ਜਦੋਂ ਕਿਸੇ ਦੇਸ਼ ਨੂੰ ਦੂਜੇ ਦੇਸ਼ ਦੇ ਹਾਕਮ ਗੁਲਾਮੀ ਦੇ ਸੰਗਲਾਂ ਵਿਚ ਜਕੜ ਕੇ ਉਸ ਦੇਸ਼ ਦੇ ਲੋਕਾਂ ਨੂੰ ਉਨ੍ਹਾਂ ਦੇ ਮੁਢਲੇ ਹੱਕਾਂ ਤੋਂ ਵਾਂਝੇ ਕਰ ਕੇ ਅਣਮਨੁੱਖੀ ਤੋਰ ਤਰੀਕਿਆਂ ਨਾਲ ਰਾਜ ਕਰਨ ਲੱਗ ਪੈਣ ਤਾਂ ਸੁਭਵਿਕ ਹੀ ਉਥੇ ਵਿਦਰੋਹ ਦੀਆਂ ਸੁਰਾਂ ਦਾ ਬੋਲਬਾਲਾ ਹੋਣਾ ਸ਼ੁਰੂ ਹੋ ਜਾਵੇਗਾ। ਲੋਕ ਗੁਲਾਮੀ ਦੇ ਸੰਗਲਾਂ ਨੂੰ ਤੋੜ ਕੇ ਆਜ਼ਾਦੀ ਦੀ ਖਾਤਰ ਲਾਮਬੰਦ ਹੋਣਗੇ। ਇਹੋ ਜਿਹਾ ਹੀ ਮਾਹੌਲ ਵੀਹਵੀ ਸਦੀ ਦੇ ਮੁਢ ਵਿਚ ਕੈਨੇਡਾ ਅਤੇ ਅਮਰੀਕਾ ਦੇ ਪੈਸੀਫਿਕ ਖਿੱਤੇ ਵਿਚ ਪੈਦਾ ਹੋ ਚੁੱਕਾ ਸੀ । ਉਸ ਸਮੇਂ ਭਾਰਤ ਤੋਂ ਆਏ ਇਮੀਗ੍ਰੈਂਟ ਜਿਨ੍ਹਾਂ ਵਿਚੋਂ ਬਹੁਤੀ ਗਿਣਤੀ ਸਿੱਖਾਂ ਦੀ ਸੀ ਬਹੁਤਾ ਕਰਕੇ ਅਮਰੀਕਾ ਦੇ ਕੈਲੀਫੋਰਨੀਆ ਅਤੇ ਕੈਨੇਡਾ ਦੇ ਟਿਸ਼ ਕੋਲੰਬੀਆ ਪਰਾਂਤਾਂ ਵਿਚ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿਤੇ ਸਨ । ਭਾਰਤ ਤੋਂ ਆਉਣ ਵਾਲੇ ਲੋਕਾਂ ਦੀ ਆਮਦ ਨੂੰ ਰੋਕਣ ਲਈ ਉਸ ਵੇਲੇ ਦੀ ਕੈਨੇਡਾ ਸਰਕਾਰ ਵੱਲੋਂ ਨਸਲੀ ਵਿਤਕਰੇ ਅਤੇ ਭੇਦ ਭਾਵ ਵਾਲੇ ਕਈ ਕਾਨੂੰਨ ਬਣਾ ਦਿੱਤੇ ਗਏ ਸਨ ਦੱਖਣੀ ਏਸ਼ੀਆ ਤੋਂ ਆਕੇ ਏਥੇ ਵਸੇ ਲੋਕਾਂ ਦੀਆਂ ਧਾਰਮਿਕ ਰੋਹ ਰੀਤਾਂ ਅਤੇ ਸਿਆਸੀ ਕਦਰਾਂ ਕੀਮਤਾਂ ਨੂੰ ਬਹੁਤ ਹੀ ਸੀਮਤ ਕਰ ਦਿਤਾ ਗਿਆ ਸੀ । ਇਹੋ ਸਮਾਂ ਸੀ ਜਦ ਇਨ੍ਹਾਂ ਲੋਕਾਂ ਨੇ ਇਹ ਮਹਿਸੂਸ ਕੀਤਾ ਕਿ ਉਨ੍ਹਾਂ ਨਾਲ ਮਾੜਾ ਵਤੀਰਾ ਹੋ ਰਿਹਾ ਕਿਉਂਕਿ ਉਹ ਗੁਲਾਮ ਦੇਸ਼ ਚੋਂ ਆਏ ਹਨ । ਸੋ ਓਨਾਂ ਨੇ ਇਸ ਮੰਤਵ ਲਈ ਸੱਤ ਸਮੁੰਦਰੋਂ ਪਾਰ ਵੈਨਕੂਵਰ ਕੈਨੇਡਾ ਵਿਖੇ ਪਹਿਲਾ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਉਸਾਰਨ ਨੂੰ ਵਧੇਰੇ ਮਹੱਤਤਾ ਦਿੱਤੀ। ਇਸ ਸੰਕਲਪ ਨੂੰ ਮੁੱਖ ਰੱਖਦਿਆਂ ਵੈਨਕੂਵਰ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਰਹਿ ਰਹੇ ਸਿੱਖਾਂ ਨੇ ਵੈਨਕੂਵਰ ਵਿਖੇ 22 ਜੁਲਾਈ 1906 ਨੂੰ ਖਾਲਸਾ ਦੀਵਾਨ ਸੁਸਾਇਟੀ ਦੀ ਸਥਾਪਨਾ ਕੀਤੀ ।
ਖਾਲਸਾ ਦੀਵਾਨ ਸੁਸਾਇਟੀ ਨੇ ਹਿੰਦੁਸਤਾਨ ਦੀ ਆਜ਼ਾਦੀ ਲਈ ਅਨੇਕਾਂ ਇਤਿਹਾਸਕ ਤੇ ਮਹੱਤਵ ਪੂਰਣ ਕਾਰਜ ਕੀਤੇ ਹਨ। ਆਜ਼ਾਦੀ ਲਈ ਫਾਂਸੀਆਂ ਦੇ ਰੱਸੇ ਚੁੰਮੇ, ਸੀਨੇ ਵਿਚ ਗੋਲੀਆਂ ਖਾਧੀਆਂ, ਜੇਲ੍ਹਾਂ ਕੱਟੀਆਂ, ਕਾਲੇ ਪਾਣੀ ਭੇਜੇ ਗਏ, ਜ਼ਾਇਦਾਦਾਂ ਕਰਕ ਕਰਵਾਈਆਂ ਤੇ ਅਨੇਕਾਂ ਤਰ੍ਹਾਂ ਦੇ ਤਸੀਹੇ ਆਪਣੇ ਨੰਗੇ ਪਿੰਡੇ ਤੇ ਝੱਲੇ। ਗ਼ਦਰ ਪਾਰਟੀ ਦਾ ਮੁੱਢ ਵੀ ਇਸੇ ਸੁਸਾਇਟੀ ਵਿਖੇ ਬੱਝਾ ਜਿਸ ਨੇ ਹਿੰਦੁਸਤਾਨ ਵਿਚ ਅੰਗਰੇਜ਼ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ। ਗ਼ਦਰ ਲਹਿਰ ਦੇ ਸੰਦਰਭ ਵਿਚ ਲਹੂ ਭਿੱਜੀਆਂ ਯਾਦਾਂ ਨਾਲ ਜੁੜਿਆ-ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਤੇ ਪੰਛੀ ਝਾਤ ਪਾਈਏ।
ਇਸ ਦੀ ਸੇਵਾ ਸੰਭਾਲ ਲਈ ਇਕ ਕੰਮ ਚਲਾਊ ਕਮੇਟੀ ਬਣਾਈ ਗਈ, ਜਿਨ੍ਹਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ।
- ਭਾਈ ਭਾਗ ਸਿੰਘ -ਪਿੰਡ ਭਿੱਖੀਵਿੰਡ, ਜ਼ਿਲਾ ਲਾਹੌਰ
- ਭਾਈ ਅਰਜਨ ਸਿੰਘ – ਪਿੰਡ ਮਲਕ ਜ਼ਿਲਾ ਫਿਰੋਜ਼ਪੁਰ
- ਭਾਈ ਵਰਿਆਮ ਸਿੰਘ – ਪਿੰਡ ਨੱਥੇਕੇ ਜ਼ਿਲਾ ਫਿਰੋਜ਼ਪੁਰ
- ਭਾਈ ਬਲਵੰਤ ਸਿੰਘ – ਪਿੰਡ ਖੁਰਦਪੁਰ ਜ਼ਿਲਾ ਜਲੰਧਰ
- ਭਾਈ ਭੋਲਾ ਸਿੰਘ – ਪਿੰਡ ਚਿਮਨਾ ਜ਼ਿਲਾ ਲੁਧਾਣਾ
- ਭਾਈ ਸੇਵਾ ਸਿੰਘ – ਪਿੰਡ ਗੁੱਦੇ ਜ਼ਿਲਾ ਲਾਹੌਰ
- ਭਾਈ ਭੋਲਾ ਸਿੰਘ – ਪਿੰਡ ਬੜਾ ਗੁੱਜਰ, ਜ਼ਿਲਾ ਫਿਰੋਜ਼ਪੁਰ
- ਭਾਈ ਚੰਨਣ ਸਿੰਘ – ਪਿੰਡ ਚੱਕਰ, ਜਿਲਾ ਲੁਧਿਆਣਾਂ
ਪਹਿਲਾਂ ਪਹਿਲ ਇਸ ਸੰਸਥਾ ਨੇ ਆਪਣੇ ਆਪ ਨੂੰ ਸਥਾਪਤ ਕਰਨ ਲਈ ਘਰਾਂ ਵਿਚ ਜਾਂ ਹਰ ਐਤਵਾਰ ਹਾਲ ਕਰਾਏ ਤੇ ਲੈ ਕੇ ਆਪਣੇ ਧਾਰਮਿਕ ਸਮਾਗਮ ਕਰਨੇ ਆਰੰਭ ਕੀਤੇ। ਛੇਤੀ ਹੀ ਇਹ ਸੰਸਥਾ ਸਾਰੇ ਹਿੰਦੁਸਤਾਨੀਆਂ ਦੀਆਂ ਧਾਰਮਿਕ, ਰਾਜਸੀ ਗਤੀਵਿਧੀਆਂ ਦਾ ਕੇਂਦਰ ਬਿੰਦੂ ਬਣ ਗਈ। ਵੱਧਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਸੁਸਾਇਟੀ ਵਲੋਂ 19 ਜੁਲਾਈ 1907 ភ្នំ 2nd Avenue Van Couver डे सभीठ रे रे लाट धीर से ग्रवभाग ਸਾਹਿਬ ਦੀ ਦੋ ਮੰਜਲੀ ਇਮਾਰਤ ਅਕਤੂਬਰ 1907 ਵਿਚ ਬਣਾਉਣੀ ਆਰੰਭ ਕਰ ਦਿੱਤੀ ਗਈ ਜੋ 1908 ਦੇ ਸ਼ੁਰੂ ਵਿਚ ਮੁਕੰਮਲ ਹੋਣ ਉਪਰੰਤ ਉਤਰੀ ਅਮਰੀਕਾ ਵਿਚ ਸਿੱਖਾਂ ਦੇ ਪਹਿਲੇ ਗੁਰਦੁਆਰਾ ਸਾਹਿਬ ਦਾ ਉਦਘਾਟਨ 19 ਜਨਵਰੀ 1908 ਨੂੰ ਵਿਖੇ ਬੜੀ ਸ਼ਾਨੋ ਸ਼ੌਕਤ ਨਾਲ ਕੀਤਾ ਗਿਆ । ਇਸ ਸਮਾਗਮ ਵਿਚ ਅਮਰੀਕਾ ਤੇ ਕੈਨੇਡਾ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਪੁਜੀਆਂ।
ਬੜੀ ਜਲਦੀ ਹੀ ਇਹ ਗੁਰਦੁਆਰਾ ਹਿੰਦੁਸਤਾਨੀਆਂ ਤੇ ਵਿਸ਼ੇਸ਼ ਤੌਰ ਤੇ ਸਿੱਖਾਂ ਲਈ ਖਿੱਚ ਦਾ ਕੇਂਦਰ ਬਣ ਗਿਆ । ਗੁਰੂ ਘਰ ਦੇ ਚੰਗੇ ਪ੍ਰਬੰਧ ਤੇ ਸੰਚਾਲਨ ਹਿਤ ਨਵੀਂ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿਚ ਹੇਠ ਲਿਖੇ ਸੇਵਾਦਾਰਾਂ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ।
- ਭਾਈ ਮੇਵਾ ਸਿੰਘ – ਪ੍ਰਧਾਨ, 2. ਭਾਈ ਭਾਗ ਸਿੰਘ -ਜਨਰਲ ਸਕੱਤਰ ਤੇ ਖਜਾਨਚੀ 3. ਭਾਈ ਭੋਲਾ ਸਿੰਘ – ਸਹਾਇਕ ਸਕੱਤਰ ਤੇ ਮੀਤ ਖਜਾਨਚੀ, 4. ਭਾਈ ਬਿਸ਼ਨ ਸਿੰਘ – ਮੈਂਬਰ 5. ਭਾਈ ਭੋਲਾ ਸਿੰਘ ਚੀਮਾ- ਮੈਂਬਰ।
ਮਾਰਚ 13, 1909 ਨੂੰ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਬਕਾਇਦਾ ਤੌਰ ਤੇ ਕੰਪਨੀ ਐਕਟ ਅਧੀਨ ਰਜਿਸਟਰ ਹੋਈ ਅਤੇ ਇਸ ਦਾ ਰਜਿਸਟਰੇਸ਼ਨ ਨੰਬਰ 216 ਹੈ। ਰਜਿਸਟ੍ਰੇਸ਼ਨ ਨੰਵਜ Constitution & by – Laws.
ਕੈਨੇਡੀਅਨ ਕਾਨੂੰਨ ਤੇ ਨਿਯਮਾਂ ਅਨੁਸਾਰ 23 ਫਰਵਰੀ 1915 ਨੂੰ Registrar of Companies ਦੇ ਦਫਤਰ ਵਿਕਟੋਰੀਆ ਵਿਖੇ ਰਜਿਸਟਰ ਕੀਤੇ ਗਏ । ਭਾਈਚਾਰੇ ਦੀਆਂ ਵਧਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸੁਸਾਇਟੀ ਨੇ ਬਹੁਤ ਮਹੱਤਵਪੂਰਨ ਯੋਗਦਾਨ ਪਾਉਣਾ ਸ਼ੁਰੂ ਕਰ ਦਿਤਾ। ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿਚ ਇਹ ਸੰਸਥਾਂ ਹਿੰਦੁਸਤਾਨ ਦੀ ਆਜ਼ਾਦੀ ਦੇ ਸੰਘਰਸ਼ ਦਾ ਕੇਂਦਰ ਅਤੇ ਗ਼ਦਰ ਪਾਰਟੀ ਦਾ ਕੇਂਦਰ ਬਿੰਦੂ ਬਣ ਗਈ। ਇਸਦੇ ਬਹੁਤ ਸਾਰੇ ਮੈਂਬਰਾਂ ਨੇ ਆਪਣੇ ਦੇਸ਼ ਦੀ ਆਜ਼ਾਦੀ ਲਈ ਜ਼ੇਲ੍ਹਾਂ ਕੱਟੀਆਂ, ਕਾਲੇ ਪਾਣੀ ਭੇਜੇ ਗਏ, ਆਪਣੀਆਂ ਜ਼ਾਇਦਾਦਾਂ ਕਰਕ ਕਰਵਾਈਆ, ਅੰਗਰੇਜ਼ ਸਰਕਾਰ ਦੇ ਅਨੇਕਾਂ ਕਸ਼ਟ ਆਪਣੇ ਪਿੰਡ ਝੱਲੇ, ਫਾਂਸੀਆ ਦੇ ਰੱਸਿਆਂ ਨੂੰ ਹੱਸ ਹੱਸ ਕਿ ਚੁੰਮਿਆਂ । ਗੰਗਸਰ ਅਤੇ ਜੈਤੋ ਦੇ ਮੋਰਚੇ ਵਿਚ ਭਾਗ ਲੈਣ ਲਈ ਦੇਸ਼ ਵਿਚ ਸ਼ਹੀਦੀ ਜੱਥੇ ਭੇਜੇ।
ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਨੇ ਬੇਗਿਣਤ ਦੇਸ਼ ਭਗਤਾਂ, ਆਜ਼ਾਦੀ ਦੇ ਪਰਵਾਨੇ, ਕੁਰਬਾਨੀ ਦੇ ਪੁੰਜ ਮਰਜੀਵੜੇ ਪੈਦਾ ਕੀਤੇ। ਜਿਨਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਅਤੇ ਖਾਲਸਾ ਪੰਥ ਦੀ ਆਨ-ਸ਼ਾਨ ਨੂੰ ਕਾਇਮ ਰੱਖਣ ਲਈ ਆਪਣਾ ਜੀਵਨ ਦਾ ਬਲੀਦਾਨ ਦੇ ਦਿਤਾ। ਕਾਮਾਗਾਟਾਮਾਰੂ ਦੀ ਦਰਦ ਭਰੀ ਘਟਨਾ, ਗ਼ਦਰ ਲਹਿਰ, ਬਬਰ ਅਕਾਲੀ, ਗੰਗਸਰ ਜੈਤੋ ਦੇ ਮੋਰਚਿਆਂ ਦਾ ਇਸ ਸੁਸਾਇਟੀ ਨਾਲ ਸਬੰਧ ਸੀ । ਵਿਸ਼ਵ ਦੇ ਇਤਿਹਾਸ ਨੂੰ ਫਰੋਲਣ ਤੋਂ ਪਤਾ ਲਗਦਾ ਹੈ ਕਿ ਵਰਤਮਾਨ ਸਰਕਾਰਾਂ ਜਿਨ੍ਹਾਂ ਲੋਕਾਂ ਨੂੰ ਬਾਗੀ, ਭੁਲੜ, ਰਾਹੋਂ ਕੁਰਾਹੇ ਪਏ ਹੋਏ ਆਤੰਕਵਾਦੀ ਤੇ ਵੱਖਵਾਦੀ ਕਹਿੰਦੀਆਂ ਹਨ। ਭਵਿੱਖ ਦੀਆਂ ਸਰਕਾਰਾਂ ਵਲੋਂ ਉਨ੍ਹਾਂ ਹੀ ਲੋਕਾਂ ਨੂੰ ਆਜ਼ਾਦੀ ਘੁਲਾਟੀਏ, ਸ਼ਹੀਦ, ਪਰਵਾਨੇ ਤੇ ਦੇਸ਼ ਭਗਤ ਦੇ ਸਨਮਾਨਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ ।
ਸਿੱਖਾਂ ਦੀ ਵਧਦੀ ਆਬਾਦੀ ਦੇ ਨਾਲ ਨਾਲ ਬਹੁਤ ਸਾਰੇ ਹੋਰ ਸ਼ਹਿਰਾਂ ਵਿਚ ਨਵੇਂ ਗੁਰਦੁਆਰੇ ਉਸਾਰੇ ਗਏ ਜਿਵੇਂ ਕਿ-
- ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ- ਬੀ. ਸੀ.
- ਖਾਲਸਾ ਦੀਵਾਨ ਸੁਸਾਇਟੀ ਵਿਕਟੋਰੀਆ ਬੀ. ਸੀ.
- ਖਾਲਸਾ ਦੀਵਾਨ ਸੁਸਾਇਟੀ ਕਿਊ ਵੈਸਟਮਿਨਸਟਰ ਬੀ. ਸੀ.
- ਖਾਲਸਾ ਦੀਵਾਨ ਸੁਸਾਇਟੀ ਪਾਲਦੀ ਬੀ. ਸੀ.
- ਖਾਲਸਾ ਦੀਵਾਨ ਸੁਸਾਇਟੀ ਪੋਰਟ ਬਰਨੀ ਬੀ. ਸੀ.
- ਵੈਨਕੂਵਰ ਆਈਲੈਂਡ ਖਾਲਸਾ ਦੀਵਾਨ ਸੁਸਾਇਟੀ ਨਨਾਈਮੋ ਬੀ. ਸੀ.
- ਅਲਬਰਨੀ ਵੈਲੀ ਖਾਲਸਾ ਦੀਵਾਨ ਸੁਸਾਇਟੀ ਪੋਰਟ ਅਲਬਰਨੀ ਬੀ.ਸੀ.
- ਖਾਲਸਾ ਦੀਵਾਨ ਸੁਸਾਇਟੀ ਲੇਕ ਕਾਊਚਨ ਬੀ. ਸੀ.
- ਫਰੇਜ਼ਰ ਮਿਲ ਗੁਰਦੁਆਰਾ ਨਿਊਵੈਸਟਮਿਨਸਟਰ ਬੀ. ਸੀ.
ਪਹਿਲੋਂ ਪਹਿਲ ਇਹ ਸਾਰੇ ਗੁਰਦੁਆਰੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਵਿਧਾਨ ਥੱਲੇ ਹੀ ਕੰਮ ਕਰਦੇ ਸਨ। ਸੰਨ 1979 ਵਿਚ ਜਦੋਂ ਲੇਖਿਕ ਖਾਲਸਾ ਦੀਵਾਨ ਸੁਸਾਇਟੀ ਦਾ ਜਨਰਲ ਸਕੱਤਰ ਸੀ ਤਾਂ ਇਨ੍ਹਾਂ ਗੁਰਦੁਆਰਿਆਂ ਨੂੰ ਖੁਦ ਮੁਖਤਿਆਰ ਬਣਾਉਣਾ ਸ਼ੁਰੂ ਕਰ ਦਿਤਾ ਹੁਣ ਇਹ ਸਾਰੇ ਆਪੋ ਆਪਣੇ ਵਿਧਾਨ ਅਨੁਸਾਰ ਕੰਮ ਕਰ ਰਹੇ ਹਨ।
ਕਾਮਾ ਗਾਟਾ ਮਾਰੂ- ਗੁਰੂ ਨਾਨਕ ਜਹਾਜ
ਕੈਨੇਡਾ ਸਰਕਾਰ ਦੀਆਂ ਨਸਲੀ ਵਿਤਕਰੇ ਵਾਲੀਆਂ ਪਾਲਸੀਆਂ ਨੂੰ ਚੁਣੌਤੀਆਂ ਦੇਣ ਲਈ ਬਾਬਾ ਗੁਰਦਿੱਤ ਸਿੰਘ ਸਰਹਾਲੀ ਨੇ ਇੱਕ ਜਾਪਾਨੀ ਸਮੁੰਦਰੀ ਜਹਾਜ, ਜਿਸ ਦਾ ਨਾਮ ਉਨ੍ਹਾਂ ਨੇ ਗੁਰੂ ਨਾਨਕ ਜਹਾਜ਼ ਰੱਖਿਆ ਕਰਾਏ ਤੇ ਲਿਆ । ਇਹ ਜਹਾਜ 376 ਮੁਸਾਫਰਾਂ ਸਮੇਤ ਜਿਨ੍ਹਾਂ ਵਿਚ 34 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਸਨ । ਇਹ ਜਹਾਜ 14 ਅਪ੍ਰੈਲ 1914 ਨੂੰ ਹਾਂਗਕਾਂਗ ਸ਼ੰਘਾਈ ਤੋਂ ਵੈਨਕੂਵਰ ਕੈਨੇਡਾ ਲਈ ਰਵਾਨਾ ਹੋਇਆ ਤੇ 23 ਮਈ 1914 ਨੂੰ ਵੈਨਕੂਵਰ ਪੁੱਜ ਗਿਆ । ਸਰਕਾਰ ਨੇ ਇਨ੍ਹਾਂ ਮੁਸਾਫਰਾਂ ਨੂੰ ਜਹਾਜ ਚੋਂ ਬਾਹਰ ਆਉਣ ਦੀ ਆਗਿਆ ਨਾ ਦਿੱਤੀ। ਕੈਨੇਡੀਅਨ ਸਰਕਾਰ ਅਤੇ ਕੈਨੇਡੀਅਨ ਲੋਕ ਇਨ੍ਹਾਂ ਮੁਸਾਫਰਾਂ ਨੂੰ ਵਾਪਸ ਭੇਜਣਾ ਚਾਹੁੰਦੇ ਸਨ । ਹਿੰਦੁਸਤਾਨੀ ਲੋਕ ਇਨ੍ਹਾਂ ਮੁਸਾਫਰਾਂ ਨੂੰ ਜਹਾਜ ਚੋਂ ਉਤਾਰਨ ਦੀ ਬੜੀ ਸਬਰੀ ਨਾਲ ਉਡੀਕ ਕਰ ਰਹੇ ਸਨ। ਲੰਬੀ ਜੱਦੋ ਜਹਿਦ ਬਾਅਦ ਕੈਨੇਡੀਅਨ ਸਰਕਾਰ ਨੇ ਕੇਵਲ 24 ਮੁਸਾਫਰਾਂ ਨੂੰ ਵੈਨਕੂਵਰ ਪੋਰਟ ਤੇ ਉਤਰਨ ਦੀ ਆਗਿਆ ਦਿੱਤੀ । ਬਾਕੀ 352 ਮੁਸਾਫਰਾਂ ਨੂੰ 23 ਜੁਲਾਈ 1914 ਨੂੰ ਫੌਜ਼ ਦੀ ਮਦਦ ਨਾਲ ਵਾਪਸ ਮੋੜ ਦਿਤਾ ।ਇਹ ਜਹਾਜ 26 ਸਤੰਬਰ 1914 ਨੂੰ ਕਲਕੱਤੇ ਦੇ ਬਜ ਬਜ ਘਾਟ ਤੇ ਪੂਜਾ ਤਾਂ ਇਸ ਜਹਾਜ ਦੇ ਨਿਹੱਥੇ ਮੁਸਾਫਰਾਂ ਤੇ ਫੌਜ ਨੇ ਗੋਲੀ ਚਲਾ ਦਿੱਤੀ। ਜਿਸ ਨਾਲ ਕਈ ਮੁਸਾਫਰ ਸ਼ਹੀਦ ਹੋ ਗਏ ਅਤੇ ਬਹੁਤ ਸਾਰੇ ਬੰਦੀ ਬਣਾਕੇ ਜ਼ੇਲ੍ਹਾਂ ਵਿਚ ਸੁਟ ਦਿੱਤੇ ਗਏ।
ਕਾਮਾਗਾਟਾਮਾਰੂ ਜਹਾਜ ਦੇ ਮੁਸਾਫਰਾਂ ਦੀ ਮਦਦ ਲਈ ਖਾਲਸਾ ਦੀਵਾਨ ਸੁਸਾਇਟੀ ਵੈਨਕੁਵਰ ਦੀ ਸ਼ਾਨਦਾਰ ਭੂਮਿਕਾ ਰਹੀ। ਜਿਸ ਨੇ ਤਨੋ ਮਨੋ ਤੇ ਧਨੋਂ ਯਤਨ ਹੀ ਨਹੀਂ ਕੀਤੇ ਸਗੋਂ ਇਸ ਤੇ ਉਸ ਵੇਲੇ 75 ਹਜ਼ਾਰ ਡਾਲਰ ਇੱਕਠੇ ਕਰਕੇ ਖਰਚ ਕੀਤੇ। ਇਹ ਸਾਰੀ
ਮਾਇਆ ਆਦਿ ਇੱਕਠੀ ਕਰਨ ਲਈ ਭਾਈ ਭਾਗ ਸਿੰਘ ਭਿਖੀ ਵਿੰਡ, ਭਾਈ ਅਰਜਨ ਸਿੰਘ ਮਲਕ, ਭਾਈ ਬਤਨ ਸਿੰਘ, ਭਾਈ ਭਗਵਾਨ ਸਿੰਘ, ਭਾਈ ਨਾਗਰ ਸਿੰਘ, ਭਾਈ ਸ਼ਾਮ ਸਿੰਘ, ਭਾਈ ਰਾਜਾ ਸਿੰਘ, ਭਾਈ ਸੁੰਦਰ ਸਿੰਘ ਅਤੇ ਭਾਈ ਰਾਮ ਸਿੰਘ ਧੁਲੇਤਾ ਅਤੇ ਭਾਈ ਉਤਮ ਸਿੰਘ ਹਾਂਸ ਆਦਿ ਨੇ ਬੜਾ ਵੱਡਾ ਯੋਗਦਾਨ ਪਾਇਆ।
ਕਾਮਾਗਾਟਾਮਾਰੂ ਜਹਾਜ ਵਾਪਸ ਹਿੰਦੁਸਤਾਨ ਜਾਣ ਤੋਂ ਬਾਅਦ ਵੈਨਕੂਵਰ ਵਿਚ ਸਥਿੱਤੀ ਬਹੁਤ ਤਣਾਓ ਪੂਰਵਕ ਹੋ ਚੁਕੀ ਸੀ। ਸਿੱਖਾਂ ਵਿਚ ਫੁਟ ਪਾਉਣ ਲਈ ਇਥੋਂ ਦੀ ਸਰਕਾਰ ਨੇ ਕਈ ਦੇਸ਼ਹੀ ਸਿੱਖਾਂ ਨੂੰ ਆਪਣੇ ਏਜੰਟ ਬਣਾ ਲਿਆ ਸੀ ਜਿਨ੍ਹਾਂ ਦਾ ਲੀਡਰ ਬੇਲਾ ਸਿੰਘ ਸੀ। ਜਿਸ ਨੇ ਵਿਲੀਅਮ ਹਾਪਕਿਨਸਨ ਦੀ ਸਲਾਹ ਨਾਲ 5 ਸਤੰਬਰ 1914 ਜਦੋਂ ਸੰਗਤਾਂ ਇਕ ਸਿੰਘ ਦਾ ਸਸਕਾਰ ਕਰਕੇ ਵਾਪਸ ਗੁਰਦੁਆਰਾ ਸਾਹਿਬ ਪੁਜੀਆਂ ਤਾਂ ਅਰਦਾਸ ਤੋਂ ਬਾਅਦ ਜਦ ਭਾਈ ਭਾਗ ਸਿੰਘ ਜੀ ਮੱਥਾ ਟੇਕਣ ਲੱਗੇ ਤਾਂ ਬੇਲਾ ਸਿੰਘ ਗ਼ਦਾਰ ਨੇ ਪਿਛੋਂ ਪਿੱਠ ਵਿਚ ਗੋਲੀਆਂ ਮਾਰ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿਤਾ। ਉਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਗਹਿਰੇ ਜ਼ਖਮਾਂ ਕਾਰਨ 6 ਸਤੰਬਰ 1914 ਨੂੰ ਗ਼ਦਰ ਪਾਰਟੀ ਦੇ ਸ਼ਹੀਦ ਦੀ ਪਦਵੀ ਨੂੰ ਪ੍ਰਾਪਤ ਕਰਦਿਆਂ ਹੋਇਆਂ ਆਪਣੇ ਆਪ ਨੂੰ ਕੌਮ ਦੇ ਲੇਖੇ ਲਾ ਗਏ । ਭਾਈ ਭਾਗ ਸਿੰਘ, ਗੁਰੂ ਨਾਨਕ ਮਾਈਨਿੰਗ ਐਂਡ ਟਰੱਸਟ ਕੰਪਨੀ ਲਿਮਟਡ ਦੇ ਪ੍ਰਧਾਨ ਅਤੇ ਮਨੇਜਿੰਗ ਡਾਇਰੈਕਟਰ ਵੀ ਸਨ। ਆਪ ਭਾਈਚਾਰੇ ਨੂੰ ਦਰ ਪੇਸ਼ ਆਉਣ ਵਾਲੇ ਮਸਲਿਆਂ ਨੂੰ ਨਜਿੱਠਣ ਲਈ ਸਦਾ ਹੀ ਤਤਪਰ ਰਹਿੰਦੇ ਸਨ। ਆਪ ਨੇ ਆਪਣੇ ਹੋਰ ਸਹਿਯੋਗੀਆਂ ਨਾਲ ਮਿਲਕੇ ਅੰਗਰੇਜ਼ਾਂ ਦੀ ਹਿੰਦੁਸਤਾਨੀਆਂ ਨੂੰ British Honduras ਭੇਜਣ ਦੀ ਸਕੀਮ ਨੂੰ ਸਫਲ ਨਾ ਹੋਣ ਦਿਤਾ। ਸੰਨ 1914 ਵਿਚ ਕਾਮਾਗਾਟਾਮਾਰੂ ਦੇ ਮੁਸਾਫਰਾਂ ਨੂੰ ਜਹਾਜ ਚੋਂ ਉਤਰਨ ਅਤੇ ਉਨ੍ਹਾਂ ਦੇਖ ਭਾਲ ਲਈ ਭਾਈ ਭਾਗ ਸਿੰਘ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ।
ਭਾਈ ਭਾਗ ਸਿੰਘ ਦੀ ਸੁਪਤਨੀ ਬੀਬੀ ਹਰਨਾਮ ਕੌਰ ਜੋ ਕਿ 30 ਜਨਵਰੀ 1914 ਨੂੰ ਸਵਰਗਵਾਸ ਹੋਏ ਸਨ। ਉਹ ਕੈਨੇਡਾ ਵਿਚ ਸਵਰਗਗਾਸ ਹੋਣ ਵਾਲੀ ਪਹਿਲੀ ਹਿੰਦੁਸਤਾਨੀ ਔਰਤ ਸਨ। ਜਿਨ੍ਹਾਂ ਦਾ ਸਸਕਾਰ 2 ਫਰਵਰੀ 1914 ਨੂੰ ਕੀਤਾ ਗਿਆ ਅਤੇ ਇਸ ਤਰ੍ਹਾਂ ਨਾਲ ਕਿਸੇ ਹਿੰਦੁਸਤਾਨੀ ਔਰਤ ਦਾ ਕੈਨੇਡਾ ਵਿਚ ਇਹ ਪਹਿਲਾ ਸਸਕਾਰ ਸੀ।
ਭਾਈ ਭਾਗ ਸਿੰਘ ਅਤੇ ਬੀਬੀ ਹਰਨਾਮ ਕੌਰ ਦੇ ਦੋ ਬੱਚੇ ਸਨ। ਜਿਨ੍ਹਾਂ ਵਿਚੋਂ ਬੱਚੀ ਕਰਮ ਕੌਰ ਅਤੇ ਕਾਕਾ ਜੋਗਿੰਦਰ ਸਿੰਘ। ਇਨ੍ਹਾਂ ਦੋਨਾਂ ਬੱਚਿਆਂ ਦੀ ਦੇਖ ਭਾਲ ਖਾਲਸਾ ਦੀਵਾਨ ਸੁਸਾਇਟੀ ਵੈਨਕੁਵਰ ਦੀ ‘ਮਿੰਨਟ ਬੁੱਕ’ ਅਨੁਸਾਰ ਖਾਲਸਾ ਦੀਵਾਨ ਸੁਸਾਇਟੀ ਨੇ ਸੰਭਾਲੀ । ਇਸ ਤੋਂ ਬਾਅਦ ਇਨ੍ਹਾਂ ਬੱਚਿਆਂ ਬਾਰੇ ਕੋਈ ਬਹੁਤ ਜਾਣਕਾਰੀ ਨਹੀਂ ਮਿਲਦੀ ਪਰ ਡਾ. ਮਹਿੰਦਰ ਸਿੰਘ ਢਿੱਲੋਂ ਨੇ ਆਪਣੇ ਸਰੋਤਾਂ ਅਨੁਸਾਰ ਆਪਣੀ ਲਿਖੀ ਪੁਸਤਕ ‘ਕੈਨੇਡਾ ਵਿਚ ਸਿੱਖ’ ਵਿਚ ਲਿਖਿਆ ਹੈ ਕਿ ਬੱਚੀ ਕਰਮ ਕੌਰ ਨੂੰ ਭਿੱਖੀ ਵਿੰਡ ਭੇਜ ਦਿੱਤਾ ਗਿਆ ਸੀ ਅਤੇ ਉਥੇ ਉਹ ਕੈਰੋ ਸਕੂਲ ਵਿਖੇ ਪੜ੍ਹਦੀ ਰਹੀ। ਕੁੱਝ ਸਮਾਂ ਬਾਅਦ ਤਪਦਿੱਕ ਦੀ ਬੀਮਾਰੀ ਨਾਲ ਸਖਤ ਬੀਮਾਰ ਹੋ ਗਈ । ਇਕ ਪਰਉਪਕਾਰੀ ਬਾਬਾ ਵਸਾਖਾ ਸਿੰਘ ਉਸਨੂੰ ਇਲਾਜ ਲਈ ਡਲਹੌਜ਼ੀ ਲੈ ਗਏ। ਉਸ ਨੂੰ ਆਰਾਮ ਨਾ ਆਇਆ ਅਤੇ ਉਥੇ ਹੀ ਉਸਦੀ ਜੀਵਨ ਲੀਲ੍ਹਾ ਦਾ ਅੰਤ ਹੋ ਗਿਆ।
ਭਾਈ ਬਤਨ ਸਿੰਘ
ਬੇਲਾ ਸਿੰਘ ਗਦਾਰ ਨੇ 5 ਸਤੰਬਰ 1914 ਨੂੰ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਜੋ ਕਿ 1866 ਵੈਸਟ ਸੈਕੰਡ ਐਵਨਿਊ ਵਿਖੇ ਸਥਿੱਤ ਦੇ ਭਰੇ ਦੀਵਾਨ ਵਿਚ ਗੋਲੀ ਚਲਾਕੇ ਭਾਈ ਭਾਗ ਸਿੰਘ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਭਾਈ ਬਤਨ ਸਿੰਘ ਬੇਲਾ ਸਿੰਘ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਤਾਂ ਬੇਲਾ ਸਿੰਘ ਨੇ ਉਸ ਨੂੰ ਵੀ ਗੋਲੀਆਂ ਮਾਰ ਕੇ ਸਖਤ ਜ਼ਖਮੀ ਕਰ ਦਿੱਤਾ । ਆਪ ਨੂੰ ਵੀ ਭਾਈ ਭਾਗ ਸਿੰਘ ਨਾਲ ਹਸਪਤਾਲ ਪਹੁੰਚਾਇਆ ਗਿਆ। ਉਥੇ ਦੋਹਾਂ ਸਿੰਘ ਸੁਰਮਿਆਂ ਨੇ ਆਪਣੇ ਬਿਆਨ ਦਰਜ ਕਰਵਾਏ ਤੇ 6 ਸਤੰਬਰ 1914 ਨੂੰ ਜ਼ਖਮਾਂ ਦੀ ਤਾਬ ਨਾ ਝਲਦੇ ਹੋਏ ਸ਼ਹੀਦੀ ਜਾਮ ਪੀ ਕੇ ਆਪਣਾ ਜੀਵਨ ਕੌਮ ਦੇ ਲੇਖੇ ਲਾ ਦਿੱਤਾ।
ਇਸ ਅਣਖੀਲੇ ਯੋਧੇ ਗੁਰਸਿੱਖ ਭਾਈ ਬਤਨ ਸਿੰਘ ਦਾ ਜੱਦੀ ਪਿੰਡ ਦਲੇਲ ਸਿੰਘ ਵਾਲਾ ਜੋ ਪਹਿਲਾਂ ਰਿਆਸਤ ਪਟਿਆਲਾ ਵਿਚ ਸੀ ਤੇ ਪਿਛੋਂ ਸੰਗਰੂਰ ਅਤੇ ਹੁਣ ਜਿਲ੍ਹਾ ਮਾਨਸਾ ਵਿਚ ਹੈ। ਆਪ ਦੇ ਪਿਤਾ ਦਾ ਨਾਮ ਭਾਈ ਬਘੇਲ ਸਿੰਘ ਸੀ। ਆਪ ਦੇ ਜਨਮ ਬਾਰੇ ਕੋਈ ਨਿਸ਼ਚੇ ਨਾਲ ਨਹੀਂ ਕਿਹਾ ਜਾ ਸਕਦਾ। ਅੰਦਾਜ਼ੇ ਮੁਤਾਬਿਕ ਆਪ ਦਾ ਜਨਮ 1869- 1870 ਵਿਚ ਹੋਇਆ। ਆਪ ਬਹੁਤ ਨੇਕ ਸੁਭਾ ਅਤੇ ਚੜਦੀ ਕਲਾ ਵਾਲੇ ਸਿੰਘ ਸਨ। ਮਾਲਵਾ ਇਤਿਹਾਸ ਦੇ ਕਰਤਾ ਭਾਈ ਵਸਾਖਾ ਸਿੰਘ ਅਨੁਸਾਰ ਆਪ 24 ਮਈ 1889 ਨੂੰ ਬਰਮਾਂ ਪੁਲੀਸ ਵਿਚ ਭਰਤੀ ਹੋ ਗਏ। ਜਿੱਥੇ ਪੰਜ ਸਾਲ ਨੌਕਰੀ ਕਰਨ ਤੋਂ ਬਾਅਦ ਪਿੰਡ ਵਾਪਸ ਗਏ। ਖੇਤੀਬਾੜੀ ਤੋਂ ਉਪਰਾਮ ਹੋ ਕੇ ਹਾਂਗਕਾਂਗ ਚਲੇ ਗਏ। ਹਾਂਗਕਾਂਗ ਵਿਚ ਜ਼ੇਲ੍ਹ ਪੁਲਿਸ ਦੀ ਨੌਕਰੀ ਕਰ ਲਈ । ਸੰਨ 1907 ਵਿਚ ਇਥੋਂ ਨਾਮ ਕਟਵਾ ਕੇ 1908 ਵਿਚ ਕੈਨੇਡਾ ਗਏ। ਕੁਝ ਦਿਨ ਗੁਰਦੁਆਰਾ ਸਾਹਿਬ ਠਹਿਰਨ ਪਿਛੋਂ ਪੋਰਟ ਮੂਡੀ ਜਾ ਕੇ ਲੱਕੜ ਮਿਲ ਵਿਚ ਕੰਮ ਸ਼ੁਰੂ ਕਰ ਦਿੱਤਾ। ਸੰਨ 1911 ਵਿਚ ਵਾਪਸ ਵੈਨਕੂਵਰ ਆ ਗਏ। ਆਪ ਗੁਰੂਘਰ ਭਾਈ ਚਾਰੇ ਦੀਆਂ ਸਰਮਰਮੀਆਂ ਵਿਚ ਵੱਧ ਚੜ ਕੇ ਹਿੱਸਾ ਲੈਣ ਲੱਗ ਪਏ। ਸੰਗਤਾਂ ਵਿਚ ਆਪਦਾ ਬਹੁਤ ਸਤਿਕਾਰ ਹੋ ਗਿਆ । ਕੈਨੇਡਾ ਦੀ ਸਰਕਾਰ ਨੂੰ ਸਿੱਖ ਆਗੂ ਭਾਈ ਭਾਗ ਸਿੰਘ ਭਿੱਖੀ ਵਿੰਡ, ਭਾਈ ਬਲਵੰਤ ਸਿੰਘ ਖੁਰਦਪੁਰ, ਭਾਈ ਮਿਤ ਸਿੰਘ ਪੰਡੋਰੀ ਆਦਿ ਸਿੱਖਾਂ ਚ ਹਰਮਨ ਪਿਆਰੇ ਹੋਣਾ ਬਹੁਤ ਚੁੱਭਦਾ ਸੀ । ਬਰਤਾਨਵੀ ਸਰਕਾਰ ਦਾ ਯਤਨ ਸੀ ਕਿ ਬੀ.ਸੀ. ਵਿਚ ਸਿੱਖਾਂ ਦੀ ਏਕਤਾ ਭੰਗ ਹੋਣੀ ਚਾਹੀਦੀ ਹੈ ਤਾਂ ਜੋ ਵੈਨਕੂਵਰ ਦੇ ਸਿੱਖਾਂ ਵਲੋਂ ਚਲਾਈ ਜਾ ਰਹੀ ਹਿੰਦੁਸਤਾਨ ਦੀ ਆਜ਼ਾਦੀ ਦੀ ਲਹਿਰ ਮੱਠੀ ਪੈ ਜਾਏ । ਇਸੇ ਸਾਜਿਸ਼ ਨੂੰ ਸਾਕਾਰ ਕਰਨ ਲਈ ਹੀ ਗ਼ਦਾਰ ਬੇਲਾ ਸਿੰਘ ਵਰਗਿਆ ਨੂੰ ਇਕ ਟੂਲ ਬਣਾ ਕਿ ਵਰਤਿਆ ਗਿਆ।
ਪਹਿਲੀ ਯਾਦਗਾਰ
ਵੈਨਕੂਵਰ ਵਿਖੇ ਸੰਨ 2000 ਵਿਚ 7749 ਪ੍ਰਿੰਸ ਐਡਵਰਡ ਸਟਰੀਟ ਵਿਖੇ ਇਕ ਨਵਾਂ ਗੁਰਦੁਆਰਾ ਸਥਾਪਿਤ ਕੀਤਾ ਗਿਆ। ਜਿਸ ਦਾ ਨਾਮ ਬੀ ਸੀ ਖਾਲਸਾ ਦਰਬਾਰ ਗੁਰਦੁਆਰਾ ਸੁਸਾਇਟੀ ਹੈ। ਜਿਥੋਂ ਦੀ ਪ੍ਰਬੰਧਕ ਕਮੇਟੀ ਨੇ 1907 ਵਿਚ ਗੁਰਦੁਆਰਾ ਸਾਹਿਬ ਦੇ ਨਾਲ ਇਕ ਨਵੀਂ ਇਮਾਰਤ ਉਸਾਰੀ ਗਈ । ਇਹ ਇਮਾਰਤ ਇਨ੍ਹਾਂ ਦੋਨੋਂ ਮਹਾਨ ਸ਼ਹੀਦਾਂ ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ ਦੀ ਯਾਦ ਨੂੰ ਸਮਰਪਿਤ ਇਕ ਯਾਦਗਾਰ ਦੇ ਰੂਪ ਵਿਚ ਸਾਕਾਰ ਕੀਤਾ ਹੈ। ਇਸ ਨਵੀਂ ਇਮਾਰਤ ਦਾ ਨਾਮ ਭਾਈ ਭਾਗ ਸਿੰਘ ਬਤਨ ਸਿੰਘ ਕੰਪਲੈਕਸ ਰੱਖਿਆ। ਜਿਸ ਵਿਚ ਬੀ ਸੀ ਖਾਲਸਾ ਦਰਬਾਰ ਸੁਸਾਇਟੀ ਦੇ ਦਫਤਰ ਲਾਇਬਰੇਰੀ ਅਤੇ ਕੁਝ ਹੋਰ ਸਹੂਲਤਾਂ ਉਪਲੱਭਧ ਹਨ। ਕੌਮ ਦੇ ਇਨ੍ਹਾਂ ਹੀਰਿਆ ਦੀ ਯਾਦ ਵਿਚ ਸ਼ਾਇਦ ਕੈਨੇਡਾ ਵਿਚ ਇਹ ਪਹਿਲੀ ਯਾਦਗਾਰ ਤਿਆਰ ਕੀਤੀ ਗਈ ਹੈ।
ਵਿਲੀਅਮ ਚਾਰਲਸ ਹਾਪਕਿੰਨਸਨ ਵੀਹਵੀਂ ਸਦੀ ਦੇ ਮੁੱਢ ਵਿਚ ਕੈਨੇਡਾ ਸਰਕਾਰ ਦੀਆ ਹਿੰਦੁਸਤਾਨੀਆਂ ਵਿਰੁੱਧ ਨਸਲੀ ਵਿਤਕਰੇ ਵਾਲੀਆ ਸਕੀਮਾਂ ਅਤੇ ਪਾਲਸੀਆਂ ਕਾਰਨ ਹਿੰਦੁਸਤਾਨ ਤੋਂ ਆਏ ਲੋਕਾਂ ਵਿਚ ਬਹੁਤ ਵੱਡਾ ਰੋਸ ਸੀ। ਇਨ੍ਹਾਂ ਦਿਨਾਂ ਵਿਚ ਹੀ ਕੈਨੇਡੀਅਨ ਸਰਕਾਰ ਵੱਲੋਂ ਹਿੰਦੁਸਤਾਨੀਆਂ ਕੋਲੋਂ ਕੈਨੇਡਾ ਦੀ ਨਾਗਰਿਕਤਾ ਦਾ ਹੱਕ ਵੀ ਖੋਹ ਲਿਆ ਗਿਆ। ਸਿੱਖਾਂ ਵਿਚ ਵਧਦੇ ਹੋਏ ਰੋਸ ਨਾਲ ਨਜਿਠਣ ਲਈ ਕੈਨੇਡਾ ਸਰਕਾਰ ਨੇ ਵਿਲੀਅਮ ਚਾਰਲਸ ਹਾਪਕਿਸਨ ਜੋ ਕਲਕੱਤੇ ਵਿਚ ਪੁਲਿਸ ਅਫਸਰ ਸੀ ਅੰਗਰੇਜ਼ਾਂ ਨੇ ਉਸ ਨੂੰ ਬਦਲ ਕੇ ਵੈਨਕੂਵਰ ਲੈ ਆਂਦਾ। ਹਾਪਕਿਨਸਨ ਦਾ ਜਨਮ ਹਿੰਦੁਸਤਾਨੀ ਮਾਂ ਅਤੇ ਅੰਗਰੇਜ਼ ਪਿਤਾ ਦੇ ਘਰ 16 ਜੂਨ 1880 ਨੂੰ ਦਿੱਲੀ ਵਿਖੇ ਹੋਇਆ। ਦਿੱਲੀ ਵਿਚ ਜਨਮ ਹੋਣ ਕਰਕੇ ਉਸ ਨੂੰ ਗੁਜਾਰੇਯੋਗ ਪੰਜਾਬੀ ਅਤੇ ਹਿੰਦੀ ਭਾਸ਼ਾ ਦਾ ਕਾਫੀ ਗਿਆਨ ਸੀ । 1903 ਵਿਚ ਉਹ ਕਲਕੱਤੇ ਵਿਖੇ ਪੁਲੀਸ ਇੰਨਸਪੇਟਰ ਭਰਤੀ ਹੋਇਆ। ਪਹਿਲਾ ਉਸਨੇ ਇਮੀਗਰੇਸ਼ਨ ਵਿਭਾਗ ਵਿਚ ਬਤੌਰ ਇਮੀਗਰੇਸ਼ਨ ਇਨਸਪੇਕਟਰ ਅਤੇ ਦੋ ਭਾਸ਼ੀਏ ਵਜੋਂ ਕੰਮ ਸ਼ੁਰੂ ਕੀਤਾ। ਇਸ ਦੇ ਨਾਲ ਹੀ ਉਹ ਇਡੀਅਨ ਪੁਲੀਸ ਨਾਲ ਵੀ ਕੰਮ ਕਰਦਾ ਰਿਹਾ। ਉਹ ਆਮ ਤੌਰ ਤੇ ਬ੍ਰਿਟਿਸ਼ ਕੋਲੰਬੀਆ ਅਤੇ ਕੈਲੋਫੋਰਨੀਆ ਵਿਚ ਹਿੰਦੁਸਤਾਨੀਆਂ ਦੀਆਂ ਮੀਟਿੰਗਾਂ ਵਿਚ ਦੇਖਿਆ ਜਾਂਦਾ ਸੀ । ਸੋ ਇਸ ਤਰ੍ਹਾਂ ਉਹ ਇਨ੍ਹਾਂ ਸਾਰੀਆਂ ਮੀਟਿੰਗਾਂ ਦੀਆਂ ਖਬਰਾਂ ਵਧਾ ਚੜ੍ਹਾ ਕੇ ਸਰਕਾਰ ਕੋਲ ਪਹੁੰਚਾਉਂਦਾ ਸੀ । ਗ਼ਦਾਰ ਟੋਲੇ ਦੇ ਲੀਡਰ ਬੇਲਾ ਸਿੰਘ ਨਾਲ ਉਸਦੀ ਕਾਫੀ ਨੇੜਤਾ ਸੀ। ਕਾਮਾਗਾਟਾਂਮਾਰੂ ਜਹਾਜ ਵਾਪਸ ਭੇਜਣ ਵਿਚ ਉਸ ਦਾ ਬੜਾ ਵੱਡਾ ਹੱਥ ਸੀ । ਵੈਨਕੂਵਰ ਵਿਚ ਸਿੱਖਾਂ ਦੀ ਕਤਲੋ ਗਾਰਤ ਕਰਾਉਣ ਵਿਚ ਇਸ ਦੁਸ਼ਟ ਦੀ ਬੜੀ ਵੱਡੀ ਭੂਮਿਕਾ ਸੀ। ਸ਼ਹੀਦ ਭਾਈ ਭਾਗ ਸਿੰਘ ਭਿੱਖੀ ਵਿੰਡ, ਸ਼ਹੀਦ ਭਾਈ ਬਤਨ ਸਿੰਘ ਸ਼ਹੀਦਾਂ ਦੇ ਕਾਤਲ ਬੇਲਾ ਸਿੰਘ ਨੂੰ ਬਚਾਉਣ ਲਈ ਵਿਲੀਅਮ ਹਾਪਕਿਨਸਨ ਇਕ ਮੁੱਖ ਗਵਾਹ ਸੀ। ਇਸੇ ਮੰਤਵ ਲਈ ਜਦ ਉਹ ਅਕਤੂਬਰ 1914 ਨੂੰ ਵੈਸਟ ਜਾਰਜੀਆ ਸਟਰੀਟ ਵੇਨਕੂਵਰ ਵਿਖੇ ਬੇਲਾ ਸਿੰਘ ਦੇ ਹੱਕ ਵਿਚ ਗਵਾਹੀ ਦੇਣ ਆਇਆ ਸੀ ਤਾਂ ਭਾਈ ਮੇਵਾ ਸਿੰਘ ਨੇ ਉਸਨੂੰ ਗੋਲੀਆਂ ਮਾਰ ਕੇ ਢੇਰੀ ਕਰ ਦਿੱਤਾ ਸੀ। ਇਸੇ ਹੀ ਦੋਸ਼ ਵਿਚ ਭਾਈ ਮੇਵਾ ਸਿੰਘ ਨੂੰ 11 ਜਨਵਰੀ 1915 ਨੂੰ ਫਾਂਸੀ ਦੇ ਦਿੱਤੀ ਗਈ।
ਲਛਮਣ ਸਿੰਘ ਖੁਰਦਪੁਰ ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ਵਿਚ ਬੇਲਾ ਸਿੰਘ ਗ਼ਦਾਰ ਜਦੋਂ ਇਕ ਸਾਲ ਦੀ ਜੇਹਲ ਦੀ ਕੈਦ ਕਟਕੇ ਆਇਆ ਤਾਂ ਕੈਨੇਡਾ ਸਰਕਾਰ ਨੇ ਉਸਨੂੰ 1916 ਵਿਚ ਹਿੰਦੁਸਤਾਨ ਭੇਜ ਦਿੱਤਾ। ਕੈਨੇਡਾ ਸਰਕਾਰ ਜਾਣਦੀ ਸੀ ਕਿ ਬੇਲਾ ਸਿੰਘ ਨੇ ਬਹੁਤ ਦੁਸ਼ਮਣ ਬਣਾ ਲਏ ਹਨ ਇਥੇ ਉਸਦਾ ਬਹੁਤਾ ਸਮਾਂ ਜੀਉਂਦੇ ਰਹਿਣਾ ਮੁਸ਼ਕਿਲ ਹੈ। ਕੈਨੇਡਾ ਸਰਕਾਰ ਦੇ ਕਹਿਣ ਤੇ ਹਿੰਦੁਸਤਾਨ ਦੀ ਸਰਕਾਰ ਨੇ ਬੇਲਾ ਸਿੰਘ ਨੂੰ ਮਿੰਟਗੁਮਰੀ ਵਿਚ 150 ਏਕੜ ਜਮੀਨ ਅਲਾਟ ਕਰ ਦਿੱਤੀ। ਬੇਲਾ ਸਿੰਘ ਨੇ ਆਪਣੇ ਜੱਦੀ ਪਿੰਡ ਜੀਆ ਹੁਸ਼ਿਆਰਪੁਰ ਵਿਖੇ ਬਹੁਤ ਸੁੰਦਰ ਮਕਾਨ ਬਣਾਇਆ। ਜਦੋਂ ਉਹ ਮਈ 1934 ਵਿਚ ਆਪਣੇ ਪਿੰਡ ਆ ਰਿਹਾ ਸੀ ਤਾਂ ਬੱਬਰ ਅਕਾਲੀਆਂ ਨੇ ਉਸ ਦੇ ਟੁਕੜੇ ਟੁਕੜੇ ਕਰਕੇ ਉਸਨੂੰ ਕੀਤੇ ਕੁਕਰਮਾਂ ਦੀ ਸਜ਼ਾ ਭੁਗਤਾਈ।
ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ
ਜਿਸ ਵਕਤ ਭਾਈ ਮੇਵਾ ਸਿਘ, ਕੈਨੇਡਾ ਆਏ, ਉਸ ਵਕਤ ਨਸਲੀ ਵਿਤਕਰਾ ਜ਼ੋਰਾਂ ਤੇ ਸੀ। ਉਸ ਵੇਲੇ ਦਾ ਇਮੀਗਰੇਸ਼ਨ ਇੰਨਸਪੈਕਟਰ ਵਿਲੀਅਮ ਹਾਪਕਿੰਨਸਨ ਹਿੰਦੁਸਤਾਨੀ ਭਾਈ ਚਾਰੇ ਲਈ ਇਕ ਵੱਡਾ ਸਿਰਦਰਦ ਬਣਿਆ ਹੋਇਆ ਸੀ। ਭਾਈ ਚਾਰੇ ਵਿਚ ਕਤਲੋਗਾਰਤ ਕਰਵਾਉਣ ਵਿਚ ਇਸ ਦਾ ਵੱਡਾ ਹੱਥ ਸੀ । ਗੁਰਦੁਆਰਾ ਸਾਹਿਬ ਵਿਚ ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ ਨੂੰ ਕਤਲ ਕਰਵਾਉਣਾ ਉਸ ਦਾ ਹੀ ਹੱਥ ਸੀ। ਸਿਖ ਭਾਈ ਚਾਰੇ ਵਿਚ ਫੁੱਟ ਪਾਉਣ ਲਈ ਇਸ ਨੇ ਇਕ ਗਦਾਰ ਗਰੁੱਪ ਤਿਆਰ ਕੀਤਾ ਹੋਇਆ ਸੀ। ਜਿਸ ਦਾ ਲੀਡਰ ਬੇਲਾ ਸਿਘ ਸੀ । ਬੇਲਾ ਸਿੰਘ ਰਾਹੀਂ ਇਹ ਲੋਕਾਂ ਕੋਲੋਂ ਵੱਢੀ ਲੈਂਦਾ ਸੀ। ਕਾਮਾਗਾਟਾਮਾਰੂ ਜਹਾਜ ਦੇ ਮੁਸਾਫਰਾਂ ਨੂੰ ਕੈਨੇਡਾ ਵਿਚ ਦਾਖਲ ਨਾ ਹੋਣਾ ਇਸ ਦੀ ਵਿਉਂਤ ਸੀ। ਇਮੀਗਰੇਸ਼ਨ ਵੱਲੋਂ ਸਖਤ ਵਰਤਾਰਾ ਵੀ ਇਸ ਦੇ ਇਸ਼ਾਰੇ ਤੇ ਹੁੰਦਾ ਸੀ । ਇਸ ਦੀਆਂ ਆਪ ਹੁਦਰੀਆਂ ਅਤੇ ਘਿਣਾਉਣੀਆਂ ਹਰਕਤਾਂ ਤੇ ਕਾਰਵਾਈਆਂ ਕਾਰਣ ਕੈਨੇਡੀਅਨ ਸਰਕਾਰ ਦੀ ਬਦਨਾਮੀ ਹੋ ਰਹੀ ਸੀ । ਸ਼ਹੀਦ ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ ਦੇ ਕਾਤਲ ਬੇਲਾ ਸਿੰਘ ਨੂੰ ਬਚਾਉਣ ਲਈ ਵਿਲੀਅਮ ਹਾਪਕਿੰਨਸਨ ਮੁੱਖ ਗਵਾਹ ਸੀ । ਇਸ ਦੇ ਮੰਤਵ ਲਈ ਜਦੋਂ ਉਹ 21 ਅਕਤੂਬਰ 1914 ਨੂੰ ਵੈਨਕੂਵਰ ਵਿਖੇ ਵੈਸਟ ਜਾਰਜੀਆ ਸਟਰੀਟ ਤੇ ਕਚਿਹਰੀ ਵਿਖੇ ਬੇਲੇ ਦੇ ਹੱਕ ਵਿਚ ਗਵਾਹੀ ਦੇਣ ਆਇਆ ਸੀ ਤਾਂ ਭਾਈ ਮੇਵਾ ਸਿੰਘ ਨੇ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ । ਮੇਵਾ ਸਿੰਘ ਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਕੋਰਟ ਵਿਚ ਜਦ ਭਾਈ ਮੇਵਾ ਸਿੰਘ ਦੀ ਪੇਸ਼ੀ ਹੋਈ ਤਾਂ ਭਾਈ ਸਾਹਿਬ ਨੇ ਸੱਚੋ ਸੱਚ ਬਿਆਨ ਦਿੰਦਿਆਂ ਆਪਣੇ ਜੁਰਮ ਦਾ ਇਕਬਾਲ ਕਰ ਲਿਆ । ਉਸਦਾ ਬਿਆਨ ਸੀ ਕਿ ਮੇਰਾ ਧਰਮ ਕਿਸੇ ਸ਼੍ਰੇਣੀ, ਤਬਕੇ ਜਾਂ ਕੌਮ ਨਾਲ ਈਰਖਾ ਜਾਂ ਦੁਸ਼ਮਣੀ ਨਹੀਂ ਸਿਖਾਉਂਦਾ ਅਤੇ ਮੇਰੀ ਹਾਪਕਿੰਨਸਨ ਨਾਲ ਵੀ ਕੋਈ ਦੁਸ਼ਮਣੀ ਨਹੀਂ ਸੀ । ਮੈਨੂੰ ਯਕੀਨ ਹੋ ਗਿਆ ਸੀ ਕਿ ਹਾਪਕਿੰਨਸਨ ਕੇਵਲ ਮੇਰੇ ਦੇਸ਼ ਵਾਸੀਆਂ ਦਾ ਦੁਸ਼ਮਣ ਹੀ ਨਹੀਂ ਸਗੋਂ ਉਹ ਡੋਮੀਨੀਅਨ ਸਰਕਾਰ ਨੂੰ ਵੀ ਬਦਨਾਮ ਕਰ ਰਿਹਾ ਹੈ। ਇਕ ਸੱਚਾ ਸਿੱਖ ਹੋਣ ਦੇ ਨਾਤੇ ਮੈਂ ਆਪਣੇ ਦੇਸ਼ ਵਾਸੀਆਂ ਅਤੇ ਡੋਮੀਨੀਅਨ ਸਰਕਾਰ ਨਾਲ ਹੁੰਦਾ ਅਨਿਆ ਬਰਦਾਸ਼ਤ ਨਾ ਕਰ ਸਕਿਆ। ਇਸੇ ਕਰਕੇ ਮੈਂ ਹਾਪਕਿੰਸਨ ਨੂੰ ਮਾਰ ਕੇ ਆਪਣੇ ਫਰਜ ਨੂੰ ਨਿਭਾਇਆ ਹੈ। ਮੈਨੂੰ ਭਰੋਸਾ ਹੈ ਕਿ ਵਾਹਿਗੁਰੂ ਮੈਨੂੰ ਆਪਣੀ ਮਿਹਰ ਭਰੀ ਗਲਵੱਕੜੀ ਵਿਚ ਲੈ ਲੈਵੇਗਾ। ਭਾਈ ਮੇਵਾ ਸਿੰਘ ਦੇ ਦਲੇਰਾਨਾ ਬਿਆਨ ਨੂੰ ਵੈਨਕੂਵਰ ਦੇ ਅਖਬਾਰਾਂ ਨੇ ਖੂਬ ਉਭਾਰ ਕੇ ਪ੍ਰਕਾਸ਼ਿਤ ਕੀਤਾ।
ਭਾਈ ਮੇਵਾ ਸਿੰਘ ਨੂੰ 30 ਅਕਤੂਬਰ 1914 ਨੂੰ ਫਾਂਸੀ ਦਾ ਹੁੰਕਮ ਸੁਣਾਇਆ ਗਿਆ ਅਤੇ 11 ਜਨਵਰੀ 1915 ਨੂੰ ਫਾਂਸੀ ਦਿੱਤੀ ਗਈ। ਫਾਂਸੀ ਦਾ ਹੁਕਮ ਸੁਣਨ ਅਤੇ ਫਾਂਸੀ ਹੋਣ ਤੱਕ ਭਾਈ ਸਾਹਿਬ ਦਾ ਭਾਰ 13 ਪੌਂਡ ਵਧ ਗਿਆ ਸੀ। ਭਾਈ ਸਾਹਿਬ ਦਾ ਜਨਮ 1880 ਵਿਚ ਪਿੰਡ ਲੋਪੋਕੇ ਜ਼ਿਲ੍ਹਾ ਅੰਤਸਰ ਵਿਚ ਹੋਇਆ। ਆਪ 1906 ਵਿਚ ਕੈਨੇਡਾ ਆਏ । ਆਪ ਬੜੇ ਨੇਕ ਸੁਭਾਅ ਧਾਰਮਿਕ ਰੁਚੀਆ ਤੇ ਚੱੜਦੀਕਲਾ ਵਾਲੇ ਸਿੰਘ ਸਨ। ਆਪ ਜੀ ਦੀ ਨਿੱਘੀ ਯਾਦ ਵਿਚ ਗੁਰਦੁਆਰਾ ਸਹਿਬ ਵਿਚ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਹੇਠਲੇ ਹਿੱਸੇ ਦਾ ਨਾਮ ‘ਭਾਈ ਮੇਵਾ ਸਿੰਘ ਹਾਲ’ ਰੱਖਿਆ ਗਿਆ ਹੈ ਅਤੇ ਅਕਾਲੀ ਸਿੰਘ ਸਿਖ ਸੁਸਾਇਟੀ ਵੈਨਕੂਵਰ ਵੱਲੋਂ ਉਹਨਾਂ ਦੀ ਯਾਦ ਵਿਚ ਲਾਇਬਰੇਰੀ ਚਾਲੂ ਕੀਤੀ ਗਈ।
ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ
ਭਾਈ ਬਲਵੰਤ ਸਿੰਘ ਦਾ ਜਨਮ 1882 ਵਿਚ ਪਿੰਡ ਖੁਰਦਪੁਰ ਜ਼ਿਲਾ ਜਲੰਧਰ ਵਿਚ ਹੋਇਆ ਆਪ ਦੇ ਪਿਤਾ ਜੀ ਸਰਦਾਰ ਬੁੱਧ ਸਿੰਘ ਸਨ ਜੋ ਆਪਣੇ ਇਲਾਕੇ ਵਿਚ ਚੰਗਾ ਅਸਰ ਰਸੂਖ ਤੇ ਇੱਜਤ ਮਾਨ ਰੱਖਦੇ ਸਨ। ਮੁੱਢਲੀ ਵਿਦਿਆ ਆਪ ਨੇ ਮਿਡਲ ਸਕੂਲ ਆਦਮਪੁਰ ਤੋਂ ਪ੍ਰਾਪਤ ਕੀਤੀ। ਛੋਟੀ ਉਮਰ ਵਿਚ ਸ਼ਾਦੀ ਹੋਣ ਕਾਰਣ ਪੜ੍ਹਾਈ ਵਿਚ ਹੀ ਛੱਡਣੀ ਪਈ। ਪ੍ਰਸਿਧ ਗੁਰੂ ਸਵਾਰੇ ਸੰਤ ਕਰਮ ਸਿਘ ਜੀ ਦੇ ਪ੍ਰਭਾਵ ਹੇਠ ਆ ਕੇ ਗੁਰਮਤ ਨਾਲ ਬਹੁਤ ਪਿਆਰ ਹੋ ਗਿਆ। ਆਪ ਨੇ ਕੁਛ ਸਮਾਂ ਫੌਜ ਵਿਚ ਲਾਂਸ ਨਾਇਕ ਵਜੋਂ 36 ਨੰਬਰ ਸਿੱਖ ਪਲਟਨ ਵਿਚ ਨੌਕਰੀ ਕੀਤੀ। 1906 ਵਿਚ ਹਾਂਗਕਾਂਗ ਹੁੰਦੇ ਹੋਏ ਵੈਨਕੂਵਰ ਕੈਨੇਡਾ ਦੀ ਧਰਤੀ ਤੇ ਪਹੁੰਚੇ। ਏਥੇ ਗੁਰੁਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਵੇਨਕੂਵਰ ਵਿਖੇ ਗ੍ਰੰਥੀ ਵਜੋਂ ਸੇਵਾ ਕੀਤੀ ।
ਵੈਨਕੂਵਰ ਦੇ ਸਿੱਖਾਂ ਵਿਚ ਆਪ ਦਾ ਬਹੁਤ ਹੀ ਆਦਰ ਮਾਣ ਤੇ ਸਤਿਕਰ ਸੀ । ਉਸ ਵੇਲੇ ਕੈਨੇਡਾ ਦੀ ਸਰਕਾਰ ਦੀ ਸਿੱਖਾਂ ਨੂੰ ਹਾਡੋਰਸ ਭੇਜਣ ਦੀ ਸਕੀਮ ਨੂੰ ਨਾਕਾਮ ਕਰਨ ਵਿਚ ਬਹੁਤ ਹੀ ਯੋਗਦਾਨ ਸੀ। ਸਿੱਖਾਂ ਨੂੰ ਹਾਡੋਰਸ ਭੇਜਣ ਅਤੇ ਕੈਨੇਡਾ ਸਰਕਾਰ ਵੱਲੋਂ ਕੀਤੇ ਜਾ ਰਹੇ ਭੈੜੇ ਵਤੀਰੇ ਵਿਰੁੱਧ ਡੇਪੁਟੇਸ਼ਨ ਲੈ ਕੇ 15 ਮਾਰਚ 1913 ਲੰਡਨ ਗਏ। । ਉਥੇ ਇਗਲੈਂਡ ਦੀ ਸਰਕਾਰ ਨੂੰ ਕੈਨੇਡਾ ਦੇ ਸਿੱਖਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਾਰਵਾਇਆ। ਫੇਰ ਇਹ ਡੈਪੂਟੇਸ਼ਨ 28 ਮਈ 1913 ਨੂੰ ਬੰਬਈ ਅਤੇ 06 ਜੁਲਾਈ 1913 ਨੂੰ ਲਾਹੌਰ ਪਹੁੰਚਿਆ। ਏਥੇ ਵੀ ਉਹਨਾਂ ਨੇ ਸਬੰਧਿਤ ਅਦਾਰਿਆਂ ਨਾਲ ਮਿਲ ਕੇ ਉਹਨਾਂ ਨੂੰ ਕੈਨੇਡਾ ਦੇ ਸਿੱਖਾਂ ਦੀਆਂ ਮੁਸ਼ਕਿਲਾਂ ਨਾਲ ਜਾਣੂ ਕਰਵਾਇਆ। ਡੈਪੂਟੇਸ਼ਨ ਦੇ ਦੁਸਰੇ ਮੈਂਬਰ ਭਾਈ ਨਰੈਣ ਸਿੰਘ ਚੋਬਦਾਰ ਅਤੇ ਭਾਈ ਨੰਦ ਸਿੰਘ ਸੀਹਰਾ ਸਨ। ਇਸ ਡੈਪੂਟੇਸ਼ਨ ਨੇ ਵਾਪਸ ਆ ਕੇ ਸਾਰੀ ਰਿਪੋਰਟ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਨੂੰ ਦਿੱਤੀ ਜਿਸ ਦਾ ਸੰਗਤਾਂ ਵੱਲੋਂ ਧੰਨਵਾਦ ਕੀਤਾ ਗਿਆ।
ਗ੍ਰੰਥੀ ਹੋਣ ਦੇ ਨਾਤੇ ਭਾਈ ਬਲਵੰਤ ਸਿਘ ਦਾ ਪਰਿਵਾਰ ਗੁਰਦੁਆਰਾ ਸਾਹਿਬ ‘ਚ ਹੀ ਰਹਿ ਰਿਹਾ ਸੀ। ਭਾਈ ਸਾਹਿਬ ਦੀ ਧਰਮ ਪਤਨੀ ਦਾ ਨਾਂ ਬੀਬੀ ਕਰਤਾਰ ਕੌਰ ਸੀ। ਆਪ ਦੀਆਂ ਦੋ ਲੜਕੀਆਂ ਊਧਮ ਕੌਰ ਤੇ ਨਿਰੰਜਨ ਕੌਰ ਸਨ । ਆਪ ਦਾ ਇਕ ਲੜਕਾ ਜਿਸ ਦਾ ਨਾਮ ਭਾਈ ਹਰਦਿਆਲ ਸਿੰਘ ਸੀ। ਜਿਸ ਦਾ ਜਨਮ 28 ਅਗਸਤ 1912 ਨੂੰ ਗੁਰਦੁਆਰਾ ਸਾਹਿਬ ਵਿਖੇ ਹੀ ਹੋਇਆ। ਕੈਨੇਡਾ ਵਿਚ ਜਨਮ ਲੈਣ ਵਾਲੇ ਭਾਈ ਹਰਦਿਆਲ ਸਿੰਘ ਅਟਵਾਲ ਪਹਿਲੇ ਸਿੱਖ ਸਨ ਜੋ ਥੋੜ੍ਹੇ ਸਾਲ ਪਹਿਲਾਂ ਸਵਰਗਵਾਸ ਹੋਏ ਸਨ। ਉਹਨਾਂ ਦਾ ਪਰਿਵਾਰ ਹੁਣ ਡੰਕਨ ਵਿਖੇ ਰਹਿ ਰਿਹਾ ਹੈ।
ਵੈਨਕੂਵਰ ਵਿਚ ਸ਼ੋਰ ਕਮੇਟੀ ਦੇ ਮੈਂਬਰਾਂ ਵਲੋਂ ਬਲਵੰਤ ਸਿੰਘ ਨੇ ਤਕਰੀਰ ਕੀਤੀ ਅਤੇ ਯਾਤਰੂਆਂ ਨੂੰ ਉਕਸਾਇਆ ਕਿ ਹਿੰਦ ਵਿਚ ਜਾ ਕੇ ਬਗਾਵਤ ਦਾ ਝੰਡਾ ਖੜ੍ਹਾ ਕਰਨ । ਇਸ ਨੇ ਵਿਹਾਰਕ ਹਮਦਰਦੀ ਦਾ ਪ੍ਰਗਟਾਵਾ ਕਰ ਕਾਮਾਗਾਟਾਮਾਰੂ ਦੇ ਯਾਤਰੂਆਂ ਲਈ ਹਥਿਆਰਾਂ ਲਈ ਸੁਮਾਸ (ਅਮਰੀਕਾ) ਤੋਂ ਪ੍ਰਬੰਧ ਕਰਨ ਦਾ ਯਤਨ ਕੀਤਾ। ਬਲਵੰਤ ਸਿੰਘ ਸ਼ੰਘਾਈ ਤੋਂ ਹਿੰਦੋਸਤਾਨ ਜਾਣ ਲਈ ਮਨੀਲਾ ਚਲਾ ਗਿਆ। ਫਿਰ ਉਹ ਹੋਰ ਗਦਰੀਆਂ ਸਮੇਤ ਅਗਸਤ ਵਿਚ ਮਿਆਮ ਆ ਗਿਆ ਤਾਂ ਕਿ ਬਰਮਾ ਵਿਚ ਗਦਰ ਕਰ ਸਕੇ। ਇਸ ਨੂੰ ਮਿਆਮੀ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਅਤੇ ਸਿੰਘਾਪੁਰ ਭੇਜ ਦਿੱਤਾ (ਸੀ. ਆਈ. ਡੀ. ਫਾਈਲ ਨੰ. 305, 1915)। ਸਿੰਘਾਪੁਰ ਤੋਂ ਲਾਹੌਰ ਜੇਲ ਵਿਚ ਲਿਆਂਦਾ । ਦੂਜੇ ਸਾਜ਼ਿਸ਼ੀ ਕੇਸ ਵਿਚ ਮਾਈਕਲ ਓਡਵਾਈਰ ਜੋ ਪੰਜਾਬ ਦਾ ਗਵਰਨਰ ਸੀ ਦੇ ਹੁਕਮਾਂ ਨਾਲ ਫਾਂਸੀ ਦੇ ਨੀਅਤ ਸਮੇਂ ਤੋਂ ਇਕ ਦਿਨ ਪਹਿਲਾਂ ਹੀ 16 ਮਾਰਚ, 1917 ਨੂੰ ਫਾਂਸੀ ਲਾ ਦਿੱਤੀ ਗਈ। ਪ੍ਰਸਿੱਧ ਨਾਵਲਿਸਟ ਗਿਆਨੀ ਕੇਸਰ ਸਿੰਘ ਦਾ ਨਾਵਲ ‘ਸਿੰਘ ਸਾਹਿਬ ਦੀ ਸ਼ਹਾਦਤ’ (1997) ਬਲਵੰਤ ਸਿੰਘ ਤੇ ਇਸ ਦੇ ਸਾਥੀਆਂ ਬਾਰੇ ਹੀ ਹੈ।
ਪ੍ਰਿੰਸੀਪਲ ਸੰਤ ਤੇਜਾ ਸਿੰਘ ਜੀ
ਆਪ ਦਾ ਜਨਮ 14 ਮਈ, 1877 ਨੂੰ ਪਿੰਡ ਬੱਲੋਵਾਲੀ, ਜ਼ਿਲ੍ਹਾ ਗੁਜਰਾਂਵਾਲਾ ਵਿਖੇ ਮਾਤਾ ਰਾਮ ਕੌਰ ਦੀ ਕੁੱਖੋਂ ਅਤੇ ਪਿਤਾ ਭਾਈ ਰੱਲਾ ਸਿੰਘ ਦੇ ਗ੍ਰਹਿ ਵਿਖੇ ਹੋਇਆ। ਆਪ ਦੇ ਪਿਤਾ ਲਾਹੌਰ ਸੈਂਟਰਲ ਜੇਲ ਵਿਚ ਮੈਡੀਕਲ ਡਾਕਟਰ ਸਨ। ਆਪ ਦਾ ਪਹਿਲਾ ਨਾਮ ਨਿਰੰਜਨ ਸਿੰਘ ਮਹਿਤਾ ਸੀ। ਪਹਿਲਾਂ ਪਹਿਲ ਆਪ ਬਹੁਤੀਆਂ ਧਾਰਮਿਕ ਰੁਚੀਆਂ ਦੇ ਮਾਲਕ ਨਹੀਂ ਸਨ। ਗੁਰਸਿੱਖੀ ਦੀ ਦਾਤ ਆਪ ਨੂੰ ਵਿਰਸੇ ਵਿਚ ਮਿਲੀ ਸੀ। ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਦੀ ਸੰਗਤ ਪ੍ਰਾਪਤ ਹੋਣ ਤੋਂ ਬਾਅਦ 1906 ਵਿਚ ਆਪ ਨੇ ਆਪਣੇ ਪਰਿਵਾਰ ਸਮੇਤ ਅੰਮ੍ਰਿਤਪਾਨ ਕੀਤਾ ਅਤੇ ਆਪਦਾ ਨਾਮ ਤੇਜਾ ਸਿੰਘ ਰੱਖਿਆ ਗਿਆ। ਮੁੱਢਲੀ ਵਿਦਿਆ ਆਪਣੇ ਪਿੰਡ ਤੋਂ ਹੀ ਪ੍ਰਾਪਤ ਕੀਤੀ । ਸੰਨ 1900 ਵਿਚ ਲਾਹੌਰ ਕਾਲਜ ਤੋਂ ਬੀ.ਏ. ਅਤੇ ਲਾਅ ਕਾਲਜ ਲਾਹੌਰ ਤੋਂ ਐਲ.ਐਲ.ਬੀ. ਦੀ ਡਿਗਰੀ ਪ੍ਰਾਪਤ ਕੀਤੀ। ਸੰਨ 1901 ਵਿਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਐਮ.ਏ. ਦੀ ਡਿਗਰੀ ਪਹਿਲੇ ਨੰਬਰ ‘ਤੇ ਪ੍ਰਾਪਤ ਕੀਤੀ। ਇਨ੍ਹਾਂ ਦਿਨਾਂ ਵਿਚ ਹੀ ਸੰਤ ਤੇਜਾ ਸਿੰਘ ਦੀ ਸ਼ਾਦੀ ਬਿਸ਼ਨ ਕੌਰ ਨਾਲ ਹੋਈ। ਆਪ ਦੇ ਤਿੰਨ ਬੱਚੇ ਮੁਕੰਦ ਸਿੰਘ, ਹਰੀ ਸਿੰਘ ਤੇ ਬੀਬੀ ਜੀਤ ਕੌਰ ਸਨ।
ਸੰਨ 1901 ਵਿਚ ਆਪ ਨੇ ਆਪਣੇ ਕਾਨੂੰਨੀ ਕਿੱਤੇ ਵਜੋਂ ਕੰਮ ਸ਼ੁਰੂ ਕੀਤਾ ਪਰ ਕੁਝ ਕਾਨੂੰਨੀ ਮਜਬੂਰੀਆਂ ਕਾਰਨ ਊਹਨਾਂ ਨੂੰ ਇਹ ਕਿੱਤਾ ਪਸੰਦ ਨਾ ਆਇਆ। ਉਹਨਾਂ 1902 ਵਿਚ Salt Department ਵਿਚ ‘ਅਸਿਸਟੈਂਟ ਸੁਪਰਡੈਂਟ’ ਦੀ ਨੌਕਰੀ ਸ਼ੁਰੂ ਕਰ ਦਿੱਤੀ। 1903 ਵਿਚ ਸਰਦਾਰ ਸੁੰਦਰ ਸਿੰਘ ਮਜੀਠੀਆ ਦੇ ਜ਼ੋਰ ਪਾਉਣ ‘ਤੇ ਆਪ ਨੇ ਖਾਲਸਾ ਕਾਲਜ, ਅੰਮ੍ਰਿਤਸਰ ਵਿਖੇ ਵਾਈਸ ਪ੍ਰਿੰਸੀਪਲ ਵਜੋਂ ਸੇਵਾ ਨਿਭਾਉਣੀ ਸ਼ੁਰੂ ਕਰ ਦਿੱਤੀ, ਜਿਥੇ ਬਾਦ ਵਿਚ ਉਹ ਪ੍ਰਿੰਸੀਪਲ ਵੀ ਰਹੇ। ਇਸੇ ਹੀ ਸਮੇਂ ਆਪ ਦੀ ਨੇੜਤਾ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਨਾਲ ਵਧਦੀ ਹੀ ਗਈ, ਜਿਸ ਦਾ ਉਹਨਾਂ ਦੇ ਜੀਵਨ ‘ਤੇ ਬਹੁਤ ਅਸਰ ਹੋਇਆ। ਸੰਤ ਅਤਰ ਸਿੰਘ ਜੀ ਦੇ ਕਹਿਣ ‘ਤੇ ਉਚੇਰੀ ਵਿਦਿਆ ਲਈ 1906 ਵਿਚ ਆਪ ਨੇ ਇੰਗਲੈਂਡ ਆ ਕੇ ਕੈਂਬਰਿਜ ਯੂਨੀਵਰਸਿਟੀ ਵਿਚ ਦਾਖਲਾ ਲੈ ਲਿਆ। 1908 ਵਿਚ ਆਪ ਨੇ ਨਿਊਯਾਰਕ ਵਿਖੇ ਕੋਲੰਬੀਆ ਯੂਨੀਵਰਸਿਟੀ ਵਿਚ ਪੜ੍ਹਾਈ ਸ਼ੁਰੂ ਕੀਤੀ। 1911 ਵਿਚ ਆਪ ਨੇ ਅਮਰੀਕਾ ਦੀ ਹਾਵਰਡ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਪ੍ਰਾਪਤ ਕੀਤੀ।
ਵੀਹਵੀਂ ਸਦੀ ਦੇ ਸ਼ੁਰੂ ਵਿਚ ਕੈਨੇਡਾ ਸਰਕਾਰ ਵਲੋਂ ਸਿੱਖਾਂ ਨੂੰ ਕੈਨੇਡਾ ਤੋਂ ਕੱਢ ਕੇ ਹਾਂਡੋਰਸ ਭੇਜਣ ਲਈ ਹਰ ਹੀਲਾ ਵਸੀਲਾ ਵਰਤਿਆ ਜਾ ਰਿਹਾ ਸੀ। ਇਸੇ ਸਬੰਧ ਵਿਚ ਸਿੱਖਾਂ ਨੂੰ ਕਿਸੇ ਭਰੋਸੇਯੋਗ ਕਾਨੂੰਨੀ ਸਲਾਹਕਾਰ ਦੀ ਲੋੜ ਸੀ। ਇਨ੍ਹਾਂ ਦਿਨਾਂ ਵਿਚ ਹੀ ਬੰਗਾਲੀ ਬਾਬੂ ਤਾਰਿਕ ਨਾਥ ਦਾਸ ਜੋ ਕਿ ਬਹੁਤ ਵੱਡੇ ਕ੍ਰਾਂਤੀਕਾਰੀ ਅਤੇ ਆਜ਼ਾਦੀ ਘੁਲਾਟੀਏ ਸਨ। ਉਹਨਾਂ ਨੇ ਸਿਆਟਲ ਤੋਂ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਪ੍ਰਬੰਧਕ ਕਮੇਟੀ ਨੂੰ ਚਿੱਠੀ ਲਿਖ ਕੇ ਸੰਤ ਤੇਜਾ ਸਿੰਘ, ਜੋ ਉਸ ਵੇਲੇ ਨਿਉਯਾਰਕ ਵਿਖੇ ਉਚੇਰੀ ਪੜ੍ਹਾਈ ਕਰ ਰਹੇ ਸਨ, ਨੂੰ ਕੈਨੇਡਾ ਬੁਲਾਉਣ ਦੀ ਸਿਫਾਰਸ਼ ਕੀਤੀ। ਤਾਰਿਕ ਨਾਥ ਦਾਸ ਨੇ ਲਿਖਿਆ ਕਿ ਹਾਂਡੋਰਸ ਰਹਿਣ ਯੋਗ ਜਗ੍ਹਾ ਨਹੀਂ ਹੈ, ਸੋ ਉਥੇ ਜਾਣ ਨੂੰ ਕਦਾਚਿਤ ਵੀ ਹਾਂ ਨਾ ਕੀਤੀ ਜਾਵੇ।
ਵੈਨਕੂਵਰ ਦੀਆਂ ਸੰਗਤਾਂ ਦਾ ਸੰਤ ਤੇਜਾ ਸਿੰਘ ਨੂੰ ਬੁਲਾਉਣ ਦਾ ਪਹਿਲਾਂ ਹੀ ਖਿਆਲ ਸੀ। ਖਾਲਸਾ ਦੀਵਾਨ ਸੁਸਾਇਟੀ ਵਲੋਂ ਹਾਂਡੋਰਸ ਮਾਮਲੇ ਦੀ ਸਾਰੀ ਗੱਲ ਬਾਤ ਲਿਖ ਕੇ ਸੰਤ ਤੇਜਾ ਸਿੰਘ ਨੂੰ ਜਲਦੀ ਤੋਂ ਜਲਦੀ ਵੈਨਕੂਵਰ ਆਉਣ ਲਈ ਬੇਨਤੀ ਕੀਤੀ ਗਈ। ਸੰਤ ਤੇਜਾ ਸਿੰਘ ਜੀ ਚਿੱਠੀ ਪੜ੍ਹ ਕੇ 17 ਅਕਤੂਬਰ 1908 ਨੂੰ ਨਿਊਯਾਰਕ ਤੋਂ ਟਰੇਨ ਰਾਹੀਂ ਚੱਲ ਕੇ ਵੈਨਕੂਵਰ ਪਹੁੰਚ ਗਏ । ਵੈਨਕੂਵਰ ਪਹੁੰਚਦਿਆਂ ਹੀ ਸੰਤ ਤੇਜਾ ਸਿੰਘ ਨੇ ਹਾਂਡੋਰਸ ਮਾਮਲੇ ਦੀ ਸਾਰੀ ਕਾਰਵਾਈ ਆਪਣੇ ਹੱਥ ਵਿਚ ਲੈ ਲਈ। ਉਹਨਾਂ ਨੇ ਸਾਰੇ ਹਿੰਦੁਸਤਾਨੀਆਂ ਨੂੰ ਵਿਸ਼ਵਾਸ ਦੁਆਇਆ ਕਿ ਕੋਈ ਵੀ ਤੁਹਾਨੂੰ ਜ਼ਬਰਦਸਤੀ ਹਾਂਡੋਰਸ ਨਹੀਂ ਭੇਜ ਸਕਦਾ ।
ਉਹਨਾਂ 20 ਅਕਤੂਬਰ, 1908 ਨੂੰ ਹਿੰਦ ਵਿਚ ਅੰਗਰੇਜ਼ੀ ਸਰਕਾਰ ਅਤੇ ਆਟਵਾ ਵਿਚ ਕੈਨੇਡਾ ਸਰਕਾਰ ਨੂੰ ਤਾਰਾਂ ਦਿੱਤੀਆਂ, ਜਿਨ੍ਹਾਂ ਵਿਚ ਹਿੰਦੁਸਤਾਨੀਆਂ ਨੂੰ ਹਾਂਡੋਰਸ ਭੇਜਣ ਵਿਰੁੱਧ ਸਖਤ ਰੋਸ ਪ੍ਰਗਟ ਕੀਤਾ ਗਿਆ। ਸਿੱਟੇ ਵਜੋਂ ਹਿੰਦ ਸਰਕਾਰ ਨੇ ਇੰਡੀਆ ਆਫਿਸ ਲੰਡਨ ਨੂੰ ਤਾਰ ਦਿੱਤੀ ਕਿ ਉਹਨਾਂ ਦੀ ਮਨਜ਼ੂਰੀ ਤੋਂ ਬਿਨਾਂ ਹਿੰਦੀਆਂ ਨੂੰ ਹਾਂਡੋਰਸ ਨਾ ਭੇਜਿਆ ਜਾਵੇ । ਇਸ ਤੋਂ ਇਲਾਵਾ ਉਹਨਾਂ ਨੇ ਆਟਵਾ, ਲੰਡਨ, ਲਾਹੌਰ ਅਤੇ ਦਿੱਲੀ ਨੂੰ ਡੈਪੂਟੇਸ਼ਨ ਭੇਜੇ ਜਿਨ੍ਹਾਂ ਨੇ ਉਹਨਾਂ ਸਰਕਾਰਾਂ ਤਾਈਂ ਹਿੰਦੀਆਂ ਨੂੰ ਆ ਰਹੀਆਂ ਔਕੜਾਂ ਬਾਰੇ ਜਾਣੂ ਕਰਵਾਇਆ। ਮੀਟਿੰਗਾਂ ਕਰਕੇ ਇਨਸਾਫ ਦੀ ਮੰਗ ਕੀਤੀ। ਅਖਬਾਰਾਂ ਵਿਚ ਬਹੁਤ ਪ੍ਰਭਾਵਸ਼ਾਲੀ ਲੇਖ ਪ੍ਰਕਾਸ਼ਿਤ ਕੀਤੇ। ਨਵੇਂ ਜਾਰੀ ਕੀਤੇ ਗਏ ਆਰਡਰ ਇਨ ਕਾਊਂਸਿਲ ਦੇ ਕਾਰਨ ਕੈਨੇਡਾ ਵਿਚ ਹਿੰਦੁਸਤਾਨੀਆਂ ਦਾ ਆਉਣਾ ਬਿਲਕੁਲ ਬੰਦ ਹੋ ਚੁੱਕਾ ਸੀ, ਜਿਸ ਖਿਲਾਫ ਸੰਤ ਤੇਜਾ ਸਿੰਘ ਨੇ ਜ਼ਬਰਦਸਤ ਆਵਾਜ਼ ਉਠਾਈ।
ਇਥੇ ਰਹਿੰਦਿਆਂ ਸੰਤ ਤੇਜਾ ਸਿੰਘ ਨੇ ਸਿੱਖੀ ਦੇ ਬੇਮਿਸਾਲ ਪ੍ਰਚਾਰ ਦੇ ਨਾਲ ਨਾਲ ਹਿੰਦੋਸਤਾਨੀਆਂ ਦਾ ਮਨੋਬਲ ਉੱਚਾ ਚੁੱਕਣ ਲਈ ਉੱਚ ਕੋਟੀ ਦੇ ਉਪਰਾਲੇ ਕੀਤੇ। ਉਹਨਾਂ ਦੇ ਪ੍ਰਭਾਵਸ਼ਾਲੀ ਲੈਕਚਰ ਅਤੇ ਗੁਰਮਤਿ ਫਿਲਾਸਫੀ ਦੀ ਵਿਆਖਿਆ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਗੋਰੇ ਲੋਕ ਵੀ ਸਿੱਖ ਧਰਮ ਦੇ ਪ੍ਰਭਾਵ ਹੇਠ ਆ ਗਏ।
ਸਿੱਖਾਂ ਦੀ ਮਾਲੀ ਹਾਲਤ ਨੂੰ ਸੁਧਾਰਨ ‘ ਲਈ ਸੰਤ ਤੇਜਾ ਸਿੰਘ ਨੇ 29 ਨਵੰਬਰ 1908 ਨੂੰ ‘ਗੁਰੂ ਨਾਨਕ ਮਾਈਨਿੰਗ ਐਂਡ ਟਰਸਟ ਕੰਪਨੀ ਲਿਮਟਿਡ’ ਬਣਾਈ। ਇਸ ਕੰਪਨੀ ਲਈ ਟੀ.ਸੀ. ਕਰਾਅਫੋਰਡ ਗੋਲਡ ਮਾਈਨ ਜੋ ਕਿ ਜੈਕਸਨ ਵਿਲੇ, ਕੈਲੇਫੋਰਨੀਆ ਯੂ.ਐਸ.ਏ. ਵਿਚ ਹੈ ਇਸ ਦਾ 25 ਪ੍ਰਤੀਸ਼ਤ ਹਿੱਸਾ 50,000 ਡਾਲਰ ਵਿਚ ਖਰੀਦਿਆ। ਇਸੇ ਕੰਪਨੀ ਲਈ 250 ਈਗਲ ਏਂਜਲ ਹਾਰਬਰ ਵਿਖੇ 25,000 ਡਾਲਰ ਵਿਚ ਖਰੀਦੇ । ਇਸ ਕੰਪਨੀ ਦੇ 251 ਮੈਂਬਰ ਸਨ। ਇਹ ਕੰਪਨੀ ਦੇਸ਼ ਵਿਚ ਮੰਦਵਾੜੇ ਅਤੇ ਕੁਝ ਆਪਸੀ ਖਿੱਚੋਤਾਣ ਕਰਕੇ ਬਹੁਤੀ ਦੇਰ ਕਾਇਮ ਨਾ ਰਹਿ ਸਕੀ। ਆਪ ਨੇ ਬਹੁਤ ਸਾਰੇ ਗੁਰਦੁਆਰਿਆਂ ਦੀ ਉਸਾਰੀ ਸ਼ੁਰੂ ਕਰਵਾਈ ਅਤੇ ਪੂਰਨ ਗੁਰ ਮਰਿਆਦਾ ਅਨੁਸਾਰ ਉਹਨਾਂ ਦੇ ਸੰਵਿਧਾਨ ਬਣਾਏ, ਜਿਵੇਂ ਕਿ:-
- ਖਾਲਸਾ ਦੀਵਾਨ ਸੁਸਾਇਟੀ, ਵੈਨਕੂਵਰ (ਬ੍ਰਿਟਿਸ਼ ਕੋਲੰਬੀਆ)
- ਖਾਲਸਾ ਦੀਵਾਨ ਸੁਸਾਇਟੀ, ਐਬਟਸਫੋਰਡ (ਬ੍ਰਿਟਿਸ਼ ਕੋਲੰਬੀਆ)
- ਪੈਸੇਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ,ਸਟੌਕਟਨ, ਕੈਲੇਫੋਰਨੀਆ, ਅਮਰੀਕਾ
- ਖਾਲਸਾ ਦੀਵਾਨ ਸੁਸਾਇਟੀ, ਵਿਕਟੋਰੀਆ (ਬ੍ਰਿਟਿਸ਼ ਕੋਲੰਬੀਆ)
- ਖਾਲਸਾ ਦੀਵਾਨ ਸੁਸਾਇਟੀ, ਨਿਊ ਵੈਸਟ ਮਿਨਸਟਰ (ਬ੍ਰਿਟਿਸ਼ ਕੋਲੰਬੀਆ) 6. ਗੁਰਦੁਆਰਾ ਫਰੇਜ਼ਰ ਮਿਲ ਨਿਊ ਵੈਸਟ ਮਿਨਸਟਰ, (ਬ੍ਰਿਟਿਸ਼ ਕੋਲੰਬੀਆ)
ਸੰਤ ਤੇਜਾ ਸਿੰਘ ਨੇ 1906 ਤੋਂ ਲੈ ਕੇ 1913 ਤਕ ਆਪਣੀ ਪਹਿਲੀ ਵਿਦੇਸ਼ ਫੇਰੀ ਸਮੇਂ ਵੱਖ ਵੱਖ ਦੇਸ਼ਾਂ ਵਿਚ ਸੈਂਕੜੇ ਵਿਸ਼ਵ ਪੱਧਰੀ ਧਾਰਮਿਕ ਸੰਮੇਲਨਾਂ ਵਿਚ ਸਿੱਖ ਧਰਮ ਦੀ ਪ੍ਰਤੀਨਿਧਤਾ ਕੀਤੀ। 1913 ਵਿਚ ਆਪ ਵਾਪਸ ਪੰਜਾਬ ਚਲੇ ਗਏ ਜਿਥੇ ਉਹਨਾਂ ਨੇ ਅਨੇਕਾਂ ਵਿਦਿਅਕ ਅਦਾਰੇ ਸਥਾਪਿਤ ਕੀਤੇ। 1955-56 ਵਿਚ ਆਪ ਨੇ ਦੁਬਾਰਾ ਇੰਗਲੈਂਡ, ਅਮਰੀਕਾ, ਕੈਨੇਡਾ, ਜਾਪਾਨ, ਸਿੰਘਾਪੁਰ, ਮਲਾਇਆ, ਸ਼ੰਘਾਈ ਅਤੇ ਹਾਂਗਕਾਂਗ ਆਦਿ ਮੁਲਕਾਂ ਦਾ ਦੌਰਾ ਕੀਤਾ। ਸੰਤ ਤੇਜਾ ਸਿੰਘ ਜੀ ਦੀਆਂ ਉੱਤਰੀ ਅਮਰੀਕਾ ਵਿਚ ਮਨੁੱਖੀ ਆਜ਼ਾਦੀ ਲਈ ਕੀਤੀਆਂ ਸ਼ਾਨਦਾਰ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਜੋ 3 ਜੁਲਾਈ 1965 ਨੂੰ ਸਦਾ ਸਦਾ ਲਈ ਗੂੜ੍ਹੀ ਨੀਂਦ ਸੌਂ ਗਏ।
Credit – ਦਲਜੀਤ ਸਿੰਘ ਸੰਧੂ