾਨ ਹੈ ਜਿਸ ਦਾ ਮਾਲਿਕ ਪਾਲਮਪੁਰ ‘ਚ ਦੁਕਾਨ ਕਰਦਾ ਹੈ । ਅਸੀਂ ਸੱਤ ਮੀਲ ਤੁਰ ਕੇ ਪਾਲਮਪੁਰ ਪੁੱਜੇ, ਅਤੇ ਉਸ ਮਕਾਨ ਦਾ ਇਕ ਕਮਰਾ ਤੇ ਬਰਾਂਡਾ 15 ਰੁ: ਮਹੀਨਾ ਕਿਰਾਏ ਤੇ ਲਿਆ । ਉਸ ਸਸਤੇ ਸਮੇਂ ਵਿਚ ਜਿਸ ਮਕਾਨ ਦੇ ਦੋ ਕਮਰਿਆਂ ਦਾ ਕਿਰਾਇਆ ਪੰਦਰਾਂ ਰੁਪਏ ਦਿੱਤਾ, ਅੱਜ ਉਸ ਸਾਰੇ ਮਕਾਨ ਦਾ 15 ਰੁਪਏ ਕੋਈ ਨਹੀਂ ਦਿੰਦਾ ।
ਲਾਇਲਪੁਰ ਤੋਂ ਉਜੜਿਆ ਪੁਜੜਿਆ ਇਕ ਪਰਿਵਾਰ ਹੋਰ ਆ ਗਿਆ । ਸ: ਬਸੰਤ ਸਿੰਘ, ਪ੍ਰੋ. ਰਿਚਰਡਜ਼ ਦਾ ਵਿਦਿਆਰਥੀ ਸੀ, ਨੋਰ੍ਹਾਂ ਨੂੰ ‘ਮਦਰ’ ਕਹਿ ਕੇ ਬੁਲਾਉਂਦਾ ਤੇ ਜਦੋਂ ਆਉਂਦਾ ਬੜੇ ਤੋਹਫ਼ੇ ਵਗ਼ੈਰਾ ਲਿਆਉਂਦਾ । ਪਰ ਉਸ ਨੂੰ ਇਕ ਮਕਾਨ ਜੋ ਬਾਂਸਾਂ ਤੇ ਮਿੱਟੀ ਦਾ ਬਣਿਆ ਹੋਇਆ ਸੀ ਅਤੇ ਉਸ ਜ਼ਮਾਨੇ ‘ਚ ਮਸਾਂ ਦੋ ਸੌ ਰੁਪੈ ‘ਚ ਬਣਿਆ ਹੋਵੇਗਾ, ਜੈ ਦਿਆਲ ਦੇ ਕਹਿਣ ਤੇ ਨੋਰ੍ਹਾ ਨੇ 30 ਰੁਪਏ ਮਹੀਨੇ ਤੇ ਦੇ ਦਿੱਤਾ । ਏਥੇ ਮੇਰਾ ਲਿਖਣ ਦਾ ਮਤਲਬ ਇਹ ਹੈ ਕਿ ਇੱਥੇ ਸਾਨੂੰ ਪਹਾੜੀਆਂ ਨੇ ਹੀ ਨਹੀਂ ਲੁੱਟਿਆ, ਸਗੋਂ ਉਧਰੋਂ ਆਏ ਪੰਜਾਬੀਆਂ ਨੇ ਵੀ ਲੁੱਟਿਆ । ਜੈ ਦਿਆਲ ਵੀ ਪ੍ਰੋ. ਰਿਚਰਡਜ਼ ਦਾ ਵਿਦਿਆਰਥੀ ਸੀ ਅਤੇ ਪਹਿਲੋਂ ਹੀ ਏਥੇ ਕੋਠੀ ਪਾਈ ਹੋਈ ਸੀ ਅਤੇ ਨੋਰ੍ਹਾ ਰਿਚਰਡਜ਼ ਨੂੰ ਮਿਸਿਜ਼ ਕਹਿ ਕੇ ਬੁਲਾਉਂਦਾ ਹੁੰਦਾ ਸੀ, ਅਤੇ ਉਹ ਕਈ ਵੇਰ ਕਿਹਾ ਕਰਦੀ ਸੀ ਕਿ ਮੈਨੂੰ ਕੇਵਲ ਮਿਸਿਜ਼ ਕਹਿ ਕੇ ਬੁਲਾਉਣਾ ਗ਼ਲਤ ਹੈ ਪਰ ਇਸ ਬੇਵਕੂਫ਼ ਨੂੰ ਕੌਣ ਸਮਝਾਵੇ । ਮੈਨੂੰ ਛੇਆਂ ਸੱਤਾਂ ਮਹੀਨਿਆਂ ਪਿੱਛੋਂ, ਇਕ ਬ੍ਰਾਹਮਣ ਪਾਸੋਂ ਦੋ ਕਨਾਲ ਜ਼ਮੀਨ ਮਿਲ ਗਈ, ਕੋਈ ਦੁਗਣੇ ਤਿਗਣੇ ਭਾਉ ‘ਤੇ, ਸ਼ਰਤ ਇਹ ਕਿ ਪੈਸੇ ਸਾਰੇ ਪਹਿਲੋਂ ਦੇ ਦਿਉ, ਜਦ ਕਿ ਕਾਨੂੰਨਨ ਬਿਆਨੇ ਦੇ ਤੌਰ ‘ਤੇ ਪੰਜਾਹ, ਸੌ ਰੁਪਏ ਹੀ ਹੋਣੇ ਚਾਹੀਦੇ ਸਨ, ਬਾਕੀ ਦਾਖ਼ਲ-ਖਾਰਜ ਹੋਣ ਤੇ । ਪਰ ਸਾਢੇ ਪੰਜ ਸੌ ਦੀ ਜ਼ਮੀਨ ਦੇ 500 ਪਹਿਲੋਂ ਦੇਣੇ ਪਏ ਜੋ ਉਸ ਨੇ ਤਿੰਨ ਸਾਢੇ ਤਿੰਨ ਸਾਲ ਦਾਖਲ ਖਾਰਜ ਨਾ ਕਰਵਾਈ, ਕਹੇ ਕਿ ਪੰਜਾਹ ਰੁਪਏ ਵੀ ਪਹਿਲੇ ਹੀ ਦੇ ਦਿਉ। ਕਿਸਮਤ ਨੂੰ ਇਕ ਵਾਕਿਫ਼ ਤਹਿਸੀਲਦਾਰ ਆ ਗਿਆ ਜਿਸ ਨੇ ਮੇਰੇ ਨਾਂ ਜ਼ਮੀਨ ਚਾੜ੍ਹ ਦਿੱਤੀ ਤੇ ਮੈਂ ਉਸ ਬ੍ਰਾਹਮਣ ਨੂੰ 50 ਰੁਪਏ ਦੇ ਦਿੱਤੇ । ਇਸ ਦੌਰਾਨ ਵਿਚ ਮੈਂ ਦਿੱਲੀ, ਸ਼ਿਮਲੇ ਤੇ ਬੰਬਈ ਵਲ ਇਸ ਵਾਸਤੇ ਘੁੰਮਦਾ ਰਿਹਾ ਕਿ ਕੁਝ
ਪੈਸੇ ਲਿਆਵਾਂ ਤਾਂ ਜੁ ਮਕਾਨ ਬਣਾ ਲਵਾਂ । ਪਰ ਜੋ ਕਮਾਉਂਦਾ ਸਾਂ, ਸੋ ਕੁਝ ਰੇਲ ਤੇ ਹੋਟਲ ਦੇ ਕਿਰਾਏ ਤੇ ਖਰਚ ਹੋ ਜਾਂਦਾ, ਕੁਝ ਕੱਪੜੇ ਲੱਤੇ ਤੇ ।
ਜਦ 1949 ਵਿਚ ਮੈਂ ਵਾਪਸ ਅੰਦਰੇਟੇ ਆਇਆ ਤਾਂ ਮੇਰੇ ਕੋਲ ਓਨੇ ਹੀ ਪੈਸੇ ਸਨ ਜਿੰਨੇ ਅੰਦਰੇਟੇ ਤੋਂ ਜਾਣ ਲੱਗਿਆਂ ਸਨ । ਵਾਪਸ ਆ ਕੇ ਮੈਂ ਉਹੋ ਹੀ ਦੋ ਮੰਜ਼ਿਲੀ ਝੁੱਗੀ ਕਿਰਾਏ ਤੇ ਲੈਣ ਵਾਸਤੇ ਨੋਰ੍ਹਾ ਨੂੰ ਪੁੱਛਿਆ ਜੋ ਸ: ਬਸੰਤ ਸਿੰਘ ਹੋਰਾਂ ਨੇ ਹੁਣ ਆਪਣਾ ਮਕਾਨ ਬਣਾਉਣ ਤੇ ਛੱਡ ਦਿੱਤੀ ਸੀ ਤਾਂ ਨੋਰ੍ਹਾਂ ਨੇ ਮੈਨੂੰ ਰੁੱਕਾ ਲਿਖਿਆ, “ਮਕਾਨ ਦਾ ਕਿਰਾਇਆ 30 ਰੁਪਏ ਹੈ । ਪਰ ਚੂੰਕਿ ਤੂੰ ਕਲਾਕਾਰ ਹੈਂ, ਇਸ ਲਈ ਮੈਂ ਤੈਥੋਂ ਅੱਧਾ ਕਿਰਾਇਆ ਲਵਾਂਗੀ ਅਰਥਾਤ 15 ਰੁ: ।” ਅੱਗੋਂ ਮੈਂ ਲਿਖਿਆ ਕਿ ਮਕਾਨ ਸਾਢੇ ਸੱਤ ਰੁਪਏ ਤੋਂ ਵਧ ਕਿਰਾਏ ਦਾ ਨਹੀਂ, ਪਰ ਚੂੰਕਿ ਤੂੰ ਕਲਾਕਾਰ ਹੈਂ ਮੈਂ ਤੈਨੂੰ ਡਬਲ ਕਿਰਾਇਆ ਦੇਵਾਂਗਾ ਅਰਥਾਤ 15 ਰੁ: ਅਤੇ ਮੈਂ ਮਕਾਨ ਲੈ ਲਿਆ । ਉਸ ਦੀ ਉਪਰਲੀ ਮੰਜ਼ਿਲ ਤੇ ਟੁਰੀਏ ਤਾਂ ਹੂਟੇ ਆਉਂਦੇ ਸਨ । ਹੇਠਾਂ ਬੂਹੇ ਬਾਰੀਆਂ ਬਾਂਸ ਦੀਆਂ ਸਫ਼ਾਂ ਦੀਆਂ ਸਨ ਅਤੇ ਦੋ ਰੌਸ਼ਨਦਾਨਾਂ ਤੇ ਕੱਪੜੇ ਤੇ ਵਾਰਨਿਸ਼ ਫੇਰ ਕੇ ਲਗਾਇਆ ਹੋਇਆ ਸੀ ।
ਬਾਥ ਰੂਮ ਵਿਚ ਇਕ ਬਾਲਟੀ ਤੇ ਇਕ ਨਹਾਉਣ ਵਾਲੇ ਭਾਂਡੇ ਤੋਂ ਬਿਨਾਂ ਕੁਝ ਨਹੀਂ ਸੀ ਰੱਖਿਆ ਜਾ ਸਕਦਾ । ਇਕ ਕਮਰਾ ਹੇਠਾਂ ਤੇ ਇਕ ਉੱਤੇ, ਸਾਹਮਣੇ ਢਾਈ ਤਿੰਨ ਫੁੱਟ ਦਾ ਬਰਾਂਡਾ ਜਿਹਾ, ਜਿਸ ਵਿਚ ਇਕ ਬੰਨੇ ਅੰਗੀਠੀ ਰੱਖ ਕੇ ਰੋਟੀ ਟੁੱਕ ਕਰੀਦਾ ਸੀ । ਪਰ ਫਿਰ ਵੀ ਕੋਈ ਨਾ ਕੋਈ ਰੁੱਕਿਆਂ ਰਾਹੀਂ ਆਰਡਰ ਚਲਿਆ ਹੀ ਰਹਿੰਦਾ । “ਮਕਾਨ ਵਿਚ ਲੱਕੜਾਂ ਦੀ ਅੱਗ ਨਾ ਬਾਲੀ ਜਾਏ ।” “ਗੁਸਲਖਾਨੇ ਦੇ ਬਾਹਰਲੇ ਬੰਨੇ ਪਾਣੀ ਖੜ੍ਹਾ ਨਹੀਂ ਰਹਿਣ ਦੇਣਾ ਚਾਹੀਦਾ ।” “ਕੋਠੇ ਤੇ ਦੋ ਆਦਮੀਆਂ ਤੋਂ ਵਧ ਇਕਦਮ ਨਾ ਚੜ੍ਹਿਆ ਜਾਏ ।” “ਹਨ੍ਹੇਰੀ ਆਉਣ ਤੇ ਸਭ ਬੂਹੇ ਬਾਰੀਆਂ ਬੰਦ ਕਰ ਦਿੱਤੀਆਂ ਜਾਣ ।”, ਆਦਿ, ਆਦਿ। ਮੈਂ ਇਕ ਦਿਨ ਮਿਸਤਰੀ ਪਾਸੋਂ ਪੌੜੀਆਂ ਦੇ ਨਾਲ ਰੇਲਿੰਗ ਦੇ ਤੌਰ ਤੇ ਬਾਂਸ ਲਗਵਾ ਰਿਹਾ ਸਾਂ ਕਿ ਨੋਰ੍ਹਾ ਨੇ ਕਿੱਲ ਠੋਕਣ ਦੀ ਆਵਾਜ਼ ਸੁਣ ਲਈ, ਜਾ ਕੇ ਹੁਕਮ ਸਾਦਿਰ ਕਰ ਦਿੱਤਾ, “ਮੇਰੀ ਇਜਾਜ਼ਤ ਦੇ ਬਿਨਾਂ ਮਕਾਨ ਵਿਚ ਕੋਈ ਘਾਟ ਵਾਧ ਨਾ ਕੀਤੀ ਜਾਏ ।” ਸ: ਬਸੰਤ ਸਿੰਘ ਹੋਰਾਂ ਦਾ ਟੱਬਰ ਜਲਧੰਰ ਚਲਿਆ ਗਿਆ ਅਤੇ ਮੈਨੂੰ ਆਪਣੇ ਉਪਰਲੇ ਦੋ ਕਮਰੇ ਦੇ ਗਏ ਅਤੇ ਜਦ ਨੋਰ੍ਹਾ ਦਾ ਮਕਾਨ ਛੱਡਿਆ ਤਾਂ ਚੰਗੀ ਤਰ੍ਹਾਂ ਮਕਾਨ ਸਾਫ਼ ਕਰ ਕੇ ਉੱਥੇ ਪੋਚਾ ਲਵਾ ਦਿੱਤਾ ਅਤੇ ਰੁੱਕੇ ਨਾਲ ਚਾਬੀ ਤੇ ਚੈੱਕ ਭੇਜ ਦਿੱਤਾ ਕਿ ਮਕਾਨ ਖਾਲੀ ਕਰ ਦਿੱਤਾ ਗਿਆ ਹੈ ਅਤੇ ਦੋ ਦਿਨ ਦਾ ਕਿਰਾਇਆ ਵੀ ਵਧ ਭੇਜ ਦਿੱਤਾ । ਨੋਰ੍ਹਾ ਸ਼ਾਮ ਨੂੰ ਮਕਾਨ ਵੇਖਣ ਆਈ ਤਾਂ ਖੁਸ਼ ਹੋ ਗਈ, ਜਾ ਕੇ ਰੁੱਕਾ ਲਿਖ ਕੇ ਭੇਜਿਆ, “ਜਿਸ ਨਾਲ ਇਕ ਰੁਪੈ ਦਾ ਨੋਟ ਵੀ ਸੀ “ਤੂੰ ਮੇਰਾ ਸਭ ਤੋਂ ਚੰਗਾ ਕਿਰਾਏਦਾਰ ਸਾਬਿਤ ਹੋਇਆ ਹੈਂ, ਜੋ ਏਨੀ ਅੱਛੀ ਤਰ੍ਹਾਂ ਸਾਫ਼ ਕਰ ਕੇ ਗਿਆ ਹੈਂ ਜਿਹੋ ਜਿਹਾ ਮਕਾਨ ਲੈਣ ਵੇਲੇ ਸੀ । ਨਹੀਂ ਤੇ ਲੋਕ ਜਦ ਛੱਡ ਕੇ ਜਾਂਦੇ ਹਨ ਤਾਂ ਹਰ ਕਿਸਮ ਦਾ ਗੰਦ ਪਾ ਕੇ ਜਾਂਦੇ ਹਨ ਅਤੇ ਮੇਰੇ ਆਦਮੀਆਂ ਨੂੰ ਪੂਰਾ ਇਕ ਦਿਨ ਲਾ ਕੇ ਸਫ਼ਾਈ ਕਰਨੀ ਪੈਂਦੀ ਹੈ । ਦੋ ਦਿਨ ਦਾ ਕਿਰਾਇਆ ਵਾਪਸ ਕਰ ਰਹੀ ਹਾਂ । ਧੰਨਵਾਦ ।”
ਲੋਕ ਉਸ ਨੂੰ ਵੱਖਰੇ ਵੱਖਰੇ ਨਾਉਂ ਨਾਲ ਬੁਲਾਉਂਦੇ ਸਨ ਪਰ ਮੈਂ ਨੋਰ੍ਹਾ ਜੀ ਕਹਿ ਕੇ ਬੁਲਾਉਂਦਾ ਹੁੰਦਾ ਸੀ ਅਤੇ ਉਹ ਕਈ ਵਾਰ ਲੋਕਾਂ ਨੂੰ ਕਿਹਾ ਕਰਦੀ ਸੋਭਾ ਸਿੰਘ ਮੈਨੂੰ ਠੀਕ ਸੰਬੋਧਨ ਕਰਦਾ ਹੈ। ਕੋਈ ਗੱਲ ਵੀ ਕਰੋ ਪਹਿਲੋਂ ‘ਨੋ’ ਜ਼ਰੂਰ ਕਹਿ ਦੇਂਦੀ, ਭਾਵੇਂ ਪਿਛੋਂ ਮੰਨ ਹੀ ਜਾਵੇ, ਵੈਸੇ ਵੀ ਨੋ भेडभिमत, ते घावेढेल, ते टित्तिटवत्त (No Admission, No Thoroughfare, No
Visitors) ਆਦਿ । ਮੈਂ ਤਾਂ ਉਸ ਨੂੰ ਕਹਿੰਦਾ ਹੁੰਦਾ ਸਾਂ, ਤੇਰਾ ਨਾਉਂ ਹੀ ਬੇਬੇ ਨੋ ਨਾਲ ਸ਼ੁਰੂ ਹੁੰਦਾ ਹੈ।
ਜਾਣ ਤੋਂ ਪਹਿਲੋਂ ਵਕਤ ਲੈਣਾ ਪੈਂਦਾ ਜਾਂ ਭਾਵੇਂ ਆਪ ਸੱਦੇ, ਮਿਲਣ ਦੇ ਵਕਤ ਖੂਬ ਕੇਸ ਕੂਸ ਵਾਹ ਕੇ ਬਹਿ ਜਾਂਦੀ । ਕੱਪੜਿਆਂ ਦੇ ਵੱਟ-ਫੁੱਟ ਠੀਕ ਕਰ ਲੈਂਦੀ, ਆਲੇ-ਦੁਆਲੇ ਦੀਆਂ ਚੀਜ਼ਾਂ ਨੌਕਰ ਤੋਂ ਠੀਕ ਕਰਵਾ ਲੈਂਦੀ । ਫਿਰ ਆਉਣ ਵਾਸਤੇ ਬੁਲਾਉਂਦੀ । ਜਿੰਨੇ ਬੰਦੇ ਹੁੰਦੇ ਉਨੇ ਮੂੜੇ ਰਖਵਾਂਦੀ । ਜੇ ਇਕ ਅੱਧਾ ਵਧੇਰੇ ਆ ਜਾਂਦਾ ਤਾਂ ਉਸ ਨੂੰ ਅੰਦਰ ਨਾ ਆਉਣ ਦਿੰਦੀ । ਨੋ ਮੋਰ, ਨੋ ਮੋਰ । (No more, No more), ਮਿਲਣ ਤੋਂ ਬੜਾ ਸੰਕੋਚ ਕਰਦੀ ਸੀ । ਪਰ ਲੋਕ ਵੀ ਬੜਾ ਤੰਗ ਕਰਦੇ । ਬੇਹੂਦਾ ਸਵਾਲ, ਅਜੀਬ ਜਿਹੀਆਂ ਤੱਕਣੀਆਂ, ਬਹਿਣ ਦੀ ਵੀ ਬੜੇ ਘੱਟ ਆਦਮੀਆਂ ਨੂੰ ਜਾਚ ਹੁੰਦੀ ਹੈ । ਪਰ ਹਿੰਦੁਸਤਾਨੀਆਂ ਦੇ ਅੰਦਰ 800 ਸਾਲ ਦੀ ਗੁਲਾਮੀ ਕਾਰਨ ਬਦੇਸ਼ੀਆਂ ਨੂੰ ਵੇਖਣ ਤੇ ਮਿਲਣ ਵਾਸਤੇ ਬੜੀ ਕਮਜ਼ੋਰੀ ਹੈ ।
ਇਕ ਅਛੂਤਾਂ ਦੇ ਸੁਧਾਰ ਦਾ ਡਾਇਰੈਕਟਰ ਆਇਆ, ਸਿਰ ਤੇ ਹੈਟ ਪਾਈ ਹੋਈ । ਪਹਿਲੋਂ ਮੇਰੇ ਪਾਸ ਆਇਆ । ਮੈਂ ਬਥੇਰਾ ਕਿਹਾ “ਚਾਹ-ਚੂ ਪੀ ਕੇ ਜਾਉ ਪਰ ਉਹ ਤੇ ਮੇਮ ਨੂੰ ਮਿਲਣ ਜਾ ਰਿਹਾ ਸੀ ਅਤੇ ਆਸ ਰਖਦਾ ਸੀ ਕਿ ਉਸ ਦੀ ਬੜੀ ਆਉ-ਭਗਤ ਕਰੇਗੀ ਤੇ ਚਾਹ ਵਗੈਰਾ ਪਿਲਾਏਗੀ । ਬਗ਼ੈਰ ਪੁਛਿਆਂ ਹੀ ਅੰਦਰ ਜਾ ਵੜਿਆ । ਜਾ ਗੁੱਡ ਆਫਟਰਨੂਨ ਬੁਲਾਈ । ਅੱਗੋਂ ਜਵਾਬ ਮਿਲਿਆ, “ਤੂੰ ਪੜ੍ਹਿਆ ਹੋਇਆ ਏਂ ?” “ਮੈਂ ਅਛੂਤ-ਉਧਾਰ ਦਾ ਡਾਇਰੈਕਟਰ ਹਾਂ ।” “ਮੇਰੀ ਗੱਲ ਦਾ ਜਵਾਬ ਦੇ, ਪੜ੍ਹਿਆ ਹੋਇਆ ਏਂ ?” “ਜੀ ਹਾਂ ।” “ਤੂੰ ਪੜ੍ਹਿਆ ਹੈ “ਅੰਦਰ ਆਉਣਾ ਮਨ੍ਹਾਂ ਹੈ ।” “ਨਹੀਂ ।” “ਕਿਉਂ ਨਹੀਂ ?” ਅੱਗੋਂ ਕੋਈ ਜਵਾਬ ਨਹੀਂ ਸੀ । ਫਿਰ ਬੋਲੀ ਵੈਲ । ਨਾ ਮੈਂ ਅਛੂਤ ਹਾਂ, ਨਾ ਮੈਨੂੰ ਉਦਾਰ ਦੀ ਲੋੜ ਹੈ, ਇਕ ਦਮ ਨਿਕਲ ਜਾ ਮੇਰੇ ਅਹਾਤੇ ਚੋਂ । ਵਿਚਾਰਾ ਜਾਂਦਾ ਹੋਇਆ ਮੇਰੇ ਘਰ ਸਾਹਮਣਿਉਂ ਵੀ ਨਾ ਲੰਘਿਆ । ਖੇਤਾਂ ਵਿਚ ਦੀ ਹੋ ਕੇ ਗਿਆ।
ਮੇਰੇ ਪਾਸ ਰਾਜਾ ਸਾਹਿਬ ਮੰਡੀ ਆਏ, ਦੋ ਕੁ ਘੰਟੇ ਬੈਠੇ ਰਹੇ । ਫਿਰ ਕਹਿਣ ਲੱਗੇ, “ਮੈਂ ਆਪਣੀ ਰਿਸਪੈਕਟ ਮਿਸਿਜ਼ ਰਿਚਰਡਜ਼ ਨੂੰ ਪੇਸ਼ ਕਰਨੀ ਚਾਹੁੰਦਾ ਹਾਂ ।” ਮੈਂ ਕਿਹਾ, ਪਹਿਲੋਂ ਪੁੱਛ ਲਈਏ ਤਾਂ ਚੰਗਾ ਹੈ । ਮੈਂ ਰੁੱਕਾ ਲਿਖਿਆ ਕਿ ਰਾਜਾ ਸਾਹਿਬ ਮੰਡੀ ਆਏ ਹਨ ਅਤੇ ਤੈਨੂੰ ਰਿਸਪੈਕਟਸ ਪੇ ਕਰਨੀਆਂ ਚਾਹੁੰਦੇ ਹਨ । ਜਵਾਬ ਆਇਆ, “ਪੰਜ ਵਜ ਕੇ ਪੰਦਰਾਂ ਮਿੰਟ ਤੇ ਮਿਲ ਸਕਦੀ ਹਾਂ । ਪਰ ਤੂੰ ਨਾਲ ਜ਼ਰੂਰ ਆਵੀਂ ।” ਅਸੀਂ ਪੰਜ ਵਜ ਕੇ ਪੰਦਰਾਂ ਮਿੰਟ ਤੇ ਜਦ ਪੁੱਜੇ ਤਾਂ ਫਾਟਕ ਦੇ ਕੋਲ ਹੀ ਆਈ ਹੋਈ ਸੀ । ਹੱਥ ਵਿਚ ਡਾਲੀਆਂ ਕੱਟਣ ਵਾਲੀ ਕੈਂਚੀ ਸੀ । ਉਦੋਂ ਤਕ ਥੋੜ੍ਹਾ ਥੋੜ੍ਹਾ ਸੁਣਦੀ ਸੀ, ਰਾਜਾ ਸਾਹਿਬ ਨੇ ਜਾ ਕੇ ਗੁੱਡ ਆਫਟਰਨੂਨ ਬੁਲਾਈ । ਅੱਗੋਂ ਜਵਾਬ ਵਿਚ ਸਵਾਲ ਆਇਆ “ਹੁਣ ਤੂੰ ਕੀ ਹੈਂ ?” ਉਹ ਬੋਲੇ “ਐਮ. ਪੀ. ।” ਉੱਚੀ ਦਿੱਤੀ ਬੋਲੀ, “ਕੀ ?” ਉਨ੍ਹਾਂ ਨੇ ਕੰਨ ਕੋਲ ਹੋ ਕੇ ਕਿਹਾ, “ਐਮ. ਪੀ. ।” “ਮੈਨੂੰ ਗਾਂਧੀ ਕੈਪ ਨਾਲ ਨਫ਼ਰਤ ਹੈ । ਗਾਂਧੀ ਨੇ ਇਹ ਟੋਪੀ ਕਦੇ ਨਹੀਂ ਪਾਈ ।” ਅਤੇ ਫਿਰ ਡਾਲੀਆਂ ਕੱਟਣ ਲੱਗ ਪਈ । ਮੈਂ ਫਿਰ ਉਨ੍ਹਾਂ ਨੂੰ ਇਧਰ ਉਧਰ ਫਿਰਾਉਣ ਵਾਸਤੇ ਲੈ ਗਿਆ, ਵਾਪਸ ਆਉਂਦਿਆਂ ਰਾਜਾ ਸਾਹਿਬ ਨੇ ਕਿਹਾ, “ਮੇਰੇ ਕੋਲ ਉਹਦੀਆਂ ਸਾਰੀਆਂ ਗੱਲਾਂ ਦੇ ਜਵਾਬ ਹੈ ਸਨ । ਪਰ ਬਜ਼ੁਰਗ ਔਰਤ ਹੈ, ਸੁਣਦੀ ਵੀ ਨਹੀਂ ।” ਮੈਂ ਕਿਹਾ “ਸੁਣਨਾ ਵੀ ਨਹੀਂ ਤੇ ਸੁਣਦੀ ਵੀ ਨਹੀਂ ।”
ਉਸ ਦੇ ਪਿੱਛੋਂ ਦੋ ਤਿੰਨ ਵਾਰ ਮੈਨੂੰ ਆਉਣ ਵਾਸਤੇ ਉਸ ਨੇ ਰੁੱਕਾ ਲਿਖਿਆ । ਮੈਂ ਜਵਾਬ ਹੀ ਨਹੀਂ ਦਿੱਤਾ । ਫਿਰ ਇਕ ਰੁੱਕਾ ਆਇਆ, “ਮੈਂ ਜਾਣਦੀ ਹਾਂ ਤੂੰ ਮੇਰੇ ਨਾਲ ਕਿਉਂ ਗੁੱਸੇ ਹੈਂ । ਮੈਂ ਤੈਨੂੰ ਕੱਲ੍ਹ ਮਿਲਾਂਗੀ ।”

