Bhai Mardana ji | ਭਾਈ ਮਰਦਾਨਾ ਜੀ

ਪਿਛੋਕੜ

ਗੁਰੂ ਨਾਨਕ ਦੇਵ ਜੀ ਦੇ ਸਮੇਂ ਬਾਬਰ ਨੇ ਕਾਬਲ ਤੋਂ ਆ ਕੇ ਪੰਜਾਬ ਉੱਤੇ ਹਮਲਾ ਕੀਤਾ। ਇਸ ਹਮਲੇ ਦੇ ਦੌਰਾਨ ਅਤੇ ਉਸ ਤੋਂ ਪਿੱਛੋਂ ਵੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਬਹੁਤ ਬੁਰੀ ਦਸ਼ਾ ਰਹੀ। ਮਾਰ-ਧਾੜ, ਲੁੱਟ-ਖਸੁੱਟ, ਧੀਆਂ-ਭੈਣਾਂ ਦੀ ਬੇਪੱਤੀ, ਬੇਦੋਸ਼ਿਆਂ ਨਾਲ ਜੇਲ੍ਹਾਂ ਭਰਨੀਆਂ, ਲੋਕਾਂ ਦਾ ਘਰੋਂ ਬੇਘਰ ਹੋਣਾ, ਇਸ ਸਾਰੇ ਜ਼ੁਲਮ ਅਤੇ ਜਬਰ ਦਾ ਪ੍ਰਭਾਵ ਚਿਰ-ਸਥਾਈ ਰਿਹਾ।

ਇਸ ਜ਼ੁਲਮ ਅਤੇ ਬੇਇਨਸਾਫ਼ੀ ਦਾ ਪ੍ਰਤਿਕਰਮ ਇਹ ਹੋਇਆ ਕਿ ਉਸ ਸਮੇਂ ਅਤੇ ਉਸ ਤੋਂ ਮਗਰੋਂ ਵੀ ਲੰਮੇ ਸਮੇਂ ਤਕ ਪੰਜਾਬ ਵਿਚ ਦੋ ਪਰਸਪਰ ਵਿਰੋਧੀ ਲਹਿਰਾਂ ਸਮਾਂਤਰ ਤੌਰ ‘ਤੇ ਨਾਲੋ-ਨਾਲ ਚੱਲਦੀਆਂ ਰਹੀਆਂ। ਇਕ ‘ਬਾਬਰਕਿਆਂ’ ਦੀ ਅਤੇ ਦੂਸਰੀ ‘ਬਾਬੇਕਿਆਂ’ (ਬਾਬੇ ਨਾਨਕ) ਦੀ। ਇਕ ਦਾ ਉਦੇਸ਼ ਜ਼ੁਲਮ, ਮਾਰ-ਧਾੜ ਅਤੇ ਅਤੰਕ ਰਾਹੀਂ ਤਾਕਤ ਹਾਸਲ ਕਰਨੀ ਅਤੇ ਦੂਸਰੀ ਦਾ ਆਪਸੀ ਪ੍ਰੇਮ, ਪ੍ਰਭੂ-ਭਗਤੀ ਅਤੇ ਭਾਈਚਾਰੇ ਰਾਹੀਂ ਲੋਕਾਂ ਨੂੰ ਸੱਚਾਈ ‘ਤੇ ਚੱਲਣ ਲਈ ਪ੍ਰੇਰਨਾ ਕਰਨੀ।

‘ਬਾਬਰਕਿਆਂ’ ਦੇ ਰਾਜਿਆਂ-ਨਵਾਬਾਂ ਨੇ ਆਪਣਾ ਪ੍ਰਚਾਰ ਅਤੇ ਆਪਣੀ ਉਸਤਤ ਕਰਵਾਉਣ ਲਈ ਆਪਣੇ ਦਰਬਾਰ ਵਿਚ ਤਨਖ਼ਾਹ ਉੱਤੇ ਕਵੀ ਰੱਖੇ ਹੋਏ ਸਨ, ਜੋ ਉਨ੍ਹਾਂ ਦੀ ਤਾਰੀਫ਼ ਅਤੇ ਬਹਾਦਰੀ ਦੇ ਕਸੀਦੇ ਅਤੇ ਕਿੱਸੇ ਲਿਖਦੇ ਅਤੇ ਸੁਣਾਉਂਦੇ ਸਨ।

ਦੂਸਰੇ ਪਾਸੇ ‘ਬਾਬੇਕਿਆਂ’ ਵੱਲ ਕੁਝ ਰਬਾਬੀ ਅਤੇ ਕੀਰਤਨੀਏ ਖ਼ੁਦ-ਬਖ਼ੁਦ ਖਿੱਚੇ ਹੋਏ ਆਣ ਲੱਗੇ, ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਅਤੇ ਰੱਬੀ ਬਾਣੀ ਦੇ ਗਾਉਣ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੇ।

ਇਨ੍ਹਾਂ ਮੁਗ਼ਲ ਰਾਜਿਆਂ ਅਤੇ ਨਵਾਬਾਂ ਦੀ ਸ਼ਾਹੀ ਸਵਾਰੀ ਦੇ ਅੱਗੇ ਅੱਗੇ ਉਨ੍ਹਾਂ ਦੇ ਵੰਸ਼ ਦਾ ਜੱਸ ਗਾਉਣ ਵਾਲੇ ‘ਨਕੀਬ’ ਹੁੰਦੇ ਸਨ, ਜੋ ‘ਬਾਬਰਕਿਆਂ’ ਦੇ ਵੱਡੇ-ਵਡੇਰਿਆਂ ਦੇ ਗੁਣ ਗਾਂਦੇ ਅਤੇ ਉਨ੍ਹਾਂ ਦੀ ਤਾਰੀਫ਼ ਦੇ ਪੁੱਲ ਬੰਨ੍ਹਦੇ।

ਬਾਬੇਕਿਆਂ’ ਦੇ ਕੜਖਾਂ ਲਿਖਣ ਵਾਲੇ ਕੜਖੀਬ ਜਾਂ ਕੜਖੈਤ ਸਨ, ਜੋ ਯੋਧਿਆਂ ਦੀਆਂ ਵਾਰਾਂ ਲਿਖਦੇ ਅਤੇ ਗਾਉਂਦੇ।

ਗੁਰੂ-ਘਰ ਵਿਚ ਰਬਾਬ ਨਾਲ ਕੀਰਤਨ ਕਰਨ ਵਾਲਿਆਂ ਨੂੰ ਰਬਾਬੀ, ਕੀਰਤਨੀਏ ਅਤੇ ਢੱਡ ਨਾਲ ਵਾਰਾਂ ਗਾਉਣ ਵਾਲਿਆਂ ਨੂੰ ‘ਢਾਡੀ’ ਕਿਹਾ ਜਾਣ ਲੱਗਾ। ਰਬਾਬੀ ਅਤੇ ਢਾਡੀ ਆਮ ਤੌਰ ‘ਤੇ ਡੂਮ, ਮਿਰਾਸੀ ਜਾਂ ਭੱਟ ਲੋਕ ਹੀ ਹੁੰਦੇ। ਢਾਡੀ ਪਰੰਪਰਾ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤੋਂ ਵਧੇਰੇ ਲੋਕ-ਪ੍ਰਿਯ ਹੋਈ।

ਰਬਾਬੀ ਅਤੇ ਢਾਡੀ ਇੱਕੋ ਰੁੱਖ ਦੀਆਂ ਦੋ ਟਾਹਣੀਆਂ ਕਹੀਆਂ ਜਾ ਸਕਦੀਆਂ ਹਨ। ਸ. ਸ਼ਮਸ਼ੇਰ ਸਿੰਘ ‘ਅਸ਼ੋਕ’ ਨੇ ਆਪਣੇ ਲੇਖ ‘ਮਿਰਾਸੀਆਂ ਦਾ ਪਿਛੋਕੜ’ ਵਿਚ ਮਿਰਾਸੀਆਂ ਦੀਆਂ ਜਾਤਾਂ, ਗੋਤਾਂ ਅਤੇ ਉਨ੍ਹਾਂ ਦੇ ਜਾਤੀ ਸੁਭਾਅ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਹੈ। ਸ. ਸ਼ਮਸ਼ੇਰ ਸਿੰਘ ‘ਅਸ਼ੋਕ’ ਮੁਤਾਬਕ ਮਿਰਾਸੀ ਅਤੇ ਭੱਟ ਸ਼ੁਰੂ ਤੋਂ ਇਕ ਹੀ ਜਾਤੀ ਨਾਲ ਸੰਬੰਧ ਰੱਖਦੇ ਸਨ। ਰਾਜਪੂਤਾਂ ਵਿਚ, ਜਿਥੇ ਇਨ੍ਹਾਂ ਲੋਕਾਂ ਨੂੰ ‘ਭੱਟ’ ਕਿਹਾ ਜਾਂਦਾ ਹੈ, ਮੁਸਲਮਾਨਾਂ ਵਿਚ ਕੁਝ ਕੁ ਫ਼ਰਕ ਪਾ ਕੇ ਉਹੀ ‘ਮਿਰਾਸੀ’ ਜਾਂ ‘ਡੂਮ’ ਅਖਵਾਉਂਦੇ ਹਨ।

ਇਹੀ ਮਿਰਾਸੀ ਲੋਕ ਮੁਸਲਮਾਨੀ ਰਾਜ ਵਿਚ ਆਪਣੇ ਆਪ ਨੂੰ ਭੱਟਾਂ ਦੇ ਮੁਕਾਬਲੇ ਉੱਚਾ ਦੱਸਣ ਲਈ, ਆਪਣੇ ਆਪ ਨੂੰ ‘ਕੁਰੈਸ਼ੀ’ ਅਖਵਾਉਣ ਲੱਗ ਪਏ ਅਤੇ ਆਪਣਾ ਸ਼ਜਰਾ-ਨਸਬ ਇਸਲਾਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਨਾਲ ਜੋੜਨ ਲੱਗ ਪਏ।

ਮਿਰਾਸੀ ਲੋਕ, ਜਿਵੇਂ ਕਿ ਉਨ੍ਹਾਂ ਦਾ ਪੁਰਾਣਾ ਰਿਵਾਜ ਹੈ, ਹਿੰਦੂ ਭੱਟਾਂ ਵਾਂਗ ਆਪਣੇ ਜਜਮਾਨਾਂ ਦੀਆਂ ਬੰਸਾਵਲੀਆਂ ਕਾਵਿ-ਰੂਪ ਵਿਚ ਉੱਚੀ ਹੇਕ ਅਤੇ ਸੁਰ ਤਾਲ ਵਿਚ ਗਾ ਕੇ, ਉਨ੍ਹਾਂ ਕੋਲੋਂ ਬਖ਼ਸ਼ੀਸ਼ ਅਤੇ ਇਨਾਮ ਹਾਸਲ ਕਰਦੇ। ਸੰਗੀਤ ਵਿਚ ਇਨ੍ਹਾਂ ਲੋਕਾਂ ਦੀ ਕਾਫ਼ੀ ਦਿਲਚਸਪੀ ਅਤੇ ਮੁਹਾਰਤ ਸੀ।

ਡੂਮ ਅਤੇ ਮਿਰਾਸੀ ਆਮ ਤੌਰ ‘ਤੇ ਪੱਛੜੀਆਂ, ਗਰੀਬ ਅਤੇ ਦੱਬੀਆਂ ਹੋਈਆਂ ਸ਼੍ਰੇਣੀਆਂ ਨਾਲ ਸੰਬੰਧਿਤ ਹਨ। ਵੱਡੇ ਅਤੇ ਅਮੀਰ ਲੋਕਾਂ ਦੀ ਅਤੇ ਉਨ੍ਹਾਂ ਦੇ ਬਜ਼ੁਰਗਾਂ ਦੀ ਤਾਰੀਫ਼ ਕਰ ਕੇ ਛੋਟੇ-ਮੋਟੇ ਇਨਾਮ ਪ੍ਰਾਪਤ ਕਰਨਾ, ਇਨ੍ਹਾਂ ਦੀ ਆਦਤ ਨਹੀਂ, ਬਲਕਿ ਮਜਬੂਰੀ ਹੈ।

ਹਰਿਆਣਾ ਪ੍ਰਾਂਤ ਦੇ ਕੁਝ ਕੁ ਕੁਰੈਸ਼ੀ ਮਿਰਾਸੀਆਂ ਨੂੰ ਛੱਡ ਕੇ ਬਾਕੀਆਂ ਦਾ ਸਮਾਜਿਕ ਦਰਜਾ ਅਤੇ ਮਾਲੀ ਪੱਧਰ ਬਹੁਤ ਹੀ ਨੀਵਾਂ ਅਤੇ ਤਰਸਯੋਗ ਹੈ। ਅਜਿਹੇ ਡੂਮ, ਮਿਰਾਸੀ, ਅਖੌਤੀ ਨੀਵੀਆਂ ਜਾਤਾਂ ਦੇ ਝੀਵਰ, ਢੇਸੀ, ਚਮਾਰ, ਭੰਗੀ, ਜੁਲਾਹੇ ਅਤੇ ਧਾਣਕ ਆਦਿਕ ਲੋਕਾਂ ਕੋਲੋਂ ਵੀ ਭੀਖ ਮੰਗਣ ਲਈ ਮਜਬੂਰ ਹੋ ਜਾਂਦੇ।

ਇਹ ਤਾਂ ਗੁਰੂ ਨਾਨਕ ਦੇਵ ਜੀ ਹੀ ਸਨ, ਜਿਨ੍ਹਾਂ ਨੇ ਇਨ੍ਹਾਂ ਗ਼ਰੀਬ ਅਤੇ ਲਾਚਾਰ ਡੂਮਾਂ, ਮਿਰਾਸੀਆਂ ਦੇ ਅੰਦਰ ਦੀ ਸੰਗੀਤ ਕਲਾ ਨੂੰ ਨਾ ਕੇਵਲ ਪਛਾਣਿਆ, ਬਲਕਿ ਆਪਣੇ ‘ਭਾਈ’ ਬਣਾ ਕੇ ਪਿਆਰ ਨਾਲ ਗਲੇ ਵੀ ਲਗਾਇਆ। ਗੁਰੂ ਜੀ ਹਮੇਸ਼ਾ ਨੀਵੀਆਂ, ਪੱਛੜੀਆਂ, ਗ਼ਰੀਬ ਅਤੇ ਨਿਮਾਣੀਆਂ ਸ਼੍ਰੇਣੀਆਂ ਦੇ ਲੋਕਾਂ ਦਾ ਹਿੱਤ ਪਾਲਦੇ, ਉਨ੍ਹਾਂ ਨੂੰ ਉਤਸ਼ਾਹਿਤ ਕਰਦੇ ਅਤੇ ਉਨ੍ਹਾਂ ਦਾ ਸਾਥ ਦਿੰਦੇ : ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥

ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥

Bhai Mardana ji | ਭਾਈ ਮਰਦਾਨਾ ਜੀ

ਭਾਈ ਮਰਦਾਨਾ ਜੀ ਅਤੇ ਰਬਾਬ

ਭਾਈ ਮਰਦਾਨਾ ਜੀ ਚੌਂਭੜ ਜਾਤ ਦੇ ਮਿਰਾਸੀ ਸਨ, ਜੋ ਪਿੰਡ ਤਲਵੰਡੀ (ਨਨਕਾਣਾ ਸਾਹਿਬ, ਪਾਕਿਸਤਾਨ) ਦੇ ਇਕ ਅਤਿ ਗ਼ਰੀਬ ਪਰਿਵਾਰ ਵਿਚ ਪੈਦਾ ਹੋਏ। ਇਹ ਆਪਣੇ ਮਾਪਿਆਂ ਦੀ ਸੱਤਵੀਂ ਔਲਾਦ ਸਨ। ਇਨ੍ਹਾਂ ਤੋਂ ਪਹਿਲੇ ਛੇ ਬੱਚੇ ਨਹੀਂ ਸਨ ਬਚ ਸਕੇ। ਉਨ੍ਹਾਂ ਦੇ ਪਿਤਾ ਦਾ ਨਾਮ ਮੀਰ ਬਦਰਾ ਅਤੇ ਮਾਤਾ ਦਾ ਨਾਮ ਬੀਬੀ ਲੱਖੋ ਸੀ। ਮਰਦਾਨਾ ਜੀ ਦਾ ਜਨਮ ਫੱਗਣ ਸੰਮਤ 1516 (ਫ਼ਰਵਰੀ ਸੰਨ 1459) ਨੂੰ ਹੋਇਆ। ਆਪ ਗੁਰੂ ਨਾਨਕ ਦੇਵ ਜੀ ਤੋਂ 9 ਸਾਲ 2 ਮਹੀਨੇ ਵੱਡੇ ਸਨ । ਉਹ ਇਕ ਖ਼ੁਦਾ-ਪ੍ਰਸਤ ਅਤੇ ਨੇਕ ਇਨਸਾਨ ਸਨ।

ਭਾਈ ਮਰਦਾਨਾ ਜੀ ਦੀ ਪਤਨੀ ਦਾ ਨਾਮ ਬੀਬੀ ਰੱਖੀ ਸੀ (ਹੋ ਸਕਦਾ ਹੈ ਪੂਰਾ ਨਾਮ ਅੱਲਾ ਰੱਖੀ ਹੋਵੇ)। ਇਨ੍ਹਾਂ ਦੇ ਦੋ ਲੜਕੇ ਸਜਾਦਾ ਅਤੇ ਰਜਾਦਾ ਸਨ ਅਤੇ ਇਕ ਲੜਕੀ ਕਾਕੋ ਜਾਂ ਕਾਕੀ ਸੀ ।

ਮਰਦਾਨਾ ਜੀ ਦੀ ਬੇਟੀ ਦਾ ਵਿਆਹ ਗੁਰੂ ਨਾਨਕ ਦੇਵ ਜੀ ਦੀ ਸਹਾਇਤਾ ਨਾਲ, ਉਨ੍ਹਾਂ ਦੀ ਪਹਿਲੀ ਉਦਾਸੀ ਤੋਂ ਪਹਿਲਾਂ ਹੋਇਆ। ਗੁਰੂ ਸਾਹਿਬ ਨੇ ਆਪਣੇ ਇਕ ਸ਼ਰਧਾਲੂ ਭਾਈ ਮਨਸੁੱਖ ਨੂੰ ਭਾਈ ਮਰਦਾਨਾ ਜੀ ਦੀ ਲੜਕੀ ਵਾਸਤੇ ਦਾਜ ਅਤੇ ਹੋਰ ਜ਼ਰੂਰੀ ਪ੍ਰਬੰਧ ਕਰਨ ਲਈ ਕਿਹਾ। ਭਾਈ ਮਨਸੁੱਖ ਨੇ ਬੜੀ ਰੀਝ ਨਾਲ ਦਾਜ ਤਿਆਰ ਕਰਵਾਇਆ। ਭਾਈ ਮਨਸੁੱਖ ਇਕ ਵੱਡਾ ਵਪਾਰੀ ਸੀ, ਜਿਸ ਦਾ ਵਪਾਰ ਦੂਰ ਦੂਰ ਤਕ ਫੈਲਿਆ ਹੋਇਆ ਸੀ।

ਗੁਰੂ ਨਾਨਕ ਦੇਵ ਜੀ ਦੇ ਵਿਆਹ ਵੇਲੇ, ਭਾਈ ਮਰਦਾਨਾ ਵੀ ਜੰਞ ਦੇ ਨਾਲ ਬਟਾਲੇ ਗਏ ਅਤੇ ਉਥੇ ਜਾ ਕੇ ਆਪਣੀ ਰਾਗ ਕਲਾ ਨਾਲ ਬਹੁਤ ਸੁਹਣਾ ਰੰਗ ਬੰਨ੍ਹਿਆ। ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਪ੍ਰਸੰਨ ਹੋ ਕੇ ਆਪਣੀ ਰਬਾਬ ਭਾਈ ਮਰਦਾਨਾ ਜੀ ਨੂੰ ਦਿੱਤੀ।

ਭਾਈ ਮਰਦਾਨਾ ਜੀ ਦੀ ਸਾਂਝ ਅਤੇ ਪ੍ਰੀਤ ਤਾਂ ਭਾਵੇਂ ਬਚਪਨ ਤੋਂ ਹੀ ਸੀ, ਪਰ ਜਦੋਂ ਬਾਬਾ ਜੀ ਨੇ ਉਨ੍ਹਾਂ ਨੂੰ ਆਪਣੇ ਨਾਲ ਸੰਸਾਰ ਫੇਰੀ ਉੱਤੇ ਜਾਣ ਲਈ ਕਿਹਾ, ਉਦੋਂ ਤੋਂ ਹੀ ਭਾਈ ਮਰਦਾਨਾ ਗੁਰੂ ਨਾਨਕ ਦੇਵ ਜੀ ਦੇ ਹੋ ਕੇ ਰਹਿ ਗਏ ਅਤੇ ਬਾਕੀ ਦਾ ਪੂਰਾ ਜੀਵਨ ਬਾਬਾ ਜੀ ਦੇ ਸਾਥ ਵਿਚ ਹੀ ਗੁਜ਼ਾਰਿਆ।

ਇਕ ਹਿੰਦੂ ਫ਼ਕੀਰ ਉੱਤੇ ਈਮਾਨ ਲਿਆਉਣ ਲਈ ਭਾਈ ਮਰਦਾਨਾ ਜੀ ਨੂੰ ਆਪਣੇ ਮੁਸਲਮਾਨ ਭਾਈਚਾਰੇ ਦਾ ਵਿਰੋਧ ਵੀ ਸਹਾਰਨਾ ਪਿਆ। ਜਦੋਂ ਬਾਬਾ ਜੀ ਦੇ ਕਹਿਣ ‘ਤੇ ਭਾਈ ਮਰਦਾਨਾ ਚੰਗੀ ਰਬਾਬ ਲੱਭਣ ਲਈ ਸ਼ਹਿਰ ਗਏ ਤਾਂ ਉਥੇ ਵੀ ਉਨ੍ਹਾਂ ਨੂੰ ਆਪਣੇ ਹਮ- ਮਜ਼ਬ ਲੋਕਾਂ ਵੱਲੋਂ ‘ਕੁਰਾਹੀਏ ਦਾ ਡੂਮ’ ਕਹਿ ਕੇ ਦੁਰਕਾਰਿਆ ਗਿਆ।

“ਮਰਦਾਨਾ ਸਹਰ ਜਾਇ ਕੈ ਲਗਾ ਰਬਾਬ ਟੋਲਨ, ਮਿਰਾਸੀ ਦੇ ਘਰ ਜਿਥੇ ਜਾਵੈ, ਉਥੈ ਆਖਣ ਆਇਆ ਹਈ ਕੁਰਾਹੀਏ ਦਾ ਡੂਮ । ਮਰਦਾਨੇ ਨੂੰ ਕੋਈ ਆਦਰ ਦੇਵੇ ਨਾ ਹੀ। ਫੇਰ ਮਰਦਾਨਾ ਗੁਰੂ ਨਾਨਕ ਪਾਸ ਆਇਆ ਤਾਂ ਗੁਰੂ ਨਾਨਕ ਪੁਛਿਆ-ਕਿਉਂ ਮਰਦਾਨਾ। ਮਰਦਾਨੇ ਆਖਿਆ-ਜੀ ਤੈਨੂੰ ਸਭ ਮਲੂਮ ਹੈ। ਫੇਰ ਗੁਰੂ ਨਾਨਕ ਆਖਿਆ- ਮਰਦਾਨਾ ਨਿਸੰਗ ਆਖ। ਮਰਦਾਨੇ ਆਖਿਆ-ਜੀ ਨਿਸੰਗ ਆਖਣੇ ਦੀ ਗੱਲ ਨਾਹੀ। ਮਰਦਾਨੇ ਕੰਬ ਕੰਬ ਕੇ ਆਖਿਆ ਜੀ ਸੰਸਾਰ ਆਖਦਾ ਹੈ ਜੋ ਆਇਆ ਹੈ ਕੁਰਾਹੀ ਦਾ ਡੂਮ । ਕੋਈ ਰਬਾਬ ਦੇਂਦਾ ਨਹੀਂ ਅਤੇ ਤੁਸਾਂ ਆਖਿਆ ਹੈ ਕੋਈ ਰਸਿਆ ਹੋਇਆ ਰਬਾਬ ਲੈ ਕੇ ਆਵੋ…।”

ਫੇਰ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਦੋ ਨਦੀਆਂ ਦੇ ਵਿਚ ਇਕ ਜੱਟਾਂ ਦਾ ਪਿੰਡ ਹੈ, ਉਥੇ ਇਕ ਹਿੰਦੂ ਮਿਰਾਸੀ, ਜਿਸ ਦਾ ਨਾਮ ‘ਫਿਰੰਦਾ’ ਹੈ, ਉਸ ਪਾਸੋਂ ਜਾ ਕੇ ਰਬਾਬ ਲਿਆ, ਜੇ ਨਾ ਮੰਨੇ ਤਾਂ ਸਾਡਾ ਨਾਮ ਲਈਂ।

ਜਾਪਦਾ ਹੈ ਫਿਰੰਦਾ ਰਬਾਬੀ ਗੁਰੂ ਸਾਹਿਬ ਦਾ ਪੁਰਾਣਾ ਸੰਗੀ ਸੀ ਅਤੇ ਉਸ ਨੇ ਸ਼ਾਇਦ ਇਕ ਰਬਾਬ ਵਿਸ਼ੇਸ਼ ਤੌਰ ‘ਤੇ ਬਾਬਾ ਜੀ ਲਈ ਹੀ ਤਿਆਰ ਕੀਤੀ ਸੀ। ਫਿਰੰਦਾ ਰਬਾਬੀ, ਭਾਈ ਮਰਦਾਨਾ ਜੀ ਨਾਲ ਖ਼ੁਦ ਉਹ ਰਬਾਬ ਲੈ ਕੇ ਗੁਰੂ ਬਾਬਾ ਜੀ ਕੋਲ ਗਿਆ ਅਤੇ ਇਹ ਰਬਾਬ ਉਨ੍ਹਾਂ ਨੂੰ ਭੇਟ ਕੀਤੀ। ਗੁਰੂ ਸਾਹਿਬ ਨੇ ਇਹ ਰਬਾਬ ਭਾਈ ਮਰਦਾਨਾ ਜੀ ਨੂੰ ਦਿੱਤੀ।

ਰਬਾਬ ਤਾਂ ਭਾਈ ਮਰਦਾਨਾ ਜੀ ਪਹਿਲਾਂ ਵੀ ਵਜਾਉਂਦੇ ਸਨ, ਪਰ ਉਹ ਪੁਰਾਣੀ ਵਿਉਂਤ ਦਾ ਪੱਛਮੀ ਸਾਜ਼ ਸੀ । ਕਾਨੂਨੇ ਮੌਸੀਕੀ ਅਤੇ ਸਰਮਾਇਆ- ਏ-ਇਸ਼ਰਤ ਵਿਚ ਪਤਾ ਦਿੱਤਾ ਹੈ ਕਿ ਉਹ ਰਬਾਬ (ਫਿਰੰਦੇ ਵਾਲੀ) ਗੁਰੂ ਨਾਨਕ ਦੇਵ ਜੀ ਦੀ ਇਖ਼ਤਿਆਰ ਹੈ ਅਰਥਾਤ ਉਨ੍ਹਾਂ ਨੇ ਵਿਉਂਤ ਕੇ ਬਣਾਇਆ ਹੈ।5

ਬਾਬਾ ਜੀ ਦੇ ਹੱਥੀਂ ਦਿੱਤੀ ਇਹ ਰਬਾਬ ਭਾਈ ਮਰਦਾਨਾ ਜੀ ਨੇ ਆਖ਼ਰੀ ਦਮ ਤਕ ਆਪਣੇ ਨਾਲ ਰੱਖੀ। ਗੁਰੂ ਬਾਬਾ ਜੀ ਇਸੇ ਪਵਿੱਤਰ ਰਬਾਬ ਦੀਆਂ ਸੰਗੀਤਮਈ ਮਧੁਰ ਧੁਨਾਂ ਸੰਗ ਰੱਬੀ ਬਾਣੀ ਉਚਾਰਦੇ।

ਇਹ ਰਬਾਬ ਭਾਈ ਮਰਦਾਨਾ ਜੀ ਦੇ ਦੇਹਾਂਤ ਮਗਰੋਂ ਗੁਰੂ ਨਾਨਕ ਦੇਵ ਜੀ ਕਰਤਾਰਪੁਰ (ਪਾਕਿਸਤਾਨ) ਲੈ ਕੇ ਆ ਗਏ, ਜਿਥੇ ਭਾਈ ਸਾਹਿਬ ਦਾ ਬੇਟਾ ਸਜਾਦਾ ਇਸ ਨਾਲ ਕੀਰਤਨ ਕਰਿਆ ਕਰਦਾ ਸੀ। ਗੁਰੂ-ਘਰ ਦਾ ਇਕ ਸੇਵਕ ਪਟਨਾ ਨਿਵਾਸੀ ਭਾਈ ਅੱਧਰਕਾ, ਜਿਸ ਨੂੰ ਗੁਰੂ ਨਾਨਕ ਦੇਵ ਜੀ, ਸਾਲਸ ਰਾਏ ਤੋਂ ਮਗਰੋਂ ਪਟਨੇ ਦੀ ਮੰਜੀ ਪ੍ਰਦਾਨ ਕਰ ਗਏ ਸਨ, ਉਥੋਂ ਬਾਕਾਇਦਾ ਗੁਰਬਾਣੀ ਕੀਰਤਨ ਅਤੇ ਪ੍ਰਚਾਰ ਕਰਦਾ ਰਿਹਾ। ਕਿਹਾ ਜਾਂਦਾ ਹੈ ਕਿ ਉਸ ਦੇ ਵੰਸ਼ਜ਼ ਵੀ ਦਸਮ ਪਾਤਸ਼ਾਹ ਦੇ ਸਮੇਂ ਉਨ੍ਹਾਂ ਦੇ ਪ੍ਰੇਮੀ ਅਤੇ ਸੇਵਕ ਬਣ ਕੇ ਪਟਨੇ ਵਿਚ ਸੇਵਾ ਕਰਦੇ ਰਹੇ। ਹੋ ਸਕਦਾ ਹੈ ਭਾਈ ਮਰਦਾਨਾ ਜੀ ਦੀ ਇਹ ਪਵਿੱਤਰ ਰਬਾਬ, ਭਾਈ ਸਜਾਦ ਦੇ ਮਗਰੋਂ ਭਾਈ ਅੱਧਰਕਾ ਦੇ ਕਿਸੇ ਵੰਸ਼ਜ਼ ਰਾਹੀਂ ਕਰਤਾਰਪੁਰ ਤੋਂ ਪਟਨੇ ਆ ਗਈ ਹੋਵੇ। ਇਹ ਰਬਾਬ ਲੰਮੇ ਸਮੇਂ ਤਕ ਗੁਰਦੁਆਰਾ ਗਊ ਘਾਟ, ਪਟਨਾ ਸਾਹਿਬ ਵਿਖੇ ਸੰਭਾਲ ਕੇ ਆਦਰ ਸਹਿਤ ਰੱਖੀ ਰਹੀ। ਫੇਰ ਇਹ ਰਬਾਬ ਸ੍ਰੀ ਅੰਮ੍ਰਿਤਸਰ ਵਿਚ ਲਿਆਂਦੀ ਗਈ, ਪਰ ਸ੍ਰੀ ਹਰਿਮੰਦਰ ਸਾਹਿਬ ਉਪਰ ਹੋਏ ਜ਼ਾਲਮਾਨਾ ਹਮਲੇ (1984 ਈ.) ਦੇ ਦੌਰਾਨ, ਪਤਾ ਨਹੀਂ ਇਹ ਪਵਿੱਤਰ ਰਬਾਬ ਤਬਾਹ ਹੋ ਗਈ ਜਾਂ ਪੰਥ ਦੇ ਵੈਰੀ ਕਿਤੇ ਚੁੱਕ ਕੇ ਲੈ ਗਏ।

Bhai Mardana ji | ਭਾਈ ਮਰਦਾਨਾ ਜੀ

ਰਾਏ ਬੁਲਾਰ

ਜਦੋਂ ਰਾਏ ਬੁਲਾਰ (ਜੋ ਜਾਤ ਦਾ ਭੱਟੀ ਰਾਜਪੂਤ ਸੀ) ਨੇ ਇਸਲਾਮ ਧਰਮ ਧਾਰਨ ਕੀਤਾ, ਤਾਂ ਉਸ ਸਮੇਂ ਦੇ ਹਾਕਮ ਦੌਲਤ ਖ਼ਾਂ ਨੇ ਆਪਣੀ ਬੇਟੀ ਦਾ ਨਿਕਾਹ ਰਾਏ ਭੋਇ (ਰਾਏ ਬੁਲਾਰ) ਨਾਲ ਕਰ ਦਿੱਤਾ। ਦੌਲਤ ਖ਼ਾਂ ਨੇ ਸਰਕਪੁਰ ਦਾ ਪੂਰਾ ਪਰਗਣਾ ਆਪਣੀ ਪੁੱਤਰੀ ਨੂੰ (ਦਾਜ ਵਿਚ) ਦੇ ਦਿੱਤਾ। ਇਥੇ ਹੀ ਰਾਏ ਬੁਲਾਰ ਨੇ ਆਪਣੇ ਨਾਂ ‘ਤੇ ਨਗਰ ‘ਰਾਏ ਭੋਇ ਭੱਟੀ ਕੀ ਤਲਵੰਡੀ’ ਆਬਾਦ ਕੀਤੀ। ਜਦੋਂ ਤਲਵੰਡੀ ਨਗਰ ਆਬਾਦ ਹੋ ਗਿਆ ਤਾਂ ਰਾਏ ਬੁਲਾਰ ਨੇ ਆਪਣੇ ਪੁਰਾਣੇ ਮਿੱਤਰ ਸ਼ਿਵ ਨਰਾਇਣ ਬੇਦੀ (ਮਹਿਤਾ ਕਾਲੂ ਦੇ ਪਿਤਾ) ਨੂੰ ਪਰਵਾਰ ਸਮੇਤ ਆਪਣੇ ਪਾਸ ਤਲਵੰਡੀ ਬੁਲਾ ਲਿਆ । ਸ਼ਿਵ ਨਰਾਇਣ ਬੇਦੀ ਦੇ ਨਾਲ ਹੀ ਇਨ੍ਹਾਂ ਦੇ ਖ਼ਾਨਦਾਨੀ ਡੂਮ ਮੀਰ ਬਦਰਾ ਵੀ ਤਲਵੰਡੀ ਆ ਗਏ।

ਇਥੇ ਹੀ ਮਹਿਤਾ ਕਾਲੂ ਜੀ ਨੇ ਰਾਏ ਬੁਲਾਰ ਦੇ ਪਟਵਾਰੀ ਵਜੋਂ ਜ਼ਿੰਮੇਵਾਰੀ ਨਿਬਾਹੀ।

ਸੰਨ 1469 ਨੂੰ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਮਹਿਤਾ ਕਾਲੂ ਜੀ ਦੇ ਘਰ ਹੋਇਆ ਤਾਂ ਰਾਏ ਬੁਲਾਰ (ਜੋ ਨਾਨਕ ਜੀ ਤੋਂ 25 ਸਾਲ ਵੱਡੇ ਸਨ) ਨੇ ਪਹਿਲੀ ਨਜ਼ਰੇ ਹੀ ਬਾਲ ਨਾਨਕ ਦਾ ਨੂਰਾਨੀ ਚਿਹਰਾ ਦੇਖ ਕੇ ਉਸ ਦੇ ਅੰਦਰ ਲਟ ਲਟ ਜਗਦੀ ਰੱਬੀ ਜੋਤਿ ਨੂੰ ਪਛਾਣ ਲਿਆ ਸੀ। ਜਿਉਂ ਜਿਉਂ ਬਾਬਾ ਨਾਨਕ ਜੀ ਵੱਡੇ ਹੁੰਦੇ ਗਏ, ਉਨ੍ਹਾਂ ਦੇ ਕਈ ਕੌਤਕ ਰਾਏ ਬੁਲਾਰ ਹੁਰਾਂ ਦੇਖੇ ਅਤੇ ਉਨ੍ਹਾਂ ਨੂੰ ਯਕੀਨ ਹੋ ਗਿਆ। ਕਿ ਇਹ ਤਾਂ ਸੱਚਮੁੱਚ ਹੀ ਈਸ਼ਵਰ ਦਾ ਰੂਪ ਹਨ। ਹੌਲੀ ਹੌਲੀ ਰਾਏ ਬੁਲਾਰ ਜੀ ਦੀ ਗੁਰੂ ਨਾਨਕ ਦੇਵ ਜੀ ਪ੍ਰਤੀ ਸ਼ਰਧਾ, ਭਗਤੀ ਵਿਚ ਬਦਲ ਗਈ।

ਰਾਏ ਬੁਲਾਰ ਜੀ ਦੇ ਘਰ ਉਨ੍ਹਾਂ ਦੀ ਇਕਲੌਤੀ ਔਲਾਦ ਗੁਰੂ ਨਾਨਕ ਦੇਵ ਜੀ ਦੇ ਆਸ਼ੀਰਵਾਦ ਸਦਕਾ ਹੀ ਹੋਈ ਸੀ। ਗੁਰੂ ਨਾਨਕ ਦੇਵ ਜੀ ਦੇ ਸਤਿਕਾਰ ਅਤੇ ਸ਼ੁਕਰਾਨੇ ਵਜੋਂ ਰਾਏ ਬੁਲਾਰ ਜੀ ਨੇ ਆਪਣੀ ਮਾਲਕੀ ਦੀ ਜ਼ਮੀਨ ਵਿੱਚੋਂ ਹਜ਼ਾਰਾਂ ਏਕੜ ਜ਼ਮੀਨ ਉਨ੍ਹਾਂ ਦੇ ਨਾਮ ਕਰਵਾ ਦਿੱਤੀ। ਅੱਜ ਵੀ ਪਾਕਿਸਤਾਨ ਦੇ ਮਹਿਕਮਾ ਮਾਲ ਦੇ ਰਿਕਾਰਡ ਵਿਚ ਤਲਵੰਡੀ ਦੀ ਇਹ ਜ਼ਮੀਨ ਗੁਰੂ ਨਾਨਕ ਦੇਵ ਜੀ ਦੇ ਨਾਮ ਹੀ ਦਰਜ ਹੈ।

ਰਾਏ ਬੁਲਾਰ ਭਾਈ ਮਰਦਾਨਾ ਜੀ ਤੋਂ ਉਮਰ ਅਤੇ ਰੁਤਬੇ ਦੇ ਲਿਹਾਜ਼ ਨਾਲ ਭਾਵੇਂ ਬਹੁਤ ਵੱਡੇ ਸਨ, ਪਰ ਉਮਰ ਅਤੇ ਹੈਸੀਅਤ ਦੇ ਏਨੇ ਫ਼ਰਕ ਦੇ ਬਾਵਜੂਦ ਰਾਏ ਬੁਲਾਰ ਭਾਈ ਮਰਦਾਨਾ ਜੀ ਦੀ ਇੱਜ਼ਤ ਅਤੇ ਮਾਣ ਕਰਦੇ ਸਨ। ਇਕ ਤਾਂ ਭਾਈ ਮਰਦਾਨਾ ਜੀ ਦੀ ਸ਼ਖ਼ਸੀਅਤ ਦਾ ਪ੍ਰਭਾਵ ਸੀ ਅਤੇ ਦੂਸਰਾ ਉਹ ਗੁਰੂ ਨਾਨਕ ਦੇਵ ਜੀ ਦੇ ਸਾਥੀ ਅਤੇ ਹਮ-ਸਫ਼ਰ ਸਨ। ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹਰ ਵਿਅਕਤੀ ਅਤੇ ਹਰ ਵਸਤੂ ਰਾਏ ਬੁਲਾਰ ਜੀ ਨੂੰ ਪਿਆਰੀ ਲੱਗਦੀ ਸੀ।

ਗੁਰੂ ਸਾਹਿਬ ਦੀਆਂ ਉਦਾਸੀਆਂ ਦੌਰਾਨ, ਉਨ੍ਹਾਂ ਦੇ ਵਿਛੋੜੇ ਅਤੇ ਉਨ੍ਹਾਂ ਦੀ ਯਾਦ ਵਿਚ ਜਿੰਨੇ ਹੰਝੂ ਰਾਏ ਬੁਲਾਰ ਜੀ ਨੇ ਵਹਾਏ ਸਨ, ਓਨੇ ਸ਼ਾਇਦ ਅੱਜ ਤਕ ਕਿਸੇ ਨੇ ਆਪਣੇ ਪਿਆਰੇ ਵਾਸਤੇ ਨਹੀਂ ਵਹਾਏ ਹੋਣੇ।

ਭਾਈ ਮਰਦਾਨਾ ਜੀ ਦੀ ਬੰਸਾਵਲੀ ਅਤੇ ਸ਼ਿਸ਼ ਪ੍ਰਣਾਲੀ

ਸੰਗੀਤ ਇਕ ਐਸਾ ਮਾਧਿਅਮ ਸੀ, ਜਿਸ ਕਾਰਨ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੀ ਆਪਸੀ ਸਾਂਝ ਬਣੀ ਅਤੇ ਨੇਪਰੇ ਚੜ੍ਹੀ। ਲਗਪਗ 47 ਸਾਲ ਭਾਈ ਮਰਦਾਨਾ ਜੀ ਨੇ ਹਰ ਰੋਜ਼ ਬਾਬਾ ਜੀ ਦੀ ਬਾਣੀ ਸੁਣੀ ਅਤੇ ਗਾਈ। ਰਬਾਬ ਵਜਾਣ ਕਾਰਨ ਭਾਈ ਮਰਦਾਨਾ ਜੀ ‘ਰਬਾਬੀ’ ਕਹਾਉਣ ਲੱਗੇ। ਉਨ੍ਹਾਂ ਦੇ ਦੇਹਾਂਤ ਮਗਰੋਂ ਉਨ੍ਹਾਂ ਦੀ ਕੁੱਲ ਦੇ ਜੋ ਲੋਕ ਗੁਰੂ ਦਰਬਾਰ ਵਿਚ ਕੀਰਤਨ ਕਰਦੇ ਰਹੇ, ਉਹ ਵੀ ਰਬਾਬੀ ਅਖਵਾਉਂਦੇ, ਕਿਉਂਕਿ ਉਨ੍ਹਾਂ ਵਿਚ ਜ਼ਿਆਦਾਤਰ ਮਿਰਾਸੀ ਲੋਕ ਰਬਾਬ ਨਾਲ ਹੀ ਕੀਰਤਨ ਕਰਦੇ ਸਨ।

ਭਾਈ ਮਰਦਾਨਾ ਜੀ ਤੋਂ ਮਗਰੋਂ ਉਨ੍ਹਾਂ ਦੇ ਬੇਟੇ ਸਜਾਦਾ ਅਤੇ ਰਜਾਦਾ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿਚ ਕੀਰਤਨ ਦੀ ਸੇਵਾ ਨਿਭਾਉਂਦੇ ਰਹੇ। ਮੁੱਖ ਤੌਰ ‘ਤੇ ਭਾਈ ਸਜਾਦਾ ਹੀ ਕੀਰਤਨ ਦੀ ਸੇਵਾ ਕਰਦੇ ਰਹੇ।

ਭਾਈ ਸਜਾਦਾ ਅਤੇ ਰਜਾਦਾ ਤੋਂ ਬਾਅਦ ਭਾਈ ਸੱਤਾ ਅਤੇ ਭਾਈ ਬਲਵੰਡਿ ਜੀ ਗੁਰੂ-ਘਰ ਦੇ ਮੁੱਖ ਕੀਰਤਨੀਏ ਰਬਾਬੀ ਵਜੋਂ ਜਾਣੇ ਜਾਣ ਲੱਗੇ। ਕੁਝ ਸਮਾਂ ਖਡੂਰ ਸਾਹਿਬ ਅਤੇ ਫਿਰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਚ ਕੀਰਤਨ ਦੀ ਸੇਵਾ ਕਰਦੇ ਰਹੇ। ਇਨ੍ਹਾਂ ਦੇ ਕੀਰਤਨ ਅਤੇ ਰਸਨਾ ਵਿਚ ਏਨਾ ਰਸ ਸੀ ਕਿ ਜਦੋਂ ਇਹ ਸ੍ਰੀ ਦਰਬਾਰ ਸਾਹਿਬ ਵਿਚ ਕੀਰਤਨ ਕਰਦੇ ਤਾਂ ਸਾਹਿਬ ਗੁਰੂ ਅਰਜਨ ਦੇਵ ਜੀ ਖ਼ੁਦ ਉਨ੍ਹਾਂ ਪਾਸੋਂ ਸ਼ਬਦ ਕੀਰਤਨ ਸੁਣਨ ਲਈ ਉਥੇ ਪਹੁੰਚਦੇ ਅਤੇ ਕੀਰਤਨ ਦਾ ਅਨੰਦ ਮਾਣਦੇ।

ਕਿਸੇ ਗੱਲੋਂ ਭਾਈ ਸੱਤਾ ਅਤੇ ਬਲਵੰਡਿ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਰੁੱਸ ਕੇ ਲਾਹੌਰ ਚਲੇ ਗਏ। ਪਰ ਆਪਣੀ ਭੁੱਲ ਦਾ ਅਹਿਸਾਸ ਹੋਣ ‘ਤੇ ਫਿਰ ਦੁਬਾਰਾ ਪੰਚਮ ਪਾਤਸ਼ਾਹ ਦੇ ਚਰਨਾਂ ਵਿਚ ਹਾਜ਼ਰ ਹੋ ਕੇ ਆਪਣੀ ਗ਼ਲਤੀ ਲਈ ਖਿਮਾ ਮੰਗੀ। ਬਖ਼ਸ਼ਣਹਾਰ ਗੁਰੂ ਅਰਜਨ ਦੇਵ ਜੀ ਦੀ ਫ਼ਰਾਖ਼ਦਿਲੀ ਅਤੇ ਮਹਾਨਤਾ ਦੇਖੋ, ਉਨ੍ਹਾਂ ਨੇ ਨਾ ਕੇਵਲ ਭਾਈ ਸੱਤਾ ਅਤੇ ਬਲਵੰਡਿ ਜੀ ਨੂੰ ਖਿਮਾ ਹੀ ਕੀਤਾ, ਸਗੋਂ ਉਨ੍ਹਾਂ ਦੀ ਰਚਨਾ ‘ਰਾਮਕਲੀ ਕੀ ਵਾਰ’ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਵੀ ਕੀਤੀ, ਜਿਸ ਨਾਲ ਭਾਈ ਸੱਤਾ ਅਤੇ ਭਾਈ ਬਲਵੰਡਿ ਜੀ ਅਮਰ ਹੋ ਗਏ।

ਸਰਦਾਰ ਬਲਬੀਰ ਸਿੰਘ ‘ਕੰਵਲ’, ਇੰਗਲੈਂਡ ਵਾਲਿਆਂ ਦੀ ਖੋਜ ਮੁਤਾਬਕ ਭਾਈ ਸੱਤਾ ਅਤੇ ਬਲਵੰਡਿ ਜੀ ਦੇ ਪੋਤਰੇ ਭਾਈ ਕਾਲੂ ਅਤੇ ਭਾਈ ਮਾਮੂ ਸਨ, ਜਿਨ੍ਹਾਂ ਦੇ ਅੱਗੋਂ ਬੇਟੇ ਭਾਈ ਮੰਦਾ, ਭਾਈ ਅਮੀਰ ਅਤੇ ਭਾਈ ਹਾਕੋ ਸਨ। ਇਹ ਸਭ ਖਡੂਰ ਸਾਹਿਬ ਕੀਰਤਨ ਕਰਦੇ ਰਹੇ, ਜਦ ਕਿ ਇਨ੍ਹਾਂ ਦੇ ਤਾਏ ਦੇ ਬੇਟੇ ਭਾਈ ਵਸਾਵਾ ਅਤੇ ਭਾਈ ਵਧਾਵਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਚ ਕੀਰਤਨ ਦੀ ਸੇਵਾ ਕਰਦੇ ਰਹੇ।

ਭਾਈ ਮਰਦਾਨਾ ਜੀ ਦੇ ਦੋ ਰਬਾਬੀ ਸ਼ਾਗਿਰਦ, ਭਾਈ ਬਾਦੂ ਅਤੇ ਭਾਈ ਦਾਦੂ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਅਮਰ ਦਾਸ ਜੀ ਦੇ ਦਰਬਾਰ ਵਿਚ ਸਰੋਦੀ ਕੀਰਤਨ ਰਾਹੀਂ ਮਾਣ ਪ੍ਰਾਪਤ ਕਰਦੇ ਰਹੇ।*

ਭਾਈ ਨਿਰਮਲ ਸਿੰਘ ‘ਖ਼ਾਲਸਾ’ ਅਨੁਸਾਰ ਲੰਡਨ ਦੇ ਕੇਂਦਰੀ ਅਜਾਇਬ ਘਰ (ਨੈਸ਼ਨਲ ਮਿਊਜ਼ਿਅਮ) ਵਿਚ ਅੱਜ ਵੀ ਇਤਿਹਾਸਕ ਤੱਥ ਤਸਵੀਰਾਂ ਰਾਹੀਂ ਗਵਾਹੀ ਭਰਦੇ ਹਨ। ਸੰਗੀਤਕ ਖੇਤਰ ਵਿਚ ਭਾਈ ਮਰਦਾਨਾ ਜੀ, ਗੁਰੂ ਨਾਨਕ ਦੇਵ ਜੀ ਦੇ ਸਾਥੀ ਸਨ। ਇੰਜ ਹੀ ਭਾਈ ਮਰਦਾਨਾ ਜੀ ਦੇ ਕਈ ਸ਼ਿਸ਼ਾਂ ਵਿੱਚੋਂ ਪੰਡਿਤ ਹਰਿਦਾਸ ਅਤੇ ਅੱਗੇ ਉਨ੍ਹਾਂ ਦੇ ਸ਼ਾਗਿਰਦ ਮੀਆਂ ਤਾਨਸੈਨ ਅਤੇ ਬੈਜੂ ਬਾਵਰਾ ਵਰਗੇ ਜਗਤ ਪ੍ਰਸਿੱਧ ਭਾਰਤੀ ਸੰਗੀਤਕਾਰ ਹੋਏ ਹਨ।

1.

ਅਫ਼ਗ਼ਾਨਿਸਤਾਨ ਦੀ ਹੱਦ ਦੇ ਨਾਲ-ਨਾਲ ਲੱਗਦਾ ਪਾਕਿਸਤਾਨੀ ਇਲਾਕਾ, ਜਿਸ ਨੂੰ ਆਮ ਤੌਰ ‘ਤੇ ਫ਼ਰੰਟੀਅਰ ਦਾ ਇਲਾਕਾ ਕਿਹਾ ਜਾਂਦਾ ਹੈ, ਵਧੇਰੇ ਕਰਕੇ ਪਠਾਣੀ ਅਤੇ ਕਬਾਇਲੀ ਇਲਾਕਾ ਹੈ। ਬਾਰਡਰ ਦੇ ਦੋਹੀਂ ਪਾਸੀਂ ਲੋਕਾਂ ਦੀ ਮਿਲਦੀ-ਜੁਲਦੀ ਸੱਭਿਅਤਾ, ਬੋਲੀ ਅਤੇ ਆਪਸੀ ਵਪਾਰ ਦੇ ਕਾਰਨ ਦੋਹਾਂ ਦੇਸਾਂ ਦੇ ਲੋਕਾਂ ਦਾ ਇਕ ਦੂਸਰੇ ਵੱਲ ਆਣਾ-ਜਾਣਾ ਆਮ ਸੀ । ਸੰਨ 1947 ਤੋਂ ਪਹਿਲਾਂ ਅਫ਼ਗ਼ਾਨਿਸਤਾਨ ਅਤੇ ਭਾਰਤ (ਹੁਣ ਪਾਕਿਸਤਾਨ) ਵਿਚ ਆਣ- ਜਾਣ ਦੀ ਬਹੁਤੀ ਲੰਮੀ ਚੌੜੀ ਪਾਬੰਦੀ ਨਹੀਂ ਸੀ । ਆਮ ਤੌਰ ‘ਤੇ ਰਾਹਦਾਰੀ ਦਾ ਸਰਕਾਰੀ ਪਰਵਾਨਾ ਹੀ ਕਾਫ਼ੀ ਸਮਝਿਆ ਜਾਂਦਾ ਸੀ। ਪਾਕਿਸਤਾਨ ਵਾਲੇ ਪਾਸੇ ਦੇ ਕਬਾਇਲੀ ਲੋਕ ਹੱਜ ‘ਤੇ ਜਾਣ ਵਾਸਤੇ ਜਾਂ ਵਪਾਰ ਦੇ ਸੰਬੰਧ ਵਿਚ ਜਾਣ ਵਾਸਤੇ ਬੰਨੂੰ, ਥੱਲ, ਕੋਹਾਟ, ਕੁੱਰਮ ਅਤੇ ਪਰਾਚਿਨਾਰ ਹੁੰਦੇ ਹੋਏ ਦੱਰਾ ਖ਼ੈਬਰ ਦੇ ਰਸਤੇ ਅਫ਼ਗ਼ਾਨਿਸਤਾਨ ਪਹੁੰਚਦੇ ਹਨ।

ਪਾਕਿਸਤਾਨ ਤੋਂ ਅਫ਼ਗ਼ਾਨਿਸਤਾਨ ਜਾਣ ਦਾ ਮੁੱਖ ਰਸਤਾ ਦੱਰਾ ਖ਼ੈਬਰ ਹੀ ਹੈ। ਦੱਰਾ ਖ਼ੈਬਰ ਤੋਂ ਪਹਿਲਾਂ ਦਰਿਆ ਦੇ ਕੰਢੇ ‘ਕੁੱਰਮ’ ਇਕ ਨਿੱਕਾ ਜਿਹਾ ਕਸਬਾ ਹੈ। ਇਸ ਕਸਬੇ ਦੇ ਨਾਮ ਉੱਤੇ ਕੋਲੋਂ ਲੰਘਦੇ ਦਰਿਆ ਦਾ ਨਾਮ ‘ਕੁੱਰਮ’ ਪੈ ਗਿਆ। ਜਾਂ ਫਿਰ ਦਰਿਆ ਦੇ ਨਾਮ ਉੱਤੇ ਕਸਬੇ ਦਾ ਨਾਮ ‘ਕੁੱਰਮ’ ਪੈ ਗਿਆ, ਨਿਸਚਿਤ ਤੌਰ ‘ਤੇ ਕੁਝ ਨਹੀਂ ਕਿਹਾ ਜਾ ਸਕਦਾ।

ਇਸ ਇਲਾਕੇ ਦੀਆਂ ਖਜੂਰਾਂ ਅਤੇ ਛੁਹਾਰੇ ਮਸ਼ਹੂਰ ਹਨ। ਸਥਾਨਕ ਭਾਸ਼ਾ ਵਿਚ ਖਜੂਰ ਨੂੰ ‘ਖੁਰਮ’ ਅਤੇ ਬਹੁਤੀਆਂ ਖਜੂਰਾਂ ਨੂੰ ‘ਖੁਰਮੇ’ ਕਿਹਾ ਜਾਂਦਾ ਹੈ। ਸੰਭਵ ਹੈ ਕਿ ਖਜੂਰਾਂ ਦੇ ਕਾਰਨ ਇਸ ਕਸਬੇ ਦਾ ਨਾਮ ‘ਖੁੱਰਮ’ ਹੋਵੇ, ਜੋ ਸਮੇਂ ਦੇ ਅੰਤਰਾਲ ਨਾਲ ‘ਖੁਰਮ’ ਤੋਂ ‘ਕੁੱਰਮ’ ਹੋ ਗਿਆ ਹੋਵੇ।

ਬਹਰਹਾਲ ਦਰਿਆ ਅਤੇ ਕਸਬਾ ਦੋਵੇਂ ‘ਕੁੱਰਮ’ ਦੇ ਨਾਮ ਨਾਲ ਹੀ ਜਾਣੇ ਜਾਂਦੇ ਹਨ। ਇਹ ਕੁੱਰਮ ਦਰਿਆ ਥਲਵੇਂ ਪਾਸੇ ਬੰਨੂੰ ਤੋਂ ਹੁੰਦਾ ਹੋਇਆ ‘ਈਸਾ ਖੇਲ’ ਦੇ ਨੇੜੇ ਦਰਿਆ ਸਿੰਧ ਵਿਚ ਮਿਲ ਜਾਂਦਾ ਹੈ।

ਇਸ ਇਲਾਕੇ ਦੇ ਹਾਜੀ ਲੋਕ ਹੱਜ ‘ਤੇ ਜਾਂਦਿਆਂ ਆਮ ਤੌਰ ‘ਤੇ ਨਦੀ ਦੇ ਕੰਢੇ ਵੱਸੇ ਇਸ ਕੁੱਰਮ ਨਗਰ ਵਿਚ ਆਪਣਾ ਪੜਾਅ ਕਰਦੇ ਹਨ। ਨਦੀ ਦੇ ਕਿਨਾਰੇ ਇਕ ਵਿਸ਼ਾਲ ਬੋਹੜ ਦਾ ਦਰੱਖ਼ਤ, ਇਨ੍ਹਾਂ ਰਾਹੀਆਂ ਦੀ ਰਸਤੇ ਦੀ ਇਕ ਆਰਜ਼ੀ ਜਿਹੀ ਆਰਾਮਗਾਹ ਹੁੰਦੀ ਹੈ।

ਹਰ ਦੇਖਣ ਵਾਲੇ ਲਈ ਇਹ ਇਕ ਅਚੰਭੇ ਦੀ ਗੱਲ ਹੁੰਦੀ ਹੈ ਕਿ ਬੋਹੜ ਦਾ ਰੁੱਖ ਇਸ ਠੰਢੇ ਅਤੇ ਨੀਮ ਪਹਾੜੀ ਇਲਾਕੇ ਵਿਚ ਕਿਵੇਂ ਏਨਾ ਫਲਿਆ। ਫੁੱਲਿਆ ਹੈ ਕਿਉਂਕਿ ਬੋਹੜ ਆਮ ਤੌਰ ‘ਤੇ ਗਰਮ ਅਤੇ ਮੈਦਾਨੀ ਇਲਾਕੇ ਵਿਚ ਹੀ ਹੁੰਦਾ ਹੈ।

ਇਸ ਪੁਰਾਤਨ ਬੋਹੜ ਦੀਆਂ ਉਪਰੋਂ ਥੱਲੇ ਨੂੰ ਲਮਕਦੀਆਂ ਦਾਹੜੀ ਨੁਮਾ ਟਾਹਣੀਆਂ ਧਰਤੀ ਨੂੰ ਛੁਹ ਕੇ ਦੁਬਾਰਾ ਜੜ੍ਹ ਫੜ ਲੈਂਦੀਆਂ ਅਤੇ ਕੁਝ ਸਾਲਾਂ ਮਗਰੋਂ ਇਸ ਰੁੱਖ ਦੇ ਇਕ ਨਵੇਂ ਤਣੇ ਦਾ ਰੂਪ ਧਾਰਨ ਕਰ ਲੈਂਦੀਆਂ ਸਨ। ਅਜਿਹੇ ਨਵੇਂ ਤਣਿਆਂ ਦੀ ਮੋਟਾਈ ਥੋੜ੍ਹੇ ਬਹੁਤ ਫ਼ਰਕ ਨਾਲ ਲਗਪਗ ਇੱਕੋ ਜਿਹੀ ਸੀ। ਬਹੁਤ ਪੁਰਾਣਾ ਹੋਣ ਕਰਕੇ ਇਸ ਬੋਹੜ ਦੇ ਦਰਜਨਾਂ ਨਵੇਂ ਤਣੇ ਬਣ ਚੁੱਕੇ ਸਨ। ਇਹ ਪਤਾ ਨਹੀਂ ਸੀ ਲੱਗਦਾ ਕਿ ਇਸ ਦਾ ਅਸਲ ਅਤੇ ਮੂਲ ਤਣਾ ਕਿਹੜਾ ਹੈ। ਹੋ ਸਕਦਾ ਹੈ ਕਿ ਇਸ ਦਾ ਮੂਲ ਤਣਾ ਆਪਣੀ ਲੰਮੀ ਆਯੂ ਭੋਗ ਕੇ ਖ਼ਤਮ ਹੋ ਚੁੱਕਾ ਹੋਵੇ ਅਤੇ ਇਹ ਨਵੇਂ ਪੈਦਾ ਹੋਏ ਤਣੇ ਇਸ ਰੁੱਖ ਨੂੰ ਲੰਮੇਰੀ ਅਤੇ ਹੋਰ ਲੰਮੇਰੀ ਉਮਰ ਪ੍ਰਦਾਨ ਕਰੀ ਜਾਂਦੇ ਹੋਣ।

ਕਈ ਦੰਤ ਕਥਾਵਾਂ ਇਸ ਬੋਹੜ ਦੇ ਰੁੱਖ ਬਾਰੇ ਪ੍ਰਚੱਲਤ ਹਨ। ਕੁਝ ਲੋਕਾਂ ਦਾ ਖ਼ਿਆਲ ਹੈ ਕਿ ਕਈ ਸਦੀਆਂ ਪਹਿਲਾਂ ਜਦੋਂ ਹਾਜੀ ਲੋਕ ਇਸ ਰਸਤੇ ਹੱਜ ਦੀ ਯਾਤਰਾ ਨੂੰ ਜਾਂਦੇ ਸਨ ਤਾਂ ਕੋਈ ਵੀ ਐਸਾ ਸੰਘਣੀ ਛਾਂ ਵਾਲਾ ਰੁੱਖ ਇਸ ਰਸਤੇ ਵਿਚ ਨਹੀਂ ਸੀ, ਜਿਸ ਥੱਲੇ ਬੈਠ ਕੇ ਉਹ ਕੁਝ ਸਮਾਂ ਆਰਾਮ ਕਰ ਸਕਦੇ। ਸਾਰੇ ਯਾਤਰੀਆਂ ਨੇ ਅੱਲ੍ਹਾ-ਤਾਅਲਾ ਅੱਗੇ ਦੁਆ ਕੀਤੀ ਕਿ ਉਹ ਇਨ੍ਹਾਂ ਦੀ ਮਦਦ ਕਰੇ। ਖ਼ੁਦਾ ਪਾਕ ਨੇ ਇਨ੍ਹਾਂ ਲੋਕਾਂ ਦੀ, ਜਿਨ੍ਹਾਂ ਵਿਚ ਵਧੇਰੇ ਲੋਕ ਹੱਜ ਨੂੰ ਜਾਣ ਵਾਲੇ ਜਾਂ ਹੱਜ ਤੋਂ ਵਾਪਸ ਆਉਣ ਵਾਲੇ ਸਨ-ਦੁਆ ਕਬੂਲ ਕੀਤੀ ਅਤੇ ਦਰਿਆ ਦੇ ਨੇੜੇ ਇਹ ਸੰਘਣੀ ਛਾਂ ਵਾਲਾ ਰੁੱਖ ਪੈਦਾ ਕਰ ਦਿੱਤਾ।

ਕੁਝ ਲੋਕਾਂ ਦਾ ਵਿਸ਼ਵਾਸ ਹੈ ਕਿ ਸੈਂਕੜੇ ਸਾਲ ਪਹਿਲਾਂ ਕੋਈ ਖ਼ੁਦਾ ਦਾ ਪਿਆਰਾ ਸਾਈਂ ਫ਼ਕੀਰ ਇਥੇ ਇਬਾਦਤ ਕਰਦਾ ਸੀ। ਉਸ ਦੀ ਮੌਤ ਮਗਰੋਂ ਜਿਸ ਥਾਂ ਉਸ ਦੀ ਕਬਰ ਬਣੀ, ਉਸ ਥਾਂ ਇਹ ਬੋਹੜ ਦਾ ਰੁੱਖ ਆਪਣੇ ਆਪ ਪੈਦਾ ਹੋ ਗਿਆ।

ਕਈ ਸਿਆਣੇ ਇਸ ਨੂੰ ਰੱਬ ਦਾ ਅਨੋਖਾ ਚਮਤਕਾਰ ਦੱਸਦੇ ਹਨ। ਉਨ੍ਹਾਂ ਦਾ ਖ਼ਿਆਲ ਹੈ ਕਿ ਖ਼ੁਦਾ ਪਾਕ ਨੇ ਆਪਣੀ ਹੋਂਦ ਦਾ ਸਬੂਤ ਦੇਣ ਲਈ ਬਿਨਾਂ ਕਿਸੇ ਮੂਲ ਤਣੇ ਦੇ ਇਹ ਅਨੋਖਾ ਵਿਸ਼ਾਲ ਰੁੱਖ ਪੈਦਾ ਕੀਤਾ। ਉਨ੍ਹਾਂ ਮੁਤਾਬਕ ਇਹ ਰੁੱਖ ਸੰਕੇਤ ਦੇਂਦਾ ਹੈ ਕਿ ਉਸ ਪਰਵਰਦਗਾਰ ਦਾ ਨਾ ਕੋਈ ਮੂਲ ਹੈ ਅਤੇ ਨਾ ਹੀ ਕੋਈ ਅੰਤ। ਵਰਨਾ ਇਕ ਗਰਮ ਮੈਦਾਨੀ ਇਲਾਕੇ ਦੇ ਰੁੱਖ ਦਾ ਬੀਜ ਇਥੇ ਕਿਵੇਂ ਪਹੁੰਚ ਗਿਆ ? ਅਤੇ ਜੇ ਪਹੁੰਚ ਹੀ ਗਿਆ ਤਾਂ ਏਨੀ ਉਚਾਈ ਉੱਤੇ ਇਸ ਖ਼ੁਸ਼ਕ ਠੰਢੇ ਇਲਾਕੇ ਵਿਚ ਸੈਂਕੜੇ ਸਾਲਾਂ ਤੋਂ ਕਿਵੇਂ ਵਧ-ਫੁੱਲ ਰਿਹਾ ਹੈ ? ਇਸ ਥਲ ਦੇ ਖ਼ੁਸ਼ਕ ਅਤੇ ਠੰਢੇ ਇਲਾਕੇ ਵਿਚ ਦੂਰ-ਦੂਰ ਤਕ ਕੋਈ ਵੱਡਾ ਛਾਂ-ਦਾਰ ਦਰੱਖ਼ਤ ਨਜ਼ਰ ਨਹੀਂ ਆਉਂਦਾ। ਜਿਥੇ ਇਹ ਰਹੱਸਮਈ ਵਿਸ਼ਾਲ ਰੁੱਖ ਰਾਹੀਆਂ ਦੀ ਇਕ ਆਰਜ਼ੀ ਆਰਾਮਗਾਹ ਹੈ, ਉਥੇ ਸੈਂਕੜੇ ਵੱਖ-ਵੱਖ ਪੰਛੀਆਂ ਦਾ ਰੈਣ-ਬਸੇਰਾ ਵੀ ਹੈ। ਅੰਮ੍ਰਿਤ ਵੇਲੇ ਅਤੇ ਸੰਧਿਆ ਵੇਲੇ ਇਨ੍ਹਾਂ ਨਿੱਕੇ-ਨਿੱਕੇ ਪੰਛੀਆਂ ਦੀ ਬੜੀ ਪਿਆਰੀ ਚਹਿਚਹਾਟ ਇਕ ਇਲਾਹੀ ਸੰਗੀਤ ਪੈਦਾ ਕਰਦੀ ਹੈ। ਇਲਾਕੇ ਦੇ ਲੋਕ ਇਸ ਸਦੀਆਂ ਪੁਰਾਣੇ ਰੁੱਖ ਥੱਲੇ ਆ ਕੇ ਦੁਆਵਾਂ ਮੰਗਦੇ ਹਨ। ਉਨ੍ਹਾਂ ਦਾ ਭਰੋਸਾ ਹੈ ਕਿ ਇਸ ਮਹਾਨ ਰੁੱਖ ਥੱਲੇ ਖਲੋ ਕੇ ਰੱਬ ਕੋਲ ਕੀਤੀ ਹਰ ਦੁਆ ਕਬੂਲ ਹੁੰਦੀ ਹੈ।

2.

“ਮੈਂ ਕਿਹਾ ਜੀ ਤੁਸੀਂ ਵੀ ਵਕਤ ਕੱਢ ਕੇ ਪਟਵਾਰੀ ਦੇ ਘਰ ਵਧਾਈ ਦੇ ਆਣੀ ਸੀ। ਪਹਿਲਾ ਮੁੰਡਾ ਹੋਇਆ ਏ। ਸਾਰੇ ਲੋਕ ਉਸ ਦੇ ਘਰ ਵਧਾਈਆਂ ਦੇਣ ਪਏ ਜਾਂਦੇ ਨੇ । ਇਨਾਮ-ਸ਼ਨਾਮ ਵੀ ਚੰਗਾ ਦੇ ਦੇਵੇਗਾ। ਅਸੀਂ ਤਾਂ ਵੈਸੇ ਵੀ ਉਨ੍ਹਾਂ ਦੇ ਪੁਰਾਣੇ ਡੂਮ ਹਾਂ। ਮੈਂ ਤਾਂ ਕੱਲ੍ਹ ਗਵਾਂਢਣ ਨਾਲ ਜਾ ਕੇ ਮੁਬਾਰਕ ਦੇ ਆਈ ਸਾਂ । ਉਨ੍ਹਾਂ ਦੋਹਾਂ ਜੀਆਂ ਦੇ ਤਾਂ ਖ਼ੁਸ਼ੀ ਨਾਲ ਧਰਤੀ ‘ਤੇ ਪੈਰ ਨਹੀਂ ਟਿਕਦੇ। ਮੈਨੂੰ ਬੇਬੇ ਨੇ ਇਕ ਮਲਮਲ ਦਾ ਦੁਪੱਟਾ, ਇਕ ਰੁਪੱਈਆ ਅਤੇ ਸਵਾ ਸੇਰ ਗੁੜ ਦਿਵਾਇਆ ਸੀ । ਬੱਚਾ ਦੇਖਣ ਤੋਂ ਹੀ ਕਰਮਾਂ ਵਾਲਾ ਲੱਗਦਾ ਏ । ਮਾਲਕ ਬੱਚੇ ਨੂੰ ਲੰਮੀ ਉਮਰ ਬਖ਼ਸ਼ੇ।” ਲੱਖੋ ਨੇ ਆਪਣੇ ਖ਼ਾਵੰਦ ਬਦਰਾ ਨੂੰ ਕਿਹਾ।

“ਮੈਂ ਤਾਂ ਅੱਗੇ ਹੀ ਇਹੋ ਗੱਲ ਪਿਆ ਸੋਚਦਾ ਸਾਂ । ਅੱਛਾ, ਤੂੰ ਇੰਜ ਕਰ, ਮੇਰਾ ਝੱਗਾ ਅਤੇ ਤਹਿਮਤ ਰਤਾ ਧੋ ਛੱਡ। ਗਰਮੀ ਦੇ ਦਿਨ ਨੇ, ਝਟਪਟ ਸੁੱਕ ਜਾਣਗੇ। ਮੈਂ ਓਨਾ ਚਿਰ ਅੰਦਰ ਪਰਨਾ ਬੰਨ੍ਹ ਕੇ ਬੈਠਦਾ ਹਾਂ। ਸਿਆਣੇ ਕਹਿੰਦੇ ਨੇ ਕਿ ਕਿਸੇ ਦੇ ਘਰ ਵਧਾਈ ਦੇਣ ਜਾਈਏ ਤਾਂ ਲੀੜੇ ਸਾਫ਼ ਹੋਣੇ ਚਾਹੀਦੇ ਨੇ।”

“ਅੱਬੂ ਮੈਂ ਵੀ ਜਾਵਾਂਗਾ ਤੇਰੇ ਨਾਲ ਪਟਵਾਰੀ ਦਾ ਕਾਕਾ ਵੇਖਣ,” ਕੋਲ ਖਲੋਤੇ ਬਦਰਾ ਦੇ ਦਸਾਂ ਕੁ ਸਾਲਾਂ ਦੇ ਮੁੰਡੇ ਨੇ ਕਿਹਾ। ਅੱਗੋਂ ਬਦਰਾ ਕਹਿਣ ਲੱਗਾ, “ਨਹੀਂ ਬਰਖ਼ੁਰਦਾਰ, ਤੂੰ ਕੀ ਕਰੇਂਗਾ ਨਾਲ ਜਾ ਕੇ ? ਮੈਂ ਤਾਂ ਉਥੇ ਉਨ੍ਹਾਂ ਨੂੰ ਵਧਾਈਆਂ ਦੇਵਾਂਗਾ ਅਤੇ ਕਸੀਦੇ ਗਾਵਾਂਗਾ। ਬੱਚਿਆਂ ਦਾ ਕੋਈ ਕੰਮ ਨਹੀਂ ਨਾਲ ਜਾਣ ਦਾ।”

“ਕੋਈ ਗੱਲ ਨਹੀਂ, ਲੈ ਜਾਉ ਸੁ, ਜੇ ਇਸ ਦਾ ਦਿਲ ਕਰਦਾ ਏ ਤਾਂ। ਕੁਝ ਖ਼ਰੈਤ ਇਸ ਦੀ ਝੋਲੀ ਵਿਚ ਵੀ ਪਾ ਦੇਣਗੇ। ਅਸਾਂ ਮਰਾਸੀਆਂ ਡੂਮਾਂ ਨੇ ਤਾਂ ਆਖ਼ਰ ਇਨ੍ਹਾਂ ਵੱਡੇ ਲੋਕਾਂ ਕੋਲੋਂ ਹੀ ਮੰਗ-ਪਿੰਨ ਕੇ ਖਾਣਾ ਏ। ਮੈਂ ਇਸ ਦਾ ਮੂੰਹ ਧੋ ਦਿੰਦੀ ਹਾਂ।” ਲੱਖੋ ਨੇ ਕਿਹਾ।

ਦੁਪਹਿਰ ਮਗਰੋਂ ਬਦਰਾ ਧੋਤੇ ਹੋਏ ਕੱਪੜੇ ਪਾ ਕੇ, ਹੱਥ ਵਿਚ ਆਪਣੀ ਡਫ਼ਲੀ ਫੜ ਕੇ ਮੁੰਡੇ ਨੂੰ ਨਾਲ ਲੈ ਕੇ ਕਾਲੂ ਪਟਵਾਰੀ ਦੇ ਘਰ ਵੱਲ ਟੁਰ ਪਿਆ। ਉਥੇ ਜਾ ਕੇ ਦੇਖਿਆ, ਹੋਰ ਵੀ ਕਈ ਲੋਕ ਮੁਬਾਰਕਾਂ ਦੇਣ ਆਏ ਹੋਏ ਸਨ। ਬਦਰਾ ਨੇ ਆਪਣੀ ਡਫ਼ਲੀ ਵਜਾ ਕੇ ਉੱਚੀ ਸੁਰ ਵਿਚ “ਵੇਲਾਂ” ਅਤੇ “ਕਸੀਦੇ” ਅਲਾਪਣੇ ਸ਼ੁਰੂ ਕਰ ਦਿੱਤੇ। ਮਹਿਤਾ ਕਲਿਆਣ ਦਾਸ ਪਟਵਾਰੀ ਅਤੇ ਉਸ ਦਾ ਛੋਟਾ ਭਰਾ ਮਹਿਤਾ ਲਾਲੂ ਬਾਹਰ ਵਿਹੜੇ ਵਿਚ ਮੰਜੀ ਉੱਤੇ ਬੈਠੇ ਲੋਕਾਂ ਦੀਆਂ ਵਧਾਈਆਂ ਅਤੇ ਸ਼ੁਭ ਕਾਮਨਾਵਾਂ ਲੈ ਰਹੇ ਸਨ।

ਅੰਦਰ ਕੇਵਲ ਔਰਤਾਂ ਅਤੇ ਬੱਚੇ ਹੀ ਜਾਂਦੇ ਸਨ । ਬਦਰਾ ਦਾ ਲੜਕਾ ਵੀ ਅੰਦਰ ਚਲਾ ਗਿਆ ਅਤੇ ਮਾਤਾ ਤ੍ਰਿਪਤਾ ਦੀ ਗੋਦ ਵਿਚ ਲੇਟੇ ਹੋਏ ਬੱਚੇ ਵੱਲ ਬੜੇ ਗਹੁ ਨਾਲ ਦੇਖਣ ਲੱਗਾ। ਅਚਾਨਕ ਉਸ ਦੇ ਮੂੰਹੋਂ ਨਿਕਲਿਆ, “ਕਿੱਡਾ ਪਿਆਰਾ ਏ !”

ਮਾਤਾ ਤ੍ਰਿਪਤਾ ਨੇ ਮੁਸਕਰਾ ਕੇ ਪੁੱਛਿਆ, “ਤੈਨੂੰ ਚੰਗਾ ਲੱਗਾ ਏ ?” ਤਾਂ ਉਹ ਮਾਤਾ ਦੇ ਬਿਲਕੁਲ ਨੇੜੇ ਹੋ ਕੇ ਬੱਚੇ ਦੀ ਠੋਡੀ ਨੂੰ ਆਪਣੀ ਉਂਗਲ ਨਾਲ ਸਪਰਸ਼ ਕਰ ਕੇ ਕਹਿਣ ਲੱਗਾ, “ਬਹੁਤ ਚੰਗਾ ਲੱਗਦਾ ਏ, ਦੇਖੋ ਕਿਵੇਂ ਖ਼ੁਸ਼ ਹੁੰਦਾ ਏ ਮੇਰੇ ਵੱਲ ਦੇਖ ਕੇ। ਮੈਂ ਇਸ ਨੂੰ ਚੁੱਕ ਲਵਾਂ ?” ਉਸ ਨੇ ਮਾਤਾ ਜੀ ਨੂੰ ਪੁੱਛਿਆ।

ਕੋਲ ਖਲੋਤੀ ਪੰਜ ਛੇ ਸਾਲਾਂ ਦੀ ਭੈਣ ਨਾਨਕੀ ਨੇ ਕਿਹਾ, “ਨਹੀਂ ਵੀਰ, ਮਾਂ ਕਹਿੰਦੀ ਏ-ਅਜੇ ਇਹ ਬਹੁਤ ਛੋਟਾ ਏ । ਅਜੇ ਮੈਨੂੰ ਵੀ ਨਹੀਂ ਚੁੱਕਣ ਦਿੰਦੀ।”

“ਕੀ ਨਾਂ ਏ ਤੇਰਾ ?” ਮਾਤਾ ਜੀ ਨੇ ਪੁੱਛਿਆ।

“ਜੀ ਮਰਦਾਨਾ।”

“ਅੱਛਾ, ਤਾਂ ਤੂੰ ਬਦਰਾ ਦਾ ਮੁੰਡਾ ਏਂ ? ਮੈਂ ਪਛਾਤਾ ਨਹੀਂ। ਬੜਾ ਲੰਮਾ ਹੋ ਗਿਆ ਏਂ।” ਮਾਤਾ ਜੀ ਨੇ ਕਿਹਾ। ਬੀਬੀ ਨਾਨਕੀ ਕਹਿਣ ਲੱਗੀ, “ਲੰਮਾ ਤਾਂ ਹੋ ਗਿਆ ਏ, ਪਰ ਹੈਂ ਪਤਲਾ ਸੁਕੜ ਜਿਹਾ ਹੀ।”

ਮਾਤਾ ਤ੍ਰਿਪਤਾ ਨੇ ਮਰਦਾਨੇ ਨੂੰ ਚਾਰ ਆਨੇ ਅਤੇ ਅੱਧ ਕੁ ਸੇਰ ਦੀ ਗੁੜ ਦੀ ਰੋੜੀ ਦਿੱਤੀ। ਮੁੰਡਾ ਖ਼ੁਸ਼ ਹੋ ਗਿਆ।

ਘਰ ਵਾਪਸ ਆ ਕੇ ਮਰਦਾਨਾ ਕਿੰਨਾ ਹੀ ਚਿਰ ਆਪਣੀ ਮਾਂ ਨੂੰ ਪਟਵਾਰੀ ਦੇ ਕਾਕੇ ਬਾਰੇ ਦੱਸਦਾ ਰਿਹਾ-ਬਹੁਤ ਹੀ ਪਿਆਰਾ ਹੈ…ਉਸ ਦੀਆਂ ਅੱਖਾਂ ਕਿੰਨੀਆਂ ਸੋਹਣੀਆਂ ਹਨ.. ਮੇਰੇ ਵੱਲ ਤੱਕ ਕੇ ਮੁਸਕਰਾਂਦਾ ਸੀ ਅਤੇ ਖ਼ੁਸ਼ ਹੁੰਦਾ ਸੀ।

ਉਸ ਦਿਨ ਤੋਂ ਮਗਰੋਂ ਮਰਦਾਨਾ ਲਗਪਗ ਰੋਜ਼ ਹੀ ਕਾਲੂ ਪਟਵਾਰੀ ਦੇ ਘਰ ਕਾਕੇ ਨੂੰ ਦੇਖਣ ਜਾਂਦਾ ਅਤੇ ਕਿੰਨਾ-ਕਿੰਨਾ ਚਿਰ ਉਸ ਨੂੰ ਖਿਡਾਉਂਦਾ ਰਹਿੰਦਾ। ਉਸ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਕਰਦਾ। ਕਾਕਾ ਵੀ ਉਸ ਵੱਲ ਦੇਖ ਕੇ ਖ਼ੁਸ਼ੀ ਨਾਲ ਗੁਟਕਦਾ ਅਤੇ ਅੱਗੋਂ ਹੂੰ-ਹਾਂ ਕਰਦਾ ਰਹਿੰਦਾ।

ਬੱਚੇ ਦਾ ਨਾਮ ‘ਨਾਨਕ’ ਰੱਖਿਆ ਗਿਆ। ਵੱਡਾ ਹੋਇਆ, ਗਲੀ ਵਿਚ ਜਾਂਦਾ, ਪਰ ਇਸ ਦਾ ਸੁਭਾਅ ਆਮ ਬੱਚਿਆਂ ਤੋਂ ਕੁਝ ਵੱਖਰਾ ਹੀ ਸੀ। ਬਾਹਰ ਜਾ ਕੇ ਆਪਣੇ ਹਾਣ ਦੇ ਮੁੰਡਿਆਂ ਵਾਂਗ ਨਾ ਤਾਂ ਸ਼ਰਾਰਤਾਂ ਕਰਦਾ ਅਤੇ ਨਾ ਹੀ ਬਹੁਤੀ ਉੱਛਲ-ਕੁੱਦ ਕਰਦਾ। ਜ਼ਰਾ ਕੁ ਹੋਰ ਵੱਡਾ ਹੋਇਆ ਤਾਂ ਬੱਚਿਆਂ ਵਿਚ ਖੇਡਣ ਦੀ ਥਾਂ, ਉਨ੍ਹਾਂ ਨੂੰ ਇਕੱਠਾ ਕਰ ਕੇ ਰੱਬ ਦੀਆਂ ਗੱਲਾਂ ਸਮਝਾਉਂਦਾ।

ਮਾਤਾ ਤ੍ਰਿਪਤਾ ਨੇ ਇਕ ਦਿਨ ਮਰਦਾਨੇ ਨੂੰ ਘਰ ਬੁਲਾ ਕੇ ਕਿਹਾ, “ਵੇਖ ਮਰਦਾਨੇ, ਨਾਨਕ ਤੇਰਾ ਛੋਟਾ ਵੀਰ ਏ। ਜਦੋਂ ਇਹ ਬਾਹਰ ਖੇਡਣ ਜਾਂਦਾ ਏ ਤਾਂ ਤੂੰ ਇਸ ਦਾ ਖ਼ਿਆਲ ਰੱਖਿਆ ਕਰ । ਇਹ ਬੜਾ ਭੋਲਾ ਏ। ਆਪਣੇ ਹਾਣ ਦੇ ਮੁੰਡਿਆਂ ਵਿਚ ਬਹੁਤਾ ਰਲਦਾ ਨਹੀਂ। ਤੇਰੇ ਨਾਲ ਇਸ ਦਾ ਕਾਫ਼ੀ ਜੋੜ ਏ, ਤੂੰ ਇਸ ਦੇ ਨਾਲ-ਨਾਲ ਹੀ ਰਿਹਾ ਕਰ।”

“ਠੀਕ ਏ ਮਾਤਾ ਜੀ, ਮੈਂ ਇਸ ਦਾ ਹਮੇਸ਼ਾ ਖ਼ਿਆਲ ਰੱਖਾਂਗਾ। ਪਰ ਮਾਤਾ ਜੀ, ਇਸ ਦਾ ਬਹੁਤਾ ਫ਼ਿਕਰ ਕਰਨ ਦੀ ਲੋੜ ਨਹੀਂ। ਇਹ ਆਪਣੀ ਉਮਰ ਦੇ ਹਾਣ ਦੇ ਬੱਚਿਆਂ ਨਾਲੋਂ ਤਾਂ ਕੀ, ਸਾਰੇ ਬੱਚਿਆਂ ਤੋਂ ਵੱਧ ਸਿਆਣਾ ਏ ਅਤੇ ਸਿਆਣੀਆਂ ਗੱਲਾਂ ਕਰਦਾ ਏ।”

“ ਮਾਤਾ ਜੀ ਇਹ ਖੇਲੈ ਬਾਲਕਹੁ ਸਾਥ ਅਰ ਬੋਲੈ ਬ੍ਰਹਮ ਗਿਆਨੁ, ਨਸੀਹਤਿ ਦੇ ਬਾਲਕਾਂ ਕਉ ਅਰ ਵਡਿਆ ਕਉ, ਬਿਗਾਨਿਆ ਕਉ… ਇਹ ਕੋਈ ਪਰਮੇਸ਼ਰ ਕਾ ਰੂਪ ਹੈ…ਦਸ ਬੀਸ ਬਾਲਕ ਸਾਥਿ ਹੋਇ, ਤਿਨਹੁ ਸਾਥਿ ਪਰਮੇਸ਼ਰ ਹੀ ਕੀਆਂ ਬਾਤਾਂ, ਕਥਾ ਬਾਰਤਾ ਕਰੈ ਹੋਰ ਕੋਈ ਬਾਤ ਚਲਾਵਹਿ ਨਾਹੀਂ ਮਾਤਾ ਜੀ ਮੈਨੂੰ ਤਾਂ ਇਹਦੇ ਚਿਹਰੇ ‘ਚੋਂ ਅਰਸ਼ੀ ਨੂਰ ਨਜ਼ਰ ਆਵੈ।”

ਮਾਤਾ ਤ੍ਰਿਪਤਾ ਜੀ ਮਰਦਾਨੇ ਦੀਆਂ ਗੱਲਾਂ ਬੜੇ ਅਚੰਭੇ ਨਾਲ ਸੁਣਦੇ। ਇਕ ਅਜੀਬ ਜਿਹਾ ਪ੍ਰਭਾਵ ਉਨ੍ਹਾਂ ਦੇ ਚਿਹਰੇ ਉੱਤੇ ਦੇਖਿਆ ਜਾ ਸਕਦਾ ਸੀ। ਪਤਾ ਨਹੀਂ ਉਹ ਆਪਣੇ ਬੇਟੇ ਬਾਰੇ ਮਰਦਾਨੇ ਦੀਆਂ ਗੱਲਾਂ ਸੁਣ ਕੇ ਖ਼ੁਸ਼ ਹੋਏ ਸਨ ਜਾਂ ਪਰੇਸ਼ਾਨ। ਉਨ੍ਹਾਂ ਨੇ ਕੇਵਲ ਏਨਾ ਹੀ ਕਿਹਾ, “ਕੁਝ ਵੀ ਹੋਵੇ, ਬੇਟਾ ਤੂੰ ਨਾਨਕ ਨੂੰ ਆਪਣਾ ਨਿੱਕਾ ਵੀਰ ਸਮਝ ਕੇ ਉਸ ਦੇ ਨਾਲ ਹੀ ਰਿਹਾ ਕਰ।”

“ਠੀਕ ਏ ਮਾਤਾ ਜੀ, ਜਿਵੇਂ ਤੁਹਾਡਾ ਹੁਕਮ। ਪਰ ਏਨੀ ਗੱਲ ਮੈਂ ਕਹਾਂਗਾ ਕਿ ਨਾਨਕ ਕਿਸੇ ਨਾਲੋਂ ਛੋਟਾ ਨਹੀਂ, ਸਗੋਂ ਉਹ ਤਾਂ ਵੱਡਿਆਂ ਤੋਂ ਵੀ ਵੱਡਾ ਏ।” ਮਰਦਾਨੇ ਨੇ ਕਿਹਾ।

ਭਾਈ ਮਰਦਾਨਾ ਜੀ ਉਨ੍ਹਾਂ ਤਿੰਨ ਮਹਾਨ ਹਸਤੀਆਂ ਵਿੱਚੋਂ ਸਨ, ਜਿਨ੍ਹਾਂ ਦੀ ਪਾਰਖੂ ਨਜ਼ਰ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਜੀ ਦੇ ਅੰਦਰ ਜਗਮਗ ਕਰ ਰਹੀ ਰੱਬੀ ਜੋਤਿ ਨੂੰ ਪਛਾਣਿਆ। ਭੈਣ ਨਾਨਕੀ ਜੀ, ਮਰਦਾਨਾ ਜੀ ਅਤੇ ਰਾਏ ਬੁਲਾਰ ਜੀ, ਇਹ ਤਿੰਨੇ ਗੁਰੂ ਨਾਨਕ ਜੀ ਦੀ ਸਹੀ ਪਛਾਣ ਕਰ ਕੇ ਉਨ੍ਹਾਂ ਦੇ ਸਭ ਤੋਂ ਪਹਿਲੇ ਸਿੱਖ ਹੋਏ।

ਰਾਏ ਬੁਲਾਰ ਵੀ ਤਲਵੰਡੀ ਦੇ ਹੀ ਰਹਿਣ ਵਾਲੇ ਸਨ ਅਤੇ ਗੁਰੂ ਨਾਨਕ ਦੇਵ ਜੀ ਤੋਂ ਲਗਪਗ ਵੀਹ ਸਾਲ ਵੱਡੇ ਸਨ। ਉਹ ਇਲਾਕੇ ਦੇ ਬਹੁਤ ਵੱਡੇ ਜਗੀਰਦਾਰ ਸਨ ਅਤੇ 1500 ਮੁਰੱਬਿਆਂ ਦੇ ਮਾਲਕ ਸਨ । ਮਹਿਤਾ ਕਾਲੂ ਉਨ੍ਹਾਂ ਦੇ ਹੀ ਪਟਵਾਰੀ ਸਨ । ਬਚਪਨ ਤੋਂ ਹੀ ਬਾਬਾ ਨਾਨਕ ਦੇ ਬਾਲ-ਕੌਤਕ ਦੇਖ ਕੇ ਉਹ ਸਮਝ ਚੁੱਕੇ ਸਨ ਕਿ ਇਹ ਕੋਈ ਸਾਧਾਰਨ ਬੱਚਾ ਨਹੀਂ। ਬਚਪਨ ਤੋਂ ਜਵਾਨੀ ਤਕ ਬਾਬੇ ਨਾਨਕ ਦੇ ਕਈ ਕੌਤਕ ਦੇਖਣ ਮਗਰੋਂ ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਇਹ ਤਾਂ ਰੱਬ ਦੇ ਹੀ ਰੂਪ ਹਨ। ਉਹ ਮਹਿਤਾ ਕਾਲੂ ਨੂੰ ਸਮਝਾਉਂਦੇ ਕਿ ਉਹ ਨਾਨਕ ਨੂੰ ਪਛਾਣੇ । ਨਾਨਕ ਨੂੰ ਉਹ ਕੇਵਲ ਆਪਣਾ ਪੁੱਤਰ ਨਾ ਸਮਝੇ, ਉਹ ਤਾਂ ਪੂਰੀ ਖ਼ਲਕਤ ਦਾ ਬਜ਼ੁਰਗ ਹੈ, ਜਿਸ ਦੀ ਵਡਿਆਈ ਦਾ ਕੋਈ ਹਦਬੰਨਾ ਨਹੀਂ।

” ਕਾਲੂ, ਇਹ ਜਿ ਤੇਰਾ ਪੁਤ੍ਰ ਹੈ ਸਿ ਵੱਡੀ ਅਜਮਤਿ ਸਾਥ ਹੈ। ਇਸ ਦੀ ਮਿਤਿ (ਗਤਿਮਿਤ) ਕਿਛ ਕਹੀ ਨਹੀਂ ਜਾਂਦੀ । ਏਸ ਵਿਚ ਮੈਂ ਜ਼ਾਹਰਾ ਕਰਾਮਾਤ डिंठी वै…।

“…ਏ ਭਾਈ ਕਾਲੂ ਤੂ ਏਵ ਕਰਿ… ਮਤਿ ਜਾਣਹਿ ਕਿ ਇਹ ਪੁੱਤ੍ਰ ਮੇਰਾ ਹੈ, ਮੈਂ ਪਾਲ ਪੋਸ ਕੀਤੀ ਹੈ।…ਉਹ ਤੇਰਾ ਪੁਤ੍ਰ ਨਹੀਂ, ਵੱਡਾ ਬੁਜਰਕ (ਬਜ਼ੁਰਗ) ਹਈ, ਕੋਈ ਖੇਲ ਖੁਦਾਇ ਦਾ ਹਈ ਅਤੇ ਅਜ਼ਮਤਿ ਸਾਥ ਭਰਿਆ ਹੈ। ਤੂ ਉਸ ਦੀ ਖਿਜਮਤਿ (ਖ਼ਿਦਮਤ) ਹੀ ਕਰਦਾ ਰਹੁ ਜੇ ਕਿਤੈ ਮਰਤਬੈ ਪਹੁੰਚਣਾ ਲੋੜਦਾ ਹੈਂ। ਨਹੀਂ ਤੇ ਮਾਰਿਆ ਜਾਹਿਗਾ… ।”

3.

“ਕੀ ਗੱਲ ਏ, ਅੱਜ ਤੁਸੀਂ ਅਜੇ ਤਕ ਘਰ ਬੈਠੇ ਹੋ, ਕਿਤੇ ਕੰਮ ‘ਤੇ ਨਹੀਂ ਗਏ । ਤਬੀਅਤ ਤਾਂ ਠੀਕ ਏ ਨਾ ?” ਪਤੀ ਨੂੰ ਡੂੰਘੀਆਂ ਸੋਚਾਂ ਵਿਚ ਪਏ ਦੇਖ ਕੇ ਮਾਤਾ ਤ੍ਰਿਪਤਾ ਨੇ ਆਪਣੇ ਪਤੀ ਨੂੰ ਪੁੱਛਿਆ।

“ਮੈਨੂੰ ਤਾਂ ਇਸ ਮੁੰਡੇ ਦੀ ਚਿੰਤਾ ਖਾ ਗਈ ਏ। ਮੇਰਾ ਖ਼ਿਆਲ ਸੀ ਵਿਆਹ ਤੋਂ ਮਗਰੋਂ ਸ਼ਾਇਦ ਇਸ ਵਿਚ ਕੁਝ ਸੁਧਾਰ ਆਵੇਗਾ-ਤੀਹ ਸਾਲਾਂ ਦਾ ਹੋ ਗਿਆ। ਏ, ਦੋ ਬੱਚਿਆਂ ਦਾ ਬਾਪ ਏ, ਅਜੇ ਤਕ ਦਿਲ ਲਗਾ ਕੇ ਕੋਈ ਕੰਮ ਨਹੀਂ ਕਰਦਾ। ਖੇਤੀ ਵੱਲ ਲਗਾਇਆ ਸੀ, ਉਹ ਉਸ ਕੋਲੋਂ ਨਹੀਂ ਹੋਈ। ਵਪਾਰ ਵਾਸਤੇ ਪੈਸੇ ਦੇਂਦਾ ਹਾਂ ਤਾਂ ਉਜਾੜ ਕੇ ਆ ਜਾਂਦਾ ਏ । ਸੰਤਾਂ ਸਾਧੂਆਂ ਨਾਲ ਗਿਆਨ ਗੋਸ਼ਟਿ ਕਰਦਾ ਫਿਰਦਾ ਏ ਜਾਂ ਉਸ ਮਰਾਸੀ ਮਰਦਾਨੇ ਨਾਲ ਰਲ ਕੇ ਚਾਰ ਬੰਦੇ ਇਕੱਠੇ ਕਰ ਕੇ ਕੀਰਤਨ ਕਰ ਛੱਡਦਾ ਏ । ਨਾ ਇਸ ਨੂੰ ਘਰ ਦੀ ਖ਼ਬਰ, ਨਾ ਬਾਹਰ ਦੀ। ਸਾਡੇ ਕੁੜਮ ਵੀ ਕੀ ਕਹਿੰਦੇ ਹੋਣਗੇ ਕਿ ਕਿਹੜੇ ਘਰ ਕੁੜੀ ਦੇ ਦਿੱਤੀ ਏ ?

“ਇਸ ਮੁੰਡੇ ਨੂੰ ਪਿਆਰ ਨਾਲ ਵੀ ਸਮਝਾ ਚੁੱਕਾਂ, ਗ਼ੁੱਸੇ ਨਾਲ ਵੀ ਕਹਿ ਚੁੱਕਾ ਹਾਂ—ਇਕ ਦੋ ਵਾਰ ਤਾਂ ਮੇਰੇ ਕੋਲੋਂ ਮਾਰ ਵੀ ਖਾ ਬੈਠਾ ਏ, ਪਰ ਉਸ ਉੱਤੇ ਕੋਈ ਅਸਰ ਹੀ ਨਹੀਂ ਹੁੰਦਾ। ਕਿਸੇ ਤਰ੍ਹਾਂ ਵੀ ਨਹੀਂ ਸਮਝਦਾ।”

ਪਤੀ ਨੂੰ ਗ਼ੁੱਸੇ ਵਿਚ ਬੋਲਦਿਆਂ ਸੁਣ ਕੇ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, “ਜੀ ਤੁਸੀਂ ਗ਼ੁੱਸੇ ਵਿਚ ਨਾ ਆਉ। ਮਰਦਾਨੇ ਨਾਲ ਉਸ ਦਾ ਜੋੜ ਏ। ਮਰਦਾਨੇ ਦੀ ਗੱਲ ਉਹ ਸੁਣ ਵੀ ਲੈਂਦਾ ਏ। ਮੈਂ ਉਸ ਨੂੰ ਕਹਾਂਗੀ ਕਿ ਨਾਨਕ ਨੂੰ ਕੁਝ ਸਮਝਾਏ।”

ਵਿੱਚੋਂ ਹੀ ਗੱਲ ਟੋਕ ਕੇ ਮਹਿਤਾ ਕਾਲੂ ਕਹਿਣ ਲੱਗੇ, “ਤੂੰ ਮਰਦਾਨੇ ਦੀ ਗੱਲ ਕਰਦੀ ਏਂ ? ਉਸੇ ਡੂਮ ਨੇ ਤਾਂ ਉਸ ਨੂੰ ਖ਼ਰਾਬ ਕੀਤਾ ਏ। ਸਾਰੀ ਦਿਹਾੜੀ ਰਬਾਬ ਵਜਾ ਛੱਡੀ ਅਤੇ ਨਾਨਕ ਨਾਲ ਭਜਨ ਗਾ ਛੱਡੇ। ਇਹ ਵੀ ਕੋਈ ਕੰਮ ਏ ? ਆਖ਼ਰ ਮੇਰੀ ਵੀ ਤਾਂ ਬਰਾਦਰੀ ਅਤੇ ਇਲਾਕੇ ਵਿਚ ਕੋਈ ਇੱਜ਼ਤ ਏ। ਇਸ ਦੀ ਉਮਰ ਦੇ ਮੁੰਡੇ ਵੱਡੇ-ਵੱਡੇ ਕੰਮ ਸੰਭਾਲਦੇ ਪਏ ਨੇ । ਮਾਂ-ਪਿਉ ਦਾ ਨਾਂ ਉੱਚਾ ਕਰਦੇ ਨੇ, ਪਰ ਏਸ ਜਾਤਕ (ਲੜਕੇ) ਨੇ ਤਾਂ ਬਿਰਾਦਰੀ ਵਿਚ ਮੇਰੀ ਨੱਕ ਕਟਾ बैज्ञी टे…।”

ਅਜੇ ਇਹ ਦੋਵੇਂ ਗੱਲਾਂ ਕਰ ਹੀ ਰਹੇ ਸਨ ਕਿ ਬੂਹੇ ਵਿਚ ਆਪਣੇ ਜਵਾਈ ਜੈਰਾਮ ਨੂੰ ਖਲੋਤਾ ਦੇਖ ਕੇ ਚੁੱਪ ਕਰ ਗਏ। ਜੈਰਾਮ ਨੇ ਅੰਦਰ ਆ ਕੇ ਦੋਹਾਂ ਸੱਸ-ਸਹੁਰੇ ਦੇ ਪੈਰ ਛੂਹੇ ਅਤੇ ਆਦਰ ਦਿੱਤਾ। ਮਾਤਾ ਤ੍ਰਿਪਤਾ ਅਤੇ ਪਿਤਾ ਕਲਿਆਣ ਦਾਸ ਨੇ ਅਸ਼ੀਰਵਾਦ ਦਿੱਤਾ ਅਤੇ ਮੰਜੇ ਉੱਪਰ ਨਵੀਂ ਚਾਦਰ ਵਿਛਾ ਕੇ ਆਦਰ ਨਾਲ ਬਿਠਾਇਆ।

ਜਲ ਪਾਣੀ ਛਕਣ ਤੋਂ ਬਾਅਦ ਜੈਰਾਮ ਨੇ ਏਧਰ-ਉਧਰ ਦੀਆਂ ਗੱਲਾਂ ਕਰਨ ਤੋਂ ਮਗਰੋਂ ਦੋਹਾਂ ਸੱਸ-ਸਹੁਰੇ ਨੂੰ ਕਿਹਾ ਕਿ ਉਹ ਸੋਚ ਰਿਹਾ ਹੈ ਕਿ ਨਾਨਕ ਨੂੰ ਆਪਣੇ ਨਾਲ ਸੁਲਤਾਨਪੁਰ ਲੈ ਜਾਵੇ । ਨਾਨਕੀ ਦਾ ਵੀ ਦਿਲ ਲੱਗਾ ਰਹੇਗਾ। ਨਾਲੇ ਉਸ ਨੇ ਉਥੋਂ ਦੇ ਨਵਾਬ ਨਾਲ ਗੱਲਬਾਤ ਕੀਤੀ ਹੈ, ਜੇ ਹੋ ਸਕਿਆ ਤਾਂ ਉਥੇ ਕਿਸੇ ਕੰਮ ਰੁਜ਼ਗਾਰ ‘ਤੇ ਵੀ ਲਗਵਾ ਦੇਵੇਗਾ।

ਅਸਲ ਵਿਚ ਜੈਰਾਮ ਨੂੰ ਰਾਏ ਬੁਲਾਰ ਨੇ, ਜੋ ਨਾਨਕ ਜੀ ਨੂੰ ਰੱਬ ਸਰੂਪ ਸਮਝਦਾ ਸੀ, ਨੇ ਦੱਸਿਆ ਸੀ, “ਪਿਤਾ ਕਾਲੂ ਮਹਿਤਾ, ਨਾਨਕ ਜੀ ਉੱਤੇ ਨਰਾਜ਼ ਰਹਿੰਦਾ ਏ। ਉਹ ਗੁਰੂ ਨਾਨਕ ਨੂੰ ਵੀ ਇਕ ਸਾਧਾਰਨ ਸੰਸਾਰੀ ਮਨੁੱਖ ਵਾਂਗ ਧਨ ਦੌਲਤ ਕਮਾਉਂਦਿਆਂ ਦੇਖਣਾ ਚਾਹੁੰਦਾ ਏ । ਪਿਤਾ ਨੇ ਨਾਨਕ ਪਾਤਸ਼ਾਹ ਦੀ ਕਦਰ ਨਹੀਂ ਪਾਈ। ਦਰਹਕੀਕਤ ਆਪਣੇ ਗਲ ਵਿਚ ਪਏ ਫੁੱਲਾਂ ਦੇ ਹਾਰ ਦੀ ਸੁਗੰਧ ਬੰਦੇ ਨੂੰ ਮਹਿਸੂਸ ਨਹੀਂ ਹੁੰਦੀ। ਇਕ ਵਾਰ ਤਾਂ ਜਦੋਂ ਨਾਨਕ ਜੀ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਆਏ ਸਨ ਤਾਂ ਉਸ ਨੇ ਨਾਨਕ ਜੀ ਨੂੰ ਚਪੇੜਾਂ ਵੀ ਮਾਰੀਆਂ । ਮੇਰੇ ਕੋਲੋਂ ਇਹ ਸਹਿਣ ਨਹੀਂ ਹੁੰਦਾ। ਮਹਿਤਾ ਕਾਲੂ ਬੜੇ ਕੌੜੇ ਸੁਭਾਅ ਅਤੇ ਗ਼ੁੱਸੇ ਵਾਲਾ ਇਨਸਾਨ ਏ । ਤੂੰ ਨਾਨਕ ਨੂੰ ਆਪਣੇ ਪਾਸ ਸੁਲਤਾਨਪੁਰ ਲੈ ਜਾ ।” ਜੈਰਾਮ ਨੂੰ ਯਾਦ ਸੀ ਇਕ ਵਾਰ ਉਸ ਦੀ ਮੌਜੂਦਗੀ ਵਿਚ ਰਾਏ ਬੁਲਾਰ ਨੇ ਮਹਿਤਾ ਕਾਲੂ ਜੀ ਨੂੰ ਆਪਣੇ ਘਰ ਬੁਲਾ ਕੇ ਗ਼ੁੱਸੇ ਵਿਚ ਸਮਝਾਇਆ ਸੀ :

“ਕਾਲੂ ! ਮਤੁ ਇਸ ਪੁਤਰ ਨੋ ਫਿਟ ਮਾਰ ਦੇਂਦਾ ਹੋਵੇਂ । ਇਹ ਮਹਾਂ ਪੁਰਖ ਹੈ। ਇਸ ਦਾ ਸਦਕਾ ਮੇਰਾ ਸਹਰੁ ਵਸਦਾ ਹੈ। ਕਾਲੂ ਤੂ ਭੀ ਨਿਹਾਲ ਹੋਆ ਅਤੇ ਮੈਂ ਭੀ ਨਿਹਾਲ ਹਾਂ ਜਿਸ ਦੇ ਸਹਰੁ ਇਹ ਪੈਦਾ ਹੋਆ ਹੈ… ।”

ਜੈਰਾਮ ਨੇ ਦੱਸਿਆ ਕਿ ਅੱਜ ਉਹ ਏਸੇ ਕੰਮ ਵਾਸਤੇ ਤਲਵੰਡੀ ਆਇਆ ਹੈ। ਉਹ ਚਾਹੁੰਦਾ ਹੈ ਕਿ ਨਾਨਕ ਨੂੰ ਆਪਣੇ ਨਾਲ ਹੀ ਸੁਲਤਾਨਪੁਰ ਲੈ ਜਾਵੇ। ਇਹ ਗੱਲ ਸਾਰਿਆਂ ਨੂੰ ਪਸੰਦ ਆਈ। ਮਹਿਤਾ ਕਾਲੂ ਨੇ ਕਿਹਾ ਕਿ ਉਹ ਉਸ ਦੀ ਗੱਲ ਨਾਲ ਸਹਿਮਤ ਹੈ । ਸੁਲਤਾਨਪੁਰ ਚਲਾ ਗਿਆ ਤਾਂ ਨਾਨਕ ਦਾ ਫ਼ਾਲਤੂ ਘੁੰਮਣਾ-ਫਿਰਨਾ ਅਤੇ ਸੰਤਾਂ ਫ਼ਕੀਰਾਂ ਨਾਲ ਸਾਥ ਵੀ ਛੁੱਟੇਗਾ।

ਅਗਲੇ ਦਿਨ ਗੁਰੂ ਨਾਨਕ, ਭਾਈਆ ਜੈਰਾਮ ਦੇ ਨਾਲ ਸੁਲਤਾਨਪੁਰ ਨੂੰ ਰਵਾਨਾ ਹੋ ਗਏ। ਭਾਈਆ ਜੈਰਾਮ ਨੇ ਉਥੋਂ ਦੇ ਨਵਾਬ ਨਾਲ ਗੱਲ ਕਰ ਕੇ ਨਾਨਕ ਜੀ ਨੂੰ ਉਥੋਂ ਦੇ ਮੋਦੀਖ਼ਾਨੇ ਵਿਚ ਲਵਾ ਦਿੱਤਾ। ਸੁਲਤਾਨਪੁਰ ਆ ਕੇ ਵੀ ਬਾਬਾ ਨਾਨਕ ਸਵੇਰੇ-ਸ਼ਾਮ ਰਸਭਿੰਨਾ ਕੀਰਤਨ ਕਰਦੇ, ਜਿਸ ਨੂੰ ਸੁਣ ਕੇ ਲੋਕ ਨਿਹਾਲ ਹੁੰਦੇ। ਸਵੇਰੇ ਕੀਰਤਨ ਕਰ ਕੇ ਉਹ ਮੋਦੀਖ਼ਾਨੇ ਚਲੇ ਜਾਂਦੇ ਅਤੇ ਆਪਣਾ ਕੰਮ ਬੜੀ ਜ਼ਿੰਮੇਵਾਰੀ ਨਾਲ ਕਰਦੇ । ਸੁਲਤਾਨਪੁਰ ਦਾ ਨਵਾਬ ਵੀ ਬਾਬਾ ਨਾਨਕ ਦੇ ਕੰਮ ਤੋਂ ਖ਼ੁਸ਼ ਸੀ।

ਇਸ ਸਭ ਕੁਝ ਦੇ ਬਾਵਜੂਦ ਗੁਰੂ ਨਾਨਕ ਸਦਾ ਚੁੱਪ-ਚਾਪ ਰਹਿੰਦੇ। ਉਦਾਸ ਚਿੱਤ ਡੂੰਘੀਆਂ ਸੋਚਾਂ ਵਿਚ ਪਏ ਰਹਿੰਦੇ। ਦੁਨੀਆਦਾਰੀ ਵਿਚ ਮਨ ਨਾ ਖੁੱਭਦਾ। ਏਥੇ ਆ ਕੇ ਵੀ ਸੰਤਾਂ ਮਹਾਤਮਾਵਾਂ ਦੀ ਸੰਗਤ ਵਿਚ ਖ਼ੁਸ਼ ਰਹਿੰਦੇ।

ਧਰਮ ਅਤੇ ਵਪਾਰ ਦੀ ਆੜ ਵਿਚ ਲੁੱਟ-ਖਸੁੱਟ ਅਤੇ ਸ਼ੋਸ਼ਣ, ਸਮਾਜਿਕ ਬੁਰਾਈਆਂ ਵਿਚ ਲੋਕਾਂ ਦਾ ਗ਼ਲਤਾਨ ਹੋਣਾ, ਧਰਮ ਦੇ ਨਾਮ ਉੱਤੇ ਨਫ਼ਰਤ, ਦੁਸ਼ਮਣੀ ਅਤੇ ਕੱਟ-ਵੱਢ ਦੇਖ ਕੇ ਉਹ ਦੁਖੀ ਹੁੰਦੇ। ਕਈ ਵਾਰ ਉਹ ਕਿੰਨੇ-ਕਿੰਨੇ ਘੰਟੇ ਅੰਤਰ-ਧਿਆਨ ਹੋ ਕੇ ਸਮਾਜ ਵਿਚ ਵਧ ਰਹੀਆਂ ਬੁਰਾਈਆਂ ਅਤੇ ਬੇਇਨਸਾਫ਼ੀਆਂ ਨੂੰ ਖ਼ਤਮ ਕਰ ਕੇ, ਰੱਬ ਦੀ ਰਜ਼ਾ ਵਿਚ ਰਹਿਣ ਵਾਲੇ, ਊਚ-ਨੀਚ ਅਤੇ ਭਰਮ-ਭੁਲੇਖਿਆਂ ਰਹਿਤ ਇਕ ਮਾਨਵਵਾਦੀ ਸੰਸਾਰ ਦਾ ਸੁਪਨਾ ਦੇਖਦੇ। ਅਖ਼ੀਰ ਇਸ ਨਤੀਜੇ ਉੱਪਰ ਪਹੁੰਚੇ ਕਿ ਇਹ ਮਹਾਨ ਕਾਰਜ ਘਰ ਬੈਠਿਆਂ ਨਹੀਂ ਹੋ ਸਕਦਾ। ਇਸ ਵਾਸਤੇ ਤਾਂ ਦੁਖੀਆਂ ਦਾ ਦਰਦ ਅਤੇ ਲੋਕਾਂ ਦੇ ਵਹਿਮ-ਭੁਲੇਖੇ ਖ਼ਤਮ ਕਰਨ ਵਾਸਤੇ ਖ਼ੁਦ ਦੁਖੀਆਂ ਅਤੇ ਦਰਦਮੰਦਾਂ ਕੋਲ ਪਹੁੰਚਣਾ ਪਵੇਗਾ।

ਉਧਰ ਭਾਈ ਮਰਦਾਨਾ ਜੀ, ਜਿਨ੍ਹਾਂ ਨੇ ਬਾਬਾ ਜੀ ਦੇ ਬਚਪਨ ਤੋਂ ਹੀ ਉਨ੍ਹਾਂ ਦੀ ਸੰਗਤ ਵਿਚ ਲਗਪਗ 17-18 ਸਾਲ ਤਲਵੰਡੀ ਵਿਚ ਬਿਤਾਏ ਸਨ, ਹੁਣ ਆਪਣੇ ਆਪ ਨੂੰ ਬਿਲਕੁਲ ਇਕੱਲਾ ਮਹਿਸੂਸ ਕਰ ਰਹੇ ਸਨ। ਬਾਬਾ ਜੀ ਦੇ ਤਲਵੰਡੀ ਤੋਂ ਜਾਣ ਮਗਰੋਂ ਉਨ੍ਹਾਂ ਨੇ ਕਦੀ ਆਪਣੀ ਰਬਾਬ ਨਹੀਂ ਵਜਾਈ। ਰਬਾਬ ਦੀਆਂ ਤਾਰਾਂ ਢਿੱਲੀਆਂ ਕਰ ਕੇ ਉਨ੍ਹਾਂ ਨੇ ਰਬਾਬ ਕੰਧ ਨਾਲ ਟੰਗ ਛੱਡੀ ਸੀ।

ਤਲਵੰਡੀ ਵਿਚ ਰਹਿੰਦਿਆਂ ਬਾਬਾ ਜੀ ਅਤੇ ਭਾਈ ਮਰਦਾਨਾ ਜੀ ਦੀ ਸਾਂਝ ਦਾ ਇਕ ਵੱਡਾ ਕਾਰਨ ਇਹ ਵੀ ਸੀ ਕਿ ਭਾਈ ਮਰਦਾਨਾ ਰਾਗ ਵਿਦਿਆ ਵਿਚ ਬਹੁਤ ਦਿਲਚਸਪੀ ਲੈਂਦੇ ਸਨ । ਜਾਤ ਦੇ ਮਰਾਸੀ ਹੋਣ ਕਾਰਨ ਸੰਗੀਤ ਵਿਚ ਮਾਹਰ ਸਨ । ਮਰਾਸੀਆਂ ਨੂੰ ਰਾਗ ਦੀ ਤਾਲੀਮ ਵਿਰਸੇ ਵਿਚ ਹੀ ਮਿਲੀ ਹੁੰਦੀ ਹੈ। ਸੰਗੀਤ ਇਨ੍ਹਾਂ ਲੋਕਾਂ ਦਾ ਸ਼ੌਕ ਵੀ ਹੈ ਅਤੇ ਰੁਜ਼ਗਾਰ ਵੀ।

ਗੁਰੂ ਬਾਬਾ ਜੀ ਤਾਂ ਰਾਗਾਂ ਵਿਚ ਪ੍ਰਵੀਨ ਸਨ। ਸਾਰੀ ਬਾਣੀ ਉਨ੍ਹਾਂ ਨੇ ਸ਼ੁੱਧ ਰਾਗਾਂ ਵਿਚ ਉਚਾਰੀ । ਭਾਵੇਂ ਭਾਈ ਮਰਦਾਨਾ ਰਬਾਬ ਵਜਾਣ ਵਿਚ ਕਾਫ਼ੀ ਮੁਹਾਰਤ ਰੱਖਦੇ ਸਨ, ਫੇਰ ਵੀ ਕੀਰਤਨ ਸਮੇਂ ਜਾਂ ਕੀਰਤਨ ਤੋਂ ਮਗਰੋਂ ਬਾਬਾ ਜੀ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰ ਕੇ ਗੁਰਮਤਿ ਸੰਗੀਤ ਦੀ ਸੂਖਮਤਾ ਅਤੇ ਗਹਿਰਾਈਆਂ ਬਾਰੇ ਉਨ੍ਹਾਂ ਨੂੰ ਸਮਝਾਉਂਦੇ ਰਹਿੰਦੇ। ਸਿੱਟੇ ਵਜੋਂ ਭਾਈ ਮਰਦਾਨਾ ਜੀ ਗੁਰਮਤਿ ਸੰਗੀਤ ਅਤੇ ਰਬਾਬ ਵਜਾਣ ਵਿਚ ਵਧੇਰੇ ਨਿਪੁੰਨ ਹੋ ਗਏ। ਸੰਗੀਤ ਦੀ ਇਸ ਤੰਦ ਨੇ ਦੋਹਾਂ ਨੂੰ ਆਪਸ ਵਿਚ ਜੋੜਿਆ ਹੋਇਆ ਸੀ । ਗੁਰਮਤਿ ਸੰਗੀਤ ਦੀ ਅਤੇ ਗੁਰੂ-ਘਰ ਦੇ ਕੀਰਤਨੀਆਂ ਦੀ ਪਰੰਪਰਾ ਭਾਈ ਮਰਦਾਨਾ ਜੀ ਤੋਂ ਹੀ ਸ਼ੁਰੂ ਹੋਈ।

4.

ਜਦੋਂ ਦੇ ਬਾਬਾ ਜੀ ਸੁਲਤਾਨਪੁਰ ਆਏ, ਭੈਣ ਨਾਨਕੀ ਅੰਤਾਂ ਦੀ ਖ਼ੁਸ਼ ਸੀ। ਹੁਣ ਉਸ ਨੂੰ ਆਪਣਾ ਵਿਹੜਾ ਭਰਿਆ-ਭਰਿਆ ਲੱਗਦਾ ਸੀ ਅਤੇ ਉਸ ਤੋਂ ਆਪਣੀ ਖ਼ੁਸ਼ੀ ਸਾਂਭੀ ਨਾ ਜਾਂਦੀ । ਭੈਣ ਨੂੰ ਇਸ ਗੱਲ ਦਾ ਗਿਲਾ ਅਤੇ ਦੁੱਖ ਸੀ ਕਿ ਉਸ ਦਾ ਪਿਤਾ ਅਜੇ ਤਕ ਨਾ ਤਾਂ ਨਾਨਕ ਨੂੰ ਸਹੀ ਢੰਗ ਨਾਲ ਪਛਾਣ ਸਕਿਆ ਅਤੇ ਨਾ ਹੀ ਉਹ ਪਿਆਰ ਅਤੇ ਦਰਜਾ ਉਸ ਨੂੰ ਦੇ ਸਕਿਆ, ਜਿਸ ਦਾ ਉਹ ਹੱਕਦਾਰ ਹੈ। ਭੈਣ ਦਾ ਖ਼ਿਆਲ ਸੀ ਕਿ ਸੁਲਤਾਨਪੁਰ ਵਿਚ ਆ ਕੇ ਵੀਰ ਨਾਨਕ ਖ਼ੁਸ਼ ਰਹਿ ਸਕੇਗਾ। ਇਕ ਤਾਂ ਪਿਤਾ ਦੀ ਹਰ ਵੇਲੇ ਦੀ ਟੋਕਾ-ਟਾਕੀ ਅਤੇ ਝਿੜਕਾਂ ਤੋਂ ਬਚਿਆ ਰਹੇਗਾ, ਦੂਸਰਾ ਨਵੇਂ ਮਾਹੌਲ ਅਤੇ ਨਵੇਂ ਵਾਤਾਵਰਣ ਵਿਚ ਸ਼ਾਇਦ ਵਧੇਰੇ ਸੰਤੁਸ਼ਟੀ ਮਹਿਸੂਸ ਕਰੇਗਾ।

ਭਾਵੇਂ ਏਥੇ ਮੋਦੀਖ਼ਾਨੇ ਦੀ ਨਵੀਂ ਨੌਕਰੀ ਬਾਬਾ ਨਾਨਕ ਜੀ ਨੇ ਬੜੀ ਜ਼ਿੰਮੇਵਾਰੀ ਨਾਲ ਸੰਭਾਲ ਲਈ, ਪਰ ਤਾਂ ਵੀ ਉਨ੍ਹਾਂ ਦੀ ਲਗਨ ਅਤੇ ਟੇਕ ਉਸੇ ਤਰ੍ਹਾਂ ਵਾਹਿਗੁਰੂ ਵੱਲ ਹੀ ਲੱਗੀ ਰਹਿੰਦੀ। ਸਵੇਰੇ ਪ੍ਰਭੂ-ਕੀਰਤਨ ਮਗਰੋਂ ਉਹ ਮੋਦੀਖ਼ਾਨਾ ਸੰਭਾਲਦੇ । ਸ਼ਾਮ ਕੰਮ ਤੋਂ ਵਾਪਸ ਆ ਕੇ ਸਤਿਸੰਗ ਵਿਚ ਆਏ ਫ਼ਕੀਰਾਂ ਅਤੇ ਸੰਤਾਂ ਨਾਲ ਗੋਸ਼ਟਿ ਕਰਦੇ ਅਤੇ ਉਨ੍ਹਾਂ ਦੇ ਭਰਮ-ਭੁਲੇਖੇ ਦੂਰ ਕਰਦੇ।

“ਤਬ ਗੁਰੂ ਨਾਨਕ ਫ਼ਕੀਰਾਂ ਨਾਲ ਮਜਲਸਿ ਕਰੈ, ਹੋਰ ਕਿਸੇ ਨਾਲ ਗਲ ਕਰੈ ਨਾਹੀਂ। ਤਬ ਸਭ ਪਰਵਾਰੁ ਦੁਖਿਆ।”

ਬਾਬਾ ਜੀ ਦਾ ਪ੍ਰਭੂ-ਪ੍ਰੇਮ, ਉਨ੍ਹਾਂ ਦੀ ਉੱਚੀ ਸੋਚ, ਮੌਜੂਦਾ ਸਮਾਜਿਕ ਢਾਂਚੇ ਤੋਂ ਉਪਰਾਮਤਾ ਅਤੇ ਸਾਧੂ ਸੰਤਾਂ ਵੱਲ ਝੁਕਾਅ ਨੂੰ ਦੇਖ ਕੇ ਸੁਲਤਾਨਪੁਰ ਦੇ ਕੁਝ ਸਿਆਣੇ ਲੋਕਾਂ ਦਾ ਖ਼ਿਆਲ ਸੀ ਕਿ ਹੋ ਸਕਦਾ ਹੈ ਬਾਬਾ ਜੀ ਕਿਸੇ ਦਿਨ ਸਭ ਕੁਝ ਛੱਡ-ਛਡਾ ਕੇ ਫ਼ਕੀਰ ਹੋ ਜਾਣ। ਹੌਲੀ-ਹੌਲੀ ਉਨ੍ਹਾਂ ਲੋਕਾਂ ਦਾ ਖ਼ਿਆਲ ਸੱਚ ਵਿਚ ਬਦਲਣਾ ਸ਼ੁਰੂ ਹੋ ਗਿਆ। ਇਕ ਦਿਨ ਸ਼ਾਮ ਵੇਲੇ ਘਰ ਆ ਕੇ ਬਾਬਾ ਜੀ ਨੇ ਭੈਣ ਨਾਨਕੀ ਨੂੰ ਆਪਣਾ ਇਰਾਦਾ ਜ਼ਾਹਰ ਕੀਤਾ ਅਤੇ ਦੱਸਿਆ ਕਿ ਵਾਹਿਗੁਰੂ ਨੇ ਉਨ੍ਹਾਂ ਨੂੰ ਸੰਸਾਰ ਉੱਤੇ ਮਹਾਨ ਕਾਰਜ ਲਈ ਭੇਜਿਆ ਹੈ। ਲੋਕਾਂ ਦੀ ਵਿਗੜਦੀ ਦਸ਼ਾ, ਸਮਾਜਿਕ ਨਾ-ਬਰਾਬਰੀ, ਗ਼ਰੀਬਾਂ ਅਤੇ ਬੇਬਸ ਲੋਕਾਂ ਉੱਪਰ ਜ਼ੁਲਮ, ਜਨ- ਸਾਧਾਰਨ ਦੀ ਵਾਹਿਗੁਰੂ ਵੱਲੋਂ ਬੇਮੁਖੀ-ਇਹ ਸਭ ਕੁਝ ਦੇਖ ਕੇ ਉਨ੍ਹਾਂ ਨੂੰ ਚੰਗਾ ਨਹੀਂ ਲੱਗਦਾ, ਕਲੇਜੇ ਵਿਚ ਕਸਕ ਪੈਦਾ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸੋਚ ਰਹੇ ਹਨ ਕਿ ਲੋਕਾਂ ਦੇ ਤਪਦੇ ਹਿਰਦਿਆਂ ਨੂੰ ਠਾਰਨ ਲਈ ਅਤੇ ਭੁੱਲਿਆਂ ਨੂੰ ਸਿੱਧੇ ਰਸਤੇ ਪਾਉਣ ਲਈ ਉਹ ਸੰਸਾਰ ਫੇਰੀ ਉੱਤੇ ਨਿਕਲਣ।

ਸੁਣ ਕੇ ਭੈਣ ਦਾ ਰੰਗ ਪੀਲਾ ਪੈ ਗਿਆ। ਉਸ ਨੇ ਬਹੁਤ ਸਮਝਾਇਆ, ਬਹੁਤ ਦਲੀਲਾਂ ਦਿੱਤੀਆਂ, ਵਾਸਤੇ ਪਾਏ, ਪਰ ਬਾਬੇ ਦੇ ਇਰਾਦੇ ਨੂੰ ਬਦਲ ਨਾ मवरी।

ਇਹ ਖ਼ਬਰ ਤਲਵੰਡੀ ਵੀ ਪਹੁੰਚ ਗਈ। ਮਾਤਾ ਤ੍ਰਿਪਤਾ ਨੇ ਆਪਣੇ ਪਤੀ ਨੂੰ ਦੱਸਿਆ ਕਿ “ਮੈਂ ਉੱਡਦੀ-ਉੱਡਦੀ ਖ਼ਬਰ ਸੁਣੀ ਏ ਕਿ ਨਾਨਕ ਘਰ-ਬਾਰ ਛੱਡਣ ਨੂੰ ਫਿਰਦਾ ਏ। ਮੈਨੂੰ ਤਾਂ ਇਹ ਸੁਣ ਕੇ ਬੜੀ ਚਿੰਤਾ ਲੱਗ ਗਈ ਏ। ਸਾਡਾ ਇੱਕੋ ਇਕ ਬੇਟਾ ਜੇ ਸੱਚਮੁੱਚ ਫ਼ਕੀਰ ਬਣ ਗਿਆ ਤਾਂ ਸਾਡਾ ਕੀ ਹੋਵੇਗਾ ? ਮੈਂ ਤਾਂ ਉਸ ਬਿਨਾਂ ਜੀਅ ਵੀ ਨਹੀਂ ਸਕਾਂਗੀ । ਤੁਸੀਂ ਖ਼ੁਦ ਇਕ ਵਾਰ ਸੁਲਤਾਨਪੁਰ ਜਾ ਕੇ ਬੇਟੇ ਦੀ ਖ਼ਬਰ-ਸਾਰ ਲੈ ਕੇ ਆਵੋ। ਇਹ ਨਾ ਹੋਵੇ ਕਿ ਪੁੱਤਰ ਸੱਚਮੁੱਚ ਹੀ ਐਸਾ ਕਦਮ ਚੁੱਕ ਲਵੇ। ਉਹੀ ਤਾਂ ਸਾਡੇ ਬੁਢਾਪੇ ਦੀ ਲਾਠੀ ਏ। ਮੈਂ ਜਦੋਂ ਦੀ ਖ਼ਬਰ ਸੁਣੀ ਏ, ਮਨ ਨੂੰ ਚੈਨ ਨਹੀਂ ਆ ਰਿਹਾ।”

ਬਾਬਾ ਕਾਲੂ ਜੀ ਨੇ ਸਾਰੀ ਗੱਲ ਬੜੀ ਗੰਭੀਰਤਾ ਨਾਲ ਸੁਣੀ। ਫ਼ੈਸਲਾ ਕੀਤਾ ਕਿ ਭਾਈ ਮਰਦਾਨੇ ਨੂੰ ਉਸ ਕੋਲ ਸੁਲਤਾਨਪੁਰ ਭੇਜਿਆ ਜਾਵੇ, ਜੋ ਸਾਰੀ ਗੱਲ ਬਾਰੇ ਪੂਰੀ ਜਾਣਕਾਰੀ ਲੈ ਕੇ ਆਏ।

ਬਾਬਾ ਜੀ ਨੇ ਆਪਣੇ ਆਉਣ ਵਾਲੇ ਸਮੇਂ ਅਤੇ ਸਫ਼ਰ ਦੀ ਰੂਪ-ਰੇਖਾ ਮਨ ਵਿਚ ਬਣਾ ਲਈ ਸੀ। ਉਹ ਸੋਚ ਰਹੇ ਸਨ ਕਿ ਇਸ ਨਵੇਂ ਅਤੇ ਔਖੇ ਰਸਤੇ ਉੱਤੇ ਚੱਲਣ ਲਈ, ਕੋਈ ਉਨ੍ਹਾਂ ਦੇ ਆਪਣੇ ਪੱਧਰ ਦਾ ਹਮਰਾਹੀ ਮਿਲ ਜਾਵੇ ਤਾਂ ਚੰਗਾ ਹੋਵੇ। ਉਨ੍ਹਾਂ ਦਾ ਖ਼ਿਆਲ ਮੁੜ-ਮੁੜ ਭਾਈ ਮਰਦਾਨਾ ਵੱਲ ਹੀ ਜਾਂਦਾ ਸੀ ।

“ਤਲਵੰਡੀਓਂ ਕਾਲੂ, ਮਰਦਾਨੇ ਨੂੰ ਖ਼ਬਰ ਲੈਣ ਵਾਸਤੇ ਭੇਜਿਆ ਜੇ ਜਾਹ ਮਰਦਾਨਿਆ ਨਾਨਕ ਦੀ ਖਬਰ ਲੈ ਆਓ । ਮੈਂ ਉੱਡਦੀ ਖ਼ਬਰ ਸੁਣੀ ਹੈ ਜੋ ਨਾਨਕ ਫ਼ਕੀਰ ਹੋਇਆ ਹੈ। ਤਾਂ ਮਰਦਾਨਾ ਉੱਠ ਤੁਰਿਆ। ਸੁਲਤਾਨਪੁਰ ਆਇਆ। ਮਰਦਾਨੇ ਆਇ ਨਾਨਕੀ ਪਾਸੋਂ ਖ਼ਬਰ ਕੀਤੀ, ਪੁੱਛਣ ਲੱਗਾ-ਰਜਾਦੀ ਜੀ (ਰਾਏਜ਼ਾਦੀ ਜੀ) ਏਹ ਕਿਆ ਹੋਇਆ ? ਨਾਨਕ ਤੱਪਾ ਹੋਇ ਬੈਠਾ । ਮੈਨੂੰ ਮਹਿਤੇ ਕਾਲੂ ਜੀ ਖ਼ਬਰ ਲੈਣ ਨੂੰ ਭੇਜਿਆ ਹੈ। ਤਾਂ ਨਾਨਕੀ ਕਹਿਆ-ਏਹਾ ਖ਼ਬਰ ਹੈ ਜੋ ਦੇਖਦਾ ਹੈ। ਹੋਰ ਖ਼ਬਰ ਲੈਂਦਾ ਹੈ ਤਾਂ ਨਾਨਕ ਪਾਸ ਜਾਹ… । ਤਾਂ ਮਰਦਾਨਾ ਆਇ ਨਾਨਕ ਨੂੰ ਮਿਲਿਆ। ਆਖਿਓ ਸੂ ਨਾਨਕ ਜੀ ਇਹ ਕਿਆ ਕੀਤੋ ? ਚੰਗਿਆਂ ਭਲਿਆਂ ਕਿਰਤ ਕਾਰ ਛੱਡ ਕੇ ਅੰਗੋਛਾ (ਪਟਕਾ) ਸਿਰ ਬੰਨ ਬੈਠੇ ਤਾਂ ਨਾਨਕ ਆਖਿਆ-ਸੁਣ ਮਰਦਾਨਿਆ ਅਸਾਂ ਤੈਨੂੰ ਤਾਰ ਦਾ (ਤਾਰ ਵਾਲੇ ਸਾਜ਼ ਦਾ) ਗੁਣ ਦਿੱਤਾ। ਸੋ ਅੱਜ ਦਿਨ ਤਕ ਤੈਨੂੰ ਉਡੀਕਦੇ ਆਹੇਆਓ ਭਲਾ ਕੀਤੋਂ  …।”

ਭਾਈ ਮਰਦਾਨਾ ਜੀ ਨੇ ਬਾਬਾ ਜੀ ਵੱਲ ਤੱਕ ਕੇ ਕਿਹਾ ਕਿ “ਰਬਾਬ ਵਜਾਣ ਦੀਆਂ ਅਤੇ ਗੁਰਮਤਿ ਸੰਗੀਤ ਦੀਆਂ ਬਰੀਕੀਆਂ ਆਪ ਨੇ ਹੀ ਮੈਨੂੰ ਸਿਖਾਈਆਂ ਸਨ। ਆਪ ਦੀ ਸੰਗਤ ਸਦਕਾ ਹੀ ਮੈਂ ਮਾੜਾ ਮੋਟਾ ਰਬਾਬੀ ਬਣ ਸਕਿਆ ਹਾਂ। ਹੁਣ ਹੁਕਮ ਕਰੋ, ਮੈਂ ਆਪਦੀ ਕੀ ਸੇਵਾ ਕਰ ਸਕਦਾ ਹਾਂ ?”

“ਤਾਂ ਗੁਰੂ ਨਾਨਕ ਜੀ ਆਖਿਆ-ਮਰਦਾਨਿਆਂ ਅਸਾਡੇ ਨਾਲ ਚੱਲ । ਤਾਂ ਮਰਦਾਨੇ ਆਖਿਆ-ਮੈਨੂੰ ਕਿਧਰ ਲੈ ਜਾਏਂਗਾ ? ਤਾਂ ਗੁਰੂ ਨਾਨਕ ਆਖਿਆ-ਜਿਧਰ ਕਰਤਾਰ ਲੈ ਜਾਏਗਾ। ਤਾਂ ਮਰਦਾਨੇ ਆਖਿਆ-ਅਜੀ ਮੈਨੂੰ ਤਾਂ ਮਹਿਤੇ ਕਾਲੂ ਅਤੇ ਅੰਮਾ ਤ੍ਰਿਪਤਾ ਤੇਰੀ ਖ਼ਬਰ ਲੈਣ ਭੇਜਿਆ ਹੈ ਅਤੇ ਅੰਮਾ ਬੀਬੀ (ਮਾਤਾ ਤ੍ਰਿਪਤਾ) ਹੋਰੀਂ ਉਡੀਕਦੇ ਹੋਸਨ । ਅਤੇ ਤੂੰ ਆਖਦਾ ਹੈਂ ਮੇਰੇ ਨਾਲ ਚੱਲ । ਮੈਂ ਕੀ वगं ?”

ਭਾਈ ਮਰਦਾਨਾ ਜੀ ਦਾ ਢਿੱਲਾ-ਮੱਠਾ ਉੱਤਰ ਸੁਣ ਕੇ ਬਾਬਾ ਜੀ ਨੇ ਰਤਾ ਕੁ ਰੋਸ ਭਰੇ ਸੁਰ ਵਿਚ ਕਿਹਾ, “ਠੀਕ ਏ ਭਾਈ ਮਰਦਾਨਾ, ਤੂੰ ਇਹੀ ਸਮਝਦਾ ਏਂ ਨਾ ਕਿ ਮੇਰੇ ਨਾਲ ਲੰਮੇ ਅਤੇ ਓਭੜ ਸਫ਼ਰ ਵਿਚ ਔਖਿਆਈਆਂ ਅਤੇ ਭੁੱਖ- ਨੰਗ ਹੋਵੇਗੀ, ਮੁਸ਼ਕਲਾਂ ਅਤੇ ਪਰੇਸ਼ਾਨੀਆਂ ਹੋਣਗੀਆਂ। ਤੈਨੂੰ ਤਾਂ ਸੁਖ ਭੋਗ ਚਾਹੀਦਾ ਏ, ਆਰਾਮ ਚਾਹੀਦਾ ਏ। ਇਸ ਲਈ ਤੂੰ ਬੇਸ਼ਕ ਮੇਰਾ ਸਾਥ ਛੱਡ ਕੇ ਤਲਵੰਡੀ ਜਾ, ਜਿਥੋਂ ਤੈਨੂੰ ਹਰ ਤਰ੍ਹਾਂ ਦਾ ਸੁਖ ਆਰਾਮ ਮਿਲੇਗਾ।”

ਭਾਈ ਮਰਦਾਨਾ ਜੀ ਨੂੰ ਬਾਬੇ ਦੇ ਇਹ ਸ਼ਬਦ ਤੀਰ ਵਾਂਗ ਲੱਗੇ। ਉਨ੍ਹਾਂ ਨੂੰ ਬਾਬਾ ਜੀ ਦੇ ਬਚਨਾਂ ਵਿੱਚੋਂ ਨਰਾਜ਼ਗੀ ਦਾ ਰੰਗ ਨਜ਼ਰ ਆਇਆ। ਭਾਈ ਮਰਦਾਨਾ ਜੀ ਗੁਰੂ ਜੀ ਦੀ ਏਨੀ ਇੱਜ਼ਤ ਕਰਦੇ ਸਨ ਕਿ ਉਨ੍ਹਾਂ ਦੇ ਹੁਕਮ ਤੋਂ ਉਲਟ ਚੱਲਣਾ ਤਾਂ ਇਕ ਪਾਸੇ, ਉਹ ਐਸਾ ਸੋਚ ਵੀ ਨਹੀਂ ਸਨ ਸਕਦੇ। ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਹੱਥ ਜੋੜ ਕੇ ਕਹਿਣ ਲੱਗੇ, “ਬਾਬਾ ਜੀ ਹੁਣ ਤਲਵੰਡੀ ਨਹੀਂ ਜਾਵਾਂਗਾ। ਜੇ ਮਿਹਰ ਕਰਕੇ ਆਪਣੇ ਲੜ ਲਾਇਆ ਏ ਤਾਂ ਇਹ ਸਾਥ ਛੱਡਣ ਲਈ ਮੈਨੂੰ ਨਾ ਕਹਿਣਾ।”

ਦੋਹਾਂ ਨੇ ਲੰਮੇ ਅਤੇ ਅਣਡਿੱਠੇ ਸਫ਼ਰ ‘ਤੇ ਜਾਣ ਦਾ ਮਨ ਬਣਾ ਲਿਆ। ਗੁਰੂ ਬਾਬਾ ਜੀ ਨੇ ਪੁੱਛਿਆ, “ਭਾਈ ਮਰਦਾਨਾ, ਤੁਸੀਂ ਆਪਣੀ ਰਬਾਬ ਨਾਲ ਲੈ ਕੇ ਆਏ ਹੋ ਕਿ ਨਹੀਂ ?”

ਭਾਈ ਮਰਦਾਨਾ ਨੇ ਦੱਸਿਆ ਕਿ “ਉਹ ਤਾਂ ਉਸੇ ਦਿਨ ਤਾਰਾਂ ਢਿੱਲੀਆਂ ਕਰ ਕੇ ਆਪਣੇ ਕਮਰੇ ਵਿਚ ਟੰਗ ਦਿੱਤੀ ਸੀ, ਜਿਸ ਦਿਨ ਆਪ ਤਲਵੰਡੀ ਛੱਡ ਕੇ ਇਥੇ ਆ ਗਏ। ਮੈਂ ਉਸ ਦਿਨ ਤੋਂ ਉਸ ਰਬਾਬ ਨੂੰ ਹੱਥ ਤਕ ਨਹੀਂ ਲਗਾਇਆ।”

“ਕੋਈ ਗੱਲ ਨਹੀਂ, ਅਸੀਂ ਨਵੀਂ ਅਤੇ ਨਵੇਂ ਢੰਗ ਦੀ ਰਬਾਬ ਲੈ ਕੇ ਚੱਲਾਂਗੇ ।” ਬਾਬਾ ਜੀ ਨੇ ਭਾਈ ਮਰਦਾਨਾ ਨੂੰ ਕਿਹਾ।

“ਪਰ ਜੀ ਉਹ ਮਿਲੇਗੀ ਕਿੱਥੋਂ ?”

“ਭਾਈ ਮਰਦਾਨਾ, ਇਹ ਰਬਾਬ ਨੇੜੇ-ਤੇੜੇ ਕਿਤੋਂ ਨਹੀਂ ਮਿਲਣੀ। ਇਹ ਕੇਵਲ ਇੱਕੋ ਇਨਸਾਨ ਕੋਲੋਂ ਮਿਲ ਸਕਦੀ ਏ।”

“ਜੀ ਉਸ ਦਾ ਨਾਮ ਕੀ ਏ ਅਤੇ ਕਿਥੇ ਰਹਿੰਦਾ ਏ ?”

“ਉਸ ਦਾ ਨਾਮ ਭਾਈ ਫਿਰੰਦਾ ਏ ਅਤੇ ਉਹ ਆਸਕਪੁਰ ਵਿਚ ਰਹਿੰਦਾ ਏ। ਆਸਕਪੁਰ ਦੋਹਾਂ ਨਦੀਆਂ ਦੇ ਵਿਚ ਇਕ ਜੱਟਾਂ ਦਾ ਪਿੰਡ ਏ।”

ਭਾਈ ਮਰਦਾਨਾ ਨੇ ਕਿਹਾ, “ਜੀ ਕੁਝ ਮੁੱਲ ਵੀ ਪੱਲੇ ਹੋਵੇ ?”

ਬਾਬਾ ਜੀ ਸੁਣ ਕੇ ਸੋਚੀਂ ਪੈ ਗਏ। ਕਹਿਣ ਲੱਗੇ, “ਭਾਈ ਮਰਦਾਨਾ, ਬੇਬੇ ਨਾਨਕੀ ਪਾਸ ਸਵਾਲੀ ਬਣ ਕੇ ਜਾਹ। ਭਾਵੇਂ ਸਵਾਲੀ ਬਣਨਾ ਚੰਗਾ ਤਾਂ ਨਹੀਂ ਲੱਗਦਾ ਕਿਉਂਕਿ ਬੇਬੇ ਨਾਨਕੀ ਦੇ ਸਾਡੇ ਉੱਪਰ ਪਹਿਲਾਂ ਹੀ ਬਹੁਤ ਸਾਰੇ ਅਹਿਸਾਨ ਨੇ। ਪਰ ਤੂੰ ਜਾਇ ਬੇਬੇ ਨੂੰ ਆਖ ਜੇ ਬੇਬੇ ਜੀ, ਨਾਨਕ ਤਿਉਂ ਉੱਤੇ ਇਕ ਸਵਾਲ ਕੀਤਾ ਹੈ, ਜੇ ਮੰਨੇ ਤਾਂ ਆਖਾਂ ਜੇ ਨਾ ਮੰਨੇ ਤਾਂ ਨਾ ਆਖਾਂ। ਜੇ ਮੰਨਿਓ ਸੂ ਤਾਂ ਆਖੀਂ ਇਕ ਰਬਾਬ ਅਸਾਨੂੰ ਲੈ ਦੇ… ।”

“ਮਰਦਾਨਾ ਉੱਠ ਖੜਾ ਹੋਇਆ ਮਰਦਾਨਾ ਤਦ ਜਾਇ ਨਾਨਕੀ ਪਾਸ ਖੜਾ ਹੋਇਆ। ਨਾਨਕੀ ਆਖਿਆ-ਕਉ ਭਾਈ ਮਰਦਾਨਾ ? ਮਰਦਾਨੇ ਆਖਿਆ-ਰਜਾਦੀ (ਰਾਏਜ਼ਾਦੀ) ਮੈਨੂੰ ਨਾਨਕ ਤੁਸਾਂ ਪਾਸ ਭੇਜਿਆ ਹੈ। ਇਕ ਸਵਾਲ ਕੀਤਾ ਸੂ-ਆਖਿਆ ਹੈ ਸੂ ਪਹਿਲਾਂ ਮੰਨੇ ਤਦ ਆਖੇ ਨਹੀਂ ਤਾਂ ਨਾ ਆਖੇ। ਨਾਨਕੀ ਆਖਿਆ-ਮਰਦਾਨਿਆ ਨਿਸੰਗ ਹੋ ਕੇ ਆਖ। ਮਰਦਾਨੇ ਆਖਿਆ- ਬੇਬੇ ਜੀ ਇਕ ਰਬਾਬ ਜਿਤਨੇ ਤੋਂ ਮਿਲੇ, ਤਿਤਨੇ ਤੋਂ ਲੈ ਦਿਉ। ਤਦ ਨਾਨਕੀ ਆਖਿਆ-ਇਕ ਰਬਾਬ ਕਿਆ ਮੈਂ ਸਓ ਲੈ ਦੇਵਾਂ ਪਰ ਨਾਨਕ ਮੈਨੂੰ ਮੁਹੁ ਦਿਖਾਇ ਜਾਏ।”

ਸੁਣ ਕੇ ਭਾਈ ਮਰਦਾਨਾ ਮੁੜ ਬਾਬਾ ਜੀ ਕੋਲ ਆਏ ਅਤੇ ਦੱਸਿਆ ਕਿ ਬੇਬੇ ਨਾਨਕੀ ਤੁਹਾਨੂੰ ਬਹੁਤ ਯਾਦ ਕਰਦੀ ਹੈ। ਕਹਿੰਦੀ ਹੈ ਕਿ ਇਕ ਨਹੀਂ, ਮੈਂ ਸੌ ਰਬਾਬ ਲੈ ਦੇਵਾਂ, ਪਰ ਮੇਰੇ ਵੀਰ ਨੂੰ ਕਹੁ ਕਿ ਇਕ ਵਾਰ ਭੈਣ ਨੂੰ ਮੂੰਹ ਦਿਖਾ ਜਾਏ।

ਕੋਮਲ ਦਿਲ ਬਾਬਾ ਜੀ ਭੈਣ ਦੇ ਕਹੇ ਸ਼ਬਦ ਸੁਣ ਕੇ ਨਰਮ ਹੋ ਗਏ। ਕਹਿਣ ਲੱਗੇ, “ਚਲੋ ਭਾਈ ਮਰਦਾਨਾ ਭੈਣ ਨਾਨਕੀ ਨੂੰ ਮਿਲ ਆਈਏ।”

“ਨਾਨਕੀ ਅਸਾਡੀ ਪਿਛਲੇ ਜਨਮ ਦੀ ਭੈਣ ਹੈ, ਤਾਂ ਭੀ ਸਾਡੀ ਸੇਵਾ ਕੀਤੀਓ ਸੂ। ਹੁਣ ਜ਼ਰੂਰ ਜਾਣਾ ਆਹਾ ਤਾਂ ਗੁਰੂ ਨਾਨਕ ਅਤੇ ਮਰਦਾਨਾ ਦੋਵੇਂ ਨਾਨਕੀ ਪਾਸ ਆਏ।”

ਬੀਬੀ ਨੇ ਰਬਾਬ ਵਾਸਤੇ ਪੈਸੇ ਦਿੱਤੇ ਅਤੇ ਭਾਈ ਮਰਦਾਨੇ ਨੂੰ ਕਿਹਾ ਕਿ ਚੰਗੀ ਤੋਂ ਚੰਗੀ ਰਬਾਬ ਖ਼ਰੀਦ ਲਵੋ, ਪੈਸਿਆਂ ਦਾ ਫ਼ਿਕਰ ਨਾ ਕਰਨਾ । ਬੇਬੇ ਨਾਨਕੀ ਨੇ ਗੁਰੂ ਬਾਬਾ ਜੀ ਦੇ ਤਰਲੇ ਕੀਤੇ ਕਿ ਕੁਝ ਦਿਨ ਉਨ੍ਹਾਂ ਕੋਲ ਸੁਲਤਾਨਪੁਰ

ਹੀ ਰਹਿਣ, ਪਰ ਬਾਬਾ ਜੀ ਨੇ ਆਪਣੀ ਮਜਬੂਰੀ ਦੱਸਦਿਆਂ ਕਿਹਾ, “ਬੇਬੇ ਹੁਣ

ਮੇਰੇ ਕਦਮ ਨਾ ਰੋਕ, ਮੈਨੂੰ ਖ਼ੁਸ਼ੀ ਖ਼ੁਸ਼ੀ ਤੋਰ ਅਤੇ ਅਰਦਾਸ ਕਰ ਕਿ ਜਿਸ ਵੱਡੇ

ਕਾਰਜ ਵਾਸਤੇ ਮੈਂ ਘਰੋਂ ਨਿਕਲਿਆ ਹਾਂ, ਉਸ ਵਿਚ ਸਫਲ ਹੋਵਾਂ। ਬੇਬੇ ਜਿਸ

ਵੇਲੇ ਤੂੰ ਮੈਨੂੰ ਯਾਦ ਕਰੇਂਗੀ, ਮੈਂ ਤੇਰੇ ਪਾਸ ਪਹੁੰਚ ਜਾਵਾਂਗਾ।”

ਬਾਬਾ ਜੀ ਅਤੇ ਭਾਈ ਮਰਦਾਨਾ ਨੇ ਬੇਬੇ ਨਾਨਕੀ ਦੇ ਪੈਰ ਛੂਹੇ ਅਤੇ ‘ਸਤਿ ਕਰਤਾਰ’ ਕਹਿ ਕੇ ਆਪਣੇ ਰਾਹੇ ਤੁਰ ਪਏ।

ਬੇਬੇ ਨਾਨਕੀ ਪਾਸੋਂ ਪੈਸੇ ਲੈ ਕੇ ਭਾਈ ਮਰਦਾਨਾ ਪੁੱਛਦੇ-ਪੁਛਾਂਦੇ ਭਾਈ ਫਿਰੰਦੇ ਦੇ ਪਿੰਡ ਪਹੁੰਚ ਗਏ। ਭਾਈ ਫਿਰੰਦੇ ਨਾਲ ਮੁਲਾਕਾਤ ਹੋਈ। ਭਾਈ ਮਰਦਾਨਾ ਜੀ ਨੇ ਰਬਾਬ ਬਾਰੇ ਗੱਲ ਕੀਤੀ। ਭਾਈ ਫਿਰੰਦੇ ਆਖਿਆ, “ਜਿਹੋ ਜਿਹੀ ਰਬਾਬ ਤੂੰ ਮੰਗਦਾ ਏਂ, ਉਹ ਮੇਰੇ ਕੋਲ ਕੇਵਲ ਇਕ ਹੀ ਏ, ਪਰ ਉਹ ਮੈਂ ਤੈਨੂੰ ਦੇ ਨਹੀਂ ਸਕਦਾ।” ਭਾਈ ਮਰਦਾਨਾ ਜੀ ਨੇ ਕਿਹਾ, “ਉਸ ਰਬਾਬ ਦੀ ਜੋ ਵੀ ਕੀਮਤ ਤੁਸੀਂ ਕਹੋ, ਮੈਂ ਦੇਣ ਲਈ ਤਿਆਰ ਹਾਂ।” ਭਾਈ ਫਿਰੰਦੇ ਨੇ ਅੱਗੋਂ ਕਿਹਾ, “ਇਸ ਰਬਾਬ ਦਾ ਮੁੱਲ ਪੈਸਿਆਂ ਨਾਲ ਨਹੀਂ ਤਾਰਿਆ ਜਾ ਸਕਦਾ। ਇਹ ਰਬਾਬ ਮੈਂ ਵਿਸ਼ੇਸ਼ ਤੌਰ ‘ਤੇ ਇਕ ਕਾਮਲ ਫ਼ਕੀਰ ਵਾਸਤੇ ਤਿਆਰ ਕੀਤੀ ਏ। ਇਹ ਉਸ ਦੀ ਅਮਾਨਤ, ਮੈਂ ਕੇਵਲ ਉਸੇ ਨੂੰ ਹੀ ਦੇਵਾਂਗਾ।”

ਭਾਈ ਮਰਦਾਨਾ ਨੇ ਕਿਹਾ, “ਭਾਈ ਫਿਰੰਦਾ। ਇਹ ਰਬਾਬ ਲੈਣ ਲਈ ਮੈਨੂੰ ਗੁਰੂ ਨਾਨਕ ਨੇ ਭੇਜਿਆ ਏ।” ਗੁਰੂ ਨਾਨਕ ਦਾ ਨਾਮ ਸੁਣ ਕੇ ਭਾਈ ਫਿਰੰਦੇ ਦਾ ਚਿਹਰਾ ਟਹਿਕ ਉੱਠਿਆ। ਫਿਰ ਪੁੱਛਣ ਲੱਗਾ, “ਕਿਥੇ ਏ ਉਹ ਜਗਤ ਸਵਾਮੀ ? ਮੈਂ ਤਾਂ ਲੰਮੇ ਅਰਸੇ ਤੋਂ ਉਸ ਦੀ ਉਡੀਕ ਕਰ ਰਿਹਾ ਸਾਂ, ਮੈਨੂੰ ਹੁਣੇ ਉਸ ਪਾਸ ਲੈ ਚੱਲੋ।”

ਰਬਾਬ ਲੈ ਕੇ ਭਾਈ ਫਿਰੰਦਾ ਅਤੇ ਭਾਈ ਮਰਦਾਨਾ ਦੋਵੇਂ ਗੁਰੂ ਬਾਬਾ ਜੀ ਪਾਸ ਪੁੱਜੇ । ਗੁਰੂ ਸਾਹਿਬ ਨੂੰ ਮੱਥਾ ਟੇਕਿਆ ਅਤੇ ਭਾਈ ਫਿਰੰਦਾ ਕਹਿਣ ਲੱਗਾ, “ਲਓ ਮਹਾਰਾਜ, ਤੁਹਾਡੀ ਕੁਦਰਤੀ ਰਬਾਬ। ਬੜੇ ਚਿਰਾਂ ਤੋਂ ਤੁਹਾਡੇ ਲਈ ਸਾਂਭ- ਸਾਂਭ ਰੱਖੀ ਸੀ। ਧੰਨ ਭਾਗ, ਤੁਹਾਡੇ ਦਰਸ਼ਨ ਹੋ ਗਏ, ਸਾਂਭੋ ਆਪਣੀ ਅਮਾਨਤ।” ਗੁਰੂ ਸਾਹਿਬ ਨੇ ਰਬਾਬ ਭਾਈ ਫਿਰੰਦੇ ਦੇ ਹੱਥੋਂ ਫੜ ਕੇ ਭਾਈ ਮਰਦਾਨਾ ਜੀ ਨੂੰ ਫੜਾਈ ਅਤੇ ਕਹਿਣ ਲੱਗੇ, “ਭਾਈ ਮਰਦਾਨਾ ਇਸ ਨੂੰ ਵਜਾ ਕੇ ਦੇਖੋ।” ਭਾਈ ਮਰਦਾਨਾ ਜੀ ਨੇ ਕਿਹਾ, “ਮਹਾਰਾਜ ਮੈਂ ਪਹਿਲਾਂ ਇਸ ਨੂੰ ਸੁਰ ਕਰ ਲਵਾਂ । ” ਭਾਈ ਫਿਰੰਦਾ ਕਹਿਣ ਲੱਗਾ, “ਇਸ ਰਬਾਬ ਨੂੰ ਸੁਰ ਕਰਨ ਦੀ ਲੋੜ ਨਹੀਂ। ਇਹ ਰਬਾਬ ਧੁਰੋਂ ਸੁਰ ਹੋ ਕੇ ਈ ਆਈ ਏ।”

ਜਦੋਂ ਭਾਈ ਮਰਦਾਨਾ ਜੀ ਨੇ ਇਹ ਰਬਾਬ ਵਜਾਉਣੀ ਸ਼ੁਰੂ ਕੀਤੀ-ਇਕ ਤਾਂ ਇਹ ਅਰਸ਼ੀ ਰਬਾਬ ਅਤੇ ਦੂਜਾ ਭਾਈ ਮਰਦਾਨਾ ਜੀ ਦੀ ਵਾਦਨ ਕਲਾ, ਐਸਾ ਸਮਾਂ ਬੱਝਾ ਕਿ ਵਿਸਮਾਦ ਵਿਚ ਬਾਬਾ ਜੀ ਦੇ ਨੈਣ ਬੰਦ ਹੋ ਗਏ। ਜਦੋਂ ਭਾਈ ਮਰਦਾਨਾ ਜੀ ਨੇ ਰਬਾਬ ਵਜਾਉਣੀ ਬੰਦ ਕੀਤੀ ਤਾਂ ਸਤਿਗੁਰਾਂ ਨੇ ਨੈਣ ਖੋਲ੍ਹੇ, ਬੜੇ ਪ੍ਰਸੰਨ ਹੋਏ। ਭਾਈ ਫਿਰੰਦਾ ਗੁਰੂ ਜੀ ਕੋਲੋਂ ਅਸ਼ੀਰਵਾਦ ਲੈ ਕੇ ਵਿਦਾ ਹੋਣ ਲੱਗਾ ਤਾਂ ਭਾਈ ਮਰਦਾਨਾ ਜੀ ਨੇ ਰਬਾਬ ਦੀ ਕੀਮਤ ਦੇਣ ਦੀ ਬੜੀ ਕੋਸ਼ਿਸ਼ ਕੀਤੀ ਪਰ ਭਾਈ ਫਿਰੰਦਾ ਨੇ ਕੁਝ ਵੀ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਬਾਬਾ ਜੀ ਦੇ ਚਰਣ ਛੂਹ ਕੇ ਅਤੇ ਭਾਈ ਮਰਦਾਨਾ ਜੀ ਨੂੰ ਹੱਥ ਜੋੜ ਕੇ ਤੁਰ ਪਿਆ।

ਗੁਰੂ ਨਾਨਕ ਦੇਵ ਜੀ ਦੇ ਹੱਥੀਂ ਦਿੱਤੀ ਇਹ ਭਾਈ ਫਿਰੰਦੇ ਵਾਲੀ ਰਬਾਬ ਭਾਈ ਮਰਦਾਨਾ ਜੀ ਦੇ ਆਖ਼ਰੀ ਸਵਾਸਾਂ ਤਕ ਉਨ੍ਹਾਂ ਦੇ ਨਾਲ ਰਹੀ।

5.

ਭਾਈ ਮਰਦਾਨਾ ਜੀ ਸਭ ਕੁਝ ਛੱਡ ਛਡਾ ਕੇ ਗੁਰੂ ਨਾਨਕ ਦੇਵ ਜੀ ਦੇ ਨਾਲ ਤੁਰ ਪਏ। ਮਰਦਾਨਾ ਜੀ ਦਾ ਜਿਥੇ ਬਾਬਾ ਜੀ ਨਾਲ ਦਿਲੀ ਪਿਆਰ ਸੀ, ਉਥੇ ਹੀ ਉਸ ਤੋਂ ਵੱਧ ਉਨ੍ਹਾਂ ਉੱਪਰ ਵਿਸ਼ਵਾਸ ਅਤੇ ਸ਼ਰਧਾ ਵੀ ਸੀ । ਹੀਲ-ਹੁੱਜਤ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਬਾਬਾ ਜੀ ਦਾ ਕਿਹਾ ਹੋਇਆ ਹਰ ਸ਼ਬਦ ਭਾਈ ਮਰਦਾਨਾ ਲਈ ਆਦੇਸ਼ ਹੁੰਦਾ। ਇਹ ਉਨ੍ਹਾਂ ਵਾਸਤੇ ਮਾਣ ਦੀ ਗੱਲ ਸੀ ਕਿ ਏਡੇ ਵੱਡੇ ਪਹੁੰਚੇ ਹੋਏ ਯੁੱਗ-ਪੁਰਸ਼ ਨੇ ਉਨ੍ਹਾਂ ਨੂੰ ਇਕ ਮਹਾਨ ਕਾਰਜ ਵਾਸਤੇ ਆਪਣਾ ਹਮਰਾਹੀ ਚੁਣਿਆ।

ਭਾਈ ਮਰਦਾਨਾ ਗੁਰਦੇਵ ਨਾਲ ਤੁਰ ਤਾਂ ਪਏ, ਪਰ ਸਰੀਰਕ ਤੌਰ ‘ਤੇ ਅਤੇ ਆਤਮਕ ਤੌਰ ‘ਤੇ ਅਜੇ ਉਹ ਓਨੇ ਪਰਪੱਕ ਨਹੀਂ ਸਨ ਹੋਏ, ਜਿੰਨੇ ਦੀ ਲੋੜ ਸੀ। ਦੁਨਿਆਵੀ ਅਤੇ ਪਦਾਰਥਕ ਲੋਭ ਤੋਂ ਉਹ ਅਜੇ ਪੂਰੀ ਤਰ੍ਹਾਂ ਮੁਕਤ ਨਹੀਂ ਸਨ ਹੋ ਸਕੇ। ਭਾਵੇਂ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਦੇ ਪ੍ਰਭਾਵ ਥੱਲੇ ਆ ਕੇ ਸੰਸਾਰਕ ਪਦਾਰਥਾਂ ਦਾ ਮੋਹ ਤਿਆਗ ਦਿੱਤਾ ਸੀ, ਪਰ ਫੇਰ ਵੀ ਪਕੜ ਪੂਰੀ ਤਰ੍ਹਾਂ ਨਹੀਂ ਸੀ ਛੁੱਟੀ, ਮਨ ਦੀ ਕਿਸੇ ਨੁੱਕਰੇ ਇਹ ਲੋਭ ਲੁਕਿਆ ਹੀ ਰਿਹਾ। ਮਹਾਰਾਜ ਜੀ ਦੇ ਨਾਲ ਚੱਲਣ ਲਈ ਜ਼ਰੂਰੀ ਸੀ ਕਿ ਉਨ੍ਹਾਂ ਦਾ ਹਮਕਦਮ ਸਰੀਰਕ ਅਤੇ ਅਧਿਆਤਮਕ ਤੌਰ ‘ਤੇ ਕਾਫ਼ੀ ਮਜ਼ਬੂਤ ਹੋਏ। ਅਸਲ ਵਿਚ ਭਾਈ ਮਰਦਾਨਾ ਜੀ ਨੂੰ ਅਜੇ ਹੋਰ ਸਾਧਨਾ ਦੀ ਲੋੜ ਸੀ।

ਗੁਰੂ ਬਾਬਾ ਜੀ ਇਹੇ ਸਭ ਕੁਝ ਭਲੀਭਾਂਤ ਜਾਣਦੇ ਸਨ । ਭਾਈ ਮਰਦਾਨਾ ਜੀ ਨੂੰ ਇਸ ਕਠਿਨ ਮਾਰਗ ਉੱਤੇ ਚੱਲਦਿਆਂ ਰਸਤੇ ਵਿਚ ਉਹ ਨਿੱਕੀਆਂ- ਨਿੱਕੀਆਂ ਗੱਲਾਂ ਅਤੇ ਨਿੱਕੀਆਂ-ਨਿੱਕੀਆਂ ਘਟਨਾਵਾਂ ਰਾਹੀਂ ਵੱਡੇ-ਵੱਡੇ ਨੁਕਤੇ ਸਮਝਾਉਂਦੇ ਰਹਿੰਦੇ, ਜਿਸ ਨਾਲ ਭਾਈ ਮਰਦਾਨਾ ਜੀ ਦੇ ਵਿਚਾਰਾਂ ਅਤੇ ਹਿਰਦੇ ਵਿਚ ਸਹਿਜੇ-ਸਹਿਜੇ ਪਰਿਵਰਤਨ ਆਉਂਦਾ ਗਿਆ।

ਇਕ ਵਾਰ ਲੰਮਾ ਪੈਂਡਾ ਤੈਅ ਕਰਦਿਆਂ ਗੁਰੂ ਬਾਬਾ ਜੀ ਨੇ ਮਹਿਸੂਸ ਕੀਤਾ ਕਿ ਮਰਦਾਨਾ ਜੀ ਨੂੰ ਭੁੱਖ ਲੱਗੀ ਹੋਣੀ ਹੈ। ਕੁੱਲ ਦੁਨੀਆਂ ਦੇ ਲੋਕਾਂ ਦੇ ਦਿਲਾਂ ਦੀਆਂ ਬੁੱਝਣ ਵਾਲੇ ਸਤਿਗੁਰੂ ਭਲਾ ਆਪਣੇ ਬਚਪਨ ਦੇ ਸਾਥੀ ਅਤੇ ਹਮਰਾਹੀ ਦੇ ਮਨ ਅਤੇ ਸਰੀਰ ਦੀ ਅਵਸਥਾ ਤੋਂ ਕਿਵੇਂ ਬੇਖ਼ਬਰ ਰਹਿ ਸਕਦੇ ਸਨ ? ਉਨ੍ਹਾਂ ਨੇ ਪੁੱਛਿਆ, “ਕਿਉਂ ਭਾਈ ਮਰਦਾਨਾ ਭੁੱਖ ਲੱਗੀ ਏ ?” ਤਾਂ ਭਾਈ ਮਰਦਾਨਾ ਕਹਿਣ ਲੱਗੇ, “ਬਾਬਾ ਭੁੱਖ ਤਾਂ ਜ਼ੋਰ ਦੀ ਲੱਗੀ ਏ, ਪਰ ਮੈਂ ਆਪ ਨੂੰ ਇਸ ਬਾਰੇ ਕੁਝ ਨਹੀਂ ਦੱਸਿਆ। ਮੈਂ ਜਾਣਦਾ ਹਾਂ ਕਿ ਇਨ੍ਹਾਂ ਰਾਹਾਂ ‘ਚ ਖਾਣ ਨੂੰ ਕੁਝ ਨਹੀਂ ਲੱਭਣਾ, ਸੋ ਮਜਬੂਰੀ ਦੀ ਹਾਲਤ ਵਿਚ ਆਪ ਦੇ ਮਗਰ-ਮਗਰ ਲੱਤਾਂ ਘਸੀਟਦਾ ਤੁਰਿਆ ਆਉਂਦਾ ਹਾਂ।”

ਗੁਰੂ ਜੀ ਨੇ ਕਿਹਾ ਕਿ ਭਾਈ ਮਰਦਾਨਾ ਇਥੋਂ ਕੁਝ ਦੂਰੀ ਉੱਤੇ ਬੜੇ ਭਲੇ ਲੋਕਾਂ ਦਾ ਇਕ ਪਿੰਡ ਹੈ । ਬਾਬਾ ਜੀ ਨੇ ਇਕ ਪਾਸੇ ਵੱਲ ਇਸ਼ਾਰਾ ਕਰ ਕੇ ਸਮਝਾਇਆ ਕਿ ਤੁਸੀਂ ਇਸ ਪਾਸੇ ਸਿੱਧਾ ਤੁਰੇ ਜਾਓ। ਅੱਗੇ ਜਾ ਕੇ ਇਕ ਪਿੰਡ ਆਏਗਾ, ਤੁਸੀਂ ਉਸ ਪਿੰਡ ਵਿਚ ਚਲੇ ਜਾਣਾ । ਆਪਣੇ ਬਾਰੇ ਦੱਸਣਾ। ਉਸ ਪਿੰਡ ਦੇ ਨੇਕ ਦਿਲ ਲੋਕ ਤੁਹਾਡਾ ਸਤਿਕਾਰ ਕਰਨਗੇ। ਤੁਹਾਨੂੰ ਇੱਜ਼ਤ ਮਾਣ ਦੇਣਗੇ। ਉਥੋਂ ਤੁਸੀਂ ਪਰਸ਼ਾਦ ਲੈ ਕੇ ਛਕ ਲੈਣਾ। ਭਾਈ ਮਰਦਾਨਾ ਜੀ ਸੁਣ ਕੇ ਪ੍ਰਸੰਨ ਹੋਏ ਅਤੇ ਦੱਸੇ ਹੋਏ ਓਸ ਪਿੰਡ ਵੱਲ ਤੁਰ ਪਏ।

ਭਾਈ ਮਰਦਾਨਾ ਉਸ ਪਿੰਡ ਵਿਚ ਪਹੁੰਚੇ। ਪਿੰਡ ਦੀ ਸੱਥ ਵਿਚ ਕੁਝ ਲੋਕ ਬੈਠੇ ਸਨ । ਬਾਹਰੋਂ ਆਏ ਇਕ ਪ੍ਰਭਾਵਸ਼ਾਲੀ ਚਿਹਰੇ ਵਾਲੇ ਫ਼ਕੀਰ ਨੂੰ ਦੇਖ ਕੇ ਸਭ ਨੇ ਹੱਥ ਜੋੜ ਕੇ ਉਨ੍ਹਾਂ ਦਾ ਆਦਰ ਅਤੇ ਸਵਾਗਤ ਕੀਤਾ । ਬੈਠਣ ਲਈ ਕਿਹਾ। ਭਾਈ ਮਰਦਾਨਾ ਜੀ ਉਨ੍ਹਾਂ ਦੇ ਕੋਲ ਹੀ ਬੈਠ ਗਏ।

“ਸਾਈਂ ਜੀ, ਆਪ ਕਿਥੋਂ ਆ ਰਹੇ ਹੋ ?” ਲੋਕਾਂ ਵਿੱਚੋਂ ਇਕ ਨੇ ਪੁੱਛਿਆ। ਭਾਈ ਮਰਦਾਨਾ ਜੀ ਨੇ ਉੱਤਰ ਦਿੱਤਾ, “ਰਾਏ ਭੋਏ ਦੀ ਤਲਵੰਡੀ ਤੋਂ।” ਤਲਵੰਡੀ ਦਾ ਨਾਮ ਸੁਣ ਕੇ ਵਿੱਚੋਂ ਕੋਈ ਬੰਦਾ ਬੋਲਿਆ, “ਉਸੇ ਤਲਵੰਡੀ ਤੋਂ, ਜਿਥੋਂ ਦਾ ਨਾਨਕ ਤਪਾ ਏ ?”

“ਹਾਂ ਪਿਆਰਿਓ, ਮੈਂ ਉਸੇ ਤਲਵੰਡੀ ਤੋਂ ਆ ਰਿਹਾ ਹਾਂ ਅਤੇ ਬਾਬੇ ਨਾਨਕ ਦਾ ਹੀ ਇਕ ਅਦਨਾ ਜਿਹਾ ਸੇਵਕ ਹਾਂ।”

ਸੁਣ ਕੇ ਸਾਰਿਆਂ ਦੇ ਚਿਹਰੇ ਖ਼ੁਸ਼ੀ ਨਾਲ ਖਿੜ ਗਏ। ਉਥੇ ਬੈਠੇ ਸਾਰਿਆਂ ਨੇ ਵਾਰੋ-ਵਾਰੀ ਭਾਈ ਮਰਦਾਨਾ ਜੀ ਦੇ ਪੈਰ ਛੂਹੇ। ਇਹ ਖ਼ਬਰ ਮਿੰਟਾਂ ਵਿਚ ਸਾਰੇ ਪਿੰਡ ਵਿਚ ਫੈਲ ਗਈ । ਲੋਕ ਘਰਾਂ ਵਿੱਚੋਂ ਭੇਟਾਵਾਂ ਲੈ ਕੇ ਇਸ ਫ਼ਕੀਰ ਦੇ ਦਰਸ਼ਨਾਂ ਲਈ ਆਉਣ ਲੱਗੇ । ਤ੍ਰੀਮਤਾਂ ਨਾਨਾ ਪ੍ਰਕਾਰ ਦੇ ਪਕਵਾਨ ਲੈ ਕੇ ਆਉਂਦੀਆਂ।

“ਜੋ ਆਵੈ, ਉਹ ਆਇ ਮਰਦਾਨੇ ਦੇ ਪੈਰੀ ਪਵੈ, ਆਗੇ ਤੇ ਕਹੈ ਆਵਹੁ ਜੀ, ਆਈਐ ਜੀ, ਬਲਿਹਾਰ ਜਾਉ ਤੇਰੇ ਦਰਸਨ ਕਓ। ਹਮਾਰੇ ਭਾਗ ਜਿ ਇਹ ਦਰਸਨੁ ਤੇਰਾ ਅਸਾਨੋ ਹੋਆ ਹੈ, ਜੋ ਕੋਈ ਮਿਲੈ ਸੋ ਸੇਵਾ ਕਰੈ।”

ਕੋਈ ਪ੍ਰਸ਼ਾਦ ਚੜਾਉਂਦਾ, ਕੋਈ ਨਵੇਂ ਵਸਤਰ ਭੇਟ ਕਰਦਾ, ਕੋਈ ਰੁਪਏ ਪੈਸੇ ਨਾਲ ਦਿਲ ਖੋਲ੍ਹ ਕੇ ਸੇਵਾ ਕਰਦਾ।

ਉਹ ਸਭ ਕੁਝ ਧੰਨਵਾਦ ਸਹਿਤ ਸਵੀਕਾਰ ਕਰਦੇ ਰਹੇ। ਕੁਝ ਦੇਰ ਉਸ ਪਿੰਡ ਵਿਚ ਟਿਕਣ ਮਗਰੋਂ ਉਨ੍ਹਾਂ ਨੇ ਸਾਰੀਆਂ ਭੇਟਾਵਾਂ ਇਕੱਠੀਆਂ ਕਰ ਕੇ ਇਕ ਗੱਠੜੀ ਬਣਾਈ, ਲੋਕਾਂ ਦਾ ਫਿਰ ਧੰਨਵਾਦ ਕੀਤਾ ਅਤੇ ਪ੍ਰਸੰਨ-ਚਿੱਤ ਉਹ ਗੱਠੜੀ ਲੈ ਕੇ ਬਾਬਾ ਜੀ ਕੋਲ ਆ ਗਏ। ਉਹ ਅੱਜ ਦੀ ਇਸ ਪਿੰਡ ਦੀ ਯਾਤਰਾ ਕਾਰਨ ਬੜੇ ਖ਼ੁਸ਼ ਸਨ। ਕਈ ਦਿਨਾਂ ਮਗਰੋਂ ਉਨ੍ਹਾਂ ਨੂੰ ਰੱਜਵਾਂ ਅਤੇ ਮਨਪਸੰਦ ਭੋਜਨ ਮਿਲਿਆ ਸੀ।

ਪਾਤਸ਼ਾਹ ਕੋਲ ਆ ਕੇ ਉਨ੍ਹਾਂ ਨੇ ਪੂਰੀ ਵਾਰਤਾ ਬੜੇ ਵਿਸਥਾਰ ਅਤੇ ਜੇਤੂ ਲਹਿਜੇ ਵਿਚ ਸੁਣਾਈ ਅਤੇ ਉਹ ਗੱਠੜੀ ਗੁਰੂ ਸਾਹਿਬ ਦੇ ਸਾਹਮਣੇ ਰੱਖ ਦਿੱਤੀ। ਭਾਈ ਮਰਦਾਨਾ ਜੀ ਗੁਰੂ ਸਾਹਿਬ ਦੇ ਮੂੰਹੋਂ ਖ਼ੁਸ਼ੀ ਦੇ ਸ਼ਬਦ ਸੁਣਨ ਲਈ ਉਤਾਵਲੇ ਸਨ । ਬਾਬਾ ਜੀ ਇਹ ਸਭ ਕੁਝ ਸੁਣ ਕੇ ਅਤੇ ਦੇਖ ਕੇ ਰਤਾ ਕੁ ਮੁਸਕਰਾਏ।

“ਤਬ ਗੁਰੂ ਬਾਬਾ ਨਾਨਕ ਜੀ ਕਹਿਆ—ਇਹ ਜੁ ਹੈ ਸੁ ਕਿਆ ਹੈ ਜਿ ਤੂੰ ਲੈ ਕਰ ਆਇਆ ਹੈਂ ? ਮਰਦਾਨੇ ਕਹਿਆ-ਬਾਬਾ ਜੀ ਸਲਾਮਤ ! ਤੇਰੇ ਅਰਥਿ ਲੋਕਾਂ ਪੂਜਾ ਕੀਤੀ ਹੈ। ਕਿਛ ਰੁਪਯੇ ਹੈਨਿ, ਕਿਛ ਪੁਰਕਾਲੇ (ਵਸਤਰ) ਹੈਨਿ । ਲੋਕਾਂ ਜਿ ਚੜ੍ਹਾਏ ਸੋ ਮੈ ਆਂਦੇ ਹੈਨ । ਤਬ ਬਾਬੇ ਨਾਨਕ ਕਹਿਆ—ਹੇ ਮਰਦਾਨਿਆ! ਤੈਂ ਇਹ ਆਂਦੇ ਸਿ ਭਲਾ ਕੀਤਾ। ਪਰ ਇਹ ਅਸਾਡੇ ਕਿਸੇ ਕੰਮ ਨਾਹੀਂ। ਪਏ ਭੱਠ । ਤਬ ਮਰਦਾਨੇ ਕਹਿਆ-ਬਾਬਾ ਜੀ ਸਲਾਮਤ! ਮੈ ਕੀ ਕਰੀ ਹੁਣਿ ਏਸ ਗੰਢੜੀ ਦਾ ? ਤਬ ਬਾਬੇ ਨਾਨਕ ਜੀ ਕਹਿਆ-ਇਹ ਸੱਟ ਘੱਤ (ਇਹ ਸੁੱਟ ਛੱਡ) ।”

ਗੁਰੂ ਬਾਬਾ ਜੀ ਨੇ ਭਾਈ ਮਰਦਾਨਾ ਨੂੰ ਬੜੇ ਪਿਆਰ ਅਤੇ ਆਰਾਮ ਨਾਲ ਸਮਝਾਇਆ ਕਿ ਅਸੀਂ ਜਿਸ ਚੀਜ਼ ਦਾ ਤਿਆਗ ਕਰ ਕੇ ਘਰੋਂ ਨਿਕਲੇ ਹਾਂ, ਤੁਸੀਂ ਫੇਰ ਉਹੋ ਕੁਝ ਇਕੱਠਾ ਕਰ ਕੇ ਆਪਣੇ ਸਿਰ ਉੱਪਰ ਚੁੱਕ ਲਿਆ ਏ। ਜੇ ਪਰਮਾਤਮਾ ਨੂੰ ਪਾਣਾ ਹੈ ਤਾਂ ਇਨ੍ਹਾਂ ਵਸਤੂਆਂ ਦਾ ਵਾਧੂ ਬੋਝ ਸਿਰ ਤੋਂ ਲਾਹ ਦਿਉ।

“ਹੇ ਮਰਦਾਨਿਆ, ਪਰਮੇਸਰੁ ਅਤੈ ਮਾਇਆ ਬਣ ਨਹੀਂ ਆਂਵਦੀ। ਜੇ ਮਾਇਆ ਭਾਲੀਐ ਤਾਂ ਪਰਮੇਸਰੁ ਨਾਹੀਂ ਹੱਥ ਆਂਵਦਾ। ਅਰ ਜੇ ਪਰਮੇਸਰੁ ਭਾਲੀਐ ਤਾਂ ਮਾਇਆ ਨਹੀਂ ਪਰਮੇਸੁਰੁ ਭਾਲਣ ਦੇਂਦੀ। ਈਵ (ਇੰਜ) ਨਹੀਂ, ਮਾਇਆ ਭੀ ਮੰਗੈ ਅਤੇ ਪਰਮੇਸਰੁ ਭੀ ਪਾਵੇ… ।”

ਸਤਿਗੁਰਾਂ ਦੇ ਵਿਚਾਰਾਂ ਅਤੇ ਸ਼ਬਦਾਂ ਦਾ ਭਾਈ ਮਰਦਾਨਾ ਜੀ ਦੇ ਮਨ ਉੱਪਰ ਐਸਾ ਪ੍ਰਭਾਵ ਪਿਆ ਕਿ ਉਨ੍ਹਾਂ ਦੇ ਅੰਤਰ-ਮਨ ਵਿਚ ਬੈਠਾ ਦੁਨਿਆਵੀ ਪਦਾਰਥਾਂ ਦਾ ਲੋਭ ਲਗਪਗ ਖ਼ਤਮ ਹੋ ਗਿਆ। ਉਨ੍ਹਾਂ ਨੇ ਗੁਰੂ ਬਾਬਾ ਜੀ ਦੇ ਕਹੇ ਅਨੁਸਾਰ ਰੁਪਿਆਂ ਅਤੇ ਕੀਮਤੀ ਵਸਤਰਾਂ ਵਾਲੀ ਪੰਡ ਉਥੇ ਹੀ ਇਕ ਪਾਸੇ ਸੁੱਟ ਦਿੱਤੀ।

ਬਾਬਾ ਜੀ ਅਤੇ ਭਾਈ ਮਰਦਾਨਾ ਕੁਝ ਦੇਰ ਆਰਾਮ ਕਰ ਕੇ ਫਿਰ ਆਪਣੇ ਰਾਹ ਤੁਰ ਪਏ। ਕੁਝ ਦੇਰ ਤੁਰਨ ਮਗਰੋਂ ਅੱਗੇ ਕੋਈ ਸਿੱਧਾ ਅਤੇ ਸਾਫ਼ ਰਸਤਾ ਨਹੀਂ ਸੀ, ਸਗੋਂ ਇਕ ਉਜਾੜ ਅਤੇ ਜੰਗਲ ਵਿੱਚੋਂ ਲੰਘਣਾ ਪੈਣਾ ਸੀ। ਚਾਰੇ ਪਾਸੇ ਉੱਚੇ ਅਤੇ ਘਣੇ ਰੁੱਖ। ਨੀਮ ਪਹਾੜੀ ਇਲਾਕਾ, ਨਾ ਮਨੁੱਖ ਨਾ ਮਨੁੱਖ ਦੀ ਜਾਤ, ਕੇਵਲ ਪੰਛੀਆਂ ਅਤੇ ਨਿੱਕੇ-ਨਿੱਕੇ ਜਾਨਵਰਾਂ ਦੇ ਬੋਲਣ ਦੀਆਂ ਆਵਾਜ਼ਾਂ ਸੁਣਦੀਆਂ। ਐਸੀ ਸੁੰਨਸਾਨ ਅਤੇ ਜੰਗਲੀ ਇਲਾਕੇ ਵਿਚ ਜਾਣ ਦਾ ਭਾਈ ਮਰਦਾਨਾ ਜੀ ਦਾ ਇਹ ਪਹਿਲਾ ਮੌਕਾ ਸੀ। ਉਨ੍ਹਾਂ ਦਾ ਦਿਲ ਡਰਨ ਲੱਗਾ। ਉਹ ਭੈ-ਭੀਤ ਹੋਏ ਬਾਬਾ ਜੀ ਦੇ ਮਗਰ ਮਗਰ ਤੁਰੇ ਜਾ ਰਹੇ ਸਨ । ਕਿਤੇ ਕੋਈ ਜਾਨਵਰ ਜ਼ਰਾ ਉੱਚੀ ਆਵਾਜ਼ ਵਿਚ ਬੋਲਦਾ ਤਾਂ ਮਰਦਾਨਾ ਜੀ ਕੰਬ ਜਾਂਦੇ ।

ਭਾਈ ਮਰਦਾਨਾ ਜੀ ਸਤਿਗੁਰਾਂ ਦੇ ਨੇੜੇ ਪਹੁੰਚੇ ਤਾਂ:

“ਤਬ ਮਰਦਾਨੇ ਆਖਿਆ-ਬਾਬਾ ਜੀ ਸਲਾਮਤ! ਮੈਂ ਇਹ ਉਜਾੜ ਦੇਖਿ ਕੇ ਡਰਿ ਗਇਆ ਹਾਂ । ਬਾਬਾ ਜੀ ਸੁਹਾਣ ਹੈ (ਸੁਬਹਾਨ, ਧੰਨ ਹੈ) ਤੁਹਾਨੋ ਅਤੇ ਤੇਰੀ ਭਗਤਿ ਨੋ । ਤੂੰ ਜਿ ਐਸ ਉਜਾੜ ਵਿਚ ਲੈ ਕੇ ਪਿਆ ਹੈਂ—ਹੁਣਿ ਕਿ ਬਿੰਦੈ ਕੋਈ ਸ਼ੀਂਹ ਬੁਕ ਕੈ ਅਸਾਂ ਨੂੰ ਮਾਰੇਗਾ । ਅਕੈ ਕੋਈ ਰਾਕਸ਼ ਹੀ ਖਾਏਗਾ । ਤੂੰ ਜਿ ਅਸਾਨੋ ਮਾਰਦਾ ਹੈਂ ਏਸ ਉਜਾੜ ਵਿਚ ਪਾਇਕੈ…ਏਸ ਵੱਡੀ ਉਜਾੜਿ ਵਿਚ ਪਏ, ਖੁਦਾਇ ਕਢੇ ਤਾਂ ਨਿਕਲ ਹਾਂ… ।”

ਸਤਿਗੁਰਾਂ ਨੇ ਸਮਝਾਇਆ ਕਿ ਭਾਈ ਮਰਦਾਨਾ ਇਹ ਉਜਾੜ ਨਹੀਂ। ਇਹ ਵੀ ਇਕ ਤਰ੍ਹਾਂ ਦੀ ਬਸਤੀ ਹੀ ਹੈ। ਵੱਖ-ਵੱਖ ਜਾਨਵਰ ਅਤੇ ਭਾਂਤ-ਭਾਂਤ ਦੇ ਪੰਛੀ ਇਥੇ ਇਕੱਠੇ ਰਹਿੰਦੇ ਹਨ। ਇਹ ਸੁੰਦਰ ਬ੍ਰਿਛ ਅਤੇ ਪਾਣੀ ਦੇ ਝਰਨੇ ਦੇਖ। ਕੁਦਰਤ ਦੇ ਇਨ੍ਹਾਂ ਨਜ਼ਾਰਿਆਂ ਵਿਚ ਰੱਬ ਦੀ ਝਲਕ ਪਈ ਨਜ਼ਰ ਆਉਂਦੀ ਹੈ। ਪਰਮੇਸ਼ਰ ਦਾ ਨਾਮ ਚਿੱਤ ਆਉਂਦਾ ਹੈ। ਕਿੰਨੇ ਹੀ ਪ੍ਰਭੂ ਦੇ ਪ੍ਰੇਮੀ ਐਸੀ ਜਗ੍ਹਾ ‘ਤੇ ਰੱਬ ਦੀ ਭਗਤੀ ਅਤੇ ਤਪੱਸਿਆ ਕਰ ਚੁੱਕੇ ਹਨ। ਡਰਨ ਦੀ ਲੋੜ ਨਹੀਂ। ਤੁਹਾਡੇ ਨੇੜੇ ਕੋਈ ਨਹੀਂ ਆਏਗਾ। ਧਿਆਨ ਪ੍ਰਭੂ ਵੱਲ ਲਗਾਉ, ਸ਼ਾਮ ਵੇਲੇ ਅਸੀਂ ਰਲ ਕੇ ਇਸ ਜੰਗਲ ਵਿਚ ਪ੍ਰਭੂ ਕੀਰਤਨ ਕਰਾਂਗੇ।

ਸੰਧਿਆ ਵੇਲੇ ਇਕ ਰਮਣੀਕ ਜਗ੍ਹਾ ਉੱਤੇ ਪਹੁੰਚ ਕੇ ਬਾਬਾ ਜੀ ਨੇ ਕਿਹਾ, “ਮਰਦਾਨਿਆ, ਏਥੇ ਘੜੀ ਪਲ ਬੈਠਦੇ ਹਾਂ। ਰਬਾਬ ਵਜਾ, ਕੀਰਤਨ ਕਰਨ ਦਾ ਮਨ ਏ।” ਭਾਈ ਮਰਦਾਨਾ ਜੀ ਨੇ ਰਬਾਬ ਕੱਢ ਕੇ ਆਪਣੀਆਂ ਕੋਮਲ ਉਂਗਲਾਂ ਨਾਲ ਰਬਾਬ ਦੀ ਧੁਨ ਸ਼ੁਰੂ ਕੀਤੀ। ਵਾਤਾਵਰਨ ਹੋਰ ਭੀ ਸੁਗੰਧਤ ਅਤੇ ਸੰਗੀਤਮਈ ਹੋ ਗਿਆ। ਬਾਬਾ ਜੀ ਨਾਲ ਰਲ ਕੇ ਕੀਰਤਨ ਕੀਤਾ। ਅੱਜ ਭਾਈ ਮਰਦਾਨਾ ਜੀ ਨੂੰ ਬਾਬਾ ਜੀ ਨਾਲ ਰਲ ਕੇ ਕੀਰਤਨ ਕਰ ਕੇ ਜੋ ਅਨੰਦ ਅਤੇ ਸਕੂਨ ਪ੍ਰਾਪਤ ਹੋਇਆ, ਉਹ ਸ਼ਾਇਦ ਪਹਿਲਾਂ ਕਦੇ ਨਹੀਂ ਸੀ ਮਿਲਿਆ।

ਕੀਰਤਨ ਦੀ ਸਮਾਪਤੀ ਉੱਤੇ ਭਾਈ ਮਰਦਾਨਾ ਜੀ ਦੇ ਮਨ ਵਿੱਚੋਂ ਜਿਵੇਂ ਜੰਗਲ ਦਾ ਡਰ ਬਿਲਕੁਲ ਨਿਕਲ ਗਿਆ। ਜਿਸ ਆਲੇ-ਦੁਆਲੇ ਅਤੇ ਮਾਹੌਲ ਤੋਂ ਉਹ ਡਰ ਰਹੇ ਸਨ, ਉਹੀ ਆਲਾ-ਦੁਆਲਾ ਹੁਣ ਉਨ੍ਹਾਂ ਨੂੰ ਚੰਗਾ-ਚੰਗਾ ਅਤੇ ਦਿਲਕਸ਼ ਲੱਗਣ ਲੱਗ ਪਿਆ।

6.

“ਬਾਬਾ ਜੀ ਹੁਣ ਅਸੀਂ ਕਿਹੜੇ ਪਾਸੇ ਜਾ ਰਹੇ ਹਾਂ ?” ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਕੋਲੋਂ ਪੁੱਛਿਆ। ਉੱਤਰ ਮਿਲਿਆ, “ਭਾਈ ਮਰਦਾਨਾ, ਸੋਚਿਆ ਤਾਂ ਅਸਾਂ ਪਟਨੇ ਵੱਲ ਜਾਣ ਦਾ ਏ, ਪਰ ਅੱਗੋਂ ਕਰਤਾਰ ਜਿਧਰ ਲੈ ਜਾਵੇ।”

ਸੁਣ ਕੇ ਭਾਈ ਮਰਦਾਨਾ ਚੁੱਪ ਕਰ ਗਏ। ਬਾਬਾ ਜੀ ਨਾਲ ਏਨੇ ਸਮੇਂ ਤੋਂ ਪੈਦਲ ਸਫ਼ਰ ਕਰ ਕਰ ਕੇ ਉਨ੍ਹਾਂ ਦਾ ਸਰੀਰ ਏਨਾ ਕੁ ਮਜ਼ਬੂਤ ਜ਼ਰੂਰ ਹੋ ਗਿਆ ਸੀ ਕਿ ਲਗਾਤਾਰ ਕਈ ਕਈ ਮੀਲ ਕੱਚੇ-ਪੱਕੇ ਰਾਹਾਂ ਉੱਪਰ ਪੈਦਲ ਚੱਲ ਕੇ ਲੰਮਾ ਪੈਂਡਾ ਤੈਅ ਕਰ ਸਕਦੇ, ਪਰ ਭਾਈ ਮਰਦਾਨਾ ਲੰਮੇ ਸਮੇਂ ਤਕ ਭੁੱਖ ਨਹੀਂ ਸਨ ਸਹਾਰ ਸਕਦੇ। ਕੋਸ਼ਿਸ਼ ਕਰਨ ‘ਤੇ ਵੀ ਉਹ ਬਾਬਾ ਜੀ ਵਾਂਗ ਬਿਨਾਂ ਕੁਝ ਖਾਧਿਆਂ-ਪੀਤਿਆਂ ਜ਼ਿਆਦਾ ਦਿਨ ਲੰਮਾ ਸਫ਼ਰ ਨਹੀਂ ਸਨ ਕਰ ਸਕਦੇ।

ਭਾਵੇਂ ਮਰਦਾਨਾ ਜੀ ਮੂੰਹੋਂ ਕੁਝ ਨਹੀਂ ਸਨ ਕਹਿੰਦੇ, ਪਰ ਸਤਿਗੁਰੂ ਜੀ ਉਨ੍ਹਾਂ ਦੇ ਚਿਹਰੇ ਤੋਂ ਅਤੇ ਉਨ੍ਹਾਂ ਦੀ ਸੁਸਤ ਹੁੰਦੀ ਤੋਰ ਤੋਂ ਅੰਦਾਜ਼ਾ ਲਗਾ ਲੈਂਦੇ ਸਨ ਕਿ ਹੁਣ ਉਹ ਹੋਰ ਬਹੁਤਾ ਚਿਰ ਭੁੱਖਿਆਂ ਸਫ਼ਰ ਨਹੀਂ ਕਰ ਸਕਦੇ।

ਅੱਜ ਵੀ ਭਾਈ ਮਰਦਾਨਾ ਜੀ ਦਾ ਉਤਰਿਆ ਹੋਇਆ ਚਿਹਰਾ ਅਤੇ ਢਿੱਲੀ ਹੋ ਰਹੀ ਚਾਲ ਨੂੰ ਦੇਖ ਕੇ ਗੁਰੂਦੇਵ ਨੇ ਮੁਸਕਰਾ ਕੇ ਪੁੱਛਿਆ, “ਕੀ ਗੱਲ ਏ ਭਾਈ ਮਰਦਾਨਾ, ਭੁੱਖ ਸਤਾ ਰਹੀ ਏ ?”

ਭਾਈ ਮਰਦਾਨਾ ਜੀ ਕਹਿਣ ਲੱਗੇ, “ਮਹਾਰਾਜ, ਭੁੱਖ ਤਾਂ ਕੱਲ੍ਹ ਤੋਂ ਹੀ ਸਤਾ ਰਹੀ ਸੀ ਪਰ ਹੁਣ ਤਾਂ ਭੁੱਖ ਨਾਲ ਜਾਨ ਹੀ ਨਿਕਲ ਰਹੀ ਏ। ਭੁੱਖੇ ਪੇਟ ਤਾਂ ਹੁਣ ਤੁਰਨਾ ਵੀ ਮੁਸ਼ਕਲ ਹੋ ਰਿਹਾ ਏ। ਤੁਸੀਂ ਖ਼ੁਦ ਜਾਣੀ-ਜਾਣ ਹੋ, ਕਿਰਪਾ ਕਰੋ ਅਤੇ ਖਾਣ ਦਾ ਕੁਝ ਉਪਾਅ ਕਰੋ।” ਗੁਰੂ ਬਾਬਾ ਜੀ ਭਾਈ ਮਰਦਾਨਾ ਦੀ ਹਾਲਤ ਨੂੰ ਸਮਝਦੇ ਹੋਏ ਬੜੇ ਪਿਆਰ ਅਤੇ ਅਪਣੱਤ ਨਾਲ ਕਹਿਣ ਲੱਗੇ, “ਚੱਲ ਮਰਦਾਨਿਆ ਅੱਗੇ ਵੱਡਾ ਸਹੁਰ ਆਂਵਦਾ ਹੈ। ਉਥੇ ਜੋ ਕੁਝ ਤੂੰ ਆਖੇਂਗਾ ਸੋਈ वीष्टेंगे…।”

ਭਾਈ ਮਰਦਾਨਾ ਜੀ ਨੇ ਬੜੀ ਆਜ਼ਜ਼ੀ ਨਾਲ ਕਿਹਾ, “ਬਾਬਾ ਜੀ ਪੱਲੇ ਤਾਂ ਇਕ ਟਕਾ ਵੀ ਨਹੀਂ, ਸ਼ਹਿਰ ਜਾ ਕੇ ਕੀ ਕਰਾਂਗੇ ? ਮੁਫ਼ਤ ਵਿਚ ਤਾਂ ਮੈਨੂੰ ਕਿਸੇ ਕੁਝ ਦੇਣਾ ਨਹੀਂ। ਕਿੱਥੇ ਜਾ ਕੇ ਦਰ ਦਰ ਮੰਗਾਂਗਾ। ਨਾਲੇ ਹੁਣ ਤਾਂ ਮਹਾਰਾਜ ਦਰ ਦਰ ਫਿਰਨ ਦੀ ਹਿੰਮਤ ਵੀ ਨਹੀਂ ਰਹੀ।”

“ਗੁਰੂ ਨਾਨਕ ਪੈਰਾਂ ਨਾਲ ਰੇਤ ਫਰੋਲੀ ਤਾਂ ਵਿੱਚੋਂ ਲਾਲ ਨਿਕਲਿਆ । ਗੁਰੂ ਨਾਨਕ ਆਖਿਆ-ਮਰਦਾਨਿਆ ਚਾਇ ਲੈ (ਚੁੱਕ ਲੈ) । ਮਰਦਾਨੇ ਆਖਿਆ-ਜੀ ਮੈਂ ਪੱਥਰ ਨੂੰ ਕੀ ਕਰਾਂ ? ਗੁਰੂ ਨਾਨਕ ਆਖਿਆ-ਪੱਲਾ ਅੱਡ; ਲੈ ਇਹ ਪੱਲੇ ਬੰਨ੍ਹ । ਮਰਦਾਨੇ ਆਖਿਆ-ਜੀ ਪੱਲੇ ਬੱਧੇ ਨਹੀਂ ਭੁੱਖ ਜਾਂਦੀ, ਪੇਟ ਭਰੇ ਬਾਝੋਂ… ।”

ਕੁਝ ਤੁਰਨ ਮਗਰੋਂ ਇਕ ਵੱਡਾ ਨਗਰ ਆਇਆ। ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਉਸ ਸ਼ਹਿਰ ਵਿਚ ਜਾ ਕੇ ਉਹ ਲਾਲ ਵੇਚ ਆਣ ਲਈ ਕਿਹਾ।

ਭਾਈ ਮਰਦਾਨਾ ਜੀ ਨੇ ਕਿਹਾ, “ਦੀਨ ਦਯਾਲ, ਇਸ ਦਾ ਮੁੱਲ ਕੀ ਏ? ਜੇ ਮੁੱਲ ਦਾ ਪਤਾ ਹੋਵੇ ਤਾਂ ਵੱਧ-ਘੱਟ ਕਰ ਕੇ ਵੇਚ ਦੇਵਾਂ ਅਤੇ ਕੁਝ ਖਾਣ-ਪੀਣ ਦਾ ਪ੍ਰਬੰਧ ਕਰਾਂ।”

ਗੁਰੂ ਜੀ ਨੇ ਕਿਹਾ, “ਤੁਸੀਂ ਕਿਸੇ ਜੌਹਰੀ ਕੋਲ ਜਾਣਾ ਅਤੇ ਲਾਲ ਉਸ ਨੂੰ ਦਿਖਾਣਾ, ਜੋ ਮੁੱਲ ਉਹ ਪਾਵੇਗਾ, ਮੈਨੂੰ ਆ ਕੇ ਦੱਸਣਾ। ਮੈਂ ਇਥੇ ਹੀ ਇਨ੍ਹਾਂ ਰੁੱਖਾਂ ਦੇ ਝੁੰਡ ਹੇਠਾਂ ਬੈਠਾਂਗਾ।”

ਭਾਈ ਮਰਦਾਨਾ ਗੁਰੂ ਜੀ ਦੇ ਆਦੇਸ਼ ਅਨੁਸਾਰ ਸ਼ਹਿਰ ਅੰਦਰ ਗਏ। ਉਥੇ ਇਕ ਸੁਨਿਆਰੇ ਨੂੰ ਇਹ ਲਾਲ ਦਿਖਾਇਆ। ਸੁਨਿਆਰੇ ਨੇ ਇਹ ਲਾਲ ਦੇਖਿਆ ਅਤੇ ਸੋਚਿਆ ਕਿ ਲਾਲ ਤਾਂ ਅਸਲੀ ਹੈ ਪਰ ਇਸ ਫ਼ਕੀਰ ਨੂੰ ਕੀ ਇਲਮ ਕਿ ਲਾਲ ਕਿੰਨੇ ਦਾ ਹੈ? ਉਸ ਸੁਨਿਆਰੇ ਨੇ ਇਸ ਲਾਲ ਦਾ ਮੁੱਲ ਕੇਵਲ ਤਿੰਨ ਪੈਸੇ ਪਾਇਆ। ਭਾਈ ਮਰਦਾਨਾ ਜੀ ਦਿਲ ਵਿਚ ਸੋਚਣ ਲੱਗੇ ਕਿ ਲਾਲ ਤਾਂ ਸੁਣਿਆ ਹੈ ਕਾਫ਼ੀ ਮਹਿੰਗਾ ਹੁੰਦਾ ਹੈ, ਪਰ ਇਸ ਸੁਨਿਆਰੇ ਨੇ ਤਾਂ ਮੁੱਲ ਬੜਾ ਘੱਟ ਪਾਇਆ ਹੈ। ਸੌਦਾ ਪੱਕਾ ਕਰਨ ਤੋਂ ਪਹਿਲਾਂ ਉਹ ਬਾਬਾ ਜੀ ਕੋਲ ਵਾਪਸ ਆ ਗਏ ਅਤੇ ਦੱਸਿਆ ਕਿ ਸੁਨਿਆਰੇ ਨੇ ਇਸ ਦਾ ਮੁੱਲ ਕੇਵਲ ਤਿੰਨ ਪੈਸੇ ਹੀ ਪਾਇਆ ਹੈ। ਤਦ ਬਾਬਾ ਜੀ ਕਹਿਣ ਲੱਗੇ, “ਭਾਈ ਮਰਦਾਨਾ, ਤੁਸੀਂ ਕਿਸੇ ਵੱਡੇ ਜੌਹਰੀ ਪਾਸ ਜਾਓ।”

ਮਰਦਾਨਾ ਜੀ ਕਹਿਣ ਲੱਗੇ, “ਹੇ! ਜਾਣੀ-ਜਾਣ ਮੈਂ ਅਨਾੜੀ ਕੀ ਜਾਣਾਂ ਸ਼ਹਿਰ ਵਿਚ ਕਿਹੜਾ ਜੌਹਰੀ ਵੱਡਾ ਏ ਅਤੇ ਕਿਹੜਾ ਛੋਟਾ ।” ਅੰਤਰਜਾਮੀ ਬਾਬਾ ਜੀ ਨੇ ਦੱਸਿਆ, “ਇਸ ਸ਼ਹਿਰ ਵਿਚ ਸਾਲਸ ਰਾਏ ਵੱਡਾ ਜੌਹਰੀ ਸੁਣੀਂਦਾ ਏ, ਤੁਸੀਂ ਉਸੇ ਪਾਸ ਜਾਓ।”

ਭਾਈ ਮਰਦਾਨਾ ਦੁਬਾਰਾ ਸ਼ਹਿਰ ਗਏ ਅਤੇ ਪੁੱਛ-ਪੁਛਾ ਕੇ ਸਾਲਸ ਰਾਏ ਜੌਹਰੀ ਦੀ ਦੁਕਾਨ ‘ਤੇ ਪਹੁੰਚੇ ਅਤੇ ਸਾਲਸ ਰਾਏ ਨੂੰ ਸਲਾਮ ਕੀਤੀ। ਸਾਲਸ ਰਾਏ ਨੇ ਆਪਣੀ ਦੁਕਾਨ ‘ਤੇ ਆਏ ਇਕ ਪਤਲੇ ਲੰਮੇ ਸੁੰਦਰ ਸ਼ਕਲ ਸੂਰਤ ਅਤੇ ਪ੍ਰਭਾਵਸ਼ਾਲੀ ਚਿਹਰੇ ਵਾਲੇ ਫ਼ਕੀਰ ਨੂੰ ਦੇਖ ਕੇ ਪੁੱਛਿਆ, “ਕੀ ਹੁਕਮ ਏ ਮਹਾਰਾਜ ਜੀ ?” ਭਾਈ ਮਰਦਾਨਾ ਨੇ ਕਿਹਾ, “ਕੋਈ ਸੌਦਾ ਵੇਚਣਾ ਏ।” ਅਤੇ ਇਸ ਦੇ ਨਾਲ ਹੀ ਆਪਣੇ ਪੱਲੇ ਵਿੱਚੋਂ ਲਾਲ ਕੱਢ ਕੇ ਜੌਹਰੀ ਨੂੰ ਦਿਖਾਇਆ। ਸਾਲਸ ਰਾਏ ਜੌਹਰੀ ਨੇ ਉਹ ਲਾਲ ਹੱਥ ਵਿਚ ਫੜ ਕੇ ਦੇਖਿਆ ਅਤੇ ਦੇਖਦਾ ਹੀ ਰਹਿ ਗਿਆ। ਏਨਾ ਰੰਗੀਨ, ਏਨਾ ਸਾਫ਼, ਬੇਦਾਗ਼ ਅਤੇ ਏਨੀ ਡਲ੍ਹਕ ਵਾਲਾ ਲਾਲ ਉਸ ਨੇ ਜ਼ਿੰਦਗੀ ਵਿਚ ਪਹਿਲੀ ਵਾਰ ਦੇਖਿਆ ਸੀ। ਐਸੇ ਨਾਯਾਬ ਲਾਲ ਬਾਰੇ ਉਸ ਨੇ ਕੇਵਲ ਕਿਤਾਬਾਂ ਵਿਚ ਹੀ ਪੜ੍ਹਿਆ ਸੀ ਜਾਂ ਆਪਣੇ ਵੱਡੇ ਬਜ਼ੁਰਗਾਂ ਪਾਸੋਂ

ਹੀ ਸੁਣਿਆ ਸੀ ਕਿ ਐਸੇ ਸ਼ੁੱਧ ਨਗੀਨੇ ਦੇ ਦਰਸ਼ਨ ਕਿਸੇ ਕਿਸਮਤ ਵਾਲੇ ਨੂੰ ਹੀ ਪ੍ਰਾਪਤ ਹੁੰਦੇ ਹਨ ਅਤੇ ਜੇ ਕਿਸੇ ਨੂੰ ਐਸੇ ਲਾਲ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਵੇ ਤਾਂ ਪਹਿਲਾਂ ਅਜਿਹੇ ਲਾਲ ਦੀ ਦਰਸ਼ਨ ਭੇਟ ਲਾਲ ਦੇ ਮਾਲਕ ਅੱਗੇ ਰੱਖੋ। ਸਾਲਸ ਰਾਏ ਵਾਰ-ਵਾਰ ਉਸ ਲਾਲ ਨੂੰ ਉਲਟਾ-ਪਲਟਾ ਕੇ ਦੇਖੇ। ਫੇਰ ਉਸ ਨੇ ਆਪਣੇ ਨੌਕਰ ਅੱਧਰਕੇ ਨੂੰ ਆਵਾਜ਼ ਦਿੱਤੀ ਅਤੇ ਕਿਹਾ ਕਿ ਅੰਦਰੋਂ ਤਿਜੌਰੀ ਵਿੱਚੋਂ ਸੌ ਰੁਪਿਆ ਗਿਣ ਕੇ ਲਿਆਵੇ। ਅੱਧਰਕਾ ਅੰਦਰੋਂ ਸੌ ਰੁਪਿਆ ਗਿਣ ਕੇ ਇਕ ਥੈਲੀ ਵਿਚ ਪਾ ਕੇ ਲੈ ਆਇਆ। ਸਾਲਸ ਰਾਏ ਨੇ ਭਾਈ ਮਰਦਾਨੇ ਨੂੰ ਸੌ ਰੁਪਏ ਵਾਲੀ ਥੈਲੀ ਫੜਾਉਂਦਿਆਂ ਕਿਹਾ, “ਇਹ ਪਕੜੋ ਆਪਣਾ ਕੀਮਤੀ ਲਾਲ ਅਤੇ ਇਹ ਲਵੋ ਇਸ ਦੀ ਦਰਸ਼ਨ ਭੇਟ।” ਭਾਈ ਮਰਦਾਨਾ ਹੈਰਾਨ ਹੋ ਕੇ ਕਹਿਣ ਲੱਗੇ, “ਲਾਲ ਤਾਂ ਮੈਂ ਲੈਂਦਾ ਹਾਂ ਪਰ ਇਹ ਸੌ ਰੁਪਏ ਦੀ ਥੈਲੀ ਕਿਸ ਗੱਲ ਦੀ?” ਤਾਂ ਸਾਲਸ ਰਾਏ ਨੇ ਦੱਸਿਆ ਕਿ ਇਹ ਸੌ ਰੁਪਿਆ ਇਸ ਲਾਲ ਦੀ ਦਰਸ਼ਨ ਭੇਟ ਹੈ।

ਭਾਈ ਮਰਦਾਨਾ ਜੀ ਸੋਚਣ ਲੱਗੇ ਕਿ ਜਦ ਮੈਂ ਇਹ ਲਾਲ ਅਜੇ ਵੇਚ ਹੀ ਨਹੀਂ ਰਿਹਾ ਤਾਂ ਇਹ ਸੌ ਰੁਪਿਆ ਲੈਣ ਦਾ ਮੇਰਾ ਕੋਈ ਹੱਕ ਨਹੀਂ। ਉਨ੍ਹਾਂ ਉਹ ਥੈਲੀ ਸਾਲਸ ਰਾਏ ਨੂੰ ਮੋੜਦਿਆਂ ਕਿਹਾ ਕਿ ਮੇਰਾ ਮਾਲਕ ਇਹ ਨਹੀਂ ਲਵੇਗਾ। ਪਰ ਸਾਲਸ ਰਾਏ ਇਹ ਥੈਲੀ ਵਾਪਸ ਲੈਣ ਨੂੰ ਤਿਆਰ ਨਹੀਂ ਸੀ। ਆਖ਼ਰ ਭਾਈ ਮਰਦਾਨਾ ਜੀ ਸੌ ਰੁਪਏ ਵਾਲੀ ਥੈਲੀ ਬਦੋਬਦੀ ਸਾਲਸ ਰਾਏ ਦੇ ਸਾਹਮਣੇ ਰੱਖ ਕੇ ਅਤੇ ਸਲਾਮ ਕਰ ਕੇ ਵਾਪਸ ਤੁਰ ਪਏ।

ਭਾਈ ਮਰਦਾਨਾ ਜੀ ਵਿੱਚੋਂ ਪਰੇਸ਼ਾਨ ਸਨ। ਉਨ੍ਹਾਂ ਦਾ ਖ਼ਿਆਲ ਸੀ ਕਿ ਇਹ ਲਾਲ-ਪੱਥਰ ਵੇਚ ਕੇ ਖਾਣ-ਪੀਣ ਦਾ ਕੁਝ ਆਹਰ ਕਰਨਗੇ। ਭੁੱਖ ਉਨ੍ਹਾਂ ਨੂੰ ਬਹੁਤ ਲੱਗੀ ਹੋਈ ਸੀ। ਆਪਣੀ ਭੁੱਖ ਦੇ ਨਾਲ-ਨਾਲ ਉਨ੍ਹਾਂ ਨੂੰ ਬਾਬਾ ਜੀ ਦੀ ਭੁੱਖ ਦੀ ਵੀ ਚਿੰਤਾ ਸੀ । ਉਹ ਸੋਚ ਰਹੇ ਸਨ ਕਿ ਗੁਰੂ ਬਾਬਾ ਜੀ ਨੇ ਵੀ ਕਿਹੜਾ ਪਿਛਲੇ ਤਿੰਨਾਂ ਦਿਨਾਂ ਤੋਂ ਕੁਝ ਖਾਧਾ ਹੈ ? ਇਹ ਗੱਲ ਵੱਖਰੀ ਹੈ ਕਿ ਉਹ ਮਹਾਂਪੁਰਸ਼ ਆਪਣੀ ਭੁੱਖ ਤੇਹ ਕਿਸੇ ਅੱਗੇ ਪ੍ਰਗਟ ਨਹੀਂ ਕਰਦੇ, ਪਰ ਮੈਂ ਤਾਂ ਜਾਣਦਾ ਹਾਂ ਕਿ ਉਨ੍ਹਾਂ ਨੂੰ ਵੀ ਅੰਨ ਪਾਣੀ ਦੀ ਲੋੜ ਹੈ। ਇਨ੍ਹਾਂ ਸੋਚਾਂ ਵਿਚ ਹੀ ਉਹ ਗੁਰੂ ਸਾਹਿਬ ਕੋਲ ਪਹੁੰਚ ਗਏ। ਸਾਰੀ ਵਰਤੀ-ਬੀਤੀ ਗੱਲ ਉਨ੍ਹਾਂ ਨੂੰ ਦੱਸੀ।

ਓਧਰ ਸਾਲਸ ਰਾਏ ਜੌਹਰੀ ਕਿੰਨਾ ਹੀ ਚਿਰ ਭਾਈ ਮਰਦਾਨਾ ਜੀ ਬਾਰੇ ਸੋਚਦਾ ਰਿਹਾ ਕਿ ‘ਕਿੰਨੀ ਸਾਦਗੀ, ਭੋਲਾਪਨ ਅਤੇ ਖਿੱਚ ਸੀ ਉਸ ਫ਼ਕੀਰ ਦੇ ਚਿਹਰੇ ਉੱਤੇ। ਉਹ ਕਿਸੇ ਸਾਧਾਰਨ ਵਪਾਰੀ ਦਾ ਨੌਕਰ ਨਹੀਂ ਹੋ ਸਕਦਾ। ਸੌ ਰੁਪਿਆ ਦਰਸ਼ਨ ਭੇਟ ਲੈਣ ਨੂੰ ਤਿਆਰ ਨਹੀਂ। ਕਹਿੰਦਾ ਸੀ ਮੇਰਾ ਮਾਲਕ ਇਹ ਕਦੀ ਨਹੀਂ ਲਵੇਗਾ। ਉਸ ਦਾ ਮਾਲਕ ਵੀ ਕੋਈ ਸਾਧਾਰਨ ਮਨੁੱਖ ਨਹੀਂ ਹੋ ਸਕਦਾ। ਅੱਜ ਦੇ ਜ਼ਮਾਨੇ ਵਿਚ ਕੋਈ ਵੱਡਾ ਤਿਆਗੀ ਜਾਂ ਪਹੁੰਚਿਆ ਹੋਇਆ ਰੱਬ ਦਾ ਪਿਆਰਾ ਹੀ ਹੋਵੇਗਾ, ਜੋ ਘਰ ਆਈ ਦੌਲਤ ਲੈਣ ਤੋਂ ਇਨਕਾਰ ਕਰਦਾ ਹੋਵੇ। ਐਸੇ ਮਹਾਂਪੁਰਸ਼ ਦੇ ਜ਼ਰੂਰ ਦਰਸ਼ਨ ਕਰਨੇ ਚਾਹੀਦੇ ਹਨ।’

ਉਸ ਨੇ ਆਪਣੇ ਨੌਕਰ ਅੱਧਰਕੇ ਨੂੰ ਆਵਾਜ਼ ਦੇ ਕੇ ਬੁਲਾਇਆ ਅਤੇ ਕਿਹਾ, “ਹੁਣੇ ਜਿਹੜਾ ਫ਼ਕੀਰ ਲਾਲ ਲੈ ਕੇ ਏਥੇ ਆਇਆ ਸੀ, ਤੂੰ ਅੱਗੇ ਜਾ ਕੇ ਉਸ ਨੂੰ ਰੋਕ, ਮੈਂ ਮਗਰੇ-ਮਗਰ ਆ ਰਿਹਾ ਹਾਂ।”

ਅੱਧਰਕੇ ਨੇ ਹੈਰਾਨ ਹੋ ਕੇ ਪੁੱਛਿਆ, “ਜੀ ਕੀ ਗੱਲ, ਕੀ ਉਹ ਇਥੋਂ ਕੁਝ ਚੁੱਕ ਕੇ ਲੈ ਗਿਆ ਏ ?”

“ਨਹੀਂ ਭਲਿਆ ਲੋਕਾ ਉਹ ਕੁਝ ਲੈ ਨਹੀਂ ਗਿਆ, ਸਗੋਂ ਇਕ ਸੁਖਾਵਾਂ ਜਿਹਾ ਭਰਮ ਛੱਡ ਗਿਆ ਏ। ਮੈਨੂੰ ਉਸ ਦੀ ਗੱਲਬਾਤ ਤੋਂ ਲੱਗਦੈ ਕਿ ਨਾ ਤਾਂ ਉਹ ਕੋਈ ਸਾਧਾਰਨ ਮਨੁੱਖ ਏ ਅਤੇ ਨਾ ਹੀ ਕਿਸੇ ਸਾਧਾਰਨ ਸ਼ਾਹੂਕਾਰ ਦਾ ਨੌਕਰ। ਮੈਂ ਐਸੇ ਸੱਜਣ ਆਦਮੀ ਦੇ ਮਾਲਕ ਦੇ ਦਰਸ਼ਨ ਕਰਨਾ ਚਾਹੁੰਦਾਂ। ਤੂੰ ਗੱਲਾਂ ਵਿਚ ਸਮਾਂ ਖ਼ਰਾਬ ਨਾ ਕਰ ਅਤੇ ਉਸ ਦੇ ਪਿੱਛੇ ਜਾ ਕੇ ਦੇਖ, ਉਹ ਕਿਹੜੇ ਪਾਸੇ ਗਿਆ टे।”

ਜਲਦੀ ਹੀ ਸਾਲਸ ਰਾਏ ਜੌਹਰੀ ਘਰੋਂ ਕੁਝ ਪਕਵਾਨ ਅਤੇ ਫਲ ਨੌਕਰਾਂ ਦੇ ਸਿਰ ‘ਤੇ ਚੁਕਾ ਕੇ ਅੱਧਰਕੇ ਦੇ ਪਿੱਛੇ-ਪਿੱਛੇ ਬਾਬਾ ਜੀ ਦੇ ਟਿਕਾਣੇ ਪਹੁੰਚਿਆ। ਗੁਰੂ ਜੀ ਅੰਤਰ ਧਿਆਨ ਹੋਏ ਬੈਠੇ ਸਨ ਅਤੇ ਅੱਧਰਕਾ, ਭਾਈ ਮਰਦਾਨਾ ਜੀ ਦੇ ਨਾਲ ਕੁਝ ਦੂਰੀ ਉੱਤੇ ਬੈਠਾ ਸੀ। ਬਾਬਾ ਜੀ ਦੇ ਨੂਰਾਨੀ ਚਿਹਰੇ ਵੱਲ ਦੇਖ ਕੇ ਸਾਲਸ ਰਾਏ ਨਿਹਾਲ ਹੋ ਗਿਆ ਅਤੇ ਉਥੇ ਹੀ ਹੱਥ ਜੋੜ ਕੇ ਖੜਾ ਹੋ ਗਿਆ।

ਕੁਝ ਸਮੇਂ ਬਾਅਦ ਗੁਰੂ ਬਾਬਾ ਜੀ ਨੇ ਨੈਣ ਖੋਲ੍ਹੇ । ਸਾਲਸ ਰਾਏ ਅਤੇ ਅੱਧਰਕਾ ਨੇ ਅੱਗੇ ਹੋ ਕੇ ਬਾਬਾ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ। ਸਤਿਗੁਰਾਂ ਨੇ ਦੋਹਾਂ ਨੂੰ ਅਸ਼ੀਰਵਾਦ ਦਿੱਤਾ।

ਸਾਲਸ ਰਾਏ ਨੇ ਝਕਦਿਆਂ ਹੋਇਆਂ ਪੁੱਛਿਆ, “ਜੀ ਆਪ ਕਿਥੋਂ ਆਏ ਹੋ ਅਤੇ ਆਪ ਜੀ ਦਾ ਸ਼ੁਭ ਨਾਮ ਕੀ ਏ ? ਮੈਂ ਅੱਜ ਤਕ ਕਈ ਸੰਤਾਂ ਮਹਾਤਮਾਵਾਂ ਨੂੰ ਮਿਲ ਚੁੱਕਾ ਹਾਂ, ਪਰ ਜੋ ਤਸੱਲੀ ਅਤੇ ਆਤਮਕ ਤ੍ਰਿਪਤੀ ਆਪ ਜੀ ਦੇ ਦਰਸ਼ਨਾਂ ਨਾਲ ਮਿਲੀ ਏ, ਉਹ ਅੱਜ ਤਕ ਹੋਰ ਕਿਤੋਂ ਨਹੀਂ ਮਿਲੀ। ਮੈਂ ਤਾਂ ਆਪ ਦੇ ਸੇਵਕ ਨੂੰ ਮਿਲ ਕੇ ਹੀ ਪ੍ਰਸੰਨ ਹੋ ਗਿਆ ਸਾਂ, ਜਿਸ ਦੇ ਹੱਥੀਂ ਆਪ ਨੇ ਕੀਮਤੀ ਲਾਲ ਭੇਜਿਆ ਸੀ, ਉਸ ਦੇ ਮਿਲਣ ਤੋਂ ਮਗਰੋਂ ਹੀ ਆਪ ਦੇ ਦਰਸ਼ਨਾਂ ਦੀ ਖਿੱਚ ਪੈਦਾ ਹੋਈ… ।”

ਦੀਨ ਦਿਆਲ ਵਿੱਚੋਂ ਹੀ ਗੱਲ ਟੋਕ ਕੇ ਬੋਲ ਪਏ, “ਖਿਮਾ ਕਰਨਾ ਸਾਲਸ ਰਾਏ, ਉਹ ਮੇਰਾ ਸੇਵਕ ਨਹੀਂ, ਉਹ ਮੇਰਾ ਭਾਈ ਏ । ਭਾਈ ਮਰਦਾਨਾ ।” ਤਾਂ ਸਾਲਸ ਰਾਏ ਨੇ ਭਾਈ ਮਰਦਾਨਾ ਜੀ ਨੂੰ ਵੀ ਆਦਰ ਸਹਿਤ ਸਿਰ ਨਿਵਾ ਕੇ ਨਮਸਕਾਰ ਕੀਤੀ। ਗੁਰੂ ਬਾਬਾ ਜੀ ਨੇ ਦੱਸਿਆ, “ਮੇਰਾ ਨਾਮ ਨਾਨਕ ਨਿਰੰਕਾਰੀ टे।”

ਸਾਲਸ ਰਾਏ ਨੇ ਹੱਥ ਜੋੜ ਕੇ ਬੇਨਤੀ ਕੀਤੀ, “ਮਹਾਰਾਜ, ਇਹ ਸੌ ਰੁਪਏ ਜੋ ਆਪ ਦਾ ਭਾਈ ਸਾਡੀ ਦੁਕਾਨ ਉੱਤੇ ਵਾਪਸ ਕਰ ਆਇਆ ਸੀ, ਇਹ ਆਪ ਰੱਖੋ।”

“ਤਾਂ ਗੁਰੂ ਨਾਨਕ ਜੀ ਕਹਿਆ—ਭਾਈ ਇਹ ਰੁਪਏ ਤੁਸਾਂ ਨੂੰ ਰਖਣੇ ਮਿਲੇ ਹੈਨ । ਤੁਹਾਡੇ ਕੰਮ ਦੇ ਹੈਨ । ਇਹ ਤੁਸਾਂ ਨੂੰ ਸੋਹਦੇ ਹੈਨ । ਅਸੀਂ ਤਾਂ ਅਤੀਤ ਫ਼ਕੀਰ ਹਾਂ। ਤਾਂ ਜਵਾਹਰੀ ਕਹਿਆ-ਜੀ ਇਹ ਮੇਵਾ ਅਤੇ ਪਕਵਾਨ ਅਤੇ ਕੁਛ ਹੋਰ ਹੈ, ਇਹ ਚਵੋ (ਮੂੰਹ ਪਾਓ, ਚਖੋ)।”

“ਠੀਕ ਏ, ਸਾਲਸ ਰਾਏ ! ਤੁਸੀਂ ਪਿਆਰ ਨਾਲ ਪਦਾਰਥ ਲਿਆਏ ਹੋ, ਇਥੇ ਰੱਖ ਜਾਓ। ਲੋੜ ਵੇਲੇ ਅਸੀਂ ਛਕ ਲਵਾਂਗੇ।” ਫੇਰ ਸਾਲਸ ਰਾਏ ਨੇ ਬੇਨਤੀ ਕੀਤੀ, “ਮਹਾਰਾਜ, ਆਪਦਾ ਜਿੰਨੀ ਦੇਰ ਇਸ ਇਲਾਕੇ ਵਿਚ ਵਿਸ਼ਰਾਮ ਕਰਨ ਦਾ ਵਿਚਾਰ ਏ, ਓਨੇ ਦਿਨ ਆਪ ਮੇਰੇ ਗ਼ਰੀਬਖ਼ਾਨੇ ਨੂੰ ਆਪਣੇ ਚਰਨਾਂ ਨਾਲ ਪਵਿੱਤਰ ਕਰੋ।”

ਗੁਰੂ ਜੀ ਨੇ ਕਿਹਾ, “ਨਹੀਂ ਸਾਲਸ ਰਾਏ, ਅਸੀਂ ਜਿੰਨੇ ਦਿਨ ਵੀ ਇਸ ਇਲਾਕੇ ਵਿਚ ਰਹਾਂਗੇ, ਨਗਰ ਤੋਂ ਬਾਹਰ ਇਥੇ ਖੁੱਲ੍ਹੀ ਜਗ੍ਹਾ ਤੇ ਕੁਦਰਤ ਦੀ ਗੋਦ ਵਿਚ ਰਹਾਂਗੇ। ਇਥੇ ਹੀ ਪ੍ਰਭੂ-ਭਗਤੀ ਅਤੇ ਕੀਰਤਨ ਕਰਾਂਗੇ।”

ਸਾਲਸ ਰਾਏ ਅਤੇ ਅੱਧਰਕਾ ਦੋਵੇਂ ਗੁਰੂ ਮਹਾਰਾਜ ਦੇ ਚਰਨਾਂ ਉੱਪਰ ਸੀਸ ਨਿਵਾ ਕੇ ਵਾਪਸ ਪਰਤ ਗਏ।

ਸਾਲਸ ਰਾਏ ਅਤੇ ਅੱਧਰਕਾ ਦੋਵੇਂ ਵੇਲੇ ਬਾਬਾ ਜੀ ਦੇ ਦਰਸ਼ਨ ਕਰਨ ਅਤੇ ਕੀਰਤਨ ਸੁਣਨ ਆਉਂਦੇ ।

ਬਾਬਾ ਜੀ ਅਤੇ ਭਾਈ ਮਰਦਾਨਾ ਜੀ ਵੇਹਲੇ ਵਕਤ ਕਦੀ ਕਦੀ ਆਪਸ ਵਿਚ ਕਿਸੇ ਮਸਲੇ ਉੱਤੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਵੀ ਕਰਦੇ। ਇਕ ਦਿਹਾੜੇ ਭਾਈ ਮਰਦਾਨਾ ਸਤਿਗੁਰਾਂ ਨੂੰ ਕਹਿਣ ਲੱਗੇ, “ਬਾਬਾ ਜੀ, ਮੈਨੂੰ ਸਾਲਸ ਰਾਏ ਅਤੇ ਉਸ ਦੇ ਸੇਵਕ ਅੱਧਰਕੇ ਦੇ ਚਿਹਰਿਆਂ ਉੱਪਰ ਕਦੀ ਕਦੀ ਹਲਕੀ ਜਿਹੀ ਰੱਬੀ ਆਭਾ ਨਜ਼ਰ ਆਉਂਦੀ ਏ। ਮੈਨੂੰ ਲੱਗਦਾ ਏ ਇਹ ਦੋਵੇਂ ਸਾਧਾਰਨ ਮਨੁੱਖਾਂ ਨਾਲੋਂ ਕੁਝ ਉੱਚੇ ਅਤੇ ਭਿੰਨ ਨੇ।”

ਸੁਣ ਕੇ ਬਾਬਾ ਜੀ ਭਾਈ ਮਰਦਾਨਾ ਦੇ ਮੂੰਹ ਵੱਲ ਦੇਖ ਕੇ ਰਤਾ ਕੁ ਮੁਸਕਰਾਏ। ਮਰਦਾਨਾ ਜੀ ਦੇਖ ਕੇ ਕੁਝ ਘਬਰਾਏ ਅਤੇ ਦਿਲ ਵਿਚ ਸੋਚਣ ਲੱਗੇ ਕਿ ਸ਼ਾਇਦ ਉਨ੍ਹਾਂ ਨੇ ਕੁਝ ਗ਼ਲਤ ਕਹਿ ਦਿੱਤਾ ਹੈ । ਬਾਬਾ ਜੀ ਨੂੰ ਨਿਮਰਤਾ ਨਾਲ ਪੁੱਛਣ ਲੱਗੇ, “ਕੀ ਮੇਰੇ ਮੂੰਹੋਂ ਕੁਝ ਗ਼ਲਤ ਸ਼ਬਦ ਨਿਕਲ ਗਏ ਨੇ? ਮੈਂ ਅਨਜਾਣ ਹਾਂ, ਜੇ ਕੋਈ ਗੁਸਤਾਖ਼ੀ ਹੋ ਗਈ ਹੋਵੇ ਤਾਂ ਖਿਮਾ ਕਰਨਾ।”

ਸੁਣ ਕੇ ਗੁਰੂ ਬਾਬਾ ਜੀ ਫੇਰ ਮੁਸਕਰਾਏ ਅਤੇ ਕਹਿਣ ਲੱਗੇ, “ਭਾਈ ਮਰਦਾਨਾ, ਮੈਨੂੰ ਤੁਹਾਡੀ ਸੂਝ-ਬੂਝ ਅਤੇ ਤੀਖਣ ਬੁੱਧੀ ਉੱਪਰ ਮਾਣ ਹੋਣ ਲੱਗ ਪਿਆ ਏ। ਹੁਣ ਮੈਂ ਮਹਿਸੂਸ ਕਰਨ ਲੱਗਾ ਹਾਂ ਕਿ ਤੁਹਾਡੀ ਨਜ਼ਰ ਸਰੀਰਾਂ ਤੋਂ ਪਾਰ ਵੀ ਦੇਖ ਸਕਦੀ ਏ । ਜਿਸ ਸਾਲਸ ਰਾਏ ਅਤੇ ਅੱਧਰਕੇ ਦੀ ਤੁਸਾਂ ਗੱਲ ਕੀਤੀ ਏ, ਸੱਚਮੁੱਚ ਹੀ ਉਹ ਸਾਧਾਰਨ ਮਨੁੱਖਾਂ ਤੋਂ ਉੱਚੇ ਨੇ। ਏਸੇ ਲਈ ਮੈਂ ਪਹਿਲਾਂ ਹੀ ਫ਼ੈਸਲਾ ਕਰ ਚੁੱਕਾ ਸਾਂ ਕਿ ਸਾਲਸ ਰਾਏ ਨੂੰ ਮੰਜੀ ਪ੍ਰਦਾਨ ਕਰਾਂ ਤਾਂ ਜੋ ਸਾਡੇ ਜਾਣ ਮਗਰੋਂ ਵੀ ਏਥੇ ਕੀਰਤਨ ਦਾ ਪ੍ਰਵਾਹ ਚੱਲਦਾ ਰਹਿ ਸਕੇ। ਸਾਲਸ ਰਾਏ ਦੇ ਮਗਰੋਂ ਏਸ ਮੰਜੀ ਦਾ ਹੱਕਦਾਰ ਅੱਧਰਕਾ ਹੋਵੇਗਾ।”

ਗੁਰੂ ਜੀ ਦੇ ਮੂੰਹੋਂ ਆਪਣੀ ਸਿਫ਼ਤ ਸੁਣ ਕੇ ਭਾਈ ਮਰਦਾਨਾ ਜੀ ਦਾ ਮਨੋਬਲ ਅਤੇ ਆਤਮਕ ਬਲ ਹੋਰ ਵੀ ਵੱਧ ਗਿਆ।

“ਗੁਰੂ ਨਾਨਕ ਜੀ ਸਾਲਸ ਰਾਏ ਜਵਾਹਰੀ ਨੂੰ ਮੰਜੀ (ਅਧਿਆਤਮਕ ਗੱਦੀ) ਬਹਾਲਿਆ। ਆਖਿਆ ਸੂ, ਸੁਣ ਸਾਲਸ ਰਾਏ, ਜਿੱਚਰ ਤੂੰ ਜੀਂਵਦਾ ਹੈਂ ਇਹ ਮੰਜੀ ਤੇਰੀ ਹੈ। ਅਤੇ ਜਦੋਂ ਤੇਰੀ ਦੇਹ ਛੁੱਟੇਗੀ ਤਾਂ ਅੱਧਰਿਕਾ ਬਹੇਗਾ… ।”

ਗੁਰੂ ਸਾਹਿਬ ਦੀ ਚੁੰਬਕੀ ਸ਼ਖ਼ਸੀਅਤ ਅਤੇ ਉਨ੍ਹਾਂ ਦੇ ਸੰਪਰਕ ਸਦਕਾ ਉਨ੍ਹਾਂ ਦੇ ਬਹੁਤ ਸਾਰੇ ਸਤਸੰਗੀਆਂ ਦੀ ਸੋਚ ਅਤੇ ਜੀਵਨ ਸ਼ੈਲੀ ਬਦਲ ਗਈ ਸੀ। ਇਨ੍ਹਾਂ ਵਿੱਚੋਂ ਕੁਝ ਇਕ ਤਾਂ ਚੰਗੇ ਕਵੀ ਅਤੇ ਵਾਰਤਾਕਾਰ ਵੀ ਬਣ ਗਏ। ਅਜਿਹੇ ਸੰਗੀਆਂ ਵਿੱਚੋਂ ਸਾਲਸ ਰਾਏ ਜੌਹਰੀ ਵੀ ਇਕ ਸੀ, ਜੋ ਗੁਰੂ ਬਾਬਾ ਜੀ ਦੇ ਸੰਪਰਕ ਮਗਰੋਂ ਇਕ ਚੰਗਾ ਭਗਤ ਕਵੀ ਬਣ ਗਿਆ ਸੀ।

ਮੰਜੀ ਸਥਾਪਤ ਕਰ ਕੇ, ਸਾਲਸ ਰਾਏ ਨੂੰ ਇਹ ਸੇਵਾ ਸੌਂਪ ਕੇ ਮਹਾਰਾਜ ਅਤੇ ਭਾਈ ਮਰਦਾਨਾ ਅਗਲੇ ਸਫ਼ਰ ਉੱਪਰ ਤੁਰ ਗਏ। ਉਨ੍ਹਾਂ ਦੇ ਜਾਣ ਮਗਰੋਂ ਬਾਕਾਇਦਾ ਉਥੇ ਕੀਰਤਨ ਅਤੇ ਰੱਬੀ ਸਿਫ਼ਤਿ-ਸਾਲਾਹ ਦੀ ਪਰੰਪਰਾ ਜਾਰੀ ਰਹੀ।

ਕਿਹਾ ਜਾਂਦਾ ਹੈ ਕਿ ਅੱਧਰਕਾ ਦੇ ਵੰਸ਼ਜ਼ ਵੀ ਗੁਰੂ-ਘਰ ਦੀ ਸੇਵਾ ਕਰਦੇ ਰਹੇ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵੀ ਉਨ੍ਹਾਂ ਦੀ ਸੇਵਾ ਵਿਚ ਪਟਨੇ ਪਹੁੰਚ ਕੇ ਗੁਰੂ ਜੀ ਦੀ ਸੇਵਾ-ਭਗਤੀ ਵਿਚ ਲੱਗੇ ਰਹੇ।

7.

“ਕੀ ਗੱਲ ਭਾਈ ਮਰਦਾਨਾ, ਅੱਜ ਕੁਝ ਚੁੱਪ-ਚੁੱਪ ਨਜ਼ਰ ਆ ਰਹੇ ਹੋ। ਔਖੇ ਰਸਤਿਆਂ ‘ਤੇ ਚੱਲਦਿਆਂ ਕੋਈ ਪਰੇਸ਼ਾਨੀ ਤਾਂ ਮਹਿਸੂਸ ਨਹੀਂ ਕਰ ਰਹੇ ?” ਗੁਰੂ ਬਾਬਾ ਜੀ ਨੇ ਨਾਲ ਤੁਰੇ ਆਉਂਦੇ ਭਾਈ ਮਰਦਾਨਾ ਨੂੰ ਪੁੱਛਿਆ।

ਜਗਤ ਯਾਤਰਾ ਉੱਤੇ ਤੁਰਦਿਆਂ ਅਕਸਰ ਇਹ ਦੋਵੇਂ ਰਸਤੇ ਵਿਚ ਗੱਲਾਂ-ਬਾਤਾਂ ਕਰਦੇ ਰਹਿੰਦੇ। ਭਾਈ ਮਰਦਾਨਾ ਜੀ ਨੂੰ ਕਈ ਨਵੇਂ ਵਿਚਾਰ ਪ੍ਰਾਪਤ ਹੁੰਦੇ। ਬਾਬਾ ਜੀ ਦੇ ਉੱਚੇ ਅਤੇ ਸੁੱਚੇ ਵਿਚਾਰਾਂ ਦਾ ਸਿੱਧਾ ਜਾਂ ਅਸਿੱਧਾ ਅਸਰ ਉਨ੍ਹਾਂ ਉੱਤੇ ਹੋਣਾ ਕੁਦਰਤੀ ਸੀ। ਇਸ ਨਾਲ ਭਾਈ ਮਰਦਾਨਾ ਦੀ ਸੋਚ ਅਤੇ ਗਿਆਨ ਦਾ ਘੇਰਾ ਵਿਸ਼ਾਲ ਹੁੰਦਾ ਗਿਆ।

ਭਾਈ ਮਰਦਾਨਾ ਜੀ ਨੇ ਕਿਹਾ, “ਬਾਬਾ ਜੀ, ਤੁਹਾਡਾ ਸਾਥ ਹੋਵੇ ਤਾਂ ਔਖੇ ਤੋਂ ਔਖਾ ਪੈਂਡਾ ਵੀ ਆਸਾਨ ਹੋ ਜਾਂਦਾ ਏ । ਤੁਹਾਡੇ ਸਾਥ ਵਿਚ ਲੰਮੇ ਤੋਂ ਲੰਮਾ ਸਫ਼ਰ ਵੀ ਇਕ ਸੁਖਾਵਾਂ ਅਤੇ ਦਿਲਕਸ਼ ਅਨੁਭਵ ਮਹਿਸੂਸ ਹੁੰਦਾ ਏ। ਪਰ ਬਾਬਾ ਜੀ ਅਸੀਂ ਆਮ ਤੌਰ ‘ਤੇ ਪਿੰਡਾਂ ਅਤੇ ਸ਼ਹਿਰਾਂ ਦੇ ਖੱਪਖ਼ਾਨੇ ਵਿੱਚੋਂ ਨਾ ਲੰਘਦੇ ਹੋਏ ਬਾਹਰੋ-ਬਾਹਰ ਜੰਗਲਾਂ ਅਤੇ ਉਜਾੜਾਂ ਦੇ ਰਸਤੇ ਆਪਣਾ ਸਫ਼ਰ ਤੈਅ ਕਰਦੇ ਹਾਂ। ਅਜਿਹੇ ਰਸਤਿਆਂ ਵਿਚ ਲੰਮੇ ਸਮੇਂ ਤਕ ਨਾ ਕੁਝ ਖਾਣ ਨੂੰ ਮਿਲਦਾ ਏ, ਨਾ ਪੀਣ ਨੂੰ । ਜੇ ਕਦੇ ਤੁਰਦਿਆਂ ਰਸਤੇ ਵਿਚ ਮਾੜਾ ਮੋਟਾ ਪਿੰਡ ਗਰਾਂ ਆ ਜਾਵੇ ਤਾਂ ਭਾਵੇਂ ਅੰਨ ਮੂੰਹ ਲੱਗੇ, ਵਰਨਾ ਜੰਗਲਾਂ ਵਿਚ ਜੋ ਵੀ ਕੋਈ ਕੱਚਾ-ਪੱਕਾ ਫਲ ਜਾਂ ਬਨਸਪਤੀ ਮਿਲ ਜਾਏ, ਖਾ ਕੇ ਸਫ਼ਰ ਕਰਦੇ ਹਾਂ । ਬਾਬਾ ਜੀ, ਆਪ ਤਾਂ ਅਵਤਾਰੀ ਪੁਰਸ਼ ਹੋ, ਕਈ ਕਈ ਦਿਨ ਭੁੱਖੇ-ਤਿਹਾਏ ਸਫ਼ਰ ਕਰ ਲੈਂਦੇ ਹੋ, ਪਰ ਏਨੀ ਭੁੱਖ ਸਹਾਰਨੀ ਮੇਰੇ ਵੱਸ ਦੀ ਗੱਲ ਨਹੀਂ।”

ਭਾਈ ਮਰਦਾਨਾ ਜੀ ਦੀ ਗੱਲ ਕਿਸੇ ਹੱਦ ਤਕ ਠੀਕ ਵੀ ਸੀ। ਇਕ ਤਾਂ ਭਾਈ ਸਾਹਿਬ ਗੁਰੂ ਜੀ ਤੋਂ ਦਸ ਸਾਲ ਵੱਡੇ ਸਨ ਅਤੇ ਉਨ੍ਹਾਂ ਦੀ ਉਮਰ ਵੀ ਪੰਜਾਹਾਂ ਤੋਂ ਟੱਪ ਚੁੱਕੀ ਸੀ। ਦੂਸਰਾ, ਉਹ ਜ਼ਰਾ ਕੁ ਨਾਜ਼ੁਕ ਸਰੀਰ ਦੇ ਸਨ ਅਤੇ ਉਨ੍ਹਾਂ ਦਾ ਜੁੱਸਾ ਵੀ ਗੁਰੂ ਬਾਬਾ ਜੀ ਵਰਗਾ ਮਜ਼ਬੂਤ ਨਹੀਂ ਸੀ ਅਤੇ ਨਾ ਹੀ ਉਨ੍ਹਾਂ (ਵਿਚ ਬਾਬਾ ਜੀ ਵਰਗੀ ਆਤਮਕ ਸ਼ਕਤੀ ਸੀ

ਕਈ ਵਾਰ ਭਾਈ ਮਰਦਾਨਾ ਜੀ ਅਜਿਹੀ ਕਰੜੀ ਘਾਲਣਾ ਘਾਲਣ ਤੋਂ ਅਸਮਰੱਥ ਹੋ ਜਾਂਦੇ ਅਤੇ ਨਿਰਾਸ਼ਾਵਾਦੀ ਵਿਚਾਰ ਉਨ੍ਹਾਂ ਦੇ ਮਨ ਵਿਚ ਆਣ ਲੱਗਦੇ। ਉਹ ਸੋਚਦੇ ਕਿ ਅਜਿਹੇ ਹਾਲਾਤ ਵਿਚ ਇਸ ਔਖੇ ਅਤੇ ਲੰਮੇ ਰਸਤੇ ਉੱਪਰ ਕਿੰਨਾ ਕੁ ਚਿਰ ਜ਼ਿੰਦਾ ਰਹਿ ਸਕਣਗੇ ? ਕਦੀ ਕਦੀ ਉਨ੍ਹਾਂ ਦੇ ਮਨ ਵਿਚ ਖ਼ਿਆਲ ਆਣ ਲੱਗਦੇ ਕਿ ਇਸ ਨਾਲੋਂ ਤਾਂ ਉਹ ਆਪਣੇ ਪਿੰਡ ਤਲਵੰਡੀ ਵਿਚ ਹੀ ਠੀਕ ਸਨ। ਆਰਾਮ ਦੀ ਰੋਟੀ ਤਾਂ ਦੋਵੇਂ ਵੇਲੇ ਮਿਲਦੀ ਸੀ, ਕੋਈ ਕਠਿਨਾਈ, ਤਕਲੀਫ਼ ਨਹੀਂ ਸੀ।

ਜਾਣੀ-ਜਾਣ ਬਾਬਾ ਜੀ ਨੇ ਭਾਈ ਮਰਦਾਨਾ ਦੇ ਮਨ ਦੀ ਅਵਸਥਾ ਸਮਝਦਿਆਂ ਹੋਇਆਂ ਹੌਸਲਾ ਦਿੱਤਾ ਅਤੇ ਸਮਝਾਇਆ ਕਿ ਜੇ ਰੱਬ ਉੱਤੇ ਭਰੋਸਾ ਕਰ ਕੇ ਉਸ ਵੱਲ ਧਿਆਨ ਧਰੀਏ ਤਾਂ ਹਰ ਮੁਸ਼ਕਲ ਆਸਾਨ ਹੋ ਜਾਂਦੀ ਹੈ।

“ਸਤਿ ਬਚਨ” ਕਹਿ ਕੇ ਭਾਈ ਮਰਦਾਨਾ ਬਾਬਾ ਜੀ ਦੇ ਨਾਲ ਤੁਰ ਪਏ। ਇਨ੍ਹਾਂ ਹੀ ਔਖੇ ਰਸਤਿਆਂ ‘ਤੇ ਤੁਰਦਿਆਂ ਕੁਝ ਦਿਨਾਂ ਬਾਅਦ ਇਕ ਦਿਨ ਭਾਈ ਮਰਦਾਨਾ ਜੀ ਗੁਰੂ ਜੀ ਤੋਂ ਕਾਫ਼ੀ ਪਿੱਛੇ ਰਹਿ ਗਏ। ਬਾਬਾ ਜੀ ਕੁਝ ਚਿਰ ਰੁਕੇ, ਜਦ ਭਾਈ ਮਰਦਾਨਾ ਨੇੜੇ ਪਹੁੰਚੇ ਤਾਂ ਗੁਰੂ ਬਾਬਾ ਜੀ ਨੇ ਉਨ੍ਹਾਂ ਦੀ ਸ਼ਕਲ ਵੱਲ ਦੇਖ ਕੇ ਕਿਹਾ, “ਕਿਉਂ ਭਾਈ ਮਰਦਾਨਾ, ਅੱਜ ਤੁਹਾਡੀ ਤਬੀਅਤ ਕੁਝ ਠੀਕ ਨਹੀਂ ਜਾਪਦੀ।” ਮਰਦਾਨਾ ਜੀ ਨੇ ਉੱਤਰ ਦਿੱਤਾ, “ਮਹਾਰਾਜ ਆਪ ਨੂੰ ਤਾਂ ਪਤਾ ਈ ਏ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਪੇਟ ਵਿਚ ਅਨਾਜ ਨਹੀਂ ਗਿਆ। ਭੁੱਖਾ ਰਹਿਣ ਕਾਰਨ ਹੁਣ ਹੋਰ ਤੁਰਨ ਦੀ ਹਿੰਮਤ ਨਹੀਂ। ਸਿਰ ਨੂੰ ਚੱਕਰ ਆ ਰਹੇ ਹਨ।” ਏਨਾ ਕਹਿ ਕੇ ਉਹ ਉਥੇ ਹੀ ਭੁੰਜੇ ਬੈਠ ਗਏ।

ਬਾਬਾ ਜੀ ਨੇ ਕਿਹਾ, “ਕੋਈ ਗੱਲ ਨਹੀਂ ਮਰਦਾਨਾ ਹੌਸਲਾ ਕਰੋ।”

“ਉਠ ਬਹੁ ਰਬਾਬ ਵਜਾਇ, ਸਬਦ ਗਾਉ, ਪਰਮੇਸਰੁ ਕਿਛ ਭੁੱਖ ਦਾ ਭੀ ਕਰੇਗਾ।”

ਮਰਦਾਨਾ ਜੀ ਨੇ ਕਿਹਾ:

“ਜੀ ਰਬਾਬੂ ਵਜਾਵਣੇ ਗਲਿ ਖਲੋਈ ਹੀ । ਜੀਉ ਥੋੜਾ ਹੋਆ (ਦਿਲ ਘਟਦਾ ਹੈ। “

ਫੇਰ ਭਾਈ ਮਰਦਾਨਾ ਜੀ ਨੇ ਹੱਥ ਜੋੜ ਕੇ ਕਿਹਾ:

“ਬਾਬਾ ਜੀ ਸਲਾਮਤਿ ! ਮੇਰੀ ਬੇਨਤੀ ਸੁਣ। ਤਬ ਗੁਰੂ ਬਾਬੇ ਆਖਿਆ- ਮਰਦਾਨਿਆ। ਆਖ ਜਿ ਤੇਰੈ ਜੀ ਹੈ।”

“ਤਬ ਮਰਦਾਨੇ ਕਹਿਆ-ਜੀ ਬਾਬਾ ਪਾਤਸ਼ਾਹ ਸਲਾਮਤ! ਅਸੀਂ ਮੱਲ ਮੂਤਰ ਧਾਰੀ ਜੀਵ, ਤੂੰ ਅਤੀਤ ਪੁਰਖ, ਖਾਇ ਨਾਹੀ ਕਿਛੁ ਪੀਅਹ ਨਾਹੀਂ। ਤੁ ਨਿਰਬਾਣੁ, ਦੁਖਹੁ ਸੁਖਹੁ ਪਾਕੁ.. ਤੂੰ ਵਸਦੀ (ਬਸਤੀ) ਕਿਤੈ ਵੜਹਿ ਨਾਹੀਂ, ਮਨੁਖ ਦੇ ਮੁਖ ਲਗਹਿ ਨਾਹੀਂ, ਛੀਅ ਰੁੱਤੀ, ਬਾਰਾ ਮਾਸ ਤੂੰ ਉਦਿਆਨ (ਜੰਗਲ) ਹੀ ਮਹਿ ਫਿਰਹਿ। ਦਿਖਾ ਜੀ (ਦੱਸੋ ਜੀ) ਅਸਾਡਾ ਕਵਣ ਹਾਲ ? ਅਸਾਡੇ ਬੁੱਤੈ ਕਿਛ ਇਹਿ ਮਿਹਨਤਿ ਕੀਤੀ ਨਾਹੀ ਜਾਂਦੀ। ਤੂ ਦੇਆ ਨਾਥ ਹੋਹਿ, ਦੇਆ ਕਰ ਤਾਂ ਮੇਰੇ ਤਾਂਈ ਵਿਦਾ ਦੇਹਿ, ਜੇ ਮੈਂ ਫਿਰ ਘਰ ਜਾਵਾਂ। ਮੈ ਜੀ ਹੁਣ ਨਾਹੀਂ ਰਹਿ ਸਕਦਾ।”

“ਤਬ ਗੁਰੂ ਬਾਬੇ ਜੀ ਆਖਿਆ-ਜਿ ਮਰਦਾਨਿਆ ਮੇਰੀ ਤੁਧੁ ਉਤੈ ਬਹੁਤੁ ਖ਼ੁਸ਼ੀ ਆਹੀ। ਪਰ ਤੁਧੁ ਇਹ ਗਲਿ ਕਿਉਂ ਆਖੀ?..ਫੇਰ ਬਾਬੇ ਆਖਿਆ- ਮਰਦਾਨਿਆ ! ਸਬਦਿ ਚਿਤਿ ਕਰ, ਤਉ ਬਾਝੁ ਬਾਣੀ ਸਰਿ ਨਹੀਂ ਆਵਦੀ।” “ਕਹੈ, ਜੀ ਸੁਹਾਣ ਹੈ ਤੇਰੀ ਇਸ ਖੁਸ਼ੀ ਨੂੰ, ਤੂ ਮੈਨੋ ਵਿਦਾ ਕਰਿ ਜਿ ਮੈਂ ਘਰੀ ਜਾਵਾਂ।”

“ਤਬ ਗੁਰੂ ਬਾਬੇ ਆਖਿਆ-ਜੀ ਮਰਦਾਨਿਆ! ਤੂ ਕਿਵੈ ਰਹਹਿ ਭੀ ਅਸਾਂ ਨਾਲ ?”

“ਤਾਂ ਮਰਦਾਨੇ ਆਖਿਆ-ਜੀ ਹਉਂ ਤਾਂ ਹੀ ਤੇਰੇ ਨਾਲਿ ਰਹਾਂ ਜਾਂ ਤੂ ਮੈਨੋ ਆਪਣਾ ਜਿਹਾ ਧੀਰਜ ਦੇਹਿ। ਅਰੁ ਜਿਓ ਤੁਧਨੋ ਨਾ ਹੀ ਭੁਖ ਤੇਹ, ਤਿਵੈ ਮੈਨੋ ਵੀ ਨਾਹੋਵੈ । ਅਰੁ ਜੀ, ਜਿਥੈ ਤੈ ਜਾਣਾ ਹੈ ਤਿਥੈ ਤੂ ਮੈਨੋ ਵੀ ਉਥਾਊ ਲੈ ਜਾਹਿ। ਅਰੁ ਮੇਰੇ ਕਰਮ ਵਿਚਾਰਹਿ ਨਾਹੀ। ਤਾਂ ਹਉਂ ਤੇਰੈ ਨਾਲ ਰਹਾਂ। ਤੂ ਭਗਤਿ ਕਮਾਵਹਿ ਹਉਂ ਤੇਰੇ ਨਾਲ ਲਗਾ ਫਿਰਾਂ ਜੇ ਇਹੀ ਦਿਸਟਿ ਕਰਹਿ ਤਾਂ ਰਹਾਂ, ਨਾਹੀ ਤਾਂ ਜੀ ਮੈਨੋ ਵਿਦਾ ਕਰਿ।”

“ਤਬ ਗੁਰੂ ਬਾਬਾ ਹਸਿਆ, ਹਸ ਕਰ ਦੈਆਲ ਹੋਆ ਮਰਦਾਨੇ ਉਪਰਿ । ਗੁਰੂ ਆਖਿਆ-ਸਾਬਾਸਿ ਮਰਦਾਨਿਆ! ਤੋਂ ਭਲੀ ਵਸਤੂ ਮੰਗੀ।”

“ਤਬ ਮਰਦਾਨਾ ਗੁਰੂ ਜੀ ਕੀ ਪੈਰੀਂ ਪੜਿਆ । ਜਾ ਸਿਰੁ ਪੈਰਾ ਉਪਰਿ ਰਖਿਆ ਸੂ ਤਾਂ ਭੁਖ ਤੇਹ ਦੋਵੈ ਮਿਟ ਗਈਆਂ। ਸੰਤੋਖ ਆਇ ਗਿਓ ਸੂ।”

ਕਿੰਨੀ ਲਾਡ ਭਰੀ ਜ਼ਿਦ, ਭਰੋਸੇ ਅਤੇ ਅਪਣੱਤ ਨਾਲ ਮਰਦਾਨਾ ਜੀ ਨੇ ਆਪਣੀ ਮੰਗ ਗੁਰੂ ਮਹਾਰਾਜ ਜੀ ਕੋਲੋਂ ਮੰਨਵਾ ਲਈ। ਜਿਵੇਂ ਬੱਚਾ ਪਿਤਾ ਕੋਲੋਂ ਆਪਣੀ ਜ਼ਿਦ ਮਨਵਾਉਂਦਾ ਹੈ।

ਸੱਚਮੁੱਚ ਹੀ ਭਾਈ ਮਰਦਾਨਾ ਜੀ ਨੇ “ਭਲੀ ਵਸਤੁ” ਮੰਗੀ। ਲੋਕ ਤਾਂ ਦੁਨਿਆਵੀ ਪਦਾਰਥ ਮੰਗਦੇ ਨੇ, ਘਰ ਪਰਿਵਾਰ ਦੀ ਸੁਖ ਮੰਗਦੇ ਨੇ, ਪਰ ਭਾਈ ਮਰਦਾਨਾ ਨੇ ਤਾਂ ਸਬਰ ਸੰਤੋਖ ਅਤੇ ਧੀਰਜ ਮੰਗ ਲਿਆ। ਇਸ ਦੇ ਨਾਲ ਹੀ ਇਸ ਤੋਂ ਵੀ ਵੱਡੀ ਗੱਲ ਮੰਨਵਾ ਲਈ ਕਿ “ਜਿਥੇ ਤੂੰ ਜਾਣਾ ਏਂ ਮੈਨੂੰ ਵੀ ਉਥੇ ਆਪਣੇ ਨਾਲ ਲੈ ਕੇ ਜਾਣਾ ਏਂ ਅਤੇ ਮੇਰੇ ਕਰਮ ਨਹੀਂ ਵਿਚਾਰਨੇ।” ਉਨ੍ਹਾਂ ਦੀਆਂ ਮੰਗਾਂ ਸਵੀਕਾਰ ਹੋਣ ਨਾਲ ਭਾਈ ਮਰਦਾਨਾ ਜੀ ਨੇ ਬਹੁਤ ਕੁਝ ਪਾ ਲਿਆ। ਉਹ ਧੰਨ ਹੋ ਗਏ।

ਗੁਰੂ ਬਾਬਾ ਜੀ ਦੇ ਮਿਹਰ ਭਰੇ ਅਸ਼ੀਰਵਾਦ ਤੋਂ ਮਗਰੋਂ ਭਾਈ ਮਰਦਾਨਾ ਜੀ ਦੀਆਂ ਅੱਖਾਂ ਵਿੱਚੋਂ ਸ਼ੁਕਰਾਨੇ ਦੇ ਹੰਝੂ ਵਹਿਣ ਲੱਗੇ । ਉਹ ਬਾਬਾ ਜੀ ਦੇ ਚਰਨਾਂ ‘ਤੇ ਢਹਿ ਪਏ ਅਤੇ ਆਖਣ ਲੱਗੇ, “ਬਾਬਾ ਜੀ, ਤੁਹਾਡੀਆਂ ਬੁਲੰਦੀਆਂ ਤਕ ਮੇਰੀ ਨਜ਼ਰ ਨਹੀਂ ਪਹੁੰਚ ਸਕਦੀ। ਤੁਸੀਂ ਬਹੁਤ ਮਹਾਨ ਤੇ ਉੱਚੇ ਹੋ। ਮੈਂ ਤੁਹਾਡੇ ਸਾਹਮਣੇ ਇਕ ਕੀਟ ਸਮਾਨ ਹਾਂ। ਤੁਹਾਡੀ ਮਿਹਰਾਂ ਭਰੀ ਨਿਗਾਹ ਕਾਰਨ ਮੈਂ ‘ਕੁਝ ਨਹੀਂ” ਤੋਂ ‘ਕੁਝ’ ਹੋ ਗਿਆ । ਬਾਬਾ ਜੀ ਮੈਂ ਸਦਾ ਭੁੱਲਦਾ ਆਇਆ ਹਾਂ । ਤੁਸਾਂ ਮੇਰੀਆਂ ਭੁੱਲਾਂ ਨੂੰ ਕਦੀ ਨਹੀਂ ਗੌਲਿਆ। ਪਰੇਸ਼ਾਨੀਆਂ ਅਤੇ ਔਕੜਾਂ ਕਾਰਨ ਮੈਂ ਕਈ ਵਾਰ ਆਪਣੇ ਸਿਦਕ ਤੋਂ ਵੀ ਡੋਲ ਜਾਂਦਾ ਰਿਹਾਂ। ਸੱਚੇ ਪਾਤਸ਼ਾਹ, ਆਪ ਹੀ ਹੋ ਜੋ ਸਦਾ ਮੈਨੂੰ ਚੜ੍ਹਦੀਆਂ ਕਲਾਂ ਬਖ਼ਸ਼ਦੇ ਰਹੇ।”

ਗੁਰੂ ਬਾਬਾ ਜੀ ਨੇ ਬੜੇ ਪਿਆਰ ਨਾਲ ਭਾਈ ਮਰਦਾਨਾ ਨੂੰ ਆਪਣੇ ਚਰਨਾਂ ਤੋਂ ਚੁੱਕਿਆ, ਉਨ੍ਹਾਂ ਦੇ ਹੰਝੂ ਆਪਣੇ ਕਰ-ਕਮਲਾਂ ਨਾਲ ਪੂੰਝੇ ਅਤੇ ਕਿਹਾ, “ਭਾਈ ਮਰਦਾਨਾ, ਮੈਂ ਅਜੇ ਵੀ ਓਹੀ ਨਾਨਕ ਹਾਂ, ਜੋ ਤਲਵੰਡੀ ਦੀਆਂ ਗਲੀਆਂ ਵਿਚ ਨਿੱਕੇ ਹੁੰਦਿਆਂ ਤੁਹਾਡੇ ਨਾਲ ਖੇਡਦਾ ਸਾਂ। ਵੱਡਾ ਤਾਂ ਕੇਵਲ ਉਹ ਕਰਤਾਰ ਏ, ਉਹ ਨਿਰੰਕਾਰ ਏ। ਇਹ ਸਭ ਓਸੇ ਦੀ ਵਡਿਆਈ ਏ।

“ਮਰਦਾਨਿਆ ਕਰਤਾਰ ਦਾ ਨਾਉ ਲਇ, ਏਦੂੰ ਅੱਗੇ ਹੋਰ ਨਹੀਂ ਆਖਣਾ।”

8.

ਚੁਮਾਸੇ ਦੇ ਦਿਨ ਸਨ। ਭਾਵੇਂ ਦਿਨ ਢਲਣ ‘ਤੇ ਆ ਗਿਆ ਸੀ ਪਰ ਤਪਸ਼ ਨਹੀਂ ਸੀ ਘਟੀ। ਹਵਾ ਬਿਲਕੁਲ ਬੰਦ ਸੀ। ਕਿਤੇ ਕੋਈ ਪੱਤਾ ਵੀ ਨਹੀਂ ਸੀ ਹਿੱਲ ਰਿਹਾ। ਵਿਹੜੇ ਵਿਚ ਟਾਹਲੀ ਦੇ ਰੁੱਖ ਹੇਠ ਮੰਜੀ ‘ਤੇ ਬੈਠੀ ਡੂੰਘੀਆਂ ਸੋਚਾਂ ਵਿਚ ਡੁੱਬੀ ਅੱਲਾ ਰੱਖੀ ਅੱਜ ਕੁਝ ਵਧੇਰੇ ਪਰੇਸ਼ਾਨ ਨਜ਼ਰ ਆ ਰਹੀ ਸੀ। ਪੱਖੀ ਦੀ ਹਵਾ ਵੀ ਪੋਹ ਨਹੀਂ ਸੀ ਰਹੀ। ਕੁਝ ਬਾਹਰ ਦਾ ਹੁੱਸੜ ਅਤੇ ਕੁਝ ਅੰਦਰ ਦੀ ਤਪਸ਼ ਕਾਰਨ ਉਹ ਆਪਣੇ-ਆਪ ਨੂੰ ਬਹੁਤ ਬੇ-ਆਰਾਮ ਮਹਿਸੂਸ ਕਰ ਰਹੀ ਸੀ। ਵਾਰ ਵਾਰ ਉਹੀ ਵਿਚਾਰ ਉਸ ਦੇ ਦਿਮਾਗ਼ ਵਿਚ ਘੁੰਮ ਰਹੇ ਸਨ।

ਆਖ਼ਰ ਉਹ ਉੱਠੀ, ਲੀੜਾ ਸਿਰ ‘ਤੇ ਲਿਆ, ਮੰਜੇ ਥੱਲੇ ਰੱਖੀ ਪੁਰਾਣੀ ਘਸੀ ਜਹੀ ਚੱਪਲ ਪੈਰੀਂ ਅੜਾ ਕੇ, ਰਾਏ ਬੁਲਾਰ ਸਾਹਿਬ ਦੀ ਹਵੇਲੀ ਵੱਲ ਤੁਰ ਪਈ।

ਰਾਏ ਬੁਲਾਰ ਆਪਣੀ ਹਵੇਲੀ ਦੀ ਡਿਓੜੀ ਵਿਚ ਮੰਜੀ ਡਾਹ ਕੇ ਲੇਟੇ ਹੋਏ ਸਨ । ਤਬੀਅਤ ਵੀ ਕੁਝ ਢਿੱਲੀ-ਮੱਠੀ ਸੀ। ਅੱਲਾ ਰੱਖੀ ਨੇ ਜਾਂਦਿਆਂ ਬੜੇ ਅਦਬ ਨਾਲ ਸਲਾਮ ਕੀਤੀ ਅਤੇ ਕੋਲ ਪਈ ਮੰਜੀ ਨੂੰ ਰਤਾ ਸਰਕਾ ਕੇ ਰਾਏ ਸਾਹਿਬ ਦੀ ਮੰਜੀ ਦੇ ਨੇੜੇ ਲਿਆ ਕੇ ਬੈਠ ਗਈ।

“ਕੀ ਹਾਲ ਏ ਧੀਏ ਤੇਰਾ ? ਬੜੇ ਦਿਨਾਂ ਮਗਰੋਂ ਆਈ ਏਂ।”

“ਠੀਕ ਏ ਚਾਚਾ, ਸਭ ਅੱਲ੍ਹਾ ਦਾ ਫ਼ਜ਼ਲ ਹੈ। ਪਤਾ ਲੱਗਾ ਸੀ ਕਿ ਤੁਹਾਡੀ ਤਬੀਅਤ ਕੁਝ ਠੀਕ ਨਹੀਂ, ਸੋਚਿਆ ਜਾ ਕੇ ਖ਼ਬਰ ਲੈ ਆਵਾਂ।”

“ਤੈਨੂੰ ਪਤਾ ਏ ਧੀਏ ਵੱਡੀ ਉਮਰ ਵਿਚ ਤਾਂ ਹੁਣ ਏਸੇ ਤਰ੍ਹਾਂ ਹੀ ਚੱਲਣਾ ਏ। ਉਮਰ ਵੀ ਤਾਂ ਬਥੇਰੀ ਹੋ ਗਈ ਏ । ਹੁਣ ਤਾਂ ਜਾਣਾ ਈ ਏ, ਪਰਵਰਦਗਾਰ ਦੇ ਹੁਕਮ ਦੀ ਉਡੀਕ ਕਰ ਰਿਹਾਂ।”

“ਨਾ ਚਾਚਾ, ਇੰਜ ਨਾ ਕਹਿਣਾ ਦੁਬਾਰਾ ਕਦੀ। ਚਾਚਾ ਤੁਹਾਡੇ ਕੋਲੋਂ ਸਦਾ ਮੈਨੂੰ ਮਾਪਿਆਂ ਵਰਗਾ ਪਿਆਰ ਮਿਲਿਆ ਏ। ਮੈਂ ਤੁਹਾਨੂੰ ਹਮੇਸ਼ਾ ਆਪਣੇ ਅੱਬਾ ਦੀ ਥਾਂ ਸਮਝਿਆ ਏ। ਸੋ ਚਾਚਾ, ਮੇਰੇ ਸਾਹਮਣੇ ਮੁੜ ਐਸੀ ਜਾਣ ਦੀ ਗੱਲ ਨਾ ਕਰਨੀ । ਤੁਹਾਨੂੰ ਪਤਾ ਏ ਧੀਆਂ ਮਾਪਿਆਂ ਕੋਲੋਂ ਐਸੀ ਗੱਲ ਬਿਲਕੁਲ ਨਹੀਂ ਸੁਣ ਸਕਦੀਆਂ, ਅੱਲ੍ਹਾ ਤਾਅਲਾ ਤੁਹਾਨੂੰ ਬਹੁਤ ਲੰਮੀ ਅਤੇ ਸਿਹਤ ਭਰਪੂਰ ਉਮਰ ਅਨਾਇਤ ਕਰੇ।” ਕਹਿੰਦਿਆਂ ਕਹਿੰਦਿਆਂ ਅੱਲਾ ਰੱਖੀ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ, ਜੋ ਉਸ ਨੇ ਆਪਣੀ ਚੁੰਨੀ ਦੀ ਨੁੱਕਰ ਨਾਲ ਪੂੰਝੀਆਂ।

“ਹੋਰ ਸੁਣਾ ਧੀਏ, ਮਰਦਾਨੇ ਦਾ ਕੋਈ ਸੁੱਖ ਸੁਨੇਹਾ ਕਦੀ ਆਇਆ ਏ ਕਿ ਨਹੀਂ ?”

ਅੱਲਾ ਰੱਖੀ ਇਕ ਲੰਮਾ ਸਾਹ ਭਰ ਕੇ ਕਹਿਣ ਲੱਗੀ, “ਚਾਚਾ, ਸੁੱਖ ਸੁਨੇਹਾ ਉਸ ਕੀ ਭੇਜਣਾ ਏ ? ਉਹ ਤਾਂ ਐਸਾ ਨਿਰਮੋਹਿਆ ਨਿਕਲਿਆ ਕਿ ਮੁੜ ਕੇ ਵਾਤ ਈ ਨਹੀਂ ਪੁੱਛੀ ਇਸ ਕਰਮਾਂ ਸੜੀ ਦੀ। ਮੈਂ ਮਰਾਂ ਭਾਵੇਂ ਜੀਆਂ ਉਸ ਨੂੰ ਕੀ? ਉਹ ਤਾਂ ਆਪਣੇ ਨਿੱਕੇ ਨਿਆਣੇ ਛੱਡ ਕੇ ਆਪਣੇ ਬਾਬੇ ਨਾਨਕ ਦੇ ਮਗਰ ਈ ਤੁਰਿਆ ਫਿਰਦਾ ਏ… ।”

ਵਿੱਚੋਂ ਹੀ ਰਾਏ ਬੁਲਾਰ ਹੁਰੀਂ ਬੋਲੇ, “ਨਾ ਧੀਏ ਇਹ ਗੱਲ ਨਾ ਆਖੀਂ। ਕਦੀ ਆਪਣੇ ਖ਼ਾਵੰਦ ਨੂੰ ਦੋਸ਼ ਨਾ ਦੇਵੀਂ । ਮਰਦਾਨਾ ਤਾਂ ਤਕਦੀਰ ਵਾਲਾ ਏ ਜਿਸ ਨੂੰ ਬਾਬੇ ਨਾਨਕ ਦਾ ਸੰਗ ਮਿਲਿਆ ਏ। ਬੇਟਾ ਖ਼ੁਦਾ ਤਾਂ ਬਾਬੇ ਨਾਨਕ ਦੇ ਜਾਮੇ ਵਿਚ ਖ਼ੁਦ ਧਰਤੀ ‘ਤੇ ਆਇਆ ਏ। ਧੰਨ ਹੈ ਮਰਦਾਨਾ ਜਿਸ ਨੂੰ ਖ਼ੁਦਾ ਨੇ ਆਪਣਾ ਹਮਕਦਮ ਬਣਾਇਆ ਏ। ਬਾਬੇ ਨਾਨਕ ਦੇ ਤਾਂ ਜਿਸ ਨੇ ਦਰਸ਼ਨ ਕਰ ਲਏ ਅਤੇ ਉਸ ਨਾਲ ਦੋ ਘੜੀਆਂ ਗੱਲਾਂ ਕਰ ਲਈਆਂ, ਉਹ ਜਨਮ-ਮਰਨ ਤੋਂ ਰਹਿਤ ਹੋ ਜਾਂਦਾ ਏ, ਪਰ ਮਰਦਾਨੇ ਦੀ ਤਕਦੀਰ ਦੇਖੋ, ਜੋ ਚੌਵੀ ਘੰਟੇ ਉਸ ਨਾਲ ਰਹਿੰਦਾ ਅਤੇ ਵਿਚਰਦਾ ਏ । ਧੀਏ ਤੂੰ ਭਾਗਾਂ ਵਾਲੀ ਏਂ, ਜਿਸ ਨੂੰ ਮਰਦਾਨੇ ਵਰਗਾ ਖ਼ਾਵੰਦ ਮਿਲਿਆ ਏ। ਬੇਟੇ, ਕਿਸੇ ਵੱਡੀ ਚੀਜ਼ ਨੂੰ ਹਾਸਲ ਕਰਨ ਵਾਸਤੇ ਛੋਟੀ ਮੋਟੀ ਖ਼ੁਸ਼ੀ ਦਾ ਤਿਆਗ ਤਾਂ ਕਰਨਾ ਈ ਪੈਂਦਾ ਏ। ਮਰਦਾਨੇ ਨੇ ਨਾਨਕ ਦੀ ਸੰਗਤ ਕਰ ਕੇ ਆਪਣਾ ਜਨਮ ਤਾਂ ਸਫਲ ਕੀਤਾ ਈ ਏ, ਨਾਲ ਹੀ ਉਸ ਆਪਣੀਆਂ ਆਉਣ ਵਾਲੀਆਂ ਕੁੱਲਾਂ ਨੂੰ ਵੀ ਤਾਰ ਦਿੱਤਾ ਏ।”

“ਪਰ ਚਾਚਾ ਸਾਡੇ ਲੋਕ ਤਾਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਕਹਿੰਦੇ ਨੇ ਇਕ ਮੁਸਲਮਾਨ ਹੁੰਦਾ ਹੋਇਆ ਉਹ ਕਿਸੇ ਗ਼ੈਰ-ਮਜ੍ਹਬ ਦੇ ਸਾਧੂ ਉੱਤੇ ਕਿਵੇਂ ਈਮਾਨ ਲਿਆ ਰਿਹਾ ਏ ? ਕੀ ਸਾਡੇ ਇਲਾਕੇ ਵਿਚ ਕੋਈ ਆਪਣੇ ਮਜ਼੍ਹਬ ਦਾ ਪੀਰ ਫ਼ਕੀਰ ਨਹੀਂ ਰਿਹਾ ?”

ਰਾਏ ਬੁਲਾਰ ਹੁਰਾਂ ਗੱਲ ਵਿੱਚੋਂ ਹੀ ਟੋਕ ਕੇ ਗ਼ੁੱਸੇ ਦੇ ਲਹਿਜੇ ਵਿਚ ਕਿਹਾ, “ਉਹ ਲੋਕ ਕਮ-ਅਕਲ ਅਤੇ ਨਾਦਾਨ ਨੇ, ਜੋ ਬਾਬਾ ਨਾਨਕ ਨੂੰ ਗ਼ੈਰ-ਮਜ਼੍ਹਬ ਦਾ ਕਹਿੰਦੇ ਨੇ। ਬੇਟਾ! ਕੀ ਖ਼ੁਦਾ ਦਾ ਵੀ ਕੋਈ ਮਜ੍ਹਬ ਹੁੰਦਾ ਏ ? ਕੀ ਧਰਤੀ ਅਤੇ ਅਸਮਾਨ ਦਾ ਵੀ ਕੋਈ ਮਜ਼ਬ ਹੁੰਦਾ ਏ ? ਨਹੀਂ ਨਾ । ਬੇਟਾ ਨਾਨਕ ਇਨ੍ਹਾਂ ਮਜ਼੍ਹਬੀ ਹੱਦਾਂ-ਬੰਨਿਆਂ ਤੋਂ ਬਹੁਤ ਉੱਚਾ ਏ। ਉਹ ਤਾਂ ਰੱਬੀ ਨੂਰ ਏ। ਕੀ ਨੂਰ ਨੂੰ ਕੋਈ ਧਰਮਾਂ ਮਜ਼੍ਹਬਾਂ ਦੀਆਂ ਚਾਰ ਦੀਵਾਰੀਆਂ ਵਿਚ ਕੈਦ ਕਰ ਸਕਦਾ ਏ ? ਯਾ ਰੱਬ, ਨਾਨਕ ਬਾਰੇ ਅਜਿਹਾ ਕੁਫ਼ਰ ਤੋਲਣ ਵਾਲਿਆਂ ਦਾ ਕਿੱਥੇ ਭਲਾ ਹੋਏਗਾ… ।” ਕਹਿੰਦਿਆਂ ਕਹਿੰਦਿਆਂ ਰਾਏ ਜੀ ਨੂੰ ਸਾਹ ਚੜ੍ਹ ਗਿਆ ਅਤੇ ਮੱਥੇ ‘ਤੇ ਪਸੀਨਾ ਆ ਗਿਆ।

‘ਅੱਲਾ ਰੱਖੀ ਨੂੰ ਆਪਣੇ ਕਹੇ ਦਾ ਅਫ਼ਸੋਸ ਹੋਣ ਲੱਗਾ। ਕੋਲ ਪਈ ਪੱਖੀ ਉਹ ਰਾਏ ਬੁਲਾਰ ਜੀ ਨੂੰ ਝੱਲਣ ਲੱਗੀ।

ਕੁਝ ਰੁਕ ਕੇ ਅਤੇ ਕੁਝ ਯਾਦ ਕਰ ਕੇ ਰਾਏ ਬੁਲਾਰ ਕਹਿਣ ਲੱਗੇ, “ਧੀਏ! ਤੂੰ ਗਰਮੀ ਵਿੱਚੋਂ ਆਈ ਏਂ, ਪਾਣੀ-ਧਾਣੀ ਪੁੱਛਣਾ ਤਾਂ ਮੈਂ ਭੁੱਲ ਹੀ ਗਿਆਂ। ਕੀ ਕਰਾਂ ! ਬੁਢਾਪੇ ਨੇ ਉਂਜ ਹੀ ਮੱਤ ਮਾਰ ਛੱਡੀ ਏ।” ਉਨ੍ਹਾਂ ਨੇ ਆਪਣੇ ਨੌਕਰ ਹਮੀਦੇ ਨੂੰ ਆਵਾਜ਼ ਮਾਰ ਕੇ ਬੁਲਾਇਆ ਅਤੇ ਕਿਹਾ, “ਪਹਿਲਾਂ ਘੜੇ ਵਿੱਚੋਂ ਠੰਡਾ ਪਾਣੀ ਪਿਆ ਅਤੇ ਮਗਰੋਂ ਕੁੜੀ ਵਾਸਤੇ ਭੜੋਲੀ ‘ਤੇ ਰੱਖੀ ਕਾੜ੍ਹਨੀ ਵਿੱਚੋਂ ਛੰਨਾ ਦੁੱਧ ਦਾ ਲਿਆ।”

9.

ਭਾਵੇਂ ਬਰਸਾਤ ਦਾ ਮੌਸਮ ਸੀ, ਪਰ ਕਈ ਦਿਨਾਂ ਤੋਂ ਮੀਂਹ ਨਾ ਪੈਣ ਕਰਕੇ ਹੁੰਮਸ ਜਿਹਾ ਹੋ ਗਿਆ ਸੀ, ਪਸੀਨਾ ਸੁੱਕਦਾ ਹੀ ਨਹੀਂ ਸੀ। ਪਰ ਅੱਜ ਦੁਪਹਿਰ ਤੋਂ ਮਗਰੋਂ ਠੰਡੀ ਠੰਡੀ ਹਵਾ ਦੇ ਝੋਕੇ ਆਉਣ ਲੱਗੇ । ਅਸਮਾਨ ‘ਤੇ ਕਾਲੀ ਘਟਾ ਛਾਉਣ ਲੱਗੀ। ਭਾਈ ਮਰਦਾਨਾ ਜੀ ਨੇ ਰਾਹਤ ਦੀ ਸਾਹ ਲੈਂਦਿਆਂ ਕਿਹਾ, “ਬਾਬਾ ਜੀ, ਮੌਸਮ ਕਿੰਨਾ ਸੁਹਾਵਣਾ ਹੋ ਗਿਆ ਏ। ਦੇਖੋ ਕਿਵੇਂ ਕਾਲੀ ਘਟਾ ਛਾ ਗਈ ਏ। ਐਸੇ ਪਿਆਰੇ ਅਤੇ ਸੁੰਦਰ ਮੌਸਮ ਨੇ ਪਿਛਲੀ ਸਾਰੀ ਥਕਾਵਟ ਲਾਹ ਦਿੱਤੀ ਏ। ਲੱਗਦਾ ਏ, ਹੁਣ ਤਪਸ਼ ਖ਼ਤਮ ਹੋ ਜਾਏਗੀ।”

“ਹਾਂ ਭਾਈ ਮਰਦਾਨਾ, ਗਰਮੀ ਵੀ ਪਿਛਲੇ ਤਿੰਨ-ਚਾਰ ਦਿਨ ਅੱਤ ਦੀ ਹੋ ਗਈ ਸੀ। ਜਦੋਂ ਵੀ ਕੋਈ ਚੀਜ਼ ਅੱਤ ਤਕ ਪਹੁੰਚ ਜਾਂਦੀ ਏ ਤਾਂ ਕਰਤਾਰ ਉਸ ਦਾ ਕੋਈ ਨਾ ਕੋਈ ਹੱਲ ਲੱਭਦਾ ਈ ਏ। ਭਾਵੇਂ ਉਹ ਅੱਤ.ਮੌਸਮ ਦੀ ਹੋਵੇ ਅਤੇ ਭਾਵੇਂ ਸਮਾਜਿਕ ਬੁਰਾਈਆਂ ਦੀ।”

ਭਾਈ ਮਰਦਾਨਾ ਇਹ ਸੋਚ ਕੇ ਹੈਰਾਨ ਹੋ ਰਹੇ ਸਨ ਕਿ ਕਿਵੇਂ ਬਾਬਾ ਜੀ ਸਹਿਜ ਸੁਭਾਅ ਹੀ ਗੱਲਾਂ-ਗੱਲਾਂ ਵਿਚ ਉਸ ਨੂੰ ਵੱਡੀਆਂ ਰਮਜ਼ਾਂ ਨਿੱਕੇ-ਨਿੱਕੇ ਇਸ਼ਾਰਿਆਂ ਨਾਲ ਸਮਝਾ ਜਾਂਦੇ ਹਨ।

ਗੁਰੂ ਬਾਬਾ ਜੀ ਦਾ ਖ਼ਿਆਲ ਸੀ ਕਿ ਸ਼ਾਮ ਤਕ ਉਹ ਦੋਵੇਂ ਮੁਲਤਾਨ ਤਕ ਪਹੁੰਚ ਜਾਣਗੇ। ਪਰ ਹੁਣ ਬੱਦਲਾਂ ਨੂੰ ਦੇਖ ਕੇ ਲੱਗਦਾ ਸੀ ਕਿ ਸ਼ਾਇਦ ਰਾਤ ਇਥੇ ਹੀ ਰੁਕਣਾ ਪਵੇਗਾ।

“ਫਿਰ ਬਾਬਾ ਨਾਨਕ ਮੁਲਤਾਨ ਕੀ ਧਰਤੀ ਗਇਆ । ਤਬ ਮੁਲਤਾਨ ਤੀ ਉਰੈ, ਰਾਵੀ ਕੀ ਉਤਲੀ ਤਰਫ਼ ਇਸ ਪੰਜਾਬ ਤੇ ਜਾਂਦਿਆਂ ਮੁਲਤਾਨ ਕਉ ਵਾਵੀਂ (ਬਾਈ) ਤਰਫ਼ ਮਹਾਂ ਜੰਗਲ ਉਜਾੜ ਥਾਂ ਉਹਾਂ। ਉਧਰ ਤੇ ਮੇਘੁ ਲਗਾ ਬਰਸਣੈ। ਮੇਘੁ ਕੇ ਵਰਸਦੇ ਸਾਥ ਮੋਰ ਲਾਗੈ ਬੋਲਣੇ। ਮੋਰੀਂ ਪਾਇਲ (ਪੈਲ-ਖੰਭ ਫੈਲਾ ਕੇ ਨੱਚਦਾ) ਪਾਇਆ ਅਨੰਦ ਬਿਚਿ । ਮੋਰ ਲਾਗੈ ਨਾਚਣੈ। ਜਿਉਂ-ਜਿਉਂ ਮੀਂਹ ਪਵੇ, ਤਿਉਂ-ਤਿਉਂ ਮੋਰ ਪਾਇਲ ਤੇ ਖ਼ੁਸ਼ੀ ਹੋਏ । ਤਬ ਗੁਰੂ ਬਾਬੇ ਨਾਨਕ ਜੀ ਕਹਿਆ- ਏ ਮਰਦਾਨਿਆ! ਮੋਰ ਦੇਖਦਾ ਹੈਂ ਖ਼ੁਸ਼ੀ ਹੋਏ ਹੈਨਿ । ਅਖੇ ਜੀ-ਆਹੋ, ਮਹਾਂ ਖ਼ੁਸ਼ੀ ਹੋਇ ਹੈਨਿ। ਤਬ ਗੁਰੂ ਬਾਬੇ ਨਾਨਕ ਜੀ ਕਹਿਆ-ਏ ਮਰਦਾਨਿਆ, ਮੋਰ ਮੀਹੁ ਦੇਖ ਖੁਸ਼ੀ ਹੋਇ, ਇਸਤ੍ਰੀ ਭਰਤਾਂ (ਪਤੀ) ਦੇਖ ਖੁਸ਼ੀ ਹੋਇ, ਭਗਤ ਪਰਮੇਸ਼ਰੁ ਮਿਲਿਐ ਖ਼ੁਸ਼ੀ ਹੋਇ…ਪਣੁ ਮਰਦਾਨਿਆ! ਅਸੀ, ਤਾਂ ਖ਼ੁਸ਼ੀ ਹੋਵਾਂ ਜਾਂ ਮਿਹਰਿ ਪਰਮੇਸ਼ਰੂ ਕੀ ਥੀਵੈ।”

ਤਾਂ ਗੁਰੂ ਸਾਹਿਬ ਨੇ ਭਾਈ ਮਰਦਾਨੇ ਨੂੰ ਕਿਹਾ, “ਮਰਦਾਨਿਆ ਉਠਾ ਰਬਾਬ, ਵਡਹੰਸ ਰਾਗ ਵਿਚ ਬਿਰਹੀ ਉਪਦੇਸ਼ੀ ਰੱਬੀ ਬਾਣੀ ਆਈ ਏ।”

ਭਾਈ ਮਰਦਾਨਾ ਨੇ ਵਡਹੰਸ ਰਾਗ ਵਿਚ ਰਬਾਬ ਵਜਾਣੀ ਸ਼ੁਰੂ ਕੀਤੀ, ਸਤਿਗੁਰੂ ਜੀ ਬਾਣੀ ਉਚਾਰਣ ਲੱਗੇ :

ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ॥ ਤੇਰੇ ਮੁੰਧ ਕਟਾਰੇ ਜੇਵਡਾ, ਤਿਨਿ ਲੋਭੀ ਲੋਭ ਲੁਭਾਇਆ ॥ ਤੇਰੇ ਦਰਸਨ ਵਿਟਹੁ ਖੰਨੀਐ ਵੰਞਾ, ਤੇਰੇ ਨਾਮ ਵਿਟਹੁ ਕੁਰਬਾਣੋ॥ ਜਾ ਤੂ ਤਾ ਮੈ ਮਾਣੁ ਕੀਆ ਹੈ, ਤੁਧੁ ਬਿਨੁ ਕੇਹਾ ਮੇਰਾ ਮਾਣੋ॥

ਜਿਉਂ-ਜਿਉਂ ਬਾਬਾ ਜੀ ਬਾਣੀ ਉਚਾਰਦੇ ਗਏ, ਤਿਉਂ-ਤਿਉਂ ਭਾਈ ਮਰਦਾਨਾ ਜੀ ਦੀ ਰਬਾਬ ਦੀਆਂ ਤਾਰਾਂ ਵਿੱਚੋਂ ਨਿਕਲ ਰਿਹਾ ਸੰਗੀਤ ਵਧੇਰੇ ਸੋਗਮਈ ਹੁੰਦਾ ਗਿਆ । ਜਦੋਂ ਗੁਰੂ ਬਾਬਾ ਜੀ ਨੇ ਸ਼ਬਦ ਦੀਆਂ ਅਗਲੀਆਂ ਤੁਕਾਂ ਉਚਾਰੀਆਂ :

ਚੂੜਾ ਭੰਨੁ ਪਲੰਘ ਸਿਉ ਮੁੰਧੇ, ਸਣੁ ਬਾਹੀ ਸਣੁ ਬਾਹਾ॥ ਏਤੇ ਵੇਸ ਕਰੇਦੀਏ ਮੁੰਧੇ, ਸਹੁ ਰਾਤੋ ਅਵਰਾਹਾ ॥

ਤਾਂ ਭਾਈ ਮਰਦਾਨਾ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ।

ਬਾਰਸ਼ ਥੰਮ੍ਹ ਚੁੱਕੀ ਸੀ। ਅਸਮਾਨ ਕੁਝ ਸਾਫ਼ ਹੋ ਗਿਆ ਸੀ। ਸ਼ਬਦ ਪੂਰਾ ਹੋਣ ਮਗਰੋਂ ਬਾਬਾ ਜੀ ਨੇ ਕਿਹਾ, “ਚਲੋ ਭਾਈ ਮਰਦਾਨਾ, ਸਫ਼ਰ ਲਈ ਤਿਆਰ ਹੋ ਜਾਓ, ਇਸ ਵਾਰ ਲੰਮੀ ਯਾਤਰਾ ‘ਤੇ ਜਾਣਾ ਏ।”

“ਕਿੰਨੀ ਕੁ ਲੰਮੀ ਯਾਤਰਾ ਮਹਾਰਾਜ ?”

“ਸਮੇਂ ਦਾ ਹਿਸਾਬ-ਕਿਤਾਬ ਨਹੀਂ ਰੱਖੀਦਾ, ਜਿੰਨਾ ਚਿਰ ਉਸ ਅਕਾਲ ਪੁਰਖ ਦਾ ਹੁਕਮ ਹੋਇਆ, ਯਾਤਰਾ ਕਰਾਂਗੇ । ਜਦੋਂ ਉਸ ਮੁੜਨ ਦਾ ਹੁਕਮ ਦਿੱਤਾ, ਮੁੜ ਆਵਾਂਗੇ।” ਬਾਬਾ ਜੀ ਨੇ ਉੱਤਰ ਦਿੱਤਾ।

ਤੁਰਨ ਤੋਂ ਪਹਿਲਾਂ ਭਾਈ ਮਰਦਾਨਾ ਜੀ ਨੇ ਆਸ-ਪਾਸ ਨਜ਼ਰ ਦੌੜਾਈ। ਬੇਰੀਆਂ ਦੇ ਇਕ ਝੁੰਡ ਥੱਲੇ ਪੱਕੇ ਹੋਏ ਜੰਗਲੀ ਬੇਰ ਡਿੱਗੇ ਪਏ ਸਨ । ਭਾਈ ਮਰਦਾਨਾ ਨੇ ਉਹ ਪੱਕੇ ਹੋਏ ਬੇਰ ਇਕੱਠੇ ਕਰ ਕੇ ਆਪਣੇ ਮੋਢੇ ‘ਤੇ ਲਟਕਾਏ ਝੋਲੇ ਵਿਚ ਪਾ ਲਏ। ਭਾਈ ਮਰਦਾਨਾ ਜੀ ਸਫ਼ਰ ਦੇ ਦੌਰਾਨ ਐਸੇ ਹੀ ਕੱਚੇ-ਪੱਕੇ ਫਲ ਜੋ ਜੰਗਲਾਂ ਬੀਆਬਾਨਾਂ ਵਿੱਚੋਂ ਮਿਲਦੇ, ਉਹ ਆਪਣੇ ਝੋਲੇ ਵਿਚ ਪਾ ਲੈਂਦੇ। ਲੋੜ ਪੈਣ ‘ਤੇ ਇਹੀ ਦੋਹਾਂ ਦਾ ਭੋਜਨ ਹੁੰਦਾ।

ਉਥੋਂ ਤੁਰ ਕੇ ਰਾਤ ਮੁਲਤਾਨ ਸ਼ਹਿਰ ਦੇ ਬਾਹਰਵਾਰ ਉਨ੍ਹਾਂ ਨੇ ਡੇਰਾ ਲਾਇਆ। ਭਾਈ ਮਰਦਾਨਾ ਦੇ ਲਿਆਂਦੇ ਬੇਰ ਦੋਹਾਂ ਨੇ ਖਾਧੇ ਅਤੇ ਇਕ ਉੱਚੀ ਥਾਵੇਂ ਰੁੱਖ ਦੇ ਥੱਲੇ ਉਨ੍ਹਾਂ ਰਾਤ ਕੱਟਣ ਦਾ ਪ੍ਰਬੰਧ ਕੀਤਾ।

ਅੱਧੀ ਕੁ ਰਾਤ ਨੂੰ ਗੁਰੂ ਬਾਬਾ ਜੀ ਨੂੰ ਦੂਰੋਂ ਰਬਾਬ ਵਿੱਚੋਂ ਨਿਕਲੀਆਂ ਮਧੁਰ ਸੰਗੀਤ ਦੀਆਂ ਤਰੰਗਾਂ ਦੀ ਆਹਟ ਕੰਨੀਂ ਪਈ, ਉਹ ਉੱਠ ਕੇ ਬੈਠ ਗਏ । ਦੇਖਿਆ, ਭਾਈ ਮਰਦਾਨਾ ਉਥੇ ਨਹੀਂ ਸਨ। ਆਪ ਜਾਣਦੇ ਸਨ ਕਿ ਰਬਾਬ ਰਾਹੀਂ ਐਸਾ ਸੰਗੀਤ ਕੇਵਲ ਭਾਈ ਮਰਦਾਨਾ ਹੀ ਪੈਦਾ ਕਰ ਸਕਦੇ ਸਨ । ਵਡਹੰਸ ਰਾਗ ਵਿਚ ਕੁਝ ਕੋਮਲ ਸੁਰਾਂ ਜੋੜ ਕੇ ਐਸਾ ਸੋਗੀ ਸੰਗੀਤ ਪੈਦਾ ਕਰਨਾ ਭਾਈ ਮਰਦਾਨਾ ਦਾ ਹੀ ਕੰਮ ਸੀ। ਬਾਬਾ ਜੀ ਮੁੜ ਆਪਣੀ ਥਾਂ ‘ਤੇ ਲੇਟ ਗਏ। ਇਕ ਅੱਧ-ਘੰਟੇ ਬਾਅਦ ਭਾਈ ਮਰਦਾਨਾ ਜੀ ਵੀ ਆਪਣੀ ਰਬਾਬ ਲੈ ਕੇ ਆ ਗਏ ਅਤੇ ਚੁੱਪ-ਚਾਪ ਆਪਣੀ ਥਾਂ ‘ਤੇ ਆ ਕੇ ਲੇਟ ਗਏ। ਉਹ ਸਮਝ ਰਹੇ ਸਨ ਕਿ ਬਾਬਾ ਜੀ ਗੂੜ੍ਹੀ ਨੀਂਦ ਸੌਂ ਰਹੇ ਹਨ।

ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਭਾਈ ਮਰਦਾਨਾ ਜੀ ਨੇ ਬਾਬਾ ਜੀ ਦੇ ਚਰਨ ਛੂਹੇ। ਇਸ਼ਨਾਨ ਪਾਣੀ ਤੋਂ ਵਿਹਲੇ ਹੋ ਕੇ ਦੋਹਾਂ ਨੇ ਕੀਰਤਨ ਕੀਤਾ। ਕੀਰਤਨ ਮਗਰੋਂ ਗੁਰੂ ਜੀ ਭਾਈ ਮਰਦਾਨਾ ਨੂੰ ਪੁੱਛਣ ਲੱਗੇ, “ਕਿਉਂ ਭਾਈ ਮਰਦਾਨਾ ਰਾਤ ਪੂਰੀ ਤਰ੍ਹਾਂ ਨੀਂਦ ਨਹੀਂ ਆਈ ?”

ਭਾਈ ਮਰਦਾਨਾ ਕਹਿਣ ਲੱਗੇ, “ਬਾਬਾ ਜੀ ਆਪ ਜਾਣੀ-ਜਾਣ ਹੋ, ਦਿਲਾਂ ਦੀਆਂ ਬੁੱਝਦੇ ਹੋ। ਅਸਲ ਵਿਚ ਕੱਲ੍ਹ ਸ਼ਾਮ ਆਪ ਦੀ ਉਚਾਰੀ ਰੱਬੀ ਬਾਣੀ ਨੇ ਰਾਤ ਭਰ ਸੌਣ ਨਹੀਂ ਦਿੱਤਾ । ਬਾਬਾ ਜੀ ਤੁਹਾਡੀਆਂ ਰਮਜ਼ਾਂ ਤਾਂ ਤੁਸੀਂ ਹੀ ਜਾਣੋ, ਤੁਹਾਡੀ ਕੱਲ੍ਹ ਸ਼ਾਮ ਵਾਲੀ ਬਾਣੀ ਵਿਚਲਾ ਪਿਆਰ, ਵਿਛੋੜਾ ਅਤੇ ਤਰਲਾ ਤਾਂ ਭਾਵੇਂ ‘ਇਸ਼ਕ ਹਕੀਕੀ’ ਵੱਲ ਇਸ਼ਾਰਾ ਕਰਦਾ ਸੀ, ਪਰ ਮੇਰੇ ਵਰਗੇ ਕਮਜ਼ੋਰ ਦਿਲ ਵਾਲੇ ਮੂਰਖ ਦੁਨੀਆਂਦਾਰ ਨੂੰ ਇਸ ਵਿੱਚੋਂ ‘ਇਸ਼ਕ ਮਜ਼ਾਜ਼ੀ’ ਦਾ ਭੁਲੇਖਾ ਪੈਣ ਲੱਗ ਪਿਆ ਸੀ। ਕੱਲ੍ਹ ਵਾਲੀ ਆਪ ਦੀ ਬਾਣੀ ਦਾ ਅੱਖਰ-ਅੱਖਰ ਮੈਨੂੰ ਸ਼ਿੰਗਾਰ ਅਤੇ ਬਿਰਹਾ-ਰਸ ਵਿਚ ਭਿੱਜਾ ਹੋਇਆ ਮਹਿਸੂਸ ਹੋਣ ਲੱਗਾ।

“ਬਾਬਾ ਜੀ ਸੱਚ ਜਾਣਿਓ, ਮੈਨੂੰ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਇਨ੍ਹਾਂ ਸ਼ਬਦਾਂ ਰਾਹੀਂ ਮੇਰੀ ਬੀਵੀ ‘ਅੱਲਾ ਰੱਖੀ’ ਮੈਨੂੰ ਆਪਣੇ ਮਨ ਦੀ ਅਵਸਥਾ ਬਿਆਨ ਕਰ ਰਹੀ ਹੋਵੇ, ਆਪਣੀ ਵੇਦਨਾ ਪ੍ਰਗਟ ਕਰ ਰਹੀ ਹੋਵੇ।”

ਰਤਾ ਕੁ ਚੁੱਪ ਰਹਿਣ ਮਗਰੋਂ ਭਾਈ ਮਰਦਾਨਾ ਮੁੜ ਕਹਿਣ ਲੱਗੇ, “ਬਾਬਾ ਜੀ ਇਸ ਡਗਰ ‘ਤੇ ਆਪਦਾ ਹਮਸਫ਼ਰ ਬਣਨ ਤੋਂ ਪਹਿਲਾਂ, ਮੈਨੂੰ ਯਾਦ ਹੈ। ਤਲਵੰਡੀ ਵਿਚ ਬਾਕੀ ਮੁਟਿਆਰਾਂ ਵਾਂਗ, ਅੱਲਾ ਰੱਖੀ ਵੀ ਬੜੇ ਚਾਅ ਨਾਲ ਸਾਵਣ ਮਨਾਉਂਦੀ ਸੀ, ਪੀਂਘਾਂ ਝੂਟਦੀ ਸੀ। ਤੀਆਂ ਵਿਚ ਏਨਾ ਨੱਚਦੀ ਸੀ ਕਿ ਕੁੜੀਆਂ ਚਿੜੀਆਂ ਨੂੰ ਪਿੱਛੇ ਛੱਡਦੀ ਸੀ। ਉਮਰ ਦੇ ਹਿਸਾਬ ਭਾਵੇਂ ਉਹ ਉਸ ਵੇਲੇ ਮੁਟਿਆਰਾਂ ਵਿਚ ਤਾਂ ਨਹੀਂ ਸੀ ਗਿਣੀ ਜਾਂਦੀ, ਪਰ ਬੁਢਾਪੇ ਤੋਂ ਅਜੇ ਕੋਹਾਂ ਦੂਰ ਸੀ। ਚੰਗੀ ਸਿਹਤ ਅਤੇ ਆਪਣੇ ਭਖਵੇਂ ਰੰਗ-ਰੂਪ ਤੋਂ ਉਹ ਆਪਣੀ ਉਮਰ ਤੋਂ ਕਿਤੇ ਛੋਟੀ ਲੱਗਦੀ ਸੀ । ਵੈਸੇ ਵੀ ਸਾਡੇ ਮਰਾਸੀਆਂ ਦੀਆਂ ਕੁੜੀਆਂ ਨੂੰ ਨੱਚਣ ਕੁੱਦਣ ਦਾ ਕੁਝ ਵਧੇਰੇ ਹੀ ਸ਼ੌਕ ਅਤੇ ਚਾਅ ਹੁੰਦਾ ਏ।” ਕਹਿੰਦੇ-ਕਹਿੰਦੇ ਭਾਈ ਮਰਦਾਨਾ ਫੇਰ ਚੁੱਪ ਕਰ ਗਏ। ਜਾਪਦਾ ਸੀ ਉਹ ਇਹ ਗੱਲਾਂ ਕਰਦੇ ਹੋਏ ਪੂਰੇ ਤੌਰ ‘ਤੇ ਆਪਣੇ ਅਤੀਤ ਵਿਚ ਪੁੱਜੇ ਹੋਏ ਸਨ।

ਸਤਿਗੁਰੂ ਬਾਬਾ ਜੀ ਨੇ ਕਿਹਾ, “ਹਾਂ ਹਾਂ, ਬੋਲੋ ਭਾਈ ਮਰਦਾਨਾ, ਚੁੱਪ ਕਿਉਂ ਕਰ ਗਏ ?” ਸੁਣ ਕੇ ਭਾਈ ਮਰਦਾਨਾ ਜੀ ਦੇ ਚਿਹਰੇ ਉੱਤੇ ਹਯਾ ਦੀ ਹਲਕੀ ਜਿਹੀ ਰੇਖਾ ਪਲ ਭਰ ਲਈ ਉੱਭਰੀ। ਉਹ ਦੱਸਣ ਲੱਗੇ, “ਇਕ ਦਿਨ ਸਾਵਣ ਦੀ ਰੁੱਤੇ ਮੈਨੂੰ ਕਹਿਣ ਲੱਗੀ, ‘ਸ਼ਹਿਜ਼ਾਦ ਦੇ ਅੱਬਾ, ਕਿਤੋਂ ਇਕ ਮੋਟੀ ਰੱਸੀ ਲੈ ਕੇ ਆ। ਸਾਡੇ ਵਿਹੜੇ ਵਿਚ ਜਿਹੜਾ ਟਾਹਲੀ ਦਾ ਰੁੱਖ ਏ, ਅਸੀਂ ਉਥੇ ਪੀਂਘ ਪਾਵਾਂਗੇ ।’ ਮੈਂ ਉਸ ਨੂੰ ਕਿਹਾ ਕਿ ਪਿੰਡ ਵਿਚ ਥਾਂ-ਥਾਂ ਕੁੜੀਆਂ ਨੇ ਪੀਂਘਾਂ ਪਾਈਆਂ ਨੇ, ਤੂੰ ਉਥੇ ਜਾ ਕੇ ਝੂਟ ਆਇਆ ਕਰ। ਵੱਖਰੀ ਪੀਂਘ ਦੀ ਕੀ ਲੋੜ ਏ ? ਮੇਰੀਆਂ ਅੱਖਾਂ ਵਿਚ ਝਾਕ ਕੇ ਫਿਰ ਮੂੰਹ ਨੀਵਾਂ ਕਰ ਕੇ ਕਹਿਣ ਲੱਗੀ, ‘ਮੇਰਾ ਦਿਲ ਕਰਦਾ ਏ, ਤੇਰੇ ਨਾਲ ਰਲ ਕੇ ਪੀਂਘ ਝੂਟਾਂ।’ ਕਹਿੰਦਿਆਂ ਉਸ ਦਾ ਚਿਹਰਾ ਸ਼ਰਮ ਨਾਲ ਕੁਝ ਲਾਲ ਹੋ ਗਿਆ। ਮੈਂ ਉਸ ਨੂੰ ਪਿਆਰ ਨਾਲ ਕਿਹਾ ਕਿ ਕਮਲੀਏ, ਲੋਕ ਕੀ ਕਹਿਣਗੇ ਕਿ ਇਸ ਉਮਰ ਵਿਚ ਇਨ੍ਹਾਂ ਦੋਹਾਂ ਨੂੰ ਕਿੱਧਰ ਦੀ ਜਵਾਨੀ ਚੜ੍ਹੀ टे?”

ਬਾਬਾ ਜੀ ਇਹ ਸਭ ਕੁਝ ਸੁਣਦੇ ਹੋਏ ਨਿੰਮਾ-ਨਿੰਮ੍ਹਾ ਮੁਸਕਰਾ ਰਹੇ ਸਨ। ਭਾਈ ਮਰਦਾਨਾ ਕਹਿ ਰਹੇ ਸਨ, “ਬਾਬਾ ਜੀ ਹਰ ਸਾਵਣ ਦੇ ਮਹੀਨੇ ਉਹ ਕੱਚ ਦੀਆਂ ਚੂੜੀਆਂ ਚੜਾਉਂਦੀ, ਨਹਾ ਧੋ ਕੇ ਦੰਦਾਸੇ ਨਾਲ ਆਪਣੇ ਬੁੱਲ੍ਹ ਲਾਲ ਕਰਦੀ ਅਤੇ ਨਿੱਕੀਆਂ-ਨਿੱਕੀਆਂ ਪਿਆਰ ਭਰੀਆਂ ਗੱਲਾਂ ਕਰ ਕੇ ਮੈਨੂੰ ਰਿਝਾਉਂਦੀ।

“ਬਾਬਾ ਜੀ, ਆਪ ਨੂੰ ਸ਼ਾਇਦ ਯਾਦ ਹੋਵੇਗਾ ਕਿ ਜਦੋਂ ਅਸੀਂ ਤਲਵੰਡੀ ਤੋਂ ਸੁਲਤਾਨਪੁਰ ਹੁੰਦੇ ਹੋਏ ਲੰਮੇ ਸਫ਼ਰ ‘ਤੇ ਨਿਕਲੇ, ਉਦੋਂ ਵੀ ਸਾਵਣ ਦਾ ਹੀ ਮਹੀਨਾ ਸੀ। ਮੇਰੇ ਘਰੋਂ ਨਿਕਲਣ ਤੋਂ ਇਕ-ਦੋ ਦਿਨ ਪਹਿਲਾਂ ਮੈਨੂੰ ਕਹਿੰਦੀ, ‘ਸ਼ਹਿਜ਼ਾਦ ਦੇ ਅੱਬਾ, ਅੱਜ ਰਾਏ ਬੁਲਾਰ ਸਾਹਿਬ ਦੇ ਘਰੋਂ ਗੜਵੀ ਦੁੱਧ ਦੀ ਮੰਗ ਕੇ ਲਿਆਓ।’ ਮੈਂ ਪੁੱਛਿਆ ਕਿ ਦੁੱਧ ਦੀ ਗੜਵੀ ਦੀ ਕੀ ਲੋੜ ਪੈ ਗਈ ? ਤਾਂ ਕਹਿਣ ਲੱਗੀ, ‘ਇਹ ਸਾਵਣ ਦਾ ਮਹੀਨਾ ਏ, ਇਸ ਮਹੀਨੇ ਖੀਰ ਜ਼ਰੂਰ ਖਾਈਦੀ ਏ।’ ਮੈਂ ਸਮਝਾਇਆ ਕਿ ਇਨ੍ਹਾਂ ਵਹਿਮਾਂ ਵਿਚ ਨਹੀਂ ਪਈਦਾ। ਅੱਗੋਂ ਕਹਿਣ ਲੱਗੀ, ‘ਸਿਆਣੇ ਕਹਿੰਦੇ ਹਨ ਕਿ ਸਾਵਣ ਖੀਰ ਨਾ ਖਾਧੀਆ ਤੇ ਕਿਉਂ ਜੰਮਿਆ। ਅਪਰਾਧੀਆ।’ ਫਿਰ ਗੰਭੀਰ ਹੋ ਕੇ ਕਹਿਣ ਲੱਗੀ, ‘ਨਾਲੇ ਤੂੰ ਬਾਬੇ ਨਾਨਕ ਵੱਲ ਸੁਲਤਾਨਪੁਰ ਉਸ ਦੀ ਖ਼ਬਰ ਲੈਣ ਚੱਲਿਆ ਏਂ, ਜੋ ਪਤਾ ਲੱਗਾ ਏ ਫ਼ਕੀਰ ਹੋ। ਗਿਆ ਏ। ਤੇਰਾ ਕੀ ਪਤਾ, ਤੂੰ ਉਸੇ ਨਾਲ ਤੁਰ ਪਵੇਂ ਅਤੇ ਕਦੋਂ ਵਾਪਸ ਮੁੜੇ ? ਤੁਰਨ ਤੋਂ ਪਹਿਲਾਂ ਮੇਰੇ ਹੱਥ ਦੀ ਰਿੱਧੀ ਖੀਰ ਤਾਂ ਖਾ ਜਾ।”

“ਬਾਬਾ ਜੀ, ਕੱਲ੍ਹ ਸ਼ਾਮ ਤੁਹਾਡੀ ਬਾਣੀ ਨੇ ਅੱਲਾ ਰੱਖੀ ਦੀ ਯਾਦ ਮੁੜ ਤਾਜ਼ਾ ਕਰ ਦਿੱਤੀ। ਮੈਨੂੰ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਉਸ ਦੇ ਮਨ ਦੀਆਂ ਸੋਚਾਂ ਅਤੇ ਦਿਲ ਦੇ ਭਾਵ ਤੁਸੀਂ ਆਪਣੀ ਬਾਣੀ ਰਾਹੀਂ ਮੇਰੇ ਤਕ ਪਹੁੰਚਾ ਰਹੇ ਹੋ। ਜਦੋਂ ਆਪ ਜੀ ਨੇ ਇਹ ਸ਼ਬਦ ਉਚਾਰੇ :

ਜਾ ਤੂ ਤਾ ਮੈ ਮਾਣੁ ਕੀਆ ਹੈ, ਤੁਧੁ ਬਿਨੁ ਕੇਹਾ ਮੇਰਾ ਮਾਣੋ॥

ਤਾਂ ਅੱਲਾ ਰੱਖੀ ਦੀ ਉਦਾਸ ਸ਼ਕਲ ਮੇਰੀਆਂ ਅੱਖਾਂ ਸਾਹਮਣੇ ਘੁੰਮਣ ਲੱਗੀ। ਪਰ ਬਾਬਾ ਜੀ ਜਦੋਂ ਆਪ ਦੇ ਇਹ ਰੱਬੀ ਬੋਲ ਮੇਰੇ ਕੰਨੀਂ ਪਏ : ਚੂੜਾ ਭੰਨੁ ਪਲੰਘ ਸਿਉ ਮੁੰਧੇ, ਸਣੁ ਬਾਹੀ ਸਣੁ ਬਾਹਾ ॥ ਏਤੇ ਵੇਸ ਕਰੇਦੀਏ ਮੁੰਧੇ, ਸਹੁ ਰਾਤੋ ਅਵਰਾਹਾ॥

ਤਾਂ ਸੱਚ ਜਾਣਨਾ ਮੈਂ ਇਕ ਤਰ੍ਹਾਂ ਨਾਲ ਹਿੱਲ ਗਿਆ। ਮੈਨੂੰ ਇੰਜ ਲੱਗਣ ਲੱਗਾ ਜਿਵੇਂ ਮੇਰੀ ਅੱਲਾ ਰੱਖੀ ਨੇ ਸੱਚਮੁੱਚ ਆਪਣੀ ਚੂੜੀਆਂ ਭਰੀ ਬਾਂਹ ਏਨੇ ਜ਼ੋਰ ਦੀ ਪਲੰਘ ਦੀ ਬਾਹੀ ਨਾਲ ਮਾਰੀ ਕਿ ਪਲੰਘ ਦੀ ਬਾਹੀ ਦੇ ਨਾਲ ਹੀ ਉਸ ਦੀ ਬਾਂਹ ਵੀ ਟੁੱਟ ਗਈ ਏ। ਬਾਬਾ ਜੀ ਆਪ ਨੇ ਪਤਾ ਨਹੀਂ ਗੌਲਿਆ ਏ ਕਿ ਨਹੀਂ, ਉਸ ਵੇਲੇ ਘੜੀ ਦੀ ਘੜੀ ਮੇਰੀ ਸੁਰਤ ਉੱਖੜ ਗਈ ਸੀ ਅਤੇ ਰਬਾਬ ਵੀ ਰਤਾ ਕੁ ਬੇਸੁਰੀ ਹੋ ਗਈ ਸੀ।”

ਮਰਦਾਨਾ ਜੀ ਜ਼ਰਾ ਰੁਕ ਕੇ ਫਿਰ ਕਹਿਣ ਲੱਗੇ, “ਰਾਤ ਜਦੋਂ ਤੁਸੀਂ ਸੌਂ ਗਏ ਤਾਂ ਮੈਂ ਉੱਠ ਕੇ ਬਹੁਤ ਦੂਰ ਨਿਕਲ ਗਿਆ ਅਤੇ ਅੱਲਾ ਰੱਖੀ ਨੂੰ ਯਾਦ ਕਰਦਿਆਂ ਫੇਰ ਰਬਾਬ ਰਾਹੀਂ ਉਹੀ ਵਡਹੰਸ ਰਾਗ ਦੀਆਂ ਸੁਰਾਂ ਛੋਹ ਬੈਠਾ । ਮੈਂ ਦੂਰ ਇਸ ਲਈ ਗਿਆ ਤਾਂ ਜੋ ਮੇਰੀ ਰਬਾਬ ਦੀ ਆਵਾਜ਼ ਤੁਹਾਡੀ ਮਿੱਠੀ ਨੀਂਦ ਵਿਚ ਖਲਲ ਨਾ ਪਾਵੇ। ਰਬਾਬ ਵਜਾਉਂਦਿਆਂ ਭਾਵੇਂ ਸਰੀਰਕ ਤੌਰ ‘ਤੇ ਮੈਂ ਏਥੇ ਹੀ ਸਾਂ, ਪਰ ਅਸਲ ਵਿਚ ਮੈਂ ਤਲਵੰਡੀ ਆਪਣੇ ਘਰ ਪਹੁੰਚਿਆ ਹੋਇਆ ਸਾਂ ।”

ਗੁਰੂ ਬਾਬਾ ਜੀ ਨੇ ਭਾਈ ਮਰਦਾਨਾ ਨੂੰ ਥਾਪੜਾ ਦਿੱਤਾ ਅਤੇ ਕਿਹਾ, “ਭਾਈ ਮਰਦਾਨਾ, ਮੈਂ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਸਮਝ ਚੁੱਕਾ ਸਾਂ ਕਿ ਤੁਸੀਂ ਆਪਣੇ ਪਰਿਵਾਰ ਲਈ ਓਦਰ ਗਏ ਹੋ। ਅਸਲ ਵਿਚ ਪਿਛਲੇ ਪੰਜ ਚਾਰ ਦਿਨਾਂ ਵਿਚ ਤੁਸਾਂ ਦੋ ਤਿੰਨ ਵਾਰ ਤਲਵੰਡੀ ਅਤੇ ਤਲਵੰਡੀ ਦੇ ਲੋਕਾਂ ਦਾ ਜ਼ਿਕਰ ਕੀਤਾ ਸੀ। ਮੈਂ ਉਦੋਂ ਹੀ ਸਮਝ ਗਿਆ ਸਾਂ ਕਿ ਭਾਈ ਮਰਦਾਨਾ ਨੂੰ ਹੁਣ ਤਲਵੰਡੀ ਅਤੇ ਉਥੇ ਵੱਸਦੇ ਆਪਣੇ ਪਰਿਵਾਰ ਦੀ ਯਾਦ ਆ ਰਹੀ ਏ। ਇਸੇ ਕਰਕੇ ਅਸਾਂ ਕੱਲ੍ਹ ਹੀ ਇਹ ਫ਼ੈਸਲਾ ਕਰ ਲਿਆ ਸੀ ਕਿ ਮੁਲਤਾਨ ਤੋਂ ਸਿੱਧੇ ਕੁਝ ਦਿਨਾਂ ਲਈ ਤਲਵੰਡੀ ਜਾਵਾਂਗੇ।”

ਭਾਈ ਮਰਦਾਨਾ ਜੀ ਦੇ ਗੁਰੂ ਬਾਬਾ ਜੀ ਨਾਲ ਬੜੇ ਪਿਆਰੇ ਸੰਬੰਧ ਸਨ। ਉਹ ਆਪਣੇ ਦਿਲ ਦੀ ਹਰ ਗੱਲ ਬਾਬਾ ਜੀ ਨਾਲ ਬਿਨਾਂ ਕਿਸੇ ਲਗ-ਲਬੇੜ ਦੇ ਸਾਂਝੀ ਕਰ ਲੈਂਦੇ ਸਨ। ਜਿਥੇ ਉਹ ਬਾਬਾ ਜੀ ਅੱਗੇ ਤਹਿ ਦਿਲ ਤੋਂ ਸਤਿਕਾਰ ਅਤੇ ਸ਼ਰਧਾ ਨਾਲ ਸਦਾ ਸਿਰ ਝੁਕਾਉਂਦੇ ਸਨ, ਉਥੇ ਹੀ ਸਫ਼ਰ ਦੌਰਾਨ ਉਹ ਆਪਣੇ ਸੁਭਾਅ ਅਨੁਸਾਰ ਮਿੱਤਰਾਂ ਵਾਂਗ ਹਾਸਾ ਮਜ਼ਾਕ ਵੀ ਕਰ ਲੈਂਦੇ ਸਨ । ਮਰਾਸੀ ਵੈਸੇ ਵੀ ਆਪਣੀ ਖ਼ੁਸ਼-ਮਿਜ਼ਾਜ਼ੀ ਅਤੇ ਹਾਜ਼ਰ-ਜਵਾਬੀ ਲਈ ਪ੍ਰਸਿੱਧ ਹਨ।

ਦੋ ਦਿਨਾਂ ਬਾਅਦ ਇਹ ਦੋਵੇਂ ਮੁਲਤਾਨ ਤੋਂ ਤਲਵੰਡੀ ਵੱਲ ਮੁੜ ਪਏ। ਕੁਝ ਦਿਨਾਂ ਦੇ ਸਫ਼ਰ ਮਗਰੋਂ ਜਦ ਇਹ ਕਸੂਰ ਦੇ ਇਲਾਕੇ ਕੋਲ ਪਹੁੰਚੇ ਤਾਂ ਗੁਰੂ ਬਾਬਾ ਜੀ ਕਹਿਣ ਲੱਗੇ, “ਮਰਦਾਨਿਆਂ ਥੋੜ੍ਹਾ ਜਿਹਾ ਵਲ ਪਾ ਕੇ ਜਾਣਾ ਪਵੇਗਾ।”

“ਕਿਉਂ ਬਾਬਾ ਜੀ ?”

“ਭਾਈ ਮਰਦਾਨਾ, ਹੁਣੇ ਜਿਹੇ ਕਲੇਜੇ ਵਿਚ ਖਿੱਚ ਜਿਹੀ ਪੈਣ ਲੱਗੀ ਏ। ਲੱਗਦਾ ਏ ਬੇਬੇ ਨਾਨਕੀ ਸਾਨੂੰ ਯਾਦ ਪਈ ਕਰਦੀ ਏ । ਉਸ ਦੇ ਨਿੱਘੇ ਭੈਣ-ਪਿਆਰ ਦੀ ਤੰਦ ਨੇ ਸਾਡਾ ਰਾਹ ਰੋਕ ਲਿਆ ਏ । ਪਹਿਲਾਂ ਭੈਣ ਨੂੰ ਮਿਲ ਆਈਏ। ਲੱਗਦੈ ਉਹ ਏਸ ਵੇਲੇ ਹੰਝੂ ਵਹਾ ਰਹੀ ਏ।”

“ਠੀਕ ਕਹਿੰਦੇ ਹੋ ਮਹਾਰਾਜ। ਬੇਬੇ ਨਾਨਕੀ ਤੁਹਾਡੇ ਇਕੱਲਿਆਂ ਦੀ ਭੈਣ ਨਹੀਂ, ਉਹ ਮੇਰੀ ਵੀ ਭੈਣ ਏ। ਉਸ ਪ੍ਰਤੀ ਮੇਰਾ ਪਿਆਰ ਅਤੇ ਸਤਿਕਾਰ ਕਿਸੇ ਨਾਲੋਂ ਘੱਟ ਨਹੀਂ। ਉਸ ਨੂੰ ਮਿਲਣ ਤੋਂ ਮਗਰੋਂ ਹੀ ਅੱਗੇ ਚੱਲਾਂਗੇ।”

10.

“ਕੀ ਗੱਲ ਅੱਜ ਤੁਸੀਂ ਸਵੇਰ ਤੋਂ ਹੀ ਚੁੱਪ-ਚਾਪ ਅਤੇ ਉਦਾਸ ਬੈਠੇ ਹੋ ? ਅੱਜ ਤੁਹਾਡੀਆਂ ਅੱਖਾਂ ਵਿਚ ਇਹ ਅੱਥਰੂ ਕਿਉਂ ਆਏ ਹਨ ? ਤੁਸੀਂ ਤਾਂ ਸਦਾ ਚੜ੍ਹਦੀਆਂ ਕਲਾਂ ਵਿਚ ਰਹਿਣ ਵਾਲੇ ਹੋ।” ਰਸੋਈ ਵਿਚ ਉਦਾਸ ਬੈਠੀ ਬੀਬੀ ਨਾਨਕੀ ਨੂੰ ਉਨ੍ਹਾਂ ਦੇ ਪਤੀ ਜੈਰਾਮ ਨੇ ਕਿਹਾ।

ਸੁਣ ਕੇ ਬੀਬੀ ਨਾਨਕੀ ਦੇ ਸਬਰ ਦਾ ਕੜ ਟੁੱਟ ਗਿਆ। ਤ੍ਰਿਪ-ਤ੍ਰਿਪ ਹੰਝੂ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਵਹਿਣ ਲੱਗੇ। ਕਹਿਣ ਲੱਗੇ, “ਉਂਜ ਤਾਂ ਪਿਛਲੇ ਇਕ ਦੋ ਦਿਨਾਂ ਤੋਂ ਹੀ ਵੀਰ ਨਾਨਕ ਦੀ ਯਾਦ ਆ ਰਹੀ ਸੀ, ਪਰ ਪਤਾ ਨਹੀਂ ਕਿਉਂ ਅੱਜ ਸਵੇਰ ਤੋਂ ਹੀ ਨਾਨਕ ਵਧੇਰੇ ਯਾਦ ਆ ਰਿਹਾ ਏ। ਕਿੰਨੇ ਹੀ ਸਾਲ ਹੋ ਗਏ ਨੇ ਉਸ ਨੂੰ ਘਰੋਂ ਗਿਆਂ…ਪਤਾ ਨਹੀਂ ਕਿਥੇ ਏ ਅਤੇ ਕਿਸ ਹਾਲ ਵਿਚ ਏ ?”

ਭਾਈਆ ਜੈਰਾਮ ਨੇ ਬੀਬੀ ਨਾਨਕੀ ਨੂੰ ਦਿਲਾਸਾ ਦਿੰਦਿਆਂ ਕਿਹਾ, “ਤੁਸੀਂ ਖ਼ੁਦ ਹੀ ਤਾਂ ਕਹਿੰਦੇ ਹੋ ਕਿ ਉਹ ਰੱਬ ਸਰੂਪ ਏ, ਫਿਰ ਚਿੰਤਾ ਕਿਸ ਗੱਲ ਦੀ ? ਨਾਲੇ ਭਾਈ ਮਰਦਾਨਾ ਉਨ੍ਹਾਂ ਦੇ ਨਾਲ ਏ। ਭਾਈ ਮਰਦਾਨਾ ਤੋਂ ਵੱਧ ਉਨ੍ਹਾਂ ਦਾ ਧਿਆਨ ਹੋਰ ਕੌਣ ਰੱਖ ਸਕਦਾ ਏ ?”

“ਵੀਰ ਮਰਦਾਨਾ ਨਾਨਕ ਦੇ ਨਾਲ ਏ, ਇਹ ਮੇਰੇ ਵਾਸਤੇ ਵੱਡੀ ਤਸੱਲੀ ਏ। ਫੇਰ ਵੀ ਪਤਾ ਨਹੀਂ ਕਿਉਂ ਨਾਨਕ ਦਾ ਮੁਖੜਾ ਦੇਖਣ ਲਈ ਹੁਣ ਦਿਲ ਜ਼ਿਆਦਾ ਹੀ ਉਤਾਵਲਾ ਏ । ਖ਼ਬਰੇ ਕਿਉਂ ਉਸ ਨੇ ਆਪਣੀ ਵੱਡੀ ਭੈਣ ਨੂੰ ਵਿਸਾਰ ਛੋੜਿਆ ਏ।” ਬੀਬੀ ਨਾਨਕੀ ਨੇ ਆਪਣੀਆਂ ਅੱਖਾਂ ਪੂੰਝਦਿਆਂ ਹੋਇਆਂ ਕਿਹਾ। ਇਸ ਦੇ ਨਾਲ ਹੀ ਉਸ ਆਪਣੀ ਨੌਕਰਾਣੀ ਤੁਲਸਾਂ ਨੂੰ ਆਵਾਜ਼ ਦਿੱਤੀ ਅਤੇ ਕਿਹਾ, “ਤੂੰ ਕੋਠੇ ‘ਤੇ ਜਾ ਕੇ ਦੂਰ ਦੂਰ ਤਕ ਨਜ਼ਰ ਦੁੜਾ ਕੇ ਦੇਖ, ਹੋ ਸਕਦਾ ਏ ਨਾਨਕ ਕਿਸੇ ਪਾਸਿਓਂ ਆਉਂਦਾ ਹੀ ਹੋਵੇ।”

ਬੀਬੀ ਨਾਨਕੀ ਦੀ ਹਾਲਤ ਦੇਖ ਕੇ ਭਾਈਆ ਜੈਰਾਮ ਕੁਝ ਗੰਭੀਰ ਹੋ ਗਏ। ਉਨ੍ਹਾਂ ਨੂੰ ਪਤਾ ਸੀ ਕਿ ਬਾਬਾ ਨਾਨਕ ਦੇਸ਼ ਦੇ ਗ਼ਰੀਬ, ਦੁਖੀ, ਸਤਾਏ ਅਤੇ ਦਬਾਏ ਜਾਂ ਭੁੱਲੜ ਲੋਕਾਂ ਨੂੰ ਜੀਵਨ ਸੇਧ ਦੇਣ ਲਈ ਦੇਸ-ਦੇਸਾਂਤਰ ਦੇ ਸਫ਼ਰ ਉੱਤੇ ਨਿਕਲੇ ਹੋਏ ਹਨ। ਪਤਾ ਨਹੀਂ ਉਹ ਇਸ ਵੇਲੇ ਕਿਥੇ ਹਨ ? ਬੀਬੀ ਨਾਨਕੀ ਦੀ ਭਰਾ ਬਾਰੇ ਏਨੀ ਚਿੰਤਾ ਕਰਨੀ ਉਨ੍ਹਾਂ ਨੂੰ ਵਾਧੂ ਲੱਗ ਰਹੀ ਸੀ। ਫੇਰ ਵੀ ਪਤਨੀ ਨੂੰ ਧੀਰਜ ਦੇਣ ਲਈ ਕਹਿਣ ਲੱਗੇ, “ਦੇਖ ਨਾਨਕੀ, ਨਾਨਕ ਜੀ ਤਾਂ ਭੁੱਲੇ ਲੋਕਾਂ ਨੂੰ ਸਿੱਧੇ ਰਾਹ ‘ਤੇ ਲਿਆਉਣ ਲਈ ਬਹੁਤ ਲੰਮੀ ਯਾਤਰਾ ਉੱਤੇ ਗਏ ਨੇ । ਜਦੋਂ ਵੀ ਕਦੀ ਉਨ੍ਹਾਂ ਨੂੰ ਸਮਾਂ ਮਿਲਿਆ, ਉਹ ਜ਼ਰੂਰ ਸਾਨੂੰ ਮਿਲਣ ਆਉਣਗੇ । ਪਰ ਜ਼ਰੂਰੀ ਨਹੀਂ ਕਿ ਸਾਡੇ ਯਾਦ ਕਰਨ ਉੱਤੇ ਉਹ ਦੋ-ਚਾਰ ਦਿਨਾਂ ਵਿਚ ਹੀ ਏਥੇ ਪਹੁੰਚ ਜਾਣ। ਤੁਸੀਂ ਉੱਠੋ, ਹੌਸਲਾ ਕਰੋ ਅਤੇ ਰੋਟੀ-ਪਾਣੀ ਦਾ ਆਹਰ ਕਰੋ।”

“ਨਹੀਂ ਜੀ, ਇਹ ਗੱਲ ਨਹੀਂ। ਵੀਰ ਨੇ ਮੇਰੇ ਨਾਲ ਇਕਰਾਰ ਕੀਤਾ ਸੀ ਕਿ ਜਦੋਂ ਵੀ ਮੈਂ ਉਸ ਨੂੰ ਯਾਦ ਕਰਾਂਗੀ, ਉਹ ਜ਼ਰੂਰ ਮੈਨੂੰ ਮਿਲਣ ਆਏਗਾ। ਮੇਰਾ ਅਰਸ਼ੀ ਵੀਰ ਕਦੀ ਝੂਠਾ ਇਕਰਾਰ ਨਹੀਂ ਕਰ ਸਕਦਾ।”

ਤੁਲਸਾਂ ਕੋਠੇ ਉੱਤੋਂ ਵਾਪਸ ਆ ਗਈ ਅਤੇ ਦੱਸਣ ਲੱਗੀ ਕਿ ਉਸ ਨੇ ਚਾਰੇ ਪਾਸੇ ਦੇਖਿਆ ਹੈ। ਉਸ ਨੂੰ ਤਾਂ ਕਿਤੇ ਕੋਈ ਆਉਂਦਾ ਹੋਇਆ ਨਜ਼ਰ ਨਹੀਂ ਆਇਆ।

ਸੁਣ ਕੇ ਬੀਬੀ ਨਾਨਕੀ ਫਿਰ ਉਦਾਸ ਹੋ ਗਈ ਅਤੇ ਤੁਲਸਾਂ ਨੂੰ ਕਹਿਣ ਲੱਗੀ, “ਤੂੰ ਫੇਰ ਉੱਪਰ ਜਾਹ, ਚੰਗੀ ਤਰ੍ਹਾਂ ਦੇਖ। ਨਜ਼ਰ ਦੂਰ-ਦੂਰ ਤਕ ਘੁਮਾ ਕੇ ਦੇਖ।” “ਬੀਬੀ ਜੀ, ਮੈਂ ਚੰਗੀ ਤਰ੍ਹਾਂ ਦੇਖ ਕੇ ਆਈ ਹਾਂ, ਕਿਸੇ ਪਾਸਿਉਂ ਕੋਈ ਨਹੀਂ ਆ ਰਿਹਾ।”

ਬੀਬੀ ਨਾਨਕੀ ਫੇਰ ਸੋਚਾਂ ਵਿਚ ਪੈ ਗਈ। ਅੱਧੇ ਪੌਣੇ ਘੰਟੇ ਪਿੱਛੋਂ ਫੇਰ ਕਹਿਣ ਲੱਗੀ, “ਤੁਲਸਾਂ, ਤੂੰ ਇਕ ਵਾਰ ਫੇਰ ਕੋਠੇ ‘ਤੇ ਜਾ ਕੇ ਵੇਖ। ਚੰਗੀ ਤਰ੍ਹਾਂ ਚਾਰੇ ਪਾਸੇ ਦੇਖੀਂ, ਜਾਹ ਮੇਰੀ ਭੈਣ, ਇਕ ਚੱਕਰ ਫੇਰ ਲਗਾ ਕੇ ਆ।”

ਤੁਲਸਾਂ ਕੋਠੇ ਉੱਤੇ ਗਈ ਅਤੇ ਪਿਛਲੇ ਪੈਰੀਂ ਦੌੜਦੀ ਹੋਈ ਵਾਪਸ ਆ ਗਈ ਅਤੇ ਮੁਸਕਰਾਉਂਦੀ ਹੋਈ ਕਹਿਣ ਲੱਗੀ, “ਬੀਬੀ ਜੀ, ਲੱਗਦਾ ਏ ਦੂਰ ਕੋਈ ਦੋ ਮਨੁੱਖ ਲਹਿੰਦੇ ਵੱਲੋਂ ਏਧਰ ਆ ਰਹੇ ਨੇ । ਮੈਨੂੰ ਤਾਂ ਦੂਰੋਂ ਬਾਬਾ ਜੀ ਅਤੇ ਭਾਈ ਮਰਦਾਨਾ ਵਰਗੇ ਹੀ ਲੱਗਦੇ ਨੇ । ਤੁਸੀਂ ਜ਼ਰਾ ਖ਼ੁਦ ਉੱਪਰ ਜਾ ਕੇ ਨਜ਼ਰ ਮਾਰੋ।”

ਬੀਬੀ ਨਾਨਕੀ ਛਾਲ ਮਾਰ ਕੇ ਖੜੀ ਹੋ ਗਈ ਅਤੇ ਦੌੜਦੀ ਹੋਈ ਪੌੜੀਆਂ ਚੜ੍ਹ ਗਈ। ਕੋਲ ਖਲੋਤੀ ਤੁਲਸਾਂ ਨੂੰ ਜੱਫੀ ਪਾ ਕੇ ਕਹਿਣ ਲੱਗੀ, “ਕੁੜੀਏ ਤੇਰੇ ਮੂੰਹ ਵਿਚ ਘਿਉ-ਸ਼ੱਕਰ, ਉਹ ਮੇਰਾ ਵੀਰ ਅਤੇ ਭਾਈ ਮਰਦਾਨਾ ਹੀ ਹਨ।” ਪੌੜੀਆਂ ਉਤਰ ਕੇ ਥੱਲੇ ਆਈ, ਡਿਉਢੀ ਦਾ ਭੀੜਿਆ ਹੋਇਆ ਦਰ ਖੋਲ੍ਹ ਦਿੱਤਾ। ਅਤੇ ਉਸੇ ਤਰ੍ਹਾਂ ਨੰਗੇ ਪੈਰੀਂ ਦਰਵਾਜ਼ੇ ‘ਤੇ ਖੜੀ ਹੋ ਕੇ ਉਡੀਕਣ ਲੱਗੀ। ਉਸ ਦੀ ਖ਼ੁਸ਼ੀ ਡੱਕਿਆਂ ਡੱਕੀ ਨਹੀਂ ਸੀ ਜਾਂਦੀ। ਏਸ ਅਣਮਿੱਥੀ ਅੰਦਰੂਨੀ ਖ਼ੁਸ਼ੀ ਦੇ ਕਾਰਨ ਉਸ ਦਾ ਚਿਹਰਾ ਹੋਰ ਵੀ ਰੌਸ਼ਨ ਹੋ ਗਿਆ।

“ਸਤਿ ਕਰਤਾਰ” ਕਹਿ ਬਾਬਾ ਜੀ ਨੇ ਆਉਂਦਿਆਂ ਪਹਿਲਾਂ ਬੇਬੇ ਨਾਨਕੀ ਅਤੇ ਫੇਰ ਭਾਈਆ ਜੈਰਾਮ ਦੇ ਪੈਰ ਛੂਹੇ। ਬੀਬੀ ਨਾਨਕੀ ਨੇ ਵੀਰ ਨੂੰ ਗਲੇ ਲਗਾਇਆ। ਖ਼ੁਸ਼ੀ ਦੇ ਹੰਝੂ ਆਪ-ਮੁਹਾਰੇ ਵਗ ਰਹੇ ਸਨ । ਖ਼ੁਸ਼ੀ ਕਾਰਨ ਉਸ ਦੇ ਮੂੰਹੋਂ ਸ਼ਬਦ ਨਹੀਂ ਸਨ ਨਿਕਲ ਰਹੇ। ਪਰ ਕਈ ਵਾਰ ਬਿਨਾਂ ਸ਼ਬਦਾਂ ਦੇ ਵੀ ਬਹੁਤ ਕੁਝ ਕਿਹਾ ਜਾਂਦਾ ਹੈ।

ਕੁਝ ਪਲ ਰੁਕ ਕੇ, ਚਿਹਰੇ ਉੱਤੇ ਮੁਸਕਰਾਹਟ ਲਿਆ ਕੇ ਅੱਖਾਂ ਪੂੰਝਦੀ ਹੋਈ। ਕਹਿਣ ਲੱਗੀ, “ਮੈਨੂੰ ਪਤਾ ਸੀ ਮੇਰਾ ਵੀਰ ਝੂਠ ਨਹੀਂ ਬੋਲ ਸਕਦਾ ਅਤੇ ਨਾ ਹੀ ਝੂਠਾ ਲਾਰਾ ਲਗਾ ਸਕਦਾ ਏ। ਅੱਜ ਭੈਣ ਸਵੇਰ ਤੋਂ ਹੀ ਯਾਦ ਕਰ ਰਹੀ ਸੀ ਆਪਣੇ ਨਿੱਕੇ ਵੀਰ ਨੂੰ।”

ਭਾਈ ਮਰਦਾਨਾ ਜੀ ਨੇ ਵੀ ਅੱਗੇ ਹੋ ਕੇ ਪਹਿਲਾਂ ਜੈਰਾਮ ਨੂੰ ਮੱਥਾ ਟੇਕਿਆ। ਅਤੇ ਫੇਰ ਭੈਣ ਨਾਨਕੀ ਨੂੰ ।

ਅੱਜ ਬੇਬੇ ਨਾਨਕੀ ਦੇ ਮਨ ਅਤੇ ਘਰ ਵਿਚ ਬਹਾਰ ਆ ਗਈ। ਦੋ ਵੀਰ ਉਸ ਨੂੰ ਅੱਜ ਮਿਲੇ । ਇਕ ਉਨ੍ਹਾਂ ਤੋਂ ਪੰਜ ਸਾਲ ਛੋਟਾ ਅਤੇ ਦੂਸਰਾ ਉਨ੍ਹਾਂ ਤੋਂ ਪੰਜ ਸਾਲ ਵੱਡਾ। ਉਸ ਨੇ ਨੌਕਰਾਣੀ ਦੀ ਸਹਾਇਤਾ ਨਾਲ ਸਭ ਵਾਸਤੇ ਬੜੇ ਪ੍ਰੇਮ ਨਾਲ ਲੰਗਰ ਤਿਆਰ ਕੀਤਾ। ਆਪਣੇ ਦੋਹਾਂ ਵੀਰਾਂ, ਨਾਨਕ ਅਤੇ ਮਰਦਾਨਾ ਦੇ ਇਸ਼ਨਾਨ ਪਾਣੀ ਕਰਨ ਮਗਰੋਂ ਸਾਰਿਆਂ ਨੇ ਰਲ ਕੇ ਭੋਜਨ ਕੀਤਾ।

ਸੁਲਤਾਨਪੁਰ ਵਿਚ ਖ਼ਬਰ ਫੈਲ ਗਈ ਕਿ ਨਾਨਕੀ ਦਾ ਨਿੱਕਾ ਭਰਾ ਨਾਨਕ ਤਪਾ ਆਪਣੇ ਸਾਥੀ ਮਰਦਾਨਾ ਦੇ ਨਾਲ ਪਿੰਡ ਵਿਚ ਆਇਆ ਹੈ। ਵੈਸੇ ਤਾਂ ਗੁਰੂ ਬਾਬਾ ਨਾਨਕ ਦਾ ਨਾਮ ਬੜੀ ਦੂਰ-ਦੂਰ ਤਕ ਫੈਲ ਚੁੱਕਾ ਸੀ, ਪਰ ਸੁਲਤਾਨਪੁਰ ਦੇ ਲੋਕਾਂ ਦਾ ਉਨ੍ਹਾਂ ਨਾਲ ਕੁਝ ਵਧੇਰੇ ਹੀ ਲਗਾਓ ਸੀ । ਇਕ ਤਾਂ ਪਿੰਡ ਦੀ ਨੂੰਹ ਦੇ ਭਰਾ ਅਤੇ ਦੂਸਰਾ ਇਥੇ ਕਾਫ਼ੀ ਸਮਾਂ ਮੋਦੀਖ਼ਾਨਾ ਸੰਭਾਲਣ ਦੇ ਦੌਰਾਨ ਗੁਜ਼ਾਰਦਿਆਂ ਉਹ ਹਰ ਛੋਟੇ ਵੱਡੇ ਦੇ ‘ਆਪਣੇ’ ਅਤੇ ‘ਪਿਆਰੇ’ ਬਣ ਚੁੱਕੇ ਸਨ। ਪਿੰਡ ਦੇ ਲੋਕ ਜੈਰਾਮ ਦੇ ਘਰ ਬਾਬਾ ਨਾਨਕ ਜੀ ਨੂੰ ਬੜੇ ਸਤਿਕਾਰ ਅਤੇ ਪ੍ਰੇਮ ਨਾਲ ਮਿਲਣ ਆਉਣੇ ਸ਼ੁਰੂ ਹੋ ਗਏ । ਬਾਬਾ ਜੀ ਸਭ ਨੂੰ ਅਸੀਸਾਂ ਅਤੇ ਆਪਣੀਆਂ ਸ਼ੁਭ ਕਾਮਨਾਵਾਂ ਦਿੰਦੇ। ਬੀਬੀ ਨਾਨਕੀ ਹਰ ਆਏ-ਗਏ ਦੀ ਪ੍ਰਸ਼ਾਦ ਪਾਣੀ ਨਾਲ ਖ਼ੁਸ਼ੀ-ਖ਼ੁਸ਼ੀ ਸੇਵਾ ਕਰਦੀ।

ਖਾਣਾ ਖਾਣ ਬਾਅਦ ਬੜੀ ਦੇਰ ਤਕ ਭੈਣ ਨਾਨਕੀ ਵੀਰ ਨਾਨਕ ਨਾਲ ਗੱਲਾਂ ਕਰਦੀ ਰਹੀ। ਉਨ੍ਹਾਂ ਦੇ ਸਫ਼ਰ ਬਾਰੇ, ਸਫ਼ਰ ਵਿਚ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਅਤੇ ਉਨ੍ਹਾਂ ਦੇ ਉੱਚੇ ਅਤੇ ਮਹਾਨ ਇਰਾਦਿਆਂ ਬਾਰੇ ਬਾਬਾ ਜੀ ਕੋਲੋਂ ਪੁੱਛਦੀ ਰਹੀ।

ਅਗਲੇ ਦਿਨ ਤੋਂ ਸਵੇਰ-ਸ਼ਾਮ ਬਾਣੀ ਦਾ ਕੀਰਤਨ ਹੋਣ ਲੱਗਾ। ਬਾਬਾ ਜੀ ਦੀ ਇਲਾਹੀ ਬਾਣੀ ਅਤੇ ਭਾਈ ਮਰਦਾਨਾ ਜੀ ਦੀ ਰਬਾਬ ਦੀਆਂ ਧੁਨਾਂ ਲੋਕਾਂ ਨੂੰ ਕੀਲ ਲੈਂਦੀਆਂ। ਲੋਕ ਘਰ ਵਾਪਸ ਆ ਕੇ ਵੀ ਬਾਬਾ ਜੀ ਦੀ ਬਾਣੀ ਗਾਇਨ ਕਰਦੇ। ਇੰਜ ਲੱਗਦਾ ਜਿਵੇਂ ਘਰ-ਘਰ ਅੰਦਰ ਧਰਮਸਾਲ ਬਣ ਗਈ ਹੋਵੇ।

ਜੈਰਾਮ ਜੀ ਭਾਈ ਮਰਦਾਨਾ ਨਾਲ ਕਿੰਨਾ-ਕਿੰਨਾ ਚਿਰ ਗੱਲਾਂ ਕਰਦੇ ਰਹਿੰਦੇ। ਜੈਰਾਮ ਉਨ੍ਹਾਂ ਕੋਲੋਂ ਉਨ੍ਹਾਂ ਦੀਆਂ ਬਾਬਾ ਜੀ ਨਾਲ ਕੀਤੀਆਂ ਯਾਤਰਾਵਾਂ ਬਾਰੇ ਪੁੱਛਦੇ ਰਹਿੰਦੇ। ਜੈਰਾਮ ਇਹ ਸੋਚ ਕੇ ਹੈਰਾਨ ਹੁੰਦੇ ਕਿ ਕੀ ਇਹ ਉਹੀ ਤਲਵੰਡੀ ਦਾ ਸਿੱਧਾ ਸਾਦਾ ਮਰਾਸੀ ਹੈ ਜੋ ਲੋਕਾਂ ਦੇ ਵਿਆਹ ਸ਼ਾਦੀਆਂ ਵਿਚ ਜਾ ਕੇ ਸੋਹਿਲੇ ਗਾਉਂਦਾ ਸੀ। ਹੁਣ ਤਾਂ ਇਸ ਦਾ ਰੂਪ ਹੀ ਬਦਲ ਗਿਆ ਹੈ। ਕਿੰਨੀਆਂ ਡੂੰਘੀਆਂ ਅਤੇ ਮਾਰਫ਼ਤ ਦੀਆਂ ਗੱਲਾਂ ਕਰਦਾ ਹੈ। ਕਿੰਨਾ ਇਸ ਦੇ ਗਿਆਨ ਵਿਚ ਵਾਧਾ ਹੋ ਗਿਆ ਹੈ। ਕਿੰਨੇ ਉੱਚੇ ਹੋ ਗਏ ਹਨ ਇਸ ਦੇ ਵਿਚਾਰ। ਕਿੰਨਾ ਚਿਹਰੇ ਉੱਤੇ ਜਲਾਲ ਆ ਗਿਆ ਹੈ।

ਪੰਜ ਛੇ ਦਿਨ ਸੁਲਤਾਨਪੁਰ ਵਿਚ ਇਕ ਪਵਿੱਤਰ ਉਤਸਵ ਦਾ ਮਾਹੌਲ ਬਣਿਆ ਰਿਹਾ।

ਅੱਜ ਬਾਬਾ ਜੀ ਅਤੇ ਭਾਈ ਮਰਦਾਨਾ ਆਪਣੀ ਅਗਲੀ ਯਾਤਰਾ ਲਈ ਤਿਆਰ ਹੋ ਗਏ। ਪਿੰਡ ਦੇ ਲੋਕਾਂ ਨੇ ਕੁਝ ਦਿਨ ਹੋਰ ਰਹਿਣ ਲਈ ਬੇਨਤੀਆਂ ਕੀਤੀਆਂ ਪਰ ਬਾਬਾ ਜੀ ਨੇ ਆਪਣੀ ਮਜਬੂਰੀ ਦੱਸ ਕੇ ਲੋਕਾਂ ਕੋਲੋਂ ਖਿਮਾ ਮੰਗੀ। ਖ਼ਾਸ ਕਰਕੇ ਭੈਣ ਨਾਨਕੀ ਨੇ ਤਾਂ ਬੇਹੱਦ ਕੋਸ਼ਿਸ਼ ਕੀਤੀ ਵੀਰ ਨੂੰ ਕੁਝ ਦਿਨ ਹੋਰ ਰੋਕਣ ਦੀ, ਪਰ ਕੋਈ ਅਸਰ ਨਾ ਹੋਇਆ। ਭੈਣ ਨੇ ਰੋਂਦਿਆਂ ਤਰਲੇ ਕੀਤੇ, ਵਾਸਤੇ ਪਾਏ ਅਤੇ ਕਿਹਾ, “ਵੀਰ ਤੈਨੂੰ ਕੀ ਪਤਾ ਤੇਰੇ ਮਗਰੋਂ ਮੈਂ ਤੈਨੂੰ ਕਿਸ ਸ਼ਿੱਦਤ ਨਾਲ ਯਾਦ ਕਰਦੀ ਹਾਂ। ਤੇਰੀ ਗ਼ੈਰ-ਮੌਜੂਦਗੀ ਨੂੰ ਕਿੰਨਾ ਮਹਿਸੂਸ ਕਰਦੀ ਹਾਂ। ਨਿੱਕੇ ਹੁੰਦਿਆਂ ਮੈਂ ਤੈਨੂੰ ਨਿੱਕੇ ਭਰਾ ਵਾਂਗ ਨਹੀਂ ਸਗੋਂ ਪੁੱਤਰ ਵਾਂਗ ਪਾਲਿਆ। ਤੂੰ ਜਿਵੇਂ-ਕਿਵੇਂ ਮੇਰੀਆਂ ਅੱਖਾਂ ਸਾਹਵੇਂ ਹੀ ਰਹੁ। ਮੇਰਾ ਬੀਬਾ ਵੀਰ…।”

“ਬੇਬੇ ਤੂੰ ਮੈਨੂੰ ਏਨਾ ਯਾਦ ਨਾ ਕੀਤਾ ਕਰ । ਤੇਰਾ ਪਿਆਰ ਮੇਰੇ ਰਸਤੇ ਵਿਚ ਆਣ ਖਲੋਂਦਾ ਏ। ਕਰਤਾਰ ਨੇ ਮੇਰੇ ਜ਼ਿੰਮੇ ਵੱਡੇ ਕੰਮ ਲਗਾਏ ਨੇ। ਫੇਰ ਵੀ ਬੇਬੇ ਤੂੰ ਮੈਨੂੰ ਜਦੋਂ ਯਾਦ ਕਰੇਂਗੀ, ਮੈਂ ਤੇਰੇ ਪਾਸ ਪਹੁੰਚਣ ਦਾ ਯਤਨ ਕਰਾਂਗਾ। ਹੁਣ ਮੈਨੂੰ ਨਾ ਰੋਕ। ਮੈਨੂੰ ਖ਼ੁਸ਼ੀ ਖ਼ੁਸ਼ੀ ਵਿਦਾ ਕਰ।”

ਭੈਣ ਨਾਨਕੀ ਨੇ ਭਾਈ ਮਰਦਾਨਾ ਜੀ ਨੂੰ ਇਕ ਪਾਸੇ ਲਿਜਾ ਕੇ ਨਮ ਅੱਖਾਂ ਨਾਲ ਕਿਹਾ, “ਭਾਈ ਜੀ ਤੁਸੀਂ ਨਾਨਕ ਦੇ ਨਾਲ ਹੋ, ਇਸ ਲਈ ਮੇਰੀ ਚਿੰਤਾ ਕੁਝ ਘੱਟ ਜਾਂਦੀ ਏ। ਤੁਸੀਂ ਇਸ ਦਾ ਖ਼ਿਆਲ ਰੱਖਣਾ।”

“ਭੈਣ ਨਾਨਕੀ ਤੁਹਾਨੂੰ ਭੁਲੇਖਾ ਏ। ਮੈਂ ਬਾਬੇ ਨਾਨਕ ਦੇ ਨਾਲ ਨਹੀਂ ਹਾਂ, ਬਲਕਿ ਬਾਬਾ ਨਾਨਕ ਜੀ ਮੇਰੇ ਨਾਲ ਨੇ। ਜੋ ਮੇਰੇ ਸਮੇਤ ਸਾਰੇ ਜਗਤ ਦਾ ਖ਼ਿਆਲ ਰੱਖਦੇ ਨੇ। ਤੁਸੀਂ ਇਨ੍ਹਾਂ ਬਾਰੇ ਕਿਉਂ ਚਿੰਤਾ ਕਰਦੇ ਹੋ ?”

ਸੁਲਤਾਨਪੁਰ ਦੀ ਹੱਦ ਤਕ ਪਿੰਡ ਦੇ ਮੋਹਤਬਰ ਅਤੇ ਹੋਰ ਲੋਕ ਬਾਬਾ ਜੀ ਅਤੇ ਭਾਈ ਮਰਦਾਨਾ ਨੂੰ ਦੂਰ ਤੀਕ ਛੱਡਣ ਆਏ। ਬਾਬਾ ਜੀ ਨੇ ਸਭ ਨੂੰ ਅਸ਼ੀਰਵਾਦ ਦਿੱਤੀ ਅਤੇ ਹੱਥ ਜੋੜ ਕੇ ਉਨ੍ਹਾਂ ਨੂੰ ਵਾਪਸ ਮੁੜ ਜਾਣ ਲਈ ਕਿਹਾ ਅਤੇ ਫਿਰ ਆਪਣੇ ਪੈਂਡੇ ਪੈ ਗਏ।

11.

ਸਾਰੇ ਇਲਾਕੇ ਵਿਚ ਹਾਹਾਕਾਰ ਸੁਣਾਈ ਦੇ ਰਹੀ ਸੀ । ਆਮ ਲੋਕਾਂ ਵਿਚ ਭੱਜ-ਦੌੜ ਮੱਚੀ ਹੋਈ ਸੀ । ਲੋਕ ਆਪਣਾ ਘਰ-ਬਾਰ ਅਤੇ ਸ਼ਹਿਰ ਛੱਡ ਕੇ ਦੂਰ-ਦੁਰਾਡੇ ਪਿੰਡਾਂ ਵਿਚ ਆਪਣਾ ਬਾਲ ਬੱਚਾ ਲੈ ਕੇ ਜਾ ਰਹੇ ਸਨ ।

ਹਰ ਥਾਂ ਲੋਕ ਟੋਲੀਆਂ ਬਣਾ ਕੇ ਅਜਿਹੀਆਂ ਗੱਲਾਂ ਕਰਦੇ ਸੁਣੇ ਜਾਂਦੇ ਸਨ । “…ਏਨਾ ਜ਼ੁਲਮ ? ਏਨਾ ਕਹਿਰ ? ਕਿਸੇ ਸੁਣਿਆ ਸੀ ਅੱਜ ਤਕ ਕਿ ਕੋਈ ਬਾਹਰ ਦੇ ਮੁਲਕ ਦਾ ਜਰਵਾਣਾ ਸਾਡੇ ਦੇਸ਼ ਵਿਚ ਆ ਕੇ ਏਨਾ ਜ਼ੁਲਮ ਢਾਹੇਗਾ ?…ਲੱਗਦਾ ਏ ਕਿਆਮਤ ਦੇ ਦਿਨ ਆ ਗਏ ਨੇ।…ਹਜ਼ਾਰਾਂ ਬੇਗੁਨਾਹਾਂ ਦਾ ਖੂਨ…ਏਨੀ ਲੁੱਟ- ਮਾਰ ? ਬੇਗੁਨਾਹਾਂ ਨਾਲ ਜੇਲ੍ਹਾਂ ਭਰੀਆਂ ਪਈਆਂ ਨੇ ।…ਧੀਆਂ ਭੈਣਾਂ ਦੀ ਏਨੀ ਬੇਇੱਜ਼ਤੀ ? ਕਿਤੇ ਕੋਈ ਸੁਣਵਾਈ ਨਹੀਂ…।”

ਥਾਂ-ਥਾਂ ਕੋਈ ਆਪਣੀ ਹੱਡਬੀਤੀ ਅਤੇ ਕੋਈ ਜੱਗਬੀਤੀ ਸੁਣਾ ਰਿਹਾ ਸੀ।

ਕੋਈ ਵੀ ਆਪਣੇ-ਆਪ ਨੂੰ ਸੁਰੱਖਿਅਤ ਨਹੀਂ ਸੀ ਸਮਝ ਰਿਹਾ। ਸੁਲਤਾਨਪੁਰ ਤੋਂ ਆਉਂਦਿਆਂ ਰਸਤੇ ਵਿਚ ਐਸੀਆਂ ਹੀ ਗੱਲਾਂ ਬਾਬਾ ਜੀ

ਨੂੰ ਵੀ ਸੁਣਨ ਨੂੰ ਮਿਲ ਰਹੀਆਂ ਸਨ। ਸੁਣ-ਸੁਣ ਕੇ ਬਾਬਾ ਜੀ ਦੁਖੀ ਹੋ ਰਹੇ ਸਨ । ਸੈਦਪੁਰ (ਐਮਨਾਬਾਦ) ਅਤੇ ਸਿਆਲਕੋਟ ਦੇ ਲੋਕ ਸਭ ਤੋਂ ਵੱਧ ਬਾਬਰ ਦੀਆਂ ਫ਼ੌਜਾਂ ਦੇ ਜ਼ੁਲਮ ਦਾ ਸ਼ਿਕਾਰ ਹੋਏ ਸਨ।

ਸਫ਼ਰ ਦੇ ਦੌਰਾਨ ਅਚਾਨਕ ਗੁਰੂ ਬਾਬਾ ਜੀ ਨੇ ਭਾਈ ਮਰਦਾਨਾ ਨੂੰ ਕਿਹਾ, “ਮਰਦਾਨਾ, ਪਹਿਲਾਂ ਅਸੀਂ ਸੈਦਪੁਰ ਚੱਲਾਂਗੇ। ਲੋਕਾਂ ਦੀਆਂ ਚੀਕਾਂ ਅਤੇ ਕੁਰਲਾਹਟਾਂ ਦੀਆਂ ਆਵਾਜ਼ਾਂ ਸਾਡੇ ਕੰਨਾਂ ਵਿਚ ਦਿਨੇ ਰਾਤ ਗੂੰਜ ਰਹੀਆਂ ਹਨ। ਸਾਡੇ ਕੋਲੋਂ ਇਹ ਬਰਦਾਸ਼ਤ ਨਹੀਂ ਹੋ ਰਹੀਆਂ। ਉਨ੍ਹਾਂ ਲੋਕਾਂ ਦੇ ਦੁਖੀ ਹਿਰਦਿਆਂ ਨੂੰ ਹਮਦਰਦੀ ਅਤੇ ਦਿਲਾਸੇ ਦੀ ਲੋੜ ਏ।”

ਭਾਈ ਮਰਦਾਨਾ ਜੀ ਨੇ “ਸਤਿਬਚਨ” ਕਿਹਾ ਅਤੇ ਬਾਬਾ ਜੀ ਦੇ ਨਾਲ ਸੈਦਪੁਰ ਦੇ ਰਸਤੇ ਤੁਰ ਪਏ।

ਸਤਿਗੁਰੂ ਜੀ ਬਾਬਰੀ-ਘੱਲੂਘਾਰੇ ਦੇ ਪ੍ਰਣਾਮ ਆਪਣੀਆਂ ਅੱਖਾਂ ਨਾਲ ਦੇਖਣਾ ਚਾਹੁੰਦੇ ਸਨ। ਦੀਨ ਦੁਖੀ ਦਾ ਦਰਦ ਵੰਡਾਉਣਾ ਚਾਹੁੰਦੇ ਸਨ। ਜਗਤ ਜਲੰਦੇ ਨੂੰ ਆਪਣੇ ਬਚਨਾਂ ਦਾ ਛਿੱਟਾ ਦੇ ਕੇ ਸ਼ਾਂਤ ਕਰਨਾ ਚਾਹੁੰਦੇ ਸਨ।

ਸੈਦਪੁਰ ਪਹੁੰਚ ਕੇ ਸਤਿਗੁਰਾਂ ਨੇ ਬਾਬਰ ਦੀਆਂ ਫ਼ੌਜਾਂ ਵੱਲੋਂ ਕੀਤੇ ਅੱਤਿਆਚਾਰਾਂ ਦੇ ਦ੍ਰਿਸ਼ ਅਤੇ ਇਨ੍ਹਾਂ ਦਾ ਲੋਕਾਂ ਉੱਪਰ ਮਾਰੂ ਅਸਰ ਦੇਖਿਆ ਤਾਂ ਗੰਭੀਰ ਹੋ ਗਏ। ਸੈਦਪੁਰ ਅੰਦਰ ਵਰਤੇ ਕਹਿਰ ਨੂੰ ਦੇਖ ਕੇ ਭਾਈ ਮਰਦਾਨਾ ਜੀ ਦੀਆਂ ਅੱਖਾਂ ਵੀ ਸੁੱਕੀਆਂ ਨਾ ਰਹਿ ਸਕੀਆਂ।

ਸੈਦਪੁਰ ਵਿਚ ਬਾਬਾ ਜੀ ਦਾ ਇਕ ਪੁਰਾਣਾ ਸਤਿਸੰਗੀ, ਭਾਈ ਲਾਲੋ ਰਹਿੰਦਾ ਸੀ । ਬਾਬਾ ਜੀ ਭਾਈ ਮਰਦਾਨਾ ਨੂੰ ਨਾਲ ਲੈ ਕੇ ਭਾਈ ਲਾਲੋ ਦੇ ਘਰ ਪਹੁੰਚੇ। ਭਾਈ ਲਾਲੋ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲਾ, ਰੱਬ ਦੀ ਰਜ਼ਾ ਵਿਚ ਰਹਿਣ ਵਾਲਾ ਇਕ ਮਿਹਨਤੀ ਅਤੇ ਗ਼ਰੀਬ ਤਰਖਾਣ ਸੀ । ਭਾਈ ਲਾਲੋ ਜੋ ਹੁਣ ਕਾਫ਼ੀ ਬਿਰਧ ਹੋ ਚੁੱਕਾ ਸੀ, ਉਸ ਨੇ ਬਾਬਾ ਜੀ ਨੂੰ ਪਛਾਣ ਕੇ ਉਨ੍ਹਾਂ ਦੇ ਚਰਨ ਛੂਹੇ। ਆਦਰ ਨਾਲ ਬਾਬਾ ਜੀ ਅਤੇ ਮਰਦਾਨਾ ਜੀ ਨੂੰ ਆਪਣੀ ਕੁਟੀਆ ਵਿਚ ਬਿਠਾਇਆ। ਆਪਣੀ ਵਿੱਤ ਅਨੁਸਾਰ ਦੋਹਾਂ ਦੀ ਰੁੱਖੇ-ਸੁੱਕੇ ਪਰਸ਼ਾਦੇ ਨਾਲ ਸੇਵਾ ਕੀਤੀ। ਖਾਣਾ ਦੇਖ ਕੇ ਭਾਈ ਮਰਦਾਨਾ ਜੀ ਕੁਝ ਸ਼ਸ਼ੋਪੰਜ ਵਿਚ ਪੈ ਗਏ।

“ਲਾਲੋ ਲੈ ਕੇ ਪ੍ਰਸਾਦਿ ਅਗੇ ਆਣ ਰਖਿਆ। ਜਾਂ ਮਰਦਾਨਾ ਦੇਖੇ ਤਾਂ ਲਹਿਤਰੇ (ਕੋਧਰੇ) ਦੀ ਰੋਟੀ ਅਤੇ ਸਰਸੋਂ ਦੇ ਸਾਗ ਦੀ ਪਿੰਨੀ ਹੈ। ਮਰਦਾਨੇ ਦਿਲ ਵਿਚ ਗਿਣਤੀ ਕੀਤੀ। ਗੁਰੂ ਨਾਨਕ ਅੰਤਰਜਾਮੀ ਆਹਾ। ਮਰਦਾਨੇ ਨੂੰ ਪੁਛਿਆ-ਕਿਉਂ ਮਰਦਾਨਿਆ ? ਤਾਂ ਮਰਦਾਨੇ ਆਖਿਆ-ਜੀ ਸੁੱਖ। ਤਾਂ ਗੁਰੂ ਨਾਨਕ ਆਖਿਆ-ਖਾਵੇਂਗਾ ਤਾਂ ਜਾਣੇਗਾ। ਤਾਂ ਮਰਦਾਨੇ ਟੁੱਕਰ ਭੰਨ ਕੇ ਮੂੰਹ ਪਾਇਆ । ਮਰਦਾਨੇ ਨੂੰ ਅਮ੍ਰਿਤ ਦਾ ਸਵਾਦ ਆਇਆ। ਗੁਰੂ ਨਾਨਕ ਕਹਿਆ- ਮਰਦਾਨਿਆ ਦੇਹ ਖਾਂ ਖਬਰ ਪ੍ਰਸਾਦਿ ਕਿਹੋ ਜਿਹਾ ਸੀ । ਮਰਦਾਨੇ ਆਖਿਆ-ਜੀ ਕਿਹੜਾ ਸੁਆਦ ਲਿਆਵਾਂ। ਤਾਂ ਲਾਲੋ ਆਖਿਆ-ਜੀ ਤੂੰ ਨਾਨਕ ਨਿਰੰਕਾਰ ਹੈਂ। ਤੁਧੁ ਪ੍ਰਸਾਦਿ ਵਲ ਦੇਖਣਾ ਨਾਹੀ । ਤੁਸਾਂ ਅਮਰੂ (ਅਮਲ, ਕੰਮ) ਵੱਲ ਦੇਖਣਾ ਹੈ। ਤਾਂ ਗੁਰੂ ਨਾਨਕ ਕਹਿਆ—ਭਾਈ ਲਾਲੋ ਕੋਈ ਮਹਾ ਅੰਮ੍ਰਿਤ ਜੋ ਆਖੀਦਾ ਹੈ ਸੋ ਤੈਂ ਇਸ ਪ੍ਰਸਾਦਿ ਵਿਚ ਪਾਇਆ ਹੈ। ਤਾਂ ਲਾਲੋ ਮੱਥਾ ਟੇਕਿਆ।”

ਸੈਦਪੁਰ ਆ ਕੇ ਗੁਰੂ ਬਾਬਾ ਜੀ ਹਰ ਰੋਜ਼ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੇ ਦੁੱਖ ਦਰਦ ਸੁਣਦੇ। ਸਵੇਰ-ਸ਼ਾਮ ਸਤਿਸੰਗ ਹੋਣ ਲੱਗਾ। ਕੀਰਤਨ ਤੋਂ ਇਲਾਵਾ ਬਾਬਾ ਜੀ ਲੋਕਾਂ ਨੂੰ ਦਿਲਾਸਾ ਦਿੰਦੇ ਅਤੇ ਪ੍ਰਭੂ ਦੀ ਆਗਿਆ ਵਿਚ ਰਹਿਣ ਦਾ ਉਪਦੇਸ਼ ਦਿੰਦੇ । ਸਤਿਸੰਗ ਭਾਈ ਲਾਲੋ ਦੀ ਟੱਪਰੀ ਦੇ ਬਾਹਰ ਖੁੱਲ੍ਹੀ ਜਗ੍ਹਾ ‘ਤੇ ਹੁੰਦਾ।

ਰੋਜ਼ ਵਾਂਗ ਸਤਿਸੰਗ ਵਿਚ ਲੋਕ ਆਪਣੇ ਉੱਪਰ ਹੋਏ ਅਤੇ ਹੋ ਰਹੇ ਜ਼ੁਲਮਾਂ ਦੀਆਂ ਕਹਾਣੀਆਂ ਸੁਣਾ ਰਹੇ ਸਨ। ਬਾਬਾ ਜੀ ਸਭ ਦੀਆਂ ਸੁਣ ਰਹੇ ਸਨ । ਲੋਕਾਂ ਦੇ ਦਰਦ ਵੰਡਾਅ ਰਹੇ ਸਨ । ਭਾਵੇਂ ਉਹ ਲੋਕਾਂ ਨੂੰ ਦਿਲਾਸਾ ਦੇ ਰਹੇ ਸਨ, ਪਰ ਉਹ ਖ਼ੁਦ ਇਹ ਅੱਤਿਆਚਾਰ ਬਾਰੇ ਸੁਣ ਕੇ ਉਦਾਸ ਅਤੇ ਦੁਖੀ ਹੋ ਗਏ ਸਨ। ਲੋਕਾਂ ਦੇ ਦਰਦ ਸੁਣਦੇ ਅਤੇ ਉਨ੍ਹਾਂ ਨਾਲ ਗੱਲਾਂ ਕਰਦੇ ਅਚਾਨਕ ਗੁਰੂ ਜੀ ਇਕ ਹਉਕਾ ਭਰ ਕੇ ਚੁੱਪ ਕਰ ਗਏ। ਭਾਈ ਲਾਲੋ ਨੇ ਗੁਰੂ ਬਾਬਾ ਜੀ ਨੂੰ ਅਚਾਨਕ ਚੁੱਪ ਹੋਇਆਂ ਦੇਖ ਕੇ ਪੁੱਛਿਆ, “ਕਿਉਂ ਮਹਾਰਾਜ ਆਪ ਚੁੱਪ ਕਿਉਂ ਕਰ ਗਏ 寸?”

ਦੁਖੀਆਂ ਦੇ ਦਰਦੀ ਬਾਬਾ ਜੀ ਨੇ ਕਿਹਾ, “ਭਾਈ ਲਾਲੋ, ਮੈਂ ਬਾਬਰ ਬਾਰੇ ਸੋਚ ਰਿਹਾ ਹਾਂ, ਜੋ ਆਪਣੀ ਪਾਪ ਦੀ ਫ਼ੌਜ ਕਾਬਲ ਤੋਂ ਲੈ ਕੇ ਆਇਆ ਏ, ਕਿਵੇਂ ਵਿਚਾਰੀ ਲੋਕਾਈ ਉੱਤੇ ਏਨਾ ਜ਼ੁਲਮ ਕਰ ਰਿਹਾ ਏ ? ਭਾਈ ਲਾਲੋ, ਜੇ ਕੋਈ ਡਾਢਾ ਅਤੇ ਤਕੜਾ ਮਨੁੱਖ ਆਪਣੇ ਬਰਾਬਰ ਦੇ ਕਿਸੇ ਸ਼ਤਰੂ ਨਾਲ ਲੜੇ ਤਾਂ ਮਨ ਏਨਾ ਦੁਖੀ ਨਹੀਂ ਹੁੰਦਾ, ਪਰ ਇਹ ਬਾਬਰ ਦੇ ਜਰਵਾਣੇ ਤਾਂ ਅਮਨ ਚੈਨ ਨਾਲ ਦਿਨ ਕੱਟ ਰਹੇ ਗ਼ਰੀਬ ਨਿਹੱਥੇ ਅਤੇ ਬੇਕਸੂਰ ਲੋਕਾਂ ਉੱਪਰ ਅੱਤਿਆਚਾਰ ਕਰ ਰਹੇ ਨੇ। ਹਰ ਪਾਸੇ ਕੁਰਲਾਹਟ ਮੱਚੀ ਹੋਈ ਏ। ਪਤਾ ਨਹੀਂ, ਉਸ ਕਰਤਾਰ ਨੂੰ ਕਿਉਂ ਤਰਸ ਨਹੀਂ ਆ ਰਿਹੈ ?”

ਬਾਬਾ ਜੀ ਦੀਆਂ ਕਹੀਆਂ ਹੋਈਆਂ ਗੱਲਾਂ ਉਥੇ ਬੈਠੇ ਸਤਿਸੰਗੀਆਂ ਦੇ ਦਿਲਾਂ ਅੰਦਰ ਜ਼ੁਲਮ ਦੇ ਵਿਰੁੱਧ ਇਕ ਅਹਿਸਾਸ ਪੈਦਾ ਕਰ ਰਹੀਆਂ ਸਨ।

ਕੁਝ ਦਿਨਾਂ ਮਗਰੋਂ ਸਤਿਗੁਰਾਂ ਨੇ ਭਾਈ ਲਾਲੋ ਨੂੰ ਆਪਣੇ ਅਗਲੇ ਸਫ਼ਰ ‘ਤੇ ਜਾਣ ਬਾਰੇ ਗੱਲ ਕੀਤੀ । ਭਾਈ ਲਾਲੋ ਨੇ ਬਾਬਾ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਸ ਦੀ ਹਾਰਦਿਕ ਇੱਛਾ ਹੈ ਕਿ ਬਾਬਾ ਜੀ ਅਤੇ ਭਾਈ ਮਰਦਾਨਾ ਕੁਝ ਸਮਾਂ ਹੋਰ ਉਸ ਕੋਲ ਉਥੇ ਹੀ ਠਹਿਰਣ। ਉਸ ਨੇ ਕਿਹਾ ਕਿ ਉਨ੍ਹਾਂ ਦੇ ਇਥੇ ਆਉਣ ਨਾਲ ਉਥੇ ਇਕ ਰੂਹਾਨੀ ਸਤਿਸੰਗ ਦਾ ਵਾਤਾਵਰਣ ਤਿਆਰ ਹੋ ਗਿਆ ਹੈ। ਲੋਕ ਉਨ੍ਹਾਂ ਦੀ ਬਾਣੀ ਅਤੇ ਇਲਾਹੀ ਬਚਨ ਸੁਣਨ ਲਈ ਤਰਸਦੇ ਹਨ। ਉਨ੍ਹਾਂ ਦੇ ਬਚਨ ਲੋਕਾਂ ਦੇ ਦੁਖਦੇ ਜ਼ਖ਼ਮਾਂ ਉੱਤੇ ਮਲ੍ਹਮ ਦਾ ਕੰਮ ਕਰਦੇ ਹਨ।

“ਤਾਂ ਗੁਰੂ ਨਾਨਕ ਜੀ ਕਹਿਆ-ਭਾਈ ਲਾਲੋ ਤੇਰਾ ਹੋੜਾ ਨਹੀਂ। ਪਰ ਸੰਸਾਰ ਅਸਾਥੋਂ ਦੁਖੇਗਾ। ਇਹ ਗੱਲ ਅਸੀਂ ਜਾਣਦੇ ਹਾਂ। ਅਤੇ ਮਰਦਾਨੇ ਦਾ ਮਨ ਭੀ ਉਦਾਸ ਹੋਇਆ ਹੈ। ਫਿਰ ਲਾਲੋ ਆਖਿਆ-ਜੀ ਤੁਸੀ ਇਕ ਮਹੀਨਾ ਤਾਂ ਰਹੋ, ਜਿਉਂ-ਤਿਉਂ ਇਥੇ। ਗੁਰੂ ਨਾਨਕ ਆਖਿਆ-ਮਰਦਾਨਿਆ ਲਾਲੋ ਦਾ ਆਖਾ ਭੀ ਮੰਨੀਏ। ਮਰਦਾਨੇ ਆਖਿਆ-ਜੀ ਭਲਾ ਹੋਵੇ । ਲਾਲੋ ਪਾਸ ਗੁਰੂ ਨਾਨਕ ਟਿਕਿਆ।”

ਦੋ ਕੁ ਦਿਨਾਂ ਮਗਰੋਂ ਭਾਈ ਮਰਦਾਨਾ ਜੀ ਨੇ ਗੁਰੂ ਬਾਬਾ ਜੀ ਨੂੰ ਕਿਹਾ, “ਆਪ ਤਾਂ ਇਥੇ ਇਕ ਮਹੀਨਾ ਟਿਕੋਗੇ, ਜੇ ਮੈਨੂੰ ਆਗਿਆ ਹੋਵੇ ਤਾਂ ਮੈਂ ਤਲਵੰਡੀ ਤੋਂ ਇਕ ਚੱਕਰ ਲਗਾ ਆਵਾਂ ।” ਬਾਬਾ ਜੀ ਨੇ ਕਿਹਾ, “ਠੀਕ ਏ ਤੁਸੀਂ ਤਲਵੰਡੀ ਜਾ ਕੇ ਪਰਿਵਾਰ ਨੂੰ ਮਿਲ ਆਵੋ, ਪਰ ਜਲਦੀ ਵਾਪਸ ਆਣਾ। ਅਗਲਾ ਸਫ਼ਰ ਕੁਝ ਲੰਮਾ ਏ, ਜੋ ਅਸੀਂ ਅੱਧਵਾਟੇ ਛੱਡ ਕੇ ਹੀ ਇਧਰ ਆਏ ਹਾਂ।”

ਭਾਈ ਮਰਦਾਨਾ ਜੀ ਨੇ “ਸਤਿਬਚਨ” ਕਿਹਾ ਅਤੇ ਬਾਬਾ ਜੀ ਦੇ ਚਰਨ ਛੂਹ ਕੇ ਤਲਵੰਡੀ ਵੱਲ ਤੁਰ ਪਏ। ਸੈਦਪੁਰ ਤੋਂ ਤਲਵੰਡੀ ਲਗਪਗ ਪੰਜਾਹ-ਸੱਠ

ਮੀਲ ਦੀ ਦੂਰੀ ‘ਤੇ ਹੈ।

ਜਿਉਂ-ਜਿਉਂ ਭਾਈ ਮਰਦਾਨਾ ਜੀ ਤਲਵੰਡੀ ਦੇ ਨੇੜੇ ਪਹੁੰਚਦੇ ਗਏ, ਤਿਉਂ-ਤਿਉਂ ਉਨ੍ਹਾਂ ਦੇ ਸੀਨੇ ਵਿਚ ਆਪਣੀ ਜਨਮਭੂਮੀ ਦੀ ਖਿੱਚ ਵਧਦੀ ਗਈ। ਉਨ੍ਹਾਂ ਦੀ ਆਪਣੀ ਤਲਵੰਡੀ, ਜਿਥੇ ਉਹ ਪੈਦਾ ਹੋਏ, ਜਿਥੇ ਵੱਡੇ ਹੋਏ, ਜਿਥੇ ਬਾਬੇ ਨਾਨਕ ਨਾਲ ਸਾਂਝ ਪਈ ਅਤੇ ਵੱਡੇ ਹੋ ਕੇ ਕਿੰਨੇ ਹੀ ਸਾਲ ਬਾਬਾ ਜੀ ਸੰਗ ਰਬਾਬ ਵਜਾਈ, ਕੀਰਤਨ ਕੀਤਾ। ਜਿਥੇ ਉਨ੍ਹਾਂ ਦਾ ਅੱਲਾ ਰੱਖੀ ਨਾਲ ਨਿਕਾਹ ਹੋਇਆ, ਬਾਲ ਪਰਵਾਰ ਹੋਇਆ। ਉਨ੍ਹਾਂ ਦੇ ਕਦਮਾਂ ਵਿਚ ਤੇਜ਼ੀ ਆਉਂਦੀ ਗਈ।

ਤਿੰਨ ਚਾਰ ਦਿਨਾਂ ਮਗਰੋਂ ਦੁਪਹਿਰੇ ਚਾਰ ਕੁ ਵਜੇ ਤਲਵੰਡੀ ਪਹੁੰਚ ਕੇ ਸਭ ‘ ਤੋਂ ਪਹਿਲਾਂ ਉਹ ਮਹਿਤਾ ਕਾਲੂ ਜੀ ਦੇ ਘਰ ਗਏ। ਮਹਿਤਾ ਜੀ ਦੇ ਪੈਰਾਂ ਉੱਪਰ ਮੱਥਾ ਟੇਕਿਆ। ਮਹਿਤਾ ਕਾਲੂ ਵੀ ਭਾਈ ਮਰਦਾਨਾ ਨੂੰ ਮਿਲ ਕੇ ਅਤਿਅੰਤ ਖ਼ੁਸ਼ ਹੋਏ। ਪਿਆਰ ਨਾਲ ਬਿਠਾਇਆ। ਮਾਤਾ ਤ੍ਰਿਪਤਾ ਵੀ ਆ ਗਏ। ਮਰਦਾਨਾ ਜੀ ਨੇ ਉੱਠ ਕੇ ਮਾਤਾ ਜੀ ਦੇ ਪੈਰ ਛੂਹੇ, ਮਾਤਾ ਜੀ ਨੇ ਅਸੀਸਾਂ ਦਿੱਤੀਆਂ। ਅੰਦਰ ਰਸੋਈ ਵਿਚ ਜਾ ਕੇ ਚਾਟੀ ਵਿੱਚੋਂ ਵੱਡਾ ਗਲਾਸ ਲੱਸੀ ਦਾ ਭਰ ਕੇ, ਵਿਚ ਤਾਜ਼ੇ ਕੱਢੇ ਮੱਖਣ ਦਾ ਪੇੜਾ ਪਾ ਕੇ, ਉਨ੍ਹਾਂ ਨੇ ਭਾਈ ਮਰਦਾਨਾ ਜੀ ਨੂੰ ਦਿੱਤਾ। ਸੁਖ-ਸਾਂਦ ਪੁੱਛਣ ਮਗਰੋਂ ਮਹਿਤਾ ਕਾਲੂ ਜੀ ਨੇ ਪਹਿਲਾ ਸਵਾਲ ਕੀਤਾ, “ਮਰਦਾਨਿਆ ! ਸਾਡੇ ਨਾਨਕ ਦਾ ਕੀ ਹਾਲ ਏ? ਉਹ ਕਿਥੇ ਏ ਅਤੇ ਕੀ ਕਰ ਰਿਹਾ ਏ ? ਕੀ ਉਹ ਕੋਈ ਕੰਮ-ਧੰਦਾ ਵੀ ਕਰੇਗਾ ਕਿ ਸਾਰੀ ਉਮਰ ਏਸੇ ਤਰ੍ਹਾਂ ਫਿਰ ਤੁਰ ਕੇ ਹੀ ਗਵਾ ਦੇਵੇਗਾ ?”

ਭਾਈ ਮਰਦਾਨਾ ਜੀ ਨੇ ਆਦਰ ਨਾਲ ਕਿਹਾ: “ਮਹਿਤਾ ਜੀ ਤੁਸੀ ਗਿਣਤੀ ਕਾਈ ਨਾ ਕਰੋ। ਨਾਨਕ ਤੇਰੇ ਘਰ ਚੰਦ ਸੂਰਜ ਹਈ ਅਤੇ ਰਾਮ ਕ੍ਰਿਸ਼ਨ ਅਵਤਾਰ ਲੀਤਾ ਹੈ। ਮਹਿਤਾ ਜੀ ਤੁਸੀਂ ਅਨੰਦ ਮੰਗਲ ਗਾਵੇ। ਤਾਂ ਅੱਗੋਂ ਕਾਲੂ ਆਖਿਆ-ਸੁਣੋ ਯਾਰੋ ਲੋਕੋ, ਨਾਨਕ ਮੇਰਾ ਨਾਉ ਜੀਵਦਿਆਂ ਡੋਬਿਆ ਹੈ। ਇਹ ਬੇਅਕਲ ਡੂਮ ਆਖਦ ਹੈ ਜੋ ਤੇਰੇ ਘਰ ਚੰਦ ਸੂਰਜ ਹੋਇਆ ਹੈ ਅਤੇ ਰਾਮ ਕ੍ਰਿਸ਼ਨ ਅਵਤਾਰ ਲੀਤਾ ਹੈ । ਮਰਦਾਨੇ ਆਖਿਆ-ਜਜਮਾਨ ਤੈਨੂੰ ਇਹੋ ਖ਼ਬਰ ਹੈ… ।”

ਮਰਦਾਨਾ ਜੀ ਦੇ ਆਉਣ ਦੀ ਖ਼ਬਰ ਰਾਏ ਬੁਲਾਰ ਹੁਰਾਂ ਕੋਲ ਵੀ ਪਹੁੰਚੀ। ਉਨ੍ਹਾਂ ਨੇ ਉਸੇ ਵੇਲੇ ਆਪਣੇ ਆਦਮੀ ਨੂੰ ਭੇਜਿਆ ਅਤੇ ਕਿਹਾ ਕਿ ਜਾਓ, ਭਾਈ ਮਰਦਾਨਾ ਨੂੰ ਪੂਰੇ ਅਦਬ ਨਾਲ ਸਾਡੇ ਕੋਲ ਲੈ ਆਵੋ । ਅਸੀਂ ਬੜੀ ਬੇਸਬਰੀ ਨਾਲ ਉਸ ਦੀ ਉਡੀਕ ਕਰ ਰਹੇ ਹਾਂ।

ਭਾਈ ਮਰਦਾਨਾ ਜੀ ਰਾਏ ਬੁਲਾਰ ਪਾਸ ਆਏ। ਰਾਏ ਬੁਲਾਰ ਨੂੰ ਸਤਿਕਾਰ ਸਹਿਤ ਝੁਕ ਕੇ ਸਲਾਮ ਕੀਤੀ। ਰਾਏ ਬੁਲਾਰ, ਜੋ ਗੁਰੂ ਨਾਨਕ ਦੇਵ ਜੀ ਤੋਂ 20-25 ਸਾਲ ਵੱਡੇ ਸਨ, ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਉਮਰ ਵੀ ਵਡੇਰੀ ਹੋ ਗਈ ਸੀ। ਆਪਣੀ ਮੰਜੀ ਉੱਪਰ ਲੇਟੇ ਹੋਏ ਸਨ। ਭਾਈ ਮਰਦਾਨਾ ਜੀ ਨੂੰ ਦੇਖ ਕੇ ਉੱਠ ਕੇ ਬੈਠ ਗਏ। ਭਾਈ ਮਰਦਾਨਾ ਨੂੰ ਆਪਣੇ ਕੋਲ ਮੰਜੇ ਉੱਪਰ ਬੈਠਣ ਨੂੰ ਕਿਹਾ। ਪਰ ਭਾਈ ਮਰਦਾਨਾ ਮੰਜੀ ਦੇ ਕੋਲ ਭੁੰਜੇ ਬੈਠ ਗਏ।

ਰਾਏ ਬੁਲਾਰ ਜੀ ਨੇ ਉਨ੍ਹਾਂ ਨੂੰ ਬਾਂਹੋਂ ਫੜ ਕੇ ਆਪਣੇ ਨਾਲ ਬਿਠਾਣ ਦੀ ਕੋਸ਼ਿਸ਼ ਕੀਤੀ ਪਰ ਸਰੀਰ ਬਿਰਧ ਹੋਣ ਕਰਕੇ ਹੱਥਾਂ ਵਿਚ ਏਨੀ ਤਾਕਤ ਨਹੀਂ ਸੀ ਕਿ ਭਾਈ ਮਰਦਾਨਾ ਨੂੰ ਖਿੱਚ ਕੇ ਆਪਣੇ ਕੋਲ ਬਿਠਾ ਸਕਦੇ। ਭਾਈ ਮਰਦਾਨਾ ਜੀ ਖ਼ੁਦ ਹੀ ਉੱਠ ਕੇ ਰਾਏ ਬੁਲਾਰ ਦੀ ਮੰਜੀ ਦੀ ਪੈਂਦ ਵੱਲ ਬੈਠ ਗਏ। ਰਾਏ ਬੁਲਾਰ ਹੁਰਾਂ ਭਾਈ ਮਰਦਾਨਾ ਦਾ ਹੱਥ ਆਪਣੇ ਕਮਜ਼ੋਰ ਹੱਥਾਂ ਵਿਚ ਘੁੱਟ ਲਿਆ, ਅੱਖਾਂ ਵਿਚ ਹੰਝੂ ਸਨ । ਕੰਬਦੇ ਬੁੱਲ੍ਹਾਂ ਨਾਲ ਕਿਹਾ, “ਮਰਦਾਨੇ, ਮੇਰੇ ਛੋਟੇ ਭਾਈ, ਮੈਨੂੰ ਮੇਰੇ ਨਾਨਕ ਬਾਰੇ ਦੱਸ । ਉਸ ਪੈਗ਼ੰਬਰ ਦੀਆਂ ਗੱਲਾਂ ਦੱਸ, ਕਿਵੇਂ ਏ ਉਹ ਰਹਿਮਤ ਦਾ ਫ਼ਰਿਸ਼ਤਾ, ਜਿਸ ਦੇ ਦੀਦਾਰ ਲਈ ਮੈਂ ਸਦਾ ਬੇਚੈਨ ਰਹਿੰਦਾ गं।”

ਭਾਈ ਮਰਦਾਨਾ ਜੀ ਨੇ ਦੱਸਿਆ ਕਿ ਕਿਵੇਂ ਉਹ ਦੇਵਤਾ, ਲੋਕਾਂ ਦੇ ਦੁੱਖ-ਦਰਦ ਵੰਡਾਉਂਦਾ ਫਿਰਦਾ ਹੈ। ਕਿਵੇਂ ਉਹ ਪਰਮ-ਪੁਰਖ, ਪਾਪੀਆਂ ਅਤੇ ਭੁੱਲੜਾਂ ਨੂੰ ਸਿੱਧੇ ਰਸਤੇ ਪਾ ਰਿਹਾ ਹੈ। ਕਿਵੇਂ ਉਹ, ਕੁਚਲੇ ਲਤਾੜੇ ਅਤੇ ਦੁਰਕਾਰੇ ਹੋਏ ਲੋਕਾਂ ਵਿਚ ਨਵੀਂ ਚੇਤਨਾ ਪੈਦਾ ਕਰ ਕੇ ਉਨ੍ਹਾਂ ਵਿਚ ਮੁੜ ਜੀਵਨ ਦੀ ਚਾਹ ਪੈਦਾ ਕਰ ਰਿਹਾ ਹੈ। ਕਿਵੇਂ ਜਲਦੇ ਹੋਏ ਸੰਸਾਰ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵਿਚ ਉਹ ਦਿਨ ਰਾਤ ਦੇਸਾਂ-ਪਰਦੇਸਾਂ ਵਿਚ ਕਸ਼ਟ ਭਰੇ ਸਫ਼ਰ ਕਰ ਰਿਹਾ ਹੈ। ਧੰਨ ਹੈ ਬਾਬਾ ਅਤੇ ਧੰਨ ਉਸ ਦੀ ਕਮਾਈ।

ਰਾਏ ਬੁਲਾਰ ਇਹ ਸਭ ਕੁਝ ਸੁਣ ਰਹੇ ਸਨ ਅਤੇ ਆਪਣੀਆਂ ਅੱਖਾਂ ਵਿੱਚੋਂ ਹੰਝੂ ਵਹਾ ਰਹੇ ਸਨ। ਬੜੀ ਆਜਜ਼ੀ ਨਾਲ ਕਿਹਾ, “ਮਰਦਾਨਿਆਂ, ਮੇਰੀ ਇਕ ਫ਼ਰਿਆਦ ਪੂਰੀ ਕਰ। ਤੂੰ ਕਿਸੇ ਤਰ੍ਹਾਂ ਵੀ ਮੇਰੇ ਨਾਨਕ ਨੂੰ ਇਕ ਵਾਰ ਇਥੇ ਲੈ ਆ। ਤੂੰ ਉਸ ਨੂੰ ਦੱਸੀਂ ਕਿ ਰਾਏ ਬੁਲਾਰ ਹੁਣ ਬਿਰਧ ਹੋ ਗਿਆ ਏ, ਤੁਰ ਨਹੀਂ ਸਕਦਾ। ਨਹੀਂ ਤਾਂ ਖ਼ੁਦ ਚੱਲ ਕੇ ਉਸ ਪਾਸ ਪਹੁੰਚਦਾ ਅਤੇ ਉਸ ਦੇ ਕਦਮਾਂ ਉੱਪਰ ਆਪਣਾ ਸੀਸ ਰੱਖਦਾ। ਨਾਲੇ ਇਹ ਕਹੀਂ, ਜਿਥੇ ਉਹ ਹੋਰ ਦੀਨ ਦੁਖੀਆਂ ਦੀ ਮਦਦ ਕਰ ਰਿਹਾ ਏ, ਉਥੇ ਮੇਰੇ ਉੱਪਰ ਵੀ ਮਿਹਰ ਕਰੇ। ਮੈਂ ਉਸ ਦੇ ਦੀਦਾਰ ਕੀਤੇ ਬਗ਼ੈਰ ਨਹੀਂ ਮਰਨਾ ਚਾਹੁੰਦਾ।” ਕਹਿੰਦਿਆਂ-ਕਹਿੰਦਿਆਂ ਰਾਏ ਬੁਲਾਰ ਭਾਵੁਕ ਹੋ ਗਏ। ਫਿਰ ਗਲਾ ਸਾਫ਼ ਕਰ ਕੇ ਕਹਿਣ ਲੱਗੇ, “ਮਰਦਾਨਿਆਂ ਮੇਰੇ ਨਾਲ ਨਾਨਕ ਦਾ ਇਕਰਾਰ ਸੀ ਕਿ ਮੇਰੇ ਆਖ਼ਰੀ ਸਮੇਂ ਉਹ ਮੈਨੂੰ ਜ਼ਰੂਰ ਮਿਲੇਗਾ। ਤੂੰ ਕਿਸੇ ਤਰ੍ਹਾਂ ਵੀ ਉਸ ਨੂੰ ਸਮਝਾ-ਬੁਝਾ ਕੇ ਏਥੇ ਲੈ ਆ ਤਾਂ ਜੋ ਇਸ ਦੁਨੀਆਂ ਤੋਂ ਜਾਣ ਤੋਂ ਪਹਿਲਾਂ ਮੈਂ ਉਸ ਦੇ ਦਰਸ਼ਨ-ਦੀਦਾਰ ਕਰ ਸਕਾਂ।”

“ਮਰਦਾਨੇ ਕਹਿਆ-ਰਾਏ ਜੀ ਨਾਨਕ ਮੇਰੇ ਹੱਥ ਨਹੀਂ, ਮੈਂ ਨਾਨਕ ਦੇ ਹੱਥ ਹਾਂ। ਪਰ ਜੀ ਆਪਣੇ ਵੱਲੋਂ ਤਕਸੀਰ (ਢਿੱਲ) ਨਾ ਕਰਸਾਂ। ਰਾਏ ਕਹਿਆ- ਮਰਦਾਨੇ ਇਹ ਚੰਗਿਆਈ ਅਸਾਂ ਨਾਲ ਕਰਸੇਂ ? ਤਾਂ ਮਰਦਾਨੇ ਹਾਂ ਕੀਤੀ.. ।”

ਅਜੀਬ ਹਾਲਤ ਸੀ ਅੱਜ ਅੱਲਾ ਰੱਖੀ ਦੀ । ਉਸ ਨੂੰ ਖ਼ਬਰ ਮਿਲ ਚੁੱਕੀ ਸੀ ਕਿ ਉਸ ਦਾ ਪਤੀ ਮਰਦਾਨਾ ਤਲਵੰਡੀ ਪੁੱਜ ਚੁੱਕਾ ਹੈ ਅਤੇ ਰਾਏ ਬੁਲਾਰ ਸਾਹਿਬ ਦੀ ਹਵੇਲੀ, ਉਨ੍ਹਾਂ ਦੀ ਖ਼ਬਰ ਲੈਣ ਗਿਆ ਹੋਇਆ ਹੈ। ਅੱਜ ਉਸ ਨੇ ਨਹਾ ਕੇ ਧੋਤੇ ਹੋਏ ਕੱਪੜੇ ਪਾਏ। ਮੁੱਦਤਾਂ ਬਾਅਦ ਅੱਜ ਉਹ ਰੀਝ ਨਾਲ ਤਿਆਰ ਹੋਈ। ਆਲੇ ਵਿਚ ਰੱਖਿਆ ਮੂੰਹ ਦੇਖਣ ਵਾਲੇ ਸ਼ੀਸ਼ੇ ਦਾ ਟੁਕੜਾ ਉਸ ਚੁੱਕਿਆ ਅਤੇ ਦੁਬਾਰਾ ਉਸ ਵਿੱਚੋਂ ਆਪਣਾ ਚਿਹਰਾ ਚੰਗੀ ਤਰ੍ਹਾਂ ਵੱਖ-ਵੱਖ ਦਿਸ਼ਾਵਾਂ ਤੋਂ ਦੇਖਿਆ। ਇਕ ਵਾਰ ਫੇਰ ਆਪਣੀ ਲੱਕੜ ਦੀ ਦੋਹਾਂ ਪਾਸਿਆਂ ਤੋਂ ਬਰੀਕ ਦੰਦਿਆਂ ਵਾਲੀ ਕੰਘੀ ਨਾਲ ਆਪਣੇ ਸਿਰ ਦੇ ਵਾਲ ਠੀਕ ਕੀਤੇ। ਦੁਬਾਰਾ ਸ਼ੀਸ਼ਾ ਦੇਖਿਆ ਅਤੇ ਆਪਣਾ ਚਿਹਰਾ ਦੇਖ ਕੇ ਖ਼ੁਦ ਹੀ ਮੁਸਕਰਾ ਪਈ।

ਦੋਵੇਂ ਮੁੰਡੇ, ਰਾਏ ਸਾਹਿਬ ਦੀ ਹਵੇਲੀ ਦੇ ਬਾਹਰ ਖੜੇ, ਪਿਤਾ ਨੂੰ ਉਡੀਕ ਰਹੇ ਸਨ। ਡੇਢ-ਦੋ ਘੰਟੇ ਹੋ ਗਏ ਸਨ, ਪਿਤਾ ਨੂੰ ਹਵੇਲੀ ਅੰਦਰ ਗਿਆ।

ਅੱਲਾ ਰੱਖੀ ਬੜੀ ਬੇਸਬਰੀ ਨਾਲ ਪਤੀ ਦੀ ਉਡੀਕ ਕਰ ਰਹੀ ਸੀ। ਉਹ ਵਾਰ ਵਾਰ ਰਾਏ ਬੁਲਾਰ ਦੀ ਹਵੇਲੀ ਵੱਲ ਦੇਖਦੀ। ਉਡੀਕ ਦਾ ਇਕ-ਇਕ ਪਲ ਉਸ ਲਈ ਭਾਰੀ ਹੋ ਰਿਹਾ ਸੀ। ਦਿਨ ਢਲਣ ‘ਤੇ ਆ ਗਿਆ ਸੀ । ਪਰਛਾਵੇਂ ਲੰਮੇ ਹੋ ਰਹੇ ਸਨ। ਚਾਨਣ ਕੁਝ ਕੁਝ ਘੱਟ ਰਿਹਾ ਸੀ । ਹਰੇ ਬੂਟੇ ਅਤੇ ਰੁੱਖ ਢਲਦੇ ਸੂਰਜ ਦੀ ਮੱਧਮ ਰੋਸ਼ਨੀ ਵਿਚ ਹੌਲੀ ਹੌਲੀ ਧੁੰਦਲੇ ਹੁੰਦੇ ਜਾ ਰਹੇ ਸਨ । ਪੰਛੀਆਂ ਦੀਆਂ ਡਾਰਾਂ ਆਪਣੇ ਰੁੱਖਾਂ ਵੱਲ ਪਰਤ ਚੁੱਕੀਆਂ ਸਨ, ਪਰ ਅਜੇ ਵੀ ਕਿਤੇ-ਕਿਤੇ ਕੋਈ ਪਛੜਿਆ ਹੋਇਆ ਪੰਛੀ, ਤੇਜ਼-ਤੇਜ਼ ਖੰਭ ਮਾਰਦਾ ਹੋਇਆ ਆਪਣੇ ਆਲ੍ਹਣੇ ਵੱਲ ਜਾ ਰਿਹਾ ਸੀ। ਅੱਜ ਅੱਲਾ ਰੱਖੀ ਨੇ ਜਲਦੀ ਹੀ ਮਿੱਟੀ ਦੀ ਕਾੜਨੀ ਵਿਚ ਦਾਲ ਪਾ ਕੇ, ਭੜੋਲੀ ਵਿਚ ਗੋਹਿਆਂ ਦੀ ਅੱਗ ਉੱਤੇ ਧਰ ਦਿੱਤੀ ਸੀ, ਜੋ ਮੱਠੀ ਅੱਗ ਉੱਤੇ ਰਿੱਝ ਰਹੀ ਸੀ।

ਅਚਾਨਕ ਆਪਣੇ ਖ਼ਾਵੰਦ ਨੂੰ ਦੋਹਾਂ ਮੁੰਡਿਆਂ ਨਾਲ ਘਰ ਦੇ ਕੋਲ ਆਇਆ ਦੇਖ ਕੇ ਉਹ ਜਲਦੀ-ਜਲਦੀ ਬੂਹੇ ਕੋਲ ਆ ਕੇ ਖੜੀ ਹੋ ਗਈ। ਉਸ ਦਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ। ਸਿਰ ਦਾ ਦੁਪੱਟਾ ਠੀਕ ਕਰਦਿਆਂ “ਰੱਖ ਸਾਈਂ ਦੀ”, “ਰੱਖ ਪੀਰਾਂ ਦੀ” ਕਹਿੰਦਿਆਂ ਉਸ ਪਤੀ ਦਾ ਸਵਾਗਤ ਕੀਤਾ । ਪਤੀ ਦੇ ਚਿਹਰੇ ਵੱਲ ਦੇਖ ਕੇ ਰਤਾ ਕੁ ਮੁਸਕਰਾ ਕੇ ਉਸ ਅੱਖਾਂ ਨੀਵੀਆਂ ਕਰ ਲਈਆਂ। ਮਰਦਾਨਾ ਅਤੇ ਦੋਵੇਂ ਮੁੰਡੇ ਅੰਦਰ ਲੰਘ ਆਏ। ਮੁੰਡਿਆਂ ਨੇ ਪਾਣੀ ਦੀ ਬਾਲਟੀ ਖੂਹ ਤੋਂ ਭਰ ਕੇ ਅੰਦਰ ਰੱਖੀ ਹੋਈ ਸੀ। ਮਰਦਾਨਾ ਜੀ ਨੇ ਮੂੰਹ ਹੱਥ ਧੋਤਾ ਅਤੇ ਅੰਦਰ ਮੰਜੀ ਉੱਪਰ ਬੈਠ ਗਏ। ਅੱਲਾ ਰੱਖੀ ਵੀ ਕੋਲ ਆ ਕੇ ਬੈਠ ਗਈ।

“ਕਿਉਂ ਰੱਖੀਏ, ਪਿੱਛੋਂ ਠੀਕ-ਠਾਕ ਰਹੇ ਨਾ ਸਾਰੇ ?” ਮਰਦਾਨਾ ਜੀ ਨੇ ਪੁੱਛਿਆ। ਜਵਾਬ ਦੇਣ ਦੀ ਥਾਂ ਅੱਲਾ ਰੱਖੀ ਦੀਆਂ ਅੱਖਾਂ ਵਿੱਚੋਂ ਪਰਲ-ਪਰਲ ਅੱਥਰੂ ਵਹਿਣ ਲੱਗੇ। ਪਤਾ ਨਹੀਂ ਇਹ ਅੱਥਰੂ ਖ਼ੁਸ਼ੀ ਦੇ ਸਨ ਜਾਂ ਰੋਸ ਭਰੇ ਉਲਾਂਭੇ ਦੇ। ਉਹ ਕਿੰਨਾ ਹੀ ਚਿਰ ਕੁਝ ਨਾ ਬੋਲ ਸਕੀ। ਅਖ਼ੀਰ ਆਪਣੇ ਦੁਪੱਟੇ ਨਾਲ ਅੱਖਾਂ ਪੂੰਝ ਕੇ ਏਨਾ ਹੀ ਕਿਹਾ, “ਤੁਸੀਂ ਏਨੇ ਲੰਮੇ ਸਫ਼ਰ ਕਾਰਨ ਥੱਕੇ ਹੋਏ ਹੋਵੋਗੇ, ਘੜੀ ਕੁ ਆਰਾਮ ਕਰ ਲਵੋ, ਮੈਂ ਓਨਾ ਚਿਰ ਦੋ ਰੋਟੀਆਂ ਲਾਹ ਲਿਆਂਦੀ ਹਾਂ। ਤੁਹਾਨੂੰ ਭੁੱਖ ਲੱਗੀ ਹੋਵੇਗੀ।”

ਅੱਲਾ ਰੱਖੀ ਦਾ ਖ਼ਿਆਲ ਸੀ ਕਿ ਪਤੀ ਦੇ ਏਨੇ ਸਾਲਾਂ ਮਗਰੋਂ ਘਰ ਆਉਣ ‘ਤੇ ਉਹ ਦੌੜ ਕੇ ਉਸ ਦੇ ਗਲ ਲੱਗ ਜਾਵੇਗੀ, ਜਿਵੇਂ ਪਹਿਲਾਂ ਉਹ ਲੱਗਦੀ ਸੀ। ਪਰ ਅੱਜ ਉਹ ਅਜਿਹਾ ਨਾ ਕਰ ਸਕੀ। ਅੱਗੇ ਵਧਣ ਵੇਲੇ ਉਸ ਨੂੰ ਝਾਕਾ ਜਿਹਾ ਆ ਗਿਆ। ਉਹ ਰੁਕ ਗਈ ਅਤੇ ਰੋਟੀ ਦਾ ਬਹਾਨਾ ਕਰ ਕੇ ਰਸੋਈ ਵਿਚ ਚਲੀ ਗਈ। ਭਾਈ ਮਰਦਾਨਾ ਜੀ ਨੂੰ ਅੱਜ ਆਪਣੇ ਦੋਹਾਂ ਲੜਕਿਆਂ ਵੱਲ ਦੇਖ ਕੇ ਅੰਦਰੂਨੀ ਖ਼ੁਸ਼ੀ, ਸਕੂਨ ਅਤੇ ਇਕ ਅਜੀਬ ਕਿਸਮ ਦੇ ਸੁੱਖ ਦਾ ਅਹਿਸਾਸ ਹੋ ਰਿਹਾ ਸੀ। ਜਦੋਂ ਭਾਈ ਮਰਦਾਨਾ ਤਲਵੰਡੀ ਛੱਡ ਕੇ ਬਾਬਾ ਜੀ ਨਾਲ ਲੰਮੀ ਯਾਤਰਾ ‘ਤੇ ਗਏ, ਉਸ ਵਕਤ ਇਹ ਦੋਵੇਂ ਬੜੇ ਨਿੱਕੇ ਸਨ, ਪਰ ਅੱਜ ਇਹ ਬੜੇ ਸੁੰਦਰ, ਗੱਭਰੂ ਹੋ ਗਏ ਸਨ, ਉੱਚੇ ਲੰਮੇ ਅਤੇ ਜਵਾਨ। ਭਾਈ ਮਰਦਾਨਾ ਗੱਲਾਂ-ਗੱਲਾਂ ਵਿਚ ਇਕ-ਦੋ ਵਾਰ ਇਨ੍ਹਾਂ ਦੇ ਮੱਥੇ ਚੁੰਮ ਰਹੇ ਸਨ। ਤਵਾ ਧਰ ਕੇ ਰੋਟੀਆਂ ਪਕਾ ਕੇ ਪੱਛੀ (ਛਿੱਕੂ) ਵਿਚ ਰੱਖਦੀ ਹੋਈ ਅੱਲਾ ਰੱਖੀ ਨੇ ਆਵਾਜ਼ ਦਿੱਤੀ, “ਸ਼ਹਿਜ਼ਾਦ ਦੇ ਅੱਬੂ ਰੋਟੀ ਖਾ ਲਵੋ।”

ਮਰਦਾਨਾ ਜੀ ਦੇ ਰਸੋਈ ਵਿਚ ਆਣ ‘ਤੇ ਚੁੱਲ੍ਹੇ ਅੱਗੇ ਬੈਠੀ ਰੱਖੀ ਨੇ ਆਪਣੇ ਨੇੜੇ ਬੋਰੀ ਵਿਛਾ ਕੇ ਉਨ੍ਹਾਂ ਨੂੰ ਬਿਠਾਇਆ ਅਤੇ ਥਾਲੀ ਵਿਚ ਰੋਟੀ ਪਾ ਕੇ ਉਨ੍ਹਾਂ ਅੱਗੇ ਰੱਖੀ। ਬਲਦੀਆਂ ਲੱਕੜਾਂ ਦਾ ਚਾਨਣ ਮਰਦਾਨਾ ਜੀ ਦੇ ਚਿਹਰੇ ਉੱਤੇ ਪੈ ਰਿਹਾ ਸੀ। ਰੋਟੀ ਖੁਆਂਦਿਆਂ ਕਈ ਵਾਰ ਅੱਲਾ ਰੱਖੀ ਨੇ ਉਨ੍ਹਾਂ ਦੇ ਮੂੰਹ ਵੱਲ ਗਹੁ ਨਾਲ ਵੇਖਿਆ।

ਰੋਟੀ ਪਾਣੀ ਤੋਂ ਵਿਹਲੇ ਹੋ ਕੇ ਜਦੋਂ ਅੱਲਾ ਰੱਖੀ ਆਪਣੇ ਖ਼ਾਵੰਦ ਪਾਸ ਬੈਠੀ ਸੀ ਤਾਂ ਮਰਦਾਨਾ ਜੀ ਨੇ ਪੁੱਛਿਆ, “ਕੀ ਗੱਲ ਏ ਰੱਖੀਏ, ਤੂੰ ਅੱਜ ਖੁੱਲ੍ਹ ਕੇ ਕੋਈ ਗੱਲ ਨਹੀਂ ਕਰਦੀ।” ਤਾਂ ਅੱਲਾ ਰੱਖੀ ਨੇ ਕਿਹਾ, “ਸ਼ਹਿਜ਼ਾਦ ਦੇ ਅੱਬੂ ਪਤਾ ਨਹੀਂ ਕਿਉਂ ਹੁਣ ਮੈਨੂੰ ਤੁਹਾਡੇ ਨੇੜੇ ਆਉਂਦਿਆਂ ਝਾਕਾ ਆਉਂਦਾ ਏ । ਤੁਸੀਂ ਬਹੁਤ ਬਦਲ ਗਏ ਹੋ, ਤੁਹਾਡੇ ਚਿਹਰੇ ਉੱਤੇ ਪੀਰਾਂ ਫ਼ਕੀਰਾਂ ਵਰਗੀ ਝਲਕ ਨਜ਼ਰ ਆਉਂਦੀ ਏ। ਤੁਸੀਂ ਪਹਿਲਾਂ ਵਰਗੇ ਨਹੀਂ ਰਹੇ।”

“ਨਹੀਂ ਰੱਖੀਏ, ਤੈਨੂੰ ਐਵੇਂ ਵਹਿਮ ਏ। ਐਸੀ ਕੋਈ ਗੱਲ ਨਹੀਂ। ਮੈਂ ਤਾਂ ਹੁਣ ਵੀ ਤੇਰਾ ਉਹੀ ਸਿੱਧਾ ਸਾਦਾ ਮਰਦਾਨਾ ਹਾਂ, ਜਿਸ ਨੂੰ ਤੂੰ ਪਿਆਰ ਨਾਲ ‘ਭੋਲਾ ਪਾਤਸ਼ਾਹ’ ਕਿਹਾ ਕਰਦੀ ਸੈਂ । ਭਾਵੇਂ ਏਨੇ ਸਾਲ ਤੁਹਾਡੇ ਕੋਲੋਂ ਦੂਰ ਰਿਹਾਂ, ਪਰ ਇਸ ਦਾ ਇਹ ਮਤਲਬ ਤਾਂ ਨਹੀਂ ਕਿ ਮੈਂ ਬਦਲ ਗਿਆ ਆਂ ਜਾਂ ਮੇਰਾ ਤੁਹਾਡੇ ਪ੍ਰਤੀ ਪਿਆਰ ਘੱਟ ਗਿਆ ਏ। ਮੈਂ ਬਾਬੇ ਨਾਨਕ ਨਾਲ ਜਿਥੇ ਵੀ ਰਿਹਾਂ, ਜੰਗਲਾਂ ਵਿਚ, ਵੀਰਾਨਾਂ ਵਿਚ, ਤੈਨੂੰ ਅਤੇ ਬੱਚਿਆਂ ਨੂੰ ਕਦੀ ਦਿਲ ਤੋਂ ਲਾਂਭੇ ਨਹੀਂ ਹੋਣ ਦਿੱਤਾ। ਤੇਰੀ ਅਤੇ ਬੱਚਿਆਂ ਦੀ ਯਾਦ ਹਮੇਸ਼ਾ ਮੇਰੇ ਅੰਦਰ ਪਹਿਲਾਂ ਵਾਂਗ ਹੀ ਕਾਇਮ ਰਹੀ। ਤੈਨੂੰ ਇਹ ਭੁਲੇਖਾ ਕਿਵੇਂ ਹੋ ਗਿਆ ਕਿ ਮੈਂ ਬਦਲ ਗਿਆ ਆਂ?”

“ਨਹੀਂ, ਐਸੀ ਗੱਲ ਨਹੀਂ। ‘ਬਦਲ ਗਿਆ’ ਮੈਂ ਏਸ ਕਰਕੇ ਕਹਿੰਦੀ ਹਾਂ ਕਿ ਹੁਣ ਮੈਨੂੰ ਤੁਹਾਡੇ ਵਿੱਚੋਂ ਆਪਣੇ ਖ਼ਾਵੰਦ ਨਾਲੋਂ ਵੱਧ ਕਿਸੇ ਪਹੁੰਚੇ ਹੋਏ ਫ਼ਕੀਰ ਦਾ ਝਉਲਾ ਪੈਂਦਾ ਏ।” ਰੱਖੀ ਨੇ ਫੇਰ ਨਜ਼ਰਾਂ ਉੱਚੀਆਂ ਕਰ ਕੇ ਮਰਦਾਨਾ ਜੀ ਦੇ ਭਖਦੇ ਚਿਹਰੇ ਵੱਲ ਦੇਖਿਆ ਅਤੇ ਮੁੜ ਅੱਖਾਂ ਨੀਵੀਆਂ ਕਰ ਲਈਆਂ।

ਰਾਤ ਕਿੰਨੀ ਹੀ ਦੇਰ ਅੱਲਾ ਰੱਖੀ ਆਪਣੇ ਪਤੀ ਅੱਗੇ ਸ਼ਿਕਵੇ ਸ਼ਿਕਾਇਤਾਂ ਅਤੇ ਗਿਲੇ ਕਰਦੀ ਰਹੀ। ਕਿਵੇਂ ਉਸ ਤੋਂ ਬਿਨਾਂ ਉਸ ਏਨੇ ਸਾਲ ਬਿਤਾਏ, ਕਿਹੜੇ-ਕਿਹੜੇ ਦੁੱਖ ਸਹਾਰੇ, ਕਿਵੇਂ ਮਿਹਨਤ ਮੁਸ਼ੱਕਤ ਕਰ ਕੇ, ਲੋਕਾਂ ਦੇ ਭਾਂਡੇ ਮਾਂਜ ਕੇ ਉਸ ਦੋਵੇਂ ਬੱਚੇ ਪਾਲੇ, ਉਹ ਦੱਸਣ ਲੱਗੀ, “ਮੈਂ ਤਾਂ ਖ਼ਬਰੇ ਹੁਣ ਤਕ ਕਦੇ ਦੀ ਖ਼ਤਮ ਹੋ ਗਈ ਹੁੰਦੀ, ਜੇ ਬੱਚਿਆਂ ਦੀ ਚਿੰਤਾ ਨਾ ਹੁੰਦੀ। ਜਦੋਂ ਕਦੀ ਬਹੁਤੀ ਪਰੇਸ਼ਾਨ ਹੁੰਦੀ ਤਾਂ ਚਾਚੇ ਰਾਏ ਬੁਲਾਰ ਪਾਸ ਚਲੇ ਜਾਂਦੀ । ਉਹ ਮੈਨੂੰ ਹੌਸਲਾ ਦੇਂਦੇ। ਚਾਚੇ ਹੁਰੀਂ ਹਮੇਸ਼ਾ ਕਹਿੰਦੇ ਕਿ ਬੇਟੀ ਤੂੰ ਕਿਸਮਤ ਵਾਲੀ ਏਂ, ਜਿਸ ਨੂੰ ਮਰਦਾਨੇ ਵਰਗਾ ਕਿਸਮਤ ਦਾ ਬਲੀ ਪਤੀ ਮਿਲਿਆ ਏ। ਉਹ ਅਕਸਰ ਕਹਿੰਦੇ ਜਿਸ ਰੱਬ ਨੂੰ ਲੱਭਣ ਲਈ ਲੋਕ ਜੰਗਲਾਂ ਵਿਚ ਭਟਕਦੇ ਫਿਰਦੇ ਨੇ, ਮਰਦਾਨਾ ਉਸ ਰੱਬ ਦੇ ਨਾਲ ਰਹਿੰਦਾ ਹੈ। ਉਹ ਸਮਝਾਂਦੇ ਕਿ ਨਾਨਕ ਬਾਬਾ, ਰੱਬ ਦਾ ਰੂਪ ਏ। ਅਨਜਾਣ ਲੋਕਾਂ ਨੇ ਅੱਜ ਤਕ ਉਸ ਨੂੰ ਠੀਕ ਤਰ੍ਹਾਂ ਪਛਾਣਿਆ ਹੀ ਨਹੀਂ। ਚਾਚੇ ਦੀਆਂ ਗੱਲਾਂ ਮੈਨੂੰ ਧੀਰਜ ਦੇਂਦੀਆਂ, ਪਰ ਫੇਰ ਵੀ ਮਨ ਕਦੀ-ਕਦੀ ਅੰਦਰੋਂ ਕਹਿੰਦਾ ਕਿ ਮੈਨੂੰ ਉਸ ਦੇ ਰੱਬ ਨਾਲ ਰਹਿਣ ਦਾ ਕੀ ਸੁਖ, ਜੇ ਉਸ ਨੇ ਆਪਣੇ ਟੱਬਰ ਕੋਲੋਂ ਸਦਾ ਵਿਛੜੇ ਰਹਿਣਾ ਏ?”

ਐਸੇ ਹੀ ਗਿਲੇ ਸ਼ਿਕਾਇਤਾਂ, ਵਿਛੋੜੇ ਅਤੇ ਪ੍ਰੇਮ ਦੀਆਂ ਗੱਲਾਂ ਕਰਦਿਆਂ ਪਤਾ ਨਹੀਂ ਉਹ ਰਾਤ ਕਦੋਂ ਸੁੱਤੇ।

ਅੱਠ ਦਸ ਦਿਨ ਦੇਖਦਿਆਂ ਹੀ ਦੇਖਦਿਆਂ ਝੱਟ ਲੰਘ ਗਏ। ਇਨ੍ਹਾਂ ਦਿਨਾਂ ਵਿਚ ਅੱਲਾ ਰੱਖੀ ਜਿਵੇਂ ਮੁੜ ਜਵਾਨ ਹੋ ਗਈ। ਉਹੀ ਪੁਰਾਣੀ ਚੰਚਲਤਾ ਤੇ ਰੌਣਕ ਇਕ ਵਾਰ ਮੁੜ ਉਸ ਦੇ ਚਿਹਰੇ ਉੱਤੇ ਨਜ਼ਰ ਆਣ ਲੱਗੀ।

ਵਿਛੋੜੇ ਦਾ ਦਿਨ ਆਖ਼ਰ ਆ ਹੀ ਗਿਆ। ਭਾਈ ਮਰਦਾਨਾ ਜੀ ਨੇ ਅੱਜ ਵਾਪਸ ਸੈਦਪੁਰ ਜਾਣ ਦੀ ਤਿਆਰੀ ਕਰ ਲਈ। ਅੱਲਾ ਰੱਖੀ ਅਤੇ ਬੱਚੇ ਉਦਾਸ ਸਨ। ਰਾਤ ਅੱਲਾ ਰੱਖੀ ਨੇ ਰੋਂਦਿਆਂ ਹੀ ਕੱਟ ਛੱਡੀ । ਬਥੇਰੇ ਵਾਸਤੇ ਉਸ ਪਾਏ, ਮੁੰਡਿਆਂ ਨੇ ਤਰਲੇ ਕੀਤੇ ਪਰ ਸਭ ਬੇਅਰਥ । ਮਰਦਾਨਾ ਜੀ ਸਮਝਾਉਂਦੇ ਕਿ ਉਹ ਬਾਬੇ ਨਾਨਕ ਜੀ ਨਾਲ ਜਲਦੀ ਮੁੜਨ ਦਾ ਇਕਰਾਰ ਕਰ ਕੇ ਆਏ ਸਨ। ਹੁਣ ਉਨ੍ਹਾਂ ਨੂੰ ਰੋਕੋ ਨਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਰਸਤੇ ਉੱਤੇ ਤੁਰਨ ਦਿਉ। ਜੇ ਰੱਬ ਸੱਚੇ ਦਾ ਹੁਕਮ ਹੋਇਆ ਤਾਂ ਫੇਰ ਕਦੇ ਆ ਕੇ ਮੇਲੇ ਹੋਣਗੇ।

ਅੱਲਾ ਰੱਖੀ ਆਪਣੀਆਂ ਰੋ-ਰੋ ਕੇ ਲਾਲ ਕੀਤੀਆਂ ਅੱਖਾਂ ਨੂੰ ਪੂੰਝਦੀ ਹੋਈ। ਕਹਿਣ ਲੱਗੀ, “ਸ਼ਹਿਜ਼ਾਦ ਦੇ ਅੱਬੂ ਤੁਸੀਂ ਨਹੀਂ ਰੁਕ ਸਕਦੇ ਤਾਂ ਜਾਓ, ਪਰ ਜੇ ਮੇਰੇ ਪਿਆਰ ਵਿਚ ਸੱਚਾਈ ਦੀ ਤਾਕਤ ਹੋਈ ਤਾਂ ਜ਼ਰੂਰ ਤੁਹਾਨੂੰ ਜਲਦੀ ਹੀ ਸਾਡੇ ਕੋਲ ਦੁਬਾਰਾ ਖਿੱਚ ਲਿਆਏਗੀ। ਇਹੀ ਮੇਰਾ ਦਿਲ ਕਹਿੰਦਾ ਏ।” ਭਾਈ ਮਰਦਾਨਾ ਜੀ ਦੇ ਤੁਰਨ ਲੱਗਿਆਂ ਤਿੰਨਾਂ ਮਾਂ-ਪੁੱਤਰਾਂ ਦੀਆਂ ਅੱਖਾਂ ਗਿੱਲੀਆਂ ਸਨ। ਭਾਈ ਮਰਦਾਨਾ ਜੀ ਨੇ ਨਜ਼ਰ ਭਰ ਕੇ ਆਪਣੇ ਪਰਿਵਾਰ ਵੱਲ ਵੇਖਿਆ ਅਤੇ “ਰੱਬ ਰਾਖਾ” ਕਹਿ ਕੇ ਅੱਗੇ ਤੁਰ ਪਏ।

12.

ਸੈਦਪੁਰ ਵਿਚ ਭਾਈ ਲਾਲੋ ਦੇ ਵਿਹੜੇ, ਪਿਛਲੇ ਕਈ ਦਿਨਾਂ ਤੋਂ ਸਵੇਰ- ਸ਼ਾਮ ਸਤਿਗੁਰਾਂ ਦੇ ਅੰਮ੍ਰਿਤ ਭਿੰਨੇ ਵਿਚਾਰ ਅਤੇ ਰੱਬੀ ਬਾਣੀ ਸੁਣਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਸੀ। ਬਾਬਾ ਜੀ ਦੇ ਏਥੇ ਆਉਣ ਤੋਂ ਪਹਿਲਾਂ ਬਾਬਰ ਦੀਆਂ ਫ਼ੌਜਾਂ ਦੇ ਸਤਾਏ ਸੈਦਪੁਰ ਵਾਸੀ ਨਿਰਾਸ਼ ਹੋ ਚੁੱਕੇ ਸਨ। ਉਨ੍ਹਾਂ ਦਾ ਸ੍ਵੈ-ਮਾਣ ਅਤੇ ਸ੍ਵੈ-ਭਰੋਸਾ ਲਗਪਗ ਖ਼ਤਮ ਹੋ ਚੁੱਕਾ ਸੀ । ਬਾਬਾ ਜੀ ਦੇ ਸ਼ਬਦ ਜਿੱਥੇ ਸੰਗਤ ਦੇ ਦਿਲਾਂ ਵਿਚ ਠੰਡਕ ਪੁਚਾ ਰਹੇ ਸਨ, ਉਥੇ ਨਾਲ ਹੀ ਇਨ੍ਹਾਂ ਲੋਕਾਂ ਵਿਚ ਨਵਾਂ ਉਤਸ਼ਾਹ ਅਤੇ ਹੌਸਲਾ ਪੈਦਾ ਕਰ ਰਹੇ ਸਨ।

ਅਚਾਨਕ ਇਕ ਦਿਨ ਸਤਿਸੰਗ ਮਗਰੋਂ ਭਾਈ ਮਰਦਾਨਾ ਜੀ, ਭਾਈ ਲਾਲੋ ਦੇ ਘਰ ਪਹੁੰਚ ਗਏ। ਸਭ ਤੋਂ ਪਹਿਲਾਂ ਉਨ੍ਹਾਂ ਬਾਬਾ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ। ਬਾਬਾ ਜੀ ਨੇ ਪਿਆਰ ਨਾਲ ਕਿਹਾ, “ਆਓ ਭਾਈ ਮਰਦਾਨਾ, ਮਿਲ ਆਏ ਬਾਲ-ਪਰਵਾਰ ਅਤੇ ਤਲਵੰਡੀ ਦੇ ਲੋਕਾਂ ਨੂੰ ?”

“ਜੀ ਬਾਬਾ ਜੀ, ਤੁਹਾਡੀ ਮਿਹਰ ਸਦਕਾ ਸਭ ਮੰਗਲ-ਕੁਸ਼ਲ ਏ। ਸਾਰੇ ਤਲਵੰਡੀ ਵਾਸੀ ਤੁਹਾਨੂੰ ਯਾਦ ਕਰਦੇ ਨੇ, ਬਾਪੂ ਮਹਿਤਾ ਜੀ ਅਤੇ ਅੰਮਾ ਤ੍ਰਿਪਤਾ ਜੀ ਨੂੰ ਵੀ ਮਿਲ ਆਇਆਂ ਹਾਂ । ਤੁਹਾਡੀ ਸੁੱਖ-ਸਾਂਦ ਬਾਰੇ ਪੁੱਛਦੇ ਸਨ । ਪਰ ਬਾਬਾ ਜੀ ਜਿਸ ਬਿਹਬਲਤਾ ਨਾਲ ਰਾਏ ਬੁਲਾਰ ਹੁਰੀਂ ਤੁਹਾਨੂੰ ਯਾਦ ਕਰਦੇ ਨੇ ਅਤੇ ਇਕ-ਇਕ ਦਿਨ ਤੁਹਾਡੀ ਯਾਦ ਵਿਚ ਬਿਤਾ ਰਹੇ ਨੇ, ਮੈਂ ਬਿਆਨ ਨਹੀਂ ਕਰ ਸਕਦਾ। ਉਨ੍ਹਾਂ ਦਾ ਇਕ-ਇਕ ਸ਼ਬਦ ਤੁਹਾਡੀ ਯਾਦ ਅਤੇ ਤੁਹਾਡੇ ਵਿਛੋੜੇ ਵਿਚ ਭਿੱਜਾ ਹੋਇਆ ਏ। ਤੁਹਾਨੂੰ ਯਾਦ ਕਰ ਕੇ ਰੋਂਦੇ ਨੇ । ਕਹਿੰਦੇ ਨੇ-ਪਤਾ ਨਹੀਂ ਕਿਉਂ ਬਾਬੇ ਨਾਨਕ ਨੇ ਉਨ੍ਹਾਂ ਨੂੰ ਭੁਲਾ ਦਿੱਤਾ ਏ। ਉਹ ਕਾਫ਼ੀ ਬਿਰਧ ਅਤੇ ਕਮਜ਼ੋਰ ਹੋ ਗਏ ਨੇ। ਕਹਿੰਦੇ ਸਨ-ਜੇ ਤੁਰਨ ਜੋਗਾ ਹੁੰਦਾ ਤਾਂ ਖ਼ੁਦ ਆਪ ਪਾਸ ਪੁੱਜ ਕੇ ਆਪ ਦੇ ਚਰਨ ਸਪਰਸ਼ ਕਰਦਾ।”

ਅੰਤਰਜਾਮੀ ਗੁਰੂ ਨੇ ਕਿਹਾ, “ਠੀਕ ਕਹਿ ਰਹੇ ਹੋ ਮਰਦਾਨਾ, ਏਧਰ ਵੀ ਕੁਝ ਦਿਨਾਂ ਤੋਂ ਰਾਏ ਜੀ ਦੇ ਪਿਆਰ ਦੀ ਖਿੱਚ ਕੁਝ ਵਧੇਰੇ ਹੀ ਧੂਹ ਪਾ ਰਹੀ ਸੀ।”

“ਰਾਏ ਜੀ ਦਾ ਭਾਰ ਸਾਡੀ ਗਰਦਨ ਉੱਪਰ ਹੈ, ਚਲੋ ਲਾਹਿ ਆਈਏ।”

ਗੁਰੂ ਬਾਬਾ ਜੀ ਨੇ ਭਾਈ ਲਾਲੋ ਨੂੰ ਕਿਹਾ, “ਸਾਨੂੰ ਹੁਣ ਆਗਿਆ ਦੇਵੋ। ਅਸੀਂ ਤਲਵੰਡੀ ਜਾ ਰਹੇ ਹਾਂ। ਰਾਏ ਬੁਲਾਰ ਦਾ ਪਿਆਰ ਹੁਣ ਏਥੇ ਹੋਰ ਸਮਾਂ ਟਿਕਣ ਨਹੀਂ ਦਿੰਦਾ।”

“ਤਾਂ ਲਾਲੋ ਆਖਿਆ-ਜੀ ਤੁਸੀਂ ਮਹੀਨਾ ਪੂਰਾ ਹੋਵਣ ਦੇਹੁ । ਗੁਰੂ ਨਾਨਕ ਆਖਿਆ-ਅੱਜ ਪੰਝੀ ਦਿਨ ਹੋਏ ਹਨ, ਪੰਜ ਦਿਨ ਫੇਰ ਆਏ ਰਹੀਗੇ।”

ਤਿੰਨ ਚਾਰ ਦਿਨ ਦੇ ਸਫ਼ਰ ਮਗਰੋਂ ਤਲਵੰਡੀ ਤੋਂ ਦੋ ਤਿੰਨ-ਮੀਲ ਬਾਹਰ ਇਕ ਖੂਹ ਤੇ ਬੋਹੜ ਦੀ ਛਾਵੇਂ ਬਾਬਾ ਜੀ ਨੇ ਡੇਰੇ ਲਗਾਏ। ਕੁਝ ਚਿਰ ਆਰਾਮ

ਕਰਨ ਪਿੱਛੋਂ ਬਾਬਾ ਜੀ ਅਤੇ ਭਾਈ ਮਰਦਾਨਾ ਜੀ ਦੋਵੇਂ ਤਲਵੰਡੀ ਪੁੱਜੇ। ਸਭ

ਤੋਂ ਪਹਿਲਾਂ ਰਾਏ ਬੁਲਾਰ ਦੀ ਹਵੇਲੀ ਵੱਲ ਗਏ।

ਇਹ ਖ਼ਬਰ ਕੇਸਰ ਦੀ ਮਹਿਕ ਵਾਂਗ ਸਾਰੀ ਤਲਵੰਡੀ ਵਿਚ ਫੈਲ ਗਈ ਕਿ ਮਹਿਤਾ ਕਾਲੂ ਦਾ ਪੁੱਤਰ ਨਾਨਕ ਆਪਣੇ ਸਾਥੀ ਭਾਈ ਮਰਦਾਨੇ ਨਾਲ ਰਾਏ ਬੁਲਾਰ ਸਾਹਿਬ ਦੀ ਹਵੇਲੀ ਵੱਲ ਆ ਰਹੇ ਹਨ। ਲੋਕੀਂ ਖ਼ੁਸ਼ੀ ਅਤੇ ਚਾਅ ਨਾਲ ਦੋਹਾਂ ਨੂੰ ਮਿਲਣ ਲਈ ਰਾਏ ਬੁਲਾਰ ਦੀ ਹਵੇਲੀ ਵੱਲ ਤੁਰ ਪਏ।

ਪਿਛਲੇ ਇਕ-ਦੋ ਦਿਨਾਂ ਤੋਂ ਰਾਏ ਬੁਲਾਰ ਜੀ ਦੀ ਤਬੀਅਤ ਕੁਝ ਵਧੇਰੇ ਹੀ ਵਿਗੜ ਗਈ ਸੀ। ਤਲਵੰਡੀ ਦੇ ਸਾਰੇ ਲੋਕ, ਬਜ਼ੁਰਗ ਰਾਏ ਸਾਹਿਬ ਦੀ ਤੰਦਰੁਸਤੀ ਲਈ ਦੁਆਵਾਂ ਕਰ ਰਹੇ ਸਨ ਪਰ ਨਾ ਦੁਆ ਅਤੇ ਨਾ ਹੀ ਦਵਾ ਕੋਈ ਅਸਰ ਕਰ ਰਹੀ ਸੀ।

ਅਚਾਨਕ ਰਾਏ ਬੁਲਾਰ ਹੁਰਾਂ ਦੇ ਕੰਨੀਂ ਲੋਕਾਂ ਦੀ ਘੁਸਰ-ਮੁਸਰ ਪਈ ਤਾਂ ਉਹ ਆਪਣੇ ਮੰਜੇ ‘ਤੇ ਲੇਟੇ-ਲੇਟੇ ਉੱਠ ਕੇ ਬੈਠ ਗਏ ਅਤੇ ਪੁੱਛਣ ਲੱਗੇ, “ਕੀ ਕਿਹਾ ਜੇ ? ਕੀ ਸੱਚਮੁੱਚ ਮੇਰਾ ਨਾਨਕ ਪਾਤਸ਼ਾਹ ਇਧਰ ਆ ਰਿਹਾ ਏ ?”

“ਹਾਂ ਰਾਏ ਜੀ, ਮੈਂ ਖ਼ੁਦ ਆਪਣੀਆਂ ਅੱਖਾਂ ਨਾਲ ਦੇਖ ਕੇ ਆਇਆ ਹਾਂ। ਬਾਬਾ ਨਾਨਕ ਅਤੇ ਮਰਦਾਨਾ ਦੋਵੇਂ ਇਧਰ ਹੀ ਆ ਰਹੇ ਨੇ। ਹੋਰ ਘੜੀ ਕੁ ਤਕ ਏਥੇ ਪਹੁੰਚ ਜਾਸਨ।”

“ਯਾ ਰੱਬਾ, ਆਖ਼ਰ ਸੁਣ ਹੀ ਲਈ ਤੂੰ ਮੇਰੀ । ਮੈਨੂੰ ਯਕੀਨ ਸੀ ਕਿ ਆਖ਼ਰੀ ਸਮੇਂ ਮੇਰਾ ਨਾਨਕ ਜ਼ਰੂਰ ਮੈਨੂੰ ਦਰਸ਼ਨ ਦੇਵੇਗਾ।”

ਅਗਲੀ ਹੀ ਘੜੀ ਪਾਤਸ਼ਾਹ ਅਤੇ ਭਾਈ ਮਰਦਾਨਾ ਦੋਵੇਂ ਰਾਏ ਸਾਹਿਬ ਦੇ ਕਮਰੇ ਵਿਚ ਦਾਖ਼ਲ ਹੋਏ। ਕਮਰਾ ਜਿਵੇਂ ਰੁਸ਼ਨਾਇਆ ਗਿਆ। ਉਧਰ ਰਾਏ ਬੁਲਾਰ ਜੀ ਦੇ ਚਿਹਰੇ ਉੱਤੇ ਇਕ ਵਾਰ ਫਿਰ ਕੁਝ ਰੌਣਕ ਪਰਤ ਆਈ।

ਬਾਬਾ ਜੀ ਦੇ ਨੇੜੇ ਆਉਣ ‘ਤੇ ਰਾਏ ਬੁਲਾਰ ਹੁਰਾਂ ਆਪਣੇ ਕੰਬਦੇ ਹੋਏ। ਦੋਵੇਂ ਹੱਥ ਜੋੜ ਕੇ ਕਿਹਾ, “ਓ ਇਲਾਹੀ ਫ਼ਰਿਸ਼ਤੇ, ਮੈਨੂੰ ਮਾਫ਼ ਕਰ ਦੇਣਾ। ਮੈਂ ਤੁਹਾਡੇ ਅਦਬ ਵਿਚ ਖੜੇ ਹੋ ਕੇ ਤੁਹਾਡੇ ਚਰਨਾਂ ਉੱਪਰ ਆਪਣਾ ਸੀਸ ਨਹੀਂ ਰੱਖ ਸਕਿਆ।”

ਸਤਿਗੁਰਾਂ ਨੇ ਰਾਏ ਬੁਲਾਰ ਦੀ ਮੰਜੀ ਉੱਤੇ ਬੈਠਦਿਆਂ, ਰਾਏ ਬੁਲਾਰ ਨੂੰ ਆਪਣੀਆਂ ਬਾਂਹਾਂ ਵਿਚ ਲੈ ਕੇ ਆਪਣੀ ਛਾਤੀ ਨਾਲ ਲਗਾ ਲਿਆ। ਦੋਹਾਂ ਦੀਆਂ ਅੱਖਾਂ ਗਿੱਲੀਆਂ ਸਨ। ਰਾਏ ਬੁਲਾਰ ਜੀ ਦਾ ਤਪਦਾ ਹਿਰਦਾ ਸ਼ਾਂਤ ਹੋ ਗਿਆ। ਕਹਿਣ ਲੱਗੇ, “ਹੁਣ ਮੈਂ ਇਸ ਫ਼ਾਨੀ ਸੰਸਾਰ ਤੋਂ ਖ਼ੁਸ਼ੀ-ਖ਼ੁਸ਼ੀ ਵਿਦਾ ਹੋ ਸਕਾਂਗਾ।”

ਜਦੋਂ ਅੱਲਾ ਰੱਖੀ ਨੂੰ ਬਾਬਾ ਜੀ ਅਤੇ ਮਰਦਾਨਾ ਜੀ ਦੇ ਆਉਣ ਦੀ ਖ਼ਬਰ ਮਿਲੀ ਤਾਂ ਉਸ ਦੇ ਪੈਰ ਧਰਤੀ ‘ਤੇ ਨਹੀਂ ਸਨ ਟਿਕਦੇ। ਮਰਦਾਨਾ ਜੀ ਜਦੋਂ ਸ਼ਾਮ ਵੇਲੇ ਰਾਏ ਬੁਲਾਰ ਜੀ ਦੀ ਹਵੇਲੀ ਤੋਂ ਆਪਣੇ ਘਰ ਪਹੁੰਚੇ ਤਾਂ ਘਰ ਦੁਲਹਨ ਵਾਂਗ ਸਜਿਆ ਹੋਇਆ ਸੀ। ਅੱਲਾ ਰੱਖੀ ਅਤੇ ਦੋਹਾਂ ਮੁੰਡਿਆਂ ਨੇ ਰਲ ਕੇ ਘਰ ਦੀ ਹਰ ਚੀਜ਼ ਝਾੜ ਪੂੰਝ ਕੇ ਘਰ ਨੂੰ ਉਜਲਾ ਬਣਾ ਦਿੱਤਾ ਸੀ। ਅੱਲਾ ਰੱਖੀ ਨੇ ਸਾਂਭ ਕੇ ਰੱਖੀ ਹੋਈ ਆਪਣੇ ਦਾਜ ਵਿਚ ਲਿਆਂਦੀ ਹੋਈ ਆਪਣੇ ਹੱਥੀਂ ਕਢਾਈ ਕੀਤੀ ਚਾਦਰ ਮੰਜੇ ਉੱਪਰ ਵਿਛਾਈ ਸੀ।

ਮਰਦਾਨਾ ਜੀ ਦੇ ਅੰਦਰ ਦਾਖ਼ਲ ਹੋਣ ਵੇਲੇ ਅੱਲਾ ਰੱਖੀ ਨੇ ਬੂਹੇ ਦੇ ਦੋਹੀਂ ਪਾਸੀਂ ਥੋੜਾ ਜਿਹਾ ਤੇਲ ਚੋਇਆ ਅਤੇ ਉਨ੍ਹਾਂ ਦੇ ਮੂੰਹ ਵੱਲ ਪਿਆਰ ਨਾਲ ਦੇਖ ਕੇ “ਰੱਖ ਸਾਈਂ ਦੀ” ਕਿਹਾ। ਮੁੰਡੇ ਵੀ ਆਪਣੇ ਅੱਬੂ ਦੇ ਗਲ ਲੱਗ ਗਏ । ਮਰਦਾਨਾ ਜੀ ਨੇ ਸਭ ਨੂੰ ਪਿਆਰ ਭਰੀ ਅਸੀਸ ਦਿੱਤੀ।

ਮੰਜੀ ‘ਤੇ ਬੈਠੇ ਮਰਦਾਨਾ ਜੀ ਨੂੰ ਪਾਣੀ ਦਾ ਗਲਾਸ ਫੜਾ ਕੇ ਬੜੇ ਪਿਆਰ ਨਾਲ ਮੁਸਕਰਾਂਦਿਆਂ ਜੇਤੂ ਲਹਿਜੇ ਵਿਚ ਅੱਲਾ ਰੱਖੀ ਨੇ ਕਿਹਾ, “ਮੈਂ ਤੁਹਾਨੂੰ ਕਿਹਾ ਸੀ ਨਾ ਕਿ ਜੇ ਮੇਰੇ ਪਿਆਰ ਵਿਚ ਤਾਕਤ ਹੋਈ ਤਾਂ ਜਲਦੀ ਹੀ ਤੁਹਾਨੂੰ ਏਥੇ ਖਿੱਚ ਲਿਆਵੇਗਾ। ਦੇਖੋ, ਅਜੇ ਮਸਾਂ ਦਸ ਦਿਨ ਵੀ ਨਹੀਂ ਹੋਏ ਮੇਰੇ ਪਿਆਰ ਨੇ ਤੁਹਾਨੂੰ ਖਿੱਚ ਲਿਆਂਦਾ।”

ਮਰਦਾਨਾ ਜੀ ਦੇ ਚਿਹਰੇ ਉੱਤੇ ਇਕ ਮਾਸੂਮੀਅਤ ਭਰੀ ਹਲਕੀ ਜਹੀ ਮੁਸਕਾਨ ਆ ਗਈ ਅਤੇ ਉਨ੍ਹਾਂ ਨੇ ਅੱਲਾ ਰੱਖੀ ਦਾ ਹੱਥ ਆਪਣੇ ਦੋਹਾਂ ਹੱਥਾਂ ਵਿਚ ਲੈ ਲਿਆ।

ਗੁਰੂ ਨਾਨਕ ਦੇਵ ਜੀ ਹਰ ਰੋਜ਼ ਇਕ-ਦੋ ਵਾਰ ਪਿੰਡੋਂ ਬਾਹਰ ਵਾਲੇ ਖੂਹ ਤੋਂ, ਜਿਥੇ ਉਨ੍ਹਾਂ ਨੇ ਡੇਰਾ ਕੀਤਾ ਹੋਇਆ ਸੀ, ਆ ਕੇ ਕਿੰਨਾ-ਕਿੰਨਾ ਚਿਰ ਰਾਏ ਬੁਲਾਰ ਕੋਲ ਬੈਠਦੇ ਅਤੇ ਆਪਣੇ ਅੰਮ੍ਰਿਤ ਬਚਨਾਂ ਦੀ ਵਰਖਾ ਨਾਲ ਉਨ੍ਹਾਂ ਨੂੰ ਨਿਹਾਲ ਕਰਦੇ।

ਭਾਈ ਮਰਦਾਨਾ ਵੀ ਇਕ ਵਾਰ ਸਵੇਰੇ ਨਹਾ-ਧੋ ਕੇ ਬਾਬਾ ਜੀ ਨੂੰ ਖੂਹ ‘ਤੇ ਜਾ ਕੇ ਮੱਥਾ ਟੇਕਦੇ। ਫੇਰ ਪਿੰਡ ਆ ਕੇ ਰਾਏ ਬੁਲਾਰ ਜੀ ਦੀ ਸੇਵਾ ਟਹਿਲ ਵਿਚ ਲੱਗ ਜਾਂਦੇ।

ਮਹਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਵੀ ਦਿਨੇ ਇਕ ਅੱਧ ਵਾਰ ਬਾਬਾ ਜੀ ਨੂੰ ਮਿਲਣ ਪਿੰਡੋਂ ਬਾਹਰਲੇ ਖੂਹ ਉੱਤੇ ਜਾਂਦੇ । ਬਾਪੂ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਬੜਾ ਜ਼ੋਰ ਲਗਾਉਂਦੇ ਅਤੇ ਕਹਿੰਦੇ ਕਿ “ਇਹ ਪਿੰਡੋਂ ਬਾਹਰ ਦਾ ਡੇਰਾ ਛੱਡ ਕੇ ਆਪਣੇ ਘਰ ਚੱਲੋ। ਰੱਬ ਦਾ ਦਿੱਤਾ ਘਰ ਵਿਚ ਸਭ ਕੁਝ ਏ। ਕਿਉਂ ਇਸ ਬੋਹੜ ਥੱਲੇ ਰਹਿ ਕੇ ਰਾਤਾਂ ਏਥੇ ਕਟਦੇ ਹੋ ?” ਬਾਬਾ ਜੀ ਉੱਤਰ ਦਿੰਦੇ, “ਮਾਤਾ ਜੀ ਅਸਾਂ ਕੇਵਲ ਇਕ ਘਰ ਮੱਲਿਆ ਏ, ਬਾਕੀ ਸਾਰੇ ਘਰ ਛੱਡ ਦਿੱਤੇ ਨੇ। ਉਸ ‘ਇਕ’ ਘਰ ਨੂੰ ਛੱਡ ਕੇ ਹੋਰ ਕਿਸੇ ਘਰ ਦਾ ਮੋਹ ਹੁਣ ਨਹੀਂ ਰਿਹਾ।” ਮਾਤਾ ਤ੍ਰਿਪਤਾ ਜੀ ਦੇ ਤਰਲੇ ਵੀ ਬਾਬਾ ਜੀ ਨੂੰ ਘਰ ਨਾ ਲਿਆ ਸਕੇ।

ਰਾਏ ਬੁਲਾਰ ਜੀ ਦੀ ਸਿਹਤ ਵਿਚ ਕੋਈ ਖ਼ਾਸ ਸੁਧਾਰ ਨਹੀਂ ਸੀ ਹੋ ਰਿਹਾ। ਇਕ ਦਿਨ ਜਿਸ ਵੇਲੇ ਬਾਬਾ ਜੀ ਉਨ੍ਹਾਂ ਕੋਲ ਬੈਠੇ ਸਨ ਤਾਂ ਅਚਾਨਕ ਉਨ੍ਹਾਂ ਦੀ ਤਬੀਅਤ ਵਧੇਰੇ ਵਿਗੜ ਗਈ। ਹਕੀਮ ਵੀ ਉਦੋਂ ਉਥੇ ਹੀ ਸੀ। ਯਤਨ ਕਰਨ ‘ਤੇ ਵੀ ਹਕੀਮ ਉਨ੍ਹਾਂ ਨੂੰ ਬਚਾ ਨਾ ਸਕਿਆ ਅਤੇ ਰਾਏ ਬੁਲਾਰ ਜੀ ਨੇ ਗੁਰੂ ਬਾਬਾ ਜੀ ਦੇ ਹੱਥਾਂ ਵਿਚ ਹੀ ਪ੍ਰਾਣ ਤਿਆਗ ਦਿੱਤੇ।

ਰਾਏ ਬੁਲਾਰ ਜੀ ਨੂੰ ‘ਸਪੁਰਦੇ ਖ਼ਾਕ’ ਕਰਨ ਤੋਂ ਅਗਲੇ ਦਿਨ ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਜੀ ਕੋਲ ਉਨ੍ਹਾਂ ਦੇ ਟਿਕਾਣੇ ਉਸ ਖੂਹ ਉੱਤੇ ਗਏ। ਆਖ਼ਰ ਮਾਂ ਸਨ। ਘਰ ਚੱਲਣ ਲਈ ਬਹੁਤ ਜ਼ੋਰ ਲਾਇਆ। ਵਗਦੇ ਹੰਝੂਆਂ ਨਾਲ ਆਪਣੀ ਝੋਲੀ ਅੱਡ ਕੇ ਕਹਿਣ ਲੱਗੇ, “ਬੇਟਾ ਨਾਨਕ, ਮਾਂ ਦਾ ਕਹਿਣਾ ਮੰਨੋ, ਚਲੋ ਘਰ, ਇਕ ਮਾਂ ਆਪਣੇ ਪੁੱਤਰ ਪਾਸੋਂ ਭੀਖ ਮੰਗਦੀ ਏ। ਬਿਰਧ ਮਾਤਾ ਦੀਆਂ ਅੱਖਾਂ ਦੇ ਅੱਥਰੂ ਵਗਦੇ ਅਤੇ ਮਾਂ ਦਾ ਤਰਲਾ ਮਿੰਨਤ ਦੇਖ ਕੇ ਬਾਬਾ ਜੀ ਪਿਘਲ ਗਏ।”

“ਮਾਤਾ ਦੇ ਮਿਲਣੇ ਸਾਥਿ ਮਾਤਾ ਦਾ ਹਿੱਤ ਦੇਖਿ ਕਰਿ ਗੁਰੂ ਬਾਬਾ ਨਾਨਕ ਗਦੁਗਦੁ ਹੋਇ ਗਇਆ। ਬਾਬਾ ਨਾਨਕ ਮੇਹਰਵਾਨ ਪਰਾਇਆ ਦੁਖ ਸਹਿ ਨ ਸਕੈ। ਰੋਇ ਦਿੱਤੋ ਨੇ । ਜਿਥੇ ਕੋਈ ਗੁਰੂ ਬਾਬੇ ਨਾਨਕ ਨੋ ਦਰਦਵੰਦ ਨਜਰ ਆਂਵਦਾ, ਤਿਥੈ ਬਾਬਾ ਨਾਨਕ ਰੋਇ ਦਿੰਦਾ। ਦਰਦ ਪਰਾਇਆ ਸਹਿ ਨ ਸਕਦੇ ਬਾਬਾ ਮਿਹਰਵਾਨ… ।”

ਬਾਬਾ ਜੀ ਮਾਤਾ ਦੀ ਮਮਤਾ ਦੇਖ ਕਹਿਣ ਲੱਗੇ, “ਠੀਕ ਹੈ ਮਾਤਾ ਜੀ, ਮੈਂ ਤੁਹਾਡੇ ਨਾਲ ਘਰ ਚੱਲਦਾ ਹਾਂ ਪਰ ਮੈਨੂੰ ਉਥੇ ਬਹੁਤਾ ਟਿਕਣ ਵਾਸਤੇ ਨਾ ਕਹਿਣਾ।”

ਕੁਝ ਦਿਨ ਘਰ ਰਹਿ ਕੇ ਅਤੇ ਤਲਵੰਡੀ ਦੇ ਲੋਕਾਂ ਨੂੰ ਮਿਲ ਕੇ ਬਾਬਾ ਜੀ ਨੇ ਅਗਲੇ ਸਫ਼ਰ ਦੀ ਤਿਆਰੀ ਕਰ ਲਈ। ਜਿੰਨੇ ਦਿਨ ਬਾਬਾ ਜੀ ਘਰ ਰਹੇ, ਘਰ ਵਿਚ ਰੌਣਕਾਂ ਲੱਗੀਆਂ ਰਹੀਆਂ। ਆਣ-ਜਾਣ ਤੇ ਮਿਲਣ ਵਾਲਿਆਂ ਦਾ ਤਾਂਤਾ ਲੱਗਾ ਰਹਿੰਦਾ। ਮਾਤਾ ਅਤੇ ਪਿਤਾ ਨੂੰ ਸ਼ਾਮ ਵੇਲੇ ਹੀ ਬੇਨਤੀ ਕਰ ਦਿੱਤੀ ਕਿ ਕਲ੍ਹ ਨੂੰ ਉਹ ਘਰੋਂ ਨਿਕਲਣਗੇ। ਪਿੰਡੋਂ ਬਾਹਰ ਬੋਹੜ ਵਾਲੇ ਖੂਹ ‘ਤੇ ਬੈਠ ਕੇ ਕੁਝ ਘੰਟੇ ਰੱਬ ਨਾਲ ਜੁੜਨਗੇ ਅਤੇ ਅੱਗੇ ਤੁਰਨਗੇ।

ਭਾਈ ਮਰਦਾਨਾ ਜੀ ਨੂੰ ਵੀ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਉਨ੍ਹਾਂ ਨੂੰ ਦਿਨ ਚੜ੍ਹਦੇ ਖੂਹ ‘ਤੇ ਮਿਲ ਪੈਣ ਤਾਂ ਜੋ ਅਗਲੀ ਯਾਤਰਾ ਸਮੇਂ ਸਿਰ ਸ਼ੁਰੂ ਕੀਤੀ ਜਾ ਸਕੇ।

ਭਾਈ ਮਰਦਾਨਾ ਜੀ ਨੇ ਇਹ ਸਾਰੀ ਯੋਜਨਾ ਅੱਲਾ ਰੱਖੀ ਅਤੇ ਦੋਹਾਂ ਮੁੰਡਿਆਂ ਨੂੰ ਦੱਸੀ। ਰੱਖੀ ਨੇ ਰੋਂਦਿਆਂ ਹੋਇਆਂ ਤਰਲਾ ਕੀਤਾ, “ਏਨੇ ਸਾਲਾਂ ਮਗਰੋਂ ਸਾਡੇ ਕੋਲ ਘਰ ਆਏ ਹੋ । ਹੁਣ ਤਾਂ ਆਪਣੇ ਬਾਲ ਪਰਿਵਾਰ ਨਾਲ ਬਾਕੀ ਜ਼ਿੰਦਗੀ ਕੱਟੋ।” ਉਸ ਨੇ ਆਪਣਾ ਵਾਸਤਾ ਪਾਇਆ, ਬੱਚਿਆਂ ਦਾ ਵਾਸਤਾ ਪਾਇਆ । ਮਰਦਾਨਾ ਜੀ ਕਹਿਣ ਲੱਗੇ, “ਰੱਖੀਏ ਇਹ ਸਭ ਕਰਤਾਰ ਦੇ ਹੱਥ ਵੱਸ ਏ। ਬਾਬੇ ਨਾਨਕ ਨਾਲ ਜਿਸ ਰਾਹ ‘ਤੇ ਤੁਰਿਆ ਹਾਂ, ਉਸ ਰਸਤੇ ਤੋਂ ਵਾਪਸ ਨਹੀਂ ਆ ਸਕਦਾ। ਠੀਕ ਏ, ਤੇਰਾ ਅਤੇ ਬੱਚਿਆਂ ਦਾ ਪਿਆਰ ਆਪਣੀ ਥਾਂ ਏ ਪਰ ਜਿੰਨਾ ਪਿਆਰ ਬਾਬੇ ਨੇ ਮੇਰੇ ਹਿਰਦੇ ਵਿਚ ਗ਼ਰੀਬ-ਗੁਰਬੇ, ਦੁਖੀ, ਲਤਾੜੇ ਅਤੇ ਸਤਾਏ ਹੋਏ ਲੋਕਾਂ ਬਾਰੇ ਪੈਦਾ ਕਰ ਦਿੱਤਾ ਏ, ਉਹ ਮੈਨੂੰ ਬਦੋਬਦੀ ਉਨ੍ਹਾਂ ਲੋਕਾਂ ਵੱਲ ਲੈ ਤੁਰਦਾ ਏ।

“ਇਨਸ਼ਾ ਅੱਲਾ ਜਦੋਂ ਵੀ ਕਦੇ ਏਧਰ ਆਉਣ ਦਾ ਮੌਕਾ ਮਿਲਿਆ, ਮੈਂ ਤੁਹਾਡੇ ਕੋਲ ਤਲਵੰਡੀ ਜ਼ਰੂਰ ਆਵਾਂਗਾ, ਤਲਵੰਡੀ ਤਾਂ ਮੇਰਾ ਕਾਅਬਾ ਹੈ।” ਅਗਲੇ ਦਿਨ ਇਸ਼ਨਾਨ ਪਾਣੀ ਮਗਰੋਂ ਭਾਈ ਮਰਦਾਨਾ ਜੀ ਸਵੱਖਤੇ ਮੂੰਹ- ਹਨੇਰੇ ਹੀ ਘਰੋਂ ਨਿਕਲੇ। ਬੱਚੇ ਨਰਾਜ਼ ਅਤੇ ਨਿਰਾਸ਼ ਸਨ। ਅੱਲਾ ਰੱਖੀ ਦੇ ਮਨ ਵਿਚ ਵੀ ਰੋਸ ਸੀ। ਇਹ ਸਭ ਕੁਝ ਦੇਖਦਿਆਂ ਅਤੇ ਸਮਝਦਿਆਂ ਹੋਇਆਂ ਵੀ ਮਰਦਾਨਾ ਜੀ ਮਨ ਪੱਕਾ ਕਰ ਕੇ ਘਰੋਂ ਨਿਕਲ ਤੁਰੇ।

ਘਰੋਂ ਨਿਕਲ ਕੇ ਭਾਈ ਮਰਦਾਨਾ ਪਹਿਲਾਂ ਮਹਿਤਾ ਕਾਲੂ ਜੀ ਦੇ ਘਰ ਕੋਲ ਪਹੁੰਚੇ। ਪਤਾ ਨਹੀਂ ਅੱਜ ਉਨ੍ਹਾਂ ਨੂੰ ਇੰਜ ਕਿਉਂ ਲੱਗ ਰਿਹਾ ਸੀ ਕਿ ਉਹ ਆਪਣੀ ਤਲਵੰਡੀ ਕੋਲੋਂ ਸਦਾ ਲਈ ਅੱਡ ਹੋ ਰਹੇ ਹਨ। ਉਨ੍ਹਾਂ ਨੇ ਬਾਪੂ ਕਾਲੂ ਜੀ ਦੇ ਮਕਾਨ ਨੂੰ ਨਜ਼ਰਾਂ ਭਰ ਕੇ ਵੇਖਿਆ, ਮਕਾਨ ਨੂੰ ਸਿਜਦਾ ਕੀਤਾ। ਸੋਚਣ ਲੱਗੇ ਕਿ ਇਸੇ ਮਕਾਨ ਵਿਚ ਬਾਬੇ ਨਾਨਕ ਦਾ ਜਨਮ ਹੋਇਆ ਸੀ। ਇਹ ਸਾਧਾਰਨ ਮਕਾਨ ਉਸੇ ਘੜੀ ਇਕ ਪਿਆਰ-ਮੰਦਰ ਵਿਚ ਵਟ ਗਿਆ ਸੀ, ਜਿਸ ਘੜੀ ਬਾਬੇ ਨਾਨਕ ਨੇ ਇਥੇ ਪਹਿਲਾ ਸਾਹ ਲਿਆ ਸੀ। ਉਸ ਦੇ ਸਾਹਾਂ ਦੀ ਪਿਆਰ ਭਰੀ ਮਿੱਠੀ ਮਹਿਕ, ਇਸ ਮੰਦਰ ਦੀ ਹਰ ਨੁੱਕਰੇ ਅਤੇ ਇਥੋਂ ਦੀ ਹਰ ਇੱਟ ਵਿਚ ਸਮਾਈ ਹੋਈ ਏ। ਇਸ ਮੰਦਰ ਵਿੱਚੋਂ ਬਾਬੇ ਨੇ ਪਿਆਰ ਹੀ ਵੰਡਿਆ ਅਤੇ ਇਸੇ ਪਿਆਰ ਦੇ ਅੰਮ੍ਰਿਤ ਨਾਲ ਜਗਤ ਜਲੰਦੇ ਨੂੰ ਸ਼ਾਂਤ ਕੀਤਾ। ਬਾਬਾ ਜੀ ਦੇ ਘਰ ਸਾਹਮਣੇ ਖੜੇ ਖੜੇ ਭਾਈ ਮਰਦਾਨਾ ਜੀ ਦੇ ਅੰਤਰ ਮਨ ਵਿੱਚੋਂ ਆਵਾਜ਼ ਉੱਠੀ : “ਹੇ ਤਲਵੰਡੀ ਦੀ ਧਰਤੀ, ਭਵਿੱਖ ਵਿਚ ਇਸ ਪਵਿੱਤਰ ਮੰਦਰ ਦੀਆਂ

ਪੁਰਾਣੀਆਂ ਇੱਟਾਂ ਨੂੰ ਸੰਭਾਲ ਕੇ ਰੱਖੀਂ। ਆਉਣ ਵਾਲੇ ਸਮਿਆਂ ਵਿਚ ਇਨ੍ਹਾਂ ਇੱਟਾਂ

ਦੀ ਲੋਕਾਂ ਨੂੰ ਬੜੀ ਲੋੜ ਪੈਣੀ ਏਂ। ਜਦੋਂ ਫਿਰ ਕਦੀ ਕੂੜ ਪਰਧਾਨ ਹੋਇਆ,

ਸ਼ਰਮ ਧਰਮ ਕਿਤੇ ਛੁਪ ਗਏ, ਸੰਸਾਰ ਵਿੱਚੋਂ ਪਿਆਰ ਅਤੇ ਭਾਈਚਾਰਾ ਖ਼ਤਮ

ਹੋਣ ਦੀ ਕਗਾਰ ‘ਤੇ ਆ ਗਿਆ, ਉਸ ਵੇਲੇ ਆਪਸੀ ਪ੍ਰੇਮ ਨੂੰ ਮੁੜ ਸੁਰਜੀਤ

ਕਰਨ ਲਈ ਅਤੇ ਬਾਬੇ ਦੇ ਆਦਰਸ਼ਾਂ ਦਾ ਸੰਸਾਰ ਮੁੜ ਉਸਾਰਨ ਲਈ ਇਹ

ਨਿੱਕੀਆਂ ਇੱਟਾਂ ਇਕ ਵੱਡੇ ਅਤੇ ਮਜ਼ਬੂਤ ਨੀਂਹ ਪੱਥਰ ਦਾ ਕੰਮ ਦੇਣਗੀਆਂ।” ਪਿੰਡੋਂ ਬਾਹਰ ਨਿਕਲ ਕੇ ਭਾਈ ਮਰਦਾਨਾ ਜੀ ਨੇ ਇਕ ਵਾਰ ਫੇਰ ਪਿੱਛੇ ਮੁੜ ਕੇ ਤਲਵੰਡੀ ਵੱਲ ਇੰਜ ਦੇਖਿਆ, ਜਿਵੇਂ ਕੋਈ ਬੱਚਾ ਆਪਣੀ ਮਾਂ ਕੋਲੋਂ ਵਿਛੜਨ ਲੱਗਿਆਂ ਉਸ ਵੱਲ ਦੇਖਦਾ ਹੈ।

ਬਾਬਾ ਜੀ ਬਾਹਰ ਬੋਹੜ ਵਾਲੇ ਖੂਹ ਕੋਲ ਅੰਤਰ-ਧਿਆਨ ਹੋ ਕੇ ਬੈਠੇ ਸਨ । ਮਰਦਾਨਾ ਜੀ ਨੇ ਦੂਰੋਂ ਹੀ ਬਾਬਾ ਜੀ ਨੂੰ ਨਮਸਕਾਰ ਕੀਤੀ। ਬਹੁਤ ਨੇੜੇ ਨਾ ਗਏ ਤਾਂ ਜੋ ਉਨ੍ਹਾਂ ਦੀ ਭਗਤੀ ਵਿਚ ਕੋਈ ਵਿਘਨ ਨਾ ਪਵੇ। ਥੋੜ੍ਹੀ ਵਿੱਥ ‘ਤੇ ਜਾ ਕੇ ਬੈਠ ਗਏ। ਦਿਨ ਚੜ੍ਹਦੇ ਨਾਲ ਰਤਾ ਕੁ ਲੋਅ ਵਿਚ ਦੇਖਿਆ, ਬੋਹੜ ਥੱਲੇ ਆਸ-ਪਾਸ ਬਹੁਤ ਸਾਰੀਆਂ ਪੱਕੀਆਂ ਹੋਈਆਂ ਗੋਲ੍ਹਾਂ ਡਿੱਗੀਆਂ ਪਈਆਂ ਸਨ। ਭਾਈ ਮਰਦਾਨਾ ਨੇ ਕੁਝ ਇਕ ਚੁਣ ਕੇ ਆਪਣੇ ਝੋਲੇ ਵਿਚ ਪਾ ਲਈਆਂ ਤਾਂ ਜੋ ਰਸਤੇ ਵਿਚ ਅਹਾਰ ਬਣਨ।

ਗੁਰੂ ਬਾਬਾ ਜੀ ਨੇ ਕੁਝ ਸਮੇਂ ਬਾਅਦ ਭਗਤੀ ਸਮਾਪਤ ਕਰ ਕੇ ਨੈਣ ਖੋਲ੍ਹੇ। ਭਾਈ ਮਰਦਾਨਾ ਜੀ ਨੇ ਕੋਲ ਆ ਕੇ ਮੱਥਾ ਟੇਕਿਆ ਅਤੇ ਦੋਵੇਂ ਆਪਣੇ ਨਿਰਧਾਰਤ ਰਸਤੇ ‘ਤੇ ਤੁਰ ਪਏ।

13.

ਬਾਬਾ ਜੀ ਅਤੇ ਭਾਈ ਮਰਦਾਨਾ ਤੁਰਦੇ-ਤੁਰਦੇ ਦਰਿਆ ਰਾਵੀ ਦੇ ਕਿਨਾਰੇ ਪੁੱਜੇ। ਇਥੋਂ ਦਾ ਖੁੱਲ੍ਹਾ-ਡੁੱਲ੍ਹਾ ਅਤੇ ਸਵੱਛ ਵਾਤਾਵਰਣ ਵੇਖ ਕੇ ਗੁਰੂ ਬਾਬਾ ਜੀ ਨੇ ਕੁਝ ਦਿਨ ਏਥੇ ਹੀ ਕੁਦਰਤ ਦੀ ਗੋਦ ਵਿਚ ਟਿਕਣ ਦਾ ਮਨ ਬਣਾਇਆ। ਰੁੱਖਾਂ ਦੀ ਸੰਘਣੀ ਛਾਂ ਹੇਠ ਦੋਹਾਂ ਨੇ ਡੇਰੇ ਲਾਏ। ਸਵੇਰ-ਸ਼ਾਮ ਇਹ ਦੋਵੇਂ ਰਲ ਕੇ ਕੀਰਤਨ ਅਤੇ ਪ੍ਰਭੂ-ਭਗਤੀ ਕਰਦੇ। ਬਾਬਾ ਜੀ ਦੀ ਪਵਿੱਤਰ ਬਾਣੀ ਅਤੇ ਭਾਈ ਮਰਦਾਨਾ ਦੀ ਰਬਾਬ ਦੀਆਂ ਧੁਨਾਂ ਰਾਹ ਜਾਂਦੇ ਲੋਕਾਂ ਨੂੰ ਰੋਕ ਲੈਂਦੀਆਂ। ਲੋਕ ਕਈ-ਕਈ ਘੰਟੇ ਇਸ ਇਲਾਹੀ ਕੀਰਤਨ ਦਾ ਰਸ ਮਾਣਦੇ । ਬਾਬਾ ਜੀ ਨਾਲ ਗੱਲਬਾਤ ਵੀ ਕਰਦੇ । ਬਾਬਾ ਜੀ ਦੇ ਉੱਚੇ ਅਤੇ ਸੁੱਚੇ ਵਿਚਾਰ ਰਾਹੀਆਂ ਦੇ ਦਿਲਾਂ ਉੱਪਰ ਇਕ ਡੂੰਘਾ ਅਤੇ ਸਦੀਵੀ ਪ੍ਰਭਾਵ ਛੱਡ ਜਾਂਦੇ।

ਇਕ-ਦੋ ਦਿਨਾਂ ਵਿਚ ਹੀ ਇਹ ਖ਼ਬਰ ਚਾਰੇ ਪਾਸੇ ਫੈਲ ਗਈ ਕਿ ਦਰਿਆ ਰਾਵੀ ਦੇ ਕੰਢੇ ਕੋਈ ਖ਼ੁਦਾ ਦੇ ਪਿਆਰੇ ਅਤੇ ਪਹੁੰਚੇ ਹੋਏ ਦੋ ਫ਼ਕੀਰ ਆ ਕੇ ਬੈਠੇ ਹਨ। ਇਕ ਬਾਬਾ ਜੀ ਦੀ ਅੰਮ੍ਰਿਤ ਭਿੰਨੀ ਬਾਣੀ, ਅਤੇ ਦੂਸਰਾ ਭਾਈ ਮਰਦਾਨਾ ਜੀ ਦੀ ਰਬਾਬ ਦਾ ਪ੍ਰਭਾਵ ਲੋਕਾਂ ਨੂੰ ਕੀਲ ਲੈਂਦਾ।

ਇਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ ।

ਦੋਹਾਂ ਦਾ ਕੀਰਤਨ ਇਕ ਅਲੌਕਿਕ ਸਮਾਂ ਬੰਨ੍ਹ ਦੇਂਦਾ । ਦੂਰ-ਦੂਰ ਤਕ ਬਾਬਾ ਜੀ ਦੀ ਚਰਚਾ ਹੋਣ ਲੱਗੀ। ਦਿਨਾਂ ਵਿਚ ਹੀ ਇਲਾਕੇ ਦੇ ਸਾਰੇ ਹਿੰਦੂ, ਮੁਸਲਮਾਨ, ਅਮੀਰ, ਗ਼ਰੀਬ, ਬਾਬਾ ਜੀ ਦੇ ਦਰਸ਼ਨਾਂ ਲਈ ਇਥੇ ਪੁੱਜਣ ਲੱਗੇ।

ਲੋਕ, ਖ਼ਾਸ ਕਰਕੇ ਫ਼ਕੀਰ ਮੰਡਲੀਆਂ, ਬਾਬਾ ਜੀ ਦੀ ਰਚੀ ਬਾਣੀ ਲੱਕੜੀ ਦੇ ਬਣੇ ਬਰੀਕ ਡੰਡਿਆਂ ਦੇ ਤਾਲ ਨਾਲ, ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਗਾ ਕੇ ਸੁਣਾਂਦੇ।

“ਲੋਕ ਆਖਣ ਜੇ ਕੋਈ ਖੁਦਾਇ ਦਾ ਫ਼ਕੀਰ ਪੈਦਾ ਹੋਇਆ ਹੈ। ਨਾਨਕ ਨਾਮ ਹੈ ਸੂ, ਆਪਣੇ ਖੁਦਾਏ ਨਾਲ ਰੱਤਾ ਹੈ.. ਜੋ ਬਾਬਾ ਸਲੋਕ ਕਰਦਾ ਥਾ ਸੋ ਪਰਗਟ ਹੋਏ। ਇਹ ਸਲੋਕ ਕੀਤੇ, ਫ਼ਕੀਰ ਕਾਨਿਆਂ ਨਾਲ ਗਾਉਂਦੇ ਸੇ…’ਕੂੜ ਨਿਖੁਟੇ ਨਾਨਕਾ, ਓੜਕਿ ਸਚਿ ਰਹੀ’। ਬਹੁਤ ਉਸਤਤ ਹੋਵਨ ਲੱਗੀ। ਖਰਾ ਬਹੁਤ ਗਉਗਾ ਹੋਇਆ। ਕੋਈ ਹਿੰਦੂ, ਮੁਸਲਮਾਨ, ਜੋਗੀ, ਸੰਨਿਆਸੀ, ਬ੍ਰਹਮਚਾਰੀ, ਤੱਪੀਏ, ਤਪੀਸਰ, ਦਿਗੰਬਰ, ਬੈਸਨੋ, ਉਦਾਸੀ, ਗ੍ਰਸਤੀ, ਉਮਰਾਓ, ਕਰੋੜੀਏ, ਭੂਮੀਏ, ਜੋ ਕੋ ਆਵੈ ਸੋ ਪਰਚਾ ਜਾਵੈ, ਸਭੈ ਲੋਕ ਉਸਤਤ ਕਰਨ ।”

ਜਿਥੇ ਬਾਬਾ ਜੀ ਨੇ ਡੇਰੇ ਲਾਏ ਸਨ, ਉਸ ਦੇ ਨੇੜੇ ਇਕ ਪਿੰਡ ਵਿਚ ਵੱਡਾ ਜ਼ਿਮੀਂਦਾਰ ਰਹਿੰਦਾ ਸੀ, ਜਿਸ ਨੂੰ ਸਾਰੇ ‘ਕਰੋੜੀਆ’ ਕਹਿੰਦੇ ਸਨ। ਜਦ ਉਸ ਨੂੰ ਖ਼ਬਰ ਮਿਲੀ ਕਿ ਨਾਨਕ ਨਾਮ ਦਾ ਕੋਈ ਫ਼ਕੀਰ ਰਾਵੀ ਦੇ ਕਿਨਾਰੇ ਆ ਕੇ ਬੈਠਾ ਹੈ, ਜਿਸ ਦੀ ਹਰ ਪਾਸੇ ਉਸਤਤ ਹੋ ਰਹੀ ਹੈ ਤਾਂ ਉਸ ਦੀ ਹਉਮੈ ਜਾਗ ਪਈ। ਉਹ ਨਹੀਂ ਸੀ ਚਾਹੁੰਦਾ ਕਿ ਲੋਕ ਉਸ ਦੇ ਹੁੰਦਿਆਂ ਕਿਸੇ ਹੋਰ ਦੀ ਉਸਤਤ ਤਾਰੀਫ਼ ਕਰਨ। ਉਸ ਫੈਸਲਾ ਕੀਤਾ ਕਿ ਜੋ ਵੀ ਕੋਈ ਢੋਂਗੀ ਫ਼ਕੀਰ ਆਇਆ ਹੈ, ਉਸ ਨੂੰ ਮੈਂ ਰੱਸਿਆਂ ਨਾਲ ਬੰਨ੍ਹ ਕੇ ਆਪਣੀ ਹਵੇਲੀ ਲੈ ਕੇ ਆਉਂਦਾ ਹਾਂ।

“ਉਸ ਕਿਹਾ ਉਹ ਕਉਣ ਹੈ ਜੋ ਪੈਦਾ ਹੋਇਆ ਹੈ ? ਸੋ ਸਭ ਇਲਾਕਾ ਨਾਮ ਲੈਂਦੇ ਹੈਨ । ਹਿੰਦੂ ਤਾਂ ਖਰਾਬ ਕੀਏ ਥੇ, ਪਰ ਮੁਸਲਮਾਨਾਂ ਕਾ ਭੀ ਈਮਾਨ ਖੋਇਆ। ਕਿਆ ਈਮਾਨ ਮੁਸਲਮਾਨਾਂ ਕਾ ਜੋ ਹਿੰਦੂ ਉਪਰ ਈਮਾਨ ਕਰਤੇ ਹੈਨ। ਚਲਹੁ ਅਸੀ ਉਸ ਨੂੰ ਬੰਨ ਲੈ ਆਵਹਿ।”

ਕਹਿੰਦੇ ਹਨ ਕਿ ਜਦੋਂ ਉਹ ਆਪਣੇ ਘੋੜੇ ਉੱਪਰ ਬੈਠ ਕੇ ਬਾਬਾ ਜੀ ਵੱਲ ਤੁਰਿਆ ਤਾਂ ਘੋੜਾ ਮੱਛਰ ਪਿਆ। ਅੱਗੇ ਤੁਰੇ ਹੀ ਨਾ। ਅਗਲੇ ਦਿਨ ਫੇਰ ਘੋੜੇ ‘ਤੇ ਚੜ੍ਹ ਕੇ ਜਦੋਂ ਤੁਰਿਆ ਤਾਂ ਉਸ ਦੀ ਨਜ਼ਰ ਨੇ ਕੰਮ ਕਰਨਾ ਬੰਦ ਕਰ ਦਿੱਤਾ।

“ਲੋਕਾਂ ਕਹਿਆ-ਜੀ ਅਸੀਂ ਡਰਦੇ ਆਖ ਨਹੀਂ ਸਕਦੇ, ਪਰ ਨਾਨਕ ਵੱਡਾ ਪੀਰ ਹੈ। ਤੁਸੀਂ ਉਸ ਦੀ ਬੰਦਗੀ ਸਿਮਰਨ ਕਰੋ। ਦਿਵਾਨ ਜੀ ਤੂੰ ਭੁੱਲਦਾ ਹੈਂ ਜੋ ਘੋੜੇ ਚੜ੍ਹਦਾ ਹੈਂ। ਤੂੰ ਪਿਆਦਾ ਹੋਇ ਕਰ ਚਲ ਜੇ ਤੂੰ ਬਖਸ਼ੀਐ।”

ਲੋਕਾਂ ਦੀ ਗੱਲ ਸੁਣ ਕੇ ‘ਕਰੋੜੀਆ’ ਘੋੜਾ ਇਕ ਪਾਸੇ ਬੰਨ੍ਹ ਕੇ ਪੈਦਲ ਤੁਰ ਪਿਆ। ਜਿਥੇ ਬਾਬਾ ਜੀ ਦਾ ਡੇਰਾ ਦਿਸਿਆ, ਉਥੇ ਹੀ ਖੜਾ ਹੋ ਕੇ ਸਲਾਮ ਕਰਨ ਲੱਗਾ। ਨੇੜੇ ਆਉਣ ‘ਤੇ ਬਾਬਾ ਜੀ ਦੇ ਪੈਰੀਂ ਪਿਆ। ਬਾਬਾ ਜੀ ਨੇ ਉਸ ਨੂੰ ਕੋਲ ਬਿਠਾਇਆ। ਗੁਰੂ ਬਾਬਾ ਜੀ ਨਾਲ ਲੰਮੇ ਸਮੇਂ ਤਕ ਗਿਆਨ ਗੋਸ਼ਟਿ ਕਰਦਾ ਰਿਹਾ। ਉਹ ਏਨਾ ਪ੍ਰਭਾਵਤ ਹੋਇਆ ਕਿ ਦੋਵੇਂ ਵੇਲੇ ਬਾਬਾ ਜੀ ਦੇ ਸਤਿਸੰਗ ਵਿਚ ਆਉਣ ਲੱਗਾ। ਉਹ ਤਿੰਨ ਦਿਨ ਆਪਣਾ ਕੰਮ-ਧੰਦਾ ਛੱਡ ਕੇ ਗੁਰੂ ਬਾਬਾ ਜੀ ਦੇ ਅਸਥਾਨ ‘ਤੇ ਹੀ ਰਿਹਾ।

ਤਿੰਨ ਚਾਰ ਦਿਨਾਂ ਦੀ ਬਾਬਾ ਜੀ ਦੀ ਸੰਗਤ ਅਤੇ ਉਨ੍ਹਾਂ ਦੇ ਉੱਚੇ ਵਿਚਾਰਾਂ ਨੇ ‘ਕਰੋੜੀਏ’ ਦੀ ਕੇਵਲ ਸੋਚ ਹੀ ਨਹੀਂ, ਸਗੋਂ ਉਸ ਦਾ ਜੀਵਨ ਵੀ ਬਦਲ ਦਿੱਤਾ। ਉਹ ਗੁਰੂ ਜੀ ਦਾ ਮੁਰੀਦ ਬਣ ਗਿਆ । ਲੰਗਰ ਦੀ ਸੇਵਾ ਵੀ ਕਰਦਾ ਅਤੇ ਨਾਮ ਵੀ ਜਪਦਾ। ਉਹ ਅਕਸਰ ਬਾਬਾ ਜੀ ਨੂੰ ਬੇਨਤੀ ਕਰਦਾ, “ਬਾਬਾ ਜੀ, ਮੇਰੇ ਜ਼ਿੰਮੇ ਕੋਈ ਵੱਡੀ ਅਤੇ ਪੱਕੀ ਸੇਵਾ ਲਗਾਓ। ਖ਼ੁਦਾ ਦਾ ਦਿੱਤਾ ਮੇਰੇ ਕੋਲ ਬਹੁਤ ਕੁਝ ਏ । ਬਹੁਤ ਜ਼ਿਆਦਾ ਜ਼ਮੀਨ ਏ । ਜੇ ਹੁਕਮ ਕਰੋ ਤਾਂ ਤੁਹਾਡੇ ਨਾਮ ਉੱਤੇ ਧਰਮਸ਼ਾਲਾ ਖੋਲ੍ਹ ਦੇਵਾਂ ਜਾਂ ਤੁਹਾਡੇ ਨਾਮ ਉੱਤੇ ਤੁਹਾਡੇ ਵਾਸਤੇ ਨਵਾਂ ਪਿੰਡ ਵਸਾ ਦੇਵਾਂ।” ਸੁਣ ਕੇ ਗੁਰੂਦੇਵ ਕੇਵਲ ਨਿੰਮ੍ਹਾ ਜਿਹਾ ਮੁਸਕਰਾ ਛੱਡਦੇ।

ਚੌਥੇ ਦਿਨ ਕਰੋੜੀਆ ਉਥੋਂ ਵਿਦਾ ਹੋਣ ਵੇਲੇ ਬਾਬਾ ਜੀ ਨੂੰ ਕਹਿਣ ਲੱਗਾ:

“ਜੀ ਤੂ ਜਿ ਹੈਂ ਪੂਰਾ ਪੁਰਖੁ ਹੈਂ, ਪਰੁ ਜੀ ਅਬ ਹਉਂ ਤੇਰਾ ਮੁਰੀਦ ਹਾਂ। ਕਿਛੁ ਮੇਰੇ ਤਾਈਂ ਇਨਾਮ (ਸੇਵਾ) ਦਾ ਹੁਕਮ ਮਿਲੈ। ਤੇਰੇ ਨਾਮ ਦਾ ਚੱਕ ਬੰਨ੍ਹ ਦਿਆਂ । ਤਬ ਬਾਬੇ ਆਖਿਆ—ਤੂ ਜੋ ਸੇਵਾ ਆਖਦਾ ਹੈਂ, ਸੋ ਅਸਾਡੇ ਕੰਮ ਨਾਹੀਂ।”

ਗੁਰੂ ਬਾਬਾ ਜੀ ਦੇ ਮਨ੍ਹਾਂ ਕਰਨ ਦੇ ਬਾਵਜੂਦ, ਬਿਨਾਂ ਗੁਰੂ ਜੀ ਨੂੰ ਦੱਸਿਆਂ, ਕਰੋੜੀਏ ਨੇ ਪਿੰਡ ਜਾਣ ਮਗਰੋਂ, ਰਾਵੀ ਦੇ ਕੰਢੇ ਵਾਲੀ ਆਪਣੀ ਜ਼ਮੀਨ ਗੁਰੂ ਨਾਨਕ ਦੇਵ ਜੀ ਦੇ ਨਾਮ ਕਰਵਾ ਕੇ, ਗੁਰੂ ਸਾਹਿਬ ਦੇ ਨਾਮ ‘ਤੇ ਚੱਕ ਵਸਾਇਆ, ਜਿਸ ਦਾ ਨਾਮ ਪਿੱਛੋਂ ਕਰਤਾਰਪੁਰ ਰੱਖਿਆ ਗਿਆ।

ਭਾਈ ਮਰਦਾਨਾ ਜੀ ਹੈਰਾਨ ਹੁੰਦੇ ਕਿ ਕਿਵੇਂ ਬਾਬਾ ਜੀ ਦੀ ਚੁੰਬਕੀ ਸ਼ਖ਼ਸੀਅਤ, ਰੱਬੀ ਬਾਣੀ, ਮਿੱਠੇ ਬੋਲ ਅਤੇ ਪਿਆਰ ਭਰੇ ਵਰਤਾਓ ਨਾਲ ਪੱਥਰ ਦੀ ਚੱਟਾਨ ਵੀ ਮੋਮ ਹੋ ਜਾਂਦੀ। ਮਾਨਸ ਤੋਂ ਦੇਵਤੇ ਬਣ ਜਾਂਦੇ। ਚੋਰ ਅਤੇ ਠੱਗ ਸਿੱਧੇ ਰਸਤੇ ਆ ਜਾਂਦੇ, ਕਈ ਤਥਾ-ਕਥਿਤ ਪੀਰਾਂ ਅਤੇ ਜੋਗੀਆਂ ਨੂੰ ਆਪਣੀ ਸੋਚ ਬਦਲਣ ਲਈ ਮਜਬੂਰ ਹੋਣਾ ਪਿਆ। ਜਿਹੜਾ ਕਰੋੜੀਆ ਬਾਬਾ ਜੀ ਨੂੰ ਬੰਨ੍ਹ ਕੇ ਕੈਦ ਕਰਨ ਵਾਸਤੇ ਘਰੋਂ ਨਿਕਲਿਆ ਸੀ, ਉਹ ਖ਼ੁਦ ਗੁਰੂ ਬਾਬਾ ਜੀ ਦੇ ਪ੍ਰੇਮ ਵਿਚ ਕੈਦ ਹੋ ਕੇ ਉਨ੍ਹਾਂ ਦਾ ਮੁਰੀਦ ਬਣ ਕੇ ਘਰ ਪਰਤਿਆ।

ਏਨੇ ਵਰ੍ਹੇ ਗੁਰੂ ਨਾਨਕ ਸਾਹਿਬ ਦੀ ਸੰਗਤ ਵਿਚ ਅਤੇ ਦਿਨ ਰਾਤ ਉਨ੍ਹਾਂ ਦੀ ਛਤਰ ਛਾਇਆ ਹੇਠ ਰਹਿਣ ਕਾਰਨ ਹੁਣ ਭਾਈ ਮਰਦਾਨਾ ਜੀ ਕਾਫ਼ੀ ਉੱਚੀ ਮਾਨਸਿਕ ਅਤੇ ਅਧਿਆਤਮਕ ਅਵਸਥਾ ਵਿਚ ਪਹੁੰਚ ਚੁੱਕੇ ਸਨ। ਸਿੱਖ-ਇਤਿਹਾਸ ਵਿਚ ਬੜੇ ਘੱਟ ਮਹਾਂਪੁਰਸ਼ ਹੋਏ ਹਨ, ਜਿਨ੍ਹਾਂ ਨੂੰ ਸਿੱਖ ਭਾਈਚਾਰੇ ਵੱਲੋਂ ‘ਭਾਈ’ ਸ਼ਬਦ ਜਾਂ ਵਿਸ਼ੇਸ਼ਣ ਨਾਲ ਸਤਿਕਾਰਿਆ ਗਿਆ ਹੈ। ਭਾਈ ਗੁਰਦਾਸ, ਭਾਈ ਲਾਲੋ ਅਤੇ ਭਾਈ ਨੰਦ ਲਾਲ ਅਜਿਹੇ ਮਹਾਨ ਵਿਅਕਤੀਆਂ ਵਿੱਚੋਂ ਕੁਝ ਹਨ, ਪਰ ਭਾਈ ਮਰਦਾਨਾ ਜੀ ਸਭ ਤੋਂ ਪਹਿਲਾਂ ‘ਭਾਈ’ ਪਦਵੀ ਦੇ ਅਧਿਕਾਰੀ ਬਣੇ।

ਕਦੀ ਕਦਾਈਂ ਜਦੋਂ ਸਤਿਗੁਰੂ ਜੀ ਕਿਸੇ ਇਕਾਂਤ ਜਗ੍ਹਾ ‘ਤੇ ਅੰਤਰ-ਧਿਆਨ ਹੋ ਕੇ ਕਈ-ਕਈ ਘੰਟੇ ਲਗਾਤਾਰ ਪ੍ਰਭੂ ਨਾਲ ਇਕ-ਮਿਕ ਹੋਏ ਰਹਿੰਦੇ, ਉਦੋਂ ਬਾਬਾ ਜੀ ਦੀ ਅਨ-ਉਪਸਥਿਤੀ ਵਿਚ ਕੀਰਤਨ ਅਤੇ ਸੰਗਤਾਂ ਨਾਲ ਗਿਆਨ ਗੋਸ਼ਟਿ ਭਾਈ ਮਰਦਾਨਾ ਜੀ ਹੀ ਕਰਦੇ । ਲੋਕਾਂ ਨੂੰ ਪ੍ਰੇਮ, ਭਾਈਚਾਰਾ ਅਤੇ ਸਦਭਾਵਨਾ ਦਾ ਸਬਕ ਦੇਂਦੇ। ਆਈਆਂ ਸੰਗਤਾਂ ਦੀ ਦੇਖ-ਭਾਲ ਅਤੇ ਲੰਗਰ ਦੀ ਸੇਵਾ ਵੀ ਭਾਈ ਮਰਦਾਨਾ ਜੀ ਦੇ ਜ਼ਿੰਮੇ ਸੀ।

ਕੁਝ ਸਮਾਂ ਨਵੇਂ ਵਸਾਏ ਕਰਤਾਰਪੁਰ ਵਿਚ ਰਹਿਣ ਮਗਰੋਂ ਇਕ ਦਿਨ ਸੰਧਿਆ ਵੇਲੇ ਦਾ ਸਤਿਸੰਗ ਪੂਰਾ ਕਰਨ ਤੋਂ ਬਾਅਦ ਗੁਰੂ ਬਾਬਾ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, “ਭਾਈ ਮਰਦਾਨਾ ਕਰਤਾਰ ਵੱਲੋਂ ਸਾਡੇ ਜ਼ਿੰਮੇ ਲਗਾਈ ਸੇਵਾ ਪੂਰੀ ਨਹੀਂ ਹੋਈ। ਸਵੇਰੇ ਅੰਮ੍ਰਿਤ ਵੇਲੇ ਅਸੀਂ ਸਫ਼ਰ ਲਈ ਚੱਲਣਾ ਏ।” ਸੁਣ ਕੇ ਭਾਈ ਮਰਦਾਨਾ ਜੀ ਪ੍ਰਸੰਨ ਹੋਏ।

ਅਗਲੇ ਸਫ਼ਰ ਦੌਰਾਨ ਰਸਤੇ ਵਿਚ ਇਕ ਨਦੀ ਆਉਣ ਕਾਰਨ ਦੋਵੇਂ ਰੁਕ ਗਏ। ਭਾਈ ਮਰਦਾਨਾ ਜੀ ਨੂੰ ਡਰ ਸੀ ਕਿ ਇਹ ਨਦੀ ਕਿਵੇਂ ਪਾਰ ਕਰਾਂਗੇ ? ਉਹ ਸਵਾਲੀਆ ਨਜ਼ਰਾਂ ਨਾਲ ਬਾਬਾ ਜੀ ਵੱਲ ਦੇਖਣ ਲੱਗੇ। ਗੁਰੂ ਬਾਬਾ ਜੀ ਭਾਈ ਮਰਦਾਨਾ ਜੀ ਦੇ ਸ਼ਸ਼ੋਪੰਜ ਨੂੰ ਸਮਝ ਕੇ ਕਹਿਣ ਲੱਗੇ, “ਭਾਈ ਮਰਦਾਨਾ ਡਰੋ ਨਾ, ਰੱਬ ‘ਤੇ ਪੂਰਾ ਭਰੋਸਾ ਕਰਦਿਆਂ, ਸੱਚੇ ਦਿਲੋਂ ਉਸ ਦਾ ਨਾਮ ਲੈਂਦੇ ਜਾਓ, ਇੰਜ ਨਦੀ ਪਾਰ ਕਰ ਲਵੋਗੇ।” ਇੰਜ ਦੋਹਾਂ ਨੇ ਨਦੀ ਪਾਰ ਕਰ ਲਈ।

ਨਦੀ ਪਾਰ ਕਰਨ ਮਗਰੋਂ ਭਾਈ ਮਰਦਾਨਾ ਜੀ ਨੂੰ ਸੋਝੀ ਹੋਈ ਕਿ ਉਹ ਆਦੇਸ਼ ਕੇਵਲ ਉਨ੍ਹਾਂ ਇਕੱਲਿਆਂ ਲਈ ਨਹੀਂ ਸੀ, ਸਗੋਂ ਹਰ ਓਸ ਪ੍ਰਾਣੀ ਲਈ ਆਦੇਸ਼ ਸੀ ਜੋ ਭਵਸਾਗਰ ਨੂੰ ਪਾਰ ਕਰਨਾ ਚਾਹੁੰਦਾ ਹੈ।

14.

ਭਾਵੇਂ ਭਾਈ ਮਰਦਾਨਾ ਜੀ ਹੁਣ ਬਿਰਧ ਅਵਸਥਾ ਨੂੰ ਪਹੁੰਚ ਗਏ ਸਨ, ਉਮਰ ਵੀ 75 ਸਾਲਾਂ ਦੇ ਨੇੜੇ ਹੋ ਗਈ ਸੀ ਅਤੇ ਸਰੀਰ ਵੀ ਇਸ ਵਧਦੀ ਉਮਰ ਨਾਲ ਦਿਨੋ-ਦਿਨ ਕਮਜ਼ੋਰ ਹੁੰਦਾ ਜਾ ਰਿਹਾ ਸੀ, ਤਾਂ ਵੀ ਗੁਰੂ ਬਾਬਾ ਜੀ ਦੇ ਸਾਥ ਵਿਚ ਉਹ ਆਪਣੇ ਅੰਦਰ ਇਕ ਨਵੀਂ ਊਰਜਾ ਮਹਿਸੂਸ ਕਰਦੇ ਸਨ। ਕਈ-ਕਈ ਮੀਲ ਲਗਾਤਾਰ ਬਾਬਾ ਜੀ ਦੇ ਨਾਲ ਪ੍ਰਸੰਨ ਚਿੱਤ ਬਿਖੜੇ ਪੈਂਡਿਆਂ ਉੱਤੇ ਤੁਰਦੇ ਰਹਿੰਦੇ। ਕਿਤੇ ਕੋਈ ਗਰਾਂ ਜਾਂ ਨਗਰ ਆਉਂਦਾ ਤਾਂ ਉਥੇ ਇਕ-ਅੱਧ ਦਿਨ ਰੁਕਦੇ, ਲੋਕਾਂ ਨੂੰ ਸੱਚਾਈ ਦਾ ਰਾਹ ਦਿਖਾਉਂਦੇ, ਕਿਰਤ ਕਰਨ ਅਤੇ ਰਲ ਕੇ ਛਕਣ ਦੀ ਸਿੱਖਿਆ ਦੇਂਦੇ। ਕਈ ਕੁਰਾਹੇ ਪਿਆਂ ਨੂੰ ਸਿੱਧੇ ਰਸਤੇ ‘ਤੇ ਲਿਆਉਂਦੇ।

ਏਸੇ ਤਰ੍ਹਾਂ ਕਈ ਮਹੀਨਿਆਂ ਦੀ ਲਗਾਤਾਰ ਯਾਤਰਾ ਮਗਰੋਂ ਜਦੋਂ ਆਪ ਅਫ਼ਗ਼ਾਨਿਸਤਾਨ ਦੀ ਹੱਦ ਦੇ ਨੇੜੇ ਪੁੱਜੇ ਤਾਂ ਭਾਈ ਮਰਦਾਨਾ ਜੀ ਆਪਣੇ ਸਰੀਰ ਵਿਚ ਕੁਝ ਕਮਜ਼ੋਰੀ ਜਿਹੀ ਮਹਿਸੂਸ ਕਰਨ ਲੱਗੇ। ਇਹ ਗੱਲ ਉਨ੍ਹਾਂ ਬਾਬਾ ਜੀ ਨੂੰ ਦੱਸੀ । ਬਾਬਾ ਜੀ ਨੇ ਉਸ ਦਿਨ ਦੀ ਯਾਤਰਾ ਉਸੇ ਥਾਂ ਇਕ ਨਿੱਕੇ ਜਿਹੇ ਗਰਾਂ ਦੇ ਬਾਹਰ ਰੋਕ ਦਿੱਤੀ । ਭਾਈ ਮਰਦਾਨਾ ਜੀ ਨੂੰ ਉਥੇ ਆਰਾਮ ਕਰਨ ਲਈ ਕਹਿ ਕੇ ਖ਼ੁਦ ਪਿੰਡ ਜਾ ਕੇ ਉਨ੍ਹਾਂ ਦੇ ਖਾਣ-ਪੀਣ ਦਾ ਕੁਝ ਪ੍ਰਬੰਧ ਕਰ ਕੇ ਲਿਆਏ।

ਆਰਾਮ ਕਰਨ ਅਤੇ ਕੁਝ ਖਾਣ ਨਾਲ ਭਾਈ ਮਰਦਾਨਾ ਜੀ ਹੁਣ ਅੱਗੇ ਨਾਲੋਂ ਕਾਫ਼ੀ ਠੀਕ ਮਹਿਸੂਸ ਕਰਨ ਲੱਗੇ। ਗੱਲਾਂ ਕਰਦਿਆਂ ਪਤਾ ਨਹੀਂ ਕਿਵੇਂ ਉਨ੍ਹਾਂ ਦੇ ਅਰਧ-ਚੇਤਨ ਮਨ ਵਿਚ ਬੈਠੀਆਂ ਪੁਰਾਣੀਆਂ ਬਚਪਨ ਅਤੇ ਜਵਾਨੀ ਦੀਆਂ ਯਾਦਾਂ ਤਾਜ਼ਾ ਹੋਣ ਲੱਗੀਆਂ, ਜਿਨ੍ਹਾਂ ਦਾ ਜ਼ਿਕਰ ਉਹ ਬਾਬਾ ਜੀ ਅੱਗੇ ਬੜੇ ਚਾਅ ਨਾਲ ਕਰਨ ਲੱਗੇ। ਤਲਵੰਡੀ ਦੀਆਂ ਗਲੀਆਂ ਦਾ ਜ਼ਿਕਰ, ਬਚਪਨ ਦੇ ਦੋਸਤਾਂ ਦਾ ਜ਼ਿਕਰ, ਤਲਵੰਡੀ ਦੇ ਲੋਕਾਂ ਦਾ, ਖ਼ਾਸ ਕਰਕੇ ਰਾਏ ਬੁਲਾਰ ਦਾ ਜ਼ਿਕਰ ਅਤੇ ਹੋਰ ਵੀ ਨਿੱਕੀਆਂ-ਨਿੱਕੀਆਂ ਪੁਰਾਣੀਆਂ ਯਾਦਾਂ ਦਾ ਵਿਸਥਾਰ ਨਾਲ ਜ਼ਿਕਰ ਉਹ ਬਾਬਾ ਜੀ ਨਾਲ ਕਰਦੇ ਰਹੇ। ਇਕ-ਅੱਧ ਵਾਰ ਉਨ੍ਹਾਂ ਅੱਲਾ ਰੱਖੀ ਦਾ ਨਾਮ ਵੀ ਲਿਆ। ਗੱਲਾਂ ਕਰਦਿਆਂ ਅਚਾਨਕ :

“ਮਰਦਾਨੇ ਪੁਛਿਆ ਜੀ ਅੱਗੇ ਘਰ ਕਿਤਨਾ ਕੁ ਦੂਰ ਹੈ ? ਤਾਂ ਗੁਰੂ ਨਾਨਕ ਜੀ ਕਹਿਆ-ਕਿਉਂ ਮਰਦਾਨਿਆ ਘਰ ਚਿੱਤ ਆਇਆ ਹਾਈ । ਤੈਨੂੰ ਘਰ ਜਾਇ ਵਾੜੀਏਗੇ। ਤਾਂ ਮਰਦਾਨੇ ਆਖਿਆ-ਜੀ ਤੁਸਾਂ ਭੀ ਘਰ ਚਲਣਾ ਹੈ ਕਿ ਨਹੀਂ ਚਲਣਾ ? ਤਾਂ ਗੁਰੂ ਨਾਨਕ ਕਹਿਆ-ਮਰਦਾਨਿਆ ਅਸਾਂ ਨੂੰ ਕਰਤਾਰ ਲੈ ਜਾਇਸੀ ਤਾਂ ਅਸੀਂ ਜਾਸੀਐ। ਪਰ ਤੂ ਉਤਾਵਲਾ ਹੈਂ ਤਾਂ ਤੈਨੂੰ ਘਰ ਪੁਚਾਏ ਛਡੀਏਗੇ ਤਾਂ ਮਰਦਾਨੇ ਆਖਿਆ-ਜੀ ਹੁਣ ਧਿਕਦੇ ਹੋ ? ਤਾਂ ਗੁਰੂ ਨਾਨਕ ਜੀ ਕਹਿਆ-ਕਿਉਂ ਮਰਦਾਨਿਆ ਅਸਾਂ ਕਦੀ ਤੈਨੂੰ ਧੱਕਾ ਦਿੱਤਾ ਹੈ ? ਤੈਂ ਆਪੇ ਘਰ ਚਿੱਤ ਕੀਤਾ ਹੈ। ਤਾਂ ਮਰਦਾਨੇ ਆਖਿਆ-ਜੀ ਮੈਂ ਤਾਂ ਸਹਿਜ ਸੁਭਾਏ ਗੱਲ ਕੀਤੀ ਸੀ, ਤੁਸਾਂ ਮੈਨੂੰ ਇਹ ਗੱਲ ਕਿਓਂ ਆਖੀ… ?”

ਕਿੰਨੀ ਨੇੜਤਾ ਅਤੇ ਅਪਣੱਤ ਭਰੀ ਡੂੰਘੀ ਸਾਂਝ ਨਜ਼ਰ ਆਉਂਦੀ ਹੈ ਦੋਹਾਂ ਦੀ ਗੱਲਬਾਤ ਵਿੱਚੋਂ।

ਰਾਤ ਆਰਾਮ ਕਰ ਕੇ ਅਗਲੇ ਦਿਨ ਫਿਰ ਦੋਵੇਂ ਕੁਰਬੇਲਾ ਸ਼ਹਿਰ ਜਾ ਪਹੁੰਚੇ। ਭਾਈ ਮਰਦਾਨਾ ਜੀ ਦੀ ਸਿਹਤ ਕੁਝ ਵਧੇਰੇ ਢਿੱਲੀ ਦੇਖ ਕੇ ਬਾਬਾ ਜੀ ਨੇ ਰਾਤ ਉਥੇ ਹੀ ਠਹਿਰਣ ਦਾ ਫ਼ੈਸਲਾ ਕੀਤਾ। ਇਸ ਅਵਸਥਾ ਵਿਚ ਹੁਣ ਭਾਈ ਮਰਦਾਨਾ ਕੋਲੋਂ ਲੰਮਾ ਸਫ਼ਰ ਨਹੀਂ ਸੀ ਹੋ ਸਕਦਾ। ਅੱਜ ਦਾ ਸਫ਼ਰ ਵੀ ਕੱਲ੍ਹ ਵਾਂਗ ਬੜਾ ਹੌਲੀ ਅਤੇ ਥੋੜ੍ਹਾ ਹੀ ਕੀਤਾ। ਭਾਈ ਮਰਦਾਨਾ ਜੀ ਦੀ ਸਿਹਤ ਨੂੰ ਦੇਖਦਿਆਂ ਇਕ-ਅੱਧ ਦਿਨ ਉਸੇ ਥਾਂ ਹੀ ਰੁਕਣ ਦੀ ਯੋਜਨਾ ਬਣਾਈ। ਬਾਬਾ ਜੀ ਦੇਖ ਰਹੇ ਸਨ ਕਿ ਭਾਈ ਜੀ ਦੀ ਸਰੀਰਕ ਸ਼ਕਤੀ ਦਿਨੋ-ਦਿਨ ਘਟਦੀ ਜਾ ਰਹੀ ਹੈ। ਭਾਈ ਮਰਦਾਨਾ ਵੀ ਪਿਛਲੇ ਇਕ-ਦੋ ਦਿਨਾਂ ਤੋਂ ਆਪਣੇ ਆਪ ਵਿਚ ਕਾਫ਼ੀ ਕਮਜ਼ੋਰੀ ਮਹਿਸੂਸ ਕਰ ਰਹੇ ਸਨ।

ਦੁਪਹਿਰ ਵੇਲੇ ਭਾਈ ਮਰਦਾਨਾ ਜੀ ਨੇ ਪੁੱਛਿਆ :

“ਜੀ ਏਥੇ ਹੀ ਦੇਹ ਛੁਟੇਗੀ ?” ਤਾਂ ਗੁਰੂ ਨਾਨਕ ਜੀ ਕਹਿਆ—ਤੈਨੂੰ ਖੁਰਮੇ ਸ਼ਹਿਰ (ਸ਼ਾਇਦ ਕੁੱਰਮ ਸ਼ਹਿਰ) ਲੈ ਜਾਂਦੇ ਹਾਂ। ਚਲ ਕੇ ਖੁਰਮੇ (ਖਜੂਰਾਂ) ਖਾਇ ਜਾ । ਤੇਰਾ ਅਹਾਰ ਬਾਕੀ ਰਹਿੰਦਾ ਹੈ । ਪਰ ਮਰਦਾਨੇ ਦੇ ਦਿਲ ਵਿਚ ਹੁਣ ਹਿਰਖ ਸੋਗ ਕੁਝ ਨਹੀਂ। ਸਭ ਸਗਲ ਵਿਚ ਰਾਜ਼ੀ। ਮਰਣ ਜੀਵਣ ਦੀ ਚਿੰਤਾ ਕੁਝ ठगें…।

ਉਸ ਦਿਨ ਆਰਾਮ ਕਰ ਕੇ ਅਗਲੇ ਦਿਨ ਬਾਬਾ ਜੀ ਭਾਈ ਮਰਦਾਨਾ ਜੀ ਨੂੰ ਖੁਰਮ ਸ਼ਹਿਰ (ਜਾਂ ਕੁੱਰਮ ਸ਼ਹਿਰ) ਲੈ ਗਏ ਜੋ ਉਥੋਂ ਬਹੁਤੀ ਦੂਰ ਨਹੀਂ ਸੀ। ਗੁਰੂ ਬਾਬਾ ਜੀ ਨੇ ਭਾਈ ਮਰਦਾਨਾ ਨੂੰ ਕੁਝ ਖਜੂਰਾਂ ਲਿਆ ਕੇ ਖਾਣ ਲਈ ਦਿੱਤੀਆਂ। ਭਾਈ ਮਰਦਾਨਾ ਜੀ ਨੇ ਪੰਜ ਚਾਰ ਹੀ ਖਜੂਰਾਂ ਖਾਧੀਆਂ, ਬਾਕੀ ਮੋੜ ਦਿੱਤੀਆਂ। ਅਸਲ ਵਿਚ ਭਾਈ ਮਰਦਾਨਾ ਅੱਜ ਕੁਝ ਵਧੀਕ ਨਿਢਾਲ ਹਾਲਤ ਵਿਚ ਲੱਗ ਰਹੇ ਸਨ। ਉਹ ਇਕ ਨਿੱਕੇ ਜਿਹੇ ਰੁੱਖ ਹੇਠ ਲੇਟ ਗਏ।

ਬਾਬਾ ਜੀ ਦੀ ਨਜ਼ਰ ਲਗਾਤਾਰ ਭਾਈ ਮਰਦਾਨਾ ਜੀ ਉੱਪਰ ਸੀ। ਉਨ੍ਹਾਂ ਦੀ ਸਿਹਤ ਦੇ ਉਤਾਰ-ਚੜ੍ਹਾਅ ਨੂੰ ਉਹ ਬੜੀ ਬਾਰੀਕੀ ਨਾਲ ਨੋਟ ਕਰ ਰਹੇ ਸਨ। ਉਹ ਸਮਝ ਚੁੱਕੇ ਸਨ ਕਿ ਉਨ੍ਹਾਂ ਦਾ ਬਾਲ ਸਖਾ, ਉਨ੍ਹਾਂ ਦਾ ਸਿੱਖ, ਉਨ੍ਹਾਂ ਦਾ ਹਮਰਾਹੀ, ਉਨ੍ਹਾਂ ਦਾ ਹਮਦਰਦ, ਹਮਖ਼ਿਆਲ ਅਤੇ ਮੁਰੀਦ ਹੁਣ ਉਨ੍ਹਾਂ ਕੋਲੋਂ ਸਦਾ ਵਾਸਤੇ ਵਿਛੜਨ ਵਾਲਾ ਹੈ। ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਪਾਣੀ ਪਿਲਾਇਆ।

“ਗੁਰੂ ਨਾਨਕ ਜੀ ਮਰਦਾਨੇ ਨੂੰ ਪੁੱਛਿਆ-ਕਿਉਂ ਮਰਦਾਨਿਆ, ਦੇਹ ਖ਼ਬਰ । ਤਾਂ ਮਰਦਾਨੇ ਆਖਿਆ-ਜੀ ਤਿਯਾਰੀ ਹੈ… ।”

ਸਤਿਗੁਰੂ ਕੁਝ ਗੰਭੀਰ ਹੋ ਗਏ । ਉਹ ਭਾਈ ਮਰਦਾਨਾ ਜੀ ਦੇ ਸਰ੍ਹਾਣੇ ਬੈਠ ਗਏ ਅਤੇ ਉਨ੍ਹਾਂ ਦਾ ਸਿਰ ਆਪਣੀ ਗੋਦ ਵਿਚ ਲੈ ਲਿਆ। ਭਾਈ ਮਰਦਾਨਾ ਜੀ ਦੀਆਂ ਅੱਖਾਂ ਵਿਚ ਪਤਾ ਨਹੀਂ ਕਿਉਂ ਅੱਥਰੂ ਆ ਗਏ। ਗੁਰੂ ਬਾਬਾ ਜੀ ਨੇ ਭਾਈ ਮਰਦਾਨਾ ਦੇ ਮੱਥੇ ਉੱਤੇ ਪਿਆਰ ਨਾਲ ਹੱਥ ਫੇਰਦਿਆਂ ਪੁੱਛਿਆ, “ਭਾਈ ਮਰਦਾਨਾ ਅੰਤ ਸਮੇਂ ਤੁਹਾਡੀਆਂ ਅੱਖਾਂ ਵਿਚ ਇਹ ਹੰਝੂ ਕਿਉਂ ? ਤੁਸੀਂ ਇਕ ਸਫਲ ਜੀਵਨ ਬਤੀਤ ਕਰ ਕੇ ਸੱਚੀ ਦਰਗਾਹ ਵਿਚ ਜਾ ਰਹੇ ਹੋ, ਅਸੀਂ ਤੁਹਾਨੂੰ ਖ਼ੁਸ਼ੀ-ਖ਼ੁਸ਼ੀ ਵਿਦਾ ਹੁੰਦੇ ਦੇਖਣਾ ਚਾਹੁੰਦੇ ਹਾਂ।”

ਭਾਈ ਮਰਦਾਨਾ ਜੀ ਨੇ ਬਾਬਾ ਜੀ ਦੇ ਨੈਣਾਂ ਵਿਚ ਤੱਕਦਿਆਂ ਕਿਹਾ, “ਬਾਬਾ ਤੁਸਾਂ ਰੱਬ ਦੇਖਿਆ ਹੈ, ਰੱਬ ਪਾਇਆ ਹੈ। ਮੈਂ ਤੁਹਾਨੂੰ ਦੇਖਿਆ ਹੈ, ਤੁਹਾਨੂੰ ਪਾਇਆ ਹੈ। ਤੁਹਾਡਾ ਕਿਹਾ ਰੱਬ ਸੁਣਦਾ ਹੈ। ਮੇਰਾ ਕਿਹਾ ਤੁਸੀਂ ਸੁਣਦੇ ਹੋ। ਅੱਜ ਤੁਸੀਂ ਇਕ ਮੇਰੀ ਸੁਣੋ… ।”

“ਦੱਸੋ ਭਾਈ ਮਰਦਾਨਾ ਕੀ ਕਹਿਣਾ ਚਾਹੁੰਦੇ ਹੋ ?”

“ਪਾਤਸ਼ਾਹ! ਤੁਹਾਨੂੰ ਯਾਦ ਹੈ ਤੁਸਾਂ ਮੈਨੂੰ ਵਚਨ ਦਿੱਤਾ ਸੀ ਕਿ ਤੁਸੀਂ ਮੇਰੇ ਕਰਮ ਨਹੀਂ ਵਿਚਾਰੋਗੇ ? ਨਾਲੇ ਇਹ ਵੀ ਭਰੋਸਾ ਦਿੱਤਾ ਸੀ ਕਿ ਤੁਸੀਂ ਮੈਨੂੰ ਸਦਾ ਆਪਣੇ ਨਾਲ ਰੱਖੋਗੇ। ਕਦੀ ਵਿਛੋੜੋਗੇ ਨਹੀਂ।”

“ਹਾਂ ਭਾਈ ਮਰਦਾਨਾ ਸਾਨੂੰ ਸਭ ਯਾਦ ਹੈ।”

“ਦੀਨ ਦਯਾਲ ਅੱਜ ਤੁਸੀਂ ਇਕ ਵਾਰ ਖ਼ੁਦ ਆਪਣੀ ਰਸਨਾ ਨਾਲ ਕਹੋ ਕਿ ਮਰਦਾਨਿਆ ਤੂੰ ਮੇਰਾ ਹੈਂ, ਮੈਂ ਤੇਰੇ ਗੁਣ ਅਵਗੁਣਾਂ ਨੂੰ ਨਾ ਵਿਚਾਰਦਿਆਂ ਹੋਇਆਂ ਤੇਰੀਆਂ ਸਾਰੀਆਂ ਭੁੱਲਾਂ ਬਖ਼ਸ਼ ਦਿੱਤੀਆਂ ਹਨ।”

ਗੁਰੂ ਬਾਬਾ ਜੀ ਨੇ ਬੈਠਿਆਂ-ਬੈਠਿਆਂ ਆਪਣਾ ਸੀਸ ਨੀਵਾਂ ਕਰ ਕੇ, ਗੋਦ ਵਿਚ ਸਿਰ ਰੱਖ ਕੇ ਲੇਟੇ ਭਾਈ ਮਰਦਾਨਾ ਜੀ ਦਾ ਮੱਥਾ ਚੁੰਮ ਲਿਆ ਅਤੇ ਬੜੇ ਪਿਆਰ ਨਾਲ ਕਿਹਾ, “ਭਾਈ ਮਰਦਾਨਾ, ਤੁਸੀਂ ਮੇਰੇ ਭਾਈ ਹੈ, ਮੇਰੇ ਬਚਪਨ ਦੇ ਸਾਥੀ। ਤੁਸੀਂ ਸਦਾ ਮੇਰੇ ਰਹੇ ਹੋ ਅਤੇ ਮੇਰੇ ਹੀ ਰਹੋਗੇ। ਮੈਂ ਕਦੇ ਤੁਹਾਡੇ ਕਰਮਾਂ ਨੂੰ ਨਹੀਂ ਵਿਚਾਰਿਆ। ਸਾਡੀ ਜਾਚੇ ਤੁਹਾਡੇ ਕੋਲੋਂ ਕੋਈ ਭੁੱਲ ਨਹੀਂ ਹੋਈ। ਪਰ ਜੇ ਕਦੀ ਅਨਜਾਣੇ ਵਿਚ ਕੋਈ ਨਿੱਕੀ-ਮੋਟੀ ਭੁੱਲ ਹੋਈ ਵੀ ਹੋਵੇਗੀ, ਉਹ ਕਰਤਾਰ ਬਖ਼ਸ਼ ਦਿੱਤੀ।” ਫਿਰ ਥੋੜ੍ਹਾ ਰੁਕ ਕੇ ਕਹਿਣ ਲੱਗੇ, “ਭਾਈ ਮਰਦਾਨਾ, ਸਰੀਰਕ ਤੌਰ ‘ਤੇ ਭਾਵੇਂ ਤੁਸੀਂ ਸਾਥੋਂ ਵਿਛੜ ਰਹੇ ਹੋ, ਪਰ ਆਪਣੀ ਰਬਾਬ ਦੇ ਮਧੁਰ ਸੰਗੀਤ ਰਾਹੀਂ ਤੁਸੀਂ ਕੀਰਤਨ ਦਾ ਇਕ ਅਨਿਖੜਵਾਂ ਅੰਗ ਬਣ ਗਏ ਹੋ।” ਸੁਣ ਕੇ ਇਕ ਖੇੜਾ ਅਤੇ ਮੱਧਮ ਜਿਹੀ ਮੁਸਕਾਨ ਭਾਈ ਮਰਦਾਨਾ ਦੇ ਚਿਹਰੇ ਉੱਤੇ ਆ ਗਈ।

ਕਮਜ਼ੋਰੀ ਪਲ ਪਲ ਵਧਦੀ ਜਾ ਰਹੀ ਸੀ। ਇਸ ਕਮਜ਼ੋਰੀ ਕਾਰਨ ਹੁਣ ਉਹ ਬੜੀ ਹੌਲੀ ਹੌਲੀ ਅਤੇ ਰੁਕ-ਰੁਕ ਕੇ ਬੋਲ ਰਹੇ ਸਨ। ਕਹਿਣ ਲੱਗੇ, “ਪਾਤਸ਼ਾਹ…ਜਿਨ੍ਹਾਂ ਮੇਰੇ ਹੰਝੂਆਂ ਦੀ ਤੁਸਾਂ ਗੱਲ ਕੀਤੀ ਹੈ…ਉਹ ਕੋਈ ਪਛਤਾਵੇ ਦੇ ਹੰਝੂ ਨਹੀਂ। ਉਹ.ਉਹ ਤਾਂ ਸਗੋਂ ਖ਼ੁਸ਼ੀ ਦੇ ਹੰਝੂ ਹਨ… । ਮੈਂ ਭਾਗਾਂ ਵਾਲਾ ਹਾਂ…ਸੱਚਮੁੱਚ ਭਾਗਾਂ ਵਾਲਾ ਹਾਂ…ਜਿਸ ਨੂੰ ਉਮਰ ਦੇ ਅੱਧਿਓਂ ਵੱਧ ਵਰ੍ਹੇ ਤੁਹਾਡੀ ਸੰਗਤ ਵਿਚ ਬਿਤਾਉਣ ਦਾ ਸੁਭਾਗ ਪ੍ਰਾਪਤ ਹੋਇਆ। ਸਭ ਤੋਂ ਵੱਡੀ ਮੇਰੀ ਖ਼ੁਸ਼ਕਿਸਮਤੀ…ਬਾਬਾ ਜੀ…ਇਹ ਕਿ ਅੱਜ…ਅੱਜ ਮੈਂ ਆਪਣੇ ਆਖ਼ਰੀ ਸਾਹ…ਤੁਹਾਡੀ ਪਵਿੱਤਰ ਗੋਦ ਵਿਚ ਲੈ ਰਿਹਾ ਹਾਂ…।”

ਇਸ ਦੇ ਨਾਲ ਹੀ ਭਾਈ ਮਰਦਾਨਾ ਜੀ ਨੇ ਆਪਣੀਆਂ ਅੱਖਾਂ ਸਦਾ ਲਈ ਬੰਦ ਕਰ ਲਈਆਂ, ਪਰ ਉਨ੍ਹਾਂ ਦੇ ਚਿਹਰੇ ਦਾ ਖੇੜਾ ਉਸੇ ਤਰ੍ਹਾਂ ਕਾਇਮ ਰਿਹਾ। ਸੇਵਕ ਕੀ ਓੜਕਿ ਨਿਬਹੀ ਪ੍ਰੀਤਿ॥ ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ॥

ਦੁਹਾਂ ਬਾਬਿਆਂ ਦੀ ਇਸ ਧਰਤੀ ਉੱਤੇ ਇਹ ਆਖ਼ਰੀ ਮੁਲਾਕਾਤ ਸੀ । ਕੁਝ ਇਕ ਸਥਾਨਕ ਲੋਕਾਂ ਨੂੰ ਇਕੱਠਾ ਕਰ ਕੇ ਉਨ੍ਹਾਂ ਦੀ ਸਹਾਇਤਾ ਨਾਲ ਦਰਿਆ ਕੁੱਰਮ ਦੇ ਕੰਢੇ ਬਾਬਾ ਜੀ ਨੇ ਆਪਣੇ ਹੱਥੀਂ, ਰੀਤੀ-ਰਿਵਾਜ ਅਨੁਸਾਰ ਭਾਈ ਮਰਦਾਨਾ ਜੀ ਦਾ ਅੰਤਮ ਸਸਕਾਰ ਕੀਤਾ। ਫੇਰ ਉਨ੍ਹਾਂ ਦੀ ਆਤਮਕ ਸ਼ਾਂਤੀ ਲਈ ਅਰਦਾਸ ਕੀਤੀ।

ਭਾਈ ਮਰਦਾਨਾ ਜੀ ਦਾ ਸਾਮਾਨ-ਇਕ ਝੋਲਾ, ਜਿਸ ਵਿਚ ਉਹ ਰਸਤੇ ਵਿੱਚੋਂ ਇਕੱਠੇ ਕੀਤੇ ਖਾਣ ਲਈ ਜੰਗਲੀ ਫਲ ਫੁੱਲ ਰੱਖਦੇ ਸਨ, ਇਕ ਪਾਣੀ ਵਾਸਤੇ ਕਰਮੰਡਲ ਅਤੇ ਇਕ ਰਬਾਬ, ਤਿੰਨੇ ਚੀਜ਼ਾਂ ਉਥੇ ਪਈਆਂ ਸਨ। ਅੰਤਮ ਸਸਕਾਰ ਮਗਰੋਂ ਗੁਰੂ ਬਾਬਾ ਜੀ ਨੇ ਇਨ੍ਹਾਂ ਚੀਜ਼ਾਂ ਵੱਲ ਵੇਖਿਆ। ਭਾਈ ਮਰਦਾਨਾ ਜੀ ਦਾ ਝੋਲਾ ਚੁੱਕਿਆ, ਇਹ ਖ਼ਾਲੀ ਸੀ। ਕੇਵਲ ਬੋਹੜ ਦੀ ਇਕ ਸੁੱਕੀ ਜਿਹੀ ਗੋਲ੍ਹ ਇਸ ਵਿਚ ਸੀ। ਬਾਬਾ ਜੀ ਕਿੰਨਾ ਹੀ ਚਿਰ ਉਹ ਗੋਲ੍ਹ ਹੱਥ ਵਿਚ ਫੜ ਕੇ ਉਸ ਵੱਲ ਵੇਖਦੇ ਰਹੇ। ਸ਼ਾਇਦ ਤਲਵੰਡੀ ਦੇ ਬਾਹਰ ਵਾਲੇ ਬੋਹੜ ਥੱਲਿਉਂ ਇਕੱਠੀਆਂ ਕੀਤੀਆਂ ਗੋਲ੍ਹਾਂ ਵਿੱਚੋਂ ਇਹ ਬਚ ਗਈ ਸੀ । ਸੋਚਣ ਲੱਗੇ ਕਿ ਹੋ ਸਕਦਾ ਹੈ ਭਾਈ ਮਰਦਾਨਾ ਨੇ ਇਹ ਬੋਹੜ ਦਾ ਬੀਜ ਇਸੇ ਸਮੇਂ ਲਈ ਅਤੇ ਇਸੇ ਥਾਂ ਲਈ ਬਚਾ ਕੇ ਰੱਖਿਆ ਸੀ।

ਬਾਬਾ ਜੀ ਨੇ ਭਾਈ ਮਰਦਾਨਾ ਜੀ ਦੇ ਅੰਤਮ ਸਸਕਾਰ ਵਾਲੀ ਥਾਂ ਦੇ ਨੇੜੇ ਕਿਸੇ ਸੰਦ ਨਾਲ ਥੋੜ੍ਹੀ ਜਹੀ ਜ਼ਮੀਨ ਪੁੱਟ ਕੇ ਪੋਲੀ ਕੀਤੀ ਅਤੇ ਉਸ ਗੋਲ੍ਹ ਨੂੰ ਭੋਰ ਕੇ ਉਸ ਮਿੱਟੀ ਵਿਚ ਰਲਾ ਦਿੱਤਾ। ਭਾਈ ਮਰਦਾਨੇ ਦਾ ਕਰਮੰਡਲ ਪਾਣੀ ਨਾਲ ਭਰਿਆ ਹੋਇਆ ਸੀ । ਉਹੀ ਪਾਣੀ ਬਾਬਾ ਜੀ ਨੇ ਬੋਹੜ ਦੇ ਬੀਜ ਵਾਲੀ ਥਾਂ ਉੱਪਰ ਪਾ ਦਿੱਤਾ ਅਤੇ ਉਸ ਦੇ ਆਲੇ-ਦੁਆਲੇ ਨਿੱਕੀ ਜਿਹੀ ਵਾੜ ਕਰ ਦਿੱਤੀ। ਤਾਂ ਜੋ ਕਿਸੇ ਬੰਦੇ ਜਾਂ ਡੰਗਰ-ਵੱਛੇ ਦਾ ਪੈਰ ਉੱਪਰ ਨਾ ਪਵੇ।

ਖ਼ਾਲੀ ਕਰਮੰਡਲ ਅਤੇ ਝੋਲਾ ਉਸੇ ਥਾਂ ਛੱਡ ਕੇ, ਭਾਈ ਮਰਦਾਨਾ ਜੀ ਦੀ ਰਬਾਬ ਆਪਣੇ ਮੋਢੇ ਉੱਤੇ ਲਟਕਾ ਕੇ ਗੁਰੂ ਬਾਬਾ ਜੀ ਆਪਣਾ ਸਫ਼ਰ ਵਿਚੇ ਛੱਡ ਕੇ ਗੰਭੀਰ ਚਿੱਤ ਉਥੋਂ ਵਾਪਸ ਆਪਣੇ ਪਿੰਡਾਂ ਵੱਲ ਪਰਤ ਪਏ।

ਸਤਿਗੁਰਾਂ ਦੀਆਂ ਉਦਾਸੀਆਂ ਭਾਈ ਮਰਦਾਨਾ ਜੀ ਦੇ ਸਾਥ ਨਾਲ ਹੀ ਸ਼ੁਰੂ ਹੋਈਆਂ ਸਨ ਅਤੇ ਸਫ਼ਰਾਂ ਦੇ ਸਾਥੀ ਭਾਈ ਮਰਦਾਨਾ ਜੀ ਦੇ ਜੀਵਨ ਸੰਪੂਰਨ ਹੋਣ ਨਾਲ ਸਫ਼ਰ ਵੀ ਸਫਲ ਤੇ ਸੰਪੂਰਨ ਹੋ ਗਏ।

 

 

Credit – ਕੁਲਦੀਪ ਸਿੰਘ ਸੂਰੀ

Leave a comment

error: Content is protected !!