ਚੀਨ ਦਾ ਸ਼ੰਘਾਈ ਉਹ ਸ਼ਹਿਰ ਹੈ ਜਿਸਨੂੰ ਇਥੇ ਪੁਰਾਣੇ ਰਹਿਣ ਵਾਲੇ ਪੰਜਾਬੀ ਅਮਰੀਕਾ ਦੀ ਭੈਣ ਕਹਿੰਦੇ ਸਨ । ਭਾਵ ਇਹ ਕਿ ਅਮਰੀਕਾ ਤੋਂ ਦੂਜੇ ਨੰਬਰ ਤੇ ਕਮਾਈ ਦੇ ਲਿਹਾਜ ਨਾਲ ਮਿੱਥਦੇ ਸਨ । ਸ਼ੰਘਾਈ ਸ਼ਹਿਰ ਮਹਾਂਦੀਪ ਏਸ਼ੀਆ ਤੇ ਖਾਸ ਕਰ ਚੀਨ ਦੇ ਵੱਡੇ ਸ਼ਹਿਰ ਵਿਚੋਂ ਇਕ ਚੋਟੀ ਦਾ ਖੂਬਸੂਰਤ ਮੈਦਾਨੀ ਸ਼ਹਿਰ ਹੈ। ਇਹ ਵਾਂਗ ਪੂ ਦਰਿਆ ਦੇ ਕੰਢੇ ਵਸਿਆ ਹੋਇਆ ਹੈ ਤੇ ਇਕ ਭਾਰੀ ਵਪਾਰਕ ਬੰਦਰਗਾਹ ਹੈ। ਵੀਂਹਵੀ ਸਦੀ ਦੇ ਆਰੰਭਿਕ ਸਾਲਾਂ ਵਿਚ ਪੰਜਾਬੀ ਕਾਫੀ ਗਿਣਤੀ ਵਿਚ ਇਨ੍ਹਾਂ ਦੇਸ਼ਾਂ ਵਿਚ ਜਾਣ ਲੱਗੇ, ਉਨਾਂ ਵਿਚੋਂ ਚੀਨ ਵੀ ਸ਼ਾਮਲ ਸੀ। ਬਰਤਾਨੀਆ ਨੇ ਸ਼ੰਘਾਈ, ਹਾਂਕੋ, ਨਾਨਕਿੰਗ, ਹਾਂਗਕਾਂਗ ਆਦਿ ਅਨੇਕਾਂ ਸ਼ਹਿਰਾਂ ਵਿਚ ਅਪਣੀ ਤਜਾਰਤ ਤੇ ਸਿਆਸੀ ਤਾਕਤ ਦੀ ਰਖਿਆ ਲਈ ਅਪਣੇ ਅਧੀਨ ਹਿੰਦੁਸਤਾਨ ਤੋਂ ਵੀ ਫੌਜਾਂ ਮੰਗਵਾ ਲਈਆਂ ਸਨ । ਜਿਨ੍ਹਾਂ ਵਿਚ ਪੰਜਾਬੀ ਪਲਟਨਾਂ ਵੀ ਸ਼ਾਮਲ ਸਨ। ਇਥੇ ਅਨੇਕਾਂ ਮਹਿਕਮਿਆਂ ਵਿਚ ਪੰਜਾਬੀ ਸਰਵਿਸ ਕਰਦੇ ਸਨ, ਜਿਵੇਂ ਕਸਟਮ ਪੁਲੀਸ, ਜੇਲ੍ਹਾਂ ਆਦਿ ।
ਸਰਵਿਸ ਦੇ ਲਿਹਾਜ ਨਾਲ ਦੂਜੇ ਨੰਬਰ ਤੇ ਪੁਲੀਸ ਦੀ ਨੌਕਰੀ ਆਉਦੀ ਸੀ । ਏਥੇ ਦੀ ਸਿੱਖ ਪੁਲੀਸ ਦੀ, ਸ਼ੁਰੂਆਤ ਦਾ ਪਤਾ ਨਹੀ ਚਲਦਾ ਪਰ ਅਨੁਮਾਨ ਕੀਤਾ ਜਾਂਦਾ ਹੈ ਕਿ ਸੰਨ 1900 ਦੇ ਥੋੜਾ ਅੱਗੇ ਪਿੱਛੇ ਪੁਲੀਸ ਫੋਰਸ ਹੋਂਦ ਵਿਚ ਆਈ । ਖਾਲਸਾ ਦੀਵਾਨ ਪਾਉਸ਼ਿੰਗ ਰੋਡ ਸ਼ੰਘਾਈ 1911 ਵਿਚ ਬਣਿਆ ਅਤੇ ਉਥੇ ਜੋ ਪੱਥਰ ਲੱਗਾ ਹੋਇਆ ਹੈ, ਉਸ ਉੱਤੇ ਸ. ਉਜਾਗਰ ਸਿੰਘ ਦਾ ਨਾਉਂ ਉਚੇਚਾ ਲਿਖਿਆ ਹੋਇਆ ਹੈ । ਜੋ ਸ਼ਾਇਦ ਉਸ ਵੇਲੇ ਪੁਲੀਸ ਅਫਸਰ ਸੀ।
ਸਿੱਖ ਪੁਲੀਸ ਦੀ ਭਰਤੀ ਪੰਜਾਬ ਤੋਂ ਕੀਤੀ ਜਾਂਦੀ ਸੀ । ਅਨੁਮਾਨ ਹੈ ਕਿ ਭਰਤੀ ਸਮੇਂ ਮੁੱਢਲੀ ਤਨਖਾਹ 18 ਡਾਲਰ ਦਿੱਤੇ ਜਾਂਦੇ ਸਨ ਏਸੇ ਤਰ੍ਹਾ ਜੇਕਰ ਕੋਈ ਸਿਪਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਸਕਦਾ ਸੀ ਤਾਂ ਉਹ ਥਾਣੇ ਦੇ ਗੁਰਦੁਆਰੇ ਦਾ ਗ੍ਰੰਥੀ ਬਣਾ ਦਿੱਤਾ। ਜਾਂਦਾ ਸੀ । ਸਾਰੇ ਥਾਣਿਆਂ ਵਿਚ ਛੋਟੇ ਗੁਰਦੁਆਰੇ ਸਨ । ਗਾਰਡਨ ਰੋਡ ਤੇ ਜਿਹੜਾ ਪੁਲੀਸ ਸਟੇਸ਼ਨ ਸੀ, ਇਥੇ ਹੀ ਪੁਲੀਸ ਟਰੇਨਿੰਗ ਸੈਂਟਰ ਸੀ ਅਤੇ ਇਥੇ ਬਹੁਤ ਹੀ ਵੱਡਾ ਆਲੀਸ਼ਾਨ ਗੁਰਦੁਆਰਾ ਸੀ । ਜਿਹੜਾ ਸਿਰਫ ਪੁਲੀਸ ਕਰਮਚਾਰੀਆਂ ਅਤੇ ਉਹਨਾਂ ਦੇ ਟੱਬਰਾਂ ਵਾਸਤੇ ਸੀ । ਜੋ ਦੂਜਾ ਗੁਰਦੁਆਰਾ ਸੀ, ਪਾਉਸ਼ਿੰਗ ਰੋਡ ਤੇ ਸੀ, ਉਹ ਵੀ ਕਾਫੀ ਵੱਡਾ ਅਤੇ ਸੁੰਦਰ ਸੀ। ਪਰ ਪੁਲੀਸ ਕਰਮਚਾਰੀਆਂ ਨੂੰ ਜਾਣ ਦੀ ਮਨਾਹੀ ਸੀ । ਉਹ ਗੁਰਦੁਆਰਾ ਚੀਨੇ ਇਲਾਕਿਆਂ ਵਿਚ ਹੋਣ ਕਰਕੇ ਆਉਦੇ ਜਾਂਦੇ ਦੇਸ਼ ਭਗਤ, ਗ਼ਦਰੀ ਉਥੇ ਠਹਿਰਦੇ ਸਨ। ਅਤੇ ਅਜ਼ਾਦੀ ਦਾ ਪ੍ਰਚਾਰ ਕਰਦੇ ਸਨ। ਅੰਗਰੇਜ਼ ਨਹੀ ਚਾਹੁੰਦੇ ਸਨ ਕਿ ਸਿਪਾਹੀਆਂ ਨੂੰ ਅਜ਼ਾਦੀ ਦੀ ਰੋਸ਼ਨੀ ਮਿਲੇ। ਚੀਨ ਵਿਚ ਇਹ ਗ਼ਦਰ ਲਹਿਰ ਦਾ ਕੇਂਦਰ ਸੀ । ਦੇਸ਼ ਭਗਤਾਂ ਵੱਲੋਂ ਇਕ ਲਿਖਤੀ ਅਖਬਾਰ ਵੀ ਛਾਪ ਕੇ ਵੰਡਿਆ ਜਾਂਦਾ ਸੀ । ਜਿਸ ਦਾ ਨਾਂਉ ” ਹਿੰਦ ਜਗਾਵਾ” ਸੀ। ਇਹ ਗੁਰਦੁਆਰਾ ਅਸਲ ਵਿਚ ਗੁਰਬਾਣੀ ਦਾ ਸੋਮਾ ਸੀ ਉਥੇ ਇਨਕਲਾਬੀਆਂ ਦਾ ਅੱਡਾ ਵੀ ਸੀ। ਏਥੇ ਅਮਰੀਕਾ ਤੋਂ ਗ਼ਦਰ ਦੀ ਕਵਿਤਾਵਾ ਪੁੱਜਦੀਆਂ ਸਨ ਜਿਨ੍ਹਾਂ ਨੂੰ ਭਾਰਤੀਆਂ ਵਿਚ ਵੰਡਿਆ ਜਾਂਦਾ ਸੀ ।
ਗੁਰਦੁਆਰਾ ਸ਼ੰਘਾਈ ਤੇ ਗੁਰਦੁਆਰਾ ਹੰਕਾਉ ਚੀਨ ਵਿਚ ਗ਼ਦਰ ਲਹਿਰ ਦੇ ਕੇਂਦਰ ਸਨ । ਗੁਰਦੁਆਰਿਆਂ ਦੀ ਸਥਾਪਨਾ ਵਿਚ ਬਾਬਾ ਨਿਧਾਨ ਸਿੰਘ ਚੁੱਘਾ ਦਾ ਵਿਸ਼ੇਸ਼ ਯੋਗਦਾਨ ਸੀ। ਜਿਸ ਦੀ ਪਰੇਰਨਾ ਨਾਲ ਇਨ੍ਹਾਂ ਦੀ ਹੋਂਦ ਹੋਈ। ਇਨ੍ਹਾਂ ਗੁਰਦੁਵਾਰਿਆ ਵਿਚ ਭਾਈ ਈਸ਼ਰ ਸਿੰਘ, ਭਾਈ ਹਰੀ ਸਿੰਘ ਚੋਟੀਆਂ, ਭਾਈ ਲਾਲ ਸਿੰਘ ਸਰਲੀਆਂ, ਭਾਈ ਭਗਵਾਨ ਸਿੰਘ ਕਵੀ ਤੇ ਭਾਈ ਖੜਕ ਸਿੰਘ ਡਸਕਾ ਸਮੇਂ ਸਮੇਂ ਗ੍ਰੰਥੀ ਦੀ ਸੇਵਾ ਨਿਭਾਉਦੇ ਰਹੇ । ਬਾਬਾ ਗੁਰਦਿਤ ਸਿੰਘ ਸਰਹਾਲੀ ਕਾਮਾਗਾਟਾ ਮਾਰੂ ਵਾਲਿਆਂ ਦਾ ਵੀ ਇਨ੍ਹਾਂ ਗੁਰਦਵਾਰਿਆ ਦੀ ਸੇਵਾ ਵਿਚ ਵਿਸ਼ੇਸ਼ ਯੋਗਦਾਨ ਸੀ।
ਭਾਰਤ ਦੀ ਆਜਾਦੀ ਦੀ ਲਹਿਰ ਵਿਚ ਸ਼ੰਘਾਈ ਵਾਸੀਆਂ ਦਾ ਯੋਗਦਾਨ:-
