Sardarni Sada Kaur | ਸਰਦਾਰਨੀ ਸਦਾ ਕੌਰ

1.

ਬਟਾਲਾ (ਜ਼ਿਲ੍ਹਾ ਗੁਰਦਾਸਪੁਰ) ਇਕ ਇਤਿਹਾਸਕ ਸ਼ਹਿਰ ਹੈ । ਇਸਦੇ ਉਜੜੇ ਬਾਗ਼, ਬਾਗ਼ਾਂ ਦੀਆਂ ਢੱਠੀਆਂ ਚੌੜੀਆਂ ਤੇ ਉੱਚੀਆਂ ਚਾਰ-ਦੀਵਾਰੀਆਂ, ਨਿੱਕੀ ਇੱਟ ਦੇ ਮਕਾਨ ਤੇ ਦਰਵਾਜ਼ੇ ਅੱਧ ਪੁਰੇ ਤੇ ਅੱਧ-ਸੁੱਕੇ ਤਾਲਾਬ ਇਸ ਦੀ ਗੁਵਾਚੀ ਰਾਜਸੀ ਸ਼ਾਨ ਦੀਆਂ ਅਮਰ ਨਿਸ਼ਾਨੀਆਂ ਹਨ। ਉਹ ਨਿਸ਼ਾਨੀਆਂ ਜੋ, ਅੱਜ ਇਕ ਵਿਧਵਾ ਦੀ ਤਰ੍ਹਾਂ ਬੇ-ਦਿਲ ਹੋਈਆਂ ਅਤੇ ਨਿਰਾਸਤਾ ਦੀ ਚੱਕੀ ਵਿਚ ਪਿਸੀਆਂ ਹੋਈਆਂ ਕਵੀ, ਲਿਖਾਰੀ ਤੇ ਇਤਿਹਾਸਕਾਰ ਨੂੰ ਆਪਣੇ ਦੁੱਖਾਂ ਤੇ ਸੁਖਾਂ ਦੀ ਭਵਾਈ ਸੁਣਾਉਂਦੀਆਂ ਹੋਈਆਂ ਥੱਕਦੀਆਂ ਨਹੀਂ । ਹਿੰਦੂ ਰਾਜੇ, ਮੁਗ਼ਲ ਨਵਾਬ ਅਤੇ ਸਿੱਖ ਸਰਦਾਰਾਂ ਤੋਂ ਬਿਨਾਂ ਇਸ ਸ਼ਹਿਰ ਵਿਚ ਮਹਾਂ ਯੋਗੀ ਤੇ ਤਪੱਸਿਆ ਵਾਲੇ ਸਾਧੂ-ਸੰਤ ਵੀ ਨਿਵਾਸ ਕਰਦੇ ਰਹੇ ਹਨ। ਅਨੇਕਾਂ ਨਵ- ਜੋਬਨ ਮੱਤੀਆਂ ਸੁੰਦਰ ਰਾਣੀਆਂ, ਬੇਗ਼ਮਾਂ ਤੇ ਸਰਦਾਰਨੀਆਂ ਬਣਕੇ, ਡੋਲੀ ਬੈਠਕੇ ਬੜੇ ਸ਼ਗਨਾਂ ਅਤੇ ਵਾਜਿਆਂ-ਗਾਜਿਆਂ ਨਾਲ ਇਸ ਸ਼ਹਿਰ ਵਿਚ ਆਈਆਂ । ਮਾਂਗੀ ਸੰਧੂਰ ਪਾਏ, ਹੱਥੀਂ ਲਾਲ ਚੂੜੇ ਅਤੇ ਬਾਹੀਂ ਪਰੀਬੰਦ, ਪੈਰੀਂ ਪਜੇਬਾਂ, ਪਟੜੀਆਂ, ਨਿੱਕੀ ਲੌਂਗ ਤੇ ਸੁਹਾਗ ਦੀਆਂ ਨੱਥਾਂ ਪਾ ਕੇ ਹੰਸਣੀ ਦੀ ਚਾਲ ਚੱਲਦੀਆਂ ਹੋਈਆਂ, ਸੂਹੇ ਲੀੜਿਆਂ ਤੇ ਸਾਲੂਆਂ ਨਾਲ ਕੱਜੀਆਂ ਹੋਈਆਂ ਸ਼ਹਿਰ ਦੇ ਰਾਜ ਭਵਨਾਂ ਵਿਚ ਆਈਆਂ ਤੇ ਰਹੀਆਂ ਸਨ। ਇਤਿਹਾਸ ਪੁਕਾਰਦਾ ਹੈ, ਉਹੋ ਮੁਟਿਆਰਾਂ ਇਸ ਸ਼ਹਿਰ ਦੇ ਰਾਜ ਭਵਨਾਂ ਵਿਚੋਂ ਨਿਕਲਕੇ ਨੱਸਦੀਆਂ ਹੋਈਆਂ ਲੋਕਾਂ ਨੇ ਦੇਖੀਆਂ। ਨੱਸਣ ਵੇਲੇ ਉਨ੍ਹਾਂ ਦੀਆਂ ਮਾਂਗਾਂ ਵਿਚ ਸੰਧੂਰ ਦੀ ਥਾਂ ਮਿੱਟੀ ਤੱਕੀ, ਵਾਲ ਖਿਲਰੇ ਤੇ ਅੱਖਾਂ ਵਿਚ ਹੰਝੂ ਦੇਖੇ ਸਨ । ਧੜਕਦੇ ਦਿਲਾਂ ਅਤੇ ਜੋਬਨ ਉਬਾਰੀਆਂ ਛਾਤੀਆਂ ਨੂੰ ਅੱਧ-ਨੰਗਾ ਤੇ ਪਿਟ-ਪਿਟ ਕੇ ਲਾਲ ਕੀਤਾ ਹੋਇਆ ਦੇਖਿਆ ਸੀ । ਸੱਸੀ ਤੇ ਸੋਹਣੀ ਦੀ ਤਰ੍ਹਾਂ ਮਲੂਕ ਤੇ ਗੋਰੇ ਨੰਗਿਆਂ ਪੈਰਾਂ ਨਾਲ ਕੰਡਿਆਂ ਤੇ ਰੋੜਾਂ ਉਪਰ ਨੱਸੀ ਜਾਂਦਿਆਂ ਦੇਖ ਲੋਕਾਂ ਨੇ ਨੀਵੀਂਆਂ ਪਾ ਲਈਆਂ ਸਨ । ਰਾਣੀਆਂ ਦੀਆਂ ਮੌਤਾਂ ਦੇ ਜਲੂਸ ਨਿਕਲੇ, ਪਤੀਆਂ ਨਾਲ ਸਤੀ ਹੋਈਆਂ ਅਤੇ ਹਕੂਮਤ ਦੇ ਬਲ ਦੇ ਨਸ਼ੇ ਵਿਚ ਪਾਗ਼ਲ ਹੋਏ ਹੋਏ ਜਰਵਾਣਿਆਂ ਨੂੰ ਦੇਖਿਆ ਸੀ, ਜਿਨ੍ਹਾਂ ਨੇ ਸਤਵੰਤੀਆਂ ਦੇਵੀਆਂ ਨੂੰ ਵਾਲਾਂ ਤੋਂ ਫੜ-ਫੜ ਕੇ ਇਸ ਬਟਾਲੇ ਦੇ ਬਜ਼ਾਰਾਂ ਵਿਚ ਘਸੀਟਿਆ। ਉਨ੍ਹਾਂ ਦੇ ਮਾਸੂਮ ਬੱਚਿਆਂ ਦੇ ਲਹੂ ਨਾਲ ਹੋਲੀਆਂ ਖੇਡੀਆਂ ਤੇ ਅਸਮਤਾਂ ਨੂੰ ਬੇਰਹਿਮੀ ਨਾਲ ਲੁੱਟਿਆ ਸੀ, ਕਾਲ ਨੇ ਮਾੜਿਆਂ ਤੇ ਚੰਗਿਆਂ ਹਾਕਮਾਂ ਦੀਆਂ ਸਫਾਂ ਵਲੇਟ ਦਿੱਤੀਆਂ। ਅੱਜ ਉਨ੍ਹਾਂ ਵਿਚੋਂ ਕੋਈ ਨਹੀਂ ਪਰ ਉਨ੍ਹਾਂ ਦੇ ਚੰਗੇ-ਮੰਦੇ ਕਰਮਾਂ ਦੀਆਂ ਕਹਾਣੀਆਂ ਇਤਿਹਾਸ ਰੂਪ ਵਿਚ ਅਮਰ ਹਨ, ਜੋ ਕਦੀ ਨਹੀਂ ਭੁੱਲ ਸਕਦੀਆਂ। ਨਾਨਕਸ਼ਾਹੀ ਇੱਟ ਦੀਆਂ ਕੰਧਾਂ, ਅੱਧ-ਸੁੱਕੇ ਤਾਲਾਬ ਅਤੇ ਪੁਰਾਣੇ ਅੰਬਾਂ ਦੇ ਬੂਟੇ ਜਿਨ੍ਹਾਂ ਦੀ ਉਮਰ ਸੌ ਸਾਲ ਤੋਂ ਉਪਰ ਹੈ, ਉਹ ਬਟਾਲੇ ਦਾ ਇਤਿਹਾਸ ਸੁਣਾ ਰਹੇ ਹਨ। ਜੇ ਕੋਈ ਪੰਛੀ ਕਿਸੇ ਅੰਬ ਨੂੰ ਪੁਛਦਾ ਹੈ—“ ਦਸ ਮਿੱਤ੍ਰਾ ਤੈਨੂੰ ਕਿਸ ਨੇ ਲਾਇਆ ?” ਤਾਂ ਅੰਬ ਆਖਦਾ ਹੈ—“ਰਾਣੀ ਫੂਲਾ ਵੰਤੀ ਨੇ” ਕੋਈ ਕੋਈ ਆਖਦਾ ਹੈ—“ ਬੇਗ਼ਮ ਪਾਰਾ ਨੇ।”

ਕੋਈ ਪ੍ਰਦੇਸੀ ਸੈਲਾਨੀ ਬਟਾਲੇ ਨੂੰ ਦੇਖਣ ਆਇਆ ਸੀ ਕਿਉਂਕਿ ਬਟਾਲਾ ਉੱਤਰੀ ਭਾਰਤ ਵਿਚ ਲੋਹੇ ਦੀ ਦਸਤਕਾਰੀ ਦਾ ਵੱਡਾ ਕੇਂਦਰ ਹੈ । ਉਹ ਸੈਲਾਨੀ ਪੂਰਬੀ ਤੇ ਉੱਤਰੀ ਪਾਸੇ ਵੱਲ ਇਕ ਦਰਵਾਜ਼ੇ ਵਿਚ ਦੀ ਸ਼ਹਿਰੋਂ ਬਾਹਰ ਗਿਆ। ਇਕ ਉਜੜੇ ਬਾਗ਼, ਢੱਠੀ ਬੌਲੀ ਅਤੇ ਢੱਠ ਰਹੀ ਪੰਜ ਗਜ਼ ਚੌੜੀ ਕੰਧ ਨੂੰ ਦੇਖਕੇ ਕਹਿਣ ਲੱਗਾ-“ਇਸ ਦਾ ਕੀ ਦੇਖਣਾ ! ਏਥੇ ਤਾਂ ਘੱਟਾ ਹੈ, ਬਦਬੋ ਆ ਰਹੀ ਹੈ, ਇਹ ਡਰੌਣੀਆਂ ਥਾਵਾਂ ਵਿਚੋਂ ਇੱਕ ਹੈ।”

Sardarni Sada Kaur | ਸਰਦਾਰਨੀ ਸਦਾ ਕੌਰ

ਜਲ-ਰਹਿਤ ਬੋਲੀ ਵਿਚੋਂ ਅਗੰਮੀ ਅਵਾਜ਼ ਆਈ-‘ਐ ਪ੍ਰਦੇਸੀ ਸੈਲਾਨੀ ! ਇਹ ਕੁਬੋਲ ਮੂੰਹੋਂ ਕੱਢਦਾ ਹੋਇਆ ਸ਼ਰਮ ਕਰ, ਤੇਰੇ ਵੱਡਿਆਂ ਨੇ ਇਸ ਅਸਥਾਨ ਦੀ ਸੁੰਦਰਤਾ ਤੇ ਮਹਿਮਾ ਨੂੰ ਨਸ਼ਟ ਕੀਤਾ ਹੈ। ਅਸ਼ੋਕ ਵਾਟਕਾ ਤੇ ਸ਼ਾਲਮਾਰ ਬਾਗ਼ ਵਾਂਗ ਕਦੀ ਏਥੇ ਸ਼ਾਹੀ ਬਾਗ਼ ਸੀ । ਵੰਨੀ-ਵੰਨੀ ਦੇ ਫੁੱਲਾਂ ਦੀਆਂ ਫੁਲਵਾੜੀਆਂ ਹੁੰਦੀਆਂ ਸਨ, ਬੋਲੀਆਂ ਦਾ ਸੀਤਲ ਤੇ ਮਿੱਠਾ ਜਲ ਫੁਲਵਾੜੀਆਂ ਨੂੰ ਅਮਰ ਰੱਖਦਾ ਸੀ । ਸ਼ਾਮ ਨੂੰ ਤੇ ਸਵੇਰੇ ਜਵਾਨੀ ਤੇ ਸੁੰਦਰਤਾ ਫੁਲਵਾੜੀਆਂ ਵਿਚ ਟਹਿਲਣ ਆਉਂਦੀ ਸੀ । ਉਸ ਵੇਲੇ ਤੇਰੇ ਜਹੇ ਨੂੰ ਇਸ ਪਾਸੇ ਝਾਕਣ ਵੀ ਨਹੀਂ ਸੀ ਦਿੱਤਾ ਜਾਂਦਾ, ਕਾਲ ਖੁਦਗਰਜ਼ੀ ਤੇ ਈਰਖਾ ਅਤੇ ਬਦਲੇ ਨੇ ਰਲ ਕੇ ਮੇਰੇ ਮਾਲਕਾਂ ਨੂੰ ਖਾ ਲਿਆ ਹੈ । ਉਸੇ ਤਰ੍ਹਾਂ ਖਾਧਾ ਜਿਵੇਂ ਕਾਲ ਜਵਾਨੀ ਦੀ ਸੁੰਦਰਤਾ ਨੂੰ ਖਾ ਕੇ ਬੁਢਾਪੇ ਦੀ ਕਰੂਪਤਾ ਨੂੰ ਲਿਆ, ਪੁਰਸ਼ ਦੇ ਹਵਾਲੇ ਕਰਦਾ ਹੈ। ਜਿਸ ਤਰ੍ਹਾਂ ਹਰ ਬੁਢੇਪੇ ਦੇ ਪਿੱਛੇ ਜਵਾਨੀ ਤੇ ਸੁੰਦਰਤਾ ਦੀ ਅਭੁੱਲ ਕਹਾਣੀ ਹੈ, ਤਿਵੇਂ ਹਰ ਥੇਹ, ਉਜਾੜ ਤੇ ਬਰਬਾਦੀ ਦੇ ਢੇਰ ਪਿਛੇ ਉਹਦੇ ਸੁਨਹਿਰੀ ਦਿਨਾਂ ਦੀ ਅਨ-ਲਿਖੀ ਯਾਦ ਭੀ ਹੈ, ਕਿਸੇ ਥਾਂ ਤੇ ਕਿਸੇ ਪੁਰਸ਼ ਨੂੰ ਮੰਦਾ ਨਹੀਂ ਕਹਿਣਾ ਚਾਹੀਦਾ ।

ਸੈਲਾਨੀ ਸ਼ਰਮਿੰਦਾ ਹੋ ਗਿਆ। ਉਹ ਹੈਰਾਨੀ ਤੇ ਭੈ ਨਾਲ ਥਰਥਰਾਂਦਾ ਹੋਇਆ ਹਰ ਵਸਤੂ ਤੇ ਹਰ ਨਿਸ਼ਾਨੀ ਵੱਲ ਮੁੜ ਤੇ ਗੌਰ ਨਾਲ ਦੇਖਣ ਲੱਗਾ । ਲਾਗੇ ਖਲੋਤੇ ਸੌ ਸਾਲਾ ਬੁੱਢੇ ਨੂੰ ਉਸ ਨੇ ਪੁੱਛਿਆ “ਬਾਬਾ ਜੀ ! ਇਹ ਬਾਗ਼ ਕਿਸਦਾ ਹੈ ?”

‘ਹੁਣ ਤਾਂ ਇਸ ਬਾਗ਼ ਦੀ ਧਰਤੀ ਦਾ ਮੈਂ ਮਾਲਕ ਹਾਂ, ਪਰ ਮੇਰੇ ਬਾਪ ਤੋਂ ਪਹਿਲਾਂ ਇਹ ਸਰਕਾਰੀ ਬਾਗ਼ ਸੀ । ਰਾਣੀ ਸਦਾ ਕੌਰ ਨੇ ਆਪਣੇ ਪਤੀ ਦੀ ਯਾਦ ਵਿਚ ਲਗਾਇਆ ਸੀ । ਜਵਾਨੀ ਦਾ ਬਹੁਤ ਹਿੱਸਾ ਉਸ ਨੇ ਏਸੇ ਬਾਗ਼ ਵਿਚ ਰਹਿ ਕੇ ਬਤੀਤ ਕੀਤਾ ਸੀ । ਇਹ ਅੰਬ ਦਾ ਬੂਟਾ ਉਹਦੇ ਆਪਣੇ ਹੱਥਾਂ ਦਾ ਲਾਇਆ ਹੋਇਆ ਹੈ । ਇਸ ਦੀ ਛਾਂ ਹੇਠਾਂ ਬੈਠਕੇ ਉਹ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਿਆ ਕਰਦੀ ਸੀ । ਏਸੇ ਬਾਗ਼ ਵਿਚ ਹੀ ਉਸ ਨੇ ਤਲਵਾਰ ਚਲਾਉਣ ਦਾ ਅਭਿਆਸ ਕੀਤਾ ਸੀ । ਔਹ ਅਗਲੇ ਪਾਸੇ ਜੋ ਢੱਠੇ ਮਕਾਨ, ਜਿਥੇ ਅੱਜ ਰਾਤ ਨੂੰ ਉੱਲੂ ਬੋਲਦੇ ਨੇ ਤੇ ਦਿਨੇ ਚਾਂਮਚੜਿੱਕਾਂ, ਭੂੰਡ ਤੇ ਕਿਰਲੀਆਂ ਦਾ ਰਾਜ ਹੁੰਦਾ ਹੈ, ਏਥੇ ਰਾਣੀ ਜੀ ਦੇ ਦੋ ਘੋੜੇ ਬੰਨ੍ਹੇ ਜਾਂਦੇ ਸਨ । ਉਹ ਘੋੜੇ ਕੀ ਸਨ? ਹਵਾ ਦੇ ਪੁੱਤ੍ਰ, ਹਨੂੰਮਾਨ ਦੀ ਵੰਸ਼, ਹਾਥੀਆਂ ਜਿੰਨਾ ਬੱਲ ਰੱਖਣ ਵਾਲੇ ਸੀ । ਇਕ ਦਾ ਨਾਮ ਸੀ ‘ਵਾਯੂ’ ਤੇ ਦੁਸਰੇ ਦਾ ‘ਗਰੜ’। ਮੇਰਾ ਬਾਬਾ ਘੁਮੰਡਾ ਸਿੰਘ ਉਹਨਾਂ ਘੋੜਿਆਂ ਨੂੰ ਸੰਭਾਲਿਆ ਕਰਦਾ ਸੀ । ਉਫ ! ਕੀ ਪੁਛਦਾ ਹੈਂ ਬੀਤੇ ਸਮੇਂ ਦੀ ਕਹਾਣੀ! ਇਸ ਬਾਗ਼ ਦੀ ਕਹਾਣੀ ਨੂੰ ਚੇਤੇ ਕਰਕੇ ਕਲੇਜਾ ਮੂੰਹ ਨੂੰ ਆਉਂਦਾ ਹੈ ਤੇ ਹਿਰਦੇ ਵਿਚ ਸੇਲੇ ਵੱਜਦੇ ਹਨ । ਏਥੇ ਮਹਾਰਾਜਾ ਸ਼ੇਰ ਸਿੰਘ ਵੀ ਖੇਡਿਆ ਸੀ । ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਵੀ ਏਥੇ ਦਰਬਾਰ ਲੱਗਦਾ ਰਿਹਾ ਸੀ ਪਰ…ਪਰ ਅੱਜ ਇਹ ਥਾਂ ਸਾਰੇ ਸ਼ਹਿਰ ਵਾਸੀਆਂ ਵਾਸਤੇ ਭੂਤਾਂ-ਪ੍ਰੇਤਾਂ ਦਾ ਘਰ ਹੈ । ਸੂਰਜ ਡੁੱਬਦੇ ਪਿੱਛੋਂ ਕੋਈ ਨਾਰੀ ਏਧਰ ਦੇਖਦੀ ਨਹੀਂ ਪਰ ਮੈਨੂੰ ਡਰ ਨਹੀਂ ਲੱਗਦਾ । ਮੈਂ ਤਾਂ ਕਈ ਵਾਰੀ ਆਪਣੇ ਬਾਬੇ ਤੇ ਪਿਤਾ ਜੀ ਦੇ ਜੀਵਨ ਨੂੰ ਯਾਦ ਕਰਦਾ ਹੋਇਆ ਸਾਰੀ-ਸਾਰੀ ਰਾਤ ਇਸ ਬੌਲੀ ਤੇ ਬੈਠ ਕੇ ਗੁਜ਼ਾਰ ਛੱਡਦਾ ਰਿਹਾ ਹਾਂ। …ਹਾਂ ਮੈਂ ਦੱਸਦਾ ਹਾਂ । ਇਕ ਰਾਤ ਮੈਂ ਵੀ ਇਕ ਕੌਤਕ ਦੇਖਿਆ ਸੀ । ਸਾਵਣ ਮਹੀਨੇ ਦੇ ਅੰਤਮ ਦਿਨ ਸਨ । ਇਨ੍ਹਾਂ ਅੰਬਾਂ ਨੂੰ ਮੋਟੇ-ਮਿੱਠੇ ਤੇ ਪੱਕੇ ਹੋਏ ਅੰਬ ਲੱਗੇ ਹੋਏ ਸਨ। ਮੈਂ ਅੰਬਾਂ ਦਾ ਰਾਖਾ ਸਾਂ, ਅੱਧੀ ਕੁ ਰਾਤ ਨੂੰ ਬੱਦਲ ਆ ਗਿਆ, ਹਵਾ ਵਗਣ ਲੱਗੀ । ਮੈਂ ਮੰਜੀ ਉੱਤੇ ਬੈਠ ਕੇ ਕੁਦਰਤ ਦੇ ਰੰਗ ਦੇਖਣ ਲੱਗਾ। ਮੈਨੂੰ ਇਕ ਬਹੁਤ ਵੱਡੀ ਤੇ ਚਿੱਟੀ ਬਦਲੀ ਦਿਸਣ ਲੱਗੀ । ਮੈਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਚੰਦ ਹੇਠਾਂ ਨੂੰ ਆ ਰਿਹਾ ਸੀ । ਉਸ ਰੋਸ਼ਨੀ ਨੂੰ ਹੇਠਾਂ ਆਉਂਦੀ ਹੋਈ ਦੇਖਕੇ ਮੈਂ ਡਰ ਗਿਆ। ਮੇਰਾ ਸਾਰਾ ਸਰੀਰ ਕੰਬਣ ਲੱਗਾ। ਮੈਂ ਸੋਚਿਆ-‘ਲੋਕੀਂ ਠੀਕ ਆਖਦੇ ਹਨ, ਇਸ ਬਾਗ਼ ਵਿਚ ਰਾਤ ਨੂੰ ਰੂਹਾਂ ਦਾ ਵਾਸਾ ਹੁੰਦਾ ਹੈ । ‘ਸ਼ਹੀਦ’ ਰਹਿੰਦੇ ਹਨ । ਇਹ ਮੈਨੂੰ ਹੀ ਫੜਨ ਵਾਸਤੇ ਆਏ ਹਨ।’ ਮੈਂ ਇਉਂ ਖਲੋ ਗਿਆ, ਪਰ ਮੇਰੀਆਂ ਅੱਖਾਂ ਉਸ ਰੋਸ਼ਨੀ ਦੇ ਵਿਮਾਨ ਉਪਰ ਸਨ । ਸਾਰੇ ਬਾਗ਼ ਵਿਚ ਚਾਨਣ ਹੋ ਗਿਆ। ਦਿਨ ਵਰਗਾ ਚਿੱਟਾ ਚਾਨਣ ਮੈਂ ਦੇਖਿਆ, ਅੱਖਾਂ ਮਲ ਕੇ ਧਿਆਨ ਨਾਲ ਦੇਖਿਆ, ਧਰਤੀ ਉਪਰ ਆ ਕੇ ਰੌਸ਼ਨੀ ਦੇ ਤਿੰਨ ਹਿੱਸੇ ਹੋ ਗਏ ਸਨ। ਇਕ ਹਿੱਸਾ ਇਕ ਪੰਘੂੜੇ ਦੇ ਰੂਪ ਵਿਚ ਸੀ, ਜੋ ਧਰਤੀ ਤੋਂ ਫੁੱਟ ਕੁ ਉੱਚਾ ਕਿਸੇ ਆਸਰੇ ਤੋਂ ਬਿਨਾਂ · ਆਪੇ ਹੀ ਖਲੋਤਾ ਰਿਹਾ। ਦੂਸਰਾ ਹਿੱਸਾ ਇਕ ਜੁਆਨ ਪੁਰਸ਼ ਦਾ ਰੂਪ ਸੀ, ਜਿਸ ਦੇ ਸਿਰ ਉਪਰ ਜੂੜਾ, ਜੂੜੇ ਦੁਆਲੇ ਫੁੱਲ ਤੇ ਉੱਪਰ ਚਿੱਟੀ ਚਾਦਰ ਉਸੇ ਚਾਦਰ ਨਾਲ ਪੈਰਾਂ ਤੱਕ ਤਨ ਢੱਕਿਆ ਹੋਇਆ ਸੀ ਤੇ ਤੀਸਰਾ ਹਿੱਸਾ ਇਕ ਨਾਰੀ ਦਾ ਸੀ। ਉਹ ਨਾਰੀ ਬਸੰਤ ਰੁੱਤ ਦੀ ਭੈਣ ਪ੍ਰਤੀਤ ਹੁੰਦੀ ਸੀ, ਬਹੁਤ ਸੋਹਣੀ ਤੇ ਉੱਚੀ ਲੰਮੀ ਜੁਆਨ ਸੀ । ਨਾਰੀ ਤੇ ਪੁਰਖ ਪੰਘੂੜੇ ਵਿਚੋਂ ਨਿਕਲੇ, ਸਾਰੇ ਬਾਗ਼ ਵਿਚ ਫਿਰੇ ਤੇ ਅਖੀਰ ਵਿਚ ਇਸ ਅੰਬ ਹੇਠਾਂ ਆ ਗਏ । ਮੈਂ ਪਾਰੇ ਵਾਂਗ ਕੰਬਦਾ ਹੋਇਆ, ਉਨ੍ਹਾਂ ਵੱਲ ਦੇਖਦਾ ਰਿਹਾ। ਮੈਂ ਨੱਸ ਜਾਣਾ ਚਾਹੁੰਦਾ ਸਾਂ ਪਰ ਨੱਸਣ ਦਾ ਹੌਂਸਲਾ ਨਹੀਂ ਸੀ ਪੈਂਦਾ ।… ਮੈਂ ਦੇਖਿਆ ! ਅੰਬ ਦੇ ਬੂਟੇ ਉਪਰੋਂ ਪੱਕੇ ਅੰਬ ਆਪੇ ਡਿੱਗੇ ਤੇ ਨਾਰੀ ਦੀ ਝੋਲੀ ਪੈਂਦੇ ਗਏ ਜੋ ਝੋਲੀ ਉਸ ਨੇ ਅੰਬਾਂ ਵਾਸਤੇ ਹੀ ਫਲਾਈ ਸੀ । ਉਹ ਬੋਲੇ ਕੁਝ ਨਹੀਂ ਉਹਨਾਂ ਮੇਰੇ ਵੱਲ ਦੇਖਿਆ ਪਰ ਜ਼ਬਾਨ ਸਾਂਝੀ ਨਹੀਂ ਕੀਤੀ । ਅੰਬ ਲੈ ਕੇ ਉਹ ਪੰਘੂੜੇ ਵਿਚ ਜਾ ਬੈਠੇ ਤੇ ਮੁੜ ਕੇ ਪੰਘੂੜਾ ਜਿਸ ਤਰ੍ਹਾਂ ਹੌਲੀ-ਹੌਲੀ ਆਇਆ ਸੀ ਉਸੇ ਤਰ੍ਹਾਂ ਉਪਰ ਚਲਿਆ ਗਿਆ ਉਨ੍ਹਾਂ ਦੇ ਜਾਣ ਪਿੱਛੋਂ ਹਨੇਰਾ ਹੋ ਗਿਆ ਤੇ ਮੋਹਲੇਧਾਰ ਮੀਂਹ ਵਰ੍ਹਿਆ। ਐਸਾ ਮੀਂਹ ਜੋ ਮੈਂ ਆਪਣੀ ਉਮਰ ਵਿਚ ਕਦੀ ਨਹੀਂ ਸੀ ਦੇਖਿਆ ।’ ਜਦੋਂ ਬਾਬਾ ਇਸ ਤਰ੍ਹਾਂ ਹੱਡਬੀਤੀ ਤੇ ਅੱਖੀਂ ਦੇਖੀ ਘਟਨਾ ਸੁਣਾ ਚੁਕਿਆ ਤਾਂ ਸੈਲਾਨੀ ਨੇ ਪੁੱਛਿਆ-‘ਉਹ ਫਿਰ ਜੋ ਆਕਾਸ਼ੋਂ ਆਏ ਸਨ, ਉਹ ਭਲਾ ਕੌਣ ਸਨ ?’

‘ਮੈਂ ਤਾਂ ਏਹੋ ਸਮਝ ਸਕਿਆ ਕਿ ਉਹ ਪੁਰਖ ਰਾਜਾ ਗੁਰਬਖਸ਼ ਸਿੰਘ ਸੀ ਤੇ ਨਾਰੀ ਰਾਣੀ ਸਦਾ ਕੌਰ, ਉਨ੍ਹਾਂ ਦੀਆਂ ਰੂਹਾਂ ਸਨ, ਜੋ ਸਵਰਗ ਲੋਕ ਵਿਚ ਜਾ ਕੇ ਵੀ ਇਸ ਬਾਗ਼ ਦੀ ਯਾਦ ਦੀਆਂ ਖਿੱਚੀਆਂ ਹੋਈਆਂ ਮਾਤ ਲੋਕ ਵਿਚ ਆਈਆਂ ਸਨ । ਇਹ ਅੰਬ ਦਾ ਬੂਟਾ ਉਨ੍ਹਾਂ ਦੀ ਅਮਰ ਯਾਦ ਹੈ ।’

‘ਬਾਬਾ ਜੀ! ਤੇਰੇ ਚੰਗੇ ਭਾਗ ਹਨ, ਜੋ ਤੂੰ ਸ਼ਹੀਦਾਂ ਦੇ ਦਰਸ਼ਨ ਕਰ ਸਕਿਆ। ਤੇਰਾ ਵਾਸਾ ਜ਼ਰੂਰ ਸਵਰਗ ਵਿਚ ਹੋਵੇਗਾ । ਮੇਰੇ ਧਰਮ ਦਾ ਵਿਸ਼ਵਾਸ ਹੈ । ਪਰ ਇਹ ਤਾਂ ਦਸ ਰਾਣੀ ਸਦਾ ਕੌਰ ਕੌਣ ਸੀ? ਉਸ ਦੇ ਪਤੀ ਰਾਜਾ ਗੁਰਬਖਸ਼ ਸਿੰਘ ਨੂੰ ਕੀ ਹੋਇਆ ਜੋ ਉਹ ਸਦਾ ਕੌਰ ਦਾ ਸਾਥ ਛੱਡ ਗਿਆ ?’ ਪ੍ਰਦੇਸੀ ਸੈਲਾਨੀ ਨੇ ਬੇਨਤੀ ਕੀਤੀ।

‘ਰਾਣੀ ਜਾਂ ਸਰਦਾਰਨੀ ਸਦਾ ਕੌਰ ਪੰਜਾਬ ਦੇ ਇਤਿਹਾਸ ਨੂੰ ਬਦਲਣ ਵਾਲੀ ਬਹਾਦਰ, ਦਇਆਵਾਨ, ਸੁਚੱਜੀ ਤੇ ਹੁਸ਼ਿਆਰ ਨੀਤੀ-ਵੇਤਾ ਅਤੇ ਧਰਮ ਦੀ ਮੂਰਤੀ ਸੱਚੀ ਸਿੰਘਣੀ ਸੀ । ਦੁਸ਼ਮਣ ਉਸ ਨੂੰ ਦੇਖ ਕੇ ਹੀ ਭੈ- ਭੀਤ ਹੋ ਜਾਂਦੇ ਸਨ । ਜੇ ਉਸ ਦਾ ਜੀਵਨ ਇਤਿਹਾਸ ਸੁਣਨ ਦੀ ਇੱਛਾ ਹੈ ਤਾਂ ਬੈਠ ਜਾ ।’ ਬਾਬੇ ਨੇ ਸੈਲਾਨੀ ਨੂੰ ਉੱਤਰ ਦਿੱਤਾ । ਇਹ ਵਾਕ ਬੋਲਦਿਆਂ ਹੋਇਆਂ ਬਾਬੇ ਦਾ ਚਿਹਰਾ ਲਾਲ ਹੋ ਗਿਆ ਸੀ ਉਹਦੀਆਂ ਅੱਖਾਂ ਵਿਚ ਨਵੀਂ ਚਮਕ ਆਈ ਸੀ । ਉਹ ਬਾਬਾ ਪਹਿਲੀ ਵਾਰ ਪ੍ਰਦੇਸੀ ਸੈਲਾਨੀ ਨੂੰ ਸਰਦਾਰਨੀ ਸਦਾ ਕੌਰ ਦੀ ਜੀਵਨ-ਕਹਾਣੀ ਨਹੀਂ ਸੀ ਸੁਣਾਉਣ ਲੱਗਾ, ਸਗੋਂ ਆਪਣੀ ਲੰਮੇਰੀ ਉਮਰ ਵਿਚ ਸੈਂਕੜਿਆਂ ਨੂੰ ਅੱਗੇ ਸੁਣਾ ਚੁੱਕਾ ਸੀ । ਇਸ ਜੀਵਨ ਕਹਾਣੀ ਦੇ ਸੁਣਾਉਣ ਵਿਚ ਉਸ ਨੂੰ ਸੁਖ ਤੇ ਅਗੰਮੀ ਰਸ ਪ੍ਰਾਪਤ ਹੁੰਦਾ ਸੀ ਕਿਉਂਕਿ ਉਹ ਵੀ ਸ਼ਹੀਦਾਂ ਦੀ ਵੰਸ਼ ਵਿਚੋਂ ਸੀ । ਸ਼ਹੀਦਾਂ ਦਾ ਖੂਨ ਉਸ ਦੀ ਰਗ ਵਿਚ ਸੀ।

ਸੈਲਾਨੀ ਬੌਲੀ ਦੇ ਥੜ੍ਹੇ ਉਪਰ ਅੰਬ ਦੀ ਛਾਵੇਂ ਬੈਠ ਗਿਆ । ਬਾਬਾ ਉਸ ਨੂੰ ਸਰਦਾਰਨੀ ਜੀ ਦੀ ਜੀਵਨ-ਕਹਾਣੀ ਬੜੇ ਪ੍ਰੇਮ ਤੇ ਉਤਸ਼ਾਹ ਨਾਲ ਸੁਣਾਉਣ ਲੱਗਾ ।

2.

ਅੱਚਲੀ ਦਰਵਾਜ਼ੇ ਅੱਗੋਂ ਰਾਮੀ ਨੱਠੀ । ਨੱਠਦੀ ਹੋਈ ਦੋ ਨਹੀਂ ਸਗੋਂ ਚਾਰ ਵਾਰ ਠੇਡੇ ਖਾ ਕੇ ਧੌਣ ਪਰਨੇ ਡਿੱਗਦੀ ਰਹੀ । ਉਸ ਦੇ ਮੂੰਹ ਤੇ ਉਹਦੀਆਂ ਨਾਸਾਂ ਵਿਚੋਂ ਲਹੂ ਵਗਣ ਲੱਗ ਪਿਆ, ਪਰ ਉਹ ਨਾ ਰੁਕੀ। ਸਿਰ ਦੀ ਚੁੰਨੀ ਦਾ ਵਿਚਾਰ ਨਾ ਰਿਹਾ। ਉਹ ਬਾਲਕਾ ਨਹੀਂ ਸਗੋਂ ਸਤਾਰਾਂ- ਅਠਾਰਾਂ ਸਾਲ ਦੀ ਮੁਟਿਆਰ ਸੀ । ਉਹ ਕਰੂਪ ਨਹੀਂ ਸਗੋਂ ਗੋਰੇ ਰੰਗ ਦੀ ਸੁੰਦਰ ਕੁੜੀ ਸੀ । ਉਹ ਮੂੰਹੋਂ ਬਹੁਤ ਕੁਝ ਬੋਲਣਾ ਚਾਹੁੰਦੀ ਸੀ, ਪਰ ਬੋਲ ਨਹੀਂ ਸੀ ਸਕਦੀ ਉਹਦੇ ਅੰਗ-ਅੰਗ ਵਿਚ ਜੋਸ਼ ਤੇ ਕਾਹਲ ਸੀ।

ਰਾਮੀਂ ਦੀ ਇਹ ਦਸ਼ਾ ਦੇਖ ਕੇ ਸ਼ਹਿਰ ਵਾਲੇ ਘਬਰਾ ਗਏ । ਉਸ ਵੇਲੇ ਹੱਟੀਆਂ ਦੇ ਬੂਹੇ ਬੰਦ ਕਰਨ ਲੱਗੇ। ‘ਜੇ ਰਾਮੀਂ ਇਸ ਦਸ਼ਾ ਵਿਚ ਘਬਰਾਈ ਹੋਈ ਨੱਠੀ ਜਾ ਰਹੀ ਹੈ ਤਾਂ ਜ਼ਰੂਰ ਕੋਈ ਅਨੋਖੀ ਤੇ ਭਿਆਨਕ ਘਟਨਾ ਵਾਪਰੀ ਹੈ । ਇਹ ਵੀ ਪ੍ਰਤੀਤ ਹੁੰਦਾ ਹੈ ਕਿ ਇਹ ਯੁੱਧ ਭੂਮੀ ਵਲੋਂ ਆ ਰਹੀ ਹੈ।’ ਸਿਆਣੇ ਹੱਟੀਆਂ ਵਾਲੇ ਇਸ ਤਰ੍ਹਾਂ ਦੇ ਵਿਚਾਰ ਕਰਨ ਲੱਗੇ । ਇਕ ਦੋਂਹ ਨੇ ਅੱਗੇ ਹੋ ਕੇ ਪੁੱਛਣ ਦਾ ਵੀ ਯਤਨ ਕੀਤਾ- ‘ਰਾਮੀਂ ! ਕੀ ਗੱਲ ਹੋਈ ! ਕੌਣ ਜਿੱਤਿਆ ? ਕਿਉਂ ਨੱਸੀ ਜਾਂਦੀ ਹੈਂ ?’ ਪਰ ਰਾਮੀਂ ਨੇ ਇਹ ਸਾਰੇ ਸਵਾਲ ਅਣਸੁਣੇ ਕਰ ਛੱਡੇ, ਉਹ ਨੱਸੀ ਗਈ, ਉਸ ਨੇ ਰਾਜ-ਮਹਿਲ ਵਿਚ ਪਹੁੰਚਣਾ ਸੀ ।

ਰਾਜ-ਮਹਿਲ ਦੀ ਪਹਿਲੀ ਡਿਉੜੀ ਵਿਚ ਪੁੱਜਣ ਸਾਰ ਰਾਮੀਂ ਫਿਰ ਸਰਦਲ ਨਾਲ ਠੇਡਾ ਖਾ ਕੇ ਮੂੰਹ ਭਾਰ ਡਿੱਗ ਪਈ ਉਹਦੇ ਮੱਥੇ ਵਿਚ ਸੱਟ ਵੱਜੀ । ਮੱਥੇ ਤੋਂ ਉੱਪਰ ਵਾਲਾਂ ਵਿਚ ਲਹੂ ਵਗਣ ਲੱਗ ਪਿਆ। ਚੰਗਾ ਹੀ ਹੋ ਗਿਆ, ਜੋ ਸਿਰ ਵਿਚ ਸੱਟ ਲੱਗੀ ਤੇ ਲਹੂ ਵਗਣ ਲੱਗਾ, ਨਹੀਂ ਤੇ ਉਸ ਨੇ ਜ਼ਰੂਰ ਪਾਗ਼ਲ ਹੋ ਜਾਣਾ ਸੀ ਜਿਸ ਘਟਨਾ ਦਾ ਉਹ ਸਨੇਹਾ ਦੇਣ ਆਈ ਸੀ ਉਹ ਘਟਨਾ ਉਹਦੇ ਵਾਸਤੇ ਅਸਹਿ ਸੀ । ਜੋਸ਼ ਨਾਲ ਧਰਤੀ ਉਤੋਂ ਉੱਠੀ ਤੇ ਮਹਿਲ ਦੇ ਵਿਹੜੇ ਵਿਚ ਜਾ ਕੇ ਉਸ ਨੇ ਉੱਚੀ ਸਾਰੀ ਚੀਕ ਮਾਰੀ, ਜਿਸ ਨਾਲ ਦਿਲ ਦੇ ਵਲਵਲੇ ਨੂੰ ਉਹ ਹਿਰਦੇ ਵਿਚ ਨੱਪੀ ਆਈ ਸੀ ਆਖ਼ਰ ਉਹ ਪ੍ਰਗਟ ਹੋ ਗਿਆ । ਉਸ ਨੇ ਯਤਨ ਤਾਂ ਬੜਾ ਕੀਤਾ ਕਿ ਉਹ ਚੀਕ ਨਾ ਮਾਰੇ, ਪਰ ਹਿਰਦੇ ਦੀ ਪੀੜਾ ਉਹ ਸਹਿ ਨਾ ਸਕੀ। ਉਸ ਦੀ ਚੀਕ ਦੇ ਨਾਲ ਹੀ ਬੋਲ ਨਿਕਲਿਆ-‘ਰਾਜਾ ਜੀ ਸ਼ਹੀਦ ਹੋ ਗਏ! ਰਾਜਾ ਜੀ ਸ਼ਹੀਦ ਹੋ ਗਏ।’

ਰਾਮੀਂ ਦੇ ਇਸ ਵਾਕ ਨੂੰ ਮਹਿਲ ਵਿਚ ਰਹਿੰਦੀਆਂ ਇਸਤਰੀਆਂ ਨੇ ਸੁਣਿਆਂ, ਮਰਦਾਂ ਤੇ ਬੱਚਿਆਂ ਨੇ ਸੁਣਿਆਂ ‘ਰਾਜਾ ਜੀ ਸ਼ਹੀਦ ਹੋ ਗਏ।’ ਸਭ ਨੇ ਇਕ ਜ਼ਬਾਨ ਆਖਿਆ :-

‘ਰਾਜਾ ਜੀ ਸ਼ਹੀਦ ਹੋ ਗਏ!’

‘ਹੈਂ ! ਰਾਜਾ ਜੀ ਸ਼ਹੀਦ ਹੋ ਗਏ ?’

‘ਹਾਂ! ਜੀ ਸ਼ਹੀਦ ਹੋ ਗਏ !’ ਰਾਮੀਂ ਦਾ ਸਭ ਨੂੰ ਉੱਤਰ ਸੀ।

ਰਾਜ-ਮਹੱਲ ਵਿਚ ਰੌਲਾ ਪੈ ਗਿਆ, ਹਰ ਪਾਸਿਓਂ ਇਹੋ ਸੱਦ ਆਉਣ ਲੱਗੀ, ‘ਰਾਜਾ ਜੀ ਸ਼ਹੀਦ ਹੋ ਗਏ। ਰਾਜਾ ਜੀ ਸ਼ਹੀਦ ਹੋ ਗਏ !’ ਕੋਈ ਕਿਸੇ ਨੂੰ ਕਹਿ ਰਿਹਾ ਸੀ ਤੇ ਕੋਈ ਕਿਸੇ ਨੂੰ, ਜੋ ਸੁਣਦਾ ਸੀ ਉਹ ਹੀ ਮਹਿਲ ਦੇ ਵਿਹੜੇ ਵਿਚ ਆ ਕੇ ਖਲੋਂਦਾ ਜਾਂਦਾ ਸੀ । ਕਈ ਰੋਂਦੇ ਸਨ ਤੇ ਕਈ ਬੇਸੁਰਤ ਹੋ-ਹੋ ਜਾਣ ਲੱਗੇ ਸਨ । ਸਾਰੇ ਰੌਲੇ ਨੂੰ ਸੁਣਕੇ ਰਾਜ-ਮਹਿਲ ਦੀ ਮਲਕਾ ਮਹਿਲ ਦੀ ਉੱਪਰਲੀ ਛੱਤ ਤੋਂ ਹੇਠਾਂ ਉਤਰੀ। ਉਸ ਨੂੰ ਦੇਖਦੇ ਸਾਰੇ ਨਰ ਨਾਰੀ ਉੱਚੀ ਰੋਣ ਲੱਗ ਪਏ । ਰਾਮੀਂ ਰੋਂਦੀ ਅੱਗੇ ਵਧੀ ਤੇ ਡਡਿਆ ਕੇ ਕਹਿਣ ਲੱਗੀ-‘ਰਾਣੀ ਜੀ ਹਨੇਰ ਹੋ ਗਿਆ! ਰਾਜਾ ਜੀ ਸ਼ਹੀਦ ਹੋ ਗਏ ! ਰਾਜਾ ਜੀ ਸ਼ਹੀਦ ਹੋ ਗਏ…. ਰਾਣੀ ਜੀ।’

ਰਾਮੀਂ ਜਿਸ ਰਾਣੀ ਨੂੰ ਦੱਸ ਰਹੀ ਸੀ ਉਹ ਸਰਦਾਰਨੀ ਸਦਾ ਕੌਰ ਸੀ । ਸਾਰੇ ਉਸ ਨੂੰ ‘ਰਾਣੀ ਜੀ’ ਆਖ ਕੇ ਉਸਦਾ ਸਤਿਕਾਰ ਕਰਦੇ ਸਨ। ਰਾਣੀ ਜੀ ਦੀ ਉਮਰ ਵਡੇਰੀ ਨਹੀਂ ਸੀ, ਮਸਾਂ ਇੱਕੀ-ਬਾਈ ਸਾਲ । ਚੜ੍ਹਦੀ ਜੁਆਨੀ ਵਿਚ ਉਹਦੇ ਚਿਹਰੇ ਦਾ ਰੰਗ ਕਸ਼ਮੀਰੀ ਸੇਆਂ ਵਾਂਗ ਲਾਲ ਸੀ । ਮਿਰਗ ਨੈਣਾਂ ਵਿਚ ਖਿੱਚ ਤੇ ਅਲੌਕਿਕ ਤੇਜ ਸੀ । ਖੁਲ੍ਹੇ ਹੱਡ-ਪੈਰ ਤੇ ਛੇ ਫ਼ੁੱਟ ਉੱਚਾ ਕੱਦ ਸੀ । ਘੁੱਟਵੇਂ ਪੌਂਚਿਆਂ ਵਾਲੀ ਤੇੜ ਸਲਵਾਰ, ਚੂੜਾ ਤੇ ਹੋਰ ਗਹਿਣੇ ਸਨ । ਹੱਥਾਂ ਦੀਆਂ ਉਂਗਲਾਂ ਵਿਚ ਛਾਪਾਂ ਤੇ ਗਲ ਹਾਰ ਸਨ । ਤਿੱਲੇ ਤੇ ਮੋਤੀ ਜੜਤ ਪੈਰੀਂ ਦੇਸੀ ਜੁੱਤੀ ਸੀ । ਐਸੀ ਹਾਲਤ ਵਿਚ ਖਲੋਤੀ ਰਾਣੀ ਜੀ ਨੇ ਆਪਣੀ ਵਫ਼ਾਦਾਰ ਦਾਸੀ ਕੋਲੋਂ ਸੁਣਿਆ-‘ਰਾਜਾ ਜੀ ਸ਼ਹੀਦ ਹੋ ਗਏ।’ ਰਾਜਾ ਜੀ ਉਸ ਦੇ ਪਤੀ ਦੇਵ ਸਰਦਾਰ ਗੁਰਬਖ਼ਸ਼ ਸਿੰਘ ਜੀ ਸਨ, ਜੋ ਦੁਸ਼ਮਣ ਨਾਲ ਯੁੱਧ ਕਰਨ ਵਾਸਤੇ ਸਵੇਰ ਦੇ ਘਰੋਂ ਗਏ ਹੋਏ ਸਨ ।

‘ਰਾਮੀਂ ! ਕੀ ਆਖਦੀ ਹੈਂ ?’ ਸਰਦਾਰਨੀ ਸ਼ੇਰਨੀ ਵਾਂਗ ਗਰਜ ਕੇ ਬੋਲੀ ।

‘ਰਾਣੀ ਜੀ! ਮੈਂ ਸੱਚ ਆਖਦੀ ਹਾਂ, ਰਾਜਾ ਜੀ ਸ਼ਹੀਦ ਹੋ ਗਏ। ਵੈਰੀ ਜਿੱਤ ਗਿਆ । ਰਾਜਾ ਜੀ ਰਣਭੂਮੀ ਵਿਚ ਧਰਤੀ ਉੱਪਰ ਡਿੱਗੇ ਪਏ ਹਨ।’ ਰਾਮੀਂ ਨੇ ਧੀਰਜ ਨਾਲ ਪੂਰੀ ਗੱਲ ਦੱਸਣ ਦਾ ਯਤਨ ਕੀਤਾ।

‘ਰਾਜਾ ਜੀ ਸ਼ਹੀਦ ਹੋ ਗਏ ਹਨ। ਫਿਰ ਸ਼ੋਰ ਕਿਉਂ ਮਚਾਇਆ ਹੈ । ਧਾਹੀਂ ਕਿਉਂ ਮਾਰੀ ਜਾ ਰਹੀਆਂ ਹਨ। ਦੱਸੋ! ਦੱਸੋ! ਕਿਉਂ ਰੋਂਦੀਆਂ ਜੇ !’ ਸਰਦਾਰਨੀ ਦੀ ਦੂਸਰੀ ਗਰਜ ਸੀ ।

‘ਅਸਾਂ ਦੇ ਰਾਜਾ ਜੀ!’ ਅਜੇ ਜੁਆਨ ਸਨ ! ਅਸਾਂ ਨੂੰ ਛੱਡ ਕੇ ਦੂਰ ਚਲੇ ਗਏ । ਅਸਾਂ ਨੂੰ ਵੱਡਾ ਸੱਲ ਲੱਗਾ!’ ਦਾਸੀਆਂ ਨੇ ਉੱਤਰ ਦਿੱਤਾ।

‘ਰੋਣਾ ਬੰਦ ਕਰੋ! ਜੋ ਯੁੱਧ ਨੂੰ ਜਾਂਦਾ ਹੈ, ਉਹ ਜ਼ਰੂਰ ਸ਼ਹੀਦ ਹੁੰਦਾ ਹੈ। ਜੋ ਸ਼ਹੀਦ ਹੁੰਦਾ ਹੈ ਉਹ ਮਰਦਾ ਨਹੀਂ। ਉਹ ਅਮਰ ਹੁੰਦਾ ਹੈ । ਰੋਈਦਾ ਉਸ ਨੂੰ ਹੈ ਜੋ ਘਰ ਬੈਠਾ ਰੋਗ ਨਾਲ ਮਰਦਾ ਹੈ ਜਾਂ ਡਰਪੋਕ ਆਤਮਘਾਤ ਕਰਦਾ ਹੈ । ਜੋ ਸੁਤੰਤਰਤਾ, ਸਵੈ ਸਤਿਕਾਰ, ਧਰਮ ਤੇ ਦੁਖੀਆਂ ਦੀ ਰਾਖੀ ਵਾਸਤੇ ਰਣਭੂਮੀ ਵਿਚ ਪ੍ਰਾਣ ਤਿਆਗਦਾ ਹੈ, ਉਹ ਤਾਂ ਸੱਚਾ ਜੀਵਨ ਪ੍ਰਾਪਤ ਕਰਦਾ ਹੈ । ਰੋ ਕੇ ਮੇਰੀ ਆਤਮਾ ਨੂੰ ਵਿਆਕੁਲ ਨ ਕਰੋ, ਸਭ ਚੁੱਪ ਹੋ ਜਾਓ!”

ਰਾਣੀ ਦੇ ਹੁਕਮ ਨੂੰ ਸਭ ਨੇ ਮੰਨਿਆ। ਜਿੰਨੀਆਂ ਦਾਸੀਆਂ ਤੇ ਸਹੇਲੀਆਂ ਸਨ, ਸਾਰੀਆਂ ਨੇ ਆਪੋ-ਆਪਣੇ ਸਿਰ ਦੇ ਲੀੜਿਆਂ ਦੇ ਪੱਲਿਆਂ ਨਾਲ ਅੱਖਾਂ ਦੇ ਅੱਥਰੂ ਸੁਕਾ ਲਏ । ਮੱਲੋ-ਮੱਲੀ ਬੁੱਲ੍ਹਾਂ ਉੱਤੇ ਮੁਸਕਰਾਹਟ ਲਿਆਉਣ ਦਾ ਯਤਨ ਕੀਤਾ। ਉਹਨਾਂ ਦੇ ‘ਰਾਜਾ ਜੀ’ ਦੀ ਤਸਵੀਰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਸੀ । “ਤੇਈ ਸਾਲ ਦੀ ਉਮਰ ਦਾ ਛੈਲ ਗੱਭਰੂ । ਨਿੱਕੀ-ਨਿੱਕੀ ਦਾਹੜੀ ਤੇ ਨਿੱਕੀਆਂ-ਨਿੱਕੀਆਂ ਕੱਕੀਆਂ ਮੁੱਛਾਂ, ਗੋਰੇ ਰੰਗ ਦਾ ਗੋਲ ਚੇਹਰਾ । ਸਵਾ ਛੇ ਫੁੱਟ ਉੱਚਾ ਜਵਾਨ, ਜਿਸ ਨੂੰ ਦੇਖਿਆਂ ਭੁੱਖਾਂ ਲੱਥਦੀਆਂ ਸਨ, ਅਜੇ ਵਿਆਹ ਹੋਏ ਨੂੰ ਮਸਾਂ ਤਿੰਨ ਸਾਲ ਹੋਏ ਸਨ, ਜੁਵਾਨੀ ਤੇ ਪਿਆਰ ਦੇ ਚਾਅ ਅਜੇ ਸੱਜਰੇ ਸਨ। ਪਰਾਕਰਮੀ ਬੀਰ ਜੇ ਇਸਤਰੀ ਨਾਲ ਪਿਆਰ ਕਰਦੇ ਹਨ ਤਾਂ ਰਣਭੂਮੀ ਦਾ ਵੀ ਸ਼ਿੰਗਾਰ ਹੁੰਦੇ ਹਨ ।

ਰਾਮੀਂ ਦੇ ਨਾਲ ਸਦਾ ਕੌਰ ਆਪਣੇ ਕਮਰੇ ਵੱਲ ਚਲੀ ਗਈ। ਉਸ ਕਮਰੇ ਵਿਚ ਪੁੱਜੀ, ਜਿਥੋਂ ਉਸਨੇ ਪਤੀ ਦੇਵ ਨੂੰ ਤਿਆਰ ਕਰਕੇ ਯੁੱਧ ਭੂਮੀ ਵੱਲ ਤੋਰਿਆ ਸੀ, ਜਿਥੇ ਉਹ ਰਾਤ ਨੂੰ ਰਿਹਾ ਕਰਦਾ ਸੀ, ਜੋ ਕਮਰਾ ਉਹਦੇ ਪਤੀ-ਪ੍ਰੇਮ ਦਾ ਮੰਦਰ ਸੀ । ਕਮਰੇ ਦੀਆਂ ਕੰਧਾਂ ਨਾਲ ਟੰਗੇ ਹੋਏ ਹਥਿਆਰਾਂ ਵੱਲ ਦੇਖਿਆ, ਉਹਨਾਂ ਵੱਲ ਦੇਖਦੀ ਹੋਈ ਉਹ ਕੁਝ ਸੋਚਦੀ ਰਹੀ । ਰਾਮੀ ਚੁੱਪ ਖਲੋਤੀ ਹੋਈ ਉਸ ਵੱਲ ਦੇਖੀ ਗਈ ਸੀ।

ਸਦਾ ਕੌਰ ਅੱਗੇ ਹੋਈ, ਇਕ ਭਾਰੀ ਤਲਵਾਰ ਨੂੰ ਚੁੱਕਿਆ । ਉਸਦੀ ਮੁੱਠ ਨੂੰ ਹੱਥ ਪਾਇਆ ਤੇ ਜ਼ੋਰ ਨਾਲ ਮਿਆਨ ਵਿਚੋਂ ਬਾਹਰ ਖਿੱਚਿਆ। ਬਿਜਲੀ ਵਤ ਚਮਕਦੀ ਹੋਈ ਤਲਵਾਰ ਅੱਖਾਂ ਝੁੰਝਲਾਉਣ ਲੱਗੀ। ਉਸਦੀ ਧਾਰ ਨੂੰ ਚੁੰਮ ਕੇ ਸਦਾ ਕੌਰ ਨੇ ਗਰਜ ਕੇ ਆਖਿਆ-“ਹੇ ਪਤੀ ਦੇਵ! ਜੇ ਇਹ ਗੱਲ ਠੀਕ ਹੈ ਕਿ ਤੁਸਾਂ ਨੇ ਸ਼ਹੀਦੀ ਪ੍ਰਾਪਤ ਕਰ ਲਈ ਹੈ ਤਾਂ ਮੈਂ ਇਸ ਸਿਰੀ ਸਾਹਿਬ ਦੀ ਤੇਜ ਧਾਰ ਨੂੰ ਚੁੰਮ ਕੇ ਸੁਗੰਧ ਖਾਂਦੀ ਹਾਂ ਕਿ ਤੁਸਾਂ ਦੇ ਖੂਨ ਦਾ ਬਦਲਾ ਵੈਰੀਆਂ ਕੋਲੋਂ ਲਵਾਂਗੀ । ਰਾਜ ਖੋਹਣ ਵਾਸਤੇ ਵੈਰੀਆਂ ਨੇ ਆਪ ਨੂੰ ਸ਼ਹੀਦ ਕੀਤਾ ਹੈ, ਰਾਜ ਭਾਗ ਉਨ੍ਹਾਂ ਕੋਲੋਂ ਖੋਹਕੇ ਦਮ ਲਵਾਂਗੀ, ਅਕਾਲ ਪੁਰਖ ਪਿਤਾ ਦੇ ਕੋਲ ਬੈਠਿਆਂ ਹੋਇਆਂ ਤੁਸਾਂ ਨੇ ਮੇਰੀ ਸਹਾਇਤਾ ਕਰਨੀ । ਦਾਸੀ ਤੁਸਾਂ ਦਾ ਪ੍ਰੇਮ, ਸਤਿਕਾਰ ਅਤੇ ਧਰਮ ਨਹੀਂ ਭੁਲੇਗੀ। ਕਲਗ਼ੀਆਂ ਵਾਲਾ ਪਿਤਾ ਮੇਰੀ ਸਹਾਇਤਾ ਕਰੇਗਾ ਮੈਨੂੰ ਹਿੰਮਤ ਬਖ਼ਸ਼ੇਗਾ।”

ਲੀੜੇ ਨੂੰ ਸਿਰ ‘ਤੇ ਕਰਕੇ ਉਪਰ ਆਪਣੇ ਪਤੀ ਦੇਵ ਦਾ ਪਰਨਾ ਬੰਨ੍ਹ ਲਿਆ। ਹੱਥ ਵਿਚ ਉਹੋ ਹੀ ਤਲਵਾਰ ਫੜ ਲਈ ਤੇ ਰਾਮੀ ਨੂੰ ਆਖਣ ਲੱਗੀ-“ਰਾਮੀ ! ਤੂੰ ਮੇਰੇ ਨਾਲ ਚੱਲ, ਬਸੰਤੀ, ਤਾਰੋ, ਧਰਮੋ ਤੇ ਕਲਿਆਣੀ ਮੇਰੀ ਪੁੱਤ੍ਰੀ ਦੀ ਦੇਖ-ਭਾਲ ਕਰਨ । ਮੇਰੇ ਤੇ ਆਪਣੇ ਵਾਸਤੇ ਘੋੜੇ ਮੰਗਵਾ। ਮੈਂ ਹੁਣੇ ਰਣਭੂਮੀ ਵਿਚ ਪੁੱਜਣਾ ਚਾਹੁੰਦੀ ਹਾਂ । ਪਤੀ ਦੇਵ ਦੇ ਪਵਿੱਤਰ ਤਨ ਨੂੰ ਰਣਭੂਮੀ ਵਿੱਚੋਂ ਮੈਂ ਆਪ ਚੁਕ ਕੇ ਲਿਆਵਾਂਗੀ।’

ਇਹ ਆਖ ਕੇ ਸਦਾ ਕੌਰ ਆਪਣੇ ਕਮਰੇ ਵਿਚੋਂ ਬਾਹਰ ਨਿਕਲੀ। ਉਹਦੇ ਚਿਹਰੇ ਉੱਤੇ ਕ੍ਰੋਧ ਦੀ ਲਾਲੀ ਸੀ । ਅੱਖਾਂ ਵਿਚ ‘ਬਦਲੇ’ ਦੀ ਜਵਾਲਾ ਚਮਕਣ ਲੱਗੀ ਸੀ । ਉਹ ਕਾਹਲੀ-ਕਾਹਲੀ ਮਹਿਲ ਦੀ ਉਪਰਲੀ ਛੱਤ ਤੋਂ ਹੇਠਾਂ ਆਈ ਤੇ ਰਾਮੀਂ ਨੂੰ ਘੋੜਿਆਂ ਵੱਲ ਭੇਜਿਆ। ਸਾਈਸ ਘੋੜੇ ਲੈ ਕੇ ਆ ਪੁੱਜੇ । ਇਕ ਘੋੜੇ ਉਤੇ ਸਦਾ ਕੌਰ ਚੜ੍ਹੀ ਤੇ ਦੂਸਰੇ ਉਪਰ ਰਾਮੀਂ, ਮਹਿਲ ਦੀ ਡਿਉੜੀ ਦਾ ਬੂਹਾ ਖੁਲ੍ਹ ਗਿਆ । ਬੂਹਾ ਖੁਲ੍ਹ ਦੇ ਸਾਰ ਦਗੜ-ਦਗੜ ਤੇ ਟੱਪ-ਟੱਪ ਕਰਦੇ ਘੋੜੇ ਬਾਜ਼ਾਰ ਦੇ ਵਿਚੋਂ ਦੀ ਅੱਚਲੀ ਦਰਵਾਜ਼ੇ ਤੋਂ ਬਾਹਰ ਹੋ ਗਏ ।

‘ਰਾਣੀ ਜੀ ਆਪ ਯੁੱਧ ਨੂੰ ਜਾ ਰਹੇ ਹਨ !’

‘ਮੈਂ ਆਪ ਗਏ ਦੇਖੇ ਹਨ।’

‘ਰਾਜਾ ਜੀ ਸ਼ਹੀਦ ਹੋ ਗਏ ।’

ਇਨ੍ਹਾਂ ਤਿੰਨਾਂ ਵਾਕਾਂ ਨੂੰ ਮੁੜ-ਮੁੜ ਬੋਲ-ਬੋਲ ਕੇ ਸ਼ਹਿਰ ਦੇ ਉਹ ਲੋਕ ਚਰਚਾ ਕਰਨ ਲੱਗੇ ਜੋ ਯੁੱਧ ਤੋਂ ਡਰਦੇ ਹੋਏ ਆਪ ਆਪਣੀ ਅੰਦਰੀਂ ਵੜੇ ਹੋਏ ਸਨ ।

ਸਦਾ ਕੌਰ ਤੇ ਰਾਮੀਂ ਨਿਰਭੈਤਾ ਤੇ ਜੋਸ਼ ਨਾਲ ਅੱਚਲ ਦੇ ਮੈਦਾਨ ਵਲ ਜਾ ਰਹੀਆਂ ਸਨ ।

3.

ਅਚੱਲ ਦਾ ਭਾਵ ਹੈ “ਨਾ ਤੁਰਨ ਵਾਲਾ ਜਾਂ ਨਾ ਮਿਟਣ ਵਾਲਾ। ” ਬਟਾਲੇ ਦੇ ਪੂਰਬ ਵੱਲ ਕੋਈ ਤਿੰਨ ਮੀਲ ਦੀ ਦੂਰੀ ਉੱਪਰ ਅੱਚਲ ਦਾ ਮੈਦਾਨ ਹੈ । ਇਸ ਮੈਦਾਨ ਵਿਚ ਇਕ ਸ਼ਿਵਜੀ ਦਾ ਪੁਰਾਣਾ ਮੰਦਰ ਹੈ, ਇਹ ਮੰਦਰ ਵੱਡੇ ਸਰੋਵਰ ਦੇ ਵਿਚਾਲੇ ਹੈ ਸ਼ਿਵਲਿੰਗ ਦੀ ਪੂਜਾ ਹੁੰਦੀ ਹੈ। ਅੱਜਕਲ੍ਹ ਸ਼ਿਵਰਾਤ੍ਰੀ ਨੂੰ ਬੜਾ ਭਾਰੀ ਮੇਲਾ ਲੱਗਦਾ ਹੈ । ਮੰਦਰ ਤੇ ਸਰੋਵਰ ਦੇ ਦੱਖਣ ਵਿਚ ਇਕ ਗੁਰਦੁਆਰਾ ਵੀ ਹੈ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਹੈ । ਮੰਦਰ ਦੇ ਸਾਹਮਣੇ ਇਕ ਥੇਹ ਹੈ । ਇਹ ਥੇਹ ਦੱਸਦਾ ਹੈ ਕਿ ਇਥੇ ਕਦੀ ਪਿੰਡ ਵੱਸਦਾ ਸੀ, ਪਰ ਕਾਲ ਚੱਕਰ ਨੇ ਉਸ ਪਿੰਡ ਨੂੰ ਢਾਹ ਕੇ ਥੇਹ ਰੂਪ ਕਰ ਦਿੱਤਾ ਸੀ । ਉਸ ਥੇਹ ਦੇ ਪੱਛਮ ਵੱਲ ਖੁਲ੍ਹੇ ਮੈਦਾਨ ਵਿਚ ਯੁੱਧ ਹੋ ਕੇ ਹਟਿਆ ਸੀ।

ਸ਼ਾਮਾਂ ਪੈ ਰਹੀਆਂ ਸਨ । ਸੂਰਜ ਅੱਗ ਦੇ ਗੋਲੇ ਦੇ ਰੂਪ ਵਿਚ ਪੱਛਮ ਦੀ ਪਾਤਾਲ ਪੁਰੀ ਵੱਲ ਜਾ ਰਿਹਾ ਸੀ ਤੇ ਹੌਲੀ-ਹੌਲੀ ਹਨੇਰਾ ਪੈਰ ਪਸਾਰ ਰਿਹਾ ਸੀ । ਇਕ ਹਨੇਰੇ ਨੂੰ ਦੇਖ ਕੇ ਦੂਸਰਾ ਇਕ ਪਾਸੇ ਦਾ ਸੈਨਾ-ਪਤੀ ਮਰਨ ਦੇ ਕਾਰਨ ਯੁੱਧ ਰੁਕ ਗਿਆ ਸੀ । ਦੋਹਾਂ ਪਾਸਿਆਂ ਦੇ ਸੂਰਮੇ ਆਪੋ ਆਪਣੇ ਜ਼ਖ਼ਮੀਆਂ ਨੂੰ ਸੰਭਾਲ ਰਹੇ ਸਨ । ਥਾਂ-ਥਾਂ ਘੋੜੇ ਤੇ ਜੁਵਾਨ ਧਰਤੀ ਉਪਰ ਲੇਟੇ ਹੋਏ ਸਨ । ਕਿਤੇ ਸਿਰ ਇਕੱਲਾ ਪਿਆ ਸੀ ਤੇ ਕਿਤੇ ਲੱਤਾਂ ਬਾਂਹਾਂ ਪਈਆਂ ਸਨ । ਕਿਸੇ ਦੀ ਮੁੱਠ ਵਿਚ ਲਹੂ ਰੰਗੀ ਤਲਵਾਰ ਸੀ ਤੇ ਆਪ ਮੂਹਦੇ ਮੂੰਹ ਧਰਤੀ ਉਤੇ ਸੁੱਤਾ ਹੋਇਆ ਸੀ । ਉਸ ਸਮੇਂ ਰਾਮੀ ਤੇ ਸਦਾ ਕੌਰ ਵੀ ਰਣਭੂਮੀ ਵਿਚ ਪਹੁੰਚੀਆਂ। ਉਸ ਭੂਮੀ ਦੀ ਭਿਆਨਕ ਝਾਕੀ ਦੇਖ ਕੇ ਰਾਮੀ ਦੇ ਤਾਂ ਹਿਵਾਸ ਗੁੰਮ ਹੋ ਗਏ । ਓਹਦਾ ਤਨ ਕੰਬ ਉਠਿਆ ਪਰ ਸਦਾ ਕੌਰ ਨਹੀਂ ਘਬਰਾਈ। ਉਹ ਘੋੜੇ ਤੋਂ ਉਤਰੀ ਤੇ ਹੌਲੀ-ਹੌਲੀ ਰਣਭੂਮੀ ਵਿਚ ਫਿਰ ਕੇ ਆਪਣੇ ਜੀਵਨ ਸਾਥੀ ਨੂੰ ਲੱਭਣ ਲੱਗੀ । ਆਪਣੀ ਫੌਜ ਦੇ ਸੈਨਿਕਾਂ ਨੂੰ ਪਛਾਣਿਆ, ਉਸ ਨੇ ਦੇਖਿਆ, ਓਹਦੀ ਫੌਜ ਦਾ ਜੇ ਇਕ ਸਿਪਾਹੀ ਸ਼ਹੀਦ ਹੋਇਆ ਸੀ ਤਾਂ ਦੂਸਰੇ ਪਾਸੇ ਦੇ ਓਥੇ ਚਾਰ ਪਏ ਸਨ । ਓਹ ਲੱਭਦੀ ਲੋਥਾਂ ਦੇ ਇਕ ਢੇਰ ਕੋਲ ਚਲੀ ਗਈ ।

ਉਸ ਢੇਰ ਦੇ ਉਪਰ ਉਹਦਾ ਜੀਵਨ ਸਾਥੀ ਪਿਆ ਸੀ । ਹੌਂਸਲੇ ਤੇ ਸ਼ਰਧਾ ਨਾਲ ਪਤੀ ਦੇਵ ਸ: ਗੁਰਬਖਸ਼ ਸਿੰਘ ਦੇ ਜ਼ਖਮੀ ਤਨ ਨੂੰ ਚੁੱਕਿਆ, ਸਿਰ ਤੋਂ ਪੈਰਾਂ ਤਕ ਦੇਖਿਆ । ਨਾ ਇਕ ਤੇ ਨਾ ਦੋ ਜ਼ਖ਼ਮ ਸਨ, ਸਗੋਂ ਚਾਲੀ ਜ਼ਖ਼ਮ ਤਲਵਾਰ ਦੇ ਸੂਰਮੇਂ ਦੇ ਤਨ ਉੱਪਰ ਸਨ । ਚਾਰ ਵਾਰ ਬੰਦੂਕ ਦੇ ਸਨ। ਵੈਰੀ ਨਾਲ ਚੰਗਾ ਮੁਕਾਬਲਾ ਕਰਕੇ ਸਿੰਘ ਸ਼ਹੀਦ ਹੋਇਆ ਸੀ। ਉਹਦਾ ਘੋੜਾ ਵੀ ਲਾਗੇ ਸ਼ਹੀਦ ਹੋਇਆ ਪਿਆ ਸੀ ।

ਸਦਾ ਕੌਰ ਦੇ ਮਿਰਗ-ਨੈਣਾਂ ਵਿਚੋਂ ਪਿਆਰ ਦੇ ਚਾਰ ਹੰਝੂ ਕਿਰੇ, ਉਹ ਹੰਝੂ ਸਰਦਾਰ ਗੁਰਬਖਸ਼ ਸਿੰਘ ਦੀਆਂ ਲਹੂ ਰੰਗੀਆਂ ਗੱਲ੍ਹਾਂ ਉੱਪਰ ਜਾ ਡਿੱਗੇ । ਆਪਣੇ ਨੈਣਾਂ ਦੇ ਹੰਝੂਆਂ ਨੂੰ ਦੇਖ ਕੇ ਸਦਾ ਕੌਰ ਡੁੱਬਕ ਪਈ। ‘ਰੋਣਾ ਨਹੀਂ ! ਪਤੀ ਦੇਵਤਾ ਸ਼ਹੀਦ ਹੋਏ ਹਨ ।’ ਇਹ ਆਖ ਕੇ ਆਪ ਹੀ ਫਿਰ-ਆਖਿਆ-‘ਇਹ ਪਿਆਰ ਤੇ ਖੁਸ਼ੀ ਦੇ ਹੰਝੂ ਹਨ। ਹੰਝੂ ਨਹੀਂ ਦਿਲ ਦੀ ਰੂਹ ਹੈ, ਜੋ ਪਤੀ ਜੀ ਆਪ ਦੇ ਨਾਲ ਮਿਲਣ ਦਾ ਯਤਨ ਕਰ ਰਹੀ ਹੈ ।’

ਸਦਾ ਕੌਰ ਨੇ ਆਪਣੇ ਪਤੀ ਦੀ ਤਲਵਾਰ, ਢਾਲ, ਬੰਦੂਕ, ਖੰਜਰ ਅਤੇ ਸੰਜੋਅ ਆਦਿਕ ਸਾਰੀਆਂ ਚੀਜ਼ਾਂ ਓਹਦੇ ਤਨ ਦੁਆਲਿਓਂ ਉਤਾਰ ਲਈਆਂ ਸਨ ।

‘ਹੇ ਪਤੀ ਦੇਵ! ਰਣਭੂਮੀ ਵਿਚ ਖਲੋਤੀ ਹੋਈ, ਤੁਸਾਂ ਦੀ ਸ਼ਹੀਦੀ ਦੀ ਸੁਗੰਧ ਖਾ ਕੇ ਆਖਦੀ ਹਾਂ-‘ਅੱਜ ਤੋਂ ਮੈਂ ਮਿਸਲ ਦੀ ਵਾਗਡੋਰ ਆਪਣੇ ਹੱਥ ਲੈ ਕੇ ਮਿਸਲ ਦੇ ਰਾਜ ਦੀ ਸੰਭਾਲ ਕਰਾਂਗੀ । ਜਿਨ੍ਹਾਂ ਨੇ ਬਿਨਾ ਕਾਰਨ ਬਟਾਲੇ ਉਪਰ ਹਮਲਾ ਕੀਤਾ ਹੈ, ਆਪ ਦੇ ਰਾਜ ਨੂੰ ਖੋਹਣ ਦਾ ਯਤਨ ਕੀਤਾ ਹੈ, ਉਹਨਾਂ ਦਾ ਰਾਜ ਮੈਂ ਖੋਹ ਕੇ ਆਪਣੇ ਰਾਜ ਨਾਲ ਸ਼ਾਮਲ ਕਰਾਂਗੀ ਤੇ ਆਪ ਦੇ ਖੂਨ ਦਾ ਬਦਲਾ ਖੂਨ ਨਾਲ ਲਵਾਂਗੀ । ਤੁਸਾਂ ਦੇ ਸਾਰੇ ਸ਼ਸਤ੍ਰ ਪਹਿਨ ਰਹੀ ਹਾਂ। ਇਹ ਸ਼ਸਤ੍ਰ ਮੇਰੀ ਜਾਨ, ਇੱਜ਼ਤ ਦੀ ਰਾਖੀ ਵੀ ਕਰਨਗੇ ਤੇ ਧਰਮ ਤੇ ਪਰਜਾ ਦੀ ਰਾਖੀ ਵੀ ਕਰਨ ਦੇ ਸਮਰੱਥ ਹੋਣਗੇ।….. ਹਾਂ ! ਮੈਂ ਇਹ ਵੀ ਆਖਦੀ ਹਾਂ ਕਿ ਸਾਰੇ ਪੰਜਾਬ ਉਤੇ ਸੁਤੰਤ੍ਰ ਤੇ ਜਥੇਬੰਦ ਖ਼ਾਲਸਾ ਕਾਇਮ ਕਰਾਂਗੀ ।’

ਜਦੋਂ ਸਦਾ ਕੌਰ ਆਪਣੇ ਪਤੀ ਦਾ ਤਲਵਾਰ ਨੂੰ ਚੁੰਮ ਦੀ ਹੋਈ ਇਸ ਤਰ੍ਹਾਂ ਘੋਰ ਪ੍ਰਤੱਗਿਆ ਕਰ ਰਹੀ ਸੀ ਉਸ ਵੇਲੇ ਓਹਦੇ ਸੌਹਰਾ ਸਾਹਿਬ ਸ: ਜੈ ਸਿੰਘ ਜੀ ਆਪਣੇ ਇਕਲੌਤੇ ਪੁਤ੍ਰ ਸ: ਗੁਰਬਖਸ਼ ਸਿੰਘ ਦੀ ਖੋਜ ਵਿਚ ਓਧਰ ਆ ਨਿਕਲੇ । ਰਾਮੀ ਤੇ ਸਦਾ ਕੌਰ ਨੂੰ ਦੇਖ ਕੇ ਹੈਰਾਨ ਹੋਏ। ਪਹਿਲਾਂ ਸਦਾ ਕੌਰ ਆਪਣੇ ਸੌਹਰੇ ਕੋਲੋਂ ਪੜਦਾ ਕਰਿਆ ਕਰਦੀ ਸੀ। ਜਿਵੇਂ ਕਿ ਸਰਦਾਰਾਂ ਦੇ ਘਰੀਂ ਰਿਵਾਜ਼ ਸੀ, ਪਰ ਉਸ ਵੇਲੇ ਉਸ ਨੇ ਪੜਦਾ ਨਹੀਂ ਕੀਤਾ । ਨੰਗੇ ਚਿਹਰੇ, ਨਿਰਭੈ ਤੇ ਅਡੋਲ ਖਲੋਤੀ ਰਹੀ।

ਸ: ਜੈ ਸਿੰਘ ਕੋਲੋਂ ਨਾ ਰਿਹਾ ਗਿਆ ਉਹ ਪੁਤ੍ਰ ਦੀ ਲੋਥ ਉੱਪਰ ਡਿੱਗ ਪਿਆ। ਉਸਦੀ ਧਾਹ ਨਿਕਲ ਗਈ । ਧਾਹ ਦੇ ਨਾਲ ਉਸਦੀ ਜ਼ਬਾਨੋਂ ਬੜੇ ਦੁੱਖ ਨਾਲ ਇਹ ਬੋਲ ਨਿਕਲਿਆ-‘ਮੇਰੇ ਬਹਾਦਰ ਸਪੁਤ੍ਰ ! ਮੈਂ ਬੁੱਢਾ ਹੋ ਗਿਆ ਹਾਂ, ਹੁਣ ਮਿਸਲ ਦੀ ਸਰਦਾਰੀ ਕੌਣ ਸੰਭਾਲੇਗਾ? ਕੀ ਕਨ੍ਹੀਆ ਮਿਸਲ ਦਾ ਅੰਤ ਹੋ ਜਾਵੇਗਾ? ਇਸ ਰਾਜ ਭਾਗ ਨੂੰ ਦੁਸ਼ਮਣ ਸਾਂਭ ਲੈਣਗੇ ? ਪੁਤ੍ਰ ! ਮੈਨੂੰ ਕੋਈ ਸਨੇਹਾ ਤਾਂ ਦੇ ਜਾਂਦੋਂ !’

