ਪਹਿਲਾ ਕਾਂਡ
ਪਿਛੋਕੜ
ਪੰਜਾਬ ਦੇ ਇਤਿਹਾਸ ਵਿਚ ਬੱਬਰ ਅਕਾਲੀ ਲਹਿਰ ਖ਼ਾਸ ਮਹਾਨਤਾ ਰੱਖਦੀ ਹੈ। 1921 ਵਿਚ ਦੁਆਬੇ ਵਿਚ ਬੱਬਰ ਅਕਾਲੀ ਲਹਿਰ ਦੇ ਕੁਝ ਕੁਝ ਚਿੰਨ੍ਹ ਪਰਗਟ ਹੋਣੇ ਅਰੰਭ ਹੋ ਗਏ ਸਨ। 1922-23 ਵਿਚ ਇਸ ਦਾ ਉਭਾਰ ਸਿਖਰ ਉੱਤੇ ਸੀ। ਇਸ ਦੇ ਚੱਕਰਵਰਤੀ ਜਥੇ ਸ਼ਸਤਰ ਸਜਾ ਕੇ ਦੁਆਬੇ ਦੇ ਪਿੰਡਾਂ ਵਿਚ ਨਿਧੜਕ ਫਿਰਦੇ ਸਨ। ਹਕੂਮਤ ਵਿਰੁੱਧ ਖੁੱਲ੍ਹਾ ਪਰਚਾਰ ਕਰਦੇ ਸਨ। ਸਰਕਾਰ ਦੇ ਝੋਲੀਚੁੱਕਾਂ, ਮੁਖ਼ਬਰਾਂ ਅਤੇ ਦੇਸ਼-ਭਗਤਾਂ ਤੇ ਸ਼ਾਂਤਮਈ ਅਕਾਲੀਆਂ ਦੇ ਵਿਰੁੱਧ ਰਪੋਟਾਂ ਤੇ ਝੂਠੀਆਂ ਗਵਾਹੀਆਂ ਦੇਣ ਵਾਲਿਆਂ ਨੂੰ ਚੁਣੌਤੀਆਂ ਦਿੱਤੀਆਂ ਜਾਂਦੀਆਂ ਸਨ ਕਿ ਜੇ ਉਹ ਆਪਣੀਆਂ ਕਾਲੀਆਂ ਕਰਤੂਤਾਂ ਤੋਂ ਨਾ ਟਲੇ ਤਾਂ ਉਨ੍ਹਾਂ ਨੂੰ ਸੋਧਿਆ ਜਾਏਗਾ। ਕਈਆਂ ਨੂੰ ਕਤਲ ਵੀ ਕੀਤਾ ਗਿਆ ਸੀ। ਝੋਲੀਚੁੱਕ, ਮੁਖ਼ਬਰ ਤੇ ਸਰਕਾਰੀ ਗਵਾਹ ਥਰ ਥਰ ਕੰਬ ਰਹੇ ਸਨ। ਸਰਕਾਰ ਦੀ ਮਦਦ ਕਰਨ ਦਾ ਕੋਈ ਹੀਆ ਨਹੀਂ ਕਰਦਾ ਸੀ। ਹਕੂਮਤ ਘਬਰਾ ਗਈ ਸੀ, ਕਿਉਂਕਿ ਦੁਆਬੇ ਵਿਚ ਉਸ ਦੇ ਕਾਨੂੰਨ ਤੇ ਰਾਜ-ਪ੍ਰਬੰਧ ਦਾ ਰੁਹਬ-ਦਾਬ ਖ਼ਤਮ ਹੋ ਰਿਹਾ ਸੀ। ਲੋਕੀਂ ਗੱਲਾਂ ਕਰਦੇ ਸਨ ਕਿ ਅੰਗਰੇਜ਼ੀ ਹਕੂਮਤ ਹੁਣ ਕੁਝ ਦਿਨਾਂ ਦੀ ਪ੍ਰਾਹੁਣੀ ਹੈ।
ਬੱਬਰ ਅਕਾਲੀ ਲਹਿਰ ਕਿਵੇਂ ਪੈਦਾ ਹੋਈ ? ਇਸ ਦਾ ਉਦੇਸ਼ ਕੀ ਸੀ ? ਇਸ ਦੀ ਜਥੇਬੰਦੀ ਤੇ ਕੰਮ ਕਰਨ ਦਾ ਪ੍ਰੋਗਰਾਮ ਕੀ ਸੀ ? ਇਸ ਨੂੰ ਅੰਗਰੇਜ਼ੀ ਸਰਕਾਰ ਨੇ ਪੁਲਿਸ ਤੇ ਫ਼ੌਜੀ ਤਾਕਤ ਨਾਲ ਕਿਤਨੇ ਅਤਿਆਚਾਰ ਕਰ ਕੇ ਦਬਾਇਆ ਅਤੇ ਬੱਬਰਾਂ ਨੇ ਕਿਸ ਤਰ੍ਹਾਂ ਹੱਸ ਹੱਸ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ? ਇਸ ਨੂੰ ਕਿਤਨੀ ਸਫਲਤਾ ਹੋਈ ਅਤੇ ਇਸ ਦੇ ਅਸਫਲ ਰਹਿਣ ਦੇ ਕੀ ਕਾਰਨ ਬਣੇ ? ਇਨ੍ਹਾਂ ਸਾਰੀਆਂ ਗੱਲਾਂ ਦਾ ਇਤਿਹਾਸਕ ਕ੍ਰਮ-ਅਨੁਸਾਰ ਵੇਰਵਾ ਦੇਣ ਤੋਂ ਪਹਿਲਾਂ ਇਸ ਦੇ ਪੈਦਾ ਹੋਣ ਦੇ ਪਿਛੋਕੜ ਨੂੰ ਸਮਝਣਾ ਜ਼ਰੂਰੀ ਹੈ।
1918 ਵਿਚ ਪਹਿਲਾ ਸੰਸਾਰ-ਜੁੱਧ ਖ਼ਤਮ ਹੋਇਆ। ਜਰਮਨੀ ਨੂੰ ਹਾਰ ਹੋ ਗਈ ਅਤੇ ਅੰਗਰੇਜ਼ ਤੇ ਇਨ੍ਹਾਂ ਦੇ ਸਾਥੀ ਜੇਤੂ ਹੋ ਕੇ ਨਿਕਲੇ। ਜੁੱਧ ਵਿਚ ਭਾਰਤ-ਵਾਸੀਆਂ ਨੇ ਅੰਗਰੇਜ਼ਾਂ ਦੀ ਬੜੀ ਮਦਦ ਕੀਤੀ ਸੀ। ਉਸ ਦਾ ਇਨਾਮ ਹੁਣ ਅੰਗਰੇਜ਼ੀ ਸਰਕਾਰ ਨੇ ਇਹ ਦਿੱਤਾ ਕਿ ‘ਰੋਲਟ ਐਕਟ’ ਨਾਂ ਦਾ ਇਕ ਕਾਲਾ ਕਾਨੂੰਨ ਪਾਸ ਕਰ ਦਿੱਤਾ, ਜਿਸ ਦਾ ਆਸ਼ਾ ਹਿੰਦੀ ਦੇਸ਼-ਭਗਤਾਂ ਦੇ ਦਿਲਾਂ ਵਿਚ ਪੈਦਾ ਹੋਈ ਅਜ਼ਾਦੀ ਦੀ ਲਟਕ ਨੂੰ ਕੁਚਲਣਾ ਸੀ। ਮਹਾਤਮਾ ਗਾਂਧੀ ਜੀ ਦੀ ਅਗਵਾਈ ਹੇਠਾਂ ਰੌਲਟ ਐਕਟ ਵਿਰੁੱਧ ਜ਼ੋਰਦਾਰ ਰੋਸ ਪਰਗਟ ਕੀਤਾ ਗਿਆ ਅਤੇ 6 ਅਪ੍ਰੈਲ ਨੂੰ ਸਾਰੇ ਭਾਰਤ ਵਿਚ ਜ਼ਬਰਦਸਤ ਹੜਤਾਲ ਕੀਤੀ ਗਈ। ਪੰਜਾਬ ਦੇ ਲਾਟ ਓਡਵਾਇਰ ਨੇ ਮਾਰਸ਼ਲ-ਲਾਅ ਲਾ ਕੇ ਬੰਬਾਂ, ਗੋਲੀਆਂ ਤੇ ਸੰਗੀਨਾਂ ਨਾਲ ਲੋਕਾਂ ਨੂੰ ਭੈ-ਭੀਤ ਕਰਨਾ ਅਰੰਭ ਦਿੱਤਾ। ਜਲ੍ਹਿਆਂ ਵਾਲੇ ਬਾਗ਼ (ਅੰਮ੍ਰਿਤਸਰ) ਵਿਚ ਲਹੂ ਦਾ ਦਰਿਆ ਵਹਾ ਦਿੱਤਾ । ਮਹਾਤਮਾ ਗਾਂਧੀ ਜੀ ਨੇ ਐਲਾਨ ਕੀਤਾ ਕਿ ਅਜਿਹੀ ਸ਼ੈਤਾਨ ਹਕੂਮਤ ਨੂੰ ਹੁਣ ਖ਼ਤਮ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਭਾਰਤ ਨੂੰ ਅੰਗਰੇਜ਼ਾਂ ਤੋਂ ਅਜ਼ਾਦ ਕਰਾਉਣ ਲਈ ਨਾ-ਮਿਲਵਰਤਣ ਤੋਂ ਸ਼ਾਂਤਮਈ ਸਤਿਆਗ੍ਰਹਿ ਦਾ ਪ੍ਰੋਗਰਾਮ ਪੇਸ਼ ਕਰ ਕੇ ਜ਼ੋਰਦਾਰ ਜਨਤਕ ਅੰਦੋਲਨ ਅਰੰਭ ਦਿੱਤਾ।
ਪੰਜਾਬ ਵਿਚ ਸਿੱਖਾਂ ਦੇ ਦਿਲਾਂ ਵਿਚ ਕਈ ਕਾਰਨਾਂ ਕਰਕੇ ਅੰਗਰੇਜ਼ਾਂ ਦੇ ਵਿਰੁੱਧ ਬੜੀ ਨਾਰਾਜ਼ਗੀ ਵਧ ਚੁੱਕੀ ਸੀ। ਖ਼ਾਸ ਕਰਕੇ ਗੁਰਦੁਆਰਿਆਂ ਦੇ ਮਹੰਤੀ ਤੇ ਸਰਬਰਾਹੀ ਪ੍ਰਬੰਧ ਦੇ ਕਾਰਨ ਸਿਖ ਸੰਗਤਾਂ ਵਿਚ ਬੜੀ ਬੇਚੈਨੀ ਸੀ। 1914 ਵਿਚ ਅੰਗਰੇਜ਼ਾਂ ਨੇ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਦੀ ਕੰਧ ਗਿਰਾ ਕੇ ਇਨ੍ਹਾਂ ਦੇ ਦਿਲ ਫੱਟੜ ਕਰ ਦਿੱਤੇ ਸਨ। ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ: ਦਰਬਾਰ ਸਾਹਿਬ, ਤਰਨ ਤਾਰਨ, ਨਨਕਾਣਾ ਸਾਹਿਬ, ਪੰਜਾ ਸਾਹਿਬ, ਬਾਬੇ ਦੀ ਬੇਰ ਆਦਿਕ ਦੇ ਪ੍ਰਬੰਧ ਬਹੁਤ ਹੀ ਵਿਗੜ ਚੁੱਕੇ ਸਨ। ਇਨ੍ਹਾਂ ਦੇ ਸੁਧਾਰ ਲਈ ਸਭ ਕਾਨੂੰਨੀ ਜਤਨ ਫ਼ੇਲ੍ਹ ਹੋ ਗਏ ਸਨ। ਨਾ ਡੈਪੂਟੇਸ਼ਨਾਂ ਰਾਹੀਂ ਅਤੇ ਨਾ ਅਦਾਲਤਾਂ ਵਿਚ ਮੁਕੱਦਮਿਆਂ ਰਾਹੀਂ ਕੁਝ ਬਣਦਾ ਦਿੱਸਦਾ ਸੀ। ਇਸੇ ਕਰਕੇ ਦੇਸ਼ ਦੀ ਰਾਜਸੀ ਸਥਿਤੀ ਅਤੇ ਮਹਾਤਮਾ ਗਾਂਧੀ ਜੀ ਦੇ ਨਾ-ਮਿਲਵਰਤਣ ਤੇ ਸਤਿਆਗ੍ਰਹਿ ਦੇ ਅੰਦੋਲਨ ਤੋਂ ਪ੍ਰਭਾਵਤ ਹੋ ਕੇ ਸਿੱਖਾਂ ਨੇ ਗੁਰਦੁਆਰਾ ਸੁਧਾਰ ਦੀ ਲਹਿਰ ਤਿੱਖੀ ਕਰ ਦਿੱਤੀ।
ਮਈ 1920 ਵਿਚ ਲਾਹੌਰ ਤੋਂ ਅਕਾਲੀ ਅਖ਼ਬਾਰ ਜਾਰੀ ਹੋਇਆ, ਜਿਸ ਦੇ ਪਹਿਲੇ ਐਡੀਟਰ ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਗਿਆਨੀ ਹੀਰਾ ਸਿੰਘ ‘ਦਰਦ’ ਤੇ ਸ: ਮੰਗਲ ਸਿੰਘ ਆਦਿ ਸਨ। ਇਸ ਅਖ਼ਬਾਰ ਦੇ ਅਜ਼ਾਦੀ ਦੇ ਰੰਗ ਵਿਚ ਰੰਗੇ ਹੋਏ ਨਿਧੜਕ ਲੇਖਾਂ ਨੇ ਸਿਖ ਕੌਮ ਨੂੰ ਜਗਾ ਦਿੱਤਾ। ਉਹ ਇਕ ਪਾਸੇ ਅਜ਼ਾਦੀ ਦੇ ਅੰਦੋਲਨ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਲੱਗ ਪਏ, ਦੂਜੇ ਪਾਸੇ ਗੁਰਦੁਆਰਾ ਸੁਧਾਰ ਲਈ ਜਥੇਬੰਦੀਆਂ ਬਣਾਉਣ ਲੱਗ ਪਏ। ਅੰਦੋਲਨ ਤੇ ਘੋਲ ਦਾ ਪ੍ਰੋਗਰਾਮ ਸ਼ਾਂਤਮਈ ਨਾ-ਮਿਲਵਰਤਣ ਤੇ ਸਤਿਆਗ੍ਰਹਿ ਸੀ। ਸਥਾਨਕ ਅਕਾਲੀ ਜਥੇ ਬਣਨੇ ਅਰੰਭ ਹੋ ਗਏ ਤੇ ਕੁਝ ਗੁਰਦੁਆਰਿਆਂ ਉੱਤੇ ਕਬਜ਼ੇ ਵੀ ਹੋ ਗਏ।
5 ਅਕਤੂਬਰ 1920 ਨੂੰ ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ ਉੱਤੇ ਕਬਜ਼ਾ ਹੋ ਗਿਆ ਤੇ ਸਥਾਨਕ ਕਮੇਟੀ ਬਣ ਗਈ।
12 ਅਕਤੂਬਰ 1920 ਨੂੰ ਅਕਾਲ ਤਖ਼ਤ ਸਾਹਿਬ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਕਬਜ਼ਾ ਹੋ ਗਿਆ ਤੇ ਕਮੇਟੀ ਬਣ ਗਈ।
15-16 ਨਵੰਬਰ 1920 ਨੂੰ ਅਕਾਲ ਤਖ਼ਤ ਸਾਹਿਬ ਦੇ ਸਾਮ੍ਹਣੇ ਬੜਾ ਭਾਰੀ ਪੰਥਕ ਇਕੱਠ ਹੋਇਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੀ ਗਈ।
18 ਨਵੰਬਰ ਨੂੰ ਪੰਜਾ ਸਾਹਿਬ ਦੇ ਗੁਰਦੁਆਰੇ ‘ਤੇ ਕਬਜ਼ਾ ਹੋ ਗਿਆ। ਦਿਨੋ ਦਿਨ ਵਧ ਰਹੀ ਅਕਾਲੀ ਲਹਿਰ ਨੂੰ ਜਥੇਬੰਦੀ ਵਿਚ ਪਰੋ ਕੇ ਕੇਂਦਰੀ ਅਗਵਾਈ ਹੇਠਾਂ ਚਲਾਉਣ ਲਈ ਇਕ ਪਾਸੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਬਣ ਗਈ ਸੀ, ਹੁਣ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਵੀ ਬਣ ਗਿਆ।
ਅਖ਼ੀਰ ਦਸੰਬਰ 1920 ਤਕ ਗੁਰਦੁਆਰਾ ਸੁਧਾਰ ਲਈ ਅਕਾਲੀ ਅੰਦੋਲਨ ਪੂਰਨ ਸ਼ਾਂਤਮਈ ਸਤਿਆਗ੍ਰਹਿ ਅਨੁਸਾਰ ਚੱਲਦਾ ਰਿਹਾ ਤੇ ਕੁਝ ਗੁਰਦੁਆਰਿਆਂ ਉੱਤੇ ਕਬਜ਼ੇ ਵੀ ਹੋ ਗਏ। ਅਕਾਲੀ ਲਹਿਰ ਦਿਨੋ ਦਿਨ ਚੜ੍ਹਦੀਆਂ ਕਲਾਂ ਵੱਲ ਜਾ ਰਹੀ ਸੀ। ਮਹੰਤ ਵੀ ਘਬਰਾ ਰਹੇ ਸਨ ਤੇ ਹਕੂਮਤ ਵੀ ਚਿੰਤਾਤੁਰ ਹੋ ਰਹੀ ਸੀ। ਮਾਲੂਮ ਹੁੰਦਾ ਹੈ ਕਿ ਇਸ ਸਮੇਂ ਕੁਝ ਅੰਗਰੇਜ਼ ਹਾਕਮਾਂ ਵਲੋਂ ਮਹੰਤਾਂ, ਗ੍ਰੰਥੀਆਂ ਤੇ ਪੁਜਾਰੀਆਂ ਨੂੰ ਸ਼ਹਿ ਮਿਲ ਰਹੀ ਸੀ ਕਿ ਉਹ ਸ਼ਾਂਤਮਈ ਅਕਾਲੀ ਜਥਿਆਂ ਦਾ ਸ਼ਸਤਰਾਂ ਨਾਲ ਟਾਕਰਾ ਕਰਨ ਤੇ ਕਬਜ਼ੇ ਨਾ ਦੇਣ । ਸ਼ਾਂਤਮਈ ਜਥੇ ਉਨ੍ਹਾਂ ਦਾ ਕੀ ਵਿਗਾੜ ਸਕਣਗੇ।
26 ਜਨਵਰੀ 1921 ਨੂੰ ਗੁਰਦੁਆਰਾ ਤਰਨ ਤਾਰਨ ਸਾਹਿਬ ਦਾ ਸੁਧਾਰ ਕਰਨ ਲਈ ਅਕਾਲੀ ਜਥੇ ਪਹੁੰਚ ਗਏ। ਗ੍ਰੰਥੀਆਂ ਨੂੰ ਬੜੇ ਪ੍ਰੇਮ ਨਾਲ ਗੁਰਦੁਆਰੇ ਦਾ ਪ੍ਰਬੰਧ ਸੁਧਾਰਨ ਤੇ ਗੱਲ-ਬਾਤ ਕਰ ਕੇ ਫ਼ੈਸਲਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉੱਥੇ ਗ੍ਰੰਥੀਆਂ ਤੇ ਪੁਜਾਰੀਆਂ ਨੇ ਕੁਝ ਹੋਰ ਹੀ ਗੋਂਦ ਗੁੰਦੀ ਹੋਈ ਸੀ । ਗੱਲਾਂ-ਬਾਤਾਂ ਵਿਚ ਦਿਨ ਗੁਜ਼ਾਰ ਕੇ ਰਾਤ ਦੇ ਨੌਂ ਵਜੇ ਪਹਿਲੇ ਕੁਝ ਗੋਲੇ ਫਟੇ, ਫਿਰ ਪੁਜਾਰੀਆਂ ਵਲੋਂ ਸ਼ਾਂਤਮਈ ਅਕਾਲੀਆਂ ਉੱਤੇ ਇੱਟਾਂ, ਪੱਥਰਾਂ ਦੀ ਵਰਖਾ ਤੇ ਛਵੀਆਂ ਦੇ ਵਾਰ ਅਰੰਭ ਹੋ ਗਏ, ਜਿਸ ਦਾ ਫਲ ਇਹ ਨਿਕਲਿਆ ਕਿ 17 ਅਕਾਲੀ ਬੁਰੀ ਤਰ੍ਹਾਂ ਫੱਟੜ ਹੋ ਗਏ, ਅਤੇ ਇਨ੍ਹਾਂ ਵਿਚੋਂ ਦੋ ਸਿੰਘ ਸ਼ਹੀਦ ਵੀ ਹੋ ਗਏ।
ਗੁਰਦੁਆਰੇ ਉੱਤੇ ਕਬਜ਼ਾ ਤਾਂ ਹੋ ਗਿਆ, ਪਰ ਕਈ ਅਕਾਲੀ ਸੋਚਣ ਲੱਗ ਪਏ ਕਿ ਜੇ ਅੱਗੋਂ ਪੁਜਾਰੀਆਂ ਵਲੋਂ ਪੂਰੀ ਤਿਆਰੀ ਨਾਲ ਸ਼ਸਤਰ-ਬਧ ਟਾਕਰਾ ਹੋਣ ਲੱਗ ਪਿਆ ਤਾਂ ਕੀ ਬਣੇਗਾ ? ਕੀ ਸ਼ਾਂਤਮਈ ਕੁਰਬਾਨੀਆਂ ਦੇਣ ਨਾਲ ਦੁਸ਼ਟਾਂ ਤੇ ਅਤਿਆਚਾਰੀਆਂ ਦੇ ਦਿਲ ਬਦਲ ਜਾਣਗੇ ? ਸਾਨੂੰ ਵੀ ਕੁਝ ਉਪਾਅ ਕਰਨਾ ਚਾਹੀਦਾ ਹੈ।
ਮਹੀਨੇ ਕੁ ਮਗਰੋਂ 21 ਫ਼ਰਵਰੀ 1921 ਨੂੰ ਨਨਕਾਣਾ ਸਾਹਿਬ ਵਿਚ ਬੜਾ ਭਿਆਨਕ ਸਾਕਾ ਵਰਤ ਗਿਆ। ਜਦੋਂ 21 ਫ਼ਰਵਰੀ ਪਰਭਾਤ ਵੇਲੇ ਸ: ਲਛਮਣ ਸਿੰਘ ਜੀ ਦੀ ਜਥੇਦਾਰੀ ਹੇਠਾਂ ਅਕਾਲੀਆਂ ਦਾ ਜਥਾ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਵਿਚ ਦਾਖ਼ਲ ਹੋਇਆ ਤਾਂ ਉਸ ਉੱਤੇ ਕੋਠੇ ਉੱਤੋਂ ਗੋਲੀਆਂ ਦੀ ਬਰਖਾ ਅਰੰਭ ਹੋ ਗਈ। 86 ਅਕਾਲੀ ਨਿਹਾਇਤ ਬੇਦਰਦੀ ਨਾਲ ਸ਼ਹੀਦ ਕੀਤੇ ਗਏ। ਫੱਟੜ ਤੇ ਅਧਮੋਏ ਫੜ ਫੜ ਕੇ ਅੱਗ ਵਿਚ ਸਾੜ ਦਿੱਤੇ ਗਏ। ਮਹੰਤ ਨਰੈਣ ਦਾਸ ਕਈ ਦਿਨ ਪਹਿਲਾਂ ਤਿਆਰੀ ਕਰਦਾ ਰਿਹਾ ਸੀ । ਮਹਾਤਮਾ ਗਾਂਧੀ ਜੀ ਨੇ ਕਿਹਾ ਸੀ ਕਿ ਇਤਨਾ ਭਾਰੀ ਕਤਲਾਮ ਤੇ ਅਤਿਆਚਾਰ ਇਕੱਲੇ ਆਦਮੀ ਦਾ ਕੰਮ ਨਹੀਂ, ਇਸ ਵਿਚ ਸਰਕਾਰੀ ਹਾਕਮਾਂ ਦਾ ਹੱਥ ਜ਼ਰੂਰ ਹੋਵੇਗਾ। ਕਈ ਅਕਾਲੀ ਵੀ ਇਨ੍ਹਾਂ ਸਾਕਿਆਂ ਵਿਚ ਸਰਕਾਰੀ ਹਾਕਮਾਂ ਦੇ ਹੱਥ ਦਾ ਸ਼ੱਕ ਕਰਦੇ ਸਨ।
ਤਰਨ ਤਾਰਨ ਤੇ ਨਨਕਾਣਾ ਸਾਹਿਬ ਦੇ ਖੂਨੀ ਸਾਕਿਆਂ ਨੇ ਕਈ ਸਿੱਖਾਂ ਦੇ ਦਿਲ ਵਿਚ ਸ਼ਾਂਤਮਈ ਸਤਿਆਗ੍ਰਹਿ ਰਾਹੀਂ ਸਫਲਤਾ ਵਿਚ ਸ਼ੱਕ ਪੈਦਾ ਕਰ ਦਿੱਤੇ – ਅਤੇ ਕਈ ਜੋਸ਼ੀਲੇ ਤਾਂ ਕੁਝ ਹੋਰ ਹੀ ਸੋਚਾਂ ਕਰਨ ਲੱਗ ਪਏ। ਉਹ ਉਨ੍ਹਾਂ ਦੁਸ਼ਟਾਂ ਦਾ ਸੁਧਾਰ ਕਰਨ ਲਈ ਕੋਈ ਉਪਾਅ ਸੋਚਣ ਲੱਗ ਪਏ, ਜਿਹੜੇ ਨੌਕਰਸ਼ਾਹੀ ਦੇ ਹੱਥ- ਠੋਕੇ ਬਣ ਕੇ ਇਹੋ ਜਿਹੇ ਕਹਿਰ ਕਮਾਉਣ ਦੇ ਜ਼ਿੰਮੇਵਾਰ ਸਨ।
ਪਹਿਲੀ ਸਾਜ਼ਸ਼
19, 20, 21 ਮਾਰਚ 1921 ਨੂੰ ਹੁਸ਼ਿਆਰਪੁਰ ਵਿਚ ਸਿਖ ਐਜੂਕੇਸ਼ਨਲ ਕਾਨਫ਼ਰੰਸ ਹੋਈ। ਓਥੇ ਕੁਝ ਗਰਮ-ਖ਼ਿਆਲੀਆਂ ਦੀ ਵੱਖਰੀ ਮੀਟਿੰਗ ਹੋਈ, ਜਿਸ ਵਿਚ ਹੇਠ ਲਿਖੇ ਆਗੂ ਸ਼ਾਮਲ ਸਨ:
ਮਾਸਟਰ ਮੋਤਾ ਸਿੰਘ ਜੀ ਪਤਾਰਾ, ਕਿਸ਼ਨ ਸਿੰਘ ਬੜਿੰਗ, ਅਮਰ ਸਿੰਘ ਦਿੱਲੀ, ਬਿਜਲਾ ਸਿੰਘ ਪਟਿਆਲਾ, ਗੁਰਬਚਨ ਸਿੰਘ ਅੰਬਾਲਾ, ਅਮਰ ਸਿੰਘ ਕੋਟ ਬਾੜੇ ਖ਼ਾਂ (ਜ਼ਿਲ੍ਹਾ ਗੁਜਰਾਂਵਾਲਾ), ਚਤਰ ਸਿੰਘ (ਜ਼ਿਲ੍ਹਾ ਸ਼ੇਖੂਪੁਰਾ), ਸ਼ਾਂਕਰ ਸਿੰਘ ਪੰਡੋਰੀ ਬੀਬੀ, ਵਤਨ ਸਿੰਘ ਕਾਹਰੀ, ਭਾਈ ਚੈਂਚਲ ਸਿੰਘ ਜੰਡਿਆਲਾ, ਨਰੈਣ ਸਿੰਘ ਚਾਟੀਵਿੰਡ, ਬੇਲਾ ਸਿੰਘ ਤੇ ਗੰਡਾ ਸਿੰਘ ਜ਼ਿਲ੍ਹਾ ਲੁਧਿਆਣਾ, ਤੋਤਾ ਸਿੰਘ ਪਿਸ਼ਾਵਰ, ਆਦਿ।
ਇਸ ਮੀਟਿੰਗ ਵਿਚ ਇਹ ਮਤਾ ਪਾਸ ਕੀਤਾ ਗਿਆ ਕਿ ਨਨਕਾਣਾ ਸਾਹਿਬ ਦੇ ਸਾਕੇ ਦੇ ਜ਼ਿੰਮੇਵਾਰਾਂ ਨੂੰ ਕਤਲ ਕਰ ਦਿੱਤਾ ਜਾਵੇ। ਉਸ ਵੇਲੇ ਇਹ ਗੱਲ ਆਮ ਮਸ਼ਹੂਰ ਸੀ ਕਿ ਸਰਦਾਰ ਬਹਾਦਰ ਸੁੰਦਰ ਸਿੰਘ ਮਜੀਠੀਆ, ਬੇਦੀ ਕਰਤਾਰ ਸਿੰਘ, ਮਹੰਤ ਦੇਵਾ ਦਾਸ ਨਨਕਾਣਾ, ਮਹੰਤ ਬਸੰਤ ਦਾਸ ਮਾਣਕ, ਮਿਸਟਰ ਬਾਉਰਿੰਗ ਸੁਪ੍ਰਿੰਟੈਂਡੈਂਟ ਪੁਲਿਸ ਅਤੇ ਮਿਸਟਰ ਕਿੰਗ ਨਨਕਾਣਾ ਸਾਹਿਬ ਦੇ ਸਾਕੇ ਤੇ ਸ਼ਹੀਦੀਆਂ ਦੇ ਜ਼ਿੰਮੇਵਾਰ ਹਨ। ਇਸ ਲਈ ਇਨ੍ਹਾਂ ਨੂੰ ਖ਼ਤਮ ਕਰਨ ਦਾ ਪਰਬੰਧ ਕਰਨਾ ਚਾਹੀਏ ਤਾਂ ਜੁ ਅੰਗਰੇਜ਼ ਹਾਕਮਾਂ ਤੇ ਝੋਲੀਚੁੱਕਾਂ ਨੂੰ ਕੰਨ ਹੋ ਜਾਣ ਕਿ ਸਿੱਖਾਂ ਦੀ ਅਣਖ ਜੀਉਂਦੀ ਹੈ।
ਇਸ ਮਤਲਬ ਲਈ ਤੋਤਾ ਸਿੰਘ ਪਿਸ਼ਾਵਰੀ ਰਾਹੀਂ ਸੂਬਾ ਸਰਹੱਦ ਤੋਂ ਕੁਝ ਹਥਿਆਰ ਅਤੇ ਬੰਬ ਹਾਸਲ ਕੀਤੇ ਗਏ। ਸੱਤ ਰੀਵਾਲਵਰ ਅੰਬਾਲਾ ਛਾਉਣੀ ਵਿਚੋਂ ਹਵਾਈ ਫ਼ੌਜ ਦੇ ਅਸਲਖ਼ਾਨੇ ਤੋਂ ਕਾਬੂ ਕੀਤੇ ਗਏ। ਸਭ ਤੋਂ ਪਹਿਲਾਂ ਬੇਲਾ ਸਿੰਘ ਤੇ ਗੰਡਾ ਸਿੰਘ ਦੀ ਡੀਊਟੀ ਮਿਸਟਰ ਬਾਇਰਿੰਗ ਨੂੰ ਕਤਲ ਕਰਨ ਦੀ ਲਾਈ ਗਈ। ਇਨ੍ਹਾਂ ਦੋਹਾਂ ਨੇ 23 ਮਈ ਨੂੰ ਲਾਹੌਰ ਜਾ ਕੇ ਉਸ ਦੇ ਬੰਗਲੇ ਤੋਂ ਪਤਾ ਕੀਤਾ ਤਾਂ ਬਾਊਰਿੰਗ ਬਾਹਰ ਗਿਆ ਹੋਇਆ ਸੀ। ਦੋਵੇਂ ਉਸ ਦੀ ਸੂਹ ਲੈਂਦੇ ਲੈਂਦੇ ਸਟੇਸ਼ਨ ‘ਤੇ ਆ ਗਏ। ਉਨ੍ਹਾਂ ਵਿਚਾਰਿਆਂ ਨੇ ਕਦੋਂ ਖ਼ੁਫ਼ੀਆ ਕੰਮ ਕੀਤੇ ਸਨ। ਲਾਹੌਰ ਵਿਚ ਬਹੁਤ ਲਾਪਰਵਾਹੀ ਨਾਲ ਫਿਰਦੇ ਰਹੇ। ਪੁਲਿਸ ਵਾਲਿਆਂ ਨੂੰ ਸ਼ੱਕ ਪੈ ਗਿਆ ਅਤੇ ਉਥੇ ਹੀ ਗ੍ਰਿਫ਼ਤਾਰ ਕਰ ਲਏ ਗਏ।
ਤਫ਼ਤੀਸ਼ ਕਰਦਿਆਂ ਸਾਰੀ ਸਾਜ਼ਸ਼ ਦਾ ਭਾਂਡਾ ਭੱਜ ਗਿਆ। ਅਮਰ ਸਿੰਘ ਕੋਟ ਬਾੜੇ ਖ਼ਾਂ, ਨਰੈਣ ਸਿੰਘ, ਤੋਤਾ ਸਿੰਘ, ਚਤਰ ਸਿੰਘ, ਚੈਂਚਲ ਸਿੰਘ, ਠਾਕਰ ਸਿੰਘ ਭੇਜੋਵਾਲ ਤੇ ਸ਼ਾਂਕਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕਿਸ਼ਨ ਸਿੰਘ, ਮਾਸਟਰ ਮੋਤਾ ਸਿੰਘ, ਅਮਰ ਸਿੰਘ ਦਿੱਲੀ, ਵਤਨ ਸਿੰਘ ਕਾਹਰੀ, ਬਿਜਲਾ ਸਿੰਘ ਤੇ ਗੁਰਬਚਨ ਸਿੰਘ ਦੇ ਵਰੰਟ ਨਿਕਲ ਗਏ। ਆਪ ਮਫ਼ਰੂਰ ਹੋ ਗਏ। ਮਾਸਟਰ ਮੋਤਾ ਸਿੰਘ ਜੀ ਦੀ ਗ੍ਰਿਫ਼ਤਾਰੀ ਲਈ ਇਕ ਹਜ਼ਾਰ ਤੇ ਬਾਕੀ ਚੌਹਾਂ ਦਾ ਦੋ ਦੋ ਸੌ ਰੁਪਿਆ ਇਨਾਮ ਰੱਖਿਆ ਗਿਆ। ਇਹ ਮੁਕੱਦਮਾ 18 ਮਈ 1922 ਤਕ ਚੱਲਦਾ ਰਿਹਾ। ਅਖ਼ੀਰ ਵਿਚ ਤੋਤਾ ਸਿੰਘ ਨੂੰ ਪੰਜ ਸਾਲ, ਬੇਲਾ ਸਿੰਘ ਤੇ ਗੰਡਾ ਸਿੰਘ ਨੂੰ ਤਿੰਨ ਤਿੰਨ ਸਾਲ ਦੀ ਸਜ਼ਾ ਹੋਈ ਅਤੇ ਬਾਕੀ ਬਰੀ ਕਰ ਦਿੱਤੇ ਗਏ।
ਅਦਮ-ਤਸ਼ੱਦਦ ਤੋਂ ਨਫ਼ਰਤ
1921 ਵਿਚ ਗਾਂਧੀ ਜੀ ਤੇ ਹੋਰ ਕਾਂਗਰਸੀ ਲੀਡਰ ਸਤਿਆਗ੍ਰਹਿ, ਹੱਥ ਨਾ ਉਠਾਉਣ, ਚੁੱਪ-ਚਾਪ ਸਖ਼ਤੀਆਂ ਝੱਲਣ ਤੇ ਅਦਮ-ਤਸ਼ੱਦਦ ਦਾ ਜ਼ੋਰਦਾਰ ਪਰਚਾਰ ਕਰ ਰਹੇ ਸਨ। ਗਾਂਧੀ ਜੀ ਦੀ ਇਹ ਬੜੀ ਸ਼ਿਕਾਇਤ ਸੀ ਕਿ ਪੰਜਾਬੀ (ਖ਼ਾਸ ਤੌਰ ਪੁਰ ਸਿਖ) ਬਹੁਤ ਜੁਸ਼ੀਲੇ ਹਨ ਅਤੇ ਅਦਮ-ਤਸ਼ੱਦਦ ਦੇ ਅਸੂਲਾਂ ਦੇ ਪਾਬੰਦ ਨਹੀਂ ਰਹਿਣਗੇ।
ਸ਼੍ਰੋਮਣੀ ਕਮੇਟੀ ਨੇ ਇਹ ਮਤਾ ਪਾਸ ਕਰ ਦਿੱਤਾ ਕਿ ਕੋਈ ਸਿੱਖ ਹੱਥ ਨਾ ਉਠਾਵੇ, ਕੁਲ ਸਖ਼ਤੀਆਂ ਨੂੰ ਸ਼ਾਂਤੀ ਨਾਲ ਝੱਲਿਆ ਜਾਵੇ, ਵਰੰਟ ਨਿਕਲਣ ਪੁਰ ਖ਼ੁਫ਼ੀਆ ਰਹਿ ਕੇ ਕੰਮ ਨਾ ਕੀਤਾ ਜਾਵੇ, ਜਿਸ ਦੇ ਭੀ ਵਰੰਟ ਨਿਕਲਣ, ਉਹ ਅਦਾਲਤ ਵਿਚ ਪੇਸ਼ ਹੋ ਜਾਵੇ।
ਪਰ ਜਥੇਦਾਰ ਕਿਸ਼ਨ ਸਿੰਘ ਤੇ ਮਾਸਟਰ ਮੋਤਾ ਸਿੰਘ ਹੋਰਾਂ ਦਾ ਇਹ ਖ਼ਿਆਲ ਸੀ ਕਿ ਜਿਸ ਹਕੂਮਤ ਦਾ ਕੋਈ ਈਮਾਨ ਤੇ ਇਖ਼ਲਾਕ ਨਹੀਂ, ਜਿਹੜੀ ਧੋਖੇ-ਫ਼ਰੇਬ ਵਿਚ ਮਾਹਿਰ ਹੈ ਅਤੇ ਜੋ ਨਿਹੱਥਿਆਂ ਪੁਰ ਜ਼ੁਲਮ ਅਤਿਆਚਾਰ ਕਰਦੀ ਹੈ, ਉਸ ਨਾਲ ਸ਼ਾਂਤੀ ਦੀ ਲੜਾਈ ਲੜਨੀ ਗਲਤ ਹੈ। ਉਸ ਦੀ ਅਦਾਲਤੋਂ ਇਨਸਾਫ਼ ਨਹੀਂ ਮਿਲ ਸਕਦਾ ਅਤੇ ਉਸ ਸਾਹਮਣੇ ਹੱਥ ਨਾ ਚੁੱਕਣ ਦਾ ਪ੍ਰਣ ਕਿਉਂ ਲਿਆ ਜਾਵੇ? ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਇਸ ਫ਼ੈਸਲੇ ਨੂੰ ਮੰਨਣੋਂ ਇਨਕਾਰ ਕਰ ਦਿੱਤਾ ਅਤੇ ਪਹਿਲੀ ਅਕਾਲੀ ਸਾਜ਼ਸ਼ ਵਿਚ ਵਰੰਟ ਨਿਕਲ ਜਾਣ ਪੁਰ ਫ਼ੈਸਲਾ ਕੀਤਾ ਕਿ ਪੁਲਿਸ ਦੇ ਹੱਥ ਨਾ ਆਇਆ ਜਾਵੇ ਅਤੇ ਬਾਹਰ ਰਹਿ ਕੇ ਹਕੂਮਤ ਵਿਰੁੱਧ ਪਰਚਾਰ ਕੀਤਾ ਜਾਵੇ।
ਜਥੇਦਾਰ ਕਿਸ਼ਨ ਸਿੰਘ ਮੈਦਾਨ ਵਿਚ
ਚੱਕਰਵਰਤੀ ਜਥਾ ਖੜਾ ਕਰਨ ਦਾ ਮਨਸੂਬਾ
ਜਥੇਦਾਰ ਕਿਸ਼ਨ ਸਿੰਘ ਗੜਗੱਜ ਦੇ ਵਰੰਟ ਨਿਕਲ ਚੁੱਕੇ ਸਨ ਅਤੇ ਉਸ ਦਾ ਸ਼ਾਂਤਮਈ ਢੰਗ ਨਾਲ ਸਫਲਤਾ ਪ੍ਰਾਪਤ ਕਰਨ ਤੋਂ ਨਿਸਚਾ ਟੁੱਟ ਚੁੱਕਾ ਸੀ। ਉਹ ਹੁਣ ਮੈਦਾਨ ਵਿਚ ਗੱਜਿਆ। ਉਸ ਸਬੰਧੀ ਸੰਖੇਪ ਜਾਣ-ਪਛਾਣ ਕਰਾਉਣੀ ਜ਼ਰੂਰੀ ਜਾਪਦੀ ਹੈ।
ਜਥੇਦਾਰ ਕਿਸ਼ਨ ਸਿੰਘ ਪਿੰਡ ਬੜਿੰਗ ਜ਼ਿਲ੍ਹਾ ਜਲੰਧਰ ਦਾ ਰਹਿਣ ਵਾਲਾ ਸੀ । ਉਮਰ 30-31 ਸਾਲ, ਲੰਮਾ ਜੁਆਨ, 35 ਨੰ: ਸਿਖ ਪਲਟਨ ਵਿਚ ਹੌਲਦਾਰ ਮੇਜਰ ਸੀ। ਜਦ ਪੰਜਾਬ ਵਿਚ ਮਾਰਸ਼ਲ-ਲਾਅ ਲੱਗਾ ਤੇ ਜਨਤਾ ਉੱਤੇ ਭਿਆਨਕ ਅਤਿਆਚਾਰ ਹੋਏ ਤਾਂ ਆਪ ਦੇ ਦਿਲ ਵਿਚ ਹਕੂਮਤ ਬਰਤਾਨੀਆ ਵਿਰੁੱਧ ਨਫ਼ਰਤ ਦਾ ਭਾਂਬੜ ਬਲ ਉਠਿਆ। ਆਪ ਨੇ ਪਲਟਨ ਵਿਚ ਹੀ ਸਰਕਾਰ ਵਿਰੁੱਧ ਪਰਚਾਰ ਅਰੰਭ ਦਿੱਤਾ, ਨਤੀਜਾ ਇਹ ਹੋਇਆ ਕਿ ਆਪ ਨੂੰ ਕੋਰਟ ਮਾਰਸ਼ਲ ਕਰ ਕੇ 28 ਦਿਨ ਦੀ ਸਜ਼ਾ ਦਿੱਤੀ ਗਈ। ਹੁਣ ਆਪ ਜੀ ਦਾ ਦਿਲ ਸਰਕਾਰੀ ਨੌਕਰੀ ਤੋਂ ਇਤਨਾ ਖੱਟਾ ਹੋ ਗਿਆ ਕਿ ਆਪ ਨੇ ਨਾਂ ਕਟਾਉਣ ਦੀ ਦਰਖ਼ਾਸਤ ਦੇ ਦਿੱਤੀ । ਉਸ ਵੇਲੇ ਆਪ ਨੂੰ ਤਰੱਕੀ ਮਿਲਣ ਵਾਲੀ ਸੀ ਤੇ ਆਪ ਜਮਾਂਦਾਰ ਹੋਣ ਵਾਲੇ ਸਨ । ਕਈ ਅਫ਼ਸਰਾਂ ਨੇ ਆਪ ਜੀ ਨੂੰ ਸਮਝਾਇਆ, ਪਰ ਆਪ ਨੇ ਸਗੋਂ ਉਨ੍ਹਾਂ ਨੂੰ ਭੀ ਨੌਕਰੀ ਛੱਡ ਦੇਣ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ । ਆਖ਼ਰ ਆਪ ਨੂੰ ਡਿਸਚਾਰਜ ਕਰ ਦਿੱਤਾ। ਗਿਆ ਤੇ ਪੈਨਸ਼ਨ ਲੱਗ ਗਈ। ਪਰ ਆਪ ਨੇ ਜੀਉਂਦੇ-ਜੀਅ ਇਕ ਵਾਰ ਭੀ ਪੈਨਸ਼ਨ ਨਹੀਂ ਵਸੂਲੀ। 1920 ਵਿਚ ਆਪ ਅਕਾਲੀ ਲਹਿਰ ਵਿਚ ਕੁੱਦ ਪਏ ਅਤੇ ਅਕਾਲੀ ਜਥਿਆਂ ਵਿਚ ਸ਼ਾਮਲ ਹੋ ਕੇ ਕੰਮ ਕਰਨ ਲੱਗ ਪਏ।
ਆਪ ਦਾ ਸ਼ੁਰੂ ਤੋਂ ਹੀ ਖ਼ਿਆਲ ਸੀ ਕਿ ਸ਼ਾਂਤਮਈ ਨਾਲ ਕੁਝ ਨਹੀਂ ਬਣਨਾ, ਸਗੋਂ ਹਥਿਆਰਬੰਦ ਬਗ਼ਾਵਤ ਦੀ ਤਿਆਰੀ ਕਰਨੀ ਚਾਹੀਦੀ ਹੈ । ਆਪ ਧੜੱਲੇਦਾਰ ਤੇ ਪਰਭਾਵਸ਼ਾਲੀ ਪਰਚਾਰਕ ਸਨ ਤੇ ਦਿਨ ਰਾਤ ਅਕਾਲੀ ਲਹਿਰ ਦੀ ਸੇਵਾ ਵਿਚ ਇਕ ਕਰਨ ਲੱਗੇ। ਛੇਤੀ ਹੀ ਆਪ ਏਨੇ ਹਰਮਨ ਪਿਆਰੇ ਹੋ ਗਏ ਕਿ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਸਕੱਤਰ ਚੁਣਿਆ ਗਿਆ । ਪਰ ਹੁਸ਼ਿਆਰਪੁਰ ਵਿਚ ਹੋਈ। ਪਹਿਲੀ ਸਾਜ਼ਸ਼ ਦੇ ਸੰਬੰਧ ਵਿਚ ਆਪ ਦੇ ਵਰੰਟ ਨਿਕਲ ਚੁੱਕੇ ਸਨ।
ਜਥੇਦਾਰ ਕਿਸ਼ਨ ਸਿੰਘ ਆਪਣੇ ਵਰੰਟ ਨਿਕਲ ਜਾਣ ਮਗਰੋਂ ਸੰਤ ਕਰਤਾਰ ਸਿੰਘ ਤੇ ਬੇਲਾ ਸਿੰਘ ਪ੍ਰਾਗਪੁਰੀਏ ਨੂੰ ਮਿਲੇ । ਪ੍ਰਾਗਪੁਰ ਬੜਿੰਗ ਦੇ ਲਾਗੇ ਹੋਣ ਕਰਕੇ ਇਹ ਦੋਵੇਂ ਸੱਜਣ ਕਿਸ਼ਨ ਸਿੰਘ ਦੇ ਵਾਕਫ਼ ਸਨ । ਸੰਤ ਕਰਤਾਰ ਸਿੰਘ ਦਾ ਪਹਿਲਾ ਨਾਂ ਸ਼ਰਫ਼ਦੀਨ ਸੀ। ਉਹ ਪੰਜ-ਸਤ ਸਾਲ ਤੋਂ ਸਿਖ ਬਣ ਚੁੱਕਿਆ ਸੀ। ਉਹ ਫਿਰਦਾ-ਫਿਰਾਂਦਾ ਸੰਤ ਮਿੱਤ ਸਿੰਘ ਗੁਰਦੁਆਰਾ ਕਿਸ਼ਨਪੁਰਾ ਦੇ ਮਹੰਤ ਨੂੰ ਮਿਲਿਆ। ਸੰਤ ਮਿੱਤ ਸਿੰਘ ਨੇ ਬੇਲਾ ਸਿੰਘ ਪ੍ਰਾਗਪੁਰੀਏ ਨੂੰ ਕਹਿ ਕੇ ਇਸ ਦੀ ਕੁਟੀਆ ਪ੍ਰਾਗਪੁਰ ਦੇ ਪਾਸ ਬਣਵਾ ਦਿੱਤੀ । ਛਾਉਣੀ ਜਲੰਧਰ ਦੇ ਨੇੜੇ ਹੋਣ ਕਰਕੇ ਸਿਪਾਹੀ ਤੇ ਫ਼ੌਜੀ ਅਫ਼ਸਰਾਂ ਨਾਲ ਇਸ ਦਾ ਕਾਫ਼ੀ ਮੇਲ-ਜੋਲ ਸੀ ਅਤੇ ਕਿਸ਼ਨ ਸਿੰਘ ਭੀ ਫ਼ੌਜ ਵਿਚ ਹੁੰਦਿਆਂ ਹੋਇਆਂ ਹੀ ਇਸ ਦਾ ਜਾਣੂ ਹੋ ਚੁੱਕਾ ਸੀ । ਫ਼ੌਜੀਆਂ ਨੇ ਪੈਸਾ ਧੇਲਾ ਇਕੱਠਾ ਕਰ ਕੇ ਛੱਪਰ ਦੀ ਥਾਂ ਇਸ ਦੀ ਕੁਟੀਆ ਪੱਕੀ ਬਣਵਾ ਦਿੱਤੀ ਸੀ । ਕਿਸ਼ਨ ਸਿੰਘ ਨੇ ਆਪਣੇ ਵਰੰਟਾਂ ਦੀ ਸਾਰੀ ਵਿਥਿਆ ਸੁਣਾਈ ਤੇ ਕੁਝ ਚਿਰ ਦਿਨ-ਕਟੀ ਕਰਨ ਦੀ ਥਾਂ ਪੁੱਛੀ। ਸੰਤ ਕਰਤਾਰ ਸਿੰਘ ਦੇ ਦੱਸਣ ਅਨੁਸਾਰ ਜਥੇਦਾਰ ਹੁਰੀਂ ਜੂਨ 1921 ਦੇ ਮਹੀਨੇ ਮਾਲਵੇ ਨੂੰ ਨਿਕਲ ਗਏ।
ਉਥੇ ਉਹ ਦਿਨ ਰਾਤ ਨਵੇਂ ਪ੍ਰੋਗਰਾਮ ਬਾਰੇ ਇਉਂ ਸੋਚਣ ਲੱਗੇ । ਸ਼ਾਂਤਮਈ ਦੀ ਲੜਾਈ ਤਾਂ ਦੋਸਤਾਂ ਮਿੱਤਰਾਂ ਦੀ ਆਪੋ ਵਿਚ ਸ਼ਿਕਵਾ-ਸ਼ਿਕਾਇਤ ਤੇ ਸਾਧਾਰਨ ਰੋਸ ਦਾ ਮੁਜ਼ਾਹਰਾ ਹੁੰਦਾ ਹੈ, ਜਾਂ ਨੇਕ ਆਦਮੀਆਂ ਦੇ ਦਿਲਾਂ ਉੱਤੇ ਅਸਰ ਪਾਉਣ ਲਈ ਸ਼ਾਂਤਮਈ ਸਤਿਆਗ੍ਰਹਿ ਸਫਲ ਹੈ। ਦੁਸ਼ਮਣ ਨਾਲ ਸ਼ਾਂਤਮਈ ਦਾ ਕੀ ਅਰਥ ? ਕੀ ਬਰਤਾਨੀਆ ਨੇ ਪੰਜਾਬ ਸ਼ਾਂਤਮਈ ਨਾਲ ਜਿੱਤਿਆ ਸੀ ? ਕੀ ਸਾਮਰਾਜ ਹੁਣ ਏਥੋਂ ਸ਼ਾਂਤਮਈ-ਅੰਦੋਲਨ ਨਾਲ ਤੁਰ ਜਾਏਗਾ ? ਅੱਜ ਤਕ ਦੀ ਤਵਾਰੀਖ਼ ਵਿਚ ਤਾਂ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ ਕਿ ਕਰਾਰਿਆਂ ਹੱਥਾਂ ਬਾਝੋਂ ਦੁਸ਼ਮਣ ਨੇ ਹਾਰ ਮੰਨੀ ਹੋਵੇ। ਗੁਰੂ ਸਾਹਿਬਾਂ ਨੇ ਪਹਿਲਾਂ ਸ਼ਾਂਤਮਈ ਸ਼ਹੀਦੀਆਂ ਦਿੱਤੀਆਂ। ਉਸ ਦਾ ਜਨਤਾ ਉੱਤੇ ਪਰਭਾਵ ਪਿਆ, ਪਰ ਵੈਰੀ ‘ਤੇ ਕੋਈ ਅਸਰ ਨਾ ਪਿਆ। ਇਸ ਕਰਕੇ ਆਖ਼ਰਕਾਰ ਤੇਗ਼ ਉਠਾਉਣੀ ਪਈ ਸੀ । ਹੁਣੇ ਜਿਹੇ ਰੂਸ ਵਿਚ ਲੋਕਾਂ ਨੇ ਜ਼ਾਰ ਜਿਹਾ ਬਾਦਸ਼ਾਹ ਮੂਧਾ ਮਾਰਿਆ। ਇਹ ਕੰਮ ਭੀ ਹਥਿਆਰਬੰਦ ਇਨਕਲਾਬ ਰਾਹੀਂ ਹੀ ਹੋਇਆ ਹੈ। ਤਾਂ ਤੇ ਹਿੰਦੁਸਤਾਨ ਵਿਚ ਭੀ ਹਥਿਆਰਬੰਦ ਇਨਕਲਾਬ ਹੀ ਕਰਨਾ ਪਏਗਾ। ਗਾਂਧੀ ਜੀ ਦੇ ਆਖੇ ਲੱਗ ਕੇ ਹੋਰ ਤਾਂ ਭਾਵੇਂ ਕੁਝ ਹੋ ਜਾਏ, ਪਰ ਅਜ਼ਾਦੀ ਨਹੀਂ ਮਿਲ मररी।
ਪਰ ਗ਼ਦਰ ਪਾਰਟੀ ਵਾਲਿਆਂ ਭੀ ਹਥਿਆਰਬੰਦ ਬਗ਼ਾਵਤ ਦੀ ਕੋਸ਼ਿਸ਼ ਕੀਤੀ ਸੀ, ਉਹ ਕਿਉਂ ਨਾ ਕਾਮਯਾਬ ਹੋਏ? ਇਸ ਲਈ ਕਿ ਉਸ ਸਮੇਂ ਲੋਕੀਂ ਉਨ੍ਹਾਂ ਦੇ ਮਕਸਦ ਤੋਂ ਚੰਗੀ ਤਰ੍ਹਾਂ ਜਾਣੂ ਨਹੀਂ ਸਨ, ਜਿਸ ਕਾਰਨ ਉਹ ਨਾਲ ਨਹੀਂ ਸਨ ਮਿਲੇ। ਰੂਸ ਵਿਚ ਬਾਲਸ਼ਵਿਕਾਂ ਦੀ ਕਾਮਯਾਬੀ ਲੋਕਾਂ ਤੇ ਫ਼ੌਜੀਆਂ ਨੂੰ ਨਾਲ ਲੈ ਕੇ ਹੋਈ ਸੀ । ਸੋ ਬਗ਼ਾਵਤ ਕਰਨ ਤੋਂ ਪਹਿਲਾਂ ਖੁੱਲ੍ਹਾ ਪਰਚਾਰ ਕੀਤਾ ਜਾਵੇ। ਲੋਕਾਂ ਤੇ ਫ਼ੌਜੀਆਂ ਵਿਚ ਸਰਕਾਰ ਵਿਰੁੱਧ ਨਫ਼ਰਤ ਭਰੀ ਜਾਵੇ। ਇਸ ਪਰਚਾਰ ਦੇ ਕੰਮ ਲਈ ਇਕ ਜੱਥਾ ਤਿਆਰ ਕੀਤਾ ਜਾਵੇ ਤੇ ਉਸ ਨੂੰ ਹਥਿਆਰਬੰਦ ਕਰ ਕੇ ਵੇਲੇ ਸਿਰ ਬਗਾਵਤ ਦੇ ਮੋਹਰੇ ਲਾਇਆ ਜਾਵੇ। ਇਹ ਜਥਾ ਪਿੰਡਾਂ ਵਿਚ ਚੱਕਰ ਲਾਵੇ, ਪਰਚਾਰ ਕਰੋ ਅਤੇ ਪੁਲਿਸ ਦੇ ਹੱਥ ਨਾ ਆਵੇ । ਜੇ ਕੋਈ ਫੜਨ ਪਵੇ ਤਾਂ ਫੁੜਕਾ ਕੱਢਿਆ ਜਾਵੇ। ਪਿੰਡਾਂ ਵਿਚ ਨੰਬਰਦਾਰਾਂ, ਸਫ਼ੈਦਪੋਸ਼ਾਂ, ਜ਼ੈਲਦਾਰਾਂ ਤੇ ਹੋਰ ਸਰਕਾਰੀ ਏਜੰਟਾਂ ਨੂੰ ਡਰਾ ਕੇ ਬੈਕਾਰ ਕਰ ਦਿੱਤਾ ਜਾਵੇ। ਇਸ ਜਥੇ ਦਾ ਨਾਂ ‘ਚੱਕਰਵਰਤੀ ਜਥਾ’ ਹੋਵੇ।
ਇਸ ਤਰ੍ਹਾਂ ਉਸ ਦੇ ਦਿਮਾਗ਼ ਵਿਚ ਅਗਲੇ ਕੰਮ ਦਾ ਮੋਟਾ ਮੋਟਾ ਖ਼ਾਕਾ ਬਣ ਰਿਹਾ ਸੀ, ਜਿਸ ਨਾਲ ਉਸ ਦੇ ਮਨ ਨੂੰ ਤਸੱਲੀ ਜਿਹੀ ਹੋ ਗਈ।
ਪਹਿਲੀਆਂ ਤਕਰੀਰਾਂ
ਆਪਣੇ ਦਿਮਾਗ਼ ਵਿਚ ਹਥਿਆਰਬੰਦ ਬਗ਼ਾਵਤ ਦਾ ਨਕਸ਼ਾ ਬਣਾ ਕੇ ਆਪ ਨੇ ਨਿਮਾਣੀ ਦੇ ਮੇਲੇ ਉੱਤੇ ਮਸਤੂਆਣਾ ਰਿਆਸਤ ਜੀਂਦ ਵਿਚ ਪਹਿਲੀ ਤਕਰੀਰ ਕੀਤੀ। ਜਦ ਆਪ ਗੁਰੂ ਗੋਬਿੰਦ ਸਿੰਘ ਜੀ ਰਚਿਤ ਜ਼ਫ਼ਰਨਾਮੇ ਵਿਚੋਂ ਤੁਕਾਂ ਪੜ੍ਹ ਕੇ, ਉਨ੍ਹਾਂ ਦੇ ਅਰਥ ਕਰ ਕੇ ਦੱਸਣ ਲੱਗੇ ਕਿ ਜਦੋਂ ਹੋਰ ਸਾਰੇ ਹੀਲੇ ਖ਼ਤਮ ਹੋ ਜਾਣ ਤਾਂ ਦੁਸ਼ਮਣ ਵਿਰੁੱਧ ਤਲਵਾਰ ਉਠਾਉਣਾ ਸਿੱਖਾਂ ਦਾ ਧਾਰਮਕ ਫ਼ਰਜ਼ ਹੈ ਤਾਂ ਦੀਵਾਨ ਦੇ ਪ੍ਰਧਾਨ ਨੇ ਆਪ ਨੂੰ ਅਗਾਂਹ ਬੋਲਣੋਂ ਰੋਕ ਦਿੱਤਾ । ਇਸ ਤੋਂ ਬਾਅਦ ਆਪ ਦੁਆਬੇ ਨੂੰ ਮੁੜ ਆਏ।
ਦੁਆਬੇ ਵਿਚ ਆ ਕੇ ਆਪ ਨੇ ਹਰਦਾਸਪੁਰ ਤਹਿਸੀਲ ਫਗਵਾੜਾ ਰਿਆਸਤ ਕਪੂਰਥਲਾ ਵਿਚ ਪਹਿਲੀ ਤਕਰੀਰ ਕੀਤੀ। ਇਥੇ ਸੰਤ ਕਰਤਾਰ ਸਿੰਘ ਭੀ ਆਏ ਹੋਏ। ਸਨ। ਜਥੇਦਾਰ ਕਿਸ਼ਨ ਸਿੰਘ ਨੇ ਆਪਣੀ ਸਕੀਮ ਆਪ ਨੂੰ ਦੱਸੀ। ਹਰਦਾਸਪੁਰੋਂ ਜਥੇਦਾਰ ਤੇ ਸੰਤ ਕਰਤਾਰ ਸਿੰਘ, ਚੰਦਾ ਸਿੰਘ ਪਲਾਹੀ ਕੋਲ ਆ ਠਹਿਰੇ। ਇਥੋਂ ਸੰਤ ਕਰਤਾਰ ਸਿੰਘ ਵਾਪਸ ਪ੍ਰਾਗਪੁਰ ਚਲੇ ਗਏ। ਜਥੇਦਾਰ ਜੀ ਪਲਾਹੀ ਰਹਿ ਗਏ ਤੇ ਦੋ ਤਿੰਨ ਦਿਨ ਮਗਰੋਂ ਚੰਦਾ ਸਿੰਘ ਨਾਲ ਏਥੇ ਦੀਵਾਨ ਕਰਨ ਦੀ ਸਲਾਹ ਬਣਾਈ। ਸੰਤ ਕਰਤਾਰ ਸਿੰਘ ਅਤੇ ਬੇਲਾ ਸਿੰਘ ਪ੍ਰਾਗਪੁਰ ਨੂੰ ਭੀ ਲਿਆਉਣ ਲਈ ਆਦਮੀ ਭੇਜ ਦਿੱਤਾ। ਅਕਤੂਬਰ 1921 ਦੇ ਸ਼ੁਰੂ ਵਿਚ ਇਹ ਦੀਵਾਨ ਹੋਇਆ। ਇਥੇ ਕਿਸ਼ਨ ਸਿੰਘ ਹੋਰਾਂ ਨੇ ਤਕਰੀਰ ਕਰਦਿਆਂ ਲੋਕਾਂ ਨੂੰ ਕਾਲੀਆਂ ਪੱਗਾਂ ਬੰਨ੍ਹਣ, ਅਕਾਲੀ ਬਣਨ, ਖੱਦਰ ਪਹਿਨਣ ਅਤੇ ਹਕੂਮਤ ਨਾਲ ਨਾ-ਮਿਲਵਰਤਣ ਦੀ ਅਪੀਲ ਕੀਤੀ ।
ਬਾਬੂ ਸੰਤਾ ਸਿੰਘ ਨਾਲ ਮੁਲਾਕਾਤ
ਪਲਾਹੀ ਦੀਵਾਨ ਉੱਤੇ ਸੰਤ ਕਰਤਾਰ ਸਿੰਘ, ਬਾਬੂ ਸੰਤਾ ਸਿੰਘ ਨੂੰ ਭੀ ਨਾਲ ਲਿਆਏ ਸਨ। ਬਾਬੂ ਸੰਤਾ ਸਿੰਘ ਪਿੰਡ ਛੋਟੀ ਹਰਿਉਂ ਜ਼ਿਲ੍ਹਾ ਲੁਧਿਆਣੇ ਦਾ ਰਹਿਣ ਵਾਲਾ ਸੀ ਤੇ ਜਲੰਧਰ ਛਾਉਣੀ ਵਿਚ 54 ਸਿਖ ਪਲਟਨ ਦਾ ਕਲਰਕ ਸੀ। ਇਨ੍ਹਾਂ ਨੂੰ ਸੰਤ ਕਰਤਾਰ ਸਿੰਘ ਨੇ ਜਥੇਦਾਰ ਕਿਸ਼ਨ ਸਿੰਘ ਜੀ ਦੇ ਚੱਕਰਵਰਤੀ ਹੋਣ ਬਾਰੇ ਸਭ ਕੁਝ ਦੱਸਿਆ ਹੋਇਆ ਸੀ । ਬਾਬੂ ਨੂੰ ਕਿਸ਼ਨ ਸਿੰਘ ਨਾਲ ਮਿਲਣ ਦੀ ਬੜੀ ਚਾਹ ਸੀ। ਇਸੇ ਲਈ ਉਹ ਪਲਾਹੀ ਦੀਵਾਨ ਵਿਚ ਆਇਆ ਸੀ। ਕਿਸ਼ਨ ਸਿੰਘ ਦੀ ਤਕਰੀਰ ਦਾ ਆਪ ਉਪਰ ਬੜਾ ਅਸਰ ਹੋਇਆ। ਦੀਵਾਨ ਮਗਰੋਂ ਬਾਬੂ ਸੰਤਾ ਸਿੰਘ ਜਥੇਦਾਰ ਨੂੰ ਮਿਲਿਆ ਅਤੇ ਪੰਜ ਰੁਪਏ ਆਪ ਦੀ ਭੇਟਾ ਕੀਤੇ ਅਤੇ ਫ਼ੌਜ ਦੀ ਨੌਕਰੀ ਛੱਡ ਕੇ ਚੱਕਰਵਰਤੀ ਜਥੇ ਵਿਚ ਸ਼ਾਮਲ ਹੋਣ ਦੀ ਇੱਛਾ ਪਰਗਟ ਕੀਤੀ। ਪਰ ਜਥੇਦਾਰ ਹੋਰਾਂ ਨੇ ਆਖਿਆ ਕਿ ਉਹ ਅਜੇ ਫ਼ੌਜ ਦੀ ਨੌਕਰੀ ਨਾ ਛੱਡੇ, ਫ਼ੌਜ ਦੇ ਅੰਦਰ ਹੀ ਬਗ਼ਾਵਤ ਦਾ ਪਰਚਾਰ ਕਰੇ ਅਤੇ ਵਕਤ ਆਉਣ ਪੁਰ ਨਾਂ ਕਟਾਵੇ।
ਮਾਸਟਰ ਮੋਤਾ ਸਿੰਘ ਨਾਲ ਮੁਲਾਕਾਤ
ਪਲਾਹੀ ਤੋਂ ਜਥੇਦਾਰ ਹੋਰੀਂ ਪਤਾਰੇ ਅੱਪੜੇ। ਮਾਸਟਰ ਹੋਰੀਂ ਭੀ ਮਫ਼ਰੂਰ ਸਨ। ਜਥੇਦਾਰ ਨੇ ਆਪਣੇ ਅਗਲੇ ਕੰਮ ਦੀ ਸਾਰੀ ਸਕੀਮ ਮਾਸਟਰ ਹੋਰਾਂ ਨੂੰ ਦੱਸੀ। ਮਾਸਟਰ ਜੀ ਨੇ ਜਥੇਦਾਰ ਹੋਰਾਂ ਨਾਲ ਸੰਮਤੀ ਪਰਗਟ ਕੀਤੀ ਅਤੇ ਯਕੀਨ ਦਿਵਾਇਆ ਕਿ ਉਹ ਪਰਚਾਰ ਕਰਨ ਲਈ ਵੱਡੇ ਵੱਡੇ ਦੀਵਾਨਾਂ ਵਿਚ ਜਾਇਆ ਕਰਨਗੇ। ਆਪ ਨੇ ਜਥੇਦਾਰ ਨੂੰ ਦੱਸਿਆ ਕਿ ਦੁਆਬੇ ਵਿਚ ਆਪੋ ਆਪਣੇ ਥਾਈਂ ਬਗ਼ਾਵਤ ਦਾ ਪਰਚਾਰ ਕਰਨ ਵਾਲਾ ਕਾਫ਼ੀ ਅਨਸਰ ਮੌਜੂਦ ਹੈ, ਇਸ ਲਈ ਉਸ ਨੂੰ ਇਕੱਠਾ ਕਰ ਕੇ ਉਹ ਆਪਣੀ ਸਕੀਮ ਨੂੰ ਅਮਲੀ ਸ਼ਕਲ ਦੇਣ।
ਸੁੰਦਰ ਸਿੰਘ ਬੱਬਰ ਦਾ ਪਰਚਾਰ
ਉਹਨੀਂ ਦਿਨੀਂ ਆਪਣੇ ਇਲਾਕੇ ਵਿਚ ਬਰਤਾਨਵੀ ਹਕੂਮਤ ਵਿਰੁੱਧ ਮੈਂ ਬਗ਼ਾਵਤ ਦਾ ਪਰਚਾਰ ਅਰੰਭਿਆ ਹੋਇਆ ਸੀ। ਸੋ ਮੈਂ 1920 ਤੋਂ ਹੀ ਅਕਾਲੀ ਲਹਿਰ ਵਿਚ ਸ਼ਾਮਲ ਸਾਂ। ਓਦੋਂ ਮੈਂ ਆਪਣੇ ਪਿੰਡ ਦਾ ਜਥੇਦਾਰ ਅਤੇ ਜ਼ਿਲ੍ਹੇ ਦੀ ਅਕਾਲੀ ਵਰਕਿੰਗ ਕਮੇਟੀ ਦਾ ਮੈਂਬਰ ਸਾਂ । ਜਦ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਅਤੇ ਸਿਖ ਸੰਗਤਾਂ ਨੂੰ ਓਥੇ ਪੁੱਜਣ ਦਾ ਹੁਕਮ ਹੋਇਆ ਤਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੰਦਰਾਂ ਸਿੱਖਾਂ ਦਾ ਜਿਹੜਾ ਜਥਾ ਉੱਥੇ ਪੁੱਜਾ, ਉਸ ਵਿਚ ਦਾਸ ਵੀ ਸ਼ਾਮਲ ਸੀ। ਉਥੋਂ ਮੁੜ ਕੇ ਬਰਤਾਨਵੀ ਹਕੂਮਤ ਦੇ ਜ਼ੁਲਮਾਂ ਵਿਰੁੱਧ ਪਰਚਾਰ ਅਤੇ ਅਕਾਲੀ ਦਲ ਤੇ ਕਾਂਗਰਸ ਦੀ ਭਰਤੀ ਦਾ ਕੰਮ ਪਿੰਡਾਂ ਵਿਚ ਸ਼ੁਰੂ ਕਰ ਦਿੱਤਾ। 1920 ਤੋਂ ਅਕਾਲੀ ਦਲ ਦੇ ਪਰਚਾਰ ਵੇਲੇ ਤੋਂ ਹੀ ਜਥੇਦਾਰ ਕਿਸ਼ਨ ਸਿੰਘ ਹੋਰਾਂ ਦਾ ਮੈਂ ਜਾਣੂ ਸਾਂ । ਹੁਣ ਮੈਨੂੰ ਜਥੇਦਾਰ ਦੇ ਹਕੂਮਤ ਵਿਰੁੱਧ ਬਗ਼ਾਵਤੀ ਪਰਚਾਰ ਦੀਆਂ ਖ਼ਬਰਾਂ ਭੀ ਮਿਲਣ ਲੱਗ ਪਈਆਂ। ਇਨ੍ਹੀਂ ਦਿਨੀਂ ਮੈਂ ਗ਼ਦਰੀ ਕਵਿਤਾਵਾਂ ਪੜ੍ਹਿਆ ਕਰਦਾ ਸਾਂ ।
ਦੁਆਬੇ ਦੇ ਦੂਜੇ ਬੰਨੇ ਦਾ ਕੰਮ
ਕਰਮ ਸਿੰਘ ਪਿੰਡ ਝਿੰਗੜ ਜ਼ਿਲ੍ਹਾ ਜਲੰਧਰ ਕੈਨੇਡਾ ਵਿਚ ਰਹਿ ਚੁੱਕਾ ਸੀ ਅਤੇ ਉੱਥੇ ਗ਼ਦਰ ਪਾਰਟੀ ਵਿਚ ਸ਼ਾਮਲ ਹੋ ਗਿਆ ਸੀ । ਆਸਾ ਸਿੰਘ ਭਕੜਦੀ ਜ਼ਿਲ੍ਹਾ ਜਲੰਧਰ 1904 ਤੋਂ 1907 ਤਕ ਲੰਕਾ ਦੇ ਤੋਪਖ਼ਾਨੇ ਵਿਚ ਰਿਹਾ ਸੀ ਅਤੇ ਮਗਰੋਂ ਕੈਨੇਡਾ ਚਲਾ ਗਿਆ ਸੀ। ਇਹ ਭੀ ਗ਼ਦਰ ਪਾਰਟੀ ਵਿਚ ਸ਼ਾਮਲ ਰਿਹਾ ਸੀ। ਕਰਮ ਸਿੰਘ ਝਿੰਗੜ ਤੇ ਆਸਾ ਸਿੰਘ ਵੈਨਕੂਵਰ ਵਿਚ ਇਕੱਠੇ ਰਹਿਣ ਕਰਕੇ ਇਕ ਦੂਜੇ ਦੇ ਕਾਫ਼ੀ ਜਾਣੂ ਸਨ । ਆਸਾ ਸਿੰਘ ਅਕਤੂਬਰ 1914 ਵਿਚ ਅਤੇ ਕਰਮ ਸਿੰਘ ਦਸੰਬਰ ਵਿਚ ਹਿੰਦੁਸਤਾਨ ਵਾਪਸ ਆ ਗਏ ਸਨ । ਦੋਵੇਂ ਆਪੋ ਆਪਣੇ ਪਿੰਡ ਵਿਚ ਜੂਹ-ਬੰਦ ਕਰ ਦਿੱਤੇ ਗਏ। 1918 ਤਕ ਇਹ ਪਾਬੰਦੀ ਲੱਗੀ ਰਹੀ।
ਅਕਤੂਬਰ 1920 ਵਿਚ ਦੋਹਾਂ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਹੁਸ਼ਿਆਰਪੁਰ ਦੀ ਮੀਟਿੰਗ ਵਿਚ ਹਿੱਸਾ ਲਿਆ।
ਕਰਮ ਸਿੰਘ ਦੌਲਤਪੁਰ ਜ਼ਿਲ੍ਹਾ ਜਲੰਧਰ ਭੀ ਕੈਨੇਡਾ ਹੋ ਆਇਆ ਸੀ ਅਤੇ
ਗ਼ਦਰ ਪਾਰਟੀ ਵਿਚ ਭੀ ਸ਼ਾਮਲ ਰਿਹਾ ਸੀ। ਕਰਮ ਸਿੰਘ ਝਿੰਗੜ ਤੇ ਆਸਾ ਸਿੰਘ ਦੀ ਕਰਮ ਸਿੰਘ ਦੌਲਤਪੁਰ ਨਾਲ ਭੀ ਵਾਕਫ਼ੀ ਸੀ । ਕਰਮ ਸਿੰਘ ਦੌਲਤਪੁਰ ਤੇ ਆਸਾ ਸਿੰਘ ਨੇ ਨਨਕਾਣਾ ਸਾਹਿਬ ਵਿਚ ਇਕੱਠੇ ਹੀ ਅੰਮ੍ਰਿਤ ਛਕਿਆ ਸੀ। ਆਸਾ ਸਿੰਘ ਨੇ ਆਪਣਾ ਨਵਾਂ ਨਾਉਂ ‘ਮਹਿਤਾਬ ਸਿੰਘ ਰਖਵਾਇਆ ਸੀ । ਕਰਮ ਸਿੰਘ ਦੌਲਤਪੁਰ ਦਾ ਪਹਿਲਾ ਨਾਉਂ ਨਰੈਣ ਸਿੰਘ ਸੀ ਤੇ ਅੰਮ੍ਰਿਤ ਛਕ ਕੇ ਇਹ ਨਾਂ ਰਖਵਾਇਆ ਸੀ । ਕਰਮ ਸਿੰਘ ਦੌਲਤਪੁਰ ਨੇ ਆਪਣੇ ਪਿੰਡ ਰਾਜਸੀ ਕਾਨਫ਼ਰੰਸ ਕਰਨ ਦਾ ਖ਼ਿਆਲ ਜ਼ਾਹਰ ਕੀਤਾ ਅਤੇ ਫ਼ਰਵਰੀ 1921 ਵਿਚ ਇਸ ਕਾਨਫ਼ਰੰਸ ਦੇ ਇਸ਼ਤਿਹਾਰ ਕੱਢੇ ਗਏ, ਪਰ ਦਫ਼ਾ 144 ਲੱਗ ਜਾਣ ਕਰਕੇ ਇਹ ਕਾਨਫ਼ਰੰਸ ਨਾ ਹੋ ਸਕੀ। ਇਸ ਲਈ ਇਹ ਕਾਨਫ਼ਰੰਸ ਮਹਿਤਪੁਰ ਲਦੜੀ ਜ਼ਿਲ੍ਹਾ ਹੁਸ਼ਿਆਰਪੁਰ ਕੀਤੀ ਗਈ।
ਮਾਰਚ 1921 ਵਿਚ ਇਕ ਦੀਵਾਨ ਮਾਹਲਪੁਰ ਰੱਖਿਆ ਗਿਆ, ਜਿਸ ਵਿਚ ਕਰਮ ਸਿੰਘ ਦੌਲਤਪੁਰ, ਕਰਮ ਸਿੰਘ ਝਿੰਗੜ ਅਤੇ ਆਸਾ ਸਿੰਘ ਨੇ ਤਕਰੀਰਾਂ ਕੀਤੀਆਂ । ਨਨਕਾਣਾ ਸਾਹਿਬ ਦੇ ਸਾਕੇ ਮਗਰੋਂ ਇਨ੍ਹਾਂ ਤਿੰਨਾਂ ਨੇ ਹਕੂਮਤ ਵਿਰੁੱਧ ਬਗ਼ਾਵਤ ਕਰਨ ਦਾ ਪਰਚਾਰ ਸ਼ੁਰੂ ਕਰ ਦਿੱਤਾ । ਅਕਤੂਬਰ 1921 ਵਿਚ ਇਕ ਜਲਸਾ ਕੁੱਕੜ ਮਾਜਰੇ ਵਿਚ ਹੋਇਆ, ਜਿਸ ਵਿਚ ਮੈਂ ਭੀ ਤਕਰੀਰ ਕੀਤੀ।
ਅਕਤੂਬਰ ਦੇ ਅਖ਼ੀਰ ਕਰਮ ਸਿੰਘ ਦੌਲਤਪੁਰ ਪੰਜਾਹ ਸਿੱਖਾਂ ਦਾ ਜਥਾ ਲੈ ਕੇ ਹੋਠੀਆਂ ਜ਼ਿਲ੍ਹਾ ਗੁਰਦਾਸਪੁਰ ਨੂੰ ਗਿਆ, ਕਿਉਂਕਿ ਉਥੇ ਮਹੰਤਾਂ ਨਾਲ ਅਕਾਲੀਆਂ ਦਾ ਮੋਰਚਾ ਲੱਗ ਗਿਆ ਸੀ । ਆਸਾ ਸਿੰਘ ਭੀ ਇਸ ਜਥੇ ਵਿਚ ਸ਼ਾਮਲ ਸੀ। ਇਸ ਤਰ੍ਹਾਂ ਤਰਨ ਤਾਰਨ ਤੇ ਨਨਕਾਣਾ ਸਾਹਿਬ ਦੇ ਸਾਕਿਆਂ ਮਗਰੋਂ ਜਿਨ੍ਹਾਂ ਦੇ ਵਰੰਟ ਨਿਕਲੇ, ਉਹ ਚੱਕਰਵਰਤੀ ਬਣਦੇ ਗਏ ਅਤੇ ਸ਼ਾਂਤਮਈ ਵਿਰੁੱਧ ਜਲਸਿਆਂ ਵਿਚ ਖੁੱਲ੍ਹੀਆਂ ਤਕਰੀਰਾਂ ਹੋਣ ਲੱਗ ਪਈਆਂ।
ਚੱਕਰਵਰਤੀ ਜਥਾ ਬੰਨ੍ਹਣ ਦਾ ਐਲਾਨ
ਨਵੰਬਰ 1921 ਵਿਚ ਰੁੜਕਾ ਕਲਾਂ ਜ਼ਿਲ੍ਹਾ ਜਲੰਧਰ ਵਿਚ ਬਹੁਤ ਵੱਡੀ ਕਾਨਫ਼ਰੰਸ ਹੋਈ। ਓਥੇ ਜਥੇਦਾਰ ਕਿਸ਼ਨ ਸਿੰਘ ਨੇ ਮੈਨੂੰ ਤੇ ਕਰਮ ਸਿੰਘ ਝਿੰਗੜ ਨੂੰ ਸਲਾਹ-ਮਸ਼ਵਰੇ ਲਈ ਸੱਦਾ ਭੇਜ ਕੇ ਮੰਗਵਾਇਆ। ਪੁਲਿਸ ਦਾ ਜ਼ੋਰ ਵਧੇਰੇ ਹੋਣ ਕਰਕੇ ਜਥੇਦਾਰ ਹੋਰੀਂ ਤਾਂ ਜੰਡਿਆਲੇ ਵਿਚ ਰਹੇ, ਪਰ ਦਾਸ ਨੇ ਉਥੇ ਜ਼ਬਰਦਸਤ ਤਕਰੀਰ ਕੀਤੀ ਤੇ ਬਚ ਕੇ ਨਿਕਲ ਗਿਆ।
ਰੁੜਕਾ ਕਾਨਫ਼ਰੰਸ ਮਗਰੋਂ ਜਥੇਦਾਰ ਕਿਸ਼ਨ ਸਿੰਘ, ਮੇਰੀ ਤੇ ਕਰਮ ਸਿੰਘ ਝਿੰਗੜ ਦੀ ਮੀਟਿੰਗ ਹੋਈ। ਅਸਾਂ ਫ਼ੈਸਲਾ ਕੀਤਾ ਕਿ ਹੁਣ ਚੱਕਰਵਰਤੀ ਜਥੇ ਦੇ ਬਣਨ ਦਾ ਐਲਾਨ ਕਰ ਦਿੱਤਾ ਜਾਵੇ ਅਤੇ ਤਕੜੇ ਹੋ ਕੇ ਜਥੇਬੰਦੀ ਦਾ ਪਰਚਾਰ ਸ਼ੁਰੂ ਕਰ ਦਿੱਤਾ ਜਾਵੇ।
ਪਰਚਾਰ ਦਾ ਹੜ੍ਹ
ਨਵੰਬਰ ਦੀ ਇਸ ਮੀਟਿੰਗ ਮਗਰੋਂ ਬਾਕਾਇਦਾ ਪਰਚਾਰ ਸ਼ੁਰੂ ਹੋ ਗਿਆ। ਜਥੇਦਾਰ ਕਿਸ਼ਨ ਸਿੰਘ, ਮੇਰਾ ਤੇ ਕਰਮ ਸਿੰਘ ਝਿੰਗੜ ਦਾ ਇਕ ਜਥਾ ਸੀ। ਇਹ ਜਥਾ ਤਕਰੀਬਨ ਹਰ ਰੋਜ਼ ਹੀ ਦੋ ਦੋ ਜਲਸੇ ਕਰਦਾ ਸੀ ਅਤੇ ਧੜੱਲੇਦਾਰ ਪਰਚਾਰ ਕਰਦਾ ਸੀ। ਜਲਸਿਆਂ ਦੇ ਨਾਲ ਨਾਲ ਕਾਂਗਰਸ ਤੇ ਅਕਾਲੀ ਦਲ ਦੇ ਮੈਂਬਰ ਭਰਤੀ ਕੀਤੇ ਜਾਂਦੇ ਸਨ । ਜਲਸਿਆਂ ਦਾ ਇਹ ਢੰਗ ਸੀ ਕਿ ਇਕ ਜਲਸਾ ਦਿਨ ਦੇ ਇਕ ਵਜੇ ਕੀਤਾ ਜਾਂਦਾ। ਜਿਸ ਪਿੰਡ ਵਿਚ ਇਹ ਜਲਸਾ ਕੀਤਾ ਜਾਂਦਾ ਸੀ, ਉਸ ਦੇ ਇਰਦ-ਗਿਰਦ ਦੇ ਪਿੰਡਾਂ ਵਿਚ ਭੀ ਖ਼ਬਰ ਕਰ ਦਿੱਤੀ ਜਾਂਦੀ ਸੀ । ਤਿੰਨ ਚਾਰ ਘੰਟੇ ਪਰਚਾਰ ਕਰ ਕੇ ਪੰਜ ਵਜੇ ਦੇ ਕਰੀਬ ਜਲਸਾ ਸਮਾਪਤ ਕਰ ਦਿੱਤਾ ਜਾਂਦਾ ਸੀ । ਦੂਜੇ ਪਿੰਡ ਜਾ ਕੇ ਰਾਤ ਨੂੰ ਨੌਂ ਵਜੇ ਦੂਜਾ ਜਲਸਾ ਕੀਤਾ ਜਾਂਦਾ ਤੇ ਬਾਰਾਂ-ਇਕ ਵਜੇ ਜਲਸਾ ਸਮਾਪਤ ਕਰ ਕੇ ਇਥੋਂ ਦੋ ਤਿੰਨ ਮੀਲ ਉੱਤੇ ਕਿਸੇ ਹੋਰ ਪਿੰਡ ਜਾ ਕੇ ਆਰਾਮ ਕੀਤਾ ਜਾਂਦਾ ਸੀ । ਉੱਥੇ ਦੁਪਹਿਰ ਤਕ ਆਰਾਮ ਕਰ ਕੇ ਫੇਰ ਉਸੇ ਤਰ੍ਹਾਂ ਦੁਪਹਿਰ ਤੋਂ ਬਾਅਦ ਦਾ ਜਲਸਾ ਸ਼ੁਰੂ ਹੋ ਜਾਂਦਾ । ਇਹ ਅਸੂਲ ਬਣਾ ਲਿਆ ਸੀ ਕਿ ਜਿਥੇ ਜਲਸਾ ਕੀਤਾ ਜਾਏ, ਓਥੇ ਨਾ ਠਹਿਰਿਆ ਜਾਏ। ਕੋਈ ਆਲਸ ਨਹੀਂ ਸੀ ਕੀਤਾ ਜਾਂਦਾ ਅਤੇ ਦੋ ਤਿੰਨ ਮੀਲ ਏਧਰ ਓਧਰ ਹੋ ਕੇ ਹੀ ਆਰਾਮ ਕੀਤਾ ਜਾਂਦਾ ਸੀ । ਪੁਲਿਸ ਪਰਛਾਵੇਂ ਵਾਂਗ ਮਗਰੇ-ਮਗਰ ਰਹਿੰਦੀ ਸੀ, ਪਰ ਡਰਦੀ ਹੱਥ ਨਹੀਂ ਸੀ ਪਾਉਂਦੀ, ਕਿਉਂਕਿ ਬੱਬਰਾਂ ਨੇ ਸਾਫ਼ ਐਲਾਨ ਕਰ ਦਿੱਤਾ ਸੀ ਕਿ ਜਿਸ ਨੇ ਹੱਥ ਪਾਉਣਾ ਹੋਵੇ, ਜ਼ਰਾ ਤਕੜਾ ਹੋ ਕੇ ਆਵੇ ਅਤੇ ਮੁੜ ਬਾਲ-ਬੱਚੇ ਦਾ ਮੂੰਹ ਵੇਖਣ ਦੀ ਆਸ ਨਾ ਰੱਖੇ।
ਜਥੇਦਾਰ ਕਿਸ਼ਨ ਸਿੰਘ ਬੜੀ ਤਕੜੀ ਤਕਰੀਰ ਕਰਿਆ ਕਰਦਾ ਸੀ ਤੇ ਮੈਂ ਅਤੇ ਕਰਮ ਸਿੰਘ ਝਿੰਗੜ ਕਵਿਤਾ ਪੜ੍ਹਦੇ ਜਾਂ ਛੋਟੀ ਤਕਰੀਰ ਕਰਿਆ ਕਰਦੇ ਸਾਂ । ਲੋੜ ਪੈਣ ‘ਤੇ ਮੈਂ ਭੀ ਜਥੇਦਾਰ ਦੀ ਥਾਂ ਤਕਰੀਰ ਕਰ ਲਿਆ ਕਰਦਾ ਸਾਂ । ਜਥੇਦਾਰ ਅਤੇ ਮੇਰੀ ਦਿਨ ਰਾਤ ਦੀ ਜੋੜੀ ਸੀ ਅਤੇ ਕਰਮ ਸਿੰਘ ਝਿੰਗੜ ਕਿਸੇ ਕਿਸੇ ਵਕਤ ਦੂਜੇ ਜਥੇ ਨਾਲ ਭੀ ਜਾ ਹਿੱਸਾ ਲੈਂਦਾ ਸੀ।
ਦੂਜਾ ਜਥਾ ਕਰਮ ਸਿੰਘ ਦੌਲਤਪੁਰ ਤੇ ਆਸਾ ਸਿੰਘ ਦਾ ਸੀ, ਜਿਸ ਨਾਲ ਕਿਤੇ ਕਿਤੇ ਕਰਮ ਸਿੰਘ ਝਿੰਗੜ ਭੀ ਜਾ ਮਿਲਿਆ ਕਰਦਾ ਸੀ । ਫਿਰ ਦਲੀਪ ਸਿੰਘ ਪਿੰਡ ਗੋਸਲ (ਜਲੰਧਰ) ਭੀ ਇਸੇ ਜਥੇ ਨਾਲ ਸ਼ਾਮਲ ਹੋ ਗਿਆ ਸੀ । ਇਹ ਖਾਨਖਾਨਾ ਦੇ ਪ੍ਰਾਈਵੇਟ ਖ਼ਾਲਸਾ ਪ੍ਰਾਇਮਰੀ ਸਕੂਲ ਦਾ ਮਾਸਟਰ ਸੀ । ਕਰਮ ਸਿੰਘ ਝਿੰਗੜ ਦੀ ਸੰਗਤ ਤੇ ਪਰਚਾਰ ਨਾਲ ਇਹ ਵੀ ਚੱਕਰਵਰਤੀ ਜਥੇ ਵਿਚ ਸ਼ਾਮਲ ਹੋਇਆ ਸੀ ਅਤੇ ਕਿਤੇ ਕਿਤੇ ਤਕਰੀਰ ਕਰਿਆ ਕਰਦਾ ਸੀ।
ਦਸੰਬਰ ਦੇ ਮਹੀਨੇ ਝਿੰਗੜਾਂ ਵਿਚ ਇਕ ਭਾਰੀ ਦੀਵਾਨ ਹੋਇਆ, ਜਿਸ ਵਿਚ ਕਰਮ ਸਿੰਘ ਦੌਲਤਪੁਰ, ਆਸਾ ਸਿੰਘ ਤੇ ਕਰਮ ਸਿੰਘ ਝਿੰਗੜ ਨੇ ਤਕਰੀਰਾਂ ਕੀਤੀਆਂ ਅਤੇ ਮਗਰੋਂ ਹੇੜੀਆਂ ਜਗਤਪੁਰ ਵਿਚ ਭੀ ਦੀਵਾਨ ਕੀਤੇ। ਇਨ੍ਹਾਂ ਤਕਰੀਰਾਂ ਕਰਕੇ ਇਨ੍ਹਾਂ ਤਿੰਨਾਂ ਦੇ ਵਰੰਟ ਨਿਕਲ ਗਏ ਤੇ ਇਹ ਭੀ ‘ਚੱਕਰਵਰਤੀ’ ਹੋ ਗਏ।
ਜ਼ਿਲ੍ਹਾ ਅੰਬਾਲਾ ਤੇ ਦੂਣ ਇਲਾਕੇ ਦਾ ਦੌਰਾ
ਦਸੰਬਰ ਦੇ ਮਹੀਨੇ ਜਥੇਦਾਰ ਕਿਸ਼ਨ ਸਿੰਘ, ਦਾਸ ਸੁੰਦਰ ਸਿੰਘ ਤੇ ਕਰਮ ਸਿੰਘ ਝਿੰਗੜ ਨੇ ਜ਼ਿਲ੍ਹਾ ਅੰਬਾਲੇ ਵਿਚ ਕੰਢੀ ਦੇ ਪਿੰਡਾਂ ਦਾ ਦੌਰਾ ਕੀਤਾ। ਆਸਾ ਸਿੰਘ, ਹਰੀ ਸਿੰਘ ਸੂੰਢ ਤੇ ਕਰਮ ਸਿੰਘ ਦੌਲਤਪੁਰ ਭੀ ਕੁਝ ਦਿਨ ਨਾਲ ਰਹੇ। ਅਸਲ ਵਿਚ ਇਹ ਚਮਕੌਰ ਸਾਹਿਬ ਤੇ ਸਰਹੰਦ ਦੇ ਮੇਲੇ ਉੱਤੇ ਹੀ ਦੀਵਾਨ ਲਾਉਣ ਦੇ ਖ਼ਿਆਲ ਨਾਲ ਗਏ ਸਨ, ਪਰ ਉੱਥੇ ਤਕਰੀਰਾਂ ਸੁਣ ਕੇ ਲੋਕਾਂ ਨੇ ਪਿੰਡਾਂ ਵਿਚ ਜਲਸੇ ਕਰਨ ਦੀ ਬੇਨਤੀ ਕੀਤੀ। ਇਕ ਪਿੰਡ ਦਾ ਦੀਵਾਨ ਹੋ ਕੇ ਹੱਟਦਾ ਸੀ ਤਾਂ ਦੂਜੇ ਪਿੰਡ ਵਾਲੇ ਇਹਨਾਂ ਨੂੰ ਆਪਣੇ ਨਾਲ ਲੈ ਜਾਂਦੇ ਸਨ । ਕਰਮ ਸਿੰਘ ਦੌਲਤਪੁਰ ਅਤੇ ਆਸਾ ਸਿੰਘ ਹੋਰੀਂ ਆਪਣੇ ਇਲਾਕੇ ਨੂੰ ਮੁੜ ਆਏ ਅਤੇ ਜਥੇਦਾਰ ਕਿਸ਼ਨ ਸਿੰਘ ਤੇ ਮੈਂ ਓਧਰ ਜਲਸਿਆਂ ਵਿਚ ਜੁਟੇ ਰਹੇ। ਸੁਧੂਪੁਰ, ਸਰਹੰਦ, ਬਸੀ ਤੇ ਤਸੀਲ ਖਰੜ ਦੇ ਪਿੰਡਾਂ ਵਿਚ ਪੰਦਰਾਂ ਵੀਹ ਦਿਨ ਜਲਸੇ ਹੁੰਦੇ ਰਹੇ। ਇਸ ਇਲਾਕੇ ਵਾਲੇ ਇਹਨਾਂ ਦੇ ਬੜੇ ਧੰਨਵਾਦੀ ਸਨ। ਉਹਨਾਂ ਦੀ ਇਹ ਆਮ ਸ਼ਿਕਾਇਤ ਸੀ ਕਿ ਇਥੇ ਕੋਈ ਕਾਂਗਰਸੀ ਜਾਂ ਅਕਾਲੀ ਲੀਡਰ ਅਜੇ ਤਕ ਪਰਚਾਰ ਕਰਨ ਨਹੀਂ ਆਇਆ ਸੀ। ਉਹਨਾਂ ਨੇ ਪਹਿਲੀ ਵੇਰੀ ਇਹ ਰਾਜਸੀ ਪਰਚਾਰ ਸੁਣਿਆ ਸੀ।
ਪੰਜ ਜਨਵਰੀ 1922 ਨੂੰ ਇਕ ਸੱਜਣ ਦੇ ਨਾਲ ਲੈ ਆਉਣ ਪੁਰ ਪਿੰਡ ਭਾਰਤਪੁਰ ਜਾ ਜਲਸਾ ਕੀਤਾ। ਉੱਥੇ ਸੂਰਾਪੁਰ ਤੋਂ ਲੋਕੀਂ ਆਏ ਹੋਏ ਸਨ। ਉਹਨਾਂ ਜਥੇਦਾਰ ਹੋਰਾਂ ਨੂੰ ਮਾਘੀ ਉੱਤੇ ਆਉਣ ਦਾ ਸੱਦਾ ਦੇ ਦਿੱਤਾ। ਮਾਘੀ ਤੋਂ ਪਹਿਲੇ ਸਤ-ਅੱਠ ਦਿਨ ਦੂਣ ਦੇ ਇਲਾਕੇ ਵਿਚ ਜਲਸੇ ਹੁੰਦੇ ਰਹੇ ਤੇ ਪਿੰਡ ਬੇਲੇ ਦਾ ਗਿਆਨ ਸਿੰਘ ਨਾਲ ਰਿਹਾ। ਮਾਘੀ ਨੂੰ ਸੂਰਾਪੁਰ ਭਾਰੀ ਦੀਵਾਨ ਹੋਇਆ।
ਦੂਣ ਦੇ ਇਲਾਕੇ ਦੇ ਦੌਰੇ ਵਿਚ ਇਸ ਜਥੇ ਨੇ ਅਕਾਲੀ ਦਲ ਤੇ ਕਾਂਗਰਸ ਦੇ ਪੰਜ ਹਜ਼ਾਰ ਮੈਂਬਰ ਬਣਾਏ। ਜ਼ਿਲ੍ਹੇ ਦੇ ਕਾਂਗਰਸੀ ਲੀਡਰ ਪਹਿਲਾਂ ਤਾਂ ਗ੍ਰਿਫ਼ਤਾਰੀ ਨਾ ਦੇਣ ਕਰਕੇ ਇਹਨਾਂ ਪਰਚਾਰਕਾਂ ਉੱਤੇ ਨਾਰਾਜ਼ ਸਨ, ਪਰ ਨਤੀਜਾ ਦੇਖ ਕੇ ਬੜੇ ਖ਼ੁਸ਼ ਹੋਏ ਤੇ ਕਹਿਣ ਲੱਗੇ ਕਿ ਸੱਚੀਂ-ਮੁੱਚੀਂ ਜੇਲ੍ਹ ਅੰਦਰ ਜਾ ਕੇ ਬਹਿ ਰਹਿਣ ਨਾਲੋਂ ਬਾਹਰ ਫਿਰ ਕੇ ਕੰਮ ਕਰਨਾ ਚੰਗਾ ਹੈ।
ਅਨੰਦਪੁਰ ਤੇ ਕੀਰਤਪੁਰ ਉੱਤੇ ਕਬਜ਼ਾ
ਲੋਹੜੀ ਵਾਲੇ ਦਿਨ ਅਕਾਲੀਆਂ ਨੇ ਅਨੰਦਪੁਰ ਦੇ ਗੁਰਦੁਆਰੇ ਉੱਤੇ ਬਿਨਾਂ ਮੁਕਾਬਲੇ ਕਬਜ਼ਾ ਕਰ ਲਿਆ। ਸੋਢੀ ਅਤੇ ਪੁਲਸੀਏ ਗੁਰਦੁਆਰਾ ਤਾਂ ਖ਼ਾਲੀ ਕਰ ਗਏ, ਪਰ ਕੁਲ ਸਾਮਾਨ ਚੁੱਕ ਕੇ ਲੈ ਗਏ। ਕਬਜ਼ਾ ਹੋਣ ਤੋਂ ਉਪਰੰਤ ਜਥੇਦਾਰ ਕਿਸ਼ਨ ਸਿੰਘ, ਸੁੰਦਰ ਸਿੰਘ ਬੱਬਰ, ਕਰਮ ਸਿੰਘ ਝਿੰਗੜ ਤੇ ਗਿਆਨ ਸਿੰਘ ਭੀ ਪੁੱਜ ਗਏ। ਗਿਆਨ ਸਿੰਘ ਨੇ ਸਲਾਹ ਦਿੱਤੀ ਕਿ ਕੀਰਤਪੁਰ ਉੱਤੇ ਰਾਤੋ-ਰਾਤ ਕਬਜ਼ਾ ਕਰ ਲੈਣਾ ਚਾਹੀਦਾ ਹੈ, ਨਹੀਂ ਤਾਂ ਉੱਥੋਂ ਭੀ ਮਹੰਤ ਸਭ ਕੁਝ ਹੂੰਝ ਲੈ ਜਾਣਗੇ । ਬਾਕੀ ਅਕਾਲੀਆਂ ਨੇ ਕਿਹਾ ਕਿ ਅਜੇ ਆਦਮੀ ਥੋੜੇ ਹਨ। ਗਿਆਨ ਸਿੰਘ ਨੇ ਕਿਹਾ ਕਿ ਬੰਦਿਆਂ ਦਾ ਫ਼ਿਕਰ ਨਾ ਕਰੋ। ਉਸ ਨੇ ਉਸੇ ਵੇਲੇ ਉਹਨੀਂ ਪਿੰਡੀ ਜਾ ਸੁਨੇਹੇ ਦਿੱਤੇ ਜਿੱਥੇ ਚੱਕਰਵਰਤੀ ਲੀਡਰਾਂ ਨੇ ਸੱਜਰਾ ਸੱਜਰਾ ਪਰਚਾਰ ਕੀਤਾ ਸੀ। ਸੈਂਕੜੇ ਆਦਮੀ ਰਾਤੋ-ਰਾਤ ਹੋਰ ਆ ਇਕੱਠੇ ਹੋਏ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਕੀਰਤਪੁਰ ਉੱਤੇ ਕਬਜ਼ਾ ਕਰ ਲਿਆ ਗਿਆ।
ਹੋਰ ਇਲਾਕਿਆਂ ਵਿਚ ਪਰਚਾਰ
ਕੀਰਤਪੁਰ ਤੋਂ ਮੁੜ ਕੇ ਤਹਿਸੀਲ ਜਲੰਧਰ ਦੇ ਸੀਰੋਵਾਲ ਇਲਾਕੇ ਵਿਚ ਪਰਚਾਰ ਅਰੰਭ ਦਿੱਤਾ ਗਿਆ। ਆਤਮਾ ਸਿੰਘ ਬੀਕਾ ਭੀ 1921 ਦੇ ਆਖ਼ਰ ਵਿਚ ਦੂਜੇ ਜਥੇ ਨਾਲ ਮਿਲ ਗਿਆ ਸੀ ਤੇ ਸੀਰੋਵਾਲ ਦੇ ਕਈ ਜਲਸਿਆਂ ਵਿਚ ਜਥੇਦਾਰ ਹੋਰਾਂ ਨਾਲ ਰਿਹਾ। ਹਰੀਪੁਰ ਵਿਚ ਜਨਵਰੀ ਤੇ ਫ਼ਰਵਰੀ 1922 ਵਿਚ ਦੋ ਤਕੜੇ ਦੀਵਾਨ ਕੀਤੇ ਗਏ। ਬੁਲੇਨਾ, ਭੋਜੋਵਾਲ, ਕੋਟਲੀ ਥਾਨ ਸਿੰਘ, ਪੰਡੋਰੀ ਨਿਝਰਾਂ, ਡੀਗਰੀਆਂ, ਘੁੜਿਆਲ, ਮਾਣਕ ਢੇਰੀ, ਮਾਣਕ ਰਾਈ, ਕਾਲਾ ਬਕਰਾ, ਕਿਸ਼ਨਪੁਰਾ, ਨਸਰਾਲਾ, ਮੁਖਣੀਆਣਾ, ਰਾਜਪੁਰਾ, ਮਾਣਕੋ ਤੇ ਹੋਰ ਬਹੁਤ ਸਾਰੇ ਪਿੰਡਾਂ ਵਿਚ ਪਰਚਾਰ ਹੋਇਆ। ਮਾਰਚ ਦੇ ਸ਼ੁਰੂ ਵਿਚ ਕਾਂਗਰਸ ਵਲੋਂ ਖੁਰਦਪੁਰ ਵਿਚ ਇਕ ਭਾਰੀ ਦੀਵਾਨ ਹੋਇਆ, ਜਿਸ ਵਿਚ ਕਾਂਗਰਸੀ ਲੀਡਰਾਂ ਨੇ ਚਰਖੇ ਤੇ ਸ਼ਾਂਤੀ ਦਾ ਪਰਚਾਰ ਕੀਤਾ। ਚੱਕਰਵਰਤੀ ਲੀਡਰ ਭੀ ਇੱਥੇ ਪਹੁੰਚ ਗਏ ਤੇ ਕਾਂਗਰਸੀ ਲੀਡਰਾਂ ਦੀਆਂ ਤਕਰੀਰਾਂ ਮਗਰੋਂ ਜਥੇਦਾਰ ਨੇ ਬੋਲਣ ਲਈ ਵਕਤ ਲਿਆ। ਜਥੇਦਾਰ ਨੇ ਤਕਰੀਰ ਕਰਦਿਆਂ ਆਖਿਆ, “ਇਹ ਜਿਹੜੇ ਲੋਕੀਂ ਹੁਣੇ ਪਰਚਾਰ ਕਰਦੇ ਗਏ ਹਨ, ਬਾਣੀਆ-ਪਾਰਟੀ ਦੇ ਬੰਦੇ ਹਨ। ਇਹ ਸ਼ਾਂਤੀ ਸ਼ਾਂਤੀ ਦਾ ਢੋਲ ਪਿੱਟੀ ਜਾਂਦੇ ਹਨ, ਪਤਾ ਨਹੀਂ ਇਹਨਾਂ ਨੇ ਲੋਕਾਂ ਨੂੰ ਕਿਹੜੇ ਖੂਹ ਵਿਚ ਸੁੱਟਣਾ ਹੈ। ਬਰਤਾਨਵੀ ਹਕੂਮਤ ਜ਼ੁਲਮ ਤੇ ਅਤਿਆਚਾਰ ਕਰਦੀ ਹੈ, ਤੇ ਇਹ ਸ਼ਾਂਤੀ ਦਾ ਸਬਕ ਲੋਕਾਂ ਨੂੰ ਪੜ੍ਹਾਉਣ ਚੜ੍ਹ ਪਏ ਹਨ। ਕੀ ਇਸ ਤੋਂ ਪਹਿਲਾਂ ਅਸਾਂ ਲੋਕਾਂ ਦੀ ਥੋੜੀ ਬੇਇਜ਼ਤੀ ਹੋਈ ਹੈ, ਜੁ ਇਹ ਹੋਰ ਲੰਮੇ ਪੈ ਕੇ ਕੁੱਟ ਖਾਣ ਦਾ ਸਬਕ ਪੜ੍ਹਾਈ ਜਾਂਦੇ ਹਨ। ਇਹਨਾਂ ਨੇ ਸਾਡੇ ਦੇਸ਼ ਦਾ ਥੇਹ ਕਰ ਕੇ ਛੱਡਣਾ ਹੈ। ਲੋਕੋ! ਹੁਣ ਇਹਨਾਂ ਦਾ ਪਿੱਛਾ ਛੱਡੋ, ਕਾਇਰਤਾ ਤਿਆਗੋ, ਹਥਿਆਰਬੰਦੀ ਕਰੋ ਤੇ ਬਰਤਾਨੀਆ ਸਰਕਾਰ ਨੂੰ ਜ਼ੋਰ ਨਾਲ ਬਾਹਰ ਕੱਢਣ ਲਈ ਤਿਆਰ ਹੋਵੋ।” ਜਲਸੇ ਦਾ ਪ੍ਰਧਾਨ ਲਛਮਣ ਸਿੰਘ ‘ਬੰਗਾਲ’ ਵਾਲਾ ਸੀ । ਤਕਰੀਰ ਜਥੇਦਾਰ ਕਰਦਾ ਸੀ ਤੇ ਉਹ ਕੁਰਸੀ ਉੱਤੇ ਬੈਠਾ ਹੀ ਕੰਬ ਰਿਹਾ ਸੀ। ਆਖ਼ਰ ਉਸ ਨੇ ਕਿਸ਼ਨ ਸਿੰਘ ਨੂੰ ਬੋਲਣੋਂ ਰੋਕ ਹੀ ਦਿੱਤਾ ਅਤੇ ਜਲਸਾ ਸਮਾਪਤ ਕਰ ਦਿੱਤਾ।
ਚੱਕਰਵਰਤੀ ਲੀਡਰਾਂ ਦੀਆਂ ਤਕਰੀਰਾਂ ਸੁਣ ਕੇ ਪੰਡੋਰੀ ਦੇ ਇਕ ਮੁਸਲਮਾਨ ਮੁੰਡੇ ਤੁਫ਼ੈਲ ਮੁਹੰਮਦ ਉੱਤੇ ਬੜਾ ਅਸਰ ਹੋਇਆ ਅਤੇ ਉਹ ਵੀ ਇਹਨਾਂ ਦਾ ਹਮਦਰਦ ਬਣ ਗਿਆ। ਉਸ ਦੀ ਡਿਊਟੀ ਦੀਵਾਨਾਂ ਦੀ ਖ਼ਬਰ-ਸਾਰ ਰੱਖਣ ਲਈ ਲਾਈ ਗਈ।
ਜਨਵਰੀ 1922 ਦੇ ਮਹੀਨੇ ਭੁਬਿਆਣੇ ਦੀਵਾਨ ਹੋਇਆ ਅਤੇ ਰੁੜਕਾ ਕਲਾਂ ਵਿਖੇ ਇਕ ਹੋਰ ਕਾਨਫ਼ਰੰਸ ਹੋਈ। ਜਨਵਰੀ ਦੇ ਅਖ਼ੀਰ ਬਾਬੂ ਸੰਤਾ ਸਿੰਘ ਵੀ ਫ਼ੌਜ ਛੱਡ ਕੇ ਜਥੇ ਵਿਚ ਆ ਮਿਲਿਆ। ਬੂਟਾ ਸਿੰਘ ਪੰਡੋਰੀ ਨਿਝਰਾਂ (ਜੋ ਪਿੰਡ ਦੇ ਅਕਾਲੀ ਜਥੇ ਦਾ ਜਥੇਦਾਰ ਸੀ) ਤੇ ਸੰਤ ਕਰਤਾਰ ਸਿੰਘ ਚੱਕਰਵਰਤੀ ਭੀ ਜਥੇ ਨਾਲ ਸ਼ਾਮਲ ਹੋ ਕੇ ਲੀਡਰਾਂ ਨਾਲ ਦੌਰਿਆਂ ਵਿਚ ਜਾਣ ਲੱਗੇ।
ਫ਼ਰਵਰੀ 1922 ਵਿਚ ਰਿਆਸਤ ਕਪੂਰਥਲਾ ਦੀ ਤਹਿਸੀਲ ਫਗਵਾੜਾ ਅੰਦਰ ਪਹਿਲੇ ਜਥੇ ਨੇ ਜਲਸੇ ਕੀਤੇ। ਲਖਪੁਰ, ਸਾਹਨੀ, ਸੁਨਿੜਾ, ਬੰਬੇਲੀ, ਨਰੂੜ, ਪਾਂਸ਼ਟਾ, ਪਲਾਹੀ, ਮਾਣਕ, ਸੰਗਤਪੁਰ, ਹਰਦਾਸਪੁਰ, ਮਹੇੜੂ ਆਦਿ ਬਹੁਤ ਸਾਰੇ ਪਿੰਡਾਂ ਵਿਚ ਪਰਚਾਰ ਹੋਇਆ। ਇਸ ਤੋਂ ਪਹਿਲਾਂ ਨਵੰਬਰ 1921 ਵਿਚ ਭੀ ਚਹੇੜੂ, ਫਗਵਾੜਾ ਤੇ ਖਜੂਰਾਲਾ ਆਦਿ ਵਿਚ ਭਾਰੀ ਦੀਵਾਨ ਕੀਤੇ ਗਏ ਸਨ । ਭਾਵ ਤਕਰੀਬਨ ਸਾਰੇ ਦੁਆਬੇ ਵਿਚ ਚੱਕਰਵਰਤੀ ਜਥਾ ਘੁੰਮ ਨਿਕਲਿਆ ਸੀ।
ਦੂਜੇ ਜਥੇ ਦੀਆਂ ਸਰਗਰਮੀਆਂ
ਚਮਕੌਰ ਸਾਹਿਬ ਦੇ ਮੇਲੇ ਤੋਂ ਮੁੜ ਕੇ ਕਰਮ ਸਿੰਘ ਦੌਲਤਪੁਰ ਤੇ ਆਸਾ ਸਿੰਘ ਨੇ ਤਹਿਸੀਲ ਨਵਾਂ ਸ਼ਹਿਰ ਤੇ ਗੜ੍ਹਸ਼ੰਕਰ ਦੇ ਜੁੜਵੇਂ ਇਲਾਕੇ ਵਿਚ ਬਲਾਚੌਰ, ਮਾਹਿਲ ਗਹਿਲਾ, ਨਵਾਂ ਸ਼ਹਿਰ, ਚੱਕ ਸੰਘਾ, ਰਾਮਗੜ੍ਹ ਝੁੰਗੀਆਂ, ਜਾਡਲਾ ਤੇ ਲੰਗੜੋਆ ਆਦਿ ਬਹੁਤ ਸਾਰੇ ਪਿੰਡਾਂ ਵਿਚ 1922 ਦੇ ਜਨਵਰੀ ਤੇ ਫ਼ਰਵਰੀ ਦੇ ਮਹੀਨੇ ਤਕੜਾ ਪਰਚਾਰ ਕੀਤਾ। ਜਨਵਰੀ 1922 ਵਿਚ ਉਦੈ ਸਿੰਘ ਰਾਮਗੜ੍ਹ ਝੁੰਗੀਆਂ ਇਸ ਜਥੇ ਨਾਲ ਸ਼ਾਮਲ ਹੋ ਗਿਆ। ਉਦੈ ਸਿੰਘ ਨੇ ਚੱਕਰਵਰਤੀਆਂ ਦੀਆਂ ਕਈ ਤਕਰੀਰਾਂ ਸੁਣੀਆਂ ਸਨ ਤੇ ਉਸ ਉੱਤੇ ਬੜਾ ਡੂੰਘਾ ਅਸਰ ਹੋਇਆ ਸੀ । ਉਹ ਨਨਕਾਣਾ ਸਾਹਿਬ ਵਿਖੇ ਕਰਮ ਸਿੰਘ ਦੌਲਤਪੁਰ ਨੂੰ ਮਿਲਿਆ ਸੀ, ਜਿਥੇ ਕਾਫ਼ੀ ਦੇਰ ਆਪੋ ਵਿਚ ਬਗ਼ਾਵਤ ਦੇ ਮਸਲੇ ਉੱਤੇ ਗੱਲ-ਬਾਤ ਚੱਲਦੀ ਰਹੀ ਸੀ। ਹੁਣ ਉਹ ਜਥੇ ਨਾਲ ਰਲ ਕੇ ਪ੍ਰਚਾਰ ਵਿਚ ਸ਼ਾਮਲ ਹੋ ਗਿਆ। ਉਸ ਵੇਲੇ ਪ੍ਰਿੰਸ ਆਫ਼ ਵੇਲਜ਼ ਹਿੰਦੁਸਤਾਨ ਨੂੰ ਆ ਰਿਹਾ ਸੀ। ਚੱਕਰਵਰਤੀ ਲੀਡਰਾਂ ਨੇ ਉਸ ਦੇ ਬਾਈਕਾਟ ਲਈ ਲੋਕਾਂ ਵਿਚ ਅਪੀਲ ਕੀਤੀ। ਉਨ੍ਹੀਂ ਦਿਨੀਂ ਧੰਨਾ ਸਿੰਘ ਬਹਿਬਲਪੁਰ ਭੀ ਇਸ ਜਥੇ ਨਾਲ ਸ਼ਾਮਲ ਹੋ ਗਿਆ ਸੀ। ਧੰਨਾ ਸਿੰਘ ਪਿੰਡ ਬਹਿਬਲਪੁਰ (ਜ਼ਿਲ੍ਹਾ ਹੁਸ਼ਿਆਰਪੁਰ) ਦੇ ਅਕਾਲੀ ਜਥੇ ਦਾ ਜਥੇਦਾਰ ਸੀ। ਉਸ ਨੇ ਚੱਕਰਵਰਤੀਆਂ ਦੇ ਪਰੋਗਰਾਮ ਨੂੰ ਬਹੁਤ ਪਸੰਦ ਕੀਤਾ ਅਤੇ ਉਸ ਉੱਤੇ ਅਮਲ ਕਰਨ ਦਾ ਦ੍ਰਿੜ੍ਹ ਇਰਾਦਾ ਕਰ ਕੇ ਨਾਲ ਹੋ ਤੁਰਿਆ।
ਦਲੀਪ ਸਿੰਘ ਗੋਸਲ ਭੀ ਕਈ ਜਲਸਿਆਂ ਵਿਚ ਨਾਲ ਸੀ। ਰੁੜਕਾਂ ਕਲਾਂ, ਮਾਹਿਲ ਗਹਿਲਾ ਤੇ ਅਪਰੇ ਦੀਆਂ ਤਕਰੀਰਾਂ ਦੇ ਕਾਰਨ ਮਾਰਚ 1922 ਵਿਚ ਉਸ ਦੇ ਭੀ ਵਰੰਟ ਜਾਰੀ ਹੋ ਗਏ।
ਕੋਟ ਫ਼ਤੂਹੀ ਦੀ ਕਾਨਫ਼ਰੰਸ
ਕੋਟ ਫ਼ਤੂਹੀ ਵਿਚ ਬਹੁਤ ਸਾਰੇ ਲੋਕ ਅਕਾਲੀ ਬਣ ਗਏ ਸਨ ਅਤੇ ਲੱਖਾ ਸਿੰਘ -ਤੇ ਹਰਦਿੱਤ ਸਿੰਘ ਆਦਿਕ ਕਈ ਸੱਜਣ ਸਥਾਨਕ ਵਰਕਰ ਸਨ। ਏਥੇ ਹੀ ਅਮਰ ਸਿੰਘ ਕੋਟ ਬਾੜੇ ਖ਼ਾਂ, ਜਿਹੜਾ ਪਹਿਲੇ ਅਕਾਲੀ ਸਾਜ਼ਸ਼ ਕੇਸ ਵਿਚ ਬਰੀ ਹੋ ਗਿਆ ਸੀ, ਗ੍ਰੰਥੀ ਦਾ ਕੰਮ ਕਰਦਾ ਸੀ । ਇਸ ਲਈ ਫ਼ਰਵਰੀ ਦੇ ਮਹੀਨੇ ਏਥੇ ਤਿੰਨ ਦਿਨ ਦੀ ਭਾਰੀ ਕਾਨਫ਼ਰੰਸ ਰੱਖੀ ਗਈ। ਇਥੇ ਲਗਪਗ ਸਾਰੇ ਮਫ਼ਰੂਰ ਚੱਕਰਵਰਤੀਆਂ ਨੇ ਤਕਰੀਰਾਂ ਕੀਤੀਆਂ। ਮਾਸਟਰ ਮੋਤਾ ਸਿੰਘ, ਜਥੇਦਾਰ ਕ੍ਰਿਸ਼ਨ ਸਿੰਘ, ਦਾਸ ਸੁੰਦਰ ਸਿੰਘ, ਕਰਮ ਸਿੰਘ ਦੌਲਤਪੁਰ ਤੇ ਕਰਮ ਸਿੰਘ ਝਿੰਗੜ ਆਦਿ ਆਪਣੇ ਆਪਣੇ ਵਕਤ ਪੁਰ ਬੋਲਦੇ ਰਹੇ, ਪਰ ਪੁਲਿਸ ਕਿਸੇ ਨੂੰ ਭੀ ਗ੍ਰਿਫ਼ਤਾਰ ਨਾ ਕਰ ਸਕੀ। ਅੱਵਲ ਤਾਂ ਪੁਲਿਸ ਹੱਥ ਹੀ ਨਹੀਂ ਸੀ ਪਾਉਂਦੀ, ਪਰ ਕਿਤੇ ਅਫ਼ਸਰਾਂ ਦਾ ਮੂੰਹ ਰੱਖਣ ਲਈ ਫੜਨ ਦੀ ਕੋਸ਼ਿਸ਼ ਭੀ ਕਰਦੀ ਤਾਂ ਆਮ ਲੋਕੀਂ ਉਠ ਕੇ ਖੜੋ ਜਾਂਦੇ ਅਤੇ ਬੱਬਰ ਅਕਾਲੀ ਇਸ ਜਨਤਕ ਸਾਗਰ ਵਿਚ ਚੁੱਭੀ ਮਾਰ ਕੇ ਅਲੋਪ ਹੋ ਜਾਂਦੇ । ਪ੍ਰਬੰਧਕਾਂ ਨੇ ਇਹ ਗੱਲ ਸਾਫ਼ ਕਹਿ ਦਿੱਤੀ ਸੀ ਕਿ ਤਕਰੀਰ ਕਰਦੇ ਨੂੰ ਅਤੇ ਸਟੇਜ ਪੁਰ ਖੜੇ ਨੂੰ ਪੁਲਿਸ ਬਿਲਕੁਲ ਹੱਥ ਨਾ ਪਾਵੇ, ਨਹੀਂ ਤਾਂ ਸਿੱਧੀ ਟੱਕਰ ਹੋਏਗੀ। ਜਿਸ ਵੇਲੇ ਮਫ਼ਰੂਰ ਬੱਬਰ ਬੋਲ ਕੇ ਹਟਦਾ ਸੀ, ਪ੍ਰਧਾਨ ਕਾਨਫਰੰਸ ਨੂੰ ਕੁਝ ਚਿਰ ਵਾਸਤੇ ਸਮਾਪਤ ਕਰ ਦਿੰਦਾ ਸੀ ਅਤੇ ਲੋਕ’ ਬੱਬਰਾਂ ਨੂੰ ਵਿਚੋ-ਵਿਚ ਇਕ ਪਾਸੇ ਨੂੰ ਕੱਢ ਦੇਂਦੇ ਸਨ। ਇਸ ਕਾਨਫ਼ਰੰਸ ਨੇ ਬੱਬਰਾਂ ਦੇ ਪਰਭਾਵ ਵਿਚ ਬਹੁਤ ਵਾਧਾ ਕਰ ਦਿੱਤਾ।
ਸ੍ਰੀ ਅਨੰਦਪੁਰ ਸਾਹਿਬ ਵਿਖੇ ਤਕਰੀਰਾਂ
ਮਾਰਚ 1922 ਵਿਚ ਹੋਲੇ ਮਹੱਲੇ ਉੱਤੇ ਅਨੰਦਪੁਰ ਸਾਹਿਬ ਵਿਖੇ ਰਾਤ ਨੂੰ ਦੁਆਬਾ ਦੀਵਾਨ ਵਿਚ ਅਤੇ ਦਿਨ ਨੂੰ ਸ਼ਹੀਦੀ ਬਾਗ਼ ਅੰਦਰ ਤਿੰਨ ਦਿਨ ਭਾਰੀ ਦੀਵਾਨ ਹੋਏ। ਰਾਤ ਵਾਲੇ ਦੀਵਾਨ ਵਿਚ ਮੈਂ ਤੇ ਦਿਨ ਵਾਲੇ ਦੀਵਾਨ ਵਿਚ ਜਥੇਦਾਰ ਕਿਸ਼ਨ ਸਿੰਘ ਬੋਲਿਆ ਕਰਦੇ ਸਾਂ। ਇਸ ਜਥੇਦਾਰ ਨੇ ਅਤੀ ਸੁਸ਼ੀਲੀਆਂ ਤੇ ਕੜਾਕੇਦਾਰ ਤਕਰੀਰਾਂ ਕੀਤੀਆਂ। ਜਦ ਉਸ ਨੇ ਬਰਤਾਨਵੀ ਰਾਜ ਦੇ ਜ਼ੁਲਮਾਂ ਦੀ ਭਿਆਨਕ ਤਸਵੀਰ ਖਿੱਚ ਕੇ ਲੋਕਾਂ ਸਾਹਮਣੇ ਪੇਸ਼ ਕੀਤੀ ਤਾਂ ਸ੍ਰੋਤਿਆਂ ਦੇ ਲੂੰ-ਕੰਡੇ ਖੜੇ ਹੋ ਗਏ। ਸਿਖ ਇਤਿਹਾਸ ਤੇ ਗੁਰਬਾਣੀ ਦੇ ਪਰਮਾਣ ਦੇ ਕੇ ਲੋਕਾਂ ਨੂੰ ਇਥੇ ਲਿਆ। ਖੜੇ ਕੀਤਾ ਕਿ ਅਜਿਹੇ ਜ਼ੁਲਮ, ਜਬਰ ਤੇ ਅਤਿਆਚਾਰ ਵਿਰੁੱਧ ਲੜਨਾ ਹੀ ਸਿੱਖੀ ਹੈ। ਜਦ ਪੁਲਿਸ ਸਟੇਜ ਨੂੰ ਘੇਰਨ ਲੱਗੀ ਤਾਂ ਜਥੇਦਾਰ ਨੇ ਕਿਰਪਾਨ ਸੂਤ ਕੇ ਆਖਿਆ, “ਪੁਲਿਸ ਮੈਨੂੰ ਫੜਨ ਦਾ ਇਰਾਦਾ ਰੱਖਦੀ ਹੈ, ਪਰ ਕਿਤੇ ਬਿੱਲੀ ਦੇ ਗਲ ਟੱਲ ਪਾਉਣ ਲਈ ਚੂਹਿਆਂ ਦੇ ਇਰਾਦੇ ਵਾਲੀ ਗੱਲ ਨਾ ਹੋਵੇ । ਮੈਨੂੰ ਜਿਸ ਨੇ ਫੜਨਾ ਹੈ, ਜ਼ਰਾ ਤਕੜਾ ਹੋ ਕੇ ਆਵੇ ।” ਲੋਕੀਂ ਬੋਲ ਉਠੇ, “ਤੁਹਾਡੇ ਲਾਗੇ ਪੁਲਿਸ ਨੂੰ ਆਉਣ ਦਿਆਂਗੇ ਤਾਂ ਆਖਿਓ। ਅੱਜ ਅਸੀਂ ਭੀ ਸਾਰੇ ਪੱਕੇ ਸਿਖ ਹਾਂ ਤੇ ਪੁਲਿਸ ਦੀ ਬੋਟੀ-ਬੋਟੀ ਕਰ ਦਿਆਂਗੇ।” ਦੋ ਦੋ ਸਿਪਾਹੀਆਂ ਦੁਆਲੇ ਸੌ ਸੌ ਬੰਦਾ ਉਠ ਖੜੋਤਾ। ਈਸ਼ਰ ਸਿੰਘ ਇੰਸਪੈਕਟਰ-ਪੁਲਿਸ ਨੇ ਤੁਰਤ ਸਾਰੇ ਸਿਪਾਹੀਆਂ ਨੂੰ ਪਿੱਛੇ ਹਟ ਜਾਣ ਦਾ ਹੁਕਮ ਦੇ ਦਿੱਤਾ। ਉਸ ਨੇ ਹੁਸ਼ਿਆਰਪੁਰ ਨੂੰ ਪਤਾ ਘੱਲਿਆ ਕਿ ਬੱਬਰਾਂ ਨੂੰ ਫੜਨਾ ਹੈ ਤਾਂ ਹੋਰ ਕਾਫ਼ੀ ਪੁਲਿਸ ਭੇਜੀ ਜਾਵੇ, ਪਰ ਤਿੰਨੇ ਦਿਨ ਨਾ ਹੋਰ ਪੁਲਿਸ ਪੁੱਜੀ ਤੇ ਨਾ ਈਸ਼ਰ ਸਿੰਘ ਨੂੰ ਕੁਝ ਕਰਨ ਦਾ ਹੀਆ ਪਿਆ।
ਜਦ ਬੱਬਰ ਮੁਕੱਦਮੇ ਦੇ ਦੌਰਾਨ ਜੱਜ ਨੇ ਈਸ਼ਰ ਸਿੰਘ ਨੂੰ ਪੁੱਛਿਆ ਕਿ ਜਿਸ ਵਕਤ ਬੱਬਰ ਅਨੰਦਪੁਰ ਸਾਹਿਬ ਦੀਵਾਨ ਵਿਚ ਬੋਲਦੇ ਸਨ ਤਾਂ ਤੂੰ ਕਿਥੇ ਸੈਂ ? ਤਦ ਈਸ਼ਰ ਸਿੰਘ ਨੇ ਆਖਿਆ ਕਿ ਉਹ ਦੀਵਾਨ ਵਿਚ ਹਾਜ਼ਰ ਸੀ। ਫੇਰ ਜੱਜ ਨੇ ਸਵਾਲ ਕੀਤਾ ਕਿ ਤੂੰ ਬੱਬਰਾਂ ਨੂੰ ਕਿਉਂ ਨਾ ਫੜਿਆ। ਤਾਂ ਈਸ਼ਰ ਸਿੰਘ ਨੇ ਉੱਤਰ ਦਿੱਤਾ ਕਿ ਉਸ ਵਿਚ ਤਾਂ ਕੀ, ਹੋਰ ਕਿਸੇ ਵਿਚ ਭੀ ਉਸ ਵੇਲੇ ਬੱਬਰਾਂ ਨੂੰ ਫੜਨ ਦੀ ਤਾਕਤ ਨਹੀਂ ਸੀ।
ਬੁਹਾਨੀ ਦਾ ਦੀਵਾਨ
ਅਨੰਦਪੁਰ ਸਾਹਿਬ ਤੋਂ ਆ ਕੇ ਇਕ ਜਲਸਾ ਧੈਨੋਵਾਲੀ ਦੇ ਫਾਟਕ ਲਾਗੇ ਜਰਨੈਲੀ ਸੜਕ ਦੇ ਕੰਢੇ ਕੀਤਾ ਗਿਆ।
ਇਥੋਂ ਬੁਹਾਨੀ ਤਹਿਸੀਲ ਫਗਵਾੜਾ ਵਿਚ ਰੱਖੇ ਦੀਵਾਨ ਉੱਤੇ ਪੁੱਜੇ। ਇਸ ਦੀਵਾਨ ਵਿਚ ਕਰਤਾਰ ਸਿੰਘ ਗੋਂਦਪੁਰ ਤੇ ਹਰਬੰਸ ਸਿੰਘ ਸਿਰਹਾਲਾ ਭੀ ਹਾਜ਼ਰ ਸਨ। ਕਰਤਾਰ ਸਿੰਘ ਪਿੰਡ ਗੋਂਦਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਸਨੀਕ ਸਨ। ਆਪ 1921 ਵਿਚ ਅਕਾਲੀ ਬਣ ਕੇ ਆਪਣੇ ਪਿੰਡ ਦੇ ਜਥੇਦਾਰ ਬਣੇ। 1922 ਦੇ ਸ਼ੁਰੂ ਤੋਂ ਹੀ ਬੱਬਰ-ਜਥੇ ਵਿਚ ਸ਼ਾਮਲ ਹੋ ਗਏ ਅਤੇ ਦੌਰਿਆਂ ਅੰਦਰ ਜਥੇਦਾਰ ਹੋਰਾਂ ਨਾਲ ਰਹਿਣ ਲੱਗੇ।
ਬੁਹਾਨੀ ਦੀਵਾਨ ਵਿਚ ਮਾਸਟਰ ਮੋਤਾ ਸਿੰਘ ਜੀ ਨੇ ਇਕ ਜ਼ੋਰਦਾਰ ਤਕਰੀਰ ਕੀਤੀ। ਮਗਰੋਂ ਜਥੇਦਾਰ ਨੇ ਤਕਰੀਰ ਕਰਦਿਆਂ ਚਿੱਟੀਆਂ ਪੱਗਾਂ ਵਾਲਿਆਂ ਵੱਲ ਇਸ਼ਾਰਾ ਕਰ ਕੇ ਕਿਹਾ ਕਿ ਉਨ੍ਹਾਂ ਨੂੰ ਭੀ ਕਾਲੇ ਦਸਤਾਰੇ ਸਜਾਉਣੇ ਚਾਹੀਦੇ ਹਨ। ਇਕ ਚਿੱਟੀ ਪੱਗ ਵਾਲਾ ਹੱਥ ਜੋੜ ਕੇ ਖੜੋ ਗਿਆ ਤੇ ਕਹਿਣ ਲੱਗਾ, “ਜਥੇਦਾਰ ਜੀ ! ਤੁਹਾਡੀਆਂ ਗੱਲਾਂ ਤਾਂ ਸਭੇ ਸੱਚੀਆਂ ਹਨ ਅਤੇ ਮੰਨਣ-ਯੋਗ ਹਨ, ਪਰ ਏਥੇ ਤਾਂ ਜ਼ੈਲਦਾਰ ਬਿਸ਼ਨ ਸਿੰਘ ਰਾਣੀਥੂਏ ਵਾਲੇ ਦੀ ਮਾਰ-ਮਾਰ ਹੈ । ਉਹ ਤਾਂ ਲੋਕਾਂ ਨੂੰ ਗੁਰਦੁਆਰੇ ਬਹਿ ਕੇ ਸ਼ਬਦ ਤਕ ਨਹੀਂ ਪੜ੍ਹਨ ਦਿੰਦਾ, ਕਾਲੀਆਂ ਪੱਗਾਂ ਦੀ ਤਾਂ ਗੱਲ ਹੀ ਨਾ ਕਰੋ।”
ਜਥੇਦਾਰ ਕਿਸ਼ਨ ਸਿੰਘ ਨੇ ਰੋਹ ਵਿਚ ਆ ਕੇ ਆਖਿਆ, “ਇਕ ਬੰਨੇ ਮੈਂ ਆਪ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਬਲ ਧਾਰੋ ਤੇ ਹਕੂਮਤੀ ਚਾਟੜਿਆਂ ਮੋਹਰੇ ਯਈਂ ਯਈਂ ਨਾ ਕਰੋ। ਦੂਜੇ ਬੰਨੇ ਮੈਂ ਬਿਸ਼ਨ ਸਿੰਘ ਨੂੰ ਨਸੀਹਤ ਕਰਦਾ ਹਾਂ ਕਿ ਉਹ ਭੈੜੇ ਕੰਮਾਂ ਤੋਂ ਬਾਜ਼ ਆ ਕੇ ਆਪਣੇ ਆਪ ਨੂੰ ਸੁਧਾਰ ਲਵੇ, ਨਹੀਂ ਤਾਂ ਕੋਈ ਅਣਖੀਲਾ ਯੋਧਾ ਸ੍ਰੀ ਸਾਹਿਬ ਨਾਲ ਉਸ ਦਾ ਸੁਧਾਰ ਕਰੇਗਾ।”
ਝੋਲੀਚੁੱਕਾਂ ਦੇ ਸੁਧਾਰ ਦਾ ਪਹਿਲਾ ਫ਼ੈਸਲਾ
19 ਮਾਰਚ 1922 ਨੂੰ ਪਿੰਡ ਸੰਘਵਾਲ ਵਿਖੇ ਦੀਵਾਨ ਕੀਤਾ ਗਿਆ । ਏਥੇ ਕੁਝ ਪੁਲਸੀਏ ਪੁੱਜ ਗਏ ਸਨ। ਉਹ ਲੋਕਾਂ ਨੂੰ ਡਰਾਉਣ ਧਮਕਾਉਣ ਲੱਗ ਪਏ। ਪਿੰਡ ਦੇ ਝੋਲੀਚੁੱਕ ਭੀ ਲੋਕਾਂ ਨੂੰ ਹੋਰ ਪੁਲਿਸ ਆ ਜਾਣ ਤੇ ਗੋਲੀ ਚੱਲ ਜਾਣ ਦਾ ਡਰ ਦੇ ਕੇ ਜਲਸੇ ਵਿਚ ਜਾਣੋਂ ਰੋਕਦੇ ਸਨ । ਜਲਸੇ ਦੇ ਸਥਾਨਕ ਪ੍ਰਬੰਧਕ ਭੀ ਡਰ ਗਏ ਤੇ ਕੋਈ ਜਲਸੇ ਦਾ ਪ੍ਰਧਾਨ ਬਣਨਾ ਸਵੀਕਾਰ ਨਾ ਕਰੇ । ਅਖ਼ੀਰ ਬੱਬਰਾਂ ਨੇ ਆਪਣੇ ਵਿਚੋਂ ਇਕ ਨੂੰ ਪ੍ਰਧਾਨ ਥਾਪ ਕੇ ਜਲਸੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ । ਝੋਲੀਚੁੱਕ ਜਲਸੇ ਦੇ ਅੰਦਰ ਭੀ ਛੇੜ-ਛਾੜ ਕਰਦੇ ਰਹੇ। ਜਲਸਾ ਸਮਾਪਤ ਹੋਇਆ ਹੀ ਸੀ ਕਿ ਪਿੰਡ ਦੇ ਦੂਏ ਬੰਨੇ ਹੋਰ ਪੁਲਿਸ ਆਉਣ ਦਾ ਪਤਾ ਲੱਗਾ। ਬੱਬਰ ਝਟ-ਪਟ ਪੱਤਰਾ ਵਾਚ ਗਏ।
ਬਿਆਸ ਪਿੰਡ ਤੇ ਸੰਘਵਾਲ ਦੇ ਵਿਚਕਾਰ ਇਕ ਖੂਹ ਉੱਤੇ ਬਾਬੂ ਸੰਤਾ ਸਿੰਘ, ਜਥੇਦਾਰ ਕਿਸ਼ਨ ਸਿੰਘ, ਦਾਸ ਸੁੰਦਰ ਸਿੰਘ, ਕਰਤਾਰ ਸਿੰਘ ਗੋਂਦਪੁਰ ਅਤੇ ਹਰਬੰਸ ਸਿੰਘ ਸਿਰਹਾਲਾ ਨੇ ਮੀਟਿੰਗ ਕੀਤੀ। ਵਿਚਾਰ ਹੋਈ ਕਿ ਝੋਲੀਚੁੱਕਾਂ ਤੋਂ ਬਹੁਤ ਖ਼ਤਰਾ ਪੈਦਾ ਹੋ ਗਿਆ ਹੈ। ਇਹ ਪੁਲਿਸ ਨੂੰ ਖ਼ਬਰਾਂ ਦੇਂਦੇ ਤੇ ਜਲਸਿਆਂ ਵਿਚ ਗੜ-ਬੜ ਭੀ ਕਰਦੇ ਹਨ। ਇਹ ਲੋਕਾਂ ਨੂੰ ਧਮਕਾਉਂਦੇ ਅਤੇ ਰੋਅਬ ਪਾਉਂਦੇ ਹਨ, ਇਸ ਲਈ ਇਨ੍ਹਾਂ ਦੀ ਰੋਕ-ਥਾਮ ਕਰਨੀ ਜ਼ਰੂਰੀ ਹੈ। ਜੇ ਇਨ੍ਹਾਂ ਨੂੰ ਸਜ਼ਾ ਨਾ ਦਿੱਤੀ ਗਈ ਤਾਂ ਇਨ੍ਹਾਂ ਦੇ ਹੌਸਲੇ ਬਹੁਤ ਵਧ ਜਾਣਗੇ, ਪ੍ਰਚਾਰ ਅਤੇ ਬਗ਼ਾਵਤ ਦੀ ਤਿਆਰੀ ਦਾ ਕੰਮ ਬਹੁਤ ਮੁਸ਼ਕਲ ਹੋ ਜਾਵੇਗਾ।
ਫ਼ੈਸਲਾ ਕੀਤਾ ਗਿਆ ਕਿ ਪਹਿਲਾਂ ਹਰ ਝੋਲੀਚੁੱਕ ਨੂੰ ਤਾੜਨਾ ਕੀਤੀ ਜਾਵੇ । ਜੇ ਉਹ ਫੇਰ ਭੀ ਬਾਜ਼ ਨਾ ਆਵੇ ਤਾਂ ਉਹ ਦੇ ਨੱਕ ਅਤੇ ਕੰਨ ਵੱਢ ਦਿੱਤੇ ਜਾਣ। ਸ਼ਾਮ ਸਿੰਘ ਜ਼ੈਲਦਾਰ ਤਲ੍ਹਣ, ਹਰਨਾਮ ਸਿੰਘ ਮਹੱਦੀਪੁਰ ਆਦਿ ਪੰਜ-ਸਤ ਝੋਲੀਚੁੱਕਾਂ ਦੇ ਨਾਮ ਭੀ ਵਿਚਾਰ ਹੇਠ ਲਿਆਂਦੇ ਗਏ।
ਇਸ ਦੇ ਨਾਲ ਹੀ ਇਹ ਭੀ ਫ਼ੈਸਲਾ ਹੋਇਆ ਕਿ ਬੱਬਰ ਆਪਣੀ ਰੱਖਿਆ ਲਈ ਆਪਣੇ ਪਾਸ ਹਥਿਆਰ ਜ਼ਰੂਰ ਰੱਖਣ।
ਸੁਧਾਰ ਦਾ ਪ੍ਰੋਗਰਾਮ
ਬਾਬੂ ਸੰਤਾ ਸਿੰਘ ਜਲੰਧਰੋਂ ਚਾਰ ਉਸਤਰੇ ਖ਼ਰੀਦ ਲਿਆਇਆ। 24 ਮਾਰਚ ਨੂੰ ਸੰਤ ਠਾਕਰ ਸਿੰਘ ਦੀ ਕੁਟੀਆ ਵਿਚ ਫੇਰ ਇਕੱਠ ਹੋਇਆ। ਜਥੇਦਾਰ ਕਿਸ਼ਨ ਸਿੰਘ ਨੇ ਇਕ ਉਸਤਰਾ ਆਪ ਲੈ ਲਿਆ, ਦੋ ਸੰਤਾ ਸਿੰਘ ਕੋਲ ਰਹਿਣ ਦਿੱਤੇ ਤਾਂ ਕਿ ਇਕ ਉਹ ਆਪਣੇ ਪਾਸ ਰੱਖੇ ਅਤੇ ਇਕ ਕਿਸੇ ਹੋਰ ਨੂੰ ਦੇ ਦੇਵੇ। ਚੌਥਾ ਹਜ਼ਾਰਾ ਸਿੰਘ ਸਪੁੱਤਰ ਇੰਦਰ ਸਿੰਘ ਮੰਡੇਰ ਨੂੰ ਦਿੱਤਾ ਗਿਆ । ਹਜ਼ਾਰਾ ਸਿੰਘ ਨੂੰ ਖ਼ਾਸ ਤੌਰ ‘ਤੇ ਬੁਲਾਇਆ ਗਿਆ ਸੀ। ਉਹ 1920 ਤੋਂ ਅਕਾਲੀ ਬਣ ਚੁੱਕਾ ਸੀ ਤੇ ਜਥੇਦਾਰ ਦੀਆਂ ਤਕਰੀਰਾਂ ਸੁਣ ਕੇ ਉਹ ਬੱਬਰ ਜਥੇ ਵਿਚ ਸ਼ਾਮਲ ਹੋ ਗਿਆ ਸੀ। ਸ਼ੁਰੂ ਸ਼ੁਰੂ ਵਿਚ ਉਸ ਦੀ ਡਿਊਟੀ ਜਲਸੇ ਵੇਲੇ ਪਹਿਰਾ ਦੇਣ ਦੀ ਸੀ, ਤਾਂ ਜੁ ਪੁਲਿਸ ਆਦਿ ਦਾ ਪਹਿਲੋਂ ਹੀ ਪਤਾ ਲੱਗ ਜਾਇਆ ਕਰੇ । ਏਥੇ ਕੁਟੀਆ ਵਿਚ ਜਥੇਦਾਰ ਨੇ ਉਸਤਰਾ ਦੇ ਕੇ ਉਸ ਨੂੰ ਦੱਸਿਆ ਸੀ ਕਿ ਉਸ ਨੇ ਇਸ ਨਾਲ ਹਰਨਾਮ ਸਿੰਘ ਮਹੱਦੀਪੁਰੀਏ ਦੇ ਨੱਕ ਕੰਨ ਵੱਢਣੇ ਹਨ ਅਤੇ ਇਸ ਕੰਮ ਵਿਚ ਉਹ ਅਮਰ ਸਿੰਘ ਗਜੋਵਾਲ, ਛੱਜਾ ਸਿੰਘ ਤੇ ਦੀਵਾਨ ਸਿੰਘ ਮਸਾਣੀਆਂ ਦੀ ਸਹਾਇਤਾ ਹਾਸਲ ਕਰੇ।
ਸ਼ਾਮ ਸਿੰਘ ਤਲ੍ਹਣ ਦੇ ‘ਸੁਧਾਰ’ ਦੀ ਕੋਸ਼ਿਸ਼
ਬੱਬਰਾਂ ਨੇ ਝੋਲੀਚੁੱਕਾਂ ਨੂੰ ਸਜ਼ਾ ਦੇਣ ਦਾ ਨਾਉਂ ਆਪਣੀ ਬੋਲੀ ਵਿਚ ‘ਸੁਧਾਰ ਕਰਨਾ’ ਰੱਖਿਆ ਸੀ। ਸ਼ਾਮ ਸਿੰਘ ਜ਼ੈਲਦਾਰ ਤਲ੍ਹਣ ਇਕ ਤਕੜਾ ਝੋਲੀਚੁੱਕ ਸੀ ਅਤੇ ਸੰਘਵਾਲ ਦੇ ਦੀਵਾਨ ਵਿਚ ਖੱਪ ਪਾਉਣ ਵਾਲਿਆਂ ਵਿਚੋਂ ਸੀ । ਜਥੇਦਾਰ ਨੇ ਮੈਨੂੰ ਆਖਿਆ ਕਿ ਉਸ ਦੇ ਸੁਧਾਰ ਦਾ ਕੰਮ ਮੈਂ ਹੀ ਕਰਾਂ ਤਾਂ ਜੁ ਬਹੁਤਿਆਂ ਕੋਲ ਗੱਲ ਨਾ ਜਾਵੇ। ਇਸ ਫ਼ੈਸਲੇ ਅਨੁਸਾਰ ਮਾਰਚ ਦੇ ਆਖ਼ਰੀ ਹਫ਼ਤੇ ਮੈਂ ਤੇ ਬਸੰਤ ਸਿੰਘ ਕੈਨੇਡੀਅਨ ਸਿਰਹਾਲਾ ਖੁਰਦ, ਹਰੀਪੁਰ ਤੋਂ ਬਿਸਰਾਮਪੁਰ ਉਜਾਗਰ ਸਿੰਘ ਪਾਸ ਪੁੱਜੇ । ਉਜਾਗਰ ਸਿੰਘ ਨੇ ਪਤਾ ਦਿੱਤਾ ਕਿ ਉਹ ਤਾਂ ਕਿਤੇ ਬਰਾਤ ਵਿਚ ਗਿਆ ਹੋਇਆ ਹੈ। ਬੱਬਰਾਂ ਨੂੰ ਵਾਪਸ ਮੁੜਨਾ ਪਿਆ।
ਚੌਕੀ ਖਜੂਰਲੇ ਦੀ ਘਟਨਾ
ਅਪ੍ਰੈਲ 1922 ਦੇ ਸ਼ੁਰੂ ਵਿਚ ਜਥੇਦਾਰ ਕਿਸ਼ਨ ਸਿੰਘ, ਸੁੰਦਰ ਸਿੰਘ, ਬਾਬੂ ਸੰਤਾ ਸਿੰਘ, ਕਰਤਾਰ ਸਿੰਘ ਗੋਂਦਪੁਰ ਤੇ ਹਰਬੰਸ ਸਿੰਘ ਸਿਰਹਾਲਾ ਖੁਰਦ ਦਾ ਜਥਾ ਕਈ ਦਿਨ ਜਲੰਧਰ ਛਾਉਣੀ ਦੇ ਲਾਗੇ ਢੱਕ ਦੇ ਇਲਾਕੇ ਵਿਚ ਪ੍ਰਚਾਰ ਕਰਦਾ ਰਿਹਾ। ਏਧਰੋਂ ਜਥੇਦਾਰ, ਮੈਂ ਤੇ ਬਾਬੂ ਸੰਤਾ ਸਿੰਘ ਹਰਦਾਸਪੁਰ ਨੂੰ ਜਾ ਰਹੇ ਸਾਂ । ਤਸੀਲ ਜਲੰਧਰ ਤੇ ਫਗਵਾੜਾ ਦੀ ਹੱਦ ਪਰ ਦੁ-ਸੜਕੇ ਉੱਤੇ, ਖਜੂਰਲੇ ਦੀ ਪੁਲਿਸ ਚੌਕੀ ਕੋਲ ਦੀ ਲੰਘਣ ਲੱਗੇ ਤਾਂ ਚੌਕੀ ਅੰਦਰ ਕਿਸੇ ਨੂੰ ਕੁੱਟਿਆ ਜਾ ਰਿਹਾ ਸੀ । ਪਤਾ ਲੱਗਾ ਕਿ ਇਕ ਬਖ਼ਸ਼ੀਸ਼ ਸਿੰਘ ਨਾਉਂ ਦੇ ਸਿਖ ਨੂੰ ਕਾਲੀ ਪਗੜੀ ਤੇ ਕਿਰਪਾਨ ਰੱਖਣ ਕਰਕੇ ਮਾਰਿਆ ਜਾ ਰਿਹਾ ਹੈ। ਇਸ ਚੌਕੀ ਦੀਆਂ ਵਧੀਕੀਆਂ ਅੱਗੇ ਵੀ ਸੁਣਨ ਵਿਚ ਆਈਆਂ ਸਨ। ਬੱਬਰਾਂ ਨੇ ਅੱਜ ਦੋ ਹੱਥ ਕਰ ਕੇ ਦੇਖਣ ਦਾ ਮਤਾ ਪਕਾ ਲਿਆ। ਤਿੰਨੇ ਜਣੇ ਕਿਰਪਾਨਾਂ ਨੰਗੀਆਂ ਕਰ ਕੇ ਕੜਕ ਕੇ ਜਾ ਪਏ। ਪੁਲਸੀਆਂ ਨੇ ਜਥੇਦਾਰ ਤੇ ਮੈਨੂੰ ਕਈ ਵੇਰੀ ਦੀਵਾਨਾਂ ਵਿਚ ਦੇਖਿਆ ਹੋਇਆ ਸੀ । ਸਾਡੀ ਸ਼ਕਲ ਵੇਖਦਿਆਂ ਹੀ ਉਹ ਪੀਲੇ ਪੈ ਗਏ ਤੇ ਪੈਰੀਂ ਪੈ ਕੇ ਆਖਣ ਲੱਗੇ : “ਸਾਡੇ ਜੁੱਤੀਆਂ ਮਾਰ ਲਓ, ਪਰ ਮਾਫ਼ੀ ਦੇ ਦਿਓ। ਅਸੀਂ ਤਾਂ ਬਿਸ਼ਨ ਸਿੰਘ ਜ਼ੈਲਦਾਰ ਰਾਣੀਥੂਏ ਵਾਲੇ ਦੇ ਤੰਗ ਕਰਨ ਕਰਕੇ ਅਜਿਹੀ ਭੁੱਲ ਕਰ ਬੈਠੇ ਹਾਂ । ਆਹ ਵੇਖੋ ਕੰਨ ਫੜਦੇ ਹਾਂ, ਅੱਗੋਂ ਲਈ ਅਜਿਹੀ ਹਰਕਤ ਕਦੇ ਨਾ ਹੋਊ।” ਬੱਬਰਾਂ ਆਖਿਆ, “ਬਖ਼ਸ਼ੀਸ਼ ਸਿੰਘ ਦੇ ਪੈਰੀਂ ਪਵੋ ਤੇ ਇਸ ਤੋਂ ਭੁੱਲ ਬਖ਼ਸ਼ਾਵੋ ।” ਸਿਪਾਹੀਆਂ ਨੇ ਇਵੇਂ ਹੀ ਕੀਤਾ ਤੇ ਬੱਬਰਾਂ ਤੋਂ ਜਾਨ। ਛੁਡਾਈ।
ਫ਼ੌਜੀਆਂ ਨਾਲ ਮੀਟਿੰਗ
ਹਰਦਾਸਪੁਰ ਤੋਂ ਜਥੇਦਾਰ ਕਿਸ਼ਨ ਸਿੰਘ, ਬਾਬੂ ਸੰਤਾ ਸਿੰਘ ਤੇ ਬੇਲਾ ਸਿੰਘ ਪ੍ਰਾਗਪੁਰੀਆ ਸੰਤ ਕਰਤਾਰ ਸਿੰਘ ਦੀ ਕੁਟੀਆ ਨੂੰ ਆ ਗਏ। ਏਥੇ ਕਿਰਪਾਲ ਸਿੰਘ ਪਿੰਡ ਮਲਕਪੁਰ (ਜ਼ਿਲ੍ਹਾ ਰਾਵਲਪਿੰਡੀ) ਤੇ ਪਰਤਾਪ ਸਿੰਘ (ਜ਼ਿਲ੍ਹਾ ਸਿਆਲਕੋਟ) ਨਾਉਂ ਦੇ ਦੋ ਫ਼ੌਜੀ ਜਿਹੜੇ ਕਿ ਜਲੰਧਰ ਛਾਉਣੀ ਵਿਚ 52 ਨੰਬਰ ਸਿਖ ਪਲਟਨ ਵਿਚ ਸਨ, ਆਏ ਹੋਏ ਸਨ। ਇਹਨਾਂ ਨੇ ਪਹਿਲਾਂ ਸੰਤ ਕਰਤਾਰ ਸਿੰਘ ਨੂੰ ਮਿਲ ਕੇ ਜਥੇਦਾਰ ਨਾਲ ਮੁਲਾਕਾਤ ਕਰਨ ਦੀ ਇੱਛਾ ਪਰਗਟ ਕੀਤੀ ਸੀ । ਸੰਤ ਜੀ ਨੇ ਇਨ੍ਹਾਂ ਦੀ ਜਥੇਦਾਰ ਨਾਲ ਜਾਣ-ਪਛਾਣ ਕਰਾਈ। ਜਥੇਦਾਰ ਨੇ ਬੱਬਰ ਜਥੇ ਦਾ ਸਾਰਾ ਪ੍ਰੋਗਰਾਮ ਇਨ੍ਹਾਂ ਨੂੰ ਸਮਝਾਇਆ ਤੇ ਦੋਹਾਂ ਫ਼ੌਜੀਆਂ ਨੂੰ ਫ਼ੌਜ ਦੇ ਅੰਦਰ ਅੰਗਰੇਜ਼ੀ ਰਾਜ ਦੇ ਵਿਰੁੱਧ ਪਰਚਾਰ ਕਰਨ ਅਤੇ ਬੱਬਰ ਜਥੇ ਨੂੰ ਗੋਲੀ-ਸਿੱਕਾ ਪਹੁੰਚਾਉਣ ਲਈ ਅਪੀਲ ਕੀਤੀ। ਪਰਤਾਪ ਸਿੰਘ ਨੇ ਆਖਿਆ ਕਿ ਰਫ਼ਲ ਦੀਆਂ ਗੋਲੀਆਂ ਤਾਂ ਮਿਲ ਸਕਦੀਆਂ ਹਨ, ਰੀਵਾਲਵਰਾਂ ਦੀਆਂ ਸ਼ਾਇਦ ਹੱਥ ਨਾ ਆਉਣ। ਜਥੇਦਾਰ ਨੇ ਕਿਹਾ ਕਿ ਰਫ਼ਲ ਦੀਆਂ ਗੋਲੀਆਂ ਨੂੰ ਕੱਟ ਕੇ ਰੀਵਾਲਵਰ ਵਿਚ ਵਰਤਿਆ ਜਾ ਸਕਦਾ ਹੈ, ਇਸ ਲਈ ਉਹ ਰਫ਼ਲ ਦੀਆਂ ਗੋਲੀਆਂ ਹੀ ਪੁੱਜਦੀਆਂ ਕਰਨ। ਦੋਹਾਂ ਫ਼ੌਜੀਆਂ ਨੇ ਵਾਹ ਲੱਗਦਾ ਸਾਮਾਨ ਪਹੁੰਚਾਉਣ ਦਾ ਇਕਰਾਰ ਕੀਤਾ।
ਜਾਣ ਤੋਂ ਪਹਿਲਾਂ ਦੋਹਾਂ ਨੇ ਜਥੇਦਾਰ ਨੂੰ ਉਨ੍ਹਾਂ ਦੀ ਪਲਟਨ ਦੇ ਨਾਇਕ ਗੰਗਾ ਸਿੰਘ ਨੂੰ ਮਿਲਣ ਲਈ ਆਖਿਆ, ਕਿਉਂਕਿ ਉਹ ਖ਼ੁਦ ਜਥੇਦਾਰ ਨੂੰ ਮਿਲਣ ਦੀ ਖ਼ਾਹਸ਼ ਰੱਖਦਾ ਸੀ । ਜਥੇਦਾਰ ਤੇ ਬਾਬੂ ਸੰਤਾ ਸਿੰਘ ਰੇਲਵੇ ਸਟੇਸ਼ਨ ਪੁਰ ਜਾ ਕੇ ਗੰਗਾ ਸਿੰਘ ਨੂੰ ਮਿਲੇ। ਇਹ ਜ਼ਿਲ੍ਹਾ ਗੁਰਦਾਸਪੁਰ ਦਾ ਵਸਨੀਕ ਸੀ । ਗੰਗਾ ਸਿੰਘ ਨੇ ਭੀ ਵੱਧ ਤੋਂ ਵੱਧ ਦਾਰੂ-ਸਿੱਕਾ ਦੇਣ ਦਾ ਇਕਰਾਰ ਕੀਤਾ।
ਵਿਦਿਆਰਥੀਆਂ ਨਾਲ ਮੇਲ-ਮਿਲਾਪ
ਫ਼ੌਜੀਆਂ ਨਾਲ ਗੱਲ-ਬਾਤ ਕਰ ਕੇ ਜਥੇਦਾਰ ਤੇ ਬਾਬੂ ਸੰਤਾ ਸਿੰਘ ਖ਼ਾਲਸਾ ਹਾਈ ਸਕੂਲ ਜਲੰਧਰ ਵਿਚ ਗਏ। ਏਥੇ ਮਿਲਖਾ ਸਿੰਘ ਪੰਡੋਰੀ ਵਾਲਾ ਪੜ੍ਹਦਾ ਸੀ । ਇਸ ਨੇ ਪੰਡੋਰੀ ਵਿਚ ਕਿਸ਼ਨ ਸਿੰਘ ਦੀਆਂ ਤਕਰੀਰਾਂ ਸੁਣੀਆਂ ਸਨ ਅਤੇ ਪਿੰਡ ਦੇ ਬੱਬਰਾਂ ਬੂਟਾ ਸਿੰਘ, ਸਾਹਦਾ ਸਿੰਘ ਤੇ ਊਧਮ ਸਿੰਘ ਆਦਿ ਦੀ ਸੰਗਤ ਕਰ ਕੇ ਬੱਬਰਾਂ ਦਾ ਹਮਦਰਦ ਬਣ ਚੁੱਕਾ ਸੀ । ਉਸ ਨੇ ਜਥੇਦਾਰ ਨੂੰ ਸਕੂਲ ਵਿਚ ਦਰਸ਼ਨ ਦੇਣ ਲਈ ਕਿਹਾ ਸੀ। ਮਿਲਖਾ ਸਿੰਘ ਨੇ ਪੰਜ ਛੇ ਹੋਰ ਨੌਜੁਆਨ ਵਿਦਿਆਰਥੀ ਇਕੱਠੇ ਕਰ ਲਏ। ਜਥੇਦਾਰ ਨੇ ਬੱਬਰ ਜਥੇ ਦਾ ਪ੍ਰੋਗਰਾਮ ਸਮਝਾਇਆ ਅਤੇ ਹਿੰਦੁਸਤਾਨ ਅੰਦਰ ਸਵਰਾਜ ਕਾਇਮ ਕਰਨ ਲਈ ਬਰਤਾਨਵੀ ਹਕੂਮਤ ਨੂੰ ਖ਼ਤਮ ਕਰਨ ਵਾਸਤੇ ਬਗਾਵਤ ਕਰਨ ਦੀ ਆਵਸ਼ਕਤਾ ਸਮਝਾਈ। ਨੌਜੁਆਨਾਂ ਉੱਤੇ ਇਤਨਾ ਅਸਰ ਹੋਇਆ ਕਿ ਉਨ੍ਹਾਂ ਨੇ ਉਸੇ ਵੇਲੇ ਨਾਲ ਮਿਲ ਕੇ ਅਸਲ ਮੈਦਾਨ ਵਿਚ ਉਤਰਨ ਦੀ ਇੱਛਾ ਪਰਗਟ ਕੀਤੀ। ਪਰ ਜਥੇਦਾਰ ਨੇ ਉਨ੍ਹਾਂ ਨੂੰ ਅਜੇ ਪੜ੍ਹਾਈ ਕਰਦਿਆਂ ਹੋਰ ਮੁੰਡਿਆਂ ਵਿਚ ਪਰਚਾਰ ਕਰਨ ਦੀ ਅਤੇ ਵਕਤ ਆਉਣ ਪੁਰ ਹਥਿਆਰ ਚੁੱਕਣ ਦੀ ਪਾਲਸੀ ਸਮਝਾਈ।
ਜ਼ਿਲ੍ਹਾ ਹੁਸ਼ਿਆਰਪੁਰ ਦਾ ਦੌਰਾ ਤੇ ਪਰਚਾਰ
ਸੂੰਢ ਤੇ ਸੰਧਵੀਂ ਦੀਵਾਨ ਕਰ ਕੇ ਜਥੇਦਾਰ, ਦਾਸ ਤੇ ਕਰਤਾਰ ਸਿੰਘ ਗੋਂਦਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਆ ਵੜੇ। ਏਥੇ ਚੱਬੇਵਾਲ, ਮਾਹਲਪੁਰ, ਜਿਆਨ, ਬਾੜੀਆਂ ਕਲਾਂ, ਸਿਰਹਾਲਾ ਕਲਾਂ, ਕੁੱਕੜ ਮੁਜ਼ਾਰਾ, ਫ਼ਤਹਪੁਰ ਕੋਠੀ, ਗੋਂਦਪੁਰ, ਬਡੋਂ, ਪੱਖੋਵਾਲ, ਸਿੰਬਲੀ ਕੁੱਕੜਾਂ, ਬਾਹੋਵਾਲ, ਜੰਡੋਲੀ, ਕਾਲੇਵਾਲ, ਦੋਵੇਂ ਲਹਿਲੀਆਂ, ਬਸੀ ਕਲਾਂ, ਬਲਾਸਪੁਰ, ਗੜ੍ਹਸ਼ੰਕਰ, ਮੋਇਲਾ, ਬੀਹੜਾਂ ਤੇ ਜਸੋਵਾਲ ਆਦਿ ਅਨੇਕਾਂ ਪਿੰਡਾਂ ਵਿਚ ਦੀਵਾਨ ਕੀਤੇ ਗਏ। ਪਰਚਾਰ ਦੇ ਨਾਲੋ-ਨਾਲ ਕਾਂਗਰਸ ਤੇ ਅਕਾਲੀ ਦਲ ਦੇ ਮੈਂਬਰ ਭੀ ਭਰਤੀ ਕੀਤੇ ਜਾਂਦੇ ਰਹੇ।
ਸੁੰਢ ਦੀ ਘਟਨਾ ਤੇ ਸੁੰਦਰ ਸਿੰਘ ਬੱਬਰ ਦੀ ਗ੍ਰਿਫ਼ਤਾਰੀ
11 ਮਈ 1922 ਨੂੰ ਪੰਡੋਰੀ ਗੰਗਾ ਸਿੰਘ ਤੋਂ ਜਥੇਦਾਰ ਜੀ ਤੇ ਦਾਸ ਸੁੰਦਰ ਸਿੰਘ ਪ੍ਰਾਗਪੁਰ ਨੂੰ ਆ ਰਹੇ ਸਾਂ । ਪਿੰਡ ਬਾਹਦਾਂ ਦੇ ਚੜ੍ਹਦੇ ਪਾਸੇ ਵੇਈਂ ਲਾਗੇ ਚਤਰ ਸਿੰਘ ਕੰਦੋਲਾ ਅਤੇ ਅਰਜਨ ਸਿੰਘ ਸੁੰਢ ਮਿਲ ਪਏ । ਉਹ ਜਥੇਦਾਰ ਹੋਰਾਂ ਨੂੰ ਹੀ ਭਾਲ ਰਹੇ ਸਨ। ਅਰਜਨ ਸਿੰਘ ਨੇ ਦੱਸਿਆ ਕਿ ਦੋ ਤਿੰਨ ਦਿਨ ਹੋਏ ਉਸ ਦਾ ਭਰਾ ਹਰੀ ਸਿੰਘ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਸ ਦੇ ਭੀ ਵਰੰਟ ਹਨ। ਉਸ ਨੇ ਜਥੇਦਾਰ ਹੋਰਾਂ ਤੋਂ ਆਪਣੇ ਵਾਸਤੇ ਹੁਕਮ ਪੁੱਛਿਆ।
ਜਥੇਦਾਰ ਤੇ ਦਾਸ ਨੇ ਹਰੀ ਸਿੰਘ ਦੀ ਗ੍ਰਿਫ਼ਤਾਰੀ ਉੱਤੇ ਹਮਦਰਦੀ ਪਰਗਟ ਕੀਤੀ ਤੇ ਆਖਿਆ ਕਿ ਚੰਗੀ ਗੱਲ ਤਾਂ ਇਹ ਹੈ ਕਿ ਤੂੰ ਬੱਬਰ ਜਥੇ ਨਾਲ ਮਿਲ ਕੇ ਦਿਨ ਰਾਤ ਸਰਗਰਮੀ ਨਾਲ ਦੇਸ਼ ਦੀ ਅਜ਼ਾਦੀ ਲਈ ਕੰਮ ਕਰੇਂ । ਪਰ ਤੂੰ ਬਾਲ ਬੱਚੇਦਾਰ ਆਦਮੀ ਹੈਂ, ਤੈਥੋਂ ਇਹ ਕੰਮ ਹੋਣਾ ਮੁਸ਼ਕਲ ਦਿੱਸਦਾ ਹੈ। ਸਾਡੇ ਨਾਲ ਰਲਿਆ ਤਾਂ ਘਰ-ਬਾਰ ਦਾ ਖ਼ਿਆਲ ਛੱਡਣਾ ਅਤੇ ਗੋਲੀ, ਫਾਂਸੀ ਜਾਂ ਲੰਮੀ ਜੇਲ੍ਹ ਲਈ ਤਿਆਰ ਰਹਿਣਾ ਪਊ। ਏਸ ਲਈ ਵਿਚੋਂ ਟੁੱਟਣ ਜਾਂ ਕੋਈ ਕਮਜ਼ੋਰੀ ਵਿਖਾਉਣ ਨਾਲੋਂ ਇਹ ਚੰਗਾ ਹੈ ਕਿ ਤੂੰ ਗ੍ਰਿਫ਼ਤਾਰੀ ਦੇ ਦੇਵੇਂ। ਅਕਾਲੀ ਹੋਣ ਦੇ ਸਾਧਾਰਨ ਦੋਸ਼ ਵਿਚ ਜਿਹੜੀ ਸਾਲ ਛੇ ਮਹੀਨੇ ਦੀ ਸਜ਼ਾ ਹੋਵੇਗੀ, ਉਹ ਕੱਟ ਕੇ ਰਿਹਾਅ ਹੋ ਜਾਵੇਂਗਾ । ਬਾਹਰ ਆ ਕੇ ਫੇਰ ਖ਼ੁਫ਼ੀਆ ਤੌਰ ਪੁਰ ਕੰਮ ਕਰ ਸਕੇਂਗਾ।
ਗੱਲ-ਬਾਤ ਕਰਦਿਆਂ ਸੂਰਜ ਥੱਲੇ ਚਲਾ ਗਿਆ ਤੇ ਅਰਜਨ ਸਿੰਘ ਨੇ ਬੇਨਤੀ ਕੀਤੀ ਕਿ ਉਹ ਸੂੰਢ ਚੱਲਣ ਤੇ ਪਰਸ਼ਾਦ ਪਾਣੀ ਛਕ ਕੇ ਫੇਰ ਜਿਧਰ ਜਾਣਾ ਹੈ, ਚਲੇ ਜਾਣ। ਜਥੇਦਾਰ ਤੇ ਭਾਈ ਹੋਰਾਂ ਨੇ ਇਹ ਸੋਚ ਕੇ ਕਿ ਨਾਲੇ ਹਰੀ ਸਿੰਘ ਦੇ ਘਰ ਦਿਲਾਸਾ ਦੇ ਆਵਾਂਗੇ, ਅਰਜਨ ਸਿੰਘ ਦੀ ਗੱਲ ਪਰਵਾਨ ਕਰ ਲਈ। ਸੂਢ ਵਿਚ ਜਾ ਕੇ ਪਰਸ਼ਾਦ ਪਾਣੀ ਛਕਦਿਆਂ ਹਨੇਰਾ ਹੋ ਗਿਆ। ਚਤਰ ਸਿੰਘ ਕੁਝ ਬੀਮਾਰ ਸੀ। ਉਸ ਨੂੰ ਮਿਲਖੀ ਰਾਮ ਪ੍ਰਧਾਨ ਕਾਂਗਰਸ ਕਮੇਟੀ ਸੂਢ ਦੇ ਘਰ ਛੱਡ ਦਿੱਤਾ। ਜਥੇਦਾਰ ਤੇ ਦਾਸ ਨੂੰ ਥੋੜੀ ਦੂਰ ਤਕ ਛੱਡ ਆਉਣ ਵਾਸਤੇ ਅਰਜਨ ਸਿੰਘ ਨਾਲ ਹੋ ਤੁਰਿਆ। ਚੁਮਰਾਲੀ ਤੋਂ ਅੱਗੇ ਫਰਾਲੇ ਵੱਲ ਨੂੰ ਮਸਾਂ ਦੋ ਕੁ ਸੌ ਕਰਮਾਂ ਹੀ ਗਏ ਹੋਵਾਂਗੇ ਕਿ ਪਿਛੋਂ ਬਹੁਤ ਸਾਰੇ ਮੁਹੈਣ ਦੀ ਪੈਛੜ ਸੁਣੀ । ਵੇਖਿਆ, ਦੋ ਢਾਈ ਸੌ ਆਦਮੀ ਡਾਂਗਾਂ ਤੇ ਕੁਹਾੜੀਆਂ ਫੜੀ ਭੱਜੀ ਆ ਰਹੇ ਸਨ । ਜਥੇਦਾਰ ਨੇ ਵੰਗਾਰਿਆ, “ਕੀ ਗੱਲ ਹੈ ? ਤੁਸੀਂ ਕਿਉਂ ਭੱਜੇ ਆ ਰਹੇ ਹੋ ? ਖ਼ਬਰਦਾਰ ਜੇ ਅੱਗੇ ਵਧੇ! ਏਥੇ ਹੀ ਖੜੇ ਹੋ ਜਾਉ ਅਤੇ ਸਾਡੇ ਪਿੱਛੇ ਪੈਣ ਦਾ ਕਾਰਨ ਦੱਸੋ।”
ਸਾਰੇ ਲੋਕ ਓਥੇ ਹੀ ਠਹਿਰ ਗਏ ਤੇ ਆਖਿਆ ਕਿ ਅਸੀਂ ਕੇਵਲ ਅਰਜਨ ਸਿੰਘ ਨੂੰ ਫੜਨ ਆਏ ਹਾਂ, ਹੋਰ ਕਿਸੇ ਨਾਲ ਸਾਡਾ ਕੋਈ ਵਾਸਤਾ ਨਹੀਂ।
ਦਾਸ ਨੇ ਉਹਨਾਂ ਨੂੰ ਸ਼ਰਮ ਦਿੱਤੀ, “ਅਰਜਨ ਸਿੰਘ ਤੁਹਾਡਾ ਸਿਖ ਭਰਾ ਹੈ, ਤੁਸੀਂ ਸਿਖ ਹੋ ਕੇ ਉਸਨੂੰ ਫੜਨ ਆਏ ਹੋ, ਕੁਝ ਤਾਂ ਹਯਾ ਕਰੋ । ਜੇ ਤੁਸੀਂ ਹਮਦਰਦੀ ਨਹੀਂ ਕਰ ਸਕਦੇ ਤਾਂ ਦੁਸ਼ਮਣੀ ਤਾਂ ਨਾ ਕਰੋ।”
“ਅਸੀਂ ਸਿਖ ਨਹੀਂ ਹਾਂ, ਅਸੀਂ ਤਾਂ ਨਾਮਧਾਰੀਏ ਹਾਂ।”
“ਕੀ ਨਾਮਧਾਰੀਏ ਸਿਖ ਨਹੀਂ ਹੁੰਦੇ ?”