ਸ਼ੰਘਾਈ ਵਿਚ ਉਸ ਸਮੇਂ ਦੋ ਉਘੀਆਂ ਸੰਸਥਾਵਾਂ ਕੰਮ ਕਰ ਰਹੀਆਂ ਸਨ। ਜਿਨ੍ਹਾਂ ਵਿਚੋਂ ਇਕ (Indian Independent League) ਇੰਡੀਅਨ ਇੰਡੀਪੈਂਡੈਂਟ ਲੀਗਸ ਇਸ ਲੀਗ ਦੀ ਵਾਗਡੋਰ ਰਾਸ ਬਿਹਾਰੀ ਬੋਸ ਦੇ ਹੱਥ ਸੀ। ਰਾਸ ਬਿਹਾਰੀ ਬੋਸ 1911 ਕਿਸੇ ਬੰਬ ਕੇਸ ਵਿਚ ਅੰਗਰੇਜ਼ ਸਰਕਾਰ ਤੋਂ ਬਚਦੇ ਜਾਪਾਨ ਚਲਿਆ ਗਿਆ ਸੀ ਤੇ ਉਥੇ ਸ਼ਹਿਰੀਅਤ ਪ੍ਰਾਪਤ ਕਰਕੇ ਜਪਾਨੀ ਅੋਰਤ ਨਾਲ ਸ਼ਾਦੀ ਕਰ ਲਈ ਸੀ। ਦੂਜੀ ਸੰਸਥਾ ਦਾ ਨਾਂਉ ਇੰਡੀਅਨ ਨੈਸ਼ਨਲ ਐਸੋਸੀਏਸਨ ਸੀ ਜਿਸਦੇ ਪਿਛੇ ਮਿਸਟਰ ਸਹਾਏ ਦਾ ਹੱਥ ਸੀ । ਅਜਾਦ ਹਿੰਦ ਫੌਜ਼ ਦੀ ਦੁਬਾਰਾ ਸਾਜਨਾ ਮੌਕੇ ਇਸ ਦੀ ਵਾਗਡੋਰ ਸੁਭਾਸ਼ ਚੰਦਰ ਬੋਸ ਦੇ ਹੱਥ ਆ ਜਾਣ ਕਾਰਣ ਏਥੇ ਹੀ ਇੰਡੀਪੈਂਡਟ ਲੀਗ ਦੀ ਵਾਗਡੋਰ ਆਜਾਦ ਹਿੰਦ ਫੌਜ ਦੇ ਕਰਮਚਾਰੀਆਂ ਦੇ ਹੱਥ ਆ ਗਈ ਸੀ। ਏਥੇ ਵੀ ਕੋਈ ਡੇਢ ਸੌ ਦੇ ਕਰੀਬ ਸਿੱਖ ਜੁਆਨਾਂ ਨੇ ਆਪਣੇ ਨਾਂ ਦਰਜ ਕਰਾ ਦਿਤੇ ਤੇ ਹੈੱਡ ਕੁਆਟਰ ਪਾਉਸ਼ਿੰਗ ਰੋਡ ਗੁਰਦੁਆਰੇ ਨੂੰ ਹੀ ਬਣਾਇਆ ਗਿਆ ਸੀ।
ਚੀਨ ਵਿਚ ਸਮੇਂ-ਸਮੇਂ ਜਿਹੜੇ ਪੰਜਾਬੀ ਦੇਸ਼ ਭਗਤਾਂ ਤੇ ਗ਼ਦਰੀਆਂ ਨੇ ਆਪਣਾ ਯੋਗਦਾਨ ਪਾਇਆ, ਉਨ੍ਹਾਂ ਵਿਚੋਂ ਕੁਝ ਇਕ ਦੀ ਪੰਛੀ-ਝਾਤ ਇਸ ਤਰ੍ਹਾਂ ਹੈ-
* ਬਾਬਾ ਨਿਧਾਨ ਸਿੰਘ ਚੁੱਘਾ- ਪਿੰਡ ਚੁੱਘਾ, ਥਾਣਾ ਧਰਮਕੋਟ, ਜ਼ਿਲ੍ਹਾ ਫਿਰੋਜਪੁਰ ਨਾਲ ਸੰਬੰਧ ਰਖਦਾ ਸੀ। ਆਪ ਦਾ ਜਨਮ ਸੰਨ 1855-56 ਦਾ ਹੈ। ਇਹ ਕਾਫੀ ਸਮਾਂ ਚੀਨ ਵਿਚ ਰਹੇ। ਇੱਥੇ ਹੀ ਇਕ ਚੀਨੀ ਔਰਤ ਨਾਲ ਸ਼ਾਦੀ ਵੀ ਕੀਤੀ ਜਿਸ ਵਿਚੋਂ ਇਕ ਪੁੱਤਰ ਬਿਜੈ ਸਿੰਘ ਨੇ ਜਨਮ ਲਿਆ । ਸ਼ੰਘਾਈ ਵਿਚ ਪਹਿਲਾ ਗੁਰਦੁਆਰਾ ਸਥਾਪਤ ਕਰਨ ਵਿਚ ਇਨ੍ਹਾਂ ਦਾ ਬੜਾ ਵੱਡਾ ਹੱਥ ਸੀ । ਲੋਕਾਂ ਵਿਚ ਆਪ ਦਾ ਬੜਾ ਸਤਿਕਾਰ ਤੇ ਅਸਰ ਰਸੂਖ ਸੀ। ਆਪ ਨੇ ਉਗਰਾਹੀ ਰਾਹੀਂ ਗੁਰਦੁਵਾਰੇ ਦੀ ਸਥਾਪਨਾ ਤੇ ਸੇਵਾ ਵਿਚ ਚੰਗਾ ਹੱਥ ਵਟਾਇਆ। ਆਪ ਵਿਚ ਸੇਵਾ ਭਾਵਨਾ ਤੇ ਸ਼ਰਧਾ ਕੁਟ ਕੁਟ ਕੇ ਭਰੀ ਸੀ । ਇਹ ਗ਼ਦਰ ਪਾਰਟੀ ਦੇ ਨੇਤਾ ਦੇ ਰੂਪ ਵਿਚ ਹਾਂਗਕਾਂਗ ਵੀ ਗਿਆ ਤੇ ਹਿੰਦੁਸਤਾਨ ਵਿਚ ਗ਼ਦਰੀ ਸਰਗਰਮੀਆਂ ਕਰਨ ਵਾਲੀ ਕਮੇਟੀ ਵਾਸਤੇ ਚੁਣਿਆ ਗਿਆ। ਇਹ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਅਮਰੀਕਾ ਦੀ ਅਪ੍ਰੈਲ 1914 ਦੀ ਨਵੀਂ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ । ਆਪ ਗ਼ਦਰ ਪਾਰਟੀ ਦੇ ਮੋਢੀਆਂ ਵਿਚੋਂ ਇਕ ਸਨ। ਜਿਨ੍ਹਾਂ ਦੀ ਪ੍ਰੇਰਨਾ ਨਾਲ ਵੱਡੀ ਗਿਣਤੀ ਵਿਚ ਚੀਨ, ਹਾਂਗਕਾਂਗ ਅਮਰੀਕਾ ਤੇ ਭਾਰਤ ਵਿਚ ਨੌਜਵਾਨ ਗ਼ਦਰ ਲਹਿਰ ਨਾਲ ਜੁੜੇ। ਆਪ ਜੀ ਨੂੰ ਲਾਹੌਰ ਸਾਜਿਸ਼ ਕੇਸ ਵਿਚ ਉਮਰ ਕੈਦ, ਕਾਲੇ ਪਾਣੀ ਦੀ ਸਜ਼ਾ ਤੇ ਜਾਇਦਾਦ ਜਬਤ ਹੋਣ ਦੀ ਸਜਾ ਮਿਲੀ। ਆਪ ਅੰਡੇਮਾਨ ਜ਼ੇਲ੍ਹ, ਮਦਰਾਸ, ਤੇ ਜਬਲਪੁਰ ਜ਼ੇਲ੍ਹ ਵਿਚ ਕਾਫੀ ਸਮਾਂ ਰਹਿਣ ਬਾਦ 29 ਨਵੰਬਰ 1930 ਵਿਚ ਮੁਲਤਾਨ ਜ਼ੇਲ੍ਹ ਤੋਂ ਰਿਹਾਅ ਹੋਏ।
* ਭਾਈ ਬਿਸ਼ਨ ਸਿੰਘ, ਪੁੱਤਰ ਕੇਸਰ ਸਿੰਘ ਪਿੰਡ ਦਦੇਹਰ, ਥਾਣਾ ਸਰਹਾਲੀ ਜ਼ਿਲ੍ਹਾ ਅੰਮ੍ਰਿਤਸਰ ਦਾ ਪਿਛੋਕੜ ਸੀ । ਸ਼ੰਘਾਈ ਵਿਖੇ ਪੁਲਸ ਵਿਚ ਨੌਕਰੀ ਕਰਦੇ ਸਨ। ਇਹ ਕਾਮਾਗਾਟਾ ਮਾਰੂ ਜਹਾਜ਼ ਦੇ ਵੀ ਮੁਸਾਫਰ ਸਨ । ਇਸ ਨੇ ਪੰਜਾਬ ਦੀਆਂ ਗ਼ਦਰੀਆਂ ਸਰਗਰਮੀਆਂ ਵਿਚ ਭਾਗ ਲਿਆ । ਇਸ ਤੇ ਲਾਹੌਰ ਟ੍ਰੀਬਿਊਨਲ ਰਾਹੀ ਮੁਕੱਦਮਾ ਚੱਲਿਆ ਦੇਸ਼ ਨਿਕਾਲੇ ਦੀ ਸਜਾ ਮਿਲੀ ਅਤੇ ਜਾਇਦਾਦ ਜਬਤ ਕੀਤੀ ਗਈ।
* ਸੰਤ ਵਿਸਾਖਾ ਸਿੰਘ ਪੁੱਤਰ ਦਿਆਲ ਸਿੰਘ ਪਿੰਡ ਦਦੇਹਰ, ਥਾਣਾ ਸਰਹਾਲੀ ਜ਼ਿਲ੍ਹਾ ਅੰਮ੍ਰਿਤਸਰ ਆਪ ਦਾ ਜਨਮ 1877 ਵਿਚ ਹੋਇਆ । ਸੰਨ 1896 ਵਿਚ 11 ਰਸਾਲੇ ਵਿਚ ਭਰਤੀ ਹੋਏ। ਮਈ 1907 ਵਿਚ ਚੀਨ ਦੇ ਸ਼ਹਿਰ ਹਕਾਉਂ ਜਾ ਕੇ ਪੁਲੀਸ ਵਿਚ ਭਰਤੀ ਹੋ ਗਿਆ। ਫਿਰ 1908 ਵਿਚ ਸ. ਜਵਾਲਾ ਸਿੰਘ ਠੱਠੀਆ ਨਾਲ ਅਮਰੀਕਾ ਵਿਚ ਰਹਿਣ ਲੱਗੇ । ਅਮਰੀਕਾ ਵਿਚ ਬਣੀ ਗ਼ਦਰ ਲਹਿਰ ਦੇ ਮੋਢੀਆਂ ਵਿਚ ਆਪ ਦੀ ਵਿਸ਼ੇਸ਼ ਭੂਮਿਕਾ ਰਹੀ । 7 ਜਨਵਰੀ 1915 ਨੂੰ ਇਹ ਮਦਰਾਸ ਪੋਰਟ ਰਾਹੀ ਹਿੰਦ ਪਰਤੇ ਤੇ ਛੇਤੀ ਹੀ ਗ੍ਰਿਫਤਾਰ ਕਰ ਲਏ ਗਏ। ਅੰਡੇਮਾਨ ਜ਼ੇਲ੍ਹ ਵਿਚ ਭੇਜਿਆ ਗਿਆ ਜਿਥੋਂ 19 ਅਪ੍ਰੈਲ 1920 ਨੂੰ ਰਿਹਾਅ ਕੀਤੇ ਗਏ।