‘ਪਿਤਾ ਜੀ !’ ਸਦਾ ਕੌਰ ਬੋਲੀ । ‘ਵਿਰੜੇ ਕਰਨ ਦੀ ਲੋੜ ਨਹੀਂ। ਅੱਜ ਤੋਂ ਮੈਂ ਆਪ ਦੀ ਪੁੱਤ੍ਰੀ ਇਕ ਪੁੱਤ੍ਰ ਰੂਪ ਵਿਚ ਪ੍ਰਗਟ ਹੋਵਾਂਗੀ। ਕਨ੍ਹੀਆ ਮਿਸਲ ਦੀ ਸਰਦਾਰੀ ਮੈਂ ਸੰਭਲਾਂਗੀ, ਜੋ ਕੋਈ ਇਸ ਮਿਸਲ ਦੇ ਰਾਜ ਵੱਲ ਅੱਖ ਕਰੇਗਾ, ਉਸ ਦੀ ਅੱਖ ਕੱਢ ਸੁਟਾਂਗੀ । ਵਾਹਿਗੁਰੂ ਦੇ ਭਾਣੇ ਨੂੰ ਮੰਨੋਂ, ਅਫਸੋਸ ਇਸ ਗੱਲ ਦਾ ਹੈ ਕਿ ਜਿਥੇ ਮੈਂ ਤੁਰਕ ਅਤੇ ਪ੍ਰਦੇਸੀ ਨਾਲ ਲੜਨਾ ਸੀ, ਓਥੇ ਮੈਨੂੰ ਆਪਣੇ ਭੁਲੜ ਵੀਰਾਂ ਨਾਲ ਲੜਨਾ ਪਵੇਗਾ । ਸਿੰਘ ਨੂੰ ਸਿੰਘ ਉੱਪਰ ਹੱਥ ਨਹੀਂ ਸੀ ਚੁੱਕਣਾ ਚਾਹੀਦਾ। ਸਿੰਘਾਂ ਦੇ ਆਪਸ ਦੇ ਯੁੱਧਾਂ ਦਾ ਅੰਤ ਕਰਨਾ ਪਵੇਗਾ।’

ਸ: ਜੈ ਸਿੰਘ ਨੇ ਸਦਾ ਕੌਰ ਦੇ ਚਿਹਰੇ ਵੱਲ ਦੇਖਿਆ ਉਸ ਨੇ ਪਹਿਲਾਂ ਕਦੀ ਉਹਦੇ ਚਿਹਰੇ ਵੱਲ ਨਹੀਂ ਸੀ ਤੱਕਿਆ ਕਿਉਂ ਕਿ ਸਹੁਰਾ ਲੱਗਦਾ ਸੀ । ਸਮਾਜ ਦੇ ਰਿਵਾਜ ਅਨੁਸਾਰ ਨੂੰਹ-ਸਹੁਰਾ ਨਾ ਇਕ ਦੂਸਰੇ ਵੱਲ ਦੇਖਦੇ ਤੇ ਨਾ ਜ਼ਬਾਨ ਸਾਂਝੀ ਕਰਦੇ ਸਨ । ਸਦਾ ਕੌਰ ਦਾ ਚਿਹਰਾ ਸ: ਜੈ ਸਿੰਘ ਨੂੰ ਇਕ ਬਲਵਾਨ ਆਤਮਾ ਵਾਲੀ ਦੇਵੀ ਦਾ ਚਿਹਰਾ ਪ੍ਰਤੀਤ ਹੋਇਆ । ਉਸ ਨੇ ਉੱਤਰ ਦਿੱਤਾ-‘ਹੱਛਾ ਪੁੱਤ੍ਰੀ! ਜੋ ਅਕਾਲ ਪੁਰਖੁ ਨੂੰ ਮਨਜ਼ੂਰ ਹੈ ਸੋ ਚੰਗਾ ਹੈ । ਅਕਾਲ ਪੁਰਖੁ ਤੈਨੂੰ ਬਲ ਬਖਸ਼ੇ ਜੋ ਤੂੰ ਧਰਮ, ਸ੍ਵੈ-ਸਤਿਕਾਰ ਤੇ ਖ਼ਾਲਸਾ ਰਾਜ ਬਦਲੇ ਕੁਝ ਕਰ ਸਕੇਂ । ਮਿਸਲ ਦੀ ਫੌਜ ਦੇ ਸਾਰੇ ਜਵਾਨ ਤੇਰੀ ਆਗਿਆ ਦਾ ਪਾਲਣ ਕਰਨਗੇ ।’

ਸ: ਗੁਰਬਖਸ਼ ਸਿੰਘ ਦੀ ਦੇਹ ਨੂੰ ਪਾਲਕੀ ਵਿਚ ਰੱਖਿਆ ਜਵਾਨ ਪਾਲਕੀ ਚੁੱਕ ਤੁਰ ਪਏ । ਸਦਾ ਕੌਰ, ਰਾਮੀ, ਸ: ਜੈ ਸਿੰਘ ਤੇ ਹੋਰ ਜੁਆਨ ਘੋੜਿਆਂ ਉੱਤੇ ਸਵਾਰ ਪਾਲਕੀ ਦੇ ਨਾਲ ਹੋ ਤੁਰੇ । ਉਸ ਵੇਲੇ ਸੂਰਜ ਅਲੋਪ ਹੋ ਚੁੱਕਾ ਸੀ । ਚਾਰ-ਚੁਫੇਰੇ ਹਨੇਰਾ ਹੀ ਹਨੇਰਾ ਸੀ। ਹਨੇਰੇ ਵਿਚ ਸਾਰੇ ਤੁਰੇ ਜਾਂਦੇ ਸਨ । ਘੋੜਿਆਂ ਦੇ ਸੁੰਬਾਂ ਦੀ ਟੱਪ-ਟੱਪ ਦੂਰ ਤਕ ਸੁਣਾਈ ਦੇਂਦੀ ਸੀ । ਸਾਰੇ ਚੁੱਪ-ਚਾਪ ਪਾਲਕੀ ਦੇ ਨਾਲ-ਨਾਲ ਜਾ ਰਹੇ ਸਨ।

4.

ਜ਼ਿਲ੍ਹਾ ਲਾਹੌਰ ਵਿਚ ਲਾਹੌਰ-ਕਸੂਰ ਵਾਲੀ ਸੜਕ ਦੇ ਉਪਰ ਸਰਦਾਰੀ ਪਿੰਡ ਕਾਹਨਾ ਹੈ । ਏਥੋਂ ਦੇ ਸ: ਖੁਸ਼ਹਾਲ ਸਿੰਘ ਹੋਏ ਹਨ। ਖੁਸ਼ਹਾਲ ਸਿੰਘ ਦੇ ਤਿੰਨ ਸਪੁਤ੍ਰ ਸਨ, ਸੰਘਾ ਸਿੰਘ, ਝੰਡਾ ਸਿੰਘ ਤੇ ਜੈ ਸਿੰਘ । ਸ: ਜੈ ਸਿੰਘ ਸਭ ਤੋਂ ਛੋਟਾ ਸੀ।

ਸ: ਜੈ ਸਿੰਘ ਸਵਾ ਛੇ ਫੁੱਟ ਕੱਦ ਵਾਲਾ ਸੁੰਦਰ ਜੁਵਾਨ ਸੀ । ਸੁੰਦਰ, ਬਹਾਦਰ ਤੇ ਅਕਲਵੰਦ ਹੋਣ ਕਰਕੇ ਸਾਰੇ ਉਸ ਨੂੰ ‘ਕ੍ਰਿਸ਼ਨ-ਕਨੀਆ’ ਆਖ ਕੇ ਬੁਲਾਇਆ ਕਰਦੇ ਸਨ। ਇਸ ਕਰਕੇ ਅੱਲ ‘ਘਨੱਯਾ (ਘਨੱਈਆ) ਪੈ ਗਈ । ਪਿੰਡ ਵੀ ਕਾਹਨਾ ਹੋਣ ਕਰਕੇ ਘਨੱਯਾ ਕਾਹਨੇ ਦਾ ਰਹਿਣ ਵਾਲਾ ਵੀ ਆਖਿਆ ਜਾਂਦਾ ਸੀ । ਜਦੋਂ ਮਿਸਲਾਂ ਕਾਇਮ ਹੋਈਆਂ ਤਾਂ ਸ: ਜੈ ਸਿੰਘ ਦੀ ਮਿਸਲ ਦਾ ਨਾਮ ਮਿਸਲ ਘਨੱਈਆ ਪੈ ਗਈ ।

ਸ: ਜੈ ਸਿੰਘ ਨੇ ਸ: ਕਪੂਰ ਸਿੰਘ ਜੀ ਪਾਸੋਂ ਅੰਮ੍ਰਿਤਪਾਨ ਕੀਤਾ ਸੀ। ਜਵਾਨੀ ਵੇਲੇ ਦਲ ਖਾਲਸੇ ਵਿਚ ਰਹਿ ਕੇ ਬਹਾਦਰੀ ਦੇ ਬਹੁਤ ਜੌਹਰ ਦਿਖਾਏ ਸਨ । ਚਾਰ ਸੌ ਸੁਵਾਰਾਂ ਨੂੰ ਨਾਲ ਲੈ ਕੇ ਆਪਣੇ ਸਹੁਰੇ ਸੋਹੀਆਂ ਪਿੰਡ ਵਿਚ ਆ ਰਿਹਾ ਸੀ।

ਸੋਹੀਆਂ, ਜ਼ਿਲ੍ਹਾ ਅੰਮ੍ਰਿਤਸਰ ਵਿਚ ਕਸਬਾ ਮਜੀਠਾ ਦੇ ਲਾਗੇ ਹੈ। ਸੋਹੀਆਂ ਦੇ ਚੌਗਿਰਦੇ ਦੇ ਸਾਰੇ ਪਿੰਡਾਂ ਨੂੰ ਮੱਲ ਕੇ ਆਪਣਾ ਰਾਜ ਕਾਇਮ ਕਰ ਲਿਆ। ਹੌਲੀ-ਹੌਲੀ ਰਾਜ ਨੂੰ ਐਨਾ ਵਧਾਇਆ ਕਿ ਬਟਾਲਾ, ਪਠਾਨਕੋਟ, ਮੁਕੇਰੀਆਂ ਆਦਿਕ ਦਰਿਆ ਰਾਵੀ ਤੇ ਬਿਆਸਾ ਦੇ ਵਿਚਾਲੇ ਦੇ ਸਾਰੇ ਇਲਾਕੇ ਉੱਪਰ ਕਬਜ਼ਾ ਕਰ ਲਿਆ। ਬਟਾਲਾ ਪਹਿਲਾਂ ਸ: ਜੱਸਾ ਸਿੰਘ ਰਾਮਗੜ੍ਹੀਆ ਕੋਲ ਸੀ ।

ਸੰਨ ੧੭੮੪ ਈ: ਵਿਚ ਸ: ਜੱਸਾ ਸਿੰਘ ਰਾਮਗੜ੍ਹੀਏ, ਸੰਸਾਰ ਚੰਦ ਕਟੋਚੀਏ ਤੇ ਸ: ਮਹਾਂ ਸਿੰਘ ਸ਼ੁਕਰਚੱਕੀਏ ਨੇ ਰਲ ਕੇ ਅੱਚਲ ਦੇ ਮੈਦਾਨ ਵਿਚ ਸ: ਜੈ ਸਿੰਘ ਦੀ ਫੌਜ ਨਾਲ ਯੁੱਧ ਕੀਤਾ । ਛੇ ਘੰਟੇ ਦੇ ਮੈਦਾਨ ਯੁੱਧ ਵਿਚ ਸ: ਜੈ ਸਿੰਘ ਦਾ ਸਪੁੱਤ੍ਰ ਸ: ਗੁਰਬਖਸ਼ ਸਿੰਘ ਸ਼ਹੀਦ ਹੋ ਗਿਆ। ਸ: ਗੁਰਬਖਸ਼ ਸਿੰਘ ਦੀ ਸ਼ਹੀਦੀ ਪਿਛੋਂ ਯੁੱਧ ਰੁਕ ਗਿਆ । ਸ: ਜੱਸਾ ਸਿੰਘ ਤੇ ਸੰਸਾਰ ਚੰਦ ਕਟੋਚੀਏ ਨੇ ਪਠਾਨਕੋਟ ਆਦਿਕ ਦੇ ਇਲਾਕੇ ਉਪਰ ਕਬਜ਼ਾ ਕਰ ਲਿਆ ਤੇ ਸ: ਜੈ ਸਿੰਘ ਕੋਲ ਬਟਾਲਾ ਤੇ ਸੋਹੀਆਂ ਰਹਿ ਗਈਆਂ । ਇਲਾਕੇ ਦੇ ਖੁੱਸਣ ‘ਤੇ ਸ: ਗੁਰਬਖਸ਼ ਸਿੰਘ ਦੇ ਵਿਛੋੜੇ ਦਾ ਉਹਨਾਂ ਨੂੰ ਵੱਡਾ ਦੁੱਖ ਸੀ ।

ਸ: ਜੈ ਸਿੰਘ ਦੇ ਭਾਵੇਂ ਦੋ ਪੁੱਤ੍ਰ ਹੋਰ ਸਨ, ਨਿਧਾਨ ਸਿੰਘ ਤੇ ਧਿਆਨ ਸਿੰਘ-ਪਰ ਉਹ ਵਿਚਕਾਰਲੇ ਲੜਕੇ ਗੁਰਬਖਸ਼ ਸਿੰਘ ਨਾਲ ਬਹੁਤ ਪਿਆਰ ਕਰਦਾ ਸੀ । ਸ਼ਹੀਦੀ ਵੇਲੇ ਸ: ਗੁਰਬਖਸ਼ ਸਿੰਘ ਦੀ ਉਮਰ ੨੫ ਸਾਲ ਦੀ ਸੀ । (ਉਹਨਾਂ ਦਾ ਜਨਮ ੧੭੫੯ ਈ:) ਵਿਚ ਹੋਇਆ ਅਤੇ ਉਹ ਸਰਦਾਰ ਦਸੌਂਧਾ ਸਿੰਘ ਦੀ ਬੇਟੀ ਸਦਾ ਕੌਰ ਨਾਲ ਵਿਆਹਿਆ ਹੋਇਆ ਸੀ । ਸਦਾ ਕੌਰ ਦਾ ਜਨਮ ਸੰਨ ੧੭੬੨ ਈ: ਵਿਚ ਹੋਇਆ। ਸੀ ਤੇ ਸ: ਗੁਰਬਖਸ਼ ਸਿੰਘ ਜੀ ਦੀ ਸ਼ਹੀਦੀ ਵੇਲੇ ਉਹ ਬਾਈ ਸਾਲ ਦੀ मी ।

ਅੱਚਲ ਦੀ ਲੜਾਈ ਦੇ ਪਿਛੋਂ ਜੈ ਸਿੰਘ ਕੋਲ ਸੁਜਾਨ ਪੁਰ ਤੇ ਸੋਹੀਆਂ ਦੇ ਚੌਗਿਰਦੇ ਪਿੰਡ ਬਟਾਲਾ ਰਹਿ ਗਏ ਸਨ। ਇਸ ਹਾਰ ਨੇ ਉਹਦੇ ਮਨ ਉਤੇ ਬਹੁਤ ਭਾਰੀ ਸੱਟ ਮਾਰੀ ਸੀ । ਇਕ ਉਮਰ ਵਡੇਰੀ, ਦੂਸਰਾ ਪੁੱਤ੍ਰ ਦਾ ਵਿਜੋਗ ਤੇ ਤੀਸਰਾ ਤਕੜੇ ਦੁਸ਼ਮਣਾਂ ਨਾਲ ਮੱਥਾ ਅਤੇ ਚੌਥਾ ਕੋਈ ਹੋਣਹਾਰ ਪੁੱਤਰ ਨਹੀਂ ਸੀ ਜੋ ਮਿਸਲ ਦੀ ਸਰਦਾਰੀ ਦੀ ਵਾਂਗ-ਡੋਰ ਸੰਭਾਲ ਲੈਂਦਾ । ਬਟਾਲਾ ਸ਼ਹਿਰ ਤੇ ਬਟਾਲੇ ਦਾ ਰਾਜ-ਭਵਨ ਉਸਨੂੰ ਡਰਾਉਣਾ ਲੱਗ ਰਿਹਾ ਸੀ। ਇਕ ਦਿਨ ਦੁਪਹਿਰ ਦੇ ਵੇਲੇ ਸ: ਜੈ ਸਿੰਘ ਵੱਡੀ ਹਵੇਲੀ ਦੇ ਦੀਵਾਨ ਨਖ਼ਾਨੇ ਵਿਚ ਇਕੱਲਾ ਟਹਿਲ ਰਿਹਾ ਸੀ । ਉਸ ਦੇ ਮਨ ਨੂੰ ਕਈ ਤਰ੍ਹਾਂ ਦੇ ਵਿਚਾਰਾਂ ਨੇ ਘੇਰਿਆ ਹੋਇਆ ਸੀ । ਉਹ ਆਸਣਾਂ ਤੇ ਪਲੰਘਾਂ ਉਪਰ ਬੈਠਣ ਦੀ ਥਾਂ ਹੌਲੀ-ਹੌਲੀ ਦੀਵਾਨਖਾਨੇ ਵਿਚ ਫਿਰ ਰਿਹਾ ਸੀ । ਉਹਦੀਆਂ ਅੱਖਾਂ ਕਦੀ ਕੰਧਾਂ ਨਾਲ ਟੰਗੇ ਸ਼ਸਤ੍ਰਾਂ ਉਪਰ ਗੱਡੀਆਂ ਰਹਿੰਦੀਆਂ ਸਨ ਤੇ ਕਦੀ ਆਪ ਹੀ ਨੀਵੀਆਂ ਹੋ ਕੇ ਦੀਵਾਨ ਖ਼ਾਨੇ ਨੂੰ ਦੇਖਣ ਲੱਗ ਪੈਂਦੀਆਂ ਸਨ ।

“ਸਮੇਂ ਨੇ ਮੈਨੂੰ ਧੋਖਾ ਦਿੱਤਾ!”

ਸ: ਜੈ ਸਿੰਘ ਦੀ ਜ਼ਬਾਨੋਂ ਆਪ-ਮੁਹਰੇ ਇਹ ਸ਼ਬਦ ਨਿਕਲੇ । “ਜੇ ਮੇਰਾ ਪੁੱਤ੍ਰ ਸ਼ਹੀਦ ਨਾ ਹੁੰਦਾ ਤਾਂ ਇਹ ਹਾਰ ਮੈਨੂੰ ਹਾਰ ਅਨੁਭਵ ਨਹੀਂ ਸੀ ਹੋਣੀ । ਹੁਣ ਮੈਂ ਖੁੱਸਿਆ ਰਾਜ ਕਿਵੇਂ ਮੁੜ ਕੇ ਪ੍ਰਾਪਤ ਕਰ ਸਕਦਾ गं?”

ਪਿਛਲਾ ਵਾਕ ਅਜੇ ਅੱਧਾ ਬੁੱਲ੍ਹਾਂ ਉੱਪਰ ਹੀ ਸੀ ਕਿ ਸ: ਜੈ ਸਿੰਘ ਦੇ ਕੰਨਾਂ ਨੇ ਸੁਣਿਆ-“ਖੁੱਸਿਆ ਰਾਜ ਛੇਤੀ ਹੀ ਮੁੜ ਪ੍ਰਾਪਤ ਹੋਵੇਗਾ। ਜੋ ਹਿੰਮਤ ਕਰਦੇ ਹਨ ਰਾਜ ਤੇ ਪਰਤਾਪ ਉਹਨਾਂ ਦੇ ਪਿੱਛੇ ਨੱਠਾ ਆਉਂਦਾ चै।”

ਸ: ਜੈ ਸਿੰਘ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਦੀਵਾਨ ਖ਼ਾਨੇ ਦੇ ਬੂਹੇ ਵਿਚ ਸਦਾ ਕੌਰ ਖਲੋਤੀ ਸੀ । ਉਸਨੂੰ ਸਿਰ ਤੋਂ ਪੈਰਾਂ ਤਕ ਦੇਖ ਕੇ ਸ: ਜੈ ਸਿੰਘ ਦੋ ਕਦਮ ਪਿੱਛੇ ਹਟ ਗਿਆ, ਉਹ ਅੱਖਾਂ ਮਲ੍ਹਣ ਲੱਗਾ। ਉਹਨੂੰ ਸ਼ੱਕ ਪੈ ਗਿਆ ਕਿਤੇ ਉਸਦੇ ਸ਼ਹੀਦ ਹੋਏ ਪੁੱਤਰ ਦਾ ਬੁਤ ਤਾਂ ਉਹਦੇ ਦੀਵਾਨਖ਼ਾਨੇ ਵਿਚ ਨਹੀਂ ਆ ਪੁੱਜਿਆ। ਹੋਰ ਪਿੱਛੇ ਹੱਟਕੇ ਕੰਧ ਨਾਲ ਢੋਹ ਲਾ ਕੇ ਖਲੋ ਗਿਆ। ਕੰਧ ਨਾਲ ਲੱਗ ਕੇ ਖਲੋਤਾ ਹੋਇਆ ਬੋਲਿਆ- “ਕੌਣ ! ਸਦਾ ਕੌਰ ?”

“ਹਾਂ ਪਿਤਾ ਜੀ! ਮੈਂ ਸਦਾ ਕੌਰ!”

ਸਦਾ ਕੌਰ ਨੇ ਅੱਗੋਂ ਉੱਤਰ ਦਿੱਤਾ ।

“ਬੇਟੀ ਇਹ ਕੀ ?”

“ਮੈਂ ਤਿੰਨ ਸੌ ਸਵਾਰਾਂ ਨੂੰ ਨਾਲ ਲੈ ਕੇ ਆਪਣੇ ਰਾਜ ਦੇ ਪਿੰਡਾਂ ਦਾ ਦੌਰਾ ਕਰਨ ਚੱਲੀ ਹਾਂ। ਜੋ ਮਾੜੇ ਪੁਰਸ਼, ਚੋਰ ਤੇ ਡਾਕੂ, ਪਰਜਾ ਨੂੰ ਦੁਖੀ ਕਰਦੇ ਹਨ, ਉਹਨਾਂ ਨੂੰ ਮੈਂ ਡੰਨ ਦੇਵਾਂਗੀ ।”

“ਇਹ ਪਹਿਰਾਵਾ?”

“ਐਸੇ ਲਿਬਾਸ ਦੀ ਲੋੜ ਹੈ । ਸੈਨਾ ਦੇ ਸਰਦਾਰ ਨੂੰ ਐਸੇ ਲੀੜੇ ਹੀ ਫਬਦੇ ਹਨ।” ਇਹ ਆਖਕੇ ਸਦਾ ਕੌਰ ਨੇ ਆਪਣੇ ਆਪ ਵੱਲ ਦੇਖਿਆ, ਉਸਨੇ ਮਰਾਦਾਵਾਂ ਲਿਬਾਸ ਕੀਤਾ ਹੋਇਆ ਸੀ । ਲੱਕ ਨਾਲ ਕਮਰ ਕੱਸਾ ਕੀਤਾ ਹੋਇਆ ਸੀ ਤੇ ਕਮਰ ਕੱਸੇ ਵਿਚ ਅੜੇ ਸਨ ਛੋਟੇ ਹਥਿਆਰ; ਹੱਥ ਵਿਚ ਤੇਗ ਸੀ। ਸਿਰ ਦੇ ਵਾਲ ਪਿੱਛੇ ਸੁੱਟ ਕੇ ਚਾਦਰ ਦੇ ਉਪਰ ਦੀ ਦਸਤਾਰ ਬੰਨ੍ਹੀ ਹੋਈ ਸੀ । ਉਹ ਇਕ ਸਿਆਣਾ ਘੋੜ ਸਵਾਰ ਪ੍ਰਤੀਤ ਹੋ ਰਹੀ ਸੀ। ਉਹ ਦੇ ਚਿਹਰੇ ਉਪਰ ਲਾਲੀਆਂ ਭੱਖਦੀਆਂ ਸਨ । ਅੱਖਾਂ ਵਿਚ ਕ੍ਰੋਧ ਤੇ ਬਲ ਦੀ ਚਮਕ ਸੀ । ਬੁੱਲ੍ਹਾਂ ਉਪਰ ਗੰਭੀਰਤਾ ਅਤੇ ਸਰੀਰ ਵਿਚ ਅਥਾਹ ਜੋਸ਼ ਸੀ । ਬਲਵਾਨ ਆਤਮਾ ਸਵੈ-ਸਤਿਕਾਰ ਦੀ ਅਣਖ ਅਤੇ ਵੈਰੀ ਉੱਪਰ ਫ਼ਤਹ ਪਾਉਣ ਦੀ ਤੜਫ ਸੀ । ‘ਕਲਗੀਆਂ ਵਾਲਾ ਪਿਤਾ ਮੈਨੂੰ ਹਿੰਮਤ ਬਖਸ਼ੇ, ਮੈਂ ਵੈਰੀਆਂ ਕੋਲੋਂ ਆਪਣੇ ਪਤੀ ਦੇ ਖੂਨ ਦਾ ਬਦਲਾ ਵੀ ਲਵਾਂਗੀ ਤੇ ਖੁੱਸਿਆ ਹੋਇਆ ਰਾਜ ਵੀ ਮੁੜ ਕੇ ਪ੍ਰਾਪਤ ਕਰਾਂਗੀ। ਮੇਰੇ ਹਿਰਦੇ ਦੀ ਉਮੰਗ ਪੂਰੀ ਹੋ ਕੇ ਰਹੇਗੀ।’ ਸਦਾ ਕੌਰ ਨੇ ਆਖਿਆ ।

‘ਅਕਾਲ ਪੁਰਖੁ ਤੇਰੀ ਸਹਾਇਤਾ ਕਰੇ, ਪਰ….. !’ ਸ: ਜੈ ਸਿੰਘ ਪੂਰੀ ਗੱਲ ਨ ਕਰ ਸਕਿਆ!

‘ਪਰ ਕੀ ਪਿਤਾ ਜੀ ? ਰੁਕ ਕਿਉਂ ਗਏ ? ਮਨੋਭਾਵਾਂ ਨੂੰ ਪ੍ਰਗਟ ਕਰੋ ।’

‘ਬੇਟੀ ! ਠੀਕ ਹੈ ਤੂੰ ਇਕ ਬਹਾਦਰ ਬਾਪ ਦੀ ਬੇਟੀ ਤੇ ਮਹਾਂਬਲੀ ਯੋਧੇ ਦੀ ਪਤਨੀ ਅਤੇ ਜੈ ਸਿੰਘ ਦੀ ਨੂੰਹ ਹੈਂ । ਤੇਰੇ ਹਿਰਦੇ ਅਤੇ ਲਹੂ ਵਿਚ ਹਿੰਮਤ, ਦ੍ਰਿੜ੍ਹ ਵਿਸ਼ਵਾਸ ਅਤੇ ਪਵਿਤ੍ਰ ਅਣਖ ਦਾ ਜੋਸ਼ ਹੈ, ਪਰ ਹੈਂ ਤੂੰ ਇਕ ਅਬਲਾ ਨਾਰੀ ।’

‘ਅਬਲਾ ਨਹੀਂ ਸਬਲਾ, ਨਾਰੀ ਨਹੀਂ ਸਿੰਘਣੀ, ਵਾਹਿਗੁਰੂ ਮੇਰੇ ‘ਤੇ ਦਇਆ ਕਰੇ, ਸਤਿਗੁਰੂ ਜੀ ਅੰਗ ਸੰਗ ਸਹਾਈ ਹੋਣ ਮੈਂ ਸਿੰਘ-ਰੂਪ ਹੋ ਕੇ ਵੈਰੀ ਉਪਰ ਫਤਿਹ ਪਾਵਾਂਗੀ । ਨੀਤੀ ਧਰਮ ਤੇ ਅਕਲ ਨਾਲ ਰਾਜ ਪ੍ਰਬੰਧ ਸੰਭਾਲਾਂਗੀ । ਗੁਰੂ ਤੇ ਕਰਤਾਰ ਤੋਂ ਬਿਨਾਂ ਮੈਂ ਕਿਸੇ ਪੁਰਖ ਕੋਲੋਂ ਨਹੀਂ ਡਰਦੀ, ਸਤੀ ਸੀਤਾ ਦੀ ਤਰ੍ਹਾਂ ਮੇਰਾ ਧਰਮ ਤੇ ਸਤਯ ਮੇਰੀ ਰਾਖੀ ਕਰੇਗਾ, ਮੈਨੂੰ ਅਸ਼ੀਰਵਾਦ ਬਖਸ਼ੋ ਮੈਂ ਆਪਣੇ ਰਾਜ ਦੀਆਂ ਹੱਦਾਂ ਦੇਖ ਕੇ ਆਵਾਂ ।’

‘ਬੇਟੀ ! ਬੈਠ ਜਾ ! ਤੇਰੇ ਨਾਲ ਮੈਂ ਹੋਰ ਵੀ ਵਿਚਾਰ ਕਰਨੀ ਹੈ। ਇਸ ਜਗਤ ਰੂਪੀ ਸਾਗਰ ਵਿਚ ਨਿਰਾਸਤਾ ਦੇ ਜੁਵਾਰ ਭਾਟਿਆਂ ਨਾਲ ਮੇਰੀ ਜੀਵਨ ਬੇੜੀ ਡੋਲ ਰਹੀ ਸੀ । ਪਰ ਤੇਰੇ ਉਤਸ਼ਾਹ ਭਰੇ ਬੋਲਾਂ ਨੇ ਡੋਲ · ਰਹੀ ਬੇੜੀ ਨੂੰ ਆਸਰਾ ਦਿੱਤਾ ਹੈ । ਮੈਂ ਅਨੁਭਵ ਕਰ ਰਿਹਾ ਹਾਂ ਕਿ ਮੇਰੇ ਰਾਜ ਤੇ ਮੇਰੇ ਪ੍ਰਤਾਪ ਨੂੰ ਸੰਭਾਲ ਲਵੇਂਗੀ, ਕਿੰਨਾ ਚੰਗਾ ਹੁੰਦਾ ਕਿ ਤੇਰਾ ਜੀਵਨ ਸਾਥੀ ਤੇਰੇ ਨਾਲ ਰਹਿੰਦਾ। ਹੱਛਾ! ਕਰਤਾਰ ਦਾ ਭਾਣਾ ਮੰਨਣਾ ਹੀ ਪੈਂਦਾ ਹੈ।……ਹਾਂ, ਮੈਂ ਸੋਚ ਰਿਹਾ ਹਾਂ ਕਿ ਮੇਰੇ ਜੀਵਨ ਦਾ ਅੰਤ ਨੇੜੇ ਆ ਪੁੱਜਾ ਹੈ। ਮੈਂ ਸਾਲ ਸਵਾ ਸਾਲ ਦਾ ਪ੍ਰਾਹੁਣਾ ਹਾਂ । ਤੇਰੇ ਕੋਲ ਹਿੰਮਤ, ਜਵਾਨੀ ਧਰਮ, ਚੰਗਾ ਸਦਾਚਾਰ, ਸਮਝ ਤੇ ਨੀਤੀ ਸਭ ਕੁਝ ਹੈ, ਫਿਰ ਵੀ ਮੈਂ ਤੇਰੇ ਜੀਵਨ ਵਿਚ ਇਕ ਘਾਟਾ ਅਨੁਭਵ ਕਰ ਰਿਹਾ ਹਾਂ। ਜੋ ਅੱਜ ਮੇਰੇ ਵੈਰੀ ਬਣੇ ਹਨ, ਉਹਨਾਂ ਨੂੰ ਵੈਰੀ ਬਣਨਾ ਨਹੀਂ ਸੀ ਚਾਹੀਦਾ। ਪਰ ਸੁਵਾਰਥ ਨੇ ਸਾਰਿਆਂ ਦੇ ਦਿਲ-ਦਿਮਾਗ਼ ਉਤੇ ਪੂਰਨ ਕਬਜ਼ਾ ਕਰ ਲਿਆ ਹੈ। ਸਿੱਖੀ ਨਿਸ਼ਾਨੇ ਤੋਂ ਉਖੜ ਗਏ ਹਨ। ਅੱਜ ਪੁੱਤ੍ਰ ਦੀ ਸ਼ਹੀਦੀ ਤੇ ਮੈਨੂੰ ਸਮਝ ਲੱਗੀ ਕਿ ਮੈਂ ਭੁੱਲ ਕੀਤੀ ਸੀ, ਮੇਰਾ ਨਿਸ਼ਾਨਾ ਸੀ ‘ਸਿੱਖ ਧਰਮ ਦਾ ਵਾਧਾ ਤੇ ਖ਼ਾਲਸਾ ਰਾਜ ਨੂੰ ਕਾਇਮ ਕਰਨਾ ।’ ਸਿੰਘ ਨਾਲ ਸਿੰਘ ਨੂੰ ਲੜਨਾ ਨਹੀਂ ਸੀ ਚਾਹੀਦਾ । ਪਰ ਅੱਜ ਮੈਂ ਕੁਝ ਨਹੀਂ ਕਰ ਸਕਦਾ। ਬੁਢਾਪੇ ਤੇ ਪੁੱਤ ਦੇ ਵਿਛੋੜੇ ਨੇ ਮੇਰਾ ਲੱਕ ਤੋੜ ਦਿੱਤਾ ਹੈ।

ਜਿਉਂ-ਜਿਉਂ ਸ: ਜੈ ਸਿੰਘ ਜੀਵਨ ਦੇ ਭਾਵਾਂ ਨੂੰ ਪ੍ਰਗਟ ਕਰੀ ਗਏ, ਤਿਉਂ-ਤਿਉਂ ਸਦਾ ਕੌਰ ਦਾ ਲਹੂ ਖੌਲਦਾ ਗਿਆ । ਓਹਦਾ ਹਿਰਦਾ ਜ਼ੋਸ਼ ਨਾਲ ਧੜਕਣ ਲੱਗਾ ਤੇ ਤਨ ਥਰ ਥਰਾਉਣ ਲੱਗਾ। ਉਸ ਨੇ ਬਿਜਲੀ ਵਰਗੀ ਕਾਹਲੀ ਸੱਜੇ ਹੱਥ ਨਾਲ ਮਿਆਨ ਵਿਚੋਂ ਤੇਗ਼ ਖਿੱਚੀ, ਉਹ ਤਲਵਾਰ ਸ਼ੀਸ਼ੇ ਵਾਂਗ ਸਾਫ ਤੇ ਚਮਕੀਲੀ ਸੀ । ਉਸ ਨੂੰ ਚੁੰਮਦੀ ਹੋਈ ਸਦਾ ਕੌਰ ਜੋਸ਼ ਨਾਲ ਥਰਥਰਾਂਦੀ ਜ਼ਬਾਨ ਨਾਲ ਕਹਿਣ ਲੱਗੀ-‘ਪਿਤਾ ਜੀ! ਇਸ ਪਤੀ ਦੇਵ ਦੀ ਤੇਗ਼ ਨੂੰ ਚੁੰਮ ਕੇ ਪ੍ਰਤੱਗਿਆ ਕਰਦੀ ਹਾਂ ਨਿੱਕੀਆਂ ਨਿੱਕੀਆਂ ਰਿਆਸਤਾਂ ਦਾ ਅੰਤ ਕਰਕੇ ਕਲਗੀਧਰ ਪਿਤਾ ਦੇ ਨਿਸ਼ਾਨੇ ਵਾਲਾ ਮਜ਼ਬੂਤ ਤੇ ਜਥੇਬੰਦ ‘ਖ਼ਾਲਸਾ ਰਾਜ’ ਕਾਇਮ ਕਰਾਂਗੀ, ਉਸ ਰਾਜ ਵਿਚ ਕੋਈ ਭੁੱਖਾ ਤੇ ਨੰਗਾ ਨਹੀਂ ਰਹੇਗਾ, ਉਹ ਧਰਮ ਦਾ ਰਾਜ ਹੋਵੇਗਾ । ਪੰਜਾਂ ਦਰਿਆਵਾਂ ਦੀ ਪਵਿਤ੍ਰ ਭੂਮੀ ਉਤੇ ਮਲੇਸ਼ ਹਮਲਾ ਨਹੀਂ ਕਰ ਸਕਣਗੇ । ਕਲਗ਼ੀਆਂ ਵਾਲਾ ਪਿਤਾ ਮੇਰੀ ਸਹਾਇਤਾ ਕਰੇ, ਮੇਰੇ ਪਤੀ ਦੇਵਤਾ ਦੀ ਅਮਰ ਆਤਮਾਂ ਹਰ ਘੜੀ ਮੇਰੇ ਸਾਥ ਰਹੇ, ਆਪ ਜੈਸੇ ਬਜ਼ੁਰਗਾਂ ਦੀਆਂ ਅਸੀਸਾਂ ਤੇ ਨੇਕ ਸਲਾਹੀਂ ਮੈਨੂੰ ਸਿੱਧੇ ਰਾਹ ਤੁਰੀ ਜਾਣ ਦੀ ਰੌਸ਼ਨੀ ਬਖਸ਼ਣ । ਤਲਵਾਰ ਤੇ ਬੰਦੂਕ ਮੇਰੀ ਰਾਖੀ ਕਰਨ।….. ਮੈਂ ਅਕਾਲ ਪੁਰਖੁ ਨੂੰ ਹਾਜ਼ਰ-ਨਾਜ਼ਰ ਜਾਣ ਕੇ ਪ੍ਰਤੱਗਿਆ ਕਰਦੀ ਹਾਂ। ਕਿ ਆਪ ਦੀ ਨੂੰਹ ਕਦੀ ਐਸਾ ਮਾੜਾ ਕਰਮ ਨਹੀਂ ਕਰੇਗੀ, ਜਿਸ ਨਾਲ ਆਪ ਦਾ ਇਤਿਹਾਸਕ ਖਾਨਦਾਨ ਬਦਨਾਮ ਹੋਵੇ । ਮੈਂ ਜਨਮ ਤੋਂ ਨਾਰੀ ਹਾਂ, ਨਾਰੀ ਦਾ ਹੱਠ ਸੰਸਾਰ ਵਿਚ ਪ੍ਰਸਿੱਧ ਹੈ। ਪਰਬਤ ਚੀਰੇ ਜਾ ਸਕਦੇ ਹਨ, ਸਾਗਰ ਸੁੱਕ ਸਕਦੇ ਹਨ, ਚੰਦ ਤੇ ਸੂਰਜ ਉਦੈ-ਅਸਤ ਹੋਣ ਤੋਂ ਰੁਕ ਸਕਦੇ ਹਨ, ਪਰ ਇਕ ਸਿੰਘਣੀ ਆਪਣੀ ਕੀਤੀ ਪ੍ਰਤੱਗਿਆ ਤੋਂ ਜੀਊਂਦੇ ਜੀ ਫਿਰ ਨਹੀਂ ਸਕਦੀ । ਜਗਤ ਉਸ ਨੂੰ ਝੂਠੀ ਨਹੀਂ ਆਖ ਸਕਦਾ, ਮੇਰੇ ਤੇ ਭਰੋਸਾ ਕਰੋ ।’

ਇਸ ਘੋਰ ਪ੍ਰਤੱਗਿਆ ਦੇ ਕਰਨ ਸਮੇਂ ਸਦਾ ਕੌਰ ਦਾ ਚੇਹਰਾ ਲਾਲ ਹੋ ਗਿਆ ਸੀ । ਅੱਖਾਂ ਵਿਚੋਂ ਜੋਸ਼, ਧਰਮ, ਪਵਿੱਤ੍ਰਤਾ ਦੀਆਂ ਕਿਰਨਾਂ ਪ੍ਰਗਟ ਹੋ ਰਹੀਆਂ ਸਨ। ਓਹ ਚੰਡੀ ਦਾ ਰੂਪ ਪ੍ਰਤੀਤ ਹੁੰਦੀ ਸੀ।

‘ਸਤਿਗੁਰੂ ਤੇਰੀ ਸਹਾਇਤਾ ਕਰੇ, ਤੇਰੇ ਮਨ ਦੀਆਂ ਮੁਰਾਦਾਂ ਪੂਰੀਆਂ ਹੋਣ ।’ ਸ: ਜੈ ਸਿੰਘ ਦੀ ਅਸੀਸ ਸੀ।

ਤੇਗ਼ ਮੁੜ ਕੇ ਮਿਆਨ ਵਿਚ ਪਾ ਦਿੱਤੀ । ਧਰਮੀ ਪਿਤਾ ਸ: ਜੈ ਸਿੰਘ ਦੇ ਚਰਨਾਂ ਵਿਚ ਬੀਰ-ਆਸਣ ਬੈਠਕ ਸਦਾ ਕੌਰ ਨੇ ਪ੍ਰਤੱਗਿਆ ਕੀਤੀ ਸੀ । ਦੇਸ਼ ਤੇ ਸਮਾਜ ਦੇ ਰਿਵਾਜ ਅਨੁਸਾਰ ਉਸਨੇ ਆਪਣੇ ਸੌਹਰੇ ਦੇ ਚਰਨਾਂ ਉਪਰ ਮੱਥਾ ਟੇਕਿਆ। ਮੱਥਾ ਟੇਕਦਿਆਂ ਹੋਇਆਂ ਉਸ ਨੇ ਇਕ ਹੋਰ ਪ੍ਰਤੱਗਿਆ ਕੀਤੀ-‘ਮੇਰਾ ਇਹ ਸਿਰ ਜੋ ਧਰਮੀ ਪਿਤਾ ਦੇ ਚਰਨਾਂ ਉਪਰ ਝੁਕ ਰਿਹਾ ਹੈ ਕਿਸੇ ਵੈਰੀ ਅਤੇ ਓਪਰੇ ਮਰਦ ਦੇ ਚਰਨਾਂ ਵਿਚ ਕਦੀ ਨਹੀਂ ਝੁਕੇਗਾ ।’

“ਸ਼ਾਬਾਸ਼ ਪੁੱਤ੍ਰੀ! ਹੁਣ ਮੇਰੀ ਧੌਣ ਆਕੜੀ ਰਹੇਗੀ ਮੇਰਾ ਲੱਕ ਸਿੱਧਾ ਰਹੇਗਾ। ਅੱਜ ਮੈਂ ਪੁੱਤਰ ਦੇ ਵਿਜੋਗ ਦਾ ਦੁੱਖ ਭੁਲ ਰਿਹਾ ਹਾਂ। ਜਾਹ! ਆਪਣੇ ਰਾਜ ਦੀਆਂ ਹੱਦਾਂ ਨੂੰ ਦੇਖ ! ਦੂਰ ਖਲੋ ਕੇ ਬਟਾਲੇ ਦੀਆਂ ਉੱਚੀਆਂ ਅਟਾਰੀਆਂ ਨੂੰ ਤੱਕ ਜਿਨ੍ਹਾਂ ਨੂੰ ਛੱਡ ਕੇ ਆਏ ਹਾਂ ਤੇ ਮੁੜ ਉਹਨਾਂ ਅਟਾਰੀਆਂ ਵਿਚ ਸ਼ਾਨ ਨਾਲ ਜਾਣਾ ਹੈ ਸੁਜਾਨਪੁਰ ਤੋਂ ਪਠਾਨਕੋਟ ਦੀਆਂ ਤੇ ਕਾਂਗੜੇ ਦੀਆਂ ਪਹਾੜੀਆਂ ਨੂੰ ਦੇਖੀਂ ਜਿਨ੍ਹਾਂ ਦੀਆਂ ਚੋਟੀਆਂ ਉਪਰ ਖ਼ਾਲਸਾਈ ਝੰਡੇ ਨੂੰ ਲਹਿਰਾਉਣਾ ਹੈ। ਰਾਵੀ ਦੇ ਪਾਰ ਜੰਮੂ ਤੇ ਕਸ਼ਮੀਰ ਵਲ ਤੱਕੀਂ ਜਿਥੇ ਤੇਰਾ ਸ਼ਾਹੀ ਸਵਾਗਤ ਕੀਤਾ ਜਾਣਾ ਹੈ । ਜੈ ਸਿੰਘ ਅੱਖੀਂ ਕੁਝ ਨਹੀਂ ਦੇਖੇਗਾ, ਪਰ ਜੈ ਸਿੰਘ ਦੀ ਰੂਹ ਖ਼ਾਲਸਾ ਰਾਜ ਵਿਚ ਵਿਚਰਦੀ ਰਹੇਗੀ ।’

ਸਦਾ ਕੌਰ ਦੇ ਸਿਰ ਉਪਰ ਹੱਥ ਰੱਖ ਕੇ ਸ: ਜੈ ਸਿੰਘ ਨੇ ਆਪਣੀ ਸੈਨਾ ਦਾ ਸੈਨਾਪਤੀ ਸਦਾ ਕੌਰ ਨੂੰ ਮੁਕੱਰਰ ਕੀਤਾ । ‘ਅੱਜ ਤੋਂ ਮੇਰੀ ਸੈਨਾ ਦੀ ਤੂੰ ਸਰਦਾਰ ਹੋਈ, ਅਕਾਲ ਪੁਰਖੁ ਸਹਾਈ ਹੋਵੇ ।’

5.

ਸਦਾ ਕੌਰ ਦਾ ਜਨਮ ਸੰਨ ੧੭੬੨ ਈ: ਵਿਚ ਹੋਇਆ ਸੀ। ਆਪ ਦੇ ਪਿਤਾ ਜੀ ਦਾ ਨਾਮ ਸ: ਦਸਵੰਧਾ ਸਿੰਘ ਸੀ ਤੇ ਉਹਨਾਂ ਦੀ ਗੋਤ ਅਲਕੋਲ ਜੱਟ ਸੀ । ਸਰਦਾਰ ਸਾਹਿਬ ਖ਼ਾਲਸਾ ਦਲ ਦੇ ਸਿਆਣੇ ਤੇ ਬਹਾਦਰ ਮੁਖੀ ਸੈਨਿਕਾਂ ਦੇ ਸਿੱਦਕੀ ਸਿੱਖਾਂ ਵਿੱਚੋਂ ਇਕ ਸਨ । ਸ: ਜੈ ਸਿੰਘ ਜੀ ਨਾਲ ਆਪ ਦੀ ਮਿੱਤ੍ਰਤਾ ਸੀ, ਓਹੋ ਮਿੱਤ੍ਰਤਾ ਕੁੜਮਾਚਾਰੀ ਦਾ ਰੂਪ ਧਾਰਨ ਕਰ ਗਈ ।

ਸਦਾ ਕੌਰ ਜਨਮ ਤੋਂ ਹੀ ਇਕ ਹੋਣਹਾਰ ਕੰਨਿਆਂ ਸੀ । ਬਚਪਨ ਵਿਚ ਹੀ ਆਪ ਨੇ ਗੁਰਮੁਖੀ ਪੜ੍ਹੀ ਤੇ ਆਪਣੀ ਮਾਤਾ ਪਾਸੋਂ ਚੰਗੇ ਗੁਣਾਂ ਦੀ ਸਿਖਿਆ ਪ੍ਰਾਪਤ ਕੀਤੀ । ਬੱਚੇ ਵਾਸਤੇ ਮਾਂ-ਬਾਪ ਦੀ ਸੰਗਤ ਬੱਚਿਆਂ ਵਾਸਤੇ ਇਕ ਸਕੂਲ ਹੈ। ਇਸ ਸਕੂਲ ਵਿਚੋਂ ਬੱਚੇ ਨੂੰ ਰਹਿਣੀ-ਬਹਿਣੀ ਸਦਾਚਾਰ, ਪਿਆਰ ਤੇ ਦਲੇਰੀ ਆਦਿਕ ਚੰਗੇ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ । ‘ਜੈਸੀ ਕੋਕੋ ਤੈਸੇ ਬੱਚੇ’ ਇਹ ਆਮ ਅਖੌਤ ਹੈ । ਸੱਚ ਹੈ ਜੇ ਮਾਂ ਬਾਪ ਮਾੜੇ, ਝੂਠੇ ਅਤੇ ਅਸ਼ੁਭ ਗੁਣਾਂ ਵਾਲੇ ਹੋਣ ਤਾਂ ਬੱਚਾ ਵੀ ਜੀਵਨ-ਹੀਣ ਕਪਟੀ, ਨਿਰਬਲ ਤੇ ਦੁਰਾਚਾਰੀ ਹੋਵੇਗਾ । ਮਾਂ-ਬਾਪ ਦੀਆਂ ਜੀਵਨ ਹਰਕਤਾਂ ਤੋਂ ਬੱਚਾ ਬਹੁਤੀ ਸਿਖਿਆ ਲੈਂਦਾ ਹੈ।

ਜਦੋਂ ਸਦਾ ਕੌਰ ਬਾਰ੍ਹਾ ਕੁ ਸਾਲਾਂ ਦੀ ਉਮਰ ਵਿਚ ਪੁੱਜੀ ਤਾਂ ਧਾਰਮਿਕ ਵਿਦਿਆ ਦੇ ਨਾਲ-ਨਾਲ ਆਪ ਨੂੰ ਸ਼ਸਤ੍ਰ ਵਿਦਿਆ ਦਾ ਵੀ ਗਿਆਨ ਕਰਾਇਆ ਗਿਆ । ਸ਼ਸਤ੍ਰਾਂ ਦੀ ਵਰਤੋਂ, ਉਹਨਾਂ ਦੀ ਸਾਂਭ ਅਤੇ ਉਨ੍ਹਾਂ ਦੇ ਸਤਿਕਾਰ ਨੂੰ ਸਮਝ ਗਈ। ਉਸ ਵੇਲੇ ਦੇ ਸਿੰਘਾਂ ਦੇ ਬੱਚੇ (ਭੁਯੰਗੀ ਤੇ ਭੁਯੰਗਣਾਂ) ਬਹੁਤ ਦਲੇਰ ਹੁੰਦੇ ਸਨ । ਗੁਰਮਤਿ ਦੀ ਚੰਗੀ ਸਿਖਿਆ ਦੇ ਕਾਰਨ ਉਹਨਾਂ ਨੂੰ ਮੌਤ ਕੋਲੋਂ ਵੀ ਭੈ ਨਹੀਂ ਸੀ ਆਉਂਦਾ। ਮੌਤ, ਇਕੱਲਤਾ ਤੇ ਦੁਸ਼ਮਣ ਨਾਲ ਸਦਾ ਖੇਡਦੇ ਰਹਿੰਦੇ ਸਨ। ਹੋਰ ਬੱਚਿਆਂ ਵਾਂਗ ਸਦਾ ਕੌਰ ਨੇ ਘੋੜੇ ਉਤੇ ਸੁਵਾਰੀ ਕਰਨ ਦਾ ਅਭਿਆਸ ਕੀਤਾ। ਦਸ-ਦਸ ਕੋਹ ਤਕ ਘੋੜੇ ਨੂੰ ਸਿਰ ਤੋੜ ਭਜਾਈ ਚਲੀ ਜਾਂਦੀ ਸੀ । ਸ਼ਸਤ੍ਰਾਂ ਤੇ ਘੋੜ-ਸਵਾਰੀ ਦੇ ਅਭਿਆਸ ਦੇ ਕਾਰਨ ਸਰੀਰਕ ਅਰੋਗਤਾ ਬਹੁਤ ਪ੍ਰਾਪਤ ਹੋਈ । ਸਰੀਰ ਦਾ ਹਰ ਇੱਕ ਅੰਗ ਸਡੌਲ, ਮਜ਼ਬੂਤ ਤੇ ਸੁੰਦਰ ਬਣ ਗਿਆ ਸੀ ।

ਸੋਲ੍ਹਾਂ ਸਾਲ ਦੀ ਆਯੂ ਵਿਚ ਸਦਾ ਕੌਰ ਪੂਰੀ ਸੁੰਦਰ ਤੇ ਜੁਵਾਨ ਮੁਟਿਆਰ ਹੋ ਗਈ । ਖੁੱਲ੍ਹੀ ਹਵਾ, ਪਵਿੱਤ੍ਰ ਤੇ ਅਚਿੰਤਕ ਜੀਵਨ, ਚੰਗੀ ਖੁਲ੍ਹੀ ਖੁਰਾਕ, ਗੁਰਮਤਿ ਤੇ ਗੁਰ-ਇਤਿਹਾਸ ਦੀ ਸਿੱਖੀਆ ਅਤੇ ਨੇਕ, ਧਰਮੀ, ਸਤਿਆਵਾਦੀ ਬਹਾਦਰ ਮਾਂ-ਬਾਪ ਦੀ ਸੰਗਤ ਦੇ ਕਾਰਨ ਉਹ ਦੇਵ ਲੋਕ ਦੀਆਂ ਅਪੱਛਰਾਂ ਵਾਂਗ ਸੁੰਦਰ ਨਿਕਲੀ । ਚਿਹਰੇ ਦਾ ਨੂਰ, ਅੱਖਾਂ ਦੀ ਚਮਕ ਅਤੇ ਮੱਥੇ ਦੀ ਡਲ੍ਹਕ ਝੱਲੀ ਨਹੀਂ ਸੀ ਜਾਂਦੀ ।

ਸਦਾ ਕੌਰ ਦੀ ਸੁੰਦਰਤਾ, ਸੁਚੱਜਤਾ, ਸੁੱਘੜਤਾ ਅਤੇ ਦਲੇਰੀ ਦੀ ਚਰਚਾ ਸਾਰੇ ਹੀ ਸਿੱਖ ਸਰਦਾਰਾਂ ਦੇ ਘਰੀਂ ਹੋਣ ਲੱਗੀ। ਸਰਦਾਰ ਜੈ ਸਿੰਘ ਨੇ ਜਦੋਂ ਚਰਚਾ ਸੁਣੀ ਤਾਂ ਉਹਨਾਂ ਨੇ ਸ: ਦਸੌਂਧਾ ਸਿੰਘ ਨੂੰ ਆਪਣੇ ਕੋਲ ਸੱਦਿਆ ਤੇ ਆਪਣੇ ਪੁੱਤਰ ਸ: ਗੁਰਬਖਸ਼ ਸਿੰਘ ਵਾਸਤੇ ਸਦਾ ਕੌਰ ਦਾ ਸਾਕ ਮੰਗਿਆ। ਸਰਦਾਰ ਦਸੌਂਧਾ ਸਿੰਘ ਨਾਂਹ ਨਾ ਕਰ ਸਕਿਆ। ਉਸਨੇ ਇਹ ਮੰਗ ਬੜੀ ਪ੍ਰਸੰਨਤਾ ਨਾਲ ਪ੍ਰਵਾਨ ਕਰ ਲਈ ।

ਸ: ਜੈ ਸਿੰਘ ਦੇ ਸਪੁਤ੍ਰ ਗੁਰਬਖਸ਼ ਸਿੰਘ ਦਾ ਜਨਮ ਸੰਨ ੧੭੫੯ ਈ: ਵਿਚ ਹੋਇਆ ਸੀ । ਵਿਆਹ ਦੇ ਵੇਲੇ ਉਹਨਾਂ ਦੀ ਆਯੂ ਉੱਨੀ ਕੁ ਸਾਲ ਸੀ। ਜੇਕਰ ਅੱਚਲ ਦੇ ਮੈਦਾਨ ਵਿਚ ਸ਼ਹੀਦ ਨਾ ਹੋ ਜਾਂਦੇ ਤਾਂ ਜ਼ਰੂਰੀ ਸੀ ਕਿ ਅਠਾਰ੍ਹਵੀਂ ਸਦੀ ਦੇ ਚੋਣਵੇਂ ਬਹਾਦਰਾਂ ਵਿਚ ਗਿਣੇ ਤੇ ਜਾਣੇ ਜਾਂਦੇ ਪਰ ਹੋਣੀ ਨੇ ਉਨ੍ਹਾਂ ਨੂੰ ਉੱਠਦੀ ਜਵਾਨੀ ਵਿਚ ਹੀ ਬੋਚ ਲਿਆ ਜਿਸ ਵੇਲੇ ਆਪ ਦੀ ਸ਼ਹੀਦੀ ਹੋਈ ਤਦੋਂ ਆਪ ਦੀ ਉਮਰ ੨੫ ਸਾਲ ਸੀ।

ਵਿਆਹ ਦੇ ਪਿਛੋਂ ਸਦਾ ਕੌਰ ਤੇ ਗੁਰਬਖਸ਼ ਸਿੰਘ ਦਾ ‘ਪਤਨੀ- ਪਤੀ’ ਦੇ ਸੰਜੋਗ ਕਾਰਨ ਬਹੁਤ ਪਿਆਰ ਹੋ ਗਿਆ । ਦੋਵੇਂ ਮੂਰਤੀਆਂ ਇਕ ਜੋਤ ਹੋ ਕੇ ਰਹਿਣ ਲੱਗੀਆਂ । ਕੁਦਰਤ ਨੇ ਸਦਾ ਕੌਰ ਦੀ ਗੋਦ ਹਰੀ ਕੀਤੀ । ਆਪਦੀ ਕੁੱਖੋਂ ਇਕ ਕੰਨਿਆਂ ਨੇ ਜਨਮ ਲਿਆ। ਉਸ ਕੰਨਿਆਂ ਦਾ ਨਾਮ ਮਹਿਤਾਬ ਕੌਰ ਰੱਖਿਆ। ਸੱਚ-ਮੁੱਚ ਹੀ ਉਹ ਮਹਿਤਾਬ (ਦੀਵੇ ਦੀ ਰੋਸ਼ਨੀ) ਸੀ। ਉਸ ਕੰਨਿਆਂ ਨੂੰ ਖਲੌਂਦੇ ਤੇ ਹਸੌਂਦੇ ਹੋਏ ਜੀਵਨ ਮੌਜਾਂ ਮਾਣ ਰਹੇ ਸਨ ਕਿ ਅੱਚਲ ਦੇ ਮੈਦਾਨ ਵਾਲੀ ਲੜਾਈ ਹੋ ਪਈ। ਉਸ ਲੜਾਈ ਨੇ ਸੰਨ ੧੭੮੪ ਈ: ਵਿਚ ਦੋਹਾਂ ਨੂੰ ਸਦਾ ਵਾਸਤੇ ਇਕ ਦੂਸਰੇ ਕੋਲੋਂ ਦੂਰ ਕਰ ਦਿੱਤਾ ।

ਪਤੀ ਦੇਵ ਦੀ ਸ਼ਹੀਦੀ ਦੇ ਸਮੇਂ ਸਦਾ ਕੌਰ ਦੇ ਹਿਰਦੇ ਵਿਚ ਸਤੀ ਹੋਣ ਦਾ ਵਲਵਲਾ ਉਤਪੰਤ ਨਹੀਂ ਸੀ ਹੋਇਆ। ਉਸ ਨੇ ਪਤੀ ਦੇ ਵਿਛੋੜੇ ਨੂੰ ਬਹੁਤ ਬੁਰੀ ਤਰ੍ਹਾਂ ਅਨੁਭਵ ਕੀਤਾ। ਜੀਵਨ ਦੀਆਂ ਕਈਆਂ ਖੁਸ਼ੀਆਂ ਦਾ ਅੰਤ ਹੋ ਗਿਆ ਸਮਝਿਆ, ਪਰ ਆਪਣੀ ਪੁਤ੍ਰੀ ਮਹਿਤਾਬ ਕੌਰ ਅਤੇ ਆਪਣੇ ਸਹੁਰੇ ਸ: ਜੈ ਸਿੰਘ ਜੀ ਦੇ ਜੀਵਨ ਬਦਲੇ ਉਸ ਨੇ ਆਪ ਜੀਉਂਦੀ ਰਹਿਣਾ ਚੰਗਾ ਜਾਤਾ। ਪਤੀ ਦੇ ਸ਼ਸਤ੍ਰ ਤੇ ਪਤੀ ਦੇਵ ਦੇ ਮਰਦਾਨੇ ਬਸਤ੍ਰ ਧਾਰਨ ਕਰਕੇ ਪ੍ਰਤੱਗਿਆ ਕੀਤੀ-‘ਪਤੀ ਦੇਵ ਦੇ ਨਾਮ ਨੂੰ ਜੱਗ ਵਿਚ ‘ਰੌਸ਼ਨ ਕਰਾਂਗੀ। ਖ਼ਾਲਸਾ ਰਾਜ ਕਾਇਮ ਕਰਾਂਗੀ ਤੇ ਖ਼ਾਲਸਾ ਪੰਥ ਦੇ ਦੁਸ਼ਮਣਾਂ ਦਾ ਅੰਤ ਕਰਾਂਗੀ । ਕਲਗੀਆਂ ਵਾਲੇ ਦਸਮੇਸ਼ ਪਿਤਾ ਮੇਰੇ ਸਿਰ ਉਪਰ ਹੱਥ ਰੱਖ ਕੇ ਮੇਰੇ ਕੋਲੋਂ ਉਹ ਕੰਮ ਕਰਾਉਣ ਜੋ ਦੇਸ਼, ਧਰਮ, ਸਮਾਜ ਅਤੇ ਮਨੁੱਖਤਾ ਦੇ ਭਲੇ ਵਾਸਤੇ ਸ਼ੁਭ ਹਨ। ਅਕਾਲ ਪੁਰਖੁ ਦਾ ਆਸਰਾ ਲੈ ਕੇ ਮੈਂ ਇਸਤ੍ਰੀ ਨੇ ਸਿੰਘਣੀ ਰੂਪ ਧਾਰਨ ਕਰਕੇ ਤਲਵਾਰ ਤੇ ਢਾਲ ਹੱਥ ਫੜੀ ਹੈ।’ ਇਸ ਪ੍ਰਤੱਗਿਆ ਨੂੰ ਉਸ ਨੇ ਅਰਦਾਸ ਰੂਪ ਵਿਚ ਕੀਤਾ ਸੀ । ਨਿਰਮਲ ਆਤਮਾ ਦੀ ਅਰਦਾਸ ਅਕਾਲ ਪੁਰਖੁ ਤਕ ਪਹੁੰਚ ਜਾਂਦੀ ਹੈ । ਅਰਦਾਸ ਨੂੰ ਸੁਣ ਕੇ ਅਕਾਲ ਪੁਰਖੁ ਜ਼ਰੂਰ ਸਹਾਈ ਹੁੰਦੇ ਹਨ।

ਸਦਾ ਕੌਰ ਨੇ ਆਪਣੇ ਧਰਮੀ ਸੌਹਰੇ ਸ: ਜੈ ਸਿੰਘ ਨੂੰ ਹੌਂਸਲਾ ਦਿੱਤਾ। ਉਹਨਾਂ ਕੋਲੋਂ ਆਗਿਆ ਲੈ ਕੇ ਆਪਣੇ ਛੋਟੇ ਜਿਹੇ ਰਾਜ ਦਾ ਦੌਰਾ ਕਰਨ ਵਾਸਤੇ ਰਾਜ ਭਵਨ ਵਿਚੋਂ ਨਿਕਲੀ ਉਸਦੇ ਨਾਲ ਤਿੰਨ ਸੌ ਜੁਵਾਨ ਸਨ । ਉਹ ਜੁਵਾਨ ਜੋ ਦੁਸ਼ਮਣਾਂ, ਚੋਰਾਂ ਦੁਰਾਚਾਰੀਆਂ, ਲਾਲਚੀਆਂ ਵਾਸਤੇ ਕਾਲ ਦਾ ਰੂਪ ਸਨ ।

ਸਦਾ ਕੌਰ ਘੋੜੇ ਉਪਰ ਸਵਾਰ ਇਕ ਮਹਾਂ ਚੰਡਕਾ ਦਾ ਰੂਪ ਜਾਪਦੀ ਸੀ। ਓਹਦੇ ਸੱਜੇ ਪਾਸੇ ਸ: ਦਲ ਸਿੰਘ ਦਾ ਘੋੜਾ ਸੀ ਤੇ ਖੱਬੇ ਪਾਸੇ ਰਾਮੀ ਦਾ ਘੋੜਾ, ਸ: ਦਲ ਸਿੰਘ ਦੇ ਹੱਥ ਵਿਚ ਖਾਲਸਾਈ ਨਿਸ਼ਾਨ ਸੀ। ਨਿੱਕੇ ਨਗਰਾਂ ਦੇ ਵਿਚ ਦੀ ਲੰਘੀ ਜਾਂਦੇ ਸਨ ਤੇ ਵੱਡੇ ਨਗਰਾਂ ਵਿਚ ਡੇਰਾ ਕਰਕੇ ਪਰਜਾ ਦੇ ਦੁੱਖ ਸੁਖ ਦੀ ਕਹਾਣੀ ਸੁਣਦੇ ਸਨ । ਜੋ ਨਿਆਏ ਦੀ ਮੰਗ ਕੀਤੀ, ਉਸ ਨੂੰ ਨਿਆਏ ਬਖਸ਼ਿਆ, ਜਿਸ ਨੇ ਭੁੱਖ ਤੇ ਨੰਗ ਦੇ ਕੀਰਨੇ ਪਾਏ, ਉਸ ਨੂੰ ਅੰਨ੍ਹ ਤੇ ਕੱਪੜਾ ਦਿੱਤਾ । ਜਿਨ੍ਹਾਂ ਨਗਰਾਂ ਦੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਸਨ। ਉਹਨਾਂ ਨਗਰਾਂ ਦੇ ਕਿਸਾਨਾਂ ਦਾ ਮਾਮਲਾ ਮੁਆਫ਼ ਕਰ ਦਿੱਤਾ । ਚੌਰਾਂ ਤੇ ਡਾਕੂਆਂ ਨੂੰ ਫੜ ਕੇ ਸਜ਼ਾਵਾਂ ਦਿੱਤੀਆਂ । ਸਦਾ ਕੌਰ ਦੇ ਨਿਆਏ ਨੂੰ ਦੇਖ ਕੇ ਪਰਜਾ ਬਹੁਤ ਪ੍ਰਸੰਨ ਹੋਈ। ਪੰਜਾਂ ਦਿਨਾਂ ਵਿਚ ਸਾਰੇ ਰਾਜ ਦਾ ਦੌਰਾ ਖਤਮ ਕਰਕੇ ਵਾਪਸ ਮੁੜ ਆਏ ਹਨ

ਸ: ਜੈ ਸਿੰਘ ਨੇ ਇਕ ਫੌਜੀ ਮੇਲਾ ਕੀਤਾ। ਉਸ ਮੇਲੇ ਉਤੇ ਫੌਜ ਤੇ ਸ਼ਹਿਰੀ ਖੇਡਾਂ ਦੇ ਕਰਾਉਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ। ਆਪਣੇ ਰਾਜ ਵਿਚੋਂ ਉਹਨਾਂ ਗੱਭਰੂਆਂ ਨੂੰ ਸੱਦਾ ਦਿੱਤਾ, ਜੋ ਦੌੜਨ, ਘੁਲਣ, ਘੋੜ- ਸਵਾਰੀ ਵਿਚ, ਕਬੱਡੀ, ਸੌਂਚੀ ਤਲਵਾਰ ਚਲਾਉਣ ਦੀ ਖੇਡ ਅਤੇ ਨੇਜ਼ਾਬਾਜੀ ਆਦਿਕ ਵਿਚ ਨਿਪੁੰਨ ਸਨ । ਇਹ ਮੇਲਾ ਦੋ ਦਿਨ ਰਿਹਾ। ਜੇਤੂ ਖਿਡਾਰੀਆਂ ਨੂੰ ਇਨਾਮ ਦਿੱਤੇ ਗਏ ਸਨ ।

ਇਸ ਮੇਲੇ ਦੇ ਕਰਾਉਣ ਦਾ ਵੱਡਾ ਮਨੋਰਥ ਸੀ ਸੈਨਾ ਵਾਸਤੇ ਗੱਭਰੂਆਂ ਦੀ ਚੋਣ ਕਰਨਾ । ਸ: ਜੈ ਸਿੰਘ ਨੇ ਇਕ ਹਜ਼ਾਰ ਜੁਵਾਨ ਆਪਣੀ ਫੌਜ ਵਿਚ ਹੋਰ ਭਰਤੀ ਕਰ ਲਿਆ।

ਮੇਲੇ ਦੀ ਸਮਾਪਤੀ ਦੇ ਅਗਲੇ ਦਿਨ ਸ: ਜੈ ਸਿੰਘ ਨੇ ਸਦਾ ਕੌਰ ਜੀ ਨੂੰ ਆਪਣੇ ਕੋਲ ਸੱਦਿਆ। ਜਦੋਂ ਸਰਦਾਰਨੀ ਆਈ ਤਾਂ ਉਹਨਾਂ ਨੇ ਕਿਹਾ-‘ਪੁਤ੍ਰੀ! ਮੈਂ ਮਨ ਨਾਲ ਇਕ ਫੈਸਲਾ ਕੀਤਾ ਹੈ ।’

‘ਕੈਸਾ ਫੈਸਲਾ ਪਿਤਾ ਜੀ ?’ ਸਦਾ ਕੌਰ ਨੇ ਅੱਗੇ ਪੁੱਛਿਆ । ‘ਮੈਂ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਨਾਲ ਨਵੇਂ ਸਿਰੇ ਤੋਂ ਮਿਤ੍ਰਤਾ ਕਾਇਮ ਕਰਨਾ ਚਾਹੁੰਦਾ ਹਾਂ ।’

‘ਕਿਸ ਵਾਸਤੇ ?’

‘ਉਹ ਇਸ ਵਾਸਤੇ ਕਿ ਏਹੋ ਮਿਸਲ ਬਹੁਤੇ ਬਲ ਵਾਲੀ ਹੈ । ਅੱਜ ਉਹ ਅਸਾਂ ਦੀ ਦੁਸ਼ਮਨ ਹੈ, ਹੋ ਸਕਦਾ ਹੈ ਮੇਰੇ ਅੰਤ ਪਿੱਛੋਂ ਉਹ ਮੇਰੇ ਰਾਜ ਦਾ ਅੰਤ ਕਰਨ ਤੇ ਤੈਨੂੰ ਕੈਦ ਕਰਕੇ ਤੇਰੀ ਨਿਰਾਦਰੀ ਕਰੇ ।’

‘ਪਿਤਾ ਜੀ! ਮੈਂ ਸੱਚ ਆਖਦੀ ਹਾਂ, ਕਰਤਾਰ ਨਾ ਮੇਰੇ ਵਿਰੁੱਧ ਹੋ ਜਾਵੇ, ਜੇ ਕਰਤਾਰ ਦੀ ਨਜ਼ਰ ਸਵੱਲੀ ਰਹੇ ਤਾਂ ਮਹਾਂ ਸਿੰਘ, ਸੰਸਾਰ ਚੰਦ ਜਾਂ ਹੋਰ ਸਰਦਾਰਾਂ ਕੋਲੋਂ ਮੈਂ ਨਹੀਂ ਡਰਦੀ, ਮੈਨੂੰ ਕੈਦ ਕਰਨਾ ਜਾਂ ਮੇਰੀ ਨਿਰਾਦਰੀ ਕਰਨਾ ਤਾਂ ਦੂਰ ਦੀ ਗੱਲ ਹੈ, ਉਹ ਮੇਰੀ ਵਾ ਵੱਲ ਵੀ ਨਹੀਂ ਦੇਖ਼ ਸਕਦੇ। ਬੁਢੇਪੇ ਦਾ ਖਿਆਲ ਕਰਕੇ ਆਤਮਾ ਨੂੰ ਨਿਰਬਲ ਨਾ ਬਣਾਓ, ਚੜ੍ਹਦੀਆਂ ਕਲਾ ਵਿਚ ਰਹੋ ।’

‘ਸ਼ਾਬਾਸ਼ ਪੁਤ੍ਰੀ। ਮੈਂ ਤੇਰੇ ਹੌਂਸਲੇ ਦੀ ਉਪਮਾ ਕਰਦਾ ਹਾਂ, ਪਰ ਮੇਰੀ ਪੂਰੀ ਗੱਲ ਤਾਂ ਸੁਣ । ਨੀਤੀ ਆਖਦੀ ਹੈ ਪਹਿਲਾਂ ਦੂਸਰੇ ਦੇ ਵਿਚਾਰ ਸੁਣੀਏ, ਫਿਰ ਉਹਨਾਂ ਵਿਚਾਰਾਂ ਨੂੰ ਤੋਲੀਏ ਤੇ ਫਿਰ ਬੋਲੀਏ ।’

‘ਦੱਸੋ ਪਿਤਾ ਜੀ ।’

‘ਸਰਦਾਰ ਮਹਾਂ ਸਿੰਘ ਦਾ ਪੁੱਤ੍ਰ ਹੈ ਰਣਜੀਤ ਸਿੰਘ ।’

‘ਹੱਛਾ ।’

‘ਮੈਂ ਰਣਜੀਤ ਸਿੰਘ ਨਾਲ ਤੇਰੀ ਪੁੱਤ੍ਰੀ ਮਹਿਤਾਬ ਕੌਰ ਦਾ ਰਿਸ਼ਤਾ ਕਰਕੇ ਮਹਾਂ ਸਿੰਘ ਨਾਲ ਪੱਕੀ ਮਿੱਤ੍ਰਤਾ ਕਾਇਮ ਕਰਨਾ ਚਾਹੁੰਦਾ ਹਾਂ। ਜੇ ਕਨ੍ਹਈਆ ਮਿਸਲ ਤੇ ਸ਼ੁਕਰਚੱਕੀਆਂ ਮਿਸਲ ਇਕ ਹੋਣ ਤਾਂ ਫਿਰ ਨਿੱਕੀਆਂ-ਨਿੱਕੀਆਂ ਮਿਸਲਾਂ ਸਿਰ ਨਹੀਂ ਚੁੱਕ ਸਕਦੀਆਂ । ਦੂਸਰਾ ਭਾਵੇਂ ਤੂੰ ਦਲੇਰ ਤੇ ਸ਼ਕਤੀ ਵਾਲੀ ਸਿੰਘਣੀ ਹੈਂ ਫਿਰ ਵੀ ਤੈਨੂੰ ਰਾਜ ਕਰਨ ਵਾਸਤੇ ਸੈਨਿਕ ਸ਼ਕਤੀ ਦੀ ਲੋੜ ਹੈ । ਤਕੜੀ ਸੈਨਾਂ ਤੋਂ ਬਿਨਾਂ ਰਾਜ ਕਾਇਮ ਨਹੀਂ ਰਹਿ ਸਕਦੇ । ਤੇਰਾ ਪਤੀ ਤੇਰੇ ਕੋਲ ਨਹੀਂ ਰਿਹਾ। ਅਕਾਲ ਪੁਰਖੁ ਨੇ ਪੁਤ੍ਰ ਦੀ ਦਾਤ ਤੈਨੂੰ ਨਹੀਂ ਬਖਸ਼ੀ ਪੁਤ੍ਰੀ ਹੈ, ਪੁਤ੍ਰੀ ਦਾ ਦਾਨ ਕਰਕੇ ਪੁਤ੍ਰ ਰੂਪ ਜਵਾਈ ਨੂੰ ਪ੍ਰਾਪਤ ਕਰ ਲੈ ਜੋ ਹਰ ਔਕੜ ਵੇਲੇ ਤੇਰੀ ਸਹਾਇਤਾ ਕਰ ਸਕੇ ।’

‘ਪਿਤਾ ਜੀ! ਤੁਸਾਂ ਨੂੰ ਮੈਂ ਭਗਵਾਨ ਰੂਪ ਸਮਝਦੀ ਹਾਂ, ਤੁਸਾਂ ਦੀ ਆਗਿਆ ਦਾ ਉਲੰਘਣ ਨਹੀਂ ਹੋ ਸਕਦਾ, ਪਰ ਜਿਸ ਮਹਾਂ ਸਿੰਘ ਨੇ ਦੁਸ਼ਮਣਾਂ ਨਾਲ ਰਲ ਕੇ ਮੇਰੀ ਪਤੀ ਨੂੰ ਸ਼ਹੀਦ ਕੀਤਾ ਹੋਵੇ ਤੇ ਮੇਰਾ ਰਾਜ ਖੋਹ ਲਿਆ ਹੋਵੇ, ਉਸ ਦੇ ਪੁਤ੍ਰ ਨੂੰ ਮੈਂ ਜਵਾਈ ਬਣਾਵਾਂ, ਕੀ ਇਹ ਕਮਜ਼ੋਰੀ ਦਾ ਦਿਖਾਵਾ ਨਹੀਂ ? ਦੁਸ਼ਮਣ ਨਾਲ ਸਮਝੌਤਾ ਜਾਂ ਮਿੱਤ੍ਰਤਾ ਰਣਭੂਮੀ ਵਿਚ ਤੇਗ਼ਾਂ ਦੀ ਲਿਸ਼ਕ ਵਿਚ ਹੀ ਹੋ ਸਕਦੀ ਹੈ। ਕਮਜ਼ੋਰ ਰਾਜਪੂਤ ਵੀ ਤਾਂ ਮੁਗ਼ਲਾਂ ਨੂੰ ਧੀਆਂ ਦੇ ਡੋਲੇ ਦਿਆ ਕਰਦੇ ਸਨ । ਕੀ ਉਹ ਚੰਗਾ ਕਰਦੇ ਸਨ ?’

‘ਪੁੱਤ੍ਰੀ! ਜੋਸ਼ ਵਿਚ ਨਾ ਆ ਠੰਡੇ ਦਿਮਾਗ ਨਾਲ ਸੋਚ, ਰਾਜਪੂਤਾਂ ਤੇ ਮੁਗ਼ਲਾਂ ਦੇ ਅਨਹੋਣੇ ਜੋੜਾਂ ਵਿਚ ਤੇ ਅਸਾਂ ਦੇ ਮੇਲ-ਮਿਲਾਪਾਂ ਵਿਚ ਜਿੰਮੀਂ ਅਸਮਾਨ ਦਾ ਫ਼ਰਕ ਹੈ ।

‘ਉਹ ਕਿਵੇਂ ?’