ਆਉਂਦੀਆਂ ਨਸਲਾਂ ਦਾ ਪ੍ਰੇਰਨਾ ਸਰੋਤ

ਮੈਂ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੂੰ 1929 ਤੋਂ ਜਾਣਦਾ ਹਾਂ ਜਦੋਂ ਉਹ ਗੌਰਮਿੰਟ ਕਾਲਜ ਲਾਹੌਰ ਵਿਚ ਵਿਦਿਆਰਥੀ ਸਨ । ਬੜੇ ਚਿਰਾਂ ਪਿਛੋਂ ਅਸੀਂ ਫੇਰ 1944 ਵਿਚ ਲਾਹੌਰ ਮਿਲੇ । ਮੇਰੇ ਉਤੇ ਉਸ ਮੀਟਿੰਗ ਦਾ ਪ੍ਰਭਾਵ ਅਜ ਤਕ ਵੀ ਹੈ । ਉਦੋਂ ਮੈਂ ਇਨ੍ਹਾਂ ਨੂੰ ਸਮੁੰਦਰ ਵਾਂਗ ਭਰਪੂਰ, ਅਡੋਲ ਅਤੇ ਚੰਗੇਰੀ ਦੁਨੀਆਂ ਲਈ ਸੁਪਨੇ-ਸਧਰਾਂ ਦੀ ਦੌਲਤ ਨਾਲ ਅਮੀਰ ਪਾਇਆ । ਇਨ੍ਹਾਂ ਦੀ ਤੱਕਣੀ ਅਤੇ ਕਥਣੀ ਤੋਂ ਭਾਸਦਾ ਸੀ ਕਿ ਇਸ ਘੜੀ ਕੇਵਲ ਮੈਂ ਹੀ ਇਸ ਵਡੇ ਆਦਮੀ ਦੇ ਦਿਲ ਅਤੇ ਦਿਮਾਗ਼ ਵਿਚ ਹਾਂ- ਹੋਰ ਕੁਝ ਨਹੀਂ । ਮੈਂ ਉਹਨੀਂ ਦਿਨੀਂ ਕੁਝ ਡੋਲਿਆ ਹੋਇਆ ਸਾਂ । ਦਿੱਲੀ ਵਿਚ ਤੇਰਾਂ ਸਾਲ ਸਫਲਤਾ ਨਾਲ ਕੰਮ ਕਰ ਕੇ ਉਸ ਨੂੰ ਛੱਡ ਆਇਆ ਸਾਂ ਅਤੇ ਹੁਣ ਮੂੰਹ ਸੀ ਪਹਾੜਾਂ ਵਲ, ਜਿਨ੍ਹਾਂ ਦੀ ਗੋਦ ਵਿਚ ਮੈਂ ਆਪਣੇ ਸੁਪਨੇ ਪਾਲਣੇ ਅਤੇ ਸੱਧਰਾਂ ਪੂਰੀਆਂ ਕਰਨੀਆਂ ਸਨ । ਇਹ ਘੰਟੇ ਦੀ ਭਰਪੂਰ ਮਿਲਣੀ ਪਿਛੋਂ ਜੇਤੂ ਮੁਸਕਾਣ ਨਾਲ ਹੱਥ ਘੁਟ ਕੇ, ਅਤੇ ਜਾਂਦੀ ਹੋਈ ਦੋ ਕੁ ਵਾਰੀ ਪਿਆਰ ਭਰੀ ਨਜ਼ਰ ਨਾਲ ਪਿਛੇ ਤੱਕ ਕੇ ਮੈਕਲੋਡ ਰੋਡ ਵਲ ਚਲੇ ਗਏ ਅਤੇ ਮੈਂ ਬੜਾ ਚਿਰ ਇਨ੍ਹਾਂ ਵਲ ਤੱਕਣ ਤੇ ਭਰੇ ਹੋਏ ਦਿਲ ਨਾਲ ਆਪਣੇ ਕਿਸੇ ਕੰਮ ਵਲ ਟੁਰ ਪਿਆ ।
ਮੈਂ ਅਨੁਭਵ ਕੀਤਾ ਕਿ ਮੈਂ ਇਕ ਬੜੇ ਮਹਾਨ ਆਦਮੀ ਨੂੰ ਮਿਲਿਆ ਹਾਂ । ਫਿਰ ਉਸ ਪਿਛੋਂ ਮੈਂ ਇਨ੍ਹਾਂ ਨੂੰ 1948 ਦੇ ਸ਼ੁਰੂ ਵਿਚ ਮਿਲਿਆ ਜਦੋਂ ਮੈਂ ਲਾਹੌਰ ਤੋਂ ਸਭ ਕੁਝ ਗਵਾ ਕੇ ਅੰਦਰੇਟੇ (ਕਾਂਗੜਾ)
ਚਲਾ ਗਿਆ ਅਤੇ ਉਥੋਂ ਦਿੱਲੀ । ਇਹ ਉਸ ਵੇਲੇ ਦਿੱਲੀ ਡਿਪਟੀ ਕਮਿਸ਼ਨਰ ਲਗੇ ਹੋਏ ਸਨ ਅਤੇ ਦਿੱਲੀ ਦੇ ਸਫ਼ੈਦੋ ਸਿਆਹ ਦੇ ਮਾਲਕ ਸਨ । ਮੈਂ ਇਨ੍ਹਾਂ ਵਲ ਸਿੱਧਾ ਤਾਂ ਨਾ ਗਿਆ ਸਗੋਂ ਮੁਲਾਕਾਤੀਆਂ ਦੀ ਕਤਾਰ ਵਿਚ ਜਾ ਬੈਠਾ, ਮੁਲਾਕਾਤੀ ਜੋ ਪੱਛਮੀ ਪੰਜਾਬ ਤੋਂ ਸਰੀਰਕ, ਮਾਨਸਿਕ, ਮਾਇਕ ਅਤੇ ਸਵੈ-ਮਾਨਿਕ ਲੁੱਟ ਦੇ ਲੁੱਟੇ ਹੋਏ ਜ਼ਖ਼ਮੀ ਦਿਲ ਤੇ ਦਿਮਾਗ ਲੈ ਕੇ ਇਨ੍ਹਾਂ ਕੋਲੋਂ ਹਮਦਰਦੀ ਦੀ ਮਲ੍ਹਮ ਵਾਸਤੇ ਰੋਜ਼ ਸੈਂਕੜੇ ਹਜ਼ਾਰਾਂ ਦੀ ਗਿਣਤੀ ਵਿਚ ਆਉਂਦੇ ਸਨ ਅਤੇ ਇਹ ਉਨ੍ਹਾਂ ਵਰਗੇ ਹੀ ਬਣ ਕੇ ਉਨ੍ਹਾਂ ਦੇ ਦੁਖ ਦਰਦ ਸੁਣਦੇ ਅਤੇ ਉਨ੍ਹਾਂ ਦੀਆਂ ਔਕੜਾਂ ਦੂਰ ਕਰਦੇ ਸਨ । ਮੈਂ ਵੀ ਉਨ੍ਹਾਂ ਵਿਚ ਬੈਠ ਕੇ ਇਨ੍ਹਾਂ ਦੀ ਹਮਦਰਦ ਤੱਕਣੀ ਵਲ ਵਧ ਗਿਆ ਸਾਂ ਕਿ ਇਕ ਦਮ ਇਨ੍ਹਾਂ ਨੇ ਮੇਰੇ ਵਲ ਵੇਖਿਆ ਅਤੇ ਇਕ ਤੀਰ ਦੀ ਤੇਜ਼ੀ ਨਾਲ ਮੇਰੀ ਵਲ ਆਏ, ਮੈਂ ਉਠ ਕੇ ਖਲੋ ਗਿਆ, ਬੋਲੇ, “ਸਰਦਾਰ ਸੋਭਾ ਸਿੰਘ ?” ਮੈਂ ਪ੍ਰਸੰਨਤਾ ਨਾਲ ਭਰੇ ਗਲੇ ਨਾਲ ਬੋਲਦੇ ਹੋਏ “ਹਾਂ” ਵਿਚ ਸਿਰ ਹਿਲਾਇਆ ਤਾਂ ਮੈਨੂੰ ਇਕ ਦਮ ਕਲਾਵੇ ਵਿਚ ਲੈ ਕੇ ਕੋਠੀ ਦੇ ਅੰਦਰ ਵਲ ਤੁਰਦੇ ਹੋਏ ਬੋਲੇ, “ਇਥੇ ਕਿਉਂ ਬੈਠੋ ਹੋ ਅੰਦਰ ਕਿਉਂ ਨਹੀਂ ਆ ਕੇ ਮੈਨੂੰ ਮਿਲੇ ?” ਮੈਂ ਕੁਝ ਕਹਿ ਨਾ ਸਕਿਆ ।
ਅੰਦਰ ਜਾ ਕੇ ਪੰਦਰਾਂ ਕੁ ਮਿੰਟ ਮੇਰੇ ਨਾਲ ਬੈਠੇ ਸੁਖ ਸਾਂਦ ਪੁੱਛਦੇ ਰਹੇ । ਫਿਰ ਮੇਰੇ ਅਗੇ ਚਾਹ ਰਖਵਾ ਕੇ ਸ਼ਰਨਾਰਥੀਆਂ ਵਲ ਟੁਰ ਗਏ । ਮੈਂ ਫਿਰ ਇਨ੍ਹਾਂ ਕੋਲ ਆਉਂਦਾ ਜਾਂਦਾ ਰਿਹਾ । ਮੈਂ ਇਨ੍ਹਾਂ ਕੋਲੋਂ ਕੁਝ ਮੰਗਿਆ ਨਹੀਂ, ਇਨ੍ਹਾਂ ਨੇ ਕੁਝ ਮੈਨੂੰ ਦਿਤਾ ਨਹੀਂ । ਮੈਨੂੰ ਆਪਣੀਆਂ ਬਣਵਾਈਆਂ ਤੇ ਖੁਲ੍ਹਵਾਈਆਂ ਲਾਇਬ੍ਰੇਰੀਆਂ ਵਿਖਾਂਦੇ ਰਹੇ । ਸਾਰਾ ਦਿਨ ਅਤੇ ਰਾਤ ਜਿਥੇ ਇਨ੍ਹਾਂ ਨੂੰ ਸਾਰੀ ਦਿੱਲੀ ਵਿਚ ਪਈ ਅਬਤ੍ਰੀ ਦਾ ਫ਼ਿਕਰ ਹੁੰਦਾ ਅਤੇ ਆਪਣੀ ਕਾਰ ਵਿਚ ਜ਼ਖ਼ਮੀਆਂ ਨੂੰ ਪਾਈ ਹਸਪਤਾਲਾਂ ਵਿਚ ਲਈ ਫਿਰਦੇ, ਦੁਖੀਆਂ ਨੂੰ ਮੁਲਾਕਾਤ ਦਾ ਸਮਾਂ ਦਿੰਦੇ, ਲੀਡਰਾਂ ਦੀ ਮਿਸਲੀਡਰੀ ਦੇ ਮੁਕਾਬਲੇ ਕਰਦੇ ਸ਼ਾਸਨ ਚਲਾਂਦੇ, ਉਥੇ ਕਲਾ ਪਰਦਰਸ਼ਨੀਆਂ ਅਤੇ ਲਾਇਬ੍ਰੇਰੀਆਂ ਵੀ ਉਸੇ ਸਰਗਰਮੀ ਨਾਲ ਕਰਵਾਂਦੇ ਅਤੇ ਬਣਵਾਂਦੇ ਸਨ ।
ਕੁਝ ਚਿਰ ਪਿਛੋਂ ਮੈਂ ਸ਼ਿਮਲੇ ਤੋਂ ਹੋ ਕੇ ਬੰਬਈ ਚਲਾ ਗਿਆ ਅਤੇ ਇਹ ਅੰਬਾਲੇ ਚਲੇ ਗਏ । ਮੈਨੂੰ ਇਕ ਫਿਲਮ ਕੰਪਨੀ ਦੀ ਆਰਟ ਡਾਇਰੈਕਸ਼ਨ ਮਿਲ ਗਈ, ਪਰ ਅਜੇ ਕੰਮ ਸ਼ੁਰੂ ਨਹੀਂ ਹੋਇਆ। ਸੀ ਕਿ ਮੈਨੂੰ ਇਨ੍ਹਾਂ ਵਲੋਂ ਭਿਜਵਾਈ ਸ੍ਰ. ਗੁਰਚਰਨ ਸਿੰਘ ਦੀ ਤਾਰ ਅਤੇ ਖਤ ਪਹੁੰਚ ਗਿਆ ਕਿ ਰੰਧਾਵਾ ਸਾਹਿਬ ਤੁਹਾਡੇ ਪਾਸੋਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਬਣਵਾਉਣੀਆਂ ਚਾਹੁੰਦੇ
ਹਨ। ਆਰਟ ਡਾਇਰੈਕਸ਼ਨ ਤਾਂ ਮੈਂ ਰੋਟੀ ਪਿਛੇ ਕਰਨੀ ਚਾਹੁੰਦਾ ਸਾਂ, ਪਰ ਮੇਰਾ ਅਸਲ ਦਿਲ ਪੰਜਾਬ ਅਤੇ ਗੁਰੂ ਸਾਹਿਬ ਦੀਆਂ ਤਸਵੀਰਾਂ ਵਿਚ ਸੀ । ਮੈਂ ਕੰਪਨੀ ਵਾਲਿਆਂ ਨਾਲ ਫੈਸਲਾ ਕਰ ਕੇ ਇਕ ਦਮ ਅੰਬਾਲੇ ਆ ਗਿਆ । ਅੰਬਾਲੇ ਤੋਂ ਮੈਨੂੰ ਇਨ੍ਹਾਂ ਕਸੌਲੀ ਭੇਜ ਦਿਤਾ ਅਤੇ ਪੰਦਰਾਂ ਕੁ ਦਿਨ ਦੀ ਛੁੱਟੀ ਲੈ ਕੇ ਆਪ ਵੀ ਆ ਗਏ । ਉਥੇ ਮੈਨੂੰ ਇਨ੍ਹਾਂ ਦੀ ਸ਼ਖਸੀਅਤ ਦੇ ਜੋ ਝਲਕਾਰੇ ਪਏ, ਉਨ੍ਹਾਂ ਮੈਨੂੰ ਰੰਧਾਵੇ ਦਾ ਆਸ਼ਿਕ ਬਣਾ ਦਿੱਤਾ ਅਤੇ ਉਸ ਪਿਆਰ ਦੀ ਰੌਸ਼ਨੀ ਵਿਚ ਮੈਂ ਇਨ੍ਹਾਂ ਨੂੰ ਵਧੇਰੇ ਪੜ੍ਹ ਸਕਿਆ ਹਾਂ । ਆਦਮੀ ਦੀ ਵਡੱਪਣ ਦਾ ਨਾਪ ਉਸ ਦੀ ਦੂਰ ਦ੍ਰਿਸ਼ਟੀ ਹੁੰਦਾ ਹੈ- ਉਹ ਕਿੰਨਾ ਅਗਾਂਹ ਤਕ ਵੇਖ ਸਕਦਾ ਹੈ ਅਤੇ ਦੁਰੇਡੇ ਵੇਖਣ ਦਾ ਨਾਪ੍ਰ ਇਹ ਹੈ ਕਿ ਉਹ ਕਿੰਨਾ ਉਤਾਂਹ ਹੋ ਕੇ ਵੇਖ ਸਕਦਾ ਹੈ ਅਤੇ ਉਤਾਂਹ ਵੇਖਣ ਦਾ ਨਾਪ ਹੈ ਉਸ ਦੀ ਅੰਤ੍ਰੀਵ ਤੱਕਣੀ ਜੋ ਉਸ ਦੀ ਆਤਮਕ ਡੂੰਘਾਈ ਦਾ ਸਿੱਟਾ ਹੈ । ਸੋ ਡਾਕਟਰ ਰੰਧਾਵਾ ਇਕ ਦੂਰ ਦ੍ਰਿਸ਼ਟੀ ਵਾਲੇ ਵਿਅਕਤੀ ਹਨ । ਉਨ੍ਹਾਂ ਨੇ ਆਪਣੇ ਲੋਕਾਂ ਲਈ, ਪਿਆਰ ਦੀ ਸਿਖਰ ਤੇ ਖਲੋ ਕੇ ਕੌਮ ਦਾ ਭਵਿੱਸ਼ ਤੱਕਿਆ ਹੈ ਅਤੇ ਉਸ ਦੀ ਪੂਰਤੀ ਲਈ ਜੁਟੇ ਰਹੇ ਹਨ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵਿਚਾਰ ਕੇ ਕਿ ਲੋਕਾਈ ਪਾਤਸ਼ਾਹ ਦੇ ਜਾਹੋ ਜਲਾਲ ਨੂੰ ਤੱਕ ਕੇ ਮਾਣਦੀ ਹੈ । ਆਦਮੀ ਦੀਆਂ ਅੰਦਰਲੀਆਂ ਖੂਬੀਆਂ ਨੂੰ ਨਹੀਂ । ਮੋਤੀ ਹੀਰੇ ਤੇ ਕਲਗੀਆਂ ਨੂੰ ਮਾਣਦੀ ਹੈ, ਉਹੀਓ ਭੇਸ ਧਾਰਿਆ ਅਤੇ ਲੋਕਾਈ ਨੇ ਆਪ ਨੂੰ ਪਾਤਸ਼ਾਹ ਹੀ ਨਹੀਂ ਸਗੋਂ ਸਚੇ ਪਾਤਸ਼ਾਹ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੇ ਕੌਮ ਦੀ ਨੀਂਹ ਰੱਖੀ, ਰੋਜ਼ਾਨਾ ਜੀਵਨ ਦੇ ਅਸੂਲਾਂ ਤੇ ਮਨੁੱਖਤਾ ਦਾ ਆਦਰਸ਼ ਜਿਊਣ ਦੀ ਪ੍ਰੇਰਨਾ ਦਿੱਤੀ ਅਤੇ ਉਸ ਤੇ ਧਰਮ ਦਾ ਝੰਡਾ ਲਹਿਰਾਇਆ । ਏਵੇਂ ਹੀ ਨੌਜਵਾਨ ਰੰਧਾਵਾ ਨੇ ਡੂੰਘੀ ਵਿਚਾਰ ਨਾਲ ਇਹ ਫ਼ੈਸਲਾ ਕੀਤਾ ਜਾਪਦਾ ਹੈ ਕਿ ਹਿੰਦੋਸਤਾਨੀ ਸਦਾ ਦੀ ਗੁਲਾਮੀ ਦੇ ਕਾਰਨ ਸਾਹਿਬੀ ਨੂੰ ਵੱਡਾ ਮੰਨਦੇ ਹਨ, ਆਦਮੀ ਨੂੰ ਨਹੀਂ । ਦੂਜੇ ਇਹ ਕਿ ਪੰਜਾਬੀ ਨਾਇਕ-ਪੂਜਕ ਨਹੀਂ ਸਗੋਂ ਨਾਇਕ ਘ੍ਰਿਣਕ ਹੈ । ਇਹ ਕਿਸੇ ਦਾ ਚੇਲਾ ਨਹੀਂ ਬਣ ਸਕਦਾ, ਪਰ ਸਵਾ ਲੱਖ ਨਾਲ ਲੜ ਸਕਦਾ ਹੈ । ਉੱਦਮੀ ਹੈ ਪਰ ਮਿਲ ਕੇ ਕੰਮ ਕਰਨ ਵਾਲਾ ਨਹੀਂ । ਇਹੀ ਕਾਰਨ ਹੈ ਕਿ ਇਥੇ ਸ਼ਹੀਦ ਤਾਂ ਬੜੇ ਹੋਏ ਹਨ ਪਰ ਲੀਡਰ ਇਕ ਨਹੀਂ, ਜਿਸ ਨੇ ਮਨੁੱਖਤਾ ਦੀ ਭਲਾਈ ਕਰਨ ਦਾ ਆਦਰਸ਼ ਬਣਾਇਆ ਹੋਵੇ । ਉਹ ਗੌਰਮਿੰਟ ਦਾ ਰੁਕਨ ਹੋ ਕੇ ਕਰ ਸਕਦਾ ਹੈ, ਲੀਡਰ ਬਣ ਕੇ ਨਹੀਂ । ਸੋ ਆਪ ਆਈ. ਸੀ. ਐਸ. ਬਣ ਗਏ।
ਇਹ ਵੀ ਕਿ ਹਿੰਦੋਸਤਾਨੀ ਆਪਣੀ ਦਾਇਮੀ ਗ਼ੁਲਾਮੀ ਦੇ ਕਾਰਨ ਜਿਹੜੀ ਦ੍ਰਿਸ਼ਟੀ ਖੋ ਬੈਠੇ ਹਨ ਉਹ ਲਿਟੇਚਰ ਅਤੇ ਆਰਟ ਦੇ ਜ਼ਰੀਏ ਹੀ ਵਾਪਸ ਲਿਆਂਦੀ ਜਾ ਸਕਦੀ ਹੈ ਅਤੇ ਆਪ ਨੇ ਲਾਇਬ੍ਰੇਰੀਆਂ ਬਣਵਾਈਆਂ । ਗੌਰਮਿੰਟ ਤੋਂ, ਲੀਡਰਾਂ ਤੋਂ, ਵਿਓਪਾਰੀਆਂ ਤੋਂ, ਕਲਾਕਾਰਾਂ ਤੋਂ, ਧਾਰਮਕ ਬੰਦਿਆਂ ਤੋਂ ਜਿਥੋਂ ਤੱਕ ਹੋ ਸਕਿਆ ਆਪਣੇ ਰਸੂਖ਼ ਨਾਲ, ਆਪਣੀ ਪੋਜ਼ੀਸ਼ਨ ਨਾਲ ਤਰੀਕੇ ਨਾਲ ਇਨ੍ਹਾਂ ਨੇ ਪਬਲਿਕ ਦਾ ਭਲਾ ਕੀਤਾ ਅਤੇ ਇਕ ਜਿਊਂਦੀ ਕੌਮ ਦੀ ਨੀਂਹ ਰੱਖੀ । ਲਾਇਬ੍ਰੇਰੀਆਂ ਖੋਲ੍ਹੀਆਂ, ਆਰਟ ਸਕੂਲਾਂ ਨੂੰ ਮਦਦ ਦਿਲਵਾਈ, ਕਲਾਕਾਰਾਂ ਨੂੰ ਪ੍ਰੇਰਿਆ, ਕਲਾ ਦੀ ਖੋਜ ਕਰ ਕੇ ਉਸ ਤੇ ਕਿਤਾਬਾਂ ਲਿਖੀਆਂ । ਮੈਨੂੰ ਜਦ ਉਹ ਪਹਿਲੀ ਵਾਰੀ 1950 ਵਿਚ ਅੰਦਰੇਟੇ ਮਿਲਣ ਆਏ ਤਾਂ ਮੈਂ ਇਨ੍ਹਾਂ ਨੂੰ ਇਕ ਐਸੇ ਆਦਮੀ ਦੀ ਦਸ ਪਾਈ ਜਿਸ ਦੇ ਪਾਸ ਮਹਾਰਾਜਾ ਸੰਸਾਰ ਚੰਦ ਦੇ ਸਮੇਂ ਦੀਆਂ ਕੁਝ ਰਹੀਆਂ ਖਹੀਆਂ ਕਾਂਗੜਾ ਕਲਾ ਸ਼ੈਲੀ ਦੀਆਂ ਤਸਵੀਰਾਂ ਸਨ । ਤਾਂ ਆਪ ਨੇ ਉਸ ਕੋਲੋਂ ਚਾਲ੍ਹੀ ਹਜ਼ਾਰ ਰੁਪਏ ਦੀਆਂ ਤਸਵੀਰਾਂ ਚੰਡੀਗੜ੍ਹ ਮਿਊਜ਼ੀਅਮ ਲਈ ਖਰੀਦ ਲਈਆਂ। ਕੇਵਲ ਖਰੀਦੀਆਂ ਹੀ ਨਹੀਂ, ਉਸ ਤੇ ਕਿਤਾਬਾਂ ਲਿਖ ਕੇ, ਛਪਵਾ ਕੇ ਸਾਰੇ ਸੰਸਾਰ ਨੂੰ ਇਸ ਤੋਂ ਜਾਣੂ ਕਰਵਾਇਆ । ਲੋਕ ਗੀਤ ਇਕੱਠੇ ਕੀਤੇ ਅਤੇ ਛਪਵਾਏ । ਫੁੱਲਾਂ ਅਤੇ ਫੁੱਲਾਂ ਦੇ ਦਰਖ਼ਤਾਂ ਲਈ ਜਨਤਾ ਵਿਚ ਪਿਆਰ ਪਾਇਆ। ਗੋਭੀ ਦੇ ਫੁੱਲ ਅਤੇ ਗੁਲਾਬ ਦੇ ਫੁੱਲ ਵਿਚ ਫ਼ਰਕ ਦਰਸਾਇਆ। ਅੱਜ ਚੰਡੀਗੜ੍ਹ ਦੀਆਂ ਸੜਕਾਂ ਬਾਗ਼ ਅਤੇ ਬਗੀਚੇ ਫੁੱਲਾਂ ਨਾਲ ਲਹਿਰਾ ਰਹੇ ਹਨ ਤਾਂ ਇਸ ਗੁਝੇ ਲੀਡਰ ਦੀ ਦੂਰ ਦ੍ਰਿਸ਼ਟੀ ਦਾ ਸਦਕਾ ਹੈ ।
ਸਾਹਿਬੀ ਭੇਖ ਵਿਚ ਹੁੰਦੇ ਹੋਏ ਵੀ ਰੰਧਾਵਾ ਸਾਹਿਬ ਅੰਦਰੋਂ ਪੰਜਾਬੀ ਹਨ । ਪੰਜਾਬੀ ਦੀ ਹਰ ਘਾਟ ਅਤੇ ਹਰ ਵਾਧੇ ਦਾ ਇਨ੍ਹਾਂ ਨੂੰ ਗਿਆਨ ਹੈ । ਜੇ ਇਨ੍ਹਾਂ ਨੂੰ ਪਤਾ ਲਗ ਜਾਏ ਕਿ ਇਹ ਆਦਮੀ ਪੰਜਾਬੀ ਹੋ ਕੇ ਵੀ ਅੰਗਰੇਜ਼ੀ, ਹਿੰਦੀ ਜਾਂ ਉਰਦੂ ਬੋਲਦਾ ਹੈ ਤਾਂ ਇਨ੍ਹਾਂ ਨੂੰ ਬੜਾ ਦੁਖ ਹੁੰਦਾ ਹੈ । ਝਟ ਉਸ ਨੂੰ ਟੋਕ ਦੇਣਗੇ ਅਤੇ ਕਈ ਵੇਰ ਛਿੱਥੇ ਵੀ ਪੈ ਜਾਂਦੇ ਹਨ । ਇਹੋ ਜਿਹੀਆਂ ਗੱਲਾਂ ਵਿਚ ਇਨ੍ਹਾਂ ਦੀ ਬੇਲਿਹਾਜ਼ੀ ਅਤੇ ਬੇਨਿਆਜ਼ੀ ਮਸ਼ਹੂਰ ਹੈ । ਇਕ ਹੋਰ ਖੂਬੀ ਇਨ੍ਹਾਂ ਦੀ ਮੈਂ ਵੇਖੀ ਹੈ, ਜੋ ਕਈ ਵਾਰੀ ਘਾਟ ਵੀ ਸਮਝੀ ਜਾਂਦੀ ਹੈ ਕਿ ਇਹ ਹਰ ਕੰਮ ਪੂਰੀ ਸ਼ਖ਼ਸੀਅਤ ਨਾਲ ਕਰਨਗੇ । ਜੇ ਕੋਈ ਸੁਪਨਾ ਇਨ੍ਹਾਂ ਦੀ ਹਿੱਕ ਮੱਲ ਲਵੇ ਤਾਂ ਫੇਰ ਦਿਲ ਦਿਮਾਗ਼ ਅਤੇ ਆਤਮਾ ਨਾਲ ਜੁਟ ਕੇ ਉਸ ਦੇ ਪਿਛੇ ਪੈ ਜਾਂਦੇ ਹਨ ਅਤੇ ਬਾਕੀ ਹਰ ਕੰਮ ਵਲੋਂ “ਸਵਿਚ ਆਫ਼” ਹੋ ਜਾਂਦੇ ਹਨ । ਕੁਝ ਮਹੀਨਿਆਂ ਦੀ ਗੱਲ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਪੇਂਟਿੰਗ ਤੇ ਚੰਡੀਗੜ੍ਹ ਮਿਊਜ਼ੀਅਮ ਵਿਚ ਕੰਮ ਕਰ ਰਿਹਾ ਸਾਂ, ਇਕ ਦੰਮ ਮੈਨੂੰ ਘਰ ਵਾਪਸ ਆਉਣਾ ਪੈ ਗਿਆ । ਮੈਂ ਆਉਂਦੇ ਹੋਏ ਇਨ੍ਹਾਂ ਨੂੰ ਮਿਲ ਕੇ ਆਉਣਾ ਚਾਹੁੰਦਾ ਸਾਂ ਅਤੇ ਮੈਂ ਇਨ੍ਹਾਂ ਦੇ ਦਫ਼ਤਰ ਗਿਆ । ਰੰਧਾਵਾ ਸਾਹਿਬ ਦਾ ਸਰੀਰ ਤਾਂ ਉਥੇ ਸੀ, ਪਰ ਰੰਧਾਵਾ ਸਾਹਿਬ ਵਿਚ ਨਹੀਂ ਸਨ । ਮੇਰੀ ਸਤਿ ਸਰੀ ਅਕਾਲ ਦਾ ਕੋਈ ਜਵਾਬ ਨਹੀਂ, ਅੱਖਾਂ ਵੀ ਉਤਾਂਹ ਨਹੀਂ ਚੁਕੀਆਂ ਅਤੇ ਬੇ ਦਿਲੀ ਜਿਹੀ ਨਾਲ ਦੋ ਕੁ ਗੱਲਾਂ ਕੀਤੀਆਂ । ਮੈਂ ਮੌਕਾ ਠੀਕ ਨਾ ਸਮਝ ਕੇ ਬਾਹਰ ਆ ਗਿਆ । ਜੇ ਕੋਈ ਹੋਰ ਬੰਦਾ ਹੁੰਦਾ ਤਾਂ ਮੈਂ ਇਸ ਵਤੀਰੇ ਨੂੰ ਆਪਣੀ ਸਭ ਤੋਂ ਵਧ ਹਤਕ ਸਮਝਦਾ, ਪਰ ਮੈਨੂੰ ਪਤਾ ਸੀ ਇਨ੍ਹਾਂ ਦੀ “ਸਵਿਚ ਆਨ” ਅਤੇ “ਸਵਿਚ ਆਫ” ਦੀ ਆਦਤ ਦਾ, ਇਨ੍ਹਾਂ ਦੀ ਜਜ਼ਬਾਤੀ ਤਬੀਅਤ ਦਾ । ਮੈਨੂੰ ਕੋਈ ਦੁੱਖ ਨਹੀਂ ਹੋਇਆ । ਇਹ ਇਨ੍ਹਾਂ ਦੀ ਸ਼ਖਸੀਅਤ ਦਾ ਇਕ ਕਲਾਕਾਰ ਹਿੱਸਾ ਹੈ ਕਿ ਇਕ ਸਮੇਂ ਇਕ ਕੰਮ ਸਮੂਲਚੀ ਸ਼ਖਸੀਅਤ ਨਾਲ ਕਰਨਾ ।
ਇਨ੍ਹਾਂ ਦੀ ਪ੍ਰੇਰਨਾ ਦੀ ਸ਼ਕਤੀ ਬੜੀ ਹੈ । ਬਹੁਤੀ ਵੇਰ ਹੋਣਹਾਰ ਪ੍ਰਤਿਭਾ ਨੂੰ, ਜੋ ਅਜੇ ਤਕ ਵਧ ਹੀ ਰਿਹਾ ਹੈ ਅਤੇ ਕਿਸੇ ਕਮਾਲ ਤੱਕ ਨਹੀਂ ਵੀ ਪੁੱਜਾ, ਚੁਕਣਾ ਆਪਣਾ ਪਹਿਲਾ ਫ਼ਰਜ਼ ਸਮਝਣਗੇ । ਇਕ ਦੂਜੇ ਦੀ ਕਾਬਲੀਅਤ ਦੀ ਮੂੰਹ ਨਾਲ ਹੀ ਨਹੀਂ ਹਰ ਤਰ੍ਹਾਂ ਦਾਦ ਦੇਂਦੇ ਹਨ । ਮੈਨੂੰ ਇਕ ਘਟਨਾ ਯਾਦ ਹੈ । ਜਦੋਂ ਆਪ 1951 ਵਿਚ ਮੁੜ ਵਸਾਊ ਮਹਿਕਮੇ ਦੇ ਡਾਇਰੈਕਟਰ ਸਨ ਅਤੇ ਉਹਨੀਂ ਦਿਨੀਂ ਪਾਕਿਸਤਾਨੀ ਹਮਲੇ ਦਾ ਡਰ ਭਾਸ ਰਿਹਾ ਸੀ । ਇਥੋਂ ਤਕ ਕਿ ਜਲੰਧਰ ਤੋਂ ਬਹੁਤ ਸਾਰੇ ਜ਼ਰੂਰੀ ਕਾਗ਼ਜ਼ ਸ਼ਿਮਲੇ ਭੇਜੇ ਜਾ ਰਹੇ ਸਨ, ਮੈਂ ਇਨ੍ਹਾਂ ਕੋਲੋਂ ਵਿਦਾਈ ਲੈਣ ਦੇ ਸਮੇਂ ਇਨ੍ਹਾਂ ਨੂੰ ਕਿਹਾ ਕਿ ਇਹ ਖ਼ਤਰਾ ਵਧ ਜਾਏ ਤਾਂ ਆਪ ਬੱਚਿਆਂ ਨੂੰ ਅੰਦਰੇਟੇ ਮੇਰੇ ਪਾਸ ਭੇਜ ਦੇਣਾ, ਪਿੰਡ ਹੈ, ਅਤੇ ਬੌਰਡਰ ਤੋਂ ਦੂਰ ਹੈ, ਤਾਂ ਆਪ ਨੇ ਮਸ਼ਕੂਰ ਤੱਕਣੀ ਨਾਲ ਕਿਹਾ ਕਿ “ਬੱਚਿਆਂ ਨਾਲੋਂ ਹੰਢੇ ਹੋਏ ਬੰਦਿਆਂ ਨੂੰ ਸੁਰਖਸ਼ਤ ਰਖਣ ਦੀ ਵਧੇਰੇ ਲੋੜ ਹੈ । ਬੱਚਿਆਂ ਨੇ ਪਤਾ ਨਹੀਂ ਕੁਝ ਬਣਨਾ ਹੈ ਕਿ ਨਹੀਂ, ਪਰ ਗੂੜ੍ਹੇ ਹੋਏ ਬੰਦੇ ਸਾਡੀ ਕੌਮ ਦੀ ਵਿਰਾਸਤ ਹਨ । ਉਂਞ ਜੇ ਲੋੜ ਪਈ ਤਾਂ ਮੈਂ ਆਪ ਦੇ ਘਰ ਨੂੰ ਆਪਣਾ ਘਰ ਸਮਝਦਾ ਹਾਂ ।” ਸੋ ਇਹ ਆਪਣੀ ਸ਼ਖਸੀਅਤ ਦੇ ਆਲੇ ਦੁਆਲੇ ਮਾਲੀਆਂ ਤੋਂ ਲੈ ਕੇ ਕਲਾਕਾਰਾਂ ਦੇ ਹੀਰੇ ਥਾਂ ਥਾਂ ਜੜ ਰਹੇ ਹਨ । ਪੀਟਰ ਦੀ ਗਰੇਟ ਵਾਂਗ ਜਿਥੋਂ ਕੋਈ ਖੂਬੀ ਮਿਲਦੀ ਹੈ,
ਭਾਰਤ ਮਾਤਾ ਦੇ ਤਾਜ ਵਿਚ ਜੜ ਰਹੇ ਹਨ। ਅਜ ਨਹੀਂ ਕਲ੍ਹ, ਕਲ੍ਹ ਨਹੀਂ- ਕਈ ਕਲ੍ਹਾਂ ਬਾਅਦ ਸਮਾਂ ਆਏਗਾ ਜਦ ਇਸ ਸੁਚੱਜੇ ਦੇਸ ਭਗਤ ਦੀ ਦੂਰ ਦ੍ਰਿਸ਼ਟੀ ਦਾ ਸਿੱਟਾ ਇਹ ਸਾਬਤ ਕਰ ਦੇਵੇਗਾ ਕਿ ਪੰਜਾਬੀ ਢੰਗੇ ਨਹੀਂ, ਮੋਟਰ ਡਰਾਈਵਰ ਤੇ ਗਾਰਡਜ਼ ਮੈਨ ਨਹੀਂ ਸਗੋਂ ਕਲਾਕਾਰ, ਅਣਖੀਲੇ ਸਿਪਾਹੀ, ਸਾਇੰਸਦਾਨ ਦਾਤੇ ਅਤੇ ਦੇਸ਼ ਭਗਤ ਹਨ ਜਿਨ੍ਹਾਂ ਦੀ ਹਿੱਕ ਤੇ ਭਾਰਤ ਨੂੰ ਆਜ਼ਾਦੀ ਮਿਲੀ, ਜਿਨ੍ਹਾਂ ਦੀ ਹਿੱਕ ਨਾਲ ਭਾਰਤ ਦੀ ਆਜ਼ਾਦੀ ਕਾਇਮ ਹੈ, ਜਿਸ ਦਾ ਕਿਸਾਨ ਭਾਰਤ ਨੂੰ ਸਭ ਤੋਂ ਵਧ ਪਾਲ ਰਿਹਾ ਹੈ ਅਤੇ ਜੋ ਆਪਣੀ ਦੇਣ ਦਾ ਮੁੱਲ ਨਹੀਂ ਜਤਾਂਦਾ, ਮੁੱਲ ਨਹੀਂ ਮੰਗਦਾ ਅਤੇ ਉਦੋਂ ਇਸ ਮਹਾਨ ਆਦਮੀ ਦੇ ਥਾਂ ਥਾਂ ਤੇ ਬੁੱਤ ਲਗੇ ਹੋਏ ਹੋਣਗੇ ਅਤੇ ਆਉਣ ਵਾਲੀਆਂ ਨਸਲਾਂ ਇਨ੍ਹਾਂ ਤੋਂ ਪ੍ਰੇਰਨਾ ਲੈਣਗੀਆਂ । (1969)