“ਸਾਨੂੰ ਸਿਖ-ਸੁਖ ਦਾ ਤਾਂ ਪਤਾ ਨਹੀਂ, ਅਸੀਂ ਤਾਂ ਅਰਜਨ ਸਿੰਘ ਨੂੰ ਫੜਨਾ ਹੈ। ਤੁਸੀਂ ਕਾਹਨੂੰ ਦਖ਼ਲ ਦੇਂਦੇ ਹੋ, ਤੁਸੀਂ ਆਪਣੇ ਰਸਤੇ ਲੱਗੋ, ਤੁਹਾਨੂੰ ਤਾਂ ਕੋਈ ਨਹੀਂ ਰੋਕਦਾ।”
ਅਰਜਨ ਸਿੰਘ ਨੇ ਜਥੇਦਾਰ ਤੇ ਭਾਈ ਸੁੰਦਰ ਸਿੰਘ ਨੂੰ ਆਖਿਆ, “ਮੈਂ ਤਾਂ ਆਪਣੇ ਫ਼ੈਸਲੇ ਅਨੁਸਾਰ ਗ੍ਰਿਫ਼ਤਾਰੀ ਦੇ ਹੀ ਦੇਣੀ ਹੈ, ਹੁਣ ਫੜ ਲੈਣ ਤਾਂ ਕੁਝ ਫ਼ਰਕ ਨਹੀਂ ਪੈਂਦਾ। ਐਵੇਂ ਝਗੜਾ ਨਾ ਵਧਾਈਏ, ਮਤਾਂ ਲੜਾਈ ਝਗੜੇ ਵਿਚ ਤੁਸੀਂ ਭੀ ਇਨ੍ਹਾਂ ਦੇ ਹੱਥ ਆ ਜਾਵੋ ਅਤੇ ਸਾਰੀ ਖੇਡ ਹੀ ਵਿਗੜ ਜਾਵੇ।”
ਜਥੇਦਾਰ ਤੇ ਦਾਸ ਨੇ ਅਰਜਨ ਸਿੰਘ ਦੀ ਗੱਲ ਮੰਨ ਲਈ। ਅਰਜਨ ਸਿੰਘ ਨੇ ਲੋਕਾਂ ਨਾਲ ਆਏ ਦੋ ਪੁਲਸੀਆਂ ਤੋਂ ਅੱਗੇ ਵਧ ਕੇ ਹੱਥ-ਕੜੀ ਲਗਵਾ ਲਈ। ਦੋਵੇਂ ਬੱਬਰ ਸਾਰਿਆਂ ਨੂੰ ਫ਼ਤਹਿ ਬੁਲਾ ਕੇ ਫਰਾਲੇ ਵੱਲ ਨੂੰ ਤੁਰ ਪਏ। ਮੁਹੈਣ ਪਿਛਾਂਹ ਮੁੜ ਤੁਰਿਆ। ਪਰ ਪੰਜ-ਸਤ ਕਰਮਾਂ ਜਾ ਕੇ ਪੁਲਸੀਆਂ ਨੇ ਲੋਕਾਂ ਨੂੰ ਆਖਿਆ ਕਿ ਅਰਜਨ ਸਿੰਘ ਦੇ ਨਾਲ ਦੇ ਬੱਬਰਾਂ ਦਾ ਇਨਾਮ ਭੀ ਹੈ, ਜੇ ਉਨ੍ਹਾਂ ਨੂੰ ਭੀ ਫੜ ਲਿਆ ਜਾਵੇ ਤਾਂ ਪਿੰਡ ਵਾਲਿਆਂ ਨੂੰ ਬੜਾ ਮਾਲੀ ਫ਼ਾਇਦਾ ਹੋ ਸਕਦਾ ਹੈ ਅਤੇ ਸਰਕਾਰ ਦੇ ਘਰ ਨੇਕਨਾਮੀ ਭੀ ਮਿਲ ਸਕਦੀ ਹੈ ਅਤੇ ਜੇ ਉਨ੍ਹਾਂ ਨੂੰ ਨਾ ਫੜਿਆ ਤਾਂ ਉਲਟਾ ਪਿੰਡ ਸਿਰ ਸਰਕਾਰ ਦੇ ਭਗੌੜਿਆਂ ਨੂੰ ਬਚ ਕੇ ਜਾ ਲੈਣ ਦੇਣ ਦਾ ਦੋਸ਼ ਲੱਗੇਗਾ।
ਲੋਕੀਂ ਲਾਲਚ ਤੇ ਸਰਕਾਰੀ ਡਰ ਵਿਚ ਆ ਕੇ ਫੇਰ ਬੱਬਰ ਆਗੂਆਂ ਪਿੱਛੇ ਆ ਪਏ। ਜਥੇਦਾਰ ਪਾਸ ਭਰਿਆ ਪਸਤੌਲ ਸੀ ਅਤੇ ਮੇਰੇ ਝੋਲੇ ਵਿਚ ਕੁਝ ਗੋਲੀਆਂ ਭੀ ਸਨ। ਅਸਾਂ ਦੋਹਾਂ ਬੱਬਰਾਂ ਵਿਚਾਰ ਕੀਤੀ ਕਿ ਜੇ ਗੋਲੀ ਚਲਾਈ ਗਈ ਅਤੇ ਦੋ ਚਾਰ ਬੰਦੇ ਮਰ ਗਏ ਤਾਂ ਉਹ ਤਾਂ ਭਾਵੇਂ ਬਚ ਹੀ ਜਾਣਗੇ, ਪਰ ਅਰਜਨ ਸਿੰਘ ਪੁਲਿਸ ਦੇ ਹੱਥ ਵਿਚ ਹੈ, ਉਸ ਦੇ ਸਿਰ ਖੂਨ ਆ ਜਾਏਗਾ। ਨਾਲੇ ਅਜੇ ਝੋਲੀਚੁੱਕਾਂ ਨੂੰ ਮਾਰ ਦੇਣ ਦਾ ਫ਼ੈਸਲਾ ਭੀ ਨਹੀਂ ਸੀ ਹੋਇਆ, ਕੇਵਲ ਉਨ੍ਹਾਂ ਦੇ ਨੱਕ ਕੰਨ ਵੱਢਣ ਦਾ ਹੀ ਫ਼ੈਸਲਾ ਸੀ। ਇਸ ਵਾਸਤੇ ਦੋਹਾਂ ਨੇ ਇਹ ਫ਼ੈਸਲਾ ਕੀਤਾ ਕਿ ਹਵਾਈ ਫ਼ਾਇਰ ਨਾਲ ਲੋਕਾਂ ਨੂੰ ਡਰਾ ਕੇ ਪਿਛਾਂਹ ਰੱਖਿਆ ਜਾਵੇ, ਇਸ ਤਰ੍ਹਾਂ ਬਿਨਾਂ ਨੁਕਸਾਨ ਕੀਤਿਆਂ ਆਪ ਬਚ ਕੇ ਨਿਕਲਿਆ ਜਾਵੇ।
ਜਥੇਦਾਰ ਨੇ ਫ਼ਾਇਰ ਕੀਤਾ । ਲੋਕੀਂ ਠਠੰਬਰ ਕੇ ਖੜੋ ਗਏ। ਪਰ ਬੱਬਰ ਅੱਗੇ ਤੁਰੇ ਤਾਂ ਲੋਕੀਂ ਭੀ ਪਿੱਛੇ ਪਿੱਛੇ ਤੁਰ ਪਏ। ਨਾ ਉਹ ਲਾਗੇ ਆਉਣ, ਨਾ ਹੀ ਪਿੱਛਾ ਛੱਡਣ। ਬੱਬਰਾਂ ਤੇ ਲੋਕਾਂ ਵਿਚਕਾਰ ਦਸ ਬਾਰਾਂ ਕਰਮ ਦਾ ਫ਼ਾਸਲਾ ਰਹਿੰਦਾ ਸੀ। ਬੱਬਰ ਲੋਕਾਂ ਵਿਚ ਧਿਆਨ ਰੱਖਦੇ ਅੱਗੇ ਤੁਰੇ ਜਾਂਦੇ ਸਨ । ਮੋਹਰੇ ਇਕ ਬਹੁਤ ਨੀਵਾਂ ਖੇਤ ਆ ਗਿਆ। ਇਕ ਤਾਂ ਹਨੇਰਾ ਹੋ ਚੁੱਕਾ ਸੀ, ਦੂਜੇ ਧਿਆਨ ਭੀ ਲੋਕਾਂ ਵਿਚ ਸੀ। ਮੇਰਾ ਇਕ ਪੈਰ ਉਸ ਖੇਤ ਵਿਚ ਪੈ ਗਿਆ ਤੇ ਮੈਂ ਉਲਟ ਕੇ ਡਿੱਗ ਪਿਆ। ਉਠਦਿਆਂ ਉਠਦਿਆਂ ਹੀ ਲੋਕਾਂ ਨੇ ਡਾਂਗਾਂ ਦਾ ਇਕ ਰਾਬਾ ਜਾ ਮਾਰਿਆ। ਮੈਂ ਫੇਰ ਭੀ ਉਠ ਕੇ ਸੰਭਲ ਗਿਆ ਅਤੇ ਆਪਣੀ ਕਿਰਪਾਨ ਸੂਤ ਲਈ, ਇਕ ਹੱਥ ਕਿਰਪਾਨ ਤੇ ਦੂਜੇ ਹੱਥ ਮਿਆਨ ਲੈ ਕੇ ਮੁਕਾਬਲਾ ਸ਼ੁਰੂ ਕਰ ਦਿੱਤਾ। ਕਿਰਪਾਨ ਕੇਵਲ ਤਿੰਨ ਫ਼ੁਟ ਸੀ, ਪਰ ਡਾਂਗਾਂ ਛੇ ਛੇ ਸਤ ਸਤ ਫੁਟ ਲੰਮੀਆਂ ਸਨ। ਮੈਂ ਵਾਰ ਨਹੀਂ ਸਾਂ ਕਰ ਸਕਦਾ, ਕੇਵਲ ਰੋਕ ਹੀ ਸਕਦਾ ਸਾਂ । ਲੋਕਾਂ ਨੇ ਚੌਹੀਂ ਪਾਸੀਂ ਘੇਰਾ ਪਾ ਲਿਆ । ਡਾਂਗ ਲਗਾਤਾਰ ਵਰ੍ਹ ਰਹੀ ਸੀ । ਮੈਨੂੰ ਬਹੁਤ ਸਾਰੀਆਂ ਸੱਟਾਂ ਲੱਗੀਆਂ। ਪੰਦਰਾਂ ਕੁ ਮਿੰਟ ਮੁਕਾਬਲਾ ਹੁੰਦਾ ਰਿਹਾ, ਪਰ ਅਖ਼ੀਰ ਮੈਂ ਬੇਦਿਲ ਹੋ ਕੇ ਡਿੱਗ ਪਿਆ। ਡਾਂਗਾਂ ਮੀਂਹ ਵਾਂਗ ਪੈਣ ਲੱਗੀਆਂ। ਮੈਂ ਬੇਹੋਸ਼ ਹੋ ਗਿਆ। ਅਖ਼ੀਰ ਲੋਕਾਂ ਨੇ ਮਰ ਗਿਆ ਸਮਝ ਕੇ ਕੁੱਟ-ਮਾਰ ਬੰਦ ਕਰ ਦਿੱਤੀ ਅਤੇ ਮੈਨੂੰ ਉਹ ਚੁੱਕ ਕੇ ਪਿੰਡ ਲੈ ਗਏ। ਜਥੇਦਾਰ ਹੋਰੀਂ ਫ਼ਾਇਰ ਕਰਦੇ ਬਚ ਕੇ ਨਿਕਲ ਗਏ ਅਤੇ ਅੱਧੀ ਰਾਤ ਗੁਜ਼ਰਿਆਂ ਚੰਦਾ ਸਿੰਘ ਪਲਾਹੀ ਦੇ ਖੂਹ ਪੁਰ ਪੁੱਜ ਗਏ।
ਸਵੇਰੇ ਹੀ ਮੈਨੂੰ ਬੰਗਿਆਂ ਦੇ ਥਾਣੇ ਪਹੁੰਚਾਇਆ ਗਿਆ । ਥਾਣੇਦਾਰ ਨੇ ਅਤੀ ਭੈੜੀ ਹਾਲਤ ਦੇਖ ਕੇ ਮੈਨੂੰ ਡਾਕਟਰ ਪਾਸ ਲੈ ਜਾਣ ਲਈ ਆਖਿਆ। ਡਾਕਟਰ ਨੇ ਦੱਸਿਆ ਕਿ ਮੈਂ ਬਚ ਨਹੀਂ ਸਕਦਾ। ਇਸ ਲਈ ਮੈਨੂੰ ਜਿਥੇ ਪਹੁੰਚਾਉਣਾ ਹੈ, ਪਹੁੰਚਾ ਦਿਉ। ਮੈਨੂੰ ਗੱਡੇ ਵਿਚ ਰੱਖ ਕੇ ਜਲੰਧਰ ਕੋਤਵਾਲੀ ਪਹੁੰਚਾ ਦਿੱਤਾ ਗਿਆ। ਅਖ਼ਬਾਰਾਂ ਵਿਚ ਇਹ ਖ਼ਬਰ ਵੀ ਛਪ ਗਈ ਕਿ ਭਾਈ ਸੁੰਦਰ ਸਿੰਘ ਚਲਾਣਾ ਕਰ ਗਏ ਹਨ। ਮੈਂ ਕੋਤਵਾਲੀ ਵਿਚ ਚਾਰ ਦਿਨ ਬੇਹੋਸ਼ ਪਿਆ ਰਿਹਾ। ਚੌਥੇ ਦਿਨ ਸ਼ਾਮ ਨੂੰ ਮੈਨੂੰ ਇਉਂ ਮਹਿਸੂਸ ਹੋਇਆ ਜਿਵੇਂ ਸੁੱਤਾ ਉਠਿਆ ਹਾਂ । ਕੁਝ ਹੋਸ਼ ਆਈ, ਦੇਖਿਆ, ਇਕ ਕੋਠੜੀ ਵਿਚ ਬੰਦ ਹਾਂ, ਬਾਂਹ ਟੁੱਟੀ ਹੋਈ ਹੈ, ਮੂੰਹ ਵਿੰਗਾ ਹੋ ਗਿਆ ਹੈ; ਅੰਗ-ਅੰਗ ਭੱਜਿਆ ਪਿਆ ਹੈ, ਸਾਰੇ ਕਪੜੇ ਲਹੂ ਨਾਲ ਭਰੇ ਹੋਏ ਹਨ, ਹਿਲਣਾ-ਜੁਲਣਾ ਅਸੰਭਵ ਹੈ। ਸੋਚਿਆ ਅਜੇ ਜਾਨ ਤਾਂ ਬਚੀ ਹੋਈ ਹੈ, ਪਰ ਬਚਿਆ ਕਿਸ ਅਰਥ, ਜਦ ਸਾਰਾ ਸਰੀਰ ਹੀ ਫਿਸਿਆ ਪਿਆ ਹੈ। ਅੰਦਰ ਖਾਧਾ-ਪੀਤਾ ਨਹੀਂ ਸੀ ਠਹਿਰਦਾ। ਦਸਵੇਂ ਦਿਨ ਜਾ ਕੇ ਕੱਚੀ ਲੱਸੀ ਅਟਕਣ ਲੱਗੀ। ਵੀਹਵੇਂ ਦਿਨ ਦੁੱਧ ਪਚਣ ਲੱਗ ਪਿਆ। ਸਰੀਰ ਵਿਚ ਹਰਕਤ ਆਉਣੀ ਸ਼ੁਰੂ ਹੋ ਪਈ, ਮੂੰਹ ਭੀ ਸਿੱਧਾ ਹੋ ਗਿਆ।
ਹੁਣ ਪੁਲਿਸ ਨੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ। ਕੌਣ ਕਿੱਥੇ ਹੈ ਤੇ ਕੀ ਕੀ ਕੰਮ ਕਰਦਾ ਹੈ ? ਗ੍ਰਿਫ਼ਤਾਰੀ ਵਾਲੇ ਦਿਨ ਨਾਲ ਕੌਣ ਸੀ ? ਕਿਥੋਂ ਆਏ ਸਨ ? ਕਿਧਰ ਜਾਣਾ ਸੀ। ਫੜੇ ਗਏ ਝੋਲੇ ਵਿਚਲੀਆਂ ਚੀਜ਼ਾਂ (ਸਤ ਪਸਤੌਲੀ ਗੋਲੀਆਂ, ਇਕ ਰਫ਼ਲੀ ਗੋਲੀ, ਤਾਰਾਂ ਕੱਟਣ ਦਾ ਸਾਮਾਨ ਅਤੇ ਉਸਤਰਾ) ਕਿਥੋਂ ਲਈਆਂ ਸਨ ਅਤੇ ਇਨ੍ਹਾਂ ਤੋਂ ਕੀ ਕੰਮ ਲੈਣਾ ਸੀ ? ਇਹ ਡਾਇਰੀ ਵਿਚ ਪੰਜ ਹਜ਼ਾਰ ਦੀ ਗਿਣਤੀ ਕਾਹਦੀ ਹੈ ? ਮੈਂ ਆਖਿਆ ਕਿ ਮੈਨੂੰ ਕਿਸੇ ਦਾ ਕੋਈ ਪਤਾ ਨਹੀਂ, ਗ੍ਰਿਫ਼ਤਾਰੀ ਵਾਲੇ ਦਿਨ ਮੇਰੇ ਨਾਲ ਹੋਰ ਕੋਈ ਨਹੀਂ ਸੀ, ਉਸ ਦਿਨ ਮੈਂ ਪਿੰਡੋਂ ਆਇਆਂ ਸਾਂ; ਇਹ ਜਿਹੜੀਆਂ ਚੀਜ਼ਾਂ ਮੇਰੇ ਝੋਲੇ ਵਿਚਲੀਆਂ ਦੱਸਦੇ ਹੋ, ਇਹ ਪੁਲਿਸ ਨੇ ਆਪਣੇ ਕੋਲੋਂ ਰੱਖੀਆਂ ਹਨ; ਡਾਇਰੀ ਮੇਰੀ ਜ਼ਰੂਰ ਹੈ ਤੇ ਇਹ ਪੰਜ ਹਜ਼ਾਰ ਦੀ ਗਿਣਤੀ ਕਾਂਗਰਸ ਤੇ ਅਕਾਲੀ ਮੈਂਬਰਾਂ ਦੀ ਭਰਤੀ ਹੈ। ਜਦੋਂ ਮੈਂ ਰਤੀ ਭਰ ਵੀ ਭੇਦ ਦੀ ਗੱਲ ਨਾ ਦੱਸੀ ਤਾਂ ਪੁੱਛ-ਗਿੱਛ ਕਰਨ ਵਾਲਾ ਥਾਣੇਦਾਰ ਡੰਡਾ ਵਿਖਾ ਕੇ ਰੋਅਬ ਪਾਉਣ ਲੱਗਾ। ਮੈਂ ਆਖਿਆ, “ਭਲਿਆ ਲੋਕਾ, ਜੇ ਮੈਨੂੰ ਦੋ ਢਾਈ ਸੌ ਲਾਠੀਆਂ ਦੀ ਮਾਰ ਨਹੀਂ ਖ਼ਤਮ ਕਰ ਸਕੀ, ਤਾਂ ਤੇਰੇ ਇਕ ਡੰਡੇ ਨੇ ਮੇਰਾ ਕੀ ਵਿਗਾੜ ਦੇਣਾ ਹੈ। ਤੂੰ ਭੀ ਆਪਣੀ ਸੱਧਰ ਲਾਹ ਦੇਖ।”
ਖ਼ੁਫ਼ੀਆ ਪੁਲਿਸ ਵਾਲੇ ਬਥੇਰਾ ਆਪਣੀ ਕੁਟਲਨੀਤੀ ਅਜ਼ਮਾਉਂਦੇ ਰਹੇ, ਪਰ ਉਪਰੋਕਤ ਬਿਆਨ ਤੋਂ ਵੱਧ ਮੈਂ ਹੋਰ ਕਿਸੇ ਗੱਲ ਦਾ ਭੋਗ ਨਾ ਪਾਇਆ। ਵੀਹ ਬਾਈ ਦਿਨ ਟਿਲ ਲਾ ਕੇ ਪੁਲਿਸ ਹਟ ਕੇ ਬਹਿ ਗਈ।
ਦੂਜੇ ਪਾਸੇ ਬੰਗਿਆਂ ਦੇ ਥਾਣੇਦਾਰ ਨੇ ਸੂੰਢ ਵਾਲਿਆਂ ਨੂੰ ਸੱਦ ਕੇ ਕਿਹਾ ਕਿ ਉਨ੍ਹਾਂ ਆਦਮੀਆਂ ਦੇ ਨਾਂ ਲਿਖਾਉ, ਜਿਨ੍ਹਾਂ ਨੇ ਸੁੰਦਰ ਸਿੰਘ ਬੱਬਰ ਨੂੰ ਫੜਿਆ ਹੈ, ਉਨ੍ਹਾਂ ਨੂੰ ਇਨਾਮ ਮਿਲਣਗੇ । ਲੋਕੀਂ ਲੱਗੇ ਇਕ ਦੂਜੇ ਤੋਂ ਮੋਹਰੇ ਹੋ ਕੇ ਨਾਉਂ ਲਿਖਵਾਉਣ। ਵੀਹ ਆਦਮੀਆਂ ਦੇ ਨਾਂ ਲਿਖ ਕੇ ਥਾਣੇਦਾਰ ਨੇ ਬਸ ਕਰ ਦਿੱਤੀ ਤੇ ਆਖਿਆ, “ਚੰਗਾ ਭਈ, ਬਾਕੀ ਦੇ ਪਿੰਡ ਮੁੜ ਜਾਓ, ਤੇ ਇਹ ਵੀਹ ਆਦਮੀ ਆਪਣਾ ਬੰਦੋਬਸਤ ਕਰ ਲੈਣ। ਭਾਈ ਸੁੰਦਰ ਸਿੰਘ ਮਰ ਗਿਆ ਹੈ ਜਾਂ ਮਰਨ ਕਿਨਾਰੇ ਹੈ। ਇਨ੍ਹਾਂ ਵੀਹਾਂ ਉੱਤੇ ਖੂਨ ਦਾ ਮੁਕੱਦਮਾ ਬਣੇਗਾ ।”
ਇਹ ਸੁਣ ਕੇ ਨਾਂ ਲਿਖਵਾਉਣ ਵਾਲਿਆਂ ਨੂੰ ਗੋਤੇ ਪੈਣ ਲੱਗੇ। ਇਨਾਮ ਦੇ ਆਸਵੰਦਾਂ ਨੂੰ ਮੌਤ ਦਿਖਾਈ ਦੇਣ ਲੱਗੀ। ਸਾਰੇ ਥਾਣੇਦਾਰ ਦੇ ਪੈਰੀਂ ਢਠ ਪਏ, “ਤੂੰ ਸਾਡਾ ਮਾਈ-ਬਾਪ ਹੈਂ, ਕਿਸੇ ਤਰ੍ਹਾਂ ਬਚਾ ਲੈ।”
ਥਾਣੇਦਾਰ ਅੜ ਗਿਆ। ਤੁਹਾਡੇ ਉੱਤੇ ਖੂਨ ਦਾ ਕੇਸ ਹੈ; ਮੈਂ ਛੱਡ ਨਹੀਂ ਸਕਦਾ। ਆਖ਼ਰ ਮਿੰਨਤਾਂ-ਤਰਲੇ ਕਰ ਕੇ ਉਨ੍ਹਾਂ ਪੰਜ ਪੰਜ ਸੌ ਦੇਣਾ ਕੀਤਾ ਤੇ ਜਾਨ ਬਚਾਈ।
ਇਸ ਤਰ੍ਹਾਂ ਵੀਹਾਂ ਤੋਂ ਹੀ ਪੰਜ ਪੰਜ ਸੌ ਮਾਠ ਕੇ ਥਾਣੇਦਾਰ ਨੇ ਇਉਂ ਕੇਸ ਬਣਾਇਆ ਕਿ ਪੈਂਤੀ ਚਾਲੀ ਬੱਬਰਾਂ ਨਾਲ ਪਿੰਡ ਵਾਲਿਆਂ ਦਾ ਮੁਕਾਬਲਾ ਹੋ ਗਿਆ। ਇਕ ਬੱਬਰ ਭਾਈ ਸੁੰਦਰ ਸਿੰਘ ਫੜ ਲਿਆ, ਬਾਕੀ ਨੱਸ ਗਏ। ਪਿੰਡ ਦੇ ਅਕਾਲੀ ਤੇ ਕਾਂਗਰਸੀ, ਬੱਬਰਾਂ ਦੀ ਮਦਦ ਕਰ ਰਹੇ ਸਨ। ਥਾਣੇਦਾਰ ਦੀ ਇਸ ਰਪੋਟ ਪੁਰ ਗੁਲਜ਼ਾਰਾ ਸਿੰਘ, ਸੁਰਜਨ ਸਿੰਘ ਆਦਿ ਅਕਾਲੀ ਅਤੇ ਮਿਲਖੀ ਰਾਮ ਆਦਿ ਕਾਂਗਰਸੀ ਗ੍ਰਿਫ਼ਤਾਰ ਕਰ ਲਏ ਗਏ।
ਪਰ ਸੀ.ਆਈ.ਡੀ. ਨੂੰ ਇਸ ਰਪੋਟ ਪੁਰ ਯਕੀਨ ਨਹੀਂ ਸੀ ਆਇਆ। ਉਸ ਨੇ ਆਪਣੇ ਵਲੋਂ ਤਫ਼ਤੀਸ਼ ਜਾਰੀ ਰੱਖੀ ਅਤੇ ਸਾਰੀ ਹਕੀਕਤ ਲੱਭ ਲਈ ਕਿ ਮੇਰੇ ਅਤੇ ਜਥੇਦਾਰ ਤੋਂ ਬਿਨਾਂ ਹੋਰ ਕੋਈ ਬੱਬਰ ਨਹੀਂ ਸੀ। ਇਸ ਉੱਤੇ ਮੀਰ ਫ਼ਜ਼ਲ ਇਮਾਮ ਡਿਪਟੀ ਸੁਪ੍ਰਿੰਟੈਂਡੈਂਟ ਪੁਲਿਸ ਸੀ.ਆਈ.ਡੀ. ਮੈਨੂੰ ਕੋਤਵਾਲੀ ਅੰਦਰ ਮਿਲਿਆ ਤੇ ਆਖਿਆ, “ਅਸੀਂ ਤੁਹਾਨੂੰ ਪੁੱਛ ਕੇ ਥੱਕ ਚੁੱਕੇ ਹਾਂ। ਮੈਂ ਨਾ ਤੁਹਾਥੋਂ ਕੁਝ ਹੋਰ ਪੁੱਛਣਾ ਹੈ ਤੇ ਨਾ ਤੁਸੀਂ ਕੁਝ ਦੱਸਣਾ ਹੈ। ਗੱਲ ਇਹ ਹੈ ਕਿ ਥਾਣੇਦਾਰ ਨੇ ਝੂਠਾ-ਮੂਠਾ ਕੇਸ ਕੋਈ ਬੇਗੁਨਾਹਾਂ ਉੱਤੇ ਬਣਾ ਦਿੱਤਾ ਹੈ। ਤੁਸੀਂ ਅਸਲੀਅਤ ਦੱਸ ਕੇ ਉਨ੍ਹਾਂ ਨੂੰ ਛੁਡਾ ਸਕਦੇ ਹੋ। ਜੇ ਤੁਸੀਂ ਅਦਾਲਤ ਵਿਚ ਭੀ ਕੋਈ ਬਿਆਨ ਨਾ ਦਿੱਤਾ ਤਾਂ ਥਾਣੇਦਾਰ ਦੀ ਰਪੋਟ ਪੁਰ ਹੀ ਫ਼ੈਸਲਾ ਹੋ ਜਾਏਗਾ। ਇਸ ਲਈ ਘੱਟੋ-ਘੱਟ ਬੇਦੋਸ਼ਿਆਂ ਨੂੰ ਬਚਾਉਣ ਵਾਸਤੇ ਤੁਹਾਨੂੰ ਆਪਣੀ ਮਰਜ਼ੀ ਅਨੁਸਾਰ ਹੀ ਕੁਝ ਨਾ ਕੁਝ ਬਿਆਨ ਅਦਾਲਤ ਵਿਚ ਦੇਣਾ ਚਾਹੀਦਾ ਹੈ।”
ਬਾਹਰੋਂ ਮਾਸਟਰ ਮੋਤਾ ਸਿੰਘ ਹੋਰਾਂ ਦਾ ਭੀ ਸੁਨੇਹਾ ਪੁੱਜ ਚੁੱਕਾ ਸੀ ਕਿ ਅਦਾਲਤ ਵਿਚ ਕੋਈ ਨਾ ਕੋਈ ਬਿਆਨ ਜ਼ਰੂਰ ਦੇ ਦਿੱਤਾ ਜਾਵੇ। ਮੈਂ ਇਹ ਗੱਲ ਸਵੀਕਾਰ ਕਰ ਲਈ, ਪਰ ਆਪਣੇ ਬਾਹਰ ਦੇ ਸਾਥੀਆਂ ਦੀ ਇਹ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਮੈਂ ਆਪਣੀ ਸਿਹਤ ਨੂੰ ਮੁਖ ਰੱਖ ਕੇ ਹਾਜ਼ਰ-ਜ਼ਮਾਨਤ ਉੱਤੇ ਰਿਹਾਅ ਹੋ ਜਾਵਾਂ।
ਅਦਾਲਤ ਵਿਚ ਮੈਂ ਬਿਆਨ ਦਿੱਤਾ ਕਿ ਮੈਂ ਆਪਣੇ ਪਿੰਡ ਤੋਂ ਸੂਢ ਵਿਚ ਦੀ ਅੱਗੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾ ਰਿਹਾ ਸੀ । ਸ਼ਾਮ ਦਾ ਵੇਲਾ ਸੀ। ਪਿੰਡ ਵਿਚਕਾਰ ਰਾਹ ਵਿਚ ਕੁਝ ਆਦਮੀ ਬੈਠੇ ਸਨ । ਮੈਂ ਉਨ੍ਹਾਂ ਨੂੰ ਫ਼ਤਹਿ ਬੁਲਾਈ। ਲੋਕਾਂ ਨੇ ਜਲ-ਪਾਣੀ ਪੁੱਛਿਆ ਤੇ ਰਾਤ ਉੱਥੇ ਹੀ ਟਿਕਣ ਵਾਸਤੇ ਆਖਿਆ, ਪਰ ਮੈਂ ਜ਼ਰੂਰੀ ਕੰਮ ਕਰਕੇ ਨਾ ਠਹਿਰ ਸਕਿਆ। ਪਿੰਡੋਂ ਬਾਹਰ ਥੋੜੀ ਦੂਰ ਨਿਕਲਦਿਆਂ ਹੀ ਪਤਾ ਨਹੀਂ ਕਿਉਂ ਬਹੁਤ ਸਾਰੇ ਆਦਮੀ ਪਿੱਛੋਂ ਆ ਪਏ। ਮੈਂ ਕੁੱਟ-ਮਾਰ ਨਾਲ ਬੇਹੋਸ਼ ਹੋ ਕੇ ਡਿੱਗ ਪਿਆ। ਫੇਰ ਪਤਾ ਨਹੀਂ, ਕੀ ਹੋਇਆ। ਮੇਰੇ ਨਾਲ ਕੋਈ ਆਦਮੀ ਨਹੀਂ ਸੀ।
ਮੈਜਿਸਟਰੇਟ ਨੇ ਮੈਨੂੰ ਬਾਗ਼ੀਆਨਾ ਤਕਰੀਰਾਂ ਵਿਚ ਡੇਢ ਸਾਲ ਅਤੇ ਲੰਮੀ ਕਿਰਪਾਨ ਤੇ ਗੋਲੀਆਂ ਰੱਖਣ ਦੇ ਦੋਸ਼ ਵਿਚ ਛੇ ਮਹੀਨੇ ਕੈਦ ਤੇ ਦੋ ਸੌ ਰੁਪਿਆ ਜੁਰਮਾਨਾ, ਅਤੇ ਜੁਰਮਾਨਾ ਨਾ ਦੇਣ ਦੀ ਸੂਰਤ ਵਿਚ ਹੋਰ ਛੇ ਮਹੀਨੇ ਕੈਦ ਦੀ ਸਜ਼ਾ ਦਿੱਤੀ । ਬਾਕੀ ਸਭ ਨੂੰ ਬਰੀ ਕਰ ਦਿੱਤਾ। ਅਰਜਨ ਸਿੰਘ ਨੂੰ ਲੰਮੀ ਕਿਰਪਾਨ ਰੱਖਣ ਦੇ ਦੋਸ਼ ਵਿਚ ਛੇ ਮਹੀਨੇ ਕੈਦ ਹੋਈ।
ਝੂਠਾ ਕੇਸ ਬਣਾਉਣ ਕਰਕੇ ਥਾਣੇਦਾਰ ਬੰਗਾ ਨੂੰ ਥਾਣੇਦਾਰੀ ਤੋਂ ਲਾਹ ਕੇ ਥੱਲੇ ਸੁੱਟ ਦਿੱਤਾ ਗਿਆ । ਪਰ ਜਦ ਅੱਗੇ ਜਾ ਕੇ ਬੱਬਰ-ਸਾਜ਼ਸ਼ ਕੇਸ ਬਣਿਆ ਅਤੇ ਮੈਨੂੰ ਵੱਡਾ ਦੋਸ਼ੀ ਕਰਾਰ ਦਿੱਤਾ ਗਿਆ ਤਾਂ ਉਸ ਥਾਣੇਦਾਰ ਨੂੰ ਮੁੜ ਬਹਾਲ ਕਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਨੇ ਉਹਨਾਂ ਵੀਹਾਂ ਆਦਮੀਆਂ ਨੂੰ ਇਨਾਮ ਦੇਣ ਵਾਸਤੇ ਬੁਲਾਇਆ, ਜਿਨ੍ਹਾਂ ਨੇ ਥਾਣੇ ਵਿਚ ਭਾਈ ਸੁੰਦਰ ਸਿੰਘ ਨੂੰ ਫੜਨ ਵਾਲਿਆਂ ਦੇ ਤੌਰ ‘ਤੇ ਨਾਂ ਲਿਖਵਾਏ ਸਨ। ਪਿਛਲੇ ਡਰ ਦੇ ਮਾਰੇ ਕੇਵਲ ਛੇ ਆਦਮੀ ਗਏ, ਉਨ੍ਹਾਂ ਨੂੰ ਇਕ ਇਕ ਮੁਰੱਬਾ ਜ਼ਮੀਨ ਅਤੇ ਇਕ ਇਕ ਸੌ ਰੁਪਿਆ ਇਨਾਮ ਮਿਲਿਆ। ਤਿੰਨ ਨੰਬਰਦਾਰਾਂ ਨੂੰ ਪੰਦਰਾਂ ਰੁਪਏ ਸਾਲਾਨਾ ਜਗੀਰ ਲੱਗੀ । ਫੇਰ ਤਾਂ ਬਾਕੀ ਚੌਦਾਂ ਆਦਮੀ ਭੀ ਦੂਜੇ ਦਿਨ ਭੱਜੇ ਗਏ, ਪਰ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁਰੱਬਿਆਂ ਦਾ ਵੇਲਾ ਤਾਂ ਕੱਲ੍ਹ ਹੀ ਸੀ । ਪਰ ਉਨ੍ਹਾਂ ਨੂੰ ਭੀ ਇਕ ਇਕ ਸੌ ਰੁਪਿਆ ਇਨਾਮ ਦੇ ਦਿੱਤਾ ਗਿਆ।
ਸੂਢ ਪੁਰ ਹਮਲੇ ਦੀ ਤਜਵੀਜ਼
ਪਲਾਹੀ ਤੋਂ ਜਥੇਦਾਰ ਕਿਸ਼ਨ ਸਿੰਘ ਪ੍ਰਾਗਪੁਰ, ਅਤੇ ਉਥੋਂ ਬਾਬੂ ਸੰਤਾ ਸਿੰਘ ਨੂੰ ਨਾਲ ਲੈ ਕੇ ਪਤਾਰੇ ਜਥੇਦਾਰ ਊਧਮ ਸਿੰਘ ਦੇ ਖੂਹ ਪੁਰ ਪੁੱਜਾ। ਉਥੇ ਕਰਮ ਸਿੰਘ ਝਿੰਗੜ, ਮਾਸਟਰ ਦਲੀਪ ਸਿੰਘ ਗੋਸਲ, ਕਰਤਾਰ ਸਿੰਘ ਗੋਂਦਪੁਰ ਅਤੇ ਹਰਬੰਸ ਸਿੰਘ ਸਿਰਹਾਲਾ ਛੋਟਾ ਭੀ ਆ ਗਏ । ਜਥੇਦਾਰ ਨੇ ਸੂੰਢ ਦੇ ਸਾਕੇ ਦਾ ਸਾਰਾ ਹਾਲ ਸੁਣਾਇਆ ਅਤੇ ਤਜਵੀਜ਼ ਰੱਖੀ ਕਿ ਸੂੰਢ ਦੇ ਵਸਨੀਕਾਂ ਤੋਂ ਬਦਲਾ ਲੈਣਾ ਚਾਹੀਦਾ ਹੈ ਤਾਂ ਜੁ ਸਭ ਲੋਕਾਂ ਨੂੰ ਕੰਨ ਹੋ ਜਾਣ। ਤਜਵੀਜ਼ ਇਹ ਸੀ ਕਿ ਸੂੰਢ ਨੂੰ ਘੇਰ ਕੇ ਅੱਗ ਲਾ ਦਿੱਤੀ ਜਾਵੇ ਅਤੇ ਜਿਹੜਾ ਵਿਚੋਂ ਬਚ ਕੇ ਨਿਕਲਣ ਦਾ ਜਤਨ ਕਰੇ, ਉਸ ਨੂੰ ਤਲਵਾਰ ਦੀ ਭੇਟਾ ਕਰ ਦਿੱਤਾ ਜਾਵੇ। ਸਭ ਨੇ ਇਸ ਤਜਵੀਜ਼ ਨੂੰ ਪਰਵਾਨ ਕੀਤਾ। ਇਸ ਤਜਵੀਜ਼ ਦੀ ਮਨਜ਼ੂਰੀ ਲਈ ਮਾਸਟਰ ਮੋਤਾ ਸਿੰਘ ਜੀ ਤੋਂ ਸਲਾਹ ਪੁੱਛੀ ਗਈ। ਉਨ੍ਹਾਂ ਨੇ ਇਸ ਤਜਵੀਜ਼ ਨੂੰ ਰੱਦ ਕਰ ਦਿੱਤਾ, ਕਿਉਂਕਿ ਇਸ ਨਾਲ ਖ਼ਤਰਾ ਸੀ ਕਿ ਸੈਂਕੜੇ ਬੇਦੋਸ਼ਿਆਂ ਦੀਆਂ ਜਾਨਾਂ ਜਾਣਗੀਆਂ ਤੇ ਆਮ ਜਨਤਾ ਬੱਬਰਾਂ ਦੇ ਵਿਰੁੱਧ ਹੋ ਜਾਏਗੀ, ਸਰਕਾਰ ਨੂੰ ਬੱਬਰਾਂ ਦੇ ਦਬਾਉਣ ਵਾਸਤੇ ਬਹੁਤ ਅੱਛਾ ਬਹਾਨਾ ਹੱਥ ਆ ਜਾਵੇਗਾ ਅਤੇ ਜਿਹੜਾ ਕੰਮ ਚੁੱਕਿਆ ਹੈ, ਉਹ ਵਿਚੇ ਹੀ ਰਹਿ ਜਾਵੇਗਾ। ਇਸ ਤਰ੍ਹਾਂ ਮਾਸਟਰ ਜੀ ਦੇ ਸਮਝਾਉਣ ਪੁਰ ਉਪਰੋਕਤ ਸਕੀਮ ਨੂੰ ਵਾਪਸ ਲੈ ਲਿਆ ਗਿਆ।
ਕੌਲਗੜ੍ਹ ਮੀਟਿੰਗ
ਮਈ ਦੇ ਅਖ਼ੀਰ ਵਿਚ ਕੌਲਗੜ੍ਹ ਵਿਖੇ ਦੂਜੇ ਜਥੇ ਦੀ ਮੀਟਿੰਗ ਹੋਈ, ਜਿਸ ਵਿਚ ਕਰਮ ਸਿੰਘ ਦੌਲਤਪੁਰ, ਉਦੈ ਸਿੰਘ ਰਾਮਗੜ੍ਹ ਝੁੰਗੀਆਂ, ਹਰਨਾਮ ਸਿੰਘ ਗੜ੍ਹੀ ਕਾਨੂੰਗੋਆਂ, ਦਲੀਪ ਸਿੰਘ ਸਾਧੜਾ, ਬਾਵਾ ਸਿੰਘ ਤੇ ਊਧਮ ਸਿੰਘ ਕੈਲਗੜ੍ਹ ਅਤੇ ਆਸਾ ਸਿੰਘ ਭਕੜਦੀ ਸ਼ਾਮਲ ਹੋਏ। ਕਰਮ ਸਿੰਘ ਦੌਲਤਪੁਰ ਨੇ ਕਿਹਾ, “ਝੋਲੀਚੁੱਕ ਬਹੁਤ ਸਿਰ ਚੜ੍ਹ ਰਹੇ ਹਨ, ਰਪੋਟਾਂ ਤੇ ਮੁਖ਼ਬਰੀਆਂ ਕਰਦੇ ਹਨ, ਅਤੇ ਅਕਾਲੀਆਂ ਨੂੰ ਪਕੜਾਉਂਦੇ ਹਨ। ਹੁਣੇ ਹੁਣੇ ਝੋਲੀਚੁੱਕਾਂ ਨੇ ਸੁੰਦਰ ਸਿੰਘ ਮਖ਼ਸੂਸਪੁਰ ਅਤੇ ਅਰਜਨ ਸਿੰਘ ਸੂਢ ਨੂੰ ਗ੍ਰਿਫ਼ਤਾਰ ਕਰਵਾਇਆ ਹੈ ਅਤੇ ਕਿਸ਼ਨ ਸਿੰਘ ਬੜੀ ਮੁਸ਼ਕਲ ਨਾਲ ਬਚਿਆ ਹੈ। ਇਸ ਲਈ ਮੇਰਾ ਖ਼ਿਆਲ ਹੈ ਕਿ ਹੁਣ ਝੋਲੀਚੁੱਕਾਂ ਦਾ ‘ਸੁਧਾਰ’ ਸ਼ੁਰੂ ਕਰਨ ਦਾ ਕੰਮ ਅਰੰਭ ਕਰਨਾ ਚਾਹੀਦਾ ਹੈ। ਇਨ੍ਹਾਂ ਦਾ ਮਾਲ-ਅਸਬਾਬ ਖੋਹ ਵੇਚ ਕੇ ਸ਼ਸਤਰ ਖ਼ਰੀਦਣੇ ਚਾਹੀਦੇ ਹਨ, ਤਾਂ ਜੁ ਬੱਬਰ ਜਥਾ ਇਨ੍ਹਾਂ ਦੀ ਵਰਤੋਂ ਕਰ ਸਕੇ ਅਤੇ ਬਰਤਾਨੀਆ ਵਿਰੁੱਧ ਬਗ਼ਾਵਤ ਦੀ ਅੱਗ ਭੜਕਾ ਸਕੇ।”
ਆਸਾ ਸਿੰਘ ਨੇ ਆਪਣੀ ਰਾਏ ਦੇਂਦਿਆਂ ਆਖਿਆ, “ਸਾਡੇ ਪਾਸ ਨਾ ਕੋਈ ਖ਼ਾਸ ਹਥਿਆਰ ਹਨ, ਨਾ ਪੈਸਾ ਹੈ ਅਤੇ ਨਾ ਕਿਸੇ ਰਿਆਸਤ ਦਾ ਰਾਜਾ ਸਾਡੀ ਪਿੱਠ ਉੱਤੇ ਹੈ। ਇਸ ਲਈ ਇਸ ਹਾਲਤ ਵਿਚ ਫ਼ੌਜਾਂ ਤੇ ਤੋਪਾਂ ਵਾਲੀ ਸਰਕਾਰ ਵਿਰੁੱਧ ਸਫਲਤਾ ਦੀ ਕੋਈ ਆਸ ਨਹੀਂ।”
ਉਦੈ ਸਿੰਘ ਟੁੱਟ ਕੇ ਪਿਆ, “ਇਹ ਕਿਵੇਂ ਕਾਇਰਤਾ ਦਿਖਾ ਰਿਹਾ ਹੈ। ਪਹਿਲਾਂ ਹਥਿਆਰ ਜਮ੍ਹਾ ਕਰੋ, ਪੈਸਿਆਂ ਦਾ ਢੇਰ ਲਾਵੋ, ਕੋਈ ਰਾਜਾ ਮਨਾਵੋ, ਤਦ ਕੋਈ ਕਦਮ ਪੁੱਟੋ-ਇਹ ਤਾਂ ਕੁਝ ਭੀ ਨਾ ਕਰਨ ਵਾਲਿਆਂ ਦੀਆਂ ਗੱਲਾਂ ਹਨ। ਮੈਂ ਤਾਂ ਕਰਮ ਸਿੰਘ ਦੌਲਤਪੁਰ ਨਾਲ ਸਹਿਮਤ ਹਾਂ। ਝੋਲੀਚੁੱਕਾਂ ਨੂੰ ਪਿੰਡਾਂ ਵਿਚੋਂ ਸਾਫ਼ ਕਰ ਦਿਓ, ਹਕੂਮਤ ਦੀਆਂ ਜੜ੍ਹਾਂ ਵੱਢੀਆਂ ਜਾਣਗੀਆਂ। ਫੇਰ ਮੈਦਾਨ ਸਾਫ਼ ਹੈ, ਹਥਿਆਰ ਝੋਲੀਚੁੱਕਾਂ ਦੇ ਪੈਸਿਆਂ ਨਾਲ ਖ਼ਰੀਦੋ, ਫੇਰ ਖੋਹਵੋ ਤੇ ਫ਼ੌਜੀਆਂ ਨੂੰ ਨਾਲ ਮਿਲਾ ਲਵੋ| ਮੈਂ ਤਾਂ ਇਹੋ ਗੱਲ ਠੀਕ ਸਮਝਦਾ ਹਾਂ। ਕੋਈ ਹੋਰ ਕੁਝ ਨਾ ਕਰੇ, ਆਪਾਂ ਤਾਂ ਹੁਣ ਠਹਿਰ ਨਹੀਂ ਸਕਦੇ।”
ਇਸ ਤਰ੍ਹਾਂ ਦੀ ਬਹਿਸ ਮਗਰੋਂ ਪੱਕਾ ਫ਼ੈਸਲਾ ਕੀਤੇ ਬਿਨਾਂ ਮੀਟਿੰਗ ਉਠ ਗਈ, ਕਿਉਂਕਿ ਕਿਸੇ ਕਿਸੇ ਦਾ ਇਹ ਭੀ ਖ਼ਿਆਲ ਸੀ ਕਿ ਅਜੇ ਹੋਰ ਪਰਚਾਰ ਕੀਤਾ ਜਾਵੇ ਤੇ ਮਗਰੋਂ ਹੋਰ ਕਦਮ ਪੁੱਟੇ ਜਾਣ। ਇਹ ਖ਼ਿਆਲ ਵੀ ਆਮ ਸੀ ਕਿ ਕੋਈ ਜ਼ਾਹਰਾ ਜਾਂ ਖ਼ੁਫ਼ੀਆ ਅਖ਼ਬਾਰ ਸ਼ੁਰੂ ਕੀਤੀ ਜਾਵੇ, ਜਿਸ ਨਾਲ ਵਧੇਰੇ ਪਰਚਾਰ ਹੋ ਸਕੇ।
ਬਸਿਆਲਾ ਮੀਟਿੰਗ
ਆਸਾ ਸਿੰਘ ਇਥੋਂ ਦਲੀਪ ਸਿੰਘ ਸਾਧੜਾ ਨੂੰ ਨਾਲ ਲੈ ਕੇ ਤੀਜੇ ਦਿਨ ਬਸਿਆਲੇ ਵਿਖੇ ਜਥੇਦਾਰ ਕਿਸ਼ਨ ਸਿੰਘ ਨੂੰ ਜਾ ਕੇ ਮਿਲਿਆ। ਉਥੇ ਦਲੀਪ ਸਿੰਘ ਗੋਸਲ, ਕਰਮ ਸਿੰਘ ਝਿੰਗੜ ਤੇ ਬਾਬੂ ਸੰਤਾ ਸਿੰਘ ਭੀ ਸਨ । ਆਸਾ ਸਿੰਘ ਨੇ ਕੌਲਗੜ੍ਹ ਦੀ ਮੀਟਿੰਗ ਦੀ ਸਾਰੀ ਵਾਰਤਾ ਸੁਣਾਈ। ਜਥੇਦਾਰ ਨੇ ਕਿਹਾ, “ਮੇਰਾ ਭੀ ਇਹੋ ਖ਼ਿਆਲ ਹੈ ਕਿ ਅਜੇ ਝੋਲੀਚੁੱਕਾਂ ਦਾ ‘ਸੁਧਾਰ’ ਕਰਨ ਦਾ ਠੀਕ ਵਕਤ ਨਹੀਂ ਆਇਆ। ਅਜੇ ਸਾਨੂੰ ਪਿੰਡਾਂ ਵਿਚ ਦੌਰੇ ਕਰ ਕੇ ਪਰਚਾਰ ਜਾਰੀ ਰੱਖਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਤਿਆਰ ਕਰਨਾ ਚਾਹੀਦਾ ਹੈ। ਫੇਰ ਝੋਲੀਚੁੱਕਾਂ ਦਾ ਸੁਧਾਰ ਅਥਵਾ ਆਮ ਬਗ਼ਾਵਤ ਕਰਨੀ ਚਾਹੀਦੀ ਹੈ।”
ਇਕੱਠੇ ਹੋਣ ਦੀਆਂ ਕੋਸ਼ਿਸ਼ਾਂ
ਇਥੋਂ ਇਹ ਪਾਰਟੀ ਦੌਲਤਪੁਰ ਨੂੰ ਗਈ, ਤਾਂ ਜੁ ਕਰਮ ਸਿੰਘ ਦੌਲਤਪੁਰ ਨੂੰ ਮਿਲ ਕੇ ਦੋਹਾਂ ਜਥਿਆਂ ਦਾ ਇਕ ਮਿਲਵਾਂ ਪ੍ਰੋਗਰਾਮ ਬਣਾਇਆ ਜਾਵੇ, ਪਰ ਕਰਮ ਸਿੰਘ ਨਾ ਮਿਲਿਆ। ਉੱਥੋਂ ਸਾਰੇ ਹਿਯਾਤਪੁਰ ਪੁੱਜੇ । ਆਸਾ ਸਿੰਘ ਨੇ ਜਥੇਦਾਰ ਆਦਿ ਦੀ ਵਾਕਫ਼ੀਅਤ ਸੁਰਜਨ ਸਿੰਘ, ਧਰਮ ਸਿੰਘ ਤੇ ਸੁੰਦਰ ਸਿੰਘ ਨਾਲ ਕਰਾਈ ਅਤੇ ਦੱਸਿਆ ਕਿ ਇਹ ਥੋੜੇ ਚਿਰ ਤੋਂ ਚੱਕਰਵਰਤੀ ਜਥੇ ਦੇ ਮੈਂਬਰ ਬਣੇ ਸਨ।
ਜਥੇਦਾਰ ਨੇ ਆਸਾ ਸਿੰਘ ਨੂੰ ਕਿਹਾ ਕਿ ਉਹ ਦਸ ਬਾਰਾਂ ਦਿਨਾਂ ਦੇ ਅੰਦਰ ਅੰਦਰ ਕਰਮ ਸਿੰਘ ਦੌਲਤਪੁਰ ਨੂੰ ਭਾਲ ਕੇ ਪੰਡੋਰੀ ਗੰਗਾ ਸਿੰਘ ਲੈ ਆਵੇ । ਪੰਜ ਛੇ ਦਿਨ ਦੀ ਭਾਲ ਮਗਰੋਂ ਆਸਾ ਸਿੰਘ ਨੂੰ ਕਰਮ ਸਿੰਘ ਦੌਲਤਪੁਰੀ ਪਿੰਡ ਖੁਰਦਪੁਰ ਵਿਚ ਮਿਲ ਪਿਆ, ਪਰ ਕਰਮ ਸਿੰਘ ਨੇ ਦੱਸਿਆ ਕਿ 9 ਜੁਲਾਈ ਨੂੰ ਹਾੜ ਦੀ ਪੂਰਨਮਾਸ਼ੀ ਹੈ। ਉਦੋਂ ਉਸ ਨੇ ਹਿਯਾਤਪੁਰ ਇਕ ਸ਼ਾਦੀ ਪੁਰ ਜਾਣਾ ਹੈ, ਉਸ ਤੋਂ ਮਗਰੋਂ ਉਹ ਕਿਸ਼ਨ ਸਿੰਘ ਨੂੰ ਮਿਲ ਸਕਦਾ ਹੈ।
ਚੱਕਰਵਰਤੀ ਬਣ ਕੇ ਦੋ ਵੱਖ ਵੱਖ ਬੱਬਰ ਅਕਾਲੀ ਜਥੇ ਕੰਮ ਕਰ ਰਹੇ ਸਨ। ਇਨ੍ਹਾਂ ਦੋਹਾਂ ਨੂੰ ਇਕੱਠੇ ਕਰ ਕੇ, ਸਾਂਝਾ ਪ੍ਰੋਗਰਾਮ ਬਣਾ ਕੇ ਕੰਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸਨ। ਇਸ ਸਮੇਂ ਵਿਚ ਦੋ ਖ਼ਾਸ ਘਟਨਾਵਾਂ ਵਰਤੀਆਂ, ਜਿਨ੍ਹਾਂ ਨੇ ਇਸ ਲੋੜ ਨੂੰ ਹੋਰ ਤਿਖੇਰਾ ਅਨੁਭਵ ਕਰਾਇਆ ਕਿ ਦੋਵੇਂ ਜਥੇ ਛੇਤੀ ਤੋਂ ਛੇਤੀ ਇਕੱਠੇ ਹੋ ਕੇ ਸਾਂਝਾ ਪ੍ਰੋਗਰਾਮ ਬਣਾ ਲੈਣ।
ਪਹਿਲੀ ਘਟਨਾ : ਸਫ਼ੈਦਪੋਸ਼ ਨੂੰ ਸਜ਼ਾ
ਇਹ ਘਟਨਾ ਜਥੇਦਾਰ ਕਿਸ਼ਨ ਸਿੰਘ ਵਾਲੇ ਜਥੇ ਦੇ ਫ਼ੈਸਲੇ ਮੁਤਾਬਕ ਸੀ । ਹਰਨਾਮ ਸਿੰਘ ਸਫ਼ੈਦਪੋਸ਼ ਮਹੱਦੀਪੁਰ ਜ਼ਿਲ੍ਹਾ ਜਲੰਧਰ ਬੜਾ ਝੋਲੀਚੁੱਕ ਸੀ। ਇਹ ਮੁਖ਼ਬਰੀਆਂ ਕਰਦਾ ਅਤੇ ਕਾਂਗਰਸ ਤੇ ਅਕਾਲੀ ਲਹਿਰ ਦੀ ਵਿਰੋਧਤਾ ਕਰਦਾ ਰਹਿੰਦਾ ਸੀ। 20 ਮਈ ਨੂੰ ਕੁਝ ਬੱਬਰਾਂ ਨੇ ਇਸ ਉੱਤੇ ਹੱਲਾ ਬੋਲਿਆ ਸੀ। ਆਪਣੇ ਵਲੋਂ ਇਸ ਨੂੰ ਪਾਰ ਬੁਲਾ ਗਏ, ਪਰ ਬੜਾ ਚਿਰ ਹਸਪਤਾਲ ਰਹਿ ਕੇ ਉਹ ਬਚ ਗਿਆ। ਪਰ ਇਸ ਘਟਨਾ ਨੇ ਹੋਰ ਝੋਲੀਚੁੱਕਾਂ ਨੂੰ ਕੰਬਣੀ ਲਾ ਦਿੱਤੀ।
ਦੂਜੀ ਘਟਨਾ : ਮਾਮਲਾ ਉਗਰਾਹੁਣਾ
ਦੂਜੀ ਘਟਨਾ ਦੂਜੇ ਜਥੇ ਦੇ ਬੱਬਰਾਂ ਦੀ ਸੀ। ਕਰਮ ਸਿੰਘ ਦੌਲਤਪੁਰ ਤੇ ਉਦੈ ਸਿੰਘ ਆਦਿ ਬੱਬਰਾਂ ਨੇ ਬਿਛੋੜੀ ਦੇ ਨੰਬਰਦਾਰ ਕਾਕਾ ਤੋਂ 3 ਜੁਲਾਈ ਨੂੰ ਮਾਮਲੇ ਦੇ 575 ਰੁਪਏ ਖੋਹ ਲਏ, ਜਿਸ ਨਾਲ ਕੁਝ ਸ਼ਸਤਰ ਖ਼ਰੀਦੇ ਗਏ ਤੇ ਖ਼ੁਫੀਆ ਅਖ਼ਬਾਰ ਕੱਢਣ ਲਈ ਸਾਈਕਲੋ-ਸਟਾਇਲ ਮਸ਼ੀਨ ਖ਼ਰੀਦੀ ਗਈ।
ਇਨ੍ਹਾਂ ਦੋਹਾਂ ਘਟਨਾਵਾਂ ਦਾ ਪੂਰਾ ਹਾਲ ਅੱਗੇ ਦਿੱਤਾ ਗਿਆ ਹੈ। ਇਨ੍ਹਾਂ ਦੋਹਾਂ ਘਟਨਾਵਾਂ ਨੇ ਲੋਕਾਂ ਉੱਤੇ, ਝੋਲੀਚੁੱਕਾਂ ਉੱਤੇ ਅਤੇ ਹਕੂਮਤ ਉੱਤੇ ਬੜਾ ਪਰਭਾਵ ਪਾਇਆ। ਹੁਣ ਦੋਹਾਂ ਜਥਿਆਂ ਨੂੰ ਇਕੱਠੇ ਕਰ ਕੇ, ਸਾਂਝਾ ਪ੍ਰੋਗਰਾਮ ਬਣਾ ਕੇ ਕੰਮ ਕਰਨ ਦੀ ਲੋੜ ਹੋਰ ਤੇਜ਼ ਹੋ ਗਈ।
ਸਾਂਝੀ ਮੀਟਿੰਗ ਦੀ ਇਕ ਹੋਰ ਕੋਸ਼ਿਸ਼
9 ਜੁਲਾਈ 1922 ਨੂੰ ਸ਼ਾਮ ਵੇਲੇ ਜਥੇਦਾਰ ਕਿਸ਼ਨ ਸਿੰਘ, ਆਸਾ ਸਿੰਘ ਨੂੰ ਨਾਲ ਲੈ ਕੇ ਹਯਾਤਪੁਰ ਪੁੱਜਾ, ਤਾਂ ਜੁ ਕਰਮ ਸਿੰਘ ਦੌਲਤਪੁਰ ਨਾਲ ਏਥੇ ਹੀ ਮੁਲਾਕਾਤ ਹੋ ਸਕੇ। ਏਥੇ ਆਇਆਂ ਨੂੰ ਪਤਾ ਲੱਗਾ ਕਿ ਪਿੰਡ ਵਿਚ ਪੁਲਿਸ ਆਈ ਹੋਈ ਹੈ, ਜੋ ਕਾਕੇ ਨੰਬਰਦਾਰ ਦਾ ਮਾਲੀਆ ਲੁੱਟੇ ਜਾਣ ਵਾਲੇ ਕੇਸ ਦੀ ਤਫ਼ਤੀਸ਼ ਕਰ ਰਹੀ ਹੈ। ਇਸੇ ਕਰਕੇ ਕਰਮ ਸਿੰਘ ਭੀ ਏਥੇ ਨਹੀਂ ਸੀ ਆਇਆ। ਜਥੇਦਾਰ ਤੇ ਆਸਾ ਸਿੰਘ ਨੇ ਰਾਤ ਧਰਮ ਸਿੰਘ ਕੋਲ ਕੱਟੀ ਤੇ ਸਵੇਰੇ ਕਿਸ਼ਨਪੁਰ ਗੁਰਦੁਆਰੇ ਪੁੱਜੇ। ਉੱਥੇ ਕਰਮ ਸਿੰਘ ਝਿੰਗੜ ਭੀ ਸੀ। ਇਨ੍ਹੀਂ ਦਿਨੀਂ ਹਰੀਪੁਰ, ਜਮਸ਼ੇਰ ਤੇ ਲਲੀਆਂ ਵਿਚ ਭਾਰੀ ਦੀਵਾਨ ਕੀਤੇ ਗਏ।
ਚੰਦਾ ਸਿੰਘ ਪਲਾਹੀ ਨੇ ਇਸੇ ਮਹੀਨੇ ਕੁਝ ਗੋਲੀਆਂ ਅਤੇ ਫ਼ੰਡ ਇਕੱਠਾ ਕਰ ਕੇ ਜੱਥੇ ਨੂੰ ਦਿੱਤਾ।
ਸ਼ਾਮ ਸਿੰਘ ਜ਼ੈਲਦਾਰ ਨੂੰ ਮੁਆਫ਼ੀ
ਪਿੰਡ ਖੁਸਰੋਪੁਰ ਵਿਚ ਦੋ ਭਾਈ ਜਸਵੰਤ ਸਿੰਘ ਤੇ ਆਤਮਾ ਸਿੰਘ ਸਨ। ਜਸਵੰਤ ਸਿੰਘ ਗਰੈਜੂਏਟ ਸੀ ਅਤੇ ਹਾਕੀ ਦਾ ਸੋਹਣਾ ਖਿਲਾੜੀ ਸੀ । ਜਦ ਬਾਬੂ ਸੰਤਾ ਸਿੰਘ ਫ਼ੌਜ ਵਿਚ ਸੀ ਤਾਂ ਖੇਲ ਦੇ ਸੰਬੰਧ ਕਰਕੇ ਜਸਵੰਤ ਸਿੰਘ ਤੇ ਸੰਤਾ ਸਿੰਘ ਦੀ ਆਪੋ ਵਿਚ ਚੰਗੀ ਵਾਕਫ਼ੀ ਹੋ ਗਈ ਸੀ । ਮਗਰੋਂ ਸੰਤਾ ਸਿੰਘ ਦਾ ਇਨ੍ਹਾਂ ਦੋਹਾਂ ਕੋਲ ਆਣਾ ਜਾਣਾ ਭੀ ਸੀ। ਇਨ੍ਹਾਂ ਦਾ ਪਿਉ ਫ਼ੌਜੀ ਮਹਿਕਮੇ ਵਿਚ ਸਟੋਰ-ਕੀਪਰ ਸੀ ਅਤੇ ਸ਼ਾਮ ਸਿੰਘ ਜ਼ੈਲਦਾਰ ਤਲ੍ਹਣ ਦੀਆਂ ਦੋ ਪੋਤੀਆਂ ਇਨ੍ਹਾਂ ਨੂੰ ਵਿਆਹੀਆਂ ਹੋਈਆਂ ਸਨ। ਇਸ ਤਰ੍ਹਾਂ ਭਾਵੇਂ ਇਹਨਾਂ ਦਾ ਖ਼ਾਨਦਾਨ ਸਰਕਾਰੀ ਨੌਕਰਾਂ ਦਾ ਸੀ, ਪਰ ਇਹ ਦੋਵੇਂ ਖ਼ਾਸ ਕਰਕੇ ਜਸਵੰਤ ਸਿੰਘ, ਬੱਬਰਾਂ ਦੇ ਬੜੇ ਹਮਦਰਦ ਸਨ। ਜਦ ਜਸਵੰਤ ਸਿੰਘ ਨੂੰ ਪਤਾ ਲੱਗਾ ਕਿ ਸ਼ਾਮ ਸਿੰਘ ਤਲ੍ਹਣ ਦਾ ਨਾਉਂ ਬੱਬਰਾਂ ਦੀ ਕਾਲੀ ਫ਼ਰਿਸਤ ਵਿਚ 18 ਨੰਬਰ ‘ਤੇ ਦਰਜ ਕੀਤਾ ਗਿਆ ਹੈ ਅਤੇ ਉਸ ਦੇ ਸਿਰ ਪੁਰ ਕਾਲ ਕੂਕਦਾ ਹੈ ਤਾਂ ਉਸ ਨੇ ਬਾਬੂ ਸੰਤਾ ਸਿੰਘ ਨੂੰ ਬੇਨਤੀ ਕੀਤੀ ਕਿ ਉਸ ਬੁੱਢੇ ਦਾ ਨਾਉਂ ਕਾਲੀ ਫ਼ਰਿਸਤ ਵਿਚੋਂ ਕੱਢ ਦਿੱਤਾ ਜਾਏ। ਬਾਬੂ ਜੀ ਨੇ ਕਿਹਾ ਕਿ ਜੇ ਉਹ ਅੱਗੇ ਲਈ ਲਕੀਰਾਂ ਕੱਢ ਦੇਵੇ ਅਤੇ ਕਿਸੇ ਦੇਸ਼-ਭਗਤ ਵਿਰੁੱਧ ਗਵਾਹੀ ਨਾ ਦੇਵੇ ਤਾਂ ਇਹ ਗੱਲ ਹੋ ਸਕਦੀ ਹੈ। ਜਸਵੰਤ ਸਿੰਘ ਨੇ ਭਰੋਸਾ ਦਿਵਾਇਆ ਕਿ ਉਹ ਅੱਗੋਂ ਲਈ ਝੋਲੀਚੁੱਕੀ ਛੱਡ ਦੇਵੇਗਾ। ਇਸ ਉੱਤੇ ਸੰਤਾ ਸਿੰਘ ਨੇ ਜਥੇਦਾਰ ਕਿਸ਼ਨ ਸਿੰਘ ਨੂੰ ਸਾਰੀ ਗੱਲ ਦੱਸੀ। ਅਤੇ ਸ਼ਾਮ ਸਿੰਘ ਨੂੰ ਮੁਆਫ਼ ਕਰ ਦਿੱਤਾ ਗਿਆ।
ਇਸ ਤੋਂ ਮਗਰੋਂ ਜਸਵੰਤ ਸਿੰਘ ਬੱਬਰਾਂ ਨੂੰ ਕਈ ਵੇਰ ਲੋੜ ਵੇਲੇ ਗੋਲੀਆਂ ਪਹੁੰਚਾਉਂਦਾ ਰਿਹਾ।
‘ਬੱਬਰ ਅਕਾਲੀ ਦੁਆਬਾ’ ਸ਼ੁਰੂ
ਸਾਈਕਲੋ-ਸਟਾਇਲ ਮਸ਼ੀਨ ਖ਼ਰੀਦ ਕੇ ਕਰਮ ਸਿੰਘ ਦੌਲਤਪੁਰ ਨੇ ਅਗਸਤ ਦੇ ਤੀਜੇ ਹਫ਼ਤੇ ‘ਬੱਬਰ ਅਕਾਲੀ ਦੁਆਬਾ’ ਨਾਂ ਰੱਖ ਕੇ ਦੋ ਪਰਚੇ ਕੱਢੇ, ਜਿਸ ਵਿਚ ਮੁਲਕ ਦੀ ਭੈੜੀ ਦਸ਼ਾ, ਬਰਤਾਨੀਆ ਦੇ ਜ਼ੁਲਮ, ਕਾਂਗਰਸੀ ਤੇ ਅਕਾਲੀ ਆਗੂਆਂ ਦੇ ਸ਼ਾਂਤੀ ਪਰਚਾਰ ਦੀ ਨਿਖੇਧੀ, ਚੱਕਰਵਰਤੀ ਜਥੇ ਦੇ ਬਣਨ ਅਤੇ ਉਸ ਦੇ ਪ੍ਰੋਗਰਾਮ ਦੇ ਮਕਸਦ ਦੀ ਵਿਆਖਿਆ ਕੀਤੀ ਗਈ ਸੀ । ਇਹ ਬੱਬਰ ਅਕਾਲੀ ਲਹਿਰ ਨੂੰ ਅੱਗੇ ਵਧਾਉਣ ਦਾ ਇਕ ਹੋਰ ਠੋਸ ਕਦਮ ਸੀ।
ਜਥੇਦਾਰ ਕਿਸ਼ਨ ਸਿੰਘ ਨੇ ਅੰਮ੍ਰਿਤਸਰੋਂ ਮੁੜ ਕੇ ਆਸਾ ਸਿੰਘ ਨੂੰ ਫੇਰ ਕਰਮ ਸਿੰਘ ਦੌਲਤਪੁਰ ਨੂੰ ਭਾਲਣ ਲਈ ਭੇਜਿਆ। ਆਸਾ ਸਿੰਘ ਆਪਣੇ ਪਿੰਡ ਭਕੜਦੀ ਪੁੱਜਾ। ਉਥੇ ਅਲੀ ਮੁਹੰਮਦ ਤੇਲੀ ਦੇ ਪਤਾ ਦੇਣ ਪੁਰ ਕਰਮ ਸਿੰਘ ਤੇ ਉਦੈ ਸਿੰਘ ਮਿਲ ਗਏ। ਕਰਮ ਸਿੰਘ ਦੌਲਤਪੁਰ ਨੇ ਆਸਾ ਸਿੰਘ ਨੂੰ ‘ਬੱਬਰ ਅਕਾਲੀ ਦੁਆਬਾ’ ਦੇ ਦੋ ਪਰਚੇ ਦਿਖਾਏ। ਕਰਮ ਸਿੰਘ ਨੇ ਪੰਜ ਲਫ਼ਾਫ਼ੇ ਬੰਦ ਕਰ ਕੇ ਆਸਾ ਸਿੰਘ ਨੂੰ ਦਿੱਤੇ ਤੇ ਆਖਿਆ ਕਿ ਇਨ੍ਹਾਂ ਵਿਚੋਂ ਇਕ ਕਿਸ਼ਨ ਸਿੰਘ ਨੂੰ ਦੇ ਦੇਣਾ ਤੇ ਬਾਕੀ ਜਿਵੇਂ ਠੀਕ ਸਮਝੇਂ, ਵੰਡ ਦੇਵੀਂ। ਇਨ੍ਹਾਂ ਲਫ਼ਾਫ਼ਿਆਂ ਵਿਚ ‘ਬੱਬਰ ਅਕਾਲੀ ਦੁਆਬਾ’ ਦਾ ਇਕ ਇਕ ਪਰਚਾ ਸੀ। ਕਰਮ ਸਿੰਘ ਨੇ ਆਸਾ ਸਿੰਘ ਨੂੰ ਸੁਨੇਹਾ ਦਿੱਤਾ ਕਿ ਜਥੇਦਾਰ ਏਧਰ ਆ ਕੇ ਸਾਨੂੰ ਫ਼ਲਾਣੇ ਖੂਹ ਪੁਰ ਮਿਲੇ।
ਜਦ ਆਸਾ ਸਿੰਘ ਪੰਡੋਰੀ ਨਿਝਰਾਂ ਪੁੱਜਾ ਤਾਂ ਉਥੇ ਸੰਤਾ ਸਿੰਘ, ਕਰਮ ਸਿੰਘ ਡਿੱਗੜ, ਦਲੀਪ ਸਿੰਘ ਗੋਸਲ, ਸਾਹਦਾ ਸਿੰਘ, ਨਿਰਵੈਰ ਸਿੰਘ ਤੇ ਊਧਮ ਸਿੰਘ ਪੰਡੋਰੀ ਮਿਲ ਪਏ। ਸੰਤਾ ਸਿੰਘ ਨੇ ਅਖ਼ਬਾਰ ਪੜ੍ਹ ਕੇ ਸੁਣਾਈ ਤੇ ਸਾਰੇ ਬੜੇ ਪ੍ਰਸੰਨ ਹੋਏ। ਇਤਨੇ ਨੂੰ ਜਥੇਦਾਰ ਹੋਰੀਂ ਭੀ ਆ ਗਏ। ਉਨ੍ਹਾਂ ਭੀ ਦੋਵੇਂ ਪਰਚੇ ਪੜ੍ਹੇ ਅਤੇ ਕਰਮ ਸਿੰਘ ਦੌਲਤਪੁਰ ਦੇ ਉੱਦਮ ਦੀ ਬੜੀ ਸ਼ਲਾਘਾ ਕੀਤੀ। ਇਸ ਤੋਂ ਉਪਰੰਤ ਜਥੇਦਾਰ, ਝਿੰਗੜ, ਬਾਬੂ ਤੇ ਗੋਸਲ ਆਦਿ ਕਰਮ ਸਿੰਘ ਦੌਲਤਪੁਰ ਨੂੰ ਮਿਲਣ ਵਾਸਤੇ ਉਸ ਦੇ ਦੱਸੇ ਹੋਏ ਪਤੇ ਵੱਲ ਚੱਲ ਪਏ।
ਦੂਜਾ ਕਾਂਡ
ਸਾਂਝੀ ਮੀਟਿੰਗ ਤੇ ਬੱਬਰ ਜਥੇ ਦੀ ਬਾਕਾਇਦਾ ਚੋਣ ਅਗਸਤ 1922
ਆਖ਼ਰ ਉਹ ਸੁਭਾਗਾ ਦਿਨ ਆ ਗਿਆ, ਜਦੋਂ ਇਕ ਆਸ਼ੇ ਨਾਲ ਕੰਮ ਕਰ ਰਹੇ ਦੋਵੇਂ ਵੱਖ ਵੱਖ ਜਥੇ ਇਕੱਠੇ ਹੋ ਗਏ। ਮੀਟਿੰਗ ਅਰੰਭ ਹੋ ਗਈ।
ਸੰਤ ਠਾਕਰ ਸਿੰਘ ਗਜੋਵਾਲ ਦੀ ਕੁਟੀਆ ਵਿਚ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਕਰਮ ਸਿੰਘ ਦੌਲਤਪੁਰ, ਉਦੈ ਸਿੰਘ ਰਾਮਗੜ੍ਹ ਝੁੰਗੀਆ, ਜਥੇਦਾਰ ਕਿਸ਼ਨ ਸਿੰਘ, ਕਰਮ ਸਿੰਘ ਝਿੰਗੜ, ਆਸਾ ਸਿੰਘ, ਬਾਬੂ ਸੰਤਾ ਸਿੰਘ ਤੇ ਮਾਸਟਰ ਦਲੀਪ ਸਿੰਘ ਦੀ ਮੀਟਿੰਗ ਅਗਸਤ 1922 ਦੇ ਅਖ਼ੀਰ ਨੂੰ ਹੋਈ। ਇਹ ਫ਼ੈਸਲਾ ਕੀਤਾ ਗਿਆ ਕਿ ਇਕ ਵਰਕਿੰਗ ਕਮੇਟੀ ਬਣਾਈ ਜਾਵੇ ਅਤੇ ਉਹਦੀ ਚੋਣ ਕੀਤੀ ਜਾਵੇ। ਇਹ ਵਰਕਿੰਗ ਕਮੇਟੀ ਸਾਰਾ ਪ੍ਰੋਗਰਾਮ ਬਣਾਵੇ, ਪਰਚਾ ਕੱਢੇ, ਹਥਿਆਰ ਇਕੱਤਰ ਕਰੇ ਅਤੇ ਫ਼ੰਡ ਦਾ ਹਿਸਾਬ-ਕਿਤਾਬ ਰੱਖੇ। ਇਸ ਕਮੇਟੀ ਦੀ ਚੋਣ ਇਸ ਪ੍ਰਕਾਰ ਹੋਈ :
ਜਥੇਦਾਰ-ਕਿਸ਼ਨ ਸਿੰਘ।
ਸਕੱਤਰ-ਦਲੀਪ ਸਿੰਘ ਗੋਸਲ।
ਖ਼ਜ਼ਾਨਚੀ-ਬਾਬੂ ਸੰਤਾ ਸਿੰਘ।
ਹੋਰ ਮੈਂਬਰ-ਕਰਮ ਸਿੰਘ ਦੌਲਤਪੁਰ, ਕਰਮ ਸਿੰਘ ਝਿੰਗੜ ਅਤੇ ਉਦੈ ਸਿੰਘ । ਫੇਰ ਪਰਚੇ ਉੱਤੇ ਵਿਚਾਰ ਹੋਣ ਲੱਗੀ। ਜਥੇਦਾਰ ਨੇ ਦੱਸਿਆ ਕਿ ਪਰਚੇ ਬੜੇ
ਚੰਗੇ ਅਤੇ ਪਾਲਸੀ ਦਰੁਸਤ ਹੈ, ਪਰ ਇਹ ਪੜ੍ਹੇ-ਲਿਖੇ ਲੋਕਾਂ ਦੇ ਮਿਆਰ ਦੇ ਨਹੀਂ। ਹਨ। ਕਰਮ ਸਿੰਘ ਦੌਲਤਪੁਰ ਨੇ ਕਿਹਾ ਕਿ ਇਹ ਘਾਟਾ ਰਹਿਣਾ ਅਵੱਸ਼ ਸੀ, ਕਿਉਂਕਿ ਉਹ ਖ਼ੁਦ ਪੰਜਾਬੀ ਤੋਂ ਬਿਨਾਂ ਕੋਈ ਇਲਮ ਨਹੀਂ ਸਨ ਪੜ੍ਹ-ਲਿਖ ਸਕਦੇ । ਕਰਮ ਸਿੰਘ ਦੌਲਤਪੁਰ ਦੀ ਤਜਵੀਜ਼ ਪੁਰ ਇਕ ਮਤਾ ਪਾਸ ਹੋਇਆ ਕਿ ਅੱਗੇ ਤੋਂ ਜਥੇਦਾਰ ਕਿਸ਼ਨ ਸਿੰਘ ਇਸ ਅਖ਼ਬਾਰ ਨੂੰ ਐਡਿਟ ਕਰੇ ਅਤੇ ਇਸ ਮਤਲਬ ਵਾਸਤੇ ਖ਼ਰੀਦੀ ਹੋਈ ਸਾਈਕਲੋ-ਸਟਾਇਲ ਮਸ਼ੀਨ ਵਰਤੀ ਜਾਵੇ । ਨਾਲ ਹੀ ਇਹ ਭੀ ਪਾਸ ਹੋਇਆ ਕਿ ਪਰਚੇ ਉੱਤੇ ਕਰਮ ਸਿੰਘ ਦੌਲਤਪੁਰ ਦਾ ਨਾਉਂ ਜ਼ਰੂਰ ਬਤੌਰ ਐਡੀਟਰ ਲਿਖਿਆ। ਜਾਇਆ ਕਰੇ। ਕਰਮ ਸਿੰਘ ਦੌਲਤਪੁਰ ਦੀ ਡਿਊਟੀ ਕੰਢੀ ਦੇ ਇਲਾਕੇ ਦੇ ਝੋਲੀਚੁੱਕਾਂ ਦੀ ਫ਼ਰਿਸਤ ਤਿਆਰ ਕਰਨ ਦੀ ਲੱਗੀ। ਜਥੇਦਾਰ ਨੇ ਜਲੰਧਰ ਵੱਲ ਦੀ ਫ਼ਰਿਸਤ ਬਣਾਉਣ ਦੀ ਡਿਊਟੀ ਲਈ। ਕਰਮ ਸਿੰਘ ਦੌਲਤਪੁਰ ਤੇ ਉਦੈ ਸਿੰਘ ਨੂੰ ਆਪਣਾ ਮਜ਼ਬੂਤ ਜਥਾ ਝੋਲੀਚੁੱਕਾਂ ਦੇ ‘ਸੁਧਾਰ’ ਵਾਸਤੇ ਤਿਆਰ ਕਰਨ ਲਈ ਆਖਿਆ ਗਿਆ। ਜਥੇਦਾਰ, ਗੋਸਲ, ਝਿੰਗੜ, ਬਾਬੂ ਤੇ ਆਸਾ ਸਿੰਘ ਉਦੋਂ ਤਕ ਪਰਚਾਰ ਜਾਰੀ ਰੱਖਣ। ਫੇਰ ਇਕ ਮੀਟਿੰਗ ਕਰ ਕੇ ‘ ਸੁਧਾਰ’ ਦਾ ਕੰਮ ਅਰੰਭਣ ਦਾ ਫ਼ੈਸਲਾ ਕੀਤਾ ਜਾਵੇ।
ਆਖ਼ਰੀ ਫ਼ੈਸਲਾ ਇਹ ਕੀਤਾ ਗਿਆ ਕਿ ਜਥੇ ਦਾ ਨਾਉਂ ਚੱਕਰਵਰਤੀ ਦੀ ਥਾਂ ‘ਬੱਬਰ ਅਕਾਲੀ’ ਰੱਖਿਆ ਜਾਵੇ ਕਿਉਂਕਿ ਇਹ ਨਾਉਂ ਵਧੇਰੇ ਸਹੀ ਅਰਥ ਪੇਸ਼ ਕਰਦਾ ਹੈ, ਅਰਥਾਤ ਅਕਾਲੀਆਂ ਵਿਚੋਂ ਅੱਗੇ ਵਧੂ ਇਨਕਲਾਬੀਆਂ ਦਾ ਜਥਾ। ਦੂਸਰੇ ਇਹ ਨਾਉਂ ਅਖ਼ਬਾਰ ਦੇ ਨਾਉਂ ਨਾਲ ਭੀ ਠੀਕ ਢੁਕਦਾ ਸੀ।
ਫ਼ੌਜੀਆਂ ਕੋਲੋਂ ਤੇ ਹੋਰ ਥਾਵਾਂ ਤੋਂ ਹਥਿਆਰ
ਜਥੇਦਾਰ ਨੇ ਏਥੋਂ ਆਸਾ ਸਿੰਘ ਨੂੰ ਧੰਨਾ ਸਿੰਘ ਮਾਹਿਲ ਗਹਿਲੇ ਨੂੰ ਲਿਆਉਣ ਵਾਸਤੇ ਭੇਜਿਆ। ਆਸਾ ਸਿੰਘ ਝਿਕੇ ਲਧਾਣੇ ਮਿਸਤਰੀ ਸ਼ੇਰ ਸਿੰਘ ਪਾਸ ਗਿਆ ਤੇ ਉਸ ਨੂੰ ਕਿਹਾ ਕਿ ਇਕ ਤਾਂ ਛੇ-ਸਤ ਛਵੀਆਂ ਛੇਤੀ ਤਿਆਰ ਕਰ ਦੇਵੇ, ਦੂਜੇ ਹੁਣੇ ਜਾ ਕੇ ਮਾਹਿਲ ਗਹਿਲੇ ਤੋਂ ਧੰਨਾ ਸਿੰਘ ਨੂੰ ਲਿਆਵੇ । ਧੰਨਾ ਸਿੰਘ ਦੇ ਆਉਣ ਪੁਰ ਆਸਾ ਸਿੰਘ ਉਸ ਨੂੰ ਨਾਲ ਲੈ ਕੇ ਜਥੇਦਾਰ ਪਾਸ ਪੁੱਜਾ। ਜਥੇਦਾਰ ਨੇ ਧੰਨਾ ਸਿੰਘ ਨੂੰ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਗੰਗਾ ਰਾਮ ਬਾੜੀਆਂ ਪਾਸ ਦੋ ਰੀਵਾਲਵਰ ਹਨ, ਉਸ ਕੋਲੋਂ ਇਕ ਬੱਬਰਾਂ ਵਾਸਤੇ ਲਿਆ ਦੇਵੇ, ਧੰਨਾ ਸਿੰਘ ਨੇ ਇਹ ਕੰਮ ਛੇਤੀ ਹੀ ਕਰ ਦੇਣ ਦਾ ਵਾਅਦਾ ਕੀਤਾ।
ਏਥੋਂ ਉਸ ਨੂੰ ਨਾਲ ਲੈ ਕੇ ਜਥੇਦਾਰ ਨੰਗਲ ਕਲਾਂ ਨੂੰ ਗਿਆ । ਧੰਨਾ ਸਿੰਘ ਦੇ ਰਾਹੀਂ ਬੇਅੰਤ ਸਿੰਘ ਜ਼ੈਲਦਾਰ ਨੂੰ ਬਾਹਰ ਫ਼ਸਲਾਂ ਵਿਚ ਸੱਦ ਕੇ ਉਸ ਤੋਂ ਕੁਝ ਗੋਲੀਆਂ ਮੰਗੀਆਂ। ਜ਼ੈਲਦਾਰ ਨੇ ਇਕਰਾਰ ਕੀਤਾ ਕਿ ਉਹ ਛੇਤੀ ਹੀ ਕੁਝ ਗੋਲੀਆਂ ਭਰ ਕੇ ਦੇਵੇਗਾ। ਇਹ ਜ਼ੈਲਦਾਰ ਆਪਣੇ ਡਰ ਦਾ ਮਾਰਿਆ ਹੀ ਅੰਦਰੋ-ਅੰਦਰੀ ਬੱਬਰਾਂ ਨਾਲ ਸਬੰਧ ਰੱਖਦਾ ਸੀ ਅਤੇ ਕਦੀ ਕਦੀ ਗੋਲੀਆਂ ਤੇ ਕੁਝ ਫ਼ੰਡ ਆਦਿ ਦੀ ਸਹਾਇਤਾ ਕਰ ਦਿੰਦਾ ਸੀ।
ਮੁਨਸ਼ਾ ਸਿੰਘ ਜੌਹਲ ਤਸੀਲ ਜਲੰਧਰ 1921 ਦੇ ਅਖ਼ੀਰ ਤੋਂ ਬੱਬਰਾਂ ਨਾਲ ਮੇਲ-ਮਿਲਾਪ ਰੱਖਦਾ ਸੀ । ਜਥੇਦਾਰ ਤੇ ਦਾਸ ਸੁੰਦਰ ਸਿੰਘ ਨੇ ਇਸ ਨੂੰ ਦਾਰੂ-ਸਿੱਕਾ ਸਪਲਾਈ ਕਰਨ ਲਈ ਕਿਹਾ ਸੀ, ਕਿਉਂਕਿ ਉਸ ਦਾ ਭਾਈ ਜਵੰਦ ਸਿੰਘ ਫ਼ੌਜ ਵਿਚ ਸੀ ਅਤੇ ਉਹ ਆਪ ਭੀ ਫ਼ੌਜ ਵਿਚ ਰਹਿ ਚੁੱਕਾ ਸੀ । ਜਦ ਜਵੰਦ ਸਿੰਘ ਛੁੱਟੀ ਪੁਰ ਆਇਆ ਤਾਂ ਉਸ ਨੇ ਜਵੰਦ ਸਿੰਘ ਨਾਲ ਹਥਿਆਰਾਂ ਬਾਰੇ ਗੱਲ-ਬਾਤ ਕੀਤੀ ਅਤੇ ਉਸ ਨੂੰ ਬੱਬਰ ਜਥੇ ਦਾ ਪ੍ਰੋਗਰਾਮ ਸਮਝਾਇਆ। ਇਸ ਤੋਂ ਮਗਰੋਂ ਉਸ ਨੇ 1921 ਦੇ ਆਖ਼ਰੀ ਦਿਨਾਂ ਵਿਚ ਬੱਬਰਾਂ ਦੀਆਂ ਤਕਰੀਰਾਂ ਸੁਣੀਆਂ। ਉਸ ਉੱਤੇ ਬੜਾ ਅਸਰ ਹੋਇਆ ਅਤੇ ਉਸ ਨੇ ਆਪਣੀ 36 ਨੰਬਰ ਸਿਖ ਪਲਟਨ ਵਿਚ ਜਾ ਕੇ ਵਤਨ ਸਿੰਘ ਤੇ ਠਾਕਰ ਸਿੰਘ ਭਾਰਟਾ ਨੂੰ ਸਾਰੀਆਂ ਗੱਲਾਂ ਦੱਸੀਆਂ। ਇਨ੍ਹਾਂ ਤਿੰਨਾਂ ਨੇ ਫੈਸਲਾ ਕੀਤਾ ਕਿ ਬੱਬਰਾਂ ਨੂੰ ਵਾਹ-ਲਗਦੀ ਹਥਿਆਰ ਜ਼ਰੂਰ ਪਹੁੰਚਾਏ ਜਾਣ ਅਤੇ ਸਰਕਾਰ ਦੀ ਨੌਕਰੀ ਵੀ ਛੱਡ ਦਿੱਤੀ ਜਾਵੇ।
ਠਾਕਰ ਸਿੰਘ ਭਾਰਟਾ ਨੇ 10 ਬੰਬ, 24 ਅੱਗ ਲਾਊ ਪਲੀਤੇ ਅਤੇ ਕਾਫ਼ੀ ਗੋਲੀਆਂ ਫ਼ੌਜੀ ਸਟੋਰ ਵਿਚੋਂ ਚੁਰਾ ਲਈਆਂ। ਇਨ੍ਹਾਂ ਵਿਚੋਂ ਪੰਜ ਬੰਬ ਤੇ ਬਾਰਾਂ ਡਿਟੋਨੇਟਰ ਤਾਂ ਜਵੰਦ ਸਿੰਘ ਨੂੰ ਬੱਬਰ ਜਥੇ ਤਾਈਂ ਪਹੁੰਚਾਉਣ ਵਾਸਤੇ ਦੇ ਦਿੱਤੇ ਅਤੇ ਬਾਕੀ ਸਾਮਾਨ ਲੈ ਕੇ ਵਤਨ ਸਿੰਘ ਛੁੱਟੀ ਪੁਰ ਆ ਗਿਆ । ਕਬੀਲਿਆਂ ਨਾਲ 1922 ਵਿਚ ਲੜਾਈ ਹੋਈ ਤਾਂ ਜਵੰਦ ਸਿੰਘ ਨੂੰ ਰੀਵਾਲਵਰ ਦੀਆਂ 20 ਗੋਲੀਆਂ ਦਾ ਇਕ ਬੰਡਲ ਹੱਥ ਲੱਗ ਗਿਆ ਸੀ । ਮਗਰੋਂ ਵਤਨ ਸਿੰਘ ਨੇ ਤਿੰਨ ਕਿਰਚਾਂ (ਫ਼ੌਜੀ ਅਫ਼ਸਰਾਂ ਦੀਆਂ ਤਲਵਾਰਾਂ) ਭੀ ਬਗਲ ਕਰ ਲਈਆਂ। ਜੋ ਕੁਝ ਵਤਨ ਸਿੰਘ ਪਹਿਲਾਂ ਪਿੰਡ ਛੱਡ ਗਿਆ ਸੀ, ਉਸ ਤੋਂ ਛੁਟ ਬਾਕੀ ਸਭ ਚੀਜ਼ਾਂ ਮੁਨਸ਼ਾ ਸਿੰਘ ਜੌਹਲ ਆਪਣੇ ਭਾਈ ਨੂੰ ਮਿਲਣ ਗਿਆ ਬਨੂੰ ਤੋਂ ਲੈ ਆਇਆ। ਜੂਨ 1922 ਵਿਚ ਜਵੰਦ ਸਿੰਘ, ਵਤਨ ਸਿੰਘ ਤੇ ਠਾਕਰ ਸਿੰਘ ਨਾਮ ਕਟਾ ਕੇ ਆਪਣੇ ਪਿੰਡ ਆ ਗਏ। ਕੁਝ ਸਾਮਾਨ ਤੋਂ ਬਿਨਾਂ ਬਾਕੀ ਸਭ ਹੌਲੀ ਹੌਲੀ ਬੱਬਰਾਂ ਨੂੰ ਪਹੁੰਚ ਗਿਆ।
ਇਕਰਾਰ ਅਨੁਸਾਰ ਗੰਗਾ ਸਿੰਘ ਨਾਇਕ ਗੁਰਦਾਸਪੁਰ, ਮਾਨ ਸਿੰਘ ਗੁਜਰਾਂਵਾਲਾ, ਕਿਰਪਾਲ ਸਿੰਘ ਤੇ ਪਰਤਾਪ ਸਿੰਘ ਸਿਪਾਹੀ ਰਜਮੈਂਟ ਨੰਬਰ 52 ਨੇ ਕਈ ਵੇਰੀ ਦਾਰੂ-ਸਿੱਕਾ ਤੇ ਰਾਈਫ਼ਲਾਂ ਸਾਫ਼ ਕਰਨ ਦਾ ਸਾਮਾਨ ਬੱਬਰਾਂ ਨੂੰ ਪਹੁੰਚਾਇਆ। ਜਸਵੰਤ ਸਿੰਘ ਖੁਸਰੋਪੁਰ, ਬੇਅੰਤ ਸਿੰਘ ਜ਼ੈਲਦਾਰ ਨੰਗਲ ਤੇ ਹੋਰ ਕਈ-ਇਕ ਲਾਸੰਸੀਆਂ ਤੋਂ ਭੀ ਗੋਲੀਆਂ ਮਿਲਦੀਆਂ ਰਹੀਆਂ।
ਪਰਚਾ ਬਾਕਾਇਦਾ ਸ਼ੁਰੂ
ਹੁਣ ਹਰ ਮਹੀਨੇ ਇਕ ਪਰਚਾ ਤਾਂ ਜ਼ਰੂਰੀ ਛਪਣ ਲੱਗਾ ਅਤੇ ਲੋੜ ਅਨੁਸਾਰ ਸਪੈਸ਼ਲ ਨੰਬਰ ਭੀ ਕੱਢ ਦਿੱਤੇ ਜਾਂਦੇ ਸਨ। ਪਰਚੇ ਦੇ ਮੱਥੇ ਪੁਰ ਗੁਰਬਾਣੀ ਦਾ ਇਹ ਦੋਹਾ ਲਿਖਿਆ ਹੁੰਦਾ ਸੀ :
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥
ਗੁਰਦੁਆਰਾ ਕਿਸ਼ਨਪੁਰ, ਫ਼ਤਹਿ ਪੁਰ ਕੋਠੀ, ਜਸੋਵਾਲ, ਕੋਟ ਫ਼ਤੂਹੀ ਤੇ ਪੰਡੋਰੀ ਆਦਿ ਇਸ ਪਰਚੇ ਦੀ ਛਪਾਈ ਦੇ ਖ਼ਾਸ ਅੱਡੇ ਸਨ । ਊਧਮ ਸਿੰਘ ਪੰਡੋਰੀ, ਦਲੀਪ ਸਿੰਘ ਗੋਸਲ, ਅਮਰ ਸਿੰਘ ਗ੍ਰੰਥੀ ਕੋਟ ਫ਼ਤੂਹੀ ਆਦਿ ਸਟੈਨਸਿਲ ਕਾਗ਼ਜ਼ ਪੁਰ ਲਿਖਿਆ ਕਰਦੇ ਸਨ । ਆਤਮਾ ਸਿੰਘ ਬੀਕਾ ਤੇ ਆਸਾ ਸਿੰਘ ਭਕੜਦੀ ਅਖ਼ਬਾਰ ਦੇ ਵੱਡੇ ਤਕਸੀਮ ਕਰਨ ਵਾਲੇ ਸਨ। ਮਸ਼ੀਨ ਪੁਰ ਇਸ਼ਤਿਹਾਰ ਕੱਢ ਕੇ ਝੋਲੀਚੁੱਕਾਂ ਦੇ ਦਰਵਾਜ਼ਿਆਂ ਨਾਲ ਲਾਏ ਜਾਣ ਲੱਗੇ ਕਿ ਉਹ ਪੁੱਠੇ ਰਾਹ ਨੂੰ ਛੱਡ ਦੇਣ, ਨਹੀਂ ਤਾਂ ਬੱਬਰ ਜਥਾ ਉਨ੍ਹਾਂ ਦੀ ਸੁਧਾਈ ਕਰੇਗਾ। ਆਪਣੀ ਗ੍ਰਿਫ਼ਤਾਰੀ ਤਕ ਜਥੇਦਾਰ ਕਿਸ਼ਨ ਸਿੰਘ ਹੀ ਸਾਰਾ ਅਖ਼ਬਾਰ ਲਿਖਿਆ ਕਰਦੇ ਸਨ। ਕਿਤੇ ਕਿਤੇ ਇਕ ਅੱਧਾ ਟੋਟਕਾ ਬਾਬੂ ਸੰਤਾ ਸਿੰਘ ਤੇ ਮਾਸਟਰ ਦਲੀਪ ਸਿੰਘ ਭੀ ਲਿਖ ਦਿਆ ਕਰਦੇ ਸਨ। ਕਰਮ ਸਿੰਘ ਦੌਲਤਪੁਰ, ਅਮਰ ਸਿੰਘ ਗ੍ਰੰਥੀ ਕੋਟ ਫ਼ਤੂਹੀ, ਪਿਆਰਾ ਸਿੰਘ ਗ੍ਰੰਥੀ ਗੁਰਦੁਆਰਾ ਬਾਉਲੀ ਸਾਹਿਬ ਤੇ ਹਰੀ ਸਿੰਘ ਚੇਲਾ ਕਵਿਤਾਵਾਂ ਲਿਖਿਆ ਕਰਦੇ ਸਨ।
ਪਹਿਲਾਂ ਅਖ਼ਬਾਰ ਪੁਰ ਲਿਖਿਆ ਜਾਂਦਾ ਸੀ ਕਿ ਇਹ ‘ਸਫ਼ਰੀ ਪ੍ਰੈਸ’ ਤੋਂ ਛਪਿਆ, ਕਿਉਂਕਿ ਬੱਬਰਾਂ ਦੇ ਰਾਤ ਕਿਤੇ, ਦਿਨ ਕਿਤੇ ਬਿਤਾਉਣ ਨਾਲ ਮਸ਼ੀਨ ਭੀ ਸਫ਼ਰ ਕਰਦੀ ਰਹਿੰਦੀ ਸੀ। ਮਗਰੋਂ ‘ਸਫ਼ਰੀ ਪ੍ਰੈਸ’ ਦਾ ਨਾਉਂ ਬਦਲ ਕੇ ‘ਉਡਾਰੂ ਪ੍ਰੈਸ’ ਰੱਖ ਦਿੱਤਾ ਗਿਆ।
ਸ: ਜੁਆਲਾ ਸਿੰਘ ਅਲਾਵਰਪੁਰ ਨਾਲ ਭੇਂਟ
ਜਥੇਦਾਰ ਕਿਸ਼ਨ ਸਿੰਘ, ਕਰਮ ਸਿੰਘ ਦੌਲਤਪੁਰ, ਕਰਮ ਸਿੰਘ ਝਿੰਗੜ, ਮਾਸਟਰ ਦਲੀਪ ਸਿੰਘ, ਆਸਾ ਸਿੰਘ ਤੇ ਬਾਬੂ ਸੰਤਾ ਸਿੰਘ ਨਵੰਬਰ ਦੇ ਮਹੀਨੇ ਘੁਕਿਆਲ ਤੋਂ ਗੁਰਦੁਆਰਾ ਕਿਸ਼ਨਪੁਰੇ ਨੂੰ ਗਏ। ਜਥਾ ਗੁਰਦੁਆਰੇ ਲਾਗੇ ਇਕ ਖੂਹ ਪੁਰ ਅਟਕਿਆ । ਝਿੰਗੜ ਨੂੰ ਅੰਦਰ ਭੇਜਿਆ ਤਾਂ ਜੁ ਉਹ ਦੇਖ ਆਵੇ ਕਿ ਓਥੇ ਕੋਈ ਭੈੜਾ ਆਦਮੀ ਤਾਂ ਨਹੀਂ। ਝਿੰਗੜ ਦੇ ਪਾਸ ਦੋ ਲੰਮੀਆਂ ਕਿਰਪਾਨਾਂ ਸਨ । ਅੱਗੇ ਗੁਰਦੁਆਰੇ ਅੰਦਰ ਅਲਾਵਲਪੁਰੀਏ ਸਰਦਾਰਾਂ ਦੇ ਝੋਲੀਚੁੱਕ ਖ਼ਾਨਦਾਨ ਵਿਚੋਂ ਇਕ ਸਰਦਾਰ ਜੁਆਲਾ ਸਿੰਘ ਆਇਆ ਹੋਇਆ ਸੀ। ਉਸ ਦੇ ਨਾਲ ਦੋ ਅਰਦਲੀ ਭੀ ਸਨ। ਕਰਮ ਸਿੰਘ ਝਿੰਗੜ ਨੂੰ ਦੇਖ ਕੇ ਜੁਆਲਾ ਸਿੰਘ ਨੇ ਪੁੱਛਿਆ ਕਿ ਉਹ ਕੌਣ ਹੈ ਅਤੇ ਇਹ ਦੋ ਕਿਰਪਾਨਾਂ ਕਿਉਂ ਰੱਖੀਆਂ ਹੋਈਆਂ ਹਨ। ਝਿੰਗੜ ਕੁਝ ਆਲਾ-ਟਾਲਾ ਕਰਦਾ ਮੁੜ ਤੁਰਿਆ ਤਾਂ ਜੁਆਲਾ ਸਿੰਘ ਨੂੰ ਸ਼ੱਕ ਪੈ ਗਿਆ। ਉਸ ਨੇ ਆਪਣੇ ਅਰਦਲੀ ਨੂੰ ਆਖਿਆ ਕਿ ਇਸ ਰਾਹੀ ਦਾ ਪਤਾ ਕੱਢੇ। ਗੁਰਦੁਆਰੇ ਦੇ ਮਹੰਤ ਮਿਤ ਸਿੰਘ ਨੇ ਇਹ ਗੱਲ ਸੁਣ ਕੇ ਆਪਣੇ ਚੇਲੇ ਬਤਨ ਸਿੰਘ ਨੂੰ ਬੱਬਰਾਂ ਵੱਲ ਭੇਜਿਆ ਤਾਂ ਕਿ ਉਹ ਉਨ੍ਹਾਂ ਨੂੰ ਉਰੇ-ਪਰੇ ਕਰ ਦੇਵੇ।
ਬਤਨ ਸਿੰਘ ਭੱਜ ਗਿਆ ਤੇ ਦੂਰੋਂ ਦੁਹਾਈ ਪਾ ਦਿੱਤੀ : “ਖ਼ਾਲਸਾ ਜੀ ! ਲੁਕ ਜਾਓ, ਆਪਣਾ ਆਪ ਬਚਾ ਲਓ।” ਕਿਸ਼ਨ ਸਿੰਘ ਨੇ ਪੁੱਛਿਆ, “ਕੋਈ ਗੱਲ ਤਾਂ ਦੱਸ, ਐਵੇਂ ਕਿਉਂ ਰੌਲਾ ਪਾਇਆ ਹੋਇਆ ਹੈ।”
“ਜੀ, ਅਲਾਵਲਪੁਰੀਆ ਸਰਦਾਰ ਗੁਰਦੁਆਰੇ ਬੈਠਾ ਹੈ। ਉਸ ਦਾ ਆਦਮੀ ਤੁਹਾਡੀ ਭਾਲ ਕਰ ਰਿਹਾ ਹੈ। ਤੁਸੀਂ ਆਪਣਾ ਬੰਦੋਬਸਤ ਕਰ ਲਓ। ਸਾਡੀ ਕੋਈ ਵਾਹ ਨਹੀਂ।”
“ਇਹ ਸਾਧ ਹਰਾਮ ਦੀਆਂ ਖਾ ਖਾ ਕੇ ਇਤਨੇ ਕਾਇਰ ਹੋ ਗਏ ਹਨ ਕਿ ਐਵੇਂ ਹਾਲ-ਪਾਹਰਿਆ ਕਰਨ ਲੱਗ ਪੈਂਦੇ ਹਨ। ਇਕ ਸਰਦਾਰ ਤੇ ਦੋ ਉਸ ਦੇ ਨੌਕਰ, ਕੁਲ ਤਿੰਨ ਮੂਰਤੀਆਂ ਹਨ, ਤੇ ਇਹ ਸਾਨੂੰ ਦੌੜ ਤੇ ਛੁਪ ਜਾਣ ਲਈ ਆਖ ਰਿਹਾ ਹੈ। ਚੱਲ ਖਾਂ, ਦੇਖਦੇ ਹਾਂ, ਉਹ ਕਿਹੜਾ ਦੈਂਤ ਹੈ ਜਿਸ ਤੋਂ ਤੁਹਾਡੀ ਜਾਨ ਨਿਕਲ ਰਹੀ ਹੈ।”
ਸਾਰਾ ਜਥਾ ਗੁਰਦੁਆਰੇ ਆ ਗਿਆ ਤੇ ਸਿੱਧੀ ਜੁਆਲਾ ਸਿੰਘ ਨੂੰ ਫ਼ਤਹਿ ਜਾ ਬੁਲਾਈ। ਤਿੰਨ ਚੌਂਹ ਬੱਬਰਾਂ ਨੇ ਬੰਦੂਕਾਂ ਤੇ ਬਾਕੀਆਂ ਨੇ ਤਲਵਾਰਾਂ ਲਟਕਾਈਆਂ ਹੋਈਆਂ ਸਨ। ਜੁਆਲਾ ਸਿੰਘ ਇਨ੍ਹਾਂ ਨੂੰ ਦੇਖ ਕੇ ਪੀਲਾ-ਭੂਕ ਹੋ ਗਿਆ। ਜਥੇਦਾਰ ਨੇ ਠੱਠੇ ਵਿਚ ਆਖਿਆ, “ਲਓ ਸਰਦਾਰ ਜੀ, ਅਸੀਂ ਆਪ ਹੀ ਆ ਗਏ ਹਾਂ। ਅਸੀਂ ਸੋਚਿਆ, ਐਵੇਂ ਸਰਦਾਰ ਹੋਰਾਂ ਨੂੰ ਤਕਲੀਫ਼ ਨਾ ਕਰਨੀ ਪਵੇ। ਤੁਹਾਡਾ ਅਰਦਲੀ ਸਾਨੂੰ ਭਾਲਦਾ ਫਿਰਦਾ ਹੈ। ਸੁਣਾਓ, ਸਾਡੇ ਤਾਈਂ ਕੀ ਕੰਮ ਹੈ।”
ਜੁਆਲਾ ਸਿੰਘ ਮੁੜ੍ਹਕੋ ਮੁੜ੍ਹਕੀ ਹੋ ਗਿਆ, “ਨਹੀਂ ਨਹੀਂ, ਸਿੰਘ ਸਾਹਿਬ ਜੀ, ਮੈਂ ਤਾਂ ਕੋਈ ਅਰਦਲੀ ਨਹੀਂ ਭੇਜਿਆ। ਐਵੇਂ ਸਾਲਾ ਮੂਰਖ ਭੱਜਾ ਫਿਰਦਾ ਹੋਊ, ਮੈਂ ਤਾਂ ਐਵੇਂ ਸਾਧਾਰਨ ਹੀ ਤੁਹਾਡੇ ਨਾਲ ਦੇ ਖ਼ਾਲਸੇ ਨੂੰ ਪੁੱਛਿਆ ਸੀ ਕਿ ਉਹ ਕੌਣ ਹੈ। ਹੋਰ ਕੋਈ ਖ਼ਾਸ ਗੱਲ ਤਾਂ ਨਹੀਂ ਸੀ।”
“ਤੁਸੀਂ ਸਾਧਾਰਨ ਪੁੱਛਿਆ ਸੀ ਤਾਂ ਅਸੀਂ ਭੀ ਸਾਧਾਰਨ ਹੀ ਦੱਸ ਦੇਂਦੇ ਹਾਂ ਕਿ ਅਸੀਂ ਬੱਬਰ ਜਥੇ ਵਾਲੇ ਹਾਂ। ਸਾਡਾ ਕੰਮ ਝੋਲੀਚੁੱਕਾਂ ਦਾ ਸੁਧਾਰ ਕਰਨਾ ਹੈ। ड्मी….”
“ਧੰਨ ਭਾਗ, ਤੁਹਾਡੇ ਜਿਹੇ ਮਹਾਂਪੁਰਸ਼ਾਂ ਦੇ ਦਰਸ਼ਨ ਹੋਏ। ਸਾਡੇ ਵੱਡਿਆਂ ਨੇ ਝੋਲੀਚੁੱਕੀ ਕਰ ਕੇ ਸਾਨੂੰ ਬਦਨਾਮ ਕਰ ਛੱਡਿਆ ਹੈ। ਮੈਂ ਤਾਂ ਚਾਹੁੰਦਾ ਹਾਂ ਕਿ ਸਾਡਾ ਕਿਸੇ ਤਰ੍ਹਾਂ ਧੋਣਾ ਧੋਤਾ ਜਾਏ। ਇਸ ਵਾਸਤੇ ਮੈਂ ਤੁਹਾਡੀ ਸੇਵਾ ਲਈ ਹਰ ਵਕਤ ਤਿਆਰ ਹਾਂ। ਜਿਹੜਾ ਕੰਮ ਕਰ ਸਕਦਾ ਹਾਂ, ਮੈਨੂੰ ਹੁਕਮ ਕਰੋ।”
ਇਹ ਕਹਿੰਦਿਆਂ ਹੀ ਜੁਆਲਾ ਸਿੰਘ ਨੇ ਦਸਾਂ ਰੁਪਿਆਂ ਦਾ ਨੋਟ ਕੱਢ ਕੇ ਜਥੇਦਾਰ ਦੇ ਪੈਰਾਂ ਉਪਰ ਰੱਖ ਦਿੱਤਾ ਤੇ ਆਖਿਆ, “ਹੋਰ ਮੇਰੇ ਲਾਇਕ ਜਿਹੜੀ ਸੇਵਾ ਹੋਵੇ, ਦੱਸਦੇ ਰਹਿਣਾ।”
ਬੱਬਰ ਉਸ ਦੀ ਟੱਟੀ ਨਿਕਲਦੀ ਦੇਖ ਕੇ ਖਿੜ ਖਿੜ ਹੱਸਣ ਲੱਗ ਪਏ। ਉਹ ਨਿਮੋਝੂਣਾ ਹੋ ਕੇ ਛੇਤੀ ਛੇਤੀ ਅਰਦਲੀਆਂ ਸਮੇਤ ਉਠ ਕੇ ਚੱਲਦਾ ਹੋਇਆ। ਮੀਲ ਅੱਧ ਮੀਲ ਨਿਕਲ ਜਾਣ ਮਗਰੋਂ ਉਸਦੇ ਸਾਹ ਵਿਚ ਸਾਹ ਆਇਆ ਹੋਵੇਗਾ।
ਇਕ ਹੋਰ ਛਾਪਾ-ਮਸ਼ੀਨ
ਪੁਲਿਸ ਦੀਆਂ ਸਰਗਰਮੀਆਂ ਦਿਨੋ-ਦਿਨ ਤੇਜ਼ ਹੋ ਰਹੀਆਂ ਸਨ ਅਤੇ ਇਹ ਖ਼ਤਰਾ ਸੀ ਕਿ ਕਿਤੇ ‘ਉਡਾਰੂ ਪ੍ਰੈਸ’ ਐਧਰ ਓਧਰ ਉਡਦਾ ਫੜਿਆ ਨਾ ਜਾਵੇ, ਅਥਵਾ ਅਖ਼ਬਾਰ ਦੇ ਡਾਕੀਆਂ ਨੂੰ ਭੀ ਲੰਮੀ ਡਾਕ ਵਿਚ ਖ਼ਤਰਾ ਹੀ ਸੀ। ਇਸ ਲਈ ਬੱਬਰ ਜਥੇ ਨੇ ਫ਼ੈਸਲਾ ਕੀਤਾ ਕਿ ਇਕ ਹੋਰ ਸਾਈਕਲੋ-ਸਟਾਇਲ ਮਸ਼ੀਨ ਖ਼ਰੀਦੀ ਜਾਵੇ। ਇਕ ਮਸ਼ੀਨ ਕੰਢੀ ਵੱਲ ਤੇ ਦੂਜੀ ਜਲੰਧਰ ਲਾਗੇ ਰੱਖੀ ਜਾਵੇ । ਜਿਧਰ ਭੀ ਸੌਖ ਹੋਵੇ, ਪਰਚਾ ਛਾਪ ਲਿਆ ਜਾਵੇ ਅਤੇ ਲੋੜ ਵੇਲੇ ਦੋਵੇਂ ਮਸ਼ੀਨਾਂ ਚਾਲੂ ਕੀਤੀਆਂ ਜਾਣ। ਜੇ ਕਿਤੇ ਇਕ ਮਸ਼ੀਨ ਖ਼ਰਾਬ ਹੋ ਜਾਵੇ ਜਾਂ ਦੁਸ਼ਮਣ ਦੇ ਹੱਥ ਆ ਜਾਏ ਤਾਂ ਭੀ ਕੰਮ ਉਸੇ ਤਰ੍ਹਾਂ ਚੱਲਦਾ ਰਹੇ। ਇਸ ਕੰਮ ਵਾਸਤੇ ਰਾਮ ਸਿੰਘ ਧਾਰੋਵਾਲੀਆ ਐਡੀਟਰ ਅਜੀਤ ਪਾਸੋਂ ਡੇਢ ਸੌ ਰੁਪਿਆ ਸਹਾਇਤਾ ਵਜੋਂ ਲਿਆ ਗਿਆ । ਸੰਤਾ ਸਿੰਘ ਨੇ
ਲਾਹੌਰ ਜਾ ਕੇ ਰਿਲੀਜਨ ਬੁੱਕ ਸੁਸਾਇਟੀ ਤੋਂ ਇਕ ਸੌ ਪੰਜ ਰੁਪਏ ਤੋਂ ਨਵੀਂ ਮਸ਼ੀਨ ਖ਼ਰੀਦੀ। ਉਥੋਂ ਹੀ ਪੁਰਾਣੀ ਮਸ਼ੀਨ ਵਾਸਤੇ ਗਾਜ਼ ਅਤੇ ਹੋਰ ਕੁਝ ਸਾਮਾਨ ਖ਼ਰੀਦਿਆ। ਇਨ੍ਹੀਂ ਦਿਨੀਂ ਬੂਟਾ ਸਿੰਘ ਪੰਡੋਰੀ, ਜੋ ਕਈ ਚਿਰ ਤੋਂ ਬੱਬਰ ਜਥੇ ਨਾਲ ਰਲਣਾ। ਚਾਹੁੰਦਾ ਸੀ, ਭੀ ਜਥੇ ਵਿਚ ਸ਼ਾਮਲ ਕਰ ਲਿਆ ਗਿਆ, ਅਤੇ ਉਹ ਪਰਚੇ ਦੀ ਛਪਾਈ ਦੇ ਕੰਮ ਵਿਚ ਮਦਦ ਦੇਣ ਲੱਗਾ।
ਖੁੱਲ੍ਹੀ ਅਖ਼ਬਾਰ ਵਾਸਤੇ ਯਤਨ
ਜਥੇਦਾਰ ਨੇ ਰਾਮ ਸਿੰਘ ਧਾਰੋਵਾਲੀਏ ਨਾਲ ਸਲਾਹ ਕੀਤੀ ਕਿ ‘ਚੱਕਰਵਰਤੀ’ ਨਾਮ ਦਾ ਇਕ ਖੁੱਲ੍ਹਾ ਅਖ਼ਬਾਰ ਪ੍ਰਕਾਸ਼ਤ ਕੀਤਾ ਜਾਵੇ । ਇਸ ਪੁਰ ਇਕ ਨਾਮ-ਧਰੀਕ ਐਡੀਟਰ ਦਾ ਨਾਉਂ ਲਿਖਿਆ ਜਾਵੇ, ਪਰ ਅਸਲੋਂ ਜਥੇਦਾਰ ਤੇ ਰਾਮ ਸਿੰਘ ਇਸ ਅਖ਼ਬਾਰ ਦੇ ਲੇਖ ਲਿਖਿਆ ਕਰਨ। ਇਸ ਅਖ਼ਬਾਰ ਦਾ ਕੰਮ ਬੱਬਰ ਲਹਿਰ ਦੇ ਹੱਕ ਵਿਚ ਹਮਦਰਦੀ ਪੈਦਾ ਕਰਨਾ, ਬੱਬਰਾਂ ਉੱਤੇ ਲਾਏ ਦੂਸ਼ਣਾਂ ਦਾ ਉੱਤਰ ਦੇਣਾ, ਅਤੇ ਸ਼ਾਂਤਮਈ ਪ੍ਰਚਾਰ ਦੇ ਪ੍ਰਚਾਰਕਾਂ ਦੀ ਨਿਖੇਧੀ ਕਰਨਾ ਹੋਵੇ। ਰਾਮ ਸਿੰਘ ਨੇ ਇਸ ਅਖ਼ਬਾਰ ਵਾਸਤੇ ਲੋੜੀਂਦਾ ਅਰੰਭਕ ਫ਼ੰਡ ਜਮ੍ਹਾ ਕਰਨ ਦਾ ਇਕਰਾਰ ਕੀਤਾ ਅਤੇ ਬੱਬਰ ਅਕਾਲੀਆਂ ਜ਼ਿੰਮੇ ਇਸ ਦੇ ਗਾਹਕ ਪੈਦਾ ਕਰਨ ਦਾ ਕੰਮ ਲੱਗਾ । ਜਥੇਦਾਰ ਨੇ ਆਪਣੇ ਦੌਰਿਆਂ ਵਿਚ ਡੇਢ ਸੌ ਗਾਹਕਾਂ ਨੂੰ ਤਿਆਰ ਕਰ ਕੇ ਉਨ੍ਹਾਂ ਦੀ ਫ਼ਹਿਰਿਸਤ ਭੀ ਤਿਆਰ ਕਰ ਲਈ। ਬਾਬੂ ਸੰਤਾ ਸਿੰਘ ਨੂੰ ਗੋਬਿੰਦਪੁਰ ਦੇ ਮਾਸਟਰ ਕਾਬਲ ਸਿੰਘ ਪਾਸ ਭੇਜਿਆ ਤਾਂ ਕਿ ਉਸ ਨੂੰ ਇਸ ਅਖ਼ਬਾਰ ਦਾ ਨਾਮਧਰੀਕ ਐਡੀਟਰ ਬਣਨ ਲਈ ਤਿਆਰ ਕੀਤਾ ਜਾਵੇ। ਪਰ ਮਾਸਟਰ ਕਾਬਲ ਸਿੰਘ ਨੇ ਇਹ ਡਿਊਟੀ ਪਰਵਾਨ ਨਾ ਕੀਤੀ। ਅੱਗੇ ਚੱਲ ਕੇ ਕਈ ਲੀਡਰਾਂ ਦੇ ਫੜੇ ਜਾਣ ਕਰਕੇ ਇਹ ਸਕੀਮ ਸਿਰੇ ਨਾ ਚੜ੍ਹ ਸਕੀ।
150 ਪਸਤੌਲ ਖ਼ਰੀਦਣ ਦੀ ਕੋਸ਼ਿਸ਼
20 ਕੁ ਦਸੰਬਰ ਦੀ ਗੱਲ ਹੈ ਕਿ ਸੰਤ ਗੁਰਬਖ਼ਸ਼ ਸਿੰਘ ਘੁੜਿਆਲ ਨੇ ਜਥੇਦਾਰ ਕਿਸ਼ਨ ਸਿੰਘ ਨੂੰ ਦੱਸਿਆ ਕਿ ਡੇਢ ਸੌ ਪਸਤੌਲ ਸਾਢੇ ਸਤ ਹਜ਼ਾਰ ਰੁਪਏ ਨੂੰ ਮਿਲਦੇ ਹਨ, ਪਰ ਦੇਣ ਵਾਲੇ ਦੀ ਇਹ ਸ਼ਰਤ ਹੈ ਕਿ ਸਾਰੇ ਪਸਤੌਲ ਇਕੱਠੇ ਹੀ ਖ਼ਰੀਦੇ ਜਾਣ। ਜਥੇਦਾਰ ਨੇ ਕਰਮ ਸਿੰਘ ਝਿੰਗੜ ਤੇ ਮਾਸਟਰ ਦਲੀਪ ਸਿੰਘ ਨਾਲ ਸਲਾਹ ਕੀਤੀ। ਝਿੰਗੜ ਨੇ ਦੱਸਿਆ ਕਿ ਠੇਕੇਦਾਰ ਬ੍ਰਹਮਾ ਸਿੰਘ ਸੰਧਵਾਂ ਉਸ ਦਾ ਮਿੱਤਰ ਹੈ, ਉਸ ਪਾਸੋਂ ਉਧਾਰ ਲੈਣ ਦੀ ਕੋਸ਼ਿਸ਼ ਕੀਤੀ ਜਾਵੇ, ਸੋ ਜਥੇਦਾਰ ਨੇ ਬ੍ਰਹਮਾ ਸਿੰਘ ਨੂੰ ਚਰਨ ਸਿੰਘ ਜਸੋਵਾਲ ਦੇ ਖੂਹ ਪੁਰ ਸੱਦ ਕੇ ਸਾਰੀ ਗੱਲ ਦੱਸੀ ਅਤੇ ਸਾਢੇ ਸਤ ਹਜ਼ਾਰ ਦੀ ਰਕਮ ਉਧਾਰ ਦੇਣ ਦੀ ਮੰਗ ਕੀਤੀ । ਬ੍ਰਹਮਾ ਸਿੰਘ ਨੇ ਦੱਸਿਆ ਕਿ ਇਤਨੀ ਰਕਮ ਉਸ ਪਾਸ ਨਹੀਂ ਹੈ, ਪਰ ਉਹ ਕਲਕੱਤੇ ਜਾ ਕੇ ਕੁੰਦਨ ਸਿੰਘ ਬਡੋਂ ਤੇ ਨਗੀਨਾ ਸਿੰਘ ਪਾਲਦੀ ਅਤੇ ਦੋ ਚਾਰ ਹੋਰ ਠੇਕੇਦਾਰਾਂ ਨਾਲ ਸਲਾਹ ਕਰੇਗਾ, ਜੇ ਉਨ੍ਹਾਂ ਸੰਮਤੀ ਪਰਗਟ ਕੀਤੀ ਤਾਂ ਬੜੀ ਛੇਤੀ ਇਤਨੀ ਰਕਮ ਇਕੱਠੀ ਕਰ ਕੇ ਜਥੇਦਾਰ ਦੇ ਦੱਸੇ ਪਤੇ ਪੁਰ ਮਨੀਆਡਰ ਕਰ ਦੇਵੇਗਾ।
ਜੱਸੋਵਾਲ ਦੀਆਂ ਮੀਟਿੰਗਾਂ (ਝੋਲੀਚੁੱਕਾਂ ਨੂੰ ਸੋਧਣ ਦੇ ਫ਼ੈਸਲੇ)
25 ਦਸੰਬਰ 1922 ਨੂੰ ਹਰੀ ਸਿੰਘ ਜੱਸੋਵਾਲ ਦੀ ਹਵੇਲੀ ਅੰਦਰ ਬੱਬਰ ਜਥੇ ਦੀ ਜਨਰਲ ਮੀਟਿੰਗ ਹੋਈ, ਜਿਸ ਵਿਚ ਜਥੇਦਾਰ ਕਿਸ਼ਨ ਸਿੰਘ, ਮਾਸਟਰ ਦਲੀਪ ਸਿੰਘ, ਕਰਮ ਸਿੰਘ ਝਿੰਗੜ, ਬਾਬੂ ਸੰਤਾ ਸਿੰਘ, ਕਰਮ ਸਿੰਘ ਦੌਲਤਪੁਰ, ਧੰਨਾ ਸਿੰਘ ਬਹਿਬਲਪੁਰ, ਉਦੈ ਸਿੰਘ, ਬੂਟਾ ਸਿੰਘ ਪੰਡੋਰੀ ਨਿਝਰਾਂ, ਆਸਾ ਸਿੰਘ ਭਕੜਦੀ, ਅਮਰ ਸਿੰਘ ਗ੍ਰੰਥੀ ਕੋਟ ਫ਼ਤੂਹੀ, ਹਰੀ ਸਿੰਘ ਕੋਟ ਫ਼ਤੂਹੀ, ਹਰੀ ਸਿੰਘ, ਲਾਭ ਸਿੰਘ ਤੇ ਕਰਮ ਸਿੰਘ ਜਸੋਵਾਲ ਹਾਜ਼ਰ ਸਨ । ਜਥੇਦਾਰ ਨੇ ਦੁਆਬੇ ਦੀ ਉਸ ਵੇਲੇ ਦੀ ਹਾਲਤ ਬਿਆਨ ਕਰਦਿਆਂ ਦੱਸਿਆ ਕਿ :
“ਸਾਡੇ ਪਰਚਾਰ ਨਾਲ ਲੋਕਾਂ ਵਿਚ ਕਾਫ਼ੀ ਉਭਾਰ ਆਇਆ ਹੈ। ਆਮ ਲੋਕੀਂ ਸਾਡੇ ਪ੍ਰੋਗਰਾਮ ਨਾਲ ਸਹਿਮਤ ਹਨ ਅਤੇ ਅਥਾਹ ਹਮਦਰਦੀ ਰੱਖਦੇ ਹਨ। ਇਸ ਨਾਲ ਹਕੂਮਤ ਘਬਰਾ ਗਈ ਹੈ। ਉਸ ਨੇ ਜਥੇ ਦੇ ਆਗੂਆਂ ਦੀ ਗ੍ਰਿਫ਼ਤਾਰੀ ਵਾਸਤੇ ਇਨਾਮਾਂ ਦਾ ਭੀ ਐਲਾਨ ਕੀਤਾ ਹੈ। ਸੈਂਕੜੇ ਪੁਲਸੀਏ ਪਿੰਡਾਂ ਵਿਚ ਜ਼ਾਹਰਾ ਤੇ ਗੁਪਤ ਤੌਰ ਪੁਰ ਹਰਲ ਹਰਲ ਕਰਦੇ ਫਿਰਦੇ ਹਨ, ਅਤੇ ਡਰ ਦੇ ਰਹੇ ਹਨ ਕਿ ਬੱਬਰਾਂ ਨੂੰ ਅੰਨ-ਪਾਣੀ ਦੇਣ ਵਾਲਿਆਂ ਨੂੰ ਜੇਲ੍ਹੀ ਸੁੱਟ ਦਿੱਤਾ ਜਾਵੇਗਾ। ਹਕੂਮਤ ਹਜ਼ਾਰਾਂ ਰੁਪਏ ਖ਼ਰਚ ਕਰ ਕੇ ਥਾਂ ਥਾਂ ਆਪਣੇ ਏਜੰਟ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਚਿਰ ਤੋਂ ਝੋਲੀਚੁੱਕਾਂ ਨੂੰ ਖ਼ਤਮ ਕਰਨ ਦੇ ਐਲਾਨ ਕਰ ਰਹੇ ਹਾਂ, ਪਰ ਹੁਣ ਇਨ੍ਹਾਂ ਐਲਾਨਾਂ ਦੀ ਕੋਈ ਕੀਮਤ ਨਹੀਂ, ਜੇ ਇਨ੍ਹਾਂ ਨੂੰ ਅਮਲੀ ਸ਼ਕਲ ਨਾ ਦੇਈਏ । ਝੋਲੀਚੁੱਕ ਇਨ੍ਹਾਂ ਐਲਾਨਾਂ ਨੂੰ ਫੋਕੇ ਡਰਾਵੇ ਹੀ ਸਮਝਣ ਲੱਗ ਪਏ ਹਨ। ਸੂਢ ਵਿਖੇ ਭਾਈ ਸੁੰਦਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਤਾਂ ਝੋਲੀਚੁੱਕ ਇਹ ਪੱਕਾ ਖ਼ਿਆਲ ਲੈ ਬੈਠੇ ਹਨ ਕਿ ਬੱਬਰਾਂ ਵਲੋਂ ਉਨ੍ਹਾਂ ਨੂੰ ਜਾਨੀ ਨੁਕਸਾਨ ਦਾ ਕੋਈ ਖ਼ਤਰਾ ਨਹੀਂ।
“ਇਸ ਤਰ੍ਹਾਂ ਜਿਥੇ ਇਕ ਪਾਸੇ ਸਾਡੇ ਹੱਕ ਵਿਚ ਆਮ ਜਜ਼ਬਾ ਹੈ, ਉੱਥੇ ਹਕੂਮਤ ਦੀਆਂ ਜ਼ੁਲਮੀ ਤੇ ਫੁੱਟ-ਪਾਊ ਚਾਲਾਂ ਤੋਂ ਭੀ ਭਾਰੀ ਖ਼ਤਰਾ ਹੈ। ਲੋਕੀਂ ਹੁਣ ਆਮ ਮੰਗ ਕਰ ਰਹੇ ਹਨ ਕਿ ਖ਼ਾਸ ਖ਼ਾਸ ਝੋਲੀਚੁੱਕਾਂ ਨੂੰ ਖ਼ਤਮ ਕਰੋ । ਜੇ ਅਸੀਂ ਇਸ ਮੰਗ ਨੂੰ ਪੂਰਾ ਨਾ ਕੀਤਾ ਤਾਂ ਲੋਕਾਂ ਪੁਰ ਹਕੂਮਤੀ ਏਜੰਟਾਂ ਦਾ ਡਰ ਬੈਠ ਜਾਵੇਗਾ। ਅਸੀਂ ਹੁਣ ਕੇਵਲ ਤਦ ਹੀ ਅੱਗੇ ਵਧ ਸਕਦੇ ਹਾਂ ਜੇ ਹਕੂਮਤੀ ਏਜੰਟਾਂ ਨੂੰ ਨਕਾਰਾ ਕਰ ਦੇਈਏ। ਸਾਨੂੰ ਬਦਨਾਮ ਝੋਲੀਚੁੱਕਾਂ ਦਾ ਸਫ਼ਾਇਆ ਹੁਣੇ ਅਰੰਭ ਦੇਣਾ ਚਾਹੀਦਾ ਹੈ। ਇਸ ਨਾਲ ਛੋਟੇ-ਮੋਟੇ ਟੁਕੜ-ਬੋਚ ਸਹਿਮ ਕੇ ਚੁੱਪ ਕਰ ਜਾਣਗੇ ਅਤੇ ਨਵੇਂ ਏਜੰਟ ਪੈਦਾ ਹੋਣੋਂ ਰੁਕ ਜਾਣਗੇ । ਲੋਕਾਂ ਦੇ ਹੌਸਲੇ ਬਹੁਤ ਉੱਚੇ ਹੋ ਜਾਣਗੇ ਅਤੇ ਜਥਾ ਨਿਧੜਕ ਹੋ ਕੇ ਆਪਣਾ ਕੰਮ ਜਾਰੀ ਰੱਖ ਸਕੇਗਾ।
“ਬੱਬਰ ਲਹਿਰ ਇਕ ਮੋੜ ਪੁਰ ਖੜੀ ਹੈ। ਮੋੜ ਨੂੰ ਦਲੇਰੀ ਤੇ ਅਕਲਮੰਦੀ ਨਾਲ ਲੰਘ ਜਾਓ ਤਾਂ ਛਾਲਾਂ ਮਾਰਦੇ ਅੱਗੇ ਵਧੀ ਜਾਓਗੇ। ਖੜੇ ਰਹੋਗੇ ਤਾਂ ਖ਼ਤਮ ਹੋ ਜਾਓਗੇ। ਦੂਜਾ ਕੋਈ ਰਾਹ ਨਹੀਂ।”
ਸਾਰੇ ਹੀ ਜਥੇਦਾਰ ਦੇ ਨਿਰਣੇ ਨਾਲ ਸਹਿਮਤ ਸਨ। ਫ਼ੈਸਲਾ ਹੋਇਆ ਕਿ (1) ‘ਬੱਬਰ ਅਕਾਲੀ ਦੁਆਬਾ’ ਦਾ ਅਗਲਾ ਨੰਬਰ ਉਸੇ ਦਿਨ ਹੀ ਪ੍ਰਕਾਸ਼ਤ ਕੀਤਾ। ਜਾਵੇ ਅਤੇ ਉਸ ਵਿਚ ਬੱਬਰ ਜਥੇ ਦਾ ਝੋਲੀਚੁੱਕਾਂ ਦੇ ਸੁਧਾਰ ਅਰੰਭ ਦੇਣ ਦਾ ਫ਼ੈਸਲਾ ਛਾਪਿਆ ਜਾਵੇ; (2) ਸਭ ਤੋਂ ਪਹਿਲਾਂ ਅਰਜਨ ਸਿੰਘ ਪਟਵਾਰੀ ਦਾ ਖ਼ਾਤਮਾ ਕੀਤਾ। ਜਾਏ, ਕਿਉਂਕਿ ਉਸ ਨੇ ਮਾਸਟਰ ਮੋਤਾ ਸਿੰਘ ਨੂੰ ਗ੍ਰਿਫ਼ਤਾਰ ਕਰਵਾਇਆ ਸੀ; (3) ਵਰਕਿੰਗ ਕਮੇਟੀ ਵਿਚਾਰ ਕਰ ਕੇ ਹਮਲਿਆਂ ਦਾ ਸਾਰਾ ਪਲੈਨ ਬਣਾਵੇ ਤੇ ਫ਼ੈਸਲਾ ਕਰੇ ਅਤੇ ਕੁਲ ਮੈਂਬਰ ਉਸ ਪੁਰ ਅਮਲ ਕਰਨ।
ਜੱਸੋਵਾਲ ਦੀ ਦੂਜੀ ਮੀਟਿੰਗ
30-31 ਦਸੰਬਰ ਨੂੰ ਹਰੀ ਸਿੰਘ ਦੀ ਹਵੇਲੀ ਵਿਚ ਪਹਿਲਾਂ ਵਰਕਿੰਗ ਕਮੇਟੀ ਦੀ ਅਤੇ ਮਗਰੋਂ ਦੂਜੀ ਜਨਰਲ ਮੀਟਿੰਗ ਹੋਈ, ਜਿਸ ਵਿਚ ਜਥੇਦਾਰ ਕਿਸ਼ਨ ਸਿੰਘ, ਬਾਬੂ ਸੰਤਾ ਸਿੰਘ, ਮਾਸਟਰ ਦਲੀਪ ਸਿੰਘ, ਕਰਮ ਸਿੰਘ ਝਿੰਗੜ, ਕਰਮ ਸਿੰਘ ਦੌਲਤਪੁਰ, ਉਦੈ ਸਿੰਘ, ਧੰਨਾ ਸਿੰਘ ਬਹਿਬਲਪੁਰ, ਰਾਮ ਸਿੰਘ ਮੁਜ਼ਾਰਾ ਕਲਾਂ, ਆਸਾ ਸਿੰਘ ਭਕੜਦੀ ਸ਼ਾਮਲ ਸਨ।
ਵਰਕਿੰਗ ਕਮੇਟੀ ਨੇ ਜਨਰਲ ਮੀਟਿੰਗ ਵਿਚ ਆਪਣੇ ਫ਼ੈਸਲੇ ਸੁਣਾਏ ਕਿ:
- ਕਿਸ ਝੋਲੀਚੁੱਕ ਨੂੰ ਕਦੋਂ ਤੇ ਕਿਸ ਨੇ ਖ਼ਤਮ ਕਰਨਾ ਹੈ, ਇਸ ਦਾ ਫ਼ੈਸਲਾ ਵਰਕਿੰਗ ਕਮੇਟੀ ਕਰੇਗੀ। ਕੋਈ ਆਪ-ਹੁਦਰਾ ਐਕਸ਼ਨ ਨਾ ਕਰੇ।
- ਕੋਈ ਝੋਲੀਚੁੱਕ ਕਿਸੇ ਨੂੰ ਅਚਾਨਕ ਮਿਲ ਪਵੇ ਤਾਂ ਉਸ ਨੂੰ ਵਕਤ ਵਿਚਾਰ ਕੇ ਖ਼ਤਮ ਕਰ ਦੇਣ ਦਾ ਹੱਕ ਹੈ ਅਤੇ ਜ਼ਰੂਰੀ ਹੈ।
- ਵਰਕਿੰਗ ਕਮੇਟੀ ਦੀ ਹਦਾਇਤ ਤੋਂ ਬਗ਼ੈਰ ਕਿਸੇ ਝੋਲੀਚੁੱਕ ਦੀ ਕੋਈ ਚੀਜ਼ ਨਾ ਉਠਾਈ ਜਾਵੇ । ਜਿਥੋਂ ਕੁਝ ਫ਼ੰਡ ਹੱਥ ਆਵੇ; ਉਹ ਫ਼ੈਸਲੇ ਅਨੁਸਾਰ ਬਗ਼ੈਰ ਭੋਰਿਉਂ ਵਰਕਿੰਗ ਕਮੇਟੀ ਪਾਸ ਪਹੁੰਚਾਇਆ ਜਾਵੇ, ਤਾਂ ਜੁ ਇਸ ਫ਼ੰਡ ਨਾਲ ਹਥਿਆਰ ਖ਼ਰੀਦੇ ਜਾ ਸਕਣ। ਬੱਬਰ ਜਥੇ ਦੇ ਮੈਂਬਰਾਂ ਦੇ ਸਾਧਾਰਨ ਲੋੜੀਂਦੇ ਅਤੇ ‘ਬੱਬਰ ਅਕਾਲੀ ਦੁਆਬਾ’ ਅਖ਼ਬਾਰ ਦੇ ਖ਼ਰਚ ਪੂਰੇ ਕੀਤੇ ਜਾਣਗੇ।
- ਐਕਸ਼ਨਾਂ ਦੇ ਦੌਰਾਨ ਝੋਲੀਚੁੱਕਾਂ ਦੇ ਬੱਚਿਆਂ ਨੂੰ ਹੱਥ ਨਾ ਲਾਇਆ ਜਾਵੇ ਅਤੇ ਨਾ ਹੀ ਕਿਸੇ ਔਰਤ ਦਾ ਅਪਮਾਨ ਕੀਤਾ ਜਾਵੇ।
- ਬੱਬਰ ਜਥੇ ਦਾ ਮੈਂਬਰ ਉਹੋ ਰਹਿ ਸਕਦਾ ਹੈ ਜੋ ਹੁਕਮ ਹੋਣ ਪੁਰ ਸਾਰੇ ਕੰਮ ਛੱਡ ਕੇ ਲੱਗੀ ਹੋਈ ਡਿਊਟੀ ਪੂਰੀ ਕਰੇ।
- ਝੋਲੀਚੁੱਕਾਂ ਦੇ ਨੱਕ, ਕੰਨ ਵੱਢਣ ਦਾ ਫ਼ੈਸਲਾ ਰੱਦ ਕੀਤਾ ਜਾਂਦਾ ਹੈ, ਕਿਉਂਕਿ ਅਜਿਹਾ ਕਰਨ ਲਈ ਇਕ ਤਾਂ ਵਕਤ ਵਧੇਰੇ ਲੱਗਦਾ ਹੈ, ਦੂਜੇ ਝੋਲੀਚੁੱਕ ਜੀਉਂਦਾ ਰਹਿ ਜਾਣ ਕਰਕੇ ਐਕਸ਼ਨ ਕਰਨ ਵਾਲਿਆਂ ਦਾ ਪਤਾ ਲੱਗ ਸਕਦਾ ਹੈ, ਤੀਜੇ ਇਸ ਨਾਲ ਕਈ ਹਲਕਿਆਂ ਵਿਚ ਬੱਬਰਾਂ ਵਿਰੁੱਧ ਨਫ਼ਰਤ ਭੀ ਪੈਦਾ ਹੋ ਸਕਦੀ ਹੈ। ਅੱਗੋਂ ਤੋਂ ਝੋਲੀਚੁੱਕ ਨੂੰ ਖ਼ਤਮ ਕਰ ਦੇਣਾ ਹੋਵੇਗਾ।
- ਹਰ ਕਤਲ ਦਾ ਐਲਾਨ ਦੋ ਤਿੰਨ ਬੱਬਰਾਂ ਦੇ ਨਾਂ ਪੁਰ ਬੱਬਰ ਅਖ਼ਬਾਰ ਵਿਚ ਕੀਤਾ ਜਾਇਆ ਕਰੇਗਾ।
- ਬਦਨਾਮ ਸ਼ਾਹੂਕਾਰਾਂ, ਝੋਲੀਚੁੱਕਾਂ ਅਤੇ ਹਕੂਮਤ ਦੀ ਜਾਇਦਾਦ ਨੂੰ ਲੁੱਟ ਲੈਣਾ ਜਾਇਜ਼ ਹੈ, ਪਰ ਇਸ ਤੋਂ ਬਿਨਾਂ ਹੋਰ ਕਿਸੇ ਦੇ ਮਾਲ ਜਾਂ ਧਨ ਨੂੰ ਹੱਥ ਲਾਉਣਾ ਜੁਰਮ ਸਮਝਿਆ ਜਾਏਗਾ ਅਤੇ ਜੋ ਧਨ ਇਸ ਤਰ੍ਹਾਂ ਪਰਾਪਤ ਹੋਵੇ, ਉਸ ਨੂੰ ਜਥੇ ਦੇ ਸਾਂਝੇ ਫ਼ੰਡ ਵਿਚ ਪਾਇਆ ਜਾਵੇ, ਕੋਈ ਆਦਮੀ ਆਪਣੇ ਨਿੱਜੀ ਖ਼ਰਚ ਲਈ ਨਾ ਵਰਤੇ।
ਤੀਜਾ ਕਾਂਡ
ਬੱਬਰ ਲਹਿਰ ਦਾ ਚੜਾਅ ਅਤੇ ਸਖ਼ਤੀ ਦਾ ਦੌਰ
ਜਿਵੇਂ ਕਿ ਪਿੱਛੇ ਦੱਸ ਆਏ ਹਾਂ ਕਿ ਜਦ ਅਕਾਲੀ ਦਲ ਨੇ ਸ਼ਾਂਤਮਈ ਦੇ ਅਸੂਲ ਹੇਠਾਂ ਹੁਕਮ ਜਾਰੀ ਕੀਤਾ ਕਿ ਜਿਸ ਦਾ ਵਰੰਟ ਨਿਕਲ ਜਾਵੇ ਉਹ ਗ੍ਰਿਫ਼ਤਾਰੀ ਦੇ ਦੇਵੇ ਅਤੇ ਕੋਈ ਬੇਕਨੂੰਨੀ ਕਾਰਵਾਈ ਨਾ ਕਰੇ, ਤਾਂ ਅਣਖੀਲੇ ਇਨਕਲਾਬੀ ਵਰਕਰਾਂ ਨੇ ਇਸ ਆਤਮਘਾਤੀ ਪਟੜੀ ਪੁਰ ਚੜ੍ਹਨੋਂ ਇਨਕਾਰ ਕਰ ਦਿੱਤਾ । ਉਹਨਾਂ ਬਰਤਾਨਵੀ ਹਕੂਮਤ ਵਿਰੁੱਧ ਅਤੇ ਉਸ ਅਕਾਲੀ ਲੀਡਰਸ਼ਿਪ ਵਿਰੁੱਧ, ਜਿਸ ਨੇ ਹਕੂਮਤ ਦੇ ਅਤਿਆਚਾਰਾਂ ਮੁਹਰੇ ਲੰਮਾ ਪਏ ਰਹਿਣ ਦਾ ਫ਼ੈਸਲਾ ਕੀਤਾ ਸੀ, ਬਗ਼ਾਵਤ ਦਾ ਝੰਡਾ ਬੁਲੰਦ ਕੀਤਾ। ਇਹ ਸਿਰਲੱਥ ਅਕਾਲੀ ਵਰਕਰ ਲਹਿਰ ਦੇ ਮੋਢੀ ਬਣੇ।
ਗ੍ਰਿਫ਼ਤਾਰੀਆਂ ਦੇ ਵਰੰਟ
ਬੱਬਰਾਂ ਵਲੋਂ ਪਿੰਡਾਂ ਵਿਚ ਨਵੰਬਰ 1921 ਤੋਂ ਬਾਕਾਇਦਾ ਬਾਗ਼ੀਆਨਾ ‘ਪਰਚਾਰ ਅਰੰਭ ਹੋ ਚੁੱਕਾ ਸੀ । ਜਿਥੇ ਹਕੂਮਤ ਵਿਰੁੱਧ ਸ਼ਾਂਤੀ ਦੇ ਫੁਸਫਸੇ ਫ਼ਲਸਫ਼ੇ ਦੇ ਪਰਚਾਰਕਾਂ ਦੇ ਦੀਵਾਨਾਂ ਵਿਚ ਮਾਮੂਲੀ ਹਾਜ਼ਰੀ ਹੁੰਦੀ ਸੀ, ਉੱਥੇ ਬੱਬਰਾਂ ਦੇ ਦੀਵਾਨਾਂ ਵਿਚ ਗਹਿਮਾ-ਗਹਿਮ ਹੋਣ ਲੱਗੀ । ਲੋਕਾਂ ਵਿਚ ਹਕੂਮਤ ਵਿਰੁੱਧ ਨਫ਼ਰਤ ਅਤੇ ਜੋਸ਼ ਦਿਨੋ-ਦਿਨ ਵਧਣ ਲੱਗਾ। ਹਕੂਮਤ ਨੇ ਇਸ ਪਰਚਾਰ ਨੂੰ ਰੋਕਣ ਲਈ ਪਹਿਲਾ ਕਦਮ ਪਰਚਾਰਕਾਂ ਦੇ ਵਰੰਟ ਜਾਰੀ ਕਰਨ ਦਾ ਚੁੱਕਿਆ। ਜਥੇਦਾਰ ਕਿਸ਼ਨ ਸਿੰਘ ਦੇ ਤਾਂ ਦੇਰ ਤੋਂ ਹੀ ਵਾਰੰਟ ਜਾਰੀ ਸਨ ਅਤੇ ਅਕਤੂਬਰ 1921 ਵਿਚ ਮੇਰੇ ਵੀ ਵਰੰਟ ਨਿਕਲ ਚੁੱਕੇ ਸਨ। ਮਾਰਚ 1922 ਤਕ ਲਗਪਗ ਸਭ ਬੱਬਰ ਪਰਚਾਰਕਾਂ ਦੇ ਵਰੰਟ ਨਿਕਲ ਗਏ ਸਨ। ਹਕੂਮਤ ਦਾ ਖ਼ਿਆਲ ਸੀ ਕਿ ਇਸ ਤਰ੍ਹਾਂ ਬੱਬਰ ਫੜੇ ਜਾਣ ਤੋਂ ਡਰਦੇ ਲੁੱਕ ਕੇ ਬਹਿ ਜਾਣਗੇ, ਪਰ ਗੱਲ ਸਗੋਂ ਇਸ ਦੇ ਉਲਟ ਹੋਈ। ਵਰੰਟਾਂ ਨੇ ਘਰ ਦੇ ਕੰਮ ਉੱਕੇ ਹੀ ਛੁਡਾ ਦਿੱਤੇ। ਪਹਿਲਾਂ ਕਿਤੇ ਕਿਤੇ ਦੀਵਾਨ ਹੁੰਦਾ ਸੀ, ਹੁਣ ਰੋਜ਼ ਹੀ, ਸਗੋਂ ਦਿਨ ਦੇ ਦੋ ਦੋ ਦੀਵਾਨ ਹੋਣ ਲੱਗੇ । ਲੋਕਾਂ ਦੀ ਹਮਦਰਦੀ ਵੀ ਬੱਬਰਾਂ ਨਾਲ ਬਹੁਤ ਵਧ ਗਈ ਸੀ।
ਹਕੂਮਤ ਵਲੋਂ ਲੋਕਾਂ ਪੁਰ ਦਬਾਅ
ਬੱਬਰਾਂ ਦੇ ਫੜਨ ਵਾਸਤੇ ਕਈ ਪੁਲਸੀਏ ਅਤੇ ਸੂਹੇ ਪਿੰਡਾਂ ਵਿਚ ਛੱਡੇ ਗਏ। ਪਰ ਬੱਬਰ ਕਿਹੜੇ ਇਕ ਥਾਂ ਰਹਿੰਦੇ ਸਨ, ਸਵੇਰੇ ਕਿਤੇ, ਸ਼ਾਮੀਂ ਕਿਤੇ। ਫੇਰ ਹਰ ਥਾਂ ਲੋਕੀਂ ਸਾਂਭਣ ਵਾਲੇ ਮੌਜੂਦ ਸਨ । ਉਹ ਪਨਾਹ ਦੇਂਦੇ ਤੇ ਖ਼ੁਸ਼ੀ ਖ਼ੁਸ਼ੀ ਸਹਾਇਤਾ ਦੇਂਦੇ ਸਨ। ਕੋਈ ਬੱਬਰ ਹੱਥ ਨਾ ਆਇਆ। ਇਸ ਪੁਰ ਲੋਕਾਂ ਨੂੰ ਡਰਾਉਣ ਧਮਕਾਉਣ ਦੇ ਜਤਨ ਹੋਣ ਲੱਗੇ। ਪੁਲਿਸ ਨੇ ਬੱਬਰਾਂ ਨੂੰ ਰੋਟੀ ਦੇਣ ਅਤੇ ਦੀਵਾਨ ਲੁਆਉਣ ਵਾਲਿਆਂ ਨੂੰ ਤੰਗ ਕਰਨਾ ਸ਼ੁਰੂ ਕੀਤਾ। ਉਹਨਾਂ ਨੂੰ ਕਈ ਕਈ ਦਿਨ ਥਾਣੇ ਸੱਦ ਕੇ, ਬਿਠਾ ਕੇ ਉਨ੍ਹਾਂ ਦੇ ਕੰਮ-ਕਾਰ ਦਾ ਹਰਜ ਕੀਤਾ ਜਾਂਦਾ ਰਿਹਾ। ਅਖੀਰ ਬਹੁਤੇ ਲੋਕ ਥਾਣੇ ਜਾਣੋਂ ਹੀ ਇਨਕਾਰ ਕਰਨ ਲੱਗ ਪਏ। ਉਹਨਾਂ ਨੇ ਬੱਬਰਾਂ ਦੀ ਦੱਸੀ ਹੋਈ ਇਕ ਸਿੱਧੀ-ਸਾਦੀ ਗੱਲ ਯਾਦ ਕਰ ਲਈ ਕਿ ਉਹ ਬੇਬਸ ਸਨ, ਬੱਬਰ ਉਨ੍ਹਾਂ ਨੂੰ ਹਥਿਆਰ ਦਿਖਾ ਕੇ ਰੋਟੀ ਖਾ ਜਾਂਦੇ ਸਨ । ਕਈਆਂ ਆਖਣਾ ਕਿ ਉਨ੍ਹਾਂ ਨੂੰ ਕੀ ਪਤਾ, ਉਹ ਕਦੋਂ ਕੁ ਤੋਂ ਬੱਬਰ ਬਣ ਗਏ ਹਨ, ਉਹ ਤਾਂ ਸਾਡੇ ਰਿਸ਼ਤੇਦਾਰ ਜਾਂ ਲਾਗਿਓਂ ਚਾਗਿਓਂ ਹਨ, ਉਨ੍ਹਾਂ ਨੂੰ ਆਇਆਂ ਨੂੰ ਰੋਟੀ-ਪਾਣੀ ਕਿਵੇਂ ਨਾ ਪੁੱਛੀਏ।
ਨੰਬਰਦਾਰਾਂ ਨੂੰ ਪੁਲਿਸ ਵਲੋਂ ਆਖਿਆ ਗਿਆ ਕਿ ਜਦ ਕੋਈ ਬੱਬਰ ਪਿੰਡ ਵਿਚ ਦੀ ਲੰਘੇ, ਠਹਿਰੇ ਜਾਂ ਦੀਵਾਨ ਕਰੇ, ਫ਼ੌਰਨ ਥਾਣੇ ਖ਼ਬਰ ਦਿਉ। ਪਹਿਲਾਂ ਪਹਿਲਾਂ ਤਾਂ ਕਈ ਇਤਲਾਹਾਂ ਦੇਣ ਭੱਜਦੇ ਰਹੇ, ਪਰ ਕੰਮ ਦਾ ਹਰਜ ਤੇ ਬੱਬਰਾਂ ਵਲੋਂ ਝੋਲੀਚੁੱਕਾਂ ਨੂੰ ਤਾੜਨਾ ਦੇ ਕਾਰਨ ਨੰਬਰਦਾਰਾਂ ਨੇ ਭੀ ਘੇਸਲ ਵੱਟ ਲਈ। ਪੁਲਿਸ ਨੂੰ ਕਿਸੇ ਹੋਰ ਰਾਹੀਂ ਪਤਾ ਲੱਗ ਜਾਂਦਾ ਸੀ ਤਾਂ ਨੰਬਰਦਾਰਾਂ ਨੂੰ ਡਾਂਟ-ਡਪਟ ਹੁੰਦੀ ਸੀ ਕਿ ਉਹ ਸੁੱਤੇ ਰਹਿੰਦੇ ਹਨ। ਬਹੁਤੇ ਨੰਬਰਦਾਰ ਉੱਤਰ ਦੇਣ ਲੱਗ ਪਏ ਕਿ ਉਹ ਰਹਿੰਦੇ ਤਾਂ ਜਾਗਦੇ ਹੀ ਸਨ, ਪਰ ਕੀ ਕਰਨ, ਬੱਬਰ ਤਾਂ ਦਿਨ-ਰਾਤ ਛਿੜੇ ਹੀ ਰਹਿੰਦੇ ਹਨ, ਉਹ ਇਤਲਾਹਾਂ ਦੇਣ ਲੱਗਣ ਤਾਂ ਘਰ ਦਾ ਸਾਰਾ ਕੰਮ-ਕਾਜ ਛੱਡ ਕੇ ਥਾਣੇ ਨੂੰ ਆਣ-ਜਾਣ ਵਿਚ ਹੀ ਰਹਿਣ।
ਇਸ ਪੁਰ ਪਿੰਡਾਂ ਵਿਚ ਪੁਲਿਸ ਦੀਆਂ ਵਧੇਰੇ ਗਸ਼ਤੀ ਟੋਲੀਆਂ ਚੱਕਰ ਲਾਉਣ ਵਾਸਤੇ ਭੇਜੀਆਂ ਗਈਆਂ। ਪੁਲਿਸ ਨੇ ਬੱਬਰਾਂ ਨੂੰ ਤਾਂ ਕੀ ਹੱਥ ਪਾਉਣਾ ਸੀ, ਆਉਂਦੇ-ਜਾਂਦੇ ਰਾਹੀਆਂ ਦਾ ਅਪਮਾਨ ਤੇ ਖੋਹ-ਖਿੰਝ ਕਰਨ ਲੱਗੇ । ਕਾਲੀ ਪਗੜੀ ਤੇ ਕਿਰਪਾਨ ਵਾਲੇ ਨੂੰ ਬੱਬਰ ਆਖ ਕੇ ਘੇਰ ਲੈਂਦੇ, ਥਾਣੇ ਵੱਲ ਧੂੰਦੇ ਅਤੇ ਰੁਪਿਆ-ਧੇਲੀ ਮਾਂਜ ਕੇ ਛੱਡ ਦੇਂਦੇ।
ਜਨਤਾ ਵਲੋਂ ਹਮਦਰਦੀ
‘ਪੁਲਿਸ ਦੇ ਦਬਕਿਆਂ ਦੀ ਪਰਵਾਹ ਨਾ ਕਰ ਕੇ ਹਰ ਫ਼ਿਰਕੇ ਦੇ ਆਮ ਲੋਕੀਂ ਬੱਬਰਾਂ ਨਾਲ ਬੜੀ ਹਮਦਰਦੀ ਤੇ ਪ੍ਰੇਮ ਕਰਦੇ ਸਨ । ਬਾਹਰ ਖੇਤਾਂ ਵਿਚ ਕੰਮ ਕਰਦੇ ਕਿਰਸਾਨ ਲਾਗੋਂ ਲੰਘਦਿਆਂ ਬੱਬਰਾਂ ਨੂੰ ਆਵਾਜ਼ ਮਾਰ ਕੇ ਰੋਟੀ-ਪਾਣੀ ਪੁੱਛਦੇ, ਘੜੀ ਦੋ ਘੜੀ ਆਰਾਮ ਕਰਨ ਲਈ ਸੰਘਣੇ ਬ੍ਰਿਛ ਹੇਠਾਂ ਲੀੜਾ-ਕੱਪੜਾ ਵਿਛਾ ਦੇਂਦੇ ਅਤੇ ਉਹਨਾਂ ਦੀ ਰੱਖਿਆ ਲਈ ਆਲੇ-ਦੁਆਲੇ ਨਿਗ੍ਹਾ ਭੀ ਰੱਖਦੇ ਸਨ। ਉਹ ਬੱਬਰਾਂ ਨੂੰ ਪੁਲਿਸ ਦੀ ਗਸ਼ਤ ਤੋਂ ਖ਼ਬਰਦਾਰ ਕਰਦੇ, ਪਰ ਜੇ ਕਿਤੇ ਪੁਲਸੀਏ ਉਨ੍ਹਾਂ ਨੂੰ ਬੱਬਰਾਂ ਬਾਰੇ ਪੁੱਛਦੇ ਤਾਂ ਕੋਈ ਥਹੁ-ਪਤਾ ਨਾ ਫੜਾਂਦੇ, ਸਗੋਂ ਕਈ ਵੇਰੀ ਪੁਲਿਸ ਨੂੰ ਉਲਟੇ ਪਾਸੇ ਤੋਰ ਦਿੰਦੇ ਸਨ।
ਅਮਨ-ਸਭਾ
ਇਕ ਪਾਸੇ ਹਕੂਮਤ ਨੇ ਲੋਕਾਂ ਪੁਰ ਪੁਲਿਸ ਰਾਹੀਂ ਕੱਸ ਪਾਉਣਾ ਸ਼ੁਰੂ ਕੀਤਾ, ਦੂਜੇ ਪਾਸੇ ਬੱਬਰਾਂ ਦੇ ਪ੍ਰਚਾਰ ਦਾ ਅਸਰ ਗੁਆਉਣ ਦੀ ਗ਼ਰਜ਼ ਨਾਲ ਪਿੰਡਾਂ ਦੇ ਨੰਬਰਦਾਰਾਂ, ਸਫ਼ੈਦਪੋਸ਼ਾਂ, ਜ਼ੈਲਦਾਰਾਂ, ਪੈਨਸ਼ਨੀਆਂ, ਲਾਸੈਂਸੀਆਂ ਅਤੇ ਹੋਰ ਜੀ-ਹਜ਼ੂਰੀਆਂ ਨੂੰ ਇਕੱਠੇ ਕਰ ਕੇ ‘ਅਮਨ ਸਭਾਵਾਂ’ ਖੜੀਆਂ ਕਰਨੀਆਂ ਸ਼ੁਰੂ ਕੀਤੀਆਂ। ਇਹ ਸਭਾਵਾਂ ਪਿੰਡਾਂ ਵਿਚ ਪੰਚਾਇਤਾਂ ਤੇ ਦੀਵਾਨ ਲਾ ਕੇ ਹੇਠ ਲਿਖੇ ਪ੍ਰਕਾਰ ਦਾ ਪ੍ਰਚਾਰ ਕਰਦੀਆਂ ਸਨ:
“ਸਾਡੀ ਇਸ ਸਰਕਾਰ ਨੇ ਹਿੰਦੁਸਤਾਨ ਨੂੰ ਬਹਿਸ਼ਤ ਬਣਾ ਦਿੱਤਾ ਹੈ। ਸਾਡੇ ਲਈ ਗੱਡੀਆਂ, ਮੋਟਰਾਂ, ਸਕੂਲ, ਡਾਕਖ਼ਾਨੇ, ਨਹਿਰਾਂ ਤੇ ਹਸਪਤਾਲ ਕਾਇਮ ਕੀਤੇ ਹਨ। ਸਭ ਚੋਰੀ ਡਾਕੇ ਖ਼ਤਮ ਕਰ ਕੇ ਅਮਨ-ਸ਼ਾਂਤੀ ਦਾ ਰਾਜ ਕਾਇਮ ਕੀਤਾ ਹੈ। ਹੱਥ ਪੁਰ ਸੋਨਾ ਲੈ ਕੇ ਫਿਰੀ ਜਾਓ, ਕੋਈ ਅੱਖ ਉਠਾ ਕੇ ਨਹੀਂ ਦੇਖ ਸਕਦਾ। ਅਦਾਲਤਾਂ ਵਿਚ ਹੱਕੋ-ਹੱਕ ਨਿਬੇੜਾ ਹੁੰਦਾ ਹੈ। ਪਰ ਹੁਣ ਥੋੜੇ ਜਿਹੇ ਕਮਲੇ ਤੇ ਸਿਰ-ਫਿਰੇ ਲੋਕ ਪਿੰਡਾਂ ਵਿਚ ਫਿਰਨ ਲੱਗ ਪਏ ਹਨ। ਉਹ ਕਹਿੰਦੇ ਹਨ, ਮੁੜ ਸਿੱਖਾਂ ਦਾ ਰਾਜ ਲਿਆ ਕੇ ਕਾੜ੍ਹਨੀਆਂ ਵਿਚੋਂ ਦੁੱਧ ਚੁੱਕ ਚੁੱਕ ਪੀਣੇ ਹਨ। ਉਹ ਪੈਸੇ ਵਾਲਿਆਂ ਨੂੰ ਲੁੱਟਣ-ਮਾਰਨ ਤੇ ਭਲੇ-ਮਾਣਸ ਬੰਦਿਆਂ ਨੂੰ ਕਤਲ ਕਰਨ ਦਾ ਪ੍ਰਚਾਰ ਕਰਦੇ ਹਨ। ਉਹ ਰਾਹੀਆਂ ਨੂੰ ਲੁੱਟ ਲੈਂਦੇ ਅਤੇ ਧੀਆਂ-ਭੈਣਾਂ ਤੋਂ ਰੋਟੀ ਖੋਹ ਕੇ ਖਾ ਜਾਂਦੇ ਹਨ। ਉਹ ਤਾਂ ਰਾਜ-ਰੌਲਾ ਪਾ ਕੇ ਮਨ-ਆਈਆਂ ਕਰਨਾ ਚਾਹੁੰਦੇ ਹਨ। ਪਰ ਇਹ ਅੰਗਰੇਜ਼ ਤਾਂ ਟੋਪੀ ਵਾਲੇ ਸਿਖ ਹਨ ਅਤੇ ਇਨ੍ਹਾਂ ਨੂੰ ਗੁਰੂਆਂ ਦੀ ਥਾਪਣਾ ਹੈ, ਇਸੇ ਕਰਕੇ ਇਹਨਾਂ ਦੀਆਂ ਪਤਾਲ ਜੜ੍ਹਾਂ ਹਨ। ਇਸ ਵਾਸਤੇ ਬੱਬਰਾਂ ਦੇ ਝਾਂਸੇ ਵਿਚ ਆ ਕੇ ਕੋਈ ਅਮਨ ਭੰਗ ਨਾ ਕਰੇ, ਸਗੋਂ ਉਹਨਾਂ ਦੀ ਇਤਲਾਹ ਸਰਕਾਰੇ ਦੇ ਕੇ ਨੇਕਨਾਮੀ ਹਾਸਲ ਕਰੇ।”
ਪਰ ਲੋਕਾਂ ਪੁਰ ਇਨ੍ਹਾਂ ਝੋਲੀਚੁੱਕ ਮਰਦੂਦਾਂ ਦਾ ਕੋਈ ਅਸਰ ਨਹੀਂ ਸੀ ਪੈਂਦਾ। ਲੋਕਾਂ ਨੂੰ ਬੰਬ ਤੇ ਗੋਲੀਆਂ, ਗ਼ਦਰੀਆਂ ਦੀਆਂ ਫਾਂਸੀਆਂ, ਜਲ੍ਹਿਆਂ ਵਾਲੇ ਬਾਗ਼, ਮਾਰਸ਼ਲ-ਲਾਅ, ਨਨਕਾਣਾ ਸਾਹਿਬ ਦੇ ਖੂਨੀ ਸਾਕੇ, ਗੁਰਦੁਆਰਿਆਂ ਦੀਆਂ ਬੇਅਦਬੀਆਂ ਦੇਸ਼-ਭਗਤਾਂ ਦੀ ਫੜੋ-ਫੜੀ ਅਤੇ ਅਕਾਲੀਆਂ ਪੁਰ ਹੋ ਰਿਹਾ ਅਥਾਹ ਤਸ਼ੱਦਦ ਦਿੱਸ ਰਿਹਾ ਸੀ-ਜਿਹੜੇ ਇਸ ਬਲਦੀ ਅੱਗ ਨੂੰ ਅਮਨ-ਸ਼ਾਂਤੀ ਦਾ ਰਾਜ ਆਖਣ, ਲੋਕ ਉਨ੍ਹਾਂ ਨੂੰ ਨਿਰਦਈ ਤੇ ਬੇ-ਹਯਾ ਨਾ ਕਹਿੰਦੇ ਤਾਂ ਹੋਰ ਕੀ ਕਹਿੰਦੇ। ਉਹ ਜਾਣਦੇ ਸਨ ਕਿ ਟੋਡੀ ਦੇ ਗ਼ਦਾਰ ਅਮਨ ਦੇ ਨਾਂ ਪੁਰ ਕੌਮੀ ਦੁਸ਼ਮਣ, ਬਰਤਾਨਵੀ ਸਾਮਰਾਜ ਦੇ ਛਿੱਤਰ ਖਾਂਦੇ ਰਹਿਣ ਨੂੰ ਅਮਨ-ਸ਼ਾਂਤੀ ਦੱਸਦੇ ਸਨ।
ਇਨ੍ਹਾਂ ‘ਅਮਨ-ਸਭਾਵਾਂ’ ਦੇ ਜਲਸਿਆਂ ਵਿਚ ਉੱਲੂ ਬੋਲਣ ਲੱਗੇ ਤਾਂ ਝੋਲੀਚੁੱਕਾਂ ਨੇ ਲੋਕਾਂ ਨੂੰ ਇਕੱਠੇ ਕਰਨ ਵਾਸਤੇ ਆਪਣੇ ਦੀਵਾਨਾਂ ਵਿਚ ਕੰਜਰੀਆਂ ਦੇ ਨਾਚ, ਬਾਜ਼ੀਆਂ, ਨਕਲਾਂ ਤੇ ਹੋਰ ਖੇਡ-ਤਮਾਸ਼ੇ ਤੇ ਮਠਿਆਈਆਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ। ਮੁੰਡੇ ਖੁੰਡੇ ਰੌਣਕ ਮੇਲਾ ਦੇਖਣ ਨੂੰ ਤਾਂ ਇਕੱਠੇ ਹੋ ਜਾਂਦੇ, ਪਰ ਜਦ ਝੋਲੀਚੁੱਕੀ ਦਾ ਪ੍ਰਚਾਰ ਸ਼ੁਰੂ ਹੁੰਦਾ ਤਾਂ ਲੋਕੀਂ ਚਾਦਰਾਂ ਝਾੜ ਕੇ ਉਠ ਤੁਰਦੇ। ਫੇਰ ਅਫ਼ਸਰਾਂ ਦੇ ਦੌਰਿਆਂ ਪੁਰ ਲੋਕਾਂ ਨੂੰ ਇਕੱਠੇ ਕਰ ਕੇ ਉਹਨਾਂ ਨੂੰ ਪ੍ਰਚਾਰ ਪਿਆਉਣਾ ਸ਼ੁਰੂ ਕੀਤਾ ਪਰ ਲੋਕੀਂ ਓਥੇ ਹੀ ਕੁਰਲੀਆਂ ਕਰ ਕੇ ਆ ਜਾਂਦੇ।
ਇਕ ਵਾਰੀ ਧੈਨੋਵਾਲੀ ਦੇ ਫਾਟਕ ਲਾਗੇ ‘ਅਮਨ-ਸਭਾ’ ਦਾ ਪ੍ਰਚਾਰ ਕਰਨ ਦੇ ਬਹਾਨੇ ਵੀਹ-ਬਾਈ ਪਿੰਡਾਂ ਦੇ ਲੋਕ ਇਕੱਠੇ ਕੀਤੇ ਹੋਏ ਸਨ ਕਿ ਰਾਗੀ ਸਿੰਘਾਂ ਦਾ ਇਕ ਜਥਾ ਤਿਆਰ ਕੀਤਾ ਜਾਵੇ ਅਤੇ ਇਸ ਇਕੱਠ ਵਿਚ ਇਕ ਕਮੇਟੀ ਬਣਾਈ ਜਾਵੇ, ਜਿਸ ਦੇ ਮਾਤਹਿਤ ਉਹ ਜਥਾ ਕੰਮ ਕਰੇ । ਦੀਵਾਨ ਦਾ ਪ੍ਰਧਾਨ ਭਾਨ ਸਿੰਘ ਬੜਿੰਗ ਸੀ, ਜੋ ਪੁਲਿਸ ਦਾ ਥਾਣੇਦਾਰ ਰਹਿ ਚੁੱਕਾ ਸੀ । ਸ਼ਾਮ ਸਿੰਘ ਜ਼ੈਲਦਾਰ ਤਲ੍ਹਣ ਅਤੇ ਜਮਾਂਦਾਰ ਦਲੀਪ ਸਿੰਘ ਸਲੇਮਪੁਰ ਆਦਿ ਝੋਲੀਚੁੱਕ ਉੱਥੇ ਮੌਜੂਦ ਸਨ। ਅਚਾਨਕ ਹੀ ਜਥੇਦਾਰ ਕਿਸ਼ਨ ਸਿੰਘ ਹੋਰੀਂ, ਦਾਸ ਸੁੰਦਰ ਸਿੰਘ, ਕਰਮ ਸਿੰਘ ਝਿੰਗੜ ਅਤੇ ਮੂਲਾ ਸਿੰਘ ਬਾਹੋਵਾਲ ਸਮੇਤ ਦੀਵਾਨ ਵਿਚ ਆ ਪਹੁੰਚੇ। ਜਥੇਦਾਰ ਸਿੱਧਾ ਹੀ ਬਿਨ-ਪੁੱਛਿਓਂ ਹੀ ਸਟੇਜ ਪੁਰ ਜਾ ਚੜ੍ਹਿਆ । ਉਸ ਦੇ ਇਕ ਪਾਸੇ ਮੂਲਾ ਸਿੰਘ ਬਾਹੋਵਾਲ ਬੰਦੂਕ ਫੜੀ, ਦੂਜੇ ਪਾਸੇ ਕਰਮ ਸਿੰਘ ਝਿੰਗੜ ਤਲਵਾਰ ਸੂਤੀ ਖੜਾ ਹੋ ਗਿਆ। ਜਥੇਦਾਰ ਨੇ ਲੈਕਚਰ ਸ਼ੁਰੂ ਕਰ ਦਿੱਤਾ ਅਤੇ ਝੋਲੀਚੁੱਕਾਂ ਨੂੰ ਵੰਗਾਰਿਆ ਕਿ ਉਹ ਉਠ ਕੇ ਉਸ ਨੂੰ ਗ੍ਰਿਫ਼ਤਾਰ ਕਰਨ । ਪਰ ਝੋਲੀਚੁੱਕਾਂ ਦੇ ਤਾਂ ਆਪਣੇ ਸਾਹ ਸੁੱਕੇ ਹੋਏ ਸਨ। ਜਥੇਦਾਰ ਨੇ ਲੈਕਚਰ ਖ਼ਤਮ ਕੀਤਾ ਤਾਂ ਜੁਗਿੰਦਰ ਸਿੰਘ ਖੁਰਦਪੁਰ ਇਕ ਮੋਟਰ ਲੈ ਕੇ ਆ ਗਿਆ। ਬੱਬਰ ਉਸ ਵਿਚ ਬੈਠ ਕੇ ਚੱਲਦੇ ਹੋਏ।
ਇਸ ਤਰ੍ਹਾਂ ਕਈ ਵੇਰੀ ਬੱਬਰ, ‘ਅਮਨ-ਸਭੀਆਂ’ ਦੇ ਦੀਵਾਨ ਉਹਨਾਂ ਨੂੰ ਹੀ ਨੰਗਾ ਕਰਨ ਵਾਸਤੇ ਵਰਤ ਜਾਂਦੇ ਸਨ।
ਸਿੰਘਾਸਣ ਡੋਲਿਆ
ਹਾਲਤ ਬੇਕਾਬੂ ਹੁੰਦੀ ਦੇਖ ਕੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਸਤੰਬਰ 1922 ਦੇ ਅਖ਼ੀਰ ਖ਼ੁਫ਼ੀਆ ਪੁਲਿਸ ਦੇ ਜਰਨੈਲ (D.I.G., C.I.D.) ਨੂੰ ਇਕ ਲੰਮਾ ਖ਼ਤ ਲਿਖਿਆ ਕਿ ਜੇ ਹਕੂਮਤ ਨੇ ਝਬਦੇ ਹੀ ਕੋਈ ਖ਼ਾਸ ਕਦਮ ਨਾ ਪੁੱਟਿਆ ਤਾਂ ਸਰਕਾਰ ਦੇ ਵਫ਼ਾਦਾਰਾਂ ਦੇ ਕਤਲ ਅਰੰਭ ਹੋ ਜਾਣਗੇ ਅਤੇ ਪਿੰਡਾਂ ਵਿਚ ਸਰਕਾਰੀ ਮਸ਼ੀਨਰੀ ਢਹਿ-ਢੇਰੀ ਹੋ ਜਾਵੇਗੀ। ਉਸ ਨੇ ਮੰਗ ਕੀਤੀ ਕਿ ਬੱਬਰ ਲਹਿਰ ਨੂੰ ਦਬਾਉਣ ਵਾਸਤੇ ਉਚੇਚੀ ਕਾਰਵਾਈ ਕੀਤੀ ਜਾਵੇ । ਇਸ ਪੁਰ ਡੀ.ਆਈ.ਜੀ. ਨੇ ਖ਼ਾਨ ਬਹਾਦਰ ਮੀਰ ਫ਼ਜ਼ਲ ਇਮਾਮ ਡਿਪਟੀ ਸੁਪ੍ਰਿੰਟੈਂਡੈਂਟ ਪੁਲਿਸ ਸੀ.ਆਈ.ਡੀ. ਨੂੰ ਜ਼ਿਲ੍ਹਾ ਜਲੰਧਰ ਦੀ ਪੁਲਿਸ ਨਾਲ ਮਿਲਵਰਤਣ ਕਰਨ ਲਈ ਨੀਯਤ ਕੀਤਾ ਅਤੇ ਹਦਾਇਤ ਕੀਤੀ ਕਿ ਉਹ ਹਾਲਾਤ ਨੂੰ ਸੁਧਾਰਨ ਲਈ ਪੂਰਾ ਪੂਰਾ ਜ਼ੋਰ ਲਾਵੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੱਤਰ
ਸਤੰਬਰ 1922 ਨੂੰ ਜਥੇਦਾਰ ਕਿਸ਼ਨ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਕ ਉਚੇਚੇ ਪੱਤਰ ਵਿਚ ਲਿਖਿਆ:
“ਕਿਉਂ ਐਵੇਂ ਗੁਰੂ ਕੇ ਬਾਗ਼ ਵਿਚ ਸਿੱਖਾਂ ਦੇ ਹੱਡ ਕੁਟਵਾਉਂਦੇ ਹੋ ਅਤੇ ਲੋਕਾਂ ਨੂੰ ਬੇਲੋੜੀਆਂ ਕੁਰਬਾਨੀਆਂ ਦੇਣ ਪੁਰ ਮਜਬੂਰ ਕਰਦੇ ਹੈ ? ਜੇ ਤੁਸੀਂ ਇਸ ਸਰਕਾਰ ਤੋਂ ਗੁਰਦੁਆਰਿਆਂ ਅਤੇ ਦੇਸ਼ ਦੀ ਪੂਰਨ ਅਜ਼ਾਦੀ ਦੇ ਚਾਹਵਾਨ ਹੋ ਤਾਂ ਇਸ ਦਾ ਮੁਕਾਬਲਾ ਕਰਨ ਲਈ ਸ੍ਰੀ ਸਾਹਿਬ ਉਠਾਉਣੀ ਪਵੇਗੀ। ਜੇ ਤੁਸੀਂ ਇਹ ਰਸਤਾ ਫੜੋ ਤਾਂ ਮੈਂ ਸੈਂਕੜੇ ਜਥੇ ਲੈ ਕੇ ਅੰਮ੍ਰਿਤਸਰ ਪੁੱਜ ਸਕਦਾ ਹਾਂ।”
ਇਹ ਪੱਤਰ ਦੇ ਕੇ ਬਤਨ ਸਿੰਘ ਪੰਡੋਰੀ ਨਿਝਰਾਂ ਨੂੰ ਅੰਮ੍ਰਿਤਸਰ ਭੇਜਿਆ ਗਿਆ। ਇਸ ਨੂੰ ਸ਼੍ਰੋਮਣੀ ਕਮੇਟੀ ਦੇ ਸਕੱਤਰ ਭਗਤ ਜਸਵੰਤ ਸਿੰਘ ਨੇ ਪੜ੍ਹਿਆ ਅਤੇ ਇਹ ਕਹਿ ਕੇ ਵਾਪਸ ਕਰ ਦਿੱਤਾ ਕਿ ਜਥੇਦਾਰ ਹੋਰਾਂ ਨੂੰ ਕਹਿਣਾ ਕਿ ਉਹ ਇਹੋ ਜਿਹੇ ਪੱਤਰ ਸ਼੍ਰੋਮਣੀ ਕਮੇਟੀ ਨੂੰ ਨਾ ਲਿਖਿਆ ਕਰਨ।
ਸੰਤ ਕਰਤਾਰ ਸਿੰਘ ਦਾ ਗਿਰ ਜਾਣਾ
ਸੰਤ ਕਰਤਾਰ ਸਿੰਘ ਨੂੰ ਦਫ਼ਾ 107 ਵਿਚ ਜਲੰਧਰ ਸਟੇਸ਼ਨ ਤੋਂ ਜੂਨ 1922 ਦੇ ਮਹੀਨੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਕਿਉਂਕਿ ਉਸ ਨੇ ਭੀ ਕੁਝ ਤਕਰੀਰਾਂ ਕੀਤੀਆਂ ਸਨ। ਉਸ ਤੋਂ ਦੋ ਹਜ਼ਾਰ ਰੁਪਏ ਦੀ ਨੇਕ-ਚਲਨੀ ਦੀ ਜ਼ਮਾਨਤ ਮੰਗੀ ਜੋ ਉਸ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਕਰਕੇ ਉਸ ਨੂੰ ਇਕ ਸਾਲ ਦੀ ਕੈਦ ਦੀ ਸਜ਼ਾ ਹੋਈ ਤੇ ਜਿਹਲਮ ਜੇਲ੍ਹ ਵਿਚ ਭੇਜ ਦਿੱਤਾ ਗਿਆ।
ਪਰ ਵੇਹਲੀਆਂ ਤੇ ਖੁੱਲ੍ਹੀਆਂ ਖਾਣ ਵਾਲੇ ਸੰਤ ਦੀ ਛੇਤੀ ਹੀ ਬਸ ਹੋ ਗਈ। ਉਸ ਨੇ ਪੁਲਿਸ ਨੂੰ ਕੰਮ ਦੇਣ ਦਾ ਇਕਰਾਰ ਕਰ ਕੇ ਮਾਫ਼ੀ ਮੰਗ ਲਈ, ਜਿਸ ਪੁਰ ਉਸ ਨੂੰ ਨਵੰਬਰ ਦੇ ਸ਼ੁਰੂ ਵਿਚ ਹੀ ਰਿਹਾਅ ਕਰ ਦਿੱਤਾ ਗਿਆ। ਜਥੇਦਾਰ ਕਿਸ਼ਨ ਸਿੰਘ ਅਤੇ ਬਾਬੂ ਸੰਤਾ ਸਿੰਘ ਨੇ ਉਸ ਨੂੰ ਮਾਫ਼ੀ ਮੰਗਣ ਪੁਰ ਬੜੀ ਝਾੜ ਪਾਈ, ਤਾਂ ਉਸ ਨੇ ਭੀ ਅੱਗੋਂ ਲਈ ਇਤਬਾਰ ਬਣਾਉਣ ਵਾਸਤੇ ਬੜਾ ਸ਼ੋਕ ਪਰਗਟ ਕਰਨਾ ਸ਼ੁਰੂ ਕਰ ਦਿੱਤਾ। ਪਰ ਜਥੇਦਾਰ ਨੇ ਸਾਰਿਆਂ ਨੂੰ ਉਸ ਤੋਂ ਹੁਸ਼ਿਆਰ ਰਹਿ ਕੇ ਕੰਮ ਲੈਣ ਦੀ ਹਦਾਇਤ ਕਰ ਦਿੱਤੀ।
ਮਾਸਟਰ ਮੋਤਾ ਸਿੰਘ ਜੀ ਦੀ ਗ੍ਰਿਫ਼ਤਾਰੀ
ਇਸ ਮਹੀਨੇ 15 ਜੂਨ 1922 ਨੂੰ ਮਾਸਟਰ ਮੋਤਾ ਸਿੰਘ ਜੀ ਨੂੰ ਆਪ ਦੇ ਪਿੰਡ ਪਤਾਰੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂ ਕਿ ਆਪ ਜੰਗਲ-ਪਾਣੀ ਹੋਣ ਵਾਸਤੇ ਪਿੰਡੋਂ ਬਾਹਰ ਗਏ ਹੋਏ ਸਨ।
ਆਪ ਕਾਫ਼ੀ ਦੇਰ ਚੱਕਰਵਰਤੀ ਰਹੇ ਸਨ ਤੇ ਇਸ ਸਮੇਂ ਵਿਚ ਬੱਬਰ ਲਹਿਰ ਦਾ ਮੁੱਢ ਬੰਨ੍ਹਣ ਵਿਚ ਕਾਫ਼ੀ ਹਿੱਸਾ ਲਿਆ ਸੀ, ਤੇ ਆਪਣੇ ਪ੍ਰਚਾਰ ਦੁਆਰਾ ਕਾਫੀ ਉਭਾਰ ਲਿਆਂਦਾ ਸੀ। ਕੋਟ ਫ਼ਤੂਹੀ ਦੇ ਭਾਰੀ ਦੀਵਾਨ ਵਿਚੋਂ ਪੁਲਿਸ ਦੀ ਹਾਜ਼ਰੀ ਵਿਚ ਪ੍ਰਚਾਰ ਕਰ ਕੇ ਆਪ ਸਾਫ਼ ਨਿਕਲ ਗਏ ਸਨ । ਮਾਸਟਰ ਹੋਰਾਂ ਦੇ ਗੁਪਤਵਾਸ ਬਾਰੇ ਤੇ ਪੁਲਿਸ ਦੇ ਘੇਰੇ ਵਿਚੋਂ ਨਿਕਲ ਜਾਣ ਦੇ ਸੰਬੰਧ ਵਿਚ ਇਲਾਕੇ ਵਿਚ ਬਹੁਤ ਚਰਚਾ ਸੀ। ਅਸਲ ਗੱਲ ਇਹ ਸੀ ਕਿ ਬੱਬਰ ਸਾਥੀਆਂ ਦੀ ਹਾਜ਼ਰੀ ਵਿਚ ਪੁਲਿਸ ਆਪ ਨੂੰ ਹੱਥ ਪਾਉਣੋਂ ਡਰਦੀ ਸੀ।
ਆਪ ਦੀ ਗ੍ਰਿਫ਼ਤਾਰੀ ਬਾਰੇ ਅਰਜਨ ਸਿੰਘ ਪਟਵਾਰੀ ਹਰੀਪੁਰ ਵਾਲੇ ਪੁਰ ਸ਼ੱਕ ਕੀਤਾ ਗਿਆ। ਉਸ ਨੂੰ ਮਾਰਨ ਵਾਸਤੇ ਤਿੰਨ ਹਮਲੇ ਭੀ ਕੀਤੇ ਗਏ, ਪਰ ਉਹ ਬਚ ਜਾਂਦਾ ਰਿਹਾ। ਬਾਅਦ ਵਿਚ ਅਸਲੀਅਤ ਦਾ ਪਤਾ ਲੱਗਾ ਕਿ ਉਹ ਨਿਰਦੇਸ਼ ਸੀ। ਦੋਸ਼ੀ ਕੋਈ ਹੋਰ ਸੀ।
ਵੱਡੇ ਪੁਲਿਸ ਅਫ਼ਸਰਾਂ ਦੀ ਮੀਟਿੰਗ
ਮੀਰ ਫ਼ਜ਼ਲ ਇਮਾਮ ਨੇ ਮਹੀਨਾ ਕੁ ਭਰ ਥਾਣਿਆਂ ਦੇ ਦੌਰੇ ਕਰ ਕੇ, ਕਾਗ਼ਜ਼-ਪੱਤਰ ਵਿਚਾਰ ਕੇ ਅਤੇ ਆਪਣੀ ਪੁਲਸੀ ਤਾਕਤ ਤੋਲ ਕੇ ਇਕ ਰਿਪੋਰਟ ਡੀ.ਆਈ.ਜੀ., ਸੀ.ਆਈ.ਡੀ. ਨੂੰ ਭੇਜੀ। ਇਸ ਵਿਚ ਉਸ ਨੇ ਲਿਖਿਆ ਕਿ “ਦੁਆਬਾ ਦੀ ਸਿਖ ਵੱਸੋਂ ਵਿਚ ਇਹ ਖ਼ਿਆਲ ਆਮ ਹੈ ਕਿ ਬਰਤਾਨਵੀ ਰਾਜ ਬਸ ਕੁਝ ਦਿਨਾਂ ਦਾ ਹੀ ਪ੍ਰਾਹੁਣਾ ਹੈ ਅਤੇ ਸਿਖ ਰਾਜ ਕਾਇਮ ਹੋਣ ਵਾਲਾ ਹੈ । ਜ਼ੈਲਦਾਰ, ਨੰਬਰਦਾਰ ਅਤੇ ਹੋਰ ਵਫ਼ਾਦਾਰ ਆਪਣੀ ਜਾਨ ਨੂੰ ਖ਼ਤਰਾ ਦੇਖ ਕੇ ਅਤੇ ਅਕਾਲੀਆਂ ਹੱਥੋਂ ਬੇਇੱਜ਼ਤੀ ਤੋਂ ਡਰਦੇ ਗਵਾਹੀ ਦੇਣ ਜਾਂ ਅਕਾਲੀਆਂ ਵਿਰੁੱਧ ਖ਼ਬਰ ਦੇਣ ਨੂੰ ਭੀ ਤਿਆਰ ਨਹੀਂ। ਇਸ ਲਈ ਇਹ ਜ਼ਰੂਰੀ ਹੈ ਕਿ ਸਰਕਾਰ ਦੀ ਸਾਖ ਕਾਇਮ ਕਰਨ ਲਈ ਫ਼ੌਰੀ ਕਾਰਵਾਈ ਕੀਤੀ ਜਾਵੇ।”
ਮੀਰ ਫ਼ਜ਼ਲ ਇਮਾਮ ਦੀ ਰਿਪੋਰਟ ਪੁਰ ਵਿਚਾਰ ਕਰ ਕੇ ਛੇਤੀ ਫ਼ੈਸਲੇ ਲੈਣ ਅਤੇ ਚਾਲੂ ਕਰਨ ਵਾਸਤੇ ਨਵੰਬਰ 1922 ਵਿਚ ਵੱਡੇ ਵੱਡੇ ਪੁਲਿਸ ਅਫ਼ਸਰਾਂ ਦੀ ਮੀਟਿੰਗ ਜਲੰਧਰ ਵਿਖੇ ਹੋਈ। ਇਸ ਵਿਚ ਮਿਸਟਰ ਆਈਸਮੌਂਗਰ ਡੀ.ਆਈ.ਜੀ., ਸੀ.ਆਈ.ਡੀ., ਮਿਸਟਰ ਜੈਕਬ ਡਿਪਟੀ ਕਮਿਸ਼ਨਰ ਜਲੰਧਰ, ਖ਼ਾਨ ਬਹਾਦਰ ਸ਼ੇਖ ਅਬਦੁਲ ਅਜ਼ੀਜ਼ ਸੁਪ੍ਰਿੰਟੈਂਡੈਂਟ ਸੀ.ਆਈ.ਡੀ., ਖ਼ਾਨ ਬਹਾਦਰ ਫ਼ਜ਼ਲ ਇਮਾਮ ਡਿਪਟੀ ਸੁਪ੍ਰਿੰਟੈਂਡੈਂਟ ਸੀ.ਆਈ.ਡੀ., ਸੁਪ੍ਰਿੰਟੈਂਡੈਂਟ ਪੁਲਿਸ ਜਲੰਧਰ ਅਤੇ ਸੁਪ੍ਰਿੰਟੈਂਡੈਂਟ ਪੁਲਿਸ ਹੁਸ਼ਿਆਰਪੁਰ ਨੇ ਹਿੱਸਾ ਲਿਆ।
ਬੜੀ ਡੂੰਘੀ ਵਿਚਾਰ ਮਗਰੋਂ ਹੇਠ ਲਿਖੇ ਫੈਸਲੇ ਕੀਤੇ ਗਏ :
- ਬੱਬਰ ਲਹਿਰ ਨੂੰ ਦਬਾਉਣ ਵਾਸਤੇ ਵਧੇਰੇ ਸਖ਼ਤ ਕਦਮ ਉਠਾਏ ਜਾਣ।
- ਜਥੇਦਾਰ ਕਿਸ਼ਨ ਸਿੰਘ, ਐਡੀਟਰ ਕਰਮ ਸਿੰਘ ਤੇ ਕਰਮ ਸਿੰਘ ਝਿੰਗੜ ਆਦਿ ਮਫ਼ਰੂਰ ਬੱਬਰ ਅਕਾਲੀ ਲੀਡਰਾਂ ਦੀ ਗ੍ਰਿਫ਼ਤਾਰੀ ਵਾਸਤੇ ਇਨਾਮ ਰੱਖੇ ਜਾਣ।
- ਜ਼ਿਲ੍ਹਾ ਜਲੰਧਰ ਅਤੇ ਹੁਸ਼ਿਆਰਪੁਰ ਦਾ ਇਕ ਸਾਂਝਾ ਸਪੈਸ਼ਲ ਸਟਾਫ਼ ਕਾਇਮ ਕਰ ਕੇ ਬੱਬਰ ਲਹਿਰ ਵਿਰੁੱਧ ਪੁਲਿਸ ਦੀਆਂ ਸਰਗਰਮੀਆਂ ਨੂੰ ਮੇਲ ਕੇ ਚਲਾਇਆ ਜਾਵੇ।
- ਮੀਰ ਫਜ਼ਲ ਇਮਾਮ ਇਸ ਸਪੈਸ਼ਲ ਸਟਾਫ਼ ਨਾਲ ਮਿਲ ਕੇ ਕੰਮ ਕਰੇ।
ਇਸ ਤਰ੍ਹਾਂ ਨਵੰਬਰ 1922 ਤੋਂ ਫ਼ਜ਼ਲ ਇਮਾਮ ਨੇ ਤਫ਼ਤੀਸ਼ ਦਾ ਕੰਮ ਸ਼ੁਰੂ ਕੀਤਾ।
ਇਨਾਮਾਂ ਦਾ ਪਹਿਲਾ ਐਲਾਨ
30 ਨਵੰਬਰ 1922 ਨੂੰ ਬੱਬਰ ਆਗੂਆਂ ਦੀ ਗ੍ਰਿਫ਼ਤਾਰੀ ਲਈ ਇਕ ਇਨਾਮੀ ਇਸ਼ਤਿਹਾਰ ਕੱਢਿਆ ਗਿਆ, ਜਿਸ ਵਿਚ ਹੇਠ ਲਿਖੇ ਅਨੁਸਾਰ ਇਨਾਮ ਨੀਯਤ ਕੀਤੇ ਗਏ :
ਜਥੇਦਾਰ ਕਿਸ਼ਨ ਸਿੰਘ = 2000 ਰੁਪਿਆ
ਐਡੀਟਰ ਕਰਮ ਸਿੰਘ ਦੌਲਤਪੁਰ = 1000
ਕਰਮ ਸਿੰਘ ਝਿੰਗੜ = 500
ਦਲੀਪ ਸਿੰਘ ਗੋਸਲ = 500
ਦਲੀਪ ਸਿੰਘ ਭਕੜਦੀ = 250
ਇਹ ਇਨਾਮੀ ਇਸ਼ਤਿਹਾਰ ਦੁਆਬੇ ਦੇ ਪਿੰਡ ਪਿੰਡ ਲਾਏ ਗਏ।
ਝਿੰਗੜ ਅਤੇ ਗੋਸਲ ਦੀ ਗ੍ਰਿਫ਼ਤਾਰੀ
ਬ੍ਰਹਮਾ ਸਿੰਘ ਠੇਕੇਦਾਰ ਨੇ ਵਾਅਦਾ ਤਾਂ ਕਰ ਲਿਆ ਸੀ ਕਿ ਉਹ ਕਲਕੱਤੇ ਜਾ ਕੇ ਹਥਿਆਰ ਖ਼ਰੀਦਣ ਵਾਸਤੇ ਪੈਸਾ ਇਕੱਠਾ ਕਰ ਕੇ ਭੇਜੇਗਾ, ਪਰ ਅਸਲ ਵਿਚ ਉਸ ਨੇ ਆਪਣਾ ਪੱਲਾ ਹੀ ਛੁਡਾਇਆ ਸੀ। ਉਹ ਬਹੁਤ ਡਰੂ ਹੋਣ ਕਰਕੇ ਦਿਲੋਂ ਇਹ ਕੰਮ ਕਰਨਾ ਨਹੀਂ ਸੀ ਚਾਹੁੰਦਾ। ਜਦ ਕਈ ਦਿਨਾਂ ਤਕ ਕਲਕੱਤਿਓਂ ਕੋਈ ਉੱਤਰ ਨਾ ਆਇਆ ਤਾਂ ਬੱਬਰ ਜਥੇ ਨੇ ਫ਼ੈਸਲਾ ਕੀਤਾ ਕਿ ਕਰਮ ਸਿੰਘ ਝਿੰਗੜ ਨੂੰ ਛੇਤੀ ਉਗਰਾਹੀ ਕਰ ਕੇ ਲਿਆਉਣ ਵਾਸਤੇ ਕਲਕੱਤੇ ਭੇਜਿਆ ਜਾਵੇ।
ਕਰਮ ਸਿੰਘ ਝਿੰਗੜ ਦਾ ਭਰਾ ਕੇਹਰ ਸਿੰਘ, ਆਤਮਾ ਸਿੰਘ ਬੀਕਾ ਨੂੰ ਦਸੰਬਰ 1922 ਦੇ ਅਖ਼ੀਰ ਮਿਲਿਆ ਸੀ ਅਤੇ ਆਤਮਾ ਸਿੰਘ ਨੂੰ ਆਖਿਆ ਸੀ, “ਜਦ ਭੀ ਕਰਮ ਸਿੰਘ ਮਿਲੇ, ਉਸ ਨੂੰ ਕਹਿਣਾ ਕਿ ਮਾਈ ਬੀਮਾਰ ਹੈ ਅਤੇ ਕੁਝ ਜ਼ਮੀਨ ਦੀ ਰਜਿਸਟਰੀ ਕਰਵਾਉਣੀ ਹੈ, ਇਸ ਲਈ ਇਕ ਵੇਰੀ ਜ਼ਰੂਰੀ ਘਰ ਆਵੇ ।” ਇਹ ਸੁਨੇਹਾ ਮਿਲਣ ਕਰਕੇ ਕਰਮ ਸਿੰਘ ਝਿੰਗੜ ਕਲਕੱਤੇ ਜਾਣ ਤੋਂ ਪਹਿਲਾਂ 5 ਜਨਵਰੀ 1923 ਨੂੰ ਆਪਣੇ ਪਿੰਡ ਨੂੰ ਚਲਿਆ ਗਿਆ, ਨਾਲ ਦਲੀਪ ਸਿੰਘ ਗੋਸਲ ਅਤੇ ਆਤਮਾ ਸਿੰਘ ਬੀਕਾ ਭੀ ਸਨ। ਆਤਮਾ ਸਿੰਘ ਨੂੰ ਬੰਗਿਆਂ ਨੂੰ ਭੇਜ ਦਿੱਤਾ ਗਿਆ, ਤਾਂ ਜੁ ਉਹ ਥਾਣੇ ਦੇ ਲਾਗੇ ਰਹਿ ਕੇ ਪੁਲਿਸ ਦੀ ਹਰਕਤ ਪੁਰ ਅੱਖ ਰੱਖੇ, ਅਤੇ ਜਦੋਂ ਕੋਈ ਸ਼ੱਕ ਪਵੇ ਤਾਂ ਕੇਹਰ ਸਿੰਘ ਨੂੰ ਪਤਾ ਕਰ ਦੇਵੇ । ਸ਼ਾਮ ਨੂੰ ਪੁਲਿਸ ਤਿਆਰ ਹੁੰਦੀ ਦੇਖ ਕੇ ਆਤਮਾ ਸਿੰਘ ਝਿੰਗੜਾਂ ਨੂੰ ਦੌੜਿਆ ਆਇਆ ਤੇ ਕੇਹਰ ਸਿੰਘ ਨੂੰ ਖ਼ਬਰ ਦਿੱਤੀ। ਕੇਹਰ ਸਿੰਘ ਨੇ ਆਖਿਆ ਕਿ ਫ਼ਿਕਰ ਦੀ ਕੋਈ ਗੱਲ ਨਹੀਂ, ਕਿਉਂਕਿ ਉਸ ਨੇ ਕਰਮ ਸਿੰਘ ਤੇ ਦਲੀਪ ਸਿੰਘ ਨੂੰ ਪਰੇ ਕਰ ਦਿੱਤਾ ਸੀ । ਪਰ ਅਸਲ ਵਿਚ ਉਸ ਦੀ ਸ਼ਰਾਰਤ ਸੀ। ਘੜੀ ਕੁ ਮਗਰੋਂ ਪੁਲਿਸ ਆ ਗਈ ਅਤੇ ਕਰਮ ਸਿੰਘ, ਦਲੀਪ ਸਿੰਘ ਤੇ ਆਤਮਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਆਤਮਾ ਸਿੰਘ ਨੂੰ ਥਾਣੇ ਲਿਜਾ ਕੇ ਛੱਡ ਦਿੱਤਾ, ਕਿਉਂਕਿ ਉਸ ਦੇ ਵਰੰਟ ਨਹੀਂ ਸਨ। ਕਰਮ ਸਿੰਘ ਅਤੇ ਦਲੀਪ ਸਿੰਘ ਪੁਰ ਬਾਗ਼ੀਆਨਾ ਤਕਰੀਰਾਂ ਦੇ ਦੋਸ਼ ਵਿਚ ਦਫ਼ਾ 124-ੳ ਤੇ 153-ੳ ਹੇਠ ਮੁਕੱਦਮਾ ਚੱਲਿਆ। 14 ਮਾਰਚ 1923 ਨੂੰ ਦਲੀਪ ਸਿੰਘ ਨੂੰ ਪੰਜ ਸਾਲ ਅਤੇ ਕਰਮ ਸਿੰਘ ਨੂੰ ਚਾਰ ਸਾਲ ਕੈਦ ਦੀ ਸਜ਼ਾ ਹੋਈ।
ਪ੍ਰਾਗਪੁਰ ਛਾਪਾ
ਸੰਤ ਕਰਤਾਰ ਸਿੰਘ ਨੂੰ ਜੇਲ੍ਹ ਤੋਂ ਆਇਆਂ ਦੋ ਢਾਈ ਮਹੀਨੇ ਹੋ ਚੁੱਕੇ ਸਨ। ਉਸ ਨੇ ਖ਼ਿਆਲ ਕੀਤਾ ਕਿ ਹੁਣ ਬੱਬਰਾਂ ਦਾ ਉਸ ਪੁਰ ਕੀਤਾ ਸ਼ੱਕ ਮਿਟ ਗਿਆ ਹੋਵੇਗਾ, ਇਸ ਲਈ ਉਸ ਨੇ ਜਥੇਦਾਰ ਕਿਸ਼ਨ ਸਿੰਘ ਨੂੰ ਫੜਾਉਣ ਦਾ ਜਤਨ ਕੀਤਾ। 24 ਜਨਵਰੀ 1923 ਨੂੰ ਜਥੇਦਾਰ ਪ੍ਰਾਗਪੁਰ ਵਿਖੇ ਬੇਲਾ ਸਿੰਘ ਦੀ ਹਵੇਲੀ ਵਿਚ ਠਹਿਰਿਆ ਹੋਇਆ ਸੀ । ਸੰਤ ਕਰਤਾਰ ਸਿੰਘ ਨੇ ਉਧਰ ਪੁਲਿਸ ਨੂੰ ਖ਼ਬਰ ਕਰ ਦਿੱਤੀ, ਏਧਰ ਆਪਣੇ ਆਪ ਨੂੰ ਸ਼ੱਕ ਤੋਂ ਬਚਾਉਣ ਵਾਸਤੇ ਜਥੇਦਾਰ ਨੂੰ ਆਖਿਆ ਕਿ ਉਹ ਬੇਲਾ ਸਿੰਘ ਦੀ ਹਵੇਲੀ ਨਾ ਸੰਵਿਆ ਕਰੇ, ਕਿਉਂਕਿ ਇਹ ਅੱਡਾ ਸ਼ੱਕੀ ਹੋ ਚੁੱਕਾ ਸੀ । ਸੰਤ ਨੇ ਸੋਚਿਆ ਕਿ ਹਨੇਰਾ ਹੋਣ ਕਰਕੇ ਜਥੇਦਾਰ ਨੇ ਉਸ ਵੇਲੇ ਕਿਧਰ ਜਾਣਾ ਸੀ, ਕੇਵਲ ਆਪ ਸੱਚੇ ਹੋ ਰਹੋ। ਪਰ ਜਥੇਦਾਰ ਨੇ ਉਸ ਦੀ ਗੱਲ ਸਵੀਕਾਰ ਕਰ ਲਈ ਅਤੇ ਬੇਲਾ ਸਿੰਘ ਨੂੰ ਕੁਝ ਕਾਗ਼ਜ਼ ਦੇ ਕੇ ਦੂਜੇ ਪਿੰਡ ਚਲੇ ਗਏ। ਤੜਕਸਾਰ ਪੁਲਿਸ ਨੇ ਆ ਕੇ ਬੇਲਾ ਸਿੰਘ ਦੀ ਹਵੇਲੀ ਨੂੰ ਘੇਰਾ ਪਾ ਲਿਆ । ਤਲਾਸ਼ੀ ਲਈ ਗਈ, ਉੱਥੇ ਨਾ ਬੰਦਾ ਸੀ, ਨਾ ਪੰਛੀ, ਪੁਲਿਸ ਨੂੰ ਬੜੀ ਨਿਰਾਸਤਾ ਹੋਈ। ਜਿਹੜੇ ਕਾਗ਼ਜ਼ ਜਥੇਦਾਰ ਉੱਥੇ ਛੱਡ ਗਿਆ ਸੀ, ਉਹ ਇਕ ਝੁਲ ਵਿਚੋਂ ਮਿਲ ਗਏ । ਚਲੋ ਜਾਂਦੇ ਚੋਰ ਦੀ ਲੰਗੋਟੀ ਹੀ ਸਹੀ।
ਡਾਕੂਆਂ ਨੂੰ ਸਿੱਧੇ ਰਾਹ ਪਾਇਆ
ਵਰਿਆਮ ਸਿੰਘ ਧੁੱਗਾ, ਬੰਤਾ ਸਿੰਘ ਤੇ ਦਲੀਪ ਧਾਮੀਆਂ, ਧੰਨਾ ਸਿੰਘ ਕੋਟਲੀ ਬਾਵਾ ਦਾਸ ਅਤੇ ਦੱਮਣ ਸਿੰਘ ਪੰਡੋਰੀ ਮਹਿਤਮਾ ਆਦਿ 1923 ਦੇ ਸ਼ੁਰੂ ਤਕ ਡਾਕੇ, ਧਾੜੇ ਤੇ ਚੋਰੀਆਂ ਦਾ ਕੰਮ ਕਰਦੇ ਹੁੰਦੇ ਸਨ। ਪਰ ਬੱਬਰਾਂ ਦਾ ਪ੍ਰਚਾਰ ਸੁਣ ਕੇ ਅਤੇ ‘ਬੱਬਰ ਅਕਾਲੀ’ ਪਰਚਾ ਪੜ੍ਹ ਕੇ ਉਨ੍ਹਾਂ ਦੇ ਦਿਲ ਨੂੰ ਠੋਕਰ ਲੱਗੀ ਅਤੇ ਬੱਬਰਾਂ ਦਾ ਪ੍ਰੋਗਰਾਮ ਪਸੰਦ ਆਇਆ। ਆਖ਼ਰ ਇਹ ਜਥੇਦਾਰ ਕਿਸ਼ਨ ਸਿੰਘ ਤੇ ਬਾਬੂ ਸੰਤਾ ਸਿੰਘ ਨੂੰ 16 ਫ਼ਰਵਰੀ 1923 ਨੂੰ ਮਿਲੇ । ਜਥੇਦਾਰ ਨੇ ਇਹਨਾਂ ਨੂੰ ਮੱਤ ਦਿੱਤੀ, “ਤੁਸੀਂ ਬੜੇ ਬਹਾਦਰ ਤੇ ਦਲੇਰ ਹੋ, ਪਰ ਇਸ ਦਾ ਕਿਸੇ ਨੂੰ ਕੋਈ ਫ਼ਾਇਦਾ ਨਹੀਂ, ਤੁਸੀਂ ਸਗੋਂ ਆਪਣੀ ਦਲੇਰੀ ਨੂੰ ਆਪਣਾ ਹੀ ਜੀਵਨ ਨਸ਼ਟ ਕਰਨ ਵਾਸਤੇ ਵਰਤਿਆ ਹੈ। ਤੁਸੀਂ ਹਕੂਮਤ ਦੇ ਭਗੌੜੇ ਹੋ ਤੇ ਅਸੀਂ ਭੀ। ਪਰ ਦੋਹਾਂ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਲੋਕ ਤੁਹਾਨੂੰ ਭੈੜੀਆਂ ਨਜ਼ਰਾਂ ਨਾਲ ਵੇਖਦੇ ਹਨ ਅਤੇ ਸਾਡਾ ਸਤਿਕਾਰ ਕਰਦੇ ਹਨ। ਤੁਹਾਨੂੰ ਕੋਈ ਦਿਲੋਂ ਰੋਟੀ ਦੇ ਕੇ ਖ਼ੁਸ਼ ਨਹੀਂ, ਸਾਨੂੰ ਹਰ ਇਕ ਛੁਪਾਉਂਦਾ ਤੇ ਮਦਦ ਦਿੰਦਾ ਹੈ। ਕਾਰਨ ਇਹ ਹੈ ਕਿ ਤੁਸੀਂ ਦੇਸ਼ ਵਾਸਤੇ ਕੁਝ ਨਹੀਂ ਕਰਦੇ, ਤੁਹਾਨੂੰ ਕੇਵਲ ਆਪਣਾ ਪੇਟ ਭਰਨ ਤੇ ਐਸ਼-ਇਸ਼ਰਤ ਕਰਨ ਨਾਲ ਗਰਜ਼ ਹੈ। ਤੁਸੀਂ ਜਿਸ ਦਿਨ ਫੜੇ ਗਏ, ਫਾਹੇ ਟੰਗਿਆ ਜਾਣਾ ਹੈ। ਕਿਸੇ ਨੇ ਹਾਅ ਦਾ ਨਾਹਰਾ ਨਹੀਂ ਮਾਰਨਾ, ਸਗੋਂ ਖ਼ੁਸ਼ ਹੋਣਾ ਹੈ ਅਤੇ ਮਗਰੋਂ ਤੁਹਾਡੀਆਂ ਬਦਖੋਈਆਂ ਹੋਣੀਆਂ ਹਨ। ਫੜੇ ਜਾਣ ਪੁਰ ਫਾਹੇ ਅਸਾਂ ਭੀ ਲੱਗਣਾ ਹੈ, ਪਰ ਕੁਲ ਦੁਨੀਆ ਨੇ ਸਾਡਾ ਸੋਗ ਕਰਨਾ ਹੈ, ਸਾਡੇ ਨਾਉਂ ਹਮੇਸ਼ਾ ਜਿਊਂਦੇ ਰਹਿਣੇ ਹਨ, ਸਾਡੇ ਗੀਤ ਬਣਨੇ ਹਨ, ਕਿਉਂਕਿ ਸਾਡੇ ਜਤਨ ਦੇਸ਼ ਦੀ ਬੰਦ-ਖ਼ਲਾਸ ਕਰਨ ਵਿਚ ਇਕ ਬੜਾ ਹਿੱਸਾ ਪਾ ਰਹੇ ਹਨ। ਆਓ! ਹੋਸ਼ ਤੇ ਵਿਚਾਰ ਕਰੋ, ਪਿਛਲੀਆਂ ਕੀਤੀਆਂ ਪੁਰ ਪਸ਼ਚਾਤਾਪ ਕਰੋ ਅਤੇ ਮੁਲਕ ਦੀ ਅਜ਼ਾਦੀ ਵਾਸਤੇ ਸਾਡਾ ਸਾਥ ਦੇਵੋ।”
ਕਾਫ਼ੀ ਲੰਮੀ ਵਿਚਾਰ ਮਗਰੋਂ ਇਨ੍ਹਾਂ ਨੇ ਅੱਗੇ ਵਾਸਤੇ ਲਕੀਰ ਖਿਚ ਦਿੱਤੀ ਅਤੇ ਬੱਬਰ ਜਥੇ ਨਾਲ ਰਲਣ ਦੀ ਇੱਛਾ ਪਰਗਟ ਕੀਤੀ । ਬਾਬੂ ਸੰਤਾ ਸਿੰਘ ਨੇ ਬੱਬਰ ਜਥੇ ਦੇ ਨਿਯਮ ਸਮਝਾਏ ਕਿ (1) ਹਰ ਰੋਜ਼ ਪੰਜਾਂ ਬਾਣੀਆਂ ਦਾ ਪਾਠ ਕਰਨਾ ਪਏਗਾ, (2) ਜ਼ਾਤੀ ਰੜਕਾਂ ਕੱਢਣ ਲਈ ਕੋਈ ਐਕਸ਼ਨ ਨਹੀਂ ਕਰਨਾ, (3) ਬਹੂ ਬੇਟੀਆਂ ਦੀ ਇੱਜ਼ਤ ਪੁਰ ਹੱਥ ਨਹੀਂ ਪਾਉਣਾ, ਕੋਈ ਚੀਜ਼ ਨਹੀਂ ਚੁੱਕਣੀ, (4) ਜਥੇ ਦੇ ਹੁਕਮ ਦੀ ਪਾਲਣਾ ਕਰਨੀ ।
ਇਨ੍ਹਾਂ ਸਾਰਿਆਂ ਨੇ ਸਭ ਨਿਯਮ ਕਬੂਲ ਕੀਤੇ ਅਤੇ ਬੱਬਰ ਜਥੇ ਵਿਚ ਸ਼ਾਮਲ ਹੋ ਗਏ।
ਬੇ-ਪਨਾਹ ਤਸ਼ੱਦਦ
10 ਫ਼ਰਵਰੀ 1923 ਨੂੰ ਜ਼ੈਲਦਾਰ ਬਿਸ਼ਨ ਸਿੰਘ ਰਾਣੀਥੂਆ ਦੇ ਕਤਲ ਹੋ ਜਾਣ ਪੁਰ ਹਕੂਮਤ ਨੂੰ ਅੱਗ ਲੱਗ ਉੱਠੀ। ਉਸ ਨੇ ਪੁਲਿਸ ਨੂੰ ਕਰੜੀ ਹਦਾਇਤ ਕੀਤੀ ਕਿ ਜਿਵੇਂ ਭੀ ਹੋ ਸਕੇ, ਇਸ ਕਤਲ ਦਾ ਛੇਤੀ ਤੋਂ ਛੇਤੀ ਸੁਰਾਗ਼ ਲਾ ਕੇ ਦੋਸ਼ੀਆਂ ਨੂੰ ਪਕੜਿਆ ਜਾਵੇ। ਇਸ ਪੁਰ ਪੁਲਿਸ ਨੇ ਆਮ ਅਕਾਲੀਆਂ ਦੀਆਂ ਬੇਗਿਣਤ ਗ੍ਰਿਫ਼ਤਾਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਿਹੜਾ ਕਾਲੀ ਪੱਗ ਜਾਂ ਕਿਰਪਾਨ ਵਾਲਾ ਨਜ਼ਰ ਆਉਂਦਾ ਜਾਂ ਜਿਸ ਨੂੰ ਪਿੰਡ ਦੇ ਨੰਬਰਦਾਰ ਅਕਾਲੀ ਦੱਸਦੇ, ਉਸ ਨੂੰ ਫੜ ਲਿਆ ਜਾਂਦਾ। ਦੁਆਬੇ ਵਿਚ ਰੋਜ਼ ਦੇ ਪੰਜ ਪੰਜ ਸਤ ਸਤ ਸੌ ਅਕਾਲੀ ਪੁਲਿਸ ਹਿਰਾਸਤ ਹੇਠ ਲਏ ਗਏ। ਸਖ਼ਤ ਕੁੱਟ-ਮਾਰ ਤੇ ਬੇ-ਇੱਜ਼ਤੀ ਕਰ ਕੇ ਬਿਸ਼ਨ ਸਿੰਘ ਦੇ ਕਤਲ ਬਾਰੇ ਪੁੱਛ-ਗਿੱਛ ਕੀਤੀ ਜਾਂਦੀ ਰਹੀ। ਕਈਆਂ ਨੂੰ ਕੁਝ ਝਾੜ-ਝੰਬ ਕੇ ਛੱਡ ਦਿੱਤਾ ਜਾਂਦਾ ਸੀ, ਪਰ ਕਈਆਂ ਨੂੰ ਲੰਮੇ ਅਰਸੇ ਲਈ ਤਸੀਹੇ ਦੇ ਦੇ ਕੇ ਬੱਬਰਾਂ ਬਾਰੇ ਪੁੱਛਿਆ ਜਾਂਦਾ ਸੀ। ਜਿਹੜੇ ਅਕਾਲੀ ਸ਼ਾਂਤਮਈ ਦੇ ਹੀ ਪੁਜਾਰੀ ਸਨ, ਉਨ੍ਹਾਂ ਨਾਲ ਭੀ ਸਖ਼ਤੀ ਵਰਤਣ ਵਿਚ ਕੋਈ ਫ਼ਰਕ ਨਹੀਂ ਰੱਖਿਆ ਗਿਆ। ਹਨੇਰ ਮੱਚਿਆ ਹੋਇਆ ਸੀ। ਵੱਡੇ ਅਫ਼ਸਰ ਕਿਸੇ ਦੀ ਕੋਈ ਸ਼ਿਕਾਇਤ ਨਹੀਂ ਸਨ ਸੁਣਦੇ, ਸਗੋਂ ਸ਼ਿਕਾਇਤ ਕਰਨ ਵਾਲੇ ਨੂੰ ਅਣਖੀ ਬੰਦਾ ਸਮਝ ਕੇ ਹਕੂਮਤ-ਵਿਰੋਧੀ ਅਤੇ ਬੱਬਰ-ਹਮਦਰਦ ਦੱਸ ਕੇ ਹੋਰ ਗਿੱਦੜ-ਕੁੱਟ ਕਰਦੇ ਸਨ।
ਜੱਸੋਵਾਲ ਦੀ ਤੀਜੀ ਮੀਟਿੰਗ
22 ਫ਼ਰਵਰੀ 1923 ਨੂੰ ਹਰਦਿਤ ਸਿੰਘ ਜੱਸੋਵਾਲ ਦੀ ਹਵੇਲੀ ਵਿਚ ਜਥੇਦਾਰ ਕਿਸ਼ਨ ਸਿੰਘ, ਬਾਬੂ ਸੰਤਾ ਸਿੰਘ, ਧੰਨਾ ਸਿੰਘ ਬਹਿਬਲਪੁਰ, ਉਦੈ ਸਿੰਘ ਰਾਮਗੜ੍ਹ, ਬੂਟਾ ਸਿੰਘ ਪੰਡੋਰੀ, ਆਸਾ ਸਿੰਘ ਭਕੜਦੀ, ਹਰਬਖ਼ਸ਼ ਸਿੰਘ ਤੇ ਹਰਦਿਤ ਸਿੰਘ ਆਦਿ ਦੀ ਇਕ ਮੀਟਿੰਗ ਵਿਚ ਇਹ ਵਿਚਾਰ ਹੋਈ ਕਿ ਬਿਸ਼ਨ ਸਿੰਘ ਦੇ ਕਤਲ ਦੇ ਸੰਬੰਧ ਵਿਚ ਆਮ ਲੋਕਾਂ ਪੁਰ ਬੜਾ ਤਸ਼ੱਦਦ ਹੋ ਰਿਹਾ ਹੈ। ਇਸ ਨਾਲ ਡਰ ਹੈ। ਕਿ ਲੋਕਾਂ ਵਿਚ ਇਹੋ ਜਿਹਾ ਖ਼ਿਆਲ ਪੈਦਾ ਨਾ ਹੋ ਜਾਵੇ ਕਿ ਬੱਬਰ ਝੋਲੀਚੁੱਕਾਂ ਦਾ ਕਤਲ ਕਰ ਕੇ ਆਮ ਲੋਕਾਂ ਨੂੰ ਤੰਗ ਕਰਵਾ ਰਹੇ ਹਨ । ਇਸ ਵਾਸਤੇ ਇਹ ਜ਼ਰੂਰੀ ਹੈ ਕਿ ਦੋ ਜਾਂ ਤਿੰਨ ਆਦਮੀ ਅਜਿਹੇ ਨੀਯਤ ਕੀਤੇ ਜਾਣ, ਜਿਨ੍ਹਾਂ ਦੇ ਨਾਮ ਪੁਰ ਬਿਸ਼ਨ ਸਿੰਘ ਦੇ ਕਤਲ ਦਾ ਐਲਾਨ ਕੀਤਾ ਜਾਵੇ ਅਤੇ ਅੱਗੋਂ ਲਈ ਭੀ ਹਰ ਕਤਲ ਦਾ ਐਲਾਨ ਉਨ੍ਹਾਂ ਦੇ ਨਾਂ ਪੁਰ ਹੀ ਹੋਇਆ ਕਰੇ।
ਇਸ ਗੱਲ ਨੂੰ ਸਾਰਿਆਂ ਨੇ ਪਸੰਦ ਕੀਤਾ, ਪਰ ਕਰਮ ਸਿੰਘ ਐਡੀਟਰ ਅਤੇ ਕੁਝ ਇਕ ਹੋਰ ਬੱਬਰਾਂ ਦੇ ਗ਼ੈਰ-ਹਾਜ਼ਰ ਹੋਣ ਕਰਕੇ ਫੈਸਲਾ ਨਾ ਹੋ ਸਕਿਆ।
ਜਥੇਦਾਰ ਕਿਸ਼ਨ ਸਿੰਘ ਦੀ ਗ੍ਰਿਫ਼ਤਾਰੀ
ਕਾਬਲ ਸਿੰਘ ਪਿੰਡ ਬੜਿੰਗ ਦਾ ਇਕ ਸਾਧਾਰਨ ਜਿਹਾ ਆਦਮੀ ਸੀ, ਪਰ ਉਸ ਦਾ ਸਹੁਰਾ ਲਾਭ ਸਿੰਘ ਢੱਡਾ ਬੜਾ ਸ਼ੈਤਾਨ ਸੀ । ਉਸ ਨੇ ਕਾਬਲ ਸਿੰਘ ਨੂੰ ਸਲਾਹ ਦਿੱਤੀ ਕਿ ਉਹ ਜਥੇਦਾਰ ਦੇ ਪਿੰਡ ਦਾ ਹੋਣ ਕਰਕੇ ਉਸ ਦੀ ਗ੍ਰਿਫ਼ਤਾਰੀ ਦਾ ਕੰਮ ਆਸਾਨੀ ਨਾਲ ਕਰ ਸਕਦਾ ਸੀ । ਉਨ੍ਹਾਂ ਦਿਨਾਂ ਦਾ ਦੋ ਹਜ਼ਾਰ ਰੁਪਿਆ ਕੋਈ ਥੋੜੀ ਜਿਹੀ ਗੱਲ ਨਹੀਂ ਸੀ। ਦੋਵੇਂ ਲੋਭੀ ਹੋ ਗਏ।
ਕਾਬਲ ਸਿੰਘ ਇਕ ਹਕੀਮ ਕਮਰੁੱਦੀਨ ਕੋਲੋਂ ਹਕੀਮੀ ਦਾ ਕੰਮ ਸਿਖਦਾ ਸੀ। ਇਹ ਹਕੀਮ ਭੀ ਪਹਿਲਾਂ ਬੜਿੰਗ ਵਿਚ ਹੀ ਰਹਿੰਦਾ ਸੀ, ਪਰ ਫੇਰ ਪੰਡੋਰੀ ਮਾਹਲ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਚਲਾ ਗਿਆ ਸੀ । ਕਾਬਲ ਸਿੰਘ ਨੇ ਜਥੇਦਾਰ ਨਾਲ ਹੌਲੀ ਹੌਲੀ ਮਿਲਾਪ ਪੈਦਾ ਕਰ ਲਿਆ ਅਤੇ ਆਖਿਆ ਕਿ ਉਹ ਬੀਮਾਰ ਬੱਬਰਾਂ ਦੀ ਸੇਵਾ ਕਰ ਦਿਆ ਕਰੇਗਾ । ਇਸ ਤਰ੍ਹਾਂ ਇਤਬਾਰ ਬੰਨ੍ਹਾ ਕੇ ਕਾਬਲ ਸਿੰਘ 25 ਫਰਵਰੀ 1923 ਵਾਲੀ ਰਾਤ ਜਥੇਦਾਰ ਨੂੰ ਆਪਣੇ ਨਾਲ ਪੰਡੋਰੀ ਮਾਹਲ ਵਿਚ ਲੈ ਗਿਆ ਅਤੇ ਉਧਰ ਪੁਲਿਸ ਨੂੰ ਖ਼ਬਰ ਦੇ ਦਿੱਤੀ। 26 ਫ਼ਰਵਰੀ ਨੂੰ ਸਵੇਰੇ ਮੂੰਹ ਹਨੇਰੇ ਹੀ ਮਿਸਟਰ ਮਾਬਿਊਸ ਨੈਬ ਸੁਪ੍ਰਿੰਟੈਂਡੈਂਟ ਪੁਲਿਸ ਜਲੰਧਰ ਨੇ ਘੇਰਾ ਆ ਪਾਇਆ। ਉਸ ਵੇਲੇ ਕਾਬਲ ਸਿੰਘ ਵਲੋਂ ਦਰੀ ਦੇ ਕਾਰਨ ਜਥੇਦਾਰ ਪਾਸ ਸਿਵਾਏ ਕਿਰਪਾਨ ਦੇ ਹੋਰ ਕੋਈ ਹਥਿਆਰ ਨਾ ਹੋਣ ਕਰਕੇ ਆਪ ਨੂੰ ਗ੍ਰਿਫ਼ਤਾਰੀ ਦੇਣ ਪੁਰ ਮਜਬੂਰ ਹੋਣਾ ਪਿਆ।
ਆਸਾ ਸਿੰਘ ਦੀ ਗ੍ਰਿਫ਼ਤਾਰੀ
26 ਫਰਵਰੀ 1923 ਨੂੰ ਆਸਾ ਸਿੰਘ ਤੇ ਉਦੈ ਸਿੰਘ ਨੂੰ ਕਰਮ ਸਿੰਘ ਐਡੀਟਰ ਤੇ ਰਾਮ ਸਿੰਘ ਮੁਜ਼ਾਰਾ ਕਲਾਂ ਪਿੰਡ ਕੁਲੇਵਾਲ ਵਿਚ ਮਿਲ ਪਏ। ਆਸਾ ਸਿੰਘ ਦੌਲਤਪੁਰ ਨੂੰ ਜੱਸੋਵਾਲ ਦੀ ਮੀਟਿੰਗ ਬਾਰੇ ਦੱਸ ਕੇ ਪੁੱਛਿਆ, “ਤੁਹਾਡਾ ਕੀ ਖ਼ਿਆਲ ਹੈ ਕਿ ਸਾਰੇ ਕਤਲਾਂ ਦਾ ਐਲਾਨ ਕੇਵਲ ਦੋ ਤਿੰਨ ਬੱਬਰਾਂ ਦੇ ਨਾਂ ਪੁਰ ਕਰਨਾ ਕਿਥੋਂ ਤਕ ਠੀਕ ਹੈ।”
ਕਰਮ ਸਿੰਘ ਨੇ ਦੱਸਿਆ, “ਮੈਂ ਇਹ ਫ਼ੈਸਲਾ ਬਿਲਕੁਲ ਠੀਕ ਸਮਝਦਾ ਹਾਂ, ਕਿਉਂਕਿ ਅਸਾਂ ਸਾਰਿਆਂ ਨੇ ਕਤਲ ਤਾਂ ਕਰਨੇ ਹੀ ਹਨ, ਅਰਥਾਤ ਪੁਲਿਸ ਦੇ ਹੱਥ ਆਉਣ ਪੁਰ ਫਾਂਸੀ ਭੀ ਜ਼ਰੂਰ ਲੱਗੇਗੀ। ਇਕ ਕਤਲ ਦੀ ਸਜ਼ਾ ਭੀ ਉਹੋ ਹੈ ਜੋ ਬਹੁਤਿਆਂ ਦੀ। ਇਸ ਲਈ ਜੇ ਦੋ ਤਿੰਨ ਆਦਮੀ ਆਪਣੇ ਨਾਂ ਪੁਰ ਸਾਰੇ ਕਤਲ ਲੈ ਲੈਣ ਤਾਂ ਉਹਨਾਂ ਨੂੰ ਕੋਈ ਨੁਕਸਾਨ ਨਹੀਂ, ਪਰ ਬਾਕੀਆਂ ਦਾ ਅਤੇ ਲਹਿਰ ਦਾ ਫ਼ਾਇਦਾ ਜ਼ਰੂਰ ਹੈ। ਉਹ ਫਾਂਸੀ ਤੋਂ ਬਚ ਕੇ ਕੰਮ ਜਾਰੀ ਰੱਖ ਸਕਦੇ ਹਨ।”
“ਫੇਰ ਕੀ ਮੈਨੂੰ ਆਪਣਾ ਨਾਂ ਦੇ ਦੇਣਾ ਚਾਹੀਦਾ ਹੈ ?”