‘ਸੁਣ! ਮੁਗ਼ਲ ਪ੍ਰਦੇਸੀ ਤੇ ਜਰਵਾਣੇ ਸਨ । ਰਾਜਪੂਤ ਭਾਰਤ ਦੇ ਵਸਨੀਕ ਸਨ। ਰਾਜਪੂਤ ਸਾਰੇ ਇਕੱਤ੍ਰ ਹੋ ਕੇ ਦੁਸ਼ਮਨ ਨਾਲ ਮੁਕਾਬਲਾ ਨਹੀਂ ਕਰਦੇ ਸਗੋਂ ਫੁਟ ਦਾ ਸ਼ਿਕਾਰ ਹੋ ਕੇ ਇਕੱਲਾ-ਇਕੱਲਾ ਮੁਗ਼ਲ ਬਾਦਸ਼ਾਹ ਨਾਲ ਸਮਝੌਤੇ ਕਰਦੇ ਸਨ ਇਸ ਤਰ੍ਹਾਂ ਉਹ ਪਾਪ ਕਰਦੇ ਸਨ । ਉਹ ਦੇਸ਼ ਤੇ ਔਲਾਦ ਨਾਲ ਧ੍ਰੋਹ ਕਰਦੇ ਸਨ । ਪ੍ਰਦੇਸੀ ਤੇ ਜਰਵਾਣ ਨੂੰ ਬੇਟੀ ਦਾ ਸਾਕ ਦੇ ਕੇ ਆਪਣੀ ਜਾਨ ਬਚਾਉਣੀ ਪਸ਼ੂਪਣ, ਨਿਰਬਲਤਾ ਤੇ ਬੇ-ਅਣਖੀ ਦਾ ਦਿਖਾਵਾ ਹੈ । ਐਸੇ ਮਾੜੇ ਕਰਮ ਕਰਨ ਵਾਲੇ ਪੁਰਖ ਕਲੰਕ ਦਾ ਟਿੱਕਾ ਮੱਥੇ ਲਵਾਉਂਦੇ ਹਨ। ਪਰ ਜੋ ਸਲਾਹ ਮੈਂ ਕਰ ਰਿਹਾ ਹਾਂ, ਇਹ ਮਾੜੀ ਨਹੀਂ ਕਿਉਂਕਿ ਸਰਦਾਰ ਮਹਾਂ ਸਿੰਘ ਅਸਾਂ ਦਾ ਗੁਰ ਭਾਈ ਹੈ । ਉਸ ਨੇ ਵੀ ਕਲਗ਼ੀਆਂ ਵਾਲੇ ਪਿਤਾ ਦਾ ਅੰਮ੍ਰਿਤਪਾਨ ਕੀਤਾ ਹੋਇਆ ਹੈ। ਉਹ ਪੰਜਾਬ ਦਾ ਵਸਨੀਕ ਹੈ । ਬਾਹਰੋਂ ਆਇਆ ਲੁਟੇਰਾ ਨਹੀਂ । ਆਪਣੇ ਭੁਲੇ ਜਾਂ ਰੁਸੇ ਵੀਰ ਨੂੰ ਮਨਾਉਣਾ ਜਾਂ ਉਸ ਨਾਲ ਪਿਆਰ ਪਾਉਣਾ ਤੇ ਰਿਸ਼ਤੇਦਾਰੀ ਦਾ ਸੰਬੰਧ ਜੋੜਨਾ ਨਾ ਪਾਪ ਹੈ, ਨਾ ਅਧਰਮ ਤੇ ਨਾ-ਦੇਸ਼ ਧ੍ਰੋਹੀ ਹੈ । ਹਰ ਲੜਾਈ ਦਾ ਅੰਤ ਸਮਝੌਤਾ ਹੁੰਦਾ ਹੈ । ਜੱਸਾ ਸਿੰਘ ਰਾਮਗੜ੍ਹੀਆ ਤੇ ਸੰਸਾਰ ਚੰਦ ਦੋ ਦੁਸ਼ਮਣ ਹਨ। ਜੇ ਇਨ੍ਹਾਂ ਦੇ ਵੱਡੇ ਸਾਥੀ ਨੂੰ ਇਨ੍ਹਾਂ ਨਾਲੋਂ ਪਾੜ ਕੇ ਆਪਣੇ ਨਾਲ ਰਲਾ ਲਈਏ ਤਾਂ ਦੋਵੇਂ ਦੁਸ਼ਮਨ ਜਿੱਤਣੇ ਸੌਖੇ ਹੋਣਗੇ ।’

‘ਖਾਨ, ਪਾਨ ਇਸ਼ਟ ਉਪਾਸ਼ਨਾ ਦੀ ਨੀਤੀ ਅਨੁਸਾਰ ਫਿਰ ਜੱਸਾ ਸਿੰਘ ਵੀ ਤਾਂ ਵੈਰੀ ਨਹੀਂ ।’

‘ਇਹ ਠੀਕ ਹੈ, ਉਹ ਵੈਰੀ ਨਹੀਂ। ਕਦੀ ਉਹ ਮੇਰਾ ਚੰਗਾ ਮਿੱਤ੍ਰ ਸੀ । ਅਸਾਂ ਇਕੱਠਿਆਂ ਨੇ ਨਵਾਬ ਕਪੂਰ ਸਿੰਘ ਜੀ ਜਥੇਦਾਰ ਪਾਸੋਂ ਅੰਮ੍ਰਿਤਪਾਨ ਕੀਤਾ ਸੀ, ਪਰ ਉਹ ਰਾਜ ਦੇ ਲਾਲਚ ਕਾਰਨ ਵੈਰੀ ਬਣ ਗਿਆ ਹੈ ।’

‘ਇਸ ਨਾਲੋਂ ਚੰਗਾ ਹੈ ਕਿ ਸਾਰੀਆਂ ਮਿਸਲਾਂ ਦਾ ਅੰਤ ਕਰਕੇ ਇਕੋ ਖ਼ਾਲਸਾ ਰਾਜ ਕਾਇਮ ਕੀਤਾ ਜਾਵੇ । ਸਤਿਗੁਰੂ ਜੀ ਦੇ ਨਾਮ ਦਾ ਸਿੱਕਾ ਚੱਲੇ, ਰਣਜੀਤ ਨਗਾਰਾ ਵੱਜੇ ਤੇ ਖਾਲਸਾਈ ਨਿਸ਼ਾਨ ਝੂਲੇ ।’

‘ਬਿਲਕੁਲ ਠੀਕ ! ਇਹ ਮਿਸਲੀ ਰਾਜ ਸਦਾ ਲੜਾਈਆਂ ਦਾ ਕਾਰਨ ਬਣਿਆ ਰਿਹਾ ਕਰੇਗਾ । ਪਰ ਇਸ ਵੇਲੇ ਮਿਸਲਾਂ ਨੂੰ ਤੋੜਨਾ ਵੀ ਕਠਨ ਹੈ। ਇਨ੍ਹਾਂ ਵਿਚਾਰਾਂ ਨੂੰ ਛੱਡ, ਅਸੀਂ ਅਸਲੀ ਗੱਲ ਨੂੰ ਭੁਲ ਰਹੇ ਹਾਂ ਜਿਸ

ਦੇ ਕਰਨ ਵਾਸਤੇ ਮੈਂ ਤੈਨੂੰ ਸੱਦਿਆ ਹੈ ।’

ਗੱਲ ਇਹੋ ਕਿ ਤੇਰੀ ਕੰਨਿਆਂ ਮਹਿਤਾਬ ਦਾ ਸਾਕ ਮਹਾਂ ਸਿੰਘ ਦੇ ਸਪੁੱਤ੍ਰ ਰਣਜੀਤ ਸਿੰਘ ਨਾਲ ਕੀਤਾ ਜਾਵੇ । ਉਸ ਦੀ ਉਮਰ ਵੀ ਪੰਜ ਕੁ ਸਾਲਾੰ ਹੈ ਮੇਰੀ ਇਹ ਇੱਛਾ ਤੈਨੂੰ ਪੂਰੀ ਕਰਨੀ ਚਾਹੀਦੀ ਹੈ।’

‘ਪਿਤਾ ਜੀ! ਮਹਿਤਾਬ ਆਪ ਦੀ ਪੋਤ੍ਰੀ ਹੈ। ਮੇਰੇ ਨਾਲੋਂ ਆਪ ਦਾ ਹੱਕ ਬਹੁਤਾ ਹੈ, ਬੇਸ਼ੱਕ ਸਾਕ ਕਰ ਦੇਵੋ । ਅੱਜ ਹੀ ਲਾਗੀ ਗੁਜਰਾਂ ਵਾਲੇ ਭੇਜੋ, ਪਰ ਵਿਆਹ ਮੈਂ ਧੀ ਦਾ ਅਜੇ ਨਹੀਂ ਜੇ ਕਰਨਾ, ਮੈਂ ਧੀ ਜੁਆਨ ਕਰਕੇ ਵਿਆਹੁਣੀ ਹੈ ।’

‘ਵਿਆਹ ਜਦੋਂ ਚਿਤ ਕਰੇ ਤਦੋਂ ਕਰਨਾ ।’

‘ਫਿਰ ਮੇਰੇ ਵੱਲੋਂ ਖੁਲ੍ਹ ਹੈ ।’

ਸਦਾ ਕੌਰ ਦੀ ਜ਼ਬਾਨੋਂ ਇਹ ਕੁਝ ਸੁਣ ਕੇ ਸ: ਜੈ ਸਿੰਘ ਬਹੁਤ ਪ੍ਰਸੰਨ ਹੋਇਆ ਉਸ ਨੇ ਓਸੇ ਵੇਲੇ ਆਪਣੇ ਮੰਤ੍ਰੀ ਤੇ ਵਫ਼ਾਦਾਰ ਸਿਪਾਹੀ ਦਲ ਸਿੰਘ ਨੂੰ ਲਾਗੀ ਦੇ ਨਾਲ ਗੁਜਰਾਂ ਵਾਲੇ ਸਰਦਾਰ ਮਹਾਂ ਸਿੰਘ ਦੇ ਕੋਲ ਭੇਜਿਆ। ਅੱਠਵੇਂ ਦਿਨ ਭਾਈ ਦਲ ਸਿੰਘ ਜੀ ਮੁੜੇ, ਉਨ੍ਹਾਂ ਦਾ ਸੰਦੇਸ਼ ਦਿੱਤਾ-‘ਸਰਦਾਰ ਮਹਾਂ ਸਿੰਘ ਜੀ ਤੇ ਉਨ੍ਹਾਂ ਦੀ ਧਰਮ ਪਤਨੀ ਰਾਜ ਕੌਰ (ਮਾਈ ਮਾਲਵੈਨ) ਨੇ ਆਪਣੇ ਇਕਲੌਤੇ ਪੁਤ੍ਰ ਰਣਜੀਤ ਸਿੰਘ ਵਾਸਤੇ ਬੀਬੀ ਮਹਿਤਾਬ ਦਾ ਸਾਕ ਪ੍ਰਵਾਨ ਕਰ ਲਿਆ ਹੈ ।’

ਇਸ ਖੁਸ਼ੀ ਦੇ ਪੈਗ਼ਾਮ ਨੇ ਸ: ਜੈ ਸਿੰਘ ਨੂੰ ਪ੍ਰਸ਼ਨ ਕਰ ਦਿੱਤਾ। ਓਹ ਨੀਤੀ ਵੇਤਾ ਸੀ, ਉਸ ਨੇ ਜੋ ਕੁਝ ਸੋਚਿਆ ਸੀ, ਉਹ ਕੁਝ ਠੀਕ ਹੋ ਗਿਆ। ਪਰ ਉਸ ਦੇ ਮਨ ਦੇ ਸਾਰੇ ਮਨੋਰਥ ਮੌਤ ਨੇ ਪੂਰੇ ਨਾ ਹੋਣ ਦਿੱਤੇ। ਪੋਤ੍ਰੀ ਦਾ ਵਿਆਹ ਕੀਤੇ ਬਿਨਾਂ ਹੀ ਉਹ ਚਲਾਣਾ ਕਰ ਗਿਆ। ਉਸ ਦੀ ਮੌਤ ਸਦਾ ਕੌਰ ਵਾਸਤੇ ਬਹੁਤ ਦੁਖਦਾਈ ਸੀ । ਸੌਹਰਾ ਧਰਮੀ ਪਿਤਾ ਹੁੰਦਾ ਹੈ । ਧਰਮੀ ਪਿਤਾ ਦੇ ਹੁੰਦਿਆਂ ਇਸਤ੍ਰੀ ਨੂੰ ਇਕੱਲਤਾ ਅਨੁਭਵ ਨਹੀਂ ਹੁੰਦੀ । ਕਈ ਪ੍ਰਕਾਰ ਦੀਆਂ ਚਿੰਤਾਵਾਂ ਤੋਂ ਮਨ ਸੁਤੰਤ੍ਰ ਰਹਿੰਦਾ ਹੈ ।

7.

ਭਿੰਨੀ ਰੈਨੜੀਐ ਚਾਮਕਨਿ ਤਾਰੇ ॥

ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ ॥

(ਆਸਾ ਮ: ੫)

ਬਸੰਤ ਰੁੱਤ ਦੇ ਦਿਨ ਸਨ। ਪਿਛਲੀ ਰਾਤ ਦਾ ਸਮਾਂ ਸੀ। ਰਸ ਭਿੰਨੜੀ ਰਾਤ ਵਿਚ ਤਾਰੇ ਚਮਕ ਰਹੇ ਸਨ । ਹਰ ਪਾਸੇ ਸੁਖ ਤੇ ਸ਼ਾਂਤੀ ਦਾ ਰਾਜ ਸੀ। ਉਸ ਅੰਮ੍ਰਿਤ ਵੇਲੇ ਦੁਨੀਆਂਦਾਰ, ਅਗਿਆਨੀ ਲਾਲਚੀ ਤੇ ਹੰਕਾਰੀ ਪੁਰਸ਼ ਘੂਕ ਸੁੱਤੇ ਹੋਏ ਸਨ । ਪਰ ਸੰਤ ਜਨ ਜਾਗ ਰਹੇ ਸਨ। ਉਹ ਆਪਣੇ ਪ੍ਰੀਤਮ ਪਿਆਰੇ ਵਾਹਿਗੁਰੂ ਨੂੰ ਯਾਦ ਕਰ ਰਹੇ ਸਨ । ਐਸੇ ਭਜਨੀਕ ਗੁਰਮੁਖਾਂ ਉੱਤੇ ਕਰਤਾਰ ਦੀ ਅਪਾਰ ਕ੍ਰਿਪਾ ਸੀ । ਉਹ ਕ੍ਰਿਪਾ ਦੇ ਕਾਰਨ ਹੀ ਭਗਤੀ ਮਾਰਗ ਤੁਰੇ ਸਨ ।

ਅੰਮ੍ਰਿਤ ਵੇਲੇ ਜਦੋਂ ਕੁੱਕੜ ਬਾਂਗ ਦੇ ਰਿਹਾ ਸੀ, ਕਿਸੇ ਨਾ ਕਿਸੇ ਖੂਹੀ ਉਤੇ ਭੌਣੀ ਦੀ ਚੀਕ ਤੇ ਡੋਲ ਦੇ ਸੰਗਲ ਦਾ ਖੜਕਾਰ ਸੁਣਾਈ ਦੇਂਦਾ ਸੀ । ਗੁਰਮੁਖ-ਜਨ ਮਿੱਠੀ ਤੇ ਰਸੀਲੀ ਲੈਅ ਵਿਚ ਸ੍ਰੀ ਜਪੁਜੀ ਸਾਹਿਬ ਤੇ ਸੁਖਮਨੀ ਸਾਹਿਬ ਬਾਣੀ ਦੇ ਪਾਠ ਕਰਦੇ ਹੋਏ ਪ੍ਰਤੀਤ ਹੁੰਦੇ ਹਨ । ਖੁਦਾ ਦਾ ਪਿਆਰਾ ਫ਼ਕੀਰ ਵੀ ਕਿਸੇ ਤਖੀਏ ਵਿਚ ਬੈਠਾ ਹੋਇਆ ਉੱਚੀ ਉੱਚੀ ਉਪਮਾ ਦੇ ਗੀਤ ਗਾ ਰਿਹਾ ਸੀ ।

ਫਰੀਦਾ ਰਾਤਿ ਕਥੂਰੀ ਵੰਡੀਐ ਸੁਤਿਆ ਮਿਲੈ ਨ ਭਾਉ ॥

ਜਿੰਨ੍ਹਾ ਨੈਣ ਨੀਂਦ੍ਰਾਵਲੇ ਤਿੰਨ੍ਹਾ ਮਿਲਣੁ ਕੁਆਉ ॥

ਉਸ ਸਮੇਂ ਸਰਦਾਰਨੀ ਸਦਾ ਕੌਰ ਜਾਗਦੀ ਸੀ । ਉਹ ਆਪਣੇ ਮਹਿਲ ਦੇ ਚਬੂਤਰੇ ਉਪਰ ਆਸਣ ਵਛਾ ਕੇ ਚੌਂਕੜਾ ਮਾਰੀ ਬੈਠੀ ਹੋਈ ਸੀ । ਓਹਦੇ ਨੈਣ ਬੰਦ ਸਨ। ਗੋਰੇ ਪਰ ਮਜ਼ਬੂਤ ਹੱਥਾਂ ਦੀਆਂ ਉਂਗਲੀਆਂ ਵਿਚ ਮਾਲਾ ਸੀ ਬੁੱਲ੍ਹ ਫੁਰਕੀ ਜਾਂਦੇ ਸਨ ਤੇ ਉਂਗਲੀਆਂ ਦੇ ਪੋਟੇ ਹਿੱਲੀ ਜਾਂਦੇ ਸਨ । ਇਉਂ ਪ੍ਰਭੂ ਦਾ ਸਿਮਰਨ ਹੋ ਰਿਹਾ ਸੀ । ਉਹ ਸਮਾਧੀ ਕਿਸੇ ਭੈ ਨੂੰ ਦੂਰ ਕਰਨ ਵਾਸਤੇ ਸੀ :-

‘ਮਤੇ ਸਮੇਵ ਚਰਣੰ ਉਧਰਣੰ ਭੈ ਦੁਤਰਹ ॥

ਐਸੀ ਸ਼ਾਂਤੀ ਸ਼ਕਤੀ (ਪਾਰਬ੍ਰਹਮ) ਦੇ ਚਰਨਾਂ ਨਾਲ ਸੁਰਤ ਜੁੜੀ ਹੋਈ।

ਸੀ ਜਿਸ ਬਾਰੇ ਸਤਿਗੁਰੂ ਜੀ ਆਪ ਫ਼ੁਰਮਾਉਂਦੇ ਹਨ :-

‘ਨ ਸੰਖੰ ਨ ਚਕੁੰ ਨ ਗਦਾ ਨ ਸਿਆਮੰ ॥’

ਅਸੂਰਜ ਰੂਪੰ ਰਹੰਤ ਜਨਮੰ ॥

ਜਿਸ ਵਾਹਿਗੁਰੂ ਦੇ ਹੱਥ ਵਿਚ ਨਾ ਸੰਖ ਹੈ, ਨਾ ਚੱਕ੍ਰ ਹੈ, ਨਾ ਗਦਾ ਹੈ ਨਾ ਪਦਮ ਹੈ, ਨਾ ਕੋਈ ਹੋਰ ਅਸਤ੍ਰ-ਸ਼ਸਤ੍ਰ ਹੈ, ਜੋ ਅਰੂਪ ਤੇ ਰੂਪਵਾਨ ਵੀ ਹੈ; ਜਿਸ ਨੂੰ ਅਕਾਲ ਪੁਰਖੁ ਆਖਿਆਂ ਜਾਂਦਾ ਹੈ ਉਸ ਅਗੇ ਸਦਾ ਕੌਰ ਅਰਦਾਸ ਕਰ ਰਹੀ ਸੀ। ਅਰਦਾਸ ਕਰਨ ਦੇ ਸਮੇਂ ਓਹਦੀ ਆਤਮਾ ਸ਼ੀਸ਼ੇ ਤੇ ਮਾਨ ਸਰੋਵਰ ਝੀਲ ਦੇ ਜਲ, ਸੁਵਾਂਤੀ ਬੂੰਦ ਵਾਂਗ ਨਿਰਮਲ ਸੀ ।

ਉਹ ਨਿਰਮਲ ਆਤਮਾ ਡੋਲ ਤੇ ਲਾਲਚ-ਰਹਿਤ ਸੀ।

ਹਮਾਰੈ ਏਹ ਕਿਰਪਾ ਕੀਜੈ ॥ (ਕਲਿਆਨੁ ਮ: ੫)

ਜਾਚਿਕੁ ਨਾਮੁ ਜਾਚੈ ਜਾਚੈ ॥

ਭਾਵੇਂ ਸਤਿਗੁਰੂ ਦੀ ਕ੍ਰਿਪਾ ਨਾਲ ਸਦਾ ਕੌਰ ਬਚਪਨ ਤੋਂ ਹੀ ਬਾਣੀ ਤੇ ਭਗਤੀ ਨਾਲ ਪ੍ਰੇਮ ਭਾਵਨਾ ਰੱਖਦੀ ਸੀ । ਸ: ਗ਼ੁਰਬਖਸ਼ ਸਿੰਘ ਜੀ ਦੇ ਵਿਛੋੜੇ ਪਿਛੋਂ ਤਾਂ ਉਸ ਨੂੰ ਸਤਿਗੁਰੂ ਤੇ ਅਕਾਲ ਪੁਰਖ ਦਾ ਹੀ ਆਸਰਾ ਸੀ । ਉਹ ਭਗਤੀ ਉਤੇ ਪੂਰਨ ਵਿਸ਼ਵਾਸ ਕਰ ਚੁਕੀ ਸੀ । ਫਿਰ ਵੀ ਜੋ ਸਮਾਧੀ ਉਸ ਨੇ ਉਸ ਦਿਨ ਲਾਈ ਸੀ, ਉਹ ਕਿਸੇ ਉਚੇਚੇ ਮਨੋਰਥ ਵਾਸਤੇ ਸੀ । ਉਸ ਦਿਨ ਉਹ ਧੰਨੇ ਭਗਤ ਵਾਂਗ ਤ੍ਰੈਕਾਲ ਤੇ ਤ੍ਰੈ-ਜਗਤ ਦੇ ਕਰਤਾ-ਧਰਤਾ ਤੇ ਹਰਤਾ ਕੋਲੋਂ ਕੋਈ ਮਹਾਨ ਸ਼ਕਤੀ ਦੀ ਜਾਚਨਾ ਕਰਨਾ ਚਾਹੁੰਦੀ ਸੀ ।

ਓਸੇ ਤਰ੍ਹਾਂ ਜਿਵੇਂ ਕਦੀ ਕਿਸੇ ਮਹਾਨ ਕਾਰਜ ਦੇ ਆਰੰਭ ਸਮੇਂ ਵਿਸ੍ਵਾਮਿਤ੍ਰ ਤੇ ਅਗਸਤ ਮੁਨੀ ਜੈਸੇ ਮਹਾਂਬਲੀ ਤੇ ਤਪੱਸਵੀ ਮਹਾਂ ਪੁਰਖ ਪਹਿਲਾਂ ਵਾਹਿਗੁਰੂ ਦੀ ਪੂਜਾ ਕਰਿਆ ਕਰਦੇ ਸਨ । ਉਹ ਘੋਰ ਤਪੱਸਿਆ ਨਾਲ ਮਹਾਂ ਬ੍ਰਹਮਾ ਨੂੰ ਆਪਣੇ ਪਾਸ ਸੱਦ ਲਿਆ ਕਰਦੇ ਸਨ ।

ਆਪ ਰਟੀ ਗਈ-‘ਜਨ ਨਾਨਕ ਆਪਿ ਹਰਿ ਕ੍ਰਿਪਾ ਕਰੇ ॥’ ਇਕ ਵਾਰ ਨਹੀਂ ਸਗੋਂ ਕਈ ਵਾਰ ਜੀਭਾ ਰਟਨ ਕਰਦੀ ਰਹੀ । ਇਸ ਤੁਕ ਦਾ ਰਟਨ ਬਹੁਤ ਕਾਹਲ ਤੇ ਜੋਸ਼ ਨਾਲ ਹੋਇਆ, ਇਥੋਂ ਤਕ ਕਿ ਉਹਦਾ ਸਾਰਾ ਲਹੂ ਖੌਲ ਉਠਿਆ। ਚਿਹਰਾ ਲਾਲ-ਸੁਰਖ ਹੋ ਗਿਆ। ਅੱਖਾਂ ਵਿਚੋਂ ਜੋਸ਼ ਦੇ ਸੋਅਲੇ ਪ੍ਰਗਟ ਹੋਣ ਲੱਗੇ । ਨੈਣ ਬੰਦ ਸਨ । ਅੰਮ੍ਰਿਤ ਰੂਪ ਬਾਣੀ ਦੇ ਨਾਲ ਉਹ ਇਕ-ਰਸ ਹੋ ਵਿਸਮਾਦ ਦੇ ਵਾਯੂ ਮੰਡਲ ਵਿਚ ਪੁੱਜ ਗਈ ਸੀ । ਉਸ ਨੂੰ ਇੰਜ ਪ੍ਰਤੀਤ ਹੋਇਆ ਕਿ ਜਿਵੇਂ ਅਰਸ਼ਾਂ ਵਿਚੋਂ ਕੋਈ ਜੋਤ- ਨਿਰਾ ਨੂਰ, ਨਿਰੀ ਸ਼ਕਤੀ ਹੇਠਾਂ ਉਤਰਦੀ ਹੋਈ ਓਹਦੇ ਵੱਲ ਆ ਰਹੀ ਹੈ । ਉਹ ਸ਼ਕਤੀ ਨੇੜੇ ਆ ਕੇ ਪਰਤੱਖ ਰੂਪ ਵਿਚ ਹੋ ਜਾਂਦੀ ਹੈ । ਸੀਸ ਉਤੇ ਦਸਤਾਰ, ਕਲਗ਼ੀ, ਚਿਹਰਾ ਨੂਰੋ-ਨੂਰ, ਸੁੰਦਰ ਦਾਹੜਾ, ਚਿੱਟਾ ਪੁਸ਼ਾਕਾ, ਹੱਥ ਵਿਚ ਨੰਗੀ ਸਿਰੀ ਸਾਹਿਬ ਸੀ । ਇਹ ਕੁਝ ਦੇਖਕੇ ਸਦਾ ਕੌਰ ਡਰੀ ਨਹੀਂ ।

‘ਪੁਤ੍ਰੀ! ਉਠ ਤੇਗ਼ ਤੇ ਤੇਗ਼ ਦਾ ਆਸਰਾ ਲੈ, ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ । ਤੇਰੀ ਮਨੋ-ਕਾਮਨਾ ਨੇਕ ਹੈ ਤੂੰ ਨਾਰ (ਅੱਗ), ਤੂੰ ਚੰਡੀ, ਤੂੰ ਸਿੰਘਣੀ ਫਤਿਹ ਤੇਰੇ ਪੈਰ ਚੁੰਮੇਗੀ । ਵੈਰੀ ਤੇਰਾ ਸਤਿਕਾਰ ਕਰੇਗਾ, ਸ਼ੇਰ ਦੀ ਛਾਤੀ ਤੇ ਪੈਰ ਰਖੇਂਗੀ ਤਾਂ ਉਹ ਚੁੱਪ ਹੋ ਜਾਵੇਗਾ। ਤੇਰੀ ਵਾ ਵੱਲ ਕੋਈ ਨਹੀਂ ਦੇਖੇਗਾ । ਉਠ ਦੇਸ਼ ਤੈਨੂੰ ਪੁਕਾਰ ਰਿਹਾ ਹੈ । ਦੁਖੀ ਤੇ ਗ਼ੁਲਾਮ ਜੀਵਾਂ ਦੇ ਕਸ਼ਟ ਹਨ।’

ਇਸ ਤੋਂ ਅੱਗੇ ਸਦਾ ਕੌਰ ਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਉਹ ਅਰਸ਼ੀ ਆਤਮਾ ਇਹ ਆਖਦੀ ਹੋਈ ਅਲੋਪ ਹੋ ਗਈ। …घिमि ਜਾਇ ਮੋਹ ਭੈ ਭਰਮਾ ਨਾਨਕ ਸੰਤ ਪ੍ਰਤਾਪ ॥’ ਜੋਤ ਅਲੋਪ ਹੋ ਗਈ। ਸਦਾ ਕੌਰ ਦਾ ਸਰੀਰ ਥਰ-ਥਰਾਇਆ, ਉਸ ਥਰਥਰਾਹਟ ਨਾਲ ਓਹਦੇ ਨੇਤਰ ਖੁੱਲ੍ਹ ਗਏ । ਉਸਦੀ ਜ਼ਬਾਨੋਂ ਆਪ-ਮੁਹਾਰਾ ਨਿਕਲ ਗਿਆ- ‘ਵਾਹਿਗੁਰੂ! ਵਾਹਿਗੁਰੂ! ਧੰਨ ਮੇਰੇ ਕਲਗੀਆਂ ਵਾਲੇ ਪਿਤਾ ।’ ਇਹ ਆਖਦੀ ਹੋਈ ਉਠ ਕੇ ਖਲੋ ਗਈ। ਵਾਹਿਗੁਰੂ ਅੱਗੇ ਅਰਦਾਸ ਦਾ ਸ਼ਬਦ ਪੜ੍ਹਿਆ :-

ਪਾਰਬ੍ਰਹਮੁ ਪਰਮੇਸੁਰੁ ਸੁਆਮੀ,

ਦੂਖ ਨਿਵਾਰਣੁ ਨਾਰਾਇਣੇ ॥

ਸਗਲ ਭਗਤ ਜਾਚਹਿ ਸੁਖ ਸਾਗਰ,

ਭਵਨਿਧਿ ਤਰਣ ਹਰਿ ਚਿੰਤਾਮਣੇ ॥੧॥ਰਹਾਉ॥

ਦੀਨ ਦਇਆਲ ਜਗਦੀਸ ਦਮੋਦਰ,

ਹਰਿ ਅੰਤਰਜਾਮੀ ਗੋਬਿੰਦੇ ॥

ਤੇ ਨਿਰਭਉ ਜਿਨ ਸ੍ਰੀ ਰਾਮੁ ਧਿਆਇਆ,

ਗੁਰਮਤਿ ਮੁਰਾਰਿ ਹਰਿ ਮੁਕੰਦੇ ॥੧॥

ਜਗਦੀਸੁਰ ਚਰਨ ਸਰਨ ਜੋ ਆਏ,

ਤੇ ਜਨ ਭਵਨਿਧਿ ਪਾਰਿ ਪਰੇ ॥

ਭਗਤ ਜਨਾ ਕੀ ਪੈਜ ਹਰਿ ਰਾਖੈ,

ਜਨ ਨਾਨਕ ਆਪਿ ਹਰਿ ਕ੍ਰਿਪਾ ਕਰੇ ॥

(ਕਲਿਆਨੁ ਭੋਪਾਲੀ ਮ: ੪)

ਨਿਰਾਲੀ ਤੇ ਗ਼ੈਬੀ ਆਤਮਾ ਦੇ ਦਰਸ਼ਨਾਂ ਨੇ ਓਹਦੇ ਦਿਮਾਗ਼ ਉਤੇ ਬਹੁਤ ਅਸਚਰਜ਼ ਅਸਰ ਕੀਤਾ, ਉਹ ਅਸਰ ਅਜੇ ਗਇਆ ਨਹੀਂ ਸੀ ਹੋਰ ਉਸ ਨੂੰ ਹੈਰਾਨ ਕਰਨ ਵਾਲਾ ਕੌਤਕ ਵਰਤਿਆ। ਉਹ ਕੌਤਕ ਇਹ ਸੀ, ਕਿ ਸਦਾ ਕੌਰ ਨੇ ਆਪਣੀ ਤੇਗ਼ ਮਿਆਨ ਵਿਚ ਬੰਦ ਕੋਲ ਰੱਖੀ ਹੋਈ ਸੀ, ਪਰ ਜਦੋਂ ਉਸ ਨੇ ਤੇਗ਼ ਵੱਲ ਨਿਗਾਹ ਮਾਰੀ ਤਾਂ ਉਹ ਮਿਆਨ ਤੋਂ ਬਾਹਰ ਪਈ ਚਮਕ ਰਹੀ ਸੀ। ਉਸ ਦੀ ਚਮਕ ਬਿਜਲੀ ਨਾਲੋਂ ਵੱਧ ਸੀ । ਉਸ ਛੇਤੀ ਨਾਲ ਤੇਗ਼ ਦੀ ਮੁੱਠ ਨੂੰ ਹੱਥ ਪਾਇਆ। ਨਮਸ਼ਕਾਰ ਕੀਤੀ ਅਤੇ ‘ਧੰਨ ਸਤਿਗੁਰੂ, ਧੰਨ ਕਲਗੀਧਰ ਤੇ ….. ।’ ਆਦਿਕ ਉਪਮਾ ਦੇ ਸ਼ਬਦ ਜ਼ਬਾਨੋਂ ਬੋਲੇ । ਨਮਸ਼ਕਾਰ ਜੈ

ਉਹ ਆਸਣ ਤੋਂ ਉਠ ਬੈਠੀ । ਉਸ ਨੂੰ ਪ੍ਰਤੀਤ ਹੋਇਆ ਕਿ ਓਹਦਾ। ਸਰੀਰ ਫੁੱਲ ਵਰਗਾ ਹੌਲਾ ਹੋ ਗਿਆ ਹੈ । ਨਾੜਾਂ ਵਿਚ ਲਹੂ ਜੋਸ਼ ਮਾਰਨ ਲੱਗ ਪਿਆ ਹੈ । ਨੈਣਾਂ ਵਿਚ ਨਵੀਂ ਰੋਸ਼ਨੀ ਤੇ ਆਤਮਾ ਵਿਚ ਨਵੀਂ ਨਿਰਭੈਤਾ ਆ ਗਈ ਹੈ ।

ਅਕਾਲ ਪੁਰਖੁ ਦੀ ਕ੍ਰਿਪਾ ਹੋ ਗਈ। ਅਕਾਲ ਪੁਰਖੁ ਦੀ ਸਹਾਇਤਾ ਨਾਲ ਮੈਂ ਜ਼ਰੂਰ ਆਪਣਾ ਖੋਇਆ ਰਾਜ ਵਾਪਸ ਲੈ ਲਵਾਂਗੀ । ਮੇਰੀਆਂ ਮਨੋ-ਕਾਮਨਾਵਾਂ ਜ਼ਰੂਰ ਪੂਰੀਆਂ ਹੋਣਗੀਆਂ । ਹੁਣ..ਹੁਣ ਮੈਨੂੰ ਸਮੇਂ ਦੀ ਸੰਭਾਲ ਕਰਨੀ ਚਾਹੀਦੀ ਹੈ ।

‘ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ ॥’

ਸਦਾ ਕੌਰ ਨੇ ਆਪਣੇ ਮਜ਼ਬੂਤ ਤੇ ਗੋਲ ਡੌਲਿਆਂ ਵੱਲ ਦੇਖਿਆ। ਆਪਣੇ ਅਰੋਗ ਸਰੀਰ ਦ੍ਰਿੜ੍ਹ ਵਿਸ਼ਵਾਸ ਤੇ ਜੀਵਨ ਨਿਸ਼ਾਨੇ ਦਾ ਖਿਆਲ ਕੀਤਾ-‘ਹੇ ਅਕਾਲ ਪੁਰਖੁ! ਮੈਂ ਹੰਕਾਰ ਨਹੀਂ ਕਰਦੀ, ਨਿਮਰਤਾ ਨਾਲ ਆਖਦੀ ਹਾਂ, ਜੀਵਨ ਭਰ ਚੰਗੇ ਕਰਮ ਕਰਾਂਗੀ । ਵੈਰੀ ਨਾਲ ਲੜਾਂਗੀ, ਧਰਮ, ਦੇਸ਼ ਦੀ ਸੁਤੰਤ੍ਰਤਾ, ਨਾਰੀ ਜ਼ਾਤੀ ਦੀ ਅਣਖ ਤੇ ਇੱਜ਼ਤ ਵਾਸਤੇ, ਗਰੀਬਾਂ ਨਿਥਾਵਿਆਂ ਤੇ ਨਿਆਸਰਿਆਂ ਦੀ ਸਹਾਇਤਾ ਵਾਸਤੇ ਆਪਾ ਵਾਰਾਂਗੀ, ਜਿੰਨਾ ਚਿਰ ਮੇਰੇ ਵਤਨ ਵਿਚੋਂ ਪ੍ਰਦੇਸੀ ਲੁਟੇਰੇ (ਤੁਰਕ) ਨਿਕਲ ਨਹੀਂ ਜਾਂਦੇ ਜਿੰਨਾ ਚਿਰ ਹੰਕਾਰੀ, ਦੁਰਾਚਾਰੀ, ਲਾਲਚੀ, ਤੇ ਖੂਨੀ ਰਜਵਾੜੇ ਮੁੱਕ ਨਹੀਂ ਜਾਂਦੇ ਓਨਾ ਚਿਰ ਮੈਂ ਤੇਗ਼ ਮਿਆਨ ਵਿਚ ਪਾ ਕੇ ਅਮਨ-ਚੈਨ ਨਾਲ ਨਹੀਂ ਬੈਠਾਂਗੀ । ਅਸਮਾਨ ਦੇ ਤਾਰਿਓ ਅਤੇ ਦੇਵ ਸ਼ਕਤੀਓ ਤੁਸਾਂ ਮੇਰੀ ਗੁਵਾਹੀ ਦੇਣੀ ਮੈਂ ਉਸ ਤੇਗ਼ ਨੂੰ ਚੁੰਮ ਕੇ ਪ੍ਰਤੱਗਿਆ ਕਰਦੀ ਹਾਂ, ਜਿਹੜੀ ਤੇਗ਼ ਮੇਰੇ ਸਤਿਗੁਰੂ ਜੀ ਨੇ ਮੇਰੇ ਬਜ਼ੁਰਗਾਂ (ਖ਼ਾਲਸਾ ਪੰਥ) ਨੂੰ ਦੇਸ਼ ਦੀ ਸੁਤੰਤ੍ਰਤਾ, ਲੋਕ ਭਲਾਈ, ਧਰਮ ਰੱਖਿਆ, ਨਾਰੀ ਦੀ ਇੱਜ਼ਤ ਵਾਸਤੇ ਬਖਸ਼ੀ ਸੀ । ਹੇ ਵਾਹਿਗੁਰੂ! ਰਾਜ-ਪਦ ਦੀ ਅਧਿਕਾਰਨ ਬਣਾਕੇ ਮੈਨੂੰ ਹੰਕਾਰ ਤੇ ਕਾਮ-ਕ੍ਰੋਧ ਤੋਂ ਬਚਾਉਣਾ। ਉਹ ਕੰਮ ਕਰਾਉਣੇ ਜੋ ਆਪ ਨੂੰ ਚੰਗੇ ਲੱਗਣ, ਮੈਂ ਆਪ ਦੀ ਦਾਸੀ ਹਾਂ ।’

ਅਜੇ ਅਸਮਾਨ ਉੱਤੇ ਤਾਰੇ ਸਨ, ਪਿਛਲੀ ਰਾਤ ਦਾ ਚੰਦ ਰੋਸ਼ਨੀ ਬਖਸ਼ ਰਿਹਾ ਸੀ। ਸ਼ਹਿਰ ਵਾਸੀਆਂ ਉਤੇ ਨੀਂਦ ਦਾ ਰਾਜ ਸੀ । ਹਰੀ ਦੇ ਭਜਨ ਦਾ ਸਮਾਂ ਸੀ । ਸਦਾ ਕੌਰ ਨੇ ਸੁਣਿਆਂ ਰਾਜ ਭਵਨ ਦੇ ਗੁਰਦਵਾਰੇ ਦਾ ਗ੍ਰੰਥੀ ਮਿੱਠੀ ਸੁਰ ਵਿਚ ਆ ਰਿਹਾ ਸੀ।

‘ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ ॥

ਬੇੜੇ ਨੋ ਕਪਰੁ ਕਿਆ ਕਰੇ ਜੇ ਪਾਤਣ ਰਹੈ ਸੁਚੇਤਿ॥

ਇਹ ਸੁਣਕੇ ਸਦਾ ਕੌਰ ਪ੍ਰਸੰਨ ਹੋਈ ਤੇ ਕਾਹਲੀ ਨਾਲ ਪ੍ਰਸੰਨਤਾ ਵਿਚ ਬੋਲ ਉਠੀ-‘ਧੰਨ ਸਤਿਗੁਰੂ ! ਬਹੁਤ ਠੀਕ, ਜੇ ਪਾਤਣ (ਮਲਾਹ) ਹੁਸ਼ਿਆਰ ਰਹੇ ਤਾਂ ਦਰਿਆ ਦੇ ਕਪਰ (ਛੱਲਾਂ-ਲਹਿਰਾਂ) ਸੱਚ-ਮੁੱਚ ਬੇੜੇ ਦਾ ਕੁਝ ਨਹੀਂ ਵਿਗਾੜ ਸਕਦੇ । ਮਲਾਹ ਦੇ ਸੁਚੇਤ ਰਹਿਣ ਦੀ ਲੋੜ ਹੈ । ਮੈਂ ਘਨੱਯਾ ਮਿਸਲ ਰੂਪੀ ਬੇੜੇ ਦੀ ਮਲਾਹ (ਸਰਦਾਰਨੀ-ਸੈਨਾਪਤੀ) ਹਾਂ । ਖੁਦਗਰਜ ਦੁਨੀਆਂ ਰੂਪੀ ਨਦੀ ਦੇ ਵਿਚ ਈਰਖਾ, ਬਦਲੇ, ਲਾਲਚ

ਤੇ ਹੰਕਾਰ ਦੇ ਕਪਰ ਹਨ, ਇਹਨਾਂ ਕੋਲੋਂ ਮਿਸਲ ਬੇੜੇ ਨੂੰ ਬਚਾਉਣਾ ਹੈ।” ਸਦਾ ਕੌਰ ਦਾ ਲੂੰ-ਲੂੰ ਪ੍ਰਸੰਨ ਹੋ ਗਿਆ । ਪ੍ਰਸੰਨਤਾ ਵਸ ਤੋਂ ਬਾਹਰ ਸੀ ਉਹਦੇ ਮਨ ਦੀ ਸੁਰਤ ਹਵਾ ਵਿਚ ਪੰਛੀ ਦੀ ਤਰ੍ਹਾਂ ਉਡਾਰੀਆਂ ਲਾਉਣ ਲੱਗੇ । ਉਹਦੇ ਬੁੱਲ੍ਹ ਫਰਕਣੋਂ ਨਹੀਂ ਸਨ ਰੁਕਦੇ । ਉਹਨਾਂ ਬੁਲ੍ਹਾਂ ਤੋਂ ਸੱਦ ਉਤਪੰਨ ਹੁੰਦੀ ਸੀ ।

“ਜਉ ਸੁਪ੍ਰਸੰਨ ਹੋਇਓ ਪ੍ਰਭੁ ਮੇਰਾ ॥

ਤਾਂ ਦੂਖੁ ਭਰਮੁ ਕਹੁ ਕੈਸੇ ਨੇਰਾ ॥”

8.

ਸੂਰਜ ਉਦੈ ਹੋਇਆ ਤਾਂ ਸਦਾ ਕੌਰ ਓਹਦੀਆਂ ਸੁਨਹਿਰੀ ਕਿਰਨਾਂ ਵੱਲ ਦੇਖਣ ਲੱਗ ਪਈ। ਉਸ ਦਿਨ ਸੂਰਜ ਦੀਆਂ ਕਿਰਨਾਂ ਉਸ ਨੂੰ ਬਹੁਤ ਪਿਆਰੀਆਂ ਲੱਗੀਆਂ, ਉਸ ਨੂੰ ਇਉਂ ਅਨੁਭਵ ਹੋਣ ਲਗਾ ਜਿਵੇਂ ਸੂਰਜ ਦੀਆਂ ਕਿਰਨਾਂ ਉਸ ਨੂੰ ਕੋਈ ਨਵਾਂ ਸੰਦੇਸ਼ ਦੇ ਰਹੀਆਂ ਸਨ। ਉਸ ਕਹਿੰਦੀਆਂ ਸੀ-ਸਦਾ ਕੌਰੇ ! ਰਾਜ ਮਹਿਲ ਦੇ ਸੁਖਾਂ ਨੂੰ ਛੱਡ ਕੇ ਘੋੜੇ ਉਤੇ ਸਵਾਰ ਹੋ। ਮੈਦਾਨ ਜੰਗ ਵਿਚ ਤੇਰੀ ਲੋੜ ਹੈ । ਪੰਜਾਂ ਦਰਿਆਵਾਂ ਦੀ ਪਵਿੱਤ੍ਰ ਧਰਤੀ ਵਾਸਤੇ ਲੜਨ, ਮਰਨ ਤੇ ਸੋਚਣ ਦੀ ਲੋੜ ਹੈ। ਹਿਮਾਲਿਆ ਦੀਆਂ ਬਰਫਾਨੀ ਚੋਟੀਆਂ ਤੈਨੂੰ ਕੋਲ ਸੱਦ ਰਹੀਆਂ ਹਨ । ਦਰਿਆ ਸਤਲੁਜ ਤੇ ਅਟਕ ਅਵਾਜ਼ਾਂ ਮਾਰ ਰਹੇ ਹਨ। ਦਰਾ-ਖੈਬਰ, ਹਰੀਪੁਰ, ਹਜ਼ਾਰਾ ਅਤੇ ਕਸ਼ਮੀਰ ਦੀ ਕੇਸਰ ਕਿਆਰੀ ਵਾਲੀ ਸਵਰਗੀ ਧਰਤੀ ਤੇਰੇ ਪੈਰਾਂ ਦੀ ਛੋਹ ਪ੍ਰਾਪਤ ਕਰਨ ਵਾਸਤੇ ਬੇਚੈਨ ਹੈ।’

ਸਦਾ ਕੌਰ ਚਬੂਤਰੇ ਤੋਂ ਹੇਠਾਂ ਉੱਤਰੀ ਤੇ ਹੇਠਲੀ ਕਮਰੇ ਵਿਚ ਆਈ। ਉਸ ਕਰਮੇ ਵਿਚੋਂ ਉਦਾਲੇ ਦੇ ਲੀੜੇ ਬਦਲ ਕੇ ਉਹ ਕਮਰੇ ਤੋਂ ਬਾਹਰ ਨਿਕਲੀ, ਅੱਗੇ ਓਹਦੀ ਵਫ਼ਾਦਾਰ ਦਾਸੀ ਰਾਮੀ ਸੀ । ਉਸ ਨੂੰ ਸੰਬੋਧਨ ਕਰਕੇ ਸਰਦਾਰਨੀ ਨੇ ਕਿਹਾ-‘ਰਾਮੀ! ਸ: ਦਲ ਸਿੰਘ ਤੇ ਮੁਨਸ਼ੀ ਰਾਮ ਚੰਦ ਨੂੰ ਛੇਤੀ ਸੱਦ ਕੇ ਲਿਆ, ਦੇਰ ਨਾ ਕਰੀਂ ਜ਼ਰੂਰੀ ਕੰਮ ਹੈ।’

‘ਬਹੁਤ ਹੱਛਾ ਸਰਕਾਰ ?’ ਆਖ ਕੇ ਰਾਮੀ ਉਹਨੀਂ ਪੈਰੀਂ ਨੱਠ ਉੱਠੀ । ਓਧਰ ਸਰਦਾਰਨੀ ਦੀਵਾਨ ਖ਼ਾਨੇ ਵੱਲ ਚਲੀ ਗਈ ਕਿਉਂਕਿ ਉਹ ਦੀਵਾਨ ਖ਼ਾਨੇ ਵਿਚ ਹੀ ਹਰ ਇਕ ਨਾਲ ਮੁਲਾਕਾਤ ਕਰਦੀ ਸੀ।

ਰਾਮੀ ਬਾਹਰ ਬਾਗ਼ ਵਿਚ ਜਿੱਥੇ ਫੌਜੀ ਛਾਉਣੀ ਤੇ ਬਾਹਰਲੀ ਹਵੇਲੀ ਵਿਚ, ਜਿਥੇ ਸਰਕਾਰੀ ਦਫ਼ਤਰ ਸਨ ਪੁੱਜੀ ਅਤੇ ਉਸ ਨੇ ਸ: ਦਲ ਸਿੰਘ ਤੇ ਮੁਨਸ਼ੀ ਰਾਮ ਚੰਦ ਨੂੰ ਸਰਦਾਰਨੀ ਜੀ ਦਾ ਸਨੇਹਾ ਜਾ ਦਿੱਤਾ । ਜਦੋਂ ਉਨ੍ਹਾਂ ਨੂੰ ਸਨੇਹਾ ਮਿਲਿਆ ਓਸੇ ਵੇਲੇ ਉਹ ਰਾਮੀ ਦੇ ਨਾਲ ਰਾਜ-ਭਵਨ ਦੇ ਦੀਵਾਨ ਖਾਨੇ ਵੱਲ ਆ ਗਏ।

ਉਨ੍ਹਾਂ ਦੇ ਅੱਗੇ-ਅੱਗੇ ਰਾਮੀ ਸੀ । ਜਦੋਂ ਰਾਮੀ ਸਮੇਤ ਉਨ੍ਹਾਂ ਨੇ ਦੀਵਾਨ ਖਾਨੇ ਵਿਚ ਪ੍ਰਵੇਸ਼ ਕੀਤਾ ਤਾਂ ਅੱਗੇ ਸਦਾ ਕੌਰ ਨੰਗੀ ਤਲਵਾਰ ਨੂੰ ਘੁਮਾਉਂਦੀ ਹੋਈ ਦੀਵਾਨ ਖ਼ਾਨੇ ਵਿਚ ਟਹਿਲ ਰਹੀ ਸੀ। ਓਹਦੇ ਹੱਥਲੀ ਤਲਵਾਰ ਉਹ ਸੀ, ਜਿਸ ਨਾਲ ਉਹਦੇ ਪਤੀ ਨੇ ਅੱਚਲ ਦੇ ਮੈਦਾਨ ਵਿਚ ਵੈਰੀਆਂ ਦਾ ਮੁਕਾਬਲਾ ਕੀਤਾ ਸੀ । ਉਸ ਤੇਗ਼ ਨੂੰ ਦੇਖਦੀ ਤੇ ਘੁਮਾਉਂਦੀ ਹੋਈ ਉਹ ਇਹ ਤੁਕਾਂ ਬੜੇ ਜੋਸ਼ ਨਾਲ ਪੜ੍ਹੀ ਜਾਂਦੀ ਸੀ ।

ਚੰਡ ਕੇ ਕੋਪਨ ਓਪ ਰਹੀ ਰਨ,

ਮੈਂ ਅਧਿ ਧਾਰ ਭਈ ਸਮੁਹਾਈ ॥

ਮਾਰਿ ਬਿਦਾਰਿ ਸੰਘਾਰ ਦਏ ਤਬ,

ਭੂਪ ਬਿਨਾ ਕਰੈ ਕਉਨ ਲਰਾਈ ॥

ਕਾਂਪ ਉਠੇ ਅਰਿ ਤ੍ਰਾਸ ਹੀਏ,

ਧਰਿ ਛਾਡਿ ਦਈ ਸਭ ਪਉਰਖਤਾਈ ॥

ਦੈਂਤ ਚਲੇ ਤਜਿ ਖੇਤ ਇਉ ਜੈਸੇ,

ਬਡੇ ਗੁਨ ਲੋਭ ਤੇ ਜਾਤ ਪਰਾਈ ॥੨੨੪॥

(ਚੰਡੀ ਚਰਿੱਤ)

ਅੰਤਕ ਤੁਕ ਪੜ੍ਹੀ ਕਿ ਰਾਮੀ ਨੇ ਜਾ ਫ਼ਤਹ ਬੁਲਾਈ ਉਸ ਦੇ ਫ਼ਤਹ ਬੁਲਾਉਣ ਪਿਛੋਂ ਦਲ ਸਿੰਘ ਤੇ ਰਾਮ ਚੰਦ ਨੇ ਫਤਹ ਬੁਲਾਈ, ਉਨ੍ਹਾਂ ਦੋਹਾਂ ਨੂੰ ਦੇਖ ਕੇ ਸਦਾ ਕੌਰ ਨੇ ਆਖਿਆ-

‘ਮੈਂ ਜਾਨਣਾ ਚਾਹੁੰਦੀ ਹਾਂ, ਆਪਣੀ ਮਿਸਲ ਦੀਆਂ ਪਹਿਲੀਆਂ ਹੱਦਾਂ ਕਿਥੋਂ ਤੱਕ ਸਨ ? ਪੰਜਾ ਦਰਿਆਵਾਂ ਦੀ ਪਵਿੱਤ੍ਰ ਧਰਤੀ ਦੇ ਵੱਡੇ ਸ਼ਹਿਰ ਕਿਹੜੇ ਹਨ ਤੇ ਕੌਣ-ਕੌਣ ਉਨ੍ਹਾਂ ‘ਤੇ ਰਾਜ ਕਰ ਰਹੇ ਹਨ ? ਆਪਣੀ ਫੌਜ ਦੀ ਕਿੰਨੀ ਗਿਣਤੀ ਹੈ।’

ਸਿਆਣੇ ਮੁਨਸ਼ੀ ਰਾਮ ਚੰਦ ਨੇ ਇਕ-ਇਕ ਪੁੱਛ ਦਾ ਯੋਗ ਉੱਤਰ ਦਿੱਤਾ, ਫੌਜ ਦੇ ਸਬੰਧ ਵਿਚ ਉਸਨੇ ਕਿਹਾ-

‘ਵੱਡੇ ਸਰਦਾਰ (ਜੈ ਸਿੰਘ) ਜੀ ਦੇ ਸਮੇਂ ਸੱਤ ਹਜ਼ਾਰ ਸੀ, ਪਰ ਸਰਕਾਰ (ਸ: ਗੁਰਬਖਸ਼ ਸਿੰਘ) ਜੀ ਦੀ ਸ਼ਹੀਦੀ ਪਿਛੋਂ ਸਰਦਾਰ ਜੀ ਨੇ ਫੌਜ ਘਟਾ ਦਿੱਤੀ ਸੀ ਇਸ ਵੇਲੇ ਕੋਈ ਸਵਾ ਕੁ ਚਾਰ ਹਜ਼ਾਰ ਹੈ । ਪਰ ਇਹ ਸਾਰੇ ਜੁਵਾਨ ਬੜੇ ਲੜਾਕੇ ਦਲੇਰ ਤੇ ਵਫ਼ਾਦਾਰ ਸਿਪਾਹੀ ਹਨ। ਇਨ੍ਹਾਂ ‘ਤੇ ਹਰ ਤਰ੍ਹਾਂ ਦਾ ਭਰੋਸਾ ਕੀਤਾ ਜਾ ਸਕਦਾ ਹੈ ।

‘ਏਨੇ ਜੁਵਾਨ ਬਥੇਰੇ ਹਨ । ਸਭ ਤੋਂ ਪਹਿਲਾਂ ਕਾਦੀਆਂ, ਕਲਾਨੌਰ, ਸੁਜਾਨ ਪੁਰ, ਪਠਾਨਕੋਟ ਤੇ ਕਾਂਗੜਾ ਫ਼ਤਹ ਕੀਤਾ ਜਾਵੇਗਾ ।’ ਸਦਾ ਕੌਰ ਨੇ ਗੁੱਸੇ ਨਾਲ ਕਿਹਾ।

ਰਾਮ ਚੰਦ ਪੰਜਾਹ ਕੁ ਸਾਲ ਦੀ ਉਮਰ ਦਾ ਕਰਾੜ ਸੀ । ਫ਼ਾਰਸੀ, ਗੁਰਮੁਖੀ ਤੇ ਹਿੰਦੀ ਪੜ੍ਹਿਆ-ਲਿਖਿਆ ਹੋਣ ਕਰਕੇ ਮਿਸਲ ਦਾ ਹਿਸਾਬ- ਕਿਤਾਬ ਰੱਖਦਾ ਤੇ ਮਾਮਲੇ ਦੀ ਵਸੂਲੀ ਦੇ ਪਰਚੇ ਬਣਾਇਆ ਕਰਦਾ ਸੀ । ਉਹ ਜਿੰਨਾ ਕਲਮ ਚਲਾਉਣ ਨੂੰ ਤਕੜਾ ਸੀ, ਓਨਾ ਹੀ ਤਲਵਾਰ ਚਲਾਉਣ ਨੂੰ ਨਕੰਮਾ ਸੀ । ਲੜਾਈ ਸਮੇਂ ਆਪਣੇ ਦਫ਼ਤਰ ਤੋਂ ਬਾਹਰ ਨਹੀਂ ਸੀ ਜਾਂਦਾ । ਉਸ ਕਬੂਤਰ-ਦਿਲ ਵਾਲੇ ਬੰਦੇ ਨੇ ਨੀਵੀਆਂ ਅੱਖਾਂ ਕਰਕੇ ਆਖਿਆ-‘ਸਰਦਾਰ ਵੈਰੀਆਂ ਦੀ ਗਿਣਤੀ ਬਹੁਤੀ ਹੈ । ਉਹ ਬਲਵਾਨ ਹਨ, ਉਹਨਾਂ ਨਾਲ ਲੋਹਾ ਲੈਣ ਵਿਚ ਕਾਹਲ ਨਹੀਂ ਕਰਨੀ ਚਾਹੀਦੀ। ਕੁਝ ਚਿਰ ਸਮੇਂ ਦੀ ਉਡੀਕ ਕਰਨੀ ਚਾਹੀਦੀ ਹੈ ।’

ਇਕ ਸੰਤ-ਸਿਪਾਹੀ ਦੀ ਤਰ੍ਹਾਂ ਸਦਾ ਕੌਰ ਇਕ ਤਿਆਰ ਬਰ- ਤਿਆਰ ਸਿੰਘਣੀ ਸੀ । ਸਿਰ ‘ਤੇ ਛੋਟੀ ਦਸਤਾਰ, ਉਪਰ ਹਲਕਾ ਜੇਹਾ ਮਲਮਲ ਦਾ ਦੁਪੱਟਾ, ਗਲ ਲੰਮਾ ਕਲੀਆਂ ਵਾਲਾ ਕੁੜਤਾ, ਤੇੜ ਘੁੱਟਵਾਂ ਚੂੜੀਦਾਰ ਪਜਾਮਾ ਅਤੇ ਲੱਕ ਨੂੰ ਕਮਰ-ਕੱਸਾ ਕੀਤਾ ਹੋਇਆ ਸੀ । ਉਸ ਕਮਰ-ਕੱਸੇ ਵਿਚ ਨਿੱਕੇ-ਨਿੱਕੇ ਕਈ ਖੰਜਰ ਟੰਗੇ ਹੋਏ ਸਨ, ਜੋ ਵੈਰੀ ਦੀ ਜਾਨ ਲੈਣ ਵਾਸਤੇ ਹੁਸ਼ਿਆਰ ਸਨ । ਨਾਗਨੀ ਦੀ ਜੀਭ ਵਰਗੀ ਤੇਜ ਧਾਰ ਵਾਲੀ ਤੇਗ਼ ਉਸ ਨੇ ਹੱਥ ਵਿਚ ਸੀ । ਮੁਨਸ਼ੀ ਰਾਮ ਚੰਦ ਦੀ ਢਹਿੰਦੀਆਂ ਕਲਾਂ ਵਾਲੀ ਗੱਲ ਸੁਣਕੇ ਉਹ ਸ਼ੇਰਨੀ ਵਾਂਗ ਗਰਜੀ :-

‘ਮੁਨਸ਼ੀ ਜੀ !’

‘ਸਰਕਾਰ !’

‘ਵੈਰੀ ਤਕੜਾ ਹੈ ਜਾਂ ਮਾੜਾ, ਇਸ ਗੱਲ ਦੀ ਮੈਨੂੰ ਚਿੰਤਾ ਨਹੀਂ, ਤੁਸਾਂ ਦਾ ਕੰਮ ਮੇਰਾ ਹੁਕਮ ਮੰਨਣਾ ਹੈ । ਆਪਣਾ ਰਾਜ ਵਾਪਸ ਲੈਣ ਬਦਲੇ ਲੜਾਈ ਕੀਤੀ ਜਾਵੇਗੀ, ਲੜਾਈ ਵਿਚ ਜਿੱਤ ਹੋਵੇ ਜਾਂ ਹਾਰ।’

ਸਦਾ ਕੌਰ ਦੇ ਪ੍ਰਤਾਪੀ ਚਿਹਰੇ ਵੱਲ ਮੁਨਸ਼ੀ ਨਾ ਦੇਖ ਸਕਿਆ। ਸਰਦਾਰਨੀ ਦੀ ਗਰਜ ਨਾਲ ਉਹ ਸਿਰ ਤੋਂ ਪੈਰਾਂ ਤਕ ਕੰਬ ਗਿਆ। ਓਹਦੇ ਕੰਨ ਤੋਂ ਉਹ ਕਲਮ ਧਰਤੀ ਉਤੇ ਡਿੱਗ ਪਈ, ਜਿਸ ਨੂੰ ਉਹ ਸਦਾ ਕੰਨ ਉਤੇ ਅੜਾਈ ਫਿਰਦਾ ਸੀ । ਉਸ ਨੂੰ ਪਹਿਲੀ ਵਾਰ ਪਤਾ ਲੱਗਾ ਕਿ ਉਸ ਦੀ ਮਾਲਕਣ ਕਰੜੇ ਸੁਭਾਅ ਦੀ ਹੈ ।

ਓਸੇ ਵੇਲੇ ਸਦਾ ਕੌਰ ਨੇ ਦਲ ਸਿੰਘ ਨੂੰ ਸੰਬੋਧਨ ਕਰਕੇ ਹੁਕਮ ਦਿੱਤਾ :-

‘ਬਾਗ ਦੇ ਲਾਗੇ ਖੁੱਲ੍ਹੇ ਮੈਦਾਨ ਵਿਚ ਫੌਜ ਖਲਿਆਰੀ ਜਾਵੇ, ਮੈਂ ਦੇਖ ਭਾਲ ਕਰਨਾ ਚਾਹੁੰਦੀ ਹਾਂ । ਤੰਬੂ, ਕਨਾਤਾਂ, ਅੰਨ-ਘਿਉ ਤੇ ਹਥਿਆਰਾਂ ਦਾ ਪ੍ਰਬੰਧ ਕੀਤਾ ਜਾਵੇ । ਕੱਲ੍ਹ ਸਵੇਰੇ ਕਾਦੀਆਂ ਵੱਲ ਕੂਚ ਕੀਤਾ ਜਾਵੇਗਾ ਜਿਹੜੇ ਵੈਰੀ ਮੈਨੂੰ ਇਕ ਇਸਤ੍ਰੀ ਸਮਝ ਕੇ ਭੂਏ ਆਏ ਹਨ, ਉਨ੍ਹਾਂ ਦੇ ਵਿਗੜੇ ਦਿਮਾਗ਼ ਨੂੰ ਦਰੁੱਸਤ ਕੀਤਾ ਜਾਵੇਗਾ ।

‘ਕੋਈ ਫਰਿਆਦੀ ਆਇਆ ਹੈ ।’

‘ਸਰਕਾਰ ! ਇਕ ਬੀਬੀ ਆਈ ਹੈ, ਓਹ ਆਪਣਾ ਨਾਮ ਦੇਸਾਂ ਦਸਦੀ ਹੈ। ਉਸ ਨੂੰ ਬਹੁਤ ਪੁੱਛਿਆ ਹੈ ਕਿ ਰਾਣੀ ਜੀ ਨਾਲ ਕੀ ਕੰਮ ਹੈ, ਬਿਨਾਂ ਕੁਝ ਦੱਸਣ ਦੇ ਏਹੋ ਆਖਦੀ ਹੈ, ‘ਮੈਂ ਰਾਣੀ ਜੀ ਨੂੰ ਸਭ ਕੁਝ ਦਸਾਂਗੀ। ਮੈਂ ਪਠਾਨਕੋਟੋਂ ਆਈ ਹਾਂ । ਰਾਣੀ ਜੀ ਨੂੰ ਜ਼ਰੂਰੀ ਮਿਲਣਾ ਹੈ ।

‘ਘੜੀ ਕੁ ਨੂੰ ਉਸ ਨੂੰ ਪੇਸ਼ ਕਰਨਾ ।’

‘ਜਦੋਂ ਸਰਕਾਰ ਜਲ ਪਾਣੀ ਛੱਕ ਲਵੇਗੀ!’ ਰਾਮੀ ਨੇ ਵਾਕ ਨੂੰ ਪੂਰਿਆਂ ਕਰ ਦਿੱਤਾ ।

ਸਦਾ ਕੌਰ ਕੁਝ ਸੋਚਣ ਲੱਗ ਪਈ । ਤਿੰਨ ਕੁ ਮਿੰਟ ਸੋਚ ਕੇ ਬੋਲੀ ‘ਨਹੀਂ ! ਜਲ ਪਾਣੀ ਫਿਰ ਦੇਖਿਆ ਜਾਵੇਗਾ ਪਹਿਲਾਂ ਉਸ ਬੀਬੀ ਨੂੰ ਸੱਦੋ, ਮੈਂ ਉਸ ਦੀ ਗੱਲ ਸੁਣਨਾ ਚਾਹੁੰਦੀ ਹਾਂ । ਹੋ ਸਕਦਾ ਹੈ ਉਹ ਕੋਈ ਦੁਖੀਆ ਹੋਵੇ ਤੇ ਉਸ ਦੀ ਵੇਦਨਾਂ ਵੱਲ ਪਹਿਲਾਂ ਧਿਆਨ ਦੇਣ ਦੀ ਲੋੜ ਹੈ।’

‘ਜਿਵੇਂ ਸਰਕਾਰ ਦਾ ਹੁਕਮ!’ ਦਲ ਸਿੰਘ ਨੇ ਕਿਹਾ।

‘ਜਾਓ। ਉਸ ਨੂੰ ਮੇਰੇ ਪਾਸ ਲੈ ਆਓ।’

ਦਲ ਸਿੰਘ ਦੀਵਾਨ ਖਾਨੇ ਵਿਚੋਂ ਬਾਹਰ ਚਲਿਆ ਗਿਆ। ਸਦਾ ਕੌਰ ਮੁਨਸ਼ੀ ਰਾਮ ਚੰਦ ਪਾਸੋਂ, ਖਜ਼ਾਨੇ ਵਿਚ ਜਮ੍ਹਾਂ ਰੂਪੈ, ਮਾਮਲੇ ਦੀ ਵਸੂਲੀ, ਕਿਸਾਨਾਂ ਦੀ ਹਾਲਤ ਅਤੇ ਫਸਲਾਂ ਆਦਿਕ ਬਾਰੇ ਬਹੁਤ ਸਾਰੀਆਂ ਗੱਲਾਂ ਪੁੱਛਦੀ ਰਹੀ । ਕੋਈ ਪੰਦਰਾਂ ਕੁ ਮਿੰਟਾਂ ਪਿਛੋਂ ਦਲ ਸਿੰਘ ਦੇਸਾਂ ਨੂੰ ਨਾਲ ਲੈ ਕੇ ਆ ਪੁੱਜਾ।

ਦੇਸਾਂ ਦੀ ਉਮਰ ਵੀਹ ਕੁ ਸਾਲ ਦੀ ਤੇ ਸੁੰਦਰ ਮੁਟਿਆਰ ਸੀ । ਓਹਦੇ ਹੱਡ-ਪੈਰ ਖੁਲ੍ਹੇ ਮਰਦਾ ਵਰਗੇ ਸਨ, ਮੋਟੀਆਂ ਹਰਮਾਂ ਵਰਗੀਆਂ ਅੱਖਾਂ ਤੇ ਚੌੜਾ ਮੱਥਾ ਸੀ । ਮੱਥੇ ਦੀ ਡਲ੍ਹਕ ਨੂਰਾਨੀ ਸੀ । ਦੋਹਾਂ ਗੱਲਾਂ ਤੋਂ ਲਾਲੀ ਚੋ-ਚੋ ਪੈਦੀ ਸੀ । ਉਸ ਸਮੇਂ ਦੇ ਰਿਵਾਜ ਅਨੁਸਾਰ ਲਾਲ ਪਰਾਂਦੇ ਨਾਲ ਸਿਰ ਗੁੰਦਿਆ ਹੋਇਆ ਸੀ । ਗੁੰਦੇ ਸਿਰ ਉਤੇ ਖੱਦਰ ਦੀ ਕਾਲੀ ਚਾਦਰ ਓੜ ਕੇ ਉਹਦੀ ਬੁੱਕਲ ਮਾਰੀ ਹੋਈ । ਉਹਦਾ ਲੰਮਾਂ ਕੱਦ, ਓਹਦੇ ਤਨ ਦੀ ਸੁੰਦਰਤਾ ਤੇ ਅਰੋਗਤਾ ਦੂਸਰੇ ਦੀਆਂ ਅੱਖਾਂ ਨੂੰ ਖਿੱਚਦਾ ਸੀ । ਸਦਾ ਕੌਰ ਉਸ ਨੂੰ ਦੇਖ ਕੇ ਪ੍ਰਸੰਨ ਹੋਈ।

ਦੀਵਾਨ ਖ਼ਾਨੇ ਵਿਚ ਦਾਖਲ ਹੁੰਦੇ ਸਾਰ ਅਤੇ ਸਦਾ ਕੌਰ ਨੂੰ ਦੇਖਣ ’ਤੇ ਡੱਡੋਲਿਕੀ ਹੋ ਗਈ। ਓਹਦੇ ਮੋਟੇ ਤੇ ਜੁਵਾਨੀ-ਭਰੇ ਨੈਣਾਂ ਵਿਚ ਅੱਥਰੂ ਆ ਗਏ। ਉਹ ਇਕਦਮ ਗੜ-ਗੜਾਕੇ ਕੂਕੀ ‘ਰਾਣੀ ਜੀ । ਚੰਗੀ ਰਾਣੀ। ਉਨ੍ਹਾਂ ਨੂੰ ਬਚਾਓ । ਉਨ੍ਹਾਂ ਦੀ ਜਾਨ ਖ਼ਤਰੇ ਵਿਚ ਹੈ ।’ ਇਨ੍ਹਾਂ ਵਾਕਾਂ ਦੇ ਬੋਲਣ ਨਾਲ ਹੀ ਉਹ ਸਦਾ ਕੌਰ ਦੇ ਚਰਨਾਂ ਉਪਰ ਡਿੱਗ ਪਈ ।

‘ਮੈਂ ਭਗਵਾਨ ਦਾ ਵਾਸਤਾ ਪਾ ਕੇ ਆਖਦੀ ਹਾਂ ਛੇਤੀ ਕੋਈ ਚਾਰਾ ਕਰੋ । ਉਨ੍ਹਾਂ ਨੂੰ ਮਾਰ ਦਿੱਤਾ ਜਾਵੇਗਾ! ਰਾਣੀ ਜੀ !’

‘ਕਿਸ ਦੀ ਜਾਨ ਖ਼ਤਰੇ ਵਿਚ ਹੈ ? ਕੌਣ ਮਾਰ ਦੇਵੇਗਾ ? ਪੂਰੀ ਗੱਲ ਧੀਰਜ ਨਾਲ ਦੱਸ ।’ ਸਦਾ ਕੌਰ ਨੇ ਦੇਸਾਂ ਨੂੰ ਬਾਹੋਂ ਫੜ ਕੇ ਧਰਤੀ ਤੋਂ ਉਪਰ ਉਠਾਉਂਦਿਆਂ ਹੋਇਆਂ ਪੁੱਛਿਆ। ‘ਤੇਰੇ ਜਹੀ ਬਹਾਦਰ ਮੁਟਿਆਰ ਨੂੰ ਰੋਣਾ ਤੇ ਘਬਰਾਉਣਾ ਨਹੀਂ ਸ਼ੋਭਦਾ ।’

‘ਉਨ੍ਹਾਂ ਦਾ ਨਾਮ ਵਰਿਆਮ ਸਿੰਘ ਹੈ!’ ਦੇਸਾਂ ਅਣਲਿਖੀ ਅਰਜੀ ਸੁਣਾਉਣ ਲੱਗੀ-‘ਉਹ ਧਰਮੂਵਾਲਾ ਪਿੰਡ ਦਾ ਰਹਿਣ ਵਾਲਾ ਹੈ । ਸਰਕਾਰ ਦੀ ਫੌਜ ਵਿਚ ਸਿਪਾਹੀ ਸੀ । ਪਠਾਨਕੋਟ ਦੇ ਕਿਲ੍ਹੇ ਵਿਚ ਰਹਿੰਦਾ ਸੀ। ਉਸਨੂੰ ‘ਫੌਜਦਾਰ’ ਆਖਦੇ ਸਨ, ਪਤਾ ਨਹੀਂ ਉਹ ਕੌਣ ਹੁੰਦਾ ਹੈ।’

ਰਾਣੀ ਜੀ ! ਜਦੋਂ ਅਚੱਲ ਦੇ ਰਣ ਵਿਚ ਰਾਜਾ ਜੀ ਸ਼ਹੀਦ ਹੋ ਗਏ। ਤੇ ਕਾਂਗੜੇ ਦੇ ਰਾਜੇ ਸੰਸਾਰ ਚੰਦ ਨੇ ਪਠਾਨਕੋਟ ਦੇ ਕਿਲ੍ਹੇ ਨੂੰ ਮੱਲ ਲਿਆ। ਉਸ ਵੇਲੇ ਉਹ ਕੈਦ ਕਰ ਲਏ ਗਏ। ਉਨ੍ਹਾਂ ਦੇ ਨਾਲ ਦਸ ਆਦਮੀ ਹੋਰ ਹਨ। ਉਨ੍ਹਾਂ ਨੂੰ ਕਾਠ ਮਾਰਿਆ ਹੋਇਆ ਹੈ । ਮੈਂ ਉਨ੍ਹਾਂ ਨੂੰ ਛੁਡਾਉਣ ਦਾ ਬੜਾ ਉਪਰਾਲਾ ਕੀਤਾ, ਪਰ ਮੈਨੂੰ ਸਫ਼ਲਤਾ ਨਾ ਹੋਈ। ਰਾਜੇ ਦੇ ਆਦਮੀ ਉਸਨੂੰ ਤੰਗ ਕਰ ਰਹੇ ਨੇ । ਮੈਂ ਭੇਸ ਬਦਲ ਕੇ ਮਿਲ ਆਈ ਹਾਂ। ਉਨ੍ਹਾਂ ਨੇ ਮੈਨੂੰ ਰਾਣੀ ਜੀ ਵੱਲ ਭੇਜਿਆ ਹੈ ।’

‘ਉਹ ਤੇਰੇ ਕੀ ਲੱਗਦੇ ਹਨ ?’

‘ਮੇਰੇ…….!’ ਇਹ ਆਖ ਕੇ ਮੁਟਿਆਰ ਸ਼ਰਮਾ ਗਈ ।

‘ਮੈ.ਕੀ ਦੱਸਾ….!’

‘ਕੀ ਤੇਰਾ ਵਿਆਹ ਹੋਇਆ ਹੈ ?’ ਸਦਾ ਕੌਰ ਨੇ ਉਹਦੇ ਮਨੋਭਾਵਾਂ ਦੀ ਜਾਂਚ ਕਰਦਿਆਂ ਹੋਇਆਂ ਓਹਦੇ ’ਤੇ ਸਵਾਲ ਕੀਤਾ।

‘ਨਹੀਂ ਮੈਂ ਅਣਵਿਆਹੀ ਹਾਂ ।’

‘ਵਰਿਆਮ ਸਿੰਘ ਨਾਲ ਤੇਰੀ ਕੁੜਮਾਈ ਹੋਈ ਹੋਈ ਹੈ ?’

‘ਹਾਂ, ਰਾਣੀ ਜੀ !’

‘ਉਹ ਕੀ ਆਖਦੇ ਹਨ? ਉਨ੍ਹਾਂ ਨੂੰ ਤੰਗ ਕੀਤਾ ਕਿਉਂ ਜਾਂਦਾ ?’

‘ਚੰਗੀ ਰਾਣੀ ਜੀ! ਜੋ ਕੁਝ ਉਨ੍ਹਾਂ ਦੱਸਿਆ ਹੈ, ਉਹ ਕੁਝ ਮੈਂ ਸੁਣਕੇ ਘਬਰਾ ਗਈ ਸਾਂ । ਚੰਦਰੇ ਰਾਜੇ ਦੀ ਨੀਤ ਮਾੜੀ ਹੈ । ਕੁੱਤਾ ! ਪਾਗ਼ਲ ਕੁੱਤਾ !’

ਦੇਸਾਂ ਦੀਆਂ ਭਵਾਂ ਚੜ੍ਹ ਗਈਆਂ । ਉਹਦੀਆਂ ਅੱਖਾਂ ਦੇ ਅਥਰੂ ਮੁੱਕ ਗਏ । ਕ੍ਰੋਧ ਨਾਲ ਓਹਦੇ ਚਿਹਰੇ ਦਾ ਰੰਗ ਇਕ ਦਮ ਲਾਲ ਹੋ ਗਿਆ। ਓਹਦੀਆਂ ਅੱਖਾਂ ਵਿਚੋਂ ਚੰਗਿਆੜੇ ਨਿਕਲਣ ਲੱਗੇ । ਸੱਜੇ ਹੱਥ ਦੀ ਮੁੱਕੀ ਵੱਟ ਕੇ ਉਸ ਨੇ ਆਖਿਆਂ-‘ਜੇ ਉਹ ਕਟੋਚੀਆ ਮੈਨੂੰ ਮਿਲ ਜਾਵੇ ਤਾਂ ਮੈਂ ਓਹਦੀਆਂ ਹੱਡੀਆਂ ਚਿੱਥ ਸੁੱਟਾਂ। ਓਹਦੇ ਲਹੂ ਦੇ ਘੁੱਟ ਭਰਾਂ, ਚੰਡਾਲ! ਬਹੁਤਾ ਭੂਤਰ ਗਿਆ। ਆਹ! ਮੈਂ ਇਕ ਇਸਤ੍ਰੀ ਹਾਂ, ਨਹੀਂ ਤੇ…. ।’

ਗੱਲ ਕੀ ਹੋਈ ਹੈ ? ਪੂਰੀ ਗੱਲ ਦੱਸ ਦੇਵੋ!’

ਦੱਸਦੀ ਹਾਂ! ਇਨ੍ਹਾਂ ਨੂੰ ਬਾਹਰ ਭੇਜ ਦੇਵੋ !’

‘ ਦੇਸਾਂ ਦਾ ਇਸ਼ਾਰਾ ਦਲ ਸਿੰਘ ਤੇ ਰਾਮ ਚੰਦ ਵੱਲ ਸੀ।

ਉਹ ਦੋਵੇਂ ਦੀਵਾਨ ਖ਼ਾਨੇ ਵਿਚੋਂ ਬਾਹਰ ਹੋ ਗਏ । ਉਨ੍ਹਾਂ ਦੇ ਜਾਣ ਪਿਛੋਂ ਦੇਸਾਂ ਨੇ ਦੱਸਿਆ-‘ਰਾਣੀ ਜੀ! ਖ਼ਿਮਾ ਕਰਨਾ ਮੇਰਾ ਮੂੰਹ ਛੋਟਾ ਗੱਲ ਵੱਡੀ ਹੈ। ਸੰਸਾਰ ਚੰਦ ਆਪ ਪਠਾਨਕੋਟ ਆਇਆ ਸੀ । ਉਸ ਨੇ ਉਨ੍ਹਾਂ (ਵਰਿਆਮ ਸਿੰਘ) ਨੂੰ ਆਖਿਆ!’

‘ਕੀ ਅਖਿਆ ?’ ਸਦਾ ਕੌਰ ਅਸਲ ਗੱਲ ਨੂੰ ਛੇਤੀ ਤੋਂ ਛੇਤੀ ਜਾਨਣਾ ਚਾਹੁੰਦੀ ਸੀ ।

‘ਉਸ ਚੰਡਾਲ ਉਨ੍ਹਾਂ ਨੂੰ ਕਿਹਾ-‘ਤੇਰੀ ਭਲਾਈ ਤੇ ਰਿਹਾਈ ਇਕ ਸ਼ਰਤ ‘ਤੇ ਹੋ ਸਕਦੀ ਹੈ ? ਉਹ ਸ਼ਰਤ ਇਹ ਕਿ ਸ: ਗੁਰਬਖਸ਼ ਸਿੰਘ ਦੀ ਰਾਣੀ ਸਦਾ ਕੌਰ ਨੂੰ ਕਿਸੇ ਨ ਕਿਸੇ ਤਰ੍ਹਾਂ ਧੋਖੇ ਨਾਲ ਮੇਰੇ (ਸੰਸਾਰ ਚੰਦ ਦੇ) ਕੋਲ ਲਿਆਉਣ ਦੀ ਹਾਂ ਕਰ ।’

‘ਉਹ ਕਿਉਂ ?’ ਸਦਾ ਕੌਰ ਨੇ ਪੁੱਛਿਆ।

‘ਉਹ ਚੰਡਾਲ ਰਾਣੀ ਜੀ ਨੂੰ ਘਰ ਪਾਉਣਾ ਚਾਹੁੰਦਾ ਹੈ । ਉਸ ਤੁਸਾਂ ਦੀ ਜਵਾਨੀ ਤੇ ਸੁੰਦਰਤਾ ਦੀ ਵਡਿਆਈ ਕਰਦਾ ਰਹਿੰਦਾ ਹੈ । ਜਦੋਂ ਇਹ ਗੱਲ ਉਨ੍ਹਾਂ (ਵਰਿਆਮ ਸਿੰਘ) ਨੇ ਸੁਣੀ ਤਾਂ ਉਹ ਗੁੱਸੇ ਨਾਲ ਲੋਹੇ ਲਾਖੇ ਹੋ ਗਏ। ਉਨ੍ਹਾਂ ਨੇ ਰਾਜੇ ਸੰਸਾਰ ਚੰਦ ਨੂੰ ਗਾਲ੍ਹਾਂ ਕੱਢੀਆਂ। ਉਨ੍ਹਾਂ ਗਾਲਾਂ ਤੋਂ ਚਿੜ ਕੇ ਰਾਜੇ ਨੇ ਹੁਕਮ ਕੀਤਾ ਇਸਨੂੰ ਕਾਠ ਮਾਰ ਕੇ ਤੰਗ ਕਰੋ । ਰਾਣੀ ਜੀ ! ਜਿੰਨੀ ਕਾਹਲੀ ਹੋ ਸਕੇ। ਉਨ੍ਹਾਂ ਨੂੰ ਰਿਹਾ ਕਰਾਓ ਉਨ੍ਹਾਂ ਦੀ ਜਾਨ ਖ਼ਤਰੇ ਵਿਚ ਹੈ ।’

‘ਹੱਛਾ! ਚੰਡਾਲ ਸੰਸਾਰ ਚੰਦ ਦਾ ਐਨਾ ਹੌਂਸਲਾ । ਮੇਰੀ ਜਵਾਨੀ ‘ਤੇ ਅੱਖ ਰੱਖੀ ਬੈਠਾ ਹੈ । ਜਦੋਂ ਸੱਪ ਦੀ ਮੌਤ ਆਵੇ ਤਾਂ ਉਹ ਚੁਰਾਹੇ ਵਿਚ ਬੈਠਦਾ ਹੈ । ਮੂੰਹੋਂ ਕੱਢੇ ਇਸ ਕੁਬੋਲ ਦਾ ਫਲ ਮੈਂ ਉਸਨੂੰ ਚੰਗੀ ਤਰ੍ਹਾਂ ਚਖਾਵਾਂਗੀ ।’ ਇਹ ਆਖ ਕੇ ਸਦਾ ਕੌਰ ਨੇ ਜ਼ੋਰ ਨਾਲ ਤਾਲੀ ਵਜਾਈ ਤਾਲੀ ਦਾ ਖੜ੍ਹਾਕ ਸੁਣ ਕੇ ਦਲ ਸਿੰਘ ਤੇ ਮੁਨਸ਼ੀ ਰਾਮ ਚੰਦ ਕਾਹਲੀ ਨੱਠੇ ਹੋਏ ਅੰਦਰ ਆਏ । ਉਨ੍ਹਾਂ ਨੂੰ ਦੇਖ ਕੇ ਉਸ ਨੇ ਹੁਕਮ ਦਿੱਤਾ-‘ਫੌਜ ਨੂੰ ਕੂਚ ਦਾ ਹੁਕਮ ਦੇਵੋ । ਕਾਦੀਆਂ ਤੋਂ ਪਹਿਲਾਂ ਪਠਾਨਕੋਟ ਦੇ ਕਿਲ੍ਹੇ ਉਤੇ ਹਮਲਾ ਕੀਤਾ ਜਾਵੇਗਾ। ਥੋੜ੍ਹੇ ਜੁਵਾਨ ਬਟਾਲੇ ਦੀ ਰਾਖੀ ਵਾਸਤੇ ਛੱਡੋ । ਸੰਸਾਰ ਚੰਦ ਕਟੋਚੀਏ ਦੇ ਸਿਰ ਭੂਤ ਸਵਾਰ ਹੈ । ਉਸ ਭੂਤ ਨੂੰ ਦੂਰ ਕੀਤਾ ਜਾਵੇਗਾ । ਕੋਈ ਬਹਾਨਾ ਮੈਂ ਸੁਣਨ ਨੂੰ ਤਿਆਰ ਨਹੀਂ ਬੱਸ ਕੂਚ ਦਾ ਹੁਕਮ ।’

ਦਲ ਸਿੰਘ ਤੇ ਰਾਮ ਚੰਦ ਨੇ ਸਿਰ ਨਿਵਾਏ ਤੇ ਹੁਕਮ ਦੀ ਪਾਲਨਾ ਕਰਨ ਵਾਸਤੇ ਕਾਹਲੀ ਨਾਲ ਦੀਵਾਨ ਖ਼ਾਨੇ ਵਿਚੋਂ ਬਾਹਰ ਚਲੇ ਗਏ।

‘ਰਾਮੀ! ਦੇਸਾਂ ਭੈਣ ਨੂੰ ਨਾਲ ਲੈ ਜਾ, ਅੰਨ-ਜਲ ਛਕਾ ਕੇ ਇਸ ਨੂੰ ਫੌਜੀ ਕੱਪੜੇ ਪਹਿਨਾ, ਇਹ ਮੇਰੇ ਨਾਲ ਚੱਲੇਗੀ, ਅੱਜ ਤੋਂ ਮੇਰੇ-ਤੇਰੇ ਨਾਲ ਰਿਹਾ ਕਰੇਗੀ।’

ਇਹ ਆਖ ਕੇ ਸਦਾ ਕੌਰ ਆਪਣੇ ਕਮਰੇ ਨੂੰ ਚਲੀ ਗਈ ।

9. 

ਅਚਾਨਕ ‘ਰਣਜੀਤ ਨਗਾਰੇ’ ਉਤੇ ਚੋਟ ਲੱਗੀ। ਬਟਾਲੇ ਦੇ ਵਸਨੀਕ ਤੁੱਬਕ ਉਠੇ, ਕਿਸ ਨੇ ਕਿਸੇ ਨੂੰ ਪੁੱਛਿਆ-‘ਰਣਜੀਤ ਨਗਾਰਾ ਕਿਉ ਵੱਜ ਰਿਹਾ ਹੈ ?’

ਕੋਈ ਪਤਾ ਨਹੀਂ ?’ ਪੁੱਛਣ ਵਾਲੇ ਨੂੰ ਅੱਗੋਂ ਉੱਤਰ ਮਿਲਿਆ।

‘ਕਿਤੇ ਬਾਹਰੋਂ ਕੋਈ ਦੁਸ਼ਮਣ ਤਾਂ ਚੜ੍ਹਾਈ ਕਰਕੇ ਨਹੀਂ ਆ

ਗਿਆ ?’

‘ਕੋਈ ਪਤਾ ਨਹੀਂ ?’