ਜੀਵਨ ਪੁਸਤਕ ਵਿਚੋਂ ਸਾਡਾ ਸਾਂਝਾ ਕਾਂਡ

ਬਾਲਕ ਖੁਸ਼ ਰਹਿ ਸਕਦਾ ਹੈ ਕਿ ਅੰਞਾਣਾ ਹੈ, ਉਸ ਦੇ ਦਿਮਾਗ਼ ਦੀ ਸਲੇਟ ਮਾਣਾਂ-ਅਪਮਾਣਾਂ, ਲਾਭਾਂ ਤੇ ਹਾਣਾਂ ਤੋਂ ਸਾਫ਼ ਹੈ, ਭਾਵੇਂ ਉਸ ਨੂੰ ਵਡੇਰਿਆਂ (ਜਿਨ੍ਹਾਂ ਨੂੰ ਅਸੀਂ ਸਿਞਾਣੇ ਆਖਦੇ ਹਾਂ) ਜਿੰਨੀਆਂ ਸਹੂਲਤਾਂ ਨਹੀਂ ਹੁੰਦੀਆਂ । ਸਰੀਰੋਂ ਕੋਮਲ ਜਾਂ ਨਿਰਬਲ, ਕੱਦੋਂ ਛੋਟਾ । ਆਪਣੇ ਨਾਲੋਂ ਵਡੇਰੇ ਬੱਚਿਆਂ ਦੀ ਮਾਰ ਦਾ ਡਰ । ਮਾਸਟਰਾਂ ਦੀ ਮਾਰ ਦਾ ਤੇ ਰੁਅਬ ਦਾ ਡਰ । ਮਾਪਿਆਂ ਦੇ ਦਬਾਓ ਤੇ ਮਾਰ ਦਾ ਡਰ । ਪੈਸੇ ਧੇਲੇ ਵਲੋਂ ਵੀ ਮਾਤਾ ਪਿਤਾ ਦੀ ਮੁਹਤਾਜੀ, ਕਦੇ ਜ਼ਿੱਦ ਕਰ ਕੇ ਤੇ ਕਦੇ ਤਰਲਿਆਂ ਨਾਲ, ਅਤੇ ਕਦੇ ਰੋ ਧੋ ਕੇ ਨਿੱਕੀਆਂ ਨਿੱਕੀਆਂ ਰੀਝਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ । ਪਰ ਫੇਰ ਵੀ ਖੁਸ਼ ਰਹਿੰਦਾ ਹੈ ।
ਕਿਉਂਕਿ ਖੁਸ਼ੀ ਵਡੱਪਣ ਨਹੀਂ, ਸੰਤੁਸ਼ਟਤਾ ਵਿਚ ਨਹੀਂ, ਹਕੂਮਤ ਤੇ ਪੂਰਨਤਾ ਵਿਚ ਨਹੀਂ, ਸਗੋਂ ਨਿਰਮਲ ਜਲ ਦੇ ਚਸ਼ਮੇ ਦਾ ਵਹਿਣ ਹੈ । ਆਜ਼ਾਦ ਫ਼ਿਜ਼ਾ ਦਾ ਵਿਕਾਸ ਹੈ, ਜਿਸ ਵਿਕਾਸ ਵਿਚ ਸਾਰਾ ਬ੍ਰਹਿਮੰਡ ਚਲ ਰਿਹਾ ਹੈ । ਚਸ਼ਮਾ ਹੈ, ਛੱਪੜ ਨਹੀਂ । ਸਰੋਵਰ ਨਹੀਂ ਜਿਥੇ ਪਾਣੀ ਸਥਿਰ ਰਵੇ, ਜਿਨ੍ਹਾਂ ਦੀ ਰਵਾਨੀ ਬੰਦ ਹੋ ਚੁੱਕੀ ਹੋਵੇ । ਵੇਖਣ ਤੇ ਛੱਪੜ ਦਰਿਆ ਨਾਲੋਂ ਸ਼ਾਂਤ ਹਨ । ਸ਼ਾਂਤੀ, ਜੋ ਅਸਲ ਵਿਚ ਇਸ ਦੀ ਰਵਾਨੀ ਦੀ ਮੌਤ ਹੁੰਦੀ ਹੈ । ਕੀੜੇ ਪੈ ਜਾਂਦੇ ਹਨ, ਸੜ੍ਹਿਆਂਦ ਉਠਦੀ ਹੈ, ਨੱਕ ਨਹੀਂ ਦਿੱਤਾ ਜਾਂਦਾ । ਦਰਿਆ ਵੀ ਨਹੀਂ, ਜਿਸ ਵਿਚ ਕਈ ਕਿਸਮ ਦੀ ਮਲ ਹੈ, ਸਗੋਂ ਖੁਸ਼ੀ ਇਕ ਰਵਾਨੀ ਹੈ, ਜਿਸ ਦਾ ਕੋਈ ਆਦਿ ਨਹੀਂ, ਕੋਈ ਟੀਚਾ ਨਹੀਂ ਤੇ ਕੋਈ ਅੰਤ ਨਹੀਂ ।
ਅੰਞਾਣਾ ਭੂਤਕਾਲ ਵਿਚ ਜਾਂ ਭਵਿੱਖ ਵਿਚ ਨਹੀਂ ਰਹਿੰਦਾ, ਸਗੋਂ ਵਰਤਮਾਨ ਵਿਚ ਜੀਊਂਦਾ ਹੈ, ਸਹਿਜ ਵਿਚ ਜੀਊਂਦਾ ਹੈ । ਪਰ ਦਿਮਾਗੀ ਸਿਞਾਣਾ ਵਿਅਕਤੀ ਭਾਵੇਂ ਸਰੀਰਕ ਤੌਰ ਤੇ ਵਡੇਰਾ ਹੈ, ਪੈਸੇ ਵਲੋਂ ਵੀ ਅਮੀਰ ਹੈ, ਜਾਗੀਰ ਵੀ ਹੈ, ਹਕੂਮਤ ਵੀ ਹੈ, ਹਿਫ਼ਾਜ਼ਤ ਵੀ ਹੈ ਪਰ ਬਾਲਾਂ ਜਿੰਨਾ ਖੁਸ਼ ਨਹੀਂ । ਕਿਉਂਕਿ ਇਹਨਾਂ ਹੀ ਦੁਨਿਆਵੀ ਤੇ ਦਿਮਾਗੀ ਗੁਣਾਂ ਨੇ ਇਸ ਦੀ ਆਤਮਾ ਨੱਪੀ ਹੋਈ ਹੈ। ਇਸ ਦਾ ਦਿਮਾਗ਼ ਜਾਣਕਾਰੀ, ਵਿੱਦਿਆ ਤੇ ਡਿਗਰੀਆਂ ਡਿਪਲੋਮਿਆਂ ਨਾਲ ਲੱਦਿਆ ਪਿਆ ਹੈ। ਇਸ ਦੇ ਅਚੇਤ ਮਨ ਵਿਚ ਭੂਤਕਾਲ ਦਾ ਅਭਿਮਾਨ ਤੇ ਪਰਛਾਵੇਂ ਹਨ । ਹਾਣ ਦਾ ਡਰ ਤੇ ਲਾਭ ਦੀ ਤੜਪ ਹੈ । ਦੂਜਿਆਂ ਦੇ ਮਾਣ ਦਾ ਸਾੜਾ ਤੇ ਆਪਣੇ ਅਪਮਾਨ ਦਾ ਡਰ ਹੈ, ਇਸ ਲਈ ਹਰ ਸਾਹ ਸੋਚ ਸੋਚ ਕੇ ਲੈਣ ਦਾ ਆਦੀ ਹੋ ਚੁੱਕਾ ਹੈ । ਇਸ ਲਈ ਹੱਸਣਾ ਮੁਸਕਰਾਉਣਾ ਤਾਂ ਕਿਤੇ ਰਿਹਾ ਖੁਲ੍ਹ ਕੇ ਰੋ ਵੀ ਨਹੀਂ ਸਕਦਾ ।
ਆਪਣੀ ਦਿਮਾਗ਼ੀ ਤੜਪ (ਜਿਸ ਵਿਚ ਕਾਮ-ਲੋਭ ਹੈ, ਮੋਹ ਤੇ ਹੰਕਾਰ ਹੈ) ਦੀ ਸ਼ਾਂਤੀ ਲਈ ਕਿਸੇ ਅਣਡਿੱਠੇ ਰੱਬ ਅੱਗੇ ਹਾੜੇ ਕੱਢਦਾ, ਤਰਲੇ ਮਾਰਦਾ ਤੇ ਨੱਕ ਰਗੜਦਾ ਹੈ । ਪਾਠ ਕਰਵਾਉਂਦਾ ਤੇ ਪੂਜਾ ਕਰਦਾ ਹੈ, ਪਰ ਫੇਰ ਵੀ ਦੁਖੀ ਹੈ । ਕਿਉਂਕਿ ਅੰਦਰਲੇ ਰੱਬ ਦਾ ਵਿਕਾਸ ਦਿਮਾਗੀ ਚਤਰਾਈ ਨਾਲ ਨੱਪਿਆ ਪਿਆ ਹੈ ।
ਮੇਰਾ ਨਾਨਕ ਸਿੰਘ ਹੋਰਾਂ ਨਾਲ ਅੰਞਾਣਿਆਂ ਵਾਲੀ ਸਹਿਜ ‘ਚ ਜੀਊਣ ਦਾ ਰਿਸ਼ਤਾ ਸੀ । ਖੁਸ਼ੀ ਦੇ ਵਹਿਣ ‘ਚ ਵਹਿਣਾ । ਗੋਡੇ ਵਜਾ ਵਜਾ ਕੇ ਗਾਉਣ ਦਾ ਰਿਸ਼ਤਾ, ਧੁੱਪਾਂ ਸੇਕਣ ਤੇ ਮੀਂਹਾਂ ‘ਚ ਨਹਾਉਣ ਦਾ ਰਿਸ਼ਤਾ । ਮੁਸਕਰਾਉਣ, ਹੱਸਣ ਤੇ ਖਿੜਖਿੜਾਉਣ ਦਾ ਰਿਸ਼ਤਾ ।
ਅਸੀਂ ਹੱਸ ਸਕਦੇ ਸਾਂ, ਕਿਉਂਕਿ ਸਾਡੇ ਦਿਲਾਂ ਤੇ ਪੈਸੇ ਦਾ ਭਾਰ ਨਹੀਂ ਸੀ । ਡਿਗਰੀਆਂ ਦਾ ਹੰਕਾਰ ਨਹੀਂ ਸੀ, ਸੁਪਨਿਆਂ ਦਾ ਸੰਸਾਰ ਨਹੀਂ ਸੀ, ਲਾਭਾਂ ਦੀ ਲਾਲਸਾ ਅਤੇ ਘਾਟਿਆਂ ਦੀ ਉਜਾੜ ਨਹੀਂ ਸੀ । ਮੈਨੂੰ ਤਾਂ ਕਿਸੇ ਦਾ ਵੀ ਭਉ ਨਹੀਂ ਸੀ, ਪਰ ਇਹਨਾਂ ਨੂੰ ਆਪਣੀ ਜੀਵਨ ਸਾਥਣ ਦਾ ਭਉ ਤਾਂ ਨਹੀਂ, ਭਾਓ ਜ਼ਰੂਰ ਸੀ ।
ਮੇਰਾ ਤਾਂ ਬਚਾਓ ਹੀ ਸੀ, ਪਰ ਇਹਨਾਂ ਨੂੰ ਸੰਸਾਰ ਦੀ ਹਰ ਸ਼ੈ ਵਾਂਗ ਪੁਰਸ਼ ਅਤੇ ਪ੍ਰਕਿਰਤੀ ਦੀ ਰੱਸਾ-ਕਸ਼ੀ ਦਾ ਸ਼ਿਕਾਰ ਹੋਣਾ ਪੈਂਦਾ ਸੀ । ਇਸ ਰੱਸੇ ਦੇ ਇਕ ਬੰਨੇ ਮੈਂ ਸਾਂ ਅਤੇ ਦੂਜੇ ਬੰਨੇ ਸੀ ਇਹਨਾਂ
ਦੀ ਜੀਵਨ ਸਾਥਣ- ਬੀਬੀ ਰਾਜ ਕੌਰ, ਜੋ ਇਹਨਾਂ ਦੇ ਦਿਲ ਤੇ ਰਾਜ ਕਰਦੀ ਸੀ ਅਤੇ ਮੈਂ ਸਾਂ ਇਹਨਾਂ ਦੀ ਰੂਹ ਦਾ ਹਮਜੋਲੀ । ਮੇਰੇ ਨਾਲ ਆਜ਼ਾਦ ਫ਼ਿਜ਼ਾ ਵਿਚ ਕਿਲਕਿਲੀ ਪਾ ਕੇ ਇਹ ਵਧੇਰੇ ਖੁਸ਼ ਹੁੰਦੇ ਸਨ । ਪਰ ਰਾਜ ਭੈਣ ਗ੍ਰਹਿਸਤ ਦੀ ਸਿਆਣਪ ਨਾਲ ਇਹਨਾਂ ਦੀ ਰੂਹ ਨੂੰ ਨੱਪ ਦੇਂਦੀ ਸੀ ।
ਮੈਂ ਇਹਨਾਂ ਨੂੰ ਕੁਦਰਤ ਦੇ ਵਿਸ਼ਾਲ ਵਿਹੜੇ ਵੱਲ ਖਿੱਚਦਾ, ਪਰ ਰਾਜ ਇਹਨਾਂ ਨੂੰ ਘਰ ਦੀ ਚਾਰ ਦੀਵਾਰੀ ਵਲ । ਇਕ ਵਕਤ ਆਇਆ ਕਿ ਮੈਂ ਹਾਰ ਗਿਆ ਅਤੇ ਬੀਬੀ ਰਾਜ ਕੌਰ ਜਿੱਤ ਗਈ । ਇਸ ਦਾ ਨਿਰਣਾ ਸਮਾਂ ਕਰ ਰਿਹਾ ਹੈ । ਅੱਜ ਜਿਥੇ ਮੈਂ ਹਿਮਾਲੀਆ ਦੀ ਆਜ਼ਾਦ ਫ਼ਿਜ਼ਾ ਦੇ ਖੁਲ੍ਹੇ ਵਿਹੜੇ ਵਿਚ ਬਹਿ ਕੇ ਗਾ ਤੇ ਗੋਡੇ ਵਜਾ ਰਿਹਾ ਹਾਂ, ਓਥੇ ਨਾਨਕ ਸਿੰਘ ਹੋਰੀਂ ਓਸੇ ਪੰਜਾਬ ਤੇ ਪੰਜਾਬ ਸਿੰਘ ਦੀ ਗਲੀ ਓਹੋ ਈ, ਪਲੰਘ ਦੀ ਪੈਂਦੇ ਨੁੱਕਰ ਵਲ ਮੂੰਹ ਕਰੀ ਪੇਪਰਾਂ ਦੇ ਪਲੰਦੇ ਕੋਲ ਬੈਠੇ, ਪਵਿੱਤਰ ਪਾਪੀ ਵਰਗੇ ਨਾਵਲਾਂ ਤੇ ਪੈੱਨ ਘਸਾ ਰਹੇ ਹਨ ।
ਪਰ ਇਕ ਵਕਤ ਸੀ, ਅੰਮ੍ਰਿਤਸਰੋਂ ਤਾਂ ਜਾਂਦੇ ਹੀ ਹੁੰਦੇ ਸਾਂ, ਲਾਹੌਰੋਂ ਵੀ ਜਦ ਮੇਰੇ ਪਾਸ ਪਠਾਨਕੋਟ ਜਾਂ ਨੂਰਪੁਰ ਤਕ ਆਉਣ ਜਾਣ ਦਾ ਕਿਰਾਇਆ ਜੁੜ ਜਾਂਦਾ, ਮੇਰੇ ਪੈਰਾਂ ਵਿਚ ਖੁਰਕ ਹੋਣੀ ਸ਼ੁਰੂ ਹੋ ਜਾਂਦੀ ਅਤੇ ਮੈਂ ਉਠ ਤੁਰਦਾ ਅੰਮ੍ਰਿਤਸਰ ਵਲ ਨੂੰ । ਅਤੇ ਮੇਰੇ ਘਰ ਪਹੁੰਚਦਿਆਂ ਹੀ ਖੁਰਕ ਸ਼ੁਰੂ ਹੋ ਜਾਂਦੀ ਅਤੇ ਰਾਜ ਭੈਣ ਦੇ ਮੱਥੇ ਉਤੇ ਤਿਉੜੀ । ਤਿਉੜੀ ਵਾਲੀ ਮੁਸਕਾਣ ਰਾਜ ਭੈਣ ਦੀ ਕਲਾ ਹੈ। ਬਿਨ-ਮੁਸਕਾਇਆਂ ਤੀਊੜੀ ਕਦੇ ਨਹੀਂ ਪਵੇਗੀ । ਹਰ ਕੁਨੀਨ ਦੀ ਗੋਲੀ ਤੇ ਰੰਗ ਚਾੜ੍ਹਨਾ ਇਸ ਦਾ ਹੁਨਰ । ਹੈ ਅਤੇ ਏਸੇ ਹੀ ਹੁਨਰ ਨੇ ਬਣਾਇਆ ਹੈ ਨਾਨਕ ਸਿੰਘ ਹੋਰਾਂ ਨੂੰ, ਜੋ ਉਹ ਅੱਜ ਹਨ।
ਅੱਜ ਲੋਕਾਈ ਨਾਨਕ ਸਿੰਘ ਨੂੰ ਜਾਣਦੀ ਹੈ, ਪਰ ਉਸ ਨੂਰ-ਜਹਾਨੀ ਹੱਥ ਨੂੰ ਬੜੇ ਘਟ ਅਨੁਭਵ ਕਰਦੇ ਹਨ, ਜੋ ਇਹਨਾਂ ਦੀ ਪਿੱਠ ਤੇ ਫਿਰ ਫਿਰ ਕੇ ਇਹਨਾਂ ਦੀ ਕਲਾਂ ‘ਚ ਜਾਨ ਪਾਉਂਦਾ ਰਿਹਾ ਹੈ।
ਮੈਂ ਲਾਹੌਰੋਂ ਆਉਂਦਾ ਹੀ ਮੁਸਕਾਉਣ ਲਗ ਪੈਂਦਾ ਅਤੇ ਰਾਜ ਭੈਣ ਤਿਊੜੀਆਂ ਭਰੀ ਮੁਸਕ੍ਰਾਹਟਾਂ ਨਾਲ ਨਾਨਕ ਸਿੰਘ ਹੋਰਾਂ ਦਾ ਤੰਦ ਢਿੱਲਾ ਕਰਨ ਤੇ ਮਜਬੂਰ ਹੋ ਜਾਂਦੇ । ਜੇ ਕਦੇ ਇਹਨਾਂ ਦਾ ਗੁੱਸਾ ਜ਼ਬਾਨ ਤੱਕ ਆਪ ਪਹੁੰਚਦਾ ਤਾਂ ਮੈਂ ਆਪਣੀ ਫ਼ਿਲਾਸਫ਼ਰੀ ਦੀ ਆੜ ਲੈਂਦਾ, “ਬੀਬੀ ਜੀ ਜਦ ਤਕ ਮਾਸ਼ਟਰ ਹੋਰੀਂ ਕੁਦਰਤ ਨਹੀਂ ਵੇਖਣਗੇ, ਕੁਦਰਤ ਨਹੀਂ ਜੀਊਣਗੇ, ਕੁਦਰਤ ਕਿੱਦਾਂ ਲਿਖਣਗੇ ਅਤੇ ਵਡੇ ਕਲਾਕਾਰ ਕਿਵੇਂ ਬਣਨਗੇ । ਪੈਸਾ ਕਿਥੋਂ ਆਊਗਾ ਤੇ ਰੋਟੀ ਕਿਥੋਂ ਆਊਗੀ ਤੇ ਵਹੁਟੀ…”
“ਰਹਿਣ ਦਿਉ ਭਰਾ ਜੀ ਇਹ ਫ਼ਿਲਾਸਫ਼ਰੀਆਂ…”
“ਫ਼ਿਲਾਸਫ਼ਰੀ ਨਹੀਂ ਬੀਬੀ ਜੀ, ਪੰਜਾਬ ਸਿੰਘ ਦੀ ਤੰਗ ਗਲੀ ਵਿਚ, ਘੁੱਟੀ ਹੋਈ ਕਲਾ ਹੀ ਜਨਮ ਲੈ ਸਕਦੀ ਹੈ । ਆਜ਼ਾਦ ਕਲਾ, ਜੋ ਇਹਨਾਂ ਦਾ ਨਾਉਂ ਉੱਚਾ ਕਰੇਗੀ, ਉਹ…”
“ਬਸ ਕਰੋ, ਬਸ ਕਰੋ, ਰਹਿਣ ਦਿਓ। ਵਕਤ ਵੀ ਖਰਾਬ ਹੁੰਦੈ ਤੇ ਪੈਸੇ ਵੀ ਖਰਾਬ ਹੁੰਦੇ ਨੇ ।”
“ਖਰਾਬ ਹੁੰਦੈ ? ਰਾਮ ਰਾਮ ਰਾਮ ਖਰਾਬ ਹੁੰਦੈ ਕਹਿੰਦੇ ਓ ਤੁਸੀਂ ? ਰੱਬ ਰੱਬ ਕਰੋ ਜੀ, ਜਿਹੜੇ ਲੋਕ ਸਕੂਲਾਂ ਕਾਲਜਾਂ ‘ਚ ਪੜ੍ਹਦੇ ਨੇ ਉਹ ਵਕਤ ਤੇ ਪੈਸੇ ਖਰਾਬ ਕਰਨ ਲਈ ਪੜ੍ਹਦੇ ਨੇ ਬੀਬੀ ਜੀ !” ਅਜਿਹੀ ਵਕਾਲਤ ਤੇ ਨਾਨਕ ਸਿੰਘ ਹੋਰੀਂ ਵੀ ਜ਼ਮੀਨ ਤੇ ਗੱਡੀਆਂ ਅੱਖਾਂ ਚੁੱਕ ਕੇ ਬੀਬੀ ਵਲ ਭਿੱਗੀ ਬਿੱਲੀ ਵਾਲੀ ਤੱਕਣੀ ਸੁੱਟਦੇ, “ਹਾਂ ਜੀ, ਕਿਆ ਅਕਲ ਦੀ ਗੱਲ ਏ ।”
“ਤੁਸੀਂ ਨਾ ਬੋਲਿਆ ਕਰੋ ਵਿਚ, ਭਰਾ ਜੀ ਵਕਾਲਤ ਕਰਨ ਨੂੰ ਘਟ ਨੇ- ਲੋਕੀਂ ਜੇ ਸਕੂਲਾਂ ਕਾਲਜਾਂ ‘ਚ ਪੜ੍ਹਦੇ ਨੇ ਤਾਂ ਉਹਨਾਂ ਨੂੰ ਸਰਟੀਫਿਕੇਟ ਵੀ ਮਿਲ ਜਾਂਦੇ ਨੇ ਨਾ, ਨੌਕਰੀ ਕਰਨ ਨੂੰ । ਤੁਸੀਂ ਤਾਂ ਪੈਸੇ-ਪੂਸੇ ਖ਼ਰਾਬ ਕਰ ਕੇ ਹੱਥ ਲਮਕਾਉਂਦੇ ਆ ਵੜੋਗੇ ।”
ਇਹੋ ਜਿਹੇ ਵੇਲੇ ਚੁੱਪ ਦਾ ਮੰਤਰ ਸਭ ਤੋਂ ਵਧ ਕੰਮ ਕਰਦਾ ਸੀ । ਮੈਂ ਮਾਸ਼ਟਰ ਹੋਰਾਂ ਵਲ ਵੇਖਦਾ ਅਤੇ ਮਾਸਟਰ ਹੋਰੀਂ ਅੰਦਰ ।
ਪਰ ਰੱਬ ਭਲਾ ਕਰੇ ਰਾਜ ਭੈਣ ਦਾ ਹਮੇਸ਼ਾ ਮੰਨ ਹੀ ਜਾਂਦੀ ਅਤੇ ਮਾਸ਼ਟਰ ਹੋਰੀਂ ਜੋ ਅਜੇ ਤਕ ਸਿਰ ਸੁੱਟੀ ਜ਼ਮੀਨ ਵਲ ਤੱਕ ਰਹੇ ਹੁੰਦੇ, ਮੈਨੂੰ ਜਿੱਤਿਆ ਵੇਖ ਕੇ ਰਾਜ ਭੈਣ ਵਲ ਤੱਕਦੇ, ਪਰ ਨਜ਼ਰਾਂ ਮਿਲਦਿਆਂ ਹੀ ਫੇਰ ਜ਼ਮੀਨ ‘ਚ ਜਾ ਗੱਡਦੇ ।
ਗ੍ਰਹਿਸਤ ਦੇ ਕਿੱਲੇ ਤੋਂ ਰੱਸਾ ਖੁਲ੍ਹਦੇ ਹੀ ਮਾਸ਼ਟਰ ਹੋਣੀ ਬਦਲ ਜਾਂਦੇ । ਪਰ ਤੁਰਦੇ ਭਿੱਗੀ ਬਿੱਲੀ ਵਾਂਗ ਹੀ । ਬਿੱਲੀ ਜਿਸ ਨੂੰ ਚੂਹਾ ਫੜਨ ਦੀ ਆਸ ਤਾਂ ਬੱਝ ਗਈ ਹੋਵੇ, ਪਰ ਫੜੇ ਜਾਣ ‘ਚ ਸ਼ੱਕ ਹੋਵੇ । ਪੌੜੀਆਂ ਉਤਰਦੇ ਇਉਂ ਭਾਸਦੇ ਜਿਵੇਂ ਜਾਨ ਛੁਡਾ ਰਹੇ ਹੋਣ, ਪਰ ਗਲੀ ‘ਚ ਪੈਰ ਰਖਿਆ ਨਹੀਂ ਤੇ ਨਾਨਕ ਸਿੰਘ ਹੋਰੀਂ ਹੋਰ ਦੇ ਹੋਰ । ਜੋ ਕੁਝ ਸਕਿੰਟ ਪਹਿਲੋਂ ਭਿੱਗੀ ਬਿੱਲੀ ਹੁੰਦੇ, ਹੁਣ ਸ਼ੇਰ ਅਤੇ ਬਾਜ਼ਾਰ ਵਿਚ ਆ ਕੇ ਬੱਬਰ ਸ਼ੇਰ ।
ਅਤੇ ਇਹਨਾਂ ਦੀ ਆਪਣੀ-ਕਲਾ-ਜਾਚ ਲਈ- ਆਜ਼ਾਦੀ ਦੀ ਖੁਸ਼ੀ ਵਿਚ ਕਦੇ ਕਦੇ ਟਾਂਗੇ ਵਾਲੇ ਨਾਲ ਹੀ ਡਾਏਲਾਗ ਸ਼ੁਰੂ ਹੋ ਜਾਂਦੀ ।
“ਕਿੰਨੇ ਵਜੇ ਜੋੜਦੈਂ ਭਾਈ ਟਾਂਗਾ ?”
“ਸਵੇਰੇ ਚਾਰ ਵਜੇ ਸਰਦਾਰ ਜੀ ।”
“ਕਿੰਨੇ ਭਰਾ ਓ ? ਕਿੰਨੇ ਕੁ ਪੈਸੇ ਬਣ ਜਾਂਦੇ ਨੇ ?” ਦਿਮਾਗ਼ ਤਾਂ ਬੇਮੁਹਾਰੇ ਸਵਾਲ ਪੁੱਛੀ ਜਾਂਦਾ, ਪਰ ਦਿਲ ਨੱਚ ਰਿਹਾ ਹੁੰਦਾ ਆਜ਼ਾਦੀ ਦੇ ਨਸ਼ੇ ਨਾਲ । ਜੇ ਕਦੇ ਹੱਸ ਕੇ ਪੁੱਛ ਬਵਾਂ ਕਿ “ਮਾਸ਼ਟਰ ਜੀ ਏਦਾਂ ਦੇ ਬੇਮੁਹਾਰੇ ਸਵਾਲ ਕਿਉਂ ਕਰਦੇ ਹੁੰਦੇ ਓ ?” ਤਾਂ ਕਹਿੰਦੇ “ਓ ਭੋਲਿਓ ਪਾਤਸ਼ਾਓ, ਡਾਏਲਾਗ ਦੇ ਪ੍ਰਾਟੀਸ ਕਰਦੇ ਆਂ-ਪ੍ਰਾਟੀਸ-ਸਮਝੇ ?”
ਇਕ ਵੇਰ ਮੈਂ ਲਾਹੌਰੋਂ ਆਇਆ, ਤਾਂ ਪੰਜ ਕੁ ਵਜੇ ਸ਼ਾਮ ਦਾ ਵੇਲਾ ਸੀ । ਬੀਬੀ ਰਾਜ ਕੌਰ ਚੌਂਕੇ ‘ਚ ਬਹੁਕਰ ਦੇ ਰਹੀ ਸੀ । ਮੈਂ ਪੌੜੀਆਂ ਚੜ੍ਹਦਿਆਂ ਹੀ ਸਾਸ ਸ੍ਰੀ ਕਾਲ ਕੀਤੀ- ਜਵਾਬ ਤਾਂ ਆਇਆ, ਪਰ ਕੁਝ ਸਲ੍ਹਾਬਿਆ ਜਿਹਾ- ਮੇਰਾ ਮੱਥਾ ਠਣਕਿਆ- ਸੋਚਿਆ, ਕੋਈ ਕਾਲੀ ਬਿੱਲੀ ਤਾਂ ਰਾਹ ਨਹੀਂ ਕੱਟ ਗਈ ਮੇਰਾ- ਨਾ ਹੀ ਕੋਈ ਕਾਲ਼ਾ ਬਾਹਮਣ ਮਿਲਿਆ, ਨਾ ਹੀ ਗੋਰਾ ਚੂੜਾ । ਹੇ ਮੇਰੇ ਭਗਵਾਨ! ਇਹ ਕੀ ਭਾਣਾ ਵਰਤ ਗਿਆ। ਬੀਬੀ ਜਾ ਦਾ ਮੂਡ ਕਿਵੇਂ ਕਿ ਏਨੇ ਚਿਰ ਨੂੰ ਕੀ ਵੇਖਾਂ ਪਲੰਘ ਦੀ ਪੈਂਦੇ ਬੈਠੇ ਮਾਸ਼ਟਰ ਹੋਣੀ ਮੂੰਹ ਤੇ ਉਂਗਲ ਰਖ ਕੇ ਦੂਜੇ ਹੱਥ ਦੇ ਇਸ਼ਾਰੇ ਨਾਲ ਮੈਨੂੰ ਅੰਦਰ ਸੱਦ ਰਹੇ ਹਨ । ਜਾ ਕੇ ਮੈਂ ਇਸ਼ਾਰੇ ਇਸ਼ਾਰੇ ‘ਚ ਪੁੱਛਿਆ ਕੀ ਭਾਣਾ ਵਰਤਿਐ ? ਨਾਨਕ ਸਿੰਘ ਹੋਰਾਂ ਬੁੱਲ੍ਹਾਂ ਤੇ
ਫੇਰ ਉਂਗਲ ਰਖੀ । ਮੈਂ ਜੱਫ਼ੀ ਪਾਈ । ਪਰ ਬੋਲੇ ਅਸੀਂ ਕੁਝ ਨਾ । ਮੈਂ ਬੀਬੀ ਰਾਜ ਕੌਰ ਵਲ ਵੇਖ ਕੇ ਗਾਉਣ ਲਗ ਪਿਆ । ਧੁਨ ਉਠੀ : ‘ਸਿਰ ਧਰ ਕੇ ਤਲੀ ਤੇ ਆ ਜਾ… ਸਿਰ ਧਰ ਕੇ ਤਲੀ ਤੇ ਆ ਜਾ… ਉਹ ਧਰ ਕੇ ।’ ਮਾਸ਼ਟਰ ਹੋਣੀ ਵੀ ਪਹਿਲੋਂ ਤਾਂ ਦੱਬੇ ਦੱਬੇ, ਫੇਰ ਮੈਥੋਂ ਵੀ ਉੱਚੀ ਉੱਚੀ, ਮੇਰਾ ਸਾਥ ਦੇਣ ਲਗ ਪਏ । ਕੱਛ ਪਾਈ ਹੋਈ ਸੀ । ਗੋਡੇ ਸੋਹਣੇ ਵਜਾਣ ਲਗ ਪਏ । ਜਿਥੇ ਉਦਾਸੀ ਦੀ ਧੁਨ ਨੂੰ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਉਡਾ ਦਿੱਤੀ। ਅੱਖਾਂ ਦੋਹਾਂ ਦੀਆਂ ਬੀਬੀ ਰਾਜ ਕੌਰ ਦੀ ਗਿੱਚੀ ਵਿਚ ਸਨ, ਪਈ ਜ਼ਰਾ ਕੁ ਧੌਣ ਏਧਰ ਓਧਰ ਹੋਵੇ ਤਾਂ ਪਤਾ ਲਗੇ । ਅਜੇ ਹਾਸਾ ਬੁੱਲ੍ਹਾਂ ਤਕ ਪੁਜਾ ਕਿ ਨਹੀਂ, ਪਰ ਉਹ ਵੀ ਉਸਤਾਦ । ਬਿਲਕੁਲ ਸੇਧ ਵਿਚ ਪਰਲੇ ਬੰਨੇ ਮੂੰਹ ਕੀਤਾ ਹੋਇਆ । ਪਰ ਜਦ ਬਹੁਤ ਸ਼ੋਰ ਹੁੰਦਾ ਸੁਣਿਆ ਤਾਂ ਬੋਲੇ, “ਗਾਉਣ ਨਾਲ ਰੋਟੀ ਖਾਣੀ ਏਂ ਕਿ ਸਬਜ਼ੀ ਨਾਲ ?”
ਬਸ ਏਨੀ ਈ ਗੱਲ ਦੀ ਲੋੜ ਸੀ- ਸਾਡੀਆਂ ਰੂਹਾਂ ਦਾ ਕਸਾਓ ਢਿੱਲਾ ਪੈ ਗਿਆ ਅਤੇ ਨੱਚ ਉਠੀਆਂ, ਧਾਰਨਾ ਓਹੋ ਈ ਰਹੀ, ਪਰ ਸ਼ਬਦ ਬਦਲ ਗਿਆ : ‘ਖਾਹ ਮਾਂਹ ਛੋਲਿਆਂ ਦਾ ਦਾਲਾ, ਤੇਰਾ ਹੋ ਜਾਊ ਜਨਮ ਸੁਖਾਲਾ- ਸੁਣ ਸੋਭਾ ਸਿਆਂ ਸਰਦਾਰਾ! ਖਾਹ ਮਾਂਹ, ਓਹ ਖਾਹ… ।’ ਬਸ ਬੀਬੀ ਹੱਸ. ਪਈ ਤੇ ਦੁਨੀਆਂ ਵਸ ਪਈ । ਏਸੇ ਵਾਸਤੇ ਤਾਂ ਸਾਰੇ ਉਪਰਾਲੇ ਸਨ, ਜੋ ਇਹ ਹਰਬਲਬ ਛਿੜਿਆ ਪਿਆ ਸੀ ।
ਬੀਬੀ ਵਲੋਂ ਆਵਾਜ਼ ਆਈ : “ਸ਼ੇਖਚਿੱਲੀ ’ਕੱਠੇ ਹੋਏ ਹੋਏ ਨੇ… ।”
ਮੈਂ ਮੋਰਚਾ ਫ਼ਤਹਿ ਹੁੰਦਿਆਂ ਵੇਖ, ਰਾਜ ਭੈਣ ਦੇ ਕੋਲ ਜਾ ਕੇ ਉਤੋਂ ਉਤੋਂ ਡਰਦਿਆਂ ਡਰਦਿਆਂ ਪੁੱਛ ਕੀਤੀ, “ਅੱਜ ਕੀ ਭਾਣਾ ਵਰਤ ਗਿਐ ਬੀਬੀ ਜੀ ?”
ਬੀਬੀ ਚੁੱਪ ।
“ਮੇਰਾ ਤਾਂ ਸੱਚਮੁੱਚ ਹਾਰਟ ਫ਼ੇਲ੍ਹ ਹੋਣ ਲੱਗਾ ਸੀ ।”
“ਹਾਏ ਹਾਏ, ਹਾਰਟ ਕਿਉਂ ਫ਼ੇਲ ਹੋਵੇ ਸੁਖੀ ਸਾਂਦੀ ।” ਬੀਬੀ ਆਖ਼ਰ ਬੋਲ ਹੀ ਪਈ ।
“ਤੇ ਫੇਰ ਮੈਂ ਤਾਂ ਪੈਂਤੀ ਤੇ ਦੋ ਸੈਂਤੀ ਮੀਲ ਚਲ ਕੇ ਆਇਐਂ, ਅਗੇ ਚੁੱਪ ਵਰਤੀ ਹੋਈ ਏ । ਪਤਾ ਤਾਂ ਲਗੇ ਕੀ ਹੋਇਐ ।”