ਕਰਮ ਸਿੰਘ-ਇਹ ਤੇਰੀ ਆਪਣੀ ਮਰਜ਼ੀ ਤੇ ਹਿੰਮਤ ਪਰ ਨਿਰਭਰ ਹੈ, ਮੈਂ ਤੇਰੀ ਗੱਲ ਕਿਉਂ ਕਰਾਂ ? ਜਿਥੋਂ ਤਕ ਮੇਰਾ ਸਬੰਧ ਹੈ, ਮੈਂ ਆਪਣਾ ਨਾਂ ਜ਼ਰੂਰ ਦੇ ਦੇਵਾਂਗਾ। ਤੂੰ ਆਪਣੀ ਸੋਚ ।
ਆਸਾ ਸਿੰਘ-ਪਰ ਮੈਂ ਤਾਂ ਇਸ ਫ਼ੈਸਲੇ ਨੂੰ ਠੀਕ ਹੀ ਨਹੀਂ ਸਮਝਦਾ। ਮੇਰਾ ਤਾਂ ਖ਼ਿਆਲ ਹੈ ਕਿ ਹਰ ਇਕ ਆਪਣਾ ਆਪਣਾ ਭਾਰ ਚੁੱਕੇ।
ਗੱਲ ਖ਼ਤਮ ਹੋ ਗਈ। ਆਸਾ ਸਿੰਘ ਏਥੋਂ ਹੋਲੇ ਮਹੱਲੇ ਦੇ ਮੇਲੇ ਪੁਰ ਕੀਰਤਪੁਰ ਚਲਾ ਗਿਆ। ਉੱਥੇ ਲੰਗਰ ਵਿਚ ਪ੍ਰਸ਼ਾਦ ਛਕਦਾ ਗ੍ਰਿਫ਼ਤਾਰ ਹੋ ਗਿਆ। ਉਸ ਪੁਰ 124-ੳ ਤੇ 153-ੳ ਦਫ਼ਾ ਹੇਠਾਂ ਮੁਕੱਦਮਾ ਚੱਲਿਆ ਅਤੇ 18 ਅਪ੍ਰੈਲ 1923 ਨੂੰ ਚਾਰ ਸਾਲ ਕੈਦ ਦੀ ਸਜ਼ਾ ਹੋਈ।
ਇਕ ਜ਼ੈਲਦਾਰ ਪੁਰ ਹਮਲੇ ਦੀ ਕੋਸ਼ਿਸ਼
ਏਧਰ 28 ਫ਼ਰਵਰੀ 1923 ਨੂੰ ਕਰਤਾਰ ਸਿੰਘ ਬੂੜੋ ਬਾੜੀਆਂ ਦੇ ਚੁਬਾਰੇ ਵਿਚ ਧੰਨਾ ਸਿੰਘ ਬਹਿਬਲਪੁਰ, ਬਤਨ ਸਿੰਘ ਪੰਡੋਰੀ, ਬਾਬੂ ਸੰਤਾ ਸਿੰਘ ਅਤੇ ਬੰਤਾ ਸਿੰਘ ਧਾਮੀਆਂ ਇਕੱਠੇ ਹੋਏ ਤਾਂ ਕਰਤਾਰ ਸਿੰਘ ਨੇ ਦੱਸਿਆ ਕਿ ਰਾਮ ਨਰੈਣ ਸਿੰਘ ਜ਼ੈਲਦਾਰ ਮਾਹਲਪੁਰ ਵੱਡਾ ਝੋਲੀਚੁੱਕ ਹੈ ਅਤੇ ਹਰ ਵੇਲੇ ਪੁਲਿਸ ਨਾਲ ਫਿਰਦਾ ਰਹਿੰਦਾ ਹੈ, ਇਸ ਲਈ ਉਸ ਦਾ ਖ਼ਾਤਮਾ ਕਰਨਾ ਚਾਹੀਦਾ ਹੈ। ਬੱਬਰਾਂ ਨੂੰ ਹੋਰ ਕੀ ਚਾਹੀਦਾ ਸੀ । ਉਹ ਬਾੜੀਆਂ ਤੇ ਮਾਹਲਪੁਰ ਦੇ ਵਿਚਕਾਰਲੇ ਰਾਹ ਲਾਗੇ ਲੁਕ ਕੇ ਜ਼ੈਲਦਾਰ ਨੂੰ ਸਾਰਾ ਦਿਨ ਉਡੀਕਦੇ ਰਹੇ, ਕਿਉਂਕਿ ਇਹ ਪਤਾ ਲੱਗਾ ਸੀ ਕਿ ਉਹ ਇਸ ਰਸਤੇ ਲੰਘੇਗਾ। ਪਰ ਖਾਉ-ਪੀਏ ਤਕ ਬੈਠ ਕੇ ਨਿਰਾਸ ਹੋ ਕੇ ਮੁੜਨਾ ਪਿਆ।
ਤਾਰੀਖ਼ੀ ਫ਼ੈਸਲਾ
22 ਮਾਰਚ 1923 ਵਾਲਾ ਦਿਨ ਬੱਬਰ-ਇਤਿਹਾਸ ਦਾ ਇਕ ਲਾਲ ਚਮਕਦਾ ਦਿਨ ਹੈ। ਇਸ ਦਿਨ ਸੰਤ ਠਾਕਰ ਸਿੰਘ ਗਜੋਵਾਲ ਦੀ ਕੁਟੀਆ ਵਿਚ ਬੱਬਰਾਂ ਦੀ ਇਕ ਮੀਟਿੰਗ ਹੋਈ। ਕਰਮ ਸਿੰਘ ਐਡੀਟਰ ਨੇ ਆਖਿਆ:
“ਕਈ ਝੋਲੀਚੁੱਕ ਕਤਲ ਹੋ ਗਏ ਹਨ। ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲਦਾ। ਸੈਂਕੜੇ ਬੇਗੁਨਾਹਾਂ ਪੁਰ ਇਸ ਕਰਕੇ ਸਖ਼ਤੀ ਹੋ ਰਹੀ ਹੈ। ਦੋ ਦਫ਼ਾ ਫ਼ੈਸਲਾ ਹੋ ਚੁੱਕਾ ਹੈ ਕਿ ਦੋ ਤਿੰਨ ਬੱਬਰਾਂ ਦੇ ਨਾਂ ਦੇ ਕੇ ਐਲਾਨ ਕੀਤਾ ਜਾਵੇ ਕਿ ਇਹ ਕਤਲ ਉਨ੍ਹਾਂ ਨੇ ਕੀਤੇ ਹਨ, ਤਾਂ ਕਿ ਇਕ ਤਾਂ ਆਮ ਲੋਕਾਂ ਪੁਰ ਸਖ਼ਤੀ ਹੋਣੋਂ ਹਟ ਜਾਵੇ, ਦੂਜੇ ਹਰ ਇਕ ਬੱਬਰ ਨਿਸ਼ੰਗ ਹੋ ਕੇ ਝੋਲੀਚੁੱਕਾਂ ਦਾ ਸੁਧਾਰ ਕਰ ਸਕੇ। ਪਰ ਇਸ ਫ਼ੈਸਲੇ ਪੁਰ ਅਜੇ ਤਕ ਅਮਲ ਨਹੀਂ ਹੋ ਸਕਿਆ। ਇਸ ਲਈ ਅੱਜ ਹੁਣੇ ਹੀ ਸਾਨੂੰ ਉਨ੍ਹਾਂ ਤਿੰਨ ਨਾਵਾਂ ਦਾ ਫ਼ੈਸਲਾ ਕਰ ਦੇਣਾ ਚਾਹੀਦਾ ਹੈ, ਜਿਨ੍ਹਾਂ ਨੇ ਕੁਲ ਕਤਲਾਂ ਦੀ ਜ਼ਿੰਮੇਵਾਰੀ ਚੁੱਕਣੀ ਹੈ।”
ਸਵਾ ਦੋ ਸੌ ਸਾਲ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਇਕ ਇਮਤਿਹਾਨ ਰੱਖਿਆ ਸੀ, ਕੁਝ ਸੀਸ ਮੰਗੇ ਸਨ। ਕੁਲ ਪੰਜ ਪਿਆਰੇ ਨਿਕਲੇ ਸਨ, ਜਿਨ੍ਹਾਂ ਨੂੰ ਲੈ ਕੇ ਗੁਰੂ ਜੀ ਨੇ ਖ਼ਾਲਸਾ ਪੰਥ ਦਾ ਮੁੱਢ ਬੱਧਾ ਸੀ। ਅੱਜ ਨਵੀਆਂ ਹਾਲਤਾਂ ਵਿਚ ਉਸੇ ਗੁਰੂ ਦੇ ਪੂਰਨਿਆਂ ਪੁਰ ਸੱਚੇ ਦਿਲੋਂ ਚੱਲਣ ਵਾਲਾ ਬੱਬਰ ਜਥਾ ਦੇਖ ਰਿਹਾ ਸੀ ਕਿ ਕਿਹੜੇ ਬੱਬਰ ਪਿਆਰੇ ਨਿਤਰਦੇ ਹਨ।
ਕਰਮ ਸਿੰਘ ਐਡੀਟਰ ਨੇ ਆਪਣੀ ਤਕਰੀਰ ਦੇ ਅਖ਼ੀਰ ਵਿਚ ਆਖਿਆ, “ਮੈਂ ਬੇਨਤੀ ਕਰਦਾ ਹਾਂ ਕਿ ਇਸ ਸੁਭਾਗੇ ਕਾਰਜ ਵਾਸਤੇ ਸਭ ਤੋਂ ਪਹਿਲਾਂ ਨਾਂ ਦੇਣ ਦਾ ਮਾਣ ਮੈਨੂੰ ਬਖ਼ਸ਼ਿਆ ਜਾਵੇ।”
ਇਨ੍ਹਾਂ ਥੋੜੇ ਜਿਹੇ ਸ਼ਬਦਾਂ ਨੂੰ ਅੱਖ ਦੇ ਫੋਰ ਵਿਚ ਪੜ੍ਹਿਆ ਜਾ ਸਕਦਾ ਹੈ, ਪਰ ਇਨ੍ਹਾਂ ਦੀ ਪੂਰੀ ਕਦਰ ਕੇਵਲ ਉਹੋ ਸੂਰਬੀਰ ਪਾ ਸਕਦੇ ਹਨ, ਜੋ ਨੀਯਤ ਹੋਏ। ਨਿਸ਼ਾਨਿਆਂ ਨੂੰ ਪ੍ਰਾਪਤ ਕਰਨ ਦੇ ਘੋਲ ਨੂੰ ਆਪਣਾ ਜੀਵਨ ਸਮਝਦੇ ਹੋਣ। ਉਨ੍ਹਾਂ ਗੀਦੀਆਂ ਵਾਸਤੇ ਇਨ੍ਹਾਂ ਸ਼ਬਦਾਂ ਦਾ ਕੋਈ ਮੁੱਲ ਨਹੀਂ, ਜੋ ਆਪਣੀ ਨਿੱਜੀ ਜਾਨ ਨੂੰ ਹੀ ਸਰਵੋਤਮ ਵਸਤੂ ਖ਼ਿਆਲ ਕਰਦੇ ਹੋਣ।
ਮਗਰੋਂ ਝਟ ਹੀ ਉੱਠ ਕੇ ਧੰਨਾ ਸਿੰਘ ਬਹਿਬਲਪੁਰ ਤੇ ਉਦੈ ਸਿੰਘ ਰਾਮਗੜ ਨੇ ਵਾਰੋ ਵਾਰੀ ਆਪਣੇ ਨਾਂ ਪੇਸ਼ ਕਰ ਦਿੱਤੇ ।
ਅੱਜ ਤੋਂ ਬਾਅਦ ਬੱਬਰ ਜਥੇ ਦੇ ਇਹ ਤਿੰਨ ਮੁਖੀ ਆਗੂ ਸਭ ਕਤਲਾਂ ਦੇ ਜ਼ਿੰਮੇਵਾਰ ਬਣ ਗਏ।
ਇਹ ਭੀ ਫ਼ੈਸਲਾ ਕੀਤਾ ਗਿਆ ਕਿ ਕੋਈ ਬੱਬਰ (ਖ਼ਾਸ ਕਰਕੇ ਨਾਮ ਦੇਣ ਵਾਲਿਆਂ ਵਿਚੋਂ) ਵਾਹ ਲੱਗਦੇ ਜੀਉਂਦੇ-ਜੀਅ ਗ੍ਰਿਫ਼ਤਾਰੀ ਨਾ ਦੇਵੇ, ਕਿਉਂਕਿ ਗ੍ਰਿਫ਼ਤਾਰ ਹੋ ਕੇ ਫਾਹੇ ਲੱਗਣ ਨਾਲੋਂ ਮੈਦਾਨ ਵਿਚ ਲੜਦੇ ਹੋਏ ਮਰ ਜਾਣਾ ਬਿਹਤਰ ਹੈ ।
ਬੱਬਰ ਐਲਾਨ ਨੰ: 1
ਇਸ ਤੋਂ ਬਾਅਦ ਉਸੇ ਕੁਟੀਆ ਵਿਚ ਬੱਬਰ ਜਥੇ ਨੇ ਆਪਣਾ ਐਲਾਨ ਨੰ:1 ਅਰਥਾਤ ‘ਗਵਰਨਰ ਪੰਜਾਬ ਦੇ ਨਾਮ ਖੁੱਲ੍ਹੀ ਚਿੱਠੀ’ ਪ੍ਰਕਾਸ਼ਤ ਕੀਤੀ, ਜਿਸ ਵਿਚ ਲਿਖਿਆ ਸੀ :
“ਤੇਰੇ ਜ਼ੁਲਮਾਂ ਤੋਂ ਤੰਗ ਆ ਕੇ ਬੱਬਰ ਅਕਾਲੀਆਂ ਨੇ ਸ਼ਾਂਤਮਈ ਦਾ ਰਸਤਾ ਛੱਡ ਕੇ ਤਲਵਾਰ ਦਾ ਰਸਤਾ ਫੜਿਆ ਹੈ । ਬਿਸ਼ਨ ਸਿੰਘ ਜ਼ੈਲਦਾਰ ਰਾਣੀਥੂਆ, ਬੂਟਾ ਨੰਬਰਦਾਰ ਤੇ ਨਾਲ ਹੀ ਉਸ ਦਾ ਪੋਤਾ, ਅਤੇ ਗੜ੍ਹਸ਼ੰਕਰ ਦਾ ਲਾਭ ਸਿੰਘ ਮਿਸਤਰੀ, ਜੋ ਡਾਇਰੀਆਂ ਦਿਆ ਕਰਦੇ ਸਨ, ਕਤਲ ਕਰ ਦਿੱਤੇ ਗਏ ਹਨ। ਇਕ ਹੋਰ ਨੂੰ ਉਮਰ ਕੈਦ ਕੀਤੀ ਹੈ, ਅਰਥਾਤ ਪਾਰ ਬੁਲਾਇਆ ਹੈ। ਬਾਕੀ ਰਹਿੰਦੇ ਭੀ ਛੇਤੀ ਹੀ ਗ੍ਰਿਫ਼ਤਾਰ ਕੀਤੇ ਜਾਣਗੇ, ਅਰਥਾਤ ਅਸੀਂ ਹੋਰ ਝੋਲੀਚੁੱਕਾਂ ਨੂੰ ਭੀ ਧੀਰੇ ਧੀਰੇ ਕਤਲ ਕਰਾਂਗੇ।
ਚੂੰਕਿ ਸਾਡੇ ਕੋਲ ਆਪਣਾ ਦੰਡ ਸ਼ਾਸਤਰ (Penal Code) ਨਹੀਂ ਹੈ, ਇਸ ਲਈ ਅਸੀਂ ਤਿੰਨ ਮੱਦਾਂ ਬਣਾਈਆਂ ਹਨ : ਪਹਿਲੀ ਦੋਸ਼ੀ ਨੂੰ ਨਰਕ ਪਹੁੰਚਾਉਂਦੀ ਹੈ, ਦੂਜੀ ਉਸ ਦਾ ਅੰਗ ਭੰਗ ਕਰਨੀ ਹੈ, ਤੀਜੀ ਉਸ ਨੂੰ ਜੁਰਮਾਨੇ ਦੀ ਸਜ਼ਾ ਦਿੰਦੀ ਹੈ।”
ਅਸੀਂ ਹਾਂ, ਕਰਮ ਸਿੰਘ ਐਡੀਟਰ ਦੌਲਤਪੁਰ ਧੰਨਾ ਸਿੰਘ ਬਹਿਬਲਪੁਰ ਉਦੈ ਸਿੰਘ ਰਾਮਗੜ੍ਹ ਝੁੰਗੀਆਂ ਇਸ ਐਲਾਨ ਦੀ ਇਕ ਨਕਲ ਪੰਜਾਬ ਦੇ ਲਾਟ, ਇਕ ਡਿਪਟੀ ਕਮਿਸ਼ਨਰ ਜਲੰਧਰ, ਇਕ ਦੀਵਾਨ ਦੁਰਗਾਦਾਸ ਕਪੂਰਥਲਾ ਅਤੇ ਇਕ ਮੀਆਂ ਸਾਹਿਬ ਵਜ਼ੀਰ ਕਪੂਰਥਲਾ ਨੂੰ ਭੇਜੀ ਗਈ।
ਝੋਲੀਚੁੱਕਾਂ ਦੀ ਬੁਰੀ ਹਾਲਤ
ਇਕ ਮਹੀਨੇ ਦੇ ਅੰਦਰ ਅੰਦਰ ਪੰਜ ਝੋਲੀਚੁੱਕਾਂ ਦੇ ਖ਼ਾਤਮੇ ਨਾਲ ਟੋਡੀਆਂ ਦੇ ਕਾਲਜਿਆਂ ਨੂੰ ਡੋਬੂ ਪੈਣ ਲੱਗੇ। ਉਨ੍ਹਾਂ ਦੀ ਨੀਂਦ ਹਰਾਮ ਹੋ ਗਈ। ਉਨ੍ਹਾਂ ਨੇ ਆਪਣੇ ਘਰਾਂ ਉਦਾਲੇ ਕੰਧਾਂ ਕਰਨੀਆਂ ਅਤੇ ਲੋਹੇ ਦੇ ਦਰਵਾਜ਼ੇ ਲਾਉਣੇ ਸ਼ੁਰੂ ਕਰ ਦਿੱਤੇ। ਪਿੰਡਾਂ ਵਿਚ ਅਜੇ ਤਕ ਘਰਾਂ ਅੰਦਰ ਟੁੱਟੀਆਂ ਨਹੀਂ ਸਨ ਦੇਖੀਆਂ, ਪਰ ਝੋਲੀਚੁੱਕਾਂ ਨੇ ਆਪਣੇ ਘਰਾਂ ਵਿਚ ਟੁੱਟੀਆਂ ਬਣਾ ਕੇ ਦੱਸ ਦਿੱਤਾ ਕਿ ਇਕ ਪਾਸੇ ਡਰ ਦੇ ਮਾਰੇ ਟੁੱਟੀਆਂ ਵਧੇਰੇ ਲੱਗ ਗਈਆਂ ਸਨ, ਦੂਜੇ ਪਾਸੇ ਬਾਹਰ ਨਿਕਲਣ ਦਾ ਹੌਸਲਾ ਨਹੀਂ ਪੈਂਦਾ। ਉਹਨਾਂ ਨੇ ਅਦਾਲਤਾਂ ਵਿਚ ਤਾਰੀਖਾਂ ਪੁਰ ਪੇਸ਼ ਹੋਣ ਤੋਂ ਭੀ ਇਨਕਾਰ ਕਰ ਦਿੱਤਾ। ਨੰਬਰਦਾਰਾਂ ਦੀ ਗ਼ੈਰ-ਹਾਜ਼ਰੀ ਕਰਕੇ ਅਦਾਲਤੀ ਕੰਮ ਰੁਕਣ ਲੱਗ ਪਏ।
ਝੋਲੀਚੁੱਕਾਂ ਨੂੰ ਸਰਕਾਰ ਵਲੋਂ ਬੰਦੂਕਾਂ ਅਤੇ ਪਸਤੌਲਾਂ ਦੇ ਆਮ ਲਾਇਸੈਂਸ ਦੇਣ ਦਾ ਫ਼ੈਸਲਾ ਤਾਂ ਹਕੂਮਤ ਨੇ ਕਰ ਦਿੱਤਾ, ਪਰ ਬਹੁਤ ਥੋੜੇ ਹੀ ਹਥਿਆਰ ਵਰਤਣਾ ਜਾਣਦੇ ਸਨ। ਆਮ ਲੋਕਾਂ ਨੂੰ ਇਸ ਨਾਲ ਕੋਈ ਫ਼ਾਇਦਾ ਨਾ ਹੋਇਆ। ਧਨੀ ਝੋਲੀਚੁੱਕਾਂ ਨੇ ਤਾਂ ਆਪਣੀ ਰੱਖਿਆ ਲਈ ਇਕ ਇਕ ਦੋ ਦੋ ਸਿਪਾਹੀ ਜਾਂ ਰਾਖੇ ਰੱਖ ਲਏ, ਪਰ ਥੋੜੇ ਗੁਜ਼ਾਰਿਆਂ ਵਾਲੇ ਇਹ ਭੀ ਨਹੀਂ ਸਨ ਕਰ ਸਕਦੇ। ਇਸ ਤਰ੍ਹਾਂ ਝੋਲੀਚੁੱਕਾਂ ਦੀ ਜਾਨ ਇਕ ਤਰ੍ਹਾਂ ਹਰ ਵੇਲੇ ਸੂਲੀ ਪੁਰ ਟੰਗੀ ਰਹਿੰਦੀ ਸੀ।
ਪਿੰਡਾਂ ਵਿਚ ਗਸ਼ਤੀ ਪੁਲਿਸ ਵਧਾ ਦਿੱਤੀ ਗਈ ਅਤੇ ਕਈ ਪਿੰਡੀ (ਪੰਡਰੀ ਨਿਝਰਾਂ, ਘੁੜਿਆਲ, ਪੰਜੋੜ, ਦੌਲਤਪੁਰ ਆਦਿ) ਪੁਲਿਸ ਦੀਆਂ ਚੌਕੀਆਂ ਬਿਠਾ ਦਿੱਤੀਆਂ ਗਈਆਂ। ਪਰ ਇਹ ਪੁਲਸੀਏ ਭੀ ਦਿਨੇ ਦਿਨੇ ਹੀ ਗਸ਼ਤ ਕਰਿਆ ਕਰਦੇ ਸਨ, ਰਾਤ ਨੂੰ ਉਹ ਭੀ ਅੰਦਰੀਂ ਵੜ ਕੇ ਸੌਂ ਰਹਿੰਦੇ।
ਪੁਲਿਸ ਨੂੰ ਘਬਰਾਹਟ
23 ਮਾਰਚ ਦੀ ਸਵੇਰੇ ਹੀ ਕਰਮ ਸਿੰਘ ਐਡੀਟਰ, ਧੰਨਾ ਸਿੰਘ ਬਹਿਬਲਪੁਰ, ਉਦੈ ਸਿੰਘ, ਦਲੀਪ ਸਿੰਘ ਅਤੇ ਬਾਬੂ ਸੰਤਾ ਸਿੰਘ ਕਿਸ਼ਨਪੁਰ ਦੇ ਗੁਰਦੁਆਰੇ ਪਹੁੰਚੇ। ਅਜੇ ਬੈਠੇ ਹੀ ਸਨ ਕਿ ਧੰਨਾ ਸਿੰਘ ਨੇ ਦੱਸਿਆ ਕਿ ਪੰਦਰਾਂ ਵੀਹ ਆਦਮੀ ਕਾਲਾ ਬਕਰਾ ਵਲੋਂ ਆ ਰਹੇ ਹਨ। ਸੰਤਾ ਸਿੰਘ ਨੇ ਚੰਗੀ ਤਰ੍ਹਾਂ ਦੇਖਿਆ ਤਾਂ ਉਹ ਪੁਲਿਸ ਵਾਲੇ ਨਿਕਲੇ। ਬੱਬਰਾਂ ਨੇ ਫ਼ੌਰਨ ਆਪਣਾ ਸਾਮਾਨ ਸੰਭਾਲ ਲਿਆ ਅਤੇ ਪੁਲਿਸ ਬਿਲਕੁਲ ਲਾਗੇ ਹੀ ਆ ਚੁੱਕੀ ਸੀ । ਬੱਬਰਾਂ ਨੂੰ ਦੇਖ ਕੇ ਗੁਰਦੁਆਰੇ ਤੋਂ ਬਾਹਰ ਹੋ ਤੁਰੇ । ਗੁਰਦੁਆਰਿਓਂ ਨਿਕਲਣ ਵੇਲੇ ਪੁਲਿਸ ਸਗੋਂ ਇਕ ਪਾਸੇ ਨੂੰ ਮੂੰਹ ਕਰ ਕੇ ਖੜੋ ਗਈ। ਬੱਬਰ ਵਿਚਦੀਂ ਹੁੰਦੇ ਇਕ ਪਾਸੇ ਨਿਕਲ ਗਏ, ਪਰ ਪੁਲਿਸ ਨੇ ਉਨ੍ਹਾਂ ਵੱਲ ਅੱਖ ਚੁੱਕ ਕੇ ਭੀ ਨਾ ਦੇਖਿਆ।
ਬੱਬਰਾਂ ਦੀ ਕਾਲੀ ਫ਼ਹਿਰਿਸਤ ਤੇ ਕੋਡ
ਬੱਬਰ ਜਥੇ ਨੇ ਝੋਲੀਚੁੱਕਾਂ ਦੀ ਇਕ ਫ਼ਹਿਰਿਸਤ ਬਣਾਈ ਹੋਈ ਸੀ। ਇਹ ਫ਼ਹਿਰਿਸਤ ਕਰਮ ਸਿੰਘ ਐਡੀਟਰ ਪਾਸ ਰਹਿੰਦੀ ਸੀ । ਇਸ ਵਿਚ ਹਰ ਇਕ ਝੋਲੀਚੁੱਕ ਦਾ ਨਾਂ, ਅਹੁਦਾ ਤੇ ਪਤਾ ਦਰਜ ਸੀ। ਅਖ਼ੀਰ ਦਾ ਖ਼ਾਨਾ ਸੁਧਾਰ ਦੀ ਤਰੀਕ ਵਾਸਤੇ ਪਾਇਆ ਹੋਇਆ ਸੀ । ਜਿਸ ਦਿਨ ਕੋਈ ਝੋਲੀਚੁੱਕ ਕਤਲ ਕੀਤਾ ਜਾਂਦਾ, ਉਸ ਦਿਨ ਦੀ ਤਰੀਕ ਪਾ ਕੇ ਇਸ ਖ਼ਾਨੇ ਨੂੰ ਪੁਰ ਕੀਤਾ ਜਾਂਦਾ ਸੀ । ਜਿਸ ਵੇਲੇ ਪਹਿਲੀ ਸਤੰਬਰ 1923 ਨੂੰ ਕਰਮ ਸਿੰਘ ਐਡੀਟਰ ਸ਼ਹੀਦ ਹੋਏ ਤਾਂ ਉਨ੍ਹਾਂ ਦੇ ਝੋਲੇ ਵਿਚੋਂ ਇਹ ਫ਼ਹਿਰਿਸਤ ਨਿਕਲੀ ਸੀ। ਉਸ ਵੇਲੇ ਇਸ ਵਿਚ 179 ਝੋਲੀਚੁੱਕਾਂ ਦੇ ਨਾਂ ਦਰਜ ਸਨ।
ਬੱਬਰਾਂ ਨੇ ਕੁਝ ਸ਼ਬਦ ਆਪੋ ਵਿਚ ਗੱਲ-ਬਾਤ ਕਰਨ ਵਾਸਤੇ ਆਪਣੇ ਹੀ ਬਣਾਏ ਹੋਏ ਸਨ। ਉਹ ਪਿੰਡ ਪਤਾਰੇ ਨੂੰ ‘ਮੱਕਾ’, ਕੋਟ ਫ਼ਤੂਹੀ ਨੂੰ ‘ਚੀਫ਼ ਕੋਰਟ’, ਜੱਸੋਵਾਲ ਨੂੰ ‘ਹਾਈ ਕੋਰਟ’ ਕਿਸ਼ਨਪੁਰਾ ਨੂੰ ‘ਵੱਡਾ ਹਸਪਤਾਲ’ ਅਤੇ ਕਤਲ ਕਰਨ ਨੂੰ ‘ਸੁਧਾਰ’ ਆਖਿਆ ਕਰਦੇ ਸਨ।
ਇਕ ਜ਼ੈਲਦਾਰ ਡਰ ਨਾਲ ਹੀ ਮਰ ਗਿਆ
ਆਮ ਝੋਲੀਚੁੱਕਾਂ ਪੁਰ ਬੱਬਰਾਂ ਦਾ ਤਹਿਕਾ ਇਤਨਾ ਬੈਠ ਗਿਆ ਸੀ ਕਿ ਉਨ੍ਹਾਂ ਨੂੰ ਸੁਫ਼ਨਿਆਂ ਵਿਚ ਵੀ ਬੱਬਰਾਂ ਤੋਂ ਛੁਟਕਾਰਾ ਨਹੀਂ ਸੀ ਮਿਲਦਾ। ਉਹ ਕਦੇ ਕਦੇ ਅੱਭੜਵਾਹੇ ਚੀਕਾਂ ਮਾਰਦੇ ਜਾਂ ਲੇਲ੍ਹੜੀਆਂ ਕੱਢਦੇ ਉਠਦੇ ਸਨ।
ਜਦ ਜ਼ੈਲਦਾਰ ਰਾਮ ਨਰੈਣ ਸਿੰਘ ਮਾਹਲਪੁਰੀਏ ਨੂੰ ਪਤਾ ਲੱਗਾ ਕਿ ਬੱਬਰ ਉਸ ਨੂੰ ਸੋਧਣ ਵਾਸਤੇ ਫਿਰਦੇ ਹਨ ਤਾਂ ਉਸ ਨੂੰ ਗਸ਼ੀਆਂ ਪੈਣ ਲੱਗ ਪਈਆਂ। ਪਤਾ ਨਹੀਂ, ਉਸ ਦੀ ਨੀਂਦ ਕਿਥੇ ਉੱਡ ਗਈ। ਜੇ ਕਿਤੇ ਪਲ ਭਰ ਅੱਖ ਲੱਗਦੀ ਭੀ ਤਾਂ ਇਕ-ਦਮ ਬੁੜਾ ਕੇ ਉਠ ਬਹਿੰਦਾ । ਬੱਬਰਾਂ ਦੇ ਡਰ ਨੇ ਉਸ ਨੂੰ ਇਹੋ ਜਿਹਾ ਖਾਧਾ ਕਿ ਕੁਝ ਦਿਨਾਂ ਦੇ ਅੰਦਰ ਹੀ ਉਹ ਸੁਕ ਕੇ ਤੀਲਾ ਹੋ ਗਿਆ। ਇਕ ਰਾਤ ਉਸ ਨੇ ਲੰਮੇ ਪਿਆਂ ਅਚਾਨਕ ਹੀ ਆ-ਮੁਹਾਰਾ ਰੌਲਾ ਚੁੱਕ ਲਿਆ, ਆ ਪਏ। ਬੱਬਰ ਆ ਪਏ!! ਲੋਕੋ ਮੈਨੂੰ ਛੁਡਾ ਲਓ ! ਹਾਏ ਓਏ! ਮਾਰ ਸੁੱਟਿਆ! ਮੈਨੂੰ ਵੱਢ ਸੁੱਟਿਆ !” ਲਾਗੋਂ ਮੰਜਿਆਂ ਤੋਂ ਉਠ ਕੇ ਅਜੇ ਘਰ ਵਾਲੇ ਉਸ ਕੋਲ ਪੁੱਜੇ ਭੀ ਨਹੀਂ ਸਨ ਕਿ ਉਸ ਨੇ ਦਮ ਤੋੜ ਦਿੱਤਾ।
ਅਨੂਪ ਸਿੰਘ ਦਾ ਜਥੇ ਵਿਚ ਰਲਣਾ
ਅਨੂਪ ਸਿੰਘ ਮਾਣਕੋ ਪਹਿਲਾਂ ਤਿੰਨ ਫ਼ੁੱਟੀ ਕਿਰਪਾਨ ਰੱਖਣ ਦੇ ਦੋਸ਼ ਵਿਚ ਛੇ ਮਹੀਨੇ ਕੈਦ ਹੋ ਗਿਆ ਸੀ। ਉਹ ਕੈਂਪ ਜੇਲ੍ਹ ਮਿੰਟਗੁਮਰੀ ਅੰਦਰ ਭਾਈ ਸੁੰਦਰ ਸਿੰਘ ਆਦਿ ਬੱਬਰਾਂ ਪਾਸ ਰਹਿਣ ਕਰਕੇ ਬੱਬਰ ਖ਼ਿਆਲਾਂ ਦਾ ਹੋ ਗਿਆ ਸੀ। ਉਹ ਮਾਰਚ ਦੇ ਅਖ਼ੀਰ ਰਿਹਾਅ ਹੋ ਕੇ ਆਇਆ ਤਾਂ ਸਾਹਦਾ ਸਿੰਘ ਪੰਡੋਰੀ ਰਾਹੀਂ ਬਾਬੂ ਸੰਤਾ ਸਿੰਘ ਨੂੰ ਮਿਲਿਆ ਤੇ ਆਖਿਆ, “ਮੈਂ ਹੁਣੇ ਜੇਲ੍ਹ ਛੁੱਟ ਕੇ ਆਇਆ ਹਾਂ। ਗਿ੍ਫ਼ਤਾਰੀਆਂ ਫੇਰ ਸ਼ੁਰੂ ਹੋਣ ਵਾਲੀਆਂ ਹਨ । ਮੈਂ ਜੇਲ੍ਹ ਜਾਣੋਂ ਡਰਦਾ ਹਾਂ ਅਤੇ ਤੁਹਾਡੇ ਨਾਲ ਸ਼ਾਮਲ ਹੋਣਾ ਚਾਹੁੰਦਾ ਹਾਂ।”
ਸੰਤਾ ਸਿੰਘ ਨੇ ਦੱਸਿਆ, “ਸਾਡੇ ਜਥੇ ਨਾਲ ਰਲਣਾ ਆਪਣੇ ਆਪ ਨੂੰ ਹਰ ਵੇਲੇ ਦੇ ਖ਼ਤਰੇ ਵਿਚ ਪਾਉਣਾ ਹੈ। ਜੇ ਕੋਈ ਆਦਮੀ ਸ਼ਾਂਤਮਈ ਨਾਲ ਕੰਮ ਕਰਦਾ ਫੜਿਆ ਜਾਏ ਤਾਂ ਉਸ ਨੂੰ ਸੋਖੀ ਕੈਦ ਹੁੰਦੀ ਹੈ। ਜੇ ਬੰਦਾ ਕਤਲ ਤੇ ਹਥਿਆਰਬੰਦ ਕੰਮ ਕਰਦਾ ਫੜਿਆ ਜਾਏ ਤਾਂ ਸਜ਼ਾ ਬਹੁਤ ਸਖ਼ਤ ਹੁੰਦੀ ਹੈ, ਅਤੇ ਹੋ ਸਕਦਾ ਹੈ। ਫਾਂਸੀ ਹੀ ਹੋਵੇ। ਜੇ ਤੂੰ ਜੇਲ੍ਹ ਜਾਣੋਂ ਹੀ ਡਰਦਾ ਹੈਂ ਤਾਂ ਬੱਬਰ-ਜਥੇ ਨਾਲ ਰਲ ਕੇ ਕੀ ਕੰਮ ਕਰੇਂਗਾ।”
ਅਨੂਪ ਸਿੰਘ ਨੇ ਤਸ਼ਰੀਹ ਕੀਤੀ, “ਨਹੀਂ, ਨਹੀਂ, ਤੁਸੀਂ ਮੇਰਾ ਮਤਲਬ ਗਲਤ ਸਮਝਿਆ। ਮੈਂ ਅੱਗੇ ਵਾਂਗ ਬਿਨਾਂ ਕੰਮ ਕੀਤਿਆਂ ਹੀ ਫੜੇ ਜਾਣੋਂ ਡਰਦਾ ਹਾਂ। ਕੰਮ ਕਰ ਕੇ ਜੇਲ੍ਹ ਜਾਈਏ ਤਾਂ ਕੋਈ ਅਫ਼ਸੋਸ ਨਹੀਂ। ਮੈਂ ਹਰ ਤਰ੍ਹਾਂ ਦਾ ਕੰਮ ਕਰਨ ਨੂੰ ਤਿਆਰ ਹਾਂ।”
ਇਸ ਪੁਰ ਉਸ ਨੂੰ ਬੱਬਰ-ਜਥੇ ਵਿਚ ਸ਼ਾਮਲ ਕਰ ਲਿਆ ਗਿਆ।
ਚੌਥਾ ਕਾਂਡ
ਸਿੰਘ ਬੁੱਕੇ…
ਸਫ਼ੈਦਪੋਸ਼ ਨੂੰ ਸਜ਼ਾ
ਹਰਨਾਮ ਸਿੰਘ ਪਿੰਡ ਮਹੱਦੀਪੁਰ ਜ਼ਿਲ੍ਹਾ ਜਲੰਧਰ ਦਾ ਸਫ਼ੈਦਪੋਸ਼ ਸੀ। ਉਹ ਸਰਕਾਰ ਦਾ ਇਤਨਾ ਝੋਲੀਚੁੱਕ ਤੇ ਢੀਠ ਦੇਸ਼-ਧ੍ਰੋਹੀ ਸੀ ਕਿ ਪਿੰਡਾਂ ਵਿਚ ਫਿਰ ਕੇ ਅਕਾਲੀ ਤੇ ਕਾਂਗਰਸੀ ਲਹਿਰ ਦੇ ਵਿਰੁੱਧ ਪ੍ਰਚਾਰ ਕਰਿਆ ਕਰਦਾ ਸੀ। ਉਹ ਇਲਾਕੇ ਦੀ ‘ਅਮਨ-ਸਭਾ’ ਦਾ ਪਰਧਾਨ ਸੀ ਅਤੇ ਦੀਵਾਨਾਂ ਵਿਚ ਜਾ ਕੇ ਡਾਇਰੀਆਂ ਭੀ ਲਿਖਿਆ ਕਰਦਾ ਸੀ । ਨਰਿੰਦਰ ਸਿੰਘ ਕੰਦੋਲਾ ਨੇ ਪਿੰਡ ਘੁੜਿਆਲ ਵਿਚ ਇਕ ਅਕਾਲੀ ਦੀਵਾਨ ਦਾ ਪਰਬੰਧ ਕੀਤਾ ਸੀ, ਜਿਸ ਕਰਕੇ ਉਸ ਦਾ ਚਲਾਨ ਹੋ ਗਿਆ। ਸੀ। ਹਰਨਾਮ ਸਿੰਘ ਉਸ ਦੇ ਵਿਰੁੱਧ ਸਰਕਾਰੀ ਗਵਾਹ ਸੀ । ਉਸਨੂੰ ਇਲਾਕੇ ਦੇ ਅਕਾਲੀਆਂ ਦਾ ਇਕ ਡੈਪੂਟੇਸ਼ਨ ਮਿਲਿਆ ਅਤੇ ਗਵਾਹੀ ਨਾ ਦੇਣ ਦੀ ਬੇਨਤੀ ਕੀਤੀ,
ਪਰ ਉਸ ਨੇ ਇਕ ਨਾ ਮੰਨੀ। ਹਰਨਾਮ ਸਿੰਘ ਇਖ਼ਲਾਕ ਦਾ ਭੀ ਬਹੁਤ ਗੰਦਾ ਸੀ, ਇਸ ਕਰਕੇ ਘਰ ਵਾਲੇ ਭੀ ਇਸ ਨਾਲ ਵੱਟੇ ਰਹਿੰਦੇ ਸਨ। ਬੱਬਰਾਂ ਦੀ ਕਾਲੀ ਫ਼ਹਿਰਿਸਤ ਵਿਚ ਇਸ ਦਾ ਨਾਂ 10 ਨੰਬਰ ਪੁਰ ਦਰਜ ਸੀ । ਇਸ ਨੂੰ ਸਜ਼ਾ ਦੇਣ ਦਾ ਫ਼ੈਸਲਾ 24 ਮਾਰਚ 1922 ਨੂੰ ਹੋਇਆ ਸੀ, ਜਦ ਜਥੇਦਾਰ ਕਿਸ਼ਨ ਸਿੰਘ ਨੇ ਹਜ਼ਾਰਾ ਸਿੰਘ (ਵੱਡਾ) ਮੰਡੇਰ ਨੂੰ ਸੱਦ ਕੇ ਇਕ ਉਸਤਰਾ ਦੇ ਕੇ ਇਸਦੇ ਨੱਕ ਕੰਨ ਵੱਢਣ ਦੀ ਡਿਊਟੀ ਲਾਈ ਸੀ ਅਤੇ ਇਸ ਕੰਮ ਵਾਸਤੇ ਅਮਰ ਸਿੰਘ ਰਾਜੋਵਾਲ, ਛੱਜਾ ਸਿੰਘ ਤੇ ਦੀਵਾਨ ਸਿੰਘ ਮਸਾਣੀਆਂ ਨੂੰ ਨਾਲ ਲੈਣ ਵਾਸਤੇ ਕਿਹਾ ਸੀ।
20 ਮਈ 1922 ਦੀ ਸ਼ਾਮ ਨੂੰ ਹਜ਼ਾਰਾ ਸਿੰਘ (ਵੱਡਾ), ਹਜ਼ਾਰਾ ਸਿੰਘ ਛੋਟਾ ਮੰਡੇਰ ਨੂੰ ਨਾਲ ਲੈ ਕੇ ਅਮਰ ਸਿੰਘ ਰਾਜੋਵਾਲ ਕੋਲ ਪੁੱਜਾ। ਤਿੰਨੇ ਛੱਜਾ ਸਿੰਘ ਮਸਾਣੀਆਂ ਪਾਸ ਆਏ। ਹਜ਼ਾਰਾ ਸਿੰਘ ਨੇ ਬਾਕੀ ਤਿੰਨਾਂ ਨੂੰ ਦੱਸਿਆ ਕਿ ਹਰਨਾਮ ਸਿੰਘ ਮਹੱਦੀਪੁਰ ਦਾ ਸੁਧਾਰ ਕਰਨ ਚੱਲਣਾ ਹੈ। ਤਿੰਨੇ ਉਸ ਨਾਲ ਸਹਿਮਤ ਹੋ ਗਏ। ਛੱਜਾ ਸਿੰਘ ਨੂੰ ਆਖਿਆ ਕਿ ਉਹ ਦੀਵਾਨ ਸਿੰਘ ਨੂੰ ਭੀ ਲਿਆਵੇ ਪਰ ਦੀਵਾਨ ਸਿੰਘ ਨੇ ਤੁਰਨੋਂ ਇਨਕਾਰ ਕਰ ਦਿੱਤਾ। ਇਸ ਪੁਰ ਚਾਰੇ ਹੀ ਮਹੱਦੀਪੁਰ ਪੁੱਜੇ।
ਅਮਰ ਸਿੰਘ ਅਤੇ ਵੱਡੇ ਹਜ਼ਾਰਾ ਸਿੰਘ ਪਾਸ ਤਿੰਨ ਛੁੱਟੀਆਂ ਕਿਰਪਾਨਾਂ ਸਨ। ਛੋਟੇ ਹਜ਼ਾਰਾ ਸਿੰਘ ਪਾਸ ਡਾਂਗ ਅਤੇ ਛੱਜਾ ਸਿੰਘ ਪਾਸ ਕੇਵਲ ਛੋਟੀ ਕਿਰਪਾਨ ਸੀ । ਪਹਿਲਾਂ ਇਕੱਲਾ ਵੱਡਾ ਹਜ਼ਾਰਾ ਸਿੰਘ ਪਤਾ ਲੈਣ ਗਿਆ । ਹਰਨਾਮ ਸਿੰਘ ਵਿਹੜੇ ਵਿਚ ਇਕੱਲਾ ਹੀ ਸੁੱਤਾ ਪਿਆ ਸੀ, ਇਸ ਲਈ ਚਾਰੇ ਵਿਹੜੇ ਵਿਚ ਜਾ ਵੜੇ। ਛੋਟੇ ਹਜਾਰਾ ਸਿੰਘ ਨੇ ਹਰਨਾਮ ਸਿੰਘ ਉਤੋਂ ਚਾਦਰ ਧੂਹ ਕੇ ਪਰੇ ਮਾਰੀ ਤਾਂ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਛੱਜਾ ਸਿੰਘ ਨੇ ਜ਼ੋਰ ਨਾਲ ਉਸ ਦੇ ਮੂੰਹ ਵਿਚ ਆਪਣਾ ਮੁੱਕਾ ਵੱਟ ਕੇ ਠੋਕ ਦਿੱਤਾ। ਉਸ ਦਾ ਰੌਲਾ ਬੰਦ ਹੋ ਗਿਆ। ਛੋਟੇ ਹਜ਼ਾਰਾ ਸਿੰਘ ਨੇ ਉਸ ਦੇ ਉਦਾਲੇ ਖੂਬ ਡਾਂਗ ਵਰ੍ਹਾਈ ਅਤੇ ਵੱਡੇ ਹਜ਼ਾਰਾ ਸਿੰਘ ਤੇ ਅਮਰ ਸਿੰਘ ਨੇ ਉਸ ਦੀਆਂ ਲੱਤਾਂ ਕਿਰਪਾਨਾਂ ਨਾਲ ਟੁੱਕ ਸੁੱਟੀਆਂ। ਜਦ ਇਹ ਯਕੀਨ ਹੋ ਗਿਆ। ਕਿ ਉਹ ਹੁਣ ਢੇਰ ਚਿਰ ਲਈ ਤੁਰਨ ਫਿਰਨ ਤੋਂ ਅਸਮਰੱਥ ਰਹੇਗਾ ਤਾਂ ਅਮਰ ਸਿੰਘ ਨੇ ਛੱਜਾ ਸਿੰਘ ਨੂੰ ਆਪਣੀ ਛੋਟੀ ਕਿਰਪਾਨ ਦੇਣ ਲਈ ਕਿਹਾ ਤਾਂ ਜੁ ਗੁਟ ਤੇ ਪੈਰ ਵੱਢ ਕੇ ਸਾਰੀ ਉਮਰ ਲਈ ਉਸ ਨੂੰ ਨਕਾਰਾ ਕਰ ਦਿੱਤਾ ਜਾਵੇ । ਛੱਜਾ ਸਿੰਘ ਕਿਰਪਾਨ ਦੇਣ ਲੱਗਾ ਤਾਂ ਹਰਨਾਮ ਸਿੰਘ ਦਾ ਮੂੰਹ ਖੁੱਲ੍ਹ ਗਿਆ ਅਤੇ ਉਸ ਨੇ “ਮਾਰ ਸੁੱਟਿਆ, ਮਾਰ ਸੁੱਟਿਆ” ਦੀ ਦੁਹਾਈ ਚੁੱਕ ਲਈ। ਇੰਨੇ ਨੂੰ ਲੋਕੀਂ ਭੀ ਜਾਗ ਪਏ ਸਨ ਅਤੇ ਘੇਰਾ ਪੈ ਜਾਣ ਦਾ ਡਰ ਸੀ। ਇਸ ਕਰਕੇ ਚਾਰੇ ਬੱਬਰ ਰਫੂਚੱਕਰ ਹੋ ਗਏ।
ਪਹਿਲਾਂ ਤਾਂ ਇਲਾਕੇ ਵਿਚ ਰੌਲਾ ਪੈ ਗਿਆ ਕਿ ਹਰਨਾਮ ਸਿੰਘ ਨੂੰ ਉਸ ਦੇ ਮੁੰਡੇ ਨੇ ਹੀ ਉਸ ਦੀ ਬਦਕਾਰੀ ਦੇ ਕਾਰਨ ਕੁੱਟਿਆ ਮਾਰਿਆ ਹੈ, ਪਰ ਜਦ ਹਰਨਾਮ ਸਿੰਘ ਨੂੰ ਹੋਸ਼ ਆਈ ਤਾਂ ਉਸ ਨੇ ਦੱਸਿਆ ਕਿ ਉਸ ਪੁਰ ਤਿੰਨ ਚਾਰ ਅਕਾਲੀਆਂ ਨੇ ਹਮਲਾ ਕੀਤਾ ਸੀ। ਹਰਨਾਮ ਸਿੰਘ ਨੂੰ ਯਾਰਾਂ ਵੱਡੇ ਜ਼ਖ਼ਮ ਆਏ ਸਨ-ਅੱਠ ਕਿਰਪਾਨ ਦੇ ਅਤੇ ਤਿੰਨ ਲਾਠੀ ਦੇ । ਉਹ ਕਾਫ਼ੀ ਚਿਰ ਹਸਪਤਾਲ ਪਏ ਰਹਿਣ ਮਗਰੋਂ ਤੁਰਨ ਫਿਰਨ ਜੋਗਾ ਹੋਇਆ।
ਪੁਲਿਸ ਦੀ ਤਫ਼ਤੀਸ਼ ਦੇਖ ਲਓ। ਉਸ ਨੇ ਕੰਦੋਲੇ ਵਾਲੇ ਬਸੰਤ ਸਿੰਘ, ਅੱਛਰ ਸਿੰਘ ਤੇ ਇੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਮੁਕੱਦਮਾ ਚਲਾ ਦਿੱਤਾ। ਹੇਠਲੀ ਅਦਾਲਤ ਨੇ ਇਨ੍ਹਾਂ ਨੂੰ ਛੇ ਛੇ ਸਾਲ ਦੀ ਸਜ਼ਾ ਭੀ ਕਰ ਦਿੱਤੀ, ਪਰ ਹਾਈਕੋਰਟ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ। ਇਨ੍ਹਾਂ ਬੇਦੋਸ਼ਿਆਂ ਨਾਲ ਇਹ ਇਸ ਵਾਸਤੇ ਬੀਤੀ, ਕਿਉਂਕਿ ਇਹ ਉਸ ਡੈਪੂਟੇਸ਼ਨ ਵਿਚ ਸ਼ਾਮਲ ਸਨ ਜਿਹੜਾ ਹਰਨਾਮ ਸਿੰਘ ਨੂੰ ਨਰਿੰਦਰ ਸਿੰਘ ਵਿਰੁੱਧ ਗਵਾਹੀ ਤੋਂ ਹਟਾਉਣ ਵਾਸਤੇ ਮਿਲਿਆ ਸੀ । ਹਰਨਾਮ ਸਿੰਘ ਨੇ ਐਵੇਂ ਹੀ ਨਾਉਂ ਲੈ ਕੇ ਅਤੇ ਝੂਠੀ ਸ਼ਨਾਖ਼ਤ ਕਰ ਕੇ ਇਨ੍ਹਾਂ ਨੂੰ ਫਸਾ ਦਿੱਤਾ ਸੀ।
ਨੰਬਰਦਾਰ ਤੋਂ ਮਾਮਲਾ ਵਸੂਲਿਆ
3 ਜੁਲਾਈ 1922 ਵਾਲੇ ਦਿਨ ਬਿਛੌੜੀ ਦਾ ਨੰਬਰਦਾਰ ਕਾਕਾ ਆਪਣੇ ਪਿੰਡ ਤੋਂ ਗੜ੍ਹਸ਼ੰਕਰ ਨੂੰ ਮਾਮਲਾ ਤਾਰਨ ਵਾਸਤੇ ਜਾ ਰਿਹਾ ਸੀ । ਹੇਠਾਂ ਇਕ ਟੁੱਟਿਆ ਜਿਹਾ ਟੱਟੂ ਸੀ, ਜਿਹੋ ਜਿਹਾ ਕਿ ਆਮ ਨੰਬਰਦਾਰਾਂ ਪਾਸ ਹੁੰਦਾ ਹੀ ਹੈ। ਤਿੰਨ ਹੋਰ ਸੱਜਣ ਨਾਲ ਪੈਦਲ ਸਨ। ਨਾਉਂ ਤਾਂ ਉਸ ਦਾ ਕਾਕਾ ਸੀ ਹੀ, ਕੱਦ ਕਾਠ ਵਲੋਂ ਭੀ ਐਵੇਂ ਬਿੱਲੂ ਜਿਹਾ ਹੀ ਸੀ ਤੇ ਹੇਠਾਂ ਟੱਟੂ ਭੀ ਉਹੋ ਜਿਹਾ-ਪਰ ਨੰਬਰਦਾਰ ਨਾਲ ਦਿਆਂ ਨਾਲ ਗੱਲਾਂ ਬੜੀ ਮੜਕ ਨਾਲ ਕਰ ਰਿਹਾ ਸੀ। ਉਸ ਨੇ ਪੂਰਾ ਪੌਣੇ ਛੇ ਸੌ ਬਾਸਣੀ ਵਿਚ ਪਾ ਕੇ ਲੱਕ ਨਾਲ ਬੰਨ੍ਹਿਆ ਹੋਇਆ ਸੀ ।
ਪਿੱਛੋਂ ਇਕ ਪਾਸਿਓਂ ਕਰਮ ਸਿੰਘ ਐਡੀਟਰ, ਉਦੈ ਸਿੰਘ, ਹਰਨਾਮ ਸਿੰਘ ਰੁੜਕਾ ਤੇ ਪ੍ਰੇਮ ਸਿੰਘ ਮਾਜੋ (ਰਿਆਸਤ ਪਟਿਆਲਾ) ਆਣ ਰਲੇ। ਉਦੈ ਸਿੰਘ ਨੇ ਪੁੱਛਿਆ “ਨੰਬਰਦਾਰਾ, ਟੱਟੂ ਕਿੱਧਰ ਨੂੰ ਹੱਕਿਆ ਏ ?”
ਨੰਬਰਦਾਰ ਨੇ ਬੜੀ ਐਂਠ ਨਾਲ ਮੁੜ ਕੇ ਤੱਕਿਆ ਤੇ ਉੱਤਰ ਦਿੱਤਾ, “ਭਈ, ਤਸੀਲਦਾਰ ਨੂੰ ਮਿਲਣ ਚੱਲਿਆ ਹਾਂ।”
“ਕਿਉਂ, ਉਹਦੇ ਤਾਈਂ ਕੀ ਕੰਮ ਪੈ ਗਿਆ ?”
“ਸਾਡੇ ਕੰਮਾਂ ਦਾ ਕੀ ਲੇਖਾ ਹੈ, ਤਸੀਲ ਤਾਂ ਸਾਡਾ ਘਰ ਹੀ ਹੋਇਆ। ਅੱਜ
ਤਾਂ ਮਾਮਲਾ ਜਮ੍ਹਾ ਕਰਾਉਣ ਚੱਲਿਆ ਹਾਂ।”
“ਮਾਮਲੇ ਵਾਸਤੇ ਗੜ੍ਹਸ਼ੰਕਰ ਜਾਣ ਦੀ ਖੇਚਲ ਨਾ ਕਰੀਂ, ਉਂਜ ਤਸੀਲਦਾਰ ਨੂੰ ਮਿਲਣ ਜਾਣਾ ਹੈ ਤਾਂ ਬੇਸ਼ਕ ਫਿਰ ਆ। ਮਾਮਲਾ ਤਾਂ ਅਸੀਂ ਏਥੇ ਹੀ ਵਸੂਲ ਕਰ ਲਵਾਂਗੇ।”
“ਜਾਹ ਭਈ, ਆਪਣੇ ਰਸਤੇ ਲੱਗ ! ਬਜ਼ੁਰਗਾਂ ਨਾਲ ਮਖ਼ੌਲ ਨਹੀਂ ਕਰੀਦੇ।”
“ਨੰਬਰਦਾਰਾ, ਮਖ਼ੌਲ ਵਾਲੀ ਕੋਈ ਗੱਲ ਨਹੀਂ। ਅਸੀਂ ਦੇਸੀ ਸਰਕਾਰ ਵਲੋਂ ਤੈਥੋਂ ਮਾਮਲਾ ਹੀ ਵਸੂਲਣ ਆਏ ਹਾਂ।”
“ਕਿਹੜੀ ਤੁਹਾਡੇ ਘਰ ਦੀ ਦੇਸੀ ਸਰਕਾਰ ਹੈ ?”
“ਤੂੰ ਤਾਂ ਬਹੁਤ ਪੁਰਾਣੇ ਖ਼ਿਆਲਾਂ ਦਾ ਆਦਮੀ ਜਾਪਦਾ ਏਂ । ਅਜੇ ਤਾਈਂ ਤੈਨੂੰ ਪਤਾ ਨਹੀਂ ਲੱਗਾ ਕਿ ਅੰਗਰੇਜ਼ੀ ਸਰਕਾਰ ਨੂੰ ਏਥੋਂ ਕੱਢਣ ਵਾਸਤੇ ਅਕਾਲੀਆਂ ਨੇ ਆਪਣੀ ਸਰਕਾਰ ਬਣਾ ਲਈ ਹੈ । ਤੂੰ ਬਿਗਾਨੀ ਸਰਕਾਰ ਨੂੰ ਪੈਸੇ ਦੇਣ ਚੱਲਿਆ। ਏਂ। ਅਸੀਂ ਤੇਰੇ ਭਰਾ ਹਾਂ ਤੇ ਦੇਸੀ ਸਰਕਾਰ ਦੇ ਬੰਦੇ ਹਾਂ । ਲਿਆ ਉਰੇ ਕਰ ਮਾਮਲਾ, ਤੂੰ ਭੀ ਤੇ ਅਸੀਂ ਵੀ ਛੇਤੀ ਵਿਹਲੇ ਹੋ ਕੇ ਆਪਣੇ ਰਾਹੇ ਲੱਗੀਏ।”
“ਓਏ ਸਿੱਧੇ ਕਿਉਂ ਨਹੀਂ ਦੱਸਦੇ ਕਿ ਤੁਸੀਂ ਡਾਕੂ ਹੋ, ਪਰ ਮੈਂ ਸਰਕਾਰੀ ਖ਼ਜ਼ਾਨੇ ਦਾ ਪੈਸਾ ਤੁਹਾਨੂੰ ਕਿਵੇਂ ਫੜਾ ਦੇਵਾਂ । ਇਸ ਰਕਮ ਪੁਰ ਧਾੜਾ ਮਾਰ ਕੇ ਤੁਹਾਡੇ ਬਚਣ ਦਾ ਕਿਹੜਾ ਰਾਹ ਹੈ ?”
ਕਰਮ ਸਿੰਘ ਐਡੀਟਰ ਨੇ ਘੁਰਕਿਆ, “ਓਏ ਲਗਦਿਆ ਸਰਕਾਰੀ ਰਕਮ ਦਿਆ, ਰੱਖਦਾ ਏਂ ਕਿ ਨਹੀਂ ਸਿੱਧੀ ਹੱਥੀਂ, ਕਦੋਂ ਦੀ ਰਿੜ ਰਿੜ ਲਾਈ ਹੋਈ ਹੈ। ਜੇ ਰਕਮ ਸਰਕਾਰੀ ਹੈ ਤਾਂ ਤੂੰ ਕਿਉਂ ਐਵੇਂ ਜੱਫਾ ਮਾਰੀ ਬੈਠਾ ਏਂ।”
ਇਹ ਆਖ ਕੇ ਕਰਮ ਸਿੰਘ ਨੇ ਕਾਕੇ ਨੂੰ ਘੋੜੀ ਉੱਤੋਂ ਥੱਲੇ ਸੁੱਟ ਲਿਆ ਤੇ ਦੋ ਚਾਰ ਟਿਕਾਈਆਂ। ਨਾਲ ਦਿਆਂ ਤੋਂ ਦੋ ਕੁ ਟੱਕ ਭੀ ਲੱਗ ਗਏ। ਕਾਕੇ ਦੀ ਸੂਰਤ ਟਿਕਾਣੇ ਆ ਗਈ। ਉਹਨੂੰ ਪਤਾ ਲੱਗ ਗਿਆ ਕਿ ਜਿਨ੍ਹਾਂ ਚੱਕਰਵਰਤੀਆਂ ਦੀਆਂ ਗੱਲਾਂ ਸੁਣੀਦੀਆਂ ਸਨ, ਇਹ ਤਾਂ ਉਹੋ ਹੀ ਹਨ । ਲੱਗਾ ਗੈਂ ਰੀਂ ਕਰਨ । “ਮੈਂ ਗ਼ਰੀਬ ਆਦਮੀ ਹਾਂ, ਮੈਨੂੰ ਨਾ ਲੁੱਟੋ, ਮੈਥੋਂ ਇਤਨੀ ਰਕਮ ਨਹੀਂ ਭਰੀ ਜਾਣੀ ਤੇ ਸਰਕਾਰ ਨੇ ਮੇਰਾ ਕੱਖ ਨਹੀਂ ਛੱਡਣਾ।”
“ਓਏ ਮੂਰਖਾ, ਅਸੀਂ ਤੈਥੋਂ ਕੀ ਖੋਹਦੇ ਹਾਂ, ਅਸੀਂ ਤਾਂ ਸਰਕਾਰੀ ਖ਼ਜ਼ਾਨਾ ਕਾਬੂ
ਕਰ ਰਹੇ ਹਾਂ। ਤੇਰਾ ਕੀ ਜਾਂਦਾ ਹੈ ? ਤੂੰ ਜਾ ਕੇ ਤਸੀਲੇ ਦੱਸ ਦੇ ਕਿ ਚੱਕਰਵਰਤੀ
ਰਾਹ ਵਿਚ ਹੀ ਮਾਮਲਾ ਲੈ ਗਏ ਹਨ।”
“ਪਰ ਸੁਣਿਆ ਹੈ, ਤੁਸੀਂ ਇਤਲਾਹ ਦੇਣ ਵਾਲਿਆਂ ਨੂੰ ਵੀ ਔਖਾ ਕਰਦੇ ਹੋ।”
“ਜਾ ਤੈਨੂੰ ਛੁੱਟੀ ਹੈ, ਜਿਵੇਂ ਮਰਜ਼ੀ ਰਪੋਟ ਕਰ ਦੇਹ, ਅਸੀਂ ਤੈਨੂੰ ਕੁਝ ਨਹੀਂ ਆਖਾਂਗੇ। ਅਸੀਂ ਤੇਰਾ ਕੋਈ ਨੁਕਸਾਨ ਨਹੀਂ ਕਰਨ ਆਏ, ਪਰ ਇਸ ਵਿਦੇਸ਼ੀ ਸਰਕਾਰ ਦਾ ਨੁਕਸਾਨ ਕਰਨਾ ਸਾਡਾ ਧਰਮ ਹੈ।”
ਕਾਕੇ ਦਾ ਸਾਹ ਨਾਲ ਸਾਹ ਰਲਿਆ। ਲੱਕ ਨਾਲੋਂ ਬਾਸਣੀ ਖੋਲ੍ਹ ਕੇ ਚੱਕਰਵਰਤੀਆਂ ਮੁਹਰੇ ਧਰ ਦਿੱਤੀ । ਕਰਮ ਸਿੰਘ ਨੇ ਰਕਮ ਆਪਣੀ ਝੋਲੀ ਪਾਈ ਅਤੇ ਬਾਸਣੀ ਖ਼ਾਲੀ ਕਰ ਕੇ ਕਾਕੇ ਨੂੰ ਮੋੜ ਦਿੱਤੀ ਤੇ ਆਖਿਆ, “ਆਹ ਲੈ, ਅਸੀਂ ਤੇਰੀ ਬਾਸਣੀ ਦਾ ਭੀ ਨੁਕਸਾਨ ਨਹੀਂ ਕਰਨਾ। ਬੱਧੇ ਰੁਪਿਆਂ ਤੋਂ ਬਾਹਰੀ ਇਕ ਦੁਆਨੀ ਹੈ, ਇਹ ਭੀ ਤੈਨੂੰ ਮੋੜਦੇ ਹਾਂ। ਨਿਆਣੇ ਉਡੀਕਦੇ ਹੋਣਗੇ, ਉਨ੍ਹਾਂ ਲਈ ਚੀਜ਼ੀ ਲੈ नाहों।”
ਵਾਰ ਖ਼ਾਲੀ
ਜੱਸੋਵਾਲ ਦੀ 25 ਦਸੰਬਰ 1922 ਦੀ ਮੀਟਿੰਗ ਵਿਚ ਇਹ ਫ਼ੈਸਲਾ ਹੋਇਆ ਸੀ ਕਿ ਝੋਲੀਚੁੱਕਾਂ ਦੇ ਸੁਧਾਰ ਦਾ ਕੰਮ ਅਰਜਨ ਸਿੰਘ ਪਟਵਾਰੀ ਹਰੀਪੁਰ ਦੇ ਕਤਲ ਤੋਂ ਅਰੰਭ ਕੀਤਾ ਜਾਵੇ, ਕਿਉਂਕਿ ਉਸ ਵੇਲੇ ਇਹ ਯਕੀਨ ਸੀ ਕਿ ਉਸ ਨੇ ਮਾਸਟਰ ਮੋਤਾ ਸਿੰਘ ਨੂੰ ਗ੍ਰਿਫ਼ਤਾਰ ਕਰਵਾਇਆ ਸੀ । ਅਰਜਨ ਸਿੰਘ ਦਾ ਨਾਂ ਬੱਬਰਾਂ ਦੀ ਕਾਲੀ ਫ਼ਹਿਰਿਸਤ ਵਿਚ ਪਹਿਲੇ ਨੰਬਰ ਪੁਰ ਸੀ।
ਪਤਾ ਇਹ ਲੱਗਾ ਕਿ ਅਰਜਨ ਸਿੰਘ ਦੀ ਜਲੰਧਰ ਜ਼ਿਲ੍ਹਾ ਕਚਹਿਰੀਆਂ ਵਿਚ 16 ਜਨਵਰੀ 1923 ਦੀ ਪੇਸ਼ੀ ਹੈ। ਜਥੇ ਨੇ ਫ਼ੈਸਲਾ ਕੀਤਾ ਕਿ ਉਸ ਦਿਨ ਉਸ ਨੂੰ ਖ਼ਤਮ ਕੀਤਾ ਜਾਵੇ । ਇਸ ਮਕਸਦ ਵਾਸਤੇ ਤਿੰਨ ਟੁਕੜੀਆਂ ਬਣਾਈਆਂ ਗਈਆਂ। ਪਲੈਨ ਇਹ ਸੀ ਕਿ ਬੂਟਾ ਸਿੰਘ ਪੰਡੋਰੀ ਨਿਝਰਾਂ ਅਤੇ ਸਾਧੂ ਸਿੰਘ, ਪ੍ਰੇਮ ਸਿੰਘ ਤੇ ਬੰਤਾ ਸਿੰਘ ਪ੍ਰਾਗਪੁਰ ਜ਼ਿਲ੍ਹਾ ਕਚਹਿਰੀਆਂ ਵਿਚ ਪੁੱਜਣ । ਬਾਬੂ ਸੰਤਾ ਸਿੰਘ, ਮੁਨਸ਼ਾ ਸਿੰਘ ਜੌਹਲ ਅਤੇ ਸਾਹਦਾ ਸਿੰਘ ਪੰਡੋਰੀ, ਜੰਡੂ ਸਿੰਘਾ ਸਟੇਸ਼ਨ (ਅੱਜ ਕਲ੍ਹ ਇਸ ਦੀ ਥਾਂ ਬੁਲੇਨਾ ਸਟੇਸ਼ਨ ਹੈ) ਲਾਗੇ ਅਤੇ ਜਥੇਦਾਰ ਕਿਸ਼ਨ ਸਿੰਘ ਬਹਿਬਲਪੁਰ ਤੇ ਜਗਜੀਤ ਸਿੰਘ ਕੁਠਾਰ ਆਦਮਪੁਰ ਸਟੇਸ਼ਨ ਲਾਗੇ ਠਹਿਰਨ। ਜੇ ਪਹਿਲੀ ਟੁਕੜੀ ਕਿਸੇ ਕਾਰਨ ਅਰਜਨ ਸਿੰਘ ਨੂੰ ਖ਼ਤਮ ਕਰਨ ਵਿਚ ਅਸਫਲ ਰਹੇ ਤਾਂ ਦੂਜੀ ਟੁਕੜੀ ਉਸ ਨੂੰ ਜੰਡੂ ਸਿੰਘਾ ਸਟੇਸ਼ਨ ‘ਤੇ ਸਾਂਭੇ, ਜੇ ਉਹ ਆਦਮਪੁਰ ਜਾ ਉਤਰੇ ਤਾਂ ਤੀਸਰੀ ਟੁਕੜੀ ਕਤਲ ਕਰ ਦੇਵੇ। ਇਸ ਤਰ੍ਹਾਂ ਅਰਜਨ ਸਿੰਘ ਵਾਸਤੇ ਲੰਮਾ ਚੌੜਾ ਜਾਲ ਵਿਛਾਇਆ ਗਿਆ। ਪਰ ਬੂਟਾ ਸਿੰਘ ਕਚਹਿਰੀਆਂ ਵਿਚ ਦੇਰੀ ਨਾਲ ਪੁੱਜਾ ਅਤੇ ਤਿੰਨੇ ਪ੍ਰਾਗਪੁਰੀਏ ਪਿੰਡੋਂ ਹੀ ਨਾ ਹਿੱਲੇ। ਸਾਧੂ ਸਿੰਘ ਤਾਂ ਤਿਆਰ ਸੀ, ਪਰ ਉਸ ਦੇ ਨਾਲ ਦੇ ਦੋਵੇਂ ਢਿੱਲੇ ਪੈ ਗਏ। ਇਸ ਤਰ੍ਹਾਂ ਅਰਜਨ ਸਿੰਘ ਕਚਹਿਰੀਆਂ ਵਿਚੋਂ ਬਚ ਕੇ ਆ ਗਿਆ ਅਤੇ ਉਸ ਦਿਨ ਜਲੰਧਰ ਸ਼ਹਿਰ ਹੀ ਠਹਿਰ ਗਿਆ, ਜਿਸ ਕਰਕੇ ਅਗਲਾ ਸਾਰਾ ਪਲੈਨ ਹੀ ਅਜਾਈਂ ਗਿਆ।
ਅਰਜਨ ਸਿੰਘ ਦੀ ਦੂਜੀ ਪੇਸ਼ੀ 23 ਜਨਵਰੀ ਨੂੰ ਸੀ । ਉਸ ਦਿਨ ਵਾਸਤੇ ਬਾਬੂ ਸੰਤਾ ਸਿੰਘ, ਬੂਟਾ ਸਿੰਘ ਤੇ ਸਾਹਦਾ ਸਿੰਘ ਪੰਡੋਰੀ, ਪ੍ਰੇਮ ਸਿੰਘ ਪ੍ਰਾਗਪੁਰ ਤੇ ਰਾਮ ਸਿੰਘ ਮੁਜ਼ਾਰਾ ਕਲਾਂ ਦੀ ਡਿਊਟੀ ਲਾਈ ਗਈ। ਜਦ ਇਹ ਸਾਰੇ ਕਚਹਿਰੀਆਂ ਵਿਚ ਪੁੱਜੇ ਤਾਂ ਅਰਜਨ ਸਿੰਘ ਪਟਵਾਰੀ ਕਈ ਹੋਰ ਹਰੀਪੁਰੀਆਂ ਨਾਲ ਕਚਹਿਰੀਆਂ ਮੁਹਰੇ ਟਹਿਲ ਰਿਹਾ ਸੀ। ਇਹ ਭੀ ਘਾਤ ਵਿਚ ਐਧਰ ਓਧਰ ਫਿਰਦੇ ਰਹੇ। ਚਾਰ ਵਜੇ ਦੇ ਕਰੀਬ ਅਰਜਨ ਸਿੰਘ ਸਾਇਕਲ ਪਰ ਕੰਪਨੀ ਬਾਗ਼ ਵੱਲ ਗਿਆ ਤਾਂ ਬੂਟਾ ਸਿੰਘ, ਸਾਹਦਾ ਸਿੰਘ ਤੇ ਰਾਮ ਸਿੰਘ ਉਸ ਦੇ ਮਗਰ ਭੱਜੇ, ਪਰ ਉਹ ਦੂਰ ਨਿਕਲ ਚੁੱਕਾ ਸੀ। ਇਹ ਸਾਰੇ ਨਿਰਾਸ ਹੋ ਕੇ ਮੁੜ ਪਏ। ਜਦ ਗੌਰਮਿੰਟ ਸਕੂਲ ਕੋਲ ਪੁੱਜੇ ਤਾਂ ਅਰਜਨ ਸਿੰਘ ਮੋਹਰਿਓਂ ਖ਼ਾਲਸਾ ਸਕੂਲ ਵਲੋਂ ਸਾਇਕਲ ਪੁਰ ਆਉਂਦਾ ਨਜ਼ਰੀਂ ਪਿਆ। ਸੰਤਾ ਸਿੰਘ ਨੇ ਸਾਰਿਆਂ ਨੂੰ ਤਿਆਰ ਹੋਣ ਵਾਸਤੇ ਆਖਿਆ। ਬੂਟਾ ਸਿੰਘ ਦੀ ਡਿਊਟੀ ਸਾਇਕਲ ਦੀਆਂ ਤਾਰਾਂ ਵਿਚ ਸੋਟੀ ਫਸਾਉਣ ਦੀ ਲੱਗੀ, ਤਾਕਿ ਇਸ ਤਰ੍ਹਾਂ ਜਦ ਉਹ ਡਿੱਗ ਪਵੇ ਤਾਂ ਬਾਕੀ ਸਾਰੇ ਉਪਰੋਂ ਪੈ ਜਾਣ। ਪਰ ਬੂਟਾ ਸਿੰਘ ਸੋਟੀ ਫਸਾਉਣ ਵਿਚ ਫ਼ੇਲ੍ਹ ਹੋ ਗਿਆ ਅਤੇ ਪਟਵਾਰੀ ਬਚ ਕੇ ਨਿਕਲ ਗਿਆ।
ਸ਼ਾਹੂਕਾਰ ਤੋਂ ਉਗਰਾਹੀ
ਮੁਨਸ਼ੀ ਰਾਮ ਪਿੰਡ ਜਾਡਲੇ ਦਾ ਇਕ ਵੱਡਾ ਸ਼ਾਹੂਕਾਰ ਸੀ। ਇਹ ਮੂੰਹ ਦਾ ਬੜਾ ਮਿੱਠਾ ਸੀ ਤੇ ਸਾਧਾਰਨ ਆਦਮੀ ਨੂੰ ਝੱਟ ਆਪਣੇ ਜਾਲ ਵਿਚ ਫਸਾ ਲੈਂਦਾ ਸੀ । ਜਿਹੜਾ ਇਕ ਵਾਰੀ ਉਸ ਦੇ ਜਾਲ ਵਿਚ ਫਸਿਆ, ਬਸ! ਉਸ ਦਾ ਮਕੜੇ ਦੇ ਕਾਬੂ ਆਈ ਮੱਖੀ ਵਾਲਾ ਹਾਲ ਕਰ ਕੇ ਛੱਡਦਾ ਸੀ। ਉਸ ਨੇ ਦੂਰ ਨੇੜੇ ਦੇ ਸੈਂਕੜੇ ਭੋਲੇ-ਭਾਲਿਆਂ ਦੀ ਰਤ ਚੂਸ ਚੂਸ ਕੇ ਮੰਡੀਆਂ ਵਿਚ ਆਪਣਾ ਚੰਗਾ ਵਪਾਰ ਭੀ ਫੈਲਾਅ ਲਿਆ ਸੀ। ਮੁਨਸ਼ੀ ਰਾਮ ਗੁੱਝਾ ਗੁੱਝਾ ਪੁਲਿਸ ਦਾ ਏਜੰਟ ਸੀ ਅਤੇ ਆਈ ਗਈ ਪੁਲਿਸ ਭੀ ਉਸ ਦੇ ਕੋਲ ਹੀ ਠਹਿਰਦੀ ਸੀ।
ਬੱਬਰ ਜਥੇ ਨੇ ਫ਼ੈਸਲਾ ਕੀਤਾ ਕਿ ਹਥਿਆਰ ਖ਼ਰੀਦਣ ਵਾਸਤੇ ਇਸ ਸ਼ਾਹੂਕਾਰ ਤੋਂ ਚੰਗੀ ਰਕਮ ਖੋਹੀ ਜਾਵੇ । ਇਸ ਮਕਸਦ ਲਈ ਹੇਠ ਲਿਖੇ ਬੱਬਰ ਜਾਡਲੇ ਦੇ ਪੜਾਉ ਵਿਚ 2 ਫ਼ਰਵਰੀ 1923 ਦੀ ਰਾਤ ਨੂੰ ਇਕੱਠੇ ਹੋਏ :
ਕਰਮ ਸਿੰਘ ਐਡੀਟਰ, ਬੰਤਾ ਸਿੰਘ, ਠਾਕਰ ਸਿੰਘ, ਹਰੀ ਸਿੰਘ, ਵਰਿਆਮ ਸਿੰਘ ਤੇ ਮਿਸਤ੍ਰੀ ਗੁਰਬਚਨ ਸਿੰਘ ਦੌਲਤਪੁਰ, ਉਦੈ ਸਿੰਘ ਰਾਮਗੜ੍ਹ ਝੁੰਗੀਆਂ, ਵਰਿਆਮ ਸਿੰਘ, ਕਰਤਾਰ ਸਿੰਘ, ਰਾਮ ਸਿੰਘ ਛੋਟਾ ਤੇ ਰਾਮ ਸਿੰਘ ਵੱਡਾ ਮੁਜ਼ਾਰਾ ਕਲਾਂ, ਆਸਾ ਸਿੰਘ ਭਕੜਦੀ, ਰਾਮ ਸਿੰਘ, ਸੁੰਦਰ ਸਿੰਘ, ਸੁਰਜਨ ਸਿੰਘ ਤੇ ਧਰਮ ਸਿੰਘ ਹਯਾਤਪੁਰ, ਗੁਰਬਚਨ ਸਿੰਘ ਸਾਹਦੜਾ, ਹਰੀ ਸਿੰਘ, ਹਰਦਿਤ ਸਿੰਘ ਤੇ ਹਰਬਖ਼ਸ਼ ਸਿੰਘ ਜੱਸੋਵਾਲ ਅਤੇ ਮਿਸਤ੍ਰੀ ਅਮਰ ਸਿੰਘ ਮੰਡਿਆਣੀ।
ਕਰਮ ਸਿੰਘ ਦੌਲਤਪੁਰ ਨੇ ਸਾਰਿਆਂ ਨੂੰ ਸਮਝਾਇਆ ਕਿ ਮੁਨਸ਼ੀ ਰਾਮ ਉੱਤੇ ਪੈਣ ਦਾ ਮਕਸਦ ਇਹ ਹੈ ਕਿ ਉਸ ਕੋਲੋਂ ਗ਼ਰੀਬਾਂ ਦਾ ਲਹੂ ਨਿਚੋੜ ਕੇ ਬਣਾਇਆ ਧਨ ਖੋਹ ਕੇ ਹਿੰਦ ਦੀ ਅਜ਼ਾਦੀ ਵਾਸਤੇ ਸ਼ਸਤਰ ਖ਼ਰੀਦੇ ਜਾਣ। ਸਭ ਨੂੰ ਹਦਾਇਤ ਕੀਤੀ ਕਿ ਸਿਵਾਏ ਨਕਦ ਰੁਪਏ ਤੋਂ ਕੋਈ ਚੀਜ਼ ਨਾ ਉਠਾਈ ਜਾਵੇ । ਹਰ ਇਕ ਦੀ ਡਿਊਟੀ ਦੱਸ ਕੇ ਕਰਮ ਸਿੰਘ ਨੇ ਅਰਦਾਸਾ ਸੋਧਿਆ ਅਤੇ ਮੁਨਸ਼ੀ ਰਾਮ ਦੇ ਘਰ ਵੱਲ ਚਾਲੇ ਪਾਏ।
ਮੁਨਸ਼ੀ ਰਾਮ ਉਸ ਵੇਲੇ ਕੁੰਡਾ ਮਾਰ ਕੇ ਆਪਣੀ ਬੈਠਕ ਵਿਚ ਬੈਠਾ ਤਿੰਨ ਚਾਰ ਆਦਮੀਆਂ ਨਾਲ ਗੱਲਾਂ ਕਰ ਰਿਹਾ ਸੀ। ਰਾਮ ਸਿੰਘ ਮੁਜ਼ਾਰਾ ਕਲਾਂ ਨੇ ਬੂਹਾ ਖੜਕਾਇਆ ਅਤੇ ਆਵਾਜ਼ ਬਦਲ ਕੇ ਬੜੀ ਨਿਮਰਤਾ ਨਾਲ ਆਖਿਆ, “ਸ਼ਾਹ ਜੀ! ਸ਼ਾਹ ਜੀ!”
ਮੁਨਸ਼ੀ ਰਾਮ ਨੇ ਪੁੱਛਿਆ, “ਕੌਣ ਏਂ ਭਈ ਤੂੰ, ਇਸ ਵੇਲੇ ਹਾਕਾਂ ਮਾਰਦਾ ?”
“ਜੀ, ਮੈਂ ਬਾਬੂ ਹਾਂ ਭਗਤਾਂ ਦਾ।”
“ਹੋਰ ਕੌਣ ਏ ਤੇਰੇ ਨਾਲ ?”
“ਜੀ ਲਾਲ ਮਲ।”
ਮੁਨਸ਼ੀ ਰਾਮ ਨੂੰ ਖ਼ੁਸ਼ੀਆਂ ਚੜ੍ਹ ਗਈਆਂ, ਕਿਉਂਕਿ ਲਾਲ ਮਲ ਅਤੇ ਬਾਬੂ ਉਸ ਦੀਆਂ ਪੁਰਾਣੀਆਂ ਸਾਮੀਆਂ ਸਨ। ਸ਼ਾਹ ਦੀ ਕੜੱਕੀ ਵਿਚ ਫਸ ਕੇ ਲਾਲ ਮਲ ਨਾ ਲਾਲ ਰਿਹਾ ਸੀ, ਨਾ ਮਲ । ਭਗਤਾਂ ਦਾ ਬਾਬੂ ਭੀ ਨਾਉਂ ਦਾ ਹੀ ਬਾਬੂ ਸੀ, ਉਂਜ ਉਹ ਫੋਕਾ ਭਗਤ ਹੀ ਭਗਤ ਰਹਿ ਗਿਆ ਸੀ । ਸ਼ਾਹ ਨੇ ਸੋਚਿਆ, ਕੋਈ ਡਾਢੀ ਲੋੜ ਪੈ ਗਈ ਹੋਣੀ ਏਂ, ਜਿਹੜੇ ਏਡੀ ਰਾਤ ਗਈ ਤੇ ਆਏ ਹਨ। ਅੱਜ ਨੌਣੇ ਪੌਣੇ ਲਾ ਕੇ ਚੰਗੀ ਤਰ੍ਹਾਂ ਕਾਬੂ ਕਰੂੰਗਾ । ਉਸ ਨੇ ਆਪਣੇ ਕੋਲ ਬੈਠੇ ਇਕ ਆਦਮੀ ਨੂੰ ਆਖਿਆ, “ਉਠ ਉਏ ਪੋਲਿਆ, ਕੁੰਡਾ ਖੋਲ੍ਹ, ਬਾਹਰ ਠੱਕਾ ਵਗਦਾ ਏ, ਵਿਚਾਰੇ ਪਤਾ ਨਹੀਂ ਕਿੱਦਾਂ ਵਖਤ ਝਾਗਦੇ ਆਏ ਹਨ।”
ਪੋਲੇ ਨੇ ਕੁੰਡਾ ਖੋਲ੍ਹਿਆ ਤਾਂ ਰਾਮ ਸਿੰਘ ਨੇ ਉਸ ਨੂੰ ਪੋਲਾ ਜਿਹਾ ਧੱਕਾ ਦਿੱਤਾ। ਉਹ ਅੱਗੇ ਹੀ ਸ਼ਾਹ ਦਾ ਪੋਲਾ ਕੀਤਾ ਹੋਇਆ ਸੀ, ਧੜੰਮ ਕਰਦਾ ਇਕ ਪਾਸੇ ਡਿੱਗ ਪਿਆ।
“ਓਏ ਪੋਲਿਆ, ਤੈਨੂੰ ਕੀ ਹੋ ਗਿਆ, ਐਵੇਂ ਡਿੱਗਦਾ ਫਿਰਦਾ ਏਂ,” ਸ਼ਾਹ ਨੇ ਪੁੱਛਿਆ।
“ਜੀ ਬਾਬੂ ਨੇ ਧੱਕਾ ਮਾਰਿਆ ਏ,” ਪੋਲੇ ਨੇ ਉੱਤਰ ਦਿੱਤਾ। ਸ਼ਾਹ ਬੋਲਿਆ, “ਨਾ ਭਈ ਭਗਤੋ, ਇਹੋ ਜਿਹਾ ਮਖ਼ੌਲ ਨਹੀਂ ਚੰਗਾ। ਐਵੇਂ ਹਾਸੇ ਹਾਸੇ ਵਿਚ ਕਿਸੇ ਦੀ ਲੱਤ ਬਾਂਹ ਟੁੱਟ ਜਾਏ..।”
ਏਨੇ ਨੂੰ ਰਾਮ ਸਿੰਘ, ਉਦੈ ਸਿੰਘ, ਕਰਮ ਸਿੰਘ ਤੇ ਦੋ ਤਿੰਨ ਹੋਰ ਬੱਬਰ ਅੰਦਰ ਆ ਵੜੇ। ਪੰਜ ਛੇ ਬੰਦੇ ਵੇਖ ਸ਼ਾਹ ਦਾ ਉਤਲਾ ਸਾਹ ਉੱਤੇ ਤੇ ਹੇਠਲਾ ਹੇਠਾਂ ਰਹਿ ਗਿਆ। ਕਰਮ ਸਿੰਘ ਨੇ ਸ਼ਾਹ ਨੂੰ ਬਾਹੋਂ ਘੁਟ ਕੇ ਫੜਦਿਆਂ ਆਖਿਆ, “ਸ਼ਾਹ ਜੀ, ਆਓ ਖਾਂ ਲੇਖਾ-ਪੱਤਾ ਕਰ ਲਈਏ। ਤੁਸੀਂ ਬਥੇਰੇ ਭਗਤ ਲੁੱਟੇ ਹਨ, ਅੱਜ ਜ਼ਰਾ ਤੁਸੀਂ ਭੀ ਭਗਤ ਬਣ ਦੇਖੋ।”
ਸ਼ਾਹ ਲਾਗੇ ਬੈਠੇ ਆਦਮੀ ਖਿਸਕਣ ਲੱਗੇ ਤਾਂ ਉਦੈ ਸਿੰਘ ਨੇ ਪਸਤੌਲ ਸਾਹਮਣੇ ਕਰਦਿਆਂ ਆਖਿਆ, “ਏਥੇ ਹੀ ਬਹਿ ਜਾਓ। ਜੇ ਹਿੱਲੇ ਜਾਂ ਬੋਲੇ ਤਾਂ ਗੋਲੀ ਨਾਲ ਭੁੰਨ ਸੁੱਟਾਂਗਾ।”
ਮੁਨਸ਼ੀ ਰਾਮ ਦੇ ਹੋਸ਼ ਗੁੰਮ ਹੋ ਗਏ। ਇਹ ਕੀ ਬਣਿਆ! ਅੱਜ ਤਾਂ ਲੈਣੇ ਦੇ ਦੇਣੇ ਪੈ ਗਏ। ਮੁੱਦਤਾਂ ਤੋਂ ਮਕਰਾਂ ਫ਼ਰੇਬਾਂ ਨਾਲ ਜੋੜਿਆ ਧਨ ਅੱਜ ਇਕ-ਦਮ ਖੁਸਣ ਲੱਗਾ ਹੈ। ਮੈਨੂੰ ਆਪਣੇ ਹੱਥੀਂ ਪੈਸਾ ਫੜਾਉਣਾ ਪਏਗਾ । ਨਹੀਂ ਨਹੀਂ, ਮਰਨਾ ਮਨਜੂਰ, ਹੱਥੀਂ ਧੇਲਾ ਨਹੀਂ ਦੇਣਾ।
ਰਾਮ ਸਿੰਘ ਨੇ ਗਿੱਚੀ ਵਿਚ ਘਸੁੰਨ ਠੋਕਿਆ, “ਓਏ ਉਠ ਕੇ ਪੇਟੀ ਖੋਲ੍ਹ, ਸੋਚੀਂ ਕਿਉਂ ਪੈ ਗਿਆ ਏਂ। ਤੇਰੇ ਘਰ ਬੱਬਰ ਆਏ ਹਨ, ਤੂੰ ਪੁੱਛਦਾ ਹੁੰਦਾ ਸੈਂ ‘ਇਹ ਬੱਬਰ ਕਿਹੋ ਜਿਹੇ ਹੁੰਦੇ ਹਨ।’ ਹੁਣ ਦਰਸ਼ਨ ਕਰ ਲੈ, ਨਾਲੇ ਦਿਲ ਖੋਲ੍ਹ ਕੇ ਦੱਖਣਾ ਦੇਹ।”
ਏਨੇ ਨੂੰ ਸ਼ਾਹ ਨੂੰ ਚੇਤਾ ਆ ਗਿਆ ਕਿ ਅੱਜ ਤਾਂ ਘਰ ਵਿਚ ਕੁਝ ਹੈ ਹੀ ਨਹੀਂ, ਕਿਉਂਕਿ ਉਸ ਨੇ ਇਕ ਦਿਨ ਪਹਿਲਾਂ ਹੀ 22 ਹਜ਼ਾਰ ਰੁਪਿਆ ਨਵਾਂ ਸ਼ਹਿਰ ਮੰਡੀ ਨੂੰ ਭੇਜ ਦਿੱਤਾ ਸੀ । ਉਸ ਵਿਚ ਜਾਨ ਪੈ ਗਈ । ਝਟ ਪੈਂਤੜਾ ਬਦਲਿਆ, “ਅੱਛਾ ਤੁਸੀਂ ਬੱਬਰ ਹੋ! ਮੈਨੂੰ ਕੀ ਪਤਾ ਸੀ, ਮੈਂ ਤਾਂ ਕਿਹਾ, ਕੋਈ ਚੋਰ ਡਾਕੂ ਹੋਣੇ ਹਨ। ਦੱਸੋ ਮਹਾਰਾਜ, ਕੀ ਹੁਕਮ ਹੈ, ਮੈਂ ਤਾਂ ਹੱਥੀਂ ਬੱਧੀ ਹਾਜ਼ਰ ਹਾਂ।” ਕਰਮ ਸਿੰਘ ਨੇ ਆਖਿਆ, “ਜੋ ਕੁਝ ਨਕਦ ਰਕਮ ਤੇਰੇ ਪਾਸ ਹੈ, ਉਹ ਸਾਡੇ ਹਵਾਲੇ ਕਰ ਦੇਹ, ਹੋਰ ਅਸੀਂ ਤੈਥੋਂ ਕੁਝ ਨਹੀਂ ਲੈਣਾ।”
“ਨਕਦ ਤਾਂ ਅੱਜ ਘਰ ਵਿਚ ਕੌਡੀ ਭੀ ਨਹੀਂ। ਤੁਸੀਂ ਕਲ੍ਹ ਆ ਜਾਂਦੇ, 22 ਹਜ਼ਾਰ ਰੁਪਿਆ ਮੇਰੇ ਪਾਸ ਸੀ, ਸਾਰਾ ਹੀ ਲੈ ਜਾਂਦੇ । ਉਹ ਰਕਮ ਮੈਂ ਕਲ੍ਹ ਸ਼ਹਿਰ ਭੇਜ ਬੈਠਾ ਹਾਂ। ਫੇਰ ਕਿਤੇ ਆਪਣਾ ਕੋਈ ਬੰਦਾ ਰੁੱਕਾ ਦੇ ਕੇ ਭੇਜ ਦੇਣਾ, ਮੈਥੋਂ ਜੋ ਭੀ ਸਰਿਆ, ਜ਼ਰੂਰ ਸੇਵਾ ਕਰਾਂਗਾ।”
“ਸ਼ਾਹਾ, ਸਾਨੂੰ ਭੀ ਚਾਰਨ ਲੱਗਾ ਏਂ ! ਸਿੱਧਾ ਹੋ ਕੇ ਗੱਲ ਕਰ, ਨਹੀਂ ਤਾਂ ਦੂਜਾ ਹਾਲ ਕਰਾਂਗੇ।
“ਮੈਨੂੰ ਆਪਣੇ ਬੱਚਿਆਂ ਤੇ ਗਊ ਮਾਤਾ ਦੀ ਸਹੁੰ, ਘਰ ਵਿਚ ਇਸ ਵੇਲੇ ਨਕਦ ਕੋਈ ਰਕਮ ਨਹੀਂ। ਫਿਰ ਸ਼ਾਹ ਨੇ ਇਤਬਾਰ ਬੰਨ੍ਹਾਉਣ ਵਾਸਤੇ ਆਖਿਆ: “ ਹਾਂ ਦੋ ਟੁੰਬਾਂ ਹਨ-ਸੋਨੇ ਦੀ ਤੰਦੀਰੀ ਤੇ ਚਾਂਦੀ ਦੀ ਤੜਾਗੀ । ਇਹ ਲੋੜ ਹੈ ਤਾਂ ਲੈ ਜਾਵੋ ।”
ਕਰਮ ਸਿੰਘ ਨੇ ਆਖਿਆ, “ਅੱਛਾ ਬੈਠਕ ਤੇ ਘਰ ਦੀ ਤਲਾਸ਼ੀ ਦੇਹ, ਫੇਰ ਦੇਖੀ ਜਾਉ।”
ਬੱਬਰਾਂ ਨੇ ਖੂੰਜਾ ਖੂੰਜਾ ਫੋਲ ਮਾਰਿਆ, ਪਰ ਸ਼ਾਹ ਸੱਚਾ ਸੀ । ਉਪਰੋਕਤ ਟੁੰਬਾਂ ਤੋਂ ਬਿਨਾਂ ਉਸ ਦਿਨ ਹੋਰ ਕੋਈ ਸ਼ੈ ਘਰ ਵਿਚ ਨਹੀਂ ਸੀ । ਅਖ਼ੀਰ ਇਹਨਾਂ ਦੋਹਾਂ ਟੁੰਬਾਂ ਪੁਰ ਹੀ ਸਬਰ ਕਰਨਾ ਪਿਆ।
(ਇਨ੍ਹਾਂ ਟੁੰਬਾਂ ਨੂੰ ਆਸਾ ਸਿੰਘ ਦੇ ਭਰਾ ਪਰਤਾਪੇ ਕੋਲ ਗਹਿਣੇ ਰੱਖ ਕੇ 180 ਰੁਪਏ ਲਏ ਗਏ, ਜਿਸ ਨਾਲ ਨਾਹਣ ਤੋਂ ਕਿਸੇ ਸਿਆਣੀ ਉਮਰ ਵਾਲੇ ਬੰਦੇ ਰਾਹੀਂ ਇਕ ਬੰਦੂਕ, 25 ਗੋਲੀਆਂ ਤੇ ਦੋ ਕਿਰਪਾਨਾਂ ਖ਼ਰੀਦੀਆਂ ।)
ਇਕ ਵੱਡਾ ਦੁਸ਼ਟ ਰਾੜ੍ਹਿਆ।
ਰਿਆਸਤ ਕਪੂਰਥਲੇ ਦੇ ਅਹਿਲਕਾਰ ਅਕਾਲੀਆਂ ਪੁਰ ਘੋਰ ਅਤਿਆਚਾਰ ਕਰ ਰਹੇ ਸਨ। ਅਕਾਲੀ ਲਹਿਰ ਨੂੰ ਦਬਾਉਣ ਵਿਚ ਉਹ ਅੰਗਰੇਜ਼ੀ ਸਰਕਾਰ ਤੋਂ ਭੀ ਚਾਰ ਕਦਮ ਅੱਗੇ ਲੰਘ ਗਏ ਸਨ । ਏਥੇ ਕਾਲੀ ਪਗੜੀ ਤਾਂ ਇਕ ਪਾਸੇ ਰਹੀ, ਕਛਹਿਰਾ ਪਹਿਨਣਾ ਭੀ ਬਾਗ਼ੀਆਨਾ ਹਰਕਤ ਸੀ। ਸੁਪ੍ਰਿੰਟੈਂਡੈਂਟ ਪੁਲਿਸ ਦੁਰਗਾ ਦਾਸ ਬੜਾ। ਬਦ-ਜ਼ਬਾਨ ਤੇ ਮੂੰਹ ਜ਼ੋਰ ਸੀ । ਉਹ ਅਕਾਲੀਆਂ ਨੂੰ ਸਿੱਧੀਆਂ ਗਾਲ੍ਹਾਂ ਕੱਢਿਆ ਕਰਦਾ ਸੀ। ਬਿਸ਼ਨ ਸਿੰਘ ਜ਼ੈਲਦਾਰ ਰਾਣੀਥੂਆ (ਰਾਣੀਪੁਰ) ਉਸ ਦਾ ਚਾਟੜਾ ਸੀ। ਇਹ ਉਸ ਨਾਲੋਂ ਭੀ ਵਧ ਕੇ ਮੂੜ੍ਹ ਸੀ । ਉਹ ਖ਼ੁਦ ਸਰਕਾਰ ਨਾਲੋਂ ਭੀ ਸਰਕਾਰ ਦਾ ਵਧੇਰੇ ਵਫ਼ਾਦਾਰ ਸੀ। ਹੱਥੀਂ ਪੈ ਜਾਇਆ ਕਰਦਾ ਸੀ ਤੇ ਸਿੱਖਾਂ ਦੇ ਸਿਰਾਂ ਉਪਰੋਂ ਕਾਲੀ ਦਸਤਾਰ ਜ਼ਬਰਦਸਤੀ ਉਤਾਰ ਦਿਆ ਕਰਦਾ ਸੀ। ਹਕੂਮਤ ਦੇ ਨਸ਼ੇ ਵਿਚ ਮੱਤਾ ਹੋਇਆ ਆਇਆ ਕਰਦਾ ਸੀ, “ਮੈਂ ਬੱਬਰਾਂ ਦੇ ਸਿਰ ਭਿੜਾ ਕੇ ਮਾਰ ਦਿਆਂਗਾ।” ਬਿਸ਼ਨ ਸਿੰਘ ਅਕਾਲੀਆਂ ਪੁਰ ਚੌਹਾਂ ਪਾਸਿਆਂ ਤੋਂ ਹੋ ਰਹੇ ਤਸ਼ੱਦਦ ਦਾ ਮੁਜੱਸਮਾ ਸੀ। ਇਸੇ ਬਿਸ਼ਨ ਸਿੰਘ ਬਾਰੇ ਮਾਰਚ 1922 ਵਿਚ ਪਿੰਡ ਬੁਰਾਨੀ ਵਿਖੇ ਹੋਏ ਦੀਵਾਨ ਵਿਚ ਇਕ ਸਿਖ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਗੁਰਦੁਆਰੇ ਵਿਚ ਸ਼ਬਦ ਭੀ ਨਹੀਂ ਪੜ੍ਹਨ ਦੇਂਦਾ। ਜਥੇਦਾਰ ਕਿਸ਼ਨ ਸਿੰਘ ਨੇ ਉੱਤਰ ਦਿੱਤਾ ਸੀ ਕਿ ਉਹ ਆਪਣੀਆਂ ਕਰਤੂਤਾਂ ਤੋਂ ਬਾਜ਼ ਆ ਜਾਏ; ਨਹੀਂ ਤਾਂ ਖ਼ਾਲਸੇ ਦੀ ਤੇਗ਼ ਉਸ ਦਾ ਸੁਧਾਰ ਕਰੇਗੀ।
ਇਕ ਦਿਨ ਸਵੇਰ ਵੇਲੇ ਚਾਰ ਸਿਖ ਪਿੰਡ ਬਰਨਾ ਤੇ ਰਾਣੀਥੂਆ ਦੇ ਰਸਤੇ ਵਿਚ ਖੜੇ ਸਨ। ਕੁਝ ਵੀਚਾਰ ਕਰ ਕੇ ਦੋ ਉੱਥੇ ਖੜੇ ਰਹੇ ਤੇ ਦੋ ਪਿੰਡ ਰਾਣੀਥੂਏ ਵੱਲ ਚਲੇ ਗਏ। ਜਿਹੜਾ ਮਿਲੇ, ਉਸ ਨੂੰ ‘ਗੁਆਚੀ ਹੋਈ’ ਘੋੜੀ ਬਾਰੇ ਪੁੱਛਦੇ ਸਨ। ਬਿਸ਼ਨ ਸਿੰਘ ਦੀ ਕੋਠੀ ਪਾਸ ਜਾ ਕੇ ਭੀ ਪੁੱਛ ਕੀਤੀ ਅਤੇ ਗੱਲੋਂ-ਗੱਲੀਂ ਪਤਾ ਕੱਢਿਆ ਕਿ ਜ਼ੈਲਦਾਰ ਮਹਾਰਾਜਾ ਕਪੂਰਥਲਾ ਦੀ ਸ਼ਾਹਜ਼ਾਦੀ ਦੀ ਸ਼ਾਦੀ ਪੁਰ ਗਿਆ ਹੋਇਆ ਸੀ।
‘ਗੁਆਚੀ ਹੋਈ’ ਘੋੜੀ ਕਦੇ ਫਿਰ ਲੱਭਣੀ ਪਏਗੀ। ਚਾਰੇ ਬੱਬਰ ਪਲਾਹੀ ਵੱਲ ਮੋੜੇ ਪਾ ਗਏ। ਜਥਾ ਨਿਖੜ ਗਿਆ। ਬਾਬੂ ਸੰਤਾ ਸਿੰਘ ਮਾਧੋਪੁਰ ਦੇ ਰਸਤੇ ਪ੍ਰਾਗਪੁਰ ਵੱਲ ਚਾਲੇ ਪਾ ਗਿਆ।
10 ਫ਼ਰਵਰੀ 1923 ਸ਼ਾਮ ਦੀ ਗੱਡੀ ਬਿਸ਼ਨ ਸਿੰਘ ਕਪੂਰਥਲੇ ਤੋਂ ਵਾਪਸ
ਆਇਆ। ਚਹੇੜੂ ਦੇ ਸਟੇਸ਼ਨ ਪੁਰ ਉਤਰਿਆ। ਉਸ ਦਾ ਨੌਕਰ ਗੰਡ ਵੇਲੇ ਸਿਰੇ ਘੋੜੀ ਲੈ ਕੇ ਨਹੀਂ ਸੀ ਪੁੱਜਾ। ਜ਼ੈਲਦਾਰ ਥੋੜੀ ਦੇਰ ਉਡੀਕ ਕੇ ਆਪਣੇ ਪਿੰਡ ਦੇ ਚਾਰ ਹੋਰ ਸੱਜਣਾਂ ਨਾਲ ਪੈਦਲ ਤੁਰ ਪਿਆ। ਨਾਲ ਆਪ ਦਾ ਛੋਟਾ ਜਿਹਾ ਪੋਤਰਾ ਲੱਛੂ ਭੀ ਸੀ। ਇਕ ਮੀਲ ਦਾ ਪੰਧ ਤਹਿ ਕੀਤਾ ਹੋਵੇਗਾ ਕਿ ਗੰਡੂ ਘੋੜੀ ਲੈ ਕੇ ਆ ਮਿਲਿਆ।
ਬਿਸ਼ਨ ਸਿੰਘ ਹੁਣ ਘੋੜੀ ਪੁਰ ਚੜ੍ਹ ਬੈਠਾ। ਪੋਤਰੇ ਨੂੰ ਅੱਗੇ ਬਿਠਾ ਲਿਆ। ਗੰਡੂ ਬਿਸਤਰਾ ਲੈਣ ਸਟੇਸ਼ਨ ‘ਤੇ ਚਲਿਆ ਗਿਆ। ਹੁਣ ਘੋੜ-ਸਵਾਰ ਜ਼ੈਲਦਾਰ ਆਪਣੇ ਪੇਂਡੂ ਸਾਥੀਆਂ ਤੋਂ ਕੁਝ ਫ਼ਰਕ ਪਰ ਪਿੱਛੇ ਪਿੱਛੇ ਆ ਰਿਹਾ ਸੀ। ਬਿਸ਼ਨ ਸਿੰਘ ਲੰਮਾ-ਚੌੜਾ ਜੁਆਨ ਸੀ । ਛੇ ਫੁੱਟਾ ਕੱਦ, ਪਹਿਲਵਾਨ ਜਾਪਦਾ ਸੀ। ਬੱਧੀ ਹੋਈ ਦਾਹੜੀ ਪੁਰ ਪੇਂਡੂ ਚੌਧਰੀ ਵਾਲਾ ਜਲਾਲ ਚਮਕ ਰਿਹਾ ਸੀ। ਸਰਦਾਰ ਸੀ। ਰਾਜੇ ਦੇ ਮਹਿਲਾਂ ਵਿਚੋਂ ਵਿਆਹ ਖਾ ਕੇ ਆਇਆ ਸੀ। ਸਰਦਾਰੀ ਹੋਰ ਭੀ ਚੌੜੀ-ਚਿੱਘੀ ਜਾਪਦੀ ਸੀ। ਰਿਆਸਤ ਦੀ ਜ਼ੈਲਦਾਰੀ ਇਲਾਕੇ ਦੀ ਬਾਦਸ਼ਾਹੀ ਨਾਲੋਂ ਘੱਟ ਨਹੀਂ ਹੁੰਦੀ। ਸਰਦਾਰ ਫੁਲਿਆ ਨਹੀਂ ਸੀ ਸਮਾਉਂਦਾ। ਆਪਣੀ ਨਿੱਕੀ ਜਿਹੀ ਸ਼ਾਨ ਦੇ ਵਾ-ਵਰੋਲਿਆਂ ਦਾ ਚੁੱਕਿਆ ਹੋਇਆ ਆਪਣੇ ਆਲੇ-ਦੁਆਲੇ ਤੋਂ ਅਚੇਤ ਘੋੜੀ ਨੂੰ ਛਿਟੀ ਲਾਈ ਛੇੜੀ ਜਾ ਰਿਹਾ ਸੀ।
ਖੱਬੇ ਪਾਸੇ ਪਸਤੌਲ, ਸੱਜੇ ਮੋਢੇ ਉੱਤੇ ਬੰਦੂਕ ਤੇ ਲਗਾਮ ਵਾਲੇ ਹੱਥ ਵਿਚ ਫੂਲ-ਦਾਨ। ਇਹ ਫੂਲ-ਦਾਨ ਸ਼ੌਕ ਨਾਲ ਰਾਜੇ ਦੇ ਸ਼ਹਿਰ ਤੋਂ ਖ਼ਰੀਦਿਆ ਸੀ । ਸੱਜੇ ਹੱਥ ਵਿਚ ਬੈਂਤ ਦੀ ਛਿਟੀ ਸੀ, ਜੋ ਕਦੀ ਕਦੀ ਘੋੜੀ ਦੇ ਲਾ ਦਿੰਦਾ ਸੀ । ਅੱਗੋਂ ਇਕ ਦਰਮਿਆਨੇ ਕੱਦ ਦਾ ਅਕਾਲੀ ਆਉਂਦਾ ਨਜ਼ਰੀਂ ਪਿਆ। ਰੰਗ ਗੋਰਾ, ਲੰਮਾ ਕਾਲਾ ਦਾੜ੍ਹਾ, ਕਾਲੀ ਦਸਤਾਰ ਤੇ ਪਜਾਮਾ ਗੋਡਿਆਂ ਤਕ ਟੁੰਗਿਆ ਹੋਇਆ। ਬਿਸ਼ਨ ਸਿੰਘ ਖ਼ੁਦ ਹਥਿਆਰਬੰਦ ਤੇ ਤਿਆਰ-ਬਰ-ਤਿਆਰ ਸੀ। ਉਸ ਦੀ ਲੋਥ ਚਾਰ ਆਦਮੀਆਂ ਦੇ ਬਰਾਬਰ ਸੀ। ਇਸੇ ਆਕੜ ਵਿਚ ਤਾਂ ਉਹ ਆਖਿਆ ਕਰਦਾ ਸੀ। ਕਿ “ਬੱਬਰਾਂ ਨੂੰ ਭਿੜਾ ਭਿੜਾ ਕੇ ਮਾਰ ਦਿਆਂਗਾ।” ਇਕ ਅਕਾਲੀ ਆਉਂਦਾ ਸੀ, ਇਸ ਨਾਲ ਉਸ ਨੂੰ ਕੀ ਪਿਆ।
ਸੰਤਾ ਸਿੰਘ ਬੱਬਰ ਜ਼ੈਲਦਾਰ ਦੇ ਪਾਸ ਪੁੱਜ ਗਿਆ ਤਾਂ ਦੇਖਿਆ ਕਿ ਜਿਸ ਮਿਰਗ ਦੀ ਭਾਲ ਵਿਚ ਸੀ, ਉਹੀ ਮਿਲ ਗਿਆ। ਰੋਹ ਚੜ੍ਹ ਗਿਆ । ਸਾਥੀ ਕੀ ਆਖਣਗੇ, ਸਿੰਘ ਅੱਗੇ ਸ਼ਿਕਾਰ ਨਿਕਲਿਆ ਤਾਂ ਸਿੰਘ ਪਾਸਾ ਦੇ ਗਿਆ । ਬੱਬਰਾਂ ਨੂੰ ਕੀ ਮੂੰਹ ਦਿਖਾਵਾਂਗਾ। ਪਾਸਾ ਵੱਟ ਜਾਣ ਦਾ ਬਿਰਤਾਂਤ ਆਪਣੀ ਜ਼ਬਾਨੀ ਕੀਕਰ ਸੁਣਾਵਾਂਗਾ। ਕੀ ਆਖਣਗੇ, ਇਕੱਲਾ ਹੋਣ ਕਰਕੇ ਡਰ ਗਿਆ। ਅਜਿਹੇ ਕਈ ਖ਼ਿਆਲ ਉਸ ਦੇ ਦਿਲ ਉਪਰ ਦੀ ਵਾਵਰੋਲੇ ਵਾਂਗ ਲੰਘਣ ਲੱਗੇ । ਜ਼ੈਲਦਾਰ ਨੂੰ ਸੋਧਣ ਦਾ ਅਰਦਾਸਾ। ਸੋਧਿਆ ਜਾ ਚੁੱਕਾ ਸੀ, ਜੋ ਉਸ ਵਾਸਤੇ ਅਟੱਲ ਸੀ । ਸੰਤਾ ਸਿੰਘ ਗੱਜਿਆ, “ਮੈਂ ਆ ਗਿਆ ਹਾਂ, ਦੁਸ਼ਟਾ ! ਤਕੜਾ ਹੋ ਜਾਹ !” ਇਹ ਲਲਕਾਰ ਕੇ ਉਸ ਨੇ ਪਸਤੌਲ ਦਾ ਫ਼ਾਇਰ ਕੀਤਾ, ਜੋ ਮਿਸ ਹੋ ਗਿਆ। ਬਿਸ਼ਨ ਸਿੰਘ ਨੇ ਹੱਥ ਦਾ ਫੁਲਦਾਨ ਚਲਾ ਕੇ ਮਾਰਿਆ, ਜੋ ਸੰਤਾ ਸਿੰਘ ਦੇ ਮੋਢੇ ਵਿਚ ਲੱਗ ਕੇ ਚੂਰ ਹੋ ਗਿਆ। ਬਿਸ਼ਨ ਸਿੰਘ ਏਨੇ ਚਿਰ ਨੂੰ ਘੋੜੀ ਤੋਂ ਉਤਰ ਖੜੋਤਾ ਸੀ, ਤੇ ਸੰਤਾ ਸਿੰਘ ਪੁਰ ਸੋਟੀ ਦੇ ਵਾਰ ਕਰਨ ਲੱਗਾ। ਬਿਸ਼ਨ ਸਿੰਘ ਸਰੀਰਕ ਤੌਰ ਪੁਰ ਸੰਤਾ ਸਿੰਘ ਨਾਲੋਂ ਬਹੁਤ ਜਾਬਰ ਸੀ। ਫ਼ਰਕ ਦੁਗਣੋਂ ਦੁਗਣੀ ਤੋਂ ਭੀ ਵਧੇਰੇ, ਗੁੱਥਮ-ਗੁੱਥਾ ਹੋ ਜਾਂਦੇ ਤਾਂ ਸ਼ਾਇਦ ਸੰਤਾ ਸਿੰਘ ਦੀ ਬਾਜ਼ੀ ਮਾਤ ਹੋ ਜਾਂਦੀ। ਪਰ ਮੌਤ ਦੇਖ ਕੇ ਇਸ ਫੜ੍ਹਾਂ ਮਾਰਨ ਵਾਲੇ ਦੇ ਔਸਾਨ ਖ਼ਤਮ ਹੋ ਚੁੱਕੇ ਸਨ। ਬੱਬਰ ਨੇ ਪਸਤੌਲ ਦਾ ਘੋੜਾ ਫੇਰ ਦੱਬਿਆ। ਬਿਸ਼ਨ ਸਿੰਘ ਲਾਸ਼ ਬਣ ਕੇ ਧਰਤੀ ਪੁਰ ਡਿੱਗ ਪਿਆ।
ਏਸ ਹਾਦਸੇ ਨੂੰ ਦੇਖਣ ਵਾਲਾ ਛੋਟਾ ਜਿਹਾ ਲੱਛ ਡੈਂਬਰਿਆ ਚੀਕਾਂ ਮਾਰ ਰਿਹਾ। ਸੀ। ਬੱਬਰ ਨੇ ਕਿਹਾ, “ਕਾਕਾ, ਤੇਰੇ ਨਾਲ ਸਾਡਾ ਕੋਈ ਵੈਰ ਨਹੀਂ। ਤੇਰੇ ਬਾਬੇ ਨੂੰ ਦੇਸ਼-ਧਰੋਹੀ ਦੀ ਸਜ਼ਾ ਦਿੱਤੀ ਗਈ ਹੈ।” ਏਨਾ ਕਹਿ ਕੇ ਬੱਬਰ ਨੇ ਜ਼ੈਲਦਾਰ ਦੀ ਲਾਸ਼ ਵੱਲ ਗਹੁ ਨਾਲ ਤੱਕਿਆ ਤੇ ਨਿਸ਼ਚਾ ਕਰ ਲਿਆ ਕਿ ਹੋਰ ਗੋਲੀ ਖ਼ਰਚ ਕਰਨ ਦੀ ਲੋੜ ਨਹੀਂ। ਉਹ ਆਪਣੇ ਰਸਤੇ ਲੱਗਾ। ਬੱਬਰਾਂ ਦੀ ਕਾਲੀ ਫ਼ਹਿਰਿਸਤ ਵਿਚ ਬਿਸ਼ਨ ਸਿੰਘ ਦਾ ਨੰਬਰ 141 ਸੀ।
ਇਕ ਝੋਲੀਚੁੱਕ ਨੂੰ ਉਮਰ ਕੈਦ
3 ਅਗਸਤ 1923 ਦੀ ਦੁਪਹਿਰ ਨੂੰ ਮੀਰ ਫ਼ਜ਼ਲ ਇਮਾਮ, ਅਬਦੁਲ ਫ਼ਤਹਿ ਇਲਾਕਾ ਮੈਜਿਸਟਰੇਟ ਜ਼ਿਲ੍ਹਾ ਜਲੰਧਰ, ਮੁਹੰਮਦ ਸ਼ਰੀਫ਼ ਸਿਵਲ ਸਰਜਨ, ਥਾਣੇਦਾਰ ਹਰਗੁਰਚੇਤ ਸਿੰਘ, ਨੰਬਰਦਾਰਾਂ ਤੇ ਪੁਲਿਸ ਤੇ ਸਿਪਾਹੀਆਂ ਦੀ ਜਮੀਯਤ ਪਿੰਡ ਹਯਾਤਪੁਰ ਥਾਣਾ ਗੜ੍ਹਸ਼ੰਕਰ ਦੀ ਇਕ ਹਵੇਲੀ ਵਿਚ ਖੜੋਤੀ ਸੀ । ਉਹ ਬੜੇ ਸੰਗੀਨ ਮਾਮਲੇ ਦੀ ਤਫ਼ਤੀਸ਼ ਕਰ ਰਹੇ ਸਨ, ਭਾਵ ਬੱਬਰ ਅਕਾਲੀਆਂ ਦੀ ਕੈਦ ਵਿਚੋਂ ਇਕ ਉਮਰ ਕੈਦੀ ਨੂੰ ਛੁਡਾਉਣ ਆਏ ਸਨ।
ਬੱਬਰ ਅਕਾਲੀ ਅਖ਼ਬਾਰ ਦੇ 22 ਮਾਰਚ 1923 ਵਾਲੇ ਪਰਚੇ ਵਿਚ ਛਪਿਆ ਸੀ ਕਿ ਇਕ ਝੋਲੀਚੁੱਕ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ। ਕੁਝ ਬੱਬਰ ਆਗੂ ਆਪਣੀਆਂ ਤਕਰੀਰਾਂ ਵਿਚ ਭੀ ਇਸ ਉਮਰ ਕੈਦੀ ਦਾ ਜ਼ਿਕਰ ਕੀਤਾ ਕਰਦੇ ਸਨ, ਪਰ ਏਸ ਭੇਦ ਨੂੰ ਆਮ ਲੋਕੀਂ ਨਹੀਂ ਸਮਝਦੇ ਸਨ।
ਸੁੰਦਰ ਸਿੰਘ ਹਯਾਤਪੁਰੀਆ ਪੁਲਿਸ ਵਾਲਿਆਂ ਨੂੰ ਨਾਲ ਲਿਆਇਆ ਸੀ। ਉਹ ਪੁਲਿਸ ਮੁਹਰੇ ਚਾਲੂ ਹੋ ਚੁੱਕਾ ਸੀ । ਸੁੰਦਰ ਸਿੰਘ ਨੇ ਨਿਸ਼ਾਨ ਦਿੱਤਾ ਤੇ ਅੱਗੇ ਵਧ ਕੇ ਇਕ ਚੱਕਰ ਖਿਚਿਆ। ਇਸ ਚੱਕਰ ਵਿਚ ਉਸ ਨੇ ਕੰਧ ਦੇ ਨਾਲ ਬਣੀ ਹੋਈ ਇਕ ਖੁਰਲੀ ਭੀ ਵਗਲ ਲਈ। ਪੁਲਿਸ ਨੇ ਉਸ ਥਾਂ ਦੀ ਪੁਟਾਈ ਸ਼ੁਰੂ ਕਰ ਦਿੱਤੀ। ਜਦੋਂ ਟੋਆ ਪੰਜ ਫੁਟ ਡੂੰਘਾ ਪੁੱਟਿਆ ਗਿਆ ਤਾਂ ਵੇਲਣ ਦਾ ਚੁੱਭਾ ਨਿਕਲਿਆ ਤੇ ਉਸ ਵਿਚੋਂ ਇਕ ਗਠੜੀ ਮਿਲੀ । ਪਰ ਇਹ ਇਕ ਅਨੋਖੀ ਗਠੜੀ ਸੀ। ਇਸ ਵਿਚ ਆਦਮੀ ਦਾ ਪਿੰਜਰ ਬੰਨ੍ਹਿਆ ਹੋਇਆ ਸੀ।
ਤਫ਼ਤੀਸ਼ ਸ਼ੁਰੂ ਹੋ ਗਈ। ਲਾਸ਼ ਸਫ਼ੈਦ ਖੇਸ ਵਿਚ ਬੱਧੀ ਹੋਈ ਸੀ। ਗਭਰੂਨ ਦੀ ਕਮੀਜ਼, ਜਾਂਘੀਆ, ਪਰਨਾ, ਪਗੜੀ ਆਦਿ ਕਪੜੇ ਪਛਾਣੇ ਜਾਂਦੇ ਸਨ। ਜੁੱਤੀ ਤੇ ਲੋਹੇ ਦੇ ਕੜੇ ਦਾ ਕੁਝ ਭੀ ਨਹੀਂ ਸੀ ਵਿਗੜਿਆ। ਅਗਲੇ ਦੋ ਦੰਦਾਂ ਵਿਚ ਸੋਨੇ ਦੀਆਂ ਮੇਖਾਂ ਜੜੀਆਂ ਹੋਈਆਂ ਸਨ। ਕਮੀਜ਼ ਦੇ ਸੱਜੇ ਪਾਸੇ ਛਾਤੀ ਨੂੰ ਸੋਹੀਂ ਇਕ ਗਲੀ ਭੀ ਲੱਭਦੀ ਸੀ।
ਹੁਣ ਸਿਵਲ ਸਰਜਨ ਨੇ ਆਪਣੀ ਤਫ਼ਤੀਸ਼ ਸ਼ੁਰੂ ਕੀਤੀ। ਉਸ ਦਾ ਕਹਿਣਾ ਸੀ-ਹੱਡੀਆਂ ਇਕ ਵੀਹ ਸਾਲ ਦੇ ਗਭਰੂ ਦੀਆਂ ਸਨ । ਲਾਸ਼ ਕੋਈ ਛੇ ਮਹੀਨਿਆਂ ਦੀ ਦੱਬੀ ਹੋਈ ਸੀ। ਮੌਤ ਦਾ ਕਾਰਨ ਗੋਲੀ ਸੀ। ਬੰਦੂਕ ਦੀ ਗੋਲੀ ਨੇ ਛਾਤੀ ਦੀ ਇਕ ਸੱਜੀ ਪਸਲੀ ਤੋੜ ਦਿੱਤੀ ਸੀ। ਗੋਲੀ ਛਾਤੀ ਵਿਚ ਹੀ ਅਟਕ ਰਹੀ ਸੀ। ਪਿੰਜਰ ਵਿਚੋਂ ਗੋਲੀ ਭੀ ਮਿਲ ਗਈ।
ਇਸ ਲਾਸ਼ ਨੂੰ ਪਛਾਣਨ ਵਾਸਤੇ ਬੀਬੀ ਭਗਵਾਨੀ ਤੇ ਉਸ ਦਾ ਦੇਵਰ ਤੇਜਾ ਭੀ ਮੌਜੂਦ ਸਨ। ਭਗਵਾਨੀ ਨੂੰ ਪੁੱਛਿਆ ਗਿਆ, “ਤੇਰੀ ਪਛਾਣ ਕੰਮ ਕਰਦੀ ਹੈ ?” ਉਸ ਨੇ ਭਾਰੀ ਆਵਾਜ਼ ਨਾਲ ਉੱਤਰ ਦਿੱਤਾ, “ਹੱਡੀਆਂ ਤਾਂ ਕੀ ਪਛਾਣ ਹੋ ਸਕਦੀਆਂ ਹਨ ਪਰ ਦੰਦਾਂ ਦੀਆਂ ਮੇਖਾਂ, ਕੜਾ ਤੇ ਕਪੜੇ ਦੱਸਦੇ ਹਨ ਕਿ ਹੱਡੀਆਂ ਮੇਰੇ ਪੁੱਤਰ ਦੀਵਾਨ ਦੀਆਂ ਹਨ।” ਤੇਜੇ ਨੇ ਆਖਿਆ, “ਦੀਵਾਨ ਨੇ ਉਸ ਰਾਤ ਮੇਰੀ ਜੁੱਤੀ ਪਾਈ ਹੋਈ ਸੀ, ਮੈਂ ਜੁੱਤੀ ਪਛਾਣਦਾ ਹਾਂ।” ਤਫ਼ਤੀਸ਼ ਮੁਕੰਮਲ ਹੋ ਗਈ, ਅਫ਼ਸਰਾਂ ਦੀ ਟੋਲੀ ਮੁੜ ਗਈ।
ਪਰ ਇਹ ਦੀਵਾਨ ਕੌਣ ਸੀ, ਇਸ ਨੂੰ ਕਿਸ ਨੇ ਮਾਰਿਆ ਸੀ ?
ਪਿੰਡ ਸਮੁੰਦੜੇ ਦਾ ਇਕ ਸਰਧਾ ਰਾਮ ਪੁਲਿਸ ਦਾ ਏਜੰਟ ਸੀ । ਬੱਬਰਾਂ ਦੀ ਕਾਲੀ ਫ਼ਹਿਰਿਸਤ ਵਿਚ ਉਸ ਦਾ 109 ਨੰਬਰ ਸੀ। ਦੀਵਾਨ ਉਸ ਨੂੰ ਬੱਬਰ ਅਕਾਲੀਆਂ ਬਾਰੇ ਖ਼ਬਰਾਂ ਪਹੁੰਚਾਇਆ ਕਰਦਾ ਸੀ ਅਤੇ ਉਹ ਇਨ੍ਹਾਂ ਖ਼ਬਰਾਂ ਨੂੰ ਉਪਰਲੇ ਅਫ਼ਸਰਾਂ ਪਾਸ ਘੱਲਦਾ ਸੀ। ਹਯਾਤਪੁਰ ਬੱਬਰਾਂ ਦਾ ਅੱਡਾ ਸੀ । ਸੁਰਜਨ ਸਿੰਘ, ਸੁੰਦਰ ਸਿੰਘ, ਧਰਮ ਸਿੰਘ ਆਦਿ ਬੱਬਰਾਂ ਦੇ ਹਮਾਇਤੀ ਸਨ ਤੇ ਉਹਨਾਂ ਦੀ ਹਰ ਤਰ੍ਹਾਂ ਸੇਵਾ ਕੀਤਾ। ਕਰਦੇ ਸਨ।
ਆਮ ਆਦਮੀ ਇਸ ਗੱਲ ਦਾ ਸ਼ੱਕ ਭੀ ਨਹੀਂ ਸੀ ਕਰਦਾ ਕਿ ਦੀਵਾਨ ਵਰਗਾ ਅਨਪੜ੍ਹ ਮੁੰਡਾ ਭੀ ਸੀ.ਆਈ.ਡੀ. ਨੂੰ ਰਪੋਟਾਂ ਦੇ ਸਕਦਾ ਹੈ, ਪਰ ਸਰਧਾ ਰਾਮ ਵਰਗੇ ਚਲਾਕ ਆਦਮੀ ਅੱਲ੍ਹੜਾਂ ਤੋਂ ਭੀ ਕੰਮ ਲੈ ਲੈਂਦੇ ਸਨ। ਦੀਵਾਨ ਦੀ ਇਸ ਕਰਤੂਤ ਦਾ ਖ਼ਾਸ ਖ਼ਾਸ ਆਦਮੀਆਂ ਨੂੰ ਹੀ ਪਤਾ ਸੀ ।
ਬੱਬਰਾਂ ਨੇ ਸਰਧੇ ਨਾਲੋਂ ਭੀ ਪਹਿਲਾਂ ਦੀਵਾਨ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ, ਕਿਉਂਕਿ ਜਿਸ ਪਿੰਡ ਉਨ੍ਹਾਂ ਦਾ ਅੱਡਾ ਸੀ, ਉਥੇ ਕਿਸੇ ਝੋਲੀਚੁੱਕ ਦਾ ਹੋਣਾ ਹਰ ਵੇਲੇ ਖ਼ਤਰਾ ਸੀ।
ਉਦੈ ਸਿੰਘ, ਆਸਾ ਸਿੰਘ, ਸੁੰਦਰ ਸਿੰਘ, ਧਰਮ ਸਿੰਘ ਤੇ ਸੁਰਜਨ ਸਿੰਘ ਹਯਾਤਪੁਰ ਨੇ ਬੈਠ ਕੇ ਸਲਾਹ ਕੀਤੀ ਕਿ ਇਹ ਕੰਮ ਕਿਵੇਂ ਕੀਤਾ ਜਾਵੇ।
ਸੁੰਦਰ ਸਿੰਘ ਨੇ ਆਖਿਆ, “2 ਫੱਗਣ (13 ਫ਼ਰਵਰੀ) ਨੂੰ ਇਕ ਵਿਆਹ ਹੈ। ਜਨੇਤ ਦਾ ਪਿੰਡ ਨੇੜੇ ਹੋਣ ਕਰਕੇ ਰਾਤ ਨੂੰ ਰੋਟੀ ਖਾਣ ਮਗਰੋਂ ਕਈ ਬਰਾਤੀਆਂ ਨੇ ਮੁੜ ਜਾਣਾ ਹੈ। ਮੈਂ ਉਸ ਦਿਨ ਦੀਵਾਨ ਨੂੰ ਕਿਸੇ ਬਰਾਤੀ ਦਾ ਕੈਂਠਾ ਲਾਹੁਣ ਦੇ ਬਹਾਨੇ ਲੈ ਆਵਾਂਗਾ। ਤੁਸੀਂ ਬਾਹਰ ਬੈਠਿਓ ਅਤੇ ਜਦੋਂ ਅਸੀਂ ਆਈਏ, ਤੁਸੀਂ ਉਸ ਨੂੰ ਖ਼ਤਮ ਕਰ ਦਈਓ।”
ਜਦ ਉਦੈ ਸਿੰਘ ਨੇ ਪੁੱਛਿਆ ਕਿ ਦੀਵਾਨ ਉਸ ਦੇ ਨਾਲ ਬਾਹਰ ਆ ਭੀ ਜਾਊ, ਤਾਂ ਸੁੰਦਰ ਸਿੰਘ ਨੇ ਉੱਤਰ ਦਿੱਤਾ, “ਉਹ ਮੈਨੂੰ ਆਪਣਾ ਗੂੜਾ ਮਿੱਤਰ ਸਮਝਦਾ ਹੈ ਅਤੇ ਉਸ ਨੂੰ ਚੋਰੀ ਦੀ ਆਦਤ ਭੀ ਹੈ। ਇਸ ਲਈ ਉਹ ਨਾਉਂ ਸੁਣ ਕੇ ਭੱਜਾ ਆਵੇਗਾ।”
ਉਦੈ ਸਿੰਘ ਨੇ ਆਖਿਆ, “ਜਦ ਤੂੰ ਉਸ ਨੂੰ ਲਿਆਵੇਂ, ਤੂੰ ਉਸ ਦੇ ਮੁਹਰੇ ‘ਮੁਹਰੇ ਆਵੀਂ। ਅਸੀਂ ਉਨ੍ਹਾਂ ਕਿੱਕਰਾਂ ਹੇਠਾਂ ਹੋਵਾਂਗੇ । ਤੂੰ ਪੁੱਛੀ, ਤੂੰ ਕੌਣ ਏਂ। ਮੈਂ ਉੱਤਰ ਦਿਆਂਗਾ ਕਿ ਮੈਂ ਰਾਹੀ ਹਾਂ। ਤੂੰ ਇਕ-ਦਮ ਇਕ ਪਾਸੇ ਹੋ ਕੇ ਮੇਰੇ ਪਿੱਛੇ ਆ ਜਾਵੀਂ ਅਤੇ ਮੈਂ ਦੀਵਾਨ ਨੂੰ ਪਾਰ ਬੁਲਾ ਦਿਆਂਗਾ। ਪਰ ਤੁਹਾਡਾ ਹਯਾਤਪੁਰੀਆਂ ਦਾ ਕੰਮ ਮਗਰੋਂ ਉਸ ਦੀ ਲਾਸ਼ ਨੂੰ ਸਾਂਭਣਾ ਹੋਵੇਗਾ।”
ਹਯਾਤਪੁਰੀਆਂ ਨੇ ਕਿਹਾ ਕਿ ਇਸ ਗੱਲ ਦਾ ਫ਼ਿਕਰ ਨਾ ਕਰੋ, ਮਗਰੋਂ ਅਸੀਂ ਸਾਰਾ ਕੰਮ ਚੰਗੀ ਤਰ੍ਹਾਂ ਸਮੇਟ ਲਵਾਂਗੇ।
ਸ਼ਾਮ ਨੂੰ ਬਰਾਤ ਆਈ। ਵਾਜੇ ਵੱਜੇ । ਪਰ ਦੀਵਾਨ ਨੂੰ ਕੀ ਪਤਾ ਸੀ ਕਿ ਇਹ ਵਾਜੇ ਨਹੀਂ, ਉਸ ਦੇ ਮੌਤ-ਨਗਾਰੇ ਹਨ। ਉਸ ਨੇ ਬਰਾਤੀਆਂ ਨੂੰ ਰੋਟੀ ਪਾਣੀ ਛਕਾਉਣ ਵਿਚ ਬੜੀ ਖ਼ੁਸ਼ੀ ਖ਼ੁਸ਼ੀ ਹਿੱਸਾ ਲਿਆ। ਨਾਲੇ ਉਹ ਪਰਸ਼ਾਦਾ ਪੁੱਛ ਰਿਹਾ ਸੀ, ਨਾਲੇ ਬਰਾਤੀਆਂ ਦੇ ਗਲਾਂ ਵਿਚ ਪਾਏ ਕੈਂਠਿਆਂ ਨੂੰ ਤਾੜ ਰਿਹਾ ਸੀ । ਬਰਾਤ ਡੇਰੇ ਮੁੜ ਪਈ ਤਾਂ ਉਹ ਸੁੰਦਰ ਸਿੰਘ ਦੇ ਖੂਹ ਪੁਰ ਪੁੱਜਾ ਜਿੱਥੇ ਦੋਹਾਂ ਨੇ ਇਕੱਠੇ ਹੋਣਾ ਸੀ। ਸੁੰਦਰ ਸਿੰਘ ਮੁਹਰੇ ਤੇ ਦੀਵਾਨ ਪਿੱਛੇ, ਦੋਵੇਂ ਮੁਜ਼ਾਰੀ ਦੇ ਰਾਹ ਵੱਲ ਤੁਰ ਪਏ । ਕਿੱਕਰਾਂ ਦੇ ਝੁੰਡ ਲਾਗੇ ਅੱਪੜੇ ਤਾਂ ਮੁਹਰੇ ਖਲੋਤੇ ਉਦੈ ਸਿੰਘ ਨੂੰ ਸੁੰਦਰ ਸਿੰਘ ਨੇ ਪੁੱਛਿਆ, “ਕਿਉਂ ਭਈ ਕਿਹੜਾ ਏਂ ?”
ਉਦੈ ਸਿੰਘ ਨੇ ਉੱਤਰ ਦਿੱਤਾ, “ਭਈ, ਰਾਹੀ ਹਾਂ।”
“ਕਿੱਥੇ ਜਾਣਾ ਏਂ ?”
“ਸੜੋਏ ਨੂੰ ।”
ਸੁੰਦਰ ਸਿੰਘ ਇਕ-ਦਮ ਛਾਲ ਮਾਰ ਕੇ ਉਦੈ ਸਿੰਘ ਦੇ ਪਿੱਛੇ ਹੋ ਗਿਆ। ਦੀਵਾਨ ਹੁਣ ਉਦੈ ਸਿੰਘ ਦੇ ਸਾਹਮਣੇ ਖੜੋਤਾ ਸੀ । ਉਦੈ ਸਿੰਘ ਨੇ ਫ਼ਾਇਰ ਕੀਤਾ, ਗੋਲੀ ਦੀਵਾਨ ਦੀ ਛਾਤੀ ਵਿਚ ਲੱਗੀ ਅਤੇ ਉਹ ਪੁੱਠਾ ਹੋ ਕੇ ਡਿੱਗ ਪਿਆ। ਆਸਾ ਸਿੰਘ ਨੇ ਕਿਰਪਾਨ ਨਾਲ ਉਸ ਨੂੰ ਟੁੱਕ ਸੁੱਟਿਆ।
ਉਦੈ ਸਿੰਘ ਤੇ ਆਸਾ ਸਿੰਘ ਗੜ੍ਹਸ਼ੰਕਰ ਵੱਲ ਚੱਲਦੇ ਹੋਏ ਅਤੇ ਹਯਾਤਪੁਰੀਆਂ ਨੇ ਦੀਵਾਨ ਦੀ ਲਾਸ਼ ਨੂੰ ਉਸ ਦੇ ਖੇਸ ਵਿਚ ਬੰਨ੍ਹ ਲਿਆ । ਧਰਤੀ ਰੇਤਲੀ ਸੀ, ਇਸ ਲਈ ਖੂਨ ਦੇ ਨਿਸ਼ਾਨ ਸੁਖਾਲੇ ਹੀ ਮਿਟ ਗਏ। ਲਾਸ਼ ਸੁਰਜਨ ਸਿੰਘ ਦੀ ਹਵੇਲੀ ਵਿਚ ਲਿਆਂਦੀ ਅਤੇ ਚੁੱਭੇ ਵਾਲੀ ਥਾਂ ਪੁੱਟ ਕੇ ਉਸ ਵਿਚ ਦਬਾ ਦਿੱਤੀ ਗਈ। ਪੈਰਾਂ ਨਾਲ ਛੇਤੜ ਕੇ ਉਪਰ ਪਸ਼ੂ ਬੰਨ੍ਹ ਦਿੱਤੇ।
ਸਵੇਰ ਨੂੰ ਦੀਵਾਨ ਦੇ ਘਰ ਦੇ ਏਧਰ ਓਧਰ ਭਾਲ ਕਰਨ ਲੱਗੇ। ਰਿਸ਼ਤੇਦਾਰਾਂ ਦੇ ਭੀ ਭਾਲ ਹੋਈ, ਪਰ ਦੀਵਾਨ ਕਿੱਥੋਂ ਲੱਭਣਾ ਸੀ। ਕਿਸੇ ਨੂੰ ਕੋਈ ਇਲਮ ਨਾ ਹੋਇਆ ਕਿ ਦੀਵਾਨ ਬੱਬਰਾਂ ਦਾ ਉਮਰ ਕੈਦੀ ਬਣ ਚੁੱਕਾ ਹੈ।
ਬੱਬਰਾਂ ਨੇ ਦੀਵਾਨ ਦਾ ਨਾਉਂ ਲਿਖ ਕੇ ਇਕ ਖ਼ਤ ਉਸ ਦੀ ਮਾਈ ਭਗਵਾਨੀ ਨੂੰ ਪਾ ਦਿੱਤਾ ਤਾਂ ਜੁ ਭੇਦ ਦੱਬਿਆ ਰਹੇ। ਮਾਈ ਨੇ ਉਹ ਕਾਰਡ ਪੜ੍ਹਾਇਆ ਤਾਂ ਲਿਖਿਆ ਸੀ-“ਮਾਂ ਜੀ, ਮੱਥਾ ਟੇਕਣਾ। ਮੈਂ ਰਾਜ਼ੀ ਖ਼ੁਸ਼ੀ ਹਾਂ, ਤੁਸੀਂ ਕਿਸੇ ਤਰ੍ਹਾਂ ਦਾ ਫ਼ਿਕਰ ਨਾ ਕਰਨਾ। ਮੈਂ ਤੁਹਾਨੂੰ ਕੁਝ ਦੱਸੇ-ਪੁੱਛੇ ਬਗ਼ੈਰ ਕਿਸੇ ਜ਼ਰੂਰੀ ਕੰਮ ‘ਤੇ ਆ ਗਿਆ ਹਾਂ, ਐਵੇਂ ਟੋਲਦੇ ਨਾ ਰਹਿਣਾ। ਮੈਂ ਦਲੇਲ ਸਿੰਘ ਨੂੰ ਪੰਜ ਰੁਪਏ ਦੇਣੇ ਹਨ। ਜੇ ਮੰਗੇ ਤਾਂ ਦੇ ਦੇਣੇ। ਜੇ ਨਾ ਮੰਗੇ ਤਾਂ ਮੈਂ ਆਪ ਆ ਕੇ ਦੇ ਦੇਵਾਂਗਾ। ਸਾਰੇ ਅੰਗਾਂ ਸਾਕਾਂ ਨੂੰ ਮੇਰੀ ਰਾਜ਼ੀ ਖ਼ੁਸ਼ੀ ਦਾ ਪਤਾ ਕਰ ਦੇਣਾ ਤਾਂ ਜੁ ਚਿੰਤਾ ਨਾ ਰਹੇ।”
ਮਾਈ ਦੇ ਕਾਲਜੇ ਕੁਝ ਠੰਢ ਪਈ। ਉਸ ਦਾ ਪੁੱਤਰ ਨਹੀਂ ਮਿਲਿਆ, ਪਰ ਉਸ ਨੂੰ ਉਸ ਦਾ ਸੁਖ-ਸੁਨੇਹਾ ਤਾਂ ਮਿਲ ਗਿਆ।
ਦੋ ਤਿੰਨ ਮਹੀਨੇ ਮਗਰੋਂ ਹੁਕਮ ਸਿੰਘ ਖ਼ਾਨਪੁਰ, ਜੋ 51 ਨੰਬਰ ਸਿਖ ਪਲਟਨ ਵਿਚ ਨੌਕਰ ਸੀ, ਆਪਣੇ ਪਿੰਡ ਛੁੱਟੀ ਆਇਆ ਤਾਂ ਉਹ ਆਪਣੇ ਮਿੱਤਰ ਅਮਰ ਸਿੰਘ ਨੂੰ ਹਯਾਤਪੁਰ ਮਿਲਣ ਵਾਸਤੇ ਗਿਆ । ਸੁਰਜਨ ਸਿੰਘ ਤੇ ਧਰਮ ਸਿੰਘ ਨੇ ਇਕ ਹੋਰ ਚਾਲ ਕੀਤੀ। ਉਹ ਹੁਕਮ ਸਿੰਘ ਦੇ ਚੰਗੇ ਵਾਕਫ਼ ਸਨ। ਉਨ੍ਹਾਂ ਦੇ ਆਖੇ ਦੱਸੇ ਉਸ ਨੇ ਭਗਵਾਨੀ (ਜਿਹਦੇ ਪੇਕੇ ਖ਼ਾਨਪੁਰ ਹੀ ਸਨ) ਨੂੰ ਜਾ ਕੇ ਆਖਿਆ, “ਮਾਈ! ਤੇਰਾ ਪੁੱਤਰ ਮੈਨੂੰ ਅੰਮ੍ਰਿਤਸਰ ਅਚਾਨਕ ਹੀ ਅਕਾਲੀਆਂ ਨਾਲ ਫਿਰਦਾ ਹਰਿਮੰਦਰ ਸਾਹਿਬ ਮਿਲਿਆ ਸੀ। ਉਸ ਨੇ ਮੈਨੂੰ ਆਖਿਆ ਸੀ ਕਿ ਉਸ ਦੀ ਰਾਜ਼ੀ-ਖ਼ੁਸ਼ੀ ਦੀ ਖ਼ਬਰ ਤੈਨੂੰ ਦੇ ਦਿਆਂ। ਇਸ ਲਈ ਫ਼ਿਕਰ ਨਾ ਕਰੀਂ।”
ਮਾਈ ਨੇ ਦੀਵਾਨ ਦੇ ਦੋਹਾਂ ਚਾਚਿਆਂ ਨੂੰ ਉਸ ਦੀ ਭਾਲ ਵਿਚ ਅੰਮ੍ਰਿਤਸਰ ਭੇਜਿਆ, ਪਰ ਕੋਈ ਉੱਘ-ਸੁੱਘ ਨਾ ਨਿਕਲੀ। ਫੇਰ ਭੀ ਮਾਈ ਅਜੇ ਤਕ ਉਸ ਦੀ ਉਡੀਕ ਵਿਚ ਹੀ ਸੀ। ਪੁਲਿਸ ਦੀ ਤਫ਼ਤੀਸ਼ ਨੇ ਅੱਜ ਉਸ ਦੀਆਂ ਆਸਾਂ ਪੁਰ ਹਮੇਸ਼ਾ ਲਈ ਪਾਣੀ ਫੇਰ ਦਿੱਤਾ।
ਸਟੇਸ਼ਨ ਪੁਰ ਹੱਲਾ
ਬੱਬਰ ਜਥੇ ਦੇ ਅਸੂਲਾਂ ਵਿਚ ਹਕੂਮਤ ਦੀ ਜਾਇਦਾਦ ਨੂੰ ਲੁੱਟਣਾ ਉਚਿਤ ਸੀ, ਇਸ ਲਈ ਬੰਤਾ ਸਿੰਘ ਧਾਮੀਆਂ ਨੇ ਬਾਬੂ ਸਿੰਘ ਨੂੰ ਸਲਾਹ ਦਿੱਤੀ ਕਿ ਜਮਸ਼ੇਰ ਸਟੇਸ਼ਨ ਨੂੰ ਲੁੱਟਿਆ ਜਾਵੇ । ਬਾਬੂ ਸੰਤਾ ਸਿੰਘ ਨੇ ਆਖਿਆ ਕਿ ਇਹ ਛੋਟਾ ਜਿਹਾ ਸਟੇਸ਼ਨ ਹੈ, ਇਥੋਂ ਕੋਈ ਖ਼ਾਸ ਰਕਮ ਹੱਥ ਨਹੀਂ ਆਉਣੀ। ਬੰਤਾ ਸਿੰਘ ਧਾਮੀਆਂ ਨੇ ਕਿਹਾ ਕਿ ਉਸ ਨੂੰ ਬੰਤਾ ਸਿੰਘ ਪ੍ਰਾਗਪੁਰ ਨੇ ਦੱਸਿਆ ਹੈ ਕਿ ਜਮਸ਼ੇਰ ਸਟੇਸ਼ਨ ਦਾ ਬਾਬੂ ਚੰਨਣ ਰਾਮ ਅਤੇ ਜਮਾਦਾਰ ਸੰਪੂਰਨ ਸਿੰਘ ਬਹੁਤ ਕੱਬੇ ਅਤੇ ਮੂੰਹ-ਜ਼ੋਰ ਹਨ। ਮੁਸਾਫ਼ਰਾਂ ਨਾਲ ਬੜੀ ਤਲਖ਼ੀ ਨਾਲ ਪੇਸ਼ ਆਉਂਦੇ ਹਨ। ਜੇ ਕੋਈ ਸਵਾਰੀ ਬਿਨਾਂ ਟਿਕਟ ਫੜਾਇਆਂ ਤੁਰ ਜਾਵੇ ਤਾਂ ਉਸ ਨੂੰ ਅਬਾ-ਤਬਾ ਬੋਲਣ ਲੱਗ ਪੈਂਦੇ ਹਨ, ਬਿਨ-ਟਿਕਟੀ ਸਵਾਰੀ ਤੋਂ ਤਾਂ ਕਈ ਕੁਝ ਝਾੜ ਕੇ ਛੱਡਦੇ ਹਨ। ਉਨ੍ਹਾਂ ਦੀ ਪੁਲਿਸ ਨਾਲ ਕਾਫ਼ੀ ਮਿਲਵਰਤਣ ਅਤੇ ਪੱਤੀ ਹੈ, ਇਸੇ ਲਈ ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਦਾ ਹੀਆ ਪੈ ਗਿਆ ਹੈ । ਇਹ ਭੀ ਸੁਣਿਆ ਹੈ ਕਿ ਉਹ ਬਾਬੂ ਬੱਬਰਾਂ ਨੂੰ ਗਾਲ੍ਹਾਂ ਤਕ ਕੱਢਦਾ ਹੈ। ਇਸ ਲਈ ਜੇ ਸਟੇਸ਼ਨ ਪੁਰ ਪਈਏ ਤਾਂ ਦੋ ਕੰਮ ਹੋ ਸਕਦੇ ਹਨ, ਇਕ ਸਰਕਾਰੀ ਰਕਮ ਨੂੰ ਲੁੱਟਣਾ, ਦੂਜੇ ਇਸ ਬਾਬੂ ਤੇ ਜਮਾਦਾਰ ਨੂੰ ਸਜ਼ਾ ਦੇਣਾ। ਬਾਬੂ ਸੰਤਾ ਸਿੰਘ ਨੇ ਇਹ ਮਾਜਰਾ ਸੁਣ ਕੇ ਉਪਰੋਕਤ ਕਾਰਜ ਲਈ ਰਜ਼ਾਮੰਦੀ ਪਰਗਟ ਕਰ ਦਿੱਤੀ।
3 ਮਾਰਚ 1923 ਦੀ ਅੱਧੀ ਰਾਤ ਨੂੰ ਬਾਬੂ ਸੰਤਾ ਸਿੰਘ, ਬੰਤਾ ਸਿੰਘ ਧਾਮੀਆਂ, ਸਾਧੂ ਸਿੰਘ ਤੇ ਬੰਤਾ ਸਿੰਘ ਪ੍ਰਾਗਪੁਰੀ ਸਟੇਸ਼ਨ ਪੁਰ ਪਹੁੰਚੇ। ਸੰਤਾ ਸਿੰਘ ਕੋਲ ਪਸਤੌਲ ਸੀ ਅਤੇ ਬਾਕੀਆਂ ਪਾਸ ਛਵੀਆਂ। ਟਿਕਟ-ਘਰ ਦਾ ਬੂਹਾ ਖੜਕਾਇਆ ਤਾਂ ਅੰਦਰੋਂ ਰੁਲੀਏ ਭੰਗੀ ਨੇ ਪੁੱਛਿਆ, “ਕੌਣ ਹੈ ?” ਸੰਤਾ ਸਿੰਘ ਨੇ ਆਖਿਆ, “ਟਿਕਟ ਲੈਣ ਵਾਲੇ ਹਾਂ।” ਰੁਲੀਏ ਨੇ ਇਹ ਆਖਦਿਆਂ ਕਿ ਟਿਕਟ ਸਵੇਰੇ ਮਿਲਣਗੇ, ਬਾਹਰ ਝਾਕਿਆ। ਸੰਤਾ ਸਿੰਘ ਦੇ ਹੱਥ ਪਸਤੌਲ ਦੇਖ ਕੇ ਉਸ ਨੇ ਝਟ ਖਿੜਕੀ ਬੰਦ ਕਰ ਲਈ। ਬੰਤਾ ਸਿੰਘ ਧਾਮੀਆਂ ਨੇ ਕੰਧ ਟੱਪ ਕੇ ਅੰਦਰ ਵਿਹੜੇ ਵਿਚ ਛਾਲ ਮਾਰੀ ਅਤੇ ਅੰਦਰਲਾ ਕੁੰਡਾ ਖੋਲ੍ਹ ਦਿੱਤਾ। ਦੋਵੇਂ ਪ੍ਰਾਗਪੁਰੀਏ ਭੀ ਅੰਦਰ ਆ ਵੜੇ। ਸੰਤਾ ਸਿੰਘ ਬਾਹਰ ਪਹਿਰੇ ਪੁਰ ਰਿਹਾ। ਵਿਹੜੇ ਵਾਲਿਆਂ ਤੋਂ ਡਰ ਕੇ ਭੰਗੀ ਨੇ ਦੂਜਾ ਦਰਵਾਜ਼ਾ ਭੀ ਖੋਲ੍ਹ ਦਿੱਤਾ। ਸਾਧੂ ਸਿੰਘ ਨੇ ਲਾਲਟੈਨ ਜਗਾ ਕੇ ਅਲਮਾਰੀਆਂ ਭੰਨੀਆਂ; ਕੁਲ ਪੰਜ-ਸਤ ਰੁਪਏ ਮਿਲੇ। ਭੰਗੀ ਨੂੰ ਅੰਦਰ ਬੰਦ ਕਰ ਕੇ ਆਖਿਆ ਕਿ ਜੇ ਰੌਲੀ ਪਾਈ ਤਾਂ ਉਸ ਦੀ ਜਾਨ ਦੀ ਖ਼ੈਰ ਨਹੀਂ।
ਚਾਰੇ ਜਣੇ ਚੰਨਣ ਰਾਮ ਦੇ ਕੁਆਰਟਰ ਵੱਲ ਗਏ। ਬਾਬੂ ਨੂੰ ਆਵਾਜ਼ਾਂ ਦਿੱਤੀਆਂ ਤਾਂ ਉਹ ਤਾਕੀ ਖੋਲ੍ਹ ਕੇ ਭੰਗੀ ਨੂੰ ਹਾਕਾਂ ਮਾਰਨ ਲੱਗ ਪਿਆ । ਸੰਤਾ ਸਿੰਘ ਨੇ ਸਾਹਮਣੇ ਪਸਤੌਲ ਕਰ ਕੇ ਕਿਹਾ, “ਜੇ ਚੁੱਪ ਨਾ ਕੀਤਾ ਤਾਂ ਹੁਣੇ ਗੋਲੀ ਆਉਂਦੀ ਹੈ।” ਬਾਬੂ ਚੁੱਪ ਹੋ ਗਿਆ ਅਤੇ ਲਾਲਟੈਨ ਜਗਾ ਕੇ ਬੂਹਾ ਖੋਲ੍ਹ ਦਿੱਤਾ। ਬੰਤਾ ਸਿੰਘ ਪ੍ਰਾਗਪੁਰ ਨੇ ਬਾਬੂ ਦੇ ਤਿੰਨ ਚਾਰ ਚਪੇੜਾਂ ਮਾਰੀਆਂ ਤੇ ਪੁੱਛਿਆ, “ਕਿਉਂ ਓਏ ਹਰਾਮ ਦਿਆ ! ਪਛਾਣਦਾ ਏਂ ਮੈਨੂੰ ਕਿ ਨਹੀਂ।” ਸੰਤਾ ਸਿੰਘ ਨੇ ਬਾਹਰੋਂ ਝਿੜਕਾ ਮਾਰਿਆ, “ਆਪਣਾ ਕੰਮ ਕਰੋ, ਗਾਲ੍ਹਾਂ ਕੱਢਣ ਦੀ ਕੋਈ ਲੋੜ ਨਹੀਂ।”
ਬਾਬੂ ਦੇ ਟਰੰਕਾਂ ਦੀ ਫੋਲਾ-ਫਾਲੀ ਕੀਤੀ ਗਈ। ਨਿੱਕੀਆਂ ਨਿੱਕੀਆਂ ਚਾਰ ਪੰਜ ਟੁੰਬਾਂ ਹੱਥ ਲੱਗੀਆਂ । ਫੇਰ ਉਸ ਨੂੰ ਟਿਕਟ-ਘਰ ਲਿਆਂਦਾ, ਜਿਥੋਂ ਉਸ ਨੇ ਪੱਚੀ ਤੀਹ ਰੁਪਏ ਫ਼ਰਸ਼ ਵਿਚ ਲੱਗੀ ਪੇਟੀ ਵਿਚੋਂ ਕੱਢ ਕੇ ਦਿੱਤੇ । ਬਾਬੂ ਨੂੰ ਨਾਲ ਲੈ ਕੇ ਸਾਰੇ ਸੰਪੂਰਨ ਸਿੰਘ ਜਮਾਦਾਰ ਦੇ ਕੁਆਰਟਰ ਆਏ। ਬਾਬੂ ਦੇ ‘ਵਾਜ ਮਾਰਨ ਪੁਰ ਜਮਾਦਾਰ ਬਾਹਰ ਝਾਕਿਆ, ਪਰ ਕਈ ਆਦਮੀ ਦੇਖ ਕੇ ਬੂਹਾ ਖੋਲ੍ਹਣ ਤੋਂ ਨਾਂਹ ਕਰ ਦਿੱਤੀ । ਬੰਤਾ ਸਿੰਘ ਧਾਮੀਆਂ, ਸਾਧੂ ਸਿੰਘ ਤੇ ਬੰਤਾ ਸਿੰਘ ਪ੍ਰਾਗਪੁਰੀ ਨੇ ਜ਼ੋਰ ਨਾਲ ਧੱਕੇ ਦਿੱਤੇ ਤਾਂ ਬਾਹਰ ਦਾ ਬੂਹਾ ਖੁੱਲ੍ਹ ਗਿਆ। ਇਸ ਪੁਰ ਸੰਪੂਰਨ ਸਿੰਘ ਨੇ ਅੰਦਰਲਾ ਕੁੰਡਾ ਭੀ ਖੋਲ੍ਹ ਦਿੱਤਾ । ਤਲਾਸ਼ੀ ਕਰਨ ਪੁਰ ਚਾਂਦੀ ਦੀਆਂ ਦੋ ਤਿੰਨ ਟੁੰਬਾਂ ਲੱਭੀਆਂ।
ਇਥੋਂ ਫੇਰ ਟਿਕਟ-ਘਰ ਆਏ ਅਤੇ ਬਾਬੂ ਨੂੰ ਅੰਮ੍ਰਿਤਸਰ ਦੀਆਂ ਪੰਜ ਟਿਕਟਾਂ ਦੇਣ ਲਈ ਕਿਹਾ। ਟਿਕਟਾਂ ਲੈ ਕੇ ਬਾਬੂ ਨੂੰ ਦੋ ਹਦਾਇਤਾਂ ਕੀਤੀਆਂ ਕਿ ਇਕ ਤਾਂ ਇਸ ਵਾਕੇ ਦੀ ਰਪੋਟ ਕਿਤੇ ਨਾ ਕਰੇ, ਦੂਜੇ ਬਿਨ-ਟਿਕਟੇ ਨੂੰ ਤੰਗ ਨਾ ਕਰੇ। ਉਸ ਨੇ ਆਪਣੇ ਮੁੰਡੇ ਦੀ ਸਹੁੰ ਖਾ ਕੇ ਆਖਿਆ ਕਿ ਉਹ ਇਨ੍ਹਾਂ ਹਦਾਇਤਾਂ ਪੁਰ ਪੂਰੀ ਤਰ੍ਹਾਂ ਅਮਲ ਕਰੇਗਾ। ਇਹ ਇਕਰਾਰ ਲੈ ਕੇ ਬੱਬਰ ਚੱਲਦੇ ਹੋਏ।
ਬੂਟੇ ਦਾ ਬੂਟਾ ਪੁੱਟ ਸੁੱਟਿਆ
ਬੂਟਾ ਪਿੰਡ ਨੰਗਲਸ਼ਾਮਾਂ ਦਾ ਨੰਬਰਦਾਰ ਸੀ । ਇਹ ਹਰ ਵੇਲੇ ਥਾਣੇ ਹੀ ਵੜਿਆ ਰਹਿੰਦਾ ਸੀ। ਇਸ ਨੂੰ ਪੁਲਿਸ ਦੀਆਂ ਜੁੱਤੀਆਂ ਵਿਚ ਬਹਿਣ ਦਾ ਬੜਾ ਸ਼ੌਕ ਸੀ।
ਪੁਲਿਸ ਵਾਲੇ ਉਸ ਨੂੰ ਹਰ ਵੇਲੇ ਓਏ-ਤਾਏ ਹੀ ਕਰਦੇ ਰਹਿੰਦੇ ਸਨ, ਪਰ ਉਸ ਨੂੰ ਇਸ ਵਿਚ ਹੀ ਸੁਆਦ ਆਉਂਦਾ ਸੀ । ਉਸ ਨੂੰ ਜਦ ਕਿਤੇ ਕਿਸੇ ਬੱਬਰ ਬਾਰੇ ਮਾੜੀ ਜਿਹੀ ਸੂਹ ਭੀ ਮਿਲਦੀ, ਉਹ ਸਦਰ ਥਾਣੇ ਵਿਚ ਭੱਜਾ ਜਾਂਦਾ । ਬੱਬਰ ਕਿਹੜੇ ਇਕ ਥਾਂ ਬੈਠੇ ਰਹਿੰਦੇ ਸਨ, ਪੁਲਿਸ ਪਹੁੰਚਦੀ ਤਾਂ ਉਨ੍ਹਾਂ ਦੀ ਉੱਘ ਸੁੱਘ ਤਕ ਭੀ ਨਾ ਮਿਲਦੀ। ਪੁਲਿਸ ਖ਼ਾਲੀ ਹੱਥ ਵਾਪਸ ਮੁੜ ਜਾਂਦੀ ਅਤੇ ਬੂਟੇ ਨੂੰ ਗਾਲ੍ਹਾਂ ਤੇ ਫਿਟਕਾਰਾਂ ਪੈਂਦੀਆਂ। ਉਹ ਭੀ ਪੁੱਜ ਕੇ ਬੇਸ਼ਰਮ ਸੀ। “ਕਿਤੇ ਫੇਰ ਸਹੀ” ਦੀ ਧੁਨ ਵਿਚ ਧੌਣ ਸੁੱਟੀ ਮਗਰ ਮਗਰ ਤੁਰ ਜਾਂਦਾ । ਦੋ-ਤਿੰਨ ਵੇਰੀ ਖੇਹ ਛਾਣ ਕੇ ਆਖ਼ਰ ਪੁਲਿਸ ਨੇ ਉਸ ਦਾ ਇਤਬਾਰ ਕਰਨਾ ਹੀ ਛੱਡ ਦਿੱਤਾ ਸੀ । ਹੁਣ ਉਸ ਦਾ ਥਾਣੇ ਵਿਚ ਮੁਫ਼ਤ ਦੇ ਨੌਕਰ ਤੋਂ ਵੱਧ ਕੋਈ ਮੁੱਲ ਨਹੀਂ ਸੀ । ਉਸ ਦਾ ਸਾਰਾ ਦਿਨ ਰੋਟੀਆਂ ਲਿਆਉਣ, ਪਾਣੀ ਪਿਆਉਣ, ਫੁੱਲ-ਬੂਟੇ ਸਿੰਜਣ, ਮੇਜ਼ ਕੁਰਸੀਆਂ ਸਾਫ਼ ਕਰਨ ਅਤੇ ਛੜਕਾਅ ਕਰਨ ਵਿਚ ਹੀ ਲੰਘ ਜਾਂਦਾ ਸੀ । ਉਸ ਨੂੰ ਤਾਂ ਆਪਣੇ ਮਾਨ-ਅਪਮਾਨ ਦਾ ਕੋਈ ਖ਼ਿਆਲ ਨਹੀਂ ਸੀ, ਆਖ਼ਰ ਬੱਬਰਾਂ ਨੇ ਉਸ ਨੂੰ ਅਜਿਹੇ ਪਸ਼ੂ-ਜਨਮ ਤੋਂ ਛੁਟਕਾਰਾ ਦੁਆਉਣ ਦਾ ਫ਼ੈਸਲਾ ਕਰ ਲਿਆ। ਬੂਟਾ ਸਿੰਘ ਦਾ ਨਾਂ ਬੱਬਰਾਂ ਦੀ ਕਾਲੀ ਫ਼ਹਿਰਿਸਤ ਵਿਚ 13 ਨੰਬਰ ਪੁਰ
ਦਰਜ ਸੀ। 11 ਮਾਰਚ 1923 ਦੀ ਰਾਤ ਨੂੰ ਜੰਡੂ ਸਿੰਘਾ ਰੇਲਵੇ ਸਟੇਸ਼ਨ ਦੇ ਬਾਹਰਲੇ ਸਿਗਨਲ ਪਾਸ ਬਾਬੂ ਸੰਤਾ ਸਿੰਘ, ਧੰਨਾ ਸਿੰਘ ਬਹਿਬਲਪੁਰ, ਬੰਤਾ ਸਿੰਘ ਧਾਮੀਆਂ, ਹਰਬਖ਼ਸ਼ ਸਿੰਘ ਜੱਸੋਵਾਲ, ਦਲੀਪਾ, ਪਿਆਰਾ ਸਿੰਘ ਤੇ ਦਲੀਪ ਸਿੰਘ ਧਾਮੀਆਂ, ਰਤਨ ਸਿੰਘ ਸੀਂਗੜੀਵਾਲ, ਸਾਹਦਾ ਸਿੰਘ ਤੇ ਬਤਨ ਸਿੰਘ ਪੰਡੋਰੀ ਨਿਝਰਾਂ, ਸਾਧੂ ਸਿੰਘ ਪ੍ਰਾਗਪੁਰੀ ਅਤੇ ਧੰਨਾ ਸਿੰਘ ਕੋਟਲੀ ਬਾਵਾ ਦਾਸ ਇਕੱਠੇ ਹੋਏ। ਬਾਬੂ ਸੰਤਾ ਸਿੰਘ ਨੇ ਆਖਿਆ, “ਆਪਣੇ ਵਿਚ ਕੁਝ ਭਾਈ ਨਵੇਂ ਹਨ, ਇਸ ਲਈ ਮੈਂ ਉਹਨਾਂ ਦੀ ਗਿਆਤ ਵਾਸਤੇ ਇਕ ਵੇਰੀ ਫੇਰ ਦੱਸਦਾ ਹਾਂ ਕਿ ਅੱਜ ਅਸੀਂ ਬੂਟਾ ਨੰਬਰਦਾਰ ਨੰਗਲਸ਼ਾਮਾਂ ਨੂੰ ਸਜ਼ਾ ਦੇਣ ਚੱਲੇ ਹਾਂ। ਉਸ ਨੂੰ ਦੋ ਸਜ਼ਾਵਾਂ ਹਨ : ਇਕ ਜੁਰਮਾਨਾ, ਦੂਜਾ ਉਸ ਦਾ ਸੁਧਾਰ । ਇਸ ਤੋਂ ਛੁਟ ਕੋਈ ਸੱਜਣ ਹੋਰ ਹਰਕਤ ਨਾ ਕਰੇ। ਕਿਸੇ ਬੱਚੇ ਅਤੇ ਔਰਤ ਨੂੰ ਕੁਝ ਨਾ ਆਖਿਆ ਜਾਵੇ ।”
ਦਰਵਾਜ਼ਾ ਅੰਦਰੋਂ ਬੰਦ ਸੀ, ਪਿਆਰਾ ਸਿੰਘ ਧਾਮੀਆਂ ਨੇ ਖੜਕਾਇਆ । ਓਧਰ ਬੰਤਾ ਸਿੰਘ ਧਾਮੀਆਂ ਤੇ ਧੰਨਾ ਸਿੰਘ ਕੋਟਲੀ ਬਾਵਾ ਦਾਸ ਦੱਖਣੀ ਕੰਧ ਪੁਰ ਚੜ੍ਹ ਗਏ। ਧੰਨਾ ਸਿੰਘ ਬਹਿਬਲਪੁਰ ਅਤੇ ਸਾਧੂ ਸਿੰਘ ਪ੍ਰਾਗਪੁਰੀ ਅਜੇ ਹੇਠਾਂ ਹੀ ਖੜੋਤੇ ਸਨ ਕਿ ਬੂਟਾ ਜਾਗ ਪਿਆ ਅਤੇ ਆਪਣਾ ਸਫ਼ਾ-ਜੰਗ ਲੈ ਕੇ ਵਿਹੜੇ ਵਿਚ ਨਿਕਲਿਆ। ਉਸ ਨੇ ਪੁੱਛਿਆ, “ਕੰਧ ਉੱਤੇ ਕਿਹੜੇ ਹਨ ?” ਬੰਤਾ ਸਿੰਘ ਧਾਮੀਆਂ। ਨੇ ਉੱਤਰ ਦਿੱਤਾ, “ਹੁਣੇ ਦੱਸਦੇ ਹਾਂ।” ਬੂਟੇ ਦੀ ਖ਼ਾਨਿਓਂ ਗਈ। ਉਹ ਭੱਜ ਕੇ ਕੋਠੇ ਉਪਰ ਚੜ੍ਹ ਗਿਆ ਅਤੇ “ਬਚਾਓ, ਬਚਾਓ,” ਦਾ ਰੌਲਾ ਪਾਉਣ ਲੱਗਾ। ਉਸ ਦਾ ਰੌਲਾ ਸੁਣ ਕੇ ਲਾਗੇ ਖੂਹ ਤੋਂ ਕੁਝ ਆਦਮੀਆਂ ਨੇ ਉੱਤਰ ਦਿੱਤਾ, “ਤਕੜਾ ਹੋ, ਅਸੀਂ ਆਏ ਕਿ ਆਏ।” ਕੋਲੋਂ ਸੰਤਾ ਸਿੰਘ ਨੇ ਉਹਨਾਂ ਵੱਲ ਨੂੰ ਗੋਲੀ ਛੱਡੀ ਤੇ ਆਖਿਆ, “ਓਥੇ ਜਾ ਕੇ ਕੀ ਲੈਣਾ ਹੈ ? ਕੁਝ ਗਰਮਾ-ਗਰਮ ਚਾਹੀਦਾ ਹੈ ਤਾਂ ਐਥੇ ਹੀ ਦੇ ਦੇਂਦੇ ਹਾਂ। ਅਸੀਂ ਬੱਬਰ ਹਾਂ ਤੇ ਇਸ ਝੋਲੀਚੁੱਕ ਦਾ ਸੁਧਾਰ ਕਰਨ ਆਏ ਹਾਂ, ਤੁਸੀਂ ਕਾਹਦੇ ਲਈ ਡੰਡ ਚੁੱਕ ਲਈ ਹੈ ?” ਖੂਹ ਵਾਲੇ ਮੁੜ ਨਹੀਂ ਕੁਸਕੇ।
ਬੱਬਰ ਦਰਵਾਜ਼ਾ ਤੋੜ ਕੇ ਅੰਦਰ ਜਾ ਵੜੇ। ਧੰਨਾ ਸਿੰਘ ਬਹਿਬਲਪੁਰ ਅਤੇ ਬੰਤਾ ਸਿੰਘ ਧਾਮੀਆਂ ਬੂਟੇ ਦੇ ਮਗਰ ਕੋਠੇ ਉਪਰ ਚੜ੍ਹ ਗਏ। ਧੰਨਾ ਸਿੰਘ ਨੇ ਵੰਗਾਰਿਆ, “ਖੜਾ ਹੋ ਨੰਬਰਦਾਰਾ, ਰੋਜ਼ ਸਾਨੂੰ ਟੋਲਦਾ ਫਿਰਦਾ ਸੈਂ । ਅੱਜ ਅਸੀਂ ਆਏ ਹਾਂ, ਤਾਂ ਤੂੰ ਨੱਸਾ ਜਾਂਦਾ ਏਂ।”
ਧੰਨਾ ਸਿੰਘ ਨੇ ਪਸਤੌਲ ਦਾ ਫ਼ਾਇਰ ਕੀਤਾ। ਬੂਟਾ ਟੱਪ ਕੇ ਇਕ ਪਾਸੇ ਹੋ ਗਿਆ ਅਤੇ ਸਫ਼ਾ-ਜੰਗ ਨਾਲ ਵਾਰ ਕੀਤਾ। ਇਤਨੇ ਨੂੰ ਬੰਤਾ ਸਿੰਘ ਨੇ ਛਵੀ ਦੇ ਦੋ ਕਰਾਰੇ ਵਾਰ ਕੀਤੇ। ਧੰਨਾ ਸਿੰਘ ਨੇ ਭੀ ਫੇਰ ਗੋਲੀ ਚਲਾਈ । ਗੋਲੀ ਖਾਂਦਿਆਂ ਹੀ ਉਹ ਉਲਟ ਕੇ ਦੀਨੇ ਤੇਲੀ ਦੇ ਵਿਹੜੇ ਵਿਚ ਜਾ ਡਿੱਗਾ।
ਹੇਠਾਂ ਘਰ ਦੀ ਤਲਾਸ਼ੀ ਸ਼ੁਰੂ ਹੋਈ। ਦੋ ਸੋਨੇ ਅਤੇ ਦੋ ਚਾਂਦੀ ਦੀਆਂ ਟੁੰਬਾਂ ਮਿਲੀਆਂ। ਇਤਨੇ ਨੂੰ ਲਾਗੇ ਛਾਉਣੀਓਂ ਬਿਗਲ ਵੱਜਣ ਦੀ ਆਵਾਜ਼ ਆਈ। ਸਾਰਿਆਂ ਨੇ ਚਾਲੇ ਪਾਉਣ ਦੀ ਕੀਤੀ, ਕਿਉਂਕਿ ਡਰ ਸੀ ਕਿ ਕਿਤੇ ਕਿਸੇ ਨੇ ਏਥੋਂ ਜਾ ਕੇ ਇਤਲਾਹ ਨਾ ਕਰ ਦਿੱਤੀ ਹੋਵੇ।
ਪਿੰਡੋਂ ਬਾਹਰ ਆ ਕੇ ਧੰਨਾ ਸਿੰਘ ਕੋਟਲੀ ਨੇ ਦੱਸਿਆ, “ਮੈਂ ਜਦ ਕੋਠੜੀ ਵਿਚ ਵੜਿਆ ਤਾਂ ਉੱਥੇ ਬੂਟੇ ਦੇ ਦੋ ਪੋਤੇ ਲੰਮੇ ਪਏ ਸਨ । ਮੈਂ ਵੱਡੇ ਨੂੰ ਤਾਂ ਪਾਰ ਬੁਲਾ ਆਇਆ ਹਾਂ ਅਤੇ ਛੋਟੇ ਦੇ ਭੀ ਇਕ ਦੋ ਜੜ ਆਇਆ ਹਾਂ।”
ਸੰਤਾ ਸਿੰਘ ਨੇ ਆਖਿਆ, “ਮੈਂ ਪਹਿਲਾਂ ਦੱਸਿਆ ਭੀ ਸੀ ਕਿ ਤੀਵੀਆਂ ਅਤੇ ਬੱਚਿਆਂ ਪਰ ਹੱਥ ਨਹੀਂ ਉਠਾਉਣਾ, ਪਰ ਤੂੰ ਕੋਈ ਪਰਵਾਹ ਹੀ ਨਹੀਂ ਕੀਤੀ। ਇਕ ਬੇਗੁਨਾਹ ਦਾ ਖੂਨ ਕਰ ਕੇ ਤੂੰ ਬੱਬਰਾਂ ਦੀ ਬਦਨਾਮੀ ਕੀਤੀ ਹੈ।”
ਧੰਨਾ ਸਿੰਘ ਕੋਟਲੀ ਨੇ ਗੱਲ ਬਣਾਈ, “ਸੁਰਜਨ ਨੇ ਮੈਨੂੰ ਪਛਾਣ ਲਿਆ। ਸੀ, ਇਸ ਲਈ ਉਸ ਨੂੰ ਖ਼ਤਮ ਕਰਨਾ ਪਿਆ।”
ਇਸ ਪੁਰ ਮਾਮਲਾ ਖ਼ਤਮ ਹੋ ਗਿਆ। ਪਰ ਬੱਬਰ ਜਥੇ ਨੇ ਅੱਗੇ ਤੋਂ ਉਸ ਦੀ ਡਿਊਟੀ ਅੰਦਰ ਜਾਣ ਦੀ ਥਾਂ ਪਹਿਰੇ ਪੁਰ ਲਾ ਦਿੱਤੀ।
ਕਰਜ਼ੇ ਮਨਸੂਖ਼ ਤੇ ਇਕ ਹੋਰ ਝੋਲੀਚੁੱਕ ਨਰਕਾਂ ਨੂੰ
ਕੋਟਲੀ ਬਾਵਾਦਾਸ ਦਾ ਇਕ ਵੱਡਾ ਸ਼ਾਹੂਕਾਰ ਜੁਆਲਾ ਸਿੰਘ ਸੀ। ਸੈਂਕੜੇ ਹੀ ਉਸ ਦਾ ਲੇਖਾ ਸਾਫ਼ ਕਰਦੇ ਕਰਦੇ ਕੁੱਬੇ ਹੋ ਗਏ ਸਨ । ਲੋਕ ਉਸ ਤੋਂ ਇਤਨਾ ਤੰਗ ਸਨ ਕਿ ਆਮ ਦੇ ਮੂੰਹ ਪੁਰ ਇਹ ਗੱਲ ਚੜ੍ਹੀ ਹੋਈ ਸੀ-“ਯਾਰ ਕੋਈ ਬੱਬਰ ਵੀ ਇਸ ਬੇਈਮਾਨ ਨੂੰ ਸਾਫ਼ ਨਹੀਂ ਕਰਦਾ।” ਜੁਆਲਾ ਸਿੰਘ ਪੁਲਿਸ ਦਾ ਰਿਪੋਰਟਰ ਭੀ ਸੀ ਅਤੇ ਇਲਾਕੇ ਦੇ ਬੱਬਰਾਂ ਦੀ ਗ੍ਰਿਫ਼ਤਾਰੀ ਲਈ ਕਾਫ਼ੀ ਕੋਸ਼ਿਸ਼ ਕਰਦਾ ਰਹਿੰਦਾ ਸੀ। ਹਕੂਮਤ ਵਲੋਂ ਉਸ ਨੂੰ ਝੋਲੀਚੁੱਕਾਂ ਦੀਆਂ ਕਈ ਚਿੱਠੀਆਂ ਭੀ ਮਿਲੀਆਂ ਸਨ। ਉਸ ਦਾ ਭਰਾ ਨਰੈਣ ਸਿੰਘ ਭੀ ਉਸ ਦੇ ਖ਼ਿਆਲਾਂ ਨਾਲ ਸਹਿਮਤ ਸੀ।
ਜੁਆਲਾ ਸਿੰਘ ਦੇ ਸੁਧਾਰ ਵਾਸਤੇ 13 ਨਵੰਬਰ ਦੀ ਰਾਤ ਨੂੰ ਨਿਰੰਜਨ ਸਿੰਘ ਕੋਟਲੀ ਦੇ ਖੂਹ ਪੁਰ ਬੰਤਾ ਸਿੰਘ ਧਾਮੀਆਂ, ਵਰਿਆਮ ਸਿੰਘ ਧੁੱਗਾ, ਧੰਨਾ ਸਿੰਘ ਕੋਟਲੀ ਇਕੱਠੇ ਹੋਏ। ਧੰਨਾ ਸਿੰਘ ਆਪਣੇ ਨਾਲ ਚਾਰ ਹੋਰ ਬੰਦੇ ਭੀ ਲੈ ਆਇਆ ਸੀ । ਜਦ ਵਰਿਆਮ ਸਿੰਘ ਨੇ ਪੁੱਛਿਆ ਕਿ ਉਹ ਕੌਣ ਹਨ ਤਾਂ ਉਸ ਨੇ ਦੱਸਿਆ ਕਿ ਉਸ ਨੇ ਇਹ ਨਵੇਂ ਬੱਬਰ ਬਣਾਏ ਹਨ।
ਵਰਿਆਮ ਸਿੰਘ ਧੁੱਗਾ, ਧੰਨਾ ਸਿੰਘ ਕੋਟਲੀ ਅਤੇ ਬਚਿੰਤ ਸਿੰਘ ਦੁਮੁੰਡਾ ਨਾਲ ਦੇ ਕੋਠੇ ਪੁਰ ਦੀ ਚੜ੍ਹ ਕੇ ਜੁਆਲਾ ਸਿੰਘ ਦੇ ਚੁਬਾਰੇ ਮੁਹਰੇ ਪਹੁੰਚੇ। ਵਰਿਆਮ ਸਿੰਘ ਨੇ ਰੁਹਬ ਨਾਲ ਆਖਿਆ :
“ਕੁੰਡਾ ਖੋਲ੍ਹ ਓਏ, ਜੁਆਲਾ ਸਿੰਹਾਂ!”