ਹਟਵਾਣੀਏ, ਅਯਾਲੀ, ਸੁਨਿਆਰ, ਲੁਹਾਰ, ਤ੍ਰਖਾਣ, ਘੁਮਿਆਰ, ਹੱਲ ਵਾਹੁਣ ਵਾਲੇ ਜੱਟ, ਨਾਰੀਆਂ ਤੇ ਬਾਲ-ਬੁੱਢੇ ਸਭ ਹੱਥਲੇ ਧੰਦੇ ਛੱਡ ਕੇ ਹੈਰਾਨ ਹੋ ਖਲੋਤੇ। ਜਿਹੜੇ ਸਮਝਦਾਰ ਜੁਵਾਨ ਅਤੇ ਸਧਾਰਨ ਮੁੰਡੇ ਸਨ, ਉਸ ਪਾਸੇ ਨੂੰ ਨੱਠ ਉੱਠੇ ਜਿਧਰ ‘ਰਣਜੀਤ ਨਗਾਰਾ’ ਵੱਜ ਰਿਹਾ ਸੀ । ਉਹ ਛੇਤੀ ਤੋਂ ਛੇਤੀ ਰਣਜੀਤ ਨਗਾਰੇ ਦੇ ਵੱਜਣ ਦਾ ਕਾਰਨ ਜਾਣਨਾ ਚਾਹੁੰਦੇ ਸਨ ।

‘ਫੌਜਾਂ ਕਿਧਰੇ ਚੜ੍ਹਾਈ ਕਰਨ ਲੱਗੀਆਂ ਹਨ ।’

ਝੱਟ-ਪੱਟ ਪਤਾ ਲਿਆ ਕੇ ਇਕ ਜੁਆਨ ਬੋਲਿਆ ।

‘ਮੈਂ ਵੀ ਨਾਲ ਜਾ ਰਿਹਾਂ ਹਾਂ । ਰਾਣੀ ਜੀ ਆਪ ਚੱਲੇ ਹਨ । ਵੈਰੀ ਨਾਲ ਲੜਾਂਗਾ ਖੂਬ ਲੜਾਂਗਾ ।’

ਆਖਰ ਲੋਕਾਂ ਨੂੰ ਪਤਾ ਲੱਗਾ ਗਿਆ ਕਿ ਕਿਸੇ ਰਾਜ ਨੂੰ ਫਤਹ ਕਰਨ ਵਾਸਤੇ ਚਲੀ ਹੈ । ਅਣਖੀਲੇ ਗੱਭਰੂ ਜੋ ਘਰੇਲੂ ਧੰਦੇ ਕਰਦੇ ਸਨ ਤੇ ਯੁੱਧ ਕਰਨ ਦਾ ਵੀ ਚਾਅ ਹਿਰਦੇ ਵਿਚ ਰੱਖਦੇ ਸਨ, ਜਾਂ ਜਿਨ੍ਹਾਂ ਨੂੰ ਮਿਸਲ ਦੇ ਸਰਦਾਰ ਨਾਲ ਹਮਦਰਦੀ ਸੀ ਉਹ ਸਾਰੇ ਘਰਾਂ ਤੋਂ ਪਿਉ-ਦਾਦੇ ਦੀਆਂ ਤਲਵਾਰਾਂ ਤੇ ਢਾਲਾਂ ਚੁੱਕ ਕੇ ਫੌਜ ਨਾਲ ਆ ਰਲੇ। ਮੁਟਿਆਰਾਂ ਤੇ ਸਿਆਣੀਆਂ ਇਸਤ੍ਰੀਆਂ ਆ ਇਕੱਠੀਆਂ ਹੋਈਆਂ। ਜੋ ਬਾਜ਼ਾਰਾਂ ਵਿਚ ਨਹੀਂ ਸਨ ਆਉਣਾ ਚਾਹੁੰਦੀਆਂ, ਉਹ ਆਪਣੇ ਘਰਾਂ ਦੀਆਂ ਅਟਾਰੀਆਂ ਉਤੇ ਚੜ੍ਹ ਕੇ ਦੇਖਣ ਲੱਗੀਆਂ ।

ਸਰਦਾਰਨੀ ਸਦਾ ਕੌਰ, ਜੋ ਕਦੀ ਆਪਣੇ ਪਿਤਾ ਤੇ ਭਰਾ ਨੂੰ ਲੜਾਈ ਜਾਂਦੇ ਦੇਖਿਆ ਕਰਦੀ ਸੀ, ਜਿਸ ਨੇ ਕਦੀ ਆਪਣੇ ਪਤੀ ਨੂੰ ਸਾਰੇ ਸ਼ਸਤ੍ਰ ਦੇ ਕੇ ਆਪ ਲੜਾਈ ਵੱਲ ਤੋਰਿਆ ਸੀ, ਉਹ ਉਸ ਦਿਨ ਆਪ ਸਾਰੇ ਸ਼ਸਤ੍ਰ ਪਹਿਨ ਕੇ ਅਤੇ ‘ਵਾਯੂ’ ਨਾਮ ਦੇ ਘੋੜੇ ਉਤੇ ਚੜ੍ਹ ਕੇ ਸਾਰੀ ਸੈਨਾ ਦੀ ਸੈਨਾਪਤੀ ਬਣੀ ਖਲੋਤੀ ਸੀ । ਨਰ-ਨਾਰੀ ਉਸ ਨੂੰ ਦੇਖ ਰਹੇ ਸਨ। ਉਹ ਪ੍ਰਸੰਨਤਾ ਨਾਲ ਸਰਦਾਰਨੀ ਦੀ ਉਪਮਾ ਕਰਦੇ ਹੋਏ ਸ: ਜੈ ਸਿੰਘ ਤੇ ਗੁਰਬਖਸ਼ ਸਿੰਘ ਨੂੰ ਯਾਦ ਕਰ ਰਹੇ ਸਨ ।

‘ਇਹ ਸਰਦਾਰਨੀ ਜ਼ਰੂਰ ਕਿਸੇ ਦੇਵੀ ਦਾ ਅਵਤਾਰ ਹੈ!’

‘ਦੁਰਗਾ!’

‘ਵੈਰੀਆਂ ਦੇ ਦੰਦ ਖੱਟੇ ਕਰੇਗੀ । ਪਤੀ ਦੇ ਖੂਨ ਦਾ ਬਦਲਾ ਲੈਣ ਜਾ ਰਹੀ ਹੈ ।’

ਲੋਕੀਂ ਇਉਂ ਜੱਸ ਕਰ ਰਹੇ ਸਨ ।

ਸਦਾ ਕੌਰ ਵਾਯੂ ਘੋੜੇ ਉਤੇ ਸਵਾਰ ਹੋ ਕੇ ਰਾਜ-ਹਵੇਲੀ ਵਿਚੋਂ ਬਾਹਰ ਨਿਕਲੀ ‘ਵਾਯੂ’ ਸੱਚ-ਮੱਚ ਹੀ ਪਵਨ ਪੁਤ੍ਰ ਘੋੜਾ ਸੀ । ਉਹਦਾ ਜਨਮ ਕੰਧਾਰ ਵੱਲ ਹੋਇਆ ਸੀ । ਵੈਰੀਆਂ ਦੀਆਂ ਸਫਾ ਚੀਰਦਾ ਹੋਇਆ। ਹਵਾ ਦੇ ਵੇਗ ਵਾਂਗ ਅੱਗੇ ਨਿਕਲ ਜਾਇਆ ਕਰਦਾ ਸੀ । ਸਦਾ ਕੌਰ ਫੌਜ ਦੀ ਛਾਉਣੀ ਵਿਚ ਚਲੀ ਗਈ। ਉਸ ਦੇ ਨਾਲ ਰਾਮੀ ਤੇ ਦੇਸਾਂ मी ।

ਦੇਸਾਂ ਨੇ ਫੌਜੀ ਵਰਦੀ ਪਹਿਨ ਲਈ ਸੀ । ਉਹ ਅਣਵਿਆਹੀ ਬਹਾਦਰ ਮੁਟਿਆਰ ਹੱਥ ਵਿਚ ਲਿਸ਼ਕਦੀ ਸ਼ਮਸ਼ੀਰ ਫੜ ਕੇ ਆਪਣੇ ਪਿਆਰੇ ਵਰਿਆਮ ਸਿੰਘ ਨੂੰ ਬੰਦੀਖ਼ਾਨੇ ਵਿਚੋਂ ਰਿਹਾ ਕਰਾਉਣ ਵਾਸਤੇ ਜਾ ਰਹੀ ਸੀ ।

ਸਾਰੀ ਫੌਜ ਤਿਆਰ ਖਲੋਤੀ ਸੀ । ਸ: ਦਲ ਸਿੰਘ, ਬਘੇਲ, ਸਿੰਘ, ਪੰਜ-ਹੱਥਾ ਸਿੰਘ ਤੇ ਨਿਹਾਲ ਸਿੰਘ ਜੈਸੇ ਫੌਜੀ ਸਰਦਾਰਾਂ ਨੇ ਸਦਾ ਕੌਰ ਦਾ ਸਵਾਗਤ ਕੀਤਾ । ਉਨ੍ਹਾਂ ਨੇ ਕਤਾਰਾਂ ਵਿਚ ਤਿਆਰ-ਬਰ-ਤਿਆਰ ਖਲੋਤੀ ਹੋਈ ਸੈਨਾ ਸਦਾ ਕੌਰ ਨੂੰ ਦਿਖਾਈ । ਸਾਰੀ ਫੌਜ ਨੂੰ ਦੇਖ ਕੇ ਫੌਜ ਦੀ ਸਲਾਮੀ ਲੈ ਕੇ ਸਦਾ ਕੌਰ ਨੇ ਛੋਟਾ ਜੇਹਾ ਵਖਿਆਨ ਦਿੱਤਾ-

‘ਬਹਾਦਰੋ! ਤੁਸੀਂ ਸਾਰੇ ਵੀਰ ਤੇ ਪਿਤਾ ਸਮਾਨ ਹੋ, ਮੈਂ ਤੁਸਾਂ ਨੂੰ ਅਨਿਆਇ ਕਰਨ ਤੇ ਗਰੀਬਾਂ ਨੂੰ ਲੁੱਟਣ ਵਾਸਤੇ ਬਾਹਰ ਨਹੀਂ ਲਿਜਾ ਰਹੀ, ਸਗੋਂ ਆਪਣੇ ਖੁੱਸੇ ਰਾਜ ਨੂੰ ਵਾਪਸ ਲੈਣਾ ਹੈ । ਜਿਹੜੇ ਸਰਦਾਰ ਤੇ ਰਾਜੇ ਪਰਜਾ ਨੂੰ ਸੁਖ-ਚੈਨ ਨਾਲ ਨਹੀਂ ਬੈਠਣ ਦੇਂਦੇ ਉਨ੍ਹਾਂ ਨੂੰ ਸਿੱਖ ਮੱਤ ਦੇਣੀ ਹੈ। ਮੈਂ ਤੁਸਾਂ ਦੇ ਅੱਗੇ ਹੋ ਕੇ ਲੜਾਂਗੀ। ਪਹਿਲਾਂ ਪਠਾਨਕੋਟ ਉਤੇ ਹਮਲਾ ਕਰਨਾ ਹੈ ਕਿਉਂਕਿ ਉਸ ਕਿਲ੍ਹੇ ਵਿਚ ਤੁਸਾਂ ਦੇ ਸੈਨਿਕਾਂ ਨੂੰ ਕੈਦ ਕੀਤਾ ਹੋਇਆ ਹੈ, ਉਨ੍ਹਾਂ ਨੂੰ ਸੁਤੰਤਰ ਕਰਾਉਣਾ ਹੈ ।’

ਸਦਾ ਕੌਰ ਦੇ ਇਨ੍ਹਾਂ ਬਚਨਾਂ ਨੂੰ ਸੁਣ ਕੇ ਸਾਰੀ ਸੈਨਾ ਵਿਚ ਜੋਸ਼ ਤੇ ਪ੍ਰਸੰਨਤਾ ਦੀ ਲਹਿਰ ਦੌੜ ਗਈ। ‘ਜੋ ਬੋਲੇ ਸੋ ਨਿਹਾਲ । ਸਤਿ ਸ੍ਰੀ ਅਕਾਲ !’ ਦੇ ਜੈਕਾਰਿਆਂ ਨਾਲ ਅਸਮਾਨ ਗੂੰਜ ਉਠਿਆ।

‘ਪੰਜਾਂ ਦਰਿਆਵਾਂ ਦੀ ਪਵਿਤ੍ਰ ਧਰਤੀ ਨੂੰ ਸੁਤੰਤ੍ਰ ਕਰਾਉਣਾ ਹੈ। ਤੁਸਾਂ ਦੇ ਪਹਿਲੇ ਸਰਦਾਰਾਂ ਵਾਂਗ ਮੈਂ ਯਤਨ ਕਰਾਂਗੀ ਕਿ ਤੁਸਾਂ ਨੂੰ ਇਨਾਮ ਦੇਵਾਂ, ਤੁਸਾਂ ਦਾ ਸਤਿਕਾਰ ਕਰਾਂ ਤੇ ਮੈਨੂੰ ਆਸ ਹੈ ਕਿ ਤੁਸੀਂ ਵੀ ਮੇਰੀ ਇੱਜ਼ਤ, ਅਣਖ ਤੇ ਮਿਸਲ ਦੇ ਰਾਜ ਵਾਸਤੇ ਹਰ ਤਰ੍ਹਾਂ ਦੀਆਂ ਕੁਰਬਾਨੀਆਂ ਕਰੋਗੇ ।’

‘ਅਸੀਂ ਆਪਣਾ ਰਾਜ ਵਾਪਸ ਲਵਾਂਗੇ ! ਆਪਣੇ ਸਰਦਾਰ ਦੇ ਖੂਨ ਦਾ ਬਦਲਾ ਲਵਾਂਗੇ ! ਰਾਣੀ ਜੀ ਬਦਲੇ ਜਾਨਾਂ ਵਾਰਾਂਗੇ !’ ਫੌਜੀਆਂ ਵੱਲੋਂ ਆਵਾਜ਼ਾਂ ਆਈਆਂ ।

ਨਗਾਰੇ ‘ਤੇ ਚੋਟ ਲੱਗੀ । ਤੁਰਨ ਦਾ ਬਿਗਲ (ਨਰ ਸਿੰਘਾ) ਵੱਜਿਆ । ਸਾਰੀ ਫੌਜ ਦੇ ਮੋਹਰੇ ਸਦਾ ਕੌਰ ਸੀ। ਓਹਦੇ ਪਿਛੇ ਰਾਮੀ, ਦੇਸਾਂ ਤੇ ਦਲ ਸਿੰਘ ਸਨ । ਫੌਜ ਤੇ ਤੁਰਨ ਨਾਲ ਗਰਦਾ ਅਸਮਾਨ ਨੂੰ ਚੜ੍ਹਿਆ । ਉਹ ਗਰਦਾ ਹਨੇਰੀ ਦਾ ਰੂਪ ਧਾਰਨ ਕਰ ਬੈਠਾ । ਫੌਜ ਵਾਹੋ-ਦਾਹੀ ਪਠਾਨਕੋਟ ਨੂੰ ਜਾ ਰਹੀ ਸੀ ।

‘ਵਾਯੂ’ (ਘੋੜੇ) ਦੀਆਂ ਵਾਗਾਂ ਖਿੱਚ ਕੇ ਰਖਿਆਂ ਵੀ ਉਹ ਬਹੁਤ ਤੇਜ ਚਾਲ ਵਿਚ ਜਾ ਰਿਹਾ ਸੀ । ਓਹਦੀ ਕਾਠੀ ਉਤੇ ਹੁਸ਼ਿਆਰੀ ਨਾਲ ਬੈਠੀ ਹੋਈ ਸਦਾ ਕੌਰ ਆਪਣੇ ਦੁਸ਼ਮਣਾਂ ਨੂੰ ਫਤਿਹ ਕਰਨ ਜਾ ਰਹੀ ਸੀ। ਉਸ ਵੇਲੇ ਅਚਾਨਕ ਹੀ ਉਸਨੂੰ ਦੇਸਾਂ ਦੀ ਦੱਸੀ ਹੋਈ ਗੱਲ ਚੇਤੇ ਆਈ ਕਿ ਸੰਸਾਰ ਚੰਦ ਉਸ ਨੂੰ ਘਰ ਪਾਉਣਾ ਚਾਹੁੰਦਾ ਹੈ । ਉਸ ਦੇ ਨਾਲ ਹੀ ਸਰਦਾਰ ਗੁਰਬਖਸ਼ ਸਿੰਘ ਦੀ ਪਿਆਰੀ ਤੇ ਸੁੰਦਰ ਤਸਵੀਰ ਅੱਖਾਂ ਅੱਗੇ ਆ ਗਈ। ‘ਮੈਂ ਆਪਣੀ ਪਤੀ ਦੇਵ ਦੀ ਅਮਾਨਤ ਹਾਂ । ਮੇਰੇ ਵੱਲ ਦੂਸਰਾ ਮਰਦ ਨਹੀਂ ਵੇਖ ਸਕਦਾ । ਜਿਹੜਾ ਮੇਰੀ ਆਬਰੂ ਵੱਲ ਝਾਕੇ ਉਸ ਦੀਆਂ ਮੈਂ ਅੱਖਾਂ ਕੱਢ ਦੇਵਾਂਗੀ । ਪਤੀ ਦੀ ਯਾਦ ਵਿਚ ਸਤੀ ਰਹਿਣਾ ਮੇਰਾ ਧਰਮ ਹੈ। … ਸੰਸਾਰ ਚੰਦ ਚੰਡਾਲ ! ਮੈਂ ਇਸ ਚੰਡਾਲ ਦਾ ਰਾਜ ਖੋਹੇ ਬਿਨਾਂ ਵਾਪਸ ਨਹੀਂ ਮੁੜਨਾ । ਦੇਖਾਂਗੀ ਕੌਣ ਇਸਦੀ ਸਹਾਇਤਾ ਕਰਦਾ ਹੈ । .ਛੇਤੀ! ਪਠਾਨਕੋਟ ਛੇਤੀ ਪੁੱਜਾਂ !’

ਇਸ ਵਿਚਾਰ ਨੇ ਉਸਨੂੰ ਐਨਾ ਜੋਸ਼ ਦਿੱਤਾ ਕਿ ਉਹ ਆਪੇ ਤੋਂ ਬਾਹਰ ਹੋ ਗਈ । ਉਸਨੇ ਵਾਯੂ ਨੂੰ ਅੱਡੀ ਮਾਰ ਦਿੱਤੀ। ਅੱਡੀ ਲੱਗਣ ਦੀ ਢਿੱਲ ਸੀ ਕਿ ਵਾਯੂ ਹਵਾ ਨਾਲ ਗੱਲਾਂ ਕਰਨ ਲੱਗਾ। ਉਸਦੇ ਜ਼ੋਰ ਨਾਲ ਦੌੜਨ ਤੇ ਦਲ ਸਿੰਘ, ਰਾਮੀ ਤੇ ਦੇਸਾਂ ਦੇ ਘੋੜੇ ਵੀ ਦੌੜ ਪਏ। ਉਨ੍ਹਾਂ ਦੇ ਪਿਛੋਂ ਫੌਜੀ ਘੋੜ ਸਵਾਰ ਸਨ ਤੇ ਪੈਦਲ ਫੌਜ ਨੇ ਹੌਲੀ-ਹੌਲੀ ਆਉਣਾ ਸੀ ।

ਜਿਸ ਸਮੇਂ ਸਦਾ ਕੌਰ ਦਾ ਘੋੜਾ ਸੰਤੋੜ ਨੱਠ ਉਠਿਆ ਤਾਂ ਦੇਸਾਂ ਨੂੰ ਬਹੁਤ ਪ੍ਰਸੰਨਤਾ ਹੋਈ । ਉਹ ਮਨ ਹੀ ਮਨ ਆਪਣੇ ਪਿਆਰੇ ਵਰਿਆਮ ਸਿੰਘ ਨਾਲ ਗੱਲਾਂ ਕਰ ਰਹੀ ਸੀ। ਉਹ ਕਹਿ ਰਹੀ ਸੀ-‘ਮੈਂ ਆਈ ! ਤੈਨੂੰ ਹੁਣੇ ਆਜ਼ਾਦ ਕਰਾਉਂਦੀ ਹਾਂ । ਤੇਰੇ ਵੈਰੀਆਂ ਨੂੰ ਸਜ਼ਾ ਦਿੱਤੀ ਜਾਵੇਗੀ । ਚੰਗੇ ਰਾਣੀ ਜੀ ਆਪ ਆ ਰਹੇ ਹਨ ।’

ਪੰਜ ਸੌ ਘੋੜ ਸਵਾਰ ਸਦਾ ਕੌਰ ਦੇ ਪਿੱਛੇ ਸੀ। ਸਦਾ ਕੌਰ ਦਾ ਘੋੜਾ ਹਵਾ ਨਾਲ ਗੱਲਾਂ ਕਰਦਾ ਜਾਂਦਾ ਸੀ । ਉਹਦਾ ਅੰਗ-ਅੰਗ ਕ੍ਰੋਧ ਨਾਲ ਥਰਥਰਾ ਰਿਹਾ ਸੀ। ਉਹ ਅੱਖ ਦੇ ਫੋਰ ਵਿਚ ਪਠਾਨਕੋਟ ਪੁੱਜ ਕੇ ਵੈਰੀਆਂ ਨੂੰ ਓਥੋਂ ਕੱਢਣਾ ਚਾਹੁੰਦੀ ਸੀ । ਰਾਹ ਦੇ ਵਿਚ ਪਿੰਡ ਆਏ ਖੇਤ, ਬਾਗ਼ ਤੇ ਤਾਲਾਬ ਆਏ, ਪਰ ਸਦਾ ਕੌਰ ਨਾ ਰੁਕੀ। ਲੋਕ ਦੇਖ-ਦੇਖ ਕੇ ਭੈ ਭੀਤ ਹੋ ਰਹੇ ਸਨ । ਵਾ-ਵਰੋਲੇ ਦੀ ਤਰ੍ਹਾਂ ਪੰਜ ਸੌ ਘੋੜ ਸਵਾਰਾਂ ਦਾ ਜਥਾ ਜਾ ਰਿਹਾ ਸੀ ।

ਆਪਣੇ ਰਾਜ ਦੀ ਹੱਦ ਟੱਪ ਕੇ ਵਾਯੂ ਨੇ ਉਸ ਰਾਜ ਵਿਚ ਸੁੰਬ ਰਖੇ ਜਿਹੜਾ ਰਾਜ ਸੰਸਾਰ ਚੰਦ ਦਾ ਅਖਵਾਉਂਦਾ ਸੀ । ਸਰਹੱਦੀ ਪਿੰਡ ਵਿਚ ਸੰਸਾਰ ਚੰਦ ਦਾ ਥਾਨਾ ਸੀ । ਉਸ ਥਾਨੇ ਵਿਚ ਥੋੜ੍ਹੇ ਜਿਹੇ ਸਿਪਾਹੀ ਰਹਿੰਦੇ ਸਨ । ਫੌਜ ਆਉਂਦੀ ਵੇਖ ਕੇ ਉਹ ਲੜਨ ਨੂੰ ਤਿਆਰ ਹੋ ਪਏ। ਸਦਾ ਕੌਰ ਨੇ ਕ੍ਰੋਧ ਦੇ ਜੋਸ਼ ਵਿਚ ਆਪ ਹੀ ਉਨ੍ਹਾਂ ਨੂੰ ਸੋਧਨਾ ਸ਼ੁਰੂ ਕਰ ਦਿੱਤਾ। ਪਿੰਡ ਵਾਸੀਆਂ ਨੂੰ ਕੁਝ ਨਹੀਂ ਆਖਿਆ, ਨਾ ਕਿਸੇ ਦਾ ਘਰ ਲੁੱਟਿਆ ਤੇ ਨਾ ਕਿਸੇ ਦੀ ਜੁਵਾਨ ਨੂੰਹ-ਧੀ ਵੱਲ ਤੱਕਿਆ। ਸਗੋਂ ਪਿੰਡ ਦੇ ਚੌਧਰੀ ਨੂੰ ਕੋਲ ਸੱਦ ਕੇ ਸਦਾ ਕੌਰ ਨੇ ਹੁਕਮ ਦਿੱਤਾ-

‘ਅੱਜ ਤੋਂ ਤੁਸਾਂ ਦਾ ਰਾਜਾ ਸੰਸਾਰ ਚੰਦ ਨਹੀਂ, ਸਗੋਂ ਹੁਣ ਤੁਸਾਂ ਦਾ ਪਿੰਡ ਬਟਾਲੇ ਦੇ ਰਾਜ ਨਾਲ ਸ਼ਾਮਲ ਕੀਤਾ ਜਾਂਦਾ ਹੈ । ਅੱਗੇ ਨੂੰ ਮਾਮਲਾ ਬਟਾਲੇ ਪੁੱਜਿਆ ਕਰੇ ।’

ਸਦਾ ਕੌਰ ਦੀ ਲਹੂ ਰੰਗੀ ਤੇਗ਼ ਵੱਲ ਦੇਖ ਕੇ ਚੌਧਰੀ ਭੈ-ਭੀਤ ਹੋ ਗਿਆ ਸੀ । ਉਸਨੇ ਕੰਬਦਿਆਂ ਹੋਇਆਂ ਉੱਤਰ ਦਿੱਤਾ-‘ਜਿਵੇਂ ਹੁਕਮ ਸਰਕਾਰ! ਜਿਵੇਂ ਹੁਕਮ। ਅਸੀਂ ਖੁਸ਼ੀ-ਖੁਸ਼ੀ ਆਪ ਦੇ ਹੁਕਮ ਨੂੰ ਮੰਨਦੇ गं ।’

ਉਸ ਪਿੰਡ ਦੀਆਂ ਇਸਤ੍ਰੀਆਂ ਨੇ ਉਂਗਲਾਂ ਮੂੰਹ ਵਿਚ ਪਾ ਲਈਆਂ। ਉਹ ਇਕ ਦੂਸਰੀ ਵੱਲ ਦੇਖ ਕੇ ਆਖਦੀਆਂ ਸਨ-ਦੇਖ ਨੀ ਭੈਣਾਂ ! ਇਹ ਵੀ ਤਾਂ ਔਰਤ ਹੈ ਨਾ ਕਿੰਨਾ ਹੌਸਲਾ ਸੂ । ਮਰਦਾਂ ਵਾਂਗ ਲੜ ਕੇ ਮੁਲਖ ਜਿੱਤਦੀ ਫਿਰਦੀ ਹੈ ।

ਸਦਾ ਕੌਰ ਨੇ ਵਾਯੂ ਦੀ ਧੌਣ ‘ਤੇ ਥਾਪ ਦਿੱਤੀ । ਵਾਗਾਂ ਢਿੱਲੀਆਂ ਛੱਡੀਆਂ ਤਾਂ ਉਹ ਵਫ਼ਾਦਾਰ ਪਸ਼ੂ ਫਿਰ ਨੱਠ ਉਠਿਆ, ਉਹ ਤੂਫਾਨ ਦੀ ਤਰ੍ਹਾਂ ਅੱਗੇ ਵੱਧਦੇ ਜਾਂਦੇ ਸਨ । ਉਨ੍ਹਾਂ ਨੂੰ ਕੋਈ ਨਹੀਂ ਸੀ ਰੋਕ ਸਕਦਾ। ਵਾ-ਵਰੋਲੇ ਦੇ ਸਮਾਨ ਸਾਰੇ ਦੂਰੋਂ ਹੀ ਦੇਖ ਕੇ ਪਾਸੇ ਹੋ ਜਾਂਦੇ ਸਨ। ਜਿਵੇਂ ਕੁੱਕੜੀ ਆਪਣੇ ਚੂਚਿਆਂ ਨੂੰ ਪਰਾਂ ਹੇਠਾਂ ਲੁਕਾ ਲੈਂਦੀ ਹੈ ਤਿਵੇਂ ਸਿਆਣੇ ਪੁਰਖ ਤੇ ਸੁਆਣੀਆਂ ਆਪਣੇ ਬੱਚਿਆਂ ਨੂੰ ਕੋਠੀਆਂ ਅੰਦਰ ਡੱਕ ਲੈਂਦੀਆਂ ਸਨ ।

ਪਠਾਨਕੋਟ ਦੇ ਉਚੇ ਮਕਾਨ ਦੂਰੋਂ ਦਿਸੇ, ਉਨ੍ਹਾਂ ਨੂੰ ਦੇਖ ਕੇ ਸਦਾ ਕੌਰ ਨੇ ਕਿਹਾ-ਵੈਰੀਆਂ ਨੂੰ ਹੱਥੋਂ-ਹੱਥੀਂ ਫੜ ਲਵੋ । ਤੁਸੀਂ ਸਾਰੇ ਗੁਰੂ ਦੇ ਸਿੰਘ ਹੋ ਤੁਸਾਂ ਦਾ ਮੁਕਾਬਲਾ ਜਗਤ ‘ਤੇ ਕੋਈ ਨਹੀਂ ਕਰ ਸਕਦਾ।’

ਬੱਸ ਫੇਰ ਕੀ ਸੀ? ਸਦਾ ਕੌਰ ਦੀ ਸੈਨਾ ਦੇ ਹਰ ਇਕ ਗੱਭਰੂ ਨੂੰ ਲਾਲੀਆਂ ਚੜ੍ਹ ਗਈਆਂ । ਉਨ੍ਹਾਂ ਨੇ ਬੰਦੂਕਾਂ ਸੰਭਾਲੀਆਂ, ਉਨ੍ਹਾਂ ਨੇ ਖੰਡਿਆਂ ਉਤੇ ਹੱਥ ਰੱਖੇ, ਉਹ ਆਪਣੀ ਰਾਣੀ ਦੇ ਇਕ-ਇਕ ਬਚਨ ਤੋਂ ਜਾਨਾਂ ਵਾਰਨ ‘ਤੇ ਤੁਲ ਗਏ ।

ਪਹਾੜੀਏ ਗੱਭਰੂ ਪਠਾਨਕੋਟ ਦੇ ਕਿਲ੍ਹੇ ਦੀ ਰਾਖੀ ਕਰਦੇ ਸਨ । ਟਾਂਗੂ ਨੇ ਉਨ੍ਹਾਂ ਨੂੰ ਖ਼ਬਰਾਂ ਕਰ ਦਿੱਤੀਆਂ ਕਿ ਬਾਹਰੋਂ ਫੌਜ ਆ ਰਹੀ ਹੈ। ਕਿਲ੍ਹੇ ਦੇ ਰਾਖੇ ਫੌਜਦਾਰ ਨੇ ਝੱਟ ਫੌਜ ਨੂੰ ਤਿਆਰ ਕਰਕੇ ਮੋਰਚਿਆਂ ਵਿਚ ਬਿਠਾ ਦਿੱਤਾ ।

ਜੋਸ਼ ਦੇ ਹੜ੍ਹ ਅੱਗੇ ਕੱਖਾਂ ਨੇ ਕੀ ਅੜਨਾ ਸੀ ? ਸ਼ਹਿਰ ਉਤੇ ਕਬਜ਼ਾ ਕਰਕੇ ਸਦਾ ਕੌਰ ਨੇ ਕਿਲ੍ਹੇ ਨੂੰ ਜਾ ਘੇਰਾ ਪਾਇਆ, ਘੇਰਾ ਪਾਉਣ ਵੇਲੇ ਸੂਰਜ ਡੁੱਬ ਚੁੱਕਾ ਸੀ । ਹਨੇਰੇ ਦੀ ਕਾਲੀ ਚਾਦਰ ਸਾਰੇ ਤਾਣੀ ਜਾ ਚੁੱਕੀ ਸੀ। ਉਸ ਹਨੇਰੇ ਵਿਚ ਜੁਵਾਨਾਂ ਦਾ ਲੜਨਾ ਸੌਖਾ ਨਹੀਂ ਸੀ । ਨਾਲੇ ਪਿਛਲੀ ਪੈਦਲ ਫੌਜ ਨੂੰ ਉਡੀਕਣਾ ਸੀ । ਸਿਆਣੇ ਤੇ ਤਜਰਬਾ ਕਾਰ ਸੈਨਾ-ਪਤੀ ਵਾਂਗ ਸਦਾ ਕੌਰ ਨੇ ਆਪਣੇ ਸਰਦਾਰਾਂ ਨੂੰ ਸਲਾਹ ਦਿੱਤੀ ਕਿ ‘ਕਿਲ੍ਹੇ ਉਤੇ ਹਮਲਾ ਤੜਕੇ ਕੀਤਾ ਜਾਵੇਗਾ, ਜਦੋਂ ਚੰਦ੍ਰਮਾ ਚੜ੍ਹ ਪਵੇਗਾ। ਥੱਕੇ ਜਵਾਨ ਘੜੀ ਅਰਾਮ ਕਰ ਲੈਣ ।’

‘ਰਾਣੀ ਜੀ! ਮੈਂ ਭੇਸ ਬਦਲ ਕੇ ਕਿਲ੍ਹੇ ਵਿਚ ਨਾ ਜਾਵਾਂ ?’ ਦੇਸਾਂ ਨੇ ਪੁੱਛਿਆ। ‘ਜੇ ਮੈਂ ਉਨ੍ਹਾਂ ਨੂੰ ਬਾਹਰ ਨਾ ਲਿਆ ਸਕੀ ਤਾਂ ਕਿਲ੍ਹੇ ਦਾ ਬੂਹਾ ਤਾਂ ਖੋਲ੍ਹ ਦਿਆਂਗੀ ।’

‘ਪੈਰ-ਪੈਰ ‘ਤੇ ਖ਼ਤਰਾ ਹੈ ।’ ਸਦਾ ਕੌਰ ਨੇ ਉੱਤਰ ਦਿੱਤਾ।

ਖ਼ਤਰੇ ਦੇ ਭੂਤ ਕੋਲੋਂ ਦੇਸਾਂ ਨਹੀਂ ਡਰਦੀ। ਵਾਹਿਗੁਰੂ ਦੀ ਕ੍ਰਿਪਾਲਤਾ ਸਦਕਾ ਹਿਰਦੇ ਵਿਚ ਅਟੱਲ ਹੌਂਸਲਾ ਹੈ।’

‘ਚਾਰ ਜੁਵਾਨ ਵੀ ਸਾਥ ਲੈ ਜਾ ।’

‘ਕੋਈ ਲੋੜ ਨਹੀਂ। ਇਕੱਲੀ ਜਾਂਦੀ ਹਾਂ ।’

‘ਜਿੱਦ ਕਰਨੀ ਚੰਗੀ ਨਹੀਂ ਜਵਾਨ ਨਾਲ ਲੈ ਜਾ, ਪਰ ਕਿਲ੍ਹੇ ਵਿਚ ਪ੍ਰਵੇਸ਼ ਕਿਵੇਂ ਕਰੇਂਗੀ ?’

‘ਕਿਲ੍ਹੇ ਦੇ ਉੱਤਰੀ ਪਾਸੇ ਦੀ ਕੰਧ ਦੇ ਨਾਲ ਇਕ ਜਾਮਨੂੰ ਦਾ ਬੂਟਾ ਹੈ । ਉਸ ਦੀਆਂ ਟਾਹਣੀਆਂ ਕੰਧ ਦੇ ਸਿਰ ਉੱਤੇ ਲੈ ਜਾਂਦੀਆਂ ਹਨ।’

‘ਪਰ ਅੱਜ ਤਾਂ ਓਥੇ ਜੁਵਾਨ ਬੈਠੇ ਹੋਏ ਹੋਣਗੇ

‘ਕੋਈ ਚਿੰਤਾ ਨਹੀਂ !’

‘ਮੈਂ ਸਾਥ ਚਲਾਂ ?’

‘ਨਾ ਰਾਣੀ ਜੀ ! ਤੁਸੀਂ ਫੌਜ ਤੇ ਸਤਿਕਾਰ ਨਾਲ ਕਿਲ੍ਹੇ ਵਿਚ ਪੈਰ ਰੱਖਣਾ। ਤੁਸਾਂ ਦੀ ਜਾਨ ਬਹੁਤੀ ਕੀਮਤੀ ਹੈ। ਜਿੰਨਾ ਚਿਰ ਇਕ ਵੀ ਸੇਵਾਦਾਰ ਜਿਉਂਦਾ ਹੋਵੇ ਉਨਾਂ ਚਿਰ ਰਾਣੀ ਜੀ ਖ਼ਤਰੇ ਦਾ ਸਾਹਮਣਾ ਕਿਉਂ ਕਰਨ ।’

ਪੰਜਾਂ ਗੱਭਰੂਆਂ ਨੂੰ ਨਾਲ ਲੈ ਕੇ ਦੇਸਾਂ ਕਿਲ੍ਹੇ ਦੀ ਉਤਰੀ ਪਾਸੇ ਵੱਲ ਚਲੀ ਗਈ। ਉਸ ਨੇ ਆਪਣੀ ਕਾਲੀ ਚਾਦਰ ਆਪਣੇ ਉੱਤੇ ਓੜ ਲਈ ਤੇ ਹਨੇਰੇ ਵਿਚ ਅਲੋਪ ਹੋ ਗਈ ।

10.

ਕਾਲ ਬੜੀ ਪਰਬਲ ਸ਼ਕਤੀ ਹੈ । ਇਸ ਨੇ ਕਈਆਂ ਹੰਕਾਰੀਆਂ ਦੀ ਖੁਰਾ-ਖੋਜ ਮਿਟਾ ਦਿੱਤਾ ਹੈ ਤੇ ਕਈਆਂ ਨੂੰ ਵਡਿਆਈ ਬਖਸ਼ੀ। ਵਰਤਮਾਨ ਕਾਂਗੜਾ ਸ਼ਹਿਰ ਦੇ ਦੱਖਣ ਵਿਚ ਪਹਾੜੀ ਉਤੇ ਮਸ਼ਹੂਰ ‘ਕਾਂਗੜੇ ਦਾ ਕਿਲ੍ਹਾ’ ਸੀ ਜਿਸ ਨੂੰ ਕਟੋਚ ਜਾਤੀ ਦੇ ਸਰਦਾਰਾਂ ਨੇ ਤਿਆਰ ਕੀਤਾ ਸੀ । ਜਿਸ ਵੇਲੇ ਦੀ ਅਸੀਂ ਗੱਲ ਕਰਦੇ ਹਾਂ ਤਦੋਂ ਇਸ ਕਿਲ੍ਹੇ ਦਾ ਮਾਲਕ ਰਾਜਾ ਸੰਸਾਰ ਚੰਦ ਕਟੋਚ ਸੀ । ਪਰ ੧੯੦੫ ਈ: ਦੇ ਭੁਚਾਲ ਨੇ ਉਸ ਕਿਲ੍ਹੇ ਨੂੰ ਗਰਕ ਕਰ ਦਿੱਤਾ । ਅੱਜ ਵੀ ਕੋਈ ਨਾ ਕੋਈ ਟੁੱਟੀ ਕੰਧ ਉਸਦੀ ਨਿਸ਼ਾਨੀ ਖਲੋਤੀ ਹੈ, ਜਿਸ ਨੂੰ ਹੋਰ ਥੋੜ੍ਹੇ ਚਿਰ ਨੂੰ ਕਾਲ ਸਮੇਟ ਲਵੇਗਾ।

ਸੰਸਾਰ ਚੰਦ ਬਲ ਤੇ ਚਲਾਕੀ ਦੇ ਕਾਰਨ ਦੀਨ ਦੁਨੀਆਂ ਭੁਲ ਚੁਕਾ ਸੀ, ਉਸਨੇ ਸਿੰਘਾਂ ਦੀ ਫੁਟ ਤੋਂ ਲਾਭ ਉਠਾਇਆ । ਸ: ਮਹਾਂ ਸਿੰਘ ਤੇ ਜੱਸਾ ਸਿੰਘ ਰਾਮਗੜ੍ਹੀਏ ਦੇ ਨਾਲ ਮਿਲਕੇ ਸ: ਜੈ ਸਿੰਘ ਦਾ ਰਾਜ ਦਾ ਬਹੁਤ ਸਾਰਾ ਹਿੱਸਾ ਖੋਹ ਲਿਆ । ਉਸ ਫਤਿਹ ਨੇ ਉਸ ਨੂੰ ਮਹਾਂ ਹੰਕਾਰੀ ਬਣਾ ਦਿੱਤਾ। ਉਹ ਸੰਸਾਰ ਵਿਚ ਪਾਗ਼ਲ ਹੋ ਕੇ ਅਨਹੋਣੀਆਂ ਗੱਲਾਂ ਕਰਨ ਲੱਗਾ । ‘ਤਪੋਂ ਰਾਜ ਤੇ ਰਾਜੋਂ ਨਰਕ’ ਮਿਲਦਾ ਹੈ, ਇਹ ਅਟੱਲ ਸੱਚਾਈ ਕਦੀ ਝੂਠੀ ਨਹੀਂ ਹੋਈ ਕਿਉਂਕਿ ਰਾਜ-ਬਲ ਦੇ ਨਸ਼ੇ ਦੇ ਅਸਰ ਹੋਣ ‘ਤੇ ਹਜ਼ਾਰਾਂ ਵਿਚੋਂ ਇਕ ਮੁਸ਼ਕਲ ਨਾਲ ਆਪਣੇ ਪੈਰਾਂ ‘ਤੇ ਖਲੋਤਾ ਰਹਿੰਦਾ ਹੈ। ਕੋਈ ਲੌਢਾ ਵੇਲਾ ਹੋਵੇਗਾ ਜਦੋਂ ਸੰਸਾਰ ਚੰਦ ਰਾਜ ਭਵਨ ਦੇ ਇਸਤ੍ਰੀ-ਮਹਿਲ ਵਿਚ ਬੈਠਾ ਹੋਇਆ ਰੰਗ-ਰਲੀਆਂ ਮਾਣ ਰਿਹਾ ਸੀ। ਇਕ ਜੁਵਾਨੀ ਦੁਸਰਾ ਰਾਜਾ, ਤੀਸਰਾ ਨਸ਼ੇ ਦੀ ਵਰਤੋਂ, ਚੌਥੇ ਪਹਾੜ ਦੀਆਂ ਮੁਟਿਆਰ ਸੁੰਦਰੀਆਂ ਓਹਦੇ ਸਾਹਮਣੇ ਅੱਧ ਨੰਗਾ ਨਾਚ ਕਰ ਰਹੀਆਂ ਸਨ । ਉਹ ਭਗਵਾਨ, ਬ੍ਰਹਮਾਂ ਦੀਆਂ ਸ਼ਕਤੀਆਂ, ਰਾਜ ਦੁਸ਼ਮਨਾਂ ਤੇ ਪਰਜਾ ਦੇ ਦੁਖੜਿਆਂ ਨੂੰ ਉੱਕਾ ਹੀ ਭੁਲਾਈ ਬੈਠਾ ਸੀ । ਬੱਸ ਖੁਸ਼ੀਆਂ ਤੇ ਸੁਵਾਦ ਉਹ ਦੇ ਦਿਲ ਤੇ ਅੱਖਾਂ ਅੱਗੇ ਘੁੰਮ ਰਹੇ ਸਨ। ਜਿਵੇਂ ਤੂਫ਼ਾਨ ਆਉਣ ਦੇ ਪਹਿਲਾਂ ਸਾਗਰ ਸ਼ਾਂਤ ਹੋ ਜਾਂਦਾ ਹੈ, ਤਿਵੇਂ ਗ਼ਮ ਦੀ ਹਨੇਰੀ ਆਉਣ ਤੋਂ ਪਹਿਲਾਂ ਕਈ ਵਾਰ ਰਾਜਿਆਂ ਦੇ ਜੀਵਨ ਵਿਚ ਇਕ ਘੜੀ ਬਹੁਤ ਖੁਸ਼ੀ ਦੀ ਆਉਂਦੀ ਹੈ । ਸਾਕੀ ਭਰ-ਭਰ ਕੇ ਜਾਮ’ਪਿਲਾ ਰਹੀ ਸੀ । ਓਹਦਾ ਸਾਕੀ ਇਕ ਕੁਵਾਰੀ ਪਹਾੜਨ ਕੁੜੀ ਸੀ, ਜਿਸ ਦੀ ਸੁੰਦਰਤਾ ਨੂੰ ਦੇਖ ਕੇ ਉਸ ਨੂੰ ਧੱਕੇ ਨਾਲ ਓਹਦੇ ਬਾਪ ਦੇ ਘਰੋਂ ਚੁੱਕ ਲਿਆਂਦਾ ਸੀ। ਫਲੀਆਂ ਵਰਗੀਆਂ ਪਤਲੀਆਂ ਤੇ ਕੋਮਲ ਹੱਥਾਂ ਦੀਆਂ ਉਂਗਲੀਆਂ ਵਿਚ ਸ਼ਰਾਬ ਦਾ ਜਾਮ ਭਰ ਕੇ ਰਾਜੇ ਵੱਲ ਕੀਤਾ ਹੀ ਸੀ ਕਿ ਬਾਹਰੋਂ ਮੁਖੀ ਦਾਸੀ ਨੱਸੀ ਆਈ । ਉਸ ਨੂੰ ਸਾਹ ਚੜ੍ਹਿਆ ਹੋਇਆ ਸੀ । ਉਸਨੇ ਆਉਂਦਿਆਂ ਹੀ ਰਾਜੇ ਸੰਸਾਰ ਚੰਦ ਨੂੰ ਆਖਿਆ-ਸਰਕਾਰ ਨੂੰ ਮੰਤ੍ਰੀ ਜੀ ਹੁਣੇ ਮਿਲਣਾ ਚਾਹੁੰਦੇ ਹਨ। ਪਤਾ ਨਹੀਂ ਕੀ ਗੱਲ ਹੈ, ਉਹ ਘਬਰਾਏ ਹੋਏ ਹਨ ।’

‘ਮੰਤ੍ਰੀ ! ਹੁਣੇ……ਹੁਣੇ ਮਿਲਣਾ ਚਾਹੁੰਦੇ ਹਨ ਤਾਂ ਮਿਲ ਪੈਣ ।’ ਨਸ਼ੇ ਦੇ ਅਸਰ ਕਰਕੇ ਉਹ ਸਾਫ਼ ਉੱਤਰ ਨਾ ਦੇ ਸਕਿਆ। ਉਸਨੇ ਅਟਕ- ਅਟਕ ਕੇ ਸਿਰ ਹਿਲਾ-ਹਿਲਾ ਕੇ ਤੇ ਹਿਚਕੀਆਂ ਲੈ ਕੇ ਉੱਤਰ ਦਿੱਤਾ।

ਓਸੇ ਵੇਲੇ ਨਾਚ ਬੰਦ ਹੋ ਗਿਆ । ਸਾਕੀ ਨੇ ਸ਼ਰਾਬ ਦੀ ਸੁਰਾਹੀ ਸੰਭਾਲ ਲਈ ਤੇ ਰਾਜਾ ਹਾਥੀ ਵਾਂਗੂ ਝੂਮਦਾ ਹੋਇਆ ਆਪਣੇ ਮੰਤ੍ਰੀ ਨੂੰ ਮਿਲਣ ਵਾਸਤੇ ਗਿਆ ।

‘ਸਰਕਾਰ !’ ਮੰਤ੍ਰੀ ਹੀਰਾ ਨੰਦ ਨੇ ਆਸਣ ਤੋਂ ਉਛਲਦਿਆਂ ਹੋਇਆਂ ਆਖਿਆ ।

‘ਕਿਉਂ ? ਕੀ ਹੋ ਗਿਆ! ਰੰਗ ਵਿਚ ਭੰਗ ਕਿਉਂ ਪਾਈ ?’ ਸੰਸਾਰ ਚੰਦ ਨੇ ਲਾਲ ਅੱਖਾਂ ਕੱਢ ਕੇ ਗੁੱਸੇ ਦੇ ਲਹਿਜੇ ਵਿਚ ਉੱਤਰ ਦਿੱਤਾ।

‘ਸਰਕਾਰ ! ਰਾਣੀ ਸਦਾ ਕੌਰ ਕਾਂਗੜੇ ‘ਤੇ ਚੜ੍ਹਾਈ ਕਰ ਆਈ । ਉਹਦੇ ਨਾਲ ਬਹੁਤ ਸੈਨਾ ਹੈ । ਪਠਾਨਕੋਟ ਤੇ ਨੂਰਪੁਰ ਉੱਤੇ ਉਸਦਾ ਕਬਜ਼ਾ ਹੋ ਗਿਆ। ਦੋਹਾਂ ਥਾਵਾਂ ਦੀ ਅਸਾਡੀ ਸੈਨਾ ਵੀ ਓਹਦੇ ਨਾਲ ਮਿਲ ਗਈ। ਹਨੇਰ ਹੋ ਗਿਆ, ਹਨੇਰ! ਦਿਨ ਚੜ੍ਹਨ ਤੋਂ ਪਹਿਲਾਂ ਕਿਲ੍ਹੇ ਨੂੰ ਘੇਰਾ ਪਾ ਲਿਆ ਜਾਵੇਗਾ ।

ਏਨੀ ਗੱਲ ਸੁਣ ਕੇ ਸੰਸਾਰ ਚੰਦ ਦਾ ਦਸ ਫੀ ਸਦੀ ਨਸ਼ਾ ਉਤਰਿਆ। ਮੰਤ੍ਰੀ ਦੇ ਰਤਾ ਨੇੜੇ ਹੋ ਕੇ ਪੁੱਛਿਆ-

‘ਕਿਹੜੀ ਸਦਾ ਕੌਰ ?’

‘ਬਟਾਲੇ ਵਾਲੇ ਗੁਰਬਖਸ਼ ਸਿੰਘ ਦੀ ਵਿਧਵਾ ਰਾਣੀ ਤੇ ਸਰਦਾਰ ਜੈ ਸਿੰਘ ਘਨੱਈਆ ਦੀ ਨੂੰਹ, ਟਾਂਗੂ ਨੇ ਦੱਸਿਆ ਹੈ ਕਿ ਉਹ ਆਪ ਘੋੜੇ ਉਤੇ ਚੜ੍ਹੀ ਆ ਰਹੀ ਹੈ। ਪਠਾਨਕੋਟ ਦਾ ਕਿਲ੍ਹਾ ਬਿਨਾ ਲੜੇ ਹੀ ਫਤਿਹ ਕਰ ਲਿਆ। ਕਿਲ੍ਹੇਦਾਰ ਡਰ ਕੇ ਹਥਿਆਰ ਸੁੱਟ ਦਿੱਤੇ। ਵਰਿਆਮ ਸਿੰਘ ਵੀ ਸੁਤੰਤ੍ਰ ਹੋ ਗਿਆ। ਨੂਰਪੁਰ ਵਿਚ ਅਸਾਡਾ ਸੌ ਜੁਵਾਨ ਮਾਰਿਆ ਗਿਆ। ਹੈ । ਸਿੱਖ ਫੌਜ ਇਕ ਤੂਫ਼ਾਨ ਦਾ ਰੂਪ ਧਾਰੀ ਅੱਗੇ ਵਧੀ ਆ ਰਹੀ ਹੈ। ਉਹ ਅਰੁਕ ਹੈ ।’

ਨਸ਼ਾ ਵੀਹ ਫੀ ਸਦੀ ਹੋਰ ਉੱਤਰ ਗਿਆ, ਪਰ ਉਸਨੂੰ ਪਠਾਨਕੋਟ ਦਾ ਤੇ ਨੂਰਪੁਰ ਦਾ ਕਿਲ੍ਹਾ ਖੁੱਸਣ ਦੀ ਗੱਲ ਤਾਂ ਭੁੱਲ ਗਈ ਤੇ ਸਦਾ ਕੌਰ ਚੇਤੇ ਰਹਿ ਗਈ।

‘ਆਹ! ਉਹੋ ਸਦਾ ਕੌਰ ਆ ਰਹੀ ਹੈ, ਜਿਸ ਨੂੰ ਮੈਂ ਮਿਲਣਾ ਚਾਹੁੰਦਾ ਸਾਂ, ਜਿਸ ਦਾ ਦੇਖਣ ਬਦਲੇ ਮੇਰੀਆਂ ਅੱਖਾਂ ਬੇਚੈਨ ਹਨ। ਆ ਜਾਵੇ, ਰਾਜ ਲੈ ਲਵੇ ਤਾਂ ਕੀ?’ ਰਾਜਾ ਨਸ਼ੇ ਦੇ ਲੋਰ ਵਿਚ ਹੋਰ ਹੀ ਖ਼ਿਆਲਾਂ ਦੇ ਵਹਿਣ ਵਿਚ ਰੁੜ੍ਹ ਪਿਆ ।

‘ਮਹਾਰਾਜ ! ਪ੍ਰੇਮ ਦੀ ਦੁਨੀਆਂ ਦਾ ਤਿਆਗ ਕਰੋ, ਕਿਲ੍ਹੇ ਦੇ ਬਚਾਓ ਵੱਲ ਧਿਆਨ ਦੇਵੋ । ਹੋਸ਼ ਕਰੋ! ਐਸਾ ਪਾਗ਼ਲਪਨ ਰਾਜ ਨੂੰ ਨਸ਼ਟ ਕਰ ਦੇਵੇਗਾ ।’

ਨਸ਼ੇ ਦਾ ਉਤਾਰਾ ਪੰਜਾਹ ਫੀ ਸਦੀ ‘ਤੇ ਆ ਪੁੱਜਾ। ‘ਛੇਤੀ ਕਰੋ ਫਿਰ ! ਕਿਲ੍ਹੇ ਦੀਆਂ ਕੰਧਾਂ ਉਤੇ ਤੋਪਾਂ ਚਾੜ੍ਹ ਦਿਓ । ਗਜਰਾਜ ਨੂੰ ਸੈਨਾ ਦੇ ਕੇ ਵੈਰੀ ਦੀ ਸੈਨਾ ਰੋਕਣ ਵਾਸਤੇ ਭੇਜੋ । ਹੋਰ ਕੀ ਹੋ ਸਕਦਾ ਹੈ।’

ਅਜੇ ਗੱਲਾਂ ਕਰ ਹੀ ਰਹੇ ਸਨ ਕਿ ਗਜਰਾਜ ਸੈਨਾ ਪਤੀ ਉਸੇ ਕਮਰੇ ਵਿਚ ਆ ਦਾਖਲ ਹੋਇਆ । ਉਸਨੇ ਆਉਂਦਿਆਂ ਹੀ ਅਖਿਆ-‘ਹਨੇਰ ਹੋ ਗਿਆ। ਰਾਹ ਦੇ ਸਾਰੇ ਥਾਣੇ ਖੁਸ ਗਏ ਵੈਰੀ ਦੀ ਫੌਜ ਸ਼ਾਹਪੁਰ ਤੋਂ ਅੱਗੇ ਟੱਪ ਆਈ ਉੱਠੋ ! ਆਗਿਆ ਬਖਸ਼ੋ ! ਕੀ ਕੀਤਾ ਜਾਵੇ । ਦਰਿਆ ਦੇ ਹੜ੍ਹ ਨਾਲੋਂ ਵੀ ਬਹੁਤੇ ਵੇਗ ਵਿਚ ਸਿੱਖ ਫੌਜ ਆ ਰਹੀ ਹੈ ।’

‘ਫਿਰ ਕੀ ਹੋ ਗਿਆ, ਤਕੜੇ ਹੋ ਕੇ ਮੁਕਾਬਲਾ ਕਰੋ । ਆਖਰ ਹੈ ਤਾਂ ਇਕ ਨਾਰ ਹੀ ਹੈ ਨਾ।’ ਰਾਜੇ ਦਾ ਉੱਤਰ ਸੀ।

‘ਇਹ ਨਾਰ ਨਿਰੀ ਨਾਰ ਹੀ ਨਹੀਂ ਸਗੋਂ ਭਿਆਨਕ ਨਾਰ (ਅੱਗ) ਹੈ। ਇਸ ਵਾਸਤੇ ਕੋਈ ਉਪਰਾਲਾ ਕਰਨਾ ਚਾਹੀਦਾ ਹੈ ਚੰਗਾ ਤਾਂ ਇਹ ਹੈ ਕਿ ਸਮਝੌਤਾ ਕੀਤਾ ਜਾਵੇ !’

ਸੈਨਾਪਤੀ ਦੇ ਇਹ ਵਾਕ ਸੁਣ ਕੇ ਰਾਜੇ ਦਾ ਨਸ਼ਾ ਉੱਤਰ ਗਿਆ, ਉਸ ਗੁੱਸੇ ਨਾਲ ਗਰਜ ਕੇ ਬੋਲਿਆ-‘ਇਕ ਨਾਰ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ। ਜਾਓ ਰੋਕੋ! ਲੜੋ, ਮਰੋ ! ਇਸ ਤੋਂ ਅੱਗੇ ਨਾ ਮੈਂ ਕੁਝ ਕਰਨਾ ਚਾਹੁੰਦਾ ਹਾਂ ਤੇ ਨਾ ਕੁਝ ਸੁਣਨਾ ਹੀ ਚਾਹੁੰਦਾ ਹਾਂ ! ਜਾਓ! ਮੈਂ ਵੀ ਆਇਆ ।’

ਰਾਜਾ ਸੰਸਾਰ ਚੰਦ ਉਸ ਵੇਲੇ ਜੁਵਾਨ ਸੀ । ਇਕ ਜੁਵਾਨੀ ਦੂਸਰਾ ਸ਼ਰਾਬ ਦੇ ਨਸ਼ੇ ਦਾ ਅਸਰ ਤੇ ਤੀਸਰਾ ਰਾਜ ਬਲ ਦਾ ਹੰਕਾਰ, ਉਹ ਲੜਨੋਂ ਕਿਵੇਂ ਰੁਕਦਾ ? ਉਸਨੇ ਸੈਨਾਪਤੀ ਨੂੰ ਤਾਂ ਆਉਂਦੀ ਫੌਜ ਦਾ ਮੁਕਾਬਲਾ ਕਰਨ ਦਾ ਹੁਕਮ ਦੇ ਦਿੱਤਾ, ਪਰ ਆਪ ਉਹ ਅਧ-ਮੋਇਆ ਜਿਹਾ ਹੋ ਕੇ ਇਸਤ੍ਰੀ ਮਹਿਲ ਵਿਚ ਜਾ ਲੇਟਿਆ, ਨਸ਼ੇ ਦੀ ਟੋਟ ਨੂੰ ਰੋਕਣ ਵਾਸਤੇ ਹੋਰ ਨਸ਼ਾ ਪੀ ਲਿਆ ।

ਸੂਰਜ ਚੜ੍ਹਨ ਤੋਂ ਪਹਿਲਾਂ ਘੁਸ-ਮੁਸੇ ਵਿਚ ਹੀ ਸਦਾ ਕੌਰ ਨੇ ਕਾਂਗੜੇ ਦੇ ਇਤਿਹਾਸਕ ਕਿਲ੍ਹੇ ਉੱਤੇ ਹਮਲਾ ਕਰ ਦਿੱਤਾ । ਬਟਾਲੇ ਤੋਂ ਜਦੋਂ ਉਹ ਤੁਰੀ ਸੀ ਤਦੋਂ ਉਸ ਦੇ ਨਾਲ ਤਿੰਨ ਹਜ਼ਾਰ ਜੁਆਨ ਸਨ, ਪਰ ਕਾਂਗੜੇ ਤੱਕ ਪੁੱਜਦਿਆਂ ਹੋਇਆਂ ਪੰਜ ਹਜ਼ਾਰ ਹੋ ਗਏ ਸਨ । ਪਠਾਨਕੋਟ ਦੀ ਸਾਰੀ ਫੌਜ ਨੇ ਆਪਣੇ ਆਪ ਨੂੰ ਸਦਾ ਕੌਰ ਦੇ ਹਵਾਲੇ ਕਰ ਦਿੱਤਾ ਸੀ। ਵਰਿਆਮ ਸਿੰਘ ਨਜ਼ਰ ਬੰਦੀ ਤੋਂ ਛੁਡਾ ਲਿਆ ਸੀ ਤੇ ਪਠਾਨਕੋਟ ਦੇ ਸਾਰੇ ਇਲਾਕੇ ‘ਤੇ ਕਬਜ਼ਾ ਕਰ ਲਿਆ ਸੀ।

ਸਦਾ ਕੌਰ ਦੀ ਦਲੇਰੀ ਤੇ ਓਹਦੇ ਚੰਗੇ ਸੁਭਾ ਨੇ ਸਿੱਖ ਸਰਦਾਰਾਂ ਤੇ ਨੌਜੁਆਨਾਂ ਦੇ ਦਿਲਾਂ ਉਤੇ ਬਹੁਤ ਚੰਗਾ ਅਸਰ ਕੀਤਾ ਸੀ । ਉਹ ਉਸ ਨੂੰ ਇਕ ਭੈਣ ਜਾਂ ਬੇਟੀ ਵਾਂਗ ਸਤਿਕਾਰ ਦੀ ਨਿਗਾਹ ਨਾਲ ਦੇਖਣ ਲੱਗ ਪਏ ਸਨ । ਓਹਦੇ ਇਸ਼ਾਰੇ ਤੇ ਜਾਨ ਵਾਰ ਰਹੇ ਸਨ । ਦੂਸਰਾ ਹਰ ਇਕ ਜੁਆਨ ਇਹ ਅਨੁਭਵ ਕਰਦਾ ਸੀ ਕਿ ਜੇ ਸਦਾ ਕੌਰ ਇਕ ਇਸਤ੍ਰੀ ਹੋ ਕਿ ਐਨੇ ਹੌਂਸਲੇ ਤੇ ਅਣਖ ਵਾਲੀ ਹੈ ਤਾਂ ਅਸੀਂ ਮਰਦ ਹੋ ਕੇ ਪਿੱਛੇ ਕਿਉਂ ਰਹੀਏ। ‘ਕਟੋਚੀਏ ਨੂੰ ਮਾਰਨਾ ਹੈ। ਇਸ ਦੁਸ਼ਟ ਨੇ ਅਸਾਡੇ ਰਾਜੇ (ਸ: ਗੁਰਬਖਸ਼ ਸਿੰਘ) ਨੂੰ ਸ਼ਹੀਦ ਕੀਤਾ ਹੈ । ਖੂਨ ਦਾ ਬਦਲਾ ਖੂਨ ਹੁੰਦਾ ਹੈ ? ਇਹ ਖਿਆਲ ਹਰ ਸਿੰਘ ਸਿਪਾਹੀ ਦੇ ਦਿਲ-ਦਿਮਾਗ਼ ਵਿਚ ਇਕ ਜੋਸ਼ ਦਾ ਵਲਵਲਾ ਹੋ ਨਿਬੜਿਆ ਸੀ । ਉਹ ਪਹਾੜੀਆਂ ਦੀਆਂ ਹੱਡੀਆਂ ਚੱਬ ਜਾਣਾ ਚਾਹੁੰਦੇ ਸਨ । ਸੰਸਾਰ ਚੰਦ ਨੂੰ ਫੜ ਕੇ ਉਸਨੂੰ ਉਹਦੇ ਕੀਤੇ ਕੁਕਰਮਾਂ ਦੀ ਸਜ਼ਾ ਦੇਣਾ ਚਾਹੁੰਦੇ ਸਨ ।

ਕੁੱਕੜ ਦੀ ਬਾਂਗ ਤੋਂ ਪਹਿਲਾਂ ਰਾਜੇ ਸੰਸਾਰ ਚੰਦ ਨੂੰ ਸੁੱਤੇ ਨੂੰ ਉਠਾਇਆ ਗਿਆ । ਉਸ ਸਮੇਂ ਉਹਦਾ ਨਸ਼ਾ ਬਿਲਕੁਲ ਲੱਥ ਚੁੱਕਾ ਸੀ। ਸਾਰੇ ਰਣਵਾਸ ਵਿਚ ਹਾਹਾਕਾਰ ਮੱਚ ਗਈ ਸੀ । ਹਰ ਇਕ ਜੀ ਘਬਰਾ ਰਿਹਾ ਸੀ । ਫੌਜ ਕਿਲ੍ਹੇ ਦੀਆਂ ਕੰਧਾਂ ਉਤੇ ਮੋਰਚੇ ਲਾਈ ਬੈਠੀ ਸੀ । ਗਜਰਾਜ ਹਰ ਇਕ ਮੋਰਚੇ ਦੀ ਦੇਖ-ਭਾਲ ਕਰਕੇ ਹਰ ਇਕ ਸਿਪਾਹੀ ਦਾ ਦਿਲ ਵਧਾਉਣ ਦਾ ਯਤਨ ਕਰ ਰਿਹਾ ਸੀ । ਖੂਨ ਡੋਲ੍ਹਵੀਂ ਲੜਾਈ ਹੋਣ ਦੀ ਸੰਭਾਵਨਾ ਸੀ ।

‘ਮੈਂ ਸੰਸਾਰ ਚੰਦ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹਾਂ । ਮੋਏ ਨੂੰ ਨਹੀਂ ਜਿਉਂਦੇ ਨੂੰ ਦੇਖਣਾ ਹੈ । ਕਾਂਗੜੇ ਆਉਣ ਦਾ ਮੇਰਾ ਇਹੋ ਮਨੋਰਥ ਹੈ।’ ਸਦਾ ਕੌਰ ਨੇ ਆਪਣੇ ਮਨੋਭਾਵ ਨੂੰ ਪ੍ਰਗਟ ਕੀਤਾ ਸੀ ।

ਕਾਂਗੜੇ ਦਾ ਕਿਲ੍ਹਾ ਪਹਾੜੀ ਦੀ ਚੋਟੀ ‘ਤੇ ਸੀ। ਉਹ ਦੇ ਪੂਰਬ ਤੇ ਦੱਖਣ ਵੱਲ ਡੂੰਘੀ ਖੱਡ ਦੀ ਕੁਦਰਤੀ ਖਾਈ ਬਣੀ ਹੋਈ ਸੀ। ਉਸ ਪਾਸਿਓਂ ਕਿਸੇ ਦਾ ਕਿਲ੍ਹੇ ਉਤੇ ਹੱਲਾ ਕਰਨਾ ਬਹੁਤ ਕਠਨ ਸੀ । ਉੱਤਰੀ ਪੱਛਮੀ ਪਾਸਿਆਂ ਵੱਲ ਰਾਖੀ ਦੀ ਮੋਰਚੇ-ਬੰਦੀ ਮਜ਼ਬੂਤ ਸੀ । ਸਦਾ ਕੌਰ ਨੇ ਜਸੂਸ ਭੇਜ ਕੇ ਸਾਰਾ ਪਤਾ ਮੰਗਵਾਇਆ ਸਿਆਣੇ ਜਾਸੂਸਾਂ ਦੇ ਦੱਸਣ ਤੇ ਪੱਛਮੀ ਤੇ ਉੱਤਰੀ ਪਾਸੇ ਵਲੋਂ ਹੀ ਹਮਲਾ ਕਰਨ ਦਾ ਉਸ ਨੇ ਫੈਸਲਾ ਕੀਤਾ।

ਸਦਾ ਕੌਰ ਦੀ ਫੌਜ ਨੇ ਸ਼ਹਿਰ ਉਤੇ ਹਮਲਾ ਕਰ ਦਿੱਤਾ । ਗਜਰਾਜ ਦੀ ਥੋੜ੍ਹੀ ਜੇਹੀ ਸੈਨਾ, ਲੜੀ, ਪਰ ਮਾਰ ਖਾ ਕੇ ਛੇਤੀ ਹੀ ਤਿਤ੍ਰ-ਬਿਤ੍ਰ ਹੋ ਗਈ। ਗਜਰਾਜ ਨੱਸ ਕੇ ਕਿਲ੍ਹੇ ਵਿਚ ਜਾ ਵੜਿਆ । ਸਦਾ ਕੌਰ ਦੀ ਫੌਜ ਨੇ ਕਾਂਗੜੇ ਸ਼ਹਿਰ ਉਤੇ ਕਬਜ਼ਾ ਕਰ ਲਿਆ ।

ਜਦੋਂ ਫੌਜੀ ਕਿਸੇ ਸ਼ਹਿਰ ਨੂੰ ਫਤਿਹ ਕਰਨ ਤਾਂ ਉਹ ਲੁੱਟ ਮਾਰ ਜ਼ਰੂਰ ਕਰਦੇ ਹਨ। ਸਰਦਾਰਨੀ ਸਦਾ ਕੌਰ ਵਲੋਂ ਫੌਜ ਨੂੰ ਕਰੜਾ ਹੁਕਮ ਸੀ ਕਿ ਕਿਸੇ ਸ਼ਹਿਰੀਏ ਨੂੰ ਲੁੱਟਿਆ ਨਾ ਜਾਵੇ ਕਿਉਂਕਿ ਸ਼ਹਿਰੀਏ ਪਰਜਾ ਹਨ। ਤੇ ਪਰਜਾ ਸਾਰਿਆਂ ਦੀ ਸਾਂਝੀ ਹੁੰਦੀ ਹੈ। ਕਿਸੇ ਰਾਜ ਦੀਆਂ ਫੌਜਾਂ ਜੇਕਰ ਪਰਜਾ ਨੂੰ ਲੁੱਟਣ ਤਾਂ ਫੌਜ ਉਤੋਂ ਭਰੋਸਾ ਉੱਠ ਜਾਂਦਾ ਹੈ । ਫਿਰ ਵੀ ਜੋ ਗੱਭਰੂ ਲੁਟ-ਮਾਰ ਦੇ ਨਿਸ਼ਾਨੇ ਨਾਲ ਸਰਦਾਰਨੀ ਦੀ ਫੌਜ ਨਾਲ ਰਲੇ ਸਨ, ਉਹ ਨਾ ਟਲੇ ਉਨ੍ਹਾਂ ਲੁੱਟ ਮਾਰ ਕਰ ਹੀ ਲਈ ।

ਰਾਜਾ ਸੰਸਾਰ ਚੰਦ ਤੇ ਉਹਦੀ ਸੈਨਾ, ਉਹ ਦੇ ਸੇਵਕ ਤੇ ਵਜ਼ੀਰ ਆਦਿਕ ਸਭ ਕਿਲ੍ਹੇ ਵਿਚ ਬੰਦ ਹੋ ਬੈਠੇ । ਕਿਲ੍ਹੇ ਦੇ ਸਾਰੇ ਦਰਵਾਜੇ ਬੰਦ ਕਰਕੇ ਕੰਧਾਂ ਉੱਪਰ ਮੋਰਚੇ ਲਾ ਕੇ ਬੈਠ ਗਏ ਕਿਲ੍ਹੇ ਤੋਂ ਬਾਹਰ ਨਿਕਲ ਕੇ ਲੜਨ ਦਾ ਹੀਆ ਨਾ ਪਿਆ ।

ਦੂਰ ਅੰਦੇਸ਼ੀ ਸਦਾ ਕੌਰ ਚਾਹੁੰਦੀ ਸੀ ਸੱਪ ਵੀ ਮਰ ਜਾਵੇ ਤੇ ਸੋਟਾ ਵੀ ਬਚ ਜਾਵੇ। ਇਸ ਵਾਸਤੇ ਉਸ ਨੇ ਰਾਜਾ ਸੰਸਾਰ ਚੰਦ ਵੱਲ ਚਿੱਠੀ ਭੇਜੀ-‘ਜਿਸ ਵਿਚ ਸਦਾ ਕੌਰ ਨੂੰ ਦੇਖਣ ਵਾਸਤੇ ਰਾਜਾ ਸੰਸਾਰ ਚੰਦ ਬੇਚੈਨ ਸੀ, ਉਹ ਕਿਲ੍ਹੇ ਦੇ ਬਾਹਰ ਆਈ ਹੈ । ਬੂਹਾ ਨਾ ਖੁੱਲ੍ਹਾ ਤਾਂ ਹਮਲਾ ਕਰ ਦਿੱਤਾ ਜਾਵੇਗਾ।’

ਇਹ ਚਿੱਠੀ ਤੀਰ ਨਾਲ ਬੰਨ੍ਹ ਕੇ ਸਦਾ ਕੌਰ ਨੇ ਆਪ ਤੀਰ ਚਲਾਇਆ ਤੇ ਕਿਲ੍ਹੇ ਵਿਚ ਨਿਸ਼ਾਨਾ ਮਾਰਿਆ, ਬਹਾਦਰ ਸਰਦਾਰਨੀ ਦਾ ਤੀਰ ਕਿਲ੍ਹੇ ਦੀ ਡਿਉੜੀ ਉੱਪਰ ਡਿੱਗਾ । ਉਸ ਨਾਲ ਇਕ ਸਿਪਾਹੀ ਜ਼ਖਮੀ ਹੋ ਗਿਆ। ਫੌਜੀ ਜਮੇਂਦਾਰ ਨੇ ਤੀਰ ਨੂੰ ਦੇਖਿਆ ਤੇ ਉਸ ਨਾਲੋਂ ਚਿੱਠੀ ਖੋਲ੍ਹ ਕੇ ਦੇਖੀ ਤੇ ਸੈਨਾਪਤੀ ਗਜਰਾਜ ਦੇ ਕੋਲ ਲੈ ਗਿਆ। ਗਜਰਾਜ ਨੇ ਰਤਾ ਢਿੱਲ ਨਾ ਕੀਤੀ ਉਹ ਚਿੱਠੀ ਫੜ ਕੇ ਰਾਜਾ ਸੰਸਾਰ ਚੰਦ ਕੋਲ ਚਲਿਆ ਗਿਆ। ਸੰਸਾਰ ਚੰਦ ਚਿੱਠੀ ਦੇਖ ਕੇ ਘਬਰਾ ਗਿਆ । ਆਪਣੇ ਮੰਤ੍ਰੀਆਂ ਤੇ ਸੈਨਾਪਤੀ ਗਜਰਾਜ ਨਾਲ ਲੰਮੀ ਸੋਚ ਵਿਚਾਰ ਕਰਕੇ ਉਸ ਨੇ ਅੰਤਮ ਫੈਸਲਾ ਕੀਤਾ ਕਿ ਉਹ ਕਿਲ੍ਹੇ ਉਤੇ ਚਿੱਟਾ ਝੰਡਾ ਚੜਾ ਦੇਵੇ ਤੇ ਕਿਲ੍ਹੇ ਦਾ ਵੱਡਾ ਬੂਹਾ ਖੋਲ ਕੇ ਆਪ ਬੂਹੇ ਵਿਚ ਜਾ ਖਲੋਵੇ । ਸਰਦਾਰਨੀ ਕੋਲੋਂ

ਖਿਮਾਂ ਮੰਗੇ । ਕਿਲ੍ਹੇ ਵਿਚ ਬੈਠਿਆ ਭਲਾ ਨਹੀਂ ਹੋ ਸਕਦਾ । ਏਹੋ ਮਤਾ

ਸਰਬ ਸੰਮਤੀ ਨਾਲ ਪਾਸ ਹੋ ਗਿਆ।

ਤੀਰ ਰਾਹੀਂ ਚਿੱਠੀ ਭੇਜਣ ਦੇ ਦੋ ਘੰਟੇ ਪਿਛੋਂ ਸਦਾ ਕੌਰ ਤੇ ਉਹਦੇ ਸੈਨਿਕਾਂ ਨੇ ਦੇਖਿਆ ਕਿ ਕਿਲ੍ਹੇ ਦੀ ਡਿਉੜੀ ਉਤੇ ਚਿੱਟਾ ਚੜ ਗਿਆ। ‘ਅਸੀਂ ਸੁਲਾਹ ਕਰਦੇ ਹਾਂ’ ਦੀ ਆਵਾਜ਼ ਨਰ ਸਿੰਘਾਂ ਨੂੰ ਸੁਣ ਕੇ ਸਦਾ ਕੌਰ ਨੇ ਦਲ ਸਿੰਘ ਨੂੰ ਆਖਿਆ ਕਿ ਉਹ ਪੰਜ ਸਿੰਘਾਂ ਦਾ ਜਥਾ ਲੈ ਕੇ ਕਿਲ੍ਹੇ ਦੇ ਬੂਹੇ ਅੱਗੇ ਜਾਵੇ ਤੇ ਪੂਰਾ ਪਤਾ ਕਰੇ ਕਿ ਸੱਚ-ਮੁੱਚ ਹੀ ਰਾਜਾ ਸੰਸਾਰ ਚੰਦ ਸੁਲਾਹ ਕਰਨ ਨੂੰ ਤਿਆਰ ਹੈ ?’

ਦਲ ਸਿੰਘ ਅਜੇ ਕਿਲ੍ਹੇ ਵੱਲ ਜਾਣ ਦੀ ਤਿਆਰੀ ਕਰ ਰਿਹਾ ਸੀ। ਕਿ ਗਜਰਾਜ ਮੰਤ੍ਰੀ ਨੂੰ ਨਾਲ ਲੈ ਕੇ ਆ ਪੁੱਜਾ। ਉਸਨੇ ਬੀਰ ਆਸਣ ਬੈਠ ਕੇ ਸਰਦਾਰਨੀ ਜੀ ਨੂੰ ਫਤਹਿ ਬੁਲਾਈ ਤੇ ਰਾਜਾ ਸੰਸਾਰ ਚੰਦ ਵਲੋਂ ਬੇਨਤੀ ਕੀਤੀ ਕਿ ਉਹ ਅਧੀਨਗੀ ਪ੍ਰਵਾਨ ਕਰਦਾ ਹੈ । ਉਹ ਨਿਮਰਤਾ ਨਾਲ ਹੱਥ ਜੋੜ ਕੇ ਪਰਾਣਾਂ ਦੀ ਭਿਖਿਆ ਮੰਗਦਾ ਹੈ ।

‘ਮੇਰਾ ਜੀਵਨ ਨਿਸ਼ਾਨਾ ਮੂਰਖ ਦੀ ਮੂਰਖਤਾ ਨੂੰ ਦੂਰ ਕਰਨਾ ਹੈ ਉਹ ਦੀ ਜਾਨ ਲੈਣਾ ਨਹੀਂ ।’ ਸਦਾ ਕੌਰ ਨੇ ਉੱਤਰ ਦਿੱਤਾ-‘ਲਾਲਚੀ ਸ੍ਵਾਰਥੀ, ਹੰਕਾਰੀ ਤੇ ਦੁਰਾਚਾਰੀ ਰਾਜਿਆਂ ਨਵਾਬਾਂ ਨੇ ਵਾਹਿਗੁਰੂ ਦੀ ਸਵਰਗ ਰੂਪ ਬਣਾਈ ਦੁਨੀਆਂ ਨੂੰ ਨਰਕ ਰੂਪ ਬਣਾ ਦਿੱਤਾ ਹੈ। ਜਿਹੜਾ ਮਨੁੱਖ ਦੇਵ ਲੋਕ ਵਿਚ ਰਹਿਣ ਨਾਲੋਂ ਮਾਤਲੋਕ ਵਿਚ ਰਹਿਣ ਨੂੰ ਚੰਗਾ ਸਮਝਦਾ ਸੀ, ਉਹ ਅੱਜ ਮਾਤ ਲੋਕ ਨੂੰ ਘਿਰਨਾ ਦੀ ਨਿਗਾਹ ਨਾਲ ਦੇਖਦਾ ਹੈ ਅਤੇ ਮੁੜ ਕੇ ਦੇਵ ਲੋਕ ਵਿਚ ਜਾਣ ਵਾਸਤੇ ਤੜਪ ਰਿਹਾ ਹੈ । ਅਸਾਂ ਕਿਲ੍ਹੇ ਵਿਚ ਪਹਿਲਾਂ ਨਹੀਂ ਜਾਣਾ । ਸੰਸਾਰ ਚੰਦ ਏਥੇ ਆ ਜਾਵੇ। ਉਹ ਦੇ ਮਨੋਭਾਵਾਂ ਨੂੰ ਜਾਚਣ ਪਿਛੋਂ ਕਿਲ੍ਹੇ ਵਿਚ ਜਾਣ ਦਾ ਫੈਸਲਾ ਕਰਾਂਗੇ ।’

11.

ਰਾਜਾ ਸੰਸਾਰ ਚੰਦ ਸਦਾ ਕੌਰ ਦੇ ਸਾਹਮਣੇ ਬੈਠਾ ਸੀ । ਉਸਦੀਆਂ ਅੱਖਾਂ ਉੱਚੀਆਂ ਨਹੀਂ ਸਨ ਹੁੰਦੀਆਂ। ਉਹਦੇ ਚੇਹਰੇ ਦਾ ਰੰਗ ਉਡਿਆ ਹੋਇਆ ਸੀ ਤੇ ਉਹ ਹਾਰੇ ਹੋਏ ਜੁਵਾਰੀਏ ਦੀ ਤਰ੍ਹਾਂ ਉਦਾਸ ਤੇ ਘਬਰਾਹਟ ਵਿਚ ਸੀ । ਝੂਠੇ ਤੇ ਦੁਰਾਚਾਰੀ ਪੁਰਸ਼ ਦੀ ਤਰ੍ਹਾਂ ਉਹ ਆਪਣੇ ਹੱਥ ਮਲੀ ਜਾਂਦਾ ਤੇ ਫਰਸ਼ ਵੱਲ ਦੇਖੀ ਜਾਂਦਾ ਹੋਇਆ, ਸਦਾ ਕੌਰ ਦੀਆਂ ਪੁੱਛਾਂ ਦਾ ਉੱਤਰ ‘ਹਾਂ, ਹੂੰ ਤੇ ਨਹੀਂ” ਦੇ ਸ਼ਬਦਾਂ ਰਾਹੀਂ ਦੇਈ ਜਾਂਦਾ ਸੀ ।

‘ਮੈਂ ਇਹ ਤੁਸਾਂ ਦੀ ਜ਼ਬਾਨੀ ਸੁਣਨਾ ਚਾਹੁੰਦੀ ਹਾਂ, ਕੀ ਇਹ ਸੱਚ ਹੈ ਕਿ ਤੁਸਾਂ ਨੇ ਮੈਨੂੰ ਆਪਣੀ ਰਾਣੀ ਬਣਾਉਣ ਦੀ ਨੀਤ ਧਾਰੀ ਸੀ ?’ ਸਦਾ ਕੌਰ ਨੇ ਰੋਅਬ ਨਾਲ ਆਖਿਆ।

ਰਾਜਾ ਸੰਸਾਰ ਚੰਦ ਚੁੱਪ ਰਿਹਾ ਉਹ ਨਾ ਹੇਠਲੀਂ ਦੰਦੀਂ ਸੀ ਨਾ ਉਪਰਲੀ ।

‘ਮੈਂ ਕੁਝ ਸੁਣਨਾ ਚਾਹੁੰਦੀ ਹਾਂ !’