“ਇਹਨਾਂ ਨੂੰ ਈ ਪੁੱਛੋ..” ਨਾਨਕ ਸਿੰਘ ਹੋਣਾਂ ਵਲ, ਜੋ ਹੁਣ ਤਕ ਸ਼ੇਰ ਬਣ ਚੁੱਕੇ ਸਨ । ਮੈਂ ਤੱਕਿਆ, ਤਾਂ ਉਹ ਵੀ ਕਹਿਣ ਲਗੇ, “ਇਹਨਾਂ ਨੂੰ ਪੁੱਛੋ ।” ਗੱਲ ਕੋਈ ਵੀ ਨਹੀਂ ਸੀ, ਲੂਣ ਤੇਲ ਲੱਕੜੀਆਂ ਦੀ ਗੱਲ ਸੀ। ਮਾਸਟਰ ਹੋਰਾਂ ਦਾ ਕਲਾਕਾਰਾਂ ਵਾਲਾ ਰਵੱਈਆ ਸੀ ਅਤੇ ਬੀਬੀ ਦਾ ਗ੍ਰਹਿਸਤੀਆਂ ਵਾਲਾ । ਇਕ ਗੱਲਾਂ ਨਾਲ ਘਰ ਪੂਰਾ ਕਰਨਾ ਚਾਹੁੰਦਾ ਸੀ, ਦੂਜਾ ਦੰਮਾਂ ਨਾਲ । ਝੜਪ ਹੋ ਗਈ ਅਤੇ ਪਾਣੀ ਫਿਰ ਗਿਆ ਦਾਸ ਦੀਆਂ ਆਸਾਂ ਤੇ ਇਹੋ ਜਿਹੇ ਮੌਕੇ ਤਾਂ ਪਠਾਨਕੋਟ ਦੀ ਗੱਲਬਾਤ ਸ਼ੁਰੂ ਕਰਨੀ ਹੀ ਘੋਰ ਪਾਪ ਸੀ, ਪਰ “ਸਬਰਾਂ ਦੇ ਬੇੜੇ ਪਾਰ” ਦਾ ਆਸਰਾ ਲਿਆ। ਜੋ ਪੱਥਰ ‘ਚ ਕੀੜੇ ਨੂੰ ਖਾਣ ਨੂੰ ਦੇਂਦਾ ਹੈ, ਉਹ ਸਾਨੂੰ ਵੀ ਪਠਾਨਕੋਟ ਭੇਜੂ । ਹੁਕਮ ਬਿਨਾਂ ਤਾਂ ਪੱਤਾ ਨਹੀਂ ਝੁਲਦਾ ਅਤੇ ਮੈਂ ਲਾਹੌਰੋਂ ਅੰਮ੍ਰਿਤਸਰ ਆ ਪੁਜਾ, ਜਿਨ੍ਹੇ ਏਥੇ ਪੁਚਾਇਆ ਹੈ, ਉਹ ਅੱਗੇ ਵੀ ਪੁਚਾਉ ।
ਪਰ ਇਕਦਮ ਆਸਾਂ ਦਾ ਸੂਰਜ ਉਦੈ ਹੁੰਦਾ ਦਿਸਿਆ, ਬੀਬੀ ਨੇ ਮੈਨੂੰ ਚੁੱਪ ਵੇਖ ਕੇ ਪੁੱਛਿਆ, “ਭੈਣ ਤਕੜੀ ਸੀ ?”
“ਸ਼ੇਰ ਵਾਂਗੂ ਜੀ, ਤੁਹਾਨੂੰ ਯਾਦ ਕਰਦੀ ਸੀ ।”
“ਲੈ ਆਉਣਾ ਸੀ ਫੇਰ !”
“ਐਤਕੀਂ ਜ਼ਰੂਰ ਲਿਆਉਂ ਜੀ ।” ਬਸ ਜ਼ਿੰਦਗੀ ਆਮ ਪੱਧਰ ਤੇ ਚਲਣ ਲਗ ਪਈ । ਪਰ ਵਕਾਲਤ ਲਈ ਤਾਂ ਰੋਟੀ ਖਾਣ ਦਾ ਸਮਾਂ ਹੀ ਠੀਕ ਸਮਝਿਆ । ਰਖਣ ਵਾਲੇ ਦੇ ਰਾਹ ਨਿਆਰੇ । ਐਤਕੀਂ ਮੇਰੇ ਤਿੰਨ ਗਾਹਕ ਇਕੱਠੇ ਹੀ ਤਰ ਪਏ ਸਨ, ਪੈਸੇ ਮੇਰੇ ਕੋਲ ਵਧੇਰੇ ਸਨ । ਏਸ ਲਈ ਕੋਈ ਅੱਧੀ ਪੌਣੀ ਬੋਤਲ ਦੇ ਨਸ਼ੇ ਵਿਚ ਮੈਂ ਵਲਾਵੇਂ ਢੰਗ ਨਾਲ ਸ਼ੁਰੂ ਕਰ ਦਿਤੀ, “ਮਾਸ਼ਟਰ ਜੀ ਰਜਾਈ ਦੀ ਲੋੜ ਤੇ ਨਹੀਂ ਪਵੇਗੀ ?”
“ਰਾਤ ਨੂੰ ਤਾਂ ਭਾਵੇਂ ਕੰਮ ਚਲ ਜਾਏ, ਸਵੇਰ ਸਾਰ ਜਰੂਰ ਲੋੜ ਪਵੇਗੀ।” ਇਸ ਤੇ ਬੀਬੀ ਬੋਲੀ, “ਗੋਡੇ ਵਜਾਉਣ ਲਗ ਪਿਆ ਜੇ । ਠੰਢ ਲਗੀ ਤੇ !”
ਮੈਂ ਕਿਹਾ, “ਵਾਹ ਵਾਹ ! ਕਿਆ ਅਕਲ ਦੀ ਗੱਲ ਕੀਤੀ ਬੀਬੀ ਜੀ ਨੇ ।”
ਮਾਸ਼ਟਰ ਹੋਣੀ ਬੋਲੇ, “ਗੋਡੇ ਵਜਾਵਾਂ ਗੇ ਨਾ ਤਾਂ ਹਿੱਕ ਨਾਲ ਤਾਂ ਲਾਵਾਂ ਗੇ ਈ ਨਾ ।”
ਬੀਬੀ ਝੱਟ ਬੋਲੀ, “ਤੇ ਫੇਰ ਜਾਉ ਈ ਨਾ ਹਕੀਮ ਨੇ ਦੱਸਿਐ।”
“ਸੀਧੀ ਹੋ ਕੇ ਪਲਟ ਜਾਤੀ ਹੈ, ਕਿਸਮਤ ਮੇਰੀ,” ਮੈਨੂੰ ਉਰਦੂ ਦਾ ਇਕ ਸ਼ੇਅਰ ਯਾਦ ਆ
ਗਿਆ। ਮੈਂ ਮਾਸ਼ਟਰ ਹੋਰਾਂ ਨੂੰ ਬਨਾਉਟੀ ਝੁਠਲਾਉਂਦਿਆਂ ਕਿਹਾ, “ਤੁਸੀਂ ਕਿਉਂ ਐਵੇਂ ਬੋਲਣ ਲੱਗ
ਪੈਂਦੇ ਹੁੰਦੇ ਓ ਵਿਚ ? ਬੀਬੀ ਜੀ ਨੇ ਠੀਕ ਹੀ ਤੇ ਕਿਹਾ ਸੀ ।”
ਬੀਬੀ ਬੋਲੀ, “ਤੁਸੀਂ ਤੇ ਨਾਰਦ ਮੁਨੀ ਓ ਨਾਰਦ ਮੁਨੀ ਭਰਾ ਜੀ, ਲੈ ਜਾਓ ਰਜਾਈ !”
ਬਸ ਛੁੱਟੀ ਦੀ ਅਰਜ਼ੀ ਤੇ ਦਸਖ਼ਤ ਹੋ ਗਏ । ਵਕਾਲਤ ਦੀ ਲੋੜ ਹੀ ਕੋਈ ਨਹੀਂ ਪਈ ਅਤੇ ਅਸੀਂ ਜੈਕਾਰਾ ਛੱਡ ਦਿੱਤਾ ।
ਇਕ ਵੇਰ ਮੈਂ ਲਾਹੌਰੋਂ ਆਇਆ, ਤਾਂ ਕਈਆਂ ਕਾਰਨਾਂ ਕਰ ਕੇ ਜਾਣਾ ਅਸੰਭਵ ਜਾਪੇ । ਵਕਾਲਤ ਤਾਂ ਕਰੀਏ, ਜੇ ਕੁਝ ਕੇਸ ਜਿੱਤਣ ਦੀ ਆਸ ਬੱਝੇ । ਕਾਕਾ ਕਰਤਾਰ ਵੀ ਕੁਝ ਢਿੱਲਾ ਸੀ।
ਮੈਂ ਗੱਲ ਹੀ ਨਾ ਛੇੜੀ, ਪਰ ਦਾਤੇ ਦੇ ਰਾਹ ਨਿਆਰੇ । ਮੈਂ ਜੋ ਰੰਗ ਦਾ ਪੱਤਾ ਤਾਸ਼ ਦੇ ਪੱਤਿਆਂ ‘ਚ ਵੇਲੇ ਕੁਵੇਲੇ ਵਾਸਤੇ ਰਖਿਆ ਹੋਇਆ ਸੀ, ਵਰਤ ਕੇ ਵੇਖਣਾ ਚਾਹਿਆ । “ਚਲੋ ਫੇਰ ਮਾਸ਼ਟਰ ਜੀ ਮੈਨੂੰ ਛੱਡ ਹੀ ਆਓ ।” ਮੈਂ ਬੀਬੀ ਨੂੰ ਸੁਣਾ ਕੇ ਕਿਹਾ ।
ਮਾਸ਼ਟਰ ਹੋਰਾਂ ਦੇ ਥਾਂ ਬੀਬੀ ਨੇ ਹੈਰਾਨ ਹੋ ਕੇ ਪੁੱਛਿਆ: “ਕਿਥੇ ?”
“ਅੱਡੇ ਤੇ ਹੋਰ ਕਿਥੇ !”
“ਕਿਉਂ ?”
“ਘਰ ਚੱਲੀਏ ।”
“ਘਰ ਮੁੜਨ ਵਾਸਤੇ ਆਏ ਸਓ ?”
“ਆਇਆ ਤੇ ਨਹੀਂ ਸਾਂ, ਪਰ !”
“ਪਰ ਕੀ ।”
“ਕੁਝ ਵੀ ਨਹੀਂ …।”
“ਜਾਓ ਜਿਥੇ ਜਾਣ ਵਾਸਤੇ ਆਏ ਸਓ ।”
ਕਿਲ੍ਹਾ ਫ਼ਤਹ ! ਲਾਹੌਰ ਜਾਣ ਦੀ ਤੱੜੀ ਨਾਲ ਪਠਾਨਕੋਟ ਦਾ ਪਾਸਪੋਰਟ ਮਿਲ ਗਿਆ ਪਰ ਬੀਬੀ ਇਕ ਗੱਲ ਕਹਿਣੋਂ ਨਾ ਰਹਿ ਸਕੀ, “ਭਰਾ ਜੀ ਚਲਾਕ ਬੜੇ ਓ ਤੁਸੀਂ।”
ਸਾਡਾ ਟੀਚਾ ਪਹਿਲੋਂ ਪਠਾਨਕੋਟ ਹੁੰਦਾ। ਗੱਡੀ ਸਵੇਰੇ ਚਾਰ ਕੁ ਵਜੇ ਪੁਜਦੀ ਸੀ । ਅੱਗੇ ਕਿਧਰ ਜਾਣਾ ਹੈ ? ਇਹ ਸਭ ਕੁਝ ਨੈਸ਼ਨਲ ਬਜਟ ਤੇ ਆਧਾਰਤ ਹੁੰਦਾ, ਦੂਜੇ ਪਹਿਲੋਂ ਟਾਂਗਾ ਕਿਧਰ ਦਾ ਮਿਲਦਾ ਹੈ । ਕਈ ਵੇਰ ਤਾਂ ਅਸੀਂ ਪਠਾਨਕੋਟ ਹੀ ਫਿਰ ਤੁਰ ਕੇ ਆ ਜਾਂਦੇ ਸਾਂ ।
ਤੀਜੇ ਸਾਥੀ ਸਾਡੇ, ਕਦੇ ਕਦੇ ਮੰਗਤ ਰਾਮ ਹੁੰਦੇ ਸਨ, ਪਰ ਉਹ ਦੁਨੀਦਾਰ ਸਨ, ਇਸ ਲਈ ਸਾਡੇ ‘ਚ ਘਟ ਰਚਦੇ ਮਿਚਦੇ, ਦੂਜੇ ਦਫ਼ਤਰੋਂ ਛੁੱਟੀ ਲੈ ਕੇ ਜਾਂਦੇ ਸਨ । ਪਿਤਾ ਤੋਂ ਬੜੇ ਡਰਦੇ ਸਨ । (ਹੁਣ ਉਹ ਮੇਰੇ ਗੁਆਂਢੀ ਹਨ, ਨੌਕਰੀ ਛੱਡ ਕੇ ਦਿੱਲੀਓਂ ਆ ਗਏ ਹਨ । ਪਰ ਭਿੱਜਦੇ ਅਜੇ ਵੀ ਨਹੀਂ । ਭਾਵੇਂ, ਨਾ ਤੇ ਹੁਣ ਉਹਨਾਂ ਨੂੰ ਪਿਤਾ ਦਾ ਡਰ ਹੈ, ਤੇ ਨਾ ਹੀ ਮਾਲਕ ਦਾ) ਛੁੱਟੀਆਂ ਗਿਣਦੇ ਰਹਿੰਦੇ ਅਤੇ ਕਈ ਵੇਰ ਸਾਡੇ ਆਜ਼ਾਦ ਹੜ੍ਹ ਦੀ ਰੁਕਾਵਟ ਬਣ ਜਾਂਦੇ, ਪਰ ਬਹੁਤੀ ਵੇਰ ਅਸੀਂ ਦੋਵੇਂ ਹੀ ਹੁੰਦੇ ਸਾਂ ।
ਗੱਡੀ ਹਮੇਸ਼ਾ ਰਾਤ ਦੀ ਜਾਂਦੇ, ਜੋ ਪਠਾਨਕੋਟ ਅੰਮ੍ਰਿਤ ਵੇਲੇ ਪੁਜਦੀ ਹੁੰਦੀ ਸੀ । ਰਾਗ ਰੰਗ ਹੁੰਦੇ- ਸੀਟ ਤੇ ? ਨਹੀਂ-ਫੱਟੇ ਤੇ ? ਨਾ ਜੀ- ਗੱਡੀ ਦੇ ਫਰਸ਼ ਤੇ ? ਉਹੂੰ- ਸਗੋਂ ਗੱਡੀ ਦੇ ਬੂਹੇ ‘ਚ । ਮੋਢੇ ਨਾਲ ਮੋਢਾ ਲਾ ਕੇ, ਗੋਡੇ ਬਾਹਰ ਕੱਢ ਕੇ । ਸਾਜ਼ ਪਤੈ ਨਾਲ ਕੀ ਹੁੰਦਾ ? ਸਾਰੰਗੀ ਨਾ ਵਾਜਾ ? ਛੱਡੋ ਜੀ, ਤਬਲਾ ? ਹੋਰ ਪੁੱਛੋ, ਸਾਜ਼ ਹੁੰਦਾ ਗੋਡੇ ਜੋ ਵਜਾਈ ਜਾਂਦੇ ਤੇ ਗਾਈ ਜਾਂਦੇ ਸਾਂ । ਕਦੇ ਬੁੱਲ੍ਹਾ ਤੇ ਕਦੀ ਹੀਰ । ਕਦੇ ਫ਼ਰੀਦ ਤੇ ਕਦੇ ਕਬੀਰ । ਜੋ ਮੂੰਹ ‘ਚ ਆਇਆ ਓਹੋ ਈ ਹੈ ਨਹੀਂ । ਰਾਗ ਦੀ ਚੰਗੀ ਜੜ੍ਹ ਪੁਟਦੇ ਸਾਂ (ਕੋਈ ਵੇਖ ਕੇ ਉਸ ਵੇਲੇ ਕਹਿ ਸਕਦਾ ਸੀ ਕਿ ਇਹਨਾਂ ‘ਚੋਂ “ਇਕ” ਕਦੀ ਰਾਸ਼ਟਰਪਤੀ ਪੁਰਸਕਾਰ ਲੈਣ ਦੇ ਕਾਬਿਲ ਹੈ) ਹੌਲੀ ਹੌਲੀ ਘੁਸਮੁਸਾ ਹੁੰਦਾ ਭਾਸਦਾ- ਫੇਰ ਪਹੁ ਫੁਟਦੀ- ਗੱਡੀ ਖਲੋਂਦੀ ਤਾਂ ਪਿੱਦੀ ਸਵਾਗਤ ਲਈ ਆ ਪਹੁੰਚਦੀ ਅਤੇ ਸੁੱਟ ਕੇ ਇਕ ਸ਼ਾਲ ਜਾਂ ਕੰਬਲ ਮੋਢਿਆਂ ਤੇ, ਤੁਰ ਪੈਂਦੇ ਮੂੰਹ ਚੁੱਕੀ । ਅਗੇ ਜਿਧਰ ਦਾ ਟਾਂਗਾ ਜਾਂ ਬੰਬੂ ਕਾਟ ਮਿਲ ਗਿਆ, ਰੱਬ ਦਾ ਭਾਣਾ ਮੰਨ ਕੇ ਤੁਰ ਪੈਂਦੇ । ਓਧਰ ਈ ਪਿੱਦੀਆਂ ਤੇ ਪਿਛੋਂ ਕੁੱਕੜਾਂ ਦੀਆਂ ਬਾਂਗਾਂ ਸਾਡਾ ਸਵਾਗਤ ਕਰਦੀਆਂ । ਫੇਰ ਚਿੜੀਆਂ ਦੀ ਚਹਿਚਿਹਾ, ਆਖ਼ਰ ਘੁੱਗੀਆਂ ਦੀ ਘੂੰ ਘੂੰ ।
ਚੜ੍ਹਦੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਪਹਿਲੋਂ ਬੱਦਲਾਂ ਤੇ ਫੇਰ ਪਹਾੜਾਂ ਦੀਆਂ ਟੀਸੀਆਂ ਨੂੰ ਛੋਂਹਦੀਆਂ ਹੋਈਆਂ ਪਹਾੜੀਆਂ ਉਤੇ ਅਤੇ ਅੰਤ ਵਿਚ ਛਾ ਜਾਂਦੀਆਂ ਸਾਰੇ ਸੰਸਾਰ ਉਤੇ ।
ਇਕ ਵਾਰ ਅਸੀਂ ਬੰਬੂਕਾਟ ਲਿਆ, ਜੋ ਫ਼ੁਟ ਏਧਰ ਤੇ ਫ਼ੁਟ ਓਧਰ ਲਟਕ ਮਾਰਨ ‘ਚ ਸੰਕੋਚ ਨਹੀਂ ਸੀ ਕਰਦਾ । ਉਪਰ ਥੱਲੇ ਹੋਣਾ ਤਾਂ ਉਸ ਦਾ ਸੁਭਾਅ ਹੀ ਹੁੰਦੈ । ਲਟਕਦਾ ਪਟਕਦਾ ਜਾ ਰਿਹਾ ਸੀ ਕਿ ਨਾਨਕ ਸਿੰਘ ਹੋਰਾਂ ਨੂੰ ਰੱਬ ਯਾਦ ਆ ਗਿਆ । ਲਗ ਪਏ ਜਪੁਜੀ ਸਾਹਿਬ ਦਾ ਪਾਠ ਕਰਨ । ਅੰਮ੍ਰਿਤ ਵੇਲਾ, ਹੌਲੀ ਹੌਲੀ ਆਬਾਦੀ ਤੋਂ ਦੂਰ ਜਾ ਰਹੇ ਸਾਂ ਕਿ ਨਿੱਕੀ ਨਿੱਕੀ ਭੂਰ ਵਰਨੀ ਸ਼ੁਰੂ ਹੋ ਗਈ । ਪਾਠ ਵਿਚ ਦਿਲ ਸੀ, ਇਸ ਵਾਸਤੇ ਰਸ ਸੀ । ਮੁਗਧ ਹੋ ਗਏ ਦੋਵੇਂ ਈ ਅਸੀਂ । ਨਾ ਕਦੇ ਜਪੁਜੀ ਸਾਹਿਬ ਦੇ ਪਾਠ ਸੁਣਨ ਦਾ ਪਹਿਲੋਂ ਐਸਾ ਸਵਾਦ ਆਇਆ ਨਾ ਕਦੇ ਪਿਛੋਂ ਆਇਆ ਹੈ । ਪਾਠ ਪੂਰਾ ਹੋਣ ਤੇ ਅਸੀਂ ਦੋਵੇਂ ਹੀ ਕੁਝ ਚਿਰ ਬੋਲ ਨਾ ਸਕੇ । ਆਕਾਸ਼ ਬਾਣੀ ਦੇ ਸਾਹਮਣੇ ਧਰਤ ਬਾਣੀ ਫਿੱਕ ਫਿੱਕੀ ਤੇ ਖਰ੍ਹਵੀ ਖਰ੍ਹਵੀ ਭਾਸੇ । ਤਾਹੀਂ ਖੌਰੇ ਇਕ ਚਾਹ ਵਾਲੀ ਦੁਕਾਨ ਆ ਗਈ ਅਤੇ ਬੰਬੂਕਾਟ ਨੂੰ ਖਲ੍ਹਾਰ ਕੇ ਅਸੀਂ ਚਾਹ ਪੀਣ ਬਹਿ ਗਏ । ਤੀਜਾ ਸਾਡਾ ਸਾਥੀ ਸੀ ਟਾਂਗੇ ਵਾਲਾ ਭਾਈ । ਇਹਨਾਂ ਨੇ ਉਹਦੇ ਨਾਲ ਡਾਇਲੌਗ ਦੀ ਪ੍ਰਾਟੀਸ ਸ਼ੁਰੂ ਕਰ ਦਿੱਤੀ ।
ਬਰਸਾਤ ਦੇ ਮੌਸਮ ਅਸੀਂ ਤਰਲੋਕ ਪੁਰ ਜਾਂਦੇ, ਜੋ ਪਠਾਨਕੋਟੋਂ 31 ਮੀਲ ਹੈ । ਕੁੱਲੂ ਦੀ ਸੜਕ ਤੇ । ਉਸ ਨੂੰ ਹੈੱਡਕੁਆਰਟਰ ਬਣਾ ਕੇ, ਅਸੀਂ ਫ਼ਲੀਟ ਬੂਟ ਪਾ ਕੇ ਕੀਮਜ਼ਾਂ ਦੀਆਂ ਜੇਬਾਂ ‘ਚ ਚਾਂਦੀ ਦੀਆਂ ਦਵਾਨੀਆਂ ਪਾ ਲੈਂਦੇ ਅਤੇ ਉਤੇ ਲਾ ਲੈਂਦੇ ਬਕਸੂਏ । ਬਰਖਾ ਹੁੰਦੀ ਵਿਚ ਨੱਠੇ ਭੱਜੇ ਫਿਰਦੇ । ਅਤੇ ਜੇ ਕੋਈ ਬੱਸ ਅਠਾਂਹ ਵਲ ਜਾਂਦੀ ਤਾਂ ਕੋਟਲੇ ਤਕ ਬਹਿ ਜਾਂਦੇ । ਜੇ ਉਤਾਂਹ ਵਲ ਜਾਂਦੀ ਮਿਲ ਜਾਏ ਤਾਂ ਭਲੀ । ਸ਼ਾਹਪੁਰ ਜਾ ਖਾਣਾ ਖਾਂਦੇ । ਸ਼ਾਹਪੁਰ, ਇਕ ਛੋਟੇ ਜਿਹੇ ਦੇਸੀ ਹੋਟਲ ਵਾਲਾ ਬ੍ਰਾਹਮਣ ਸਾਡਾ ਮਿੱਤਰ ਬਣ ਗਿਆ। ਹੋਟਲ ਸੀ ਨਿੱਕਾ, ਪਰ ਬੜਾ ਸਾਫ਼ ਸੁਥਰਾ। ਪੋਚਾ ਪਾਇਆ ਹੋਇਆ । ਕਪੜੇ ਵੀ ਸਾਫ਼ ਸੁਥਰੇ ਰਖਦਾ । ਬੜਾ ਮਿੱਠ ਬੋਲਾ ਆਦਮੀ ਸੀ । ਸੇਵਾ ਦਾ ਭਾਵ ਬੜਾ, ਖਾਣਾ ਬੜਾ ਸਵੱਛ ਹੁੰਦਾ । ਬਹੁਤ ਸਵਾਦ ਆਇਆ ਕਰੇ । ਪੰਡਤ ਹਰ ਇਕ ਗੱਲ ਨਾਲ ਹਾਂ, ਮਾਂ ਰਾਜ, ਹਾਂ ਮਾਂ ਰਾਜ ਕਿਹਾ ਕਰਦਾ ਸੀ । ਮਾਸ਼ਟਰ ਹੋਰਾਂ ਦਾ ਉਹ ਖਾਸ ਪ੍ਰੇਮੀ ਸੀ । ਇਕ ਵਾਰ ਅਸੀਂ ਪਠਾਨਕੋਟੋਂ ਸਿੱਧੇ ਹੀ ਸ਼ਾਹਪੁਰ ਚਲੇ ਗਏ ਕਿ ਖਾਣਾ ਖਾ ਕੇ ਆਰਾਮ ਕਰ ਕੇ, ਤੇ ਸੈਰ ਕਰ ਕੇ, ਸ਼ਾਮ ਤਕ ਤਰਲੋਕਪੁਰ ਮੁੜ ਆਵਾਂਗੇ । ਓਦਣ, ਇਸ ਲਈ ਸਵੇਰੇ ਹੀ ਪਹੁੰਚ ਗਏ । ਪੰਡਤ ਹੋਰੀਂ ਸੁਖ ਸਾਂਦ ਪੁੱਛ ਕੇ ਬੋਲੇ, “ਬਿਆਘਾ ਬਿਆਘਾ ਈ ਕੁੱਥੂ ਤੇ ਆਏ ਮਾਂ ਰਾਜ ?”
“ਅਸੀਂ ਪੰਡਤ ਜੀ ਅਜ ਅੰਮ੍ਰਿਤਸਰ ਤੇ ਆਏ ਆਂ ।” ਨਾਨਕ ਸਿੰਘ ਹੋਰਾਂ ਗੱਪ ਮਾਰੀ ।
ਅਗੋਂ ਪੰਡਤ ਹੈਰਾਨ ਹੋ ਕੇ, “ਹਲਾ ਮਾਂ ਰਾਜ, ਹਲਾ ਮਾਂਰਾਜ- ? ਕੀਆਂ ਪੁਜੀ ਗਏ ਤੁਸੀਂ ਇਸ ਬੇਲੇ, ਅੰਮ੍ਰਿਤਸਰੇ ਤੇ ਮਾਂ ਰਾਜ ?”
“ਪੰਡਤ ਜੀ ਤੁਸਾਂ ਸਾਨੂੰ ਬੰਦੇ ਸਮਝਿਐ ?”
“ਨਹੀਂ ਮਾਂਰਾਜ, ਨਹੀਂ ਮਾਂਰਾਜ ।” ਪਰ ਆਪਣੀ ਗ਼ਲਤੀ ਦਾ ਅਹਿਸਾਸ ਕਰ ਕੇ ਛੇਤੀ ਹੀ ਪੰਡਤ ਬੋਲ ਪਿਆ, “ਹਾਂ ਮਾਂਰਾਜ, ਹਾਂ ਮਾਂਰਾਜ ।”
ਅਸੀਂ ਸਾਰੇ ਈ ਹੱਸ ਪਏ ਅਤੇ ਖਾਣਾ ਖਾਣ ਲਗ ਪਏ । ਖਾਣਾ ਖਾਂਦਿਆਂ ਨਾਨਕ ਸਿੰਘ ਹੋਰੀਂ ਪੰਡਤ ਨੂੰ ਕਹਿਣ ਲਗੇ, “ਪੰਡਤ ਜੀ ਤੁਸੀਂ ਬੜੇ ਹੀ ਚੰਗੇ ਓ, ਏਨੀ ਚੰਗੀ ਤੇ ਪਿਆਰ ਨਾਲ ਰੋਟੀ ਖਵਾਂਦੇ ਓ ਕਿ ਜੇ ਕਿਤੇ ਤੁਸੀਂ ਜ਼ਨਾਨੀ ਹੁੰਦੇ ਤਾਂ ਮੈਂ ਤੁਹਾਡੇ ਨਾਲ ਵਿਆਹ ਕਰ ਲੈਣਾ ਸੀ ।”
“ਹਛਾ ਮਾਂਰਾਜ, ਹਛਾ ਮਾਂਰਾਜ ! ਪਰ ਮਿੰਝੋ ‘ਚ ਤਾਂ ਕੋਈ ਗੁਣ ਨਹੀਂ ਮਾਂਰਾਜ ।”
ਨਾਨਕ ਸਿੰਘ ਹੋਰਾਂ ‘ਚ ਸਭ ਤੋਂ ਵੱਡੀ ਏਹ ਗੱਲ ਜਾਂ ਗੁਣ ਸੀ ਕਿ ਜਦ ਸੈਰ ਜਾਈਏ, ਇਹਨਾਂ ਕਿਸੇ ਗੱਲ ਨੂੰ “ਨਾਂਹ” ਨਹੀਂ ਕਰਨੀ । ਜੇ ਕਹਿਣਾ, ਮਾਸ਼ਟਰ ਜੀ ਰੌਹ ਪੀਏ ਤਾਂ ਇਹ ਮੈਥੋਂ ਵੀ ਪਹਿਲਾਂ ਪੀਣ ਨੂੰ ਤਿਆਰ । ਜੇ ਕਹਿਣਾ, ਮਾਸ਼ਟਰ ਜੀ ਪਹਾੜੀ ਤੇ ਚੜ੍ਹੀਏ ਤਾਂ ਇਹ ਗੱਲ ਮੁਕਣ ਤੋਂ ਪਹਿਲਾਂ ਪਹਾੜੀ ਤੇ ਚੜ੍ਹ ਰਹੇ ਹੁੰਦੇ ਸਨ । ਬਿਨਾਂ ਸੋਚੇ ਤੇ ਬਿਨਾਂ ਸਮਝਣ ਤੋਂ ਇਹਨਾਂ “ਹਛਾ” ਕਹਿਣਾ ਤੇ ਕਰ ਗੁਜ਼ਰਨਾ ।
ਇਕ ਵੇਰ ਮੈਂ ਇਹਨਾਂ ਨੂੰ ਕੁਝ ਕਿਹਾ ਤਾਂ ਕਹਿਣ ਲਗੇ, “ਹੱਛਾ” !
ਮੈਨੂੰ ਸ਼ੱਕ ਪਿਆ ਕਿ ਇਹਨਾਂ ਐਵੇਂ ਹੀ ਹੱਛਾ ਕਹਿ ਦਿਤੈ । “ਸੁਣਿਆ ਨਹੀਂ,” ਪੁਛਿਆ, “ਕੀ ਹੱਛਾ ?”
“ਇਹੋ ਈ ਜੋ ਤੁਸਾਂ ਕਿਹਾ ਏ ।”
“ਮੈਂ ਕੀ ਕਿਹਾ ਏ ।” ਮੈਂ ਕਿਹਾ ।
“ਓਏ ਰੱਬਾ ! ਮੈਂ ਕਿਹਾ ਤੇ ਹੈ ਜੋ ਤੁਸੀਂ ਕਿਹਾ ਏ । ਇਹ ਹੁਣ ਤੁਸਾਂ ਨੂੰ ਪਤਾ ਹੋਊ, ਤੁਸਾਂ ਕੀ ਕਿਹਾ ਏ ?”
ਮੈਂ ਕਿਹਾ, “ਮਾਸ਼ਟਰ ਜੀ, ਇਹ ਤਾਂ ਮੈਨੂੰ ਵੀ ਭੁੱਲ ਗਿਆ ਕਿ ਕੀ ਕਿਹਾ ਸੀ।” ਕਹਿਣ ਲਗੇ, “ਖਾਓ ਖ਼ਸਮ ਨੂੰ ਫੇਰ ।”
ਇਸ ਤੇ ਮੈਂ ਇਹਨਾਂ ਨੂੰ ਪਿਆਰ ਨਾਲ ਜੱਫ਼ੀ ‘ਚ ਲੈ ਲਿਆ । ਏਨੇ ਰਜ਼ਾ ‘ਚ ਰਹਿਣ ਵਾਲੇ ਬੰਦੇ ਸਨ ਇਹ ।
ਡਾਇਲੌਗ ਤਾਂ ਹੁੰਦੇ ਈ ਰਹਿੰਦੇ ਸਨ, ਡਰਾਮੇ ਵੀ ਨਾਲੋ ਨਾਲ । ਤਾਜ਼ਾ-ਬ-ਤਾਜ਼ਾ ਜੋੜੀ ਜਾਂਦੇ ਤੇ ਨਾਲੋ ਨਾਲ ਬੋਲੀ ਜਾਂਦੇ । ਵਿਚਾਰਾਂ ਵੀ ਹੁੰਦੀਆਂ ਹੀ ਸਨ, ਪਰ ਇਕ ਦਿਨ ਕਹਿਣ ਲਗੇ, “ਮਾਸ਼ਟਰ ਜੀ, ਮੈਂ ਕਹਿਨਾਂ ਰੱਬ ਹੈਗਾ, ਤੁਸੀਂ ਕਹੋ ਨਹੀਂ ਹੈਗਾ।”
ਮੈਂ ਕਿਹਾ, “ਪਰ ਜਦ ਹੈਗੈ, ਮੈਂ ਕਿੱਦਾਂ ਕਹਿ ਦਿਆਂ ਨਹੀਂ ਹੈਗਾ ?”
“ਓਹੋ ਭੋਲੇ ਪਾਤਸਾਓ, ਤੁਸੀਂ ਸਮਝ ਲਓ ਖਾਂ ਨਹੀਂ ਹੈਗਾ ।”
“ਨਾ, ਪਰ ਜਦ ਹੈਗੈ ਤੇ ਮੈਂ ਕਿਵੇਂ ਸਮਝ ਲਵਾਂ ਨਹੀਂ ਹੈਗਾ ? ਜਦ ਤੁਸੀਂ ਸਾਮਰਤੱਖ ਮੇਰੇ ਸਾਹਮਣੇ ਖੜ੍ਹੇ ਓ ਤਾਂ ਮੈਂ ਕਿਵੇਂ ਸਮਝ ਲਵਾਂ ਤੁਸੀਂ ਅੰਮ੍ਰਿਤਸਰ ਬੈਠੇ ਓ ?”
“ਓਹੋ ਭੋਲੇ ਪਾਤਸ਼ਾਓ ਇਹ ਤਾਂ ਸਿਰਫ਼ ਵਾਦ-ਵਿਵਾਦ ਵਾਸਤੇ ਹੈ । ਰੱਬ ਕਿਤੇ ਚਲਾ ਥੋੜਾ ਚਲਿਐ ?”
“ਓਹੋ ਚੱਤਰ ਵਜ਼ੀਰੋ ! ਵਾਦ-ਵਿਵਾਦ ਮਿੱਤਰਤਾ ਦੀ ਕੈਂਚੀ ਹੈ । ਅੰਗਰੇਜ਼ੀ ਦਾ ਇਕ ਕਥਨ ਹੈ, ਮਿੱਤਰ ਨਾਲ ਕਦੇ ਬਹਿਸ ਨਾ ਕਰੋ ।”
ਬੋਲੇ, “ਫੇਰ ਤੁਸੀਂ ਕਲਾਕਾਰ ਕਿਵੇਂ ਬਣ ਸਕਦੇ ਓ ?”
“ਜੇ ਕਲਾ ਝੂਠੀ ਰਚਨਾ ਦਾ ਨਾਂ ਹੈ, ਤਾਂ ਮੈਂ ਬਾਜ਼ ਆਇਆ ਇਹੋ ਜਿਹੀ ਕਲਾ ਤੋਂ । ਮੈਨੂੰ ਆਦਮੀ ਹੀ ਰਹਿਣ ਦਿਓ ।”
“ਮੈਂ ਕਹਾਣੀ ਲਿਖਣ ਲਗਾ ਸਭ ਕੁਝ ਅਨੁਭਵ ਤੋਂ ਲਿਖਦਾ ਹਾਂ । ਤੁਸੀਂ ਤਸਵੀਰ ਬਣਾਉਣ ਲਗੇ ਸਭ ਕੁਝ ਅਨੁਭਵ ਤੋਂ ਬਣਾਂਦੇ ਹੋ ।”
“ਪਰ ਅਨੁਭਵ ਦਾ ਸ੍ਰੋਤ ਤਾਂ ਸਤਿ ਹੀ ਹੈ ਨਾ । ਸੱਚ ਦਰਸਾਉਣਾ, ਨਿਰਾਕਾਰ ਸੱਚ ਨੂੰ ਸਾਕਾਰ
ਕਰਨ ਦਾ ਨਾਉਂ ਕਲਾ ਹੈ ।”