ਜੁਆਲਾ ਸਿੰਘ ਨੇ ਪੁੱਛਿਆ, “ਤੁਸੀਂ ਕੌਣ ਹੋ ?”
ਵਰਿਆਮ ਸਿੰਘ ਧੁੱਗਾ-ਅਸੀਂ ਪੁਲਿਸ ਵਾਲੇ ਹਾਂ । ਧੰਨਾ ਸਿੰਘ ਨੂੰ ਫੜਨ ਆਏ ਹਾਂ । ਤੈਂ ਉਸ ਨੂੰ ਆਪਣੇ ਅੰਦਰ ਲੁਕੋ ਛੱਡਿਆ ਏ। ਸਾਨੂੰ ਉਪਰੋਂ ਉਪਰੋਂ ਫੜਾਉਣ ਦੇ ਵਾਅਦੇ ਕਰ ਕੇ ਉੱਲੂ ਬਣਾਂਦਾ ਰਿਹਾ ਏਂ।
ਜੁਆਲਾ ਸਿੰਘ-ਨਾ ਮਹਾਰਾਜ, ਤੁਹਾਨੂੰ ਕਿਸੇ ਨੇ ਐਵੇਂ ਝੂਠੀ ਖ਼ਬਰ ਦਿੱਤੀ ਏ। ਲਉ ਖਾਂ ਦੇਖ ਲਓ, ਮੇਰੇ ਅੰਦਰ ਤਾਂ ਕੋਈ ਬੰਦਾ ਨਹੀਂ।
ਜੁਆਲਾ ਸਿੰਘ ਨੇ ਬੂਹਾ ਖੋਲ੍ਹਿਆ ਤਾਂ ਵਰਿਆਮ ਸਿੰਘ ਨੇ ਉਸ ਨੂੰ ਸੰਘੀਓਂ ਫੜ ਲਿਆ ਅਤੇ ਸਣੇ ਤੀਵੀਆਂ ਹੇਠਾਂ ਨੂੰ ਤੋਰ ਲਿਆ । ਹੇਠਾਂ ਜਾ ਕੇ ਨਰੈਣ ਸਿੰਘ ਦਾ ਬੂਹਾ ਖੁਲ੍ਹਾਇਆ। ਦੋਹਾਂ ਨੂੰ ਹੁਕਮ ਦਿੱਤਾ ਕਿ ਆਪਣੇ ਟਰੰਕ-ਪੇਟੀਆਂ ਖੋਲ੍ਹਣ।
ਵਰਿਆਮ ਸਿੰਘ ਨੇ ਸਾਰੇ ਲੇਖੇ ਦੇ ਕਾਗ਼ਜ਼-ਪੱਤਰਾਂ ਤੇ ਵਹੀਆਂ ਦਾ ਵੇਹੜੇ ਵਿਚ ਇਕ ਥਾਂ ਢੇਰ ਲਾ ਕੇ ਉਪਰ ਮਿੱਟੀ ਦਾ ਤੇਲ ਛਿੜਕ ਦਿੱਤਾ। “ਕਰਜ਼ੇ ਉੱਕੇ ਮਨਸੂਖ਼” ਆਖ ਕੇ ਤੀਲੀ ਲਾ ਦਿੱਤੀ। ਕੁਝ ਨਕਦ ਰੁਪਿਆ ਅਤੇ ਟੁੰਬਾਂ ਕਾਬੂ ਕਰ ਕੇ ਨਰੈਣ ਸਿੰਘ ਨੂੰ ਆਖਿਆ, “ਤੇਰੇ ਲਈ ਇਤਨੀ ਹੀ ਸਜ਼ਾ ਕਾਫ਼ੀ ਹੈ, ਜੇ ਅੱਗੋਂ ਲਈ ਅਕਲ ਤੋਂ ਕੰਮ ਕਰੇਂ । ਪਰ ਜੁਆਲਾ ਸਿੰਘ ਨਾਲ ਅਜੇ ਹੋਰ ਹਿਸਾਬ-ਕਿਤਾਬ ਕਰਨਾ ਹੈ।
ਜੁਆਲਾ ਸਿੰਘ ਨੂੰ ਮੁਹਰੇ ਲਾ ਕੇ ਪਿੰਡੋਂ ਬਾਹਰ ਇਕ ਚੋਅ ਲਾਗੇ ਲਿਆਂਦਾ। ਬੰਤਾ ਸਿੰਘ ਨੇ ਆਖਿਆ, “ਜੁਆਲਾ ਸਿੰਹਾਂ, ਉਸ ਵੇਲੇ ਦਾ ਧਿਆਨ ਧਰ, ਜਦ ਬੱਬਰਾਂ ਦੀਆਂ ਰਪੋਟਾਂ ਕਰਿਆ ਕਰਦਾ ਸੀ।”
ਜੁਆਲਾ ਸਿੰਘ ਨੇ ਹੱਥ ਜੋੜੇ ਤਾਂ ਵਰਿਆਮ ਸਿੰਘ ਨੇ ਚਪੇੜ ਠੋਕ ਕੇ ਆਖਿਆ, “ਮਗਰੋਂ ਸਾਰੇ ਬੇਸ਼ਰਮ ਹੱਥ ਜੋੜਨ ਲੱਗ ਪੈਂਦੇ ਹਨ। ਪਹਿਲਾਂ ਕੋਈ ਸਮਝਾਇਆਂ ਭੀ ਨਹੀਂ ਸਮਝਦਾ। ਉਦੋਂ ਤਾਂ ਹਰ ਇਕ ਆਪਣੇ ਆਪ ਨੂੰ ਹੀ ਰਾਣੀ ਖ਼ਾਂ ਸਮਝਦਾ ਹੈ।” ਛਵੀਆਂ ਚੱਲੀਆਂ। ਜੁਆਲਾ ਸਿੰਘ ਨੂੰ ਟੁਕੜੇ ਟੁਕੜੇ ਕਰ ਕੇ ਬਰੇਤੀ ਵਿਚ ਦਬਾ ਦਿੱਤਾ ਅਤੇ ਆਖਿਆ, “ਜਾਹ ਪਾਪੀਆ ਨਰਕਾਂ ਨੂੰ।”
ਕੁਝ ਅਸਫਲ ਕੋਸ਼ਿਸ਼ਾਂ
ਪਿੱਛੇ ਦੱਸ ਆਏ ਹਾਂ ਕਿ ਜਥੇਦਾਰ ਕਿਸ਼ਨ ਸਿੰਘ ਨੂੰ ਕਾਬਲ ਸਿੰਘ ਬੜਿੰਗ ਅਤੇ ਉਸ ਦੇ ਸਹੁਰੇ ਲਾਭ ਸਿੰਘ ਢੱਡਾ ਨੇ ਗ੍ਰਿਫ਼ਤਾਰ ਕਰਵਾਇਆ ਸੀ । ਕਾਬਲ ਸਿੰਘ ਉਦੋਂ ਤੋਂ ਹੀ ਬੱਬਰਾਂ ਤੋਂ ਡਰਦਾ ਆਪਣੇ ਸਹੁਰੀਂ ਰਹਿੰਦਾ ਸੀ। ਬੱਬਰ ਜਥੇ ਨੇ ਦੋਹਾਂ ਨੂੰ ਖ਼ਤਮ ਕਰਨ ਦਾ ਫ਼ੈਸਲਾ ਕਰ ਲਿਆ । ਬੱਬਰਾਂ ਦੀ ਕਾਲੀ ਫ਼ਹਿਰਿਸਤ ਵਿਚ ਕਾਬਲ ਸਿੰਘ ਦਾ ਨਾਉਂ 26 ਨੰਬਰ ਪੁਰ ਸੀ ਅਤੇ ਲਾਭ ਸਿੰਘ ਦਾ 27 ਨੰਬਰ ਪੁਰ। ਇਹ ਫ਼ੈਸਲਾ ਭੀ ਕੀਤਾ ਗਿਆ ਕਿ ਚੂੰਕਿ ਦੋਹਾਂ ਨੂੰ ਸਾਢੇ ਸਤ ਸਤ ਸੌ ਰੁਪਿਆ ਇਨਾਮ ਮਿਲਿਆ ਹੈ, ਇਸ ਲਈ ਇਤਨੀ ਰਕਮ ਉਨ੍ਹਾਂ ਤੋਂ ਬਤੌਰ ਜੁਰਮਾਨਾ ਵਸੂਲ ਕੀਤੀ ਜਾਵੇ।
ਪਹਿਲੀ ਕੋਸ਼ਿਸ਼
14 ਮਾਰਚ ਨੂੰ ਬਾਬੂ ਸੰਤਾ ਸਿੰਘ, ਧੰਨਾ ਸਿੰਘ, ਦਲੀਪ ਸਿੰਘ ਧਾਮੀਆਂ, ਸ਼ਿਵ ਸਿੰਘ ਹਰੀਪੁਰ, ਕਰਤਾਰ ਸਿੰਘ, ਸਾਹਦਾ ਸਿੰਘ ਤੇ ਬਤਨ ਸਿੰਘ ਪੰਡੋਰੀ ਨਿਝਰਾਂ ਇਸ ਕੰਮ ਵਾਸਤੇ ਸ਼ਾਮ ਚੁਰਾਸੀ ਦੇ ਭੱਠੇ ਪੁਰ ਇਕੱਠੇ ਹੋਏ। ਇਕ ਬੰਦਾ ਪਤਾ ਕਰਨ ਲਈ ਢੱਡੀਂ ਭੇਜਿਆ, ਪਰ ਉਹ ਵਾਪਸ ਨਾ ਮੁੜਿਆ। ਆਦਮੀ ਭੀ ਥੋੜੇ ਸਨ, ਇਸ ਲਈ ਉਸ ਦਿਨ ਵਾਰ ਕਰਨ ਦੀ ਸਕੀਮ ਤਿਆਗ ਦਿੱਤੀ ।
ਦੂਜੀ ਕੋਸ਼ਿਸ਼
17 ਮਾਰਚ ਨੂੰ ਫੇਰ ਉਸੇ ਭੱਠੇ ਪੁਰ ਬਾਬੂ ਸੰਤਾ ਸਿੰਘ, ਦਲੀਪਾ ਤੇ ਬੰਤਾ ਸਿੰਘ ਧਾਮੀਆਂ, ਧੰਨਾ ਸਿੰਘ, ਵਰਿਆਮ ਸਿੰਘ ਧੁੱਗਾ, ਸ਼ਿਵ ਸਿੰਘ ਹਰੀਪੁਰ, ਦੁਮਣ ਸਿੰਘ ਪੰਡੋਰੀ ਮਹਿਤਮਾ, ਉਜਾਗਰ ਸਿੰਘ ਤੇ ਸੁਰੈਣ ਸਿੰਘ ਬਿਸਰਾਮਪੁਰ, ਧੰਨਾ ਸਿੰਘ ਕੋਟਲੀ, ਬੰਤਾ ਸਿੰਘ ਤੇ ਬੇਲਾ ਸਿੰਘ ਬੋਪਾਰਾਏ (ਰਿ: ਕਪੂਰਥਲਾ), ਸਾਹਦਾ ਸਿੰਘ, ਅਮਰ ਸਿੰਘ ਤੇ ਬਤਨ ਸਿੰਘ ਪੰਡੋਰੀ ਨਿਝਰਾਂ ਅਤੇ ਸਾਧੂ ਸਿੰਘ ਪ੍ਰਾਗਪੁਰੀ ਸੋਲ਼ਾਂ ਆਦਮੀ ਇਕੱਠੇ ਹੋਏ। ਢੱਡਿਆਂ ਲਾਗੇ ਜਦ ਇਕ ਬਾੜ ਵਿਚ ਦੀ ਲੰਘਣ ਲੱਗੇ ਤਾਂ ਦੇਖਿਆ ਕਿ ਇਕ ਮੂਰਤੀ ਹੈ ਨਹੀਂ। ਪਤਾ ਲੱਗਾ ਕਿ ਸੁਰੈਣ ਸਿੰਘ ਬਿਸਰਾਮਪੁਰ ਗਾਇਬ ਹੈ। ਉਜਾਗਰ ਸਿੰਘ ਤੇ ਬਤਨ ਸਿੰਘ ਉਸ ਨੂੰ ਭਾਲਣ ਪਿੱਛੇ ਮੁੜੇ। ਇਕ ਟਾਹਲੀ ਦੇ ਬਿਰਛ ਹੇਠ ਦੀ ਲੰਘਣ ਲੱਗੇ ਤਾਂ ਉਪਰ ਖੜਕਾ ਹੋਇਆ। ਧਿਆਨ ਮਾਰਿਆ ਤਾਂ ਸੁਰੈਣ ਸਿੰਘ ਲੁਕਿਆ ਬੈਠਾ ਸੀ । ਉਜਾਗਰ ਸਿੰਘ ਨੇ ਪੁੱਛਿਆ, “ਕਿਉਂ ਓਏ ਕੀ ਗੱਲ ਏ, ਤੂੰ ਕਿਉਂ ਉੱਤੇ ਟੰਗਿਆ ਹੋਇਆ ਏਂ ?”
ਸੁਰੈਣ ਸਿੰਘ ਬੋਲਿਆ, “ਤੂੰ ਮੈਨੂੰ ਐਵੇਂ ਨਾਲ ਲੈ ਆਇਆ ਮੈਂ । ਮੈਨੂੰ ਕੀ ਪਤਾ ਸੀ ਕਿ ਕਿਸੇ ਨੂੰ ਮਾਰਨ ਜਾਣਾ ਹੈ। ਅਸਲੀ ਗੱਲ ਦਾ ਪਤਾ ਲੱਗਾ ਤਾਂ ਮੇਰਾ ਦਿਲ ਕੰਬ ਗਿਆ। ਮੈਂ ਡਰਦਾ ਨਾਲ ਤੁਰ ਆਇਆ, ਪਰ ਜਿਉਂ ਜਿਉਂ ਢੱਡਾ ਲਾਗੇ ਆਉਂਦਾ ਜਾਂਦਾ ਸੀ, ਮੇਰਾ ਦਿਲ ਡੁੱਬਦਾ ਜਾਂਦਾ ਸੀ । ਬੱਸ ਭਈ ਸੱਚੀ ਗੱਲ ਏ, ਮੈਥੋਂ ਤੁਹਾਡੇ ਨਾਲ ਨਹੀਂ ਜਾਇਆ ਜਾਣਾ। ਮੈਨੂੰ ਤਾਂ ਏਥੇ ਹੀ ਰਹਿਣ ਦਿਓ।”
“ਹੇਠਾਂ ਉਤਰ ਸਹੁਰਿਆ! ਤੂੰ ਭੀ ਆਦਮੀ ਬਣਨ ਪਿਆ ਸੈਂ । ਚੱਲ ਤੂੰ ਬਾਹਰ ਹੀ ਖੜਾ ਰਹੀਂ।”
“ਨਾ ਭਈ ਝੂਠੀ ਗੱਲ ਹੈ। ਢੱਡੇ ਵੱਲ ਨੂੰ ਮੈਂ ਨਹੀਂ ਹਿਲਦਾ। ਪਿੰਡ ਨੂੰ ਆਖੇਂ ਤਾਂ ਉਤਰ ਕੇ ਮੁੜ ਜਾਂਦਾ ਹਾਂ।”
ਉਜਾਗਰ ਸਿੰਘ ਤੇ ਬਤਨ ਸਿੰਘ ਨੇ ਉਸ ਨੂੰ ਬੜੀ ਮੁਸ਼ਕਲ ਨਾਲ ਹੇਠਾਂ
ਲਾਹਿਆ, ਪਰ ਉਤਰਦਾ ਹੀ ਜੁੱਤੀ ਹੱਥ ਫੜ ਕੇ ਬਿਸਰਾਮਪੁਰ ਨੂੰ ਛਾਲੀਂ ਹੋ ਗਿਆ।
ਜਦ ਬਾਕੀ ਸਾਥੀਆਂ ਨੂੰ ਪਤਾ ਲੱਗਾ ਤਾਂ ਉਹਨਾਂ ਗੱਲ ਨਿਕਲ ਜਾਣ ਦੇ ਡਰ ਤੋਂ ਫੇਰ ਆਪਣਾ ਕਾਰਜ ਮੁਲਤਵੀ ਕਰ ਦਿੱਤਾ।
ਤੀਜੀ ਕੋਸ਼ਿਸ਼
23 ਮਾਰਚ ਨੂੰ ਉਸੇ ਭੱਠੇ ਪੁਰ ਕਰਮ ਸਿੰਘ ਐਡੀਟਰ, ਉਦੈ ਸਿੰਘ, ਧੰਨਾ ਸਿੰਘ, ਬਾਬੂ ਸੰਤਾ ਸਿੰਘ, ਦਲੀਪਾ ਧਾਮੀਆਂ, ਸਾਧੂ ਸਿੰਘ ਪ੍ਰਾਗਪੁਰ ਅਤੇ ਬਤਨ ਸਿੰਘ, ਕਰਤਾਰ ਸਿੰਘ, ਮਿਲਖਾ ਸਿੰਘ, ਊਧਮ ਸਿੰਘ, ਸਾਹਦਾ ਸਿੰਘ, ਠਾਕਰ ਸਿੰਘ, ਹਰਨਾਮ ਸਿੰਘ ਤੇ ਬਖ਼ਸ਼ੀਸ਼ ਸਿੰਘ ਪੰਡੋਰੀ ਨਿਝਰਾਂ ਇਕੱਠੇ ਹੋਏ। ਕਰਮ ਸਿੰਘ ਦੌਲਤਪੁਰ ਨੇ ਬਾਬੂ ਸੰਤਾ ਸਿੰਘ ਨੂੰ ਪੁੱਛਿਆ, “ਇਹ ਤਿੰਨ ਚਾਰ ਮੁੰਡੇ (ਕਰਤਾਰ ਸਿੰਘ, ਮਿਲਖਾ ਸਿੰਘ, ਊਧਮ ਸਿੰਘ ਤੇ ਹਰਨਾਮ ਸਿੰਘ ਪੰਡੋਰੀ) ਕੌਣ ਲਿਆਇਆ ਏ ?”
ਸੰਤਾ ਸਿੰਘ ਨੇ ਦੱਸਿਆ ਕਿ ਇਹ ਬਤਨ ਸਿੰਘ ਪੰਡੋਰੀ ਵਾਲੇ ਦਾ ਕੰਮ ਹੈ। ਦੋਹਾਂ ਨੇ ਬਤਨ ਸਿੰਘ ਨੂੰ ਸੱਦ ਕੇ ਝਾੜ ਪਾਈ, “ਤੈਂ ਇਹ ਕੀ ਖੇਡ ਬਣਾਈ ਹੋਈ ਹੈ ? ਆਦਮੀ ਨੂੰ ਮਾਰਨਾ ਤੇ ਭੇਦ ਨੂੰ ਖਪਾ ਜਾਣਾ ਕੋਈ ਸਾਧਾਰਨ ਗੱਲ ਨਹੀਂ। ਪਰ ਤੂੰ ਇਹਨਾਂ ਅਲੂਏਂ ਅੱਲੜ ਮੁੰਡਿਆਂ ਨੂੰ ਘਸੀਟ ਲਿਆਇਆ ਏਂ। ਅੱਗੋਂ ਲਈ ਕਦੀ ਕਿਸੇ ਨਾ-ਤਜਰਬਾਕਾਰ ਆਦਮੀ ਨੂੰ ਇਹੋ ਜਿਹੇ ਕੰਮ ਵਿਚ ਨਾਲ ਨਹੀਂ ਖੜਨਾ।”
ਇਹੋ ਜਿਹੀ ਹਾਲਤ ਵਿਚ ਹਮਲੇ ਦਾ ਕੰਮ ਅਨੁਚਿਤ ਸਮਝ ਕੇ ਫੇਰ ਮੁਲਤਵੀ ਕਰ ਦਿੱਤਾ ਗਿਆ।
ਸੀ.ਆਈ.ਡੀ. ਵਾਲਾ ਰਾੜਿਆ
‘ਬੱਬਰ ਅਕਾਲੀ’ ਦੇ ਇਕ ਪਰਚੇ ਦੇ ਸਫ਼ਾ ਪੰਜ ਪੁਰ ਇਹ ਐਲਾਨ ਛਪਿਆ ਸੀ: ਨਾਂ-ਮਿਸਤਰੀ ਲਾਭ ਸਿੰਘ।
ਪਤਾ-ਗੜ੍ਹਸ਼ੰਕਰ ।
ਪੇਸ਼ਾ-ਡਾਇਰੀ-ਬਾਜ਼ੀ ਤੇ ਖ਼ੁਫ਼ੀਆ ਪੁਲਸੀਆ।
ਨੰਬਰ ਕਾਲੀ ਫ਼ਹਿਰਿਸਤ-94 ਸੁਧਾਰ ਦੀ ਤਰੀਕ-19 ਮਾਰਚ 1923
19 ਮਾਰਚ ਨੂੰ ਡਾਨਸੀਵਾਲ ਵਿਖੇ ਭਾਰੀ ਛਿੰਜ ਸੀ । ਬੱਬਰਾਂ ਖ਼ਿਆਲ ਕੀਤਾ ਕਿ ਉੱਥੇ ਜ਼ਰੂਰ ਕਈ ਝੋਲੀਚੁੱਕ ਆਉਣਗੇ। ਇਸ ਲਈ ਧੰਨਾ ਸਿੰਘ, ਬਾਬੂ ਸੰਤਾ ਸਿੰਘ, ਦਲੀਪਾ ਧਾਮੀਆਂ ਅਤੇ ਬਤਨ ਸਿੰਘ ਪੰਡੋਰੀ ਮੇਲੇ ਵਿਚ ਫਿਰ ਕੇ ਆਪਣੇ ਸ਼ਿਕਾਰ ਦੀ ਭਾਲ ਕਰਨ ਲੱਗੇ। ਝੋਲੀਚੁੱਕ ਭੀ ਕਿਹੜੇ ਅੰਨ੍ਹੇ ਸਨ, ਉਹ ਉਹਨੀਂ ਦਿਨੀਂ ਪੁਲਿਸ ਤੋਂ ਬਿਨਾਂ ਕਿਤੇ ਨਿਕਲਦੇ ਹੀ ਨਹੀਂ ਸਨ । ਬੱਬਰ ਭਾਲਦੇ ਭਾਲਦੇ ਥੱਕ ਕੇ ਨਿਰਾਸ ਹੋ ਚੁੱਕੇ ਸਨ ਕਿ ਗੜ੍ਹਸ਼ੰਕਰ ਦਾ ਲਾਭ ਸਿੰਘ ਮਿਸਤਰੀ ਖ਼ੁਫ਼ੀਆ ਪੁਲਿਸ ਵਾਲਾ, ਧੰਨਾ ਸਿੰਘ ਦੀ ਨਜ਼ਰੀਂ ਪਿਆ। ਖ਼ੁਸ਼ੀ ਚੜ੍ਹ ਗਈ, ਸ਼ੁਕਰ ਹੈ ਖ਼ਾਲੀ ਨਹੀਂ ਮੁੜਨਾ ਪਿਆ ਤੇ ਸ਼ਿਕਾਰ ਭੀ ਸੁਆਦੀ ਹੱਥ ਆਇਆ। ਸ਼ਾਮ ਹੋਈ ਤਾਂ ਲਾਭ ਸਿੰਘ ਆਪਣੇ ਅੱਠ ਸਾਲਾ ਮੁੰਡੇ ਚੂਹੜ ਸਿੰਘ ਨੂੰ ਉਂਗਲੀ ਲਾਈ ਦਇਆਲ ਵੱਲ ਨੂੰ ਤੁਰ ਪਿਆ। ਮਗਰ ਮਗਰ ਬੱਬਰ ਭੀ ਅੱਗੜ ਪਿੱਛੜ ਹੋ ਕੇ ਲੱਗ ਤੁਰੇ। ਪਰ ਲਾਭ ਸਿੰਘ ਆਪਣੇ ਖ਼ਿਆਲਾਂ ਵਿਚ ਮਸਤ ਸੋਚ ਰਿਹਾ ਸੀ, “ਮੇਰੀਆਂ ਡਾਇਰੀਆਂ ਨੂੰ ਬੜੇ ਬੜੇ ਅਫ਼ਸਰ ਭੀ ਮੰਨ ਗਏ ਹਨ। ਜੇ ਮੈਨੂੰ ਪਿੰਡਾਂ ਵਿਚ ਦਿਨ ਰਾਤ ਫਿਰਨਾ ਪਿਆ ਹੈ, ਤਾਂ ਕੀ ਹੋਇਆ, ਸੁਪ੍ਰਿੰਟੈਂਡੈਂਟ ਪੁਲਿਸ ਨੇ ਥਾਪੀ ਭੀ ਤਾਂ ਮੈਨੂੰ ਹੀ ਦਿੱਤੀ ਹੈ। ਇਕ ਸਾਧਾਰਨ ਜਿਹਾ ਸੂਹੀਆ ਸਾਂ, ਹੁਣ ਬਾਕਾਇਦਾ ਸੀ.ਆਈ.ਡੀ. ਦਾ ਮੋਹਤਬਰ ਸਿਪਾਹੀ ਹਾਂ। ਕਲ੍ਹ ਨੂੰ ਹੌਲਦਾਰੀ, ਫੇਰ ਥਾਣੇਦਾਰੀ, ਮੇਰੇ ਹੇਠਾਂ ਚਿੱਟਾ ਘੋੜਾ, ਸਰਕਾਰੇ-ਦਰਬਾਰੇ ਮਾਣ, ਮਾਇਆ ਦੀ ਬੇਪਰਵਾਹੀ, ਉੱਚੀ ਅਟਾਰੀ, ਰਾਗ ਰੰਗ ਦੀ ਮਹਿਫ਼ਲ, ਰਜਵਾਂ ਮਾਸ ਤੇ ਮਨਭਾਉਂਦੀ ਸ਼ਰਾਬ ਹੋਰ ਹੋਰ ਜੋ ਮੇਰੀ ਮਰਜ਼ੀ। ਉਹ ਕੀ ਜਾਣਨ ਮੈਂ ਕੀ ਬਣਨ ਵਾਲਾ ਹਾਂ। ਕਮਲੇ, ਮੇਰੇ ਮਕਾਨ ਪਰ ਲਿਖ ਲਿਖ ਜਾਂਦੇ ਹਨ ਕਿ ਮੈਂ ਸੀ.ਆਈ.ਡੀ. ਦਾ ਕੰਮ ਛੱਡ ਦਿਆਂ, ਨਹੀਂ ਤਾਂ… !”
ਪਿੱਛੋਂ ਟੀਂ ਕਰਦੀ ਧੰਨਾ ਸਿੰਘ ਦੀ ਗੋਲੀ ਪਈ। ਲਾਭ ਸਿੰਘ ਮੂੰਹ ਪਰਨੇ ਡਿੱਗ ਪਿਆ। ਇਕ ਹੋਰ, ਦੋ ਹੋਰ। ਉਹ ਅਤੇ ਉਸ ਦਾ ਜੀਵਨ-ਸੁਪਨਾ ਇਕ ਮਿੰਟ ਵਿਚ ਖ਼ਤਮ ਹੋ ਗਿਆ।
ਚੂਹੜ ਸਿੰਘ ਇਹ ਸਭ ਕੁਝ ਦੇਖ ਕੇ ਠਠੰਬਰ ਗਿਆ । ਧੰਨਾ ਸਿੰਘ ਨੇ ਪਿਆਰ ਦੇ ਕੇ ਆਖਿਆ, “ਕਾਕਾ, ਤੇਰਾ ਬਾਪੂ ਦੇਸ਼-ਧ੍ਰੋਹੀ ਸੀ, ਇਸ ਕਰਕੇ ਇਹ ਸਜ਼ਾ ਮਿਲੀ ਹੈ। ਤੂੰ ਇਸ ਤੋਂ ਸਬਕ ਲਵੀਂ, ਵੱਡਾ ਹੋ ਕੇ ਦੇਸ਼-ਭਗਤ ਬਣੀਂ ਅਤੇ ਆਪਣੇ ਬਾਪੂ ਦਾ ਲਾਇਆ ਕਲੰਕ ਧੋ ਸੁੱਟੀਂ।”
ਕੈਲੀ ਗਊ
ਪਿੰਡ ਬਹਿਬਲਪੁਰ ਨੂੰ ਮਾਣ ਹੈ ਕਿ ਉਸ ਨੇ ਧੰਨਾ ਸਿੰਘ ਨਿਡਰ, ਦਲੇਰ, ਹਠੀਆ ਤੇ ਕੁਰਬਾਨੀ ਵਾਲਾ ਬੱਬਰ ਸ਼ੇਰ ਪੈਦਾ ਕੀਤਾ, ਪਰ ਜਿਥੇ ਫੁਲ ਓਥੇ ਕੰਡੇ ਭੀ ਹੁੰਦੇ ਂ ਹਨ। ਇਸ ਪਿੰਡ ਦਾ ਇਕ ਸਰਬਰਾਹ ਨੰਬਰਦਾਰ ਹਜ਼ਾਰਾ ਸਿੰਘ ਪੁਲਿਸ ਦਾ ਬਦਨਾਮ ਚਾਟੜਾ ਸੀ। ਉਹ ਪੁਲਿਸ ਦਾ ਪੱਤੀਦਾਰ ਹੋਣ ਕਰਕੇ ਕਿਸੇ ਨਾ ਕਿਸੇ ਪਾਸੇ ਪੁਲਿਸ ਨੂੰ ਚੜ੍ਹਾਈ ਹੀ ਰੱਖਦਾ ਸੀ। ਉਸ ਨੂੰ ਕਿਸੇ ਨੇ ਆਪਣੇ ਨਾਲ ਕੰਮ ਲਿਜਾਣਾ ਹੁੰਦਾ ਤਾਂ ਉਹ ਰੱਜ ਕੇ ਵੱਢੀ ਲੈਂਦਾ ਅਤੇ ਮਾਸ ਸ਼ਰਾਬ ਮੰਗਦਾ । ਉਸ ਨੂੰ ਬੱਬਰ ਅਕਾਲੀਆਂ ਨਾਲ ਖ਼ਾਸ ਨਫ਼ਰਤ ਸੀ। ਜਦ ਕਦੀ ਬੋਲਦਾ, ਇਹੋ ਕਹਿੰਦਾ, “ਇਹ ਚੋਰ, ਯਾਰ, ਡਾਕੂ ਤੇ ਬਦਮਾਸ਼ ਹਨ। ਲੁਕੇ ਕਿਉਂ ਫਿਰਦੇ ਹਨ, ਸਿੱਧੇ ਮੱਥੇ ਸਰਕਾਰ ਨਾਲ ਟੱਕਰ ਲੈਣ ਖਾਂ।” ਪੁਲਿਸ ਦੀ ਚੁੱਕ ਅਤੇ ਲਾਲਚ ਦੇ ਵੱਸ ਹੋ ਕੇ ਉਸ ਦਾ ਸਾਰਾ ਜ਼ੋਰ ਧੰਨਾ ਸਿੰਘ ਬੱਬਰ ਨੂੰ ਫੜਾਉਣ ਲਈ ਲੱਗਾ ਹੋਇਆ ਸੀ, ਕਿਉਂਕਿ ਪੁਲਿਸ ਨੇ ਉਸ ਨੂੰ ਪੜ੍ਹਾਇਆ ਹੋਇਆ ਸੀ ਕਿ ਜੇ ਉਹ ਇਸ ਗੱਲ ਵਿਚ ਸਫਲ ਹੋ ਜਾਵੇ ਤਾਂ ਉਸ ਨੂੰ ਬਾਦ ਵਿਚ ਇਕ ਮੁਰੱਬਾ ਨਹਿਰੀ ਤੋਂ ਇਨਾਮ ਵਿਚ ਮਿਲੇਗਾ। ਉਹ ਧੰਨਾ ਸਿੰਘ ਦੇ ਘਰ ਦਾ ਇਕ ਤਰ੍ਹਾਂ ਨਾਲ ਪਹਿਰਾ ਹੀ ਰੱਖਦਾ ਸੀ ਅਤੇ ਗੱਜ ਵੱਜ ਕੇ ਕਹਿੰਦਾ ਸੀ ਕਿ ਉਹ ਜਦ ਤਕ ਧੰਨਾ ਸਿੰਘ ਫੜਾ ਨਹੀਂ ਲੈਂਦਾ, ਉਸ ਨੇ ਰੱਜ ਕੇ ਰੋਟੀ ਨਹੀਂ ਖਾਣੀ। ਉਸ ਵਿਚ ਆਪ ਤਾਂ ਧੰਨਾ ਸਿੰਘ ਨੂੰ ਪੈ ਕੇ ਫੜ ਲੈਣ ਦੀ ਹਿੰਮਤ ਨਹੀਂ ਸੀ, ਪਰ ਜਦ ਭੀ ਉਸ ਨੂੰ ਪਤਾ ਲੱਗਦਾ ਕਿ ਧੰਨਾ ਸਿੰਘ ਪਿੰਡ ਆਇਆ ਹੈ, ਉਹ ਕਿਸੇ ਨਾ ਕਿਸੇ ਨੂੰ ਮਾਹਲਪੁਰ ਥਾਣੇ ਭੇਜ ਕੇ ਖ਼ਬਰ ਕਰਦਾ। ਇਸ ਤਰ੍ਹਾਂ ਉਹ ਅੱਧੀ ਦਿਹਾੜੀ ਭੀ ਧੰਨਾ ਸਿੰਘ ਨੂੰ ਪਿੰਡ ਨਹੀਂ ਸੀ ਟਿਕਣ ਦਿੰਦਾ । ਫੇਰ ਜਿਸ ਕਿਸੇ ਪਾਸ ਧੰਨਾ ਸਿੰਘ ਠਹਿਰਦਾ, ਉਸ ਦੀ ਪੁਲਿਸ ਪਾਸੋਂ ਬੇਇੱਜ਼ਤੀ ਕਰਵਾਉਂਦਾ। ਦੋ ਤਿੰਨ ਵੇਰੀ ਧੰਨਾ ਸਿੰਘ ਨੇ ਉਸ ਨੂੰ ਸਮਝਾਇਆ ਕਿ ਉਹ ਐਵੇਂ ਅੱਡੀਆਂ ਚੁੱਕ ਕੇ ਫਾਹਾ ਨਾ ਲਵੇ, ਪਰ ਉਸ ਨੇ ਇਕ ਨਾ ਮੰਨੀ। ਆਖ਼ਰ ਉਸ ਦਾ ਨਾਂ ਭੀ ਬੱਬਰ ਜਥੇ ਦੀ ਕਾਲੀ ਫ਼ਹਿਰਿਸਤ ‘ਤੇ ਚੜ੍ਹ ਗਿਆ।
26 ਮਾਰਚ 1923 ਦੀ ਰਾਤ ਨੂੰ ਬਹਿਬਲਪੁਰ ਦੇ ਇਕ ਖੂਹ ਪੁਰ ਕਰਮ ਸਿੰਘ ਐਡੀਟਰ, ਉਦੈ ਸਿੰਘ, ਬਾਬੂ ਸੰਤਾ ਸਿੰਘ ਅਤੇ ਦਲੀਪਾ ਇਕੱਠੇ ਹੋਏ। ਫ਼ੈਸਲਾ ਕੀਤਾ ਕਿ ਸਵੇਰ-ਸਾਰ ਹਜ਼ਾਰਾ ਸਿੰਘ ਦਾ ਫ਼ਸਤਾ ਮੁਕਾ ਕੇ ਪਿੰਡ ਅਤੇ ਇਲਾਕੇ ਨੂੰ ਇਸ ਬਿੱਜ ਤੋਂ ਮੁਕਤ ਕੀਤਾ ਜਾਵੇ । ਧੰਨਾ ਸਿੰਘ ਨੇ ਤੜਕੇ ਹੀ ਬਾਬੂ ਸੰਤਾ ਸਿੰਘ ਤੇ ਦਲੀਪੇ ਨੂੰ ਜਗਾ ਕੇ ਆਖਿਆ, “ਤੁਸੀਂ ਚੱਲ ਕੇ ਉਸ ਚੋਅ ਪੁਰ ਬੈਠੋ ਅਤੇ ਅਸੀਂ ਤਿੰਨੇ ਪਿੰਡ ਜਾ ਕੇ ਹਜ਼ਾਰਾ ਸਿੰਘ ਵਾਲਾ ਕੰਮ ਕਰ ਆਉਂਦੇ ਹਾਂ, ਕਿਉਂਕਿ ਉਸ ਨੂੰ ਭਾਵੇਂ ਪਿੰਡ ਦੇ ਸਾਹਮਣੇ ਹੀ ਮਾਰ ਦਿੱਤਾ ਜਾਵੇ, ਕਿਸੇ ਨੇ ਉਸ ਦੀ ਮਦਦ ਪੁਰ ਨਹੀਂ ਆਉਣਾ।”
ਕਰਮ ਸਿੰਘ, ਧੰਨਾ ਸਿੰਘ ਅਤੇ ਉਦੈ ਸਿੰਘ ਪਿੰਡ ਨੂੰ ਆ ਗਏ। ਅਜੇ ਘੁਸਮੁਸਾ ਹੀ ਸੀ। ਹਜ਼ਾਰਾ ਸਿੰਘ ਆਪਣੇ ਬਾੜੇ ਤੋਂ ਘਰ ਵੱਲ ਨੂੰ ਹੀ ਆ ਰਿਹਾ ਸੀ। ਉਸ ਨੇ ਉਪਰ ਚਾਦਰ ਲਈ ਹੋਈ ਸੀ, ਇਸ ਕਰਕੇ ਪੂਰੀ ਤਰ੍ਹਾਂ ਪਛਾਣਿਆ ਨਾ ਜਾਣ ਕਰਕੇ ਧੰਨਾ ਸਿੰਘ ਨੇ ਆਵਾਜ਼ ਦਿੱਤੀ, “ਕਿਹੜਾ ਏਂ।”
ਹਜ਼ਾਰਾ ਸਿੰਘ ਬੋਲਿਆ, “ਮੈਂ ਨੰਬਰਦਾਰ।”
ਧੰਨਾ ਸਿੰਘ ਨੇ ਕਰਮ ਸਿੰਘ ਨੂੰ ਦੱਸਿਆ ਕਿ ਇਹੋ ਹਜ਼ਾਰਾ ਸਿੰਘ ਝੋਲੀਚੁੱਕ ਹੈ। ਹਜ਼ਾਰਾ ਸਿੰਘ ਘੁਸਰ-ਮੁਸਰ ਹੁੰਦੀ ਦੇਖ ਕੇ ਪਿਛਲੀ ਪੈਰੀਂ ਨੱਸ ਉਠਿਆ। ਧੰਨਾ ਸਿੰਘ ਨੇ ਵੰਗਾਰਿਆ, “ਚੱਲ ਲੈ ਲੰਬੜਾ ਜਿਧਰ ਚੱਲਣਾ ਏਂ, ਅੱਜ ਮੈਂ ਤੈਨੂੰ ਭੱਜੇ ਨੂੰ ਨਹੀਂ ਜਾਣ ਦੇਂਦਾ।”
ਹਜ਼ਾਰਾ ਸਿੰਘ ਦੇ ਆਪਣੇ ਬਾੜੇ ਵਿਚ ਵੜਦਿਆਂ ਵੜਦਿਆਂ ਧੰਨਾ ਸਿੰਘ ਨੇ ਉਸ ਨੂੰ ਆ ਘੇਰ ਲਿਆ। ਹਜ਼ਾਰਾ ਸਿੰਘ ਨਾਲ ਦੀ ਨਰੈਣ ਸਿੰਘ ਦੀ ਹਵੇਲੀ ਵਿਚ ਨੂੰ ਟੱਪਿਆ ਤਾਂ ਧੰਨਾ ਸਿੰਘ ਨੇ ਮਗਰੇ ਟੱਪ ਕੇ ਉਸ ਨੂੰ ਜਾ ਢਾਹਿਆ। ਉਸ ਵੇਲੇ ਕਰਮ ਸਿੰਘ ਤੇ ਉਦੈ ਸਿੰਘ ਭੀ ਆ ਗਏ।
ਧੰਨਾ ਸਿੰਘ ਨੇ ਲੰਬੜ ਨੂੰ ਆਖਿਆ, “ਸੱਦ ਲੈ, ਜੇ ਕੋਈ ਤੇਰਾ ਹੋਰ ਭੀ ਬੇਲੀ ਹੈ, ਇਕੱਠਾ ਹੀ ਹਿਸਾਬ-ਕਿਤਾਬ ਕਰ ਲਈਏ।”
ਲੰਬੜ ਬੋਲਿਆ, “ਮੇਰਾ ਕੋਈ ਯਾਰ ਬੇਲੀ ਨਹੀਂ, ਧੰਨਾ ਸਿੰਘ, ਮੈਂ ਕਿਹਨੂੰ ਸੱਦਣਾ ਏਂ।”
“ਆਪਣੀ ਮਾਂ ਸਰਕਾਰ ਨੂੰ ਹੀ ਤਾਰ ਪਾ ਦੇ, ਸ਼ਾਇਦ ਤੈਨੂੰ ਮੈਥੋਂ ਆ ਛੁਡਾਵੇ।”
“ਮੈਂ ਭੁਲਿਆ ਰਿਹਾ ਭਰਾਵਾ, ਭਰਾਵਾਂ ਤੋਂ ਪਰੇ ਕੋਈ ਸਰਕਾਰ ਨਹੀਂ। ਤੂੰ ਮੇਰਾ ਪਿੰਡ ਦਾ ਸ਼ਰੀਕ ਭਰਾ ਏਂ, ਅੱਜ ਬਖ਼ਸ਼ ਦੇ, ਸਾਰੀ ਉਮਰ ਤੇਰਾ ਪਾਣੀ ਭਰੂੰਗਾ।”
“ਅਗਲੀਆਂ ਗੱਲਾਂ ਤਾਂ ਫੇਰ ਕਰਾਂਗੇ, ਤੇਰੀਆਂ ਪਿਛਲੀਆਂ ਕੀਤੀਆਂ ਦੀ ਸਜ਼ਾ ਕਿਸ ਨੂੰ ਦੇਈਏ ? ਤੈਂ ਲੋਕਾਂ ਦੇ ਖੀਸੇ ਖ਼ਾਲੀ ਕਰਾਏ, ਪੁਲਿਸ ਤੋਂ ਹੱਡ ਕੁਟਵਾਏ, ਮੈਨੂੰ ਸਾਲ ਭਰ ਤੋਂ ਪਿੰਡ ਨਹੀਂ ਖੜੋਣ ਦਿੱਤਾ, ਤੈਨੂੰ ਛੱਡ ਕੇ ਇਨ੍ਹਾਂ ਗੱਲਾਂ ਦਾ ਲੇਖਾ ਕਿਹਦੇ ਨਾਲ ਕਰੀਏ ?”
“ਮੈਨੂੰ ਕਮਲਾ ਹੋ ਗਿਆ ਸਮਝ ਕੇ ਛੱਡ ਦਿਓ, ਮੈਨੂੰ ਪੈਸਿਆਂ ਦਾ ਡੰਨ ਲਾ ਦਿਓ, ਅੱਗੋਂ ਲਈ ਮੈਨੂੰ ਨਾਲ ਰਲਾ ਲਓ, ਪਰ ਮੇਰੀ ਜਾਨ-ਬਖ਼ਸ਼ੀ ਕਰ ਦਿਓ।”
“ਤੂੰ ਨਹੀਂ ਕਮਲਾ, ਉਲਟਾ ਤੂੰ ਤਾਂ ਸਾਨੂੰ ਕਮਲਾ ਬਣਾਉਣਾ ਚਾਹੁੰਦਾ ਏਂ। ਅੜਿੱਕੇ ਆਏ ਦੁਸ਼ਮਨ ਦੀ ਰਈਂ ਰਈਂ ਦਾ ਕੀ ਮਤਲਬ ? ਜਦ ਮੈਂ ਤੈਨੂੰ ਅੱਗੇ ਸਮਝਾਂਦਾ ਸਾਂ, ਇਹ ਹੰਝੂ ਉਦੋਂ ਕੇਰਦਾ ਤਾਂ ਇਹਨਾਂ ਦਾ ਕੋਈ ਮੁੱਲ ਪੈਂਦਾ। ਪਰ ਅੱਜ ਦੀਆਂ ਤੇਰੀਆਂ ਸਭ ਗੱਲਾਂ ਮਕਰ ਹਨ। ਸਾਨੂੰ ਭੀ ਕਿਸੇ ਉਸਤਾਦ ਨੇ ਦੱਸਿਆ ਹੋਇਆ ਹੈ ਕਿ ਢਹਿ ਰਿਹਾ ਦੁਸ਼ਮਨ ਵਕਤ ਹਾਸਲ ਕਰਨ ਵਾਸਤੇ ਡਿੱਗ ਕੇ ਸੁਲਹ ਕਰਨ ਨੂੰ ਤਿਆਰ ਹੋ ਜਾਂਦਾ ਹੈ। ਪਰ ਉਸ ਵੇਲੇ ਉਸ ਪੁਰ ਰਹਿਮ ਕਰਨਾ ਆਪਣੇ ਨਾਲ ਜ਼ੁਲਮ ਕਰਨਾ ਹੈ । ਸਾਨੂੰ ਤੇਰੇ ਪੈਸਿਆਂ ਦੀ ਤੇ ਤੈਨੂੰ ਨਾਲ ਲੈਣ ਦੀ ਕੋਈ ਲੋੜ ਨਹੀਂ। ਬੱਬਰਾਂ ਦੀ ਅਦਾਲਤੋਂ ਜੋ ਹੁਕਮ ਹੋਇਆ ਹੈ, ਤੈਨੂੰ ਉਹੋ ਸਜ਼ਾ ਮਿਲਣੀ ਹੈ।”
“ਮੈ ਨੱਕ ਨਾਲ ਲਕੀਰਾਂ ਕੱਢਦਾ ਹਾਂ, ਆਪਣੇ ਮੁੰਡਿਆਂ ਦੀ ਸਹੁੰ ਖਾਂਦਾ ਹਾਂ, ਅੱਗੋਂ ਲਈ ਕਦੇ ਝੋਲੀਚੁੱਕੀ ਨਹੀਂ ਕਰਾਂਗਾ।”
“ਮੈਂ ਭੀ ਤੈਨੂੰ ਅਗਲੀਆਂ ਦੀ ਨਹੀਂ, ਪਿਛਲੀਆਂ ਕਰਤੂਤਾਂ ਦੀ ਹੀ ਸਜ਼ਾ ਦੇ ਰਿਹਾ ਹਾਂ।”
“ਮੈਂ ਕੈਲੀ ਗਊ ਹਾਂ, ਧੰਨਾ ਸਿੰਘਾ!”
“ਪਰ ਮੈਂ ਨਾਰਾ ਸਾਨ੍ਹ ਹਾਂ, ਨੰਬਰਦਾਰਾ।”
ਇਹ ਆਖ ਕੇ ਧੰਨਾ ਸਿੰਘ ਨੇ ਹਜ਼ਾਰਾ ਸਿੰਘ ਨੂੰ ਘੀ ਦਿੱਤੀ ਅਤੇ ਝੱਟ ਪੱਟ ਅਲੱਗ ਹੋ ਖੜੋਤਾ। ਕਰਮ ਸਿੰਘ ਨੇ ਬੰਦੂਕ ਦੇ ਦੋ ਫ਼ਾਇਰ ਕੀਤੇ, ਨਾਲ ਹੀ ਇਕ ਉਦੈ ਸਿੰਘ ਨੇ ਛੱਡਿਆ। ਤਿੰਨ ਗੋਲੀਆਂ ਖਾ ਕੇ ਹਜ਼ਾਰਾ ਸਿੰਘ ਦੀ ਸਦਾ ਵਾਸਤੇ ਬੱਸ ਹੋ ਗਈ
14 ਅਪ੍ਰੈਲ ਦੇ ‘ਬੱਬਰ ਅਕਾਲੀ ਦੁਆਬਾ’ ਅਖ਼ਬਾਰ ਦੇ ਸੋਲ੍ਹਵੇਂ ਸਫ਼ੇ ਪੁਰ ਹਜ਼ਾਰਾ ਸਿੰਘ ਦੇ ਸੁਧਾਰ ਦਾ ਜ਼ਿਕਰ ਇਸ ਪਰਕਾਰ ਸੀ, “ਟੋਡੀ ਹਜ਼ਾਰਾ ਸਿੰਘ ਬਹਿਬਲਪੁਰ ਕਾਲੀ ਫ਼ਹਿਰਿਸਤ ਨੰਬਰ 136 ਨੂੰ 27 ਮਾਰਚ ਵਾਲੇ ਦਿਨ ਤਿੰਨ ਮੁਰੱਬੇ ਜ਼ਮੀਨ (ਤਿੰਨ ਗੋਲੀਆਂ) ਇਨਾਮ ਦਿੱਤਾ ਗਿਆ।”
ਇਕ ਹੋਰ ਰਾਵਣ ਮਾਰਿਆ
ਪਿੰਡ ਘੁੜਿਆਲ ਦਾ ਇਕ ਸੂਬੇਦਾਰ ਗੇਂਦਾ ਸਿੰਘ ਸੀ । ਇਹ ਪਿੰਡ ਦੀ ‘ਅਮਨ ਸਭਾ’ ਦਾ ਪਰਧਾਨ ਸੀ ਅਤੇ ਖੁੱਲ੍ਹਮ-ਖੁੱਲ੍ਹਾ ਅਕਾਲੀਆਂ ਤੇ ਕਾਂਗਰਸ ਦੀ ਵਿਰੋਧਤਾ ਅਤੇ ਮੁਖ਼ਬਰੀ ਕਰਦਾ ਸੀ। ਉਹ ਜਿਸ ਤਰ੍ਹਾਂ ਫ਼ੌਜ ਵਿਚ ਆਮ ਸਿਪਾਹੀਆਂ ਨੂੰ ਅਬਾ-ਤਬਾ ਬਕਦਾ ਰਹਿੰਦਾ ਸੀ, ਪਿੰਡ ਆ ਕੇ ਭੀ ਉਸ ਦੀ ਉਹੋ ਟੌਹਰ ਸੀ। ਥੋੜੀ ਜਿਹੀ ਗੱਲ ਉੱਤੇ ਗਾਲ੍ਹਾਂ ਪੁਰ ਉਤਰ ਆਉਂਦਾ ਸੀ। ਉਸ ਨੇ ਪਿੰਡ ਵਿਚ ਪੁਲਿਸ ਦੀ ਚੌਕੀ ਭੀ ਪੁਆਈ ਹੋਈ ਸੀ । ਜਿਸ ਨੂੰ ਜੀ ਕਰਦਾ, ਫੜ ਕੇ ਪੁਲਿਸ ਨਾਲ ਵਿਗਾਰੇ ਤੋਰ ਦੇਂਦਾ ਸੀ। ਜੇ ਕਿਸੇ ਨੇ ਮੋਹਰਿਓਂ ਉਜ਼ਰ ਕੀਤਾ ਤਾਂ ਉਸ ਨੂੰ ਅਕਾਲੀ ਤੇ ਬਾਗ਼ੀ ਦੱਸ ਕੇ ਰਿਪੋਰਟ ਕਰ ਦੇਂਦਾ ਸੀ। ਉਸ ਕੋਲ ਲਾਸੰਸੀ ਬੰਦੂਕ ਸੀ ਅਤੇ ਬੜੀ ਆਕੜ ਨਾਲ ਆਖਿਆ ਕਰਦਾ ਸੀ, “ਮੇਰਾ ਬੱਬਰਾਂ ਨੇ ਕੀ ਵਿਗਾੜ ਦੇਣਾ ਹੈ। ਮੈਂ ਭੀ ਫ਼ੌਜੀ ਹਾਂ, ’ਕੱਲਾ ਹੀ ਕਈਆਂ ਨੂੰ ਭੁੰਨ ਕੇ ਰੱਖ ਦਊਂਗਾ। ਬੱਬਰ ਤਾਂ ਐਵੇਂ ਨਿਹੱਥਿਆਂ ਨੂੰ ਹੀ ਪੈਣਾ ਜਾਣਦੇ ਹਨ।”
ਬੱਬਰ ਜਥੇ ਨੇ ਉਸ ਦੀ ਆਕੜ ਭੰਨਣ ਦਾ ਫ਼ੈਸਲਾ ਕਰ ਲਿਆ ਸੀ ।
16 ਅਪ੍ਰੈਲ 1923 ਦੀ ਸਵੇਰੇ ਨੰਦ ਸਿੰਘ ਘੁੜਿਆਲ ਦੀ ਡਿਊਟੀ ਲਾਈ ਗਈ ਕਿ ਉਹ ਸੰਤ ਠਾਕਰ ਸਿੰਘ ਦੀ ਕੁਟੀਆ ਵਿਚ ਆ ਕੇ ਖ਼ਬਰ ਦੇਵੇ ਕਿ ਸੂਬੇਦਾਰ ਕਿਥੇ ਹੈ। ਸ਼ਾਮ ਦੇ ਚਾਰ ਕੁ ਵਜੇ ਨੰਦ ਸਿੰਘ ਨੇ ਇਤਲਾਹ ਦਿੱਤੀ ਕਿ ਸੂਬੇਦਾਰ ਇਕੱਲਾ ਹੀ ਡਰੋਲੀ ਵਾਲੇ ਪਾਸੇ ਪਸ਼ੂ ਚਾਰ ਰਿਹਾ ਹੈ। ਬਾਬੂ ਸੰਤਾ ਸਿੰਘ ਤੇ ਬਤਨ ਸਿੰਘ ਪੰਡੋਰੀ ਉਧਰ ਨੂੰ ਗਏ, ਪਰ ਸੂਬੇਦਾਰ ਕਿਤੇ ਨਾ ਮਿਲਿਆ। ਉਹ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਪਸ਼ੂ ਪਿੰਡ ਨੂੰ ਲੈ ਆਇਆ ਸੀ ।
ਰਾਤ ਨੂੰ ਮਾਣਕੋ ਦੇ ਭੱਠੇ ਲਾਗੇ ਬਾਬੂ ਸੰਤਾ ਸਿੰਘ, ਅਨੂਪ ਸਿੰਘ ਤੇ ਕਰਮ ਸਿੰਘ ਮਾਣਕੋ, ਨੰਦ ਸਿੰਘ ਘੁੜਿਆਲ ਅਤੇ ਬਤਨ ਸਿੰਘ ਪੰਡੋਰੀ ਇਕੱਠੇ ਹੋਏ। ਨੰਦ ਸਿੰਘ ਨੇ ਦੱਸਿਆ ਕਿ ਇਸ ਵੇਲੇ ਸੂਬੇਦਾਰ ਰੋਟੀ ਖਾ ਰਿਹਾ ਹੈ, ਉਸ ਦੀ ਸਿੰਘਣੀ ਪੱਖਾ ਝੱਲ ਰਹੀ ਹੈ ਤੇ ਦੋਵੇਂ ਗੱਲਾਂ ਵਿਚ ਮਗਨ ਹਨ । ਸਾਰੇ ਘੁੜਿਆਲ ਵੱਲ ਨੂੰ ਗਏ। ਨੰਦ ਸਿੰਘ ਮੁਹਰੇ ਮੁਹਰੇ ਸੀ, ਕਿਉਂਕਿ ਉਸ ਨੇ ਹੀ ਸੂਬੇਦਾਰ ਦਾ ਘਰ ਦੱਸਣਾ ਸੀ । ਜਦ ਉਥੇ ਪਹੁੰਚੇ ਤਾਂ ਬੂਹਾ ਬੰਦ ਸੀ ਅਤੇ ਸੂਬੇਦਾਰ ਘਰ ਵਿਚ ਨਹੀਂ ਸੀ, ਇਸ ਕਰਕੇ ਸਾਰੇ ਉਨ੍ਹੀਂ ਪੈਰੀਂ ਹੀ ਮੁੜ ਆਏ। ਨੰਦ ਸਿੰਘ ਦੀ ਡਿਊਟੀ ਲੱਗੀ ਕਿ ਉਹ ਦੂਜੇ ਦਿਨ ਸੂਬੇਦਾਰ ਦਾ ਪੱਕਾ ਪਤਾ ਲਿਆ ਕੇ ਸੰਤ ਠਾਕਰ ਸਿੰਘ ਦੀ ਕੁਟੀਆ ਦੱਸੇ।
17 ਅਪ੍ਰੈਲ ਨੂੰ ਨੰਦ ਸਿੰਘ ਦੁਪਹਿਰੇ ਆ ਕੇ ਪਤਾ ਦੇ ਗਿਆ ਕਿ ਸੂਬੇਦਾਰ ਪਿੰਡ ਹੀ ਹੈ। ਇਸ ਲਈ ਸਾਰੇ ਫੇਰ ਇਕੱਠੇ ਹੋ ਕੇ ਘੁੜਿਆਲ ਪਹੁੰਚੇ। ਸੂਬੇਦਾਰ ਆਪਣੇ ਘਰ ਮੁਹਰੇ ਬੈਠਾ ਸਤ-ਅੱਠ ਆਦਮੀਆਂ ਨਾਲ ਗੱਲਾਂ ਮੜ੍ਹਾਕ ਰਿਹਾ ਸੀ । ਨੰਦ ਸਿੰਘ ਦੀ ਡਿਊਟੀ ਸੀ ਕਿ ਉਹ ਪਹਿਲਾਂ ਫ਼ਾਇਰ ਕਰੇ ਤਾਂ ਜਾ ਬਾਕੀਆਂ ਨੂੰ ਪਤਾ ਲੱਗ ਜਾਏ ਕਿ ਸੂਬੇਦਾਰ ਕਿਹੜਾ ਹੈ । ਨੰਦ ਸਿੰਘ ਨੇ ਲਾਗੇ ਜਾ ਕੇ ਆਪਣੀ ਬੰਦੂਕ ਸੂਬੇਦਾਰ ਵੱਲ ਨੂੰ ਸਿੱਧੀ ਕੀਤੀ ਹੀ ਸੀ ਕਿ ਸੂਬੇਦਾਰ ਨੇ ਉਠ ਕੇ ਨਾਲੀ ਨੂੰ ਹੱਥ ਜਾ ਪਾਇਆ ਅਤੇ ਉਸ ਦਾ ਮੂੰਹ ਉਪਰ ਨੂੰ ਕਰ ਕੇ ਆਖਿਆ, “ਵੇਖਦਾ ਹਾਂ, ਤੂੰ ਕੀ ਕਰਨ ਆਇਆ ਏਂ।” ਸੂਬੇਦਾਰ ਨੇ ਨੰਦ ਸਿੰਘ ਤੋਂ ਬੰਦੂਕ ਖੋਹਣ ਦਾ ਬੜਾ ਜਤਨ ਕੀਤਾ ਪਰ ਨੰਦ ਸਿੰਘ ਨੇ ਭੀ ਹੱਥ ਨਾ ਛੱਡਿਆ। ਦੋਵੇਂ ਆਪੋ ਵਿਚ ਗੁੱਥਮ-ਗੁੱਥਾ ਹੋ ਗਏ। ਇਸ ਕਰਕੇ ਸੂਬੇਦਾਰ ਪੁਰ ਗੋਲੀ ਚਲਾਉਣਾ ਭੀ ਕਠਨ ਸੀ । ਆਲੇ ਦੁਆਲੇ ਖੜੇ ਲੋਕ ਰੌਲਾ ਪਾਉਣ ਲੱਗੇ ਤਾਂ ਸੰਤਾ ਸਿੰਘ ਨੇ ਦੋ ਦੋ ਸੋਟੀਆਂ ਟਿਕਾਈਆਂ। ਸਾਰੇ ਨੱਸ ਗਏ। ਕਰਮ ਸਿੰਘ ਨੇ ਸੂਬੇਦਾਰ ਨੂੰ ਪੰਜ-ਸਤ ਕਿਰਪਾਨਾਂ ਮਾਰੀਆਂ। ਅਨੂਪ ਸਿੰਘ ਬੰਦੂਕ ਚਲਾਉਣੀ ਨਹੀਂ ਸੀ ਜਾਣਦਾ, ਇਸ ਲਈ ਉਸ ਨੇ ਬੰਦੂਕ ਨੂੰ ਸੂਬੇਦਾਰ ਪੁਰ ਲਾਠੀ ਵਾਂਗ ਹੀ ਵਰਤਣਾ ਸ਼ੁਰੂ ਕਰ ਦਿੱਤਾ। ਐਨੀਆਂ ਖਾ ਕੇ ਭੀ ਸੂਬੇਦਾਰ ਡਿਗਿਆ ਨਹੀਂ। ਉਹ ਜੀ-ਭਿਆਣਾ ਹੋ ਕੇ ਬੈਠ ਗਿਆ। ਬਤਨ ਸਿੰਘ ਨੇ ਚਾਰ ਫ਼ਾਇਰ ਪਸਤੌਲ ਦੇ ਕੀਤੇ, ਪਰ ਐਡੇ ਦੈਂਹਸਿਰ ਨੂੰ ਅਜੇ ਹੋਰ ਚਾਹੀਦੀਆਂ ਸਨ । ਇਸ ਲਈ ਸੰਤਾ ਸਿੰਘ ਨੇ ਤਿੰਨ ਗੋਲੀਆਂ ਹੋਰ ਲੰਘਾ ਕੇ ਸੂਬੇਦਾਰ ਨੂੰ ਪਾਰ ਬੁਲਾ ਦਿੱਤਾ।
ਜਾਣ ਲੱਗਿਆਂ ਬੱਬਰਾਂ ਨੇ ਐਲਾਨ ਕੀਤਾ, “ਅਸੀਂ ਸੂਬੇਦਾਰ ਗੇਂਦਾ ਸਿੰਘ ਦਾ ਸੁਧਾਰ ਕੀਤਾ ਹੈ। ਸਾਡੇ ਨਾਉਂ ਕਰਮ ਸਿੰਘ ਦੌਲਤਪੁਰ, ਉਦੈ ਸਿੰਘ ਰਾਮਗੜ੍ਹ ਅਤੇ ਧੰਨਾ ਸਿੰਘ ਬਹਿਬਲਪੁਰ ਹਨ। ਜੇ ਪੁਲਿਸ ਆਵੇ ਅਤੇ ਲੋਕਾਂ ਨੂੰ ਤੰਗ ਕਰੇ ਤਾਂ ਸਾਡੇ ਨਾਉਂ ਲੈ ਦੇਣੇ। ਜੇ ਕਿਸੇ ਨੇ ਕਿਸੇ ਬੇਦੋਸ਼ੇ ਨੂੰ ਦੁਸ਼ਮਣੀ ਜਾਂ ਜ਼ਿਦ ਕਰਕੇ ਫਸਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਭੀ ਸੁਧਾਰ ਕੀਤਾ ਜਾਵੇਗਾ। ਪਿੰਡ ਵਿਚ ਅਜੇ ਇਕ ਹੋਰ ਝੋਲੀਚੁੱਕ ਰਾਮ ਰਤਨ ਹੈ, ਅਸੀਂ ਕਿਸੇ ਦਿਨ ਉਸ ਦਾ ਭੀ ਫ਼ਸ਼ਤਾ ਮੁਕਾਉਣ ਆਵਾਂਗੇ । ਲੋਕਾਂ ਨੂੰ ਚਾਹੀਦਾ ਹੈ ਕਿ ਉਹ ਚੌਕੀ ਦਾ ਖ਼ਰਚ ਨਾ ਦੇਣ। ਜਿਹੜਾ ਇਸ ਦੀ ਵਸੂਲੀ ਕਰੇਗਾ, ਉਸ ਦਾ ਭੀ ਖ਼ਾਤਮਾ ਕੀਤਾ ਜਾਵੇਗਾ।”
24 ਮਈ 1923 ਦੇ ‘ਬੱਬਰ ਅਕਾਲੀ’ ਅਖ਼ਬਾਰ ਵਿਚ ਉਪਰੋਕਤ ਕਤਲ ਦਾ ਇਸ ਪ੍ਰਕਾਰ ਵਰਣਨ ਕੀਤਾ ਗਿਆ: “ਸੂਬੇਦਾਰ ਗੇਂਦਾ ਸਿੰਘ ਟੋਡੀ ਤੇ ਪੈਨਸ਼ਨਰ ਘੁੜਿਆਲ ਕਾਲੀ ਫ਼ਹਿਰਿਸਤ ਨੰਬਰ 30 ਨੂੰ 17 ਅਪ੍ਰੈਲ 1923 ਨੂੰ ਛੇ ਮੁਰੱਬੇ ਜ਼ਮੀਨ (ਛੇ ਗੋਲੀਆਂ) ਇਨਾਮ ਬਖ਼ਸ਼ਿਆ ਗਿਆ।”
ਨੰਬਰਦਾਰਾਂ ਤੇ ਚੌਕੀਦਾਰਾਂ ਦੇ ਸੁਧਾਰ ਦੀ ਕੋਸ਼ਿਸ਼
ਪਿੰਡ ਪੰਡੋਰੀ ਨਿਝਰਾਂ ਬੱਬਰਾਂ ਦਾ ਇਕ ਵੱਡਾ ਅੱਡਾ ਸੀ। ਇਹ ਪਿੰਡ ਲਗਪਗ ਸਾਰਾ ਹੀ ਅਕਾਲੀ ਦਲ ਵਿਚ ਭਰਤੀ ਸੀ । ਇਸੇ ਪਿੰਡ ਦੇ ਕਈ ਸੱਜਣ ਬੱਬਰ ਜਥੇ ਦੇ ਮੈਂਬਰ ਸਨ। ਪਿੰਡ ਦਾ ਕਾਫ਼ੀ ਇਤਫ਼ਾਕ ਸੀ, ਇਸ ਲਈ ਏਥੇ ਬੱਬਰਾਂ ਦਾ ਆਉਣਾ ਜਾਣਾ ਬਹੁਤ ਸੀ। ਪੁਲਿਸ ਨੂੰ ਭੀ ਇਸ ਗੱਲ ਦਾ ਇਲਮ ਸੀ, ਪਰ ਜਦ ਤਕ ਪਿੰਡੋਂ ਕੋਈ ਮੁਖ਼ਬਰੀ ਨਾ ਕਰੇ, ਉਹ ਕੀ ਕਰ ਸਕਦੀ ਸੀ। ਕਾਫ਼ੀ ਲਾਲਚ ਤੇ ਡਰ ਦੇ ਕੇ ਪੁਲਿਸ ਪਿੰਡ ਦੇ ਦੋ ਨੰਬਰਦਾਰਾਂ ਹਰਨਾਮ ਸਿੰਘ ਤੇ ਭਗਵਾਨ ਸਿੰਘ ਅਤੇ ਦੋ ਚੌਕੀਦਾਰਾਂ ਮੂਲੌ ਅਤੇ ਜੀਵਨ ਨੂੰ ਆਪਣੇ ਹੱਥਾਂ ਹੇਠ ਕਰਨ ਵਿਚ ਸਫਲ ਹੋ ਗਈ।
ਸਤੰਬਰ 1922 ਵਿਚ ਊਧਮ ਸਿੰਘ ਪੰਡੋਰੀ ਨੇ ਆਪਣੇ ਹੱਥੀਂ ਚਾਰ ਇਸ਼ਤਿਹਾਰ ਲਿਖੇ, ਜਿਹੜੇ ਦੋਹਾਂ ਨੰਬਰਦਾਰਾਂ ਅਤੇ ਚੌਕੀਦਾਰਾਂ ਦੇ ਘਰਾਂ ਮੁਹਰੇ ਲਾਏ ਗਏ। ਇਹਨਾਂ ਵਿਚ ਉਹਨਾਂ ਨੂੰ ਤਾੜਨਾ ਕੀਤੀ ਸੀ ਕਿ ਜੇ ਉਨ੍ਹਾਂ ਆਪਣੇ ਆਪ ਨੂੰ ਠੀਕ ਨਾ ਕੀਤਾ ਅਤੇ ਮੁਖ਼ਬਰੀ ਤੋਂ ਬਾਜ਼ ਨਾ ਆਏ ਤਾਂ ਉਹਨਾਂ ਦੇ ਨੱਕ ਕੰਨ ਵੱਢ ਦਿਤੇ ਜਾਣਗੇ।
ਇਹ ਚਾਰੇ ਇਸ਼ਤਿਹਾਰ ਹਰਨਾਮ ਸਿੰਘ ਨੰਬਰਦਾਰ ਨੇ ਲਾਹ ਕੇ ਜਲੰਧਰ ਡਿਪਟੀ ਸੁਪ੍ਰਿੰਟੈਂਡੈਂਟ ਪੁਲਿਸ ਦੇ ਪੇਸ਼ ਕੀਤੇ। ਇਸ ਪੁਰ ਡੀ.ਐਸ.ਪੀ. ਨੇ ਉਹਨਾਂ ਨੂੰ ਆਪਣੇ ਬਚਾਉ ਲਈ ਪਸਤੌਲ ਦੇ ਲਾਇਸੈਂਸ ਦੇ ਦਿੱਤੇ। ਜਦ ਬੱਬਰਾਂ ਨੇ ਝੋਲੀਚੁੱਕਾਂ ਦਾ ਸੁਧਾਰ ਅਰੰਭਿਆ ਤਾਂ ਪਿੰਡ ਵਿਚ ਪੁਲਿਸ ਦੀ ਇਕ ਪੱਕੀ ਗਾਰਦ ਬਿਠਾ ਦਿੱਤੀ ਅਤੇ ਚਾਰ ਪੰਜ ਸਿਪਾਹੀ ਨੰਬਰਦਾਰਾਂ ਦੇ ਘਰੀਂ ਭੀ ਸੌਣ ਲੱਗੇ। ਪਰ ਆਖ਼ਰ ਜਦ ਉਹਨਾਂ ਨੇ ਲੋਕਾਂ ਪੁਰ ਡਰ ਪਾਉਣਾ ਸ਼ੁਰੂ ਕੀਤਾ ਤਾਂ ਬੱਬਰਾਂ ਨੇ ਉਹਨਾਂ ਦਾ ਸੁਧਾਰ ਕਰਨ ਦਾ ਫ਼ੈਸਲਾ ਕਰ ਲਿਆ।
3 ਅਪ੍ਰੈਲ 1923 ਦੀ ਰਾਤ ਨੂੰ ਪਿੰਡ ਲਾਗੇ ਟਾਹਲੀਆਂ ਦੇ ਝੁੰਡ ਵਿਚ ਕਰਮ ਸਿੰਘ ਦੌਲਤਪੁਰ, ਧੰਨਾ ਸਿੰਘ ਬਹਿਬਲਪੁਰ, ਉਦੈ ਸਿੰਘ ਰਾਮਗੜ੍ਹ, ਬਾਬੂ ਸੰਤਾ ਸਿੰਘ, ਸਾਧਾ ਸਿੰਘ, ਬਖ਼ਸ਼ੀਸ਼ ਸਿੰਘ, ਕਰਤਾਰ ਸਿੰਘ ਤੇ ਊਧਮ ਸਿੰਘ ਪੰਡੋਰੀ ਨਿਝਰਾਂ ਇਕੱਠੇ ਹੋਏ। ਅਜੇ ਵਿਚਾਰ ਹੀ ਕਰ ਰਹੇ ਸਨ ਕਿ ਨੱਥੂ ਸ਼ਾਹ ਫ਼ਕੀਰ ਲਾਗੇ ਦੀ ਖੰਘਦਾ ਲੰਘਿਆ। ਇਹ ਸ਼ੱਕ ਹੋਣ ਕਰਕੇ ਕਿ ਸ਼ਾਇਦ ਉਸ ਨੇ ਗੱਲਾਂ ਸੁਣ ਲਈਆਂ ਹੋਣ, ਸਾਰੇ ਛਿੜ ਗਏ।
20 ਅਪ੍ਰੈਲ ਦੀ ਰਾਤ ਨੂੰ ਫੇਰ ਪੰਡੋਰੀ ਤੋਂ ਬਾਹਰ ਉਹਨਾਂ ਹੀ ਟਾਹਲੀਆਂ ਹੇਠਾਂ ਕਰਮ ਸਿੰਘ ਦੌਲਤਪੁਰ, ਧੰਨਾ ਸਿੰਘ, ਉਦੈ ਸਿੰਘ, ਬਾਬੂ ਸੰਤਾ ਸਿੰਘ, ਬਿਸ਼ਨ ਸਿੰਘ ਤੇ ਭਾਨ ਸਿੰਘ ਮਾਂਗਟ, ਅਮਰ ਸਿੰਘ ਤੇ ਅਨੂਪ ਸਿੰਘ ਮਾਣੋਕੇ, ਚੈਂਚਲ ਸਿੰਘ ਸੰਗਤਪੁਰ, ਧਰਮ ਸਿੰਘ ਤੇ ਮੂਲਾ ਸਿੰਘ ਪਲਾਹੀ, ਦਲੀਪ ਸਿੰਘ ਮਾਣਕ, ਸੁਰਜਨ ਸਿੰਘ ਤੇ ਚੰਦਾ ਸਿੰਘ ਡੁਮੇਲੀ ਅਤੇ ਕਰਤਾਰ ਸਿੰਘ, ਸਾਧਾ ਸਿੰਘ, ਊਧਮ ਸਿੰਘ, ਮਹਿੰਗਾ ਸਿੰਘ ਤੇ ਬਖ਼ਸ਼ੀਸ਼ ਸਿੰਘ ਪੰਡੋਰੀ ਨਿਝਰਾਂ ਇਕੱਠੇ ਹੋਏ। ਪਰ ਇਤਨੇ ਨੂੰ ਪਿੰਡ ਵਿਚ ਕਾਫ਼ੀ ਪੁਲਿਸ ਆ ਗਈ, ਜਿਸ ਕਰਕੇ ਫੇਰ ਉਸੇ ਤਰ੍ਹਾਂ ਅਸਫਲ ਹੀ ਵਾਪਸ ਹੋਣਾ ਪਿਆ।
ਪਰ ਨੰਬਰਦਾਰਾਂ ਤੇ ਚੌਕੀਦਾਰਾਂ ਨੂੰ ਭੀ ਸੂਹ ਮਿਲ ਗਈ ਕਿ ਬੱਬਰ ਉਹਨਾਂ ਦਾ ਸੁਧਾਰ ਕਰਨ ਨੂੰ ਫਿਰਦੇ ਹਨ। ਇਸ ਲਈ ਉਹਨਾਂ ਡਰਦਿਆਂ ਹੀ ਪਿੰਡ ਦੀ ਅਕਾਲੀ ਪੰਚਾਇਤ ਕੋਲੋਂ ਮਾਫ਼ੀ ਮੰਗ ਲਈ। ਪੰਚਾਇਤ ਨੇ ਚੌਕੀਦਾਰਾਂ ਨੂੰ ਸਜ਼ਾ ਦਿੱਤੀ ਕਿ ਉਹ ਰੋਜ਼ ਨੰਗੇ ਪੈਰੀਂ ਇਕ ਮੀਲ ਦੂਰ ਪਿੰਡ ਕੜਿਆਣੇ ਦੀ ਮਸੀਤੇ ਜਾ ਕੇ ਬਾਰੂ ਦਿਆ ਕਰਨ ਅਤੇ ਆਪਣੇ ਅੱਲਾ ਤੋਂ ਪਿਛਲੀਆਂ ਕੀਤੀਆਂ ਦੀ ਮਾਫੀ ਮੰਗਿਆ ਕਰਨ। ਨੰਬਰਦਾਰਾਂ ਨੂੰ ਆਪਣੇ ਪਿੰਡ ਦੇ ਗੁਰਦੁਆਰੇ ਜਾ ਕੇ ਇਹੋ ਕੰਮ ਕਰਨ ਦਾ ਹੁਕਮ ਹੋਇਆ।
ਦੋ ਹੋਰ ਝੋਲੀਚੁੱਕਾਂ ਦਾ ਖ਼ਾਤਮਾ
ਪਿੰਡ ਕੌਲਗੜ੍ਹ ਵਿਚ ਬਾਵਾ ਸਿੰਘ ਤੇ ਊਧਮ ਸਿੰਘ ਪਾਸ ਬੱਬਰਾਂ ਦਾ ਆਉਣਾ ਜਾਣਾ ਸੀ। ਪਰ ਉਸੇ ਪਿੰਡ ਵਿਚ ਰਲਾ ਤੇ ਦਿੱਤੂ ਦੋ ਵੱਡੇ ਝੋਲੀਚੁੱਕ ਭੀ ਸਨ। ਰਲਾ ਨੰਬਰਦਾਰ ਭੀ ਸੀ ਤੇ ਸਫ਼ੈਦਪੋਸ਼ ਭੀ। ਉਹ ਅਕਾਲੀਆਂ ਵਿਰੁੱਧ ਮੁਖ਼ਬਰੀ ਕਰ ਕੇ ਹੋਰ ਪਤਾ ਨਹੀਂ ਕੀ ਬਣਨਾ ਚਾਹੁੰਦਾ ਸੀ ? ਉਸ ਦਾ ਭਰਾ ਦਿੱਤੂ ਭੀ ਹਰ ਗੱਲੋਂ ਉਸ ਨਾਲ ਸਹਿਮਤ ਸੀ। ਦੋਵੇਂ ਸਲਾਹ-ਮਸ਼ਵਰਾ ਕਰ ਕੇ ਹੀ ਸਾਰਾ ਕੰਮ ਕਰਦੇ ਸਨ। ਇਹਨਾਂ ਦੋਹਾਂ ਵਿਚੋਂ ਇਕ ਜਣਾ ਹਮੇਸ਼ਾ ਬਾਵਾ ਸਿੰਘ ਅਤੇ ਊਧਮ ਦੇ ਘਰ, ਹਵੇਲੀ ਜਾਂ ਖੂਹ ਦਾ ਧਿਆਨ ਰੱਖਦਾ ਸੀ, ਤਾਕਿ ਜਿਸ ਵੇਲੇ ਭੀ ਕੋਈ ਬੱਬਰ ਓਥੇ ਆਵੇ, ਉਹ ਫ਼ੌਰਨ ਪੁਲਿਸ ਨੂੰ ਇਤਲਾਹ ਦੇ ਕੇ ਉਸ ਨੂੰ ਫੜਾਉਣ ਦੀ ਕੋਸ਼ਿਸ਼ ਕਰਨ। ਉਹਨਾਂ ਦੀਆਂ ਰਿਪੋਰਟਾਂ ਕਰਕੇ ਪੁਲਿਸ ਵਾਲੇ ਬਾਵਾ ਸਿੰਘ ਤੇ ਊਧਮ ਸਿੰਘ ਨੂੰ ਥਾਣੇ ਸੱਦ ਕੇ ਗਾਲ੍ਹ-ਦੁਪੜ ਭੀ ਕਰ ਚੁੱਕੇ ਸਨ। ਇਸ ਪੁਰ ਬਾਵਾ ਸਿੰਘ ਨੇ ਕਰਮ ਸਿੰਘ ਐਡੀਟਰ ਨੂੰ ਕਿਹਾ, “ਤੁਹਾਡੇ ਏਥੇ ਨਾਨਕੇ ਹਨ, ਤੁਸੀਂ ਰਲੇ ਤੇ ਦਿੱਤੂ ਨੂੰ ਸਮਝਾਵੋ ਤਾਂ ਭਾਵੇਂ ਉਹ ਰਾਸ ਹੀ ਆ ਜਾਣ, ਸ਼ਾਇਦ ਪਿੰਡ ਦੇ ਸ਼ਰੀਕੇ ਕਰਕੇ ਉਹ ਸਾਡੀ ਵਿਰੋਧਤਾ ਕਰਦੇ ਹੋਣ।”
ਐਡੀਟਰ ਜੀ ਕੌਲਗੜ੍ਹ ਆਏ ਅਤੇ ਰਲੇ ਤੇ ਦਿੱਤੂ ਨੂੰ ਸੱਦ ਸਮਝਾਇਆ, “ਮਾਮਾ ਜੀ, ਮੈਂ ਤੁਹਾਡਾ ਭਾਣਜਾ ਹਾਂ, ਇਸ ਲਈ ਤੁਸੀਂ ਮੇਰੀ ਬੇਨਤੀ ਪਰਵਾਨ ਕਰ ਕੇ ਅਕਾਲੀਆਂ ਵਿਰੁੱਧ ਮੁਖ਼ਬਰੀ ਕਰਨੀ ਛੱਡ ਦਿਓ। ਮੈਨੂੰ ਤੁਹਾਡੇ ਪੁਰ ਮਾਣ ਹੈ, ਇਸ ਲਈ ਮੈਂ ਤੁਹਾਡੇ ਪਾਸ ਆਇਆ ਹਾਂ, ਨਹੀਂ ਤਾਂ ਤੁਸੀਂ ਜਾਣਦੇ ਹੀ ਹੋ ਕਿ ਬੱਬਰ ਜਥਾ ਝੋਲੀਚੁੱਕਾਂ ਦਾ ਦੁਆ ਦਾਉ ਕਰਨ ਲੱਗਾ ਹੋਇਆ ਹੈ। ਪਰ ਮੇਰਾ ਫ਼ਰਜ਼ ਹੈ ਕਿ ਮੈਂ ਆਪਣੇ ਮਾਮਿਆਂ ਨੂੰ ਉਲਟੇ ਰਾਹੋਂ ਮੋੜਾਂ ਤੇ ਬੱਬਰਾਂ ਦੇ ਗੁੱਸੇ ਦਾ ਸ਼ਿਕਾਰ ਨਾ ਹੋਣ ਦਿਆਂ।”
ਰਲੇ ਤੇ ਦਿੱਤੂ ਨੇ ਕਿਹਾ, “ਕਰਮ ਸਿੰਹਾਂ, ਅਸੀਂ ਤੇਰਾ ਆਖਾ ਮੋੜ ਸਕਦੇ ਹਾਂ ? ਅਸੀਂ ਤਾਂ ਅੱਗੇ ਭੀ ਕੋਈ ਚੁਗ਼ਲੀ ਅਕਾਲੀਆਂ ਵਿਰੁੱਧ ਨਹੀਂ ਕੀਤੀ, ਐਵੇਂ ਤੁਹਾਨੂੰ ਖੰਭਾਂ ਦੀਆਂ ਡਾਰਾਂ ਬਣਾ ਬਣਾ ਕੇ ਦੱਸਿਆ ਜਾਂਦਾ ਹੈ । ਚਲੋ, ਜੇ ਥੋੜਾ ਬਹੁਤ ਅਸੀਂ। ਅੱਗੇ ਕੁਝ ਕੀਤਾ ਵੀ ਹੈ ਤਾਂ ਹੁਣ ਉਹ ਭੀ ਨਹੀਂ ਹੋਊ।”
ਕਰਮ ਸਿੰਘ ਮੁੜ ਆਇਆ ਤਾਂ ਉਹਨਾਂ ਫਟ ਥਾਣੇ ਜਾ ਕੇ ਦੱਸਿਆ ਕਿ ਕਰਮ ਸਿੰਘ ਉਹਨਾਂ ਨੂੰ ਧਮਕਾਉਂਦਾ ਫਿਰਦਾ ਹੈ ਅਤੇ ਸਾਰੀ ਸ਼ਰਾਰਤ ਪਿੰਡ ਦੇ ਬਾਵਾ ਸਿੰਘ ਤੇ ਊਧਮ ਸਿੰਘ ਦੀ ਹੈ। ਇਸ ਪੁਰ ਪੁਲਿਸ ਨੇ ਫੇਰ ਇਨ੍ਹਾਂ ਦੋਹਾਂ ਕੌਲਗੜ੍ਹੀਆਂ ਬੱਬਰਾਂ ਨੇ ਵਧੇਰੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਕਿ ਕਰਮ ਸਿੰਘ ਉਹਨਾਂ ਪਾਸ ਆਉਂਦਾ ਹੈ। ਆਖ਼ਰ ਰਲੇ ਤੇ ਦਿੱਤੂ ਦਾ ਨਾਉਂ ਬੱਬਰਾਂ ਦੀ ਕਾਲੀ ਫ਼ਹਿਰਿਸਤ ਵਿਚ ਇਕ ਸੌ ਅਠਵੇਂ ਨੰਬਰ ਪੁਰ ਚੜ੍ਹ ਗਿਆ।
ਉਹਨਾਂ ਦੇ ਸੁਧਾਰ ਵਾਸਤੇ 20 ਮਈ 1922 ਦੀ ਸ਼ਾਮ ਨੂੰ ਕਰਮ ਸਿੰਘ ਐਡੀਟਰ, ਧੰਨਾ ਸਿੰਘ ਬਹਿਬਲਪੁਰ, ਉਦੈ ਸਿੰਘ ਰਾਮਗੜ੍ਹ, ਬੰਤਾ ਸਿੰਘ ਤੇ ਦਲੀਪਾ ਧਾਮੀਆਂ, ਬਾਬੂ ਸੰਤਾ ਸਿੰਘ, ਅਨੂਪ ਸਿੰਘ ਮਾਣਕੋ ਅਤੇ ਧੰਨਾ ਸਿੰਘ ਕੋਟਲੀ ਇਕੱਠੇ ਹੋਏ। ਫ਼ੈਸਲਾ ਹੋਇਆ ਕਿ ਰਲੇ ਤੇ ਦਿੱਤੂ ਨੂੰ ਕਤਲ ਤੋਂ ਬਿਨਾਂ ਚਾਰ ਸੌ ਰੁਪਿਆ ਜੁਰਮਾਨੇ ਦੀ ਸਜ਼ਾ ਭੀ ਦਿੱਤੀ ਜਾਵੇ।
ਜਦ ਬੱਬਰ ਰਲੇ ਦੇ ਵਾੜੇ ਮੁਹਰੇ ਪਹੁੰਚੇ ਤਾਂ ਉੱਥੇ ਦੋਵੇਂ ਭਰਾ ਅਤੇ ਪੰਜ-ਸਤ ਹੋਰ ਆਦਮੀ ਬੈਠੇ ਹੁੱਕਾ ਪੀਂਦੇ ਗੱਲਾਂ-ਬਾਤਾਂ ਕਰ ਰਹੇ ਸਨ । ਕਰਮ ਸਿੰਘ ਨੂੰ ਦੇਖ ਕੇ ਰਲੇ ਨੇ ਨਾਲ ਦਿਆਂ ਨੂੰ ਆਖਿਆ, “ਲਿਆਓ ਓ ਮੁੰਡਿਓ, ਛੇਤੀ ਮੰਜੇ ਡਾਹੋ।” ਪਰ ਕਰਮ ਸਿੰਘ ਨੇ ਮੱਥੇ ਵੱਟ ਪਾ ਕੇ ਆਖਿਆ, “ਸਾਡਾ ਬਹਿਣ ਦਾ ਕੰਮ ਨਹੀਂ, ਘਰ ਨੂੰ ਚਲੋ, ਤੁਹਾਥੋਂ ਜੁਰਮਾਨਾ ਵਸੂਲਣਾ ਹੈ।”
ਰਲੇ ਨੇ ਹੱਬਕੇ ਕਿਹਾ, “ਛੱਡ ਪਰੇ ਕਰਮ ਸਿੰਹਾਂ, ਤੇਰੀਆਂ ਇਹੋ ਜਿਹੀਆਂ ਗੱਲਾਂ ਹੀ ਰਹੀਆਂ। ਜੁਰਮਾਨਾ! ਜੁਰਮਾਨੇ ਤੋਂ ਤੈਥੋਂ ਭੱਜੇ ਹੋਏ ਹਾਂ, ਤੇਰਾ ਹੀ ਤਾਂ ਘਰ ਹੈ।” ਕਰਮ ਸਿੰਘ ਗੁੱਸੇ ਵਿਚ ਆ ਕੇ ਬੋਲਿਆ, “ਬਹੁਤੀਆਂ ਗੱਲਾਂ ਨਾ ਕਰ ਓਏ ਬੁੱਢਿਆ, ਘਰ ਨੂੰ ਤੁਰ ਸਿੱਧਾ ਹੋ ਕੇ।” ਜਿਹੜੇ ਲਾਗੇ ਬੈਠੇ ਸਨ, ਉਹਨਾਂ ਨੂੰ ਇਕ ਕਮਰੇ ਅੰਦਰ ਬੰਦ ਕਰ ਕੇ ਬਾਹਰੋਂ ਕੁੰਡਾ ਮਾਰ ਦਿੱਤਾ ਅਤੇ ਇਕ ਬੱਬਰ ਨੂੰ ਮੁਹਰੇ ਖੜਾ ਕਰ ਦਿੱਤਾ। ਘਰ ਭੀ ਨਾਲ ਹੀ ਸੀ, ਦੋਹਾਂ ਬੁੱਢਿਆਂ ਨੂੰ ਘਰ ਲਿਆਂਦਾ । ਬੱਬਰਾਂ ਕੋਲ ਹਥਿਆਰ ਦੇਖ ਕੇ ਤੀਵੀਆਂ ਏਧਰ-ਓਧਰ ਲੁਕਣ ਲੱਗੀਆਂ ਤਾਂ ਕਰਮ ਸਿੰਘ ਨੇ ਕਿਹਾ, “ਬੀਬੀਓ, ਤੁਸੀਂ ਸਾਡੀਆਂ ਧੀਆਂ ਭੈਣਾਂ ਤੇ ਨੂੰਹਾਂ ਹੋ, ਤੁਸੀਂ ਕੋਈ ਚਿੰਤਾ ਨਾ ਕਰੋ । ਅਸੀਂ ਇਨ੍ਹਾਂ ਬੁੱਢਿਆਂ ਨੂੰ ਦੋ ਦੋ ਸੌ ਰੁਪਿਆ ਜੁਰਮਾਨਾ ਕੀਤਾ ਹੈ, ਬਸ ਉਹੋ ਵਸੂਲਣਾ ਹੈ। ਜੇ ਨਕਦ ਹੈ ਤਾਂ ਨਕਦ, ਨਹੀਂ ਤਾਂ ਇਤਨੇ ਕੁ ਦੀਆਂ ਟੁੰਬਾਂ ਦੇ ਦਿਓ।”
ਇਹ ਸੁਣ ਕੇ ਤੀਵੀਆਂ ਆਪਣੇ ਆਪਣੇ ਥਾਂ ਬਹਿ ਗਈਆਂ ਅਤੇ ਬੱਬਰਾਂ ਅੱਗੇ ਸਾਰੀਆਂ ਟੁੰਬਾਂ ਲਿਆ ਕੇ ਰੱਖ ਦਿੱਤੀਆਂ। ਕਰਮ ਸਿੰਘ ਨੇ ਚਾਰ ਕੁ ਸੌ ਦੇ ਅੰਦਾਜ਼ੇ ਦਾ ਗਹਿਣਾ ਚੁੱਕ ਲਿਆ ਅਤੇ ਬਾਕੀ ਮੋੜ ਦਿੱਤਾ । ਰਲੇ ਤੇ ਦਿੱਤੂ ਨੂੰ ਬਾਹਰ ਵਿਹੜੇ ਵਿਚ ਲਿਆਂਦਾ ਤੇ ਆਖਿਆ, “ਬੁੱਢਿਓ, ਉਸ ਕੰਧ ਲਾਗੇ ਖੜੋ ਜਾਓ।”
ਰਲੇ ਨੇ ਆਖਿਆ, “ਤੂੰ ਸਾਡਾ ਭਾਣਜਾ ਏਂ, ਆਪਣੇ ਹੱਥੀਂ ਸਾਨੂੰ ਨਾ ਮਾਰ।” ਕਰਮ ਸਿੰਘ ਬੋਲਿਆ, “ਤੁਸੀਂ ਉਸ ਦਿਨ ਮੇਰੇ ਮਾਮੇ ਸੀ ਅਤੇ ਮੈਂ ਤੁਹਾਡਾ ਭਾਣਜਾ ਸਾਂ, ਜਿਸ ਦਿਨ ਤੁਹਾਡੇ ਵਾਂਗ ਮੈਂ ਆ ਕੇ ਹੱਥ ਜੋੜੇ ਸਨ। ਤੁਸੀਂ ਮਾਮੇ ਹੁੰਦੇ, ਮੇਰੀ ਗੱਲ ਮੰਨ ਲੈਂਦੇ। ਅੱਜ ਤੁਸੀਂ ਮਾਮੇ ਨਹੀਂ, ਮੈਂ ਭਾਣਜਾ ਨਹੀਂ। ਮੈਂ ਅੱਜ ਜੱਲਾਦ ਹਾਂ।”
ਬੁੱਢੇ-ਸਾਥੋਂ ਭੁੱਲ ਹੋ ਗਈ, ਸਾਨੂੰ ਇਕ ਵੇਰੀ ਹੋਰ ਅਜ਼ਮਾ ਦੇਖ। ਮਜਾਲ ਨਹੀਂ. ਹੁਣ ਕੋਈ ਗ਼ਲਤੀ ਕਰੀਏ।
ਕਰਮ ਸਿੰਘ-ਸਾਥੋਂ ਮੁੜ ਮੁੜ ਅਜ਼ਮਾਇਸ਼ਾਂ ਨਹੀਂ ਹੁੰਦੀਆਂ। ਜਿਹੋ ਜਿਹੀ ਕਰਦੇ ਹੋ, ਉਹੋ ਜਿਹੀ ਭਰੋ, ਹੁਣ ਕਿਉਂ ਕੰਬਦੇ ਹੋ । ਬੰਦਾ ਉਹ ਜਿਹੜਾ ਸਮਝਾਇਆ ਸਮਝ ਜਾਵੇ, ਤੁਸੀਂ ਤਾਂ ਪਸੂ ਹੋ ਪਸੂ ! ਅੱਜ ਅਸੀਂ ਤੁਹਾਡੀ ਇਹ ਜੂਨ ਕੱਟ ਹੀ ਦੇਣੀ ਹੈ। ਬੱਬਰਾਂ ਨੇ ਫ਼ਾਇਰ ਕੀਤਾ। ਦੋਵੇਂ ਕਿਲਬਿਲੀਆਂ ਖਾਂਦੇ ਡਿੱਗ ਪਏ। ਇਕ ਇਕ ਹੋਰ ਪੁੜਪੁੜੀਆਂ ਵਿਚ ਛੱਡੀ। ਬੁੱਢਿਆਂ ਦਾ ਕਿੱਸਾ ਖ਼ਤਮ ਹੋ ਗਿਆ।
ਸੂਬੇਦਾਰ ਸੁੰਦਰ ਸਿੰਘ ਪੁਰ ਹਮਲੇ ਦੀ ਕੋਸ਼ਿਸ਼
ਪਿੰਡ ਰੰਧਾਵਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਇਕ ਸੂਬੇਦਾਰ ਸੁੰਦਰ ਸਿੰਘ 36 ਨੰਬਰ ਸਿਖ ਪਲਟਨ ਦਾ ਪੈਨਸ਼ਨੀਆ ਸੂਬੇਦਾਰ ਸੀ । ਉਹ ਬੱਬਰ ਅਕਾਲੀਆਂ ਦਾ ਦੁਸ਼ਮਨ ਸੀ ਅਤੇ ਉਸ ਨੇ ਬੱਬਰਾਂ ਵਿਰੁੱਧ ਭਰਤੀ ਕੀਤੀ ਗਈ ਸਪੈਸ਼ਲ ਪੁਲਿਸ ਵਿਚ ਆਪਣਾ ਇਕ ਪੁੱਤਰ ਅਤੇ ਚਾਰ ਹੋਰ ਆਦਮੀਆਂ ਨੂੰ ਭਰਤੀ ਕਰਾਇਆ ਸੀ । ਬੱਬਰਾਂ ਨੇ ਉਸ ਦੇ ਘਰ ਮੂਹਰੇ ਲਿਖ ਕੇ ਲਾ ਦਿੱਤਾ ਸੀ ਕਿ ਉਹ ਤਕੜਾ ਹੋ ਜਾਏ, ਉਸ ਦਾ ਸੁਧਾਰ ਕੀਤਾ ਜਾਵੇਗਾ। ਇਸ ਪੁਰ ਉਸ ਨੂੰ ਦੋ ਬੰਦੂਕਾਂ ਅਤੇ ਇਕ ਛਵੀ ਦਾ ਲਾਇਸੈਂਸ ਮਿਲਿਆ ਹੋਇਆ ਸੀ।
ਪਹਿਲਾਂ ਇਕ ਵੇਰੀ ਇਸ ਦੇ ਸੁਧਾਰ ਵਾਸਤੇ ਕੁਝ ਬੱਬਰ ਇਕੱਠੇ ਹੋਏ, ਪਰ ਕੁਝ ਵੇਲੇ-ਸਿਰ ਨਾ ਪਹੁੰਚ ਸਕੇ । ਦੂਜੀ ਵੇਰੀ ਮਈ ਦੇ ਅਖ਼ੀਰ ਵਿਚ ਬਾਬੂ ਸੰਤਾ ਸਿੰਘ, ਬੰਤਾ ਸਿੰਘ ਤੇ ਦਲੀਪਾ ਧਾਮੀਆਂ, ਵੱਡਾ ਕਰਤਾਰ ਸਿੰਘ ਤੇ ਛੋਟਾ ਕਰਤਾਰ ਸਿੰਘ ਡੁਮੇਲੀ, ਧੰਨਾ ਸਿੰਘ ਕੋਟਲੀ, ਵੱਡਾ ਹਜ਼ਾਰਾ ਸਿੰਘ ਮੰਡੇਰ, ਚੰਦਾ ਸਿੰਘ ਅਤੇ ਡੁਮੇਲੀ ਅਤੇ ਅਨੂਪ ਸਿੰਘ ਮਾਣੋਕੇ ਰੰਧਾਵੇ ਪਹੁੰਚੇ। ਪਤਾ ਲੱਗਾ ਕਿ ਸੂਬੇਦਾਰ ਚੁਬਾਰੇ ਪੁਰ ਇਕ ਹੋਰ ਆਦਮੀ ਨੂੰ ਨਾਲ ਲੈ ਕੇ ਸੌਂਦਾ ਹੈ ਅਤੇ ਉਸ ਕੋਲ ਦੋ ਬੰਦੂਕਾਂ ਹਨ। ਬੱਬਰਾਂ ਕੋਲ ਉਸ ਵੇਲੇ ਇਕ ਬੰਦੂਕ, ਇਕ ਰੀਵਾਲਵਰ ਅਤੇ ਬਾਕੀ ਛਵੀਆਂ ਹੀ ਸਨ । ਇਸ ਲਈ ਇਹ ਸੋਚ ਕੇ ਉਸ ਪੁਰ ਹਮਲਾ ਕਰਨਾ ਅਸੰਭਵ ਹੈ, ਸਗੋਂ ਉਲਟਾ ਆਪਣਾ ਨੁਕਸਾਨ ਕਰਾਉਣਾ ਹੈ, ਵਾਪਸ ਮੁੜਨਾ ਪਿਆ। ਫ਼ੈਸਲਾ ਕੀਤਾ ਗਿਆ ਕਿ ਫੇਰ ਕਿਸੇ ਵੇਲੇ ਅਚਨਚੇਤ ਦਿਨ ਨੂੰ ਪਿਆ ਜਾਵੇ।
ਮੁਖ਼ਬਰ ਪਟਵਾਰੀ ਦਾ ਖ਼ਾਤਮਾ
ਨੰਦਾ ਚੌਰ ਦਾ ਪਟਵਾਰੀ ਅਤਾ ਮੁਹੰਮਦ ਮੁਖ਼ਬਰ ਭੀ ਸੀ ਅਤੇ ਪੁਲਿਸ ਦੇ ਕਹੇ ਅਕਾਲੀਆਂ ਵਿਰੁੱਧ ਝੂਠੀਆਂ ਗਵਾਹੀਆਂ ਭੀ ਦਿਆ ਕਰਦਾ ਸੀ । 6 ਜੂਨ ਨੂੰ ਬੰਤਾ ਸਿੰਘ, ਦਲੀਪਾ ਧਾਮੀਆਂ ਅਤੇ ਧੰਨਾ ਸਿੰਘ ਕੋਟਲੀ, ਧਾਮੀਆਂ ਨੂੰ ਜਾ ਰਹੇ ਸਨ ਕਿ ਉਹਨਾਂ ਨੂੰ ਫੰਬੀਆਂ ਤੇ ਨੰਦਾ ਚੌਰ ਦੇ ਵਿਚਾਲੇ ਇਕ ਚੋਅ ਦੀ ਬਰੇਤੀ ਵਿਚ ਅਤਾ ਮੁਹੰਮਦ ਮਿਲ ਪਿਆ। ਬੰਤਾ ਸਿੰਘ ਉਸ ਦਾ ਵਾਕਫ਼ ਸੀ । ਉਸ ਨੇ ਨਾਲ ਦਿਆਂ ਨੂੰ ਦੱਸਿਆ। ਕਿ ਅੱਜ ਇਹ ਸ਼ਿਕਾਰ ਕੁਦਰਤੀ ਮਿਲ ਗਿਆ ਹੈ, ਜਾਂਦੇ ਜਾਂਦੇ ਇਹਦੇ ਵਾਲਾ ਭੀ ਕੰਡਾ ਕੱਢ ਚੱਲੋ। ਬੰਤਾ ਸਿੰਘ ਨੇ ਪੁੱਛਿਆ, “ਚੌਧਰੀ ਜੀ, ਕਿਧਰ ਨੂੰ ? ਪਟਵਾਰੀ ਸ਼ੈਤਾਨ ਸੀ, ਉਸ ਨੇ ਸੋਚਿਆ, ਭੱਜਿਆਂ ਤਾਂ ਇਹਨਾਂ ਹੁਣ ਜਾਣ ਨਹੀਂ ਦੇਣਾ, ਇਉਂ ਬੇਗੁਨਾਹਾਂ ਵਾਂਗ ਨਿਝੱਕ ਹੋ ਕੇ ਮਿਲੋ, ਜਿਵੇਂ ਕਿ ਉਸ ਨੂੰ ਬੱਬਰਾਂ ਤੋਂ ਕੋਈ ਪਾਲਾ ਹੀ ਨਾ ਹੋਵੇ। ਉਹ ਬੰਤਾ ਸਿੰਘ ਵੱਲ ਨੂੰ ਆ ਗਿਆ ਤੇ ਆਖਿਆ, “ਆਈਏ ਸਰਦਾਰ ਜੀ, ਕਈ ਵਾਰ ਮਿਲਣ ਨੂੰ ਜੀ ਕੀਤਾ ਸੀ, ਪਰ ਡਰਦਾ ਕਿਸੇ ਤੋਂ ਪੁੱਛੀਦਾ ਨਹੀਂ ਸੀ, ਮਤਾਂ ਐਵੇਂ ਮੇਰੇ ਉੱਤੇ ਸ਼ੱਕ ਹੋ ਜਾਵੇ । ਚਲੋ, ਅੱਜ ਮੇਰੇ ਨਾਲ ਨੰਦਾ ਚੌਰ ਨੂੰ ਚੱਲੋ। ਅੰਨ-ਪਾਣੀ ਛਕ ਕੇ ਆਰਾਮ ਕਰਿਓ। ਨਾਲੇ ਗੱਲਾਂ-ਬਾਤਾਂ ਕਰਾਂਗੇ।”
ਬੰਤਾ-ਬੱਲੇ ਓਏ ਪਟਵਾਰੀਆ, ਤੂੰ ਸਾਨੂੰ ਇਤਨਾ ਹੀ ਨਿਆਣਾ ਸਮਝਦਾ ਏਂ। ਕਿ ਤੇਰੇ ਨਾਲ ਜਾ ਕੇ ਤੇਰੇ ਘਰ ਆਰਾਮ ਕਰਨ ਲੱਗ ਪਈਏ।
ਪਟਵਾਰੀ-ਬੱਸ ਇਹੋ ਤਾਂ ਮੈਂ ਤੁਹਾਡੇ ਨਾਲ ਮਿਲ ਕੇ ਗੱਲ ਕਰਨਾ ਚਾਹੁੰਦਾ ਸਾਂ ਕਿ ਤੁਹਾਨੂੰ ਕਿਸੇ ਨੇ ਮੇਰੇ ਬਾਰੇ ਵਾਧੂ ਸ਼ੱਕ ਪਾ ਦਿੱਤਾ ਹੈ।
ਦਲੀਪਾ-ਮਾਰੋ ਇਹਦੇ ਦੋ ਚਾਰ ਜੁੱਤੀਆਂ, ਇਹ ਸਾਡੇ ਮੁਹਰੇ ਝੂਠ ਬੋਲਦਾ ਏ। ਬੰਤਾ ਸਿੰਘ-ਨਾ ਭਈ, ਇਹਨੂੰ ਕੁਝ ਨਹੀਂ ਆਖਣਾ, ਐਵੇਂ ਸਾਥੋਂ ਡਰ ਕੇ ਝੂਠ ਬੋਲ ਬੈਠਾ ਏ, ਉਂਜ ਤਾਂ ਇਹ ਪਟਵਾਰੀ ਬੜਾ ਸੱਚਾ ਆਦਮੀ ਏ। ਹਾਂ, ਫੇਰ ਪਟਵਾਰੀ ਜੀ, ਸੱਚ ਸੱਚ ਗੱਲ ਕਰੋ। ਝੂਠੇ ਨੂੰ ਤਾਂ ਅਸੀਂ ਇਕ ਮਿੰਟ ਵਾਸਤੇ ਜੀਉਂਦਾ ਨਹੀਂ। ਰਹਿਣ ਦੇਂਦੇ। ਸੱਚ ਬੋਲੋ ਤੇ ਅੱਗੋਂ ਲਈ ਤੌਬਾ ਕਰੋ, ਅਸੀਂ ਤੁਹਾਨੂੰ ਮਾਫ਼ ਕਰ ਦੇਂਦੇ गं।
ਪਟਵਾਰੀ ਨੇ ਮੰਨਿਆ ਕਿ ਮੈਂ ਥੋੜੀਆਂ ਜਿਹੀਆਂ ਰਪੋਟਾਂ ਹੀ ਕੀਤੀਆਂ ਹਨ। ਪਰ ਹੁਣ ਮੈਂ ਤੌਬਾ ਕਰਦਾ ਹਾਂ, ਅੱਗੋਂ ਲਈ ਕੋਈ ਭੈੜੀ ਹਰਕਤ ਨਾ ਹੋਊ। ਬੰਤਾ ਸਿੰਘ-ਚੰਗਾ, ਉਸ ਪਾਸੇ ਮੱਕੇ ਵੱਲ ਮੂੰਹ ਕਰ ਕੇ ਤੌਬਾ ਕਰ।
ਪਟਵਾਰੀ ਨੇ ਦੂਜੇ ਪਾਸੇ ਮੂੰਹ ਕੀਤਾ ਤਾਂ ਬੰਤਾ ਸਿੰਘ ਨੇ ਛਵੀ ਦਾ ਇਕ ਕਰਾਰਾ
ਵਾਰ ਕੀਤਾ। ਪਟਵਾਰੀ ਦੀ ਧੌਣ ਅੱਧੀਓਂ ਵਧੇਰੇ ਵੱਢੀ ਗਈ। ਉਹ ਪਿਛਾਂਹ ਨੂੰ ਡਿੱਗ
ਪਿਆ। ਇਕ ਦੋ ਦਲੀਪੇ ਛੱਡੀਆਂ ਤੇ ਉਸ ਨੂੰ ਘਸੀਟ ਕੇ ਰਸਤੇ ਤੋਂ ਖੇਤ ਕੁ ਪਰੇ
ਸੁੱਟ ਦਿੱਤਾ।
ਸਪੈਸ਼ਲ ਪੁਲਸੀਏ ਦੀ ਭੁਗਤ ਸਵਾਰੀ
ਬਿਸ਼ਨ ਸਿੰਘ ਪਿੰਡ ਸਾਧੜੇ ਦਾ ਇਕ ਬਦਨਾਮ ਝੋਲੀਚੁੱਕ ਸੀ। ਪੁਲਿਸ ਨੂੰ ਡਾਇਰੀਆਂ ਦੇਣਾ, ਬੱਬਰ ਜਥੇ ਦੇ ਆਦਮੀਆਂ ਨੂੰ ਤੰਗ ਕਰਵਾਉਣਾ ਅਤੇ ਉਹਨਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਨਾਲ ਪਿੰਡਾਂ ਵਿਚ ਗਸ਼ਤ ਕਰਨਾ ਉਸ ਦਾ ਕੰਮ ਸੀ। ਜਦ ਬੱਬਰ ਲਹਿਰ ਨੂੰ ਦਬਾਉਣ ਲਈ ਸਪੈਸ਼ਲ ਪੁਲਿਸ ਬਣਾਈ ਗਈ ਤਾਂ ਉਹ ਉਸ ਵਿਚ ਭੀ ਭਰਤੀ ਹੋ ਗਿਆ ਸੀ । ਬਹੁਤੇ ਲੋਕ ਤਾਂ ਇਸ ਪੁਲਿਸ ਵਿਚ ਐਵੇਂ ਚਾਰ ਦਿਨ ਰੋਟੀ ਪਾਣੀ ਛਕਣ ਲਈ ਭਰਤੀ ਹੁੰਦੇ ਸਨ, ਪਰ ਇਹ ਸੱਚੀਂ ਮੁੱਚੀਂ ਦਾ ਸਪੈਸ਼ਲ ਪੁਲਸੀਆ ਸੀ। ਇਸ ਲਈ ਉਸ ਦਾ ਸੁਧਾਰ ਕਰਨ ਵਾਸਤੇ 10 ਜੁਲਾਈ 1923 ਦੀ ਰਾਤ ਨੂੰ ਬੰਤਾ ਸਿੰਘ ਤੇ ਦਲੀਪਾ ਧਾਮੀਆਂ, ਵਰਿਆਮ ਸਿੰਘ ਅਤੇ ਧੰਨਾ ਸਿੰਘ ਕੋਟਲੀ ਸਾਂਧੜੇ ਪਹੁੰਚੇ ।
ਬਿਸ਼ਨ ਸਿੰਘ ਆਪਣੇ ਵਿਹੜੇ ਵਿਚ ਸੁੱਤਾ ਪਿਆ ਸੀ। ਧੰਨਾ ਸਿੰਘ ਬਾਹਰ ਪਹਿਰੇ ਪੁਰ ਰਿਹਾ ਅਤੇ ਬਾਕੀ ਤਿੰਨੇ ਕੰਧ ਟੱਪ ਕੇ ਅੰਦਰ ਗਏ। ਵਰਿਆਮ ਸਿੰਘ ਤੇ ਦਲੀਪੇ ਨੇ ਛਵੀ ਦੇ ਦੋ ਵਾਰ ਕੀਤੇ ਤਾਂ ਉਹ ਜਾਗ ਕੇ ਬਾਹਰ ਨੂੰ ਭੱਜਾ। ਦਰਵਾਜ਼ੇ ਮੁਹਰੇ ਧੰਨਾ ਸਿੰਘ ਨੂੰ ਦੇਖ ਕੇ ਉਸ ਨੇ ਆਪਣੇ ਭਰਾ ਇੰਦਰ ਸਿੰਘ ਦੇ ਵਿਹੜੇ ਵਿਚ ਉਤਰਨ ਲਈ ਕੰਧ ਟੱਪਣ ਦੀ ਕੋਸ਼ਿਸ਼ ਕੀਤੀ। ਵਰਿਆਮ ਸਿੰਘ ਨੇ ਜੋੜ ਕੇ ਟਕੂਆ ਮਾਰਿਆ ਤਾਂ ਬਿਸ਼ਨ ਸਿੰਘ ਅਤੇ ਵਰਿਆਮ ਸਿੰਘ ਦੋਵੇਂ ਹੀ ਡਿੱਗ ਪਏ। ਇਸ ਕਰਕੇ ਬਿਸ਼ਨ ਸਿੰਘ ਫੇਰ ਉਠ ਭੱਜਿਆ ਅਤੇ ਦਰਵਾਜ਼ੇ ਰਾਹੀਂ ਧੰਨਾ ਸਿੰਘ ਦੇ ਕੋਲ ਦੀ ਨਿਕਲ ਕੇ ਇੰਦਰ ਸਿੰਘ ਦੀ ਹਵੇਲੀ ਵਿਚ ਜਾ ਵੜਿਆ। ਬੱਬਰ ਵੀ ਮਗਰੇ ਆ ਪਏ । ਬਿਸ਼ਨ ਸਿੰਘ ਔਕੜ ਕੇ ਖੁਰਲੀ ਵਿਚ ਮੂੰਹ ਪਰਨੇ ਡਿੱਗ ਪਿਆ। ਦਲੀਪੇ ਅਤੇ ਵਰਿਆਮ ਸਿੰਘ ਨੇ ਪੰਜ-ਸਤ ਛਵੀਆਂ ਅਤੇ ਟਕੂਏ ਹੋਰ ਟਿਕਾਏ । ਬੰਤਾ ਸਿੰਘ ਨੇ ਆਖਿਆ, “ਇਕ ਗੋਲੀ ਭੀ ਲੰਘਾ ਦੇ, ਅਜਿਹੇ ਟਪਕਿਆਂ ਦੀ ਜਾਨ ਕਿਤੇ ਨਾ ਕਿਤੇ ਅੜੀ ਰਹਿ ਜਾਂਦੀ ਹੈ।” ਵਰਿਆਮ ਸਿੰਘ ਨੇ ਉੱਤਰ ਦਿੱਤਾ, “ਹੁਣ ਗੋਲੀ ਖ਼ਰਾਬ ਕਰਨ ਦੀ ਕੋਈ ਲੋੜ ਨਹੀਂ, ਉਸ ਦੀ ਤਾਂ ਬਸ ਹੋ ਚੁੱਕੀ ਹੈ।”
ਪਰ ਬੰਤਾ ਸਿੰਘ ਦੀ ਗੱਲ ਸੱਚੀ ਹੋ ਗਈ। ਬਿਸ਼ਨ ਸਿੰਘ ਬਚ ਰਿਹਾ ਅਤੇ ਦੋ ਢਾਈ ਮਹੀਨੇ ਹਸਪਤਾਲ ਰਹਿ ਕੇ ਰਾਜ਼ੀ ਹੋ ਗਿਆ।
ਬੱਬਰ ਲਹਿਰ ਦੇ ਮਹਾਨ ਸ਼ਹੀਦੀ ਸਾਕੇ
ਅਨੂਪ ਸਿੰਘ ਬੱਬਰ ਤੇ ਬੁਬੇਲੀ ਵਿੱਚ ਬੱਬਰ ਆਗੂਆਂ ਦੀ ਸ਼ਹੀਦੀ
ਅਨੂਪ ਸਿੰਘ ਬੱਬਰ ਦਾ ਇਕ ਚਾਚਾ ਬੋਘ ਸਿੰਘ ਸੀ । ਜਦ ਹਕੂਮਤ ਨੂੰ ਕਈ ਗ੍ਰਿਫ਼ਤਾਰ ਹੋਏ ਬੱਬਰਾਂ ਅਤੇ ਖ਼ਾਸ ਕਰ ਬਾਬੂ ਸੰਤਾ ਸਿੰਘ ਦੇ ਬਿਆਨ ਤੋਂ ਬੱਬਰ-ਲਹਿਰ ਦਾ ਸਾਰਾ ਆਂਦਰ-ਪੇਟਾ ਪਤਾ ਲੱਗ ਗਿਆ ਤਾਂ ਡਿਪਟੀ ਕਮਿਸ਼ਨਰ ਜਲੰਧਰ ਨੇ ਬੋਘ ਸਿੰਘ ਨੂੰ ਸੱਦ ਕੇ ਆਖਿਆ, “ਤੇਰਾ ਭਤੀਜਾ ਅਨੂਪ ਸਿੰਘ ਬੱਬਰਾਂ ਦੇ ਨਾਲ ਰਲਿਆ ਹੋਇਆ ਹੈ। ਉਸ ਨੇ ਦੋ ਤਿੰਨ ਕਤਲ ਭੀ ਕੀਤੇ ਹਨ। ਉਹ ਕਈ ਵਾਰੀ ਤੇਰੇ ਪਾਸ ਆਉਂਦਾ ਹੈ। ਉਸ ਨੂੰ ਛੇਤੀ ਪੁਲਿਸ ਹਵਾਲੇ ਕਰੋ, ਨਹੀਂ ਤਾਂ ਤੈਨੂੰ ਭੀ ਕਾਲ-ਕੋਠੜੀ ਦਾ ਮੂੰਹ ਦੇਖਣਾ ਪਵੇਗਾ। ਸਾਨੂੰ ਇਹ ਭੀ ਪਤਾ ਹੈ ਕਿ ਤੇਰੇ ਪਾਸ ਹੋਰ ਬੱਬਰਾਂ ਦਾ ਆਉਣਾ ਜਾਣਾ ਭੀ ਹੈ। ਇਸ ਲਈ ਤੇਰੀ ਖ਼ੈਰ ਤਦ ਹੀ ਹੈ, ਜੇ ਅਨੂਪ ਸਿੰਘ ਨੂੰ ਪਕੜਾ ਦੇਵੇਂ ।”
ਬੋਘ ਸਿੰਘ ਨੇ ਸੋਚਿਆ ਕਿ ਬਹੁਤ ਸਾਰੇ ਬੱਬਰ ਫੜੇ ਭੀ ਜਾ ਚੁੱਕੇ ਹਨ ਅਤੇ ਪੁਲਿਸ ਨੂੰ ਭੇਦ ਭੀ ਕਾਫ਼ੀ ਲੱਗ ਚੁੱਕਾ ਹੈ, ਅਤੇ ਅਨੂਪ ਸਿੰਘ ਨੇ ਭੀ ਕਿਤੇ ਨਾ ਕਿਤੇ ਅੜਿੱਕੇ ਆ ਕੇ ਫਾਂਸੀ ਲੱਗ ਜਾਣਾ ਹੈ। ਇਸ ਲਈ ਇਕ ਤਾਂ ਆਪਣੀ ਜਾਨ ਬਚਾਈ ਜਾਏ ਅਤੇ ਦੂਜੇ ਕਿਵੇਂ ਨਾ ਕਿਵੇਂ ਅਨੂਪ ਸਿੰਘ ਨੂੰ ਭੀ ਬਚਾਇਆ ਜਾਵੇ। ਉਸ ਨੇ ਡਿਪਟੀ ਕਮਿਸ਼ਨਰ ਨੂੰ ਆਖਿਆ, “ਜਨਾਬ, ਤੁਹਾਡੀਆਂ ਗੱਲਾਂ ਸਾਰੀਆਂ ਹੀ ਠੀਕ ਹਨ। ਪਰ ਕੋਈ ਉਪਾਉ ਅਜਿਹਾ ਨਹੀਂ ਹੋ ਸਕਦਾ ਜਿਸ ਨਾਲ ਅਨੂਪ ਸਿੰਘ ਦੀ ਜਾਨ-ਬਖ਼ਸ਼ੀ ਹੋ ਸਕੇ ?”
ਡਿਪਟੀ-ਉਸ ਦੇ ਬਚਣ ਦੀ ਹੁਣ ਕੋਈ ਸੂਰਤ ਨਹੀਂ, ਤੂੰ ਆਪਣੇ ਬਚਾ ਦੀ ਹੀ ਸੋਚ।
ਬੋਘ ਸਿੰਘ-ਪਰ ਜੇ ਉਹ ਆਪ ਹੀ ਪੇਸ਼ ਹੋ ਕੇ ਮਾਫ਼ੀ ਮੰਗ ਲਵੇ ਤਾਂ ਉਸ ਨੂੰ ਵਾਅਦਾ-ਮਾਫ਼ੀ ਭੀ ਨਹੀਂ ਮਿਲ ਸਕਦੀ ?
ਡਿਪਟੀ—ਉਸ ਨੇ ਦੋ ਖੂਨ ਕੀਤੇ ਹਨ, ਸਾਡੇ ਕੋਲ ਉਨ੍ਹਾਂ ਕੇਸਾਂ ਦੇ ਵਾਅਦਾ-ਮਾਫ ਬਣ ਚੁੱਕੇ ਹਨ। ਹੁਣ ਅਸੀਂ ਉਸ ਨੂੰ ਵਾਅਦਾ-ਮਾਫ਼ੀ ਨਹੀਂ ਦੇ ਸਕਾਂਗੇ। ਪਰ…ਪਰ.।
ਡਿਪਟੀ ਨੂੰ ਲਾਲੀ ਚੜ੍ਹ ਗਈ, ਉਸ ਦਾ ਚਿਹਰਾ ਖ਼ੁਸ਼ੀ ਨਾਲ ਚਮਕ ਉੱਠਿਆ। ਉਸ ਨੇ ਬੋਘ ਸਿੰਘ ਦੇ ਮੋਢੇ ਪੁਰ ਹੱਥ ਰੱਖ ਕੇ ਪੁੱਛਿਆ, “ਕੀ ਉਹ ਤੇਰੇ ਆਖੇ ਭੀ ਲੱਗ ਜਾਵੇਗਾ ?”
ਬੋਘ ਸਿੰਘ-ਕਿਉਂ ਨਹੀਂ ਹਜੂਰ, ਜਦ ਉਸ ਦੀ ਜਾਨ ਬਚਾਉਣੀ ਹੈ ਤਾਂ ਉਸ ਨੇ ਆਪਣੀ ਗੈਂ ਨੂੰ ਮੇਰੇ ਆਖੇ ਲੱਗਣਾ ਹੈ। ਉਂਜ ਭੀ ਉਹ ਮੇਰੀ ਮੰਨ ਲੈਂਦਾ ਹੈ।
ਡਿਪਟੀ-ਤਾਂ ਫਿਰ ਇਕ ਸੂਰਤ ਹੈ—ਅਤੇ ਕੇਵਲ ਇਕ । ਜੇ ਇਹ ਬਣ ਜਾਏ ਤਾਂ ਤੂੰ, ਮੈਂ, ਅਨੂਪ ਸਿੰਘ, ਸਭ ਹੀ ਤਰ ਜਾਂਦੇ ਹਾਂ । ਤੈਨੂੰ ਭਾਰੀ ਇਨਾਮ ਮਿਲ ਸਕਦਾ। ਹੈ, ਅਨੂਪ ਸਿੰਘ ਦੀ ਜਾਨ ਬਚ ਸਕਦੀ ਹੈ ਅਤੇ ਮੈਨੂੰ ਹੋਰ ਤਰੱਕੀ ਮਿਲ ਸਕਦੀ ਹੈ।
ਬੋਘ ਸਿੰਘ-ਹਜੂਰ! ਉਹ ਸੂਰਤ ਛੇਤੀ ਦੱਸੋ, ਹੋਰ ਇਸ ਤੋਂ ਕਿਹੜੀ ਚੰਗੀ। ਗੱਲ ਹੈ ?
ਡਿਪਟੀ-ਅਨੂਪ ਸਿੰਘ ਬੱਬਰ ਜਥੇ ਦੇ ਲੀਡਰਾਂ ਨੂੰ ਫੜਾ ਦੇਵੇ, ਬਸ ਇਤਨੀ। ਹੀ ਗੱਲ ਹੈ।
ਬੋਘ ਸਿੰਘ ਡੂੰਘੀ ਸੋਚੀਂ ਪੈ ਗਿਆ।
ਡਿਪਟੀ ਨੇ ਜ਼ਰਾ ਗੰਭੀਰ ਹੋ ਕੇ ਆਖਿਆ, “ਬਸ, ਹੋਰ ਕੋਈ ਰਸਤਾ ਨਹੀਂ। ਇਹ ਕੰਮ ਹੋ ਜਾਵੇ ਤਾਂ ਤੂੰ ਸਰਦਾਰ ਬਣ ਸਕਦਾ ਏਂ ਅਤੇ ਅਨੂਪ ਸਿੰਘ ਦੀ ਜਾਨ ਬਚ ਸਕਦੀ ਹੈ, ਨਹੀਂ ਤਾਂ ਤੈਨੂੰ ਰਗੜਾ ਅਤੇ ਉਸ ਨੂੰ ਫਾਂਸੀ । ”
ਬੋਘ ਸਿੰਘ-ਭਲਾ ਸਾਹਿਬ, ਜੇ ਇਹ ਕੰਮ ਅਨੂਪ ਸਿੰਘ ਕਰ ਦੇਵੇ, ਮਗਰੋਂ ਤੁਸੀਂ ਭੀ ਅੱਖਾਂ ਫੇਰ ਜਾਵੋ, ਫੇਰ ਅਸੀਂ ਕਿੱਧਰ ਨੂੰ ਜਾਵਾਂਗੇ ।
ਡਿਪਟੀ-ਇਹ ਕਦੀ ਨਹੀਂ ਹੋ ਸਕਦਾ। ਜੇ ਅਸੀਂ ਸਰਕਾਰ ਦੇ ਖ਼ੈਰਖ਼ਾਹਾਂ ਤੇ ਮੁਖ਼ਬਰਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰੀਏ ਤਾਂ ਸਾਡਾ ਸਾਥ ਕੌਣ ਦੇ ਸਕਦਾ ਹੈ। ਤੂੰ ਰੱਤੀ ਫ਼ਿਕਰ ਨਾ ਕਰ। ਮੇਰੀ ਕੀਤੀ ਗੱਲ ਪੱਥਰ ਪੁਰ ਲਕੀਰ ਹੈ।
ਬੋਘ ਸਿੰਘ-ਪਰ ਇਸ ਕੰਮ ਲਈ ਵਕਤ ਲੱਗੇਗਾ।
ਡਿਪਟੀ-ਮਹੀਨਾ, ਡੇਢ ਮਹੀਨਾ, ਦੋ ਮਹੀਨੇ, ਤਿੰਨ ਮਹੀਨੇ, ਪਰ ਇਸ ਤੋਂ ਵਧੇਰੇ ਚਿਰ ਨਹੀਂ ਲੱਗਣਾ ਚਾਹੀਦਾ।
ਬੋਘ ਸਿੰਘ-ਚੰਗਾ ਹਜੂਰ, ਮੈਂ ਅਨੂਪ ਸਿੰਘ ਨਾਲ ਗੱਲ-ਬਾਤ ਕਰ ਕੇ ਦੱਸਾਂਗਾ।
ਡਿਪਟੀ ਨੇ ਬੋਘ ਸਿੰਘ ਨਾਲ ਘੁੱਟ ਕੇ ਹੱਥ ਮਿਲਾਇਆ। ਬੋਘ ਸਿੰਘ ਉਪਰਲੀਆਂ ਹਵਾਵਾਂ ਵਿਚ ਉਡ ਰਿਹਾ ਸੀ।
ਜੁਲਾਈ ਦੇ ਅਖ਼ੀਰ ਬੋਘ ਸਿੰਘ ਅਨੂਪ ਸਿੰਘ ਨੂੰ ਮਿਲਿਆ। ਬੋਘ ਸਿੰਘ ਨੇ ਸਾਰੀ ਗੱਲ ਕੀਤੀ। ਲੰਮਾ ਚਿਰ ਆਪੋ ਵਿਚ ਝਗੜਾ ਹੁੰਦਾ ਰਿਹਾ। ਅਨੂਪ ਸਿੰਘ ਦਾ ਮਨ ਭੀ ਕਈ ਵੇਰ ਡੋਲਿਆ, ਪਰ ਅਖ਼ੀਰ ਉਸ ਨੇ ਨਾਂਹ ਕਰ ਦਿੱਤੀ, ‘ਚਲੋ ਦੇਖੀ ਜਾਊ ਜਿਹੜੀ ਹੋਊ। ਮੈਨੂੰ ਫਾਂਸੀ ਲੱਗਣਾ ਮਨਜ਼ੂਰ, ਪਰ ਮੈਥੋਂ ਇਹ ਕੰਮ ਨਹੀਂ ਹੋਣ ਲੱਗਾ।”
ਬੋਘ ਸਿੰਘ ਨੇ ਖਿੱਝ ਕੇ ਆਖਿਆ, “ਤੇਰੀ ਅਕਲ ਪਰ ਤਾਂ ਪਰਦਾ ਪੈ ਗਿਆ
ਹੈ। ਜੇ ਤੈਂ ਫਾਹੇ ਹੀ ਲੱਗਣਾ ਹੈ ਤਾਂ ਜਾਹ ਉਸ ਵਿਚਾਰੀ ਦੀ ਖ਼ਬਰ ਲੈ ਆ, ਜਿਹੜੀ
ਅਭਾਗਣ ਤੇਰੇ ਲੜ ਲੱਗ ਚੁੱਕੀ ਹੈ।”
ਅਨੂਪ ਸਿੰਘ ਆਪਣੇ ਸਹੁਰੀਂ ਕੰਧਾਲੇ ਗਿਆ। ਸ਼ਾਮ ਨੂੰ ਉਸ ਦੇ ਸਹੁਰਿਆਂ ਨੇ ਉਸ ਦੀ ਸਿੰਘਣੀ ਦਾ ਮੰਜਾ ਭੀ ਉਸ ਦੇ ਕੋਲ ਹੀ ਡਾਹ ਦਿੱਤਾ। ਉਸ ਦੀ ਸਿੰਘਣੀ ਨੂੰ ਬੋਘ ਸਿੰਘ ਅਤੇ ਉਸ ਦੇ ਮਾਪਿਆਂ ਨੇ ਖੂਬ ਪੜ੍ਹਾਇਆ ਹੋਇਆ ਸੀ। ਰਾਤ ਨੂੰ ਪਿਆਰ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਜਦ ਪ੍ਰੇਮ ਦੀਆਂ ਲਹਿਰਾਂ ਠਾਠਾਂ ਮਾਰਦੀਆਂ ਆਪਣੇ ਜੋਬਨ ਪਰ ਪੁੱਜੀਆਂ ਤਾਂ ਸਿੰਘਣੀ ਨੇ ਪੁੱਛਿਆ, “ਤੁਸੀਂ ਮੈਨੂੰ ਕੀ ਸਮਝਦੇ। ਹੋ ?”
ਅਨੂਪ ਸਿੰਘ ਨੇ ਹੈਰਾਨੀ ਨਾਲ ਸਵਾਲ ਕੀਤਾ-ਕਿਉਂ ਕੀ ਗੱਲ ਏ ? ਤੈਨੂੰ ਇਹ ਪੁੱਛਣ ਦੀ ਲੋੜ ਕਿਉਂ ਪਈ ?
ਸੁਰਜੀਤ ਕੌਰ-ਕਿਉਂਕਿ ਮੈਂ ਅੱਜ ਸਚਿਆਈ ਲੱਭਣਾ ਚਾਹੁੰਦੀ ਹਾਂ।
ਅਨੂਪ ਸਿੰਘ-ਤੈਨੂੰ ਐਵੇਂ ਕੋਈ ਭਰਮ ਪੈ ਗਿਆ ਹੈ, ਮੈਂ ਤਾਂ ਤੈਨੂੰ ਆਪਣਾ ਪਿਆਰਾ ਜੀਵਨ-ਸਾਥੀ ਸਮਝਦਾ ਹਾਂ।
ਸੁਰਜੀਤ ਕੌਰ-ਐਵੇਂ ਝੂਠ ਨਾ ਬੋਲੋ। ਜੋ ਕੁਝ ਸਹੀ ਗੱਲ ਹੈ, ਉਹ ਆਖੋ। ਮੈਨੂੰ ਹਨੇਰੇ ਵਿਚ ਰੱਖਣ ਦਾ ਜਤਨ ਨਾ ਕਰੋ।
ਅਨੂਪ ਸਿੰਘ-ਸੁਰਜੀਤ, ਵਿਸ਼ਵਾਸ ਭੀ ਕਰ, ਮੈਂ ਬਿਲਕੁਲ ਸਹੀ ਆਖਿਆ ਹੈ।
ਸੁਰਜੀਤ ਕੌਰ-ਵਿਸ਼ਵਾਸ ਕਿਵੇਂ ਕਰਾਂ, ਤੁਸੀਂ ਤਾਂ ਮੈਨੂੰ ਬਜ਼ਾਰੀ ਔਰਤ ਸਮਝਦੇ ਹੋ।
ਅਨੂਪ ਸਿੰਘ ਦੇ ਦਿਲ ਪੁਰ ਇਕ ਭਾਰਾ ਪੱਥਰ ਜਿਹਾ ਵੱਜਾ, “ਹੈਂ? ਇਹ ਕੀ ਆਖਿਆ ਈ ? ਤੈਨੂੰ ਇਹ ਸ਼ੱਕ ਕਿਵੇਂ ਪੈ ਗਿਆ ?”
ਸੁਰਜੀਤ ਕੌਰ-ਸ਼ੱਕ ਕੋਈ ਨਹੀਂ, ਮੈਂ ਅਸਲੀਅਤ ਕਹਿ ਦਿੱਤੀ ਹੈ। ਤੁਸੀਂ ਮੇਰੇ ਨਾਲ ਕੇਵਲ ਭੋਗ-ਬਿਲਾਸ ਦਾ ਸੰਬੰਧ ਰੱਖਿਆ ਏ। ਜੀਵਨ-ਸਾਥੀ ਨਾਲ ਤਾਂ ਜੀਵਨ ਦੀਆਂ ਸਾਰੀਆਂ ਗੱਲਾਂ ਕਰੀਦੀਆਂ ਹਨ। ਉਸ ਨਾਲ ਮਿਲ ਕੇ ਜੀਵਨ-ਰਾਹ ਨੀਯਤ ਕਰੀਦਾ ਏ। ਉਸ ਦੀ ਸਲਾਹ ਭੀ ਸੁਣੀਦੀ ਮੰਨੀਦੀ ਏ । ਜੀਵਨ-ਸੰਗਰਾਮ ਵਿਚ ਉਸ ਨੂੰ ਨਾਲ ਰੱਖੀਦਾ ਜਾਂ ਉਸ ਨਾਲ ਰਹੀਦਾ ਏ। ਪਰ ਤੁਸੀਂ ਇਹ ਸਭ ਕੁਝ ਹੀ ਭੁਲਾ ਛੱਡਿਆ ਹੈ । ਤੁਹਾਡਾ ਤਾਂ ਕੰਮ ਮੇਰੇ ਤਾਈਂ ਹੈ—ਕਦੀ ਕਦੀ ਮਿਲਣਾ, ਨਾ ਕੁਝ ਦੱਸਣਾ। ਨਾ ਕੁਝ ਪੁੱਛਣਾ, ਆਪਣੇ ਰਾਹੇ ਲੱਗਣਾ। ਮਗਰੋਂ ਮੈਂ ਮੱਛੀ ਵਾਂਗ ਤੜਫਦੀ ਰਹਿੰਦੀ। ਹਾਂ। ਮੈਂ ਤੁਹਾਨੂੰ ਆਪਣਾ ਜੀਵਣ-ਸਾਥੀ ਸਮਝਿਆ ਸੀ ਤੇ ਸਮਝਦੀ ਹਾਂ। ਪਰ ਤੁਸੀਂ मैठूं…!
ਇਹ ਆਖਦਿਆਂ ਹੀ ਸੁਰਜੀਤ ਕੌਰ ਦੇ ਹੰਝੂ ਨਿਕਲ ਪਏ। ਉਹ ਫੁਟ ਫੁਟ ਕੇ ਰੋਣ ਲੱਗ ਪਈ। ਅਨੂਪ ਸਿੰਘ ਨੇ ਉਸ ਨੂੰ ਛਾਤੀ ਨਾਲ ਲਾ ਲਿਆ ਤੇ ਆਖਿਆ, “ਪਿਆਰੀ! ਮੈਂ ਮੰਨਦਾ ਹਾਂ ਕਿ ਮੈਂ ਤੇਰੇ ਪਾਸ ਬਹੁਤ ਚਿਰਾਕੇ ਆਉਂਦਾ ਹਾਂ, ਪਰ ਮੈਂ ਤੈਨੂੰ ਅਤੀ ਪਿਆਰ ਕਰਦਾ ਹਾਂ। ਤੂੰ ਹਰ ਵੇਲੇ ਮੇਰੇ ਹਿਰਦੇ ਵਿਚ ਹੀ ਰਹਿੰਦੀ। ਏਂ। ਮੈਂ ਤੈਨੂੰ ਇਕ ਪਲ ਭੀ ਭੁੱਲਿਆ ਨਹੀਂ। ਪਰ ਕੀ ਕਰਾਂ, ਮੈਂ ਸਰਕਾਰ ਦਾ ਭਗੌੜਾ ਹਾਂ। ਏਥੇ ਵਧੇਰੇ ਠਹਿਰਾਂ ਤਾਂ ਫੜਿਆ ਜਾਵਾਂਗਾ ਤੇ ਫਾਹੇ ਲੱਗ ਜਾਵਾਂਗਾ। ਤੈਨੂੰ ਆਪਣੇ ਨਾਲ ਭੀ ਨਹੀਂ ਰੱਖ ਸਕਦਾ, ਕਿਉਂਕਿ ਮੈਂ ਰਾਤ ਕਿਤੇ, ਦਿਨ ਕਿਤੇ ਰਹਿਣਾ ਹੁੰਦਾ ਹੈ। ਬਿਖੜੇ ਥਾਵੀਂ ਫਿਰਨਾ ਹੈ। ਇਸ ਲਈ ਬਹੁਤ ਕੁਝ ਚਾਹੁੰਦਾ ਹੋਇਆ ਭੀ ਬੇਬਸ ਹਾਂ। ਪਰ ਮੈਂ ਦਿਲੋਂ ਤੇਰਾ ਹੀ ਹਾਂ।”
ਸੁਰਜੀਤ ਕੌਰ-ਜੇ ਤੁਸੀਂ ਦਿਲੋਂ ਮੇਰੇ ਹੋਵੋ ਤਾਂ ਮੈਨੂੰ ਦੁਖ ਹੀ ਕਾਹਦਾ ਹੈ। ਪਰ ਤੁਸੀਂ ਦਿਲੋਂ ਤਾਂ ਬੱਬਰਾਂ ਦਾ ਕੰਮ ਕਰਨਾ ਚਾਹੁੰਦੇ ਹੋ ਅਤੇ ਉਹ ਕਰੀ ਜਾ ਰਹੇ ਹੈ। ਐਵੇਂ ਮੈਨੂੰ ਤਾਂ ਵਾਧੂ ਹੀ ਸਮਝਿਆ ਹੋਇਆ ਹੈ। ਜਦੋਂ ਕਿਤੇ ਵਿਹਲ ਮਿਲੀ, ਆ ਗਏ, ਮਨ ਆਈ ਕੀਤੀ ਤੇ ਚੱਲਦੇ ਬਣੇ।
ਅਨੂਪ ਸਿੰਘ-ਪਰ ਮੈਂ ਹੁਣ ਕਿੱਧਰ ਨੂੰ ਜਾਵਾਂ ? ਇਸ ਰਾਹੇ ਲੱਗ ਜਾ ਚੁੱਕਾ ਹਾਂ। ਦੂਰ ਨਿਕਲ ਗਿਆ ਹਾਂ, ਹੁਣ ਮੁੜਿਆ ਨਹੀਂ ਜਾਂਦਾ। ਜੇ ਕੋਈ ਚੁੱਪ ਕਰ ਕੇ ਬਹਿ ਜਾਂਦੇ ਨੂੰ ਛੱਡ ਦੇਵੇ ਤਾਂ ਬਹਿ ਹੀ ਜਾਵਾਂ । ਪਰ ਪੁਲਿਸ ਨੇ ਮੈਨੂੰ ਛੱਡਣਾ ਨਹੀਂ, ਫੜ ਕੇ ਫਾਹੇ ਲਾ ਦੇਣਾ ਹੈ।
ਸੁਰਜੀਤ ਕੌਰ-ਪਰ ਤੁਸੀਂ ਨਾ ਭੀ ਬੈਠੋ ਤਾਂ ਕਿਹੜਾ ਬਚ ਸਕਦੇ ਹੋ। ਇਤਨੇ ਹੋਰ ਫੜੇ ਗਏ ਹਨ, ਤੁਸੀਂ ਭੀ ਕਿਸੇ ਦਿਨ ਫੜੇ ਹੀ ਜਾਣਾ ਹੈ। ਜੇ ਬਹਿ ਜਾਵੋ ਤਾਂ ਭੀ, ਜੇ ਨਾ ਬੈਠੋ ਤਾਂ ਭੀ, ਫਾਹੇ ਹੀ ਲੱਗਣਾ ਹੈ । ਮੈਨੂੰ ਕਿਉਂ ਆਪਣੇ ਮਗਰ ਲਾਇਆ। ਸੀ ? ਮੇਰੀ ਅੱਜ ਕੀ ਜ਼ਿੰਦਗੀ ਹੈ ਤੇ ਤੁਹਾਡੇ ਮਗਰੋਂ ਕੀ ਹੋਵੇਗੀ ? ਸਾਰੀ ਉਮਰ ਰੋਵਾਂ ਧੋਵਾਂਗੀ, ਥਾਂ ਥਾਂ ਦੀਆਂ ਠੋਕਰਾਂ ਖਾਵਾਂਗੀ, ਕੀ ਇਹੋ ਮੇਰੇ ਨਾਲ ਪਿਆਰ ਹੈ ? ਗੱਲ ਸਾਫ਼ ਹੈ, ਜਾਂ ਤੁਸੀਂ ਬੱਬਰਾਂ ਨਾਲੋਂ ਹਟ ਕੇ ਆਪਣੀ ਜ਼ਿੰਦਗੀ ਦੇ ਬਚਾ ਦੀ ਬਿਧ ਕੱਢੋ ਜਾਂ ਮੈਨੂੰ ਆਪਣੇ ਹੱਥੀਂ ਅੱਜ ਹੀ ਗੋਲੀ ਮਾਰ ਕੇ, ਜਿਧਰ ਮਰਜ਼ੀ ਫਿਰੋ।
ਸੁਰਜੀਤ ਕੌਰ ਦੀਆਂ ਅੱਖਾਂ ਰੋ ਰੋ ਕੇ ਲਾਲ ਹੋ ਚੁੱਕੀਆਂ ਸਨ। ਹੰਝੂਆਂ ਦੇ ਸਮੁੰਦਰ ਵਿਚ ਅਨੂਪ ਸਿੰਘ ਦਾ ਦਿਲ ਵਹਿ ਤੁਰਦਾ ਸੀ, ਪਰ ਉਹ ਫੇਰ ਉਸ ਨੂੰ ਸਾਂਭਦਾ ਸੀ ! ਸੁਰਜੀਤ ਕੌਰ ਨੇ ਗਲ ਵਿਚ ਬਾਹਾਂ ਪਾ ਕੇ ਆਖਿਆ, “ਐਵੇਂ ਮੇਰੀ ਤੇ ਆਪਣੀ ਜ਼ਿੰਦਗੀ ਨਾ ਰੋਲੋ। ਮੇਰੀ ਬੇਨਤੀ ਨੂੰ ਨਾ ਠੁਕਰਾਓ। ਇਹ ਮਾਣਸ ਜੀਵਨ ਰੱਬ ਨੇ ਇਸ ਲਈ ਨਹੀਂ ਸੀ ਦਿੱਤਾ ਕਿ ਅਜਾਈਂ ਗਵਾ ਦਿਓ।”
ਅਨੂਪ ਸਿੰਘ ਨੇ ਬਾਹਾਂ ਘੁਟ ਲਈਆਂ । ਉਸ ਦਾ ਮਨ ਤੇਜ਼ੀ ਨਾਲ ਡੋਲਣ ਲੱਗਾ । ਉਸ ਨੂੰ ਤੇਲੀ ਜਿਹੀ ਆ ਗਈ। ਸੁਰਜੀਤ ਨੇ ਫੇਰ ਆਖਿਆ, “ਮੇਰੀ ਨਹੀਂ ਮੰਨਣੀ ਤਾਂ ਵਾਹਿਗੁਰੂ ਤੋਂ ਹੀ ਸੱਚੇ ਰਹੋ। ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੇਰੇ ਨਾਲ ਲਾਵਾਂ ਲਈਆਂ ਸਨ। ਮੈਂ ਆਪਣੀ ਬਾਂਹ ਤੁਹਾਨੂੰ ਦਿੱਤੀ ਸੀ ਤੇ ਗ੍ਰੰਥੀ ਦੇ ਮੂੰਹ ਰਾਹੀਂ ਆਖਿਆ ਸੀ: ‘ਮੇਰੀ ਬਾਂਹਿ ਨ ਛੋਡਿ ਵੇ ਸਜਣਾ ਮੈਂ ਲੜ ਲੱਗੀ ਆਂ ਤੇਰੇ।’ ਤੁਸਾਂ ਪਰਵਾਨ ਕੀਤਾ ਸੀ। ਮੈਂ ਆਪਣੇ ਬਚਨ ਦੀ ਪੂਰੀ ਰਹੀ ਹਾਂ, ਪਰ ਤੁਸੀਂ ਮੈਨੂੰ ਛੱਡ ਰਹੇ ਹੋ। ਤੁਸੀਂ ਇਹ ਜੀਵਨ ਤਾਂ ਰੋਲਣਾ ਹੀ ਸੀ, ਪਰ ਪਰਲੋਕ ਭੀ ਗਵਾ ਰਹੇ ਹੋ।”
ਅਨੂਪ ਸਿੰਘ ਕੰਬ ਉਠਿਆ । ਕਾਂਟਾ ਬਦਲ ਗਿਆ । ਉਸ ਨੇ ਸੁਰਜੀਤ ਨੂੰ ਛਾਤੀ ਨਾਲ ਲਾ ਕੇ ਆਖਿਆ, “ਪਿਆਰੀ, ਮੈਂ ਤੇਰਾ ਹਾਂ, ਤੇਰਾ ਹੀ ਰਹਾਂਗਾ, ਤੇਰੀ ਬਾਂਹ ਨਹੀਂ ਛੱਡ ਸਕਦਾ, ਹੋਰ ਜੋ ਕੁਝ ਹੋਊ ਸੋ ਦੇਖੀ ਜਾਊ।”
ਅਨੂਪ ਸਿੰਘ ਆਪਣੇ ਚਾਚੇ ਕੋਲ ਵਾਪਸ ਆ ਗਿਆ ਤੇ ਆਖਿਆ, “ਮੈਂ ਬੱਬਰਾਂ ਦਾ ਸਾਥ ਛੱਡਣ ਨੂੰ ਤਿਆਰ ਹਾਂ। ਜੇ ਬਾਬੂ ਸੰਤਾ ਸਿੰਘ ਵਰਗਾ ਲੀਡਰ ਪੁਲਿਸ ਨੂੰ ਸਾਰੀਆਂ ਗੱਲਾਂ ਦੱਸ ਸਕਦਾ ਹੈ ਤਾਂ ਮੈਨੂੰ ਕੀ ਹੋ ਚੱਲਿਆ ਹੈ। ਮੈਂ ਪੇਸ਼ ਹੋਣ ਅਤੇ ਵਾਅਦਾ-ਮਾਫ਼ ਬਣਨ ਨੂੰ ਤਿਆਰ ਹਾਂ, ਪਰ ਮੈਥੋਂ ਬੱਬਰ ਆਗੂਆਂ ਨੂੰ ਫੜਾਉਣ ਦਾ ਕੰਮ ਨਾ ਕਰਵਾ।”
ਬੋਘ ਸਿੰਘ ਨੇ ਮਤ ਦਿੱਤੀ, “ਕਾਕਾ, ਤੂੰ ਤਾਂ ਮੂਰਖ ਏਂ । ਜੇ ਬੱਬਰ ਜਥੇ ਨੂੰ ਫੜਾਏ ਬਿਨਾਂ ਡਿਪਟੀ ਤੈਨੂੰ ਵਾਅਦਾ-ਮਾਫ਼ੀ ਦੇ ਭੀ ਦੇਵੇ, ਤਾਂ ਭੀ ਤੈਨੂੰ ਜਥੇ ਨੂੰ ਫੜਾਉਣਾ ਹੀ ਚਾਹੀਦਾ ਹੈ। ਇਹ ਤਾਂ ਤੇਰੇ ਭਲੇ ਵਿਚ ਹੀ ਹੈ। ਸੱਚ, ਜੇ ਤੂੰ ਵਾਅਦਾ-ਮਾਫ਼ ਹੋ ਗਿਆ, ਕੁਝ ਬੱਬਰ ਆਗੂ ਬਚ ਕੇ ਫਿਰਦੇ ਰਹੇ ਤਾਂ ਤੈਨੂੰ ਵਾਅਦਾ- ਮਾਫ਼ੀ ਲੈ ਕੇ ਆਏ ਨੂੰ ਕਿਸ ਛੱਡਣਾ ਹੈ ? ਜੇ ਸਾਰੇ ਬੱਬਰ ਆਗੂ ਫੜੇ ਤੇ ਮਾਰੇ ਜਾਣ, ਤਾਂ ਹੀ ਵਾਅਦਾ-ਮਾਫ਼ਾਂ ਦਾ ਭੀ ਬਚਾਅ ਹੈ। ਜਿਹੜੀ ਜਾਨ ਨੂੰ ਬਚਾਉਣ ਵਾਸਤੇ ਤੂੰ ਵਾਅਦਾ-ਮਾਫ਼ ਬਣਨ ਨੂੰ ਤਿਆਰ ਹੈਂ, ਉਹ ਬਚ ਹੀ ਤਦ ਸਕਦੀ ਹੈ ਜੇ ਬੱਬਰ ਜਥਾ ਫੜਿਆ ਜਾਵੇ ।”
ਅਨੂਪ ਸਿੰਘ ਪਹਿਲਾਂ ਸਿੰਘਣੀ ਦੇ ਮੋਹ ਤੇ ਪਿਆਰ ਦੀਆਂ ਗੱਲਾਂ ਨਾਲ ਢਲ ਚੁੱਕਾ ਸੀ, ਹੁਣ ਬੋਘ ਸਿੰਘ ਦੀਆਂ ਪੇਚਦਾਰ ਗੱਲਾਂ ਨੇ ਉਸ ਨੂੰ ਪੂਰੀ ਤਰ੍ਹਾਂ ਹਰਾ ਲਿਆ।
ਉਹ ਆਪਣੇ ਸਾਥੀਆਂ ਨਾਲ, ਬੱਬਰ ਜਥੇ ਨਾਲ, ਆਪਣੇ ਦੇਸ਼ ਨਾਲ ਧ੍ਰੋਹ ਕਰਨ ਲਈ ਤਿਆਰ ਹੋ ਗਿਆ। ਨਿਸ਼ਾਨਾ ਕੇਵਲ ਆਪਣੀ ਜਾਨ ਬਚਾਉਣਾ ਬਣ ਗਿਆ। ਉਹ ਆਪਣੀ ਜਾਨ ਨੂੰ ਸਭ ਤੋਂ ਵਧੇਰੇ ਕੀਮਤੀ ਸਮਝਣ ਲੱਗਾ । ਉਸ ਨੂੰ ਇਹ ਕੂੜਾ ਖ਼ਿਆਲ ਹੋ ਗਿਆ ਕਿ ਭਾਵੇਂ ਹੋਰ ਸਭ ਮਰ ਜਾਣ, ਪਰ ਜੇ ਉਹ ਏਥੋਂ ਬਚ ਗਿਆ। ਤਾਂ ਫੇਰ ਸ਼ਾਇਦ ਉਸ ਨੂੰ ਕਦੀ ਭੀ ਮੌਤ ਨਾ ਆਵੇ। ਅਜਿਹੀ ਗਿਰਾਵਟ ਮਨੁੱਖ ਨੂੰ ਕਿਸੇ ਥਾਂ ਜੋਗਾ ਨਹੀਂ ਛੱਡਦੀ।
ਅਨੂਪ ਸਿੰਘ ਆਪਣੇ ਵਲੋਂ ਤਾਂ ਬੜੀ ਕੋਸ਼ਿਸ਼ ਕਰਦਾ ਸੀ ਕਿ ਉਹ ਅੱਗੇ ਵਾਂਗ ਹੀ ਬੱਬਰ ਜਥੇ ਨਾਲ ਘਿਉ-ਖਿਚੜੀ ਹੋਇਆ ਰਹੇ, ਪਰ ਉਸ ਦੀ ਗੱਲ-ਬਾਤ, ਚਾਲ-ਢਾਲ, ਸੋਚਣੀ, ਲਹਿਜੇ, ਚਿਹਰੇ ਅਤੇ ਅੱਖਾਂ ਤੋਂ ਉਸ ਦੀ ਮਨੋ ਅਵਸਥਾ ਕਿਤੇ ਨਾ ਕਿਤੇ ਪਰਗਟ ਹੋ ਹੀ ਜਾਂਦੀ ਸੀ । ਭਾਵੇਂ ਇਸ ਪੁਰ ਇਹ ਸ਼ੱਕ ਨਹੀਂ ਸੀ ਕਿ ਇਹ ਕੋਈ ਵੱਡਾ ਧ੍ਰੋਹ ਕਰੇਗਾ, ਪਰ ਕਈ-ਇਕ ਬੱਬਰਾਂ (ਧੰਨਾ ਸਿੰਘ ਬਹਿਬਲਪੁਰ ਆਦਿ) ਨੂੰ ਇਹ ਜ਼ਰੂਰ ਭਾਸ ਰਿਹਾ ਸੀ ਕਿ ਉਸ ਦਾ ਦਿਲ ਕਮਜ਼ੋਰ ਹੋ ਚੁੱਕਾ ਤੇ ਡੋਲ ਚੁੱਕਾ ਹੈ। ਇਸੇ ਲਈ ਉਹਨਾਂ ਨੇ ਕਰਮ ਸਿੰਘ ਐਡੀਟਰ ਨੂੰ ਆਖਿਆ ਭੀ ਕਿ ਇਸ ਨੂੰ ਹੌਲੀ ਹੌਲੀ ਪਰੇ ਕਰ ਦੇਣਾ ਚਾਹੀਦਾ ਹੈ। ਆਮ ਲੋਕਾਂ ਵਿਚੋਂ ਭੀ ਕਈਆਂ ਨੇ ਦੱਸਿਆ ਸੀ ਕਿ ਉਹ ਕੁਝ ਘਰ ਦਾ ਵਧੇਰੇ ਫ਼ਿਕਰ ਕਰਨ ਲੱਗ ਪਿਆ ਹੈ ਅਤੇ ਉਸ ਦੀਆ ਗੱਲਾਂ ਪਹਿਲੇ ਵਰਗੀਆਂ ਨਹੀਂ ਰਹੀਆਂ। ਪਰ ਅਨੂਪ ਸਿੰਘ ਨੇ ਰੋ ਕੇ ਐਡੀਟਰ ਨੂੰ ਆਖਿਆ, “ਮੈਂ ਸਭ ਕੁਝ ਛੱਡ ਕੇ ਤੁਹਾਡੇ ਨਾਲ ਰਲਿਆ ਹਾਂ, ਸਾਰੇ ਹੁਕਮ ਮੰਨੇ ਹਨ. ਹੁਣ ਮੈਨੂੰ ਤੁਸੀਂ ਭੀ ਛੱਡ ਦਿੱਤਾ ਤਾਂ ਮੈਂ ਕਿਧਰ ਜਾਵਾਂਗਾ ?”
ਐਡੀਟਰ ਨੇ ਨਾਲ ਦਿਆਂ ਨੂੰ ਆਖਿਆ, “ਅਨੂਪ ਸਿੰਘ ਤੋਂ ਕੋਈ ਅਜਿਹਾ ਖ਼ਤਰਾ ਤਾਂ ਨਹੀਂ ਜਾਪਦਾ, ਵੈਸੇ ਉਸ ਦਾ ਧਿਆਨ ਰੱਖੀ ਚੱਲੋ। ਕਿਤੇ ਵਧੇਰੇ ਨੁਕਸ ਦਿਸੇਗਾ ਤਾਂ ਪਰੇ ਕਰ ਦਿਆਂਗੇ, ਐਵੇਂ ਕਿਸੇ ਨੂੰ ਦੁਰਕਾਰ ਦੇਣਾ ਉਚਿਤ ਨਹੀਂ।*
ਅਨੂਪ ਸਿੰਘ ਦੀ ਇਹ ਕੋਸ਼ਿਸ਼ ਰਹੀ ਕਿ ਸਾਰੇ ਬੱਬਰ ਆਗੂ ਇਕ ਥਾਂ ਹੋਣ ਤਾਂ ਉਹ ਆਪਣਾ ਕੰਮ ਕਰੇ। ਪਰ ਬੱਬਰਾਂ ਦੇ ਕੁਝ ਸੁਚੇਤ ਹੋ ਜਾਣ ਕਰਕੇ ਉਸ ਦੀ ਖ਼ਾਹਸ਼ ਪੂਰੀ ਨਹੀਂ ਸੀ ਹੁੰਦੀ। ਉਸ ਦਾ ਇਤਬਾਰ ਭੀ ਹੌਲੀ ਹੌਲੀ ਉਡਦਾ ਹੀ ਜਾ ਰਿਹਾ ਸੀ, ਅਤੇ ਵਕਤ ਭੀ ਵਧੇਰੇ ਬੀਤਦਾ ਜਾਂਦਾ ਸੀ । ਇਸ ਲਈ ਉਸ ਨੇ ਫ਼ੈਸਲਾ ਕਰ ਲਿਆ ਕਿ ਕਰਮ ਸਿੰਘ ਐਡੀਟਰ ਅਤੇ ਉਸ ਦੇ ਨਾਲ ਰਹਿਣ ਵਾਲੇ ਬੱਬਰ ਗ੍ਰਿਫ਼ਤਾਰ ਕਰਵਾ ਦਿੱਤੇ ਜਾਣ, ਕਿਉਂਕਿ ਐਡੀਟਰ ਉਸ ਤੋਂ ਵਧੇਰੇ ਖ਼ਤਰਾ ਨਾ ਮਹਿਸੂਸ ਕਰਦਾ ਹੋਇਆ ਉਸ ਨੂੰ ਆਪਣੇ ਨਾਲ ਰੱਖ ਲਿਆ ਕਰਦਾ ਸੀ।
ਬੁਬੇਲੀ ਵਿਚ ਇਤਿਹਾਸਕ ਸ਼ਹੀਦੀ ਸਾਕਾ
31 ਅਗਸਤ ਦੀ ਅੱਧੀ ਕੁ ਰਾਤ ਕਰਮ ਸਿੰਘ ਐਡੀਟਰ, ਉਦੈ ਸਿੰਘ, ਬਿਸ਼ਨ ਸਿੰਘ ਮਾਂਗਟ, ਮਹਿੰਦਰ ਸਿੰਘ ਪੰਡੋਰੀ, ਗੰਗਾ ਸਿੰਘ ਅਤੇ ਅਨੂਪ ਸਿੰਘ ਡੁਮੇਲੀ ਤੋਂ ਬੁਬੇਲੀ ਵੱਲ ਨੂੰ ਚੱਲੇ ਤਾਂ ਸੌ ਦੋ ਸੌ ਕਰਮਾਂ ਜਾ ਕੇ ਅਨੂਪ ਸਿੰਘ ਨੇ ਆਖਿਆ, “ਮੇਰੀ ਡੁਮੇਲੀ ਵਾਲੀ ਮਾਸੀ ਬੀਮਾਰ ਸੁਣੀਦੀ ਹੈ, ਇਸ ਲਈ ਜੇ ਹੁਕਮ ਹੋਵੇ ਤਾਂ ਮੈਂ ਘੰਟੇ ਅੱਧੇ ਘੰਟੇ ਵਾਸਤੇ ਮਿਲ ਹੀ ਆਵਾਂ ।” ਐਡੀਟਰ ਨੇ ਕਿਹਾ, “ਦੌੜ ਕੇ ਹੋ ਆ, ਅਸੀਂ ਰਾਹ ਵਿਚ ਹੀ ਤੈਨੂੰ ਉਡੀਕਾਂਗ, ਛੇਤੀ ਮੁੜ ਆਵੀਂ।”
ਅਨੂਪ ਸਿੰਘ ਨੇ ਜਾ ਕੇ ਆਪਣੀ ਮਾਸੀ ਦੇ ਪੁੱਤਰ ਨਿਰੰਜਨ ਸਿੰਘ ਨੂੰ ਜਗਾਇਆ ਅਤੇ ਕਿਹਾ, “ਹੁਣੇ ਮਾਣਕੋ ਨੂੰ ਭੱਜ ਜਾ ਅਤੇ ਚਾਚੇ ਨੂੰ ਆਖੀਂ ਕਿ ਉਹ ਰਾਤੋ-ਰਾਤ ਆਪਣਾ ਕੰਮ ਕਰ ਦੇਵੇ, ਅਸੀਂ ਕੱਲ੍ਹ ਦੁਪਹਿਰ ਤਕ ਬੁਬੇਲੀ ਹਾਂ। ਜੇ ਉਸ ਨੇ ਸਾਰਾ ਕੰਮ ਸੂਰਜ ਚੜ੍ਹਨ ਤਕ ਠੀਕ ਨਾ ਕੀਤਾ ਤਾਂ ਫੇਰ ਮੁਸ਼ਕਲ ਹੋ ਜਾਵੇਗੀ।”
ਉਹ ਨਿਰੰਜਨ ਸਿੰਘ ਨੂੰ ਭਜਾ ਕੇ, ਚੋਅ ਤੋਂ ਪਰੇ ਟਪਾ ਕੇ ਮੁੜ ਆਇਆ। ਤੜਕਾ ਹੋ ਚੁੱਕਾ ਸੀ, ਉਹ ਸਿੱਧਾ ਬੁਬੇਲੀ ਮਿਹਰ ਸਿੰਘ ਦੇ ਘਰ ਪੁੱਜਾ ਤੇ ਪੁੱਛਿਆ। ਕਿ ਅਜੇ ਐਡੀਟਰ ਜੀ ਨਹੀਂ ਆਏ। ਮਿਹਰ ਸਿੰਘ ਨੇ ਦੱਸਿਆ ਕਿ ਅਜੇ ਤਕ ਕੋਈ ਭੀ ਨਹੀਂ ਆਇਆ। ਅਨੂਪ ਸਿੰਘ ਨੇ ਡੁਮੇਲੀ ਦੇ ਰਾਹ ਵੱਲ ਪਤਾ ਲੈਣ ਲਈ ਭੇਜਿਆ। ਮਿਹਰ ਸਿੰਘ ਡੁਮੇਲੀ ਵੱਲ ਨੂੰ ਨਿਕਲਿਆ ਹੀ ਸੀ ਕਿ ਮੁਹਰੇ ਚਾਰੇ ਬੱਬਰ ਉਸ ਦੇ ਪਿੰਡ ਦੇ ਸ਼ਿਵ ਸਿੰਘ ਨਾਲ ਆਉਂਦੇ ਟੱਕਰ ਪਏ। ਮਿਹਰ ਸਿੰਘ ਨੇ ਦੱਸਿਆ, “ਅਨੂਪ ਸਿੰਘ ਮੇਰੇ ਘਰ ਹੈ ਅਤੇ ਉਸ ਨੇ ਹੀ ਮੈਨੂੰ ਤੁਹਾਨੂੰ ਲੈਣ ਵਾਸਤੇ ਭੇਜਿਆ ਹੈ।”
ਐਡੀਟਰ ਨੇ ਆਖਿਆ, “ਚੰਗਾ ਹੋਇਆ, ਉਹ ਆ ਗਿਆ। ਅਸੀਂ ਤਾਂ ਉਸ ਨੂੰ ਰਾਹ ਵਿਚ ਉਡੀਕ ਉਡੀਕ ਕੇ ਤੁਰ ਆਏ ਸਾਂ । ਹੁਣ ਅਸੀਂ ਸ਼ਿਵ ਸਿੰਘ ਵੱਲ ਹੀ ਚੱਲਦੇ ਹਾਂ, ਤੂੰ ਅਨੂਪ ਸਿੰਘ ਨੂੰ ਓਧਰ ਹੀ ਭੇਜ ਦੇਵੀਂ।”
ਮਿਹਰ ਸਿੰਘ ਨੇ ਅਨੂਪ ਸਿੰਘ ਨੂੰ ਐਡੀਟਰ ਦਾ ਸੁਨੇਹਾ ਜਾ ਦਿੱਤਾ, ਪਰ ਉਹ ਢਿਡ ਪੀੜ ਦੱਸ ਕੇ ਉੱਥੇ ਹੀ ਪਿਆ ਰਿਹਾ।
ਸਵੇਰਾ ਹੋ ਗਿਆ। ਅਨੂਪ ਸਿੰਘ ਤੜਕੇ ਦਾ ਹੀ ਜਾਗਦਾ ਪਿਆ ਸੀ। ਪਰ ਹੁਣ ਤਾਂ ਉਸ ਦੀ ਆਸ ਟੁੱਟ ਚੁੱਕੀ ਸੀ। ਜਿਉਂ ਜਿਉਂ ਸੂਰਜ ਉਤਾਂਹ ਨੂੰ ਆਉਂਦਾ ਸੀ, ਉਸ ਦੀ ਹਾਲਤ ਨਿਘਰਦੀ ਜਾਂਦੀ ਸੀ । ਉਸ ਨੂੰ ਅੰਦਰੋ-ਅੰਦਰੀ ਕੁਝ ਖਾਈ ਜਾ ਰਿਹਾ ਸੀ। ਉਹ ਸੋਚ ਰਿਹਾ ਸੀ ਕਿ ‘ਮੈਂ ਸਾਰੇ ਹਥਿਆਰ ਵਿਗਾੜ ਤੇ ਖ਼ਰਾਬ ਕਰ ਚੁੱਕਾ ਹਾਂ। ਕਿਸੇ ਨੇ ਕੋਈ ਹਥਿਆਰ ਦੇਖ ਲਿਆ ਤਾਂ ਮੇਰਾ ਸਾਰਾ ਭੇਦ ਖੁੱਲ੍ਹ ਜਾਏਗਾ ਅਤੇ ਬੱਬਰ ਮੈਨੂੰ ਮਾਰ ਕੇ ਸੁੱਟ ਦੇਣਗੇ। ਜਿਸ ਜਾਨ ਨੂੰ ਬਚਾਉਣ ਲਈ ਮੈਂ ਇਤਨਾ ਕੁਝ ਕੀਤਾ, ਉਹ ਤਾਂ ਸਗੋਂ ਅੱਗੇ ਨਾਲੋਂ ਭੀ ਪਹਿਲਾਂ ਖ਼ਤਮ ਹੁੰਦੀ ਦਿਸਦੀ ਹੈ।’ ਇਹਨਾਂ ਸੋਚਾਂ ਵਿਚ ਹੀ ਉਸ ਨੂੰ ਤਰਲੋ-ਮੱਛੀ ਲੱਗੀ ਹੋਈ ਸੀ। ਕਦੇ ਉਠਦਾ, ਵਿਹੜੇ ਵਿਚ ਨਿਕਲ ਆਉਂਦਾ, ਫੇਰ ਅੰਦਰ ਵੜ ਜਾਂਦਾ, ਕਦੀ ਲੰਮਾ ਪੈ ਜਾਂਦਾ, ਉਹ ਘੜੀ-ਮੁੜੀ ਹੌਕੇ ਲੈਂਦਾ ਅਤੇ ਉਸ ਦਾ ਸਰੀਰ ਝੁਣਝੁਣੀਆਂ ਖਾਂਦਾ ਸੀ।
ਓਧਰ ਬੋਘ ਸਿੰਘ ਅਨੂਪ ਸਿੰਘ ਦਾ ਸੁਨੇਹਾ ਸੁਣ ਕੇ ਫ਼ੌਰਨ ਘੋੜੇ ਪੁਰ ਚੜ੍ਹ ਬੈਠਾ ਅਤੇ 18 ਮੀਲ ਦਾ ਪੰਧ ਕਰ ਕੇ ਚਾਰ ਵਜੇ ਸਵੇਰ ਦੇ ਕਰੀਬ ਸੁਪ੍ਰਿੰਟੈਂਡੈਂਟ ਪੁਲਿਸ ਸਮਿੱਥ ਪਾਸ ਪਹੁੰਚਿਆ। ਉਸ ਨੇ ਇਕਦਮ ਡਿਪਟੀ ਕਮਿਸ਼ਨਰ ਮਿਸਟਰ ਜੈਕਬ ਨੂੰ ਇਤਲਾਹ ਦਿੱਤੀ । ਪਲੋ-ਪਲੀ ਵਿਚ ਤਾਰਾਂ ਖੜਕ ਗਈਆਂ ਅਤੇ ਮਿਸਟਰ ਸਮਿੱਥ ਦੋ ਹਜ਼ਾਰ ਫ਼ੌਜ, ਪੁਲਿਸ ਤੇ ਰਿਸਾਲਾ ਲੈ ਕੇ ਬੁਬੇਲੀ ਵੱਲ ਨੂੰ ਰਵਾਨਾ ਹੋਇਆ।
ਅੱਠ ਵੱਜ ਚੁੱਕੇ ਸਨ। ਅਨੂਪ ਸਿੰਘ ਉਸੇ ਤਰ੍ਹਾਂ ਉਸਲਵੱਟੇ ਲੈਂਦਾ ਸੋਚੀਂ ਪਿਆ। ਹੋਇਆ ਸੀ ਕਿ ਮਿਹਰ ਸਿੰਘ ਦੀ ਸਿੰਘਣੀ ਪਾਲ ਕੌਰ ਨੇ ਕੋਠੇ ਉੱਤੋਂ ਪੌੜੀ ਉਤਰਦਿਆਂ ਦੁਹਾਈ ਦਿੱਤੀ, “ਹੈ ਹਾ ਵੇ ਪਤਾ ਨਹੀਂ ਕਿਸ ਦੇ ਪੁੱਤ ਮਰ ਗਏ ਹਨ, ਪਿੰਡ ਵੱਲ ਤਾਂ ਪੁਲਿਸ ਆ ਰਹੀ ਹੈ।” ਅਨੂਪ ਸਿੰਘ ਫਟ ਉਠ ਬੈਠਾ, ਉਸ ਦੇ ਮੂੰਹੋਂ ਇਕ-ਦਮ ਨਿਕਲਿਆ, “ਅੱਛਾ, ਆ ਗਈ ?”
ਪਾਲ ਕੌਰ-ਵੇ ਵੀਰਾ, ਹੁਣ ਕਿਵੇਂ ਹੋਊ?
ਅਨੂਪ ਸਿੰਘ-ਹੋਣਾ ਕੀ ਏ, ਸ਼ਾਇਦ ਕਿਸੇ ਹੋਰ ਕੰਮ ਹੀ ਆਈ ਹੋਵੇ। ਜੇ ਸਾਡੇ ਪਿੱਛੇ ਭੀ ਆਈ ਹੋਊ ਤਾਂ ਅਸੀਂ ਦੂਜੇ ਪਾਸੇ ਨੂੰ ਨਿਕਲ ਜਾਂਦੇ ਹਾਂ।
ਪਾਲ ਕੌਰ-ਚੰਗਾ ਮੈਂ ਦੇਖਦੀ ਹਾਂ ਕਿ ਪੁਲਿਸ ਕੀ ਕਰਦੀ ਹੈ, ਕਿਧਰ ਖੜੋਂਦੀ ਹੈ ਅਤੇ ਕਿਧਰ ਦਾ ਪਾਸਾ ਖ਼ਾਲੀ ਹੈ।
ਪਾਲ ਕੌਰ ਉਪਰ ਚੜ੍ਹੀ। ਉਸ ਨੇ ਆਖਿਆ, “ਇਹ ਤਾਂ ਪੂਰੀ ਇਤਲਾਹ ਪੁਰ ਆਈ ਹੈ। ਬਚ ਕੇ ਨਿਕਲ ਜਾਣ ਦਾ ਕੋਈ ਰਾਹ ਨਹੀਂ। ਆ ਤੂੰ ਇੱਥੇ ਕੰਧ ਨਾਲ ਬੈਠ ਜਾ, ਮੈਂ ਤੇਰੇ ਆਲੇ-ਦੁਆਲੇ ਕਪਾਹ ਛਿੱਟੀਆਂ ਚਿਣ ਦਿੰਦੀ ਹਾਂ।”
ਅਨੂਪ ਸਿੰਘ-ਲੁਕਿਆ ਫੜਿਆ ਗਿਆ ਤਾਂ ਪੁਲਿਸ ਨੂੰ ਮੱਲੋ-ਮੱਲੀ ਸ਼ੱਕ ਪੈ ਜਾਣਾ ਹੈ, ਇਸ ਲਈ ਮੈਂ ਤਾਂ ਬਾਹਰ ਨਿਕਲਦਾ ਹਾਂ। ਮੈਨੂੰ ਇੱਥੇ ਕਿਹੜਾ ਜਾਣਦਾ ਹੈ। ਆਖ ਦਿਆਂਗਾ, ਮੈਂ ਤਾਂ ਪਰਾਹੁਣਾ ਹਾਂ।
ਉਹ ਪਾਲ ਕੌਰ ਦੇ ਰੋਕਦੇ ਰੋਕਦੇ ਨਿਕਲ ਗਿਆ ਅਤੇ ਹੱਥ ਉਤਾਂਹ ਚੁੱਕ ਕੇ ਪੁਲਿਸ ਨੂੰ ਗ੍ਰਿਫ਼ਤਾਰੀ ਦੇ ਦਿੱਤੀ।
ਓਧਰ ਸ਼ਿਵ ਸਿੰਘ ਨੇ ਐਡੀਟਰ ਨੂੰ ਖ਼ਬਰ ਕੀਤੀ ਕਿ ਪਿੰਡ ਫ਼ੌਜ ਤੇ ਪੁਲਿਸ ਨੇ ਘੇਰ ਲਿਆ ਹੈ। ਐਡੀਟਰ ਨੇ ਗੰਭੀਰਤਾ ਨਾਲ ਆਖਿਆ, “ਪਹਿਲਾਂ ਆਪਣੇ ਆਪਣੇ ਹਥਿਆਰ ਸੰਭਾਲ, ਫੇਰ ਕੁਝ ਸਕੀਮ ਸੋਚਦੇ ਹਾਂ।”
ਪਰ ਹਥਿਆਰ ਸਭ ਨਕਾਰੇ ਹੋ ਚੁੱਕੇ ਸਨ । ਬੰਬਾਂ ਵਿਚ ਤੇਲ ਪਾ ਦਿੱਤਾ ਗਿਆ। ਸੀ। ਇਕ ਬੰਦੂਕ ਦੇ ਕੁੰਡੇ ਕਬਜ਼ੇ ਆਦਿ ਸਭ ਖ਼ਰਾਬ ਕਰ ਦਿੱਤੇ ਗਏ ਸਨ। ਇਕ ਬੰਦੂਕ, ਜਿਹੜੀ ਰਾਤ ਭੀ ਕਰਮ ਸਿੰਘ ਹੋਰਾਂ ਦੇ ਪਾਸ ਹੀ ਰਹੀ ਸੀ, ਠੀਕ ਕੰਮ ਕਰਦੀ ਸੀ, ਪਰ ਝੋਲਾ ਦੇਖਿਆ ਤਾਂ ਕਾਰਤੂਸ ਕੋਈ ਨਹੀਂ ਸੀ । ਬੱਬਰਾਂ ਨੇ ਸਮਝ ਲਿਆ ਕਿ ਇਹ ਸਭ ਧ੍ਰੋਹ ਅਨੂਪ ਸਿੰਘ ਨੇ ਕੀਤਾ ਹੈ। ਕਰਮ ਸਿੰਘ ਐਡੀਟਰ ਨੇ ਆਖਿਆ, “ਦੁਸ਼ਮਨ ਪੂਰੀ ਇਤਲਾਹ ਪੁਰ ਆਇਆ ਹੈ। ਅਸੀਂ ਕਿਸੇ ਸੂਰਤ ਬਚ ਕੇ ਨਹੀਂ ਨਿਕਲ ਸਕਦੇ। ਕੋਲ ਕੋਈ ਚੀਜ਼ ਨਹੀਂ, ਜਿਸ ਨਾਲ ਮੁਕਾਬਲਾ ਕਰ ਸਕੀਏ। ਅਸੀਂ ਅੰਦਰ ਰਹੇ ਤਾਂ ਪਿੰਡ ਦੀ ਤਬਾਹੀ ਹੋ ਜਾਵੇਗੀ, ਕਿਉਂਕਿ ਦੁਸ਼ਮਨ ਜਾਂ ਗੋਲਾਬਾਰੀ ਕਰੇਗਾ ਜਾਂ ਅੱਗ ਲਾਵੇਗਾ, ਇਸ ਲਈ ਮੁਫ਼ਤ ਵਿਚ ਪਿੰਡ ਵਾਲਿਆਂ ਦਾ ਘਾਣ ਹੋ ਜਾਏਗਾ। ਸਾਨੂੰ ਪੱਧਰੇ ਮੈਦਾਨ ਵਿਚ ਨਿਕਲ ਕੇ ਸ਼ਹੀਦੀ ਦੇਣੀ ਚਾਹੀਦੀ ਹੈ।”
ਚੌਹਾਂ ਬੱਬਰਾਂ ਨੇ ਇਹੋ ਸਲਾਹ ਪੱਕੀ ਕਰ ਲਈ ਤਾਂ ਉਦੈ ਸਿੰਘ ਨੇ ਆਖਿਆ, “ਆਪਾਂ ਤਾਂ ਸ਼ਹੀਦ ਹੋਣਾ ਹੀ ਹੈ, ਪਰ ਗ਼ੱਦਾਰ ਅਨੂਪ ਸਿੰਘ ਨੂੰ ਕਿਉਂ ਜੀਉਂਦਾ ਛੱਡ ਚੱਲੇ ਹਾਂ। ਉਹ ਮਿਹਰ ਸਿੰਘ ਦੇ ਘਰ ਹੈ ਅਤੇ ਆਪਣੇ ਪਾਪਾਂ ਤੋਂ ਡਰਦਾ ਹੀ ਸਾਡੇ ਪਾਸ ਨਹੀਂ ਆਇਆ। ਇਸ ਲਈ ਪਿੰਡੋਂ ਬਾਹਰ ਨਿਕਲਣ ਤੋਂ ਪਹਿਲਾਂ ਸਾਨੂੰ ਮਿਹਰ ਸਿੰਘ ਦੇ ਘਰ ਚੱਲ ਕੇ ਉਸ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ।”
ਚਾਰੇ ਬੱਬਰ ਮਿਹਰ ਸਿੰਘ ਦੇ ਘਰ ਪੁੱਜੇ ਤਾਂ ਕਰਮ ਸਿੰਘ ਨੇ ਪੁੱਛਿਆ, “ਅਨੂਪ ਸਿੰਘ ਕਿੱਥੇ ਹੈ ?”