‘ਭੈਣ ਜੀ! ਮੈਨੂੰ ਖਿਮਾਂ ਬਖਸ਼ੋ ? ਮੇਰੇ ‘ਤੇ ਤਰਸ ਕਰੋ ? ਮੈਂ ਭੁਲਿਆ।’

‘ਕੀ ਤੁਸਾਂ ਨੂੰ ਪਤਾ ਨਹੀਂ ਸੀ ਕਿ ਮੈਂ ਇਕ ਸੱਚੇ ਸਿੱਖ ਦੀ ਸਪੁਤ੍ਰੀ, ਮਹਾਂਬਲੀ ਤੇ ਗੁਰਮੁਖ ਸਿੱਖ ਦੀ ਨੂੰਹ, ਨੇਕ ਦਿਲ ਅਤੇ ਘਨੱਈਆ ਮਿਸਲ ਦੀ ਸਰਦਾਰਨੀ ਹਾਂ। ਦੁਨੀਆਂ ਦੀ ਨਿਗਾਹ ਵਿਚ ਮੈਂ ਵਿਧਵਾ ਹੋ ਗਈ ਹਾਂ, ਪਰ ਮੇਰੇ ਪਤੀ ਪ੍ਰਮੇਸ਼ਰ ਦੀ ਪ੍ਰੀਤ ਤੇ ਆਤਮਾ ਸਦੀਵੀ ਕਾਲ ਲਈ ਮੇਰੇ ਅੰਗ-ਸੰਗ ਹੈ। ਇਕ ਸਤੀ-ਸਤਵੰਤੀ ਇਸਤ੍ਰੀ ਬਾਰੇ ਬੁਰਾ ਵਿਚਾਰ ਚਿਤਵ ਕੇ ਪਾਪ ਜਾਂ ਕੁਕਰਮ ਨਹੀਂ ਕੀਤਾ ?’

‘ਮੈਂ ਮਹਾਂ ਪਾਪੀ ਹਾਂ, ਮੇਰਾ ਵਾਸਾ ਨਰਕਾਂ ਵਿਚ ਹੋਵੇ, ਮੈਂ ਪ੍ਰਾਸ਼ਚਿਤ ਕਰਾਂਗਾ ।’

‘ਕੀ ਇਸ ਕੁਕਰਮ ਦੀ ਤੁਸਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿ

ठगें?’

‘ਜਿਵੇਂ ਭੈਣ ਚਾਹੇ ਇਕ ਭਰਾ ਨੂੰ ਸਜ਼ਾ ਦੇਵੇ ।’

‘ਤੁਸਾਂ ਨੂੰ ਡੰਨ ਏਹੋ ਕਿ ਮੈਂ ਜ਼ਬਾਨੋਂ ਇਕ ਬਚਨ ਕੱਢ ਬੈਠੀ ਹਾਂ ਉਸਨੂੰ ਪੂਰਿਆਂ ਕਰਨਾ ਹੋਵੇਗਾ ।’

‘ਜੇ ਮੈਂ ਕਰ ਸਕਾਂ ਤਾਂ ਮੇਰੇ ਧੰਨ ਭਾਗ ।’

‘ਤੇਰੇ ਘਰ ਕੋਈ ਕੰਨਿਆਂ ਹੈ ?’

‘ਇਕ ਹੈ, ਅਜੇ ਦਸਾਂ ਮਹੀਨਿਆਂ ਦੀ* ।’

‘ਬਹੁਤ ਹੱਛਾ, ਸੁਣ ! ਮੇਰੇ ਕੋਈ ਪੁਤ੍ਰ ਨਹੀਂ, ਇਕ ਕੰਨਿਆਂ ਹੈ, ਉਸ ਦੀ ਕੁੜਮਾਈ ਮੈਂ ਸ: ਮਹਾਂ ਸਿੰਘ ਸ਼ੁਕਰ ਚੱਕੀਏ ਨਾ ਲੜਕੇ ਰਣਜੀਤ ਸਿੰਘ ਨਾਲ ਕੀਤੀ ਹੈ। ਹੁਣ ਉਹ ਮੇਰਾ ਜੁਵਾਈ-ਪੁਤ੍ਰ ਹੈ । ਤੁਸਾਂ ਦੀ ਹੁਣ ਵਾਲੀ ਲੜਕੀ ਤੇ ਇਕ ਲੜਕੀ ਹੋਰ ਜਦੋਂ ਵੀ ਜਨਮ ਲਵੇ ਦੋਹਾਂ ਲੜਕੀਆਂ ਦੀ ਕੁੜਮਾਈ ਰਣਜੀਤ ਨਾਲ ਕਰਨੀ ਹੋਵੇਗੀ। ਕੀ ਇਹ ਸ਼ਰਤ ਪ੍ਰਵਾਨ ਹੈ ?’

‘ਮੇਰੇ ਧੰਨ ਭਾਗ, ਮੈਨੂੰ ਇਹ ਸ਼ਰਤ ਪ੍ਰਵਾਨ ਹੈ ।’

‘ਦੂਸਰੀ ਸ਼ਰਤ ! ਜੇ ਕਾਂਗੜੇ ਤੇ ਜੁਵਾਲਾ ਜੀ ਦੇ ਇਲਾਕੇ ਦਾ ਸੁਤੰਤ੍ਰ ਰਾਜ ਕਰਨਾ ਚਾਹੁੰਦੇ ਹੋ ਤਾਂ ਨੂਰ ਪੁਰ ਤੋਂ ਪਰ੍ਹੇ ਦੇ ਸਾਰੇ ਇਲਾਕਿਆਂ ਵੱਲ ਨਹੀਂ ਦੇਖਣਾ ਹੋਵੇਗਾ। ਉਹ ਇਲਾਕੇ ਅੱਜ ਤੋਂ ਮੇਰੇ ਰਾਜ ਨਾਲ ਸ਼ਾਮਲ ਕੀਤੇ ਜਾਂਦੇ ਹਨ ।’

‘ਪ੍ਰਵਾਨ ਹੈ ।’

‘ਛੋਟੀਆਂ ਸਰਦਾਰੀਆਂ, ਨਵਾਬੀਆਂ ਤੇ ਮਿਸਲਾਂ ਦਾ ਅੰਤ ਕਰਕੇ ਮੈਂ ਪੰਜਾਬ ਵਿਚ ਤਕੜਾ, ਸੁਤੰਤ੍ਰ ਤੇ ਜਥੇਬੰਦ ਰਾਜ ਕਾਇਮ ਕਰਨਾ ਚਾਹੁੰਦੀ ਹਾਂ, ਕੀ ਇਲਾਕੇ ਫ਼ਤਹਿ ਕਰਨ ਵਿਚ ਮੈਨੂੰ ਫੌਜ਼ੀ ਸਹਾਇਤਾ ਦੇਵੋਗੇ ?’

‘ਚਾਰ ਹਜ਼ਾਰ ਜੁਵਾਨ ਦਿਨੇ-ਰਾਤ ਆਪ ਦੇ ਹੁਕਮ ਦੀ ਉਡੀਕ ਕਰਦਾ ਰਹੇਗਾ, ਜਿਸ ਮੁਹਿੰਮ ਵਿਚ ਚਾਹੋ ਲੈ ਜਾਵੋ | ਜੇ ਹੋਰ ਜੁਵਾਨਾਂ ਦੀ ਲੋੜ ਪਈ ਤਾਂ ਮੈਂ ਹੋਰ ਜੁਵਾਨ ਭਰਤੀ ਕਰਕੇ ਭੇਜਾਂਗਾ । ਮੈਂ ਆਪਣੇ ਆਪ ਨੂੰ ਸੁਤੰਤ੍ਰ ਰਾਜਾ ਨਹੀਂ ਸਮਝਾਂਗਾ ਸਗੋਂ ਆਪ ਦੀ ਸਰਦਾਰੀ ਪ੍ਰਵਾਨ ਕਰਦਾ ਹਾਂ । ਨਜ਼ਰਾਨਾ ਭੇਟ ਕਰਿਆ ਕਰਾਂਗਾ ।’

ਸਰਦਾਰਨੀ ਸਦਾ ਕੌਰ ਦੀ ਇਹ ਵੱਡੀ ਪਹਿਲੀ ਫ਼ਤਹਿ ਸੀ। ਉਸਨੇ ਆਪਣੇ ਇਕ ਦੁਸ਼ਮਣ ਨੂੰ ਅਧੀਨ ਕਰ ਲਿਆ। ਆਪਣੇ ਰਾਜ ਦਾ ਖੁੱਸਿਆ ਹੋਇਆ ਕੁਝ ਇਲਾਕਾ ਫ਼ਤਹਿ ਕਰਕੇ ਆਪਣੇ ਰਾਜ ਨਾਲ ਸ਼ਾਮਲ ਕੀਤਾ। ਅੱਠ ਦਿਨ ਕਾਂਗੜੇ ਰਹਿਣ ਪਿਛੋਂ ਉਸ ਨੇ ਪਿਛੇ ਮੁੜਨ ਦੀ ਤਿਆਰੀ रोडी ।

ਵਾਪਸ ਮੁੜਨ ਲੱਗਿਆਂ ਰਾਜਾ ਸੰਸਾਰ ਚੰਦ ਨੇ ਬਹੁਤ ਸਾਰਾ ਰੁਪਿਆ ਸੁਚੇ ਮੋਤੀਆਂ ਦੀਆਂ ਮਾਲਾਂ ਤੇ ਸੋਨੇ ਦੇ ਜੇਵਰ ਨਜ਼ਰਾਨੇ ਵਜੋਂ ਭੇਟਾ ਕੀਤੇ। ਸਦਾ ਕੌਰ ਦੀ ਫੌਜ ਫ਼ਤਹਿ ਦੀਆਂ ਖੁਸ਼ੀਆਂ ਦੇ ਗੀਤ ਗਾਉਂਦੀ ਹੋਈ ਵਾਪਸ ਮੁੜੀ। ਮੰਜ਼ਲੋ ਮੰਜ਼ਲੀ ਤੇ ਹੌਲੀ-ਹੌਲੀ ਅੱਖੀਂ ਦਿਨੀ ਬਟਾਲੇ ਪੁੱਜੀ।

ਰਾਹ ਵਿਚ ਆਉਂਦਿਆਂ-ਆਉਂਦਿਆਂ ਪਠਾਨਕੋਟ ਤੇ ਦੀਨਾ ਨਗਰ ਦੇ ਕਿਲ੍ਹਿਆਂ ਵਿਚ ਫੌਜ ਛੱਡ ਆਈ ਤਾਂ ਕਿ ਉਨ੍ਹਾਂ ਇਲਾਕਿਆਂ ਦਾ ਰਾਜ ਪ੍ਰਬੰਧ ਕੀਤਾ ਜਾਵੇ ਤੇ ਦੁਸ਼ਮਣ ਦਾ ਖਿਆਲ ਰਖਿਆ ਜਾਵੇ।

ਉਸ ਸਮੇਂ ਵੈਸਾਖੀ ਦਾ ਇਤਿਹਾਸਕ ਦਿਹਾੜਾ ਨੇੜੇ ਆ ਪੁੱਜਾ ਸੀ। ਖੇਤਾਂ ਵਿਚ ਸੁਨਹਿਰੀ ਰੂਪ ਵਿਚ ਸਿੱਟਿਆਂ ਲੱਦੀਆਂ ਕਣਕਾਂ ਹਵਾ ਦੇ ਝੋਕਿਆਂ ਨਾਲ ਅਮਲੀ ਦੀ ਤਰ੍ਹਾਂ ਝੂੰਮ ਰਹੀਆਂ ਸਨ । ਪੱਕੀਆਂ ਕਣਕਾਂ ਨੂੰ ਦੇਖ ਕੇ ਕਿਸਾਨਾਂ ਦੇ ਹਿਰਦੇ ਅਨੰਦ ਅਤੇ ਜੋਸ਼ ਨਾਲ ਨੱਚ ਤੇ ਗਾ ਰਹੇ ਸਨ । ਬਹੁਤ ਸਾਰੇ ਗੁਰ-ਸਿੱਖ ਸਤਿਗੁਰੂ ਜੀ ਦੀ ਨਗਰੀ ਅੰਮ੍ਰਿਤਸਰ ਪੁੱਜ ਕੇ ਸੀ ਹਰਿਮੰਦਰ ਸਾਹਿਬ ਦੇ ਦਰਸ਼ਨ ਤੇ ਅੰਮ੍ਰਿਤ ਸਰੋਵਰ ਵਿਚੋਂ ਇਸ਼ਨਾਨ ਕਰਨ ਦੀਆਂ ਤਿਆਰੀਆਂ ਤੇ ਸਲਾਹਾਂ ਕਰ ਰਹੇ ਸਨ। ਇਸ ਸਮੇਂ ਬਟਾਲਾ ਬੇਅੰਤ ਖੁਸ਼ੀਆਂ ਦਾ ਕੇਂਦਰ ਸੀ।

ਪਹਿਲੀ ਫਤਹਿ ਦੀ ਖੁਸ਼ੀ ਅਤੇ ਵੈਸਾਖੀ ਦੇ ਤਿਉਹਾਰ ਦੇ ਆਉਣ ਕਰਕੇ ਸਰਦਾਰਨੀ ਸਦਾ ਕੌਰ ਨੇ ਇਕ ਤਕੜੇ ਸਾਮਰਾਜ ਦੀ ਮਾਲਕ ਮਹਾਰਾਣੀ ਵਾਂਗ ਖੁਸ਼ੀ ਦਾ ਮੇਲਾ ਤੇ ਦਰਬਾਰ ਕਰਨ ਦੀ ਇੱਛਾ ਪ੍ਰਗਟ ਕੀਤੀ। ਇੱਛਾ ਪ੍ਰਗਟ ਕਰਨ ਦੀ ਢਿੱਲ ਹੀ ਸੀ ਕਿ ਸਾਰੇ ਕਾਰਜ ਝੱਟ-ਪੱਟ ਪੂਰੇ ਹੋ ਗਏ । ਸ਼ਹਿਰੋਂ ਬਾਹਰ ਮੈਲਾ ਕੀਤਾ ਗਿਆ । ਉਸ ਮੇਲੇ ਤੇ ਖੇਡਾਂ ਹੋਈਆਂ, ਗੁਰਬਾਣੀ ਦਾ ਕੀਰਤਨ ਹੋਇਆ, ਰਾਜ-ਭਵਨ ਵਿਚ ਅਖੰਡ ਪਾਠ ਦਾ ਭੋਗ ਪਾਇਆ ਗਿਆ ਤੇ ਵੈਸਾਖੀ ਵਾਲੇ ਦਿਹਾੜੇ ਸ਼ਾਹੀ ਦਰਬਾਰ ਕਰਕੇ ਫੌਜੀ ਸਰਦਾਰਾਂ, ਬਹਾਦਰੀ ਕਰਨ ਵਾਲੇ ਜੁਵਾਨਾਂ ਅਤੇ ਪਿੰਡਾਂ ਦੇ ਖਿਡਾਰੀ ਗੱਭਰੂਆਂ ਨੂੰ ਬਹੁਤ ਸਾਰੇ ਇਨਾਮ ਬਖਸ਼ੇ, ਰਾਤ ਨੂੰ ਦੀਪਮਾਲਾ ਕੀਤੀ ਤੇ ਪੁੰਨ-ਦਾਨ ਕਰਨ ਤੋਂ ਬਿਨਾਂ ਅਟੁੱਟ ਗੁਰੂ ਕੇ ਲੰਗਰ ਬ੍ਰਹਮ ਭੋਜ ਦੀ ਸੂਰਤ ਵਿਚ ਵਰਤਾਇਆ ਗਿਆ ਜਿਸ ਵਿਚ ਹਜ਼ਾਰਾਂ ਪ੍ਰਾਣੀਆਂ ਨੇ ਪੇਟ ਭਰ ਕੇ ਮਨ ਭਾਉਂਦਾ ਪ੍ਰਸ਼ਾਦ ਛਕਿਆ ।

12.

ਦਿਨ ਦੇ ਪਿਛੋਂ ਜਿਵੇਂ ਰਾਤ ਆਉਂਦੀ ਹੈ, ਤਿਵੇਂ ਖੁਸ਼ੀਆਂ ਭਰੇ ਮੇਲੇ ਦੇਖਦਿਆਂ ਹੋਇਆਂ ਮਾਨੁੱਖ ਨੂੰ ਉਦਾਸੀ ਤੇ ਸੋਗ ਭਰੀਆਂ ਝਾਕੀਆਂ ਵੀ ਦੇਖਣੀਆਂ ਪੈਂਦੀਆਂ ਹਨ । ਠੰਢਾ-ਤੱਤਾ ਦੁੱਖ-ਸੁੱਖ ਦਾ ਨਾਮ ਹੀ ਤਾਂ ਜੀਵਨ ਹੈ। ਫੁੱਲਾਂ ਦੇ ਨਾਲ ਕੰਡੇ ਹਨ ਤੇ ਹਾਸਿਆਂ ਪਿਛੇ ਰੋਣਾ ਹੈ। ਚਲਦੀ ਜੀਵਨ ਨਦੀ ਵਿਚ ਕਈ ਪ੍ਰਕਾਰ ਦੇ ਜੁਵਾਰ ਭਾਟੇ ਆਉਂਦੇ ਹਨ। ਉਨ੍ਹਾਂ ਨੂੰ ਦੇਖ ਕੇ ਜਾਂ ਸੁਣ ਕੇ ਘਬਰਾਉਂਦਾ ਨਹੀਂ ਚਾਹੀਦਾ ।

ਵੈਸਾਖੀ ਦਾ ਖੁਸ਼ੀਆਂ-ਵਾਲਾ ਦਿਹਾੜਾ ਬੀਤਿਆ, ਰਾਤ ਅਜੇ ਮੁੱਕੀ ਨਹੀਂ ਸੀ ਕਿ ਗੁਜ਼ਰਾਂ ਵਾਲੇ ਸ਼ਹਿਰ ਤੋਂ ਇਕ ਚਲਿਆ ਹੋਇਆ ਸਾਂਢਣੀ ਸਵਾਰ ਬਟਾਲੇ ਪੁੱਜਾ ਤੇ ਉਸ ਨੇ ਸਰਦਾਰਨੀ ਸਦਾ ਕੌਰ ਦੇ ਰਾਜ ਭਵਨ ਦੇ ਰਾਖੇ ਡਿਉੜੀਦਾਰ ਨੂੰ ਆ ਆਖਿਆ-‘ਮਹਾਰਾਣੀ ਜੀ ਨੂੰ ਹੁਣੇ ਸੁਨੇਹਾ ਮਿਲ ਜਾਣਾ ਚਾਹੀਦਾ ਹੈ ਕਿ ਸਰਦਾਰ ਮਹਾਂ ਸਿੰਘ ਗੁਜਰਾਂ ਵਾਲੇ ਆਪਣੇ ਘਰ ਵਿਚ ਬੀਮਾਰ ਹੈ। ਰੋਗ ਤਨ ਨੂੰ ਘੁਣ ਵਾਂਗੂ ਹੀ ਐਨਾ ਖਾ ਗਿਆ। ਹੈ ਕਿ ਗੁਜਰਾਂ ਵਾਲੇ ਪੁੱਜਣ ਏਹੋ ਹੁਕਮ ਹੈ ।’

ਸੰਤਰੀਆਂ, ਸੇਵਾਦਾਰਾਂ ਤੇ ਦਾਸੀਆਂ ਨੂੰ ਸਦਾ ਕੌਰ ਵਲੋਂ ਹੁਕਮ ਸੀ ਕਿ ਜਦੋਂ ਕੋਈ ਬਾਹਰੋਂ ਸੁਨੇਹਾ ਆਵੇ ਉਸ ਨੂੰ ਜ਼ਰੂਰ ਸੁਣਾ ਦਿੱਤਾ ਜਾਇਆ ਕਰੇ । ਝਿਜਕਣ ਦੀ ਕੋਈ ਲੋੜ ਨਹੀਂ । ਕਦੀ ਇਹ ਨਾ ਦੇਖਿਆ ਜਾਵੇ ਕਿ ਸਰਦਾਰਨੀ ਇਸ ਵੇਲੇ ਸੁੱਤੀ ਹੈ ਜਾਂ ਕਿਸੇ ਨਾਲ ਬਚਨ-ਬਿਲਾਸ ਕਰ ਰਹੀ ਹੈ । ਉਹ ਤਾਂ ਸਦਾ ਤਿਆਰ-ਬਰ-ਤਿਆਰ ਰਹਿੰਦੀ ਸੀ ।

ਡਿਉੜੀ ਅਫ਼ਸਰ ਨੇ ਉਸੇ ਵੇਲੇ ਸੰਤਰੀ ਨੂੰ ਦਾਸੀਆਂ ਪਾਸ ਭੇਜਿਆ, ਕਿਸ਼ਨੋ ਦਾਸੀ ਨੇ ਰਾਮੀ ਨੂੰ ‘ਜਾ ਜਗਾਇਆ ਤੇ ਰਾਮੀ ਨੇ ਸਦਾ ਕੌਰ ਕੋਲ ਪਹੁੰਚ ਕੇ ਸੁਨੇਹਾ ਦਿੱਤਾ ‘ਸਰਕਾਰ ! ਗੁਜਰਾਂ ਵਾਲੇ ਤੋਂ ਸਾਂਢਣੀ ਸੁਵਾਰ ਆਇਆ ਹੈ। ਤੇ ਉਹ ਆਖਦਾ ਹੈ ਸ: ਮਹਾਂ ਸਿੰਘ ਜੀ ਮਾਂਦੇ ਪਏ ਹਨ। ਉਨ੍ਹਾਂ ਦਾ ਸਾਹ ਔਖਾ ਹੈ । ਤੁਸਾਂ ਨੂੰ ਗੁਜਰਾਂ ਵਾਲੇ ਬੁਲਾਇਆ ਹੈ ।’

‘ਵੇਲਾ ਕਿੰਨਾ ਹੋਵੇਗਾ?’ ਸਦ ਕੌਰ ਨੇ ਪੁੱਛਿਆ ।

‘ਕੁੱਕੜ ਪਹਿਲੀ ਬਾਂਗ ਦੇ ਚੁੱਕਾ ਹੈ । ਰਾਮੀ ਦਾ ਉੱਤਰ ਸੀ।

‘ਮੇਰੇ ਘੋੜੇ ‘ਗਰੜ’ ਉਤੇ ਕਾਠੀ ਪਾਈ ਜਾਵੇ । ਦੇਸਾਂ, ਤੂੰ ਤੇ ਅੱਠ- ਸੱਤ ਸੁਵਾਰ ਹੋਰ ਤਿਆਰ ਹੋਣ । ਸਾਂਢਣੀ ਸੁਵਾਰ ਲੰਮਾਂ ਪੰਧ ਕਰਕੇ ਆਇਆ ਹੈ, ਉਸ ਨੂੰ ਆਰਾਮ ਕਰਨ ਦਿੱਤਾ ਜਾਵੇ । ਜੇ ਉਹ ਭੁੱਖਾ ਹੈ ਤਾਂ ਕੁਝ ਖਾਣ ਨੂੰ ਦਿੱਤਾ ਜਾਵੇ । ਹੁਣੇ ਹੀ ਕਮਰ ਕੱਸੇ ਕੀਤੇ ਜਾਣਗੇ। ਦਲ ਸਿੰਘ ਨੂੰ ਮੇਰੇ ਕੋਲ ਸੱਦੋ, ਪਿੱਛੇ ਦੀ ਦੇਖ-ਭਾਲ ਉਸ ਨੂੰ ਸੌਂਪ ਦਿੱਤੀ ਜਾਵੇ ।’

ਕੋਈ ਇਕ ਘੰਟੇ ਅੰਦਰ-ਅੰਦਰ ਤਿਆਰੀ ਹੋ ਗਈ । ਦਲ ਸਿੰਘ ਨੂੰ ਬਟਾਲੇ ਤੇ ਪਰਜਾ ਦੀ ਰਾਖੀ ਅਤੇ ਰਾਜ-ਕਾਜ ਦੀ ਜ਼ਿੰਮੇਂਵਾਰੀ ਸੌਂਪ ਕੇ ਤੜਕੇ ਹੀ ਸਦਾ ਕੌਰ ਨੇ ਬਟਾਲੇ ਨੂੰ ਛੱਡ ਦਿੱਤਾ। ਰਾਮੀ, ਦੇਸਾਂ, ਅਤੇ ਪੰਦਰਾਂ ਘੋੜ ਸਵਾਰ ਉਸ ਦੇ ਨਾਲ ਸਨ। ਘੋੜਿਆਂ ਦੇ ਸੰਬਾਂ ਦੀ ਟਾਪਾਂ ਦਾ ਖੜਕਾ ਸੁਣ ਕੇ ਕਈ ਸੁੱਤੇ ਜਾਗ ਪਏ । ਸੂਰਜ ਉਦੈ ਹੋਣ ਤੋਂ ਪਹਿਲਾਂ- ਪਹਿਲਾਂ ਉਹ ਸਤ ਮੀਲ ਪੰਧ ਚਲੇ ਗਏ ।

ਦਰਿਆ ਰਾਵੀ ਨੂੰ ਪਾਰ ਕੀਤਾ। ਰਾਵੀ ਦੇ ਬੇਲਿਆਂ, ਕਲਰ, ਵਣ- ਕਰੀਰ ਤੇ ਸੱਪਾਂ ਭਰੀਆਂ ਜੂਹਾਂ ਨੂੰ ਚੀਰਦਿਆਂ ਹੋਇਆਂ ਸਦਾ ਕੌਰ ਦਾ ਛੋਟਾ ਜੇਹਾ ਜੱਥਾ ਗੁਜਰਾਂ ਵਾਲੇ ਪੁੱਜ ਗਿਆ । ਚੜ੍ਹਦੇ ਵੈਸਾਖ ਦੀ ਧੁੱਪ ਤੇ ਲੰਮੇ ਪੰਧ ਦੀ ਕੋਈ ਪ੍ਰਵਾਹ ਨ ਕੀਤੀ ਗਈ । ਰਾਹ ਵਿਚ ਅਟਕ ਕੇ ਪ੍ਰਸ਼ਾਦ ਵੀ ਨਾ ਛਕਿਆ ਗਿਆ । ਜੁਵਾਨ ਤੇ ਤਕੜੇ ਵਧੀਆ ਘੋੜੇ ਆਪਣੇ ਮਾਲਕਾਂ ਦੀ ਸੇਵਾ ਕਰਦੇ ਹੋਏ ਮੂਲ ਨਾ ਥੱਕੇ ।

ਗੁਜਰਾਂ ਵਾਲੇ ਵਿਚ ਸੋਗ ਦੀ ਸਫਾ ਵਿਛੀ ਹੋਈ ਸੀ, ਸ਼ਹਿਰ ਵਿਚ ਹੜਤਾਲ ਸੀ ਤੇ ਕਿਸੇ ਤਰ੍ਹਾਂ ਦੀ ਖੁਸ਼ੀ ਦਾ ਕੋਈ ਸਮਾਗਮ ਨਹੀਂ ਸੀ ਕੀਤਾ ਜਾ ਰਿਹਾ। ਚੁੱਪ, ਉਦਾਸੀ ਤੇ ਸੁੰਞਤਾ ਦੂਰੋਂ ਦੇਖ ਕੇ ਸਦਾ ਕੌਰ ਦਾ ਹਿਰਦਾ ਧੜਕਿਆ-‘ਸੁੱਖ ਹੋਵੇ ।’ ਉਹ ਹਵੇਲੀ ਵਿਚ ਪੁੱਜੀ। ਘੋੜੇ ਤੋਂ ਉੱਤਰੀ ਅਤੇ ਸਿੱਧੀ ਉਸ ਬੈਠਕ ਵਿਚ ਪੁੱਜੀ। ਜਿੱਥੇ ਸਰਦਾਰ ਮਹਾਂ ਸਿੰਘ ਜੀ ਬੀਮਾਰ ਪਏ ਸਨ । ਵੈਦ ਤੇ ਹਕੀਮ ਉਨ੍ਹਾਂ ਦੇ ਕੋਲ ਬੈਠੇ ਸਨ। ਪਲ- ਪਲ ਪਿੱਛੋਂ ਦੁਵਾਈਆਂ ਦਿੱਤੀਆਂ ਜਾ ਰਹੀਆਂ ਸਨ । ਲਾਗੇ ਬੈਠਿਆਂ ਦੇ ਚੇਹਰਿਆਂ ਉਤੇ ਮੁਰਦਿਹਾਨੀ ਛਾਈ ਹੋਈ ਸੀ । ਹਰ ਇਕ ਦੀ ਆਤਮਾ ਇਹ ਅਰਦਾਸ ਕਰ ਰਹੀ ਸੀ-‘ਹੇ ਵਾਹਿਗੁਰੂ ਸੁਖ ਕਰ, ਸਰਦਾਰ ਜੀ ਦੀ ਉਮਰ ਲੰਮੇਰੀ ਹੋਵੇ ।’

‘ਭੈਣ ਜੀ ! ਤੁਸੀਂ ਆ ਪੁੱਜੇ ! ਬਹੁਤ ਚੰਗਾ ਹੋਇਆ।’ ਸਰਦਾਰ ਮਹਾਂ ਸਿੰਘ ਨੇ ਸਦਾ ਕੌਰ ਨੂੰ ਦੇਖ ਕੇ ਆਖਿਆ-‘ਮੈਂ ਅੰਤ ਸਮੇਂ ਤੁਸਾਂ ਨੂੰ ਮਿਲਣਾ ਚਾਹੁੰਦੀ ਸਾਂ, ਮੈਨੂੰ ਖ਼ਿਮਾ ਕਰਨਾ, ਮੇਰੀ ਅਗਿਆਨਤਾ ਕਰਕੇ ਠੀਕ ਹੈ ਆਪ ਨੂੰ ਬਹੁਤ ਕਸ਼ਟ ਪੁੱਜਾ ਹੈ । ਵਾਹਿਗੁਰੂ ਦਾ ਭਾਣਾ ਅਮਿੱਟ ਹੈ ।

ਹੋਣੀ ਹੋ ਕੇ ਰਹਿੰਦੀ ਹੈ ।’

‘ਸਾਡੇ ਵਹਿਮ ਛੱਡੋ, ਵਾਹਿਗੁਰੂ ਅਰੋਗਤਾ ਬਖਸ਼ੇਗਾ ।’ ਸਦਾ ਕੌਰ ਨੇ ਹੌਂਸਲਾ ਦਿੱਤਾ ।

‘ਭਾਣਾ ਹੀ ਇਸ ਤਰ੍ਹਾਂ ਹੈ । ਜਦੋਂ ਮੇਰੀ ਉਮਰ ਦਸ ਸਾਲ ਦੀ ਸੀ ਤਾਂ ਮੇਰੇ ਪਿਤਾ ਜੀ ਚੜ੍ਹਾਈ ਕਰ ਗਏ ਸਨ ਤੇ ਅੱਜ ਮੇਰੇ ਰਣਜੀਤ ਸਿੰਘ ਦੀ ਉਮਰ ਦਸ ਦਾਲ ਹੈ ਤਾਂ ਮੈਂ ਜਾ ਰਿਹਾਂ ਹਾਂ, ਮੈਨੂੰ ਦੁੱਖ ਹੈ। ਮੇਰਾ ਪੁਤ੍ਰ .ਯਤੀਮ ਹੋ ਜਾਵੇਗਾ। ਰਾਜ-ਕਾਜ ਸੰਭਾਲਨ ਦੀ ਸਮਰਥਾ ਨਹੀਂ ਰੱਖਦਾ ਇਸ ਵਾਹਿਗੁਰੂ ਦੀ ਨਿਰਾਲੀ ਦੁਨੀਆਂ ਵਿਚ ਨਾ ਕਿਸੇ ਦੇ ਮਿਤ੍ਰ ਬਣਦਿਆਂ ਦੇਰ ਲੱਗਦੀ ਹੈ ਨਾ ਵੈਰੀ ਬਣਦਿਆਂ ਚਿਰ ਲੱਗਦਾ ਹੈ। ਮੇਰੀ ਬੇਨਤੀ ਹੈ !’

‘ਦਿਲ ਨਾ ਛੱਡੋ ! ਵਾਹਿਗੁਰੂ ਦਾ ਸਿਮਰਨ ਕਰੋ, ਉਸ ਦਾਤੇ ਦੇ ਘਰ ਕਿਸੇ ਗੱਲ ਦਾ ਘਾਟਾ ਨਹੀਂ । ਉਮਰ ਲੰਮੇਰੀ ਕਰਦਿਆਂ ਵੀ ਉਸ ਨੂੰ ਦੇਰ ਨਹੀਂ ਲੱਗਦੀ, ਬਾਕੀ ਰਹੀ ਮੇਰੇ ਬਾਬਤ ਜੋ ਹੁਕਮ ਕਰੋ ਮੈਂ ਪੂਰਾ ਕਰਨ ਨੂੰ ਤਿਆਰ ਹਾਂ’

‘ਸੇਰਾ ਰਣਜੀਤ! ਅੱਜ ਤੁਸਾਂ ਦੇ ਹਵਾਲੇ ਹੈ । ਇਸ ਦੀ ਪਾਲਨਾ ਕਰਨੀ । ਸ਼ੁਕਰ-ਚੱਕੀਆਂ ਮਿਸਲ ਵੀ ਅੱਜ ਮੈਂ ਤੁਸਾਂ ਨੂੰ ਸੌਂਪਦਾ ਹਾਂ।’

‘ਕਾਕੇ ਰਣਜੀਤ ਦੀ ਰਾਖੀ ਕਰਨੀ ਮੇਰਾ ਧਰਮ ਹੈ । ਇਹ ਹੁਣ ਮੇਰੇ ਪੁੱਤ੍ਰ ਹਨ। ਮੈਂ ਬਚਨ ਦੇਂਦੀ ਹਾਂ। ਤੁਸਾਂ ਦੇ ਰਣਜੀਤ ਨੂੰ ਪੰਜਾਂ ਦਰਿਆਵਾਂ ਦਾ ਬਾਦਸ਼ਾਹ ਬਣਾਵਾਂਗੀ ।

ਰਣਜੀਤ ਸਿੰਘ ਉਸ ਵੇਲੇ ਕੋਲ ਬੈਠਾ ਸੀ । ਦਸ ਸਾਲਾਂ ਦੀ ਆਯੂ ਦਾ ਬਾਲਕ ਚੰਗਾ ਹੋਣਹਾਰ ਦਿਸ ਰਿਹਾ ਸੀ, ਭਾਵੇਂ ਸੀਤਲਾ ਨਿਕਲਣ ਦੇ ਕਾਰਨ ਓਹਦੇ ਚੇਹਰੇ ਤੇ ਨਿੱਕੇ-ਨਿੱਕੇ ਦਾਗ਼ ਸਨ ਤੇ ਇਕ ਅੱਖ ਸਦੀਵੀ ਕਾਲ ਵਾਸਤੇ ਮਿਟ ਗਈ ਸੀ । ਫਿਰ ਵੀ ਚੇਹਰੇ ਦੀ ਸੁੰਦਰਤਾ ਪ੍ਰਭਾਵ ਸ਼ਾਲੀ ਸੀ ।

ਰਣਜੀਤ ਸਿੰਘ ਦੀ ਮਾਤਾ ਰਾਜ ਕੌਰ (ਸਪੁੱਤ੍ਰੀ ਗਜਪਤ ਸਿੰਘ ਜੀਂਦ) ਵੀ ਆਪਣੇ ਪਤੀ ਦੇ ਮੰਜੇ ਦੀ ਬਾਹੀ ਫ਼ੜ ਕੇ ਬੈਠੀ ਸੀ । ਉਸ ਦਾ ਹਿਰਦਾ ਰੋਣੋ ਨਹੀਂ ਸੀ ਰੁਕਦਾ। ਉਹ ਦੇ ਨੈਨਾਂ ਵਿਚੋਂ ਅੱਥਰੂ ਕਿਰੀ ਜਾਂਦੇ ਸਨ । ਉਸ ਨੇ ਸਦਾ ਕੌਰ ਦੀਆਂ ਬਹਾਦਰੀਆਂ ਉਹ ਦੇ ਅਣਖੀਲੇ ਤੇ ਦਲੇਰ ਦਿਲ ਦੀਆਂ ਕਹਾਣੀਆਂ ਸੁਣੀਆਂ ਹੋਈਆਂ ਸਨ। ਇਸ ਕਰਕੇ ਸਦਾ ਕੌਰ ਦੀ ਜਬਾਨੋਂ ਨਿਕਲਿਆ ਇਕ-ਇਕ ਸ਼ਬਦ ਉਸਦੇ ਡਿੱਗਦੇ ਦਿਲ ਦਾ ਆਸਰਾ ਬਣ ਰਿਹਾ ਸੀ ਪਤੀ ਦੇ ਸਦੀਵੀ ਵਿਛੋੜੇ ਦਾ ਭੈ ਉਹਦੇ ਵਾਸਤੇ ਇਕ ਭਿਆਨਕ ਖ਼ਤਰਾ ਸੀ । ਤੀਹ ਸਾਲ ਦੀ ਉਮਰ ਵਿਚ ਉਹਦਾ ਪਿਆਰਾ ਉਹਦੇ ਕੋਲੋਂ ਦੂਰ ਜਾ ਰਿਹਾ ਸੀ । ਉਸ ਨੂੰ ਡੋਬ ਤੇ ਡੋਬ ਪੈਂਦੇ ਸਨ ।

ਪਰ ਉਸ ਵੇਲੇ ਹੌਂਸਲੇ ਵਿਚ ਸੀ ਰਣਜੀਤ ਸਿੰਘ । ਭਾਵੇਂ ਉਮਰ ਵਿਚ ਬਾਲਕ ਸੀ, ਪਰ ਸੋਚ ਤੇ ਅਕਲ ਸਿਆਣਿਆਂ ਵਾਲੀ ਸੀ । ਉਸ ਨੇ ਤੋਤਲੀ ਜ਼ਬਾਨ ਨਾਲ ਕਿਹਾ-‘ਪਿਤਾ ਜੀ ਮਿਸਲ ਦੀ ਚਿੰਤਾ ਨਾ ਕਰੋ । ਮਿਸਲ ਦੀ ਰਾਜਸੀ ਸ਼ਕਤੀ ਵਧੇਗੀ । ਤੁਸਾਂ ਦਾ ਰਣਜੀਤ ਸਦਾ ਰਣ ਨੂੰ ਜਿੱਤਦਾ ਰਹੇਗਾ । ਮੇਰੀਆਂ ਦੋਵੇਂ ਮਾਤਾਵਾਂ (ਰਾਜ ਕੌਰ ਮਾਤਾ ਤੇ ਸਦਾ ਕੌਰ ਸੱਸ) ਮੇਰੀ ਸਹਾਇਤਾ ਕਰਨਗੀਆਂ । ਵਾਹਿਗੁਰੂ ਦੀ ਕ੍ਰਿਪਾ ਮੈਂ ਵੈਰੀਆਂ ਤੇ ਤੁਰਕਾਂ ਨੂੰ ਮਾਰਾਂਗਾ ।’

ਰਣਜੀਤ ਸਿੰਘ ਦੇ ਇਹਨਾਂ ਵਾਕਾਂ ਨੇ ਸ: ਮਹਾਂ ਸਿੰਘ ਦੇ ਦੁਬਿਦਾ ਸਾਗਰ ਵਿਚ ਡੁੱਬ ਰਹੇ ਦਿਲ ਨੂੰ ਕੁਝ ਆਸਰਾ ਦਿੱਤਾ—“…….ਮੈਨੂੰ ਪ੍ਰਸੰਨਤਾ ਹੈ।” ਮਹਾਂ ਸਿੰਘ ਬੋਲਿਆ-“ਮੇਰੇ ਪਿਤਾ ਜੀ (ਸ: ਚੜ੍ਹਤ ਸਿੰਘ ਜੀ) ਦਾ ਜਦੋਂ ਚਲਾਣਾ ਹੋਣ ਲੱਗਾ ਸੀ (ਸੰਨ ੧੭੭੦) ਈ: ਵਿਚ ਤਦੋਂ ਮੈਂ ਵੀ ਉਹਨਾਂ ਨੂੰ ਏਹੋ ਆਖ ਕੇ ਹੌਂਸਲਾ ਦਿੱਤਾ ਸੀ । ਮੈਂ ਵੀ ਦਸ ਸਾਲਾਂ ਦਾ ਜਦੋਂ ਢਾਲ ਤੇ ਤੇਗ਼ ਚੁੱਕੀ ਸੀ ਪੂਰੇ ਵੀਹ ਸਾਲ ਤੱਕ ਤੇਗ਼ ਨੂੰ ਸੰਭਾਲ ਕੇ ਰੱਖਿਆ ਅਤੇ ਮਿਸਾਲ ਦੇ ਰਾਜ ਨੂੰ ਵਧਾਇਆ ਸੀ । ਇਹ ਤੇਗ਼ (ਕੰਧ ਨਾਲ ਟੰਗੀ ਢਾਲ ਤੇ ਤੇਗ਼ ਵੱਲ ਇਸ਼ਾਰਾ ਕਰਕੇ) ਤੇਰੇ ਦਾਦਾ ਜੀ ਦੀ ਹੈ । ਇਸ ਨੂੰ ਸੰਭਾਲ ਕੇ ਰੱਖਣਾ । ਨਿਆਏ, ਧਰਮ, ਨੇਕੀ ਸਤ ਅਤੇ ਪ੍ਰੇਮ ਦਾ ਆਸਰਾ ਲੈਣਾ। ਅਕਾਲ ਪੁਰਖ ਤੇ ਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਰਹਿਣਾ ਤਾਂ ਕਿ ਹਰ ਕਾਰਜ ਵਿਚ ਤੇਰੀ ਸਹਾਇਤਾ ਹੋਵੇ । ਪਰਜਾ ਨਾਲ ਪਿਆਰ ਰੱਖਣਾ । ਦੋਹਾਂ ਕੌਮਾਂ ਨੂੰ ਪ੍ਰੇਮ ਦੀ ਇਕ ਨਿਗਾਹ ਨਾਲ ਦੇਖਣਾ ਜੇਹੜਾ ਰਾਜਾ ਪਰਜਾ ਨਾਲ ਪਿਆਰ ਕਰਦਾ ਹੈ, ਉਹ ਸਦਾ ਜੇਤੂ ਰਹਿੰਦਾ ਹੈ । ਬੱਸ ਏਹੋ ਮੇਰੀ ਅੰਤਮ ਸਿਖਿਆ ਹੈ ।’

ਇਸ ਤਰ੍ਹਾਂ ਬਚਨ ਹੁੰਦੇ ਰਹੇ, ਸਰਦਾਰ ਮਹਾਂ ਸਿੰਘ ਦਾ ਇਲਾਜ ਹੁੰਦਾ ਰਿਹਾ, ਪਰ ਅਰੋਗਤਾ ਨਾ ਆਈ । ਭੂਤ ਦਾ ਰੂਪ ਧਾਰ ਕੇ ਰੋਗ ਸਰਦਾਰ ਦਾ ਤਨ ਖਾਂਦਾ ਗਿਆ। ਆਖਰ ੫ ਵੈਸਾਖ ਸੰਮਤ, ੧੮੪੭ ਬਿ: ਮੁਤਾਬਿਕ ੧੭ ਅਪ੍ਰੈਲ ੧੭੯੦ ਈਸਵੀ ਦਾ ਚੰਦਰਾ ਦਿਹਾੜਾ ਆ ਪੁੱਜਾ । ਸੂਰਜ ਦੇ ਚੜ੍ਹਨ ਤੋਂ ਪਹਿਲਾਂ ਹੀ ਸਾਹ ਰੁਕਨਾ ਸ਼ੁਰੂ ਹੋ ਗਿਆ। ਹਿੱਚਕੀਆਂ ਆਉਣ ਲੱਗ ਪਈਆਂ ਸਾਰੇ ਸ਼ਹਿਰ ਵਿਚ ਹਾਹਾਕਾਰ ਮਚ ਗਈ । ਕਿਸੇ ਨੇ ਚੁੱਲੇ ਅੱਗ ਨਾ ਬਾਲੀ । ਮੰਦਰਾਂ, ਗੁਰਦੁਆਰਿਆਂ ਤੇ ਮਸੀਤਾਂ ਵਿਚ ਸਰਦਾਰ ਦੀ ਆਤਮਾਂ ਦੀ ਸ਼ਾਂਤੀ ਵਾਸਤੇ ਅਰਦਾਸਾਂ ਹੋਣ ਲੱਗੀਆਂ। ਚੰਗੇ ਸਰਦਾਰਾਂ ਨੂੰ ਸਾਰੇ ਪਿਆਰਦੇ ਸਨ । ਉਸ ਦੇ ਵਿਛੋੜੇ ਦਾ ਸਾਰਿਆਂ ਨੂੰ ਦੁੱਖ ਸੀ ।

ਰਾਜ ਕੌਰ, ਸਦਾ ਕੌਰ, ਰਣਜੀਤ ਸਿੰਘ ਅਤੇ ਸਰਦਾਰ ਮਹਾਂ ਸਿੰਘ ਜੀ ਦੀ ਭੈਣ ਰਾਜ ਕੌਰ, ਹਕੀਮ, ਵੈਦ ਤੇ ਫੌਜੀ ਸਰਦਾਰ ਕੋਲ ਬੈਠੇ ਸਨ । ਵੈਦ ਰਾਜ ਦੇ ਹੱਥ ਵਿਚ ਸਰਦਾਰ ਦੀ ਨਾੜੀ ਫੜੀ ਹੋਈ ਸੀ । ਉਹ ਪਲ- ਪਲ ਪਿਛੋਂ ਨਾੜੀ ਦੀ ਹਰਕਤ ਨੂੰ ਜਾਂਚਦਾ ਸੀ। ਗ੍ਰੰਥੀ ਕੋਲ ਬੈਠਾ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਸੀ । ਭੰਡਾਰੀ ਮਹਿਲ ਦੇ ਬਾਹਰ ਗਰੀਬਾਂ ਨੂੰ ਪੁੰਨ-ਦਾਨ ਕਰੀ ਜਾਂਦੇ ਸੀ । ਕੋਈ ਪੰਛੀ ਵੀ ਹਿਲਦਾ ਨਹੀਂ ਸੀ । ਸਾਰੇ ਰਾਜ ਭਵਨ ਉਤੇ ਸੱਚ-ਮੁਚ ਮੌਤ ਦੀ ਚੁੱਪ ਸੀ ।

ਰੋਟੀ ਵੇਲੇ ਨੂੰ ਅੰਤ ਸਮਾਂ ਆ ਪੁੱਜਾ, ਸਰਦਾਰ ਦੇ ਤਨ ਵਿਚੋਂ ਰੂਹ ਹਵਾ ਦਾ ਰੂਪ ਧਾਰ ਕੇ ਉੱਡ ਗਈ ਤੇ ਵੈਦ ਨੇ ਬਾਂਹ ਨੂੰ ਚੁੱਕ ਕੇ ਸਰਦਾਰ ਦੀ ਛਾਤੀ ਉਤੇ ਰੱਖ ਦਿੱਤਾ । ਬਾਂਹ ਦੇ ਰੱਖਣ ਦੀ ਢਿੱਲ ਸੀ ਕਿ ਸਾਰੇ ਸਨੇਹੀਆਂ ਤੇ ਆਪਣਿਆਂ ਨੇ ਉੱਚੀ-ਉੱਚੀ ਧਾਹੀਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ।

13.

ਸ: ਮਹਾਂ ਸਿੰਘ ਦੇ ਪ੍ਰਲੋਕ ਗਮਨ ਕਰਨ ਪਿਛੋਂ ਰਣਜੀਤ ਸਿੰਘ ਸ਼ੁਕਰ ਚੱਕੀਆ ਮਿਸਲ ਦਾ ਸਰਦਾਰ ਬਣਿਆ ਉਸਦੀ ਮਾਤਾ-ਸ਼ਰਪਰਸਤੀ ਕਰਨ ਲੱਗੀ। ਉਸ ਵੇਲੇ ਮਿਸਲ ਦਾ ਹਿਸਾਬ-ਕਿਤਾਬ ਰਖਣ ਤੇ ਮਾਲੀ ਪ੍ਰਬੰਧ ਕਰਨ ਵਾਲਾ ਦੀਵਾਨ ਲਖਪਤ ਰਾਏ ਸੀ । ਮਾਈ ਮਲਵੈਨ ਸੂਝ-ਬੂਝ ਵਾਲੀ, ਬਹਾਦਰ ਸਿੰਘਣੀ ਸੀ ਫਿਰ ਵੀ ਉਸ ਨੇ ਸਰਦਾਰਨੀ ਸਦਾ ਕੌਰ ਅੱਗੇ ਬੇਨਤੀ ਕੀਤੀ-‘ਭੈਣ ਜੀ! ਤੁਸੀਂ ਇਸ ਮਿਸਲ ਦੀ ਵੀ ਸਰਦਾਰੀ ਕਰਨੀ । ਚੱਠੇ ਸਰਦਾਰ ਤੰਗ ਕਰਦੇ ਰਹਿੰਦੇ ਹਨ। ਗੁਜਰਾਤ ਤੇ ਲਾਹੌਰ ਦੇ ਭੰਗੀ ਈਰਖਾ ਕਰ ਰਹੇ ਹਨ । ਕਾਕੇ ਰਣਜੀਤ ਨੂੰ ਜ਼ਰੂਰ ਬਚਾਉਣਾ चै।’

‘ਜੇਹੜਾ ਆਦਮੀ ਰਣਜੀਤ ਸਿੰਘ ਵੱਲ ਮਾੜੀ ਅੱਖ ਨਾਲ ਦੇਖੇਗਾ ਮੈਂ ਓਸੇ ਦੀ ਅੱਖ ਕੱਢ ਦੇਵਾਂਗੀ। ਕੋਈ ਫਿਕਰ ਨਾ ਕਰੋ, ਮੈਂ ਤੁਸਾਂ ਦੀ ਸਹਾਇਤਾ ਵਾਸਤੇ ਸਦਾ ਤਿਆਰ ਰਹਾਂਗੀ । ਸੁਕਰ ਚੱਕੀਆਂ ਤੇ ਘਨੱਈਆ ਮਿਸਲਾਂ ਹੁਣ ਦੋ ਨਹੀਂ ਸਗੋਂ ਇਕੋ ਹਨ । ਆਪਾਂ ਦੋਵਾਂ ਭੈਣਾਂ ਦਾ ਧਰਮ ਹੈ ਕਿ ਇਸ ਸਤਿਗੁਰੂ ਜੀ ਦੇ ਬਾਲਕੇ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਦਾ ਮਹਾਰਾਜਾ ਬਣਾਈਏ । ਮੈਂ ਕੁਝ ਮਹੀਨੇ ਬਟਾਲੇ ਰਹਿਣਾ ਹੈ, ਉਸਦੇ ਪਿਛੋਂ ਮੈਂ ਆਵਾਂਗੀ । ਸੁਜਾਨ ਪੁਰੀਏ, ਮੁਕੇਰੀਆਂ ਤੇ ਹੁਸ਼ਿਆਰਪੁਰ ਵੱਲ ਅਜੇ ਐਸੇ ਛੋਟੇ ਰਜਵਾੜੇ ਸੋਧਣ ਵਾਲੇ ਹਨ ਜੋ ਇਨ੍ਹਾਂ ਦੋਹਾਂ ਮਿਸਲਾਂ ਨਾਲ ਈਰਖਾ ਤੇ ਦੁਸ਼ਮਣੀ ਕਰ ਰਹੇ ਹਨ। ਮੇਰਾ ਵਿਚਾਰ ਹੈ ਕਿ ਮੈਂ ਉਨ੍ਹਾਂ ਨੂੰ ਪਹਿਲਾਂ ਸੋਧ ਲਵਾਂ ।’ ਸਦਾ ਕੌਰ ਨੇ ਆਪਣੇ ਬਲ- ਭਰੋਸੇ ਨਾਲ ਉੱਤਰ ਦਿੱਤਾ ।

ਮਾਈ ਮਲਵੈਨ ਤੇ ਸਦਾ ਕੌਰ ਨੇ ਦੋਹਾਂ ਮਿਸਲਾਂ ਦੇ ਭਵਿੱਖਤ ਬਾਰੇ ਸੋਚਿਆ ਅਤੇ ਕਈ ਨਵੀਆਂ ਵਿਉਂਤਾਂ ਉਲੀਕੀਆਂ। ਇਕ ਮਹੀਨਾ ਪੂਰਾ ਗੁਜਰਾਂ ਵਾਲੇ ਰਹਿ ਕੇ ਸਰਦਾਰਨੀ ਸਦਾ ਕੌਰ ਵਾਪਸ ਬਟਾਲੇ ਨੂੰ ਆ ਗਈ। ਬਟਾਲੇ ਪੁੱਜ ਕੇ ਉਸ ਨੇ ਆਪਣੀ ਫੌਜ ਨੂੰ ਨਵੇਂ ਸਿਰੇ ਤੋਂ ਜਥੇਬੰਦ ਕਰਨ ਵੱਲ ਪੂਰਾ ਧਿਆਨ ਦਿੱਤਾ ।

੧੭੯੦ ਤੋਂ ੧੭੯੬ ਤਕ ਸਦਾ ਕੌਰ ਨੇ ਘਨੱਈਆ ਤੇ ਸ਼ੁਕਰ- ਚੱਕੀਆ ਮਿਸਾਲ ਦੇ ਰਾਜ ਪ੍ਰਬੰਧ ਤੇ ਦੋਹਾਂ ਮਿਸਲਾਂ ਦੀ ਫੌਜ ਨੂੰ ਠੀਕ ਕੀਤਾ । ੧੭੯੬ ਵਿਚ ਰਣਜੀਤ ਸਿੰਘ ਵੀ ਸੋਲ੍ਹਾਂ ਸਾਲਾਂ ਦਾ ਸੁੰਦਰ ਜੁਆਨ ਗੱਭਰੂ ਹੋ ਗਿਆ। ਮੁੱਛ ਫੁਟ ਆਈ। ਨਿਰਭੈਤਾ ਨਾਲ ਲੜਨ ਵਾਲਾ ਨਿਰਭੈ ਯੋਧਾ ਤੇ ਹੁਸ਼ਿਆਰ ਘੋੜ ਸਵਾਰ ਬਣ ਗਿਆ। ਉਸ ਦੀ ਜੁਆਨੀ ਨੂੰ ਦੇਖ ਕੇ ਮਾਈ ਮਲਵੈਨ ਤੇ ਸਦਾ ਕੌਰ ਨੂੰ ਬਹੁਤ ਪ੍ਰਸੰਨਤਾ ਹੋਈ। ਉਨ੍ਹਾਂ ਦੋਹਾਂ ਦੀਆਂ ਦਿਲੀ ਸਧਰਾਂ ਪੂਰੀਆਂ ਹੋਣ ਲੱਗੀਆਂ। ਜਿਸ ਸੁਨਹਿਰੀ ਸਮੇਂ ਦੀ ਉਡੀਕ ਕਰ ਰਹੀਆਂ ਸਨ ਉਹ ਆ ਗਿਆ। ਮਲਵੈਨ ਨੂੰ ਵਧਾਈਆਂ ਮਿਲੀਆਂ ਕਿ ਉਹਦਾ ਨੌ-ਨਿਹਾਲ ਰਣਜੀਤ ਸਿੰਘ ਵਿਆਹ ਦੇ ਯੋਗ ਹੋ ਗਿਆ ਹੈ ਹੁਣ ਵਿਆਹ ਕੀਤਾ ਜਾਵੇ । ੧੭੯੫ ਈ: ਵਿਚ ਰਣਜੀਤ ਸਿੰਘ ਦੀ ਪਹਿਲੀ ਸ਼ਾਦੀ ਸ: ਗਿਆਨ ਸਿੰਘ ਸਤਘਰੇ ਦੀ ਭੈਣ ਦਾਤਾਰ ਕੌਰ ਨਾਲ ਕੀਤੀ ਗਈ। ਇਹ ਕੁੜਮਾਈ ਵੀ ਬਚਪਨ ਵਿਚ ਹੀ ਕੀਤੀ ਗਈ ਸੀ ।

੧੭੯੬ ਈ: ਦਾ ਖੁਸ਼ੀਆਂ ਭਰਿਆ ਸਾਲ ਆਇਆ ਸਰਦਾਰਨੀ ਸਦਾ ਕੌਰ ਦੀ ਸਪੁਤ੍ਰੀ ਬੀਬੀ ਮਹਿਤਾਬ ਕੌਰ ਜੁਆਨ ਹੋ ਚੁਕੀ ਸੀ । ਉਸ ਦਾ ਵਿਆਹ ਕਰਨ ਦੀ ਤਿਆਰੀ ਆਰੰਭੀ। ਇਕਲੌਤੀ ਪਿਆਰੀ ਤੇ ਲਾਡਲੀ ਪੁੱਤ੍ਰੀ ਦਾ ਵਿਆਹ ਕਰਨਾ ਸੀ । ਸਦਾ ਕੌਰ ਸਾਰੀਆਂ ਰੀਝਾਂ ਕਰਨੀਆਂ ਚਾਹੁੰਦੀ ਸੀ । ਉਸ ਨੇ ਬੜੀ ਧੂਮ-ਧਾਮ ਨਾਲ ਵਿਆਹ ਕਰਨ ਦਾ ਐਲਾਨ ਤਿੰਨ ਮਹੀਨੇ ਪਹਿਲਾਂ ਕਰ ਦਿੱਤਾ ।

ਆਖਰ ਉਹ ਦਿਨ ਆ ਪੁੱਜਾ । ਬਟਾਲੇ ਦੀ ਗਲੀ-ਗਲੀ ਬਾਜ਼ਾਰ-ਬਾਜ਼ਾਰ ਤੇ ਘਰ-ਘਰ ਖੁਸ਼ੀਆਂ ਨੱਚਣ ਲੱਗੀਆਂ, ਸਦਾ ਕੌਰ ਦੇ ਸਾਰੇ ਰਾਜ ਵਿਚੋਂ ਪਰਜਾ ਦੇ ਮੁਖੀਏ ਨਜ਼ਾਰਨੇ ਲੈ ਕੇ ਆਏ ਸਨ ਤੇ ਜੰਝ (ਬਰਾਤ) ਦੇ ਸਵਾਗਤ ਕਰਨ ਵਾਸਤੇ ਹਜ਼ਾਰਾਂ ਨਰ-ਨਾਰੀ ਤਿਆਰ ਹੋਏ ਸਨ । ਬਰਾਤ ਆਈ। ਆਤਸ਼ਬਾਜ਼ੀ ਚਲਾਈ ਗਈ, ਵਾਜੇ ਵਜਾਏ ਗਏ। ਤੇ ਰੁਪਿਆਂ-ਪੈਸਿਆਂ ਤੇ ਮੋਹਰਾਂ ਦੀ ਸੋਟ ਕੀਤੀ ਗਈ । ਸਾਰੀ ਰਾਤ ਸਾਰੇ ਸ਼ਹਿਰ ਵਿਚ ਦੀਪਮਾਲਾ ਕੀਤੀ ਗਈ । ਸਵੇਰੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੋਇਆ ਤੇ ਗੁਰੂ-ਮਰਯਾਦਾ ਅਨੁਸਾਰ ਬੀਬੀ ਮਹਿਤਾਬ ਕੌਰ ਤੇ ਰਣਜੀਤ ਸਿੰਘ ਦਾ ਅਨੰਦ ਵਿਆਹ ਕੀਤਾ ਗਿਆ। ਤਿੰਨਾ ਦਿਨਾਂ ਪਿਛੋਂ ਡੋਲੀ ਲੈ ਕੇ ਜੰਞ ਵਾਪਸ ਗੁਜ਼ਰਾਂ ਵਾਲੇ ਨੂੰ ਮੁੜੀ।

14.

ਮੇਰਾ ਦੇਸ਼ ਭਾਰਤ ਸੋਨੇ ਦੀ ਚਿੜੀਆ ਸੀ । ਪਰ ਪ੍ਰਦੇਸ਼ੀਆਂ ਨੇ ਇਸ ਨੂੰ ਲੁੱਟ-ਲੁੱਟ ਕੇ ਕੰਗਾਲ ਕਰ ਦਿੱਤਾ । ਮੁਹੰਮਦ ਬਿਨ ਕਾਸਮ ਨੇ ਸਭ ਤੋਂ ਪਹਿਲਾਂ ਸਿੰਧ ਨੂੰ ਲੁੱਟ ਕੇ ਅਰਬ ਦੇ ਲੋਕਾਂ ਵਿਚ ਰੌਲਾ ਪਾਇਆ ਕਿ ਭਾਰਤ ਦੇਸ ਬਹੁਤ ਅਮੀਰ ਹੈ, ਉਸਨੂੰ ਲੁੱਟਣਾ ਚਾਹੀਦਾ ਹੈ । ਉਥੋਂ ਦੇ ਰਾਜੇ ਫੁਟ ਤੇ ਈਰਖਾ ਦਾ ਸ਼ਿਕਾਰ ਹੋ ਕੇ ਇਕ ਦੂਸਰੇ ਦੇ ਵੈਰੀ ਹਨ। ਉਹ ਬਾਹਰੋਂ ਗਏ ਸਾਂਝੇ ਦੁਸ਼ਮਣ ਦਾ ਮਿਲ ਕੇ ਮੁਕਾਬਲਾ ਨਹੀਂ ਕਰ ਸਕਦੇ। ਸੋਨਾ ਚਾਂਦੀ, ਹੀਰੇ ਮੋਤੀ ਤੇ ਲਾਲਾਂ ਦੇ ਖ਼ਜ਼ਾਨੇ ਭਰੇ ਹਨ। ਇਕ-ਇਕ ਮੰਦਰ ਵਿਚ ਲੱਖਾਂ ਦਾ ਮਾਲ ਹੈ ।

ਬੱਸ ਇਸ ਢੰਡੋਰੇ ਨੇ ਅਰਬੀਆਂ ਦੇ ਮੂੰਹ ਪਾਣੀ ਭਰ ਦਿੱਤਾ । ਉਹ ਬਾਦਸ਼ਾਹਾਂ ਤੇ ਲੁਟੇਰੇ ਆਗੂਆਂ ਦੀ ਸਰਪ੍ਰਸਤੀ ਹੇਠਾਂ ਹਿੰਦੁਸਤਾਨ ਵੱਲ ਆਉਣ ਲੱਗੇ । ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ, ਤਮੂਰ, ਨਾਦਰ ਸ਼ਾਹ ਅਤੇ ਮੁਹੰਮਦ ਸ਼ਾਹ ਅਬਦਾਲੀ ਵਰਗੇ ਲੁਟੇਰਿਆਂ ਨੇ ਕਈ ਵਾਰ ਮੇਰੇ ਦੇਸ਼ ਭਾਰਤ ਨੂੰ ਲੁੱਟਿਆ। ਮੰਦਰ ਢਾਹ-ਢੇਰੀ ਕੀਤੇ, ਲੋਕਾਂ ਨੂੰ ਭੇਡਾਂ ਬੱਕਰੀਆਂ ਵਾਂਗ ਕਤਲ ਕੀਤਾ ਅਤੇ ਭਾਰਤ ਦੀਆਂ ਦੇਵੀਆਂ (ਜੁਵਾਨ ਸੁੰਦਰ ਵਿਆਹੀਆਂ ਤੇ ਅਣਵਿਆਹੀਆਂ) ਨੂੰ ਫੜ ਕੇ ਕਾਬਲ ਤੇ ਅਰਬ ਨੂੰ ਲੈ ਜਾਂਦੇ ਰਹੇ । ਉਹ ਵਿਚਾਰੀਆਂ ਕੂੰਜਾਂ ਵਾਂਗ ਕੁਰਲਾਂਦੀਆਂ ਹੋਈਆਂ ਜਾਂਦੀਆਂ ਰਹੀਆਂ ਤੇ ਅਰਬ ਦੀਆਂ ਮੰਡਲੀਆਂ ਵਿਚ ਪਸ਼ੂਆਂ ਵਾਂਗ ਨੀਲਾਮ ਹੁੰਦੀਆਂ ਰਹੀਆਂ, ਜਰਵਾਣਿਆਂ ਦੇ ਮੂੰਹ ਲਹੂ ਲੱਗ ਗਿਆ। ਉਹ ਹਮਲੇ ‘ਤੇ ਹਮਲਾ ਕਰਦੇ ਰਹੇ । ਆਖਰ ਇਨ੍ਹਾਂ ਦੇ ਹਮਲਿਆਂ ਨੂੰ ਚਟਾਨ ਬਣ ਕੇ ਸਿੰਘਾਂ ਨੇ ਰੋਕਿਆ।

ਅਹਿਮਦ ਸ਼ਾਹ ਅਬਦਾਲੀ ਦਾ ਪੋਤਰਾ ਸ਼ਾਹ ਜਮਾਨ ਕਾਬਲ ਦਾ ਬਾਦਸ਼ਾਹ ਸੀ । ਸੰਨ ੧੭੯੭ ਈ: ਵਿਚ ਉਸਦੇ ਮੂੰਹ ਪਾਣੀ ਭਰਿਆ ਕਿ ਉਹ ਭਾਰਤ ਉਤੇ ਹਮਲਾ ਕਰੇ । ਜੇ ਸਾਰਾ ਭਾਰਤ ਨਹੀਂ ਤਾਂ ਉਤਰੀ ਭਾਰਤ ਉਤੇ ਤਾਂ ਜ਼ਰੂਰ ਆਪਣੀ ਸਰਦਾਰੀ ਕਾਇਮ ਕਰ ਲਵੇ । ਉਹ ਥੋੜ੍ਹੀ ਜਿਹੀ ਫੌਜ ਸਾਥ ਲੈ ਕੇ ਭਾਰਤ ਉਤੇ ਚੜ੍ਹਾਈ ਕਰ ਆਇਆ । ਰਾਹ ਵਿਚ ਕੋਈ ਵੱਡੀ ਲੜਾਈ ਲੜਨ ਦੇ ਬਿਨਾਂ ਹੀ ਲਾਹੌਰ ਕੇ ਕਿਲ੍ਹੇ ਵਿਚ ਆ ਬੈਠਾ। ਲਾਹੌਰ ਦੇ ਰਾਖੇ ਭੰਗੀ ਸਰਦਾਰ ਭੰਗਾਂ ਪੀਂਦੇ ਹੋਏ ਕਿਲ੍ਹਾ ਛੱਡ ਕੇ ਕਿਸੇ ਧਰਮਸ਼ਾਲਾ ਵਿਚ ਜਾ ਲੁਕੇ । ਸ਼ਾਹ ਜਮਾਨ ਲਾਹੌਰ ਦਾ ਮਾਲਕ ਬਣ ਬੈਠਾ ਪਰ ਥੋੜ੍ਹਾ ਚਿਰ ਰਹਿ ਕੇ ਕਾਬਲ ਨੂੰ ਮੁੜ ਗਿਆ। ਅਗਲੇ ਸਾਲ ੧੭੯੮ ਵਿਚ ਫਿਰ ਆਇਆ ਤੇ ਲਾਹੌਰ ਦੇ ਕਿਲ੍ਹੇ ਵਿਚ ਆ ਕੇ ਬੈਠ ਗਿਆ। ਸਤਾਰਾਂ ਸਾਲ ਦਾ ਗੱਭਰੂ ਰਣਜੀਤ ਸਿੰਘ ਉਸ ਵੇਲੇ ਗੁਜ਼ਰਾਂ ਵਾਲੇ ਵਿਚ ਸੀ । ਸਦਾ ਕੌਰ ਦੀ ਸਪੁਤ੍ਰੀ ਬੀਬੀ ਮਹਿਤਾਬ ਕੌਰ ਨਾਲ ਦੂਸਰੀ ਸ਼ਾਦੀ ਕਰ ਚੁੱਕਾ ਸੀ। ਜੁਵਾਨੀ ਦੀ ਉਮਰ ਵਿਚ ਨਵੇਂ ਵਿਆਹ ਦੇ ਚਾਅ ਤੇ ਪਿਆਰ ਦੀ ਪਰਵਾਹ ਨਹੀਂ ਕੀਤੀ। ਪ੍ਰਦੇਸੀ ਲੁਟੇਰੇ ਸ਼ਾਹ ਜ਼ਮਾਨ ਨਾਲ ਟੱਕਰ ਲੈਣ ਦਾ ਫੈਸਲਾ ਕਰ ਲਿਆ। ਆਪਣੀ ਸੱਸ-ਮਾਤਾ ਸਦਾ ਕੌਰ ਵੱਲ ਘੋੜ ਸਵਾਰ ਭੇਜਕੇ ਸਲਾਹ ਪੁੱਛੀ ਤੇ ਨਾਲ ਹੀ ਆਖ ਭੇਜਿਆ ਕਿ ਜੇ ਪ੍ਰਦੇਸੀ ਦੁਸ਼ਮਣ ਦਾ ਮੁਕਾਬਲਾ ਕਰਨਾ ਹੈ ਤਾਂ ਆਪਣੀ ਫੌਜ ਵੀ ਤਿਆਰ ਰੱਖੋ ।

ਸਦਾ ਕੌਰ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਸੱਚੀ ਸਪੁੱਤ੍ਰੀ ਸੀ । ਉਹ ਨਹੀਂ ਸੀ ਚਾਹੁੰਦੀ ਕੋਈ ਪ੍ਰਦੇਸੀ ਲੁਟੇਰਾ ਉਹਦੇ ਦੇਸ਼ ਦੀ ਇੱਜ਼ਤ, ਦੌਲਤ ਤੇ ਜੁਵਾਨੀ ਨੂੰ ਲੁੱਟੇ । ਨਾਲ ਹੀ ਉਸ ਵੇਲੇ ਦਸ ਹਜ਼ਾਰ ਤੋਂ ਉੱਪਰ ਜਥੇਬੰਦ ਫੌਜ ਸੀ । ਉਸ ਨੇ ਬੜੀ ਦਲੇਰੀ ਨਾਲ ਰਣਜੀਤ ਸਿੰਘ ਨੂੰ ਸੁਨੇਹਾ ਭੇਜ ਦਿੱਤਾ ਕਿ ਸ਼ਾਹ ਜ਼ਮਾਨ ਨਾਲ ਟੱਕਰ ਲਈ ਜਾਵੇ । ਉਹ ਛੇਤੀ ਹੀ ਲਾਹੌਰ ਪਹੁੰਚ ਜਾਵੇਗੀ ।

ਪਰ ਰਣਜੀਤ ਸਿੰਘ ਨੇ ਸਦਾ ਕੌਰ ਦੀ ਉਡੀਕ ਨਾ ਕੀਤੀ । ਥੋੜ੍ਹੇ ਜਿਹੇ ਜੁਵਾਨ ਲੈ ਕੇ ਲਾਹੌਰ ਨੂੰ ਤੁਰ ਗਿਆ । ਲਾਹੌਰ ਦੇ ਸ਼ਾਹੀ ਕਿਲੇ ਕੋਲ ਪੁੱਜਾ, ਕਿਲ੍ਹੇ ਦੇ ਸੰਮਨ ਬੁਰਜ ਹੇਠਾਂ ਖਲੋ ਕੇ ਉਸ ਨੇ ਜਾ ਬੰਦੂਕਾਂ ਦੇ ਫਾਇਰ ਕੀਤੇ। ਉੱਚੀ ਲਲਕਾਰਾ ਮਾਰ ਕੇ ਸ਼ਾਹ ਜ਼ਮਾਨ ਨੂੰ ਆਖਿਆ- ‘ਓ ਲੁਟੇਰੇ ਸ਼ਾਹ ਜ਼ਮਾਨ ! ਤੂੰ ਅਬਦਾਲੀ ਦਾ ਪੋਤਰਾ ਹੈਂ, ਕਿਲ੍ਹੇ ਤੋਂ ਬਾਹਰ ਆ ਤੈਨੂੰ ਸ: ਚੜ੍ਹਤ ਸਿੰਘ ਦਾ ਪੋਤਰਾ ਵੰਗਾਰ ਰਿਹਾ ਹੈ। ਗਿੱਦੜਾਂ ਵਾਂਗ ਕਿਲ੍ਹੇ ਵਿਚ ਲੁਕ ਕੇ ਬੈਠਾ ਹੈਂ । ਅਬਦਾਲੀ ਦੇ ਦੰਦ ਖੱਟੇ ਮੇਰੇ ਬਾਬੇ ਨੇ ਕੀਤੇ ਸੀ, ਤੇਰੇ ਦੰਦ ਭੰਨਣ ਵਾਸਤੇ ਮੈਂ ਆਇਆ ਹਾਂ ।’

ਸ਼ਾਹ ਜ਼ਮਾਨ ਨੇ ਬੰਦੂਕਾਂ ਦੀ ਤਾੜ-ਤਾੜ ਸੁਣੀ, ਝਰੋਖੇ ਵਿਚੋਂ ਦੇਖਿਆ ਅਤੇ ਰਣਜੀਤ ਸਿੰਘ ਦਾ ਤਾਹਨਾ ਸੁਣਿਆਂ ਪਰ ਉਹ ਕੁਸਕ ਨਾ ਸਕਿਆ, ਉਸਨੇ ਪਹਿਲਾਂ ਸੁਣਿਆ ਸੀ ਕਿ ਰਣਜੀਤ ਸਿੰਘ ਤੇ ਉਸ ਦੀ ਸੱਸ ਸਦਾ ਕੌਰ ਪੰਜਾਬ ਦੇ ਵਿਚੋਂ ਦੋ ਵੱਡੀਆਂ ਰਾਜਸੀ ਸ਼ਕਤੀਆਂ ਹਨ। ਉਨ੍ਹਾਂ ਨੂੰ ਫਤਿਹ ਕਰਨਾ ਕਠਨ ਹੈ। ਸ਼ਾਹ ਜ਼ਮਾਨ ਹੈਰਾਨ ਹੋਇਆ ਚੁੱਪ-ਚਾਪ ਖਲੋਤਾ ਦੇਖਦਾ ਰਿਹਾ। ਉਸ ਨੂੰ ਹੀਆ ਨਾ ਪਿਆ ਕਿ ਉਹ ਜ਼ਬਾਨੋਂ ਕੁਝ ਕਹੇ, ਉਹ ਗੱਭਰੂ ਤੇ ਅਣਖੀਲੇ ਜੋਧੇ ਰਣਜੀਤ ਸਿੰਘ ਦੇ ਲਲਕਾਰਿਆਂ ਨੂੰ ਸੁਣਦਾ ਰਿਹਾ ।

ਕੋਈ ਦੋ-ਤਿੰਨ ਘੰਟੇ ਰੌਲਾ ਪਾਉਣ ਪਿਛੋਂ ਰਣਜੀਤ ਸਿੰਘ ਸੰਮਨ ਬੁਰਜ ਹੇਠੋਂ ਪਿਛੋਂ ਹਟਿਆ ਹਵਾ ਵਿਚ ਬੰਦੂਕਾਂ ਦੀਆਂ ਗੋਲੀਆਂ ਚਲਾਉਂਦਾ ਹੋਇਆ ਤੇ ਅਫਗਾਨਾਂ ਪਠਾਣਾਂ ਨੂੰ ਮਾਰਦਾ ਹੋਇਆ ਗੁੱਜ਼ਰਾਂ ਵਾਲੇ ਨੂੰ ਮੁੜ ਗਿਆ। ਉਸ ਦੇ ਮੁੜ ਜਾਣ ਪਿਛੋਂ ਸ਼ਾਹ ਜ਼ਮਾਨ ਨੇ ਫੈਸਲਾ ਕਰ ਲਿਆ ਕਿ ਉਹ ਲਾਹੌਰ ਦੀ ਲਾਲ ਲਕੀਰ ਤੋਂ ਬਾਹਰ ਨਹੀਂ ਜਾਵੇਗਾ। ਉਹ ਜਿਸ ਰਾਹੇ ਆਇਆ ਹੈ ਓਸੇ ਰਾਹੇ ਹੀ ਛੇਤੀ ਤੋਂ ਛੇਤੀ ਆਪਣੇ ਆਪ ਨੂੰ ਬਚਾਉਂਦਾ ਹੋਇਆ ਆਪਣੇ ਵਤਨ ਨੂੰ ਮੁੜ ਜਾਵੇਗਾ। ਜੇ ਰਣਜੀਤ ਸਿੰਘ ਤੇ ਸਦਾ ਕੌਰ ਦੀਆਂ ਫੌਜਾਂ ਇਕੱਠੀਆਂ ਹੋ ਗਈਆਂ ਤਾਂ ਉਸ ਨੂੰ ਜਿਉਂਦੇ ਨੂੰ ਵਤਨ ਨਹੀਂ ਪਹੁੰਚਣ ਦੇਣਗੀਆਂ । ਕਾਹਲੀ ਨਾਲ ਲਾਹੌਰੋਂ ਨੱਸਣ ਲੱਗਾ ਤਾਂ ਉਹਦੀਆਂ ਤੋਪਾਂ ਦਰਿਆ ਰਾਵੀ ਵਿਚ ਰਹਿ ਗਈਆਂ । ਤੋਪਾਂ ਦੀ ਕੋਈ ਪਰਵਾਹ ਨਾ ਕਰਕੇ ਦੁਰਾਨੀ ਪੁਤ੍ਰ ਕਾਬਲ ਜਾ ਵੜਿਆ ਤੇ ਮੁੜਕੇ ਭਾਰਤ ਵਲ ਮੂੰਹ ਕਰਨ ਦਾ ਉਸਨੂੰ ਹੌਸਲਾ ਨਾ ਪਿਆ। ਦੁਰਾਨੀਆਂ ਦਾ ਪੰਜਾਬ ਉਤੇ ਇਹ ਅੰਤਮ ਹਮਲਾ ਸੀ । ਲਾਹੌਰ ਦੇ ਨੇੜੇ ਉਸ ਵੇਲੇ ਨਜ਼ਾਮ ਦੀਨ ਕਸੂਰੀਆ ਮੁਸਲਮਾਨਾਂ ਵਿਚੋਂ ਤਕੜਾ ਨਵਾਬ ਸੀ । ਆਪਣੀ ਫੌਜ ਆਸਰੇ ਪੰਜਾਬ ਦਾ ਬਾਦਸ਼ਾਹ ਬਣਨ ਦੇ ਸੁਪਨੇ ਲੈ ਰਿਹਾ ਸੀ । ਜਦੋਂ ਸ਼ਾਹ ਜ਼ਮਾਨ ਕਾਬਲ ਨੂੰ ਮੁੜ ਗਿਆ ਤਾਂ ਨਜ਼ਾਮ ਦੀਨ ਨੇ ਫੈਸਲਾ ਕੀਤਾ ਕਿ ਉਹ ਲਾਹੌਰ ਨੂੰ ਮੱਲ ਲਵੇ। ਉਹ ਅਜੇ ਤਿਆਰੀ ਕਰ ਰਿਹਾ ਸੀ ਕਿ ਲਾਹੌਰ ਦੇ ਵਸਨੀਕਾਂ ਵਿਚੋਂ ਚੰਦ ਮੁਖੀਏ ਮੁਸਲਮਾਨ ਤੇ ਹਿੰਦੂ-ਅਸ਼ਕ ਮੁਹੰਦਮ, ਮੁਫਤੀ ਮੁਹੰਮਦ, ਮੁਫਤੀ ਮੁਹੰਮਦ ਮੁਕਰਮ, ਮੀਆਂ ਮੋਹਕਮ ਦੀਨ, ਮੁਹੰਮਦ ਬਾਕਰ, ਮੀਰ ਸ਼ਾਦੀ ਤੇ ਹਕੀਮ ਹਾਕਮ ਰਾਏ-ਗੁਜਰਾਂ ਵਾਲੇ ਪੁੱਜੇ ਤੇ ਰਣਜੀਤ ਸਿੰਘ ਅੱਗੇ ਉਨ੍ਹਾਂ ਬੇਨਤੀ ਕੀਤੀ-‘ਸਰਦਾਰ ਜੀ ਨਖਸਮੇਂ ਲਾਹੌਰ ਦੇ ਖਸਮ ਬਣੋ। ਕਸੂਰੀਆ ਨਜ਼ਾਮ ਦੀਨ ਚੜ੍ਹਾਈ ਕਰਨ ਨੂੰ ਫਿਰਦਾ ਹੈ । ਪ੍ਰਦੇਸੀਆਂ ਦੇ ਹਮਲਿਆਂ ਤੋਂ ਲਾਹੌਰ ਦੀ ਜਨਤਾ ਬਹੁਤ ਤੰਗ ਹੈ। ਅਸੀਂ ਸਾਰੇ ਤੁਹਾਨੂੰ ਜੀ ਆਇਆਂ ਨੂੰ ਆਖਾਂਗੇ, ਅਸਾਂ ਦੀ ਬੇਨਤੀ ਪ੍ਰਵਾਨ ਕਰੋ ।’

‘ਬਹੁਤ ਹੱਛਾ! ਮੈਂ ਹੁਣ ਬਟਾਲੇ ਜਾਂਦਾ ਹਾਂ ਤੇ ਮਾਤਾ ਸਦਾ ਕੌਰ ਨਾਲ ਸਲਾਹ ਕਰਕੇ ਲਾਹੌਰ ਆਉਂਦਾ ਹਾਂ । ਉਸ ਦੀ ਸਲਾਹ ਤੇ ਸਹਾਇਤਾ ਬਿਨਾਂ ਮੈਂ ਕੁਝ ਨਹੀਂ ਕਰ ਸਕਦਾ । ਇਹ ਵੀ ਮੈਨੂੰ ਭਰੋਸਾ ਹੈ ਕਿ ਉਹ ਜ਼ਰੂਰ ਲਾਹੌਰ ਮੱਲਣ ਦੀ ਸਲਾਹ ਪ੍ਰਵਾਨ ਕਰੇਗੀ ।’

ਲਾਹੌਰ ਦੀ ਪਰਜਾ ਦੇ ਮੁਖੀਏ ਖੁਸ਼ੀ-ਖੁਸ਼ੀ ਲਾਹੌਰ ਨੂੰ ਮੁੜ ਗਏ ਤੇ ਰਣਜੀਤ ਸਿੰਘ ਸੁਵਾਰਾਂ ਨੂੰ ਨਾਲ ਲੈ ਕੇ ਬਟਾਲੇ ਨੂੰ ਤੁਰ ਗਿਆ। ਉਹਦੇ ਦਿਲ ਵਿਚ ਨਵਾਂ ਉਤਸ਼ਾਹ ਤੇ ਅੱਖਾਂ ਵਿਚ ਨਵੀਂ ਚਮਕ ਸੀ । ਵਾਹਿਗੁਰੂ ਓਹਦੇ ਉਤੇ ਦਿਆਲਤਾ ਕਰ ਰਿਹਾ ਸੀ ।

ਓਹਦੀ ਕਿਸਮਤ ਦਾ ਸਤਾਰਾ ਚਮਕ ਰਿਹਾ ਸੀ।

15.