ਪਰ ਇਸ ਦਿਨ ਤੋਂ ਕੇਵਲ ਰੱਬ ਦੀ ਹੋਂਦ ਜਾਂ ਅਣਹੋਂਦ ਬਾਰੇ ਹੀ ਨਹੀਂ, ਸਗੋਂ ਹਰ ਗੱਲ ਵਿਚ ਸਾਡਾ ਵਾਦ-ਵਿਵਾਦ ਸ਼ੁਰੂ ਹੋ ਗਿਆ । ਉਹ ਹਰ ਗੱਲ ਅਤੇ ਰੀਝ ਤੇ “ਹਾਂ” ਕਹਿਣ ਵਾਲਾ ਨਾਨਕ ਸਿੰਘ ਹੁਣ ਪਤਾ ਨਹੀਂ ਕਿਥੇ ਚਲਾ ਗਿਆ ਸੀ । ਇਹ ਭਾਵੇਂ ਇਹਨਾਂ ਦਾ ਉੱਚਤਾ ਭਾਵ ਜਾਂ ਹੀਣਤਾ ਭਾਵ ਸਮਝ ਲਵੋ, ਭਾਵੇਂ ਬੀਬੀ ਰਾਜ ਕੌਰ ਦੀ ਰੱਸਾਕੱਸ਼ੀ ਦਾ ਅਸਰ, ਤ੍ਰੇੜਾਂ ਵਧਦੀਆਂ ਗਈਆਂ । ਆਖਰ ਪਾੜ ਪੈ ਗਏ । ਸਾਡੀਆਂ ਸਿਮਤਾਂ ਬਦਲ ਗਈਆਂ । ਸੁਪਨਿਆਂ ਦੀ ਸਾਂਝ ਉੱਡ ਗਈ ।
ਨਾਨਕ ਸਿੰਘ ਹੋਰੀਂ, ਮੈਨੂੰ ਗਾਹਕਾਂ ਦੀ ਸ਼ਕਲ ਵਿਚ ਮਿਲੇ, ਮਿੱਤਰਾਂ ਵਾਂਗ ਮੇਰੇ ਨਾਲ ਜੀਵੇ, ਪਰ ਦੁਸ਼ਮਣਾਂ ਦੀ ਹਾਲਤ ਵਿਚ ਮੈਥੋਂ ਵਿਛੜੇ । ਨੋਕ-ਟੋਕ ਤਾਂ ਹੁੰਦੀ ਹੀ ਰਹਿੰਦੀ ਹੈ ਸੱਜਣਾਂ ਮਿੱਤਰਾਂ ਵਿਚ । ਖ਼ਫ਼ਗੀਆਂ ਤੇ ਮਨਾਉਣੀਆਂ ਨੂੰ ਤਾਂ ਮੈਂ ਮਿੱਤਰਤਾ ਦਾ ਮਸਾਲਾ ਸਮਝਦਾ ਹਾਂ, ਪਰ “ਜੋਸ਼” ਦਾ ਇਕ ਸ਼ੇਅਰ ਹੈ : “ਧੋਖੇ ਕੀ ਮੁਹੱਬਤ ਸੇ ਅਦਾਵਤ ਅੱਛੀ, ਜੀ ਰੋਜ਼ ਗ਼ੁਲਾਮੀ ਸੇ ਬਗਾਵਤ ਅੱਛੀ।”
ਪੰਜ ਸੱਤ ਸਾਲ ਹੋਏ ਇਹਨਾਂ ਨੇ ਅੱਖ ਦਾ ਅਪ੍ਰੇਸ਼ਨ ਕਰਵਾਇਆ ਸੀ । ਮੈਥੋਂ ਰਹਿ ਨਾ ਹੋਇਆ ਅਤੇ ਦੋ ਵਾਰ ਪ੍ਰੀਤ ਨਗਰ ਇਹਨਾਂ ਦੀ ਖ਼ਬਰ ਸੁਰਤ ਲੈਣ ਗਿਆ । ਪਰ ਇਹ ਕਈ ਵੇਰ ਡਲਹੌਜ਼ੀ ਤੇ ਧਰਮਸ਼ਾਲਾ ਆਉਂਦੇ ਰਹਿੰਦੇ ਹਨ ਅਤੇ ਆ ਕੇ ਮੁੜ ਜਾਂਦੇ ਹਨ । ਅੰਦਰੇਟੇ ਕਦੇ ਨਹੀਂ ਆਏ । ਇੰਦਰ ਕੌਰ ਹੋਰਾਂ ਦੀ ਮ੍ਰਿਤੂ ਤੇ ਵੀ ਨਹੀਂ ਆਏ ।
ਜਦ ਇਹਨਾਂ ਨੂੰ ਕੋਈ ਪੁਰਸਕਾਰ ਮਿਲਦਾ ਹੈ, ਮੈਨੂੰ ਖੁਸ਼ੀ ਮਿਲਦੀ ਹੈ । ਮੁਬਾਰਕ ਭੇਜਦਾ ਹਾਂ, ਪਰ ਵੈਸੇ: “ਹੁਸੀਨੋਂ ਸੇ ਫ਼ਕਤ ਸਾਹਿਬ ਸਲਾਮਤ ਦੂਰ ਕੀ ਅੱਛੀ ਨਾ ਇਨ ਕੀ ਦੋਸਤੀ ਅੱਛੀ ਨਾ ਇਨ ਕੀ ਦੁਸ਼ਮਨੀ ਅੱਛੀ ।”
ਜੀਊਂਦੇ ਰਹਿਣ, ਵਸਦੇ ਰਹਿਣ ਅਤੇ ਸਾਨੂੰ ਇਹਨਾਂ ਵਲੋਂ ਗਰਮੀਆਂ ‘ਚ ਠੰਢੀ ਅਤੇ ਸਰਦੀਆਂ ‘ਚ ਨਿੱਘੀ ਵਾਅ ਆਉਂਦੀ ਰਹੇ, ਇਹੋ ਅਰਦਾਸ ਹੈ ।
ਸਭ ਤੋਂ ਪਹਿਲਾਂ “ਸਤਿਗੁਰੂ ਮਹਿਮਾ” ਦੀਆਂ ਤਸਵੀਰਾਂ ਬਣਾਉਣ ਵਾਸਤੇ ਨਾਨਕ ਸਿੰਘ ਹੋਰੀਂ ਮੇਰੇ ਪਾਸ ਆਏ ਸਨ । ਤਸਵੀਰਾਂ ਬਣੀਆਂ ਵੀ ਤੇ ਛਪੀਆਂ ਵੀ, ਪਰ ਇਹ ਮੇਰੇ ਕੋਲ ਫੇਰ ਵੀ ਆਉਂਦੇ ਜਾਂਦੇ ਰਹੇ । ਇਕ ਦੋ ਵਾਰ ਆਏ ਤਾਂ ਮੈਂ ਇਹਨਾਂ ਨੂੰ ਨਾ ਮਿਲਿਆ । ਜਦ ਮਿਲੇ ਤਾਂ ਪੁੱਛਣ ਲਗੇ, “ਕਿਥੇ ਚਲੇ ਗਏ ਸਓ ? ਦੋ ਵੇਰ ਮੈਂ ਆਇਆ ਤੁਸੀਂ ਗੈਰਹਾਜ਼ਰ ਸਓ ।”
“ਮੈਂ ਕਦੇ ਕਦੇ ਬਾਗ਼ੀ ਚਲਾ ਜਾਂਦਾ ਹਾਂ !” ਮੈਂ ਹੱਸ ਕੇ ਕਿਹਾ ।
“ਕੰਪਨੀ ਬਾਗ਼ ?”
“ठाती।”
“ਹਛਾ, ਗੋਲ ਬਾਗ਼ ਗਏ ਹੋਣੇ ਓ !”
“ਓਥੇ ਵੀ ਨਹੀਂ ! ਬਾਗੀਂ ਜਿਨ੍ਹਾਂ ਦਾ ਕੋਈ ਨਾਉਂ ਨਹੀਂ ।”
“ਉਹ ਬਾਗ਼ ਕੀ ਹੋਇਆ ਜੀਹਦਾ ਨਾਉਂ ਈ ਕੋਈ ਨਹੀਂ ।”
“ਕੁਦਰਤ ਕਿਸੇ ਸ਼ੈ ਦਾ ਨਾਉਂ ਨਹੀਂ ਰਖਦੀ, ਸਗੋਂ ਨਾਉਂ ਆਦਮੀ ਰਖਦਾ ਹੈ । ਮੈਂ “ਬਾਗ਼ੀ” ਕਿਹਾ ਹੈ ਬਾਗ਼ ਨਹੀਂ ਕਿਹਾ । ਲੋਕਾਠਾਂ ਦੇ ਬਾਗ਼, ਅਮਰੂਦਾਂ ਦੇ ਬਾਗ਼, ਨਾਖਾਂ ਦੇ ਬਾਗ਼ ।”
“ਹਛਾ ਮੈਂ ਸਮਝਿਆ ਕਿਤੇ ਫੁੱਲਾਂ ਦੇ ਭਰੇ ਭਾਗ ‘ਚ ਜਾਂਦੇ ਹੋ ।”
“ਫੁੱਲਾਂ ਦੇ ਬਾਗ਼ ! ਸਾਡੀ ਜਾਨ ਸੰਸਾਰੀਆਂ ਤੋਂ ਨਹੀਂ ਬਚਾ ਸਕਦੇ ਪਰ ਨਾਖਾਂ ਤੇ ਲੋਕਾਠਾਂ ਦੇ ਬਾਗ਼ਾਂ ਦੇ ਠੰਢੇ ਹਨੇਰਿਆਂ ਵਿਚ ਆਦਮੀ ਆਪਣੇ ਆਪ ਨਾਲ ਜਿਉਂ ਸਕਦਾ ਹੈ ਅਤੇ ਸੰਸਾਰੀਆਂ ਦੀਆਂ ਅੱਖਾਂ ਤੋਂ ਵੀ ਬਚ ਜਾਂਦਾ ਹੈ ।”
“ਤੁਸੀਂ ਵੀ ਮੇਰੇ ਵਾਂਗ ਸੰਸਾਰੀਆਂ ਤੋਂ ਡਰਦੇ ਓ ਮਾਸ਼ਟਰ ਜੀ ?”
“ਡਰਦਾ ਨਹੀਂ ਬਚਾਅ ਕਰਦਾ ਹਾਂ । ਝੂਠੇ ਹਾਸੇ, ਫ਼ਰਮਾਇਸ਼ੀ ਮੁਸਕਰਾਹਟਾਂ ਤੇ ਵਿਖਾਵੇ ਦੀ ਹਾਂ ਜੀ, ਹਾਂ ਜੀ’ ਤੋਂ ਬਚਾਅ ਹੋ ਜਾਂਦਾ ਹੈ ।”
“ਓਹ ਬਾਗ਼ ਤਾਂ ਮਾਸ਼ਟਰ ਜੀ ਸਾਨੂੰ ਵੀ ਵਿਖਾਓ ।”
“ਤੁਸੀਂ ਪੈਸੇ ਕਮਾਓ ਮਾਸ਼ਟਰ ਜੀ । ਤੁਸੀਂ ਕੀ ਲੈਣੈ ਇਹਨਾਂ ਬਖੇੜਿਆਂ ‘ਚੋਂ ।”
“ਪੈਸੇ ? ਜਿੰਨੇ ਕੁ ਮੈਂ ਕਮਾਂਦਾ ਹਾਂ, ਮੈਂ ਹੀ ਜਾਣਦਾ ਹਾਂ ਅਤੇ ਜਾਂ ਮੇਰਾ ਰੱਬ ।”
“ਕਿਉਂ ? ਏਡਾ ਵੱਡਾ ਪ੍ਰੈਸ ਫੇਰ ਪੈਸੇ ਕਿਉਂ ਨਹੀਂ ਕਮਾਉਂਦੇ ?”
“ਇਹ ਪ੍ਰੈਸ ਨਹੀਂ ਮਾਸ਼ਟਰ ਜੀ, ਸਗੋਂ ਹਾਥੀ ਏ ਹਾਥੀ, ਸਫੈਦ ਹਾਥੀ !”
“ਹਛਾ ਕਲ੍ਹ ਹੀ ਸਵੇਰੇ ਆ ਜਾਓ, ਲੈ ਚਲਾਂਗਾ ।” ਅਤੇ ਮੈਂ ਇਹਨਾਂ ਨੂੰ ਆਪਣੇ ਘਰ ਦਾ ਪਤਾ ਸਮਝਾ ਦਿੱਤਾ ।
ਸੋ, ਦੂਜੇ ਦਿਨ ਸਵੇਰੇ ਹੀ ਨਾਨਕ ਸਿੰਘ ਹੋਰੀਂ ਮੇਰੇ ਘਰ ਪੁਜ ਗਏ, ਜਿਵੇਂ ਜਾਣ ਦੀ ਖੁਸ਼ੀ ਵਿਚ ਰਾਤ ਸੁੱਤੇ ਹੀ ਨਾ ਹੋਣ । ਮੈਂ ਅਜੇ ਬਿਸਤਰੇ ਤੇ ਹੀ ਸਾਂ ਕਿ ਇਹਨਾਂ ਨੇ ਆ ਕੁੰਡਾ ਖੜਕਾਇਆ । ਪਿੱਦੀ ਅਜੇ ਬੋਲ ਹੀ ਰਹੀ ਸੀ ।
ਅਸੀਂ ਚਲ ਪਏ ਘਰੋਂ । ਸੁਲਤਾਨਵਿੰਡ ਦੇ ਦਰਵਾਜ਼ੇ ‘ਚੋਂ ਹੁੰਦੇ ਹੋਏ, ਰਾਮ ਤਲਾਈ ਹਸਲੀਉਂ ਹਸਲੀ ਜਾ ਪੁਜੇ, ਨਾਸ਼ਪਾਤੀਆਂ ਦੇ ਬਾਗ਼ਾਂ ਵਿਚ । ਹੁਣ ਤਕ ਸੂਰਜ ਦੀਆਂ ਰਿਸ਼ਮਾਂ ਫੈਲ ਚੁਕੀਆਂ ਸਨ । ਹਸਲੀ ਦੇ ਕੰਢਿਆਂ ਦੇ ਆਲੇ ਦੁਆਲੇ ਬਾਗ਼ ਹੀ ਬਾਗ਼ ਹਨ । ਅਸੀਂ ਹਸਲੀ ਦੇ ਕੰਢੇ ਪਾਣੀ ‘ਚ ਪੈਰ ਲਮਕਾ ਕੇ ਬਹਿ ਗਏ ।
ਹੁਣ ਨਾਨਕ ਸਿੰਘ ਹੋਰੀਂ ਗਾਹਕ ਨਹੀਂ ਸਨ ਜਾਪਦੇ, ਸਗੋਂ ਗਦ ਗਦ ਹੋਏ ਕਵੀ । ਮੁਗਧਤਾ ਵਿਚ ਇਹਨਾਂ ਗਾਉਣਾ ਸ਼ੁਰੂ ਕਰ ਦਿੱਤਾ, ਅਤੇ ਫੇਰ ਬੇਹਬਲ ਹੋਏ ਗੋਡੇ ਵੀ ਵਜਾਉਣ ਲਗ ਪਏ । ਖੁਸ਼ੀ ਨਾਲ ਮੇਰੀਆਂ ਅੱਖਾਂ ਭਰ ਆਈਆਂ।
ਗਾਉਂਦੇ ਗਾਉਂਦੇ ਇਕਦਮ ਚੁੱਪ ਹੋ ਗਏ ਅਤੇ ਮੇਰੀ ਵਲ ਵੇਖ ਕੇ ਕਹਿਣ ਲਗੇ : “ਏਥੇ ਤੁਸਾਂ ਮੈਨੂੰ ਪਹਿਲੋਂ ਕਿਉਂ ਨਹੀਂ ਲਿਆਂਦਾ ਮਾਸ਼ਟਰ ਜੀ ! ਮੈਂ ਅੱਜ ਬੜੇ ਦਿਨਾਂ ਪਿਛੋਂ ਖੁਸ਼ ਹੋਇਆ ਹਾਂ ।”
ਖੁਸ਼ੀ ਦੀਆਂ ਘੜੀਆਂ ਦੀ ਰਫ਼ਤਾਰ ਤੇਜ਼ ਹੁੰਦੀ ਹੈ । ਅਜੇ ਅਸੀਂ ਦਰਖਤਾਂ ਦੇ ਹੇਠ ਫਿਰ ਹੀ ਰਹੇ ਸਾਂ ਕਿ ਇਹਨਾਂ ਨੂੰ ਇਕ ਦਮ ਯਾਦ ਆ ਗਿਆ: “ਪ੍ਰੈਸ ਦੇ ਆਦਮੀ ਬਾਹਰ ਬੈਠੇ ਹੋਣਗੇ । ਮਾਸ਼ਟਰ ਜੀ, ਅਗੇ ਤੋਂ ਮੈਂ ਚਾਬੀ ਮਸ਼ੀਨਮੈਨ ਨੂੰ ਦੇ ਆਇਆ ਕਰਾਂਗਾ ।”
ਫੇਰ ਤਾਂ ਸਾਡੇ ਨਾਲ ਕਈ ਵੇਰ ਪੰਡਤ ਮੰਗਤ ਰਾਮ ਤੇ ਮਲੂਕ ਸਿੰਘ ਹੋਰੀਂ ਵੀ ਜਾਂਦੇ ਰਹੇ, ਪਰ ਬਹੁਤੀ ਵੇਰ ਅਸੀਂ ਦੋਵੇਂ ਹੀ ਹੁੰਦੇ ਕਿਉਂਕਿ ਇਹ ਤਾਂ ਆਪਣੇ ਮਿੱਤਰਾਂ ਤੋਂ ਡਰਦੇ ਸਨ ਅਤੇ ਅਸੀਂ ਸਾਂ ਦੋਵੇਂ ਯਤੀਮ । ਪਰ ਨਾਨਕ ਸਿੰਘ ਹੋਰਾਂ ਨੂੰ ਭਾਵੇਂ ਪਿਤਾ ਦਾ ਡਰ ਤਾਂ ਕੋਈ ਨਹੀਂ ਸੀ, ਪਰ ਪਤਨੀ ਕੋਲੋਂ ਜ਼ਰੂਰ ਡਰਦੇ ਸਨ ।
ਇਕ ਦਿਨ ਸੈਰ ਕਰਨ ਆਏ ਤਾਂ ਮੈਂ ਆਪਣੇ ਘਰ ਕੰਮ ਕਰ ਰਿਹਾ ਸਾਂ, ਵੇਖ ਕੇ ਕਹਿਣ ਲਗੇ, “ਤੁਸੀਂ ਘਰ ਵੀ ਕੰਮ ਕਰਦੇ ਓ ਅਤੇ ਦੁਕਾਨ ਤੇ ਵੀ ?”
“ਹਾਂ ਜੀ ! ਨਹੀਂ ਤੇ ਰੋਟੀ ਕਿਵੇਂ ਚਲੇ ।”
“ਕੀ ਤੁਸਾਡੀ ਵੀ ਰੋਟੀ ਮੁਸ਼ਕਲ ਨਾਲ ਚਲਦੀ ਏ ?”
“ਹੋਰ ਕੀ, ਸਾਰੇ ਹੀ ਦਸਾਂ-ਨਹੁੰਆਂ ਦੀ ਕਿਰਤ ਕਰਨ ਵਾਲਿਆਂ ਦਾ ਇਹੀ ਹਾਲ ਹੁੰਦਾ ਏ ।” ਨਾਨਕ ਸਿੰਘ ਹੋਰੀਂ ਹਉਕਾ ਭਰ ਕੇ ਚੁੱਪ ਕਰ ਗਏ । ਚਾਹ ਪੀ ਕੇ ਅਸੀਂ ਹੇਠਾਂ ਉਤਰੇ ਅਤੇ ਸ਼ਹਿਰੋਂ ਬਾਹਰ ਨਿਕਲ ਆਏ । ਹੋਰ ਏਧਰ ਓਧਰ ਦੀਆਂ ਗੱਲਾਂ ਕਰਦੇ ਰਹੇ, ਪਰ ਅਚਾਨਕ ਹੀ ਕਹਿਣ ਲਗੇ, “ਤੁਸਾਡੇ ਖੁਸ਼ ਸੁਭਾ ਤੇ ਹਾਸੇ ਦੀ ਛਣਕਾਰ ਤੋਂ ਮੈਂ ਅੰਦਾਜ਼ਾ ਲਾਇਆ ਸੀ ਕਿ ਤੁਸੀਂ ਮਾਇਆ ਵਲੋਂ ਸੁਖਾਲੇ ਹੋ, ਪਰ…”
“ਖੁਸ਼ ? ਖੁਸ਼ ਮੇਰੀ ਅਵਸਥਾ ਦਾ ਆਦਮੀ ਹਮੇਸ਼ਾ ਖੁਸ਼ ਵੇਖੋਗੇ ।”
“ਉਹ ਕਿਉਂ ?”
“ਅਮੀਰ ਔਖਾ ਹੋ ਸਕਦਾ ਹੈ, ਉਹ ਪੈਸੇ ਕਿਵੇਂ ਸੰਭਾਲੇ ਅਤੇ ਹੋਰ ਕਿਵੇਂ ਕਮਾਏ । ਗ਼ਰੀਬ ਔਖਾ ਹੈ ਕਿ ਉਸ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਪਰ ਮੈਂ ਨਾ ਅਮੀਰ ਹਾਂ ਨਾ ਗ਼ਰੀਬ । ਦਸਾਂ ਨਹੁੰਆਂ ਦੀ ਕਿਰਤ ਕਰਦਾ ਹਾਂ, ਉਸੇ ਹਿਸਾਬ ਨਾਲ ਆਪਣਾ ਖਰਚ ਰਖਿਆ ਹੋਇਆ ਏ । ਸੁਪਨੇ ਬਣਾਉਂਦਾ ਕੋਈ ਨਹੀਂ, ਪਰ ਫੇਰ ਵੀ ਮੈਨੂੰ ਆਪਣੇ ਆਪ ਨਾਲ ਜੀਊਣ ਨੂੰ ਵਕਤ ਬੜਾ ਘਟ ਮਿਲਦਾ ਹੈ, ਇਸ ਲਈ ਮੈਂ ਮਾਈ ਸੇਵਾ ਦੇ ਬਾਜ਼ਾਰ ਵਾਲੀ ਬੈਠਕ ਛੱਡ ਕੇ ਘਰ ਆ ਜਾਣਾ ਚਾਹੁੰਦਾ ਹਾਂ । ਇਕ ਤਾਂ ਪੰਦਰਾਂ ਰੁਪਏ ਕਿਰਾਇਆ ਬਚੂ, ਦੂਜੇ ਆਣਾ ਜਾਣਾ, ਤੀਜਾ ਬੈਠਕ ਤੇ ਲੋਕ ਬੜੇ ਮਿਲਣ ਆ ਜਾਂਦੇ ਹਨ, ਉਹਨਾਂ ਤੋਂ ਬਚਾਅ ਹੋ ਜਾਊ ਅਤੇ ਮੈਂ ਆਪਣੇ ਆਪ ਨਾਲ ਵਧੇਰੇ ਜਿਉਂ ਸਕਾਂ ਗਾ ।”
“ਤੁਸੀਂ ਦੁਕਾਨ ਛੱਡਣ ਨੂੰ ਫਿਰਦੇ ਓ ਮੈਂ ਪ੍ਰੈਸ ਛੱਡਣ ਨੂੰ, ਪਰ ਮੇਰਾ ਕੰਮ ਦੁਕਾਨ ਛੱਡਣ ਜਿੰਨਾ ਸੁਖਾਲਾ ਨਹੀਂ ਨਾ ।”
ਮੈਂ ਇਕਦਮ ਖਲੋ ਗਿਆ ਅਤੇ ਹੈਰਾਨੀ ਨਾਲ ਪੁੱਛਿਆ: “ਕੀ ਤੁਸੀਂ ਪ੍ਰੈਸ….”
“ਹਾਂ ਵੇਚ ਦਿਆਂਗਾ।”
“ਤੇ ਫੇਰ ?” ਮੈਂ ਪੁੱਛਿਆ ।
“ਫੇਰ ਬਾਬਾ ਟਲ ! ਹੋਰ ਕੀ ! ਨਾ ਕੋਈ ਕੰਮ ਆਉਂਦਾ ਹੈ ਨਾ ਕੋਈ ਕਾਰ ।”
“ਨਾਂਹ, ਕੁਝ ਨਾ ਕੁਝ ਤਾਂ ਆਖਰ ਕਰੋਗੇ ਈ ਨਾ ।”
“ਇਹ ਨਹੀਂ, ਮੈਂ ਅਜੇ ਸੋਚਿਆ।”
“ਇਹ ਸਭ ਤੋਂ ਪਹਿਲੋਂ ਸੋਚਣ ਵਾਲੀ ਗੱਲ ਏ, ਮਾਸ਼ਟਰ ਜੀ।”
“ਤੁਸੀਂ ਈ ਦੱਸੋ ਕੀ ਕਰਾਂ ?”
“ਮੈਂ ਕੀ ਦੱਸਾਂ ਤੁਸੀਂ ਸਿਆਣੇ ਈ ਓ ।”
“ਸਿਆਣਪ ਨੇ ਤਾਂ ਮਾਰਿਆ ਹੈ ਮਾਸ਼ਟਰ ਜੀ।”
“ਫੇਰ ਜੇ ਏਨੇ ਔਖੇ ਓ ਤਾਂ ਵੇਚ ਕਿਉਂ ਨਹੀਂ ਦੇਂਦੇ । ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਏ ।”
“ਕੰਨਾਂ ਨੂੰ ਤਾਂ ਇਹ ਸੋਨਾ ਕਦੀ ਦਾ ਖਾ ਬੈਠੇ । ਹੁਣ ਤਾਂ ਇਹ ਪ੍ਰੈਸ ਮੈਨੂੰ ਖਾਣ ਤੇ ਤੁਲੀ ਹੋਈ ਏ ।” ਇਹ ਆਵਾਜ਼ ਇਹਨਾਂ ਦੀ ਆਤਮਾ ਦੀ ਸੀ ।
ਓਦਨ ਦੀ ਸਾਡੀ ਸੈਰ ਕੁਝ ਫਿੱਕੀ ਹੀ ਰਹੀ । ਇਹਨਾਂ ਨੂੰ ਪਤਾ ਲਗ ਗਿਆ ਕਿ ਇਹ ਮੇਰਾ ਭਰਾ ਈ ਏ, ਸੁਖਾਲਾ ਨਹੀਂ ਅਤੇ ਮੈਨੂੰ ਪਤਾ ਲਗ ਗਿਆ ਕਿ ਇਹ ਵੀ ਔਖੇ ਨੇ, ਪਰ ਅਸੀਂ ਇਕ ਦੂਜੇ ਦੇ ਵਧੇਰੇ ਨੇੜੇ ਨੇੜੇ ਜਾਪਣ ਲਗ ਪਏ ।
ਪ੍ਰੈਸ ਵਿੱਕ ਗਈ । ਪੈਸੇ ਜਿਸ ਤੋਂ ਲੈ ਕੇ ਪ੍ਰੈਸ ਲਗਾਈ ਸੀ ਉਸ ਨੂੰ ਦੇ ਦਿਤੇ ਗਏ ਪਰ ਪੂਰੇ ਪੈਸੇ ਨਾ ਦਿਤੇ ਜਾ ਸਕੇ । ਪੈਸੇ ਦੇਣ ਵਾਲਾ ਯਾਰ ਅਸਲ ‘ਚ ਇਹਨਾਂ ਦਾ ਯਾਰ ਨਹੀਂ ਸੀ, ਸਗੋਂ ਪੈਸੇ ਦਾ ਯਾਰ ਸੀ । ਘਰ ਤੇ ਗਲੀ ਵਿਚ ਕੀ, ਬਾਜ਼ਾਰ ਵਿਚ ਖਲੋ ਕੇ ਧਮਕੀਆਂ ਦੇਂਦਾ । ਆਮਦਨ ਬੰਦ ਹੋ ਗਈ, ਖਰਚ ਉਵੇਂ ਈ । ਲਗਾ ਕਰਜ਼ੇ ਤੇ ਹੋਰ ਕਰਜ਼ਾ ਸਿਰ ਤੇ ਚੜ੍ਹਨ । ਆਪਣੇ ਯਾਰ ( ?) ਦਾ ਈ ਕਰਜ਼ਾ ਨਹੀਂ, ਸਗੋਂ ਧਿਰ ਧਿਰ ਦਾ ਕਰਜ਼ਾ, ਆਟੇ ਵਾਲੇ ਦਾ, ਘਿਉ ਵਾਲੇ ਦਾ ਕਰਜ਼ਾ । ਦੁੱਧ ਵਾਲੇ ਦਾ, ਮਕਾਨ ਵਾਲੇ ਦਾ ਕਰਜ਼ਾ । ਪ੍ਰੈਸ ਦੇ ਕਾਗ਼ਜ਼ ਵਾਲੇ ਦਾ, ਟਾਈਪ ਵਾਲੇ ਦਾ ਕਰਜ਼ਾ । ਆਖਰ ਅੱਜ ਦੇ ਸੰਸਾਰਪ੍ਰੀਯ ਨਾਵਲਿਸਟ ਦਾ ਜਦ ਪੰਜਾਬ ਸਿੰਘ ਦੀ ਗਲੀਓਂ ਬਾਹਰ ਆਉਣਾ ਮੁਸ਼ਕਲ ਹੋ ਗਿਆ, ਤਾਂ ਇਕ ਦਿਨ ਸਵੇਰੇ ਹੀ ਨਾਨਕ ਸਿੰਘ ਹੋਰੀਂ ਮੇਰੇ ਕੋਲ ਆਏ । ਮੈਂ ਸਮਝਿਆ ਸੈਰ ਕਰਨ ਲਈ ਆਏ ਹਨ । ਆਏ ਅਤੇ ਬਗੈਰ ਦੁਆ ਸਲਾਮ ਕੀਤਿਆ ਮੇਰੇ ਸੱਜੇ ਬੰਨੇ ਪਈ ਕੁਰਸੀ ਤੇ ਪੋਲੇ ਜਿਹੇ ਬਹਿ ਗਏ । ਮੈਂ ਕੰਮ ਕਰ ਰਿਹਾ ਸਾਂ, ਬੁਰਸ਼ ਰਖ ਦਿਤਾ । ਇਹ ਸੁਭਾਵਕ ਨੀਵੀਂ ਪਾਈ ਬੈਠੇ ਸਨ ਕਿ ਮੈਂ ਇਹਨਾਂ ਦੇ ਖੱਬੇ ਗੋਡੇ ਤੇ ਪਿਆਰ ਨਾਲ ਹੱਥ ਫੇਰਦਿਆਂ ਕਿਹਾ, “ਕੀ ਗੱਲ ਏ ਮਾਸ਼ਟਰ ਹੋਣੀ ਜੀ ? ਬੜੇ ਦਿਨਾਂ ਬਾਅਦ ਆਏ ਓ ਅਤੇ ਕੁਝ ਉਦਾਸ ਦਿਸਦੇ ਹੋ । ਦੁਸ਼ਮਣਾਂ ਦਾ ਮਿਜਾਜ਼ ਤਾਂ ਠੀਕ ਹੈ ਨਾ ।”
ਇਹਨਾਂ ਜਿਵੇਂ ਮੇਰੀ ਕੋਈ ਗੱਲ ਨਾ ਸੁਣੀ ਹੋਵੇ । ਬੋਲੇ, ਬੋਲੇ ਵੀ ਇਉਂ ਜਿਵੇਂ ਖ਼ਾਬ ਵਿਚ ਬੋਲ ਰਹੇ ਹੋਣ, “ਚਲੇ ਜਾਣੈ ਕਿਸੇ ਬੰਨੇ ਮਾਸ਼ਟਰ ਜੀ ਮੈਂ ।”
“ਕਿਥੇ ਚਲੇ ਜਾਣੈ ?” ਮੈਂ ਹੈਰਾਨ ਹੋ ਕੇ ਪੁਛਿਆ ।
“ਭਾਵੇਂ ਰੱਬ ਦੇ ਘਰ ਈ ਨਾ ਜਾਣਾ ਪਵੇ ।”
“ਵਾਹਗੁਰੂ ਵਾਹਗੁਰੂ ਕਰੋ । ਇਹ ਕੀ ਕਹਿ ਰਹੇ ਓ ਮਾਸ਼ਟਰ ਜੀ ?” ਅਤੇ ਮੈਂ ਉਠ ਕੇ ਇੰਦਰ ਕੌਰ ਨੂੰ ਦੋ ਚਾਹ ਦੀਆਂ ਪਿਆਲੀਆਂ ਬਣਾਉਨ ਵਾਸਤੇ ਕਹਿ ਕੇ ਆ ਬੈਠਾ ਅਤੇ ਪੁੱਛਿਆ, “ਮਾਸ਼ਟਰ ਜੀ ਬੁਝਾਰਤਾਂ ਨਾ ਪਾਓ, ਦਸੋ ਕਿਥੇ ਜਾ ਰਹੇ ਹੋ । ਸ਼ਾਇਦ ਮੈਂ ਵੀ ਤੁਸਾਡੇ ਨਾਲ ਚਲਾ ਚਲਾਂ, ਪਰ ਰੱਬ ਦੇ ਘਰ ਨਹੀਂ ।”
ਨਾਨਕ ਸਿੰਘ ਹੋਰੀਂ ਜ਼ਮੀਨ ਵਲ ਤੱਕਦੇ ਹੋਏ ਬੋਲੇ, “ਮਾਸ਼ਟਰ ਜੀ ਮੈਂ ਬਹੁਤ ਔਖਾ ਹੋ ਗਿਆ ਹਾਂ । ਮੇਰੇ ਵਾਸਤੇ ਪੰਜਾਬ ਸਿੰਘ ਦੀ ਗਲੀ ਦਾ ਫਾਟਕ ਲੰਘਣਾ ਮੁਸ਼ਕਲ ਹੋ ਗਿਆ ਹੈ । ਅੱਜ ਅੱਖ ਬਚਾ ਕੇ ਆਇਆ ਹਾਂ । ਗਲੀ ਦਾ ਦਰਵਾਜ਼ਾ ਇਕੋ ਹੈ। ਜੇ ਬਾਬੇ ਸਾਹਿਬ ਦੇ ਚੌਂਕ ਵਲ ਜਾਵਾਂ ਤੇ ਹਲਵਾਈ ਦੀ ਦੁਕਾਨ, ਜੇ ਪਰਾਗ ਦਾਸ ਦੇ ਚੌਕ ਵਲ ਆਵਾਂ ਤੇ ਆਟੇ ਦਾਲ ਵਾਲੇ ਦੀ ਦੁਕਾਨ, ਮੈਂ ਤਾਂ ਸਿਰਫ਼ ਤੁਸਾਨੂੰ ਕਹਿਣ ਆਇਆ ਹਾਂ ਕਿ ਮੈਂ ਕਿਤੇ ਜਾ ਰਿਹਾ ਹਾਂ, ਤੁਸਾਨੂੰ ਦਸਿਆਂ ਬਿਨਾਂ ਜਾਣ ਦਾ ਹੀਆ ਨਹੀਂ ਪਿਆ…”
“ਪਰ ਜਾਉਗੇ ਕਿਥੇ ?”
“ਜਿਥੇ ਵੀ ਇਹਨਾਂ ਲਹਿਣਦਾਰਾਂ ਤੋਂ ਦੂਰ ਹੋ ਸਕਾਂ ।”
“ਉਥੇ ਜਾ ਕੇ ਕੀ ਕਰੋਗੇ ?”
“ਭਾਵੇਂ ਛੋਲੇ ਕੁਲਚੇ ਨਾ ਲਾਉਣੇ ਪੈਣ ।”
“ਤੇ ਇਹ ਤੁਸਾਡੀ ਕਲਾ ?”
“ਕਲਾ ਦੀ ਐਸੀ ਤੈਸੀ ਕਲਾ ਈ ਨੇ ਤਾਂ ਇਹ ਦਿਨ ਵਿਖਾਏ ਨੇ ।”
“ਤੇ ਜਾਓਗੇ ਕਿਧਰ ?”
“ਦਿੱਲੀ, ਕਲਕੱਤੇ, ਬੰਬਈ, ਜਿਥੇ ਸਿੰਗ ਸਮਾਉਣਗੇ ।”
“ਤੇ ਬੀਬੀ ਜੀ  ?”
“ਉਹ ਆਪੇ ਰਹੇਗੀ ਆਪਣੇ ਮਾਪਿਆਂ ਦੇ ਘਰ ।”
– ਏਨੇ ਚਿਰ ਨੂੰ ਇੰਦਰ ਕੌਰ ਹੋਰਾਂ ਪਿਆਲੀ ਚਮਚਾ ਠਕੋਰਿਆ ਅਤੇ ਪਿਆਲੀਆਂ ਚੌਕਿਉਂ ਬਾਹਰ ਸਰਕਾ ਦਿੱਤੀਆਂ । ਮੈਂ ਜਾ ਕੇ ਲੈ ਆਇਆ ਅਸਾਂ ਦੋਹਾਂ ਲਈ ਚਾਹ, ਨਾਲ ਰੱਖੀਆਂ ਮੂੰਗੀ ਦੀਆਂ ਪਿੰਨੀਆਂ । ਇਹਨਾਂ ਨੂੰ ਚੁੱਪ ਕੀਤਿਆਂ ਵੇਖ ਕੇ ਮੈਂ ਪਿਆਲੀ ਚੁੱਕ ਕੇ ਇਹਨਾਂ ਦੇ ਬੁੱਲ੍ਹਾਂ ਕੋਲ ਕੀਤੀ ਅਤੇ ਇਹਨਾਂ ਮੁਸਕਰਾ ਕੇ ਫੜ ਲਈ । ਮੈਂ ਕਿਹਾ, “ਬਿੱਬ ਰਖਾਂ ਮਾਸ਼ਟਰ ਜੀ ।”
