ਹਜ਼ਾਰ ਕਹਾਣੀਆਂ ਦਾ ਬਾਪ
ਇਹ ਮੇਰੀ ਕਹਾਣੀ ਹੈ…।
ਮੈਂ ਜੋ ਚਾਰ ਧੀਆਂ ਦਾ ਬਾਪ ਹਾਂ…।
ਧੀ ਤਾਂ ਕਹਿੰਦੇ ਨੇ ਇਕ ਨਹੀਂ ਮਾਣ ਹੁੰਦੀ। ਇਕ ਧੀ ਦੀਆਂ ਸੌ-ਸੌ ਕਹਾਣੀਆਂ ਹੁੰਦੀਆਂ ਨੇ, ਫਿਰ ਮੇਰੀਆਂ ਤਾਂ ਚਾਰ ਧੀਆਂ ਨੇ…।
ਮੈਂ ਦਫ਼ਤਰੋਂ ਆ, ਘਰ ਅੱਗੇ ਸਕੂਟਰ ਰੋਕਿਆ, ਦੋ ਅਣਜਾਣ ਆਦਮੀ ਪੌੜੀਆਂ ਉਤਰ ਰਹੇ ਸਨ, ਸ਼ਾਇਦ ਮੇਰੇ ਘਰੋਂ ਆਏ ਸਨ ਜਾਂ ਸੈਕਿੰਡ ਫਲੋਰ ਦੇ ਕਿਸੇ ਹੋਰ ਕੁਆਟਰ ਵਿਚੋਂ। ਮੈਂ ਪੌੜੀਆਂ ਚੜ੍ਹਨ ਲੱਗਾ ਤਾਂ ਪਹਿਲਾਂ ਇਕ ਜਣਾ ਹੱਸਿਆ, ਹੱਸਣ ਤੋਂ ਪਹਿਲਾਂ ਉਸਨੇ ਮੈਨੂੰ ਸਿਰ ਤੋਂ ਪੈਰਾਂ ਤਕ ਘੋਖਿਆ ਸੀ, ਉਸਦੇ ਹਾਸੇ ਤੋਂ ਜਾਪਿਆ ਜਿਵੇਂ ਉਸ ਕਿਹਾ ਹੋਵੇ, “ਬਈ ਏਸ ਉਮਰੇ…?”
ਦੂਜਾ ਵੀ ਹੱਸਿਆ, ਉਸ ਮੋਢੇ ਹਿਲਾਏ, ਜਿਵੇਂ ਕਹਿ ਰਿਹਾ ਹੋਵੇ, “ਚੱਲ ਆਪਾਂ ਨੂੰ ਕੀ…।” ਮੇਰੇ ਪੈਰ ਮਣ-ਮਣ ਭਾਰੇ ਹੋ ਗਏ।
ਆਪਣੇ ਹੀ ਘਰ ਦੀਆਂ ਪੌੜੀਆਂ ਚੜ੍ਹਦਿਆਂ ਲੱਗ ਰਿਹਾ ਸੀ ਜਿਵੇਂ ਜੀ.ਬੀ. ਰੋਡ ਦੇ ਕਿਸੇ ਚੁਬਾਰੇ ਦੀਆਂ ਪੌੜੀਆ ਚੜ੍ਹ ਰਿਹਾ ਹੋਵਾਂ…।
ਕੁਆਟਰ ਤਾਂ ਗਰਾਉਂਡ ਫਲੋਰ ਵਾਲਾ ਹੀ ਚਾਹੀਦੈ, ਪਤਾ ਹੋਵੇ ਕੌਣ ਆਇਆ, ਕੌਣ ਗਿਆ। ਹੁਣ ਤਾਂ ਸਕੂਟਰ ਰੋਕਦਿਆਂ-ਰੋਕਦਿਆਂ ਅਗਲਾ ਉਤੋਂ ਉਤਰ ਆਉਂਦੈ ਪਤਾ ਹੀ ਨਹੀਂ ਲੱਗਦਾ ਕਿ ਅੱਠਾਂ ਕੁਆਟਰਾਂ ਵਿਚੋਂ ਕਿਥੋਂ ਆਇਐ? ਪੁੱਛ ਵੀ ਤਾਂ ਨਹੀਂ ਹੁੰਦਾ, ਪਰ ਗਰਾਉਂਡ ਫਲੋਰ ਵਾਲੇ ਵੀ ਰੋਂਦੇ ਰਹਿੰਦੇ ਨੇ, ਕਹਿੰਦੇ ਨੇ, “ਉਤੇ ਠੀਕ ਓਂ ਥੱਲੇ ਤਾਂ ਹਰ ਜਣਾ-ਖਣਾ ਝਾਤੀਆਂ ਮਾਰ-ਮਾਰ ਲੰਘਦੈ।” ਓਦਣ ਮਠਾੜੂ ਝੂਰਦਾ ਸੀ ਕਿ ਕੀ ਪਤੈ ਜਦੋਂ ਘਰ ਸਾਹਮਣੇ ਸਕੂਟਰ ਰੋਕੀਏ ਤਾਂ ਅਗਲਾ ਪਿਛਲੇ ਪਾਸਿਉਂ ਕੰਧ ਟੱਪ ਜਾਵੇ। ਆਖਦਾ ਸੀ, “ਸੱਚ ਦੱਸਾਂ ਸੈਣੀ ਸਾਹਿਬ, ਹੋਈਦਾ ਤਾਂ ਦਫ਼ਤਰ ਐ ਪਰ ਧਿਆਨ ਸਾਰਾ ਘਰ ‘ਚ ਹੀ ਰਹਿੰਦੈ, ਘਰ ਆਉਂਦਿਆਂ ਹੀ ਲੱਗਦੈ ਜਿਵੇਂ ਕੋਈ ਪਿਛਲੇ ਬੂਹਿਉਂ ਦਗੜ-ਦਗੜ ਕਰਦਾ ਭੱਜ ਗਿਆ ਹੋਵੇ। ਐਵੇਂ ਸਾਰੇ ਜੀਆਂ ਦੇ ਮੂੰਹ ਘੋਖੀ ਜਾਈਦੇ ਨੇ, ਪੁਲਿਸ ਵਾਲਿਆਂ ਵਾਂਗੂੰ। ਊਂ ਸੈਣੀ ਸਾਹਿਬ, ਇਹ ਸਮੱਸਿਆ ਬਹੁਤੀ ਆਪਣੀ ਪਿੰਡਾਂ ਵਾਲਿਆਂ ਦੀ ਐ…। ਕਈ ਵਾਰ ਤਾਂ ਲੱਗਦੈ ਕਿ ਆਪਾਂ ਬਹੁਤਾ ਵਹਿਮ ਕਰਦੇ ਆਂ…।” ਇਸ ਗੱਲ ਨਾਲ ਮਠਾੜੂ ਕੀਹਨੂੰ ਤਸੱਲੀ ਦੇ ਰਿਹਾ ਸੀ ਪਤਾ ਨਹੀਂ, ਪਰ ਮੈਨੂੰ ਰਾਹਤ ਮਿਲੀ ਸੀ, “ਪਰ।” ਉਹ ਅੱਗੇ ਬੋਲਿਆ ਸੀ, “ਜਦੋਂ ਘਰ ਵਾਲੀ ਮੈਨੂੰ ਇਹੋ ਆਖਦੀ ਐ ਕਿ ਤੁਹਾਨੂੰ ਵਹਿਮ ਦੀ ਬਿਮਾਰੀ ਐ ਕਿਸੇ ਡਾਕਟਰ ਨੂੰ ਦਿਖਾਓ, ਤਾਂ ਮੈਨੂੰ ਉਹਦੇ ‘ਤੇ ਸ਼ੱਕ ਹੁੰਦੈ। ਕੀ ਦੱਸਾਂ, ਕਹਿੰਦੇ ਨੇ ਮਾਵਾਂ-ਧੀਆਂ ਦਾ ਇਕ ਪਰਦਾ ਹੁੰਦੈ …।”
ਅੱਗੋਂ ਮਠਾੜੂ ਤਾਂ ਚੁੱਪ ਕਰ ਗਿਆ ਸੀ ਪਰ ਮੈਂ ਕਿੰਨਾ ਚਿਰ ਸੋਚੀ ਗਿਆ ਕਿ ਇਕ ਤਾਂ ਸਾਨੂੰ ਪਿੰਡਾਂ ਵਾਲਿਆਂ ਨੂੰ ਇਹ ‘ਲੋਕ ਤੱਤ’ ਨਹੀਂ ਜਿਊਣ ਦਿੰਦੇ…। ਇਹ ਮੁਹਾਵਰੇ… ਇਹ ਅਖਾਣ, ਪਤਾ ਨਹੀਂ ਕੀਹਨੇ ਬਣਾਏ ਨੇ। ਕਿਸੇ ਵਿਹਲੇ ਬੰਦੇ ਨੇ ਸਾਨੂੰ ਕੰਮ ਵਾਲਿਆਂ ਨੂੰ ਦੁਖੀ ਕਰਨ ਲਈ ਘੜੀਆਂ ਨੇ ਸਾਰੀਆਂ ਘਾੜਤਾਂ… ਅਖੇ ‘ਮਾਂ ਪੁਰ ਧੀ ਪਿਤਾ ਪੁਰ ਘੋੜਾ । ਹੁਣ ਬੰਦਾ ਪੁੱਛੇ ਕਿ ਕਿਸੇ ਨੂੰ ਚੰਗਾ-ਮਾੜਾ ਬਣਾਉਣ ‘ਚ ਉਹਦੇ ਆਲ਼ੇ-ਦੁਆਲ਼ੇ ਦਾ, ਮਾਹੌਲ ਦਾ ਤੇ ਹਾਲਾਤ ਦਾ ਅਸਰ ਹੁੰਦੈ, ਨਾ ਕਿ ਪਰ ਅੰਦਰ ਮੇਰੇ ਕੋਈ ਹੱਸਿਆ. ਤੇ ਮੈਂ ਸਾਰੀਆਂ ਦਲੀਲਾਂ ਭੁੱਲ ਕੇ, ਚਾਰ ਧੀਆਂ ਨੂੰ ਛੱਡ ਕੇ ਤੁਰ ਗਈ, ਆਪਣੀ ਘਰਵਾਲੀ ਬਾਰੇ ਸੋਚਣ ਲੱਗ ਪਿਆ।
ਦਫ਼ਤਰ ‘ਚ ਜਦੋਂ ਕਦੇ ਖ਼ਿਆਲ ਆ ਜਾਂਦੈ ਉਹਦੇ ਤੁਰ ਜਾਣ ਦਾ ਤਾਂ ਪੈਰ ਮੱਚਣ ਲੱਗ ਜਾਂਦੇ ਨੇ, ਦਿਲ ਕਾਹਲਾ ਪੈ ਜਾਂਦੈ, ਛੁੱਟੀ ਵੇਲੇ ਉਡ ਕੇ ਘਰ ਪਹੁੰਚੀਦੈ, ਲੱਗੀ ਜਾਂਦੈ ਸਾਰਿਆਂ ਤੋਂ ਛੋਟੀ ਬੈਠੀ ਰੋਂਦੀ ਹੋਊ, ਵਿਚਕਾਰਲੀਆਂ ਦੋਵੇਂ ਕਾਲਜ ਤੋਂ ਆ ਕੇ ਆਪੋ-ਆਪਣੇ ਕੱਪੜੇ ਲੈ ਕੇ ਤੁਰ ਗਈਆਂ ਹੋਣਗੀਆਂ। ਵੱਡੀ ਮੇਰੇ ਤੋਂ ਵੀ ਅੱਧਾ ਘੰਟਾ ਪਿੱਛੋਂ ਆਉਂਦੀ ਐ, ਦਫ਼ਤਰੋਂ, ਪ੍ਰਾਈਵੇਟ ਨੌਕਰੀ ਐ, ਅਗਲੇ ਪੱਚੀ ਸੌ ਰੁਪਏ ਦੇ ਕੇ ਮਹੀਨਾ ਰੱਤ ਨਿਚੋੜਦੇ ਨੇ । ਸਾਡੇ ਵਾਂਗੂੰ ਨਹੀਂ ਕਿ ਜੇ ਸੁਪਰਡੈਂਟ ਨਾਲ ਬਣਦੀ ਐ ਤਾਂ ਅੱਗਾ-ਪਿੱਛਾ ਕਰ ਲਵੋ। ਘਰ ਆ ਕੇ ਮਸਾਂ ਸਾਹ ‘ਚ ਸਾਹ ਆਉਂਦੈ, ਜਦੋਂ ਤਿੰਨਾਂ ਨੂੰ ਹੱਸਦੀਆਂ-ਖੇਡਦੀਆਂ ਵੇਖਦਾਂ। ਵੱਡੀ ਦਾ ਡਰ ਨਹੀਂ ਮੈਨੂੰ, ਸਾਰੇ ਕਹਿੰਦੇ ਨੇ, ਉਹ ਮੇਰੇ ’ਤੇ ਗਈ ਐ, ਉਂਜ ਵੀ ਉਮਰ ਤਾਂ ਭਾਵੇਂ ਉਹਦੀ 24-25 ਸਾਲ ਐ, ਪਰ ਮਾਂ ਦੇ ਜਾਣ ਪਿਛੋਂ ਘਰ ਨੂੰ ਤੇ ਸਾਨੂੰ ਸਾਂਭਦਿਆਂ ਆਪਣੇ ਸ਼ੌਕ ਈ ਮਾਰ ਲਏ, ਮਰ ਜਾਣੀ ਨੇ… । ਬੀ.