ਪਾਲ ਕੌਰ-ਉਹ ਤਾਂ ਘੇਰਾ ਪੈਂਦੇ ਸਾਰ ਹੀ ਮੇਰੇ ਰੋਕਦੇ ਰੋਕਦੇ ਚਲਾ ਗਿਆ ਸੀ। ਪਤਾ ਨਹੀਂ, ਬਚ ਕੇ ਨਿਕਲ ਗਿਆ ਜਾਂ ਫੜਿਆ ਗਿਆ।
ਕਰਮ ਸਿੰਘ-ਬੀਬੀ, ਬੜਾ ਮਾੜਾ ਕੰਮ ਹੋਇਆ। ਇਹ ਅੱਜ ਦਾ ਸਾਰਾ ਕਾਰਾ ਉਸ ਦੀ ਬੇਈਮਾਨੀ ਨਾਲ ਹੋਇਆ ਹੈ। ਉਹ ਸਾਥੋਂ ਡਰਦਾ ਹੀ ਨਿਕਲ ਗਿਆ ਹੈ। ਅਸੀਂ ਤਾਂ ਸ਼ਹੀਦ ਹੋਣਾ ਹੀ ਸੀ, ਪਰ ਨਾਲ ਉਸ ਦਾ ਫਾਹਾ ਭੀ ਵੱਢਿਆ ਜਾਂਦਾ ਤਾਂ ਠੀਕ ਸੀ।
ਪਾਲ ਕੌਰ-ਜੀ, ਤੁਸੀਂ ਮੈਨੂੰ ਪਹਿਲਾਂ ਸੁਨੇਹਾ ਭੇਜ ਦਿੰਦੇ ਤਾਂ ਮੈਂ ਬਾਹਰ ਦਾ ਕੁੰਡਾ ਮਾਰ ਕੇ ਉਸ ਨੂੰ ਕਦੇ ਨਾ ਨਿਕਲਣ ਦਿੰਦੀ।
ਕਰਮ ਸਿੰਘ-ਚੰਗਾ ਬੀਬੀ, ਅਸੀਂ ਤਾਂ ਚੱਲਦੇ ਹਾਂ । ਤੁਸੀਂ ਬੱਬਰ ਜਥੇ ਦੀ ਸੇਵਾ ਕਰਦੇ ਰਹੇ ਹੋ, ਇਸ ਵਾਸਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ। ਤੁਹਾਨੂੰ ਕੋਈ ਤੰਗ ਕਰੇ ਤਾਂ ਆਖ ਦੇਣਾ ਕਿ ਬੱਬਰ ਹਥਿਆਰ ਦਿਖਾ ਕੇ ਰੋਟੀ ਛਕ ਜਾਂਦੇ ਸਨ ।
ਐਡੀਟਰ ਨੇ ਅਰਦਾਸਾ ਸੋਧਿਆ ਅਤੇ ਜੈਕਾਰਾ ਛੱਡ ਕੇ ਪਿੰਡੋਂ ਚੜ੍ਹਦੇ ਵੱਲ ਦੇ ਪਾਸੇ ਨਿਕਲਦਿਆਂ ਗੋਲੀ ਛੱਡੀ। ਸਮਿੱਥ ਉਸ ਵੇਲੇ ਖੂਹੀ ਤੋਂ ਪਾਣੀ ਪੀ ਰਿਹਾ
ਸੀ। ਗੋਲੀ ਦਾ ਖੜਕਾ ਸੁਣ ਕੇ ਉਸ ਦੇ ਮੂੰਹ ਵਿਚ ਦਾ ਘੁਟ ਅੰਦਰ ਨਹੀਂ ਲੰਘਿਆ। “ਯਿਹ ਤੋ ਹਮਾਰੀ ਗੋਲੀ ਨਹੀਂ ਹੈ,” ਇਹ ਆਖਦਿਆਂ ਹੀ ਉਹ ਉਧਰ ਨੂੰ ਭੱਜਾ, ਜਿੱਥੇ ਅਨੂਪ ਸਿੰਘ ਫੜ ਕੇ ਬਿਠਾਇਆ ਸੀ। ਉਸ ਨੇ ਅਨੂਪ ਸਿੰਘ ਦੇ ਠੁਡ ਮਾਰ ਕੇ ਪੁੱਛਿਆ, “ਸੂਰ ਕੇ ਬੱਚੇ, ਤੁਮ ਤੋ ਕਹਿਤੇ ਥੇ, ਬੱਬਰੋਂ ਕੇ ਪਾਸ ਕੋਈ ਗੋਲੀ-ਸਿੱਕਾ ਨਹੀਂ, ਯਿਹ ਗੋਲੀ ਕਹਾਂ ਸੇ ਚਲੀ ਹੈ ?”
ਅਨੂਪ ਸਿੰਘ ਨੇ ਦੱਸਿਆ, “ਹਜੂਰ ਇਕ ਅੱਧੀ ਗੋਲੀ ਭਾਵੇਂ ਹੋਰ ਹੋਵੇਗੀ। ਇਕ ਜਾਂ ਦੋ ਗੋਲੀਆਂ ਐਡੀਟਰ ਆਪਣੀ ਜੇਬ ਵਿਚ ਰੱਖਿਆ ਕਰਦਾ ਸੀ । ਬਸ ਉਹੋ ਹੀ ਉਸ ਪਾਸ ਹਨ, ਹੋਰ ਕੋਈ ਨਹੀਂ।”
ਬੱਬਰ ਬਾਹਰ ਨਿਕਲੇ ਤਾਂ ਮੋਹਰੇ ਇਕ ਸਿਖ ਹੌਲਦਾਰ ਖੜਾ ਸੀ । ਉਸ ਨੇ ਆਲੇ-ਦੁਆਲੇ ਦੇਖ ਕੇ ਆਪਣੇ ਜੁਆਨਾਂ ਨੂੰ ਹੁਕਮ ਦਿੱਤਾ, “ਇਕ ਪਾਸੇ ਹੋ ਜਾਓ, ਇਨ੍ਹਾਂ ਨੂੰ ਨਿਕਲ ਜਾਣ ਦਿਓ, ਅਸੀਂ ਗੋਰਿਆਂ ਦੇ ਆਖੇ ਕਿਉਂ ਆਪਣੇ ਭਰਾਵਾ ਨੂੰ ਮਾਰੀਏ ?”
ਫ਼ੌਜੀ ਇਕ ਪਾਸੇ ਹਟ ਗਏ। ਬੱਬਰ ਵਿਚਦੀ ਹੋ ਕੇ ਅੱਗੇ ਖੂਹ ਵੱਲ ਨੂੰ ਹੋਏ। ਓਥੇ ਇਕ ਤੂਤ ਦੀ ਛਾਵੇਂ ਇਕ ਹੋਰ ਗੋਰਾ ਅਫ਼ਸਰ ਬੈਠਾ ਸੀ । ਬੱਬਰਾਂ ਨੂੰ ਸਾਹਮਣੇ ਆਉਂਦੇ ਦੇਖ ਕੇ ਉਸ ਦੀ ਸੁਰਤ ਗੁੰਮ ਹੋ ਗਈ। “ਹਾਏ ਮਾਰ ਦੀਆ, ਮਾਰ ਦੀਆ” ਦਾ ਰੌਲਾ ਪਾਉਂਦਾ ਉਹ ਪਰੇ ਨੂੰ ਭੱਜ ਉਠਿਆ। ਉਸ ਨੂੰ ਦੇਖ ਕੇ ਉਸ ਦੇ ਸਿਪਾਹੀ ਭੀ ਉਸ ਦੇ ਨਾਲ ਹੀ ਭੱਜ ਤੁਰੇ। ਭਗਦੜ ਪੈਂਦੀ ਦੇਖ ਕੇ ਸਮਿੱਥ ਬੋਲਿਆ, “ਅਰੇ ਤੁਮ ਕਿਧਰ ਭਾਗ ਚਲੇ ਹੋ ? ਠਹਿਰ ਜਾਓ। ਚਾਰ ਬੇਹਥਿਆਰੋਂ ਕੇ ਆਗੇ ਭਾਗਤ ਤੁਮੇਂ ਸ਼ਰਮ ਨਹੀਂ ਆਤੀ।”
ਸਮਿੱਥ ਬੱਬਰਾਂ ਵੱਲ ਨੂੰ ਹੋਇਆ ਤਾਂ ਮਹਿੰਦਰ ਸਿੰਘ ਨੇ ਇਕ ਬੰਬ ਜਿਹੜਾ ਕਿ ਉਹ ਕੁਝ ਕੰਮ ਦੇਣ ਵਾਲਾ ਸਮਝ ਕੇ ਨਾਲ ਚੁੱਕ ਲਿਆਇਆ ਸੀ, ਉਸ ਦੇ ਸਿਪਾਹੀਆਂ ਪੁਰ ਸੁੱਟਿਆ । ਪਰ ਉਹ ਠੀਕਰ ਬਣ ਕੇ ਰਹਿ ਗਿਆ। ਸਮਿੱਥ ਹੱਸਿਆ। “ਹਮੇਂ ਬੇਕਾਰ ਹੂਏ ਬੰਬੋਂ ਸੇ ਡਰਾਨੇ ਕੀ ਕੋਸ਼ਿਸ਼ ਨਾ ਕਰੇਂ । ਹਮੇਂ ਮਾਲੂਮ ਹੈ ਕਿ ਤੁਮਾਰੇ ਪਾਸ ਕੋਈ ਚੀਜ਼ ਨਹੀ।”
ਐਡੀਟਰ ਨੇ ਸ਼ਰਮ ਦਿੱਤੀ-ਤਦੇ ਤੈਨੂੰ ਸਾਡੇ ਮੋਹਰੇ ਟੱਪਣ ਦਾ ਹੀਆ ਪੈ ਗਿਆ, ਨਹੀਂ ਤਾਂ ਤੂੰ ਸਾਰੇ ਸਿਪਾਹੀਆਂ ਦੇ ਪਿੱਛੇ ਲੁਕਿਆ ਨਾ ਹੁੰਦਾ।
ਸਮਿੱਥ-ਕਰਮ ਸਿੰਘ, ਹਮ ਮਾਨਤਾ ਹੈ ਕਿ ਤੁਮ ਲੋਕ ਬੜੇ ਬਹਾਦਰ ਹੋ, ਲੇਕਿਨ ਅਬ ਤੋ ਅਕਲ ਸੇ ਕਾਮ ਲੇਨਾ ਚਾਹੀਏ। ਅਗਰ ਤੁਮ ਅਪਨੇ ਆਪ ਕੋ ਹਮਾਰੇ ਹਵਾਲੇ ਕਰ ਦੋ, ਤੋ ਹਮ ਤੁਮਾਰੀ ਜਾਨ-ਬਖ਼ਸ਼ੀ ਕਰਵਾ ਦੇਗਾ।
ਐਡੀਟਰ-ਤਾਂ ਤੈਨੂੰ ਅਜੇ ਪਤਾ ਨਹੀਂ ਅਸੀਂ ਕੌਣ ਹਾਂ, ਨਹੀਂ ਤਾਂ ਤੂੰ ਇਹੋ ਜਿਹੀਆਂ ਗੱਲਾਂ ਨਾ ਕਰਦਾ।
ਸਮਿੱਥ-ਹਮੇਂ ਪਤਾ ਹੈ, ਤੁਮ ਬੱਬਰ ਹੋ। ਮਗਰ ਅਬ ਤੁਮ ਕਿਆ ਕਰ ਸਕਤੇ ਹੋ ?
ਐਡੀਟਰ-ਅਸੀਂ ਉਹੋ ਕੁਝ ਕਰਾਂਗੇ ਜੋ ਅਸੀਂ ਅੱਜ ਤਕ ਕਹਿੰਦੇ ਰਹੇ ਹਾਂ। ਮੈਂ ਉਸ ਪਰਚੇ ਦਾ ਐਡੀਟਰ ਹਾਂ ਜਿਸ ਦਾ ਮੁਖ ਨਾਹਰਾ ਸੀ-“ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥” ਅੱਜ ਮੈਂ ਦੁਨੀਆ ਨੂੰ ਇਨ੍ਹਾਂ ਸ਼ਬਦਾਂ ਦਾ ਅਮਲੀ ਅਰਥ ਦੱਸਾਂਗਾ।
ਸਮਿੱਥ-ਤੁਮ ਨੇ ਬਹੁਤ ਕੁਛ ਲਿਖਾ, ਔਰ ਬਹੁਤ ਕੁਛ ਕੀਆ। ਮਗਰ ਅਬ ਜਬ ਤੁਮਾਰੇ ਪਾਸ ਕੋਈ ਹਥਿਆਰ ਨਹੀਂ, ਤੋ ਲੜੋਗੇ ਕਿਸ ਚੀਜ਼ ਸੇ ?
ਐਡੀਟਰ-ਜ਼ਰਾ ਕੁ ਸਾਡੇ ਲਾਗੇ ਆ ਫਿਰ ਦੱਸ ਦੇਂਦੇ ਹਾਂ, ਖ਼ਾਲੀ ਹੱਥੀਂ ਭੀ ਕਿਵੇਂ ਲੜੀਦਾ ਹੈ।
ਸਮਿੱਥ-ਜ਼ਿਦ ਮਤ ਕਰੋ, ਯਿਹ ਜਾਨ ਬੜੀ ਕੀਮਤੀ ਹੈ, ਇਸੇ ਮੁਫ਼ਤ ਮੇਂ ਨ ਗੰਵਾਓ।
ਐਡੀਟਰ-ਸਾਨੂੰ ਨਸੀਅਤਾਂ ਕਰਦਾ ਏਂ, ਤੂੰ ਹੀ ਜ਼ਿਦ ਛੱਡ ਦੇ ਤੇ ਪਿਛਾਂਹ
ਸਮਿੱਥ-ਮੈਂ ਕੈਸੇ ਵਾਪਸ ਜਾਊਂ ? ਮੁਝੇ ਤੋ ਸਰਕਾਰ ਨੇ ਤੁਮਾਰੀ ਗ੍ਰਿਫ਼ਤਾਰੀ ਕਾ ਹੁਕਮ ਦੇਕਰ ਭੇਜਾ ਹੈ। ਮੈਂ ਤੋ ਹੁਕਮ ਕਾ ਬੰਧਾ ਹੂੰ। ਅਗਰ ਮੈਂ ਅਪਨੀ ਮਰਜ਼ੀ ਸੇ ਆਤਾ, ਤੋ ਵਾਪਸ ਚਲਾ ਜਾਤਾ।
ਐਡੀਟਰ-ਅਸੀਂ ਭੀ ਕਿਸੇ ਦੇ ਹੁਕਮ ਦੇ ਬੰਨ੍ਹੇ ਹੋਏ ਹਾਂ। ਸਾਨੂੰ ਇਹ ਬੱਬਰ ਜਥੇ ਅਤੇ ਗੁਰਬਾਣੀ ਦਾ ਹੁਕਮ ਹੈ ਕਿ ਜੀਉਂਦੇ-ਜੀਅ ਕਦੇ ਦੁਸ਼ਮਣ ਮੁਹਰੇ ਹਥਿਆਰ ਨਹੀਂ। ਰੱਖਣੇ।
ਸਮਿੱਥ-ਦੇਖੋ, ਬੇਵਕੂਫ਼ੀ ਨਾ ਕਰੋ। ਮੈਂ ਤੁਮ ਕੋ ਜ਼ਿੰਦਾ ਗ੍ਰਿਫ਼ਤਾਰ ਕਰ ਕੇ ਹੀ ਰਹੂੰਗਾ।
ਐਡੀਟਰ-ਅੱਛਾ, ਬਕਵਾਸ ਨਾ ਕਰ, ਜਿਹੜਾ ਤੇਰੇ ਵਿਚ ਜ਼ੋਰ ਹੈ, ਲਾ ਦੇਖ।
ਚੌਹਾਂ ਬੱਬਰਾਂ ਨੇ ਕਿਰਪਾਨਾਂ ਸੂਤ ਕੇ ਜੈਕਾਰਾ ਛੱਡ ਕੇ ਸਮਿੱਥ ਦੀ ਟੁਕੜੀ ਪੁਰ ਹਮਲਾ ਕੀਤਾ। ਸਮਿੱਥ ਨੇ ਟੁਕੜੀ ਪਿਛਾਂਹ ਹਟਾ ਲਈ। ਬੱਬਰ ਦੱਖਣ ਵੱਲ ਦੀ ਉੱਚੀ ਵੱਟ ਦੇ ਪਿੱਛੇ ਪਿੱਛੇ ਹੋ ਕੇ ਲਹਿੰਦੇ ਵੱਲ ਨੂੰ ਹੋ ਤੁਰੇ। ਸਮਿੱਥ ਦੇ ਹੁਕਮ ਅਨੁਸਾਰ ਸਿਪਾਹੀਆਂ ਨੇ ਬੱਬਰਾਂ ਉਦਾਲੇ ਪੰਦਰਾਂ ਵੀਹ ਕਰਮ ਹਟਵਾਂ ਘੇਰਾ ਪਾ ਲਿਆ । ਬੱਬਰ ਜਿਧਰ ਨੂੰ ਪੈਂਦੇ, ਉਧਰਲੇ ਸਿਪਾਹੀ ਪਿਛਾਂਹ ਹਟ ਜਾਂਦੇ ਅਤੇ ਦੂਜੇ ਪਾਸੇ ਦੇ ਪਿੱਛੇ ਚੜ੍ਹ ਆਉਂਦੇ। ਇਸ ਤਰ੍ਹਾਂ ਡੇਢ ਘੰਟਾ ਨਿਕਲ ਗਿਆ।
ਸਮਿੱਥ ਨੇ ਬੱਬਰਾਂ ਨੂੰ ਅਲਟੀਮੇਟਮ ਦਿੱਤਾ-ਮੈਂ ਅੱਜ ਬਾਰਾ ਵਜੇ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਗ੍ਰਿਫ਼ਤਾਰ ਕਰਨਾ ਹੈ। ਜੇ ਅਜਿਹਾ ਨਾ ਹੋਇਆ ਤਾਂ ਗੋਲੀ ਦਾ ਹੁਕਮ ਦਿੱਤਾ ਜਾਵੇਗਾ। ਤੁਸੀਂ ਅਜੇ ਭੀ ਮੇਰਾ ਕਹਿਣਾ ਮੰਨ ਕੇ ਆਪਣੀ ਜਾਨ ਬਚਾ ਲਓ। ਕਰਮ ਸਿੰਘ ਐਡੀਟਰ ਨੇ ਉੱਤਰ ਦਿੱਤਾ, “ਜਿਹੜਾ ਗੀਦੀ ਚਾਰ ਆਦਮੀਆਂ
ਨੂੰ ਫੜਨ ਲਈ ਦੋ ਹਜ਼ਾਰ ਹਥਿਆਰ-ਬੰਦ ਫ਼ੌਜ ਚਾੜ੍ਹ ਕੇ ਲਿਆਉਂਦਾ ਹੈ, ਮੈਂ ਉਸ ਨਾਲ ਵਧੇਰੇ ਗੱਲ ਕਰਨਾ ਭੀ ਬੱਬਰੀ ਸ਼ਾਨ ਦੇ ਵਿਰੁੱਧ ਸਮਝਦਾ ਹਾਂ, ਤੇਰਾ ਜੋ ਜੀ ਕਰਦਾ ਹੈ, ਕਰ ਲੈ। ਪਰ ਜਿਸ ਵਕਤ ਤਕ ਜਾਨ ਵਿਚ ਜਾਨ ਹੈ, ਤੇਰਾ ਅਪਵਿੱਤਰ ਹੱਥ ਸਾਡੇ ਸਰੀਰ ਨੂੰ ਨਹੀਂ ਛੋਹ ਸਕਦਾ। ‘ਲੜਨਾ, ਮਰਨਾ, ਜੀਤਨਾ, ਯਿਹ ਸੁਭਟਨ ਕੀ ਕਾਰ। ਸੂਰਾ ਮਰੇ ਏਕ ਬਾਰ ਕੈਚੰਮ ਮਰੇ ਬਾਰ ਬਾਰ।’”
ਬੱਬਰਾਂ ਨੇ ਸੋਚਿਆ ਕਿ ਆਖ਼ਰ ਗੋਲੀ ਦਾ ਹੁਕਮ ਤਾਂ ਹੋ ਹੀ ਜਾਣਾ ਹੈ, ਇਸ ਲਈ ਹੋ ਸਕੇ ਤਾਂ ਸਤਵੀਂ ਪਾਤਸ਼ਾਹੀ ਦੇ ਚਰਨਾਂ ਵਿਚ ਜਾ ਕੇ ਸ਼ਹੀਦ ਹੋਈਏ। ਇਸ ਮਕਸਦ ਨੂੰ ਮੁਖ ਰੱਖ ਕੇ ਬੱਬਰਾਂ ਨੇ ਗੁਰਦੁਆਰੇ ਵੱਲ ਧਾਈ ਕੀਤੀ।
ਫ਼ਤਹ ਖਾਂ ਰਸਾਲਦਾਰ, ਜੋ ਐਡੀਸ਼ਨਲ ਪੁਲਿਸ ਦਾ ਥਾਣੇਦਾਰ ਸੀ, ਪਿੰਡ ਦੁੱਗ ਦੇ ਲਾਗੇ ਖੜੋਤਾ ਸੀ। ਬੱਬਰਾਂ ਨੂੰ ਤੇਜ਼ੀ ਨਾਲ ਜਾਂਦੇ ਦੇਖ ਉਸ ਨੇ ਗੁਰਦੁਆਰੇ ਦੇ ਸਾਹਮਣੇ ਚੋਅ ਦਾ ਕੰਢਾ ਜਾ ਮੱਲਿਆ। ਚੋਅ ਪਾਣੀ ਨਾਲ ਭਰਿਆ ਵਗ ਰਿਹਾ ਸੀ। ਬੱਬਰਾਂ ਨੇ ਦੂਜੇ ਕੰਢੇ ਲੱਗਣ ਵਾਸਤੇ ਚੋਅ ਵਿਚ ਛਾਲਾਂ ਮਾਰ ਦਿੱਤੀਆਂ।
ਸਮਿੱਥ ਨੇ ਸੋਚਿਆ ਕਿ ਜੇ ਬੱਬਰ ਪਰਲੇ ਕੰਢੇ ਲੱਗ ਗਏ ਤਾਂ ਉਹਨਾਂ ਨੇ ਘਾਹ-ਬੂਟ ਵਿਚ ਦੀ ਹੋ ਕੇ ਗੁਰਦੁਆਰੇ ਵਿਚ ਜਾ ਵੜਨਾ ਹੈ। ਓਥੇ ਉਹਨਾਂ ਪੁਰ ਗੋਲੀ ਚਲਾਉਣੀ ਮੁਸ਼ਕਲ ਹੋ ਜਾਵੇਗੀ। ਉਸ ਨੇ ਟੋਪੀ ਉਤਾਰ ਕੇ ਹਵਾ ਵਿਚ ਹਿਲਾਈ। ਤਰਦਿਆਂ ਬੱਬਰਾਂ ਪੁਰ ਮੀਂਹ ਵਾਂਗ ਗੋਲੀ ਵਰਨ ਲੱਗੀ । ਉਦੈ ਸਿੰਘ ਤੇ ਮਹਿੰਦਰ ਸਿੰਘ ਪਰਲੇ ਕੰਢੇ ਜਾਣ ਤੋਂ ਪਹਿਲਾਂ ਪਹਿਲਾਂ ਛਾਨਣੀ ਹੋ ਗਏ। ਕਰਮ ਸਿੰਘ ਐਡੀਟਰ ਭੀ ਸਖ਼ਤ ਜ਼ਖ਼ਮੀ ਹੋ ਚੁੱਕਾ ਸੀ । ਪਰਲੇ ਕੰਢੇ ਲੱਗਦਿਆਂ ਹੀ ਉਸ ਨੇ ਆਖ਼ਰੀ ਗੋਲੀ ਫ਼ਤਹ ਖਾਂ ਪੁਰ ਛੱਡੀ, ਪਰ ਉਹ ਨੀਵਾਂ ਹੋ ਕੇ ਬਚ ਗਿਆ। ਸਾਰੇ ਰਸਾਲੇ ਨੇ ਐਡੀਟਰ ਪੁਰ ਗੋਲੀਆਂ ਦੀ ਵਰਖਾ ਕਰ ਦਿੱਤੀ ਅਤੇ ਉਹ ਕੰਢੇ ਪੁਰ ਸ਼ਹੀਦ ਹੋ ਗਏ।
ਬਿਸ਼ਨ ਸਿੰਘ ਮਾਂਗਟ ਜ਼ਖ਼ਮੀ ਹੋ ਕੇ ਰਿੜ੍ਹਦਾ ਰਿੜ੍ਹਦਾ ਗੁਰਦੁਆਰੇ ਦੇ ਚੜ੍ਹਦੇ ਪਾਸੇ ਜਾ ਨਿਕਲਿਆ। ਚੌਥੇ ਬੱਬਰ ਦੀ ਲਾਸ਼ ਨਾ ਦੇਖ ਕੇ ਉਸ ਦੀ ਭਾਲ ਹੋਣ ਲੱਗੀ। ਫ਼ਤਹ ਖਾਂ ਨੇ ਕਾਹੀ ਅਤੇ ਨੜਿਆਂ ਵਿਚ ਇਕ ਹਿਲਜੁਲ ਹੁੰਦੀ ਦੇਖ ਕੇ ਦੋ ਘੋੜ-ਸਵਾਰ ਉਧਰ ਨੂੰ ਭੇਜੇ। ਬਿਸ਼ਨ ਸਿੰਘ ਸਖ਼ਤ ਨਿਢਾਲ ਹੋ ਚੁੱਕਾ ਸੀ, ਪਰ ਸਵਾਰਾਂ ਨੂੰ ਦੇਖ ਕੇ ਉਸ ਨੂੰ ਰੋਹ ਚੜ੍ਹ ਗਿਆ । ‘ਸਤਿ ਸ੍ਰੀ ਅਕਾਲ’ ਦਾ ਜੈਕਾਰਾ ਛੱਡ ਕੇ ਬਿਸ਼ਨ ਸਿੰਘ ਜ਼ੋਰ ਨਾਲ ਉਠਿਆ ਅਤੇ ਇਕ ਸਵਾਰ ਪੁਰ ਕਿਰਪਾਨ ਚਲਾਈ। ਘੋੜ-ਸਵਾਰ ਦੇ ਪੱਟ ਪੁਰ ਕਿਰਪਾਨ ਵੱਜੀ ਅਤੇ ਉਹ ‘ਹਾਏ ਰੱਬਾ’ ਕਹਿ ਕੇ, ਬੇਹੋਸ਼ ਹੋ ਘੋੜੇ ਪੁਰੋਂ ਥੱਲੇ ਜਾ ਪਿਆ । ਪਰ ਬਿਸ਼ਨ ਸਿੰਘ ਭੀ ਜ਼ਖ਼ਮੀ ਹੋਣ ਕਰਕੇ ਡਿੱਗ ਪਿਆ। ਦੂਜੇ ਸਵਾਰ ਨੇ ਉਪਰੋਂ ਤਿੰਨ ਚਾਰ ਫ਼ਾਇਰ ਕਰ ਦਿੱਤੇ। ਬਿਸ਼ਨ ਸਿੰਘ ਭੀ ਸਦਾ ਦੀ ਨੀਂਦੇ ਸੌਂ ਗਿਆ।
ਬੱਬਰ ਆਗੂਆਂ ਦੀ ਸ਼ਹੀਦੀ ਤੋਂ ਬਾਅਦ ਪਿੰਡ ਦੀ ਤਲਾਸ਼ੀ ਲਈ ਗਈ। ਸ਼ਿਵ ਸਿੰਘ, ਉਸ ਦੇ ਬਾਪ ਅਤੇ ਮਿਹਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਡੁਮੇਲੀ ਵਲੋਂ ਆਉਂਦੀ ਹੋਈ ਦੋ ਤਿੰਨ ਰਾਹੀਆਂ ਨੂੰ ਗ੍ਰਿਫ਼ਤਾਰ ਕਰ ਲਿਆਈ ਸੀ । ਜਦ ਉਨ੍ਹਾਂ ਨੂੰ ਉਠ ਜਾਣ ਦੀ ਛੁੱਟੀ ਦਿੱਤੀ ਗਈ ਤਾਂ ਵੱਡਾ ਕਰਤਾਰ ਸਿੰਘ ਡੁਮੇਲੀ, ਜੋ ਲੋਕਾਂ ਵਿਚ ਉਹਨਾਂ ਦੇ ਲਾਗੇ ਹੀ ਬੈਠਾ ਸੀ, ਉਨ੍ਹਾਂ ਦੇ ਨਾਲ ਹੀ ਚੁੱਪ ਕੀਤਾ ਉਠ ਗਿਆ।
ਧੰਨ ਹਨ ਇਹ ਬੱਬਰ ਸ਼ਹੀਦ ! ਜਿਨ੍ਹਾਂ ਨੇ ਆਪਣੇ ਪ੍ਰਣਾਂ ਨੂੰ ਸਿਰ ਦੇ ਕੇ ਨਿਭਾਇਆ ! ਸ਼ਹੀਦੀਆਂ ਪਰਾਪਤ ਕਰ ਕੇ ਅਮਰ ਹੋ ਗਏ!! ਲਾਹਨਤ ਹੈ ਅਨੂਪ ਸਿੰਘ ਗ਼ਦਾਰ ਨੂੰ ! ਜਿਹੜਾ ਜੀਉਂਦਾ ਮਰ ਗਿਆ! ਸਦਾ ਲਈ ਮਰ ਗਿਆ
ਦੂਜਾ ਸਾਕਾ
ਧੰਨਾ ਸਿੰਘ ਦੀ ਅਦੁੱਤੀ ਸ਼ਹੀਦੀ
ਜੁਆਲਾ ਸਿੰਘ ਅਤੇ ‘ਬੇਲਾ ਸਿੰਘ ਦੋ ਭਰਾ ਪਿੰਡ ਜਿਆਨਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ । ਬੇਲਾ ਸਿੰਘ ਨੇ ਕੈਨੇਡਾ ਵਿਚ ਦੋ ਗ਼ਦਰੀ ਦੇਸ਼-ਭਗਤਾਂ-ਭਾਈ ਭਾਗ ਸਿੰਘ ਅਤੇ ਬਤਨ ਸਿੰਘ ਨੂੰ ਗੁਰਦੁਆਰਾ ਵੈਨਕੋਵਰ ਅੰਦਰ ਗੋਲੀ ਨਾਲ ਮਾਰ ਦਿੱਤਾ ਸੀ। ਗ਼ਦਰ ਪਾਰਟੀ ਨੇ ਇਸ ਦਾ ਫ਼ਸਤਾ ਉਧਰ ਹੀ ਮੁਕਾ ਦੇਣਾ ਸੀ, ਪਰ ਇਹ ਅੰਗਰੇਜ਼ੀ ਸੀ.ਆਈ.ਡੀ. ਦੀ ਮਦਦ ਨਾਲ ਬਚ-ਬਚਾ ਕੇ ਪੰਜਾਬ ਮੁੜ ਆਇਆ ਸੀ। ਏਧਰ ਆ ਕੇ ਉਹ ਆਪਣੇ ਆਪ ਨੂੰ ਕੌਮੀ ਲਹਿਰ ਦਾ ਹਮਦਰਦ ਦੱਸਦਾ ਸੀ। ਅਤੇ ਵੈਨਕੋਵਰ ਗੁਰਦੁਆਰੇ ਵਾਲੀ ਘਟਨਾ ਨੂੰ ਜ਼ਾਤੀ ਦੁਸ਼ਮਣੀ ਪਰਗਟ ਕਰਦਾ ਸੀ । ਜੁਆਲਾ ਸਿੰਘ ਭੀ ਬੇਲਾ ਸਿੰਘ ਵਾਂਗ ਬਹੁਤ ਚਲਾਕ ਆਦਮੀ ਸੀ । ਉਹ ਬੇਲਾ ਸਿੰਘ ਨਾਲੋਂ ਭੀ ਉੱਤੋਂ ਦੀ ਹੋ ਕੇ ਦੱਸਣਾ ਚਾਹੁੰਦਾ ਸੀ। ਉਸ ਨੇ ਬੇਲਾ ਸਿੰਘ ਨੂੰ ਆਖਿਆ, “ਤੈਂ ਦੋ ਆਦਮੀਆਂ ਨੂੰ ਮਾਰਿਆ ਤਾਂ ਜ਼ਰੂਰ ਸੀ, ਪਰ ਇਹ ਕੰਮ ਜ਼ਾਹਰਾ ਕਰਨ ਕਰਕੇ ਤੂੰ ਹੁਣ ਗ਼ੱਦਾਰ ਗਿਣਿਆ ਜਾਂਦਾ ਏਂ । ਮੇਰੇ ਹੱਥ ਦੇਖੀਂ, ਮੈਂ ਭੀ ਘੱਟੋ-ਘੱਟ ਦੋਂਹ ਦੀ ਜਾਨ ਲਵਾਂਗਾ, ਪਰ ਨਾਲ ਹੀ ਆਪਣੇ ਆਪ ਨੂੰ ਸੱਚਾ-ਸੁੱਚਾ ਭੀ ਸਾਬਤ ਕਰਾਂਗਾ।”
ਉਸ ਨੇ ਦਿਖਾਵਾ ਕੀਤਾ ਕਿ ਉਹ ਬੇਲਾ ਸਿੰਘ ਨਾਲ ਉਸ ਦੀ ਗ਼ਦਾਰੀ ਕਰਕੇ ਨਾਰਾਜ਼ ਸੀ ਅਤੇ ਆਪਣੇ ਭਰਾ ਦਾ ਲਾਇਆ ਕਲੰਕ ਧੋਣ ਦਾ ਚਾਹਵਾਨ ਸੀ। ਇਸ ਕਰਕੇ ਉਹ ਹਰ ਵੇਲੇ ਅਕਾਲੀਆਂ ਦੀਆਂ ਸਿਫ਼ਤਾਂ ਤੇ ਹਕੂਮਤ ਦੀ ਨਿਖੇਧੀ, ਆਏ ਗਏ ਅਕਾਲੀ ਦੀ ਸੇਵਾ ਅਤੇ ਬੱਬਰਾਂ ਦੀ ਸਹਾਇਤਾ ਕਰਦਾ ਹੁੰਦਾ ਸੀ। ਇਸ ਤਰ੍ਹਾਂ ਉਸ ਨੇ ਕਈ ਬੱਬਰਾਂ ਦੀ ਹਮਦਰਦੀ ਜਿੱਤ ਲਈ ਅਤੇ ਕਈ ਬੱਬਰ ਆਗੂ ਉਸ ਨੂੰ ਮਿਲਣ ਤੇ ਉਸ ਪਾਸ ਠਹਿਰਨ ਲੱਗ ਪਏ ਸਨ।
ਜਦ ਬੁਬੇਲੀ ਵਿਚ ਬੱਬਰ ਆਗੂ ਸ਼ਹੀਦ ਹੋ ਗਏ ਤਾਂ ਵੱਡੇ ਆਗੂਆਂ ਵਿਚੋਂ ਧੰਨਾ ਸਿੰਘ ਬਹਿਬਲਪੁਰ ਅਤੇ ਦੂਜਾ ਮਸ਼ਹੂਰ ਬੱਬਰ ਦਲੀਪਾ ਧਾਮੀਆਂ ਬਾਹਰ ਰਹਿ ਗਏ ਸਨ । ਇਨ੍ਹਾਂ ਦੋਹਾਂ ਦਾ ਜੁਆਲਾ ਸਿੰਘ ਪਾਸ ਬਹੁਤ ਆਉਣ ਜਾਣ ਸੀ । ਜੁਆਲਾ ਸਿੰਘ ਨੇ ਉਨ੍ਹਾਂ ਨੂੰ ਕੁਝ ਚਿਰ ਬਾਰ ਨਿਕਲ ਜਾਣ ਦੀ ਸਲਾਹ ਦਿੱਤੀ । ਦੋਹਾਂ ਨੇ ਉਸ ਦੀ ਸਲਾਹ ਮੰਨ ਲਈ। ਉਹ ਪਹਿਲਾਂ ਦਲੀਪੇ ਨੂੰ ਬਾਰ ਵੱਲ ਲੈ ਗਿਆ ਅਤੇ ਉਸ ਨੂੰ ਉਧਰ ਮੀਆਂ ਚੰਨੂ ਵਿਚ ਗ੍ਰਿਫ਼ਤਾਰ ਕਰਵਾ ਕੇ ਆਪ ਪਿੰਡ ਜਿਆਨ ਮੁੜ ਆਇਆ।
ਧੰਨਾ ਸਿੰਘ 24 ਅਕਤੂਬਰ 1923 ਨੂੰ ਜੁਆਲਾ ਸਿੰਘ ਪਾਸ ਉਸ ਦੇ ਪਿੰਡ ਦਲੀਪੇ ਦੀ ਗ੍ਰਿਫ਼ਤਾਰੀ ਦਾ ਪਤਾ ਲੈਣ ਪੁੱਜਾ। ਜੁਆਲਾ ਸਿੰਘ ਨੇ ਅਫ਼ਸੋਸਿਆ ਜਿਹਾ ਮੂੰਹ ਬਣਾ ਕੇ ਐਵੇਂ ਗੱਲ ਘੜ ਸੁਣਾਈ, “ਯਾਰ ਕੀ ਦੱਸੀਏ, ਦਲੀਪਾ ਤਾਂ ਮੁੰਡਾ ਹੀ ਹੋ ਨਿਕਲਿਆ। ਮੇਰੇ ਰੋਕਦੇ ਰੋਕਦੇ ਉਹ ਮੈਨੂੰ ਗੱਡੀ ਚੜਾਉਣ ਆ ਗਿਆ। ਟੇਸ਼ਨ ਪੁਰ ਪੁਲਿਸ ਦੇਖ ਕੇ ਉਸ ਨੂੰ ਪਿਛਾਂਹ ਮੁੜ ਜਾਣ ਲਈ ਕਿਹਾ ਤਾਂ ਉਸ ਨੇ ਕੋਈ ਪਰਵਾਹ ਨਾ ਕੀਤੀ। ਜਦੋਂ ਮੈਂ ਬਹੁਤ ਹੀ ਜ਼ੋਰ ਦਿੱਤਾ ਤਾਂ ਮੇਰੇ ਕੋਲ ਜਾ ਕੇ ਟੇਸ਼ਨ ਲਾਗੇ ਤੰਦੂਰ ਪੁਰ ਗੱਲਾਂ ਮਾਰਨ ਲੱਗ ਪਿਆ ਕਿ ਉਹ ਬੱਬਰ ਹੈ। ਇਕ ਪੁਲਸੀਆ ਕਿਤੇ ਲਾਗੇ ਬੈਠਾ ਗੱਲਾਂ ਸੁਣਦਾ ਸੀ, ਉਸ ਨੇ ਪੁਲਿਸ ਨੂੰ ਨਾਲ ਲਿਜਾ ਕੇ ਗ੍ਰਿਫ਼ਤਾਰ ਕਰ ਲਿਆ। ਉਸ ਦਿਨ ਮੈਨੂੰ ਭੀ ਟੇਸ਼ਨ ਪੁਰ ਪੁਲਿਸ ਨੇ ਦੇਖ ਲਿਆ ਸੀ, ਇਸ ਲਈ ਮੇਰੀ ਪੁੱਛ-ਗਿੱਛ ਹੋਣ ਲੱਗ ਪਈ ਏ। ਤੂੰ ਭੀ ਏਥੇ ਘਰ ਨਾ ਠਹਿਰ। ਰੋਟੀ ਖਾ ਲੈ ਅਤੇ ਬਾਹਰ ਸਾਡੀ ਕਮਾਦੀਂ ਚੱਲ ਬੈਠ। ਮੈਂ ਤੇਰਾ ਕੱਲ੍ਹ ਨੂੰ ਕਿਸੇ ਹੋਰ ਥਾਂ ਬੰਦੋਬਸਤ ਕਰ ਦਿਆਂਗਾ।”
ਇਸ ਤਰ੍ਹਾਂ ਉਸ ਨੇ ਆਪਣੇ ਪਰ ਧੰਨਾ ਸਿੰਘ ਦਾ ਸ਼ੱਕ ਨਾ ਹੋਣ ਦਿੱਤਾ । ਜੁਆਲਾ ਸਿੰਘ ਉਸ ਨੂੰ ਰੋਟੀ ਖੁਆ ਕੇ ਆਪਣੀ ਕਮਾਦੀਂ ਬਿਠਾ ਆਇਆ। ਆਪ ਸਿੱਧਾ ਮਾਹਲਪੁਰ ਥਾਣੇ ਗਿਆ । ਉੱਥੋਂ ਥਾਣੇਦਾਰ ਗੁਲਜ਼ਾਰਾ ਸਿੰਘ ਅਤੇ ਜੁਆਲਾ ਸਿੰਘ ਹੁਸ਼ਿਆਰਪੁਰ ਮਿਸਟਰ ਹੌਰਟਨ ਸੁਪ੍ਰਿੰਟੈਂਡੈਂਟ ਪੁਲਿਸ ਪਾਸ ਪੁੱਜੇ। ਜੁਆਲਾ ਸਿੰਘ ਨੇ ਸੁਪ੍ਰਿੰਟੈਂਡੈਂਟ ਨੂੰ ਦੱਸਿਆ, “ਧੰਨਾ ਸਿੰਘ ਅੱਜ ਮੇਰੇ ਪਾਸ ਹੈ, ਪਰ ਮੈਂ ਉਸ ਨੂੰ ਆਪਣੇ ਪਾਸੋਂ ਗ੍ਰਿਫ਼ਤਾਰ ਨਹੀਂ ਕਰਾਣਾ ਚਾਹੁੰਦਾ, ਕਿਉਂਕਿ ਇਸ ਤਰ੍ਹਾਂ ਮੇਰਾ ਭੇਦ ਖੁੱਲ੍ਹ ਜਾਵੇਗਾ। ਜੇ ਹੁਕਮ ਹੋਵੇ ਤਾਂ ਮੈਂ ਉਸ ਨੂੰ ਭੀ ਬਾਰ ਵਿਚ ਲਿਜਾ ਕੇ ਗ੍ਰਿਫ਼ਤਾਰ ਕਰਵਾ ਸਕਦਾ ਹਾਂ।”
ਹੋਰਟਨ ਨੇ ਕਿਹਾ-ਇਸ ਤਰ੍ਹਾਂ ਹਮ ਕੋ ਪੂਰੀ ਨੇਕਨਾਮੀ ਨਹੀਂ ਮਿਲੇਗੀ। ਮੈਂ ਉਸ ਕੋ ਜ਼ਿਲ੍ਹਾ ਹੁਸ਼ਿਆਰਪੁਰ ਕੇ ਅੰਦਰ ਹੀ ਪਕੜਨਾ ਚਾਹਤਾ ਹੂੰ।
ਜੁਆਲਾ ਸਿੰਘ ਨੇ ਕੁਝ ਦੇਰ ਸੋਚ ਕੇ ਉੱਤਰ ਦਿੱਤਾ-ਚੰਗਾ ਹਜ਼ੂਰ, ਇੰਜ ਹੀ ਸਹੀ, ਪਰ ਕੱਲ੍ਹ ਰਾਤ ਨੂੰ । ਮੇਰਾ ਇਕ ਕਰਮ ਸਿੰਘ ਨਾਉਂ ਦਾ ਮਾੜਾ ਜਿਹਾ ਰਿਸ਼ਤੇਦਾਰ ਮੰਨਣਹਾਨੇ ਹੈ। ਉਸ ਨਾਲ ਮੈਂ ਗੱਲ ਕੀਤੀ ਹੋਈ ਹੈ। ਉਹ ਤੇ ਮਾਲਾ ਸਿੰਘ, ਲੱਖਾ ਸਿੰਘ ਤੇ ਈਸ਼ਰ ਸਿੰਘ ਬਹਿਬਲਪੁਰ ਧੰਨਾ ਸਿੰਘ ਦੀ ਗ੍ਰਿਫ਼ਤਾਰੀ ਵਿਚ ਮੇਰੀ ਮਦਦ ਕਰ ਸਕਦੇ ਹਨ।
ਹੌਰਟਨ-ਨਹੀਂ, ਨਹੀਂ, ਉਸੇ ਆਜ ਹੀ ਗ੍ਰਿਫ਼ਤਾਰ ਕਰਵਾ ਦੇ। ਸ਼ਾਇਦ ਕੱਲ੍ਹ ਕੋ ਵੁਹ ਤੁਮਾਰੀ ਬਾਤ ਹੀ ਨਾ ਮਾਨੇ।
ਜੁਆਲਾ ਸਿੰਘ-ਤੁਸੀਂ ਕੋਈ ਫ਼ਿਕਰ ਨਾ ਕਰੋ ਸਾਹਬ, ਮੈਂ ਜ਼ਿੰਮੇਵਾਰ ਹਾਂ। ਉਸ ਨੇ ਤਾਂ ਮੈਨੂੰ ਕੁਝ ਦਿਨ ਕਟਾਉਣ ਲਈ ਅੱਗੇ ਹੀ ਕਿਹਾ ਹੋਇਆ ਏ ਅਤੇ ਮੈਂ ਉਸ ਨਾਲ ਪੱਕੀ ਕਰ ਆਇਆ ਹਾਂ । ਉਹ ਖ਼ੁਦ ਭੀ ਕਰਮ ਸਿੰਘ ਪੁਰ ਪੂਰਾ ਇਤਬਾਰ ਕਰਦਾ ਹੈ।
25 ਅਕਤੂਬਰ 1923 ਰਾਤ ਦੇ ਬਾਰਾਂ ਵਜੇ ਦਾ ਪ੍ਰੋਗਰਾਮ ਪੱਕਾ ਕਰ ਕੇ ਜੁਆਲਾ ਸਿੰਘ ਸ਼ਾਮ ਨੂੰ ਪਿੰਡ ਵਾਪਸ ਆ ਗਿਆ । ਰਾਤ ਨੂੰ ਤਕੜੀ ਰਾਤ ਗਏ ਧੰਨਾ ਸਿੰਘ ਨੂੰ ਅੰਨ-ਪਾਣੀ ਛਕਾਇਆ। ਮਗਰੋਂ ਗੱਲਾਂ-ਬਾਤਾਂ ਵਿਚ ਅੱਧੀ ਰਾਤ ਕਰ ਦਿੱਤੀ। ਫੇਰ ਵੱਡੇ ਤੜਕੇ ਜੁਆਲਾ ਸਿੰਘ ਨੇ ਧੰਨਾ ਸਿੰਘ ਨੂੰ ਜਗਾ ਲਿਆ, ਦੋਵੇਂ ਮੰਨਣਹਾਨੇ ਕਰਮ ਸਿੰਘ ਪਾਸ ਪਹੁੰਚੇ। ਕਰਮ ਸਿੰਘ ਨੇ ਉਹਨਾਂ ਨੂੰ ਆਪਣੀ ਹਵੇਲੀ ਅੰਦਰ ਮੰਜੇ ਡਾਹ ਦਿੱਤੇ । ਜੁਆਲਾ ਸਿੰਘ ਨੇ 25 ਤਰੀਕ ਦਿਨ ਨੂੰ ਐਧਰ-ਉਧਰ ਦੀਆਂ ਗੱਲਾਂ ਜਾਰੀ ਰੱਖੀਆਂ ਅਤੇ ਧੰਨਾ ਸਿੰਘ ਨੂੰ ਇਕ ਪਲ ਨਾ ਸੌਣ ਦਿੱਤਾ । ਉਹ ਅਜਿਹਾ ਇਸ ਲਈ ਕਰ ਰਿਹਾ ਸੀ ਤਾਂ ਜੁ ਰਾਤ ਨੂੰ ਧੰਨਾ ਸਿੰਘ ਅਜਿਹੀ ਘੂਕ ਨੀਂਦੇ ਸੌਵੇਂ ਕਿ ਪੁਲਿਸ ਦੇ ਆਉਣ ਦਾ ਕੋਈ ਪਤਾ ਹੀ ਨਾ ਲੱਗ ਸਕੇ।
25 ਤਰੀਕ ਦੀ ਕਾਲੀ-ਬੋਲੀ ਰਾਤ ! ਜੁਆਲਾ ਸਿੰਘ ਨੇ ਧੰਨਾ ਸਿੰਘ ਦੇ ਸਾਹਮਣੇ ਉਸ ਨੂੰ ਬੇਫ਼ਿਕਰ ਕਰਨ ਵਾਸਤੇ ਕਰਮ ਸਿੰਘ ਨੂੰ ਆਖਿਆ, “ਲੈ ਭਈ, ਅੱਧੀ ਰਾਤ ਤਕ ਨੂੰ ਜਾਗਣਾ ਤੇ ਪਹਿਰਾ ਦੇਣਾ ਏ। ਅਸੀਂ ਹੁਣ ਨਿਸ਼ੰਗ ਹੋ ਕੇ ਸੌਂ ਚੱਲੇ ਹਾਂ। ਦੇਖੀਂ ਇਕ ਮਿੰਟ ਲਈ ਭੀ ਅੱਖ ਨਾ ਲਾਵੀਂ, ਮਤਾਂ ਕਿਤੇ ਸਾਰੀ ਉਮਰ ਦਾ ਕਲੰਕ ਖੱਟ ਬੈਠੇ। ਅੱਧੀ ਰਾਤ ਤਕ ਤੇਰੀ ਜ਼ਿੰਮੇਵਾਰੀ ਹੈ, ਮਗਰੋਂ ਮੈਂ ਉਠ ਬੈਠਾਂਗਾ।”
ਜੁਆਲਾ ਸਿੰਘ ਨੇ ਬਾਹਰ ਪੇਸ਼ਾਬ ਦੇ ਬਹਾਨੇ ਜਾ ਕੇ ਕਰਮ ਸਿੰਘ ਨੂੰ ਸਮਝਾ ਦਿੱਤਾ, “ਉਸ ਖੂੰਜੇ ਜਦ ਬੈਟਰੀ ਦਾ ਚਮਕਾਰਾ ਪਵੇ, ਤਾਂ ਸਮਝ ਲਈਂ ਉਹ ਪੁਲਿਸ ਹੈ। ਉਸ ਵੇਲੇ ਸਾਡੇ ਵੱਲ ਗੇੜਾ ਮਾਰ ਕੇ ਦੇਖ ਜਾਵੀਂ । ਜੇ ਧੰਨਾ ਸਿੰਘ ਜਾਗਦਾ ਹੋਵੇ ਤਾਂ ਪੁਲਿਸ ਨੂੰ ਕੁਝ ਦੇਰ ਅਟਕਾ ਦੇਵੀਂ, ਜੇ ਉਹ ਸੁੱਤਾ ਹੋਵੇ ਤਾਂ ਪੁਲਿਸ ਨੂੰ ਸਿੱਧਾ ਹੀ ਲੈ ਆਵੀਂ ਤੇ ਮੈਂ ਭੱਜ ਜਾਵਾਂਗਾ।”
ਜੁਆਲਾ ਸਿੰਘ ਤੇ ਧੰਨਾ ਸਿੰਘ ਹਵੇਲੀ ਵਿਚ ਅਚਿੰਤ ਹੋ ਕੇ ਸੌਂ ਗਏ। ਕਰਮ ਸਿੰਘ ਘਰ ਜਾ ਕੇ ਲੰਮਾ ਪੈ ਰਿਹਾ। ਉਸ ਨੇ ਬੜੀ ਕੋਸ਼ਿਸ਼ ਕੀਤੀ ਕਿ ਅੱਧੀ ਕੁ ਰਾਤ ਤਕ ਕੁਝ ਦੇਰ ਸੌਂ ਲਵੇ, ਪਰ ਉਸ ਨੂੰ ਨੀਂਦ ਕਿੱਥੇ ਆਵੇ। ਉਸ ਦਾ ਦਿਲ ਤਾਂ ਖ਼ੁਸ਼ੀ ਨਾਲ ਖਿੜ ਰਿਹਾ ਸੀ। ਇਨਾਮ ਦਾ ਇਕ ਮੁਰੱਬਾ ਜ਼ਮੀਨ ਅਤੇ 2000/- ਰੁਪਿਆ ਨਕਦ ਮਿਲਣਾ ਸੀ, ਜਿਸ ਨੂੰ ਉਸ ਨੇ ਅਤੇ ਜੁਆਲਾ ਸਿੰਘ ਨੇ ਅੱਧੋ ਅੱਧ ਕਰਨਾ ਸੀ। ਉਹ ਚਾਹੁੰਦਾ ਸੀ ਕਿ ਅੱਧੀ ਰਾਤ ਇਕ-ਦਮ ਹੋ ਜਾਵੇ, ਪਰ ਅੱਜ ਅੱਧੀ ਰਾਤ ਹੋਣ ਵਿਚ ਹੀ ਨਹੀਂ ਸੀ ਆਉਂਦੀ। ਅਜੇ ਦਸ ਕੁ ਹੀ ਵਜੇ ਹੋਣਗੇ, ਪਰ ਉਸ ਨੂੰ ਵੱਡਾ ਤੜਕਾ ਹੁੰਦਾ ਜਾਪਣ ਲੱਗਾ। ਲਾਗਲੇ ਪਿੰਡ ਕੁੱਤੇ ਭੌਂਕੇ। ਸੋਚਿਆ, ਪੁਲਿਸ ਆਉਂਦੀ ਹੋਵੇਗੀ। ਬਸ ਪੰਦਰਾਂ ਵੀਹਾਂ ਮਿੰਟਾਂ ਤਕ ਏਥੇ ਆਈ ਕਿ ਆਈ। ਅੱਧਾ ਘੰਟਾ ਬੀਤ ਗਿਆ, ਕੋਈ ਜੀਅ ਨਾ ਪਹੁੰਚਿਆ। ਉਹ ਮਾਯੂਸ ਹੋ ਗਿਆ। ਅੱਜ ਪੁਲਿਸ ਨੂੰ ਕੋਈ ਹੋਰ ਕੰਮ ਹੋ ਗਿਆ ਹੋਵੇਗਾ। ਐਵੇਂ ਰਾਤ ਜਾਗ ਕੇ ਗੁਆਈ। ਇਕ ਲਾਲਟੈਨ ਮਾਹਲਪੁਰ ਵਲੋਂ ਸੜਕੇ ਸੜਕੇ ਆਉਂਦੀ ਨਜ਼ਰੀਂ ਪਈ। ਬਸ, ਹੁਣ ਕੋਈ ਸ਼ੱਕ ਨਹੀਂ, ਇਹ ਤਾਂ ਪੁਲਿਸ ਹੀ ਹੈ। ਉਹ ਉਠ ਕੇ ਸੜਕ ਵੱਲ ਨੂੰ ਤੁਰ ਪਿਆ। ਪਰ ਲਾਲਟੈਨ ਲਾਗਦੀਂ ਅੱਗੇ ਨੂੰ ਨਿਕਲ ਗਈ। ਕੰਨ ਲਾ ਕੇ ਸੁਣਿਆ ਤਾਂ ਦੋ ਰਾਹੀਂ ਕਿਸੇ ਬੀਮਾਰ ਦੇ ਨਾ ਬਚਣ ਦੀਆਂ ਗੱਲਾਂ ਕਰਦੇ ਜਾ ਰਹੇ ਸਨ । ਉਸ ਦੀਆਂ ਆਸਾਂ ਪੁਰ ਫੇਰ ਪਾਣੀ ਫਿਰ ਗਿਆ। ਹੁਣ ਤਾਂ ਲੋਅ ਲੱਗਣ ਵਾਲੀ ਹੈ, ਹੁਣ ਪੁਲਿਸ ਨੇ ਕੀ ਆਉਣਾ ਹੈ। ਉਹ ਘਰ ਮੁੜ ਆਇਆ। ਬਿਸਤਰਾ ਝਾੜ ਬਣਾ ਕੇ ਲੰਮਾ ਪੈਣ ਲੱਗਾ ਸੀ ਕਿ ਜੁਆਲਾ ਸਿੰਘ ਦੇ ਦੱਸੇ ਅਨੁਸਾਰ ਖੂੰਜੇ ਤੋਂ ਬੈਟਰੀ ਦਾ ਲਿਸ਼ਕਾਰਾ ਪਿਆ । ਪਰ ਉਸ ਦਾ ਮਨ ਨਾ ਮੰਨਿਆ, ਐਵੇਂ ਭੁਚੱਕੀ ਹੀ ਪਿਆ ਹੋਵੇਗਾ। ਲਿਸ਼ਕਾਰਾ ਇਕ ਵੇਰੀ ਫੇਰ ਪਿਆ, ਉਸ ਦੀਆਂ ਸੁੱਤੀਆਂ ਉਮੀਦਾਂ ਜਾਗ ਉਠੀਆਂ।
ਉਹ ਫ਼ੌਰਨ ਆਪਣੀ ਹਵੇਲੀ ਗਿਆ। ਦੇਖਿਆ, ਧੰਨਾ ਸਿੰਘ ਘੂਕ ਸੁੱਤਾ ਪਿਆ ਸੀ । ਉਹ ਝਟ ਬੈਟਰੀ ਚਮਕਣ ਵਾਲੀ ਥਾਂ ਪਹੁੰਚਿਆ। ਓਥੇ ਪੁਲਿਸ ਦੇ ਚਾਲੀ ਪੰਜਾਹ ਆਦਮੀ ਉਸ ਨੂੰ ਉਡੀਕ ਰਹੇ ਸਨ।
ਹੌਰਟਨ ਨੇ ਪੁੱਛਿਆ-ਤੁਮਾਰਾ ਕਿਆ ਨਾਮ ਹੈ?
ਕਰਮ ਸਿੰਘ ਨੇ ਉੱਤਰ ਦਿੱਤਾ-ਕਰਮ ਸਿੰਘ, ਜਨਾਬ !
ਹੌਰਟਨ-ਅੱਛਾ ਕਿਆ ਹਾਲਤ ਹੈ ? ਧੰਨਾ ਸਿੰਘ ਕਹਾਂ ਹੈ ?
ਕਰਮ ਸਿੰਘ-ਉਹ ਮੇਰੀ ਹਵੇਲੀ ਅੰਦਰ ਸੁੱਤਾ ਪਿਆ ਹੈ, ਜਨਾਬ! ਹੌਰਟਨ—ਉਸ ਕੇ ਹਥਿਆਰ ਤੁਮ ਨੇ ਸੰਭਾਲ ਲੀਏ ਹੈਂ ?
ਕਰਮ ਸਿੰਘ-ਹਜੂਰ! ਉਸ ਕੋਲ ਕਿਹੜੇ ਹਥਿਆਰ ਹਨ ? ਇਕ ਰੀਵਾਲਵਰ ਹੀ ਹੈ ਤੇ ਉਹ ਉਸ ਦੀ ਪੈਂਦ ਵੱਲ ਦੀ ਕਿੱਲੀ ਨਾਲ ਟੰਗਿਆ ਹੋਇਆ ਏ।
ਹੌਰਟਨ—ਹੈਂ ! ਰੀਵਾਲਵਰ ! ਔਰ ਉਸ ਕੇ ਕਮਰੇ ਕੇ ਅੰਦਰ ? ਹਰਾਮਜ਼ਾਦੇ, ਹਮੇਂ ਮਰਵਾਨਾ ਚਾਹਤੇ ਹੋ ?
ਕਰਮ ਸਿੰਘ-ਜਨਾਬ, ਧੰਨਾ ਸਿੰਘ ਤਾਂ ਘੂਕ ਸੁੱਤਾ ਪਿਆ ਹੈ। ਉਸ ਨੇ ਕਿਥੋਂ ਉਠ ਕੇ ਰੀਵਾਲਵਰ ਚਲਾ ਦੇਣਾ ਹੈ। ਉਸ ਨੂੰ ਪਏ ਨੂੰ ਜਾ ਦੱਬੋ L
ਹੌਰਟਨ-ਨੋ, ਨੋ, ਨੋ, ਹਮ ਕਭੀ ਆਗੇ ਨਹੀਂ ਜਾ ਸਕਤਾ। ਪਹਿਲੇ ਜਾ ਕਰ ਵਹ ਰੀਵਾਲਵਰ ਯਹਾਂ ਲਾਓ, ਫਿਰ ਬਾਤ ਕਰੋ।
ਕਰਮ ਸਿੰਘ-ਸਾਹਬ! ਜੇ ਕੋਈ ਹਰਬੀ ਜਰਬੀ ਹੋਈ ਤਾਂ ਮੈਂ ਜ਼ਿੰਮੇਵਾਰ ਹਾਂ। ਤੁਸੀਂ ਮੇਰੇ ਮਗਰ ਆਵੋ, ਮੈਂ ਜਾਂਦਾ ਹੀ ਪਹਿਲਾਂ ਰੀਵਾਲਵਰ ਚੁੱਕ ਲਵਾਂਗਾ।
ਹੌਰਟਨ-ਕਿਉਂ ਬਕਵਾਸ ਕਰਤਾ ਹੈ ? ਤੁਮ ਏਕ ਧੇਲੇ ਕਾ ਹਿੰਦੁਸਤਾਨੀ, ਤੁਮਾਰੀ ਜ਼ਿੰਮੇਵਾਰੀ ਕੈਸੀ ? ਤੁਮ ਆਗੇ ਹੋ ਕਰ ਮਾਰੇ ਭੀ ਗਏ ਤੋ ਤੁਮਾਰਾ ਕਿਆ ਜਾਏਗਾ ? ਹਮ ਕੋ ਕੋਈ ਨੁਕਸਾਨ ਹੋ ਗਿਆ ਤੋ ਅੰਗਰੇਜ਼ ਗੌਰਮਿੰਟ ਕੋ ਨੁਕਸਾਨ ਹੈ। ਬਸ, ਅਭੀ ਜਾਓ, ਰੀਵਾਲਵਰ ਯਹਾਂ ਲੇ ਕਰ ਆਓ।
ਕਰਮ ਸਿੰਘ ਇਨਾਮ ਤੋਂ ਪਹਿਲਾਂ ਗਾਲ੍ਹਾਂ ਲੈ ਕੇ ਆਪਣੀ ਹਵੇਲੀ ਗਿਆ। ਕਿੱਲੀ ਤੋਂ ਰੀਵਾਲਵਰ ਲਾਹੁਣ ਲੱਗਾ ਤਾਂ ਉਹ ਥੱਲੇ ਡਿੱਗ ਪਿਆ। ਤਕੜਾ ਖੜਾਕਾ ਹੋਇਆ, ਉਸ ਦਾ ਦਿਲ ਕੰਬ ਉਠਿਆ। ਜੇ ਧੰਨਾ ਸਿੰਘ ਜਾਗ ਪਿਆ ਤਾਂ ਕੀ ਆਖੇਗਾ। ਪਰ ਧੰਨਾ ਸਿੰਘ ਨੇ ਅੱਜ ਕਿੱਥੇ ਜਾਗਣਾ ਸੀ, ਉਸ ਨੂੰ ਤਾਂ ਮੌਤ ਨੇ ਥਾਪੜ ਥਾਪੜ ਕੇ ਸੁਆਇਆ ਹੋਇਆ ਸੀ।
ਕਰਮ ਸਿੰਘ ਰੀਵਾਲਵਰ ਲੈ ਕੇ ਸੁਪ੍ਰਿੰਟੈਂਡੈਂਟ ਪਾਸ ਪਹੁੰਚਿਆ। ਉਸ ਨੂੰ ਬੱਬਰ ਦਾ ਰੀਵਾਲਵਰ ਦੇਖ ਕੇ ਹੀ ਝੁਣਝੁਣੀ ਆ ਗਈ, “ਏਸੇ ਚੰਬੇਲ ਸਿੰਘ ਥਾਣੇਦਾਰ ਕੇ ਪਾਸ ਦੇ ਦੋ। ਔਰ ਤੋ ਕੋਈ ਚੀਜ਼ ਧੰਨਾ ਸਿੰਘ ਕੇ ਪਾਸ ਨਹੀਂ ਹੈ ਨਾ। ਦੇਖਨਾ, ਕਹੀਂ ਕੁਛ ਗੜ-ਬੜ ਨਾ ਹੋ ਜਾਏ।”
ਕਰਮ ਸਿੰਘ ਦੇ ਪੂਰਾ ਯਕੀਨ ਦਿਵਾਉਣ ਪੁਰ ਹੌਰਟਨ ਨੇ ਪੁਲਿਸ ਨੂੰ ਅੱਗੇ ਜਾਣ ਦਾ ਹੁਕਮ ਦਿੱਤਾ। ਆਪ ਦਸ ਸਿਪਾਹੀ ਲੈ ਕੇ ਇਕ ਪਾਸੇ ਹੋ ਕੇ ਬਾਹਰ ਖੜਾ ਰਿਹਾ। ਵੀਹ ਸਿਪਾਹੀਆਂ ਨੇ ਹਵੇਲੀ ਨੂੰ ਘੇਰਾ ਪਾ ਲਿਆ। ਦਸ ਸਿਪਾਹੀ ਅੰਦਰ ਗਏ। ਪੰਜ ਛੇ ਸਿਪਾਹੀ ਇਕ-ਦਮ ਧੰਨਾ ਸਿੰਘ ਉਪਰ ਜਾ ਪਏ ਅਤੇ ਉਸ ਨੂੰ ਦਬਾ ਲਿਆ। ਉਸ ਦੀ ਇਕ ਇਕ ਬਾਂਹ ਨੂੰ ਦੋ ਦੋ ਸਿਪਾਹੀ ਚੰਬੜ ਗਏ। ਇਕ ਨੇ ਕੇਸਾਂ ਨੂੰ ਹੱਥ ਪਾ ਲਿਆ। ਬੱਬਰ ਨੂੰ ਜਾਗ ਆਈ, ਪਰ ਉਹ ਬੁਰੀ ਤਰ੍ਹਾਂ ਕਾਬੂ ਹੋ ਚੁੱਕਾ ਸੀ। ਉਹ ਇੰਚ ਭਰ ਭੀ ਏਧਰ ਉਧਰ ਨਹੀਂ ਸੀ ਹਿੱਲ ਸਕਦਾ।
ਲਾਲਟੈਨਾਂ ਜਗਾਈਆਂ ਗਈਆਂ । ਬੱਬਰ ਦੇ ਇਕੱਲੇ ਇਕੱਲੇ ਹੱਥ ਨੂੰ ਕੜੀਆਂ ਜੜ ਕੇ ਬਾਹਾਂ ਮੋਢੇ ਉਪਰ ਦੀ ਪਿਛਾਂਹ ਨੂੰ ਕਰ ਦਿੱਤੀਆਂ। ਇਕ ਇਕ ਕੜੀ ਨੂੰ ਤਿੰਨ ਤਿੰਨ ਸਿਪਾਹੀਆਂ ਨੇ ਫੜ ਲਿਆ। ਲੱਤਾਂ ਭੀ ਬੇੜੀਆਂ ਨਾਲ ਨੂੜ ਦਿੱਤੀਆਂ। ਹੁਣ ਹੌਰਟਨ ਤੇ ਜੈਨਕਿਨਜ਼ ਭੀ ਲਾਗੇ ਆ ਗਏ।
ਹੌਰਟਨ ਨੇ ਮਖ਼ੌਲ ਕੀਤ-ਧੰਨਾ ਸਿੰਘ, ਤੁਮ ਬੋਲਤਾ ਥਾ ਕਿ ਜੀਤੇ-ਜੀ ਬੱਬਰ ਕੋ ਕੋਈ ਨਹੀਂ ਪਕੜ ਸਕਤਾ। ਅਬ ਕੈਸਾ ਹਾਲ ਹੈ ? ਤੁਮ ਜੀਤੇ ਭੀ ਹੋ ਔਰ ਗ੍ਰਿਫ਼ਤਾਰ ਭੀ ਹੋ। ਧੰਨਾ ਸਿੰਘ ਨੇ ਲਾਲ ਲਾਲ ਅੱਖਾਂ ਨਾਲ ਹੌਰਟਨ ਵੱਲ ਦੇਖਿਆ। ਹੌਰਟਨ ਨੂੰ
ਇਉਂ ਜਾਪਿਆ ਜਿਵੇਂ ਅੱਖਾਂ ਵਿਚੋਂ ਨਿਕਲ ਕੇ ਅਗਨ-ਬਾਣ ਉਸ ਵੱਲ ਆ ਰਹੇ ਸਨ । ਉਹ ਝਟ ਪਿਛਾਂਹ ਹਟ ਗਿਆ ਤੇ ਹੁਕਮ ਦਿੱਤਾ-ਇਸ ਕੀ ਆਂਖੇਂ ਬੰਦ ਕਰੋ। ਇਕ ਹੌਲਦਾਰ ਅੱਖਾਂ ਬੰਨ੍ਹਣ ਲਈ ਰੁਮਾਲ ਟੋਲਣ ਲੱਗਾ। ਬੱਬਰ ਵਿਚੇ ਵਿਚ ਵਿਸ ਘੋਲ ਰਿਹਾ ਸੀ-ਪ੍ਰਣ ਕੀਤਾ ਹੋਇਆ ਸੀ, ਜੀਉਂਦੇ-ਜੀ ਫੜੇ ਨਹੀਂ ਜਾਣਾ। ਪਰ ਅੱਜ ਮੈਂ ਨੂੜਿਆ ਪਿਆ ਹਾਂ। ਜਿਨ੍ਹਾਂ ਗਿੱਦੜਾਂ ਦੀਆਂ ਮੈਂ ਬੋਟੀਆਂ ਬੋਟੀਆਂ ਕਰਨੀਆਂ ਸਨ, ਉਹ ਮੇਰੇ ਦੁਆਲੇ ਚਾਂਘੀਆਂ ਪਾਉਂਦੇ ਫਿਰਦੇ ਹਨ। ਮੇਰੇ ਬਗਲ ਵਾਲੇ ਖੀਸੇ ਵਿਚ ਇਕ ਫ਼ੌਜੀ ਬੰਬ ਤਾਂ ਹੈ, ਉਸ ਨੂੰ ਚਲਾਵਾਂ ਕਿਸ ਤਰ੍ਹਾਂ। ਕਿਸੇ ਪਾਸੇ ਭੀ ਹਿਲਣਾ ਅਸੰਭਵ ਹੈ। ਹੋਰ ਘੜੀ ਕੁ ਤਕ ਤਲਾਸ਼ੀ ਲਈ ਗਈ ਤਾਂ ਉਹ ਭੀ ਕੋਲੋਂ ਖੁਸ ਜਾਏਗਾ।
ਹੌਲਦਾਰ ਰੁਮਾਲ ਲੈ ਕੇ ਆਇਆ ਤਾਂ ਧੰਨਾ ਸਿੰਘ ਨੇ ਹੌਰਟਨ ਨੂੰ ਤਾਹਨਾ ਦਿੱਤਾ, “ਓਏ ਤੈਨੂੰ ਸ਼ਰਮ ਨਹੀਂ ਆਉਂਦੀ, ਜੰਮ ਕੇ ਸੁਪ੍ਰਿੰਟੈਂਡੈਂਟ ਬਣਨ ਪਿਆ ਸੈਂ । ਤੈਥੋਂ ਮੇਰੀਆਂ ਅੱਖਾਂ ਵੱਲ ਨਹੀਂ ਦੇਖਿਆ ਜਾਂਦਾ, ਮੇਰੀਆਂ ਅੱਖਾਂ ਪੁਰ ਪੱਟੀ ਭੀ ਨਹੀਂ ਬੰਨ੍ਹੀ ਜਾਂਦੀ। ਜੇ ਮੈਂ ਖੁੱਲ੍ਹਾ ਹੁੰਦਾ ਤਾਂ ਤੇਰੀ ਕਦੋਂ ਦੀ ਜਾਨ ਨਿਕਲ ਗਈ ਹੁੰਦੀ ?” ਹੌਰਟਨ ਨੇ ਆਪਣੀ ਬੇਇੱਜ਼ਤੀ ਨਾ ਹੋਣ ਦੇਣ ਦੇ ਖ਼ਿਆਲ ਨਾਲ ਹੌਲਦਾਰ ਤੋਂ ਰੁਮਾਲ ਫੜ ਲਿਆ ਅਤੇ ਧੰਨਾ ਸਿੰਘ ਦੀਆਂ ਅੱਖਾਂ ਪੁਰ ਆਪ ਬੰਨ੍ਹਣ ਤੁਰਿਆ।
ਇਹ ਦੇਖ ਕੇ ਬੱਬਰ ਨੂੰ ਰੋਹ ਚੜ੍ਹ ਗਿਆ। ਉਸ ਦਾ ਲਹੂ ਉਬਲਣ ਲੱਗਾ। ਉਸ ਨੂੰ ਆਪਣੇ ਅੰਦਰ ਬਿਜਲੀ ਵਾਲੀ ਸ਼ਕਤੀ ਮਹਿਸੂਸ ਹੋਈ। ਉਸ ਨੇ ਬਾਹਾਂ ਦਾ ਹੁਝਕਾ ਮਾਰਿਆ। ਕੜੀਆਂ ਫੜਨ ਵਾਲੇ ਸਿਪਾਹੀ ਝਟਕਾ ਖਾ ਕੇ ਡਿੱਗੇ। ਬੱਬਰ ਨੇ ਸਾਰੇ ਜ਼ੋਰ ਨਾਲ ਕੂਹਣੀ ਬੰਬ ਪੁਰ ਮਾਰੀ । ਉਸ ਦਾ ਇਕ ਪਾਸਾ ਪੁਰਜ਼ਾ ਪੁਰਜ਼ਾ ਹੋ ਕੇ ਉੱਡ ਗਿਆ। ਲਾਗੇ ਖੜਾ ਹੌਲਦਾਰ, ਇਕ ਦਫ਼ੇਦਾਰ, ਤਿੰਨ ਸਿਪਾਹੀ ਅਤੇ ਇਕ ਮਹਿੰ ਮਾਰੀ ਗਈ। ਹੌਰਟਨ, ਜੈਨਕਿਨਜ਼, ਥਾਣੇਦਾਰ ਅਤੇ ਸਿਪਾਹੀ ਮਾਹਲਪੁਰ ਜਾ ਕੇ ਪਾਰ ਹੋਏ। ਹੌਰਟਨ ਹਸਪਤਾਲ ਜਾ ਕੇ ਮਰ ਗਿਆ। ਜੈਨਕਿਨਜ਼ ਵਲੈਤ ਨੂੰ ਜਾਂਦਾ ਕਲਕੱਤੇ ਜਾ ਮਰਿਆ।
ਧੰਨਾ ਸਿੰਘ ਨੇ ਆਪਣਾ ਪ੍ਰਣ ਆਪਣੇ ਸੁਆਸਾਂ ਨਾਲ ਨਿਭਾਇਆ। ਉਹ ਬੱਬਰਾਂ ਦੀ ਸ਼ਾਨ ਨਾਲ ਹੀ ਮਰਿਆ। ਵੀਰਤਾ ਦੀਆਂ ਅਜਿਹੀਆਂ ਅਦੁੱਤੀ ਮਿਸਾਲਾਂ ਦੁਨੀਆ ਦੇ ਇਤਿਹਾਸ ਵਿਚ ਵਿਰਲੀਆਂ ਹੀ ਮਿਲਦੀਆਂ ਹਨ। ਘੱਟੋ-ਘੱਟ ਹਿੰਦੁਸਤਾਨ ਦੀ ਅਜ਼ਾਦੀ ਦੀ ਲਹਿਰ ਦਾ ਇਤਿਹਾਸ ਤਾਂ ਇਹੋ ਜਿਹੀ ਕੋਈ ਮਿਸਾਲ ਪੇਸ਼ ਨਹੀਂ ਕਰਦਾ। ਧੰਨਾ ਸਿੰਘ ਨੇ ਮਰਦੇ ਮਰਦੇ ਭੀ ਅੱਠ-ਨੌਂ ਦੁਸ਼ਮਣਾਂ ਦਾ ਖ਼ਾਤਮਾ ਕਰ ਕੇ ਆਪਣੀ ਹੀ ਨਹੀਂ, ਸਗੋਂ ਬੱਬਰ-ਲਹਿਰ ਤੇ ਸਾਰੇ ਹਿੰਦੁਸਤਾਨ ਦੀ ਸ਼ਾਨ ਨੂੰ ਚਾਰ ਚੰਨ ਲਾਏ ਹਨ।
ਬੱਬਰ ਧੰਨਾ ਸਿੰਘ-ਅਮਰ ਰਹੇ!
ਮੁੰਡੇਰ ਦਾ ਸਾਕਾ
ਦੋ ਹੋਰ ਬੱਬਰਾਂ ਦੀ ਸ਼ਹੀਦੀ
ਪਿੰਡ ਮੰਡੇਰ ਦਾ ਇਕ ਜਗਤ ਸਿੰਘ ਬੱਬਰਾਂ ਦਾ ਨਾਂ-ਮਾਤਰ ਹਮਦਰਦ ਸੀ। ਵੱਡਾ ਹਜ਼ਾਰਾ ਸਿੰਘ ਕੁਝ ਦਿਨਾਂ ਵਾਸਤੇ ਆਪਣਾ ਰੀਵਾਲਵਰ ਉਸ ਪਾਸ ਰੱਖ ਗਿਆ ਸੀ, ਪਰ ਉਹ ਇਤਨੇ ਵਿਚ ਹੀ ਬੇਈਮਾਨ ਹੋ ਗਿਆ। ਜਦ ਰੀਵਾਲਵਰ ਵਾਪਸ ਮੰਗਿਆ ਤਾਂ ਉਸ ਨੇ ਬਹਾਨਾ ਲਾ ਦਿੱਤਾ ਕਿ ਉਹ ਤਾਂ ਚੋਰੀ ਹੋ ਗਿਆ ਹੈ। ਬਾਬੂ ਸੰਤਾ ਸਿੰਘ ਦੇ ਬਿਆਨਾਂ ਤੋਂ ਪਤਾ ਲੱਗਾ ਤਾਂ ਪੁਲਿਸ ਨੇ ਉਹ ਰੀਵਾਲਵਰ ਲੈਣ ਲਈ ਜਗਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਉਸ ਨੂੰ ਇਤਨਾ ਡਰਾਇਆ ਕਿ ਉਹ ਬੱਬਰਾਂ ਨੂੰ ਗ੍ਰਿਫ਼ਤਾਰ ਕਰਾਣਾ ਮੰਨ ਕੇ ਛੁੱਟਾ। ਇਸ ਕੰਮ ਵਾਸਤੇ ਉਸ ਨੇ ਫੇਰ ਬੱਬਰਾਂ ਨਾਲ ਮਿਲਵਰਤਣ ਸ਼ੁਰੂ ਕਰ ਦਿੱਤਾ।
12 ਦਸੰਬਰ 1923 ਦੇ ਛਾਹ ਕੁ ਵੇਲੇ ਉਸ ਪਾਸ ਵਰਿਆਮ ਸਿੰਘ ਧੁੱਗਾ, ਬੰਤਾ ਸਿੰਘ ਧਾਮੀਆਂ ਅਤੇ ਜੁਆਲਾ ਸਿੰਘ ਫ਼ਤਹਪੁਰ ਕੋਠੀ ਪਹੁੰਚੇ। ਜਗਤ ਸਿੰਘ ਨੇ ਰੋਟੀ-ਪਾਣੀ ਛਕਾ ਕੇ ਉਨ੍ਹਾਂ ਨੂੰ ਆਰਾਮ ਕਰਨ ਲਈ ਮੰਜੇ ਡਾਹ ਦਿੱਤੇ ਅਤੇ ਆਪ ਪਿੰਡੋਂ ਅੱਧ ਕੁ ਮੀਲ ਦੂਰ ਸ਼ਾਮ ਚੁਰਾਸੀ ਸਟੇਸ਼ਨ ਪਹੁੰਚਿਆ। ਉਥੇ ਉਸ ਨੇ ਬੱਬਰਾਂ ਬਾਰੇ ਊਧਮ ਸਿੰਘ ਸਿਪਾਹੀ ਨੂੰ ਇਤਲਾਹ ਦਿੱਤੀ । ਇਹ ਸਿਪਾਹੀ ਵਕਤ ਪਰ ਇਤਲਾਹ ਪਹੁੰਚਾਉਣ ਲਈ ਹੀ ਏਥੇ ਲਾਇਆ ਗਿਆ ਸੀ । ਊਧਮ ਸਿੰਘ ਨੇ ਆਦਮਪੁਰ ਥਾਣੇ ਅਤੇ ਥਾਣੇ ਵਾਲਿਆਂ ਨੇ ਅੱਗੇ ਸੁਪ੍ਰਿੰਟੈਂਡੈਂਟ ਪੁਲਿਸ ਜਲੰਧਰ ਨੂੰ ਫਟ ਖ਼ਬਰ ਕੀਤੀ। ਮਿਸਟਰ ਜੈਕੁਬ ਡਿਪਟੀ ਕਮਿਸ਼ਨਰ, ਚੌਧਰੀ ਅਬਦੁਲ ਹੱਕ ਡਿਪਟੀ ਸੁਪ੍ਰਿੰਟੈਂਡੈਂਟ ਪੁਲਿਸ ਤੇ ਖ਼ਾਨ ਬਹਾਦਰ ਥਾਣੇਦਾਰ ਰਿਸਾਲੇ ਅਤੇ ਪੁਲਸ ਦੇ ਪੰਜ ਕੁ ਸੌ ਸਿਪਾਹੀ ਲੈ ਕੇ ਡੇਢ ਵਜੇ ਦਿਨ ਦੇ ਮੁੰਡੇਰ ਪਹੁੰਚੇ।
ਡਿਪਟੀ ਕਮਿਸ਼ਨਰ ਨੇ ਪੁੱਛਿਆ-ਜਗਤ ਸਿੰਘ, ਬੱਬਰੋਂ ਕੇ ਹਥਿਆਰ ਕਹਾ ਹੈਂ ?
ਜਗਤ ਸਿੰਘ ਨੇ ਉੱਤਰ ਦਿੱਤਾ-ਜਨਾਬ, ਹਥਿਆਰ ਉਹਨਾਂ ਦੇ ਪਾਸ ਹੀ ਹਨ।
ਜੈਕੂਬ-ਅਰੇ ਤੁਮ ਕੋ ਤੋ ਕਹਾ ਥਾ ਕਿ ਪਹਿਲੇ ਹਥਿਆਰ ਕਾਬੂ ਕਰਨਾ । ਤੁਮ ਨੇ ਹਮਾਰਾ ਹੁਕਮ ਕਿਉਂ ਨਹੀਂ ਮਾਨਾ ?
ਜਗਤ ਸਿੰਘ-ਹਜੂਰ, ਮੈਂ ਕੋਸ਼ਿਸ਼ ਤਾਂ ਬੜੀ ਕੀਤੀ, ਪਰ ਬੱਬਰ ਹੁਣ ਬਹੁਤ ਸੁਚੇਤ ਹੋ ਗਏ ਹਨ। ਉਹ ਆਪਣੇ ਹਥਿਆਰ ਹਰ ਵਕਤ ਆਪਣੇ ਸਰੀਰ ਦੇ ਨਾਲ ਹੀ ਰੱਖਦੇ ਹਨ ਅਤੇ ਇਕ-ਅੱਧਾ ਉਹਨਾਂ ਵਿਚੋਂ ਜਾਗਦਾ ਭੀ ਰਹਿੰਦਾ ਏ। ਜੈਕੁਬ-ਬਸ। ਫਿਰ ਆਜ ਤੋ ਬੱਬਰ ਕਿਸੀ ਸੂਰਤ ਗ੍ਰਿਫ਼ਤਾਰ ਨਹੀਂ ਕੀਏ ਜਾ ਸਕਤੇ।
ਉਸ ਦਾ ਚਿਹਰਾ ਉਤਰ ਗਿਆ। ਉਹ ਮੱਥੇ ਪੁਰ ਹੱਥ ਰੱਖ ਕੇ ਸੋਚੀਂ ਪੈ ਗਿਆ। ਦੋ ਤਿੰਨ ਮਿੰਟ ਬਾਅਦ ਜਗਤ ਸਿੰਘ ਨੂੰ ਪੁੱਛਿਆ-ਤੁਮੇਂ ਮਾਲੂਮ ਹੈ, ਉਨ ਕੇ ਪਾਸ ਕਿਆ ਕਿਆ ਹਥਿਆਰ ਹੈਂ ?
ਜਗਤ ਸਿੰਘ-ਜਨਾਬ! ਦੋ ਬੰਦੂਕਾਂ, ਇਕ ਰੀਵਾਲਵਰ, ਵੀਹ ਕੁ ਬੰਦੂਕ ਦੀਆਂ ਅਤੇ ਛੇ-ਸਤ ਰੀਵਾਲਵਰ ਦੀਆਂ ਗੋਲੀਆਂ। ਬਸ, ਇਸ ਤੋਂ ਵੱਧ ਕੋਈ ਸ਼ੈ ਨਹੀਂ।
ਜੈਕੁਬ ਪਿੰਡ ਦੇ ਇਰਦ-ਗਿਰਦ ਫਿਰ ਕੇ ਫ਼ੌਜ ਤੇ ਪੁਲਿਸ ਦਾ ਬੰਦੋਬਸਤ ਪੱਕਾ ਕਰਨ ਲੱਗਾ ਅਤੇ ਪਿੰਡ ਦੇ ਵਸਨੀਕਾਂ ਨੂੰ ਹੁਕਮ ਦਿੱਤਾ ਕਿ ਉਹ ਪਿੰਡ ਖ਼ਾਲੀ ਕਰ ਦੇਣ।
ਬੱਬਰਾਂ ਨੇ ਪਿੰਡ ਘੇਰਿਆ ਵੇਖ ਕੇ ਸਮਝ ਲਿਆ ਕਿ ਹੁਣ ਕਿਸੇ ਸੂਰਤ ਵਿਚ ਭੀ ਬਾਹਰ ਨਿਕਲਣਾ ਅਸੰਭਵ ਹੈ। ਕਿਸੇ ਨਾ ਕਿਸੇ ਤਰ੍ਹਾਂ ਸ਼ਾਮ ਤਕ ਮੁਕਾਬਲਾ ਕੀਤਾ ਜਾਵੇ ਅਤੇ ਰਾਤ ਦੇ ਹਨੇਰੇ ਵਿਚ ਬਚ ਨਿਕਲਣ ਦੀ ਕੋਸ਼ਿਸ਼ ਕੀਤੀ ਜਾਵੇ। ਇਹ ਮਤਾ ਪਕਾ ਕੇ, ਬੱਬਰ ਜਗਤ ਸਿੰਘ ਦਾ ਘਰ ਛੱਡ ਕੇ ਬਿਅੰਤ ਸਿੰਘ ਮਿਸਤਰੀ ਦੇ ਚੁਬਾਰੇ ਵਿਚ ਜਾ ਵੜੇ, ਕਿਉਂਕਿ ਉਥੋਂ ਪਿੰਡ ਦਾ ਇਰਦ-ਗਿਰਦ ਦਿਖਾਈ ਦੇਣ ਕਰਕੇ ਕਾਮਯਾਬੀ ਨਾਲ ਮੁਕਾਬਲਾ ਕਰਨਾ ਆਸਾਨ ਸੀ । ਜੈਕੁਬ ਨੂੰ ਪਿੰਡ ਦੁਆਲੇ ਘੁੰਮਦਾ। ਦੇਖ ਕੇ ਬੱਬਰਾਂ ਨੇ ਸਮਝ ਲਿਆ ਕਿ ਇਹ ਘੇਰਾ ਪੱਕਾ ਕਰਦਾ ਫਿਰਦਾ ਹੈ। ਇਸ ਲਈ ਉਨ੍ਹਾਂ ਨੇ “ਸਤਿ ਸ੍ਰੀ ਅਕਾਲ” ਦਾ ਜੈਕਾਰਾ ਛੱਡ ਕੇ ਜੈਕੁਬ ਵੱਲ ਗੋਲੀ ਛੱਡੀ। ਜੈਕੁਬ ਅਤੇ ਨਾਲ ਦੇ ਹੋਰ ਪੰਜ-ਸਤ ਅਫ਼ਸਰ ਆਪਣੇ ਬਚਾਉ ਲਈ ਧੜੰਮ ਕਰਦੇ ਥੱਲੇ ਡਿੱਗ ਪਏ। ਬਾਹਰੋਂ ਸਿਪਾਹੀਆਂ ਨੇ ਭੀ ਵਾਹੋ-ਦਾਹੀ ਗੋਲੀਆਂ ਚਲਾਈਆਂ, ਪਰ ਬੱਬਰਾਂ ਨੂੰ ਚੁਬਾਰੇ ਅੰਦਰ ਹੋਣ ਕਰਕੇ ਕੋਈ ਲੰਮਾ ਖ਼ਤਰਾ ਨਹੀਂ ਸੀ । ਇਸ ਤੋਂ ਉਲਟ ਬੱਬਰ ਪੁਲਿਸ ਤੇ ਰਿਸਾਲੇ ਦੀ ਜਿੱਥੇ ਭੀ ਹਰਕਤ ਦੇਖਦੇ, ਓਧਰ ਨੂੰ ਹੀ ਇਕ-ਅੱਧੀ ਗੋਲੀ ਛੱਡ ਦੇਂਦੇ। ਇਸ ਤਰ੍ਹਾਂ ਸ਼ਾਮ ਦੇ ਚਾਰ ਵੱਜ ਗਏ। ਪਿੰਡ ਖ਼ਾਲੀ ਹੋ ਚੁੱਕਾ ਸੀ। ਜੈਕੁਬ ਨੇ ਇਕ ਕੰਧ ਦੀ ਓਟ ਲੈ ਕੇ ਪੁਕਾਰਿਆ, “ਬੱਬਰੋ ! ਮੁਕਾਬਲਾ ਕਰਨੇ ਕਾ ਕੋਈ ਫ਼ਾਇਦਾ ਨਹੀਂ। ਅਗਰ ਤੁਮ ਮੇਰੇ ਹੁਕਮ ਪਰ ਹਥਿਆਰ ਰੱਖ ਦੋ, ਤੋ ਮੈਂ ਤੁਮਾਰੀ ਜਾਨ ਬਖ਼ਸ਼ਾਨੇ ਕੀ ਕੋਸ਼ਿਸ਼ ਕਰ ਸਕਤਾ ਹੂੰ।”
ਬੱਬਰਾਂ ਨੇ ਉੱਤਰ ਦਿੱਤਾ-ਅਸੀਂ ਤੇਰੇ ਨਾਲ ਜ਼ਬਾਨੀ ਕੋਈ ਗੱਲ ਕਰਨ ਨੂੰ ਤਿਆਰ ਨਹੀਂ। ਸਾਡੇ ਹਥਿਆਰ ਤੇਰੇ ਨਾਲ ਗੱਲਾਂ ਕਰਨਗੇ । ਸਾਨੂੰ ਜੜੀ ਜਾਨ ਦੀ ਕੋਈ ਪਰਵਾਹ ਨਹੀਂ। ਮਾਂ ਨੇ ਜਣਿਆ ਏ ਤਾਂ ਆਪ ਸਾਹਮਣੇ ਆ, ਸਾਡੇ ਭਰਾਵਾਂ ਨੂੰ ਹੀ ਮੁਹਰੇ ਕਰ ਕੇ ਨਾ ਮਰਵਾ।
ਚੌਹਾਂ ਪਾਸਿਆਂ ਤੋਂ ਗੋਲੀਆਂ ਚੁਬਾਰੇ ਪੁਰ ਮੀਂਹ ਵਾਂਗ ਵਰ੍ਹਨ ਲੱਗੀਆਂ। ਦੋ ਮਸ਼ੀਨ-ਗੰਨਾਂ ਭੀ ਬੀੜੀਆਂ ਗਈਆਂ। ਦਸ ਪੰਦਰਾਂ ਮਿੰਟ ਲੰਘ ਗਏ, ਪਰ ਕੁਝ ਅਸਰ ਨਾ ਹੋਇਆ। ਸਗੋਂ ਅੰਦਰੋਂ ਟਾਵੀਂ ਜਿਹੀ ਗੋਲੀ ਆ ਜਾਂਦੀ ਸੀ ਤਾਂ ਸਿਪਾਹੀ ਘਬਰਾ ਕੇ ਡਿੱਗ ਪੈਂਦੇ ਸਨ।
ਸਾਢੇ ਚਾਰ ਵੱਜ ਗਏ। ਜੈਕੁਬ ਨੂੰ ਫ਼ਿਕਰ ਹੋਇਆ ਕਿ ਜੇ ਹਨੇਰਾ ਹੋ ਗਿਆ ਤਾਂ ਪਤਾ ਨਹੀਂ, ਇਹ ਸਾਰੇ ਜਾਂ ਇਨ੍ਹਾਂ ਵਿਚੋਂ ਕੁਝ ਬਚ ਕੇ ਨਿਕਲ ਜਾਣ। ਉਸ ਨੇ ਖ਼ਾਨ ਬਹਾਦਰ ਥਾਣੇਦਾਰ ਨੂੰ ਹੁਕਮ ਦਿੱਤਾ ਕਿ ਉਹ ਬਚ-ਬਚਾ ਕੇ ਕਿਸੇ ਤਰ੍ਹਾਂ ਚੁਬਾਰੇ ਲਾਗੇ ਪਹੁੰਚ ਕੇ ਉਸ ਨੂੰ ਅੱਗ ਲਾਉਣ ਦਾ ਜਤਨ ਕਰੇ । ਪਰ ਥਾਣੇਦਾਰ ਨੂੰ ਚੁਬਾਰੇ ਲਾਗੇ ਜਾਣ ਦਾ ਹੀਆ ਨਹੀਂ ਸੀ ਪੈਂਦਾ। ਉਹ ਪੈਰ ਮਲਣ ਲੱਗ ਪਿਆ । ਜੈਕੁਬ ਨੇ ਭਾਰੇ ਇਨਾਮ ਦਾ ਵਾਅਦਾ ਕੀਤਾ ਤਾਂ ਖ਼ਾਨ ਬਹਾਦਰ ਨੇ ਜਾਨ ਦੀ ਬਾਜ਼ੀ ਲਾ ਦੇਣ ਦਾ ਫ਼ੈਸਲਾ ਕਰ ਲਿਆ। ਉਹ ਤਿੰਨ ਚਾਰ ਸਿਪਾਹੀਆਂ ਨੂੰ ਨਾਲ ਲੈ ਕੇ ਕੰਧਾਂ ਨਾਲ ਲੱਗ ਕੇ ਚੁਬਾਰੇ ਹੇਠ ਪਹੁੰਚਿਆ। ਲਾਗੇ ਹੀ ਮੱਕੀ ਦੀਆਂ ਪੂਲੀਆਂ ਦਾ ਖਲਵਾੜਾ ਸੀ । ਉਸ ਨੇ ਚੁਬਾਰੇ ਦੁਆਲੇ ਪੂਲੀਆਂ ਰੱਖ ਕੇ ਪੈਟਰੋਲ ਛਿੜਕ ਕੇ ਤੀਲੀ ਲਾ ਦਿੱਤੀ। ਬੂਹੇ ਅਤੇ ਤਾਕੀਆਂ ਬੰਦ ਹੋਣ ਕਰਕੇ ਬੱਬਰਾਂ ਨੂੰ ਇਸ ਕਾਰਵਾਈ ਦਾ ਪਤਾ ਹੀ ਨਹੀਂ ਲੱਗਾ। ਉਨ੍ਹਾਂ ਦਾ ਧਿਆਨ ਪਿੰਡ ਤੋਂ ਬਾਹਰ ਅਤੇ ਮਸ਼ੀਨ-ਗੰਨਾਂ ਵੱਲ ਹੀ ਲੱਗਾ ਰਿਹਾ।
ਅੱਗ ਇਕ-ਦਮ ਭੜਕ ਉੱਠੀ । ਜਦ ਬੂਹੇ ਅਤੇ ਬਾਰੀਆਂ ਸੜਨ ਲੱਗੀਆਂ ਅਤੇ ਬੱਬਰਾਂ ਨੂੰ ਸੇਕ ਮਹਿਸੂਸ ਹੋਇਆ ਤਾਂ ਉਹਨਾਂ ਮਾਲੂਮ ਕੀਤਾ ਕਿ ਉਹ ਤਾਂ ਬਲਦੇ ਚੁਬਾਰੇ ਅੰਦਰ ਹਨ। ਸੋਚਿਆ, ਹੁਣ ਤਾਂ ਬਾਹਰ ਨਿਕਲਣਾ ਹੀ ਪਊ, ਕੁਝ ਹਨੇਰਾ ਭੀ ਹੋ ਗਿਆ ਹੈ। ਸ਼ਾਇਦ ਬਚਾ ਹੋ ਹੀ ਜਾਵੇ । ਬੰਤਾ ਸਿੰਘ ਅਤੇ ਜੁਆਲਾ ਸਿੰਘ ਦਰਵਾਜ਼ੇ ਰਾਹੀਂ ਭੱਜ ਕੇ ਨਿਕਲੇ ਤਾਂ ਮੋਹਰਿਉਂ ਅੱਖ ਦੇ ਫੋਰ ਵਿਚ ਮਸ਼ੀਨ-ਗੰਨ ਦਾ ਫ਼ਾਇਰ ਹੋਇਆ। ਦੋਵੇਂ ਅੱਗ ਲਾਗੇ ਹੀ ਢੇਰੀ ਹੋ ਗਏ। ਵਰਿਆਮ ਸਿੰਘ ਪਿਛਲੀ ਤਾਕੀ ਰਾਹੀਂ ਨਾਲ ਦੇ ਮਕਾਨ ਪੁਰ ਕੁੱਦ ਪਿਆ ਅਤੇ ਉਥੋਂ ਗਲੀ ਵਿਚ ਛਾਲ ਜਾ ਮਾਰੀ। ਅੱਗੇ ਗਲੀ ਦੇ ਮੁਹਰੇ ਵਜ਼ੀਰ ਖਾਂ ਸਿਪਾਹੀ ਖੜਾ ਸੀ । ਬੱਬਰ ਨੇ “ਸਤਿ ਸ੍ਰੀ ਅਕਾਲ” ਦੇ ਜੈਕਾਰੇ ਦੇ ਨਾਲ ਹੀ ਗੋਲੀ ਛੱਡੀ। ਗੋਲੀ ਵੱਖੀ ਵਿਚ ਖਾ ਕੇ ਵਜ਼ੀਰ “ਮਰ ਗਿਆ ਓਏ, ਬੱਬਰ ਆ ਗਏ” ਦਾ ਰੌਲਾ ਪਾਉਂਦਾ ਇਕ ਪਾਸੇ ਨੂੰ ਡਿੱਗ ਪਿਆ। ਸਿਪਾਹੀ ਘਬਰਾ ਕੇ ਐਧਰ ਓਧਰ ਦਬ ਕੇ ਬਹਿ ਗਏ ਅਤੇ ਉਹ ਛਾਲਾਂ ਮਾਰਦਾ ਬਚ ਕੇ ਨਿਕਲ ਗਿਆ।
ਵਰਿਆਮ ਸਿੰਘ ਧੁੱਗਾ ਦੀ ਸ਼ਹੀਦੀ
ਮੁੰਡੇਰ ਦੇ ਸਾਕੇ ਮਗਰੋਂ ਵਰਿਆਮ ਸਿੰਘ ਧੁੱਗਾ ਇਕੱਲਾ ਰਹਿ ਜਾਣ ਕਰਕੇ ਦੁਆਬਾ ਛੱਡ ਕੇ ਚੱਕ ਨੰਬਰ 54 ਜ਼ਿਲ੍ਹਾ ਲਾਇਲਪੁਰ ਵਿਚ ਚਲਾ ਗਿਆ। ਜਿਨ੍ਹਾਂ ਪਾਸ ਉਹ ਰਹਿੰਦਾ ਸੀ, ਚਾਰ ਪੰਜ ਮਹੀਨੇ ਮਗਰੋਂ ਉਨ੍ਹਾਂ ਦੀ ਵੀ ਬਦਨੀਤੀ ਹੋ ਗਈ ਅਤੇ ਉਹਨਾਂ ਨੇ ਪੁਲਿਸ ਨੂੰ ਖ਼ਬਰ ਕਰ ਦਿੱਤੀ।
8 ਜੂਨ, 1924 ਨੂੰ ਉਹ ਬਾਹਰ ਮੁਰੱਬੇ ਵਿਚ ਫਿਰਦਾ ਸੀ ਕਿ ਉਸ ਨੂੰ ਪਿੰਡ ਵੱਲ ਧੂੜ ਉਡਦੀ ਦਿੱਸੀ । ਚੰਗੀ ਤਰ੍ਹਾਂ ਦੇਖਿਆ ਤਾਂ ਪੁਲਿਸ ਓਧਰ ਨੂੰ ਭੱਜੀ ਆ ਰਹੀ ਸੀ। ਉਸ ਨੇ ਸਮਝ ਲਿਆ ਕਿ ਇਹ ਗਿੱਦੜਾਂ ਦੇ ਭੱਤੇਹਾਰ ਹੀ ਹਨ। ਵਰਿਆਮ ਸਿੰਘ ਸਿਰ-ਤੋੜ ਮੁਰੱਬੇ ਵਿਚਲੇ ਮਕਾਨ ਵੱਲ ਨੂੰ ਦੌੜਿਆ, ਜਿਥੇ ਉਸ ਦੀ ਬੰਦੂਕ ਪਈ ਸੀ। ਉਸ ਨੇ ਅੰਦਰ ਵੜਦਿਆਂ ਹੀ ਦਰਵਾਜ਼ਾ ਬੰਦ ਕਰ ਲਿਆ ਅਤੇ ਆਉਂਦੀ ਪੁਲਿਸ ਵੱਲ ਗੋਲੀ ਛੱਡੀ। ਪੁਲਿਸ ਇਕ-ਦਮ ਲੰਮੀ ਪੈ ਗਈ। ਗੋਰੇ ਸੁਪ੍ਰਿੰਟੈਂਡੈਂਟ ਡੀਗੇਲ ਨੇ ਦੋ ਕੁ ਮਿੰਟਾਂ ਮਗਰੋਂ ਫੇਰ ਪੁਲਿਸ ਨੂੰ ਅੱਗੇ ਵਧਣ ਦਾ ਹੁਕਮ ਦਿੱਤਾ। ਉਹ ਦੋ ਕੁ ਕਰਮਾਂ ਹੀ ਉਠ ਕੇ ਤੁਰੀ ਸੀ ਕਿ ਵਰਿਆਮ ਸਿੰਘ ਨੇ ਹੋਰ ਫ਼ਾਇਰ ਕੀਤਾ। ਪੁਲਿਸ ਫੇਰ ਥੱਲੇ ਡਿੱਗ ਪਈ। ਡੀਗੇਲ ਨੇ ਪੁਲਿਸ ਨੂੰ ਖਿੰਡਾ ਕੇ ਮਕਾਨ ਨੂੰ ਚੋਹਾਂ ਪਾਸਿਆਂ ਤੋਂ ਘੇਰਨ ਲਈ ਆਖਿਆ। ਇਸ ਤਰ੍ਹਾਂ ਕਈ ਟੁਕੜੀਆਂ ਵਿਚ ਹੋ ਕੇ ਪੁਲਿਸ
ਕਦੀ ਉਠਦੀ, ਕਦੀ ਲੰਮੀ ਪੈਂਦੀ, ਮਕਾਨ ਦੇ ਲਾਗੇ ਚੌਹਾਂ ਪਾਸਿਆਂ ਤੋਂ ਪਹੁੰਚ ਗਈ। ਓਧਰ ਵਰਿਆਮ ਸਿੰਘ ਕੋਲ ਵੀ ਕੇਵਲ ਦੋ ਰੋਂਦ ਰਹਿ ਗਏ ਸਨ। ਨਾਲੇ ਉਸ ਨੇ ਸੋਚਿਆ ਕਿ ਕਿਤੇ ਮੁੰਡੇਰ ਵਾਂਗ ਹੀ ਨਾ ਹੋਵੇ ਅਤੇ ਉਹ ਮਕਾਨ ਦੇ ਅੰਦਰ ਹੀ ਨਾ ਝੁਲਸਿਆ ਜਾਵੇ, ਇਸ ਲਈ ਉਸ ਨੇ ਬਾਹਰ ਨਿਕਲ ਕੇ ਅੰਗਰੇਜ਼ ਅਫ਼ਸਰ ਪੁਰ ਹਮਲਾ ਕਰ ਕੇ ਸ਼ਹੀਦ ਹੋ ਜਾਣਾ ਉਚਿਤ ਸਮਝਿਆ। ਉਸ ਨੇ ਡੀਗੋਲ ਨੂੰ ਸਾਹਮਣੇ ਤਾੜ ਕੇ ਇਕ-ਦਮ ਬੂਹਾ ਖੋਲ੍ਹ ਦਿੱਤਾ। ਡੀਗੋਲ ਭੱਜਣ ਲੱਗਾ ਤਾਂ ਵਰਿਆਮ ਸਿੰਘ ਗੱਜਿਆ, “ਠਹਿਰ ਜਾ ਜ਼ਰਾ, ਹੁਣ ਕਿਧਰ ਚੱਲਿਆ ਏਂ ?” ਵਰਿਆਮ ਸਿੰਘ ਨੇ ਉਪਰੋ-ਥਲੀ ਦੋਵੇਂ ਗੋਲੀਆਂ ਛੱਡ ਦਿੱਤੀਆਂ। ਇਕ ਗਿੱਟੇ ਵਿਚ ਅਤੇ ਦੂਜੀ ਵੱਖੀ ਵਿਚ ਖਾ ਕੇ ਡੀਗੇਲ ਮੂਧੇ-ਮੂੰਹ ਜਾ ਪਿਆ, ਉਹ ਸਾਰੀ ਉਮਰ ਦਾ ਰੋਗੀ ਹੋ ਗਿਆ। ਪਰ ਵਰਿਆਮ ਸਿੰਘ ਪੁਰ ਭੀ ਚੋਹਾਂ ਪਾਸਿਆਂ ਤੋਂ ਗੋਲੀਆਂ ਦੀ ਵਰਖਾ ਹੋਣ ਲੱਗ ਪਈ। ਉਹ “ਸਤਿ ਸ੍ਰੀ ਅਕਾਲ” ਦੇ ਜੈਕਾਰੇ ਲਾਉਂਦਾ ਛਾਨਣੀ ਛਾਨਣੀ ਹੋ ਕੇ ਸ਼ਹੀਦ ਹੋ ਗਿਆ। ਬੁਬੇਲੀ, ਮੰਨਣਹਾਣੇ ਤੇ ਮੁੰਡੇਰ ਦੇ ਸਾਕਿਆਂ ਵਿਚ ਬੱਬਰਾਂ ਦੀਆਂ ਸੂਰਬੀਰਤਾ ਭਰਪੂਰ ਸ਼ਹੀਦੀਆਂ ਨੇ ਸਾਰੇ ਧਾਂਕ ਪਾ ਦਿੱਤੀ।
ਦੇਸ਼-ਭਗਤਾਂ ਦਾ ਉਤਸ਼ਾਹ ਵਧਿਆ ਤੇ ਹਕੂਮਤ ਦੇ ਕਰਮਚਾਰੀ ਭੈ-ਭੀਤ ਹੋ ਗਏ।
ਪਰ ਹੁਣ ਹਕੂਮਤ ਨੇ ਵੀ ਵੱਧ ਤੋਂ ਵੱਧ ਜ਼ੋਰ ਲਾ ਕੇ ਇਸ ਲਹਿਰ ਨੂੰ ਦਬਾਉਣ ਦਾ ਤਹੱਈਆ ਕਰ ਲਿਆ।
ਪੰਜਵਾਂ ਕਾਂਡ
ਨੌਕਰ-ਸ਼ਾਹੀ-ਸਖ਼ਤੀ ਦਾ ਝੱਖੜ
ਜਥੇਦਾਰ ਕਿਸ਼ਨ ਸਿੰਘ ਨੇ ਆਪਣੀ ਧਰਮ ਪਤਨੀ, ਸੰਤ ਕਰਤਾਰ ਸਿੰਘ ਤੇ ਸਾਧੂ ਸਿੰਘ ਪ੍ਰਾਗਪੁਰ ਨਾਲ ਮੁਲਾਕਾਤਾਂ ਕੀਤੀਆਂ। ਇਨ੍ਹਾਂ ਮੁਲਾਕਾਤਾਂ ਵਿਚ ਹੋਈਆਂ ਗੱਲਾਂ ਵਿਚੋਂ ਪੁਲਿਸ ਨੇ ਕਈ ਨਤੀਜੇ ਕੱਢ ਕੇ 23 ਮਾਰਚ, 1923 ਨੂੰ ਇਕੋ ਵਕਤ ਬੱਬਰਾਂ ਦੇ ਵੱਡੇ ਵੱਡੇ ਅੱਡਿਆਂ ਪੁਰ ਛਾਪੇ ਮਾਰੇ। ਪੰਡੋਰੀ ਨਿਝਰਾਂ, ਕਿਸ਼ਨਪੁਰ, ਜੱਸੋਵਾਲ, ਪ੍ਰਾਗਪੁਰ, ਰਹਿਸੀਵਾਲ, ਕੋਟ ਫ਼ਤੂਹੀ ਤੇ ਦੌਲਤਪੁਰ ਆਦਿ ਪਿੰਡਾਂ ਦੀਆਂ ਤਲਾਸ਼ੀਆਂ ਲਈਆਂ ਗਈਆਂ। ਹੋਰਨਾਂ ਥਾਵਾਂ ਤੋਂ ਨਾ ਕੋਈ ਚੀਜ਼ ਹੱਥ ਆਈ ਅਤੇ ਨਾ ਕੋਈ ਬੰਦਾ। ਪੰਡੋਰੀ ਨਿਝਰਾਂ ਤੋਂ ਕੁਝ ਕਾਗ਼ਜ਼ ਤੇ ਅਖ਼ਬਾਰ ਹੱਥ ਲੱਗੇ। ਪਿੰਡ ਦੇ ਵੱਡੇ ਦਰਵਾਜ਼ੇ ਨਾਲ 22 ਮਾਰਚ ਵਾਲਾ ਬੱਬਰ-ਐਲਾਨ ਲੱਗਾ ਹੋਇਆ ਸੀ। ਇਸ ਐਲਾਨ ਨੂੰ ਪੜ੍ਹ ਕੇ ਪੁਲਿਸ ਦੀ ਇਸ ਸ਼ੱਕ ਦੀ ਤਸਦੀਕ ਹੋ ਗਈ ਕਿ ਇਹ ਕਤਲ ਬੱਬਰ ਜਥੇ ਨੇ ਕੀਤੇ ਹਨ।
29 ਮਾਰਚ, 1923 ਨੂੰ ਰਾਮ ਸਿੰਘ ਧਾਰੋਵਾਲੀਏ ਦੇ ਘਰ ਅਤੇ ਦਫ਼ਤਰ ਦੀ ਤਲਾਸ਼ੀ ਲਈ ਗਈ । ਉੱਥੋਂ 12 ਜਨਵਰੀ, 1923 ਨੂੰ ਛਪੇ ‘ਬੱਬਰ ਅਕਾਲੀ ਦੁਆਬਾ’ ਦੇ ਮਾਘੀ ਨੰਬਰ ਦੀਆਂ 16 ਕਾਪੀਆਂ ਹੱਥ ਲੱਗੀਆਂ।
ਅਮਰ ਸਿੰਘ ਗ੍ਰੰਥੀ ਦੀ ਗ੍ਰਿਫ਼ਤਾਰੀ
ਅਮਰ ਸਿੰਘ ਕੋਟ ਬਾੜੇ ਖ਼ਾਂ ਜ਼ਿਲ੍ਹਾ ਗੁਜਰਾਂਵਾਲਾ ਦਾ ਵਸਨੀਕ ਸੀ। ਇਹ ਪਹਿਲੇ ਅਕਾਲੀ ਸਾਜ਼ਸ਼ ਕੇਸ ਵਿਚ ਵਾਅਦਾ-ਮਾਫ਼ ਹੋ ਗਿਆ ਸੀ। ਮਗਰੋਂ ਇਹ ਕੋਟ ਫ਼ਤੂਹੀ ਵਿਚ ਗ੍ਰੰਥੀ ਬਣ ਕੇ ਰਹਿਣ ਲੱਗ ਪਿਆ ਸੀ। ਕੋਟ ਫ਼ਤੂਹੀ ਅਕਾਲੀ ਲਹਿਰ ਦਾ ਗੜ੍ਹ ਹੋਣ ਕਰਕੇ ਏਥੇ ਬੱਬਰਾਂ ਦਾ ਬਹੁਤ ਆਉਣਾ-ਜਾਣਾ ਸੀ, ਇਸ ਲਈ ਅਮਰ ਸਿੰਘ ਨਾਲ ਫੇਰ ਬੱਬਰਾਂ ਦਾ ਮੇਲ-ਮਿਲਾਪ ਹੋਣ ਲੱਗ ਪਿਆ ਅਤੇ ਆਪਣੇ ਪਿਛਲੇ ਕੀਤੇ ਪੁਰ ਪਸ਼ਚਾਤਾਪ ਕਰਨ ਕਰਕੇ ਉਸ ਕੋਲ ਬੱਬਰਾਂ ਦਾ ਆਉਣ-ਜਾਣ ਖੁੱਲ੍ਹ ਗਿਆ। ਮਾਰਚ 1923 ਵਿਚ ਜਦ ਇਹ ਹੋਲੇ ਮਹੱਲੇ ਪੁਰ ਸ੍ਰੀ ਆਨੰਦਪੁਰ ਸਾਹਿਬ ਗਿਆ ਤਾਂ ਇਕ ਪੁਲਿਸ ਦੇ ਮੁਖ਼ਬਰ ਅਜੀਤ ਸਿੰਘ ਢਾਡਾ ਕਲਾਂ ਨੇ ਇਸ ਨਾਲ ਵਾਕਫੀ ਪੈਦਾ ਕਰ ਲਈ। ਉਸ ਨੇ ਅਮਰ ਸਿੰਘ ਨੂੰ ਆਪਣੇ ਪਿੰਡ ਇਕ ਪਾਠ ਪੁਰ ਬੁਲਾ ਕੇ 6 ਮਾਰਚ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ।
ਹਾਲਤ ਦਿਨੋ ਦਿਨ ਖ਼ਰਾਬ ਹੁੰਦੀ ਵੇਖ ਕੇ ਮਿਸਟਰ ਜੈਕੁਬ ਡਿਪਟੀ ਕਮਿਸ਼ਨਰ ਜਲੰਧਰ ਪੰਜਾਬ ਸਰਕਾਰ ਪਾਸ ਪਿੱਟ ਉਠਿਆ ਅਤੇ ਉਸ ਨੇ ਵਧੇਰੇ ਚੰਗਾ ਪਰਬੰਧ ਕਰਨ ਦੀ ਮੰਗ ਕੀਤੀ। ਇਸ ਪੁਰ ਖ਼ਾਨ ਬਹਾਦਰ ਸ਼ੇਖ ਅਬਦੁਲ ਅਜ਼ੀਜ਼ ਸੁਪ੍ਰਿੰਟੈਂਡੈਂਟ ਪੁਲਿਸ ਸੀ.ਆਈ.ਡੀ. ਨੂੰ ਸਪੈਸ਼ਲ ਡਿਊਟੀ ਦੇ ਕੇ ਭੇਜਿਆ ਗਿਆ ਅਤੇ ਮੀਰ ਫ਼ਜ਼ਲ ਇਮਾਮ ਨੂੰ ਉਸ ਦੇ ਹੇਠ ਕੰਮ ਜਾਰੀ ਰੱਖਣ ਦੀ ਹਦਾਇਤ ਕੀਤੀ ਗਈ। ਕਈ ਹੋਰ ਛੋਟੇ ਚਲਾਕ ਅਫ਼ਸਰ ਭੀ ਸ਼ੇਖ਼ ਅਬਦੁਲ ਅਜ਼ੀਜ਼ ਦੀ ਸਹਾਇਤਾ ਵਾਸਤੇ ਨੀਯਤ ਕੀਤੇ ਗਏ। ਉਸ ਨੂੰ ਲਹਿਰ ਦਬਾਉਣ ਵਾਸਤੇ ਕਾਫ਼ੀ ਖੁੱਲ੍ਹੇ ਅਖ਼ਤਿਆਰ ਦੇ ਕੇ ਪੂਰੀ ਪੂਰੀ ਲੋੜੀਂਦੀ ਮਦਦ ਦੇਣ ਦਾ ਯਕੀਨ ਦਿਵਾਇਆ ਗਿਆ। ਅਬਦੁਲ ਅਜ਼ੀਜ਼ ਨੇ 19 ਅਪਰੈਲ 1923 ਤੋਂ ਬੱਬਰ ਲਹਿਰ ਵਿਰੁੱਧ ਸਾਰੇ ਕੰਮ ਦਾ ਚਾਰਜ ਸੰਭਾਲ ਲਿਆ।
ਹੋਰ ਤਲਾਸ਼ੀਆਂ ਤੇ ਗ੍ਰਿਫ਼ਤਾਰੀਆਂ
ਅਮਰ ਸਿੰਘ ਗ੍ਰੰਥੀ ਨੇ ਆਪਣੀ ਗ੍ਰਿਫ਼ਤਾਰੀ ਮਗਰੋਂ ਪੁਲਿਸ ਦੀਆਂ ਧਮਕੀਆਂ ਮੁਹਰੇ ਹੀ ਸਭ ਕੁਝ ਬਕ ਦਿੱਤਾ। ਉਸ ਦੇ ਬਿਆਨ ਤੋਂ ਪੁਲਿਸ ਨੂੰ ਕਾਫ਼ੀ ਕੁਝ ਪਤਾ ਲੱਗ ਗਿਆ। ਪੁਲਿਸ ਨੇ 20, 21, 22 ਅਪਰੈਲ ਨੂੰ ਬਹੁਤ ਸਾਰੇ ਅੱਡਿਆਂ ਪੁਰ ਛਾਪੇ ਮਾਰ ਕੇ ਹੇਠ ਲਿਖੀਆਂ ਗ੍ਰਿਫ਼ਤਾਰੀਆਂ ਕੀਤੀਆਂ :
ਬਤਨ ਸਿੰਘ, ਸਾਧਾ ਸਿੰਘ ਤੇ ਮਿਲਖਾ ਸਿੰਘ ਪੰਡੋਰੀ ਨਿਝਰਾਂ।
ਹਰੀ ਸਿੰਘ ਤੇ ਲਾਭ ਸਿੰਘ ਜੱਸੋਵਾਲ।
ਬੇਲਾ ਸਿੰਘ ਤੇ ਸਾਧੂ ਸਿੰਘ ਪ੍ਰਾਗਪੁਰ ।
ਉਜਾਗਰ ਸਿੰਘ ਬਿਸਰਾਮਪੁਰ, ਸੁੰਦਰ ਸਿੰਘ ਕੋਟ ਫ਼ਤੂਹੀ।
ਗੁਰਬਚਨ ਸਿੰਘ ਸਾਧੜਾ, ਸੰਤ ਮਿਤ ਸਿੰਘ ਕਿਸ਼ਨਪੁਰਾ, ਨੰਦ ਸਿੰਘ ਘੁੜਿਆਲ ।
ਪਰ ਕਈ ਬੱਬਰ ਪਿੰਡ ਨਾ ਹੋਣ ਕਰਕੇ ਜਾਂ ਜ਼ਰਾ ਹੁਸ਼ਿਆਰੀ ਨਾਲ ਰਹਿਣ ਕਰਕੇ ਪੁਲਿਸ ਦੇ ਹੱਥ ਨਾ ਆ ਸਕੇ।
ਇਨਾਮੀ ਇਸ਼ਤਿਹਾਰ
ਗੌਰਮਿੰਟ ਨੇ ਬੱਬਰਾਂ ਦੀ ਗ੍ਰਿਫ਼ਤਾਰੀ ਵਾਸਤੇ ਲਾਲਚ ਦੇਣ ਲਈ ਇਕ ਇਨਾਮੀ ਇਸ਼ਤਿਹਾਰ ਪ੍ਰਕਾਸ਼ਤ ਕੀਤਾ, ਜੋ ਸਭ ਪਿੰਡਾਂ ਵਿਚ ਲਾਇਆ ਗਿਆ। ਇਹ ਇਸ਼ਤਿਹਾਰ ਉਰਦੂ ਵਿਚ ਸੀ । ਹੇਠਾਂ ਅਸੀਂ ਉਸ ਨੂੰ ਹੂ-ਬ-ਹੂ ਪੰਜਾਬੀ ਅੱਖਰਾਂ ਵਿਚ ਦਰਜ ਕਰਦੇ ਹਾਂ :
ਇਨਾਮ ਛੇ ਮੁਰੱਬਾਜਾਤ ਜ਼ਮੀਨ ਨਹਿਰੀ
ਸਾਹਿਬਾਨ ਡਿਪਟੀ ਕਮਿਸ਼ਨਰ ਬਹਾਦਰ ਇਜ਼ਲਾਅ ਹੁਸ਼ਿਆਰਪੁਰ ਵਾ ਜਲੰਧਰ ਕੋ ਐਸੇ ਸ਼ਖ਼ਸ ਯਾ ਅਸ਼ਖ਼ਾਸ ਕੇ ਲੀਏ ਛੇ ਮੁਰੱਬਾ ਜ਼ਮੀਨ ਕੇ ਅਤੀਆ ਕਾ ਅਖ਼ਤਿਆਰ ਦੀਆ ਗਿਆ ਹੈ ਜੋ ਤਮਾਮ ਸਰਗਰਮ ਕਾਰਕੁਨਾਨ ਬੱਬਰ ਅਕਾਲੀ ਜੱਥਾ ਯਾ ਕਿਸੀ ਏਕ ਮੈਂਬਰ ਜਥਾ ਮਜਕੂਰ ਕੀ, ਜਿਸ ਮੇਂ ਐਸੇ ਮੁਜਰਮਾਨ ਸ਼ਾਮਲ ਹੈਂ, ਹਸਬਜ਼ੈਲ* ਸਿਆਸੀ ਵਾਰਦਾਤਹਾਏ” ਕਤਲ ਕਾ ਜ਼ਿੰਮੇਵਾਰ ਹੈਂ ਜੋ ਪਿਛਲੇ ਥੋੜੇ ਅਰਸਾ ਮੇਂ ਵਾਕਿਆ” ਹੂਏ ਹੈਂ, ਗ੍ਰਿਫ਼ਤਾਰੀ ਅਮਲ ਮੇਂ ਲਾਵੇ ਯਾ ਲਾਵੇਂ ਯਾ ਇਤਲਾਹ ਦੇਵੇ ਯਾ ਦੇਵੇਂ, ਜੋ ਉਨ ਕੀ ਗ੍ਰਿਫ਼ਤਾਰੀ ਵਾ ਸਜ਼ਾਯਾਬੀ” ਕਾ ਬਾਇਸ ਹੋ :
- ਕਤਲ ਬਿਸ਼ਨ ਸਿੰਘ ਜ਼ੈਲਦਾਰ ਜੋ ਮੁਤਸਿਲ’ ਰਾਣੀਥੂਆ ਰਿਆਸਤ ਕਪੂਰਥਲਾ ਮੇਂ 10 ਫ਼ਰਵਰੀ 1923 ਕੋ ਵਾਕਿਆ ਹੂਆ।
- ਕਤਲ ਬੂਟਾ ਸਿੰਘ ਨੰਬਰਦਾਰ ਵਾ ਨਬੇਰਾ$ ਨੰਬਰਦਾਰ ਮਜਕੂਰ ਜੋ ਮਵਰਖ਼ਾ16 10 ਮਾਰਚ 1923 ਕੋ ਮੌਜਾ” ਨੰਗਲਾ ਸ਼ਾਮਾ ਥਾਣਾ ਸਦਰ ਜਾਲੰਧਰ ਮੇਂ ਵਾਕਿਆ ਹੂਆ।
- ਕਤਲ ਲਾਭ ਸਿੰਘ ਮਿਸਤਰੀ (ਪੋਲੀਸ) ਜੋ ਮਵਰਖ਼ 19 ਮਾਰਚ 1923 ਕੋ ਮੁਤਸਿਲ ਦਦਿਆਲ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਾਕਿਆ ਹੂਆ।
- ਕਤਲ ਹਜ਼ਾਰਾ ਸਿੰਘ ਸਰਬਰਾਹ ਨੰਬਰਦਾਰ, ਜੋ ਮਵਰਖ਼ਾ 27 ਮਾਰਚ 1923 ਕੋ ਮੌਜ਼ਾ ਬਹਿਬਲਪੁਰ ਥਾਣਾ ਮਾਹਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਾਕਿਆ ਹੂਆ।
- ਕਤਲ ਗੇਂਦਾ ਸਿੰਘ ਪੈਨਸ਼ਨਰ ਸੂਬੇਦਾਰ, ਜੋ ਮਵਰਖ਼ਾ 17 ਅਪ੍ਰੈਲ 1923 ਕੋ ਮੌਜ਼ਾ ਘੁੜਿਆਲ ਥਾਣਾ ਆਦਮਪੁਰ ਜ਼ਿਲ੍ਹਾ ਜਾਲੰਧਰ ਵਾਕਿਆ ਹੂਆ।
ਯਿਹ ਅਤੀਆ ਬਾ-ਲਿਹਾਜ਼ ਆਹਮੀਅਤ* ਗ੍ਰਿਫ਼ਤਾਰੀ ਦੀਆ ਜਾਏਗਾ। ਔਰ ਐਸੇ ਅਸ਼ਖ਼ਾਸ ਕੋ, ਜੋ ਅੱਵਲਨ” ਇਤਲਾਹ ਦੇਗਾ ਤਰਜੀਹ° ਦੀ ਜਾਏਗੀ। ਐਸਾ ਸ਼ਖ਼ਸ ਜੋ ਐਸੀ ਇਤਲਾਹ ਬਹੱਮ ਪਹੁੰਚਾਵੇ ਕਿ ਜਿਸ ਸੇ ਗਿ੍ਫ਼ਤਾਰੀ ਵਾ ਸਜ਼ਾਯਾਬੀ ਤਮਾਮ ਗ੍ਰੋਹ ਕੀ ਅਮਲ ਮੇਂ ਆਵੇ, ਸਾਰੇ ਛੇ ਮੁਰੱਬਾਜਾਤ ਕੇ ਹਾਸਲ ਕਰਨੇ ਕਾ ਮੁਸਤਾਹਿਕ² ਸਮਝਾ ਜਾਏਗਾ।
ਜਾਲੰਧਰ = ਹਰੀ ਕਿਸ਼ਨ ਕੌਲ
ਮਵਰਖ਼ਾ 25 ਅਪ੍ਰੈਲ, 1923 = ਕਮਿਸ਼ਨਰ ਸਾਹਿਬ ਬਹਾਦੁਰ ਜਾਲੰਧਰ ਡਵੀਯਨ
ਹੋਰ ਗ੍ਰਿਫ਼ਤਾਰੀਆਂ
21, 22 ਅਪ੍ਰੈਲ ਨੂੰ ਗ੍ਰਿਫ਼ਤਾਰ ਹੋਇਆਂ ਵਿਚੋਂ ਕਈਆਂ ਦੇ ਬਿਆਨਾਂ ਤੋਂ ਪਤਾ ਲੈ ਕੇ ਪੁਲਿਸ ਨੇ ਛਾਪੇ ਮਾਰ ਕੇ ਗ੍ਰਿਫ਼ਤਾਰੀਆਂ ਜਾਰੀ ਰੱਖੀਆਂ। 27 ਅਪ੍ਰੈਲ ਨੂੰ ਵਰਿਆਮ ਸਿੰਘ ਕੋਟ ਫ਼ਤੂਹੀ, ਸ਼ਿਵ ਸਿੰਘ ਹਰੀਪੁਰ ਅਤੇ ਅਮਰ ਸਿੰਘ ਪੰਡੋਰੀ ਨਿਝਰਾਂ, 28 ਅਪ੍ਰੈਲ ਨੂੰ ਦਲੀਪ ਸਿੰਘ ਧਾਮੀਆਂ, 1 ਮਈ ਨੂੰ ਪਿਆਰਾ ਸਿੰਘ ਧਾਮੀਆਂ, 5 ਮਈ ਨੂੰ ਸੰਤ ਠਾਕਰ ਸਿੰਘ ਕੁਟੀਆ ਰਾਜੋਵਾਲ ਤੇ ਬੰਤਾ ਸਿੰਘ ਪ੍ਰਾਗਪੁਰ, 6 ਮਈ ਨੂੰ ਆਤਮਾ ਸਿੰਘ ਬੀਕਾ, ਠਾਕਰ ਸਿੰਘ ਤੇ ਹਰਨਾਮ ਸਿੰਘ ਪੰਡੋਰੀ ਨਿਝਰਾਂ ਅਤੇ 12 ਮਈ ਨੂੰ ਪ੍ਰੇਮ ਸਿੰਘ ਪ੍ਰਾਗਪੁਰ ਗ੍ਰਿਫ਼ਤਾਰ ਕਰ ਲਏ ਗਏ। ਪੁਲਿਸ ਨੂੰ ਇਹ ਭੀ ਪਤਾ ਲੱਗ ਗਿਆ ਕਿ ਬੰਤਾ ਸਿੰਘ ਅਤੇ ਬੇਲਾ ਸਿੰਘ ਬੋਪਾਰਾਏ, ਜਿਹੜੇ ਕਿ ਕਿਸੇ ਹੋਰ ਕੇਸ ਵਿਚ ਗ੍ਰਿਫ਼ਤਾਰ ਸਨ ਅਤੇ ਰਾਮ ਸਿੰਘ ਮੁਜ਼ਾਰਾ ਕਲਾਂ ਜਿਹੜਾ ਇਸੇ ਕੇਸ ਵਿਚ ਮਫ਼ਰੂਰ ਸੀ, ਭੀ ਬੱਬਰਾਂ ਵਿਚ ਸ਼ਾਮਲ ਸਨ । 16 ਮਈ ਨੂੰ ਫ਼ਕੀਰ ਸਿੰਘ ਜੱਸੋਵਾਲ, ਕਰਤਾਰ ਸਿੰਘ ਤੇ ਤੁਫ਼ੈਲ ਮੁਹੰਮਦ ਪੰਡੋਰੀ ਨਿਝਰਾਂ ਗ੍ਰਿਫ਼ਤਾਰ ਕੀਤੇ ਗਏ। ਤੁਫ਼ੈਲ ਮੁਹੰਮਦ ਦੇ ਬਿਆਨਾਂ ਤੋਂ 27 ਮਈ ਨੂੰ ਜਗਜੀਤ ਸਿੰਘ ਕਠਾਰ ਫੜ ਲਿਆ ਗਿਆ।
ਕਰਮ ਸਿੰਘ ਮਾਣਕੋ ਦੀ ਗ੍ਰਿਫ਼ਤਾਰੀ
ਕਰਮ ਸਿੰਘ ਮਾਣਕੋ ਨੇ ਸੂਬੇਦਾਰ ਗੇਂਦਾ ਸਿੰਘ ਦੇ ਕਤਲ ਮਗਰੋਂ ਗ੍ਰਿਫ਼ਤਾਰੀ ਤੋਂ ਬਚਣ ਲਈ ਅੰਮ੍ਰਿਤਸਰ ਵਿਖੇ ਕੁਝ ਕੰਮ-ਕਾਰ ਦਾ ਅੱਡਾ ਬਣਾ ਲਿਆ ਸੀ। ਉਹ 12 ਮਈ ਨੂੰ ਅੰਮ੍ਰਿਤਸਰ ਜਾਣ ਲਈ ਜਲੰਧਰ ਛਾਉਣੀ ਦੇ ਸਟੇਸ਼ਨ ਦੇ ਪਲੇਟਫ਼ਾਰਮ ਪੁਰ ਖੜਾ ਗੱਡੀ ਉਡੀਕ ਰਿਹਾ ਸੀ। ਓਧਰੋਂ ਜਗਤ ਸਿੰਘ ਮਾਣੋਕੇ, ਜੋ ਕਰਮ ਸਿੰਘ ਅਤੇ ਅਨੂਪ ਸਿੰਘ ਦੀ ਗ੍ਰਿਫ਼ਤਾਰੀ ਲਈ ਭੱਜਾ ਫਿਰਦਾ ਸੀ, ਸ਼ਾਮ ਚੁਰਾਸੀ ਤੋਂ ਗੱਡੀ ਵਿਚ ਜਲੰਧਰ ਨੂੰ ਜਾ ਰਿਹਾ ਸੀ । ਜਦ ਉਸ ਦੀ ਗੱਡੀ ਛਾਉਣੀ ਦੇ ਸਟੇਸ਼ਨ ਤੋਂ ਜਲੰਧਰ ਨੂੰ ਤੁਰ ਪਈ ਤਾਂ ਕਰਮ ਸਿੰਘ ਮਾਣਕੋ ਪਲੇਟਫ਼ਾਰਮ ਪੁਰ ਖੜਾ ਉਸ ਦੀ ਨਜ਼ਰੀਂ ਪਿਆ। ਗੱਡੀ ਤੇਜ਼ ਹੋ ਚੁੱਕੀ ਸੀ, ਇਸ ਲਈ ਉਤਰ ਨਾ ਸਕਿਆ। ਜਲੰਧਰ ਸ਼ਹਿਰ ਉਤਰ ਕੇ ਉਸ ਨੇ ਸਾਲਮ ਟਾਂਗਾ ਲਿਆ ਅਤੇ ਮੁੜ ਛਾਉਣੀ ਸਟੇਸ਼ਨ ਪੁਰ ਪਹੁੰਚਿਆ। ਅੰਮ੍ਰਿਤਸਰ ਵਾਲੀ ਗੱਡੀ ਤਿਆਰ ਖੜੀ ਸੀ। ਉਸ ਨੇ ਇਕ ਸਿਪਾਹੀ ਨੂੰ ਨਾਲ ਲੈ ਕੇ ਗੱਡੀ ਪੁਰ ਚੜ੍ਹੇ ਹੋਏ ਕਰਮ ਸਿੰਘ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ।
ਕੌਲਗੜ੍ਹ ਦਾ ਫ਼ੈਸਲਾ
ਜਦ ਰਲੇ ਅਤੇ ਦਿੱਤੂ ਨੂੰ ਮਾਰਨ ਵਾਸਤੇ 20 ਮਈ ਨੂੰ ਕਰਮ ਸਿੰਘ ਐਡੀਟਰ, ਧੰਨਾ ਸਿੰਘ ਬਹਿਬਲਪੁਰ, ਉਦੈ ਸਿੰਘ, ਬਾਬੂ ਸੰਤਾ ਸਿੰਘ, ਦਲੀਪਾ ਤੇ ਬੰਤਾ ਸਿੰਘ ਧਾਮੀਆਂ, ਬਿਸ਼ਨ ਸਿੰਘ ਮਾਂਗਟ, ਅਨੂਪ ਸਿੰਘ ਮਾਣਕੋ ਅਤੇ ਧੰਨਾ ਸਿੰਘ ਕੋਟਲੀ ਇਕੱਠੇ ਹੋਏ ਸਨ ਤਾਂ ਕਰਮ ਸਿੰਘ ਐਡੀਟਰ ਨੇ ਆਖਿਆ, “ਧੰਨਾ ਸਿੰਘ ਬਹਿਬਲਪੁਰ, ਉਦੈ ਸਿੰਘ ਅਤੇ ਮੈਂ, ਕਤਲਾਂ ਦੇ ਐਲਾਨਾਂ ਵਾਸਤੇ ਆਪਣੇ ਨਾਂ ਦਿੱਤੇ ਹਨ, ਪਰ ਜਦ ਕੋਈ ਸਾਡੇ ਵਿਚੋਂ ਮਾਰਿਆ ਜਾਂ ਕਿਤੇ ਅਚਨਚੇਤ ਫੜਿਆ ਜਾਏ ਤਾਂ ਉਸ ਵੇਲੇ ਨਾਂ ਪੂਰੇ ਰੱਖਣ ਵਾਸਤੇ ਸਾਨੂੰ ਅੱਜ ਹੀ ਫ਼ੈਸਲਾ ਕਰ ਲੈਣਾ ਚਾਹੀਦਾ ਹੈ । ਸਾਥੋਂ ਬਾਹਰੇ ਤੁਸੀਂ ਛੇ ਹੋ, ਤੁਸੀਂ ਆਪਣੇ ਆਪਣੇ ਨਾਂ ਅੱਗੜ-ਪਿੱਛੜ ਲਿਖਵਾ ਦਿਓ ਤਾਂ ਜੁ ਇਕ ਫ਼ਹਿਰਿਸਤ ਬਣ ਜਾਏ, ਜਿਸ ਦੇ ਉਪਰ ਦਾ ਨਾਂ ਲੋੜ ਅਨੁਸਾਰ ਦਿੱਤਾ ਜਾ ਸਕੇ।
ਇਸ ਪੁਰ ਬਾਬੂ ਸੰਤਾ ਸਿੰਘ, ਦਲੀਪਾ ਧਾਮੀਆਂ, ਅਨੂਪ ਸਿੰਘ ਮਾਣਕੋ ਅਤੇ ਬਿਸ਼ਨ ਸਿੰਘ ਮਾਂਗਟ ਨੇ ਵਾਰੋ ਵਾਰੀ ਆਪਣੇ ਨਾਂ ਲਿਖਵਾ ਦਿੱਤੇ, ਪਰ ਬੰਤਾ ਸਿੰਘ ਧਾਮੀਆਂ ਅਤੇ ਧੰਨਾ ਸਿੰਘ ਕੋਟਲੀ ਬਾਵਾ ਦਾਸ ਨੇ ਆਪਣੇ ਨਾਂ ਲਿਖਵਾਉਣ ਤੋਂ ਇਨਕਾਰ ਕਰ ਦਿੱਤਾ।
ਕੌਲਗੜ੍ਹ ਵਿਚ ਹੀ ਬੱਬਰ ਜਥੇ ਨੇ ਆਪਣਾ ਦੂਜਾ ਖੁੱਲ੍ਹਾ ਐਲਾਨ ਤਿਆਰ ਕੀਤਾ, ਜੋ 21 ਮਈ ਨੂੰ ਪ੍ਰਕਾਸ਼ਤ ਕੀਤਾ ਗਿਆ ਅਤੇ ਜਿਸ ਦੇ ਹੇਠਾਂ ਉਪਰੋਕਤ ਸੱਤਾਂ ਬੱਬਰਾਂ ਦੇ ਨਾਂ ਦਿੱਤੇ ਗਏ। ਉਸੇ ਦਿਨ ‘ਬੱਬਰ ਅਕਾਲੀ’ ਅਖ਼ਬਾਰ ਭੀ ਛਾਪਿਆ। ਗਿਆ, ਜਿਸ ਵਿਚ ਇਸ ਐਲਾਨ ਤੋਂ ਬਿਨਾਂ ਇਹ ਅਪੀਲ ਕੀਤੀ ਗਈ ਸੀ ਕਿ ਸ਼ਰਾਬ ਅਤੇ ਅਫੀਮ ਦੇ ਠੇਕੇ ਨਾ ਲਵੋ |
ਠੇਕੇ ਬੰਦ
ਜੋ ਸੜਕ ਰੋਪੜ ਤੋਂ ਚੱਲ ਕੇ ਬਲਾਚੌਰ, ਗੜ੍ਹਸ਼ੰਕਰ, ਮਾਹਲਪੁਰ, ਹੁਸ਼ਿਆਰਪੁਰ, ਟਾਂਡਾ ਰਾਹੀਂ ਸ੍ਰੀ ਹਰਿਗੋਬਿੰਦਪੁਰ ਨੂੰ ਜਾਂਦੀ ਹੈ, ਇਸ ਪੁਰ ਅੰਬਾਂ ਦੇ ਹਜ਼ਾਰਾਂ ਬ੍ਰਿਛ ਹਨ। ਹਰ ਸਾਲ ਅੰਬਾਂ ਅਤੇ ਡਿੱਗੇ ਹੋਏ ਦਰੱਖ਼ਤਾਂ ਦੇ ਠੇਕੇ ਤੋਂ ਹਕੂਮਤ ਨੂੰ ਲੱਖਾਂ ਰੁਪਏ ਦੀ ਆਮਦਨ ਹੁੰਦੀ ਸੀ । ਬੱਬਰਾਂ ਨੇ ਐਲਾਨ ਕੀਤਾ : “ਕੋਈ ਆਦਮੀ ਮੌਸਮ ਆਉਣ ਪੁਰ ਅੰਬਾਂ ਦਾ ਠੇਕਾ ਨਾ ਲਵੇ । ਜਿਹੜਾ ਠੇਕਾ ਲਵੇਗਾ । ਉਸ ਨੂੰ ਸਰਕਾਰ ਦਾ ਏਜੰਟ ਸਮਝ ਕੇ ਸੁਧਾਰਿਆ ਜਾਵੇਗਾ। ਰਾਹੀਆਂ ਦਾ ਹੱਕ ਹੈ ਕਿ ਉਹ ਡਿੱਗੇ ਹੋਏ ਅੰਬ ਮੁਫ਼ਤ ਚੂਪਣ। ਇਹ ਦਰੱਖ਼ਤ ਜਿਸ ਕਿਸਾਨ ਦੇ ਖੇਤ ਨਾਲ ਹਨ, ਉਸ ਦੀ ਫ਼ਸਲ ਨੂੰ ਛੋਰ ਨਾਲ ਨੁਕਸਾਨ ਪਹੁੰਚਾਉਂਦੇ ਹਨ। ਇਸ ਲਈ ਉਸ ਕਿਸਾਨ ਦਾ ਹੱਕ ਹੈ ਕਿ ਉਹ ਉਸ ਦਰੱਖ਼ਤ ਦੀ ਲੱਕੜੀ ਵਰਤੇ।
ਬੱਬਰਾਂ ਦੇ ਇਸ ਐਲਾਨ ਦਾ ਇਹ ਅਸਰ ਹੋਇਆ ਕਿ 1922 ਅਤੇ 1923 ਦੇ ਦੋ ਸਾਲ ਕਿਸੇ ਨੇ ਇਸ ਸੜਕ ਪੁਰ ਠੇਕਾ ਨਹੀਂ ਲਿਆ। ਰਾਹੀਆਂ ਨੇ ਰੱਜ ਰੱਜ ਕੇ ਅੰਬ ਚੂਪੇ ਅਤੇ ਲੋਕਾਂ ਨੇ ਡਿੱਗੇ ਹੋਏ ਬ੍ਰਿਛਾਂ ਦੀ ਲੱਕੜੀ ਤੋਂ ਮੁਫ਼ਤ ਆਪਣੇ ਮਕਾਨ ਬਣਾਏ।
ਪਾਰਲੀਮੈਂਟ ਵਿਚ ਗੂੰਜ
ਬੱਬਰ ਲਹਿਰ ਦੇ ਦਬਾ ਹੇਠਾਂ ਲੰਡਨ ਬੈਠੇ ਅੰਗਰੇਜ਼ ਹਾਕਮਾਂ ਦੇ ਸਿੰਘਾਸਣ ਡੋਲਣ ਲੱਗੇ । ਪਾਰਲੀਮੈਂਟ ਦੇ ਮੈਂਬਰ ਦੁਆਬੇ ਦੀ ਹਾਲਤ ਬਾਰੇ ਕਈ ਸਵਾਲ ਕਰਦੇ ਸਨ। ਅਤੇ ਬਰਤਾਨਵੀ ਵਜ਼ਾਰਤ ਨੂੰ ਆਪਣੀ ਪੁਜ਼ੀਸ਼ਨ ਐਧਰ ਓਧਰ ਦੀਆਂ ਗੱਲਾਂ ਕਰ ਕੇ ਸਾਫ਼ ਕਰਨੀ ਪੈਂਦੀ ਸੀ । ਜਦ ਵਜ਼ੀਰ ਹਿੰਦ ਨੇ ਪਾਰਲੀਮੈਂਟ ਦੇ ਭਰੇ ਸਮਾਗਮ ਵਿਚ ਦੁਆਬੇ ਦੇ ਕਈ ਹਿੱਸਿਆਂ ਵਿਚ ਸਥਾਨਕ ਹਕੂਮਤੀ ਮਸ਼ੀਨਰੀ ਦੇ ਨਕਾਰਾ ਹੋ ਜਾਣ ਦਾ ਜ਼ਿਕਰ ਕੀਤਾ ਤਾਂ ਇਕ ਮੈਂਬਰ ਨੇ ਟੋਕ ਕੇ ਆਖਿਆ ਕਿ ਬਰਤਾਨਵੀ ਹਕੂਮਤ ਤੋਂ ਇਹ ਦੋਵੇਂ ਜ਼ਿਲ੍ਹੇ ਕਾਬੂ ਨਹੀਂ ਆਉਣੇ, ਕਿਉਂਕਿ ਉਥੇ ਬਿਦੇਸ਼ੀ ਹਕੂਮਤ ਵਿਰੁੱਧ ਜਜ਼ਬਾ ਬਹੁਤ ਜ਼ੋਰਾਂ ਪੁਰ ਹੈ, ਐਵੇਂ ਆਪਣੇ ਵਫ਼ਾਦਾਰਾਂ ਦੀਆਂ ਜਾਨਾਂ ਨਾ ਗਵਾਓ ਅਤੇ ਸਾਰਾ ਦੁਆਬਾ ਰਿਆਸਤ ਕਪੂਰਥਲਾ ਵਿਚ ਸ਼ਾਮਲ ਕਰ ਦਿਓ। ਇਸ ਮੈਂਬਰ ਨੂੰ ਖ਼ਿਆਲ ਸੀ ਕਿ ਕਪੂਰਥਲੇ ਦੇ ਰਾਜੇ ਨੂੰ ਦੇਸੀ ਰਾਜਾ ਸਮਝ ਕੇ ਬੱਬਰ ਆਪਣੀਆਂ ਸਰਗਰਮੀਆਂ ਬੰਦ ਕਰ ਦੇਣਗੇ ਅਤੇ ਇਸ ਤਰ੍ਹਾਂ ਦੇਸੀ ਪਰਦੇ ਹੇਠਾਂ ਆਪਣੀ ਹਕੂਮਤ ਕਾਇਮ ਰੱਖੀ ਜਾ ਸਕੇਗੀ।
ਦੁਆਬੇ ਦੀ ਹਾਲਤ
15 ਮਈ, 1923 ਨੂੰ ਹਰੀ ਕਿਸ਼ਨ ਕੌਲ ਨੂੰ ਬਦਲ ਕੇ ਮਿਸਟਰ ਟਾਊਨਸੈਂਡ ਨੂੰ ਜਲੰਧਰ ਡਵੀਜ਼ਨ ਦਾ ਕਮਿਸ਼ਨਰ ਲਾਇਆ ਗਿਆ। ਉਸ ਨੇ ਉਸ ਵੇਲੇ ਦੇ ਦੁਆਬੇ ਦੀ ਹਾਲਤ ਦਾ ਨਕਸ਼ਾ, ਬੱਬਰ ਕੇਸ ਦੇ ਦੌਰਾਨ, ਅਦਾਲਤ ਵਿਚ ਬਿਆਨ ਦਿੰਦਿਆਂ ਇਸ ਤਰ੍ਹਾਂ ਖਿਚਿਆ ਸੀ:
“ਬੱਬਰ ਅਕਾਲੀਆਂ ਦੇ ਹਮਲਿਆਂ ਨੇ ਇਤਨਾ ਤਹਿਕਾ ਪਾਇਆ ਹੋਇਆ ਸੀ ਕਿ ਮੈਂ ਤਾਂ ਦੇਖ ਕੇ ਹੱਕਾ ਬੱਕਾ ਰਹਿ ਗਿਆ। ਪੁਰਾਣੇ ਸਿਖ ਜ਼ੈਲਦਾਰਾਂ ਅਤੇ ਹੋਰ ਵੱਡੀ ਪੁਜ਼ੀਸ਼ਨ ਵਾਲੇ ਆਦਮੀਆਂ ਵਿਚ ਮੇਰੇ ਬਹੁਤ ਸਾਰੇ ਮਿੱਤਰ ਸਨ, ਪਰ ਉਹ ਮੇਰੇ ਨਾਲ ਮੇਰੇ ਘਰ ਵਿਚ ਆ ਕੇ ਭੀ ਕਾਨਾ-ਫੂਸੀ ਤੋਂ ਉੱਚੀ ਗੱਲ ਕਰਨ ਦੀ ਦਲੇਰੀ ਨਹੀਂ ਸਨ ਕਰਦੇ। ਲਗਪਗ ਉਹਨਾਂ ਸਾਰਿਆਂ ਨੇ ਹੀ ਹਥਿਆਰ ਖ਼ਰੀਦੇ ਹੋਏ ਸਨ ਅਤੇ ਬਹੁਤਿਆਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਆਪਣੇ ਪ੍ਰਾਈਵੇਟ ਨੌਕਰ ਰੱਖੇ ਹੋਏ ਸਨ, ਜੋ ਸੌਣ ਵੇਲੇ ਉਹਨਾਂ ਦੀ ਜਾਨ ਦੀ ਰੱਖਵਾਲੀ ਕਰਦੇ ਸਨ। ਕਈ ਆਪਣੀ ਸੁਰੱਖਿਆ ਲਈ ਬਾਰ ਨੂੰ ਚਲੇ ਗਏ ਸਨ । ਇਸ ਦਹਿਸ਼ਤ ਕਰਕੇ ਇਹ ਗੱਲ ਸੰਭਵ ਨਹੀਂ ਸੀ ਦਿੱਸਦੀ ਕਿ ਕੋਈ ਇਹ ਦੱਸ ਪਾਵੇ ਕਿ ਕਿਹੜਾ ਕਤਲ ਕਿਸ ਨੇ ਕੀਤਾ ਹੈ । ਹਾਲਤ ਭੈੜੀ ਤੋਂ ਭੈੜੀ ਹੋ ਚੁੱਕੀ ਸੀ । ਮੈਂ ਦਸ਼ਾ ਇਤਨੀ ਵਿਗੜੀ ਹੋਈ ਸਮਝਦਾ ਸਾਂ ਕਿ ਜੂਨ ਮਹੀਨੇ ਦੇ ਸ਼ੁਰੂ ਵਿਚ ਮੇਰੀ ਦਰਖ਼ਾਸਤ ਪੁਰ 200 ਰਿਸਾਲੇ ਵਾਲੇ ਅਤੇ 250 ਪੈਦਲ ਫ਼ੌਜੀ ਮੇਰੇ ਹਵਾਲੇ ਕੀਤੇ ਗਏ। ਫ਼ੌਜ ਦੋ ਕੰਮਾਂ ਵਾਸਤੇ ਵਰਤੀ ਜਾਂਦੀ ਸੀ, ਪਿੰਡਾਂ ਵਿਚ ਹਕੂਮਤ ਦੀ ਸਾਖ ਤੇ ਭਰੋਸਾ ਮੁੜ ਕਾਇਮ ਕਰਨ ਵਾਸਤੇ, ਜ਼ਿਲ੍ਹੇ ਦੇ ਹਾਕਮਾਂ ਦੀ ਮਦਦ ਕਰਨਾ ਅਤੇ ਸ਼ੱਕੀ ਆਦਮੀਆਂ ਦੀ ਗ੍ਰਿਫ਼ਤਾਰੀ ਵਾਸਤੇ। ਫੇਰ ਐਡੀਸ਼ਨਲ ਪੁਲਿਸ ਭੀ ਮਨਜ਼ੂਰ ਕੀਤੀ ਗਈ। ਫ਼ੌਜ ਦੀਆਂ ਪੰਜਾਹ ਪੰਜਾਹ ਦੀਆਂ ਟੁਕੜੀਆਂ ਬਣਾ ਕੇ ਗੜਬੜ ਵਾਲੇ ਰਕਬੇ ਵਿਚ ਖ਼ਾਸ ਖ਼ਾਸ ਥਾਈਂ ਰੱਖਿਆ ਜਾਂਦਾ ਸੀ । ਹਰ ਇਕ ਟੁਕੜੀ ਨਾਲ ਇਕ ਇਕ ਮੈਜਿਸਟਰੇਟ ਰੱਖਿਆ ਜਾਂਦਾ ਸੀ, ਤਾਂ ਜੁ ਫ਼ੌਜੀ ਅਤੇ ਸਿਵਲ ਕੰਮਾਂ ਨੂੰ ਜੋੜ ਕੇ ਚਲਾਇਆ ਜਾਵੇ । ਮੈਂ ਜਦ ਜੁਲਾਈ 1923 ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਰੌਲੇ ਵਾਲੇ ਹਿੱਸਿਆਂ ਦਾ ਦੌਰਾ ਸ਼ੁਰੂ ਕੀਤਾ ਤਾਂ ਮੈ ਰਾਖੀ ਲਈ ਇਕ ਰਸਾਲਾ ਆਪਣੇ ਨਾਲ ਰੱਖਿਆ ਸੀ ਅਤੇ ਹਕੂਮਤ ਨੇ ਮੈਨੂੰ ਅਜਿਹੀ ਪੇਸ਼ਬੰਦੀ ਕਰਨ ਲਈ ਤਾੜਨਾ ਕੀਤੀ ਸੀ। ਹੇਠਲੇ ਅਫ਼ਸਰਾਂ ਤੇ ਕਰਮਚਾਰੀਆਂ ਦੀ ਹਾਲਤ ਤਾਂ ਬਹੁਤ ਹੀ ਭੈੜੀ ਸੀ ਅਤੇ ਜਲੰਧਰ ਤੇ ਹੁਸ਼ਿਆਰਪੁਰ ਦੋਹਾਂ ਜ਼ਿਲ੍ਹਿਆਂ ਵਿਚ ਲਹਿਰ ਦੇ ਅਸਰ ਵਾਲੇ ਇਲਾਕਿਆਂ ਦਾ ਬੰਦੋਬਸਤ ਬਹੁਤ ਹੀ ਮੁਸ਼ਕਲ ਨਾਲ ਕੀਤਾ ਜਾਂਦਾ ਸੀ ।”
ਮਿਸਟਰ ਮਾਥਿਊਸ, ਜਿਹੜਾ ਕਿ 12 ਅਕਤੂਬਰ 1922 ਤੋਂ 14 ਅਪ੍ਰੈਲ 1923 ਤਕ ਜਲੰਧਰ ਦਾ ਅਸਿਸਟੈਂਟ ਸੁਪ੍ਰਿੰਟੈਂਡੈਂਟ ਪੁਲਿਸ ਰਿਹਾ, ਉਸ ਨੇ ਅਦਾਲਤ ਵਿਚ ਬਿਆਨ ਦਿੰਦਿਆਂ ਕਿਹਾ :
“ਬੱਬਰ ਅਕਾਲੀਆਂ ਨੇ ਦੁਆਬੇ ਦੇ ਲੋਕਾਂ ਨੂੰ ਇਤਨਾ ਯਰਕਾਇਆ ਹੋਇਆ ਸੀ ਕਿ ਉਹ ਬੱਬਰਾਂ ਬਾਰੇ ਕਿਸੇ ਤਰ੍ਹਾਂ ਦੀ ਖ਼ਬਰ-ਸਾਰ ਦੇਣ ਨੂੰ ਤਿਆਰ ਨਹੀਂ ਸਨ । ਜੇ ਕੋਈ ਅਜਿਹਾ ਕਰਦਾ ਤਾਂ ਬੱਬਰ ਉਸ ਦੇ ਪਿੱਛੇ ਪੈ ਜਾਂਦੇ ਸਨ। ਬੱਬਰ ਅਕਾਲੀਆਂ ਬਾਰੇ ਨੰਗਲ ਸ਼ਾਮਾਂ ਦੇ ਬੂਟਾ ਨੰਬਰਦਾਰ ਨੇ ਆਪ ਆ ਕੇ ਮੈਨੂੰ ਇਕ ਵਾਰੀ ਇਤਲਾਹ ਦਿੱਤੀ ਸੀ ਅਤੇ ਉਸ ਦਾ ਹਸ਼ਰ ਤੁਹਾਡੇ ਸਾਹਮਣੇ ਹੈ।”
ਮੀਆਂ ਅਬਦੁਲ ਫ਼ਤਹ, ਜਿਹੜਾ ਬੱਬਰ ਕੇਸ ਦੀ ਤਫ਼ਤੀਸ਼ ਵਾਸਤੇ ਸਪੈਸ਼ਲ ਮੈਜਿਸਟਰੇਟ ਨੀਯਤ ਕੀਤਾ ਗਿਆ ਸੀ, ਉਸ ਨੇ ਅਦਾਲਤ ਵਿਚ ਬਿਆਨ ਦਿੰਦਿਆਂ ਕਿਹਾ :
“ਜ਼ਿਲ੍ਹਾ ਜਲੰਧਰ ਦੇ ਸਦਰ ਆਦਮਪੁਰ, ਬੰਗਾ ਅਤੇ ਰਾਹੋਂ ਦੇ ਥਾਣਿਆਂ ਵਿਚ ਬੱਬਰਾਂ ਨੇ ਧੁੰਮਾਂ ਪਾਈਆਂ ਹੋਈਆਂ ਸਨ ਅਤੇ ਸਾਰੇ ਦੁਆਬੇ ਪੁਰ ਦਹਿਸ਼ਤ ਛਾਈ ਹੋਈ ਸੀ।”
ਸ਼੍ਰੋਮਣੀ ਕਮੇਟੀ ਤੇ ਬੱਬਰ ਲਹਿਰ
ਹੋਰ ਅੱਗੇ ਜਾਣ ਤੋਂ ਪਹਿਲਾਂ ਏਥੇ ਇਹ ਦੱਸ ਦੇਣਾ ਜ਼ਰੂਰੀ ਹੈ ਕਿ ਕਿਵੇਂ ਸ਼੍ਰੋਮਣੀ ਕਮੇਟੀ ਨੇ ਬੱਬਰ ਲਹਿਰ ਦੀ ਵਿਰੋਧਤਾ ਕਰ ਕੇ ਬਰਤਾਨਵੀ ਹਕੂਮਤ ਨੂੰ ਖ਼ੁਸ਼ ਕਰਨ ਦਾ ਯਤਨ ਕੀਤਾ।
ਬਿਸ਼ਨ ਸਿੰਘ ਜ਼ੈਲਦਾਰ ਰਾਣੀਥੂਆ ਦੇ ਕਤਲ ਮਗਰੋਂ ਦੁਆਬੇ ਵਿਚ ਆਮ ਅਕਾਲੀਆਂ ਪੁਰ ਹੀ ਘੋਰ ਤਸ਼ੱਦਦ ਸ਼ੁਰੂ ਹੋ ਗਿਆ ਸੀ । ਇਸ ਨਾਲ ਹਕੂਮਤ ਨੂੰ ਰਾਜਸੀ ਤੌਰ ਪੁਰ ਸਗੋਂ ਨੁਕਸਾਨ ਹੋਇਆ। ਜਿਹੜੇ ਅਕਾਲੀ ਅਜੇ ਤਕ ਸ਼ਾਂਤਮਈ ਦੇ ਅਸੂਲਾਂ ਨੂੰ ਜੱਫਾ ਮਾਰੀ ਬੈਠੇ ਸਨ, ਉਹਨਾਂ ਵਿਚੋਂ ਭੀ ਸਾਰੇ ਆਖਣ ਲੱਗ ਪਏ, “ਜਦ ਇਸ ਹਕੂਮਤ ਨੂੰ ਆਮ ਅਕਾਲੀਆਂ ਅਤੇ ਬੱਬਰ ਅਕਾਲੀਆਂ ਵਿਚ ਕੋਈ ਭਿੰਨ-ਭੇਦ ਨਹੀਂ ਤਾਂ ਅਸੀਂ ਕਿਉਂ ਆਪਣੇ ਆਪ ਨੂੰ ਬੱਬਰ ਅਕਾਲੀਆਂ ਨਾਲੋਂ ਅੱਡ ਦੱਸੀਏ। ਜੇ ਸਾਡੀ ਭੀ ਉਸੇ ਤਰ੍ਹਾਂ ਬੇਇੱਜ਼ਤੀ ਹੋਣੀ ਹੈ ਤਾਂ ਕਿਉਂ ਨਾ ਸ਼ਾਂਤਮਈ ਨੂੰ ਛੱਡ ਕੇ ਬੱਬਰਾਂ ਨਾਲ ਹੀ ਰਲ ਚੱਲੀਏ।” ਇਸ ਤਰ੍ਹਾਂ ਹਕੂਮਤ ਵਿਰੁੱਧ ਆਮ ਸਿਖ ਜਨਤਾ ਵਿਚ ਵਧੇਰੇ ਨਫ਼ਰਤ ਅਤੇ ਗੁੱਸਾ ਫੈਲਣ ਲੱਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਧਾਰਵਾਦੀ ਲੀਡਰਾਂ ਦੀ ਪੁਜ਼ੀਸ਼ਨ ਕਮਜ਼ੋਰ ਹੋਣ ਲੱਗੀ।
ਇਹ ਹਾਲਤ ਦੇਖ ਕੇ ਹਕੂਮਤ ਨੇ ਸੋਚਿਆ ਕਿ ਪਹਿਲੋਂ ਬੱਬਰਾਂ ਨੂੰ ਆਮ ਅਕਾਲੀਆਂ ਨਾਲੋਂ ਨਿਖੇੜਿਆ ਜਾਵੇ ਅਤੇ ਅਜਿਹੀ ਹਾਲਤ ਪੈਦਾ ਕੀਤੀ ਜਾਵੇ ਕਿ ਆਮ ਜਨਤਾ ਬੱਬਰਾਂ ਪੁਰ ਹੋ ਰਹੇ ਤਸ਼ੱਦਦ ਨੂੰ ਆਮ ਅਕਾਲੀਆਂ ਪੁਰ ਹਮਲਾ ਨਾ ਸਮਝੇ, ਸਗੋਂ ਕੁਝ ‘ਸਿਰ ਫਿਰੇ’ ਲੋਕਾਂ ਵਿਰੁੱਧ ਕਾਰਵਾਈ ਖ਼ਿਆਲ ਕਰੇ । ਬਰਤਾਨਵੀ ਸਾਮਰਾਜ (ਅਤੇ ਕੁਲ ਸਾਮਰਾਜਾਂ) ਦੀ ਇਹ ਚਾਲ ਰਹੀ ਹੈ ਕਿ ਲਹਿਰ ਦੇ ਖੱਬੇ ਅਤੇ ਇਨਕਲਾਬੀ ਹਿੱਸੇ ਪੁਰ ਜ਼ੁਲਮ ਤੇ ਤਸ਼ੱਦਦ ਕੀਤਾ ਜਾਵੇ ਅਤੇ ਸੱਜੇ ਤੇ ਸੁਧਾਰਵਾਦੀ ਹਿੱਸੇ ਨਾਲ ਸਮਝੌਤਾ ਕਰ ਕੇ ਕੁਝ ਇਕ ਰਿਆਇਤਾਂ ਦੇ ਕੇ ਇਸ ਨੂੰ ਇਨਕਲਾਬੀ ਹਿੱਸੇ ਨਾਲੋਂ ਵੱਖ ਕੀਤਾ ਜਾਵੇ ਤੇ ਹੋ ਸਕੇ ਤਾਂ ਉਸ ਦੇ ਵਿਰੁੱਧ ਖੜਾ ਕਰ ਦਿੱਤਾ। ਜਾਵੇ :
ਸਰਕਾਰ ਦੇ ਵੱਡੇ ਵੱਡੇ ਅਫ਼ਸਰ ਸੁਧਾਰਵਾਦੀ ਅਕਾਲੀ ਲੀਡਰਾਂ ਦੀ ਬੜੀ ਸਿਫ਼ਤ ਕਰਿਆ ਕਰਦੇ ਸਨ। ਇਸ ਦੀ ਇਕ ਮਿਸਾਲ ਸ਼੍ਰੋਮਣੀ ਕਮੇਟੀ ਵਿਰੁੱਧ ਚਲਾਏ ਗਏ ਕੇਸ ਦੇ ਦੌਰਾਨ ਮਿਸਟਰ ਸਮਿੱਥ ਦੇ ਹੇਠ ਲਿਖੇ ਬਿਆਨ ਤੋਂ ਮਿਲਦੀ ਹੈ :
“ਮਾਰਚ 1923 ‘ਦੀ ਟ੍ਰਿਬਿਊਨ’ ਅਖ਼ਬਾਰ ਵਿਚ ਪੰਜਾਬ ਲੈਜਿਸਲੇਟਿਵ ਕੌਂਸਲ ਦੀ ਕਾਰਵਾਈ ਛਪੀ ਸੀ। ਉਸ ਵਿਚ ਮਿਸਟਰ ਕਰਕੇ ਚੀਫ਼ ਸਕੱਤਰ ਦੀ ਤਕਰੀਰ ਦਿੱਤੀ ਗਈ ਸੀ, ਜਿਸ ਵਿਚ ਉਸ ਨੇ ਕਿਹਾ ਸੀ ਕਿ ਮੈਨੂੰ ਪਤਾ ਹੈ ਕਿ ਗੁਰਦੁਆਰਾ ਲਹਿਰ ਦੇ ਲੀਡਰਾਂ ਨੇ ਹਮੇਸ਼ਾ ਸ਼ਾਂਤਮਈ ਦੇ ਅਸੂਲ ਦਾ ਪਰਚਾਰ ਕੀਤਾ ਹੈ। ਮੈਂ ਉਹਨਾਂ ਦੀ ਪਰਸੰਸਾ ਕਰਦਾ ਹਾਂ ਕਿ ਉਹਨਾਂ ਨੇ ਆਪਣੇ ਮਨ ਦੀ ਗੱਲ ਸਾਫ਼ ਸਾਫ਼ ਆਖੀ ਹੈ। ਉਹਨਾਂ ਨੇ ਆਪਣੇ ਪੈਰੋਕਾਰਾਂ ਦੇ ਮਨਾਂ ਅੰਦਰ ਸ਼ਾਂਤਮਈ ਦਾ ਅਸੂਲ ਆਪਣੀ ਮਿਸਾਲ, ਪ੍ਰਾਪੇਗੰਡਾ ਅਤੇ ਅਮਲਾਂ ਰਾਹੀਂ ਭਰਿਆ ਹੈ।”
ਅਕਾਲੀ ਲਹਿਰ ਦੇ ਸੁਧਾਰਵਾਦੀ ਲੀਡਰਾਂ ਅਤੇ ਹਕੂਮਤ ਪੰਜਾਬ ਵਿਚਕਾਰ ਵਿੰਗੇ-ਟੇਢੇ ਤਰੀਕੇ ਨਾਲ ਗੱਲਬਾਤ ਚੱਲਣ ਲੱਗੀ। ਸੁਧਾਰਵਾਦੀ ਲੀਡਰਾਂ ਨੇ ਹਕੂਮਤ ਨੂੰ ਦੱਸਿਆ ਕਿ ਉਹ ਆਮ ਅਕਾਲੀਆਂ ਪੁਰ ਜ਼ੁਲਮ ਬੰਦ ਕਰੇ, ਨਹੀਂ ਤਾਂ ਅਕਾਲੀ ਲਹਿਰ ਨੂੰ ਕਾਬੂ ਰੱਖਣ ਦੀ ਉਹਨਾਂ ਅੰਦਰ ਕੋਈ ਵਾਹ ਨਹੀਂ। ਹਕੂਮਤ ਨੇ ਆਖਿਆ ਕਿ ਉਹ ਖੁੱਲ੍ਹਮ-ਖੁੱਲ੍ਹਾ ਬੱਬਰਾਂ ਦੇ ਐਕਸ਼ਨਾਂ ਦੀ ਵਿਰੋਧਤਾ ਕਰਨ ਤਾਂ ਉਹਨਾਂ ਦੀ ਗੱਲ ਮੰਨੀ ਜਾ ਸਕਦੀ ਹੈ । ਇਸ ਪੁਰ ਸ਼੍ਰੋਮਣੀ ਕਮੇਟੀ ਅੰਦਰ ਲੁਕੇ ਸੁਧਾਰਵਾਦੀਆਂ ਨੇ ਕਮੇਟੀ ਅੰਦਰ ਗੱਲ ਚਲਾਈ ਕਿ ਕਮੇਟੀ ਦਾ ਦੁਆਬੇ ਵਿਚ ਹੋ ਰਹੇ ਕਤਲਾਂ ਬਾਰੇ ਚੁੱਪ ਰਹਿਣ ਦਾ ਅਰਥ ਸਰਕਾਰ ਇਹ ਸਮਝਦੀ ਹੈ ਕਿ ਕਮੇਟੀ ਭੀ ਇਨ੍ਹਾਂ ਨਾਲ ਸਹਿਮਤ ਹੈ। ਇਸ ਲਈ ਕਮੇਟੀ ਨੂੰ ਇਹ ਪਰਗਟ ਕਰ ਦੇਣਾ ਚਾਹੀਦਾ ਹੈ ਕਿ ਬੱਬਰਾਂ ਨਾਲ ਸ਼੍ਰੋਮਣੀ ਕਮੇਟੀ ਨੂੰ ਕੋਈ ਹਮਦਰਦੀ ਨਹੀਂ, ਤਾਂ ਜੁ ਕਮੇਟੀ ਪੁਰ ਕੋਈ ਹਰਫ਼ ਨਾ ਆਵੇ ਅਤੇ ਸਖ਼ਤੀ ਨਾ ਹੋਵੇ। ਪਰ ਚੂੰਕਿ ਸਾਰੀ ਅਕਾਲੀ ਲਹਿਰ ਪੁਰ ਤਸ਼ੱਦਦ ਹੋ ਰਿਹਾ ਸੀ, ਇਸ ਲਈ ਕੁਝ ਸੁਧਾਰਵਾਦੀਆਂ ਤੋਂ ਛੁਟ ਬਾਕੀ ਮੈਂਬਰ ਬੱਬਰਾਂ ਦੀ ਨਿਖੇਧੀ ਕਰਨ ਜਾਂ ਹਮਦਰਦੀ ਨਾ ਕਰਨ ਦਾ ਐਲਾਨ ਉਚਿਤ ਨਹੀਂ ਸਨ ਸਮਝਦੇ। ਪਰ ਜਦ 23 ਅਪ੍ਰੈਲ 1923 ਨੂੰ ਹਕੂਮਤ ਪੰਜਾਬ ਨੇ ਐਲਾਨ ਕੀਤਾ ਕਿ ਦੁਆਬੇ ਵਿਚ ਸਰਕਾਰ ਦੇ ਵਫ਼ਾਦਾਰਾਂ ਪੁਰ ਹੋ ਰਹੇ ਹਮਲਿਆਂ ਅਤੇ ਕਤਲਾਂ ਦਾ ਜ਼ਿੰਮੇਵਾਰ ਬੱਬਰ ਜਥਾ ਹੈ, ਤਾਂ ਸ਼੍ਰੋਮਣੀ ਕਮੇਟੀ ਇਹ ਐਲਾਨ ਕਰਨ ਨੂੰ ਤਿਆਰ ਹੋ ਗਈ ਕਿ ਕਮੇਟੀ ਦਾ ਬੱਬਰ ਲਹਿਰ ਨਾਲ ਕੋਈ ਸਬੰਧ ਨਹੀਂ।
ਹਕੂਮਤ ਇਤਨੇ ਐਲਾਨ ਨੂੰ ਕਾਫ਼ੀ ਨਹੀਂ ਸੀ ਸਮਝਦੀ। ਉਹ ਬੱਬਰਾਂ ਦੀ ਨਿਖੇਧੀ ਅਤੇ ਵਿਰੋਧਤਾ ਕਰਵਾ ਕੇ ਆਮ ਅਕਾਲੀਆਂ ਨਾਲੋਂ ਉਨ੍ਹਾਂ ਨੂੰ ਛੇਕਣਾ ਚਾਹੁੰਦੀ ਸੀ, ਇਸ ਲਈ ਆਪਣੇ ਏਜੰਟਾਂ ਰਾਹੀਂ ਉਸ ਨੇ ਇਸ ਗੱਲ ਲਈ ਪਰਚਾਰ ਜਾਰੀ ਰਖਵਾਇਆ। ਨਾਲ ਹੀ ਹਕੂਮਤ ਨੇ ਇਹ ਸੋਚਿਆ ਕਿ ਕਮੇਟੀ ਅੰਦਰ ਆਪਣੀ ਮੁਖ਼ਾਲਫ਼ਤ ਘਟਾਉਣ ਲਈ ਕੋਈ ਹੋਰ ਕਦਮ ਪੁੱਟਿਆ ਜਾਵੇ। ਇਹ ਸੋਚ ਕੇ ਉਸ ਨੇ 27 ਅਪ੍ਰੈਲ 1923 ਨੂੰ ਗੁਰੂ ਕੇ ਬਾਗ਼ ਦੇ ਕੈਦੀ ਰਿਹਾਅ ਕਰ ਦਿੱਤੇ ।
ਸ਼੍ਰੋਮਣੀ ਕਮੇਟੀ ਪੁਰ ਚਲਾਏ ਗਏ ਕੇਸ ਦੀ ਕਾਰਵਾਈ ਦੇ ਸਫ਼ਾ 1267 ਪੁਰ ਪੈਰਾ 150 ਵਿਚ ਲਿਖਿਆ ਹੈ :
“ਗੌਰਮਿੰਟ ਨੇ ਟੇਢੇ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਤੋਂ ਬੱਬਰ ਅਕਾਲੀਆਂ ਬਾਰੇ ਪੁੱਛਿਆ, ਜਿਸ ਪੁਰ ਸ਼੍ਰੋਮਣੀ ਕਮੇਟੀ ਨੇ ਇਕ ਗੰਧਲਾ ਜਿਹਾ ਸਾਧਾਰਨ ਅਖ਼ਬਾਰੀ ਬਿਆਨ ਜਾਰੀ ਕੀਤਾ। ਇਹ ਬਿਆਨ 58 ਨੰਬਰ ਮਸੌਦੇ ਵਿਚ ਦਰਜ ਹੈ ਅਤੇ ਇਸ ਦੀ ਤਰੀਕ 24 ਅਪ੍ਰੈਲ 1923 ਹੈ। ਪਰ ਗੌਰਮਿੰਟ ਦੀ ਇਸ ਬਿਆਨ ਨਾਲ ਤਸੱਲੀ ਨਾ ਹੋਈ। ਗੌਰਮਿੰਟ ਨੇ ਗੁਰੂ ਕੇ ਬਾਗ਼ ਦੇ ਕੈਦੀਆਂ ਦੀ ਰਿਹਾਈ ਦਾ ਐਲਾਨ 27 ਅਪ੍ਰੈਲ 1923 ਨੂੰ ਕੀਤਾ।”
ਅਖ਼ੀਰ ਸੁਧਾਰਵਾਦੀ ਲੀਡਰ ਆਪਣੇ ਮਕਸਦ ਵਿਚ ਸਫਲ ਹੋ ਗਏ ਅਤੇ 29, 30 ਮਈ 1923 ਨੂੰ ਸ਼੍ਰੋਮਣੀ ਕਮੇਟੀ ਨੇ ਇਕ ਮਤਾ ਪਾਸ ਕੀਤਾ, ਜਿਸ ਵਿਚ ਬੱਬਰਾਂ ਨੂੰ ਪੰਥ ਦੇ ਵਿਰੋਧੀ ਦੱਸ ਕੇ ਸਿੱਖਾਂ ਨੂੰ ਬੱਬਰਾਂ ਦੀ ਸਹਾਇਤਾ ਨਾ ਕਰਨ ਦੀ ਹਦਾਇਤ ਕੀਤੀ। ਮਿਸਟਰ ਸਮਿੱਥ ਨੇ ਕਮੇਟੀ ਦੇ ਕੇਸ ਵਿਚ ਅਦਾਲਤ ਅੰਦਰ ਬਿਆਨ ਦਿੰਦਿਆਂ ਆਖਿਆ :
“ਮੈਂ 471 ਨੰਬਰ ਦਾ ਮਸੌਦਾ ਪੇਸ਼ ਕੀਤਾ ਹੈ, ਜਿਸ ਵਿਚ 29, 30 ਮਈ 1923 ਨੂੰ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਦਰਜ ਹੈ । ਮਤਾ ਨੰਬਰ 2 ਵਿਚ ਲਿਖਿਆ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਗੱਲ ਸਾਫ਼ ਕਰ ਦੇਣਾ ਚਾਹੁੰਦੀ ਹੈ ਕਿ ਕਮੇਟੀ ਦੀ ਪਾਲਸੀ ਨੂੰ ਛੱਡ ਚੁੱਕੇ ਕਾਤਲਾਂ ਦੇ ਕੰਮਾਂ ਨੂੰ ਪੰਥ ਵਾਸਤੇ ਹਾਨੀਕਾਰਕ ਸਮਝਦੀ ਹੈ ਅਤੇ ਕੁਲ ਸਿੱਖਾਂ, ਖ਼ਾਸ ਕਰਕੇ ਗੁਰਦੁਆਰਾ ਕਮੇਟੀਆਂ ਅਤੇ ਅਕਾਲੀ ਜਥਿਆਂ ਨੂੰ ਹਦਾਇਤ ਕਰਦੀ ਹੈ ਕਿ ਉਹ ਆਪਣਾ ਸਾਰਾ ਤਾਣ ਲਾ ਕੇ ਸਿੱਖਾਂ ਨੂੰ ਤਸ਼ੱਦਦ ਦੇ ਰਾਹ ਪੂਰ ਲੱਗ ਚੁੱਕੇ ਬੰਦਿਆਂ ਤੋਂ ਦੂਰ ਰੱਖਣ ਅਤੇ ਇਨ੍ਹਾਂ ਬੰਦਿਆਂ ਨੂੰ ਕਿਸੇ ਤਰ੍ਹਾਂ ਦੀ ਸਹਾਇਤਾ ਦੇਣ ਤੋਂ ਰੋਕਣ।”
ਜਦ ਤੇਜਾ ਸਿੰਘ ਸਮੁੰਦਰੀ ਨੇ ਪ੍ਰੋਫੈਸਰ ਜੋਧ ਸਿੰਘ ਪੁਰ ਜਿਰਹਾ ਕੀਤੀ ਤਾਂ ਪ੍ਰੋਫੈਸਰ ਨੇ 24 ਫ਼ਰਵਰੀ 1923 ਨੂੰ ਅਦਾਲਤ ਵਿਚ ਬਿਆਨ ਦਿੱਤਾ, ਜੋ ਕੇਸ ਦੀ ਕਾਰਵਾਈ ਦੀ ਨਕਲ ਦੇ ਸਫ਼ਾ 2025 ਪੁਰ ਦਰਜ ਹੈ। ਉਸ ਨੇ ਕਿਹਾ ਕਿ ਇਹ ਮਤਾ ਉਸ ਨੇ ਪੇਸ਼ ਕੀਤਾ ਅਤੇ ਹਰੀ ਸਿੰਘ ਜਲੰਧਰੀ ਨੇ ਤਾਈਦ ਕੀਤੀ ਸੀ। ਉਸ ਨੇ ਇਨ-ਬਿਨ ਉਪਰੋਕਤ ਮਤਾ ਬਿਆਨ ਕੀਤਾ ਅਤੇ ਆਖਿਆ:
“ਹਾਲਤ ਇਹ ਸੀ ਕਿ ਬੱਬਰ ਅਕਾਲੀ ਲਹਿਰ ਦਾ ਉਸ ਵੇਲੇ ਦੁਆਬੇ ਵਿਚ ਜ਼ੋਰ ਸੀ ਅਤੇ ਮੀਟਿੰਗ ਵਿਚ ਦਾਅਵਾ ਕੀਤਾ ਗਿਆ ਕਿ ਦੁਆਬੇ ਅੰਦਰ ਜਿਹੜੇ ਅਕਾਲੀ ਗ੍ਰਿਫ਼ਤਾਰ ਕੀਤੇ ਜਾ ਰਹੇ ਹਨ, ਉਹਨਾਂ ਦਾ ਬੱਬਰ ਅਕਾਲੀ ਲਹਿਰ ਨਾਲ ਕੋਈ ਸਬੰਧ ਨਹੀਂ ਹੈ ਅਤੇ ਉਹ ਸਿਰਫ਼ ਗੁਰਦੁਆਰਾ ਸੁਧਾਰ ਲਹਿਰ ਨਾਲ ਸਬੰਧ ਰੱਖਣ ਕਰਕੇ ਗ੍ਰਿਫ਼ਤਾਰ ਕੀਤੇ ਜਾ ਰਹੇ ਹਨ । ਇਸ ਕਰਕੇ ਮੈਂ ਇਕ ਮਤਾ ਪੇਸ਼ ਕੀਤਾ ਤਾਂ ਜੁ ਗ੍ਰਿਫ਼ਤਾਰ ਹੋਏ ਅਕਾਲੀਆਂ ਦੇ ਕੇਸ ਲੜਨ ਵਾਸਤੇ ਉਨ੍ਹਾਂ ਦੀ ਮਦਦ ਕੀਤੀ ਜਾਵੇ ਅਤੇ ਦੂਜੇ ਉਪਰੋਕਤ ਮਤ ਇਹ ਗੱਲ ਸਾਫ਼ ਕਰਨ ਵਾਸਤੇ ਪਾਸ ਕੀਤਾ ਗਿਆ ਕਿ ਸ਼੍ਰੋ: ਗੁ: ਪ੍ਰ: ਕਮੇਟੀ ਬੱਬਰ ਲਹਿਰ ਨੂੰ ਪਸੰਦ ਨਹੀਂ ਕਰਦੀ । 29-30 ਮਈ 1923 ਨੂੰ ਹੋਈ ਸ਼੍ਰੋਮਣੀ ਕਮੇਟੀ ਦੀ ਜਨਰਲ ਮੀਟਿੰਗ ਨੇ ਇਕ ਇਹ ਮਤਾ ਭੀ ਪਾਸ ਕੀਤਾ ਕਿ ਦੁਆਬੇ ਵਿਚ ਸ਼ਾਂਤਮਈ ਦਾ ਪਰਚਾਰ ਕਰਨ ਵਾਸਤੇ ਧਾਰਮਕ ਦੀਵਾਨ ਰੱਖੇ ਜਾਣ। ਸ਼੍ਰੋਮਣੀ ਕਮੇਟੀ ਨੇ ਕੇਵਲ ਧਾਰਮਕ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਹੈ, ਉਸ ਨੇ ਕਦੇ ਰਾਜਸੀ ਕੈਦੀਆਂ ਦੀ ਰਿਹਾਈ ਦੀ ਮੰਗ ਨਹੀਂ ਕੀਤੀ।”
ਉਸੇ ਨਕਲ ਦੇ ਸਫ਼ਾ 1267 ਪੁਰ ਸਮਿੱਥ ਦਾ ਇਹ ਬਿਆਨ ਦਰਜ ਹੈ :
“ਮਤਾ ਨੰਬਰ 4 ਗਿਆਨੀ ਬਤਨ ਸਿੰਘ ਨੇ ਪੇਸ਼ ਕੀਤਾ ਅਤੇ ਬਾਵਾ ਹਰਿਕਿਸ਼ਨ ਸਿੰਘ ਨੇ ਤਾਈਦ ਕੀਤੀ। ਇਸ ਅਨੁਸਾਰ ਫ਼ੈਸਲਾ ਕੀਤਾ ਗਿਆ ਕਿ ਦੁਆਬੇ ਵਿਚ ਦੋ ਦੀਵਾਨ ਕੀਤੇ ਜਾਣ, ਇਕ ਹੁਸ਼ਿਆਰਪੁਰ ਅਤੇ ਦੂਜਾ ਜਲੰਧਰ ਵਿਖੇ। ਇਹਨਾਂ ਦੀਵਾਨਾਂ ਵਿਚ ਗੁਰਦੁਆਰਾ ਸੁਧਾਰ ਅਤੇ ਸ਼ਾਂਤਮਈ ਦਾ ਪਰਚਾਰ ਕੀਤਾ ਜਾਵੇ।”
ਅੱਗੇ ਚੱਲ ਕੇ ਬਿਆਨ ਦਿੰਦਿਆਂ ਸਮਿੱਥ ਸਫ਼ਾ 1276 ਪੁਰ ਕਹਿੰਦਾ ਹੈ :
“ਸਰਦਾਰ ਮਹਿਤਾਬ ਸਿੰਘ ਜਿਹੇ ਲੀਡਰਾਂ ਨੇ ਤਕਰੀਰਾਂ ਕਰ ਕੇ ਦੱਸਿਆ ਕਿ ਅਕਾਲੀਆਂ ਦਾ ਕੋਈ ਰਾਜਸੀ ਮਕਸਦ ਨਹੀਂ, ਉਹ ਸਰਕਾਰ ਨੂੰ ਕੱਢਣ ਦਾ ਕੋਈ ਖ਼ਿਆਲ ਨਹੀਂ ਰੱਖਦੇ ਅਤੇ ਪੰਜਾਬ ਵਿਚ ਕੋਈ ਸਿਖ ਰਾਜ ਕਾਇਮ ਨਹੀਂ ਕਰਨਾ ਚਾਹੁੰਦੇ।”
ਉਪਰੋਕਤ ਲਿਖਤਾਂ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਪਿਛਾਂਹ-ਖਿਚੂ ਲੀਡਰ ਬੱਬਰਾਂ ਦੇ ਬਾਗ਼ੀਆਨਾ ਪਰਚਾਰ ਦੀ ਵਿਰੋਧਤਾ ਕਰ ਕੇ ਅਤੇ ਬੱਬਰ ਲਹਿਰ ਦੀ ਨਿਖੇਧੀ ਕਰ ਕੇ ਬਰਤਾਨਵੀ ਸਰਕਾਰ ਦੀ ਮਦਦ ਕਰਦੇ ਰਹੇ।
ਚੋਰੀ ਡਾਕੇ ਛੱਡ ਕੇ ਬੱਬਰਾਂ ਵਿਚ ਆਇਆਂ ਬਾਰੇ
ਕਿਸੇ ਪਿਛਲੇ ਕਾਂਡ ਵਿਚ ਦੱਸ ਆਏ ਹਾਂ ਕਿ ਵਰਿਆਮ ਸਿੰਘ ਧੁੱਗਾ, ਦਲੀਪਾ ਤੇ ਬੰਤਾ ਸਿੰਘ ਧਾਮੀਆਂ, ਧੰਨਾ ਸਿੰਘ ਕੋਟਲੀ ਬਾਵਾ ਦਾਸ ਅਤੇ ਦੁੱਮਣ ਸਿੰਘ ਪੰਡੋਰੀ ਮਹਿਤਮਾ ਨੇ ਡਾਕੇ ਚੋਰੀਆਂ ਤੋਂ ਤੌਬਾ ਕਰ ਕੇ ਬੱਬਰ ਜਥੇ ਦੇ ਅਸੂਲਾਂ ਅਨੁਸਾਰ ਕੰਮ ਕਰਨ ਦਾ ਪ੍ਰਣ ਕੀਤਾ ਸੀ । ਇਨ੍ਹਾਂ ਵਿਚੋਂ ਦਲੀਪਾ ਸਤਾਰਾਂ ਅਠਾਰਾਂ ਸਾਲ ਦਾ ਅਜੇ ਗਭਰੂਟ ਸੀ, ਡਾਕੇ ਚੋਰੀ ਦੀ ਭੈੜੀ ਵਾਦੀ ਅਜੇ ਉਸ ਨੂੰ ਪੱਕੀ ਨਹੀਂ ਸੀ ਹੋਈ। ਉਹ ਬੱਬਰ ਜਥੇ ਵਿਚ ਆ ਕੇ ਬਿਲਕੁਲ ਬੱਬਰ-ਅਸੂਲਾਂ ਅਨੁਸਾਰ ਕੰਮ ਕਰਦਾ ਰਿਹਾ। ਵਰਿਆਮ ਸਿੰਘ ਧੁੱਗਾ ਨੂੰ ਭਾਵੇਂ ਡਸਿਪਲਨ ਵਿਚ ਰਹਿ ਕੇ ਚੱਲਣ ਦੀ ਪੂਰੀ ਆਦਤ ਨਹੀਂ ਸੀ ਪਈ, ਪਰ ਉਸ ਨੇ ਭੀ ਬੱਬਰ-ਅਸੂਲਾਂ ਵਿਰੁੱਧ ਮੁੜ ਕੋਈ ਕੰਮ ਨਹੀਂ ਕੀਤਾ, ਬਲਕਿ ਸ਼ਹੀਦੀ ਪਰਾਪਤ ਕੀਤੀ। ਬੰਤਾ ਸਿੰਘ ਧਾਮੀਆਂ ਕਾਫ਼ੀ ਹੱਦ ਤਕ ਬੱਬਰ ਜਥੇ ਦੇ ਹੁਕਮ ਹੇਠਾਂ ਚੱਲਦਾ ਰਿਹਾ। ਧੰਨਾ ਸਿੰਘ ਕੋਟਲੀ ਅਤੇ ਦੁੰਮਣ ਸਿੰਘ ਪੰਡੋਰੀ ਮਹਿਤਮਾ ਵਿਚ ਕੋਈ ਫ਼ਰਕ ਨਾ ਪਿਆ। ਧੰਨਾ ਸਿੰਘ ਕੋਟਲੀ ਭਾਵੇਂ ਕਈ ਐਕਸ਼ਨਾਂ ਵਿਚ ਜਾਂਦਾ ਰਿਹਾ, ਪਰ ਉਸ ਦੀ ਨੀਯਤ ਓਹੀ ਰਹੀ। ਉਹ ਹਰ ਐਕਸ਼ਨ ਵੇਲੇ ਅੰਦਰ ਜਾਣ ਦੀ ਹੀ ਕੋਸ਼ਿਸ਼ ਕਰਦਾ ਸੀ, ਕਿਉਂਕਿ ਇਸ ਤਰ੍ਹਾਂ ਉਸ ਨੂੰ ਅੱਖ ਬਚਾ ਕੇ ਕੋਈ ਨਾ ਕੋਈ ਟੁੰਬ-ਛੱਲਾ ਵੱਖ ਕਾਬੂ ਕਰ ਲੈਣ ਦਾ ਮੌਕਾ ਮਿਲ ਜਾਂਦਾ ਸੀ । ਉਸ ਨੇ ਬੂਟੇ ਨੰਬਰਦਾਰ ਦੇ ਪੋਤੇ ਨੂੰ ਬੱਬਰ ਜਥੇ ਦੀ ਹਦਾਇਤ ਵਿਰੁੱਧ ਕਤਲ ਕੀਤਾ ਸੀ । ਉਸ ਵੇਲੇ ਤੋਂ ਉਸ ਦੀ ਡਿਊਟੀ ਬਾਹਰ ਪਹਿਰੇ ਪੁਰ ਰਹਿਣ ਦੀ ਲੱਗ ਗਈ।
ਮੁੱਕਦੀ ਗੱਲ ਇਹ ਕਿ ਬੱਬਰ ਲਹਿਰ ਦੇ ਅਸਰ ਨਾਲ ਕਈ ਸੱਜਣ ਚੋਰੀਆਂ ਡਾਕੇ ਛੱਡ ਕੇ ਬੱਬਰਾਂ ਦੇ ਪ੍ਰੋਗਰਾਮ ਅਨੁਸਾਰ ਅਮਲ ਕਰਦੇ ਰਹੇ, ਪਰ ਕੁਝ ਕੁ ਨੇ ਆਪਣੀਆਂ ਪਹਿਲੀਆਂ ਆਦਤਾਂ ਨਾ ਛੱਡੀਆਂ, ਇਸ ਕਰਕੇ ਉਹ ਵੱਖ ਕਰ ਦਿੱਤੇ ਗਏ ਜਾਂ ਆਪ ਹੀ ਅੱਡ ਹੋ ਗਏ।
ਬਾਬੂ ਸੰਤਾ ਸਿੰਘ ਦੀ ਗ੍ਰਿਫ਼ਤਾਰੀ
ਚੌਦਾਂ ਪੰਦਰਾਂ ਜੂਨ 1923 ਦੇ ਕਰੀਬ ਬਾਬੂ ਸੰਤਾ ਸਿੰਘ, ਦਲੀਪਾ ਤੇ ਬੰਤਾ ਸਿੰਘ ਧਾਮੀਆਂ, ਅਨੂਪ ਸਿੰਘ ਮਾਣਕੋ ਅਤੇ ਧੰਨਾ ਸਿੰਘ ਕੋਟਲੀ ਬਾਵਾ ਦਾਸ, ਚੰਦਾ ਸਿੰਘ ਪਲਾਹੀ ਦੇ ਖੂਹ ਪੁਰ ਇਕੱਠੇ ਹੋਏ। ਚੰਦਾ ਸਿੰਘ ਨੇ ਦੱਸਿਆ ਕਿ ਸੁਣਨ ਵਿਚ ਇਹ ਗੱਲ ਆਈ ਹੈ ਕਿ ਦੁਆਬੇ ਵਿਚ ਮਾਰਸ਼ਲ-ਲਾਅ ਲੱਗਣ ਵਾਲਾ ਹੈ। ਇਸ ਮਤਲਬ ਵਾਸਤੇ ਕਾਫ਼ੀ ਰਸਾਲਾ ਜਲੰਧਰ ਪਹੁੰਚ ਗਿਆ ਹੈ। ਕੁਝ ਵਿਚਾਰ ਕਰਨ ਮਗਰੋਂ ਫ਼ੈਸਲਾ ਹੋਇਆ ਕਿ ਦੁਆਬੇ ਤੋਂ ਕੁਝ ਚਿਰ ਵਾਸਤੇ ਬਾਹਰ ਰਹਿਣ ਦੀ ਖ਼ਾਤਰ ਸੰਤਾ ਸਿੰਘ, ਦਲੀਪਾ ਧਾਮੀਆਂ ਅਤੇ ਅਨੂਪ ਸਿੰਘ ਮਾਲਵੇ ਵੱਲ ਅਤੇ ਬੰਤਾ ਸਿੰਘ ਧਾਮੀਆਂ ਤੇ ਧੰਨਾ ਸਿੰਘ ਕੋਟਲੀ ਮਾਝੇ ਵਿਚ ਚਲੇ ਜਾਣ ਤੇ ਜੇ ਉਦੋਂ ਤਾਈਂ ਹਕੂਮਤ ਵਲੋਂ ਕੋਈ ਅਤੀ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਇਕ ਮਹੀਨੇ ਪਿੱਛੋਂ ਮੁੜ ਕੇ ਪਲਾਹੀ ਇਕੱਤਰਤਾ ਕੀਤੀ ਜਾਏ।
ਬਾਬੂ ਸੰਤਾ ਸਿੰਘ ਨੇ ਤਜਵੀਜ਼ ਕੀਤੀ ਕਿ ਮਾਲਵੇ ਵਿਚ ਸੰਤ ਕਰਤਾਰ ਸਿੰਘ ਪ੍ਰਾਗਪੁਰੀ ਦੀ ਬਹੁਤ ਵਾਕਫ਼ੀ ਹੈ। ਇਸ ਲਈ ਉਧਰ ਰਹਿਣ ਦਾ ਪਰਬੰਧ ਉਸ ਦੇ ਰਾਹੀਂ ਕੀਤਾ ਜਾਏ। ਮਲੂਕ ਸਿੰਘ ਪਲਾਹੀ ਨੇ ਸੰਤਾ ਸਿੰਘ ਨੂੰ ਦੱਸਿਆ ਕਿ ਲੋਕੀਂ ਸੰਤ ਕਰਤਾਰ ਸਿੰਘ ਪੁਰ ਸੀ.ਆਈ.ਡੀ. ਨਾਲ ਮੇਲ-ਮਿਲਾਪ ਰੱਖਣ ਦਾ ਸ਼ੱਕ ਕਰਦੇ ਹਨ, ਇਸ ਲਈ ਉਸ ਤੋਂ ਹੁਸ਼ਿਆਰ ਰਹਿਣਾ ਚਾਹੀਦਾ ਹੈ । ਸੰਤਾ ਸਿੰਘ ਨੇ ਉੱਤਰ ਦਿੱਤਾ, “ਲੋਕੀਂ ਚਿਰਾਂ ਤੋਂ ਉਸ ਬਾਰੇ ਅਜਿਹੀਆਂ ਗੱਲਾਂ ਕਰਦੇ ਹਨ, ਪਰ ਉਸ ਨੇ ਅਜੇ ਤੀਕ ਕੋਈ ਨੁਕਸਾਨ ਨਹੀਂ ਪੁਚਾਇਆ। ਇਹ ਸਭ ਝੂਠਾ ਸ਼ੱਕ ਹੈ। ਫੇਰ ਜੇ ਉਹ ਸੀ.ਆਈ.ਡੀ. ਨਾਲ ਭੀ ਮਿਲਿਆ ਹੋਇਆ ਹੋਵੇ ਤਾਂ ਵੀ ਮੇਰੇ ਨਾਲ ਧ੍ਰੋਹ ਨਹੀਂ ਕਮਾ ਸਕਦਾ ਕਿਉਂਕਿ ਉਹ ਮੇਰਾ ਜ਼ਾਤੀ ਮਿੱਤਰ ਹੈ।”
ਬਾਬੂ ਸੰਤਾ ਸਿੰਘ, ਦਲੀਪਾ ਅਤੇ ਅਨੂਪ ਸਿੰਘ ਖੁਸਰੋਪੁਰ ਪੁੱਜੇ ਤਾਂ ਜਸਵੰਤ ਸਿੰਘ ਨੇ ਬਾਬੂ ਨੂੰ ਦੱਸਿਆ ਕਿ ਸੰਤ ਕਰਤਾਰ ਸਿੰਘ ਕੱਲ੍ਹ ਏਥੇ ਆਇਆ ਸੀ ਅਤੇ ਤੁਹਾਡੀ ਤਲਾਸ਼ ਵਿਚ ਸੀ। ਉਹ ਕਹਿ ਗਿਆ ਹੈ ਕਿ ਤੁਸੀਂ ਪਟਿਆਲੇ ਵਿਚ ਉਸ ਥਾਂ ਪੁੱਜ ਜਾਵੋ, ਜੋ ਤੁਹਾਡੇ ਨਾਲ ਨੀਯਤ ਕੀਤੀ ਹੋਈ ਹੈ।
ਬਾਬੂ ਨੇ ਉੱਤਰ ਦਿੱਤਾ ਕਿ ਮੇਰੇ ਉਧਰ ਚਲੇ ਜਾਣ ਦੀ ਤੁਸੀਂ ਸੰਤਾਂ ਹੋਰਾਂ ਨੂੰ ਖ਼ਬਰ ਕਰ ਦੇਣੀ।
ਤਿੰਨੇ ਸਾਥੀ ਦੂਜੇ ਦਿਨ ਕਪੂਰਥਲੇ ਤੋਂ ਗੱਡੀ ਚੜ੍ਹ ਕੇ ਫ਼ੀਰੋਜ਼ਪੁਰ ਵਿਚ ਦੀ ਬਠਿੰਡੇ ਪੁੱਜੇ ਤੇ ਉਥੋਂ ਸੰਤ ਕਰਤਾਰ ਸਿੰਘ ਦੇ ਦੱਸੇ ਹੋਏ ਟਿਕਾਣੇ ਪੁਰ ਪਿੰਡ ਹਦੀਆਇਆ ਵਿਚ ਬੀਰ ਸਿੰਘ ਅਕਾਲੀ ਦੇ ਘਰ ਪਹੁੰਚੇ। ਅਗਲੇ ਦਿਨ ਸੰਤ ਜੀ ਭੀ ਉਥੇ ਪੁੱਜ ਗਏ। ਉਸ ਤੋਂ ਅਗਲੇ ਦਿਨ ਫਿਰ-ਫਿਰਾ ਕੇ ਠੀਕਰੀਵਾਲੇ ਪੁੱਜੇ ਤਾਂ ਸੰਤ ਨੇ ਆਖਿਆ :
“ਤਿਹਾਂ ਦਾ ਇਕ ਥਾਂ ਬੰਦੋਬਸਤ ਹੋਣਾ ਮੁਸ਼ਕਲ ਹੈ, ਇਸ ਲਈ ਪਹਿਲਾਂ ਮੈਂ ਸੰਤਾ ਸਿੰਘ ਨੂੰ ਇਕ ਥਾਂ ਛੱਡ ਆਉਂਦਾ ਹਾਂ। ਅਨੂਪ ਸਿੰਘ ਤੇ ਦਲੀਪਾ ਚਾਰ-ਪੰਜ ਦਿਨ ਠੀਕਰੀਵਾਲੇ ਦੇ ਗੁਰਦੁਆਰੇ ਵਿਚ ਠਹਿਰਨ ਤੇ ਉਸ ਤੋਂ ਬਾਅਦ ਮਸਤੂਆਣੇ ਆ ਜਾਣ। ਫਿਰ ਇਹਨਾਂ ਦਾ ਪਰਬੰਧ ਭੀ ਕਰ ਦਿਆਂਗਾ।”
ਇਹ ਗੱਲ ਪੱਕੀ ਕਰ ਕੇ ਸੰਤ ਕਰਤਾਰ ਸਿੰਘ ਅਤੇ ਬਾਬੂ ਸੰਤਾ ਸਿੰਘ 19 ਜੂਨ 1923 ਦੀ ਰਾਤ ਨੂੰ ਪਿੰਡ ਨਾਈਵਾਲੇ ਸ: ਈਸ਼ਰ ਸਿੰਘ ਲਸੰਸੀਏ ਪਾਸ ਪੁੱਜੇ। ਸੰਤ ਨੇ ਬਾਬੂ ਨੂੰ ਦੱਸਿਆ, “ਇਹ ਸਰਦਾਰ ਆਪਣੇ ਘਰ ਦਾ ਬੰਦਾ ਹੈ, ਤੁਸੀਂ ਗੋਲੀਆਂ ਦਾ ਭਾਰ ਨਾਲ ਨਾਲ ਨਾ ਚੁੱਕੀ ਫਿਰੋ। ਏਥੇ ਰੱਖ ਦੇਵੋ, ਜਦੋਂ ਲੋੜ ਪਏਗੀ, ਮੈਂ ਤੁਹਾਨੂੰ ਏਥੋਂ ਲੈ ਕੇ ਪਹੁੰਚਾ ਦਿਆਂਗਾ, ਸਗੋਂ ਹੋਰ ਭੀ ਪਹੁੰਚਾ ਦੇਵਾਂਗਾ।” ਸੰਤਾ ਸਿੰਘ ਨੇ 12 ਬੋਰ ਦੀਆਂ 16 ਗੋਲੀਆਂ ਈਸ਼ਰ ਸਿੰਘ ਦੇ ਹਵਾਲੇ ਕਰ ਦਿੱਤੀਆਂ। 20 ਜੂਨ ਸਵੇਰੇ ਦੋਵੇਂ ਬਰਨਾਲੇ ਨੂੰ ਚਲੇ ਗਏ। ਬਾਬੂ ਸੰਤਾ ਸਿੰਘ ਨੂੰ ਸਟੇਸ਼ਨ ਦੇ ਲਾਗੇ ਇਕ ਟਾਹਲੀ ਦੇ ਬ੍ਰਿਛ ਹੇਠ ਬਿਠਾ ਕੇ ਸੰਤ ਕਰਤਾਰ ਸਿੰਘ ਟਿਕਟ ਲੈਣ ਲਈ ਚਲਾ ਗਿਆ। ਅਸਲ ਵਿਚ ਸੰਤ ਨੇ ਪਹਿਲੋਂ ਹੀ ਇਤਲਾਹ ਦੇ ਕੇ ਪੁਲਿਸ ਸਟੇਸ਼ਨ ਪੁਰ ਬੁਲਾ ਰੱਖੀ ਸੀ। ਉਸ ਨੇ ਪੁਲਿਸ ਨੂੰ ਦੱਸ ਦਿੱਤਾ ਕਿ ਇਸ ਵੇਲੇ ਬਾਬੂ ਸੰਤਾ ਸਿੰਘ ਪਾਸ ਕੋਈ ਗੋਲੀ-ਬਰੂਦ ਨਹੀਂ ਹੈ।
ਪਟਿਆਲੇ ਵਲੋਂ ਦੁਪਹਿਰ ਦੀ ਗੱਡੀ ਆਈ। ਬਾਬੂ ਸੰਤਾ ਸਿੰਘ ਪਿਛਲੇ ਡੱਬੇ ਵਿਚ ਚੜ੍ਹ ਗਿਆ। ਡੱਬੇ ਵਿਚ ਹੋਰ ਕੋਈ ਸਵਾਰੀ ਨਹੀਂ ਸੀ । ਬਾਬੂ ਨੇ ਪਸਤੌਲ ਤੇ ਕੁਝ ਕਾਗ਼ਜ਼ਾਂ ਨੂੰ ਇਕੱਠੇ ਕਰ ਕੇ ਇਕ ਗਠੜੀ ਜਿਹੀ ਬਣਾ ਲਈ ਤੇ ਗਠੜੀ ਸਾਹਮਣੇ ਰੱਖ ਕੇ ਸੌਂ ਗਿਆ। ਜਦੋਂ ਤਪਾ ਸਟੇਸ਼ਨ ਆਇਆ ਤਾਂ ਇਕ-ਦਮ ਪੰਜ ਛੇ ਪੁਲਿਸ ਵਾਲੇ ਆਪ ਜੀ ਦੇ ਡੱਬੇ ਵਿਚ ਆ ਵੜੇ। ਕਿਸੇ ਨੇ ਕੇਸਾਂ ਤੋਂ ਫੜਿਆ, ਕਿਸੇ ਨੇ ਦਾੜੀ ਤੋਂ, ਬਾਕੀਆਂ ਨੇ ਹੱਥਕੜੀਆਂ ਜੜ ਦਿੱਤੀਆਂ। ਬਾਬੂ ਸੰਤਾ ਸਿੰਘ ਜੀ ਗ੍ਰਿਫ਼ਤਾਰ ਹੋ ਗਏ।
ਉਡਾਰੂ ਪ੍ਰੈਸ ਫੜਿਆ ਗਿਆ
ਬਾਬੂ ਸੰਤਾ ਸਿੰਘ ਜੀ ਦੀ ਗਠੜੀ ਵਿਚੋਂ ਜਿਹੜੇ ਕਾਗ਼ਜ਼ ਮਿਲੇ, ਉਹਨਾਂ ਵਿਚ ਇਕ ਐਸਾ ਖ਼ਤ ਪੁਲਿਸ ਦੇ ਹੱਥ ਲੱਗਾ, ਜੋ ਸੰਤਾ ਸਿੰਘ ਨੇ ਜਵਾਲਾ ਸਿੰਘ ਅਤੇ ਭਗਵਾਨ ਸਿੰਘ ਫ਼ਤਹਪੁਰ ਕੋਠੀ ਦੇ ਨਾਂ ਲਿਖਿਆ ਹੋਇਆ ਸੀ । ਇਸ ਵਿਚ ਉਸ ਨੇ ਉਹਨਾਂ ਕੋਲ ਰੱਖੇ ‘ਉਡਾਰੂ ਪ੍ਰੈਸ’ ਦਾ ਜ਼ਿਕਰ ਕੀਤਾ ਹੋਇਆ ਸੀ । ਸਰਦਾਰ ਅਲੀ ਸ਼ਾਹ ਥਾਣੇਦਾਰ ਇਹ ਚਿੱਠੀ ਲੈ ਕੇ 25 ਜੂਨ 1923 ਨੂੰ ਫ਼ਤਹਪੁਰ ਕੋਠੀ ਪਹੁੰਚਿਆ, ਜਵਾਲਾ ਸਿੰਘ ਉਸ ਵੇਲੇ ਪਿੰਡ ਨਹੀਂ ਸੀ। ਇਸ ਲਈ ਉਹ ਗ੍ਰਿਫ਼ਤਾਰੀ ਤੋਂ ਬਚ ਗਿਆ, ਪਰ ਭਗਵਾਨ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਪੁਲਿਸ ਨੇ ਉਸ ਤੋਂ ਉਹ ਮਸ਼ੀਨ ਮੰਗੀ, ਜਿਸ ਦਾ ਜ਼ਿਕਰ ਬਾਬੂ ਸੰਤਾ ਸਿੰਘ ਦੇ ਖ਼ਤ ਵਿਚ ਸੀ। ਭਗਵਾਨ ਸਿੰਘ ਨੇ ਦੱਸਿਆ ਕਿ ਉਹ ਮਸ਼ੀਨ ਪਰਸ਼ੋਤਮ ਸਿੰਘ ਦੇ ਘਰ ਰੱਖੀ ਹੋਈ ਹੈ। ਪੁਲਿਸ ਨੇ ਪਰਸ਼ੋਤਮ ਸਿੰਘ ਨੂੰ ਬੁਲਾਇਆ ਤਾਂ ਭਗਵਾਨ ਸਿੰਘ ਨੇ ਉਸ ਨੂੰ ਵਾਜਾ ਲਿਆ ਦੇਣ ਲਈ ਆਖਿਆ । ਥਾਣੇਦਾਰ ਬੋਲਿਆ, “ਅਸੀਂ ਵਾਜਾ ਸਿਰ ਮਾਰਨਾ ਏਂ, ਸਾਨੂੰ ਤਾਂ ਪਰਚੇ ਛਾਪਣ ਵਾਲੀ ਮਸ਼ੀਨ ਲਿਆ ਕੇ ਦਿਓ।” ਭਗਵਾਨ ਸਿੰਘ ਨੇ ਦੱਸਿਆ ਕਿ ਜਦੋਂ ਪਰਸ਼ੋਤਮ ਸਿੰਘ ਨੂੰ ਮਸ਼ੀਨ ਕਪੜੇ ਵਿਚ ਬੰਨ੍ਹ ਕੇ ਦਿੱਤੀ ਸੀ ਤਾਂ ਉਸ ਨੂੰ ਹਾਰਮੋਨੀਅਮ ਵਾਜਾ ਆਖ ਕੇ ਦਿੱਤੀ ਸੀ, ਤਾਂ ਜੁ ਮੇਰੇ ਘਰ ਬੱਚੇ ਉਸ ਨੂੰ ਖ਼ਰਾਬ ਨਾ ਕਰ ਸਕਣ। ਭਗਵਾਨ ਸਿੰਘ ਦੇ ਕਹਿਣ ਪੁਰ ਪਰਸ਼ੋਤਮ ਸਿੰਘ ਨੇ ਮਸ਼ੀਨ ਲਿਆ ਕੇ ਪੁਲਿਸ ਦੇ ਹਵਾਲੇ ਕਰ ਦਿੱਤੀ।
ਹਵਾਈ ਜਹਾਜ਼ ਨਾਲ ਤਲਾਸ਼ੀ
ਕੌਲਗੜ੍ਹ ਦੇ ਕੇਸ ਮਗਰੋਂ ਕਰਮ ਸਿੰਘ ਐਡੀਟਰ, ਉਦੈ ਸਿੰਘ, ਧੰਨਾ ਸਿੰਘ ਬਹਿਬਲਪੁਰੀ, ਰਾਮ ਸਿੰਘ ਮੁਜ਼ਾਰਾ ਕਲਾਂ ਅਤੇ ਬਿਸ਼ਨ ਸਿੰਘ ਮਾਂਗਟ ਪਹਾੜ ਵੱਲ ਚਲੇ ਗਏ ਸਨ। ਧੰਨਾ ਸਿੰਘ ਨੂੰ ਕਿਸੇ ਕੰਮ ਫ਼ਤਹਪੁਰ ਕੋਠੀ ਵੱਲ ਭੇਜਿਆ ਗਿਆ। ਤਾਂ ਉਸ ਨੇ ਵਾਪਸ ਆ ਕੇ ਦੱਸਿਆ ਕਿ ਕੰਢੀ ਦੇ ਸਾਰੇ ਇਲਾਕੇ ਤੇ ਕੁਝ ਪਹਾੜੀ ਇਲਾਕੇ ਵਿਚ ਫ਼ੌਜੀ ਰਸਾਲੇ ਅਤੇ ਪੁਲਿਸ ਨੇ ਮਿਲ ਕੇ ਬਹੁਤ ਬੜੇ ਪੈਮਾਨੇ ਪੁਰ ਬੱਬਰਾਂ ਦੀ ਭਾਲ ਸ਼ੁਰੂ ਕੀਤੀ ਹੋਈ ਸੀ । ਰਸਾਲੇ ਦੇ ਨਾਲ ਇਕ ਹਵਾਈ ਜਹਾਜ਼ ਭੀ ਸੀ, ਜੋ ਕਾਫ਼ੀ ਦੂਰ ਤਕ ਗੇੜੇ ਮਾਰ ਮਾਰ ਕੇ ਅਤੇ ਨੀਵਾਂ ਉੱਡ ਕੇ ਬੱਬਰਾਂ ਦੀ ਭਾਲ ਵਿਚ ਮਦਦ ਦੇ ਰਿਹਾ ਸੀ। ਰਸਾਲਾ ਖੇਤਾਂ ਵਿਚ ਤੇ ਖੂਹਾਂ ਪੁਰ ਭੀ ਫਿਰਿਆ ਕਰਦਾ ਸੀ। ਇਸ ਰਿਪੋਰਟ ਨੂੰ ਸੁਣ ਕੇ ਬੱਬਰਾਂ ਨੇ ਸਲਾਹ ਕੀਤੀ ਕਿ ਹੇਠਾਂ ਮੈਦਾਨੀ ਇਲਾਕੇ ਵਿਚ ਉਤਰ ਜਾਣਾ ਚਾਹੀਦਾ ਹੈ।
ਬਾਬੂ ਸੰਤਾ ਸਿੰਘ ਦਾ ਬਿਆਨ
ਗ੍ਰਿਫ਼ਤਾਰੀ ਤੋਂ ਪਹਿਲਾਂ ਬਾਬੂ ਸੰਤਾ ਸਿੰਘ ਬਹੁਤ ਦਲੇਰੀ ਤੇ ਨਿਰਭੈਤਾ ਨਾਲ ਕੰਮ ਕਰਦਾ ਰਿਹਾ ਸੀ, ਪਰ ਉਹ ਪੁਲਿਸ ਦੀਆਂ ਚਲਾਕੀਆਂ ਤੇ ਹੱਥਕੰਡਿਆਂ ਦਾ ਮੁਕਾਬਲਾ ਨਾ ਕਰ ਸਕਿਆ। ਗ੍ਰਿਫ਼ਤਾਰ ਹੋ ਚੁੱਕੇ ਬੱਬਰਾਂ ਦੇ ਬਿਆਨ ਤੋਂ ਪੁਲਿਸ ਨੂੰ ਬਹੁਤ ਕੁਝ ਪਤਾ ਲੱਗ ਚੁੱਕਾ ਸੀ। ਜਦ ਪੁਲਿਸ ਨੇ ਉਹ ਸਾਰੀ ਵਾਕਫ਼ੀ ਬਾਬੂ ਸੰਤਾ ਸਿੰਘ ਅੱਗੇ ਰੱਖੀ ਤਾਂ ਬਾਬੂ ਸੋਚੀਂ ਪੈ ਗਿਆ ਕਿ ਇਹ ਕੀ ਬਣਿਆ ! ਪੁਲਿਸ ਨੇ ਆਖਿਆ, “ਬਾਬੂ ਜੀ, ਕੀ ਸੋਚ ਰਹੇ ਹੋ ? ਤੁਸੀਂ ਤਾਂ ਭੋਲੇ ਬਾਦਸ਼ਾਹ ਹੋ, ਤੁਹਾਨੂੰ ਪਤਾ ਨਹੀਂ ਦੁਨੀਆ ਕਿਵੇਂ ਕੰਮ ਕਰਦੀ ਹੈ। ਤੁਹਾਡੀ ਰੋਜ਼ ਰੋਜ਼ ਦੀ ਇਤਲਾਹ ਸਾਡੇ ਪਾਸ ਪਹੁੰਚ ਜਾਂਦੀ ਸੀ । ਛੋਟੇ ਵਰਕਰਾਂ ਨੂੰ ਅੰਦਰੂਨੀ ਗੱਲਾਂ ਦਾ ਭੇਦ ਨਹੀਂ ਲੱਗਦਾ, ਸਾਡੇ ਬੰਦੇ ਤੁਹਾਡੇ ਲੀਡਰਾਂ ਦੇ ਅੰਦਰ ਮੌਜੂਦ ਹਨ। ਜਥੇਦਾਰ ਕਿਸ਼ਨ ਸਿੰਘ ਕਤਲਾਂ ਦੇ ਅਰੰਭ ਤੋਂ ਪਹਿਲਾਂ ਹੀ ਫੜਿਆ ਗਿਆ ਅਤੇ ਉਸ ਨੇ ਆ ਕੇ ਸਭ ਕੁਝ ਦੱਸ ਦਿੱਤਾ। ਕਰਮ ਸਿੰਘ ਝਿੰਗੜ ਤੇ ਦਲੀਪ ਸਿੰਘ ਗੋਸਲ ਆਏ ਤੇ ਸਭ ਕੁਝ ਦੱਸ-ਦਸਾ ਕੇ ਲਾਂਭੇ ਹੋਏ। ਤੁਸੀਂ ਜਿਨ੍ਹਾਂ ਦੀ ਪੂਜਾ ਕਰਦੇ ਹੋ, ਸਭ ਗੋਲੀ ਮਾਰਨ ਦੇ ਕਾਬਲ ਹਨ। ਤੁਸੀਂ ਸੱਚੇ ਆਦਮੀ ਹੋ ਤੇ ਕੰਮ ਕਰਨ ਵਾਲੇ ਹੋ । ਬਥੇਰਾ ਕੰਮ ਕੀਤਾ, ਸੱਚ ਪੁੱਛੋ ਤਾਂ ਤੁਹਾਡੇ ਵਰਗੇ ਆਦਮੀਆਂ ਦੀ ਅਸੀਂ ਬੜੀ ਕਦਰ ਕਰਦੇ ਹਾਂ, ਪਰ ਸਾਨੂੰ ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਤੁਹਾਡੇ ਵਰਗੇ ਸੱਚੇ ਆਦਮੀਆਂ ਪੁਰ ਸਾਰਾ ਭਾਰ ਪਾ ਕੇ ਲੀਡਰ ਲੋਕੀਂ ਆਪ ਚਾਂਗੀਆਂ ਖਾਂਦੇ ਹਨ ਅਤੇ ਤੁਹਾਡੇ ਨਾਲ ਧੋਖਾ ਕਰ ਜਾਂਦੇ ਹਨ ਪਰ ਤੁਹਾਨੂੰ ਪਤਾ ਭੀ ਨਹੀਂ ਲੱਗਣ ਦੇਂਦੇ । ਤੁਸੀਂ ਇਹਨਾਂ ਦੁਆਬੀਆਂ ਵਿਚ ਕਿਥੋਂ ਫਸ ਗਏ। ਹੁਣ ਭੀ ਸੁਰਤ ਸੰਭਾਲੋ। ਅਸੀਂ ਤੁਹਾਡੇ ਭਰਾ ਹਾਂ, ਸੱਚੇ ਆਦਮੀ ਦੀ ਮਦਦ ਕਰਨਾ ਅਸੀਂ ਆਪਣਾ ਫ਼ਰਜ਼ ਸਮਝਦੇ ਹਾਂ । ਤੁਸੀਂ ਤਾਂ ਸਭ ਕੁਝ ਦੁਆਬੀਆਂ ਦੀਆਂ ਚਾਲਾਂ ਵਿਚ ਫਸ ਕੇ ਤੇ ਉਹਨਾਂ ਦੇ ਕਹਿਣੇ ਲੱਗ ਕੇ ਹੀ ਕੀਤਾ ਹੈ । ਇਸ ਲਈ ਅਸੀਂ ਤੁਹਾਨੂੰ ਤਾਂ ਸਾਫ਼ ਕੱਢ ਦਿਆਂਗੇ, ਪਰ ਸ਼ਰਾਰਤੀਆਂ ਨੂੰ ਅਸੀਂ ਨਹੀਂ ਛੱਡ ਸਕਦੇ। ਜੇ ਤੁਸੀਂ ਸਾਡੇ ਨਾਲ ਭੀ ਸੱਚ ਸੱਚ ਵਰਤੋਗੇ ਤਾਂ ਅਸੀਂ ਸਰਕਾਰ ਨੂੰ ਆਖ ਸਕਾਂਗੇ ਕਿ ਬਾਬੂ ਹੋਰੀਂ ਤਾਂ ਗ਼ਲਤੀ ਵਿਚ ਆ ਕੇ ਸਭ ਕੁਝ ਕਰ ਬੈਠੇ ਹਨ । ਜੇ ਤੁਸੀਂ ਆਪਣੀ ਪਹਿਲੀ ਜ਼ਿੰਦਗੀ ਦੇ ਉਲਟ ਸਾਡੇ ਨਾਲ ਝੂਠੇ ਤੇ ਗੰਦੇ ਆਦਮੀਆਂ ਵਾਲਾ ਵਰਤਾਉ ਕੀਤਾ ਤਾਂ ਫੇਰ ਅਸੀਂ ਭੀ ਉਹੋ ਜਿਹਾ ਸਲੂਕ ਕਰਾਂਗੇ। ਹੱਡ ਭੰਨਵਾ ਕੇ ਅਤੇ ਬੇਇੱਜ਼ਤੀ ਕਰਵਾ ਕੇ ਦੱਸਿਆ ਤਾਂ ਕੀ ਦੱਸਿਆ। ਫੇਰ ਤੁਹਾਥੋਂ ਅਸੀਂ ਪੁੱਛਣਾ ਭੀ ਕੀ ਹੈ, ਸਭ ਕੁਝ ਸਾਡੇ ਕੋਲ ਹੈ। ਜੇ ਇਹੋ ਗੱਲਾਂ ਆਪਣੇ ਮੂੰਹੋਂ ਦੱਸ ਦੇਵੋਗੇ ਤਾਂ ਤੁਹਾਡਾ ਹੀ ਫ਼ਾਇਦਾ ਹੈ। ਅਸੀਂ ਭੀ ਜੀ ਆਖ ਕੇ ਬੁਲਾਵਾਂਗੇ ਅਤੇ ਜਾਨ ਵੀ ਬਚ ਜਾਏਗੀ।”
ਇਸ ਤਰ੍ਹਾਂ ਦੇ ਅਨੇਕਾਂ ਫੌੜ੍ਹ ਮਾਰ ਕੇ ਤੇ ਹੇਠਲੀਆਂ-ਉਤਲੀਆਂ ਕਹਿ ਕੇ ਪੁਲਿਸ ਬਾਬੂ ਨੂੰ ਭੁਚਲਾਉਣ ਵਿਚ ਕਾਮਯਾਬ ਹੋ ਗਈ। ਬਾਬੂ ਭੀ ਪੈਂਤੜੇ ਤੋਂ ਅਜਿਹਾ ਉਖੜਿਆ ਕਿ ਉਸ ਨੇ ਉੜੇ ਤੋਂ ੜਾੜੇ ਤੀਕ ਸਭ ਕੁਝ ਪੁਲਿਸ ਦੇ ਮੂੰਹ ਪੁਰ ਰੱਖ ਦਿੱਤਾ। ਜਦੋਂ ਮੈਜਿਸਟਰੇਟ ਸਾਹਮਣੇ ਬਿਆਨ ਸ਼ੁਰੂ ਹੋਇਆ ਤਾਂ ਉਹ ਸੱਤ ਦਿਨ ਛੇ ਛੇ ਘੰਟੇ ਲਗਾਤਾਰ ਬਿਆਨ ਦਿੰਦਾ ਰਿਹਾ। ਇਸ ਬਿਆਨ ਨੇ ਅਸਲੋਂ ਹੀ ਸਾਜ਼ਸ਼ ਕੇਸ ਦਾ ਮੁੱਢ ਬੰਨ੍ਹ ਦਿੱਤਾ।
ਹੋਰ ਗ੍ਰਿਫ਼ਤਾਰੀਆਂ
ਬਾਬੂ ਸੰਤਾ ਸਿੰਘ ਦੇ ਬਿਆਨ ਤੋਂ ਹੋਰ ਵਾਕਫ਼ੀ ਹਾਸਲ ਕਰ ਕੇ ਪੁਲਿਸ ਨੇ 30 ਜੂਨ 1923 ਨੂੰ ਕਰਤਾਰ ਸਿੰਘ ਬੂੜੋ ਬਾੜੀਆਂ, 4 ਜੁਲਾਈ ਨੂੰ ਸਰਦੂਲ ਸਿੰਘ ਬੂੜੋ ਬਾੜੀਆਂ ਤੇ 6 ਜੁਲਾਈ ਨੂੰ ਬੇਲਾ ਸਿੰਘ ਪਲਾਹੀ ਆਦਿ ਨੌਂ ਆਦਮੀ ਹੋਰ ਗ੍ਰਿਫ਼ਤਾਰ ਕਰ ਲਏ। ਕਰਤਾਰ ਸਿੰਘ ਬੂੜੋ ਬਾੜੀਆਂ ਦੇ ਬਿਆਨ ਤੋਂ ਦਲੇਲ ਸਿੰਘ ਮੰਨਣਹਾਣਾ ਦੀ ਗ੍ਰਿਫ਼ਤਾਰੀ ਅਮਲ ਵਿਚ ਆਈ।
ਜਦੋਂ ਹਵਾਈ ਜਹਾਜ਼ ਰਾਹੀਂ ਹੋਈ ਤਲਾਸ਼ੀ ਮਗਰੋਂ ਬੱਬਰ ਪਹਾੜਾਂ ਤੋਂ ਉਤਰ ਕੇ ਮੈਦਾਨੀ ਇਲਾਕੇ ਵਿਚ ਆ ਗਏ ਤਾਂ ਉਦੈ ਸਿੰਘ ਤੇ ਰਾਮ ਸਿੰਘ ਮੁਜ਼ਾਰਾ ਕਲਾਂ ਵਾਲੇ ਸੁੰਦਰ ਸਿੰਘ ਹਯਾਤਪੁਰ ਪਾਸ ਆਏ। ਉਹਨਾਂ ਨੇ ਦੱਸਿਆ ਕਿ ਪਿੰਡ ਪਰਨਾਲੀਆਂ ਦਾ ਕੋਈ ਜਗਤ ਸਿੰਘ ਬੱਬਰ ਜਥੇ ਵਿਚ ਸ਼ਾਮਲ ਹੋਣਾ ਚਾਹੁੰਦਾ ਹੈ। ਤੇ ਇਸ ਮਤਲਬ ਵਾਸਤੇ ਕਰਮ ਸਿੰਘ ਤੇ ਉਦੈ ਸਿੰਘ ਨੂੰ ਮਿਲਣਾ ਚਾਹੁੰਦਾ ਹੈ। ਇਸ ਪੁਰ ਰਾਮ ਸਿੰਘ ਉਸ ਜਗਤ ਸਿੰਘ ਨੂੰ ਮਿਲਣ ਵਾਸਤੇ ਗਿਆ । ਰਾਮ ਸਿੰਘ ਨੇ ਵਾਅਦਾ ਕੀਤਾ ਕਿ ਉਹ ਛੇਤੀ ਹੀ ਐਡੀਟਰ ਸਾਹਿਬ ਨੂੰ ਮਿਲਾਵੇਗਾ। 26 ਜੂਨ ਨੂੰ ਰਾਮ ਸਿੰਘ ਦੇ ਭਾਈ ਦੀ ਸ਼ਾਦੀ ਸੀ । ਬਰਾਤ ਸੁਜਾਨਪੁਰ ਆਈ ਹੋਈ ਸੀ, ਰਾਮ ਸਿੰਘ ਭੀ ਉੱਥੇ ਪੁੱਜ ਗਿਆ ਸੀ। 27 ਜੂਨ 1923 ਨੂੰ ਸਵੇਰ-ਸਾਰ ਹੀ ਪੁਲਿਸ ਨੇ ਘੇਰਾ ਪਾ ਲਿਆ ਅਤੇ ਸਾਰੇ ਪਿੰਡ ਦੀ ਤਲਾਸ਼ੀ ਲਈ, ਪਰ ਰਾਮ ਸਿੰਘ ਕਿਸੇ ਢੰਗ ਨਾਲ ਬਚ ਗਿਆ। ਜਦ 2 ਜੁਲਾਈ ਨੂੰ ਉਹ ਆਪਣੇ ਪਿੰਡ ਵੱਲ ਗਿਆ ਤਾਂ ਉਸ ਦਾ ਪਿੰਡ ਭੀ ਉਸ ਦਿਨ ਪੁਲਿਸ ਦੇ ਘੇਰੇ ਵਿਚ ਸੀ। ਰਾਮ ਸਿੰਘ ਏਥੋਂ ਭੀ ਹੁਸ਼ਿਆਰੀ ਨਾਲ ਬਚ ਨਿਕਲਿਆ। 3 ਜੁਲਾਈ ਨੂੰ ਜਗਤ ਸਿੰਘ ਪਰਨਾਲੀਆਂ ਨੇ ਉਸ ਨੂੰ ਬੁਲਾਇਆ ਤੇ ਇਕ ਦੋ ਦਿਨ ਲਈ ਉਥੇ ਹੀ ਅਟਕਣ ਵਾਸਤੇ ਆਖਿਆ। ਰਾਮ ਸਿੰਘ ਨੇ ਮੰਨ ਲਿਆ। ਓਧਰ ਜਗਤ ਸਿੰਘ ਨੇ ਪੁਲਿਸ ਨੂੰ ਖ਼ਬਰ ਦੇ ਦਿੱਤੀ ਤੇ ਪੁਲਿਸ ਨੂੰ ਉਸ ਰਾਹ ਵਿਚ ਬਿਠਾ ਦਿੱਤਾ, ਜਿਸ ਰਸਤੇ ਰਾਮ ਸਿੰਘ ਨੇ ਜਾਣਾ ਸੀ। ਇਸ ਤਰ੍ਹਾਂ ਉਹ 4 ਜੁਲਾਈ ਨੂੰ ਪਰਨਾਲੀਆਂ ਤੋਂ ਬਾਹਰ ਗ੍ਰਿਫ਼ਤਾਰ ਕਰ ਲਿਆ ਗਿਆ।
ਉਸ ਦੇ ਬਿਆਨ ਦੇ ਅਧਾਰ ਪੁਰ 20 ਜੁਲਾਈ ਤੋਂ 2 ਅਗਸਤ ਦੇ ਵਿਚਕਾਰ ਰਾਮ ਸਿੰਘ ਵਲਦ ਲਾਲੂ, ਕਰਤਾਰ ਸਿੰਘ ਤੇ ਵਰਿਆਮ ਸਿੰਘ ਮੁਜ਼ਾਰਾ ਕਲਾਂ ਅਤੇ ਧਰਮ ਸਿੰਘ, ਸੁਰਜਨ ਸਿੰਘ ਤੇ ਸੁੰਦਰ ਸਿੰਘ ਹਯਾਤਪੁਰ ਗ੍ਰਿਫ਼ਤਾਰ ਕਰ ਲਏ ਗਏ।
ਪੁਲਿਸ ਦੀਆਂ ਚਾਲਾਂ, ਧੱਕੇ ਤੇ ਵਧੀਕੀਆਂ
ਗ੍ਰਿਫ਼ਤਾਰ ਹੋਏ ਬੱਬਰਾਂ ਤੋਂ ਬਿਆਨ ਲੈਣ ਲਈ ਪੁਲਿਸ ਨੇ ਉਹਨਾਂ ਉਪਰ ਤਰ੍ਹਾਂ ਤਰ੍ਹਾਂ ਦੇ ਜ਼ੁਲਮ ਕੀਤੇ। ਉਸ ਵੇਲੇ ਕਾਂਗਰਸ ਅਤੇ ਅਕਾਲੀ ਦਲ ਹੀ ਦੋ ਵੱਡੀਆਂ ਜਨਤਕ ਜਥੇਬੰਦੀਆਂ ਸਨ, ਪਰ ਉਹਨਾਂ ਨੇ ਬੱਬਰਾਂ ਨੂੰ ਤਸ਼ੱਦਦ ਦੇ ਹਾਮੀ ਕਹਿ ਕੇ ਉਹਨਾਂ ਨਾਲ ਹਮਦਰਦੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸੇ ਕਰਕੇ ਪੁਲਿਸ ਨੂੰ ਭਿਆਨਕ ਅਤਿਆਚਾਰ ਕਰਨ ਦਾ ਹੀਆ ਪਿਆ। ਲਗਾਤਾਰ ਕਈ ਕਈ ਰਾਤਾਂ ਬੱਬਰਾਂ ਨੂੰ ਜਗਾਈ ਰੱਖਿਆ ਗਿਆ । ਧੁੱਪੇ ਸੜਦੀ ਧਰਤੀ ਪੁਰ ਤੇ ਕੀੜਿਆਂ ਦੇ ਭੌਣਾਂ ਪੁਰ ਖੜੇ ਕੀਤਾ ਗਿਆ। ਪਾਵਿਆਂ ਹੇਠਾਂ ਹੱਥ ਦੇ ਕੇ ਕਈ ਕਈ ਬੰਦੇ ਮੰਜੇ ਪੁਰ ਬਿਠਾਏ। ਦਾੜ੍ਹੀਆਂ ਤੇ ਕੇਸ ਪੁੱਟੇ। ਮੁੱਛਾਂ ਤੇ ਨਾਜ਼ਕ ਅੰਗਾਂ ਉਪਰੋਂ ਵਾਲ ਨੋਚੇ। ਜੁੱਤੀਆਂ ਤੇ ਡੰਡਿਆਂ ਨਾਲ ਹੱਡ-ਭੰਨ-ਮਾਰ ਕੀਤੀ । ਗੁਦਾ ਵਿਚ ਮਿਰਚਾਂ ਪਾ ਕੇ ਤੜਫਾਏ । ਨਹੁੰਆਂ ਵਿਚ ਸੂਈਆਂ ਚੋਭੀਆਂ, ਪੈਰਾਂ ਦੀਆਂ ਤਲੀਆਂ ਮਾਰ ਮਾਰ ਕੇ ਉਡਾ ਦਿੱਤੀਆਂ ਅਤੇ ਪੁੱਠੇ ਲਟਕਾਇਆ, ਪਰ ਇਹਨਾਂ ਬੱਬਰਾਂ ਨੇ ਵੀ ਅੱਗੋਂ ਸਿਦਕ ਤੇ ਸਿਰੜ ਦੀ ਹੱਦ ਕਰ ਵਿਖਾਈ । ਧੰਨ ਜਨਮ ਉਹਨਾਂ ਹੱਠੀਲੇ ਬੱਬਰਾਂ ਦਾ ਜਿਨ੍ਹਾਂ ਨਾ ਮੂੰਹੋਂ ਕੁਝ ਦੱਸਿਆ ਤੇ ਨਾ ਸੀ ਉਚਰੀ । ਜਿਨ੍ਹਾਂ ਨੇ ਪੁਲਸੀ ਜ਼ੁਲਮ ਸਹਿਣ ਲਈ ਮਨ ਤਕੜਾ ਕਰ ਲਿਆ। ਤੇ ਪੁਲਿਸ ਦੀਆਂ ਚਾਲਾਂ ਵਿਚ ਨਾ ਆਏ, ਉਹਨਾਂ ਦਾ ਪੁਲਿਸ ਕੁਝ ਨਾ ਵਿਗਾੜ ਸਕੀ। ਜਦੋਂ ਪੁਲਿਸ ਤਸੀਹੇ ਦੇਣ ਲੱਗਦੀ ਤਾਂ ਇਹ ਸਾਰੇ ਗੁਰੂ ਅਰਜਨ ਦੇਵ ਜੀ, ਭਾਈ ਲਛਮਣ ਸਿੰਘ ਤੇ ਹੋਰ ਅਨੇਕਾਂ ਸ਼ਹੀਦਾਂ—ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ ਤੇ ਸਾਹਿਬਜ਼ਾਦਿਆਂ ਦਾ ਧਿਆਨ ਧਰ ਲੈਂਦੇ ਤੇ ਉਹਨਾਂ ਦੀ ਯਾਦ ਨਾਲ ਆਪਣੇ ਮਨ ਨੂੰ ਫ਼ੌਲਾਦ ਵਾਂਗ ਮਜ਼ਬੂਤ ਕਰ ਲੈਂਦੇ। ਇਹਨਾਂ ਸੂਰਬੀਰਾਂ ਦੀ ਅਡੋਲ ਸਹਿਨ-ਸ਼ਕਤੀ ਦੇ ਸਾਹਮਣੇ ਇਹਨਾਂ ਪੁਲਸੀਆਂ ਦੇ ਹੱਥ ਭੀ ਢਿੱਲੇ ਪੈ ਜਾਂਦੇ ਸਨ। ਪਰ ਕਈਆਂ ਨੇ ਇਹਨਾਂ ਮਾਰਾਂ ਦੀ ਝਾਲ ਨਾ ਝੱਲਦੇ ਹੋਏ ਇਕਬਾਲ ਭੀ ਕਰ ਲਏ ਤੇ ਕੁਝ ਇਕ ਵਾਅਦਾ-ਮਾਫ਼ ਬਣ ਕੇ ਆਪਣੇ ਸਾਥੀਆਂ ਨਾਲ ਧ੍ਰੋਹ ਕਮਾਉਣ ਵਾਸਤੇ ਤਿਆਰ ਹੋ ਗਏ। ਪਰ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਜਿਹੜੇ ਬੱਬਰ ਡੋਲ ਗਏ, ਉਨ੍ਹਾਂ ਨੂੰ ਵਧੇਰੇ ਕਰਕੇ ਪੁਲਿਸ-ਤਸ਼ੱਦਦ ਨੇ ਨਹੀਂ ਡੁਲਾਇਆ। ਪੁਲਿਸ ਨੇ ਉਨ੍ਹਾਂ ਨੂੰ ਆਪਣੀ ਕੁਟਲ-ਨੀਤੀ ਨਾਲ ਪੈਰੋਂ ਕੱਢਿਆ ਸੀ। ਪੁਲਿਸ ਪਾਸ ਭਾਂਤ ਭਾਂਤ ਦੇ ਹੱਥ-ਕੰਡੇ ਸਨ। ਜਿਵੇਂ ਕਿ “ਬਾਕੀਆਂ ਨੇ ਸਭ ਕੁਝ ਦੱਸ ਦਿੱਤਾ ਹੈ, ਤੂੰ ਕਿਉਂ ਛਿੱਤਰ ਖਾਣ ਪੁਰ ਲੱਕ ਬੰਨ੍ਹ ਛੱਡਿਆ ਏ ? ਤੁਹਾਡੇ ਬੱਚਿਆਂ ਤੇ ਸਿੰਘਣੀ ਦਾ ਕੀ ਹਾਲ ਹੋਵੇਗਾ ? ਜੇ ਫਾਂਸੀ ਹੀ ਲੱਗਣਾ ਸੀ ਤਾਂ ਵਿਆਹ ਕਿਉਂ ਕਰਾਇਆ ਸੀ ? ਬੱਚੇ ਕਿਉਂ ਜਣੇ ਸਨ ? ਤੇਰੀ ਸਿੰਘਣੀ ਤੇਰੇ ਮਗਰੋਂ ਕਿਸੇ ਹੋਰ ਆਦਮੀ ਦੇ ਘਰ ਜਾ ਵੱਸੇਗੀ। ਇਸ ਗੱਲ ਨੂੰ ਕੌਣ ਆਦਮੀ ਬਰਦਾਸ਼ਤ ਕਰ ਸਕਦਾ ਹੈ ? ਜਦੋਂ ਹੋਰ ਸਾਰੇ ਆਪਣੀਆਂ ਜਾਨਾਂ ਬਚਾਉਣ ਲਈ ਸਭ ਕੁਝ ਦੱਸੀ ਜਾਂਦੇ ਹਨ ਤਾਂ ਤੂੰ ਕਿਉਂ ਨਹੀਂ ਦੋ ਅੱਖਰ ਕਹਿ ਕੇ ਬਾਹਰ ਹੁੰਦਾ ? ਜੇ ਤੂੰ ਏਡਾ ਹੀ ਦਲੇਰ ਸੈਂ, ਤਾਂ ਹੁਣ ਫਾਹੇ ਲੱਗਣ ਤੋਂ ਕਿਉਂ ਡਰਦਾ ਏਂ ? ਕਿਉਂ ਨਹੀਂ ਸਭ ਕੁਝ ਦੱਸ ਦਿੰਦਾ ? ਕੋਈ ਕੰਮ ਕਰ ਕੇ ਫਿਰ ਲੁਕਦੇ-ਲੁਕਾਂਦੇ ਫਿਰਨਾ ਕਿਧਰ ਦੀ ਬਹਾਦਰੀ ਏ ? ਤੂੰ ਗੁਰੂ ਦਾ ਸਿਖ ਅਖਾਂਦਾ ਏਂ, ਗੁਰੂ ਨੇ ਝੂਠ ਬੋਲਣਾ ਕਿਥੇ ਆਖਿਆ ਏ ਤੇ ਸੱਚ ਲੁਕਾਉਣਾ ਕਿਥੇ ਲਿਖਿਆ ਏ ? ਸਜ਼ਾ ਤੋਂ ਬਚਣ ਲਈ ਝੂਠ ਬੋਲਣਾ ਗੀਦੀਆਂ ਤੇ ਮਨਮੁਖਾਂ ਦਾ ਕੰਮ ਹੈ। ਜੇ ਸਾਨੂੰ ਸਾਰੀ ਗੱਲ ਦਾ ਪਤਾ ਨਾ ਹੁੰਦਾ ਤਾਂ ਤੈਨੂੰ ਲੁਕਾਉਣ ਦਾ ਭੀ ਕੋਈ ਲਾਭ ਹੁੰਦਾ, ਪਰ ਹੁਣ ਨਾ ਦੱਸਣ ਦਾ ਕੀ ਲਾਭ? ਚੰਗਾ, ਲੈ ਹੁਣ ਤਕੜਾ ਹੋ ਲੈ। ਜੇ ਤੂੰ ਪਿਉ ਦਾ ਪੁੱਤਰ ਹੈਂ ਤਾਂ ਤੂੰ ਨਾ ਦੱਸੀਂ, ਤੇ ਜੇ ਅਸੀਂ ਪਿਉ ਦੇ ਪੁੱਤਰ ਹੋਏ ਤਾਂ ਪੁੱਛ ਕੇ ਹੀ ਛੱਡਾਂਗੇ। ਲੈ ਜਾਓ ਇਸ ਨੂੰ ਛੋਟੀ ਤੇ ਭੀੜੀ ਕਾਲ-ਕੋਠੜੀ ਵਿਚ, ਜਿਥੇ ਪੌਣ ਭੀ ਨਹੀਂ ਪਹੁੰਚ ਸਕਦੀ। ਕਰੋ ਇਹਦੀ ਬੇਇੱਜ਼ਤੀ ਅਲਫ਼ ਨੰਗਾ ਕਰ ਕੇ। ਇਹਨੂੰ ਪੱਧਰਾ ਕਰ ਕੇ ਗੋਲੀ ਮਾਰ ਦਿਓ। ਆਖ ਦਿਆਂਗੇ, ਭੱਜਣ ਲੱਗਾ ਸੀ……ਫੜ ਕੇ ਲਿਆਓ ਏਹਦੀਆਂ ਧੀਆਂ ਅਤੇ ਤੀਵੀਂ ਨੂੰ ਅਤੇ ਇਸ ਦੇ ਸਾਹਮਣੇ ਉਹਨਾਂ ਦੀ ਬੇਪੱਤੀ ਕਰੋ।”
ਏਨੇ ਨੂੰ ਬਾਹਰੋਂ ਇਕ-ਦਮ ਕੋਈ ‘ਗੁਰਮੁਖ’ ਜਿਹਾ ਲੰਮੀ ਦਾੜ੍ਹੀ ਵਾਲਾ ਪੁਲਿਸ ਅਫ਼ਸਰ ਆ ਜਾਂਦਾ ਤੇ ਕਹਿੰਦਾ, “ਨਾ ਭਈ ਨਾ, ਇਸ ਨੂੰ ਕੁਝ ਨਾ ਕਹੋ। ਇਹ ਤਾਂ ਮੇਰਾ ਸਿਖ ਭਰਾ ਏ। ਤੁਸੀਂ ਚਲੇ ਜਾਓ, ਮੈਨੂੰ ਦੋ-ਚਾਰ ਗੱਲਾਂ ਕਰ ਲੈਣ ਦਿਓ।” ਪਹਿਲੇ ਪੁਲਸੀਏ ਉਠ ਕੇ ਚਲੇ ਜਾਂਦੇ ਤੇ ਨਵਾਂ ਆਇਆ ਪ੍ਰੇਮ-ਪਿਆਰ ਭਰੀਆਂ ਤੇ ਗੁਰਬਾਣੀ ਦੇ ਹਵਾਲੇ ਦੇ ਕੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਸੀ। ਫੇਰ ਆਖਦਾ ਸੀ, “ਇਹ ਤਾਂ ਟੈਂਡੇ ਤੇ ਬੋਦੀਆਂ ਵਾਲੇ ਤੇਰੇ ਉਦਾਲੇ ਹੋਏ ਹੋਏ ਸਨ। ਬੜੇ ਦੁਸ਼ਟ ਹਨ, ਆਪਣੀ ਤਰੱਕੀ ਲਈ ਦੂਜੇ ਦੀ ਜਾਨ ਦੇ ਲਾਗੂ ਹੋ ਜਾਂਦੇ ਹਨ। ਇਹਨਾਂ ਸਹੁਰਿਆਂ ਵਿਚ ਰਹਿਮ ਤਾਂ ਨਾਂ ਨੂੰ ਨਹੀਂ। ਅਸੀਂ ਏਥੇ ਇਕ ਦੋ ਸਿਖ ਹਾਂ, ਸਾਡੇ ਕਰਕੇ ਇਹ ਮਨ-ਮਾਨੀ ਨਹੀਂ ਕਰ ਸਕਦੇ, ਇਸ ਲਈ ਸਾਨੂੰ ਭੀ ਕਢਾਉਣ ਪੁਰ ਤੁਲੇ ਹੋਏ ਹਨ। ਅਸੀਂ ਤਾਂ ਕਿਸੇ ਨੂੰ ਕੁੱਟਣ ਮਾਰਨ ਦਾ ਨਾਂ ਨਹੀਂ ਲੈਂਦੇ, ਪਰ ਇਹ ਕੁੱਟ-ਮਾਰ ਕੇ ਬਿਆਨ ਲੈ ਲੈਂਦੇ ਹਨ। ਮਗਰੋਂ ਸਾਡੇ ਖ਼ਿਲਾਫ਼ ਸ਼ਿਕਾਇਤ ਕਰ ਦੇਂਦੇ ਹਨ ਕਿ ਇਹ ਕੁਝ ਨਹੀਂ ਕਰਦੇ। ਸੋ ਜੇ ਤਾਂ ਤੇਰੇ ਵਿਚ ਇਤਨੀ ਸ਼ਕਤੀ ਹੈ ਕਿ ਮਹੀਨਾ ਦੋ ਮਹੀਨੇ ਇਹਨਾਂ ਦੇ ਸਾਰੇ ਜ਼ੁਲਮ ਤੇ ਜਬਰ ਝੱਲ ਜਾਏਂਗਾ ਤਾਂ ਤੇ ਡਟਿਆ ਰਹਿ, ਤੇ ਇਕ ਅੱਖਰ ਭੀ ਨਾ ਦੱਸ, ਪਰ ਜੇ ਤੈਂ ਕੱਲ੍ਹ ਨੂੰ ਇਹਨਾਂ ਨੂੰ ਸਭ ਕੁਝ ਦੱਸ ਦੇਣਾ ਏਂ ਤਾਂ ਥੋੜਾ ਬਹੁਤ ਮੈਨੂੰ ਹੀ ਦੱਸ ਛੱਡ। ਨਾਲੇ ਮੈਂ ਥੋੜੀਆਂ ਜਿਹੀਆਂ ਗੱਲਾਂ ਲਿਖ ਕੇ ਮੁਕਾ ਦਿਆਂਗਾ ਤੇ ਮੈਂ ਹਾਂ ਭੀ ਸਿੱਖ ਭਰਾ, ਮੈਨੂੰ ਕੋਈ ਫ਼ਾਇਦਾ ਹੋ ਜਾਊ।”
ਏਨੇ ਨੂੰ ਨਾਲ ਦੇ ਕਮਰੇ ਵਿਚ ਸੰਦੂਕ ਪੁਰ ਬੋਰੀਆਂ ਰੱਖ ਕੇ ਪੁਲਿਸ ਵਾਲੇ ਪੈਂਉ-ਧੈ ਛਿੱਤਰ ਮਾਰਨ ਲੱਗ ਪੈਂਦੇ ਸਨ ਤੇ ਰੌਲੀ ਪਾਉਂਦੇ ਸਨ, “ਮਾਰੋ ਸਾਲੇ ਦੇ ਛਿੱਤਰ, ਹੋਰ ਮਾਰੋ, ਹੋਰ ਠੇਕੋ।” ਮਿੰਟ ਕੁ ਮਗਰੋਂ ਇਕ ਸਿਪਾਹੀ ਭਾਰਾ ਜਿਹਾ ਬੋਲ ਬਣਾ ਕੇ ਝੂਠ ਮੂਠ ਦਾ ਅੜਾਟ ਪਾਉਣ ਲੱਗ ਪੈਂਦਾ ਸੀ, “ਹਾਏ ਓਏ! ਮੈਂ ਮਰ ਗਿਆ! ਮੈਨੂੰ ਛੱਡ ਦਿਓ, ਮੈਂ ਸਭ ਕੁਝ ਦੱਸ ਦੇਂਦਾ ਹਾਂ।” ਪੁੱਛ-ਗਿੱਛ ਹੇਠ ਬੈਠੇ ਬੱਬਰ ਦਾ ਧਿਆਨ ਕੁਦਰਤੀ ਤੌਰ ਪੁਰ ਇਸ ਹਾਲ-ਦੁਹਾਈ ਵੱਲ ਚਲਿਆ ਜਾਂਦਾ ਸੀ । ਉਹ ਸਿਖ ਅਫ਼ਸਰ ਫੇਰ ਬੋਲ ਉਠਦਾ, “ਜੇ ਦੱਸਣਾ ਏਂ ਤਾਂ ਛੇਤੀ ਕਰ, ਨਹੀਂ ਤਾਂ ਉਧਰੋਂ ਵਿਹਲੇ ਹੋ ਕੇ ਉਹ ਏਧਰ ਆਉਣ ਵਾਲੇ ਹਨ। ਫੇਰ ਮੇਰੀ ਕੋਈ ਵਾਹ ਨਹੀਂ ਚੱਲੇਗੀ। ਦੇਖ ਲੈ, ਤੇਰੇ ਨਾਲ ਦਿਆਂ ਦਾ ਕੀ ਹਾਲ ਹੋ ਰਿਹਾ ਹੈ।”
ਇਸ ਤਰ੍ਹਾਂ ਦੀਆਂ ਫੱਫਾ-ਕੁੱਟੀ ਦੀਆਂ ਗੱਲਾਂ ਨੂੰ ਨਾ ਸਮਝਣ ਕਰਕੇ ਕਈਆਂ ਬੱਬਰਾਂ ਨੇ ਬਿਆਨ ਦਿੱਤੇ ਸਨ। ਪੁਲਿਸ ਦਾ ਪਹਿਲਾ ਕੰਮ ਇਹ ਹੁੰਦਾ ਸੀ ਕਿ ਹੱਥ ਆਏ ਬੰਦੇ ਨੂੰ ਕਸ਼ਟ ਦੇ ਕੇ ਉਸ ਦੀ ਸੁਧ-ਬੁਧ ਭੁਲਾ ਛੱਡਣੀ। ਜੇ ਪੁਲਿਸ ਨੂੰ ਇਸ ਮਕਸਦ ਵਿਚ ਕੁਝ ਸਫਲਤਾ ਹੋ ਜਾਏ ਤਾਂ ਜਿਸਮਾਨੀ ਕਸ਼ਟ ਦੇ ਕੇ ਉਹ ਆਪਣਾ ਮਤਲਬ ਹੱਲ ਕਰ ਲੈਂਦੇ ਸਨ। ਜਿਹੜਾ ਪੁਲਿਸ-ਦਮਗਜਿਆਂ ਦਾ ਆਪਣੇ ਦਿਮਾਗ਼ ਪੁਰ ਅਸਰ ਨਾ ਹੋਣ ਦੇਵੇ, ਉਸ ਨੂੰ ਪੁਲਿਸ ਦੇ ਤਸੀਹੇ ਭੀ ਨਹੀਂ ਸਨ ਡੁਲਾ ਸਕਦੇ।
ਮਿਸਟਰ ਜੈਕੁਬ ਨੇ ਅਦਾਲਤ ਵਿਚ ਬਿਆਨ ਦੇਂਦਿਆਂ ਆਖਿਆ ਸੀ ਕਿ ਪੁਲਿਸ ਨੇ ਮੁਲਜ਼ਮਾਂ ਪੁਰ ਕੋਈ ਸਖ਼ਤੀ ਨਹੀਂ ਕੀਤੀ ਤੇ ਕਿਸੇ ਭੀ ਮੁਲਜ਼ਮ ਨੇ ਉਸ ਦੇ ਪਾਸ ਪੁਲਸੀ ਰਵੱਈਏ ਬਾਰੇ ਸ਼ਿਕਾਇਤ ਤਕ ਨਹੀਂ ਕੀਤੀ, ਪਰ ਜਦੋਂ ਉਸ ਉਪਰ ਜਿਰਹ ਕੀਤੀ ਗਈ ਤਾਂ ਉਸ ਨੂੰ ਮੰਨਣਾ ਪਿਆ ਕਿ ਉਸ ਪਾਸ ਪੁਲਿਸ ਵਧੀਕੀਆਂ ਬਾਰੇ ਸ਼ਿਕਾਇਤਾਂ ਪੁੱਜੀਆਂ ਸਨ।
ਪਿਆਰਾ ਸਿੰਘ ਧਾਮੀਆਂ ਨੂੰ ਪੁਲਿਸ ਨੇ ਕੁੱਟ-ਮਾਰ ਕੇ ਮਨਾ ਲਿਆ ਕਿ ਉਹ ਮੈਜਿਸਟ੍ਰੇਟ ਦੇ ਰੂ-ਬ-ਰੂ ਬਿਆਨ ਦੇਵੇ । ਜਦੋਂ 21 ਮਈ ਨੂੰ ਉਹ ਮੈਜਿਸਟ੍ਰੇਟ ਸਾਹਮਣੇ ਲਿਆਂਦਾ ਗਿਆ ਤਾਂ ਜੱਜ ਨੇ ਰਸਮੀ ਤੌਰ ‘ਤੇ ਪੁੱਛਿਆ, “ਕੀ ਤੂੰ ਆਪਣੀ ਖ਼ੁਸ਼ੀ ਨਾਲ ਬਿਆਨ ਦੇਣ ਆਇਆ ਏਂ ?” ਪਿਆਰਾ ਸਿੰਘ ਨੇ ਉੱਤਰ ਦਿੱਤਾ, “ਆਪਣੀ ਖ਼ੁਸ਼ੀ ਨਾਲ ਤਾਂ ਕੋਈ ਨਹੀਂ, ਪੁਲਿਸ ਦੀ ਖ਼ੁਸ਼ੀ ਨਾਲ ਆਇਆ ਹਾਂ।” ਪੁਲਿਸ ਨਿਮੋਝੂਣੀ ਹੋ ਕੇ ਪਿਆਰਾ ਸਿੰਘ ਨੂੰ ਵਾਪਸ ਲੈ ਗਈ ਅਤੇ ਦੋ ਤਿੰਨ ਦਿਨ ਤੰਗ ਕਰਦੀ ਰਹੀ। ਪਿਆਰਾ ਸਿੰਘ ਨੇ ਫੇਰ ਬਿਆਨ ਦੇਣਾ ਮੰਨ ਲਿਆ। 26 ਮਈ ਨੂੰ ਮੈਜਿਸਟ੍ਰੇਟ ਉਸ ਦੇ ਬਿਆਨ ਲੈਣ ਵਾਸਤੇ ਅੰਦਰ ਜੇਲ੍ਹ ਵਿਚ ਗਿਆ । ਪਿਆਰਾ ਸਿੰਘ ਨੇ ਆਖਿਆ, “ਜਨਾਬ! ਜੇ ਤੁਸੀਂ ਮੈਨੂੰ ਛੱਡ ਦੇਵੋ ਤਾਂ ਮੈਂ ਬਿਆਨ ਦੇਵਾਂਗਾ।” ਮੈਜਿਸਟ੍ਰੇਟ ਨੇ ਆਖਿਆ, “ਮੈਂ ਛੱਡਣ ਦਾ ਵਾਅਦਾ ਨਹੀਂ ਕਰ ਸਕਦਾ।” ਪਿਆਰਾ ਸਿੰਘ ਬੋਲਿਆ, “ਤਾਂ ਫਿਰ ਮੈਂ ਬਿਆਨ ਭੀ ਨਹੀਂ ਦੇ ਸਕਦਾ।”
ਮੀਆਂ ਅਬਦੁਲ ਫ਼ਤਹ ਮੈਜਿਸਟ੍ਰੇਟ ਨੇ ਜੱਜ ਦੇ ਪੁੱਛਣ ਪੁਰ ਦੱਸਿਆ ਕਿ ਉਸ ਦੀ ਸਮਝ ਅਨੁਸਾਰ ਇਕਬਾਲ ਚਾਰ ਕਾਰਨਾਂ ਕਰਕੇ ਕੀਤੇ ਗਏ ਸਨ-ਕਾਇਰਤਾ, ਸ਼ੇਖੀ, ਪਸ਼ਚਾਤਾਪ ਤੇ ਨਿਰਾਸਤਾ। ਪਰ ਇਸ ਤੋਂ ਬਿਨਾਂ ਨਾ-ਤਜਰਬਾਕਾਰੀ ਭੀ ਇਕ ਹੋਰ ਵੱਡਾ ਕਾਰਨ ਸੀ, ਜਿਸ ਦੀਆਂ ਦੋ ਤਿੰਨ ਮਿਸਾਲਾਂ ਇਸ ਤਰ੍ਹਾਂ ਹਨ-ਅਮਰ ਸਿੰਘ ਰਾਜੋਵਾਲ ਨੇ ਬਿਆਨ ਦੇਣ ਲੱਗਿਆ ਆਖਿਆ, “ਮੈਂ ਮੁਆਫ਼ੀ ਦੀ ਆਸ ਨਹੀਂ ਰੱਖਦਾ। ਅਤੇ ਜੇ ਮੈਨੂੰ ਵਾਅਦਾ-ਮਾਫ਼ੀ ਦੇਵੋ ਭੀ, ਤਾਂ ਭੀ ਮੈਂ ਕਬੂਲ ਨਹੀਂ ਕਰਦਾ, ਟੱਬਰ ਦੇ ਬੰਦੇ ਅੱਗੇ ਭੀ ਫਾਂਸੀ ਲੱਗ ਚੁੱਕੇ ਹਨ। ਇਹ ਤਾਂ ਇਕ ਮਾਣ ਹੈ। ਮੈਂ ਕਦੇ ਬਿਆਨ ਨਾ ਦੇਂਦਾ ਜੇ ਪਹਿਲਾਂ ਛੱਜਾ ਸਿੰਘ ਭੇਦ ਨਾ ਖੋਲ੍ਹ ਚੁੱਕਾ ਹੁੰਦਾ।” ਬੰਤਾ ਸਿੰਘ ਬਹਿਬਲਪੁਰ ਨੇ ਆਖਿਆ, “ਭੇਦ ਤਾਂ ਖੁੱਲ੍ਹ ਚੁੱਕਾ ਹੈ, ਮੈਂ ਕੁਝ ਭੀ ਕਹਾਂ, ਪਰਦਾ ਨਹੀਂ ਪੈ ਸਕਦਾ। ਫੇਰ ਮੈਂ ਝੂਠ ਬੋਲਣ ਦਾ ਗੁਨਾਹ ਕਿਉਂ ਕਰਾਂ ?” ਬਸੰਤ ਸਿੰਘ ਰੰਧਾਵਾ ਮਸੰਦ, “ਝੂਠ ਬੋਲਣਾ ਪਾਪ ਹੈ, ਜਿਹੜਾ ਬੰਦਾ ਝੂਠ ਬੋਲ ਕੇ ਸਜ਼ਾ ਤੋਂ ਬਚਣਾ ਚਾਹੁੰਦਾ। ਹੈ, ਮੈਂ ਉਸ ਨੂੰ ਕਾਇਰ ਸਮਝਦਾ ਹਾਂ,” ਆਦਿ।
ਵਾਅਦਾ-ਮਾਫ਼ਾਂ ਨੂੰ ਉਡਾਉਣ ਦੀ ਸਕੀਮ
ਜਿਹੜੇ ਆਦਮੀ ਵਾਅਦਾ-ਮਾਫ਼ ਬਣ ਚੁੱਕੇ ਸਨ, ਉਹਨਾਂ ਦੇ ਨਾਂ ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਦੇ ਅਕਾਲੀ ਤੇ ਪ੍ਰਦੇਸੀ ਅਖ਼ਬਾਰ ਵਿਚ ਛਪੇ ਸਨ । ਕਰਮ ਸਿੰਘ ਐਡੀਟਰ, ਉਦੈ ਸਿੰਘ, ਬਿਸ਼ਨ ਸਿੰਘ ਮਾਂਗਟ, ਮਹਿੰਦਰ ਸਿੰਘ ਪੰਡੋਰੀ, ਗੰਗਾ ਸਿੰਘ ਅਤੇ ਅਨੂਪ ਸਿੰਘ ਪਿੰਡ ਸਾਹਨੀ ਵਿਚ ਠਹਿਰੇ ਹੋਏ ਸਨ । ਜਦੋਂ ਉਹਨਾਂ ਨੂੰ ਇਹ ਪਰਚਾ ਮਿਲਿਆ, ਐਡੀਟਰ ਸਾਹਿਬ ਨੇ ਆਖਿਆ, “ਇਹ ਵਾਅਦਾ-ਮਾਫ਼ ਆਮ ਝੋਲੀਚੁੱਕਾਂ ਨਾਲੋਂ ਵਧੇਰੇ ਖ਼ਤਰਨਾਕ ਹਨ, ਇਸ ਲਈ ਜਿਵੇਂ ਹੋ ਸਕੇ, ਇਹਨਾਂ ਨੂੰ ਖ਼ਤਮ ਕਰਨਾ ਚਾਹੀਦਾ ਹੈ।” ਕਰਮ ਸਿੰਘ ਨੇ ਉਹਨਾਂ ਦੇ ਨਾਂ ਪੜ੍ਹੇ ਤੇ ਮਹਿੰਦਰ ਸਿੰਘ ਨੇ ਇਕ ਨੋਟ-ਬੁੱਕ ਵਿਚ ਦਰਜ ਕਰ ਲਏ। ਵਿਚਾਰ ਇਹ ਹੋਈ ਕਿ ਜਦੋਂ ਇਹਨਾਂ ਵਾਅਦਾ-ਮਾਫ਼ਾਂ ਨੂੰ ਜਲੰਧਰ ਤੋਂ ਲਾਹੌਰ ਨੂੰ ਲਿਜਾਇਆ ਜਾ ਰਿਹਾ ਹੋਵੇ ਤਾਂ ਜ਼ਰੂਰ ਹੀ ਇਹ ਸਾਰੇ ਇਕੋ ਡੱਬੇ ਵਿਚ ਹੋਣਗੇ। ਇਸ ਲਈ ਇਕ ਜਾਂ ਦੋ ਬੰਬ ਸੁੱਟ ਕੇ ਕੁਲ ਵਾਅਦਾ-ਮਾਫ਼ ਉਡਾ ਦਿੱਤੇ ਜਾਣ। ਫ਼ੈਸਲਾ ਹੋਇਆ ਕਿ ਕੇਵਲ ਇਕ ਆਦਮੀ ਹੀ ਇਸ ਕੰਮ ਨੂੰ ਸਿਰੇ ਚੜ੍ਹਾਏ। ਅੱਗੋਂ ਨੂੰ ਭੀ ਜਿਹੜੇ ਐਕਸ਼ਨ ਕੀਤੇ ਜਾਣ, ਉਹਨਾਂ ਵਿਚ ਇਕ, ਦੋ ਜਾਂ ਵੱਧ ਤੋਂ ਵੱਧ ਤਿੰਨ ਆਦਮੀ ਹਿੱਸਾ ਲਿਆ ਕਰਨ, ਕਿਉਂਕਿ ਆਮ ਲੋਕੀਂ ਝੋਲੀਚੁੱਕਾਂ ਦੀ ਮੌਤ ਤੋਂ ਖ਼ੁਸ਼ ਹੀ ਹੁੰਦੇ ਹਨ, ਇਸ ਲਈ ਐਕਸ਼ਨ ਦੇ ਦੌਰਾਨ ਲੋਕਾਂ ਵਲੋਂ ਕੋਈ ਖ਼ਤਰਾ ਨਹੀਂ ਹੁੰਦਾ।
ਤੀਜਾ ਇਨਾਮੀ ਇਸ਼ਤਿਹਾਰ
ਪਿੱਛੇ ਦੱਸ ਆਏ ਹਾਂ ਕਿ ਬੱਬਰ ਆਗੂਆਂ ਦੀ ਗ੍ਰਿਫ਼ਤਾਰੀ ਵਾਸਤੇ ਪਹਿਲਾ ਇਨਾਮੀ ਇਸ਼ਤਿਹਾਰ 30 ਨਵੰਬਰ 1922 ਨੂੰ ਕੱਢਿਆ ਗਿਆ ਸੀ, ਜਿਸ ਵਿਚ ਨਕਦ ਇਨਾਮ ਸੀ । ਦੂਜਾ ਇਸ਼ਤਿਹਾਰ 25 ਅਪ੍ਰੈਲ 1922 ਨੂੰ ਕੱਢਿਆ ਗਿਆ ਸੀ, ਜਿਸ ਵਿਚ ਨਹਿਰੀ ਜ਼ਮੀਨ ਦੇ ਮੁਰੱਬਿਆਂ ਦਾ ਇਨਾਮ ਸੀ । ਹੁਣ ਤੀਜਾ ਇਸ਼ਤਿਹਾਰ 8 ਅਗਸਤ 1923 ਨੂੰ ਕੱਢਿਆ ਗਿਆ, ਜਿਸ ਵਿਚ ਦੂਜੇ ਇਸ਼ਤਿਹਾਰ ਤੋਂ ਵਾਧੂ ਹੋਰ ਹੇਠ ਲਿਖਿਆ ਇਨਾਮ ਦੇਣ ਦਾ ਐਲਾਨ ਸੀ:
ਕਰਮ ਸਿੰਘ ਦੌਲਤਪੁਰ = 3000 ਰੁਪਿਆ
ਉਦੈ ਸਿੰਘ ਰਾਮਗੜ੍ਹ = 2000 ਰੁਪਿਆ
ਧੰਨਾ ਸਿੰਘ ਬਹਿਬਲਪੁਰ = 2000 ਰੁਪਿਆ
ਬੰਤਾ ਸਿੰਘ ਧਾਮੀਆਂ = 1000
ਦਲੀਪਾ ਧਾਮੀਆਂ = 1000 ਰੁਪਿਆ
ਵਰਿਆਮ ਸਿੰਘ ਧੁੱਗਾ = 1000 ਰੁਪਿਆ
ਧੰਨਾ ਸਿੰਘ ਕੋਟਲੀ = 500 ਰੁਪਿਆ
ਅਨੂਪ ਸਿੰਘ ਮਾਣਕੋ = 500 ਰੁਪਿਆ
ਬਿਸ਼ਨ ਸਿੰਘ ਮਾਂਗਟ = 400 ਰੁਪਿਆ
ਬੂਟਾ ਸਿੰਘ ਪੰਡੋਰੀ = 200 ਰੁਪਿਆ
ਹੋਰ ਗ੍ਰਿਫ਼ਤਾਰੀਆਂ
15 ਅਗਸਤ ਨੂੰ ਬੂਟਾ ਸਿੰਘ ਪੰਡੋਰੀ ਫੜਿਆ ਗਿਆ, ਤੇ ਬਾਬੂ ਸੰਤਾ ਸਿੰਘ ਦੇ ਬਿਆਨਾਂ ਤੋਂ ਮਗਰੋਂ ਹੇਠ ਲਿਖੀਆਂ ਹੋਰ ਗ੍ਰਿਫ਼ਤਾਰੀਆਂ ਹੋਈਆਂ:
28 ਅਗਸਤ 1923 ਨੂੰ ਬੰਤਾ ਸਿੰਘ ਬਹਿਬਲਪੁਰ, ਪਹਿਲੀ ਸਤੰਬਰ ਨੂੰ ਮਿਲਖਾ ਸਿੰਘ ਮੋਰਾਂਵਾਲੀ, ਬਸੰਤ ਸਿੰਘ ਰੰਧਾਵਾ ਮਸੰਦਾਂ, ਛੱਜਾ ਸਿੰਘ ਮਸਾਣੀਆਂ, ਬਾਵਾ ਸਿੰਘ ਤੇ ਊਧਮ ਸਿੰਘ ਪੰਡੋਰੀ ਨਿਝਰਾਂ, 3 ਸਤੰਬਰ ਨੂੰ ਜਵੰਦ ਸਿੰਘ ਜੌਹਲ, 4 ਨੂੰ ਮੁਨਸ਼ਾ ਸਿੰਘ ਜੌਹਲ, 6 ਨੂੰ ਅਮਰ ਸਿੰਘ ਗਜੋਵਾਲ, 7 ਨੂੰ ਪਰਤਾਪ ਸਿੰਘ ਸਿਆਲਕੋਟ, 9 ਨੂੰ ਬਤਨ ਸਿੰਘ ਗਣੇਸ਼ਪੁਰ ਤੇ ਠਾਕਰ ਸਿੰਘ ਭਾਰਟਾ, 18 ਨੂੰ ਕਿਰਪਾਲ ਸਿੰਘ ਮਲਕਪੁਰ, 19 ਅਕਤੂਬਰ ਨੂੰ ਨਰੈਣ ਸਿੰਘ ਚਾਟੀਵਿੰਡ ਅਤੇ 26 ਅਕਤੂਬਰ ਨੂੰ ਮਾਨ ਸਿੰਘ ਗੁਜਰਾਂਵਾਲਾ।
ਪਹਿਲੀ ਸਤੰਬਰ 1923 ਨੂੰ ਬੁਬੇਲੀ ਦੇ ਸਾਕੇ ਵਾਲੇ ਦਿਨ ਪੁਲਿਸ ਨੇ ਡੁਮੇਲੀ ਨੂੰ ਭੀ ਘੇਰਿਆ ਸੀ । ਉਸ ਦਿਨ ਉੱਥੋਂ ਕਰਤਾਰ ਸਿੰਘ ਛੋਟਾ ਤੇ 2 ਸਤੰਬਰ ਨੂੰ ਚੰਦਾ ਸਿੰਘ ਫ਼ਤਾਰ ਕੀਤੇ ਗਏ। ਬਖ਼ਸ਼ੀਸ਼ ਸਿੰਘ ਪੰਡੋਰੀ 4 ਅਕਤੂਬਰ ਨੂੰ ਖ਼ੁਦ ਪੇਸ਼ ਹੋ ਗਿਆ । 6 ਅਕਤੂਬਰ ਨੂੰ ਸੰਤ ਕਰਤਾਰ ਸਿੰਘ ਗ੍ਰਿਫ਼ਤਾਰ ਕੀਤਾ ਗਿਆ। ਉਹ ਤਾਂ ਅਸਲ ਵਿਚ ਹੁਣ ਤੀਕ ਪੁਲਿਸ ਨੇ ਜਾਣ-ਬੁਝ ਕੇ ਛੱਡਿਆ ਹੋਇਆ ਸੀ, ਤਾਂ ਕਿ ਉਸ ਨੂੰ ਬਾਹਰ ਰੱਖ ਕੇ ਜਿੰਨਾ ਹੋ ਸਕੇ, ਕੰਮ ਲਿਆ ਜਾਵੇ । 10 ਅਕਤੂਬਰ ਨੂੰ ਮੰਡੇਰ ਤੋਂ ਛੋਟਾ ਹਜ਼ਾਰਾ ਸਿੰਘ ਫੜਿਆ ਗਿਆ।
ਕਰਮ ਸਿੰਘ ਦੌਲਤਪੁਰ, ਉਦੈ ਸਿੰਘ, ਬਿਸ਼ਨ ਸਿੰਘ ਮਾਂਗਟ ਅਤੇ ਮਹਿੰਦਰ ਸਿੰਘ ਪੰਡੋਰੀ ਪਹਿਲੀ ਸਤੰਬਰ ਨੂੰ ਬੁਬੇਲੀ ਵਿਚ ਅਤੇ ਧੰਨਾ ਸਿੰਘ 25 ਅਕਤੂਬਰ ਨੂੰ ਮੰਨਣਹਾਣੇ ਵਿਚ ਸ਼ਹੀਦੀ ਪਾ ਗਏ।
ਦਲੀਪਾ ਧਾਮੀਆਂ ਦੀ ਗ੍ਰਿਫ਼ਤਾਰੀ
ਬੁਬੇਲੀ ਦੇ ਸਾਕੇ ਪਿੱਛੋਂ ਦਲੀਪਾ ਧਾਮੀਆਂ ਤੇ ਧੰਨਾ ਸਿੰਘ ਬਹਿਬਲਪੁਰ ਵਧੇਰੇ ਕਰਕੇ ਦਲੀਪ ਸਿੰਘ ਮਾਣਕੋ ਦੇ ਪਾਸ ਰਹਿਣ ਲੱਗ ਪਏ ਸਨ । ਦਲੀਪ ਸਿੰਘ ਤੇ ਸਾਧੂ ਸਿੰਘ ਦੋ ਸਕੇ ਭਰਾ ਸਨ । ਦਲੀਪ ਸਿੰਘ ਤਾਂ ਬੱਬਰ ਜਥੇ ਦਾ ਮੈਂਬਰ ਸੀ, ਪਰ ਸਾਧੂ ਸਿੰਘ ਭੀ ਬੱਬਰਾਂ ਦੀ ਪੁੱਜ ਕੇ ਸੇਵਾ ਕੀਤਾ ਕਰਦਾ ਸੀ। ਇਸੇ ਦੋਸ਼ ਵਿਚ ਪੁਲਿਸ ਨੇ ਇਕ ਵਾਰ ਉਸ ਨੂੰ ਫੜ ਕੇ ਬਹੁਤ ਮਾਰਿਆ ਅਤੇ ਮਗਰੋਂ ਉਸ ਦੇ ਪਸ਼ੂ ਇਧਰ-ਓਧਰ ਕਰ ਦਿੱਤੇ। ਪਰ ਸਾਧੂ ਸਿੰਘ ਨੇ ਪੁਲਿਸ ਨੂੰ ਲੜ ਨਹੀਂ ਫੜਾਇਆ।
ਜਦ ਦਲੀਪੇ ਅਤੇ ਧੰਨਾ ਸਿੰਘ ਨੂੰ ਏਥੇ ਰਹਿੰਦਿਆਂ ਪੰਦਰਾਂ ਵੀਹ ਦਿਨ ਹੋ ਗਏ ਤਾਂ ਦੋਹਾਂ ਨੇ ਵਿਚਾਰ ਕੀਤੀ ਕਿ ਬਾਰ ਵੱਲ ਨਿਕਲਿਆ ਜਾਵੇ ਤਾਂ ਠੀਕ ਹੈ। ਇਹ ਫ਼ੈਸਲਾ ਕਰ ਕੇ ਧੰਨਾ ਸਿੰਘ ਜਿਆਨ ਵਾਲੇ ਜੁਆਲਾ ਸਿੰਘ ਨੂੰ ਲੈਣ ਚਲਾ ਗਿਆ। ਜੁਆਲਾ ਸਿੰਘ ਨੇ ਉਸ ਨੂੰ ਆਖਿਆ ਹੋਇਆ ਸੀ ਕਿ ਜਦੋਂ ਲੋੜ ਪਏ, ਉਹ ਦੋ ਆਦਮੀਆਂ ਦੇ ਕੁਝ ਦਿਨ ਬਾਰ ਵਿਚ ਕਟਾ ਸਕਦਾ ਹੈ। ਜੁਆਲਾ ਸਿੰਘ ਮਾਣਕੀ ਆਇਆ ਤੇ ਦਲੀਪੇ ਨੂੰ ਨਾਲ ਲੈ ਕੇ ਬਾਰ ਨੂੰ ਚਲਿਆ ਗਿਆ । ਪੰਜ-ਸਤ ਦਿਨ ਮਗਰੋਂ ਜੁਆਲਾ ਸਿੰਘ ਨੇ ਦਲੀਪੇ ਨੂੰ ਆਖਿਆ, “ਮੈਂ ਦੁਆਬੇ ਨੂੰ ਵਾਪਸ ਜਾਂਦਾ ਹਾਂ ਅਤੇ ਧੰਨਾ ਸਿੰਘ ਨੂੰ ਭੀ ਤੇਰੇ ਪਾਸ ਭੇਜ ਦਿੰਦਾ ਹਾਂ । ਤੂੰ ਮੈਨੂੰ ਊਠ ਪੁਰ ਗੱਡੀ ਚੜ੍ਹਾ ਆ।”
12 ਅਕਤੂਬਰ ਨੂੰ ਦਲੀਪਾ ਜੁਆਲਾ ਸਿੰਘ ਨੂੰ ਗੱਡੀ ਚੜਾਉਣ ਵਾਸਤੇ ਮੀਆਂ ਚੰਨੂੰ ਸਟੇਸ਼ਨ ਪੁਰ ਆਇਆ। ਜੁਆਲਾ ਸਿੰਘ ਨੇ ਪਹਿਲਾਂ ਹੀ ਖ਼ਬਰ ਦੇ ਕੇ ਉਥੇ ਪੁਲਿਸ ਸੱਦੀ ਹੋਈ ਸੀ। ਦਲੀਪਾ ਤੰਦੂਰ ਪੁਰ ਬੈਠਾ ਰੋਟੀ ਖਾ ਰਿਹਾ ਸੀ ਕਿ ਜੁਆਲਾ ਸਿੰਘ ਦੇ ਇਸ਼ਾਰੇ ਪੁਰ ਮਾਹਲਪੁਰ ਦੇ ਥਾਣੇਦਾਰ ਗੁਲਜ਼ਾਰਾ ਸਿੰਘ ਨੇ ਗ੍ਰਿਫ਼ਤਾਰ ਕਰ ਲਿਆ ।
ਇਸੇ ਜੁਆਲਾ ਸਿੰਘ ਦੀ ਇਤਲਾਹ ਪੁਰ 4 ਅਕਤੂਬਰ 1923 ਵਾਲੇ ਦਿਨ ਦਲੀਪ ਸਿੰਘ ਮਾਣਕੋ ਭੀ ਫੜ ਲਿਆ ਗਿਆ।
ਬਾਕੀ ਗ੍ਰਿਫ਼ਤਾਰੀਆਂ
ਛੱਜਾ ਸਿੰਘ ਚਾਂਦਸੋ, ਪੰਜ ਨਵੰਬਰ ਨੂੰ ਉਸ ਦੇ ਪਿੰਡ ਫੜ ਲਿਆ ਗਿਆ ਸੀ, ਪਰ ਜਦ ਉਸ ਨੂੰ ਜਲੰਧਰ ਸੀ.ਆਈ.ਡੀ. ਦੇ ਦਫ਼ਤਰ ਨੂੰ ਲਿਜਾਇਆ ਜਾ ਰਿਹਾ ਸੀ ਤਾਂ ਉਹ ਜਲੰਧਰ ਰੇਲਵੇ ਪੁਲਿਸ ਦੇ ਹੱਥੋਂ ਸਟੇਸ਼ਨ ਤੋਂ ਖਿਸਕ ਗਿਆ। ਪਰ ਫੇਰ ਖ਼ੁਦ ਹੀ ਪਹਿਲੀ ਦਸੰਬਰ ਨੂੰ ਸੁਪ੍ਰਿੰਟੈਂਡੈਂਟ ਪੁਲਿਸ ਹੁਸ਼ਿਆਰਪੁਰ ਦੇ ਪੇਸ਼ ਹੋ ਗਿਆ। ਉਸ ਨੇ ਆਪਣੇ ਕਬਜ਼ੇ ਵਿਚੋਂ ਇਕ ਪਸਤੌਲ, ਇਕ ਫ਼ੌਜੀ ਬੰਬ ਤੇ 30 ਪਸਤੌਲੀ ਗੋਲੀਆਂ ਪੁਲਿਸ ਦੇ ਹਵਾਲੇ ਕੀਤੀਆਂ। ਇਹ ਚੀਜ਼ਾਂ ਉਸ ਦੇ ਪਾਸ ਲੋੜ ਸਮੇਂ ਵਰਤਣ ਲਈ ਜਮ੍ਹਾ ਕਰਾਈਆਂ ਹੋਈਆਂ ਸਨ।
11 ਦਸੰਬਰ ਨੂੰ ਕਰਤਾਰ ਸਿੰਘ ਵੱਡਾ ਡੁਮੇਲੀ ਅਤੇ 15 ਦਸੰਬਰ ਨੂੰ ਭਾਨ ਸਿੰਘ ਮਾਂਗਟ, ਮੂਲਾ ਸਿੰਘ ਪਲਾਹੀ ਅਤੇ ਚੈਂਚਲ ਸਿੰਘ ਸੰਗਤਪੁਰ ਗ੍ਰਿਫ਼ਤਾਰ ਕਰ ਲਏ ਗਏ। 12 ਦਸੰਬਰ ਨੂੰ ਬੰਤਾ ਸਿੰਘ ਧਾਮੀਆਂ ਅਤੇ ਜੁਆਲਾ ਸਿੰਘ ਫ਼ਤਹਪੁਰ ਕੋਠੀ, ਮੰਡੇਰ ਦੇ ਸਾਕੇ ਵਿਚ ਸ਼ਹੀਦ ਹੋ ਗਏ।
10 ਜਨਵਰੀ 1924 ਨੂੰ ਹਜ਼ਾਰਾ ਸਿੰਘ ਮੰਡੇਰ ਭੀ ਗ੍ਰਿਫ਼ਤਾਰ ਹੋ ਗਿਆ। ਧਰਮ ਸਿੰਘ ਕੋਟਲੀ ਬਾਵਾ ਦਾਸ ਪਿੰਡ ਸਭਰਾਵਾਂ ਥਾਣਾ ਪੱਟੀ ਤੋਂ ਕਿਸੇ ਮੁਖ਼ਬਰ ਦੀ ਇਤਲਾਹ ਪੁਰ 27 ਮਾਰਚ 1924 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
8 ਜੂਨ 1924 ਨੂੰ ਵਰਿਆਮ ਸਿੰਘ ਧੁੱਗਾ ਬਾਰ ਵਿਚ ਸ਼ਹੀਦ ਹੋ ਗਿਆ। ਇਸ ਤਰ੍ਹਾਂ ਜੂਨ 1924 ਤਕ ਲਗਭਗ ਸਾਰੇ ਬੱਬਰ ਗ੍ਰਿਫ਼ਤਾਰ ਜਾਂ ਸ਼ਹੀਦ ਹੋ ਚੁੱਕੇ ਸਨ।
ਹਾਲਤ ਕਦੋਂ ਬਦਲੀ
ਹਕੂਮਤ ਦਾ ਤਹਿਤ ਮੁੜ ਕਦੋਂ ਕਾਇਮ ਹੋਇਆ ? ਇਸ ਬਾਰੇ ਖ਼ੁਦ ਸਰਕਾਰੀ ਅਫ਼ਸਰਾਂ ਦੀਆਂ ਅੱਡ ਅੱਡ ਰਾਵਾਂ ਹਨ। ਮਿਸਟਰ ਆਈਸ ਮੌਂਗਰ ਆਈ.ਜੀ., ਸੀ.ਆਈ.ਡੀ. ਦਾ ਬਿਆਨ ਹੈ, “ਮੈਂ ਨਵੰਬਰ 1923 ਵਿਚ ਛੁੱਟੀ ਪੁਰ ਗਿਆ ਸਾਂ। ਉਸ ਵੇਲੇ ਦੁਆਬੇ ਦੀ ਹਾਲਤ ਕੁਝ ਸੌਖੀ ਸੀ ਅਤੇ ਕਾਫ਼ੀ ਹੱਦ ਤਕ ਹਕੂਮਤ ਪੁਰ ਮੁੜ ਭਰੋਸਾ ਕਾਇਮ ਹੋ ਚੁੱਕਾ ਸੀ । ਨਵੰਬਰ 1924 ਵਿਚ ਹਾਲਤ ਠੀਕ ਹੋ ਗਈ। मी।”
ਮਿਸਟਰ ਜੈਕੁਬ ਡਿਪਟੀ ਕਮਿਸ਼ਨਰ ਜਲੰਧਰ ਦਾ ਬਿਆਨ ਹੈ, “ਅਪ੍ਰੈਲ ਤੋਂ ਜੂਨ 1924 ਵਿਚਕਾਰ ਹਾਲਤ ਸੁਧਰ ਗਈ ਸੀ।”
ਮਿਸਟਰ ਟਨਸ਼ੈਡ ਕਮਿਸ਼ਨਰ ਜਲੰਧਰ ਨੇ ਨਵੰਬਰ 1924 ਵਿਚ ਬਿਆਨ ਦੇਂਦਿਆਂ ਹੋਇਆਂ ਆਖਿਆ, “ਮੇਰੇ ਖ਼ਿਆਲ ਵਿਚ ਹਾਲਤ ਅਜੇ ਭੀ ਪੂਰੀ ਤਰ੍ਹਾਂ ਠੀਕ ਨਹੀਂ ਹੋਈ।”
ਹਕੀਕਤ ਇਹ ਹੈ ਕਿ ਜੂਨ 1924 ਵਿਚ ਬੱਬਰ ਲਹਿਰ ਦਾ ਜ਼ੋਰ ਟੁੱਟ ਚੁੱਕਾ ਸੀ, ਪਰ ਅੰਗਰੇਜ਼ ਅਫ਼ਸਰ ਅਤੇ ਝੋਲੀਚੁੱਕ ਕਈ ਮਹੀਨੇ ਬਾਅਦ ਤੀਕ ਭੀ ਖ਼ਤਰਾ ਅਨੁਭਵ ਕਰਦੇ ਰਹੇ।
ਅਸਫਲ ਕੋਸ਼ਿਸ਼ਾਂ
ਅਜੀਤ ਸਿੰਘ ਢਾਡਾ, ਜਿਸ ਨੇ ਅਮਰ ਸਿੰਘ ਗ੍ਰੰਥੀ ਕੋਟ ਫ਼ਤੂਹੀ ਨੂੰ ਆਪਣੇ ਪਾਸ ਲਿਆ ਕੇ ਗ੍ਰਿਫ਼ਤਾਰ ਕਰਵਾਇਆ ਸੀ, ਉਸ ਨੂੰ ਖ਼ਤਮ ਕਰਨ ਵਾਸਤੇ ਅਪ੍ਰੈਲ 1923 ਦੇ ਦੂਜੇ ਹਫ਼ਤੇ ਕਰਮ ਸਿੰਘ ਐਡੀਟਰ, ਧੰਨਾ ਸਿੰਘ ਬਹਿਬਲਪੁਰ, ਉਦੈ ਸਿੰਘ ਰਾਮਗੜ੍ਹ ਅਤੇ ਬਾਬੂ ਸੰਤਾ ਸਿੰਘ ਸ਼ਾਮ ਵੇਲੇ ਢਾਡੇ ਪੁੱਜੇ। ਪਤਾ ਲੱਗਾ ਕਿ ਉਹ ਪਿੰਡ ਦੇ ਭੱਠੇ ਲਈ ਪਾਣੀ ਸਪਲਾਈ ਕਰਨ ਵਾਸਤੇ ਖੂਹ ਚਲਾ ਰਿਹਾ ਸੀ । ਭੱਠੇ ਪੁਰ ਜਾ ਕੇ ਇਕ ਛੋਟੇ ਜਿਹੇ ਮੁੰਡੇ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਪਹਿਲਾਂ ਅਜੀਤ ਸਿੰਘ ਹੀ ਪਾਣੀ ਦਿਆ ਕਰਦਾ ਸੀ, ਪਰ ਜਦ ਤੋਂ ਉਸ ਨੇ ਅਮਰ ਸਿੰਘ ਗ੍ਰੰਥੀ ਨੂੰ ਫੜਵਾਇਆ ਸੀ, ਪਿੰਡ ਵਾਲਿਆਂ ਨੇ ਉਸ ਦਾ ਬਾਈਕਾਟ ਕਰ ਛੱਡਿਆ ਹੈ ਅਤੇ
ਹੁਣ ਕੋਈ ਦੂਜਾ ਆਦਮੀ ਪਾਣੀ ਦੇਣ ਪੁਰ ਲੱਗਾ ਹੋਇਆ ਹੈ।
ਜਦ ਉਸ ਲੜਕੇ ਤੋਂ ਪੁੱਛਿਆ ਕਿ ਅਜੀਤ ਸਿੰਘ ਕਿੱਥੇ ਰਹਿੰਦਾ ਹੈ ਤਾਂ ਉਸ ਨੇ ਉੱਤਰ ਦਿੱਤਾ ਕਿ ਉਹ ਬੱਬਰਾਂ ਤੋਂ ਡਰਦਾ ਪਿੰਡ ਛੱਡ ਕੇ ਕਿਧਰੇ ਚਲਾ ਗਿਆ वै।
ਕਰਮ ਸਿੰਘ ਦੌਲਤਪੁਰ ਨੇ ਦੱਸਿਆ ਸੀ ਕਿ ਉਸ ਦੇ ਪਿੰਡ ਦਾ ਇਕ ਸੂਬੇਦਾਰ ਝੋਲੀਚੁੱਕ ਹੈ। ਉਹ ਲੋਕਾਂ ਨੂੰ ਬਹੁਤ ਦਬਾ ਰਿਹਾ ਹੈ ਅਤੇ ਬੇਗੁਨਾਹ ਲੋਕਾਂ ਨੂੰ ਫੜਾ ਰਿਹਾ ਹੈ। ਇਸ ਲਈ ਉਸ ਦੇ ਸੁਧਾਰ ਦਾ ਫ਼ੈਸਲਾ ਕਰ ਕੇ 17 ਮਈ ਨੂੰ ਕਰਮ ਸਿੰਘ ਐਡੀਟਰ, ਧੰਨਾ ਸਿੰਘ ਬਹਿਬਲਪੁਰ, ਉਦੈ ਸਿੰਘ, ਬਿਸ਼ਨ ਸਿੰਘ ਮਾਂਗਟ, ਬਾਬੂ ਸੰਤਾ ਸਿੰਘ, ਬੰਤਾ ਸਿੰਘ ਧਾਮੀਆਂ ਹੋਰੀਂ ਦੌਲਤਪੁਰ ਪੁੱਜੇ। ਐਡੀਟਰ ਜੀ ਤੇ ਉਦੈ ਸਿੰਘ ਪਿੰਡ ਸੂਬੇਦਾਰ ਦਾ ਪਤਾ ਲੈਣ ਗਏ ਤਾਂ ਪਿੰਡ ਦੇ ਕੁਝ ਹਮਦਰਦਾਂ ਨੇ ਦੱਸਿਆ ਕਿ ਪਿੰਡ ਵਿਚ ਬਹੁਤ ਸਾਰੀਆਂ ਗ੍ਰਿਫ਼ਤਾਰੀਆਂ ਹੋਣ ਕਰਕੇ ਲੋਕਾਂ ਦੇ ਕੰਮ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਅਤੇ ਹਾੜੀ ਦੀ ਫ਼ਸਲ ਤਬਾਹ ਹੋ ਰਹੀ ਹੈ। ਜੇ ਸੂਬੇਦਾਰ ਨੂੰ ਕਤਲ ਕਰ ਦਿੱਤਾ ਤਾਂ ਹੋਰ ਭੀ ਬਹੁਤ ਸਾਰੀਆਂ ਗ੍ਰਿਫ਼ਤਾਰੀਆਂ ਹੋ ਜਾਣਗੀਆਂ ਅਤੇ ਲੋਕ ਉਲਟੀ ਨਫ਼ਰਤ ਕਰਨ ਲੱਗ ਜਾਣਗੇ। ਇਸ ਲਈ ਅਜੇ ਉਸ ਨੂੰ ਕਤਲ ਨਾ ਕੀਤਾ ਜਾਵੇ। ਉਹਨਾਂ ਦੀ ਗੱਲ ਵਿਚ ਵਜ਼ਨ ਦੇਖ ਕੇ ਬੱਬਰਾਂ ਨੇ ਆਪਣੀ ਸਲਾਹ ਹਟਾ ਦਿੱਤੀ।
19 ਮਈ ਨੂੰ ਕਰਮ ਸਿੰਘ, ਧੰਨਾ ਸਿੰਘ ਬਹਿਬਲਪੁਰ, ਉਦੈ ਸਿੰਘ, ਬਾਬੂ ਜੀ, ਬਿਸ਼ਨ ਸਿੰਘ, ਬੰਤਾ ਸਿੰਘ ਤੇ ਧਰਮ ਸਿੰਘ ਕੋਟਲੀ ਸਾਹਦੜੇ ਇਕੱਠੇ ਹੋਏ ਤਾਂ ਪਤਾ ਲੱਗਾ ਕਿ ਇਸ ਪਿੰਡ ਵਿਚ ਭੀ ਈਸ਼ਰ ਸਿੰਘ ਨੰਬਰਦਾਰ ਡਾਇਰੀ-ਬਾਜ਼ ਤੇ ਝੋਲੀਚੁੱਕ ਸੀ। ਇਸ ਲਈ ਬੱਬਰਾਂ ਨੇ ਉਸ ਦੇ ਸੁਧਾਰ ਦਾ ਫ਼ੈਸਲਾ ਕਰ ਲਿਆ । ਪਤਾ ਲੱਗਾ ਕਿ ਉਹ ਸਵੇਰੇ ਆਪਣੀ ਕਿਸੇ ਪੇਸ਼ੀ ਪੁਰ ਹੁਸ਼ਿਆਰਪੁਰ ਜਾ ਰਿਹਾ ਹੈ, ਇਸ ਪੁਰ ਸਾਰੇ ਬੱਬਰ ਸਵੇਰੇ ਹੀ ਰਸਤਾ ਮੱਲ ਕੇ ਬਹਿ ਗਏ। ਪਰ ਪਿੰਡੋਂ ਇਕ ਮੁੰਡੇ ਨੇ ਆ ਕੇ ਖ਼ਬਰ ਦਿੱਤੀ ਕਿ ਉਹ 18 ਮਈ ਦੀ ਰਾਤ ਨੂੰ ਹੀ ਪਿੰਡੋਂ ਨਿਕਲ ਗਿਆ ਸੀ।
ਛੇਵਾਂ ਕਾਂਡ
ਮੁਕੱਦਮਾ
ਜਦੋਂ ਪੁਲਿਸ ਨੇ ਗਵਾਹ ਪੈਦਾ ਕਰ ਕੇ ਤੇ ਵਾਅਦਾ-ਮਾਫ਼ ਬਣਾ ਕੇ ਆਪਣੇ ਵਲੋਂ ਮੁਕੱਦਮਾ ਤਿਆਰ ਕਰ ਲਿਆ ਤਾਂ ਉਸ ਨੇ ਪਹਿਲਾਂ ਹੋਰ ਮੁਕੱਦਮਿਆਂ ਵਿਚ ਸਜ਼ਾ ਭੁਗਤ ਰਹੇ ਬੱਬਰ ਲਹਿਰ ਨਾਲ ਸਬੰਧਤ ਮੁਲਜ਼ਮਾਂ ਨੂੰ ਭੀ ਜਲੰਧਰ ਇਕੱਠੇ ਕਰਨਾ ਸ਼ੁਰੂ ਕੀਤਾ। ਮੁਲਤਾਨ ਜੇਲ੍ਹ ਤੋਂ ਭਾਈ ਸੁੰਦਰ ਸਿੰਘ, ਦਲੀਪ ਸਿੰਘ ਗੋਸਲ ਅਤੇ ਚਤਰ ਸਿੰਘ ਕੰਦੋਲਾ ਤੇ ਰਾਵਲਪਿੰਡੀ ਜੇਲ੍ਹ ਤੋਂ ਕਰਮ ਸਿੰਘ ਝਿੰਗੜ ਨੂੰ ਲਿਆਂਦਾ। ਜਥੇਦਾਰ ਕਿਸ਼ਨ ਸਿੰਘ ਉਸ ਵੇਲੇ ਮੀਆਂਵਾਲੀ ਜੇਲ੍ਹ ਵਿਚ ਬੰਦ ਸੀ । ਉਸ ਨੂੰ ਜਲੰਧਰ ਨਹੀਂ ਲਿਆਂਦਾ ਗਿਆ, ਹੋਰ ਸਭ ਬੱਬਰਾਂ ਨੂੰ ਜਲੰਧਰ ਇਕੱਠੇ ਕਰ ਕੇ 13 ਅਗਸਤ ਨੂੰ ਲਾਹੌਰ ਚਲਾਨ ਭੇਜ ਦਿੱਤਾ। 15 ਅਗਸਤ 1923 ਨੂੰ ਕੇਸ ਮੈਜਿਸਟ੍ਰੇਟ ਸਾਹਮਣੇ ਪੇਸ਼ ਹੋਣ ਲੱਗਾ ਸੀ, ਪਰ ਉਸ ਦਿਨ ਬੂਟਾ ਸਿੰਘ ਪੰਡੋਰੀ ਦੀ ਗ੍ਰਿਫ਼ਤਾਰੀ ਹੋ ਜਾਣ ਦੇ ਕਾਰਨ ਮੁਕੱਦਮੇ ਦੀ ਪੇਸ਼ੀ 17 ਅਗਸਤ ਤਕ ਮੁਲਤਵੀ ਕਰ ਦਿੱਤੀ ਗਈ।
ਪੁਲਿਸ ਨੇ 62 ਬੱਬਰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤੇ। ਸਾਰਿਆਂ ਦੇ ਬੇੜੀਆਂ ਲੱਗੀਆਂ ਹੋਈਆਂ ਸਨ। ਲਾਹੌਰ ਸੈਂਟਰਲ ਜੇਲ੍ਹ ਦੇ ਇਕ ਅਹਾਤੇ ਤੋਂ ਹੀ ਅਦਾਲਤ ਦੇ ਕਮਰੇ ਦਾ ਕੰਮ ਲਿਆ ਜਾਂਦਾ ਸੀ । ਇਸ ਅਹਾਤੇ ਨੂੰ ਲੁਹਾਰਖ਼ਾਨਾ ਆਖਿਆ ਜਾਂਦਾ ਸੀ। ਪਹਿਲੇ ਦੋ ਦਿਨ ਅਦਾਲਤ ਵਿਚ ਅਖ਼ਬਾਰ ਦੇਸ਼ ਸੇਵਕ ਤੇ ਅਕਾਲੀ ਪੱਤ੍ਰਕਾ ਦੇ ਪੱਤਰ-ਪ੍ਰੇਰਕ ਆਉਂਦੇ ਰਹੇ, ਫੇਰ ਹੁਕਮ ਮਿਲ ਗਿਆ ਕਿ ਕੋਈ ਪੱਤਰ-ਪ੍ਰੇਰਕ ਅਦਾਲਤ ਵਿਚ ਨਹੀਂ ਆ ਸਕਦਾ।
ਜਦੋਂ ਬੱਬਰਾਂ ਨੂੰ ਜਲੰਧਰ ਤੋਂ ਲਾਹੌਰ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿਚ ਹਰ ਸਟੇਸ਼ਨ ਪੁਰ ਪੁਲਿਸ ਦਾ ਸਖ਼ਤ ਪਹਿਰਾ ਸੀ । ਜਦ ਗੱਡੀ ਅੰਮ੍ਰਿਤਸਰ ਅੱਪੜੀ ਤਾਂ ਦੂਜੇ ਪਲੇਟਫ਼ਾਰਮ ਪੁਰ ਹਰਦਿਤ ਸਿੰਘ ਕੋਟ ਫ਼ਤੂਹੀ ਅਤੇ ਠਾਕਰ ਸਿੰਘ ਬਿਲਾਸਪੁਰ ਖੜੇ ਸਨ। ਉਹਨਾਂ ਨੇ ਦੂਰੋਂ ਹੀ ਬੱਬਰਾਂ ਨੂੰ ਆਖਿਆ, “ਫ਼ਿਕਰ ਨਾ ਕਰਿਓ, ਕਾਂਗਰਸ ਅਤੇ ਸ਼੍ਰੋਮਣੀ ਕਮੇਟੀ ਵਲੋਂ ਜਿਤਨੇ ਵਕੀਲ ਚਾਹੋਗੇ, ਪੇਸ਼ ਕੀਤੇ ਜਾਣਗੇ।”
ਜਿਸ ਦਿਨ ਕੇਸ ਪੇਸ਼ ਹੋਇਆ, ਉਸ ਦਿਨ ਲਾਲਾ ਰਘੁਨਾਥ ਸਹਾਏ ਲਾਹੌਰ, ਸ਼੍ਰੋਮਣੀ ਕਮੇਟੀ ਵਲੋਂ ਅਤੇ ਦੁਰਗਾ ਦਾਸ ਹੁਸ਼ਿਆਰਪੁਰ, ਕਾਂਗਰਸ ਵਲੋਂ ਵਕੀਲ ਪੇਸ਼ ਹੋਏ। ਉਹਨਾਂ ਨੇ ਆਖਿਆ ਕਿ ਅਜੇ ਤਾਂ ਮਾਮੂਲੀ ਕੰਮ ਹੈ, ਇਸ ਲਈ ਅਸੀਂ ਦੋਵੇਂ ਕਾਫ਼ੀ ਹਾਂ। ਅੱਗੇ ਚੱਲ ਕੇ ਬਹੁਤ ਸਾਰੇ ਵਕੀਲ ਪੇਸ਼ ਹੋਣਗੇ। ਪਰ ਵਕੀਲ ਅਖ਼ੀਰ ਤਕ ਦੋ ਹੀ ਰਹੇ।
ਜਦੋਂ ਅਜੇ ਪੁਲਿਸ ਦੀ ਤਫ਼ਤੀਸ਼ ਜਾਰੀ ਸੀ ਤਾਂ ਦੁਨੀਚੰਦ ਅੰਬਾਲਵੀ ਤੇ ਰਾਇਜ਼ਾਦਾ ਭਗਤ ਰਾਮ ਨੇ ਕੁਲ ਹਿੰਦ ਅਤੇ ਖ਼ਾਸ ਕਰਕੇ ਪੰਜਾਬ ਦੇ ਵਕੀਲਾਂ ਨੂੰ ਅਪੀਲ ਕੀਤੀ ਕਿ “ਬੱਬਰ ਅਕਾਲੀਆਂ ਦੇ ਮੁਕੱਦਮੇ ਦੀ ਮੁਫ਼ਤ ਪੈਰਵੀ ਕਰਨ” ਤੇ ਉਹਨਾਂ ਨੇ ਆਪਣੀ ਸੇਵਾ ਇਸ ਕੰਮ ਲਈ ਪੇਸ਼ ਕੀਤੀ। ਪਰ ਰਾਇਜ਼ਾਦਾ ਭਗਤ ਰਾਮ ਨੂੰ ਡਿਪਟੀ ਕਮਿਸ਼ਨਰ ਨੇ ਸੱਦ ਕੇ ਤਾੜਨਾ ਕੀਤੀ ਕਿ ਤੇਰੀ ਇਸ ਵੇਲੇ ਸਰਕਾਰ ਬੜੀ ਇੱਜ਼ਤ ਕਰਦੀ ਹੈ। ਜੇ ਤੂੰ ਸਰਕਾਰ ਦੇ ਦੁਸ਼ਮਣਾਂ ਦੀ ਪੈਰਵੀ ਕੀਤੀ ਤਾਂ ਪਤਾ ਨਹੀਂ ਹਕੂਮਤ ਤੇਰੇ ਵੱਲ ਕੀ ਰਵੱਈਆ ਧਾਰਨ ਕਰੇ ਤੇ ਇਸ ਦੇ ਨਤੀਜੇ ਕਿਸ ਸ਼ਕਲ ਵਿਚ ਤੈਨੂੰ ਭੁਗਤਣੇ ਪੈਣ। ਇਸ ਲਈ ਤੈਨੂੰ ਇਸ ਕੇਸ ਦੀ ਪੈਰਵੀ ਦਾ ਖ਼ਿਆਲ ਛੱਡ ਦੇਣਾ ਚਾਹੀਦਾ ਹੈ, ਕਿਉਂਕਿ ਹਕੂਮਤ ਇਸ ਲਹਿਰ ਨੂੰ ਬਹੁਤ ਬੁਰੀ ਤਰ੍ਹਾਂ ਦਬਾ ਦੇਣਾ ਚਾਹੁੰਦੀ ਹੈ।
ਨਤੀਜਾ ਇਹ ਹੋਇਆ ਕਿ ਰਾਇਜ਼ਾਦਾ ਸਾਹਿਬ ਉਸੇ ਵੇਲੇ ਤੋਂ ਬਿਲਕੁਲ ਖ਼ਾਮੋਸ਼ ਹੋ ਗਏ ਤੇ ਲਾਲਾ ਦੁਨੀਚੰਦ ਹੋਰਾਂ ਨੇ ਫੇਰ ਉੱਚਾ ਸਾਹ ਨਹੀਂ ਲਿਆ।
ਇਸ ਮੁਕੱਦਮੇ ਦੇ ਦੌਰਾਨ ਨਵੇਂ ਨਵੇਂ ਤਜਰਬੇ ਹੋਏ। ਮੈਜਿਸਟ੍ਰੇਟ ਏਥੇ ਕੋਈ ਚੀਜ਼ ਨਹੀਂ ਸੀ ਸਮਝਿਆ ਜਾਂਦਾ। ਪੁਲਿਸ ਮਨ-ਮਰਜ਼ੀ ਕਰਦੀ ਸੀ ਤੇ ਜਿਵੇਂ ਜੀਅ ਵਿਚ ਆਵੇ, ਸ਼ਨਾਖ਼ਤਾਂ ਕਰਵਾਉਂਦੀ ਸੀ । ਵਾਅਦਾ-ਮਾਫ਼ਾਂ ਨੂੰ ਲਿਆ ਕੇ ਮੁਲਜ਼ਮ ਦਿਖਾਏ ਜਾਂਦੇ ਸਨ। ਇਸ ਪੁਰ ਕਰਮ ਸਿੰਘ ਝਿੰਗੜ ਨੇ ਪੁਲਿਸ ਨੂੰ ਸਖ਼ਤ ਸੁਸਤ ਭੀ ਆਖਿਆ ਸੀ।
ਜੇਲ੍ਹ ਦੀ ਹਾਲਤ
ਇਕ ਬਾਰਕ ਦੇ ਚਾਰ ਕਮਰੇ ਬਣਾ ਕੇ ਦਸ ਦਸ ਪੰਦਰਾਂ ਪੰਦਰਾਂ ਬੱਬਰਾਂ ਨੂੰ ਇਕ ਕਮਰੇ ਵਿਚ ਬੰਦ ਕੀਤਾ ਜਾਂਦਾ ਸੀ । ਬਾਰਕ ਉਦਾਲੇ ਪਹਿਲਾਂ ਸੀਖਾਂ ਸਨ, ਪਰ ਹੁਣ ਉਹਨਾਂ ਦੀ ਥਾਂ ਕੰਧਾਂ ਕਰ ਦਿੱਤੀਆਂ ਗਈਆਂ। ਇਸ ਬਾਰਕ ਦੇ ਪਿਛਲੇ ਪਾਸੇ ਡਿਉਢੀ ਵੱਲ ਨੂੰ ਇਕ ਮੋਰੀ ਜਿਹੀ ਕੱਢ ਦਿੱਤੀ ਸੀ। ਇਹ ਪਰਬੰਧ ਇਸ ਵਾਸਤੇ ਕੀਤਾ ਗਿਆ ਸੀ ਕਿ ਆਮ ਕੈਦੀਆਂ ਨਾਲ ਬੱਬਰਾਂ ਦਾ ਕੋਈ ਮੇਲ-ਜੋਲ ਨਾ ਹੋ ਸਕੇ।
ਬੱਬਰਾਂ ਨੂੰ 24 ਘੰਟੇ ਬੰਦ ਰੱਖਿਆ ਜਾਂਦਾ ਸੀ । ਜਦੋਂ ਉਹਨਾਂ ਨੂੰ ਟੱਟੀ ਹੋਣ ਵਾਸਤੇ ਕੱਢਿਆ ਜਾਂਦਾ ਤਾਂ ਦੋ ਦੋ ਜੋੜੇ ਨੂੰ ਲਿਜਾਇਆ ਜਾਂਦਾ ਸੀ । ਚਾਰ ਨੰਬਰਦਾਰ ਨਾਲ ਹੁੰਦੇ ਸਨ। ਸੁਪ੍ਰਿੰਟੈਂਡੈਂਟ ਨੇ ਕੁਲ ਨੰਬਰਦਾਰਾਂ ਨੂੰ ਇਕੱਠੇ ਕਰ ਕੇ ਆਖਿਆ ਸੀ, “ਜਿਹੜੇ ਹਰਾਮ ਦੇ ਹਨ, ਆਪਣੇ ਹੱਥ ਖੜੇ ਕਰੋ।” ਦਸ ਨੰਬਰਦਾਰ ਅਜਿਹੇ ਬੇਸ਼ਰਮ ਤੇ ਬੇਅਣਖ ਭੀ ਨਿਕਲ ਆਏ ਤੇ ਉਹਨਾਂ ਨੇ ਹੱਥ ਖੜੇ ਕਰ ਦਿੱਤੇ । ਬਸ ਇਹਨਾਂ ਦਸ ਚੋਣਵੇਂ ਨੰਬਰਦਾਰਾਂ ਦੀ ਡਿਊਟੀ ਬੱਬਰਾਂ ਉੱਤੇ ਲਾਈ ਗਈ।
ਰੋਟੀ ਉਸ ਵੇਲੇ ਛੋਲਿਆਂ ਦੀ ਹੁੰਦੀ ਸੀ। ਉਸ ਵਿਚ ਭੀ ਅੱਧੀ ਮਿੱਟੀ ਹੁੰਦੀ ਸੀ ਤੇ ਕੱਚੀ ਹੀ ਕੈਦੀਆਂ ਦੇ ਮੱਥੇ ਮਾਰ ਦਿੱਤੀ ਜਾਂਦੀ ਸੀ । ਦਰੋਗਾ ਖ਼ੈਰ ਦੀਨ ਬੜੇ ਬੇਰਹਿਮੀ ਭਰੇ ਮਖ਼ੌਲ ਕੀਤਾ ਕਰਦਾ ਸੀ । ਜੇ ਕਿਸੇ ਨੇ ਆਖਣਾ, “ਦਰੋਗਾ ਜੀ, ਇਹਨਾਂ ਰੋਟੀਆਂ ਨੂੰ ਤਾਂ ਪਸ਼ੂ ਭੀ ਨਹੀਂ ਖਾ ਸਕਦੇ,” ਤਾਂ ਉਸ ਉੱਤਰ ਦੇਣਾ, “ਕਾਕਾ, ਜੇ ਪਸ਼ੂ ਖਾ ਲੈਣ ਤਾਂ ਤੁਹਾਨੂੰ ਕਿਉਂ ਦੇਈਏ ?”
ਦਾਲ ਸਬਜ਼ੀ ਅਜਿਹੀ ਹੁੰਦੀ ਸੀ ਕਿ ਕੋਈ ਪਛਾਣ ਨਹੀਂ ਸੀ ਸਕਦਾ ਕਿ ਉਹ ਬਣਾਈ ਕਿਸ ਚੀਜ਼ ਦੀ ਗਈ ਹੈ। ਹਰ ਭਾਂਤ ਦੀ ਸਬਜ਼ੀ ਦੇ ਪੱਤੇ ਕੁਤਰ ਕੇ ਮਾੜੀ ਜਿਹੀ ਉਬਾਲ ਕੇ ਕੈਦੀਆਂ ਨੂੰ ਦਿੱਤੀ ਜਾਂਦੀ ਸੀ ਤੇ ਅਸਲ ਸਬਜ਼ੀ ਜੇਲ੍ਹ-ਅਫ਼ਸਰਾਂ ਦੇ ਘਰਾਂ ਵਿਚ ਪਹੁੰਚਾਈ ਜਾਂਦੀ ਸੀ । ਦਾਲ ਤਾਂ ਕੇਵਲ ਲੂਣ ਵਾਲਾ ਪਾਣੀ ਹੀ ਹੁੰਦਾ। ਸੀ, ਜਿਸ ਵਿਚੋਂ ਦਾਣਾ ਕੱਢਣ ਲਈ ਚੁੱਭੀ ਮਾਰਨ ਦੀ ਲੋੜ ਪੈਂਦੀ ਸੀ।
ਇਹ ਹਾਲਤਾਂ ਦੇਖ ਕੇ ਬੱਬਰਾਂ ਨੇ ਭੁੱਖ-ਹੜਤਾਲ ਸ਼ੁਰੂ ਕਰ ਦਿੱਤੀ। ਚਾਰ ਦਿਨ ਬਾਅਦ ਜੇਲ-ਅਫ਼ਸਰਾਂ ਨੇ ਇਹ ਗੱਲ ਮੰਨ ਲਈ ਕਿ ਰੋਟੀ ਰੜ੍ਹੀ ਹੋਈ ਮਿਲੇਗੀ ਤੇ ਬੱਬਰਾਂ ਨੂੰ ਹਰ ਰੋਜ਼ ਇਕ ਘੰਟੇ ਵਾਸਤੇ ਬਾਹਰ ਕੱਢ ਕੇ ਟਹਿਲਾਇਆ ਜਾਵੇਗਾ।
ਜਿਨ੍ਹਾਂ ਬੱਬਰਾਂ ਨੂੰ ਹੋਰ ਮੁਕੱਦਮਿਆਂ ਵਿਚ ਪਹਿਲਾਂ ਸਜ਼ਾਵਾਂ ਹੋ ਚੁੱਕੀਆਂ ਸਨ, ਉਹਨਾਂ ਨੂੰ ਬਾਕੀ ਬੱਬਰਾਂ ਤੋਂ ਅਲੱਗ ਚੱਕੀ ਤੇ ਕੋਠੀ-ਬੰਦ ਰੱਖਿਆ ਜਾਂਦਾ ਸੀ । ਉਹਨਾਂ ਤੋਂ ਮੁਸ਼ੱਕਤ ਭੀ ਲਈ ਜਾਂਦੀ ਸੀ । ਜਿਸ ਦਿਨ ਕੇਸ ਪੇਸ਼ ਹੁੰਦਾ ਸੀ, ਉਸ ਦਿਨ ਅੱਧੀ ਮੁਸ਼ੱਕਤ ਹੁੰਦੀ ਸੀ। ਕੇਸ ਆਮ ਤੌਰ ਪੁਰ ਰੋਜ਼ ਹੀ ਪੇਸ਼ ਹੁੰਦਾ ਸੀ।
ਅਨੂਪ ਸਿੰਘ ਦੇ ਫੜੇ ਜਾਣ ਮਗਰੋਂ 36 ਬੱਬਰ ਹੋਰ ਗ੍ਰਿਫ਼ਤਾਰ ਕੀਤੇ ਗਏ। 29 ਜਨਵਰੀ 1924 ਨੂੰ ਵੱਡਾ ਕੇਸ ਅਟਕਾ ਲਿਆ ਗਿਆ ਤੇ ਇਹਨਾਂ 36 ਬੱਬਰਾਂ ਦੇ ਜ਼ਿਮਨੀ ਕੇਸ ਦੀ ਤਫ਼ਤੀਸ਼ ਮੈਜਿਸਟ੍ਰੇਟ ਦੀ ਅਦਾਲਤ ਵਿਚ ਸ਼ੁਰੂ ਹੋਈ। ਵੱਡੇ ਕੇਸ ਦੀ ਤਫ਼ਤੀਸ਼ ਦੇ ਦੌਰਾਨ ਦੋ ਬੱਬਰ ਸੁੰਦਰ ਸਿੰਘ ਹਯਾਤਪੁਰ ਤੇ ਚਤਰ ਸਿੰਘ ਕੰਦੋਲਾ ਚਲਾਣੇ ਕਰ ਗਏ। ਲੱਖਾ ਸਿੰਘ, ਬਾਵਾ ਸਿੰਘ ਤੇ ਭੁਲਾ ਸਿੰਘ ਕੋਟ ਫ਼ਤੂਹੀ, ਜਗਤ ਸਿੰਘ ਪਲਾਹੀ ਤੇ ਗੋਕਲ ਸਿੰਘ ਸਿੰਬਲੀ, ਇਹ ਪੰਜ ਬਰੀ ਕਰ ਦਿੱਤੇ ਗਏ। ਇਸ ਤਰ੍ਹਾਂ ਵੱਡੇ ਕੇਸ ਦੇ 55 ਅਤੇ ਜ਼ਿਮਨੀ ਦੇ 36, ਕੁਲ 91 ਬੱਬਰ 4 ਅਪ੍ਰੈਲ 1924 ਨੂੰ ਸੈਸ਼ਨ ਸਪੁਰਦ ਕਰ ਦਿੱਤੇ ਗਏ।
ਵੱਡੇ ਕੇਸ ਦੇ 29 ਅਤੇ ਜ਼ਿਮਨੀ ਦੇ 18, ਕੁਲ 47 ਮੁਲਜ਼ਮਾਂ ਨੇ ਇਕਬਾਲ ਕੀਤੇ ਸਨ।
ਸੈਸ਼ਨ ਦੀ ਅਦਾਲਤ ਵਿਚ
ਜਿਸ ਜੱਜ ਦੀ ਅਦਾਲਤ ਵਿਚ ਮੁਕੱਦਮਾ ਲੱਗਾ, ਉਸ ਸੈਸ਼ਨ ਜੱਜ ਦਾ ਨਾਂ ਮਿਸਟਰ ਜੇ. ਕੇ. ਟੈਪ ਸੀ । ਇਸ ਨੂੰ 3 ਮਾਰਚ 1924 ਨੂੰ ਐਡੀਸ਼ਨਲ ਸੈਸ਼ਨ ਜੱਜ ਨੀਯਤ ਕੀਤਾ ਗਿਆ ਸੀ। ਉਸ ਦੇ ਸਾਹਮਣੇ ਇਸ ਤੋਂ ਪਹਿਲਾਂ ਜਾਅਲੀ ਨੋਟ ਬਣਾਉਣ ਦੀ ਸਾਜ਼ਸ਼ ਦਾ ਮੁਕੱਦਮਾ ਪੇਸ਼ ਸੀ। ਇਸ ਤੋਂ ਵਿਹਲੇ ਹੋ ਕੇ 2 ਜੂਨ 1924 ਨੂੰ ਉਸ ਨੇ ਬੱਬਰ ਕੇਸ ਅਰੰਭ ਕੀਤਾ। ਉਸ ਦੇ ਨਾਲ ਚਾਰ ਅਸੈਸਰ ਸਨ। ਦੀਵਾਨ ਬਹਾਦਰ ਪਿੰਡੀ ਦਾਸ ਨੂੰ ਸਪੈਸ਼ਲ ਪਬਲਿਕ ਪ੍ਰਾਸੀਕੀਊਟਰ, ਅਰਥਾਤ ਸਰਕਾਰੀ ਵਕੀਲ ਲਾਇਆ ਗਿਆ ਸੀ।
ਅਦਾਲਤ ਨਾਲ ਨਾ-ਮਿਲਵਰਤਣ
ਜਦੋਂ ਜੱਜ ਨੇ ਮੁਲਜ਼ਮਾਂ ਨੂੰ ਆਪਣੇ ਵਾਸਤੇ ਵਕੀਲਾਂ ਦੀ ਖ਼ਿਦਮਤ ਹਾਸਲ ਕਰਨ ਲਈ ਆਖਿਆ ਤਾਂ ਨੌਂ ਬੱਬਰ ਸਾਥੀਆਂ ਨੇ ਵਕੀਲਾਂ ਦੀ ਸਹਾਇਤਾ ਲੈਣ ਤੋਂ ਉੱਕੀ ਨਾਂਹ ਕਰ ਦਿੱਤੀ। ਉਹਨਾਂ ਨੇ ਆਖਿਆ ਕਿ ਉਹਨਾਂ ਨੇ ਹਕੂਮਤ ਨਾਲ ਨਾ- ਮਿਲਵਰਤਣ ਕਰਨ ਦਾ ਫ਼ੈਸਲਾ ਕੀਤਾ ਹੋਇਆ ਹੈ। ਉਹ ਅਦਾਲਤੀ ਕਾਰਵਾਈ ਵਿਚ ਕੋਈ ਹਿੱਸਾ ਨਹੀਂ ਲੈਣਗੇ । ਇਹਨਾਂ ਨਾ-ਮਿਲਵਰਤਣੀਆਂ ਵਲੋਂ ਜਥੇਦਾਰ ਕਿਸ਼ਨ ਸਿੰਘ ਨੇ ਐਲਾਨ ਕੀਤਾ ਕਿ ਉਹਨਾਂ ਨੂੰ ਇਸ ਹਕੂਮਤ ਉੱਤੇ ਕੋਈ ਵਿਸ਼ਵਾਸ ਨਹੀਂ । ਇਹ ਅਦਾਲਤਾਂ ਦਿਖਾਵਾ ਤੇ ਫ਼ਰੇਬ ਹਨ । ਹੁੰਦੀ ਉਹੀ ਹੈ, ਜੋ ਅੰਗਰੇਜ਼ੀ ਹਕੂਮਤ ਕਰਵਾਉਣਾ ਚਾਹੁੰਦੀ ਹੈ। ਜੱਜ ਹਕੂਮਤ ਦੇ ਇਸ਼ਾਰੇ ਪੁਰ ਅਮਲ ਕਰਦੇ ਹਨ। ਪੁਲਿਸ ਨੂੰ ਇੰਨੇ ਅਖ਼ਤਿਆਰ ਹਨ ਕਿ ਉਹ ਭੀ ਅਦਾਲਤਾਂ ਦੇ ਉਪਰ ਦੀ ਵਗਦੀ ਹੈ। ਸਾਨੂੰ ਪਤਾ ਹੈ ਕਿ ਸਾਡੇ ਵਾਸਤੇ ਸਜ਼ਾਵਾਂ ਪਹਿਲਾਂ ਹੀ ਨੀਯਤ ਹੋ ਚੁੱਕੀਆਂ ਹਨ। ਅਸੀਂ ਇਸ ਡਰਾਮੇ ਵਿਚ ਹਿੱਸਾ ਲੈਣਾ ਬੇਅਰਥ ਸਮਝਦੇ ਹਾਂ। ਜੋ ਕੁਝ ਤੁਹਾਨੂੰ ਮਨ ਭਾਵੇ ਕਰੀ ਚੱਲੋ, ਅਸੀਂ ਡੀਫੈਂਸ ਨਹੀਂ ਕਰਨੀ, ਇਸ ਲਈ ਵਕੀਲ ਦੀ ਭੀ ਲੋੜ ਨਹੀਂ।
ਜੱਜ ਨੇ ਆਖਿਆ, “ਤੁਸੀਂ ਯਕੀਨ ਰੱਖੋ, ਮੈਂ ਪੁਲਿਸ ਦੇ ਇਸ਼ਾਰੇ ਪੁਰ ਨਹੀਂ ਚੱਲਾਂਗਾ, ਇਨਸਾਫ਼ ਕਰਾਂਗਾ, ਤੁਸੀਂ ਵਕੀਲ ਜ਼ਰੂਰ ਕਰੋ।”
“ਸਾਡਾ ਇਹ ਅਟੱਲ ਫ਼ੈਸਲਾ ਹੈ ਕਿ ਅਸੀਂ ਬਿਲਕੁਲ ਵਕੀਲ ਨਹੀਂ ਕਰਨਾ,” ਜਥੇਦਾਰ ਸਾਹਿਬ ਨੇ ਦੁਹਰਾ ਕੇ ਆਖਿਆ।
“ਕਾਨੂੰਨ ਅਨੁਸਾਰ ਤੁਹਾਡਾ ਵਕੀਲ ਜ਼ਰੂਰ ਹੋਣਾ ਚਾਹੀਦਾ ਹੈ। ਜੇ ਤੁਸੀਂ ਆਪ ਨਹੀਂ ਕਰਨਾ ਤਾਂ ਸਾਨੂੰ ਦੱਸੋ, ਅਦਾਲਤ ਵਲੋਂ ਤੁਹਾਡੇ ਵਾਸਤੇ ਕਿਹੜਾ ਵਕੀਲ ਖੜਾ ਕਰ ਦਿੱਤਾ ਜਾਵੇ ?” ਜੱਜ ਨੇ ਇਕ ਵਾਰ ਫੇਰ ਆਖਿਆ।
“ਜੇ ਤੁਸੀਂ ਮਸ਼ਵਰਾ ਦੇਣਾ ਹੋਵੇ ਤਾਂ ਅਸੀਂ ਖ਼ੁਦ ਵਕੀਲ ਕਰ ਭੀ ਸਕਦੇ ਹਾਂ, ਪਰ ਸਾਡਾ ਫ਼ੈਸਲਾ ਹੈ ਕਿ ਅਸੀਂ ਕੋਈ ਵਕੀਲ ਨਹੀਂ ਕਰਨਾ,” ਬੱਬਰਾਂ ਨੇ ਉੱਤਰ ਦਿੱਤਾ।
ਜੱਜ ਨੇ ਹੁਕਮ ਦਿੱਤਾ ਕਿ ਇਹਨਾਂ ਨੌਆਂ ਵਾਸਤੇ ਲਾਲਾ ਰਾਮ ਲਾਲ ਵਕੀਲ ਨੀਯਤ ਕੀਤਾ ਜਾਵੇ । 76 ਬੱਬਰਾਂ ਵਲੋਂ ਲਾਲਾ ਰਘੁਨਾਥ ਸਹਾਏ ਵਕੀਲ ਨੀਯਤ ਕੀਤਾ ਗਿਆ। ਬਾਕੀ ਦੇ ਛੇ ਆਪਣਾ ਵਕੀਲ ਕਰਨ ਦੀ ਸਮਰੱਥਾ ਨਹੀਂ ਰੱਖਦੇ ਸਨ, ਉਹਨਾਂ ਵਲੋਂ ਭੀ ਰਾਮ ਲਾਲ ਨੂੰ ਹੀ ਅਦਾਲਤ ਵਲੋਂ ਨੀਯਤ ਕਰ ਦਿੱਤਾ ਗਿਆ।
ਜਿਨ੍ਹਾਂ ਨੇ ਅਦਾਲਤ ਨਾਲ ਨਾ-ਮਿਲਵਰਤਣ ਦਾ ਐਲਾਨ ਕੀਤਾ ਸੀ, ਉਨ੍ਹਾਂ ਦੇ ਨਾਂ ਇਹ ਸਨ:
ਜਥੇਦਰ ਕਿਸ਼ਨ ਸਿੰਘ, ਸੁੰਦਰ ਸਿੰਘ ਮਖ਼ਸੂਸਪੁਰ, ਦਲੀਪ ਸਿੰਘ ਸਾਧੜਾ, ਦਲੀਪ ਸਿੰਘ ਗੋਸਲ, ਕਰਤਾਰ ਸਿੰਘ ਗੋਂਦਪੁਰ, ਦਲੀਪਾ ਧਾਮੀਆਂ, ਕਰਮ ਸਿੰਘ ਝਿੰਗੜ, ਬਾਬੂ ਸੰਤਾ ਸਿੰਘ ਛੋਟੀ ਹਰਿਉਂ, ਸੁੰਦਰ ਸਿੰਘ ਕੁਲੇਵਾਲ।
ਸ਼ਨਾਖ਼ਤਾਂ
ਇਹ ਜੱਜ ਭਾਵੇਂ ਸਾਮਰਾਜੀ ਮਸ਼ੀਨ ਦਾ ਪੁਰਜ਼ਾ ਸੀ, ਪਰ ਜ਼ਾਤੀ ਤੌਰ ਪੁਰ ਨੇਕ ਤੇ ਇਨਸਾਫ਼-ਪਸੰਦ ਜਾਪਦਾ ਸੀ । ਉਹ ਪੁਲਿਸ ਅੱਗੇ ਬਹੁਤ ਬੇਜਾ ਤੌਰ ਪੁਰ ਝੁਕਦਾ ਭੀ ਨਹੀਂ ਸੀ। ਜਦੋਂ ਅਦਾਲਤ ਵਿਚ ਗਵਾਹ ਮੁਲਜ਼ਮਾਂ ਨੂੰ ਸ਼ਨਾਖ਼ਤ ਕਰਦੇ ਸਨ ਤਾਂ ਉਹ ਕੁਲ ਬੈਠੇ ਮੁਲਜ਼ਮਾਂ ਵਿਚੋਂ ਸ਼ਨਾਖ਼ਤ ਕਰਵਾਉਂਦਾ ਸੀ । ਜੇ ਗਵਾਹ ਆਖਣ ਕਿ ਇਤਨੇ ਆਦਮੀਆਂ ਦੇ ਇਕੱਠ ਵਿਚ ਸ਼ਨਾਖ਼ਤ ਕਰਨੀ ਮੁਸ਼ਕਲ ਹੈ ਤਾਂ ਜੱਜ ਕਹਿੰਦਾ ਸੀ ਕਿ ਜਦੋਂ ਇਹ ਗੱਲ ਸਾਫ਼ ਹੈ ਕਿ ਮੁਲਜ਼ਮ ਇਸ ਇਕੱਠ ਵਿਚ ਮੌਜੂਦ ਹੈ ਤਾਂ ਜਿਹੜਾ ਕੁਝ ਚਿਰ ਉਸ ਦੇ ਨਾਲ ਰਿਹਾ ਹੈ, ਸ਼ਨਾਖ਼ਤ ਕਿਉਂ ਨਹੀਂ ਕਰ ਸਕਦਾ। ਜੇ ਬੈਠਿਆਂ ਵਿਚੋਂ ਸ਼ਨਾਖ਼ਤ ਨਾ ਹੋਈ ਤਾਂ ਸਭ ਨੂੰ ਖੜੇ ਕਰ ਦੇਣਾ। ਜੇ ਫੇਰ ਭੀ ਸ਼ਨਾਖ਼ਤ ਨਾ ਹੋਣੀ ਤਾਂ ਜੱਜ ਗਵਾਹ ਨੂੰ ਪਰੇ ਹਟਾ ਦਿੰਦਾ ਸੀ । ਪਰ ਇਸ ਤੋਂ ਪੁਲਿਸ ਬੜੀ ਔਖੀ ਹੋਈ। ਉਸ ਨੇ ਉਪਰਲੇ ਅਫ਼ਸਰਾਂ ਪਾਸ ਸ਼ਿਕਾਇਤ ਕੀਤੀ। ਫੇਰ ਇਹ ਕਾਇਦਾ ਬਣਿਆ ਕਿ ਪਹਿਲਾਂ ਸਾਰਿਆਂ ਵਿਚੋਂ, ਫੇਰ ਇਕ ਦਰਜਨ ਖੜੋਤੇ ਆਦਮੀਆਂ ਵਿਚੋਂ ਤੇ ਉਸ ਤੋਂ ਬਾਅਦ ਚਾਰ ਖੜੋਤੇ ਆਦਮੀਆਂ ਵਿਚੋਂ ਸ਼ਨਾਖ਼ਤ ਕਰਵਾਈ ਜਾਣ ਲੱਗੀ। ਜੇ ਅਜੇ ਭੀ ਸ਼ਨਾਖ਼ਤ ਨਾ ਹੋ ਸਕਦੀ ਤਾਂ ਮੁਲਜ਼ਮ ਨੂੰ ਨਵੇਕਲੇ ਕੱਢ ਕੇ ਖੜਾ ਕਰ ਦਿੱਤਾ ਜਾਂਦਾ। ਇਕੱਲੇ ਨੂੰ ਤਾਂ ਪਛਾਣਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹ ਤਾਂ ਪਛਾਣਿਆ ਹੀ ਨਹੀਂ, ਸਗੋਂ ਫੁੰਡਿਆ ਪਿਆ ਹੁੰਦਾ ਹੈ। ਇਹ ਸਭ ਕਾਰਵਾਈ ਕਰਵਾਣ ਪੁਰ ਮਜਬੂਰ ਹੁੰਦਾ ਹੋਇਆ ਭੀ ਜੱਜ ਲਿਖਣ ਵੇਲੇ ਸੱਚੋ-ਸੱਚ ਲਿਖ ਦਿੰਦਾ ਸੀ ਕਿ ਸ਼ਨਾਖ਼ਤ ਕਰਨ ਵਾਲਾ ਪਹਿਲਾਂ ਸਾਰਿਆਂ ਵਿਚੋਂ, ਫੇਰ ਬਾਰਾਂ ਵਿਚੋਂ ਤੇ ਚੌਹਾਂ ਵਿਚੋਂ ਭੀ ਨਹੀਂ ਪਛਾਣ ਸਕਿਆ। ਪਛਾਣ ਉਦੋਂ ਹੀ ਸਕਿਆ ਜਦੋਂ ਮੁਲਜ਼ਮ ਨੂੰ ਇਕੱਲਾ ਕੱਢ ਲਿਆ ਗਿਆ। ਇਸ ਤਰ੍ਹਾਂ ਲਿਖਣ ਨਾਲ ਇਸ ਬਣਾਉਟੀ ਸ਼ਨਾਖ਼ਤ ਦੀ ਮਹਾਨਤਾ ਖੇਹ ਵਿਚ ਰੁਲ ਜਾਂਦੀ ਸੀ।
ਇਕ ਵਾਰ ਜਦੋਂ ਚੰਦਾ ਸਿੰਘ ਡੁਮੇਲੀ ਵਾਲੇ ਤੋਂ ਮੈਨੂੰ ਇਕੱਲਾ ਕੱਢ ਕੇ ਸ਼ਨਾਖ਼ਤ ਕਰਵਾਈ ਜਾਣ ਲੱਗੀ ਤਾਂ ਮੈਂ ਜੱਜ ਨੂੰ ਪੁੱਛਿਆ, “ਅਜਿਹੀ ਸ਼ਨਾਖ਼ਤ ਤੁਸੀਂ ਆਪਣੀ ਮਰਜ਼ੀ ਨਾਲ ਕਰਾਉਂਦੇ ਹੋ ਜਾਂ ਕਿਸੇ ਕਾਨੂੰਨ ਅਨੁਸਾਰ ?” ਜੱਜ ਨੇ ਉੱਤਰ ਦਿੱਤਾ, “ਕਾਨੂੰਨ ਅਨੁਸਾਰ ।” ਸ਼ਨਾਖ਼ਤ ਹੋ ਚੁੱਕਣ ਤੋਂ ਬਾਅਦ ਮੈਂ ਅਦਾਲਤ ਪਾਸੋਂ ਫੇਰ ਪੁੱਛ ਕੀਤੀ, “ਇਹ ਕਾਨੂੰਨ ਕਦੋਂ ਪਾਸ ਹੋਇਆ ਸੀ ਤੇ ਕਿਸ ਕਿਤਾਬ ਵਿਚ ਦਰਜ ਹੈ, ਕਿਰਪਾ ਕਰ ਕੇ ਦੱਸਿਆ ਜਾਵੇ।” ਜੱਜ ਨੇ ਆਖਿਆ, “ਅਸਲ ਵਿਚ ਇਹ ਕਾਨੂੰਨ ਨਹੀਂ, ਇਸਤਗਾਸੇ ਦਾ ਹੱਕ ਹੈ।”
“ਹੱਕ ਤਾਂ ਤਹਾਨੂੰ ਭੀ ਹੈ, ਤੁਸੀਂ ਜੱਜ ਹੋ, ਪਰ ਤੁਸੀਂ ਹੁਣੇ ਆਖਿਆ ਸੀ ਕਿ ਇਹੋ ਕਾਨੂੰਨ ਹੈ। ਜੇ ਤੁਸੀਂ ਮਿੰਟ ਮਿੰਟ ਬਾਅਦ ਫਿਰ ਸਕਦੇ ਹੋ ਤਾਂ ਸਾਨੂੰ ਤੁਹਾਥੋਂ ਇਨਸਾਫ਼ ਦੀ ਕੀ ਆਸ ਹੋ ਸਕਦੀ ਹੈ ? ਇਸੇ ਕਰਕੇ ਅਸੀਂ ਪਹਿਲੇ ਦਿਨ ਤੋਂ ਹੀ ਇਹ ਗੱਲ ਸਾਫ਼ ਕਰ ਦਿੱਤੀ ਸੀ ਕਿ ਇੱਥੇ ਡਰਾਮੇ ਤੋਂ ਸਿਵਾ ਹੋਰ ਕੁਝ ਨਹੀਂ ਹੋਣਾ।” ਜੱਜ ਨੇ ਕੋਈ ਉੱਤਰ ਨਾ ਦਿੱਤਾ, ਉਹ ਝੂਠਾ ਸੀ । ਪਰ ਕੋਰਟ-ਇੰਸਪੈਕਟਰ ਠਾਕਰ ਦਾਸ ਨੇ ਆਖਿਆ ਕਿ ਇਹ ਕਾਨੂੰਨ ਫਲਾਣੀ ਕਿਤਾਬ ਦੇ ਅਮਕੇ ਸਫ਼ੇ ਪੁਰ ਹੈ। ਤਾਂ ਮੈਂ ਉੱਤਰ ਦਿੱਤਾ ਕਿ ਉਥੇ ਇਕੱਲੇ ਦੀ ਸ਼ਨਾਖ਼ਤ ਬਾਰੇ ਕਿਤੇ ਆਗਿਆ ਨਹੀਂ ਦਿੱਤੀ। ਲਾਲਾ ਰਘੁਨਾਥ ਸਹਾਏ ਨੇ ਮੈਨੂੰ ਆਖਿਆ ਕਿ ਬੱਸ ਇਨ੍ਹਾਂ ਨਾਲ ਏਨੀ ਹੀ ਬਥੇਰੀ ਹੈ।
ਕੇਸ ਬਹੁਤ ਲੰਮਾ ਅਰਸਾ ਚੱਲਦਾ ਰਿਹਾ। 447 ਗਵਾਹ ਸਰਕਾਰ ਵਲੋਂ ਪੇਸ਼ ਹੋਏ। 734 ਲਿਖਤਾਂ ਤੇ 228 ਹੋਰ ਚੀਜ਼ਾਂ ਸਬੂਤ ਵਜੋਂ ਪੇਸ਼ ਕੀਤੀਆਂ ਗਈਆਂ। ਕੇਸ ਦੇ ਦੌਰਾਨ ਅਮਰ ਸਿੰਘ ਤੇ ਸਾਧਾ ਸਿੰਘ ਪੰਡੋਰੀ ਨਿਝਰਾਂ ਤੇ ਵਰਿਆਮ ਸਿੰਘ ਕੋਟ ਫ਼ਤੂਹੀ 29 ਦਸੰਬਰ 1924 ਨੂੰ ਜੇਲ੍ਹ ਅੰਦਰ ਹੀ ਚਲਾਣਾ ਕਰ ਗਏ। 22 ਵਾਅਦਾ-ਮਾਫ਼ ਗਵਾਹ ਬਣੇ, ਜਿਨ੍ਹਾਂ ਵਿਚੋਂ ਇਕ ਜੱਜ ਅੱਗੇ ਜਾ ਕੇ ਖ਼ਾਮੋਸ਼ ਰਿਹਾ। ਤੇ ਆਪਣੇ ਸਾਥੀਆਂ ਦੇ ਵਿਰੁੱਧ ਜ਼ਬਾਨ ਨਾ ਹਿਲਾਈ। ਬਾਕੀ 11 ਵਾਅਦਾ-ਮਾਫ਼ ਗਵਾਹਾਂ ਨੇ ਅਦਾਲਤ ਵਿਚ ਬਿਆਨ ਦਿੱਤੇ।
ਜਦੋਂ ਜੱਜ ਨੇ ਜਥੇਦਾਰ ਕਿਸ਼ਨ ਸਿੰਘ ਤੋਂ ਪੁੱਛਿਆ ਕਿ ਤੇਰੇ ਵਿਰੁੱਧ ਜੋ ਇਲਜ਼ਾਮ ਹਨ, ਤੂੰ ਇਹਨਾਂ ਬਾਰੇ ਕੁਝ ਕਹਿਣਾ ਚਾਹੁੰਦਾ ਏਂ, ਤਾਂ ਜਥੇਦਾਰ ਨੇ ਜ਼ਬਾਨੀ ਬਿਆਨ ਦੇਣ ਤੋਂ ਇਨਕਾਰ ਕਰਦੇ ਹੋਏ ਆਖਿਆ ਕਿ ਉਹ ਲਿਖਤੀ ਬਿਆਨ ਦੇਣਗੇ। ਜੱਜ ਨੇ ਆਖਿਆ ਕਿ ਸੈਸ਼ਨ ਦੀ ਕਚਹਿਰੀ ਵਿਚ ਕਾਨੂੰਨ ਲਿਖਤੀ ਬਿਆਨ ਦੇਣ ਦੀ ਆਗਿਆ ਨਹੀਂ ਦਿੰਦਾ। ਤਾਂ ਜਥੇਦਾਰ ਨੇ ਆਖਿਆ ਕਿ ਉਹ ਇਸ ਤਰ੍ਹਾਂ ਦੇ ਕਾਨੂੰਨਾਂ ਦੀ ਪਾਬੰਦੀ ਕਰਨ ਵਾਸਤੇ ਏਥੇ ਨਹੀਂ ਸਨ ਆਏ। ਅਖ਼ੀਰ ਜੱਜ ਨੇ ਲਿਖਤੀ ਬਿਆਨ ਦੇਣ ਦੀ ਇਜਾਜ਼ਤ ਦੇ ਦਿੱਤੀ । ਇਸ ਬਿਆਨ ਦਾ ਸਾਰੰਸ਼ ਇਸ ਤਰ੍ਹਾਂ ਹੈ: “ਸ: ਅਜੀਤ ਸਿੰਘ ਦੀ ਨਜ਼ਰਬੰਦੀ, ਰਕਾਬ ਗੰਜ ਗੁਰਦੁਆਰੇ ਦੀ ਕੰਧ ਦੇ ਢਾਹੇ ਜਾਣ, ਬਜ-ਬਜ ਦੇ ਸਾਕੇ, ਰੌਲਟ ਐਕਟ, ਜਲ੍ਹਿਆਂ ਵਾਲੇ ਬਾਗ਼ ਦੀ ਖੂਨੀ ਹੋਲੀ ਤੇ ਮਾਰਸ਼ਲ-ਲਾਅ ਨੇ ਮੇਰੇ ਅੰਦਰ ਬਰਤਾਨਵੀ ਸਰਕਾਰ ਵਿਰੁੱਧ ਨਫ਼ਰਤ ਭਰ ਦਿੱਤੀ ਸੀ । ਮੈਂ ਮਾਰਚ 1921 ਵਿਚ ਪੈਨਸ਼ਨ ਪੁਰ ਆ ਕੇ ਅਕਾਲੀ ਸਜ ਗਿਆ ਅਤੇ ਅਪ੍ਰੈਲ 1921 ਵਿਚ ਅਕਾਲੀ ਦਲ ਦਾ ਸਕੱਤਰ ਬਣਾਇਆ ਗਿਆ। ਛੇਤੀ ਹੀ ਮੇਰੀ ਗ੍ਰਿਫ਼ਤਾਰੀ ਦੇ ਵਰੰਟ ਜਾਰੀ ਹੋ ਗਏ, ਜਿਸ ਕਰਕੇ ਮੈਂ ਚੱਕਰਵਰਤੀ ਹੋ ਗਿਆ ਤੇ ਵੱਖੋ-ਵੱਖ ਥਾਵਾਂ ਪੁਰ 357 ਤਕਰੀਰਾਂ ਕੀਤੀਆਂ। ਸਰਕਾਰ ਨੇ ਪੰਜਾਬ ਵਿਚ ਬੇਗਿਣਤ ਜ਼ੁਲਮ ਕੀਤੇ ਹਨ। ਹਵਾਲਾਤਾਂ ਵਿਚ ਸੈਂਕੜੇ ਕਿਸਮ ਦੇ ਤਸੀਹੇ ਦਿੱਤੇ। ਬੇਗੁਨਾਹਾਂ ਨੂੰ ਫੜ ਫੜ ਕੇ ਜੇਲ੍ਹਾ ਸੁੱਟਿਆ ਗਿਆ। ਮਿੱਤ ਸਿੰਘ ਅਫ਼ੀਮ ਦੇ ਅਮਲੀਆਂ ਪਾਸੋਂ ਬਿਆਨ ਦਿਵਾਏ। ਦੁਆਬੇ ਦੇ ਲੋਕਾਂ ਪੁਰ ਜ਼ੁਲਮ-ਜਬਰ ਕਰ ਕੇ ਦਬਾ ਹੇਠ ਝੂਠੀਆਂ ਗਵਾਹੀਆਂ ਪੈਦਾ ਕੀਤੀਆਂ। ਕਰਮ ਸਿੰਘ ਦੌਲਤਪੁਰ ਤੇ ਉਸ ਦੇ ਜਥੇ ਨੇ ਝੋਲੀਚੁੱਕਾਂ ਦੇ ‘ਸੁਧਾਰ’ ਦਾ ਕੰਮ ਕਰ ਕੇ ਆਪਣੇ ਪੁਰਾਤਨ ਸਿਖ ਬਜ਼ੁਰਗਾਂ ਦੇ ਪਾਏ ਪੂਰਨਿਆਂ ਪੁਰ ਚੱਲਣ ਦਾ ਠੀਕ ਯਤਨ ਕੀਤਾ ਹੈ। ਸਿਖ ਇਤਿਹਾਸ ਦੱਸਦਾ ਹੈ ਕਿ ‘ਸੁਧਾਰ’ ਹੋਣਾ ਲਾਜ਼ਮੀ ਹੈ । ਵਾਅਦਾ-ਮਾਫ਼ਾਂ ਦਾ ਪੁਲਿਸ ਦੀਆਂ ਉਂਗਲੀਆਂ ਪੁਰ ਨੱਚ ਕੇ ਆਪਣੇ ਸਾਥੀਆਂ ਵਿਰੁੱਧ ਬਿਆਨ ਦੇਣਾ ਡੁੱਬ ਕੇ ਮਰਨ ਵਾਲੀ ਗੱਲ ਹੈ, ਆਦਿ।” ਜਥੇਦਾਰ ਸਾਹਿਬ ਦਾ ਬਿਆਨ ਲਗਪਗ ਸਵਾ ਸੌ ਸਫ਼ੇ ਦਾ ਸੀ।
ਦਲੀਪ ਸਿੰਘ ਗੋਸਲ, ਕਰਮ ਸਿੰਘ ਝਿੰਗੜ, ਬਾਬੂ ਸੰਤਾ ਸਿੰਘ, ਦਲੀਪਾ ਧਾਮੀਆਂ ਤੇ ਕਰਤਾਰ ਸਿੰਘ ਗੋਂਦਪੁਰੀ ਨੇ ਭੀ ਲਿਖਤੀ ਬਿਆਨ ਦਿੱਤੇ । ਪਰ ਮੈਂ ਉੱਕੀ ਹੀ ਨਾਂਹ ਕਰ ਛੱਡੀ, ਨਾ ਜ਼ਬਾਨੀ, ਨਾ ਲਿਖਤੀ। ਬਿਆਨ ਦੇਣ ਤੋਂ ਨੰਨਾ ਹੀ ਭਰ ਛੱਡਿਆ। ਮੇਰਾ ਖ਼ਿਆਲ ਸੀ ਕਿ ਨਾ-ਮਿਲਵਰਤਣੀਏ ਵਾਸਤੇ ਕਿਸੇ ਭੀ ਕਿਸਮ ਦਾ ਬਿਆਨ ਦੇਣਾ ਉਚਿਤ ਨਹੀਂ ਸੀ।
ਫ਼ੈਸਲਾ
ਅਖ਼ੀਰ 28 ਫ਼ਰਵਰੀ 1925 ਨੂੰ ਜੱਜ ਨੇ ਇਸ ਕੇਸ ਦਾ ਫ਼ੈਸਲਾ ਸੁਣਾ ਦਿੱਤਾ। ਜੱਜ ਦੇ ਸ਼ਬਦਾਂ ਵਿਚ ਇਕੱਲੇ ਇਕੱਲੇ ਬੱਬਰ ਬਾਰੇ ਦਿੱਤਾ ਗਿਆ ਫ਼ੈਸਲਾ ਹੇਠਾਂ ਦਰਜ ਕੀਤਾ ਜਾਂਦਾ ਹੈ :
- ਜਥੇਦਾਰ ਕਿਸ਼ਨ ਸਿੰਘ ਬੜਿੰਗ-ਇਹ ਸਾਜ਼ਸ਼ ਦਾ ਮੋਢੀ, ਜਥੇਬੰਦੀ ਕਰਨ ਵਾਲਾ, ਲਹਿਰ ਦਾ ਦਿਮਾਗ਼ ਤੇ ਅੰਦਰੂਨੀ ਸਰਕਲ ਵਿਚੋਂ ਸੀ। ਇਹ 21 ਦਸੰਬਰ 1922 ਤੋਂ 12 ਜਨਵਰੀ 1923 ਤਕ ਛਪਣ ਵਾਲੇ ਪਰਚਿਆਂ ਦਾ ਜ਼ਿੰਮੇਵਾਰ ਸੀ ਅਤੇ ਜੱਸੋਵਾਲ ਮੀਟਿੰਗ ਵਿਚ ਮਤੇ ਪੇਸ਼ ਕਰਨ ਵਾਲਾ ਭੀ ਇਹੋ ਸੀ, ਜਿਨ੍ਹਾਂ ਦਾ ਮਤਲਬ ਇਹ ਸੀ ਕਿ ਝੋਲੀਚੁੱਕਾਂ ਦੇ ਸੁਧਾਰ ਦਾ ਵਕਤ ਆ ਗਿਆ ਹੈ।
ਜੇ ਕਿਸੇ ਆਦਮੀ ਨੂੰ ਵੱਡੀ ਤੋਂ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਉਹ ਕਿਸ਼ਨ ਸਿੰਘ ਨੂੰ ਮਿਲਣੀ ਚਾਹੀਦੀ ਹੈ। ਮੈਂ ਮੁਲਜ਼ਮ ਕਿਸ਼ਨ ਸਿੰਘ ਨੂੰ ਫਾਂਸੀ ਦੀ ਸਜ਼ਾ ਦਿੰਦਾ ਹਾਂ। ਇਹ ਭੀ ਜ਼ਰੂਰੀ ਹੈ ਕਿ ਮੈਂ ਹਥਿਆਰਾਂ ਦੇ ਐਕਟ ਹੇਠ ਭੀ ਸਜ਼ਾ ਦੇਵਾਂ। ਇਸ ਲਈ ਲਾਇਸੈਂਸ ਤੋਂ ਬਗ਼ੈਰ ਹਥਿਆਰ ਲੈ ਕੇ ਫਿਰਨ ਦੇ ਅਪਰਾਧ ਵਿਚ ਦੋ ਸਾਲ ਕੈਦ ਤੇ 100 ਰੁਪਿਆ ਜੁਰਮਾਨਾ ਕਰਦਾ ਹਾਂ (ਇਸ ਵਿਚੋਂ 3 ਮਹੀਨੇ ਕੋਠੀ- ਬੰਦ ਰਹਿਣਾ ਹੋਵੇਗਾ)। ਬਾਰੂਦੀ ਹਥਿਆਰ, ਗੋਲੀ-ਸਿੱਕਾ ਤੇ ਫ਼ੌਜੀ ਸਾਮਾਨ ਰੱਖਣ ਦੇ ਦੋਸ਼ ਵਿਚ 4 ਸਾਲ ਕੈਦ (ਜਿਸ ਵਿਚੋਂ ਤਿੰਨ ਮਹੀਨੇ ਕੋਠੀ-ਬੰਦ ਰਹਿਣਾ ਹੋਵੇਗਾ) ਤੇ 100 ਰੁਪਿਆ ਜੁਰਮਾਨਾ। ਪਹਿਲਾ ਜੁਰਮਾਨਾ ਨਾ ਦੇਣ ਪੁਰ 6 ਮਹੀਨੇ ਤੇ ਦੂਜਾ ਨਾ ਦੇਣ ਪੁਰ ਇਕ ਸਾਲ ਹੋਰ ਕੈਦ ਦੀ ਸਜ਼ਾ ਦਿੰਦਾ ਹਾਂ।
- ਕਰਮ ਸਿੰਘ ਮਾਣਕੋ—ਇਸ ਨੂੰ ਸੂਬੇਦਾਰ ਗੇਂਦਾ ਸਿੰਘ ਘੁੜੀਆਲ ਦੇ ਕਤਲ ਦੇ ਇਲਜ਼ਾਮ ਵਿਚ ਫਾਂਸੀ ਦੀ ਸਜ਼ਾ ਹੋਈ।
- ਨੰਦ ਸਿੰਘ ਘੁੜਿਆਲ-ਇਸ ਨੂੰ ਭੀ ਇਸੇ ਸੂਬੇਦਾਰ ਦੇ ਕਤਲ ਦੇ ਦੋਸ਼
ਵਿਚ ਫਾਂਸੀ ਦੀ ਸਜ਼ਾ ਹੋਈ। ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ ਵਿਚ ਚਾਰ ਸਾਲ ਕੈਦ (ਜਿਸ ਵਿਚੋਂ ਤਿੰਨ ਮਹੀਨੇ ਦੀ ਕੋਠੀ-ਬੰਦ) ਤੇ 100 ਰੁਪਿਆ ਜੁਰਮਾਨਾ, ਨਾ ਅਦਾ ਕਰਨ ਦੀ ਸੂਰਤ ਵਿਚ ਇਕ ਸਾਲ ਹੋਰ ਕੈਦ। 4. ਬਾਬੂ ਸੰਤਾ ਸਿੰਘ-ਇਹ ਸਾਜ਼ਸ਼ ਦੇ ਮੋਢੀਆਂ ਵਿਚੋਂ ਮੰਨਿਆ ਗਿਆ ਹੈ। ਦੀਵਾਨ, ਅਤਾ ਮੁਹੰਮਦ ਪਟਵਾਰੀ ਤੇ ਜਵਾਲਾ ਸਿੰਘ ਦੇ ਕਤਲਾਂ, ਬਿਸ਼ਨ ਸਿੰਘ
ਸਾਧੜੇ ਉਪਰ ਕਾਤਲਾਨਾ ਹਮਲੇ, ਹਰਨਾਮ ਸਿੰਘ ਮਹੱਦੀਪੁਰ ਉਪਰ ਹਮਲੇ, ਰਾਮ ਦਿੱਤੇ ਨੰਬਰਦਾਰ ਦੀ ਲੁੱਟ ਤੇ ਜਾਡਲੇ ਦੇ ਡਾਕੇ ਨੂੰ ਛੱਡ ਕੇ ਬਾਕੀ ਸਭ ਕਾਰਵਾਈਆਂ ਵਿਚ ਹਿੱਸਾ ਲੈਣਾ ਸਾਬਤ ਹੈ। ਇਕੋ ਸਜ਼ਾ ਹੈ, ਜੱਜ ਨੇ ਆਖਿਆ, ਜੋ ਇਸ ਨੂੰ ਮਿਲਣੀ ਚਾਹੀਦੀ ਹੈ ਤੇ ਉਹ ਹੈ ਫਾਂਸੀ । ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ ਵਿਚ ਦੋ ਸਾਲ ਦੀ ਕੈਦ (ਵਿਚੋਂ ਤਿੰਨ ਮਹੀਨੇ ਦੀ ਕੋਠੀ-ਬੰਦ) ਤੇ 100 ਰੁਪਿਆ ਜੁਰਮਾਨਾ, ਨਾ ਦੇਣ ਦੀ ਸੂਰਤ ਵਿਚ ਛੇ ਮਹੀਨੇ ਦੀ ਕੈਦ। ਇਸ ਤੋਂ ਇਲਾਵਾ ਫ਼ੌਜੀ ਸਾਮਾਨ ਰੱਖਣ ਦੇ ਅਪਰਾਧ ਵਿਚ ਚਾਰ ਸਾਲ ਕੈਦ (ਜਿਸ ਵਿਚੋਂ ਤਿੰਨ ਮਹੀਨੇ ਕੋਠੀ-ਬੰਦ ਰਹਿਣਾ ਹੋਵੇਗਾ) ਤੇ 100 ਰੁਪਿਆ ਜੁਰਮਾਨਾ, ਨਾ ਦੇਵੇ ਤਾਂ ਇਕ ਸਾਲ ਦੀ ਹੋਰ ਕੈਦ।
- ਦਲੀਪਾ ਧਾਮੀਆਂ- 19-20 ਸਾਲ ਦਾ ਨੌਜਵਾਨ ਸੀ, ਜਿਸ ਦਾ ਰੀਕਾਰਡ ਬਾਬੂ ਸੰਤਾ ਸਿੰਘ ਤੋਂ ਦੂਜੇ ਦਰਜੇ ‘ਤੇ ਸੀ । ਬੂਟਾ ਨੰਬਰਦਾਰ, ਮਿਸਤਰੀ ਲਾਭ ਸਿੰਘ, ਹਜ਼ਾਰਾ ਸਿੰਘ ਬਹਿਬਲਪੁਰ, ਰਲਾ ਤੇ ਦਿੱਤੂ ਕੌਲਗੜ੍ਹ, ਅਤਾ ਮੁਹੰਮਦ ਪਟਵਾਰੀ ਦੇ ਕਤਲਾਂ ਤੇ ਲਾਭ ਸਿੰਘ ਢੱਡਾ ਤੇ ਬਿਸ਼ਨ ਸਿੰਘ ਸਾਧੜਾ ਉੱਤੇ ਹਮਲਿਆਂ ਵਿਚ ਹਿੱਸਾ ਲੈਣ ਦਾ ਦੋਸ਼ ਇਸ ਦੇ ਸਿਰ ਸੀ। ਇਸ ਲਈ ਜੱਜ ਨੇ ਇਸ ਨੌਜੁਆਨ ਨੂੰ ਫਾਂਸੀ ਦੀ ਸਜ਼ਾ ਦਿੱਤੀ। ਨਾਜਾਇਜ਼ ਹਥਿਆਰ ਰੱਖਣ ਦੇ ਅਪਰਾਧ ਵਿਚ ਚਾਰ ਸਾਲ ਕੈਦ (ਜਿਸ ਵਿਚੋਂ ਤਿੰਨ ਮਹੀਨੇ ਦੀ ਕੋਠੀ-ਬੰਦ) ਤੇ 100 ਰੁਪਿਆ ਜੁਰਮਾਨਾ, ਨਾ ਦੇਣ ਦੀ ਸੂਰਤ ਵਿਚ ਇਕ ਸਾਲ ਦੀ ਹੋਰ ਕੈਦ।
- ਧਰਮ ਸਿੰਘ-ਇਸ ਨੂੰ ਫਾਂਸੀ ਦੀ ਸਜ਼ਾ ਹੋਈ। ਹਯਾਤਪੁਰ ਰੁੜਕੀ ਦਾ ਸੀ। ਇਸ ਉੱਤੇ ਹਯਾਤਪੁਰ ਵਾਲੇ ਦੀਵਾਨ ਦੇ ਕਤਲ ਕਰਨ ਦਾ ਦੋਸ਼ ਸੀ।
- ਦਲੀਪ ਸਿੰਘ ਗੋਸਲ-ਅੰਦਰੂਨੀ ਸਰਕਲ ਵਾਲਿਆਂ ਵਿਚੋਂ ਇਕ ਠਹਿਰਾਇਆ ਗਿਆ। ਤਕਰੀਰਾਂ ਕਰਨ ਦਾ ਦੋਸ਼ ਲਾਇਆ ਗਿਆ। ਸਾਜ਼ਸ਼ ਦੇ ਜਥੇਬੰਧਕਾਂ ਤੇ ਲੀਡਰਾਂ ਵਿਚੋਂ ਇਕ ਮੰਨਿਆ ਗਿਆ । ਭਾਵੇਂ ਉਹ 6 ਜਨਵਰੀ 1922 ਨੂੰ ਫੜਿਆ ਗਿਆ ਸੀ, ਪਰ ਜੋ ਕਤਲ ਉਸ ਦੀ ਚੁੱਕ ਨਾਲ ਹੋਏ, ਉਹਨਾਂ ਦਾ ਭੀ ਉਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਇਸ ਲਈ ਉਮਰ ਕੈਦ ਦੀ ਸਜ਼ਾ ਦਿੱਤੀ ਗਈ।
- ਆਤਮਾ ਸਿੰਘ ਬੀਕਾ-ਆਗੂਆਂ ਨਾਲ ਮੇਲ-ਮਿਲਾਪ ਰੱਖਣ ਅਤੇ ਪਰਚੇ ਵੰਡਣ ਕਰਕੇ ਆਪ ਦਾ ਸਾਜ਼ਸ਼ ਨਾਲ ਸੰਬੰਧ ਠਹਿਰਾਇਆ ਗਿਆ । ਸਾਜ਼ਸ਼ ਦੇ ਅਰੰਭ ਤੋਂ ਹੀ ਨਾਲ ਸ਼ਾਮਲ ਸੀ, ਪਰ ਇਸ ਦੇ ਸ਼ੁਰੂ ਕਰਨ ਵਾਲਿਆਂ ਵਿਚੋਂ ਨਹੀਂ ਸੀ। ਇਸ ਨੇ ਸਾਜ਼ਸ਼ ਵਿਚ ਸਹਾਇਤਾ ਕੀਤੀ ਸੀ, ਇਸ ਲਈ ਕਤਲਾਂ ਅਤੇ ਹੋਰ ਕਾਰਵਾਈਆਂ ਵਿਚ ਭੀ ਹਿੱਸੇਦਾਰ ਠਹਿਰਾਇਆ ਗਿਆ, ਜਿਸ ਕਰਕੇ ਉਮਰ ਕੈਦ ਦੀ ਸਜ਼ਾ ਦਿੱਤੀ ਗਈ।
- ਕਰਮ ਸਿੰਘ ਝਿੰਗੜ-ਅੰਦਰਲੇ ਸਰਕਲ ਵਾਲਿਆਂ ਵਿਚੋਂ ਇਕ ਮੰਨਿਆ ਗਿਆ। ਜਲੰਧਰ ਤੇ ਹੁਸ਼ਿਆਰਪੁਰ ਦੇ ਜਥਿਆਂ ਵਿਚਕਾਰ ਸੰਬੰਧ ਜੋੜਨ ਵਾਲਾ ਸੀ। ਤਕਰੀਰਾਂ ਕਰਦਾ ਸੀ, ਆਗੂਆਂ ਵਿਚੋਂ ਇਕ ਆਗੂ ਸੀ, ਜਿਸ ਨੇ ਤਕਰੀਰਾਂ ਤੇ ਹੋਰ ਤਰੀਕਿਆਂ ਰਾਹੀਂ ਜਥੇ ਦਾ ਪ੍ਰੋਗਰਾਮ ਫੈਲਾਇਆ। ਇਸ ਲਈ ਫੜਿਆ ਭਾਵੇਂ 6 ਜਨਵਰੀ 1923 ਨੂੰ ਗਿਆ, ਪਰ ਕੁਲ ਕਤਲਾਂ ਤੇ ਕਾਰਵਾਈਆਂ ਲਈ ਜ਼ਿੰਮੇਵਾਰ ਸੀ। ਇਸ ਲਈ ਇਸ ਨੂੰ ਭੀ ਉਮਰ ਕੈਦ ਦੀ ਸਜ਼ਾ ਦਿੱਤੀ ਗਈ।
- ਸੁੰਦਰ ਸਿੰਘ ਮਖ਼ਸੂਸਪੁਰ-ਸੁੰਢ ਦੀ ਘਟਨਾ ਵਿਚ ਜਥੇਦਾਰ ਕਿਸ਼ਨ ਸਿੰਘ ਨੇ ਇਸ ਨੂੰ ਆਪਣਾ ਖੱਬਾ ਹੱਥ ਆਖਿਆ ਸੀ । ਸੁੰਦਰ ਸਿੰਘ ਵਿਰੁੱਧ ਦਿੱਤੀਆਂ ਗਈਆਂ ਗਵਾਹੀਆਂ ਤੋਂ ਇਹ ਗੱਲ ਅਸਲੋਂ ਸਿੱਧ ਹੋ ਜਾਂਦੀ ਹੈ ਕਿ ਇਹ ਕਿਸ਼ਨ ਸਿੰਘ ਦਾ ਨਿਕਟਵਰਤੀ ਸਾਥੀ ਸੀ। ਇਹ ਕਿਸ਼ਨ ਸਿੰਘ ਦੀ ਤਕਰੀਰ ਮਗਰੋਂ ਬਾਗ਼ੀਆਨਾ ਕਵਿਤਾਵਾਂ ਪੜ੍ਹਿਆ ਕਰਦਾ ਸੀ । ਇਹ ਛੋਟਿਆਂ ਵਿਚੋਂ ਨਹੀਂ, ਸਗੋਂ ਆਗੂਆਂ ਤੇ ਜਥੇਦਾਰਾਂ ਵਿਚੋਂ ਸੀ, ਤੇ ਅੰਦਰੂਨੀ ਸਰਕਲ ਵਿਚੋਂ ਸੀ । ਜੇ ਇਹ ਫੜਿਆ ਨਾ ਜਾਂਦਾ। ਤਾਂ ਹਰ ਕੰਮ ਵਿਚ ਸ਼ਾਮਲ ਹੁੰਦਾ। ਇਹ ਭੀ ਸਭ ਕਤਲਾਂ ਤੇ ਕਾਰਵਾਈਆਂ ਦਾ ਜ਼ਿੰਮੇਵਾਰ ਹੈ। ਇਸ ਲਈ ਇਸ ਨੂੰ ਭੀ ਉਮਰ ਕੈਦ ਦੀ ਸਜ਼ਾ ਹੋਈ।
- ਰਤਨ ਸਿੰਘ ਸੀਗੜੀਵਾਲਾ, 12. ਦਲੀਪ ਸਿੰਘ ਧਾਮੀਆਂ, 13. ਪਿਆਰਾ ਸਿੰਘ ਧਾਮੀਆਂ-
ਇਹਨਾਂ ਤਿੰਨਾਂ ਨੂੰ ਹੀ ਬੂਟਾ ਨੰਬਰਦਾਰ ਨੰਗਲ ਸ਼ਾਮਾਂ ਦੇ ਕਤਲ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਪਰ ਕਤਲ ਵਿਚ ਸਰਗਰਮ ਹਿੱਸਾ ਸਾਬਤ ਨਾ ਹੋਣ ਕਰਕੇ ਫਾਂਸੀ ਦੀ ਸਜ਼ਾ ਤੋਂ ਬਚਾ ਹੋ ਗਿਆ।
- ਸੰਤ ਠਾਕਰ ਸਿੰਘ ਕੁਟੀਆ ਗਜੋਵਾਲ-ਇਸ ਦੀ ਕੁਟੀਆ ਬੱਬਰਾਂ ਦਾ ਘੁਰਨਾ ਦੱਸੀ ਗਈ। ਏਸ ਕੁਟੀਆ ਵਿਚ ਪਰਚੇ ਛਪਦੇ ਰਹੇ ਤੇ ਸੂਬੇਦਾਰ ਗੇਂਦਾ ਸਿੰਘ ਦੇ ਕਤਲ ਦੀ ਪਲੈਨ ਘੜੀ ਗਈ। ਇਸ ਨੂੰ ਉਪਰੋਕਤ ਸੂਬੇਦਾਰ ਦੇ ਕਤਲ ਦੇ ਸਿੱਧੇ ਉਕਸਾਣ ਵਾਲੀ ਦੱਸਿਆ ਗਿਆ ਤੇ ਉਮਰ ਕੈਦ ਦੀ ਸਜ਼ਾ ਦਿੱਤੀ ਗਈ।
- ਸੁਰਜਨ ਸਿੰਘ ਹਯਾਤਪੁਰ-ਜਾਡਲੇ ਦੇ ਡਾਕੇ ਅਤੇ ਦੀਵਾਨ ਦੇ ਕਤਲ ਦਾ ਅਪਰਾਧੀ ਠਹਿਰਾਇਆ ਗਿਆ । ਪਰ ਇਸ ਨੇ ਦੀਵਾਨ ਦੇ ਕਤਲ ਵਿਚ ਸਰਗਰਮ ਹਿੱਸਾ ਨਹੀਂ ਸੀ ਲਿਆ, ਇਸ ਲਈ ਉਮਰ ਕੈਦ ਦੀ ਸਜ਼ਾ ਦਿੱਤੀ ਗਈ।
- ਬੂਟਾ ਸਿੰਘ ਪੰਡੋਰੀ ਨਿਝਰਾਂ—ਇਹ ਮੁਲਜ਼ਮ ਅਰੰਭ ਤੋਂ ਹੀ ਸਾਜ਼ਸ਼ ਨਾਲ ਸਬੰਧਤ ਦੱਸਿਆ ਗਿਆ। ਇਹ ਜੱਸੋਵਾਲ ਵਾਲੀ ਮੀਟਿੰਗ ਵਿਚ ਭੀ ਹਾਜ਼ਰ ਸੀ। ਅਰਜਨ ਸਿੰਘ ਪਟਵਾਰੀ ਉਪਰ ਦੂਜੇ ਹਮਲੇ ਵਿਚ ਸ਼ਾਮਲ ਸੀ। ਇਸ ਦਾ ਸਾਜ਼ਸ਼ ਦੇ ਵੱਡੇ ਆਗੂਆਂ ਨਾਲ ਮੇਲ-ਮਿਲਾਪ ਰਹਿੰਦਾ ਸੀ। ਇਹ ਭਾਵੇਂ ਮੁਹਰੀਆਂ ਵਿਚੋਂ ਨਹੀਂ ਸੀ, ਪਰ ਮੀਟਿੰਗਾਂ ਵਿਚ ਆਮ ਤੌਰ ਪੁਰ ਨਾਲ ਹੀ ਰਹਿੰਦਾ ਸੀ। ਇਸ ਨੂੰ ਭੀ ਸਭ
ਘਟਨਾਵਾਂ ਦਾ ਜ਼ਿੰਮੇਵਾਰ ਠਹਿਰਾਇਆ ਗਿਆ ਤੇ ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਹੇਠ ਲਿਖੇ ਬੱਬਰਾਂ ਨੂੰ ਸਤ ਸਤ ਸਾਲ ਕੈਦ ਸਖ਼ਤ ਤੇ ਇਕ ਇਕ ਸੌ ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ ਗਈ :
- ਬੰਤਾ ਸਿੰਘ ਉਰਫ਼ ਸੁੰਦਰ ਸਿੰਘ ਪ੍ਰਾਗਪੁਰ-ਜਮਸ਼ੇਰ ਦੇ ਡਾਕੇ ਵਿਚ ਹਿੱਸਾ।
- ਉਜਾਗਰ ਸਿੰਘ ਬਿਸਰਾਮਪੁਰ-ਲਾਭ ਸਿੰਘ ਢੱਡੇ ਉਪਰ ਦੂਜੇ ਹਮਲੇ ਵਿਚ ਸ਼ਾਮਲ ਹੋਇਆ ਤੇ ਬਾਰੂਦ-ਸਿੱਕਾ ਲਿਆ ਕੇ ਦਿੰਦਾ ਰਿਹਾ। ਇਸ ਬਦਲੇ ਸਤ ਸਾਲ ਕੈਦ ਹੋਈ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ ਵਿਚ ਤਿੰਨ ਸਾਲ ਦੀ ਕੈਦ ਤੇ 100 ਰੁਪਿਆ ਜੁਰਮਾਨਾ ਜਾਂ 6 ਮਹੀਨੇ ਹੋਰ ਕੈਦ। ਦੋਵੇਂ ਸਜ਼ਾਵਾਂ ਇੱਕੇ ਵਕਤ ਚੱਲਣੀਆਂ ਸਨ।
- ਸ਼ਿਵ ਸਿੰਘ ਹਰੀਪੁਰ-ਲਾਭ ਸਿੰਘ ਢੱਡੇ ਦੀ ਜਾਨ ਲੈਣ ਲਈ ਕੀਤੀਆਂ ਦੋਹਾਂ ਕੋਸ਼ਿਸ਼ਾਂ ਵਿਚ ਸ਼ਾਮਲ ਦੱਸਿਆ ਗਿਆ।
- ਬੰਤਾ ਸਿੰਘ ਦੌਲਤਪੁਰ
- ਠਾਕਰ ਸਿੰਘ “
- ਹਰੀ ਸਿੰਘ “
- ਵਰਿਆਮ ਸਿੰਘ
- ਰਾਮ ਸਿੰਘ ਮੁਜ਼ਾਰਾ ਕਲਾਂ
- ਕਰਤਾਰ ਸਿੰਘ
- ਰਾਮ ਸਿੰਘ ” ( ਨੰਬਰ 20 ਤੋਂ 26 ਨੇ ਜਾਡਲੇ ਦੇ ਡਾਕੇ ਵਿੱਚ ਹਿੱਸਾ ਲਿਆ)
- ਦੁੰਮਣ ਸਿੰਘ ਪੰਡੋਰੀ ਮਹਿਤਮਾ-ਲਾਭ ਸਿੰਘ ਵੱਡੇ ਨੂੰ ਮਾਰਨ ਦੀ ਦੂਜੀ ਕੋਸ਼ਿਸ਼ ਵਿਚ ਸ਼ਾਮਲ ਹੋਇਆ।
- ਗੁਰਬਚਨ ਸਿੰਘ ਸਾਧੜਾ
- ਹਰਦਿੱਤ ਸਿੰਘ ਜੱਸੋਵਾਲ
- ਹਰੀ ਸਿੰਘ ਜੱਸੋਵਾਲ ( ਨੰਬਰ 28,29,30 ਨੇ ਜੜਲੇ ਦੇ ਡਾਕੇ ਵਿੱਚ ਹਿੱਸਾ ਲਿਆ)
- ਅਮਰ ਸਿੰਘ ਗਜੋਵਾਲ ਤੇ 32. ਛੱਜਾ ਸਿੰਘ ਮਸਾਣੀਆਂ-ਹਰਨਾਮ ਸਿੰਘ ਮਹੱਦੀਪੁਰ ਉਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ਵਿਚ ਛੇ ਛੇ ਸਾਲ ਕੈਦ ਤੇ ਇਕ ਇਕ ਸੌ ਰੁਪਏ ਜੁਰਮਾਨੇ ਦੀ ਸਜ਼ਾ ਹੋਈ।
ਹੇਠ ਲਿਖੇ ਬੱਬਰਾਂ ਨੂੰ ਪੰਜ ਪੰਜ ਸਾਲ ਕੈਦ ਤੇ ਸੌ ਸੌ ਰੁਪਏ ਜੁਰਮਾਨੇ ਦੀ ਸਜ਼ਾ ਹੋਈ :
- ਪ੍ਰੇਮ ਸਿੰਘ ਪ੍ਰਾਗਪੁਰ-ਅਰਜਨ ਸਿੰਘ ਪਟਵਾਰੀ ਨੂੰ ਮਾਰਨ ਦੀ ਦੂਜੀ ਕੋਸ਼ਿਸ਼ ਵਿਚ ਸ਼ਾਮਲ ਹੋਣਾ। 34. ਅਰਜਨ ਸਿੰਘ ਸੂੰਢ-ਸਾਜ਼ਸ਼ ਦਾ ਮੈਂਬਰ, ਸੂੰਢ ਦੀ ਘਟਨਾ ਵਿਚ ਸ਼ਾਮਲ ਸੀ।
- ਸਰਦੂਲ ਸਿੰਘ ਬੂੜੋ ਬਾੜੀਆਂ—ਬਿਸ਼ਨ ਸਿੰਘ ਰਾਣੀਥੂਏ ਨੂੰ ਮਾਰਨ ਜਾਣ ਵਿਚ ਸ਼ਾਮਲ ਸੀ।
- ਮੁਨਸ਼ਾ ਸਿੰਘ ਜੌਹਲ-ਬਰੂਦ-ਸਿੱਕਾ ਲਿਆ ਕੇ ਦੇਂਦਾ ਸੀ। ਪਿੰਡ ਵਿਚ ਇਸ਼ਤਿਹਾਰ ਲਾਉਣੇ, ਅਰਜਨ ਸਿੰਘ ਪਟਵਾਰੀ ਨੂੰ ਮਾਰਨ ਦੇ ਯਤਨ ਵਿਚ ਸ਼ਾਮਲ ਹੋਣਾ।
- ਮਹਿੰਗਾ ਸਿੰਘ ਪੰਡੋਰੀ ਨਿਝਰਾਂ
- ਸੁਰਜਨ ਸਿੰਘ ਡੁਮੇਲੀ
- ਮੂਲਾ ਸਿੰਘ ਪਲਾਹੀ
- ਦਲੀਪ ਸਿੰਘ ਮਾਣਕੋ
ਨੰਬਰ 37 ਤੋਂ 45 ਤੱਕ ਨੂੰ ਪੰਡੋਰੀ ਨਿਝਰਾਂ ਦੇ ਨੰਬਰਦਾਰਾਂ ਤੇ ਚੌਕੀਦਾਰਾਂ ਨੂੰ ਕਤਲ ਕਰਨ ਦੀ ਦੂਜੀ ਸਾਜ਼ਸ਼ ਵਿਚ ਸ਼ਾਮਲ ਹੋਣ ਦੇ ਅਪਰਾਧ ਵਿਚ।
- ਧਰਮ ਸਿੰਘ ਪਲਾਹੀ
- ਚੈਂਚਲ ਸਿੰਘ ਸੰਗਤਪੁਰ
- ਭਾਨ ਸਿੰਘ ਮਾਂਗਟ
ਪੰਡੋਰੀ ਨਿਝਰਾਂ ਦੇ ਨੰਬਰਦਾਰਾਂ ਤੇ ਚੌਕੀਦਾਰਾਂ ਨੂੰ ਕਤਲ ਕਰਨ ਦੀ ਦੂਜੀ ਸਾਜ਼ਸ਼ ਵਿਚ ਸ਼ਾਮਲ ਹੋਣ ਦੇ ਅਪਰਾਧ ਵਿਚ
- ਕਰਤਾਰ ਸਿੰਘ (ਬੜਾ) ਡੁਮੇਲੀ
- ਕਰਤਾਰ ਸਿੰਘ (ਛੋਟਾ) ਡੁਮੇਲੀ
ਸੂਬੇਦਾਰ ਸੁੰਦਰ ਸਿੰਘ ਰੰਧਾਵਾ ਉਪਰ ਹਮਲੇ ਦੀ ਕੋਸ਼ਿਸ਼ ਕਰਨੀ।
- ਬਖ਼ਸ਼ੀਸ਼ ਸਿੰਘ ਪੰਡੋਰੀ ਨਿਝਰਾਂ-ਸਾਜ਼ਸ਼ੀਆਂ ਨਾਲ ਮੇਲ-ਮਿਲਾਪ ਰੱਖਣਾ ਤੇ ਲਾਭ ਸਿੰਘ ਢੱਡੇ ਨੂੰ ਮਾਰਨ ਦੀ ਤੀਜੀ ਕੋਸ਼ਿਸ਼ ਵਿਚ ਸ਼ਾਮਲ ਹੋਣਾ ਅਤੇ ਪੰਡੋਰੀ ਨਿਝਰਾਂ ਦੇ ਨੰਬਰਦਾਰਾਂ ਤੇ ਚੌਕੀਦਾਰਾਂ ਨੂੰ ਮਾਰਨ ਦੇ ਯਤਨਾਂ ਵਿਚ ਹਿੱਸਾ ਲੈਣਾ।
- ਛੱਜਾ ਸਿੰਘ ਚਾਂਦਸੋ (ਚਾਣਥੂ)-ਦਾਰੂ-ਸਿੱਕਾ ਸੰਭਾਲ ਕੇ ਰੱਖਣਾ ਅਤੇ ਸਾਜ਼ਸ਼ੀਆਂ ਨਾਲ ਮੇਲ-ਮਿਲਾਪ ਰੱਖਣਾ।
ਨੋਟ-ਮੁਨਸ਼ਾ ਸਿੰਘ ਜੌਹਲ ਤੇ ਛੱਜਾ ਸਿੰਘ ਚਾਂਦਸੋ ਨੂੰ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ ਵਿਚ ਪੰਜ ਪੰਜ ਸਾਲ ਕੈਦ ਸਖ਼ਤ ਤੇ ਸੌ ਸੌ ਰੁਪਿਆ ਜੁਰਮਾਨੇ ਦੀ ਸਜ਼ਾ ਹੋਈ, ਪਰ ਇਹ ਸਜ਼ਾ ਭੀ ਪਹਿਲੀ ਸਜ਼ਾ ਦੇ ਨਾਲ ਹੀ ਚੱਲਣੀ ਸੀ।
- ਊਧਮ ਸਿੰਘ ਪੰਡੋਰੀ ਨਿਝਰਾਂ-ਇਸ ਨੂੰ ਪੰਜ ਸਾਲ ਕੈਦ ਤੇ ਪੰਜਾਹ ਰੁਪਏ ਜੁਰਮਾਨੇ ਦੀ ਸਜ਼ਾ ਹੋਈ। ਇਸ ਦੋਸ਼ ਵਿਚ ਕਿ ਇਸ ਨੇ ਪੰਡੋਰੀ ਨਿਝਰਾਂ ਦੇ ਨੰਬਰਦਾਰਾਂ ਤੇ ਚੌਕੀਦਾਰਾਂ ਨੂੰ ਕਤਲ ਕਰਨ ਦੀ ਧਮਕੀ ਦਾ ਇਸ਼ਤਿਹਾਰ ਲਾਇਆ ਸੀ । ਜੱਜ ਨੇ ਸਜ਼ਾ ਦੇਂਦਿਆਂ ਲਿਖਿਆ-“ਅਫ਼ਸੋਸ ਹੈ ਕਿ ਮੈਂ ਸੋਲ੍ਹਾਂ ਸਾਲ ਦੀ ਉਮਰ ਦੇ ਰੰਗਰੂਟ ਨੂੰ ਜੇਲ੍ਹ ਭੇਜ ਰਿਹਾ ਹਾਂ, ਪਰ ਮੈਂ ਇਸ ਤੋਂ ਬਿਨਾਂ ਹੋਰ ਕਰ ਭੀ ਕੁਝ ਨਹੀਂ ਸਕਦਾ।”
ਹੇਠ ਲਿਖੇ ਬੱਬਰਾਂ ਨੂੰ ਚਾਰ ਚਾਰ ਸਾਲ ਦੀ ਕੈਦ ਤੇ ਸੌ ਸੌ ਰੁਪਏ ਜੁਰਮਾਨੇ ਦੀ ਸਜ਼ਾ ਹੋਈ:
- ਭਗਵਾਨ ਸਿੰਘ ਫ਼ਤਹਪੁਰ ਕੋਠੀ-ਇਸ ਇਲਜ਼ਾਮ ਵਿਚ ਕਿ ਇਹ ਸਾਜ਼ਸ਼ੀਆਂ ਨੂੰ ਜਲ-ਪਾਣੀ ਛਕਾਉਂਦਾ ਸੀ, ਪਰਚੇ ਵੰਡਦਾ ਤੇ ਛਾਪਣ ਦੀ ਮਸ਼ੀਨ ਸੰਭਾਲਦਾ ਸੀ।
- ਸ਼ਾਮ ਸਿੰਘ ਰਹਿਸੀਵਾਲ-ਸਾਜ਼ਸ਼ੀਆਂ ਨੂੰ ਅੰਨ-ਪਾਣੀ ਦਿੰਦਾ ਤੇ ਛਾਪਣ ਵਾਲੀ ਮਸ਼ੀਨ ਸੰਭਾਲਦਾ ਸੀ।
- ਕਰਤਾਰ ਸਿੰਘ ਗੋਂਦਪੁਰ-ਆਗੂਆਂ ਨਾਲ ਮੇਲ-ਮਿਲਾਪ ਰੱਖਣਾ ਤੇ ਸਲਾਹ-ਮਸ਼ਵਰਾ ਦੇਣਾ। ਅੰਦਰੂਨੀ ਸਰਕਲ ਵਿਚੋਂ ਨਹੀਂ, ਪਰ ਉਹਨਾਂ ਦੇ ਨਿਕਟ- ਵਰਤੀਆਂ ਵਿਚੋਂ ਸੀ। ਚਾਰ ਸਾਲ ਕੈਦ ਤੇ ਸੌ ਰੁਪਏ ਜੁਰਮਾਨੇ ਦੀ ਸਜ਼ਾ ਹੋਈ। ਇਕ ਹੋਰ ਦਫ਼ਾ ਹੇਠ 7 ਸਾਲ ਕੈਦ ਹੋਈ। ਫੇਰ ਅਪੀਲ ਵਿਚ 14 ਸਾਲ ਹੋਈ।
- ਬੰਤਾ ਸਿੰਘ ਬਹਿਬਲਪੁਰ-ਸਾਜ਼ਸ਼ੀਆਂ ਨੂੰ ਅੰਨ-ਪਾਣੀ ਦਿੰਦਾ ਸੀ ਤੇ ਛਾਪਣ ਵਾਲੀ ਮਸ਼ੀਨ ਨੂੰ ਇਧਰ-ਉਧਰ ਕਰਦਾ ਸੀ।
- ਲਾਭ ਸਿੰਘ ਜੱਸੋਵਾਲ-ਸਾਜ਼ਸ਼ੀਆਂ ਨਾਲ ਮੇਲ-ਮਿਲਾਪ ਰੱਖਦਾ ਸੀ ਤੇ ਅੰਨ-ਪਾਣੀ ਨਾਲ ਸੇਵਾ ਕਰਦਾ ਸੀ। ਬਾਹਰੋਂ ਅਪੀਲ ਕਰਨ ਪੁਰ 14 ਸਾਲ ਦੀ ਕੈਦ ਹੋ ਗਈ।
- ਫ਼ਕੀਰ ਸਿੰਘ ਜੱਸੋਵਾਲ-ਇਸ ਦੀ ਕੁਟੀਆ ਵਿਚ ਪਰਚਾ ਛਪਦਾ ਸੀ। ਤੇ ਅੰਨ-ਪਾਣੀ ਨਾਲ ਬੱਬਰਾਂ ਦੀ ਸੇਵਾ ਕਰਦਾ ਸੀ।
ਅਖੀਰਲੇ ਦੋਹਾਂ ਬੱਬਰਾਂ ਨੂੰ ਸੌ ਸੌ ਦੀ ਥਾਂ ਪੰਜਾਹ ਪੰਜਾਹ ਰੁਪਏ ਜੁਰਮਾਨਾ ਹੋਇਆ।
ਨੋਟ-ਹਰ ਇਕ ਸਜ਼ਾ ਪਾਉਣ ਵਾਲੇ ਨੂੰ ਸਖ਼ਤ ਕੈਦ ਦੀ ਸਜ਼ਾ ਸੀ ਤੇ ਤਿੰਨ ਮਹੀਨੇ ਕੋਠੀ-ਬੰਦ ਰਹਿਣ ਦਾ ਹੁਕਮ ਸੀ। ਜਿਹੜਾ 100 ਰੁਪਿਆ ਜੁਰਮਾਨਾ ਨਾ ਦੇਵੇ, ਉਸ ਨੂੰ ਇਕ ਸਾਲ ਦੀ ਹੋਰ ਤੇ ਪੰਜਾਹ ਰੁਪਏ ਜੁਰਮਾਨਾ ਨਾ ਦੇਣ ਵਾਲੇ ਨੂੰ ਛੇ ਮਹੀਨੇ ਹੋਰ ਕੈਦ ਦਾ ਹੁਕਮ ਸੀ।
ਬਰੀ ਕੀਤੇ ਗਏ ਬੱਬਰ
ਹੇਠ ਲਿਖੇ 34 ਬੱਬਰ ਮੁਕੱਦਮੇ ਵਿਚੋਂ ਸਾਫ਼ ਬਰੀ ਕਰ ਦਿੱਤੇ ਗਏ:
ਕਰਤਾਰ ਸਿੰਘ, ਹੁਕਮ ਸਿੰਘ, ਮਿਲਖਾ ਸਿੰਘ, ਨਿਰਵੈਰ ਸਿੰਘ, ਠਾਕਰ ਸਿੰਘ, ਹਰਨਾਮ ਸਿੰਘ, ਕਰਤਾਰ ਸਿੰਘ ਪੰਡੋਰੀ ਨਿਝਰਾਂ, ਜਗਜੀਤ ਸਿੰਘ ਕੁਠਾਰ, ਸੁੰਦਰ ਸਿੰਘ ਕੋਟ ਫ਼ਤੂਹੀ, ਦਲੇਲ ਸਿੰਘ ਮੰਨਣਹਾਣ, ਕਰਮ ਸਿੰਘ ਜੱਸੋਵਾਲ, ਹਰੀ ਸਿੰਘ ਚੇਲਾ, ਅਮਰ ਸਿੰਘ ਧਾਰੀਵਾਲ, ਦਰਬਾਰਾ ਸਿੰਘ ਤੇ ਚੰਦਾ ਸਿੰਘ ਪਲਾਹੀ, ਵਤਨ ਸਿੰਘ ਤੇ ਠਾਕਰ ਸਿੰਘ ਭਾਰਟਾ, (ਠਾਕਰ ਸਿੰਘ ਨੂੰ ਅਪੀਲ ਕਰਨ ‘ਤੇ ਉਮਰ ਕੈਦ ਹੋ ਗਈ), ਗੰਗਾ ਸਿੰਘ ਜ਼ਿਲ੍ਹਾ ਗੁਰਦਾਸਪੁਰ, ਪਰਤਾਪ ਸਿੰਘ ਜ਼ਿਲ੍ਹਾ ਸਿਆਲਕੋਟ, ਮਾਨ ਸਿੰਘ ਜ਼ਿਲ੍ਹਾ ਗੁਜਰਾਂਵਾਲਾ, ਨਰੈਣ ਸਿੰਘ ਚਾਟੀਵਿੰਡ (ਅੰਮ੍ਰਿਤਸਰ), ਬਾਵਾ ਸਿੰਘ ਤੇ ਊਧਮ ਸਿੰਘ ਕੌਲਗੜ੍ਹ, ਹਰਨਾਮ ਸਿੰਘ ਗੜ੍ਹੀ ਕਾਨੂੰਗੋਆਂ, ਦਲੀਪ ਸਿੰਘ ਸਾਧੜਾ, ਬਸੰਤ ਸਿੰਘ ਰੰਧਾਵਾ ਮਸੰਦਾਂ, ਹਰਬੰਸ ਸਿੰਘ ਸਰਹਾਲਾ ਖੁਰਦ, ਮਿਲਖਾ ਸਿੰਘ ਮੋਰਾਂਵਾਲੀ, ਬਾਬੂ ਊਧਮ ਸਿੰਘ ਜੰਡੂ ਸਿੰਘਾ, ਬਿਅੰਤ ਸਿੰਘ ਨੰਗਲ ਕਲਾਂ ਅਤੇ ਜਸਵੰਤ ਸਿੰਘ ਤੇ ਆਤਮਾ ਸਿੰਘ ਖੁਸਰੋਪੁਰ ।
ਅਖ਼ੀਰ ਵਿਚ ਜੱਜ ਨੇ ਆਖਿਆ ਕਿ ਹਰ ਫਾਂਸੀ ਵਾਲੇ ਨੂੰ ਫ਼ੈਸਲੇ ਦੀ ਨਕਲ ਦਿੱਤੀ ਜਾਵੇ, ਜਿਸ ਤੋਂ ਬਾਅਦ ਸੱਤ ਦਿਨ ਦੇ ਅੰਦਰ ਅੰਦਰ ਉਹ ਅਪੀਲ ਕਰ ਸਕਣਗੇ। ਬਰੀ ਕੀਤੇ ਕੁਲ ਮੁਲਜ਼ਮਾਂ ਦੀਆਂ ਹੱਥਕੜੀਆਂ ਮੇਰੇ ਸਾਹਮਣੇ ਖੋਲ੍ਹ ਦਿੱਤੀਆਂ ਜਾਣ। ਹਜ਼ਾਰਾ ਸਿੰਘ ਮੰਡੇਰ ਤੋਂ ਬਿਨਾਂ ਕੁਲ ਵਾਅਦਾ-ਮਾਫ਼ ਗਵਾਹ ਰਿਹਾਅ ਕਰ ਦਿੱਤੇ ਜਾਣ। ਹਜ਼ਾਰਾ ਸਿੰਘ ਸਰਕਾਰੀ ਵਕੀਲ ਦੇ ਹਵਾਲੇ ਕੀਤਾ ਜਾਵੇ। ਉਸ ਨੂੰ ਸਪੈਸ਼ਲ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰ ਕੇ ਹੁਕਮ ਹਾਸਲ ਕੀਤਾ ਜਾਵੇ।
ਪੁਲਿਸ ਦੀ ਕਮੀਨੀ ਚਾਲ
ਕੇਸ ਦੇ ਦੌਰਾਨ ਅਦਾਲਤ ਦੇ ਅੰਦਰ ਮੀਰ ਫ਼ਜ਼ਲ ਇਮਾਮ ਨੇ ਜਥੇਦਾਰ ਕਿਸ਼ਨ ਸਿੰਘ ਨੂੰ ਆਖਿਆ ਸੀ ਕਿ ਪੁਲਿਸ ਇਸ ਬੱਬਰ-ਕੇਸ ਦੀ ਸ਼ਕਲ ਕੁਝ ਹੋਰ ਹੀ ਬਣਾਉਣਾ ਚਾਹੁੰਦੀ ਹੈ। ਜਥੇਦਾਰ ਨੇ ਪੁੱਛਿਆ ਕਿ ਕਿਹੜੀ ਸ਼ਕਲ ਬਣਾਉਣਾ ਚਾਹੁੰਦੀ ਹੈ ?
ਸਾਡਾ ਸਿਧਾਂਤ ਸਾਡੇ ਪਰਚਿਆਂ ਤੋਂ ਜ਼ਾਹਰ ਹੈ, ਜੋ ਸਿੱਧਾ ਸਰਕਾਰ ਦੇ ਵਿਰੁੱਧ ਤੇ ਆਮ ਲੋਕਾਂ ਦੇ ਹੱਕ ਵਿਚ ਸੀ। ਉਹ ਆਦਮੀ ਕਤਲ ਕੀਤੇ ਗਏ ਹਨ ਜਿਨ੍ਹਾਂ ਤੋਂ ਆਮ ਦੁਨੀਆ ਤੰਗ ਆ ਚੁੱਕੀ ਸੀ, ਜਿਨ੍ਹਾਂ ਦੇ ਮਾਰੇ ਜਾਣ ਪਿੱਛੋਂ ਆਮ ਜਨਤਾ ਖ਼ੁਸ਼ ਹੋਈ। ਫੇਰ ਏਸ ਕੇਸ ਦਾ ਰੂਪ ਤੁਸੀਂ ਕਿਸ ਤਰ੍ਹਾਂ ਬਦਲ ਸਕਦੇ ਹੋ ? ਮੀਰ ਨੇ ਮੁਸਕਰਾ ਕੇ ਉੱਤਰ ਦਿੱਤਾ, “ਸਭ ਕੁਝ ਤੁਹਾਡੇ ਸਾਹਮਣੇ ਆ ਜਾਏਗਾ।”
ਪੁਲਿਸ ਦੀ ਇਸ ਕਮੀਨੀ ਸਾਜ਼ਸ਼ ਦਾ ਭੇਦ ਉਸ ਦਿਨ ਖੁੱਲ੍ਹਿਆ, ਜਦੋਂ ਉਸ ਨੇ ਜੱਜ ਅੱਗੇ ਬੇਨਤੀ ਕੀਤੀ ਕਿ ਇਸ ਚੱਲਦੇ ਕੇਸ ਨੂੰ ਅਟਕਾਇਆ ਜਾਵੇ, ਕਿਉਂਕਿ ਪੁਲਿਸ ਇਕ ਹੋਰ ਤਫ਼ਤੀਸ਼ ਕਰ ਰਹੀ ਹੈ ਤੇ 34 ਹੋਰ ਆਦਮੀਆਂ ਨੂੰ ਇਸ ਕੇਸ ਵਿਚ ਸ਼ਾਮਲ ਕਰਨਾ ਚਾਹੁੰਦੀ ਹੈ । ਇਹ ਸਾਰੇ ਆਦਮੀ ਇਹੋ ਜਿਹੇ ਸਨ, ਜਿਨ੍ਹਾਂ ਦਾ ਬੱਬਰ ਲਹਿਰ ਨਾਲ ਉੱਕਾ ਹੀ ਕੋਈ ਸੰਬੰਧ ਨਹੀਂ ਸੀ । ਇਹ ਆਮ ਡਾਕਿਆਂ ਤੇ ਚੋਰੀਆਂ ਦੇ ਦੋਸ਼ ਵਿਚ ਫੜੇ ਸਨ । ਧੰਨਾ ਸਿੰਘ ਕੋਟਲੀ ਬਾਵਾ ਦਾਸ ਜਦ ਫੜਿਆ ਗਿਆ ਤਾਂ ਉਸ ਨੇ ਵਾਅਦਾ-ਮਾਫ਼ੀ ਲੈਣ ਦਾ ਬਹੁਤ ਯਤਨ ਕੀਤਾ, ਪਰ ਸਾਰੀਆਂ ਘਟਨਾਵਾਂ ਦੇ ਵਾਅਦਾ-ਮਾਫ਼ ਬਣ ਚੁੱਕੇ ਸਨ । ਹੁਣ ਪੁਲਿਸ ਨੂੰ ਵਧੇਰੇ ਵਾਅਦਾ-ਮਾਫ਼ਾਂ ਦੀ ਲੋੜ ਨਹੀਂ ਸੀ। ਇਸ ਲਈ ਧੰਨਾ ਸਿੰਘ ਬਹੁਤ ਹੀ ਨੀਵਾਂ ਡਿੱਗ ਪਿਆ ਤੇ ਬੇਨਤੀ ਕੀਤੀ ਕਿ ਉਸ ਨੂੰ ਵਾਅਦਾ-ਮਾਫ਼ੀ ਜ਼ਰੂਰ ਬਖ਼ਸ਼ੀ ਜਾਵੇ। ਉਹ ਪੁਲਿਸ ਨੂੰ ਪਹਿਲਾਂ ਦੇ ਮਾਰੇ ਹੋਏ ਡਾਕੇ, ਚੋਰੀਆਂ ਅਤੇ ਇਨ੍ਹਾਂ ਵਿਚ ਹਿੱਸਾ ਲੈਣ ਵਾਲੇ ਡਾਕੂਆਂ ਤੇ ਚੋਰਾਂ ਦਾ ਪੂਰਾ ਪਤਾ ਦੱਸਣ ਨੂੰ ਤਿਆਰ ਸੀ। ਇਥੋਂ ਤੀਕ ਕਿ ਪੁਲਿਸ ਦੇ ਆਖਣ ਅਨੁਸਾਰ ਉਹ ਹੋਰ ਭੀ ਸੱਚੀਆਂ-ਝੂਠੀਆਂ ਗੰਢਣ ਨੂੰ ਤਿਆਰ ਸੀ । ਇਸ ਤਰ੍ਹਾਂ ਪੁਲਿਸ ਨੇ ਧੰਨਾ ਸਿੰਘ ਦੇ ਦੱਸੇ ਅਨੁਸਾਰ ਕੁਝ ਚੋਰਾਂ ਅਤੇ ਡਾਕੂਆਂ ਨੂੰ ਬੱਬਰ ਕੇਸ ਵਿਚ ਸ਼ਾਮਲ ਕਰਨ ਦੀ ਕੋਝੀ ਕੋਸ਼ਿਸ਼ ਕੀਤੀ । ਬਰਤਾਨਵੀ ਹਕੂਮਤ ਦਾ ਖ਼ਿਆਲ ਸੀ ਕਿ ਇਹੋ ਜਿਹੇ ਲੋਕਾਂ ਨੂੰ ਬੱਬਰ ਲਹਿਰ ਦੇ ਆਗੂ ਦੱਸ ਕੇ ਉਹ ਪਰਚਾਰ ਕਰ ਸਕੇਗੀ ਕਿ ਬੱਬਰ ਚੋਰੀਆਂ ਕਰਦੇ ਤੇ ਡਾਕੇ ਭੀ ਮਾਰਦੇ ਸਨ । ਹਕੂਮਤ ਸੋਚਦੀ ਸੀ ਕਿ ਇਸ ਤਰ੍ਹਾਂ ਬੱਬਰ ਲਹਿਰ ਬਦਨਾਮ ਹੋਵੇਗੀ ਤੇ ਆਮ ਲੋਕਾਂ ਵਿਚ ਇਸ ਲਹਿਰ ਨਾਲ ਹਮਦਰਦੀ ਖ਼ਤਮ ਹੋ ਜਾਏਗੀ।
ਪਰ ਜਦੋਂ ਜੱਜ ਨੇ ਕਾਗ਼ਜ਼ ਪੜ੍ਹੇ ਤਾਂ ਉਸ ਨੇ ਪੁਲਿਸ ਦਾ ਕਹਿਣਾ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਸ ਨੇ ਆਖਿਆ, “ਇਨ੍ਹਾਂ ਲੋਕਾਂ ਦਾ ਬੱਬਰ ਕੇਸ ਨਾਲ ਕੋਈ ਸੰਬੰਧ ਨਹੀਂ ਅਤੇ ਉਹ ਬੱਬਰ ਕੇਸ ਤੋਂ ਬਿਨਾਂ ਹੋਰ ਕੋਈ ਕੇਸ ਲੈਣ ਨੂੰ ਤਿਆਰ ਨਹੀਂ।” ਇਸ ਤਰ੍ਹਾਂ ਪੁਲਿਸ ਨੂੰ ਮੂੰਹ ਦੀ ਖਾਣੀ ਪਈ। ਇਹਨਾਂ ਉਪਰ ਪੁਲਿਸ ਨੇ ਮਗਰੋਂ ਵੱਖਰਾ ਮੁਕੱਦਮਾ ਚਲਾਇਆ ਤੇ ਉਹਨਾਂ ਨੂੰ ਅੱਡ ਅੱਡ ਸਜ਼ਾਵਾਂ ਦਿਵਾਈਆਂ। ਹਜ਼ਾਰਾ ਸਿੰਘ ਮੰਡੇਰ ਨੂੰ ਭੀ ਇਨ੍ਹਾਂ ਦੇ ਨਾਲ ਓਦੋਂ ਪੇਸ਼ ਕੀਤਾ ਗਿਆ ਜਿਸ ਦਿਨ ਫ਼ੈਸਲਾ ਸੁਣਾਉਣਾ ਸੀ ਤੇ 14 ਸਾਲ ਦੀ ਸਜ਼ਾ ਦਿਵਾਈ ਗਈ।
ਅਪੀਲ ਤੇ ਨਿਗਰਾਨੀ
ਪੁਲਿਸ ਨੇ ਇਸ ਫ਼ੈਸਲੇ ਦੇ ਵਿਰੁੱਧ ਹਾਈ ਕੋਰਟ ਵਿਚ ਨਿਗਰਾਨੀ ਦੀ ਦਰਖ਼ਾਸਤ ਦਿੱਤੀ । ਪੁਲਿਸ ਇਸ ਫ਼ੈਸਲੇ ਨੂੰ ਬਹੁਤ ਨਰਮ ਫੈਸਲਾ ਸਮਝਦੀ ਸੀ। ਉਧਰ ਬੱਬਰਾਂ ਨੇ ਭੀ ਹਾਈ ਕੋਰਟ ਵਿਚ ਅਪੀਲ ਕਰ ਦਿੱਤੀ । ਨਾ-ਮਿਲਵਰਤਣੀਆਂ ਨੇ ਪਹਿਲਾਂ ਤਾਂ ਅਪੀਲ ਕਰਨ ਤੋਂ ਭੀ ਨਾਂਹ ਕੀਤੀ, ਪਰ ਬਾਹਰੋਂ ਕੁਝ ਅਕਾਲੀ ਤੇ ਕਾਂਗਰਸੀ ਮਿੱਤਰਾਂ ਨੇ ਜ਼ੋਰ ਦਿੱਤਾ ਕਿ ਫਾਂਸੀ ਵਾਲਿਆਂ ਨੂੰ ਤਾਂ ਜ਼ਰੂਰ ਅਪੀਲ ਕਰਨੀ ਚਾਹੀਦੀ ਹੈ। ਇਸ ਲਈ ਨਾ-ਮਿਲਵਰਤਣੀਆਂ ਨੇ ਭੀ ਅਪੀਲ ਕਰਨੀ ਮੰਨ ਲਈ । ਭਾਈ ਸੁੰਦਰ ਸਿੰਘ ਨੇ ਅਜੇ ਭੀ ਨਾਂਹ ਕੀਤੀ, ਪਰ ਆਪ ਨੇ ਫਿਰ ਜਥੇਦਾਰ ਕਿਸ਼ਨ ਸਿੰਘ ਦਾ ਕਹਿਣਾ ਨਾ ਮੋੜਿਆ। ਆਪ ਵਲੋਂ ਸੰਦੇਸ਼ ਪਹੁੰਚਣ ਪੁਰ ਆਪ ਨੇ ਭੀ ਅਪੀਲ ਪੁਰ ਦਸਤਖ਼ਤ ਕਰ ਦਿੱਤੇ। ਇਸ ਦੀ ਵਜ੍ਹਾ ਇਹ ਭੀ ਸੀ ਕਿ ਜੇ ਦੋਸ਼ੀਆਂ ਵਿਚੋਂ ਇਕ ਦੇ ਭੀ ਦਸਤਖ਼ਤ ਨਾ ਹੋਣ ਤਾਂ ਅਪੀਲ ਦਾਇਰ ਨਹੀਂ ਹੋ ਸਕਦੀ।
ਫ਼ੌਜਾਂ ਵਿਚ ਬੱਬਰਾਂ ਵਾਸਤੇ ਏਨੀ ਹਮਦਰਦੀ ਸੀ ਤੇ ਇਤਨਾ ਉਤਸ਼ਾਹ ਸੀ ਕਿ ਪਰਤਾਪ ਸਿੰਘ ਸਿਆਲਕੋਟੀ ਦੀ ਡੀਫੈਂਸ ਲਈ ਉਸ ਦੀ ਪਲਟਨ ਨੇ 100 ਰੁਪਿਆ ਇਕੱਠਾ ਕਰ ਕੇ ਭੇਜਿਆ।
ਹਾਈ ਕੋਰਟ ਦਾ ਫ਼ੈਸਲਾ
ਨਿਗਰਾਨੀ ਦੇ ਫ਼ੈਸਲੇ ਵਿਚ ਹਾਈ ਕੋਰਟ ਨੇ ਭੀ ਸੈਸ਼ਨ ਜੱਜ ਦੇ ਫ਼ੈਸਲੇ ਨੂੰ ਨਰਮ ਕਰਾਰ ਦਿੱਤਾ ਅਤੇ ਕਈ ਬੱਬਰਾਂ ਦੀਆਂ ਸਜ਼ਾਵਾਂ ਵਿਚ ਵਾਧਾ ਕਰ ਦਿੱਤਾ।
ਇਹ ਵਾਧੇ ਵੇਰਵੇ ਸਹਿਤ ਇਸ ਤਰ੍ਹਾਂ ਸਨ:
ਨਾਂ – ਪਹਿਲੀ ਸਜ਼ਾ – ਹਾਈ ਕੋਰਟ ਦੀ ਸਜ਼ਾ
- ਪਰਤਾਪ ਸਿੰਘ ਸਿਆਲਕੋਟ – ਬਰੀ – ਉਮਰ ਕੈਦ
- ਠਾਕਰ ਸਿੰਘ ਭਾਰਟਾ – ਬਰੀ – ਉਮਰ ਕੈਦ
- ਮਾਨ ਸਿੰਘ ਗੁਜਰਾਂਵਾਲਾ – ਬਰੀ – ਉਮਰ ਕੈਦ
- ਕਰਤਾਰ ਸਿੰਘ ਸਪੁੱਤਰ ਦੇਵਾ ਸਿੰਘ ਪੰਡੋਰੀ ਨਿਝਰਾਂ – ਬਰੀ – ਉਮਰ ਕੈਦ
- ਧਰਮ ਸਿੰਘ ਹਯਾਤਪੁਰ – ਉਮਰ ਕੈਦ – ਫਾਂਸੀ
- ਕਰਤਾਰ ਸਿੰਘ ਗੋਂਦਪੁਰ – 7 ਸਾਲ – 14 ਸਾਲ
- ਲਾਭ ਸਿੰਘ ਜੱਸੋਵਾਲ – 4 ਸਾਲ – 14 ਸਾਲ
- ਮੁਨਸ਼ਾ ਸਿੰਘ ਜੌਹਲ – 5 ਸਾਲ – 14 ਸਾਲ
- ਛੱਜਾ ਸਿੰਘ ਚਾਂਦਸੌ – 5 ਸਾਲ – 14 ਸਾਲ
- ਕਰਤਾਰ ਸਿੰਘ ਵੱਡਾ ਡੁਮੇਲੀ – 5 ਸਾਲ – 7 ਸਾਲ
- ਕਰਤਾਰ ਸਿੰਘ ਛੋਟਾ ਡੁਮੇਲੀ – 5 ਸਾਲ – 7 ਸਾਲ
- ਭਗਵਾਨ ਸਿੰਘ ਫ਼ਤਹਪੁਰ ਕੋਠੀ – 5 ਸਾਲ – 7 ਸਾਲ
ਹਾਈ ਕੋਰਟ ਨੇ ਕੁਝ ਬੱਬਰ ਸਾਥੀ, ਜਿਨ੍ਹਾਂ ਨੂੰ ਸੈਸ਼ਨ ਜੱਜ ਨੇ ਸਜ਼ਾ ਦਿੱਤੀ ਸੀ, ਬਰੀ ਭੀ ਕੀਤੇ। ਉਹਨਾਂ ਦੇ ਨਾਂ ਇਹ ਸਨ :
ਰਤਨ ਸਿੰਘ ਸੀਂਗੜੀਵਾਲਾ, ਭਾਨ ਸਿੰਘ ਮਾਂਗਟ, ਧਰਮ ਸਿੰਘ ਪਲਾਹੀ, ਪ੍ਰੇਮ ਸਿੰਘ ਪ੍ਰਾਗਪੁਰ, ਸੁਰਜਨ ਸਿੰਘ ਡੁਮੇਲੀ, ਸ਼ਾਮ ਸਿੰਘ ਰਹਿਸੀਵਾਲ, ਸਰਦੂਲ ਸਿੰਘ ਬੂੜੋ ਬਾੜੀਆਂ, ਫ਼ਕੀਰ ਸਿੰਘ ਜੱਸੋਵਾਲ, ਬਖ਼ਸ਼ੀਸ਼ ਸਿੰਘ ਤੇ ਊਧਮ ਸਿੰਘ ਪੰਡੋਰੀ ਨਿਝਰਾਂ।
ਇਸ ਤਰ੍ਹਾਂ ਅਖ਼ੀਰ ਵਿਚ ਛਿਆਂ ਬੱਬਰਾਂ ਨੂੰ ਫਾਂਸੀ ਦੀ ਸਜ਼ਾ, ਤੇਰਾਂ ਨੂੰ ਉਮਰ ਕੈਦ, ਚੌਹਾਂ ਨੂੰ ਚੌਦਾਂ ਸਾਲ, ਸਤਾਰਾਂ ਨੂੰ ਸੱਤ ਸੱਤ ਸਾਲ ਕੈਦ, ਪੰਜਾਂ ਨੂੰ ਪੰਜ ਪੰਜ ਸਾਲ, ਦੋਂਹ ਨੂੰ ਛੇ ਛੇ ਸਾਲ ਤੇ ਇਕ ਨੂੰ ਚਾਰ ਸਾਲ ਦੀ ਕੈਦ ਹੋਈ। ਚਾਲੀ ਬੱਬਰ ਬਰੀ ਕਰ ਦਿੱਤੇ ਗਏ। ਪੰਜ ਬੱਬਰ ਮੁਕੱਦਮੇ ਦੇ ਦੌਰਾਨ ਹਵਾਲਾਤਾਂ ਵਿਚ ਹੀ ਚਲਾਣਾ ਕਰ ਗਏ। ਅੱਠ ਬੱਬਰ ਪੁਲਿਸ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਪਾ ਗਏ।
ਇਕ ਬੱਬਰ ਮਿਸਤ੍ਰੀ ਅਮਰ ਸਿੰਘ ਮੰਡਿਆਣੀ ਅੱਜ ਤੀਕ ਗ੍ਰਿਫ਼ਤਾਰ ਹੀ ਨਹੀਂ ਹੋ ਸਕਿਆ।
ਵਾਅਦਾ-ਮਾਫ਼ਾਂ ਦੀ ਫ਼ਹਿਰਿਸਤ
ਜਿਸ ਤਰ੍ਹਾਂ ਪਹਿਲਾਂ ਭੀ ਜ਼ਿਕਰ ਕੀਤਾ ਗਿਆ ਹੈ, ਇਸ ਕੇਸ ਵਿਚ 22 ਵਾਅਦਾ-ਮਾਫ਼ ਬਣਾਏ ਗਏ ਸਨ। ਉਨ੍ਹਾਂ ਦੇ ਨਾਵਾਂ ਦੀ ਫ਼ਹਿਰਿਸਤ ਦੇਣੀ ਹੇਠਾਂ ਲਿਖੇ ਕਾਰਨਾਂ ਕਰਕੇ ਜ਼ਰੂਰੀ ਮਾਲੂਮ ਹੁੰਦਾ ਹੈ :
ਪਹਿਲੀ ਗੱਲ ਤਾਂ ਇਹ ਹੈ ਕਿ ਇਕ ਇਨਕਲਾਬੀ ਜਥੇਬੰਦੀ ਵਿਚੋਂ ਇਤਨੇ ਆਦਮੀਆਂ ਦਾ ਵਾਅਦਾ-ਮਾਫ਼ ਬਣ ਜਾਣਾ ਜਥੇਬੰਦੀ ਦੀ ਕਮਜ਼ੋਰੀ ਮਾਲੂਮ ਹੁੰਦੀ ਹੈ। ਇਸ ਤੋਂ ਇਹ ਸਿਖਿਆ ਮਿਲਦੀ ਹੈ ਕਿ ਇਨਕਲਾਬੀ ਜਥੇਬੰਦੀ ਨੂੰ ਬੜੀ ਪਰਖ ਤੇ ਅਜ਼ਮਾਇਸ਼ ਮਗਰੋਂ ਮੈਂਬਰ ਲੈਣੇ ਚਾਹੀਦੇ ਹਨ। ਮੈਂਬਰ ਬਣਨ ਦੇ ਚਾਹਵਾਨਾਂ ਦੀਆਂ ਜੁਸ਼ੀਲੀਆਂ ਗੱਲਾਂ ‘ਤੇ ਹੀ ਨਹੀਂ ਭੁੱਲ ਜਾਣਾ ਚਾਹੀਦਾ, ਉਨ੍ਹਾਂ ਦਾ ਪਹਿਲਾਂ ਇਮਤਿਹਾਨ ਲੈਣਾ ਜ਼ਰੂਰੀ ਹੁੰਦਾ ਹੈ।
ਦੂਜੇ, ਕਈ ਸੱਜਣ ਕੁਝ ਮਜਬੂਰੀਆਂ ਦੇ ਕਾਰਨ ਡਿੱਗ ਜਾਂਦੇ ਹਨ, ਪਰ ਮਗਰੋਂ ਪਛਤਾਵਾ ਕਰ ਕੇ ਬਚਾ ਵੀ ਕਰ ਜਾਂਦੇ ਹਨ ਤੇ ਲੋਕ-ਸੇਵਾ ਦੇ ਮਾਰਗ ‘ਤੇ ਵੀ ਤੁਰ ਪੈਂਦੇ ਹਨ। ਇਸ ਕੇਸ ਵਿਚ ਮਹਿਤਾਬ ਸਿੰਘ ਭਕੜ੍ਹਦੀ ਵਾਅਦਾ-ਮਾਫ਼ ਬਣ ਗਿਆ ਸੀ, ਪਰ ਉਸ ਨੇ ਆਪਣੀ ਗਵਾਹੀ ਵਿਚ ਕੇਵਲ ਓਹੀ ਵਾਕਿਆਤ ਦੱਸੇ, ਜੋ ਰਾਮ ਸਿੰਘ ਹਯਾਤਪੁਰੀ ਵਾਅਦਾ-ਮਾਫ਼ ਪਹਿਲਾਂ ਦੱਸ ਚੁੱਕਾ ਸੀ, ਹੋਰ ਵੱਧ ਕੁਝ ਵੀ ਨਹੀਂ ਦੱਸਿਆ ਅਤੇ ਫਿਰ ਰਿਹਾਅ ਹੋ ਕੇ ਕਿਸਾਨ ਸਭਾ ਵਿਚ ਭਰਤੀ ਹੋ ਕੇ ਲੋਕ-ਸੇਵਾ ਦੇ ਕੰਮ ਵਿਚ ਜੁਟ ਪਿਆ। ਇਸੇ ਤਰ੍ਹਾਂ ਹਜ਼ਾਰਾ ਸਿੰਘ ਮੰਡੇਰ ਦੀ ਗੱਲ ਹੈ। ਉਹ ਪਹਿਲਾਂ ਤਾਂ ਬਿਆਨ ਦੇ ਬੈਠਾ, ਪਰ ਮਗਰੋਂ ਪਛਤਾਵਾ ਕਰ ਕੇ ਜੱਜ ਦੇ ਸਾਹਮਣੇ ਆ ਕੇ ਮੁੱਕਰ ਗਿਆ। ਉਸ ਨੂੰ 14 ਸਾਲ ਦੀ ਸਜ਼ਾ ਭੀ ਹੋ ਗਈ। ਦੂਜੇ ਸੰਸਾਰ-ਜੁੱਧ ਦੇ ਸਮੇਂ ਵੀ ਉਹ ਤਿੰਨ ਸਾਲ ਨਜ਼ਰ-ਬੰਦ ਰਿਹਾ ਤੇ ਸਾਮਰਾਜ ਵਿਰੁੱਧ ਘੋਲ ਵਿਚ ਸ਼ਾਮਲ ਰਿਹਾ। ਇਸੇ ਤਰ੍ਹਾਂ ਬਾਕੀ ਵਾਅਦਾ-ਮਾਫ਼ਾਂ ਲਈ ਵੀ ਪਛਤਾਵਾ ਕਰ ਕੇ ਆਪਣੇ ਇਸ ਕਾਲਖ਼ ਦੇ ਦਾਗ਼ ਨੂੰ ਧੋਣ ਦਾ ਮੈਦਾਨ ਖੁੱਲ੍ਹਾ ਹੈ। ਜੀਵਨ ਵਿਚ ਕਿਸੇ ਕਾਰਨ ਗਲਤੀ ਹੋ ਜਾਵੇ ਤਾਂ ਮਨੁੱਖ ਨੂੰ ਪਛਤਾਵਾ ਕਰ ਕੇ ਸਿੱਧੇ ਰਾਹ ‘ਤੇ ਚੱਲਣ ਤੋਂ ਕਦੀ ਵੀ ਸ਼ਰਮ ਨਹੀਂ ਕਰਨੀ ਚਾਹੀਦੀ।
ਤੀਜੀ ਗੱਲ ਇਹ ਹੈ ਕਿ ਇਤਿਹਾਸ ਦੀ ਸੱਚਾਈ ਮੰਗ ਕਰਦੀ ਹੈ ਕਿ ਇਨਕਲਾਬੀ ਘੋਲ ਵਿਚ ਜਿਸ ਕਿਸੇ ਨੇ ਕਮਜ਼ੋਰੀ ਵਿਖਾਈ ਹੈ, ਉਹ ਵੀ ਜ਼ਾਹਰ ਹੋ ਜਾਣੀ ਚਾਹੀਦੀ ਹੈ ਤਾਂ ਜੁ ਜਨਤਾ ਖ਼ਬਰਦਾਰ ਹੋ ਜਾਵੇ। ਇਨ੍ਹਾਂ ਗੱਲਾਂ ਨੂੰ ਮੁਖ ਰੱਖ ਕੇ ਬੱਬਰ ਕੇਸ ਵਿਚ ਬਣੇ ਵਾਅਦਾ-ਮਾਫ਼ਾਂ ਦੀ ਫਹਿਰਿਸ਼ਤ ਹੇਠਾਂ ਦਿੱਤੀ ਜਾਂਦੀ ਹੈ :
- ਗ੍ਰੰਥੀ ਅਮਰ ਸਿੰਘ ਕੋਟ ਬਾੜੇ ਖ਼ਾਂ, ਜ਼ਿਲ੍ਹਾ ਗੁਜਰਾਂਵਾਲਾ
- ਸੰਤ ਕਰਤਾਰ ਸਿੰਘ ਕੁਟੀਆ ਪ੍ਰਾਗਪੁਰ
- ਕਰਤਾਰ ਸਿੰਘ ਬੂੜੋ ਬਾੜੀਆਂ
- ਬਤਨ ਸਿੰਘ ਪੰਡੋਰੀ ਨਿਝਰਾਂ
- ਬੇਲਾ ਸਿੰਘ ਪਲਾਹੀ
- ਰਾਮ ਸਿੰਘ ਮੁਜ਼ਾਰਾ ਕਲਾਂ
- ਤੁਫ਼ੈਲ ਮੁਹੰਮਦ ਪੰਡੋਰੀ ਨਿਝਰਾਂ
- ਸਾਧੂ ਸਿੰਘ ਪ੍ਰਾਗਪੁਰ
- ਰਾਮ ਸਿੰਘ ਹਯਾਤਪੁਰ
- ਅਨੂਪ ਸਿੰਘ ਮਾਣਕੋ
- ਮਲੂਕ ਸਿੰਘ ਪਲਾਹੀ
- ਜਵੰਦ ਸਿੰਘ ਜੌਹਲ
- ਬੇਲਾ ਸਿੰਘ ਪ੍ਰਾਗਪੁਰ
- ਸੰਤ ਮਿੱਤ ਸਿੰਘ ਮਹੰਤ ਗੁਰਦੁਆਰਾ ਕਿਸ਼ਨਪੁਰ
- ਕਿਰਪਾਲ ਸਿੰਘ ਮਲਕਪੁਰ ਜ਼ਿਲ੍ਹਾ ਰਾਵਲਪਿੰਡੀ
- ਚੰਦਾ ਸਿੰਘ ਡੁਮੇਲੀ
- ਮਹਿਤਾਬ ਸਿੰਘ ਉਰਫ਼ ਆਸਾ ਸਿੰਘ ਭਕੜਦੀ
- ਬੰਤਾ ਸਿੰਘ ਬੋਪਾਰਾਏ
- ਬੇਲਾ ਸਿੰਘ ਬੋਪਾਰਾਏ
- ਹਜ਼ਾਰਾ ਸਿੰਘ ਮੰਡੇਰ
- ਧੰਨਾ ਸਿੰਘ ਕੋਟਲੀ ਬਾਵਾ ਦਾਸ
- ਹਜ਼ਾਰਾ ਸਿੰਘ ਵਲਦ ਇੰਦਰ ਸਿੰਘ ਮੰਡੇਰ ਅਦਾਲਤ ਵਿਚ ਜਾ ਕੇ ਪੁਲਿਸ ਦਾ ਕਹਿਣਾ ਮੰਨਣ ਤੋਂ ਇਨਕਾਰੀ ਹੋ ਗਿਆ, ਇਸ ਲਈ ਉਪਰ ਲਿਖੇ ਅਨੁਸਾਰ 14 ਸਾਲ ਦੀ ਸਜ਼ਾ ਦਾ ਭਾਗੀ ਠਹਿਰਾਇਆ ਗਿਆ।
ਸਤਵਾਂ ਕਾਂਡ
ਬੱਬਰ ਲਹਿਰ ਦਾ ਮਕਸਦ ਤੇ ਪ੍ਰੋਗਰਾਮ
ਬੱਬਰ ਲਹਿਰ ਦਾ ਮਕਸਦ ਤੇ ਪ੍ਰੋਗਰਾਮ ਕੀ ਸੀ ? ਇਸ ਬਾਰੇ ਅਸੀਂ ਸਭ ਤੋਂ ਪਹਿਲਾਂ ਜੱਜ ਦੀ ਰਾਇ ਪੇਸ਼ ਕਰਦੇ ਹਾਂ।
ਬੱਬਰ ਅਕਾਲੀ ਸਾਜ਼ਸ਼ ਕੇਸ ਦਾ ਜੱਜ ਇਕ ਅੰਗਰੇਜ਼ ਸੀ ਤੇ ਬਰਤਾਨੀਆ ਦੀ ਸਾਮਰਾਜੀ ਮਸ਼ੀਨ ਦਾ ਇਕ ਪੁਰਜ਼ਾ ਸੀ। ਇਹ ਗੱਲ ਕੁਦਰਤੀ ਸੀ ਕਿ ਉਹ ਬੱਬਰ ਲਹਿਰ ਦੇ ਰੌਸ਼ਨ ਪਹਿਲੂ ਪੁਰ ਵੱਧ ਤੋਂ ਵੱਧ ਪਰਦਾ ਪਾਵੇ ਜਾਂ ਘੱਟ ਤੋਂ ਘੱਟ ਬਿਆਨ ਕਰੇ; ਪਰ ਫੇਰ ਭੀ ਉਸ ਨੂੰ ਆਪਣੇ ਫ਼ੈਸਲੇ ਵਿਚ ਕਈ ਅਜਿਹੀਆਂ ਪੰਗਤੀਆਂ ਲਿਖਣੀਆਂ ਪਈਆਂ ਜੋ ਬੱਬਰ ਲਹਿਰ ਦੀ ਮਹਾਨਤਾ ਤੇ ਹਕੀਕਤ ਨੂੰ ਰੌਸ਼ਨੀ ਵਿਚ ਲਿਆਉਂਦੀਆਂ ਹਨ। ਉਨ੍ਹਾਂ ਵਿਚੋਂ ਕੁਝ ਕੁ ਪੰਗਤੀਆਂ ਅਸੀਂ ਇਸ ਲਈ ਹੇਠਾਂ ਦਰਜ ਕਰਦੇ ਹਾਂ ਤਾਂ ਜੁ ਬੱਬਰ ਲਹਿਰ ਨਾਲ ਅਸਹਿਮਤ ਅਨਸਰ ਨੂੰ (ਜੋ ਸਾਡੀ ਲਿਖਤ ਨੂੰ ਕੁਝ ਇਕ-ਪੱਖੀ ਖ਼ਿਆਲ ਕਰੇਗਾ) ਅਸਲੀਅਤ ਸਮਝਣ ਵਿਚ ਸਹਾਇਤਾ ਮਿਲ ਸਕੇ ।
ਅਰੰਭ ਵਿਚ ਬੱਬਰਾਂ ਦਾ ਮਕਸਦ ਯਰਕਾਊ ਨਹੀਂ ਸੀ, ਸਗੋਂ ਉਹ ਹਥਿਆਰ ਇਕੱਠੇ ਕਰ ਕੇ, ਫ਼ੌਜੀਆਂ ਤੇ ਕਿਸਾਨਾਂ ਵਿਚ ਹਕੂਮਤ ਵਿਰੁੱਧ ਪਰਚਾਰ ਕਰ ਕੇ, ਜਨਤਕ ਇਨਕਲਾਬ ਵੱਲ ਵਧਣਾ ਚਾਹੁੰਦੇ ਸਨ । ਭਾਵੇਂ ਕਈ ਕਾਰਨਾਂ ਕਰਕੇ ਉਸ ਵੇਲੇ ਇਸ ਮਕਸਦ ਵਿਚ ਕਾਮਯਾਬ ਨਹੀਂ ਸੀ ਹੋ ਸਕਦੇ ਅਤੇ ਇਸ ਲਈ ਇਹ ਲਹਿਰ ਯਰਕਾਊ-ਪੁਣੇ ਦੀ ਪਟੜੀ ਉਪਰ ਚੜ੍ਹਦੀ ਗਈ ਸੀ, ਪਰ ਜਿਸ ਮਕਸਦ ਨੂੰ ਲੈ ਕੇ ਇਸ ਲਹਿਰ ਦਾ ਮੁੱਢ ਬੰਨ੍ਹਿਆ ਗਿਆ, ਉਸ ਬਾਰੇ ਕਿਸੇ ਨੂੰ ਸ਼ੱਕ ਨਹੀਂ ਰਹਿਣਾ ਚਾਹੀਦਾ। ਜੱਜ ਆਪਣੇ ਫ਼ੈਸਲੇ ਵਿਚ ਇਸ ਤਰ੍ਹਾਂ ਲਿਖਦਾ ਹੈ :
“ਬੱਬਰ ਜਥੇ ਦਾ ਮਕਸਦ ਇਹ ਸੀ ਕਿ ਪੈਸਾ ਅਤੇ ਹਥਿਆਰ ਇਕੱਠੇ ਕੀਤੇ ਜਾਣ । ਹਿੰਦੁਸਤਾਨੀ ਫ਼ੌਜ ਅਤੇ ਖ਼ਾਸ ਕਰਕੇ ਉਸ ਦੇ ਸਿਖ ਹਿੱਸੇ ਵਿਚ ਹਕੂਮਤ ਵਿਰੁੱਧ ਬੇਵਫ਼ਾਈ ਦਾ ਜਜ਼ਬਾ ਭਰਿਆ ਜਾਏ ਅਤੇ ਜਦੋਂ ਹਾਲਤਾਂ ਪੱਕ ਜਾਵਣ ਤੇ ਲੋਕੀਂ ਤਿਆਰ ਹੋ ਜਾਣ ਤਾਂ 1857 ਦੇ ਗ਼ਦਰ ਵਾਂਗ ਇਨਕਲਾਬ ਕੀਤਾ ਜਾਏ।”
“ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਇਹ ਸਾਜ਼ਸ਼, ਜਿਸ ਦਾ ਮੁੱਢ 1921 ਦੇ ਅਖ਼ੀਰ ਜਾਂ 1922 ਦੇ ਅਰੰਭ ਵਿਚ ਬੱਝਾ, ਕੇਵਲ ਇਨਕਲਾਬ ਕਰਨ ਦੇ ਮਕਸਦ ਨਾਲ ਜਥੇਬੰਦ ਕੀਤੀ ਗਈ ਸੀ ਤੇ ਸ਼ੁਰੂ ਸ਼ੁਰੂ ਵਿਚ ਝੋਲੀਚੁੱਕਾਂ ਨੂੰ ਕਤਲ ਕਰਨ ਦਾ ਕੋਈ ਵਿਚਾਰ ਨਹੀਂ ਸੀ।”
ਅਸੈਸਰ ਲਿਖਦੇ ਹਨ: “ਬੱਬਰ ਲੀਡਰ ਹਕੂਮਤ ਵਿਰੁੱਧ ਨਫ਼ਰਤ ਫੈਲਾਉਣ, ਬਗ਼ਾਵਤ ਖੜੀ ਕਰਨ, ਬਰਤਾਨਵੀ ਹਕੂਮਤ ਨੂੰ ਹਿੰਦੁਸਤਾਨ ਵਿਚੋਂ ਬਾਹਰ ਕੱਢਣ, ਹਿੰਦੁਸਤਾਨ ਵਿਚ ਸਾਮਰਾਜ ਤੇ ਪੰਜਾਬ ਵਿਚ ਸਿਖ ਰਾਜ ਸਥਾਪਤ ਕਰਨ ਦੇ ਮਕਸਦ ਨਾਲ ਪਿੰਡਾਂ ਵਿਚ ਬਾਗ਼ੀਆਨਾ ਤਕਰੀਰਾਂ ਕਰਦੇ ਅਤੇ ਭੜਕਾਊ ਨਜ਼ਮਾਂ ਪੜ੍ਹਦੇ ਫਿਰਨ ਲੱਗੇ।”
ਜੱਜ ਲਿਖਦਾ ਹੈ: “ਭੜਕਾਊ ਤਕਰੀਰਾਂ ਅਤੇ ਇਨਕਲਾਬੀ ਪਰਚੇ ਛਾਪ ਕੇ, ਵੰਡ ਕੇ ਹਕੂਮਤ ਵਿਰੁੱਧ ਇਕ ਭਾਰੀ ਮੁਹਿੰਮ ਛੇੜੀ ਗਈ। ਇਨ੍ਹਾਂ ਤਰੀਕਿਆਂ ਨਾਲ ਇਹ ਸਾਜ਼ਸ਼ੀ, ਗੌਰਮਿੰਟ ਵਿਰੁੱਧ ਨਫ਼ਰਤ ਤੇ ਗੁੱਸਾ ਪੈਦਾ ਕਰ ਕੇ, ਫ਼ੰਡ ਤੇ ਹਥਿਆਰ ਜਮ੍ਹਾ ਕਰ ਕੇ ਅਤੇ ਹੋਰਨਾਂ ਲੋਕਾਂ ਨੂੰ ਆਪਣੀਆਂ ਬਗ਼ਾਵਤੀ ਸਰਗਰਮੀਆਂ ਨਾਲ ਸਹਿਮਤ ਕਰਨਾ ਚਾਹੁੰਦੇ ਸਨ, ਅਤੇ ਨਾਲੋ ਨਾਲ ਅਜਿਹਾ ਤਹਿਕਾ ਬਿਠਾਉਣਾ ਚਾਹੁੰਦੇ ਸਨ, ਜਿਸ ਨਾਲ ਗੌਰਮਿੰਟ ਦੇ ਵਫ਼ਾਦਾਰਾਂ ਤੇ ਮਦਦਗਾਰਾਂ ਦੇ ਸਾਹ ਸੁੱਕ ਜਾਣ, ਤਾਂ ਜੁ ਲਹਿਰ ਨੂੰ ਦਬਾਉਣ ਜਾਂ ਰੋਕਣ ਦੀਆਂ ਸਰਕਾਰੀ ਕੋਸ਼ਿਸ਼ਾਂ ਨਕਾਰਾ ਹੋ ਜਾਣ।” (म.डा 3)
“ਜਦ ਮੈਂ ਸੰਤਾ ਸਿੰਘ ਨੂੰ ਪੁੱਛਿਆ ਕਿ ਕਿਸ਼ਨ ਸਿੰਘ ਦੀਆਂ ਤਕਰੀਰਾਂ ਪਿੱਛੇ ਮਕਸਦ ਕੀ ਸੀ ਤਾਂ ਉਸ ਨੇ ਦੱਸਿਆ ਕਿ ਕਿਸ਼ਨ ਸਿੰਘ ਅਤੇ ਉਸ ਦੇ ਸਾਥੀਆਂ ਨੇ (ਜਿਨ੍ਹਾਂ ਵਿਚ ਉਹ ਖ਼ੁਦ ਆਪ ਭੀ ਸ਼ਾਮਲ ਹੈ) ਕਈ ਵਾਰ ਫੈਸਲਾ ਕੀਤਾ ਸੀ ਕਿ ਗੌਰਮਿੰਟ ਵਿਰੁੱਧ ਤਕਰੀਰਾਂ ਕੀਤੀਆਂ ਜਾਣ, ਝੋਲੀਚੁੱਕਾਂ ਨੂੰ ਡਰਾਇਆ ਧਮਕਾਇਆ ਜਾਏ ਅਤੇ ਫੇਰ ਬਗ਼ਾਵਤ ਕੀਤੀ ਜਾਏ। ਉਨ੍ਹਾਂ ਨੂੰ ਇਹ ਉਮੀਦ ਸੀ ਕਿ ਸਿਖ ਰਜਮੈਂਟਾਂ ਕਾਬੂ ਤੋਂ ਬਾਹਰ ਹੋ ਜਾਣਗੀਆਂ ਅਤੇ ਗੜਬੜ ਪੈ ਜਾਏਗੀ।”
ਅਖ਼ਬਾਰ ਤੇ ਪਰਚਾਰ ਬਾਰੇ
ਇਹ ਗੱਲ ਸਾਫ਼ ਹੈ ਕਿ ਬੱਬਰ ਲਹਿਰ ਥੋੜੇ ਜਿਹੇ ਬੱਬਰਾਂ ਵਲੋਂ ਨਿਰੇ-ਪੁਰੇ ਕੁਝ ਕਤਲ ਕਰਨ ਦੀ ਸਾਜ਼ਸ਼ ਨਹੀਂ ਸੀ, ਸਗੋਂ ਇਹ ਇਕ ਅਜਿਹੀ ਲਹਿਰ ਸੀ ਜਿਸ ਦੇ ਆਗੂ ਸ਼ਾਂਤਮਈ ਦੀ ਨੀਤੀ ਨੂੰ ਤਿਆਗ ਕੇ ਜਨਤਾ ਅਤੇ ਫ਼ੌਜ ਦਾ ਮਿਲਵਾਂ ਐਕਸ਼ਨ ਕਰਨਾ ਚਾਹੁੰਦੇ ਸਨ । ਉਹਨਾਂ ਨੇ ਤਕਰੀਰਾਂ ਤੇ ਅਖ਼ਬਾਰਾਂ ਰਾਹੀਂ ਜਨਤਾ ਨੂੰ ਫ਼ਿਰਕੂ ਭਿੰਨ-ਭੇਦ ਛੱਡ ਕੇ ਇਕ-ਮੁੱਠ ਹੋ ਕੇ ਬਗ਼ਾਵਤ ਕਰਨ ਵਾਸਤੇ ਤਿਆਰ ਹੋਣ ਦੀਆਂ ਅਪੀਲਾਂ ਕੀਤੀਆਂ। ਜੱਜ ਲਿਖਦਾ ਹੈ :
“20 ਅਗਸਤ 1922 ਤੋਂ 21 ਮਈ 1923 ਤਕ 15 ਪਰਚੇ ਛਾਪੇ ਗਏ… ਲੇਖਾਂ ਦੀ ਜ਼ਬਾਨ ਖਰ੍ਹਵੀ, ਪਰ ਜਨਤਾ ਨੂੰ ਅਪੀਲ ਕਰਨ ਵਾਲੀ ਹੈ । ਹਰ ਇਕ ਪਰਚੇ ਦਾ ਲਹਿਜਾ ਬਾਗ਼ੀਆਨਾ ਅਤੇ ਭੜਕਾਊ ਹੈ। ਫ਼ਰੰਗੀਆਂ ਨੂੰ ਤੇ ਸਰਕਾਰ ਨੂੰ ਸਖ਼ਤ ਬੁਰਾ ਭਲਾ ਆਖਿਆ ਗਿਆ ਹੈ। ਕੁਝ ਸਰਕਾਰੀ ਅਫ਼ਸਰਾਂ ਦੀ ਤਾਂ ਬਹੁਤ ਮਿੱਟੀ ਪੁੱਟੀ ਗਈ ਹੈ। ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਨੂੰ ਇਕ-ਮੁੱਠ ਹੋਣ ਤੇ ਬਗ਼ਾਵਤ ਜਥੇਬੰਦ ਕਰਨ, ਤਲਵਾਰ ਧੂਣ, ਖ਼ਜਰ ਉਠਾਣ, ਜ਼ਾਲਮਾਂ ਦਾ ਸਿਰ ਲਾਹ ਦੇਣ, ਥਾਣੇ ਤੇ ਖ਼ਜ਼ਾਨੇ ਲੁੱਟ-ਪੁੱਟ ਕੇ ਅੱਗ ਲਾ ਦੇਣ ਅਤੇ ਰੇਲਵੇ ਲਾਈਨਾਂ ਉਡਾ ਦੇਣ ਦੀ ਅਪੀਲ ਕੀਤੀ ਗਈ ਹੈ। ਪਲਟਣਾਂ ਨੂੰ ਹਥਿਆਰ ਆਦਿ ਕਾਬੂ ਕਰ ਕੇ ਲਹਿਰ ਨਾਲ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਸਰਕਾਰ ਦੇ ਖ਼ੈਰਖ਼ਾਹਾਂ ਨੂੰ ਟੋਡੀ ਤੇ ਝੋਲੀਚੁੱਕ ਦੱਸਦਿਆਂ ਹੋਇਆਂ, ਅੱਗੇ ਚੱਲ ਕੇ ਲਿਖਿਆ ਹੈ ਕਿ ਇਹ ਇਨਾਮਾਂ ਖ਼ਾਤਰ ਭੱਜੇ ਫਿਰਦੇ ਹਨ। ਬੱਬਰਾਂ ਨੂੰ ਚਾਹੀਦਾ ਹੈ, ਇਹਨਾਂ ਨੂੰ ਛੇਤੀ ਇਨਾਮ ਦੇ ਦੇਣ । ਸ਼ਾਂਤਮਈ ਨੇ ਮੁਲਕ ਨੂੰ ਤਬਾਹ ਕਰ ਛੱਡਿਆ ਹੈ, ਪਰ ਇਹ ਸਿਖ-ਸੁਭਾ ਦੇ ਮਾਫ਼ਕ ਨਹੀਂ। ਇਸ ਨੂੰ ਛੱਡ ਕੇ ਹਥਿਆਰੀਂ ਉਤਰੋ। ਬੱਬਰ ਉਹੀ ਹੈ ਜੋ..।”
ਕਤਲ ਕਿਉਂ ਸ਼ੁਰੂ ਹੋਏ?
ਜੱਜ ਲਿਖਦਾ ਹੈ :
“ਮੈਂ ਇਹ ਮੰਨਦਾ ਹਾਂ ਕਿ ਸ਼ੁਰੂ ਵਿਚ ਝੋਲੀਚੁੱਕਾਂ ਦੇ ਕਤਲਾਂ ਦਾ ਕੋਈ ਇਰਾਦਾ ਨਹੀਂ ਸੀ, ਪਰ ਮਾਲੂਮ ਹੁੰਦਾ ਹੈ ਕਿ ਇਹ ਇਰਾਦਾ ਜ਼ਰੂਰ ਸੀ ਕਿ ਜੇ ਇਹਨਾਂ ਲੋਕਾਂ ਨੇ ਬੱਬਰਾਂ ਦੇ ਪਲੈਨਾਂ ਅਤੇ ਸਰਗਰਮੀਆਂ ਵਿਚ ਰੋੜੇ ਅਟਕਾਏ ਤਾਂ ਇਹਨਾਂ ਦਾ ਸੁਧਾਰ ਕੀਤਾ ਜਾਏਗਾ। ਪਹਿਲਾਂ ਇਹਨਾਂ ਨੂੰ ਤਾੜਨਾ ਕੀਤੀ ਗਈ ਅਤੇ ਧਮਕਾਇਆ ਗਿਆ। ਕੇਵਲ ਇਸ ਲਈ ਨਹੀਂ ਕਿ ਕਿਸ਼ਨ ਸਿੰਘ, ਕਰਮ ਸਿੰਘ ਅਤੇ ਹੋਰ ਮਫ਼ਰੂਰ ਗ੍ਰਿਫ਼ਤਾਰੀਆਂ ਤੋਂ ਆਪਣਾ ਬਚਾਉ ਕਰ ਸਕਣ, ਸਗੋਂ ਇਸ ਲਈ ਭੀ ਕਿ ਉਹ ਆਪਣੇ ਖ਼ਾਸ ਕਿਸਮ ਦੇ ਪ੍ਰਾਪੇਗੰਡੇ ਲਈ ਖੁੱਲ੍ਹਾ ਮੈਦਾਨ ਪੈਦਾ ਕਰ ਸਕਣ।” (मढ़ा 135)
ਜਦ 1921 ਦੇ ਅਖ਼ੀਰ ਵਿਚ ਇਹ ਸਾਜ਼ਸ਼ ਹੋਂਦ ਵਿਚ ਆਈ ਤਾਂ ਇਸ ਦਾ ਖ਼ਾਸ ਅਤੇ ਵੱਡਾ ਖ਼ਾਸਾ ਫ਼ੌਜਾਂ ਨੂੰ ਬਗ਼ਾਵਤ ਕਰਨ ਲਈ ਉਭਾਰਨਾ ਤੇ ਇਨਕਲਾਬ ਲਿਆਉਣਾ ਸੀ। ਪਰ ਜਦੋਂ ਬੱਬਰਾਂ ਨੇ ਇਸ ਮਕਸਦ ਵਾਸਤੇ ਕੰਮ ਸ਼ੁਰੂ ਕੀਤਾ ਤਾਂ ਛੇਤੀ ਹੀ ਦੇਖਿਆ ਕਿ ਰਸਤਾ ਸਿੱਧਾ ਤੇ ਸਾਫ਼ ਨਹੀਂ ਹੈ। ਉਨ੍ਹਾਂ ਦੀਆਂ ਸਰਗਰਮੀਆਂ ਵਿਚ ਝੋਲੀਚੁੱਕ ਰੋਕਾਂ ਪਾ ਰਹੇ ਸਨ । ਪੈਸੇ ਦੀ ਭੀ ਲੋੜ ਸੀ। ਇਸ ਲਈ ਉਨ੍ਹਾਂ ਨੇ ਆਪਣਾ ਤਹਿਕਾ ਬਿਠਾਉਣ ਲਈ ਪਹਿਲਾਂ ਇਨ੍ਹਾਂ ਝੋਲੀਚੁੱਕਾਂ ਨੂੰ ਖੁੱਲ੍ਹੀਆਂ ਧਮਕੀਆਂ ਦਿੱਤੀਆਂ। ਪਰ ਜਦ ਇਹਨਾਂ ਦਾ ਅਸਰ ਨਾ ਹੋਇਆ ਤਾਂ ਉਨ੍ਹਾਂ ਨੂੰ ਲੁੱਟਣਾ ਤੇ ਕਤਲ ਕਰਨਾ ਅਰੰਭ ਕੀਤਾ ਗਿਆ। ਇਸ ਤਰ੍ਹਾਂ ਆਪਣੀਆਂ ਸਰਗਰਮੀਆਂ ਵਾਸਤੇ ਸਾਫ਼ ਤੇ ਅਰੋਕ ਮੈਦਾਨ ਹਾਸਲ ਕਰਨ ਵਾਸਤੇ ਸਾਜ਼ਸ਼ ਦਾ ਇਨਕਲਾਬੀ ਪਹਿਲੂ ਪਿੱਛੇ ਪਾ ਦਿੱਤਾ ਗਿਆ।”
“ਅਸੀਂ ਦੇਖਦੇ ਹਾਂ ਕਿ ਝੋਲੀਚੁੱਕਾਂ ਨਾਲ ਸਿਝਣ ਦਾ ਪਲੈਨ ਸਾਜ਼ਸ਼ ਦੇ ਸ਼ੁਰੂ ਵਿਚ ਹੀ ਸੀ; ਪਰ ਪਹਿਲਾਂ ਮਾਰਨ ਦਾ ਨਹੀਂ ਸੀ, ਕੇਵਲ ਉਹਨਾਂ ਨੂੰ ਧਮਕਾਣ, ਤਾੜਨਾ ਕਰਨ ਅਤੇ ਕੁੱਟ-ਮਾਰ ਤਕ ਹੀ ਸੀ। ਪਰ ਜਦ ਇਹ ਪਲੈਨ ਬੇਅਰਥ ਸਾਬਤ ਹੋਇਆ। ਤਾਂ ਅੱਗੇ ਚੱਲ ਕੇ ਫ਼ੈਸਲਾ ਕੀਤਾ ਗਿਆ ਕਿ ਹੁਣ ਬਹੁਤਾ ਸਮਾਂ ਗਵਾਏ ਬਿਨਾਂ ਕੋਈ ਸਖ਼ਤ ਕਦਮ ਉਠਾਇਆ ਜਾਏ। ਸੋ ਝੋਲੀਚੁੱਕਾਂ ਨੂੰ ਲੁੱਟਣ ਅਤੇ ਕਤਲ ਕਰਨ ਦਾ ਪ੍ਰੋਗਰਾਮ ਧਾਰਨ ਕੀਤਾ ਗਿਆ।”
ਬੱਬਰ ਲਹਿਰ ਦੇ ਮਕਸਦ ਤੇ ਪ੍ਰੋਗਰਾਮ ਬਾਰੇ ਉਪਰ ਅਸਾਂ ਨੇ ਮੁਕੱਦਮਾ ਸੁਣਨ ਵਾਲੇ ਜੱਜ ਫ਼ੈਸਲੇ ਵਿਚੋਂ ਹਵਾਲੇ ਦਿੱਤੇ ਹਨ। ਕਈ ਕਹਿਣਗੇ, ਜੱਜ ਨੇ ਸ਼ਾਇਦ ਇਹ ਗੱਲਾਂ ਦੋਸ਼ ਸਿੱਧ ਕਰਨ ਲਈ ਵਧਾ ਕੇ ਲਿਖੀਆਂ ਹਨ, ਪਰ ਨਹੀਂ, ‘ਬੱਬਰ-ਦੁਆਬੇ’ ਖ਼ੁਫ਼ੀਆ ਅਖ਼ਬਾਰ ਵਿਚ ਅਤੇ ਬੱਬਰ ਲੀਡਰ ਆਪਣੇ ਵਖਿਆਨਾਂ ਵਿਚ ਇਹੋ ਗੱਲਾਂ ਕਹਿੰਦੇ ਸਨ। ਇਹ ਠੀਕ ਹੈ ਕਿ ਸਮੇਂ ਤੇ ਹਾਲਾਤ ਦੀਆਂ ਮਜਬੂਰੀਆਂ ਨੇ ਲਹਿਰ ਨੂੰ ਇਨਕਲਾਬ ਵੱਲ ਵਧਣ ਦੀ ਥਾਂ ਰਾਜਸੀ ਕਤਲਾਂ ਤੇ ਡਾਕਿਆਂ ਵਿਚ ਉਲਝਾ ਦਿੱਤਾ, ਜਿਸ ਕਰਕੇ ਇਹ ਲਹਿਰ ਆਪਣਾ ਅਸਲੀ ਮਕਸਦ ਪ੍ਰਾਪਤ ਕਰਨ ਵਿਚ ਸਫਲ ਨਹੀਂ ਹੋ ਸਕੀ। ਪਰ ਇਸ ਦਾ ਮਕਸਦ ਸਪੱਸ਼ਟ ਹੈ।
ਅਠਵਾਂ ਕਾਂਡ
ਜੇਲ੍ਹਾਂ ਵਿਚ ਘੋਲ
ਜੇਲ੍ਹ ਦੀ ਖ਼ੁਰਾਕ ਬਾਰੇ ਕੁਝ ਪਿੱਛੇ ਭੀ ਦੱਸ ਆਏ ਹਾਂ । ਉਸ ਵੇਲੇ ਜੋ ਰੋਟੀ ਮਨਜ਼ੂਰ ਸੀ ਉਸ ਵਿਚ ਅੱਧੀ ਕਣਕ ਤੇ ਅੱਧੇ ਛੋਲੇ ਹੁੰਦੇ ਸਨ। ਪਰ ਇਹ ਮਿੱਸੀ ਰੋਟੀ ਭੀ ਨਹੀਂ ਸੀ ਮਿਲਦੀ, ਮਿਲਦੀ ਕੇਵਲ ਛੋਲਿਆਂ ਦੀ ਹੀ ਸੀ। ਉਸ ਵਿਚ ਭੀ ਮਿੱਟੀ ਮਿਲਾ ਕੇ ਦਿੱਤੀ ਜਾਂਦੀ ਸੀ । ਇਸ ਤਰ੍ਹਾਂ ਬਚਾਇਆ ਹੋਇਆ ਅਨਾਜ ਜੇਲ੍ਹ-ਅਫ਼ਸਰ ਹਜ਼ਮ ਕਰ ਜਾਂਦੇ ਸਨ। ਰੋਟੀ ਦਾ ਧੂੜਾ ਝਾੜਨ ਦੀ ਕੋਸ਼ਿਸ਼ ਕਰੋ ਤਾਂ ਰੋਟੀ ਨਿੱਕੇ ਨਿੱਕੇ ਟੁਕੜੇ ਹੋ ਕੇ ਡਿੱਗ ਪੈਂਦੀ ਸੀ ਤੇ ਹੱਥ ਖ਼ਾਲੀ ਰਹਿ ਜਾਂਦਾ ਸੀ । ਦਾਲ-ਸਬਜ਼ੀ ਦਾ ਭੀ ਅੱਲਾ ਹੀ ਬੇਲੀ ਸੀ । ਇਥੋਂ ਤਕ ਕਿ ਖ਼ੁਰਾਕ ਵੱਲ ਦੇਖਣ ਨੂੰ ਭੀ ਰੂਹ ਨਹੀਂ ਸੀ ਕਰਦਾ।
ਕਪੜਿਆਂ ਦਾ ਇਹ ਹਾਲ ਸੀ ਕਿ ਲੰਡੀਆਂ ਬਾਹਾਂ ਵਾਲਾ ਕੁੜਤਾ ਮਿਲਦਾ ਸੀ । ਸਿੱਖਾਂ ਨੂੰ ਇਕ ਕੱਛਾ ਅਤੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਗੋਡਿਆਂ ਤੀਕ ਉੱਚਾ ਇਕ ਪਜਾਮਾ, ਜਿਸ ਨੂੰ ਤੰਬੀ ਆਖਿਆ ਜਾਂਦਾ ਸੀ । ਤੇੜ ਬੰਨ੍ਹ ਕੇ ਨਹਾਉਣ ਵਾਸਤੇ ਸਾਫ਼ਾ ਨਹੀਂ ਸੀ ਦਿੱਤਾ ਜਾਂਦਾ। ਇਕ ਕੱਛੇ ਜਾਂ ਤੰਬੀ ਨਾਲ ਨਹਾਣਾ-ਧੋਣਾ ਮੁਸ਼ਕਲ ਸੀ। ਨੰਗੇ ਹੋ ਕੇ ਨਹਾਵੋ ਜਾਂ ਗਿੱਲਾ ਪਹਿਨ ਰੱਖੋ, ਇਸ ਤੋਂ ਸਿਵਾ ਕੋਈ ਚਾਰਾ ਨਹੀਂ ਸੀ। ਇਸ ਵਾਸਤੇ ਕਈ ਕਈ ਦਿਨ ਤਕ ਇਸ਼ਨਾਨ ਨਹੀਂ ਸੀ ਕੀਤਾ ਜਾਂਦਾ। ਆਮ ਕੈਦੀ ਆਪਣੇ ਵਿਛੌਣੇ ਦੇ ਕੰਬਲਾਂ ਨੂੰ ਹੀ ਤੇੜ ਬੰਨ੍ਹ ਕੇ ਨਹਾਉਂਦੇ ਸਨ।
ਦਸਤਾਰ ਉੱਕੀ ਹੀ ਨਹੀਂ ਸੀ ਮਿਲਦੀ । ਸਾਬਣ ਭੀ ਨਹੀਂ ਸੀ ਦਿੱਤਾ ਜਾਂਦਾ । ਕੇਵਲ ਸਿੱਖਾਂ ਨੂੰ ਹਫ਼ਤੇ ਪਿੱਛੋਂ ਛੇ ਰੀਠੇ ਕੇਸੀ ਇਸ਼ਨਾਨ ਕਰਨ ਵਾਸਤੇ ਮਿਲਿਆ ਕਰਦੇ ਸਨ। ਇਕ ਤੋਲਾ ਤੇਲ ਸਰ੍ਹੋਂ ਦਾ ਮਨਜ਼ੂਰ ਸੀ, ਪਰ ਇਹ ਭੀ ਮਸਾਂ ਅੱਠ ਜਾਂ ਨੌਂ ਮਾਸੇ ਮਿਲਦਾ ਸੀ।
ਮੁਸ਼ੱਕਤ
ਬੰਬਾ (ਗੇੜ ਕੇ ਪਾਣੀ ਕੱਢਣਾ), ਖਰਾਸ, ਕੋਹਲੂ, ਮੁੰਜ-ਕੁਟਾਈ ਅਤੇ ਚੱਕੀ ਆਦਿ ਆਮ ਮੁਸ਼ੱਕਤਾਂ ਸਨ । ਇਹ ਸਭ ਕੰਮ ਕੈਦੀਆਂ ਨੂੰ ਪਸ਼ੂਆਂ ਵਾਂਗ ਜੁੜ ਕੇ ਕਰਨੇ ਪੈਂਦੇ ਸਨ। ਜਿਹੜਾ ਇਨਕਾਰੀ ਹੁੰਦਾ, ਉਸ ਨੂੰ ਡੰਡਾ-ਬੇੜੀ, ਕੋਠੀ-ਬੰਦ ਅਤੇ ਟਾਟ-ਵਰਦੀ ਵਰਗੀਆਂ ਸਖ਼ਤ ਸਜ਼ਾਵਾਂ ਮਿਲਦੀਆਂ ਸਨ। ਉਮਰ ਕੈਦੀਆਂ ਨੂੰ ਤਾਂ ਹਰ ਵੇਲੇ ਬੇੜੀ ਲੱਗੀ ਰਹਿੰਦੀ ਸੀ । ਉਹਨਾਂ ਦੀ ਉੜਦੀ ਭੀ ਲੱਗਦੀ ਸੀ, ਭਾਵ ਉਨ੍ਹਾਂ ਨੂੰ ਰਾਤ ਨੂੰ ਹਰ ਰੋਜ਼ ਨਵੀਂ ਥਾਂ ਭੇਜਿਆ ਜਾਂਦਾ ਸੀ ।
ਫਾਂਸੀ ਵਾਲਿਆਂ ਦੀ ਭੁੱਖ-ਹੜਤਾਲ
ਇਹ ਰਿਵਾਜ ਜਾਰੀ ਸੀ ਕਿ ਫਾਂਸੀ ਲੱਗਣ ਵਾਲੇ ਸਿਖ ਕੈਦੀਆਂ ਪਾਸ ਕੱਛਾ ਨਹੀਂ ਸੀ ਰਹਿਣ ਦਿੱਤਾ ਜਾਂਦਾ। ਇਨ੍ਹਾਂ ਨੂੰ ਭੀ ਬਿਨਾਂ ਨਾਲਿਓਂ ਤੰਬੀ ਹੀ ਦਿੱਤੀ ਜਾਂਦੀ ਸੀ। ਇਸ ਸਲੂਕ ਵਿਰੁੱਧ ਫਾਂਸੀ ਵਾਲਿਆਂ ਨੇ ਭੁੱਖ-ਹੜਤਾਲ ਕਰ ਦਿੱਤੀ, ਜੋ ਚੌਦਾਂ ਦਿਨ ਜਾਰੀ ਰਹੀ। ਆਖ਼ਰ ਹਕੂਮਤ ਨੇ ਫਾਂਸੀ ਵਾਲੇ ਸਿਖ ਕੈਦੀਆਂ ਨੂੰ ਕੱਛਾ ਅਤੇ ਪਗੜੀ ਦੇਣ ਦਾ ਫ਼ੈਸਲਾ ਕਰ ਦਿੱਤਾ। ਇਸ ਪੁਰ ਭੁੱਖ-ਹੜਤਾਲ ਖ਼ਤਮ ਹੋ ਗਈ।
ਲਾਹੌਰ-ਜੇਲ੍ਹ ਦੀ ਭੁੱਖ-ਹੜਤਾਲ
ਜੇਲ੍ਹ ਦੀ ਹਾਲਤ ਅਸਹਿ ਸੀ, ਜਿਸ ਦੇ ਸੁਧਾਰ ਦਾ ਕੋਈ ਰਸਤਾ ਨਜ਼ਰ ਨਹੀਂ ਸੀ ਆਉਂਦਾ। ਅਖ਼ੀਰ ਤੰਗ ਆ ਕੇ ਬੱਬਰਾਂ ਨੇ 26 ਅਪ੍ਰੈਲ 1925 ਨੂੰ ਭੁੱਖ-ਹੜਤਾਲ ਕਰ ਦਿੱਤੀ। ਇਹ ਭੁੱਖ-ਹੜਤਾਲ ਡੇਢ ਮਹੀਨਾ ਜਾਰੀ ਰਹੀ। ਬਾਹਰ ਭੀ ਇਸ ਦੇ ਹੱਕ ਵਿਚ ਕਾਫ਼ੀ ਪਰਚਾਰ ਹੋ ਗਿਆ। ਸਰਦਾਰ ਬੂਟਾ ਸਿੰਘ ਸ਼ੇਖੂਪੁਰੀਏ ਨੇ, ਜੋ ਪੰਜਾਬ ਕੌਂਸਲ ਦੇ ਮੈਂਬਰ ਸਨ, ਬੱਬਰਾਂ ਪਾਸ ਆ ਕੇ ਅਪੀਲ ਕੀਤੀ ਕਿ ਭੁੱਖ-ਹੜਤਾਲ ਛੱਡ ਦਿੱਤੀ ਜਾਏ। ਉਹਨਾਂ ਨੇ ਵਾਅਦਾ ਕੀਤਾ ਕਿ ਉਹ ਇਸ ਮਾਮਲੇ ਨੂੰ ਕੌਂਸਲ ਵਿਚ ਰੱਖਣਗੇ ਅਤੇ ਜੇਲ੍ਹ ਦੀ ਹਾਲਤ ਸੁਧਾਰਨ ਦਾ ਯਤਨ ਕਰਨਗੇ। ਉਹਨਾਂ ਨੇ ਕੁਝ ਚਿਰ ਹੋਰ ਇੰਤਜ਼ਾਰ ਕਰਨ ਦਾ ਮਸ਼ਵਰਾ ਦਿੱਤਾ। ਆਪ ਦੇ ਭਰੋਸਾ ਦਿਵਾਉਣ ਪੁਰ ਬੱਬਰਾਂ ਨੇ ਭੁੱਖ-ਹੜਤਾਲ ਛੱਡ ਦਿੱਤੀ।
ਭੁੱਖ-ਹੜਤਾਲ ਵਿਚ ਹਿੱਸਾ ਲੈਣ ਵਾਲਿਆਂ ਦੇ ਨਾਂ:
ਸ: ਹਜ਼ਾਰਾ ਸਿੰਘ ਮੰਡੇਰ, ਭੋਲਾ ਸਿੰਘ ਧਾਮੀਆਂ ਕਲਾਂ, ਕਰਤਾਰ ਸਿੰਘ ਡੁਮੇਲੀ, ਕਰਤਾਰ ਸਿੰਘ ਪੰਡੋਰੀ ਨਿਝਰਾਂ, ਛੱਜਾ ਸਿੰਘ ਮਸਾਣੀਆਂ, ਅਮਰ ਸਿੰਘ ਗਜੋਵਾਲ, ਬਚਿੰਤ ਸਿੰਘ ਦੁਮੁੰਡਾ, ਰਾਮ ਸਿੰਘ ਮੁਜ਼ਾਰਾ ਕਲਾਂ, ਠਾਕਰ ਸਿੰਘ ਭਾਰਟਾ, ਭੋਲਾ ਸਿੰਘ ਕਾਠੇ ਤੇ ਪਰਤਾਪ ਸਿੰਘ ਛਬੀਲਪੁਰ। ਪਿਛਲੇ ਦੋ ਸਾਥੀ ਪਹਿਲੀ ਜੂਨ ਤੋਂ ਸ਼ਾਮਲ ਹੋਏ ਸਨ।
ਹਜ਼ਾਰਾ ਸਿੰਘ ਮੰਡੇਰ ਤੇ ਭੋਲਾ ਸਿੰਘ ਧਾਮੀਆਂ ਵਿਰੁੱਧ ਅਦਾਲਤ ਵਿਚ ਚਲਾਨ ਪੇਸ਼ ਕਰ ਕੇ, ਭੁੱਖ-ਹੜਤਾਲ ਕਰਨ ਦੇ ਅਪਰਾਧ ਵਿਚ, ਇਕ ਸਾਲ ਦੀ ਕੈਦ ਸੁਣਾ ਦਿੱਤੀ ਗਈ। ਬਾਅਦ ਵਿਚ ਇਨ੍ਹਾਂ ਦੋਹਾਂ ਨੂੰ ਮੁਲਤਾਨ ਜੇਲ੍ਹ ਵਿਚ ਬਦਲ ਦਿੱਤਾ। ਗਿਆ। ਇਨ੍ਹਾਂ ਦੋਹਾਂ ਸੂਰਬੀਰਾਂ ਨੇ ਮੁਲਤਾਨ ਵਿਚ ਜਾ ਕੇ ਭੀ ਹੜਤਾਲ ਜਾਰੀ ਰੱਖੀ, ਜਿਸ ਵਿਚ ਪਹਿਲਾਂ ਤੋਂ ਮੁਲਤਾਨ ਗਏ ਹੋਏ ਸਭ ਬੱਬਰ ਸ਼ਾਮਲ ਹੋਏ। ਇਸੇ ਭੁੱਖ-ਹੜਤਾਲ ਦੇ ਦੌਰਾਨ 20 ਬੈਂਤਾਂ ਦੀ ਸਜ਼ਾ ਭੀ ਦਿੱਤੀ ਗਈ ਤੇ ਇਕ ਸਾਲ ਦੀ ਹੋਰ ਕੈਦ ਵਧਾ ਕੇ ਆਪ ਨੂੰ ਦੋ ਬਾਰਿਆਂ ਵਾਲੀ ਜੇਲ੍ਹ ਮਿੰਟਗੁਮਰੀ ਵਿਚ ਭੇਜ ਦਿੱਤਾ ਗਿਆ। ਇਸੇ ਭੁੱਖ-ਹੜਤਾਲ ਦੇ ਦੌਰਾਨ ਕਰਤਾਰ ਸਿੰਘ ਗੋਂਦਪੁਰੀ ਨੂੰ ਭੀ 20 ਬੈਂਤਾਂ ਦੀ ਸਜ਼ਾ ਦਿੱਤੀ ਗਈ।
ਆਪਣੇ ਕੁਲ ਅਖ਼ਤਿਆਰ ਵਰਤ ਕੇ, ਜਿਨ੍ਹਾਂ ਨੂੰ ਰੱਜ ਕੇ ਬੈਂਤਾਂ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਤੇ ਨਾਲ ਹੀ ਅਦਾਲਤ ਵਿਚ ਚਲਾਨ ਕਰ ਕੇ ਹੋਰ ਕੈਦ ਦੀ ਸਜ਼ਾ ਦਿਵਾਈ ਗਈ, ਉਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:
ਕਰਤਾਰ ਸਿੰਘ ਸੈਂਸੀ – 2 ਸਾਲ ਕੈਦ – 72 ਬੈਂਤਾਂ
ਮੱਖਣ ਸਿੰਘ – 2 ਸਾਲ ਕੈਦ – 63 ਬੈਂਤਾਂ
ਬੁੱਢਾ ਸਿੰਘ – 2 ਸਾਲ ਕੈਦ – 65 ਬੈਂਤਾਂ
ਮੋਹਨ ਸਿੰਘ – 2 ਸਾਲ ਕੈਦ – 58 ਬੈਂਤਾਂ
ਕੇਹਰ ਸਿੰਘ – ਡੇਢ ਸਾਲ ਕੈਦ – 55 ਬੈਂਤਾਂ
ਮਾਘੀ – 1 ਸਾਲ ਕੈਦ – 25 ਬੈਂਤਾਂ
ਕਰਤਾਰ ਸਿੰਘ – 1 ਸਾਲ ਕੈਦ – 48 ਬੈਂਤਾਂ
ਗੁਰਨਾਮ ਸਿੰਘ – 1 ਸਾਲ ਕੈਦ – 32 ਬੈਂਤਾਂ
ਹਜ਼ਾਰਾ ਸਿੰਘ ਮੰਡੇਰ – 6 ਮਹੀਨੇ ਕੈਦ – 39 ਬੈਂਤਾਂ
ਬਾਟਾ-ਪ੍ਰੇਡ
ਉਸ ਵੇਲੇ ਰੋਟੀ ਖਾਣ ਵੇਲੇ ਕੈਦੀਆਂ ਨੂੰ ਜ਼ਲੀਲ ਕਰਨ ਦਾ ਇਕ ਅਜੀਬ ਢੰਗ ਸੀ : ਪਹਿਲੀ ਘੰਟੀ ਵੱਜਦੀ ਸੀ ਤਾਂ ਕੈਦੀਆਂ ਨੂੰ ਦੋ ਦੋ ਹੋ ਕੇ ਆਪਣੇ ਬਾਟੇ ਲੈ ਕੇ ਅੱਗੜ-ਪਿੱਛੜ ਖਲੋਣਾ ਪੈਂਦਾ ਸੀ । ਦੂਜੀ ਘੰਟੀ ਪੁਰ ਬਾਟੇ ਉੱਥੇ ਰੱਖ ਕੇ ਆਪ ਬਾਰਕ ਦੇ ਦੂਜੇ ਬੰਨੇ ਜਾ ਕੇ ਬੈਠਣਾ ਪੈਂਦਾ ਸੀ । ਤੀਜੀ ਘੰਟੀ ਵੱਜਣ ਪੁਰ ਪਰੋਸੇ ਬਾਟਿਆਂ ਵਿਚ ਰੋਟੀ ਵਰਤਾ ਜਾਂਦੇ ਸਨ ਤੇ ਚੌਥੀ ਘੰਟੀ ਵੱਜਣ ਪੁਰ ਸਭ ਕੈਦੀ ਮੁੜ ਕੇ ਆਪਣੇ ਆਪਣੇ ਬਾਟਿਆਂ ਦੇ ਪਾਸ ਖੜੋ ਜਾਂਦੇ ਸਨ । ਪੰਜਵੀਂ ਘੰਟੀ ਪੁਰ ਬੈਠ ਕੇ ਰੋਟੀ ਖਾਣ ਦਾ ਹੁਕਮ ਸੀ, ਤੇ ਛੇਵੀਂ ਘੰਟੀ ਵੱਜਣ-ਸਾਰ ਸਾਰੇ ਉਠ ਕੇ ਅੰਦਰ ਚਲੇ ਜਾਂਦੇ ਸਨ ।
ਬੱਬਰਾਂ ਨੇ ਇਹ ਬਾਟਾ-ਪ੍ਰੇਡ ਕਰਨ ਤੋਂ ਇਨਕਾਰ ਕਰ ਦਿੱਤਾ। ਜੇਲ੍ਹ ਅਫ਼ਸਰਾਂ ਨੇ ਬੜੀਆਂ ਧਮਕੀਆਂ ਦਿੱਤੀਆਂ, ਪਰ ਬੱਬਰਾਂ ਨੇ ਇਕ ਨਾ ਮੰਨੀ। ਇਸ ਪੁਰ ਸਾਰੇ ਬੱਬਰਾਂ ਨੂੰ ਖਿੰਡਾ ਕੇ ਦੂਜੇ ਕੈਦੀਆਂ ਵਿਚ ਭੇਜ ਦਿੱਤਾ ਗਿਆ। ਬੱਬਰਾਂ ਨੇ ਸਗੋਂ ਦੂਜੇ ਕੈਦੀਆਂ ਨੂੰ ਭੀ ਆਪਣੇ ਨਾਲ ਰਲਾ ਲਿਆ। ਹਾਰ-ਹੰਭ ਕੇ ਬੱਬਰਾਂ ਨੂੰ ਮੁੜ ਇਕੋ ਬਾਰਕ ਵਿਚ ਇਕੱਠੇ ਕਰ ਦਿੱਤਾ ਗਿਆ ਤੇ ਉਨ੍ਹਾਂ ਦੀ ਬਾਟਾ-ਪ੍ਰੇਡ ਬੰਦ ਕਰ ਦਿੱਤੀ।
ਫਾਂਸੀ ਦੇ ਤਖ਼ਤੇ ਉੱਤੇ
ਛੇ ਬੱਬਰਾਂ ਦੀ ਸ਼ਹੀਦੀ
27 ਫ਼ਰਵਰੀ 1926 ਨੂੰ ਜਥੇਦਾਰ ਕਿਸ਼ਨ ਸਿੰਘ, ਬਾਬੂ ਸੰਤਾ ਸਿੰਘ, ਦਲੀਪਾ ਧਾਮੀਆਂ, ਧਰਮ ਸਿੰਘ ਹਯਾਤਪੁਰ, ਕਰਮ ਸਿੰਘ ਮਾਣਕੋ ਅਤੇ ਨੰਦ ਸਿੰਘ ਘੁੜਿਆਲ-ਛਿਆਂ ਬੱਬਰਾਂ ਨੂੰ ਫਾਂਸੀ ਲਟਕਾ ਦਿੱਤਾ ਗਿਆ। ਇਹਨਾਂ ਬੱਬਰਾਂ ਦੇ ਦਿਲਾਂ ਉਪਰ ਫਾਂਸੀ ਚੜ੍ਹਨ ਵੇਲੇ ਆਪਣੀ ਮੌਤ ਦਾ ਰੰਚਕ-ਮਾਤਰ ਡਰ ਨਹੀਂ ਸੀ।
ਜਥੇਦਾਰ ਨੇ ਫਾਂਸੀ ਲੱਗਣ ਤੋਂ ਪਹਿਲੀ ਰਾਤ ਨੂੰ ਫਾਂਸੀ-ਕੋਠੀ ਵਿਚੋਂ ਪਹਿਲਾਂ ਵਰਗੀ ਕੜਕਵੀਂ ਆਵਾਜ਼ ਵਿਚ ਕਈ ਵਾਰ ਤਕਰੀਰ ਕੀਤੀ, ਜਿਸ ਦਾ ਸਾਰ-ਅੰਸ਼ ਕੁਝ ਇਸ ਤਰ੍ਹਾਂ ਸੀ:
“ਸਾਡੇ ਧੰਨ ਭਾਗ ਹਨ ਕਿ ਅਸੀਂ ਅੱਜ ਉਨ੍ਹਾਂ ਸੈਂਕੜੇ ਦੇਸ਼-ਭਗਤਾਂ ਦੀ ਸਫ਼ ਵਿਚ ਖੜੇ ਹੋਣ ਵਾਲੇ ਹਾਂ, ਜੋ ਆਪਣੀ ਮਾਤ-ਭੂਮੀ ਦੀ ਬੰਦ-ਖ਼ਲਾਸ ਦਾ ਘੋਲ ਕਰਦੇ ਹੋਏ ਫਾਂਸੀ ਦੇ ਤਖ਼ਤੇ ਪੁਰ ਚੜ੍ਹੇ। ਅਸੀਂ ਅੱਜ ਕਰਮ ਸਿੰਘ, ਉਦੈ ਸਿੰਘ ਤੇ ਧੰਨਾ ਸਿੰਘ ਆਦਿ ਸ਼ਹੀਦਾਂ ਨਾਲ ਮਿਲਣ ਵਾਲੇ ਹਾਂ, ਜੋ ਦੁਸ਼ਮਣ ਨਾਲ ਜੂਝਦੇ ਹੋਏ, ਰਣ-ਭੂਮੀ ਵਿਚ ਸ਼ਹੀਦ ਹੋ ਕੇ ਸਾਥੋਂ ਅੱਗੇ ਲੰਘ ਗਏ ਹਨ। ਅੱਜ ਸਾਡਾ ਵੈਰੀ ਭੀ ਖ਼ੁਸ਼ ਹੁੰਦਾ ਹੋਵੇਗਾ, ਪਰ ਹਕੀਕੀ ਖ਼ੁਸ਼ੀ ਸਾਨੂੰ ਹੈ, ਕਿਉਂਕਿ ਅਸੀਂ ਆਪਣਾ ਬਚਨ ਤੇ ਫ਼ਰਜ਼ ਪੂਰਾ ਕਰ ਰਹੇ ਹਾਂ ਅਤੇ ਅਮਰ ਹੋ ਰਹੇ ਹਾਂ। ਦੁਸ਼ਮਣ ਦੀ ਖ਼ੁਸ਼ੀ ਵਕਤੀ ਹੈ। ਉਹ ਸਮਝਦਾ ਹੈ ਕਿ ਸਾਨੂੰ ਰਸਤੇ ਵਿਚੋਂ ਦੂਰ ਕਰ ਕੇ ਉਹ ਬੇਫ਼ਿਕਰੀ ਨਾਲ ਭਾਰਤ ਨੂੰ ਲੁੱਟ ਸਕੇਗਾ, ਪਰ ਇਹ ਉਸ ਦੀ ਭੁੱਲ ਹੈ। ਸ਼ਹੀਦਾਂ ਦੇ ਖੂਨ ਦੇ ਕਤਰੇ ਇਨਕਲਾਬੀ ਸ਼ਕਤੀ ਦੇ ਬੀਜ ਹਨ, ਜੋ ਦੁਨੀਆ ਵਿਚੋਂ ਸਦਾ ਲਈ ਜ਼ੁਲਮ ਤੇ ਜਬਰ ਦਾ ਨਾਸ ਕਰ ਦੇਣਗੇ। ਉਹ ਦਿਨ ਬਹੁਤ ਨੇੜੇ ਹੈ ਜਦ ਇਹ ਸ਼ਕਤੀ ਭਾਰਤ ਵਿਚੋਂ ਬਰਤਾਨਵੀ ਹਕੂਮਤ ਦੀ ਜੜ੍ਹ ਉਖੇੜ ਦੇਵੇਗੀ। ਸ਼ਹੀਦਾਂ ਦਾ ਖੂਨ ਇਸ ਇਨਕਲਾਬੀ ਸ਼ਕਤੀ ਨੂੰ ਪਰਚੰਡ ਕਰ ਰਿਹਾ ਹੈ। ਸ਼ੁਕਰ ਹੈ ਕਿ ਸਾਨੂੰ ਭੀ ਇਸ ਮਹਾਨ ਸ਼ਕਤੀ ਦਾ ਇਕ ਤੁਛ ਹਿੱਸਾ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ।
“ਇਹ ਹਕੂਮਤ ਇੰਨੀ ਕਮਜ਼ੋਰ ਅਤੇ ਖੋਖਲੀ ਹੋ ਚੁੱਕੀ ਹੈ ਕਿ ਇਕ ਬੱਬਰ ਜਥੇ ਨੇ ਹੀ ਇਸ ਡੇਢ ਦੋ ਸਾਲ ਵਾਸਤੇ ਇਕ ਖ਼ਾਸੇ ਇਲਾਕੇ ਵਿਚ ਨਾਕਾਮ ਕਰ ਕੇ ਰੱਖ ਦਿੱਤਾ ਸੀ। ਜਦੋਂ ਥਾਂ ਪੁਰ ਥਾਂ ਅਜਿਹੇ ਜਥੇ ਉਠ ਖੜੋਤੇ ਤਾਂ ਇਸ ਹਕੂਮਤ ਦਾ ਕੀ ਹਾਲ ਹੋਵੇਗਾ।
“ਸਾਡੀ ਆਖ਼ਰੀ ਇੱਛਾ ਹੈ ਕਿ ਸਾਡਾ ਦੇਸ਼ ਸਾਡੇ ਨਾਲ ਦੇ ਜਿਊਂਦੇ ਰਹਿਣ ਵਾਲੇ ਬੱਬਰਾਂ ਦੀਆਂ ਅੱਖਾਂ ਸਾਹਮਣੇ ਮੁਕੰਮਲ ਤੌਰ ਪੁਰ ਆਜ਼ਾਦ ਹੋ ਜਾਵੇ । ਸਾਨੂੰ ਇਹ ਭੀ ਵਿਸ਼ਵਾਸ ਹੈ ਕਿ ਅਜਿਹਾ ਹੋ ਕੇ ਰਹੇਗਾ।”
ਤੜਕਾ ਹੋਇਆ ਤਾਂ ਬੱਬਰਾਂ ਨੇ ਇਕ-ਧੁਨ ਹੋ ਕੇ ਪਾਠ ਕੀਤਾ। ਵਕਤ ਨੇੜੇ ਆਉਂਦਾ ਗਿਆ। ਸੁਪ੍ਰਿੰਟੈਂਡੈਂਟ, ਦਰੋਗਾ, ਮੈਜਿਸਟ੍ਰੇਟ, ਡਾਕਟਰ, ਨੰਬਰਦਾਰ ਅਤੇ ਜੇਲ੍ਹ-ਪੁਲਿਸ ਕੋਠੀਆਂ ਦੇ ਅੱਗੇ ਆ ਖਲੋਤੇ। ਬੱਬਰਾਂ ਨੂੰ ਬਾਹਰ ਕੱਢਿਆ ਗਿਆ ਤਾਂ ਉਹ ਜਲੂਸ ਬਣਾ ਕੇ ਜੈਕਾਰੇ ਛੱਡਦੇ ਹੋਏ ਫਾਂਸੀ ਦੇ ਤਖ਼ਤੇ ਵੱਲ ਵਧੇ, ਜਿਵੇਂ ਉਹ ਕਿਸੇ ਮੁਹਿੰਮ ਨੂੰ ਫ਼ਤਹਿ ਕਰਨ ਜਾ ਰਹੇ ਸਨ । ਆਮ ਹਾਲਾਤ ਦੇ ਉਲਟ ਬੱਬਰਾਂ ਦੇ ਰੋਹ ਭਰੇ ਚਿਹਰੇ ਦਗ-ਦਗ ਕਰ ਰਹੇ ਸਨ। ਉਨ੍ਹਾਂ ਦੀਆਂ ਧੌਣਾਂ ਉੱਚੀਆਂ ਸਨ, ਪਰ ਜੇਲ੍ਹ-ਸਟਾਫ਼ ਨੇ ਊਂਧੀ ਪਾ ਛੱਡੀ ਸੀ । ਬਾਕੀ ਦੇ ਬੱਬਰ-ਕੈਦੀ ਜੈਕਾਰੇ ਛੱਡ ਕੇ ਆਪਣੇ ਸਾਥੀਆਂ ਦਾ ਉੱਤਰ ਦੇ ਰਹੇ ਸਨ । ਜੇਲ੍ਹ ਵਿਚ ਇਕ ਕੁਹਰਾਮ ਮਚਿਆ ਹੋਇਆ ਸੀ। ਆਖ਼ਰ ਛੇ ਬੱਬਰ ਫਾਂਸੀ ਦੇ ਤਖ਼ਤੇ ਪੁਰ ਖਲੋ ਗਏ, ਜਾਣੋ ਦੁਲੇ ਫ਼ੋਟੋ ਖਿਚਾਉਣ ਲੱਗੇ ਸਨ। ਜਥੇਦਾਰ ਨੇ ਫੇਰ ਇਕ ਦਿਲ-ਖਿਚਵੀਂ ਛੋਟੀ ਜਿਹੀ ਤਕਰੀਰ ਕੀਤੀ, ਜਿਸ ਨੂੰ ਸੁਣ ਕੇ ਜੇਲ-ਸੁਪ੍ਰਿੰਟੈਂਡੈਂਟ ਦੀਆਂ ਅੱਖੀਆਂ ਵਿਚੋਂ ਤਪ-ਤ੍ਪ ਨੀਰ ਵਗ ਤੁਰਿਆ। ਉਹ ਬੋਲ ਉਠਿਆ, “ਇਹੋ ਜਿਹੇ ਲਾਇਕ ਆਦਮੀ ਨੂੰ ਫਾਂਸੀ ਦੀ ਸਜ਼ਾ ਦੇ ਕੇ ਜੱਜ ਨੇ ਗ਼ਲਤੀ ਕੀਤੀ ਹੈ।” ਜਥੇਦਾਰ ਹੋਰੀਂ ਮੁਸਕਰਾਏ ਤੇ ਆਖਿਆ, “ਤੇਰੇ ਹੰਝੂ ਇਸ ਲਈ ਨਿਕਲੇ ਹਨ ਕਿ ਤੇਰੇ ਮਨ ਨੂੰ ਭੀ ਜਾਬਰ ਹਕੂਮਤ ਦੀ ਗ਼ੁਲਾਮੀ ਦਾ ਅਹਿਸਾਸ ਹੋਇਆ ਹੈ, ਸਾਨੂੰ ਲਾਲੀਆਂ ਇਸ ਲਈ ਚੜ੍ਹ ਰਹੀਆਂ ਹਨ ਕਿ ਸਾਡੇ ਮਨਾਂ ਵਿਚ
ਸਵਤੰਤ੍ਰਤਾ ਦੀ ਭਾਵਨਾ ਦਾ ਦੀਪ ਲਟ ਲਟ ਜਗ ਰਿਹਾ ਹੈ।”
ਤਖ਼ਤੇ ਡਿੱਗ ਪਏ, ਛੇ ਸੂਰਬੀਰ ਹਵਾ ਵਿਚ ਲਟਕ ਰਹੇ ਸਨ।
ਵਾਰਸ ਲਾਸ਼ਾਂ ਲੈਣ ਵਾਸਤੇ ਪੁੱਜੇ ਹੋਏ ਸਨ । ਹਕੂਮਤ ਨੇ ਵਾਰਸਾਂ ਨੂੰ ਲਾਸ਼ਾਂ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਜਨਤਾ ਦਾ ਇਕ ਬੇਪਨਾਹ ਹਜ਼ੂਮ ਜੇਲ੍ਹ ਦੇ ਬੂਹੇ ਸਾਹਮਣੇ ਧਰਨਾ ਮਾਰੀ ਖੜਾ ਸੀ । ਸਰਦੂਲ ਸਿੰਘ ਕਵੀਸ਼ਰ, ਸਰਦਾਰ ਬਹਾਦਰ ਮਹਿਤਾਬ ਸਿੰਘ, ਸੁੰਦਰ ਸਿੰਘ ਭੌਰਾ ਤੇ ਹੋਰ ਦੇਸ਼-ਹਿਤੈਸ਼ੀਆਂ ਦਾ ਇਕ ਠਾਠਾਂ ਮਾਰਦਾ ਸਮੁੰਦਰ ਸ਼ਹੀਦਾਂ ਦੇ ਪਵਿੱਤਰ ਦਰਸ਼ਨਾਂ ਲਈ ਬੇਕਰਾਰ ਸੀ । ਇਹਨਾਂ ਦੇਸ਼-ਹਿਤੈਸ਼ੀਆਂ ਨੇ ਗਵਰਨਰ ਨੂੰ ਕਿਹਾ ਕਿ ਲਾਸ਼ਾਂ ਨਾ ਦਿੱਤੀਆਂ ਗਈਆਂ ਤਾਂ ਸਗੋਂ ਵਧੇਰੇ ਤੀਖਣ ਉਭਾਰ ਦਾ ਆਉਣਾ ਯਕੀਨੀ ਬਣ ਜਾਏਗਾ। ਗਵਰਨਰ ਪੁਰ ਪੰਜਾਬ ਦੇ ਇਹਨਾਂ ਪਤਵੰਤਿਆਂ ਦੀ ਨੇਕ ਸਲਾਹ ਦਾ ਅਸਰ ਹੋਇਆ, ਤਾਂ ਕਿਤੇ ਦੋ ਵਜੇ ਜਾ ਕੇ ਲਾਸ਼ਾਂ ਵਾਰਸਾਂ ਦੇ ਹਵਾਲੇ ਕੀਤੀਆਂ ਗਈਆਂ। ਉਦੋਂ ਤਕ ਜੇਲ੍ਹ ਦੇ ਸਭ ਕੈਦੀ ਆਪਣੀ ਆਪਣੀ ਥਾਂ ਬੰਦ ਰੱਖੇ ਗਏ।
ਜਨਤਾ ਦੇ ਸ਼ਹੀਦ, ਜਨਤਾ ਨੂੰ ਮਿਲਣ ਦੀ ਦੇਰ ਸੀ ਕਿ ਦੇਸ਼-ਭਗਤੀ ਦਾ ਗੁੱਝਾ ਜਜ਼ਬਾ ਅਮਲੀ ਰੂਪ ਵਿਚ ਸ਼ਹੀਦਾਂ ਦੇ ਬੇਜਾਨ ਜਿਸਮਾਂ ਉਦਾਲੇ ਭੰਬਟਾਂ ਵਾਂਗ ਜੁੜ ਗਿਆ। ਅੰਤਮ ਸੰਸਕਾਰ ਰਾਵੀ ਦੇ ਕੰਢੇ ਪੁਰ ਹੋਣਾ ਸੀ ਤੇ ਲਾਸ਼ਾਂ ਗੁਰਦੁਆਰਾ ਡੇਰਾ ਸਾਹਿਬ ਵੱਲ ਲਿਜਾਈਆਂ ਜਾਣੀਆਂ ਸਨ, ਇਸ ਲਈ ਇਉਂ ਕਹਿ ਲਓ ਕਿ ਸਾਰਾ ਲਾਹੌਰ ਸ਼ਹਿਰ ਆਪਣੇ ਮਹਿਬੂਬ ਸ਼ਹੀਦਾਂ ਦੇ ਪਿਆਰ ਵਿਚ ਖਿਚਿਆ ਹੋਇਆ, ਇਕ ਲੰਮੇ ਤੋਂ ਲੰਮੇ ਜਲੂਸ ਦੀ ਸ਼ਕਲ ਵਿਚ ਅਰਥੀਆਂ ਪਿੱਛੇ ਖਿਚਿਆ ਚਲਿਆ। ਆਇਆ। ਉਪਰੋਂ ਸ਼ਹੀਦਾਂ ਪੁਰ ਫੁੱਲਾਂ ਦੀ ਵਰਖਾ ਹੋ ਰਹੀ ਸੀ। ਇਹ ਜਲੂਸ ਇਸ ਗੱਲ ਦਾ ਸਬੂਤ ਸੀ ਕਿ ਬੱਬਰ ਜਨਤਾ ਨੂੰ ਕਿੰਨੇ ਪਿਆਰੇ ਸਨ । ਇਸ ਜਲੂਸ ਵਿਚ ਖ਼ਾਮੋਸ਼ ਜਨਤਾ ਉਸ ਬੁਜ਼ਦਿਲ ਹਕੂਮਤ ਪੁਰ ਲੱਖ ਲੱਖ ਲਾਹਨਤਾਂ ਭੇਜ ਰਹੀ ਸੀ, ਜਿਸ ਨੇ ਇਨ੍ਹਾਂ ਸੂਰਬੀਰਾਂ ਨੂੰ ਫਾਂਸੀ ਦੇਣ ਦਾ ਫ਼ੈਸਲਾ ਕੀਤਾ ਸੀ।
ਆਖ਼ਰ ਇਹਨਾਂ ਮਰਜੀਵੜਿਆਂ ਦਾ ਡੇਹਰਾ ਸਾਹਿਬ ਦੇ ਪਿਛਲੇ ਪਾਸੇ ਰਾਵੀ ਦੇ ਕਿਨਾਰੇ ਸਸਕਾਰ ਕੀਤਾ ਗਿਆ। ਉਸ ਸਮੇਂ ਦੇ ਫ਼ੋਟੋ ਭੀ ਲਏ ਗਏ, ਜੋ ਰਸਾਲਾ ‘ਫੁਲਵਾੜੀ’ ਵਿਚ ਛਪੇ ।
ਡਿਪਟੀ ਸੁਪ੍ਰਿੰਟੈਂਡੈਂਟ ਨਾਲ ਟੱਕਰ
ਲਾਹੌਰ ਸੈਂਟਰਲ ਜੇਲ੍ਹ ਦਾ ਇਕ ਡਿਪਟੀ ਸੁਪ੍ਰਿੰਟੈਂਡੈਂਟ ਗੋਰਾ ਸੀ ਤੇ ਫ਼ੈਕਟਰੀ-ਇੰਚਾਰਜ ਸੀ। ਉਸ ਦੀ ਡਿਊਟੀ ਕੈਦੀਆਂ ਤੋਂ ਕੰਮ ਲੈਣਾ ਤੇ ਉਨ੍ਹਾਂ ਦੀਆਂ ਮੁਸ਼ੱਕਤਾਂ ਲਿਖਣਾ ਸੀ। ਉਹ ਬੜਾ ਸਖ਼ਤ ਸੁਭਾ ਤੇ ਉਜੱਡ ਸੀ। ਰਿਸ਼ਵਤ ਵੀ ਕਾਫ਼ੀ ਲੈਂਦਾ ਸੀ।
ਜ਼ਿਲ੍ਹਾ ਹੁਸ਼ਿਆਰਪੁਰ ਦਾ ਇਕ ਇਖ਼ਲਾਕੀ ਕੈਦੀ ਉਸ ਨੂੰ ਦਸ ਰੁਪਏ ਮਾਹਵਾਰ ਰਿਸ਼ਵਤ ਦੇ ਕੇ ਆਪਣੇ ਵਾਸਤੇ ਨਰਮ ਕੰਮ ਲਿਖਵਾ ਲਿਆ ਕਰਦਾ ਸੀ । ਉਹ ਕੈਦੀ ਡਾਕਟਰ ਦੇ ਨਾਲ ਹਸਪਤਾਲ ਵਿਚ ਕੰਮ ਕੀਤਾ ਕਰਦਾ ਸੀ। ਬੱਬਰਾਂ ਨਾਲ ਸੰਗਤ ਹੋਣ ਕਰਕੇ ਉਸ ਨੇ ਹੌਸਲਾ ਕੀਤਾ ਤੇ ਰਿਸ਼ਵਤ ਦੇਣੀ ਬੰਦ ਕਰ ਦਿੱਤੀ। ਡਿਪਟੀ ਸੁਪ੍ਰਿੰਟੈਂਡੈਂਟ ਨੇ ਉਸ ਦੇ ਟਿਕਟ ਪੁਰ ਸਖ਼ਤ ਮੁਸ਼ੱਕਤ ਲਿਖ ਦਿੱਤੀ । ਡਾਕਟਰ ਨੇ ਆਖਿਆ ਕਿ ਉਸ ਦੀ ਸਿਹਤ ਕਮਜ਼ੋਰ ਹੋਣ ਕਰਕੇ ਉਸ ਨੂੰ ਸਖ਼ਤ ਕੰਮ ਨਹੀਂ ਮਿਲਣਾ ਚਾਹੀਦਾ। ਪਰ ਗੋਰੇ ਡਿਪਟੀ ਨੇ ਜਿਸ ਨੂੰ ਹੁਣ ਰਿਸ਼ਵਤ ਨਹੀਂ ਸੀ ਮਿਲਦੀ, ਉਸ ਦੇ ਟਿਕਟ ਪੁਰ ਫੇਰ ਸਖ਼ਤ ਮੁਸ਼ੱਕਤ ਲਿਖ ਦਿੱਤੀ । ਡਾਕਟਰ ਨੇ ਫੇਰ ਨਰਮ ਕੰਮ ਦੀ ਸਿਫ਼ਾਰਸ਼ ਕਰ ਦਿੱਤੀ। ਜਦੋਂ ਤਿੰਨ ਚਾਰ ਵਾਰ ਇਸ ਤਰ੍ਹਾਂ ਹੋ ਚੁੱਕਾ ਤਾਂ ਉਸ ਨੇ ਆਪਣੇ ਏਜੰਟ ਨੰਬਰਦਾਰਾਂ ਪਾਸੋਂ ਪੁੱਛਿਆ ਕਿ ਇਹ ਕੀ ਮਾਮਲਾ ਹੈ । ਇਹ ਕੈਦੀ ਚਿਰ ਤੋਂ ਪੈਸੇ ਦਿੰਦਾ। ਆਇਆ ਹੈ, ਹੁਣ ਕਿਉਂ ਹਟ ਗਿਆ ? ਨੰਬਰਦਾਰਾਂ ਨੇ ਦੱਸਿਆ ਕਿ ਬੱਬਰਾਂ ਦੀ ਸੰਗਤ ਦਾ ਅਸਰ ਹੈ। ਹੁਣ ਡਿਪਟੀ ਇਸ ਦਾ ਬਦਲਾ ਲੈਣ ਦੀ ਸੋਚਣ ਲੱਗਾ।
ਜੇਲ੍ਹ ਵਿਚ ਵਾਣ ਵੱਟਣ ਦੀ ਮੁਸ਼ੱਕਤ ਹੋਵੇ ਤਾਂ ਆਗਿਆ ਹੁੰਦੀ ਹੈ ਕਿ ਦੋ ਦੋ ਇਕੱਠੇ ਹੋ ਕੇ ਕੰਮ ਕਰਨ । ਇਕ ਥੱਬਾ ਦਿੰਦਾ ਹੈ ਤੇ ਦੂਸਰਾ ਵੱਟ ਚੜ੍ਹਾਈ ਜਾਂਦਾ ਹੈ। ਡਿਪਟੀ ਨੇ ਇਸੇ ਗੱਲ ਨੂੰ ਬਹਾਨਾ ਬਣਾ ਲਿਆ। ਉਸ ਨੇ ਕਈ ਜੁੱਟਾਂ ਦੀ ਪੇਸ਼ੀ ਕਰ ਦਿੱਤੀ; ਜਿਨ੍ਹਾਂ ਵਿਚ ਮੇਰਾ ਸੁੰਦਰ ਸਿੰਘ ਦਾ ਜੁੱਟ ਭੀ ਸ਼ਾਮਲ ਸੀ। ਪੇਸ਼ੀ ਕਰ ਕੇ ਉਸ ਨੇ ਸਜ਼ਾ ਦੇ ਤੌਰ ਪੁਰ ਸਭ ਦੀ ਮੁਸ਼ੱਕਤ ਸਖ਼ਤ ਲਿਖ ਦਿੱਤੀ। ਛੇਕੜ ਉਸ ਨੇ ਗੱਲ ਦੀ ਤਹਿ ਤਾਈਂ ਪਹੁੰਚਣ ਦੀ ਸੋਚੀ ਤੇ ਅਖ਼ੀਰ ਇਕ ਦਿਨ ਮੈਨੂੰ ਪੁੱਛਣ ਲੱਗਾ-ਤੂੰ ਕੌਣ ਹੈਂ ?
ਮੈਂ ਉੱਤਰ ਦਿੱਤਾ-ਅਕਾਲੀ ।
ਗੋਰਾ-ਤੂੰ ਦੂਸਰੇ ਕਾਰਖ਼ਾਨੇ ਜਾ ਕੇ ਕੰਮ ਕਰ।
ਮੈਂ-ਅੱਜ ਤਾਂ ਮੈਂ ਆਪਣੀ ਮੁਸ਼ੱਕਤ ਕਰ ਚੁੱਕਾ ਹਾਂ, ਇਸ ਲਈ ਅੱਜ ਮੈਂ ਨਹੀਂ ਜਾਵਾਂਗਾ, ਕੱਲ੍ਹ ਤੋਂ ਚਲਾ ਜਵਾਂਗਾ।
ਗੋਰਾ-ਲਿਆਓ ਇਸ ਦਾ ਟਿਕਟ। ਟਿਕਟ ਲਿਆਂਦਾ ਗਿਆ। ਗੋਰੇ ਨੇ
ਪੁੱਛਿਆ-ਕੀ ਨਾਮ ਹੈ ?
ਮੈਂ-ਟਿਕਟ ਉਪਰੋਂ ਪੜ੍ਹ ਲਓ।
ਗੋਰਾ-ਲੈ ਜਾਓ ਇਸ ਨੂੰ ਚੱਕੀਆਂ ਵਿਚ।
ਮੈਂ-ਤੇਰੇ ਆਖੇ ਨਹੀਂ ਜਾਣ ਲੱਗਾ । ਤੂੰ ਕੋਣ ਹੈਂ, ਮੈਨੂੰ ਚੱਕੀ ਭੇਜਣ ਵਾਲਾ ?
ਗੋਰਾ ਗੁੱਸੇ ਵਿਚ ਲਾਲ ਹੋ ਕੇ ਮੇਰੇ ਵੱਲ ਉਠਿਆ, ਅੱਗੋਂ ਮੈਂ ਭੀ ਬਾਹਾਂ ਚਾੜ੍ਹਨ ਲੱਗ ਪਿਆ। ਏਨੇ ਨੂੰ ਗੋਰੇ ਦੇ ਹਵਾਰੀਆਂ ਨੇ ਉਸ ਨੂੰ ਦੱਸਿਆ ਕਿ ਬੇਇੱਜ਼ਤੀ ਹੋਵੇਗੀ। ਬਿਹਤਰ ਹੈ, ਸ਼ਾਂਤੀ ਤੋਂ ਕੰਮ ਲਵੋ। ਇਸ ਪੁਰ ਗੋਰਾ ਬੈਠ ਗਿਆ ਅਤੇ ਮੇਰੇ ਟਿਕਟ ਪੁਰ ਕਈ ਕੁਝ ਲਿਖ ਦਿੱਤਾ। ਤੇ ਮਗਰੋਂ ਬੋਲਿਆ, “ਲੈ ਜਾਓ ਇਸ ਨੂੰ ਦਰੋਗੇ ਪਾਸ।” ਤਿੰਨ ਨੰਬਰਦਾਰ ਮੈਨੂੰ ਦਰੋਗੇ ਪਾਸ ਲੈ ਗਏ। ਦਰੋਗਾ ਭੀ ਗੋਰੇ ਦਾ ਭਾਈਵਾਲ ਸੀ। ਉਹ ਮੈਨੂੰ ਦੇਖ ਕੇ ਮੁਸਕਰਾ ਪਿਆ ਤੇ ਨੰਬਰਦਾਰ ਨੂੰ ਆਖਿਆ, “ਇਸ ਨੂੰ ਚੱਕੀ-ਬੰਦ ਕਰ ਦਿਓ।” ਮੈਂ ਉੱਤਰ ਦਿੱਤਾ, “ਮੈਂ ਸੁਪ੍ਰਿੰਟੈਂਡੈਂਟ ਦੇ ਸਾਹਮਣੇ ਪੇਸ਼ ਹੋਏ ਬਿਨਾਂ ਨਹੀਂ ਜਾਣਾ।”
ਸੁਪ੍ਰਿੰਟੈਂਡੈਂਟ ਭੀ ਪਰੇ ਲਾਗੇ ਹੀ ਬੈਠਾ ਸੀ। ਉਸ ਨੇ ਇਹ ਤਕਰਾਰ ਸੁਣ ਕੇ ਮੈਨੂੰ ਵਾਪਸ ਬਾਰਕ ਵਿਚ ਲੈ ਜਾਣ ਦਾ ਹੁਕਮ ਦੇ ਦਿੱਤਾ।
ਚੌਥੇ ਦਿਨ ਪੇਸ਼ੀ ਹੋਈ। ਸੁਪ੍ਰਿੰਟੈਂਡੈਂਟ ਨੇ ਦੱਸਿਆ ਕਿ ਤੇਰੇ ਵਿਰੁੱਧ ਪੰਜ ਸ਼ਿਕਾਇਤਾਂ ਹਨ: (1) ਤੂੰ ਕੰਮ ਤੋਂ ਇਨਕਾਰੀ ਹੋਇਆ; (2) ਤੂੰ ਆਪਣੇ ਆਪ ਨੂੰ ਅਕਾਲੀ ਦੱਸਿਆ ਹੈ; (3) ਤੂੰ ਆਪਣਾ ਨਾਮ ਨਹੀਂ ਦੱਸਿਆ; (4) ਤੂੰ ਹੁਕਮ ਮੰਨਣ ਤੋਂ ਇਨਕਾਰ ਕੀਤਾ, (5) ਤੂੰ ਕੈਦੀਆਂ ਸਾਹਮਣੇ ਡਿਪਟੀ ਨੂੰ ਧਮਕਾਇਆ।
ਇਕੱਲੇ ਇਕੱਲੇ ਦੂਸ਼ਣ ਦਾ ਮੈਂ ਇਉਂ ਉੱਤਰ ਦਿੱਤਾ : (1) ਮੈਂ ਕੰਮ ਕਰਨ ਤੋਂ ਇਨਕਾਰੀ ਨਹੀਂ ਹੋਇਆ। ਮੈਂ ਆਪਣੇ ਦਿਨ ਦੀ ਮੁਸ਼ੱਕਤ ਕਰ ਬੈਠਾ ਸਾਂ, ਇਸੇ ਲਈ ਮੈਂ ਦੂਜੇ ਦਿਨ ਨਵੇਂ ਕੰਮ ਪੁਰ ਜਾਣਾ ਮੰਨਿਆ ਸੀ। (2) ਮੈਂ ਆਪਣੇ ਆਪ ਨੂੰ ਅਕਾਲੀ ਆਖਿਆ ਤਾਂ ਕੋਈ ਝੂਠੀ ਗੱਲ ਨਹੀਂ ਆਖੀ, ਮੈਂ ਤਾਂ ਸਗੋਂ ਇਕ ਅੱਖਰ ਛੱਡ ਗਿਆ ਹਾਂ, ਮੇਰੇ ਟਿਕਟ ਪੁਰ ਬੱਬਰ ਅਕਾਲੀ ਦਰਜ ਹੈ। (3) ਜਦੋਂ ਮੇਰਾ ਟਿਕਟ ਮੰਗਵਾਇਆ ਤੇ ਉਹ ਡਿਪਟੀ ਦੇ ਹੱਥਾਂ ਵਿਚ ਸੀ ਤਾਂ ਮੈਨੂੰ ਮੁੜ ਕੇ ਮੇਰਾ ਨਾਂ ਪੁੱਛਣ ਦਾ ਕੀ ਮਤਲਬ ਸੀ ? (4) ਗੋਰੇ ਡਿਪਟੀ ਨੇ ਮੈਨੂੰ ਚੱਕੀਆਂ ਵਿਚ ਲਿਜਾਣ ਦਾ ਹੁਕਮ ਦਿੱਤਾ, ਮੈਂ ਨਹੀਂ ਮੰਨਿਆ। ਉਸ ਦਾ ਅਜਿਹਾ ਹੁਕਮ ਮੈਂ ਫੇਰ ਭੀ ਨਹੀਂ ਮੰਨਾਂਗਾ, ਕਿਉਂਕਿ ਉਹ ਬਿਲਕੁਲ ਨਾ-ਹੱਕ ਸਜ਼ਾ ਦੇ ਰਿਹਾ ਸੀ । ਉਹ ਮੁਸ਼ੱਕਤ ਘੱਟ ਵੱਧ ਕਰ ਸਕਦਾ ਹੈ ਤੇ ਬਦਲ ਭੀ ਸਕਦਾ ਹੈ, ਪਰ ਸਜ਼ਾ ਨਹੀਂ ਦੇ ਸਕਦਾ। ਸਜ਼ਾ ਦਿਵਾਉਣ ਵਾਸਤੇ ਤੁਹਾਡੇ ਸਾਹਮਣੇ ਪੇਸ਼ੀ ਹੋਣੀ ਜ਼ਰੂਰੀ ਹੈ। ਹੁਣ ਤੁਸੀਂ ਸਜ਼ਾ ਦੇ ਸਕਦੇ ਹੋ।
ਪਰ ਜਿਸ ਦਾ ਸਜ਼ਾ ਦੇਣ ਦਾ ਹੱਕ ਹੀ ਨਾ ਹੋਵੇ, ਉਸ ਦਾ ਹੁਕਮ ਨਹੀਂ ਮੰਨਣਾ ਚਾਹੀਦਾ। (5) ਮੈਂ ਉਸ ਨੂੰ ਕੋਈ ਧਮਕੀ ਨਹੀਂ ਦਿੱਤੀ। ਉਹ ਖ਼ੁਦ ਮੈਨੂੰ ਮਾਰਨ ਉਠਿਆ ਸੀ। ਮੈਂ ਉਸ ਦੇ ਪਸ਼ੂ-ਬਲ ਦਾ ਮੁਕਾਬਲਾ ਕਰਨ ਲਈ ਤਿਆਰ ਹੋਇਆ ਸਾਂ।
ਮੈਂ ਸਾਰੀ ਹਕੀਕਤ ਬਿਆਨ ਕਰ ਦਿੱਤੀ ਤੇ ਗੋਰੇ ਡਿਪਟੀ ਦੇ ਚਿੜ੍ਹਨ ਦੀ ਵਜ੍ਹਾ ਸਾਫ਼ ਸਾਫ਼ ਦੱਸ ਦਿੱਤੀ। ਸੁਪ੍ਰਿੰਟੈਂਡੈਂਟ ਨੇ ਆਖਿਆ, “ਮੈਂ ਜਾਣਦਾ ਹਾਂ ਕਿ ਇਹ ਡਿਪਟੀ ਰਿਸ਼ਵਤਖ਼ੋਰ ਹੈ। ਮੈਂ ਇਸ ਦੇ ਵਿਰੁੱਧ ਕਈ ਰਪੋਟਾਂ ਭੀ ਕਰ ਚੁੱਕਾ ਹਾਂ, ਪਰ ਸਿਰਫ਼ ਇਸ ਲਈ ਕਿ ਇਹ ਗੋਰੀ ਨਸਲ ਦਾ ਹੈ, ਮੇਰੀਆਂ ਰਪੋਟਾਂ ਦਾ ਕੋਈ ਅਸਰ ਨਹੀਂ ਹੁੰਦਾ।” ਇਹ ਕਹਿੰਦਿਆਂ ਸੁਪ੍ਰਿੰਟੈਂਡੈਂਟ ਨੇ ਮੈਨੂੰ ਜੇਲ੍ਹ ਦੇ ਇਸ ਮੁਕੱਦਮੇ ਵਿਚੋਂ ਬਰੀ ਕਰ ਦਿੱਤਾ।
ਮੈਂ ਡਿਊਟੀ ਤੋਂ ਵਾਪਸ ਜਾ ਰਿਹਾ ਸਾਂ ਤਾਂ ਉਹ ਗੋਰਾ ਡਿਪਟੀ ਰਸਤੇ ਵਿਚ ਮਿਲ ਪਿਆ, ਤੇ ਹੌਲੀ ਹੌਲੀ ਸੁਲਹ ਵਾਲੀਆਂ ਗੱਲਾਂ ਕਰਨ ਲੱਗਾ। ਲਾਗੇ ਹੀ ਕਈ ਨੰਬਰਦਾਰ ਖੜੇ ਸਨ । ਉਸ ਦੇ ਰੁਅਬ ਨੂੰ ਮਿੱਟੀ ਵਿਚ ਮਿਲਾਉਣ ਦੀ ਖ਼ਾਤਰ ਘੂਰਦਿਆਂ
ਹੋਇਆਂ ਮੈਂ ਆਖਿਆ :
“ਜਾਹ ਓਏ, ਮੈਂ ਤੇਰੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ, ਤੂੰ ਜਿਹੜਾ ਜ਼ੋਰ ਲਾਉਣੈ, ਲਾਉਂਦਾ ਫਿਰ, ਤੇਰੇ ਨਾਲ ਸੁਲਹ ਕਾਹਦੀ।”
ਮੁਲਤਾਨ ਜੇਲ੍ਹ ਵਿਚ ਭੁੱਖ-ਹੜਤਾਲ
ਸਤੰਬਰ 1926 ਵਿਚ ਮੁਲਤਾਨ ਜੇਲ੍ਹ ਵਿਚ ਭਾਈ ਕਰਮ ਸਿੰਘ ਝਿੰਗੜ, ਦਲੀਪ ਸਿੰਘ ਮਾਣਕੋ, ਹਰਦਿੱਤ ਸਿੰਘ ਜੱਸੋਵਾਲ, ਕਰਤਾਰ ਸਿੰਘ ਗੋਂਦਪੁਰ ਆਦਿ ਬਾਰਾਂ ਬੱਬਰਾਂ ਨੇ ਜੇਲ੍ਹ ਦੇ ਨਿਕੰਮੇ ਸਲੂਕ ਵਿਰੁੱਧ ਭੁੱਖ-ਹੜਤਾਲ ਕਰ ਦਿੱਤੀ। ਕੀਤੀ ਤਾਂ ਸੀ ਸਾਰਿਆਂ ਨੇ, ਪਰ ਕੁਝ ਸਾਥੀ ਵਿਚਾਲੇ ਹੀ ਛੱਡ ਗਏ ਤੇ ਇਹ 8 ਡਟੇ ਰਹੇ। ਜਦ ਭੁੱਖ-ਹੜਤਾਲ ਨੂੰ ਚੱਲਦਿਆਂ 25 ਦਿਨ ਹੋ ਗਏ ਤਾਂ ਜੇਲ੍ਹ-ਅਫ਼ਸਰਾਂ ਨੇ ਰੁਅਬ ਪਾਉਣ ਤੇ ਡਰ ਦੇਣ ਲਈ ਦਲੀਪ ਸਿੰਘ ਮਾਣਕੋ ਅਤੇ ਹਰਦਿੱਤ ਸਿੰਘ ਜੱਸੋਵਾਲ ਦੇ ਤੀਹ ਤੀਹ ਬੈਂਤਾਂ ਮਾਰੀਆਂ । ਪਰ ਇਹਨਾਂ ਬੈਂਤਾਂ ਨੂੰ ਬੱਬਰਾਂ ਨੇ ਕੁਝ ਨਾ ਜਾਣਿਆ, ਜਿਵੇਂ ਪੱਕੀਆਂ ਕੰਧਾਂ ਨੂੰ ਚਾਬਕ ਮਾਰੇ ਗਏ ਹਨ।
ਮਗਰੋਂ ਜੇਲ੍ਹ-ਅਫ਼ਸਰਾਂ ਨੇ ਦਵਾਈ ਵਿਚ ਜ਼ਹਿਰ ਮਿਲਾ ਦਿੱਤੀ, ਪਰ ਸਾਰੇ ਸਾਥੀਆਂ ਨੂੰ ਕੈਆਂ ਆ ਗਈਆਂ ਤੇ ਜ਼ਹਿਰੀਲਾ ਮਾਦਾ ਖ਼ਾਰਜ ਹੋਣ ਕਰਕੇ ਸਭ ਦੀਆਂ ਜਾਨਾਂ ਬਚ ਗਈਆਂ।
ਕਾਲੇ ਪਾਣੀਆਂ ਵਿਚ ਘੋਲ
ਮੈਨੂੰ ਸੁੰਦਰ ਸਿੰਘ ਨੂੰ, ਪਰਤਾਪ ਸਿੰਘ ਸਿਆਲਕੋਟ ਨੂੰ ਤੇ ਭੋਲਾ ਸਿੰਘ ਕਾਠੇ ਕੰਧਾਰੇ (ਦੂਜੇ ਕੇਸ ਵਾਲੇ) ਨੂੰ ਕਾਲੇ ਪਾਣੀ ਭੇਜ ਦਿੱਤਾ ਗਿਆ। ਉੱਥੋਂ ਦੀ ਹਾਲਤ ਯਕੀਨੀ ਤੌਰ ਪੁਰ ਪੰਜਾਬ ਦੀਆਂ ਜੇਲ੍ਹਾਂ ਨਾਲੋਂ ਭੀ ਨਿੱਘਰੀ ਹੋਈ ਸੀ।
ਇਥੋਂ ਦਿਨ ਨੂੰ ਜੇਲ੍ਹ ਤੋਂ ਬਾਹਰ ਖੇਤਾਂ, ਜੰਗਲਾਂ ਤੇ ਖਾੜੀਆਂ ਵਿਚ ਕੰਮ ਕਰਨ ਲਈ ਭੇਜਿਆ ਜਾਂਦਾ ਸੀ । ਜਦੋਂ 12 ਵਜੇ ਕੰਮ ਤੋਂ ਛੁੱਟੀ ਹੁੰਦੀ ਤਾਂ ਕੈਦੀ ਆਪਣੀਆਂ ਬਾਰਕਾਂ ਵਿਚ ਨਹੀਂ ਸਨ ਜਾ ਸਕਦੇ । ਉਹਨਾਂ ਨੂੰ ਡਿਉਢੀ ਲਾਗੇ ਬਰਾਂਡੇ ਵਿਚ ਹੀ ਪਏ ਰਹਿਣਾ ਪੈਂਦਾ ਸੀ। ਇਸ ਤਰ੍ਹਾਂ ਛੁੱਟੀ ਵੇਲੇ ਭੀ ਆਰਾਮ ਨਹੀਂ ਸੀ ਮਿਲਦਾ। 45 ਕੈਦੀਆਂ ਵਲੋਂ ਸਾਂਝੇ ਤੌਰ ’ਤੇ ਮੈਂ ਮੰਗ ਕੀਤੀ ਕਿ ਛੁੱਟੀ ਵੇਲੇ ਬਾਰਕਾਂ ਵਿਚ ਆਰਾਮ ਕਰਨ ਦੀ ਆਗਿਆ ਹੋਣੀ ਚਾਹੀਦੀ ਹੈ ਜਾਂ ਘੱਟੋ-ਘੱਟ ਬਾਰਕਾਂ ਵਿਚੋਂ ਕਪੜਾ ਲੈ ਲੈਣ ਦੀ ਜ਼ਰੂਰ ਆਗਿਆ ਦਿੱਤੀ ਜਾਏ। ਅੱਗੋਂ ਚੀਫ਼ ਵਾਰਡਰ ਨੇ ਉੱਤਰ ਦਿੱਤਾ ਕਿ ਸਿਖ ਬੜੇ ਬੇਵਕੂਫ਼ ਹੁੰਦੇ ਹਨ। ਮੈਂ ਗ਼ੁੱਸੇ ਵਿਚ ਪਿਛਾਂਹ ਮੁੜ ਆਇਆ ਤੇ ਆਖਿਆ, “ਸਵਾਲ ਗੰਦਮ ਜਵਾਬ ਚੀਨਾ। ਤੈਂ ਸਾਰੀ ਸਿਖ ਕੌਮ ਦੀ ਹੱਤਕ ਕੀਤੀ ਹੈ। ਮੈਂ ਇਸ ਦੇ ਉੱਤਰ ਵਿਚ ਇਹ ਨਹੀਂ ਕਹਿਣਾ ਚਾਹੁੰਦਾ ਸੀ ਕਿ ਹਿੰਦੂ ਬੜੇ ਬੇਵਕੂਫ਼ ਹੁੰਦੇ ਹਨ। ਪਰ ਏਨੀ ਗੱਲ ਸਾਫ਼ ਹੈ ਕਿ ਤੂੰ ਪਹਿਲੇ ਦਰਜੇ ਦਾ ਅਹਿਮਕ ਹੈਂ।”
ਹਰ ਐਤਵਾਰ ਜੇਲ੍ਹ ਵਿਚ ਬਾਹਰੋਂ ਗ੍ਰੰਥੀ ਆਇਆ ਕਰਦਾ ਸੀ। ਗੁਰੂ ਗ੍ਰੰਥ ਸਾਹਿਬ ਦੀ ਬੀੜ ਹੇਠਲੀ ਕੋਠੜੀ ਵਿਚ ਸੀ । ਬੱਬਰ ਇਸ ਗੱਲ ਨੂੰ ਬੁਰਾ ਮਨਾਉਂਦੇ ਸਨ, ਇਸ ਲਈ ਮੰਗ ਕੀਤੀ ਗਈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸੇ ਉਪਰਲੀ ਕੋਠੜੀ ਵਿਚ ਰੱਖਿਆ ਜਾਵੇ । ਪਹਿਲਾਂ ਤਾਂ ਦਰੋਗੇ ਨੇ ਇਨਕਾਰ ਕੀਤਾ, ਪਰ ਮਗਰੋਂ ਖ਼ੁਦ ਹੀ ਮੰਨ ਗਿਆ।
ਪਹਿਲਾ ਘੋਲ
ਤਿੰਨ ਮਹੀਨੇ ਮਗਰੋਂ ਤਿੰਨਾਂ ਬੱਬਰਾਂ ਨੂੰ ਆਮ ਕੈਦੀਆਂ ਵਾਂਗ ਜੇਲ੍ਹ ਤੋਂ ਬਾਹਰ ਜਾਣੋਂ ਰੋਕ ਦਿੱਤਾ ਗਿਆ । ਜਦ ਬੱਬਰਾਂ ਨੇ ਕਾਰਨ ਪੁੱਛਿਆ ਤਾਂ ਦਰੋਗੇ ਨੇ ਆਖਿਆ ਕਿ ਤੁਸੀਂ ਸਿਆਸੀ ਕੈਦੀ ਹੋ।
ਬੱਬਰਾਂ ਨੇ ਆਖਿਆ, “ਜੇ ਅਸੀਂ ਸਿਆਸੀ ਹਾਂ ਤਾਂ ਸਾਡੇ ਨਾਲ ਸਿਆਸੀਆਂ ਵਾਲਾ ਸਲੂਕ ਕਰੋ ਅਤੇ ਖ਼ੁਰਾਕ, ਕਪੜੇ, ਰਿਹਾਇਸ਼ ਅਤੇ ਪੜ੍ਹਾਈ ਆਦਿ ਦੀਆਂ ਸਹੂਲਤਾਂ ਦਿਓ।”
ਦਰੋਗੇ ਨੇ ਉੱਤਰ ਦਿੱਤਾ, “ਮੇਰੇ ਵੱਸ ਕੁਝ ਨਹੀਂ।”
ਬੱਬਰਾਂ ਨੇ ਆਖਿਆ, “ਤਾਂ ਫੇਰ ਸਾਨੂੰ ਕੈਦੀਆਂ ਵਾਂਗ ਬਾਹਰ ਜਾਣ ਦਿਆ ਕਰੋ।”
“ਮੈਨੂੰ ਅਜਿਹਾ ਕਰਨ ਦਾ ਭੀ ਅਖ਼ਤਿਆਰ ਨਹੀਂ,” ਉੱਤਰ ਮਿਲਿਆ।
“ਤਾਂ ਫੇਰ ਅਸੀਂ ਕੰਮ ਨਹੀਂ ਕਰਦੇ।”
ਇਸ ਪੁਰ ਬੱਬਰਾਂ ਨੂੰ ਕੋਠੀ-ਬੰਦ ਕਰ ਦਿੱਤਾ ਗਿਆ। ਬਿਸਤਰੇ ਬਾਹਰ ਕੱਢ ਲਏ ਤੇ ਬੱਬਰਾਂ ਨੂੰ ਭੁੰਜੇ ਪੈਣ ਪੁਰ ਮਜਬੂਰ ਕੀਤਾ, ਇਥੋਂ ਤਕ ਕਿ ਪਾਣੀ ਭੀ ਚੁੱਕ ਲਿਆ । ਦੋ ਸਾਥੀ ਕੰਮ ਕਰਨਾ ਮੰਨ ਗਏ, ਪਰ ਮੈਂ ਅੜਿਆ ਰਿਹਾ। ਦੂਜੇ ਦਿਨ ਮੈਨੂੰ ਸੁਪ੍ਰਿੰਟੈਂਡੈਂਟ ਦੇ ਪੇਸ਼ ਕੀਤਾ ਗਿਆ, ਜੋ ਉੱਥੇ ਦਾ ਮੈਜਿਸਟ੍ਰੇਟ ਭੀ ਸੀ।
ਸੁਪ੍ਰਿੰਟੈਂਡੈਂਟ ਨੇ ਪੁੱਛਿਆ-ਕੰਮ ਕਿਉਂ ਨਹੀਂ ਕਰਦਾ ?
ਮੈਂ ਆਖਿਆ-ਪੱਕਾ ਫ਼ੈਸਲਾ ਕਰੋ ਕਿ ਅਸੀਂ ਸਿਆਸੀ ਹਾਂ ਜਾਂ ਇਖ਼ਲਾਕੀ । ਸਿਆਸੀ ਹਾਂ ਤਾਂ ਸਿਆਸੀਆਂ ਵਾਲਾ ਸਲੂਕ ਕਰੋ, ਇਖ਼ਲਾਕੀ ਹਾਂ ਤਾਂ ਉਹਨਾਂ ਨਾਲੋਂ ਵਿਤਕਰਾ ਨਾ ਪਾਵੋ |
ਸੁਪ੍ਰਿੰਟੈਂਡੈਂਟ-ਮੈਂ ਬਹੁਤੀਆਂ ਗੱਲਾਂ ਨਹੀਂ ਜਾਣਦਾ, ਤੁਸੀਂ ਸਿੱਧੇ ਕੰਮ ਕਰਨਾ ਹੈ ਜਾਂ ਨਹੀਂ।
ਮੈਂ-ਮੇਰੀ ਬੇਨਤੀ ਪੁਰ ਭੀ… …।
ਸੁਪ੍ਰਿੰਟੈਂਡੈਂਟ-ਨਹੀਂ ਨਹੀਂ, ਮੈਂ ਆਪਣੇ ਸਵਾਲ ਦਾ ਜਵਾਬ ਦੋ ਸ਼ਬਦਾਂ ਵਿਚ ਮੰਗਦਾ ਹਾਂ, ਹਾਂ ਜਾਂ ਨਾ ।
ਮੈਂ-ਜੇ ਤੂੰ ਇਹੋ ਰਵੱਈਆ ਧਾਰਨ ਕਰਨਾ ਹੈ ਤਾਂ ਮੇਰਾ ਉੱਤਰ ਇਹ ਹੈ ਕਿ ਮੈਂ ਕੰਮ ਨਹੀਂ ਕਰਾਂਗਾ।
ਮੈਨੂੰ ਬੇੜੀ ਲਾ ਕੇ ਕੋਠੀ-ਬੰਦ ਕਰ ਦਿੱਤਾ ਗਿਆ। ਕਦੇ ਕਦੇ ਹੱਥ-ਕੜੀ ਭੀ ਜੜ੍ਹ ਦਿੱਤੀ ਜਾਂਦੀ। ਇਸ ਦਾ ਨਤੀਜਾ ਇਹ ਨਿਕਲਿਆ ਕਿ ਕੁਝ ਆਮ ਕੈਦੀਆਂ ਨੇ ਭੀ ਕੰਮ ਕਰਨ ਤੋਂ ਨਾਂਹ ਕਰ ਦਿੱਤੀ। ਮੈਂ ਭੁੱਖ-ਹੜਤਾਲ ਸ਼ੁਰੂ ਕਰ ਦਿੱਤੀ । ਪੰਦਰਾਂ ਦਿਨਾਂ ਦੀ ਭੁੱਖ-ਹੜਤਾਲ ਤੋਂ ਬਾਅਦ ਬਿਸਤਰਾ ਤੇ ਪਾਣੀ ਆਦਿ ਕੋਠੜੀ ਵਿਚ ਰੱਖ ਦਿੱਤੇ ਗਏ।
ਆਖ਼ਰ ਇਸ ਘੋਲ ਦਾ ਨਤੀਜਾ ਇਹ ਹੋਇਆ ਕਿ ਜੇਲ੍ਹ-ਅਫ਼ਸਰਾਂ ਨੇ ਇਹ ਗੱਲ ਮੰਨ ਲਈ ਕਿ ਜੋ ਚੀਜ਼ਾਂ ਜੇਲ੍ਹ-ਕਾਨੂੰਨ ਵਿਚ ਦਰਜ ਹਨ, ਪਰ ਦਿੱਤੀਆਂ ਨਹੀਂ ਜਾਂਦੀਆਂ, ਉਹ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਬਾਕੀ ਗੱਲਾਂ ਬਾਰੇ ਪੰਜਾਬ ਸਰਕਾਰ ਨੂੰ ਲਿਖਿਆ ਜਾਵੇਗਾ। ਇਸ ਪੁਰ ਮੈਂ ਭੁੱਖ-ਹੜਤਾਲ ਛੱਡ ਦਿੱਤੀ।
ਚੀਫ਼ ਕਮਿਸ਼ਨਰ ਦਾ ਦੌਰਾ
ਕੁਝ ਸਮੇਂ ਪਿੱਛੋਂ ਚੀਫ਼ ਕਮਿਸ਼ਨਰ ਨੇ ਜੇਲ੍ਹ ਦਾ ਦੌਰਾ ਕੀਤਾ। ਉਸ ਨੇ ਬਾਰਕ ਦੀ ਗਸ਼ਤ ਕੀਤੀ ਤੇ ਰਸਮੀ ਤੌਰ ਪਰ ਕੈਦੀਆਂ ਦਾ ਹਾਲ-ਚਾਲ ਪੁੱਛਿਆ। ਮੈਂ ਭੀ ਕੁਝ ਗੱਲ-ਬਾਤ ਕਰਨ ਵਾਸਤੇ ਵਕਤ ਮੰਗਿਆ ਤਾਂ ਉਸ ਨੇ ਆਖਿਆ ਕਿ ਉਹ ਬੱਬਰਾਂ ਨੂੰ ਗੱਲ-ਬਾਤ ਕਰਨ ਲਈ ਡਿਉਢੀ ਵਿਚ ਬੁਲਾਏਗਾ। ਜਦ ਬੱਬਰ ਡਿਉਢੀ ਵਿਚ ਗਏ ਤਾਂ ਉੱਥੇ ਚਾਰ ਇਖ਼ਲਾਕੀ ਕੈਦੀ ਭੀ ਸੱਦੇ ਹੋਏ ਸਨ। ਇਹ ਚਾਰ ਕੈਦੀ ਪੰਜਾਬ ਤੋਂ ਬੱਬਰਾਂ ਦੇ ਚਲਾਨ ਦੇ ਨਾਲ ਹੀ ਆਏ ਸਨ, ਇਸ ਲਈ ਗ਼ਲਤੀ ਨਾਲ ਦਰੋਗੇ ਨੇ ਉਹਨਾਂ ਨੂੰ ਭੀ ਬੱਬਰਾਂ ਦੇ ਨਾਲ ਹੀ ਬੁਲਾ ਲਿਆ। ਉਹਨਾਂ ਵਿਚੋਂ ਤਿੰਨਾਂ ਦੇ ਨਾਂ ਮੁਨਸ਼ਾ ਸਿੰਘ, ਗਿਆਨ ਸਿੰਘ ਅਤੇ ਊਧਮ ਸਿੰਘ ਸਨ । ਪਰ ਦਰੋਗਾ ਬੇਸੁਰਤੀ ਵਿਚ ਉਨ੍ਹਾਂ ਦੇ ਨਾਂ ਮਾਨ ਸਿੰਘ, ਸੁਰੈਣ ਸਿੰਘ ਤੇ ਊਧਮ ਸਿੰਘ ਪੜ੍ਹਦਾ ਸੀ। ਇਹਨਾਂ ਨਾਵਾਂ ਦਾ ਕੋਈ ਆਦਮੀ ਨਹੀਂ ਸੀ, ਬੋਲੇ ਕੌਣ? ਚੀਫ਼ ਕਮਿਸ਼ਨਰ ਬੜਾ ਹੈਰਾਨ ਹੋਇਆ। ਅਖ਼ੀਰ ਉਨ੍ਹਾਂ ਨੂੰ ਮੈਂ ਅਸਲੀਅਤ ਦੱਸੀ ਤਾਂ ਦਰੋਗਾ ਬੜਾ ਸ਼ਰਮਿੰਦਾ ਹੋਇਆ।
ਹੁਣ ਜੇਲ੍ਹ ਅੰਦਰ ਦੇ ਭੈੜੇ ਸਲੂਕ ਤੇ ਆਪਣੀ ਕੋਠੀ-ਬੰਦੀ ਬਾਰੇ ਮੈਂ ਵਜ਼ਾਹਤ ਕੀਤੀ ਤਾਂ ਚੀਫ਼ ਕਮਿਸ਼ਨਰ ਬੋਲਿਆ, “ਗੱਲਾਂ ਤਾਂ ਸੁੰਦਰ ਸਿੰਘ, ਤੇਰੀਆਂ ਠੀਕ ਹਨ, ਪਰ ਤੂੰ ਇਕ ਬੇਵਕੂਫੀ ਕੀਤੀ ਕਿ ਕੰਮ ਛੱਡ ਦਿੱਤਾ।” ਮੈਂ ਸਾਰੀ ਕਹਾਣੀ ਸੁਣਾ ਕੇ ਆਖਿਆ, “ਬੇਵਕੂਫ਼ ਤਾਂ ਇਹ ਜੇਲ੍ਹ ਅਫ਼ਸਰ ਹਨ, ਜਿਹੜੇ ਹੈਂਕੜਬਾਜ਼ੀ ਕਰਦੇ ਹਨ ਤੇ ਹੁਣ ਨਾਂ ਭੀ ਉਲਟ-ਪੁਲਟ ਪੜ੍ਹਦੇ ਹਨ। ਜਦੋਂ ਚੀਫ਼ ਕਮਿਸ਼ਨਰ ਨੇ ਬੱਬਰਾਂ ਨੂੰ ਪੁੱਛਿਆ ਕਿ ਕੀ ਉਹ ਮਲਕ ਵਿਚੋਂ ਖ਼ੁਸ਼ੀ ਨਾਲ ਆਏ ਸਨ, ਤਾਂ ਬੱਬਰਾਂ ਨੇ ਨਾਂਹ ਵਿਚ ਉੱਤਰ ਦਿੱਤਾ। ਇਸ ਪੁਰ ਉਸ ਨੇ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਜਾਇਜ਼ ਮੰਗਾਂ ਲਈ ਪੰਜਾਬ ਸਰਕਾਰ ਪੁਰ ਦਬਾ ਪਾਏਗਾ।
ਭੁੱਖ-ਹੜਤਾਲ
ਕੁਝ ਦਿਨਾਂ ਮਗਰੋਂ ਕਰਮ ਸਿੰਘ ਝਿੰਗੜ, ਠਾਕਰ ਸਿੰਘ ਭਾਰਟਾ, ਪਿਆਰਾ ਸਿੰਘ ਧਾਮੀਆਂ, ਬਚਿੰਤ ਸਿੰਘ ਦੁਮੁੰਡਾ, ਮਾਨ ਸਿੰਘ ਆਦਿ ਅੱਠ ਹੋਰ ਬੱਬਰ ਕਾਲੇ ਪਾਣੀ ਪਹੁੰਚ ਗਏ। ਉਹਨਾਂ ਨੂੰ ਰਾਹ ਵਿਚ ਬਠਿੰਡੇ ਸਟੇਸ਼ਨ ਉਪਰ ਪਤਾ ਲੱਗ ਗਿਆ ਸੀ ਕਿ ਪੰਜਾਬ ਹਕੂਮਤ ਆਪਣੇ ਕੈਦੀਆਂ ਨੂੰ ਕਾਲੇ ਪਾਣੀ ਤੋਂ ਵਾਪਸ ਬੁਲਾਉਣ ਬਾਰੇ ਸੋਚ ਰਹੀ ਸੀ। ਹਕੂਮਤ ਪੁਰ ਹੋਰ ਦਬਾ ਪਾਉਣ ਵਾਸਤੇ ਬੱਬਰਾਂ ਨੇ ਕਾਲੇ ਪਾਣੀ ਵਿਚ ਭੁੱਖ-ਹੜਤਾਲ ਕਰ ਦਿੱਤੀ, ਜੋ 28 ਦਿਨ ਜਾਰੀ ਰਹੀ। ਆਖ਼ਰ ਜੇਲ੍ਹ-ਅਫ਼ਸਰਾਂ ਨੇ ਦੱਸਿਆ ਕਿ ਹਕੂਮਤ ਪੰਜਾਬ ਨੇ ਫ਼ੈਸਲਾ ਕਰ ਦਿੱਤਾ ਹੈ ਕਿ ਕੋਈ ਭੀ ਰਾਜਸੀ ਕੈਦੀ ਅੰਡੇਮਾਨ ਨਹੀਂ ਭੇਜਿਆ ਜਾਏਗਾ ਤੇ ਇਖ਼ਲਾਕੀ ਕੈਦੀ ਭੀ ਉਸ ਦੀ ਮਰਜ਼ੀ ਵਿਰੁੱਧ ਉੱਥੇ ਨਹੀਂ ਘੱਲਿਆ ਜਾਵੇਗਾ। ਜੇਲ੍ਹ-ਅਫ਼ਸਰਾਂ ਨੇ ਇਹ ਭੀ ਦੱਸਿਆ ਕਿ ਬੱਬਰਾਂ ਨੂੰ ਕੁਝ ਦਿਨਾਂ ਤਕ ਵਾਪਸ ਪੰਜਾਬ ਭੇਜ ਦਿੱਤਾ ਜਾਏਗਾ। ਵਾਪਸੀ ਦੇ ਦਿਨ ਤਕ ਬੱਬਰਾਂ ਦੀਆਂ ਇਹ ਮੰਗਾਂ ਭੀ ਮੰਨ ਲਈਆਂ ਕਿ :
(1) ਪੰਜਾਬੀਆਂ ਦਾ ਲੰਗਰ ਵੱਖਰਾ ਹੋਵੇਗਾ, ਕਿਉਂਕਿ ਦੂਜੇ ਸੂਬਿਆਂ ਵਾਲੇ ਪੰਜਾਬੀ ਖ਼ੁਰਾਕ ਤਿਆਰ ਨਹੀਂ ਸਨ ਕਰ ਸਕਦੇ। (2) ਹਫ਼ਤੇਵਾਰ ਇਕ ਛਟਾਂਕ ਤੇਲ ਤੇ ਇਕ ਟਿੱਕੀ ਸਾਬਣ ਮਿਲੇਗਾ ।
ਕੁਝ ਚਿਰ ਬਾਅਦ ਹਕੂਮਤ ਪੰਜਾਬ ਨੇ ਕਾਲੇ ਪਾਣੀ ਬੰਦ ਕਰ ਦੇਣ ਦਾ ਐਲਾਨ ਕਰ ਦਿੱਤਾ ਅਤੇ ਬੱਬਰਾਂ ਨੂੰ ਪੰਜਾਬ-ਜੇਲ੍ਹਾਂ ਵਿਚ ਵਾਪਸ ਲੈ ਆਂਦਾ । ਇਹ ਵਾਕਿਆ 1927 ਦਾ ਹੈ।
ਖੂੰਡੇ-ਮਾਰ ਦਰੋਗਾ
ਲਾਹੌਰ ਜੇਲ੍ਹ ਦਾ ਦਰੋਗਾ ਕੈਦੀਆਂ ਉੱਤੇ ਬਹੁਤ ਨਾਜਾਇਜ਼ ਰੋਹਬ ਰੱਖਦਾ ਸੀ, ਤੇ ਥੋੜੀ ਜਿਹੀ ਗੱਲ ਬਦਲੇ ਕੈਦੀਆਂ ਨੂੰ ਆਪਣੇ ਖੂੰਡੇ ਨਾਲ ਮਾਰਨ ਲੱਗ ਪੈਂਦਾ ਸੀ, ਇਸ ਲਈ ਉਸ ਦਾ ਨਾਂ ਖੂੰਡੇ-ਮਾਰ ਦਰੋਗਾ ਪੈ ਗਿਆ ਸੀ । ਉਸ ਨੇ ਸੋਚਿਆ ਕਿ ਬੱਬਰਾਂ ਉਪਰ ਆਉਂਦੇ-ਸਾਰ ਰੋਹਬ ਜਮਾ ਲਿਆ ਜਾਏ। ਇਕ ਦਿਨ ਉਸ ਨੇ ਕੈਦੀਆਂ ਵਿਚ ਜਾ ਕੇ ਪੁੱਛਿਆ, “ਜਿਸ ਨੇ ਕੋਈ ਸਵਾਲ ਕਰਨਾ ਹੋਵੇ, ਕਰੋ।”
ਮੈਂ ਇਕ ਸਵਾਲ ਕਰਨ ਉਠਿਆ। ਅਜੇ ਮੈਂ ਮਸਾਂ ਮੂੰਹ ਹੀ ਖੋਲ੍ਹਿਆ ਸੀ ਕਿ ਦਰੋਗਾ ਕਿਲ੍ਹ ਕੇ ਬੋਲਿਆ, “ਸਿੱਧਾ ਖੜੋ।” ਮੈਂ ਉਸ ਦੇ ਕਹਿਣ ਮੁਤਾਬਕ ਠੀਕ ਹੋ ਕੇ ਖੜ ਗਿਆ। ਪਰ ਫੇਰ ਵੀ ਉਹ ਰੋਹਬ ਨਾਲ ਕੜਕਿਆ, “ਲੱਤਾਂ ਸਿੱਧੀਆਂ ਕਰ।” ਮੈਂ ਸਮਝ ਲਿਆ ਕਿ ਇਹ ਸਿਰਫ਼ ਰੋਹਬ ਪਾਉਣ ਅਤੇ ਬੱਬਰਾਂ ਨੂੰ ਜ਼ਲੀਲ ਕਰਨ ਦੀ ਨੀਅਤ ਨਾਲ ਸਭ ਕੁਝ ਕਰ ਰਿਹਾ ਹੈ। ਅੱਜ ਮੈਂ ਭੀ ਦੋ ਹੱਥ ਕਰਨ ਦੀ ਠਾਣ ਕੇ ਰੋਹ ਵਿਚ ਆ ਕੇ ਆਖਿਆ, “ਜਾਹ ਦਫ਼ਾ ਹੋ ਇਥੋਂ, ਮੈਂ ਤੇਰੇ ਪਾਸ ਸਵਾਲ ਹੀ ਨਹੀਂ ਕਰਦਾ। ਮੈਂ ਤਾਂ ਸਮਝਿਆ ਸੀ, ਤੂੰ ਆਦਮੀ ਏਂ।”
ਦਰੋਗਾ-ਲਿਆਉ ਇਹਦਾ ਟਿਕਟ।
ਮੈਂ-ਆਪਣਾ ਟਿਕਟ ਉਸ ਵੱਲ ਵਗਾਹ ਮਾਰਿਆ ਤੇ ਆਖਿਆ, “ਆਹ ਚੁੱਕ ਟਿਕਟ ਤੇ ਹੁਣ ਆਪਣਾ ਪੂਰਾ ਜ਼ੋਰ ਲਾ ਲਈਂ ਤੇ ਕਸਰ ਨਾ ਰੱਖੀਂ।”
ਦਰੋਗਾ-ਅੱਛਾ, ਇਹ ਗੱਲ ਏ!
ਮੈਂ-ਆਹੋ, ਇਹੋ ਗੱਲ ਏ
ਦਰੋਗਾ ਅੰਦਰ-ਖ਼ਾਨਿਓਂ ਘਬਰਾਇਆ ਕਿ ਕਿਤੇ ਸੌ ਆਦਮੀ ਵਿਚ ਉਸ ਦੀ ਬੇਇੱਜ਼ਤੀ ਨਾ ਹੋਵੇ, ਇਸ ਲਈ ਉਹ ਲਾਲ ਪੀਲਾ ਹੁੰਦਾ ਅੱਗੇ ਚਲਿਆ ਗਿਆ। ਵਾਪਸ ਆਇਆ ਤਾਂ ਮੈਂ ਉਸ ਤੋਂ ਬੇਪਰਵਾਹ ਹੁੰਦਾ ਹੋਇਆ ਬੈਠਾ ਰਿਹਾ। ਦਰੋਗਾ ਬੋਲਿਆ, “ਤੂੰ ਬੈਠਾ ਭੀ ਹੋਰ ਹੀ ਤਰ੍ਹਾਂ ਏਂ। ਕੈਦੀਆਂ ਵਾਂਗ ਕਿਉਂ ਨਹੀਂ ਬੈਠਦਾ ?” ਮੈਂ ਨਫ਼ਰਤ ਭਰੇ ਲਹਿਜੇ ਵਿਚ ਆਖਿਆ, “ਜਦ ਮੈਂ ਤੈਨੂੰ ਕੁਝ ਮੰਨਦਾ ਹੀ ਨਹੀਂ ਤਾਂ ਫੇਰ ਕੀ । ਮੈਂ ਤਾਂ ਇਵੇਂ ਹੀ ਬੈਠਾਂਗਾ ।” ਦਰੋਗੇ ਨੇ ਜਾ ਕੇ ਸੁਪ੍ਰਿੰਟੈਂਡੈਂਟ ਪਾਸ ਸ਼ਿਕਾਇਤ ਕੀਤੀ ਕਿ ਭਾਈ ਸੁੰਦਰ ਸਿੰਘ ਬਾਗ਼ੀ ਹੈ।
ਦੂਜੇ ਦਿਨ ਸੁਪ੍ਰਿੰਟੈਂਡੈਂਟ ਆਇਆ ਤਾਂ ਉਸ ਨੇ ਪੁੱਛਿਆ, “ਕਿਉਂ ਭਾਈ ਜੀ, ਕੀ ਗੱਲ ਹੈ ?”
ਮੈਂ ਆਪਣਾ ਟਿਕਟ ਅੱਗੇ ਕਰ ਕੇ ਆਖਿਆ, “ਪਹਿਲਾਂ ਜਿੰਨੀ ਸਜ਼ਾ ਇਹ ਦਰੋਗਾ ਆਖਦਾ ਹੈ, ਇਸ ਟਿਕਟ ਪੁਰ ਲਿਖ ਦਿਓ, ਫੇਰ ਗੱਲ ਕਰਾਂਗਾ।”
ਸੁਪ੍ਰਿੰਟੈਂਡੈਂਟ ਨੇ ਦਿਲ ਵਿਚ ਸਮਝ ਲਿਆ ਕਿ ਵਾਧਾ ਦਰੋਗੇ ਦਾ ਹੀ ਹੋਣਾ ਏਂ । ਉਸ ਨੇ ਮੈਨੂੰ ਫੇਰ ਪੁੱਛਿਆ ਕਿ ‘ਗੱਲ ਤਾਂ ਦੱਸ’। ਮੈਂ ਆਖਿਆ, “ਇਸੇ ਤੋਂ ਪੁੱਛੋ।” ਸੁਪ੍ਰਿੰਟੈਂਡੈਂਟ, “ਤੂੰ ਹੀ ਦੱਸ ਦੇ ।” ਮੈਂ ਸਾਰਾ ਮਾਜਰਾ ਕਹਿ ਸੁਣਾਇਆ। ਇਸ
ਪੁਰ ਸੁਪ੍ਰਿੰਟੈਂਡੈਂਟ ਲਈ ਇਸ ਤੋਂ ਸਿਵਾ ਕੋਈ ਚਾਰਾ ਨਾ ਰਿਹਾ ਕਿ ਦਰੋਗੇ ਨੂੰ ਝਾੜ ਪਾਵੇ। ਉਸ ਨੇ ਆਖਿਆ, “ਤੈਨੂੰ ਕਿਸ ਨੇ ਆਖਿਆ ਸੀ ਕਿ ਬੱਬਰਾਂ ਨੂੰ ਇਸ ਤਰ੍ਹਾਂ ਖੜਾ ਕਰਨਾ ਏਂ। ਤੂੰ ਜੇਲ੍ਹਾਂ ਵਿਚ ਗੜਬੜ ਕਰਾਉਂਦਾ ਰਹਿੰਦਾ ਏਂ।”
ਫੇਰ ਸੁਪ੍ਰਿੰਟੈਂਡੈਂਟ ਨੇ ਮੈਨੂੰ ਦਫ਼ਤਰ ਵਿਚ ਸੱਦ ਕੇ ਆਖਿਆ, “ਤੂੰ ਆਪ ਸਿੱਧਾ ਛੋਟੇ ਅਫ਼ਸਰਾਂ ਦੇ ਗਲ ਨਾ ਪਿਆ ਕਰ, ਇਸ ਤਰ੍ਹਾਂ ਕੈਦੀਆਂ ਉਪਰੋਂ ਰੋਹਬ ਉਡਦਾ ਏ। ਜਿਹੜੀ ਗੱਲ ਹੋਵੇ, ਮੈਨੂੰ ਦੱਸਿਆ ਕਰ।”
ਮੈਂ ਆਖਿਆ, “ਮੈਨੂੰ ਨਾ ਛੇੜਿਆ ਕਰਨ ਤਾਂ ਮੈਂ ਕਾਹਨੂੰ ਕਿਸੇ ਦੇ ਗਲ ਪੈਣਾ ਏ । ਪਰ ਜੇ ਇਹਨਾਂ ਨੇ ਅੜਬੰਗ-ਪੁਣਾ ਜਾਰੀ ਰੱਖਿਆ ਤਾਂ ਮੇਰੇ ਭੀ ਵੱਸ ਦੀ ਗੱਲ ਨਹੀਂ।
ਮੈਂ ਸ਼ਿਕਾਇਤਾਂ ਲਾਉਣ ਨਹੀਂ ਜਾਣਦਾ, ਇਹ ਕੰਮ ਇਹੋ ਕੀਤਾ ਕਰਨ । ਇਸ ਘਟਨਾ ਦਾ ਨਤੀਜਾ ਇਹ ਨਿਕਲਿਆ ਕਿ ਦਰੋਗਾ ਮੁੜ ਕੰਨ ਪਾਇਆ ਨਹੀਂ ਰੜਕਿਆ।
ਗੁਰਪੁਰਬ ਮਨਾਇਆ
ਬੱਬਰ ਸਵੇਰੇ ਸ਼ਾਮ ਰੋਜ਼ ਉੱਚੀ ਉੱਚੀ ਪਾਠ ਕੀਤਾ ਕਰਦੇ ਸਨ, ਇਹ ਗੱਲ ਵੀ ਜੇਲ੍ਹ ਵਾਲਿਆਂ ਨੂੰ ਨਾ ਭਾਈ। ਇਕ ਦਿਨ ਇਸੇ ਗੱਲ ਪੁਰ ਟੱਕਰ ਹੋ ਗਈ। ਦਰੋਗੇ ਨੇ ਹਦਾਇਤ ਭੇਜੀ ਕਿ ਪਾਠ ਹੌਲੀ ਹੌਲੀ ਮੂੰਹ ਵਿਚ ਕਰਨਾ ਚਾਹੀਦਾ ਹੈ। ਬੱਬਰਾਂ ਨੇ ਇਸ ਹੁਕਮ ਨੂੰ ਮੰਨਣ ਤੋਂ ਨਾਂਹ ਕਰ ਦਿੱਤੀ। ਨਤੀਜੇ ਵਜੋਂ ਬੱਬਰਾਂ ਨੂੰ ਕੱਲੇ ‘ਕੱਲੇ ਕਰ ਕੇ ਆਮ ਕੈਦੀਆਂ ਨਾਲ ਬੰਦ ਕਰਨਾ ਅਰੰਭ ਕਰ ਦਿੱਤਾ, ਪਰ ਮਸਲਾ ਹੱਲ ਹੋਣ ਦੀ ਥਾਂ ਵਧੇਰੇ ਫੈਲ ਗਿਆ। ਜਿੱਥੇ ਜਿੱਥੇ ਬੱਬਰ ਰੱਖੇ ਗਏ, ਉਥੋਂ ਦੇ ਕੈਦੀਆਂ ਨੇ ਭੀ ਨਾਲ ਮਿਲ ਕੇ ਉੱਚੀ ਉੱਚੀ ਪਾਠ ਕਰਨਾ ਸ਼ੁਰੂ ਕਰ ਦਿੱਤਾ।
ਬੱਬਰਾਂ ਨੇ ਮੰਗ ਕੀਤੀ ਕਿ ਹਫ਼ਤੇ ਵਿਚ ਮਿਲਣ ਵਾਲੀਆਂ ਦੁਆਨੀਆਂ ਨੂੰ ਇਕੱਠੇ ਕਰ ਕੇ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਦੇ ਖ਼ਾਸ ਖ਼ਾਸ ਤਿਉਹਾਰ ਮਨਾਉਣ ਦੀ ਖੁੱਲ੍ਹ ਦਿੱਤੀ ਜਾਏ। ਉਸ ਵੇਲੇ ਕੱਤਕ ਦਾ ਅਖ਼ੀਰ ਸੀ ਤੇ ਪੋਹ ਸੁਦੀ ਸਪਤਮੀ ਦਸਮ ਗੁਰੂ ਜੀ ਦੇ ਜਨਮ ਦਿਨ ਦਾ ਗੁਰਪੁਰਬ ਸਿਰ ਉੱਤੇ ਸੀ। ਸਾਰੇ ਕੈਦੀਆਂ ਨੇ ਭੀ ਇਸ ਗੁਰਪੁਰਬ ਨੂੰ ਮਨਾਉਣ ਦੀ ਰਜ਼ਾਮੰਦੀ ਦੇ ਦਿੱਤੀ।
ਬੱਬਰਾਂ ਨੇ ਮੰਗ ਕੀਤੀ ਕਿ ਕੁਝ ਕੈਦੀਆਂ ਨੂੰ ਇਕੱਤਰ ਕਰ ਕੇ ਕੜਾਹ ਪਰਸਾਦ ਤਿਆਰ ਕਰਨ ਦੀ ਆਗਿਆ ਦਿੱਤੀ ਜਾਏ। ਪਹਿਲਾਂ ਤਾਂ ਜੇਲ੍ਹ-ਅਫ਼ਸਰਾਂ ਨੇ ਨਾਂਹ ਕਰ ਦਿੱਤੀ। ਫੇਰ ਆਖਿਆ ਕਿ ਮੁਸਲਮਾਨਾਂ ਦੀਆਂ ਦੁਆਨੀਆਂ ਇਕੱਠੀਆਂ ਨਾ ਕੀਤੀਆਂ ਜਾਣ ਕਿਉਂਕਿ ਮੁਸਲਮਾਨ ਕੜਾਹ ਪਰਸਾਦ ਨਹੀਂ ਛਕਣਗੇ । ਪਰ ਬੱਬਰਾਂ ਨੇ ਆਖਿਆ ਕਿ ਸਾਰੇ ਮੁਸਲਮਾਨ ਸਾਡੇ ਨਾਲ ਸਹਿਮਤ ਹਨ। ਜੇ ਕੁਝ ਆਦਮੀ ਕੜਾਹ ਪਰਸਾਦ ਨਾ ਲੈਣ ਤਾਂ ਅਗਲੇ ਹਫ਼ਤੇ ਸਾਡੀਆਂ ਦੁਆਨੀਆਂ ਉਹਨਾਂ ਨੂੰ ਦੇ ਦਿੱਤੀਆਂ ਜਾਣ। ਅਖ਼ੀਰ ਜੇਲ੍ਹ ਵਾਲਿਆਂ ਨੇ ਬੱਬਰਾਂ ਦੀ ਤਜਵੀਜ਼ ਮੰਨ ਲਈ। ਬੱਬਰਾਂ ਨੇ ਖ਼ੁਦ ਕੜਾਹ ਪਰਸਾਦ ਕਰ ਕੇ ਸਾਰੀ ਜੇਲ੍ਹ ਵਿਚ ਵਰਤਾਇਆ ਅਤੇ ਕੁਲ ਮੁਸਲਮਾਨ ਭਰਾਵਾਂ ਨੇ ਵੀ ਬੜੀ ਖ਼ੁਸ਼ੀ ਨਾਲ ਸਵੀਕਾਰ ਕੀਤਾ।
ਜਦੋਂ ਤੀਕ ਬੱਬਰ ਉੱਥੇ ਰਹੇ, ਤਿੰਨ ਪੁਰਬ ਹਿੰਦੂਆਂ ਦੇ, ਤਿੰਨ ਸਿੱਖਾਂ ਦੇ ਤੇ ਤਿੰਨ ਮੁਸਲਮਾਨਾਂ ਦੇ ਹਰ ਸਾਲ ਮਨਾਏ ਜਾਂਦੇ ਰਹੇ। ਇਸ ਤੋਂ ਅਮਲੀ ਤੌਰ ਪੁਰ ਸਾਬਤ ਹੋ ਗਿਆ ਕਿ ਜੇ ਲੁੱਟਣ ਵਾਲੀਆਂ ਜਮਾਤਾਂ ਜਨਤਾ ਨੂੰ ਪਾੜ ਕੇ ਨਾ ਰੱਖਣ ਤਾਂ ਜਨਤਾ ਬਿਲਕੁਲ ਇਕ ਹੋ ਜਾਂਦੀ ਹੈ, ਉਹ ਮਜ਼ਹਬੀ ਵਿਤਕਰੇ ਭੁੱਲ ਜਾਂਦੀ ਹੈ ਤੇ ਫ਼ਸਾਦ ਕਰਨ ਦੀ ਨੌਬਤ ਹੀ ਨਹੀਂ ਆ ਸਕਦੀ।
ਜੇਲ੍ਹ-ਕਮਿਸ਼ਨ
1925 ਵਿਚ ਇਕ ਕਮਿਸ਼ਨ ਨੀਯਤ ਕੀਤਾ ਗਿਆ, ਜਿਸ ਦਾ ਮਕਸਦ ਇਹ ਸੀ ਕਿ ਜੇਲ੍ਹ ਦੇ ਸੁਧਾਰ ਲਈ ਕੈਦੀਆਂ ਦੇ ਬਿਆਨ ਲੈਣ ਦਾ ਕਦਮ ਉਠਾਇਆ ਜਾਵੇ। ਇਸ ਕਮਿਸ਼ਨ ਨੇ ਇਹ ਪਤਾ ਕੀਤਾ ਕਿ ਜੇਲ੍ਹ ਅੰਦਰ ਕੈਦੀਆਂ ਵਿਚ ਨੰਬਰਦਾਰ ਬਣਾਉਣ ਦਾ ਰਿਵਾਜ ਬੜਾ ਨਾਕਸ ਹੈ, ਕਿਉਂਕਿ ਨੰਬਰਦਾਰ ਜੇਲ-ਅਫ਼ਸਰਾਂ ਨੂੰ ਖ਼ੁਸ਼ ਰੱਖਣ ਲਈ ਦੂਜੇ ਕੈਦੀਆਂ ਉੱਤੇ ਬੜਾ ਤਸ਼ੱਦਦ ਕਰਦੇ ਸਨ, ਕੈਦੀਆਂ ਪਾਸੋਂ ਅਫ਼ਸਰਾਂ ਨੂੰ ਰਿਸ਼ਵਤਾਂ ਦਿਵਾਂਦੇ ਸਨ, ਰਾਸ਼ਨ ਤੇ ਜੇਲ੍ਹ ਦੇ ਹੋਰ ਸਾਮਾਨ ਵਿਚੋਂ ਹੇਠ-ਉਪਰ ਕਰਵਾ ਕੇ ਅਫ਼ਸਰਾਂ ਦੇ ਘਰ ਭਰਦੇ ਰਹਿੰਦੇ ਸਨ ਤੇ ਕੈਦੀਆਂ ਨੂੰ ਭੁੱਖੇ ਰੱਖਦੇ ਸਨ। ਇਸ ਲਈ ਜੇਲ੍ਹ-ਕਮਿਸ਼ਨ ਨੇ 1926 ਵਿਚ ਸਿਫ਼ਾਰਸ਼ ਕੀਤੀ ਕਿ ਜੇਲ੍ਹਾਂ ਅੰਦਰ ਨੰਬਰਦਾਰ ਬਣਾਉਣ ਦਾ ਰਿਵਾਜ ਖ਼ਤਮ ਕਰ ਦਿੱਤਾ ਜਾਏ। ਦੂਸਰੇ, ਹਰ ਇਕ ਕੈਦੀ ਦੇ ਨਾਂ ਸਵਾ ਰੁਪਿਆ ਮਹੀਨਾਂ ਜਮ੍ਹਾ ਕੀਤਾ ਜਾਏ। ਇਸ ਵਿਚੋਂ ਦੋ ਆਨੇ ਫ਼ੀ ਹਫ਼ਤਾ ਕੈਦੀ ਨੂੰ ਖਾਣ-ਪੀਣ ਨੂੰ ਦੇ ਦਿੱਤੇ ਜਾਣ ਤੇ ਬਾਕੀ ਦੇ ਉਸ ਦੇ ਨਾਂ ਜਮ੍ਹਾ ਰੱਖੇ ਜਾਣ, ਤੇ ਰਿਹਾਅ ਹੋਣ ਸਮੇਂ ਉਸ ਨੂੰ ਦਿੱਤੇ ਜਾਣ ਜਾਂ ਇਸ ਰਕਮ ਵਿਚੋਂ ਕੈਦੀ ਨੂੰ ਜੁੱਤੀ ਜਾਂ ਕਿਤਾਬਾਂ ਆਦਿ ਖ਼ਰੀਦ ਕੇ ਦਿੱਤੀਆਂ ਜਾਣ।
ਮੁਲਤਾਨ ਜੇਲ੍ਹ ਅੰਦਰ ਘੋਲ
1924 ਦੇ ਸ਼ੁਰੂ ਮਾਰਚ ਵਿਚ ਲਾਹੌਰ ਸੈਂਟਰਲ ਜੇਲ੍ਹ ਵਾਲੇ ਬੱਬਰਾਂ ਨੂੰ ਮੁਲਤਾਨ ਜੇਲ੍ਹ ਵਿਚ ਭੇਜ ਦਿੱਤਾ ਗਿਆ। ਇੱਥੇ ਪਹਿਲਾਂ ਦੀ ਤਰ੍ਹਾਂ ਬਾਟਾ-ਪ੍ਰੇਡ ਦਾ ਹੁਕਮ ਹੋਇਆ। ਬੱਬਰਾਂ ਦੇ ਇਨਕਾਰੀ ਹੋਣ ਪੁਰ ਉਨ੍ਹਾਂ ਨੂੰ ਕੋਠੀ-ਬੰਦ ਕਰ ਦਿੱਤਾ ਗਿਆ। ਚਾਰ ਪੰਜ ਇਖ਼ਲਾਕੀ ਕੈਦੀ ਭੀ ਨਾਲ ਹੋ ਗਏ। ਚੱਕੀ-ਬੰਦ ਕਰ ਕੇ ਅਫ਼ਸਰਾਂ ਨੇ 18 ਸੇਰ ਪੀਹਣ ਨੂੰ ਭੀ ਲਿਆ ਧਰਿਆ। ਬੱਬਰਾਂ ਨੇ ਫ਼ੈਸਲਾ ਕੀਤਾ ਕਿ ਕੋਰਾ ਇਨਕਾਰ ਨਾ ਕੀਤਾ ਜਾਵੇ, ਸਗੋਂ ਸੇਰ ਸੇਰ ਜਾਂ ਦੋ ਦੋ ਸੇਰ ਦਾਣੇ ਪੀਹ ਕੇ ਬਾਕੀ ਦੇ ਪਏ ਰਹਿਣ ਦਿਓ। ਇਸ ਪੁਰ ਕਈ ਭਾਂਤ ਦੀਆਂ ਸਜ਼ਾਵਾਂ ਮਿਲਣ ਲੱਗੀਆਂ; ਕਦੇ ਡੰਡਾ-ਬੇੜੀ, ਕਦੇ ਟਾਟ-ਵਰਦੀ, ਕਦੇ ਹੱਥਕੜੀ ਲਾ ਕੇ ਉਪਰ ਬੰਨ੍ਹ ਦੇਣਾ। ਇਹ ਪਾਬੰਦੀ ਭੀ ਲਾ ਦਿੱਤੀ ਗਈ ਕਿ ਕੋਈ ਜੈਕਾਰਾ ਨਾ ਲਾਵੇ । ਪਰ ਬੱਬਰਾਂ ਨੇ ਇਸ ਪਾਬੰਦੀ ਨੂੰ ਮੰਨਣ ਤੋਂ ਉੱਕਾ ਨਾਂਹ ਕਰ ਦਿੱਤੀ।
ਕਰਤਾਰ ਸਿੰਘ ਗੋਂਦਪੁਰੀ ਨੇ ਇਨ੍ਹਾਂ ਅੰਦਰਲੀਆਂ ਸਖ਼ਤੀਆਂ ਬਾਰੇ ਕਿਸੇ ਤਰ੍ਹਾਂ ਬਾਹਰ ਖ਼ਬਰ ਘੱਲ ਦਿੱਤੀ। ਇਸ ਗੱਲ ਦਾ ਜੇਲ੍ਹ ਵਾਲਿਆਂ ਨੂੰ ਪਤਾ ਲੱਗ ਗਿਆ। ਨਤੀਜੇ ਦੇ ਤੌਰ ਪੁਰ ਗਾਰਦ ਮੰਗਵਾਈ ਗਈ ਤੇ ਕਰਤਾਰ ਸਿੰਘ ਨੂੰ ਬਹੁਤ ਮਾਰਿਆ ਗਿਆ।
ਅਸਲ ਵਿਚ ਜੇਲ੍ਹ-ਅਫ਼ਸਰਾਂ ਨੇ ਇਹ ਮਤਾ ਪਕਾਇਆ ਹੋਇਆ ਸੀ ਕਿ ਬੱਬਰਾਂ ਨੂੰ ਸਖ਼ਤੀ ਨਾਲ ਦਬਾਇਆ ਜਾਵੇ ਤੇ ਕੋਈ ਰੜਕ ਉਹਨਾਂ ਵਿਚ ਬਾਕੀ ਨਾ ਰਹਿਣ ਦਿੱਤੀ ਜਾਵੇ। ਉਸ ਵੇਲੇ ਸੁਪ੍ਰਿੰਟੈਂਡੈਂਟ ਬਿਸ਼ਨ ਦਾਸ ਸੀ ਅਤੇ ਵੱਡਾ ਦਰੋਗਾ ਗੋਕਲ ਚੰਦ ਸੀ। ਇਨ੍ਹਾਂ ਦੋਹਾਂ ਨੇ ਇਸ ਸਖ਼ਤੀ ਦਾ ਪਲੈਨ ਮਿਲ ਕੇ ਬਣਾਇਆ ਸੀ ਤਾਂ ਜੁ ਬੱਬਰਾਂ ਨੂੰ ‘ਸਿੱਧਾ’ ਕੀਤਾ ਜਾਏ। ਬਿਸ਼ਨ ਦਾਸ ਇਕ ਦਿਨ ਅੰਦਰ ਫਿਰਦਾ ਫਿਰਦਾ ਬੱਬਰਾਂ ਦੀਆਂ ਕੋਠੜੀਆਂ ਸਾਹਮਣੇ ਆ ਨਿਕਲਿਆ। ਕਹਿਣ ਲੱਗਾ, “ਤੁਸੀਂ ਸੁਬਹ ਸ਼ਾਮ ਸ਼ੋਰ ਮਚਾਂਦੇ ਹੋ, ਹੁਕਮ ਦੀ ਪਾਲਣਾ ਨਹੀਂ ਕਰਦੇ ਤੇ ਮੇਰੇ ਨਾਲ ਟੱਕਰ ਲੈਣਾ ਚਾਹੁੰਦੇ ਹੋ।” ਮੈਂ ਸੁੰਦਰ ਸਿੰਘ ਨੇ ਉੱਤਰ ਦਿੱਤਾ ਕਿ ਅਸੀਂ ਭਜਨ-ਬੰਦਗੀ ਕਰਦੇ ਤੇ ਸਿਖ ਮਰਯਾਦਾ ਅਨੁਸਾਰ ਜੈਕਾਰੇ ਛੱਡਦੇ ਹਾਂ। ਇਸ ਨੂੰ ਸ਼ੋਰ ਨਹੀਂ ਕਹਿਣਾ ਚਾਹੀਦਾ। ਬਾਕੀ ਰਹੀ ਟੱਕਰ ਲੈਣ ਦੀ ਗੱਲ, ਸੋ ਤੇਰੇ ਨਾਲ ਟੱਕਰ ਕਾਹਦੀ। ਅਸੀਂ ਤਾਂ ਤੇਰੇ ਬਾਦਸ਼ਾਹ ਜਾਰਜ ਪੰਚਮ ਨਾਲ ਟੱਕਰ ਲਈ ਹੋਈ ਹੈ । ਤੂੰ ਪਤਾ ਨਹੀਂ ਆਪਣੇ ਆਪ ਨੂੰ ਬਾਦਸ਼ਾਹ ਦਾ ਕੀ ਸਮਝਦਾ ਏਂ ?”
ਦਰੋਗੇ ਪਾਸ ਇਕ ਡੰਡਾ ਸੀ। ਉਸ ਨੇ ਮੈਨੂੰ ਸੀਖਾਂ ਦੇ ਵਿਚ ਦੀ ਹੁਝ ਮਾਰੀ । ਮੈਂ ਡੰਡਾ ਫੜ ਲਿਆ ਤੇ ਸੀਖਾਂ ਨਾਲ ਪੈਰ ਅੜਾ ਕੇ ਦਰੋਗੇ ਪਾਸੋਂ ਖੋਹ ਲਿਆ। ਬੱਸ ਫੇਰ ਕੀ ਸੀ, ਸੀਟੀਆਂ ਵੱਜ ਗਈਆਂ। ਨੰਬਰਦਾਰ ਗਿਰਝਾਂ ਵਾਂਗ ਆ ਜਮ੍ਹਾ ਹੋਏ ਤੇ ਕੋਠੜੀ ਖੋਲ੍ਹ ਕੇ ਅੰਦਰ ਦਾਖ਼ਲ ਹੋ ਗਏ। ਮੈਨੂੰ ਬਹੁਤ ਕੁੱਟਿਆ ਮਾਰਿਆ ਗਿਆ। ਮੈਂ ਲਗਾਤਾਰ ਜੈਕਾਰੇ ਛੱਡਦਾ ਰਿਹਾ। ਮੁਨਸ਼ਾ ਸਿੰਘ ਜੌਹਲ ਤੇ ਨੱਥਾ ਸਿੰਘ (ਗੁਰਦਾਸਪੁਰ ਜ਼ਿਲ੍ਹੇ ਦਾ ਇਖ਼ਲਾਕੀ ਕੈਦੀ) ਨਾਲ ਦੀਆਂ ਕੋਠੜੀਆਂ ਵਿਚੋਂ ਜੈਕਾਰੇ ਛੱਡਦੇ ਰਹੇ। ਆਖ਼ਰ ਮੈਨੂੰ ਬੇਹੋਸ਼ ਕਰ ਕੇ ਨੰਬਰਦਾਰ ਬੱਬਰ ਮੁਨਸ਼ਾ ਸਿੰਘ ਤੇ ਨੱਥਾ ਸਿੰਘ ਦੇ ਉਦਾਲੇ ਹੋ ਗਏ ਤਾਂ ਮੈਂ ਫੇਰ ਉਠ ਖਲੋਤਾ ਤੇ ਜੈਕਾਰੇ ਛੱਡਣ ਲੱਗ ਪਿਆ। ਨੰਬਰਦਾਰ ਮੁੜ ਮੈਨੂੰ ਮਾਰਨ ਲੱਗ ਪਏ, ਏਥੋਂ ਤਕ ਕਿ ਉਹ ਆਪ ਹੀ ਥੱਕ ਟੁੱਟ ਕੇ ਹਟ ਗਏ ਪਰ ਮੈਂ ਜੈਕਾਰੇ ਛੱਡਣੋਂ ਬੰਦ ਨਹੀਂ ਹੋਇਆ।
ਦੂਜੇ ਦਿਨ ਮੁਨਸ਼ਾ ਸਿੰਘ ਤੇ ਨੱਥਾ ਸਿੰਘ ਨੂੰ ਤੀਹ ਤੀਹ ਬੈਂਤਾਂ ਦੀ ਸਜ਼ਾ ਦਿੱਤੀ ਗਈ। ਇਹ ਦੋਵੇਂ ਸ਼ੇਰ ਬੈਂਤਾਂ ਖਾਂਦੇ ਗਏ ਤੇ ਜੈਕਾਰੇ ਬੁਲਾਂਦੇ ਗਏ, ਭਬਕਾਂ ਮਾਰਦੇ ਰਹੇ। ਬਾਅਦ ਵਿਚ ਗੋਕਲ ਚੰਦ ਮੇਰੀ ਕੋਠੀ ਦੇ ਸਾਹਮਣੇ ਆ ਕੇ ਕਹਿਣ ਲੱਗਾ, “ਕਿਉਂ, ਕੀ ਮਰਜ਼ੀ ਹੈ, ਕਲ੍ਹ ਨੂੰ ਤੂੰ ਭੀ ਬੈਂਤਾਂ ਖਾਣੀਆਂ ਹਨ ?” ਭਾਈ ਨੇ ਆਖਿਆ, “ਬੜੀ ਖ਼ੁਸ਼ੀ ਨਾਲ ਤਿਆਰ ਹਾਂ, ਤੂੰ ਤਾਂ ਕੁੱਤਾ ਹੀ ਹੋ ਨਿਕਲਿਆ।”
ਦਰੋਗਾ-ਤੇਰੀ ਮੇਰੀ ਸ਼ਕਲ ਵਿਚ ਫ਼ਰਕ ਨਹੀਂ। ਜੇ ਤੂੰ ਬੰਦਾ ਏਂ ਤਾਂ ਮੈਂ ਭੀ ਬੰਦਾ ਹਾਂ, ਜੇ ਤੂੰ ਕੁੱਤਾ ਏਂ ਤਾਂ ਮੈਨੂੰ ਭੀ ਕੁੱਤਾ। ਨੰਬਰਦਾਰੋ, ਖੋਲ੍ਹੋ ਬੂਹਾ।
ਮੈਂ—ਜੇ ਪਿਓ ਦਾ ਪੁੱਤ ਏਂ ਤਾਂ ਇਕੱਲਾ ਆਵੀਂ, ਨੰਬਰਦਾਰਾਂ ਦੀ ਧਾੜ ਦਾ ਕੀ ਕੰਮ ਹੈ ?
ਦਰੋਗਾ-ਚੰਗਾ।
ਗੋਕਲ ਚੰਦ ਇਕ ਮੋਟਾ ਦਿਓ ਸੀ| ਮੁਫ਼ਤ ਦੀਆਂ ਖਾਧੀਆਂ ਹੋਈਆਂ ਸਨ। ਉਸ ਨੂੰ ਖ਼ਿਆਲ ਸੀ, ਮੈਨੂੰ ਪੀਹ ਦੇਵੇਗਾ, ਮੇਰਾ ਕਚੂਮਰ ਕੱਢ ਦੇਵੇਗਾ। ਮੈਂ ਕੱਦ ਦਾ ਹੌਲਾ, ਪਰ ਲੋਹੇ ਵਰਗਾ ਸਾਂ । ਦਰੋਗਾ ਮੇਰੇ ਗਲ ਨੂੰ ਪਿਆ ਤੇ ਮੈਂ ਉਸ ਦੀਆਂ ਲੱਤਾਂ ਨੂੰ ਪੈ ਗਿਆ । ਦਰੋਗੇ ਦਾ ਤਵਾਜ਼ਨ ਵਿਗੜਨ ਦੀ ਦੇਰ ਸੀ, ਦਹਿਸਿਰ ਵਾਂਗ ਖੱਡੀ ਉਪਰ ਡਿੱਗ ਪਿਆ ਤੇ “ਮਰ ਗਿਆ ਓਏ, ਮਰ ਗਿਆ ਓਏ” ਦੀ ਦੁਹਾਈ ਪਾ ਦਿੱਤੀ। ਨੰਬਰਦਾਰ ਅੰਦਰ ਆ ਗਏ। ਮੇਰੀ ਤੇ ਦਰੋਗੇ ਦੀ ਜੰਗ ਖ਼ਤਮ ਹੋ ਗਈ। ਹੁਣ ਨੰਬਰਦਾਰਾਂ ਹੱਥੋਂ ਮੈਨੂੰ ਹੋਰ ਮਾਰ ਖਾਣੀ ਪਈ। ਤੇ ਦੂਜੇ ਦਿਨ ਮੇਰੀ ਬੈਂਤਾਂ ਦੀ ਵਾਰੀ ਆ ਗਈ। ਮੈਨੂੰ ਕੋਠੀ ਵਿਚੋਂ ਬਾਹਰ ਕੱਢਿਆ ਗਿਆ। ਸਿਵਲ ਸਰਜਨ ਨੇ ਆਖਿਆ ਕਿ ਇਸ ਦੀ ਸਿਹਤ ਕਮਜ਼ੋਰ ਹੈ, ਸ਼ਾਇਦ ਬੈਂਤਾਂ ਦੀ ਸਜ਼ਾ ਬਰਦਾਸ਼ਤ ਨਾ ਕਰ ਸਕੇ। ਦਰੋਗੇ ਨੇ ਆਖਿਆ, “ਫ਼ਸਾਦ ਦੀ ਜੜ੍ਹ ਤਾਂ ਇਹੋ ਹੈ।” ਬੈਂਤਾਂ ਲਾਉਣ ਵਾਲੇ ਨੂੰ ਆਖਿਆ, “ਐਸੀਆਂ ਲਾਵੀਂ ਜੁ ਸਾਰੀ ਉਮਰ ਚੇਤੇ ਕਰੋ।”
ਮੈਨੂੰ ਟਿਕ-ਟਿਕੀ ਪੁਰ ਬੰਨ੍ਹਿਆ ਗਿਆ। ਇਧਰ ਬੈਂਤਾਂ ਦੀ ਮਾਰ ਸ਼ੁਰੂ ਹੋ ਗਈ, ਉਧਰ ਦਾਸ ਨੇ ਜਪੁਜੀ ਸਾਹਿਬ ਦਾ ਪਾਠ ਅਰੰਭ ਦਿੱਤਾ । ਬੈਂਤ ਲੱਗਣ ਵੇਲੇ ਮੈਂ ਜੈਕਾਰਾ ਛੱਡਦਾ ਤੇ ਫੇਰ ਪਾਠ ਕਰਨ ਲੱਗ ਪੈਂਦਾ। ਬੈਂਤਾਂ ਖੂਬ ਟਿਕਾਅ ਟਿਕਾਅ ਕੇ ਲੱਗ ਰਹੀਆਂ ਸਨ। ਇਧਰ 30 ਬੈਂਤਾਂ ਲੱਗ ਚੁੱਕੀਆਂ, ਉਧਰ ਜਪੁਜੀ ਸਾਹਿਬ ਦਾ ਪਾਠ ਪੂਰਾ ਹੋ ਗਿਆ। ਮੈਨੂੰ ਟਿਕ-ਟਿਕੀ ਤੋਂ ਖੋਲ੍ਹਿਆ ਤਾਂ ਮੈਂ ਬੈਠਕਾਂ ਤੇ ਡੰਡ ਕੱਢਣੇ ਸ਼ੁਰੂ ਕਰ ਦਿੱਤੇ ਤੇ ਦਰੋਗੇ ਨੂੰ ਵੰਗਾਰ ਕੇ ਆਖਿਆ, “ਗੋਕਲ ਚੰਦਾ, ਕੋਈ ਹੋਰ ਜ਼ੋਰ ਹੈ। ਤਾਂ ਲਾ ਦੇਖ।” ਪਰ ਦਰੋਗਾ ਤਾਂ ਆਖ਼ਰੀ ਤੀਰ ਆਪਣੇ ਤਰਕਸ਼ ਵਿਚੋਂ ਛੱਡ ਚੁੱਕਾ ਸੀ। ਇਸ ਤੋਂ ਵੱਧ ਉਹ ਕੀ ਕਰ ਸਕਦਾ ਸੀ।
ਆਖ਼ਰ ਇਹਨਾਂ ਸਖ਼ਤੀਆਂ ਦਾ ਬਾਹਰ ਪਤਾ ਲੱਗਾ ਤੇ ਜਨਤਾ ਬੇਚੈਨ ਹੋਣ ਲੱਗੀ । ਉਹਨਾਂ ਦੇ ਸੂਰਬੀਰ ਕੋਹੇ ਜਾ ਰਹੇ ਸਨ । ਬਾਹਰ ਰੋਸ ਫੈਲਣ ਲੱਗਾ ਕਿ ਬੱਬਰਾਂ ਪੁਰ ਨਾਜਾਇਜ਼ ਹੋ ਰਹੀਆਂ ਹਨ। ਉਹਨਾਂ ਨੂੰ ਕੋਠੀ-ਬੰਦ ਰੱਖਿਆ ਜਾਂਦਾ ਹੈ ਤੇ ਹੋਰ ਅਤਿਆਚਾਰ ਹੋ ਰਹੇ ਹਨ। ਬਾਹਰਲੀ ਐਜੀਟੇਸ਼ਨ ਨੇ ਜੇਲ੍ਹ-ਅਫ਼ਸਰਾਂ ਦੀ ਹੋਸ਼ ਟਿਕਾਣੇ ਲਿਆ ਦਿੱਤੀ, ਜੋ ਉਸ ਮੁਲਾਕਾਤ ਤੋਂ ਜ਼ਾਹਰ ਹੈ ਜੋ ਦਰੋਗੇ ਨੇ ਮੇਰੇ ਨਾਲ ਕੀਤੀ। ਇਕ ਦਿਨ ਦਰੋਗਾ ਮੇਰੇ ਪਾਸ ਆ ਕੇ ਮਿੰਨਤਾਂ ਕਰਨ ਲੱਗਾ। ਇਉਂ ਆਖੋ ਕਿ ਚਰਨੀਂ ਆਣ ਲੱਗਾ ਤੇ ਆਖਣ ਲੱਗਾ, “ਭਾਵੇਂ ਜੁੱਤੀਆਂ ਮਾਰ ਲੈ, ਪਰ ਹੁਣ ਚੱਕੀਓਂ ਬਾਹਰ ਆ ਜਾ।” ਮੈਂ ਪਹਿਲਾਂ ਤਾਂ ਦਰੋਗੇ ਨਾਲ ਗੱਲ-ਬਾਤ ਕਰਨ ਤੋਂ ਨਾਂਹ ਕੀਤੀ, ਪਰ ਦੂਜੇ ਸਾਥੀਆਂ ਦੇ ਕਹਿਣ-ਸੁਣਨ ਪੁਰ ਮੈਂ ਕੋਠੀ ਛੱਡ ਦਿੱਤੀ। ਦਰੋਗੇ ਨੇ ਆਖਿਆ, “ਇਸ ਸੁਲਹ ਦੀ ਖ਼ੁਸ਼ੀ ਵਿਚ ਹੁਣ ਜੈਕਾਰੇ ਛੱਡੋ।” ਬਾਟਾ-ਪ੍ਰੇਡ ਵੀ ਖ਼ਤਮ ਹੋ ਗਈ।
ਭਗਤ ਸਿੰਘ ਹੋਰਾਂ ਦੀ ਭੁੱਖ-ਹੜਤਾਲ ਵਿਚ ਸ਼ਾਮਲ ਹੋਣਾ
ਸਤੰਬਰ 1929 ਵਿਚ ਸ: ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਭੁੱਖ-ਹੜਤਾਲ ਸ਼ੁਰੂ ਕਰ ਦਿੱਤੀ । ਬਾਬਾ ਸੋਹਣ ਸਿੰਘ ਹੋਰਾਂ ਦਾ ਸੁਨੇਹਾ ਆਇਆ ਤਾਂ ਪੰਜ ਬੱਬਰਾਂ-ਮੈਂ ਸੁੰਦਰ ਸਿੰਘ, ਕਰਮ ਸਿੰਘ ਝਿੰਗੜ, ਕਰਤਾਰ ਸਿੰਘ ਗੋਂਦਪੁਰ, ਠਾਕਰ ਸਿੰਘ ਭਾਰਟਾ ਤੇ ਬਚਿੰਤ ਸਿੰਘ ਦੁਮੁੰਡਾ ਨੇ ਹਮਦਰਦੀ ਵਿਚ ਭੁੱਖ-ਹੜਤਾਲ ਕਰ ਦਿੱਤੀ । ਲਗਭਗ ਤਿੰਨ ਸਾਢੇ ਤਿੰਨ ਮਹੀਨੇ ਪਿੱਛੋਂ ਭਗਤ ਸਿੰਘ ਹੋਰਾਂ ਭੁੱਖ-ਹੜਤਾਲ ਛੱਡ ਦਿੱਤੀ। ਇਹ ਭੁੱਖ-ਹੜਤਾਲ ਰਾਜਸੀ ਕੈਦੀਆਂ ਵਾਸਤੇ ਜੇਲ੍ਹ ਅੰਦਰ ਰਾਜਸੀ ਕਲਾਸ ਬਣਵਾਉਣ ਲਈ ਸੀ। ਇਸ ਦੇ ਨਤੀਜੇ ਵਜੋਂ ਇਕ ਕਮਿਸ਼ਨ ਇਸ ਮਾਮਲੇ ਪੁਰ ਰਿਪੋਰਟ ਕਰਨ ਵਾਸਤੇ ਮੁਕੱਰਰ ਹੋਇਆ। ਭਗਤ ਸਿੰਘ ਹੋਰਾਂ ਦੇ ਭੁੱਖ-ਹੜਤਾਲ ਛੱਡਣ ਉਤੇ ਸ: ਮੰਗਲ ਸਿੰਘ ਅਤੇ ਡਾ: ਕਿਚਲੂ ਬੱਬਰਾਂ ਦੀ ਭੁੱਖ-ਹੜਤਾਲ ਛੁਡਾਉਣ ਵਾਸਤੇ ਆਏ, ਤਾਂ ਜੇਲ੍ਹ ਵਾਲਿਆਂ ਨੇ ਮੁਲਾਕਾਤ ਦੀ ਇਜਾਜ਼ਤ ਨਾ ਦਿੱਤੀ । ਉਹ ਮੁੜਦੇ ਹੋਏ ਸੁਨੇਹਾ ਦੇ ਗਏ ਕਿ ਮਾਸਟਰ ਮੋਤਾ ਸਿੰਘ ਅਤੇ ਸ: ਸਰਦੂਲ ਸਿੰਘ ਕਵੀਸ਼ਰ ਹੋਰੀਂ ਡੀ ਬੱਬਰਾਂ ਨੂੰ ਭੁੱਖ-ਹੜਤਾਲ ਛੱਡ ਦੇਣ ਦੀ ਸਲਾਹ ਦੇਂਦੇ ਸਨ । ਪਰ ਬੱਬਰਾਂ ਨੇ ਉਦੋਂ ਤੀਕ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ, ਜਦੋਂ ਤੀਕ ਕੋਈ ਜ਼ਿੰਮੇਵਾਰ ਮਿਲ ਕੇ ਸਾਰੀ ਗੱਲ ਨਾ ਦੱਸੇ। ਲਾਲਾ ਬੋਧ ਰਾਜ, ਮੈਂਬਰ ਪੰਜਾਬ ਕੌਂਸਲ, ਅਖ਼ੀਰ ਜੇਲ੍ਹ ਅੰਦਰ ਆਇਆ ਤੇ ਉਸ ਨੇ ਦੱਸਿਆ ਕਿ ਕਾਂਗਰਸ ਅਤੇ ਸ਼੍ਰੋਮਣੀ ਕਮੇਟੀ ਨੇ ਭੁੱਖ-ਹੜਤਾਲ ਛੱਡਣ ਦੇ ਹੱਕ ਵਿਚ ਮਤੇ ਪਾਸ ਕਰ ਦਿੱਤੇ ਹਨ ਅਤੇ ਭਗਤ ਸਿੰਘ ਹੋਰੀਂ ਭੀ ਭੁੱਖ- ਹੜਤਾਲ ਛੱਡ ਚੁੱਕੇ ਹਨ। ਤਦ ਜਾ ਕੇ ਕਿਤੇ ਬੱਬਰ ਭੀ ਭੁੱਖ-ਹੜਤਾਲ ਛੱਡਣ ਪੁਰ ਰਜ਼ਾਮੰਦ ਹੋਏ।
ਇਸ ਭੁੱਖ-ਹੜਤਾਲ ਕਰਕੇ ਬੱਬਰਾਂ ਦਾ ਬਾਹਰ ਚਲਾਨ ਦੇ ਕੇ ਇਕ ਇਕ ਸਾਲ ਸਜ਼ਾ ਹੋਰ ਵਧਾ ਦਿੱਤੀ ਗਈ। ਜੇਲ੍ਹ-ਅਫ਼ਸਰਾਂ ਨੇ ਬੱਬਰਾਂ ਨੂੰ ‘ਦੁਬਾਰੇ’ ਕਰਾਰ ਦਿਵਾ ਕੇ, ਪੰਜ ਹੜਤਾਲ ਕਰ ਚੁੱਕੇ ਬੱਬਰਾਂ ਨੂੰ ਮਿੰਟਗੁਮਰੀ ਜੇਲ੍ਹ ਭਿਜਵਾ ਦਿੱਤਾ।
ਮਿੰਟਗੁਮਰੀ ਅਤੇ ਮੁਲਤਾਨ ਜੇਲ੍ਹਾਂ ਵਿਚ ਹੋਰ ਘੋਲ
ਪਰ ਬੱਬਰਾਂ ਉਪਰ ਇਹ ‘ਦੋਬਾਰਾ’ ਨਾਜਾਇਜ਼ ਲਾਈ ਗਈ ਸੀ, ਕਿਉਂਕਿ ਕੋਈ ਦੁਬਾਰਾ ਸਜ਼ਾ ਨਹੀਂ ਸੀ ਮਿਲੀ, ਸਗੋਂ ਪਹਿਲੀ ਸਜ਼ਾ ਵਧਾਈ ਗਈ ਸੀ। ਇਸ ਲਈ ਇਨ੍ਹਾਂ ਬੱਬਰਾਂ ਨੂੰ ਇਕ ਵਾਰ ਫੇਰ ਇਕਬਾਰੇ ਕਰਾਰ ਦੇ ਕੇ ਮੁਲਤਾਨ ਲਿਆਉਣਾ ਪਿਆ। ਇਥੇ ਕੰਮ ਕਰਨ ਤੋਂ ਇਨਕਾਰੀ ਹੋਣ ਕਰਕੇ ਬੱਬਰਾਂ ਨੂੰ ਚੱਕੀ-ਬੰਦ ਕਰ ਦਿੱਤਾ ਗਿਆ। ਏਥੇ ਕੁਝ ਪਠਾਣ ਕੈਦੀ ਭੀ ਬੰਦ ਸਨ, ਜਿਨ੍ਹਾਂ ਨੂੰ ਚੱਕੀਆਂ ਪੀਂਹਦਿਆਂ ਨੂੰ ਤਿੰਨ ਮਹੀਨੇ ਹੋ ਚੁੱਕੇ ਸਨ । ਬੱਬਰਾਂ ਨੇ ਉਨ੍ਹਾਂ ਨੂੰ ਸਮਝਾਇਆ ਤਾਂ ਉਹ ਭੀ ਸੇਰ ਸੇਰ ਤੇ ਦੋ ਦੋ ਸੇਰ ਪੀਹ ਕੇ ਇਨਕਾਰੀ ਹੋਣ ਲੱਗ ਪਏ।
ਇਹਨਾਂ ਦਿਨਾਂ ਵਿਚ ਸ: ਹਰਨਾਮ ਸਿੰਘ ਚਮਕ ਅਹਿਮਦਗੜ੍ਹ ਡਕੈਤੀ ਕੇਸ ਵਾਲਾ ਇਥੇ ਲਿਆਂਦਾ ਗਿਆ। ਸੁਪ੍ਰਿੰਟੈਂਡੈਂਟ ਨੇ ਉਸ ਨੂੰ ਝਿੜਕਿਆ ਤੇ ਉਸ ਉਪਰ ਰੋਹਬ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਪੁਰ ਪੰਜ ਆਦਮੀਆਂ ਦਾ ਇਕ ਡੈਪੂਟੇਸ਼ਨ ਸੁਪ੍ਰਿੰਟੈਂਡੈਂਟ ਕੋਲ ਪ੍ਰੋਟੈਸਟ ਕਰਨ ਗਿਆ ਤਾਂ ਉਹਨਾਂ ਨੂੰ ਭੀ ਫੜ ਕੇ ਬੰਦ ਕਰ ਦਿੱਤਾ। ਗਿਆ ਤੇ ਇਕ ਆਦਮੀ ਦੇ ਬੈਂਤਾਂ ਲਾ ਦਿੱਤੀਆਂ । ਦੂਜੇ ਦਿਨ ਦਸ ਆਦਮੀ ਡੈਪੂਟੇਸ਼ਨ ਲੈ ਕੇ ਗਏ। ਸੁਪ੍ਰਿੰਟੈਂਡੈਂਟ ਨੇ ਉਹ ਭੀ ਚੱਕੀ-ਬੰਦ ਕਰ ਦਿੱਤੇ। ਤੀਜੇ ਦਿਨ 20 ਤੇ ਚੌਥੇ ਦਿਨ 40 ਆਦਮੀ ਚਲੇ ਗਏ। ਸੁਪ੍ਰਿੰਟੈਂਡੈਂਟ ਫੜ ਫੜ ਚੱਕੀ-ਬੰਦ ਕਰਦਾ ਗਿਆ। ਇਕ ਤਰ੍ਹਾਂ ਦਾ ਮੋਰਚਾ ਲੱਗ ਗਿਆ।
ਜੇਲ੍ਹ-ਅਫ਼ਸਰਾਂ ਨੇ ਸੋਚਿਆ ਕਿ ਬੱਬਰਾਂ ਨੂੰ ਜੇਲ੍ਹ ਤੋਂ ਬਦਲੇ ਬਿਨਾਂ ਕੰਮ ਨਹੀਂ ਚੱਲ ਸਕਦਾ। ਇਸ ਲਈ ਬੱਬਰਾਂ ਦੀ ਬਦਲੀ ਮਿੰਟਗੁਮਰੀ ਜੇਲ੍ਹ ਦੀ ਕਰ ਦਿੱਤੀ । ਇਸ ਪੁਰ ਸਾਰੀ ਮੁਲਤਾਨ ਜੇਲ੍ਹ (ਸਮੇਤ ਨੰਬਰਦਾਰਾਂ, ਕਲਰਕਾਂ ਤੇ ਲਾਂਗਰੀਆਂ) ਕੰਮ ਤੋਂ ਇਨਕਾਰੀ ਹੋ ਬੈਠੀ । ਬੱਬਰਾਂ ਨੇ ਸਮਝਾਇਆ ਕਿ ਲਾਂਗਰੀ ਕੰਮ ਨਾ ਛੱਡਣ ਕਿਉਂਕਿ ਇਸ ਨਾਲ ਸਾਰੇ ਕੈਦੀ ਭੁੱਖੇ ਰਹਿੰਦੇ ਸਨ। ਪਰ ਇਸ ਦੇ ਬਾਵਜੂਦ ਜੋਸ਼ ਵਿਚ ਆ ਕੇ ਉਹਨਾਂ ਭੀ ਲੰਗਰ ਦਾ ਕੰਮ ਛੱਡ ਦਿੱਤਾ। ਸੁਪ੍ਰਿੰਟੈਂਡੈਂਟ ਬਹੁਤ ਘਬਰਾ ਗਿਆ। ਉਸ ਨੇ ਗਾਰਦ ਮੰਗਵਾ ਕੇ, ਕੁੱਟ-ਮਾਰ ਕਰ ਕੇ ਕੁਲ ਕੈਦੀਆਂ ਨੂੰ ਬਾਰਕਾਂ ਤੇ ਕੋਠੀਆਂ ਵਿਚ ਬੰਦ ਕਰ ਦਿੱਤਾ ਅਤੇ ਉਪਰ ਤਾਰਾਂ ਖੜਕਾਂ ਦਿੱਤੀਆਂ ਕਿ ਸਾਰੀ ਜੇਲ੍ਹ ਬਾਗ਼ੀ ਹੋ ਗਈ ਹੈ। ਡਿਪਟੀ ਕਮਿਸ਼ਨਰ ਆਇਆ ਤਾਂ ਉਸ ਨੇ ਵੇਖਿਆ ਕਿ ਸਾਰੇ ਕੈਦੀ ਅੰਦਰ ਬੰਦ ਸਨ, ਅਤੇ ਮਾਰੇ-ਕੁੱਟੇ ਹੋਏ ਸਨ । ਉਸ ਨੇ ਸੁਪ੍ਰਿੰਟੈਂਡੈਂਟ ਨੂੰ ਬਹੁਤ ਝਾੜਾਂ ਪਾਈਆਂ ਅਤੇ ਆਖਿਆ ਕਿ ਸਾਰੀ ਜੇਲ੍ਹ ਦਾ ਉਸ ਦੇ ਵਿਰੁੱਧ ਹੋਣ ਦਾ ਮਤਲਬ ਇਹ ਸੀ ਕਿ ਉਹ ਮੂਰਖ ਅਤੇ ਕਸੂਰੀ ਸੀ । ਡਿਪਟੀ ਕਮਿਸ਼ਨਰ ਨੇ ਉਪਰਲੇ ਅਫ਼ਸਰਾਂ ਨੂੰ ਲਿਖ ਕੇ ਸੁਪ੍ਰਿੰਟੈਂਡੈਂਟ ਨੂੰ ਇਥੋਂ ਬਦਲਵਾ ਕੇ ਲੁਧਿਆਣੇ ਦੀ ਛੋਟੀ ਜੇਲ੍ਹ ਵਿਚ ਭਿਜਵਾ ਦਿੱਤਾ।
ਮਿੰਟਗੁਮਰੀ ਜੇਲ੍ਹ ਵਿਚ ਕੋਠੀਆਂ ਅੰਦਰ ਬੰਦ ਰੱਖਿਆ ਜਾਂਦਾ ਸੀ। ਇਥੋਂ ਦਾ ਸੁਪ੍ਰਿੰਟੈਂਡੈਂਟ ਕੈਦੀਆਂ ਨੂੰ ਨਾਜਾਇਜ਼ ਤੌਰ ਪੁਰ ਤੰਗ ਕੀਤਾ ਕਰਦਾ ਤੇ ਕੁੱਟਦਾ-ਮਾਰਦਾ ਰਹਿੰਦਾ ਸੀ। ਇਕ ਦਿਨ ਬੱਬਰਾਂ ਦੇ ਸਾਹਮਣੇ ਦੀ ਕੋਠੀ ਵਿਚ ਇਕ ਕੈਦੀ ਨੂੰ ਕੁੱਟਿਆ ਗਿਆ। ਇਸ ਪੁਰ ਬੱਬਰਾਂ ਨੇ ਭੁੱਖ-ਹੜਤਾਲ ਕਰ ਦਿੱਤੀ। 40 ਦੇ ਕਰੀਬ ਇਖ਼ਲਾਕੀ ਕੈਦੀ ਭੀ ਨਾਲ ਸ਼ਾਮਲ ਹੋ ਗਏ । ਭੁੱਖ-ਹੜਤਾਲ ਕਰਨ ਦੇ ਦੋਸ਼ ਵਿਚ ਬਾਹਰ ਅਦਾਲਤ ਵਿਚ ਚਲਾਨ ਕਰ ਦਿੱਤਾ ਗਿਆ। ਉਥੇ ਬੱਬਰਾਂ ਨੇ ਅੰਦਰਲੇ ਸਭ ਜ਼ੁਲਮ ਤੇ ਜਬਰ ਖੋਲ੍ਹ ਕੇ ਸੁਣਾਏ। ਇਸ ਪੁਰ ਸੁਪ੍ਰਿੰਟੈਂਡੈਂਟ ਬਹੁਤ ਘਾਬਰਿਆ ਤੇ ਉਸ ਨੇ ਕੁਝ ਕਾਂਗਰਸੀਆਂ ਨੂੰ ਵਿਚ ਪਾ ਕੇ ਮੁਕੱਦਮਾ ਵਾਪਸ ਲੈ ਲਿਆ ਤੇ ਅੱਗੋਂ ਨੂੰ ਠੀਕ ਰਹਿਣ ਦਾ ਭਰੋਸਾ ਦਿਵਾਇਆ। ਮੈਜਿਸਟ੍ਰੇਟ ਨੇ ਚੰਗੇ ਸਲੂਕ ਦਾ ਭਰੋਸਾ ਦਿਵਾ ਕੇ ਬੱਬਰਾਂ ਨੂੰ ਭੀ ਭੁੱਖ-ਹੜਤਾਲ ਛੱਡਣ ਦੀ ਸਲਾਹ ਦਿੱਤੀ, ਜੋ ਬੱਬਰਾਂ ਨੇ ਮੰਨ ਲਈ। ਦਿਨ ਕੁਝ ਚੰਗੇ ਲੰਘਣ ਲੱਗੇ। ਪਰ 1932 ਵਿਚ ਫੇਰ ਸੁਪ੍ਰਿੰਟੈਂਡੈਂਟ ਨਾਲ ਚੰਗੀ ਟੱਕਰ ਹੋਈ। ਗਾਲ੍ਹੀ-ਗਲੋਚ ਤੋਂ ਅੱਗੇ ਲੰਘ ਕੇ ਸੁਪ੍ਰਿੰਟੈਂਡੈਂਟ ਨਾਲ ਹੱਥੋ-ਪਾਈ ਭੀ ਹੋਈ। ਯਰਕਾਊ ਲਹਿਰ ਦੇ ਦੋ ਤਿੰਨ ਬੰਗਾਲੀ ਮੁੰਡੇ ਇਸ ਜੇਲ੍ਹ ਅੰਦਰ ਆਏ ਹੋਏ ਸਨ। ਜੇਲ੍ਹ-ਅਫ਼ਸਰਾਂ ਨੇ ਉਸ ਵੇਲੇ ਦੇ ਰੂਲ ਅਨੁਸਾਰ ਉਨ੍ਹਾਂ ਬੰਗਾਲੀ ਮੁੰਡਿਆਂ ਨੂੰ ਪ੍ਰੇਡ ਵੇਲੇ ਹੱਥ ਬਾਹਰ ਕੱਢ ਕੇ ਬੈਠਣ ਲਈ ਆਖਿਆ। ਉਨ੍ਹਾਂ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ, ਤਾਂ ਉਨ੍ਹਾਂ ਨੂੰ ਕੋਠੀ-ਬੰਦ ਕਰ ਦਿੱਤਾ ਗਿਆ । ਬੱਬਰਾਂ ਵਲੋਂ ਮੈਂ ਆਖਿਆ ਕਿ ਜਿਵੇਂ ਬੱਬਰਾਂ ਉਪਰ ਇਹ ਰੂਲ ਲਾਗੂ ਨਹੀਂ ਕੀਤਾ ਜਾਂਦਾ, ਇਵੇਂ ਇਹਨਾਂ ਬੰਗਾਲੀਆਂ ਪੁਰ ਭੀ ਲਾਗੂ ਨਾ ਕੀਤਾ ਜਾਵੇ। ਸੁਪ੍ਰਿੰਟੈਂਡੈਂਟ ਨੇ ਆਖਿਆ, “ਤੁਹਾਨੂੰ ਬੰਗਾਲੀਆਂ ਨਾਲ ਕੀ, ਤੁਸੀਂ ਆਪਣੀ ਮੌਜ ਲੁੱਟੋ।” ਮੈਂ ਆਖਿਆ ਕਿ ਬੱਬਰ ਇਹ ਗੱਲ ਨਹੀਂ ਸਹਾਰ ਸਕਦੇ ਕਿ ਦੇਸ਼-ਭਗਤਾਂ ਨਾਲ ਦੋ ਕਿਸਮ ਦਾ ਸਲੂਕ ਕੀਤਾ ਜਾਏ। ਜਾਂ ਉਹਨਾਂ ਨੂੰ ਬਾਹਰ ਕੱਢੋ ਜਾਂ ਸਾਨੂੰ ਭੀ ਕੋਠੀ-ਬੰਦ ਕਰੋ। ਸੁਪ੍ਰਿੰਟੈਂਡੈਂਟ ਨੇ ਆਪਣੀ ਹੈਂਕੜ ਅਨੁਸਾਰ ਬੱਬਰਾਂ ਨੂੰ ਭੀ ਚੱਕੀ-ਬੰਦ ਕਰਨਾ ਸ਼ੁਰੂ ਕਰ ਦਿੱਤਾ ।
ਕੁਝ ਦਿਨਾਂ ਪਿੱਛੋਂ ਕਰਤਾਰ ਸਿੰਘ ਗੋਂਦਪੁਰੀ ਤੇ ਕਰਮ ਸਿੰਘ ਝਿੰਗੜ ਹੋਰਾਂ ਨੂੰ ਲਾਹੌਰ ਜੇਲ੍ਹ ਵਿਚ ਭੇਜ ਦਿੱਤਾ ਅਤੇ ਬਚਿੰਤ ਸਿੰਘ ਦੁਮੁੰਡਾ ਤੇ ਠਾਕਰ ਸਿੰਘ ਭਾਰਟਾ ਨੂੰ ਮੁਲਤਾਨ ਜੇਲ੍ਹ ਵਿਚ ਤਬਦੀਲ ਕਰ ਦਿੱਤਾ। ਮੈਂ ਇਕੱਲਾ 1937 ਤਕ ਮਿੰਟਗੁਮਰੀ ਜੇਲ੍ਹ ਵਿਚ ਰਿਹਾ।
ਆਖ਼ਰੀ ਭੁੱਖ-ਹੜਤਾਲ
1937 ਵਿਚ ਮੈਨੂੰ ਲਾਹੌਰ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ। ਇਸ ਸਾਲ ਦੇ ਅਖ਼ੀਰ ਬਾਬਾ ਗੁਰਮੁਖ ਸਿੰਘ ਕਾ: ਧਨਵੰਤਰੀ, ਹਜ਼ਾਰਾ ਸਿੰਘ, ਖ਼ੁਸ਼ੀ ਰਾਮ ਮਹਿਤਾ ਤੇ ਮੁਨੀ ਨੂੰ ਅੰਡੇਮਾਨ ਤੋਂ ਪੰਜਾਬ ਦੀਆਂ ਜੇਲ੍ਹਾਂ ਵਿਚ ਲਿਆਂਦਾ ਗਿਆ। ਓਦੋਂ ਨਵੇਂ ਵਿਧਾਨ ਹੇਠ ਸੂਬਕ ਅਸੈਂਬਲੀਆਂ ਦੀਆਂ ਚੋਣਾਂ ਹੋਈਆਂ ਸਨ ਅਤੇ ਸੂਬਕ ਖ਼ੁਦ-ਮੁਖ਼ਤਾਰੀ ਦਾ ਐਲਾਨ ਹੋਇਆ ਸੀ । ਲਗਪਗ ਸਾਰੇ ਕੈਦੀ ਇਕੜ-ਦੁਕੜ ਯਰਕਾਊਪੁਣੇ ਦੇ ਖ਼ਿਆਲਾਂ ਨੂੰ ਛੱਡ ਚੁੱਕੇ ਸਨ। ਇਸ ਲਈ ਉਹਨਾਂ ਨੇ ਜਨਵਰੀ 1938 ਵਿਚ ਆਪਣੀ ਰਿਹਾਈ ਦੀ ਮੰਗ ਕੀਤੀ ਅਤੇ ਇਸ ਦੀ ਪੁਸ਼ਟੀ ਵਿਚ ਭੁੱਖ-ਹੜਤਾਲ ਸ਼ੁਰੂ ਕਰ ਦਿੱਤੀ । ਮੁਲਤਾਨ ਜੇਲ੍ਹ ਅੰਦਰ ਬਾਬਾ ਗੁਰਮੁਖ ਸਿੰਘ ਨੇ ਅਤੇ ਲਾਹੌਰ ਜੇਲ੍ਹ ਵਿਚ ਤਿੰਨ ਬੱਬਰਾਂ-ਮੈਂ ਸੁੰਦਰ ਸਿੰਘ, ਬਚਿੰਤ ਸਿੰਘ ਦੁਮੁੰਡਾ ਤੇ ਊਧਮ ਸਿੰਘ ਸੂਰਾਨਸੀ ਨੇ ਅਤੇ ਧਨਵੰਤਰੀ, ਸ਼ੇਰ ਜੰਗ, ਮੁਨੀ, ਖ਼ੁਸ਼ੀ ਰਾਮ ਮਹਿਤਾ, ਹਜ਼ਾਰਾ ਸਿੰਘ ਕਿਰਤੀ, ਗੁਲਾਬ ਸਿੰਘ ਤੇ ਰੂਪ ਚੰਦ ਅਤੇ ਜਗੀਰੀ ਲਾਲ ਨੇ ਭੁੱਖ-ਹੜਤਾਲ ਕਰ ਦਿੱਤੀ। ਲਾਲਾ ਸ਼ਾਮ ਲਾਲ, ਡਾ. ਗੋਪੀ ਚੰਦ ਤੇ ਰਾਇਜ਼ਾਦਾ ਹੰਸ ਰਾਜ ਭੁੱਖ-ਹੜਤਾਲ ਛੁਡਾਉਣ ਲਈ ਜੇਲ੍ਹ ਵਿਚ ਜਾਂਦੇ ਰਹੇ, ਪਰ ਕੋਈ ਯਕੀਨ ਨਾ ਦਿਵਾ ਸਕੇ । ਸੈਂਟਰਲ ਅਸੈਂਬਲੀ ਦਾ ਮੈਂਬਰ ਮੋਹਨ ਲਾਲ ਸਕਸੈਨਾ ਭੀ ਭੁੱਖ-ਹੜਤਾਲ ਤੁੜਾਉਣ ਲਈ ਆਇਆ, ਪਰ ਭੁੱਖ-ਹੜਤਾਲ ਚੱਲਦੀ ਰਹੀ। ਪੰਡਤ ਜਵਾਹਰ ਲਾਲ ਨਹਿਰੂ ਭੀ ਉਹਨਾਂ ਦਿਨਾਂ ਵਿਚ ਲਾਹੌਰ ਜੇਲ੍ਹ ਵਿਚ ਆਏ ਅਤੇ ਡਿਉਢੀ ਵਿਚੋਂ ਸੁਨੇਹਾ ਭੇਜਿਆ ਕਿ ਭੁੱਖ-ਹੜਤਾਲੀ ਉਹਨਾਂ ਦੇ ਕਹਿਣ ਪੁਰ ਭੁੱਖ-ਹੜਤਾਲ ਛੱਡਣ ਤਾਂ ਉਹ ਭੁੱਖ-ਹੜਤਾਲੀਆਂ ਪਾਸ ਜਾ ਸਕਦੇ ਹਨ, ਵਰਨਾ ਨਹੀਂ। ਪਰ ਭੁੱਖ-ਹੜਤਾਲੀਆਂ ਨੇ ਆਖਿਆ ਕਿ ਉਹ ਬਿਨਾਂ ਕਿਸੇ ਵਿਸ਼ਵਾਸ ਦੇ ਕੋਈ ਵਾਅਦਾ ਨਹੀਂ ਕਰ ਸਕਦੇ। ਗੱਲ-ਬਾਤ ਕਰਨ ਤੋਂ ਮਗਰੋਂ ਹੀ ਭੁੱਖ-ਹੜਤਾਲ ਜਾਰੀ ਰੱਖਣ ਜਾਂ ਛੱਡਣ ਦਾ ਫ਼ੈਸਲਾ ਕੀਤਾ ਜਾ ਸਕਦਾ ਸੀ।
ਇਸ ਦੌਰਾਨ ਕੈਦੀਆਂ ਦੀ ਰਿਹਾਈ ਦੇ ਮਸਲੇ ਉੱਤੇ ਅੜਿੱਕਾ ਪੈ ਜਾਣ ਕਰਕੇ ਬਿਹਾਰ ਤੇ ਯੂ.ਪੀ. ਦੀਆਂ ਦੋ ਕਾਂਗਰਸੀ ਸੂਬਕ ਵਜ਼ਾਰਤਾਂ ਨੇ ਅਸਤੀਫ਼ੇ ਦੇ ਦਿੱਤੇ ਤੇ ਗਵਰਨਰਾਂ ਨੂੰ ਝੁਕਣਾ ਪਿਆ। ਇਸ ਮਗਰੋਂ ਲਾਲਾ ਸ਼ਾਮ ਲਾਲ ਨੇ ਭੁੱਖ-ਹੜਤਾਲੀਆਂ ਨੂੰ ਯਕੀਨ ਦਿਵਾਇਆ ਕਿ ਲੰਮੀਆਂ ਸਜ਼ਾਵਾਂ ਵਾਲਿਆਂ ਦੀਆਂ ਰਿਹਾਈਆਂ ਹੋ ਜਾਣਗੀਆਂ ਅਤੇ ਅੰਦਰ ਰਹਿ ਜਾਣ ਵਾਲੇ ਕੈਦੀਆਂ ਨੂੰ ਬੀ-ਕਲਾਸ ਮਿਲ ਜਾਏਗੀ। ਇਸ ਪੁਰ ਦੋ ਮਹੀਨੇ ਮਗਰੋਂ ਇਹ ਭੁੱਖ-ਹੜਤਾਲ ਖ਼ਤਮ ਹੋਈ।
ਰਿਹਾਈਆਂ
ਬਾਕੀ ਬੱਬਰ ਤਾਂ ਆਪਣੀ ਆਪਣੀ ਸਜ਼ਾ ਭੁਗਤ ਕੇ ਰਿਹਾਅ ਹੋ ਚੁੱਕੇ ਸਨ, 1938 ਵਿਚ ਉਮਰ ਕੈਦੀਆਂ ਦੀਆਂ ਰਿਹਾਈਆਂ ਭੀ ਹੋਣ ਲੱਗੀਆਂ। ਕਰਮ ਸਿੰਘ ਝਿੰਗੜ ਦੀ ਰਿਹਾਈ ਦਾ ਹੁਕਮ ਪੁੱਜਾ ਤਾਂ ਉਹ ਜੇਲ੍ਹ ਦੀਆਂ ਸਖ਼ਤੀਆਂ ਤੇ ਭੁੱਖ-ਹੜਤਾਲਾਂ ਦੇ ਕਾਰਨ ਬੀਮਾਰ ਹੋ ਕੇ ਅੰਦਰ ਹੀ ਅਕਾਲ-ਚਲਾਣਾ ਕਰ ਗਿਆ। ਸੀ। ਸਭ ਤੋਂ ਆਖ਼ਰੀ ਰਿਹਾਈ ਦਸੰਬਰ 1938 ਵਿਚ ਮੇਰੀ ਹੋਈ।
ਜੇਲ੍ਹ-ਸੁਧਾਰ ਦੀ ਰਫ਼ਤਾਰ-ਖ਼ੁਰਾਕ ਬਾਰੇ
1922 ਵਿਚ ਪੰਜ ਦਿਨ ਛੋਲਿਆਂ ਦੀ ਤੇ ਦੋ ਦਿਨ ਕਣਕ ਦੀ ਰੋਟੀ ਮਿਲਿਆ ਕਰਦੀ ਸੀ। ਗੁੜ ਬਿਲਕੁਲ ਨਹੀਂ ਸੀ ਮਿਲਦਾ। 1929 ਵਿਚ ਅੱਧਾ ਸਾਲ ਕਣਕ ਦੀ ਅਤੇ ਬਾਕੀ ਦਾ ਅੱਧਾ ਸਾਲ ਕਣਕ ਤੇ ਛੋਲਿਆਂ ਦੀ ਮਿੱਸੀ ਰੋਟੀ ਮਿਲਣ ਲੱਗੀ । ਦੋ ਆਨੇ ਫ਼ੀ ਹਫ਼ਤਾ ਫ਼ੀ ਆਦਮੀ ਗੁੜ ਜਾਂ ਸਿਗਰਟਾਂ ਵਾਸਤੇ ਮਨਜ਼ੂਰ ਹੋਏ। 1929 ਵਿਚ ਰੋਜ਼ਾਨਾ ਕਣਕ ਦੀ ਰੋਟੀ, 1931 ਵਿਚ ਇਕ ਛਟਾਂਕ ਗੁੜ ਭੀ ਮੁਸ਼ੱਕਤ ਕਰਨ ਵਾਲਿਆਂ ਵਾਸਤੇ ਰਾਸ਼ਨ ਵਿਚ ਸ਼ਾਮਲ ਕਰ ਲਿਆ ਗਿਆ।
ਕਪੜਿਆਂ ਬਾਰੇ
1914 ਵਿਚ ਸਿਰ ਉੱਤੇ ਪਹਿਨਣ ਲਈ ਕਪੜੇ ਦੀ ਨਿੱਕੀ ਜਿਹੀ ਟੋਪੀ ਮਿਲਿਆ ਕਰਦੀ ਸੀ। ਇਕ ਲੰਡੀ ਕਮੀਜ਼ ਤੇ ਇਕ ਤੰਬੀ (ਗੋਡਿਆਂ ਤੀਕ ਉੱਚਾ ਪਜਾਮਾ), ਨਾ ਕੱਛਾ ਮਿਲਦਾ ਸੀ ਤੇ ਨਾ ਪਜਾਮਾ।
1921 ਵਿਚ ਸਿੱਖਾਂ ਵਾਸਤੇ ਇਕ ਪਗੜੀ, ਇਕ ਕੁੜਤਾ, ਇਕ ਕੱਛਾ। ਮੋਨਿਆਂ ਵਾਸਤੇ ਇਕ ਕੁੜਤਾ ਤੇ ਤੰਬੀ।
1925 ਵਿਚ ਡੇਢ ਫ਼ੁਟ ਰੁਮਾਲ ਹੋਰ ਮਨਜ਼ੂਰ ਹੋਇਆ।
1927 ਵਿਚ ਢਾਈ ਗਜ਼ ਦਾ ਪਰਨਾ, ਇਕ ਚਾਦਰ ਤੇ ਦੋ ਜੋੜੇ ਕਪੜਿਆਂ ਦੇ, ਮੋਨਿਆਂ ਵਾਸਤੇ ਤੰਬੀ ਲੰਮੀ ਕਰ ਦਿੱਤੀ ਗਈ।
1931 ਵਿਚ ਇਕ ਦਰੀ ਕੰਬਲਾਂ ਉਪਰ ਵਿਛਾਉਣ ਨੂੰ ਹੋਰ ਮਿਲਣ ਲੱਗੀ।
ਹੋਰ ਸਲੂਕ
ਕਪੜੇ ਵਧੇਰੇ ਹੋ ਗਏ, ਪਰ ਧੋਣ ਵਾਸਤੇ ਸੱਜੀ ਅੱਧੀ ਛਟਾਂਕ ਮਿਲਦੀ ਸੀ । ਬੱਬਰਾਂ ਨੇ ਤਜਰਬਾ ਕਰ ਕੇ ਵਿਖਾਇਆ ਕਿ ਏਨੀ ਸੱਜੀ ਨਾਲ ਕਪੜੇ ਸਾਫ਼ ਨਹੀਂ ਸਨ ਹੋ ਸਕਦੇ, ਤਾਂ ਕਪੜੇ ਧੋਣ ਲਈ ਧੋਬੀ-ਘਾਟ ਬਣਵਾਇਆ ਗਿਆ।
1927 ਵਿਚ ਬੰਬੇ ਤੇ ਖ਼ਰਾਸ ਦੀ ਮੁਸ਼ੱਕਤ ਬੰਦ ਹੋ ਗਈ।
1929-30 ਵਿਚ ‘ਫ਼ੌਜੀ’ ਅਖ਼ਬਾਰ ਜੇਲ੍ਹ ਅੰਦਰ ਜਾਣ ਲੱਗਾ।
‘ਰਾਜਸੀ ਕਲਾਸ’ ਪੁਰ ਵਿਚਾਰ ਕਰਨ ਵਾਸਤੇ ਜਿਹੜਾ ਕਮਿਸ਼ਨਰ 1929 ਵਿਚ ਨੀਯਤ ਹੋਇਆ ਸੀ, ਉਸ ਨੇ 1931 ਵਿਚ ਇਹ ਸਲਾਹ ਦਿੱਤੀ ਕਿ ਰਾਜਸੀ ਕਲਾਸ ਨਹੀਂ ਬਣ ਸਕਦੀ। ਤਿੰਨ ਕਲਾਸਾਂ ‘ਏ’, ‘ਬੀ’ ਤੇ ‘ਸੀ’ ਬਣਾਈਆਂ ਜਾਣ । ‘ਏ’ ਵਾਲੇ ਨੂੰ 12 ਆਨੇ, ‘ਬੀ’ ਵਾਲੇ ਨੂੰ 9 ਆਨੇ ਤੇ ‘ਸੀ’ ਵਾਲੇ 6 ਆਨੇ ਪੈਸਿਆਂ ਦੀ ਖ਼ੁਰਾਕ ਰੋਜ਼ ਮਿਲਿਆ ਕਰੇ। ਨੰਬਰਦਾਰ ਜੇਲ੍ਹਾਂ ਵਿਚ ਫੇਰ ਬਹਾਲ ਕੀਤੇ ਗਏ। ਚੱਕੀ-ਬੰਦੀ ਦੀ ਸਜ਼ਾ ਬੰਦ ਕਰ ਦਿੱਤੀ ਗਈ।
ਇਸ ਤਰ੍ਹਾਂ ਜੇਲ੍ਹਾਂ ਅੰਦਰ ਬੱਬਰਾਂ ਤੇ ਹੋਰ ਰਾਜਸੀ ਕੈਦੀਆਂ ਦੇ ਲੰਮੇ ਤੇ ਬਿਖੜੇ ਘੋਲਾਂ ਨਾਲ ਕਈ ਸੁਧਾਰ ਹੋਏ, ਨਹੀਂ ਤਾਂ ਜੇਲ੍ਹਾਂ ਪਹਿਲਾਂ ਤਾਂ ਨਿਰਾ ਨਰਕ ਦਾ ਹੀ ਨਮੂਨਾ ਸਨ। ਉਂਝ ਪੂਰੀ ਤਰ੍ਹਾਂ ਜੇਲ੍ਹਾਂ ਦਾ ਸੁਧਾਰ ਤਾਂ ਉਦੋਂ ਹੋਵੇਗਾ ਜਦੋਂ ਸਹੀ ਅਰਥਾਂ ਵਿਚ ਲੋਕਾਂ ਦੀ ਜ਼ਿੰਮੇਵਾਰ ਹਕੂਮਤ ਬਣੇਗੀ ਤੇ ਜੇਲ੍ਹਾਂ ਨੂੰ ਸਜ਼ਾ ਦੇਣ ਦੀ ਥਾਂ ਨਹੀਂ, ਸਗੋਂ ਸੁਧਾਰ ਦੀ ਥਾਂ ਮੰਨਿਆ ਜਾਵੇਗਾ।
ਨੌਵਾਂ ਕਾਂਡ
ਬੱਬਰ ਲਹਿਰ ਦੇ ਹਮਦਰਦ
ਬੱਬਰ ਲਹਿਰ ਦੇ ਇਤਿਹਾਸ ਵਿਚ ਇਕ ਭਾਰੀ ਕਮੀ ਰਹਿ ਜਾਏਂਗੀ, ਜੋ ਉਨ੍ਹਾਂ ਸੈਂਕੜੇ ਹਮਦਰਦਾਂ ਦਾ ਜ਼ਿਕਰ ਨਾ ਕੀਤਾ ਜਾਏ ਜਿਨ੍ਹਾਂ ਨੇ ਬੱਬਰ ਰੂਪੀ ਮਛਲੀ ਵਾਸਤੇ ਸਮੁੰਦਰ ਦਾ ਕੰਮ ਦਿੱਤਾ, ਜਿਸ ਵਿਚ ਲੋੜ ਸਮੇਂ ਬੱਬਰ ਪਨਾਹ ਲਿਆ ਕਰਦੇ ਸਨ। ਵੱਡੇ ਵੱਡੇ ਅੱਡਿਆਂ ਦਾ ਜ਼ਿਕਰ ਤਾਂ ਪਿੱਛੇ ਆ ਚੁੱਕਾ ਹੈ, ਪਰ ਬੱਬਰਾਂ ਦੇ ਥਾਂ ਥਾਂ ਛੋਟੇ ਛੋਟੇ ਅੱਡੇ ਤੇ ਆਰਾਮ ਕਰਨ ਦੇ ਥਾਂ ਸਨ, ਜਿਥੇ ਇਹਨਾਂ ਸੂਰਬੀਰਾਂ ਦੇ ਪ੍ਰਸੰਸਕ ਰਹਿੰਦੇ ਸਨ। ਕਈ ਬੱਬਰ ਬਹਾਦਰਾਂ ਦੇ ਸ਼ਹੀਦ ਹੋ ਜਾਣ ਕਰਕੇ ਇਹ ਫ਼ਹਿਰਿਸਤ ਮੁਕੰਮਲ ਕਰਨੀ ਮੁਸ਼ਕਲ ਹੋ ਗਈ ਹੈ। ਇਸੇ ਕਰਕੇ ਜੇ ਕੁਝ ਹਮਦਰਦਾਂ ਦੇ ਨਾਂ ਤੇ ਉਹਨਾਂ ਦੇ ਕਾਰਨਾਮਿਆਂ ਦਾ ਜ਼ਿਕਰ ਕਰਨਾ ਰਹਿ ਜਾਏ ਤਾਂ ਅਸੀਂ ਆਸ ਕਰਾਂਗੇ ਕਿ ਜਾਣਕਾਰ ਸਾਥੀ ਸਾਡੀ ਵਾਕਫ਼ੀ ਵਿਚ ਵਾਧਾ ਕਰਨ ਦੀ ਖੇਚਲ ਕਰਨ, ਤਾਂ ਜੁ ਅੱਗੇ ਵਾਸਤੇ ਇਹ ਖ਼ਾਮੀ ਦੂਰ ਕੀਤੀ ਜਾ ਸਕੇ।
ਇਸ ਕਾਂਡ ਵਿਚ ਉਨ੍ਹਾਂ ਖ਼ਾਸ ਖ਼ਾਸ ਸਾਥੀਆਂ ਦੇ ਨਾਂ ਦਿੱਤੇ ਜਾਣਗੇ ਜਿਨ੍ਹਾਂ ਨੇ ਬੱਬਰ ਲਹਿਰ ਦੀ ਮਾਲੀ ਸਹਾਇਤਾ ਕੀਤੀ, ਮਫ਼ਰੂਰੀ ਦੇ ਸਮੇਂ ਆਪਣੇ ਘਰ ਪਨਾਹ ਦੇ ਕੇ ਜਾਂ ਅੰਨ-ਪਾਣੀ ਰਾਹੀਂ ਸੇਵਾ ਕੀਤੀ, ਜਲਸੇ ਕਰ ਕੇ ਜਾਂ ਅਖ਼ਬਾਰਾਂ ਵਿਚ ਲੇਖ ਦੇ ਕੇ ਬੱਬਰਾਂ ਦੇ ਕੰਮਾਂ ਦੀ ਸ਼ਲਾਘਾ ਤੇ ਹੌਸਲਾ ਅਫ਼ਜਾਈ ਕੀਤੀ ਤੇ ਇਸ ਤਰ੍ਹਾਂ ਦੀ ਸਹਾਇਤਾ ਬਦਲੇ ਕਈ ਤਰ੍ਹਾਂ ਦੇ ਕਸ਼ਟ ਉਠਾਏ, ਜੁਰਮਾਨੇ ਭਰੇ ਜਾਂ ਜੇਲ੍ਹਾਂ ਕੱਟੀਆਂ। ਇਹ ਉਹ ਸਮਾਂ ਸੀ ਜਦੋਂ ਆਮ ਆਦਮੀ ਡਰ ਦੇ ਮਾਰੇ ਬੱਬਰਾਂ ਦਾ ਨਾਂ ਤਕ ਨਹੀਂ ਸਨ ਲੈਂਦੇ । ਸ਼੍ਰੋਮਣੀ ਕਮੇਟੀ ਤੇ ਕਾਂਗਰਸ ਆਦਿ ਜਥੇਬੰਦੀਆਂ ਬੱਬਰਾਂ ਦੀ ਹਾਮੀ ਭਰਨ ਤੋਂ ਇਨਕਾਰੀ ਹੋ ਚੁੱਕੀਆਂ ਸਨ । ਸਖ਼ਤ ਤਸ਼ੱਦਦ ਦੀਆਂ ਹਾਲਤਾਂ ਵਿਚ ਬੱਬਰ ਲਹਿਰ ਨਾਲ ਅਮਲੀ ਹਮਦਰਦੀ ਕਰਨੀ ਜਾਨ ਪੁਰ ਖੇਡ ਜਾਣ ਵਾਲਾ ਕੰਮ ਸੀ । ਇਸ ਲਈ ਹੇਠ-ਲਿਖੇ ਸਾਥੀਆਂ ਦੇ ਨਾਂ ਅਸੀਂ ਬੜੇ ਪਿਆਰ ਤੇ ਫ਼ਖ਼ਰ ਨਾਲ ਦਰਜ ਕਰਦੇ ਹਾਂ:
- ‘ਮਾਸਟਰ ਮੋਤਾ ਸਿੰਘ ਜੀ – ਪੰਜ ਸਾਲ ਕੈਦ ਸਖ਼ਤ
- ਅਰਜਨ ਸਿੰਘ ‘ਸੱਚ’
- ਬਲਵੰਤ ਸਿੰਘ ‘ਦੁਖੀਆ’
- ਮਾ: ਕਾਬਲ ਸਿੰਘ ਗੋਬਿੰਦਪੁਰੀ
ਇਨ੍ਹਾਂ ਤਿੰਨਾਂ ਨੂੰ ਪਿੰਡ ਖੜੋਦੀ ਵਿਚ ਬੱਬਰ-ਦਿਨ ਮਨਾਉਣ ਦੇ ਅਪਰਾਧ ਵਿਚ ਤਿੰਨ ਤਿੰਨ ਸਾਲ ਦੀ ਕੈਦ ਸਖ਼ਤ ਦੀ ਸਜ਼ਾ ਦਿੱਤੀ ਗਈ। ਅਰਜਨ ਸਿੰਘ ‘ਸੱਚ’ ਨੂੰ ਧੰਨਾ ਸਿੰਘ ਸ਼ਹੀਦ ਦੇ ਦਿਨ ਪੁਰ ਅਰਦਾਸਾ ਕਰਨ ਪੁਰ ਹੋਰ ਡੇਢ ਸਾਲ ਕੈਦ ਸਖ਼ਤ ਮਿਲੀ।
- ਸ: ਹਰੀ ਸਿੰਘ ਜਲੰਧਰੀ – ਮੁਕੱਦਮਾ ਵਾਪਸ ਲੈ ਲਿਆ ਗਿਆ।
- ਸ: ਜੋਗਿੰਦਰ ਸਿੰਘ ਖੁਰਦਪੁਰ – 5 ਸਾਲ ਕੈਦ ਸਖ਼ਤ
- ਮਾਸਟਰ ਲਾਭ ਸਿੰਘ
- ਸ: ਹਰਨਾਮ ਸਿੰਘ ਪੰਡੋਰੀ ਗੰਗਾ ਸਿੰਘ
- ਸ: ਸੁੰਦਰ ਸਿੰਘ
- ਸ: ਇੰਦਰ ਸਿੰਘ ਸੈਣੀ
- ਸ: ਹਜ਼ਾਰਾ ਸਿੰਘ
- ਸ: ਕਰਤਾਰ ਸਿੰਘ
- ਸ: ਪਰਤਾਪ ਸਿੰਘ
- ਸ: ਭੁੱਲਾ ਸਿੰਘ
ਇਹ ਸਭ ਸਜ਼ਾਵਾਂ ਤਾਜ਼ੀਰਾਤ ਹਿੰਦ ਦੀ ਦਫ਼ਾ 216 ਹੇਠ ਬੱਬਰਾਂ ਨੂੰ ਪਨਾਰ ਦੇਣ ਦੇ ਜੁਰਮ ਵਿਚ ਦਿੱਤੀਆਂ ਗਈਆਂ।
ਮਾਲੀ ਸਹਾਇਤਾ ਦੇਣ ਵਾਲੇ ਹਮਦਰਦਾਂ ਦੇ ਨਾਂ
- ਸ: ਰਾਮ ਸਿੰਘ ਧਾਰੋਵਾਲ, ਐਡੀਟਰ ਅਜੀਤ ਅਖ਼ਬਾਰ
- ਸੂਬੇਦਾਰ ਹਰਨਾਮ ਸਿੰਘ ਈਸਰਵਾਲ
- ਠੇਕੇਦਾਰ ਕੁੰਦਨ ਸਿੰਘ ਬੱਡੋਂ
- ਸ: ਅਮਰ ਸਿੰਘ ਸੰਧਵਾਂ
- ਸ: ਬਾਵਾ ਸਿੰਘ ਕੁੱਕੜਾਂ
- ਠੇਕੇਦਾਰ ਨਗੀਨਾ ਸਿੰਘ ਪਾਲਦੀ
ਘਰ ਵਿਚ ਪਨਾਹ ਦੇਣ ਵਾਲਿਆਂ ਦੇ ਨਾਂ
- ਕਾਬਲ ਸਿੰਘ ਚੱਕ ਬੜਿੰਗ, 2. ਜਥੇਦਾਰ ਕਰਮ ਸਿੰਘ ਜੱਬੋਵਾਲ, 3. ਲਾਭ ਸਿੰਘ ਬੀਕਾ, 4. ਅਰਜਨ ਸਿੰਘ ਕੁਠਾਰ, 5. ਸ਼ਿਵ ਸਿੰਘ ਕੁਠਾਰ, 6. ਠੇਕੇਦਾਰ ਦੀਵਾਨ ਸਿੰਘ ਦੌਲਤਪੁਰ, 7. ਸ਼ਿਵ ਸਿੰਘ ਬੁਬੇਲੀ, 8. ਪਾਲ ਕੌਰ, ਸੁਪਤਨੀ ਮਿਹਰ ਸਿੰਘ ਬੁਬੇਲੀ, 9. ਜਥੇਦਾਰ ਦੀਵਾਨ ਸਿੰਘ ਭਬਿਆਣਾ, 10. ਗੁਲਜ਼ਾਰਾ ਸਿੰਘ ਭਬਿਆਣਾ, 11. ਮਿਸਤਰੀ ਖੇਮ ਸਿੰਘ, ਸੁਜਾਨ ਸਿੰਘ ਤੇ ਜੈ ਸਿੰਘ ਕੋਠੀ ਵਾਲੇ, ਡੁਮੇਲੀ, 12. ਠਾਕਰ ਸਿੰਘ ਨਰੂੜ, 13. ਬਚਿੱਤਰ ਸਿੰਘ ਨਰੂੜ, 14. ਬਖ਼ਸ਼ਾ ਸਿੰਘ ਨਰੂੜ, 15. ਜੋਗਿੰਦਰ ਸਿੰਘ ਖੁਰਦਪੁਰ ਦੀ ਭੈਣ ਚਰਨ ਕੌਰ, ਸੁਪਤਨੀ ਕਿਸ਼ਨ ਸਿੰਘ ਹਰਦਾਸਪੁਰ, 16. ਉਜਾਗਰ ਸਿੰਘ ਮਖ਼ਸੂਸਪੁਰ, 17. ਕਰਤਾਰ ਸਿੰਘ ਮੁਗੋਪਟੀ, 18. ਕਰਤਾਰ ਸਿੰਘ ਮਹੇੜੂ, 19. ਨਗਿੰਦਰ ਸਿੰਘ, ਬਸੰਤ ਸਿੰਘ, ਇੰਦਰ ਸਿੰਘ ਤੇ ਅੱਛਰ ਸਿੰਘ ਕੰਦੋਲਾ, 20. ਕਰਮ ਸਿੰਘ ਪੋਸੀ, 21. ਭਾਈ ਬਿਅੰਤ ਸਿੰਘ ਖ਼ੁਸ਼ਹਾਲਪੁਰ, 22. ਦਲੀਪ ਸਿੰਘ ਖ਼ੁਸ਼ਹਾਲਪੁਰ, 23. ਕਰਮ ਸਿੰਘ ਤੇ ਮੰਗਲ ਸਿੰਘ ਗੂੰਦੀਆਂ, 24. ਬੰਤਾ ਸਿੰਘ ਤੇ ਮੰਗਲ ਰਾਮ ਰੂਪੋਵਾਲ, 25. ਬੰਤਾ ਸਿੰਘ ਦਰਜੀ ਗੋਂਦਪੁਰ, 26. ਬੁਢੇਲਾ ਦਾ ਨੰਬਰਦਾਰ, 27. ਕੇਹਰ ਸਿੰਘ ਤੇ ਮਿਸਤਰੀ ਜਵਾਲਾ ਸਿੰਘ ਪੰਜੌੜ, 28. ਬਿਸ਼ਨ ਸਿੰਘ ਚੇਲਾ, 29. ਹਰਦਿੱਤ ਸਿੰਘ ਕੋਟ ਫ਼ਤੂਹੀ, 30. ਕਰਤਾਰਾ ਮੋਖੇ, ਇਕ ਸਾਲ ਕੈਦ ਸਖ਼ਤ, 31. ਬੀਰ ਸਿੰਘ ਫ਼ਤਹ ਸਿੰਘ ਕੋਠੀ, 32. ਗਿ: ਠਾਕਰ ਸਿੰਘ ਭੋਜੋਵਾਲ, 33. ਜਗਤ ਸਿੰਘ ਡੀਗਰੀਆਂ, 34. ਦਲੀਪ ਸਿੰਘ ਤੇ ਜਮੀਤ ਸਿੰਘ ਪੰਡੋਰੀ ਨਿਹੰਗ, 35. ਪ੍ਰਤਾਪ ਸਿੰਘ, ਹਰੀ ਸਿੰਘ ਗ੍ਰੰਥੀ ਅਤੇ ਬਾਵਾ ਸਿੰਘ ਕੁੱਕੜ ਖੁਰਦ, 36. ਸ਼ੇਰ ਸਿੰਘ ਲਧਾਣਾ, 37. ਪੁੰਨਾ ਸਿੰਘ ਮਾਂਗਟ ਤੇ ਸਾਧੂ ਸਿੰਘ ਮਾਣਕ, 38. ਮੋਤਾ ਸਿੰਘ ਤੇ ਆਸਾ ਸਿੰਘ ਭਰੋਲੀ, 39. ਜਵਾਲਾ ਸਿੰਘ ਰਾਗੀ ਠੱਟਾ ਟਿੱਬਾ, 40. ਜਗਤ ਸਿੰਘ ਮੁਜ਼ਾਰਾ ਡੀਗਰੀਆਂ, 41. ਦਲੀਪ ਸਿੰਘ, ਮਾਨ ਸਿੰਘ ਤੇ ਮਿਸਤਰੀ ਕਰਤਾਰ ਸਿੰਘ ਸਰਹਾਲਾ ਕਲਾਂ, 42. ਹਵਾਲਦਾਰ ਖੇਮ ਸਿੰਘ ਸਰਹਾਲਾ ਖੁਰਦ, 43. ਭਾਈ ਲਾਭ ਸਿੰਘ ਪੰਡੋਰੀ ਲੱਧਾ ਸਿੰਘ, 44. ਕਰਤਾਰ ਸਿੰਘ ਲੱਖ ਪੁਰ, 45. ਹਾਕਮ ਸਿੰਘ ਬੱਠਲ, 46. ਕਰਤਾਰ ਸਿੰਘ ਮੰਨਣਹਾਣਾ, 47. ਹਰਨਾਮ ਸਿੰਘ ਨੰਬਰਦਾਰ ਮੰਨਣਹਾਣਾ, 48. ਈਸ਼ਰ ਸਿੰਘ ਨੰਬਰਦਾਰ ਰੁੜਕੀ ਸੈਣੀਆਂ, 49. ਗੋਂਦਾ ਸਿੰਘ, ਆਪ ਦੇ ਭਾਈ ਤੇ ਆਪ ਦੀ ਸਿੰਘਣੀ ਪ੍ਰੀਤਮ ਕੌਰ ਰੁੜਕੀ ਸੈਣੀਆਂ ਨੂੰ ਰਤਨ ਸਿੰਘ ਰੱਕੜ ਦੇ ਕੇਸ ਵਿਚ ਤਿੰਨ ਤਿੰਨ ਸਾਲ ਕੈਦ ਸਖ਼ਤ ਦੀ ਸਜ਼ਾ ਹੋਈ, 50. ਬਿਸ਼ਨ ਸਿੰਘ ਟੂਟੋ-ਮੁਜ਼ਾਰਾ, 51. ਜਥੇਦਾਰ ਬਤਨ ਸਿੰਘ, ਗੁਰਬਖ਼ਸ਼ ਸਿੰਘ ਤੇ ਬਤਨ ਸਿੰਘ ਫ਼ੌਜੀ ਚਾਹਲਪੁਰ, 52. ਕਾਬਲ ਸਿੰਘ ਖੈਰੜ, 53. ਚੰਨਣ ਸਿੰਘ, ਨਗੀਨਾ ਸਿੰਘ ਤੇ ਚੰਦਾ ਸਿੰਘ ਪਲਾਹੀ, 54. ਫੁੰਮਣ ਸਿੰਘ ਤੇ ਜਰਨੈਲ ਸਿੰਘ ਮੋਰਾਂਵਾਲੀ, 55. ਸੰਤ ਗੁਰਬਖ਼ਸ਼ ਸਿੰਘ ਘੁੜਿਆਲ, 56. ਮੂਲਾ ਸਿੰਘ ਬਾਹੋਵਾਲ, 57. ਪ੍ਰਤਾਪ ਸਿੰਘ ਨਗਦੀਪੁਰ, 58. ਸਵਾਮੀ ਪੂਰਨਾਨੰਦ, 59. ਮਹਿੰਦਰ ਸਿੰਘ ਲਿੱਧੜਾਂ, 60. ਹਕੀਮ ਦਲੀਪ ਸਿੰਘ ਪਠਲਾਵਾ, 61. ਭਗਤ ਸਿੰਘ ਨਮੋਲੀਆਂ, 62. ਜਗਤ ਸਿੰਘ ਰੰਧਾਵਾ ਮਸੰਦਾਂ, 63. ਡਾ: ਬਖ਼ਸ਼ੀਸ਼ ਸਿੰਘ ਰਿਆਸਤ ਪਟਿਆਲਾ, 64. ਜ਼ੈਲਾ ਸਿੰਘ ਜੱਸੋਵਾਲ, 65. ਲੱਭੂ ਦੁਮੁੰਡਾ, 66. ਜ਼ੈਲਦਾਰ ਮਹਿੰਦੀ ਖ਼ਾਂ, ਪਿੰਡ ਸਿੰਬਲੀ, 67. ਨੌਰੰਗ ਖ਼ਾਂ ਡਗਾਮ ਨੇ ਪਿੰਡ ਚੌਹੜੇ ਚੰਦਾ ਸਿੰਘ ਦੇ ਘਰੋਂ ਬੱਬਰਾਂ ਨੂੰ ਪੁਲਿਸ ਦੇ ਆਉਣ ਦੀ ਖ਼ਬਰ ਦੇ ਕੇ ਬਚਾਇਆ, 68. ਹਰਨਾਮ ਸਿੰਘ ਢੱਕੋਂ, ਆਪ ਦੀ ਘੋੜੀ ਤਿੰਨ ਮਹੀਨੇ ਧੰਨਾ ਸਿੰਘ ਦੇ ਪਾਸ ਰਹੀ। ਹਰਨਾਮ ਸਿੰਘ ਇਸ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ । ਸਾਥੀਆਂ ਹਜ਼ਾਰ ਰੁਪਏ ਦੀ ਇਹ ਘੋੜੀ ਜ਼ਹਿਰ ਦੇ ਕੇ ਮਾਰ ਦਿੱਤੀ ਤਾਂ ਜੁ ਪਛਾਣੀ ਨਾ ਜਾ ਸਕੇ।
ਇਸ ਤਰ੍ਹਾਂ ਦੇ ਹੋਰ ਹਮਦਰਦ ਭੀ ਸਨ, ਪਰ ਸਭਨਾਂ ਦੇ ਨਾਂ ਦਰਜ ਕਰਨੇ ਮੁਸ਼ਕਲ ਹਨ, ਕਿਉਂਕਿ ਇਨ੍ਹਾਂ ਦੀ ਗਿਣਤੀ ਹਜ਼ਾਰਾਂ ਤੀਕ ਜਾਂਦੀ ਹੈ। ਹਮਦਰਦਾਂ ਵਿਚ ਸਿਖ ਤਾਂ ਆਮ ਸਨ, ਪਰ ਹਿੰਦੂ ਤੇ ਮੁਸਲਮਾਨ ਭੀ ਭਾਰੀ ਗਿਣਤੀ ਵਿਚ ਲੋੜੀਂਦੀ ਸਹਾਇਤਾ ਤੇ ਪਨਾਹ ਦਿਆ ਕਰਦੇ ਸਨ। ਉਪਰ ਉਨ੍ਹਾਂ ਹਮਦਰਦਾਂ ਦੇ ਨਾਂ ਦਿੱਤੇ ਗਏ ਹਨ ਜੋ ਉਜਾਗਰ ਸਨ।
ਅਮਰੀਕਾ ਦੀ ਗ਼ਦਰ ਪਾਰਟੀ, ਖ਼ਾਲਸਾ ਦੀਵਾਨ ਸੁਸਾਇਟੀ ਵੈਨਕੋਵਰ ਕੈਨੇਡਾ, ਤੇ ਗੜਗੱਜ ਅਕਾਲੀ ਜਥਾ ਭੀ ਕਈ ਤਰ੍ਹਾਂ ਦੀ ਹਮਦਰਦੀ ਕਰਦਾ ਰਿਹਾ। ਇਹਨਾਂ ਤੋਂ ਇਲਾਵਾ ਸ: ਰਾਮ ਸਿੰਘ ਧਾਰੋਵਾਲ ਐਡੀਟਰ ਅਜੀਤ, ਸੂਬੇਦਾਰ ਹਰਨਾਮ ਸਿੰਘ ਈਸਰਵਾਲ, ਠੇਕੇਦਾਰ ਕੁੰਦਨ ਸਿੰਘ ਬੱਡੋਂ, ਸ: ਅਮਰ ਸਿੰਘ ਸੰਧਵਾਂ, ਠੇਕੇਦਾਰ ਨਗੀਨਾ ਸਿੰਘ ਪਾਲਦੀ ਤੇ ਸ: ਬਾਵਾ ਸਿੰਘ ਕੁੱਕੜਾਂ ਭੀ ਸਮੇਂ ਸਮੇਂ ਮਾਲੀ ਸਹਾਇਤਾ ਕਰਦੇ ਰਹੇ।
ਹਮਦਰਦ ਅਖ਼ਬਾਰਾਂ ਦੇ ਨਾਂ
- ਰਿਸਾਲਾ ਫੁਲਵਾੜੀ ਪੰਜਾਬੀ, ਅੰਮ੍ਰਿਤਸਰ।
- ਅਖ਼ਬਾਰ ਜ਼ਿਮੀਂਦਾਰ ਉਰਦੂ, ਲਾਹੌਰ ।
- ਅਖ਼ਬਾਰ ਕਿਰਪਾਨ ਬਹਾਦਰ ਪੰਜਾਬੀ, ਅੰਮ੍ਰਿਤਸਰ।
- ਰਿਸਾਲਾ ਕਿਰਤੀ ਪੰਜਾਬੀ, ਅੰਮ੍ਰਿਤਸਰ ।
- ਰਿਸਾਲਾ ਹੰਸ ਹਿੰਦੀ, ਅਲਾਹਾਬਾਦ।
- ਦੇਸ਼ ਸੇਵਕ ਪੰਜਾਬੀ, ਜਲੰਧਰ।
ਕੈਨੇਡਾ ਨਿਵਾਸੀ ਸੰਗਤਾਂ ਦੀ ਸਹਾਇਤਾ ਖ਼ਾਸ ਤੌਰ ਪੁਰ ਜ਼ਿਕਰ ਕਰਨ ਦੇ ਕਾਬਲ ਹੈ। ਖ਼ਾਲਸਾ ਦੀਵਾਨ ਸੁਸਾਇਟੀ ਕੈਨੇਡਾ ਅਜੇ ਤੀਕ ਭੀ ਬੱਬਰ ਸ਼ਹੀਦਾਂ ਦੀ ਯਾਦ ਵਿਚ ਦੀਵਾਨ ਕਰਦੀ ਚਲੀ ਆ ਰਹੀ ਹੈ। ਇਸ ਸੁਸਾਇਟੀ ਵਲੋਂ ਸੰਨ 1951 ਵਿਚ ਭੀ ਇਹ ਦਿਨ ਮਨਾਇਆ ਗਿਆ ਸੀ।
ਕੈਨੇਡਾ ਨਿਵਾਸੀ ਸੱਜਣਾਂ ਨੇ ਮਾਇਆ ਦੇ ਗੱਫੇ ਭੇਜ ਕੇ ਅਨੰਦਪੁਰ ਸਾਹਿਬ ਵਿਖੇ ਬੱਬਰ ਸ਼ਹੀਦਾਂ ਦੀ ਯਾਦ ਵਿਚ ਇਕ ਸ਼ਾਨਦਾਰ ਬੁੰਗਾ ਬਣਵਾਇਆ ਹੈ। ਇਹ ਰਕਮ ਉਨ੍ਹਾਂ ਸੰਤ ਹਰੀ ਸਿੰਘ ਕਹਾਰਪੁਰੀ ਦੀ ਰਾਹੀਂ ਭੇਜੀ ਸੀ। ਰਕਮ ਦਾ ਠੀਕ ਪਤਾ ਨਹੀਂ ਲੱਗਿਆ, ਪਰ ਇੰਨੀ ਗੱਲ ਸਾਫ਼ ਹੈ ਕਿ ਕੈਨੇਡਾ ਨਿਵਾਸੀ ਵੀਰਾਂ ਨੇ ਖੁੱਲ੍ਹੇ ਗੱਫੇ ਜ਼ਰੂਰ ਘੱਲੇ ਸਨ।
ਅਸੀਂ ਸਹਾਇਤਾ ਦੇਣ ਵਾਲੇ ਸਭ ਵੀਰਾਂ ਦੇ ਧੰਨਵਾਦੀ ਹਾਂ, ਪਰ ਕੈਨੇਡਾ ਦੀ ਸੰਗਤ ਬੱਬਰਾਂ ਪ੍ਰਤੀ ਆਪਣੇ ਇੰਨੇ ਅਤੁੱਟ ਪ੍ਰੇਮ ਕਰਕੇ ਖ਼ਾਸ ਧੰਨਵਾਦੀ ਦੀ ਪਾਤਰ ਹੈ।
ਪੁਲਿਸ-ਚੌਕੀਆਂ
ਪਿੰਡ ਦੌਲਤਪੁਰ, ਪੰਡੋਰੀ ਨਿਝਰਾਂ, ਹਰੀਪੁਰ, ਘੁੜਿਆਲ, ਬੁਲ੍ਹੋਵਾਲ, ਪੰਡੋਰੀ ਗੰਗਾ ਸਿੰਘ, ਕੰਦੋਲਾ, ਧਾਮੀਆਂ ਕਲਾਂ, ਬਹਿਬਲਪੁਰ, ਚਾਹਲਪੁਰ, ਮੋਰਾਂਵਾਲੀ, ਜੱਸੋਵਾਲ, ਚਾਂਦਸੌ, ਕੋਟ ਫ਼ਤੂਹੀ, ਮੋਇਲਾ, ਮੰਨਣਹਾਣਾ, ਸਰਹਾਲਾ ਖੁਰਦ, ਰੁੜਕੀ ਖ਼ਾਸ ਆਦਿ ਪਿੰਡਾਂ ਵਿਚ ਕਈ ਸਾਲ ਤੀਕ ਪੁਲਿਸ-ਚੌਕੀਆਂ ਕਾਇਮ ਰਹੀਆਂ ਤੇ ਲੋਕਾਂ ਨੂੰ ਭੈ-ਭੀਤ ਕੀਤਾ ਗਿਆ।
ਇਹ ਚੌਕੀਆਂ ਇਸ ਲਈ ਬਿਠਾਈਆਂ ਗਈਆਂ ਸਨ, ਕਿਉਂਕਿ ਇਹ ਪਿੰਡ ਬੱਬਰਾਂ ਦੇ ਅੱਡੇ ਸਨ। ਇਹਨਾਂ ਪਿੰਡਾਂ ਦੇ ਲੋਕਾਂ ਨੂੰ ਬੱਬਰਾਂ ਦੀ ਸੇਵਾ ਕਰਨ ਦੇ ਜੁਰਮ ਵਿਚ ਸਮੁੱਚੇ ਤੌਰ ਪੁਰ ਲੱਖਾਂ ਰੁਪਿਆਂ ਦਾ ਹੋਰ ਬੋਝ ਬਰਦਾਸ਼ਤ ਕਰਨਾ ਪਿਆ।
ਅਫ਼ਸੋਸ ਹੈ ਕਿ ਅਸੀਂ ਇਹ ਲਿਸਟ ਮੁਕੰਮਲ ਨਹੀਂ ਕਰ ਸਕੇ।
ਪੰਡੋਰੀ ਗੰਗਾ ਸਿੰਘ ਦੇ ਭੁੱਲਾ ਸਿੰਘ ਤੇ ਪਰਤਾਪ ਸਿੰਘ ਅਤੇ ਅੱਛਰ ਸਿੰਘ ਕੰਦੋਲਾ ਦੀਆਂ ਨੰਬਰਦਾਰੀਆਂ ਇਸ ਕਰਕੇ ਤੋੜੀਆਂ ਗਈਆਂ ਕਿ ਇਹ ਬੱਬਰਾਂ ਨੂੰ ਸੰਭਾਲਦੇ ਸਨ। ਬਾਗ਼ੀਆਂ ਨੂੰ ਇਮਦਾਦ ਦੇਣ ਕਰਕੇ ਦਫ਼ਾ 216 ਹੇਠ ਪੰਡੋਰੀ ਗੰਗਾ ਸਿੰਘ ਦੇ ਆਦਮੀਆਂ ਨੂੰ ਛੇ ਛੇ ਸਾਲ ਦੀ ਸਜ਼ਾ ਦਿੱਤੀ ਗਈ, ਜਿਵੇਂ ਕਿ ਉਪਰ ਜ਼ਿਕਰ ਆ ਚੁੱਕਾ ਹੈ।
ਮਾਸਟਰ ਲਾਭ ਸਿੰਘ ਤੇ ਜੁਗਿੰਦਰ ਸਿੰਘ ਖੁਰਦਪੁਰੀ ਨੂੰ ਪੰਜ ਪੰਜ ਸਾਲ ਕੈਦ ਦੀਆਂ ਸਜ਼ਾਵਾਂ ਹੋਈਆਂ। ਸ: ਹਰੀ ਸਿੰਘ ਜਲੰਧਰੀ ਭੀ ਬੱਬਰਾਂ ਦੇ ਹਮਦਰਦ ਸਨ। ਬੱਬਰਾਂ ਦੀ ਡੀਫੈਂਸ ਵਾਸਤੇ ਆਪ ਨੇ ਦੁਆਬਾ ਰਖਯਕ ਕਮੇਟੀ ਬਣਾਈ ਸੀ। ਆਪ ਪੁਰ ਮੁਕੱਦਮਾ ਚਲਾਇਆ ਗਿਆ, ਜੋ ਬਾਅਦ ਵਿਚ ਵਾਪਸ ਲੈ ਲਿਆ ਗਿਆ। ਅਰਜਨ ਸਿੰਘ ਸੱਚ, ਮਾਸਟਰ ਕਾਬਲ ਸਿੰਘ ਤੇ ਬਲਵੰਤ ਸਿੰਘ ਦੁਖੀਆ ਨੂੰ ਤਿੰਨ ਤਿੰਨ ਸਾਲ ਦੀ ਕੈਦ ਭੁਗਤਣੀ ਪਈ। ਇਹ ਸਾਰੇ ਬੱਬਰਾਂ ਦੇ ਗੂੜ੍ਹੇ ਮਿੱਤਰ ਤੇ ਹਮਦਰਦ ਸਨ ਅਤੇ ਪਰਚਾਰ ਤੇ ਕਵਿਤਾਵਾਂ ਰਾਹੀਂ ਬੱਬਰਾਂ ਦੀ ਸ਼ਲਾਘਾ ਕਰਿਆ ਕਰਦੇ ਸਨ। ਅਰਜਨ ਸਿੰਘ ਸੱਚ, ਮਾਸਟਰ ਕਾਬਲ ਸਿੰਘ ਤੇ ਦੁਖੀਆ ਜੀ ਨੇ ਤਾਂ ਇਕ ਭਾਰੀ ਕਾਨਫ਼ਰੰਸ ਸੰਨ 1928 ਵਿਚ ਖੜੌਦੀ ਪਿੰਡ ਵਿਚ ਬੱਬਰਾਂ ਦੀ ਯਾਦ ਵਿਚ ਕੀਤੀ ਸੀ, ਜਿਸ ਕਰਕੇ ਆਪ ਦੋਸ਼ੀ ਠਹਿਰਾਏ ਗਏ ਸਨ।
ਸਵਾਮੀ ਪੂਰਨਾਨੰਦ ਜੀ, ਪਾਂਧਾ ਸੰਤ ਰਾਮ, ਮਹਿੰਦਰ ਸਿੰਘ ਲਿੱਧੜ ਤੇ ਗੁਰਦਿੱਤ ਸਿੰਘ ਮੰਡਾਲੀ ਬੱਬਰਾਂ ਨਾਲ ਹਮਦਰਦੀ ਰੱਖਣ ਦੇ ਕਾਰਨ ਤਿੰਨ ਤਿੰਨ ਸਾਲ ਵਾਸਤੇ ਜੇਲ੍ਹ ਭੇਜੇ ਗਏ। ਇਸੇ ਤਰ੍ਹਾਂ ਅਮਰ ਸਿੰਘ ਬਾਦੋਵਾਲ ਤੇ ਸ਼ਿਵ ਸਿੰਘ ਕੁਠਾਰ ਨੂੰ ਤਿੰਨ ਤਿੰਨ ਸਾਲ ਦੀ ਸਜ਼ਾ ਹੋਈ, ਪਰ ਇਹ ਹਾਈ ਕੋਰਟ ਵਿਚੋਂ ਬਰੀ ਹੋ ਗਏ।
ਇਹ ਕਸ਼ਟ ਇਨ੍ਹਾਂ ਸਾਥੀਆਂ ਨੂੰ ਇਸ ਕਰਕੇ ਸਹਾਰਨੇ ਪਏ, ਕਿਉਂਕਿ ਇਨ੍ਹਾਂ ਨੇ ਬੱਬਰਾਂ ਦੇ ਕਾਰਨਾਮੇ ਰੌਸ਼ਨ ਕੀਤੇ, ਬੱਬਰਾਂ ਪੁਰ ਜੇਲ੍ਹਾਂ ਅੰਦਰ ਹੋਏ ਤਸ਼ੱਦਦ ਵਿਰੁੱਧ ਆਵਾਜ਼ ਉਠਾਈ ਅਤੇ ਉਨ੍ਹਾਂ ਦੀਆਂ ਰਿਹਾਈਆਂ ਦੀ ਮੰਗ ਕੀਤੀ । ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਨੇ ਲਾਹੌਰ ਕਾਨਫ਼ਰੰਸ ਸਮੇਂ ਬੱਬਰਾਂ ਦੇ ਹੱਕ ਵਿਚ ਤਕਰੀਰ ਕੀਤੀ। ਲਾਲਾ ਕਿਦਾਰ ਨਾਥ ਸਹਿਗਲ ਨੇ ਜਲ੍ਹਿਆਂ ਵਾਲੇ ਬਾਗ਼ ਵਿਚ ਆਪਣੇ ਪ੍ਰਧਾਨਗੀ ਐਡਰੈਸ ਵਿਚ ਬੱਬਰਾਂ ਦਾ ਪੱਖ ਪੂਰਿਆ। ਮਿਹਨਤ-ਕਸ਼ ਜਨਤਾ ਦੀ ਅਖ਼ਬਾਰ ਕਿਰਤੀ ਤੋਂ ਬਿਨਾਂ ਫੁਲਵਾੜੀ, ਗੜਗੱਜ, ਅਕਾਲੀ, ਅਜੀਤ, ਜਥੇਦਾਰ, ਕਿਰਪਾਨ ਬਹਾਦਰ, ਬੱਬਰ ਸ਼ੇਰ, ਦੇਸ਼ ਸੇਵਕ ਵਰਗੀਆਂ ਪੰਜਾਬੀ ਤੇ ਜ਼ਿਮੀਂਦਾਰ ਉਰਦੂ ਅਖ਼ਬਾਰ ਨੇ ਬੱਬਰ ਅਕਾਲੀਆਂ ਬਾਰੇ ਸਮੇਂ ਸਮੇਂ ਹਮਦਰਦੀ ਦੀ ਆਵਾਜ਼ ਉਠਾਈ। ਗ਼ਦਰ ਪਾਰਟੀ ਦੇ ਅਖ਼ਬਾਰ ਗ਼ਦਰ ਨੇ ਬੱਬਰਾਂ ਦੀਆਂ ਕੁਰਬਾਨੀਆਂ ਦੀ ਬਹੁਤ ਪਰਸੰਸਾ ਕੀਤੀ।
ਕੁਝ ਵੱਡੇ ਗ਼ਦਾਰਾਂ ਦਾ ਸੁਧਾਰ
ਕੌਮਾਂਤਰੀ ਜਾਸੂਸ ਬੇਲਾ ਸਿੰਘ ਜਿਆਨ ਦਾ ਅੰਤ
ਬੇਲਾ ਸਿੰਘ ਜਿਆਨ ਇਕ ਭਾਰੀ ਦੇਸ਼-ਧ੍ਰੋਹੀ ਸੀ । ਉਸ ਨੇ ਕੈਨੇਡੀਅਨ ਪੁਲਿਸ ਦੀ ਸ਼ਹਿ ਪੁਰ ਵੈਨਕੋਵਰ ਦੇ ਗੁਰਦੁਆਰੇ ਵਿਚ ਭਾਈ ਭਾਗ ਸਿੰਘ ਤੇ ਬਤਨ ਸਿੰਘ ਹੋਰਾਂ ਨੂੰ ਸ਼ਹੀਦ ਕਰ ਦਿੱਤਾ ਸੀ । ਇਸ ਤੋਂ ਬਾਅਦ ਹਕੂਮਤ ਕੈਨੇਡਾ ਨੂੰ ਖ਼ਤਰਾ ਸੀ ਕਿ ਕੋਈ ਨਾ ਕੋਈ ਅਣਖੀ ਹਿੰਦੁਸਤਾਨੀ ਇਸ ਜਾਸੂਸ ਤੇ ਦੇਸ਼-ਭਗਤਾਂ ਦੇ ਕਾਤਲ ਨੂੰ ਖ਼ਤਮ ਕਰ ਦੇਵੇਗਾ, ਇਸ ਲਈ ਬੇਲਾ ਸਿੰਘ ਨੂੰ ਇਕ ਸਾਲ ਭਰ ਦੀ ਸਜ਼ਾ ਭੁਗਤਵਾ ਕੇ ਹਿੰਦੁਸਤਾਨ ਵਿਚ ਭੇਜ ਦਿੱਤਾ ਸੀ ਤੇ ਬਰਤਾਨਵੀ-ਹਿੰਦ ਸਰਕਾਰ ਨੇ ਉਸ ਨੂੰ ਚਾਰ ਮੁਰੱਬੇ ਇਨਾਮ ਮਿੰਟਗੁਮਰੀ ਦੇ ਜ਼ਿਲ੍ਹੇ ਵਿਚ ਦੇ ਛੱਡੇ ਸਨ। ਬੇਲਾ ਸਿੰਘ ਜੰਗ ਤੋਂ ਪਹਿਲਾਂ ਹੀ ਹਿੰਦੁਸਤਾਨ ਵਿਚ ਆ ਗਿਆ ਸੀ ਤੇ ਏਥੇ ਆ ਕੇ ਸਰਕਾਰੀ ਅਫ਼ਸਰਾਂ ਦੇ ਸਾਏ ਹੇਠ ਆਪਣੇ ਚਾਰ ਮੁਰੱਬੇ ਮਾਣ ਰਿਹਾ ਸੀ। ਭਾਵੇਂ ਇਹ ਦੇਸ਼-ਭਗਤਾਂ ਦੀ ਹਿੱਕ ਵਿਚ ਕੰਡੇ ਦੀ ਤਰ੍ਹਾਂ ਰੜਕ ਰਿਹਾ ਸੀ, ਪਰ ਮਕਾਰ ਤੇ ਚਲਾਕ ਹੋਣ ਕਰਕੇ ਕਾਫ਼ੀ ਦੇਰ ਤਕ ਦੇਸ਼ ਦਾ ਅੰਨ ਗੰਦਾ ਕਰਦਾ ਰਿਹਾ।
ਬੱਬਰ ਅਕਾਲੀ ਲਹਿਰ ਦੇ ਦਿਨਾਂ ਵਿਚ ਆਪਣੇ ਪਾਲੇ ਦਾ ਮਾਰਿਆ ਹੋਇਆ। ਇਹ ਨੀਚ ਆਤਮਾ ਹੁਸ਼ਿਆਰਪੁਰ ਸ਼ਹਿਰ ਵਿਚ ਡਿਪਟੀ ਕਮਿਸ਼ਨਰ ਜਾਂ ਕਪਤਾਨ-ਪੁਲਿਸ ਦੀ ਕੋਠੀ ਵਿਚ ਰਾਤਾਂ ਗੁਜ਼ਾਰਿਆ ਕਰਦਾ ਸੀ। ਇਹੀ ਕਾਰਨ ਸੀ ਕਿ ਇਹ ਕੁਝ ਵਧੇਰੇ ਸਮਾਂ ਬੱਬਰਾਂ ਦੀ ਪਹੁੰਚ ਤੋਂ ਬਾਹਰ ਰਿਹਾ।
ਇਸੇ ਤਰ੍ਹਾਂ 1933 ਦਾ ਸਾਲ ਚੜ੍ਹ ਪਿਆ, ਪਰ ਇਹ ਕੌਮ-ਧ੍ਰੋਹੀ ਖ਼ਾਸ ਤੌਰ ਪਰ ਚੁਕੰਨਾ ਰਹਿੰਦਾ ਸੀ ਤੇ ਵਧੇਰੇ ਵਕਤ ਸ਼ਹਿਰ ਵਿਚ ਅਫ਼ਸਰਾਂ ਦੀਆਂ ਨਜ਼ਰਾਂ ਹੇਠ ਗੁਜ਼ਾਰਿਆ ਕਰਦਾ ਸੀ, ਜਿਸ ਕਰਕੇ ਇਹ ਬੱਬਰਾਂ ਦੇ ਅੜਿੱਕੇ ਨਹੀਂ ਸੀ ਆਉਂਦਾ। ਜਿਸ ਰਾਤ ਇਸ ਸ਼ਖ਼ਸ ਦਾ ਆਖ਼ਰ ਸੁਧਾਰ ਕਰਨ ਦਾ ਸਮਾਂ ਆ ਪਹੁੰਚਦਾ ਹੈ, ਉਸ ਦਿਨ ਭੀ ਇਹ ਲਾਰੀ ਪੁਰ ਸਵਾਰ ਹੋ ਕੇ ਹੁਸ਼ਿਆਰਪੁਰ ਤੋਂ ਵਾਪਸ ਆ ਰਿਹਾ ਸੀ।
ਬੇਲਾ ਸਿੰਘ ਦਾ ਪਿੰਡ ਜਿਆਨ, ਚੱਬੇਵਾਲ ਦੇ ਅੱਡੇ ਤੋਂ ਇਕ ਫਰਲਾਂਗ ਦੇ ਫ਼ਾਸਲੇ ਪੁਰ ਦੱਖਣ ਨੂੰ ਹੈ। ਬੇਲਾ ਸਿੰਘ ਦੇ ਅੱਡੇ ਪੁਰ ਉਤਰਨ ਦੀ ਖ਼ਬਰ ਡਿਊਟੀ ਵਾਲੇ ਬੱਬਰ ਸਾਥੀਆਂ ਨੂੰ ਮਿਲੀ । ਬੇਲਾ ਸਿੰਘ ਸਦਾ ਵਾਂਗ ਸ਼ਰਾਬ ਵਿਚ ਬਦਮਸਤ ਸੜਕੇ ਸੜਕੇ ਆਪਣੇ ਪਿੰਡ ਨੂੰ ਚਲਾ ਆਉਂਦਾ ਤੇ ਗਰਮੀਆਂ ਦੀ ਸ਼ਾਮ ਦੀ ਬਹਾਰ ਲੈ ਰਿਹਾ ਸੀ। ਇਹ ਹਾੜ ਦੇ ਮਹੀਨੇ ਦਾ ਵਾਕਿਆ ਹੈ। ਜਿਸ ਵੇਲੇ ਜਿਆਨ ਵਾਲੇ ਟੋਭੇ ਤੋਂ ਕੁਝ ਕਦਮ ਪਿੱਛੇ ਸੀ, ਤਿੰਨ ਆਦਮੀਆਂ ਨੇ ਉਹਨੂੰ ‘ਸਤਿ ਸ੍ਰੀ ਅਕਾਲ’ ਬੁਲਾਈ ਤੇ ਹੱਥ ਮਿਲਾਇਆ।
ਹੱਥ ਕੀ ਮਿਲਿਆ, ਬੇਲਾ ਸਿੰਘ ਦੀ ਬਾਂਹ ਵੇਲਣੇ ਵਿਚ ਆ ਗਈ। ਇਕ ਨੇ ਗਲੇ ਮਿਲਣਾ ਸ਼ੁਰੂ ਕਰ ਦਿੱਤਾ (ਗਲ ਨੂੰ ਹੱਥ ਪਾ ਲਿਆ)। ਹੁਣ ਬੇਲਾ ਸਿੰਘ ਨੂੰ ਮੌਤ ਸਾਹਵੇਂ ਖੜੀ ਦਿਸਣ ਲੱਗੀ ਤੇ ਉਹ ਗੀਦੀਆਂ ਵਾਂਗ ਜਾਨ ਬਖ਼ਸ਼ਾਉਣ ਲਈ ਵਾਸਤੇ ਪਾਉਣ ਲੱਗਾ। ਪਰ ਇਸ ਦੇ ਅੰਤਮ ਮੁਲਾਕਾਤੀ ਇਸ ਦੀ ਜਾਨ ਬਖ਼ਸ਼ਣ ਲਈ ਨਹੀਂ, ਸਗੋਂ ਭਾਈ ਭਾਗ ਸਿੰਘ, ਬਤਨ ਸਿੰਘ ਤੇ ਹੋਰ ਅਨੇਕਾਂ ਸ਼ਹੀਦਾਂ ਦਾ ਬਦਲਾ ਲੈਣ ਆਏ ਸਨ, ਜਿਨ੍ਹਾਂ ਨੂੰ ਇਸ ਪਾਪੀ ਨੇ ਖ਼ੁਦ ਜਾਂ ਸਰਕਾਰ ਹੱਥੋਂ ਸ਼ਹੀਦ ਕਰਵਾਇਆ ਸੀ। ਇਸ ਦੀ ਗੜਬੜਾਹਟ ਦਾ ਇਹ ਉੱਤਰ ਦਿੱਤਾ ਕਿ ਹੁਣ ਤੂੰ ਬਥੇਰਾ ਚਿਰ ਜੀਅ ਲਿਆ, ਬਥੇਰੇ ਪਾਪ ਕਰ ਲਏ, ਹੁਣ ਤੈਨੂੰ ਹੋਰ ਅਤਿਆਚਾਰ ਕਰਨ ਦੀ ਵਾਸ਼ਨਾ ਛੱਡ ਦੇਣੀ ਚਾਹੀਦੀ ਹੈ। ਬਸ ਫੇਰ ਕੀ ਸੀ, ਇਕ ਬੱਬਰ ਨੇ ਇਸ ਦੇ ਢਿੱਡ ਵਿਚ (ਜਿਸ ਨੂੰ ਭਰਨ ਲਈ ਇਸ ਨੇ ਘੋਰ ਪਾਪ ਕੀਤੇ ਸਨ) ਕਿਰਪਾਨ ਫੇਰ ਕੇ ਹਮੇਸ਼ਾ ਵਾਸਤੇ ਅੱਗ ਬੁਝਾ ਦਿੱਤੀ ਤੇ ਪਾਪੀ ਨੂੰ ਢੇਰ ਕਰ ਦਿੱਤਾ।
ਉਸ ਰਾਤ ਕੋਈ ਉੱਘ-ਸੁੱਘ ਨਹੀਂ ਨਿਕਲੀ। ਘਰ ਦੇ ਸਮਝਦੇ ਰਹੇ ਕਿ ਪਹਿਲਾਂ ਵਾਂਗ ਡਿਪਟੀ ਕਮਿਸ਼ਨਰ ਦੀ ਕੋਠੀ ਆਰਾਮ ਕਰ ਰਿਹਾ ਹੋਵੇਗਾ।
ਸਵੇਰ ਨੂੰ ਜਦੋਂ ਲਾਸ਼ ਦੇਖੀ ਗਈ ਤਾਂ ਉਸ ਦਾ ਅੰਗ ਅੰਗ ਜੁਦਾ ਕੀਤਾ ਹੋਇਆ ਸੀ।
ਇਸ ਕਤਲ ਦਾ ਮੁਕੱਦਮਾ ਸ: ਹਰੀ ਸਿੰਘ ਪਿੰਡ ਸੁੰਢ, ਈਸ਼ਰ ਸਿੰਘ ਜੰਡੋਲੀ ਤੇ ਬਖ਼ਸ਼ੀਸ਼ ਸਿੰਘ ਚੱਬੇਵਾਲ ਪਰ ਚਲਾਇਆ ਗਿਆ। ਇਹਨਾਂ ਨੂੰ ਪੁਲਿਸ ਨੇ ਬਹੁਤ ਕਸ਼ਟ ਦਿੱਤੇ ਤੇ ਕਈ ਮਹੀਨੇ ਹਵਾਲਾਤ ਵਿਚ ਰਗੜਿਆ। ਮੁਕੱਦਮਾ ਭੀ ਛੇ ਮਹੀਨੇ ਲਟਕਦਾ ਰਿਹਾ। ਪਰ ਪੁਲਿਸ ਨੂੰ ਕੋਈ ਠੋਸ ਸਬੂਤ ਨਾ ਮਿਲਿਆ। ਨਤੀਜੇ ਵਜੋਂ ਅਦਾਲਤ ਨੇ ਮੁਕੱਦਮਾ ਖ਼ਾਰਜ ਕਰ ਦਿੱਤਾ ਤੇ ਤਿੰਨਾਂ ਹੀ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਮੁਕੱਦਮਾ ਹੁਸ਼ਿਆਰਪੁਰ ਦੀ ਕਚਹਿਰੀ ਵਿਚ ਚੱਲਿਆ ਸੀ। ਇਸ ਮੁਕੱਦਮੇ ਦੀ ਪੈਰਵੀ ਸਾਥੀ ਅਰਜਨ ਸਿੰਘ ਸੱਚ, ਦਸੌਂਧਾ ਸਿੰਘ, ਹਰਨਾਮ ਸਿੰਘ, ਰਾਮ ਸਿੰਘ ਜੌਹਰ ਨੇ ਡੀਫੈਂਸ ਕਮੇਟੀ ਬਣਾ ਕੇ ਕੀਤੀ, ਜਿਸ ਪੁਰ ਕਰੀਬਨ ਤਿੰਨ ਹਜ਼ਾਰ ਰੁਪਿਆ ਖ਼ਰਚ ਆਇਆ ਸੀ। ਸ: ਹਰੀ ਸਿੰਘ ਸੂੰਢ ਆਦਿ ਨੇ ਕੁਝ ਦੇਸ਼-ਭਗਤਾਂ ਦੀ ਸਹਾਇਤਾ ਨਾਲ ਬੇਲਾ ਸਿੰਘ ਗ਼ਦਾਰ ਨੂੰ ਨਰਕ ਪਹੁੰਚਾਇਆ ਸੀ।
ਅਨੂਪ ਸਿੰਘ ਮਾਣਕੋ ਦਾ ਸੁਧਾਰ
ਇਸ ਸ਼ਖ਼ਸ ਦਾ ਮੁੱਢਲਾ ਹਾਲ ਬੁਬੇਲੀ ਦੇ ਸਾਕੇ ਵਿਚ ਦਰਜ ਕੀਤਾ ਜਾ ਚੁੱਕਾ ਹੈ, ਇਥੇ ਇਸ ਦੇ ਅੰਤ ਦਾ ਸੰਖੇਪ ਹਾਲ ਦੱਸਦੇ ਹਾਂ :
ਇਹ ਵਾਅਦਾ-ਮਾਫ਼ ਗਵਾਹ ਬਣ ਚੁੱਕਾ ਸੀ, ਤੇ ਇਸ ਨੇ ਬੱਬਰ ਲਹਿਰ ਨੂੰ ਬਹੁਤ ਵਧੇਰੇ ਨੁਕਸਾਨ ਪਹੁੰਚਾਇਆ ਸੀ। ਆਖ਼ਰ ਸੰਨ 1936 ਵਿਚ ਇਸ ਦਾ ਭੀ ਨੰਬਰ ਆ ਗਿਆ। ਇਹ ਸੰਨ 1923 ਤੋਂ ਜਾਨ ਬਚਾਈ ਫਿਰਦਾ ਸੀ। ਆਖ਼ਰ ਕੁਝ ਸਾਥੀ ਇਸ ਕਲੰਕ ਨੂੰ ਲਾਹੁਣ ਵਾਸਤੇ ਭੀ ਤਿਆਰ ਹੋਏ, ਕਿਉਂਕਿ ਏਡਾ ਵੱਡਾ ਗ਼ਦਾਰ ਵੇਖਣਾ ਬੱਬਰਾਂ ਦੀ ਸ਼ਾਨ ਦੇ ਖ਼ਿਲਾਫ਼ ਸੀ। ਇਸ ਸ਼ਖ਼ਸ ਨੇ ਅਜਿਹੇ ਵੇਲੇ ਧ੍ਰੋਹ ਕੀਤਾ। ਸੀ ਜਦੋਂ ਬੱਬਰ ਲਹਿਰ ਆਪਣੀਆਂ ਚੜ੍ਹਦੀਆਂ ਕਲਾਂ ਵਿਚ ਸੀ ਤੇ ਹੋਰ ਭੀ ਅੱਗੇ ਵਧਣ ਦੀ ਸੰਭਾਵਨਾ ਸੀ । ਇਹ ਉਹ ਵਕਤ ਸੀ ਜਦੋਂ ਬੱਬਰਾਂ ਦੇ ਅਨੇਕਾਂ ਮੁਕੱਦਮਿਆਂ ਦੇ ਸਰਕਾਰੀ ਗਵਾਹ ਪੈਰਾਂ ਪੁਰ ਨਹੀਂ ਸਨ ਖੜੋ ਸਕਦੇ ਤੇ ਗਵਾਹੀਆਂ ਦੇਣ ਤੋਂ ਇਨਕਾਰੀ ਹੋ ਰਹੇ ਸਨ, ਜਿਸ ਕਰਕੇ ਸਰਕਾਰ ਨੂੰ ਬੱਬਰ ਲਹਿਰ ਨੂੰ ਰੋਕਣ ਦਾ ਕੋਈ ਕਾਮਯਾਬ ਉਪਰਾਲਾ ਨਹੀਂ ਸੀ ਸੁਝਦਾ । ਇਸ ਦੇ ਧ੍ਰੋਹ ਨੇ ਬੱਬਰ ਲਹਿਰ ਦੇ ਚਾਰ ਬਹਾਦਰ ਸ਼ਹੀਦ ਕਰਵਾਏ ਸਨ, ਤੇ ਲਹਿਰ ਵਿਚੋਂ, ਸਮਝੋ, ਜਾਨ ਕੱਢ ਲਈ ਸੀ।
1936 ਦੀਆਂ ਗਰਮੀਆਂ ਦੇ ਦਿਨ ਸਨ, ਜੁ ਰਾਤ ਨੂੰ ਸੁੱਤੇ ਪਏ ਅਨੂਪ ਸਿੰਘ ਨੂੰ ਲਲਕਾਰਿਆ ਗਿਆ ਕਿ ਤੂੰ ਬੱਬਰਾਂ ਨਾਲ ਬਹੁਤ ਵੱਡਾ ਧ੍ਰੋਹ ਕਮਾਇਆ ਸੀ, ਅੱਜ ਹਿਸਾਬ ਚੁਕਾਉਣ ਦਾ ਦਿਨ ਆ ਪੁੱਜਾ ਹੈ। ਅਨੂਪ ਸਿੰਘ ਦੇ ਪਾਸ ਮਿੰਨਤਾਂ-ਤਰਲੇ ਕਰਨ ਤੋਂ ਸਿਵਾ ਹੋਰ ਕੁਝ ਨਹੀਂ ਸੀ। ਉਸ ਔਰਤ ਨੇ ਭੀ ਮਿੰਨਤ-ਸਮਾਜਤ ਕੀਤੀ, ਪਰ ਕਰੜੀ ਡਿਊਟੀ ਪੁਰ ਲੱਗੇ ਹੋਏ ਜਾਨਬਾਜ਼ ਇਨ੍ਹਾਂ ਤਰਲਿਆਂ ਨਾਲ ਨਰਮ ਹੋਣ ਵਾਲੇ ਨਹੀਂ ਸਨ। ਇਸ ਮਰਦੂਦ ਪੁਰ ਗੋਲੀ ਦਾ ਵਾਰ ਕੀਤਾ ਗਿਆ, ਜੋ ਕਾਰੀ ਬੈਠਾ । ਰਹਿੰਦੀ-ਖੂੰਹਦੀ ਕਸਰ ਕਿਰਪਾਨ ਨਾਲ ਕੱਢੀ ਗਈ, ਤੇ ਉਸ ਦੀ ਕੀਤੀ ਦਾ ਬਦਲਾ ਚੁਕਾ ਦਿੱਤਾ ਗਿਆ। ਇੰਨਾ ਕੰਮ ਕਰ ਕੇ ਬੱਬਰ ਚੱਕਰਵਰਤੀ ਹੋ ਗਏ। ਪਿੰਡ ਨੇ ਭੀ ਕੋਈ ਹਰਕਤ ਨਹੀਂ ਕੀਤੀ।
ਇਸ ਕਤਲ ਦੇ ਇਲਜ਼ਾਮ ਵਿਚ ਤਿੰਨ ਬੱਬਰ-ਸਾਥੀਆਂ ਪੁਰ ਮੁਕੱਦਮਾ ਚੱਲਿਆ । ਗੁਰਦਿੱਤ ਸਿੰਘ ਕਲੇਰ ਮੰਢਾਲੀ, ਕਰਤਾਰ ਸਿੰਘ ਕਿਰਤੀ ਚੱਕ ਬਾਗੜੀਆਂ (ਜਲੰਧਰ) ਤੇ ਉਜਾਗਰ ਸਿੰਘ ਪਨਿਆਲੀਆਂ ਜ਼ਿਲ੍ਹਾ ਹੁਸ਼ਿਆਰਪੁਰ, ਜੋ ਉਸ ਵੇਲੇ ਕੇਵਲ 16 ਸਾਲ ਦਾ ਸੀ । ਇਸ ਮੁਕੱਦਮੇ ਦਾ ਨਤੀਜਾ ਇਹ ਹੋਇਆ ਕਿ ਗੁਰਦਿੱਤ ਸਿੰਘ ਕਲੇਰ ਤੇ ਕਰਤਾਰ ਸਿੰਘ ਕਿਰਤੀ ਫਾਂਸੀ ਦੀ ਸਜ਼ਾ ਪਾ ਗਏ ਤੇ ਉਜਾਗਰ ਸਿੰਘ ਨੂੰ ਉਮਰ ਕੈਦ ਹੋਈ, ਜੋ ਹਾਈ ਕੋਰਟ ਵਿਚ ਅਪੀਲ ਕਰਨ ਪੁਰ ਬਰੀ ਹੋਇਆ।
ਕਰਮ ਸਿੰਘ ਮੰਨਣਹਾਣਾ ਦਾ ਅੰਤ
ਇਸ ਸ਼ਖ਼ਸ ਦਾ ਮੁੱਢਲਾ ਜ਼ਿਕਰ ਸ਼ਹੀਦ ਧੰਨਾ ਸਿੰਘ ਬਹਿਬਲਪੁਰੀ ਦੇ ਸਾਕੇ ਦੇ ਸੰਬੰਧ ਵਿਚ ਦਿੱਤਾ ਗਿਆ ਸੀ । ਇਸ ਦੇ ਇਵਜ਼ ਵਿਚ ਕਰਮ ਸਿੰਘ ਨੂੰ ਇਕ ਤੇ ਜਵਾਲਾ ਸਿੰਘ ਜਿਆਨ (ਸਕਾ ਭਾਈ ਬੇਲਾ ਸਿੰਘ) ਨੂੰ ਦੋ ਮੁਰੱਬੇ ਮਿਲੇ ।
1939 ਵਿਚ ਦੋ ਨੌਜਵਾਨ ਸਿਖ ਕਪੂਰਥਲੇ ਦੀ ਪਲਟਨ ਵਿਚੋਂ ਦੋ ਪੱਕੀਆਂ ਰਫ਼ਲਾਂ ਤੇ ਇਕ ਪੂਰਾ ਬਕਸ ਰੌਂਦਾਂ ਦਾ ਲੈ ਕੇ ਮਫ਼ਰੂਰ ਹੋ ਗਏ ਸਨ। ਪਹਿਲੀਆਂ ਵਿਚ ਤਾਂ ਇਹ ਮਫ਼ਰੂਰ ਕੁਝ ਅਵਾਰਗੀ ਵਿਚ ਰਹੇ ਤੇ ਹੱਲੇ-ਗੁੱਲੇ ਮਾਰਦੇ ਰਹੇ। ਆਖ਼ਰ 1940 ਵਿਚ ਇਨ੍ਹਾਂ ਨੂੰ ਕੋਈ ਰਾਹਕਾਰ ਸਾਥੀ ਮਿਲਿਆ, ਜਿਸ ਨੇ ਇਨ੍ਹਾਂ ਨੂੰ ਸਮਝਾਇਆ ਕਿ ਅਕਾਰਥ ਕਤਲ ਆਦਿ ਕਰਨੇ ਸੋਭਾ ਨਹੀਂ ਦਿੰਦੇ । ਜੇ ਕੋਈ ਕੰਮ ਕਰੀਏ ਤਾਂ ਠੋਸ ਕਰਨਾ ਚਾਹੀਦਾ ਹੈ, ਜਿਸ ਦਾ ਮੁਲਕ ਨੂੰ ਕੋਈ ਲਾਭ ਹੋਵੇ। ਉਨ੍ਹਾਂ ਨੇ ਇਹ ਗੱਲ ਪੱਲੇ ਬੰਨ੍ਹ ਲਈ।
25 ਮਾਰਚ 1940 ਨੂੰ ਪੰਡੋਰੀ ਤੇ ਕੰਗਰੌੜ ਦੀ ਸਰਹੱਦ ਪੁਰ ਇਕ ਖੂਹ ਦੇ ਉਪਰ ਆ ਕੇ ਇਨ੍ਹਾਂ ਨੇ ਕਿਸੇ ਨੂੰ ਭੇਜਿਆ ਕਿ ਕਰਮ ਸਿੰਘ ਨੂੰ ਸੱਦ ਲਿਆਵੇ ਤਾਂ ਜੁ ਉਹ ਆਪਣੇ ਮੁਲਾਕਾਤ ਕਰਨ ਆਏ ਮਹਿਮਾਨਾਂ ਨੂੰ ਦਰਸ਼ਨ ਦੇਵੇ । ਸੁਨੇਹਾ ਦੇਣ ਵਾਲਾ ਕਰਮ ਸਿੰਘ ਦਾ ਭੀ ਚੰਗਾ ਮਿੱਤਰ ਸੀ, ਜਿਸ ਕਰਕੇ ਕਰਮ ਸਿੰਘ ਉਸ ਦੇ ਨਾਲ ਹੀ ਚੱਲ ਪਿਆ। ਖੂਹ ਪੁਰ ਆਏ ਤਾਂ ਉਸ ਨੇ ਦੇਖਿਆ ਕਿ ਉਸ ਦੇ ਮਿਲਣ ਵਾਲਿਆਂ ਪਾਸ ਰਫ਼ਲਾਂ ਸਨ। ਉਸ ਨੂੰ ਕੁਝ ਸ਼ੱਕ ਗੁਜ਼ਰਿਆ, ਪਰ ਅੱਗੋਂ ਧਰਵਾਸ ਦਿਵਾਇਆ ਗਿਆ ਕਿ ਫ਼ਿਕਰ ਨਾ ਕਰੋ, ਉਹ ਉਸ ਦੇ ਭਾਈ ਹੀ ਸਨ। ਅਸੀਂ ਸਿਰਫ਼ ਦਰਸ਼ਨ ਹੀ ਕਰਨੇ ਸਨ। ਬਸ, ਹੁਣ ਸਾਨੂੰ ਫਗਵਾੜੇ ਦੇ ਰਸਤੇ ਪਾ ਦਿੱਤਾ ਜਾਵੇ। ਜਾਂਦੇ ਜਾਂਦੇ ਹੀ ਕੁਝ ਗੱਲਾਂ-ਬਾਤਾਂ ਭੀ ਕਰਾਂਗੇ, ਤੇ ਨੇੜਿਓਂ ਹੀ ਮੋੜ ਦਿਆਂਗੇ । ਲਾਚਾਰ ਉਸ ਨੂੰ ਨਾਲ ਤੁਰਨਾ ਪਿਆ। ਵੇਈਂ ਤੋਂ ਪਾਰ ਜਾ ਕੇ ਜਦੋਂ ਪਿੰਡ ਚੋਤੇ ਅਤੇ ਕੰਗਰੌੜ ਦੀ ਸਰਹੱਦ ਆਈ ਤਾਂ ਉਸ ਨੂੰ ਉਹ ਪੁੱਛਣ ਲੱਗੇ ਕਿ ਤੂੰ ਉਹੀ ਕਰਮ ਸਿੰਘ ਹੈਂ, ਜਿਸ ਨੇ ਬੱਬਰ ਧੰਨਾ ਸਿੰਘ ਨੂੰ ਮਰਵਾਇਆ ਸੀ । ਇਹ ਸੁਣ ਕੇ ਉਹਦੀ ਖ਼ਾਨਿਓਂ ਗਈ, ਮਿੰਨਤਾਂ ਤਰਲੇ ਕੱਢਣ ਲੱਗਾ ਤੇ ਮਾਫ਼ੀ ਮੰਗਣ ਲੱਗਾ। ਜਵਾਬ ਮਿਲਿਆ, “ਮਾਫ਼ੀ ਦਾ ਵਕਤ ਗੁਜ਼ਰ ਗਿਆ, ਤੂੰ ਬਥੇਰਾ ਅਨਾਜ ਗੰਦਾ ਕਰ ਛੱਡਿਆ ਹੈ । ਤੂੰ ਉਸ ਵੀਰ ਨੂੰ ਸ਼ਹੀਦ ਕਰਵਾਇਆ ਹੈ, ਜਿਸ ਨੇ ਲੋਕ-ਭਲਾਈ ਵਾਸਤੇ ਸਾਮਰਾਜ ਦੇ ਵਿਰੁੱਧ ਸੀਸ ਤਲੀ ਪੁਰ ਰੱਖਿਆ ਹੋਇਆ ਸੀ, ਤੂੰ ਬਖ਼ਸ਼ਣ-ਯੋਗ ਨਹੀਂ। ਹੁਣ ਚੰਗਾ ਹੈ ਕਿ ਤੂੰ ਛਾਤੀ ਨੰਗੀ ਕਰ ਕੇ ਸਾਹਮਣੇ ਖੜੋ ਜਾ।” ਉਸ ਨੂੰ ਕੰਬਦੇ ਹੱਥਾਂ ਨਾਲ ਇਹੀ ਕਰਨਾ ਪਿਆ ਤੇ ਉਹਨਾਂ ਨੇ ਦੋ ਫ਼ਾਇਰ ਕਰ ਕੇ ਉਸ ਨੂੰ ਲਾਸ਼ ਬਣਾ ਕੇ ਢੇਰੀ ਕਰ ਦਿੱਤਾ।
ਇਸ ਤੋਂ ਬਾਅਦ ਉਹ ਦੋਵੇਂ ਮਾਣਕਾਂ ਘੁੰਮਣਾਂ ਵੱਲ ਨੂੰ ਤੁਰ ਪਏ। ਹੋਲੇ ਵਾਲਾ ਦਿਨ ਸੀ । ਲੋਕੀਂ ਮਾਣਕਾਂ ਦੇ ਹੋਲੇ ਤੋਂ ਆ ਰਹੇ ਸਨ । ਉਨ੍ਹਾਂ ਨੇ ਇਨ੍ਹਾਂ ਦੋਹਾਂ ਨੂੰ ਇਕੱਲੇ ਸਮਝ ਕੇ ਕੁਝ ਖੋਹਣ ਦੀ ਸਲਾਹ ਕਰ ਲਈ। ਨੇੜੇ ਆ ਕੇ ਪਤਾ ਲੱਗਾ ਕਿ ਉਹ ਸਨੱਧ-ਬੱਧ ਸਨ, ਤਾਂ ਲੈਣੇ ਦੇ ਦੇਣੇ ਪੈ ਗਏ । ਆਖਣ ਲੱਗੇ ਕਿ ਸਾਡੇ ਪਾਸ ਤਾਂ ਸਿਰਫ਼ ਘਿਓ ਹੈ, ਤੁਸੀਂ ਚਾਹੋ ਤਾਂ ਖਾ ਲਓ। ਸਨ ਤਾਂ ਇਹ ਸਾਰੇ ਕਮਾਣ ਤੇ ਉਨ੍ਹਾਂ ਵਿਚ ਇਕ ਮੰਨਣਹਾਣੇ ਦਾ ਨੰਬਰਦਾਰ ਭੀ ਸੀ, ਪਰ ਮਾਰੇ ਡਰ ਦੇ ਤੇ ਛੁਟਕਾਰਾ ਪਾਉਣ ਲਈ ਚਮਾਰ ਬਣ ਗਏ।
ਖ਼ੈਰ, ਉਨ੍ਹਾਂ ਨੇ ਕੀ ਆਖਣਾ ਸੀ । ਉਨ੍ਹਾਂ ਨੇ ਆਖਿਆ, “ਕੋਈ ਭੀ ਹੋਵੇ, ਅਸੀਂ ਕਰਮ ਸਿੰਘ ਮੰਨਣਹਾਣੇ ਵਾਲੇ ਨੂੰ ਉਸ ਦੇ ਕੀਤੇ ਦੀ ਸਜ਼ਾ ਦੇ ਕੇ ਆਏ ਹਾਂ । ਫਲਾਣੇ ਥਾਂ ਉਸ ਦੀ ਲੋਥ ਪਈ ਹੈ, ਤੁਸੀਂ ਉਸ ਰਾਹ ਨਾ ਜਾਣਾ, ਮਤਾਂ ਤੁਹਾਨੂੰ ਕੋਈ ਬਲੇਵਾਂ ਪੈ ਜਾਏ। ਪਿੰਡ ਜਾ ਕੇ ਦੱਸ ਦੇਣਾ ਤਾਂ ਜੁ ਉਸ ਦੇ ਵਾਰਸ ਉਸ ਦੀ ਲਾਸ਼ ਲੈ ਜਾਣ।” ਇਹ ਫ਼ੌਜੀ ਨੌਜਵਾਨ ਇਹ ਸਨ-ਅਜੈਬ ਸਿੰਘ ਪਿੰਡ ਦਾਖੇ, ਜ਼ਿਲ੍ਹਾ ਲੁਧਿਆਣਾ; ਬਚਿੰਤ ਸਿੰਘ ਪਿੰਡ ਦੁੰਡਾਲੀ, ਇਲਾਕਾ ਫਗਵਾੜਾ, ਜਿਸ ਦਾ ਪੰਡੋਰੀ ਗੰਗਾ ਸਿੰਘ ਆਣ-ਜਾਣ ਸੀ, ਕਿਉਂਕਿ ਏਥੇ ਉਹ ਵਿਆਹਿਆ ਹੋਇਆ ਸੀ ਤੇ ਬਾਅਦ ਵਿਚ ਏਥੋਂ ਫੜਿਆ ਗਿਆ ਸੀ। ਇਸ ਕਤਲ ਦਾ ਦੋਹਾਂ ਪੁਰ ਮੁਕੱਦਮਾ ਚੱਲਿਆ। ਬਚਿੰਤ ਸਿੰਘ ਨੂੰ ਮੌਤ ਦੀ ਸਜ਼ਾ ਹੋਈ, ਅਜੈਬ ਸਿੰਘ ਗ੍ਰਿਫ਼ਤਾਰ ਕੀਤਾ ਨਹੀਂ ਜਾ ਸਕਿਆ; ਉਹ ਪੁਲਿਸ ਮੁਕਾਬਲੇ ਵਿਚ ਕੰਮ ਆਇਆ।
ਸਾਧੂ ਸਿੰਘ ਸਾਂਧੜਾ ਨੇ ਬਦਲਾ ਚੁਕਾਇਆ
ਸਾਧੂ ਸਿੰਘ ਸਾਂਧੜਾ ਉਹ ਆਦਮੀ ਸੀ ਜਿਸ ਨੇ ‘ਕੱਲੇ ਨੇ ਹੀ ਬੱਬਰਾਂ ਦੇ ਦੁਸ਼ਮਣਾਂ ਤੋਂ ਬਦਲਾ ਲੈਣ ਵਾਸਤੇ ਲੂੰ-ਕੰਡੇ ਕਰਨ ਵਾਲਾ ਸਾਕਾ ਕੀਤਾ ਸੀ । ਇਸ ਬਹਾਦਰ ਨੇ ਉਨ੍ਹਾਂ ਸਭ ਦੁਸ਼ਟਾਂ ਦਾ ਸਫ਼ਾਇਆ ਕੀਤਾ ਸੀ, ਜੋ ਬੰਤਾ ਸਿੰਘ ਧਾਮੀਆਂ ਤੇ ਸੁਰੈਣ ਸਿੰਘ ਦੌਲਤਪੁਰ ਦੀਆਂ ਸਿੰਘਣੀਆਂ ਨੂੰ ਅਗਵਾ ਕਰ ਕੇ ਲੈ ਗਏ ਸਨ । ਬੰਤਾ ਸਿੰਘ ਧਾਮੀਆਂ ਸ਼ਹੀਦ ਹੋ ਚੁੱਕਾ ਸੀ ਤੇ ਸੁਰੈਣ ਸਿੰਘ, ਬਚਿੰਤ ਸਿੰਘ ਦੁਮੁੰਡਾ ਵਾਲੇ ਮੁਕੱਦਮੇ ਵਿਚ ਉਮਰ ਕੈਦ ਹੋ ਗਏ ਸਨ, ਖ਼ੁਦ ਸਾਧੂ ਸਿੰਘ ਭੀ ਬੱਬਰ ਕੇਸ ਵਿਚ ਉਮਰ-ਕੈਦ ਪਾ ਚੁੱਕਾ ਸੀ, ਪਰ ਅਪੀਲ ਵਿਚ ਬਰੀ ਹੋ ਗਿਆ ਸੀ । ਜਦ ਸਾਧੂ ਸਿੰਘ ਜੇਲ੍ਹ ਤੋਂ ਬਾਹਰ ਆਇਆ ਤਾਂ ਉਸ ਦੇ ਕੰਨਾਂ ਵਿਚ ਇਹ ਅਣਖ ਟੁੰਬਣ ਵਾਲੀਆਂ ਗੱਲਾਂ ਪੈਣ ਲੱਗੀਆਂ ਕਿ ਕੁਝ ਆਦਮੀ ਇਹ ਆਖਦੇ ਫਿਰਦੇ ਹਨ ਕਿ ਉਹਨਾਂ ਨੇ ਬੱਬਰਾਂ ਦੀਆਂ ਔਰਤਾਂ ਆਪਣੇ ਘਰੀਂ ਵਸਾਈਆਂ ਹੋਈਆਂ ਹਨ। ਅਜਿਹੀਆਂ ਗੱਲਾਂ ਕਰਨ ਵਾਲਾ ਇਕ ਤਾਂ ਪਿੰਡ ਕਡਿਆਣੇ ਦਾ 10 ਨੰਬਰ ਦਾ ਬਦਮਾਸ਼ ਜਗਤ ਸਿੰਘ ਸੀ, ਜੋ ਪੁਲਿਸ ਦਾ ਭੀ ਪੱਕਾ ਟਾਊਟ ਸੀ, ਤੇ ਬੱਬਰਾਂ ਦੇ ਮੁਕੱਦਮੇ ਵਿਚ ਪੁਲਿਸ ਦਾ ਗਵਾਹ ਬਣ ਚੁੱਕਾ ਸੀ।
ਇਕ ਦਿਨ ਸਾਧੂ ਸਿੰਘ ਦਿਨ-ਦਿਹਾੜੇ ਦੋ ਆਦਮੀ ਨਾਲ ਲੈ ਕੇ ਪਿੰਡ ਕਡਿਆਣੇ ਜਾ ਵੜਿਆ ਤੇ ਜਗਤ ਸਿੰਘ ਨੂੰ ਉਸ ਦੇ ਘਰੋਂ ਫੜ ਕੇ ਬਾਹਰ ਧੂ ਲਿਆਂਦਾ। ਤੇ ਉਸ ਨੂੰ ਇਹ ਸੁਣਾ ਕੇ ਗੋਲੀ ਦਾਗ਼ ਦਿੱਤੀ ਕਿ “ਤੂੰਹੀਏਂ ਜਗਤ ਸਿੰਘ ਹੈਂ, ਜਿਹੜਾ ਬੱਬਰਾਂ ਨੂੰ ਤਾਹਨੇ ਦਿਆ ਕਰਦਾ ਸੀ, ਅੱਜ ਮੈਂ ਤੈਨੂੰ ਨਰਕ ਦੇ ਰਸਤੇ ਪਾਂਦਾ ਹਾਂ।” ਗੋਲੀ ਨਾਲ ਮਾਰ ਕੇ ਉਸ ਦੇ ਕਿਰਪਾਨ ਨਾਲ ਛੋਟੇ ਛੋਟੇ ਟੋਟੇ ਕੀਤੇ ਗਏ।
ਇਸ ਤੋਂ ਬਾਅਦ ਸਾਧੂ ਸਿੰਘ ਨੇ ਉਸ ਬਦਕਾਰ ਔਰਤ ਨੂੰ, ਜਿਹੜੀ ਬੰਤਾ ਸਿੰਘ ਧਾਮੀਆਂ ਦੀ ਸਿੰਘਣੀ ਨੂੰ ਵਰਗਲਾ ਕੇ ਲਿਆਈ ਸੀ, ਨਾਲ ਹੀ ਉਸ ਦੇ ਘਰ ਜਾ ਕੇ ਵੱਸਣ ਵਾਲੀ ਬੰਤਾ ਸਿੰਘ ਧਾਮੀਆਂ ਦੀ ਔਰਤ ਨੂੰ ਭੀ ਪਾਰ ਬੁਲਾਇਆ ਤੇ ਉਹਨਾਂ ਦੇ ਭੀ ਟੋਟੇ ਟੋਟੇ ਕੀਤੇ।
ਇਸ ਤਰ੍ਹਾਂ ਉਸ ਆਦਮੀ ਨੂੰ, ਜਿਸ ਦੇ ਘਰ ਸੁਰੈਣ ਸਿੰਘ ਦੀ ਔਰਤ ਸੀ, ਸਾਂਧੜੀ ਜਾ ਕੇ ਔਰਤ ਸਮੇਤ ਸਫ਼ਾਇਆ ਕੀਤਾ ਗਿਆ। ਇਹ ਕੰਮ ਭੀ ਸਾਧੂ ਸਿੰਘ ਨੇ ਹੀ ਸਿਰੇ ਚਾੜ੍ਹਿਆ ਸੀ।
ਇਕ ਹੋਰ ਮਿਲਟਰੀ ਦਾ ਪੈਨਸ਼ਨਰ ਕਪਤਾਨ ਸੀ, ਜੋ ਅੰਗਰੇਜ਼ੀ ਸਰਕਾਰ ਦਾ ਬਹੁਤ ਪੱਕਾ ਭਗਤ ਸੀ ਤੇ ਸਰਕਾਰ ਦੀ ਮੁਖ਼ਬਰੀ ਕਰਨਾ ਫ਼ਖ਼ਰ ਸਮਝਿਆ ਕਰਦਾ ਸੀ, ਸਾਧੂ ਸਿੰਘ ਨੇ ਉਸ ਦੀ ਜੀਵਨ ਡੋਰੀ ਭੀ ਕੱਟ ਕੇ ਰੱਖ ਦਿੱਤੀ।
ਸਾਫ਼ ਜ਼ਾਹਰ ਹੈ ਕਿ ਸਾਧੂ ਸਿੰਘ ਇਕ ਅਤਿਅੰਤ ਦਲੇਰ ਆਦਮੀ ਸੀ ਤੇ ਬੱਬਰਾਂ ਦੀ ਇੱਜ਼ਤ ਨੂੰ ਕਾਇਮ ਰੱਖਣ ਵਾਸਤੇ ਅਤਿਅੰਤ ਸੂਰਮਤਾਈ ਦੇ ਕੰਮ ਕਰ ਗਿਆ। ਆਖ਼ਰ ਸਾਧੂ ਸਿੰਘ ਫੜਿਆ ਗਿਆ। ਮੁਕੱਦਮਾ ਚੱਲਿਆ ਤੇ ਉਸ ਨੂੰ ਸਰਕਾਰ ਨੇ ਫਾਂਸੀ ਦੀ ਸਜ਼ਾ ਦਿੱਤੀ । ਧੰਨ ਹੈ ਸਾਧੂ ਸਿੰਘ! ਜਿਸ ਨੇ ਬੱਬਰਾਂ ਦੀ ਅਣਖ ਤੇ ਇੱਜ਼ਤ ਲਈ ਆਪਣੀ ਜਾਨ ਵਾਰ ਦਿੱਤੀ।
ਰਤਨ ਸਿੰਘ ਰੱਕੜ
ਸ: ਰਤਨ ਸਿੰਘ ਰੱਕੜ ਇਕ ਹੋਰ ਅਜਿਹਾ ਸੂਰਬੀਰ ਹੋਇਆ ਹੈ ਜਿਸ ਦੇ ਕਾਰਨਾਮਿਆਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਰਤਨ ਸਿੰਘ ਫ਼ੌਜ ਵਿਚੋਂ ਭੱਜ ਆਇਆ ਸੀ ਤੇ ਬੰਬ ਆਦਿ ਹਥਿਆਰ ਫੜੇ ਜਾਣ ਕਰਕੇ ਕਾਲੇ ਪਾਣੀ ਦੀ ਸਜ਼ਾ ਹੋਈ ਸੀ। ਪਰ ਇਹ ਬਹਾਦਰ ਪੁਲਿਸ ਦੇ ਹੱਥੋਂ ਭੱਜ ਗਿਆ ਸੀ ਤੇ ਇਕ ਰਫ਼ਲ ਭੀ ਪੁਲਿਸ ਦੀ ਹੀ ਖੋਹ ਕੇ ਲੈ ਗਿਆ ਸੀ । ਬਹੁਤ ਦੇਰ ਤਕ ਮਫ਼ਰੂਰ ਰਿਹਾ, ਪਰ ਇਕ ਦਿਨ ਅਚਾਨਕ ਰੁੜਕੀ ਪਿੰਡ ਵਿਚ ਪੁਲਿਸ ਦੇ ਘੇਰੇ ਵਿਚ ਆ ਗਿਆ। ਰਤਨ ਸਿੰਘ ਨੇ ਹੌਸਲਾ ਨਹੀਂ ਹਾਰਿਆ, ਸਗੋਂ ਅੰਦਰੋ-ਅੰਦਰੀ ਕਈ ਕੰਧਾਂ ਪਾੜ ਕੇ ਬਾਹਰ ਨਿਕਲ ਗਿਆ। ਪੁਲਿਸ ਏਧਰ ਭੀ ਖੜੀ ਸੀ। ਦੋਹਾਂ ਪਾਸਿਆਂ ਤੋਂ ਫ਼ਾਇਰ ਸ਼ੁਰੂ ਹੋ ਗਏ…। …ਪੰਜ ਪੁਲਸੀਏ ਮਾਰੇ ਗਏ। ਰਤਨ ਸਿੰਘ ਪਾਸ ਕੁਲ ਇਕ ਗੋਲੀ ਬਾਕੀ ਰਹਿ ਗਈ ਸੀ । ਉਸ ਨੇ ਸੋਚਿਆ, ਜਿਊਂਦੇ-ਜੀਅ ਦੁਸ਼ਮਣ ਦੇ ਹੱਥ ਨਹੀਂ ਆਉਣਾ ਚਾਹੀਦਾ, ਇਸ ਲਈ ਉਸ ਨੇ ਇਹ ਆਖ਼ਰੀ ਗੋਲੀ ਆਪਣੀ ਜਾਨ ਮੁਕਾਉਣ ਲਈ ਵਰਤ ਲਈ। ਕਹਿੰਦੇ ਹਨ ਕਿ ਰਤਨ ਸਿੰਘ ਰੱਕੜ ਦੀ ਲਾਸ਼ ਦੇ ਪਾਸ ਆਉਣ ਤੋਂ ਭੀ ਪੁਲਿਸ ਘਬਰਾਂਦੀ ਸੀ। ਇਹ ਘਟਨਾ 15 ਜੁਲਾਈ 1932 ਦੀ ਹੈ।
ਮਾਲਵੇ ਵਿਚ ਬੱਬਰ-ਅਕਾਲੀ ਸ਼ਾਖ਼
ਗਿਆਨੀ ਨਾਹਰ ਸਿੰਘ ਜੀ ਰਚਿਤ ਅਜ਼ਾਦੀ ਦੀਆਂ ਲਹਿਰਾਂ ਅਨੁਸਾਰ ‘ਬੱਬਰ ਅਕਾਲੀ ਲਹਿਰ’ ਦੀ ਇਕ ਸ਼ਾਖ਼ ਮਾਲਵੇ ਵਿਚ ਵੀ ਬਣ ਗਈ ਸੀ । ਬੱਬਰ ਆਗੂਆਂ ਵਿਚੋਂ ਬਾਬੂ ਸੰਤਾ ਸਿੰਘ ਜੀ ਸ਼ਹੀਦ, ਪਿੰਡ ਹਰਿਓਂ ਤਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਸਨ । ਇਹ ਲਾਹੌਰ ਸੈਂਟਰਲ ਜੇਲ੍ਹ ਵਿਚ ਫ਼ਰਵਰੀ 1926 ਨੂੰ ਫਾਂਸੀ ਲੱਗੇ ਸਨ।
ਇਨ੍ਹਾਂ ਦੇ ਜਤਨ ਨਾਲ ਬੱਬਰ ਅਕਾਲੀਆਂ ਦੀ ਇਕ ਸ਼ਾਖ਼ ਮਾਲਵੇ ਵਿਚ ਵੀ ਕਾਇਮ ਹੋ ਗਈ ਸੀ। ਇਸ ਦੇ 15-16 ਮੈਂਬਰ ਸਨ। ਇਨ੍ਹਾਂ ਵਿਚੋਂ ਹੀ ਚੌਧਰੀ ਸ਼ੇਰ ਜੰਗ ਤੇ ਊਧਮ ਸਿੰਘ ਸੁਨਾਮ ਵਾਲੇ ਸਨ।
ਬੀ.ਟੀ. ਕੰਡਾ ਕੱਢਿਆ ਗਿਆ
ਇਸ ਜਥੇ ਵਿਚੋਂ ਸ: ਊਧਮ ਸਿੰਘ ਸੁਨਾਮ, ਕਰਤਾਰ ਸਿੰਘ ਛੀਨੀਵਾਲ, ਭੋਲਾ ਸਿੰਘ ਲੋਹਾ ਖੇੜਾ, ਬਚਨ ਸਿੰਘ ਲੋਹਾ ਖੇੜਾ, ਕੁੰਢਾ ਸਿੰਘ ਗਾਜ਼ੀਆਣਾ, ਫ਼ਜ਼ਲਾ ਘੁੰਮਣ ਵਾਲਾ, ਸੰਤ ਸਿੰਘ ਬੜੀ ਟਿੱਬਾ, ਘੁੰਮਣ ਸਿੰਘ ਮਿਸਤ੍ਰੀ ਅਤੇ ਸਾਉਣ ਸਿੰਘ ਟਿੱਬਾ ਨੇ ਰਲ ਕੇ ਸਲਾਹ ਕੀਤੀ ਕਿ ਗੁਰੂ ਕੇ ਬਾਗ਼ ਵਿਚ ਅਕਾਲੀ ਸਿੰਘਾਂ ਉੱਤੇ ਬੇਦਰਦੀ ਨਾਲ ਲਾਠੀਚਾਰਜ ਕਰਵਾਉਣ ਤੇ ਗੁਰੂ ਸਾਹਿਬਾਨ ਦੀ ਸ਼ਾਨ ਵਿਰੁੱਧ ਕੁ-ਬਚਨ ਬੋਲਣ ਵਾਲੇ ਨੀਚ ਬੀ.ਟੀ. ਸੁਪ੍ਰਿੰਟੈਂਡੈਂਟ-ਪੁਲਿਸ ਨੂੰ ਪਾਰ ਬੁਲਾਣਾ ਚਾਹੀਦਾ ਹੈ। ਇਸ ਕਾਰਜ ਨੂੰ ਸਿਰੇ ਚੜ੍ਹਾਉਣ ਲਈ ਕਰਤਾਰ ਸਿੰਘ ਛੀਨੀਵਾਲ, ਭੋਲਾ ਸਿੰਘ ਲੋਹਾ ਖੇੜਾ ਤੇ ਫ਼ਜ਼ਲਾ ਘੁੰਮਣ ਵਾਲੇ ਦੀ ਡਿਊਟੀ ਲਾਈ ਗਈ। ਇਹ ਕੰਮ ਕਰ ਕੇ ਊਧਮ ਸਿੰਘ ਆਪ ਵਲੈਤ ਨੂੰ ਕਿਸੇ ਗੁੱਝੇ ਮਕਸਦ ਲਈ ਰਵਾਨਾ ਹੋ ਗਿਆ।
ਮਗਰੋਂ ਇਕ ਦਿਨ ਮਲੇਰ ਕੋਟਲੇ ਦੇ ਪੁਲਿਸ-ਅਫ਼ਸਰ ਅਤਾਉੱਲਾ ਖ਼ਾਨ ਨਾਲ ਕਰਤਾਰ ਸਿੰਘ, ਕੁੰਢਾ ਸਿੰਘ ਤੇ ਬਚਨ ਸਿੰਘ ਦੀ ਟੱਕਰ ਹੋ ਗਈ। ਇਹ ਤਿੰਨੇ ਫੜ ਕੇ ਜੇਲ੍ਹ ਭੇਜ ਦਿੱਤੇ ਗਏ।
ਜੇਲ੍ਹ ਵਿਚ ਇਨ੍ਹਾਂ ਬੱਬਰਾਂ ਨੇ ਛੇ ਇਖ਼ਲਾਕੀ ਕੈਦੀਆਂ ਨੂੰ ਨਾਲ ਰਲਾ ਕੇ ਜੇਲ੍ਹ ਵਿਚੋਂ ਭੱਜ ਜਾਣ ਦਾ ਫ਼ੈਸਲਾ ਕਰ ਲਿਆ। ਇਕ ਦਿਨ ਮੌਕਾ ਤਾੜ ਕੇ ਸਾਰਿਆਂ ਨੇ ਜੇਲ੍ਹ-ਸੰਤਰੀ ਉੱਤੇ ਹਮਲਾ ਕਰ ਕੇ ਉਸ ਤੋਂ ਰਫ਼ਲ ਖੋਹ ਲਈ। ਫਿਰ ਮਾਲ-ਖ਼ਾਨਾ ਤੋੜ ਕੇ ਯਾਰਾਂ ਰਫ਼ਲਾਂ ਉੱਥੋਂ ਕੱਢ ਲਈਆਂ ਅਤੇ ਸਾਰੇ ਹੀ ਜੇਲ੍ਹ ਵਿਚੋਂ ਭੱਜ ਗਏ। ਇਖ਼ਲਾਕੀ ਕੈਦੀ ਤਾਂ ਆਪਣੇ ਰਾਹ ਪੈ ਗਏ ਅਤੇ ਬੱਬਰ ਅਕਾਲੀ ਆਪਣੇ ਜ਼ਿੰਮੇ ਲੱਗੀ ਡਿਊਟੀ ਨੂੰ ਨਿਭਾਉਣ ਲਈ ਵਿਉਂਤ ਸੋਚਣ ਲੱਗ ਪਏ।
ਇਨ੍ਹਾਂ ਦਿਨਾਂ ਵਿਚ ਮਿਸਟਰ ਬੀ.ਟੀ. ਪਿੰਡ ਚੱਡੇ ਰਿਆਸਤ ਪਟਿਆਲਾ ਵਿਚ ਆਪਣੀ ਕੋਠੀ ਬਣਾ ਕੇ ਰਹਿੰਦਾ ਸੀ। ਇਕ ਤੀਵੀਂ ਹਰਨਾਮ ਕੌਰ ਨੂੰ ਉਸ ਨੇ ਘਰ ਪਾ ਲਿਆ ਹੋਇਆ ਸੀ, ਇਸ ਕਰਕੇ ਹਰਨਾਮ ਕੌਰ ਦਾ ਦਿਉਰ ਕਾਕਾ ਸਿੰਘ ਬੀ.ਟੀ. ਦਾ ਦੁਸ਼ਮਣ ਬਣਿਆ ਹੋਇਆ ਸੀ।
ਪੰਜ ਬੱਬਰਾਂ-ਕਰਤਾਰ ਸਿੰਘ ਛੀਨੀਵਾਲ, ਬਚਨ ਸਿੰਘ, ਭੋਲਾ ਸਿੰਘ ਲੋਹਾ ਖੇੜਾ, ਕੁੰਢਾ ਸਿੰਘ ਗਾਜ਼ੀਆਣਾ ਤੇ ਫ਼ਜ਼ਲਾ ਘੁੰਮਣ ਨੇ ਪੁਲਿਸ ਦਾ ਭੇਸ ਧਾਰ ਲਿਆ। ਚੱਡਿਆਂ ਤੋਂ ਕਾਕਾ ਸਿੰਘ ਨੂੰ ਨਾਲ ਰਲਾਇਆ ਤੇ ਬੀ.ਟੀ. ਦੀ ਕੋਠੀ ਜਾ ਵੜੇ। ਬੀ.ਟੀ. ਦੇ ਸਾਹਮਣੇ ਕਾਕਾ ਸਿੰਘ ਨੂੰ ਉਨ੍ਹਾਂ ਘਸੁੰਨ ਮੁੱਕੀ ਕਰ ਕੇ ਆਖਿਆ, “ਬੀ.ਟੀ. ਦੇ ਪੈਰੀਂ ਪੈ ਜਾ ਤੇ ਇਸ ਦਾ ਵਿਰੋਧ ਛੱਡ ਦੇ।” ਬੀ.ਟੀ. ਬੜਾ ਖ਼ੁਸ਼ ਹੋਇਆ। ਕਾਕਾ ਸਿੰਘ ਨੇ ਬੀ.ਟੀ. ਦੇ ਪੈਰੀਂ ਪੈਣ ਦੇ ਪੱਜ ਉਸ ਦੀਆਂ ਲੱਤਾਂ ਫੜ ਕੇ ਉਲਟਾ ਦਿੱਤਾ। ਤੇ ਦੂਜਿਆਂ ਨੇ ਇਕੱਠੀਆਂ ਗੋਲੀਆਂ ਚਲਾ ਕੇ ਉਸ ਨੂੰ ਸਦਾ ਦੀ ਨੀਂਦੇ ਸੁਆ ਦਿੱਤਾ। ਹਰਨਾਮ ਕੌਰ ਕੋਲ ਖੜੋਤੀ ਰੌਲਾ ਪਾਉਣ ਲੱਗੀ, ਉਸ ਨੂੰ ਵੀ ਗੋਲੀ ਮਾਰ ਕੇ ਪਾਰ ਬੁਲਾ ਦਿੱਤਾ ਗਿਆ। ਇਸ ਤਰ੍ਹਾਂ ਬੀ.ਟੀ. ਨੂੰ ਵੀ ਆਪਣੇ ਪਾਪਾਂ ਦਾ ਫਲ ਬੱਬਰਾਂ ਨੇ ਇਥੇ ਦੇ ਦਿੱਤਾ।
ਬੀ.ਟੀ. ਦਾ ਦੂਜਾ ਭਰਾ ਲਾਹੌਰ ਵਿਚ ਸੀਨੀਅਰ ਸੁਪ੍ਰਿੰਟੈਂਡੈਂਟ ਸੀ । ਉਹ ਲਾਹੌਰ ਵਿਚ ਖ਼ਾਕਸਾਰਾਂ ਦੇ ਹੱਥੋਂ ਮਾਰਿਆ ਗਿਆ ਸੀ।
ਬੀ.ਟੀ. ਦੇ ਕਤਲ ਦੇ ਮੁਕੱਦਮੇ ਵਿਚ ਬਚਨ ਸਿੰਘ ਨੂੰ ਫਾਂਸੀ ਮਿਲੀ, ਬਾਕੀਆਂ ਨੂੰ 14-14 ਸਾਲ ਕੈਦ। ਕੁੰਢਾ ਸਿੰਘ, ਫ਼ਜ਼ਲਾ ਤੇ ਕਾਕਾ ਸਿੰਘ ਫਿਰ ਪੁਲਿਸ-ਮੁਕਾਬਲੇ ਵਿਚ ਮਾਰੇ ਗਏ ਸਨ।
ਓਡਵਾਇਰ ਦਾ ਖ਼ਾਤਮਾ
ਓਡਵਾਇਰ ਪੰਜਾਬ ਦਾ ਲਾਟ ਸੀ, ਜਿਸ ਨੇ 1919 ਵਿਚ ਜਲ੍ਹਿਆਂ ਵਾਲੇ ਬਾਗ਼ ਦਾ ਖੂਨੀ ਸਾਕਾ ਕਰਵਾਇਆ ਸੀ। ਊਧਮ ਸਿੰਘ ਸੁਨਾਮ ਨੇ ਇਸ ਤੋਂ ਕੌਮੀ ਬਦਲਾ ਲੈਣ ਦਾ ਮਨ ਵਿਚ ਪੱਕਾ ਫ਼ੈਸਲਾ ਕਰ ਰੱਖਿਆ ਸੀ।
ਊਧਮ ਸਿੰਘ ਇਕ ਵੇਰਾਂ ਵਲੈਤ ਜਾ ਕੇ ਭਗਤ ਸਿੰਘ ਦੇ ਲਿਖਣ ‘ਤੇ ਵਾਪਸ ਆ ਗਿਆ ਸੀ। ਇਥੇ ਕਿਸੇ ਕੇਸ ਵਿਚ ਉਸ ਨੂੰ ਚਾਰ ਸਾਲ ਕੈਦ ਵੀ ਹੋਈ ਸੀ। ਰਿਹਾਅ ਹੋ ਕੇ ਦੂਜੀ ਵਾਰ ਫਿਰ ਇਹ ਆਪਣੇ ਦਿਲ ਵਿਚ ਕੀਤੇ ਫ਼ੈਸਲੇ ਨੂੰ ਪੂਰਾ ਕਰਨ ਲਈ ਨਾਂ ਵਟਾ ਕੇ ਲੰਡਨ ਚਲਾ ਗਿਆ।
13 ਮਾਰਚ 1940 ਦਾ ਦਿਨ ਸੀ। ਇੰਡੀਆ ਹਾਊਸ ਲੰਡਨ ਵਿਚ ਜਲਸਾ ਹੋ ਰਿਹਾ ਸੀ। ਸਰ ਮਾਈਕਲ ਓਡਵਾਇਰ ਹਿੰਦੋਸਤਾਨੀ ਵਿਚ ਤਕਰੀਰ ਕਰ ਰਿਹਾ ਸੀ । ਊਧਮ ਸਿੰਘ ਨੇ ਉਠ ਕੇ ਨਿਸ਼ਾਨਾ ਬੰਨ੍ਹ ਕੇ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ। ਓਡਵਾਇਰ ਉੱਥੇ ਹੀ ਡਿੱਗ ਕੇ ਮੌਤ ਦੀ ਗੋਦੀ ਵਿਚ ਜਾ ਸੁੱਤਾ। ਊਧਮ ਸਿੰਘ ਨੇ ਉੱਚੀ ਦੇ ਕੇ ਕਿਹਾ, “ਮੈਂ ਆਪਣੇ ਇਮਤਿਹਾਨ ਵਿਚ ਪਾਸ ਹੋ ਗਿਆ ਹਾਂ, ਮੈਂ ਆਪਣਾ ਮਕਸਦ ਪੂਰਾ ਕਰ ਲਿਆ ਹੈ।” ਉਹ ਗ੍ਰਿਫ਼ਤਾਰ ਕੀਤਾ ਗਿਆ। ਜੱਜ ਦੇ ਸਾਹਮਣੇ ਉਸ ਨੇ ਸਾਫ਼ ਬਿਆਨ ਦਿੱਤਾ, “ਮੈਂ ਜਲ੍ਹਿਆਂ ਵਾਲੇ ਬਾਗ਼ ਦੇ ਸ਼ਹੀਦਾਂ ਦਾ ਬਦਲਾ ਲਿਆ ਹੈ। ਮੈਂ ਜੋ ਕੁਝ ਕੀਤਾ ਹੈ, ਆਪਣੇ ਦੇਸ਼ ਲਈ ਕੀਤਾ ਹੈ, ਤੁਸੀਂ ਆਪਣਾ ਫ਼ਰਜ਼ ਪੂਰਾ ਕਰੋ।” ਅਦਾਲਤ ਨੇ ਇਸ ਨੂੰ ਫਾਂਸੀ ਦਾ ਹੁਕਮ ਦਿੱਤਾ। 13 ਜੂਨ 1940 ਨੂੰ ਇਸ ਨੂੰ ਫਾਂਸੀ ‘ਤੇ ਲਟਕਾਇਆ ਗਿਆ। ਦੇਸ਼-ਭਗਤ ਊਧਮ ਸਿੰਘ ਨੇ ਫੁੱਲਾਂ ਦੇ ਹਾਰਾਂ ਵਾਂਗ ਫਾਂਸੀ ਨੂੰ ਆਪਣੇ ਗਲ ਵਿਚ ਪਾਇਆ ਤੇ ਸ਼ਹੀਦੀ ਪ੍ਰਾਪਤ ਕੀਤੀ। ਲੰਡਨ ਵਿਚ ਇਸ ਨੇ ਆਪਣਾ ਨਾਂ ਰਾਮ ਮੁਹੰਮਦ ਸਿੰਘ ਰੱਖਿਆ ਹੋਇਆ ਸੀ, ਪਰ ਅਦਾਲਤ ਵਿਚ ਆਪਣਾ ਅਸਲੀ ਨਾਂ ਦੱਸ ਦਿੱਤਾ ਸੀ।
ਊਧਮ ਸਿੰਘ ਨੇ ਲੰਡਨ ਵਿਚ ਜਾ ਕੇ ਦੇਸ਼ ਦੇ ਵੱਡੇ ਦੁਸ਼ਮਣ ਨੂੰ ਭਰੇ ਜਲਸੇ ਵਿਚ ਕਤਲ ਕਰ ਕੇ ਅਦੁੱਤੀ ਸੂਰਬੀਰਤਾ ਦਾ ਸਬੂਤ ਦਿੱਤਾ। ਇਸ ਖ਼ਬਰ ਨੇ ਦੇਸ਼-ਭਗਤਾਂ ਦੇ ਦਿਲਾਂ ਵਿਚ ਖ਼ੁਸ਼ੀ ਦੇ ਹੁਲਾਰੇ ਪੈਦਾ ਕਰ ਦਿੱਤੇ ।
ਬੱਬਰ ਲਹਿਰ ਦੇ ਸ਼ਹੀਦਾਂ ਦੀ ਫ਼ਹਿਰਿਸਤ
ਵੱਖ-ਵੱਖ ਸਾਕਿਆਂ ਵਿਚ ਅਤੇ ਹਵਾਲਾਤਾਂ ਤੇ ਜੇਲ੍ਹਾਂ ਵਿਚ ਜਿਨ੍ਹਾਂ ਬੱਬਰਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ, ਉਨ੍ਹਾਂ ਦਾ ਵਰਣਨ ਵੱਖ-ਵੱਖ ਥਾਵਾਂ ਉੱਤੇ ਕੀਤਾ ਗਿਆ ਹੈ। ਹੇਠਾਂ ਅਸੀਂ ਉਨ੍ਹਾਂ ਦੀ ਪੂਰੀ ਫ਼ਹਿਰਿਸਤ ਦਰਜ ਕਰਦੇ ਹਾਂ :
ਬੁਬੇਲੀ ਸਾਕੇ ਦੇ ਸ਼ਹੀਦ
- ਸ: ਕਰਮ ਸਿੰਘ ਐਡੀਟਰ, ਪਿੰਡ ਦੌਲਤਪੁਰ (ਜਲੰਧਰ)।
- ਸ: ਉਦੈ ਸਿੰਘ ਰਾਮਗੜ੍ਹ ਝੁੰਗੀਆਂ (ਹੁਸ਼ਿਆਰਪੁਰ)।
- ਸ: ਬਿਸ਼ਨ ਸਿੰਘ ਮਾਂਗਟ (ਜਲੰਧਰ)।
- ਸ: ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ (ਹੁਸ਼ਿਆਰਪੁਰ)।
ਮੰਨਣਹਾਣਾ ਸਾਕੇ ਦਾ ਸ਼ਹੀਦ
- ਸ: ਧੰਨਾ ਸਿੰਘ ਬਹਿਬਲਪੁਰ (ਹੁਸ਼ਿਆਰਪੁਰ)।
ਮੁੰਡੇਰ ਸਾਕੇ ਦੇ ਸ਼ਹੀਦ
- ਸ: ਬੰਤਾ ਸਿੰਘ ਧਾਮੀਆਂ (ਹੁਸ਼ਿਆਰਪੁਰ)।
- ਸ: ਜਵਾਲਾ ਸਿੰਘ ਫ਼ਤਹਪੁਰ ਕੋਠੀ (ਹੁਸ਼ਿਆਰਪੁਰ)।
- ਸ: ਵਰਿਆਮ ਸਿੰਘ ਧੁੱਗਾ (ਹੁਸ਼ਿਆਰਪੁਰ), ਇਹ ਇਥੋਂ ਨੱਸ ਕੇ ਲਾਇਲਪੁਰ ਜਾ ਕੇ ਸ਼ਹੀਦ ਹੋਇਆ ਸੀ।
ਫਾਂਸੀ ਲਟਕਣ ਵਾਲੇ ਸ਼ਹੀਦ
- ਜਥੇਦਾਰ ਕਿਸ਼ਨ ਸਿੰਘ, ਬੜਿੰਗ (ਜਲੰਧਰ)।
- ਸ: ਦਲੀਪ ਸਿੰਘ (ਛੋਟਾ) ਧਾਮੀਆਂ (ਹੁਸ਼ਿਆਰਪੁਰ)।
- ਸ: ਨੰਦ ਸਿੰਘ ਘੁੜਿਆਲ (ਜਲੰਧਰ)।
- ਸ: ਕਰਮ ਸਿੰਘ ਮਾਣਕੋ (ਜਲੰਧਰ)।
- ਬਾਬੂ ਸੰਤਾ ਸਿੰਘ ਛੋਟੀ ਹਰਿਓਂ (ਲੁਧਿਆਣਾ)।
- ਸ: ਧਰਮ ਸਿੰਘ ਹਯਾਤਪੁਰ (ਹੁਸ਼ਿਆਰਪੁਰ)।
ਜੇਲ੍ਹਾਂ ਵਿਚ ਹੋਏ ਸ਼ਹੀਦ
- ਸ: ਕਰਮ ਸਿੰਘ ਝਿੰਗੜ (ਜਲੰਧਰ)।
- ਸ: ਦਲੀਪ ਸਿੰਘ ਵੱਡਾ ਧਾਮੀਆਂ (ਹੁਸ਼ਿਆਰਪੁਰ)।
- ਸ: ਸੁਰਜਨ ਸਿੰਘ ਹਯਾਤਪੁਰ (ਹੁਸ਼ਿਆਰਪੁਰ)।
- ਸ: ਪ੍ਰਤਾਪ ਸਿੰਘ ਛਬੀਲਪੁਰ (ਸਿਆਲਕੋਟ)।
- ਸ: ਮੁਨਸ਼ਾ ਸਿੰਘ ਜੌਹਲ (ਜਲੰਧਰ)।
ਹਵਾਲਾਤ ਵਿਚ ਚਲਾਣਾ ਕਰ ਗਏ
- ਸ: ਸਾਧਾ ਸਿੰਘ ਪੰਡੋਰੀ ਨਿਝਰਾਂ (ਜਲੰਧਰ)।
. ਸ: ਅਮਰ ਸਿੰਘ ਪੰਡੋਰੀ ਨਿਝਰਾਂ (ਜਲੰਧਰ)।
21 22. ਸ: ਚਤਰ ਸਿੰਘ ਕੰਦੋਲਾ (ਜਲੰਧਰ)।
- ਸ: ਸੁੰਦਰ ਸਿੰਘ ਹਯਾਤਪੁਰ (ਹੁਸ਼ਿਆਰਪੁਰ)।
- ਸ: ਵਰਿਆਮ ਸਿੰਘ ਕੋਟ ਫ਼ਤੂਹੀ (ਹੁਸ਼ਿਆਰਪੁਰ)।
ਹੋਰ ਸ਼ਹੀਦ
- ਸ: ਰਤਨ ਸਿੰਘ ਰੱਕੜ (ਜਲੰਧਰ)।
- ਸ: ਊਧਮ ਸਿੰਘ ਸੁਨਾਮ, ਓਡਵਾਇਰ ਨੂੰ ਕਤਲ ਕਰਨ ਬਦਲੇ ਫਾਂਸੀ ਲੱਗਾ।
- ਸ: ਬਚਨ ਸਿੰਘ ਲੋਹਾ ਖੇੜਾ, ਬੀ.ਟੀ. ਦੇ ਕਤਲ ਬਦਲੇ ਫਾਂਸੀ ਲੱਗਾ।
ਦਸਵਾਂ ਕਾਂਡ
ਰਿਹਾਈਆਂ ਮਗਰੋਂ
1938 ਦੇ ਅਗਸਤ ਮਹੀਨੇ ਤਕ, ਸਜ਼ਾ ਪਾ ਚੁੱਕੇ ਕੁਲ ਬੱਬਰ ਰਿਹਾਅ ਹੋ ਚੁੱਕੇ
ਸਨ। ਉਸੇ ਸਾਲ ਮਾਸਟਰ ਮੋਤਾ ਸਿੰਘ ਜੀ ਨੇ ਬੱਬਰਾਂ ਦੀ ਇਕ ਕਾਨਫ਼ਰੰਸ ਗੁਰਦੁਆਰਾ ਬੰਦਾਗੜ੍ਹ ਵਿਚ ਬੁਲਾਈ। ਇਸ ਕਾਨਫ਼ਰੰਸ ਵਿਚ ਸਾਰੇ ਬੱਬਰ ਸ਼ਾਮਲ ਹੋਏ। ਸਭਨਾਂ ਨੂੰ ਪੂਰੇ ਆਦਰ-ਮਾਣ ਨਾਲ ਸਿਰੋਪਾਓ ਦਿੱਤੇ ਗਏ। ਏਥੇ ਜੁੜੇ ਹੋਏ ਬੱਬਰਾਂ ਨੇ ਹੇਠ ਲਿਖੇ ਭਾਵ ਦਾ ਸਰਬ-ਸੰਮਤੀ ਨਾਲ ਇਕ ਮਤਾ ਪਾਸ ਕੀਤਾ :
“ਬੱਬਰ-ਜਥਾ ਅਕਾਲੀ ਲਹਿਰ ਦੀ ਸੁਧਾਰਵਾਦੀ ਨੀਤੀ ਅਤੇ ਸ਼ਾਂਤਮਈ ਕਾਰਜ-ਯੁਕਤੀ ਵਿਰੁੱਧ ਪੈਦਾ ਹੋਇਆ ਸੀ । ਅਕਾਲੀ ਲੀਡਰਸ਼ਿਪ ਕਿਉਂਕਿ ਬੱਬਰ-ਜਥੇ ਦੀ ਵਿਰੋਧਤਾ ਕਰਦੀ ਚਲੀ ਆਈ ਸੀ, ਇਸ ਲਈ ਬੱਬਰਾਂ ਦਾ ਫ਼ਰਜ਼ ਹੈ ਕਿ ਉਹ ਅਗਾਂਹ-ਵਧੂ ਤਾਕਤਾਂ ਤੇ ਜਥੇਬੰਦੀਆਂ (ਕਿਸਾਨ ਸਭਾ) ਆਦਿ ਨਾਲ ਮਿਲ ਕੇ ਕੰਮ ਕਰਨ ਤੇ ਅਕਾਲੀ ਲੀਡਰਸ਼ਿਪ ਦੀ ਪਿਛਾਂਹ-ਖਿਚੂ ਨੀਤੀ ਵਿਰੁੱਧ ਲੜਨ।”
ਇਕ ਮੀਟਿੰਗ ਬੱਬਰ ਸਾਥੀਆਂ ਦੀ 1946 ਵਿਚ ਧਾਮੀਆਂ ਕਲਾਂ ਵਿਚ ਹੋਈ, ਜਿਸ ਵਿਚ ਇਹ ਫ਼ੈਸਲਾ ਕੀਤਾ ਗਿਆ ਕਿ ਗੁਰਦੁਆਰਾ ਚੌਂਤਾ ਸਾਹਿਬ ਵਿਖੇ ਬੱਬਰਾਂ ਦਾ ਸ਼ਹੀਦੀ-ਦਿਨ ਮਨਾਇਆ ਜਾਇਆ ਕਰੇ ।
1 ਸਤੰਬਰ 1946 ਨੂੰ ਚੌਂਤਾ ਸਾਹਿਬ ਵਿਚ ਪਹਿਲੀ ਬੱਬਰ ਸ਼ਹੀਦੀ ਕਾਨਫ਼ਰੰਸ ਹੋਈ। ਬੱਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਬੱਬਰਾਂ ਦੀਆਂ ਕੁਰਬਾਨੀਆਂ ‘ਤੇ ਰੌਸ਼ਨੀ ਪਾਈ ਗਈ। ਹਰ ਸਾਲ ਇਥੇ ਬੱਬਰ ਸ਼ਹੀਦੀ ਕਾਨਫ਼ਰੰਸ ਕਰ ਕੇ ਇਨ੍ਹਾਂ ਦੀ ਯਾਦ ਮਨਾਈ ਜਾਂਦੀ ਹੈ।
ਸ਼ਹੀਦੀ ਬੁੰਗਾ
ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ, ਵੈਨਕੋਵਰ ਤੇ ਵਿਕਟੋਰੀਆ ਆਦਿ ਕੈਨੇਡਾ ਦੀਆਂ ਸੰਗਤਾਂ ਨੇ ਇਕ ਸ਼ਹੀਦੀ ਬੁੰਗਾ ਬੱਬਰਾਂ ਦੀ ਯਾਦ ਵਿਚ ਅਨੰਦਪੁਰ ਸਾਹਿਬ ਵਿਖੇ ਬਣਵਾਇਆ ਸੀ, ਜਿਸ ਦੇ ਦਰਵਾਜ਼ੇ ਉਪਰ ਇਹ ਸ਼ਬਦ ਉਕਰੇ ਹੋਏ ਸਨ। “ਇਹ ਬੁੰਗਾ ਬਹਾਦਰ ਬੱਬਰ ਅਕਾਲੀਆਂ ਦੀ ਯਾਦ ਵਿਚ ਬਣਾਇਆ ਗਿਆ ।” 1945-46 ਵਿਚ ਪਾਰਟੀ-ਬਾਜ਼ੀ ਦੇ ਕਾਰਨ ‘ਬੱਬਰ ਬਹਾਦਰ’ ਦੇ ਸ਼ਬਦ ਮਿਟਾ ਦਿੱਤੇ ਤੇ ਇਕੱਲਾ ‘ਅਕਾਲੀ’ ਸ਼ਬਦ ਰਹਿਣ ਦਿੱਤਾ ਗਿਆ। ਪਰ ਜਦੋਂ 1946 ਦੇ ਹੋਲੇ ਮਹੱਲੇ ਦੇ ਉਤਸਵ ਸਮੇਂ ਬੱਬਰਾਂ ਨੇ ਇਹ ਗੱਲ ਵੇਖੀ ਤਾਂ ਉਹਨਾਂ ਵਲੋਂ ਸੰਤ ਹਰੀ ਸਿੰਘ ਤੇ ਮਾਸਟਰ ਅਜੀਤ ਸਿੰਘ ਅੰਬਾਲਵੀ ਦੇ ਪਾਸ ਰੋਸ ਪਰਗਟ ਕੀਤਾ ਗਿਆ। ਫਿਰ 1947 ਦੇ ਹੋਲੇ ਮਹੱਲੇ ਤੋਂ ਪਹਿਲਾਂ ‘ਬੱਬਰ ਬਹਾਦਰ’ ਦੇ ਸ਼ਬਦ ਦੁਬਾਰਾ ਲਿਖਵਾ ਦਿੱਤੇ ਗਏ।
ਇਨਕਲਾਬੀ ਅੰਸ਼ ਆਪਣੀ ਸਹੀ ਥਾਂ ਪੁਰ
ਬੱਬਰ ਲਹਿਰ ਵਿਚ ਹਿੱਸਾ ਲੈਣ ਵਾਲੇ ਕਿਹੜੀ ਜਮਾਤ ਵਿਚੋਂ ਆਏ ਸਨ ਤੇ ਜੇਲ੍ਹਾਂ ਤੋਂ ਬਾਹਰ ਆ ਕੇ ਕਿਥੇ ਜੁੜੇ ? ਇਸ ਪ੍ਰਸ਼ਨ ਦਾ ਉੱਤਰ ਦੇਣ ਵਾਸਤੇ ਉਨ੍ਹਾਂ ਹਾਲਤਾਂ ਨੂੰ ਸਮਝਣਾ ਚਾਹੀਦਾ ਹੈ ਜੋ ਬੱਬਰਾਂ ਦੀ ਲੰਮੀ ਜੇਲ੍ਹ-ਯਾਤਰਾ ਸਮੇਂ ਪੱਕੀਆਂ ਤੇ ਉਹਨਾਂ ਦੀਆਂ ਰਿਹਾਈਆਂ ਤੋਂ ਬਾਅਦ ਉਹਨਾਂ ਦੀ ਤਵੱਜੋ ਦੀ ਮੰਗ ਕਰਨ ਲੱਗੀਆਂ।
ਪਿੱਛੇ ਦੱਸਿਆ ਜਾ ਚੁੱਕਾ ਹੈ ਕਿ 1938 ਤਕ ਉਹ ਸਭ ਬੱਬਰ ਸਾਥੀ, ਜੋ ਜੀਉਂਦੇ ਬਚੇ ਸਨ, ਜੇਲ੍ਹਾਂ ਤੋਂ ਬਾਹਰ ਆ ਚੁੱਕੇ ਸਨ, ਜਨਤਕ ਲਹਿਰਾਂ ਭੀ ਲੰਮੇ ਲੰਮੇ ਕਦਮ ਪੁੱਟ ਕੇ ਬਹੁਤ ਅੱਗੇ ਵਧ ਚੁੱਕੀਆਂ ਸਨ, ਟ੍ਰੇਡ ਯੂਨੀਅਨ ਲਹਿਰ 1928-29 ਤੋਂ ਅਰੰਭ ਹੋਣ ਵਾਲੇ ਸੰਸਾਰਕ ਮੰਦਵਾੜੇ ਦੇ ਅਸਰ ਹੇਠ ਲੜਦੀ-ਭਿੜਦੀ ਤੇ ਅਨੇਕਾਂ ਮੋਰਚੇ ਲਾਉਂਦੀ ਹੋਈ ਬਹੁਤ ਹੱਦ ਤੀਕ ਵਧ ਚੁੱਕੀ ਸੀ। ਨਾਲ ਹੀ ਮਜ਼ਦੂਰਾਂ ਦੇ ਯੁਧ-ਸਾਥੀ ਕਿਸਾਨ ਭੀ ਸਰਬ ਹਿੰਦ ਪੈਮਾਨੇ ਉੱਤੇ ਜਥੇਬੰਦ ਹੋ ਚੁੱਕੇ ਸਨ।
ਕਿਸਾਨ ਲਹਿਰ ਆਪੋ-ਆਪਣੇ ਸੂਬਿਆਂ ਵਿਚ ਸਾਮਰਾਜੀ ਏਜੰਟਾਂ ਤੇ ਜਗੀਰਦਾਰਾਂ ਵਿਰੁੱਧ ਟੱਕਰਾਂ ਲੈਣ ਲਈ ਤਿਆਰ ਹੋ ਚੁੱਕੀ ਸੀ। ਬੱਬਰ ਬਹਾਦਰ ਜੋ ਅਕਾਲੀ ਲਹਿਰ ਦੀ ਗਰਮਾ-ਗਰਮੀ ਵਿਚ ਜੇਲ੍ਹਾਂ ਅੰਦਰ ਗਏ ਸਨ, 1938 ਦੇ ਕਰੀਬ ਅਜਿਹੇ ਵਾਯੂ-ਮੰਡਲ ਵਿਚ ਬਾਹਰ ਆਏ, ਜਦੋਂ ਮਜ਼ਦੂਰ-ਕਿਸਾਨ ਜਥੇਬੰਦੀਆਂ ਮੈਦਾਨ ਵਿਚ ਉਤਰ ਰਹੀਆਂ ਸਨ।
ਬੱਬਰ ਬਹਾਦਰ ਆਪਣੇ ਆਦਰਸ਼ ਵਾਸਤੇ ਆਪਣੀਆਂ ਜਵਾਨੀਆਂ ਦੀ ਭੇਟਾ ਦੇ ਚੁੱਕੇ ਸਨ। ਉਹਨਾਂ ਨੇ ਬਹੁਤ ਲੰਮੀਆਂ ਕੈਦਾਂ ਕੱਟੀਆਂ ਸਨ। ਏਨੀ ਲੰਮੀ ਕੈਦ ਕੱਟਣ ਤੇ ਕਸ਼ਟ ਝੱਲਣ ਬਾਅਦ ਆਦਮੀ ਆਮ ਤੌਰ ਪੁਰ ਨਿਸਲ ਹੋ ਜਾਂਦਾ ਹੈ, ਪਰ ਬੱਬਰ ਇਕ ਖ਼ਾਸ ਮਿੱਟੀ ਦੇ ਬਣੇ ਹੋਏ ਸਨ।
ਬਾਹਰ ਆਉਣ ਸਮੇਂ ਭੀ ਉਨ੍ਹਾਂ ਪੁਰ ਥਕੇਵੇਂ ਤੇ ਉਤਸ਼ਾਹ-ਹੀਣਤਾ ਦਾ ਕੋਈ ਅਸਰ ਨਹੀਂ ਸੀ। ਜੇਲ੍ਹ-ਰੂਪੀ ਚੱਕੀ ਦੀ ਲੰਮੀ ਦਰੜ ਤੋਂ ਬਾਅਦ ਭੀ ਉਹ ਨਿਰਾਸਤਾ ਤੇ ਉਦਾਸੀਨਤਾ ਦੇ ਅਸਰ ਹੇਠ ਨਹੀਂ ਆਏ। ਇਸ ਲਈ ਉਹ ਜਿਉਂ ਜਿਉਂ ਬਾਹਰ ਆਉਂਦੇ ਗਏ ਤਿਉਂ ਤਿਉਂ ਜਨਤਕ ਲਹਿਰਾਂ ਦਾ ਭਾਰ ਆਪਣਿਆਂ ਮੋਢਿਆਂ ਪੁਰ ਰੱਖਦੇ ਗਏ। ਉਹਨਾਂ ਨੇ ਆਰਾਮ ਕਰਨ ਵਾਸਤੇ ਮੁਹਲਤ ਨਹੀਂ ਮੰਗੀ। ਉਹਨਾਂ ਵਿਚੋਂ ਬਹੁਤੇ ਆਉਂਦੇ ਹੀ ਕਿਸਾਨੀ ਲਹਿਰ ਵਿਚ ਕੁਦ ਪਏ ਤੇ ਆਪਣੀ ਬਾਕੀ ਦੀ ਆਯੂ ਕਿਸਾਨਾਂ ਦੀ ਇਨਕਲਾਬੀ ਜਨਤਕ ਲਹਿਰ ਦੇ ਸਪੁਰਦ ਕਰ ਦਿੱਤੀ । ਕਾਰਨ ਇਹ ਸੀ ਕਿ ਜਦੋਂ ਬੱਬਰਾਂ ਨੇ ਬਾਹਰ ਆ ਕੇ ਦੇਖਿਆ ਕਿ ਕਿਸਾਨ ਲਹਿਰ ਉਹਨਾਂ ਦੇ ਪੁਰਾਣੇ ਦੁਸ਼ਮਣ ਸਾਮਰਾਜ ਨਾਲ ਟੱਕਰ ਲੈ ਰਹੀ ਸੀ ਤਾਂ ਉਹਨਾਂ ਨੂੰ ਵੈਰੀ-ਦਮਨ ਰੋਹ ਚੜ੍ਹ ਗਿਆ। ਉਹ ਆਪਣੇ ਹੱਥੀਂ ਸ਼ੁਰੂ ਕੀਤੇ ਹੋਏ ਕੰਮ-ਸਾਮਰਾਜ ਨੂੰ ਸਮੂਲਚਾ ਉਖੇੜਨ ਦੇ ਘੋਲ ਵਿਚ ਕੁੱਦ ਪਏ।
ਦੂਜਾ ਕਾਰਨ ਇਹ ਕਿ ਬੱਬਰ ਬਹਾਦਰ ਆਮ ਤੌਰ ਪੁਰ ਗ਼ਰੀਬ ਤੇ ਦਰਮਿਆਨੇ ਕਿਸਾਨਾਂ ਵਿਚੋਂ ਆਏ ਸਨ। ਇਨ੍ਹਾਂ ਵਿਚੋਂ ਕਈ ਗ਼ਰੀਬੀ ਦੇ ਸਤਾਏ ਹੋਏ ਪਰਦੇਸਾਂ ਵਿਚ ਧੱਕੇ ਖਾ ਚੁੱਕੇ ਸਨ, ਜਾਂ ਫ਼ੌਜਾਂ ਵਿਚ ਭਰਤੀ ਹੋ ਕੇ ਦੇਸਾਂ-ਪਰਦੇਸਾਂ ਦੀ ਹਵਾ। ਖਾ ਚੁੱਕੇ ਸਨ। ਹੁਣ ਜਦੋਂ ਉਨ੍ਹਾਂ ਨੇ ਦੇਖਿਆ ਕਿ ਹਿੰਦੁਸਤਾਨ ਦਾ ਕਿਸਾਨ ਭੀ ਸੋਝੀਵਾਨ ਹੋ ਕੇ ਸਾਮਰਾਜ ਤੇ ਜਗੀਰਦਾਰੀ ਵਿਰੁੱਧ ਮੈਦਾਨ ਵਿਚ ਨਿਤਰ ਆਇਆ। ਹੈ, ਤਾਂ ਬਹੁਤੇ ਬੱਬਰ ਬਹਾਦਰ ਕਿਸਾਨ ਜਥੇਬੰਦੀ ਵਿਚ ਸ਼ਾਮਲ ਹੋ ਗਏ।
ਜੇਲ੍ਹਾਂ ਵਿਚ ਬੱਬਰਾਂ ਨੂੰ ਕਈ ਸਿਆਣੇ ਵਿਚਾਰਵਾਨਾਂ ਨਾਲ ਵਾਹ ਪਿਆ ਅਤੇ ਸਿਧਾਂਤੀ ਕਿਤਾਬਾਂ ਪੜ੍ਹਨ ਤੇ ਆਪਾ ਪੜਚੋਲਣ ਦਾ ਅਵਸਰ ਮਿਲਿਆ ਸੀ। ਇਨ੍ਹਾਂ ਅਸਰਾਂ ਹੇਠ ਬੱਬਰ ਬਾਹਰ ਆ ਕੇ ਜਨਤਕ ਲਹਿਰਾਂ ਵਿਚ ਸ਼ਾਮਲ ਹੋਏ।
ਕੁਝ ਕੁ ਬੱਬਰ ਕਾਂਗਰਸ ਵਿਚ ਤੇ ਕੁਝ ਕੁ ਅਕਾਲੀ ਪਾਰਟੀ ਵਿਚ ਵੀ ਗਏ, ਪਰ ਬੱਬਰਾਂ ਦੀ ਭਾਰੀ ਗਿਣਤੀ ਕਿਸਾਨ ਲਹਿਰ ਵਿਚ ਲੀਨ ਹੋਈ।
ਮੁੱਕਦੀ ਗੱਲ ਇਹ ਕਿ ਬੱਬਰ ਲਹਿਰ, ਜੋ ਵਾਸਤਵ ਵਿਚ ਮੁੱਢ ਤੋਂ ਹੀ ਸਾਮਰਾਜ-ਵਿਰੋਧੀ ਸੀ ਤੇ ਗਾਂਧੀ ਜੀ ਦੇ ਸ਼ਾਂਤਮਈ ਪਰਚਾਰ ਦੇ ਪ੍ਰਤੀਕਰਮ ਵਜੋਂ ਦਹਿਸ਼ਤ-ਪਸੰਦੀ ਦੀ ਰੌ ਵਿਚ ਰੁੜ੍ਹ ਗਈ ਸੀ, 1939-40 ਵਿਚ ਆ ਕੇ ਕਿਸਾਨ ਲਹਿਰ ਵਿਚ ਇਉਂ ਸਮਾ ਗਈ ਜਿਵੇਂ ਉਸ ਨੇ ਲਹਿਰ ਵਿਚ ਆਪਣਾ ਵਿਗਿਆਨਕ ਰੂਪ ਦੇਖ ਲਿਆ ਹੋਵੇ।
ਇਸੇ ਲਈ ਅਸੀਂ ਇਹ ਆਖਣ ਦਾ ਹੀਆ ਕਰਦੇ ਹਾਂ ਕਿ ਬੱਬਰ ਲਹਿਰ ਆਜ਼ਾਦੀ ਹਿੱਤ ਚੁੱਕਿਆ ਹੋਇਆ ਇਕ ਸਾਮਰਾਜ ਵਿਰੋਧੀ ਸਮੇਂ ਤੋਂ ਅਗੇਤਰਾ, ਖੁੱਲ੍ਹਾ, ਬਗ਼ਾਵਤੀ ਤੇ ਯਰਕਾਊ ਕਦਮ ਸੀ, ਜਿਸ ਨੂੰ ਉਠਾਉਣ ਦੇ ਜ਼ਿੰਮੇਵਾਰਾਂ ਨੇ ਆਪਣੇ ਇਸ ਪੈਂਤੜੇ ਦਾ ਮੁੱਲ ਆਪਣੀਆਂ ਕੀਮਤੀ ਜਾਨਾਂ ਦੇ ਕੇ ਅਦਾ ਕੀਤਾ, ਨਹੀਂ ਤਾਂ ਕੌਣ ਨਹੀਂ ਜਾਣਦਾ ਕਿ ਜੇ ਬੱਬਰ ਆਗੂ ਜਥੇਦਾਰ ਕਿਸ਼ਨ ਸਿੰਘ ਗੜਗੱਜ, ਫ਼ੌਲਾਦੀ ਇਰਾਦੇ ਵਾਲੇ ਕਰਮ ਸਿੰਘ ਦੌਲਤਪੁਰ ਤੇ ਅਦੁੱਤੀ ਸ਼ਹੀਦ ਧੰਨਾ ਸਿੰਘ ਵਰਗੇ ਜਰਨੈਲ ਅੱਜ ਕਿਸਾਨ ਲਹਿਰ ਵਿਚ ਹੁੰਦੇ ਤਾਂ ਇਸ ਲਹਿਰ ਨੂੰ ਚਾਰ-ਚੰਨ ਲਾ ਦਿੰਦੇ। ਜਗੀਰਦਾਰੀ ਵਿਰੁੱਧ ਤੇਜ਼ ਹੋ ਰਹੇ ਘੋਲ ਵਿਚ ਅੱਜ ਉਨ੍ਹਾਂ ਦੀ ਸਖ਼ਤ ਲੋੜ ਸੀ। ਬੱਬਰ ਲਹਿਰ ਦਾ ਇਤਿਹਾਸ ਤੇ ਰਿਹਾਈਆਂ ਮਗਰੋਂ ਆਮ ਬੱਬਰਾਂ ਦੀਆਂ ਸਰਗਰਮੀਆਂ ਤੋਂ ਸਿੱਧ ਹੈ ਕਿ ਉਹ ਇਨਕਲਾਬੀ ਤੇ ਅਗਾਂਹ-ਵਧੂ ਮਸਾਲੇ ਵਿਚੋਂ ਬਣੇ ਸਨ ਤੇ ਰਿਹਾਈਆਂ ਮਗਰੋਂ ਉਹ ਅਗਾਂਹ-ਵਧੂ ਕਤਾਰ ਵਿਚ ਹੀ ਜਾ ਖੜੋਤੇ ਹਨ।
Credit – ਸੁੰਦਰ ਸਿੰਘ ਬੱਬਰ