ਇਹ ਹੱਸ ਪਏ, ਹੁਣ ਇਹਨਾਂ ਦਾ ਮਨ ਹੌਲਾ ਹੌਲਾ ਜਾਪਦਾ ਸੀ । ਹੁਣ ਮੈਂ ਆਪਣੇ ਤੰਤਰ ਲਈ ਠੀਕ ਮੌਕਾ ਸਮਝਿਆ ਅਤੇ ਮੈਂ ਆਪਣੇ ਕੋਲ ਪਏ ਮੇਜ਼ ਤੋਂ ਇਕ ਬੁਰਸ਼ ਚੁੱਕ ਕੇ ਇਹਨਾਂ ਦੇ ਕੋਟ ਦੀ ਜੇਬ ‘ਚ ਪੈੱਨ ਖਿੱਚ ਕੇ ਬੁਰਸ਼ ਦੇ ਨਾਲ ਜੋੜ, ਇਹਨਾਂ ਦੇ ਚਿਹਰੇ ਕੋਲ ਕਰ ਕੇ ਆਖਿਆ, “ਮਾਸ਼ਟਰ ਜੀ, ਜਦ ਤਕ ਇਕ ਬੁਰਸ਼ ਤੇ ਇਹ ਕਲਮ ਕਾਇਮ ਹਨ, ਤਦ ਤਕ ਨਾ ਸੋਭਾ ਸਿੰਘ ਭੁੱਖਾ ਮਰ ਸਕਦਾ ਹੈ, ਨਾ ਨਾਨਕ ਸਿੰਘ ਭੁੱਖਾ ਮਰ ਸਕਦਾ ਹੈ ।”
“ਭੁੱਖੇ ਮਰਨ ਨਾਲੋਂ ਭੁੱਖੇ ਰਹਿਣਾ ਅਤੇ ਕਰਜ਼ਖਾਹਾਂ ਤੋਂ ਡਰਦੇ ਰਹਿਣਾ ਵਧੇਰੇ ਔਖਾ ਹੈ ।”
“ਪਰ ਹਰ ਸ਼ੈ ਦਾ ਜਨਮ ਔਖ ‘ਚ ਹੁੰਦੈ ਮਾਸ਼ਟਰ ਜੀ, ਔਖ ਜੇ ਅਸੀਂ ਸਹਿ ਗਏ ਤਾਂ ਇਕ ਦਿਨ ਇਹ ਸਾਨੂੰ ਜ਼ਰੂਰ ਵਡੇ ਆਦਮੀ ਬਣਾ ਕੇ ਛੱਡੇਗਾ ।”
“ਮੈਂ ਨਹੀਂ ਇਹੋ ਜਿਹਾ ਵੱਡਾ ਆਦਮੀ ਬਣਨਾ ਚਾਹੁੰਦਾ ਮਾਸ਼ਟਰ ਜੀ ।”
“ਜਪੁਜੀ ਸਾਹਿਬ ਦੇ ਨਾਲ ਪਿਆ ਲੋਕਾਂ ਦੇ ਘਰਾਂ ਵਿਚ ਸਤਿਗੁਰ ਮਹਿਮਾ ਦਾ ਗੁਟਕਾ ਵੇਖ ਕੇ ਵੀ ਤੁਸਾਨੂੰ ਕੋਈ ਜੀਵਨ ਲਈ ਉਤਸ਼ਾਹ ਨਹੀਂ ਮਿਲਦਾ, ਮੇਰੇ ਦੋਸਤ ?”
“ਉਤਸ਼ਾਹ ਤਾਂ ਮਿਲਦਾ ਹੈ, ਪਰ ਕੀਤਾ ਕੀ ਜਾਵੇ ?”
“ਸਿਰਫ਼ ਹਿੰਮਤ ਦੀ ਲੋੜ ਹੈ ਹਿੰਮਤ ਦੀ । ਤੁਸੀਂ ਦਿਲ ਨਾ ਛੱਡੋ । ਰੱਬ ਭਲੀ ਕਰੇਗਾ, ਮੈਂ ਤੁਸਾਡੇ ਨਾਲ ਹਾਂ ।”
“ਸੁਆਹ ਭਲੀ ਕਰੂਗਾ ਰੱਬ, ਜਿਹੋ ਜਿਹੀ ਹੁਣ ਭਲੀ ਕੀਤੀ ਹੈ । ਕੀ ਮੇਰੇ ‘ਚ ਹਿੰਮਤ ਨਹੀਂ ?”
“ਬਹੁਤ ਹੈ ।”
“ਕੀ ਮੈਂ ਕੰਮ ਨਹੀਂ ਕਰਦਾ ਰਿਹਾ ?”
“ਕਰਦੇ ਰਹੇ ਹੋ, ਬਹੁਤ ਕਰਦੇ ਰਹੇ ਹੋ, ਪਰ ਹੁਣ ਹਿੰਮਤ ਛੱਡ ਬੈਠੇ ਹੋ, ਹੁਣ ਉਤਪਾਦਨ ਦੇ ਵੇਲੇ
ਮੈਂ ਏਥੇ ਬਥੇਰੀ ਹਿੰਮਤ ਕਰ ਵੇਖੀ ਹੈ, ਹੁਣ ਬਾਹਰ ਜਾ ਕੇ ਭਾਵੇਂ ਛੋਲੇ ਕੁਲਚੇ ਨਾ ਲਾਉਣੇ ਪੈਣ, ਪਰ ਮੈਂ ਏਥੇ ਨਹੀਂ ਰਹਿ ਸਕਦਾ ।”
“ਛੋਲੇ ਕੁਲਚੇ ਨਾ ਵੇਚੋ, ਕਹਾਣੀਆਂ ਲਿਖੋ ਤੇ ਵੇਚੋ, ਸਤਿਗੁਰ ਮਹਿਮਾ ਤੁਸਾਡੀ ਜਾਗੀਰ ਹੈ । ਰੋਟੀ ਤੁਹਾਨੂੰ ਜ਼ਰੂਰ ਦਏਗੀ । ਜੇ ਅਤਿ ਜ਼ਰੂਰਤ ਦੀਆਂ ਚੀਜ਼ਾਂ ਚਾਰ ਦਿਨ ਹੁਦਾਰ ਲਈਆਂ ਹਨ, ਤਾਂ ਕੋਈ ਸੰਨ੍ਹ ਨਹੀਂ ਮਾਰੀ । ਖੂਨ ਨਹੀਂ ਕੀਤਾ । ਅੱਜ ਨਹੀਂ ਕੱਲ੍ਹ, ਕਲ੍ਹ ਨਹੀਂ ਪਰਸੋਂ, ਅਸੀਂ ਪੈਸੇ ਦੇ ਹੀ ਦੇਣੇ ਹਨ ।”
ਪਰ ਇਹ ਇਹਨਾਂ ਦੀ ਸ਼ਰਾਫ਼ਤ ਤੇ ਕਵੀ ਦਿਲ ਦੀ ਕੋਮਲਤਾ ਹੀ ਸੀ, ਜੋ ਇਹਨਾਂ ਨੂੰ ਡਰਾ ਰਹੀ ਸੀ । ਫੇਰ ਉਥੋਂ ਦੀ ਹੀ ਲੰਘਦੇ ਰਹੇ ਹਨ, ਪਰ ਕਿਸੇ ਪੁੱਛਿਆ ਨਹੀਂ ਪੈਸਿਆਂ ਵਾਸਤੇ । ਅਸਲ ‘ਚ ਲੋਕ ਇਹਨਾਂ ਦੀ ਸਤਿਗੁਰ ਮਹਿਮਾ ਕਰ ਕੇ ਬੜੀ ਇੱਜ਼ਤ ਕਰਦੇ ਸਨ ।
ਹੁਣ ਇਹ ਤਿੰਨ ਮੰਜ਼ਲੇ ਮਕਾਨ ਦੇ ਮੁਘਾਂ ‘ਚੋਂ ਆਉਂਦੀ ਰੌਸ਼ਨੀ ਦੀ ਲੋਅ ਹੇਠਾਂ ਲਿਖਣ ਬਹਿ ਗਏ । ਲਿਖੀ ਜਾਂਦੇ ਤੇ ਲਿਖੀ ਜਾਂਦੇ, ਲਿਖ ਲਿਖ ਕੇ ਮੈਨੂੰ ਸੁਣਾਂਦੇ । ਮੈਂ ਸਾਦਾ ਲੋਹੀ ਨਾਲ ਕਿਤੇ ਕਿਤੇ ਨੁਕਤਾਚੀਨੀ ਵੀ ਕਰ ਬੈਠਦਾ, ਪਰ ਮੈਨੂੰ ਛੇਤੀ ਹੀ ਪਤਾ ਲਗ ਗਿਆ ਕਿ ਮੈਂ ਗ਼ਲਤੀ ਕਰਦਾ ਹਾਂ । ਇਹ ਮੈਨੂੰ ਸਿਰਫ਼ ਇਸ ਵਾਸਤੇ ਨਹੀਂ ਸੁਣਾਉਂਦੇ ਕਿ ਇਹਨਾਂ ਦੀ ਕਹਾਣੀ ਦੀਆਂ ਗ਼ਲਤੀਆਂ ਕਢਾਂ, “ਕਮਾਲ ਐ ਕਮਾਲ” ਕਹਿਣ ਦੀ ਆਦਤ ਪਾ ਲਈ । ਫੇਰ ਵੀ ਇਹ ਛਿੱਥੇ ਪੈ ਜਾਣ ।
“ਤੁਸੀਂ ਮਾਸ਼ਟਰ ਜੀ ਮੈਨੂੰ ਫ਼ੂਲ ਬਣਾਉਂਦੇ ਹੋ ‘ਕਮਾਲ ਕਮਾਲ’ ਕੀ ਹੋਇਆ ? ਕੋਈ ਅਕਲ ਦੀ ਗੱਲ ਦੱਸੋ ।”
“ਅਕਲ ਹੁੰਦੀ ਤਾਂ ਘਰ ਬੈਠੇ ਨਾ ਖਾਂਦੇ ।”
“ਤੇ ਹੁਣ ਖੋਤੀ ਹਾਤੇ ਕੋਲ ਬੈਠੇ ਹੋਏ ਓ ?” ਅਸੀਂ ਦੋਵੇਂ ਹੱਸ ਕੇ ਇਕ ਦੂਜੇ ਕੋਲੋਂ ਜਾਨ ਛੁਡਾਉਂਦੇ। ਪਰ ਮੇਰਾ ਅੰਦਰਲਾ ਕਹਿ ਰਿਹਾ ਸੀ ਕਿ ਇਸ ਆਦਮੀ ਦੇ ਅੰਦਰ ਇਕ ਬੜੀ ਵੱਡੀ ਪ੍ਰਤਿਭਾ ਤੜਪ ਰਹੀ ਹੈ ਅਤੇ ਬਾਹਰ ਆਉਣਾ ਲੋੜਦੀ ਹੈ । ਜੇ ਇਹ ਇਸ ਮੁਸੀਬਤ ਦਾ ਮੁਕਾਬਲਾ ਕਰ ਗਿਆ, ਤਾਂ ਅੱਜ ਨਹੀਂ ਕੱਲ੍ਹ, ਕਲ੍ਹ ਨਹੀਂ, ਕਈਆਂ ਕਲ੍ਹਾਂ ਨੂੰ ਕਹਾਣੀ ਕਲਾ ਦਾ ਵਿਸ਼ੇਸ਼ ਗੁਣ ਜ਼ਰੂਰ ਉਘੜੇਗਾ ਅਤੇ ਇਹਦਾ ਤੇ ਪੰਜਾਬ ਦਾ ਨਾਉਂ ਰੌਸ਼ਨ ਕਰੇਗਾ ।
ਪਰ ਸਾਡੀ ਵਿਚਾਰਧਾਰਾ ਆਪਸ ਵਿਚ ਕਦੀ ਨਹੀਂ ਸੀ ਮੇਲ ਖਾਂਦੀ ਅਤੇ ਕਈ ਗੱਲਾਂ ਤਾਂ ਇਹ ਸਿਰਫ਼ ਇਸ ਵਾਸਤੇ ਨਹੀਂ ਸਨ ਮੰਨਦੇ ਕਿ ਉਹ ਮੈਂ ਕਹੀਆਂ ਹੁੰਦੀਆਂ ਸਨ ।
ਨਾਨਕ ਸਿੰਘ ਹੋਰੀਂ ਲਿਖਦੇ ਗਏ ਅਤੇ ਵਧਦੇ ਗਏ । ਹੋਰ ਲਿਖਦੇ ਗਏ ਅਤੇ ਵਧਦੇ ਗਏ । ਆਖ਼ਰ 1926 ਵਿਚ ਅੰਮ੍ਰਿਤਸਰ ਮੈਨੂੰ ਆਪਣੇ ਵਧਣ ਲਈ ਤੇ ਆਪਣਾ ਆਪ ਇਹਨਾਂ ਦੇ ਨਿਸਰਣ ਲਈ ਹਾਨੀਕਾਰਕ ਜਾਪਣ ਲਗਾ । ਅਸੀਂ ਇਕ ਦੂਜੇ ਦੇ ਏਨੇ ਨੇੜੇ ਹੋ ਗਏ ਕਿ ਸਾਡੀਆਂ ਝੜਪਾਂ ਦੀ ਮਿਕਦਾਰ ਹੁਣ ਬਹੁਤ ਵਧ ਗਈ । ਮੈਂ ਕਹਿੰਦਾ ਸਾਂ : “ਹਰ ਕੋਈ ਆਪਣੇ ਵਿਸ਼ੇਸ਼ ਗੁਣ ਨੂੰ ਪਿਆਰ ਕਰਦੈ, ਕਿਸੇ ਦੂਜੇ ਨੂੰ ਨਹੀਂ ।”
ਇਹ ਕਹਿੰਦੇ “ਨਹੀਂ ਵਿਸ਼ੇਸ਼ ਗੁਣ ਕੀ ਚੀਜ਼ ਹੈ ?”
ਮੈਂ ਕਹਿੰਦਾ, “ਇਸਤਰੀ ਆਪਣੇ ਵਿਸ਼ੇਸ਼ ਗੁਣ (ਮਮਤਾ) ਦੇ ਆਧਾਰ ਤੇ ਬੱਚੇ ਨੂੰ ਪਿਆਰ ਕਰਦੀ ਹੈ, ਆਦਮੀ ਨੂੰ ਨਹੀਂ । ਪਤੀ ਉਸ ਦੇ ਆਦਰਸ਼ (ਬੱਚੇ) ਲਈ ਸਾਧਨ ਹੈ, ਆਦਰਸ਼ ਨਹੀਂ ।”
ਇਹ ਕਹਿੰਦੇ, “ਬਿਲਕੁਲ ਗ਼ਲਤ ।”
ਮੈਂ ਕਹਿੰਦਾ “ਦੋਸਤ ਆਦਮੀ ਦਾ ਸਭ ਤੋਂ ਵੱਡਾ ਦੁਸ਼ਮਣ ਹੈ ।” ਇਹ ਕਹਿੰਦੇ, “ਬਕਵਾਸ ਹੈ ।”
ਮੈਂ ਕਹਿੰਦਾ, “ਨਾਮ, ਵਾਹਿਗੁਰੂ ਵਾਹਿਗੁਰੂ- ਰਾਮ ਰਾਮ ਜਾਂ ਅੱਲਾ ਅੱਲਾ ਨਹੀਂ, ਸਗੋਂ ਹਰ ਕਿਸੇ ਜੀਵ ਮਾਤਰ ਦੇ ਵਿਸ਼ੇਸ਼ ਗੁਣ ਦੀ ਪੂਰਤੀ ਦਾ ਨਾਮ ਹੈ, ਗਿੱਧ ਵਿਚ ਰੱਬ, ਜੋ ਨਿਰਾਕਾਰ ਹੈ, ਦਾ ਨਾਮ ਗਿੱਧ ਹੈ, ਜੇ ਗਿੱਧ ਕਰੰਗ ਖਾ ਕੇ ਸੰਸਾਰ ਦੀ ਬਦਬੂ ਨੂੰ ਦੂਰ ਕਰਦੀ ਹੈ, ਤਾਂ ਉਹ ਨਾਮ ਸਿਮਰਦੀ ਹੈ । ਮੁਸੱਵਰ ‘ਚ ਬਹਿ ਕੇ ਰੱਬ ਤਸਵੀਰਾਂ ਬਣਾਉਂਦਾ ਹੈ । ਤਰਖਾਣ ‘ਚ ਬਹਿ ਕੇ ਰੱਬ ਲਕੜੀ ਦਾ ਕੰਮ ਕਰਦਾ ਹੈ । ਕਹਾਣੀ ਲੇਖਕ ‘ਚ ਬਹਿ ਕੇ ਕਹਾਣੀਆਂ ਲਿਖਦਾ ਹੈ। ਜੇ ਹਰ ਕੋਈ ਜੀਵ ਆਪਣੀ ਅੰਤਰ ਸੂਝ ਦੇ ਹੁਕਮ ਅਨੁਸਾਰ ਕਰਮ ਕਰਦਾ ਹੈ (ਸਗੋਂ ਦਾਮ ਵਾਸਤੇ ਨਹੀਂ, ਨਾਮ ਵਾਸਤੇ ਨਹੀਂ, ਕਾਮ ਵਾਸਤੇ ਨਹੀਂ ਕਰਦਾ) ਤਾਂ ਉਹ ਨਾਮ ਸਿਮਰਦਾ ਹੈ ।”
ਇਹ ਕਹਿੰਦੇ, “ਆਪਣੀ ਫ਼ਲਾਸਫ਼ਰੀ ਘਰ ਹੀ ਰਖੋ ।”
ਮੈਂ ਕਹਿੰਦਾ ਸਾਂ, “ਕਲਾ ਜੀਵਨ ਲਈ ਹੈ ।”
ਇਹ ਕਹਿੰਦੇ ਸਨ, “ਨਹੀਂ ਜੀਵਨ ਕਲਾ ਲਈ ਹੈ ।”
ਪਰ ਇਹ ਜੋ ਕੁਝ ਕਹਿੰਦੇ ਮੈਂ ਵਿਚਾਰ ਕੇ ਕਈ ਵੇਰ ਮੰਨ ਜਾਂਦਾ ਸਾਂ । ਕਈ ਵੇਰ ਕਹਿੰਦਾ ਸਾਂ ਮੈਨੂੰ ਸਮਝ ਨਹੀਂ ਆਈ ਅਤੇ ਇਹ ਗੱਲਾਂ ਕਈ ਕਰਦੇ ਵੀ ਬੜੀਆਂ ਸਿਆਣੀਆਂ ਸਨ ।
ਇਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਨੂੰ ਮੁਖ ਰਖ ਕੇ ਮੈਂ ਲਾਹੌਰ ਚਲਾ ਗਿਆ ਅਤੇ ਕਦੇ ਇਹ ਉਥੇ ਆ ਜਾਂਦੇ, ਕਦੇ ਮੈਂ ਏਥੇ ਆ ਜਾਂਦਾ । ਜਦ ਤਕ ਝੜਪਾ ਝੜਪੀ ਨਾ ਹੁੰਦੀ, ਇਕ ਦੂਜੇ ਕੋਲ ਰਹਿੰਦੇ । ਚਹੁੰ ਜਣਿਆਂ ‘ਚੋਂ ਮੇਰੀ ਪਤਨੀ ਤੇ ਨਾਨਕ ਸਿੰਘ ਹੋਰੀਂ ਛੇਤੀ ਛਿੱਥੇ ਪੈ ਜਾਇਆ ਕਰਦੇ ਸਨ ਅਤੇ ਮੈਂ ਤੇ ਬੀਬੀ ਰਾਜ ਕੌਰ ਸਹਿ ਜਾਂਦੇ ਸਾਂ ।
ਪਰ ਸਾਡੀ ਬਾਗ਼ਾਂ ਦੀ ਸੈਰ ਵਧਦੀ ਵਧਦੀ ਬਰਫ਼ਾਨੀ ਪਹਾੜ ਤੇ ਜਾ ਚੜ੍ਹੀ । ਸਾਡੀ ਇਸ ਸੈਰ ਵਿਚ ਲੜਾਈ ਘੱਟ ਹੀ ਹੁੰਦੀ ਸੀ । ਸਿਵਾਏ 1942 ‘ਚ ਜਦ ਮੈਂ ਪ੍ਰੀਤ ਨਗਰ ਜਾ ਚੁੱਕਾ ਸਾਂ ਤਾਂ ਇਹਨਾਂ ਕਿਹਾ, “ਚਲੋਂ ਮਾਸ਼ਟਰ ਜੀ, ਸੈਰ-ਵੈਰ ਹੀ ਕਰ ਆਈਏ ਡਲਹੌਜ਼ੀ ।” ਪਰ ਓਥੇ ਸੈਰ ਤਾਂ ਨਾ ਹੋਈ, ਵੈਰ ਹੀ ਹੋਇਆ, ਅਤੇ ਉਹ ਵਧਦਾ ਹੀ ਗਿਆ ।
ਪ੍ਰੀਤ ਨਗਰ ਆ ਕੇ ਮਹਿਸੂਸ ਕੀਤਾ ਕਿ ਮੇਰੇ ਏਥੇ ਆਉਣ ਤੇ ਇਹ ਖੁਸ਼ ਨਹੀਂ ਹਨ । ਭਾਵੇਂ ਇਹਨਾਂ ਹੀ ਮੈਨੂੰ ਏਥੇ ਆਉਣ ਤੇ ਜ਼ੋਰ ਦਿੱਤਾ ਸੀ ।
ਸਾਡੀਆਂ ਤ੍ਰੇੜਾਂ ਦੇ ਪਾੜ ਬਣ ਗਏ । ਇਹ ਮੇਰੀ ਸ਼ਕਲ ਤੋਂ ਵੀ ਨਫ਼ਰਤ ਕਰਨ ਲਗ ਪਏ । ਇਕ ਦਿਨ ਮਿਲੇ ਤਾਂ ਪੁੱਛਣ ਲਗੇ, “ਤੁਸੀਂ ਮੇਰੀ ਦੁਨੀਆਂ ਪੜ੍ਹੀ ਹੈ ?”
ਮੈਂ ਕਿਹਾ, “ਮੈਂ ਤੁਸਾਡੀ ਦੁਨੀਆਂ 1924 ਤੋਂ ਪੜ੍ਹ ਰਿਹਾ ਹਾਂ ।”
“ਨਹੀਂ ਮੇਰੇ ਜੀਵਨ ਸੰਬੰਧੀ ਕਿਤਾਬ ਪੜ੍ਹੀ ਹੈ ?”
“ਤੁਸਾਡਾ ਭਾਵ ਕਿਤੇ ਉਸ ਨਾਵਲ ਨਾਲ ਤੇ ਨਹੀਂ, ਜਿਸ ਦੇ ਹੀਰੋ ਦਾ ਨਾਮ ਨਾਨਕ ਸਿੰਘ ਹੈ ?” ਇਸ ਤੇ ਇਹ ਗੁੱਸੇ ਨਾਲ ਉਠ ਕੇ ਚਲੇ ਗਏ । ਬੜੇ ਦਿਨਾਂ ਪਿਛੋਂ ਜਦ ਫੇਰ ਇਕ ਦਿਨ ਟਾਕਰਾ ਹੋਇਆ ਤਾਂ ਗੱਲਾਂ ਗੱਲਾਂ ‘ਚ ਕਹਿਣ ਲਗੇ, “ਤੁਸਾਡਾ ਮਤਲਬ ਹੈ ਮੈਂ ਸਭ ਕੁਝ ਕਲਪਤ ਤੇ ਝੂਠ ਲਿਖਿਆ ਹੈ ।”
“ਭਾਸਦਾ ਤਾਂ ਏਦਾਂ ਹੀ ਹੈ, ਮੈਂ ਤੁਸਾਡੇ ਨਾਲ ਵੀਹ ਸਾਲ ਗੁਜ਼ਾਰੇ ਹਨ। ਮੇਰਾ ਨਾਉਂ ਤਾਂ ਕਿਤੇ ਨਹੀਂ ਆਇਆ। ਇਸ ਵਿਚ ਤੁਹਾਡਾ ਇਸ਼ਕ ਹੀ ਇਸ਼ਕ ਲਭਦਾ ਹੈ, ਜੋ ਵੀਹਾਂ ਸਾਲਾਂ ‘ਚ ਮੈਂ ਤੁਹਾਡੇ ਮੂੰਹੋਂ ਕਦੇ ਨਹੀਂ ਸੁਣਿਆ ।” ਇਸ ਦਾ ਜਵਾਬ ਇਹਨਾਂ ਕੋਲ ਕੋਈ ਨਹੀਂ ਸੀ, ਇਸ ਤੋਂ ਪਿਛੋਂ ਇਹ ਮੇਰੇ ਘੋਰ ਦੁਸ਼ਮਣ ਬਣ ਗਏ ਅਤੇ ਸਾਡੇ ਰਸਤੇ ਹਮੇਸ਼ਾ ਲਈ ਨਿਖੜ ਗਏ ।
ਪਰ ਅੰਮ੍ਰਿਤਸਰ-ਖਾਸ ਕਰ ਕੇ ਲਾਹੌਰ ਸਾਡੀਆਂ ਵਧੇਰੇ ਝੜਪਾਂ ਹੁੰਦੀਆਂ । ਲੜਣ ਤੋਂ ਪਹਿਲੋਂ ਝਟ ਇਹਨਾਂ ਨੂੰ ਗੁੱਸਾ ਚੜ੍ਹ ਜਾਂਦਾ ਅਤੇ ਮੈਨੂੰ ਹਾਸਾ ਛਿੜ ਜਾਂਦਾ, ਜਿਸ ਤੇ ਇਹ ਛਿੱਥੇ ਪੈ ਜਾਂਦੇ । ਜਿਉਂ ਜਿਉਂ ਇਹਨਾਂ ਨੂੰ ਗੁੱਸਾ ਚੜ੍ਹਦਾ, ਤਿਉਂ ਤਿਉਂ ਮੈਨੂੰ ਹੋਰ ਹਾਸਾ ਆਉਂਦਾ, ਜਿਉਂ ਜਿਉਂ ਮੈਂ ਹੋਰ ਹੱਸਦਾ, ਤਿਉਂ ਤਿਉਂ ਇਹਨਾਂ ਨੂੰ ਹੋਰ ਗੁੱਸਾ ਚੜ੍ਹਦਾ ਅਤੇ ਆਖ਼ਰ ਅਸੀਂ ਦੋਵੇਂ ਹੀ ਚੁੱਪ ਹੋ ਜਾਂਦੇ ਅਤੇ ਮੇਰੇ ਤੱਕਦੇ ਤੱਕਦੇ ਇਹ ਪੌੜੀਆਂ ਉਤਰਨ ਲਗ ਪੈਂਦੇ । ਮੈਂ ਮਾਸ਼ਟਰ ਜੀ, ਮਾਸ਼ਟਰ ਜੀ ਕਰਦਾ ਰਹਿ ਜਾਂਦਾ ਅਤੇ ਇਹ ਕਾਫ਼ੂਰ ਹੋ ਜਾਂਦੇ ।
ਫੇਰ ਜਾਂ ਤਾਂ ਚਿੱਠੀਆਂ ਰਾਹੀਂ ਠੀਕ ਹੁੰਦੇ ਜਾਂ ਚੁੱਪ ਕੀਤੇ ਇਕ ਦੂਜੇ ਨੂੰ ਜਾ ਮਿਲਦੇ । ਪਰ ਮਿਲਣ ਤੇ ਕੋਈ ਨਖ਼ਰਾ ਨਹੀਂ ਕਰਦੇ । ਇਕ ਵਾਰੀ ਗੁੱਸੇ ਹੋਏ ਹੋਏ ਅਸੀਂ ਪਟਿਆਲੇ ਛੇਆਂ ਸਾਲਾਂ ਬਾਅਦ ਮਿਲੇ, ਪਰ ਇਉਂ ਮਿਲੇ ਜਿਵੇਂ ਕਦੇ ਗੁੱਸੇ ਹੀ ਨਹੀਂ ਹੋਏ ।
ਪਿਛੇ ਜਿਹੇ ਜਦ ਇਹਨਾਂ ਨੂੰ ਪੁਰਸਕਾਰ ਮਿਲਿਆ, ਤਾਂ ਮੈਨੂੰ ਖੁਸ਼ੀ ਹੋਈ ਅਤੇ ਮੈਂ ਇਹਨਾਂ ਨੂੰ ਵਧਾਈ ਦੀ ਚਿੱਠੀ ਲਿਖੀ, ਤਾਂ ਇਹਨਾਂ ਜਵਾਬ ਵਿਚ ਲਿਖਿਆ, “ਭਾਵੇਂ ਮੈਂ ਜਾਣਦਾ ਹਾਂ ਕਿ ਤੁਸੀਂ ਇਹਨਾਂ ਪੁਰਸਕਾਰਾਂ ਦੇ ਭੁੱਖੇ ਨਹੀਂ, ਪਰ ਮੇਰੀ ਰੀਝ ਹੈ ਕਿ ਤੁਸੀਂ ਵੀ ਕੋਈ ਨਾ ਕੋਈ ਪੁਰਸਕਾਰ ਜ਼ਰੂਰ ਲਵੋ ।”
ਮੈਂ ਇਹਨਾਂ ਨੂੰ ਲਿਖਿਆ ਕਿ ਜਿਵੇਂ ਪਹਿਲਾਂ ਵੀ ਕਈ ਵੇਰ ਮੈਂ ਕਹਿ ਚੁੱਕਾ ਹਾਂ, ਪੁਰਸਕਾਰ ਲੈਣੇ ਇਕ ਵੱਖਰੀ ਕਲਾ ਹੈ, ਜੋ ਮੈਨੂੰ ਨਹੀਂ ਆਉਂਦੀ ਅਤੇ ਪੁਰਸਕਾਰ ਤਾਂ ਬੱਚਿਆਂ ਨੂੰ ਹਲਾਸ਼ੇਰੀ ਦੇਣ ਲਈ ਦਿੱਤੇ ਜਾਂਦੇ ਹਨ । ਅਸਲ ਕਲਾਕਾਰ ਸੁਸਾਇਟੀ ਤੋਂ ਉਚੇਰਾ ਹੈ ਕਿਉਂਕਿ ਇਹ ਸੁਸਾਇਟੀ ਨੂੰ ਜੀਵਨ ਦਾ ਰਾਹ ਵਿਖਾਉਂਦਾ ਰਹਿੰਦਾ ਹੈ । ਕਲਾਕਾਰ ਦਾ ਸਭ ਤੋਂ ਵੱਡਾ ਇਨਾਮ ਉਸ ਦੀ ਸਫਲ ਕਲਾ ਕ੍ਰਿਤ ਹੈ ਅਤੇ ਇਹ ਸਫਲਤਾ ਹੀ ਉਸ ਦਾ ਸਭ ਤੋਂ ਵੱਡਾ ਨਸ਼ਾ ਹੈ, ਜਿਸ ਨਾਲ ਉਹ ਵਧਦਾ ਹੈ, ਫੁਲਦਾ ਹੈ ।”
ਪਹਿਲੋਂ ਮੈਨੂੰ ਕਦੇ ਕਦੇ ਇਹਨਾਂ ਦੀਆਂ ਆਪ ਮੁਹਾਰੀਆਂ ਤੇ ਦੁਖ ਹੁੰਦਾ ਸੀ, ਪਰ ਅੱਜ ਮੈਂ ਮਹਿਸੂਸ ਕਰਦਾ ਹਾਂ ਕਿ ਆਪਣੇ ਨੁਕਤਾ ਨਜ਼ਰ ਨਾਲ ਇਹ ਠੀਕ ਸਨ, ਪਰ ਆਪਣੇ ਨੁਕਤਾ ਨਜ਼ਰ ਨਾਲ ਮੈਂ ਵੀ ਠੀਕ ਸਾਂ ਅਤੇ ਬੀਬੀ ਰਾਜ ਕੌਰ ਵੀ ਠੀਕ ਸੀ । ਹਰ ਇਕ ਵਿਅਕਤੀ ਦੀ ਇੱਛਾ ਅਨੁਸਾਰ ਉਸ ਦੇ ਸੁਪਨੇ ਸਾਕਾਰ ਹੁੰਦੇ ਹਨ । ਆਪਣੀਆਂ ਰੀਝਾਂ ਤੇ ਇੱਛਾ ਅਨੁਸਾਰ ਮੈਂ ਜਿਉਂ ਰਿਹਾ। ਹਾਂ । ਆਪਣੀਆਂ ਰੀਝਾਂ ਦੇ ਅਨੁਕੂਲ ਇਹ ਜਿਉਂ ਰਹੇ ਹਨ । ਹਰ ਸ਼ੈਅ ਆਪਣਾ ਮੁੱਲ ਰਖਦੀ ਹੈ । ਇਹਨਾਂ ਨੇ ਆਪਣਾ ਜੀਵਨ ਕਲਾ ਦੇ ਨਮਿਤ ਲਾ ਦਿੱਤਾ ਹੈ, ਪਰ ਮੈਂ ਆਪਣੇ ਜੀਵਨ ਦੇ ਸੁਪਨੇ ਪੂਰੇ ਕਰਨ ਲਈ ਆਪਣੀ ਕਲਾ ਵਰਤੀ ਹੈ। ਇਹਨਾਂ ਦੀ ਕਲਾ ਸਫ਼ਲ ਹੋ ਗਈ ਅਤੇ ਮੈਂ ਜੀਵਨ ਦੇ ਉਚੇਚੇ ਪੱਧਰ ਮਾਣ ਰਿਹਾ ਹਾਂ ।
ਮੈਂ ਨਾਨਕ ਸਿੰਘ ਹੋਰਾਂ ਦੀ ਕਲਾ ਦੇ ਮੂਲ ਬੀਬੀ ਰਾਜ ਕੌਰ ਨੂੰ ਅਭਿਨੰਦਨ ਪੇਸ਼ ਕਰਦਾ ਹਾਂ ਜਿਸ ਦੇ ਇਹ ਵਧੇਰੇ ਪਾਤਰ ਹਨ, ਜਿਸ ਨੇ ਇਹਨਾਂ ਦੀ ਕਲਾ ਨੂੰ ਸਾਧਨ ਬਣਾ ਕੇ ਆਪਣੀ ਪ੍ਰਤਿਭਾ “ਮਮਤਾ” ਨੂੰ ਪਾਲਿਆ ਹੈ ਅਤੇ ਹੋਣਹਾਰ ਬੱਚੇ ਪੰਜਾਬ ਨੂੰ ਦਿੱਤੇ ਹਨ ਅਤੇ ਜਿਸ ਸਨੇਹ-ਸਹਿਯੋਗ ਦਾ ਸਦਕਾ ਅੱਜ ਉਸ ਜੀਵਨ-ਸਾਥੀ ਨੂੰ ਪੁਰਸਕਾਰ ਤੇ ਅਭਿਨੰਦਨ ਗ੍ਰੰਥ ਭੇਟ ਕੀਤੇ ਜਾ ਰਹੇ ਹਨ। ਅਤੇ ਮੈਂ ਰਾਜ ਭੈਣ ਪਾਸੋਂ ਆਸ ਰਖਦਾ ਹਾਂ ਕਿ ਉਹ ਮੇਰੀ ਸੈਰਾਂ ਦੀਆਂ ਛੁੱਟੀਆਂ ਲਈ ਕੀਤੀ
ਵਕਾਲਤ ਦੀ ਦਾਦ ਦੇਣਗੇ ਕਿਉਂਕਿ ਅੱਜ ਉਹਨਾਂ ਨੂੰ ਸਪੱਸ਼ਟ ਹੋ ਗਿਆ ਹੋਵੇਗਾ ਕਿ ਮੇਰੀਆ
ਅਰਜੋਈਆਂ ਬਿਲਕੁਲ ਮੁੰਡ-ਪੁਣਾ ਹੀ ਨਹੀਂ ਸਨ, ਸਗੋਂ ਆਪਣੇ ‘ਚ ਸਚਾਈ ਰਖਦੀਆਂ ਸਨ । ਦਾਨਾਈ ਰਖਦੀਆਂ ਸਨ।
ਅਜ ਨਾਨਕ ਸਿੰਘ ਹੋਰਾਂ ਨੂੰ ਉਹਨਾਂ ਦੀ ਕਲਾ ਦੇ ਪ੍ਰਸੰਸਕ ਉਹਨਾਂ ਦੀ ਕਲਾ ਲਈ ਜਿਥੇ ਅਭਿਨੰਦਨ ਗ੍ਰੰਥ ਪੇਸ਼ ਕਰ ਰਹੇ ਹਨ, ਮੈਂ ਉਹਨਾਂ ਨੂੰ ਉਹਨਾਂ ਸੁਲੱਖਣੀਆਂ ਘੜੀਆਂ, ਜਿਨ੍ਹਾਂ ਦੀ ਯਾਦ ਅੱਜ ਵੀ ਹੁਲਾਰਾ ਦੇ ਜਾਂਦੀ ਹੈ, ਜੋ ਉਹਨਾਂ ਨੇ ਮੇਰੇ ਨਾਲ ਸਾਂਝੀਆਂ ਕੀਤੀਆਂ, ਲਈ ਸ਼ੁਕਰਾਨਾ ਪੇਸ਼ ਕਰਦਾ ਹਾਂ । ਸਵੀਕਾਰ ਕਰਨ । (1970)

ਅਗੰਮੀ ਕਲਾ ਦੇ ਮਾਲਕ

ਸੱਚੀਆਂ, ਅਨੁਭਵੀਆਂ, ਸੁਣੀਆਂ ਸੁਣਾਈਆਂ ਘਟਨਾਵਾਂ ਤੋਂ ਕਥਨੀ ਜਾਂ ਕਲਮ ਰਾਹੀਂ, ਸ੍ਰੋਤਿਆਂ, ਪਾਠਕਾਂ ਜਾਂ ਦਰਸ਼ਕਾਂ ਦੇ ਦਿਲ ਤੇ ਦਿਮਾਗ਼ ਤੇ ਤਸਵੀਰਾਂ ਬਨਾਉਣ ਦਾ ਨਾਮ ਕਲਾ ਹੈ । ਜਿਤਨੀ ਸੁਹਣੀ ਤੋਂ ਸੁਹਣੀ ਅਤੇ ਸਪਸ਼ਟ ਤਸਵੀਰ ਕੋਈ ਪੇਸ਼ ਕਰ ਸਕਦਾ ਹੈ, ਓਨਾ ਹੀ ਵਡੇਰਾ ਉਹ ਕਲਾਕਾਰ ਹੈ। ਪਰ ਦਿਲ ਨੂੰ ਦਿਮਾਗ਼ ਦੀ ਤਸਵੀਰ ਤੋਂ ਉਚੇਰੀ ਇਕ ਹੋਰ ਅਵਸਥਾ ਵਿਚ ਲਿਆਉਣਾ ਹੁੰਦਾ ਹੈ, ਜੋ ਕੇਵਲ ਦਿਮਾਗ਼ੀ ਚਤੁਰਾਈ ਜਾਂ ਅਖਰਾਂ ਦੇ ਹੇਰ ਫੇਰ ਨਾਲ ਹੀ ਨਹੀਂ ਪੈਦਾ ਕੀਤੀ ਜਾ ਸਕਦੀ ਸਗੋਂ ਕਲਾਕਾਰ ਨੂੰ ਆਪਣੇ ਆਪ ਵਿਚੋਂ ਨਿਕਲ ਕੇ ਅਨੁਭਵਤਾ ਅਤੇ ਅਭਿਆਸ ਰਾਹੀਂ ਆਪਣੀ ਆਤਮਾ ਨੂੰ ਉਸ ਅਨੰਤ ਰੌ, ਜੋ ਸਾਰੇ ਬ੍ਰਹਿਮੰਡ ਦੀ ਜਾਨ ਹੈ, ਦੇ ਨਾਲ ਜੋੜਨਾ ਹੁੰਦਾ ਹੈ, ਜਿਸ ਵਿਚ ਸਮਾਂ ਤੇ ਵਿੱਥ ਕੋਈ ਹੋਂਦ ਨਹੀਂ ਰਖਦੇ, ਜਿਸ ਅਵਸਥਾ ਵਿਚ ਸਦੀਆਂ ਦੀਆਂ ਕੀਤੀਆਂ ਗੱਲਾਂ ਅਤੇ ਸਾਕੇ, ਸਦੀਆਂ ਨੂੰ ਹੋਣ ਵਾਲੀਆਂ ਘਟਨਾਵਾਂ, ਕਲਾਕਾਰ ਦੇ ਸਾਹਮਣੇ ਆ ਖਲੋਂਦੇ ਹਨ, ਜੋ ਉਹਨਾਂ ਨੂੰ ਬ੍ਰਹਿਮੰਡੀ ਚੇਤਨਤਾ ਰਾਹੀਂ ਉਤਾਰੀ ਜਾਂਦਾ ਹੈ ।
ਅਜੇਹੀ ਕਲਾ ਦੇ ਅਸਰ ਤੋਂ ਉਹ ਵਿਸਮਾਦ ਅਵਸਥਾ ਪੈਦਾ ਹੁੰਦੀ ਹੈ, ਜਿਸ ਵਿਚ ਖਿਆਲਾਤ ਜਜ਼ਬਾਤ ਵਿਚ ਬਦਲ ਜਾਂਦੇ ਹਨ, ਜਾਂ ਇਉਂ ਸਮਝੀਏ ਕਿ ਸੋਚਣ ਦੀ ਥਾਂ ਕਲਾਕਾਰ ਮਹਿਸੂਸ ਕਰਨ ਲਗ ਜਾਂਦੀ ਹੈ । ਤਸਵੀਰ ਪਹਿਲੋਂ ਦਿਮਾਗ਼ ਵਿਚੋਂ ਹੋ ਕੇ ਸਾਰੇ ਸਰੀਰ ਵਿਚ ਵਿਚਰ ਜਾਂਦੀ ਹੈ । ਝਰਨਾਟ ਆਉਂਦੀ ਹੈ, ਵਿਸਮਾਦ ਆਉਂਦਾ ਹੈ, ਅਤੇ ਅੰਤ ਵਿਚ ਸਾਨੂੰ ਉਸ ਆਤਮ ਅਵਸਥਾ ਵਿਚ ਲੈ ਜਾਂਦੀ ਹੈ, ਜਿਸ ਅਵਸਥਾ ਵਿਚ ਕਲਾਕਾਰ ਨੇ ਉਹ ਕਲਾ ਰਚੀ ਸੀ। ਇਸ ਅਵਸਥਾ ਵਿਚ ਹੋ ਕੇ, ਜੀਵਨ ਬੰਧਨਾਂ ਵਿਚ ਪਈ ਆਤਮਾ ਦਾ ਪੰਛੀ ਸੁਤੰਤਰਤਾ ਦੇ ਵਿਕਾਸ ਵਿਚ ਖੰਭਾਂ ਨੂੰ ਫੜਫੜਾਉਂਦਾ ਹੈ, ਇਕ ਸਰੂਰ ਆਉਂਦਾ ਹੈ ਅਤੇ ਮਨ ਇਕ ਪਰਮ ਆਨੰਦ ਦਾ ਹੁਲਾਰਾ ਮਹਿਸੂਸ ਕਰਦਾ ਹੈ । ਇਸ ਵਿਸਮਾਦ ਅਵਸਥਾ ਦਾ ਟਿਕਾਉ ਅਤੇ ਟਿਕਣ ਸਮੇਂ ਦਾ ਨਾਪ ਵਿਅਕਤੀ ਦੀ ਮਾਨਸਿਕ ਨਿਰਮਲਤਾ, ਸਿਦਕ ਤੇ ਭਰੋਸੇ ਦੇ ਨਾਪ ਤੇ ਨਿਰਭਰ ਹੁੰਦਾ ਹੈ । ਕਈਆਂ ਨੂੰ ਕੇਵਲ ਝਰਨਾਟ ਵੀ ਆਉਂਦੀ ਹੈ, ਕਈਆਂ ਦੇ ਅਥਰੂ ਵਹਿ ਟੁਰਦੇ ਹਨ, ਅਤੇ ਥੋੜ੍ਹਿਆਂ ਨੂੰ ਨਿਘ ਅਤੇ ਸਰੂਰ ਜਿਹਾ ਪ੍ਰਤੀਤ ਹੁੰਦਾ ਹੈ, ਪਰ ਬੇਸੁਧ ਵਿਰਲੇ ਹੀ ਹੁੰਦੇ ਹਨ । ਇਸ ਅਵਸਥਾ ਵਿਚ ਪਰਮ ਆਨੰਦ ਦਾ ਅਹਿਸਾਸ ਜਿਹਾ ਰਹਿੰਦਾ ਹੈ ਪਰ ਜੇ ਇਹ ਅਵਸਥਾ ਦੇਰ ਤਕ ਟਿਕੀ ਰਹੇ ਤਾਂ ਮਸਤੀ ਤਾਰੀ ਹੋ ਜਾਂਦੀ ਹੈ । ਇਸੇ ਹੀ ਅਵਸਥਾ ਨੂੰ ਕਾਇਮ ਰੱਖਣ ਲਈ ਪ੍ਰਾਣੀ ਜੋਗ ਕਮਾਉਂਦੇ ਹਨ, ਸਮਾਧੀਆਂ ਲਾਉਂਦੇ ਹਨ, ਪਰ ਇਹ ਅਵਸਥਾ ਹਮੇਸ਼ਾ ਘੱਟ ਹੀ ਰਹਿੰਦੀ ਹੈ, ਕਿਉਂ ਜੋ ਇਹ ਜੜ੍ਹ ਵਿਚ ਆਈ ਆਤਮ-ਕਿਰਨ ਦੀ ਆਪਣੇ ਮੂਲ ਨਾਲ ਮਿਲਣ ਸਮੇਂ ਭਰਪੂਰਤਾ ਦੇ ਅਹਿਸਾਸ ਦੀ ਅਵਸਥਾ ਹੈ । ਵਿਛੋੜੇ ਦੇ ਵਿਯੋਗ ਦੀ ਤੜਪ ਪਿਛੋਂ ਪ੍ਰੇਮੀਆਂ ਦੇ ਮਿਲਾਪ ਦੀ ਅਵਸਥਾ ਹੈ। ਉੱਚ ਕਲਾ ਦੀ ਨਸੀਮ ਦੇ ਗੰਭੀਰ ਝੋਕਿਆਂ ਨਾਲ ਆਤਮਾ ਤੋਂ ਮਾਇਆ ਦਾ ਪਰਦਾ ਉਠ ਕੇ ਫਿਰ ਪੈ ਜਾਣ ਦੀ ਅਵਸਥਾ ਹੈ । ਸੋ ਜੋ ਕਾਵਯ ਆਤਮਾ ਤੇ ਪਰਮਾਤਮਾ ਵਿਚ ਮਾਇਆ ਜਾਂ ਮਾਦੇ ਦਾ ਅਹਿਸਾਸ ਭੁਲਾਕੇ ਵਿਸਮਾਦ ਅਵਸਥਾ ਵਿਚ ਲੈ ਜਾਵੇ ਦੈਵੀ ਕਾਵਯ ਹੈ ਅਤੇ ਜਿਸ ਕਲਾਕਾਰ ਦੀ ਕਲਾ ਸਾਨੂੰ ਵਿਸਮਾਦ ਵਿਚ ਲੈ ਜਾਵੇ ਉਸ ਉਚ ਭਾਗਾਂ ਵਾਲੇ ਨੇ ਉਹ ਅਵਸਥਾ ਜ਼ਰੂਰ ਜੀਵੀ ਹੈ, ਅਵੱਸ਼ ਮਾਣੀ ਹੈ ।
ਇਸ ਅਗੰਮੀ ਕਲਾ ਦੇ ਮਾਲਕਾਂ ਵਿਚੋਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹਨ ਜੋ ਅਸਾਂ, ਮਾਤ ਲੋਕ ਦੀ ਮਾਇਆ ਦੇ ਝਮੇਲਿਆਂ ਵਿਚ ਫਸੇ ਪ੍ਰਾਣੀਆਂ, ਨੂੰ ਆਪਣੀ ਅਗੰਮੀ ਕਲਾ ਰਾਹੀਂ ਮੁਕਤੀ ਦੇ ਦਾਤੇ ਦੀ ਹਜ਼ੂਰੀ ਵਿਚ ਲਿਜਾ ਖਿਲ੍ਹਾਰਦੇ ਹਨ, ਮਹਾਂ ਕਾਵਯ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣ ਯੋਗ ਬਣਾਉਂਦੇ ਹਨ, ਮਾਣਨ ਯੋਗ ਬਣਾਉਂਦੇ ਹਨ, ਜੀਵਨ ਯੋਗ ਬਣਾਉਂਦੇ ਹਨ, ਇਸ ਲਈ ਸਾਡੇ ਪ੍ਰਿਯ ਹਨ, ਪੂਜਯ ਹਨ । (1954)

ਨੇੜੀਓਂ ਤੱਕਿਆ ਪ੍ਰੀਤਾਂ ਦਾ ਪਹਿਰੇਦਾਰ

ਸਰਦਾਰ ਗੁਰਬਖਸ਼ ਸਿੰਘ ਹੋਰਾਂ, ਜੋ ਕੁਝ ਆਪਣੇ ਬਾਰੇ ਲਿਖਿਆ ਅਤੇ ਜੋ ਉਨ੍ਹਾਂ ਨੇ ਆਪਣੇ ਬਾਰੇ ਨਹੀਂ ਲਿਖਿਆ, ਉਸ ਤੋਂ ਵੱਧ ਉਹਨਾਂ ਬਾਰੇ ਹੋਰ ਕੋਈ ਚੰਗੀ ਜਾਣਕਾਰੀ ਨਹੀਂ ਦੇ ਸਕਦਾ, ਪਰ ਮੈਂ, ਸਮਝਦਾ ਹਾਂ ਕਿ ਜਿਨ੍ਹਾਂ ਗੱਲਾਂ ਤੇ ਉਹ ਬੜਾ ਜ਼ੋਰ ਦਿੰਦੇ ਸਨ, ਉਹ ਸਨ, “ਪ੍ਰੀਤ” ਅਤੇ “ਸਾਂਵੀ” ਪੱਧਰੀ ਜ਼ਿੰਦਗੀ” । ਇਹੀ ਦੋਵੇਂ ਚੀਜ਼ਾਂ ਉਹਨਾਂ ਵਿਚ ਨਹੀਂ ਸਨ, ਹੋਰ ਸਭ ਕੁਝ ਸੀ ।
ਸਾਵੀਂ ਪੱਧਰੀ ਜ਼ਿੰਦਗੀ ਬਾਰੇ ਜ਼ੈਨ ਮਾਸਟਰ (Zen Master) ਨੂੰ ਉਨ੍ਹਾਂ ਦੇ ਇਕ ਸ਼ਿਸ਼ ਨੇ ਪੁਛਿਆ, “ਸਵਾਈ, ਜ਼ੈਨ ਦੀ ਫ਼ਿਲਾਸਫ਼ੀ ਦਾ ਤਾਤ-ਪਰਯ ਦਸੋ ?” ਤਾਂ ਉਨ੍ਹਾਂ ਨੇ ਕਿਹਾ ਕਿ “ਤਾਤ- ਪਰਯ ਤਾਂ ਮੈਨੂੰ ਪਤਾ ਨਹੀਂ, ਪਰ ਜਦ ਮੈਨੂੰ ਤੇਹ ਲਗਦੀ ਹੈ, ਤਾਂ ਮੈਂ ਪਾਣੀ ਪੀ ਲੈਂਦਾ ਹਾਂ । ਜਦ ਭੁੱਖ ਲਗਦੀ ਹੈ ਤਾਂ ਜੋ ਮਿਲੇ ਖਾ ਲੈਂਦਾ ਹਾਂ, ਜਦ ਨੀਂਦ ਆਉਂਦੀ ਹੈ ਤਾਂ ਸੌਂ ਜਾਂਦਾ ਹਾਂ ।” ਇਹ ਹੈ ਸਾਵੀਂ ਪੱਧਰੀ ਜ਼ਿੰਦਗੀ, ਜਿਸ ਵਿਚ ਸੁਪਨਾ ਕੋਈ ਨਹੀਂ ਹੁੰਦਾ, ਸੱਧਰਾਂ ਕੋਈ ਨਹੀਂ ਹੁੰਦੀਆਂ, ਸਗੋਂ ਜੀਵਨ ਰਾਹ ਤੇ ਤੁਰਦਿਆਂ ਜਿਉਂ ਜਿਉਂ ਲੋੜ ਮਹਿਸੂਸ ਹੋਵੇ, ਤੁਰਦੇ ਜਾਣਾ “ਸਾਵੀਂ ਪੱਧਰੀ ਜ਼ਿੰਦਗੀ” ਹੈ ।
ਸਰਦਾਰ ਗੁਰਬਖਸ਼ ਸਿੰਘ ਹੋਰੀਂ ਤਿੰਨ ਕੁ ਵਾਰੀ ਆਪ ਅੰਦਰੇਟੇ ਆਏ, ਜਾਂ ਆਪਣੇ ਮਿੱਤਰ ਸਰਦਾਰ ਹਰਪਾਲ ਸਿੰਘ ਦੁਆਰਾ ਲਿਆਂਦੇ ਗਏ । ਆਖਰੀ ਵਾਰੀ ਜਦ ਆਏ, ਤਾਂ ਤਿੰਨ ਚਾਰ ਦਿਨ ਸਾਡੇ ਪਾਸ ਠਹਿਰੇ । ਉਹ ਇਥੇ ਨੋਰ੍ਹਾ ਰਿਚਰਡਜ਼ ਨੂੰ ਵੀ ਮਿਲਦੇ ਰਹੇ । ਇਧਰ-ਉਧਰ ਸੈਰ ਵੀ ਕਰਦੇ ਰਹੇ । ਇਕ ਦਿਨ ਖਾਣਾ ਖਾਂਦਿਆਂ ਕਹਿਣ ਲਗੇ, “ਸੋਭਾ ਸਿੰਘ ਜੀ! ਰਵਾਲਸਰ ਏਥੋਂ ਕਿੱਡੀ ਕੁ ਦੂਰ ਹੈ ?”
ਮੈਂ ਕਿਹਾ, “ਵੇਖਣ ਦੀ ਸਲਾਹ ਹੋਵੇ ਤਾਂ ਇਕ ਦਿਨ ‘ਚ ਆ ਜਾ ਸਕੀਦਾ ਹੈ ।” ਹਰਪਾਲ ਸਿੰਘ ਹੋਰੀਂ ਕਹਿਣ ਲਗੇ, “ਤਾਂ ਫਿਰ ਕਲ੍ਹ ਹੀ ਚਲੋ ।”
ਦੂਜੇ ਦਿਨ ਸਵੇਰੇ ਅਸੀਂ ਸਾਰੇ ਚਾਹ ਦੀ ਪਿਆਲੀ-ਪਿਆਲੀ ਪੀ ਕੇ ਟੁਰ ਪਏ । ਸੋਚਿਆ ਬਰੈੱਕ ਫਾਸਟ ਮੰਡੀ ਲੈ ਲਵਾਂਗੇ । ਮੰਡੀ ਅਸੀਂ ਕੋਈ ਤਿੰਨਾਂ ਘੰਟਿਆਂ ‘ਚ ਪੁੱਜ ਗਏ । ਰਵਾਲਸਰ ਉਥੋਂ ਕੇਵਲ ਸੋਲ੍ਹਾਂ ਕੁ ਮੀਲ ਸੀ । ਬਰੈੱਕ ਫਾਸਟ ਲੈਂਦਿਆਂ ਸਰਦਾਰ ਹੋਰਾਂ ਨੇ ਕਿਹਾ, “ਸੋਭਾ ਸਿੰਘ ਜੀ! ਰਵਾਲਸਰ ਵਿਖੇ ਕੀ ਕੁਝ ਹੈ ?”
ਮੈਂ ਕਿਹਾ, “ਇਕ ਛੋਟੀ ਜਿਹੀ ਝੀਲ ਦੇ ਦਵਾਲੇ ਉਦਾਸ ਜਿਹੀਆਂ ਪਹਾੜੀਆਂ ਹਨ ਅਤੇ ਬੋਧੀ ਤੇ ਸਨਾਤਨੀ ਦੋ ਤਿੰਨ ਮੰਦਰ ਤੇ ਗੁਰਦੁਆਰਾ ਹੈ ।”
“ਝੀਲਾਂ ਤੇ ਪਹਾੜੀਆਂ ਤਾਂ ਅਸੀਂ ਬੜੀਆਂ ਵੇਖੀਆਂ ਹਨ ਅਤੇ ਮੰਦਰ ਗੁਰਦੁਆਰਿਆਂ ‘ਚ ਕੋਈ ਸ਼ਰਧਾ ਨਹੀਂ । ਕੁੱਲੂ ਏਥੋਂ ਕਿੱਡੀ ਕੁ ਦੂਰ ਹੈ ?” “ਕੋਈ ਪੰਤਾਲੀ ਕੁ ਮੀਲ ।
“ਤਾਂ ਫਿਰ ਕੁੱਲੂ ਚਲੋ, ਰਾਤ ਤਕ ਘਰ ਮੁੜ ਆਉਣਾ ਚਾਹੀਦਾ ਹੈ, ਕਿਉਂਕਿ ਬਿਸਤਰਾ ਸਾਡੇ ਪਾਸ ਹੈ ਨਹੀਂ ।”
ਇਸ ਤੇ ਹਰਪਾਲ ਸਿੰਘ ਹੋਰੀਂ ਬੋਲੇ, “ਮੈਂ ਤੇ ਡਰਾਈਵਰ ਵਾਰੋ ਵਾਰੀ ਗੱਡੀ ਚਲਾ ਕੇ ਤੁਹਾਨੂੰ ਅੰਦਰੇਟੇ ਪਹੁੰਚਾ ਦਿਆਂਗੇ, ਤੁਸੀਂ ਫਿਕਰ ਨਾ ਕਰੋ ।”
ਅਸੀਂ ਕੁੱਲ੍ਹ ਵੱਲ ਮੁਹਾਰਾਂ ਮੋੜ ਲਈਆਂ। ਅਸੀਂ ਕੁਲ ਪੰਜ ਜਣੇ ਸਾਂ । ਮੈਂ, ਸਰਦਾਰ ਗੁਰਬਖਸ਼ ਸਿੰਘ ਜੀ, ਬੀਬੀ ਜੀਤਾਂ ਜੀ, ਹਰਪਾਲ ਸਿੰਘ ਜੀ ਤੇ ਉਹਨਾਂ ਦੇ ਘਰੋਂ ਬੀਬੀ ਸੁਰਜੀਤ ਕੌਰ । ਹਰਪਾਲ ਸਿੰਘ ਜੀ ਅਤੇ ਬੀਬੀ ਸੁਰਜੀਤ ਕੌਰ ਬੜੇ ਪਿਆਰ ਵਾਲੇ ਜੀਉੜੇ ਹਨ । ਦੂਜੇ ਦੇ ਕੰਮ ਆਉਣ ਦੇ ਚਾਅ ਨਾਲ ਭਰਪੂਰ, ਮੁਸਕਰਾ ਤੇ ਖਿੜ-ਖਿੜਾ ਕੇ ਹੱਸ ਸਕਣ ਵਾਲੇ, ਸਾਫ ਗੋ, ਜੋ ਮੂੰਹ ‘ਚ ਆਏ ਕਹਿ ਸਕਣ ਵਾਲੇ, ਸਰਲ ਸੁਭਾ, ਸਾਰਸ ਵਾਂਗ ਧੌਣ ਘੁਮਾਈ ਰਸਤੇ ਨੂੰ ਪੂਰੀ ਤਰ੍ਹਾਂ ਮਾਣਦੇ ਗਏ । ਬੀਬੀ ਜੀ ਵੀ ਸਰਲ ਸੁਭਾ ਤੇ ਮੁਸਕਰਾ ਕੇ ਗੱਲਾਂ ਕਰਨ ਵਾਲੇ, ਪਰ ਸਰਦਾਰ ਜੀ, ਜਿਨ੍ਹਾਂ ਨੂੰ ਕੁੱਲ੍ਹ ਵੇਖਣ ਦੀ ਰੀਝ ਰੀਝੀ ਸੀ, ਕਾਰ ਵਿਚ ਬੈਠਿਆਂ ਵੀ ਕੋਈ ਸੁਪਨਿਆਂ ਦੀ ਬਣਤਰ ਬੁਣਦੇ ਰਹੇ । ਪੰਦਰਾਂ ਕੁ ਸਾਲ ਪਹਿਲਾਂ ਜਦ ਸਰਦਾਰ ਜੀ ਵਧੇਰੇ ਬੀਮਾਰ ਹੋ ਗਏ ਸਨ, ਤਾਂ ਦਾਰਜੀਲਿੰਗ ਜਾ ਕੇ ਹਰਪਾਲ ਸਿੰਘ ਹੋਰਾਂ ਪਾਸ ਹੀ ਠਹਿਰੇ ਸਨ ਅਤੇ ਇਹਨਾਂ ਨੇ ਸਰਦਾਰ ਜੀ ਦੀ ਤਨ ਮਨ ਤੇ ਖਾਸ ਕਰਕੇ ਧਨ ਨਾਲ ਬੜੀ ਸੇਵਾ ਕੀਤੀ ਸੀ ।
ਇਕ ਵਾਰੀ ਜਦ ਕਿਸੇ ਪਾਠਕ ਨੇ ਇਹਨਾਂ ਨੂੰ ਪੁਛਿਆ, “ਕੁੜੀਆਂ ਦੇ ਨਾਉਂ ਦੀ ਤਾਂ ਤੁਸੀਂ ਮਾਲਾ ਵੀ ਬਣਾ ਕੇ ਫੇਰਦੇ ਹੋ, ਅਤੇ ਤੁਹਾਡੀ ਜੀਵਨੀ ‘ਚ ਵੀ ਕੁੜੀਆਂ ਦੇ ਪਿਆਰ ਦਾ ਹੀ ਜ਼ਿਕਰ ਆਉਂਦਾ ਹੈ, ਕਿਸੇ ਆਦਮੀ ਨੂੰ ਵੀ ਪਿਆਰ ਕਰਦੇ ਹੋ ?” ਤਾਂ ਸ. ਗੁਰਬਖਸ਼ ਸਿੰਘ ਹੋਰਾਂ ਇਨ੍ਹਾਂ ਹੀ ਹਰਪਾਲ ਸਿੰਘ ਹੋਰਾਂ ਦਾ ਜ਼ਿਕਰ ਕੀਤਾ ਸੀ । ਹਰਪਾਲ ਸਿਘ ਹੋਰੀਂ ਆਪ ਤਿੰਨੇ ਜਣੇ ਪਿਛੇ ਬੈਠੇ ਤੇ ਮੈਨੂੰ ਅਗੇ ਸਰਦਾਰ ਹੋਰਾਂ ਨਾਲ ਬਿਠਾ ਦਿਤਾ । ਰਾਹ ਵਿਚ ਜੇ ਕੋਈ ਉਹਨਾਂ ਦੇ ਸੁਪਨਿਆਂ ਦੀ, ਜਾਂ ਉਨ੍ਹਾਂ ਦੀ ਗੱਲ ਹੁੰਦੀ ਤਾਂ ਉਹ ਕੰਨ ਦੇਂਦੇ, ਨਹੀਂ ਤਾਂ ਕਿਸੇ ਨਾ ਕਿਸੇ ਸੁਪਨੇ ‘ਚ ਗੁਆਚੇ ਰਹਿੰਦੇ । ਅਸੀਂ ਸਾਰੇ ਹਸਦੇ ਖੇਡਦੇ ਸਫ਼ਰ ਕਰਦੇ ਗਏ । ਪੰਡੋਹ ਜਾ ਕੇ ਹਰਪਾਲ ਸਿੰਘ ਹੋਰੀਂ ਤਾਂ ਹੇਠਾਂ ਦਰਿਆ ਬਿਆਸ ਦੇ ਪਾਣੀ ਨੂੰ ਵੀ ਛੋਹ ਆਏ, ਅਤੇ ਰੰਗ-ਬਰੰਗੇ ਵੱਟੇ ਵੀ ਇਕੱਠੇ ਕਰ ਲਿਆਏ, ਪਰ ਅਸੀਂ ਉਨ੍ਹਾਂ ਨੂੰ ਵੇਖ ਕੇ ਹੀ ਸੁਆਦ ਲੈਂਦੇ ਰਹੇ ।
ਕੁੱਲੂ ਪੁੱਜਣ ਤੇ ਸਰਦਾਰ ਹੋਰਾਂ ਬੋਰਡ ਵੇਖਿਆ, ਜਿਸ ਤੇ ਲਿਖਿਆ ਸੀ, ਮਨਾਲੀ 24 ਮੀਲ । ਉਹ ਬੋਲੇ, “ਸੋਭਾ ਸਿੰਘ ਜੀ, ਮਨਾਲੀ ਸਿਰਫ 24 ਮੀਲ ਹੈ, ਏਥੋਂ ?”
ਮੈਂ ਕਿਹਾ, “ਜੀ, ਹਾਂ ।” “ਜੇ ਅਸੀਂ ਏਡੇ ਨੇੜੇ ਹਾਂ ਮਨਾਲੀ ਤੋਂ, ਤਾਂ ਫਿਰ ਕਿਉਂ ਨਾ ਉਥੇ ਹੋ ਆਈਏ ?”
“ਰਾਤ ਤੱਕ ਘਰ ਪੁੱਜਣ ਦੀ ਗੱਲ ਹੈ, ਕਪੜਾ ਲੀੜਾ ਕੋਈ ਅਸੀਂ ਨਾਲ ਲਿਆਂਦਾ ਨਹੀਂ ।” ਹੁਣ ਫੇਰ ਹਰਪਾਲ ਸਿੰਘ ਹੋਰੀਂ ਆੜੇ ਆਏ, ਬੋਲੇ, “ਤੁਸੀਂ ਫਿਕਰ ਨਾ ਕਰੋ।”
ਮਨਾਲੀ ਪੁੱਜੇ ਤਾਂ ਸ਼ਾਮ ਹੋ ਗਈ ਸੀ । ਬਾਰਾਂ ਨਵੰਬਰ ਦਾ ਦਿਨ, ਸਰਦੀ ਨਾਲ ਗੋਡੇ ਜੁੜਦੇ ਜਾਣ । ਪੱਤਝੜ ਦੀ ਅਜਬ ਬਹਾਰ ਲਗੀ ਹੋਈ ਸੀ, ਲਾਲ ਰੰਗ ਦਾ ਕੋਈ ਸ਼ੇਡ ਨਹੀਂ ਸੀ, ਜੋ ਪਤਿਆਂ
ਤੇ ਨਹੀਂ ਸੀ । ਮੈਂ ਤਾਂ ਉਹਨਾਂ ਨੂੰ ਵੇਖ ਕੇ ਮੁਗਧ ਹੋ ਗਿਆ । ਉਧਰ ਹਰਪਾਲ ਸਿੰਘ ਹੋਰੀਂ ਕਿਤੇ ਰਜਾਈਆਂ ਤਲਾਈਆਂ ਵਾਲੇ ਟੂਰਿਸਟ ਬੰਗਲੇ ਲਈ ਦੌੜ ਭਜ ਕਰਨ ਵਿਚ ਰੁਝ ਗਏ। ਆਖਰ ਇਕ ਅਜਿਹਾ ਬੰਗਲਾ ਮਿਲ ਹੀ ਗਿਆ, ਅਤੇ ਅਸੀਂ ਉਸ ਵਿਚ ਜਾ ਟਿਕੇ । ਬੀਬੀ ਜੀ ਬੜੇ ਖੁਸ਼ ਸਨ, ਪਰ ਖੁਸ਼ੀ ਵਿਚ ਆ ਕੇ ਜਦੋਂ ਕੁਝ ਸੁਣਾਉਣ ਲਗਦੇ, ਤਾਂ ਕਈ ਵਾਰੀ ਸਰਦਾਰ ਹੋਰੀਂ ਹੱਥ ਖੜ੍ਹਾ ਕਰ ਦਿੰਦੇ, ਜਿਸ ਤੇ ਉਹ ਗੱਲ ਨੂੰ ਅੰਦਰ ਹੀ ਦਬਾ ਜਾਂਦੇ ਸਨ । ਮੈਂ, ਸਰਦਾਰ ਹੋਰੀਂ ਤੇ ਬੀਬੀ ਜੀ ਇਕ ਕਮਰੇ ‘ਚ ਠਹਿਰੇ ਅਤੇ ਹਰਪਾਲ ਸਿੰਘ ਤੇ ਬੀਬੀ ਸੁਰਜੀਤ ਦੂਜੇ ਕਮਰੇ ਵਿਚ ।
ਵੈਸੇ ਤਾਂ ਮੈਂ ਪ੍ਰੀਤ ਨਗਰ ਤਿੰਨ ਸਾਲ ਰਿਹਾ ਹਾਂ, ਅਤੇ ਇਹ ਤਿੰਨ ਸਾਲ ਮੈਂ ਮਾਤਾ ਜੀ ਦੇ ਸਿਰ ਤੇ ਹੀ ਕੱਟੇ, ਨਹੀਂ ਤਾਂ ਸ਼ਾਇਦ ਤਿੰਨ ਮਹੀਨੇ ‘ਵਾ ਨਾ ਕੱਢ ਸਕਦਾ । ਮਾਤਾ ਜੀ, ਨਗਿੰਦਰ ਸਿੰਘ (ਜਿਨ੍ਹਾਂ ਸਦਕਾ ਪ੍ਰੀਤ ਨਗਰ ਵਸਿਆ), ਖੁਰਾਣਾ ਸਾਹਿਬ, ਡਾ. ਜਸਵੰਤ ਕੌਰ ਗਿੱਲ ਆਦਿ ਵਰਗਿਆਂ ਦੇ ਆਸਰੇ ਮੈਂ ਪ੍ਰੀਤ ਨਗਰ ਤਿੰਨ ਸਾਲ ਰਹਿ ਸਕਿਆ ਸਾਂ, ਪਰ ਜੋ ਬਚਪਨ, ਪਿਆਰ ਅਤੇ ਸਰਲ ਸੁਭਾ ਮੈਂ ਬੀਬੀ ਜੀਤਾਂ ਦਾ ਮਨਾਲੀ ਵਿਖੇ ਵੇਖਿਆ, ਪਹਿਲੋਂ ਕਦੇ ਨਹੀਂ ਸੀ ਵੇਖਣ ‘ਚ ਆਇਆ।
ਸਵੇਰੇ ਉਠ ਕੇ, ਕੁਝ ਖਾ ਪੀ ਕੇ ਬਾਹਰ ਆਏ, ਤਾਂ ਚੁੱਪ ਕੀਤੀ ਖੜ੍ਹੇ ਸਰਦਾਰ ਹੋਰਾਂ ਨੂੰ ਮੈਂ ਕਿਹਾ, “ਜੇ ਪੱਛਮੀ ਦੇਸ ਹੁੰਦਾ, ਤਾਂ ਇਹ ਲੋਕ ਮਾਣ ਕਰਦੇ ਕਿ ਕਦੇ ਸਰਦਾਰ ਗੁਰਬਖਸ਼ ਸਿੰਘ ਨੇ ਏਥੇ ਰਾਤ ਕੱਟੀ ਸੀ ।”
ਇਹ ਸੁਣ ਕੇ ਉਨ੍ਹਾਂ ਦੇ ਸਥਿਰ ਚਿਹਰੇ ਤੇ ਕੁਝ ਮੁਸਕਰਾਹਟ ਨੱਚੀ, “ਤਾਂ ਲੋਕੀ ਇਹ ਵੀ ਕਹਿੰਦੇ ਕਿ ਸੋਭਾ ਸਿੰਘ ਹੋਰੀਂ ਵੀ ਨਾਲ ਹੀ ਸਨ ।”
ਵਸ਼ਿਸ਼ਟ ਕੁੰਡ ਵੇਖ ਕੇ ਅਸੀਂ ਵਾਪਸ ਮੁੜੇ ਤਾਂ ਉਥੋਂ ਚਾਲੀ ਕੁ ਮੀਲ ਦੀ ਵਿਥ ਤੇ ਬਜੌਰਾ ਆਉਂਦਾ ਹੈ । ਉਥੇ ਆਕੇ ਮੈਂ ਸਰਦਾਰ ਹੋਰਾਂ ਨੂੰ ਪੁਛਿਆ, “ਸਰਦਾਰ ਜੀ, ਤੁਹਾਡਾ ਕੋਈ ਚੰਮ (chum) ਵੀ ਹੈ ?”
ਕਹਿਣ ਲਗੇ, “ਬੜੇ ਹਨ ।”
ਮੈਂ ਹੱਸ ਕੇ ਕਿਹਾ, “ਚੰਮ ਤਾਂ ਇਕ ਅੱਧਾ ਹੀ ਹੁੰਦਾ ਹੈ ਸਰਦਾਰ ਜੀ, ਬਾਕੀ ਮਿੱਤਰ ਜਾਂ ਸ਼ਰਧਾਲੂ ਹੁੰਦੇ ਹਨ ।”
ਉਹ ਕਹਿਣ ਲਗੇ, “ਤੁਹਾਨੂੰ ਇਹ ਪੁੱਛਣ ਦੀ ਕਿਉਂ ਲੋੜ ਭਾਸੀ ?”
ਮੈਂ ਕਿਹਾ, “ਅਸੀਂ ਕੱਲ੍ਹ ਸਵੇਰ ਦੇ ਇਕ ਦੂਜੇ ਨਾਲ ਜੁੜੀ ਬੈਠੇ ਹਾਂ, ਪਰ ਮੈਂ ਤੀਹਾਂ ਘੰਟਿਆਂ ‘ਚ ਨਾ ਤੁਹਾਨੂੰ ਮੁਸਕਰਾਉਂਦਿਆਂ ਵੇਖਿਆ ਹੈ, ਨਾ ਹਸਦਿਆਂ, ਭਾਵ ਤੁਸੀਂ ਬਿਲਕੁਲ ਖੁਲ੍ਹੇ ਨਹੀਂ ਪਰ ‘ਚੰਮ’ ਸਾਹਮਣੇ ਅਸੀਂ ਪੂਰਨ ਤੌਰ ਤੇ ਖੁਲ੍ਹ ਸਕਦੇ ਹਾਂ ।”
ਇਹ ਸੁਣ ਕੇ ਉਨ੍ਹਾਂ ਮੇਰਾ ਹੱਥ ਘੁਟਿਆ । ਅਸਲ ਵਿਚ ਉਨ੍ਹਾਂ ਮੇਰਾ ਹੱਥ ਨਹੀਂ, ਗਲਾ ਘੁੱਟਿਆ ਸੀ, ਕਿ ਮੈਂ ਉਸ ਵੇਲੇ ਕੁਝ ਨਾ ਬੋਲਾਂ, ਜਿਵੇਂ ਮਾਤਾ ਜੀ ਨੂੰ ਹੱਥ ਖੜ੍ਹਾ ਕਰਕੇ ਘੁੱਟਦੇ ਆਏ ਸਨ ।
ਉਥੋਂ ਕੁਝ ਮੀਲ ਬਾਅਦ ਹੀ ਔਟ ਆ ਜਾਂਦਾ ਹੈ, ਜਿਥੇ ਵਨ ਵੇ ਟਰੈਫਿਕ ਕਾਰਨ ਸਾਨੂੰ ਰੁਕਣਾ ਪਿਆ ਤਾਂ ਸਰਦਾਰ ਜੀ ਮੈਨੂੰ ਹੱਥ ਫੜੀ ਫੜੀ ਦਰਿਆ ਬਿਆਸ ਦੇ ਪੁਲ ਤੇ ਲੈ ਗਏ ਅਤੇ ਕੁਝ ਚਿਰ ਮੇਰੇ ਚਿਹਰੇ ਵਲ ਵੇਖ ਕੇ ਮੈਨੂੰ ਮੈਸਮਰਾਈਜ਼ ਕਰਦੇ ਰਹੇ । ਫਿਰ ਬੋਲੇ, “ਸੋਭਾ ਸਿੰਘ ਜੀ, ਅਸੀਂ ਆਰਟਿਸਟ ਹਾਂ, ਇਹੋ ਜਿਹੀਆਂ ਗੱਲਾਂ ਹਰ ਕਿਸੇ ਦੇ ਸਾਹਮਣੇ ਨਹੀਂ ਪੁੱਛੀਦੀਆਂ। ਮੇਰੀ ਉਮਰ ਹੁਣ ਹੱਸਣ ਦੀ ਨਹੀਂ, ਮੁਸਕਰਾਉਣ ਦੀ ਨਹੀਂ । ਮੇਰੀ ਪਰਬਲ ਰੀਝ ਇਹ ਹੈ ਕਿ ਕਿਸੇ ਇਕਾਂਤ ਥਾਂ ਵਿਚ ਮੈਂ ਰਹਿ ਸਕਾਂ ਅਤੇ ਆਪਣੇ ਆਪ ਜਿਉਂ ਕੇ ਕੁਝ ਪੜ੍ਹ ਲਿਖ ਸਕਾਂ ।”
ਮੈਂ ਕਿਹਾ, “ਕਾਹਦੇ ਤੇ ਪੜ੍ਹਣਾ ਤੇ ਲਿਖਣਾ ਚਾਹੁੰਦੇ ਹੋ ਸਰਦਾਰ ਜੀ ?” ਤਾਂ ਉਹ ਬੋਲੇ, “ਜ਼ਿੰਦਗੀ ਤੇ ।”
ਮੈਨੂੰ ਕਹਿਣਾ ਪਿਆ, “ਉਸ ਜ਼ਿੰਦਗੀ ਤੇ ਜੋ ਮੁਸਕਰਾ ਨਹੀਂ ਸਕਦੀ, ਜੋ ਹੱਸ ਨਹੀਂ ਸਕਦੀ, ਅਤੇ ਹਰਪਾਲ ਵਰਗੇ ਸੱਜਣ ਨੂੰ ਹਰ ਕੋਈ ਸਮਝਦੀ ਹੈ ?” ਤੇ ਜਵਾਬ ਵਿਚ ਉਹ ਨੀਵੀਂ ਪਾਈ ਬਿਆਸ ਦੀਆਂ ਲਹਿਰਾਂ ਵੱਲ ਤੱਕਣ ਲਗ ਪਏ । ਉਨੇ ਚਿਰ ਨੂੰ ਬੱਸਾਂ ਦੇ ਹਾਰਨ ਵੱਜਣ ਲਗ ਪਏ ਅਤੇ
ਅਸੀਂ ਵਾਪਸ ਆ ਕੇ ਆਪਣੀ ਕਾਰ ਵਿਚ ਬੈਠ ਗਏ ।

ਸਰਦਾਰ ਸੋਭਾ ਸਿੰਘ ਦੀਆ ਪ੍ਰਸਿੱਦ ਤਸਵੀਰਾਂ 

ਸਰਦਾਰ ਸੋਭਾ ਸਿੰਘ ਸਿਮਰਤੀ ਗ੍ਰੰਥ | Sardar Sobha Singh ਸਰਦਾਰ ਸੋਭਾ ਸਿੰਘ ਸਿਮਰਤੀ ਗ੍ਰੰਥ | Sardar Sobha Singh ਸਰਦਾਰ ਸੋਭਾ ਸਿੰਘ ਸਿਮਰਤੀ ਗ੍ਰੰਥ | Sardar Sobha Singh ਸਰਦਾਰ ਸੋਭਾ ਸਿੰਘ ਸਿਮਰਤੀ ਗ੍ਰੰਥ | Sardar Sobha Singh ਸਰਦਾਰ ਸੋਭਾ ਸਿੰਘ ਸਿਮਰਤੀ ਗ੍ਰੰਥ | Sardar Sobha Singh ਸਰਦਾਰ ਸੋਭਾ ਸਿੰਘ ਸਿਮਰਤੀ ਗ੍ਰੰਥ | Sardar Sobha Singh ਸਰਦਾਰ ਸੋਭਾ ਸਿੰਘ ਸਿਮਰਤੀ ਗ੍ਰੰਥ | Sardar Sobha Singh ਸਰਦਾਰ ਸੋਭਾ ਸਿੰਘ ਸਿਮਰਤੀ ਗ੍ਰੰਥ | Sardar Sobha Singh ਸਰਦਾਰ ਸੋਭਾ ਸਿੰਘ ਸਿਮਰਤੀ ਗ੍ਰੰਥ | Sardar Sobha Singh ਸਰਦਾਰ ਸੋਭਾ ਸਿੰਘ ਸਿਮਰਤੀ ਗ੍ਰੰਥ | Sardar Sobha Singh

 

 

 

 

 

Credit – ਪੁਰਦਮਨ ਸਿੰਘ ਬੇਦੀ, ਗੁਰਭਜਨ ਗਿੱਲ

Leave a comment

error: Content is protected !!