* ਭਾਈ ਬਿਸ਼ਨ ਸਿੰਘ, ਪੁੱਤਰ ਵਿਸਾਖਾ ਸਿੰਘ, ਪਿੰਡ ਵਰਪਾਲ, ਥਾਣਾ ਜੰਡਿਆਲਾ ਗੁਰੂ ਜ਼ਿਲ੍ਹਾ ਅੰਮ੍ਰਿਤਸਰ ਇਹ ਪਹਿਲਾਂ 93 ਪੈਦਲ ਰੈਜਮੈਟ ਵਿਚ ਫੌਜੀ ਸੀ ਬਾਅਦ ਵਿਚ ਸ਼ੰਘਾਈ ਪੁਲੀਸ ਵਿਚ ਕਾਂਸਟੇਬਲ ਹੋ ਗਿਆ।
ਇਹ 13 ਅਕਤੂਬਰ 1914 ਵਿਚ ਦੇਸ਼ ਪਰਤਿਆ ਤੇ ਝਾੜ ਸਾਹਿਬ ਵਾਲੀ ਮੀਟਿੰਗ ਵਿਚ ਸ਼ਮੂਲੀਅਤ ਕੀਤੀ।
ਇਸ ਨੂੰ ਲਾਹੌਰ ਸਾਜਿਸ਼ ਕੇਸ ਵਿਚ ਪਾਇਆ ਗਿਆ ਜਿਸ ਵਿਚ ਇਸ ਨੂੰ ਉਮਰ ਕੈਦ ਕਾਲੇ ਪਾਣੀ ਤੇ ਜਾਇਦਾਦ ਜਬਤੀ ਦੀ ਸਜਾ ਹੋਈ । ਇਹ ਮਈ 1917 ਵਿਚ ਮੁਲਤਾਨ ਜ਼ੇਲ੍ਹ ਵਿਚੋਂ ਭਗੌੜਾ ਹੋ ਗਿਆ।
* ਭਾਈ ਰੋਡਾ ਸਿੰਘ ਜੱਟ ਵਲਦ ਵਸਾਵਾ ਸਿੰਘ ਪਿੰਡ ਰੋਡੇ, ਥਾਣਾ ਬਾਘਾ ਪੁਰਾਣਾ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲਾ ਸੀ । ਪਹਿਲਾਂ ਇਹ ਸ਼ੰਘਾਈ ਡਾਕਘਰ ਵਿਚ ਚੌਕੀਦਾਰੀ ਕਰਦਾ ਸੀ। ਇਸ ਉਪਰ ਲਾਹੌਰ ਸਾਜਿਸ਼ ਕੇਸ ਅਧੀਨ ਮੁਕੱਦਮਾ ਚੱਲਿਆ। ਇਸ ਨੂੰ ਦੇਸ ਨਿਕਾਲੇ ਤੇ ਜਾਇਦਾਦ ਜਬਤੀ ਦੀ ਸ਼ਜਾ ਹੋਈ।
* ਡਾ. ਮਥਰਾ ਸਿੰਘ, ਪੁੱਤਰ ਹਰੀ ਸਿੰਘ ਪਿੰਡ ਢੁਡਿਆਲ, ਹਲਕਾ ਚਕਵਾਲ ਜਿਲ੍ਹਾ ਜੇਹਲਮ ਨਾਲ ਸੰਬੰਧ ਰਖਦਾ ਹੈ । ਇਹ ਜੁਲਾਈ 1913 ਵਿਚ ਹੀ ਸਾਨਫਰਾਂਸਿਸਕੋ ਆਇਆ। ਸੰਨ 1913 ਵਿਚ ਹੀ ਸ਼ੰਘਾਈ ਮੁੜਿਆ ਤੇ ਛੇ ਮਹੀਨੇ ਰਿਹਾ। ਇਥੇ ਹੀ ਬਾਗੀਆਨਾ ਗ਼ਦਰੀ ਸਾਹਿਤ ਵੰਡਿਆ। ਜਦੋਂ ਇਸ ਦੇ ਅਪ੍ਰੈਲ 1914 ਵਿਚ ਸਰਚ ਵਾਰੰਟ ਕੱਢੇ ਗਏ ਤਾਂ ਇਹ ਮਈ ਵਿਚ ਹਿੰਦ ਆ ਗਿਆ । ਇਹ ਗ਼ਦਰ ਪਾਰਟੀ ਦਾ ਸਿਰਕਰਦਾ ਆਗੂ ਸੀ ਜੋ ਬੰਬ ਤਿਆਰ ਕਰਦਾ ਸੀ । ਇਹ ਤੀਜੇ, ਚੋਥੇ ਲਾਹੌਰ ਕੇਸ ਵਿਚ ਫੜਿਆ ਗਿਆ। ਇਸ ਨੂੰ ਫਾਂਸੀ ਦੀ ਸਜ਼ਾ ਹੋਈ।