ਏ. ਕਰਦਿਆਂ ਈ ਕਮਾਉਣ ਲੱਗ ਪਈ। ਮੈਥੋਂ ਉਹਦੇ ਨਾਲ ਅੱਖ ਨਹੀਂ ਮਿਲਾ ਹੁੰਦੀ। ਅੱਖ ਤਾਂ ਊਂ ਘਰ ‘ਚ ਉੱਚੀ ਉੱਠਦੀ ਹੀ ਨਹੀਂ, ਪਹਾੜ ਹੀ ਪਹਾੜ ਨੇ ਤੇ ਤਿੱਖੀਆਂ ਚੋਟੀਆਂ… ਸਿੱਧੀਆਂ ਅੱਖਾਂ ‘ਚ ਵੱਜਦੀਆਂ…। ਮੈਂ ਤਾਂ ਬਹੁਤੀ ਵਾਰ ਅੱਖਾਂ ਮੀਟ ਕੇ ਹੀ ਤੁਰਦਾਂ..। ਇਹੀ ਆਦਤ ਦਫ਼ਤਰ ‘ਚ ਪੱਕ ਗਈ ਐ… ਕਈ ਵਾਰੀ ਮਖੌਲ ਹੁੰਦੇ ਨੇ, ਜਦੋਂ ਕਿਤੇ ਮੇਜ਼ ਕੁਰਸੀ ਦੀ ਨੁੱਕਰ ਵੱਜ ਜਾਵੇ। ਅੱਗੋਂ ਅਗਲਾ ਆਂਹਦਾ, “ਅੱਖਾਂ ਖੋਲ੍ਹ ਕੇ ਤੁਰਿਆ ਕਰੋ ਸੈਣੀ ਸਾਹਿਬ… ਕੀ ਸੋਚੀ ਜਾਂਦੇ ਜੇ ਹਰ ਵੇਲੇ…।” ਜਾਂ… “ਨਜ਼ਰ ਚੈੱਕ ਕਰਵਾ ਲਵੋ, ਉਮਰ ਨਾਲ ਫਰਕ ਪੈ ਜਾਂਦੈ।” ਜਾਂ ਫਿਰ ਗਿੱਲ…, ਗਿੱਲ ਤਾਂ ਹਮੇਸ਼ਾਂ ਵਾਂਗ ਚੋਭ ਈ ਲਾਊ, “ਛੱਡ ਦਿਓ ਸੈਣੀ ਸਾਹਿਬ, ਹੁਣ ਉਮਰ ਨਹੀਂ ਰਹੀ…। ਕਹੀਂ ਪੇ ਨਿਗਾਹੇਂ ਕਹੀਂ ਪੇ ਨਿਸ਼ਾਨਾ।” ਪਰ ਕਿਸੇ ਨੂੰ ਕੀ ਦੱਸੇ ਬੰਦਾ ਕਿ ਇਨ੍ਹਾਂ ਦੀਆਂ ਨਿੱਕੀਆਂ ਹੁੰਦੀਆਂ ਦੀਆਂ ਕੱਛੀਆਂ ਬਦਲਦਾ ਰਿਹਾਂ… ਪਰ ਹੁਣ ਬਾਥਰੂਮ ‘ਚ ਜਾਨਾਂ ਤੇ ਇਨ੍ਹਾਂ ਦੇ ਕੱਪੜੇ ਡੰਗ ਮਾਰਦੇ ਨੇ ਸੱਪਾਂ ਵਾਂਗੂੰ… ਬਥੇਰੀ ਘੂਰਘੱਪ ਕਰਦਾਂ ਕਿ ਆਪਣੇ ਕੱਪੜੇ ਸਾਂਭ ਕੇ ਰੱਖਿਆ ਕਰੋ ਪਰ…। ਉਤੋਂ ਕੱਪੜਿਆਂ ਦੀ ਗੰਧ ਅੱਖਾਂ ਤਾਂ ਬੰਦਾ ਬੰਦ ਕਰ ਲੈਂਦਾ ਪਰ ਨੱਕ ਦਾ ਕੀ ਕਰੇ, ਆਖਰ ਸਾਹ ਵੀ ਲੈਣਾ ਬੰਦੇ ਨੇ ਮਰਨਾ ਤਾਂ ਨਹੀਂ ਨਾ।
ਕਈ ਵਾਰ ਸੋਚਿਐ ਕਿ ਵੱਖਰਾ ਬਾਥਰੂਮ ਹੋਵੇ ਪਰ ਹੋਵੇ ਕਿੱਥੇ…? ਅੱਗੇ ਈ ਦੋ ਨੇ, ਇਕ ਵੱਡੀ ਨੇ ਸਾਂਭਿਐ, ਪੱਕਾ ਈ, ਕੁਝ ਕਹਿ ਵੀ ਨਹੀਂ ਹੁੰਦਾ। ਸਾਨੂੰ ਸਾਂਭਦੀ ਐ, ਨਾਲੇ ਸਾਰੇ ਘਰ ਨੂੰ। ਓਦਣ ਸੁਣ ਕੇ ਸੁੰਨ ਹੋ ਗਿਆ ਸਾਂ, ਛੋਟੀ ਨੇ ਉਹਦਾ ਬਾਥਰੂਮ ਵਰਤ ਲਿਆ ਸੀ, ਬੜਾ ਡਾਂਟਿਆ ਸੀ ਉਹਨੇ ਛੋਟੀ ਨੂੰ, ਗੁੱਸੇ ’ਚ ਕਹਿ ਰਹੀ ਸੀ, “ਮੈਂ ਆਪਣਾ ਮਰਦ ਸ਼ੇਅਰ ਕਰ ਸਕਦੀ ਆਂ ਪਰ ਬਾਥਰੂਮ ਨਹੀਂ।” ਜੀਅ ‘ਚ ਆਇਆ ਸੀ ਕਿ ਇਕ ਥੱਪੜ ਮਾਰ ਦਿਆਂ.. ਪਰ ਚੜ੍ਹੇ ਮਹੀਨੇ ਢਾਈ ਹਜ਼ਾਰ ਧਰ ਦਿੰਦੀ ਐ ਮੇਰੇ ਹੱਥ ‘ਤੇ। ਆਪਣਾ ਖ਼ਰਚ ਪਤਾ ਨਹੀਂ ਕਿਥੋਂ ਚਲਾਉਂਦੀ ਐ, ਕਹਿੰਦੀ ਐ, “ਮੇਰਾ ਖ਼ਰਚ ਹੀ ਕੋਈ ਨਹੀਂ, ਪੈਦਲ ਜਾਨੀ ਆਉਂਨੀ ਆਂ, ਸੈਰ ਦੀ ਸੈਰ ਨਾਲੇ ਬੱਚਤ। ਕੱਪੜਾ-ਲੱਤਾ ਤੇ ਹੋਰ ਸਮਾਨ ਜਿਥੋਂ ਸਭ ਦਾ ਆਉਂਦੈ, ਉਥੋਂ ਮੇਰਾ ਆ ਜਾਂਦੈ।” ਪਰ ਮੇਰਾ ਮਨ ਨਹੀਂ ਮੰਨਦਾ, ਬੰਦੇ ਦੇ ਆਪਣੇ ਵੀ ਤਾਂ ਖ਼ਰਚੇ ਹੁੰਦੇ ਨੇ…। :
ਫਿਰ ਮੈਡਮ ਕਾਂਤਾ ਦੀਆਂ ਗੱਲਾਂ ਯਾਦ ਆ ਜਾਂਦੀਆਂ ਨੇ, ਕੁਲੀਗ ਐ ਮੇਰੀ, ਵਿਆਹ ਨਹੀਂ ਕਰਵਾਇਆ ਓਸ । ਪਹਿਲੀ ਉਮਰੇ ਬੜੀ ਚਹਿਕਦੀ ਸੀ, ਅੱਜਕਲ੍ਹ ਉਦਾਸ ਰਹਿੰਦੀ ਹੈ। ਕਦੇ ਕਦੇ ਫਿਸ ਪੈਂਦੀ ਐ, “ਕੀ ਦੱਸਾਂ ਸੈਣੀ ਸਾਹਿਬ, ਉਦੋਂ ਸਾਰੀ ਤਨਖ਼ਾਹ ਬਚ ਜਾਂਦੀ ਸੀ, ਮੈਨੂੰ ਤਾਂ ਖ਼ਰਚ ਕਰਨ ਹੀ ਨਹੀਂ ਸੀ ਦਿੰਦਾ ਕੋਈ, ਹੁਣ ਸਾਰਾ ਖ਼ਰਚ ਮੈਨੂੰ ਹੀ ਕਰਨਾ ਪੈਂਦੈ।” ਤੜਪ ਉਠਦਾ ਹਾਂ, ਸੋਚਦਾਂ, ਇਹ ਗੱਲਾਂ ਦੂਜਿਆਂ ਦੀਆਂ ਸਵਾਦ ਨਾਲ ਸੁਣਦਾ ਸਾਂ ਉਦੋਂ, ਅੱਜ ਆਪਣੀਆਂ ਧੀਆਂ ਬਾਰੇ ਸੋਚਦਾਂ ਤਾਂ ਨੂੰਹੇ ਵਾਂਗੂੰ ਲਗਦੀਆਂ ਨੇ । ਪਰ ਕੰਨ ਬੰਦ ਕਰਕੇ ਵੀ ਨਹੀਂ ਜਿਓਂ ਹੁੰਦਾ।
“ਪਰ ਹੁਣ ਵੀ ਤਾਂ ਬੰਦ ਕੀਤੇ ਨੇ ਕੰਨ,” ਕੋਈ ਅੰਦਰੋਂ ਬੋਲਿਐ.. “ਹੁਣ ਨਹੀਂ ਸੁਣਦਾ ਤੂੰ ਕਿਸੇ ਦੀ ਗੱਲ।” ਨਹੀਂ ਇਹ ਗੱਲ ਨਹੀਂ…। ਹੁਣ ਤਾਂ ਸਗੋਂ ਵੱਧ ਸੁਣਦੀਆਂ ਨੇ, ਬੱਸ ਹੁਣ ਗੌਲੀ ਦੀ ਨਹੀਂ, ਘੇਸਲ ਮਾਰ ਛੱਡੀਦੀ ਐ…। ਨਹੀਂ ਤਾਂ, ਜਿੱਥੇ ਵੀ ਦੋ ਮੂੰਹ ਜੁੜੇ ਦੇਖਦਾਂ, ਲੱਗਦੈ, ਜਿਵੇਂ ਮੇਰੀਆਂ ਧੀਆਂ ਦੀ ਗੱਲਾਂ ਕਰਦੇ ਨੇ ਲੋਕ । ਉਂਜ ਇਥੇ ਕੁਆਟਰਾਂ ‘ਚ ‘ਪ੍ਰਾਈਵੇਸੀ’ ਹੈ ਵੀ ਕੀਹਦੀ, ਇਕ ਕਮਰੇ ‘ਚ ਗੱਲ ਕਰੋ ਤਾਂ ਸਾਰੇ ਫਲੋਰ ‘ਚ ਸੁਣਦੀ ਐ। ਕੀਹਦਾ, ਕੀਹਨੂੰ, ਕੀ ਨਹੀਂ ਪਤਾ, ਇਹ ਤਾਂ ਮਠਾੜੂ ਦੇ ਆਖਣ ਵਾਂਗੂੰ, “ਅਸੀਂ ਆਪਣੇ ਭੈਅ ਦੇ ਕਰਕੇ ਕਿਸੇ ਦੀ ਗੱਲ ਨਹੀਂ ਚੁੱਕਦੇ ਸੈਣੀ ਸਾਹਿਬ, ਇਹੋ ਤੇ ਸ਼ਹਿਰ ਦੀ ਮੌਜ ਏ… ਉਂਜ ਇਹ ਨਹੀਂ ਕਿ ਅਸੀਂ ਧਿਆਨ ਨਹੀਂ ਕਰਦੇ। ਪਰ ਕੱਲ੍ਹ ਨੂੰ ਸਾਡੇ ਨਾਲ ਖੌਰੇ ਕੀ ਹੋਵੇ? ਬੱਸ ਇਹੋ ਸੋਚਕੇ ਹੀ…।”
ਰੋਜ਼ ਏਨੀ ਰਾਤ ਇੰਜ ਹੀ ਲੰਘਦੀ ਐ, ਦੋ ਵੱਜ ਗਏ ਨੇ, ਘੜੀ ਪਲ ਮਗਰੋਂ, ਇਨ੍ਹਾਂ ਸਾਰੀਆਂ ਨੂੰ, ਆਪਣੇ ਜਾਪਦੇ ਹੋਣ ਦਾ ਅਹਿਸਾਸ ਕਰਾਉਂਦਾ ਰਹਿਨਾਂ। ਕਦੇ ਖੰਘ ਲਿਆ. ਕਦੇ ਗੁਣਗੁਣਾ ਲਿਆ… ਕਦੇ ਕੁੱਛ ਉੱਚੀ ਵਾਹਿਗੁਰੂ ਵਾਹਿਗੁਰੂ ਕਰ ਲਿਆ, ਕਦੇ ਐਵੇਂ ਇਨ੍ਹਾਂ ਦੇ ਕਮਰੇ ‘ਚ ਝਾਕ ਕੇ ਪੁੱਛ ‘ਲਿਆ, “ਸੌਂ ਗਈਆਂ ਬੇਟੇ…?” ਦੋ ਵਜੇ ਪਿਛੋਂ ਬੇਵਾਹ ਹੋ ਜਾਂਦੀ ਐ, ਨੀਂਦ ਢਾਹ ਲੈਂਦੀ ਐ, ਸਾਰਾ ਦਿਨ ਊਰੀ ਵਾਂਗੂ ਘੁੰਮਣਾ ਹੁੰਦੈ, ਨਾਲੇ ਚਾਰ ਵਜੇ ਵੱਡੀ ਉੱਠ ਖੜ੍ਹਦੀ ਐ, ਦਿਨ ਵੀ ਚੜ੍ਹ ਜਾਂਦੈ, ਫਿਰ ਸੱਤ ਵਜੇ ਤਕ ਘੂਕ ਸੌਂ ਜਾਨਾਂ। ਪਰ ਦੋ ਤੋਂ ਚਾਰ ਬੜੇ ਸੁਪਨੇ ਆਉਂਦੇ ਨੇ, ਦਗੜ-ਦਗੜ ਹੁੰਦੀ ਰਹਿੰਦੀ ਐ… ਦਬਾਅ ਵੀ ਆ ਜਾਂਦੈ… ਮੈਨੂੰ ਪਤੈ, ਜਦੋਂ ਮੇਰੀ ਮੌਤ ਹੋਈ, ਏਸ ਵੇਲੇ ਹੋਵੇਗੀ ਦੋ ਤੋਂ ਚਾਰ । ਅੱਗੇ ਇਕ ਵਾਰੀ ਹੋ ਚੁੱਕੀ ਐ…।
ਉਹ ਇਨ੍ਹਾਂ ਦੀ ਮਾਂ ਏਸੇ ਵੇਲੇ ਘਰੋਂ ਭੱਜ ਕੇ ਗੱਡੀ ਚੜ੍ਹੀ ਸੀ, ਚੀਨੇ ਨਾਲ ਤੇ ਕਲਕੱਤੇ ਚਲੀ ਗਈ ਸੀ, ਜੱਟਾਂ ਦਾ ਮੁੰਡਾ ਚੀਨਾ, ਮੇਰੇ ਚਾਚੇ ਦੇ ਟਰੱਕ ‘ਤੇ ਡਰਾਈਵਰ ਸੀ। ਹੁਣ ਵੀ ਉਹ ਖੌਰੇ ਉਥੇ ਹੀ ਹੋਵੇ, ਚੀਨੇ ਕੋਲ, ਕਲਕੱਤੇ, ਪਰ ਇਸ ਵੇਲੇ ਉਹ ਰੋਜ਼ ਮੈਨੂੰ ਘਰ ‘ਚ ਫਿਰਦੀ ਦਿਸਦੀ ਆ, ਲੱਗਦੈ ਕਿ ਉਹ ਮਰ ਗਈ ਹੋਊ ਜਾਂ ਚੀਨੇ ਨੇ ਮਾਰ ਦਿੱਤੀ ਹੋਊ…। ਬੜੀ ਜ਼ਿੱਦੀ ਸੀ ਉਹ, ਇਹ ਤਾਂ ਮੈਂ ਹੀ ਕੱਟੀ ਜਾਂਦਾ ਸੀ ਉਹਦੇ ਨਾਲ ਉਹਦੀ ਹਰ ਗੱਲ ਮੰਨਦਾ। ਵੱਡੀ ਨੂੰ ਪਤੈ, ਇਹਨੇ ਪੂਰੀ ਸੂਰਤ ਸੰਭਾਲੀ ਹੋਈ ਸੀ ਉਦੋਂ, ਦੂਜੀਆਂ ਛੋਟੀਆਂ ਸਨ। ਉਹਦੀ ਮੁੰਡਾ ਜੰਮਣ ਦੀ ਜ਼ਿੱਦ ਨੇ ਮੈਨੂੰ ਚਾਰ ਧੀਆਂ ਦਾ ਬਾਪ ਬਣਾ ਦਿੱਤਾ ਤੇ ਹਜ਼ਾਰ ਕਹਾਣੀਆਂ ਦਾ ਵੀ…। ਜੇ ਕਿਤੇ ਉਦੋਂ ਸਕੈਨਿੰਗ ਹੁੰਦੀ ਅੱਜ ਵਾਂਗੂ ਆਮ ਤਾਂ ਉਸ ਜ਼ਾਲਮ ਤੀਵੀਂ ਨੇ ਤਾਂ ਇਕ ਵੀ ਧੀ ਨਹੀਂ ਸੀ ਹੋਣ ਦੇਣੀ। ਊਂ ਸੱਚ ਕਹਾਂ, ਕਦੇ- ਕਦੇ ਧੀਆਂ ਦੇ ਦੁੱਖੋਂ ਦੁਖੀ, ਮੈਂ ਵੀ ਸੋਚ ਜਾਨਾਂ ਕਿ ਜੇ ਇਉਂ ਹੁੰਦਾ ਖਵਰਨੀ ਚੰਗਾ .ਈ ਹੁੰਦਾ। ਪਰ ਫੇਰ ਜਦੋਂ ਇਨ੍ਹਾਂ ਦੇ ਭੋਲੇ ਭਾਲੇ ਚਿਹਰੇ ਦੇਖਦਾਂ, ਮਾਸੂਮ ਘੁੱਗੀਆਂ .ਜਿਹੀਆਂ… ਪਾਪਾ-ਪਾਪਾ ਕਹਿੰਦੀਆਂ. ਲਾਡ ਕਰਦੀਆਂ ਮੇਰੇ ਮੋਹ ‘ਚ ਮਰ ਮਰ ਜਾਂਦੀਆਂ ਤਾਂ ਖ਼ੁਦ ਨੂੰ ਲਾਹਣਤਾਂ ਪਾਉਨਾਂ ਤੇ ਸੋਚਦਾਂ ਕਿ ਉਹ ਕਿਹੜਾ ਬੰਦਾ ਬੈਠੈ ਮੇਰੇ ਅੰਦਰ ਜਿਹੜਾ ਇੰਜ ਸੋਚਦੈ। ਮਠਾੜੂ ਨਾਲ ਗੱਲ ਕਰਦਾਂ ਤਾਂ ਉਹ ਕਹਿੰਦੈ, “ਇਹੋ ਜਿਹਾ ਬੰਦਾ ਸਾਡੇ ਸਾਰਿਆਂ ਅੰਦਰ ਹੁੰਦੈ ਸੈਣੀ ਸਾਹਿਬ, ਆਪਾਂ ਜ਼ਾਹਰ ਕਰ ਦਿੰਦੇ ਹਾਂ ਤੇ ਲੋਕ ਚੰਗੇ ਬਣੇ ਰਹਿੰਦੇ ਨੇ ।” ਮੈਨੂੰ ਉਹਦੀ ਗੱਲ ਠੀਕ लॅगरी भै…।
ਫਿਰ ਮੈਂ ਗਿੱਲ ਬਾਰੇ ਸੋਚਦਾਂ, ਉਹ ਤਾਂ ਦੇਖਣ ਨੂੰ ਵੀ ਗੱਲਾਂ ਤੋਂ ਵੀ, ਐਸਾ ਬੰਦਾ ਹੀ ਲੱਗਦੈ। ਉਹਦੇ ਵਿਚ ਜੱਟ ਵੜਿਆ ਬੈਠੈ, ਬੁਰੀ ਤਰ੍ਹਾਂ, ਸਾਰੇ ਦਫ਼ਤਰ ਵਿਚ ਉਹ ਆਪਣੀਆਂ ਮੁੱਛਾਂ ਤੇ ਲਾਲ ਅੱਖਾਂ ਦਾ ਵਿਖਾਲਾ ਕਰਦਾ ਰਹਿੰਦਾ, ਅੱਖਾਂ ਨੂੰ ਲਾਲ ਖਵਰਨੀ ਸਾਬਣ ਪਾ ਕੇ ਕਰਦੈ ਜਾਂ। ਧਾਲੀਵਾਲ ਕਹਿੰਦਾ ਸੀ, “ਫੀਮ ਨਾਲ ਰਹਿੰਦੀਆਂ।” ਤੰਗ ਤਾਂ ਗਿੱਲ ਵਿਚਲੇ ਜੱਟ ਤੋਂ ਸਾਰਾ ਦਫ਼ਤਰ ਈ ਐ ਪਰ ਮੈਂ ਤੇ ਮਠਾੜੂ ਤਾਂ ਪੁੱਜ ਕੇ ਦੁਖੀ ਹਾਂ, ਉਹ ਸਾਨੂੰ ਟਕੋਰਾਂ ਵੀ ਬਹੁਤ ਲਾਉਂਦੈ, ਮਠਾੜੂ ਨੂੰ ਕਹੂ ਕਿ ਦੇਖੀਂ ਮਠਾੜੂ ਜੀਹਦਾ ਯਾਰ ਸੈਣੀ ਉਹ ਅੱਜ ਵੀ ਹੈਨੀ ਤੇ ਕੱਲ੍ਹ ਵੀ ਹੈਨੀ, ਮੈਨੂੰ ਕਹੂ, “ਬਚਕੇ ਸੈਣੀ, ਇਹ ਜਾਤ ਤਾਂ ਸੱਕ ਵੀ ਆਪਣੇ ਪਾਸੇ ਨੂੰ ਲਾਹੁੰਦੀ ਐ…।” ਅਸੀਂ ਹੱਸ ਕੇ ਟਾਲ ਦਿੰਨੇ ਆਂ, ਕਈ ਵਾਰ ਵਿਚਾਰ ਕਰਦੇ ਹਾਂ ਅਸੀਂ ਕਿ ਜਾਤ ਨਾਲ ਬੰਦੇ ‘ਚ ਕੋਈ ਫ਼ਰਕ ਪੈਂਦਾ? ਤਾਂ ਮਠਾੜੂ ਹੱਸ ਕੇ ਕਹੂ, “ਫ਼ਰਕ ਤਾਂ ਪੈਂਦਾ ਈ ਆ ਸੈਣੀ ਸਾਹਿਬ, ਉਹ ਕਿੰਨਾ ਬਕਵਾਸ ਕਰਦੈ ਆਪਣੇ ਬਾਰੇ, ਆਪਾਂ ਕਿਉਂ ਨਹੀਂ ਕਰਦੇ।” ਤਾਂ ਮੈਨੂੰ ਲੱਗਦੈ ਕਿ ਕੁਛ ਸਾਨੂੰ ਬਚਪਨ ‘ਚ ਸਿਖਾਇਆ ਜਾਂਦੈ ਉਹਦਾ ਅਸਰ ਤਾਂ ਹੁੰਦਾ ਈ ਐ । ਸਾਨੂੰ ਤਾਂ ਹਮੇਸ਼ਾ ਝਗੜੇ ਤੋਂ ਦੂਰ ਰਹਿਣ ਦੀ ਮੱਤ ਦਿੱਤੀ ਗਈ ਤੇ ਜੱਟਾਂ ਨੂੰ।
ਕਹਿੰਦੇ ਨੇ ਇਕ ਵਾਰ ਜੱਟਾਂ ਦਾ ਤੇ ਸੈਣੀਆਂ ਦਾ ਬੁੜ੍ਹਾ ਲੜ ਪਏ, ਕੁਦਰਤੀ ਸੈਣੀ ਬੁੜ੍ਹਾ ਤਕੜਾ ਸੀ, ਉਹਨੇ ਜੱਟਾਂ ਦਾ ਬੁੜ੍ਹਾ ਥੱਲੇ ਲੈ ਲਿਆ। ਕੇਸ ਥਾਣੇ ਚਲਾ ਗਿਆ, ਸੈਣੀ ਬੁੜ੍ਹੇ ਦਾ ਮੁੰਡਾ ਥਾਣੇਦਾਰ ਨੂੰ ਪੰਜ ਹਜ਼ਾਰ ਰੁਪਏ ਦੇਵੇ ਤੇ ਕਹੇ ਕਿ ਕੇਸ ਨਹੀਂ ਬਣਨਾ ਚਾਹੀਦਾ, ਤੇ ਜੱਟ ਬੁੜ੍ਹੇ ਦਾ ਮੁੰਡਾ ਦਸ ਹਜ਼ਾਰ ਦੇ ਕੇ ਕਹਿੰਦਾ, “ਕੇਸ ਬਣਾ ਥਾਣੇਦਾਰਾ, ਪਰ ਸਾਡਾ ਬੁੜ੍ਹਾ ਉਤੇ ਦਿਖਾ…।”
ਅਜਿਹੀਆਂ ਗੱਲਾਂ ਕਾਮਰੇਡ ਧਾਲੀਵਾਲ ਸੁਣਾਉਂਦੈ, ਹੈ ਤਾਂ ਉਹ ਵੀ ਜੱਟ ਪਰ ਕਹਿੰਦੈ ਕਿ ਉਹਨੇ ਆਪਣੇ ਅੰਦਰਲੇ ਜੱਟ ਨੂੰ ਮਾਰ ਲਿਐ। ਗਿੱਲ ਕਹਿੰਦੈ ਕਿ ਨਹੀਂ ਮਾਰਿਆ ਹਾਲੇ, ਜੇ ਇਹਦਾ ਜੱਟ ਮਰ ਜਾਂਦਾ ਤਾਂ ਮੇਰੇ ਨਾਲ ਖਾਰ ਕਿਉਂ ਖਾਂਦਾ, ਜੱਟ ਹੀ ਜੱਟ ਨਾਲ ਜ਼ਿੱਦ ਰੱਖਦੈ। ਚਲੋ ਗਿੱਲ ਦਾ ਮੂੰਹ ਤਾਂ ਕਹਿੰਦੇ ਨੇ ਕੁਹਾੜੇ ਨਾਲ ਪਾਟਿਐ, ਪਰ ਧਾਲੀਵਾਲ ਸਿਆਣੀਆਂ ਗੱਲਾਂ ਕਰਦੈ। ਖਵਰਨੀ ਕਾਮਰੇਡ ਕਰਕੇ.।
ਪਰ ਗਿੱਲ ਤਾਂ ਮੈਨੂੰ ਤੇ ਮਠਾੜੂ ਨੂੰ ਬੰਦੇ ਈ ਨਹੀਂ ਗਿਣਦਾ ਜਦੋਂ ਦੇਖੋ ਜੱਟਾਂ ਦੀ ਵਡਿਆਈ, ਗਿੱਲਾਂ ਦੀ ਮਹਿਮਾ, ਕੇ.ਪੀ.ਐਸ. ਗਿੱਲ ਦੀਆਂ ਕਹਾਣੀਆਂ ਸੁਣਾਊ, ਉਹਦੇ ਸੋਹਲੇ ਗਾਊ, ਸਾਨੂੰ ਉਹਦਾ ਨਾਂ ਲੈ ਲੈ ਕੇ ਜਰਕਾਊ। ਮੈਨੂੰ ਮਠਾੜੂ ਕਹਿੰਦੇ ਕਿ ਤੁਸੀਂ ਵੀ ਸੈਣੀ ਸਾਹਿਬ ਕਦੇ ਕਦੇ ‘ਸੁਮੇਧ ਸੈਣੀ’ ਦਾ ਨਾਂ ਲੈ ਦਿਆ ਕਰੋ। ਮੈਂ ਕਹਿਨਾਂ, “ਮੈਂ ਉਹਨੂੰ ਜਾਣਦਾ ਈ ਨਹੀਂ..” ਤਾਂ ਉਹ ਕਹਿੰਦੈ, “ਇਹ ਕਿਹੜਾ ਕੇ.ਪੀ.ਐਸ ਗਿੱਲ ਨੂੰ ਜਾਣਦੈ, ਇਹਨੇ ਵੀ ਤਾਂ ਅਖ਼ਬਾਰਾਂ ‘ਚ ਪੜ੍ਹਿਐ…।” ਮੈਂ ਹੱਸ ਪੈਨਾਂ ਤੇ ਕਹਿਨਾਂ ਕਿ ਤੇਰਾ ਤਾਂ ਰਾਮਗੜ੍ਹੀਆ ਰਾਸ਼ਟਰਪਤੀ ਵੀ ਹੋ ਲਿਆ ਤੂੰ ਨਾਂ ਕਦੇ ਨਾ ਲਿਆ। ਉਹ ਵੀ ਹੱਸ ਪੈਂਦਾ.।
ਇਕ ਹੋਰ ਦਿਨ..।
ਮੈਂ ਪੌੜੀਆਂ ਚੜ੍ਹ ਕੇ ਉਪਰ ਪਹੁੰਚਿਆ ਤਾਂ ਇਕ ਪੱਗ ਵਾਲਾ ਬੰਦਾ ਬੂਹੇ ‘ਚ ਖੜ੍ਹਾ ਮੇਰੀ ਤੀਜੀ ਧੀ ਨਾਲ ਗੱਲਾਂ ਕਰੇ, ਮੈਨੂੰ ਦੇਖਕੇ ਨਾਲ ਦੇ ਕੁਆਟਰ ਦੀ ਬੈੱਲ ਵਜਾਉਣ ਲੱਗਾ। ਕੁੜੀ ਨੂੰ ਪੁੱਛਿਆ ਤਾਂ ਕਹਿੰਦੀ, “ਇਨ੍ਹਾਂ ਓਧਰ ਜਾਣਾ ਸੀ, ਭੁੱਲ ਕੇ ਆਪਣੀ ਬੈੱਲ ਦਬਾ ਦਿੱਤੀ, ਸਾਰੇ ਕੁਆਟਰ ਇਕੋ ਜਿਹੇ ਲੱਗਦੇ ਨੇ ਨਾ, ਇਹ ਨਵੇਂ ਆਏ ਨੇ… ।” ਸਾਲਾ ਏਨਾ ਵੀ ਕੀ ਕਿ ਬੰਦਾ ਆਪਣੇ ਕੁਆਟਰ ਦਾ ਬੂਹਾ ਈ ਭੁੱਲ ਜਾਏ, ਉਤੋਂ ਸਾਲੇ ਨੇ ਮੈਨੂੰ ‘ਸਾਹਬ ਸਲਾਮ’ ਵੀ ਨਹੀਂ ਕੀਤੀ। ਇਹਨੂੰ ਕਿਤੇ ਗਿੱਲ ਤਾਂ ਨਹੀਂ ਦੱਸ ਗਿਆ ਕਿ ਇਹ ਸੈਣੀ ਐ, “ਔਰ ਯੇਹ ਪਤਲੀ ਪਤਲੀ ਸੀ ਕੌਮ ਹੋਤੀ ਹੈ।”
ਕਹੂ, “ਅੰਗਰੇਜ਼ ਜਦੋਂ ਪੰਜਾਬ ‘ਚ ਨਵਾਂ-ਨਵਾਂ ਆਇਆ ਤਾਂ ਇਥੋਂ ਦੀਆਂ ਜਾਤਾਂ-ਕੌਮਾਂ ਦਾ ਮੁਤਾਲਿਆ ਕਰ ਰਿਹਾ ਸੀ, ਇਕ ਵਿਦਵਾਨ ਉਹਨੂੰ ਦੱਸ ਰਿਹਾ ਸੀ ਕਿ ਜੱਟ ਔਰ ਮਜ਼੍ਹਬੀ ਖਾੜਕੂ ਤੇ ਮਾਰ ਖੋਰੇ ਹੋਤੇ ਹੈਂ, ਬਣੀਆਂ ਚੁਸਤ ਹੋਤਾ ਹੈ, ਔਰ ਫਲਾਂ ਜਾਤ ਐਸੀ, ਔਰ ਢਿਮਕਾ ਜਾਤ ਵੈਸੀ ਹੋਤੀ ਹੈ। ਪਰ ਜਦੋਂ ਅੰਗਰੇਜ਼ ਨੇ ਸੈਣੀ ਕੌਮ ਬਾਰੇ ਪੁੱਛਿਆ ਤਾਂ ਦੱਸਣ ਵਾਲੇ ਨੂੰ ਸਮਝ ਨਾ ਆਵੇ ਕਿ ਕੀ ਕਹੇ। ਉਸਨੇ ਸੋਚ ਕੇ ਜੁਆਬ ਦਿੱਤਾ, “ਜਨਾਬ ਸੈਣੀ ਏਕ ‘ਪਤਲੀ ਪਤਲੀ’ ਸੀ ਕੌਮ ਹੋਤੀ ਹੈ।” ਇਹ ਗੱਲ ਸੁਣਾ ਕੇ, ਗਿੱਲ ਬਰਾਛਾਂ ਖੋਹਲ ਕੇ ਹੱਸਦੈ ਤੇ ਮੁੱਛਾਂ ਨੂੰ ਵੱਟ ਚਾੜ੍ਹਦੈ…। ਮੇਰਾ ਅੰਦਰ ਜ਼ਖ਼ਮੀ ਹੋ ਜਾਂਦੈ, ਮਠਾੜੂ ਮਲ੍ਹਮ ਲਾਉਂਦੈ, “ਇਹ ਤਾਂ ਹਾਸੇ ਦੀਆਂ ਗੱਲਾਂ ਨੇ ਸੈਣੀ ਸਾਹਿਬ, ਤੁਸੀਂ ਐਵੇ ਮਨ ‘ਤੇ ਨਾ ਲਾਓ। ਪਿੰਡਾਂ ’ਚ ਤਾਂ ਹੋਇਆ, ਸ਼ਹਿਰਾਂ ‘ਚ ਕੌਣ ਪੁੱਛਦੈ ਜਾਤ-ਪਾਤ ਨੂੰ? ਜੱਟ ਸੈਣੀ ਨੂੰ?” ਪਰ ਮਠਾੜੂ ਨੂੰ ਕੀ ਦੱਸਾਂ, ਕਿ ਪਿੰਡਾਂ ‘ਚ ਤਾਂ ਗੱਲ ਹੀ ਕੋਈ ਨਹੀਂ ਸੀ, ਸਾਡੇ ਚਾਰ-ਪੰਜ ਪਿੰਡ ਸਨ ਸੈਣੀਆਂ ਦੇ, ਦੁਖ-ਸੁਖ ਦੇ ਸਾਂਝੀ ਪਰ ਉਥੇ ਮੈਨੂੰ ਮੇਰੀ ਤੀਵੀਂ ਨੇ ਬਰਬਾਦ ਕਰਤਾ, ਜਿਹੜੀ ਜੱਟਾਂ ਦੇ ਮੁੰਡੇ ਨਾਲ ਭੱਜ ਗਈ… ਲੋਕਾਂ ਦੀਆਂ ਗੱਲਾਂ ਜਿਉਣ ਨਹੀਂ ਸੀ ਦਿੰਦੀਆਂ, “ਵਿਚਾਰਾ ਚਾਰ ਕੁੜੀਆਂ ਦਾ ਪਿਓ… ਕੀ ਕਰੂ ਵਿਚਾਰਾ…?” ਜਿੰਨੇ ਮੂੰਹ ਓਨਂਆਂ ਗੱਲਾਂ। ਜ਼ਮੀਨ ਵੇਚ ਸ਼ਹਿਰ ਆਉਣਾ ਪਿਆ…। ਕੀ ਪਤਾ ਸੀ ਕਿ ਇਥੇ ਗਿੱਲ ਟੱਕਰ ਜੂਗਾ, ਚੀਨੇ ਵਾਂਗੂੰ, ਉਹ ਮੇਰੀ ਘਰਵਾਲੀ ਲੈ ਗਿਆ, ਇਹਨੇ ਮੇਰਾ ਸੁਖ ਚੈਨ ਲੈ ਲਿਆ…।
ਮੇਰਾ ਅੰਦਰਲਾ ਬੰਦਾ ਵੀ ਕਾਫੀ ਗੜਬੜ ਕਰਦੈ, ਉਹੀ ਬਣਾਉਂਦੈ ਬਹੁਤੀਆਂ ਕਹਾਣੀਆਂ…।
ਵੱਡੀ ਧੀ ‘ਚ ਕਾਂਤਾ ਦੇਖਣ ਲੱਗ ਪੈਂਦੈ। ਦੂਜੀ ’ਚ ਕੋਈ ਹੋਰ, ਤੀਜੀ ’ਚ ਉਹਦੀ ਮਾਂ। ਉਂਜ ਇਨ੍ਹਾਂ ਦਾ ਖਾਸਾ ਕੁਝ ਰਲਦਾ ਵੀ ਐ। ਤੀਜੀ ਤਾਂ ਜਮ੍ਹਾਂ ਆਪਣੀ ਮਾਂ ‘ਤੇ ਗਈ ਐ…। ਮੈਂ ਸੋਚਦਾਂ ਕਿ ਇਹੀ ਕਿਉਂ ਗਈ ਐ, ਜਾਣਾ ਵੱਡੀ ਨੂੰ ਚਾਹੀਦਾ ਸੀ, ਉਹਦੇ ’ਤੇ ਜਿਹੜੀ ਵਾਹਵਾ ਕੁਛ ਜਾਣਦੀ ਸੀ ਮੇਰੇ ਤੇ ਉਹਦੇ ਬਾਰੇ। ਪਰ ਉਹ ਮੇਰੇ ‘ਤੇ ਗਈ ਐ।
ਦੂਜੀ ਸਾਰਿਆਂ ਤੋਂ ਵੱਖਰੀ ਐ, ਉਹਦੀ ਆਪਣੀ ਕਹਾਣੀ ਐ, ਬੇਪਰਵਾਹ, ਕਦੇ ਚਿੱਤਰ ਬਣਾਉਣ ਲੱਗਜੂ ਤਾਂ ਇਉਂ ਲੱਗੂ ਕਿ ਇਸ ਤੋਂ ਬਿਨਾਂ ਇਹਨੇ ਹੋਰ ਕੁਝ ਕਰਨਾ ਈ ਨਹੀਂ। ਫੇਰ ਸਭ ਕੁਛ ਭੁੱਲ-ਭੁਲਾ ਕੇ, ਅਖ਼ਬਾਰਾਂ-ਰਸਾਲਿਆਂ ‘ਚੋਂ ‘ਰੈਸਪੀਆਂ’ ਪੜ੍ਹ-ਪੜ੍ਹ ਬਣਾਉਣ ਲੱਗ ਪਊ ਤੇ ਪੁੱਠੇ-ਸਿੱਧੇ ਮਸਾਲਿਆਂ ਨਾਲ ਭਾਂਡੇ ਸਾੜ-ਸਾੜ ਰੱਖੀ ਜਾਊ। ਕਈ ਵੇਰ ਮੈਨੂੰ ਮਾਂਜਣੇ ਪੈਂਦੇ ਨੇ, ਸੜੇ ਹੋਏ, ਥੱਲੇ ਲੱਗੀਆਂ ‘ਵੈਜੀਟੇਬਲ’…।
ਹਾਂ ਜੀ, ਬੋਲੀ ਤਾਂ ਇਨ੍ਹਾਂ ਦੀ ਉਹ ਰਹੀਓ ਨਹੀਂ, ਸਬਜ਼ੀ ਤਾਂ ਕਹਿੰਦੀਆਂ ਈ ਨਹੀਂ। ਬੱਸ, ਕੁਛ ਅੰਗਰੇਜ਼ੀ, ਕੁਛ ਹਿੰਦੀ, ਕੁਛ ਪੰਜਾਬੀ ਤੇ ਕੁਛ ਪਤਾ ਨਹੀਂ ਕੀ ਅੱਧੀ-ਅਧੂਰੀ ਜਿਹੀ। ਅੰਗਰੇਜ਼ੀ ਦੇ ਸਿਰਫ਼ ਸਪੈਲਿੰਗ ਖਵਰਨੀ ਕਿੱਥੋਂ ਸਿੱਖਦੀਆਂ ਨੇ… । ਮਠਾੜੂ ਕਹਿੰਦਾ, “ਟੀ.ਵੀ., ਫ਼ਿਲਮਾਂ ਤੇ ਕਾਲਜ ਵਿਚੋਂ, ਹੋਰ विखें…?”
ਸਭ ਤੋਂ ਛੋਟੀ ਨੂੰ ਅਵੱਲਾ ਸ਼ੌਕ ਹੈ, ਪੂਰੀ ਕਾਲੋਨੀ ਦੀ ਜਾਣਕਾਰੀ ਰੱਖਣੀ, ਮੈਂ ਕਿਸੇ ਨੂੰ ਜਾਣਾਂ ਜਾਂ ਨਾ, ਉਹਨੂੰ ਸਭ ਪਤੈ ਕਿ 2840 ਵਾਲਿਆਂ ਦੀ ਭੂਆ ਕਿੱਥੇ ਰਹਿੰਦੀ ਐ… 2834 ਵਾਲਿਆਂ ਦਾ ਚਾਚਾ ਦਾਰੂ ਪੀਂਦੈ, ਉਨ੍ਹਾਂ ਨੂੰ ਐਤਕੀ ਦੋ ਬੋਰੀਆਂ ਕਣਕ ਹੀ ਆਈ ਐ ਪਿੰਡੋਂ, 2836 ਵਾਲੀ ਆਂਟੀ ਅੰਕਲ ਨਾਲ ਲੜਦੀ ਐ ਕਿ ਪਿੰਡੋਂ ਜ਼ਮੀਨ ਦਾ ਠੇਕਾ ਲੈ ਕੇ ਆਓ, ਉਹ ਕਹਿੰਦੇ ਨੇ “ਕਣਕ ਨਹੀਂ ਵਿਕੀ ਹੋਣੀ”…, “ਆਂਟੀ ਕਹਿੰਦੀ ਫਿਰ ਖੱਲੀਂ-ਖੂੰਜੀਂ ਵੜ ਜਾਣਗੇ…।”
“ਇਹ ਖੱਲੀਂ ਖੂੰਜੀਂ ਕੀ ਹੁੰਦੈ ਪਾਪਾ?” ਤੀਜੀ ਜਿਹੜੀ ਆਪਣੀ ਮਾਂ ’ਤੇ ਗਈ ਐ, ਕਹੂਗੀ, “ਜਿਵੇਂ ਆਪਣੀ ਜ਼ਮੀਨ ਵੇਚਕੇ ਪਾਪਾ ਨੇ ਜਿਹੜੀਆਂ ਐਫ.ਡੀਆਂ ਆਪਣੇ ਨਾਂ ਕਰਾਤੀਆਂ, ਉਹ ਹੈਗੇ ਨੇ, ਬਾਕੀ ਖੱਲੀਂ ਖੂੰਜੀਂ ਵਾੜ ‘ਤੇ।’ ਫਿਰ ਉਹ ਛੋਟੀ ਨੂੰ ਘੁਰੂਗੀ, “ਤੂੰ ਲੋਕਾਂ ਦੇ ਸਿਆਪੇ ਘਰੇ ਨਾ ਲਿਆਇਆ ਕਰ…।”
ਮੈਂ ਤ੍ਰਬਕ ਉਠਦਾ, ਓਹੀ ਆਵਾਜ਼, ਓਹੀ ਲਹਿਜਾ ਮਾਂ ਵਾਲਾ, ਓਹੀ ਸ਼ਬਦ। ਸਿਆਪਾ ਓਹ ਵੀ ਬਹੁਤ ਵਰਤਦੀ ਸੀ… ‘ਲੈ ਪੈ ਗਿਆ ਇਕ ਹੋਰ ਸਿਆਪਾ’… ‘ਮੈਂ ਕੀਹਦਾ ਕੀਹਦਾ ਸਿਆਪਾ ਕਰਾਂ ‘ਸਾਰੇ ਸਿਆਪੇ ਮੇਰੀ ਜਾਨ ਨੂੰ ਨੇ… ਕਿਸੇ ਦਿਨ ਮੁਕਾ ਜੂੰਗੀ ਸਾਰਾ ਸਿਆਪਾ।”
ਮੈਂ ਹੈਰਾਨ ਹਾਂ ਕਿ ਇਹ ਤਾਂ ਉਦੋਂ ਛੋਟੀ ਜਿਹੀ ਸੀ… ਕਦੇ ਲੱਗਦੈ ਕਿ ਉਹ, ਇਹਦੀ ਮਾਂ, ਇਥੇ ਹੀ ਹੋਵੇਗੀ। ਕਿਤੇ, ਮੈਥੋਂ ਚੋਰੀ ਇਹਨੂੰ ਮਿਲਦੀ ਹੋਊ…। ਕਿਤੇ ਇਹਦੇ ਪਿੱਛੇ ਜਾ ਕੇ ਦੇਖਾਂ?
ਇਕ ਵਾਰੀ ਗਿਆ ਵੀ ਸੀ। ਕਾਲਜ ਨੂੰ ਛੁੱਟੀ ਹੋਈ ਸੀ, ਮੈਂ ਸੁਪਰਡੈਂਟ ਤੋਂ ਦੋ ਘੰਟੇ ਦੀ ਛੁੱਟੀ ਲੈ ਕੇ ਚਲਾ ਗਿਆ, ਇਹਦਾ ਪਿੱਛਾ ਕਰਨ, ਇਹਨੇ ਮੈਨੂੰ ਦਰਖ਼ਤ ਓਹਲੇ ਹੁੰਦੇ ਨੂੰ ਵੇਖ ਲਿਆ। ਉਥੇ ਹੀ ਬਸ ਸਟਾਪ ’ਤੇ ਖੜ੍ਹੀ ਆਪਣੀ ਮੈਡਮ ਨੂੰ ਕਹਿਣ ਲੱਗੀ ਕਿ ਉਹ ਬੰਦਾ ਮੇਰਾ ਪਿੱਛਾ ਕਰ ਰਿਹੈ। ਮੈਡਮ ਮੇਰੇ ਗਲ ਪੈ ਗਈ… ਕਹੇ ਕਿ ਧੀ ਦੀ ਉਮਰ ਦਾ ਕੁੜੀ ਦਾ ਪਿੱਛਾ ਕਰਦਿਆਂ ਸ਼ਰਮ ਨਹੀਂ ਆਉਂਦੀ…। ਪੁਲਿਸ ਬੁਲਾਉਣ ਦੀ ਧਮਕੀ ਦੇਣ ਲੱਗ ਪਈ… । ਮੇਰੀ ਇਕ ਨਾ ਸੁਣੀ… ਮੈਂ ਕੰਨ ਝਾੜ ਕੇ ਤੁਰ ਆਇਆ…।
ਦੂਜੀ ਵੀ ਮੇਰੀ ਕਲਾਕਾਰ ਧੀ ਓਦੋਂ ਨੂੰ ਪਹੁੰਚ ਗਈ ਸੀ, ਉਹ ਇਓਂ ਦੇਖ ਰਹੀ ਸੀ ਜਿਵੇਂ ਕਿਸੇ ਫ਼ਿਲਮ ਦਾ ਸੀਨ ਦੇਖ ਰਹੀ ਹੋਵੇ, ਉਹਨੇ ਵੀ ਨਹੀਂ ਕਿਹਾ, “ਇਹ ਤਾਂ ਸਾਡੇ ਪਾਪਾ ਨੇ..।”
ਵੱਡੀ ਨੂੰ ਦੱਸਿਆ ਤਾਂ ਉਹ ਵੀ ਮੈਨੂੰ ਕਹਿਣ ਲੱਗੀ, “ਫਿਰ ਤੁਸੀਂ ਕਿਉਂ ਸੀ.ਆਈ.ਡੀ. ਕਰਦੇ ਓਂ। ਕੱਲ੍ਹ ਨੂੰ ਮੇਰੀ ਵੀ ਕਰੋਗੇ…।”
ਤਾਂ ਹੀ ਤਾਂ ਸੋਚਦਾਂ ਕਿ ਇਨ੍ਹਾਂ ਦੇ ਲੱਛਣ ਠੀਕ ਨਹੀਂ ਸੋਚਦਾਂ, ਮੇਰੇ ਥਾਂ ਗਿੱਲ ਹੁੰਦਾ ਤਾਂ ਉਹਦੀ ਧੀ ਕਰ ਲੈਂਦੀ ਇਸ ਤਰ੍ਹਾਂ? ਨਾ, ਕਦੇ ਨਾ। ਗਿੱਲ ਤਾਂ ਮੈਨੂੰ ਸੁਣਾਕੇ ਕਹਿੰਦਾ ਰੈਂਹਦਾ, “ਤੀਵੀਂ ਤੇ ਮਿੱਟੀ ਤਾਂ ਜਿੰਨੀ ਕੁੱਟੋ ਓਨੀ ਸੂਤ ‘ਰਹਿੰਦੀ ਐ…।” ਜੇ ਮੈਂ ਮਲਵੀਂ ਜੀਭ ਨਾਲ ਕਦੇ ਕਹਿ ਵੀ ਦਿਆਂ ਕਿ ਤੀਵੀਂ ਤਾਂ ਠੀਕ ਐ ਪਰ ਧੀਆਂ ਦਾ ਮੋਹ ਤਾਂ ਕਹੂ, “ਲੈ ਮੇਰੀ ਧੀ ਕਰੇ ਕੋਈ ਪੁੱਠਾ ਕੰਮ, ਵੱਢ ਕੇ ਨਹਿਰ ‘ਚ ਨਾ ਸਿੱਟ ਦਿਆਂ।” ਓਦੋਂ ਲੱਗਦੈ ਕਿ ਮੇਰੀਆਂ ਧੀਆਂ ਜ਼ਰੂਰ ਕੋਈ ਐਸਾ ਵੈਸਾ… । ਜਿਹੜਾ ਗਿੱਲ ਮੈਨੂੰ ਚਿਤਾਰਦਾ ਰਹਿੰਦੈ।
ਫਿਰ ਕਾਂਤਾ ਦੀ ਗੱਲ ਚੇਤੇ ਆ ਜਾਂਦੀ ਐ ਕਿ ਸੈਣੀ ਸਾਹਿਬ ਤੁਹਾਡੀਆਂ ਧੀਆਂ ਤਾਂ ਸੋਨਾ ਤੇ ਸੋਨਾ, ਐਸੀਆਂ ਧੀਆਂ ਰੱਬ ਸਭ ਨੂੰ ਦੇਵੇ।
ਪਰ ਕਾਮਰੇਡ ਧਾਲੀਵਾਲ ਕਹਿੰਦੈ, “ਬਾਪ ਧੀ ਨੂੰ ਸਭ ਤੋਂ ਵੱਧ ਪਿਆਰ ਕਰਦੈ ਪਰ ਬਾਪ ਨੂੰ ਧੀ ਦੀ ਕਿਸੇ ਮਾੜੀ ਗੱਲ ਦਾ ਪਤਾ ਸਭ ਤੋਂ ਪਿੱਛੋਂ ਲੱਗਦੈ, ਜਦੋਂ ਸਾਰੇ ਜੱਗ ‘ਤੇ ਡੌਡੀ ਪਿੱਟੀ ਜਾਂਦੀ ਐ, ਉਹਦੇ ਮੂੰਹ ‘ਤੇ ਕੋਈ ਨਹੀਂ ਕਹਿੰਦਾ, ਸਭ ਸਿਫ਼ਤਾਂ ਈ ਕਰਦੇ ਨੇ।”
ਇਨ੍ਹਾਂ ਨੂੰ ਸਮਝਾਉਣ ਬੈਠ ਜਾਨਾਂ, “ਦੇਖਿਓ ਧੀਏ, ਮੇਰੀ ਪੱਗ ਵੱਲ ਦੇਖਿਓ, ਮੇਰੀ ਲਾਜ ਥੋਡੇ ਹੱਥ ਐ…।”
“ਥੋਡੇ ਤਾਂ ਡੈਡੀ ਪਟੇ ਵੀ ਬਹੁਤ ਜਚਣ ਪੱਗ ਦਾ ਸਿਆਪਾ ਹੀ ਮੁਕਾਓ…।” ਤੀਜੀ ਝੇਡਾਂ ਕਰੂ, ਦੂਜੀਆਂ ਹੱਸਣਗੀਆਂ। ਇਹ ਨਹੀਂ ਮਾਂ ਵਾਂਗੂੰ ਮੌਕਾ ਖੁੰਝਣ ਦਿੰਦੀ, ਹਰ ਵੇਲੇ ਮੇਰੇ ਟੋਟਣ ‘ਚ ਮਾਰਦੀ ਐ, ਚਾਹੇ ਮੇਰੇ ਗਿੱਟੇ ਲੱਗੇ, ਚਾਹੇ ਗੋਡੇ, ਇਹਨੂੰ ਕੀ ਪ੍ਰਵਾਹ।
ਇਕ ਕਿਸੇ ਹੋਰ ਦਿਨ।
ਦੇਖਕੇ ਮਰਨ ਵਾਲਾ ਹੋ ਗਿਆ ਸਾਂ… ਕੀ ਦਾ ਕੀ ਸੋਚ ਗਿਆ ਸਾਂ, ਗਾਂਹ ਦੀ ਗਾਂਹ, ਓਦਣ ਅਸਿਸਟੈਂਟ ਦੀ ਵਿਦਾਇਗੀ ਪਾਰਟੀ ਸੀ, ਪਾਰਟੀ ਮੁਕਾ, ਢੋਡੇ ਵਾਲਿਆਂ ਦੇ ਹਾਲ ‘ਚੋਂ ਬਾਹਰ ਨਿਕਲੇ। ਅਜੇ ਸਕੂਟਰ ’ਤੇ ਥੋੜ੍ਹੀ ਦੂਰ ਹੀ ਆਇਆ ਸਾਂ, ਦੂਜੀ ਤੇ ਤੀਜੀ ਲੇਡੀ ਡਾਕਟਰ ਦੇ ਅੰਦਰੋਂ ਨਿਕਲ ਰਹੀਆਂ ਸਨ, ਇਹ ਡਾਕਟਰ ‘ਅਬੌਰਸ਼ਨ’ ਲਈ ਬਦਨਾਮ ਐ, ਮੇਰੇ ਪੈਰਾਂ ਥੱਲਿਓਂ ਮਿੱਟੀ ਨਿਕਲ ਗਈ… ਅਸੀਂ ਤਾਂ ਕਾਲੋਨੀ ਨੇੜੇ ਡਾ. ਬੇਦੀ ਤੋਂ ਦਵਾਈ ਲੈਨੇ ਆਂ, ਉਹਤੋਂ ਬਿਨਾਂ ਕਦੇ ਕਿਤੇ ਨਹੀਂ ਗਏ। ਪਹਿਲਾਂ ਤਾਂ ਸੋਚਿਆ, ਇਥੇ ਹੀ ਗੁੱਤਾਂ ਫੜ੍ਹ ਕੇ ਪੁੱਛਾਂ? ਪਰ ਫਿਰ ਡਰ ਗਿਆ ਕਿ ਇਨ੍ਹਾਂ ਦਾ ਕੀ ਪਤਾ ਲੋਕਾਂ ਕੋਲੋਂ ਛਿੱਤਰ ਹੀ ਨਾ ਪੁਆ ਦੇਣ ਕਿ ਇਹ ਬੰਦਾ ਸਾਨੂੰ ਛੇੜਦੈ । ਮਸਾਂ ਘਰ ਪਹੁੰਚਿਆ, ਅੱਜ ਮੈਂ ਲੇਟ ਸਾਂ, ਵੱਡੀ ਆ ਗਈ ਸੀ, ਪਾਣੀ ਵੀ ਨਹੀਂ ਪੀਤਾ ਮੈਂ, ਛੋਟੀ ਤੋਂ ਪਰੇ ਕਰਕੇ ਉਹਨੂੰ ਪੁੱਛਿਆ ਤਾਂ ਉਹਨੇ ਗੱਲ ਈ ਨਹੀਂ ਗੌਲੀ। ਮੈਨੂੰ ਗੁੱਸਾ ਆ ਗਿਆ, “ਮੈਂ ਕੀ ਪੁੱਛਦਾਂ ਤੈਨੂੰ? ਤੈਨੂੰ ਕੋਈ ਸੁਰਤ ਹੈ…? ਤੂੰ ਵੱਡੀ ਐਂ…।”
“ਬੱਸ ਪਾਪਾ…।” ਟੋਕ ਦਿੱਤਾ ਉਸਨੇ, “ਬੱਸ ਉਨ੍ਹਾਂ ਨੇ ਗ਼ਲਤੀ ਕੀਤੀ, ਉਨ੍ਹਾਂ ਨੂੰ ਤੁਹਾਨੂੰ ਲੈ ਕੇ ਜਾਣਾ ਚਾਹੀਦਾ ਸੀ ਡਾਕਟਰ ਕੋਲ ਬਿਮਾਰੀ ਤੁਹਾਨੂੰ ਆਂ ਅੱਗੇ ਤੋਂ ਅੱਗੇ ਪੁੱਠਾ ਸੋਚਣ ਦੀ। ਲੇਡੀਜ਼ ਦੀਆਂ ਸੌ ‘ਪ੍ਰਾਬਲਮਸ’ ਹੁੰਦੀਆਂ ਨੇ ਅੰਦਰ ਦੀਆਂ ਹੁਣ ਉਹ ਬੇਦੀ ਸਾਹਿਬ ਨੂੰ ਕਿਵੇਂ ਦੱਸਣ ਲੇਡੀ ਡਾਕਟਰ ਨੂੰ ਹੀ ਦੱਸੀਆਂ ਜਾ ਸਕਦੀਆਂ।”
“ਪਰ ਹੋਰ ਲੇਡੀ ਡਾਕਟਰ ਮਰ ‘ਗੀਆਂ, ਉਹਦੇ ਕੋਲ ਈ ਜਾਣਾ ਸੀ… ਜੇ ਉਥੇ ਕਿਸੇ ਨੇ ਦੇਖ ਲਿਆ… ਜੇ ਗਿੱਲ ਨੇ ਦੇਖ ਲਿਆ।’
“ਕੀ ਪਾਪਾ ਤੁਸੀਂ ਵੀ ਸਾਰੀਆਂ ਡਾਕਟਰ ਹੀ ਇਹੀ ਕੁਛ ਕਰਦੀਆਂ, ਇਹਦਾ ਥੋਨੂੰ ਪਤਾ ਲੱਗ ਗਿਆ । ਨਾਲੇ ਗਿੱਲ ਅੰਕਲ ਕੌਣ ਨੇ ਸਾਡੀ ਲਾਈਫ਼ ‘ਚ ਦਖ਼ਲ ਦੇਣ ਵਾਲੇ? ਹਰ ਵੇਲੇ ਗਿੱਲ ਗਿੱਲ… ਤੁਸੀਂ ਆਪਣੀਆਂ ਧੀਆਂ ‘ਤੇ ਭਰੋਸਾ ਰੱਖੋ ਗਿੱਲ ਤੋਂ ਡਰੀ ਜਾਂਦੇ ਨੇ.. ਐਨਾ ਵਹਿਮ…।”
ਖਵਰਨੀ ਇਹੀ ਗੱਲ ਨਾ ਹੋਵੇ, ਮੈਂ ਹੀ ਵਹਿਮੀ ਨਾ ਹੋਵਾਂ ਹਾਂ ਤਾਂ ਪੇਂਡੂ ਹੀ ਨਾ, ਕੁੜੀਆਂ ਨੇ ਸ਼ਹਿਰ ‘ਚ ਅੱਖਾਂ ਖੋਹਲੀਆਂ… ਏਸ ਹਵਾ ‘ਚ ਸਾਹ ਲਿਆ, ਪਰ ਨਹੀਂ… ਮਨ ਨਹੀਂ ਮੰਨਦਾ.. ਕੋਈ ਗੜਬੜ ਹੈ ਜ਼ਰੂਰ… ਬਾਬਾ ਨਾਨਕ ਦੀ ਫ਼ੋਟੋ ਮੂਹਰੇ ਹੱਥ ਜੋੜਦਾਂ, “ਤੂੰ ਹੀ ਪਰਦੇ ਢਕੀਂ ਦਾਤਾ… ਤੇਰੀਓ ਓਟ ਆ ਬਾਬਾ ਨਾਨਕ …।”
ਗਿੱਲ ਤਾਂ ਇਹ ਵੀ ਕਹਿੰਦਾ, “ਮੰਨਣਾ ਤਾਂ ਗੁਰੂ ਗੋਬਿੰਦ ਸਿੰਘ ਨੂੰ ਮੰਨੋ, ਕੀ ਇਨ੍ਹਾਂ ਖੱਤਰੀਆਂ ਮੂਹਰੇ ਹੱਥ ਜੋੜੀ ਜਾਨੇ ਓਂ… ਉਹ ਗੁਰੂ ਐ ਅਸਲੀ ਜੱਟ… ਧਾਕੜ ਬਾਜਾਂ ਵਾਲਾ, ਨੀਲੇ ਦਾ ਸ਼ਾਹ ਸਵਾਰ ਜੀਹਨੇ ਮੁਗਲਾਂ ਨੂੰ ਭਾਜੜਾਂ ਪਾਈਆਂ ਤੇ ਗਿੱਦੜਾਂ ਤੋਂ ਸ਼ੇਰ ਬਣਾਏ। ਉਹ ਕਰਦੈ ਰਾਖੀ, ਥੋਡੇ ਗੁਰੂ ਵੀ ਥੋਡੇ ਵਰਗੇ ਨੇ, ਨਾ ਤੁਸੀਂ ਕਦੇ ਕੁੱਤੇ ਨੂੰ ਸੋਟੀ ਮਾਰੀ ਤੇ ਨਾ।” ਪਰ ਕਾਮਰੇਡ ਧਾਲੀਵਾਲ ਕਹਿੰਦੈ ਕਿ ਦਸਾਂ ਗੁਰੂਆਂ ‘ਚ ਕੋਈ ਵੀ ਜੱਟ ਨਹੀਂ ਸੀ। ਫਿਰ ਵੀ ਹੁਣ ਮੈਂ ਗੁਰੂ ਨਾਨਕ ਦੇ ਨਾਲ ਗੁਰੂ ਗੋਬਿੰਦ ਸਿੰਘ ਦੀ ਵੀ ਫ਼ੋਟੋ ਲਾ ਲਈ ਐ ਪਰ ਮੂੰਹ ਬਾਬਾ ਗੁਰੂ ਨਾਨਕ ਈ ਚੜ੍ਹਿਆ ਹੋਇਐ… ਸੋਚ ਕੇ ਕਹਿਨਾਂ, “ਰਾਖੀ ਕਰਨੀਂ ਬਾਜਾਂ ਵਾਲਿਆ, ਲਾਜ ਰੱਖੀਂ ਨੀਲੇ ਵਾਲਿਆ… ਤੇਰਾ ਹੀ ਆਸਰਾ।”
ਪਰ ਅੰਦਰਲਾ ਬੰਦਾ ਸਾਲਾ ਗੜਬੜ ਬਾਰੇ ਸੋਚੀ ਜਾਂਦੈ… ਇਹ ਜਿਹੜੀ ਤੀਜੀ ਐ ਨਾ, ਮਾਂ ‘ਤੇ ਗਈ ਐ, ਇਹ ਜ਼ਰੂਰ ਚੰਦ ਚਾੜੂ ਇਹਦਾ ਧਿਆਨ ਰੱਖਣਾ ਪਊ, ਸੋਚਦਾਂ ਵਿਆਹ ਕਰਕੇ ਫਾਹਾ ਵੱਢਾਂ, ਪਰ ਫਿਰ ਕਿਹੜਾ ਕਹਾਣੀਆਂ ਮੁੱਕ ਜਾਣਗੀਆਂ ਸਗੋਂ ਨਵੀਆਂ ਸ਼ੁਰੂ.. ਪਰ ਇਹ ਕਿਹੜਾ ਵਿਆਹ ਨੂੰ ਮੰਨਦੀਆਂ, ਪੈਰਾਂ ‘ਤੇ ਪਾਣੀ ਨਹੀਂ ਪੈਣ ਦਿੰਦੀਆਂ… ਵਿਆਹ ਦਾ ਨਾਂ ਨਹੀਂ ਲੈਣ ਦਿੰਦੀਆਂ… “ਪਹਿਲਾਂ ਪੈਰਾਂ ‘ਤੇ ਖਲੋਵਾਂਗੀਆਂ… ਅਸੀਂ ਕਿਤੇ ਬੁੜ੍ਹੀਆਂ ਹੋ ਗਈਆਂ? … ਠੀਕ ਐ, ਬੁੜ੍ਹੀਆਂ ਤਾਂ ਭਾਵੇਂ ਨਹੀਂ ਹੋਈਆਂ ਇਹ, ਪਰ ਇਨ੍ਹਾਂ ਦੇ ਫ਼ਿਕਰ ‘ਚ ਮੈਂ ਤਾਂ ਬੁੜ੍ਹਾ ਹੋਈ ਜਾਨਾਂ…। ਜਿਹੜੇ ਇਕ ਦੋ ਰਿਸ਼ਤੇਦਾਰਾਂ ਨਾਲ ਵਰਤਦਾਂ ਉਨ੍ਹਾਂ ਨੂੰ ਕਿਹਾ ਵੀ ਐ ਕਿ ਮੁੰਡੇ ਦੇਖੋ। ਬਹੁਤਿਆਂ ਨੂੰ ਮੈਂ ਕਹਿੰਦਾ ਨਹੀਂ, ਪਤੈ ਮੈਨੂੰ, ਸਾਲੇ ਕਹਿਣਗੇ, “ਇਨ੍ਹਾਂ ਦੀ ਮਾਂ ਨਿੱਕਲਗੀ ਸੀ…।” ਇਹ ਤਾਂ ਸਾਲੇ ਲੋਕ ਨਾਨੀ ਤਕ ਪੁਣਛਾਣ ਕਰਦੇ ਆ… ਅਖੇ, “ਕੋਈ ਬੰਦਾ ਘੋੜੀ ਖਰੀਦਣ ਗਿਆ, ਇਕ ਘੋੜੀ ਉਹਨੂੰ ਬਹੁਤ ਪਸੰਦ ਆਈ, ਹੈ ਵੀ ਨਸਲ ਦੀ ਸੀ, ਨਾਲ ਦੂਜੀ ਘੋੜੀ ਕੁਛ ਹਲਕੀ ਸੀ। ਪਰ ਘੋੜੀਆਂ ਵਾਲਾ, ਚੰਗੀ ਦਾ ਮੁੱਲ ਘੱਟ ਦੱਸੇ, ਹਲਕੀ ਦਾ ਜ਼ਿਆਦਾ। ਪੁੱਛਿਆ ਤਾਂ ਕਹਿਣ ਲੱਗਾ ਕਿ ਇਹਦੀ ਨਸਲ ਉੱਚੀ ਐ, ਦੂਜੀ ਨਾਲੋਂ ਹਰ ਤਰ੍ਹਾਂ ਚੰਗੀ ਐ, ਪਰ ਇਹਦੀ ਨਾਨੀ ਪਾਣੀ ‘ਚ ਬੈਠ ਜਾਂਦੀ ਸੀ… ਪਾਰ ਨਹੀਂ ਸੀ ਲਾਉਂਦੀ।” ਐਂ ਸੋਚਦੇ ਨੇ ਇਹ ਲੋਕ ਸਾਲੇ ਗੁੱਸਾ ਵੀ ਬਹੁਤ ਆਉਂਦੈ…।
ਗੁੱਸਾ ਤਾਂ ਗਿੱਲ ‘ਤੇ ਵੀ ਬਹੁਤ ਆਉਂਦੈ, ਜੀ ਕਰਦੈ ਉਸਦੇ ਗਲ ਪੈ ਜਾਂ… ਸੁਣਾਵਾਂ ਉਹਨੂੰ ਖਰੀਆਂ-ਖਰੀਆਂ, ਜਿਹੜੀਆਂ ਕਾਮਰੇਡ ਦੱਸਦੈ, ਉਹ ਦੱਸਦੈ ਕਿ ਜੱਟ ਵਾਸਤੇ ਜ਼ਮੀਨ ਈ ਸਭ ਕੁਝ ਹੁੰਦੀ ਹੈ ਤੇ ਜਿਹਦੇ ਲਈ ਜਿਹੜੀ ਚੀਜ਼ ਸਭ ਕੁਝ ਹੁੰਦੀ ਐ, ਉਹਦੇ ਲਈ ਉਹ ਸਭ ਕੁਝ ਕਰ ਸਕਦੈ ਤੇ ਜੱਟਾਂ ਨੇ ਕੀਤੈ… ਮੁਰੱਬੇਬੰਦੀ ਵੇਲੇ, ਆਪਣੀ ਜ਼ਮੀਨ ਚੰਗੇ ਥਾਂ ਪਵਾਉਣ ਲਈ ਵੱਡੇ ਅਣਖ ਵਾਲਿਆਂ ਨੇ ਆਪਣੀਆਂ ਨੂੰਹਾਂ-ਧੀਆਂ, ਪਟਵਾਰੀਆਂ, ਕਾਨੂੰਗੋਆਂ ਅੱਗੇ ਪੇਸ਼ ਕੀਤੀਆਂ, ਬਹਾਨੇ ਨਾਲ ਕਹਿਣਾ, “ਸਾਹਬ ਜੀ, ਅੱਜ ਆਥਣੇ ਬੀਬੋ ਆਊ ਰੋਟੀ ਲੈ ਕੇ, ਜਾਂ ਦੁੱਧ ਲੈ ਕੇ…।”
ਸਾਲੇ ਵੱਡੇ ਜੱਟ, ਮਨ ਹੀ ਮਨ ਖੁਸ਼ੀ ਹੁੰਦੀ ਐ ਮੈਨੂੰ, ਜੀਅ ਕਰਦੈ ਕਿ ਇਹ ਸਾਰਾ ਕੁਛ ਮੋਟੇ ਅੱਖਰਾਂ ‘ਚ ਲਿਖ ਕੇ ਗਿੱਲ ਦੀ ਸੀਟ ਦੇ ਸਾਹਮਣੇ ਕੰਧ ‘ਤੇ ਲਾ ਦੇਵਾਂ… ਸਾਲੇ ਨੂੰ ਪਤਾ ਲੱਗੇ… ਨਾਲੇ ਦੱਸਾਂ ਕਿ ਇਹ ਗੱਲਾਂ ਤੇਰਾ ਈ ਜੱਟ ਭਾਈ ਦੱਸਦੈ ਕਾਮਰੇਡ ਧਾਲੀਵਾਲ । ਸਾਲਾ ਹੋਇਐ ਮੇਰੀਆਂ ਧੀਆਂ ਦੀਆਂ ਗੱਲਾਂ ਬਣਾਉਣ ਦਾ, ਪਰ ਅੰਦਰਲਾ ਟੋਕਦੈ “ਉਹਨੇ ਕਿਹੜੀਆਂ ਗੱਲਾਂ ਬਣਾਈਆਂ ਨੇ…? ਇਹ ਤਾਂ ਤੇਰਾ ਈ ਡਰ ਬੋਲੀ ਜਾਂਦੈ ਸੈਣੀ…।” ਜੇ ਨਹੀਂ ਬਣਾਈਆਂ ਤਾਂ ਇਹ ਸਾਲਾ ਬਣਾਊ ਜ਼ਰੂਰ। ਮਾੜੇ ਦਾ ਕੋਈ ਹੱਜ ਐ ਇਥੇ ਰਹਿਣ ਦਾ? ਕਹਿੰਦੇ ਨਹੀਂ ਹੁੰਦੇ ਮਾੜੇ ਦੀ ਜੋਰੂ ਸਭ ਦੀ ਭਾਬੀ ਤੇ ਮਾੜੇ ਦੀਆਂ ਧੀਆਂ…?
ਉਸ ਦਿਨ…।
ਛੋਟੀ ਦਾ ਜਨਮ ਦਿਨ ਸੀ, ਵੱਡੀ ਤਾਂ ਆਪਣੇ ਮਨਾਉਂਦੀ ਹੀ ਨਹੀਂ, ਉੱਕਾ ਹੀ ਛੱਡ ਗਈ ਐ। ਦੂਜੀ ਤੇ ਤੀਜੀ ਥੋੜ੍ਹਾ-ਬਹੁਤ ਕਰ ਲੈਂਦੀਆਂ, ਕਾਲਜ ਵਿਚ ਹੀ। ਬੱਸ ਛੋਟੀ ਦਾ ਮਨਾਉਂਦੇ ਆਂ, ਪੂਰੇ ਸ਼ਹਿਰੀ ਤਰੀਕੇ ਨਾਲ। ਉਹਦਾ ਭਾਈਚਾਰਾ ਵੀ ਬਹੁਤ ਐ, ਕਾਲੋਨੀ ‘ਚ ਓਦਣ ਪੂਰਾ ਪਖੰਡ ਹੁੰਦੈ ਵੱਡੇ ਵੱਡੇ ਡੱਬੇ, ਸੋਹਣੇ-ਸੋਹਣੇ ਕਾਗਜ਼ਾਂ ਨਾਲ ਮੜ੍ਹੇ ਹੋਏ, ਖੋਲ੍ਹਦਿਆਂ ਹੱਥ ਦੁਖਣ ਲੱਗ ਜਾਣ ਤੇ ਵਿਚੋਂ ਨਿਕਲੂ ‘ਛੁਣਛੁਣਾ’… ਸਾਲ ਡਫਾਂਗ ਬੱਸ ਡਫਾਂਗ ਈ ਰਹਿ ਗਿਐ ਸ਼ਹਿਰ ਵਿਚ… ਨਿਰਾ ਡਫਾਂਗ ਡਫੂਸ ਸਾਲਾ ਸਾਲੇ ਥੋਥੇ ਲੋਕ ਛੁਣਛਣਿਆਂ ਵਰਗੇ…। ਉਤੋਂ ਪੂਰੀ ਟਿੱਪ ਟਾਪ, ਵਿਚੋਂ ਖੋਖਲੇ ਸਾਲੇ, ਸਾਲੇ ਦੂਸਰਿਆਂ ਦੀਆਂ ਗੱਲਾਂ ਕਰਦੇ ਨੇ…।
ਖ਼ੈਰ ਓਦਣ ਗਿੱਲ ਵੀ ਆਇਆ ਸੀ ਘਰਵਾਲੀ ਨਾਲ। ਘਰਵਾਲੀ ਕਾਹਦੀ ਆ, ਜੇ ਖੇਤ ਰੋਟੀ ਲਈ ਜਾਂਦੀ ਹੋਵੇ ਤਾਂ ਅਗਲਾ ਕਹੇ, “ਪਤਾ ਨਹੀਂ ਗਿੱਲ ਦੀ ਘਰਵਾਲੀ ਆਉਂਦੀ ਐ, ਪਤਾ ਨਹੀਂ ਲਾਣ ਦਾ ਗੱਡੈ.।” ਦੱਸੋ ਅਜਿਹੀ ਜ਼ਨਾਨੀ ਬੰਦੇ ਤੋਂ ਕੁੱਟ ਖਾ ਲਊ, ਇਹੋ ਜਿਹੀ ਦਾ ਬੰਦਾ ਕੀ ਵਗਾੜ ਲਊ…? ਪਰ ਸਾਲੇ ਦਾ ਰੋਹਬ ਤਾਂ ਹੈ, ਜਿੰਨਾ ਚਿਰ ਰਹੀ, ਬੋਲੀ ਨਹੀਂ, ਸਾਲਾ ਅੱਖਾਂ ਨਾਲ ਈ ਘੂਰੀ ਰੱਖਦੈ। ਪਰ ਉਹਨੇ ਵੀ ਪਤਾ ਨਹੀਂ ਕਿਉਂ..? ਪਤਾ ਨਹੀਂ ਗਿੱਲ ਦੀ ਸਿਖਾਈ ਸੀ, ਇਹੀ ਪੁੱਛਿਆ, “ਕੁੜੀਆਂ ਨੂੰ ਮਾਂ ਦੀ ਯਾਦ ਤਾਂ ਆਉਂਦੀ ਹੋਊ ਭਾ ਜੀ…?” ਸਾਰੇ ਚੁੱਪ ਕਰ ਗਏ… ਤੀਜੀ ਹਉਕਾ ਲੈ ਕੇ ਅੰਦਰ ਚਲੀ ਗਈ, ਮੈਂ ਚੁੱਪਚਾਪ ਗਿਲਾਸਾਂ ‘ਚ ਕੋਕ ਪਾਉਣ ਲੱਗਾ, ਵੱਡੇ ਨੇ ਸਾਂਭਿਆ ਮੌਕਾ… “ਲਓ ਲਓ…, ਚੱਕੋ ਚੱਕੋ, ਆਂਟੀ ਖਾਓ ਨਾ ਕੁਛ?” ਤੇ ਗੱਲ ਆਈ-ਗਈ ਹੋ ਗਈ।
ਪਰ ਉਸ ਦਿਨ ਤੋਂ ਪਿਛੋਂ ਜਨਮ ਦਿਨ ਉਤੇ ਸਿਰਫ਼ ਬੱਚਿਆਂ ਨੂੰ ਬੁਲਾਉਣ ਦਾ ਫ਼ੈਸਲਾ ਕਰ ਲਿਆ ਮੈਂ । ਵੱਡਿਆਂ ਨੂੰ ਸੱਦਣਾ ਈ ਬੰਦ ਕਰਤਾ। ਇਹ ਸਾਲੇ ਕਿਸੇ ਦਾ ਜਨਮ ਦਿਨ ਮਨਾਉਣ ਦੇ ਕਾਬਲ ਹੀ ਨਹੀਂ, ਇਹ ਤਾਂ ਸਿਰਫ਼ ਮਰਨ ਦਿਨ ਭਾਲਦੇ ਐ, ਮਨਾਉਂਦੇ ਵੀ ਚੰਗੀ ਤਰ੍ਹਾਂ ਉਸ ਦਿਨ ਨੂੰ ਈ ਨੇ, ਕਿਸੇ ਦੇ ਮਰਨ ਦਿਨ ਨੂੰ, ਦਿਲੋਂ ਧੁਰ ਅੰਦਰੋਂ ਖ਼ੁਸ਼ੀ ਦੇ ਮੌਕਿਆਂ ਉਪਰ ਤਾਂ ਸਾਲੇ ਪਾਖੰਡ ਕਰਦੇ भा… भघत… बॅडे… प्राले…।
ਕਿਸੇ ਹੋਰ ਦਿਨ..।
ਸ਼ਾਮੀ ਸੈਰ ਕਰਕੇ ਘਰ ਆਇਆ ਤਾਂ ਕੀ ਦੇਖਦਾਂ ਗਿੱਲ ਡਰਾਇੰਗ ਰੂਮ ’ਚ ਬੈਠੈ। ਛੋਟੀ ਉਸ ਨਾਲ ਗੱਲੀਂ ਲੱਗੀ ਹੋਈ, ਚੰਗਾ ਨਹੀਂ ਲੱਗਿਆ, ਪਰ ਮੈਂ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ, “ਆਓ ਗਿੱਲ ਸਾਹਿਬ।” ਉਸਨੇ ਉਠ ਕੇ ਹੱਥ ਮਿਲਾਇਆ ਤੇ ਕਿਹਾ, “ਕਿੱਧਰ ਤੁਰ ਗਿਆ ਸੀ? ਮੈਂ ਤੈਨੂੰ ਮਿਲਣ ਆਇਆ, ਤੂੰ ਘਰ ਈ ਛੱਡ ਗਿਆ।”
“ਨਹੀਂ ਨਹੀਂ ਗਿੱਲ ਸਾਹਿਬ, ਘਰ ਤੁਹਾਡਾ ਈ ਐ, ਤੁਹਾਡੀਆਂ ਧੀਆਂ ਘਰ ਈ ਨੇ।” ਮੈਂ ‘ਧੀਆਂ’ ’ਤੇ ਜ਼ਿਆਦਾ ਜ਼ੋਰ ਦਿੱਤਾ। ਉਹ ਬੈਠ ਗਿਆ, “ਤੇਰਾ ਫ਼ੋਨ ਵੀ ਕੱਟਿਆ ਹੋਇਐ।” ਕਹਿੰਦਿਆਂ ਉਹਨੇ ਅਧੀਆ ਕੱਢਕੇ ਮੇਜ਼ ‘ਤੇ ਰੱਖ ਲਿਆ ਤੇ ਉੱਚੀ ਸਾਰੀ ਬੋਲਿਆ, “ਗੁੱਡੀ ਪਾਣੀ ਲਿਆਉ ਭਾਈ, ਨਾਲੇ ਦੋ गिलाम…।”
ਹਰ ਰਬ “ਨਹੀਂ ਨਹੀਂ ਗਿੱਲ ਸਾਹਿਬ, ਮੈਂ ਨਹੀਂ ਪੀਣੀ।” ਮੈਨੂੰ ਬੁਰਾ ਲੱਗਿਆ, “ਨਾਲੇ ਤੁਸੀਂ ਰੱਖੋ ਇਹ, ਮੈਂ ਮੰਗਵਾ ਦਿੰਨਾਂ… ਤੁਸੀਂ ਮੇਰੇ ਘਰ ਆਏ ਹੋ…।”
“ਲੈ ਆਪਣਾ ਕੁਝ ਵੰਡਿਆ ਇਹ ਵੀ ਤੇਰਾ ਈ ਐ… ਤੂੰ ਗਿਲਾਸ ਮੰਗਵਾ, ਮੈਨੂੰ ਪਤੈ, ਤੂੰ ਮਠਾੜੂ ਨਾਲ ਪੀ ਲੈਨੈ ਕਦੇ ਕਦੇ, ਮੈਂ ਯਾਰ ਉਸ ‘ਸੱਕ ਲਾਹ’ ਨਾਲੋਂ ਤਾਂ ਨੀਂ ਮਾੜਾ…।”
ਮੈਂ ਧੀਆਂ ਤੋਂ ਡਰਿਆ ਕਿ ਕੀ ਕਹਿਣਗੀਆਂ? ਇਕ ਸਾਲੇ ਨੇ ਫ਼ੋਨ ਵਾਲੀ ਗੱਲ ਕਰਕੇ, ਉਨ੍ਹਾਂ ਦੇ ਜ਼ਖ਼ਮਾਂ ‘ਤੇ ਲੂਣ ਪਾ ਦਿੱਤਾ। ਉਨ੍ਹਾਂ ਕਰਕੇ ਈ ਮੈਂ ਫ਼ੂਨ ਕਟਾਇਆ ਸੀ, ਉਹ ਬੋਲਣਗੀਆਂ ਜ਼ਰੂਰ। ਪਰ ਇਸਨੂੰ ਵੀ ਨਾਂਹ ਨਹੀਂ ਕਰ ਸਕਦਾ। ਤੁਰਨ ਲੱਗਾ ਸਾਲਾ, ਮੱਲੋ-ਮੱਲੀ ਕੁੜੀਆਂ ਦੇ ਸਿਰ ਪਲੋਸੀ ਜਾਵੇ। ਉਹਦੇ ਜਾਣ ਪਿਛੋਂ ਮੈਂ ਕੁੜੀਆਂ ਨੂੰ ਕਿਹਾ ਕਿ ਮੇਰੇ ਪਿੱਛੋਂ ਇਹਨੂੰ ਘਰੇ ਨਾ ਵਾੜਿਆ ਕਰੋ। ਤੀਜੀ ਮੇਰੇ ਵੱਲ ਹੋਰੂੰ-ਹੋਰੂੰ ਝਾਕੀ ਜਿਵੇਂ ਕਹਿੰਦੀ ਹੋਵੇ, “ਜੇ ਤੁਸੀਂ ਘਰੇ ਹੋਵੋਗੇ ਫਿਰ ਕੀ ਕਰ ਲਵੋਂਗੇ?”
ਅਗਲੇ ਦਿਨ ਮਠਾੜੂ ਮੈਨੂੰ ਸਮਝਾ ਰਿਹਾ ਸੀ, “ਗਿੱਲ ਦਾ ਘਰੇ ਆਉਣਾ ਠੀਕ ਨਹੀਂ…।” ਮਠਾੜੂ ਦਾ ਕੁਆਟਰ ਮੇਰੇ ਹੇਠਾਂ ਵਾਲੈ, ਉਹਨੇ ਹੌਲ਼ੀ ਦੇਣੇ ਇਹ ਵੀ ਕਿਹਾ, “ਮੈਨੂੰ ਵੀ ਆਵਾਜ਼ ਮਾਰ ਲੈਂਦੇ।” ਮੈਂ ਚੁੱਪ ਈ ਕਰ ਗਿਆ।
ਅਗਲੀ ਵਾਰ ਗਿੱਲ ਐਤਵਾਰ ਨੂੰ ਚਾਰ ਕੁ ਵਜੇ ਈ ਆ ਗਿਆ। ਇਸ ਵਾਰ ਉਹ ਪੂਰੀ ਬੋਤਲ ਲੈ ਕੇ ਆਇਆ। ਸੋਚਾਂ, ਕੋਈ ਬਹਾਨਾ ਲਾ ਦੇਵਾਂ ਕਿ ਅਸੀਂ ਕਿਤੇ ਜਾਣੈ। ਪਰ ਪਤਾ ਨਹੀਂ ਕਿਉਂ? ਉਹਦੇ ਸਾਹਮਣੇ ਮੈਂ ਬੋਲ ਈ ਨਹੀਂ ਸਕਦਾ। ਅੰਦਰ ਪਾਣੀ ਲੈਣ ਗਿਆ ਤਾਂ ਵੱਡੀ ਦੀ ਏਸ ਪੁੱਛ ਨੇ ਕਿ ‘ਇਹਦਾ ਕੀ ਮਤਲਬ ਐ’ ਮੈਨੂੰ ਧੁਰ ਅੰਦਰ ਤਕ ਹਿਲਾ ਦਿੱਤਾ। ਛੋਟੀ ਕਹਿੰਦੀ, “ਮਸਾਂ ਕਿਤੇ ਛੁੱਟੀ ਆਉਂਦੀ ਐ, ਸਾਰੇ ਪਰਿਵਾਰ ਨੇ ਰਲ-ਮਿਲਕੇ ਬੈਠਣਾ ਹੁੰਦੈ..।” ਇਹ ਗੱਲ ਉਹਨੇ ਕਿਸੇ ਆਂਟੀ ਤੋਂ ਸੁਣੀ ਹੋਵੇਗੀ। ਮੈਂ ਹੱਸਣ ਦਾ ਯਤਨ ਕਰਦਾਂ ਤਾਂ ਤੀਜੀ ਮੇਰੇ ਵੱਲ ਅੱਖਾਂ ਕੱਢਦੀ ਐ। ਦੂਜੀ ਮਸਤ ਐ, ਉਹਦੇ ‘ਤੇ ਅੱਜਕਲ੍ਹ ਨਾਵਲ ਪੜ੍ਹਨ ਦਾ ਭੂਤ ਸਵਾਰ ਐ। ਮੈਂ ਛੇਤੀ-ਛੇਤੀ ਪਾਣੀ ਨਮਕੀਨ ਵਗੈਰਾ ਫੜ ਕੇ, ਛਿੱਥਾ ਜਿਹਾ ਪੈਂਦਾ ਡਰਾਇੰਗ ਰੂਮ ‘ਚ ਆ ਜਾਂਦਾ ਹਾਂ ਇਹ ਕਹਿੰਦਾ, “ਚਲੋ ਫਿਰ ਵੀ ਕੁਲੀਗ ਐ, ਜੇ ਆ ਈ ਗਿਆ ਹੁਣ ਕੀ ਕਰੀਏ…।” ਪਰ ਚਲਾਕੀ ਵਰਤਦਾਂ, ਥੱਲਿਓਂ ਮਠਾੜੂ ਨੂੰ ਤੇ ਸਾਹਮਣਿਓਂ ਹਰਬੰਸ ਨੂੰ ਆਵਾਜ਼ ਮਾਰ ਲੈਨਾਂ, ਜਿਹੜਾ ਓਦਣ ਗ਼ਲਤੀ ਨਾਲ ‘ਡੋਰ ਬੈਲ’ ਵਜਾ ਬੈਠਾ ਸੀ। ਬਾਅਦ ‘ਚ ਪਤਾ ਲੱਗਾ ਕਿ ਉਹ ਸੈਣੀ ਭਰਾ ਹੈ, ਉਂਜ ਵੀ ਵਿਆਹਿਆ ਹੋਇਆ ਤੇ ਪੱਗ ਬੰਨ੍ਹਦਾ ਹੈ। ਅਜੀਬ ਗੱਲ ਐ ਇਕ ਮੇਰੀਆਂ ਧੀਆਂ ਨੂੰ ਪੱਗ ਵਾਲੇ ਮੁੰਡੇ ਪਸੰਦ ਨਹੀਂ ਤੇ ਮੈਨੂੰ ਉਹਤੋਂ ਕੋਈ ਡਰ ਨਹੀਂ ਆਖਰ ਉਹ ਵੀ ਵਿਚਾਰਾ ਸੈਣੀ ਭਰਾ ਹੈ। ਅੰਦਰ ਕੋਈ ਖੀ ਖੀ ਕਰਦੈ ਹੱਸਦੈ।
ਗਿੱਲ ਉਨ੍ਹਾਂ ਨੂੰ ਵੇਖ ਔਖਾ ਹੁੰਦੈ, ਖਿਝਦੈ। ਪਰ ਮੈਂ ਜ਼ੋਰ ਨਾਲ ਨਹੀਂ ਅਕਲ ਨਾਲ ਮਾਰਨਾ ਚਾਹੁੰਨਾਂ ਗਿੱਲ ਨੂੰ.।
ਇਕ-ਦੋ ਵਾਰ ਉਹ ਫੇਰ ਮੇਰੀ ਗ਼ੈਰ-ਹਾਜ਼ਰੀ ਵਿਚ ਘਰ ਗੇੜਾ ਮਾਰ ਜਾਂਦਾ। ਕਾਲੋਨੀ ਗੱਲਾਂ ਕਰਦੀ ਐ, ਮੈਨੂੰ ਧੀਆਂ ’ਤੇ ਗੁੱਸਾ ਆਉਂਦੈ, ਇਹ ਉਹਨੂੰ ਬੁਲਾਉਂਦੀਆਂ ਕਿਉਂ ਨੇ ਆਏ ਨੂੰ? ਕੁੜ੍ਹਦਾ ਹਾਂ ਪਰ ਕਿਸੇ ‘ਤੇ ਕੀ ਅਸਰ ਆਪਣਾ ਈ ਖੂਨ ਸਾੜਦਾਂ…।
ਕਾਮਰੇਡ ਧਾਲੀਵਾਲ ਵੀ ਸਮਝਾਉਂਦਾ ਹੈ। ਸਾਰੇ ਮੈਨੂੰ ਹੀ ਸਮਝਾਉਂਦੇ ਨੇ ਚਾਰ ਧੀਆਂ ਦਾ ਬਾਪ ਜੋ ਹਾਂ… ਵਿਚਾਰਾ ਬਾਪ… ਨਾ, ਵਿਚਾਰਾ ਸੈਣੀ…
ਸਾਲੇ ਵੱਡੇ ਜੱਟ, ਧਾਲੀਵਾਲ ਸਮਝਾਉਂਦਾ ਹੈ, “ਦੇਖੋ ਸੈਣੀ ਸਾਹਿਬ, ਜਦ ਇਸਤਰੀ ‘ਇਨਸਕਿਓਰ’ ‘ਫੀਲ’ ਕਰਦੀ ਐ ਯਾਨਿ ਉਹ ਸੋਚਦੀ ਐ ਕਿ ਉਹਦਾ ਭਰਾ ਹੈ ਨਹੀਂ, ਤੇ ਉਸਦਾ ਬਾਪ ਉਸਨੂੰ ਸੁਰੱਖਿਆ ਪ੍ਰਦਾਨ ਨਹੀਂ ਕਰ ਸਕਦਾ, ਤਾਂ ਇਹ ਸਥਿਤੀ ਬਹੁਤ ਖ਼ਤਰਨਾਕ ਹੁੰਦੀ ਹੈ। ਉਸ ਵੇਲੇ ਉਹ, ਉਸ ਵੇਲ ਦੀ ਤਰ੍ਹਾਂ ਹੁੰਦੀ ਹੈ, ਜੋ ਆਪਣੇ ਨੇੜੇ ਦੇ ਕਿਸੇ ਵੀ, ਸੁੱਕੇ ਹਰੇ, ਵੱਡੇ, ਛੋਟੇ, ਦਰਖ਼ਤ ਦਾ ਸਹਾਰਾ ਲੈ ਲੈਂਦੀ ਹੈ। ਇਹ ਮਾਨਸਿਕਤਾ ਹੈ ਇਸਤਰੀ ਦੀ।”
ਸਾਲਾ ਭਾਸ਼ਨ ਦਾ, ਕਾਮਰੇਡਾਂ ਕੋਲ ਹੈ ਈ ਕੀ, ਭਾਸ਼ਨ ਤੋਂ ਬਿਨਾਂ? ਕਹੂ ਕਿ ਮੈਂ ‘ਜਨਰਲ’ ਗੱਲ ਕਰਦਾ ਕਦੇ ਕਿਸੇ ਖਾਸ ਬੰਦੇ ਬਾਰੇ ਗੱਲ ਨਹੀਂ ਕਰਦਾ… ਫੇਰ ਸਾਲਿਓ ਇਹ ਕੀ ਐ? ਮੇਰੀਆਂ ਧੀਆਂ ਦਾ ਹੀ ਭਰਾ ਨਈਂ, ਮੈਨੂੰ ਤੁਸੀਂ ਸੈਣੀ ਸਮਝਦੇ ਓ, ਮੈਂ ਹੀ ਰਾਖੀ ਨਹੀਂ ਕਰ ਸਕਦਾ। ਸਾਲਿਓ, ਕੁੱਤਿਓ ਮੈਨੂੰ ਸਾਹ ਚੜ੍ਹ ਜਾਂਦੈ…। ਸਾਲਿਆਂ ਨੇ ਮੇਰੇ ਅੰਦਰ ਜੱਟ ਦਾ ਤਹਿਤ ਬਿਠਾ ‘ਤਾ, ਮੈਨੂੰ ਲੱਗਦੈ ਕਿ ਅਸੀਂ ਤਾਂ ਤੀਵੀਆਂ ਸਾਂਭ ਈ ਨਹੀਂ ਸਕਦੇ, ਜੱਟ ਈ ਨੇ, ਜਿਹੜੇ ਤੀਵੀਂ ਨੂੰ ਖ਼ੁਸ਼ ਰੱਖਦੇ ਨੇ…। ਕੁੱਟਦੇ ਨੇ ਗਾਹਲਾਂ ਕੱਢਦੇ ਨੇ, ਸਾਲੀਆਂ ਕੁਸਕਦੀਆਂ ਨ੍ਹੀਂ… ਮੈਂ ਸੋਚਦਾਂ, ਕੁੜੀਆਂ ਜੱਟਾਂ ਦੇ ਮੁੰਡਿਆਂ ਨਾਲ ਈ ਵਿਆਹਾਂ, ਇਹ ਤਾਂ ਮੌਜ ਕਰਨ, ਤੀਜੀ ਬਾਰੇ ਤਾਂ ਮੈਂ ਮਿੱਥ ਈ ਲਿਆ ਸੀ, ਤਰੀਕੇ ਜਿਹੇ ਨਾਲ ਨੁੱਕਰ ਵਾਲੇ ਮਾਂਗਟ ਦੇ ਮੁੰਡੇ ਨੂੰ ਤੀਜੀ ਨਾਲ ਮਿਲਣ ਦਾ ਮੌਕਾ ਦਿੱਤਾ ਸੀ… ਕਲਾਸ ਫੈਲੋ ਸੀਗੇ, ‘ਬੀ.ਏ. ਦੀ ਤਿਆਰੀ’, ਮੈਂ ਕਿਹਾ, “ਇਕੱਠੇ ਬਹਿ ਕੇ ਕਰ ਲਿਆ ਕਰੋ।” ਕਾਲੋਨੀ ਤੋਂ ਗੱਲਾਂ ਵੀ ਕਰਾਈਆਂ, ਸੋਚਿਆ ਸੀ, ਚੱਲ ਵਿਆਹ ਕਰ ਦਿਆਂਗੇ, ਪਰ ਉਹ ਸਾਲਾ ਪੁੱਠੇ ਪਾਸਿਓਂ ਸ਼ੁਰੂ ਹੋ ਗਿਆ, ਛੋਟੀ ਨੂੰ ਪੜ੍ਹਾਉਂਦਾ ਉਹਦੇ ਗਲਮੇ ‘ਚ ਹੱਥ ਪਾਉਂਦਾ, ਵੱਡੀ ਨੇ ਦੇਖ ਲਿਆ, ਉਹਨੇ ਘੂਰਤਾ। ਮੈਥੋਂ ਤਾਂ ਇਹ ਵੀ ਨਹੀਂ ਸੀ ਹੋਣਾ, ਸਾਲੇ ਜੱਟ। ਠੀਕ ਈ ਕਿਹਾ ਸੀ ਵਡੇਰਿਆਂ ਨੇ ਕਿ ਇਨ੍ਹਾਂ ਤੋਂ ਦੂਰ ਈ ਰਹੋ। ਸਾਲਾ ਹੁਣ ਮੈਨੂੰ ਸਾਸਰੀ ਕਾਲ ਵੀ ਨਹੀਂ ਕਰਦਾ, ਆਕੜ ਕੇ ਲੰਘੂ, ਜਿਵੇਂ ਸਾਲੇ ਦਾ ਮੈਂ ਹੱਕ ਮਾਰ ਲਿਆ ਹੋਵੇ ਸਾਲੇ ਜੱਟ ਸਮਝਦੇ ਆ ਕਿ ਨਿੱਕੀਆਂ ਜਾਤਾਂ ਦੀਆਂ ਤੀਵੀਆਂ ‘ਤੇ ਤਾਂ ਹੱਕ ਹੀ ਹੈ ਉਨ੍ਹਾਂ ਦਾ । ਸਾਲਿਓ ਮੇਰੇ ਮੁੰਡਾ ਈ ਨਹੀਂ ਹੋਇਆ ਕੋਈ, ਜੇ ਹੁੰਦਾ ਤਾਂ ਮੈਂ ਜੱਟਾਂ ਵਾਂਗੂੰ ਪਾਲਦਾ, ਫੇਰ ਦੇਖਦੇ ਕਿਵੇਂ ਮਾਗਟਾਂ ਦੀ…। ਉਹਨੂੰ ਕਹਿੰਦਾ, “ਜਾਹ ਪੁੱਤ ਇਨ੍ਹਾਂ ਜੱਟਾਂ ਦੀ।” ਪਰ ਧੀਆਂ ਦਾ ਕੀ ਕਰਾਂ? ਇਨ੍ਹਾਂ ਦੇ ਤਾਂ ਦੁੱਖ ਈ ਦੁੱਖ ਨੇ, ਜ਼ਰਾ ਜਿੰਨੀਆਂ ਲੇਟ ਹੋ ਜਾਣ ਤਾਂ ਜਾਨ ਮੁੱਠੀ ‘ਚ। ਉੱਚੀ ਹੱਸਣ ਤਾਂ…. ਚੁੱਪ ਰਹਿਣ ਤਾਂ… ਡਰ ਈ ਲੱਗਿਐ ਰਹਿੰਦੈ… ਸੱਚ ਕਹਿੰਦੇ ਨੇ, ਇਹ ਤਾਂ ਆਟੇ ਦੇ ਦੀਵੇ ਨੇ, ਅੰਦਰ ਰੱਖੋ ਤਾਂ ਚੂਹੇ ਟੁੱਕਣ, ਬਾਹਰ ਕੱਢੋ ਤਾਂ ਕਾਂ… ਹਰ ਵੇਲੇ ਜਿੰਦ ਸੂਲੀ ‘ਤੇ ਸੁਨੱਖੀਆਂ ਹੋਣ ਤਾਂ ਜਹਾਨ ਦਾ ਡਰ, ਕੁਹਜੀਆਂ ਹੋਣ ਤਾਂ ਜਾਨ ਦਾ ਖੌਅ…।
ਪਰ ਇਕ ਦਿਨ।
ਆਥਣੇ ਮੈਂ ਸੈਰ ਨੂੰ ਗਿਆ ਤਾਂ ਮਨ ‘ਚ ਧੁਖਧੁਖੀ ਜਿਹੀ ਉੱਠੇ, ਅੱਚਵੀ ਜਿਹੀ ਕਿ ਕੁਝ ਬੁਰਾ ਹੋਊ। ਉਂਜ ਤਾਂ ਮੇਰੇ ਵਰਗੇ ਬੰਦੇ ਨੂੰ ਜੀਹਦੀ ਘਰ ਵਾਲੀ ਛੱਡ ਗਈ ਹੋਵੇ, ਚਾਰ ਧੀਆਂ ਹੋਣ ਤੇ ਹੋਵੇ ਵਿਚਾਰਾ ਸੈਣੀ, ਜਿਹਦਾ ਕੋਈ ਪੁੱਤ ਨਾ ਹੋਵੇ, ਇਹ ਧੁਖਧੁਖੀ, ਚਿੰਤਾ, ਸ਼ੰਕੇ ਤੇ ਸੰਸੇ ਘੇਰੀ ਹੀ ਰੱਖਦੇ ਨੇ ਸਦਾ, ਕਦੇ ਖਹਿੜਾ ਨਹੀਂ ਛੱਡਦੇ। ਪਰ ਅੱਜ ਤਾਂ… ਮੈਂ ਸੈਰ ਅਧਵਾਟੇ ਛੱਡ ਮੁੜ ਆਇਆ…।
ਕੁਆਟਰ ਥੱਲੇ ਭੀੜ ਦੇਖ ਮੇਰਾ ਦਿਲ ਧੱਕ ਦੇਣੇ ਰਹਿ ਗਿਆ… ਨੇੜੇ ਗਿਆ ਤਾਂ ਲੋਕ ‘ਚੱਅਚ’… ‘ਚੱਅਚ’ ਕਰਨ, ਇੰਜ ਸੁਣੇ ਜਿਵੇਂ ਕਹਿੰਦੇ ਹੋਣ, “ਵਿਚਾਰਾ ਸੈਣੀ… ਦੱਸ ਧੀਆਂ ਨੇ…।” ਥੱਲੇ ਗਿੱਲ ਦਾ ਸਕੂਟਰ ਦੇਖ ਮੇਰੀਆਂ ਥਾਏਂ ਗਈਆਂ… ਉਪਰੋਂ ਚੀਕ ਚਿਹਾੜਾ.. ਮੇਰੀਆਂ ਧੀਆਂ ਦੀਆਂ ਆਵਾਜ਼ਾਂ… ਮੈਂ ਨੱਠਕੇ ਪੌੜੀਆਂ ਚੜ੍ਹਿਆ ਬੂਹਾ ਖੁੱਲ੍ਹਾ ਚੌੜ ਚਪੱਟ ਅੰਦਰ ਘਸਮਾਨ ਬੂ- · ਪਾਹਰਿਆ ਮੇਰਾ ਸਾਹ ਨਾਲ ਸਾਹ ਨਾ ਮਿਲੇ, ਜਦੋਂ ਡਰਾਇੰਗ ਰੂਮ ‘ਚ ਪਹੁੰਚਿਆ ਤਾਂ ਅੱਖਾਂ ‘ਤੇ ਯਕੀਨ ਹੀ ਨਹੀਂ ਆਇਆ…।
ਮੇਰੀਆਂ ਚਾਰੇ ਧੀਆਂ ਨੇ ਗਿੱਲ ਢਾਹਿਆ ਹੋਇਆ ਉਹ ਉਹਨੂੰ ਬੱਕਰੇ ਵਾਂਗੂੰ ਕੋਹ ਰਹੀਆਂ ਸਨ… ਵੱਡੀ ਚਪੇੜਾਂ ਮਾਰ ਰਹੀ ਸੀ.. ਦੂਜੀ ਮਸਤ ਲੱਤਾਂ ਤੇ ਤੀਜੀ ਨੇ ਉਹਦੀ ਦਾੜ੍ਹੀ ਫੜੀ ਸੀ ਅਤੇ ਚੀਕ ਰਹੀ ਸੀ, “ਤੂੰ ਸਾਡੇ ਪਾਪਾ ਦਾ ਲਹੂ ਪੀ ਲਿਆ… ਅੱਜ ਅਸੀਂ ਦੱਸਦੀਆਂ ਤੈਨੂੰ ਕਿ ਅਸੀਂ ਉਹਦੀਆਂ ਧੀਆਂ ਨਹੀਂ, ਪੁੱਤ ਆਂ ਪੁੱਤ…।” ਛੋਟੀ ਉਹਦੇ ਕੇਸ ਫੜਨ ਦਾ ਯਤਨ ਕਰਦੀ ਕਹਿ ਰਹੀ ਸੀ, “ਇਹਦੇ ਪਤਾਲੂ ਫੜੋ ਪਤਾਲੂ, 2820 ਵਾਲੀ ਆਂਟੀ ਕਹਿੰਦੀ ਐ, ਬੰਦਾ ਪਤਾਲੂਆਂ ਤੋਂ ਕਾਬੂ ਆਉਂਦੈ…।” ਮੇਰੀ ਭੋਲੀ ਧੀ, ਉਹਦੇ ਵਾਲਾਂ ਨੂੰ ਪਤਾਲੂ ਸਮਝ ਰਹੀ ਸੀ…।
ਗਿੱਲ ਛੁੱਟਣ ਨੂੰ ਸਾਰਾ ਜ਼ੋਰ ਲਾ ਰਿਹਾ ਸੀ ਪਰ ਮੇਰੀਆਂ ਧੀਆਂ, ਨਾ ਸੱਚ, ਮੇਰੇ ਪੁੱਤ ਕਹਿ ਰਹੇ ਸਨ, “ਸਾਲਿਆ ਵੱਡਿਆ ਜੱਟਾ, ਤੇਰਾ ਕਦੀ ਸੈਣੀਆਂ ਨਾਲ ਵਾਹ ਈ ਨਹੀਂ ਪਿਆ…।”
ਮੇਰੀ ਹਿੱਕ ਚੌੜੀ ਹੋ ਗਈ… ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੋਟੋ ਅੱਗੇ ਹੱਥ ਜੋੜੇ, “ਵਾਹ ਬਾਜਾਂ ਵਾਲਿਆ… ਅੱਜ ਚਿੜੀਆਂ ਤੋਂ ਬਾਜ।” ਮੇਰਾ ਮਨ ਭਰ गिभ…।
ਮੇਰੇ ਪਿੱਛੇ ਆਏ ਮਠਾੜੂ, ਹਰਬੰਸ ਤੇ ਹੋਰਾਂ ਨੇ ਗਿੱਲ ਨੂੰ ਮਸਾਂ ਛੁਡਾਇਆ। ਉਹਦੀ ਸੰਧੂਰੀ ਪੱਗ ਪੈਰਾਂ ‘ਚ ਰੁਲ ਰਹੀ ਸੀ, ਮੁੱਛਾਂ ਮੂੰਹ ’ਚ ਪੈ ਰਹੀਆਂ ਸਨ…। ਮੇਰੀਆਂ ਸ਼ੇਰਨੀਆਂ ਅਜੇ ਵੀ ਝਈਆਂ ਲੈ-ਲੈ ਕੇ ਪੈ ਰਹੀਆਂ ਸਨ।
ਮੈਂ ਮਾਣ ਨਾਲ ਚਹੁੰਆਂ ਨੂੰ ਕਲਾਵੇ ‘ਚ ਲੈ ਲਿਆ…।
ਕਾਮ-ਬਲੀ
ਓਮੀ ਜੀ ਨੇ ਚਿੱਪੀ ‘ਚੋਂ ਚੂਲੀ ਭਰੀ ਤੇ ਸਾਹਮਣੇ ਬੈਠੀ ਭੈਰਵੀ ਨੂੰ ਕਿਹਾ, “ਮੇਰਾ ਸਾਥ ਦੇ ਭੈਰਵੀ..!”
ਭੈਰਵੀ ਨੇ ਮੁਨੀਵਰ ਵੱਲ ਦੇਖਿਆ।
ਖੱਬੀ ਬਾਂਹ ਬੈਰਾਗਣ ‘ਤੇ ਟਿਕਾਈ, ਮ੍ਰਿਗਸ਼ਾਲਾ ਉੱਤੇ ਬਿਰਾਜਮਾਨ, ਮੁੰਦੇ ਨੇਤਰੀਂ ਉਹ ਕੋਈ ਪੁਰਾਤਨ ਰਿਸ਼ੀ ਜਾਪਦੇ ਨੇ, ਜਿਹੜੇ ਚੂਲੀ ‘ਚੋਂ ਤਿੱਪ ਤਿੱਪ ਚੋਂਦੇ ਜਲ ਨੂੰ ਸਾਂਭਣ ਦਾ ਯਤਨ ਕਰਦੇ ਹੋਏ ਪ੍ਰਣ ਵੀ ਕਰ ਰਹੇ ਨੇ ਤੇ ਯਾਚਨਾ ਵੀ, “ਮੈਂ ਕਾਮ ਬਲੀ ਨੂੰ ਵੱਸ ‘ਚ ਕਰਾਂਗਾ ਭੈਰਵੀ, ਤੂੰ ਮੇਰੀ ਸਹਾਇਤਾ ਕਰ, ਮੈਂ ਓਮੀ ਸਾਧੂ ਤੇਰੇ ਅਤੇ ਜਲ ਦੇ ਸਮਅਕਸ਼ ਪ੍ਰਣ ਕਰਦਾ ਹਾਂ ਕਿ ਇਸ ਮਹਾਂਬਲੀ ਨੂੰ ