Akali Phula Singh | ਅਕਾਲੀ ਫੂਲਾ ਸਿੰਘ

ਅਕਾਲੀ ਜੀ ਦੀ ਪਹਿਲੀ ਵਿਥਿਆ

Contents hide

ਕੱਲਰ ਵਿਚ ਕੰਵਲ ਦਾ ਉਪਜ ਪੈਣਾ ਇਕ ਅਚੰਭੇ ਵਾਲੀ ਗੱਲ ਹੈ, ਪਰ ਲਾਲ ਸਦਾ ਲੁਕੇ ਛਿਪੇ ਪਰਬਤਾਂ ਵਿਚੋਂ ਹੀ ਨਿਕਲਦੇ ਹਨ। ਜਿਵੇਂ ਅਪਰਸ ਬਿਦੇਹ ਸਾਈਂ ਲੋਕ ਨਿਰਜਨ ਥਾਵਾਂ ਵਿਖੇ ਹੀ ਆਪਣੇ ਪਿਆਰੇ ਦੇ ਪਿਆਰ ਵਿਚ ਸੁਖ ਮਾਣਦੇ ਹਨ, ਤਿਵੇਂ ਧਰਮਾਤਮਾ, ਸੁਧਾਰਕ ਤੇ ਮਹਾਂ ਪੁਰਖ ਵੀ ਆਪਣੇ ਜਨਮ ਦੀਆਂ ਥਾਵਾਂ ਕਿਨਾਰੇ ਤੇ ਇੱਕਲਵੰਜੇ ਪਈਆਂ ਧਰਤੀਆਂ ਵਿਚ ਹੀ ਬਣਾਉਂਦੇ ਹਨ।

‘ਸ਼ੀਹਾਂ’ ਕੀ ਨਾਮ ਹੈ ਤੇ ਕੀ ਗ੍ਰਾਮ ਹੈ। ਪਾਠਕਾਂ ਵਿਚੋਂ ਸ਼ਾਇਦ ਹੀ ਕਿਸੇ

ਕਦੇ ਸੁਣਿਆ ਹੋਊ, ਪਰ ਸਾਡੀ ਪੁਸਤਕ ਦਾ ਕਲਾਧਾਰੀ ਬਾਬਾ ਫੂਲਾ ਸਿੰਘ

ਜੀ ਇਸੇ ਗੁੰਮਨਾਮ ਪਿੰਡ ਦਾ ਸੁਭਾਗ੍ਯ ਫਲ ਸੀ। ‘ਸ਼ੀਹੇ’ ਨੇ ਸੱਚ ਮੁੱਚ ਆਪਣੇ ਨਾਮ ਨੂੰ ਸਫਲ ਕਰ ਵਿਖਾਇਆ ਤੇ ‘ਅਕਾਲੀ’ ਫੂਲਾ ਸਿੰਘ ਜੀ ਵਰਗਾ ਬੀਰ ਬਹਾਦਰ ਸ਼ੀਂਹ ਪੈਦਾ ਕਰ ਦਿੱਤਾ, ਜਿਸ ਨੇ ਇਕ ਸ਼ੀਂਹ ਕੀ, ਹਜ਼ਾਰਾਂ ਬੇਜ਼ਬਾਨ ਗਿੱਦੜਾਂ ਵਿਚ ਜੀਵਨ-ਸ਼ਕਤੀ ਭਰ ਕੇ ਪੂਰੇ ਸ਼ੀਂਹ ਬਣਾ ਦਿੱਤੇ ਤੇ ਅਪਣੇ ‘ਅਕਾਲੀ’ ਨਾਮ ਨੂੰ ਸਿੱਖ ਇਤਿਹਾਸ ਵਿਚ ਸਦਾ ਲਈ ਕਾਲ ਰਹਿਤ ਬਣਾ ਗਿਆ।

ਇਲਾਕਾ ਬਾਂਗਰ ਦੇ ਛੋਟੇ ਜਿਹੇ ਪਿੰਡ ਸ਼ੀਹਾਂ ਦੇ ਇਕ ਸਾਧਾਰਨ ਘਰ ਵਿਚ ਇਕ ਅੱਧਖੜ ਅਵਸਥਾ ਦਾ ਇਕ ਸਿੰਘ ਭਾਈ ਈਸ਼ਰ ਸਿੰਘ ਨਾਮ ਕਰ ਕੇ ਗੁਰਬਾਣੀ ਦੀ ਰੰਗਣ ਵਿਚ ਰਤਾ ਆਪਣੀ ਜ਼ਿੰਦਗੀ ਦੇ ਦਿਨ ਬਿਤਾ ਰਿਹਾ ਸੀ। ਉਸ ਦਾ ਨਾਮ ਨਿਸ਼ਕਾਮ ਸੇਵਾ ਤੇ ਵੰਡ ਛੱਕਣ ਆਦਿ ਉੱਚ ਗੁਣਾਂ ਦੇ ਕਾਰਨ ਆਪਣੇ ਪਿੰਡ ਤੋਂ ਛੁਟ ਸਾਰੇ ਪਰਗਣੇ ਵਿਚ ਉੱਘਾ ਹੋ ਗਿਆ ਸੀ। ਨਿਸ਼ਾਨਾਂ ਵਾਲੀ ਮਿਸਲ ਨਾਲ ਸੰਬੰਧਤ ਹੋਣ ਕਰਕੇ ਪੰਥ ਦੀ ਲੋੜ ਅਨੁਸਾਰ ਉਸ ਨੂੰ ਕਈ ਸੰਗਰਾਮਾਂ ਵਿਚ ਆਪਣੇ ਬਾਹੂਬਲ ਦਾ ਜ਼ੋਰ ਦਿਖਾਉਣਾ ਪਿਆ। ਸ਼ੁਭ ਭਾਗਾਂ ਨਾਲ ਆਪ ਨੂੰ ਅਰਧੰਗੀ ਭੀ ਐਸੀ ਮਿਲੀ ਜੇਹੀ ਕਿ ਕਿਸੇ ਪੂਰਨ ਸਿੱਖ ਘਰਾਣੇ ਲਈ ਸੋਭਦੀ ਹੈ। ਇਸ ਤਰ੍ਹਾਂ ਪੰਥ ਸੇਵਾ ਕਰਦਿਆਂ ਇਹ ਸੁਭਾਗ ਜੋੜੇ ਦੇ ਦਿਨ ਬੜੇ ਅਨੰਦ ਪੂਰਬਕ ਲੰਘ ਰਹੇ ਸਨ ਕਿ ਕਰਤਾਰ ਨੇ ਇਕ ਪੁੱਤਰ ਦਿੱਤਾ ਜਿਸ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਅਨੁਸਾਰ ਸਤਿਗੁਰੂ ਜੀ ਦੀ ਸੰਗਤ ਨੇ ‘ਫੂਲਾ ਸਿੰਘ’ ਰੱਖਿਆ।

Akali Phoola Singh | ਅਕਾਲੀ ਫੂਲਾ ਸਿੰਘ

ਫੂਲਾ ਸਿੰਘ ਨੂੰ ਜਨਮੇ ਅਜੇ ਸਾਲ ਹੀ ਬੀਤਿਆ ਸੀ ਕਿ ਅਹਿਮਦ ਸ਼ਾਹ ਅਬਦਾਲੀ ਦੇ ਛੇਵੇਂ ‘ਹੱਲੇ ਦੀ ਖ਼ਬਰ-ਜੋ ਉਸ ਨੇ ਨਿਰੋਲ ਸਿੱਖਾਂ ਦਾ ਖੁਰਾਖੋਜ ਮਿਟਾਉਣ ਲਈ ਕੀਤਾ ਸੀ-ਸਾਰੇ ਪੰਜਾਬ ਵਿਚ ਜੰਗਲ ਦੀ ਅੱਗ ਦੀ ਤਰ੍ਹਾਂ ਮੂੰਹ ਉਡ ਨਿਕਲੀ। ਪੰਜਾਬ ਵਿਚ ਪਹੁੰਚਦਿਆਂ ਹੀ ਇਸ ਨੇ ਸਿੱਖਾਂ ਪਰ ਅਤਿ ਦਾ ਕਹਿਰ ਵਰਤਾਣਾ ਅਰੰਭ ਦਿੱਤਾ। ਇਧਰ ਸਿੱਖ ਭੀ ਜੋ ਦੁਰਾਨੀ ਲੁਟੇਰੇ ਦੀ ਹਰ ਇਕ ਚਾਲ ਨੂੰ ਲਹੂ ਭਰੀਆਂ ਅੱਖਾਂ ਨਾਲ ਦੇਖ ਰਹੇ ਸਨ, ਕਦ ਬੇਚਿੰਤ ਬੈਠ ਸਕਦੇ ਸਨ? ਉਸੀ ਵਕਤ ਪਿੰਡ-ਪਿੰਡ ਤੇ ਜੱਥੇ-ਜੱਥੇ ਵਿਚ ਹੁਕਮਨਾਮੇ ਫੇਰ ਦਿੱਤੇ ਗਏ ਤੇ ‘ਗੁਰਮਤਾ’ ਸੋਧਿਆ ਗਿਆ ਕਿ ਖਾਲਸੇ ਦਾ ਦਲ ਸਤਿਲੁਜੋਂ ਪਾਰ ਜਗਰਾਵਾਂ ਦੇ ਲਾਗੇ ਤਾਗੇ ਜਮ੍ਹਾਂ ਹੋਕੇ ਵੈਰੀ ਨਾਲ ਜੰਗ ਛੇੜ ਦੇਵੇ ਤੇ ਇਸ ਨੂੰ ਆਪਣੇ ਮਗਰ ਧਰੀਕਦੇ ਹੋਏ ਮਾਲਵੇ ਦੇ ਪਾਣੀ ਵਿਹੂਣੇ ਮਾਰੂਥਲਾਂ ਵਿਚ ਲੈ ਵੜੇ। ਜਿੱਥੇ ਪਹੁੰਚ ਕੇ ਇਨ੍ਹਾਂ ਬਰਫ਼ਾਨੀ ਸਿਪਾਹੀਆਂ ਨੂੰ ਉਹ ਹੱਥ ਦੱਸੇ ਜਾਣ ਕਿ ਮੁੜ ਪੰਜਾਬ ਦਾ ਨਾਮ ਭੁੱਲ ਕੇ ਭੀ ਨਾ ਲੈਣ। ਇਹ ਸਾਰੇ ਸਮਾਚਾਰ ਲਿਖਣ ਲਈ ਇਕ ਵੱਖ ਪੁਸਤਕ ਦੀ ਲੋੜ ਹੈ। ਅਸੀਂ ਇੱਥੇ ਕੇਵਲ ਉਨਾ ਹੀ ਲਿਖਦੇ ਹਾਂ ਜਿੰਨਾ ਕੁ ਇਸ ਪੁਸਤਕ ਨਾਲ ਸੰਬੰਧ ਰੱਖਦਾ ਹੈ। ਇਸ ਸਮੇਂ ਹੋਰਨਾਂ ਮਿਸਲਾਂ ਦੇ ਨਾਲ-ਨਾਲ ਨਿਸ਼ਾਨ ਵਾਲੀ ਮਿਸਲ ਨੇ ਵਧ ਚੜ੍ਹਕੇ ਵੈਰੀ ਦਾ ਟਾਕਰਾ ਕੀਤਾ’, ਜਿਨ੍ਹਾਂ ਵਿਚੋਂ ਅੱਧ ਤੋਂ ਵੱਧ ਸਿੰਘ ਰਣਭੂਮੀ ਵਿਚ ਸ਼ਹੀਦ ਯਾ ਫੱਟੜ ਹੋਏ। ਇਨ੍ਹਾਂ ਫੱਟੜਾਂ ਵਿਚ ਭਾਈ ਈਸ਼ਰ ਸਿੰਘ ਵੀ ਸੀ, ਜਿਸ ਨੂੰ ਇਕ ਕਾਰੀ ਫੱਟ ਲੱਗਾ ਸੀ, ਜਿਸ ਕਰਕੇ ਜੱਥੇ ਨਾਲ ਅੱਗੇ ਨਾ ਵੱਧ ਸਕਿਆ। ਦੂਜੇ ਦਿਨ ਜਦ ਇਹ ਵਾ ਵਰੋਲਾ ਘਟਿਆ ਤਾਂ ਨਿਯਮ ਅਨੁਸਾਰ ਕੁਝ ਕੁ ਸਿੰਘਾਂ ਨੇ ਰਾਤੋ ਰਾਤ ਮੈਦਾਨ ਵਿਚੋਂ ਜ਼ਖ਼ਮੀ ਸਿੰਘਾਂ ਨੂੰ ਚੁੱਕ ਕੇ ਇਕੱਲਵੰਜੇ ਨਵੇਕਲੀ ਥਾਂ ਪਾ ਦਿੱਤਾ ਤੇ ਇੱਥੋਂ ਫੇਰ ਜਿੱਥੋਂ-ਜਿੱਥੋਂ ਦਾ ਕੋਈ ਸੀ, ਉਨ੍ਹਾਂ ਸਭਨਾਂ ਨੂੰ ਘਰੋ ਘਰੀ ਪਹੁੰਚਾਣੇ ਦਾ ਪ੍ਰਬੰਧ ਕੀਤਾ ਗਿਆ। ਇਸ ਤਰ੍ਹਾਂ ਈਸ਼ਰ ਸਿੰਘ ਭੀ ਆਪਣੇ ਇਲਾਕੇ ਦੇ ਹੋਰਨਾਂ ਸਿੰਘਾਂ ਨਾਲ ਆਪਣੇ ਪਿੰਡ ਪਹੁੰਚਾਇਆ ਗਿਆ, ਜਿੱਥੇ ਇਸ ਦਾ ਫੱਟ ਸੀਉਂ ਕੇ ਇਲਾਜਹੁੰਦਾ ਰਿਹਾ। ਇਨ੍ਹਾਂ ਦਿਨਾਂ ਵਿਚ ਸਤਿਗੁਰੂ ਨੇ ਈਸ਼ਰ ਸਿੰਘ ਨੂੰ ਇਕ ਹੋਰ ਭੁਜੰਗੀ ਦਿੱਤਾ, ਜਿਸ ਦਾ ਨਾਮ ਸੰਤ ਸਿੰਘ ਰੱਖਿਆ ਗਿਆ। ਭਾਈ ਈਸ਼ਰ ਸਿੰਘ ਦੇ ਫੱਟ ਪਹਿਲੇ ਤਾਂ ਕੁਝ ਡਰਾਵਣੇ ਨਹੀਂ ਸਨ, ਪਰ ਸਮੇਂ ਸਿਰ ਕਿਸੇ ਲਾਇਕ ਫਟ-ਬੰਨ੍ਹ ਦੇ ਨਾ ਪਹੁੰਚਣ ਕਰਕੇ ਉਹ ਅੱਲੇ ਜ਼ਖ਼ਮ ਵਿਗੜ ਕੇ ਜ਼ਹਿਰੀਲੇ ਹੋ ਗਏ, ਜਿਸ ਕਰਕੇ ਭਾਈ ਜੀ ਦੀ ਹਾਲਤ ਖ਼ਤਰੇ ਵਾਲੀ ਹੋ ਗਈ ਤੇ ਜਦ ਉਨ੍ਹਾਂ ਆਪਣਾ ਹਾਲ ਨਾਜ਼ਕ ਡਿੱਠਾ ਤਾਂ ਆਪਣੇ ਸਤਸੰਗੀ ਬਾਬਾ ਨਰੈਣ ਸਿੰਘ’ ਜੀ ਅਕਾਲੀ ਨੂੰ—ਜੋ ਸ਼ਹੀਦਾਂ ਦੀ ਮਿਸਲ ਦੇ ਉੱਘੇ ਸੇਵਕ ਸਨ-ਆਪਣੇ ਕੋਲ ਸਦਵਾ ਕੇ ਆਪਣੇ ਭੁਜੰਗੀ ਦਾ ਹੱਥ ਉਸ ਦੇ ਹੱਥ ਸੌਂਪ ਕੇ ਆਖਿਆ ਕਿ ਜੇ ਇਸ ਬੱਚੇ ਨੂੰ ਸਤਿਗੁਰੂ ਜੀ ਨੇ ਆਯੂ ਬਖ਼ਸ਼ੀ ਤਾਂ ਇਸ ਨੂੰ ਆਪਣਾ ਬੱਚਾ ਜਾਣ ਕੇ ਐਸਾ ਤਿਆਰ ਕਰਨਾ ਕਿ ਇਹ ਪੂਰਾ-ਪੂਰਾ ਪੰਥ ਸੇਵਕ ਬਣ ਸਕੇ।

ਬਾਲ ਅਵਸਥਾ

ਫੂਲਾ ਸਿੰਘ ਦੀ ਬਾਲ ਅਵਸਥਾ ਦੇ ਜਿੰਨੇ ਕੁ ਸਮਾਚਾਰ ਅਸਾਂ ਨੂੰ ਮਾਲੂਮ ਹੋ ਸਕੇ ਹਨ ਉਹ ਇਸ ਯੋਗ ਜਾਪਦੇ ਹਨ ਕਿ ਉਨ੍ਹਾਂ ਨੂੰ ਕਲਮ ਦੇ ਹਵਾਲੇ ਕੀਤਾ ਜਾਵੇ, ਤਾਕਿ ਉਹ ਸਾਡੇ ਇਤਿਹਾਸ ਦਾ ਕਿਸੇ ਸਮੇਂ ਇਕ ਅੰਗ ਬਣਨ ਦਾ ਮਾਣ ਪਾ ਸਕਣ। ਕੁਦਰਤ ਨੇ ਉਸ ਨੂੰ ਬਚਪਨ ਵਿਚ ਹੀ ਉਹ ਵਿਲੱਖਣ ਦਿਲ ਤੇ ਤੀਖਣ ਬੁੱਧੀ ਬਖ਼ਸ਼ੀ ਸੀ, ਜੋ ਬਹੁਤ ਘੱਟ ਆਮ ਬੱਚਿਆਂ ਵਿਚ ਪਾਈ ਜਾਂਦੀ ਹੈ। ਉਸ ਨੇ ਦਸ ਵਰ੍ਹਿਆਂ ਦੀ ਉਮਰ ਵਿਚ ਹੀ ਆਪਣੀ ਧਰਮੀ ਮਾਂ ਤੇ ਬਾਬਾ ਨਰੈਣ ਸਿੰਘ ਦੀ ਸੌਂਪਣੀ ਵਿਚ ਨਿਤਨੇਮ ਦੀਆਂ ਬਾਣੀਆਂ ਤੋਂ ਛੁੱਟ ਸਾਰੀ ਅਕਾਲ ਉਸਤਤਿ, 33 ਸਵੱਯੇ ਤੇ ਹੋਰ ਬਹੁਤ ਸਾਰੀਆਂ ਸ੍ਰੀ ਮੁਖਵਾਕ ਬਾਣੀਆਂ ਕੰਠ ਕਰ ਲਈਆਂ ਸਨ। ਇਸ ਉਮਰ ਵਿਚ ਜਿਨ੍ਹਾਂ ਨੇ ਉਸ ਨੂੰ ਦੇਖਿਆ, ਕਹਿੰਦੇ ਸਨ ਕਿ ਉਸਦੇ ਸੀਨੇ ਵਿਚ ਨਿੱਕੇ ਹੁੰਦਿਆਂ ਹੀ ਅਲੌਕਿਕ ਧਾਰਮਕ ਜੋੜ, ਬੇ-ਧੜਕ ਤੇ ਨਿਡਰ ਦਿਲ ਹੁਲਾਰੇ ਲੈਂਦਾ ਸੀ। ਦ੍ਰਿੜ੍ਹਤਾ ਐਸੀ ਸੀ ਕਿ ਜਦ ਸੰਥਾ ਲੈਣੀ, ਜਿੱਥੋਂ ਤੀਕ ਕੰਠ ਨਾ ਹੋ ਜਾਏ, ਖਾਣ ਪੀਣ ਲਈ ਸੰਕਲਪ ਤਕ ਨਹੀਂ ਸੀ ਉਪਜਦਾ। ਇਨ੍ਹਾਂ ਸਾਰੇ ਗੁਣਾਂ ਦੇ ਨਾਲ-ਨਾਲ ਗੁਰਬਾਣੀ ਦਾ ਪਿਆਰ ਉਸ ਦੇ ਅੰਦਰ ਇੰਨਾ ਭਰਿਆ ਪਿਆ ਸੀ ਕਿ ਇਸ ਖੇਡ ਕੁਦ ਦੀ ਅਲਬੇਲੀ ਅਵਸਥਾ ਵਿਚ ਜਦ ਕਦੇ ਉਹ ਕਿਸੇ ਨੂੰ ਮਿਲਿਆ, ਗੁਰਬਾਣੀ ਪੜ੍ਹਦਾ ਹੀ ਦਿੱਸਦਾ।

ਜਦ ਫੂਲਾ ਸਿੰਘ ਧਾਰਮਕ ਵਿਦਿਆ ਵਿਚ ਚੰਗਾ ਨਿਪੁੰਨ ਹੋ ਗਿਆ, ਤਾਂ ਨਿਯਮ ਅਨੁਸਾਰ ਬਾਬਾ ਨਰੈਣ ਸਿੰਘ ਜੀ ਨੇ ਉਸ ਨੂੰ ਸ਼ਸਤ੍ਰ ਵਿਦਿਆ ਦੇਣੀ ਅਰੰਭ ਦਿੱਤੀ, ਜੋ ਹਰ ਇਕ ਸਿੱਖ ਬੱਚੇ ਲਈ ਜ਼ਰੂਰੀ ਹੁੰਦੀ ਸੀ। ਅਕਾਲੀ ਨਰੈਣ ਸਿੰਘ ਜੀ ਫੂਲਾ ਸਿੰਘ ਨੂੰ ਆਪਣੇ ਭੁਜੰਗੀਆਂ ਤੋਂ ਵੱਧ ਪਿਆਰ ਕਰਦੇ ਸਨ। ਉਨ੍ਹਾਂ ਨੇ ਥੋੜ੍ਹੇ ਸਮੇਂ ਵਿਚ ਹੀ ਫੂਲਾ ਸਿੰਘ ਜੀ ਨੂੰ ਇਸ ਕਰਤੱਵਯ ਵਿਚ ਪੂਰਣ ਕਰ ਦਿੱਤਾ। ਵਿਸ਼ੇਸ਼ ਕਰਕੇ ਸ਼ਮਸ਼ੇਰ ਜ਼ਨੀ ਤੇ ਧਨੁੱਖ ਚੜ੍ਹਾਣੇ ਵਿਚ ਤਾਂ ਉਹ ਨਿਪੁੰਨਤਾ ਪ੍ਰਾਪਤ ਕੀਤੀ ਕਿ ਸਭ ਲੋਕ ਹੈਰਾਨ ਰਹਿ ਗਏ। ਹੁਣ ਫੂਲਾ ਸਿੰਘ ਘੋੜੇ ਦੀ ਸਵਾਰੀ ਤੇ ਹੋਰ ਸਾਰੇ ਜੰਗੀ ਗੁਣਾਂ ਵਿਚ ਪੂਰੀ-ਪੂਰੀ ਤਰ੍ਹਾਂ ਮਾਹਰ ਹੋ ਗਿਆ। ਅਕਾਲੀ ਨਰੈਣ ਸਿੰਘ ਆਪਣੇ ਸਾਰੇ ਵਿਦਿਆਰਥੀਆਂ ਨੂੰ ਫ਼ਰਜ਼ੀ ਮੈਦਾਨੇ ਜੰਗ ਵਿੱਚ ਲੈ ਜਾਂਦੇ ਤੇ ਉਨ੍ਹਾਂ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਆਪੋ ਵਿਚ ਇਕ ਭਾਗ ਨੂੰ ਦੂਜੇ ‘ਤੇ ਹੱਲਾ ਕਰਵਾਂਦੇ ਜੋ ਉਹ ਅੱਗੋਂ ਉਨ੍ਹਾਂ ਦੇ ਹੱਲੇ ਨੂੰ ਰੋਕਦੇ ਹੋਏ ਪਰਤ ਕੇ ਮੁੜ ਉਨ੍ਹਾਂ ‘ਤੇ ਹੀ ਟੁੱਟ ਪੈਂਦੇ, ਆਦਿ। ਇਸ ਅਭਿਆਸੀ ਜੰਗ ਵਿਚ ਫੂਲਾ ਸਿੰਘ ਦੇ ਅਬੁਝ ਜੋਸ਼ ਤੇ ਅਟੱਲ ਦ੍ਰਿੜ੍ਹਤਾ ਨੂੰ ਦੇਖ-ਦੇਖ ਕੇ ਬਾਬਾ ਨਰੈਣ ਸਿੰਘ ਜੀ ਫੁਲੇ ਨਹੀਂ ਸਨ ਸਮਾਉਂਦੇ।

ਮਾਈ ਦਾ ਵਿਛੋੜਾ ਤੇ ਅੰਤਮ ਸਿੱਖਿਆ

ਫੂਲਾ ਸਿੰਘ ਦੀ ਮਾਈ ਆਪਣੇ ਨੌ ਨਿਹਾਲ ਨੂੰ ਇਸ ਤਰ੍ਹਾਂ ਵੱਧਦਾ ਫੁਲਦਾ ਤੇ ਮੌਲਦਾ ਦੇਖਕੇ ਆਪਣੇ ਮਨ ਹੀ ਮਨ ਵਿਚ ਗਦਗਦ ਹੁੰਦੀ ਰਹਿੰਦੀ ਸੀ, ਪਰ ਸ਼ੋਕ! ਕਿ ਇਹ ਸਮਾਂ ਕੋਈ ਬਹੁਤ ਲੰਮਾ ਨਾ ਰਿਹਾ ਕਿ ਇਹ ਧਰਮੀ ਮਾਂ ਆਪਣੇ ਅੱਖਾਂ ਦੇ ਚਾਨਣ ਨੂੰ ਪੰਥ ਦੇ ਸਿਰ ਵਿਕਿਆ ਵੇਖਦੀ, ਜਿਸ ਲਈ ਜਿਸ ਗੁਰਮੁਖ ਮਾਤਾ ਨੇ ਆਪਣੇ ਰੰਡੇਪੇ ਦਾ ਸਭ ਕੁਝ ਵਾਰ ਕੇ ਆਪਣੇ ਦੁਲਾਰੇ ਨੂੰ ਪਾਲਿਆ ਸੀ। ਮਾਈ ਦੀ ਅਵਸਥਾ ਵਡੇਰੀ ਹੋ ਜਾਣ ਕਰਕੇ ਅੱਚਨਚੇਤ ਹੀ ਇੱਕ ਦਿਨ ਉਹ ਪੌੜੀ ਤੋਂ ਐਸੀ ਡਿੱਗੀ ਕਿ ਡਿਗਦੇ ਸਾਰ ਹੀ ਬੇਹਾਲ ਹੋ ਗਈ ਤੇ ਜਦ ਮਾਈ ਨੇ ਆਪਣਾ ਅੰਤ ਨੇੜੇ ਦੇਖਿਆ ਤਾਂ ਆਪਣੇ ਨੌਜਵਾਨ ਪੁੱਤਰ ਨੂੰ ਸਾਹਮਣੇ ਬੁਲਾਇਆ ਤੇ ਇਕ ਛੋਟੀ, ਪਰ ਗੁਣਾਂ-ਪੂਰਤ ਸਿੱਖਿਆ ਦਿੱਤੀ, ਜਿਸ ਪਰ ਉਹ ਅੰਤਲੇ ਸੁਵਾਸਾਂ ਤੱਕ ਤਤਪਰ ਰਿਹਾ।

ਮਾਂ ਨੇ ਫੂਲਾ ਸਿੰਘ ਦਾ ਹੱਥ ਚੁੰਮ ਕੇ ਆਖਿਆ, “ਮੇਰੇ ਲਾਲ ! ਮੈਂ ਉਸ ਲੰਮੜੇ ਦੇਸ ਦੀ ਧਾਈ ਕਰਨ ਲਈ ਤਿਆਰ ਹੋਈ ਹਾਂ, ਜਿਥੋਂ ਜਾ ਕੇ ਕੋਈ ਵੀ ਨਹੀਂ ਪਰਤਿਆ ਤੇ ਜਿੱਥੇ ਸਭ ਨੇ ਇਕ ਦਿਨ ਜਾਣਾ ਹੈ। ਬੀਰ ਪੁਤ੍ਰ! ਤੈਂ ਇਸ ਸੰਸਾਰ ਦੀ ਯਾਤ੍ਰਾ ਸੰਪੂਰਨ ਕਰਨੀ ਹੈ, ਪਰ ਮੈਂ ਦੇਖਦੀ ਹਾਂ ਕਿ ਤੂੰ ਅਕੱਲਾ ਹੈਂ ਤੇ ਅਜੇ ਤੂੰ ਇਸ ਜਗਤ ਦੇ ਗੋਰਖਧੰਦੇ ਤੋਂ ਅਜਾਣ ਹੈਂ। ਇਸ ਕੱਜਲ ਦੀ ਕੋਠਰੀ ਵਿਚੋਂ ਕੋਈ ਵਿਰਲਾ ਹੀ ਅਲੋਪ ਤੇ ਬਿਦਾਗ ਰਿਹਾ ਹੈ, ਤੇ ਉਹ ਹੀ ਬਚਿਆ ਹੈ, ਜਿਸਨੇ ਖਿਨ-ਖਿਨ ਸਤਿਗੁਰੂ ਦੀ ਚਰਨ ਸਰਨ ਵਿਚ ਆਪਣੇ ਮਨ ਨੂੰ ਪ੍ਰੇਮ-ਡੋਰੀ ਨਾਲ ਜੋੜਿਆ ਹੈ। ਪੁੱਤ੍ਰ ! ਮੈਂ ਇਹ ਵੀ ਨਿਸਚੇ ਜਾਣਦੀ ਹਾਂ ਕਿ ਮੇਰੀਆਂ ਇਹ ਅੰਤਲੀਆਂ ਮੱਤਾਂ ਤੈਨੂੰ ਸਦਾ ਸੱਚੇ ਸਾਥੀ ਦਾ ਕੰਮ ਦੇਣਗੀਆਂ। ਬੱਚਾ! ਮੈਂ ਤੈਨੂੰ ਪੰਥ ਸੇਵਾ ਲਈ ਸਭ ਤਰ੍ਹਾਂ ਯੋਗ ਬਣਾਨ ਦਾ ਯਤਨ ਕੀਤਾ ਹੈ ਅਤੇ ਗੁਰੂ ਦੀ ਮਿਹਰ ਨਾਲ ਤੂੰ ਸਭ ਤਰ੍ਹਾਂ ਇਸ ਕੰਮ ਦੇ ਯੋਗ ਵੀ ਹੋ ਗਿਆ ਹੈਂ। ਪੁੱਤ! ਦੇਸ਼ ਵਿਚ ਜ਼ੁਲਮ ਅਤਿਯਾਚਾਰ ਦੀਆਂ ਬਿਜਲੀਆਂ ਸਭ ਪਾਸਿਆਂ ਤੋਂ ਦੀਨਾਂ ਦੇ ਸਿਰ ਗਿਰ ਰਹੀਆਂ ਹਨ। ਬੱਚਿਆ ! ਏਹ ਧਰਮ ਤੇਰਾ ਹੋਵੇਗਾ ਕਿ ਦੀਨ ਹੀਨ ਅਨਾਥਾਂ ਨੂੰ ਇਹਨਾਂ ਕਸ਼ਟਾਂ ਤੋਂ ਛੁਡਾਉਣ ਲਈ ਸਿਰ ‘ਤੇ ਖੇਡਕੇ ਸਿੱਖੀ ਧਰਮ ਨਬਾਹੀਂ। ਇਸ ਸਮੇਂ ਦੇ ਹਥੋਂ ਧਰਮ ਕੁਚਲਿਆ ਜਾ ਰਿਹਾ ਹੈ। ਜੇ ਧਰਮ ਦੀ ਪਾਵਨ ਜੋਤ ਨੂੰ ਇਸ ਧਰਮ ਦੀ ਹਨੇਰੀ ਤੋਂ ਬਚਾਵਣ ਵਿਚ ਸਰਬੰਸ ਤੱਕ ਵੀ ਲਗ ਜਾਵੇ ਤਾਂ ਆਪਣੇ ਚੰਗੇ ਭਾਗ ਜਾਣੀ ਤੇ ਪਿਛੇ ਨਾ ਹਟੀ। ਸਨਮੁਖ ਹੋਕੇ ਰਣ ਵਿਖੇ ਮਰਨਾ ਸੂਰਮਿਆਂ ਦਾ ਧਰਮ ਹੈ, ਪਿਛੇ ਪੈਰ ਪਾਣਾ ਕਾਇਰਤਾ ਹੈ। ਤੂੰ ਆਪਣੇ ਬਲੀ ਪਿਤਾ ਦਾ ਪੁਤ੍ਰ ਹੈਂ! ਤੇ ਮਹਾਨ ਤੇਜਸਵੀ ਜੋਧੇ ਤੇਗ਼ ਧਾਰੀ ਗੁਰੂ ਦਾ ਸਿੱਖ ਹੈਂ, ਉਹਨਾਂ ਦੇ ਹੀ ਪਾਏ ਪੂਰਨਿਆਂ ਪਰ ਤੁਰਨ ਲਈ ਤੱਤਪਰ ਰਹੀਂ ਤੇ ਆਪਣੀ ਸੰਗਤ ਦੇ ਅਪਾਰ ਗੂੜ੍ਹੇ ਰੰਗ ਨਾਲ ਐਸੇ ਹੋਰ ਬਲੀ ਬੀਰ ਤੇ ਉਮੰਗੀ ਜੋਧੇ ਪੈਦਾ ਕਰੀਂ, ਜੋ ਧਰਮ, ਦੇਸ਼ ਤੇ ਦੀਨਾਂ ਦੀ ਰਾਖੀ ਵਿਚ ਆਪਣਾ ਆਪ ਲਾ ਦੇਣਾ ਸਾਧਾਰਨ ਜਿਹੀ ਖੇਡ ਸਮਝਣ । ਤੂੰ ਸਚਿਆਈ ਨਾਲ ਸਦੀਵ ਪਿਆਰ ਕਰੀਂ, ਸਤਿਗੁਰ ਦੀ ਬਾਣੀ ਚਿਤ ਧਰੀਂ, ਆਪ ਜਪੀਂ ਤੇ ਹੋਰਨਾਂ ਨੂੰ ਜਪਾਵੀਂ। ਪੁੱਤ੍ਰ! ਪੰਥ ਨੂੰ ਇਸ ਸਮੇਂ ਤੇਰੀ ਲੋੜ ਹੈ, ਤੈਨੂੰ ਪੰਥ ਲਈ ਜੀਣਾ ਤੇ ਪੰਥ ਲਈ ਮਰਨਾ ਹੋਵੇਗਾ। ਧਰਮ ਦੇ ਵਾਧੇ ਤੇ ਪੰਥ ਦੀ ਸੇਵਾ ਵਿਖੇ ਹੀ ਆਪਣਾ ਕਲਿਆਣ ਸਮਝੀ। ਤੇਰਾ ਪਿਤਾ ਆਪਣਾ ਪਿਆਰਾ ਮੁਖੜਾ ਸਦਾ ਲਈ ਮੈਥੋਂ ਲੁਕਾ ਗਿਆ, ਹੁਣ ਮੈਂ ਤੈਨੂੰ ਜਗਤ ਵਿਚ ਮਾਨੁੱਖੀ ਖੇਡਾਂ ਖੇਡਦਾ ਛੱਡ ਕੇ ਚੱਲੀ ਹਾਂ, ਬੱਚਾ। ਮੋਹ ਕਰਕੇ ਵਹਿਣਾਂ ਵਿਚ ਪੈਣਾ ਤੱਤਵੇਤਿਆਂ ਦਾ ਕੰਮ ਨਹੀਂ। ਜਗਤ ਵਿਚ ਮੋਹ ਦਾ ਚਿੱਕੜ ਪਸਰਿਆ ਹੋਇਆ ਹੈ, ਪਰ ਦਾਨੇ ਪੁਰਖ ਇਸ ਖੁੱਭਣ ਵਿਚ ਪੈਰ ਨਹੀਂ ਫਸਾਂਦੇ ਤੇ ਨਾ ਇਸ ਤਿਲਕਣਬਾਜ਼ੀ ਵਿਚ ਗ਼ਾਫ਼ਲ ਹੋਕੇ ਮਾਨਸਿਕ ਭੰਡਾਰੇ ਦੇ ਰਤਨਾਂ ਦਾ ਡੱਬਾ ਲੁਟਾਉਂਦੇ ਹਨ। ਪੁਤ੍ਰ! ਜਿਨ੍ਹਾਂ ਨੇ ਮਨ ਨੂੰ ਗੁਰੂ ਚਰਨਾਂ ਨਾਲ ਜੋੜਿਆ ਹੈ ਉਹ ‘ਮੋਹ ਮਾਇਆ ਕੇ ਸੰਜਿਨ ਲੇਪ’ ਦੇ ਆਸਰੇ ਜੀਵਨ ਨਿਬਾਹ ਕਰਦੇ ਹਨ। ਤੂੰ ਸਿੱਖ ਹੈਂ, ਹੋਰ ਵਧੀਕ ਕੀ ਦੱਸਾਂ ? ਬੱਸ ‘ਸਿੱਖੀ ਜੀਵਨ’ ਬਿਤੀਤ ਕਰੀਂ, ਤਾਕਿ ਮੇਰੀ ਕੁੱਖ ਨੂੰ ਦਾਗ਼ ਨ ਲੱਗੇ। ਪੁੱਤਰ ! ਤੂੰ ਹੁਣ ਗੁਰੂ ਦੇ ਹਵਾਲੇ।” ਧਰਮੀ ਮਾਂ ਇਤਨਾ ਕਹਿਕੇ ਸਦਾ ਲਈ ਸੁਖ ਦੀ ਨੀਂਦੇ ਘੂਕ ਸੌਂ ਗਈ।

ਫੂਲਾ ਸਿੰਘ ਨੇ ਆਪਣੀ ਮਾਤਾ ਦੇ ਗੁਰਮਤ ਸੰਸਕਾਰ ਤੋਂ ਵਿਹਲੇ ਹੁੰਦਿਆਂ ਹੀ ਸਭ ਤੋਂ ਪਹਿਲਾ ਕੰਮ ਜੋ ਕੀਤਾ ਉਹ ਇਹ ਸੀ ਕਿ ਬਾਬੇ ਨਰੈਣ ਸਿੰਘ ਦੇ ਡੇਰੇ ਆਕੇ ਅਕਾਲੀ ਸ਼ਸਤ੍ਰ ਬਸਤ੍ ਪਹਿਨ ਲਏ ਤੇ ਸ਼ਹੀਦਾਂ ਦੀ ਮਿਸਲ ਵਿਖੇ ਰਲ ਗਿਆ। ਫਿਰ ਆਪਣੀ ਭੋਂ ਤੇ ਘਰ ਬਾਰ, ਇਸ ਸੰਪ੍ਰਦਾ ਦੇ ਪਾਵਨ ਅਸੂਲ ਅਨੁਸਾਰ ਕਿ ਸੰਸਾਰਕ ਧਨ, ਮਾਲ ਤੇ ਜ਼ਮੀਨਾਂ ਆਦਿ ਮਨੁੱਖ ਮਾਤ੍ਰ ਦੀਆਂ ਸਾਂਝੀਆਂ ਹਨ ਤੇ ਇਹ ਕਿਸੇ ਦਾ ਹੱਕ ਨਹੀਂ ਕਿ ਬਲਵਾਨ ਹੀਨ ਤੋਂ ਕੋਈ ਵਸਤੂ ਜ਼ੋਰ ਨਾਲ ਖੋਹ ਸਕੇ, ਪਿੰਡ ਵਿਚ ਲੁਟਾ ਦਿੱਤਾ ਤੇ ਆਪ ਪੰਥਕ ਜੀਵਨ ਬਿਤਾਣਾ ਅਰੰਭ ਕਰ ਦਿੱਤਾ।

ਪੰਥਕ ਜੀਵਨ ਦਾ ਆਰੰਭ

ਕੁਝ ਦਿਨ ਮਗਰੋਂ ਫੂਲਾ ਸਿੰਘ ਅਕਾਲੀ ਨਰੈਣ ਸਿੰਘ ਦੇ ਜੱਥੇ ਨਾਲ ਸ੍ਰੀ ਅਨੰਦਪੁਰ ਵਿਖੇ ਆ ਰਹੇ। ਇਥੇ ਆਪ ਦੇ ਜੀਵਨ ਦਾ ਬਹੁਤ ਸਾਰਾ ਸਮਾਂ ਗੁਰਦਵਾਰਿਆਂ ਦੀ ਸੇਵਾ ਵਿਚ ਬੀਤਿਆ। ਇਸ ਸਮੇਂ ਅੰਦਰ ਫੂਲਾ ਸਿੰਘ ਨੂੰ ਕਈਕ ਸੰਗਰਾਮਾਂ ਵਿਚ ਸ਼ਾਮਲ ਹੋਣ ਦਾ ਸਮਾਂ ਲੱਝਦਾ ਰਿਹਾ, ਜਿਸ ਕਰਕੇ ਹੁਣ ਉਸ ਨੂੰ ਲੜਾਈਆਂ ਦੇ ਰੰਗ ਢੰਗ ਤੇ ਹੱਲਿਆਂ ਦੀ ਰੋਕਥਾਮ ਅਤੇ ਵੈਰੀਆਂ ‘ਤੇ ਧਾਵੇ ਆਦਿ ਕਰਨ ਦਾ ਪੂਰਾ-ਪੂਰਾ ਅਭਿਆਸ ਹੋ ਗਿਆ। ਜਿਉਂ-ਜਿਉਂ ਉਸ ਦਾ ਸ਼ੁੱਧ ਆਚਰਨ ਤੇ ਧਾਰਮਕ ਜੋਸ਼ ਉੱਚ ਤੋਂ ਵੱਧਦਾ ਗਿਆ ਤਿਉਂ-ਤਿਉਂ ਉਸ ਦਾ ਮਾਨ ਤੇ ਰੁਤਬਾ ਸਾਰੇ ਜੱਥੇ ਵਿਚ ਮਨੀਂਣ ਲੱਗਾ, ਇਥੋਂ ਤੀਕ ਕਿ ਬਾਬਾ ਨਰੈਣ ਸਿੰਘ ਦੇ ਜੱਥੇ ਵਿਚ ਬਾਬਾ ਜੀ ਦੇ ਬਾਅਦ ਫੂਲਾ ਸਿੰਘ ਜੀ ਹੀ ਜੱਥੇਦਾਰ ਥਾਪੇ ਗਏ।

ਬਾਬਾ ਫੂਲਾ ਸਿੰਘ ਦਾ ਸ੍ਰੀ ਅੰਮ੍ਰਿਤਸਰ ਜੀ ਆਉਣਾ

ਅਕਾਲੀ ਫੂਲਾ ਸਿੰਘ ਆਪਣੇ ਜੱਥੇ ਸਮੇਤ ਸੰਮਤ ੧੮੫੭ ਬਿ: ਨੂੰ ਸ੍ਰੀ ਅੰਮ੍ਰਿਤਸਰ ਜੀ ਆ ਗਏ। ਇਥੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰਨਾਂ ਗੁਰਦਵਾਰਿਆਂ ਦੇ ਸੇਵਕਾਂ ਦੇ ਅੰਦਰ ਬੁਰਛਾ ਗਰਦੀ ਦੇ ਕਾਰਨ ਜੋ ਜੋ ਗੁਰ ਆਸ਼ੇ ਦੇ ਵਿਰੁੱਧ ਕੁਰੀਤੀਆਂ ਪ੍ਰਚਲਤ ਹੋ ਗਈਆਂ ਸਨ, ਉਨ੍ਹਾਂ ਦਾ ਮੁੜ ਨਵੇਂ ਸਿਰੋਂ ਸੁਧਾਰ ਕੀਤਾ ਤੇ ਆਪਣੀ ਨਜ਼ਰ ਹੇਠ ਸਾਰਾ ਪ੍ਰਬੰਧ ਰੱਖਿਆ। ਸ੍ਰੀ ਅੰਮ੍ਰਿਤ ਸਰੋਵਰ ਦੀ ਸੇਵਾ ਸੰਗਤਾਂ ਤੇ ਆਪਣੇ ਜੱਥੇ ਤੋਂ ਇਸੇ ਹੀ ਸਾਲ ਕਰਵਾਈ।

ਮਹਾਰਾਜਾ ਰਣਜੀਤ ਸਿੰਘ ਦਾ ਸ੍ਰੀ ਅੰਮ੍ਰਿਤਸਰ ਨੂੰ ਖ਼ਾਲਸਾ ਰਾਜ ਨਾਲ ਮਿਲਾਉਣਾ

ਪੋਹ ਸੰ: ੧੮੫੮ ਬਿ: ਮੁਤਾਬਕ ੧੮੦੧ ਈ: ਨੂੰ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਅੰਮ੍ਰਿਤਸਰ ਨੂੰ ਖਾਲਸਾ ਰਾਜ ਨਾਲ ਮਿਲਾਉਣ ਲਈ ਚੜ੍ਹਾਈ ਕੀਤੀ ਤੇ ਭੰਗੀਆਂ ਦੀ ਮਿਸਲ ਦੇ ਸਰਦਾਰ ਜੋ ਮਹਾਰਾਜਾ ਦੇ ਪਿਤਾ ਮਹਾਂ ਸਿੰਘ ਦੇ ਸਮੇਂ ਤੋਂ ਆਪ ਦੇ ਵਿਰੁੱਧ ਸਨ ਅਤੇ ਅੱਜ ਤੱਕ ਇਸ ਦੇ ਅਨੁਸਾਰੀ ਨਹੀਂ ਹੋਏ ਸਨ, ਉਨ੍ਹਾਂ ਦਾ ਕਬਜ਼ਾ ਸਦਾ ਲਈ ਗੁਰਾਂ ਦੀ ਨਗਰੀਂ ਤੋ ਉਠਾ ਦਿੱਤਾ। ਲੜਾਈ ਦੇ ਆਰੰਭ ਹੁੰਦਿਆਂ ਹੀ ਅਕਾਲੀ ਫੂਲਾ ਸਿੰਘ ਦੋਨੋਂ ਸਿੱਖ ਫ਼ੌਜਾਂ ਦੇ ਵਿਚ ਹੋ ਖਲੋਤਾ ਤੇ ਦੋਹਾਂ ਧਿਰਾਂ ਦੇ ਸਰਦਾਰਾਂ ਨੂੰ ਘਰ ਵਿਚ ਲੜਨ ਤੋਂ ਮਨ੍ਹਾਂ ਕੀਤਾ। ਮਹਾਰਾਜਾ ਸਾਹਿਬ ਅਕਾਲੀ ਜੀ ਦੀ ਸਾਫ਼ਗੋਈ ਤੇ ਕੌਮੀ ਦਰਦ ਨੂੰ ਦੇਖ ਕੇ ਬਹੁਤ ਹੀ ਪ੍ਰਸੰਨ ਹੋਏ ਤੇ ਉਸੀ ਵਕਤ ਘੇਰਾ ਉਠਾ ਦਿੱਤਾ। ਉਧਰ ਭੰਗੀ ਸਰਦਾਰ ਆਪਣੇ ਆਪ ਕਿਲ੍ਹੇ ਤੋਂ ਨਿਕਲ ਆਏ ਤੇ ਮਹਾਰਾਜੇ ਦੀ ਈਨ ਮੰਨ ਕੇ ਸੁਲ੍ਹਾ ਕਰ ਲੀਤੀ ਤੇ ਉਨ੍ਹਾਂ ਦੇ ਗੁਜ਼ਾਰੇ ਲਈ ਮਹਾਰਾਜਾ ਸਾਹਿਬ ਨੇ ਬਹੁਤ ਸਾਰੀ ਜਾਗੀਰ ਬਖ਼ਸ਼ੀ ਤੇ ਬਹੁਤ ਕ੍ਰਿਪਾਲਤਾ ਨਾਲ ਪੇਸ਼ ਆਏ।

ਮਹਾਰਾਜਾ ਸਾਹਿਬ ਨੇ ਇਸ ਸਮੇਂ ਦਰਬਾਰ ਸਾਹਿਬ ਦੇ ਟਹਿਲੇ ਲਈ ਬਹੁਤ ਸਾਰੀ ਮਾਇਆ ਅਰਦਾਸ ਕਰਵਾਈ ਤੇ ਹੋਰਨਾਂ ਗੁਰਦਵਾਰਿਆਂ ਦੀ ਭੀ ਯਥਾ ਯੋਗ ਸੇਵਾ ਕੀਤੀ, ਅਰ ਅਕਾਲੀ ਜੱਥੇ ਦੇ ਲੰਗਰ ਲਈ ਭੀ ਜਾਗੀਰ ਲੁਵਾ ਦਿੱਤੀ।

ਮਹਾਰਾਜੇ ਦਾ ਕਸੂਰ ਨੂੰ ਫ਼ਤਹ ਕਰਨਾ (ਅਕਾਲੀ ਫੂਲਾ ਸਿੰਘ ਤੋਂ ਸਹਾਇਤਾ ਲੈਣੀ)

ਸੰਮਤ ੧੮੬੪ ਬਿਕ੍ਰਮੀ ਮੁਤਾਬਕ ਸੰਨ ੧੮੦੭ ਈ: ਦੇ ਆਰੰਭ ਵਿਚ ਕੁਤਬਦੀਨ ਖ਼ਾਨ ਪਠਾਣ ਹਾਕਮ ਕਸੂਰ ਦੇ ਇਲਾਕੇ ਵਲੋਂ ਖਾਲਸਾ ਰਾਜ ਵਿਰੁੱਧ ਫ਼ੌਜੀ ਤਿਆਰੀਆਂ ਅਤੇ ਉਥੋਂ ਦੇ ਵਸਨੀਕ ਖਾਲਸੇ ‘ਤੇ ਜ਼ੁਲਮ ਤੇ ਤਦੀ ਦੀਆਂ ਰਪੋਟਾਂ ਪਹੁੰਚੀਆਂ। ਮਹਾਰਾਜਾ ਸਾਹਿਬ ਨੇ ਫ਼ਕੀਰ ਅਜ਼ੀਜੁੱਦੀਨ ਆਦਿ ਨੂੰ ਏਲਚੀ (ਵਕੀਲ) ਥਾਪਕੇ ਕਸੂਰ ਭੇਜਿਆ ਕਿ ਕੁਤਬਦੀਨ ਨੂੰ ਆਪਣੇ ਕੀਤੇ ਅਹਿਦਨਾਮੇ ਅਨੁਸਾਰ ਰਹਿਣ ਤੇ ਸਿੱਖ ਪਰਜਾ ਪਰ ਅੱਤਯਾਚਾਰ ਤੋਂ ਰੋਕੇ, ਪਰ ਜੋਸ਼ੀਲਾ ਪਠਾਣ ਫ਼ਕੀਰ ਜੀ ਦੀ ਸਿੱਖਿਆ ‘ਤੇ ਤੁਰਨ ਦੀ ਥਾਵੇਂ ਉਲਟਾ ਉਸ ਨਾਲ ਡਾਢਾ ਲੋਹਾ ਲਾਖਾ ਹੋ ਕੇ ਪੇਸ਼ ਆਇਆ ਕਿ ਤੂੰ ਪੈਗ਼ੰਬਰ ਦਾ ਉੱਮਤੀ ਹੋ ਕੇ ਸਿੱਖਾਂ ਦੀ ਨੌਕਰੀ ਕਰਦਾ ਹੈਂ, ਤੇ ਸਾਨੂੰ ਇਸਲਾਮ ਦੇ ਪ੍ਰਚਾਰ ਤੋਂ ਰੋਕਦਾ ਹੈਂ, ਇਹ ਕੰਮ ਕਲਮਾ ਗੋ ਮੋਮਨਾਂ ਦਾ ਨਹੀਂ, ਕਾਫ਼ਰਾਂ ਦਾ ਹੈ, ਆਦਿ। ਫ਼ਕੀਰ ਅਜ਼ੀਜੁੱਦੀਨ ਜਦ ਲਾਹੌਰ ਪਹੁੰਚਿਆ ਤਾਂ ਸਾਰੀ ਵਿਥਿਆ ਮਹਾਰਾਜਾ ਨੂੰ ਕਹਿ ਸੁਣਾਈ। ਮਹਾਰਾਜਾ ਸਾਹਿਬ ਦੇ ਬੀਰ ਰਸ ਨੇ ਹੁਲਾਰਾ ਖਾਧਾ ਤੇ ਓਸੇ ਦਿਨ ਤੋਂ ਹੀ ਕਸੂਰ ਪਰ ਚੜ੍ਹਾਈ ਦੀਆਂ ਤਿਆਰੀਆਂ ਆਰੰਭ ਦਿੱਤੀਆਂ। ਜਦ ਕੁਤਬ ਦੀਨ ਨੂੰ ਚੜਾਈ ਦਾ ਪਤਾ ਲੱਗਾ ਤਾਂ ਉਸ ਨੇ ਵੀ ਦੂਰ-ਦੂਰ ਤੋਂ ਜਹਾਦੀ ਪਠਾਣਾਂ ਨੂੰ ਇਕੱਠਾ ਕਰ ਕੇ ਲਾਗੇ ਦੇ ਸਾਰੇ ਨਿੱਕੇ ਵੱਡੇ ਕਿਲ੍ਹਿਆਂ ਦੀ ਪਕਿਆਈ ਕਰਕੇ ਉਸ ਨੂੰ ਖਾਣੇ ਦਾਣੇ ਨਾਲ ਭਰ ਦਿੱਤਾ। ਮਹਾਰਾਜਾ ਸਾਹਿਬ ਨੂੰ ਜਦ ਇਨ੍ਹਾਂ ਸਾਰੀਆਂ ਤਿਆਰੀਆਂ ਤੇ ਗ਼ਾਜ਼ੀਆਂ ਦੀ ਬਹੁਤਾਤ ਦਾ ਪਤਾ ਲੱਗਾ ਤਾਂ ਆਪ ਨੇ ਭੀ ਨੇੜੇ-ਤੇੜੇ ਦੀਆਂ ਛਾਵਣੀਆਂ ਤੋਂ ਹੋਰ ਫ਼ੌਜਾਂ ਇਕੱਤਰ ਕਰਵਾ ਲਈਆਂ। ਚੂੰਕਿ ਆਪ ਨੇ ਅਕਾਲੀ ਫੂਲਾ ਸਿੰਘ ਦੀ ਬੀਰਤਾ ਤੇ ਦ੍ਰਿੜ੍ਹਤਾ ਦੇ ਸਮਾਚਾਰ ਕਈ ਵੇਰ ਸੁਣੇ ਸਨ, ਇਸ ਸਮੇਂ ਮਦਦ ਲਈ ਅਕਾਲੀ ਜੀ ਨੂੰ ਭੀ ਸਣੇ ਆਪਣੇ ਜੱਥੇ ਦੇ ਲਾਹੌਰ ਮੰਗਵਾ ਲਿਆ ਤੇ ਫ਼ਰਵਰੀ ਸੰਨ ੧੮੦੭ ਈ: ਨੂੰ ਇਸ ਖਾਲਸਈ ਦਲ ਨੇ ਕਸੂਰ ਨੂੰ ਜਾ ਘੇਰਿਆ। ਸ਼ਹਿਰ ਤੋਂ ਬਾਹਰ ਭੀ ਦੋ ਲੜਾਈਆਂ ਵੱਡੀਆਂ ਤਕੜੀਆਂ ਹੋਈਆਂ, ਜਿਨ੍ਹਾਂ ਦੋਹਾਂ ਵਿਚ ਸਿੰਘਾਂ ਦੀ ਫ਼ਤਹ ਰਹੀ। ਛੇਕੜ ਕੁਤਬਦੀਨ ਆਪਣਾ ਕੋਈ ਬਚਾਉ ਮੈਦਾਨੀ ਲੜਾਈ ਵਿਚ ਨਾ ਦੇਖ ਕੇ, ਸਣੇ ਫ਼ੌਜ ਕਿਲ੍ਹੇ ਵਿਚ ਹੋ ਬੈਠਾ। ਖ਼ਾਲਸੇ ਨੇ ਕਿਲ੍ਹੇ ਦਾ ਘੇਰਾ ਘੱਤ ਦਿੱਤਾ ਤੇ ਤੋਪਾਂ ਬੀੜ ਕੇ ਲੱਗੇ ਗੋਲੇ ਵਰਸਾਣ। ਅੰਦਰੋਂ ਕੁਤਬਦੀਨ ਭੀ ਜੋ ਬੜਾ ਜੋਸ਼ੀਲਾ ਗ਼ਾਜ਼ੀ ਮਸ਼ਹੂਰ ਸੀ, ਬੜੀ ਬਹਾਦਰੀ ਨਾਲ ਜਾਨ ਤੋੜ ਕੇ ਲੜਿਆ ਤੇ ਬਹੁਤ ਦਿਨਾਂ ਤਕ ਕਿਲ੍ਹੇ ਨੂੰ ਬਚਾਈ ਰੱਖਿਆ। ਬਾਹਰੋਂ ਖਾਲਸੇ ਨੇ ਜਦ ਲੜਾਈ ਨੂੰ ਲਮਕਦਾ ਡਿੱਠਾ ਤਾਂ ਇਕ ਦਿਨ ਰਾਤੋ-ਰਾਤ ਕਿਲ੍ਹੇ ਦੀਆਂ ਦੀਵਾਰਾਂ ਹੇਠ ਸੁਰੰਗਾਂ ਲਗਾਕੇ ਉਨ੍ਹਾਂ ਵਿਚ ਬਰੂਦ ਭਰ ਦਿੱਤਾ ਤੇ ਦਿਨ ਚੜ੍ਹਨ ਤੋਂ ਪਹਿਲੇ-ਪਹਿਲੇ ਹੀ ਤੋੜੇ ਦਾਗ ਦਿੱਤੇ। ਸੁਰੰਗਾਂ ਵਿਚ ਬਰੂਦ ਦਾ ਉਡਣਾ ਸੀ ਕਿ ਕਿਲ੍ਹੇ ਦੀ ਲਹਿੰਦੇ ਦੀ ਬਾਹੀ ਅਡੋਲ ਹੀ ਧਰਤੀ ‘ਤੇ ਵਿਛ ਗਈ। ਬਸ ! ਫੇਰ ਕੀ ਸੀ ? ਉਪਰੋਂ ਉਸੀ ਵਕਤ ਹੱਲਾ ਕਰ ਦਿੱਤਾ ਗਿਆ। ਅੱਖ ਦੇ ਫੋਰ ਵਿਚ ਖਾਲਸੇ ਦਾ ਦਲ ਕਿਲ੍ਹੇ ਵਿਚ ਜਾ ਵੜਿਆ। ਕਿਲ੍ਹੇ ਵਿਚ ਗ਼ਾਜ਼ੀ ਖ਼ਾਂ ਨੇ ਖੂਬ ਤਲਵਾਰ ਚਲਾਈ, ਪਰ ਸਿੰਘਾਂ ਦੇ ਅਮੋੜ ਹਲੇ ਅੱਗੇ ਉਨ੍ਹਾਂ ਦੀ ਕੁਝ ਪੇਸ਼ ਨਾ ਚੱਲੀ । ਛੇਕੜ ਬਹੁਤ ਛੇਤੀ ਸਾਰੇ ਕਿਲ੍ਹੇ ‘ਤੇ ਮਹਾਰਾਜਾ ਸਾਹਿਬ ਦਾ ਪੂਰਾ-ਪੂਰਾ ਕਬਜ਼ਾ ਹੋ ਗਿਆ। ਕੁਤਬਦੀਨ ਨੱਸਦਾ ਹੋਇਆ ਫੜਿਆ ਗਿਆ ਤੇ ਜਦ ਮਹਾਰਾਜਾ ਸਾਹਿਬ ਦੇ ਪੇਸ਼ ਕੀਤਾ। ਗਿਆ ਤਾਂ ਬੜੀ ਅਧੀਨਗੀ ਨਾਲ ਮਹਾਰਾਜੇ ਤੋਂ ਜਾਨ-ਬਖ਼ਸ਼ੀ ਲਈ ਮਿੰਨਤਦਾਰ ਹੋਇਆ। ਮਹਾਰਾਜਾ ਸਾਹਿਬ ਨੇ ਮਿੰਨਤ ਮੰਨ ਲਈ ਤੇ ਉਸ ਦਾ ਗੁਨਾਹ ਬਖ਼ਸ਼ ਦਿੱਤਾ। ਇਸ ਨੂੰ ਸਤਲੁਜ ਦੇ ਪਾਰ ਗੁਜ਼ਾਰੇ ਲਈ ਜਗੀਰ ਦਿੱਤੀ ਗਈ। ਇਸ ਜੰਗ ਵਿਚ ਅਕਾਲੀ ਜੱਥੇ ਦੀ ਬਹਾਦਰੀ ਤੇ ਖ਼ਾਸ ਕਰ ਅਕਾਲੀ   ਫੂਲਾ ਸਿੰਘ ਦੀ ਵਰਯਾਮਤਾ ਨੇ ਤਾਂ ਮਹਾਰਾਜਾ ਸਾਹਿਬ ਦੇ ਦਿਲ ਵਿਚ ਉਹ ਕਦਰ ਪੈਦਾ ਕਰ ਦਿੱਤੀ ਜੋ ਅੱਗੇ ਨੂੰ ਸਾਰੀ ਉਮਰ ਉਸ ਦੇ ਮਨ ਵਿਚ ਵੱਧਦੀ ਹੀ ਗਈ ਤੇ ਇਸ ਦੇ ਬਾਅਦ ਜਦੋਂ ਕੋਈ ਕਠਨ ਤੋਂ ਕਠਨ ਲੜਾਈ ਪੇਸ਼ ਆਉਂਦੀ ਰਹੀ, ਉਸ ਦੀ ਫ਼ਤਹ ਦਾ ਸਿਹਰਾ ਸਦਾ ਹੀ ਅਕਾਲੀ ਫੂਲਾ ਸਿੰਘ ਦੇ ਸਿਰ ਰਿਹਾ, ਜਿਸ ਦਾ ਜ਼ਿਕਰ ਅਗਲਿਆਂ ਪਤਰਿਆਂ ਵਿਚ ਸਵਿਸਥਾਰ ਆਏਗਾ। ਚੂੰਕਿ ਹੁਣ ਅਕਾਲੀ ਜੱਥਾ ਗਿਣਤੀ ਵਿਚ ਬਹੁਤ ਵੱਧ ਗਿਆ ਸੀ, ਇਸ ਲਈ ਮਹਾਰਾਜਾ ਸਾਹਿਬ ਨੇ ਭੀ ਲੰਗਰ ਦੀ ਸੇਵਾ ਲਈ ਹੋਰ ਜਾਗੀਰ ਵਧਾ ਦਿੱਤੀ। ਅਕਾਲੀ ਜੀ ਸਣੇ ਜੱਥੇ ਦੇ ਸ੍ਰੀ ਅੰਮ੍ਰਿਤਸਰ ਜੀ ਆ ਗਏ।

ਮਿਸਟਰ ਮਿਟਕਾਫ਼ ਦੇ ਦਸਤੇ ਨਾਲ ਅਕਾਲੀ ਫੂਲਾ ਸਿੰਘ ਦੀ ਅੱਚਨਚੇਤੀ ਝਪਟ

ਜਦ ਲਾਰਡ ਮਿੰਟੂ ਹਿੰਦ ਦੇ ਗਵਰਨਰ ਜਨਰਲ ਬਣ ਕੇ ਆਏ ਤਾਂ ਆਪ ਨੂੰ ਲਾਰਡ ਕਾਰਨਿਵਾਲਿਸ ਦੀ ਲਾ-ਤਅੱਲਕ ਪਾਲਿਸੀ ਨੂੰ ਸਮੇਂ ਦੀ ਲੋੜ ਅਨੁਸਾਰ ਬਦਲਣਾ ਪਿਆ। ਅੱਵਲ ਯੂਰਪ ਦੇ ਪ੍ਰਸਿੱਧ ਫ਼ਾਤਿਹ (ਵਿਜਈ) ਨਿਪੋਲੀਅਨ ਬੋਨਾਪਾਰਟ ਸ਼ਹਿਨਸ਼ਾਹ ਫ਼ਰਾਂਸ ਦੀ ਫ਼ੌਜੀ ਤਾਕਤ ਇਸ ਸਮੇਂ ਤਰੱਕੀ ਦੀ ਚੋਟੀ ‘ਤੇ ਪਹੁੰਚੀ ਹੋਈ ਸੀ, ਜਿਸ ਨਾਲ ਉਹ ਲਗਪਗ ਸਾਰੇ ਯੂਰਪ ‘ਤੇ ਫ਼ਤਹ ਪਾ ਚੁੱਕਾ ਸੀ। ਦੂਜਾ ਉਹ ਸ਼ਹਿਨਸ਼ਾਹ ਰੂਸ ਨਾਲ ਨਵਾਂ ਅਹਿਦਨਾਮਾ ਕਰਕੇ ਯੂਰਪ ਦੇ ਯੁੱਧ-ਜੰਗਾਂ ਤੋਂ ਪੂਰੀ ਤਰ੍ਹਾਂ ਵਿਹਲਾ ਹੋ ਬੈਠਾ ਸੀ ਤੇ ਹੁਣ ਦਿਨ ਰਾਤ ਇਨ੍ਹਾਂ ਤਿਆਰੀਆਂ ਵਿਚ ਸੀ ਕਿ ਹਿੰਦੁਸਤਾਨ ‘ਤੇ ਚੜ੍ਹਾਈ ਕੀਤੀ ਜਾਵੇ। ਇਸੇ ਸਬੰਧੀ ਟਰਕੀ (ਤੁਰਕ) ਤੇ ਈਰਾਨ ਨਾਲ ਵੀ ਸਮਝੌਤਾ ਕਰ ਰਿਹਾ ਸੀ।

ਇਸ ਦੀਆਂ ਇਨ੍ਹਾਂ ਚਾਲਾਂ ਨੂੰ ਰੋਕਣ ਲਈ ਲਾਰਡ ਮਿੰਟੂ ਨੇ ਨਾ ਕੇਵਲ ਦਰਿਆ ਜਮਨਾ ਪਾਰ ਦੇ ਰਈਸਾਂ ਨਾਲ ਦੋਸਤੀ ਗੰਢਣੀ ਚਾਹੀ, ਬਲਕਿ ਇਸ ਤੋਂ ਪਰੇ ਮਹਾਰਾਜਾ ਰਣਜੀਤ ਸਿੰਘ ਵਾਲੀਏ ਪੰਜਾਬ ਤੇ ਸ਼ਾਹਸ਼ੁਜਾ ਅਮੀਰ ਕਾਬਲ ਅਤੇ ਸ਼ਾਹ ਈਰਾਨ ਨਾਲ ਭੀ ਸਾਂਝੇ ਭਾਈਚਾਰਕ ਸੰਬੰਧ ਤੇ ਅਹਿਦਨਾਮੇ ਕਰਨੇ ਜ਼ਰੂਰੀ ਸਮਝੇ, ਤਾਂਕਿ ਯੂਰਪ ਦੀ ਕਿਸੇ ਹੋਰ ਤਾਕਤ ਦਾ, ਜੋ ਏਸ਼ੀਆ ‘ਤੇ ਚੜ੍ਹਾਈ ਕਰੇ, ਉਸਦਾ ਟਾਕਰਾ ਸਮਿਲਤ ਫ਼ੌਜਾਂ ਨਾਲ ਕੀਤਾ ਜਾਏ। ਇਸ ਤੋਂ ਛੁੱਟ ਸਤਲੁਜ ਪਾਰ ਦੇ ਰਈਸ ਭੀ ਅੰਗਰੇਜ਼ੀ ਰਾਖੀ ਹੇਠ ਆਉਣ ਲਈ ਯਤਨ  ਕਰ ਰਹੇ ਸਨ। ਇਨ੍ਹਾਂ ਸਾਰੀਆਂ ਗੱਲਾਂ ਦਾ ਫ਼ੈਸਲਾ ਕਰਨ ਲਈ ਮਿਸਟਰ ਮਿਟਕਾਫ਼ ਲਾਹੌਰ ਦਰਬਾਰ ਵਲ ਤੇ ਸਰ ਜਾਨ ਮੈਲਕਮ ਤਹਿਰਾਨ (ਈਰਾਨ) ਨੂੰ ਅਤੇ ਮਿਸਟਰ ਅਲਫੈਨਸਟਨ ਦਰਬਾਰ ਕਾਬਲ ਵਲ ਬ੍ਰਿਟਸ਼ ਰਾਜ ਦੇ ਸਫ਼ੀਰ ਥਾਪਕੇ ਭਾਦਰੋਂ ਸੰਮਤ ੧੮੬੫ ਬਿਕ੍ਰਮੀ ਮੁਤਾਬਕ ਅਗਸਤ ਸੰ: ੧੮੦੮ ਵਿਚ ਤੋਰੇ ਗਏ।

ਮਿਸਟਰ ਮਿਟਕਾਫ ੧੧ ਸਤੰਬਰ ਨੂੰ ਕਸੂਰ ਵਿਚ ਮਹਾਰਾਜਾ ਸਾਹਿਬ ਨੂੰ ਆ ਮਿਲਿਆ। ਅੱਗੋਂ ਸ਼ਾਹੀ ਤਰੀਕੇ ਅਨੁਸਾਰ ਉਸ ਦਾ ਯੋਗ ਆਦਰ ਸਨਮਾਨ ਹੋਇਆ, ਪਰ ਕਈ ਗੱਲਾਂ ਲੰਮੀਂ ਵਿਚਾਰ ਗੋਚਰੀਆਂ ਹੋਣ ਕਰਕੇ ਛੇਤੀ ਨਾ ਮੁਕ ਸਕੀਆਂ। ਮਹਾਰਾਜਾ ਸਾਹਿਬ ਜਦ ਸਤਲੁਜ ਪਾਰ ਦੇ ਇਲਾਕੇ ਦਾ ਦੌਰਾ ਮੁਕਾ ਕੇ ਸ੍ਰੀ ਅੰਮਿ੍ਤਸਰ ਜੀ ਪਹੁੰਚੇ ਤਾਂ ਅੰਗਰੇਜ਼ੀ ਸਫ਼ੀਰ ਭੀ ਉਨ੍ਹਾਂ ਦੇ ਕੋਲ ਇਥੇ ਹੀ ਆ ਗਿਆ।

ਥੋੜ੍ਹੇ ਦਿਨਾਂ ਬਾਅਦ ਦੇਵਨੇਤ ਨਾਲ ਮੁਹੱਰਮ ਦੇ ਦਿਨ ਆ ਗਏ। ਇਸ ਸਮੇਂ ਮਿਸਟਰ ਮਿਟਕਾਫ਼ ਦੇ ਨਾਲ ਇਕ ਪਲਟਨ ਤੇ ਕੁਝ ਸਵਾਰਾਂ ਦਾ ਦਸਤਾ ਸੀ, ਜੋ ਸਾਰੇ ਸ਼ੀਆ ਮੁਸਲਮਾਨ ਸਨ। ਇਹਨਾਂ ਨੇ ਆਪਣੇ ਮਤ ਅਨੁਸਾਰ ਬੜੀ ਧੂਮ ਧਾਮ ਨਾਲ ਤਾਜ਼ੀਆ ਕੱਢਿਆ। ‘ਘੋੜੇ’ ਦੇ ਅੱਗੇ ਪਿੱਛੇ ਹਜ਼ਾਰਾਂ ਸ਼ੀਆ ਸ੍ਰੀ ਅੰਮ੍ਰਿਤਸਰ ਜੀ ਦੇ ਬਜ਼ਾਰਾਂ ਵਿਚ ਬੜੀ ਉੱਚੀ-ਉੱਚੀ ਆਵਾਜ਼ ਨਾਲ ‘ਯਾ ਅਲੀ’ ‘ਯਾ ਹੁਸੈਨ’ ਦੇ ਨਾਅਰੇ ਲਾਉਂਦੇ ਹੋਏ ਸ੍ਰੀ ਦਰਬਾਰ ਸਾਹਿਬ ਜੀ ਦੇ ਸਾਹਮਣੇ ਪਹੁੰਚੇ। ਇਸ ਸਮੇਂ ਲੌਢੇ ਪਹਿਰ ਦਾ ਦੀਵਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹਜ਼ੂਰ ਵਿਚ ਸਜ ਰਿਹਾ ਸੀ। ਅਕਾਲੀ ਫੂਲਾ ਸਿੰਘ, ਸਣੇ ਕੁਝ ਕੁ ਅਕਾਲੀ ਸਿੰਘਾਂ ਦੇ, ਦੀਵਾਨ ਨੂੰ ਸ਼ਸ਼ੋਭਤ ਕਰ ਰਹੇ ਸਨ ਕਿ ਇਕਾਇਕ ਭਾਰੀ ਰੌਲੇ ਗੌਲੇ ਦੀ ਆਵਾਜ਼ ਉਹਨਾਂ ਦੇ ਕੰਨੀਂ ਪਈ। ਕੀਰਤਨ ਵਿਚ ਵਿਘਨ ਪੈਂਦਾ ਦੇਖਕੇ, ਦੂਜਾ ਖਾਲਸਾ ਰਾਜ ਵਿਚ ਹੀ ਆਪਣੇ ਪੂਜਨੀਕ ਗੁਰਦਵਾਰਿਆਂ ਦੀ ਹੱਤਕ ਹੁੰਦੀ ਤੱਕ ਕੇ ਅਕਾਲੀ ਜੀ ਨੇ ਦੋ-ਤਿੰਨ ਸਿੰਘ ਉਧਰ ਨੂੰ ਭੇਜ ਦਿੱਤੇ ਤਾਕਿ ਉਹਨਾਂ ਨੂੰ ਸਮਝਾਣ ਕਿ ਕਥਾ ਕੀਰਤਨ ਦੇ ਹੁੰਦਿਆਂ ਰੌਲਾ ਪਾਵਣ ਨਾਲ ਗੁਰਬਾਣੀ ਦੀ ਬੇਅਦਬੀ ਹੁੰਦੀ ਏ, ਇਸ ਲਈ ਸ੍ਰੀ ਦਰਬਾਰ ਸਾਹਿਬ ਜੀ ਦੇ ਸਾਹਮਣੇ ਰੌਲਾ ਬੰਦ ਕੀਤਾ ਜਾਵੇ। ਪਰ ਇਸ ਗੱਲ ਦੇ ਮੰਨਣ ਦੀ ਥਾਂ ਉਲਟਾ, ਹੁਸੈਨ ਦੇ ਜੋਸ਼ ਵਿਚ ਬੇਹੋਸ਼ ਹੋਏ-ਹੋਏ ਸਿਪਾਹੀਆਂ ਨੇ ਕੁਝ ਕਰੜੇ ਬੋਲ ਬੋਲੇ, ਜਿਨ੍ਹਾਂ ਦਾ ਸਹਾਰਨਾ ਅਕਾਲੀਆਂ ਦੀ ਅਜਰ ਸ਼ਕਤੀ ਦੇ ਵਿਰੁੱਧ ਹੁੰਦਾ ਹੈ। ਨਤੀਜਾ ਇਹ ਹੋਇਆ ਕਿ ਹੱਥੋਪਾਈ ਤੱਕ ਗੱਲ ਵਧ ਗਈ ਤੇ ਇਸ ਰੌਲੇ ਗੌਲੇ ਵਿਚ ਇਕ ਸਿੰਘ ਦੀ ਦਸਤਾਰ ਹੇਠਾਂ ਡਿੱਗ ਪਈ। ਜਦ ਇਹ ਖ਼ਬਰ ਅਕਾਲੀ ਫੂਲਾ ਸਿੰਘ ਨੂੰ ਪਹੁੰਚੀ ਤਾਂ ਉਸ ਦੀਆ ਅੱਖਾਂ ਵਿਚ ਲਹੂ ਉਤਰ ਆਇਆ ਤੇ ਝੱਟ ਕੁਝਕੁ ਅਕਾਲੀ ਸਿੰਘ ਨਾਲ ਲੈਕ ਮੌਕੇ ਪੁਰ ਪਹੁੰਚ ਗਿਆ। ਬੱਸ! ਫੇਰ ਕੀ ਸੀ? ਉਹ ਅੰਧਾਧੁੰਧ ਤਲਵਾਰ ਤੇ ਗੋਲੀ ਚੱਲੀ ਕਿ ਦੇਖਦੇ-ਦੇਖਦੇ ਹੀ ਕਈ ਲੋਥਾਂ ਧਰਤੀ ‘ਤੇ ਵਿੱਛ ਗਈਆਂ। ਗਲੀ ਕੂਚੇ ਲਹੂ ਨਾਲ ਲਾਲੋ ਲਾਲ ਹੋ ਗਏ। ਇਹ ਭਿਆਨਕ ਖ਼ਬਰ ਬਹੁਤ ਛੇਤੀ ਮਹਾਰਾਜਾ ਸਾਹਿਬ ਨੂੰ ਕਿਲ੍ਹਾ ਗੋਬਿੰਦਗੜ੍ਹ ਪਹੁੰਚਾਈ ਗਈ। ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਤੇ ਉਤੋਂ ਬੰਦ ਕਰਨ ਪਰ ਮੁਸਲਮਾਨਾਂ ਦੀ ਹੱਥੀ ਇਕ ਸਿੰਘ ਦੀ ‘ਦਸਤਾਰ’ ਦਾ ਉਤਾਰਿਆ ਜਾਣਾ ਸੁਣਕੇ ‘ਸ਼ੇਰਿ ਪੰਜਾਬ’ ਦੇ ਦਿਲ ਨੂੰ ਅਤੀ ਰੰਜ ਹੋਇਆ, ਪਰ ਆਪ ਨੂੰ ਕੁਦਰਤੀ ਤੌਰ ਪਰ ਘਰ ਆਏ ਮਹਿਮਾਨਾਂ ਦੀ ਸਦਾ ਇਜ਼ਤ ਮਨਜ਼ੂਰ ਹੁੰਦੀ ਸੀ, ਇਸ ਦੁਖਦਾਈ ਮੁਆਮਲੇ ਨੂੰ ਵਧਾਣਾ ਰਾਜਨੀਤੀ ਦੇ ਵਿਰੁੱਧ ਸਮਝਿਆ ਤੇ ਤੁਰਤ ਘੋੜੇ ‘ਤੇ ਪਲਾਕੀ ਮਾਰ ਉਡਕੇ ਰਣਤੱਤੇ ਵਿਚ ਆ ਖਲੋਤਾ ਤੇ ਅੱਗੇ ਵੱਧ ਕੇ ਅਕਾਲੀ ਫੂਲਾ ਸਿੰਘ ਨੂੰ ਸਮਝਾਇਆ ਕਿ ਇਹ ਆਪ ਦੇ ਪਰਾਹੁਣੇ ਹਨ, ਇਹਨਾਂ ਨਾਲ ਲੜਨਾ ਯੋਗ ਨਹੀਂ, ਪਰ ਅਕਾਲੀ ਜੀ ਦਾ ਜੋਸ਼, ਜਿਸ ਤੋਂ ਸਾਰਾ ਪੰਜਾਬ ਥਰਾਂਦਾ ਸੀ, ਜ਼ਰਾ ਭੀ ਨਾ ਘਟਿਆ। ਛੇਕੜ ਮਹਾਰਾਜਾ ਸਾਹਿਬ ਨੇ ਇਸ ਕੋਝੇ ਰੌਲੇ ਨੂੰ ਬੜੀ ਮੁਸ਼ਕਲ ਨਾਲ ਨਜਿੱਠਿਆ ਤੇ ਅਕਾਲੀ ਜੱਥੇ ਨੂੰ ਹੁਕਮ ਦੇ ਕੇ ਲੜਾਈ ਬੰਦ ਕਰਵਾਈ। ਇਸ ਵਿਚ ਜ਼ਰਾ ਵੀ ਸੰਦੇਹ ਨਹੀਂ ਕਿ ਇਹ ਝੜਪ ਅੱਚਨਚੇਤ ਪੇਸ਼ ਆ ਗਈ ਸੀ, ਨਹੀਂ ਤਾਂ ਜੇ ਕਦੇ ਇਸ ਤੋਂ ਇਕ ਪਲ ਵੀ ਪਹਿਲੇ ਇਸ ਰੌਲੇ ਦਾ ਸਿੰਘਾਂ ਨੂੰ ਪਤਾ ਹੁੰਦਾ ਤਾਂ ਮੁਸਲਮਾਨਾਂ ਦਾ ਨੁਕਸਾਨ ਨਿਰਸੰਦੇਹ ਬਹੁਤ ਹੀ ਜ਼ਿਆਦਾ ਹੁੰਦਾ, ਕਿਉਂਕਿ ਸਾਰਾ ਸ਼ਹਿਰ ਤੇ ਕੁਲ ਖਾਲਸਾ ਦਲ ਅਕਾਲੀਆਂ ਵਲੋਂ ਸਦਾ ਮਰਨੇ ਮਾਰਨੇ ਲਈ ਤਿਆਰ ਰਹਿੰਦਾ ਸੀ। ਫੇਰ ਮਹਾਰਾਜਾ ਸਾਹਿਬ ਨੇ ਮਿਸਟਰ ਮਿਟਕਾਫ਼ ਨੂੰ ਵੱਖ ਲਿਜਾ ਕੇ ਦੱਸਿਆ ਕਿ ਇਹ ਅਕਾਲੀ ਇਸ ਨਗਰੀ ਦੇ ਰਾਖੇ ਹਨ ਤੇ ਇਹ ਲੋਕ ਕਿਸੇ ਦੀ ਪਾਬੰਦੀ ਦੀ ਕੈਦ ਤੋਂ ਸੁਤੰਤ ਰਹਿੰਦੇ ਹਨ। ਦੂਜਾ ਸਾਡੇ ਧਰਮ ਵਿਚ ਦਸਤਾਰ ਦੀ ਬੇ-ਅਦਬੀ ਕੇਸਾਂ ਦੀ ਹੱਤਕ ਸਮਝੀ ਜਾਂਦੀ ਹੈ ਤੇ ਸਿੱਖ ਕੇਸਾਂ ਦੀ ਹੱਤਕ ਸਹਾਰ ਨਹੀਂ ਸਕਦੇ। ਇੱਥੇ ਇਨ੍ਹਾਂ ਦੀ ਮਰਜ਼ੀ ਦੇ ਵਿਰੁੱਧ ਚਲਣਾ ਕਠਨ ਹੈ। ਕਿਉਂਕਿ ਇਹ ਲੋਕ ਗੁਰੂ ਦੇ ਰਮਨ ਦੀ ਰੱਖਿਆ ਲਈ ਹਰ ਵਕਤ ਸੀਸ ਤਲੀ ਪਰ ਰੱਖੀ ਫਿਰਦੇ ਹਨ। ਰੂੰਕਿ ਇਸ ਮਾਮਲੇ ਵਿਚ ਨਾ ਤਾਂ ਮਿਸਟਰ ਮਿਟਕਾਫ਼ ਦਾ ਕੁਝ ਕਸੂਰ ਸੀ ਤੇ ਨਾ ਹੀ ਮਹਾਰਾਜੇ ਨੂੰ ਕੁਝ ਪਤਾ ਸੀ, ਇਸ ਲਈ ਇਹ ਗੱਲ ਬੜੇ ਪਿਆਰ ਨਾਲ ਉੱਥੇ ਹੀ ਨਜਿੱਠੀ ਗਈ। ਦੂਜੇ ਦਿਨ ੨੫ ਅਪਰੈਲ ਸੰ: ੧੮੦੯ ਨੂੰ ਮਹਾਰਾਜਾ ਸਾਹਿਬ ਤੇ ਅੰਗਰੇਜ਼ੀ ਵਕੀਲ ਦੋਹਾਂ ਦੀ ਮਰਜ਼ੀ ਅਨੁਸਾਰ ਹੇਠ ਲਿਖਿਆ ਮਿੱਤ੍ਤਾ ਦਾ ਅਹਿਦਨਾਮਾ ਕਰਕੇ ਪ੍ਰਸਿੱਧ ਹੈ:-

ਅਹਿਦਨਾਮੇ ਦਾ ਭਾਵ

ਚੂੰਕਿ ਕੁਝ ਸੰਮਤੀ ਭੇਦ ਸਰਕਾਰ ਅੰਗਰੇਜ਼ੀ ਤੇ ਮਹਾਰਾਜਾ ਰਣਜੀਤ ਸਿੰਘ ਬਹਾਦਰ ਵਾਲੀਏ ਲਾਹੌਰ (ਪੰਜਾਬ) ਵਿਚ ਪੈਦਾ ਹੋ ਗਿਆ ਸੀ, ਉਸ ਮਾਮਲੇ ਦਾ ਹੁਣ ਖ਼ੁਸ਼ੀ ਅਤੇ ਰਜ਼ਾਮੰਦੀ ਨਾਲ ਫ਼ੈਸਲਾ ਹੋ ਗਿਆ ਹੈ ਤੇ ਦੋਹਾਂ ਧਿਰਾਂ ਦੀ ਇੱਛਾ ਹੈ ਕਿ ਇਨ੍ਹਾਂ ਦੀ ਮਿੱਤਰਤਾ ਤੇ ਮਿਲਾਪ ਦਾ ਸੰਬੰਧ ਬਣਿਆ ਰਹੇ, ਇਸ ਲਈ ਹੇਠ ਲਿਖੀਆਂ ਸ਼ਰਤਾਂ ਦਾ ਅਹਿਦਨਾਮਾ ਪਰਵਾਨ ਕੀਤਾ ਜਾਂਦਾ ਹੈ, ਜਿਸ ਦੀ ਅਨੁਸਾਰਤਾ ਦੋਹਾਂ ਪਾਤਸ਼ਾਹੀਆਂ ਦੇ ਵਾਰਸਾਂ ਤੇ ਜਾਨਸ਼ੀਨਾਂ ਲਈ ਜ਼ਰੂਰੀ ਹੋਵੇਗੀ। ਇਹ ਅਹਿਦਨਾਮਾ ਮਹਾਰਾਜਾ ਰਣਜੀਤ ਸਿੰਘ ਬਹਾਦਰ ਫਰੀਕ ਪਹਿਲੇ ਦੀ ਆਪਣੀ ਹਾਜ਼ਰੀ ਵਿਚ ਤੇ ਅੰਗਰੇਜ਼ੀ ਗਵਰਨਮੈਂਟ ਵਲੋਂ ਏਜੰਟ ਚਾਰਲਸ ਮਿਟਕਾਫ਼ ਦੀ ਰਾਹੀਂ ਜੋ ਫ਼ਰੀਕ ਦੂਜਾ ਹੈ, ਲਿਖਤ ਹੋਇਆ :-

੧. ਸਰਕਾਰ ਅੰਗਰੇਜ਼ੀ ਤੇ ਰਿਆਸਤ ਲਾਹੌਰ (ਪੰਜਾਬ) ਵਿਚ ਸਦਾ ਲਈ ਮਿੱਤ੍ਤਾ ਰਹੇਗੀ, ਦੂਜੀ ਧਿਰ (ਸਰਕਾਰ ਅੰਗਰੇਜ਼ੀ) ਪਹਿਲੀ ਧਿਰ ਮਹਾਰਾਜਾ ਸਾਹਿਬ ਬਹਾਦਰ ਨੂੰ ਬਹੁਤ ਸਨਮਾਨ ਦੀ ਨਜ਼ਰ ਨਾਲ ਦੇਖੇਗੀ ਅਤੇ ਉਹਨੂੰ ਵੱਡੀਆਂ ਪਤਵੰਤੀਆਂ ਤਾਕਤਾਂ ਵਿਚੋਂ ਸਮਝੇਗੀ ਤੇ ਅੰਗਰੇਜ਼ੀ ਗਵਰਨਮਿੰਟ ਨੂੰ ਮਹਾਰਾਜਾ ਸਾਹਿਬ ਬਹਾਦਰ ਦੇ ਇਲਾਕੇ ਤੋਂ ਪਰਜਾ ਨਾਲ ਜੋ ਦਰਿਆ ਸਤਲੁਜ ਦੇ ਉੱਤਰ ਵਲ ਹੈ, ਕੋਈ ਵਾਸਤਾ ਨਹੀਂ ਹੋਵੇਗਾ।

੨. ਮਹਾਰਾਜਾ ਸਾਹਿਬ ਬਹਾਦਰ ਦੇ ਕਬਜ਼ੇ ਵਿਚ ਆਇਆ ਹੋਇਆ ਇਲਾਕਾ ਯਾ ਉਸ ਦੇ ਸਮੀਪੀ ਇਲਾਕਿਆਂ ਵਿੱਚ, ਜੋ ਦਰਿਆ ਸਤਲੁਜ ਦੇ ਖੱਬੇ ਪਾਸੇ ਹਨ, ਉਸ ਤੋਂ ਵੱਧ ਫ਼ੌਜ ਨਹੀਂ ਰੱਖੇਗਾ, ਜੋ ਉਸ ਦੇ ਅੰਦਰਲੇ ਪ੍ਰਬੰਧ ਲਈ ਜ਼ਰੂਰੀ ਹੈ ਅਤੇ ਨਾ ਹੀ ਗੁਆਂਢੀ ਰਈਸਾਂ ਤੇ ਉਨ੍ਹਾਂ ਦੇ ਇਲਾਕਿਆਂ ਪਰ ਕੋਈ ਵਾਸਤਾ ਰੱਖੇਗਾ।

੩. ਉਪਰੋਕਤ ਸ਼ਰਤਾਂ ਵਿਚੋਂ ਕਿਸੇ ਇਕ ਦੇ ਤੋੜਨੇ ਜਾਂ ਦੋਹਾਂ ਤਾਕਤਾਂ ਵਿਚੋਂ ਇਕ ਦੂਜੇ ਨਾਲ ਮਿੱਤ੍ਰਤਾ ਦੇ ਵਰਤਾਵੇ ਵਿਚ ਪੂਰਾ ਨਾ ਉਤਰਨੇ ਦੀ ਸੂਰਤ ਵਿਚ ਇਹ ਅਹਿਦਨਾਮਾ ਟੁੱਟਾ ਸਮਝਿਆ ਜਾਏਗਾ।

੪. ਇਹ ਅਹਿਦਨਾਮਾ ਜਿਸ ਵਿਚ ਦੋਹਾਂ ਧਿਰਾਂ ਦੀਆਂ ਸ਼ਰਤਾਂ ਲਿਖੀਆਂ ਹੋਈਆਂ ਹਨ, ਅੰਮ੍ਰਿਤਸਰ ਵਿਚ ੨੫ ਅਪ੍ਰੈਲ ਸੰਨ ੧੮੦੯ ਈਸਵੀ ਨੂੰ ਫ਼ੈਸਲਾ ਹੋ ਕੇ ਸੰਪੂਰਣ ਹੋਇਆ।

ਮਿਸਟਰ ਚਾਰਲਸ ਮਿਟਕਾਫ਼ ਨੇ ਆਪਣੀ ਦਸਖ਼ਤੀ ਮੋਹਰ ਲਾ ਕੇ ਇਸ ਦਾ ਇਹ ਉਤਾਰਾ ਅੰਗਰੇਜ਼ੀ ਤੇ ਫ਼ਾਰਸੀ ਅੱਖ਼ਰਾਂ ਵਿਚ ਰਾਜਾ ਲਾਹੌਰ ਨੂੰ ਦੇ ਦਿੱਤਾ ਹੈ ਅਤੇ ਰਾਜਾ ਨੇ ਉਸ ਦੇ ਦੂਜੇ ਉਤਾਰੇ ਪਰ ਆਪਣੇ ਦਸਖ਼ਤ ਤੇ ਮੋਹਰ ਲਾ ਕੇ (ਮਿਸਟਰ ਮਿਟਕਾਫ਼) ਨੂੰ ਦੇ ਦਿੱਤਾ ਹੈ। ਮਿਸਟਰ ਮਿਟਕਾਫ ਇਕਰਾਰ ਕਰਦਾ ਹੈ ਕਿ ਉਹ ਦੋ ਮਹੀਨਿਆਂ ਦੇ ਅੰਦਰ ਉਸ ਦੀ ਪ੍ਰਵਾਨਗੀ ਰਾਈਟ ਆਨਰੇਬਲ ਗਵਰਨਰ ਜਨਰਲ ਇਨ-ਕੌਂਸਲ ਤੋਂ ਮੰਗਾ ਦੇਵੇਗਾ ਅਤੇ ਉਸ ਦੇ ਮਹਾਰਾਜਾ ਸਾਹਿਬ ਬਹਾਦਰ ਪਾਸ ਪਹੁੰਚਣੇ ਦੇ ਬਾਦ ਇਹ ਅਹਿਦਨਾਮਾ ਪੱਕਾ ਸਮਝਿਆ ਜਾਵੇਗਾ ਤੇ ਦੋਹਾਂ ਧਿਰਾਂ ਪਰ ਇਸ ਦੀ ਅਨੁਸਾਰਤਾ ਜ਼ਰੂਰੀ ਹੋਵੇਗੀ। ਅਹਿਦਨਾਮੇ ਦਾ ਇਹ ਉਤਾਰਾ ਜੋ ਇਸ ਸਮੇਂ ਮਹਾਰਾਜਾ ਸਾਹਿਬ ਬਹਾਦਰ ਨੂੰ ਦਿੱਤਾ ਜਾਂਦਾ ਹੈ, ਮੋੜ ਲਿਆ ਜਾਵੇਗਾ।

ਮਹਾਰਾਜਾ ਰਣਜੀਤ ਸਿੰਘ ਜੀ

 ਅਤੇ

ਅੰਗਰੇਜ਼ਾਂ ਦਾ ਪਹਿਲਾ ਅਹਿਦਨਾਮਾ

ਮਹਾਰਾਜਾ ਰਣਜੀਤ ਸਿੰਘ ਜੀ ਤੇ ਅੰਗਰੇਜ਼ਾਂ ਦਾ ਪਹਿਲਾ ਅਹਿਦ ਨਾਮਾ ਜੇ ੨੫ ਅਪ੍ਰੈਲ ਸੰਨ ੧੮੦੯ ਈ: ਨੂੰ ਹੋਇਆ।

“ਗਵਰਨਰ ਜਨਰਲ ਨੇ ਸਣੇ ਕੌਂਸਲ ਦੇ ੩੦ ਮਈ ਸੰਨ ੧੮੦੯ ਈ: ਨੂੰ ਪ੍ਰਵਾਨ ਕੀਤਾ।”

ਅਗਲੇ ਦਿਨ ਮਿਸਟਰ ਮਿਟਕਾਫ਼ ਜੋ ਬੜੀ ਮਿਲਣਸਾਰ ਤਬੀਅਤ ਦਾ ਆਦਮੀ ਸੀ, ਮਹਾਰਾਜਾ ਸਾਹਿਬ ਨਾਲ ਅਕਾਲੀਆਂ ਦੀ ਛਾਵਣੀ ਵਿਚ ਆਇਆ ਤੇ ਅਕਾਲੀ ਫੂਲਾ ਸਿੰਘ ਨਾਲ ਬਹੁਤ ਚਿਰ ਤੱਕ ਗੱਲ ਬਾਤ ਕਰਦਾ ਰਿਹਾ, ਜਿਸ ਵਿਚ ਉਸ ਨੇ ਅਕਾਲੀਆਂ ਦੀ ਨਿਰਭੈਤਾ ਦੀ ਬਹੁਤ ਸ਼ਾਲਾਘਾ ਕੀਤੀ। ਜਾਂਦੀ ਵਾਰੀ ਕੁਝ ਮੋਹਰਾਂ ਅਕਾਲੀ ਜੀ ਦੀ ਭੇਟਾ ਕਰਨ ਲੱਗਾ, ਜਿਸ ਦੇ ਲੈਣੇ ਤੋਂ ਅਕਾਲੀ ਜੀ ਨੇ ਇਨਕਾਰ ਕੀਤਾ। ਛੇਕੜ ਮਹਾਰਾਜਾ ਸਾਹਿਬ ਦੇ ਕਹਿਣੇ ਪਰ ਜੱਥੇ ਦੇ ਲੰਗਰ ਲਈ ਕੁਝ ਰਸਦ ਪ੍ਰਵਾਨ ਕੀਤੀ ਗਈ, ਜਿਸ ਪਰ ਅੰਗਰੇਜ਼ੀ ਵਕੀਲ ਬਹੁਤ ਹੀ ਖ਼ੁਸ਼ ਹੋਇਆ’।

ਦਮਦਮੇ ਸਾਹਿਬ ਵਲ ਜਾਣਾ

ਸੰਮਤ ੧੮੬੬ ਬਿ: (੧੮੦੯ ਈ:) ਦੀਆਂ ਸਰਦੀਆਂ ਦੇ ਅਰੰਭ ਵਿਚ ਹੀ ਅਕਾਲੀ ਫੂਲਾ ਸਿੰਘ ਸਣੇ ਕੁਝਕੁ ਅਕਾਲੀ ਸਿੰਘਾਂ ਦੇ ਸ੍ਰੀ ਦਮਦਮੇ ਸਾਹਿਬ ਦੇ ਗੁਰਦਵਾਰੇ ਦੇ ਪ੍ਰਬੰਧ ਲਈ ਦਮਦਮੇ ਸਾਹਿਬ ਜਾ ਰਿਹਾ। ਇਥੇ ਪਹੁੰਚਦਿਆਂ ਕੋਈ ਦੋ ਕੁ ਮਹੀਨੇ ਬੀਤੇ ਸਨ ਕਿ ਸਾਰੇ ਇਲਾਕੇ ਵਿਚ ਇਕ ਆਮ ਅਫ਼ਵਾਹ ਮੂੰਹੋਂ ਮੂੰਹ ਹੀ ਪਸਰ ਗਈ ਕਿ ਫ਼ਰੰਗੀ ਪੰਜਾਬ ਦੇ ਨਕਸ਼ੇ ਤਿਆਰ ਕਰ ਰਹੇ ਹਨ ਤੇ ਥੋੜ੍ਹੇ ਦਿਨਾਂ ਵਿਚ ਹੀ ਸਾਰੇ ਦੇਸ਼ ਪਰ ਆਪਣਾ ਕਬਜ਼ਾ ਜਮਾ ਲੈਣਗੇ। ਅਸਲ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਆਗਿਆ ਨਾਲ ਕਪਤਾਨ ਵਾਈਟ, ਬੰਨਾ (ਹੱਦ ਬੰਦੀ) ਠਹਿਰਾਣ ਲਈ ਕਛਾਈ ਕਰ ਰਿਹਾ ਸੀ। ਲੋਕਾਂ ਨੇ ਇਸਨੂੰ ਕੁਝ ਦਾ ਕੁਝ ਸਮਝਕੇ ਹਨੇਰ ਦੀਆਂ ਬਦਗੁਮਾਨੀਆਂ ਫੈਲਾ ਦਿੱਤੀਆਂ। ਅਕਾਲੀ ਜੱਥੇ ਨੂੰ ਜਦ ਇਹ ਖ਼ਬਰਾਂ ਪਹੁੰਚੀਆਂ ਤਾਂ ਇਨ੍ਹਾਂ ਦੇ ਦੇਸ਼-ਪਿਆਰ ਦੇ ਜੋਸ਼ ਨੇ ਓਹ ਹੁਲਾਰਾ ਖਾਧਾ ਕਿ ਆਪੇ ਤੋਂ ਬਾਹਰ ਹੋ ਗਏ। ਉਪਰੋਂ ਇਲਾਕੇ ਦੇ ਲੋਕਾਂ ਨੇ ਇਨ੍ਹਾਂ ਦੇ ਇਸ ਵੈਹਮ ਨੂੰ ਹੋਰ ਭੀ ਪੱਕਾ ਕਰ ਦਿੱਤਾ। ਇਥੋਂ ਤਾਈਂ ਇਨ੍ਹਾਂ ਨੂੰ ਦੱਸਿਆ ਗਿਆ ਕਿ ਪਿੰਡ ਚਾਊਂਕੇ ਦੇ ਲਾਗੇ ਹੀ ਅੰਗਰੇਜ਼ਾਂ ਆਪਣੇ ਤੰਬੂ ਡੇਰੇ ਲਾ ਲਏ ਹਨ ਤੇ ਚੜ੍ਹਾਈ ਲਈ ਰਸਤੇ ਆਦਿ ਦੀ ਦੇਖਭਾਲ ਕਰ ਰਹੇ ਹਨ।

ਇਸ ਗੱਲ ਦੇ ਸੁਣਦੇ ਹੀ ਅਕਾਲੀ ਫੂਲਾ ਸਿੰਘ ਨੇ ਸਣੇ ਆਪਣੇ ਜੱਥੇ ਦੇ, ਮੌਕੇ ਪਰ ਪਹੁੰਚਕੇ ਇਸ ਅਫ਼ਵਾਹ ਦੀ ਅਸਲੀਅਤ ਕੱਢਣ ਲਈ ਕੂਚ ਕਰ ਦਿੱਤਾ। ਅਕਾਲੀ ਜੀ ਦਾ ਜੱਥਾ ਜਦ ਇਧਰ ਨੂੰ ਤੁਰਿਆ ਤਾਂ ਇਲਾਕੇ ਦੇ ਲੋਕ ਵਹੀਰਾਂ ਘੱਤਕੇ ਇਨ੍ਹਾਂ ਦੇ ਨਾਲ-ਨਾਲ ਹੋ ਤੁਰੇ। ਇਸ ਤਰ੍ਹਾਂ ਇਸ ਜੱਥੇ ਦੀ ਢੁਮ-ਢਾਮ ਦਿਨਾਂ ਵਿਚ ਹੀ ਹਜ਼ਾਰ ਤੋਂ ਟੱਪ ਨਿਕਲੀ। ਇਹ ਲੋਕ ਅਜੇ ਚਾਉਂਕੇ ਤੋਂ ਦੂਰ ਹੀ ਸਨ ਕਿ ਕਪਤਾਨ ਵਾਈਟ ਦੇ ਡੇਰੇ ਦੇ ਤੰਬੂ ਆਦਿ ਇਨ੍ਹਾਂ ਦੀ ਨਜ਼ਰੀਂ ਪਏ। ਬਸ, ਫਿਰ ਇਨ੍ਹਾਂ ਬਿਨਾਂ ਕਿਸੇ ਲੰਮੀ ਪੁਛ ਗਿੱਛ ਦੇ ਕੈਂਪ ‘ਤੇ ਹੱਲਾ ਕਰ ਦਿੱਤਾ। ਇਸ ਸਮੇਂ ਕਪਤਾਨ ਵਾਈਟ ਨਾਲ ਲਗਪਗ ਇਕ ਸੌ ਪੈਦਲ ਸਿਪਾਹੀ ਰਾਖੀ ਲਈ ਸਨ। ਜਦ ਉਹਨਾਂ ਨੇ ਲੋਕਾਂ ਨੂੰ ਕੈਂਪ ਪਰ ਇਸ ਤਰ੍ਹਾਂ ਟੁੱਟਦਾ ਡਿਠਾ ਤਾਂ ਅੱਗੋਂ ਉਹ ਭੀ ਹਥਿਆਰ ਫੜਕੇ ਬੜੀ ਬੀਰਤਾ ਨਾਲ ਆਪਣਾ ਬਚਾਉ ਕਰਨ ਲਈ ਤਿਆਰ ਹੋ ਖਲੋਤੇ ਤੇ ਚੰਗੀ ਤਰ੍ਹਾਂ ਜੰਮ ਕੇ ਹੱਲੇ ਨੂੰ ਰੋਕਿਆ, ਪਰ ਬਹੁਤਿਆਂ ਤੇ ਥੋੜ੍ਹਿਆਂ ਦੀ ਕੱਦ ਨਿਭ ਸਕਦੀ ਸੀ, ਛੇਕੜ ਕਪਤਾਨ ਨੂੰ ਸਣੇ ਆਪਣੇ ਦਸਤੇ ਦੇ ਕੈਂਪ ਛੋੜ ਕੇ ਪਿੱਛੇ ਹਟਣਾ ਪਿਆ ਤੇ ਇਕ ਨਾਲ ਦੇ ਪਿੰਡ ਫਤੋਹ ਕੇ (ਇਲਾਕਾ ਨਾਡਾ) ਵਿਚ ਜਾ ਪਨਾਹ ਲਈ। ਇਨ੍ਹਾਂ ਦੇ ਪਿੱਛੇ ਹਟਦੇ ਹੀ ਹੱਲੇ ਵਾਲਿਆਂ ਨੇ ਕੈਂਪ ਦੇ ਤੰਬੂ, ਨਕਸ਼ੇ ਪਤ੍ਰ ਤੇ ਹੋਰ ਰਸਦ ਆਦਿ ਸਾਰਾ ਸਮਾਨ ਲੁੱਟ ਲਿਆ’ ਤੇ ਪਿੰਡ ਘੇਰੇ ਵਿਚ ਰੱਖਕੇ ਉੱਥੇ ਭੀ ਇਨ੍ਹਾਂ ਦਾ ਪਿੱਛਾ ਕੀਤਾ। ਠੀਕ ਓਸੇ ਸਮੇਂ ਜਦ ਇਹ ਭੀੜ ਭੜਿੱਕਾ ਅੰਗਰੇਜ਼ੀ ਕੈਂਪ ਵੱਲ ਆ ਰਿਹਾ। ਸੀ ਤਾਂ ਇਸਦੀ ਖ਼ਬਰ ਰਾਜਾ ਜਸਵੰਤ ਸਿੰਘ ਵਾਲੀਏ ਨਾਭਾ ਨੂੰ ਪਹੁੰਚੀ। ਰਾਜਾ ਸਾਹਿਬ ਨੇ ਉਸੀ ਵਕਤ ਆਪਣੇ ਭਤੀਜੇ ਕੌਰ ਰਣ ਸਿੰਘ ਨੂੰ ਅੰਗਰੇਜ਼ੀ ਦਸਤੇ ਦੀ ਰਾਖੀ ਲਈ ਤੋਰ ਦਿੱਤਾ। ਇਹ ਲੋਕ ਫਤੋਹਕੇ ਪਰ ਧਾਵਾ ਕਰਨ ਵਾਲੇ ਹੀ ਸਨ ਕਿ ਉਪਰੋਂ ਕੌਰ ਰਣ ਸਿੰਘ ਪਹੁੰਚ ਗਿਆ ਤੇ ਉਸਨੇ ਕਪਤਾਨ ਵਾਈਟ ਦੇ ਆਵਣੇ ਦਾ ਸਾਰਾ ਸਮਾਚਾਰ ਬਾਬਾ ਫੂਲਾ ਸਿੰਘ ਨੂੰ ਸੁਣਾਇਆ, ਤਾਂ ਮਸਾਂ ਕਿਤੇ ਇਹ ਪਿਛੇ ਹਟੇ। ਇਸ ਰੌਲੇ ਵਿਚ ਕਪਤਾਨ ਵਾਈਟ ਦੇ ੬ ਸਿਪਾਹੀ ਕਤਲ ਤੇ ੧੯ ਫਟੜ ਹੋਏ ਸੀ’ । ਅਕਾਲੀ ਫੂਲਾ ਸਿੰਘ ਇਥੋਂ ਪਰਤਕੇ ਮੁੜ ਦਮਦਮੇ ਸਾਹਿਬ ਆ ਗਿਆ।

ਸਰਕਾਰ ਅੰਗਰੇਜ਼ੀ ਨੂੰ ਜਦ ਇਸ ਰੌਲੇ ਦੀ ਖ਼ਬਰ ਹੋਈ ਤਾਂ ਬੜਾ ਯਤਨ ਕੀਤਾ ਗਿਆ ਕਿ ਇਸ ਹੱਲੇ ਦੇ ਆਗੂ ਨੂੰ ਕਿਸੇ ਤਰ੍ਹਾਂ ਸਰਕਾਰ ਦੇ ਹਵਾਲੇ ਕੀਤਾ ਜਾਵੇ, ਪਰ ਅਕਾਲੀ ਫੂਲਾ ਸਿੰਘ ਦੇ ਤੇਜ ਤੇ ਉੱਚ ਆਚਰਨ ਦੇ ਸਾਮ੍ਹਣੇ ਕਿਸੇ ਨੂੰ ਹੀਆ ਨਹੀਂ ਸੀ। ‘ ਪੈਂਦਾ ਕਿ ਕੋਈ ਉਸਨੂੰ ਹੱਥ ਪਾ ਸਕੇ, ਜਿਸ ਕਰਕੇ ਇਸ ਵਿਚ ਅੰਗਰੇਜ਼ਾਂ ਨੂੰ ਸਫਲਤਾ ਨਾ ਹੋਈ।

ਇਸਦੇ ਕੁਝ ਦਿਨਾਂ ਬਾਦ ਇਸ ਗੁਰਦਵਾਰੇ ਦੇ ਪ੍ਰਬੰਧ ਤੋਂ ਵਿਹਲੇ ਹੋਕੇ ਅਕਾਲੀ ਜੀ ਸਣੇ ਆਪਣੇ ਜੱਥੇ ਦੇ ਇਲਾਕੇ ਨੂੰ ਸੋਧਦੇ ਹੋਏ ਸ੍ਰੀ ਅੰਮ੍ਰਿਤਸਰ ਜੀ ਵੱਲ ਮੁੜ ਪਏ।

ਚੂੰਕਿ ਦਮਦਮੇ ਸਾਹਿਬ ਅਕਾਲੀਆਂ ਦਾ ਜੱਥਾ ਬਹੁਤ ਵਧ ਗਿਆ ਸੀ ਤੇ ਇਸ ਨਵੇਂ ਦਲ ਲਈ ਸ਼ਸਤ੍ਰ ਤੇ ਘੋੜਿਆਂ ਦੀ ਲੋੜ ਸੀ, ਇਸ ਲਈ ਰਸਤੇ ਵਿਚ ਜਿੱਥੇ ਕੋਈ ਧਨਾਢ ਪਿੰਡ ਆਉਂਦਾ, ਅਕਾਲੀ ਉਸਦੇ ਚੌਧਰੀਆਂ ਤੇ ਪੈਂਚਾਂ ਨੂੰ ਸੱਦ ਮੰਗਵਾਂਦੇ ਤੇ ਜੱਥੇ ਦੀ ਲੋੜ ਉਨ੍ਹਾਂ ਨੂੰ ਦੱਸਦੇ ! ਜੋ ਇਸ ਹੁਕਮ ਨੂੰ ਮੰਨ ਕੇ ਸ਼ਸਤ੍ਰ ਆਦਿ ਆ ਪੇਸ਼ ਕਰਦਾ ਉਹ ਤਾਂ ਬਚਿਆ ਰਹਿੰਦਾ, ਪਰ ਜੋ ਕੋਈ ਚਧਰੈਤ ਦੇ ਘੁਮੰਡ ਵਿਚ ਆ ਕੇ ਇਸ ਮੰਗ ਦੇ ਪੂਰਾ ਕਰਨੇ ਵਿਚ ਨਾਂਹ ਨੁੱਕਰ ਕਰਦਾ ਤਾਂ ਉਸ ਦੇ ਪਿੰਡ ਵਿੱਚ ਜਾ ਕੇ ਆਪਣੀ ਲੋੜ ਅਨੁਸਾਰ ਸ਼ਸਤ੍ ਆਪ ਲੈ ਕੇ ਜੱਥੇ ਵਿੱਚ ਵਰਤਾ ਦਿੰਦੇ।

ਇੱਕ ਤਾਂ ਕਪਤਾਨ ਵਾਈਟ ‘ਤੇ ਹੱਲਾ ਕਰਨ ਦੇ ਕਾਰਨ ਤੇ ਦੂਜਾ ਇਸ ਤਰ੍ਹਾਂ ਸਰਕਾਰ ਦੇ ਸਰਹੱਦੀ ਇਲਾਕੇ ਵਿੱਚ ਦਿਨ ਦੀਵੀਂ ਆਪਣੀਆਂ ਲੋੜਾਂ ਪੂਰੀਆਂ ਕਰਨ ਦੀਆਂ ਖ਼ਬਰਾਂ ਸੁਣਕੇ ਰੈਜ਼ੀਡੈਂਟ ਦੇਹਲੀ ਨੇ ਮਹਾਰਾਜਾ ਰਣਜੀਤ ਸਿੰਘ ਪਰ ਬੜਾ ਜ਼ੋਰ ਪਾਇਆ ਕਿ ਜਿਸ ਤਰ੍ਹਾਂ ਹੋ ਸਕੇ ਅਕਾਲੀ ਫੂਲਾ ਸਿੰਘ ਨੂੰ ਉਸ ਦੇ ਹਵਾਲੇ ਕੀਤਾ ਜਾਵੇ, ਪਰ ਮਹਾਰਾਜਾ ਅਕਾਲੀ ਫੂਲਾ ਸਿੰਘ ਦੇ ਪੰਥ ਵਿਚ ਰਸੂਖ ਤੇ ਰੋਅਬ ਦਾ ਚੰਗਾ ਜਾਣੂ ਸੀ, ਜਿਸ ਕਰਕੇ ਟਾਲਮ ਟੋਲਾ ਹੀ ਕਰਦਾ ਰਿਹਾ। ਕੁਝ ਦਿਨਾਂ ਬਾਅਦ ਮਹਾਰਾਜਾ ਸਾਹਿਬ ਨੇ ਅਕਾਲੀ ਜੀ ਨੂੰ ਅਖਵਾ ਭੇਜਿਆ ਕਿ ਆਪ ਨੂੰ ਜੱਥੇ ਲਈ ਜਿਸ ਚੀਜ਼ ਦੀ ਲੋੜ ਪਏ ਓਹ ਮੇਰੇ ਤੋਂ ਪੂਰੀ ਕਰ ਲਿਆ ਕਰੋ ਤੇ ਇਲਾਕੇ ਵਿਚੋਂ ਲੈਣਾ ਛੱਡ ਦੇਵੋ। ਇਸ ਤਰ੍ਹਾਂ ਅਕਾਲੀ ਜੀ ਸ੍ਰੀ ਅੰਮਿ੍ਤਸਰ ਜੀ ਆ ਗਏ ਤੇ ਜੱਥੇ ਦੀਆਂ ਲੋੜਾਂ ਮਹਾਰਾਜੇ ਦੀ ਜਾਗੀਰ ਤੋਂ ਪੂਰੀਆਂ ਕਰਦੇ ਰਹੇ ।

ਅਕਾਲੀ ਜੀ ਦਾ ਅਨੰਦਪੁਰ ਜਾ ਰਹਿਣਾ

[ਅੱਗੇ ਨੂੰ ਮਹਾਰਾਜਾ ਦੇ ਇਲਾਕੇ ਵਿਚ ਨਾ ਰਹਿਣ ਦੇ ਕਾਰਨ]

ਅਕਾਲੀ ਫੂਲਾ ਸਿੰਘ ਦਾ ਜੀਵਨ ਬ੍ਰਿਤਾਂਤ ਲਿਖਦੇ ਹੋਏ ਜੇ ਕਦੀ ਅਸੀਂ ਇਸ ਅਤਿ ਜ਼ਰੂਰੀ ਘਟਨਾ ਨੂੰ ਨਜ਼ਰੋਂ ਓਹਲੇ ਕਰ ਜਾਈਏ, ਜਿਸਨੂੰ ਭੁੱਲ ਨਾਲ ਅਕਸਰ ਵਿਦੇਸ਼ੀ ਇਤਿਹਾਸਕਾਰਾਂ ਨੇ ਅਕਾਲੀ ਜੀ ਦੀ ‘ਬਗ਼ਾਵਤ’ ਕਰਕੇ ਲਿਖਿਆ ਹੈ, ਤਾਂ ਪੱਕ ਜਾਣੋ ਜੋ ਅਸੀਂ ਅਕਾਲੀ ਜੀ ਦੇ ਅਤਯੰਤ ਵਧੇ ਹੋਏ ਧਾਰਮਕ ਜੋਸ਼ ਤੇ ਪੰਥਕ ਜੀਵਨ ਦੇ ਦਰਦ ਭਰੇ ਦਿਲ ਦੇ ਅਸਲੀ ਸਮਾਚਾਰ ਪ੍ਰਗਟ ਨਾ ਕਰਨ ਦੇ ਦੋਸ਼ੀ ਹੋਣ ਤੋਂ ਨਹੀਂ ਬਚ ਸਕਾਂਗੇ। ਭਾਵੇਂ ਜਿਸ ਤਰ੍ਹਾਂ ਅਸੀਂ ਭੂਮਿਕਾ ਵਿਚ ਦਸ ਆਏ ਹਾਂ ਕਿ ਸਾਡੀ ਕੌਮ ਆਪਣੇ ਇਤਿਹਾਸ ਲਿਖਣ ਦੇ ਉੱਚ ਗੁਣਾਂ ਤੋਂ ਅਵੇਸਲੀ ਰਹਿਣ ਦੇ ਕਾਰਨ ਅਨਮਤੀ ਤੇ ਵਿਦੇਸ਼ੀ ਇਤਿਹਾਸਕਾਰਾਂ ਨੇ ਅਸਲੀ ਹਾਲਾਤ ਨੂੰ ਚਾਹੇ ਅਵਾਣ ਪੁਣੇ ਦੇ ਕਾਰਨ ਯਾ ਭੁਲੇਖੇ ਨਾਲ ਸ਼ੱਕਰ ਨੂੰ ਰੇਤ ਵਿਚ ਐਸਾ ਮਿਲਾਕੇ ਪੇਸ਼ ਕੀਤਾ ਹੈ ਕਿ ਜਿਸ ਦਾ ਹੁਣ ਨਿਖੇੜਨਾ ਬਹੁਤ ਹੀ ਕਠਨ ਮਿਹਨਤ ਦਾ ਕੰਮ ਹੋ ਗਿਆ ਹੈ, ਸੋ ਇਸੇ ਤਰ੍ਹਾਂ ਇਹ ਘਟਨਾ ਵੀ ਬਹੁਤ ਹੀ ਤੋੜ ਮਰੋੜ ਕੇ ਭੈੜੀ ਸ਼ਕਲ ਵਿਚ ਦੱਸੀ ਗਈ ਹੈ। ਇਸ ਦੇ ਅਸਲੀ ਸਮਾਚਾਰ ਇਸ ਤਰ੍ਹਾਂ ਹਨ, ਜਿਨ੍ਹਾਂ ਕਾਰਨਾਂ ਕਰਕੇ ਅਕਾਲੀ ਜੀ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਸੰਮਤੀ ਭੇਦ ਹੋ ਗਿਆ:-

(੧) ਮਹਾਰਾਜਾ ਰਣਜੀਤ ਸਿੰਘ ਦਾ ਡੋਗਰਿਆਂ ਨੂੰ ਜ਼ਿੰਮੇਵਾਰੀਆਂ ਦੇ ਅਹੁਦੇ ਦੇਣਾ।

(੨) ਮਿਸ਼ਰ ਗੰਗਾ ਰਾਮ ਦੀਆਂ ਮਨ ਭਾਂਵਦੀਆਂ ਕਾਰਵਾਈਆਂ।

(੩) ਇਸੇ ਮਿਸ਼ਰ ਦਾ ਆਪਣੇ ਸਾਕਾਂ ਸੰਬੰਧੀਆਂ ਨੂੰ ਦਰਬਾਰ ਵਿਚ ਭਰਤੀ ਕਰਦੇ ਜਾਣਾ।

(੪) ਇਨ੍ਹਾਂ ਲੋਕਾਂ ਦਾ ਸ਼ਾਹਜ਼ਾਦਾ ਖੜਗ ਸਿੰਘ ਤੇ ਮਹਾਰਾਜਾ ਸਾਹਿਬ ਵਿਚ ਫੁੱਟ ਪੁਆਣ ਲਈ ਯਤਨ ਕਰਦੇ ਰੈਹਣਾ।

(੫) ਕੌਰ ਸ਼ੇਰ ਸਿੰਘ ਤੋਂ ਮਹਾਰਾਜੇ ਦਾ ਦਿਲ ਬਦਜ਼ਨ ਕਰਦੇ ਰਹਿਣਾ। ਇਨ੍ਹਾਂ ਉੱਪਰ ਦੱਸੀਆਂ ਗੱਲਾਂ ਨੂੰ ਵਿਚਾਰਨ ਪਰ ਅਕਾਲੀ ਜੀ ਨੇ ਇਸ ਤਰ੍ਹਾਂ ਖ਼ਾਲਸਾ ਰਾਜ ਦੀ ਬ੍ਰਿਧੀ ਦੇ ਰਾਹ ਵਿਚ ਰੁਕਾਵਟ ਡਿੱਠੀ, ਇਸ ਖ਼ਤਰੇ ਨੂੰ ਅਨੁਭਵ ਕਰਕੇ ਆਪ ਸਿੱਧੇ ਲਾਹੌਰ ਪਹੁੰਚੇ। ਇਧਰ ਜਦ ਡੋਗਰਿਆਂ ਨੂੰ ਅਕਾਲੀ ਜੀ ਦੇ ਮਹਾਰਾਜੇ ਨੂੰ ਮਿਲਣ ਲਈ ਲਾਹੌਰ ਆਉਣੇ ਦੀ ਖ਼ਬਰ ਮਿਲੀ ਤਾਂ ਐਸੀਆਂ ਚਾਲਾਂ ਚੱਲੀਆਂ ਕਿ ਕਈ ਦਿਨਾਂ ਤੱਕ ਅਕਾਲੀ ਜੀ ਮਹਾਰਾਜਾ ਸਾਹਿਬ ਨੂੰ ਨਾ ਮਿਲ ਸਕੇ। ਛੇਕੜ ਇਕ ਦਿਨ ਬਦੋ ਬਦੀ ਧਾ ਕੇ ਕਿਲ੍ਹੇ ਵਿਚ ਜਾ ਵੜੇ ਤੇ ਮਹਾਰਾਜਾ ਜੀ ਨੂੰ ਫ਼ਤਹ ਗਜਾਈ। ਮਹਾਰਾਜਾ ਜੀ ਅੱਗੋਂ ਬੜੇ ਸਤਿਕਾਰ ਤੇ ਪਿਆਰ ਨਾਲ ਮਿਲੇ ਤੇ ਜਦ ਲੰਗਰ ਲਈ ਗੱਫਾ ਅੱਗੇ ਰੱਖਿਆ ਤਾਂ ਅਕਾਲੀ ਜੀ ਨੇ ਸਵੀਕਾਰ ਕਰਨੇ ਵਿਚ ਇਹ ਕਹਿਕੇ ਸੰਕੋਚ ਕੀਤਾ ਕਿ ਸਿੰਘ ਸਾਹਿਬ ਜੀ! ਆਪ ਖਾਲਸਾ ਰਾਜ ਵਿਚ ਅਨਮਤੀਆਂ ਨੂੰ ਔਹਦੇ ਦੇ ਕੇ ਨੀਤੀ ਦੇ ਵਿਰੁੱਧ ਕੰਮ ਕਰ ਰਹੇ ਹੋ, ਸੋ ਇਹ ਤ੍ਰੀਕਾ ਰਾਜ ਲਈ ਹਾਨੀਕਾਰਕ ਹੈ। ਸ੍ਰੀ ਕਲਗੀਧਰ ਜੀ ਨੇ ਆਪਨੂੰ ਆਪਣੇ ਪਿਆਰੇ ਪੰਥ ਦਾ ਮਾਲੀ ਥਾਪਿਆ ਹੈ। ਜੇਕਰ ਆਪ ਆਪਣੇ ਇਸ ਤਰੀਕੇ ਨੂੰ ਨਹੀਂ ਬਦਲੋਗੇ ਤਾਂ ਲਓ ਸਾਡੀ ਇਹ ਛੇਕੜਲੀ ਫ਼ਤਹ ਹੈ, ਆਪ ਜਾਣੋ ਤੇ ਆਪ ਦਾ ਕੰਮ। ਮਹਾਰਾਜਾ ਸਾਹਿਬ ਨੇ ਇਸ ਸਾਰੀ ਗੱਲ ਬਾਤ ਨੂੰ ਬੜੇ ਠੰਡੇ ਮਨ ਨਾਲ ਸੁਣਿਆ, ਪਰ ਇਹ ਗੱਲ ਬੜੇ ਸ਼ੋਕ ਨਾਲ ਲਿਖਣੀ ਪੈਂਦੀ ਹੈ ਕਿ ਇਸ ਨੂੰ ਵਰਤੋਂ ਵਿਚ ਲਿਆਉਣ ਲਈ ਅਕਾਲੀ ਜੀ ਨੂੰ ਮਹਾਰਾਜਾ ਕੁਝ ਢਿਲਾ ਜਿਹਾ ਦਿਸਿਆ। ਭਾਵੇਂ ਸਮਝਾ ਕੇ ਤਾਂ ਬਹੁਤ ਕੁਝ ਅਕਾਲੀ ਜੀ ਦਾ ਘਰ ਪੂਰਾ ਕਰਨਾ ਚਾਹਿਆ, ਪਰ ਬਾਬਾ ਜੀ ਦੀ ਇਸ ਨਾਲ ਤਸੱਲੀ ਨਾ ਹੋਈ।

ਅਕਾਲੀ ਫੂਲਾ ਸਿੰਘ ਨੇ ਓਸੇ ਵੇਲੇ ਬਿਨਾਂ ਅੰਨ ਪਾਣੀ ਪਾਨ ਕਰਨ ਦੇ ਲਾਹੌਰ ਤੋਂ ਕੂਚ ਕਰ ਦਿੱਤਾ ਤੇ ਦੂਜੇ ਦਿਨ ਸ੍ਰੀ ਅੰਮ੍ਰਿਤਸਰ ਜੀ ਪਹੁੰਚ ਗਏ ਤੇ ਇਥੋਂ ਓਸੇ ਦਿਨ ੧੧ ਭਾਦਰੋਂ ਸੰਮਤ ੧੮੭੧ ਬਿ: ਨੂੰ ਸ੍ਰੀ ਅਨੰਦਪੁਰ ਵਲ ਜਾਣ ਦੀ ਤਿਆਰੀ ਕਰ ਦਿੱਤੀ। ਅਕਾਲੀ ਫੂਲਾ ਸਿੰਘ ਜਦ ਸਣੇ ਅਕਾਲੀ ਦਲ ਦੇ ਅਨੰਦਪੁਰ ਵਲ ਵੱਧਿਆ ਤਾਂ ਅੰਗਰੇਜ਼ੀ ਵਕੀਲ, ਜੋ ਓਦੋਂ ਲੁਧਿਆਣੇ ਸੀ, ਬੜਾ ਘਬਰਾਇਆ ਜੋ ਉਸ ਦਾ ਕੇਵਲ ਵਹਿਮ ਹੀ ਸੀ, ਤੇ ਇਸ ਬਾਰੇ ਬ੍ਰਿਟਿਸ਼ ਏਜੰਟ ਦਿੱਲੀ ਨੂੰ ਕਈ ਰਪੋਟਾਂ ਭੇਜੀਆਂ, ਪਰ ਅਕਾਲੀ ਜੀ ਬਿਨਾਂ ਰੋਕ ਟੋਕ ਸਿੱਧੇ ਅਨੰਦਪੁਰ ਪਹੁੰਚ ਗਏ।

ਕੰਵਰ ਪ੍ਰਤਾਪ ਸਿੰਘ ਨੇ ਅਕਾਲੀ ਜੀ ਪਾਸ ਪਨਾਹ ਲੈਣੀ

ਅਕਾਲੀ ਫੂਲਾ ਸਿੰਘ ਨੂੰ ਸ੍ਰੀ ਅਨੰਦਪੁਰ ਪਹੁੰਚਿਆਂ ਅਜੇ ਕੁਝ ਦਿਨ ਹੀ ਬੀਤੇ ਸਨ ਕਿ ਦੇਵਨੇਤ ਨਾਲ ਸ਼ਾਹਜ਼ਾਦਾ ਪ੍ਰਤਾਪ ਸਿੰਘ ਜੀਂਦ ਦੀ ਕਈ ਰਿਆਸਤੀ ਕੰਮਾਂ ਵਿਚ ਸੰਮਤੀ ਭੇਦ ਦੇ ਕਾਰਨ ਸਰਕਾਰ ਨਾਲ ਖਟਪਟੀ ਪੈ ਗਈ। ਇਸ ਨੇ ਆਪਣੇ ਆਪ ਨੂੰ ਜਦ ਖ਼ਤਰੇ ਵਿਚ ਡਿੱਠਾ ਤਾਂ ਆਪਣਾ ਬਚਾਉ ਕਿਤੇ ਹੋਰ ਥੇ ਨਾ ਦੇਖਿਆ ਤਾਂ ੧੬ ਅੱਸੂ ਸੰਮਤ ੧੮੭੧ ਬਿ: ਨੂੰ ਸਿੱਧਾ ਸ੍ਰੀ ਅਨੰਦਪੁਰ ਸਾਹਿਬ ਪੁਜਾ ਤੇ ਬਾਬਾ ਫੂਲਾ ਸਿੰਘ ਕੋਲ ਜਾ ਪਨਾਹ ਲਈ ਅਤੇ ਆਪਣੇ ਤਾਈਂ ਅਤਯੰਤ ਮਜ਼ਲੂਮ ਪਰਗਟ ਕੀਤਾ। ਅਕਾਲੀ ਜੀ ਦਾ ਡੇਰਾ ਜੋ ਸਦਾ ਲੋੜਵੰਦਾਂ ਤੇ ਦੀਨਾਂ ਦੀ ਰੱਖਿਆ ਲਈ ਖੁਲ੍ਹਾ ਰਹਿੰਦਾ ਸੀ, ਇਸ ਨੂੰ ਵੀ ਨਿਆਸਰੇ ਦੇਖਕੇ ਆਪਣੇ ਕੋਲ ਠਹਿਰਾ ਲਿਆ। ਇਸ ਗੱਲ ਦਾ ਅੰਗਰੇਜ਼ੀ ਏਜੰਟ ਨੂੰ ਜਦ ਪਤਾ ਲੱਗਾ ਤਾਂ ਅਕਾਲੀ ਜੀ ਤੋਂ ਸ਼ਾਹਜ਼ਾਦੇ ਦੀ ਮੰਗ ਕੀਤੀ ਗਈ, ਪਰ ਅਕਾਲੀ ਜੀ ਨੇ ਗੁਰਬਾਣੀ ਦੇ ਆਸ਼ੇ ਅਨੁਸਾਰ ਗੁਰੂ ਘਰ ਦੀ ਸ਼ਰਨ ਆਏ ਨੂੰ ਧੱਕਾ ਦੇਣਾ ਬੀਰਤਾ ਦੇ ਪਾਵਨ ਭਾਵ ਦੇ ਵਿਰੁੱਧ ਸਮਝਕੇ ਪਰਤਾਪ ਸਿੰਘ ਦੀ ਬਾਂਹ ਫੜਾਨ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਆਖ ਭੇਜਿਆ ਕਿ ਸਾਡਾ ਦਰ ਸਭ ਲਈ ਖੁਲ੍ਹਾ ਹੈ, ਆਏ ਨੂੰ ਕੱਢਦੇ ਨਹੀਂ ਤੇ ਜਾਂਦੇ ਨੂੰ ਰੋਕਦੇ ਨਹੀਂ।

ਅਕਾਲੀ ਜੀ ਦਾ ਇਹ ਜਵਾਬ ਸੁਣਕੇ ਏਜੰਟ ਦਾ ਰਹਿੰਦਾ ਖੂੰਹਦਾ ਸ਼ੱਕ ਭੀ ਅਕਾਲੀ ਜੀ ਬਾਬਤ ਪੱਕਾ ਹੋ ਗਿਆ ਕਿ ਇਹ ਜ਼ਰੂਰ ਅੰਗਰੇਜ਼ੀ ਇਲਾਕੇ ਵਿਚ ਖ਼ਰੂਦ ਖੜਾ ਕਰਨ ਲਈ ਆਇਆ ਹੈ। ਇਸ ਦੀ ਬਾਬਤ ਸਤੰਬਰ ਸੰਨ ੧੮੧੪ ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਲਿਖਿਆ ਗਿਆ ਕਿ ਜਿਸ ਤਰ੍ਹਾਂ ਹੋ ਸਕੇ ਅਕਾਲੀ ਫੂਲਾ ਸਿੰਘ ਨੂੰ ਮੁੜ ਆਪਣੇ ਇਲਾਕੇ ਵਿਚ ਮੰਗਾ ਲਵੋ| ਇਧਰ ਕੁਝ ਅੰਗਰੇਜ਼ੀ ਫ਼ੌਜ ਇਸ ਦੀ ਨਿਗਰਾਨੀ ਲਈ ਅਨੰਦਪੁਰ ਵਲ ਭੇਜੀ ਗਈ।

ਲਾਹੌਰ ਦਰਬਾਰ ਵਿਚ-ਜੇਹਾ ਕੁ ਅਸੀਂ ਉੱਤੇ ਦਸ ਆਏ ਹਾਂ-ਦਫ਼ਤਰਾਂ ਦੀ ਲਿਖਤ ਪੜ੍ਹਤ ਦਾ ਬਹੁਤ ਕੁਝ ਕੰਮ ਅਸਿੱਖਾਂ ਦੇ ਹੱਥ ਸੀ, ਜਿਨ੍ਹਾਂ ਨੂੰ ਅਕਾਲੀ ਫੂਲਾ ਸਿੰਘ ਦੀ ਨਿਰਭੈਤਾ ਸਦਾ ਕੰਡੇ ਦੀ ਤਰ੍ਹਾਂ ਸੀਨਿਆਂ ਵਿਚ ਚੁੱਭਦੀ ਰਹਿੰਦੀ ਸੀ। ਇਸ ਸਮੇਂ ਨੂੰ ਉਨ੍ਹਾਂ ਨੇ ਅਮੋਲਕ ਸਮਝਿਆ ਤੇ ਇਕ ਡੂੰਘੀ ਗੋਂਦ ਗੁੰਦਕੇ ਅਕਾਲੀ ਜੀ ਨੂੰ ਅੰਗਰੇਜ਼ਾਂ ਤੇ ਮਹਾਰਾਜੇ ਵਿਚ ਫੁੱਟ ਪਾਵਣੇ ਵਾਲਾ ਦੱਸਕੇ ਉਸ ਤੋਂ ਮਨਜ਼ੂਰੀ ਲੈ ਲਈ ਕਿ ਫ਼ਲੌਰ ਦੇ ਕਿਲ੍ਹੇਦਾਰ ਨੂੰ ਹੁਕਮ ਦਿੱਤਾ ਜਾਏ ਕਿ ਅਕਾਲੀ ਫੂਲਾ ਸਿੰਘ ਉੱਤੇ ਚੜ੍ਹਾਈ ਕਰਕੇ ਉਸ ਨੂੰ ਜਿਸ ਤਰ੍ਹਾਂ ਹੋ ਸਕੇ ਆਪਣੇ ਇਲਾਕੇ ਵਿਚ ਲਿਆਂਦਾ ਜਾਵੇ। ਇਸ ਹੁਕਮ ਦੀ ਤਾਮੀਲ ਲਈ ਦੀਵਾਨ ਮੋਤੀ ਰਾਮ ਖ਼ੁਦ ਫੌਜਾਂ ਲੈਕੇ ਅਕਾਲੀ ਜੀ ਨੂੰ ਫ਼ੌਜੀ ਤਾਕਤ ਨਾਲ ਲਿਆਵਣ ਲਈ ਅਕਤੂਬਰ ਸੰਨ ੧੮੧੪ ਨੂੰ ਹੋ ਤੁਰਿਆ, ਪਰ ਦੀਵਾਨ ਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਜਦ ਮਾਖੋਵਾਲ ਦੇ ਮੈਦਾਨ ਵਿਚ ਉਸ ਨੇ ਆਪਣੀ ਫ਼ੌਜ ਨੂੰ ਅਕਾਲੀ ਫੂਲਾ ਸਿੰਘ ਨੂੰ ਘੇਰਾ ਪਾਣ ਦਾ ਹੁਕਮ ਦਿੱਤਾ ਤਾਂ ਅੱਗੋਂ ਸਾਰੀ ਫ਼ੌਜ ਨੇ ਹਥਿਆਰ ਜ਼ਮੀਨ ‘ਤੇ ਰੱਖ ਦਿੱਤੇ ਤੇ ਅੱਗੇ ਵੱਧਣ ਤੋਂ ਸਾਫ਼ ਇਨਕਾਰ ਕੀਤਾ ਤੇ ਆਖਿਆ ਕਿ ਅਕਾਲੀ ਫੂਲਾ ਸਿੰਘ ਵਰਗੇ ਬਲੀ ਜੋਧੇ ਤੇ ਧਰਮੀ ਮਹਾਂਪੁਰਖ ਦੀ ਅਸੀਂ ਕਦੀ ਭੀ ਅਵੱਗਿਆ ਨਹੀਂ ਕਰਾਂਗੇ ਭਾਵੇਂ ਸਿਰ ਭੀ ਕਿਉਂ ਨਾ ਦੇਣਾ ਪਏ। ਇੱਧਰ ਅੰਗਰੇਜ਼ੀ ਏਜੰਟ ਨੇ ਰਾਜਾ ਜਸਵੰਤ ਸਿੰਘ ਵਾਲੀਏ ਨਾਭਾ ਤੇ ਨਵਾਬ ਮਲੇਰਕੋਟਲੇ ਨੂੰ ਭੀ ਆਪਣੀਆਂ ਫ਼ੌਜਾਂ ਲੈਕੇ ਅਕਾਲੀ ਜੀ ਪਰ ਹੱਲਾ ਕਰਨ ਲਈ ਲਿਖਿਆ, ਪਰ ਨਤੀਜਾ ਓਹ ਕੁਝ ਸੀ ਜੋ ਮੋਤੀ ਰਾਮ ਨੂੰ ਪੇਸ਼ ਆਇਆ ਸੀ। ਛੇਕੜ ਮਹਾਰਾਜਾ ਰਣਜੀਤ ਸਿੰਘ ਨੇ ਜਦ ਅਕਾਲੀ ਜੀ ਦੀ ਅਦੁੱਤੀ ਸੂਰਮਤਾਈ ਤੇ ਕੌਮ ਵਿਚ ਅਮਿੱਟ ਪਿਆਰ ਪਰ ਵੀਚਾਰ ਕੀਤੀ ਤਾਂ ਆਪ ਨੇ ਉਸੀ ਵਕਤ ਫ਼ੌਜ ਨੂੰ ਵਾਪਸ ਮੁੜਨ ਲਈ ਜ਼ਰੂਰੀ ਹੁਕਮ ਭਿਜਵਾਇਆ।

ਸ਼ੇਰੇ ਪੰਜਾਬ ਨੇ ਫਿਰ ਬਾਬਾ ਸਾਹਿਬ ਸਿੰਘ ਜੀ ਬੇਦੀ ਨੂੰ ਆਪਣੇ ਪਾਸ ਬੁਲਾਇਆ, ਜੋ ਅਕਾਲੀ ਜੀ ਦੇ ਸਨੇਹੀ ਸਨ, ਤੇ ਸਮਝਾਇਆ ਕਿ ਜਿਸ ਤਰ੍ਹਾਂ ਹੋ ਸਕੇ ਆਪ ਜਾ ਕੇ ਅਕਾਲੀ ਜੀ ਨੂੰ ਸਾਡੇ ਪਾਸ ਲੈ ਆਵੋ, ਤੇ ਸਾਡੇ ਵਲੋਂ ਉਨ੍ਹਾਂ ਨੂੰ ਭਰੋਸਾ ਦਿਵਾਓ ਕਿ ਜਿਥੋਂ ਤੱਕ ਹੋ ਸਕੇਗਾ ਸਹਿਜੇ ਸਹਿਜੇ ਉਨ੍ਹਾਂ ਦੀ ਇੱਛਾ ਪੂਰੀ ਕੀਤੀ ਜਾਏਗੀ। ਬਾਬਾ ਜੀ ਨੇ ਅਗਲੇ ਦਿਨ ਹੀ ਲਾਹੌਰ ਤੋਂ ਕੂਚ ਕਰ ਦਿੱਤਾ ਤੇ ਥੋਹੜੇ ਦਿਨਾਂ ਵਿੱਚ ਹੀ ਮੁਕਤਸਰ ਜਾ ਪਹੁੰਚੇ ਤੇ ਅਕਾਲੀ ਜੀ ਨੂੰ ਬੜੇ ਪਿਆਰ ਨਾਲ ਮਿਲੇ। ਫੇਰ ਮਹਾਰਾਜਾ ਸਾਹਿਬ ਦਾ ਆਸ਼ਾ ਉਨ੍ਹਾਂ ਨੂੰ ਕਹਿ ਸੁਣਾਇਆ। ਅਕਾਲੀ ਜੀ ਨੂੰ ਕਿਸੇ ਨਾਲ ਜ਼ਾਤੀ ਵੈਰ ਤਾਂ ਹੈ ਹੀ ਨਹੀਂ ਸੀ ਕਿ ਕਿਸੇ ਗੱਲ ਦੀ ਜ਼ਿਦ ਕਰਦੇ, ਤਾਂ ਅਕਾਲੀ ਜੀ ਬਾਬਾ ਜੀ ਨਾਲ ਪੰਥ- ਸੇਵਾ ਲਈ ਸਣੇ ਆਪਣੇ ਜੱਥੇ ਦੇ ਸ੍ਰੀ ਅੰਮ੍ਰਿਤਸਰ ਵਲ ਮੁੜ ਪਏ।

ਅਕਾਲੀ ਫੂਲਾ ਸਿੰਘ ਜੀ ਦੇ ਜਦ ਸ੍ਰੀ ਅੰਮ੍ਰਿਤਸਰ ਜੀ ਪਹੁੰਚਣੇ ਦੀ ਖ਼ਬਰ ਸ਼ਹਿਰ ਵਿਚ ਪਹੁੰਚੀ ਤਾਂ ਉਸੀ ਵਕਤ ਹਜ਼ਾਰਾਂ ਲੋਕ ਆਪ ਦੇ ਦਰਸ਼ਨ ਨੂੰ ਆਉਂਦੇ ਤੇ ਡਾਢੇ ਪਿਆਰ ਅਤੇ ਸਤਿਕਾਰ ਨਾਲ ਆਪ ਨੂੰ ਮਿਲਦੇ। ਮਹਾਰਾਜਾ ਰਣਜੀਤ ਸਿੰਘ ਨੂੰ ਬਾਬਾ ਸਾਹਿਬ ਸਿੰਘ ਜੀ ਨੇ ਜਦ ਅਕਾਲੀ ਜੀ ਦੇ ਆਉਣ ਦੀ ਖ਼ਬਰ ਦਿੱਤੀ ਤਾਂ ਬਹੁਤ ਹੀ ਖ਼ੁਸ਼ ਹੋਏ ਤੇ ਉਸੀ ਵਕਤ ਸਣੇ ਕਈ ਸਰਦਾਰਾਂ ਦੇ ਅਕਾਲੀ ਜੀ ਨੂੰ ਮਿਲਣ ਆਏ ਤੇ ਦਰਸ਼ਨ ਕਰਕੇ ਮਹਾਰਾਜਾ ਸਾਹਿਬ ਬਹੁਤ ਹੀ ਪ੍ਰਸੰਨ ਹੋਏ, ਤੇ ਜੱਥੇ ਲਈ ਬਹੁਤ ਸਾਰੇ ਹਥਿਆਰ, ਪੰਜਾਹ ਘੋੜੇ, ਦੋ ਹਾਥੀ ਅਤੇ ਚੋਖੀ ਸਾਰੀ ਰਸਦ ਆਦਿ ਅਕਾਲੀ ਜੀ ਦੀ ਭੇਟਾ ਕੀਤੀ। ਲੰਗਰ ਦੀ ਜਾਗੀਰ ਹੋਰ ਵਧਾਈ ਤੇ ਡੇਰੇ ਨਾਲ ਹੋਰ ਬਹੁਤ ਸਾਰੀਆਂ ਬਾਰਕਾਂ ਬਨਵਾਣ ਦਾ ਹੁਕਮ ਦਿੱਤਾ ਜਿਸਦਾ ਨਾਮ ਅਕਾਲੀਆਂ ਦੀ ਛਾਵਣੀ ਪ੍ਰਸਿੱਧ ਹੋਇਆ’। ਇਸ ਸਮੇਂ ਅਕਾਲੀ ਦਲ ਵਿਚ ਤਿੰਨ ਹਜ਼ਾਰ ਤੋਂ ਵੱਧ ਜੁਆਨ ਤਿਆਰ ਬਰ ਤਿਆਰ ਸੀ, ਜਿਨ੍ਹਾਂ ਵਿਚੋਂ 12 ਸੌ ਘੋੜ ਚੜ੍ਹੇ ਤੇ ਬਾਕੀ ਪੈਦਲ ਸਨ।

ਇਲਾਕਾ ਮੁਲਤਾਨ, ਭਾਵਲਪੁਰ ਤੇ ਸਿੰਧ ਪੁਰ ਚੜ੍ਹਾਈ

ਮਹਾਰਾਜਾ ਰਣਜੀਤ ਸਿੰਘ ਚੇਤਰ ਸੰਮਤ ਬਿ: ੧੮੭੩ ਮੁਤਾਬਕ ਸੰਨ ੧੮੧੬ ਨੂੰ ਪਹਾੜੀ ਦੌਰੇ ਤੋਂ ਵੇਹਲੇ ਹੋ ਕੇ ਤਰਨਤਾਰਨ ਜੀ ਇਸ਼ਨਾਨ ਲਈ ਆਏ ਅਤੇ ਇਸ ਗੁਰਦੁਆਰੇ ਦੇ ਟਹਿਲੇ ਲਈ ਭਾਰੀ ਗੱਫਾ ਅਰਦਾਸ ਕਰਵਾਇਆ। ਇਸ ਦੇ ਥੋੜ੍ਹੇ ਦਿਨ ਬਾਅਦ ਮਹਾਰਾਜਾ ਸਾਹਿਬ ਅਜੇ ਤਰਨ ਤਾਰਨ ਸਾਹਿਬ ਵਿਚ ਹੀ ਸਨ ਕਿ ਰਪੋਟਾਂ ਪਹੁੰਚੀਆਂ ਕਿ ਇਲਾਕਾ ਭੱਖਰ ਤੇ ‘ਲੀਹੇ’ ਦੇ ਨਵਾਬ ਮੁਹੰਮਦ ਖ਼ਾਨ ਨੂੰ ਮੀਰ ਹਾਫ਼ਿਜ਼ ਅਹਿਮਦ ਖ਼ਾਨ ਨੇ ਇਲਾਕੇ ਤੋਂ ਕੱਢਕੇ ਆਪ ਕਬਜ਼ਾ ਕਰ ਲਿਆ ਹੈ ਤੇ ਬਾਗ਼ੀ ਹੋ ਬੈਠਾ ਹੈ ਅਰ ਇਲਾਕੇ ਦੀ ਰੱਯਤ ਉੱਤੇ ਅਤ ਦਾ ਕਹਿਰ ਵਰਤਾ ਰਿਹਾ ਹੈ। ਮਹਾਰਾਜਾ ਸਾਹਿਬ ਜੋ ਇਨ੍ਹਾਂ ਸਰਕਸ਼ ਆਕੀਆਂ ਦੇ ਹਾਲ ਤੋਂ ਜਾਣੂ ਸਨ ਕਿ ਇਹ ਬਿਨਾਂ ਸਖਤੀ ਦੇ ਕਦੇ ਅਮਨ ਨਾਲ ਨਹੀਂ ਬੈਠਦੇ, ਤੁਰੰਤ ਇਕ ਸਜ਼ਾਵਾਰੀ ਮੁਹਿੰਮ ਅਕਾਲੀ ਫੂਲਾ ਸਿੰਘ ਤੇ ਸਰਦਾਰ ਫ਼ਤਹ ਸਿੰਘ ਆਹਲੂਵਾਲੀਏ ਦੀ ਸਰਦਾਰੀ ਹੇਠ ਤਿਆਰ ਕਰਕੇ ਦਰਿਆ ਸਿੰਧ ਦੇ ਰਸਤੇ ਤੋਰ ਦਿੱਤੀ ਤੇ ਆਪ ਖੁਦ ਜ਼ਰੂਰੀ ਪ੍ਰਬੰਧ ਲਈ ਥਲੀ (ਖ਼ੁਸ਼ਕੀ) ਇਲਾਕਿਆਂ ਵਿਚੋਂ ਹੁੰਦੇ ਹੋਏ ਸਣੇ ਆਪਣੇ ਦਸਤੇ ਦੇ ਉਨ੍ਹਾਂ ਨੂੰ ਖ਼ਾਨਗੜ੍ਹ ਆ ਮਿਲਣ ਦਾ ਫ਼ੈਸਲਾ ਕੀਤਾ। ਅਕਾਲੀ ਜੀ ਜਦ ਖ਼ਾਨ ਦੇ ਇਲਾਕੇ ਦੀ ਸਰਹੱਦ ‘ਤੇ ਪਹੁੰਚੇ ਤਾਂ ਆਪਣਾ ਵਕੀਲ ਮੀਰ ਹਾਫ਼ਿਜ਼ ਅਹਿਮਦ ਖ਼ਾਨ ਵਲ ਭੇਜਿਆ ਕਿ ਇਲਾਕੇ ਦਾ ਮਾਮਲਾ ਦਾਖ਼ਲ ਕਰਕੇ ਇਤਾਇਤ ਪਰਵਾਨ ਕਰੇ ਨਹੀਂ ਤਾਂ ਲੜਾਈ ਲਈ ਤਿਆਰ ਹੋ ਜਾਵੇ। ਪਰ ਚੂੰਕਿ ਹਾਫ਼ਿਜ਼ ਜਹਾਦ ਲਈ ਪਹਿਲੇ ਤੋਂ ਤਿਆਰੀ ਕਰ ਚੁੱਕਾ ਸੀ, ਇਸ ਲਈ ਓਹ ਏਲਚੀ ਨਾਲ ਚੰਗੀ ਤਰ੍ਹਾਂ ਪੇਸ਼ ਨਾ ਆਇਆ ਤੇ ਮਾਲੀਏ ਦੇ ਦਾਖ਼ਲੇ ਵਿਚ ਭੀ ਆਲੇ ਟਾਲੇ ਕਰਦਾ ਰਿਹਾ। ਅਕਾਲੀ ਜੀ ਨੇ ਵਕੀਲ ਨੂੰ ਵਾਪਸ ਬੁਲਾ ਲਿਆ ਤੇ ਅਗਲੇ ਦਿਨ ਮੀਰ ਦੇ ਕਿਲ੍ਹੇ ‘ਖ਼ਾਨ ਗੜ੍ਹ’ ‘ਤੇ ਧਾਵਾ ਕਰ ਦਿੱਤਾ। ਅੱਗੋਂ ਮੀਰ ਦੇ ਲਸ਼ਕਰ ਨੇ ਵੀ ਕਿਲ੍ਹੇ ਵਿਚੋਂ ਚੰਗਾ ਟਾਕਰਾ ਕੀਤਾ। ਅਕਾਲੀ ਜੀ ਨੇ ਜਦ ਕਿਲ੍ਹੇ ਦੀ ਫ਼ਤਹ ਵਿਚ ਅਜੇ ਦੇਰੀ ਦੇਖੀ ਤਾਂ ਉਸੀ ਵਕਤ ਅਕਾਲੀ ਦਲ ਵਿਚੋਂ ਕੁਝ ਕੁ ਸਿਰ-ਕੱਢਵੇਂ ਸੂਰਮੇ ਵਖ ਕੱਢ ਕੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਕਿਲ੍ਹੇ ਨੂੰ ਪੌੜੀਆਂ ਲਾ ਕੇ ਅੰਦਰ ਟੱਪ ਵੜੋ ਤੇ ਜਾਂਦਿਆਂ ਹੀ ਕਿਲ੍ਹੇ ਦੇ ਦਰਵਾਜ਼ੇ ਖੋਲ੍ਹ ਦੇਵੋ, ਅਸੀਂ ਅੱਖ ਦੇ ਫੇਰ ਵਿਚ ਤੁਸਾਂ ਕੋਲ ਪਹੁੰਚਾਂਗੇ। ਹੁਕਮ ਦੀ ਦੇਰੀ ਸੀ ਕਿ ਤੁਰਤ ਹੀ ਅਕਾਲੀ ਸਿੰਘ ਪੌੜੀਆਂ ਲਾਕੇ ਕਿਲ੍ਹੇ ਵਿਚ ਟੱਪ ਪਏ। ਅੱਗੋਂ ਅੰਦਰਲੀਆਂ ਫ਼ੌਜਾਂ ਨੇ ਜਦ ਇਨ੍ਹਾਂ ਅਕਾਲੀਆਂ ਦੀ ਨਿਰਾਲੀ ਪੁਸ਼ਾਕ ਦੇਖੀ, ਜੋ ਸਰਬ ਲੋਹ ਨਾਲ ਸਜੇ ਹੋਏ ਸਨ, ਵਿਸ਼ੇਸ਼ ਕਰ ਕੇ ਉਨ੍ਹਾਂ ਦੇ ਦਮਾਲਿਆਂ ਦੇ ਚੱਕਰ ਤੇ ਤੋੜੇ ਜੋ ਬਿਜਲੀ ਵਤ ਚਮਕ ਰਹੇ ਸਨ, ਤਾਂ ਓਹ ਡਾਢੇ ਘਬਰਾਏ ਤੇ ਜਿੱਧਰ ਕਿਸੇ ਨੂੰ ਰਸਤਾ ਲੱਭਾ, ਭੱਜ ਨੱਠੇ। ਅਕਾਲੀਆਂ ਨੇ ਇਸ ਥੋੜ੍ਹੇ ਜਹੇ ਸਮੇਂ ਨੂੰ ਹਥੋਂ ਐਵੇਂ ਨਹੀਂ ਗੁਵਾਇਆ। ਝਟਪਟ ਅੰਦਰੋਂ ਦਰਵਾਜ਼ੇ ਖੋਲ੍ਹ ਦਿੱਤੇ। ਇੰਨੇ ਨੂੰ ਮੀਰ ਮੁੜ ਆਪਣੇ ਦਸਤੇ ਨੂੰ ਇਕੱਠਾ ਕਰਕੇ ਟਾਕਰੇ ਲਈ ਆ ਡਟਿਆ, ਪਰ ਹੁਣ ਬਾਹਰਲੀ ਫ਼ੌਜ ਵੀ ਅੰਦਰ ਆ ਵੜੀ ਸੀ ਤੇ ਉਸ ਨੇ ਹੱਥੋ ਹੱਥ ਵੈਰੀ ਨੂੰ ਘੇਰ ਲਿਆ। ਮੀਰ ਦੇ ਭਤੀਜੇ ਜਹਾਨਦਾਦ ਖ਼ਾਨ ਨੇ ਜਦ ਆਪਣੇ ਆਪ ਨੂੰ ਹਰ ਪਾਸਿਓਂ ਸਿੱਖਾਂ ਦੇ ਹੱਕ ਘਿਰਿਆ ਦੇਖਿਆ ਤਾਂ ਇਸ ਦੇ ਮਨ ਦੀ ਢੇਰੀ ਢਹਿ ਗਈ ਤੇ ਬਿਨਾਂ ਕਿਸੇ ਕਰੜੇ ਟਾਕਰੇ ਦੇ ਆਪਣੇ ਹਥਿਆਰ ਅਕਾਲੀ ਫੂਲਾ ਸਿੰਘ ਦੇ ਪੈਰਾਂ ਵਿਚ ਰੱਖ ਦਿੱਤੇ ਤੇ ਤਰਸ ਲਈ ਬੇਨਤੀ ਕੀਤੀ। ਇਸ ਕਿਲ੍ਹੇ ਦੇ ਫ਼ਤਹਿ ਹੋਣ ਦੇ ਬਾਅਦ ਝੱਟ ਅਹਿਮਦ ਕੋਟ ‘ਤੇ ਜਾ ਹੱਲਾ ਕੀਤਾ। ਹਾਫ਼ਿਜ਼ ਅਹਿਮਦ ਖ਼ਾਨ ਸਣੇ ਆਪਣੇ ਇਤਬਾਰੀ ਲਸ਼ਕਰ ਦੇ ਇਸੇ ਕਿਲ੍ਹੇ ਵਿੱਚ ਸੀ ਤੇ ਇਹ ਕਿਲ੍ਹਾ ਖ਼ਾਨ ਗੜ੍ਹ ਤੋਂ ਵੱਧ ਮਜ਼ਬੂਤ ਸੀ, ਜਿਸ ਕਰਕੇ ਇਸ ਦੇ ਫ਼ਤਹਿ ਕਰਨ ਵਿਚ ਜ਼ਿਆਦਾ ਦਿਨ ਲੱਗੇ। ਤਿੰਨ ਦਿਨ ਖੂਬ ਡਟਕੇ ਰਣ ਤੱਤਾ ਰਿਹਾ। ਛੇਕੜ ਚੌਥੇ ਦਿਨ ੧੨ ਅਪ੍ਰੈਲ ਨੂੰ ਅਕਾਲੀ ਫੂਲਾ ਸਿੰਘ ਨੇ ਵਸਦੀ ਅੱਗ ਵਿਚ ਕਿਲ੍ਹੇ ਦੀ ਇਕ ਬਾਹੀ ‘ਤੇ ਹੱਲਾ ਕਰ ਦਿੱਤਾ ਤੇ ਨਾਲ ਹੀ ਕੁਝ ਸਿੰਘਾਂ ਨੂੰ ਸੁਰੰਗਾਂ ਪੁਟਣੇ ‘ਤੇ ਲਾ ਦਿੱਤਾ। ਜਦ ਚੋਖੀ ਸਾਰੀ ਥਾਂ ਪੁੱਟ ਲਈ ਗਈ ਤਾਂ ਬਰੂਦ ਦੇ ਕੁਪ ਉਨ੍ਹਾਂ ਸੁਰੰਗਾਂ ਵਿਚ ਦਬਾ ਦਿੱਤੇ। ਆਪਣੀ ਫ਼ੌਜ ਨੂੰ ਪਿੱਛੇ ਹਟਾਕੇ ਪਲੀਤਿਆਂ ਨੂੰ ਅੱਗ ਲਾਈ ਗਈ ਤੇ ਨਾਲ ਹੀ ਕਿਲ੍ਹੇ ਦੀ ਬਾਹੀ ਹੇਠਾਂ ਆ ਪਈ। ਲਾਗੇ ਦਾ ਚੋਣਵਾਂ ਦਸਤਾ ਜੋ ਇਸੇ ਉਡੀਕ ਵਿੱਚ ਸੀ, ਝੱਟ ਅੰਦਰ ਜਾ ਧਸਿਆ ਤੇ ਉਹ ਤਲਵਾਰ ਚਲਾਈ ਕਿ ਪਲੋ ਪਲੀ ਵਿਚ ਲੋਥ ‘ਤੇ ਲੋਥ ਚੜ੍ਹ ਗਈ। ਮੀਰ ਅਹਿਮਦ ਖ਼ਾਨ ਨੇ ਜਦ ਆਪਣਾ ਕੁਝ ਵੀ ਬਚਾਉ ਨਾ ਦੇਖਿਆ ਤਾਂ ਅਫਰਾਤਫਰੀ ਵਿਚ ਕਿਲ੍ਹੇ ਤੋਂ ਭੱਜ ਨੱਠਾ, ਪਰ ਇਹ ਅਜੇ ਬਹੁਤ ਦੁਰਾਡੇ ਨਹੀਂ ਸੀ ਗਿਆ ਕਿ ਇਕ ਸਿੰਘ ਦੀ ਨਜ਼ਰੀਂ ਪੈ ਗਿਆ, ਜਿਸ ਨੇ ਭੱਜ ਕੇ ਉਸ ਨੂੰ ਉੱਥੇ ਹੀ ਕਾਬੂ ਕਰ ਲਿਆ ਤੇ ਫੜਕੇ ਅਕਾਲੀ ਫੂਲਾ ਸਿੰਘ ਦੇ ਸਾਹਮਣੇ ਲੈ ਆਂਦਾ। ਉਸ ਵਕਤ ਤਾਂ ਅਕਾਲੀ ਜੀ ਨੇ ਉਸ ਨੂੰ ਕੈਦ ਵਿਚ ਰੱਖਣ ਦਾ ਹੁਕਮ ਦਿੱਤਾ, ਪਰ ਥੋੜ੍ਹੇ ਦਿਨਾਂ ਬਾਅਦ ਜਦ ਉਸ ਨੇ ਆਪਣੇ ਦੀਵਾਨ ਤੇ ਸੰਬੰਧੀਆਂ ਨੂੰ ਅਕਾਲੀ ਜੀ ਕੋਲ ਭਿਜਵਾਇਆ ਤੇ ਲੜਾਈ ਦਾ ਭਾਰੀ ਖ਼ਰਚ ਸਣੇ ਮਾਲੀਏ ਦੇ ਦਾਖ਼ਲ ਕਰਨ ਦੀ ਬੇਨਤੀ ਕੀਤੀ ਤਾਂ ਅਕਾਲੀ ਜੀ ਨੇ ਮੁਆਫ਼ੀ ਮਨਜ਼ੂਰ ਕਰ ਲਈ ਤੇ ਉਸ ਨਾਲ ਕਈ ਜ਼ਰੂਰੀ ਸ਼ਰਤਾਂ ਦਾ ਫ਼ੈਸਲਾ ਕਰਕੇ ਅਹਿਦਨਾਮਾ ਲਿਖਾ ਲਿਆ ਕਿ ਅੱਗੇ ਨੂੰ ਉਹ ਖਾਲਸੇ ਵਲੋਂ ਇਸ ਇਲਾਕੇ ਦਾ ਹੁਕਮਰਾਨ ਸਮਝਿਆ ਜਾਵੇਗਾ। ਉਸਦੇ ਦੋਵੇਂ ਕਿਲ੍ਹੇ ਉਸ ਨੂੰ ਦੇ ਦਿੱਤੇ ਗਏ।

ਮਹਾਰਾਜਾ ਰਣਜੀਤ ਸਿੰਘ ਅਕਾਲੀ ਫੂਲਾ ਸਿੰਘ ਨੂੰ ਇੱਥੇ ਹੀ ਆ ਮਿਲਿਆ ਤੇ ਇਸ ਭਾਰੀ ਫ਼ਤਹ ਤੇ ਯੋਗ ਪ੍ਰਬੰਧ ਦਾ ਹਾਲ ਸੁਣਕੇ ਅਕਾਲੀ ਜੀ ‘ਤੇ ਬਹੁਤ ਹੀ ਖ਼ੁਸ਼ ਹੋਇਆ। ਅਕਾਲੀ ਜੀ ਨੇ ਇਥੋਂ ਵਿਹਲੇ ਹੁੰਦਿਆਂ ਹੀ ਇਲਾਕਾ ਝੰਗ ਵੱਲ ਜਾ ਚੜ੍ਹਾਈ ਕੀਤੀ। ਇਥੋਂ ਦੇ ਹਾਕਮ ਅਹਿਮਦ ਖ਼ਾਨ ਦੇ ਹੱਥੋਂ ਇਸਦੀ ਰੱਯਤ ਬਹੁਤ ਹੀ ਤੰਗ ਸੀ। ਇਸ ਦੀਆਂ ਅਨੀਤੀਆਂ ਇੰਨੀਆਂ ਵਧੀਆਂ ਹੋਈਆਂ ਸਨ ਕਿ ਇਸ ਦੇ ਇਲਾਕੇ ਦਾ ਕੋਈ ਬੰਦਾ ਭੀ ਆਪਣੀ ਜਾਨ ਤੇ ਮਾਲ ਨੂੰ ਆਪਣਾ ਨਹੀਂ ਸੀ ਸਮਝਦਾ, ਵਿਸ਼ੇਸ਼ ਕਰ ਹਿੰਦੂਆਂ ਲਈ ਤਾਂ, ਜੋ ਉਸ ਸਮੇਂ ਬੜੇ ਹੀ ਦੀਨ ਤੇ ਆਤੁਰ ਹੋਏ ਹੋਏ ਸਨ, ਇਹ ਨਿਰਾ ਜਮ ਦਾ ਰੂਪ ਸੀ। ਸੈਂਕੜੇ ਪਤਵੰਤੇ ਮਹਾਜਨਾਂ ਦੇ ਘਰ ਇਸ ਨੇ ਉਜਾੜੇ ਸਨ ਤੇ ਕਈਆਂ ਬੇਦੋਸ਼ਿਆਂ ਦੇ ਗੱਲ੍ਹਾਂ ‘ਤੇ ਇਸ ਦੀ ਬੇਤਰਸ ਛੁਰੀ ਫਿਰ ਚੁੱਕੀ ਸੀ। ਮਹਾਰਾਜਾ ਸਾਹਿਬ ਜਦ ਖ਼ਾਨਗੜ੍ਹ ਪਹੁੰਚੇ ਤਾਂ ਸੈਂਕੜੇ ਵਿਧਵਾ ਤੇ ਬੇਗਿਣਤ ਯਤੀਮਾਂ ਨੇ ਆਕੇ ਆਪਣੇ ਤਰ੍ਹਾਂ-ਤਰ੍ਹਾਂ ਦੇ ਦੁੱਖ ਪ੍ਰਗਟ ਕੀਤੇ, ਜਿਨ੍ਹਾਂ ਦੇ ਸੁਣਨ ਨਾਲ ਕਠੋਰ ਤੋਂ ਕਠੋਰ ਦਿਲ ਭੀ ਪੀੜਤ ਹੁੰਦਾ ਸੀ। ਨਿਰਸੰਦੇਹ ਇਹ ਨਜ਼ਾਰਾ ਅਤੀ ਦਿਲ ਚੀਰਵਾਂ ਸੀ। ਮਹਾਰਾਜਾ ਸਾਹਿਬ ਨੇ ਅਕਾਲੀ ਫੂਲਾ ਸਿੰਘ ਨੂੰ, ਅਹਿਮਦਖ਼ਾਨ ਹਾਕਮ ਝੰਗ ਨੂੰ ਉਸ ਦੇ ਕੀਤੇ ਦੀ ਸਜ਼ਾ ਦੇਣ ਲਈ ਓਧਰ ਤੋਰਿਆ। ਅਕਾਲੀ ਜੀ ਨੇ ਆਉਂਦੇ ਸਾਰ ਪੈਂਦੇ ਹੱਥ ਹੀ ਝੰਗ ਦਾ ਕਿਲ੍ਹਾ ਘੇਰ ਲਿਆ ਤੇ ਇਕ ਛੋਟੀ ਜਿਹੀ ਲੜਾਈ ਦੇ ਬਾਅਦ ਇਕ ਧਾਵੇ ਨਾਲ ਅਹਿਮਦ ਖ਼ਾਨ ਨੂੰ ਕੈਦ ਕਰਕੇ ਲਾਹੌਰ ਭਿਜਵਾ ਦਿੱਤਾ ਤੇ ਇਸ ਦਾ ਸਾਰਾ ਇਲਾਕਾ ਜੋ ਚਾਰ ਲੱਖ ਸਾਲਾਨਾ ਮਾਲੀਏ ਦਾ ਸੀ, ਖ਼ਾਲਸਾ ਰਾਜ ਨਾਲ ਮਿਲਾ ਲਿਆ।

ਇਸੇ ਜੱਥੇ ਦੇ ਦੂਜੇ ਹਿੱਸੇ ਨੇ ਜਿਸ ਦਾ ਜੱਥੇਦਾਰ ਸਰਦਾਰ ਫ਼ਤਹ ਸਿੰਘ ਆਹਲੂਵਾਲੀਆ ਸੀ, ਸੱਯਦਾਂ ਦੇ ਉੱਚ ਦਾ ਇਲਾਕਾ ਤੇ ਕੋਟ ਮਹਾਰਾਜਾ ਰਜਬ ਅਲੀ ਖ਼ਾਨ ਦਾ ਜਾ ਫ਼ਤਹ ਕੀਤਾ। ਰਜਬ ਅਲੀ ਨੂੰ ਕੈਦ ਕਰਕੇ ਲਾਹੌਰ ਭਿਜਵਾ ਦਿੱਤਾ। ਇਸ ਤਰ੍ਹਾਂ ਇਹ ਦੋਵੇਂ ਦਸਤੇ ਵਿਜੈ ਦੇ ਨਿਸ਼ਾਨ ਝੁਲਾਂਦੇ ਹੋਏ, ਜੇਠ ਸੰਮਤ ੧੮੭੩ ਨੂੰ ਲਾਹੌਰ ਆ ਪਹੁੰਚੇ।

ਮੁਲਤਾਨ ਦੀ ਫ਼ਤਹ ਦਾ ਸੇਹਰਾ ਬਾਬਾ ਫੂਲਾ ਸਿੰਘ ਦੇ ਸਿਰ

ਸੰਮਤ ੧੮੭੪ ਦੇ ਆਰੰਭ ਵਿੱਚ ਜਦ ਨਵਾਬ ਮੁਜ਼ਫ਼ਰ ਖ਼ਾਨ ਮੁਲਤਾਨ ਨੇ ਸਰਕਾਰ ਦਾ ਸਾਲਾਨਾ ਮਾਲੀਆ ਤਾਰਨ ਤੋਂ ਇਨਕਾਰ ਕੀਤਾ ਤੇ ਉਹ ਕੁਝ ਆਕੀ ਹੁੰਦਾ ਦਿਸਿਆ ਤਾਂ ਮਹਾਰਾਜਾ ਸਾਹਿਬ ਨੇ ਇਕ ਤਕੜੀ ਫ਼ੌਜ, ਦੀਵਾਨ ਮੋਤੀ ਰਾਮ ਤੇ ਭਵਾਨੀ ਦਾਸ ਪਿਸ਼ਾਵਰੀ ਅਤੇ ਮਿਸ਼ਰ ਦੀਵਾਨ ਚੰਦ ਦੀ ਸਰਦਾਰੀ ਹੇਠ ਨਵਾਬ ਨੂੰ ਆਪਣੇ ਕੀਤੇ ਦਾ ਦੰਡ ਦੇਣ ਲਈ ਤੋਰੀ। ਇਸ ਫ਼ੌਜ ਨੇ ਮੁਲਤਾਨ ਪਹੁੰਚਦਿਆਂ ਹੀ ਸ਼ਹਿਰ ਨੂੰ ਘੇਰੇ ਵਿਚ ਰੱਖ ਲਿਆ। ਇਸ ਸਮੇਂ ਵਿਚ ਕੁਝ ਨਿੱਕੀਆਂ ਵੱਡੀਆਂ ਲੜਾਈਆਂ ਵੀ ਹੋਈਆਂ, ਪਰ ਫ਼ੌਜ ਦੇ ਮੁਖੀਆਂ ਦੀ ਸੁਸਤੀ ਤੇ ਬੇਪਰਵਾਹੀ ਦੇ ਕਾਰਨ ਸ਼ਹਿਰ ਦਾ ਫ਼ਤਹ ਕਰਨਾ ਬੜਾ ਔਖਾ ਹੋ ਗਿਆ ਬਲਕਿ ਕਈ ਵਾਰੀ ਨਵਾਬ ਦਾ ਲਸ਼ਕਰ ਰਾਤ ਨੂੰ ਸ਼ਹਿਰ ਤੋਂ ਬਾਹਰ ਨਿਕਲਦਾ ਤੇ ਸਰਕਾਰ ਦੀਆਂ ਫ਼ੌਜਾਂ ਨੂੰ ਗ਼ਾਫ਼ਲ ਪਾਕੇ ਐਸਾ ਚਪੌਲ ਮਾਰਦਾ ਕਿ ਸੈਂਕੜੇ ਸਿਪਾਹੀਆਂ ਨੂੰ ਕੱਟਣ ਵੱਢਣ ਤੋਂ ਛੁੱਟ ਹਜ਼ਾਰਾਂ ਦੀ ਰਸਦਰਸਾਨੀ ਲੁੱਟਕੇ ਕਿਲ੍ਹੇ ਵਿਚ ਜਾ ਵੜਦਾ। ਲਗਦੇ ਹੱਥ ਅੰਬਾਰਾਂ ਨੂੰ ਅੱਗ ਲਾ ਜਾਂਦਾ ਤੇ ਇਹ ਸੁਖ ਰਹਿਣੇ ਆਗੂ ਅੱਖਾਂ ਮਲਦੇ ਰਹਿ ਜਾਂਦੇ। ਛੇਕੜ ਇਹਨਾਂ ਚਪੌਲਾਂ ਤੋਂ ਅੱਕ ਕੇ ਘੇਰਾ ਉਠਾ ਲਿਆ ਤੇ ਨਿਰਾਸ ਮੁੜਕੇ ਲਾਹੌਰ ਆ ਵੜੇ। ਮਹਾਰਾਜਾ ਸਾਹਿਬ ਨੂੰ ਜਦ ਇਹਨਾਂ ਸਾਰੀਆਂ ਗੱਲਾਂ ਦਾ ਪੜਤਾਲ ਕਰਨ ਤੋਂ ਪਤਾ ਲੱਗਾ ਤਾਂ ਬਹੁਤ ਹੀ ਨਾਰਾਜ਼ ਹੋਏ ਤੇ ਮੁਹਿੰਮ ਦੇ ਸਾਰੇ ਮੁਖੀਆਂ ਨੂੰ ਦਰਬਾਰ ਵਿਚ ਡਾਢੀ ਝਾੜ ਝਪਾੜ ਪਾਈ। ਦੀਵਾਨ ਭਵਾਨੀ ਦਾਸ ਨੂੰ ਜਿਸਨੇ ਸ਼ਹਿਰ ਦਾ ਘੇਰਾ ਉਠਾਣ ਵਿਚ ਬਹੁਤਾ ਹਿੱਸਾ ਲਿਆ ਸੀ, ੧੦੦੦੦) ਰੁਪਯਾ ਜੁਰਮਾਨਾ ਕੀਤਾ’ ਤੇ ਕੁਝ ਸਮੇਂ ਲਈ ਆਪਣੇ ਅਹੁਦੇ ਤੋਂ ਹਟਾਇਆ ਗਿਆ।

ਸ਼ੇਰਿ ਪੰਜਾਬ ਆਪਣੀ ਇਸ ਹੇਠੀ ਨੂੰ, ਜੋ ਨਦਾਨ ਅਫ਼ਸਰਾਂ ਦੀ ਬੇਪਰਵਾਹੀ ਦੇ ਕਾਰਨ ਹੋਈ ਸੀ, ਕਦ ਸਹਾਰ ਸਕਦਾ ਸੀ? ਆਪ ਨੇ ਉਸ ਦਿਨ ਤੋਂ ਹੀ ਅੰਦਰੋਂ ਅੰਦਰ ਮੁਲਤਾਨ ਨੂੰ ਪੂਰੀ ਤਰ੍ਹਾਂ ਫ਼ਤਹ ਕਰਕੇ ਖਾਲਸਾ ਰਾਜ ਨਾਲ ਸੰਮਿਲਤ ਕਰਨ ਲਈ ਤਿਆਰੀਆਂ ਕਰਨੀਆਂ ਆਰੰਭ ਦਿੱਤੀਆਂ, ਪਰ ਆਪ ਦਾ ਸਰੀਰ ਅਰੋਗ ਨਾ ਰਹਿਣ ਕਰਕੇ ਕੁਝ ਸਮਾਂ ਉਡੀਕ ਕਰਨੀ ਪਈ। ਮਾਘ ਦੇ ਮਹੀਨੇ ਤੱਕ ਮਹਾਰਾਜਾ ਸਾਹਿਬ ਰਾਜ਼ੀ-ਬਾਜ਼ੀ ਹੋ ਗਏ ਤੇ ਇਸ ਤੋਂ ਥੋੜ੍ਹੇ ਦਿਨਾਂ ਬਾਅਦ ਹੀ ਅਰਥਾਤ ੧੮ ਮਾਘ ਸੰਮਤ ੧੮੭੪ (ਜਨਵਰੀ ੧੮੧੮) ਨੂੰ ੨੫੦੦੦ ਫ਼ੌਜ ਦਾ ਬਲਵਾਨ ਦਲ ਸ਼ਾਹਜ਼ਾਦਾ ਖੜਗ ਸਿੰਘ ਤੇ ਦੀਵਾਨ ਚੰਦ ਦੀ ਸੌਂਪਣੀ ਵਿਚ ਮੁਲਤਾਨ ਵਲ ਤੋਰਿਆ ਗਿਆ।

ਅੱਗੇ ਨਵਾਬ ਮੁਜ਼ੱਫ਼ਰ ਖ਼ਾਨ ਭੀ ਮਹਾਰਾਜੇ ਦੀਆਂ ਪਲ-ਪਲ ਦੀਆਂ ਖਬਰਾਂ ਵਲ ਅੱਖਾਂ ਲਾਈ ਬੈਠਾ ਸੀ। ਉਸ ਨੇ ਸਭ ਤਰ੍ਹਾਂ ਦੀਆਂ ਜੰਗੀ ਤਿਆਰੀਆਂ ਰਾਤ ਦਿਨ ਇਕ ਕਰਕੇ ਕਰ ਲਈਆਂ ਤੇ ਆਪਣੇ ਕਿਲ੍ਹਿਆਂ ਦੀ ਪਕਿਆਈ ਵਿਚ ਕੋਈ ਕਸਰ ਬਾਕੀ ਨਾ ਛੱਡੀ। ਹੁਣ ਜਦ ਫ਼ੌਜ ਦੀ ਚੜ੍ਹਾਈ ਦੀ ਖ਼ਬਰ ਸੁਣੀ ਤਾਂ ਬੜੇ ਜੋਸ਼ ਨਾਲ ਇਸਲਾਮੀ ਝੰਡਾ ਜਹਾਦੀ ਲੜਾਈ ਲਈ ਖੜਾ ਕਰ ਦਿੱਤਾ ਤੇ ਦੂਰ ਤੱਕ ਸਾਰੇ ਇਲਾਕਿਆਂ ਵਿਚ ਮੌਲਵੀ ਭਿਜਵਾ ਕੇ ਮਜ਼ਹਬੀ ਲੜਾਈ ਲਈ ਗ਼ਜ਼ਬ ਦਾ ਜੋਸ਼ ਫੈਲਾਇਆ, ਜਿਸ ਕਰਕੇ ਹਜ਼ਾਰਾਂ ਦੀ ਗਿਣਤੀ ਵਿਚ ਗ਼ਾਜ਼ੀਆਂ ਦਾ ਨਵਾਬ ਦੇ ਝੰਡੇ ਹੇਠ ਜਮਾਂ ਹੋਣਾ ਆਰੰਭ ਹੋ ਗਿਆ’। ਇਧਰ ਖਾਲਸਈ ਦਲ ਨੇ ਰਾਹ ਵਿੱਚ ਹੀ ਪਹਿਲੇ ਖ਼ਾਨ ਗੜ੍ਹ ਤੇ ਮੁਜ਼ਫ਼ਰਗੜ੍ਹ ਦੇ ਕਿਲ੍ਹਿਆਂ ਨੂੰ ਘੇਰ ਲਿਆ ਤੇ ਦੋ ਤਕੜੀਆਂ ਲੜਾਈਆਂ ਦੇ ਬਾਅਦ ਦੋਵੇਂ ਕਿਲ੍ਹਿਆਂ ‘ਤੇ ਖਾਲਸੇ ਦਾ ਕਬਜ਼ਾ ਜੰਮ ਗਿਆ। ਇਸ ਦੇ ਬਾਅਦ ਮੁਲਤਾਨ ਦੀ ਵਾਰੀ ਆਈ, ਜਿੱਥੇ ਨਵਾਬ ਖ਼ੁਦ ਆਪਣੇ ਪੁੱਤਰਾਂ ‘ਤੇ (੨੦੦੦੦) ਵੀਹ ਹਜ਼ਾਰ ਫ਼ੌਜ ਦੇ ਬੇਗਿਣਤ ਗ਼ਾਜ਼ੀਆਂ ਨਾਲ ਸ਼ਹਿਰ ਤੇ ਕਿਲ੍ਹੇ ਨੂੰ ਪੂਰੀ ਤਰ੍ਹਾਂ ਵੈਰੀ ਤੋਂ ਬਚਾਉਣ ਲਈ ਸਭ ਤਰ੍ਹਾਂ ਤਿਆਰ ਬੈਠਾ ਸੀ । ਖਾਲਸੇ ਦੀ ਫ਼ੌਜ ਨੂੰ ਮੁਲਤਾਨ ਦੇ ਨੇੜੇ ਪਹੁੰਚਦਿਆਂ ਹੀ ਇਕ ਖੁਲ੍ਹੇ ਮੈਦਾਨ ਵਿਚ ਜਿੱਥੇ ਨਵਾਬ ਦੀ ਫ਼ੌਜ ਨੇ ਮੋਰਚੇ ਜਮਾ ਰੱਖੇ ਸਨ, ਅੱਗੇ ਵੱਧਣ ਤੋਂ ਰੋਕਣ ਦਾ ਜ਼ੋਰ ਲਾਇਆ ਤੇ ਮੋਰਚਿਆਂ ਵਿਚੋਂ ਕਈ ਧੂਆਂਧਾਰ ਵਾੜਾਂ ਝਾੜੀਆਂ, ਪਰ ਖਾਲਸੇ ਦੇ ਦਲ ‘ਤੇ ਇਸ ਦਾ ਕੁਝ ਵੀ ਅਸਰ ਨਾ ਹੋਇਆ ਤੇ ਇਹ ਬਰਾਬਰ ਅੱਗੇ ਵੱਧਦਾ ਗਿਆ। ਉਸ ਦਿਨ ਇੱਥੇ ਬੜੀ ਭਾਰੀ ਲੜਾਈ ਹੋਈ, ਜਿਸ ਵਿਚ ਦੋਹਾਂ ਧਿਰਾਂ ਦਾ ਨੁਕਸਾਨ ਬਰਾਬਰ ਰਿਹਾ, ਪਰ ਸੂਰਜ ਦੇ ਲੋਪ ਹੁੰਦਿਆਂ ਹੀ ਗ਼ਾਜ਼ੀ ਮੈਦਾਨ ਖ਼ਾਲੀ ਛੱਡ ਕੇ ਲੋਪ ਹੋ ਗਏ। ਦੂਜੇ ਦਿਨ ਜਦ ਮੁਲਤਾਨ ਪਹੁੰਚੇ ਤਾਂ ਅਗੋਂ ਦਰਵਾਜ਼ੇ ਬੰਦ ਪਾਏ। ਉਸੀ ਵਕਤ ਸ਼ਹਿਰ ਨੂੰ ਘੇਰੇ ਵਿੱਚ ਰੱਖ ਲਿਆ ਤੇ ਚਵਾਂ ਪਾਸਿਆਂ ਵਲੋਂ ਭਾਰੀਆਂ ਤੋਪਾਂ ਬੀੜ ਕੇ ਸ਼ਹਿਰ ‘ਤੇ ਗੋਲੇ ਵਰਸਾਉਣ ਲੱਗੇ। ਨਵਾਬ ਮੁਜ਼ੱਫ਼ਰ ਖ਼ਾਨ ਨੇ ਵੀ ਸ਼ਹਿਰ ਦੀ ਇਤਿਹਾਸਕ ਫ਼ਸੀਲ ਪਰ, ਜੋ ਬਹੁਤ ਮਜ਼ਬੂਤ ਪ੍ਰਸਿੱਧ ਹੈ, ਥਾਉਂ ਥਾਈਂ, ਤੋਪਾਂ ਜੋੜੀਆਂ ਹੋਈਆਂ ਸਨ। ਪੰਜ ਦਿਨ ਬਰਾਬਰ ਤੁਲਵੀਂ ਲੜਾਈ ਹੁੰਦੀ ਰਹੀ। ਛੇਵੇਂ ਦਿਨ ਸਿੰਘਾਂ ਦੇ ਇਕ ਦਸਤੇ ਨੇ ਲਹਿੰਦੇ ਵਲੋਂ ਸ਼ਹਿਰ ‘ਤੇ ਹੱਲਾ ਕੀਤਾ, ਪਰ ਅੰਦਰੋਂ ਸਖ਼ਤ ਅੱਗ ਵੱਸਣ ਦੇ ਕਾਰਨ ਨਾਕਾਮ ਪਿੱਛੇ ਹਟਣਾ ਪਿਆ। ਦੂਜੇ ਦਿਨ ਮੁੜ ਧਾਵਾ ਕੀਤਾ ਗਿਆ। ਪਰ ਸਿੱਟਾ ਕਲ੍ਹ ਵਾਲਾ ਹੀ ਨਿਕਲਿਆ। ਅਗਲੇ ਦਿਨ ਸ਼ਾਹਜ਼ਾਦਾ ਖੜਗ ਸਿੰਘ ਨੇ ਸਾਰੇ ਸਰਦਾਰਾਂ ਨੂੰ ਇਕੱਠਾ ਕੀਤਾ ਤੇ ਇਹ ਠਹਿਰਾਈ ਗਈ ਕਿ ਰਾਤੋ-ਰਾਤ ਫ਼ਸੀਲਾਂ ਦੇ ਹੇਠ ਬਰੂਦ ਭਰਿਆ ਜਾਵੇ ਤੇ ਅੱਗ ਲਾ ਕੇ ਫਸੀਲ ਨੂੰ ਉਡਾ ਦਿੱਤਾ ਜਾਵੇ। ਕਈ ਰਾਤਾਂ ਦੀ ਸਖ਼ਤ ਮਿਹਨਤ ਦੇ ਬਾਅਦ ਸੁਰੰਗਾਂ। ਤਿਆਰ ਹੋ ਗਈਆਂ ਤੇ ਬਰੂਦ ਭਰ ਕੇ ਜਦ ਤੋੜੇ ਚਮਕਾਣੇ ਵਿਚ ਕੁਝ ਪਲਾਂ ਦੀ ਹੀ ਦੇਰ ਸੀ ਕਿ ਦੇਵਨੇਤ ਨਾਲ ਉਪਰੋਂ ਅਚਾਨਕ ਮੀਂਹ ਆ ਗਿਆ ਤੇ ਐਸਾ ਮੋਹਲੇਧਾਰ ਮੀਂਹ ਵੱਸਿਆ ਕਿ ਧਰਤੀ ‘ਤੇ ਜਲ ਹੀ ਜਲ ਨਜ਼ਰੀਂ ਪੈਣ ਲੱਗਾ। ਫਸੀਲ ਦੀਆਂ ਸੁਰੰਗਾਂ ਜੋ ਪੁੱਟੀਆਂ ਗਈਆਂ ਸਨ, ਪਾਣੀ ਨਾਲ ਭਰ ਗਈਆਂ, ਜਿਸ ਕਰਕੇ ਕਈ ਦਿਨਾਂ ਦੀ ਘਾਲ ਵਿਅਰਥ ਗਈ। ਮੀਂਹ ਦੇ ਬੰਦ ਹੋਣ ਪਰ ਸ਼ਾਹਜ਼ਾਦੇ ਨੇ ਮੁੜ ਸੁਰੰਗਾਂ ਲਾਉਣ ਦਾ ਹੁਕਮ ਦਿੱਤਾ, ਜਿਸ ਦੀ ਛੇਤੀ ਤਾਮੀਲ ਕੀਤੀ ਗਈ। ਅਗਲੀ ਰਾਤ ਨੂੰ ਜਦ ਪਲੀਤੇ ਦਾਗੇ ਗਏ ਤਾਂ ਤਿੰਨ ਥਾਵਾਂ ਤੋਂ ਫ਼ਸੀਲ ਵਿਚ ਛੋਟੇ-ਛੋਟੇ ਪਾੜ ਪੈ ਗਏ, ਪਰ ਮੁਜ਼ੱਫ਼ਰ ਖ਼ਾਨ ਨੂੰ ਸਮੇਂ ਸਿਰ ਖ਼ਬਰ ਹੋ ਜਾਣ ਕਰਕੇ ਬਾਹਰਲੀ ਫ਼ੌਜ ਦੇ ਹੱਲੇ ਤੋਂ ਪਹਿਲੇ ਪਹਿਲੇ ਹੀ ਨਵਾਬ ਦੇ ਬਹਾਦਰ ਸਿਪਾਹੀਆਂ ਨੇ ਪਾੜਾਂ ਨੂੰ ਰੇਤ ਭਰੀਆਂ ਬੋਰੀਆਂ ਨਾਲ ਪੂਰ ਕੇ ਮੁੜ ਪੱਕਿਆਂ ਕਰ ਲਿਆ, ਜਿਸ ਨਾਲ ਖਾਲਸਾ ਫ਼ੌਜ ਨੂੰ ਧਾਵਾ ਕਰਨ ਵਿਚ ਕੁਝ ਵੀ ਸੌਖ ਨਾ ਹੋਈ। ਛੇਕੜ ਕਈ ਭਾਰੀਆਂ ਤੋਪਾਂ ਇਕ ਹੀ ਥਾਂ ‘ਤੇ ਨਿਸ਼ਾਨਾ ਬੰਨ੍ਹ ਕੇ ਉਪਰਥੱਲੀ ਕਈ ਸੌ ਗੋਲੇ ਚਲਾਏ ਗਏ, ਜਿਨ੍ਹਾਂ ਦੇ ਅਸਰ ਨਾਲ ਦੀਵਾਰ ਦਾ ਇਕ ਹਿੱਸਾ ਹਿਲ ਗਿਆ ਤੇ ਜਦ ਹੋਰ ਜ਼ੋਰ ਪਾਇਆ ਤਾਂ ਥੋੜ੍ਹਾ ਕੁ ਰਾਹ ਖੁਲ੍ਹ ਗਿਆ। ਉਸ ਥਾਂ ‘ਤੇ ਤੁਰਤ ਹੀ ਘੋੜ-ਚੜ੍ਹਾਂ ਦਾ ਹੱਲਾ ਕਰਵਾਇਆ ਗਿਆ। ਬੜੀ ਲਹੂ ਡੋਲ੍ਹਵੀਂ ਲੜਾਈ ਹੋਈ, ਪਰ ਛੇਕੜ ਰਣ ਖਾਲਸੇ ਦੇ ਹੱਥ ਰਿਹਾ ਤੇ 12 ਫੱਗਣ ਨੂੰ ਸ਼ਹਿਰ ਪਰ ਖਾਲਸੇ ਦਾ ਕਬਜ਼ਾ ਹੋ ਗਿਆ। ਹੁਣ ਮੁਲਤਾਨ ਦੇ ਪ੍ਰਸਿੱਧ ਪੱਕੇ ਕਿਲ੍ਹੇ ਦੀ ਵਾਰੀ ਆਈ, ਜਿਸ ਦੀ ਪਕਿਆਈ ਬਾਬਤ ਕਈਆਂ ਇਤਿਹਾਸਾਂ ਵਿਚ ਇਸ ਨੂੰ ਅਜਿਤ ਲਿਖਿਆ ਹੈ। ਕਿਲ੍ਹੇ ਦਾ ਘੇਰਾ ਘੱਤ ਦਿੱਤਾ ਗਿਆ ਪਰ ਇਸ ਦੇ ਫ਼ਤਹ ਕਰਨ ਵਿਚ ਸਖ਼ਤ ਔਕੜਾਂ ਪੇਸ਼ ਆਈਆਂ। ਰੋਜ਼ਾਨਾ ਭਾਰੀ ਤੋਪਖ਼ਾਨੇ ਸਾਰਾ ਦਿਨ ਕਿਲ੍ਹੇ ‘ਤੇ ਗੋਲਿਆਂ ਦਾ ਮੀਂਹ ਵਸਾਂਦੇ ਰਹੇ ਪਰ ਕਿਲ੍ਹੇ ਦਾ ਕੁਝ ਵੀ ਨਾ ਵਿਗੜਿਆ। ਕਈ ਵਾਰੀ ਕਿਲ੍ਹੇ ਦੇ ਦਰਵਾਜ਼ਿਆਂ ‘ਤੇ ਹਾਥੀ ਦੌੜਾਏ ਗਏ, ਪਰ ਹਰ ਵਾਰੀ ਸਖ਼ਤ ਨੁਕਸਾਨ ਉਠਾਕੇ ਪਿੱਛੇ ਨੂੰ ਹਟਣਾ ਪਿਆ। ਇਸ ਤਰ੍ਹਾਂ ਕਿਲ੍ਹੇ ਦਾ ਮੁਹਾਸਰਾ ਕੀਤਿਆਂ ਲਗਪਗ ਤਿੰਨ ਮਹੀਨੇ ਬੀਤ ਗਏ, ਪਰ ਕਿਲ੍ਹਾ ਨਾ ਹੀ ਸਰ ਹੋਇਆ। ਉਪਰੋਂ ਗਰਮੀ ਦੀ ਰੁੱਤ, ਦੂਸਰੇ ਮੁਲਤਾਨ ਦੀਆਂ ਕਹਿਰ ਦੀਆਂ ਧੁੱਪਾਂ ਨੇ ਹੋਰ ਵੀ ਕਾਮਯਾਬੀ 7 ਨੂੰ ਦੁਰੇਡੇ ਕਰ ਦਿੱਤਾ, ਨਾਲ ਹੀ ਇਕ ਹੋਰ ਕਲਾ ਵਰਤੀ ਕਿ ਮੁਰਦਾ ਉਠ ਤੇ ਘੋੜਿਆਂ ਆਦਿ ਦੀਆਂ ਲੋਥਾਂ ਦੀ ਸੜ੍ਹਾਂਦ ਦੀ ਬਦਬੂ ਤੇ ਪਾਣੀ ਦੀ ਖ਼ਰਾਬੀ ਦੇ ਕਾਰਨ ਫ਼ੌਜ ਵਿਚ ਹੈਜ਼ਾ ਫੁੱਟ ਪਿਆ, ਜਿਸ ਨਾਲ ਸੌ-ਸੌ ਜੁਆਨ = ਰੋਜ਼ਾਨਾ ਮਰਨ ਲੱਗ ਪਏ। ਹੁਣ ਤਾਂ ਫ਼ੌਜ ਵਿਚ ਸਖ਼ਤ ਹਲਚਲ ਮਚ ਗਈ ਤੇ ਕਿਲ੍ਹੇ ਦੀ ਫ਼ਤਹ ਦੀ ਆਸ ਨਿਰਾਸਤਾ ਵਿਚ ਪਲਟ ਗਈ।

ਮਹਾਰਾਜਾ ਰਣਜੀਤ ਸਿੰਘ ਨੂੰ ਰੋਜ਼ਾਨਾ ਮੈਦਾਨ ਜੰਗ ਤੋਂ ਬਰਾਬਰ ਖ਼ਬਰਾਂ ਪਹੁੰਚਦੀਆਂ ਰਹਿੰਦੀਆਂ ਸਨ। ਜਦ ਆਪ ਨੇ ਆਪਣੀ ਫ਼ੌਜ ਦੀ ਇਹ ਨਾਜ਼ਕ – ਹਾਲਤ ਸੁਣੀ ਤਾਂ ਬਹੁਤ ਹੀ ਚਿੰਤਾਤੁਰ ਹੋਏ ਤੇ ਆਪਣੇ ਪੁਰਾਤਨ ਨਿਯਮ’ ਅਨੁਸਾਰ ਸ੍ਰੀ ਅੰਮ੍ਰਿਤਸਰ ਜੀ ਪਹੁੰਚੇ ਤੇ ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰ ਇਸ ਮੁਹਿੰਮ ਦੀ ਫ਼ਤਹ ਲਈ ਅਰਦਾਸਾ ਸੁਧਾਇਆ। ਇਸ ਤਰ੍ਹਾਂ ਸ੍ਰੀ ਅਕਾਲ ਤਖ਼ਤ ਜੀ ਵੀ ਬੇਨਤੀਆਂ ਕੀਤੀਆਂ, ਫੇਰ ਅਕਾਲੀਆਂ ਦੇ ਡੇਰੇ ਆਏ ਤੇ ਕਈ ਸੋ ਰੁਪੈ ਦੇ ਕੜਾਹ ਪ੍ਰਸ਼ਾਦ ਦੀ ਦੇਗ ਚੜ੍ਹਵਾਈ। ਮਹਾਰਾਜਾ ਸਾਹਿਬ ਨੂੰ ਜਦ ਅਕਾਲੀ ਫੂਲਾ ਸਿੰਘ ਮਿਲਿਆ ਤਾਂ ਆਪ ਨੇ ਮੁਲਤਾਨ ਦੀ ਲੜਾਈ ਦੀਆਂ ਸਾਰੀਆਂ ਕਠਨਾਈਆਂ ਅਕਾਲੀ ਜੀ ਨੂੰ ਸੁਣਾਈਆਂ। ਮਹਾਰਾਜਾ ਦਾ ਚਿਹਰਾ ਇਸ ਸਮੇਂ ਅਕਾਲੀ ਜੀ ਨੂੰ ਬਹੁਤ ਉਦਾਸ ਦਿਸਿਆ ਤਾਂ ਹੱਸ ਕੇ ਮਹਾਰਾਜਾ ਸਾਹਿਬ ਨੂੰ ਆਖਿਆ ਕਿ ‘ਡੋਗਰਿਆਂ ਦੇ ਪਾਲਕਾ, ਅੱਗੇ ਕਿਉਂ ਨਹੀਂ ਦੱਸਿਆ ਤੇ ਕਾਹਨੂੰ ਖਾਲਸੇ ਦੇ ਦਲਾਂ ਨੂੰ ਇੰਨੀਆਂ ਔਕੜਾਂ ਵਿਚ ਫਸਾ ਛੱਡਿਆ ਈ। ਜੇ ਆਪ ਸ੍ਰੀ ਦਰਬਾਰ ਸਾਹਿਬ ਦੀ ਪਰਕ੍ਰਮਾਂ ਨੂੰ ਸੰਗਮਰਮਰ ਦਾ ਫ਼ਰਸ਼ ਲੁਆਵਣ ਦਾ ਅਰਦਾਸਾ ਸੁਧਾਓ ਤਾਂ ਅੱਜ ਹੀ ‘ਫ਼ੌਜਾਂ’ ਰਣਤੱਤੇ ਵਲ ਜਾਣ ਨੂੰ ਤਿਆਰ ਹਨ, ਜੇ ਗੁਰੂ ਨੂੰ ਭਾਇਆ ਤਾਂ ਅਕਾਲੀ ਝੰਡਾ ਮੁਲਤਾਨ ਕਿਲ੍ਹੇ ਪਰ ਗੱਡ ਕੇ ਮੁੜਾਂਗੇ।’ ਕਹਿੰਦੇ ਹਨ ਕਿ ਇਸ ਸਮੇਂ ਮਹਾਰਾਜਾ ਸਾਹਿਬ ਨੇ ਅਕਾਲੀ ਜੀ ਨੂੰ ਗਲ੍ਹ ਨਾਲ ਲਾਇਆ ਤੇ ਕਹਿਣ ਲੱਗਾ ਕਿ ਪ੍ਰਕਰਮਾ ਦੀ ਇਹ ਸੇਵਾ ਮੈਂ ਆਪਣੇ ਧੰਨਭਾਗ ਜਾਣ ਕੇ ਕਰਾਂਗਾ। ਇਧਰ ਉਸੇ ਵਕਤ ਨਿਹੰਗਾਂ ਦੀ ਛਾਵਣੀ ਵਿਚ ਤਿਆਰੀ ਦੇ ਧੌਂਸੇ ਨੂੰ ਚੋਟ ਲਾਈ ਗਈ ਤੇ ਕੁਦ ਦਾ ਅਰਦਾਸਾ ਸੋਧ ਕੇ ਬਾਬਾ ਫੂਲਾ ਸਿੰਘ ਨੇ ਸਣੇ ਪੰਜ ਸੌ ਸਿਰ-ਕੱਢਦੇ ਅਕਾਲੀਆਂ ਤੇ ਮਸ਼ਹੂਰ ‘ਜ਼ਮਜ਼ਮਾ’ ਭੰਗੀਆਂ ਦੀ ਤੋਪ’ ਦੇ ੧੧ ਜੇਠ ਸੰਮਤ ੧੮੭੫ ਨੂੰ ਮੁਲਤਾਨ ਵਲ ਚੜ੍ਹਾਈ ਕਰ ਦਿੱਤੀ। ਤੁਰਨ ਤੋਂ ਪਹਿਲੇ ਗੁਰਮਤ ਇਹ ਸੋਧਿਆ ਗਿਆ ਕਿ ਦਰਯਾ ਰਾਵੀ ਦੇ ਰਾਹ ਜਾਲਿਆਂ ਤੇ ਬੇੜਿਆਂ ਵਿਚ ਜਾਣਾ ਜ਼ਿਆਦਾ ਛੇਤੀ ਤੇ ਸੌਖਾ ਹੋਵੇਗਾ। ਸੋ ਉਸੇ ਵੇਲੇ ਮਹਾਰਾਜਾ ਸਾਹਿਬ ਨੇ ਲਾਹੌਰ ਰਾਵੀ ਦੇ ਕੰਢੇ ਸਾਰਾ ਜ਼ਰੂਰੀ ਪ੍ਰਬੰਧ ਪੂਰਾ ਕਰਵਾ ਦਿੱਤਾ। ਇਸ ਤਰ੍ਹਾਂ ਇਹ ਬੀਰਾਂ ਦਾ ਦਸਤਾ ੧੮ ਜੇਠ ਨੂੰ ਮੁਲਤਾਨ ਪਹੁੰਚ ਗਿਆ।

ਸਾਹਿਬਜ਼ਾਦਾ ਖੜਗ ਸਿੰਘ ਨੂੰ ਜਦ ਬਾਬਾ ਫੂਲਾ ਸਿੰਘ ਦੇ ਪਹੁੰਚਣੇ ਦੀ ਖ਼ਬਰ ਪਹੁੰਚੀ ਤਾਂ ਆਪ ਨੇ ਕਈਕੁ ਨਾਮੀ ਸਰਦਾਰਾਂ ਨੂੰ ਨਾਲ ਲੈ ਕੇ ਅਕਾਲੀ ਜੀ ਦੀ ਅਗਵਾਈ ਕੀਤੀ। ਬਾਬਾ ਜੀ ਨੇ ਕਈ ਗੱਲਾਂ ਲੜਾਈ ਸਬੰਧੀ ਸ਼ਾਹਜ਼ਾਦੇ ਤੋਂ ਪੁੱਛੀਆਂ, ਜਿਸ ਦਾ ਯੋਗ ਉੱਤਰ ਸ਼ਾਹਜ਼ਾਦਾ ਦੇਂਦਾ ਰਿਹਾ। ਫੇਰ ਇਥੋਂ ਹੀ ਅਕਾਲੀ ਜੀ ਸਿੱਧੇ ਮੈਦਾਨ-ਜੰਗ ਵਲ ਵਧੇ। ਸ਼ਾਹਜ਼ਾਦੇ ਨੇ ਬਹੁਤ ਜ਼ੋਰ ਲਾਇਆ ਕਿ ਅੱਜ ਦਾ ਦਿਨ ਆਰਾਮ ਕਰੋ, ਤੇ ਅਗਲੇ ਦਿਨ ਮਿਲ ਕੇ ਕਿਲ੍ਹੇ ‘ਤੇ ਧਾਵਾ ਕਰਾਂਗੇ, ਪਰ ਅਕਾਲੀ ਜੀ ਦੇ ਮੂੰਹੋਂ ਸੁਭਾਵਕ ਹੀ ਨਿਕਲ ਗਿਆ ਕਿ ਆਰਾਮ ਕਿਲ੍ਹੇ ਦੀ ਫ਼ਤਹ ਦੇ ਬਾਅਦ ਇਕੇ ਵਾਰੀ ਕਰਾਂਗੇ। ਉਸ ਵਕਤ ਭੰਗੀਆਂ ਦੀ ਤੋਪ ਕਿਲ੍ਹੇ ਦੇ ਖਿਜ਼ਰੀ ਦਰਵਾਜ਼ੇ ਦੇ ਸਾਹਮਣੇ ਬੀੜੀ ਗਈ ਤੇ ਅਜੇ ਤਿੰਨ ਚਾਰ ਗੋਲੇ ਹੀ ਚਲੇ ਸਨ ਕਿ ਕਿਲ੍ਹੇ ਦੀ ਦੀਵਾਰ ਵਿਚ ਦੋ ਪਾੜ ਪੈ ਗਏ, ਪਰ ਉਸੀ ਵਕਤ ਨਵਾਬ ਮੁਜ਼ੱਫ਼ਰ ਖ਼ਾਨ ਸਣੇ ਆਪਣੇ ਪੰਜ ਜਵਾਨ ਪੁੱਤਰਾਂ ਤੇ ਬੇਗਿਣਤ ਜੋਸ਼ੀਲੇ ਗ਼ਾਜ਼ੀਆਂ ਦੇ ਦਰਾੜ ਦੇ ਕੋਲ ਪਹੁੰਚ ਗਿਆ ਤੇ ਅੱਗੇ ਦੀ ਤਰ੍ਹਾਂ ਰੇਤ ਦੀਆਂ ਬੋਰੀਆਂ ਸ਼ਿਗਾਫ਼ਾਂ ਵਿਚ ਜੜ੍ਹਵ ਦਿੱਤੀਆਂ ਤੇ ਨਾਲ ਹੀ ਚਾਰ ਭਾਰੀਆਂ ਤੋਪਾਂ ਜੋੜਕੇ ਲੱਗਾ ਅੱਗ ਵਰਸਾਣ ਇੰਨੇ ਨੂੰ ਅਕਾਲੀਆਂ ਨੇ ਇਕ ਹੋਰ ਗੋਲਾ ਚਲਾਇਆ, ਜੋ ਠੀਕ ਨਿਸ਼ਾਨੇ ‘ਤੇ ਬੈਠਾ ਤੇ ਇਸ ਦੀ ਧਮਕ ਨਾਲ ਪਾੜਾਂ ਵਿਚੋਂ ਬੋਰੀਆਂ ਡਿੱਗ ਪਈਆਂ ਤੇ ਮੁੜ ਉਹ ਪਾੜ ਸਾਹਮਣੇ ਦਿਸਿਆ। ਬੱਸ ਫੇਰ ਹੁਣ ਕੀ ਸੀ? ਅਕਾਲੀ ਸਿੰਘਾਂ ਦੇ ‘ਅਕਾਲ’ ‘ਅਕਾਲ’ ਦੇ ਜੈਕਾਰਿਆਂ ਨਾਲ ਆਕਾਸ਼ ਕੜਕ ਉੱਠਿਆ ਤੇ ਅੱਖ ਦੇ ਫੋਰ ਵਿਚ ਅਕਾਲੀ ਫੂਲਾ ਸਿੰਘ ਨੇ ਇੱਕ ਐਸਾ ਉਡਦਾ ਹਲਾ ਕੀਤਾ ਕਿ ਦੇਖਦੇ-ਦੇਖਦੇ ਹੀ ਇਹ ਬੀਰ ਬਹਾਦਰ ਕਿਲ੍ਹੇ ਵਿਚ ਧੈਹ ਵੜਿਆ ਤੇ ਜਾਂਦੇ ਹੀ. ਨਵਾਬ ਮੁਜ਼ੱਫ਼ਰ ਖ਼ਾਨ ਦੇ ਗਲ ਜਾ ਪਿਆ, ਤੇ ਹੱਥੋ ਹੱਥ ਉਹ ਤਲਵਾਰ ਚਲਾਈ ਕਿ ਇੱਕ ਕਹਿਰ ਵਰਤਾ ਦਿੱਤਾ। ਹੁਣ ਬਾਕੀ ਦਾ ਸਾਰਾ ਜੱਥਾ ਅਕਾਲੀ ਜੀ ਦੇ ਪਿੱਛੇ ਕਿਲ੍ਹੇ ਵਿਚ ਆ ਵੜਿਆ, ਜੋ ਥਾਉਂ-ਥਾਈਂ ਗ਼ਾਜ਼ੀਆਂ ਨਾਲ ਜੁੱਟ ਪਿਆ। ਗ਼ਾਜ਼ੀਆਂ ਦਾ ਜੋਸ਼ ਅੱਜ ਕਈ ਕਾਰਨਾਂ ਕਰਕੇ ਗ਼ਜ਼ਬ ਦਾ ਵਧਿਆ ਹੋਇਆ ਸੀ। ਇਕ ਤਾਂ ਜੁਮੇਂ ਦਾ ਦਿਨ ਸੀ ਤੇ ਗ਼ਾਜ਼ੀਆਂ ਦੇ ਅਕੀਦੇ ਅਨੁਸਾਰ ਇਸ ਦਿਨ ਲੜਾਈ ਵਿਚ ਮਰਨੇ ਵਾਲਾ ਗ਼ਾਜ਼ੀ ਬਿਨਾਂ ਪੁੱਛ ਪਰਤੀਤ ਦੇ ਸਿੱਧਾ ਹੀ ਜੰਨਤ ਵਿੱਚ ਜਾ ਵੜਦਾ ਹੈ, ਦੂਜਾ ਅੱਜ ਸਵੇਰੇ ਹੀ ਇਸ ਬੁੱਢੇ, ਪਰ ਬਹਾਦਰ ਨਵਾਬ ਨੇ ਘਰ ਤੋਂ ਖਫਣ ਮੰਗਵਾ ਕੇ ਸਿਰ ਉੱਤੇ ਬੰਨ੍ਹ ਲਿਆ ਤੇ ਸਬਜ਼ ਪੁਸ਼ਾਕ ਪਹਿਨ ਪੀਰ ਬਾਵਲ ਹੱਕ ਦੀ ਕਬਰ ‘ਤੇ ਜਾ ਡਿੱਗਾ ਤੇ ਦੇਰੀ ਤਕ ਦੁਆ ਮੰਗਦਾ ਰਿਹਾ, ਫੇਰ ਸਭ ਤੋਂ ਬਖ਼ਸ਼ ਬਖ਼ਸ਼ਾਵਣੀ ਲੈ ਕੇ ਰਣ ਵਿਚ ਆਇਆ। ਨਵਾਬ ਦੇ ਇਸ ਦਰਦਨਾਕ ਨਜ਼ਾਰੇ ਨੂੰ ਦੇਖਕੇ ਹਜ਼ਾਰਾਂ ਸਿਪਾਹੀ ਤੇ ਬੇਸ਼ੁਮਾਰ ਗ਼ਾਜ਼ੀ ਅੱਜ ਮਰਨ ਮਾਰਨ ਲਈ ਤਿਆਰ ਡਟੇ ਖੜੋਤੇ ਸਨ। ਅਕਾਲੀਆਂ ਦੇ ਕਿਲ੍ਹੇ ਵਿਚ ਵੜਦਿਆਂ ਹੀ ਜੋਸ਼ ਵਿੱਚ ਮਤੇ ਹੋਏ ਗ਼ਾਜ਼ੀ ਵਾ- ਵਿਰੋਲੇ ਦੀ ਤਰ੍ਹਾਂ ਇਨ੍ਹਾਂ ‘ਤੇ ਟੁੱਟ ਪਏ। ਅੱਗੋਂ ਅਕਾਲੀਆਂ ਨੇ ਵੀ ਪੈਂਤੜੇ ਜਮਾ ਕੇ ਉਹ ਸ੍ਰੀ ਸਾਹਿਬ ਵਹਾਈ ਕਿ ਪਲ ਦੇ ਪਲ ਵਿਚ ਜ਼ਮੀਨ ‘ਤੇ ਲੋਥਾਂ ਹੀ ਲੋਥਾਂ ਵਿਛ ਗਈਆਂ। ਇਸ ਸਮੇਂ ਨਵਾਬ ਮੁਜ਼ੱਫ਼ਰ ਖ਼ਾਨ ਤੇ ਅਕਾਲੀ ਫੂਲਾ ਸਿੰਘ ਆਮੋ ਸਾਹਮਣੇ ਹੋਏ ਤੇ ਕਈਕ ਵਾਰ ਇਕ ਦੂਜੇ ‘ਤੇ ਕੀਤੇ। ਛੇਕੜ ਅਕਾਲੀ ਜੀ ਦੀ ਇਕ ਫੇਰਵੀਂ ਸੱਟ ਨਾਲ ਮੁਜ਼ੱਫ਼ਰ ਖ਼ਾਨ ਜ਼ਮੀਨ ‘ਤੇ ਢੇਰੀ ਹੋ ਗਿਆ’ । ਇਸ ਸਮੇਂ ਸ: ਧੰਨਾ ਸਿੰਘ ਮਲਵਈ ਨੇ ਨਵਾਬ ਦੀ ਤਲਵਾਰ ਖੋਹ ਲਈ। ਇੰਨੇ ਨੂੰ ਨਵਾਬ ਦੇ ਵੱਡੇ ਪੁੱਤਰ ਸ਼ਾਹਨਿਵਾਜ਼ ਖ਼ਾਨ ਨੇ ਬਾਬਾ ਜੀ ‘ਤੇ ਇਕ ਸਖ਼ਤ ਵਾਰ ਕੀਤਾ ਜਿਸ ਨਾਲ ਅਕਾਲੀ ਜੀ • ਨੂੰ ਤਕੜਾ ਜ਼ਖ਼ਮ ਲੱਗਾ। ਪਰ ਪਿਛੋਂ ਨਾਲ ਹੀ ਬਹਾਦਰ ਸਰਦਾਰ ਧੰਨਾ ਸਿੰਘ ਮਲਵਈ ਤੇ ਸਰਦਾਰ ਸ਼ਾਮ ਸਿੰਘ ਅਟਾਰੀ ਆ ਪਹੁੰਚੇ ਤੇ ਉਨ੍ਹਾਂ ਨੇ ਸ਼ਾਹ ਨਿਵਾਜ਼ ਨੂੰ ਉਥੇ ਰਖਿਆ। ਕੋਲੋਂ ਇਕ ਹੋਰ ਗ਼ਾਜ਼ੀ ਨੇ ਸਰਦਾਰ ਸ਼ਾਮ ਸਿੰਘ ‘ਤੇ ਫ਼ੇਰ ਤਲਵਾਰ ਚਲਾਈ, ਜਿਸ ਨਾਲ ਆਪ ਨੂੰ ਸਖ਼ਤ ਜ਼ਖ਼ਮ ਲੱਗਾ ਤੇ ਆਪ ਘੋੜੇ ਤੋਂ ਡਿੱਗ ਪਏ। ਅਕਾਲੀ ਜੀ ਦੀ ਨਜ਼ਰ ਜਦ ਸਰਦਾਰ ਵੱਲ ਪਈ ਤਾਂ ਛੇਤੀ ਨਾਲ ਆਪਣੇ ਜੱਥੇ ਦੇ ਕੁਝ ਸਿੰਘ ਉਨ੍ਹਾਂ ਦੇ ਗਿਰਦ ਖਲ੍ਹਵਾ ਕੇ ਅਕਾਲੀ ਜੀ ਅੱਗੇ ਨੂੰ ਵੱਧੇ। ਹੁਣ ਜਦ ਗ਼ਾਜ਼ੀਆਂ ਨੇ ਨਵਾਬ ਨੂੰ ਮਰਦਾ ਡਿੱਠਾ ਤਾਂ ਉਨ੍ਹਾਂ ਦੇ ਪੈਰ ਮੈਦਾਨ ਵਿਚੋਂ ਉਖੜ ਗਏ। ਸਿੰਘਾਂ ਉਤੋਂ ਹੋਰ ਜ਼ੋਰ ਮਾਰਿਆ ਤਾਂ ਪੂਰੀ ਭਾਜੜ ਪੈ। ਗਈ। ਖਾਲਸੇ ਨੇ ਨਸਦਿਆਂ ਦਾ ਦੂਰ ਤਕ ਪਿੱਛਾ ਕੀਤਾ ਤੇ ਹਜ਼ਾਰਾਂ ਨੂੰ ਤਲਵਾਰ ਦੀ ਧਾਰ ਤੋਂ ਪਾਰ ਉਤਾਰਿਆ। ਇਸ ਸਾਰੀ ਲੜਾਈ ਵਿਚ ੧੨ ਹਜ਼ਾਰ ਤੋਂ ਵੱਧ ਮੁਸਲਮਾਨ ਸਣੇ ਨਵਾਬ ਮੁਜ਼ੱਫ਼ਰ ਖ਼ਾਨ ਤੇ ਉਸ ਦੇ ਪੰਜ ਪੁੱਤਾਂ ਦੇ ਕਤਲ ਹੋਏ।

ਨਵਾਬ ਮੁਜ਼ੱਫ਼ਰ ਖ਼ਾਨ ਦੀ ਕਬਰ ਬਾਵਲ ਹੱਕ ਦੀ ਖ਼ਾਨਗਾਹ ਦੀ ਡਿਉਢੀ ਵਿਚ ਦਰਵਾਜ਼ੇ ਦੇ ਸਾਹਮਣੇ ਹੈ, ਜਿਸ ਉੱਤੇ ਅੱਗੇ ਲਿਖੇ ਸ਼ੇਅਰ ਫ਼ਾਰਸੀ ਵਿਚ ਲਿਖੇ ਹੋਏ ਹਨ, ਜਿਨ੍ਹਾਂ ਤੋਂ ਨਵਾਬ ਦੀ ਮੌਤ ਦਾ ਸੰਨ ਸਾਲ ਨਿਕਲਦਾ ਹੈ :-

ਸ਼ੁਜਾ ਵ ਇਬਨਲ ਸ਼ੁਜਾ ਵ ਹਾਜੀ,

ਅਮੀਰੇ ਮੁਲਤਾਨ ਜ਼ਹ ਮੁਜ਼ੱਫਰ।

ਬਰੋਜ਼ੇ ਮੈਦਾਨ ਬ ਤੇਗ਼ੋ ਬਾਜ਼ੂ,

ਚੇ ਹਮਲਾ ਆਵਰ ਚੂੰ ਗ਼ਜ਼ਨਫ਼ਰ।

ਚੂੰ ਸੁਰਖ਼ਰੂ ਸ਼ੁਦ ਬਸੂਏ ਜੱਨਤ,

ਬੇਗੁਫ਼ਤ ਰਦਵਾ ਬੀਆ ਮੁਜ਼ੱਫਰ।

(੧੨੩੩ ਹਿਜਰੀ)

ਭਾਵ-(ਨਵਾਬ) ਹਾਜੀ ਮੁਜ਼ੱਫਰ (ਖ਼ਾਨ) ਅਮੀਰ ਮੁਲਤਾਨ ਬੜਾ ਹੀ ਬਹਾਦਰ ਤੇ ਬਹਾਦਰ’ ਦਾ ਪੁੱਤ ਸੀ, ਮੈਦਾਨ ਜੰਗ ਵਿਚ ਤਲਵਾਰ ਹੱਥ ਵਿਚ ਲੈ ਕੇ ਸ਼ੇਰ ਬੱਬਰ ਦੀ ਤਰ੍ਹਾਂ ਹਮਲਾ ਆਵਰ ਹੋਇਆ, (ਸ਼ਹੀਦ ਹੋਕੇ) ਜਦ ਜੰਨਤ ਵਲ ਗਿਆ, ਤਾਂ (ਅੱਗੋਂ) ਜਨਤ ਦੀਆਂ (ਹੂਰਾਂ) ਨੇ ਜੀ ਆਇਆਂ ਨੂੰ ਕਿਹਾ।

ਇਸੇ ਤਰ੍ਹਾਂ ਨਵਾਬ ਦਾ ਵੱਡਾ ਪੁਤ੍ਰ ਸ਼ਾਹ ਨਿਵਾਜ਼ ਖ਼ਾਨ ਜੋ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨਾਲ ਹੱਥੋਂ-ਹੱਥ ਟਾਕਰਾ ਕਰਦਾ ਹੋਇਆ ਸਰਦਾਰ ਦੀ ਤਲਵਾਰ ਨਾਲ ਮੋਇਆ ਸੀ, ਇਸੇ ਡਿਉਢੀ ਦੇ ਬਾਹਰ ਪੂਰਬ ਵੱਲ ਸੱਜੇ ਹੱਥ ਇਕ ਸੋਹਣੀ ਕਬਰ ਵਿਚ ਦੱਬਿਆ ਹੋਇਆ ਹੈ, ਇਸ ‘ਤੇ ਇਹ ਕੁਤਬਾ ਹੈ— ਚੂੰ ਸ਼ਾਹ ਨਿਵਾਜ਼ ਖ਼ਾਨ ਬ ਮੁਲਤਾਨ ਸ਼ਹੀਦ ਸ਼ੁਦ। ਖ਼ਮਦਾਰ ਤੇਗ਼ ਕਤਲ ਬਰੋ ਬਾਏ ਦੀਦ ਸ਼ੁਦ।

ਜੁਸਤਮ ਚੂੰ· ਸਾਲ ਮਸ਼ਹੀਦਾਨੇ ਗ਼ਾਜ਼ੀ ਸ਼ਹੀਦ।

ਗੁਫ਼ਤਾ ਖ਼ਿਰਦ ਕੇ ਹਾਕਮੇ ਮੁਲਤਾਨ ਸ਼ਹੀਦ ਸ਼ੁਦ।

(१२३३ ਹਿਜਰੀ )

ਭਾਵ-ਜਦੋਂ ਸ਼ਾਹ ਨਿਵਾਜ਼ ਖ਼ਾਨ ਮੁਲਤਾਨ ਵਿਚ ਸ਼ਹੀਦ ਹੋਇਆ (ਤਾਂ) ਕਤਲ ਦੀ ਖ਼ਮਦਾਰ ਸ਼ਮਸ਼ੇਰ (ਓਸ ਨੂੰ) ਈਦ ਦੇ ਚੰਦ ਵਾਤ (ਪਿਆਰੀ) ਭਾਸੀ। ਜਦ (ਮੈਂ ਨੇ) ਗ਼ਾਜ਼ੀ ਸ਼ਹੀਦ ਦੇ ਕਤਲ (ਹੋਣ) ਦਾ ਸਾਲ ਢੂੰਢਿਆ, ਤਾਂ ਅਕਲ ਨੇ (ਮੈਨੂੰ) ਆਖਿਆ ਕਿ ਮੁਲਤਾਨ ਦਾ ਹਾਕਮ ਸ਼ਹੀਦ ਹੋਇਆ।

ਖਾਲਸੇ ਦਾ ਨੁਕਸਾਨ ਜਾਨ ਭੀ ਚਾਰ ਹਜ਼ਾਰ ਦੇ ਲਗਪਗ ਸੀ। ਕਿਲ੍ਹੇ ਪਰ ਹੱਲਾ ਕਰਨ ਵਾਲੇ ਅਕਾਲੀ ਜੱਥੇ ਵਿਚੋਂ ਲਗ ਪਗ ਸਾਰੇ ਦੇ ਸਾਰੇ ਜ਼ਖ਼ਮੀ ਸਨ, ਜਿਨ੍ਹਾਂ ਵਿਚੋਂ ਬਤਾਲੀ ਸਿੰਘ ਮੋਰਚੇ ਛੁਡਾਣ ਵਿਚ ਸ਼ਹੀਦ ਹੋਏ। ਕਿਲ੍ਹੇ ਦੇ ਖ਼ਜ਼ਾਨੇ ਦਾ ਕਬਜ਼ਾ ਅਕਾਲੀ ਜੀ ਨੇ ਸ਼ਾਹਜ਼ਾਦੇ ਖੜਕ ਸਿੰਘ ਦੇ ਹਵਾਲੇ ਕੀਤਾ, ਜਿਸ ਵਿਚੋਂ ਕਈ ਲੱਖ ਰੁਪਯਾ ਤੇ ਬਹੁਤ ਸਾਰਾ ਸੋਨਾ ਨਿਕਲਿਆ। ਹੋਰ ਬੇਸ਼ੁਮਾਰ ਰੁਪਯਾ ਫ਼ੌਜਾਂ ਦੇ ਹੱਥ ਆਇਆ ਤੇ ਕਈਆਂ ਦੀਆਂ ਪੀਹੜੀਆਂ ਦੇ ਧੋਣੇ ਧੋਤੇ ਗਏ। ਇਸ ਫ਼ਤਹ ਦੀ ਰਪੋਟ ਉਸੀ ਵਕਤ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ਭੇਜੀ ਗਈ, ਜਿਸ ਵਿਚ ਸ਼ਾਹਜ਼ਾਦੇ ਨੇ ਲਿਖਿਆ ਸੀ ਕਿ ਇਹ ਫ਼ਤਹ ਨਿਰੋਲ ਅਕਾਲੀ ਫੂਲਾ ਸਿੰਘ ਜੀ ਦੀ ਅਦੁੱਤੀ ਬਹਾਦਰੀ ਦਾ ਫਲ ਹੈ। ਮਹਾਰਾਜਾ ਸਾਹਿਬ ਇਸ ਖ਼ੁਸ਼-ਖ਼ਬਰੀ ਨੂੰ ਸੁਣਕੇ ਅਯੰਤ ਖ਼ੁਸ਼ ਹੋਏ ਤੇ ਉਸੇ ਦਿਨ ਤੋਂ ਹੀ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੀ ਟਹਿਲ ਅਰੰਭ ਦਿੱਤੀ ਤੇ ਹੋਰਨਾਂ ਗੁਰਦਵਾਰਿਆਂ ਦੀ ਭੀ ਸੇਵਾ ਕੀਤੀ। ਇਸ ਖ਼ੁਸ਼ੀ ਵਿਚ ਸ੍ਰੀ ਅੰਮਿ੍ਤਸਰ ਤੇ ਲਾਹੌਰ ਵਿਚ ਅੱਠ ਦਿਨ ਬਰਾਬਰ ਦੀਪਮਾਲਾ ਹੁੰਦੀ ਰਹੀ ਤੇ ਹੋਰ ਖ਼ੁਸ਼ੀਆਂ ਦੇ ਮੇਲੇ ਲੱਗਦੇ ਰਹੇ ਅਤੇ ਮਹਾਰਾਜਾ ਸਾਹਿਬ ਨੇ ਹਜ਼ਾਰਾਂ ਰੁਪਏ ਲੋੜਵੰਦਾਂ ਤੇ ਅਨਾਥਾਂ ਨੂੰ ਵੰਡੇ।

ਅਕਾਲੀ ਫੂਲਾ ਸਿੰਘ ਜਦ ਸੰਗਰਾਮ ਤੋਂ ਮੁੜ ਕੇ ਡੇਰੇ ਪਹੁੰਚਿਆ ਤਾਂ ਆਪ ਦਾ ਸੱਜਾ ਹੱਥ ਦਿਨ ਭਰ ਤਲਵਾਰ ਚਲਾਣ ਨਾਲ ਇੰਨਾ ਸੁੱਜ ਗਿਆ ਸੀ ਕਿ ਸ੍ਰੀ ਸਾਹਿਬ ਦੇ ਕਬਜ਼ੇ ਵਿਚੋਂ ਬੜੀ ਔਖ ਨਾਲ ਕੱਢਿਆ ਗਿਆ। ਫੇਰ ਆਪ ਦੇ ਜ਼ਖ਼ਮ ਜੋ ਬਹੁਤ ਡੂੰਘੇ ਨਹੀਂ ਸਨ, ਸੀਤੇ ਗਏ ਤੇ ਯੋਗ ਇਲਾਜ ਦੇ ਕੀਤਿਆਂ ਦਿਨਾਂ ਵਿਚ ਹੀ ਭਰ ਆਏ। ਸ਼ਾਹਜ਼ਾਦਾ ਖੜਗ ਸਿੰਘ ਇਲਾਕੇ ਦੇ ਪੱਕੇ ਪ੍ਰਬੰਧ ਲਈ ਦੋ ਮਹੀਨੇ ਮੁਲਤਾਨ ਠਹਿਰਿਆ ਰਿਹਾ ਤੇ ਆਪ ਨੇ ਬਾਬਾ ਜੀ ਨੂੰ ਭੀ ਆਪਣੇ ਨਾਲ ਹੀ ਰੱਖਿਆ। ਅਕਾਲੀ ਜੀ ਦੀ ਸਲਾਹ ਨਾਲ ਸਰਦਾਰ ਜੋਧ ਸਿੰਘ ਕਲਸੀਏ ਨੂੰ ਮੁਲਤਾਨ ਦਾ ਗਵਰਨਰ ਥਾਪਿਆ ਤੇ ਬਾਬਾ ਬਾਜ ਸਿੰਘ ਨੂੰ ਕਿਲ੍ਹਾਦਾਰ, ਤੇ ਸਰਦਾਰ ਫ਼ਤਹ ਸਿੰਘ ਆਹਲੂਵਾਲੀਏ ਨੂੰ ਤੋਲਾਬੇ ਦਾ ਸੂਬੇਦਾਰ ਬਣਾਇਆ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਇਲਾਕਾ ਖ਼ਾਨਗੜ੍ਹ ਦਾ ਹਾਕਮ ਚੁਣਿਆ ਤੇ ਹੋਰ ਭੀ ਜ਼ਰੂਰੀ-ਜ਼ਰੂਰੀ ਸਾਰਾ ਯੋਗ ਪ੍ਰਬੰਧ ਕੀਤਾ ਗਿਆ।

ਨਵਾਬ ਮੁਜ਼ੱਫ਼ਰ ਖ਼ਾਨ ਦੇ ਦੋ ਪੁੱਤ ਸਰਦਾਰ ਖ਼ਾਨ ਤੇ ਜ਼ੁਲਫ਼ਕਾਰ ਅਲੀ ਖ਼ਾਨ ਜੋ ਕੈਦ ਕੀਤੇ ਗਏ ਸਨ, ਲਾਹੌਰ ਭਿਜਵਾ ਦਿੱਤੇ। ਇੱਥੇ ਮਹਾਰਾਜਾ ਸਾਹਿਬ ਸ਼ਾਹੀ ਵਰਤਾਵੇ ਅਨੁਸਾਰ ਉਨ੍ਹਾਂ ਨਾਲ ਪੇਸ਼ ਆਏ ਤੇ ੨੫੦੦) ਰੁਪਯਾ ਉਨ੍ਹਾਂ ਨੂੰ ਜ਼ਿਆਫ਼ਤ ਲਈ ਭੇਜਿਆ, ਫੇਰ ਇਕ ਬੜੀ ਜਾਗੀਰ ਗੁਜ਼ਾਰੇ ਲਈ ਸ਼ਰਕਪੁਰ ਵਿਚ ਬਖ਼ਸ਼ੀ।

ਸ਼ਾਹਜ਼ਾਦਾ ਖੜਗ ਸਿੰਘ ਹੁਣ ਸਣੇ ਬਾਬਾ ਫੂਲਾ ਸਿੰਘ ਤੇ ਹੋਰਨਾਂ ਸਰਦਾਰਾਂ ਦੇ ਇਸ ਮੁਹਿੰਮ ਦੀ ਫ਼ਤਹ ਦੇ ਬਾਅਦ ਜਦ ਮੁੜ ਕੇ ਲਾਹੌਰ ਪਹੁੰਚੇ ਤਾਂ ਕਈ ਕੋਹ ਅੱਗੋਂ ਹੀ ਬੜੀ ਧੂਮ ਧਾਮ ਤੇ ਵਾਜੇ ਗਾਜੇ ਨਾਲ ਇਨ੍ਹਾਂ ਦੀ ਅਗਵਾਈ ਕੀਤੀ ਗਈ। ਹਜ਼ੂਰੀ ਬਾਗ ਦੇ ਮੈਦਾਨ ਵਿਚ ਭਾਰੀ ਦਰਬਾਰ ਸਜਾਇਆ ਗਿਆ, ਜਿਸ ਵਿਚ ਹਜ਼ਾਰਾਂ ਬੁਤਕੀਆਂ ਮਹਾਰਾਜਾ ਸਾਹਿਬ ਨੇ ਇਨ੍ਹਾਂ ਦੇ ਸਿਰਾਂ ਤੋਂ ਵਾਰ ਕੇ ਲੁਟਾਈਆਂ। ਮਹਾਰਾਜਾ ਸਾਹਿਬ ਸਭ ਤੋਂ ਪਹਿਲੇ ਅਕਾਲੀ ਫੂਲਾ ਸਿੰਘ ਨੂੰ ਅਤਿ ਪਿਆਰ ਨਾਲ ਮਿਲੇ ਤੇ ਇਸ ਖ਼ੁਸ਼ੀ ਵਿਚ ਆਪ ਨੂੰ ‘ਖਾਲਸਾ ਰਾਜ ਦਾ ਰਾਖਾ’ ਆਖਕੇ ਭਾਰੀ ਖ਼ੁਸ਼ੀ ਪ੍ਰਗਟ ਕੀਤੀ।

ਇਸ ਫ਼ਤਹ ਪਰ ਵਿਚਾਰ

ਮੁਲਤਾਨ ਦੇ ਕਿਲ੍ਹੇ ਨੂੰ ਫ਼ਤਹ ਕਰਨ ਦੇ ਸਮਾਚਾਰ ਲਿਖਦੇ ਹੋਇਆਂ ਅਕਸਰ ਲੇਖਕਾਂ ਨੇ ਭੁੱਲਾਂ ਕੀਤੀਆਂ ਹਨ, ਜਿਸ ਕਰਕੇ ਇਕ ਲੇਖਕ ਦੀ ਰਾਇ ਦੂਜੇ ਨਾਲ ਨਹੀਂ ਮਿਲਦੀ, ਜੋ ਅਸੀਂ ਹੇਠ ਵਿਚਾਰ ਸਹਿਤ ਲਿਖਦੇ ਹਾਂ:-

੧. ਸਭ ਤੋਂ ਪਹਿਲੇ ਇਹ ਭੁੱਲ ਸ਼ਾਇਦ ਮਿਸਟਰ ਪ੍ਰਿੰਸਿਪ ਤੋਂ ਹੋਈ ਜਿਸ ਨੇ ਕਿਲ੍ਹੇ ਦੇ ਸ਼ਿਗਾਫ਼ (ਪਾੜ) ਪਰ ਸਭ ਤੋਂ ਪਹਿਲੇ ਹੱਲਾ ਕਰਨ ਵਾਲੇ ਦਾ ਨਾਮ ਅਕਾਲੀ ਫੂਲਾ ਸਿੰਘ ਦੀ ਥਾਂ ਸਾਧੂ ਸਿੰਘ ਕਰਕੇ ਲਿਖਿਆ ਤੇ ਅੱਗੇ ਨੂੰ ਇਹ ਭੁੱਲ ਇਸਦੀ ਤਵਾਰੀਖ਼ ਦਾ ਅਧਾਰ ਲੈਂਦੇ ਹੋਏ ਡਾਕਟਰ ਮੈਕਗ੍ਰੀਗਰ, ਕਪਤਾਨ ਕਨਿੰਘਮ, ਸਰ ਲਿਪਲ ਗ੍ਰਿਫ਼ਨ ਅਤੇ ਸੱਯਦ ਮੁਹੰਮਦ ਲਤੀਫ਼ ਆਦਿ ਇਤਿਹਾਸਕਾਰਾਂ ਨੇ ਆਪੋ ਆਪਣੀਆਂ ਕਿਤਾਬਾਂ ਵਿਚ ਨਕਲ ਕਰਕੇ ਕੀਤੀ।

੨. ਮੇਜਰ ਸਮਾਇਥ ਉੱਪਰ ਦੱਸੇ ਲੇਖਕਾਂ ਦੇ ਵਿਰੁੱਧ ਸਭ ਤੋਂ ਪਹਿਲੇ ਹੱਲਾ ਕਰਨ ਵਾਲੇ ਦਾ ਨਾਮ ਅਕਾਲੀ ਜੱਸਾ ਸਿੰਘ ਲਿਖਦਾ ਹੈ।

੩. ਅੱਗੇ ਜਾ ਕੇ ਇਤਿਹਾਸਕਾਰ ਇਸ ਦਾ ਨਾਮ ਅਕਾਲੀ ਮਾਲਾ ਸਿੰਘ ਦੱਸਦਾ ਹੈ।

ਹੁਣ ਆਓ ਅਸੀਂ ਜ਼ਰਾ ਇਸ ਪਰ ਵਿਚਾਰ ਕਰੀਏ ਕਿ ਇਹ ਬਲਬੀਰ ਬਹਾਦਰ ਤੇ ਅਦੁੱਤੀ ਜੋਧਾ ਕੌਣ ਸੀ ਜਿਸ ਨੇ ਮੁਲਤਾਨ ਦੇ ਕਿਲ੍ਹੇ ‘ਤੇ ਸਭ ਤੋਂ ਪਹਿਲੇ ਹੱਲਾ ਕੀਤਾ ?

(ੳ) ਇਸ ਗੱਲ ਦੇ ਮੰਨਣ ਵਿਚ ਕਿਸੇ ਇਤਿਹਾਸਕਾਰ ਨੂੰ ਇਨਕਾਰ ਨਹੀਂ ਕਿ ਕਿਲ੍ਹੇ ‘ਤੇ ਹੱਲਾ ਕਰਨ ਵਾਲਾ ਜ਼ਰੂਰ ਕੋਈ ਅਕਾਲੀ ਸੀ, ਚਾਹੇ ਇਸ ਦਾ ਨਾਮ ਕਿਸੇ ਨੇ ਸਾਧੂ ਸਿੰਘ, ਕਿਸੇ ਨੇ ਜੱਸਾ ਸਿੰਘ ਅਤੇ ਕਿਸੇ ਨੇ ਮਾਲਾ ਸਿੰਘ ਆਦਿ ਕਰਕੇ ਲਿਖਿਆ, ਪਰ ਇਸ ਗੱਲ ਨੂੰ ਸਾਰੇ ਮੰਨਦੇ ਹਨ ਕਿ ਉਹ ਨਿਰਸੰਦੇਹ ਕੋਈ ਅਕਾਲੀ ਸੀ।

(ਅ) ਏਹ ਭੀ ਸਭ ਲਿਖਦੇ ਹਨ ਕਿ ਇਸ ਆਗੂ ਦੇ ਹੱਲਾ ਕਰਦਿਆਂ ਹੀ। ਬਾਕੀ ਦਾ ਅਕਾਲੀ ਜੱਥਾ ਉਸ ਦੇ ਪਿੱਛੇ ਕਿਲ੍ਹੇ ਪਰ ਹਮਲਾਆਵਰ ਹੋਇਆ।

(ੲ) ਮਿਸਟਰ ਪ੍ਰਿੰਸਿਪ ਤੇ ਕਈ ਹੋਰ ਇਤਿਹਾਸਕਾਰ ਅਕਾਲੀ ਫੂਲਾ ਸਿੰਘ ਦਾ ਮੁਲਤਾਨ ਦੀ ਲੜਾਈ ਵਿਚ ਸ਼ਾਮਲ ਹੋਣਾ ਮੰਨਦੇ ਹਨ, ਤਾਂ ਹੁਣ ਵਿਚਾਰ ਗੋਚਰੀ ਇਹ ਗੱਲ ਹੈ ਕਿ ਅਕਾਲੀ ਫੂਲਾ ਸਿੰਘ ਦੇ ਹੁੰਦਿਆਂ ਕਦੀ ਹੋ ਸਕਦਾ ਸੀ ਕਿ ਕੋਈ ਹੋਰ ਹੱਲਾ ਕਰਨ ਵਿਚ ਅੱਗੇ ਵੱਧਦਾ ਤੇ ਆਪ ਉਸ ਤੋਂ ਪਿੱਛੇ ਰਹਿੰਦੇ ਜਦ ਕਿ ਸਾਰੇ ਇਤਿਹਾਸਕਾਰ ਇਸ ਗੱਲ ਨੂੰ ਇਕ ਜ਼ਬਾਨ ਹੋਕੇ ਮੰਨਦੇ ਹਨ ਕਿ ਅਕਾਲੀ ਫੂਲਾ ਸਿੰਘ ਸਦਾ ਹੱਲੇ ਦੇ ਵਕਤ ਆਪਣੇ ਸਾਰੇ ਜੱਥੇ ਤੋਂ ਅੱਗੇ ਹੁੰਦਾ ਸੀ।

(ਸ) ਅਕਾਲੀ ਫੂਲਾ ਸਿੰਘ ਨੂੰ ਉਸ ਦਿਨ ਤਲਵਾਰ ਦੇ ਫੱਟ ਲੱਗਣੇ ਇਸ ਗੱਲ ਨੂੰ ਹੋਰ ਵੀ ਸਾਫ਼ ਕਰ ਦੇਂਦੇ ਹਨ। ਜੇ ਅਕਾਲੀ ਜੀ ਪਹਿਲੇ ਹੱਲੇ ਵਿਚ ਨਹੀਂ ਸਨ ਤਾਂ ਫੱਟ ਕਿੱਥੋਂ ਲੱਗੇ ?

(ਹ) ਮੇਜਰ ਸਮਾਇਥ ਇਸ ਥਾਂ ‘ਤੇ ਸਾਡੇ ਨਾਲ ਸਹਿਮਤ ਹੋ ਜਾਂਦਾ ਹੈ, ਜਿੱਥੇ ਉਹ ਲਿਖਦਾ ਹੈ ਕਿ ਭਾਵੇਂ ਉਹ ਕੋਈ ਵੀ ਹੋਵੇ, ਪਰ ਇਸ ਵਿਚ ਜ਼ਰਾ ਵੀ ਸ਼ੱਕ ਨਹੀਂ ਕਿ ਮੁਲਤਾਨ ਨੂੰ ਮਹਾਰਾਜਾ ਰਣਜੀਤ ਸਿੰਘ ਲਈ ਐਡਾ ਛੇਤੀ ਫ਼ਤਹ ਕਰਨ ਦਾ ਸਿਹਰਾ ਸਦਾ ਲਈ ਬਹਾਦਰ ਫੂਲਾ ਸਿੰਘ ਅਕਾਲੀ ਦੇ ਹੀ ਸਿਰ ਰਹੇਗਾ।

(ਕ) ਇਸ ਤੋਂ ਵੀ ਵਧਕੇ ਸਬੂਤ ਜੋ ਸਾਨੂੰ ਮਿਲਦਾ ਹੈ ਓਹ ਸਾਡੇ ਇਕ ਬਜ਼ੁਰਗ ਸੰਬੰਧੀ ਬਾਬਾ ਹਿੰਮਤ ਸਿੰਘ ਜੀ ਦੀ ਜ਼ਬਾਨੀ ਹੈ, ਜਿਨ੍ਹਾਂ ਦੇ ਪਿਤਾ ਜੀ ਅਕਾਲੀ ਫੂਲਾ ਸਿੰਘ ਦੇ ਗੂੜ੍ਹੇ ਸਤਿਸੰਗੀ ਸੇ ਤੇ ਲਗ ਪਗ ਸਾਰੇ ਜੁੱਧਾਂ ਜੰਗਾਂ ਵਿਚ ਉਨ੍ਹਾਂ ਦੇ ਨਾਲ ਰਹੇ ਸਨ, ਵਿਸ਼ੇਸ਼ ਕਰਕੇ ਮੁਲਤਾਨ ਦੀ ਫ਼ਤਹ ਆਪ ਦੀ ਅੱਖੀਂ ਡਿੱਠੀ ਘਟਨਾ ਸੀ। ਬਾਬਾ ਜੀ ਦੱਸਦੇ ਸਨ ਕਿ ਇਸ ਲੜਾਈ ਦੇ ਸਮਾਚਾਰ ਪਿਤਾ ਜੀ ਨੇ ਕਈ ਵਾਰੀ ਸਾਨੂੰ ਵਿਸਥਾਰ ਸਹਿਤ ਸੁਣਾਏ ਜਿਨ੍ਹਾਂ ਵਿਚ ਉਹ ਅਕਾਲੀ ਫੂਲਾ ਸਿੰਘ ਨੂੰ ਮੁਲਤਾਨ ਦਾ ਫ਼ਾਤਹ (ਵਿਜਈ) ਦੱਸਦੇ ਸਨ।

ਸਭ ਤੋਂ ਵਧ ਮੁਸਤਨਦ ਲਿਖਤੀ ਸਬੂਤ ਜੋ ਇਸ ਘਟਨਾ ਦਾ ਮਿਲਦਾ ਹੈ, ਉਹ ਕਲਕੱਤਾ ਰੀਵੀਊ ਜਿਲਦ ੬ ਦਾ ਸਫ਼ਾ-੭੯, ਦਸੰਬਰ ੧੮੪੬ ਦੀ ਲਿਖਤ ਹੈ, ਜਿੱਥੇ ਸਪੱਸ਼ਟ ਲਿਖਿਆ ਹੈ ਕਿ (ਮੁਲਤਾਨ ਦੀ ਲੜਾਈ ਵਿਚ ਮਹਾਰਾਜਾ) ਰਣਜੀਤ ਸਿੰਘ ਦੀ ਸਾਰੀ ਫ਼ੌਜ ਪਿੱਛੇ ਹਟਾ ਦਿੱਤੀ ਗਈ ਹੁੰਦੀ ਜੇ ਕਦੇ ਅਕਾਲੀ ਫੂਲਾ ਸਿੰਘ ਨਿਰਭੈਤਾ ਨਾਲ ਆਪਣੇ ਬਲਵਾਨ ਜੱਥੇ ਨੂੰ ਨਾਲ ਲੈ ਕੇ ਕਿਲ੍ਹੇ ਦੇ ਸ਼ਿਗਾਫ਼ ’ਤੇ ਧਾਵਾ ਨਾ ਕਰ ਦੇਂਦਾ’।

Ranjit Singh’s whole army would have been repulused from Multan, had Phula Singh, a mad Akali borrowed from Baculine the courage to lead a storming party against the breach.

ਇਸ ਤਰ੍ਹਾਂ ਪਿਸ਼ਾਵਰ ਗਜ਼ਟੀਅਰ ਸਫ਼ਾ ੬੫ ‘ਤੇ ਸਾਫ਼ ਲਿਖਿਆ ਹੈ ਕਿ ਮੁਲਤਾਨ ਦੇ ਕਿਲ੍ਹੇ ਦੇ ਪਾੜ ਵਿਚ ਸਭ ਤੋਂ ਪਹਿਲਾਂ ਫੂਲਾ ਸਿੰਘ (ਅਕਾਲੀ) ਸਣੇ ਆਪਣੇ ਜੱਥੇ ਦੇ ਦਾਖ਼ਲ ਹੋਇਆ। ਨੁਸ਼ੈਹਰੇ ਦੀ ਸੰਨ ੧੮੨੩ ਦੀ ਭਿਆਨਕ ਲੜਾਈ ਦਾ ਜ਼ਿਕਰ ਕਰਦਾ ਹੋਇਆ ਲਿਖਦਾ ਹੈ:-

“In this action 10,000 Pathans are said to have been slained. And with them fell that gallant old sikh soldier, Phula Singh, the intre-pid leader of Akali or immortal who five years before had led the way into the breach at Multan, and was on this occasion no less conspicuous for his gallantry.” Peshawar District Gazetteer P.65

ਇਨ੍ਹਾਂ ਸਾਰੀਆਂ ਦਲੀਲਾਂ ਤੇ ਸਬੂਤਾਂ ਪਰ ਵਿਚਾਰ ਕੀਤਿਆਂ ਪੂਰੀ ਤਰ੍ਹਾਂ ਸਾਬਤ ਹੋ ਜਾਂਦਾ ਹੈ ਕਿ ਇਕ ਬਹਾਦਰ ਸੂਰਮਾ ਅਕਾਲੀ ਫੂਲਾ ਸਿੰਘ ਹੀ ਸੀ, ਜਿਸ ਨੇ ਸਭ ਤੋਂ ਪਹਿਲੇ ਕਿਲ੍ਹੇ ‘ਤੇ ਹੱਲਾ ਕਰਕੇ ਮੁਲਤਾਨ ਨੂੰ ਫ਼ਤਹ ਕੀਤਾ।

ਪਿਸ਼ਾਵਰ ਨੂੰ ਫ਼ਤਹ ਕਰਨਾ

ਮੁਲਤਾਨ ਦੀ ਫ਼ਤਹ ਤੋਂ ਵਿਹਲੇ ਹੁੰਦਿਆਂ ਹੀ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਧਿਆਨ ਪਿਸ਼ਾਵਰ ਨੂੰ ਖਾਲਸਾ ਰਾਜ ਵਿਚ ਮਿਲਾਣ ਵੱਲ ਲੱਗ ਗਿਆ। ਮਹਾਰਾਜਾ ਸਾਹਿਬ ਅਜੇ ਇਨ੍ਹਾਂ ਤਿਆਰੀਆਂ ਵਿਚ ਹੀ ਸੀ ਕਿ ਉੱਪਰੋਂ ਅਚਾਨਚੱਕ ਅਫ਼ਗ਼ਾਨਿਸਤਾਨ ਵਿਚ ਭਾਰੀ ਹਲਚਲ ਦੀਆਂ ਖ਼ਬਰਾਂ ਪਹੁੰਚੀਆਂ, ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ ਕਿ ਪ੍ਰਸਿੱਧ ਵਜ਼ੀਰ ਫ਼ਤਹ ਖ਼ਾਨ ਬਾਰਕਜ਼ਈ ਦੇ ਵਿਰੁੱਧ ਇਕ ਡੂੰਘੀ ਗੋਂਦ ਗੁੰਦੀ ਗਈ, ਜਿਸ ਦਾ ਬਾਨੀ ਸ਼ਾਹਜ਼ਾਦਾ ਕਾਮਰਾਨ ਸੀ। ਇਸ ਵਿਚ ਕੋਈ ਵੀ ਸੰਦੇਹ ਨਹੀਂ ਕਿ ਇਹ ਵਜ਼ੀਰ ਬੜਾ ਹੀ ਦਾਨਾ ਤੇ ਬਹਾਦਰ ਆਦਮੀ ਸੀ। ਇਹ ਇਸ ਦੀ ਬਹਾਦਰੀ ਤੇ ਦੂਰ ਦ੍ਰਿਸ਼ਟੀ ਦਾ ਫਲ ਸੀ ਕਿ ਸ਼ਾਹ ਮਹਿਮੂਦ ਨੂੰ ਕਾਬਲ ਦਾ ਤਖ਼ਤ ਮਿਲਿਆ। ਇਸੇ ਨੇ ਹੀ ਕਸ਼ਮੀਰ ਨੂੰ ਫ਼ਤਹ ਕੀਤਾ ਤੇ ਇਸੇ ਦੀ ਦਾਨਾਈ ਨਾਲ ਸਿੰਧੀ ਅਮੀਰਾਂ ਨੇ ਦਰਬਾਰ ਕਾਬਲ ਨੂੰ ਖ਼ਰਾਜ ਦੇਣਾ ਆਪਣੇ ਸਿਰ ਮੰਨਿਆ। ਅਫ਼ਗ਼ਾਨਿਸਤਾਨ ਦੀਆਂ ਖ਼ੁਦ-ਸਰ ਕੌਮਾਂ ਨੂੰ ਆਪਣੇ ਪੰਜੇ ਹੇਠ ਦਬਾਣਾ ਇਸੇ ਹੀ ਵਜ਼ੀਰ ਦਾ ਕੰਮ ਸੀ। ਇਸ ਦੀ ਵਧਦੀ ਹੋਈ ਤਾਕਤ ਤੇ ਆਪਣੇ ਪਿਤਾ ਸ਼ਾਹ ਮਹਿਮੂਦ ਨੂੰ ਇਸ ਵਜ਼ੀਰ ਦੇ ਕਾਬੂ ਵਿਚ ਫਾਥਾ ਪਿਆ ਦੇਖਕੇ ਸ਼ਾਹਜ਼ਾਦਾ ਕਾਮਰਾਨ ਬੁਰੀ ਤਰ੍ਹਾਂ ਇਨ੍ਹਾਂ ਬਾਰਕਜ਼ਈਆਂ ਨਾਲ ਖੈਹਣ ਲੱਗਾ। ਸਮੇਂ ਦੇ ਨਾਲ-ਨਾਲ ਇਹ ਈਰਖਾ ਇੰਨੀ ਵਧੀ ਕਿ ਕਾਮਰਾਨ ਹਰ ਵਕਤ ਇਨ੍ਹਾਂ ਸੋਚਾਂ ਵਿਚ ਹੀ ਰਹਿੰਦਾ ਕਿ ਕਿਸੇ ਤਰ੍ਹਾਂ ਦੇਸ਼ ਵਿਚੋਂ ਵਜ਼ੀਰ ਫ਼ਤਹ ਖ਼ਾਨ ਦੀ ਤਾਕਤ ਘਟਾਈ ਜਾਏ ਤੇ ਦਰਬਾਰ ਕਾਬਲ ਨੂੰ ਇਸ ਦੇ ਅਸਰ ਤੋਂ ਸੁਤੰਤਰ ਕਰਕੇ ਆਪਣੀ ਮਰਜ਼ੀ ਅਨੁਸਾਰ ਪ੍ਰਬੰਧ ਕੀਤਾ ਜਾਏ।

ਕੁਝ ਦਿਨਾਂ ਦੇ ਬਾਅਦ ਇਲਾਕਾ ਹਿਰਾਤ ਪਰ ਈਰਾਨੀਆ ਦੀ ਚੜ੍ਹਾਈ ਦੀ ਖ਼ਬਰ ਕਾਬਲ ਪਹੁੰਚੀ। ਇਸ ਹੱਲੇ ਨੂੰ ਰੋਕਣ ਲਈ ਵਜ਼ੀਰ ਫ਼ਤਹ ਖ਼ਾਨ ਤੇ ਇਸ ਦਾ ਛੋਟਾ ਭਾਈ ਦੋਸਤ ਮੁਹੰਮਦ ਖ਼ਾਨ ਮੁਕੱਰਰ ਕੀਤੇ ਗਏ। ਹਿਰਾਤ ਪਹੁੰਚਕੇ ਇਨ੍ਹਾਂ ਨੂੰ ਲੜਾਈ ਵਿਚ ਪੂਰੀ ਸਫਲਤਾ ਹੋਈ। ਈਰਾਨੀਆਂ ਨੂੰ ਭਾਰੀ ਨੁਕਸਾਨ ਜਾਨ ਤੇ ਮਾਲ ਦਾ ਉਠਾਕੇ ਪਿੱਛੇ ਨੱਸਣਾ ਪਿਆ। ਇਸ ਫ਼ਤਹ ਨਾਲ ਵਜ਼ੀਰ ਦੀ ਸ਼ੋਹਰਤ ਹੋਰ ਵੱਧ ਗਈ। ਇਥੇ ਇਸ ਵਜ਼ੀਰ ਨੇ ਸ਼ਾਹ ਮਹਿਮੂਦ ਦੀ ਹਕੂਮਤ ਨੂੰ ਵੱਧ ਪੱਕਿਆਂ ਕਰਨ ਲਈ ਹਾਜੀ ਫਿਰੋਜ਼ ਦੀਨ ਹਾਕਮ ਹਿਰਾਤ ਨੂੰ-ਜੋ ਸ਼ਾਹ ਮਹਿਮੂਦ ਦਾ ਨਜ਼ਦੀਕੀ ਸੰਬੰਧੀ ਸੀ-ਹਿਰਾਤ ਤੋਂ ਕੱਢਣ ਤੇ ਉਸਦੇ ਸਾਰੇ ਇਲਾਕੇ ਨੂੰ ਕਾਬਲ ਦੀ ਹਕੂਮਤ ਨਾਲ ਸੰਮਿਲਤ ਕਰਨ ਲਈ ਸੋਚਾਂ ਸੋਚੀਆਂ। ਕੁਝ ਦਿਨਾਂ ਦੇ ਬਾਅਦ ਫ਼ਤਹ ਖ਼ਾਨ ਨੇ ਦੋਸਤ ਮੁਹੰਮਦ ਖ਼ਾਨ ਨੂੰ ਇਨ੍ਹਾਂ ਤਜਵੀਜ਼ਾਂ ਦੇ ਪੂਰੇ ਕਰਨ ਲਈ ਹੁਕਮ ਦਿੱਤਾ। ਇਸ ਤੇਜ਼ ਤਬੀਅਤ ਬਾਰਕਜ਼ਈ ਸਰਦਾਰ ਨੇ ਬਿਨਾਂ ਕਿਸੇ ਔਖ ਦੇ ਫ਼ੀਰੋਜ਼ ਦੀਨ ਨੂੰ ਹਿਰਾਤ ਵਿਚੋਂ ਕੱਢ ਦਿੱਤਾ ਤੇ ਉਸ ਦਾ ਕੁਲ ਮਾਲ ਮਤਾ ਲੁੱਟ ਲਿਆ, ਇਥੋਂ ਤੀਕ ਕਿ ਉਸ ਦਾ ਘਰ ਤੇ ਜ਼ਨਾਨਖ਼ਾਨਾ ਵੀ ਇਸ ਨੌਜਵਾਨ ਦੋਸਤ ਮੁਹੰਮਦ ਦੇ ਹੱਥੋਂ ਨਾ ਬਚ ਸਕਿਆ। ਇਸ ਨੇ ਸਾਰੀਆਂ ਤੀਵੀਆਂ ਦੀ ਤਲਾਸ਼ੀ ਲਈ ਤੇ ਜੋ ਕੁਝ ਹੱਥ ਲੱਗਾ ਆਪਣੇ ਕਾਬੂ ਕੀਤਾ। ਇਨ੍ਹਾਂ ਤੀਵੀਆਂ ਵਿਚ ਸ਼ਾਹ ਮਹਿਮੂਦ ਵਾਲੀਏ ਕਾਬਲ ਦੀ ਲੜਕੀ-ਜੋ ਫ਼ੀਰੋਜ਼ ਦੀਨ ਦੀ ਨੂੰਹ ਸੀ-ਓਸ ਦੀ ਵੀ ਉਸੇ ਤਰ੍ਹਾਂ ਬੇਇਜ਼ਤੀ ਹੋਈ, ਜਿਸ ਤਰ੍ਹਾਂ ਕਿ ਹੋਰਨਾਂ ਤੀਵੀਆਂ ਦੀ।

ਇੱਧਰ ਸ਼ਾਹਜ਼ਾਦਾ ਕਾਮਰਾਨ ਦਾ ਦਿਲ ਕੁਝ ਤਾਂ ਪਹਿਲੇ ਹੀ ਵਜ਼ੀਰ ਫ਼ਤਹ ਖ਼ਾਨ ਵਲੋਂ ਈਰਖਾ ਤੇ ਦੁਵੈਖ ਨਾਲ ਭਰਿਆ ਪਿਆ ਸੀ, ਉੱਤੋਂ ਆਪਣੀ ਭੈਣ ਤੇ ਹੋਰਨਾਂ ਦੁਰਾਨੀ ਤੀਵੀਆਂ ਦੇ ਵਜ਼ੀਰ ਦੇ ਭਾਈ ਦੇ ਹੱਥੋਂ ਬੇਪਤੀ ਹੋਣ ਦੀ ਖ਼ਬਰ ਨੇ ਬਲਦੀ ‘ਤੇ ਤੇਲ ਦਾ ਕੰਮ ਕੀਤਾ, ਪਰ ਚੂੰਕਿ ਬਾਰਕਜ਼ਈਆਂ ਦੀ ਤਾਕਤ ਇਸ ਸਮੇਂ ਅਫਗਾਨਿਸਤਾਨ ਵਿਚ ਬੇਹੱਦ ਵਧੀ ਹੋਈ ਸੀ ਜਿਸ ਕਰਕੇ ਖੁਲ੍ਹਮਖੁਲ੍ਹਾ ਤਾਂ ਸ਼ਾਹਜ਼ਾਦਾ ਕੁਝ ਨਾ ਕਰ ਸਕਿਆ, ਹਾਂ ਇਕ ਖ਼ੁਫ਼ੀਆ ਸਾਜ਼ਿਸ਼ ਦੀ ਆੜ ਵਿਚ ਧੋਖੇ ਨਾਲ ਵਜ਼ੀਰ ਤੋਂ ਬਦਲਾ ਲੈਕੇ ਆਪਣੇ ਦਿਲ ਦੀ ਪਰਜਲਤ ਜੁਵਾਲਾ ਨੂੰ ਠੰਢਾ ਕੀਤਾ। ਸ਼ਾਹਜ਼ਾਦੇ ਨੇ ਵਜ਼ੀਰ ਨੂੰ ਇਸ ਕਾਮਯਾਬੀ ਪਰ ਇਕ ਭਾਰੀ ਦਾਅਵਤ ਦਿੱਤੀ ਤੇ ਨਾਲ ਹੀ ਪੜਦੇ ਵਿਚ ਚਾਰ ਸੌ ਸਨੱਧਬਧ ਦੁਰਾਨੀ ਜਵਾਨ, ਨਾਲ ਦੇ ਘਰ ਵਿਚ ਤਿਆਰ ਬੈਠਾ ਦਿੱਤੇ। ਇਧਰ ਅਜੇ ਨਾਚ ਰੰਗ ਆਰੰਭ ਹੋਇਆ ਹੀ ਸੀ ਕਿ ਕਾਮਰਾਨ ਦੇ ਇਸ਼ਾਰੇ ਨਾਲ ਇਕਾ ਏਕੀ ਓਹ ਚਾਰ ਸੌ ਸਿਪਾਹੀ ਵਜ਼ੀਰ ਪਰ ਟੁੱਟ ਪਏ ਤੇ ਉਸ ਨੂੰ ਬੰਨ੍ਹ ਕੇ ਸ਼ਾਹਜ਼ਾਦੇ ਦੇ ਪੇਸ਼ ਕੀਤਾ। ਬੇਤਰਸ ਕਾਮਰਾਨ ਨੇ ਛੁੱਟਦੇ ਹੀ ਇਕ ਲੋਹੇ ਦੀ ਸੀਖ ਅੱਗ ਵਿਚ ਲਾਲ ਕਰਵਾਈ ਤੇ ਵਜ਼ੀਰ ਦੀਆਂ ਅੱਖਾਂ ਵਿੱਚ ਫੇਰਕੇ ਉਸ ਨੂੰ ਅੰਨ੍ਹਾ ਕਰ ਦਿੱਤਾ। ਫੇਰ ਉਸ ਦੇ ਦੋਵੇਂ ਹੱਥ ਪੈਰ ਕਟਵਾ ਦਿੱਤੇ ਤੇ ਕਈ ਤਰ੍ਹਾਂ ਦੇ ਤਸੀਹੇ ਦੇ ਕੇ ਡਾਢੀ ਬੇਤਰਸੀ ਤੇ ਵਹਿਸ਼ੀ ਪੁਣੇ ਨਾਲ ਉਸਨੂੰ ਕਤਲ ਕਰ ਦਿੱਤਾ।

ਵਜ਼ੀਰ ਫ਼ਤਹਖ਼ਾਨ ਬਲਵਾਨ ਬਾਰਕਜ਼ਈ ਖ਼ਾਨਦਾਨ ਵਿਚੋਂ ਸੀ, ਜਿਸ ਦੇ ਕਈ ਦਰਜਨ ਭਰਾ ਤੇ ਭਤੀਜਿਆਂ ਵਿਚੋਂ ਇਕ ਪਿਸ਼ਾਵਰ ਦਾ ਗਵਰਨਰ ਸੀ, ਦੂਜਾ ਕਸ਼ਮੀਰ ਦਾ ਹਾਕਮ, ਤੀਜਾ ਕੰਧਾਰ ਤੇ ਚੌਥਾ ਗ਼ਜ਼ਨੀ ਦਾ ਮੁਖ਼ਤਾਰ ਸੀ, ਗ਼ਰਜ਼ ਕਿ ਅਫ਼ਗ਼ਾਨਿਸਤਾਨ ਤੇ ਉਸਦੇ ਸਾਰਿਆਂ ਸੂਬਿਆਂ ਦੀ ਹਕੂਮਤ ਦੀਆਂ ਵਾਗਾਂ ਪੂਰੀ ਤਰ੍ਹਾਂ ਬਾਰਕਜ਼ਈ ਭਾਈਆਂ ਦੇ ਹੱਥ ਸਨ। ਸਾਰੇ ਦੇਸ਼ ਵਿੱਚ ਇਨ੍ਹਾਂ ਦਾ ਸਿੱਕਾ ਮੰਨੀਦਾ ਸੀ, ਜਿਸ ਕਰਕੇ ਵਜ਼ੀਰ ਫ਼ਤਹ ਖ਼ਾਨ ਦੇ ਇਸ ਤਰ੍ਹਾਂ ਬੇਦਰਦੀ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਨਾਲ ਸਾਰੇ ਅਫ਼ਗ਼ਾਨਿਸਤਾਨ ਵਿਚ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਹਲਚਲ ਮਚ ਗਈ, ਜੋ ਛੇਕੜ ਇਕ ਭਾਰੀ ਬਗ਼ਾਵਤ ਦੀ ਸ਼ਕਲ ਵਿਚ ਪਲਟ ਗਈ।

ਮੁਹੰਮਦ ਅਜ਼ੀਮ ਖ਼ਾਨ ਵਜ਼ੀਰ ਫ਼ਤਹ ਖ਼ਾਨ ਦੇ ਭਾਈ ਨੇ ਜਦ ਕਸ਼ਮੀਰ ਵਿਚ ਆਪਣੇ ਭਰਾ ਦੇ ਕਤਲ ਦੀ ਖ਼ਬਰ ਸੁਣੀ ਤਾਂ ਉਸੇ ਵਕਤ ਆਪਣੇ ਨਿੱਕੇ ਭਾਈ ਮੁਹੰਮਦ ਜਬਾਰ ਖ਼ਾਨ ਨੂੰ ਕਸ਼ਮੀਰ ਦਾ ਗਵਰਨਰ ਥਾਪਕੇ ਆਪ ਸਣੇ ਫ਼ੌਜ ਦੇ ਆਪਣੇ ਵੱਡੇ ਭਰਾ ਦਾ ਬਦਲਾ ਦੁਰਾਨੀਆਂ ਤੋਂ ਲੈਣ ਲਈ ਕਾਬਲ ਵਲ ਤੁਰ ਪਿਆ। ਅੱਗੇ ਇਸ ਦੇ ਆਉਣੇ ਤੋਂ ਪਹਿਲੇ ਹੀ ਸਾਰੇ ਅਫ਼ਗ਼ਾਨਿਸਤਾਨ ਵਿਚ ਅਫਰਾ-ਤਫਰੀ ਮਚੀ ਹੋਈ ਸੀ ਤੇ ਇਸ ਦੇ ਪਹੁੰਚਣ ਨਾਲ ਤਾਂ ਖੁੱਲ੍ਹਮਖੁੱਲ੍ਹੀ ਤਲਵਾਰ ਚੱਲਣ ਲੱਗੀ। ਛੇਕੜ ਇਕ ਖੁਲ੍ਹੇ ਮੈਦਾਨ ਵਿਚ ਦੁਰਾਨੀਆਂ ਤੇ ਬਾਰਕਜ਼ਈਆਂ ਦਾ ਟਾਕਰਾ ਹੋਇਆ ਅਤੇ ਇਕ ਤਕੜੀ ਲੜਾਈ ਹੋਈ, ਜਿਸ ਵਿਚ ਸੁਖ ਰਹਿਣੇ ਦੁਰਾਨੀ ਬਾਰਕਜ਼ਈਆਂ ਦਾ ਸਾਹਮਣਾ ਨਾ ਕਰ ਸਕੇ, ਤੇ ਸਖ਼ਤ ਭਾਂਜ ਖਾ ਕੇ ਸ਼ਾਹ ਮਹਿਮੂਦ ਤੇ ਉਸ ਦੇ ਪੁਤ੍ਰ ਸ਼ਾਹਜ਼ਾਦਾ ਕਾਮਰਾਨ ਨੇ ਕਾਬਲ ਤੋਂ ਨੱਠ ਕੇ ਹਿਰਾਤ ਜਾ ਸਾਹ ਲਿਆ। ਹੁਣ ਮੁਹੰਮਦ ਅਜ਼ੀਮ ਖ਼ਾਨ ਨੇ ਯਾਕੂਬ ਖ਼ਾਨ ਨੂੰ ਕਾਬਲ ਦੇ ਤਖ਼ਤ ‘ਤੇ ਬਿਠਾ ਦਿੱਤਾ। ਇਸ ਤਰ੍ਹਾਂ ਸਾਰੇ ਅਫ਼ਗ਼ਾਨਿਸਤਾਨ ਦੀ ਹਕੂਮਤ ਪੂਰੀ ਤਰ੍ਹਾਂ ਬਾਰਕਜ਼ਈਆਂ ਦੇ ਹੱਥ ਆ ਗਈ।

ਸ਼ੇਰਿ ਪੰਜਾਬ-ਜੋ ਸਮੇਂ ਦੀ ਨਬਜ਼ ਨੂੰ ਪਛਾਨਣ ਵਿਚ ਭਾਰੀ ਨਿਪੁੰਨਤਾ ਰੱਖਦਾ ਸੀ-ਦੇ ਇਰਾਦੇ ਨੂੰ ਇਸ ਰਾਜ ਰੌਲੇ ਨੇ ਹੋਰ ਵੀ ਧੱਕਾ ਕਰ ਦਿੱਤਾ, ਇਥੋਂ ਤੀਕ ਕਿ ਛੇਕੜ ਕੱਤਕ ਸੰਮਤ ੧੮੭੫ ਸੰਨ ੧੮੧੮ ਵਿਚ ਮਹਾਰਾਜਾ ਸਾਹਿਬ ਖਾਲਸੇ ਦਾ ਦਲ ਤੇ ਨਾਮੀ ਸਰਦਾਰ ਨਾਲ ਲੈ ਕੇ ਇਲਾਕਾ ਪਿਸ਼ਾਵਰ ‘ਤੇ ਚੜ੍ਹ ਆਇਆ। ਦਰਿਆ ਅਟਕ ‘ਤੇ ਪਹੁੰਚਦਿਆਂ ਹੀ ਇਕ ਬੇੜੀਆਂ ਦਾ ਪੁਲ ਤਿਆਰ ਕਰਵਾਇਆ ਗਿਆ ਤੇ ਹੋਰ ਰਸਦ ਰਸਾਨੀ ਆਦਿ ਦਾ ਪੱਕਾ ਪ੍ਰਬੰਧ ਕਰਦੇ ਹੋਏ ਇੱਥੋਂ ਅੱਗੇ ਨੂੰ ਵਧੇ।

ਦਰਿਆ ਪਾਰ ਦੇ ਇਲਾਕੇ ਦੇ ਖਟਕਾਂ ਤੇ ਹੋਰ ਪਠਾਣਾਂ ਨੂੰ ਜਦ ਮਹਾਰਾਜਾ ਰਣਜੀਤ ਸਿੰਘ ਦੀ ਚੜ੍ਹਾਈ ਦੀ ਖ਼ਬਰ ਪਹੁੰਚੀ ਤਾਂ ਉਨ੍ਹਾਂ ਤੁਰਤ ਇਲਾਕੇ ਦੇ ਲਸ਼ਕਰ ਨੂੰ ਇਕੱਠਾ ਕਰਕੇ ਖੈਰਾਬਾਦ ਦੀਆਂ ਪਹਾੜੀਆਂ ਵਿਚ ਮੋਰਚੇ ਬੰਨ੍ਹ ਕੇ ਪੂਰੀ ਤਰ੍ਹਾਂ ਰਾਹ ਨੂੰ ਬੰਦ ਕਰ ਦਿੱਤਾ। ਪੁਲ ਦੇ ਤਿਆਰ ਹੋਣੇ ਪਰ ਖਾਲਸੇ ਦਾ ਪਹਿਲੇ ਇਕ ਛੋਟਾ ਜਿਹਾ ਦਸਤਾ ਇਲਾਕੇ ਦੀ ਦੇਖਭਾਲ ਲਈ ਪਾਰ ਭੇਜਿਆ ਤੇ ਅਜੇ ਇਹ ਪਾਰ ਹੋ ਕੇ ਥੋੜ੍ਹੇ ਹੀ ਅੱਗੇ ਵੱਧੇ ਸਨ ਕਿ ਪਹਾੜੀ ਮੋਰਚਿਆਂ ਤੋਂ ਖਟਕਾਂ ਨੇ ਧੂਆਂਧਾਰ ਵਾੜਾਂ ਝਾੜੀਆਂ ਤੇ ਪਿਛਲੇ ਬੰਨ੍ਹਿਓਂ ਹੱਲਾ ਕਰਕੇ ਇਸ ਛੋਟੇ ਜਿਹੇ ਜੱਥੇ ਨੂੰ ਘੇਰ ਲਿਆ। ਅੱਗੋਂ ਖਾਲਸੇ ਨੇ ਵੀ ਆਪਣੀ ਕੌਮੀ ਕੀਰਤੀ ਨੂੰ ਕਾਇਮ ਰੱਖਣ ਹਿਤ ਡੱਟ ਕੇ ਟਾਕਰਾ ਕੀਤਾ, ਪਰ ਉਸ ਬੇਗਿਣਤ ਲਸ਼ਕਰ ਅੱਗੇ ਇਹ ਮੁਠੀ ਭਰ ਗਿਣਤੀ ਦੇ ਸਿੰਘ ਕਦ ਤੱਕ ਨਿਬਾਹ ਕਰ ਸਕਦੇ ਸਨ ? ਛੇਕੜ ਆਪਣੀ ਬੀਰਤਾ ਦਾ ਸਬੂਤ ਦੇਂਦੇ ਹੋਏ ਇਕ ਇਕ ਕਰਕੇ ਤਲਵਾਰ ਦੀ ਧਾਰ ਤੋਂ ਪਾਰ ਹੋ ਗਏ ਤੇ ਸ਼ਹੀਦੀ ਪ੍ਰਾਪਤ ਕਰ ਗਏ।

ਮਹਾਰਾਜਾ ਸਾਹਿਬ ਨੂੰ ਜਦ ਇਸ ਦੁਖਦਾਈ ਖ਼ਬਰ ਦਾ ਪਤਾ ਲੱਗਾ ਤਾਂ ਆਪ ਦੇ ਨੇਤਰਾਂ ਵਿਚ ਲਹੂ ਉਤਰ ਆਇਆ ! ਉਸੀ ਵਕਤ ਇਕ ਜ਼ਬਰਦਸਤ ਜੱਥਾ ਅਕਾਲੀ ਫੂਲਾ ਸਿੰਘ’ ਤੇ ਸਰਦਾਰ ਮਤਾਬ ਸਿੰਘ ਜੀ ਨਾਖੇਰੀਆ ਦੀ ਸਰਦਾਰੀ ਵਿਚ ਤੋਰ ਦਿੱਤਾ, ਤਾਂਕਿ ਪਠਾਣਾਂ ਨੂੰ ਆਪਣੇ ਕੀਤੇ ਦਾ ਫਲ ਦਿੱਤਾ ਜਾਏ। ਅਕਾਲੀ ਜੀ ਦੇ ਪਾਰ ਪਹੁੰਚਦਿਆਂ ਹੀ ਫ਼ੀਰੋਜ਼ ਖ਼ਾਨ ਤੇ ਨਜੀਬਉੱਲਾ ਖ਼ਾਨ ਖਟਕ ਨੇ ਇਕ ਭਾਰੀ ਲਸ਼ਕਰ ਨਾਲ ਪਹਿਲੇ ਦੀ ਤਰ੍ਹਾਂ ਇਨ੍ਹਾਂ ‘ਤੇ ਹੱਲਾ ਕੀਤਾ। ਅਕਾਲੀ ਜੀ ਨੇ ਸਮੇਂ ਅਨੁਸਾਰ ਯੋਗ ਸਮਝਕੇ ਆਪਣੇ ਦਸਤੇ ਨੂੰ ਥੋੜ੍ਹੇ ਚਿਰ ਲਈ ਪਿੱਛੇ ਹਟਣ ਦਾ ਹੁਕਮ ਦਿੱਤਾ। ਇਹਨਾਂ ਦੇ ਹਟਦਿਆਂ ਹੀ ਪਠਾਣ ਇਹ ਸਮਝਕੇ ਕਿ ਸਿੱਖ ਨੱਸਣ ਲੱਗੇ ਹਨ, ਉਹ ਛੇਤੀ ਨਾਲ ਪਹਾੜੀਆਂ ਤੋਂ ਇਹਨਾਂ ਦਾ ਪਿਛਾ ਕਰਨ ਲਈ ਹੇਠਾਂ ਉਤਰ ਆਏ। ਅਕਾਲੀ ਫੂਲਾ ਸਿੰਘ ਨੇ ਜੋ ਇਸ ਸਮੇਂ ਦੀ ਤਾੜ ਵਿੱਚ ਸੀ, ਝਟ ਆਪਣੇ ਦਸਤੇ ਨੂੰ ਹੁਕਮ ਦਿੱਤਾ ਕਿ ਇਕਲਖਤ ਮੁੜ ਕੇ ਵੈਰੀ ਨੂੰ ਚਾਰੇ ਪਾਸੇ ਤੋਂ ਘੇਰ ਲਵੋ, ਪਰ ਖ਼ਬਰਦਾਰ ਰਹਿਣਾ ਜੋ ਵੈਰੀ ਦਾ ਕੋਈ ਆਦਮੀ ਬਚਣਾ ਨਾ ਪਾਏ। ਅਜੇ ਇਹ ਹੁਕਮ ਅਕਾਲੀ ਜੀ ਦੇ ਮੂੰਹ ਵਿਚ ਹੀ ਸੀ ਕਿ ਮਨਚਲੇ ਜੁਵਾਨ ਦੁਸ਼ਮਨ ‘ਤੇ ਟੁੱਟ ਪਏ ਤੇ ਉਹਨਾਂ ਨੂੰ ਚਾਰੇ ਪਾਸਿਆਂ ਤੋਂ ਵਿਚ ਰੱਖ ਲਿਆ। ਹੁਣ ਓਹ ਘਮਸਾਣ ਮਚਿਆ ਕਿ ਜ਼ਮੀਨ ‘ਤੇ ਲੋਥਾਂ ਦੇ ਢੇਰ ਵਿਛ ਗਏ। ਛੇਕੜ ਜਦ ਫੀਰੋਜ਼ਖ਼ਾਨ ਨੂੰ ਚਾਰੇ ਪਾਸੇ ਤੋਂ ਆਪਣੇ ਸਿਰ ਆਫ਼ਤ ਟੁੱਟਦੀ ਦਿਸੀ ਤਾਂ ਉਸ ਨੇ ਝੱਟ ਸੁਫ਼ੈਦ ਝੰਡਾ ਉਠਾਕੇ ਅਮਨ ਚਾਹਿਆ। ਸਿੰਘਾਂ ਦਾ ਇਹ ਬਹਾਦਰ ਦਸਤਾ ਹੁਣ ਆਪਣੇ ਇਕ-ਇਕ ਜੁਆਨ ਦੀ ਥਾਂ ਅੱਠ-ਅੱਠ ‘ਤੇ ਦੱਸ-ਦੱਸ ਪਠਾਣਾਂ ਦੇ ਲਹੂ ਨਾਲ ਆਪਣੇ ਹੱਥ ਰੰਗਕੇ ਪੂਰਾ-ਪੂਰਾ ਬਦਲਾ ਲੈ ਚੁੱਕਾ ਸੀ, ਇਸ ਲਈ ਯੋਗ ਸਮਝਕੇ ਲੜਾਈ ਬੰਦ ਕੀਤੀ ਗਈ ਤੇ ਇਹ ਖਟਕਾਂ ਦੇ ਮਲਕ ਜਦ ਕੈਦ ਕਰਕੇ ਅਕਾਲੀ ਜੀ ਦੇ ਸਾਹਮਣੇ ਲਿਆਂਦੇ ਗਏ। ਤਾਂ ਆਪ ਨੇ ਉਹਨਾਂ ਨੂੰ ਮਹਾਰਾਜਾ ਸਾਹਿਬ ਕੋਲ ਅਟਕ ਭਿਜਵਾ ਦਿੱਤਾ। ਇਹ ਜਦ ਮਹਾਰਾਜਾ ਸਾਹਿਬ ਦੇ ਪੇਸ਼ ਹੋਏ ਤਾਂ ਬੜੀ ਅਧੀਨਗੀ ਨਾਲ ਖਿਮਾਂ। ਲਈ ਤਰਲੇ ਕਰਨ ਲੱਗੇ ਤੇ ਅੱਗੇ ਨੂੰ ਸਭ ਤਰ੍ਹਾਂ ਆਪਣੇ ਇਲਾਕੇ ਵਿਚ ਅਮਨ ਰੱਖਣ ਤੇ ਲੋੜ ਸਮੇਂ ਖਾਲਸੇ ਨੂੰ ਮਦਦ ਦੇਣ ਦਾ ਭਰੋਸਾ ਦਿੱਤਾ। ਮਹਾਰਾਜਾ’ ਸਾਹਿਬ ਨੇ ਇਹਨਾਂ ਦੀ ਜਾਨ ਬਖ਼ਸ਼ੀ ਕਰ ਦਿੱਤੀ।

ਅਗਲੇ ਦਿਨ ਬਾਕੀ ਦੀ ਫ਼ੌਜ ਤੇ ਮਹਾਰਾਜਾ ਸਾਹਿਬ ਨੇ ਵੀ ਦਰਿਆ ਤੋਂ ਪਾਰ ਜਾ ਡੇਰੇ ਲਾਏ। ਫੇਰ ਖ਼ੈਰਾਬਾਦ ਤੇ ਜਹਾਂਗੀਰ ਦੇ ਕਿਲ੍ਹਿਆਂ ਵਿਚ ਆਪਣੀਆਂ ਫ਼ੌਜਾਂ ਰੱਖਕੇ ਬਾਕੀ ਦੀ ਫ਼ੌਜ ਨੂੰ ਪਿਸ਼ਾਵਰ ਵਲ ਤੋਰਿਆ। ਇਹ ਫ਼ੌਜ ਅਜੇ ਨੁਸ਼ਹਿਰੇ ਤੋਂ ਥੋੜ੍ਹੀ ਹੀ ਅੱਗੇ ਵਧੀ ਸੀ ਕਿ ਅਕਾਲੀ ਜੀ ਨੂੰ ਸੂਹੀਏ ਨੇ ਖ਼ਬਰ ਦਿੱਤੀ ਕਿ ਸ਼ੇਖ਼ ਉਮਰ ਦੀ ਚਮਕਨੀਆਂ ਵਿਚ ਗ਼ਾਜ਼ੀਆਂ ਦੀ ਭਾਰੀ ਲਸ਼ਕਰ ਇਕੱਠਾ ਹੋ ਰਿਹਾ ਹੈ ਤੇ ਉਹ ਰਸਤਾ ਰੋਕਣ ਦੀਆਂ ਤਿਆਰੀਆਂ ਕਰ ਰਹੇ ਹਨ। ਅਕਾਲੀ ਜੀ ਨੇ ਇਕ ਦਸਤਾ ਸਵਾਰਾਂ ਦਾ ਨਾਲ ਲੈਕੇ ਰਾਤੋ-ਰਾਤ ਹੀ ਚਮਕਨੀਆਂ ‘ਤੇ ਜਾ ਧਾਵਾ ਕੀਤਾ। ਗ਼ਾਜ਼ੀ ਵਿਚਾਰੇ ਅਜੇ ਬੇਫ਼ਿਕਰ ਸੁੱਤੇ ਹੀ ਪਏ ਸਨ ਕਿ ਸਿੰਘਾਂ ਨੇ ਸ਼ਹਿਰ ਨੂੰ ਘੇਰ ਲਿਆ। ਹੁਣ ਘੋੜਿਆਂ ਦੀ ਕੜਕੜਾਹਟ ਨਾਲ ਇਹਨਾਂ ਦੀਆਂ ਅੱਖਾਂ ਖੁਲ੍ਹੀਆਂ ਤਾਂ ਸਾਰਿਆਂ ਨੇ ਆਪਣੇ ਆਪ ਨੂੰ ਸਿੰਘਾਂ ਦੀ ਤਲਵਾਰ ਹੇਠ ਘਿਰਿਆ ਪਾਇਆ। ਇਹ ਵਿਚਾਰੇ ਅਜੇ ਜਾਗੋਮੀਚੀ ਵਿਚ ਹੀ ਸਨ ਕਿ ਉਪਰੋਂ ਛਪਾਛਪ ਤਲਵਾਰ ਚਲਣੀ ਆਰੰਭ ਹੋ ਗਈ। ਗ਼ਾਜ਼ੀਆਂ ਨੇ ਜਦ ਆਪਣੇ ਸਿਰ ਇਹ ਅਚਾਨਚੱਕ ਬਿਜਲੀ ਪੈਂਦੀ ਡਿੱਠੀ ਤਾਂ ਡਾਢੇ ਘਬਰਾਏ ਤੇ ਜਿੱਧਰ ਕਿਸੇ ਨੂੰ ਰਸਤਾ ਲੱਭਾ, ਉਠ ਨੱਸੇ। ਸਿੰਘਾਂ ਨੇ ਨੱਸਦਿਆਂ ਨੂੰ ਦੂਰ ਤੱਕ ਮਾਰਿਆ, ਚਮਕਨੀਆਂ ਦੀ ਫ਼ਤਹ ਦੇ ਬਾਅਦ ਖਾਲਸੇ ਦਾ ਐਸਾ ਦਬਦਬਾ ਸਰਹੱਦ ਵਿਚ ਛਾਇਆ ਕਿ ਅਗਲੇ ਦਿਨ ੪ ਮੱਘਰ ੧੮੭੫ ਮੁਤਾਬਕ ੨੦ ਨਵੰਬਰ ਸੰਨ ੧੮੧੮ ਨੂੰ ਬਿਨਾਂ ਕਿਸੇ ਲੜਾਈ ਦੇ ਅਕਾਲੀ ਫੂਲਾ ਸਿੰਘ ਨੇ ਪਿਸ਼ਾਵਰ ਉਤੇ ਪੂਰਾ-ਪੂਰਾ ਕਬਜ਼ਾ ਕਰ ਲਿਆ। ਯਾਰ ਮੁਹੰਮਦ ਖ਼ਾਨ ਜੋ ਪਿਸ਼ਾਵਰ ਦਾ ਹਾਕਮ ਸੀ, ਖਾਲਸੇ ਦੀ ਫ਼ੌਜ ਦੇ ਪਹੁੰਚਣ ਤੋਂ ਪਹਿਲੇ ਹੀ ਸ਼ਹਿਰ ਨੂੰ ਵਿਹਲਾ ਕਰਕੇ ਇਲਾਕਾ ਇਸ਼ਤ ਨਗਰ ਵੱਲ ਨੱਸ ਗਿਆ ਸੀ। ਅਕਾਲੀ ਜੀ ਨੇ ਪਿਸ਼ਾਵਰ ‘ਤੇ ਕਬਜ਼ਾ ਪਾਣ ਦੀ ਖ਼ਬਰ ਮਹਾਰਾਜਾ ਸਾਹਿਬ ਨੂੰ ਪੱਬੀ ਦੇ ਮੈਦਾਨ ਵਿਚ ਭਿਜਵਾਈ, ਜਿਸ ਨੂੰ ਸੁਣ ਕੇ ਉਹ ਬਹੁਤ ਹੀ ਖ਼ੁਸ਼ ਹੋਏ ਤੇ ਇਸ ਖ਼ਬਰ ਪਹੁੰਚਾਣੇ ਵਾਲੇ ਦੇ ਗੱਲ੍ਹ ਵਿਚ ਮਹਾਰਾਜਾ ਸਾਹਿਬ ਨੇ ਇਕ ਭਾਰਾ ਸੋਨੇ ਦਾ ਕੈਂਠਾ ਪਾ ਦਿੱਤਾ। ਦੂਜੇ ਦਿਨ ਸ਼ੇਰਿ ਪੰਜਾਬ ਜਦ ਪਿਸ਼ਾਵਰ ਵਿਚ ਪਹੁੰਚੇ ਤਾਂ ਅਗੋਂ ਬਾਲਾ ਹਿਸਾਰ (ਕਿਲ੍ਹਾ) ‘ਤੇ ਖਾਲਸੇ ਦਾ ਝੰਡਾ ਝੁਲ ਰਿਹਾ ਸੀ ਤੇ ਸਾਰਾ ਜ਼ਰੂਰੀ ਪ੍ਰਬੰਧ ਸ਼ਹਿਰ ਦੀ ਰਾਖੀ ਆਦਿ ਦਾ ਅਕਾਲੀ ਜੀ ਕਰਵਾ ਚੁੱਕੇ ਸਨ, ਜਿਸ ਨੂੰ ਦੇਖਕੇ ਮਹਾਰਾਜਾ ਸਾਹਿਬ ਨੇ ਆਪਦੀ ਬਹੁਤ ਹੀ ਸ਼ਲਾਘਾ ਕੀਤੀ। ਫੇਰ ਦੀਵਾਨ ਸ਼ਾਮ ਸਿੰਘ ਪਿਸ਼ਾਵਰੀਏ ਨੂੰ ਮਾਲੀਏ ਦੇ ਉਗਰਾਹਨ ਲਈ ਮੁਕੱਰਰ ਕੀਤਾ, ਜਿਸ ਨੇ ਸਾਰੇ ਅਰਬਾਬਾਂ ਤੇ ਰਈਸਾਂ ਨੂੰ ਇਕੱਠਾ ਕਰਕੇ ਯੋਗ ਰਕਮ ਉਨ੍ਹਾਂ ਤੋਂ ਵਸੂਲ ਕੀਤੀ। ਤੀਸਰੇ ਦਿਨ ਮਹਾਰਾਜਾ ਸਾਹਿਬ ਨੇ ਇਕ ਭਾਰੀ ਦਰਬਾਰ ਕੀਤਾ, ਜਿਸ ਵਿਚ ਸਾਰੇ ਇਲਾਕੇ ਦੇ ਰਈਸ ਆਏ ਹੋਏ ਸਨ, ਜਿਨ੍ਹਾਂ ਨੂੰ ਹਜ਼ਾਰਾਂ ਰੁਪਯਾਂ ਦੇ ਸਿਰੋਪਾ ਤੇ ਖ਼ਿਲਤਾਂ ਵੰਡੀਆਂ। ਇੰਨੇ ਨੂੰ ਦੋਸਤ ਮੁਹੰਮਦ ਖ਼ਾਨ ਬਾਰਕਜ਼ਈ ਨੇ ਆਪਣੇ ਦੀਵਾਨ ਦਮੋਦਰ ਮਲ ਤੇ ਹਾਫ਼ਿਜ਼ ਰੁਹੇਲੇ ਦੀ ਰਾਹੀਂ ੫੦੦੦੦) ਰੁਪਯਾ, ੫੦ ਭਾਰ ਕਾਬਲੀ ਮੇਵੇ ਦੇ ਤੇ ਇਕ ਸੌ ਪਹਾੜੀ ਘੋੜੇ ਮਹਾਰਾਜਾ ਸਾਹਿਬ ਦੀ ਸੇਵਾ ਵਿਚ ਨਜ਼ਰਾਨਾ ਭੇਜਿਆ, ਨਾਲ ਹੀ ਦੀਵਾਨ ਨੇ ਦੋਸਤ ਮੁਹੰਮਦ ਖ਼ਾਨ ਦਾ ਬਿਨੈ ਪੱਤਰ ਦਿੱਤਾ, ਜਿਸ ਵਿਚ ਬੇਨਤੀ ਕੀਤੀ ਗਈ ਸੀ ਕਿ ਪਿਸ਼ਾਵਰ ਦੀ ਹਕੂਮਤ ਆਪ ਵਲੋਂ ਮੈਨੂੰ ਬਖ਼ਸ਼ੀ ਜਾਵੇ, ਤਾਂ ਤਿੰਨ ਲੱਖ ਰੁਪਿਯਾ ਸਾਲਾਨਾ ਮਾਲੀਆ ਸ਼ਾਹੀ ਖ਼ਜ਼ਾਨੇ ਵਿਚ ਪਹੁੰਚਾ ਦਿਆ ਕਰਾਂਗੇ, ਤੇ ਹੋਰ ਜੋ ਹੁਕਮ ਲਾਹੌਰ ਦਰਬਾਰ ਵਲੋਂ ਆਉਣਗੇ ਉਨ੍ਹਾਂ ਦੀ ਪਾਲਨਾ ਕਰਦਾ ਰਹਾਂਗਾ। ਮਹਾਰਾਜਾ ਸਾਹਿਬ ਨੇ ਸਮੇਂ ਦੇ ਮੁਨਾਸਬ ਹਾਲ ਵਿਚਾਰ ਕੇ ਦੋਸਤ ਮੁਹੰਮਦ ਖ਼ਾਨ ਦੀ ਮੰਗ ਮੰਨ ਲਈ ਤੇ ਕੁਝ ਦਿਨਾਂ ਦੇ ਬਾਅਦ ਆਪ ਸਣੇ ਫ਼ੌਜਾਂ ਦੇ ਲਾਹੌਰ ਵਿਚ ਮੁੜ ਪਏ। ਇਸ ਮੁਹਿੰਮ ਦੀ ਫ਼ਤਹ ਪਰ ਮਹਾਰਾਜਾ ਸਾਹਿਬ ਦੇ ਦਿਲ ਵਿਚ ਅਕਾਲੀ ਫੂਲਾ ਸਿੰਘ ਦੇ ਅਦੁੱਤੀ ਜੋਧਾ ਹੋਣ ਦੇ ਨਾਲ ਸਮਝਦਾਰ ਪ੍ਰਬੰਧਕ ਹੋਣ ਦਾ ਵੀ ਸਿੱਕਾ ਬੈਠ ਗਿਆ, ਜਿਸ ਦੀ ਸ਼ਲਾਘਾ ਮਹਾਰਾਜਾ ਸਾਹਿਬ ਨੇ ਲਾਹੌਰ ਪਹੁੰਚ ਕੇ ਇਕ ਵੱਡੇ ਦਰਬਾਰ ਵਿਚ ਕੀਤੀ। ਅਕਾਲੀ ਜੀ ਨੂੰ ਬਹੁਤ ਸਾਰੇ ਦਿਨ ਮਹਾਰਾਜਾ ਸਾਹਿਬ ਨੇ ਆਪਣੇ ਕੋਲ ਰੱਖਿਆ। ਛੇਕੜ ਬੜੇ ਸਤਿਕਾਰ ਨਾਲ ਸ੍ਰੀ ਅੰਮ੍ਰਿਤਸਰ ਜੀ ਵਿਦਿਆ ਕੀਤਾ।

Akali Phoola Singh | ਅਕਾਲੀ ਫੂਲਾ ਸਿੰਘ

ਕਸ਼ਮੀਰ ‘ਤੇ ਚੜ੍ਹਾਈ

ਕਸ਼ਮੀਰ ਜਿਸ ਨੂੰ ਸਾਰਾ ਸੰਸਾਰ ਜੰਨਤ ਨਜ਼ੀਰ (ਦੂਜਾ ਸ੍ਵਰਗ) ਮੰਨਦਾ ਹੈ। ਕਿਸ ਦਾ ਮਨ ਆਪਣੇ ਵੱਲ ਨਹੀਂ ਖਿੱਚ ਲੈਂਦਾ ? ਇਸ ਦੇ ਹਰੇ ਭਰੇ ਪਹਾੜਾਂ ਤੋਂ ਮਖ਼ਮਲੀ ਮੈਦਾਨਾਂ ਦੀ ਜਾਦੂ ਭਰੀ ਖਿਚ ਤੋਂ ਕਿਸ ਦਾ ਦਿਲ ਮੁੱਠੀ ਵਿਚ ਆਣ ਤੋਂ ਬਚ ਸਕਦਾ ਹੈ ? ਕਿਸੇ ਕੁਦਰਤੀ ਖਿੱਚ ਨੇ ਸ਼ੇਰਿ ਪੰਜਾਬ ਦਾ ਦਿਲ ਵੀ ਕਈ ਵਾਰੀ ਆਪਣੇ ਵੱਲ ਖਿੱਚਿਆ, ਪਰ ਕਈਕੁ ਹੋਰ ਇਸ ਤੋਂ ਵੱਧ ਜ਼ਰੂਰੀ। ਕੰਮਾਂ ਤੋਂ ਵਿਹਲ ਨਾ ਮਿਲ ਸਕੀ, ਜਿਸ ਕਰਕੇ ਹੁਣ ਤੀਕ ਇਸ ਇਰਾਦੇ ਦੇ ਪੂਰੇ ਕਰਨ ਵਿਚ ਦੇਰੀ ਹੋਈ। ਸੰਮਤ ੧੮੭੧ ਵਿਚ ਇਕ ਮੁਹਿੰਮ ਇੱਧਰ ਭੇਜੀ ਪਰ ਮੌਸਮ ਦੀ ਨਾਮੁਆਫਕੀ ਦੇ ਕਾਰਨ ਸਫਲਤਾ ਨਾ ਹੋਈ, ਪਰੰਤੂ ਮਹਾਰਾਜਾ ਸਾਹਿਬ ਦੀ ਇਹ ਇੱਛਾ ਕਿ ਕਸ਼ਮੀਰ ਨੂੰ ਕਿਸੇ ਦਿਨ ਉਹ ਖਾਲਸਾ ਰਾਜ ਦਾ ਇਕ ਸੂਬਾ ਦੇਖੇ, ਦਿਨੋਂ ਦਿਨ ਵੱਧਦੀ ਗਈ। ਉਧਰੋਂ ਸੰਨ ੧੮੧੯ ਆਰੰਭ ਵਿਚ ਪੰਡਤ ਬੀਰਬਲ ਨੇ ਜਦ ਲਾਹੌਰ ਪਹੁੰਚਕੇ ਕਸ਼ਮੀਰ ਦੀ ਪਰਜਾ ਪਰ ਹੋ ਰਹੇ ਅਤਿਆਚਾਰਾਂ ਦਾ ਦਰਦ ਭਰਿਆ ਹਾਲ ਦੱਸਿਆ ਤਾਂ ਉਥੋਂ ਦੇ ਲੋਕਾਂ ਦੀ ਰੱਖਿਆ ਲਈ ੮ ਵਿਸਾਖ ਸੰਮਤ ੧੮੭੬ ਨੂੰ ਖਾਲਸਾ ਦਲ ਆਪਣੀ ਨਜ਼ਰ ਹੇਠ ਇਕੱਤ੍ਰ ਕਰਕੇ ਕਸ਼ਮੀਰ ਵੱਲ ਕੂਚ ਕਰ ਦਿੱਤਾ। ਤੇ ਵਜ਼ੀਰਾਬਾਦ ਪਹੁੰਚਕੇ ਇਹ ਮਤਾ ਸੋਧਿਆ ਗਿਆ ਕਿ ਸਿੱਖ ਫ਼ੌਜਾਂ ਦੀ ਤਿੰਨਾਂ ਭਾਗਾਂ ਵਿਚ ਇਸ ਤਰ੍ਹਾਂ ਵੰਡ ਕੀਤੀ ਜਾਏ ਕਿ ਇਕ ਦਸਤਾ ਦੀਵਾਨ ਚੰਦ ਤੇ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲੇ ਦੀ ਸਰਦਾਰੀ ਹੇਠ, ਦੂਜਾ ਜੱਥਾ ਸ਼ਾਹਜ਼ਾਦਾ ਖੜਗ ਸਿੰਘ ਤੇ ਬਾਬਾ ਫੂਲਾ ਸਿੰਘ ਅਕਾਲੀ ਦੀ ਸੌਂਪਣੀ ਵਿਚ ਅੱਗੇ ਭੇਜਿਆ ਜਾਏ ਤੇ ਤੀਜਾ ਭਾਗ ਮਹਾਰਾਜਾ ਸਾਹਿਬ ਕੋਲ ਇਸ ਪ੍ਰਯੋਜਨ ਲਈ ਰਹੇ ਕਿ ਜਿੱਥੇ ਸਹਾਇਤਾ ਦੀ ਲੋੜ ਪਏ ਉੱਥੇ ਸਜਰ ਸ਼ਾਹ ਮਦਦ ਵਕਤ ਸਿਰ ਪੁਚਾਈ ਜਾਏ। ਮਹਾਰਾਜਾ ਸਾਹਿਬ ਨੇ ਰਸਤਰਸਾਨੀ ਆਦਿ ਦਾ ਭੰਡਾਰ ਵਜ਼ੀਰਾਬਾਦ ਹੀ ਰੱਖਿਆ ਤੇ ਇੱਥੋਂ ਹੀ ਖਾਸ ਆਪਣੀ ਨਜ਼ਰ ਹੇਠ ਸਾਰੇ ਜ਼ਰੂਰੀ ਸਾਮਾਨ ਬਰਾਬਰ ਮੈਦਾਨ ਜੰਗ ਵਿਚ ਭਿਜਵਾਂਦੇ ਰਹੇ। ੧੯ ਵਿਸਾਖ ਨੂੰ ਇਹ ਦੋਵੇਂ ਦਲ ਇਲਾਕਾ ਭੰਬਰ ਤੋਂ ਲੰਘ ਕੇ ਰਾਜੋੜੀ ਜਾ ਪਹੁੰਚੇ। ਇੱਥੋਂ ਦਾ ਹਾਕਮ ਅਜ਼ੀਜ਼ ਖ਼ਾਨ ਕੁਝ ਸਮੇਂ ਤੋਂ ਆਪਣਾ ਪਹਿਲਾ ਐਹਦਨਾਮਾ ਤੋੜ ਕੇ ਆਕੀ ਹੋ ਬੈਠਾ ਸੀ, ਇਸ ਲਈ ਖਾਲਸਾ ਫ਼ੌਜ ਨੇ ਆਉਂਦਿਆਂ ਹੀ ਇਸ ਦਾ ਇਲਾਕਾ ਘੇਰ ਲਿਆ। ਅਜ਼ੀਜ਼ ਖ਼ਾਨ ਤਾਂ ਲੜਾਈ ਦੀ ਸਮਰਥਾ ਆਪਣੇ ਵਿਚ ਨਾ ਦੇਖਕੇ ਰਾਤੋ ਰਾਤ ਨੱਠ ਗਿਆ ਤੇ ਉਸ ਦਾ ਪੁੱਤਰ ਰਹੀਮਉੱਲਾ ਖ਼ਾਨ ਆਪਣੇ ਆਪ ਹੀ ਖਾਲਸਾ ਫ਼ੌਜ ਵਿਚ ਆ ਮਿਲਿਆ ਅਤੇ ਇਸ ਪਹਾੜੀ ਇਲਾਕੇ ਵਿਚ ਰਸਤੇ ਆਦਿ ਦੇ ਦੱਸਣ ਵਿਚ ਚੰਗੀ ਮਦਦ ਦਿੱਤੀ। ਸ਼ਾਹਜ਼ਾਦਾ ਖੜਗ ਸਿੰਘ ਨੇ ਰਹੀਮ ਉੱਲਾ ਖ਼ਾਨ ਨੂੰ ਮਹਾਰਾਜਾ ਸਾਹਿਬ ਕੋਲ ਵਜ਼ੀਰਾਬਾਦ ਭਿਜਵਾ ਦਿੱਤਾ ਤੇ ਉਸ ਦੀ ਮਦਦ ਦਾ ਸਾਰਾ ਸਮਾਚਾਰ ਨਾਲ ਹੀ ਲਿਖ ਭੇਜਿਆ। ਮਹਾਰਾਜਾ ਸਾਹਿਬ ਇਸ ਦੀ ਇਸ ਸੇਵਾ ਤੋਂ ਬਹੁਤ ਹੀ ਪ੍ਰਸੰਨ ਹੋਏ। ਉਸ ਨੂੰ ਆਪਣੇ ਪਿਤਾ ਦੀ ਥਾਂ ਰਾਜੋੜੀ ਦਾ ਹਾਕਮ ਥਾਪ ਦਿੱਤਾ। ਇਥੋਂ ਦੋਵੇਂ ਜੱਥੇ ਮਿਲ ਕੇ ਅੱਗੇ ਨੂੰ ਵਧੇ, ਪਰ ਪਹਾੜੀ ਰਸਤਿਆਂ ਦੇ ਖ਼ਰਾਬ ਹੋਣੇ ਦੇ ਕਾਰਨ ਅਕਾਲੀ ਜੀ ਆਪਣੇ ਜੱਥੇ ਦੇ ਘੋੜ ਚੜ੍ਹੇ ਤੇ ਕੁਝ ਜਵਾਨ ਉਨ੍ਹਾਂ ਦੀ ਸਾਂਭ ਲਈ ਰਹੀਮਉੱਲਾ ਖ਼ਾਨ ਦੇ ਕੋਲ ਛੱਡ ਗਏ। ਇਸ ਤਰ੍ਹਾਂ ਇਹ ਪੈਦਲ ਪਹਾੜੀ ਵਿੰਗੇ ਤੇ ਫੇਰਵਿਆਂ ਰਸਤਿਆਂ ਨੂੰ ਛੱਡ ਕੇ ਸਿੱਧੇ ਪਗਡੰਡੀਆਂ ਦੇ ਰਾਹ ਦੂਜੇ ਦਸਤੇ ਤੋਂ ਬਹੁਤ ਅੱਗੇ ੨੧ ਜੇਠ ਨੂੰ ਇਹ ਬੈਰਾਮ ਗਲੇ ਪਹੁੰਚ ਗਏ। ਇੱਥੇ ਮੀਰ ਮੁਹੰਮਦ ਖ਼ਾਨ ਤੇ ਮੁਹੰਮਦ ਅਲੀ ਖ਼ਾਨ ਹਾਕਮ ਪੁਣਛ ਨੇ ਖਾਲਸੇ ਦੀ ਤਾਇਤ ਮੰਨ ਲਈ ਤੇ ਸ਼ਾਹਜ਼ਾਦੇ ਤੋਂ ਸਿਰੋਪਾਉ ਆਦਿ ਇਨਾਮ ਪਾਏ, ਪਰ ਜ਼ਬਰਦਸਤ ਖ਼ਾਨ ਹਾਕਮ ਪੁਣਛ ਆਪਣੇ ਕਿਲ੍ਹੇ ਤਰੀ ਵਿਚ ਲਸ਼ਕਰ ਇਕੱਠਾ ਕਰਕੇ ਲੜਾਈ ਲਈ ਤਿਆਰ ਹੋ ਬੈਠਾ ਤੇ ਆਪਣੇ ਲਾਂਭ ਚਾਂਭ ਦੇ ਸਾਰੇ ਪਹਾੜੀ ਨਾਕੇ ਬੰਦ ਕਰਕੇ ਕਿਲ੍ਹੇ ਨੂੰ ਚੰਗੀ ਤਰ੍ਹਾਂ ਪੱਕਿਆਂ ਕਰ ਲਿਆ। ਅਕਾਲੀ ਫੂਲਾ ਸਿੰਘ ਦੇ ਜੱਥੇ ਨੇ ਦੂਜੇ ਦਿਨ ਕਿਲ੍ਹੇ ‘ਤੇ ਹੱਲਾ ਕੀਤਾ ਤੇ ਇਕ ਛੋਟੀ ਜਿਹੀ ਲੜਾਈ ਦੇ ਬਾਅਦ ਹੀ ਸਾਰੇ ਨਾਕੇ ਵੈਰੀ ਤੋਂ ਛੁਡਾ ਕੇ ਆਪਣੇ ਕਾਬੂ ਵਿਚ ਕਰ ਲਏ ਤੇ ਅਗਲੇ ਦਿਨ ਕਿਲ੍ਹੇ ਨੂੰ ਜਾ ਘੇਰਿਆ ਅਤੇ ਬਾਹਰੋਂ ਓਹ ਗੋਲੀਆਂ ਦਾ ਮੀਂਹ ਵਸਾਇਆ ਕਿ ਖ਼ਾਨ ਦੀਆਂ ਸੱਤੇ ਸੁੱਧਾਂ ਭੁਲ ਗਈਆਂ। ਕਿਲ੍ਹੇ ਦੀ ਇਕ ਬਾਹੀ ਨੂੰ ਬਰੂਦ ਨਾਲ ਉਡਾ ਦਿੱਤਾ ਤੇ ਹੱਲਾ ਕਰਕੇ ਜ਼ਬਰਦਸਤ ਖ਼ਾਨ ਨੂੰ ਪੂਰੀ ਤਰ੍ਹਾਂ ਘੇਰੇ ਵਿਚ ਲੈ ਲਿਆ। ਹੁਣ ਖੂਬ ਸ੍ਰੀ ਸਾਹਿਬ ਚੱਲੀ ਤੇ ਉਹ ਹੁਲੜ ਮਚਿਆ ਕਿ ਗ਼ਾਜ਼ੀਆਂ ਦੇ ਭਾਅ ਦੀ ਤਾਂ ਨਿਰੀ ਕਿਆਮਤ ਆ ਗਈ। ਛੇਕੜ ਖ਼ਾਨ ਨੂੰ ਸਣੇ ਉਸਦੇ ਬਹੁਤ ਸਾਰੇ ਸਾਥੀਆਂ ਦੇ ਫੜ ਕੇ ਕੈਦ ਕਰ ਲਿਆ ਤੇ ਕਿਲ੍ਹੇ ‘ਤੇ ਆਪਣਾ ਕਬਜ਼ਾ ਜਮਾ ਕੇ ਕੁਝ ਫ਼ੌਜ ਨੂੰ ਇੱਥੇ ਰੱਖਿਆ। ਥੋੜ੍ਹੇ ਦਿਨ ਇੱਥੇ ਠੈਹਰਨੇ ਮਗਰੋਂ ਇਥੋਂ ਦੋਵੇਂ ਦਸਤੇ ਪੀਰ ਪੰਚਾਲ ਦਿਆਂ ਨਾਕਿਆਂ ਨੂੰ ਆਪਣੇ ਕਬਜ਼ੇ ਵਿਚ ਰੱਖਣ ਲਈ ਵੱਖ-ਵੱਖ ਰਸਤਿਆਂ ਤੋਂ ਅੱਗੇ ਵਧੇ। ਇਨ੍ਹਾਂ ਦਰਿਆਂ ਵਿਚੋਂ ਸਿੱਖ ਫ਼ੌਜ ਦੇ ਲੰਘਣ ਦੀ ਖ਼ਬਰ ਜਦੋਂ ਪਠਾਣਾਂ ਨੂੰ ਪਹੁੰਚੀ ਤਾਂ ਇਹ ਬਹੁਤ ਸਾਰੇ ਜਮ੍ਹਾਂ ਹੋ ਕੇ ਇਕ ਡਾਢੀ ਕਠਨ ਥਾ ‘ਤੇ ਠੀਕ ਰਸਤੇ ਉੱਪਰ ਪਹਾੜਾਂ ਦੇ ਦੋਹੀਂ ਪਾਸੀ ਆਪਣੇ ਮੋਰਚੇ ਜਮਾ ਕੇ ਰਸਤਾ ਬੰਦ ਕਰ ਬੈਠੇ। ਖਾਲਸੇ ਦਾ ਦਲ ਜਦ ਇਸ ਥਾਂ ਪਹੁੰਚਿਆ ਤਾਂ ਰਸਤੇ ਸਾਰਿਆਂ ਪਾਸਿਆਂ ਹੈ ਬੰਦ ਪਾਏ ਤੇ ਉੱਪਰੋਂ ਪਹਾੜਾਂ ਦੀਆਂ ਚੋਟੀਆਂ ਤੋਂ ਲੱਗੀਆਂ ਤੜਾਤਤ ਗੋਲੀਆਂ ਵੱਸਣ। ਖਾਲਸੇ ਵਲੋਂ ਵੀ ਜਵਾਬ ਉਸੇ ਤਰ੍ਹਾਂ ਮਿਲਿਆ। ਪਠਾਣਾਂ ਦੇ ਤਿੱਖੀਆਂ ਤੇ ਉੱਚੀਆਂ ਚੋਟੀਆਂ ਪਰ ਹੋਣ ਕਰਕੇ ਖਾਲਸੇ ਦੀਆਂ ਗੋਲੀਆਂ। ਉਹਨਾਂ ਤੱਕ ਨਹੀਂ ਸਨ ਪਹੁੰਚ ਸਕਦੀਆਂ। ਛੇਕੜ ਅਕਾਲੀ ਫੂਲਾ ਸਿੰਘ ਨੇ. ਪਹਾੜ ਦੀਆਂ ਚੋਟੀਆਂ ‘ਤੇ ਪਹੁੰਚ ਕੇ ਮੋਰਚੇ ਛੁਡਾਣ ਦਾ ਹੁਕਮ ਆਪਣੇ ਅਕਾਲੀ ਜੱਥੇ ਨੂੰ ਦਿੱਤਾ। ਇਹ ਬੀਰ ਬਹਾਦਰ ਹੱਥ ਪੈਰ ਲਾਂਵਦੇ ਹੋਏ ਤੀਸਰੇ ਪਹਿਰ ਉੱਪਰ ਜਾ ਪਹੁੰਚੇ ਤੇ ਜਾਂਦੇ ਸਾਰ ਹੀ ਤਲਵਾਰ ਤੇ ਸੰਗੀਨਾਂ ਨਾਲ ਹੱਥੋਂ- ਹੱਥੀ ਕਰੜਾ ਟਾਕਰਾ ਆਰੰਭ ਦਿੱਤਾ ਤੇ ਦੇਰੀ ਤੱਕ ਦੋਵੇਂ ਧਿਰਾਂ ਇੱਕੋ ਜੇਹੀਆਂ ਰਣ ਵਿਚ ਡਟੀਆਂ ਰਹੀਆਂ, ਪਰ ਸੂਰਜ ਦੇ ਪਹਾੜਾਂ ਵਿਚ ਮੂੰਹ ਛੁਪਾਂਦਿਆਂ ਹੀ ਗ਼ਾਜ਼ੀਆਂ ਨੇ ਭੀ ਆਪਣੇ ਮੂੰਹ ਛੁਪਾ ਲਏ ਅਰ ਸੈਂਕੜੇ ਮੁਰਦੇ ਤੇ ਖ਼ਾਮੀਆਂ ਨੂੰ ਉੱਤੇ ਹੀ ਛੱਡਕੇ ਜਿੱਧਰ ਕਿਸੇ ਨੂੰ ਪਹਾੜਾਂ ਵਿਚ ਰਸਤਾ ਲੱਭਾ ਉਧਰ ਹੀ ਭੱਜ ਨੱਠਾ। ਅਕਾਲੀਆਂ ਨੇ ਸਾਰੇ ਮੋਰਚਿਆਂ ਨੂੰ ਜੋ ਲੱਕੜਾਂ ਦੇ ਸਨ, ਅੱਗ ਲਾ ਕੇ ਰਾਤ ਨੂੰ ਉਥੇ ਹੀ ਡੇਰੇ ਲਾ ਦਿੱਤੇ ਤੇ ਅਗਲੀ ਸਵੇਰ ਨੂੰ ਆਪਣੀ ਥਾਂ ਪਹੁੰਚਕੇ ਅੱਗੇ ਨੂੰ ਕੂਚ ਕੀਤਾ। ਇਸ ਤਰ੍ਹਾਂ ਇਹ ਦੋਵੇਂ ਦਸਤੇ ਕਠਨ ਘਾਟੀਆਂ ਤੇ ਔਖਿਆਂ ਰਸਤਿਆਂ ਤੋਂ ਗੁਜ਼ਰਦੇ ਹੋਏ ੩ ਹਾੜ ਨੂੰ ਸਰਾਏਂ ਅਲੀ ਦੇ ਮੁਕਾਮ ‘ਤੇ ਆ ਮਿਲੇ। ਇਥੇ ਪਹੁੰਚਦਿਆਂ ਹੀ ਸੂਹੇ ਨੇ ਖ਼ਬਰ ਦਿੱਤੀ ਕਿ ਜਬਰ ਖ਼ਾਨ ੫੦੦੦ ਪੰਜ ਹਜ਼ਾਰ ਅਫ਼ਗ਼ਾਨੀ ਫ਼ੌਜ ਨਾਲ ਸੁਪਨ ਦਾ ਰਸਤਾ ਰੋਕੀ ਜੰਗ ਲਈ ਤਿਆਰ ਬੈਠਾ ਹੈ। ਉਸੇ ਵੇਲੇ ਜਨਰਲ ਦੀਵਾਨ ਚੰਦ ਤੇ ਅਕਾਲੀ ਫੂਲਾ ਸਿੰਘ ਨੇ ਸਾਹਮਣੇ ਆਉਣ ਵਾਲੀ ਲੜਾਈ ਸੰਬੰਧੀ ਕਈਆਂ ਗੱਲਾਂ ‘ਤੇ ਡੂੰਘੀ ਵਿਚਾਰ ਕੀਤੀ; ਛੇਕੜ ਮਤਾ ਇਹ ਸੋਧਿਆ ਕਿ ੨੧ ਹਾੜ ਨੂੰ ਦੋਹਾਂ ਪਾਸਿਆਂ। ਤੋਂ ਵੈਰੀ ‘ਤੇ ਹੱਲਾ ਕੀਤਾ ਜਾਏ। ਅਗਲਾ ਦਿਨ ਤੇ ਸਾਰੀ ਰਾਤ ਜੰਗ ਦੀਆਂ ਤਿਆਰੀਆਂ ਤੇ ਫ਼ੌਜ ਦੇ ਆਰਾਮ ਵਿਚ ਲੱਗਾ ਤੇ ਦੂਜੇ ਦਿਨ ਮੂੰਹ ਹਨੇਰੇ ਹੀ। ਆਪੋ ਆਪਣੇ ਪਾਸਿਆਂ ਤੋਂ ਸਿੱਖ ਫ਼ੌਜਾਂ ਅੱਗੇ ਵਧੀਆਂ। ਜਦ ਅਫ਼ਗ਼ਾਨੀ ਫ਼ੌਜ ਖਾਲਸੇ ਦੀਆਂ ਤੋਪਾਂ ਦੀ ਮਾਰ ਵਿਚ ਆ ਗਈ ਤਾਂ ਦੋਹਾਂ ਬੰਨਿਆਂ ਤੋਂ ਕਹਿਰ ਦੀ ਅੱਗ ਵਸਾਈ ਗਈ। ਜਨਰਲ ਦੀਵਾਨ ਚੰਦ ਨੇ ਆਪਣਾ ਤੋਪਖ਼ਾਨਾ ਹੋਰ ਅੱਗੇ ਵਧਾਕੇ ਇਕ ਉੱਚੀ ਥਾਂ ਪਰ ਬੀੜਵਾ ਦਿੱਤਾ ਤੇ ਇੱਥੋਂ ਸਖ਼ਤ ਗੋਲਾਬਾਰੀ ਵੈਰੀ ‘ਤੇ ਕਰਨੀ ਅਰੰਭ ਦਿੱਤੀ। ਜਬਾਰ ਖ਼ਾਨ ਵੀ ਕੋਈ ਅਨਜਾਨ ਨਹੀਂ ਸੀ ਕਿ ਸੋਖਾ ਜਿਹਾ ਕਾਬੂ ਆ ਜਾਂਦਾ। ਉਸ ਨੇ ਐਸੇ ਪੱਕੇ ਪੱਧਰਾਂ ਦੇ ਮੋਰਚੇ ਤਿਆਰ ਕਰਵਾਏ ਹੋਏ ਸਨ ਕਿ ਸਾਰਾ ਦਿਨ ਬਰਾਬਰ ਤੋਪਾਂ ਦੇ ਚਲਦਿਆਂ ਵੀ ਅਫ਼ਗ਼ਾਨੀ ਫ਼ੌਜ ਜ਼ਰਾ ਵੀ ਆਪਣੀ ਥਾਂ ਤੋਂ ਪਿੱਛੇ ਨਾ ਹਟੀ। ਹੁਣ ਦੀਵਾਨ ਚੰਦ ਨੇ ਫੇਰ ਉਥੋਂ ਤੋਪਖ਼ਾਨਾ ਹਟਾਕੇ ਕੁਝ ਹੋਰ ਅੱਗੇ ਕਰਨਾ ਚਾਹਿਆ। ਅਜੇ ਇਹ ਇਨ੍ਹਾਂ ਤਿਆਰੀਆਂ ਵਿਚ ਹੀ ਸੀ ਕਿ ਜਬਾਰ ਖ਼ਾਨ ਨੇ ਇਹ ਸਮਾਂ ਅਮੋਲਕ ਜਾਣਕੇ ਝੱਟ ਇੱਕ ਜ਼ਬਰਦਸਤ ਅਫ਼ਗ਼ਾਨੀ ਦਸਤੇ ਨੂੰ ਨਾਲ ਲੈਕੇ ਤੋਪਖ਼ਾਨੇ ‘ਤੇ ਇਕ ਅੰਨ੍ਹਾ ਹੱਲਾ ਕਰ ਦਿੱਤਾ, ਜਿਸਦਾ ਸਿੱਟਾ ਇਹ ਨਿਕਲਿਆ ਕਿ ਦੀਵਾਨ ਚੰਦ ਦੇ ਤੋਪਖ਼ਾਨੇ ਦੀਆਂ ਤਿੰਨ ਤੋਪਾਂ ਉਸ ਨੇ ਆਪਣੇ ਕਾਬੂ ਵਿਚ ਕਰ ਲਈਆਂ, ਜਿਸ ਕਰਕੇ ਦੀਵਾਨ ਚੰਦ ਦਾ ਦਸਤਾ ਕੁਝ ਪਿਛੇ ਹਟਿਆ। ਅਕਾਲੀ ਫੂਲਾ ਸਿੰਘ ਨੇ ਜਦ ਅਫ਼ਗ਼ਾਨੀ ਫ਼ੌਜ ਨੂੰ ਅੱਗੇ ਵੱਧਦਾ ਡਿੱਠਾ ਤਾਂ ਉਸੇ ਵੇਲੇ ਆਪਣੇ ਜੱਥੇ ਸਮੇਤ ਸੱਜੇ ਪਾਸੇ ਤੋਂ ਦੁਸ਼ਮਨ ‘ਤੇ ਟੁੱਟ ਪਿਆ ਤੇ ਅਫ਼ਗ਼ਾਨਾਂ ਨਾਲ ਗੁੱਥਮਗੁੱਥਾ ਹੋ ਕੇ ਓਹ ਤਲਵਾਰ ਕੜਕਾਈ ਕਿ ਖੇਤ ਲਹੂ ਲੁਹਾਨ ਹੋ ਗਿਆ। ਜਬਾਰ ਖ਼ਾਨ ਇਸ ਸਮੇਂ ਖ਼ੂਬ ਦਿਲ ਖੋਲ੍ਹਕੇ ਬਹਾਦਰੀ ਨਾਲ ਲੜਿਆ, ਪਰ ਅਕਾਲੀਆਂ ਦੇ ਅਗਾਧ ਜੋਸ਼ ਅੱਗੇ ਅਫ਼ਗ਼ਾਨ ਦੀ ਕੁਝ ਵੀ ਪੇਸ਼ ਨਾ ਚੱਲ ਸਕੀ ਤੇ ਘਬਰਾ ਕੇ ਮੂੰਹ ਦੀ ਸੇਧੇ ਭੱਜ ਨੱਠੇ। ਇਸ ਸਮੇਂ ਓਹ ਭਾਜੜ ਪਈ ਕਿ ਅਫ਼ਗਾਨਾਂ ਆਪਣਾ ਸਾਰਾ ਜੰਗੀ ਸਾਮਾਨ, ਰਸਤ ਰਸਾਨੀ, ਗੋਲਾ-ਬਾਰੂਦ, ਬੇਸ਼ੁਮਾਰ ਹਥਯਾਰ, ਘੋੜੇ ਤੇ ਊਂਠ ਆਦਿ ਮੈਦਾਨ ਵਿਚ ਹੀ ਛੱਡ ਗਏ, ਜੋ ਸਾਰੇ ਦਾ ਸਾਰਾ ਖਾਲਸੇ ਦੇ ਹੱਥ ਆਇਆ। ਇਸ ਲੜਾਈ ਵਿਚ ਅਫ਼ਗ਼ਾਨਾਂ ਦਾ ਭਾਰੀ ਨੁਕਸਾਨ ਹੋਇਆ, ਜਿਨ੍ਹਾਂ ਵਿਚ ਸਰਦਾਰ ਮੇਹਰ ਦਿਲ ਖ਼ਾਨ ਤੇ ਮੀਰ ਅਖੋਰ ਸਮਦ ਖ਼ਾਨ ਮੈਦਾਨ ਵਿਚ ਮਾਰੇ ਗਏ। ਸਰਦਾਰ ਜਬਾਰ ਖ਼ਾਨ ਖ਼ੁਦ ਸਖ਼ਤ ਫੱਟੜ ਹੋਇਆ ਤੇ ਬੜੀ ਔਖ ਨਾਲ ਜਾਨ ਬਚਾ ਕੇ ਨੱਠਾ, ਜੋ ਭਿੰਬਰ ਦੇ ਪਹਾੜਾਂ ਵਿੱਚ ਧਿਕੇ ਖਾਂਦਾ ਹੋਇਆ ਮਸੇਂ ਕਿਤੇ ਜਾ ਕੇ ਪਿਸ਼ਾਵਰ ਅੱਪੜਿਆ। ਖਾਲਸਾ ਫ਼ੌਜ ਨੇ ਨਾਲ ਹੀ ਕਿਲ੍ਹਾ ਸ਼ੇਰ ਗੜ੍ਹੀ ਤੇ ਹੋਰ ਚੌਕੀਆਂ ਵੀ ਫ਼ਤਹ ਕਰ ਲਈਆਂ ਤੇ ਹੁਣ ਸਾਰੇ ਕਸ਼ਮੀਰ ‘ਤੇ ਖਾਲਸੇ ਦਾ ਪੂਰਾ ਪੂਰਾ ਕਬਜ਼ਾ ਹੋ ਗਿਆ।

੨ ਹਾੜ ਸੰਮਤ ੧੮੭੯ ਸੰਨ ੧੮੧੯ ਨੂੰ ਖਾਲਸੇ ਦਾ ਦਲ ਬੜੀ ਭਾਰੀ ਧੂਮਧਾਮ ਨਾਲ ਬਗ਼ੈਰ ਕਿਸੇ ਲੁੱਟ ਮਾਰ ਦੇ ਸ਼ਹਿਰ ਸ਼੍ਰੀ ਨਗਰ ਵਿਚ ਦਾਖਲ ਹੋਇਆ।

ਮਹਾਰਾਜਾ ਰਣਜੀਤ ਸਿੰਘ ਨੂੰ ਉਸੇ ਦਿਨ ਕਸ਼ਮੀਰ ਦੀ ਫ਼ਤਹਿ ਦੀ ਵਧਾਈ ਭੇਜੀ, ਤੇ ਆਪ ਦੀਆਂ ਖ਼ੁਸ਼ੀਆਂ ਦੀ ਕੋਈ ਹੱਦ ਨਹੀਂ ਸੀ ਜਦ ਆਪ ਨੇ ਇਹ ਖ਼ੁਸ਼ਖ਼ਬਰੀ ਸੁਣੀ।

ਮਹਾਰਾਜਾ ਸਾਹਿਬ ਉਥੋਂ ਹੀ ਸਿੱਧੇ ਸ੍ਰੀ ਅੰਮਿ੍ਤਸਰ ਜੀ ਪਹੁੰਚੇ ਤੇ ਸ੍ਰੀ ਦਰਬਾਰ ਸਾਹਿਬ ਆ ਕੇ ਬੇਅੰਤ ਗਫੇ ਗੁਰਦਵਾਰਿਆਂ ਦੀ ਟਹਿਲੇ ਲਈ ਅਰਦਾਸੇ ਕਰਵਾਏ। ਤਿੰਨਾਂ ਦਿਨਾਂ’ ਤੱਕ ਸਾਰੇ ਸ਼ਹਿਰ ਵਿੱਚ ਦੀਪਮਾਲਾ ਕੀਤੀ ਗਈ, ਬਜ਼ਾਰ ਸਜਾਏ ਗਏ ਤੇ ਆਮ ਖ਼ੁਸ਼ੀਆਂ ਮਨਾਈਆਂ ਗਈਆਂ। ਮਹਾਰਾਜਾ ਸਾਹਿਬ ਜਦ ਲਾਹੌਰ ਆਏ ਤਾਂ ਉਸਤੋਂ ਵੀ ਵੱਧ ਜਲਸੇ ਮਨਾਏ, ਤੇ ਹਜ਼ਾਰਾਂ ਰੁਪਏ ਖੁਲ੍ਹੇ ਦਿਲ ਨਾਲ ਕਈ ਦਿਨਾਂ ਤੱਕ ਬਰਾਬਰ ਵੰਡੀਦੇ ਰਹੇ, ਮਹਾਰਾਜਾ ਸਾਹਿਬ ਨੇ ਫ਼ਕੀਰ ਅਜ਼ੀਜੁੱਦੀਨ ਨੂੰ ਕਸ਼ਮੀਰ ਦੀ ਆਬ-ਹਵਾ (ਜਲ ਪੌਣ) ਦੇ ਮਲੂਮ ਕਰਨ ਲਈ ਕਸ਼ਮੀਰ ਭੇਜਿਆ।

ਕੁਝ ਦਿਨਾਂ ਦੇ ਮਗਰੋਂ ਮੋਤੀ ਰਾਮ, ਦੀਵਾਨ ਮੁਹਕਮ ਚੰਦ ਦੇ ਪੁੱਤ੍ਰ ਨੂੰ ਕਸ਼ਮੀਰ ਦਾ ਆਪਣਾ ਪਹਿਲਾ ਗਵਰਨਰ ਥਾਪਿਆ। ਸ਼ਾਹਜ਼ਾਦਾ ਖੜਗ ਸਿੰਘ, ਅਕਾਲੀ ਫੂਲਾ ਸਿੰਘ ਤੇ ਜਨਰਲ ਦੀਵਾਨ ਚੰਦ ਜਦ ਲਾਹੌਰ ਪਹੁੰਚੇ ਤਾਂ ਬੜਾ ਲੰਮਾ ਹਾਥੀਆਂ ਦਾ ਜਲੂਸ ਸਾਰੇ ਸ਼ਹਿਰ ਵਿਚ ਫਿਰਾਇਆ ਗਿਆ ਤੇ ਥਾਉਂ-ਥਾਈਂ ਹਜ਼ਾਰਾਂ ਰੁਪੈ ਇਹਨਾਂ ਦੇ ਸਿਰਾਂ ਤੋਂ ਵਾਰੇ ਗਏ। ਮਹਾਰਾਜਾ ਸਾਹਿਬ ਨੇ ਇਨ੍ਹਾਂ ਦੋਹਾਂ ਬਹਾਦਰ ਜੋਧਿਆਂ ਨੂੰ ਗਲ੍ਹ ਨਾਲ ਲਾਇਆ ਤੇ ਐਨੀ ਪ੍ਰਸੰਨਤਾ ਪ੍ਰਗਟ ਕੀਤੀ ਕਿ ਜਿਸਦੀ ਕੋਈ ਹੱਦ ਨਹੀਂ ਸੀ। ਖਾਸ ਕਰਕੇ ਅਕਾਲੀ ਜੀ ਤੋਂ ਕਸ਼ਮੀਰ ਦੇ ਲੋਕਾਂ ਪਰ ਹੋ ਰਹੇ ਜ਼ੁਲਮ ਦਾ ਸਮਾਚਾਰ ਤੇ ਜੰਗ ਸੰਬੰਧੀ ਖ਼ਬਰਾਂ ਮੁੜ-ਮੁੜਕੇ ਪੁੱਛਦੇ ਰਹੇ। ਇਸ ਸਮੇਂ ਮਹਾਰਾਜਾ ਸਾਹਿਬ ਅਕਾਲੀ ਫੂਲਾ ਸਿੰਘ ਦੀ ਬਹਾਦਰੀ ਤੇ ਅਦੁੱਤੀ ਕੌਮੀ ਜੋਸ਼ ਪਰ ਐਸੇ ਮੋਹਤ ਹੋਏ ਕਿ ਅਕਾਲੀ ਜੀ ਨੂੰ ਅੱਗੋਂ ਸਦਾ ਲਈ ਆਪਣੇ ਪਾਸ ਲਾਹੌਰ ਵਿਚ ਰਹਿਣ ਲਈ ਬੜਾ ਜ਼ੋਰ ਲਾਇਆ, ਪਰ ਅਕਾਲੀ ਜੀ ਨੇ ਜੋ ਸਦਾ ਸੁਤੰਤ੍ਰ ਤੇ ਗੁਰੂ ਦੀ ਨਗਰੀ ਵਿਚ ਰਹਿਣਾ ਹੀ ਪਸੰਦ ਕਰਦੇ ਸੀ, ਬੜੇ ਪਿਆਰ ਨਾਲ ਮਹਾਰਾਜਾ ਸਾਹਿਬ ਨੂੰ ਆਖਿਆ ਕਿ ਅਸੀਂ ਹਰ ਵਕਤ ਆਪ ਦੇ ਪਾਸ ਹੀ ਹਾਂ, ਜਦ ਯਾਦ ਕਰੋਗੇ ਹਾਜ਼ਰ ਹੋ ਜਾਇਆ ਕਰਾਂਗੇ, ਪਰ ਸ੍ਰੀ ਅੰਮ੍ਰਿਤਸਰ ਜੀ ਤੋਂ ਬਾਹਰ ਰਹਿਣ ਨੂੰ ਜੀ ਨਹੀਂ ਮੰਨਦਾ। ਮਹਾਰਾਜਾ ਸਾਹਿਬ ਨੇ ਫੇਰ ਕਿਹਾ, ਪਰ ਅਕਾਲੀ ਜੀ ਨੇ ਅੰਮ੍ਰਿਤਸਰ ਲਈ ਜ਼ੋਰ ਦਿੱਤਾ, ਜੋ ਛੇਕੜ ਮਹਾਰਾਜਾ ਸਾਹਿਬ ਨੂੰ ਮੰਨਣਾ ਹੀ ਪਿਆ। ਫਿਰ ਬੜੀ ਧੂਮ ਧਾਮ ਨਾਲ ਲਾਹੌਰ ਤੋਂ ਵਿਦਿਆ ਹੋਕੇ ਸ੍ਰੀ ਅੰਮ੍ਰਿਤਸਰ ਜੀ ਆ ਗਏ।

ਮੋਰ ਕਰਾਫ਼ਟ ਦੇ ਸਫ਼ਰਨਾਮੇ ਪਰ ਵਿਚਾਰ

ਕਨਿੰਘਮ ਮੋਰ ਕਰਾਫ਼ਟ ਦੇ ਸਫ਼ਰਨਾਮੇ ਦਾ ਹਵਾਲਾ ਦੇਂਦਾ ਹੋਇਆ ਲਿਖਦਾ ਹੈ ਕਿ, “ਅਕਾਲੀ ਫੂਲਾ ਸਿੰਘ ਮੋਰ ਕਰਾਫ਼ਟ ਨੂੰ ਅੰਮਿ੍ਤਸਰ ਮਿਲਿਆ ਤੇ ਕਹਿਣ ਲੱਗਾ ਕਿ ਉਹ ਮਹਾਰਾਜਾ ਰਣਜੀਤ ਸਿੰਘ ਤੋਂ ਨਾਰਾਜ਼ ਹੈ ਤੇ ਉਹ ਅੰਗਰੇਜ਼ਾਂ ਨਾਲ ਮਿਲ ਕੇ ਜਿੱਥੇ ਉਸ ਨੂੰ ਕਿਹਾ ਜਾਏ ਉਹ ਅੱਗ ਤੇ ਤਲਵਾਰ ਤੋਂ ਕੰਮ ਲੈਣ ਨੂੰ ਤਿਆਰ ਹੈ।”

ਇਸ ਪਰ ਵਿਚਾਰ :-

(੧) ਮਿਸਟਰ ਮੋਰ ਕਰਾਫ਼ਟ ਸੰਮਤ ੧੮੭੭ ਮੁਤਾਬਕ ਸੰਨ ੧੮੨੦ ਵਿਖੇ ਲਦਾਖ ਅਤੇ ਯਾਰਕੰਦ ਜਾਂਦਾ ਹੋਇਆ ਰਸਤੇ ਵਿਚ ਕੁਝ ਦਿਨਾਂ ਲਈ ਲਾਹੌਰ ਠਹਿਰਿਆ। ਇਸ ਸਮੇਂ ਅਕਾਲੀ ਫੂਲਾ ਸਿੰਘ ਤੇ ਮਹਾਰਾਜਾ ਸਾਹਿਬ ਵਿੱਚ ਇੰਨਾ ਪਿਆਰ ਵਧਿਆ ਹੋਇਆ ਸੀ ਕਿ ਜਿਸ ਦੀ ਕੋਈ ਹੱਦ ਹੀ ਨਹੀਂ। ਮੇਜਰ ਸਮਾਇਥ ਇਸੇ ਸਾਲ ਸੰਨ ੧੮੧੯-੨੦ ਬਾਬਤ ਲਿਖਦਾ ਹੈ ਕਿ ਕਸ਼ਮੀਰ ਨੂੰ ਫ਼ਤਹ ਕਰਨ ਵਿਚ ਅਕਾਲੀ ਫੂਲਾ ਸਿੰਘ ਦੀ ਅਦੁੱਤੀ ਬਹਾਦਰੀ ਦੇ ਕਾਰਣ ਮਹਾਰਾਜਾ ਅਕਾਲੀ ਜੀ ਨਾਲ ਐਡਾ ਪਿਆਰ ਤੇ ਉਸ ਦੀ ਏਨੀ ਇਜ਼ਤ ਕਰਦਾ ਸੀ ਕਿ ਹਰ ਵਕਤ ਹੀ ਉਸ ਨੂੰ ਆਪਣੇ ਨਾਲ ਰੱਖਦਾ, ਆਦਿ। ਭਲਾ ਅਕਾਲੀ ਫੂਲਾ ਸਿੰਘ ਤੇ ਮਹਾਰਾਜਾ ਸਾਹਿਬ ਵਿਚ ਇਸ ਸਮੇਂ ਨਾਰਾਜ਼ਗੀ ਕਿਸ ਤਰ੍ਹਾਂ ਹੋਈ ਤੇ ਕਿਸ ਗਲ ਪਰ ਹੋਈ ?

(੨) ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਤੇ ਸਰਕਾਰ ਅੰਗਰੇਜ਼ੀ ਦੇ ਦਰਮਿਆਨ ਕੋਈ ਲੜਾਈ ਵੀ ਨਹੀਂ ਸੀ ਛਿੜੀ ਹੋਈ ਕਿ ਅਕਾਲੀ ਜੀ ਮਹਾਰਾਜੇ ਨੂੰ ਛੱਡ ਕੇ ਸਰਕਾਰ ਅੰਗਰੇਜ਼ੀ ਨਾਲ ਜਾ ਮਿਲਦਾ ਤੇ ਆਪਣੀ ਨਾਰਾਜ਼ਗੀ ਦਾ ਗੱਚ ਕੱਢਦਾ, ਬਲਕਿ ਉਸ ਸਮੇਂ ਤਾਂ ਦੋਹਾਂ ਤਾਕਤਾਂ ਦਾ ਆਪਸ ਵਿਚ ਗੂਹੜਾ ਪਿਆਰ ਸੀ ਤੇ ਪੂਰੀ ਤਰ੍ਹਾਂ ਇਕ ਦੂਜੇ ‘ਤੇ ਭਰੋਸਾ ਰੱਖਦੀਆਂ ਸਨ।

(੩) ਸਰ ਲੈਪਲ ਗ੍ਰਿਫਨ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਬ੍ਰਿਤਾਂਤ ਵਿਚ ਲਿਖਦਾ ਹੈ ਕਿ ਸ੍ਰੀ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਵਿਚ ਅਕਾਲੀ ਐਡੇ ਡਰਾਵਣੇ ਤੇ ਤਾਕਤਵਰ ਸਮਝੇ ਜਾਂਦੇ ਸਨ ਕਿ ਕਿਸੇ (ਯੂਰਪੀਨ) ਦਾ ਉੱਥੇ ਇਕੱਲਾ ਜਾਣਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ ਹੁੰਦਾ। ਇਸ ਸੂਰਤ ਵਿੱਚ ਅਵੱਸ਼ ਮੰਨਣਾ ਪਏਗਾ ਕਿ ਜਦ ਸਿਮਟਰ ਮੋਰ ਕਰਾਫ਼ਟ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਕਰਨ ਗਿਆ ਹੋਣਾ ਹੈ ਤਾਂ ਨਿਰਸੰਦੇਹ ਉਹ ਮਹਾਰਾਜਾ ਸਾਹਿਬ ਵਲੋਂ ਕਿਸੇ ਵੱਡੇ ਸਰਦਾਰ ਦੀ ਸੌਂਪਣੀ ਵਿਚ ਫਿਰਦਾ ਹੋਣਾ ਹੈ, ਜੈਸਾ ਕਿ ਮਹਾਰਾਜਾ ਸਾਹਿਬ ਦੇ ਸਮੇਂ ਯੂਰਪੀਨ ਮਹਿਮਾਨੀ ਲਈ ਆਮ ਕਾਇਦਾ ਸੀ’, ਤਾਂ ਸੋਚੋ ਕਿ ਅਕਾਲੀ ਜੀ ਨੇ ਕਿਸ ਤਰ੍ਹਾਂ ਕਿਸੇ ਸਰਦਾਰ ਯਾ ਸਿੱਖ ਰਖਵਾਲਿਆਂ ਦੇ ਸਾਹਮਣੇ ਮਹਾਰਾਜੇ ਦੀ ਬੁਰਿਆਈ ਤੇ ਨਿੰਦਿਆ ਕੀਤੀ ਹੋਣੀ ਹੈ ?

(੪) ਮੋਰ ਕਰਾਫ਼ਟ ਪੰਜਾਬੀ ਬੋਲੀ ਤੋਂ ਅਜਾਣੂੰ ਸੀ, ਤੇ ਖ਼ਾਸ ਕਰਕੇ ਅਕਾਲੀਆਂ ਦੇ ਬੋਲਿਆਂ ਨੂੰ ਤਾਂ ਪੰਜਾਬ ਦੇ ਵਸਨੀਕ ਵੀ ਘੱਟ ਹੀ ਸਮਝ ਸਕਦੇ ਹਨ, ਜਿਹਾ ਕੁਝ ਦਿਨ ਹੋਏ ਲੇਖਕ ਨੂੰ ਤਰਨ ਤਾਰਨ ਸਾਹਿਬ ਦੇ ਗੁਰਦਵਾਰੇ ਵਿਚ ਅਕਾਲੀ ਸਿੰਘ ਮਿਲਿਆ ਤੇ ਕਹਿਣ ਲੱਗਾ ਕਿ ‘ਫ਼ੌਜਾਂ ਦੀ ਅਫ਼ਲਾਤੂਨੀ ਖੰਭ ਲਗਾ ਗਈ ਹੈ, ਦੂਜੀ ਲਈ ਖ਼ਜ਼ਾਨੇ ਵਿਚੋਂ ਪੰਜ ਲੱਖ ਛਿਲੜ ਮਾਮਲੇ ਦਾ ਤਾਰੋ ।’

ਭਾਵੇਂ ਮੈਂ ਪੁਰਾਣੇ ਬੋਲਿਆਂ ਦਾ ਖੋਜੀ ਹਾਂ, ਪਰ ਇਸ ਅਕਾਲੀ ਸਿੰਘ ਦੇ ਸਾਰੇ ਭਾਵ ਨੂੰ ਨਾ ਸਮਝ ਸਕਿਆ ਤੇ ਮੈਨੂੰ ਕੁਝ ਹੈਰਾਨ ਜਿਹਾ ਦੇਖਕੇ ਮੇਰੇ ਇਕ ਮਿੱਤਰ ਨੇ ਜੋ ਅਕਾਲੀਆਂ ਦੇ ਬੋਲਿਆਂ ਦਾ ਵਧੇਰਾ ਜਾਣੂੰ ਸੀ, ਮੈਨੂੰ ਦਸਿਆ ਕਿ ਅਕਾਲੀ ਜੀ ਦੀ ਰਜ਼ਾਈ ਗੁੰਮ ਗਈ ਹੈ, ਦੂਜੀ ਬਨਾਣ ਲਈ ਪੰਜ ਰੁਪਏ ਦੀ ਲੋੜ ਹੈ, ਤਦ ਜਾਕੇ ਕਿਤੇ ਸਮਝ ਆਈ। ਇਸੇ ਤਰ੍ਹਾਂ ‘ਸਸਤਗੜ੍ਹ’, ‘ਅਕਲਦਾਨ’, ‘ਸਫਾਜੰਗ’, ‘ਕੁਤਬ ਦੀਨ’, ‘ਸ਼ਿਰਖਿੰਡੀ’, ‘ਗਜਗਾਹ’, ‘ਘਾਲਾ ਮਾਲਾ’, ‘ਤਹਤੋੜ’, ‘ਛਪਾਰ’, ‘ਦੁਸਾਂਗਾ’, ‘ਫਿਰਨੀ ਦੀ ਸਵਾਰੀ’, ਆਦਿ ਦੇ ਭਾਵ ਨੂੰ ਸ਼ਾਇਦ ਪੰਜਾਬੀ ਵੀ ਬਹੁਤ ਘਟ ਹੀ ਜਾਣਦੇ ਹਨ, ਤਦ ਇਹ ਗੱਲ ਡਾਢੀ ਹੀ ਅਸੰਭਵ ਜਾਪਦੀ ਹੈ ਕਿ ਕੋਈ ਵਿਦੇਸ਼ੀ ਮੁਸਾਫ਼ਰ ਕੇਵਲ ਪੰਜ ਦਿਨ ਪੰਜਾਬ ਵਿਚ ਰਹਿਕੇ ਯਾ ਕਿਤਾਬੀ ਪੰਜਾਬੀ ਪੜ੍ਹਕੇ (ਜਿਸ ਦਾ ਉਸ ਸਮੇਂ ਬਹੁਤ ਘੱਟ ਰਿਵਾਜ ਸੀ) ਅਕਾਲੀ ਫੂਲਾ ਸਿੰਘ ਦੇ ਅਸਲ ਭਾਵ ਨੂੰ ਪੂਰੀ ਤਰ੍ਹਾਂ ਸਮਝ ਸਕਿਆ ਹੋਵੇ। ਇਸੇ ਦੀ ਤਾਈਦ ਪਰ ਡਾਕਟਰ ਮੈਕਗ੍ਰੀਗਰ ਦੇ ਹਵਾਲੇ ਨਾਲ ਸੱਯਦ ਮੁਹੰਮਦ ਲਤੀਫ਼ ਲਿਖਦਾ ਹੈ ਕਿ ਅੰਗਰੇਜ਼ਾਂ ਨੂੰ ਸਿੱਖ ਸਰਦਾਰਾਂ ਦੀ ਬੋਲੀ ਸਮਝਣੇ ਵਿਚ ਬੜੀ ਕਠਨਤਾਈ ਪੇਸ਼ ਆਉਂਦੀ ਸੀਂ’ ।

(੫) ਇਸ ਗੱਲ ਬਾਬਤ ਸਰ ਲੈਪਲ ਗ੍ਰਿਫ਼ਨ ਵੀ ਪੰਜਾਬ ਰਾਜਾਜ਼ ਦੇ ਇਕ ਫੁਟਨੋਟ ਵਿਚ ਭਾਰੀ ਹੈਰਾਨਗੀ ਪ੍ਰਗਟ ਕਰਦਾ ਹੈ ਕਿ ਅਕਾਲੀ ਫੂਲਾ ਸਿੰਘ ਨੇ ਕਦੇ ਐਸਾ ਖਿਆਲ ਮੋਰ ਕਰਾਫਟ ਅੱਗੇ ਪ੍ਰਗਟ ਕੀਤਾ ਹੋਵੇ। ਅਸਲ ਵਿਚ ਗੱਲ ਇਹ ਹੋਣੀ ਹੈ ਕਿ ਉਸ ਸਮੇਂ ਅਕਾਲੀ ਜੀ ਦੀ ਸਾਰੇ ਦੇਸ਼ ਵਿਚ ਇੰਨੀ ਧੁੰਮ ਮਚੀ ਹੋਈ ਸੀ ਕਿ ਕਿਸੇ ਯਾਤਰੂ ਦਾ ਸਫ਼ਰਨਾਮਾ ਜੋ ਪੰਜਾਬ ਨਾਲ ਸੰਬੰਧ ਰੱਖਦਾ ਹੋਵੇ, ਬਿਨਾਂ ਅਕਾਲੀ ਫੂਲਾ ਸਿੰਘ ਦੀ ਬਾਬਤ ਕੁਝ ਲਿਖੇ ਦੇ ਕਦੇ ਮੁਕੰਮਲ ਨਹੀਂ ਸੀ ਸਮਝਿਆ ਜਾਂਦਾ। ਜਦ ਅਸੀਂ ਮੋਰ ਕਰਾਫ਼ਟ ਦਾ ਆਪਣੇ ਹੱਥੀਂ ਲਿਖਿਆ ਸਫ਼ਰਨਾਮਾ ਪੜ੍ਹਦੇ ਹਾਂ ਤਾਂ ਉਥੇ ਇਤਨਾ ਲਿਖਿਆ ਹੈ ਕਿ ਫੂਲਾ ਸਿੰਘ (ਅਕਾਲੀ ਫੂਲਾ ਸਿੰਘ) ਨੇ ਮੈਨੂੰ ਸੁਨੇਹਾ ਭੇਜਿਆ ਕਿ ਮੈਂ ਮਹਾਰਾਜਾ ਨੂੰ ਛੱਡਕੇ ਅੰਗਰੇਜ਼ਾਂ ਨਾਲ ਮਿਲਣ ਨੂੰ ਤਿਆਰ ਹਾਂ, ਪਰ ਮੈਂ ਖ਼ੁਦ ਉਸ ਨੂੰ ਨਹੀਂ ਮਿਲਿਆ’। ਹਾਲਾਂ ਕਿ ਕਨਿੰਘਮ ਤੇ ਮੁ: ਲਤੀਫ ਨੇ ਅਕਾਲੀ ਫੂਲਾ ਸਿੰਘ ਦੇ ਮੋਰ ਕਰਾਫ਼ਟ ਨੂੰ ਖੁਦ ਮਿਲਣਾ ਲਿਖਕੇ ਤੇ ਉਸ ਦਾ ਮਹਾਰਾਜਾ ਤੋਂ ਬਾਗ਼ੀ ਹੋਣਾ ਦੱਸ ਕੇ ਅਕਾਲੀ ਜੀ ਦੇ ਉੱਚੇ ਤੇ ਸੁੱਚੇ ਸਿੱਖੀ ਆਚਰਨ ‘ਤੇ ਸਖ਼ਤ ਅਯੋਗ ਹਮਲਾ ਕੀਤਾ ਹੈ ਜੋ ਉੱਕਾ ਨਿਰਮੂਲ ਹੈ।

ਸਰਹੱਦੀ ਲੜਾਈਆਂ

ਜਨਵਰੀ ਸੰਨ ੧੮੨੩ ਵਿਚ ਮੁਹੰਮਦ ਖ਼ਾਨ ਬਾਰਕਜ਼ਈ, ਜੋ ਉਨ੍ਹੀਂ ਦਿਨੀਂ ਕਾਬਲ ਦਾ ਹਾਕਮ ਸੀ, ਬਹੁਤ ਬੜੀਆਂ ਤਿਆਰੀਆਂ ਕਰਕੇ ਪਿਸ਼ਾਵਰ ‘ਤੇ ਮੁੜ ਕਬਜ਼ਾ ਜਮਾਣ ਲਈ ਜਲਾਲ-ਆਬਾਦ ਵੱਲ ਵਧਿਆ।

ਯਾਰ ਮੁਹੰਮਦ ਖ਼ਾਨ ਜੋ ਮੁਹੰਮਦ ਅਜ਼ੀਮ ਖ਼ਾਨ ਦਾ ਭਾਈ ਸੀ ਤੇ ਮਹਾਰਾਜਾ ਸਾਹਿਬ ਵਲੋਂ ਪਿਸ਼ਾਵਰ ਦਾ ਗਵਰਨਰ ਸੀ, ਅੰਦਰੋਂ ਆਪਣੇ ਭਾਈ ਦੀ ਇੱਛਾ ਅਨੁਸਾਰ, ਪਰ ਬਾਹਰੋਂ ਇਹ ਦੱਸਕੇ ਕਿ ਉਹ ਮੁਹੰਮਦ ਅਜ਼ੀਮ ਖ਼ਾਨ ਦੇ ਟਾਕਰੇ ਦੀ ਸਮਰਥਾ ਨਹੀਂ ਰੱਖਦਾ, ਪਿਸ਼ਾਵਰ ਖ਼ਾਲੀ ਕਰਕੇ ਇਲਾਕਾ ਯੂਸਫ਼ਜ਼ਈ ਦੇ ਪਹਾੜਾਂ ਵਿਚ ਜਾ ਛਿਪਿਆ।

ਮੁਹੰਮਦ ਅਜ਼ੀਮ ਖ਼ਾਨ ਪਿਸ਼ਾਵਰ ਨੂੰ ਖ਼ਾਲੀ ਦੇਖਕੇ ੧੨ ਫ਼ਰਵਰੀ ਨੂੰ ਬਿਨਾਂ ਕਿਸੇ ਰੋਕ ਟੋਕ ਦੇ ਸ਼ਹਿਰ ‘ਤੇ ਕਬਜ਼ਾ ਕਰ ਬੈਠਾ। ਇੱਥੇ ਪਹੁੰਚਦਿਆਂ ਹੀ ਜਹਾਦ ਦਾ ਝੰਡਾ ਖੜਾ ਕਰ ਦਿੱਤਾ ਤੇ ਕਈ ਸੌ ਜੋਸ਼ੀਲੇ ਮੌਲਵੀ, ਸੱਯਦ ਪੀਰਜ਼ਾਦਿਆਂ ਨੂੰ ਦੂਰ ਤੱਕ ਸਾਰੇ ਸਰਹੱਦੀ ਇਲਾਕੇ ਵਿਚ ਭੇਜ ਕੇ ਖਾਲਸੇ ਦੇ ਵਿਰੁੱਧ ਮਜ਼੍ਹਬੀ ਜੰਗ ਕਰਨ ਲਈ ਜੋਸ਼ ਭਰੇ ਵਾਅਜ਼ ਕਰਵਾਏ। ਇਲਾਕੇ ਦੇ ਸਾਰੇ ਰਈਸਾਂ ਤੇ ਮਲਕਾਂ ਨੂੰ ਆਪਣੇ ਨਾਲ ਇਸ ਲੜਾਈ ਵਿਚ ਮਿਲਾਣ ਲਈ ਆਪਣੇ ਦਸਖ਼ਤੀ ਪਰਵਾਨੇ ਘਲੇ’, ਜਿਨ੍ਹਾਂ ਵਿਚ ਇਸ ਲੜਾਈ ਨੂੰ ਕੁਫ਼ਰ ਤੇ ਇਸਲਾਮ ਦੀ ਲੜਾਈ ਕਹਿ ਕੇ ਲਿਖਿਆ ਤੇ ਜਹਾਦੀ ਜੰਗ ਲਈ ਸਖ਼ਤ ਪ੍ਰੇਰਨਾ ਕੀਤੀ। ਸਰਹੱਦ ਦੇ ਜੋਸ਼ੀਲੇ ਪਠਾਣ ਕੁਝ ਏਵੇਂ ਬੀ ਜੰਗਜੂ ਹੁੰਦੇ ਹਨ, ਉਤੋਂ ਇਹਨਾਂ ਮਲਵਾਣਿਆਂ ਦੇ ਵਾਅਜ਼ ਤੇ ਸ਼ਾਹੀ ਪਰਵਾਨਿਆਂ ਨੇ ਤਾਂ ਬਲਦੀ ‘ਤੇ ਤੇਲ ਦਾ ਅਸਰ ਕੀਤਾ, ਨਾਲ ਹੀ ਪੀਰਜ਼ਾਦਾ ਮੁਹੰਮਦ ਅਕਬਰ ਤੇ ਚਮਕਨੀਆਂ ਦੇ ਅਖੂਨਜ਼ਾਦਿਆਂ ਦੇ ਦੌਰਿਆਂ ਨੇ, ਜਿਨ੍ਹਾਂ ਦੀ ਸਾਰੇ ਸਰਹੱਦ ਵਿਚ ਵੱਡੀ ਮਾਨਤਾ ਹੈ, ਰਹਿੰਦੀ ਖੂੰਹਦੀ ਕਸਰ ਵੀ ਪੂਰੀ ਕਰ ਦਿੱਤੀ। ਇਸ ਸਮੇਂ ਸਾਰੇ ਦਾ ਸਾਰਾ ਸਰਹੱਦੀ ਇਲਾਕਾ ਕਾਬਲ ਤੋਂ ਲੈਕੇ ਦੀਰ, ਬਿਜੋੜ, ਜੁਵਾਤ, ਬਨੇਰ, ਬੈਜ਼ਈ, ਯੂਸਫ਼ਜ਼ਈ, ਕਮਾਲ-ਜ਼ਈ ਮੁਹੰਮਦ ਅਫਰੀਦੀ ਤੇ ਖਟਕਾਂ ਤੀਕ ਇਕਲਖਤ ਮਜ਼੍ਹਬੀ ਜਹਾਦ ਦੇ ਜੋਸ਼ ਵਿਚ ਮਸਤਾਨੇ ਹੋਏ ਖਾਲਸਾ ਰਾਜ ਦੇ ਵਿਰੁੱਧ ਲੜਨ ਲਈ ਤਿਆਰ ਹੋ ਖਲੋਤੇ। ਮੁਹੰਮਦ ਅਜ਼ੀਮ ਖ਼ਾਨਾ ਨੂੰ ਅਜੇ ਇਸ ਰੌਲੇ ਦੇ ਖੜੇ ਕੀਤਿਆਂ ਬਹੁਤ ਦਿਨ ਨਹੀਂ ਸਨ ਗੁਜ਼ਰੇ ਕਿ ਹਜ਼ਾਰਾਂ ਦੀ ਗਿਣਤੀ ਵਿਚ ਗ਼ਾਜ਼ੀਆਂ ਦਾ ਆਉਣਾ ਆਰੰਭ ਹੋ ਗਿਆ ਤੇ ਇਥੋਂ ਤੀਕ ਇਕੱਠ ਵਧਿਆ ਕਿ ਇਕ ਸਤਵਾਰੇ ਦੇ ਅੰਦਰ ਹੀ ਅੰਦਰ ਇਹਨਾਂ ਦੀ ਗਿਣਤੀ ਪੰਝੀ ਹਜ਼ਾਰ ਤੋਂ ਟੱਪ ਨਿਕਲੀ। ਅਸੀਂ ਉੱਤੇ ਦਸ ਆਏ ਹਾਂ ਕਿ ਇਹ ਇਕੱਠ ਕਿਸੇ ਇਕ ਤਪੇ ਵਲੋਂ ਨਹੀਂ ਸੀ, ਬਲਕਿ ਕੁਲ ਸਰਹੱਦੀ ਕੌਮਾਂ ਦਾ ਸੀ’। ਇਹਨਾਂ ਗ਼ਾਜ਼ੀਆਂ ਦੇ ਇਕੱਠ ਲਈ ਇਲਾਕਾ ਨੁਸ਼ੈਹਰਾ ਤੇ ਹਿਸ਼ਤ- ਨਗਰ ਦੇ ਖੁਲ੍ਹੇ ਮੈਦਾਨ ਚੁਣੇ ਗਏ, ਜਿੱਥੇ ਕਿ ਕਈ ਗੁਣਾਂ ਵੱਧ ਲਸ਼ਕਰ ਦੀ ਸਮਾਈ ਸੌਖੀ ਹੋ ਸਕਦੀ ਸੀ।

ਦੂਜੇ ਬੰਨੇ ਮੁਹੰਮਦ ਅਜ਼ੀਮ ਖ਼ਾਨ ਨੇ ਆਪਣੇ ਭਤੀਜੇ ਮੁਹੰਮਦ ਜ਼ਮਾਨ ਖ਼ਾਨ ਤੇ ਸਮਦ ਖ਼ਾਨ ਨੂੰ ਤੇ ਫ਼ੀਰੋਜ਼ ਖ਼ਾਨ ਖਟਕ ਦੇ ਪੁੱਤਰ ਖ਼ਵਾਸ ਖ਼ਾਨ ਨਾਲ ਭਾਰੀ ਲਸ਼ਕਰ ਖਟਕਾਂ ਤੇ ਅਫ਼ਰੀਦੀਆਂ ਦਾ ਭਿਜਵਾਕੇ ਜਹਾਂਗੀਰੇ ਦੇ ਕਿਲ੍ਹੇ ‘ਤੇ ਜਾ ਧਾਵਾ ਕਰਾਇਆ। ਇਸ ਲਸ਼ਕਰ ਦੇ ਜਹਾਂਗੀਰੇ ਪਹੁੰਚਦੇ ਹੀ ਇਕ ਹਿੱਸੇ ਨੇ ਤਾਂ ਕਿਲ੍ਹੇ ਦਾ ਘੇਰਾ ਘਤ ਲਿਆ ਤੇ ਬਾਕੀ ਦਿਆਂ ਨੇ ਨਾਲ ਦੀਆਂ ਪਹਾੜੀਆਂ ‘ਤੇ ਪੱਕੇ ਮੋਰਚੇ ਤੇ ਬੜੇ ਸੰਘਰ ਬੰਨ੍ਹਕੇ ਅਟਕ ਤੋਂ ਇਸ ਪਾਰ ਆਉਣ ਵਾਲਿਆਂ ਦੇ ਸਾਰੇ ਰਸਤੇ ਬੰਦ ਕਰਕੇ ਆਪਣੇ ਕਬਜ਼ੇ ਵਿਚ ਕਰ ਲਏ। ਇਹ ਮੋਰਚੇ ਇਹਨਾਂ ਨੇ ਇਹ ਸੋਚਕੇ ਐਸੀਆਂ ਥਾਵਾਂ ‘ਤੇ ਲਾਏ ਸਨ ਕਿ ਪਹਿਲੇ ਤਾਂ ਸਿੱਖਾਂ ਦੀ ਫ਼ੌਜ ਨੂੰ ਦਰਿਆ ਅਟਕ ਤੋਂ ਪਾਰ ਹੀ ਰੋਕਿਆ ਜਾਏ, ਪਰ ਜੇ ਕਦੀ ਪਾਰ ਪਹੁੰਚ ਬੀ ਜਾਏ ਤਾਂ ਉਨ੍ਹਾਂ ‘ਤੇ ਬੇਖ਼ਬਰੀ ਵਿੱਚ ਐਸਾ ਹੱਲਾ ਕੀਤਾ ਜਾਏ ਕਿ ਇੱਕ ਸਿੱਖ ਬੀ ਜੀਉਂਦੇ ਜੀ ਨਾ ਬਚ ਸਕੇ।

ਉਧਰ ਮੁਹੰਮਦ ਅਜ਼ੀਮ ਖ਼ਾਨ ਨੇ ਨੁਸ਼ਹਿਰੇ ਤੇ ਹਿਸ਼ਤ ਨਗਰ ਦਿਆਂ ਗ਼ਾਜ਼ੀਆਂ ਵਿਚ ਗੋਲੀ, ਬਰੂਦ ਹਥਿਆਰ ਤੇ ਹੋਰ ਜੰਗੀ ਸਾਮਾਨ ਖੁਲ੍ਹੇ ਦਿਲ ਨਾਲ ਵੰਡਵਾ ਦਿੱਤਾ।

ਇੱਧਰ ਮਹਾਰਾਜਾ ਰਣਜੀਤ ਸਿੰਘ ਨੂੰ ਜਦ ਇਸ ਸਾਰੀ ਹਲਚਲ ਦੀਆਂ ਖ਼ਬਰਾਂ ਲਾਹੌਰ ਪਹੁੰਚੀਆਂ ਤਾਂ ਮਹਾਰਾਜਾ ਸਾਹਿਬ ਨੇ ਬਹੁਤ ਛੇਤੀ ਦੋ ਹਜ਼ਾਰ ਘੋੜ ਚੜ੍ਹੇ ਸ਼ਾਹਜ਼ਾਦਾ ਸ਼ੇਰ ਸਿੰਘ ਤੇ ਦੀਵਾਨ ਕ੍ਰਿਪਾ ਰਾਮ ਦੀ ਸਰਦਾਰੀ ਵਿਚ ਗ਼ਾਜ਼ੀਆਂ ਦੀ ਰੋਕ ਥਾਮ੍ਹ ਲਈ ਤੋਰ ਦਿੱਤੇ। ਅਗਲੇ ਦਿਨ ੨੩ ਫੱਗਣ ਨੂੰ ਆਪ ਖ਼ੁਦ ਅਕਾਲੀ ਫੂਲਾ ਸਿੰਘ, ਸਰਦਾਰ ਦੇਸਾ ਸਿੰਘ ਮਜੀਠਿਆ, ਸਰਦਾਰ ਫ਼ਤਹ ਸਿੰਘ ਆਹਲੂਵਾਲੀਆ, ਅਮੀਰ ਸਿੰਘ ਸੋਹੀਆਂ ਵਾਲਾ, ਸ. ਰਤਨ ਸਿੰਘ ਘਰਜਾਖੀਆ ਆਦਿ ਚੋਣਵੇਂ ਸਰਦਾਰਾਂ ਤੇ ਇਕ ਭਾਰੀ ਬਲਵਾਨ ਦਲ ਲੈ ਕੇ ਪੌਣ ਦੇ ਵੇਗ ਦੀ ਤਰ੍ਹਾਂ ਇਕ ਮੰਜ਼ਲ ਦੀ ਥਾਂ ਤੇ ਦੋ, ਦੋ ਦੀ ਥਾਂ ਚਾਰ ਤੈਹ ਕਰਦੇ ਹੋਏ ਪੰਜਵੇਂ ਦਿਨ ਪਹੁੰਚ ਗਏ। ਇਸੇ ਦਿਨ ਸਵੇਰ ਨੂੰ ਮਹਾਰਾਜਾ ਸਾਹਿਬ ਦੇ ਪਹੁੰਚਣੇ ਤੋਂ ਪਹਿਲੇ ਹੀ ਸ਼ਾਹਜ਼ਾਦਾ ਸ਼ੇਰ ਸਿੰਘ ਤੇ ਸਰਦਾਰ ਹਰੀ ਸਿੰਘ ਨਲੂਏ ਨੇ ਦਰਿਆ ਅਟਕ ’ਤੇ ਬੇੜੀਆਂ ਦੇ ਪੁਲ ਤੋਂ ਪਾਰ ਹੋ ਕੇ ਆਪਣੇ ਦਸਤੇ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਇਕ ਪਾਸੇ ਤਾਂ ਸਰਦਾਰ ਹਰੀ ਸਿੰਘ ਨੇ ਅੱਠ ਸੌ ਸਵਾਰਾਂ ਨਾਲ ਦੁਸ਼ਮਨ ਦੇ ਹੱਲੇ ਨੂੰ ਰੋਕਿਆ ਤੇ ਦੂਜੇ ਬੰਨਿਓ ਦੀਵਾਨ ਕਿਰਪਾ ਰਾਮ ਤੇ ਸ਼ਾਹਜ਼ਾਦਾ ਸ਼ੇਰ ਸਿੰਘ ਬਾਰ੍ਹਾਂ ਸੌ ਘੋੜ-ਚੜ੍ਹਿਆਂ ਨਾਲ ਕਿਲ੍ਹਾ ਖ਼ੈਰਾਬਾਦ ਵਲ ਵਧੇ। ਸਾਹਮਣੇ ਦੇ ਮੋਰਚਿਆਂ ਤੋਂ ਖੂਬ ਗੋਲੀਆਂ ਵੱਸ ਰਹੀਆਂ ਸਨ, ਅੱਗੋਂ ਖਾਲਸੇ ਵਲੋਂ ਵੀ ਵੱਧ ਚੜ੍ਹਕੇ ਉੱਤਰ ਦਿੱਤਾ ਜਾ ਰਿਹਾ ਸੀ। ਠੀਕ ਇਸੇ ਮੁਹੰਮਦ ਜ਼ਮਾਨ ਖ਼ਾਨ ਨੇ ਕੁਝ ਮਨਚਲੇ ਜੁਵਾਨ ਭਿਜਵਾਕੇ ਦਰਯਾ ਅਟਕ ਦਾ ਪੁਲ ਉਡਵਾ ਦਿੱਤਾ, ਤਾਂ ਕਿ ਪਾਰ ਦੀ ਫ਼ੌਜ ਇਨ੍ਹਾਂ ਦੀ ਮਦਦ ਲਈ ਨਾ ਪਹੁੰਚ ਸਕੇ। ਪਾਇਆਂ ਦੇ ਉਡਦਿਆਂ ਹੀ ਪੁਲ ਰੁੜ੍ਹ ਪਿਆ ਤੇ ਹੁਣ ਪਾਰ ਜਾਣਾ ਆਣਾ ਉੱਕਾ ਬੰਦ ਹੋ ਗਿਆ।

ਮਹਾਰਾਜਾ ਰਣਜੀਤ ਸਿੰਘ ਜਦ ਅਟਕ ਪਹੁੰਚੇ ਤਾਂ ਅੱਗੇ ਪੁਲ ਰੁੜ੍ਹ ਚੁੱਕਾ ਸੀ। ਆਪ ਨੇ ਉਸੀ ਵਕਤ ਬੇੜੀਆਂ ਜਮ੍ਹਾਂ ਕਰਵਾਕੇ ਮੁੜ ਪੁਲ ਬਨਾਣ ਦਾ ਹੁਕਮ ਦਿੱਤਾ, ਪਰ ਪੁਲ ਦਾ ਮੁੜ ਨਵੇਂ ਸਿਰੋਂ ਬਨਾਣਾ ਸ਼ਾਮ ਤੋਂ ਪਹਿਲਾਂ ਅਸੰਭਵ ਦਿਸਿਆ। ਐਧਰ ਦਰਿਆਓਂ ਪਾਰ ਸਾਹਮਣੇ ਪਾਸੇ ਸਖ਼ਤ ਸੰਗਰਾਮ ਮਚਿਆ ਪਿਆ ਸੀ ਤੇ ਗੋਲੀਆਂ ਦੀ ਤੜਤੜਾਟ ਦੀ ਆਵਾਜ਼ ਅਟਕ ਵਲ ਖਾਲਸੇ ਦੇ ਦਲ ਵਿਚ ਸੁਣੀਂਦੀ ਸੀ, ਜਿਸ ਨਾਲ ਜਾਨਬਾਜ਼ ਖਾਲਸੇ ਦੇ ਦਿਲ ਉੱਛਲ ਉੱਛਲ ਪੈਂਦੇ ਸਨ। ਇੰਨੇ ਨੂੰ ਮੈਦਾਨ ਜੰਗ ਵਿਚੋਂ ਇੱਕ ਸੂਹੀਆ ਸ਼ਨਾਈ ‘ਤੇ ਤਰ ਕੇ ਖ਼ਬਰ ਲਿਆਇਆ ਕਿ ਖਾਲਸੇ ਦੇ ਦਸਤੇ ਨੂੰ ਦੁਸ਼ਮਨ ਨੇ ਬੁਰੀ ਤਰ੍ਹਾਂ ਘੇਰ ਲਿਆ ਹੈ ਤੇ ਜੇ ਸਮੇਂ ਸਿਰ ਸਹਾਇਤਾ ਨਾ ਪਹੁੰਚੀ ਤਾਂ ਡਰ ਹੈ ਕਿ ਸਾਰਾ ਦਸਤਾ ਸਖ਼ਤ ਨੁਕਸਾਨ ਉਠਾਵੇਗਾ। ਖਾਲਸੇ ਲਈ ਇਹ ਖ਼ਬਰ ਬਿਜਲੀ ਦੀ ਤਰ੍ਹਾਂ ਸਾਬਤ ਹੋਈ। ਜਦ ਉਨ੍ਹਾਂ ਨੇ ਆਪਣੇ ਵੀਰਾਂ ਨੂੰ ਵੈਰੀ ਦੇ ਹੱਥ ਘਿਰਿਆ ਸੁਣਿਆ ਤਾਂ ਇਨ੍ਹਾਂ ਦੇ ਕੌਮੀ ਜੋਸ਼ ਨੇ ਓਹ ਹੁਲਾਰਾ ਖਾਧਾ ਕਿ ਕਿਸੇ ਤੋਂ ਸਹਾਰਿਆ ਨਾ ਗਿਆ, ਖਾਸ ਕਰਕੇ ਅਕਾਲੀ ਫੂਲਾ ਸਿੰਘ ਦੀਆਂ ਰਗਾਂ ਵਿੱਚ ਤਾਂ ਆਪਣੇ ਭਾਈਆਂ ਦੇ ਪਿਆਰ ਦੇ ਲਹੂ ਨੇ ਉਹ ਗੇੜਾ ਲਾਇਆ ਕਿ ਉਹ ਇਕ ਪਲ ਵੀ ਨਾ ਠਹਿਰ ਸਕਿਆ ਤੇ ਸਣੇ ਪੰਜ ਸੌ ਘੋੜ ਚੜ੍ਹੇ ਅਕਾਲੀਆਂ ਦੇ ਆਪਣੇ ਘੋੜੇ’ ਠਾਠਾਂ ਮਾਰਦੇ ਦਰਿਆ ਵਿਚ ਠੇਲ੍ਹ ਦਿੱਤੇ। ਬਸ ਫੇਰ ਕੀ ਸੀ ? ਨਾਲ ਹੀ ਮਹਾਰਾਜਾ ਸਾਹਿਬ ਸਣੇ ਸਾਰੇ ਸਰਦਾਰਾਂ ਤੇ ਬਹੁਤ ਸਾਰੇ ਸਵਾਰਾਂ ਦੇ ਅਕਾਲੀ ਸਿੰਘਾਂ ਦੇ ਪਿੱਛੇ-ਪਿੱਛੇ ਦਰਿਆ ਅਟਕ ਵਿਚ ਠਿੱਲ੍ਹ ਪਏ। ਇਨ੍ਹਾਂ ਵਿਚੋਂ ਕੁਝਕੁ ਜਾਨਾਂ ਦਰਿਆ ਦੀ ਭੇਟ ਹੋਈਆਂ। ਰੁੜ੍ਹਨ ਵਾਲਿਆਂ ਵਿਚੋਂ ਮੌਲਵੀ ਮਿਰਜ਼ਾ ਹੁਸੈਨ ਹਿੰਦੁਸਤਾਨੀ ਵੀ ਸੀ ਜੋ ਇਲਾਕਾ ਕਿਲ੍ਹਾ ਨੂਰ ਦਾ ਇਜਾਰੇਦਾਰ ਸੀ।

ਮਹਾਰਾਜਾ ਰਣਜੀਤ ਸਿੰਘ ਤੇ ਅਕਾਲੀ ਦਲ ਦੇ ਦਰਿਆ ਲੰਘ ਆਉਣ ਦੀ ਖ਼ਬਰ ਸੁਣਦੇ ਸਾਰ ਹੀ ਖਟਕਾਂ ਦੇ ਪੈਰ ਮੈਦਾਨ ਵਿਚੋਂ ਉਖੜ ਗਏ ਤੇ ਅਕਾਲੀ ਨਗਾਰੇ ਦੀ ਚੋਟ ਨੇ ਤਾਂ ਰਹਿੰਦੀ ਖੂੰਹਦੀ ਗ਼ਾਜ਼ੀਆਂ ਦੀ ਹਿੰਮਤ ਦਾ ਵੀ ਲੱਕ ਤੋੜ ਦਿੱਤਾ। ਹੁਣ ਗ਼ਾਜ਼ੀਆਂ ਵਿਚ ਸਖ਼ਤ ਭਾਜੜ ਪੈ ਗਈ। ਇੰਨੇ ਨੂੰ ਸਰਦਾਰ ਹਰੀ ਸਿੰਘ ਨੇ ਕਿਲ੍ਹੇ ‘ਤੇ ਜਾ ਕਬਜ਼ਾ ਕੀਤਾ। ਇਸ ਲੜਾਈ ਵਿਚ ਦੋਹਾਂ ਪਾਸਿਆਂ ਦਾ ਨੁਕਸਾਨ ਇਕੋ ਜਿਹਾ ਸੀ । ਇਥੋਂ ਭਾਂਜ ਖਾ ਕੇ ਇਹ ਗ਼ਾਜ਼ੀ ਨੁਸ਼ਹਿਰੇ ਦੇ ਲਸ਼ਕਰ ਵਿੱਚ ਜਾ ਮਿਲੇ ਤੇ ਹੁਣ ਲਗੀਆਂ ਉੱਥੇ ਜੰਗ ਦੀਆਂ ਤਿਆਰੀਆਂ ਹੋਣ। ਮਹਾਰਾਜਾ ਰਣਜੀਤ ਸਿੰਘ ਨੇ ਖੈਰਾਬਾਦ ਤੇ ਜਹਾਂਗੀਰੇ ਦੇ ਕਿਲ੍ਹਿਆਂ ਨੂੰ ਪਕਿਆਂ ਕਰਕੇ ਅਲੌੜ ਦੇ ਮੈਦਾਨ ਵਿੱਚ ਜਾ ਡੇਰੇ ਲਾਏ ਤੇ ਇੱਥੇ ਸਾਰੀ ਫ਼ੌਜ ਨੂੰ ਇਕੱਤਰ ਕਰਕੇ ਰਸਦ ਪੱਠੇ ਦਾ ਪੱਕਾ ਪ੍ਰਬੰਧ ਹੋਣ ਲੱਗਾ। ਇਥੋਂ ਕਈ ਸੂਹੇ ਗ਼ਾਜ਼ੀਆਂ ਦੇ ਸਮਾਚਾਰ ਲਿਆਉਣ ਲਈ ਨੁਸ਼ਹਿਰੇ ਵਲ ਤੋਰੇ ਗਏ।

ਜੈ ਸਿੰਘ ਅਟਾਰੀ ਵਾਲੇ ਨੂੰ ਬਖ਼ਸ਼ਾਣਾ

ਅਕਾਲੀ ਫੂਲਾ ਸਿੰਘ ਅਜੇ ਰਹਿਰਾਸ ਦੇ ਦੀਵਾਨ ਵਿਚੋਂ ਉੱਠਕੇ ਆਪਣੇ ਤੰਬੂ ਵਿਚ ਪਹੁੰਚਿਆ ਹੀ ਸੀ ਕਿ ਸਰਦਾਰ ਜੈ ਸਿੰਘ ਅਟਾਰੀ ਵਾਲਾ ਅਕਾਲੀ ਜੀ ਦੇ ਡੇਰੇ ਆ ਵੜਿਆ ਤੇ ਆਪਣੀ ਕੀਤੀ ‘ਤੇ ਪਛਤਾਉਂਦਾ ਹੋਇਆ ਬਹੁਤ ਮਿੰਨਤਵਰ ਹੋਇਆ ਕਿ ਜਿਸ ਤਰ੍ਹਾਂ ਹੋ ਸਕੇ ਮਹਾਰਾਜਾ ਸਾਹਿਬ ਤੋਂ ਮੇਰੀ ਜਾਨ-ਬਖ਼ਸ਼ੀ ਕਰਵਾ ਦਿਓ’। ਅਕਾਲੀ ਜੀ ਉਸ ਨੂੰ ਬਾਹੋਂ ਫੜ ਕੇ ਉਸੇ ਵਕਤ ਮਹਾਰਾਜਾ ਸਾਹਿਬ ਦੇ ਡੇਰੇ ਲੈ ਗਏ ਤੇ ਜਾਕੇ ਆਖਿਆ ਕਿ ਮਹਾਰਾਜਾ ਜੀ! ਮੈਂ ਆਪ ਤੋਂ ਕੁਝ ਮੰਗਣ ਆਇਆ ਹਾਂ, ਤੇ ਉਹ ਮੰਗ ਇਹ ਹੈ ਕਿ ਸਰਦਾਰ ਜੈ ਸਿੰਘ ਅਟਾਰੀ ਵਾਲਾ ਆਪ ਦੀ ਸੇਵਾ ਵਿੱਚ ਹਾਜ਼ਰ ਹੋਇਆ ਹੈ, ਆਪ ਉਸ ਦੀ ਭੁੱਲ ਨੂੰ ਭੁਲਾ ਕੇ ਇਸ ਦੀ ਜਾਨ ਬਖ਼ਸ਼ੀ ਕਰ ਦੇਵੋ। ਇਹ ਖਾਲਸੇ ਲਈ ਨਹੀਂ ਸੋਭਦਾ ਕਿ ਪੰਜਾਬ ਪਰ ਖਾਲਸੇ ਦਾ ਰਾਜ ਹੋਵੇ ਤੇ ਆਪਣੇ ਭਾਈ ਪਏ ਬਾਹਰ ਧੱਕੇ ਖਾਣ। ਮਹਾਰਾਜਾ ਸਾਹਿਬ ਨੇ ਅੱਗੋਂ ਕੀ ਕਹਿਣਾ ਸੀ, ਉਸੀ ਵਕਤ ਮੁਆਫ਼ੀ ਦੇ ਦਿੱਤੀ ਤੇ ਯੋਗ ਥਾਂ ‘ਤੇ ਡੇਰਾ ਕਰਵਾਕੇ ਸਭ ਤਰ੍ਹਾਂ ਦਾ ਯੋਗ ਵਰਤਾਵਾ ਉਸ ਨਾਲ ਕੀਤਾ ਗਿਆ।

ਦੋ ਪਹਿਰ ਰਾਤ ਬੀਤੀ ਵੈਰੀ ਦੇ ਲਸ਼ਕਰ ਤੋਂ ਖ਼ਬਰ ਪਹੁੰਚੀ ਕਿ ਗ਼ਾਜ਼ੀਆਂ ਦੀ ਗਿਣਤੀ ਬੇਸ਼ਮਾਰ ਵੱਧ ਗਈ ਹੈ ਤੇ ਉਹ ਨੁਸ਼ਹਿਰੇ ਦੇ ਪਾਰ ਤਰੱਕੀ ਪਹਾੜੀ ਤੇ ਉੱਪਰ ਆਪਣੇ ਮੋਰਚੇ ਜਮਾ ਰਹੇ ਹਨ। ਮਹਾਰਾਜਾ ਸਾਹਿਬ ਨੇ ਵੀ ਉਸੀ ਵਕਤ ਸਾਰੇ ਸਰਦਾਰਾਂ ਨੂੰ ਇਕੱਠਾ ਕੀਤਾ ਤੇ ਬਾਕੀ ਦੀ ਰਾਤ ਜੰਗ ਦੀਆਂ ਤਿਆਰੀਆਂ ਤੇ ਸੋਚਾਂ ਵਿੱਚ ਗੁਜ਼ਰੀ।

ਗੁਰਮਤੇ ਦੀ ਪਵਿੱਤ੍ਰਤਾ ਨੂੰ ਅਟੱਲ ਰੱਖਣਾ

੧ ਚੇਤਰ ਸੰਮਤ ੧੮੭੯ ਮੁਤਾਬਕ ੧੪ ਮਾਰਚ ਸੰਨ ੧੮੨੨ ਨੂੰ ਅੰਮ੍ਰਿਤ ਵੇਲੇ ਪੁਰਾਤਨ ਮਰਯਾਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤੇ ਸਾਰੇ ਜੱਥਿਆਂ ਦੇ ਜੱਥੇਦਾਰ ਦੀਵਾਨ ਵਿਖੇ ਹਾਜ਼ਰ ਹੋਏ। ਆਸਾ ਜੀ ਦੀ ਵਾਰ ਦੇ ਦੀਵਾਨ ਦੀ ਸਮਾਪਤੀ ਦੇ ਬਾਅਦ ਸਾਹਮਣੇ ਆਉਣ ਵਾਲੀ ਲੜਾਈ ਸੰਬੰਧੀ ਬਹੁਤ ਕੁਝ ਸੋਚ ਵਿਚਾਰ ਹੁੰਦੀ ਰਹੀ। ਛੇਕੜ ਸਰਬ ਸੰਮਤੀ ਨਾਲ ਇਹ ‘ਗੁਰਮਤਾ’ ਸੋਧਿਆ ਗਿਆ ਕਿ ਜੰਗ ਵਿਚ ਦੇਰੀ ਕਰਨ ਨਾਲ ਵੈਰੀਆਂ ਦਾ ਹੌਸਲਾ ਵਧ ਜਾਏਗਾ। ਦੂਜੇ ਜੇ ਕਦੀ ਮੁਹੰਮਦ ਖ਼ਾਨ, ਜੋ ਅੱਜ ਕਲ ਨੁਸ਼ੈਹਰੇ ਪਹੁੰਚਣ ਵਾਲਾ ਹੈ, ਖਾਲਸੇ ਦੀ ਚੜ੍ਹਾਈ ਤੋਂ ਪਹਿਲੇ ਗ਼ਾਜ਼ੀਆਂ ਨੂੰ ਜਾ ਮਿਲਿਆ ਤੇ ਪਹਾੜੀ ਉੱਤੇ ਮੋਰਚੇ ਮੱਲਕੇ ਤੋਪਾਂ ਬੀੜ ਦਿੱਤੀਆਂ ਤਾਂ ਖਾਲਸੇ ਦੇ ਨੁਕਸਾਨ ਦਾ ਵਧੇਰਾ ਡਰ ਹੈ, ਕਿਉਂਕਿ ਅਸਾਂ ਵਲ ਪੱਧਰ ਮੈਦਾਨ ਹੈ ਤੇ ਦੁਸ਼ਮਨ ਉੱਚੀ ਪਹਾੜੀ ਪਰ ਹੋ ਜਾਏਗਾ। ਇਸ ਗੁਰਮਤੇ ਅਨੁਸਾਰ ਅਰਦਾਸਾ ਸੋਧਕੇ ਖਾਲਸਾ ਦਲ ਨੂੰ ਤਿੰਨਾਂ ਹਿੱਸਿਆਂ ਵਿਚ ਵੰਡਿਆ ਗਿਆ। ਪਹਿਲਾ ਜੱਥਾ ਜਿਸ ਵਿਚ ਅੱਠ ਸੌ ਘੋੜ ਚੜ੍ਹੇ ਤੇ ਸੱਤ ਸੌ ਪੈਦਲ ਅਕਾਲੀ ਸਿੰਘ ਸਨ, ਅਕਾਲੀ ਫੂਲਾ ਸਿੰਘ ਨਾਲ ਚੜ੍ਹਦੇ ਵਲੋਂ ਵੈਰੀ ‘ਤੇ ਹੱਲਾ ਕਰਨ ਲਈ ਨੀਯਤ ਹੋਇਆ। ਦੂਜਾ ਦਸਤਾ ਜਿਸ ਵਿਚ ਇਕ ਹਜ਼ਾਰ ਸਵਾਰ ਤੇ ਪੰਦਰਾਂ ਸੌ ਪੈਦਲ ਸਨ, ਸਰਦਾਰ ਦੇਸਾ ਸਿੰਘ ਮਜੀਠੀਆ ਤੇ ਸਰਦਾਰ ਫ਼ਤਹ ਸਿੰਘ ਆਹਲੂਵਾਲੀਏ ਦੀ ਸਰਦਾਰੀ ਹੇਠ ਲਹਿੰਦੇ ਪਾਸੇ ਤੋਂ ਧਾਵਾ ਕਰਨ ਲਈ ਤਿਆਰ ਕੀਤਾ ਗਿਆ। ਤੀਜੇ ਜੱਥੇ ਵਿਚ ਦੋ ਹਜ਼ਾਰ ਸਵਾਰ ਤੇ ਤਿੰਨ ਹਜ਼ਾਰ ਪੈਦਲ ਸਨ, ਜਿਸ ਵਿਚ ਛੇ ਸੌ ਗੋਰਖੇ ਭੀ ਸ਼ਾਮਲ ਸਨ, ਸਣੇ ਛੇ ਛੋਟੀਆਂ ਤੋਪਾਂ ਦੇ ਸ਼ਾਹਜ਼ਾਦਾ ਖੜਗ ਸਿੰਘ, ਸਰਦਾਰ ਹਰੀ ਸਿੰਘ ਨਲੂਆ, ਜਨਰਲ ਇਲਾਰਡ ਤੇ ਸਰਦਾਰ ਰਤਨ ਸਿੰਘ ਘਰਜਾਖੀਏ ਦੀ ਸੌਂਪਣੀ ਵਿਚ ਸਾਹਮਣੇ ਪਾਸੇ ਤੋਂ ਦੁਸ਼ਮਨ ਦਾ ਹੱਲਾ ਰੋਕਣ ਤੇ ਉਸ ਨੂੰ ਪਿੱਛੇ ਹਟਾਣ ਲਈ ਨੀਯਤ ਹੋਇਆ। ਬਾਕੀ ਕੁਲ ਸਵਾਰ ਤੇ ਪੈਦਲ ਮਹਾਰਾਜਾ ਸਾਹਿਬ ਦੇ ਨਾਲ ਰਹੇ, ਤਾਕਿ ਜਿੱਧਰ ਮਦਦ ਦੀ ਲੋੜ ਪਵੇ ਉੱਧਰ ਹੀ ਸਮੇਂ ਸਿਰ ਛੇਤੀ ਸਹਾਇਤਾ ਪਹੁੰਚਾਈ ਜਾਏ। ਇੰਨੇ ਨੂੰ ਬਿਗਲਚੀ ਨੂੰ ਕੂਚ ਦਾ ਹੁਕਮ ਵਜਾਣ ਲਈ ਆਗਿਆ ਹੋਈ ਤੇ ਬਿਗਲ ਦੇ ਵੱਜਦੇ ਹੀ ਹਰ ਇੱਕ ਜੱਥਾ ਮਹਾਰਾਜਾ ਸਾਹਿਬ ਦੇ ਸਾਹਮਣੇ ਆਉਂਦਾ ਤੇ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’, ਦਾ ਜੈਕਾਰਾ ਗਜਾਂਦਾ ਹੋਇਆ ਅਗੋਂ ਦੀ ਲੰਘ ਜਾਂਦਾ। ਮਹਾਰਾਜਾ ਰਣਜੀਤ ਸਿੰਘ ਇਸ ਸਮੇਂ ਘੋੜੇ ਪਰ ਸਵਾਰ ਇਕ ਉੱਚੀ ਥਾਂ ‘ਤੇ ਖੜੇ ਸਨ, ਹੱਥ ਵਿਚ ਸੂਤੀ ਹੋਈ ਤਲਵਾਰ ਬਿਜਲੀ ਦੀ ਤਰ੍ਹਾਂ ਡਲ੍ਹਕ ਰਹੀ ਸੀ। ਜਦ ਜੱਥਾ ਆਪ ਦੇ ਸਾਹਮਣੇ ਜੈਕਾਰਾ ਗਜਾਂਦਾ ਹੋਇਆ ਆਉਂਦਾ, ਤਾਂ ਆਪ ਅੱਗੋਂ ਗੱਜ ਕੇ ਜੈਕਾਰਾ ਬੁਲਾਂਦੇ ਤੇ ਸ੍ਰੀ ਸਾਹਿਬ ਦੇ ਇਸ਼ਾਰੇ ਨਾਲ ਰਣ ਵਿਚ ਜਾਣ ਲਈ ਵਿਦੈਗੀ ਦੇਂਦੇ।

ਅਕਾਲੀਆਂ ਦਾ ਜੱਥਾ ਅਜੇ ਜੈਕਾਰਾ ਬੁਲਾਕੇ ਹਟਿਆ ਹੀ ਸੀ ਤੇ ਸਰਦਾਰ ਦੇਸਾ ਸਿੰਘ ਦਾ ਦਸਤਾ ਅਗੋਂ ਗੁਜ਼ਰ ਹੀ ਰਿਹਾ ਸੀ ਕਿ ਇੰਨੇ ਨੂੰ ਇਕ ਹੋਰ ਸੂਹੀਆ ਪਹੁੰਚਿਆ ਤੇ ਆ ਕੇ ਖ਼ਬਰ ਦਿੱਤੀ ਕਿ ਮੁਹੰਮਦ ਅਜ਼ੀਮ ਖ਼ਾਨ ਦਸ ਹਜ਼ਾਰ ਅਫ਼ਗ਼ਾਨ ਤੇ ਚਾਲੀ ਵੱਡੀਆਂ ਤੋਪਾਂ ਨਾਲ ਲੈਕੇ ਖੇਸ਼ਗੀ ਦੇ ਲਾਗੇ ਨੁਸ਼ਹਿਰੇ ਤੋਂ ਚਾਰ ਕੋਹ ਲਹਿੰਦੇ ਵਲ ਪਹੁੰਚ ਗਿਆ ਹੈ ਤੇ ਬਹੁਤ ਸਾਰੀਆਂ ਬੇੜੀਆਂ ਚਾਰਸਦਾ ਆਦਿ ਸ਼ਹਿਰਾਂ ਤੋਂ ਜਮ੍ਹਾਂ ਕਰਕੇ ਗ਼ਾਜ਼ੀਆਂ ਨਾਲ ਤਰੱਕੀ ਪਹਾੜੀ ‘ਤੇ ਮਿਲਣ ਲਈ ਦਰਿਆ ਲੁੰਡੇ ਤੋਂ ਫ਼ੌਜਾਂ ਪਾਰ ਚੜ੍ਹਾ ਰਿਹਾ ਹੈ। ਦੋਸਤ ਮੁਹੰਮਦ ਖ਼ਾਨ ਤੇ ਜਬਾਰ ਖ਼ਾਨ ਮੁਹੰਮਦ ਅਜ਼ੀਮ ਖ਼ਾਨ ਦੇ ਭਾਈ ਕੁਝ ਅਫ਼ਗ਼ਾਨੀ ਫ਼ੌਜ ਨਾਲ ਲੈਕੇ ਗ਼ਾਜ਼ੀਆਂ ਨੂੰ ਜਾ ਮਿਲੇ ਹਨ।

ਮਹਾਰਾਜਾ ਸਾਹਿਬ ਇਸ ਖ਼ਬਰ ਨੂੰ ਸੁਣਕੇ ਲੱਗੇ ਜੰਗ ਦੇ ਹਰ ਇਕ ਪਹਿਲੂ ‘ਤੇ ਵਿਚਾਰ ਕਰਨ ਤੇ ਛੇਕੜ ਲੰਮੀ ਵਿਚਾਰ ਦੇ ਬਾਅਦ ਇਸ ਨਤੀਜੇ ਪਰ ਪਹੁੰਚੇ ਕਿ ਇਸ ਵਕਤ ਦੁਸ਼ਮਨ ‘ਤੇ ਚੜ੍ਹਾਈ ਕਰਨ ਦੀ ਸਲਾਹ ਬਦਲ ਦੇਣੀ ਚਾਹੀਦੀ ਹੈ, ਇਹ ਵਿਚਾਰਕੇ, ਕਿ ਅਜੇ ਸਾਡੀ ਜਿੱਤ ਹੈ ਤੇ ਵੈਰੀ ਦੀ ਫ਼ੌਜ ਬਹੁਤ ਵੱਧੀ ਹੋਈ ਹੈ। ਦੂਜਾ ਅਫ਼ਗ਼ਾਨੀ ਤੋਪਖ਼ਾਨੇ ਦੇ ਟਾਕਰੇ ਤੇ ਜਦ ਤੀਕ ਸਾਡਾ ਵੱਡਾ ਤੋਪਖ਼ਾਨਾ ਜਰਨੈਲ ਵੈਨਤੂਰਾ’ ਨਾਲ ਆ ਰਿਹਾ ਹੈ, ਪਹੁੰਚ ਨਾ ਜਾਵੇ ਜੋ ਅੱਜ ਰਾਤ ਨੂੰ ਪਹੁੰਚਣ ਵਾਲਾ ਹੈ, ਤਦ ਤੱਕ ਹੋਰ ਤਿਆਰੀਆਂ ਕਰ ਲੈਣੀਆਂ ਚਾਹੀਦੀਆਂ ਹਨ ਤੇ ਤੋਪਖ਼ਾਨੇ ਦੇ ਪਹੁੰਚਣੇ ਦੇ ਬਾਅਦ ਜੋ ਸਲਾਹ ਠਹਿਰੇਗੀ, ਕੀਤਾ ਜਾਏਗਾ।

ਅਕਾਲੀ ਫੂਲਾ ਸਿੰਘ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਸਵੇਰ ਦੇ ਗੁਰਮਤੇ ਵਿਚ ਕੁਝ ਬਦਲੀ ਕਰਦੇ ਹਨ ਤਾਂ ਆਪ ਬੜੇ ਜੋਸ਼ ਵਿਚ ਆਏ ਤੇ ਮਹਾਰਾਜਾ ਸਾਹਿਬ ਨੂੰ ਜਾਕੇ ਆਖਿਆ ਕਿ ਇਹ ਮੰਨਿਆ ਕਿ ਵੈਰੀ ਅੱਜ ਬਹੁਤ ਹੀ ਤਾਕਤਵਰ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਗੁਰਮਤਾ ਸੋਧ ਕੇ ਹੁਣ ਉਸਦੇ ਵਿਰੁੱਧ ਫ਼ੈਸਲਾ ਕਰਨਾ ਖਾਲਸੇ ਦੇ ਅਸੂਲ ਦੇ ਉਲਟ ਹੈ, ਸੀਸ ਜਾਵੇ ਪਰ ਗੁਰਮਤੇ ਦੀ ਪਾਵਨ ਮਿਯਾਦਾ ਨੂੰ ਕਿਸੇ ਤਰ੍ਹਾਂ ਨਾ ਤੋੜਿਆ ਜਾਏ। ਮਹਾਰਾਜੇ ਨੇ ਨਰਮੀ ਨਾਲ ਯੁਕਤੀਆਂ ਦੇ ਕੇ ਅਕਾਲੀ ਜੀ ਨੂੰ ਟਾਲਣਾ ਚਾਹਿਆ ਪਰ ਅਸੂਲ ਦੀ ਘਸਵੱਟੀ ਉੱਪਰ ਯੁਕਤੀਆਂ ਕਦ ਪੂਰੀਆਂ ਉਤਰ ਸਕਦੀਆਂ ਹਨ? ਅਕਾਲੀ ਜੀ ਨੇ ਮੁੜ ਇਹੋ ਹੀ ਕਿਹਾ ਕਿ ਅਸੀਂ ਗੁਰਮਤੇ ਵਿਰੁੱਧ ਕਿਸੇ ਤਰ੍ਹਾਂ ਵੀ ਤੁਰਨ ਲਈ ਤਿਆਰ ਨਹੀਂ ਹਾਂ, ਚਾਹੇ ਇਸ ਤੋਂ ਦੁਣੀ ਫ਼ੌਜ ਦੁਸ਼ਮਣ ਦੀ ਕਿਉਂ ਨਾ ਹੋਵੇ ਕਿਉਂਕਿ ਸਾਡੇ ਗੁਰਮਤੇ ਦਾ ਵਾਲੀ ਕਲਗੀਆਂ ਵਾਲਾ ਸਾਡੇ ਅੰਗ ਸੰਗ ਹੈ, ਪਰ ਮਹਾਰਾਜਾ ਸਾਹਿਬ ਉਸ ਸਮੇਂ ਕੁਝ ਐਸੀਆਂ ਸੋਚਾਂ ਵਿਚ ਪਏ ਕਿ ਬਿਨਾਂ ਤੋਪਖ਼ਾਨੇ ਦੇ ਪਹੁੰਚਣ ਤੋਂ ਅੱਗੇ ਵਧਣਾ ਯੋਗ ਨਾ ਸਮਝਿਆ। ਅਕਾਲੀ ਜੀ ਨੇ ਜਦ ਦੇਖਿਆ ਕਿ ਮਹਾਰਾਜਾ ਵਿਚਾਰਾਂ ਵਿਚ ਹੀ ਸਮਾਂ ਹੱਥੋਂ ਗਵਾ ਰਿਹਾ ਹੈ, ਤਾਂ ਆਪ ਨੇ ਮਹਾਰਾਜ਼ਾ ਸਾਹਿਬ ਨੂੰ ਸਾਫ਼ ਕਹਿ ਦਿੱਤਾ ਕਿ “ਆਪ ਮਹਾਰਾਜੇ ਹੋ, ਜੋ ਚਾਹੇ ਕਰੋ ਪਰ ਸਾਨੂੰ ਗੁਰਮਤੇ ਨੂੰ ਕਾਇਮ ਰੱਖਣ ਲਈ ਮੈਦਾਨ ਵਿਚ ਸੀਸ ਵੀ ਦੇਣਾ ਪੈ ਜਾਏ ਤਾਂ ਵੀ ਇਸ ਤੋਂ ਪਿਛੇ ਨਹੀਂ ਹਟਾਂਗੇ।” ਇਹ ਛੇਕੜਲੇ ਬਚਨ ਸਨ ਜੋ ਅਕਾਲੀ ਫੂਲਾ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਚਾਲੇ ਹੋਏ। ਹੁਣ ਅਕਾਲੀ ਜੀ ਅੱਗੇ ਵਧੇ ਤੇ ਆਪਣੇ ਜੱਥੇ ਨੂੰ ਮੈਦਾਨੇ ਜੰਗ ਵਿਚ ਜਾਣ ਲਈ ਕੂਚ ਦਾ ਹੁਕਮ ਦਿੱਤਾ। ਅਕਾਲੀ ਜੀ ਨੇ ਰਣਤੱਤੇ ਵਲ ਜਾਣ ਤੋਂ ਪਹਿਲੇ ਜੋਸ਼ ਵਿਚ ਬੇਕਾਬੂ ਹੋਕੇ ਅਰਦਾਸਾ ਸੋਧਿਆ, ਜਿਸਦੇ ਸ਼ਬਦਾਂ ਤੋਂ ਸੱਚਾ ਜੋਸ਼, ਕੌਮੀ ਦਰਦ, ਮਿਰਯਾਦਾ ਦੀ ਪਕਿਆਈ, ਗੁਰਚਰਨਾਂ ‘ਤੇ ਮਾਣ ਤੇ ਬੀਰਤਾ ਚੋ-ਚੋ ਪੈਂਦੀ ਸੀ, ਜਿਸ ਦਾ ਸਾਰ ਭਾਵ ਇਹ ਹੈ:- ਪਹਿਲੇ ਆਪ ਨੇ ਦਸਾਂ ਪਾਤਸ਼ਾਹੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚਿਤਾਰਦੇ ਹੋਏ ਇਸ ਤਰ੍ਹਾਂ ਬੇਨਤੀਆਂ ਕੀਤੀਆਂ ਕਿ “ਹੇ ਸ੍ਰੀ ਕਲਗੀਧਰ ਪਿਤਾ! ਆਪ ਜਾਣਦੇ ਹੋ ਕਿ ਮੁਸਲਮਾਨੀ ਲਸ਼ਕਰ ਅਣਗਿਣਤ ਹੈ ਪਰ ਆਪ ਦਾ ਖਾਲਸਾ ਆਪ ਦੇ ਪ੍ਰਚਲਤ ਕੀਤੇ ਹੋਏ ਪਵਿੱਤ੍ਰ ‘ਗੁਰਮਤੇ’ ਦੀ ਉੱਚਤਾ ਨੂੰ ਅਟੱਲ ਰੱਖਣ ਲਈ ਰਣ ਵਿਚ ਚੜ੍ਹਾਈ ਕਰਦਾ ਹੈ । ਹੇ ਬਾਜਾਂ ਵਾਲੇ ਸਤਿਗੁਰੂ! ਜੇ ਸੀਸ ਦੇਕੇ ਵੀ ਇਹ ਪਾਵਨ ਮਿਯਾਦਾ ਬਚ ਸਕਦੀ ਹੈ ਤਾਂ ਇਹ ਲਵੋ ਸੀਸ ਆਪ ਦੇ ਚਰਨਾਂ ਵਿਚ ਹਾਜ਼ਰ ਹਨ। ਅਨਾਥਾਂ ਦੇ ਨਾਥ! ਅਸੀਂ ਸੀਸ ਤਾਂ ਉਸੇ ਦਿਨ ਆਪ ਦੀ ਭੇਟਾ ਕਰ ਚੁੱਕੇ ਹਾਂ, ਜਿਸ ਦਿਨ ਆਪ ਦਾ ਪਵਿੱਤ੍ਰ ਬਾਣਾ ਪਹਿਰਿਆ। ਹੁਣ ਸਹਾਇਤਾ ਕਰੋ ਤੇ ਆਪਣੇ ਸਾਜੇ ਨਿਵਾਜੇ ਹੋਏ ਖਾਲਸੇ ਦੀ ਲਾਜ ਰੱਖਦੇ ਹੋਏ ਹਰ ਮੈਦਾਨ ਫ਼ਤਹ ਬਖ਼ਸ਼ੋ। ਪਿਤਾ! ਅਸਾਂ ਨੂੰ ਸੀਸ ਦੇਣ ਦੀ ਰਤਾ ਵੀ ਚਿੰਤਾ ਨਹੀਂ, ਪਰ ਹਾਂ, ਆਪ ਦੇ ਪਵਿੱਤ੍ਰ ਨਾਮ ਦੀ ਉੱਚਤਾ ਵਿਚ ਲੇਸ਼ ਮਾਤ੍ ਹੇਠੀ ਵੇਖਣ ਨੂੰ ਅਸੀਂ ਤਿਆਰ ਨਹੀਂ ਹਾਂ, ਕੱਲ੍ਹ ਨੂੰ ਇਹ ਨਾ ਕੋਈ ਕਹੇ ਕਿ ਗੁਰੂ ਦੇ ਸ਼ਹੀਦਾਂ ਨੇ ਤਾਂ ਆਪਣੇ ਗੁਰੂ ਦੀ ਮਿਰਯਾਦਾ ਨੂੰ ਅਟੱਲ ਰੱਖਣ ਲਈ ਆਪਣੇ ਸੀਸ ਵਾਰ ਦਿੱਤੇ, ਪਰ ਗੁਰੂ ਨੇ ਉਨ੍ਹਾਂ ਲਈ ਕੀ ਕੀਤਾ ? ਹੁਣ ਆਪ ਜਾਣੋ ਤੇ ਆਪ ਦਾ ਬਿਰਦ! ਸਾਡੇ ਸੀਸ ਹਾਜ਼ਰ ਹਨ ਜੋ ਚਾਹੇ ਇਨ੍ਹਾਂ ਤੋਂ ਸੇਵਾ ਲਓ, ਆਦਿ।” ਇਸ ਜਾਦੂ ਭਰੀ ਬੇਨਤੀ ਦਾ ਜੱਥੇ ‘ਤੇ ਉਹ ਅਸਰ ਹੋਇਆ ਕਿ ਅਰਦਾਸੇ ਦੇ ਸੰਪੂਰਣ ਹੁੰਦਿਆਂ ਹੀ ‘ਸਤਿ ਸ੍ਰੀ ਅਕਾਲ’, ਦੇ ਜੈਕਾਰਿਆਂ ਨਾਲ ਅਸਮਾਨ ਗੂੰਜ ਉਠਿਆ ਤੇ ਇਕਦਮ ਜੱਥੇ ਨੇ ਮੈਦਾਨੇ ਜੰਗ ਦਾ ਰਾਹ ਲਿਆ। ਨੌਸ਼ਹਿਰੇ ਤੋਂ ਚਾਰ ਕੋਹ ਚੜ੍ਹਦੇ ਵਲ ਸਾਰਾ ਅਕਾਲੀ ਦਲ ਵਾਰੋ ਵਾਰੀ ਘੋੜਿਆਂ ਦੀ ਮਦਦ ਨਾਲ, ਜੋ ਦਰਿਆ ਅਟਕ ਤੋਂ ਮਹਾਰਾਜਾ ਸਾਹਿਬ ਨੇ ਮੰਗਾਏ ਸਨ, ਦਰਿਆ ਲੁੰਡੇ ਤੋਂ ਪਾਰ ਹੋਇਆ। ਕੁਝ ਕੁ ਨੇ ਅੱਗੇ ਵੱਧ ਕੇ ਵੈਰੀ ਉੱਤੇ ਸ਼ੇਰਵਾਈ ਹੱਲਾ ਕਰ ਦਿੱਤਾ। ਸਾਹਮਣੇ ਪਾਸਿਓਂ ਜਦ ਤੀਹ ਹਜ਼ਾਰ ਗ਼ਾਜ਼ੀਆਂ ਨੇ ਜੋ ਜਹਾਦ ਦੇ ਜੋਸ਼ ਵਿਚ ਮਸਤਾਨੇ ਹੋਏ ਸਨ, ਇਹਨਾਂ ਮੁੱਠੀ ਭਰ ਅਕਾਲੀਆਂ ਦੇ ਦਸਤੇ ਨੂੰ ਆਪਣੇ ਵੱਲ ਵੱਧਦਾ ਡਿੱਠਾ ਤਾਂ ਉਹਨਾਂ ਨੇ ਗੋਲੀਆਂ ਦੀ ਅੱਗ ਇੰਜ ਵਸਾਉਣੀ ਅਰੰਭ ਦਿੱਤੀ ਜਿਸ ਤਰ੍ਹਾਂ ਚੇਤ ਦੇ ਮਹੀਨੇ ਦੀ ਗੜੇਮਾਰ! ਇਸ ਦੇ ਨਾਲ ਹੁਣ ਤੋਪਾਂ, ਜੰਬੂਰਿਆਂ, ਰਹਕਲਿਆਂ ਤੇ ਬੰਦੂਕਾਂ ਦੇ ਚੱਲਣ ਦੀ ਅਵਾਜ਼ ਨਾਲ ਧਰਤਿ ਅਕਾਸ਼ ਗੂੰਜ ਉਠਿਆ, ਜੋ ਪਹਾੜੀ ਤੋਂ ਇਹਨਾਂ ਪਰ ਚਲ ਰਹੀਆਂ ਸਨ। ਇਧਰ ਅਕਾਲੀ ਫੂਲਾ ਸਿੰਘ ਘੋੜੇ ‘ਤੇ ਸਵਾਰ ਆਪਣੇ ਜੱਥੇ ਨੂੰ ਅੱਗੇ ਵਧਾਂਦਾ ਹੋਇਆ ਦਬਾਸੱਟ ਵੱਧੀ ਜਾ ਰਿਹਾ ਸੀ। ਇਹਨਾਂ ਵਿਚੋਂ ਕਈ ਫਟੜ ਹੋ ਰਹੇ ਸਨ, ਪਰ ਇਹ ਨਿਰੋਲ ਸ਼ੇਰਾਂ ਦਾ ਜੱਥਾ ਪਰਾਂ ਬੰਨ੍ਹੀ ਅਮੋੜ ਦਰਿਆ ਦੀ ਕਾਂਗ ਵੱਤ ਅਡੋਲ ਬਰਾਬਰ ਅੱਗੇ ਨੂੰ ਪੈਰ ਸੁੱਟੀ ਗਿਆ। ਅਕਾਲੀ ਜੀ ਪਰੰਪਰਾ ਤੋਂ ਬੰਦੂਕਾਂ ਦੀ ਲੜਾਈ ਦੀ ਥਾਂ ਹੱਥੋ ਹੱਥੀ ਸ੍ਰੀ ਸਾਹਿਬ ਨਾਲ ਵੈਰੀ ਨੂੰ ਦਲਣਾ ਵਧੀਕ ਪਸੰਦ ਕਰਦੇ ਸਨ।

ਅਕਾਲੀਆਂ ਦੀਆਂ ਸਾਰੀਆਂ ਲੜਾਈਆਂ ਵਿਚ ਕਾਮਯਾਬੀ ਦਾ ਵੱਡਾ ਕਾਰਨ ਇਹੋ ਹੀ ਸੀ ਕਿ ਇਹ ਸਦਾ ਵੈਰੀ ‘ਤੇ ਹੱਲਾ ਕਰਕੇ ਉਸਦੇ ਗਲ ਜਾ ਪੈਂਦੇ ਤੇ ਉੱਪਰੋਂ ਉਹ ਤਲਵਾਰ ਚਲਾਉਂਦੇ ਕਿ ਦੁਸ਼ਮਨ ਨੂੰ ਸੱਤੇ ਸੁੱਧਾਂ ਭੁੱਲ ਜਾਂਦੀਆਂ। ਇਸ ਝਪਟ ਵਿਚ ਯਾ ਤਾਂ ਵੈਰੀ ਤਲਵਾਰ ਦੀ ਧਾਰ ਤੋਂ ਪਾਰ ਹੈ। ਜਾਂਦਾ ਤੇ ਯਾ ਮੈਦਾਨ ਛੱਡਕੇ ਐਸਾ ਨੱਸਦਾ ਕਿ ਜੀਂਵਦੇ-ਜੀ ਮੁੜ ਲੜਾਈ। ਦਾ ਨਾਮ ਨਾ ਲੈਂਦਾ। ਉਸ ਸਮੇਂ ਇਹ ਗੱਲ ਆਮ ਪ੍ਰਸਿੱਧ ਸੀ ਕਿ “ਅਕਾਲੀਆਂ ਦੇ ਹਲੇ ਨੂੰ ਕਦੇ ਕੋਈ ਸਾਹਮਣੇ ਤੋਂ ਨਹੀਂ ਰੋਕ ਸਕਿਆ।”

ਅੱਜ ਦਾ ਹੱਲਾ ਭੀ ਉਸੇ ਤਰੀਕੇ ਪਰ ਕੀਤਾ ਗਿਆ, ਪਰ ਇਕ ਤਾਂ ਜਗ੍ਹਾ ਦਾ ਕੁਝ ਜ਼ਿਆਦਾ ਦੁਰਾਡੇ ਹੋਣਾ, ਦੂਜਾ ਵੈਰੀ ਦੇ ਲਸ਼ਕਰ ਦਾ ਘੇਰਾ ਵੱਧ ਹੋਣ। ਦੇ ਕਾਰਨ ਦੁਸ਼ਮਨ ਤੱਕ ਪਹੁੰਚਣ ਵਿਚ ਸਮਾਂ ਕੁਝ ਜ਼ਿਆਦਾ ਖ਼ਰਚ ਹੋਇਆ। ਉਧਰ ਮਹਾਰਾਜਾ ਰਣਜੀਤ ਸਿੰਘ ਜੋ ਪਲ-ਪਲ ਦੀ ਖ਼ਬਰ ਮੈਦਾਨ ਜੰਗ ਤੋਂ ਮੰਗਵਾ ਰਿਹਾ ਸੀ, ਅਕਾਲੀ ਜੱਥੇ ਦਾ ਇਸ ਤਰ੍ਹਾਂ ਨਿਧੱੜਕ ਹੱਲਾ ਕਰਕੇ ਅੱਗੇ ਵੱਧਣਾ ਤੇ ਉੱਪਰੋਂ ਉਹਨਾਂ ਪਰ ਬੇਗਿਣਤ ਗ਼ਾਜ਼ੀਆਂ ਵਲੋਂ ਗੋਲੀਆਂ ਦਾ ਮੀਂਹ ਵਸਾਣਾ ਸੁਣਕੇ ਮਹਾਰਾਜਾ ਸਾਹਿਬ ਤੋਂ ਨਾ ਰਿਹਾ ਗਿਆ, ਕਿਉਂਕਿ ਸੰਸਾਰ ‘ਤੇ ਐਸਾ ਕਾਇਰ ਕੌਣ ਹੋਵੇਗਾ ਜੋ ਆਪਣੀ ਕੌਮ ਦੇ ਬੱਚਿਆਂ ਦਾ ਗਲਾ ਕਟੀਂਦਾ ਦੇਖੇ ਤੇ ਉਸਦੀ ਤਲਵਾਰ ਆਪ ਤੋਂ ਆਪ ਹੀ ਮਿਆਨੋਂ ਬਾਹਰ ਉੱਛਲ ਨਾ ਪਏ, ਤੇ ਬਦੋਬਦੀ ਉਸਨੂੰ ਖਿਚਦੀ ਹੋਈ ਕਾਲ ਦਾ ਰੂਪ ਧਾਰ ਵੈਰੀ ਦੇ ਸਿਰ ਉੱਤੇ ਨਾ ਜਾ ਖੜਕੇ ? ਫੇਰ ਸ਼ੇਰ ਪੰਜਾਬ ਜਿਹੇ ਵਰਯਾਮ ਸੂਰਮੇਂ ਤੇ ਕੌਮ ਦੇ ਬੀਰਾਂ ਨੂੰ ਸਦਾ ਆਪਣੇ ਦਿਲ ਵਿਚ ਡੂੰਘੀ ਥਾਂ ਦੇਣ ਵਾਲੇ ਜੋਧੇ ਤੋਂ ਕਦ ਇਹ ਆਸ ਹੋ ਸਕਦੀ ਸੀ ਕਿ ਉਹ ਆਪਣੇ ਬੀਰ ਵੀਰਾਂ ਨੂੰ ਕੁਹੀਦਾ ਦੇਖਕੇ ਸਹਾਰ ਸਕਦਾ ? ਮਹਾਰਾਜਾ ਦੇ ਕੌਮੀ ਪਿਆਰ ਨੇ ਉਸ ਸਮੇਂ ਉਹ ਉਛਾਲਾ ਖਾਧਾ ਕਿ ਉਸੀ ਵੇਲੇ ਬਾਕੀ ਦੇ ਦੋਵੇਂ ਦਸਤਿਆਂ ਨੂੰ ਭੀ ਮੈਦਾਨ ਜੰਗ ਵਿਚ ਛੇਤੀ ਪਹੁੰਚਕੇ ਵੈਰੀ ‘ਤੇ ਹੱਲਾ ਕਰਨ ਤੇ ਅਕਾਲੀਆਂ ਨੂੰ ਸਭ ਤਰ੍ਹਾਂ ਗ਼ਾਜ਼ੀਆਂ ਦੀ ਅੱਗ ਤੋਂ ਬਚਾਉਣ ਦਾ ਹੁਕਮ ਦਿੱਤਾ। ਮਹਾਰਾਜਾ ਸਾਹਿਬ ਖੁਦ ਭੀ ਉਹਨਾਂ ਦੇ ਨਾਲ-ਨਾਲ ਰਣਤੱਤੇ ਵਲ ਅੱਗੇ ਵਧੇ। ਇਹ ਦੋਵੇਂ ਜੱਥੇ ਦਰਯਾ ਲੁੰਡੇ ਤੋਂ ਪਾਰ ਹੁੰਦੇ ਹੀ ਇਕ ਲਹਿੰਦੇ ਵਲੋਂ ਤੇ ਦੂਜਾ ਸਾਹਮਣੇ ਪਾਸੇ ਤੋਂ ਗ਼ਾਜ਼ੀਆਂ ‘ਤੇ ਹਮਲਾਆਵਰ ਹੋਏ। ਹੁਣ ਡਾਢਾ ਡੱਟ ਕੇ ਜੰਗ ਮਚਿਆ ਹੈ ਦੁਸ਼ਮਨ ਨੂੰ ਪਿਛੇ ਹਟਾਣ ਲਈ ਸਿਰੋਂ ਪਰੇ ਜ਼ੋਰ ਲਾਇਆ ਗਿਆ, ਪਰ ਪਠਾਣਾਂ ਦੇ ਪਹਾੜੀ ਪੱਥਰਾਂ ਦੇ ਮੋਰਚਿਆਂ ਵਿਚ ਹੋਣ ਦੇ ਕਾਰਨ ਮੋਰਚੇ ਨਾ ਹੈ। ਛੁੱਟੇ। ਮਹਾਰਾਜਾ ਸਾਹਿਬ ਨੇ ਝੱਟ ਜਨਰਲ ਇਲਾਰਡ ਨੂੰ ਆਪਣੇ ਰਸਾਲੇ ਨਾਲ ਜਹਾਦੀਆਂ ‘ਤੇ ਲਹਿੰਦੇ ਵਲੋਂ ਅੱਗੇ ਵਧਾਕੇ ਧਾਵਾ ਕਰਵਾਇਆ, ਪਰ ਫੇਰ ਵੀ ਪਠਾਣ ਬਰਾਬਰ ਆਪਣੇ ਸੰਘਰਾਂ ਵਿਚ ਡਟੇ ਰਹੇ। ਹੱਲਾ ਭਾਵੇਂ ਬੜੀ ਦਲੇਰੀ ਨਾਲ ਕੀਤਾ ਗਿਆ, ਪਰ ਕਾਮਯਾਬੀ ਕੁਝ ਨਾ ਹੋ ਸਕੀ।

ਹੁਣ ਦੁਪਹਿਰ ਹੋ ਗਈ ਸੀ, ਇਸ ਵੇਲੇ ਮਹਾਰਾਜਾ ਸਾਹਿਬ ਵੈਰੀ ਦੀ ਬਹੁਤਾਤ ਤੇ ਉਸ ਨੂੰ ਅੱਗੇ ਵੱਧਦਾ ਦੇਖਕੇ ਕੁਝ ਚਿੰਤਾਤੁਰ ਜਿਹਾ ਦਿਸਿਆ, ਪਰ ਇਹ ਚਿੰਤਾ ਇਕ ਪਲ ਵਿਚ ਹੀ ਬਦਲ ਗਈ ਜਦਕਿ ਆਪ ਨੇ ਅਕਾਲੀ ਫੂਲਾ ਸਿੰਘ ਨੂੰ ਆਪਣੇ ਜੱਥੇ ਸਮੇਤ, ਗ਼ਾਜ਼ੀਆਂ ਦੇ ਬਹੁਤ ਹੀ ਨੇੜੇ, ਡਾਢੇ ਜੋਸ਼ ਨਾਲ ਅੱਗੇ ਵੱਧਦਾ ਡਿੱਠਾ। ਇਸ ਪਹਾੜੀ ਤੋਂ ਜਹਾਦੀ ਅੰਧਾਧੁੰਦ ਅੱਗ ਵਸਾ ਰਹੇ ਸਨ, ਪਰ ਇਹ ਬਹਾਦਰ ਸੂਰਮੇਂ ਬਰਾਬਰ ਅੱਗੇ ਵੱਧਦੇ ਗਏ, ਤੇ ਹੁਣ ਬਹੁਤ ਹੀ ਨੇੜੇ ਸੀ ਕਿ ਅਕਾਲੀ ਦਲ ਦੁਸ਼ਮਨ ਦੇ ਗਲ ਜਾ ਪੈਂਦਾ ਕਿ ਇਕਾਇੱਕ ਗ਼ਾਜ਼ੀਆਂ ਦੀ ਇਕ ਗੋਲੀ ਆਈ ਤੇ ਅਕਾਲੀ ਫੂਲਾ ਸਿੰਘ ਦੇ ਖੱਬੇ ਗੋਡੇ ਦੀ ਛੂਣੀ ਨੂੰ ਚੀਰਦੀ ਹੋਈ ਘੋੜੇ ਦੇ ਪੇਟ ਵਿੱਚ ਜਾ ਲੱਗੀ। ਗੋਲੀ ਦੇ ਲੱਗਦੇ ਹੀ ਅਕਾਲੀ ਜੀ ਦਾ ਘੋੜਾ ਜ਼ਮੀਨ ‘ਤੇ ਆ ਪਿਆ। ਆਪ ਨੇ ਝੱਟ ਇਕ ਸਿੰਘ ਨੂੰ ਹੁਕਮ ਦਿੱਤਾ ਕਿ ਜੱਥੇ ਦੇ ਹਾਥੀਆਂ ਵਿਚੋਂ ਛੇਤੀ ਨਾਲ ਇਕ ਹਾਥੀ ਅੱਗੇ ਲਿਆਓ, ਤੇ ਉਸੇ ਵੇਲੇ ਹਾਥੀ ਹਾਜ਼ਰ ਕੀਤਾ ਗਿਆ ਤੇ ਅਕਾਲੀ ਜੀ ਡਾਢੀ ਫੁਰਤੀ ਨਾਲ ਹਾਥੀ ਦੇ ਹੋਦ ਵਿੱਚ ਬੈਠ ਗਏ। ਆਪਨੇ ਉਸੇ ਤਰ੍ਹਾਂ ਆਪਣਾ ਹਾਥੀ ਜੱਥੇ ਦੇ ਅੱਗੇ ਲਾਇਆ ਤੇ ਜਦ ਬਾਜ਼ੀ ਹੱਥੋਂ ਜਾਂਦੀ ਡਿੱਠੀ ਤਾਂ ਡਾਢੇ ਜੋਸ਼ ਨਾਲ ਆਪਣੇ ਜੱਥੇ ਨੂੰ ਵੰਗਾਰਕੇ ਆਖਿਆ ਕਿ “ਕੌਮੀ ਅਣਖ ਪਰ ਮਰ ਮਿਟਣ ਵਾਲੇ ਖਾਲਸਾ ਜੀ, ਆਪ ਸਦਾ ਸ਼ਹੀਦ ਹੋਣ ਲਈ ਕਹਿੰਦੇ ਹੁੰਦੇ ਸਾਓ, ਹੁਣ ਉਹ ਸੁਭਾਗ ਸਮਾਂ ਸਿਰ ‘ਤੇ ਆ ਢੁਕਾ ਹੈ। ਇਹ ਅੱਜ ਆਪ ਦੇ ਹੱਥ ਹੈ ਕਿ ਆਪਣੀ ਉਸ ਕੌਮੀ ਕੀਰਤੀ ਨੂੰ, ਜਿਸ ਨੂੰ ਆਪ ਦੇ ਵੱਡਿਆਂ ਨੇ ਆਪਣੇ ਹਜ਼ਾਰਾਂ ਸੀਸ ਵਾਰ ਕੇ ਤੇ ਲਹੂ ਦੀਆਂ ਨਦੀਆਂ ਵਗਾਕੇ ਕਾਇਮ ਕੀਤਾ, ਉਸ ਨੂੰ ਅੱਜ ਦੁਣੀ ਕਰ ਦੇਵੋ| ਗੁਰੂ ਨਾ ਕਰੇ ਜੇ ਕਿਤੇ ਜ਼ਰਾ ਪਿੱਛੇ ਹਟੇ ਤਾਂ ਸੈਂਕੜੇ ਸਾਲਾਂ ਦੀਆਂ ਘਾਲਾਂ ਪੁਰ ਇਕਦਮ ਪਾਣੀ ਫਿਰ ਜਾਏਗਾ। ਖਾਲਸੇ ਲਈ ਯੁੱਧ ਵਿਚ ਮਰਨਾ ਤੇ ਵਿਸ਼ੇਸ਼ ਕਰਕੇ ਕੌਮ ਅਤੇ ਦੇਸ਼ ਦੀ ਖ਼ਾਤਰ ਮਰਨਾ, ਇਸ ਤੋਂ ਸ਼ੁਭ ਹੋਰ ਕੀ ਹੋ ਸਕਦਾ ਹੈ? ਮੈਂ ਦੇਖਦਾ ਹਾਂ ਕਿ ਆਪ ਦੀਆਂ ਰਗਾਂ ਵਿਚ ਸ੍ਰੀ ਕਲਗੀਧਰ ਜੀ ਦੇ ਪਾਵਨ ਅੰਮ੍ਰਿਤ ਦਾ ਜੋਸ਼ ਗੇੜੇ ਲਾ ਰਿਹਾ ਹੈ, ਆਓ ! ਅਸੀਂ ਡੱਟਕੇ ਹੱਲਾ ਕਰੀਏ ਤੇ ਦੁਸ਼ਮਨਾਂ ਨੂੰ ਕੁਚਲਦੇ ਹੋਏ ਸਾਰੇ ਸਰਹੱਦੀਆਂ ਦਿਆਂ ਸੀਨਿਆਂ ਵਿਚ ਖ਼ਾਲਸੇ ਦੀ ਧਾਕ ਬੈਠਾ ਕੇ ਆਪਣਾ ਉਦੇਸ਼ ਪੂਰਾ ਕਰੀਏ। ਬਹਾਦਰ ਖਾਲਸਾ ਜੀ। ਉਤਰ ਪਵੋ ਘੋੜਿਆਂ ਤੋਂ ! ਧੂ ਲਵੋ ਤਿੱਖੀਆਂ ਤਲਵਾਰਾਂ! ਤੇ ਇਨ੍ਹਾਂ ਨੂੰ ਜਾ ਪਾਵੋ ਵੈਰੀਆਂ ਦੇ ਲਹੂ ਵਿਚ !”

ਅਕਾਲੀ ਫੂਲਾ ਸਿੰਘ ਦਾ ਇਹ ਛੋਟਾ ਜਿਹਾ ਵਖਿਆਨ ਸੀ ਯਾ ਬਿਜਲੀ ਦਾ ਧੱਕਾ, ਜਿਸ ਨੇ ਟਿਕੇ ਹੋਏ ਦਿਲਾਂ ਵਿਚ ਇਕਾ-ਇਕ ਜਾਨ ਫੂਕ ਦਿੱਤੀ ਤੇ ਉਹ ਜੋਸ਼ ਭਰਿਆ ਕਿ ਇੱਕੋ ਵਾਰੀ ਸਾਰੇ ਘੋੜ ਚੜ੍ਹੇ ਅਕਾਲੀ ਘੋੜਿਆਂ ਤੋਂ ਉਤਰ ਪਏ’ ਅਤੇ ਘੋੜਿਆਂ ਨੂੰ ਖੁਲ੍ਹਾ ਛੱਡ ਦਿੱਤਾ ਤੇ ਗੱਚ ਖਾ ਕੇ ਗ਼ਾਜ਼ੀਆਂ ’ਤੇ ਟੁੱਟ ਪਏ, ਬੱਸ ਫੇਰ ਕੀ ਸੀ? ਉਹ ਬਰਕ ਦੀ ਤਰ੍ਹਾਂ ਦੁਸ਼ਮਨ ਦੀਆਂ ਸਫਾਂ ਨੂੰ ਚੀਰਦੇ ਹੋਏ ਬੇਸ਼ੁਮਾਰ ਗ਼ਾਜ਼ੀਆਂ ਦੇ ਲਸ਼ਕਰ ਵਿਚ ਜਾ ਵੜੇ, ਅਤੇ ਵੈਰੀਆਂ ਨਾਲ ਗੁੱਥਮਗੁੱਥਾ ਹੋ ਕੇ ਖਟਾਖਟ ਤਲਵਾਰ ਚਲਾਂਦੇ ਹੋਏ ਉਹ ਹੱਥ ਪਲੱਥੇ ਦੇ ਹੱਥ ਦਸੇ, ਜਿਨ੍ਹਾਂ ਦਾ ਗ਼ਾਜ਼ੀਆਂ ਨੂੰ ਕਦੀ ਖਿਆਲ ਤਕ ਨਹੀਂ ਸੀ ਗੁਜ਼ਰਿਆ। ਹੁਣ ਮੈਦਾਨ ਵਿਚ ਡਾਢਾ ਘਮਸਾਣ ਮਚਿਆ, ਆਪਣੇ ਪਰਾਏ ਦੀ ਕੋਈ ਸੁਧ ਨਾ ਸੀ ਰਹੀ। ਬੱਸ ਤਲਵਾਰ ਸੀ ਤੇ ਦੁਸ਼ਮਣ ਦਾ ਸਿਰ, ਇਧਰੋਂ ‘ਅਕਾਲ’ ‘ਅਕਾਲ’ ਤੇ ਉਧਰੋਂ ‘ਅੱਲਾ ਹੂ ਅਕਬਰ’ ਦੇ ਨਾਹਰਿਆਂ ਨਾਲ ਐਸਾ ਅਸਮਾਨ ਗੂੰਜ ਉਠਿਆ ਕਿ ਕੰਨ ਪਈ ਅਵਾਜ਼ ਨਹੀਂ ਸੀ ਸੁਣਾਈ ਦੇਂਦੀ। ਅਕਾਲੀ ਜੀ ਨੂੰ ਇਸ ਹਾਲ ਵਿਚ ਦੇਖਕੇ ਸ਼ਾਹਜ਼ਾਦਾ ਖੜਗ ਸਿੰਘ ਨੇ ਆਪਣਾ ਦਸਤਾ ਮੁੜ ਅੱਗੇ ਵਧਾਕੇ ਗ਼ਾਜ਼ੀਆਂ ‘ਤੇ ਹੱਲਾ ਕੀਤਾ। ਦੂਜੇ ਪਾਸੇ ਤੋਂ ਜਨਰਲ ਇਲਾਰਡ ਦਾ ਰਸਾਲਾ ਵੀ ਹੁਣ ਬਹੁਤ ਨੇੜੇ ਆ ਗਿਆ ਸੀ। ਇੰਨੇ ਨੂੰ ਜਨਰਲ ਵੈਨਤੂਰਾ ਸਣੇ ਤੋਪਖ਼ਾਨੇ ਦੇ ਪਹੁੰਚ ਗਿਆ, ਜਿਸ ਨੂੰ ਮਹਾਰਾਜਾ ਨੇ ਹੁਕਮ ਦਿੱਤਾ ਕਿ ਉਹ ਉਸੇ ਵਕਤ ਸਿੱਧਾ ਖੇਸ਼ਗੀ ਪਹੁੰਚ ਕੇ ਮੁਹੰਮਦ ਅਜ਼ੀਮ ਖ਼ਾਨ ਦੀ ਅਫ਼ਗ਼ਾਨੀ ਫੌਜ ਨੂੰ, ਜੋ ਗ਼ਾਜ਼ੀਆਂ ਨਾਲ ਹੁਣ ਮਿਲਣ ਵਾਲੀ ਹੀ ਸੀ, ਉਥੇ ਹੀ ਰੋਕ ਦੇਵੇ। ਇਧਰ ਮਹਾਰਾਜੇ ਨੇ ਆਪਣੇ ਗੋਰਖਿਆਂ ਦੀ ਪਲਟਨ ਨੂੰ, ਜੋ ਬਲਬਹਾਦਰ ਸਿੰਘ ਗੋਰਖੇ ਦੀ ਸਰਦਾਰੀ ਹੇਠ ਸੀ, ਗ਼ਾਜ਼ੀਆਂ ‘ਤੇ ਪਹਾੜੀ ਦੇ ਪਿਛਲੇ ਪਾਸੇ ਤੋਂ ਹੱਲਾ ਕਰਕੇ ਖਿੰਡਾ ਦੇਣ ਦਾ ਹੁਕਮ ਦਿੱਤਾ। ਮਹਾਰਾਜਾ ਸਾਹਿਬ ਖ਼ੁਦ ਹੁਣ ਜੰਗ ਦੇ ਰੰਗ ਨੂੰ ਡਾਢੀ ਬਾਰੀਕੀ ਦੀ ਨਿਗਾਹ ਨਾਲ ਤੋਲ ਰਹੇ ਸਨ ਤੇ ਜਿੱਧਰ ਜ਼ਰੂਰਤ ਸਮਝਦੇ, ਉਧਰ ਖ਼ੁਦ ਪਹੁੰਚਦੇ ਤੇ ਤਾਜ਼ਾ ਦਮ ਫ਼ੌਜ਼ੀ ਮੱਦਦ ਪਹੁੰਚਾਂਦੇ।

ਅਕਾਲੀ ਫੂਲਾ ਸਿੰਘ ਦੀ ਸ਼ਹੀਦੀ

ਅਸੀਂ ਉੱਪਰ ਦਸ ਆਏ ਹਾਂ ਕਿ ਅਕਾਲੀ ਜੱਥਾ ਜਦ ਜਹਾਦੀਆਂ ‘ਤੇ ਟੁੱਟ ਕੇ ਜਾ ਪਿਆ ਤਾਂ ਕਿਸ ਤਰ੍ਹਾਂ ਘੋਰ ਸੰਗ੍ਰਾਮ ਮਚਿਆ ਸੀ। ਉਹ ਕਟਾਵੱਢ ਹੁਣ ਤੀਕ ਇਕ ਰਸ ਹੋ ਰਹੀ ਸੀ, ਜਿਸ ਵਿਚ ਚੰਗੇ ਚੰਗੇ ਬਾਂਕੇ ਜਵਾਨ ਗਾਜਰ ਮੂਲੀ ਦੀ ਤਰ੍ਹਾਂ ਤਲਵਾਰ ਤੋਂ ਪਾਰ ਹੋ ਰਹੇ ਸਨ । ਪਠਾਣਾਂ ਨੇ ਵੀ ਆਪਣੇ ਮਜ਼੍ਹਬੀ ਜੋਸ਼ ਤੇ ਦੇਸ਼ ਪਿਆਰ ਦੀ ਉਮੰਗ ਵਿਚ ਮਤੇ ਹੋਇਆਂ ਰੱਜ ਕੇ ਬਹਾਦਰੀ ਨਾਲ ਟਾਕਰਾ ਕੀਤਾ, ਪਰ ਹੁਣ ਅਕਾਲੀਆਂ ਦੀ ਕਾਲਰੂਪ ਤਲਵਾਰ ਅੱਗੇ ਉਹ ਪੂਰੇ ਨਾ ਉਤਰ ਸਕੇ। ਸੂਰਜ ਦੇ ਢਲਦਿਆਂ ਹੀ ਪਠਾਣਾਂ ਦੇ ਦਿਲ ਵੀ ਨਾਲ ਢਲ ਗਏ ਤੇ ਸਭ ਤੋਂ ਪਹਿਲੇ ਉਸ ਲਸ਼ਕਰ ਦੇ ਪੈਰ ਰਣ ਵਿਚੋਂ ਉਖੜ ਗਏ ਜੋ ਅਕਾਲੀਆਂ ਨਾਲ ਜੁੱਟਿਆ ਪਿਆ ਸੀ। ਇਹ ਗ਼ਾਜ਼ੀ ਕੁਝ ਘਬਰਾ ਕੇ ਪਿੱਛੇ ਹਟੇ, ਉਪਰੋਂ ਹਾਥੀ ਵਿਚੋਂ ਅਕਾਲੀ ਜੀ ਨੇ ਆਪਣੇ ਜੱਥੇ ਨੂੰ ਲਲਕਾਰਿਆ ਕਿ ਖਾਲਸਾ ਜੀ ! ਮੈਦਾਨ ਆਪ ਨੇ ਮਾਰ ਲਿਆ ਹੈ, ਪਰ ਖ਼ਬਰਦਾਰ ਰਹੋ ਕਿ ਕੋਈ ਵੈਰੀ ਬਚ ਕੇ ਨਾ ਨਿਕਲ ਜਾਏ। ਬਹਾਦਰ ਅਕਾਲੀ ਜੋ ਇਸ ਵਕਤ ਆਪਣੇ ਕੌਮੀ ਜੋਸ਼ ਵਿਚ ਆਪੇ ਤੋਂ ਬਾਹਰ ਹੋਏ-ਹੋਏ ਸਨ, ਇਸ ਹੁਕਮ ਦੇ ਸੁਣਦੇ ਹੀ ਇਕੱਠੇ ਹੋਕੇ ਅੱਗੇ ਵੱਧੇ ਤੇ ਛੋਟਾ ਜਿਹਾ ਫੇਰ ਖਾ ਕੇ ਨਸੇ ਗ਼ਾਜ਼ੀਆਂ ਦਾ ਅੱਗਾ ਰੋਕ ਲਿਆ, ਜਿਸ ਕਰਕੇ ਮੁੜ ਤਲਵਾਰ ਚੱਲਣ ਲੱਗ ਪਈ। ਅਕਾਲੀ ਫੂਲਾ ਸਿੰਘ ਨੇ ਆਪਣਾ ਹਾਥੀ ਹੋਰ ਅੱਗੇ ਵਧਾਇਆ ਤੇ ਇਸ ਕਟਾਵੱਢ ਵਿੱਚ ਆ ਵੜੇ। ਇੰਨੇ ਵਿੱਚ ਇੱਕ ਪਠਾਣ ਨੇ ਜੋ ਇੱਕ ਵੱਡੇ ਪੱਥਰ ਦੇ ਓਹਲੇ ਲੁਕਿਆ ਸੀ-ਆਪਣੀ ਕਰਾਬੀਨ ਅਕਾਲੀ ਫੂਲਾ ਸਿੰਘ ਦੇ ਹਾਥੀ ‘ਤੇ ਚਲਾਈ, ਜਿਸ ਵਿਚ ਚਾਰ ਗੋਲੀਆਂ ਸਨ, ਜਿਨ੍ਹਾਂ ਵਿਚੋਂ ਤਿੰਨ ਤਾਂ ਮਹਾਵਤ ਨੂੰ ਲੱਗੀਆਂ ਤੇ ਇਕ ਅਕਾਲੀ ਫੂਲਾ ਸਿੰਘ ਨੂੰ ਮੋਢੇ ਦੇ ਹੇਠ ਛਾਤੀ ਵਿੱਚ ਵੱਜੀ। ਮਹਾਵਤ ਤਾਂ ਗੋਲੀ ਖਾਂਦਾ ਹੀ ਜ਼ਮੀਨ ‘ਤੇ ਡਿੱਗ ਪਿਆ, ਪਰ ਅਕਾਲੀ ਜੀ ਦੀ ਗੋਲੀ ਸੰਜੋਅ ਦੀ ਰੋਕ ਦੇ ਕਾਰਨ ਕੁਝ ਜ਼ਿਆਦਾ ਖ਼ਤਰਨਾਕ ਨਹੀਂ ਸੀ। ਅਕਾਲੀ ਜੀ ਦੇ ਮਹਾਵਤ ਦੀ ਥਾਂ ਨੂੰ ਖ਼ਾਲੀ ਦੇਖਕੇ ਜੱਥੇ ਦੇ ਇਕ ਨੌਜਵਾਨ ਅਕਾਲੀ ਸਿੰਘ ਨੇ ਝਟ ਛਾਲ ਮਾਰੀ ਤੇ ਹਾਥੀ ਦੀ ਗਰਦਨ ‘ਤੇ ਡਟ ਕੇ ਬੈਠ ਗਿਆ ਤੇ ਆਪਣੀ ਸੂਤੀ ਤਲਵਾਰ ਦੀ ਨੋਕ ਨਾਲ ਹਾਥੀ ਨੂੰ ਬਰਾਬਰ ਅੱਗੇ ਵਧਾਂਦਾ ਲੈ ਗਿਆ। ਹੁਣ ਗ਼ਾਜ਼ੀਆਂ ਨੇ ਆਪਣਾ ਰਹਿੰਦਾ ਖੂੰਹਦਾ ਸਾਰਾ ਜ਼ੋਰ ਇਸ ਛੇਕੜਲੀ ਝਪਟ ਵਿਚ ਲਾ ਦਿੱਤਾ, ਪਰ ਆਪਣੇ ਆਪ ਨੂੰ ਸਭ ਪਾਸਿਆਂ ਤੋਂ ਘਿਰਿਆ ਪਿਆ ਦੇਖਕੇ ਫਿਰ ਘਬਰਾ ਕੇ ਉੱਠ ਨੱਠੇ। ਅਕਾਲੀਆਂ ਨੇ ਦੂਰ ਤਕ ਨੱਸਦਿਆਂ ਦਾ ਪਿੱਛਾ ਕਰਕੇ ਹਜ਼ਾਰਾਂ ਨੂੰ ਤਲਵਾਰ ਤੋਂ ਪਾਰ ਕੀਤਾ। ਇਸ ਖਲਬਲੀ ਵਿੱਚ ਆਪਣੇ ਪਰਾਏ ਦੀ ਪਛਾਣ ਉੱਕੀ ਨਹੀਂ ਸੀ ਰਹੀ। ਇਸ ਸਮੇਂ ਇੱਕ ਨੱਠੇ ਜਾਂਦੇ ਪਠਾਣ ਨੇ ਅਕਾਲੀ ਜੀ ਦੇ ਹਾਥੀ ਦੇ ਲਾਗੇ ਹੀ ਆਪਣੀ ਕਰਾਬੀਨ ਚਲਾਈ ਜਿਸ ਦੀਆਂ ਗੋਲੀਆਂ ਅਕਾਲੀ ਫੂਲਾ ਸਿੰਘ ਨੂੰ ਲੱਗੀਆਂ। ਉਸ ਪਠਾਣ ਨੂੰ ਤਾਂ ਕਰਨਲ ਮਹਾਂ ਸਿੰਘ ਨੇ ਜੋ ਹਾਥੀ ਦੇ ਨੇੜੇ ਹੀ ਸੀ, ਆਪਣੀ ਤਲਵਾਰ ਨਾਲ ਕੁਤਰ ਸੁੱਟਿਆ, ਪਰ ਅਕਾਲੀ ਜੀ ਦੀ ਹਾਲਤ ਇਸ ਸੱਟ ਨਾਲ ਬਹੁਤ ਹੀ ਨਾਜ਼ਕ ਹੋ ਗਈ। ਅਕਾਲੀ ਜੀ ਗੋਲੀਆਂ ਖਾਂਦੇ ਹੀ ਹੌਦੇ ਵਿਚ ਢੋ ਲਾਕੇ ਲੇਟ ਗਏ। ਆਪਦਾ ਹਾਥੀ ਉਸ ਵੇਲੇ ਬੈਠਾਇਆ ਗਿਆ ਤੇ ਜਦ ਹੱਥ ਲਾਕੇ ਡਿੱਠਾ ਤਾਂ ਓਹ ਸ਼ਹਾਦਤ ਦਾ ਸ਼ਰਬਤ ਪੀ ਚੁੱਕੇ ਸਨ। ਕਰਨਲ ਮਹਾਂ ਸਿੰਘ ਨੇ ਯੋਗ ਸਮਝਕੇ ਅਕਾਲੀ ਜੀ ਦੇ ਹਾਥੀ ਨੂੰ ਇਕਲਵੰਜੇ ਬੈਠਾ ਦਿੱਤਾ ਤੇ ਬਾਕੀ ਦਾ ਸਾਰਾ ਜੱਥਾ, ਜਿਸ ਨੂੰ ਅਕਾਲੀ ਜੀ ਦੇ ਚਲਾਣੇ ਦੀ ਖ਼ਬਰ ਨਹੀਂ ਸੀ, ਵੈਰੀ ਦੇ ਮਗਰ ਦੂਰ ਤੀਕ ਭੱਜਦਾ ਚਲਾ ਗਿਆ । ਉਧਰ ਜਨਰਲ ਵੈਨਤੂਰਾ, ਸਰਦਾਰ ਹਰੀ ਸਿੰਘ ਨਲੂਆ ਤੇ ਸਰਦਾਰ ਬੁੱਧ ਸਿੰਘ ਸੰਧਾਂਵਾਲੀਆ ਨੇ ਖੇਸ਼ਗੀ ਦੇ ਮੈਦਾਨ ਵਿੱਚ ਤੋਪਾਂ ਬੀੜਕੇ ਮੁਹੰਮਦ ਅਜ਼ੀਮਖ਼ਾਨ ਦੀ ਫ਼ੌਜ ‘ਤੇ ਓਹ ਗੋਲਾਬਾਰੀ ਕੀਤੀ ਕਿ ਉਹ ਇਕ ਕਦਮ ਵੀ ਗ਼ਾਜ਼ੀਆਂ ਵਲ ਅੱਗੇ ਨਾ ਵੱਧ ਸਕਿਆ ਤੇ ਭਾਰੀ ਨੁਕਸਾਨ ਉੱਠਾਣ ਦੇ ਕਾਰਨ ਦਰਿਆ ਦੇ ਪਾਰਲੇ ਕੰਢੇ ਰੁਕਿਆ ਰਿਹਾ ਅਤੇ ਹੁਣ ਜਦ ਮੁਹੰਮਦ ਅਜ਼ੀਮ ਖ਼ਾਨ ਨੇ ਗ਼ਾਜ਼ੀਆਂ ਦੀ ਭਾਂਜ ਦੀ ਖ਼ਬਰ ਸੁਣੀ ਤਾਂ ਇਸ ਦੀਆਂ ਸਾਰੀਆਂ ਆਸਾਂ ਉਮੈਦਾਂ ‘ਤੇ ਪਾਣੀ ਫਿਰ ਗਿਆ ਤੇ ਬੜੀ ਔਖ ਨਾਲ ਆਪਣੀ ਜਾਨ ਬਚਾਕੇ ਮਿਚਨੀ ਜਾ ਸਾਹ ਕੱਢਿਆ, ਤੇ ਪਿਸ਼ਾਵਰ ਦੀ ਹਕੂਮਤ ਤੋਂ ਸਦਾ ਲਈ ਐਸਾ ਨਿਰਾਸ ਹੋਇਆ ਕਿ ਫੇਰ ਜੀਉਂਦੇ ਜੀ ਇੱਧਰ ਵੱਲ ਮੂੰਹ ਤੱਕ ਨਾ ਫੇਰਿਆ। ਉਧਰ ਗ਼ਾਜ਼ੀਆਂ ਦੀ ਦੁਰਦਸ਼ਾ ਦਾ ਕੁਝ ਪੁੱਛੋ ਹੀ ਨਾ। ਮੈਦਾਨ ਜੰਗ ਤੋਂ ਇਨ੍ਹਾਂ ਦੇ ਪੈਰ ਉਖੜਦਿਆਂ ਹੀ ਸਾਰੇ ਸਿੱਖ ਦਲ ਨੇ ਇਨ੍ਹਾਂ ਨੂੰ ਅੱਗੇ ਰੱਖ ਲਿਆ ਤੇ ਕਈ ਕੋਹਾਂ ਤੱਕ ਮਾਰਦੇ ਕੁਤਰਦੇ ਬਰਾਬਰ ਇਨ੍ਹਾਂ ਦਾ ਪਿੱਛਾ ਕਰਦੇ ਗਏ। ਅਕਾਲੀ ਜੱਥਾ ਸਣੇ ਬਾਕੀ ਸਿੱਖ ਦਲ ਦੇ ਜਦ ਗ਼ਾਜ਼ੀਆਂ ਨੂੰ ਦੂਰ ਤੱਕ ਭਜਾਕੇ ਪਿੱਛੇ ਨੂੰ ਮੁੜਿਆ ਤਾਂ ਅਕਾਲੀ ਫੂਲਾ ਸਿੰਘ ਦੀ ਸ਼ਹੀਦੀ ਦੀ ਕਲੇਜੇ ਵਿੰਨ੍ਹਵੀਂ ਖ਼ਬਰ ਇੱਕ ਅੱਖ ਦੇ ਫੋਰ ਵਿਚ ਸਾਰੇ ਖਾਲਸਾ ਦਲ ਦੇ ਅੰਦਰ ਪਸਰ ਗਈ! ਜਿਹੜਾ ਕੋਈ ਇਸ ਹਿਰਦੇਵੇਧਕ ਖ਼ਬਰ ਨੂੰ ਸੁਣਦਾ ਉਹ ਉੱਥੇ ਹੀ ਬੁਤ ਬਣਕੇ ਰਹਿ ਜਾਂਦਾ ਤੇ ਬੇਵਸਾ ਹੋਕੇ ਹੰਝੂਆਂ ਦਾ ਪਰਵਾਹ ਵਹਾਉਂਦਾ। ਮਹਾਰਾਜਾ ਰਣਜੀਤ ਸਿੰਘ ਨੇ ਜਦ ਇਹ ਦਿਲ ਹਿਲਾ ਦੇਣ ਵਾਲੀ ਖ਼ਬਰ ਸੁਣੀ ਤਾਂ ਆਪ ਨੂੰ ਡਾਢੀ ਸੱਟ ਵੱਜੀ ਤੇ ਫਰਨ ਫਰਨ ਅੱਥਰੂ ਅੱਖਾਂ ਤੋਂ ਨਿਕਲ ਆਏ। ਆਪ ਉਸੀ ਵਕਤ ਸਣੇ ਸ਼ਾਹਜ਼ਾਦਾ ਖੜਗ ਸਿੰਘ ਤੇ ਹੋਰਨਾਂ ਮੁਖੀ ਸਰਦਾਰਾਂ ਦੇ, ਅਕਾਲੀ ਜੀ ਦੇ ਹਾਥੀ ਕੋਲ ਪਹੁੰਚੇ ਤੇ ਆਪ ਦੇ ਸ਼ਹੀਦੀ ਦਰਸ਼ਨ ਕਰਨ ਤੋਂ ਮਹਾਰਾਜਾ ਜੀ ਨੂੰ ਐਸਾ ਵਿਰਾਗ ਹੋਇਆ ਕਿ ਠੱਲ੍ਹਿਆ ਹੀ ਨਾ ਜਾਵੇ, ਮਾਨੋ ਦਿਲ ਦਾ ਕੜ ਪਾਟ ਕੇ ਅੱਖਾਂ ਰਾਹੀਂ ਵਹਿ ਰਿਹਾ ਹੈ। ਭਾਵ ਸ਼ੇਰਿ ਪੰਜਾਬ ਨਹੀਂ ਸੀ ਚਾਹੁੰਦਾ ਕਿ ਉਹ ਆਪਣੇ ਸਰਦਾਰਾਂ ਦੇ ਸਾਹਮਣੇ ਆਪਣੇ ਆਪ ਨੂੰ ਇੰਨਾ ਕਮਜ਼ੋਰ ਦਿਲ ਦੱਸੇ, ਪਰ ਇਹ ਇਸਦੇ ਵੱਸ ਤੋਂ ਬਾਹਰ ਸੀ। ਅਕਾਲੀ ਫੂਲਾ ਸਿੰਘ ਦੀ ਅਲੌਕਿਕ ਬਹਾਦਰੀ ਤੇ ਅਦੁੱਤੀ ਦ੍ਰਿੜ੍ਹਤਾ ਨੇ ਮਹਾਰਾਜਾ ਦੇ ਦਿਲ ‘ਤੇ ਉਹ ਜਾਦੂ ਭਰਿਆ ਅਸਰ ਕਰ ਰੱਖਿਆ ਸੀ ਕਿ ਅਵੱਸ਼ ਹੀ ਆਪ ਨੂੰ ਜਲਹਾਰ ਹੋਣਾ ਪਿਆ। ਅਕਾਲੀ ਜੀ ਉਸੇ ਹੌਦ ਵਿਚ ਢਾਸਣਾ ਲਾਈ ਇਸ ਤਰ੍ਹਾਂ ਟਿਕੇ ਹੋਏ ਸਨ, ਜਿਸ ਨੂੰ ਦੇਖਕੇ ਏਹੀ ਦਿਸਦਾ ਸੀ ਕਿ ਮਾਨੋ ਸਾਰੇ ਦਿਨ ਦੀ ਲੜਾਈ ਤੋਂ ਥੱਕ ਕੇ ਆਰਾਮ ਕਰ ਰਹੇ ਹਨ। ਮਹਾਰਾਜਾ ਸਾਹਿਬ ਨੇ ਇੱਕ ਸ਼ਾਲ ਮੰਗਾਕੇ ਸ਼ਹੀਦ ਜੀ ਦੇ ਸਰੀਰ ਪਰ ਵਿਛਾ ਦਿੱਤੀ ਤੇ ਹੁਣ ਬਹੁਤ ਸਾਰੀ ਰਾਤ ਦੇ ਬੀਤ ਜਾਣ ਕਰਕੇ ਮਹਾਰਾਜਾ ਸਾਹਿਬ ਅਤਿ ਉਦਾਸੀ ਵਿਚ ਆਪਣੇ ਡੇਰੇ ਵਲ ਮੁੜੇ। ਦੂਜੇ ਦਿਨ ਸਵੇਰੇ ਅਕਾਲੀ ਜੀ ਦਾ ਸਸਕਾਰ ਦਰਿਆ ਲੁੰਡੇ ਦੇ ਕਿਨਾਰੇ ਪਰ ਬੜੀ ਭਾਰੀ ਫ਼ੌਜੀ ਧੂਮਧਾਮ ਨਾਲ ਕੀਤਾ ਗਿਆ, ਜਿਸ ਵਿਚ ਮਹਾਰਾਜਾ ਸਾਹਿਬ ਸਣੇ ਕੁਲ ਫ਼ੌਜ ਦੇ ਸਰਦਾਰ ਸ਼ਾਮਿਲ ਸਨ। ਸ਼ੇਰ ਪੰਜਾਬ ਨੇ ਸਾਰੇ ਖਾਲਸੇ ਦੇ ਦਲ ਨੂੰ ਚੁਗਿਰਦੇ ਖੜਾ ਕਰਕੇ ਅਕਾਲੀ ਜੱਥੇ ਦੀ ਕਲ੍ਹ ਦੀ ਅਮੋਲਕ ਸੇਵਾ ਤੇ ਅਦੁੱਤੀ ਬਹਾਦਰੀ ਦੀ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ’ ਤੇ ਖਾਸ ਕਰਕੇ ਅਕਾਲੀ ਫੂਲਾ ਸਿੰਘ ਦੇ ਚਲਾਣੇ ਨੂੰ ਖਾਲਸਾ ਰਾਜ ਦੇ ਵੱਡੇ ਥੰਮ੍ਹ ਦਾ ਟੁੱਟ ਜਾਣਾ ਦੱਸਿਆ। ਅਕਾਲੀ ਜੀ ਦਾ ਪਿਆਰ ਆਪ ਦੇ ਮਨ ਵਿਚ ਇਥੋਂ ਤਾਈਂ ਸਮਾਇਆ ਹੋਇਆ ਸੀ ਕਿ ਆਪ ਨੇ ਜਿੰਨੀ ਵਾਰੀ ਅਕਾਲੀ ਜੀ ਦਾ ਨਾਮ ਲਿਆ, ਆਪ ਦਾ ਗਲਾ ਰੁਕ ਰੁਕ ਪੈਂਦਾ ਸੀ। ਸਸਕਾਰ ਦੇ ਬਾਅਦ ਮਹਾਰਾਜਾ ਜੀ ਨੇ ਅਕਾਲੀ ਜੀ ਦੀ ਸਮਾਧ ਉੱਥੇ ਹੀ ਬਣਾਣ ਦਾ ਹੁਕਮ ਦਿੱਤਾ ਤੇ ਇੱਕ ਬੜੀ ਜਾਗੀਰ ਇਸ ਕੌਮੀ ਸ਼ਹੀਦ ਦੀ ਸਦਾ ਲਈ ਯਾਦਗਾਰ ਕਾਇਮ ਰੱਖਣ ਹਿਤ ਸਮਾਧ ਦੇ ਨਾਲ ਲੰਗਰ ਲਈ ਲਗਾ ਦਿੱਤੀ ਤੇ ਇਕ ਛੋਟਾ ਜਿਹਾ ਜੱਥਾ ਅਕਾਲੀ ਸਿੰਘਾਂ ਦੀ ਸਮਾਧ ਤੇ ਲੰਗਰ ਦੀ ਸੇਵਾ ਲਈ ਉੱਥੇ ਰੱਖਿਆ’। ਸਮਾਧ ਦੇ ਲਾਗੇ ਇਕ ਪਿੰਡ ਵੀ ਵਸਦਾ ਹੈ ਜਿਸ ਦਾ ਨਾਮ-‘ਪੀਰਸਬਾਕ’ ਹੈ ਤੇ ਇਹ ਸਮਾਧ ਨੌਸ਼ਹਿਰੇ ਤੋਂ ਪਾਰ ਚਾਰ ਕੁ ਮੀਲ ਚੜ੍ਹਦੇ ਵੱਲ ਹੈ।

ਇਸ ਲੜਾਈ ਦੀ ਫ਼ਤਹ ਦੀ ਆਸ ਮਹਾਰਾਜਾ ਰਣਜੀਤ ਸਿੰਘ ਨੂੰ ਆਰੰਭ ਵਿਚ ਬਹੁਤ ਘੱਟ ਸੀ। ਇਹ ਕੇਵਲ ਅਕਾਲੀ ਫੂਲਾ ਸਿੰਘ ਦੀ ਨਿਰਭੈ ਸੂਰਬੀਰਤਾ ਦਾ ਸਿੱਟਾ ਸੀ, ਜੋ ਅਕਾਲੀ ਜੀ ਨੇ ਸ਼ੇਰ ਪੰਜਾਬ ਦੀ ਨੀਤੀ ਦੀ ਵਿਚਾਰ ਦੇ ਵਿਰੁੱਧ ਗੁਰਮਤੇ ਦੀ ਪਵਿੱਤਰ ਮਰਯਾਦਾ ਦੀ ਅਟੱਲਤਾ ਲਈ ਕਰ ਦੱਸੀ। ਇਸ ਫ਼ਤਹ ਦਾ ਅਸਰ ਸਰਹੱਦ ਵਿਚ ਇਹ ਹੋਇਆ ਕਿ ਜਮਰੌਦ ਤੋਂ ਲੈਕੇ ਮਾਲਾਕੰਡ (ਸੁਵਾਤ) ਤੇ ਰੁਸਤਮ (ਬੁਨੇਰ ਤੋਂ ਲੈ ਕੇ ਖਟਕ) ਤੀਕ ਸਾਰਾ ਇਲਾਕਾ ਖਾਲਸੇ ਦੇ ਕਬਜ਼ੇ ਵਿਚ ਆ ਗਿਆ। ਇਹ ਓਹੀ ਸਰਹੱਦੀ ਇਲਾਕਾ ਹੈ, ਜਿਸ ਦੇ ਫ਼ਤਹ ਕਰਨ ਵਿਚ ਅਕਬਰ ਤੇ ਜਹਾਂਗੀਰ ਜੈਸੇ ਸ਼ਹਿਨਸ਼ਾਹਾਂ ਨੂੰ ਮੁੱਦਤਾਂ ਤੀਕ ਲੜਨਾ ਪਿਆ ਤੇ ਬੀਰਬਲ ਜੈਸੇ ਜਰਨੈਲ ਤੇ ਦਾਨੇ ਵਜ਼ੀਰ ਨੂੰ ਆਪਣੀ ਜਾਨ ਵੀ ਵਾਰਨੀ ਪਈ। ਅੱਜ ਓਹੀ ਇਲਾਕਾ ਅਕਾਲੀ ਤਲਵਾਰ ਨਾਲ ਸੋਧਿਆ ਹੋਇਆ ਅੱਗੇ ਨੂੰ ਖਾਲਸਾ ਰਾਜ ਦਾ ਇੱਕ ਹਿੱਸਾ ਬਣ ਗਿਆ। ਦੂਜਾ ਇਸ ਫ਼ਤਹ ਨਾਲ ਸਾਰੇ ਸਰਹੱਦੀ ਇਲਾਕੇ ਦੇ ਆਦਮਖਾਣੇ ਪਠਾਣਾਂ ਦੇ ਦਿਲਾਂ ‘ਤੇ ਖਾਲਸੇ ਦੀ ਬਹਾਦਰੀ ਦੀ ਉਹ ਧਾਂਕ ਬੈਠੀ ਕਿ ਖਾਲਸੇ ਦਾ ਨਾਮ ਸੁਣਦਿਆਂ ਹੀ ਪਠਾਣਾਂ ਦੇ ਦਿਲ ਸੀਨਿਆਂ ਵਿਚ ਦੈਹਲ ਜਾਂਦੇ ਸਨ। ਅੱਜ ਤੀਕ ਸਾਡੇ ਇਲਾਕੇ ਦੇ ਬਹਾਦਰ ਪਠਾਣ ਸੈਂਕੜੇ ਕਹਾਵਤਾਂ, ਮਿਸਾਲਾਂ ਤੇ ਗੀਤਾਂ ਵਿਚ ਖਾਲਸੇ ਦਾ ਨਾਮ ਬੜੇ ਸਨਮਾਨ ਨਾਲ ਯਾਦ ਕਰਦੇ ਹਨ। ਨਮੂਨੇ ਲਈ ਅਸੀਂ ਉਨ੍ਹਾਂ ਵਿਚੋਂ ਇੱਥੇ ਇਕ ਪੁਰਾਣੇ ਪਸ਼ਤੋ ਗੀਤ ਦੇ ਕੁਝ ਬੰਦ ਤੇ ਕਹਾਵਤਾਂ-ਜੋ ਸਾਨੂੰ ਮਿਲ ਸਕੀਆਂ ਹਨ-ਪਾਠਕਾਂ ਦੇ ਪੇਸ਼ ਕਰਦੇ ਹਾਂ, ਜਿਨ੍ਹਾਂ ਵਿਚੋਂ ਇਸ ਭਿਆਨਕ ਲੜਾਈ ਦਾ ਨਕਸ਼ਾ ਉਸ ਸਮੇਂ ਦਾ ਪ੍ਰਸਿਧ ਪਸ਼ਤੋ ਦਾ ਕਵੀ ਮੁੱਲਾਂ ਰਸ਼ੀਦ ਆਪਣੇ ਇਸ ਪਸ਼ਤੋ ਗੀਤ ਵਿਚ ਕਮਾਲ ਦੀ ਸੁੰਦਰਤਾ ਤੇ ਸਫਾਈ ਨਾਲ ਬੰਨ੍ਹਦਾ ਹੈ, ਜਿਸ ਤੋਂ ਸਾਡਾ ਦਬਦਬਾ, ਬੀਰਤਾ ਤੇ ਦਰਿਆ ਦਿਲੀ ਚੋ-ਚੋ ਪੈਂਦੀ ਹੈ, ਜੋ ਇਸ ਤਰ੍ਹਾਂ ਆਰੰਭ ਹੁੰਦਾ ਹੈ :-

(ਨੌਸ਼ੈਹਰੇ ਦੀ ਲੜਾਈ ਪਰ ਪਸ਼ਤੋ ਗੀਤ)

(੧) ਰਾਲੋ ਫ਼ੌਜੂਨਾ ਦਾ ਸਰਕਾਰ ਅਲਮਾਂ।

(੨) ਜੰਗ ਜੋੜ ਸ਼ੋ ਪੋਰ ਪਾ ਨੋਖਾਰ ਅਲਮਾਂ ।

(੩) ਊਲਸਾ ਜਮਾ ਸ਼ਏ ਦਾ ਚਾ ਪਕੜਕੇ ਨੰਗਦੇ।

(8) ਖਲਕਾ ਇਸਲਾਮ ਦਾ ਕੁਫਰ ਜੰਗ ਦੇ।

(4) ਦਾ ਤਰਾਕਏ ਪਸਰ ਗਸ਼ਾਵਾ।

(੬) ਰੁਵਜ਼ਦਾ ਜ਼ਿਆਰਤ ਜੁਮੇ ਇਸ਼ਪਾਵਾ।

(੭) ਦੁਜ਼ਾਦਾ ਸਿਕ ਦਾ ਨਗਾਰੋ ਸ਼ੁਵਾ।

(੮) ਕੜਸਾ ਦਾ ਤਪੋ ਗੁਬਾਰੋ ਸ਼ੁਵਾ।

(੯) ਗ਼ਾਜ਼ਿਆਨੋ ਖਾਉ ਕੜਲਾ ਤੁਰਾਜ਼ਾਨੇ ਰੁਕ ਕੜੋ।

(੧੦) ਡੋਰ ਕਮਾ ਦੋਵਾੜੋ ਗਾੜੇ ਚਿਤ ਕਰੋ।

(੧੧) ਵਲੇ ਮਾਖਾਮ ਕੇ ਸ਼ੁਵਲਾ ਮਾਤੇ।

(੧੨) ਡੇਰਏ ਗਾਜਿਆਨੋ ਨਾ ਸ਼ੁਵਾ ਪਾਤੇ।

(੧੩) ਸੀਕਾਨੇ ਚਗੇਂਦਾ ਅਕਾਲ ਕੜੋ।

(੧੪) ਗਾਜ਼ਿਆਨੋ ਰੁਕ ਪੇਸਰੂ ਮਾਲ ਕੜੋ।

(੧੫) ਦੇ ਖੁਵਾਦਾ ਮਾਤੇਸ਼ਰੂ ਸ਼ੋਰ ਸ਼ਹੋ।

(੧੬) ਜ਼ਮੁੰਗਨਾ ਪਾਤੇ ਕਿਲੇ ਕੋਰ ਸ਼ੋਹ।

(੧੭) (१८) ਹਰ ਚਾਬਵੇ ਨਨ ਦੁਨੀਆਂ ਲਾੜਾ।

ਦਹਦਾਸੇ ਰੁਵਜ਼ਨਾ ਅਮਾਨ ਗੁਵਾੜਾ।

(੧੯) ਸਰਕਾਰ ਲਾ ਖੁਦਾਏ ਵਰਕੜੇ ਜ਼ੋਰ ਦੇ।

(੨੦) ਦੁਨੀਆ ਕੇ ਸੀਕਦਾ ਤੁਰੇ ਸ਼ੋਰਦੇ।

(੨੧) ਸੀਕਾਨ ਸਦੀ ਦਾ ਦੇਵਾਨ ਦਾ ਕੜਾ ਮਾਰਦੀ।

(੨੨) ਦਾਪ ਮੁੰਗਲ ਦੀ ਨਿਵਲੀ ਰਬ ਗਫ਼ਾਰ ਦੀ।

(੨੩) ਉਲਸ ਬਿਆਵਰਾ ਗਏ ਸਕਾਰਲਾ ਨਨਾਵਾਤੇ।

(੨੪) ਕਾਰ ਬਖ਼ਸ਼ੀਸ਼ ਉਕੋ ਹਰਸ਼ੋਕ ਪਜਾਏ ਸ਼ੋਪਾਤੇ।

(੨੫) ਨਕੇਗੀ ਸੀਕੋਸਰਾ ਜੰਗਸ਼ਏ ਪਕਲਾਰ ਅਮਲਾਂ।

(੨੬) ਰਾਲੋ ਫ਼ੌਜੂਨਾ ਦਾ ਸਰਕਾਰ ਅਲਮਾਂ।

(੨੭) ਸੀਕਾਨਦੀ ਟੋਲ ਤੂਰ ਜ਼ਨਖੇ ਬਰਪਕੇ ਨਹੰਗਦੇ।

(२८) ਖਲਕਾ ਇਸਲਾਮ ਦਾ ਕੁਫ਼ਰ ਜੰਗ ਦੇ।

ਪੰਜਾਬੀ ਉਲਥਾ :-

(੧) ਸਰਕਾਰ (ਮਹਾਰਾਜਾ ਰਣਜੀਤ ਸਿੰਘ) ਦੀਆਂ ਫ਼ੌਜਾਂ ਆ ਪਹੁੰਚੀਆਂ।

(੨) ਯੁਧ ਪਾਰ ਨੌਸ਼ਹਿਰੇ ਅਰੰਭ ਹੋਇਆ।

(੩) ਲੋਕੋ ! ਇਕੱਤ੍ਰ ਹੋ ਜਾਵੋ ਜਿਨ੍ਹਾਂ ਦੇ ਮਨ ਵਿਚ (ਇਸਲਾਮ ਦਾ) ਨੰਗ ਹੈ।

(੪) (ਕਿਉਂਕਿ) ਇਹ ਇਸਲਾਮ ਤੇ ਕੁਫਰ ਦਾ ਜੰਗ ਹੈ।

(੫) ਤਰਕੀ (ਨੌਸ਼ਹਿਰੇ ਦੀ ਪਹਾੜੀ) ਤੇ ਗਜ਼ਾ (ਮਜ਼੍ਹਬੀ ਲੜਾਈ) मी।

(੬) (ਉਹ) ਵੀਰਵਾਰ ਦਾ ਦਿਨ ਤੇ ਸ਼ੁਕਰ ਦੀ ਰਾਤ ਸੀ।

(੭) ਸਿੰਘਾਂ ਦੇ (ਰਣਜੀਤ) ਨਗਾਰਿਆਂ ਦੀ ਗੂੰਜ ਉੱਠੀ।

(੮) (ਨਾਲ ਹੀ) ਤੋਪਾਂ ਤੇ ਗੁਬਾਰਿਆਂ ਦੀ ਕੜਕੜਾਟ ਗੱਜੀ।

(੯) ਗਾਜ਼ੀਆਂ ਨੇ (ਆਪਣੇ ਵਲੋਂ) ਬਹੁਤ ਬਹਾਦਰੀ ਕੀਤੀ ਤੇ ਆਪਣੇ ਆਪ ਨੂੰ ਵਾਰ ਦਿੱਤਾ।

(੧੦) ਦੋਹਾਂ ਧਿਰਾਂ ਦੇ ਬਹੁਤ ਸਾਰੇ ਆਦਮੀ ਸ਼ਹੀਦ ਹੋਏ।

(੧੧) ਪ੍ਰੰਤੂ ਸਾਂਝ ਪੈਂਦਿਆਂ ਹੀ ਗ਼ਾਜ਼ੀਆਂ ਵੱਲ ਭੱਜ ਪੈ ਗਈ।

(੧੨) ਪਹਾੜੀ ਦੇ (ਮੋਰਚੇ) ਗ਼ਾਜ਼ੀਆਂ ਤੋਂ ਛੁੱਟ ਗਏ।

(१३) ਸਿੰਘਾਂ ਨੇ ‘ਅਕਾਲ’ ਦੇ ਜੈਕਾਰੇ ਗਜਾਏ।

(੧੪) ਗਾਜ਼ੀਆਂ ਨੇ (ਇਸ ਲੜਾਈ ਪਰ) ਆਪਣਾ ਸਰਬੰਸ ਵਾਰ ਦਿੱਤਾ।

(੧੫) ਹੁਣ ਭਾਜੜ ਦਾ ਡਾਢਾ ਹਾਹਾਕਾਰ ਮਚਿਆ। (੧੬) ਸਭ ਪਠਾਣਾਂ ਤੋਂ ਘਰ ਬਾਹਰ ਰਹਿ ਗਿਆ।

(੧੭) ਐਸੇ (ਭਿਆਨਕ) ਦਿਨ ਤੋਂ (ਰੱਬ) ਬਚਾਏ।

(१८) ਸਭ ਕੋਈ ਕਹਿੰਦਾ ਸੀ ਕਿ ਅੱਜ ਪਰਲੋ ਆ ਗਈ।

(੧੯) (ਅੱਜ) ਸਰਕਾਰ (ਮਹਾਰਾਜਾ ਰਣਜੀਤ ਸਿੰਘ) ਨੂੰ ਰੱਬ ਨੇ ਬੜਾ ਇਕਬਾਲ ਬਖ਼ਸ਼ਿਆ ਹੈ।

(੨੦) ਖਾਲਸੇ ਦੀ ਤਲਵਾਰ ਦੀ ਸਾਰੇ ਸੰਸਾਰ ਵਿਚ ਧਾਂਕ ਹੈ।

(੨੧) ਖਾਲਸਾ ਕੀ ਹੈ (ਮਾਨੋਂ) ਹਰ ਇਕ ਕੜਾਮਾਰ (ਇਕ ਪਹਾੜੀ) ਦਾ ਦੇਵ ਹੈ।

(੨੨) ਇਨ੍ਹਾਂ (ਸਿੱਖਾਂ) ਵੱਲ ਰੱਬ ਦੀ ਨਜ਼ਰ ਸਵੱਲੀ ਹੈ।

(੨੩) ਮੁਲਖਈ ਲੋਕ ਇਕੱਠੇ ਹੋਕੇ ਫਿਰ ਸਰਕਾਰ ਅੱਗੇ ਜਾਨ ਬਖ਼ਸ਼ੀ ਲਈ ਮਿੱਨਤਵਾਰ ਹੋਏ।

(२४) ਮਹਾਰਾਜਾ ਸਾਹਿਬ ਨੇ (ਰਹਿਮ ਕਰਕੇ) ਸਭ ਨੂੰ ਬਖਸ਼

ਦਿੱਤਾ ਤੇ ਸਾਰੇ ਲੋਕ ਆਪੋ ਆਪਣੀ ਥਾਂ ‘ਤੇ ਆ ਵੱਸੇ।

(੨੫) ਲੋਕੋ ! ਸਿੰਘਾਂ ਨਾਲ ਲੜਿਆਂ ਪੂਰੀ ਨਹੀਂ ਜੇ ਪੈਣੀ, ਸ਼ਾਂਤੀ ਨਾਲ ਰਹੋ।

(२६) ਸਰਕਾਰ ਦੀਆਂ ਫ਼ੌਜਾਂ ਆ ਪਹੁੰਚੀਆਂ ਲੋਕਾ।

(੨੭) ਖਾਲਸਾ ਤਾਂ ਸਾਰਾ ਹੀ ਤਲਵਰੀਆ ਹੈ, ਪਰ ਨਿਹੰਗ (ਅਕਾਲੀ) ਸਭ ਤੋਂ ਵੱਧ ਹਨ।

(੨੮) ਲੋਕਾ ਇਸਲਾਮ ਤੇ ਕੁਫਰ ਦੀ ਲੜਾਈ ਸੀ।

ਇਸ ਉਪਰੋਕਤ ਗੀਤ ਦਾ ਰਸ ਤੇ ਸੁੰਦਰਤਾ ਜੋ ਪਸ਼ਤੋ ਵਿਚ ਹੈ ਉਹ ਪਸ਼ਤੋ ਦੇ ਜਾਣੂੰ ਹੀ ਭਲੀ ਪ੍ਰਕਾਰ ਸਮਝ ਸਕਦੇ ਹਨ! ਪਹਿਲੇ ਪਹਿਲ ਜਦ ਇਹ ਗੀਤ ਮੈਨੂੰ ਮਿਲਿਆ ਤਾਂ ਅਸਾਂ ਕਈ ਵਾਰੀ ਰਸ ਲੈ ਲੈਕੇ ਮੁੜ-ਮੁੜ ਪੜ੍ਹਿਆ।

ਨੌਸ਼ਹਿਰੇ ਦੀ ਇਸ ਲੜਾਈ ਦੀ ਬਾਬਤ, ਜੋ ਇਸ ਇਲਾਕੇ ਦੇ ਪਠਾਣਾਂ ਵਿਚ ‘ਲੋਇਆ ਗ਼ਜ਼ਾ’ ਅਰਥਾਤ ਵੱਡੀ ਜਹਾਦੀ ਲੜਾਈ ਦੇ ਨਾਮ ਪੁਰ ਪ੍ਰਸਿੱਧ ਹੈ, ਕੁਝਕੁ ਪਸ਼ਤੋ ਦੀਆਂ ਕਹਾਵਤਾਂ ਹੇਠਾਂ ਲਿਖਦੇ ਹਾਂ, ਜਿੰਨ੍ਹਾਂ ਤੋਂ ਖਾਲਸੇ ਦਾ ਦਬਦਬਾ, ਤੇ ਬੀਰਤਾ ਚੰਗੀ ਤਰ੍ਹਾਂ ਸਪੱਸ਼ਟ ਹੁੰਦੀ ਹੈ :-

੧-ਨੌਸ਼ਹਿਰੇ ਦੀ ਇਸ ਲੜਾਈ ਦੀ ਭਾਂਜ ਵਿਚੋਂ ਕੁਝਕੁ ਗ਼ਾਜ਼ੀ ਨੱਠਕੇ ਬਚੇ ਹਨ, ਉਹਨਾਂ ਵਿਚ ਮੁੱਲਾਂ ਰਸ਼ੀਦ ਭੀ ਸੀ, ਜੋ ਬੜਾ ਜੁਸ਼ੀਲਾ ਗ਼ਾਜ਼ੀ ਤੇ ਇਸ ਇਲਾਕੇ ਦਾ ਪ੍ਰਸਿੱਧ ਮੌਲਵੀ ਸੀ। ਇਸ ਲੜਾਈ ਵਿਚ ਜਦ ਇਸ ਨੇ ਸਿੰਘਾਂ ਦੇ ਹੱਥ ਡਿੱਠੇ ਤਾਂ ਇਸ ‘ਤੇ ਖਾਲਸੇ ਦੇ ਰੋਹਬ ਦਾ ਐਸਾ ਪ੍ਰਭਾਵ ਛਾਇਆ ਕਿ ਮੁੜ ਸਾਰੀ ਉਮਰ ਵਿਚ ਕਦੇ ਸਿੰਘਾਂ ਦੇ ਵਿਰੁੱਧ ਜੇਹਾਦ ਦਾ ਨਾਮ ਭੀ ਨਾ ਲਿਆ। ਕੁਝ ਸਮੇਂ ਬਾਅਦ ਇਸ ਮੁੱਲਾਂ ਨੂੰ ਕਿਸੇ ਨੇ ਪੁੱਛਿਆ ਕਿ ਫੇਰ ਸਿੰਘਾਂ ਨਾਲ ਜੇਹਾਦ ਕਦ ਕਰੋਗੇ? ਤਾਂ ਮੁੱਲਾਂ ਨੇ ਆਖਿਆ ਕਿ “ਸ਼ਿੰਘਾਂ ਨਾਲ ਸਾਹਮਣੇ ਲੜਣ ਦਾ ਇਰਾਦਾ ਤਾਂ ਮੈਂ ਸਦਾ ਲਈ ਛੱਡ ਦਿੱਤਾ ਹੈ, ਪਰ ਹਾਂ, ਇਕ ਸੂਰਤ ਵਿਚ ਆਪਣਾ ਇਰਾਦਾ ਬਦਲ ਸਕਦਾ ਹਾਂ ਤੇ ਉਹ ਇਹ ਹੈ ਕਿ ਮੈਨੂੰ ਕੋਈ ਇੰਨਾ ਲੰਮਾ ਨੇਜ਼ਾ ਬਣਾ ਦੇਵੇ ਕਿ ਮੈਂ ਸਰਹੱਦ ਦੇ ਉੱਚੇ ਪਹਾੜਾਂ ਦੀਆਂ ਚੋਟੀਆਂ ’ਤੇ ਬੈਠਕੇ ਮਾਝੇ (ਪੰਜਾਬ) ਵਿਚ ਸਿੰਘਾਂ ਨੂੰ ਉਸ ਨੇਜ਼ੇ ਨਾਲ ਮਾਰ ਸੱਕਾਂ, ਤਦ ਤਾਂ ਗ਼ਾਜ਼ੀ ਬਣਨ ਨੂੰ ਤਿਆਰ ਹਾਂ, ਪਰ ਜੇ ਕਦੀ ਆਪ ਆਖੋ ਕਿ ਮੈਦਾਨ ਵਿਚ ਸਿੰਘਾਂ ਨਾਲ ਹੱਥੋਂ-ਹੱਥ ਲੜਾਂ ਤਾਂ ਇਹ ਮੇਰੇ ਤੋਂ ਨਹੀਂ ਹੋ ਸਕਦਾ, ਕਿਉਂਕਿ ਸਿੰਘਾਂ ਨੂੰ ਮੈਦਾਨ ਵਿਚ ਸਾਹਮਣੇ ਦੇਖਕੇ ਮੇਰੀਆਂ ਸਤੇ ਸੁੱਧਾਂ ਭੁੱਲ ਜਾਂਦੀਆਂ ਹਨ।” ਫਿਰ ਮੁੱਲਾਂ ਸਾਹਿਬ ਆਪਣੇ ਪੈਰਾਂ ਨੂੰ ਚੁੰਮ ਕੇ ਉਹਨਾਂ ਨੂੰ ਕਹਿਣ ਲੱਗਾ ਕਿ ਮੈਂ ਨੌਸ਼ਹਿਰੇ ਦੀ ਲੜਾਈ ਵਿਚੋਂ ਕੇਵਲ ਇਹਨਾਂ ਪੈਰਾਂ ਦੀ ਮਦਦ ਨਾਲ ਨੱਠਕੇ ਜੀਉਂਦਾ ਬਚ ਨਿਕਲਿਆ ਸਾਂ, ਨਹੀਂ ਤਾਂ ਆਪਣੇ ਕਈ ਹਜ਼ਾਰ ਸਾਥੀਆਂ ਦੀ ਤਰ੍ਹਾਂ ਮੈਦਾਨ ਜੰਗ ਵਿਚ ਹੀ ਕੁਤਰਿਆ ਜਾਂਦਾ।

੨-ਇਹ ਮੁੱਲਾਂ ਚੰਗਾ ਆਲਮ ਫਾਜ਼ਲ ਤੇ ਬਿਲਾਸੀ ਤਬੀਅਤ ਦੇ ਕਾਰਨ ਇਸ ਦੀ ਵੱਡੇ ਰਈਸਾਂ ਤੇ ਹਾਕਮਾਂ ਤੱਕ ਪਹੁੰਚ ਸੀ। ਇਕ ਵਾਰੀ ਇਹ ਕਾਬਲ ਦੇ ਦਰਬਾਰ ਵਿਚ ਗਿਆ ਤਾਂ ਉੱਥੋਂ ਦੇ ਹਾਕਮ ਨੇ-ਜੋ ਕੁਝ ਸਮੇਂ ਤੱਕ ਪਿਸ਼ਾਵਰ ਦਾ ਗਵਰਨਰ ਭੀ ਰਹਿ ਚੁੱਕਾ ਸੀ-ਮੁੱਲਾਂ ਸਾਹਿਬ ਨਾਲ ਸਿੱਖਾਂ ਦੀ ਲੜਾਈ ਦਾ ਜ਼ਿਕਰ ਕਰਦੇ ਹੋਏ ਆਖਿਆ ਕਿ ਪਿਸ਼ਾਵਰ ਦਾ ਬਾਲੇ ਹਿਸਾਰ (ਕਿਲ੍ਹਾ) ਬੜਾ ਕੰਮ ਦਿੰਦਾ। ਮੁੱਲਾਂ ਨੇ ਹੱਸ ਕੇ ਕਿਹਾ ਕਿ ਇਸ ਕਿਲ੍ਹੇ ਦਾ ਕਾਬਲ ਪਹੁੰਚਣਾ ਤਾਂ ਬੜਾ ਹੀ ਸੌਖਾ ਹੈ, ਜੇ ਆਪ ਚਾਹੋ ਤਾਂ ਮੈ ਇਸ ਦਾ ਚੰਗੀ ਤਰ੍ਹਾਂ ਪ੍ਰਬੰਧ ਕਰ ਸਕਦਾ ਹਾਂ। ਹਾਕਮ ਨੇ ਪੁੱਛਿਆ ਕਿਸ ਤਰ੍ਹਾਂ ? ਤਾਂ ਆਖਿਆ ਕਿ “ਆਪ ਚਾਰੇ ਭਾਈ ਮੇਰੇ ਨਾਲ ਪਿਸ਼ਾਵਰ ਚਲੋ ਤੇ ਮੈਂ ਆਪ ਨੂੰ ਕਿਲ੍ਹੇ ਦੀ ਹਰ ਇਕ ਬਾਹੀ ਨਾਲ ਮਜ਼ਬੂਤ ਰੱਸਿਆਂ ਨਾਲ ਬੰਨ੍ਹ ਦਿਆਂਗਾ ਤੇ ਸਾਹਮਣੇ ਪਾਸੇ ਤੋਂ ਇਕ ਸਿੰਘ ਨੂੰ ਆਪ ਪਰ ਛੱਡ ਦਿਆਂਗਾ ਅਤੇ ਜਦ ਆਪ ਉਸ ਸਿੰਘ ਨੂੰ ਦੇਖਦੇ ਹੀ ਘਬਰਾਕੇ ਨਸੋਗੇ-ਜੈਸਾ ਕਿ ਤੁਸੀਂ ਆਮ ਕਰਦੇ ਹੋ— ਤਾਂ ਇਹ ਕਿਲ੍ਹਾ ਬਰਾਬਰ ਆਪ ਦੇ ਪਿੱਛੇ ਖਿਚੀਂਦਾ ਹੋਇਆ ਕਾਬਲ ਪਹੁੰਚ ਜਾਏਗਾ।” ਕਹਿੰਦੇ ਹਨ ਕਿ ਮੁੱਲਾਂ ਦੇ ਇਸ ਲਤੀਫ਼ੇ ਨੂੰ ਸੁਣਕੇ ਸਾਰੇ ਦਰਬਾਰੀ ਹੱਸ ਹੱਸ ਕੇ ਦੂਹਰੇ ਹੋ ਹੋ ਪੈਂਦੇ ਸਨ ਤੇ ਮੁੱਲਾਂ ਨੂੰ ਸ਼ਾਬਾਸ਼ ਕਹਿੰਦੇ ਹੋਏ ਹਰੇਕ ਆਖਦਾ ਸੀ ਅਫ਼ਗਾਨਾਂ ਦਾ ਖੂਬ ਨਕਸ਼ਾ ਉਤਾਰਿਆ ਹਈ।

ਪਾਠਕ ਜੀ! ਆਪ ਇਨ੍ਹਾਂ ਕਹਾਵਤਾਂ ਤੋਂ ਅਨੁਮਾਨ ਕਰ ਸਕਦੇ ਹੋ ਕਿ ਸਰਹੱਦ ਵਿਚ ਖ਼ਾਲਸੇ ਦਾ ਇਸ ਲੜਾਈ ਨਾਲ ਕਿੰਨਾ ਦਬਦਬਾ ਛਾ ਗਿਆ ਸੀ, ਖ਼ਾਸ ਕਰਕੇ ਅਕਾਲੀਆਂ ਤੋਂ ਤਾਂ ਇਨ੍ਹਾਂ ਦੀ ਜਾਨ ਜਾਂਦੀ ਸੀ । ਅੱਜ ਤੀਕ ਇਹ ਕਹਾਵਤ ਸਾਰੇ ਇਲਾਕੇ ਵਿਚ ਆਮ ਪ੍ਰਚਲਤ ਹੈ ਕਿ ਜਦ ਕਿਸੇ ਦਾ ਮਾਲ ਕੋਈ ਖੁਰਦ ਬੁਰਦ ਕਰਨਾ ਚਾਹੇ ਤਾਂ ਉਸ ਨੂੰ ਡਰਾਵਾ ਦੇ ਕੇ ਠਾਕਦੇ ਹੋਇਆਂ ਆਖਦੇ ਹਨ:-

ਪਸ਼ਤੋ- ਦਾਹਦ ਨਹੰਗਾਨੋ ਮਾਲਦੇ ਦੇਨਾ ਅਮਾਨ ਗੋਵਾੜਾ। ਉਲਥਾ-ਏਹ ਨਿਹੰਗਾਂ ਦਾ ਮਾਲ ਹੈ, ਇਸ ਤੋਂ ਪਨਾਹ ਮੰਗੋ।

– ਇਸੇ ਤਰ੍ਹਾਂ ਹੋਰ ਕਈ ਕਿੱਸੇ ਕਹਾਣੀਆਂ ਇਸ ਇਲਾਕੇ ਵਿਚ ਕਹੀਆਂ ਜਾਂਦੀਆਂ ਹਨ ਜਿਨ੍ਹਾਂ ਤੋਂ ਸਾਡੇ ਐਸ਼ਵਰਜ ਤੇ ਉੱਚ ਆਚਰਨ ਦੀਆਂ ਅਦਭੁੱਤ ਮਿਸਾਲਾਂ ਮਿਲਦੀਆਂ ਹਨ’ । ਸੰਨ ੧੮੩੪ ਵਿੱਚ ਜਦ ਸ਼ਾਹਜ਼ਾਦਾ ਨੌਨਿਹਾਲ ਸਿੰਘ ਪਿਸ਼ਾਵਰ ਦਾ ਗਵਰਨਰ ਹੋਕੇ ਆਇਆ ਤਾਂ ਆਪ ਸਭ ਤੋਂ ਪਹਿਲੇ ਅਕਾਲੀ ਫੂਲਾ ਸਿੰਘ ਦੀ ਸਮਾਧ ਪਰ ਪਹੁੰਚੇ। ਦਰਸ਼ਨ ਮੇਲੇ ਦੇ ਬਾਅਦ ਸਮਾਧ ਦੀ ਜਾਗੀਰ ਵਿਚ ਹੋਰ ਵਾਧਾ ਕੀਤਾ ਤੇ ਜੋ ਅਕਾਲੀ ਸਿੰਘ ਇਥੇ ਰਹਿੰਦੇ ਸਨ। ਉਨ੍ਹਾਂ ਨੂੰ ਬਹੁਤ ਸਾਰਾ ਗੱਫਾ ਅਰਦਾਸ ਕਰਵਾਇਆ।

ਇਸ ਡੇਰੇ ਦੇ ਅਕਾਲੀ ਸਿੰਘਾਂ ਕੋਲ ਕਈਕ ਸ਼ਸਤ੍ਰ ਉਸ ਸਮੇਂ ਦੇ ਭੀ ਮੌਜੂਦ ਸਨ, ਜਿਨ੍ਹਾਂ ਨੂੰ ਉਹ ਅਕਾਲੀ ਫੂਲਾ ਸਿੰਘ ਦੇ ਦੱਸਦੇ ਹਨ। ਇਕ ਸ੍ਰੀ ਸਾਹਿਬ ਦੇ ਦਰਸ਼ਨ ਸ੍ਰੀ ਹਜੂਰ ਸਾਹਿਬ ਜੀ ਭੀ ਕਰਵਾਏ ਜਾਂਦੇ ਹਨ, ਜੋ ਅਕਾਲੀ ਫੂਲਾ ਸਿੰਘ ਦੇ ਨਾਮ ਪਰ ਪ੍ਰਸਿੱਧ ਹੈ। ਇਹ ਸ੍ਰੀ ਸਾਹਿਬ, ਜਿਸ ਦਾ ਦਰਸ਼ਨ ਲੇਖਕ ਨੇ ਭੀ ਕੀਤਾ ਹੈ, ਬੜੀ ਤੇ ਆਮ ਤਲਵਾਰ ਤੋਂ ਵੱਧ ਲੰਮੀ ਹੈ।

ਇਹ ਅਕਾਲੀ ਸਿੰਘ-ਜੋ ਸਮਾਧ ਪਰ ਰਹਿੰਦੇ ਹਨ-ਆਪਣੇ ਆਪ ਨੂੰ ਉਨ੍ਹਾਂ ਸਿੰਘਾਂ ਦੀ ਸੰਤਾਨ ਵਿਚੋਂ ਦੱਸਦੇ ਹਨ! ਜਿਹੜਾ ਜੱਥਾ ਇਸ ਸਮਾਧ ਦੀ ਤੇ ਲੰਗਰ ਦੀ ਸੇਵਾ ਲਈ ਮਹਾਰਾਜਾ ਰਣਜੀਤ ਸਿੰਘ ਨੇ ਇੱਥੇ ਛੱਡਿਆ ਸੀ, ਇਨ੍ਹਾਂ ਵਿਚੋਂ ਦੋ-ਚਾਰ ਸਿੰਘ ਬੜੇ ਤੇਜ ਪ੍ਰਤਾਪ ਵਾਲੇ ਹੋ ਗੁਜ਼ਰੇ ਹਨ।

ਅਕਾਲੀ ਫੂਲਾ ਸਿੰਘ ਦੀ ਇਸ ਸਮਾਧ ਤੋਂ ਛੁਟ ਇਕ ਹੋਰ ਪੱਕੀ ਯਾਦਗਾਰ ਸ੍ਰੀ ਅੰਮ੍ਰਿਤਸਰ ਵਿਚ ਭੀ ਮੌਜੂਦ ਹੈ ਜੋ ‘ਅਕਾਲੀ ਫੂਲਾ ਸਿੰਘ ਦਾ ਬੁਰਜ’ ਦੇ ਨਾਮ ਪਰ ਪ੍ਰਸਿੱਧ ਹੈ। ਇਥੇ ਬਹੁਤ ਸਾਰੇ ਅਕਾਲੀ ਸਿੰਘ ਰਹਿੰਦੇ ਹਨ ਤੇ ਅਕਾਲੀਆਂ ਦੇ ਗੁਰਦਵਾਰਿਆਂ ਦੇ ਜੱਥੇਦਾਰ ਦਾ ਡੇਰਾ ਭੀ ਇੱਥੇ ਹੀ ਹੈ। ਨਿਹੰਗਾਂ ਦੀ ਛਾਉਣੀ ਤੇ ਅਕਾਲੀਆਂ ਦਾ ਬਾਗ਼ ਭੀ ਉਸ ਸਮੇਂ ਦੀ ਯਾਦਗਾਰ ਹਨ ਜੋ ਖਾਲਸੇ ਦੀ ਗ਼ਫ਼ਲਤ ਦੇ ਕਾਰਨ ਚੰਗੀ ਹਾਲਤ ਵਿਚ ਨਹੀਂ ਰਹੇ।

ਇਹ ਦੱਸਿਆ ਹੀ ਜਾ ਚੁੱਕਿਆ ਹੈ ਕਿ ਅਕਾਲੀ ਫੂਲਾ ਸਿੰਘ ਦਾ ਇਕ ਦੂਜਾ ਭਾਈ ਭੀ ਸੀ, ਜਿਸ ਦਾ ਨਾਮ ਸੰਤ ਸਿੰਘ ਸੀ। ਜਦ ਉਸ ਨੇ ਆਪਣੇ ਵੱਡੇ ਭਾਈ ਅਕਾਲੀ ਫੂਲਾ ਸਿੰਘ ਦਾ ਸਤਾਰਾ ਚਮਕਦਾ ਦੇਖਿਆ ਤਾਂ ਉਹ ਆਪਣਾ ਪਿੰਡ ਕੱਛ ਕੇ-ਜੋ ਹੁਣ ਵੈਰਾਨ ਹੋ ਰਿਹਾ ਸੀ-ਅਕਾਲੀ ਜੀ ਕੋਲ ਤਰਨ ਤਾਰਨ ਵਿਖੇ ਆ ਰਿਹਾ। ਇਸ ਦਾ ਵਿਵਾਹ ਅਕਾਲੀ ਫੂਲਾ ਸਿੰਘ ਨੇ ਖੁਦ ਚੋਲਾ ਸਾਹਿਬ ਤਸੀਲ ਤਰਨ ਤਾਰਨ ਵਿਖੇ ਮਾਈ ਸੁਖਾਂ (ਪ੍ਰਸਿੱਧ ਚੋਹਣੀ) ਦੇ ਨਾਲ ਕਰਵਾਇਆ, ਜੋ ਬੜੀ ਭਜਨੀਕ ਆਤਮਾ ਹੋ ਗਜ਼ਰੀ ਹੈ। ਇਸੇ ਤੋਂ ਸੰਤ ਸਿੰਘ ਦੇ ਦੋ ਪੁੱਤਰ ਜਨਮੇ; ਵੱਡੇ ਦਾ ਨਾਮ ਝੰਡਾ ਸਿੰਘ ਤੇ ਛੋਟੇ ਦਾ ਨਾਮ ਹਰੀ ਸਿੰਘ ਸੀ। ਝੰਡਾ ਸਿੰਘ ਬੇਉਲਾਦਾ ਰਿਹਾ ਤੇ ਹਰੀ ਸਿੰਘ ਦੇ ਤਿੰਨ ਪੁੱਤਰ ਹੋਏ। ਵੱਡੇ ਦਾ ਨਾਮ ਗੁਰਦਿੱਤ ਸਿੰਘ, ਦੂਜੇ ਦਾ ਨਾਮ ਗੁਰਬਖਸ਼ ਸਿੰਘ ਤੇ ਛੋਟੇ ਦਾ ਨਾਮ ਸ਼ੇਰ ਸਿੰਘ ਸੀ। ਗੁਰਦਿੱਤ ਸਿੰਘ ਨੰਬਰਦਾਰ ਦਾ ਅੱਗੇ ਇਕ ਪੁੱਤਰ ਬਿਸ਼ਨ ਸਿੰਘ ਨੰਬਰਦਾਰ ਮੌਜੂਦ ਹੈ। ਗੁਰਬਖਸ਼ ਸਿੰਘ ਦਾ ਪੁੱਤਰ ਤਾਰਾ ਸਿੰਘ ਬੇਉਲਾਦ ਹੈ ਤੇ ਅੱਜ ਕਲ ਨੰਬਰਦਾਰੀ ਸਰਦਾਰ ਬਿਸ਼ਨ ਸਿੰਘ ਦੇ ਨਾਮ ਪਰ ਹੈ ਤੇ ਇਨ੍ਹਾਂ ਦਾ ਇਕ ਪੁੱਤਰ ਹੈ, ਜਿਸ ਦਾ ਨਾਮ ਜਸਵੰਤ ਸਿੰਘ ਹੈ। ਇਹ ਸਾਰੇ ਸ੍ਰੀ ਤਰਨਤਾਰਨ ਸਾਹਿਬ ਨਿਹੰਗਾਂ ਦੀ ਬਾਹੀ ਵਿਚ ਰਹਿੰਦੇ ਹਨ। ਇਨ੍ਹਾਂ ਦਾ ਸ਼ਜਰਾ ਇਸ ਤਰ੍ਹਾਂ ਹੈ:-

Akali Phoola Singh | ਅਕਾਲੀ ਫੂਲਾ ਸਿੰਘ

ਅਕਾਲੀ ਫੂਲਾ ਸਿੰਘ ਦੀ ਯਾਦਗਾਰੀ ਜਾਇਦਾਦ ਦੇ ਵਾਰਸ, ਸਿਵਾਏ ਨੌਸ਼ਹਿਰੇ ਵਾਲੀ ਜਾਗੀਰ ਦੇ’ ਜੋ ਸਮਾਧ ਦੇ ਨਾਮ ਪਰ ਹੈ, ਬਿਸ਼ਨ ਸਿੰਘ ਆਦਿ ਹੀ ਕਹਾਂਵਦੇ ਹਨ। ਸ੍ਰੀ ਅੰਮ੍ਰਿਤਸਰ ਜੀ ਵਿਚ ਬੁਰਜ ਅਕਾਲੀ ਫੂਲਾ ਸਿੰਘ ਦੇ ਨਾਲ ਦੀ ਲਗਭਗ ੪੦ ਵਿਘੇ ਜ਼ਮੀਨ ਸੰਨ ੧੯੧੦ ਵਿਚ ਮਿਉਨਿਸਪੈਲਟੀ ਨੇ ਖ਼ਰੀਦ ਲਈ, ਜਿਸ ਦਾ ਮੁਲ ੭੯ ਹਜ਼ਾਰ ਰੁਪਿਆ ਸ਼ੇਰ ਸਿੰਘ ਤੇ ਬਿਸ਼ਨ ਸਿੰਘ ਨੂੰ ਮਿਲਿਆ। ਇਸ ਪਰ ਬਾਬਾ ਤੇਜਾ ਸਿੰਘ ਜੱਥੇਦਾਰ ਬੁੱਢੇ ਦਲ ਦੇ ਨਿਹੰਗ ਸਿੰਘ ਨੇ ਉਜਰਦਾਰੀ ਕੀਤੀ ਕਿ ਉਹ ਰੁਪਿਆ ਉਪਰੋਕਤ ਆਦਮੀਆਂ ਨੂੰ ਨਾ ਦਿੱਤਾ ਜਾਏ, ਸਗੋਂ ਨਿਹੰਗ ਸਿੰਘਾਂ ਨੂੰ ਮਿਲਣਾ ਚਾਹੀਦਾ ਹੈ। ਅਦਾਲਤ ਨੇ ਸਾਰੀ ਰਕਮ ਦਾ ਲਗਪਗ ਅੱਠਵਾਂ ਹਿੱਸਾ ੧੦੦੦੦ ਰੁਪਿਆ ਨਿਹੰਗ ਸਿੰਘਾਂ ਨੂੰ ਦੇਣ ਦਾ ਫ਼ੈਸਲਾ ਕੀਤਾ। ਇਸ ਫ਼ੈਸਲੇ ਦੇ ਵਿਰੁੱਧ ਨਿਹੰਗ ਸਿੰਘਾਂ ਹਾਈ ਕੋਰਟ ਵਿਚ ਅਪੀਲ ਕੀਤੀ। ਇਥੋਂ ੨੦੦੦੦ ਰੁਪਿਯਾ ਨਿਹੰਗ ਸਿੰਘਾਂ ਨੂੰ ਦਿਵਾਇਆ। ਇਹ ਗੱਲ ਬੜੇ ਅਫ਼ਸੋਸ ਨਾਲ ਲਿਖਣੀ ਪੈਂਦੀ ਹੈ ਕਿ ਖਾਲਸੇ ਦੀ ਅਨਗਹਿਲੀ ਦੇ ਕਾਰਨ ਬਾਬਾ ਫੂਲਾ ਸਿੰਘ ਦੇ ਬੁਰਜ ਅਤੇ ਗੁਰਦੁਆਰੇ ਦੀ ਏਨੀ ਵੱਡੀ ਜਾਗੀਰ ਵਿਚੋਂ ਹੁਣ ਕੇਵਲ ੬ ਕਨਾਲ ਤੇ ੧੩ ਮਰਲੇ ਦਾ ਟਿਕਾਣਾ ਜ਼ਮੀਨ ਬਾਕੀ ਹੈ। ਇਸੇ ਤਰ੍ਹਾਂ ਤਰਨਤਾਰਨ ਸਾਹਿਬ ਦੇ ਲਾਗੇ ਚਾਗੇ ਦੀਆਂ ਜ਼ਮੀਨਾਂ ਭੀ ਇਨ੍ਹਾਂ ਕੋਲ ਹਨ। ਸਾਨੂੰ ਇਸ ਗੱਲ ਦੇ ਲਿਖਣ ਵਿਚ ਅਤੀ ਦੁਖ ਹੈ ਕਿ ਇਹ ਬਹੁਮੁੱਲੀਆਂ ਜਾਗੀਰਾਂ ਜੋ ਅਕਾਲੀ ਫੂਲਾ ਸਿੰਘ ਜੀ . ਜੈਸੇ ਅਦੁੱਤੀ ਬੀਰ ਬਹਾਦਰ ਜੋਧੇ ਦੀਆਂ ਜੀਵੰਦੀਆਂ ਯਾਦਗਾਰਾਂ ਹਨ, ਜੇ ਇਸੇ ਤਰ੍ਹਾਂ ਵਿਕਦੀਆਂ ਵਿਕਾਂਦੀਆਂ ਰਹੀਆਂ ਤਾਂ ਇਸ ਮਹਾਂਬਲੀ ਦੇ ਨਾਮ ਨੂੰ ਛੇਤੀ ਹੀ ਮਿਟਾ ਦੇਣਗੀਆਂ।

ਬਾਬਾ ਫੂਲਾ ਸਿੰਘ ਜੀ ਅਕਾਲੀ ਦੇ ਜੀਵਨ ਪਰ ਇਕ ਨਜ਼ਰ

ਡੀਲ ਡੌਲ

ਬਾਬਾ ਫੂਲਾ ਸਿੰਘ ਜੀ ਡੀਲ ਡੌਲ ਵਿਚ ਸੋਹਣਾ ਸਡੌਲ ਤੇ ਭਾਰੀ ਦਬਦਬੇ ਵਾਲਾ ਪੁਰਸ਼ ਸੀ। ਉਸ ਦਾ ਕੱਦ ਭਾਵੇਂ ਜ਼ਿਆਦਾ ਲੰਮਾ ਨਹੀਂ ਸੀ, ਪਰ ਜੁੱਸਾ ਐਸਾ ਦੋਹਰਾ ਸੀ ਕਿ ਦੇਖਣ ਵਿਚ ਉਹ ਖਾਸਾ ਗਰਾਂਡੀਲ ਤੇ ਸੁੰਦਰ ਦੀਦਾਰੀ ਦਿਸਦਾ ਸੀ। ਸਰੀਰ ਐਸਾ ਸਾਧਿਆ ਹੋਇਆ ਸੀ ਕਿ ਇੰਨੀ ਵੱਡੀ ਉਮਰ ਵਿੱਚ ਭੀ ਉਹ ਨਾਮੀਂ ਜਵਾਨਾਂ ਤੇ ਧਾਵੇ ਵਿਚ ਸਦਾ ਅੱਗੇ ਨਿਕਲ ਜਾਂਦਾ ਸੀ। ਸਰੀਰ ਦੀ ਕਾਠੀ ਐਸੀ ਸੁਧਰੀ ਹੋਈ ਸੀ ਕਿ ਸਾਰੀ ਆਯੂ ਵਿਚ ਆਪ ਨੂੰ ਕਦੀ ਕਿਸੇ ਬਿਸਤਰੇ ਪਰ ਬੀਮਾਰ ਨਹੀਂ ਸੀ ਦੇਖਿਆ। ਆਪ ਦੇ ਤੇਜਸ੍ਰੀ ਚੇਹਰੇ ਤੇ ਨਰੋਈ ਕਾਇਆਂ ਨੂੰ ਦੇਖ ਕੇ ਆਪ ਦੀ ਉਮਰ ਦਾ ਤਖਮੀਨਾ ਲਾਉਣ ਵਿਚ ਅਕਸਰ ਦੇਖਣ ਵਾਲੇ ਭੁਲੇਖਾ ਖਾਂਦੇ ਸਨ। ਦੇਖਣ ਵਾਲੇ ਆਪ ਨੂੰ ਚਾਲ੍ਹੀ ਪੰਜਤਾਲੀ ਸਾਲ ਦੀ ਉਮਰ ਤੋਂ ਵੱਧ ਨਹੀਂ ਸਨ ਸਮਝਦੇ।

ਆਤਮ ਸ਼ਕਤੀ

ਅਕਾਲੀ ਜੀ ਆਤਮ ਸ਼ਕਤੀ ਵਿਚ ਇੱਥੋਂ ਤਕ ਪਰ-ਪੂਰਨ ਸੇ ਤੇ ਚਿਹਰਾ ਇੰਨਾ ਤੇਜਵਾਨ ਸੀ ਕਿ ਕਈ ਵੇਰ ਬੜੇ ਬੜੇ ਬਲਵਾਨ ਗਨੀਮ ਉਸ ਨੂੰ ਦੇਖਦੇ ਹੀ ਘਬਰਾ ਕੇ ਥਰਰਾ ਜਾਂਦੇ ਸਨ । ਮੁਲਤਾਨ ਦੀ ਲੜਾਈ ਵਿਚ ਜਦ ਓਹ ਅਚਣਚੇਤ ਨਵਾਬ ਮੁਜ਼ੱਫ਼ਰ ਖ਼ਾਨ ਨਾਲ ਦੋ ਚਾਰ ਹੋਇਆ ਤਾਂ ਨਵਾਬ ‘ਤੇ ਐਡਾ ਪ੍ਰਭਾਵ ਪਿਆ ਕਿ ਸੂਤੀ ਹੋਈ ਤਲਵਾਰ ਬਗ਼ੈਰ ਵਾਰ ਕਰਨ ਦੇ ਨਵਾਬ ਦੇ ਹੱਥੋਂ ਡਿੱਗ ਪਈ। ਰਸਨਾ ਵਿਚ ਉਹ ਸ਼ਕਤੀ ਤੇ ਖਿੱਚ ਭਰੀ ਪਈ ਸੀ ਕਿ ਬਚਨ ਸੁਣਦੇ ਹੀ ਲੋਕ ਬੇਵੱਸੇ ਹੋਏ ਹੋਏ ਆਪ ਵੱਲ ਖਿੱਚੇ ਚਲੇ। ਆਂਵਦੇ ਸਨ ਤੇ ਕੋਈ ਭੀ ਉਸ ਦੇ ਵਾਕਾਂ ਤੋਂ ਬਾਹਰ ਤੁਰਨ ਦੀ ਦਲੇਰੀ ਨਹੀਂ ਸੀ ਕਰ ਸਕਦਾ।

ਦ੍ਰਿੜ੍ਹਤਾ

ਇਹ ਮਹਾਨ ਉੱਚ ਗੁਣ ਉਸ ਵਿਚ ਬਾਲ ਅਵਸਥਾ ਤੋਂ ਹੀ ਬਰਾਬਰ ਚਲਾ ਆਂਵਦਾ ਸੀ। ਜਦ ਉਸ ਨੂੰ ਕੋਈ ਗੱਲ ਪੰਥਕ ਹਾਣ ਲਾਭ ਦੀ ਪੂਰੀ ਪੂਰੀ ਤਰ੍ਹਾਂ ਮਲੂਮ ਹੋ ਜਾਂਦੀ ਤਾਂ ਫਿਰ ਚਾਹੇ ਸਾਰਾ ਸੰਸਾਰ ਪਲਟ ਜਾਏ, ਓਸ ਦਾ ਇਰਾਦਾ ਕਦੀ ਨਹੀਂ ਸੀ ਪਲਟਦਾ, ਇਥੋਂ ਤੀਕ ਕਿ ਉਹ ਨਿਰਾਸਤਾ ਵਿਚ ਭੀ ਉਸ ਉਤੇ ਕਾਇਮ ਰਹਿੰਦਾ ਸੀ, ਬਲਕਿ ਨਿਰਾਸਤਾ ਦੇ ਹੋਣ ਵੇਲੇ ਸਗੋਂ ਉਸ ਦੇ ਚਿਹਰੇ ‘ਤੇ ਵੱਧ ਤੋਂ ਵੱਧ ਬੀਰ ਰਸ ਦਾ ਰੰਗ ਚੜ੍ਹ ਜਾਂਦਾ ਸੀ। ਨੌਸ਼ੈਹਰੇ ਦੀ ਲੜਾਈ ਵਿਚ ਗੁਰਮਤਾ ਸੋਧਣ ਦੇ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਨਿਰਾਸ ਹੋ ਜਾਣ ਪਰ ਭੀ ਉਹ ਉਸੇ ਤਰ੍ਹਾਂ ਆਪਣੇ ਇਰਾਦੇ ਪਰ ਦ੍ਰਿੜ੍ਹ ਰਿਹਾ ਤੇ ਆਪਣੀ ਜ਼ਿੰਮੇਵਾਰੀ ਪਰ ਬੇਗਿਣਤ ਗ਼ਾਜ਼ੀਆਂ ਨਾਲ ਲੜਾਈ ਆਰੰਭ ਦਿੱਤੀ, ਤਾਂਕਿ ‘ਗੁਰਮਤੇ’ ਦੀ ਪਵਿੱਤ੍ਤਾ ਸੁਰੱਖਿਅਤ ਰਹੇ।

ਸੂਰਮਤਾ

ਅਕਾਲੀ ਫੂਲਾ ਸਿੰਘ ਇੰਨਾ ਜੋਧਾ ਹੋਇਆ ਹੈ ਕਿ ਉਸਦੀ ਬੀਰਤਾ ਦੀ ਕੀਰਤੀ ਸਾਰੇ ਦੇਸ਼ ਵਿਚ ਪਸਰੀ ਹੋਈ ਹੈ, ਖਾਸ ਕਰਕੇ ਮੁਲਤਾਨ ਦੀ ਲੜਾਈ। ਤੇ ਸਰਹੱਦੀ ਜੰਗਾਂ ਵਿੱਚ ਉਸਨੇ ਇਹ ਪੂਰੀ ਤਰ੍ਹਾਂ ਸਾਬਤ ਕਰ ਦਿੱਤਾ ਕਿ ਉਹ ਹਨੇਰ ਦਾ ਦਲੇਰ ਤੇ ਅਦੁੱਤੀ ਸੂਰਮਾ ਸੀ। ਮੁਲਤਾਨ ਦੇ ਕਿਲ੍ਹੇ ਵਿਚੋਂ ਤੋਪਾਂ ਤੇ ਬੰਦੂਕਾਂ ਦੇ ਗੋਲੇ ਗੋਲੀਆਂ ਦਾ ਧੂੰਆਂਧਾਰ ਮੀਂਹ ਵਰ੍ਹਾ ਰਿਹਾ ਸੀ ਤੇ ਹਜ਼ਾਰਾਂ ਗ਼ਾਜ਼ੀ ਕਿਲ੍ਹੇ ਨੂੰ ਬਚਾਣ ਲਈ ਤਿਆਰ ਖੜੇ ਸਨ, ਪਰ ਇਹ ਕੇਵਲ ਗਿਣਤੀ ਦੇ ਸਿੰਘ ਨਾਲ ਲੈ ਕੇ ਕਿਲ੍ਹੇ ‘ਤੇ ਟੁੱਟ ਪਿਆ ਤੇ ਉਸ ਬੀਰਤਾ ਨਾਲ ਕਿਲ੍ਹੇ ਨੂੰ ਨਵਾਬ ਤੋਂ ਛੁਡਾਇਆ ਕਿ ਜਿਸ ਦੀ ਨਜ਼ੀਰ ਮਿਲਨੀ ਕਠਨ ਹੈ। ਉਹ ਡਾਢਾ ਬੇਡਰ ਸੀ, ਜੋ ਕਦੇ ਕਿਸੇ ਦੇ ਭੈ ਕਰਕੇ ਡਰਾਇਮਾਨ ਨਹੀਂ ਸੀ ਹੁੰਦਾ ਤੇ ਇੰਨਾ ਬੇਧੜਕ ਸੀ ਕਿ ਆਪ ਖ਼ੁਦ ਹੱਥ ਵਿੱਚ ਤਲਵਾਰ ਲਈ ਹੋਈ ਆਪਣੀ ਜਾਨ ਤੋਂ ਹੱਥ ਧੋ ਕੇ ਦੁਸ਼ਮਨ ਦੇ ਸਿਰ ਬਿਜਲੀ ਵਾਂਗ ਜਾ ਪੈਂਦਾ। ਉਸ ਦੀਆਂ ਜਿੱਤਾਂ ਦਾ ਮੂਲ ਕਾਰਨ ਉਸ ਦੀ ਤੇਜ਼ੀ ਤੇ ਜੱਕੋ ਤੱਕੇ ਵਿਚ ਨਾ ਪੈਣਾ ਹੁੰਦਾ ਸੀ। ਉਹ ਇਕਾਇਕ ਹੀ ਵੈਰੀ ਦੇ ਗਲੇ ਜਾ ਪੈਂਦਾ ਤੇ ਉਸ ਨੂੰ ਸੰਭਲਣੇ ਤੋਂ ਪਹਿਲਾਂ-ਪਹਿਲਾਂ ਹੀ ਮਾਰ ਲੈਂਦਾ। ਅਕਾਲੀ ਜੀ ਬੜੇ ਫੁਰਤੀਲੇ ਤੇ ਤਕੜੇ ਸ਼ਾਹ ਸਵਾਰ ਸਨ। ਆਪ ਨੂੰ ਕਈ ਵਾਰੀ ਅੱਠ-ਅੱਠ ਤੇ ਦਸ-ਦਸ ਪਹਿਰ ਇਕ ਰਸ ਘੋੜੇ ਦੀ ਪਿੱਠ ‘ਤੇ ਰਹਿਣਾ ਪਿਆ। ਉਸ ਵਿਚ ਇਕ ਵੱਡੇ ਤੇ ਤਜਰਬਾਕਾਰ ਜਰਨੈਲ ਦੇ ਸਾਰੇ ਗੁਣ ਪਾਏ ਜਾਂਦੇ ਸਨ। ਇਹ ਉਸੇ ਦੀ ਹੀ ਪ੍ਰਬਲ ਆਤਮਕ ਸ਼ਕਤੀ ਦਾ ਕੰਮ ਸੀ ਕਿ ਕਈ ਹਜ਼ਾਰ ਅਕਾਲੀਆਂ ਜੈਸੇ ਸੁਤੰਤਰ ਤੇ ਖੁਦ-ਸਰ ਦਲ ਨੂੰ ਆਪਣੇ ਕਾਬੂ ਵਿਚ ਰੱਖਦੇ ਹੋਇਆਂ ਉਹਨਾਂ ਵਿਚ ਉਹ ਬੀਰਤਾ, ਮਰਦਾਨਗੀ ਤੇ ਦੇਸ਼ ਭਗਤੀ ਦੇ ਉੱਚ ਗੁਣ ਭਰ ਦਿੱਤੇ ਕਿ ਉਹ ਤਲਵਾਰਾਂ ਦੇ ਸਾਏ ਵਿੱਚ ਤੇ ਤੋਪਾਂ ਦੇ ਸਨਮੁਖ ਜੂਝ ਮਰਨ ਨੂੰ ਇਕ ਆਮ ਖੇਡ ਸਮਝਦੇ ਸਨ। ਇਸ ਵਿੱਚ ਸੰਦੇਹ ਨਹੀਂ ਕਿ ਕਦੀ ਉਹ ਬਿਨਾਂ ਸੋਚੇ ਸਮਝੇ ਤੇਜ਼ੀ ਵਿੱਚ ਆਕੇ ਵੱਡੇ-ਵੱਡੇ ਕਠਨ ਤੇ ਨਾਜ਼ਕ ਕੰਮਾਂ ਨੂੰ ਹੱਥ ਪਾ ਲੈਂਦਾ ਸੀ, ਪਰੰਤੂ ਇਸ ਗੱਲ ਦੇ ਮੰਨਣ ਤੋਂ ਭੀ ਇਨਕਾਰ ਨਹੀਂ ਹੋ ਸਕਦਾ ਕਿ ਉਸਨੂੰ ਕੁਦਰਤ ਨੇ ਗੱਲ ਦੇ ਜਾਚਣੇ ਦੀ ਇੱਕ ਅਸਚਰਜ ਸ਼ਕਤੀ ਬਖ਼ਸ਼ੀ ਹੋਈ ਸੀ। ਉਹ ਅੱਖ ਦੇ ਫੋਰ ਵਿਚ ਸਾਰੀ ਗੱਲ ਦੀ ਡੂੰਘਾਈ ਤੱਕ ਜਾ ਅੱਪੜਦਾ ਤੇ ਐਸਾ ਦੋ ਟੁਕ ਫ਼ੈਸਲਾ ਕਰਦਾ ਜੋ ਪਿੱਛੋਂ ਸਦਾ ਹੀ ਸਹੀ ਸਾਬਤ ਹੁੰਦਾ। ਸਰ ਲੈਪਲ ਗ੍ਰਿਫ਼ਨ ਜਿਸ ਦੀ ਕਲਮ ਸੁਭਾਵਕ ਹੀ ਸਦਾ ਵੱਡੇ ਨਾਮੀ ਤੇ ਉੱਘੇ ਸਿੱਖ ਸਰਦਾਰਾਂ ਦੇ ਵਿਰੁੱਧ ਲਿਖਣ ਵਿਚ ਡਾਢੀ ਤਿਖੀ ਵਗਦੀ ਰਹੀ ਹੈ, ਉਹ ਭੀ ਅਕਾਲੀ ਫੂਲਾ ਸਿੰਘ ਦੀ ਬਹਾਦਰੀ ਅੱਗੇ ਸਿਰ ਝੁਕਾਂਦਾ ਹੈ ਤੇ ਲਿਖਦਾ ਹੋਇਆ ਕਹਿ ਉਠਦਾ ਹੈ— ‘ਭਾਵੇਂ ਓਹ (ਅਕਾਲੀ ਫੂਲਾ ਸਿੰਘ) ਕਾਨੂੰਨ ਦਾ ਅਨੁਸਾਰੀ ਨਹੀਂ ਸੀ, ਪਰੰਤੂ ਉਹ ਹਨੇਰ ਦਾ ਦਲੇਰ, ਮਹਾਂਬੀਰ ਤੇ ਪੁਰਜੋਸ਼ ਜੋਧਾ ਸੀ! ਇਸ ਆਦਮੀ ਦਾ ਜੀਵਨ ਇਤਿਹਾਸ ਬੜਾ ਹੀ ਅਦਭੁੱਤ ਹੈ, ਉਹ ਦਰਿਆ ਕਾਬਲ (ਲੁੰਡਾ) ਪਰ ਟੇਰੀ (ਤਰੱਕੀ) ਦੀ ਲੜਾਈ ਵਿੱਚ-ਜੋ ਪਠਾਣਾਂ ਨਾਲ ਹੋਈ ਸੀ-ਜੰਗਾਂ ਵਿਚ ਬਹੁਤ ਬੜੀ ਬੀਰਤਾ ਦੱਸਕੇ ਕੰਮ ਆਇਆ। ਇਸ ਲੜਾਈ ਵਿਚ ਪਠਾਣਾਂ ‘ਤੇ ਫ਼ਤਹ ਪਾਉਣੀ ਨਿਰੋਲ ਫੂਲਾ ਸਿੰਘ ਦੀ ਨਿਰਭੈਤਾ ਤੇ ਵਰਯਾਮਤਾ ਦਾ ਫਲ ਸੀ”।

ਮੁੱਕਦੀ ਗੱਲ ਇਹ ਹੈ ਕਿ ਭਾਵੇਂ ਕੋਈ ਕਿੰਨਾ ਹੀ ਉਸ ਦੇ ਕੰਮ ਕਰਨ ਦੇ ਤਰੀਕੇ ਨਾਲ ਸੰਮਤੀ-ਭੇਦ ਰੱਖਦਾ ਹੋਵੇ, ਪਰ ਇਸ ਗੱਲ ਦੇ ਮੰਨਣ ਵਿੱਚ ਸਾਰੇ ਸਹਿਮਤ ਹਨ ਕਿ ਅਕਾਲੀ ਫੂਲਾ ਸਿੰਘ ਇਕ ਅਦੁੱਤੀ ਬਹਾਦਰ ਤੇ ਉਚ ਆਚਰਣ ਵਾਲਾ ਜ਼ਬਰਦਸਤ ਜਰਨੈਲ ਸੀ, ਜਿਸ ਨੇ ਆਪਣੇ ਜੱਥ ਵਿਚੋਂ ਐਸੇ ਸੂਰਬੀਰ ਜੋਧੇ ਪੈਦਾ ਕਰ ਦਿੱਤੇ, ਜਿਨ੍ਹਾਂ ਨੇ ਵੱਡੇ-ਵੱਡੇ ਲਸ਼ਕਰਾਂ ਉੱਤੇ ਫ਼ਤਹ-ਯਾਬੀਆਂ ਪਾਈਆਂ ਤੇ ਉਹ ਆਪਣੇ ਸ਼ੁਭ ਸਦਾਚਾਰ ਤੇ ਧਾਰਮਕ ਜੀਵਨ ਦੇ ਅਦੁੱਤੀ ਨਮੂਨੇ ਸਨ। ਸਭ ਤੋਂ ਵਾਧੇ ਦੀ ਗੱਲ ਇਹ ਹੈ ਕਿ ਇਹ ਬਲਬੀਰ ਬਹਾਦਰ ਕਠਨ ਤੋਂ ਕਠਨ ਔਕੜਾਂ ਵਿਚ ਭੀ ਸਦਾ ਸਭ ਤੋਂ ਮੋਹਰੇ ਰਹਿੰਦੇ ਸਨ।

ਨਿਰਭੈਤਾ

ਅਕਾਲੀ ਫੂਲਾ ਸਿੰਘ ਆਪਣੇ ਦਿਲ ਦੀ ਗੱਲ ਨੂੰ ਪ੍ਰਗਟ ਕਰਨ ਵਿਚ ਬੜਾ ਦਲੇਰ ਸੀ। ਸਭ ਨੂੰ ਹਰ ਪ੍ਰਕਾਰ ਦੀ ਗਲ ਬਿਨਾਂ ਕਿਸੇ ਲਿਹਾਜ਼ ਦੇ, ਖੁਲ੍ਹਮਖੁਲ੍ਹੀ ਸੁਣਾ ਦਿੰਦਾ ਸੀ । ਖਾਲਸਾ ਰਾਜ ਨੂੰ ਜਦ ਡੋਗਰਿਆਂ ਆਦਿ ਦੀਆਂ ਧੜੇਬੰਦੀਆਂ ਦੇ ਕਾਰਨ ਖ਼ਤਰੇ ਵਿਚ ਪੈਂਦਾ ਡਿੱਠਾ ਤਦ ਇਹ ਇਸੇ ਦਾ ਕੰਮ ਸੀ ਕਿ ਮਹਾਰਾਜੇ ਨੂੰ ਸਾਫ਼ ਸਾਫ਼ ਤੇ ਸੱਚੀਆਂ ਜਾ ਸੁਣਾਈਆਂ।

ਇਕ ਵਾਰੀ ਮਹਾਰਾਜਾ ਰਣਜੀਤ ਸਿੰਘ ਇਕ ਭੁੱਲ ਕਰਨ ਦੇ ਬਾਅਦ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਸ੍ਰੀ ਅੰਮ੍ਰਿਤਸਰ ਆਇਆ। ਉਹ ਅਜੇ ਵਡੀ ਪ੍ਰਕਰਮਾਂ ਲੰਘ ਕੇ ਦਰਸ਼ਨੀ ਡਿਉਢੀ ਦੇ ਲਾਗੇ ਝੰਡੇ ਬੁੰਗੇ ਕੋਲ ਪਹੁੰਚਿਆ ਹੀ ਸੀ ਕਿ ਅਕਾਲੀ ਫੂਲਾ ਸਿੰਘ ਨੂੰ ਕਿਸੇ ਨੇ ਇਹ ਖ਼ਬਰ ਜਾ ਦਿੱਤੀ। ਅਕਾਲੀ ਜੀ ਝੱਟ ਅੱਖ ਦੇ ਫੋਰ ਵਿਚ ਨੰਗੀ ਤਲਵਾਰ ਹੱਥ ਵਿਚ ਲਈ ਹੋਈ ਹਵਾ ਦੀ ਤਰ੍ਹਾਂ ਆਏ ਤੇ ਦਰਸ਼ਨੀ ਡਿਉਢੀ ਦੇ ਦਰਵਾਜੇ ‘ਤੇ ਆ ਖੜੋਤੇ ਤੇ ਮਹਾਰਾਜੇ ਨੂੰ ਡਾਢੇ ਕਰੜੇ ਲਫਜ਼ਾਂ ਵਿਚ ਤਾੜਕੇ ਆਖਿਆ: “ਖ਼ਬਰਦਾਰ! ਕਦੇ ਅੰਦਰ ਪੈਰ ਪਾਂਦਾ ਹੋਵੇਂ, ਇਸ ਪਾਵਨ ਪਵਿਤ੍ਰ ਗੁਰਧਾਮ ਵਿਖੇ ਤਨਖ਼ਾਹੀਆਂ ਲਈ ਕੋਈ ਥਾਂ ਨਹੀਂ।” ਕਹਿੰਦੇ ਹਨ ਕਿ ਮਹਾਰਾਜਾ ਸਾਹਿਬ ਉਸੀ ਵਕਤ ਕੁਝ ਕਦਮ ਪਿੱਛੇ ਹਟਿਆ ਤੇ ਦੋਵੇਂ ਹੱਥ ਜੋੜਕੇ ਹੋ ਖਲੋਤਾ ਤੇ ਨਿੰਮਰਤਾ ਨਾਲ ਕਹਿਣ ਲੱਗਾ ਕਿ ਮੇਰੇ ਤੋਂ ਜੋ ਭੁੱਲ ਹੋਈ ਹੈ ਜੇ ਸੰਗਤ ਮਿਹਰ ਕਰੇ ਤਾਂ ਬਖ਼ਸ਼ ਦੇਵੇ, ਮੈਂ ਸਭ ਤਰ੍ਹਾਂ ਭੁੱਲ ਬਖ਼ਸ਼ਾਉਣ ਲਈ ਤਿਆਰ ਹਾਂ ! ਕਿਹਾ ਜਾਂਦਾ ਹੈ ਕਿ ਬਾਬਾ ਫੂਲਾ ਸਿੰਘ ਜੀ ਅਕਾਲੀ ਨੇ ਸੰਗਤ ਦੀ ਆਗਿਆ ਅਨੁਸਾਰ ਜੋ ਡੰਡ ਨਿਯਤ ਕੀਤਾ ਉਹ ਸੀ ਕਿ ਮਹਾਰਾਜਾ ਦੀਆਂ ਮੁਸ਼ਕਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਲਾਗੇ ਦੇ ਇਮਲੀ ਦੇ ਦਰਖ਼ਤ’ ਨਾਲ ਕਸੀਆਂ ਜਾਣ ਤੇ ਇਸ ਦੇ ਸਰੀਰ ‘ਤੇ ੨੧ ਕੋਰੜੇ ਲਾਏ ਜਾਣ। ਇਹ ਨਜ਼ਾਰਾ ਹੁਣ ਬੜਾ ਹੀ ਅਸਚਰਜ ਸੀ। ਜਦ ਮਹਾਰਾਜਾ ਡਾਢੀ ਨਿਮਰਤਾ ਨਾਲ ਆਪਣੇ ਆਪ ਬੜੇ ਸਤਕਾਰ ਭਰੇ ਹਿਰਦੇ ਨਾਲ ਇਮਲੀ ਦੇ ਦਰੱਖ਼ਤ ਦੇ ਨਾਲ ਜਾ ਖੜੋਤਾ ਅਤੇ ਆਪਣੀਆਂ ਦੋਵੇਂ ਬਾਹਵਾਂ ਦਰੱਖ਼ਤ ਵਲ ਪਿੱਛੇ ਮੁਸ਼ਕਾਂ ਬਨ੍ਹਾਣ ਲਈ ਕਰਕੇ ਪੰਥ ਦੇ ਹੁਕਮ ਅਨੁਸਾਰ ਕੋਰੜੇ ਖਾਣ ਲਈ ਤਿਆਰ ਹੋ ਗਿਆ ਤਦ ਨਾਲ ਹੀ ਇਕ ਸਿੰਘ ਕੋਰੜਾ ਹੱਥ ਵਿਚ ਲਈ ਸ਼ੇਰਿ ਪੰਜਾਬ ਨੂੰ ਮਾਰਨ ਲਈ ਆਪਣੇ ਜ਼ੋਰਦਾਰ ਹੱਥਾਂ ਨਾਲ ਉੱਚਾ ਕਰਦਾ ਹੈ ਕਿ ਕੋਰੜੇ ਦੀ ਚੋਟ ਮਹਾਰਾਜਾ ਦੇ ਕੋਮਲ ਸਰੀਰ ‘ਤੇ ਲੱਗੇ, ਹੁਣ ਠੀਕ ਇਸ ਸਮੇਂ ਜਦ ਕਿ ਸਾਰੀ ਸੰਗਤ ਦੇ ਨੇਤਰ ਮਹਾਰਾਜੇ ਦੀ ਨਿਰਮਾਨਤਾ ਤੇ ਪੰਥ ਦੇ ਹੁਕਮ ਅੱਗੇ ਝੁਕਿਆ ਦੇਖਕੇ ਭਰ ਆਂਵਦੇ ਹਨ ਤੇ ਸੰਗਤ ਵਿਚੋਂ ਆਵਾਜ਼ਾ ਆਉਂਦਾ ਹੈ—“ਗੁਰੂ ਰੂਪ ਖਾਲਸਾ ਸੀ ! ਜਦ ਮਹਾਰਾਜਾ ਸਭ ਤਰ੍ਹਾਂ ਡੰਡ ਭੁਗਤਣ ਲਈ ਹਾਜ਼ਰ ਬੱਧਾ ਖੜਾ ਹੈ ਤਾਂ ਹੋਰ ਸਰੀਰਕ ਸਜ਼ਾ ਬਖ਼ਸ਼ ਦਿੱਤੀ ਜਾਏ”। ਇਹ ਗੱਲ ਪਰਵਾਨ ਕੀਤੀ ਗਈ ਤੇ ਮਹਾਰਾਜਾ ਨੂੰ ਮੁੜ ਅੰਮ੍ਰਿਤ ਛਕਾਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਿਰੋਪਾ ਬਖ਼ਸ਼ਿਆ ਗਿਆ ਤੇ ਦਰਸ਼ਨ ਲਈ ਅੰਦਰ ਵੜਨ ਦਿੱਤਾ ਗਿਆ।

ਨੌਸ਼ਹਿਰੇ ਦੀ ਲੜਾਈ ਸਮੇਂ ਇਹ ਇਸੇ ਦਾ ਕੰਮ ਸੀ ਕਿ ਮਹਾਰਾਜੇ ਨੂੰ ਸਾਫ਼ ਕਹਿ ਦਿੱਤਾ ਕਿ ਜੇ ਆਪ ਲੜਾਈ ਛੇੜਨ ਵਿੱਚ ਦੇਰੀ ਜ਼ਰੂਰੀ ਸਮਝਦੇ ਹੋ ਤਾਂ ਜੋ ਜੀ ਚਾਹੇ ਕਰੋ, ਪਰ ਅਸੀਂ ਤਾਂ ਗੁਰਮਤੇ ਦੀ ਅਟੱਲਤਾ ਲਈ ਬਰਾਬਰ ਲੜਾਂਗੇ, ਭਾਵੇਂ ਸੀਸ ਕਿਉਂ ਨਾ ਦੇਣਾ ਪਏ।

ਨਿਰ ਅਭਿਮਾਨਤਾ

ਇੰਨੇ ਨਿਧੱੜਕ ਤੇ ਕਰਾਰੇ ਸੁਭਾਵ ਦੇ ਹੁੰਦਿਆਂ ਭੀ ਅਕਾਲੀ ਜੀ ਅਤਿ ਨਿਰਅਭਿਮਾਨ ਸਨ। ਅਕਸਰ ਲੜਾਈਆਂ ਵਿੱਚ ਜਦ ਕਿਸੇ ਸਿੰਘ ਨੂੰ ਰਣ ਭੂਮੀ ਵਿਚ ਫੱਟੜ ਦੇਖਦੇ ਤਾਂ ਆਪ ਖ਼ੁਦ ਉਸ ਨੂੰ ਉਸੀ ਵਕਤ ਆਪਣੇ ਮੋਢ ‘ਤੇ ਉਠਾ ਕੇ ਡੇਰੇ ਲੈ ਆਂਵਦੇ ਤੇ ਉਸ ਦੀ ਮਲ੍ਹਮ ਪੱਟੀ ਆਪਣੇ ਹੱਥ ਨਾਲ ਕਰਦੇ ਹੁੰਦੇ ਸਨ। ਡੇਰੇ ਵਿਚ ਕਈ ਹਾਥੀ ਤੇ ਕੋਤਲਾਂ ਦੇ ਹੁੰਦਿਆਂ ਭੀ ਉਹ ਕਦੇ ਬਿਨਾਂ ਰਣਤੱਤੇ ਵਲ ਜਾਣ ਲੱਗੇ ਹਾਥੀ ਦੀ ਸਵਾਰੀ ਨਹੀਂ ਸਨ ਕਰਦੇ।

ਸੁਧਾਰਕ

ਅਕਾਲੀ ਜੀ ਜੰਗੀ ਸੇਵਾ ਦੇ ਨਾਲ-ਨਾਲ ਗੁਰੂ ਧਾਮਾਂ ਤੇ ਪੰਥ ਦੇ ਸੁਧਾਰ ਦੇ ਕੰਮਾਂ ਤੋਂ ਕਦੇ ਬੇਪਰਵਾਹ ਨਹੀਂ ਸੀ ਰਹੇ। ਪੰਥ ਨੂੰ ਮਿਲਾਵਟ ਤੋਂ ਬਚਾਉਣ ਲਈ ਭਾਰਾ ਕੰਮ ਕੀਤਾ। ਕਈ ਵਾਰੀ ਵਿਗੜਿਆਂ ਤਿਗੜਿਆਂ ਨੂੰ ਚੰਗੀ ਤਰ੍ਹਾਂ ਬਣਾ ਕੇ ਸੋਧਿਆ ਕਰਦੇ ਸਨ। ਜਦ ਕਦੀ ਆਪ ਨੂੰ ਯੁੱਧ ਜੰਗ ਤੋਂ ਜ਼ਰਾ ਭੀ ਵਿਹਲ ਮਿਲਦੀ ਤਾਂ ਆਪ ਉਸੇ ਵਕਤ ਗੁਰਦਵਾਰਿਆਂ ਤੇ ਪੰਥ ਵਿਚੋਂ ਕੁਰੀਤੀਆਂ ਦੂਰ ਕਰਨ ਤੇ ਸੁਰੀਤੀਆਂ ਨੂੰ ਫੈਲਾਉਣ ਵਿਚ ਜੁੱਟ ਜਾਂਦੇ ਸਨ। ਮਹਾਰਾਜੇ ਦੇ ਅਨਮਤੀ ਦਰਬਾਰੀਆਂ ਦੇ ਵਿਗਾੜ ਦਾ ਮੂਲ ਕਾਰਨ ਇਹੋ ਹੀ ਸੀ, ਜਿਸ ਕਰਕੇ ਇਹ ਸਦਾ ਅਕਾਲੀ ਜੀ ਦੇ ਕੰਮ ਨਾਲ ਖਿਝਦੇ ਰਹਿੰਦੇ।

ਕੌਮੀ ਦਰਦ

ਕੌਮੀ ਦਰਦ ਅਕਾਲੀ ਜੀ ਦੀਆਂ ਰਗਾਂ ਵਿਚ ਕੁੱਟ-ਕੁੱਟ ਕੇ ਭਰਿਆ ਪਿਆ ਸੀ ਤੇ ਆਪ ਆਪਣੇ ਸੀਨੇ ਵਿਚ ਐਸਾ ਦਿਲ ਰੱਖਦੇ ਸਨ ਜੋ ਕੌਮ ਦੇ ਦਰਦ ਨਾਲ ਤੜਪ ਉਠਦਾ ਸੀ। ਆਪ ਸਾਰੀ ਉਮਰ ਇਸ ਧੁਨ ਵਿਚ ਐਸੇ ਨਿਮਗਨ ਰਹੇ ਕਿ ਕਈ ਵਾਰੀ ਸਖ਼ਤ ਤੋਂ ਸਖ਼ਤ ਕਸ਼ਟ ਸਿਰ ‘ਤੇ ਸਹੇ, ਕਠਨ ਤੋਂ ਕਠਨ ਅਪਦਾ ਦੇ ਟਾਕਰੇ ਕਰਨੇ ਪਏ, ਇਥੋਂ ਤੀਕ ਕਿ ਛੇਕੜ ਆਪਣਾ ਸੀਸ ਭੀ ਇਸੇ ਧੁਨ ਵਿਚ ਕੌਮ ਦੇ ਸਿਰ ਤੋਂ ਵਾਰ ਦਿੱਤਾ, ਪਰੰਤੂ ਇਸ ਪਾਵਨ ਪਿਆਰ ਤੋਂ ਆਪਣਾ ਕਦਮ ਪਿੱਛੇ ਨਾ ਹਟਾਇਆ। ਆਪ ਦੀ ਤਲਵਾਰ ਦੀਨਾਂ ਦੁਖੀਆਂ, ਸ਼ਰਨਾਗਤਾਂ, ਇਸਤ੍ਰੀਆਂ ਤੇ ਬੱਚਿਆਂ ਦੀ ਰੱਖਿਆ। ਲਈ ਸਦਾ ਮਿਆਨ ਤੋਂ ਬਾਹਰ ਰਹਿੰਦੀ ਸੀ ਤੇ ਜਦ ਤੀਕ ਕਿਸੇ ਜ਼ਾਲਮ ਹਤਿਆਰੇ ਦੇ ਲਹੂ ਵਿਚ ਟੁੱਭਾ ਨਾ ਲਾ ਲੈਂਦੀ, ਕਦੇ ਉਸ ਦੀ ਪਿਆਸ ਨਹੀਂ ਸੀ ਬੁਝਦੀ।

ਸ਼ਸਤ੍ਰ ਵਿਦਿਆ

ਭਾਵੇਂ ਇਸ ਵਿਸ਼ੇ ‘ਤੇ ਕੁਝ ਲਿਖਣ ਦੀ ਲੋੜ ਨਹੀਂ ਮਲੂਮ ਹੁੰਦੀ, ਕਿਉਂਕਿ ਸ਼ਸਤ੍ਰ ਵਿਦਿਆ ਹਰ ਇਕ ਸਿੰਘ ਦੇ ਜੀਵਨ ਦਾ ਇਕ ਅਤਿ ਜ਼ਰੂਰੀ ਅੰਗ ਗਿਣਿਆ ਜਾਂਦਾ ਸੀ ਤੇ ਹਰ ਇਕ ਸਿੱਖ ਬੱਚਾ ਇਸ ਪੱਖ ਵਿਚ ਪੂਰਾ ਨਿਪੁੰਨ ਹੁੰਦਾ ਸੀ, ਪਰ ਤਦ ਭੀ ਅਸੀਂ ਇਤਨਾ ਲਿਖੇ ਬਿਨਾਂ ਨਹੀਂ ਰਹਿ ਸਕਦੇ ਕਿ ਅਕਾਲੀ ਜੀ ਤਲਵਾਰ ਚਲਾਉਣ ਵਿਚ ਡਾਢੇ ਤਾਕ ਸਨ, ਜਿਨ੍ਹਾਂ ਨੂੰ ਚੋਟੀ ਦਾ ਸ਼ਮਸ਼ੇਰਜ਼ਨ ਕਿਹਾ ਜਾ ਸਕਦਾ ਸੀ । ਭਾਵੇਂ ਉਹ ਬੰਦੂਕ ਤੇ ਨੇਜ਼ਾ ਚਲਾਉਣ ਦੇ ਅਭਿਆਸ ਵਿਚ ਭੀ ਆਪਣੇ ਸਮੇਂ ਦੇ ਚੁਣਵੇਂ ਨਿਸ਼ਾਨਚੀਆਂ ਵਿਚੋਂ ਸਨ, ਪਰ ਉਨ੍ਹਾਂ ਦਾ ਮਨ-ਭਾਂਵਦਾ ਸ਼ਸਤ੍ਰ ਸ੍ਰੀ ਸਾਹਿਬ ਤੇ ਢਾਲ ਸੀ। ਉਹ ਐਸੀ ਫੁਰਤੀ ਨਾਲ ਵੈਰੀ ਦੇ ਵਾਰ ਨੂੰ ਢਾਲ ਉਤੇ ਝਲਦੇ ਹੋਇਆਂ ਉਪਰੋਂ ਐਸਾ ਫੇਰਵਾਂ ਹੱਥ ਕਰਦੇ ਕਿ ਅੱਖ ਦੇ ਫੇਰ ਵਿਚ ਦੁਸ਼ਮਨ ਦਾ ਸਿਰ ਉਨ੍ਹਾਂ ਦੇ ਪੈਰਾਂ ਵਿਚ ਪਿਆ ਹੁੰਦਾ। ਚੱਕਰ ਭੀ ਸੋਹਣਾ ਚਲਾਉਂਦੇ ਹੁੰਦੇ ਸੀ, ਪਰ ਕਦੇ-ਕਦੇ।

ਗੁਰਬਾਣੀ ਨਾਲ ਪਿਆਰ

ਅੰਤ ਵਿਚ ਅਸੀਂ ਇਨ੍ਹਾਂ ਸਾਰਿਆਂ ਗੁਣਾਂ ਦੇ ਮੂਲ, ਅਰਥਾਤ ਸੋਮੇ ਦਾ ਜ਼ਿਕਰ ਕਰਦੇ ਹਾਂ, ਜਿਸ ਕਰਕੇ ਅਕਾਲੀ ਫੂਲਾ ਸਿੰਘ ਦਾ ਜੀਵਨ ਮਾਰਤੁੰਡ ਤੁਲ ਉਜਾਗਰ ਸੀ, ਉਹ ਅਮੋਲਕ ਦਾਤ ਪਵਿੱਤਰ ਗੁਰਬਾਣੀ ਦਾ ਪਿਆਰ ਸੀ। ਜੇ ਉਸ ਵਿਚ ਬੀਰਤਾ ਸੀ ਤਾਂ ਗੁਰਬਾਣੀ ਦੇ ਪ੍ਰੇਮ ਕਰਕੇ, ਜੇ ਉਹ ਨਿਰਭੈ ਸੀ ਤਾਂ ਗੁਰਬਾਣੀ ਦੇ ਰਸ ਕਰਕੇ, ਜੇ ਉਹ ਨਿਰਅਭਿਮਾਨ ਸੀ ਤਾਂ ਗੁਰਬਾਣੀ ਦੀ ਸੂਝ ਕਰਕੇ, ਜੇ ਉਹ ਕੌਮੀ ਦਰਦ ਤੇ ਪੰਥ-ਸੇਵਾ ਦਾ ਪਿਆਰਾ ਸੀ ਤਾਂ ਸਤਿਗੁਰੂ ਜੀ ਦੀ ਬਾਣੀ ਦੇ ਪਰਕਾਸ਼ ਕਰਕੇ, ਜੇ ਉਹ ਵਿਦਿਆ ਤੇ ਪਰਉਪਕਾਰ ਦਾ ਨਮੂਨਾ ਸੀ ਤਾਂ ਗੁਰਬਾਣੀ ਦੇ ਮਨ ਵਿਚ ਨਿਵਾਸ ਕਰਕੇ, ਜੇ ਉਸ ਵਿਚ ਆਤਮਕ ਬਲ ਤੇ ਬੇਧੜਕ ਪੁਣਾ ਸੀ, ਤਾਂ ਗੁਰਬਾਣੀ ਦੀ ਉਮੰਗ ਕਰਕੇ। ਗੱਲ ਕੀ, ਅਕਾਲੀ ਜੀ ਦਾ ਤੇਜ, ਪ੍ਰਤਾਪ, ਵਰਯਾਮਤਾ, ਬੀਰਤਾ, ਦ੍ਰਿੜਤਾ, ਨਿਰਭੈਤਾ ਆਦਿ ਸਭ ਦੇ ਸਭ ਗੁਰਬਾਣੀ ਦੇ ਆਧਾਰ ਪਰ ਹੀ ਸਨ। ਉਹ ਸਾਰੀ-ਸਾਰੀ ਰਾਤ ਗੁਰਬਾਣੀ ਵਿਚ ਲਿਵਲੀਨ ਰਹਿੰਦਾ ਸੀ, ਦਿਨ ਰਾਤ ਵਿਚ ਬਹੁਤ ਹੀ ਘੱਟ ਉਸ ਨੂੰ ਕਿਸੇ ਨੇ ਸੁੱਤਾ ਡਿੱਠਾ, ਜਦ ਦੇਖੋ ਹੋਠਾਂ ਦੀ ਪੁਲਕਾਵਲੀ ਦੀ ਅਖੰਡ ਤਾਰ ਬੱਝੀ ਰਹਿੰਦੀ। ਅੰਮ੍ਰਿਤ ਵੇਲੇ ਦੀ ਆਸਾ ਦੀ ਵਾਰ ਦੇ ਪੱਕੇ ਨੇਮੀ ਸਨ। ਭਾਵੇਂ ਰਣਭੂਮੀ ਵਿਚ ਹੁੰਦੇ ਯਾ ਡੇਰੇ ਵਿਚ, ਆਸਾ ਦੀ ਵਾਰ ਦਾ ਦੀਵਾਨ ਬਰਾਬਰ ਰੋਜ਼ ਲੱਗਦਾ, ਸ਼ਾਮ ਨੂੰ ਸੋਦਰ ਦਾ ਦੀਵਾਨ ਭੀ ਕਦੀ ਨਹੀਂ ਸਨ ਘੁਸਾਉਂਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਰਾ ਜੰਗਾਂ ਯੁੱਧਾਂ ਵਿੱਚ ਭੀ ਸਦਾ ਇਕ ਹਾਥੀ ਦੀ ਅਮਾਰੀ ਵਿਚ ਆਪ ਦੇ ਅੰਗ-ਸੰਗ ਰਹਿੰਦਾ। ਚੜਾਈ ਹੋਣ ਤੋਂ ਪਹਿਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲੈਂਦੇ ਤੇ ਫੇਰ ਕਿਸੇ ਕਾਰਜ ਨੂੰ ਅਰੰਭ ਕਰਦੇ। ਗੱਲ ਕੀ ਆਪ ਦਾ ਕੋਈ ਕੰਮ ਐਸਾ ਨਹੀਂ ਸੀ ਜੋ ਗੁਰਬਾਣੀ ਤੇ ਗੁਰ ਆਸ਼ੇ ਦੇ ਪਵਿੱਤ੍ਰ ਭਾਵ ਤੋਂ ਬਾਹਰ ਹੁੰਦਾ। ਆਪ ਦੀ ਸਾਰੀ ਉਮਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਦੇ ਪ੍ਰਚਾਰ ਤੇ ਗੁਰਦਵਾਰਿਆਂ ਦੇ ਸੁਧਾਰ ਤੇ ਖਾਲਸਾ ਪੰਥ ਦੀ ਆਤਮਕ, ਮਾਨਸਕ, ਸੁਧਾਚਾਰਕ, ਭਾਈਚਾਰਕ ਤੇ ਪਦਾਰਥਕ ਧੀ ਤੇ ਭਲਿਆਈ ਵਿਚ ਗੁਜ਼ਰੀ। ਹਾਂ, ਇਸ ਤਰ੍ਹਾਂ ਅਕਾਲੀ ਜੀ ਨੇ ਕਰੜੀਆਂ ਘਾਲਾਂ ਘਾਲ ਕੇ ਅੰਤ ਆਪਣੇ ਆਪ ਨੂੰ ਕੌਮ ਤੋਂ ਕੁਰਬਾਨ ਕਰ ਦਿੱਤਾ। ਵਾਹ, ਬੀਰ ‘ਅਕਾਲੀ’, ਆਪ ਨੇ ‘ਸ਼ਹੀਦ’ ਨਾਮ ਨੂੰ ਸਫ਼ਲਾ ਕੀਤਾ।

ਅਕਾਲੀ ਸਿੰਘਾਂ ਅੱਗੇ ਅੰਤਮ ਬੇਨਤੀ !

ਗੁਰੂ ਪੰਥ ਦੇ ‘ਅਕਾਲੀ’ ਤੇ ‘ਸ਼ਹੀਦ’ ਅਖਾਣ ਵਾਲੇ ਪਿਆਰਿਓ! ਤੁਸੀਂ ਪੰਥ ਦਾ ਇਕ ਬਹੁਤ ਪਿਆਰਿਆ ਤੇ ਸਤਿਕਾਰਿਆ ਭਾਗ ਹੋ। ਨਹੀਂ ਨਹੀਂ, ਗੁਰੂ ਕਲਗ਼ੀਆਂ ਵਾਲੇ ਦੇ ‘ਚਮਨ’ ਦੇ ਨਿਸੰਗ ਪਹਰੂਏ ਹੋ, ਵਾੜ ਹੋ, ਰਾਖੇ ਹੋ, ਪਾਲਕ ਹੋ, ਤੁਸੀਂ ਕੌਮ ਦੀ ਜਿੰਦਜਾਨ ਤੇ ਤ੍ਰਾਣ ਹੋ। ਤੁਹਾਡਾ ਨਾਉਂ ‘ਅਕਾਲੀ’ ਹੈ, ਤੁਸੀਂ ਪੰਥ ਦੀ ਸੇਵਾ-ਭੂਮੀ ਵਿਚ ਜਨਮ ਤੇ ਮਰਨ ਤੋਂ ਨਿਰਭਉ ਹੋ ਕੇ ਅਜਨਮਾ ਤੇ ਅਮਰ ਹੋ ਕੇ ਨਿਤਰੇ ਹੋਏ ਬੀਰ ਹੋ । ਤੁਹਾਨੂੰ ਸੇਵਾ-ਘਾਟ ਵਿਚ ਕਾਲ ਦਾ ਤ੍ਰਾਸ ਨਹੀਂ। ਤੁਹਾਡੇ ਲਈ ਪੰਥ ਸੇਵਾ ਦਾ ਕੋਈ ਕਾਲ (ਸ਼ਾਮ, ਸਵੇਰ ਯਾ ਰੈਣ) ਬੱਧਾ ਹੋਇਆ ਨਹੀਂ, ਤੁਸੀਂ ਹਰ ਸਮੇਂ, ਹਰ ਥਾਂ ਤੇ ਹਰ ਪ੍ਰਕਾਰ ਦੀ ਪੰਥ ਸੇਵਾ ਲਈ ਅਕਾਲ ਪ੍ਰਾਇਣ ‘ਅਕਾਲੀ’ ਹੋ। ਤੁਹਾਡਾ ਨਾਮ ‘ਅਕਾਲੀ’ ਹੈ। ਤੁਸੀਂ ਪੰਥਕ ਜੀਵਨ ਵਿਚ ਦ੍ਰਿਸ਼ਟਮਾਨ ਜੀਵਨ ਤੋਂ ਮਰਕੇ ਜੀਵਨ ਦੀ ਕਰੜੀ ਸੇਵਾ ਵਾਲੀਆਂ ਘਾਲਾਂ ਘਾਲਦੇ ਹੋਏ ਭੀ ‘ਨਹੰਗ’ ਹੋ, ਮਾਨ ਰਹਿਤ ਹੋ, ਹੰਕਾਰ ਰਹਿਤ ਹੋ, ਤੁਹਾਡਾ ਨਾਮ ‘ਸ਼ਹੀਦ’ ਹੈ, ਤੁਸੀਂ ਜੀਂਵਦੇ ਸ਼ਹੀਦ ਹੋ, ਤੁਸੀਂ ਮਰਨ ਦੇ ਡਰ ਤੋਂ ਨਿਡਰ ਹੋ ਚੁੱਕੇ ਸ਼ਹੀਦ ਹੋ। ਤੁਸੀਂ ਸਮੇਂ ਪੁਰ ਹੀ ਸ਼ਹੀਦੀ ਪ੍ਰਾਪਤ ਨਹੀਂ ਕਰਦੇ, ਬਲਕਿ ਜਦੋਂ ਤੋਂ ਅਕਾਲੀ ਬਾਣਾ ਧਾਰਦੇ ਹੋ, ਉਸੇ ਦਿਨ ਤੋਂ ਧੜ ਤੇ ਸਿਰ ਦੀ ਬਾਜ਼ੀ ਲਾ ਕੇ ਇਸ ਦੇ ਖੇਡਣ ਦੀ ਉਡੀਕ ਵਿਚ ਰਹਿੰਦੇ ਹੋ!

ਹਾਂ, ਪਿਆਰੇ ਬੀਰੋ! ਦੇਖੋ, ਤੁਹਾਡੇ ਬਜ਼ੁਰਗ ਆਪਣੇ ਧਰਮ ਵਿਚ ਕਿਸ ਤਰ੍ਹਾਂ ਪੂਰਨ ਨਿਤਰੇ ਤੇ ਕਿਸ ਤਰ੍ਹਾਂ ਨਿਡਰ ਤੇ ਬੇਗ਼ਰਜ਼ ਹੋ ਕੇ ਧਰਮ ਮਰਯਾਦਾ ਪਾਲਣ, ਗੁਰ-ਅਸਥਾਨਾਂ ਦੀ ਰਾਖੀ ਤੇ ਧਰਮ ਦੀ ਲਾਜ ਰੱਖਣ ਵਿਚ ਤਤਪਰ ਰਹੇ ? ਭੰਗ ਪੀ ਕੇ ਲੋਰੇ ਦੀ ਮਸਤੀ ‘ਨਿਹੰਗ’ ਨਹੀਂ ਬਣਾ ਦਿੰਦੀ, ਨਿਰਾ ਕਾਲਾ ਬਾਣਾ, ਚੱਕਰ, ਤੋੜੇ, ਸ਼ਸਤਰ ਬਸਤ੍ਰ ਪਹਿਨਣ ਨਾਲ ਅਕਾਲੀ ਨਹੀਂ ਹੋ ਸਕੀਦਾ ਤੇ ਸ਼ਹੀਦੀ ਦੇਗਾਂ ਦੇ ਚੜ੍ਹਾਵੇ ਲੈਣ ਨਾਲ ਭੀ ਸ਼ਹੀਦੀ ਨਹੀਂ ਮਿਲ ਪੈਂਦੀ, ਸਗੋਂ ਇਹ ਸਭ ਉਲਟੇ ਹੋ ਢੁਕਦੇ ਹਨ, ਜਦੋਂ ਤੱਕ ਸੇਵਾ ਦੀ ਕਰੜੀ ਘਾਲ ਦਾ ਚਾਉ, ਕੌਮ ਦੀ ਰਾਖੀ ਦੀ ਬੇਗ਼ਰਜ਼ ਉਮੰਗ, ਤੇ ਬੇ-ਰੋਰਿਆਇਤ, ਧਾਰਮਿਕ ਉਤਸ਼ਾਹ, ਉੱਚਾ ਪਵਿੱਤ੍ਰ ਤੇ ਅਸੰਗ ਆਤਮ ਜੀਵਨ ਅਰ ਭਰਾਤੀ ਭਾਵ ਦਿਲ ਵਿਚ ਠਾਠਾਂ ਨਾ ਮਾਰੇ । ਤੁਸੀਂ ਕਮਜ਼ੋਰਾਂ ਵਿਚ ਜ਼ੋਰ ਭਰਦੇ, ਲੁੰਡੀ ਬੁਚੀ ਨੂੰ ਸੋਧਦੇ ਤੇ ਪੰਥ ਘਾਤਕਾਂ ਦੀਆਂ ਚਾਲਾਂ ਤੋਂ ਪੰਥ ਅਰ ਆਗੂਆਂ ਨੂੰ ਨਿਰਭਉ ਹੋ ਕੇ ਖ਼ਬਰਦਾਰ ਕਰਦੇ ਸਾਓ। ਤੁਹਾਡਾ ਪਿੱਛਾ (ਬਜ਼ੁਰਗ) ਪੂਰਾ ਬੇਖ਼ਤਰ, ਮਾਨਯੋਗ ਤੇ ਮਹਾਂ ਬਲੀ ਸੀ। ਤੁਹਾਡਾ ਜੀਵਨ ਹੋਰ ਸਿੱਖਾਂ ਲਈ ਜੀਵਨ-ਗੱਡੀ ਦੀ ਲੀਹ ਤੇ ਤੁਹਾਡਾ ਕਰਤੱਵਯ ਸੰਗਤਾਂ ਲਈ ਨਮੂਨਾ ਹੋਇਆ ਕਰਦੇ ਸਨ। ਆਗੂ ਵੀ ਕੁਰੀਤਾਂ ਤੇ ਕੁਚਾਲਾਂ ਤੋਂ ਤੁਹਾਡੀ ਪਵਿੱਤ੍ਤਾ, ਸਮਵਰਤਨ ਤੇ ਸੋਧ ਦੇ ਡਰ ਕਰਕੇ ਚੁਕੰਨੇ ਰਿਹਾ ਕਰਦੇ ਸਨ, ਪਰ ਪਿਆਰੇ ਸ਼ਹੀਦ ਬੀਰੋ! ਅੱਜ ਦੇ ਸਮੇਂ ਦਾ ਤੁਹਾਡਾ ਕੌਮੀ ਜੀਵਨ; ਤੁਹਾਡੇ ਪਿੱਛੇ ਲਈ ਬਦ-ਨਮੋਸ਼ੀ ਦਾ ਕਾਰਨ ਰਿਹਾ ਹੈ। ਭਾਵੇਂ ਇਹ ਸੱਚੀ ਲਿਖਤ ਤੁਹਾਨੂੰ ਕੌੜੀ ਲੱਗੇ, ਪਰੰਤੂ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਤੁਹਾਡੇ ਵਿਚੋਂ ਕੌਮੀ ਅਣਖ ਵਾਲੇ ਸੱਚੇ ਅਕਾਲੀ ਮੇਰੀ ਇਸ ਬੇਨਤੀ ਨੂੰ ਤੁਹਾਡੀ ਤੇ ਕੌਮ ਦੀ ਭਲਾਈ ਦਾ ਕਾਰਣ ਸਮਝਕੇ ਆਦਰ ਨਾਲ ਪੜ੍ਹਨਗੇ। ਅੱਠੇ ਪਹਿਰ ਭੰਗ ਤੇ ਤੰਗ ਵਿਚ ਗਲਤਾਨ ਰਹਿਕੇ ਗੁਰਦ੍ਵਾਰਿਆਂ ਤੇ ਪਵਿੱਤ੍ਰ ਗੁਰ ਅਸਥਾਨਾਂ ਨੂੰ ਭੰਗ ਦੇ ਅੱਡੇ ਬਣਾ ਦੇਣਾ ‘ਅਕਾਲੀ’ ਜੀਵਨ ਨੂੰ ਵੱਟਾ ਹੈ। ਲੰਮੇ-ਲੰਮੇ ਦੁਮਾਲੇ ਤੇ ਚੱਕ ਤੋੜੇ ਸਜਾ ਕੇ ਹੱਟੀ ਹੱਟੀ ਮੰਗਦੇ ਫਿਰਨਾ ਤੁਹਾਡੀ ਸ਼ਾਨ ਨੂੰ ਨਹੀਂ ਸੋਭਦਾ। ਇਥੋਂ ਤੱਕ ਤੁਹਾਡੇ ਜੀਵਨ ਨੇ ਹੇਠਾਂ ਵਲ ਰੁਖ਼ ਕੀਤਾ ਹੈ ਕਿ ਅੱਜ ਅਨਮਤੀ ਲੋਗ ਤੁਹਾਡੇ ਦੇਸ਼ ਰੱਖਯਕ ਬੀਰਾਂ ਦੇ ਸਰੂਪਾਂ ਨੂੰ ਹੋਲੀਆਂ, ਦੁਸਹਿਰੇ ਆਦਿਕ ਸਮਿਆਂ ਪਰ ਸ੍ਵਾਂਗ ਉਤਾਰਕੇ ਹਾਸੋਹੀਣਾ ਕਰਦੇ ਹਨ, ਪਰ ਤੁਸੀਂ ਕੌਮੀ ਅਣਖ ਨਾਲ ਆਪਣੇ ਜੀਵਨ ਨੂੰ ਪਿਛਲੇ ਰੰਗ ਦੀ ਰੰਗਣ ਨਹੀਂ ਚਾੜ੍ਹਦੇ। ਜੇ ਕੌਮ ਘੂਕ ਸੌਂ ਰਹੀ ਹੈ, ਤਾਂ ਇਸ ਦਾ ਦੋਸ਼ ਤੁਹਾਡੇ ਸਿਰ ਹੈ, ਜੇ ਪੰਥਕ-ਸ਼ੁੱਧ ਨਿਯਮ ਲੋਪ ਹੋ ਰਹੇ ਹਨ, ਤਾਂ ਇਸ ਦਾ ਭਾਰ ਤੁਹਾਡੀ ਗਰਦਨ ‘ਤੇ ਹੈ, ਜੇ ਪੰਥ ਅਤੇ ਗੁਰਦਵਾਰਿਆਂ ਵਿਚ ਕੁਰੀਤੀਆਂ ਵੱਧ ਰਹੀਆਂ ਹਨ ਤਾਂ ਇਸਦੇ ਜ਼ਿੰਮੇਂਵਾਰ ਤੁਸੀਂ ਆਪ ਹੋ, ਪਰ ਤੁਸੀਂ ਹੋਰਨਾਂ ਨੂੰ ਕਿਸ ਤਰ੍ਹਾਂ ਸੋਧੋ, ਜਦੋਂ ਕਿ ਤੁਸੀਂ ਆਪ ਸੋਧਣ ਯੋਗ ਬਣ ਚੁੱਕੇ ਹੋ ? ਭੰਗ ਛੱਡ ਕੇ ਨਾਮ ਦੀ ਸਦੀਵੀ ਤੇ ਸੱਚੀ ਖ਼ੁਮਾਰੀ ਨਾਲ ਮਨ ਨੂੰ ‘ਅਲਮਸਤ’ ਕਰੋ ਤੇ ਗੁਰਦਵਾਰਿਆਂ ਵਿਚੋਂ ਭੰਗ ਦੇ ਡੰਡੇ ਕੂੰਡੇ ਹਟਾ ਕੇ ਸਾਵਧਾਨ ਹੋਵੋ| ਨਾਮ, ਗੁਰਬਾਣੀ ਤੇ ਕੀਰਤਨ ਦਾ ਅਖੰਡ ਪ੍ਰਵਾਹ ਚਲਾਓ ਤੇ ਕੌਮ ਨੂੰ ਸੱਚੀ ਸਿੱਖੀ ਦੇ ਮਾਰਗ ਪਰ ਤੋਰੋ। ਮੈਤ੍ਰੀ, ਆਤਮ ਰਸ, ਸੱਚੀ ਸਿੱਖੀ ਦਾ ਪ੍ਰਚਾਰ ਕਰੋ, ਨਹੀਂ ਤਾਂ ਕਲਗੀਆਂ ਵਾਲਾ ਭਲੀ ਭਾਂਤ ਤੁਹਾਡੇ ਪਾਸੋਂ ਜਵਾਬ ਮੰਗੂ।

ਜੇ ਮੇਰੀ ਇਸ ਬੇਨਤੀ ਨੂੰ ਪੜ੍ਹ ਸੁਣਕੇ ਪੰਥ ਮੁੜ ਅਕਾਲੀ ਨਾਮ ਦੀ ਪਵਿੱਤ੍ਤਾ ਨੂੰ ਸੁਰਜੀਤ ਕਰ ਦੇਵੇ ਤਾਂ ਮੈਂ ਆਪਣੀ ਇਸ ਤੁੱਛ ਸੇਵਾ ਨੂੰ ਸਫਲ ਸਮਝਕੇ ਕ੍ਰਿਤਗ ਕ੍ਰਿਤਗ ਹੋ ਜਾਵਾਂਗਾ।

ਸ੍ਰੀ ਵਾਹਿਗੁਰੂ ਜੀ ਕਾ ਖਾਲਸਾ॥

ਸ੍ਰੀ ਵਾਹਿਗੁਰੂ ਜੀ ਕੀ ਫ਼ਤਹ॥

 

 

Credit – ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ

Leave a comment

error: Content is protected !!