ਰਣਜੀਤ ਸਿੰਘ ਨੇ ਬਟਾਲੇ ਪਹੁੰਚ ਕੇ ਸਰਦਾਰਨੀ ਸਦਾ ਕੌਰ ਨੂੰ ਲਾਹੌਰੀ ਮੁਖੀਆਂ ਦੇ ਆਉਣ ਦੀ ਸਾਰੀ ਕਹਾਣੀ ਹੂ-ਬ-ਹੂ ਸੁਣਾ ਦਿੱਤੀ।’ ਪੂਰੇ ਹਾਲਾਤ ਦੀ ਪੂਰੀ ਕਹਾਣੀ ਸੁਣਕੇ ਸਦਾ ਕੌਰ ਨੇ ਉੱਤਰ ਦਿੱਤਾ-

‘ਮੈਂ ਪਹਿਲਾਂ ਹੀ ਏਹੋ ਕੁਝ ਸੋਚ ਰਹੀ ਹਾਂ ਕਿ ਲਾਹੌਰ ਅਤੇ ਅੰਮ੍ਰਿਤਸਰ ਉੱਤੇ ਛੇਤੀ ਤੋਂ ਛੇਤੀ ਕਬਜ਼ਾ ਕੀਤਾ ਜਾਵੇ । ਹੁਸ਼ਿਆਰਪੁਰ ਤੋਂ ਕਾਂਗੜੇ ਤੇ ਜੰਮੂ ਤੱਕ ਅਸਾਂ ਦਾ ਰਾਜ ਹੈ । ਲਾਹੌਰ ਦੇ ਤਖਤ ਨੂੰ ਲਏ ਬਿਨਾਂ ਪੰਜਾਬ ਦਾ ਰਾਜਾ ਨਹੀਂ ਅਖਵਾਇਆ ਜਾ ਸਕਦਾ । ਭੰਗੀ ਤੇ ਰਾਮਗੜੀਏ ਸਰਦਾਰ ਰਾਜ ਦੇ ਵਾਧੇ ਵਿਚ ਵੱਡੀ ਰੁਕਾਵਟ ਹਨ । ਇਨ੍ਹਾਂ ਨੂੰ ਪਾਸੇ ਇਸ ਤਰ੍ਹਾਂ ਕੀਤਾ ਜਾਵੇ ਜਿਸ ਤਰ੍ਹਾਂ ਮੱਖਣ ਵਿਚੋਂ ਵਾਲ ਪਾਸੇ ਕਰ ਦੇਈਦਾ। ਹੈ। ਮੇਰੇ ਪਾਸ ਸੱਤ ਹਜ਼ਾਰ ਜਵਾਨ ਹਨ। ਦੋ ਹਜ਼ਾਰ ਬਟਾਲੇ ਤੇ ਰਾਜ ਦੇ ਥਾਨਿਆਂ ਵਾਸਤੇ ਕਾਫ਼ੀ ਹੈ ਪੰਜ ਹਜ਼ਾਰ ਮੇਰੀ ਫੌਜ ਲਾਹੌਰ ਜਾ ਸਕਦੀ है।’

‘ਲਾਹੌਰ ਵਿਚ ਬਹੁਤੀ ਫੌਜ ਦੀ ਤਾਂ ਲੋੜ ਨਹੀਂ । ਅੱਗੇ ਲੜਨ ਵਾਲਾ ਹੀ ਕੋਈ ਨਹੀਂ । ਭੰਗੀ ਸਰਦਾਰ ਤਾਂ ਭੰਗ ਪੀ ਕੇ ਕਿਤੇ ਗੁੱਠੇ ਲੱਗੇ ਪਏ ਹੋਣਗੇ । ਅੱਠ-ਸੱਤ ਸੌ ਜੁਵਾਨ ਕਾਫ਼ੀ ਹੈ।

‘ਨਹੀਂ ਕਾਕਾ! ਸਹੇ ਦਾ ਸ਼ਿਕਾਰ ਖੇਡਣ ਜਾਈਏ ਤਾਂ ਸਮਾਨ ਸ਼ੇਰ ਦਾ ਖੜਨਾ ਚਾਹੀਦਾ ਹੈ । ਸੱਤ-ਅੱਠ ਹਜ਼ਾਰ ਤੋਂ ਘੱਟ ਫੌਜ ਨਹੀਂ ਜਾਣੀ ਚਾਹੀਦੀ, ਕੀ ਪਤਾ ਲਾਹੌਰ ਦਾ ਵਾਰਸ ਕੋਈ ਮੁਸਲਮਾਨ ਹੀ ਉਠ ਖੜ੍ਹਾ ਹੋਵੇ। ਨਜ਼ਾਮ ਦੀਨ ਕਸੂਰੀਆ ਵੀ ਤਾਂ ਦਾਲ ਦੀ ਤੌੜੀ ਵਾਂਗ ਉਬਲਦਾ ਫਿਰਦਾ ਹੈ ।’

‘ਉਸ ਦਾ ਉਬਾਲ ਤਾਂ ਮੈਂ ਇਕ ਦਿਨ ਵਿਚ ਹੀ ਮੱਠਾ ਕਰ ਦਿਆਂਗਾ । ਮੈਂ ਲਾਹੌਰ ਉਤੇ ਕਬਜ਼ਾ ਕਰਨ ਦੇ ਪਿਛੋਂ ਕਸੂਰ, ਮੁਲਤਾਨ, ਅਟਕ, ਪਿਸ਼ਾਵਰ ਅਤੇ ਕਸ਼ਮੀਰ ਉਤੇ ਵੀ ਕਬਜ਼ਾ ਕਰ ਲੈਣਾ ਚਾਹੁੰਦਾ ਹਾਂ । ਸਿਰਫ਼ ਤੁਸਾਂ ਦੀ ਸਹਾਇਤਾ ਦੀ ਲੋੜ ਹੈ ।’

‘ਕਾਕਾ! ਮੈਂ ਤਾਂ ਤੇਰਾ ਮੁਖ ਦੇਖ ਕੇ ਜੀਉਂਦੀ ਹਾਂ । ਮੇਰੀ ਤਾਂ ਦਿਲੀ ਇੱਛਾ ਹੈ ਕਿ ਤੂੰ ਹਿੰਦੁਸਤਾਨ ਦਾ ਬਾਦਸ਼ਾਹ ਬਣੇਂ, ਮੁਗ਼ਲ ਰਾਜਪੂਤ, ਮਰਹੱਟੇ ਤੇ ਫਰੰਗੀ ਤੇਰੀ ਈਨ ਮੰਨਣ ।’

‘ਹੱਛਾ ! ਅਕਾਲ ਪੁਰਖ ਦੀ ਮੇਹਰ ਨਾਲ ਸ਼ਾਇਦ ਏਸੇ ਤਰ੍ਹਾਂ ਹੀ ਹੋਵੇ। ਤੁਸੀਂ ਹੁਣ ਛੇਤੀ-ਛੇਤੀ ਤਿਆਰੀ ਕਰੋ ਦੋ ਦਿਨ ਦੇ ਅੰਦਰ-ਅੰਦਰ ਸ਼ਾਲਾ ਮਾਰ ਬਾਗ਼ ਕੋਲ ਪਹੁੰਚ ਜਾਈਏ। ਗੁਜਰਾਂ ਵਾਲੇ ਦੀ ਫੌਜ ਵੀ ਸ਼ਾਲਾਮਾਰ ਬਾਗ਼ ਕੋਲ ਮਿਲੇਗੀ। ਮੈਂ ਦੀਵਾਨ ਲਖਪਤ ਨੂੰ ਪੱਕੀ ਕਰ ਆਇਆ ਹਾਂ।’

‘ਤੁਸੀਂ ਚਲੋ ਪ੍ਰਸ਼ਾਦ ਛਕੋ, ਮੈਂ ਅਰਦਾਸ ਕਰਕੇ ਆਈ। ਅੱਜ ਹੀ ਏਥੋਂ ਕੂਚ ਕੀਤਾ ਜਾਵੇਗਾ ।’

ਧਰਮ, ਦਇਆ ਬਹਾਦਰੀ, ਨਿਰਭੈਤਾ ਅਤੇ ਸਤ ਦੀ ਮੂਰਤ ਧਰਮ- ਮਾਤਾ ਪਾਸੋਂ ਇਹ ਹੁਕਮ ਸੁਣ ਕੇ ਰਣਜੀਤ ਸਿੰਘ ਤਾਂ ਰਾਜ ਭਵਨ ਦੇ ਉਸ ਹਿੱਸੇ ਵਲ ਚਲਿਆ ਗਿਆ । ਜਿਧਰ ਮਹਿਤਾਬ ਕੌਰ ਰਹਿੰਦੀ ਸੀ ਅਤੇ ਸਦਾ ਕੌਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਵੱਲ ਗਈ ।

ਹਰ ਇਕ ਮਨੁੱਖ ਜੀਵ ਦਾ ਪਰਮ ਧਰਮ ਹੈ ਕਿ ਉਹ ਵੱਡਾ ਕਾਰਜ ਆਰੰਭ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੀ ਬਾਣੀ ਦਾ ਆਸਰਾ ਲੈ ਕੇ ਅਕਾਲ ਪੁਰਖ ਅੱਗੇ ਕਾਰਜ ਦੀ ਸਫ਼ਲਤਾ ਵਾਸਤੇ ਅਰਦਾਸ ਬੇਨਤੀ ਜ਼ਰੂਰ ਕਰੇ । ਏਸੇ ਜੀਵਨ ਨਿਸ਼ਾਨੇ ਨੂੰ ਮੁਖ ਰੱਖ ਕੇ ਸਦਾ ਕੌਰ ਪੂਜਾ-ਪਾਠ ਵਾਲੇ ਕਮਰੇ ਵੱਲ ਗਈ । ਪੰਜ ਇਸ਼ਨਾਨਾ ਕੀਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬੈਠ ਕੇ ਵਾਕ ਲਿਆ। ਤਾਂ ਇਹ ਮਹਾਂਵਾਕ ਆਇਆ :- ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ

ਹਮ ਥਾਰੇ ਭੇਖਾਰੀ ਜੀਉ ॥

ਮੈ ਕਿਆ ਮਾਗਉ ਕਿਛੁ ਥਿਰੁ ਨ ਰਹਾਈ ਹਰਿ ਦੀਜੈ ਨਾਮੁ ਪਿਆਰੀ ਜੀਉ ॥੧॥ ਘਟਿ ਘਟਿ ਰਵਿ ਰਹਿਆ ਬਨਵਾਰੀ ॥

ਜਲਿ ਥਲਿ ਮਹੀਅਲਿ ਗੁਪਤੋ ਵਰਤੈ ਗੁਰ ਸਬਦੀ ਦੇਖਿ ਨਿਹਾਰੀ ਜੀਉ ॥ਰਹਾਉ॥

ਮਰਤ ਪਇਆਲ ਅਕਾਸੁ ਦਿਖਾਇਓ ਗੁਰਿ ਸਤਿਗੁਰਿ ਕਿਰਪਾ ਧਾਰੀ ਜੀਉ ॥

ਸੋ ਬ੍ਰਹਮੁ ਅਜੋਨੀ ਹੈ ਭੀ ਹੋਨੀ

ਘਟ ਭੀਤਰਿ ਦੇਖੁ ਮੁਰਾਰੀ ਜੀਉ ॥੨॥

ਜਨਮ ਮਰਨ ਕਉ ਇਹੁ ਜਗ ਬਪੁੜੋ

ਇਨਿ ਦੂਜੈ ਭਗਤਿ ਵਿਸਾਰੀ ਜੀਉ ॥

ਸਤਿਗੁਰੁ ਮਿਲੈ ਤ ਗੁਰਮਤਿ ਪਾਈਐ,

ਸਾਕਤ ਬਾਜੀ ਹਾਰੀ ਜਾਉ ॥੩॥

ਸਤਿਗੁਰ ਬੰਧਨ ਤੋੜਿ ਨਿਰਾਰੇ,

ਬਹੁੜਿ ਨ ਗਰਭ ਮਝਾਰੀ ਜੀਉ ॥

ਨਾਨਕ ਗਿਆਨ ਰਤਨੁ ਪਰਗਾਸਿਆ,

ਹਰਿ ਮਨਿ ਵਸਿਆ ਨਿਰੰਕਾਰੀ ਜੀਉ ॥੪॥

(ਸੋਰਠਿ ਮ: ੧)

ਵਾਕ ਲੈਣ ਦੇ ਪਿੱਛੋਂ ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਦੀ ਹਜ਼ੂਰੀ ਵਿਚ ਬੈਠੀ ਰਹੀ, ਨੈਣ ਮੁੰਦੇ ਰਹੇ । ਕੋਈ ਅੱਧ ਕੁ ਘੰਟਾ ਸਮਾਧੀ ਲਾਉਣ ਪਿਛੋਂ ‘ਸਤਿਨਾਮੁ ਵਾਹਿਗੁਰੂ’ ਆਖਦੀ ਹੋਈ ਉਠੀ ਤੇ ਉਠ ਕੇ ਅਰਦਾਸ ਬੇਨਤੀ ਕਰਨ ਲੱਗੀ ।

ਅਰਦਾਸ ਬੇਨਤੀ ਦੇ ਅੰਤ ਵਿਚ ਕਿਹਾ—‘. ਹੇ ਸਤਿਗੁਰੋ ! ਦਇਆ ਦੇ ਸਾਗਰੋ ! ਮੇਹਰ ਕਰੋ । ਤੁਸਾਂ ਦੇ ਚਰਨ ਕੰਵਲਾਂ ਦਾ ਆਸਰਾ ਲੈ ਕੇ ਧਰਮ ਨੇਕੀ ਨਿਆਏ ਤੇ ਲੋਕ ਭਲਾਈ ਦੀ ਖ਼ਾਤਰ ਲਾਹੌਰ ਵੱਲ ਕੂਚ ਕੀਤਾ ਜਾਂਦਾ ਹੈ । ਲਾਹੌਰ ਦੇ ਮੱਲਣ ਵਿਚ ਸਹਾਇਤਾ ਕਰਨੀ । ਹੇ ਅਕਾਲ ਪੁਰਖ ! ਦਿਆਲਤਾ ਕਰਨੀ! ਹੇ ਵਾਹਿਗੁਰੂ ਆਪ ਦਾ ਹੀ ਵੱਡਾ ਆਸਰਾ ਹੈ। ਮਾੜੇ ਰਾਜੇ ਫੁਟ ਦਾ ਸ਼ਿਕਾਰ ਹੋ ਕੇ ਪਰਜਾ ਨੂੰ ਗ਼ੁਲਾਮ ਤੇ ਦੁਖੀ ਕਰ ਰਹੇ ਹਨ। ਗਊ-ਗਰੀਬ ਦੀ ਕੋਈ ਸੁਣਾਈ ਨਹੀਂ ਹੁੰਦੀ । ਕ੍ਰਿਪਾਲਤਾ ਕਰੋ ! ਬਲ ਬਖਸ਼ੋ ਮੈਂ ਲੋਕ-ਭਲਾਈ ਵਾਸਤੇ ਕੁਝ ਕਰ ਸਕਾਂ ।’

ਇਸ ਤਰ੍ਹਾਂ ਅਰਦਾਸ ਕਰਦੀ ਹੋਈ ਦਾ ਚਿਹਰਾ ਲਾਲ ਸੁਰਖ ਹੋ ਗਿਆ, ਨਿਰਕਪਟ, ਨਿਰਮਲ ਤੇ ਨਿਰਭੈ ਆਤਮਾ ਭਗਤੀ ਦੀ ਰੰਗਨ   ਵਿਚ ਰੰਗੀ ਗਈ। ਨੈਣਾਂ ਵਿਚ ਨਿਰਾਲੀ ਹੀ ਜੋਤ ਤੇ ਚਮਕ ਆਈ। ਆਪ-ਮੁਹਾਰੇ ਹੀ ਮਨ ਰਸੀਲੀ ਸੁਰ ਵਿਚ ਗਾਉਣ ਲੱਗ ਪਿਆ :-

ਮੇਰ ਕਰੋ ਤ੍ਰਿਣ ਤੇ ਮੁਹਿ ਜਾਹਿ, ਗਰੀਬ ਨਿਵਾਜ ਨ ਦੂਸਰ ਤੋਸੋ ॥ ਭੂਲ ਛਿਮੋ ਹਮਰੀ ਪ੍ਰਭ ਆਪਨ, ਭੂਲਨਹਾਰ ਕਹੂੰ ਕੋਊ ਮੋਸੋ ॥ ਸੇਵ ਕਰੀ ਤੁਮਰੀ ਤਿਨ ਕੇ ਸਭ ਹੀ, ਗ੍ਰਿਹ ਦੇਖੀਅਤ ਦਬ ਭਰੋਸੋ ॥ ਯਾ ਕਲ ਮੈ ਸਭ ਕਾਲ ਕ੍ਰਿਪਾਨ ਕੇ, ਭਾਰੀ ਭੁਜਾਨ ਕੋ ਭਾਰੀ ਭਰੋਸੋ ॥੯੨॥

(ਬਚਿੱਤ੍ਰ ਨਾਟਕ)

ਮੈਦਾਨੇ ਜੰਗ ਵਿਚ ਲੜਨ ਵਾਲੇ ਸੂਰਮੇ ਨੂੰ ਇਕ ਭਰੋਸਾ ਅਕਾਲ ਪੁਰਖ ‘ਤੇ ਹੁੰਦਾ ਹੈ ਤੇ ਦੂਸਰਾ ਸ਼ਸਤਰਾਂ (ਹਥਿਆਰਾਂ) ਉਤੇ ਭਰੋਸਾ ਹੁੰਦਾ ਹੈ । ਸਦਾ ਕੌਰ ਨੇ ਵੀ ਸ਼ਸਤ੍ਰਾਂ ਦੀ ਉਪਮਾ ਵਿਚ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਇਹ ਬਚਨ ਬੜੇ ਜੋਸ਼ ਨਾਲ ਉਚਾਰਨ ਕੀਤੇ-

ਨਮੋ ਖਗ ਖੰਡੰ ਕ੍ਰਿਪਾਣੰ ਕਟਾਰੰ ॥

ਸਦਾ ਏਕ ਰੂਪੰ ਸਦਾ ਨਿਰਬਿਕਾਰੰ ॥

ਜਿਨੈ ਚੌਦਹੂੰ ਮੋਰ ਤੀਰੰ ਤੁਫੰਗੰ ॥

ਨਮੋ ਬਾਣ ਪਾਣੰ ਨਮੋ ਦੰਡ ਧਾਰਸਿੰ ॥ ਨਮੋ ਖਗ ਅਦਗੰ ਅਭੈਯੰ ਅਭੰਗੰ ॥ ਅੰਤਲੀਆਂ ਦੋਹਾਂ ਤੁਕਾਂ ਦਾ ਉਚਾਰਨ ਕਈ ਵਾਰ ਕਰਦੀ ਹੋਈ ਨੇ ਮੱਥਾ ਟੇਕਿਆ ਤੇ ਕਮਰੇ ਤੋਂ ਬਾਹਰ ਆ ਗਈ । ਉਸ ਸਮੇਂ ਉਹਦੇ ਪ੍ਰਭਾਵਸ਼ਾਲੀ ਚਿਹਰੇ ਵੱਲ ਦੇਖਿਆ ਨਹੀਂ ਸੀ ਜਾਂਦਾ । ਉਹ ਹੌਲੇ ਪੱਬ ਕਮਰੇ ਵਿਚੋਂ ਨਿਕਲਕੇ ਸਿੱਧੀ ਕਚਹਿਰੀ (ਦੀਵਾਨ ਖਾਨੇ) ਨੂੰ ਗਈ। ਰਾਮੀਂ ਰਾਹੀਂ ਦਲ ਸਿੰਘ ਨੂੰ ਕੋਲ ਸਦਵਾਇਆ ਤੇ ਹੁਕਮ ਦਿੱਤਾ-‘ਫੌਜ ਨੂੰ ਕੂਚ  ਦਾ ਹੁਕਮ ਦੇਵੋ !’

“ਕਿਧਰ ਪਾਸੇ ਨੂੰ ਸਰਕਾਰ ?’ ਦਲ ਸਿੰਘ ਨੇ ਪੁੱਛਿਆ।

‘ਲਾਹੌਰ ਨੂੰ !’

‘ਕੀ ਲਾਹੌਰ ਉੱਤੇ ਕਬਜ਼ਾ ਕੀਤਾ ਜਾਵੇਗਾ?’

‘ਜ਼ਰੂਰ !’

‘ਸਾਰੀ ਫੌਜ !’

‘ਨਹੀਂ ਅੱਧੀ, ਫੌਜ ਬਟਾਲੇ ਦੀ ਰਾਖੀ ਕਰੇ ।

‘ਮੈਨੂੰ ਕੀ ਹੁਕਮ ਹੈ ?’

‘ਤੁਸਾਂ ਮੇਰੇ ਨਾਲ ਲਾਹੌਰ ਜਾਣਾ ਹੈ । ਦੂਸਰਾ ਅੱਜ ਤੋਂ ਤੁਸਾਂ ਨੇ ਸ਼ੁਕਰ-ਚੱਕੀਆਂ ਮਿਸਲ ਦਾ ਪ੍ਰਬੰਧ ਵੀ ਆਪਣੇ ਹੱਥ ਲੈਣਾ ਹੈ। ਦੀਵਾਨ ਲਖਪਤ ਨੂੰ ਕਿਸੇ ਹੋਰ ਕੰਮ ‘ਤੇ ਲਾਇਆ ਜਾਵੇਗਾ। ਉਹ ਮਾਮਲਾ ਵਸੂਲ ਨਹੀਂ ਕਰ ਸਕਦਾ ।’

‘ਪਰ ਮੈਂ ਐਨਾ ਕੰਮ ਕਿਵੇਂ ਸੰਭਾਲਾਂਗਾ!’

‘ਦੇਖ-ਭਾਲ ਕਰਨੀ ਹੈ, ਕੰਮ ਮੁਨਸ਼ੀ ਕਰਨਗੇ, ਸਿਆਣੇ ਮੁਨਸ਼ੀ ਹੋਰ ਭਰਤੀ ਕੀਤੇ ਜਾਣ, ਮੇਰੇ ਘੋੜੇ ਵਾਯੂ ਤੇ ‘ਗਰੜ’ ਦੋਨੋਂ ਹੀ ਸਾਥ ਚੱਲਣ ‘ਵਾਯੂ’ ਉੱਤੇ ਮੈਂ ਸੁਵਾਰ ਹੋਵਾਂਗੀ । ਦੋ ਤੋਪਾਂ ਨਾਲ ਚੱਲਣ ਤੇ ਬਾਕੀ ਦੀਆਂ ਏਥੇ ਰਹਿਣ, ਰਾਮ ਸਿੰਘ, ਸ਼ਾਮ ਸਿੰਘ ਤੇ ਵਰਿਆਮ ਸਿੰਘ ਨੂੰ ਸਮਝਾ ਦੇਵੋ ਕਿ ਜਿੰਨੇ ਦਿਨ ਮੈਂ ਲਾਹੌਰ ਵੱਲ ਰਹਾਂ ਰਾਜ ਦੇ ਸਾਰੇ ਕੰਮ ਕਰਨ, ਦੁਸ਼ਮਣ ਦਾ ਖਿਆਲ ਰੱਖਣ ਤੇ ਪਰਜਾ ਦੀਆਂ ਫਰਿਆਦਾਂ ਸੁਣਨ, ਸਜਾਏ ਮੌਤ ਤੋਂ ਬਿਨਾਂ ਦੋਸ਼ੀਆਂ ਨੂੰ ਹੋਰ ਮੁਕੱਰਰ ਸਜਾਵਾਂ ਦੇਣ ਦੇ ਉਨ੍ਹਾਂ ਨੂੰ ਪੂਰੇ ਹੱਕ ਹਨ ।’

ਸਰਦਾਰਨੀ ਪਾਸੋਂ ਇਹ ਹੁਕਮ ਸੁਣ ਕੇ ਦਲ ਸਿੰਘ ਨੇ ਫਤਿਹ ਬੁਲਾਈ ਤੇ ਫੌਜ ਵੱਲ ਚਲਿਆ ਗਿਆ। ਉਹਦੇ ਜਾਣ ਤੋਂ ਸਵਾ ਘੰਟਾ ਪਿਛੋਂ ‘ਰਣਜੀਤ ਨਗਾਰੇ’ ਉਤੇ ਚੋਟ ਲੱਗੀ। ਜਿਹੜੇ ਸੈਨਿਕ ਛਾਉਣੀ ਤੋਂ ਬਾਹਰ ਸਨ, ਉਹ ਨਗਾਰੇ ਦੀ ਅਵਾਜ਼ ਸੁਣ ਕੇ ਛਾਉਣੀ ਵੱਲ ਨੱਠੇ।

16.

ਲਾਹੌਰ ਦਾ ਅਨਾਰਕਲੀ ਬਜ਼ਾਰ ਬਹੁਤ ਮਸ਼ਹੂਰ ਹੈ । ਪੁਰਾਣੀ ਅਨਾਰਕਲੀ ਦੇ ਪੱਛਮ ਵਲ (ਮਾਲ ਰੋਡ ਦੇ ਚੌਂਕ ਕੋਲ) ਪੰਜਾਬ ਯੂਨੀਵਰਸਿਟੀ ਹਾਲ, ਅਜਾਇਬ ਘਰ ਤੇ ਗੋਲ ਬਾਗ਼ ਹੈ । ੧੭੯੯ ਤੋਂ ਪਹਿਲਾਂ ਇਸ ਥਾਂ ਦਾ ਨਾਮ ਵਜੀਰ ਖਾਂ ਦਾ ਬਾਗ਼ ਸੀ । ਇਹ ਬਾਗ਼ ਬਹੁਤ ਖੁਲ੍ਹਾ ਸੀ ਤੇ ਫ਼ਲਦਾਰ ਬੂਟੇ (ਦਰੱਖ਼ਤ) ਬਹੁਤ ਸਨ ।

੧੩ ਹਾੜ, ੧੮੫੬ ਬਿ: ਮੁਤਾਬਕ ੨੫ ਅਪਰੈਲ, ੧੭੯੯ ਈ: ਨੂੰ ਇਸ ਵਜੀਰ ਖਾਂ ਦੇ ਬਾਗ਼ ਵਿਚ ਮਿਸਲ ਘਨੱਯਾ ਤੇ ਮਿਸਲ ਸ਼ੁਕਰ- ਚੱਕੀਆਂ ਦੀਆਂ ਸਿੱਖ ਫੌਜਾਂ ਨੇ ਜਾ ਡੇਰੇ ਲਾਏ । ਸਾਰਾ ਲਾਹੌਰ ਠੀਕ ਓਸੇ ਤਰ੍ਹਾਂ ਸਹਿਮ ਗਿਆ ਜਿਵੇਂ ਕਦੀ ਉਹ ਦੁਰਾਨੀਆਂ ਦੇ ਆਉਣ ਤੇ ਸਹਿਮਿਆਂ ਕਰਦਾ ਸੀ । ਲਾਹੌਰ ਦੇ ਨਾਮ, ਧੀਰਜ ਮਾਲਕ ਭੰਗੀ ਸਰਦਾਰਾਂ ਗੁੱਜਰ ਸਿੰਘ ਤੇ ਸਾਹਿਬ ਸਿੰਘ ਨੇ ਫੌਜਾਂ ਦਾ ਆਉਣਾ ਸੁਣ ਕੇ ਸ਼ਹਿਰ ਦੇ ਸਾਰੇ ਦਰਵਾਜੇ ਬੰਦ ਕਰਵਾ ਦਿੱਤੇ । ਉਹ ਇਸ ਤਰ੍ਹਾਂ ਲੁਕ ਕੇ ਬੈਠ ਗਏ ਜਿਵੇਂ ਇੱਲ ਜਾਂ ਬਿੱਲੀ ਆਉਣ ਤੇ ਕੁੱਕੜੀ ਦੇ ਚੂਚੇ ਉਸ ਦੇ ਪਰਾਂ ਹੇਠ ਲੁਕ ਜਾਂਦੇ ਹਨ। ਜਿਵੇਂ ਕਬੂਤਰ ਅੱਖਾਂ ਮੀਟ ਕੇ ਸਮਝਦਾ ਹੈ ਕਿ ਬੱਸ ਖ਼ਤਰਾ ਟਲ ਗਿਆ ।

‘ਮੈਂ ਦਿੱਲੀ ਦਰਵਾਜੇ ਵੱਲੋਂ ਹੱਲਾ ਬੋਲਦੀ ਹਾਂ ਤੂੰ ਲੁਹਾਰੀ-ਸ਼ਾਹ- ਆਲਮੀ ਦਰਵਾਜੇ ਵੱਲ ਵਧ। ਜੋ ਅੜੇ ਸੋ ਝੜੇ ਜੋ ਸ਼ਰਨ ਪੜੇ ਸੋ ਤਰੇ, ਦੇ ਚੰਗੇ ਅਸੂਲ ਨੂੰ ਨਾ ਹੱਥੋਂ ਛੱਡਣਾ । ਮਾਸੂਮ ਬੱਚੋਂ ਨਿਹੱਥੀ ਇਸਤ੍ਰੀ ਤੇ ਨਿਹੱਥੀ ਪਰਜਾ ਦੇ ਕਿਸੇ ਬੰਦੇ ਉਤੇ ਵਾਰ ਨਹੀਂ ਕਰਨਾ। ਸ਼ਹਿਰ ਨਹੀਂ ਲੁਟਣਾ ਬਸ ਮੇਰੀਆਂ ਇਹ ਗੱਲਾਂ ਚੇਤੇ ਰੱਖ ਕੇ ਜਾਓ।’

ਸਦਾ ਕੌਰ ਨੇ ਰਣਜੀਤ ਸਿੰਘ ਨੂੰ ਲੁਹਾਰੀ-ਸ਼ਾਹਾ-ਆਲਮੀ ਦਰਵਾਜ਼ਿਆਂ ਵੱਲ ਤੋਰਿਆਂ ਅਤੇ ਆਪ ਦਿੱਲੀ ਦਰਵਾਜ਼ੇ ਵੱਲ ਫੌਜ ਲੈ ਕੇ ਚਲੀ ਗਈ। ਉਸ ਦਾ ਘੋੜਾ ਸਾਰੀ ਫੌਜ ਦੇ ਅੱਗੇ ਸੀ । ਨੰਗੀ ਤੇਗ ਨੂੰ ਹਵਾ ਵਿਚ ਘਮਾਉਂਦੀ ਹੋਈ ਵਾਹੋ-ਦਾਹੀ ਵਧੀ । ਸੱਚੀ ਸਿੰਘਣੀ ਵਤਨ ਭਲਾਈ ਦੇ ਜੋਸ਼ ਨਾਲ ਦੀਵਾਨੀ ਸੀ । ਉਹ ਦੇਸ਼ ਦੇ ਗ਼ਦਾਰਾਂ, ਕਮਜ਼ੋਰਾਂ ਤੇ ਅਕ੍ਰਿਤਘਨਾ ਦਾ ਅੰਤ ਕਰਨ ਉਤੇ ਤੁਲੀ ਹੋਈ ਸੀ।

ਦਿੱਲੀ ਦਰਵਾਜ਼ੇ ਦੇ ਬਾਹਰ ਭੰਗੀਆਂ ਦੀ ਫੌਜ ਮੋਰਚੇ ਲਾਈ ਬੈਠੀ ਸੀ । ਉਸ ਨੂੰ ਦੇਖ ਕੇ ਸਰਦਾਰਨੀ ਨੇ ਆਪਣੀ ਫੌਜ ਨੂੰ ਲਲਕਾਰਿਆ-

‘ਬਹਾਦਰੋ ਹੱਥੋ ਹੱਥ ਫੜ ਲਵੋ, ਰਤਾ ਮਾਸਾ ਕਾਇਰਤਾ ਨਾ ਦਿਖਾਉਣੀ।’ ਇਸ ਲਲਕਾਰੇ ਪਿਛੋਂ ਆਪ ਸਭ ਦੇ ਮੋਹਰੇ ਅੱਗੇ ਵਧੀ। ਪਹਿਲਾਂ ਤਲਵਾਰ ਦਾ ਵਾਰ ਕੀਤਾ। ਕਟਾ-ਵੱਢ ਸ਼ੁਰੂ ਹੋ ਗਈ । ਸਰਦਾਰਨੀ ਬੜੇ ਜੋਸ਼ ਤੇ ਨਿਰਾਲੀ ਅਕਲ ਨਾਲ ਲੜਨ ਲੱਗੀ। ਉਹ ਤਾਂ ਵੈਰੀਆਂ ਵਾਸਤੇ ਦੁਰਗਾ ਦਾ ਰੂਪ ਧਾਰਨ ਕਰ ਬੈਠੀ । ਵੈਰੀਆਂ ਦੀਆਂ ਸਫਾਂ ਦੀਆਂ ਸਫਾਂ ਚੀਰੀ ਜਾਣ ਲੱਗੀ। ਆਪਣੀ ਸਰਦਾਰਨੀ ਨੂੰ ਲੜਦਿਆਂ ਦੇਖ ਕੇ ਜੁਵਾਨ ਅੰਨ੍ਹੇ ਜੋਸ਼ ਨਾਲ ਪਾਗ਼ਲ ਹੋ ਗਏ। ਉਨ੍ਹਾਂ ਨੇ ਮੌਤ, ਪੀੜ ਤੇ ਥਕੇਵੇਂ ਦਾ ਨਾਮ ਭੁਲਾ ਦਿੱਤਾ ।

‘ਫੜ ਲੌ ਕਾਇਰਾਂ ਨੂੰ !’

‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ !

‘ਲਾਹੌਰ ਖ਼ਾਲਸਾ ਰਾਜ ਦੀ ਰਾਜਧਾਨੀ ਹੋਵੇਗੀ ।’

‘ਮੂਜੀ ਨੱਸ ਕੇ ਕਿਧਰੇ ਨਾ ਜਾਣ ।’

‘ਮਾਰੋ, ਕੁੱਟੋ ਫੜੋ ਔਹ ਜਾਂਦਾ ਜੇ ਨਿਹਾਲਾ ਰਾਮ ਫੱਤੂ !’

ਐਸੇ ਬੋਲਾਂ ਤੇ ਨਾਹਰਿਆਂ ਨਾਲ ਸਦਾ ਕੌਰ ਦਾ ਇਕ-ਇਕ ਜੁਵਾਨ ਦਸਾਂ ਵੈਰੀਆਂ ਨੂੰ ਨੱਪੀ, ਡੇਗੀ ਤੇ ਮਾਰੀ ਜਾਣ ਲੱਗਾ। ਸ਼ੇਰਾਂ ਦੇ ਅੱਗੇ ਮਾਂਗਵੀ ਧਾੜ ਖਲੋ ਨਾ ਸਕੀ। ਉਹਦੇ ਪੈਰ ਉਖੜ ਗਏ, ਉਹ ਨੱਠ ਉੱਠੀ। ਨੱਠੇ ਜਾਂਦੇ ਕਾਇਰਾਂ ਦੇ ਘੋੜੇ ਤੇ ਹਥਿਆਰ ਖੋਹ ਲਏ ਅਤੇ ਕਈਆਂ ਦੀਆਂ ਪੱਗਾਂ ਵੀ ਨੇਜ਼ਿਆਂ ਆਸਰੇ ਲਾਹ ਲਈਆਂ ਸਨ।

‘ਦਰਵਾਜ਼ੇ ਨੂੰ ਤੋੜੋ!’

ਦਿੱਲੀ ਦਰਵਾਜ਼ੇ ਦੇ ਕੋਲ ਜਾ ਕੇ ਸਦਾ ਕੌਰ ਨੇ ਉੱਚੀ ਬੋਲ ਕੇ ਆਖਿਆ ।

‘ਤੋਪ ਬੀੜੋ!’

ਅਜੇ ਤੋਪ ਦਾ ਨਾਮ ਹੀ ਲਿਆ ਸੀ ਕਿ ਕੜ-ਕੜ ਕਰਦਾ ਦਰਵਾਜ਼ਾ ਆਪੇ ਹੀ ਖੁੱਲ੍ਹ ਗਿਆ। ਦਰਵਾਜ਼ੇ ਦੇ ਰਾਖੇ ਨੇ ਚੰਗਾ ਸਮਝਿਆ ਕਿ ਜੁਵਾਨੀ ਦੀ ਉਮਰ ਵਿਚ ਉਹ ਆਪਣੇ ਦੋਂਹ ਬੱਚਿਆਂ ਨੂੰ ਯਤੀਮ ਤੇ ਵਹੁਟੀ ਨੂੰ ਵਿਧਵਾ ਕਿਉਂ ਬਣਾਏ ? ਕਿਉਂ ਨਾ ਨਵੇਂ ਆਏ ਮਾਲਕਾਂ ਨੂੰ ਜੀ ਆਇਆਂ ਆਖ ਕੇ ਇਨਾਮ ਪ੍ਰਾਪਤ ਕਰੇਂ?

ਬਾਹਰੋਂ ਆਉਣ ਵਾਲੇ ਨਾ ਦੁਰਾਨੀ ਹਨ, ਨਾ ਮੁਗ਼ਲ, ਨਾ ਫਰੰਗੀ ‘ਆਪਣੇ’ ਹਨ, ਜਿਨ੍ਹਾਂ ਦੀ ਬਹਾਦਰੀ, ਨੇਕੀ ਤੇ ਸਚਾਈ ਦੀ ਧੁੰਮ ਪਈ ਹੋਈ ਹੈ ।

ਦਰਵਾਜ਼ਾ ਖੁੱਲ੍ਹ ਗਿਆ। ਦਰਵਾਜ਼ੇ ਦੇ ਰਾਖਿਆਂ ਨੇ ਸ਼ਸਤ੍ਰਾਂ ਨੂੰ

ਨੀਵਿਆਂ ਕਰਕੇ ਦਰਵਾਜ਼ੇ ਅੰਦਰ ਪ੍ਰਵੇਸ਼ ਕਰਦੀ ਹੋਈ ਸਦਾ ਕੌਰ ਨੂੰ ਸਲਾਮੀ ਦਿੱਤੀ । ਖੁਸ਼ੀ ਦੇ ਜੋਸ਼ ਨਾਲ ਜੀ ਆਇਆਂ ਨੂੰ ਆਖਿਆ। ਬਿਨਾਂ ਕਿਸੇ ਦੁਕਾਨ ਤੇ ਘਰ ਦੇ ਲੁੱਟਣ ਅਤੇ ਕਿਸੇ ਨੂੰ ਮਾਰਨ ਦੇ

ਸਦਾ ਕੌਰ ਦੀ ਫੌਜ ਸ਼ਹਿਰ ਦੇ ਬਾਜ਼ਾਰਾਂ ਵਿਚੋਂ ਦੀ ਤੁਰੀ ਗਈ। ਵਜ਼ੀਰ ਖਾਂ ਦੀ ਮਸੀਤ ਲੰਘ ਕੇ ਚੂਨੇ ਮੰਡੀ ਤੋਂ ਕਿਲ੍ਹੇ ਦੇ ਨੇੜੇ ਪਹੁੰਚ ਗਈ।

ਦੂਸਰੇ ਪਾਸਿਓਂ ਜਿੱਤ ਦੇ ਨਾਅਰੇ ਲਾਉਂਦਾ ਹੋਇਆ ਜੁਸ਼ੀਲਾ ਰਣਜੀਤ ਸਿੰਘ ਵੀ ਕਿਲ੍ਹੇ ਕੋਲ ਆ ਪੁੱਜਾ। ਦੋਵੇਂ ਫੌਜਾਂ ਇਕੱਠੀਆਂ ਹੋ ਗਈਆਂ ਅਤੇ ਕਿਲ੍ਹੇ ਨੂੰ ਘੇਰਾ ਪਾ ਲਿਆ ।

ਲਾਹੌਰ ਸ਼ਹਿਰ ਦੇ ਵਾਸੀਆਂ ਨੇ ਜਦੋਂ ਦੇਖਿਆ ਕਿ ਫੌਜ ਨਾ ਉਨ੍ਹਾਂ ਦੇ ਘਰ ਲੁੱਟਦੀ ਹੈ ਤੇ ਨਾ ਉਨ੍ਹਾਂ ਦੀ ਅਣਖ ਇੱਜ਼ਤ ਨੂੰ ਹੱਥ ਪਾਉਂਦੀ। ਹੈ ਤਾਂ ਉਹ ਬੜੀ ਪ੍ਰਸੰਨਤਾ ਨਾਲ ਘਰਾਂ ਤੋਂ ਬਾਹਰ ਨਿਕਲੇ । ਹੱਟੀਆਂ ਖੋਲ੍ਹ ਦਿੱਤੀਆਂ, ਕਾਰੋਬਾਰ ਚੱਲਣ ਲੱਗ ਪਿਆ ਉਨ੍ਹਾਂ ਨੂੰ ਕੋਈ ਨਾ ਕੋਈ ਸੇਵਾ ਬਖਸ਼ੀ ਜਾਵੇ । ਉਹ ਸਰਦਾਰਨੀ ਜੀ ਨੂੰ ਲਾਹੌਰ ਦੀ ਰਾਣੀ ਮੰਨਦੇ ग्ठ ।

‘ਇਸ ਕਿਲ੍ਹੇ ਦਾ ਮਾਲਕ ਚੇਤ ਸਿੰਘ ਕਿਲ੍ਹੇ ਦੇ ਅੰਦਰ ਹੈ । ਉਸ ਕਿਲ੍ਹੇ ਦੇ ਦਰਵਾਜ਼ੇ ਬੰਦ ਕੀਤੇ ਹਨ।’ ਰਣਜੀਤ ਸਿੰਘ ਨੇ ਸਦਾ ਕੌਰ ਨੂੰ ਆਖਿਆ :-

‘ਠੀਕ ਹੈ, ਮੈਂ ਸਭ ਕੁਝ ਸਮਝਦੀ ਹਾਂ ।’ ਸਦਾ ਕੌਰ ਨੇ ਕਿਲੇ ਵਲ ਦੇਖਦਿਆਂ ਆਖਿਆ :-

‘ਤੋਪਾਂ ਬੀੜ ਕੇ ਕਿਲ੍ਹੇ ਦੀਆਂ ਪਹਾੜ ਦੀ ਚਟਾਨ ਰੂਪ ਕੰਧਾਂ ਨੂੰ ਢਾਹ-ਢੇਰੀ ਕੀਤਾ ਜਾਵੇ ।’

‘ਕਿਲ੍ਹੇ ਦੀ ਕੰਧ ਨੂੰ ਢਾਹ ਢੇਰੀ ਕਰਨਾ ਮੂਰਖਤਾ ਹੈ ।’

‘ਫਿਰ ਕਿਲ੍ਹੇ ਉਤੇ ਕਬਜ਼ਾ ਕਿਵੇਂ ਕੀਤਾ ਜਾਵੇ ?’

‘ਹਾਰੀ ਹੋਈ ਮੁੱਠੀ ਭਰ ਫੌਜ ਵਾਲਾ ਸਰਦਾਰ ਚੇਤ ਸਿੰਘ ਬਹੁਤੇ ਦਿਨ ਕਿਲ੍ਹੇ ਵਿਚ ਬੰਦ ਨਹੀਂ ਰਹਿ ਸਕਦਾ। ਸ਼ਹਿਰ ‘ਤੇ ਅਸਾਂ ਦਾ ਕਬਜ਼ਾ ਹੋ ਚੁੱਕਾ ਹੈ। ਅੱਜ ਨਹੀਂ ਤੇ ਕੱਲ੍ਹ ਨੂੰ ਉਹ ਆਪੇ ਚਿੱਟਾ ਝੰਡਾ ਕਿਲ੍ਹੇ ‘ਤੇ ਚਾੜ੍ਹ ਦੇਵੇਗਾ । ਜਾਂ ਉਸਨੂੰ ਸੁਨੇਹਾ ਭੇਜੋ ਕਿ ਪਰਵਾਰ ਸਮੇਤ ਜਿੱਥੇ ਉਹ ਜਾਣਾ ਚਾਹੇ ਚਲਿਆ ਜਾਵੇ । ਨਾ ਕੈਦ ਕੀਤਾ ਜਾਵੇਗਾ ਨਾ ਮਾਰਿਆ ਜਾਵੇਗਾ। ਕਿਲ੍ਹੇ ਰਾਜ ਦੀ ਜਾਨ ਹੁੰਦੇ ਹਨ। ਇਹਨਾਂ ਨੂੰ ਬਰਬਾਦ ਨਹੀਂ ਕਰਨਾ ਚਾਹੀਏ ।’

ਸਦਾ ਕੌਰ ਨੇ ਨੇਕ ਸਲਾਹ ਦਿੱਤੀ ।

ਰਣਜੀਤ ਸਿੰਘ ਤੇ ਹੋਰ ਫੌਜੀ ਸਰਦਾਰਾਂ ਨੂੰ ਸਲਾਹ ਚੰਗੀ ਲੱਗੀ। ਉਸੇ ਵੇਲੇ ਤੋਪਾਂ ਦੇ ਮੂੰਹ ਬੰਦ ਹੋ ਗਏ ਅਤੇ ਇਕ ਭਰੋਸੇ ਵਾਲੇ ਆਦਮੀ ਰਾਹੀਂ ਸਰਦਾਰ ਚੇਤ ਸਿੰਘ ਨੂੰ ਕਿਲ੍ਹੇ ਵਿਚ ਸੁਨੇਹਾ ਭੇਜ ਦਿੱਤਾ ਗਿਆ।

ਸ: ਚੇਤ ਸਿੰਘ ਨੇ ਅਨੁਭਵ ਕੀਤਾ ਹੋਇਆ ਸੀ ਕਿ ਉਸ ਨੂੰ ਸ਼ਾਇਦ ਮਾਰ ਦਿੱਤਾ ਜਾਵੇ ਜਾਂ ਕੈਦ ਕਰ ਲਿਆ ਜਾਵੇ ਇਸ ਵਾਸਤੇ ਉਹ ਤਾਂ ਆਤਮਘਾਤ ਕਰਨ ਦੀਆਂ ਤਿਆਰੀਆਂ ਕਰ ਰਿਹਾ ਸੀ, ਜਦੋਂ ਉਸ ਨੂੰ ਸੁਨੇਹਾ ਮਿਲਿਆ ਕਿ ਉਸ ਨੂੰ ਕਿਲ੍ਹਾ ਛੱਡ ਕੇ ਜਾਣ ਉਤੇ ਕੁਝ ਨਹੀਂ ਕਿਹਾ ਜਾਵੇਗਾ, ਉਹਦੇ ਗੁਜਾਰੇ ਦਾ ਯੋਗ ਪ੍ਰਬੰਧ ਕੀਤਾ ਜਾਵੇਗਾ ਤਾਂ ਉਹ ਪ੍ਰਸੰਨਤਾ ਨਾਲ ਉਛਲ ਪਿਆ । ਉਹਦੀ ਜਾਨ ਵਿਚ ਜਾਨ ਆਈ। ਉਸ ਨੇ ਓਸੇ ਵੇਲੇ ਬਾਹਰ ਅਖਵਾ ਭੇਜਿਆ ਕਿ ਉਹ ਕਿਲ੍ਹਾ ਛੱਡਣ ਨੂੰ ਤਿਆਰ ਹੈ ।

ਜਿਸ ਕਿਲ੍ਹੇ ਨੂੰ ਮੁਗ਼ਲਾਂ ਨੇ ਤਿਆਰ ਕੀਤਾ, ਜਿਸ ਦੇ ਅੰਦਰ ਸੈਂਕੜੇ ਸਾਲ ਤੱਕ ਮੁਗ਼ਲਾਂ ਦਾ ਰਾਜ ਰਿਹਾ। ਮੁਗ਼ਲ, ਪਠਾਣ, ਦੁਰਾਨੀ, ਈਰਾਨੀ ਤੇ ਤਮੂਰੀ ਨਵਾਬਾਂ ਤੇ ਸੂਬੇਦਾਰਾਂ ਨੇ ਕਿਲ੍ਹੇ ਦੇ ਅੰਦਰ ਤੇ ਬਾਹਰ ਹਿੰਦੂ, ਸਿੱਖਾਂ ਉਤੇ ਹਜ਼ਾਰਾਂ ਜ਼ੁਲਮ ਢਾਹੇ, ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਿਲ੍ਹੇ ਦੇ ਸਾਹਮਣੇ ਹੀ ਸ਼ਹੀਦ ਕਰਾਇਆ ਗਿਆ, ਧਰਮੀ ਹਕੀਕਤ ਰਾਏ ਨੂੰ ਬਸੰਤ ਪੰਚਮੀ ਦੇ ਦਿਹਾੜੇ ਸ਼ਹੀਦ ਕੀਤਾ ਗਿਆ। ਮੁਗ਼ਲ ਤੇ ਪਠਾਣ ਇਹ ਸਮਝਦੇ ਹਨ ਕਿ ਉਹ ਕਦੀ ਪੰਜਾਬ ਨੂੰ ਨਹੀਂ ਛੱਡਣਗੇ। ਪਰ ਕੁਦਰਤ ਦੇ ਰੰਗਾਂ ਨੂੰ ਕੌਣ ਜਾਣਦਾ ਹੈ? ਓਸੇ ਕਿਲ੍ਹੇ ਵਿਚ ੨੮ ਅਪਰੈਲ, ੧੭੯੯ ਈ: (੧੬ ਹਾੜ) ਨੂੰ ਅੱਗੇ-ਅੱਗੇ ਸਦਾ ਕੌਰ ਉਸ ਦੇ ਪਿਛੇ ਰਣਜੀਤ ਸਿੰਘ ਤੇ ਪਿੱਛੇ ਫੌਜ ਨੇ ਪ੍ਰਵੇਸ਼ ਕੀਤਾ । ਪ੍ਰਵੇਸ਼ ਕਰਨ ਵੇਲੇ ਸ਼ਾਹੀ ਸ਼ਾਨ ਸੀ। ਕਿਲ੍ਹੇ ਦੀਆਂ ਕੰਧਾਂ ਨੇ ਜੀ ਆਇਆਂ ਨੂੰ ਆਖਿਆ।

17.

ਹਰੀਪੁਰ-ਹਜ਼ਾਰਾ ਪਿਸ਼ਾਵਰ ਦੇ ਉੱਤਰ ਵੱਲ ਪਰਬਤੀ ਇਲਾਕਾ ਹੈ। ਮਲੀਕਾ ਤੇ ਗਗਨ ਪਾਜੀ ਪਰਬਤ ਇਸ ਦੇ ਮਸ਼ਹੂਰ ਪਰਬਤ ਹਨ। ਇਨ੍ਹਾਂ ਪਰਬਤਾਂ ਉੱਤੇ ਕੁਦਰਤ ਦੀ ਬਹੁਤ ਕ੍ਰਿਪਾ ਦ੍ਰਿਸ਼ਟੀ ਹੈ । ਸੀਤਲ ਜਲ ਦੀਆਂ ਝੀਲਾਂ, ਝਰਨੇ ਤੇ ਨਿੱਕੇ-ਨਿੱਕੇ ਨਾਲੇ, ਵੱਡੇ ਕੱਦਾਂ ਵਾਲੇ ਦਰਖਤ ਫਲਾਂ ਤੇ ਫੁੱਲਾਂ ਵਾਲੇ ਬੂਟੇ ਇਸ ਦੇ ਸੁਹੱਪਣ ਨੂੰ ਚੰਦ ਲਾਉਂਦੇ ਹਨ। ਹਜ਼ਾਰੇ ਵਿਚ ‘ਗੰਧਿ-ਗਿਰਿ’ ਨਾਮ ਦਾ ਪਰਬਤ ਬਹੁਤ ਮਸ਼ਹੂਰ ਹੈ। ਮਾਲਾਬਾਰ ਦੇ ਚੰਦਨ ਬਨ ਵਾਂਗ ਇਹ ਵੀ ਸੁਗੰਧੀ ਵਾਲਾ ਪਰਬਤ ਹੈ।

ਦਸੰਬਰ (੧੮੧੮) ਦਾ ਮਹੀਨਾ ਸੀ । ਹਜ਼ਾਰਾ ਤੇ ਕਸ਼ਮੀਰ ਦੇ ਪਰਬਤ ਬਰਫ ਨਾਲ ਢੱਕੇ ਹੋਏ ਸਨ । ਗੰਧਿ ਗਿਰਿ ਵੀ ਬਰਫ ਤੋਂ ਨਹੀਂ ਸੀ ਬਚਿਆ । ਉਸਦੀ ਚੋਟੀ ਦੁੱਧ ਚਿੱਟੀ ਹੋ ਚੁੱਕੀ ਸੀ । ਉਸ ਭਿਆਨਕ ਸੀਤ ਵਾਲੇ ਪਰਬਤ ਦੇ ਪੈਰਾਂ ਹੇਠ ਇਕ ਉੱਚੀ ਚਟਾਨ ਉਤੇ ਖਲੋਤੀ ਹੋਈ ਸਰਦਾਰਨੀ ਸਦਾ ਕੌਰ ਉੱਤਰ-ਪੂਰਬ ਦਿਸ਼ਾ ਵੱਲ ਦੇਖ ਰਹੀ ਸੀ। ਚਟਾਨ ਦੇ ਲਾਗੇ ਉਹਦਾ ਘੋੜਾ ਖਲੋਤਾ ਸੀ । ਉਹਦੇ ਹੱਥ ਵਿਚ ਦੁਸ਼ਮਣ ਦੇ ਲਹੂ ਨਾਲ ਲਾਲ ਰੰਗੀ ਤਲਵਾਰ ਸੀ । ਉਹ ਤਲਵਾਰ ਜਿਸ ਨੂੰ ਚੁੰਮ ਕੇ ਉਸ ਨੇ ਪੰਜਾਬ ਨੂੰ ਸੁਤੰਤ੍ਰ ਕਰਨ ਦੀ ਪ੍ਰਤਿਗਿਆ ਕੀਤੀ ਸੀ, ਉਹ ਹੀ ਤਲਵਾਰ ਉਸ ਦੀ ਜੀਵਨ ਸਾਥਣ ਮਹਾਨ ਦੈਵੀ ਸ਼ਕਤੀ ਸੀ ।

ਸਰਦਾਰਨੀ ਉਸ ਵੇਲੇ ਜੁਵਾਨ ਨਹੀਂ ਸੀ, ਸਗੋਂ ਉਸਦੀ ਉਮਰ ਪੂਰੇ ੫੬ ਸਾਲ ਹੋ ਚੁੱਕੀ ਸੀ । ਸਿਰ ਦੇ ਵਾਲ ਅੱਧੇ ਚਿਟੇ ਅੱਧੇ ਕਾਲੇ ਸਨ। ਪਰ ਦਿਲ ਦਾ ਹੌਂਸਲਾ, ਉਮਾਹ ਤੇ ਜੋਸ਼ ਅਤੇ ਸਰੀਰ ਦਾ ਬਲ, ਚੇਹਰੇ ਦੀ ਰੌਣਕ ਵਿਚ ਕੋਈ ਫ਼ਰਕ ਨਹੀਂ ਸੀ ਆਇਆ। ਉਹ ਉਸ ਆਯੂ ਵਿਚ ਜੁਆਨੀ ਨਾਲੋਂ ਵੀ ਆਪਣੇ ਆਪ ਨੂੰ ਬਹਾਦਰ ਮਿਥ ਰਹੀ ਸੀ। ਉਹਦੀਆਂ ਮੋਟੀਆਂ ਅੱਖਾਂ ਦੀ ਜੋਤਨਾ ਉਸੇ ਤਰ੍ਹਾਂ ਕਾਇਮ ਸੀ, ਜਿਵੇਂ ਪਹਿਲਾਂ ਸੀ। ਚਿਹਰੇ ਉਤੇ ਗੰਭੀਰਤਾ ਸਿਆਣਪ ਤੇ ਜੋਸ਼ ਦੇ ਮਿਲਵੇਂ ਨਿਸ਼ਾਨ ਸਨ ।

ਸਰਦਾਰਨੀ ਸਦਾ ਕੌਰ ਉਸ ਧਰਮੀ-ਪੁੱਤ੍ਰ (ਜੁਵਾਈ) ਰਣਜੀਤ ਸਿੰਘ ਦਾ ਇਲਾਕਾ ਵਧਾਉਣ ਤੇ ਖਾਲਸਾ ਰਾਜ ਦੀਆਂ ਹੱਦਾਂ ਨੂੰ ਚੌੜੀਆਂ ਤੇ ਸੁਰੱਖਿਅਤ ਕਰਨ ਵਾਸਤੇ ਅਜੇ ਨੰਗੀ ਤਲਵਾਰ ਹੱਥ ਵਿਚ ਫੜੀ ਹਜ਼ਾਰੇ ਦੇ ਪਹਾੜੀ ਇਲਾਕੇ ਵਿਚ ਫਿਰ ਰਹੀ ਸੀ, ਜਿਸ ਰਣਜੀਤ ਸਿੰਘ ਨੂੰ ਲਾਹੌਰ ਦਾ ਮਾਲਕ ਬਣਾ ਕੇ ਪੰਜਾਬ ਦੇ ਮਹਾਰਾਜਾ ਬਣਾ ਦਿੱਤਾ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਦਾ ਸਿੱਕਾ ਚਲਾ ਦਿੱਤਾ, ਕਸੂਰ, ਮੁਲਤਾਨ, ਅੰਮ੍ਰਿਤਸਰ, ਜੰਮੂ ਕਸ਼ਮੀਰ ਨੂੰ ਫਤਿਹ ਕਰਕੇ ਸੁਤੰਤ੍ਰ ਖਾਲਸਾ ਰਾਜ ਨੂੰ ਕਾਇਮ ਕੀਤਾ ਸੀ । ਸਰਦਾਰਨੀ ਦੀ ਦਲੇਰ ਆਤਮਾ ਤੇ ਚੇਹਰੇ ਦੇ ਨੂਰ ਨੂੰ ਵੇਖਕੇ ਗੰਧਿ- ਗਿਰ ਪਰਬਤ ਦੀਆਂ ਚੋਟੀਆਂ ਹੈਰਾਨ ਸਨ ਕਿ ਪੱਕੇ ਭਰੋਸੇ, ਦਲੇਰੀ ਤੇ ਅਣਥੱਕ ਰੂਪ ਨਾਲ ਹੱਥ ਵਿਚ ਨੰਗੀ ਤਲਵਾਰ ਫੜ ਕੇ, ‘ਵਾਯੂ’ ਜਾਂ ‘ਗਰੜ’ ਘੋੜਿਆਂ ਦੀ ਸਵਾਰੀ ਕਰਕੇ ਦੇਸ਼ ਦੀ ਸੁਤੰਤਰਾ, ਮਨੁੱਖ ਭਲਾਈ ਅਤੇ ਧਰਮ ਦੀ ਰਖਿਆ ਵਾਸਤੇ ਪੂਰੇ ਚੌਂਤੀ ਸਾਲ ਲੜਨ ਵਾਲੀ ਸਦਾ ਕੌਰ ਅੱਜ ਉਹ (ਗੰਧ-ਗਿਰ) ਦੀ ਵਿਚ ਲੁਕੇ ਪਠਾਣਾਂ ਨੂੰ ਸੋਧਣ ਵਾਸਤੇ ਆਈ ਸੀ। ਸਾਰਾ ਦਿਨ ਲੜਾਈ ਲੜੀ, ਅੱਕੀ ਨਹੀਂ, ਥੱਕੀ ਨਹੀਂ ਸਭ ਤੋਂ ਅੱਗੇ ਹੋ ਕੇ ਲੜਦੀ ਰਹੀ। ਵੱਡੇ-ਵੱਡੇ ਤਲਵਾਰ ਦੇ ਧਨੀ ਪਠਾਣਾਂ ਨੂੰ ਹਾਰ ਦੇ ਚੁੱਕੀ ਸੀ ।

ਸਦਾ ਕੌਰ ਨੂੰ ਇਕ ਹੋਰ ਖੁਸ਼ੀ ਸੀ ਕਿ ਉਸ ਦਿਨ ਉਹਦੇ ਨਾਲ ਉਹਦਾ ਦੋਹਤਰਾ ਸ਼ਾਹਜ਼ਾਦਾ ਸ਼ੇਰ ਸਿੰਘ । ਉਹ ਵੀ ਉਹ ਦੇ ਵਾਂਗ ਅਣਖੀਲਾ ਤੇ ਦਲੇਰ ਸੀ । ਆਪਣੇ ਦੋਹਤਰੇ ਨੂੰ ਆਪ ਲੜਾਈ ਦੀ ਸਿਖਿਆ ਦੇ ਰਹੀ ਸੀ । ਲਾਗੇ ਰੱਖ ਕੇ ਲੜਾਉਂਦੀ ਉਹਦੀ ਰਾਖੀ ਕਰਦੀ। ਜਿਥੋਂ ਲੜਨੋਂ ਉੱਕਦਾ ਓਥੇ ਦਾਅ ਦੱਸਦੀ ।

ਉਸ ਚਟਾਨ ਦੇ ਹੇਠਾਂ ਦੂਰ ਤਕ ਖ਼ਾਲਸਾ ਫੌਜ ਖਿੱਲਰੀ ਹੋਈ ਸੀ। ਸਾਰਾ ਮੈਦਾਨ ਲਹੂ ਨਾਲ ਲਾਲ ਸੀ । ਨੱਸਦੇ ਤੇ ਮਰੇ ਪਠਾਣਾਂ ਦੇ ਖੁਲ੍ਹੇ ਲੀੜੇ ਝਾੜੀਆਂ ਨਾਲ ਅੜੇ ਪਏ ਸਨ । ‘ਸਿੱਖ ਆਏ ! ਤੋਬਾ ਸਿੱਖ ਆਏ।’ ਹੀ ਸੱਦ ਹਰ ਘਰ ਹਰ ਪੱਥਰ ਝਾੜੀ ਵਿਚੋਂ ਆ ਰਹੀ ਸੀ। ਪੱਛਮ ਵਲ ਡੁੱਬ ਰਹੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਗੰਧਿ-ਗਿਰਿ ਦੀਆਂ ਬਰਫਾਨੀ ਚੋਟੀਆਂ ਨੂੰ ਸਤਰੰਗੀਆਂ ਕਰ ਰਹੀਆਂ ਸਨ।

ਉੱਚੀ ਚਟਾਨ ਤੇ ਖਲੋਤੀ ਸਦਾ ਕੌਰ ਨੇ ਨੈਣਾਂ ਸਾਹਮਣੇ ਉਹ ਦੇ ਪਤੀ ਸ: ਗੁਰਬਖਸ਼ ਸਿੰਘ ਦੀ ਤਸਵੀਰ ਆਈ। ਜਿਸ ਤਸਵੀਰ ਨੂੰ ਉਹ ਨਾ ਭੁੱਲੀ ਸੀ ਤੇ ਨਾ ਸਦੀਵੀ ਕਾਲ ਵਾਸਤੇ ਭੁੱਲ ਸਕਦੀ ਸੀ । ਉਸ ਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਚਿੱਟੇ ਬਸਤਰਾਂ ਵਿਚ ਦੂਰ ਖਲੋਤੇ ਹੋਏ ਉਸ ਦੇ ਪਤੀ ਦੇਵ ਉਹਦੇ ਵੱਲ ਦੇਖ ਕੇ ਮੁਸਕਰਾ ਰਹੇ ਸਨ । ਉਹ ਮੁਸਕਰਾਹਟ ਦੇ ਵਿਚ ਇਹ ਭਾਵ ਸੀ-‘ਸਦਾ ਕਾਲ ਅਮਰ ਰਹਿਣ ਵਾਲੀਏ ਸਦਾ ਕੌਰੇ, ਮੈਂ ਤੈਨੂੰ ਵਧਾਈ ਦੇਂਦਾ ਹਾਂ । ਤੂੰ ਮਹਾਨ ਜੇਤੂ ਹੈਂ । ਬਹਾਦਰੀ ਨਾਲ ਤੂੰ ਦੁਸ਼ਮਣ ਨੂੰ ਨਹੀਂ ਜਿੱਤਿਆ ਸਗੋਂ, ਪੰਜਾਂ (ਕਾਮ, ਕ੍ਰੋਧ, ਮੋਹ, ਲੋਭ, ਅਹੰਕਾਰ ਆਦਿਕ) ਨੂੰ ਜਿੱਤ ਲਿਆ ਨੂੰ । ਮੇਰੇ ਨਾਲ ਪ੍ਰੀਤ ਪਾਈ ਤੇ ਤੋੜ ਨਿਭਾਈ। ਸੱਚੀ ਸਤਵੰਤੀ ਤੇ ਸਤੀ ਨਾਰੀ ਤੂੰ ਹੈ, ਤੇਰਾ ਪਿਆਰ,

ਤੇਰਾ ਧਰਮ, ਤੇਰੀ ਬਹਾਦਰੀ ਅਮਰ ਰਹਿਣ। ਉਸੇ ਤਰ੍ਹਾਂ ਜਿਵੇਂ ਧ੍ਰੂ ਤਾਰਾ

ਅਮਰ ਹੈ ।’

‘ਸਭ ਅਕਾਲ ਪੁਰਖ ਦੀ ਮਿਹਰ ਤੇ ਆਪ ਦੀ ਪ੍ਰੀਤ ਦੇ ਬਲ ਨਾਲ ਮੈਂ ਕੀਤੀ ਪ੍ਰਤਗਿਆ ਨੂੰ ਪੂਰਿਆ ਕੀਤਾ ਹੈ।’ ਅਨਬੋਲੇ ਹੀ ਸਦਾ ਕੌਰ ਨੇ ਉੱਤਰ ਦਿੱਤਾ ।

ਚਟਾਨ ‘ਤੇ ਖਲੋਤੀ ਹੋਈ ਸਦਾ ਕੌਰ ਵੈਰੀ ਦੇ ਗੁਪਤ ਮੋਰਚਿਆਂ ਦੀ ਜਾਚ ਕਰ ਰਹੀ ਸੀ । ਪਹਿਲੇ ਦਿਨ ਦੇ ਮੈਦਾਨ ਨੂੰ ਜਿੱਤ ਚੁਕੀ ਸੀ, ਉਸ ਦੀ ਟੱਕਰ ਮਮੂਲੀ ਆਦਮੀਆਂ ਨਾਲ ਨਹੀਂ ਸੀ, ਸਗੋਂ ਉਨ੍ਹਾਂ ਪਠਾਣਾਂ ਨਾਲ, ਮਹਾਂਬਲੀ ਤੇ ਸਿਆਣੇ ਲੜਾਕੇ ਸਮਝੇ ਜਾਂਦੇ ਸਨ । ਜਿਨ੍ਹਾਂ ਨੇ ਹਿੰਦੁਸਤਾਨੀਆਂ ਨੂੰ ਗਊਆਂ ਸਮਝਿਆ ਹੋਇਆ ਸੀ, ਤੇ ਜਦੋਂ ਚਿੱਤ ਕਰਦਾ ਸੀ ਤਦੋਂ ਲੁੱਟਣ ਵਾਸਤੇ ਚੜ੍ਹ ਆਉਂਦੇ ਸਨ ।

ਇਸ ਮੈਦਾਨੇ ਜੰਗ ਵਿਚ ਸਦਾ ਕੌਰ ਇਕ ਅਰਬੀ ਘੋੜੇ ਉਤੇ ਸਵਾਰ ਸੀ । ਉਹ ਘੋੜਾ ਬੜੇ ਵੱਡੇ ਕੱਦ ਵਾਲਾ ਸੀ। ਉਸਦੇ ਸੁੰਬਾਂ ਦੀਆਂ ਟਾਪਾਂ ਪਥਰੀਲੀ ਧਰਤੀ ਨੂੰ ਹਿਲਾ ਦੇਂਦੀਆਂ ਸਨ । ਉਸ ਘੋੜੇ ਉਤੇ ਸਵਾਰ ਸਦਾ ਕੌਰ ਮੋਹਰੇ ਹੋ ਕੇ ਲੜੀ ਸੀ, ਨੇਜੇ, ਬੰਦੂਕ ਤੇ ਤਲਵਾਰ ਤਿੰਨੇ ਹਥਿਆਰ ਵਰਤੇ ਸਨ । ਇਕ ਸਰਦਾਰ ਇਸਤ੍ਰੀ ਨੂੰ ਮਹਾਂ ਚੰਡਕਾ ਦੀ ਤਰ੍ਹਾਂ ਲੜਦੀ ਦੇਖ ਕੇ ਪਠਾਣ ਹੈਰਾਨ ਤੇ ਭੈ ਭੀਤ ਹੁੰਦੇ ਜਾਂਦੇ ਸਨ, ਜਿਥੇ ਵਾਰ ਕਰਦੀ ਸੀ ਓਥੇ ਹੀ ਪਠਾਨ ਨੂੰ ਦੋ ਟੋਟੇ ਕਰ ਦੇਂਦੀ ਸੀ । ਪਠਾਨਾਂ ਦੇ ਲੜਾਕੇ ਸੂਰਮਿਆਂ ਨੇ ਸਰਦਾਰਨੀ ਨੂੰ ਘੇਰ ਕੇ ਸ਼ਹੀਦ ਕਰਨ ਦਾ ਬਹੁਤ ਯਤਨ ਕੀਤਾ, ਪਰ ਦੇਸਾਂ ਦੀ ਸਹਾਇਤਾ ਨਾਲ ਸਰਦਾਰਨੀ ਨੇ ਐਸਾ ਘੋਰ ਯੁੱਧ ਕੀਤਾ ਕਿ ਵੈਰੀ ਦੀਆਂ ਸਤੇ-ਸੁਧਾਂ ਭੁੱਲ ਜਾਂਦੀਆਂ ਰਹੀਆਂ। ਉਹ ਮੈਦਾਨ ਛੱਡ ਕੇ ਜਾਂਦੇ ਰਹੇ । ਭੱਜਣ ਲੱਗੇ ਪਠਾਨਾਂ ਨੂੰ ਕੈਦ ਕਰ ਲਿਆ। ਉਨ੍ਹਾਂ ਕੋਲੋਂ ਹਥਿਆਰ ਖੋਹ ਲਏ । ਇਸ ਤਰਾਂ ਫਤਹਿ ਪ੍ਰਾਪਤ ਕੀਤੀ।

ਸਦਾ ਕੌਰ ਚਟਾਨ ਉੱਤੇ ਖਲੋਤੀ ਸੀ ਹਲਕਾਰੇ ਨੇ ਆ ਕੇ ਸੁਨੇਹਾ ਦਿੱਤਾ ।

‘ਮਾਤਾ ਜੀ! ਹਨੇਰ ਹੋ ਗਿਆ। ਵੈਰੀਆਂ ਨੇ ਬਹਾਦਰ ਰਾਮ ਦਿਆਲ ਸਮੇਤ ਉਹਦੇ ਸਾਰੇ ਜੁਵਾਨਾਂ ਨੂੰ ਸ਼ਹੀਦ ਕਰ ਦਿੱਤਾ ਹੈ ।’

‘ਉਹ ਕਿਵੇਂ ?’ ਸਦਾ ਕੌਰ ਨੇ ਪੁੱਛਿਆ।

‘ਉਹ ਜਵਾਨੀ ਦੇ ਜੋਸ਼ ਦੁਸ਼ਮਣ ਦੇ ਪਿੱਛੇ ਬਹੁਤ ਅੱਗੇ ਉਹਦੇ ਘਰ ਤੱਕ ਪਹੁੰਚ ਗਿਆ। ਘਰ ਪੁੱਜੇ ਬਹਾਦਰ ਨੂੰ ਵੈਰੀਆਂ ਨੇ ਘੇਰ ਲਿਆ।’

ਵਫ਼ਾਦਾਰ ਸਿਪਾਹੀ ਗੁਵਾਚ ਗਿਆ। ਹੱਛਾ! ਸ਼ਾਮ ਸਿੰਘ ਤੇ ਦੂਸਰੇ ਸਰਦਾਰਾਂ ਨੂੰ ਮੇਰੇ ਕੋਲ ਸੱਦੋ, ਰਾਮ ਦਿਆਲ ਦੇ ਖੂਨ ਦਾ ਬਦਲਾ ਹੁਣੇ ਲਿਆ ਜਾਵੇਗਾ । ਸਾਰਾ ਪਰਬਤ ਫੂਕ ਦਿੱਤਾ ਜਾਵੇਗਾ। ਖੱਡਾਂ ਵਿਚ ਤੇ ਪੱਥਰਾਂ ਓਹਲੇ ਲੁਕੇ ਦੁਸ਼ਮਣਾਂ ਨੂੰ ਚੁਣ ਕੇ ਮਾਰਿਆ ਜਾਵੇਗਾ ।’

ਸਰਦਾਰ ਸ਼ਾਮ ਸਿੰਘ ਅਟਾਰੀ ਤਦੋਂ ਮੰਨੇ-ਪ੍ਰਮੰਨੇ ਬਹਾਦਰਾਂ ਵਿਚੋਂ ਸਨ। ਸ਼ਾਹਜ਼ਾਦਾ ਸ਼ੇਰ ਸਿੰਘ ਮੁੱਛ ਫੁੱਟ ਗੱਭਰੂ ਸੀ। ਪਰ ਵੈਰੀ ਕੋਲੋਂ ਡਰਦਾ ਨਹੀਂ ਸੀ । ਹੁਕਮਾ ਸਿੰਘ ਚਿਮਨੀ ਵੀ ਫੌਜ ਦੇ ਨਾਲ ਸੀ। ਪਰ ਸਾਰੀ ਫੌਜ ਦੀ ਕਮਾਨ ਸਦਾ ਕੌਰ ਕਰ ਰਹੀ ਸੀ ।

ਸਦਾ ਕੌਰ ਚਟਾਨ ਤੋਂ ਹੇਠਾਂ ਉੱਤਰ ਕੇ ਘੋੜੇ ਉਤੇ ਸਵਾਰ ਹੋ ਗਈ। ਸ਼ਾਮ ਸਿੰਘ ਅਟਾਰੀ, ਸ਼ੇਰ ਸਿੰਘ ਤੇ ਹੁਕਮਾ ਸਿੰਘ ਚਿਮਨੀ ਤਿੰਨੇ ਸਰਦਾਰ ਸਦਾ ਕੌਰ ਦਾ ਸੁਨੇਹਾ ਸੁਣ ਕੇ ਝੱਟ ਉਸ ਦੇ ਕੋਲ ਆਏ। ਉਨ੍ਹਾਂ ਨੂੰ ਸੰਬੋਧਨ ਕਰਕੇ ਸਦਾ ਕੌਰ ਨੇ ਕਿਹਾ-‘ਚੜ੍ਹਦੀ ਜੁਵਾਨੀ ਦੀਵਾਨ ਰਾਮ ਦਿਆਲ ਬਾਗੀਆਂ ਦੇ ਹੱਥੋਂ ਸ਼ਹੀਦ ਹੋ ਗਿਆ ਹੈ । ਰਾਮ ਦਿਆਲ ਨੂੰ ਤੁਸਾਂ ਦਾ ਮਹਾਰਾਜਾ ਪੁੱਤ੍ਰਾਂ ਵਾਂਗ ਪਿਆਰਦਾ ਸੀ ਉਹ ਅਸਾਂ ਨੂੰ ਕੀ ਆਖਣਗੇ ? ਮੋਹਕਮ ਚੰਦ (ਰਾਮ ਦਿਆਲ ਦੇ ਬਾਬੇ) ਤੇ ਦੀਵਾਨ ਮੋਤੀ ਰਾਮ (ਰਾਮ ਦਿਆਲ ਦੇ ਪਿਤਾ) ਨੂੰ ਕੀ ਦੱਸਾਂਗੇ ? ਬੱਸ ਮੇਰੇ ਵਲੋਂ ਹੁਕਮ ਹੈ ਕਿ ਅਪਰਾਧੀਆਂ ਨੂੰ ਡੰਨ ਦਿੱਤਾ ਜਾਵੇ । ਗੰਧਿ ਗਿਰਿ ਦਾ ਚੌਗਿਰਦਾ ਇਸ ਦੀਆਂ ਕੁਖਾਂ, ਚੋਟੀਆਂ, ਪੱਥਰ ਤੇ ਝਾੜੀਆਂ ਫਰੋਲ ਮਾਰੋ। ਜਿਹੜਾ ਵੀ ਦੁਸ਼ਮਣ ਜਾਂ ਬਾਗੀ ਲੁਕਿਆ ਹੋਇਆ ਹੈ ਮਿਲੇ ਉਸਨੂੰ ਫੜ ਲਵੋ, ਪਰ ਹਮਲਾ ਹੁਣ ਸਵੇਰੇ ਪ੍ਰਭਾਤ ਵੇਲੇ ਕੀਤਾ ਜਾਵੇ । ਅਨਡਿੱਠੀ ਧਰਤੀ ਉਤੇ ਰਾਤ ਫਿਰਨਾ ਚੰਗਾ ਨਹੀਂ ।’ ਸਭ ਨੇ ਸਦਾ ਕੌਰ ਦੇ ਇਸ ਹੁਕਮ ਅੱਗੇ ਸਿਰ ਝੁਕਾ ਦਿੱਤਾ ।

ਅਗਲੇ ਦਿਨ ਘੁਸਮੁਸੇ ਹੀ ਸੀ ਕਿ ਖਾਲਸਾ ਫੌਜ ਨੇ ਕਾਬਲੀਆਂ ਦੇ ਘਰਾਂ ਤੇ ਉਨ੍ਹਾਂ ਦੀਆਂ ਲੁਕਵੀਆਂ ਛਾਉਣੀਆਂ ਉਤੇ ਹੱਲਾ ਬੋਲ ਦਿੱਤਾ । ਅਪਰਾਧੀਆਂ ਨੂੰ ਚੁਣ-ਚੁਣ ਕੇ ਮਾਰਿਆ ਤੇ ਕਈਆਂ ਨੂੰ ਜੀਉਂਦੇ ਫੜ ਲਿਆ। ਜਦੋਂ ਉਨ੍ਹਾਂ ਨੇ ਦੇਖਿਆ ਕਿ ਹੁਣ ਉਨ੍ਹਾਂ ਵਾਸਤੇ ਮੌਤ ਦੇ ਹਨੇਰੇ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ ਤਾਂ ਇੱਕੜ-ਦੁਕੜ ਸਾਰਿਆਂ ਨੇ ਹਥਿਆਰ ਸੁੱਟ ਦਿੱਤੇ । ਖ਼ਾਲਸਾ ਰਾਜ ਦੇ ਅਧੀਨ ਹੋਣ ਵਾਸਤੇ ਤਿਆਰ ਹੋ ਗਏ । ਉਨ੍ਹਾਂ ਦਾ ਇਕ ਜਰਗਾ (ਜਥਾ) ਖਿਮਾਂ ਵਾਸਤੇ ਸਰਦਾਰਨੀ ਜੀ ਦੇ ਪੇਸ਼ ਹੋਇਆ।

‘ਦੇਖੋ! ਖ਼ਾਲਸਾ ਫੌਜ ਦਾ ਨਿਸ਼ਾਨਾ ਕਿਸੇ ਨੂੰ ਲੁਟਣਾ, ਗੁਲਾਮ ਕਰਕੇ ਦੁਖੀ ਕਰਨਾ ਨਹੀਂ, ਸ਼ਾਂਤੀ, ਪ੍ਰੇਮ ਦੇ ਜੀਵਨ ਜੀਣ ਦੀ ਜਾਚ ਦੱਸਣਾ ਹੈ । ਤੁਸਾਂ ਲੋਕਾਂ ਨੇ ਅਗਿਆਨਤਾ ਦੇ ਕਾਰਨ ਆਪਣੇ ਗੁਵਾਂਢੀਆਂ ਤੇ ਮਾੜਿਆਂ ਨੂੰ ਚੋਰੀ, ਖੂਨ ਧੱਕੇ ਅਤੇ ਆਪ ਹੁਦਰੇਪਨ ਨਾਲ ਬਹੁਤ ਦੁਖੀ ਕੀਤਾ ਸੀ । ਸਰਦਾਰ ਮੱਖਣ ਸਿੰਘ ਵਰਗਿਆਂ ਨੂੰ ਸ਼ਹੀਦ ਕੀਤਾ ਸੀ। ਤੁਸਾਂ ਦੇ ਅਪਰਾਧ ਬਦਲੇ ਫੌਜ ਨੂੰ ਏਥੇ ਆਉਣਾ ਪਿਆ। ਹਿੰਦੂ, ਮੁਸਲਮਾਨ ਤੇ ਸਿੱਖ ਸਾਰੇ ਉਸ ਵਾਹਿਗੁਰੂ (ਖੁਦਾ ਤੇ ਭਗਵਾਨ) ਦੀ ਰਚਨਾ ਹਨ । ਸਾਰੇ ਭਾਈ-ਭਾਈ ਹਨ । ਸਾਰਿਆਂ ਨੂੰ ਮਿਲਕੇ ਰਹਿਣਾ ਚਾਹੀਦਾ ਹੈ । ਖਾਲਸਾ ਰਾਜ ਤੁਸਾਂ ਦੇ ਧਰਮ ਕਰਮ ਤੇ ਸਮਾਜਿਕ ਰਸਮੋ-ਰਿਵਾਜਾਂ ਵਿਚ ਕੋਈ ਦਖਲ ਨਹੀਂ ਦੇਵੇਗਾ। ਨਾ ਕਿਸੇ ਨੂੰ ਨਿਰ-ਅਪਰਾਧ ਤੰਗ ਕਰੇਗਾ. ਜੇ ਤੁਸੀਂ ਤੇ ਤੁਸਾਂ ਦੇ ਸਾਥੀਆਂ ਦੇ ਸਾਥੀ ਇਹ ਭਰੋਸਾ ਦਿਵਾਉਣ ਕਿ ਉਹ ਅੱਗੇ ਨੂੰ ਚੰਗੇ ਸ਼ਹਿਰੀ ਬਣ ਕੇ ਰਹਿਣਗੇ ਤਾਂ ਸਾਰੇ ਆਜ਼ਾਦ ਕੀਤੇ ਜਾ ਸਕਦੇ ਹਨ।

ਸਿੱਖ ਫੌਜ ਦੀ ਮਹਾਂ ਪਰਬਲ ਸ਼ਕਤੀ ਨੂੰ ਉਹ ਦੇਖ ਚੁੱਕੇ ਸਨ । ਸਦਾ ਕੌਰ ਦੇ ਇਕ-ਇਕ ਹੁਕਮ ਨੂੰ ਉਨ੍ਹਾਂ ਸਿਰ-ਮੱਥੇ ਪ੍ਰਵਾਨ ਕੀਤਾ। ਭਰੋਸੇ ਦੇ ਬਚਨ ਦਿੱਤੇ ਕਿ ਉਹ ਅੱਗੇ ਨੂੰ ਕਦੀ ਕੋਈ ਮਾੜੀ ਹਰਕਤ ਨਹੀਂ ਕਰਨਗੇ ।

ਗੰਧਿ-ਗਿਰਿ ਤੇ ਹਜ਼ਾਰੇ ਦੇ ਹੋਰ ਇਲਾਕੇ ਨੂੰ ਫ਼ਤਿਹ ਕਰਕੇ ਕਸ਼ਮੀਰ ਨੂੰ ਜਾਣ ਵਾਸਤੇ ਛੋਟੇ ਤੇ ਸੌਖੇ ਰਾਹ ਨੂੰ ਆਜ਼ਾਦ ਕੀਤਾ। ਸਿਕੰਦਰ ਆਜ਼ਮ ਵਾਂਗ ਏਸ਼ੀਆ ਦੀ ਜਾਨ ਆਫ਼ ਆਰਕ ਜੇਤੂ ਫੌਜ ਨੂੰ ਵਾਪਸ ਮੌੜ ਕੇ ਮੰਜ਼ਲੋ ਮੰਜ਼ਲੀ ਲਾਹੌਰ ਪਹੁੰਚ ਗਈ । ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਪੁੱਜ ਕੇ ਸਰਦਾਰਨੀ ਨੇ ਫੌਜੀ ਜਰਨੈਲਾਂ ਸੂਰਮਿਆਂ ਨੂੰ ਮਹਾਰਾਜੇ ਪਾਸੋਂ ਇਨਾਮ ਤੇ ਜਗੀਰਾਂ ਦਿਵਾਈਆਂ । ਸਰਦਾਰਨੀ ਦਾ ਜੱਸ ਸੁਗੰਧੀ ਦੀ ਤਰ੍ਹਾਂ ਸਾਰੇ ਖਿਲਰ ਗਿਆ। ਭੱਟ ਕੇ ਕਵੀਸ਼ਰ ਆਪ ਦੀ ਬਹਾਦਰੀ ਦੀਆਂ ਵਾਰਾਂ ਜੋੜ ਕੇ ਗਾਉਣ ਲੱਗੇ ।

18.

੧੭੯੦ ਈਸਵੀ ਵਿਚ ਦਸ ਸਾਲ ਦੀ ਆਯੂ ਦੇ ਯਤੀਮ ਬਾਲਕ ਰਣਜੀਤ ਸਿੰਘ ਦੀ ਰਾਖੀ ਦੀ ਜ਼ੁੰਮੇਵਾਰੀ ਦਾ ਭਾਰ ਸਦਾ ਕੌਰ ਨੇ ਉਸ ਵੇਲੇ ਚੁਕਿਆ ਜਦੋਂ ਉਹ ਖੁਦ ਇਕ ਜੁਵਾਨ ਵਿਧਵਾ ਦੇ ਰੂਪ ਵਿਚ ਸੀ ਤੇ ਉਸ ਨੂੰ ਵਿਧਵਾ ਕਰਨ ਵਿਚ ਵੀ ਰਣਜੀਤ ਸਿੰਘ ਦੇ ਪਿਤਾ ਸ: ਮਹਾਂ ਸਿੰਘ ਦਾ ਹੱਥ ਸੀ । ਸੰਸਾਰ ਵਿਚ ਐਸੀਆਂ ਇਸਤ੍ਰੀਆਂ ਬਹੁਤ ਘੱਟ ਹਨ ਜਿੜੀਆਂ ਆਪਣੇ ਪਤੀ ਪਰਮੇਸ਼ਰ ਦੇ ਕਾਤਲਾਂ ਨੂੰ ਖਿਮਾਂ ਕਰਨ । ਪਰ ਨਿਰਵੈਰਤਾ ਦੀ ਦੇਵੀ ਸਦਾ ਕੌਰ ਨੇ ਮਹਾਂ ਸਿੰਘ ਦੇ ਪੁੱਤ੍ਰ ਨੂੰ ਜੁਵਾਈ ਬਣਾਇਆ । ਜੁਵਾਈ ਨੂੰ ਧਰਮ-ਪੁੱਤ੍ਰ ਸਮਝ ਕੇ ਉਸਨੂੰ ਜਗ ਵਿਚ ਮਹਾਰਾਜਾ ਬਣਾਉਣ ਵਾਸਤੇ ਪੂਰੇ ਤੇਤੀ ਸਾਲ ਲੜਾਈਆਂ ਲੜੀਆਂ, ਰਾਜ-ਕਾਜ ਵਿਚ ਪੂਰੀ ਬਿਰਤੀ ਜੋੜ ਕੇ ਸੋਚਿਆ। ਨੀਂਦਰੇ ਕੱਟੇ, ਲੰਮੇ ਪੰਧ ਕੀਤੇ, ਵੈਰੀ ਨਾਲ ਲੋਹਾ ਲੈਂਦਿਆਂ ਹੋਇਆਂ ਤਨ ਉਤੇ ਜਖ਼ਮ ਕਰਾਏ ਅਤੇ ਰਣਜੀਤ ਸਿੰਘ ਨੂੰ ਵੱਡਾ ਮਹਾਰਾਜਾ ਬਣਾਉਣ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਰਾਂ ਅਨੁਸਾਰ ਸਰਬ-ਜਗਤ ਭਲਾਈ ਵਾਲਾ ਖ਼ਾਲਸਾ ਰਾਜ ਕਾਇਮ ਕਰਨ ਵਾਸਤੇ ਇਸਤ੍ਰੀਪਨ ਤੇ ਜੀਵਨ ਦਾ ਸੁਨਹਿਰੀ ਸਮਾਂ ਘੋੜੇ ਦੀ ਕਾਠੀ ਉਤੇ ਬੈਠਕ ਤੇ ਹਿੰਦ ਤੇ ਲੋਕਾਂ ਦੇ ਵੈਰੀਆਂ ਨੂੰ ਸੋਧਣ ਵਿਚ ਬਤੀਤ ਕੀਤਾ । ਸਤਵੰਤੀ ਸਤੀ ਸੀਤਾ ਮਹਾਂ ਤਿਆਗਨ ਨਿਰਭੈ ਤੇ ਨਿਰਵੈਰ ਜੋਧਾ ਰੂਪ ਦੁਰਗਾ ਸਰਦਾਰਨੀ ਸਦਾ ਕੌਰ ਦੀ ਮਿਹਨਤ ਅਤੇ ਨੇਕ ਨੀਤ ਨੂੰ ਫਲ ਲੱਗਾ । ਵਾਹਿਗੁਰੂ ਨੇ ਓਹਦੇ ਮਨ ਦੇ ਸਾਰੇ ਮਨੋਰਥ ਪੂਰੇ ਕਰ ਦਿੱਤੇ ਸਨ । ੬੧ ਸਾਲ ਦੀ ਉਮਰ ਵਿਚ ਉਹ ਪ੍ਰਸੰਨ ਚਿਤ ਸੀ।

੧੯੨੩ ਈਸਵੀ ਵਿਚ ਰਣਜੀਤ ਸਿੰਘ ਨੂੰ ਸਾਰਾ ਜਹਾਨ ‘ਸ਼ੇਰੇ ‘ਪੰਜਾਬ’ ਤੇ ‘ਮਹਾਰਾਜਾ’ ਆਖਦਾ ਸੀ । ਅਕਬਰ ਤੇ ਬਿਕ੍ਰਮਾਜੀਤ ਵਾਂਗ ਉਹਦੇ ਦਰਬਾਰ ਵਿਚ ਵੀ ਨੌ ਰਤਨ ਬੈਠਦੇ ਸਨ । ਚਿੜੀਆਂ ਦੇ ਦੁੱਧ ਤੋਂ ਬਿਨਾਂ ਸਭ ਵਸਤੂਆਂ ਪ੍ਰਾਪਤ ਹੁੰਦੀਆਂ ਸਨ । ਨਿਪਾਲ, ਕਾਬਲ, ਫ਼ਰਾਂਸ, ਜਰਮਨੀ, ਰੂਸ ਤੇ ਇੰਗਲਸਤਾਨ ਦੇ ਬਾਦਸ਼ਾਹ ਵਲੋਂ ਨਜ਼ਰਾਨੇ ਤੇ ਤੋਹਫੇ ਆਉਂਦੇ ਸਨ ਤੇ ਮਿੱਤ੍ਰਤਾ ਦੀ ਪੱਕੀ ਗੰਢ ਪਾਉਣ ਵਾਸਤੇ ਸੰਧੀ ਨਾਮਿਆਂ ਵਾਸਤੇ ਬੇਨਤੀਆਂ ਕੀਤੀਆਂ ਜਾ ਰਹੀਆਂ ਸਨ।

ਕਿਲ੍ਹੇ ਦੇ ਵਿਚ ਦਰਬਾਰ ਲੱਗਦੇ ਸੀ, ਹਾਸ਼ਮ ਵਰਗੇ ਕਵੀ ਉਪਮਾ ਵਿਚ ਕਵਿਤਾ ਪੜ ਕੇ ਸੁਣਾਉਂਦੇ ਤੇ ਇਨਾਮ ਪ੍ਰਾਪਤ ਕਰਦੇ ਸਨ । ਮਹਾਰਾਜੇ ਦੀਆਂ ਦਸ ਸ਼ਾਦੀਆਂ ਹੋ ਚੁੱਕੀਆਂ ਸਨ । ਰਾਗ-ਰੰਗ ਹੁੰਦੇ ਸਨ। ਲੱਖਾਂ ਰੁਪਿਆਂ ਦੇ ਰੋਜ਼ ਦਾਨ ਕੀਤੇ ਜਾਂਦੇ ਸਨ, ਹਿੰਦੂ ਤੇ ਮੁਸਲਮਾਨ ਨੂੰ ਇਕ ਅੱਖ ਨਾਲ ਦੇਖਿਆਂ ਜਾਂਦਾ ਸੀ । ਈਰਖਾ, ਸਾੜੇ, ਮਜ਼ਹਬੀ ਤੁਅੱਸਬ ਅਤੇ ਲੜਾਈ ਝਗੜੇ ਦਾ ਨਾਮ ਨਿਸ਼ਾਨ ਨਹੀਂ ਸੀ ਪੰਡਤ ਮੰਦਰ ਵਿਚ, ਭਾਈ ਗੁਰਦੁਆਰੇ ਤੇ ਮੁੱਲਾਂ-ਕਾਜ਼ੀ ਮਸੀਤ ਵਿਚ ਪ੍ਰਸੰਨ ਸਨ। ਸ਼ਾਹੀ ਖ਼ਜ਼ਾਨੇ ਵਿਚ ਕੋਹੇਨੂਰ ਵਰਗੇ ਹੀਰੇ, ਸੋਨੇ ਤੇ ਚਾਂਦੀ ਦੇ ਅਤੁੱਲ ਭੰਡਾਰ मठ ।

ਫੌਜੀ ਸ਼ਕਤੀ ਏਸ਼ੀਆ ਦੇ ਸਾਰੇ ਨਵਾਬਾਂ ਤੇ ਮਹਾਂ-ਰਾਜਿਆਂ ਨਾਲੋਂ ਵੱਡੀ ਸੀ। ਇਟਲੀ, ਫਰਾਂਸ ਤੇ ਇੰਗਲਸਤਾਨ ਦੇ ਫੌਜੀ ਜਰਨਲ ਮਹਾਰਾਜੇ ਦੀਆਂ ਫੌਜਾਂ ਵਿਚ ਆ ਭਰਤੀ ਹੋਏ ਸਨ। ਤੋਪਾਂ, ਬੰਦੂਕਾਂ ਬਣਾਉਣ ਦਾ

ਕਾਰਖ਼ਾਨਾ ਆਪਣਾ ਸੀ । ਸਤਲੁਜ ਤੋਂ ਖ਼ੈਬਰ ਪਾਸ ਤੇ ਉੱਤਰੀ ਪਰਬਤਾਂ-

ਗਿਲ-ਗਿੱਤ-ਗੁਲ ਮਰਗ, ਚੰਬਾ ਤੇ ਕੁਲੂ ਦੀਆਂ ਪਹਾੜੀਆਂ ਤੋਂ ਲੈ ਕੇ

ਪੰਜਾਂ ਦਰਿਆ ਨੱਦ (ਪੰਜਾਂ ਦਰਿਆਵਾਂ) ਤੱਕ ਮਹਾਰਾਜੇ ਦੀਆਂ ਫੌਜੀ

ਛਾਉਣੀਆਂ ਸਨ। ਯਾਰਾਂ ਸਾਲ ਹਿੰਦ ਉਤੇ ਹਮਲੇ ਕਰਨ ਵਾਲੇ ਗਜ਼ਨੀ,

ਦੁਰਾਨੀ ਚੰਗੇਜ਼ ਕਬੀਲੇ ਕਾਬਲ ਤੇ ਅਰਬ ਵਿਚ ਭੁੱਖ ਨਾਲ ਘੁਲਦੇ ਹੋਏ

ਪੰਜਾਬ ਦੀ ਪਵਿਤ੍ਰ ਧਰਤੀ ਵੱਲ ਅੱਖ ਭਰ ਕੇ ਝਾਕਦੇ ਵੀ ਨਹੀਂ ਸਨ।

ਸਗੋਂ ਉਨ੍ਹਾਂ ਦੀਆਂ ਨਾਰੀਆਂ ਸਿੰਘ ਦੇ ਨਾਮ ਲੈ ਲੈ ਕੇ ਆਪਣੇ ਬੱਚਿਆਂ

ਨੂੰ ਡਰਾਉਣ ਲੱਗ ਪਈਆਂ ਸਨ ।

ਖ਼ਾਲਸਾ ਰਾਜ ਤੇ ਮਹਾਰਾਜਾ ਰਣਜੀਤ ਸਿੰਘ ਦੇ ਇਸ ਇਕਬਾਲ ਦੀ ਕਰਤਾ ਸਰਦਾਰਨੀ ਸਦਾ ਕੌਰ ਸੀ ।

ਸ਼ੀਸ਼ ਮਹਿਲ ਵਿਚ ਬੈਠੇ ਹੋਏ ਮਹਾਰਾਜੇ ਰਣਜੀਤ ਸਿੰਘ ਨੇ ਸਦਾ ਕੌਰ ਨੂੰ ਆਪਣੇ ਕੋਲ ਸੱਦਿਆ। ਜਦੋਂ ਉਹ ਕੋਲ ਆ ਕੇ ਬੈਠੀ ਤਾਂ ਮਹਾਰਾਜੇ ਨੇ ਉਸ ਨੂੰ ਕਿਹਾ

‘ਕੀ ਤੁਸਾਂ ਸੁਣਿਆਂ ਹੈ ਕਿ ਰਾਣੀ ਦਇਆ ਕੌਰ ਅੰਬਾਲਾ ਚਲਾਣਾ ਕਰ ਗਈ ਹੈ ।’ ‘ਨਹੀਂ !’ ਸਦਾ ਕੌਰ ਨੇ ਅੱਗੋਂ ਉੱਤਰ ਦਿੱਤਾ ।

‘ਉਹ ਚਲਾਣਾ ਕਰ ਗਈ ਹੈ । ਉਸਦਾ ਕੋਈ ਪੁਤ੍ਰ ਨਾ ਹੋਣ ਕਰਕੇ ਉਹਦੇ ਚਲਾਣੇ ਪਿਛੋਂ ਉਹਦਾ ਰਾਜ ਅੰਗਰੇਜ਼ਾਂ ਨੇ ਆਪਣੇ ਰਾਜ ਨਾਲ ਸ਼ਾਮਲ ਕਰ ਲਿਆ ਹੈ ।’

‘ਬਹੁਤ ਮਾੜਾ ਕੀਤਾ ਨੇ ।’

‘ਛਾਵੇਂ ਵਾਹਿਗੁਰੂ ਦੀ ਕ੍ਰਿਪਾ ਨਾਲ ਤੁਸਾਂ ਨੂੰ ਕਿਸੇ ਗੱਲ ਦਾ ਘਾਟਾ ਨਹੀਂ । ਤੁਸਾਂ ਦੇ ਦੋ ਦੋਹਤਰੇ ਹਨ । ਫਿਰ ਵੀ ਕਾਨੂੰਨੀ ਤੌਰ ‘ਤੇ ਕੋਈ ਪੁੱਤ੍ਰ ਨਾ ਹੋਣ ਕਰਕੇ ਚਿੰਤਾ ਹੈ !’

‘ਕਿਸ ਗੱਲ ਦੀ ਚਿੰਤਾ ਹੈ ?’

‘ਏਹੋ ਕਿ ਕਿਲ੍ਹਾ ਵਡਨੀ, ਹਿੰਮਤਪੁਰ ਅਤੇ ਨਾਲ ਦੇ ਪੰਦਰਾਂ ਪਿੰਡ ਸਤਲੁਜ ਤੋਂ ਪਾਰ ਤੁਸਾਂ ਦੀ ਮਾਲਕੀਅਤ ਹੈ। ਮੈਂ ਚਾਹੁੰਦਾ ਹਾਂ ਉਸ ਉਤੇ ਆਪਣੇ ਜੀਉਂਦੇ ਜੀ ਖਾਲਸਾ ਫੌਜ ਦਾ ਕਬਜ਼ਾ ਕਰਾ ਦੋਵੇ । ਇਹ ਨਾ ਹੋਵੇ ਸਤਲੁਜ ਪਾਰ ਆਪਣਾ ਹੱਕ ਸਮਝ ਕੇ ਅੰਗਰੇਜ਼ ਕਬਜ਼ਾ ਕਰ ਲੈਣ । ਦੂਸਰੇ ਇਲਾਕੇ ਤਾਂ ਤੁਸੀਂ ਪਹਿਲਾਂ ਹੀ ਸ਼ੇਰ ਸਿੰਘ ਦੇ ਹਵਾਲੇ ਕਰ ਚੁੱਕੇ ਹੋ

ਸ: ਰਣਜੀਤ ਸਿੰਘ ਤੋਂ ਬਿਨਾਂ ਏਹੋ ਗੱਲ ਜੇਕਰ ਕੋਈ ਹੋਰ ਸਦਾ। ਕੌਰ ਨੂੰ ਆਖਦਾ ਤਾਂ ਉਹ ਉਸਦਾ ਸਿਰ ਕੱਟ ਦੇਂਦੀ । ਉਹਦੇ ਲਹੂ ਦੇ ਘੁੱਟ ਭਰਦੀ, ਪਰ ਉਹ ਐਸੇ ਧਰਮੀ ਪੁੱਤ੍ਰ ਦੇ ਮੂੰਹੋਂ ਅਸਹਿ ਗੱਲ ਸੁਣ ਰਹੀ ਸੀ ਜਿਸ ਨੂੰ ਉਹ ਮਾੜਾ ਬਚਨ ਵੀ ਮੂੰਹੋਂ ਨਹੀਂ ਸੀ ਆਖ ਸਕਦੀ ਉਹ ਉਸਦਾ ਜੁਆਈ ਵੀ ਸੀ।

ਪਤੀ ਦੀ ਸ਼ਹੀਦੀ, ਦੁਸ਼ਮਨਾਂ ਦੇ ਵਾਰਾਂ, ਲੰਮੇਂ ਪੰਧਾਂ ਤੇ ਭਿਆਨਕ ਜੁਧਾਂ ਤੋਂ ਨਾ ਡੋਲਣ ਤੇ ਘਬਰਾਉਣ ਵਾਲੀ ਸਦਾ ਕੌਰ ਮਹਾਰਾਜਾ ਰਣਜੀਤ ਸਿੰਘ ਦੇ ਕੋਲੋਂ ਇਹ ਵਾਕ ਸੁਣਕੇ-‘ਇਹ ਵੀ ਕਾਨੂੰਨੀ ਤੌਰ ‘ਤੇ ਕੋਈ ਪੁੱਤ੍ਰ ਨਾ ਹੋਣ ਕਰਕੇ ਚਿੰਤਾ ਹੈ ।’ ਉਹ ਘਬਰਾ ਗਈ । ਉਹਦਾ ਸਿਰ ਚਕਰਾ ਗਿਆ। ਉਹਦੇ ਹਿਰਦੇ ਨੂੰ ਸੱਟ ਲੱਗੀ । ਉਸ ਸੱਟ ਦੀ ਪੀੜ ਵਿਚੋਂ ਇਕ ਚੁੱਪ ਧਾਹ ਨਿਕਲੀ ‘ਉਫ ! ਮੈਂ ਨਪੁੱਤੀ ਹਾਂ ।’

ਇਸਤ੍ਰੀ ਦੀ ਆਤਮਾ ਪੁੱਤ੍ਰ ਬਿਨਾਂ ਦੀਵਾਨੀ ਹੁੰਦੀ ਹੈ । ਉਹ ਪੁਤ੍ਰ ਦੀ ਅਨਹੋਂਦ ਨੂੰ ਸਾਰੀ ਆਯੂ ਦੁੱਖ ਨਾਲ ਅਨੁਭਵ ਕਰਦੀ ਰਹਿੰਦੀ ਹੈ। ਪੁੱਤ੍ਰ ਨਿਸ਼ਾਨ ਹੈ, ਵਾਰਸ ਹੈ। ਮਾਂ ਦੀਆਂ ਆਂਦਰਾਂ ਨੂੰ ਠੰਡੀਆਂ ਰੱਖਣ ਵਾਲੀ ਇਕ ਅਮਰ ਸ਼ਕਤੀ ਹੈ । ‘ਮੈਂ ਨਪੁੱਤੀ ਹਾਂ ।’

ਸਦਾ ਕੌਰ ਦੇ ਮਨ ਦੀ ਹਵਾੜ ਸੀ । ਉਸਦਾ ਇਸਤ੍ਰੀਪਨ ਜਾਗ ਪਿਆ। ਉਸ ਨੂੰ ਉਨਤਾਲੀ (੩੯) ਸਾਲ ਪਿਛੋਂ ਪਤੀਦੇਵ ਸਰਦਾਰ ਗੁਰਬਖਸ਼ ਸਿੰਘ ਦੀ ਸ਼ਹੀਦੀ ਯਾਦ ਆਈ। ਇਸ ਯਾਦ ਦਾ ਦ੍ਰਿਸਟੀਕੋਣ ਵੱਖਰਾ ਤੇ ਨਿਰਾਲਾ ਸੀ । ਪਤੀ ਨੂੰ ਉਹ ਭੁੱਲੀ ਤਾਂ ਕਦੀ ਵੀ ਨਹੀਂ ਸੀ। ਉਹਦੇ ਪਿਆਰ ਦੀ ਅਮਾਨਤ ਸਾਰੀ ਉਮਰ ਬਣੀ ਰਹੀ ਸੀ।

ਉਸ ਸਮੇਂ ਸਦਾ ਕੌਰ ਨੂੰ ਆਪਣੀ ਪੁੱਤ੍ਰੀ ਮਹਿਤਾਬ ਕੌਰ ਭੁੱਲ ਗਈ। ਉਹਦੇ ਦੋ ਪੁੱਤ੍ਰ ਸ਼ਾਹਜ਼ਾਦਾ ਸ਼ੇਰ ਸਿੰਘ ਤੇ ਤਾਰਾ ਸਿੰਘ ਭੁੱਲ ਗਏ । ਅੱਜ ਉਸ ਨੂੰ ਪਤਾ ਲੱਗਾ ਕਿ ਪੁੱਤ੍ਰ ਨਾ ਹੋਣ ਦਾ ਅਰਥ ਤੇ ਦੁੱਖ ਕੀ ਹੈ ? ਉਹ ਅਨੁਭਵ ਕਰਨ ਲੱਗੀ ਕਿ ਕਿਹਾ ਚੰਗਾ ਹੁੰਦਾ ਮਤਾਬ ਕੌਰ ਦੀ ਥਾਂ ਪੁੱਤ੍ਰ ਉਸ ਦੀ ਕੁਖੋਂ ਜਨਮ ਲੈਂਦਾ । ਪੁੱਤ੍ਰ ਦੇ ਹੁੰਦਿਆਂ ਹੋਇਆਂ ਉਸ ਨੂੰ ਇਹ ਸੀਨਾ ਚੀਰਵੇਂ ਵਾਕ ਨਾ ਸੁਣਨੇ ਪੈਂਦੇ ।

ਸਦਾ ਕੌਰ ਦਾ ਮਨ ਭਰ ਆਇਆ, ਉਹਦੇ ਨੈਣਾਂ ਵਿਚ ਹੰਝੂ ਆ ਗਏ, ਪਰ ਇਹ ਚੰਗਾ ਹੋਇਆ ਕਿ ਉਹ ਹੰਝੂ ਪ੍ਰਗਟ ਨਹੀਂ ਹੋਏ, ਪਲਕਾਂ ਤੋਂ ਹੇਠਾਂ ਨਹੀਂ ਉਤਰੇ, ਜੇਹੜਾ ਦਿਲ ਕਦੀ ਡੋਲਿਆ ਨਹੀਂ ਸੀ ਉਹ ਥਰਥਰਾ ਉਠਿਆ। ਉਹਦੇ ਤਨ ਦਾ ਲਹੂ ਠੰਡਾ ਹੋਣ ਲੱਗਾ, ਫਿਰ ਵੀ ਆਪਣੀ ਆਤਮਿਕ ਪੀੜਾਂ ਨੂੰ ਗੁਪਤ ਰੱਖਦਿਆਂ ਹੋਇਆਂ ਉਸ ਨੇ ਨੀਤੀ ਦੇ ਲਹਿਜੇ ਵਿਚ ਮਹਾਰਾਜੇ ਨੂੰ ਉੱਤਰ ਦਿੱਤਾ-‘ਇਸ ਮਾਮਲੇ ਵਿਚ ਕਾਹਲ ਨਹੀਂ ਕਰਨੀ ਚਾਹੀਦੀ ।’

‘ਕਿਉਂ ?’ ਮਹਾਰਾਜੇ ਨੇ ਪੁੱਛਿਆ।

‘ਫਰੰਗੀ (ਅੰਗਰੇਜ਼) ਨਾਲ ਖ਼ਾਲਸਾ ਰਾਜ ਦੀ ਮਿੱਤ੍ਰਤਾ ਹੈ । ਦੂਸਰਾ ਅੱਜ-ਕਲ੍ਹ ਤੁਸੀਂ ਕੁਝ ਮਾੜੇ ਬੰਦਿਆਂ ਦੇ ਆਖੇ ਲੱਗ ਕੇ ਹਰ ਕੰਮ ਵਿਚ ਕਾਹਲ ਕਰ ਰਹੇ ਹੋ !’

‘ਐਵੇਂ ਤੁਸਾਂ ਨੂੰ ਭਰਮ ਹੈ । ਮੇਰੇ ਕੋਲ ਐਸਾ ਆਦਮੀ ਕੋਈ ਨਹੀਂ ਜੋ ਮੈਨੂੰ ਕੁਰਾਹੇ ਪਾਏ ਜਾਂ ਖ਼ਾਲਸਾ ਰਾਜ ਦਾ ਬੁਰਾ ਤੱਕਦਾ ਹੋਵੇ ।’

‘ਤੁਸੀਂ ਮੇਰੇ ਹੱਥਾਂ ਵਿਚ ਪਲੇ ਹੋ, ਮੈਂ ਹਰ ਇਕ ਦਰਬਾਰੀ ਦੀ ਖੋ ਤੋਂ ਚੰਗੀ ਤਰ੍ਹਾਂ ਜਾਣੂ ਹਾਂ । ਇਸ ਮਾਮਲੇ ਨੂੰ ਕਿਉਂ ਛੇੜਿਆ ਗਿਆ। ਹੈ, ਇਹ ਵੀ ਮੈਂ ਜਾਣਦੀ ਹਾਂ, ਮੈਂ ਤਾਂ ਏਹੋ ਸਲਾਹ ਦੇਵਾਂਗੀ ਕਿ ਇਸ ਮਾਮਲੇ ਵਿਚ ਕਾਹਲ ਨਾ ਕੀਤੀ ਜਾਵੇ ।’

‘ਇਹ ਸਮੱਸਿਆ ਛੇਤੀ ਹੱਲ ਹੋਣ ਵਾਲੀ ਹੈ। ਦੇਰ ਕਰਨ ਤੇ ਫਰੰਗੀ ਨੂੰ ਲਾਭ ਹੋਵੇਗਾ ।’

‘ਫਰੰਗੀ ਨੂੰ ਲਾਭ ਹੋਵੇ ਜਾਂ ਨਾ ਪਰ ਡੋਗਰਿਆਂ ਨੂੰ ਜ਼ਰੂਰ ਲਾਭ ਹੋਵੇਗਾ, ਜੋ ਮੇਰੇ ਤੇ ਤੁਸਾਂ ਦੇ ਵਿਚਾਲੇ ਈਰਖਾ ਦੀ ਖਾਈ ਪੁੱਟਣਾ ਚਾਹੁੰਦੇ ग्ठ ।’

‘ਐਵੇਂ ਭਰਮ ਹੈ ।’

‘ਭਰਮ ਨਹੀਂ ਹਕੀਕਤ ਹੈ ।’

‘ਖੈਰ ! ਅੰਦਰੂਨੀ ਮਾਮਲਿਆਂ ਉਤੇ ਫੇਰ ਵਿਚਕਾਰ ਕੀਤੀ ਜਾਵੇਗੀ ਇਹ ਦੱਸੋ ਕਿ ਖ਼ਾਲਸਾ ਫੌਜ ਨੂੰ ਵਡਨੀ ਭੇਜਿਆ ਜਾਵੇ ?’

‘ਮੈਂ ਅਜ ਬਟਾਲੇ ਜਾ ਰਹੀ ਹਾਂ। ਸੋਚ ਕੇ ਦੱਸਾਂਗੀ । ਕਾਹਲ ਨਾ ਕਰੋ । ਮਾਮਲੇ ਨੂੰ ਸੋਚੋ, ਅਜੇ ਬਹੁਤ ਮਾਮਲੇ ਨਜਿੱਠਣ ਵਾਲੇ ਹਨ ।’

‘ਅੱਜ ਨਹੀਂ ਦੱਸਦੇ ?’

‘ਨਹੀਂ! ਮੈਂ ਜਾ ਰਹੀ ਹਾਂ, ਮੇਰੇ ਮਨ ਦੀ ਹਾਲਤ ਠੀਕ ਨਹੀਂ, ਮੇਰੇ ਸਿਰ ਨੂੰ ਚੱਕਰ ਆ ਰਹੇ ਨੇ ।

‘ਹਕੀਮ ਜੀ ਨੂੰ ਬੁਲਾਇਆ ਜਾਵੇ ?’

‘ਕੋਈ ਲੋੜ ਨਹੀਂ !’

ਇਹ ਆਖ ਕੇ ਸਦਾ ਕੌਰ ਆਸਣ ਤੋਂ ਉੱਠੀ ਤੇ ਕਾਹਲੀ ਕਾਹਲੀ ਬਾਹਰ ਚਲੀ ਗਈ। ਮਹਾਰਾਜਾ ਰਣਜੀਤ ਸਿੰਘ ਉਹਦੇ ਵੱਲ ਵੇਖਦਾ ਹੋਇਆ ਕੁਝ ਸੋਚਦਾ ਰਿਹਾ। ਉਨ੍ਹਾਂ ਨੇ ਜਾਂਦੀ ਹੋਈ ਸਰਦਾਰਨੀ ਨੂੰ ਰੋਕਣ ਦਾ ਯਤਨ ਨਾ ਕੀਤਾ ।

19.

ਜੇਤੂ ਸਦਾ ਕੌਰ ਬਟਾਲੇ ਦੇ ਉਸ ਬਾਗ਼ ਵਿਚ ਟਹਿਲ ਰਹੀ ਹੈ, ਜਿਸ ਦਾ ਬਿਆਨ ਪਹਿਲੇ ਕਾਂਡ ਵਿਚ ਕੀਤਾ ਗਿਆ ਹੈ । ਸਾਰੇ ਬਸਤ੍ਰ ਚਿੱਟੇ ਸਨ । ਚਿਹਰੇ ਉਤੇ ਗੰਭੀਰਤਾ ਦੇ ਨਿਸ਼ਾਨ ਸਨ। ਉਸ ਦਿਨ ਉਹ ਸਾਰੇ ਬਾਗ਼ ਦੀ ਸੈਰ ਕਰਦੀ ਹੋਈ ਸਮੇਂ ਦੀ ਗਤੀ ਨੂੰ ਵਿਚਾਰ ਰਹੀ ਸੀ। ਮੱਲੋ- ਮੱਲੀ ਕੰਨੀ ਖਿਸਕਾ ਗਏ ਬੇ-ਪਰਵਾਹ ਸਮੇਂ ਦੇ ਪੈਰ-ਚਿੰਨ੍ਹਾਂ ਵੱਲ ਵੇਖ-ਵੇਖ ਕੇ ਹੈਰਾਨ ਹੋ ਰਹੀ ਸੀ।

ਉਸ ਦੇ ਪਹਿਲੇ ਸਾਥੀ, ਉਸਦਾ ਸਾਥ ਛੱਡ ਗਏ ਸਨ, ‘ਵਾਯੂ’ ਤੇ ‘ਗਰੜ’ ਘੋੜੇ ਲੜਾਈਆਂ ਵਿਚ ਸ਼ਹੀਦ ਹੋ ਚੁੱਕੇ ਸਨ ਤੇ ਉਨ੍ਹਾਂ ਦੀ ਥਾਂ ਹੋਰ ਅਰਬੀ ਘੋੜੇ ਸਨ। ਰਾਮੀ ਤੇ ਦੇਸਾਂ ਵਰਗੀਆਂ ਵਫ਼ਾਦਾਰ ਦਾਸੀਆਂ ਨਹੀਂ ਰਹੀਆਂ ਸਨ। ਚੰਗੇ ਹਿਸਾਬੀ ਈਨਾਮਦਾਰ ਤੇ ਹੁਸ਼ਿਆਰ ਪ੍ਰਬੰਧਕ ਸਰਦਾਰ ਦਲ ਸਿੰਘ ਵਰਗਿਆਂ ਨੂੰ ਕਾਲ ਨੇ ਆਪਣੀ ਗ੍ਰਾਸ ਬਣਾ ਲਿਆ ਸੀ । ਜਿਧਰ ਵੀ ਉਹ ਨਜ਼ਰ ਮਾਰਦੀ ਸੀ, ਓਧਰ ਹੀ ਉਸ ਦਿਨ ਉਸ ਨੂੰ ਨਵੀਨਤਾ ਨਜ਼ਰ ਆਉਂਦੀ ਸੀ । ਪਰ ਨਵੀਨਤਾ ਨੂੰ ਦੇਖ ਕੇ ਉਸਦਾ ਮਨ ਸ਼ਾਂਤ ਨਹੀਂ ਸੀ ਹੁੰਦਾ। ਮਨ ਵਿਚ ਮੱਠੀ ਜਹੀ ਅਨਪਛਾਤੀ ਵੇਦਨਾ मी।

ਹੱਥੀਂ ਲਾਏ ਅੰਬ ਦੇ ਬੂਟੇ ਹੇਠਾਂ ਪੁੱਜੀ। ‘ਮੇਰੇ ਪਤੀ ਦੇਵ ਦੀਆਂ ਯਾਦਾਂ ਵਿਚੋਂ ਤੂੰ ਵੀ ਇਕ ਅਮਿੱਟ ਯਾਦ ਹੈਂ !’ ਬੂਟੇ ਵੱਲ ਦੇਖ ਕੇ ਉਸ ਨੇ ਕਿਹਾ—‘ਬਲੀ ਕਾਲ ਇਕ ਦਿਨ ਤੈਨੂੰ ਵੀ ਅਰੂਪ ਕਰ ਦੇਵੇਗਾ। ਇਹ ਬਾਗ਼, ਖੂਹ, ਅਟਾਰੀਆਂ ਤੇ ਤਬੇਲੇ ਸ਼ਾਇਦ ਕਦੀ ਸੁੰਞੇ ਤੇ ਡਰਾਉਣੇ ਖੰਡਰਾਤ ਹੋ ਜਾਣਗੇ ।’

ਉਸ ਖੂਹ ਵਿਚ ਝਾਤ ਮਾਰੀ, ਖੂਹ ਦਾ ਨਿਰਮਲ ਤੇ ਸੀਤਲ ਜਲ ਦਿਸਿਆ। ਸ਼ੀਸ਼ੇ ਵਰਗਾ ਨਿਰਮਲ ਜਲ ਜਿਸ ਦੇ ਵਿਚੋਂ ਸਦਾ ਕੌਰ ਨੂੰ ਆਪਣਾ ਚਿਹਰਾ ਦਿੱਸਦਾ ਸੀ । ਜਿਸ ਚਿਹਰੇ ਦੇ ਉਤੇ ਭਾਵੇਂ ਅਰੋਗਤਾ ਅਤੇ ਲਾਲੀ ਸੀ ਫਿਰ ਵੀ ਬੁਢੇਪੇ ਦੇ ਨਿਸ਼ਾਨ ਮੱਲੋ-ਮੱਲੀ ਪ੍ਰਗਟ ਹੋ ਰਹੇ मठ ।

ਉਹ ਅਜੇ ਖੂਹ ਦੇ ਕੰਢੇ ਖਲੋਤੀ ਸੀ ਕਿ ਉਹਦਾ ਦੋਹਤਰਾ ਸ਼ਾਹਜ਼ਾਦਾ ਸ਼ੇਰ ਸਿੰਘ ਉਸ ਦੇ ਕੋਲ ਆਇਆ। ਉਸ ਸਮੇਂ ਉਹ ਸਤਾਰਾਂ ਸਾਲ ਦਾ ਗੱਭਰੂ ਸੀ । ਜੁਵਾਨੀ ਦਾ ਜੋਸ਼, ਉਹਦੀ ਰਗ-ਰਗ ਵਿਚ ਠਾਠਾਂ ਮਾਰ ਰਿਹਾ ਸੀ। ਨਿੱਕੀਆ-ਨਿੱਕੀਆਂ ਮੁੱਛਾਂ ਤੇ ਨਿੱਕੀ-ਨਿੱਕੀ ਦਾਹੜੀ ਓਹਦੇ ਸੁੰਦਰ ਗੋਰੇ ਚਿਹਰੇ ਨੂੰ ਖ਼ੂਬਸੂਰਤੀ ਦੇ ਚਾਰ ਚੰਨ ਲਾਉਂਦੀ ਸੀ । ਸਦਾ ਕੌਰ ਉਹਦਾ ਚਿਹਰਾ ਦੇਖ ਕੇ ਹੈਰਾਨ ਹੋ ਗਈ। ਪਹਿਲਾਂ ਉਹ ਜਦੋਂ ਵੀ ਸਦਾ ਕੌਰ ਦੇ ਕੋਲ ਆਉਂਦਾ ਸੀ ਤਦੋਂ ਹਾਥੀ ਵਰਗੀ ਮਸਤ ਚਾਲ ਝੂਮਦਾ ਤੇ ਹਸੂੰ-ਹਸੂੰ ਕਰਦੇ ਖਿੜੇ ਮੱਥੇ ਆਇਆ ਕਰਦਾ ਸੀ, ਪਰ ਉਸ ਦਿਨ ਉਹ ਦੌੜਿਆ ਹੋਇਆ ਆਇਆ ਉਹਦੇ ਚਿਹਰੇ ਤੇ ਕ੍ਰੋਧ ਦੇ ਨਿਸ਼ਾਨ मठ ।

ਸਦਾ ਕੌਰ ਤੇ ਨੇੜੇ ਪੁੱਜਣ ਤੋਂ ਪਹਿਲਾਂ ਹੀ ਉਸਨੇ ਆਖਿਆ ‘ਮਾਤਾ ਜੀ ! ਮਾਤਾ ਜੀ!

‘ਕਿਉਂ ਕੀ ਗੱਲ ਹੈ, ਪੁੱਤ੍ਰ ਸ਼ੇਰੇ ??

‘ਬਹੁਤ ਬੁਰੀ ਖ਼ਬਰ ! ਮਾਤਾ ਜੀ!’

‘ਕੈਸੀ ਬੁਰੀ ਖ਼ਬਰ ਮੇਰੇ ਲਾਲ ।’

‘ਮੈਂ ਆਗਿਆ ਲੈਣ ਆਇਆਂ ਹਾਂ, ਮੈਨੂੰ ਆਗਿਆ ਬਖਸ਼ੋ ।’.

‘ਕਾਹਦੀ ।’

‘ਪਿਤਾ ਸ਼ੇਰੇ ਪੰਜਾਬ ਦੇ ਵਿਰੁੱਧ ਬਗ਼ਾਵਤ ਕਰਨ ਦੀ।’

‘ਹੈਂ ! ਆਪਣੇ ਪਿਤਾ ਮਹਾਰਾਜੇ ਰਣਜੀਤ ਸਿੰਘ ਵਿਰੁੱਧ ਉਹ ਸ਼ਾਹਜ਼ਾਦਾ ਸ਼ੇਰ ਸਿੰਘ ਬਗ਼ਾਵਤ ਕਰੇ, ਆਖਰ ਕਿਉਂ ?’

‘ਉਹ ਧੱਕਾ ਤੇ ਅਨਿਆਏ ਕਰ ਰਹੇ ਹਨ ?’

‘ਕਿਸ ਨਾਲ ਧੱਕਾ ਤੇ ਅਨਿਆਏ ਕਰ ਰਹੇ ਹਨ?’

‘ਤੁਸਾਂ ਨਾਲ ਮਾਤਾ ਜੀ ।’

‘ਮੇਰੇ ਨਾਲ ਉਹ ਅਨਿਆਏ ਕੀ ਕਰ ਸਕਦੇ ਹਨ ? ਧੀਰਜ਼ ਨਾਲ ਗੱਲ ਕਰੋ ।’

ਇਹ ਆਖਕੇ ਸਦਾ ਕੌਰ ਨੇ ਸ਼ਾਹਜ਼ਾਦੇ ਸ਼ੇਰ ਸਿੰਘ ਨੂੰ ਆਪਣੀ ਬਗਲ ਵਿਚ ਘੁੱਟ ਲਿਆ। ਉਹਦੇ ਚਿਹਰੇ ਵੱਲ ਦੇਖਦੀ ਹੋਈ ਨੇ ਫਿਰ ਪੁੱਛਿਆ- ‘ਪੂਰੀ ਗੱਲ ਦੱਸੋ ਮੇਰੇ ਲਾਲ ਮਹਾਰਾਜਾ ਰਣਜੀਤ ਸਿੰਘ ਤਾਂ ਧਰਮੀ, ਪਰਉਪਕਾਰੀ ਤੇ ਨਿਆਏ-ਸ਼ੀਲ ਪੁਰਖ ਹੈ, ਉਸ ਕੋਲੋਂ ਕਿਹੜੀ ਭੁੱਲ ਹੋ ਗਈ ਹੈ, ਜਿਸ ਕਾਰਨ ਉਹਦਾ ਬੇਟਾ ਬਾਗ਼ੀ ਬਣਨ ਨੂੰ ਤਿਆਰ ਹੋ ਗਿਆ।’

‘ਮੈਂ ਗਲ ਕੀ ਦੱਸਾਂ । ਕ੍ਰੋਧ ਨਾਲ ਮੇਰਾ ਤਾਂ ਸਿਰ ਚਕਰਾ ਰਿਹਾ ਹੈ, ਮੇਰਾ ਹਿਰਦਾ ਕੰਬ ਰਿਹਾ ਹੈ, ਮੇਰੇ ਡੌਲੇ ਫ਼ਰਕ ਰਹੇ ਹਨ । ਮਹਾਂ ਪਾਪ, ਵੱਡਾ ਅਧਰਮ, ਪੂਰੀ ਅਕ੍ਰਿਤਘਣਤਾ!’

‘ਪੁੱਤ੍ਰ ਸ਼ੇਰ ਸਿੰਘ! ਅਸਲ ਗੱਲ ਦੱਸ ! ਮਹਾਰਾਜਾ ਜੀ ਤੇਰੇ ਪਿਤਾ ਹਨ, ਇਕ ਨੇਕ ਪੁੱਤ੍ਰ ਆਪਣੇ ਪਿਤਾ ਨੂੰ ਕੁਬੋਲ ਬੋਲਦਾ ਹੋਇਆ ਚੰਗਾ ਨਹੀਂ ਲੱਗਦਾ । ਛੇਤੀ ਦੱਸ ਮਾਮਲਾ ਕੀ ਹੈ ?’

‘ਮਾਮਲਾ ਇਹ ਹੈ, ਮਹਾਰਾਜ ਨੇ ਹੁਕਮ ਕੀਤਾ ਹੈ-‘ਅੱਜ ਤੋਂ ! ਸਰਦਾਰਨੀ ਸਦਾ ਕੌਰ ਖ਼ਾਲਸਾ ਰਾਜ ਦੇ ਕਿਸੇ ਰਾਜਸੀ ਮਾਮਲੇ ਵਿਚ ਕੋਈ ਦਖਲ ਨਾ ਦੇਵੇ ਅਤੇ ਕਿਸੇ ਮੁਹਿੰਮ ਤੇ ਫੌਜ ਦੇ ਨਾਲ ਨਾ ਜਾਵੇ । ਲਾਹੌਰ, ਬਟਾਲੇ ਜਾਂ ਅੰਮ੍ਰਿਤਸਰ ਜਿਥੇ ਜੀ ਕਰੇ ਮਹਿਲ ਵਿਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰੇ ।’

‘ਹੱਛਾ ਐਸਾ ਹੁਕਮ ਮਿਲਿਆ ਹੈ, ਪਰ ਕਿਉਂ ?’

‘ਇਸ ਵਾਸਤੇ ਕਿ ਤੁਸਾਂ ਵਡਨੀ ਤੇ ਹਿੰਮਤਪੁਰ ਦੇ ਕਿਲੇ ਖ਼ਾਲਸਾ ਫੌਜ ਨੂੰ ਨਾ ਦਿੱਤੇ । ਆਖ ਆਏ-ਵਿਚਾਰ ਕੇ ਦੱਸਾਂਗੇ’ ਮਹਾਰਾਜਾ ਨੇ ਵਜੀਰਾਂ ਦੇ ਆਖੇ ਲੱਗ ਕੇ ਕਾਹਲ ਕੀਤੀ ਤੇ ਖ਼ਾਲਸਾ ਫੌਜ਼ ਗੁਲਾਬ ਸਿੰਘ ਡੋਗਰੇ ਦੀ ਕਮਾਨ ਹੇਠ ਵਡਨੀ ਵੱਲ ਤੋਰੀ, ਫਰੰਗੀ ਚੁੱਪ ਨਾ ਰਹਿ ਸਕਿਆ, ਉਸਨੇ ਵੀ ਫੌਜ ਭੇਜੀ ਤੇ ਹੁਣ ਵਡਨੀ ਉਤੇ ਫਰੰਗੀ ਦਾ ਕਬਜ਼ਾ ਹੋ ਗਿਆ ਹੈ। ਖ਼ਾਲਸਾ ਫੌਜ ਵਾਪਸ ਮੁੜ ਆਈ ਹੈ । ਇਸ ਗੱਲ ਤੋਂ ਮਹਾਰਾਜ ਗੁੱਸੇ ਹੋ ਗਏ ਹਨ। ਇਕ ਕਿਸਮ ਦਾ ਉਨ੍ਹਾਂ ਨੇ ਤੁਸਾਂ ਨੂੰ ਕੈਦ ਕਰਨ ਦਾ ਹੁਕਮ ਦਿੱਤਾ ਹੈ । ਪਰ ਕੈਦ ਕਰਨ ਦਾ ਹੌਸਲਾ ਨਹੀਂ ਪਿਆ।

ਦੱਸੋ ਨਾ ਤੁਸਾਂ ਉਨ੍ਹਾਂ ਨਾਲ ਕੀ ਬੁਰਾ ਕੀਤਾ? ਦਸ ਸਾਲ ਦੀ ਉਮਰ ਤੋਂ ਪੁੱਤ੍ਰ ਵਾਂਗ ਪਾਲਿਆ, ਜੁਵਾਨ ਕੀਤਾ, ਅਨੇਕਾਂ ਲੜਾਈਆਂ ਲੜਕੇ ਪੰਜਾਂ ਦਰਿਆਵਾਂ ਦਾ ‘ਮਹਾਰਾਜਾ’ ਰਣਜੀਤ ਬਣਾਇਆ ਪਰ ਇਸ ਸੇਵਾ ਦਾ ਫਲ ਇਹ ਕਿ ਧਰਮ ਮੂਰਤ ਮਾਂ ਨੂੰ ਅੱਜ ਨਿੱਕੀ ਜਿਹੀ ਗੱਲ ਬਦਲੇ ਨਜ਼ਰ ਬੰਦ ਕਰੇ । ਰਾਜ ਮਾਤਾ ਨੂੰ ਇਹ ਹੁਕਮ ਮਿਲੇ ਕਿ ਉਹ ਰਾਜ- ਕਾਜ ਵਿਚ ਦਖਲ ਨਹੀਂ ਦੇ ਸਕਦੀ। ਕੀ ਇਹ ਉਹ ਰਾਜ-ਕਾਜ ਵਿਚ ਦਖਲ ਨਹੀਂ ਦੇ ਸਕਦੀ । ਕੀ ਇਹ ਅਨਿਆਏ ਨਹੀਂ ? ਅਧਰਮ ਨਹੀਂ ? ਐਸੀ ਨਿਰਾਦਰੀ ਮੈਂ ਤਾਂ ਨਹੀਂ ਸਹਿ ਸਕਦਾ ।

‘ਸ਼ਾਹਜ਼ਾਦੇ ! ਪੁੱਤ੍ਰ ਕੁਪੁੱਤ੍ਰ ਹੋ ਸਕਦੇ ਹਨ, ਪਰ ਮਾਪੇ ਕੁਮਾਪੇ ਨਹੀਂ ਹੋ ਸਕਦੇ । ਰਾਜ ਬਲ ਦੇ ਨਸ਼ੇ ਅਤੇ ਮਾੜੇ ਵਜ਼ੀਰਾਂ ਦੀ ਸਲਾਹ ਨਾਲ ਮਹਾਰਾਜਾ ਜੋ ਭੁੱਲ ਅੱਜ ਕਰ ਰਿਹਾ ਹੈ, ਇਸਦਾ ਗਿਆਨ ਉਸ ਨੂੰ ਛੇਤੀ ਹੋ ਜਾਵੇਗਾ। ਮੇਰੀ ਹੁਣ ਪਿਛਲੀ ਉਮਰ ਹੈ, ਮੈਂ ਆਪ ਹੀ ਇਕਾਂਤ ਵਿਚ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੁੰਦੀ ਹਾਂ । ਜੋ ਮਹਾਰਾਜ ਦਾ ਹੁਕਮ ਹੈ, ਸੋ ਮੰਨਣ ਨੂੰ ਤਿਆਰ ਹਾਂ ਮੈਂ ਪੁੱਤ੍ਰ ਬਣਾ ਚੁੱਕੀ ਹਾਂ । ਜਿਸ ਰਾਜ ਦੀ ਉਸਾਰੀ ਵਾਸਤੇ ਮੈਂ ਚੌਂਤੀ ਸਾਲ ਮਿਹਨਤ ਕੀਤੀ ਹੈ, ਅੱਜ ਉਸ ਰਾਜ ਬਾਰੇ ਮੰਦਾ ਨਹੀਂ ਚਿਤਵ ਸਕਦੀ। ਉਹ ਮੇਰੀ ਪਿਆਰੀ ਪੁਤ੍ਰੀ ਦਾ ਸੁਹਾਗ ਹੈ । ਭਾਰਤ ਦੀ ਇਸਤ੍ਰੀ ਧੀ ਦੇ ਸੁਹਾਗ ਨੂੰ ਅਮਰ ਰੱਖਣ ਵਾਸਤੇ ਹਰ ਇਕ ਕੁਰਬਾਨੀ ਕਰਨ ਨੂੰ ਤਿਆਰ ਹੈ । ਉਹ ਮੈਨੂੰ ਕੈਦ ਕਰ ਦੇਵੇ, ਫਾਂਸੀ ਲਾ ਦੇਵੇ, ਉਸ ਦੀ ਇੱਛਾ, ‘ਵਾਹਿਗੁਰੂ ਦਾ ਭਾਣਾ’ ਪਰ ਮੈਂ ਅੱਗੋਂ ਕੋਈ ਉਜਰ ਨਹੀਂ ਕਰਾਂਗੀ ।’

‘ਮਾਤਾ ਜੀ! ਜਿਵੇਂ ਆਪ ਦੀ ਇੱਛਾ ! ਪਰ ਮੇਰਾ ਤਾਂ ਕਲੇਜਾ ਧੜਕ ਰਿਹਾਂ ਹੈ । ਇਹ ਖ਼ਬਰ ਜਾਸੂਸ ਨੇ ਦੱਸੀ ਹੈ । ਹੁਣ ਪੂਰਾ ਫੁਰਮਾਨ ਸੁਨਾਉਣ ਵਾਸਤੇ ਰਾਜਾ ਗੁਲਾਬ ਸਿੰਘ ਆ ਰਿਹਾ ਹੈ। ਕੱਲ੍ਹ ਪਹੁੰਚ ਜਾਵੇਗਾ।’

‘ਕੋਈ ਚਿੰਤਾ ਨਹੀਂ ! ਜਾਓ ਤੁਸੀਂ ਅਰਾਮ ਕਰੋ ।’

ਨਾਨੀ ਮਾਤਾ ਦਾ ਹੁਕਮ ਮੰਨਦਾ ਹੋਇਆ ਸ਼ਾਹਜ਼ਾਦਾ ਸ਼ੇਰ ਸਿੰਘ ਉਹਦੇ ਕਮਰੇ ਵਿਚੋਂ ਬਾਹਰ ਚਲਿਆ ਗਿਆ ।

ਉਸ ਵੇਲੇ ਸਰਦਾਰਨੀ ਦੀ ਅਸਚਰਜ ਦਸ਼ਾ ਸੀ ਉਸ ਨੇ ਜੁ ਕੁਝ ਆਪਣੇ ਦੋਹਤਰੇ ਪਾਸੋਂ ਸੁਣਿਆਂ, ਉਸ ਸਭ ਕੁਝ ਠੀਕ ਸੀ । ਸ਼ਾਹਜ਼ਾਦੇ ਦੀ ਗਰਮ ਜੋਸ਼ੀ ਅਤੇ ਸਰਦਾਰਨੀ ਨਾਲ ਹਮਦਰਦੀ-ਹਿਤ ਹਿਰਦੇ ਨੂੰ ਸ਼ਾਂਤ ਕਰਨ ਵਾਲਾ ਇਕ ਵਲਵਲਾ ਸੀ ।

‘ਉਫ ! ਜਿਸ ਖ਼ਤਰੇ ਨੂੰ ਮੈਂ ਅਨੁਭਵ ਕਰਦੀ ਸਾਂ, ਉਹ ਸੱਚ ਹੀ ਹੋ ਗਿਆ ।’ ਸਰਦਾਰਨੀ ਆਪਣੇ ਮਨ ਨਾਲ ਗੱਲਾਂ ਕਰਨ ਲੱਗੀ-‘ਰਣਜੀਤ ਸਿੰਘ ਨੇ ਕਾਹਲ ਕੀਤੀ । ਫਰੰਗੀ ਨਾਲ ਵਿਗਾੜਨ ਦਾ ਸਮਾਂ ਨਹੀਂ । ਫਰੰਗੀ ਸਾਰੇ ਭਾਤਰ ਵਿਚ ਛਾ ਗਿਆ ਹੈ । ਉਸ ਦੇ ਪਿਛੇ ਇੰਗਲਸਤਾਨ ਦੀ ਬਾਦਸ਼ਾਹੀ ਹੈ ।

ਮੇਰੇ ਰਣਜੀਤ ਸਿੰਘ ਦੇ ਜੀਉਂਦੇ ਜੀ ਭਾਵੇਂ ਕੋਈ ਖ਼ਤਰਾ ਨਹੀਂ ਪਰ ਅਸਾਂ ਦੇ ਪਿਛੋਂ ਹੁਸ਼ਿਆਰ ਫਰੰਗੀ ਖਾਲਸਾ ਰਾਜ ਦਾ ਬੁੱਕ ਭਰਨ ਨੂੰ ਤਿਆਰ ਹੋਵੇਗਾ । ਉਹ ਮਗਰ ਮੱਛ ਵਾਂਗ ਵੇਲੇ ਦੀ ਉਡੀਕ ਕਰ ਰਿਹਾ ਹੈ । ਜੀਵਨ ਵਿਚ ਏਹ ਮਹਾਨ ਭੁੱਲ ਹੈ ਕਿ ਮਨੁੱਖ ਪਰਬਤ ਦੀ ਚੋਟੀ ਉੱਤੇ ਚੜ੍ਹ ਕੇ ਹੇਠਲੀ ਧਰਤੀ ਨੂੰ ਭੁੱਲ ਜਾਂਦਾ ਹੈ । ਇਹ ਵੀ ਭੁੱਲ ਜਾਂਦਾ ਹੈ ਕਿ ਪਰਬਤ ਦੀ ਚੋਟੀ ਤੋਂ ਤਿਲਕ ਕੇ ਮੁੜ ਧਰਤੀ ਉਤੇ ਡਿੱਗ ਸਕਦਾ ਹੈ, ਅਤੇ ਡਿੱਗਦਿਆਂ ਹੋਇਆਂ ਉਸਦੀ ਹੱਡੀ-ਪੱਸਲੀ ਚੂਰ-ਚੂਰ ਹੋਣ ਦਾ ਡਰ ਹੈ । ਸਿਆਣਿਆਂ ਦੇ ਕੋਲ ਠੀਕ ਹੈ, ਤਪੋਂ ਰਾਜ ਤੇ ਰਾਜ ਤੋਂ ਨਰਕ ਮਿਲਦਾ ਹੈ।……ਖੈਰ ਰਣਜੀਤ ਸਿੰਘ ਨੂੰ ਮੈਂ ਆਪਣਾ ਪੁੱਤ੍ਰ ਬਣਾ ਚੁੱਕੀ ਹਾਂ । ਪੁੱਤ੍ਰ ਬਦਲੇ ਮਾਂ ਮਾੜਾ ਨਹੀਂ ਚਿਤਵ ਸਕਦੀ । ਬਸ ਮੈਂ ਕੱਲ੍ਹ ਹੀ ਬਟਾਲਾ ਛੱਡ ਕੇ ਸਤਿਗੁਰੂ ਦੀ ਨਗਰੀ ਵਿਚ ਜਾ ਬੈਠਦੀ ਹਾਂ । ਨਹੀਂ ਦਖਲ ਦੇਂਦੀ ਰਾਜ ਪ੍ਰਬੰਧ ਵਿਚ । ਦਖਲ ਦੇ ਕੇ ਰੱਜ ਗਈ। ਹੁਣ ਕੋਈ ਲੋੜ ਨਹੀਂ, ਜੇਹੜਾ ਚਾਰ ਦਿਨ ਜਿਊਣਾ ਹੈ ਉਹ ‘ਵਾਹਿਗੁਰੂ ! ਵਾਹਿਗੁਰੂ’ ਕਰਕੇ ਅਗਾਂਹ ਸੁਵਾਰਨ ਵਾਸਤੇ ਜੀਉ ਲਵਾਂਗੀ । ਆਪਣੀ ਪ੍ਰਤਗਿਆ ਪੂਰੀ ਕਰ ਦਿੱਤੀ। ਹੁਣ ਕੋਈ ਚਿਤ ਵਿਚ ਇੱਛਾ ਨਹੀਂ, ਬਸ ਇਕੋ ਇੱਛਾ ਹੋਣੀ ਚਾਹੀਦੀ ਹੈ ਕਿ ਸਤਿਗੁਰੂ ਦੇ ਚਰਨਾਂ ਨਾਲ ਸੁਰਤ ਜੁੜ ਜਾਵੇ। ਸੰਨਿਆਸ ਧਾਰਨ ਕਰਾਂ ।’

ਖੁਲ੍ਹੇ ਕਮਰੇ ਵਿਚ ਏਧਰ-ਓਧਰ ਟਹਿਲਦੀ ਹੋਈ ਉਹ ਬਹੁਤ ਚਿਰ ਇਉਂ ਸੋਚਦੀ ਰਹੀ। ਜੀਵਨ ਭਰ ਉਸ ਨੇ ਲੋਕਾਂ ਨੂੰ ਅਨੇਕਾਂ ਸਲਾਹੀਂ ਦਿੱਤੀਆਂ ਸਨ, ਪਰ ਉਸ ਨੂੰ ਕਿਸੇ ਕੋਲੋਂ ਸਲਾਹ ਲੈਣ ਦਾ ਮੌਕਾ ਹੀ ਨਹੀਂ ਸੀ ਆਇਆ। ਜੀਵਨ ਘਟਨਾਵਾਂ ਉਹਦੇ ਜੀਵਨ ਨੂੰ ਬਦਲਣ ਵਾਲੀਆਂ ਸਨ ।

20.

ਅੰਗਰੇਜ਼ ਬਹੁਤ ਚਲਾਕ ਦੁਸ਼ਮਣ ਸੀ । ਉਸ ਨੇ ਜਿਸ ਵੀ ਦੇਸ਼ ਜਾਂ ਕੌਮ ਨੂੰ ਫ਼ਤਹਿ ਕੀਤਾ ਉਸ ਦੀਆਂ ਕੌਮੀ ਯਾਦਗਾਰਾਂ ਨੂੰ ਓਸੇ ਤਰ੍ਹਾਂ ਤਬਾਹ ਕਰ ਦਿੱਤਾ ਜਿਵੇਂ ਓਹਦੇ ਜਰਨੈਲਾਂ ਤੇ ਸੈਨਿਕਾਂ ਨੂੰ ਨਸ਼ਟ ਕੀਤਾ । ਬੋਲੀ ਤੇ ਸਭਿਅਤਾ ਨੂੰ ਸੱਟ ਮਾਰੀ । ਇਹ ਸਭ ਕੁਝ ਇਸ ਵਾਸਤੇ ਕੀਤਾ ਗਿਆ ਕਿ ਗ਼ੁਲਾਮ ਹੋਈ ਕੌਮ ਦੇ ਅਣਖੀਲੇ ਗੱਭਰੂ ਆਪਣੀਆਂ ਕੌਮੀ ਯਾਦਗਾਰਾਂ ਨੂੰ ਵੇਖ ਕੇ ਆਪਣੇ ਇਤਿਹਾਸ ਨੂੰ ਪੜ੍ਹ ਸੁਣਕੇ ਕਿਤੇ ਸੁਤੰਤ੍ਰ ਹੋਣ ਵਾਸਤੇ ਨਾ ਤੜਪ ਪੈਣ, ਪੰਜਾਬ ਨੂੰ ਫ਼ਤਹਿ ਕਰਨ ਪਿਛੋਂ ਅੰਗਰੇਜ਼ਾਂ ਨੇ ਸਿੱਖਾਂ ਨਾਲ ਇਸ ਤਰ੍ਹਾਂ ਦੀ ਰੱਜ ਕੇ ਦੁਸ਼ਮਣੀ ਕੀਤੀ। ਸਿੱਖ ਇਤਿਹਾਸ ਵਿਚ ਭੁਲੇਖੇ ਪਾਏ, ਸਿੱਖੀ ਦਾ ਦ੍ਰਿਸ਼ਟੀਕੋਣ ਬਦਲਿਆ ਅਤੇ ਕਈਆਂ ਚੰਗੀਆਂ ਯਾਦਗਾਰਾਂ ਨੂੰ ਢਾਹ ਢੇਰੀ ਕੀਤਾ। ਈਸਾਈ ਧਰਮ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ।

ਸੀ ਹਰਿਮੰਦਰ ਸਾਹਿਬ ਦੇ ਉੱਤਰੀ ਪਾਸੇ ਘੰਟਾ ਘਰ ਸੀ, ਜੋ ਹੁਣ ਢਾਹਿਆ ਗਿਆ ਹੈ । ਇਹ ਈਸਾਈ ਗਿਰਜੇ ਦੀ ਸ਼ਕਲ ਦਾ ਘੰਟਾ ਘਰ ਅੰਗਰੇਜ਼ਾਂ ਨੇ ਤਿਆਰ ਕੀਤਾ ਸੀ । ਇਸ ਥਾਂ ਪਹਿਲਾਂ ਸਿੱਖ ਸਰਦਾਰਾਂ ਦੇ ਬੁੰਗੇ ਤੇ ਹਵੇਲੀਆਂ ਸਨ । ਸ: ਸ਼ੇਰ ਸਿੰਘ ਜੀ ਅਟਾਰੀ ਵਾਲਾ ਤੇ ਅਜੀਤ ਸਿੰਘ ਲਾਡਵੇ ਵਾਲੇ ਦੇ ਬੁੰਗੇ ਸਨ ਕਿਉਂਕਿ ਦੋਵੇਂ ਅਣਖੀਲੇ ਸਰਦਾਰ ਅੰਗਰੇਜ਼ ਦੇ ਵਿਰੁੱਧ ਲੜੇ ਸਨ, ਇਸ ਕਾਰਨ ਉਹਨਾਂ ਦੀਆਂ ਯਾਦਗਾਰਾਂ ਢਾਹ ਢੇਰੀ ਕਰ ਦਿੱਤੀਆਂ ਗਈਆਂ। ਇਨ੍ਹਾਂ ਦੇ ਨੇੜੇ ਹੀ ਸਰਦਾਰਨੀ ਸਦਾ ਕੌਰ ਦੀ ਅਟਾਰੀ ਸੀ । ਉਹ ਅਟਾਰੀ ਵੀ ਕਾਲ ਅਤੇ ਅੰਗਰੇਜ਼ ਦੀ ਦੁਸ਼ਮਣੀ ਦਾ ਸ਼ਿਕਾਰ ਹੋ ਗਈ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਅੰਤਕਾਲ ਦੇ ਪਿੱਛੋਂ ਅੰਗਰੇਜ਼ ਨੇ ਸਿੱਖ ਇਤਿਹਾਸ ਨੂੰ ਲਿਖਣ ਤੇ ਛਪਣ ਨਹੀਂ ਦਿੱਤਾ, ਇਸ ਕਰਕੇ ਬਹਾਦਰਾਂ ਦੀਆਂ ਇਨ੍ਹਾਂ ਯਾਦਗਾਰਾਂ ਨੂੰ ਸਿੱਖ ਕੌਮ ਭੁੱਲ ਗਈ। ਅੱਜ ਦਾ ਸਿੱਖ ਨੌਜੁਵਾਨ ਇਹੋ ਸਮਝ ਰਿਹਾ ਹੈ ਕਿ ਏਥੇ ਘੰਟਾ ਘਰ ਸੀ ।

ਅੱਜ ਨਵੀਂ ਪ੍ਰਕਰਮਾ ਬਣ ਰਹੀ ਹੈ । ਅੰਗਰੇਜ਼ ਦਾ ਈਸਾਈ ਘੰਟਾ ਘਰ ਰਾਵਣ ਤੇ ਬੁੱਤ ਵਾਂਗ ਧਰਤੀ ਉਤੇ ਡਿੱਗ ਕੇ ਧਰਤੀ ਦੇ ਤੱਤਾਂ ਨਾਲ ਮਿਲ ਚੁੱਕਾ ਹੈ। ਉਸ ਦੇ ਪੈਰਾਂ ਦੀ ਧਰਤੀ ਫਰੋਲੀ ਜਾ ਰਹੀ ਹੈ। ਹੇਠਲੀ ਧਰਤੀ ਵਿਚੋਂ ਨਾਨਕ ਸ਼ਾਹੀ ਨਿੱਕੀਆਂ ਇੱਟਾਂ ਨਿਕਲ ਰਹੀਆਂ ਹਨ। ਉਨ੍ਹਾਂ ਨੂੰ ਕੋਈ ਪੁੱਛੇ । ਉਨ੍ਹਾਂ ਦੇ ਨਾਲ ਕੰਨ ਲਾ ਕੇ ਸੁਣੇ ਉਹ ਕੀ ਅਵਾਜ਼ ਦੇਂਦੀਆਂ ਹਨ। ਉਹ ਪੁਕਾਰ-ਪੁਕਾਰ ਕੇ ਆਖ ਰਹੀਆਂ ਹਨ, ‘ਸਰਦਾਰ ਸ਼ੇਰ ਸਿੰਘ, ਸਰਦਾਰ ਅਜੀਤ ਸਿੰਘ, ਸਰਦਾਰਨੀ ਸਦਾ ਕੌਰ ਅਤੇ ਹੋਰ ਸਤਿਗੁਰੂ ਦੇ ਪ੍ਰੇਮੀ ਤੇ ਸ਼ਰਧਾਲੂ ਸਿੱਖਾਂ ਨੇ ਅਸਾਂ ਤੱਤੀਆਂ ਨੂੰ ਅੱਗ ਦੇ ਆਵੇ ਵਿਚ ਸੜਦੀਆਂ ਨੂੰ ਬਾਹਰ ਕੱਢ ਕੇ ਸਤਿਗੁਰੂ ਜੀ ਦੇ ਅੰਮ੍ਰਿਤ ਸਰੋਵਰ ਦੇ ਚਰਨਾਂ ਵਿਚ ਸੀਤਲ ਅਸਥਾਨ ਉਤੇ ਲਿਆ ਰਖਿਆ । ਅਸਾਂ ਦਾ ਜਨਮ ਸਫ਼ਲ ਹੋਇਆ, ਤਪਦਾ ਹਿਰਦਾ ਠੰਢਾ-ਠਾਰ ਹੋ ਗਿਆ, ਸਿੱਖ ਸਰਦਾਰਾਂ ਦੀ ਸ਼ਰਧਾ-ਭਗਤੀ ਅਸਾਂ ਉਤੇ ਦਇਆ ਕਰਕੇ ਅੰਮ੍ਰਿਤ ਰੂਪ ਬਾਣੀ ਦਾ ਕੀਰਤਨ ਕਰਾਉਂਦੀ ਰਹੀ । ਸਾਧੂ ਰੂਪ ਸਿੱਖ ਚੌਂਕੜੇ ਮਾਰ ਕੇ ‘ਵਾਹਿਗੁਰੂ ਸਿਮਰਨ ਕਰਦੇ ਰਹੇ, ਅਸੀਂ ਉਨ੍ਹਾਂ ਦੇ ਚਰਨਾਂ ਹੇਠ ਵਿਸਮਾਦੀ ਅਨੰਦ ਲੈਂਦੀਆਂ ਰਹੀਆਂ। ਆਹ ! ਬੁਰਾ ਹੋਵੇ ਚੰਦ੍ਰੀ ਈਰਖਾ ਦਾ ਜੁੱਗ-ਗੁਰਦੀ ਤੇ ਰਾਜ-ਧ੍ਰੋਹੀ ਦਾ ਜਿਸ ਨੇ ਅਸਾਂ ਨੂੰ ਸਵਰਗ ਦੇ ਸੁੱਖ ਮਾਨਣ ਨਾ ਦਿੱਤੇ । ਅਸਾਡੀਆਂ ਭੈਣਾਂ ਤੁਰ ਗਈਆਂ। ਉਨ੍ਹਾਂ ਦੇ ਵਿਛੋੜੇ ਨਾਲ ਅਸੀਂ ਓਸੇ ਤਰ੍ਹਾਂ ਸਹਿਮੀਆਂ ਰਹੀਆਂ, ਜਿਵੇਂ ਡਾਰੋਂ ਵਿੱਛੜ ਕੇ ਕੂੰਜ ਸਹਿਮ ਜਾਂਦੀ ਹੈ। ਪਰ ਅੱਜ ਕਾਲ ਬਿਕ਼ਾਲ ਰੂਪ ਹੋ ਕੇ ਅਸਾਂ ਨੂੰ ਗੁਰੂ ਚਰਨਾਂ ਵਿਚੋਂ ਪਰ੍ਹੇ ਸੁੱਟਣ ਲੱਗਾ ਹੈ । ਇਕ ਸਿੱਖ ਸਾਨੂੰ ਸੜਦੇ ਆਵੇ ਵਿਚੋਂ ਕੱਢ ਕੇ ਏਥੇ ਲਿਆਇਆ ਸੀ ਤੇ ਦੂਸਰੇ ਅਸਾਂ ਨਾਲ ਧੱਕਾ ਕਰ ਰਹੇ ਹਨ। ਉਹ ਵਿਸਮਾਦੀ, ਪ੍ਰੀਤ ਭਰੇ, ਸਦੀਵੀ ਕਾਲ ਸ਼ਾਂਤ ਵਾਯੂ-ਮੰਡਲ ਵਿਚੋਂ ਚੁੱਕ ਕੇ ਬਾਹਰ ਸੁੱਟ ਰਹੇ ਹਨ । ਅਸਾਂ ਦਾ ਚਿਤ ਨਹੀਂ ਕਰਦਾ ਗੁਰ-ਚਰਨਾਂ ਤੋਂ ਦੂਰ ਹੋਈਏ । ਅਸੀਂ ਕਿਸੇ ਦੀ ਯਾਦ ਰੂਪ ਹਾਂ ।’

ਉਹ ਇੱਟਾਂ ਇਹ ਵੀ ਆਖ ਰਹੀਆਂ ਹਨ-‘ਅਸਾਂ ਦਾ ਅੰਗ-ਅੰਗ ਤੋੜ ਸੁਟੋ, ਜਿਵੇਂ ਕਦੀ ਭਾਈ ਮਨੀ ਸਿੰਘ ਜੀ ਦਾ ਅੰਗ-ਅੰਗ ਵੈਰੀਆਂ ਨੇ ਤੋੜਿਆ ਸੀ । ਉਹ ਗੁਰਧਾਮ ਤੋਂ ਕੁਰਬਾਨ ਹੋ ਗਏ ਸਨ । ਤਨ ਤੇ ਮਨ ਵਾਰ ਗਏ ਸਨ। ਅਸਾਡਾ ਅੰਗ-ਅੰਗ ਤੋੜ ਕੇ ਰੋੜੀ ਸੁਟੋ। ਚੱਕੀ ਜਾਂ ਖਰਾਸ ਵਿਚ ਪੀਸ ਕੇ ਮੈਦੇ ਵਾਂਗ ਬਰੀਕ ਕਰਕੇ ਸੁਰਖੀ ਬਣਾ ਦਿਓ। ਅਸੀਂ ਸੁਰਖੀ ਤੇ ਰੂੜੀ ਰੂਪ ਹੋ ਕੇ ਫਿਰ ਵੀ ਗੁਰ-ਚਰਨਾਂ ਵਿਚ ਰਹੀਏ। ਨਹੀਂ ਚਿਤ ਕਰਦਾ ਗੁਰ-ਧਾਮ ਤੋਂ ਦੂਰ ਜਾਣ ਨੂੰ ।

ਸਤਿਗੁਰੂ ਦੇ ਚਰਨਾਂ ਵਿਚ ਸਰਦਾਰਨੀ ਸਦਾ ਕੌਰ ਨੇ ਇਕ ਬੁੰਗਾ ਬਣਾਇਆ ਸੀ । ‘ਉਹ ਸੁੰਦਰ ਬੰਗਾ ਤਿੰਨ ਛੱਤੀ ਅਟਾਰੀ ਸੀ ।’ ਸੰਸਾਰਕ ਧੰਦਿਆਂ ਤੋਂ ਜਦੋਂ ਵਿਹਲ ਮਿਲਦਾ ਤਾਂ ਥੋੜ੍ਹੇ ਦਿਨਾਂ ਵਾਸਤੇ ਓਥੇ ਆ ਰਿਹਾ ਕਰਦੀ ਸੀ ।

ਵਡਨੀ ਦੇ ਕਿਲ੍ਹੇ ਦੇ ਝਗੜੇ ਕਾਰਨ ਮਹਾਰਾਜਾ ਰਣਜੀਤ ਸਿੰਘ ਨੇ ਸਦਾ ਕੌਰ ਨੂੰ ਕੌੜੇ ਬਚਨ ਆਖ ਦਿੱਤੇ, ਜੋ ਉਨ੍ਹਾਂ ਨੂੰ ਆਖਣੇ ਨਹੀਂ ਸਨ। ਚਾਹੀਦੇ । ਰਾਜ ਪ੍ਰਾਪਤ ਦੇ ਹੰਕਾਰ ਵਿਚ ਆ ਕੇ ਉਸ ਮਾਤਾ ਨੂੰ ਨਹੀਂ ਸੀ ਭੁੱਲਣਾ ਚਾਹੀਦਾ ਜਿਸ ਨੇ ਉਹਦੇ ਬਦਲੇ ਚੌਂਤੀ ਸਾਲ ਲੜਾਈਆਂ ਲੜੀਆਂ। ਫਿਰ ਉਹ ਹੁਕਮ ਆਪ ਨਹੀਂ ਸੀ ਸੁਣਾਇਆ, ਸਗੋਂ ਗੁਲਾਬ ਸਿੰਘ ਦੇ ਰਾਹੀਂ ਸੁਣਾਇਆ ਗਿਆ ਸ਼ੇਰ-ਦਿਲ ਸਰਦਾਰਨੀ ਨੇ ਹੁਕਮ ਨੂੰ ਸੁਣਿਆਂ, ਸੋਚਿਆ ਤੇ ਜ਼ਬਾਨੋਂ ਸਿਰਫ਼ ਏਹੋ ਕਿਹਾ-‘ਨਾ ਮੈਂ ਲਾਹੌਰ ਰਹਾਂ ਤੇ ਨਾ ਬਟਾਲੇ, ਮੈਂ ਸ੍ਰੀ ਅੰਮ੍ਰਿਤਸਰ ਜਾ ਕੇ ਰਹਾਂਗੀ। ਰਹਿੰਦੀ ਆਯੂ ਗੁਰ- ਚਰਨਾਂ ਵਿਚ ਬੀਤ ਜਾਏਗੀ ।’

ਗੁਲਾਬ ਸਿੰਘ, ਸਰਦਾਰਨੀ ਨੂੰ ਖੁਸ਼ ਕਰਨ ਬਦਲੇ ਮਹਾਰਾਜਾ ਰਣਜੀਤ ਸਿੰਘ ਦੇ ਵਿਰੁੱਧ ਕੁਝ ਕਹਿਣ ਲੱਗਾ । ਭਾਵੇਂ ਸਰਦਾਰਨੀ ਦੀ ਆਤਮਾਂ ਨੂੰ ਦੁੱਖ ਸੀ ਫਿਰ ਵੀ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਆਪਣਾ ਪੁੱਤ੍ਰ ਸਮਝਦੀ ਸੀ ਤੇ ਓਹਦੇ ਵਿਰੁੱਧ ਕੋਈ ਗੱਲ ਨਹੀਂ ਸੀ ਸੁਣਨਾ ਚਾਹੁੰਦੀ। ਉਸ ਨੇ ਝੱਟ-ਪੱਟ ਗੁਲਾਬ ਸਿੰਘ ਨੂੰ ਇਹ ਆਖ ਕੇ ਗੱਲ ਕਰਨੋਂ ਰੋਕ ਦਿੱਤਾ। ਸੀ-‘ਇਹ ਅਸਾਂ ਦਾ ਘਰੇਲੂ ਮਾਮਲਾ ਹੈ ਇਸ ਤੇ ਨੁਕਤਾਚੀਨੀ ਕਰਨ ਦੀ ਲੋੜ ਨਹੀਂ, ਤੁਸੀਂ ਕੋਈ ਦਖਲ ਨਾ ਦੇਵੋ, ਮੈਂ ਆਪੇ ਉਨ੍ਹਾਂ ਨਾਲ ਨਜਿੱਠ ਲਵਾਂਗੀ, ਤੁਸੀਂ ਉਨ੍ਹਾਂ ਦੇ ਹੁਕਮ ਉਤੇ ਅਮਲ ਕਰੋ ।’

ਓਸੇ ਦਿਨ ਸ਼ਾਹਜ਼ਾਦੇ ਸ਼ੇਰ ਸਿੰਘ ਨੂੰ ਸਮਝਾ ਬੁਝਾ ਕੇ ਠੰਢਿਆਂ ਕੀਤਾ ਤੇ ਆਪ ਲੋੜੀਂਦਾ ਸਮਾਨ ਤੇ ਦੋ ਦਾਸੀਆਂ ਨੂੰ ਨਾਲ ਲੈ ਕੇ ਸਰਦਾਰਨੀ ਸ੍ਰੀ ਅੰਮ੍ਰਿਤਸਰ ਆ ਪੁੱਜੀ । ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਸਤਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ ਉਸ ਦੇ ਪਿਛੋਂ ਆਪਣੀ ਹਵੇਲੀ ਵਿਚ ਜਾ ਰਹੀ। ਉਹ ਹਵੇਲੀ ਉਸ ਦੇ ਮਨ ਨੂੰ ਨਹੀਂ ਭਾਈ, ਉਸ ਦੀ ਹਰ ਇਕ ਚੀਜ਼ ਉਦਾਸ ਨਜ਼ਰ ਆਈ। ਕੰਧਾਂ ਦੇ ਵਿਚੋਂ ਐਸੀਆਂ ਅਵਾਜ਼ਾਂ ਆ ਰਹੀਆਂ ਸਨ, ਜਿਨ੍ਹਾਂ ਨੂੰ ਉਹ ਸਮਝ ਨਹੀਂ ਸੀ ਸਕਦੀ। ਧੀਰਜ-ਵਾਨ ਸਰਦਾਰਨੀ ਦੀ ਘਬਰਾਹਟ ਦੂਰ ਨਹੀਂ ਸੀ ਹੁੰਦੀ ।

ਉਸ ਦਿਨ ਤੋਂ ਪਹਿਲਾਂ ਉਹ ਅੱਗੇ ਕਈ-ਕਈ ਰਾਤਾਂ ਉਸ ਹਵੇਲੀ ਵਿਚ ਰਹਿ ਜਾਇਆ ਕਰਦੀ ਸੀ । ਉਸ ਦਾ ਕਦੀ ਚਿਤ ਨਹੀਂ ਸੀ ਖਰਾਬ ਹੋਇਆ । ਉਸ ਨੂੰ ਕਦੀ ਸੁਪਨਾ ਨਹੀਂ ਸੀ ਆਇਆ, ਉਹ ਗੁਰਬਾਣੀ ਦਾ ਪਾਠ ਕਰਦੀ ਰਹਿੰਦੀ ਸੀ ਤੇ ਹਿਰਦਾ ਸ਼ਾਂਤ ਰਹਿੰਦਾ ਸੀ, ਸ੍ਰੀ ਹਰਿਮੰਦਰ ਸਾਹਿਬ ਅੰਦਰ ਜਾ ਕੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਤੇ ਅਰਦਾਸ ਬੇਨਤੀ ਵੀ ਕੀਤੀ ਸੀ। ਫਿਰ ਵੀ ਓਹਦਾ ਚਿਤ ਉਦਾਸ ਸੀ । ਵੈਰੀਆਂ ਦੀਆਂ ਤੋਪਾਂ, ਬੰਦੂਕਾਂ ਤੋਂ ਨਾ ਡਹਿਲਨ ਵਾਲਾ ਹਿਰਦਾ ਬੇ-ਤਰਤੀਬਾ ਧੜਕੀ ਜਾਂਦਾ ਸੀ, ਉਹ ਹੈਰਾਨ ਸੀ । ਉਸ ਨੂੰ ਖੁਦ ਕੋਈ ਪਤਾ ਨਹੀਂ ਸੀ । ਰਾਤ ਪਈ, ਪਹਿਲਾਂ ਰਹਿਰਾਸ ਦਾ ਪਾਠ ਕੀਤਾ । ਪਾਠ ਕਰਨ ਪਿਛੋਂ ਪਲੰਘ ‘ਤੇ ਜਾ ਬੈਠੀ, ਕੀਰਤਨ ਸੋਹਿਲੇ ਦਾ ਪਾਠ ਕੀਤਾ ਤੇ ਉਸੇ ਪਲੰਘ ਉਤੇ ਅਰਾਮ ਕਰਨ ਵਾਸਤੇ ਲੇਟ ਗਈ। ਬਿਸ਼ਨੀ, ਤਾਰੋ ਤੇ ਤੇਜੋ ਉਸ ਦੇ ਨਾਲ ਸਨ। ਉਹ ਨਾਲ ਦੇ ਕਮਰੇ ਵਿਚ ਜਾ ਸੁੱਤੀਆਂ। ਫਨੂਸ ਦੀ ਮੱਧਮ ਜਿਹੀ ਰੋਸ਼ਨੀ ਕਮਰੇ ਵਿਚ ਸੀ। ਉਸ ਰੋਸ਼ਨੀ ਦੇ ਰਾਹੀਂ ਕਮਰੇ ਵਿਚਲੀ ਹਰ ਚੀਜ਼ ਨਜ਼ਰ ਆਉਂਦੀ ਸੀ । ਉਸ ਵੇਲੇ ਦੇ ਅਮੀਰੀ ਰਿਵਾਜ਼ ਅਨੁਸਾਰ ਅਮੀਰਾਂ ਤੇ ਸਰਦਾਰਾਂ ਦੇ ਪਲੰਘਾਂ ਉਪਰ ਵਰਤਮਾਨ ਮੱਛਰਦਾਨੀ ਵਾਂਗ ਪਤਲੀ ਮਲਮਲ ਜਾਂ ਰੇਸ਼ਮੀ ਜਾਲੀ ਦਾ ਗੋਲ ਕੱਪੜਾ ਤਣਿਆਂ ਹੋਇਆ ਹੁੰਦਾ ਸੀ । ਉਹ ਮੱਛਰ ਤੇ ਪੜਦੇ ਦਾ ਕੰਮ ਦਿਆ ਕਰਦਾ ਸੀ । ਉਹ ਬਹੁਮੁੱਲਾ ਕੱਪੜਾ ਢਾਕੇ ਵਿਚੋਂ ਤਿਆਰ ਹੋ ਕੇ ਆਉਂਦਾ ਸੀ । ਪਲੰਘ ਉਤੇ ਲੇਟਦੇ ਸਾਰ ਸਰਦਾਰਨੀ ਤੇ ਉਸ ਕੱਪੜੇ ਦੀਆਂ ਤਣੀਆਂ ਖਿੱਚ ਦਿੱਤੀਆਂ ਜਿਸ ਨਾਲ ਉਹ ਪਲੰਘ ਦੇ ਚਾਰ ਚੌਫੇਰੇ ਆਪਣੇ ਆਪ ਹੀ ਤੰਬੂ ਵਾਂਗ ਖਿੱਲਰ ਗਿਆ ।

ਵਾਹਵਾ ਰਾਤ ਚਲੀ ਗਈ, ਪਰ ਸਰਦਾਰਨੀ ਨੂੰ ਨੀਂਦ ਨਾ ਆਈ ਉਹ ਜਾਗੇ ਮੀਟੇ ਸੀ ਕਿ ਉਸ ਨੂੰ ਮਾਸੂਮ ਬੱਚੇ ਦੇ ਰੋਣ ਦੀ ਅਵਾਜ਼ ਸੁਣਾਈ ਦਿੱਤੀ । ਉਸ ਅਵਾਜ਼ ਨੂੰ ਸੁਣ ਕੇ ਉਹ ਤੱਬਕ ਪਈ, ਉਸ ਨੇ ਅੱਖਾਂ ਖੋਹਲ ਕੇ ਦੇਖਿਆ, ਉਸ ਨੂੰ ਕੋਈ ਬਾਲ ਨਜ਼ਰ ਨਾ ਪਿਆ। ਨਜ਼ਰ ਵੀ ਕਿਥੋਂ ਆਉਣਾ ਸੀ, ਹਵੇਲੀ ਵਿਚ ਕੋਈ ਛੋਟੀ ਉਮਰ ਦਾ ਬਾਲ ਉਨ੍ਹਾਂ ਦਾ ਨਾਲ ਆਇਆ ਹੀ ਨਹੀਂ ਸੀ । ਅਣਡਿੱਠੇ ਬੱਚੇ ਦਾ ਰੋਣਾ ਸੁਣ ਕੇ ਉਸ ਨੂੰ ਆਪਣੇ ਦੋਹਤਰੇ ਯਾਦ ਆਏ । ਪਰ ਉਹ ਜੁਵਾਨ ਹੋ ਚੁੱਕੇ ਸਨ।

ਇਕ ਮਿੰਟ ਪਿਛੋਂ ਦਾਸੀ ਬਾਹਰੋਂ ਆਈ ਤੇ ਦਾਸੀ ਨੇ ਕਾਹਲੀ ਨਾਲ ਪੁੱਛਿਆ-‘ਕੀ ਹੁਕਮ ਮਾਤਾ ਜੀ ?’

‘ਮਸੂਮ ਬੱਚਾ ਕਿਥੇ ਰੋਂਦਾ ਹੈ ?’ ਸਰਦਾਰਨੀ ਨੇ ਸਵਾਲ ਕੀਤਾ। ‘ਕਿਤੇ ਵੀ ਨਹੀਂ !’ ਸਾਰਾ ਸ਼ਹਿਰ ਸੌਂ ਗਿਆ ਹੈ । ਸ੍ਰੀ ਹਰਿਮੰਦਰ ਸਾਹਿਬ ਵਿਚ ਵੀ ਸ਼ਾਂਤੀ ਹੈ । ਹਵੇਲੀ ਵਿਚ ਅਸਾਂ ਨਾਲ ਕੋਈ ਮਾਸੂਮ ਬੱਚਾ ਆਇਆ ਹੀ ਨਹੀਂ । ਮੈਂ ਜਾਗਦੀ ਹਾਂ, ਮੈਂ ਤਾਂ ਕਿਸੇ ਬਾਲ ਦਾ ਰੋਣਾ ਸੁਣਿਆਂ ਕੋਈ ਨਹੀਂ ।’

ਹੈਰਾਨੀ ਦੀ ਗੱਲ ਹੈ, ਮੈਨੂੰ ਨੀਂਦ ਨਹੀਂ ਆਉਂਦੀ, ਜਦੋਂ ਅੱਖ ਲੱਗਣ ਲੱਗਦੀ ਹੈ ਤਦੋਂ ਹੀ ਮਾਸੂਮ ਬੱਚੇ ਦਾ ਰੋਣਾ ਸੁਣਾਈ ਦੇਂਦਾ ਹੈ ।’

‘ਸੁਪਨਾ ਤਾਂ ਨਹੀਂ ਆਉਂਦਾ ?

‘ਸੁਪਨਾ ਸੁੱਤਿਆਂ ਆਉਂਦਾ ਹੈ ਕਿ ਜਾਗਦਿਆਂ ।’

‘ਮਨ ਉਤੇ ਕਿਸੇ ਤਰ੍ਹਾਂ ਦੇ ਗ਼ਮ ਦਾ ਭਾਰ ਤਾਂ ਨਹੀਂ ?’

‘ਮੇਰੇ ਮਨ ਉਤੇ ਗ਼ਮ ਦਾ ਭਾਰ……।’

‘गं ती!’

‘ਮੈਨੂੰ ਕਿਸ ਗੱਲ ਦਾ ਗ਼ਮ ਹੋ ਸਕਦਾ ਹੈ, ਮੈਨੂੰ ਗ਼ਮ ਨਹੀਂ ਹੋ ਸਕਦਾ।

‘ਸਤਿਨਾਮੁ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਕੇ ਅਰਾਮ ਕਰੋ।’

‘ਹੱਛਾ ਓਨੀਂ ਪੈਰੀਂ ਪਿੱਛੇ ਮੁੜ ਗਈ, ਜਾਂਦੀ ਹੋਈ ਕਮਰੇ ਦਾ ਬੂਹਾ ਢੋ ਗਈ ।

ਦਾਸੀ ਦੇ ਜਾਣ ਪਿੱਛੋਂ ਬੱਚੇ ਦੇ ਰੋਣ ਦੀ ਅਵਾਜ਼ ਫਿਰ ਆਈ। ਉਹ ਬਹੁਤ ਹੈਰਾਨ ਹੋਈ । ਉੱਠ ਕੇ ਬੈਠ ਗਈ।

‘ਹੇ ਵਾਹਿਗੁਰੂ! ਇਹ ਕੀ ਹੋ ਰਿਹਾ ਹੈ ? ਕੋਈ ਬੱਚਾ ਹਵੇਲੀ ਵਿਚ ਨਹੀਂ, ਪਰ ਬੱਚੇ ਦਾ ਰੋਣਾ ਮੇਰੇ ਕੰਨ ਕਿਉਂ ਸੁਣ ਰਹੇ ਹਨ ? ਹਿਰਦਾ ਕਿਉਂ ਬੇਚੈਨ ਹੈ ?……..ਮੈਂ ਤਾਂ ਇਹ ਗੱਲ ਭੁੱਲ ਗਈ ਹਾਂ ਕਿ ਮੇਰੇ ਪੁੱਤ੍ਰ ਨਹੀਂ। ਰਣਜੀਤ ਸਿੰਘ ਮੇਰਾ ਪੁੱਤ੍ਰ ਹੈ । ਸ਼ੇਰ ਸਿੰਘ ਤੇ ਤਾਰਾ ਸਿੰਘ ਪੁੱਤ੍ਰ ਹਨ। ਖਾਲਸਾ ਰਾਜ ਮੇਰੀਆਂ ਸੱਧਰਾਂ ਦਾ ਫਲ ਹੈ, ਫਿਰ ਐਸੇ ਵਿਚਾਰ ਕਿਉਂ ?’

ਸਦਾ ਕੌਰ ਨੇ ਕੱਪੜਾ ਪਾਸੇ ਕੀਤਾ, ਪਲੰਘ ਤੋਂ ਉਠ ਕੇ ਕਮਰੇ ਵਿਚ ਟਹਿਲਣ ਲੱਗ ਪਈ, ਕਮਰੇ ਦੀਆਂ ਕੰਧਾਂ ਨਾਲ ਉਹਦੇ ਸ਼ਸਤ੍ਰ ਟੰਗੇ ਹੋਏ ਸਨ । ਉਨ੍ਹਾਂ ਨੂੰ ਦੇਖ ਕੇ ਉਸਨੂੰ ਆਪਣੀਆਂ ਚੌਂਤੀ ਸਾਲਾਂ ਵਿਚ ਲੜੀਆਂ ਹੋਈਆਂ ਲੜਾਈਆਂ ਯਾਦ ਆਈਆਂ । ਇਕ ਇਕ ਮੈਦਾਨ ਜੰਗ ਦੀ ਝਾਕੀ ਅੱਖਾਂ ਅੱਗੋਂ ਦੀ ਲੰਘੀ।

ਇਹ ਸਭ ਕੁਝ ਮੈਂ ਨਹੀਂ ਕੀਤਾ, ਮੈਨੂੰ ਹੰਕਾਰ ਨਹੀਂ, ਸਭ ਕੁਝ ਅਕਾਲ ਪੁਰਖ ਦੀ ਕ੍ਰਿਪਾ ਦ੍ਰਿਸ਼ਟੀ ਦੇ ਬਲ ਨਾਲ ਹੋਇਆ ਹੈ । ਨਹੀਂ-ਨਹੀਂ! ਮੈਂ ਕਦੀ ਰਣਜੀਤ ਸਿੰਘ ਦੇ ਵਿਰੁੱਧ ਬਗ਼ਾਵਤ ਨਾ ਕਰ ਸਕਦੀ ਹਾਂ ਨਾ ਬਗ਼ਾਵਤ ਕਰਾ ਸਕਦੀ ਹਾਂ । ਮੇਰੇ ਦੇਸ਼ ਵਾਸੀ ਮਸਾਂ ਸੁਖ ਦਾ ਸਾਹ ਲੈਣ ਲੱਗੇ ਹਨ। ਅਮਨ, ਪਿਆਰ ਅਤੇ ਸੱਜਰੀਆਂ ਰੀਝਾਂ ਦਾ ਜੀਵਨ ਜੀ ਰਹੇ ਹਨ। ਹੁਣ ਕੋਈ ਅਬਦਾਲੀ ਤੇ ਨਾਦਰ ਚੜ੍ਹਾਈ ਕਰਕੇ ਹਿੰਦ ਨੂੰ ਲੁੱਟਣ ਵਾਸਤੇ ਨਹੀਂ ਆਵੇਗਾ। ਘਰੇਲੂ ਲੜਾਈ ਸ਼ੁਰੂ ਕਰਕੇ ਦੇਸ਼ ਦੇ ਅਮਨ ਨੂੰ ਖ਼ਤਰੇ ਵਿਚ ਕਿਉਂ ਪਾਵਾਂ….. !’

ਸਦਾ ਕੌਰ ਵਲਵਲੇ ਦੇ ਵਹਿਣ ਵਿਚ ਰੁੜ੍ਹ ਪਈ। ਉਹ ਸਾਰੇ ਪੰਜਾਬ ਦੀ ਮਾਤਾ ਸੀ। ਉਸ ਨੇ ਪੰਜਾਬ ਨੂੰ ਸੁਤੰਤ੍ਰ ਤੇ ਖ਼ੁਸ਼ਹਾਲ ਕੀਤਾ ਸੀ ਉਸ ਨੇ ਆਪਣੇ ਆਪ ਕਿਹਾ-‘ਵਡਨੀ ਤੇ ਹਿੰਮਤਪੁਰ ਦਾ ਮਾਮਲਾ ਮੇਰਾ ਨਿੱਜੀ ਮਾਮਲਾ ਹੈ। ਐਨੀ ਸੁਵਾਰਥਨ ਕਿਉਂ ਬਣਾ, ਵਡਨੀ ਤੇ ਹਿੰਮਤਪੁਰ ਬਦਲੇ ਸਾਰੇ ਪੰਜਾਬ ਨੂੰ ਲੜਾਈ ਦੀ ਭਿਆਨਕ ਅੱਗ ਵਿਚ ਝੋਕਾਂ ਕਿਉਂ ? ਇਕ ਮਾਲਣ ਬਣ ਕੇ ਜਿਸ ਬਾਗ਼ ਨੂੰ ਮੈਂ ਆਪ ਮਿਹਨਤ ਨਾਲ ਤਿਆਰ ਕੀਤਾ ਹੈ, ਜੇਹੜਾ ਬਾਗ਼ ਅੱਜ ਫੁੱਲ ਤੇ ਫਲ ਦੇ ਰਿਹਾ ਹੈ, ਉਸ ਨੂੰ ਸਾੜਾਂ ਤੇ ਕੱਟਾਂ ਕਿਉਂ ? ਹੋ ਸਕਦਾ ਹੈ ਮੇਰੀ ਭੁੱਲ ਹੋਵੇ । ਵਾਹਿਗੁਰੂ ! ਦਇਆ ਕਰ, ਮੇਰੇ ਹਿਰਦੇ ਨੂੰ ਸ਼ਾਂਤੀ ਬਖਸ਼ੋ ! ‘ਇਕ ਪੁੱਤ੍ਰ ਦੀ ਅਣਹੋਂਦ’ ਨੂੰ ਅਨੁਭਵ ਕਰਕੇ ਮੈਂ ਮਨ ਨੂੰ ਵਿਆਕੁਲ ਕਰ ਬੈਠੀ । ਹੇ ਸੁਵਰਗਵਾਸੀ ਮੇਰੇ ਪਤੀ ਦੇਵ ! ਮੇਰੇ ‘ਤੇ ਕ੍ਰਿਪਾ ਕਰੋ ਮੇਰੇ ਹਿਰਦੇ ਦੀ ਬੇਚੈਨੀ ਦੂਰ ਕਰੋ।’

ਉਹ ਘਬਰਾ ਗਈ, ਦਾਸੀ ਨੂੰ ਅਵਾਜ਼ ਮਾਰ ਕੇ ਪਾਣੀ ਮੰਗਵਾਇਆ, ਪਾਣੀ ਪੀ ਕੇ ਸਰਦਾਰਨੀ ਮੁੜ ਆਪਣੇ ਪਲੰਘ ਉਤੇ ਜਾ ਬੈਠੀ । ਕਦੋਂ ਲੇਟੀ ਤੇ ਕਦੋਂ ਨੀਂਦ ਆਈ ਇਸ ਗੱਲ ਦਾ ਉਸ ਨੂੰ ਗਿਆਨ ਨਾ ਰਿਹਾ। ਦਾਸੀਆਂ ਨੇ ਦੇਖਿਆ, ਉਹ ਸੂਰਜ ਚੜ੍ਹੇ ਤੱਕ ਸੁਤੀ ਪਈ ਸੀ ।

21. 

ਦਿਨ ਮਹੀਨੇ ਤੇ ਸਾਲ ਬੀਤਣ ‘ਤੇ ਮਨੁੱਖ ਸਮਝਦਾ ਹੈ ਕਿ ਉਹਦੀ ਉਮਰ ਵਧ ਰਹੀ ਹੈ ਅਸਲ ਵਿਚ ਜਿਉਂ-ਜਿਉਂ ਸਾਲ ਬੀਤਦੇ ਹਨ। ਤਿਉਂ-ਤਿਉਂ ਉਮਰ ਘੱਟਦੀ ਹੈ । ਅੰਤ ਸਮਾਂ ਨੇੜੇ ਆਉਂਦਾ ਹੈ। ਉਹ ਸਮਾਂ ਜੋ ਸਾਰਿਆਂ ‘ਤੇ ਆਉਂਦਾ ਹੈ ਤੇ ਜੋ ਮਨੁੱਖ ਵਾਸਤੇ ਇਮਤਿਹਾਨ ਦਾ ਸਮਾਂ ਹੁੰਦਾ ਹੈ। ਇਕ ਪਾਸੇ ਜੀਵ ਆਤਮਾ ਨੂੰ ਮੋਹ ਮਾਯਾ ਤੇ ਮਮਤਾ ਫੜ-ਕੇ ਰੱਖਦੀ ਹੈ ਕਿ ਜੀਵ ਆਤਮਾ ਮਨੁੱਖਾ ਦੇਹ ਦਾ ਤਿਆਗ ਨਾ ਕਰੇ । ਜਗਤ ਦੇ ਸੁਆਦ ਮਾਣੇ, ਆਪਣੇ ਲਾਏ ਹੋਏ ਬਾਗ਼ ਦੇ ਕੱਚੇ ਪੱਕੇ ਫਲ ਦੇਖੇ ਤੇ ਖਾਂਦਾ ਰਹੇ, ਦੂਸਰੇ ਪਾਸੇ ਧਰਮ-ਰਾਜ ਨੂੰ ਮਹਾਂ ਸ਼ਕਤੀ (ਵਾਹਿਗੁਰੂ) ਨੇ ਹੁਕਮ ਦਿੱਤਾ ਹੋਇਆ ਹੁੰਦਾ ਹੈ ਕਿ ਉਹ ਉਮਰ ਮੁੱਕ ਚੁੱਕੇ ਜੀਵ-ਆਤਮਾ ਨੂੰ ਮਨੁੱਖਾ ਦੇਹ ਦੇ ਪਿੰਜਰੇ ਵਿਚੋਂ ਕੱਢ ਕੇ ਛੇਤੀ ਬਾਹਰ ਲਿਆਵੇ । ਉਹਦੇ ਕਰਮਾ ਦਾ ਹਿਸਾਬ ਹੋਣਾ ਹੁੰਦਾ ਹੈ। ਉਸ ਮੇਲ ਦੇ ਸਮੇਂ ਦਾ ਨਾਮ ਲੋਕਾਂ ਨੇ ਮੌਤ ਰਖਿਆ ਹੈ।

ਜਿਹੜੇ ਜੀਵ-ਆਤਮਾ ਮਨੁੱਖਾ ਦੇਹ ਦਾ ਜਾਮਾ ਪਹਿਨ ਕੇ ਨੇਕੀ ਤੇ ਧਰਮ ਕਰਮ ਕਰਦੇ ਅਤੇ ਉਸ ਮਹਾਂ-ਸ਼ਕਤੀ ਨੂੰ ਸਦਾ ਚੇਤੇ ਰੱਖਦੇ ਹਨ, ਜਿਹੜੇ ਸੁਵਾਰਥ ਵਾਸਤੇ ਨਹੀਂ ਸਗੋਂ ਪਰ ਸੁਵਾਰਥ ਵਾਸਤੇ ਜੀਉਂਦੇ ਰਹੇ ਹੁੰਦੇ ਹਨ, ਉਹ ਉਸ ਇਮਤਿਹਾਨ ਤੇ ਵਿਛੋੜੇ-ਮਿਲਾਪ ਦੀ ਘੜੀ ‘ਮੌਤ’ ਕੋਲੋਂ ਨਹੀਂ ਡਰਦੇ । ਕਿਉਂਕਿ ਉਹ ਸਮਝਦੇ ਹਨ ਕਿ ਮੌਤ ਸੱਚ ਤੇ ਅਟੱਲ ਹੈ। ਭੈ ਨਾਲ ਉਨ੍ਹਾਂ ਦਾ ਚਿਹਰਾ ਕਾਲਾ ਨਹੀਂ ਹੁੰਦਾ, ਸਗੋਂ ਲਾਲ ਗੁਲਾਲ ਸਰੂਪ ਹੋ ਜਾਂਦਾ ਹੈ ।

ਦਸੰਬਰ ੧੮੩੨ ਦੇ ਦਿਨ ਸਨ । ਸਰਦਾਰਨੀ ਸਦਾ ਕੌਰ ਉਮਰ ਦੇ

ਸੱਤਰ੍ਹਵੇਂ ਸਾਲ਼ ਵਿਚ ਸੀ । ਉਹ ਸਾਲ ਤੇ ਮਹੀਨਾ ਉਸ ਦੇ ਮਨੁੱਖ ਜੀਵਨ

ਦਾ ਅੰਤਮ ਸਾਲ-ਮਹੀਨਾ ਸੀ । ਪ੍ਰਭੂ ਵਲੋਂ ਸੱਦਾ ਆ ਚੁੱਕਾ ਸੀ । ਉਹ

ਪਲੰਘ ਤੋਂ ਉੱਠ ਕੇ ਤੁਰ-ਫਿਰ ਨਹੀਂ ਸੀ ਸਕਦੀ, ਸਿਰ ਦੇ ਵਾਲ ਦੁੱਧ

ਚਿੱਟੇ ਸਨ, ਪਰ ਚਿਹਰੇ ਉਤੇ ਬੇਅੰਤ ਨੂਰ ਸੀ। ਚਿਹਰਾ ਦੇਖਣ ਤੇ ਇਹ

ਕਿਆਸ ਕਰਨਾ ਔਖਾ ਸੀ ਕਿ ਉਹ ਚਲਾਣਾ ਕਰ ਰਹੀ ਹੈ। ਓਹਦੀਆਂ

ਅੱਖਾਂ ਦੀ ਜੋਤ ਭਾਵੇਂ ਮੱਧਮ ਸੀ ਫਿਰ ਵੀ ਲਾਗੇ ਬੈਠੇ ਨਰ-ਨਾਰੀ ਦਾ

ਚਿਹਰਾ ਚੰਗੀ ਤਰ੍ਹਾਂ ਪਛਾਣ ਲੈਂਦੀ ਸੀ ।

ਓਹਦੇ ਕੋਲ ਇਕ ਹਕੀਮ ਤੇ ਇਕ ਵੈਦ ਸੀ । ਦਾਸੀਆਂ ਸਨ, ਪਰ ਆਪਣਾ’ ਕੋਈ ਨਹੀਂ ਸੀ । ਅਗਲਾ ਭੈ ਉਹਦੇ ਨੇੜੇ ਨਹੀਂ ਸੀ ਆਇਆ, ਪਰ ਮਨ ਨੂੰ ਇਹ ਧੁਖ-ਧੁਖੀ ਸੀ ਕਿ ਜਿਹੜੇ ‘ਆਪਣੇ’ ਹਨ ਉਹ ਅੰਤ ਸਮੇਂ ਕੋਲ ਨਹੀਂ, ਤੋਰਨ ਵਾਸਤੇ ਵੀ ਨਹੀਂ ਆ ਰਹੇ । ਉਸ ਦਾ ਮਨ ਇਹ ਘੜੀ-ਘੜੀ ਸਵਾਲ ਕਰਦਾ ਸੀ-‘ਕੀ ਰਾਜ ਵਿਚੋਂ ਉਨ੍ਹਾਂ ਨੂੰ ਵਿਹਲ ਨਹੀਂ ਮਿਲਦਾ ? ਲੱਖ ਯਤਨ ਕਰਨ ਤੇ ਵੀ ਉਹ ਮਹਾਰਾਜਾ ਰਣਜੀਤ ਸਿੰਘ, ਸ਼ਾਹਜ਼ਾਦਾ ਸ਼ੇਰ ਸਿੰਘ, ਤਾਰਾ ਸਿੰਘ ਤੇ ਆਪਣੀ ਸਪੁਤ੍ਰੀ ਮਤਾਬ ਕੌਰ ਨੂੰ ਨਾ ਭੁੱਲ ਸਕੀ । ਮਤਾਬ ਕੌਰ ਤਾਂ ਉਸ ਨੂੰ ਮਿਲ ਨਹੀਂ ਸੀ ਸਕਦੀ ਕਿਉਂਕਿ ਉਹ ਉਸ ਤੋਂ ਪਹਿਲਾਂ ਪ੍ਰਲੋਕ ਗਮਨ ਕਰ ਚੁੱਕੀ ਸੀ । ਉਹ ਤਾਂ ਧਰਮੀ ਤੇ ਬਹਾਦਰ ਮਾਤਾ ਦਾ ਸਵਾਗਤ ਕਰਨ ਵਾਸਤੇ ਪਹਿਲਾਂ ਹੀ ਬ੍ਰਹਮ ਲੋਕ ਵਿਚ ਜਾ ਪੁੱਜੀ ਸੀ ।

‘ਕੇਸੋਂ ! ਲਾਹੌਰੋਂ ਕੋਈ ਉੱਤਰ ਨਹੀਂ ਆਇਆ ?’

ਸਦਾ ਕੌਰ ਨੇ ਦਾਸੀ ਨੂੰ ਪੁੱਛਿਆ ।

‘ਨਹੀਂ ਮਾਤਾ ਜੀ ! ਦੋ ਘੋੜ-ਸਵਾਰ ਭੇਜੇ ਹਨ; ਦੋਵੇਂ ਹੀ ਨਹੀਂ ਮੁੜੇ । ਧੀਰਜ ਰੱਖੋ ਆਉਂਦੇ ਹੀ ਹੋਣੇ ਹਨ ।’

‘ਆਉਂਦੇ ਤਾਂ ਜ਼ਰੂਰ ਹੋਣਗੇ, ਪਰ….. !’

‘ਵਾਹਿਗੁਰੂ ਦਾ ਧਿਆਨ ਧਰੋ ਮਾਤਾ ਜੀ !’

‘ਵਾਹਿਗੁਰੂ ਹੀ ਤਾਂ ਬੁਲਾ ਰਿਹਾ ਹੈ। ਮੌਤ ਦੀ ਪਾਲਕੀ ਆ ਰਹੀ ਹੈ।’

‘ਐਸੇ ਬਚਨ ਨਾ ਬੋਲੋ ।’

‘ਸੱਚ ਆਖਣਾ ਹੀ ਪੈਂਦਾ ਹੈ ।’

‘ਮੇਰੀ…….ਪੁੱਤ੍ਰੀ ਮਹਿਤਾਬ ਕੌਰ ਦੀ ਨਿਸ਼ਾਨੀ ‘ਸ਼ੇਰ ਤੇ ਤਾਰਾ ?’

‘ਉਹ ਵੀ ਆ ਰਹੇ ਹਨ । ਹੁਣੇ ਪੁੱਜੇ ਕਿ ਪੁੱਜੇ। ਚੰਗੇ ਮਾਤਾ ਜੀ!

ਸਾਰੇ ਤੁਸਾਂ ਨੂੰ ਚੰਗਾ ਸਮਝਦੇ ਹਨ ।’

‘ਹੂੰ ! ਚੰਗਾ ਤਾਂ ਸਮਝਦੇ ਹਨ.. !’

ਸਦਾ ਕੌਰ ਚੁੱਪ ਹੋ ਗਈ । ਉਹ ਸਮੇਂ ਰਾਤ ਹੋ ਚੁੱਕੀ ਸੀ । ਸਿਆਲ ਦੀ ਰਾਤ ਦਾ ਹਨੇਰਾ ਅਗੇਤਰਾ ਹੀ ਆ ਪੁੱਜਦਾ ਹੈ । ਦਾਸੀਆਂ ਦੀਵੇ ਜਗਾ ਰਹੀਆਂ ਸਨ । ਸਰਦਾਰਨੀ ਦੀਆਂ ਅੱਖਾਂ ਨੇ ਦੀਵਿਆਂ ਦੀ ਲੋਅ ਦੇਖੀ । ਹੌਲੀ ਜਿਹੀ ਉਸ ਕਿਹਾ-‘ਅੱਜ ਦਾ ਦਿਨ ਵੀ ਬੀਤ ਗਿਆ। ਹੁਣ ਰਾਤ ਦੇ ਹਨੇਰੇ ਵਿਚ ਕਿਸੇ ਨਹੀਂ ਆਉਂਣਾ । ਚਲੋ ਨਾ ਸਹੀ! ਜੀਊਂਦੇ ਰਹਿਣ । ਵਿਹਲ ਨਹੀਂ ਮਿਲਿਆ ਹੋਣਾ । ਕੀ ਪਤਾ ਕਿਤੇ ਕੋਈ ਲੜਾਈ……..ਦੁਸ਼ਮਣ ਖ਼ਾਲਸਾ ਰਾਜ ਦੀਆਂ ਹੱਦਾਂ ਲਾਗੇ ਨਾ ਆ ਗਿਆ ਹੋਵੇ । ਕੇਸੋ !

‘ਜੀ ਮਾਤਾ ਜੀ!’

‘ਤਾਰੋ ਨੂੰ ਤਾਂ ਬੁਲਾ, ਉਹ ਕਿਥੇ ਹੈ । ਉਸਨੂੰ ਆਖ ਮੇਰੇ ਕੋਲ ਆ ਕੇ ਬੈਠ ।’ ਤਾਰੋ ਬੱਤੀ ਕੁ ਸਾਲ ਦੀ ਉਮਰ ਵਾਲੀ ਦਾਸੀ ਸੀ । ਦਲੇਰ ਤੇ ਚੰਗੀ ਸੂਝ-ਬੂਝ ਵਾਲੀ ਤੀਵੀਂ ਸੀ। ਸਰਦਾਰਨੀ ਉਹਦੇ ਉੱਤੇ ਬਹੁਤ ਭਰੋਸਾ ਕਰਦੀ ਸੀ। ਉਹਦੇ ਇਕ-ਇਕ ਬੋਲ (ਸ਼ਬਦ) ਨੂੰ ਸੱਚਾ ਸਮਝਦੀ मी ।

ਕਸੋ ਦੇ ਅਵਾਜ਼ ਮਾਰਨ ਤੇ ਤਾਰੋ ਆ ਗਈ। ਉਹ ਸਰਦਾਰਨੀ ਦੀ ਸਰੀਰਕ ਕਮਜ਼ੋਰੀ ਨੂੰ ਦੇਖ ਦੇਖ ਕੇ ਘਬਰਾ ਰਹੀ । ਉਹ ਆਪਣੀ ਚੰਗੀ ਮਾਲਕਨ ਨੂੰ ਅੱਖਾਂ ਤੋਂ ਉਹਲੇ ਨਹੀਂ ਸੀ ਹੋਣ ਦੇਣਾ ਚਾਹੁੰਦੀ ।

ਉਹ ਦੱਬੇ ਪੈਰ ਆ ਕੇ ਸਦਾ ਕੌਰ ਦੇ ਸੱਜੇ ਹੱਥ ਬੈਠ ਗਈ।

‘ਮਾਤਾ ਜੀ! ਕੀ ਹੁਕਮ ?’ ਤਾਰੋ ਦੀ ਬੇਨਤੀ ਸੀ ।

‘ਕੀ ਇਹ ਠੀਕ ਹੈ ਕਿ ਖ਼ਾਲਸਾ ਰਾਜ ਨੂੰ ਕੋਈ ਖ਼ਤਰਾ ਨਹੀਂ ?’ ਸਦਾ ਕੌਰ ਨੇ ਤਾਰੋ ਵੱਲ ਦੇਖਦਿਆਂ ਹੋਇਆਂ ਪੁੱਛਿਆ।

‘ਸੱਚ ਮਾਤਾ ਜੀ ! ਖ਼ਾਲਸਾ ਰਾਜ ਨੂੰ ਕੋਈ ਖ਼ਤਰਾ ਨਹੀਂ । ਫਰੰਗੀ ਤੇ ਦੇਸੀ ਰਾਜੇ ਸਰਕਾਰ (ਮ: ਰਣਜੀਤ ਸਿੰਘ) ਦੇ ਅੱਗੇ ਹੱਥ ਬੰਨ੍ਹੀ ਖਲੋਤੇ ਰਹਿੰਦੇ ਹਨ। ਕਸ਼ਮੀਰ, ਹਜ਼ਾਰਾ, ਹਰੀਪੁਰ, ਪਸ਼ਾਵਰ, ਵਜ਼ੀਰ ਸਥਾਨ, ਮੁਲਤਾਨ ਅਤੇ ਕਾਂਗੜੇ ਦੇ ਪਰਬਤ ਸਾਰੇ ਹੀ ਖ਼ਾਲਸਾ ਰਾਜ ਨਾਲ ਪੱਕੇ ਸ਼ਾਮਲ ਹੋ ਗਏ ਹਨ ।……….

‘ਬਹੁਤ ਵੱਡਾ ਰਾਜ ਹੈ ।’

ਹਾਂ ਮਾਤਾ ਜੀ! ਬਹੁਤ ਵੱਡਾ ਰਾਜ! ਤੁਸਾਂ ਦੀ ਹਿੰਮਤ, ਸਮਝ ਦਾ ਸਦਕਾ ।’

‘ਮੈਂ….ਕੀ ਹਾਂ! ਕੁਝ ਵੀ ਨਹੀਂ ! ਸਭ ਅਕਾਲ ਪੁਰਖ ਦੀ ਕ੍ਰਿਪਾ। ਮੈਂ ਤਾਂ ਇਕ ਇਸਤ੍ਰੀ ਸਾਂ ।’

‘ਤੁਸਾਂ ਜਿਹੀਆਂ ਬਹਾਦਰ, ਸਤਵੰਤੀਆਂ, ਧਰਮਣਾਂ ਦੇਸ਼ ਭਗਤਣਾਂ ਅਤੇ ਉੱਚੀ ਸਮਝ ਵਾਲੀਆਂ ਇਸਤ੍ਰੀਆਂ ਸੰਸਾਰ ਵਿਚ ਕਦੀ ਕਦੀ ਜਨਮ ਲੈਂਦੀਆਂ ਹਨ। ਉਹ ਕੌਮਾਂ ਤੇ ਦੇਸ਼ਾਂ ਦੀ ਕਿਸਮਤ ਪਲਟ ਕੇ ਰੱਖ ਦੇਂਦੀਆਂ ग्ठ । टिडिग्म रे…….!’

ਸਰਦਾਰਨੀ ਦਾ ਪਰ ਸੁਵਾਰਥੀ ਤੇ ਨਿਰਕਪਟਿ ਹਿਰਦਾ ਆਪਣੀ ਉਸਤਤਿ ਨਾ ਸੁਣ ਸਕਿਆ। ਵਿਚਾਲਿਓਂ ਹੀ ਗਲ ਟੁਕ ਕੇ ਆਖਿਆ- ‘ਅਕਾਲ ਪੁਰਖ ਦੇ ਗੁਣ ਗਾ, ਸਤਿਗੁਰ ਦੀ ਉਸਤਤ ਕਰ, ਮੈਂ ਕੌਣ ਹਾਂ । ਪਾਣੀ ਦੇ ਬੁਲਬੁਲੇ ਵਾਂਗ ਪੰਜ ਤੱਤ ਦਾ ਪੁਤਲਾ ਜੋ ਹਵਾ (ਕਾਲ) ਦਾ ਮੁਕਾਬਲਾ ਨਹੀਂ ਕਰ ਸਕਦਾ ਸਵੇਰੇ ਗੁਰੂ ਕੇ ਲੰਗਰ ਵਿਚ ਰਸਤ ਭੇਜਣੀ। ਗਰੀਬਾਂ ਨੂੰ ਲੀੜੇ ਤੇ ਅੰਨ ਵਰਤਾਉਣਾ। ਸਤਿਗੁਰੂ ਜੀ ਦੇ ਮੰਦਰ………. !’

‘ਮੰਦਰ’ ਸ਼ਬਦ ਅਜੇ ਸਰਦਾਰਨੀ ਦੇ ਥਰ ਥਰਾਂਦੇ ਬੁੱਲ੍ਹਾਂ ਤੋਂ ਡਿੱਗਾ ਨਹੀਂ ਸੀ ਕਿ ਦੋ ਦਾਸੀਆਂ ਅੰਦਰ ਆਈਆਂ ਉਨ੍ਹਾਂ ਨੇ ਕਾਹਲ ਨਾਲ ਆਖਿਆ-‘ਮਹਾਰਾਜਾ ਜੀ ਆ ਗਏ ! ਮਹਾਰਾਜਾ ਜੀ ਆ ਗਏ ।

‘ਆ ਗਿਆ! ਮੇਰਾ……ਸਵਰਨ ਪੁੱਤ੍ਰ !’ ਸਰਦਾਰਨੀ ਨੇ ਪ੍ਰਸੰਨਤਾ ਨਾਲ ਆਖਿਆ ।

ਏਨੇ ਨੂੰ ਮਹਾਰਾਜਾ ਰਣਜੀਤ ਸਿੰਘ, ਕੰਵਰ ਨੌ-ਨਿਹਾਲ ਸਿੰਘ, ਸ਼ਾਹਜ਼ਾਦਾ ਸ਼ੇਰ ਸਿੰਘ ਤੇ ਤਾਰਾ ਸਿੰਘ ਦੱਬੇ ਪੈਰ ਅੰਦਰ ਆਏ । ਉਹ ਪੈਰਾਂ ਦਾ ਖੜਕਾ ਨਹੀਂ ਸਨ ਕਰਨਾ ਚਾਹੁੰਦੇ, ਸਾਰਿਆਂ ਦੇ ਚਿਹਰਿਆਂ ਉਤੇ ਗੰਭੀਰਤਾ ਸੀ । ਅੱਖਾਂ ਵਿਚ ਸ਼ਰਧਾ ਸਤਿਕਾਰ ਤੇ ਹਮਦਰਦੀ ਹੰਝੂ मठ ।

ਮਹਾਰਾਜਾ ਰਣਜੀਤ ਸਿੰਘ ! ਤਕਰੀਬਨ ਅੱਠ ਸਾਲ ਪਿਛੋਂ ਆਪਣੀ ਧਰਮ ਮਾਤਾ ਨੂੰ ਮਿਲਣ ਵਾਸਤੇ ਆਇਆ ਸੀ । ਇਹ ਗੱਲ ਨਹੀਂ ਕਿ ਉਸ ਨੂੰ ਮਿਲਣ ਦਾ ਸਮਾਂ ਨਹੀਂ ਸੀ ਮਿਲਿਆ ਜਾਂ ਕਿਸੇ ਲੜਾਈ ਦੇ ਮੈਦਾਨ ਵਿਚ ਰੁੱਝਾ ਸੀ । ਸਗੋਂ ਰਾਜ ਦੇ ਬੇਈਮਾਨ ਵਜ਼ੀਰਾਂ ਨੇ ਝੂਠ ਤੇ ਫਰੇਬ ਦੀਆਂ ਗੱਲਾਂ ਕਰ-ਕਰ ਕੇ ਮਹਾਰਾਜੇ ਦੇ ਦਿਲ ਤੇ ਅੱਖਾਂ ਅੱਗੇ ਇਕ ਕਾਲਾ ਪੜਦਾ ਤਾਣ ਦਿੱਤਾ ਸੀ, ਜਿਸ ਕਾਰਨ ਮਹਾਰਾਜਾ ਆਪਣੀ ਧਰਮ-ਮਾਤਾ ਦੇ ਚੰਗੇ ਗੁਣਾਂ ਤੇ ਪਰਉਪਕਾਰਾਂ ਨੂੰ ਨਾ ਦੇਖ ਸਕਿਆ ਤੇ ਨਾ ਵਿਚਾਰ ਸਕਿਆ। ਹਿਰਦੇ ਵਿਚ ਈਰਖਾ ਤੇ ਗੁੱਸੇ ਦੀ ਅੱਗ ਬਾਲ ਦਿੱਤੀ, ਜਿਸ ਅੱਗ ਦੇ ਧੂੰਏਂ ਨੇ ਮਹਾਰਾਜੇ ਨੂੰ ਸਦਾ ਕੌਰ ਕੋਲੋਂ ਬਹੁਤ ਦੂਰ ਰਖਿਆ । ਪਰ ਸਦਾ ਕੌਰ ਉਸ ਨੂੰ ਨਹੀਂ ਭੁੱਲੀ । ਉਹ ਨੇਕ ਮਾਂ ਦੀ ਤਰ੍ਹਾਂ ਉਹਦੇ ਭਲੇ ਦੀਆਂ ਅਰਦਾਸਾਂ ਕਰਦੀ ਰਹੀ। ਉਸ ਨੇ ਨਜ਼ਰ ਬੰਦੀ ਦੇ ਜੀਵਨ ਨੂੰ ਘਰੇਲੂ ਤੇ ਪਿਆਰ ਭਰਿਆ ਜੀਵਨ ਸਮਝਿਆ। ਜਦੋਂ ਕਦੀ ਦਾਸੀਆਂ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਦੀਆਂ ਨਵੀਆਂ ਜਿੱਤਾਂ ਦੀਆਂ ਖ਼ਬਰਾਂ ਸੁਣਾਉਂਦੀਆਂ ਤਦੋਂ ਉਹ ਖੁਲ੍ਹੇ ਦਿਲ ਨਾਲ ਉਨ੍ਹਾਂ ਨੂੰ ਇਨਾਮ ਬਖਸ਼ਦੀ ਰਹੀ। ਓਸੇ ਵੇਲੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਮਾਇਆ ਦੇ ਗੱਫੇ ਭੇਜ ਕੇ ਅਰਦਾਸੇ ਕਰਾਉਂਦੀ ਰਹੀ। ਉਹ ਇਕ ਸੱਚੀ ਮਾਂ ਸੀ । ਓਹਦੇ ਹਿਰਦੇ ਤੋਂ ਕਦੀ ਪਿਆਰ ਪਾਸੇ ਨਹੀਂ ਹੋਇਆ ਸੀ । ਰਾਜ-ਧ੍ਰੋਹੀਆਂ, ਖ਼ਾਲਸਾ ਰਾਜ ਦੇ ਗੁਪਤ ਦੁਸ਼ਮਣਾਂ ਅਤੇ ਮੂਰਖਾਂ ਨੇ ਅੱਠਾਂ ਸਾਲਾਂ ਦੇ ਲੰਮੇ ਸਮੇਂ ਵਿਚ ਕਈ ਵਾਰ ਉਸ ਨੂੰ ਮਹਾਰਾਜੇ ਦੇ ਵਿਰੁੱਧ ਭੜਕਾਉਣ ਦਾ ਯਤਨ ਕੀਤਾ, ਪਰ ਉਹ ਸ਼ਾਂਤ ਰਹੀ। ਓਹਦੇ ਹਿਰਦੇ ਅੰਦਰ ਇਹ ਇਕ ਸੱਧਰ ਅਮਰ ਰਹੀ ।ਕ ਉਹ ਮਹਾਰਾਜੇ ਨੂੰ ਮਿਲ ਕੇ ਸਮਝਾਵੇ ਕਿ ਮਹਾਰਾਜਾ ਬੁੱਕਲ ਦੇ ਸੱਪਾਂ ਕੋਲੋਂ ਬਚੇ, ਪਰ ਉਸਦੀ ਇਹ ਸੱਧਰ (ਇੱਛਾ) ਪੂਰੀ ਨਾ ਹੋਈ । ਬੁੱਕਲ ਦੇ ਸੱਪਾਂ ਦੇ ਹੱਥ ਕੰਡਿਆਂ ਨੇ ਉਨ੍ਹਾਂ ਦੀ ਕੋਈ ਪੇਸ਼ ਨਾ ਜਾਣ ਦਿੱਤੀ ।

ਉਚੇਰੀ ਆਦਰਸ਼ਕ ਦ੍ਰਿਸ਼ਟੀਕੋਣ ਨਾਲ ਮਹਾਰਾਜਾ ਦੋਸ਼ੀ ਸੀ । ਉਸ ਨੇ ਰਾਜ ਪ੍ਰਤਾਪ ਦੇ ਬਲ ਦੀ ਮਸਤੀ ਵਿਚ ਆਪਣੀ ਧਰਮ-ਮਾਤਾ ਨੂੰ ਕੌੜੇ ਬਚਨ ਆਖੇ ਸਨ । ਪਾਬੰਦੀਆਂ ਲਾ ਕੇ ਭੁੱਲ ਕੀਤੀ ਸੀ । ਉਸ ਦੀਆਂ ਅੱਖਾਂ ਤਦੋਂ ਖੁਲ੍ਹੀਆਂ, ਜਦੋਂ ਹਲਕਾਰੇ ਨੇ ਜਾ ਕੇ ਆਖਿਆ-‘ਮਾਤਾ ਸਦਾਕੌਰ ਜੀ! ਜੀਵਨ ਦੇ ਅੰਤਮ ਦਮਾਂ ਸਮੇਂ ‘ਸਰਕਾਰ’ ਨੂੰ ਯਾਦ ਕਰ ਰਹੀ ਹੈ। ਉਸ ਨੇ ਪੱਕੀ ਕੀਤੀ ਹੈ ਕਿ ਮੇਰਾ ਪੁੱਤ੍ਰ ਮੇਰੇ ਮਰਨ ਤੋਂ ਪਹਿਲਾਂ ਇਕ ਵਾਰ ਜ਼ਰੂਰ ਮੈਨੂੰ ਮਿਲ ਜਾਵੇ । ਮੈਂ ਗੱਲ ਕੋਈ ਨਹੀਂ ਕਰਦੀ, ਮੈਂ ਤਾਹਨਾ ਮੇਹਣਾ ਨਹੀਂ ਦੇਂਦੀ। ਮੈਂ ਸਭ ਗੁੱਸੇ ਗਿਲੇ ਭੁੱਲ ਚੁੱਕੀ ਹਾਂ। ਸਿਰਫ਼ ਦੇਖਣਾ ਚਾਹੁੰਦੀ ਹਾਂ ਦੇਖਣਾ ।’

ਇਸ ਨਿਮਰਤਾ ਭਰੇ ਸੰਦੇਸ਼ ! ਨਹੀਂ ਇਕ ਸੱਚੀ ਮਾਂ ਦੇ ਹਿਰਦੇ ਤੇ ਤਰਲੇ ਨੇ ਮਹਾਰਾਜੇ ਦੇ ਹਿਰਦੇ ਨੂੰ ਬਰਫ ਵਾਂਗ ਪਿਘਲਾ ਦਿੱਤਾ । ਉਹਦੀ ਇਕੋ ਅੱਖ ਵਿਚੋਂ ਸ਼ਰਧਾ ਤੇ ਪਿਆਰ ਦੇ ਹੰਝੂ ਛਲਕੇ । ਵੈਰ, ਈਰਖਾ ਤੇ ਓਪਰੇਪਨ ਦਾ ਕਾਲਾ ਪੜਦਾ ਪਾਸੇ ਹੋ ਗਿਆ। ਓਸੇ ਵੇਲੇ ਹਿਰਦਾ ਕੂਕ ਉਠਿਆ-‘ਮਾਤਾ ਜੀ ! ਚੰਗੀ ਮਾਤਾ! ਮੈਂ ਆਇਆ! ਤੇਰਾ ਨਲਾਇਕ ਬੇਟਾ ਆਇਆ ! ਮੈਨੂੰ ਖਿਮਾਂ ਕਰਨਾ ਮੇਰੀਆਂ ਭੁੱਲਾਂ ਨਾ ਚਿਤਾਰਨਾ ਮੈਂ ਆਇਆ ।’ ਬੱਸ ਇਕ ਦਮ ਤਿਆਰੀ ਕੀਤੀ ਤੇ ਘੋੜੇ ਉਤੇ ਸੁਵਾਰ ਹੋ ਕੇ ਸ੍ਰੀ ਅੰਮ੍ਰਿਤਸਰ ਵੱਲ ਤੁਰ ਪਏ ।

ਜਦ ਮਹਾਰਾਜਾ ਰਣਜੀਤ ਸਿੰਘ ਸਰਦਾਰਨੀ ਦੇ ਪਲੰਘ ਕੋਲ ਪੁੱਜਾ। ਤਾਂ ਉਸ ਦੀ ਜ਼ਬਾਨੋਂ ਸਿਰਫ਼ ਇਹ ਸ਼ਬਦ ਨਿਕਲੇ ‘ਮਾਂ ਜੀ !’ ਉਹਦਾ ਮਨ ਭਰ ਆਇਆ। ਉਸ ਨੇ ਜਾਂਦਿਆਂ ਹੀ ਆਪਣਾ ਸਿਰ ਸਦਾ ਕੌਰ ਦੇ ਚਰਨਾਂ ਉੱਪਰ ਰੱਖ ਦਿੱਤਾ। ਦਿਲ ਬੇ-ਤਰਤੀਬਾ ਧੜਕ ਪਿਆ, ਉਸ ਨੂੰ ਇੰਞ ਪ੍ਰਤੀਤ ਹੋਇਆ ਜਿਵੇਂ ਉਹ ਅਜੇ ਬਾਲ ਉਮਰ ਵਿਚ ਹੈ ਤੇ ਆਪਣੀ ਮਾਤਾ ਪਾਸੋਂ ਬਹੁਤ ਚਿਰ ਵਿਛੜਿਆ ਰਹਿਣ ਕਰਕੇ ਬਹੁਤ ਦੁਖੀ ਤੇ ਵੈਰਾਗੀ ਹੋ ਕੇ ਮੁੜ ਮਿਲਿਆ ਹੈ। ਉਹਦੀ ਅੱਖ ਵਿਚੋਂ ਅੱਥਰੂ ਕਿਰਨ ਲੱਗੇ, ਉਸ ਨੇ ਕੁਰਲਾ ਕੇ ਕਿਹਾ-‘ਮਾਂ ਜੀ! ਮੈਨੂੰ ਖ਼ਿਮਾ ਕਰਨੀ, ਮੈਂ ਭੁੱਲ ਗਿਆ! ਮੈਂ ਨਰਕ ਦਾ ਵਾਸੀ ਹੋਵਾਂ, ਮਾਂ ਜੀ ਮੈਂ ਤੁਸਾਂ ਨੂੰ ਬਹੁਤ ਦੁੱਖ ਦਿੱਤਾ ਹੈ । ਮੇਰੀਆਂ ਭੁੱਲਾਂ ਬਖਸ਼ੋ ।’

ਸ਼ਾਹਜਾਦਾ ਕੰਵਰ ਨੌ-ਨਿਹਾਲ ਸਿੰਘ, ਸ਼ੇਰ ਸਿੰਘ ਤੇ ਤਾਰਾ ਸਿੰਘ ਨੇ ਸਦਾ ਕੌਰ ਦੇ ਚਰਨਾਂ ਉੱਪਰ ਮੱਥਾ ਟੇਕਿਆ ਹੱਥ ਜੋੜ ਕੇ ਸਾਰੇ ਖਲੋ ਗਏ । ਉਦਾਸੀ ਦਾ ਰਾਜ ਸੀ । ਕੋਈ ਪੰਛੀ ਵੀ ਨਾ ਬੋਲਦਾ ਸੀ ਤੇ ਨਾ ਪਰ-ਫੜਕਦਾ ਸੀ । ਕਬਰਸਥਾਨ ਵਰਗੀ ਚੁੱਪ ਸੀ । ਇਕ ਦੇ ਬੋਲਣ ਨਾਲ ਕਮਰੇ ਦੀ ਸਾਰੀ ਛੱਤ ਗੂੰਜ ਉੱਠਦੀ ਸੀ ।

‘ਪੁੱਤ੍ਰ !’ ਪ੍ਰਸੰਨਤਾ ਨਾਲ ਕੰਬਦੇ ਸਦਾ ਕੌਰ ਦੇ ਬੁੱਲ੍ਹਾਂ ਵਿਚੋਂ ਨਿਕਲਿਆ-‘ਮੈਂ ਤੈਨੂੰ ਸਿਰਫ਼ ਦੇਖਣਾ ਚਾਹੁੰਦੀ ਸਾਂ । ਸੋ ਦੇਖ ਲਿਆ, ਇਹ ਵੇਲਾ ਬਹੁਤੀਆਂ ਗੱਲਾਂ ਕਰਨ ਦਾ ਨਹੀਂ । ਬੱਸ ਭੁੱਲ ਜਾਵੋ ਸਭ वुड !’

ਮੈਨੂੰ ਖ਼ਿਮਾਂ ਬਖਸ਼ੋ ! ਆਪਣੀ ਭੁੱਲ ਦਾ ਪਛਤਾਵਾ ਮੇਰੇ ਹਿਰਦੇ ਨੂੰ ਬੇਚੈਨ ਕਰ ਰਿਹਾ ਹੈ। ਖ਼ਿਮਾਂ ! ਖ਼ਿਮਾਂ ! ਮੈਂ ਤੁਸਾਂ ਪਾਸੋਂ ਸਭ ਤੋਂ ਪਹਿਲਾਂ ਖ਼ਿਮਾਂ ਮੰਗਦਾ ਹਾਂ । ਹੁਣ ਮੈਂ ਮਹਾਰਾਜਾ ਨਹੀਂ ਤੁਸਾਂ ਦਾ ਪੁੱਤ੍ਰ ਰਣਜੀਤ ਹਾਂ ! ਯਤੀਮ ਰਣਜੀਤ ਸਿੰਘ, ਜਿਸ ਨੂੰ ਤੁਸਾਂ ਨੇ ਅਨੇਕਾਂ-ਠੰਢਾਂ-ਤੱਤਾਂ ਸਿਰ ਝੱਲ ਕੇ ਪਾਲਿਆ, ਪਰ ਮੈਂ ਪਾਪੀ ਸਪੁੱਤ੍ਰ ਬਣਨ ਦੀ ਥਾਂ ਕੁਪੁੱਤ੍ਰ ਬਣਿਆ, ਮੈਂ ਮਾਂ ਨੂੰ ਗ਼ਲਤ ਸਮਝਿਆ, ਮੇਰੀ ਅਕਲ ਮਾਰੀ ਗਈ। ਮੈਂ…. ਬਖਸ਼ੋ !’

ਸਦਾ ਕੌਰ ਉਸ ਵੇਲੇ ਵਤਸਲ ਪਿਆਰ ਨਾਲ ਦੀਵਾਨੀ ਹੋ ਰਹੀ ਸੀ । ਉਹ ਪ੍ਰਲੋਕ ਤੇ ਮਾਤ-ਲੋਕ ਦੀ ਸਰਹੱਦ ਉਤੇ ਖਲੋਤੀ ਸੀ । ਉਹ ਭਲਾ ਖ਼ਿਮਾਂ ਕਿਉਂ ਨਾ ਕਰੇ ? ਉਸ ਨੇ ਖ਼ਿਮਾਂ ਪਹਿਲਾਂ ਹੀ ਕਰ ਛੱਡੀ ਸੀ। ਓਹਦੇ ਨਿਰਮਲ ਹਿਰਦੇ ਤੇ ਦਿਮਾਗ਼ ਉਤੇ ਰਣਜੀਤ ਸਿੰਘ ਬਾਰੇ ਕਦੀ ਮਾੜਾ ਫੁਰਨਾ ਨਹੀਂ ਸੀ ਫੁਰਿਆ ਅਤੇ ਨਾ ਉਸ ਨੇ ਮਾੜਾ ਚਿਤਵਨ ਦੀ ਇੱਛਾ ਹੀ ਪ੍ਰਗਟ ਕੀਤੀ ਸੀ । ਉਸ ਨੇ ਕਿਹਾ-ਇਕ ਮਾਂ ਆਪਣੇ ਪੁੱਤ੍ਰ ਨੂੰ ਸਦਾ ਹੀ ਖ਼ਿਮਾਂ ਬਖਸ਼ਦੀ ਰਹਿੰਦੀ ਹੈ। ਮੈਂ ਹੁਣ ਸ਼ਾਂਤੀ ਨਾਲ ਮਰਾਂਗੀ, ਮੇਰੀਆਂ ਅੱਖਾਂ ਦੀ ਤੜਪ ਮਿਟ ਗਈ । ਬੱਸ ਇਕੋ ਸੱਧਰ ਸੀ ਕਿ ਤੁਸਾਂ ਸਾਰਿਆਂ ਨੂੰ ਦੇਖ ਲਵਾਂ। ਦੇਖ ਲਿਆ ਮੇਰੇ ਕੋਲ ਬੈਠ ਜਾਵੋ ।’

ਮਹਾਰਾਜਾ ਰਣਜੀਤ ਸਿੰਘ ਸਦਾ ਕੌਰ ਦੇ ਨੇੜੇ ਹੋ ਕੇ ਬੈਠ ਗਿਆ, ਉਸ ਨੇ ਆਪਣੀ ਧਰਮ-ਮਾਤਾ ਦੇ ਕਮਜ਼ੋਰੀ ਨਾਲ ਥਰ-ਥਰਾਂਦੇ ਹੱਥ ਫੜ ਲਏ । ਹੱਥਾਂ ਨੂੰ ਘੁੱਟਦਾ ਹੋਇਆ, ਉਸ ਦੇ ਪਰ-ਉਪਕਾਰਾਂ ਨੂੰ ਚੇਤੇ ਕਰਨ ਲੱਗਾ। ਜਿਉਂ-ਜਿਉਂ ਪਰ-ਉਪਕਾਰ ਚੇਤੇ ਆਉਂਦੇ ਦੇ ਤਿਉਂ-ਤਿਉਂ ਮਨ ਸ਼ਰਮਿੰਦਾ ਹੁੰਦਾ ਜਾਂਦਾ । ਉਸ ਨੂੰ ਘੜੀ-ਮੁੜੀ ਆਪਣੀ ਭੁੱਲ ਚੇਤੇ ਆਉਂਦੀ ਜੋ ਉਸ ਨੇ ਸਰਦਾਰਨੀ ਨੂੰ ਨਜ਼ਰਬੰਦ ਕਰਨ ਵਿਚ ਕੀਤੀ ਸੀ। ਉਹ ਭਰੇ ਮਨ ਬੈਠਾ ਹੋਇਆ ਸੋਚਦਾ ਰਿਹਾ । ਪਰ ਬੀਤਿਆ ਸਮਾਂ ਕਿਸੇ ਦੇ ਹੱਥ ਨਹੀਂ ਆਉਂਦਾ । ਮਨੁੱਖ ਕੋਲ ਪਛਤਾਵਾ ਹੀ ਰਹਿ ਜਾਂਦਾ

ਹੈ। ‘ਇਕ ਦੋ ਗੱਲਾਂ ਆਖਣਾ ਚਾਹੁੰਦੀ ਹਾਂ ?’ ਸਦਾ ਕੌਰ ਹੌਲੀ ਜਿਹੀ घेली ।

‘ਜਿੰਨੀਆਂ ਗੱਲਾਂ ਇੱਛਾ ਜੇ ਆਖੋ, ਮੈਂ ਸੁਣਨ ਨੂੰ ਤਿਆਰ ਹਾਂ, ਮੈਂ ਪਹਿਲੀ ਭੁੱਲ ‘ਤੇ ਹੀ ਪਛਤਾ ਰਿਹਾ ਹਾਂ ।’

‘ਰਾਜੇ ਦਾ ਧਰਮ ਹੈ, ਪਰਜਾ ਦੇ ਸੁਖਾਂ ਬਦਲੇ ਆਪਣੇ ਸੁਖ ਕੁਰਬਾਨ

ਕਰਨੇ, ਪਰਜਾ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਹੋਣਾ ਚਾਹੀਦਾ।’ ‘ਖ਼ਾਲਸਾ ਰਾਜ ਵਿਚ ਪਰਜਾ ਸੁਖ ਸ਼ਾਂਤੀ, ਮਿਲਾਪ ਤੇ ਖੁਸ਼ਹਾਲੀ ਵਿਚ ਵੱਸ ਰਹੀ ਹੈ ।

‘ਖ਼ਾਲਸਾ ਰਾਜ ਸਤਿਗੁਰੂ ਦੀ ਦਾਤ ਅਮਾਨਤ ਹੈ, ਇਸ ਨੂੰ ਆਪਣਾ ਨਾ ਸਮਝਣਾ ।’

‘ਮੈਂ ਆਪਣਾ ਸਮਝ ਹੀ ਨਹੀਂ ਰਿਹਾ।

‘ਡੋਗਰੇ ਵਜ਼ੀਰਾਂ ‘ਤੇ ਭਰੋਸਾ ਘੱਟ ਕਰੋ, ਉਹ ਬੁੱਕਲ ਦੇ ਸੱਪ ਹਨ। ਤੁਸਾਂ ਦੇ ਪਿਛੋਂ ਉਨ੍ਹਾਂ ਨੇ ਜ਼ਰੂਰ ਤੁਸਾਂ ਦੀ ਉਲਾਦ ਨੂੰ ਡੰਗ ਮਾਰਨਾ ਹੈ।’

‘ਮੈਂ ਖਿਆਲ ਰੱਖ ਰਿਹਾ ਹਾਂ ।’

‘ਹੁਣ ਤੁਸਾਂ ਦੇ ਵਿਆਹ ਕਰਵਾਉਣ ਦੀ ਉਮਰ ਨਹੀਂ ਰਹੀ। ਨਵੇਂ-ਨਵੇਂ ਵਿਆਹ ਕਰਨੇ ਛੱਡ ਦਿਓ । ਡੋਗਰਿਆਂ ਦੀਆਂ ਧੀਆਂ ਵਿਆਹ ਕੇ ਇਖ਼ਲਾਕ, ਰਾਜ ਦੇ ‘ਕੱਠ ਅਤੇ ਆਪਣੇ ਤਨ ਤੇ ਮਨ ਨੂੰ ਕਮਜ਼ੋਰ ਕੀਤਾ ਹੈ। ਇਸ ਤੋਂ ਅੱਗੇ ਭੁੱਲ ਨ ਕਰਨੀ । ਜਿਹੜਾ ਮਹਾਰਾਜਾ ਬਹੁਤੀਆਂ ਨਾਰੀਆਂ ਰੱਖਦਾ ਹੈ, ਉਸ ਦੇ ਮਰਨ ਪਿੱਛੋਂ ਓਹਦੇ ਰਾਜ ਦਾ ਬੁਰਾ ਹਾਲ ਹੁੰਦਾ ਹੈ । ਡੋਗਰਿਆਂ ਪਾਸੋਂ ਬਚਣਾ, ਫਰੰਗੀਆਂ ਨੂੰ ਫੌਜ ਵਿਚ ਭਰਤੀ ਕਰਨ ਦੀ ਭੁੱਲ ਕੀਤੀ ਹੈ। ਜਦੋਂ ਵੀ ਕਦੀ ਘਰੇਲੂ ਜੰਗ ਹੋਵੇਗੀ ਤਦੋਂ ਇਹ ਫਰੰਗੀ ਜਰਨੈਲ ਖ਼ਾਲਸਾ ਫੌਜ ਨੂੰ ਧੋਖਾ ਦੇਣਗੇ ਕਿਉਂਕਿ ਇਹ ਪ੍ਰਦੇਸੀ ਹਨ। ਪ੍ਰਦੇਸੀ ਲਾਲਚ ਵਿਚ ਆ ਜਾਂਦੇ ਹਨ। ਉਨ੍ਹਾਂ ਦਾ ਖ਼ਾਲਸਾ ਰਾਜ ਨਾਲ ਪਿਆਰ ਨਹੀਂ ਸਗੋਂ ਰੁਪੈ ਤੇ ਸਤਿਕਾਰ ਨਾਲ ਪਿਆਰ ਹੈ। ਫਰੰਗੀ ਤਕਰੀਬਨ ਸਾਰੇ ਭਾਰਤ ਨੂੰ ਖਾ ਚੁੱਕਾ ਹੈ । ਮੁਗ਼ਲਾਂ ਦੀ ਬਾਦਸ਼ਾਹੀ ਨਾਮ ਨੂੰ ਹੀ ਦਿੱਲੀ ਵਿਚ ਥੋੜ੍ਹੀ ਜਿਹੀ ਹੈ। ਇਹ ਕਹੀਏ ਕਿ ਮੁਗ਼ਲ ਬਾਦਸ਼ਾਹੀ ਸੁੰਗੜ ਕੇ ਦਿੱਲੀ ਸ਼ਹਿਰ ਦੇ ਅੰਦਰ ਆ ਪੁੱਜੀ ਹੈ। ਓਹ ਪੰਜਾਬ ਨੂੰ ਆਪਣੇ ਰਾਜ ਨਾਲ ਸ਼ਾਮਲ ਕਰਨ ਦੀ ਤਾੜ ਲਾਈ ਬੈਠੇ ਹਨ ।

‘ਇਹ ਕਦੀ ਨਹੀਂ ਹੋ ਸਕਦਾ! ਜੋ ਪੰਜਾਬ ਵੱਲ ਦੇਖੇਗਾ, ਮੈਂ ਉਸ ਦੀਆਂ ਅੱਖਾਂ ਕੱਢ ਦੇਵਾਂਗਾ। ਖ਼ਾਲਸਾ ਰਾਜ ਅਮਰ ਰਹੇਗਾ, ਪੰਜਾਂ ਦਰਿਆਵਾਂ ਦੀ ਪਵਿੱਤ੍ਰ ਧਰਤੀ ਉਤੇ ਮੰਦੀ ਨੀਤ ਵਾਲਾ ਕਦੀ ਪੈਰ ਨਹੀਂ ਰੱਖ ਸਕਦਾ। ਮਾਂ ਜੀ ! ਕੋਈ ਫ਼ਿਕਰ ਨਾ ਕਰੋ, ਵਾਹਿਗੁਰੂ ਵੱਲ ਧਿਆਨ ਕਰੋ । ਵਾਹਿਗੁਰੂ ਦਾ ਭਾਣਾ ਅਮਿਟ ਹੈ । ਅਸੀਂ ਤਾਂ ਚਾਹੁੰਦੇ ਹਾਂ ਤੁਸਾਂ ਦੀ ਉਮਰ ਵਡੇਰੀ ਹੋਵੇ, ਇਕ ਬੋਹੜ ਦੀ ਤਰ੍ਹਾਂ ਅਸੀਂ ਆਪ ਦੀ ਛਾਂ ਹੇਠ ਨਿਰਭੈਤਾ ਨਾਲ ਜੀਵਨ ਬਤੀਤ ਕਰੀਏ ।’

ਸਦਾ ਕੌਰ ਦੇ ਕੀਤੇ ਉਪਕਾਰ ਮਹਾਰਾਜੇ ਨੂੰ ਐਨੇ ਯਾਦ ਆਏ ਕਿ

ਉਨ੍ਹਾਂ ਦੇ ਭਾਰ ਹੇਠਾਂ ਓਹ ਦੱਬਿਆ ਹੀ ਗਿਆ। ਉਹਦਾ ਇਕੋ ਨੇਤ੍ਰ ਹੰਝੂਆਂ

ਦੀ ਝੜੀ ਲਾ ਬੈਣਾ । ਓਹ ਵੰਝੂ ਪਛਤਾਵੇ ਦੇ ਸਨ। ਦਿਲ ਉਤੋਂ ਹੰਕਾਰ

ਤੇ ਅਗਿਆਨਤਾ ਦੀ ਝਿਲੀ ਪਿਘਲ ਕੇ ਬਾਹਰ ਆ ਰਹੀ ਸੀ। ਦਿਲ

ਨਿਰਮਲ ਹੁ ਾ ਜਾਂਦਾ ਸੀ । ਲਾਗੇ ਖਲੋਤੇ ਹਕੀਮ, ਵੈਦ, ਅਤੇ ਹੋਰ ਨਰ-

ਨਾਰੀ ਸਦਾ ਕੌਰ ਤੇ ਮਹਾਰਾਜੇ ਦੇ ਮਿਲਾਪ ਨੂੰ ਦੇਖ ਕੇ ਅਤੇ ਉਨ੍ਹਾਂ ਦੀ ਜ਼ਬਾਨੋ ਸੱਚੇ ਵਤਸਾਲ-ਪ੍ਰੇਮ ਦੇ ਬਚਨ ਸੁਣ ਕੇ ਦੰਗ ਰਹਿ ਗਏ ਸਨ। ਹਰ ਇਕ ਦੀ ਆਤਮਾ ਆਖ ਰਹੀ ਸੀ-‘ਭਾਰਤ ਨੂੰ ਸਦਾ ਕੌਰ ਵਰਗੀਆਂ ਮਾਵਾਂ ਅਤੇ ਰਣਜੀਤ ਸਿੰਘ ਵਰਗੇ ਧਰਮੀ ਪੁੱਤ੍ਰਾਂ ਦੀ ਲੋੜ ਹੈ । ਸੱਚ- ਮੁੱਚ ਹੀ ਮਾਂ, ਪੁੱਤ੍ਰ ਦੇ ਗੁਣ ਔਗੁਣ ਨਹੀਂ ਚਿਤਾਰਦੀ ਸਗੋਂ ਪਿਆਰ ਕਰੀ ਜਾਂਦੀ ਹੈ । ਪਿਆਰ ਵਿਚ ਕਮੀਂ ਨਹੀਂ ਹੋਣ ਦਿੰਦੀ, ਮਾਂ ਦਾ ਹਿਰਦਾ ਪ੍ਰਮਾਤਮਾ ਨੇ ਪਿਆਰ ਦਾ ਹਿਰਦਾ ਬਣਾਇਆ ਹੈ । ਧੰਨ ਹੈ, ਸਰਦਾਰਨੀ ਸਦਾ ਕੌਰ ! ਸੰਸਾਰ ਦੀ ਇਸਤ੍ਰੀ ਜਾਤੀ ਦਾ ਗੌਰਵ ਹੈ, ਕਲਗੀਧਰ ਪਿਤਾ ਦੀ ਸੱਚੀ ਸਪੁੱਤ੍ਰੀ ਹੈ ।

Sardarni Sada Kaur | ਸਰਦਾਰਨੀ ਸਦਾ ਕੌਰ

ਬਚਨ-ਬਿਲਾਸ ਹੁੰਦੇ ਰਹੇ, ਅੱਠ ਸਾਲ ਦੀਆਂ ਜਮ੍ਹਾਂ ਹੋਈਆਂ ਗੱਲਾਂ ਦਿਲ ਖੋਹਲ ਕੇ ਕੀਤੀਆਂ ਗਈਆਂ। ਸਾਰੇ ਸ਼ੰਕੇ ਨਵਿਰਤ ਹੋ ਗਏ । ਇਕ ਵਾਰ ਫਿਰ ਮਾਂ-ਪੁੱਤ ਦੀ ਸਾਂਝ ਕਾਇਮ ਹੋਈ ਜਿਵੇਂ ੧੭੯੯ ਤੋਂ ਪਹਿਲਾਂ ਸੀ । ਜਦੋਂ ਮਹਾਰਾਜਾ ਬਾਲਕ ਰੂਪ ਵਿੱਚ ਦੂਰੋਂ ਨੱਸ ਕੇ ਸਦਾ ਕੌਰ ਦੇ ਕੋਲ ਜਾਇਆ ਕਰਦਾ ਸੀ ਤੇ ਪਿਆਰ ਲੈਂਦਾ ਹੋਇਆ ਗੋਦ ਵਿਚ ਬੈਠ ਜਾਇਆ ਕਰਦਾ ਸੀ ।

ਦੂਸਰੇ ਦਿਨ ਹਾਲਤ ਖਰਾਬ ਹੋ ਗਈ । ਜ਼ਬਾਨ ਨੂੰ ਵਲ ਪੈ ਗਏ ਬੋਲਣ, ਸੁਣਨ ਤੇ ਦੇਖਣ ਸ਼ਕਤੀ ਉੱਕੀ ਜਾਂਦੀ ਰਹੀ । ਸਾਰੇ ਹੈਰਾਨ ਹੋ ਗਏ ਕਿ ਇਕ ਦਮ ਐਨੀ ਤਬਦੀਲੀ ਕਿਉਂ ਆ ਗਈ? ਜਿਹੜੀ ਸਦਾ ਕੌਰ ਇਕ ਦਿਨ ਪਹਿਲਾਂ ਰਣਜੀਤ ਸਿੰਘ ਨਾਲ ਗੱਲਾਂ ਕਰਦੀ ਰਹੀ ਉਹ ਦੂਸਰੇ ਦਿਨ ਜ਼ਬਾਨ ਹਿਲਾ ਕੇ ਕੋਈ ਵਸਤੂ ਮੰਗਣ ਦੇ ਸਮਰੱਥ ਵੀ ਨਾ ਰਹੀ, ਸੋਗ ਦਾ ਹਨੇਰਾ ਗੂੜਾ ਹੋ ਗਿਆ, ਸਾਰੇ ਜਾਣ ਗਏ ਕਿ ਹੁਣ ਸਰਦਾਰਨੀ ਸਦਾ ਕੌਰ ਚੰਦ ਘੜੀਆਂ ਦੀ ਪ੍ਰਾਹੁਣੀ ਹੈ ।

ਸ੍ਰੀ ਹਰਿਮੰਦਰ ਸਾਹਿਬੋਂ ਪਾਠੀ ਸਿੰਘ ਸੱਦੇ ਗਏ । ਉਹ ਸ੍ਰੀ ਜਪੁਜੀ ਸਾਹਿਬ ਤੇ ਸੁਖਮਨੀ ਸਾਹਿਬ ਦੀਆਂ ਬਾਣੀਆਂ ਦਾ ਪਾਠ ਕਰਨ ਲੱਗੇ। ਪੁੰਨ-ਦਾਨ ਹੋਣ ਲੱਗਾ । ਭੰਡਾਰਿਆਂ ਦੇ ਬੂਹੇ ਖੋਲ੍ਹੇ ਗਏ। ਅੰਨ, ਕੱਪੜੇ ਤੇ ਸੋਨੇ ਚਾਂਦੀ ਦਾ ਦਾਨ ਹੋਣ ਲੱਗਾ। ਉਸ ਹਵੇਲੀ ਦੀਆਂ ਕੰਧਾਂ, ਛੱਤਾਂ ਉਸ ਹਵੇਲੀ ਵਿਚ ਰਹਿਣ ਵਾਲੇ ਪੰਛੀ, ਨਰ-ਨਾਰੀ ਵੈਰਾਗ ਚਿੱਤ ਅਕਾਲ ਪੁਰਖ ਅੱਗੇ ਅਰਦਾਸ ਕਰਨ ਲੱਗੇ ਕਿ ਸਰਦਾਰਨੀ ਦੀ ਆਤਮਾ ਨੂੰ ਸਦੀਵੀ ਕਾਲ ਦੀ ਸ਼ਾਂਤੀ ਪ੍ਰਾਪਤ ਹੋਵੇ ।

ਅੰਤ ਓਹ ਘੜੀ ਆ ਪੁੱਜੀ, ਜੋ ਸਾਰਿਆਂ ਦੇ ਸਿਰ ਇਕ ਦਿਨ ਆਉਂਦੀ ਹੈ । ਦਸੰਬਰ ੧੮੩੨ ਵਿਚ ਪੰਜ ਭੂਤਕ ਸਰੀਰ ਵਿਚੋਂ ਆਤਮਾ ਪੰਖੇਰੂ ਉੱਡ ਕੇ ਪ੍ਰਲੋਕ ਗਮਨ ਕਰ ਗਿਆ। ਪੰਜਾਂ ਤੱਤਾਂ ਦਾ ਸਰੀਰ ਤੱਤਾਂ ਵਿਚ ਮੁੜ ਮਿਲਣ ਵਾਸਤੇ ਧਰਤੀ ਉਤੇ ਪਿਆ ਰਹਿ ਗਿਆ। ਸਾਰਿਆਂ ਨੇ ਧਾਹੀਂ ਮਾਰ ਕੇ ਹਿਤ ਨੂੰ ਪ੍ਰਗਟ ਕੀਤਾ। ਗੁਰ-ਮਰਯਾਦਾ ਅਨੁਸਾਰ ਅੰਤਮ ਕਿਰਿਆ ਕਰਮ ਕਰਨ ਪਿਛੋਂ ਫੌਜੀ ਸ਼ਾਨ ਨਾਲ ਜਲੂਸ ਕੱਢ ਕੇ ਪੰਜ ਭੌਤਿਕ ਦੇਹ ਦਾ ਸਸਕਾਰ ਕੀਤਾ ਗਿਆ ।

ਇਸ ਤਰ੍ਹਾਂ ਬਾਬੇ ਨੇ ਪ੍ਰਦੇਸੀ ਸੈਲਾਨੀ ਨੂੰ ਸਰਦਾਰਨੀ ਸਦਾ ਕੌਰ ਦੀ ਜੀਵਨ ਕਥਾ ਸੁਣਾਈ, ਪੂਰੀ ਕਥਾ ਨੂੰ ਸੁਣ ਕੇ ਸੈਲਾਨੀ ਦੇ ਨੈਣਾਂ ਵਿਚ ਹੰਝੂ ਆ ਗਏ, ਉਸ ਨੇ ਸਰਦਾਰਨੀ ਦੇ ਬਾਗ਼ ਦੀ ਮਿੱਟੀ ਨੂੰ ਲੈ ਅੱਖਾਂ ਤੇ ਸਿਰ ਮੱਥੇ ਨਾਲ ਲਾਇਆ ।

‘ਸਰਦਾਰਨੀ ਸਦਾ ਕੌਰ ਜਿੰਦਾਬਾਦ !’ ਆਖ ਕੇ ਸੈਲਾਨੀ ਦੀ ਆਤਮਾ ਨੇ ਹਮਦਰਦੀ ਪ੍ਰਗਟ ਕੀਤੀ।

 

Credit – ਗਿਆਨੀ ਤ੍ਰਿਲੋਕ ਸਿੰਘ

Leave a comment

error: Content is protected !!