* ਭਾਈ ਗੰਡਾ ਸਿੰਘ ਵਲਦ ਲਹਿਣਾ ਸਿੰਘ- ਪਿੰਡ ਸੁਰ ਸਿੰਘ ਜ਼ਿਲ੍ਹਾ ਲਾਹੌਰ ਦਾ ਵਾਸੀ ਸੀ। ਇਸ ਨੇ ਕਾਫੀ ਸ਼ੰਘਾਈ ਵਿਖੇ ਮੇਹਨਤ ਮਜ਼ਦੂਰੀ ਕੀਤੀ। ਇਸ ਦਾ ਸੰਬੰਧ ਬਾਬਾ ਨਿਧਾਨ ਸਿੰਘ ਚੁੱਘਾ ਨਾਲ ਹੋ ਗਿਆ । ਇਹ ਸ਼ਿੰਘਾਈ 25 ਮਸ਼ੀਮਾ ਮਾਰੂ ਰਾਹੀ 25 ਅਕਤੂਬਰ 1914 ਵਿਚ ਸਮੁੰਦਰੀ ਜਹਾਜ਼ ਰਾਹੀ ਕੋਲੰਬੋ ਪਹੁੰਚਿਆਂ। ਇਸ ਨੂੰ 2 ਨਵੰਬਰ 1914 ਵਿਚ ਗ੍ਰਿਫਤਾਰ ਕੀਤਾ ਗਿਆ। 2 ਦਸੰਬਰ 1914 ਤਕ ਨਜ਼ਰਬੰਦ ਰਿਹਾ। ਜੱਜ ਸਾਹਿਬਾਨ ਅਨੁਸਾਰ ਕੇਵਲ ਪਿਸਤੋਲ ਮਿਲ ਜਾਣ ਕਾਰਨ ਹੀ ਕੇਸ ਨਹੀ ਬਣਦਾ। ਇਸ ਨੂੰ ਸ਼ਕ ਦਾ ਲਾਭ ਦੇ ਕੇ ਰਿਹਾਅ ਕਰ ਦਿੱਤਾ ਗਿਆ।
* ਭਾਈ ਬੁਢਾ ਸਿੰਘ ਪੁੱਤਰ ਈਸਰ ਸਿੰਘ ਪਿੰਡ ਸੁਰਸਿੰਘ, ਜ਼ਿਲ੍ਹਾ ਲਾਹੌਰ ਸ਼ੰਘਾਈ ਵਿਚ ਚੌਕੀਦਾਰੀ ਕਰਦਾ ਸੀ । ਇਹ ਵਾਅਦਾ- ਮੁਆਫ ਸੁੰਦਰ ਸਿੰਘ ਨੂੰ ਹਾਂਗਕਾਂਗ ਗੁਰਦਵਾਰੇ ਵਿਚ ਮਿਲਿਆਂ । ਇਹ ਨਾਨਕ ਸਿੰਘ ਦੇ ਚੁਬਾਰੇ ਮੱਸਿਆ ਮੌਕੇ ਸਰਗਰਮ ਰਿਹਾ । 26 ਤਾਰੀਖ ਵਾਲੀ ਮੀਟਿੰਗ ਵਿਚ ਵੀ ਹਾਜ਼ਰ ਸੀ।
* ਭਾਈ ਹਰੀ ਸਿੰਘ ਵਲਦ ਅਮਰ ਸਿੰਘ, ਪਿੰਡ ਕੱਕੜ, ਥਾਣਾ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ। ਇਹ ਕੁਝ ਦੇਰ ਸ਼ੰਘਾਈ ਰੇਲਵੇ ਵਿਚ ਚੋਕੀਦਾਰੀ ਕਰਦਾ ਰਿਹਾ। ਇਹ ਬਾਬਾ ਨਿਧਾਨ ਸਿੰਘ ਚੁੱਘਾ ਦਾ ਖਾਸ ਸਹਾਇਕ ਸੀ। ਇਹ ਸ਼ਿੰਘਾਈ ਤੋਂ ਮਸ਼ੀਮਾਮਾਰੂ ਰਾਹੀਂ 25 ਅਕਤੂਬਰ ਨੂੰ ਕੋਲੰਬੋ ਪਰਤਿਆ। 2 ਦਸੰਬਰ 1914 ਨੂੰ ਇਸ ਨੂੰ ਨਜਰਬੰਦ ਕਰ ਦਿੱਤਾ। ਇਸ ਨੇ ਦੇਸ ਆ ਕੇ ਲੋਕਾਂ ਨੂੰ ਹਥਿਆਰ ਬੰਦ ਇਨਕਲਾਬ ਰਾਹੀਂ ਤਿਆਰ ਕੀਤਾ। ਇਸ ਨੂੰ ਪਹਿਲੇ ਸਾਂਜਿਸ਼ ਕੇਸ ਵਿਚ ਧਰ ਲਿਆ। ਇਸ ਨੂੰ ਉਮਰ ਕੈਦ ਕਾਲੇ ਪਾਣੀ ਤੇ ਜਾਇਦਾਦ ਜਬਤੀ ਦੀ ਸਜਾ ਹੋਈ। ਇਹ 1929 ਵਿਚ ਅੰਡੇਮਾਣ ਜ਼ੇਲ੍ਹ ਵਿਚੋਂ ਮੁੜਿਆ।
* ਡਾਈ ਕੇਸਰ ਸਿੰਘ ਵਲਦ ਮੰਗਲ ਸਿੰਘ, ਪਿੰਡ ਸੁਰ ਸਿੰਘ ਜ਼ਿਲ੍ਹਾ ਲਾਹੌਰ ਦੇ ਵਸਨੀਕ। ਇਹ ਬਰਮਾ ਇਕ ਫੈਕਟਰੀ ਵਿਚ ਸਿਪਾਹੀ ਸਨ । ਫਿਰ ਸ਼ੰਘਾਈ ਪੁਲੀਸ ਵਿਚ ਨੌਕਰੀ ਕੀਤੀ। ਗ਼ਦਰੀ ਹੋਣ ਕਾਰਨ ਨੌਕਰੀ ਤੋਂ ਡਿਸਚਾਰਜ ਕਰ ਦਿੱਤਾ । ਇਹ ਬੰਘਾਈ ਤੋਂ 28 ਅਕਤੂਬਰ 1914 ਨੂੰ ਕੋਲੰਬੋ ਦੇ ਰਾਹੀਂ ਵਤਨ ਪਰਤਿਆਂ। ਆਪ ਨੂੰ ਲਾਹੌਰ ਸਾਜਿਸ ਕੇਸ ਵਿਚ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਹੋਈ ਜੋ ਬਾਦ ਵਿਚ ਘਟਾ ਕਿ 9 ਸਾਲ ਕਰ ਦਿਤੀ।
ਭਾਈ ਸੂਜਾ ਸਿੰਘ ਪੁੱਤਰ ਖੁਸ਼ਹਾਲ ਸਿੰਘ ਵਲਟੋਹਾ ਜ਼ਿਲ੍ਹਾ ਲਾਹੌਰ ਨਾਲ ਸੰਬੰਧ ਰਖਦੇ ਸਨ । ਵਾਅਦਾ- ਮੁਆਫ ਸੁੰਦਰ ਸਿੰਘ ਅਨੁਸਾਰ ਇਸ ਨੇ ਸ਼ੰਘਾਈ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਗ਼ਦਰੀ ਸਰਗਰਮੀਆਂ ਕਰਨ ਲਈ ਸਹੁੰ ਚੁੱਕੀ । ਇਸ ਨੂੰ ਕਾਮਾਗਾਟਾਂ ਮਾਰੂ ਸਾਕੇ ਬਾਰੇ ਦੱਸਣ ਲਈ ਪੰਜਾਬ ਭੇਜਿਆ ਗਿਆ । ਇਹ ਸ਼ੰਘਾਈ ਤੋਂ ਮਥਰਾ ਸਿੰਘ ਨਾਲ 19 ਜੁਲਾਈ 1914 ਨੂੰ ਇਕ ਜਾਰਡਨ ਬੋਟ ਰਾਹੀਂ 28, 29 ਸਤੰਬਰ ਨੂੰ 1914 ਨੂੰ ਕਲਕੱਤੇ ਪੁਜਿਆ। ਇਸ ਨੂੰ 12 ਸਤੰਬਰ 1915 ਨੂੰ ਗ੍ਰਿਫਤਾਰ ਕੀਤਾ। ਇਸ ਨੂੰ ਉਮਰ ਕੈਦ, ਦੇਸ ਨਿਕਾਲੇ ਤੇ ਜਾਇਦਾਦ ਜਬਤ ਦੀ ਸਜ਼ਾ ਦਿੱਤੀ ।
* ਭਾਈ ਠਾਕੁਰ ਸਿੰਘ ਪੁੱਤਰ ਹਰਨਾਮ ਸਿੰਘ ਪਿੰਡ ਕਾਲਾ ਸੰਘਿਆ ਰਿਆਸਤ ਕਪੂਰਥਲਾ, ਨਾਨਕਿੰਗ 1911 ਨੂੰ (ਚੀਨ) ਵਿਚ ਕੰਮ ਕਰਦਾ ਸੀ । ਬਾਅਦ ਵਿਚ ਇਹ ਸ਼ੰਘਾਈ ਵਿਚ। ਚੀਨੀ ਪ੍ਰੈਸ ਵਿਚ ਕਲਰਕ ਲੱਗਾ। ਇਹ ਚੀਨੀ ਗ਼ਦਰ ਪਾਰਟੀ ਦਾ ਮੁੱਖੀ ਬਣ ਗਿਆ । ਗ਼ਦਰ ਪਾਰਟੀ ਦਾ ਅਖਬਾਰ ਇਥੇ ਆਉਂਦਾ ਤੇ ਵੱਡੀ ਪੱਧਰ ਤੇ ਵੰਡਣ ਦੀ ਸੇਵਾ ਕਰਦੇ । ਫਿਰ ਚੀਨੀ ਗ਼ਦਰੀਆਂ ਨੇ ਆਪਣਾ ਅਖਬਾਰ “ ਹਿੰਦੁਸਤਾਨ ਗ਼ਦਰ ਢੰਡੋਰਾ” ਕੱਢਿਆ। ਜੋ ਪੰਦਰੀ ਦਿਨੀਂ ਛਪਦਾ ਸੀ। ਇਹ ਪਰਚਾ ਹਾਂਕੋ ਤੋਂ ਨਿਕਲਦਾ ਸੀ ਜਿਹੜਾ ਉਨ੍ਹੀ ਦਿਨੀਂ ਹਿੰਦੁਸਤਾਨੀ ਇਨਕਲਾਬ ਦੀਆਂ ਸਰਗਰਮੀਆਂ ਦਾ ਕੇਂਦਰ ਸੀ ।
* ਭਾਈ ਤੇਜਾ ਸਿੰਘ ਪੁੱਤਰ ਦਿਆਲ ਸਿੰਘ ਪਿੰਡ ਭਿੱਖੀਵਿੰਡ ਜ਼ਿਲ੍ਹਾ ਲਾਹੌਰ ਸ਼ੰਘਾਈ ਪੁਲਸ ਵਿਚ ਰਿਹਾ ਪਰ ਬਗਾਵਤ ਕਰਕੇ ਕੱਢ ਦਿੱਤਾ ਗਿਆ । ਉਮਰ ਕੈਦ, ਕਾਲੇ ਪਾਣੀ ਤੇ ਜਾਇਦਾਦ ਜਬਤੀ ਦੀ ਸਜ਼ਾ ਹੋਈ। ਹਜ਼ਾਰੀ ਬਾਗ ਜੇਲ੍ਹ ਵਿਚੋਂ ਭੱਜਣ ਵਾਲੇ 18 ਸਿੰਘਾ ਵਿਚੋਂ ਇਹ ਵੀ ਸੀ। ਇਹ ਝਾੜ ਸਾਹਿਬ ਦੀ ਮੀਟਿੰਗ ਤੇ ਸਰਹਾਲੀ ਵਾਲੇ ਕਥਿਤ ਹਮਲੇ ਵਿਚ ਵੀ ਹਾਜ਼ਰ ਸੀ।
ਇਸ ਤਰ੍ਹਾਂ ਚੀਨ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਗ਼ਦਰੀ ਜਿਨ੍ਹਾਂ ਵਿਚ ਵਧੇਰੇ ਗਿਣਤੀ ਸਿੱਖਾਂ ਦੀ ਸੀ ਆਪੋ ਅਪਣੇ ਵਸੀਲਿਆ ਅਨੁਸਾਰ ਸ਼ੰਘਾਈ, ਹਾਂਕੋ ਵਿਖੇ ਗ਼ਦਰ ਦੀਆਂ ਸਰਗਰਮੀਆਂ ਵਿਚ ਹਿੱਸਾ ਪਾ ਰਹੇ ਸਨ । ਭਾਈ ਚੇਤ ਸਿੰਘ ਗਾਲਿਬ ਕਲਾਂ ਜ਼ਿਲ੍ਹਾ ਲੁਧਿਆਣਾ ਸੰਨ 1902 ਵਿਚ ਸ਼ੰਘਾਈ ਗਏ। ਇਹ ਚੀਨੀ ਕਸ਼ਟਮ ਡੀਪਾਰਟਮੈਂਟ ਵਿਚ ਕੰਮ ਕਰਦੇ ਸਨ। ਭਾਈ ਉਜਾਗਰ ਸਿੰਘ 1907 ਵਿਚ ਸ਼ੰਘਾਈ ਗਏ ਅਤੇ 1917 ਤੱਕ ਕਸਟਮ ਵਿਚ ਕੰਮ ਕਰਦੇ ਰਹੇ।
ਜੈਤੋ ਦਾ ਮੋਰਚਾ ਤੇ ਸ਼ੰਘਾਈ ਦਾ ਸ਼ਹੀਦੀ ਜੱਥਾ:-
ਜੈਤੋ ਦਾ ਮੋਰਚਾ ਪੂਰੇ ਜੋਬਨ ਤੇ ਸੀ । ਪ੍ਰਦੇਸਾਂ ਵਿਚ ਵੀ ਬੜੀ ਚਰਚਾ ਤੇ ਇਸ ਵਿਚ ਹਿਸਾ ਪਾਉਣ ਦਾ ਉਤਸ਼ਾਹ ਸੀ। ਕੈਨੇਡਾ ਜਿਸਨੂੰ ਇਨਕਲਾਬੀਆਂ ਦੀ ਜਨਮ ਭੂਮੀ ਕਿਹਾ ਜਾਂਦਾ ਹੈ ਇਕ ਮਰਜੀਵੜੇ ਸਿੱਖਾ ਦਾ ਜੱਥਾ ਇਸ ਮੋਰਚੇ ਵਿੱਚ ਹਿਸਾ ਲੈਣ ਲਈ ਸ਼ੰਘਾਈ ਪੁੱਜਾ । ਏਥੇ ਵੀ ਜੈਤੋ ਮੋਰਚੇ ਵਿਚ ਹਿਸਾ ਪਾਉਣ ਲਈ ਕਾਫੀ ਸਿੰਘ ਤਿਆਰ ਹੋ ਗਏ। ਉਹਨਾਂ ਦੀ ਵਿਦਾਇਗੀ ਤੋਂ ਪਹਿਲਾਂ ਸ਼ੰਘਾਈ ਸੰਗਤਾਂ ਨੇ ਇਕ ਵਿਸ਼ਾਲ ਜਲੂਸ ਕੱਢਣ ਦੀ ਆਗਿਆ ਮੰਗੀ। ਉਸ ਵੇਲੇ ਸ਼ੰਘਾਈ ਸਿੱਖ ਪੁਲੀਸ ਦੇ ਜਮਾਂਦਾਰ ਸ. ਬੁੱਢਾ ਸਿੰਘ ਪਿੰਡ ਨਾਰੋਵਾਲ ਜ਼ਿਲ੍ਹਾ ਸਿਆਲਕੋਟ ਸਨ । ਪਹਿਲਾਂ ਤਾਂ ਪੁਲਿਸ ਨੇ ਨਾਂਹ ਕਰ ਦਿੱਤੀ ਪਰ ਸ. ਬੁੱਢਾ ਸਿੰਘ ਦੇ ਗਰੰਟੀ ਦੇਣ ਤੇ ਇਹ ਜਲੂਸ ਪੁਰ ਅਮਨ ਤੇ ਸ਼ਾਤੀ ਪੁਰਵਕ ਨਿਕਲਿਆਂ ਸਭ ਤੋਂ ਮੂਹਰੇ ਪੰਜ ਪਿਆਰੇ, ਫੇਰ ਬੈਂਡ ਵਾਜਾ ਤੇ ਪਿਛੇ ਗੁਰੂ ਮਹਾਰਾਜ ਦੀ ਸਵਾਰੀ ਇਸ ਦੇ ਪਿਛੇ ਮਾਈ ਭਾਈ ਕਤਾਰਾਂ ਵਿਚ ਪੈਦਲ ਹਜਾਰਾਂ ਦੀ ਗਿਣਤੀ ਵਿਚ ਸ਼ਾਮਲ ਹੋਏ। ਮੁਕਦੀ ਗੱਲ ਦੇਸ ਅਜਾਦੀ ਦੀ ਲਹਿਰ ਤੇ ਗ਼ਦਰ ਲਹਿਰ ਵਿਚ ਚੀਨ ਵਿਚ ਰਹਿ ਰਹੇ ਪੰਜਾਬੀਆ ਜਿਨ੍ਹਾਂ ਵਿਚੋਂ ਵਧੇਰੇ ਗਿਣਤੀ ਸਿੱਖਾਂ ਦੀ ਸੀ, ਨੇ ਬਹੁਤ ਹੀ ਸ਼ਾਨਦਾਰ ਭੂਮਿਕਾ ਨਿਭਾਈ।
Credit – ਜੈਤੇਗ ਸਿੰਘ ਅਨੰਤ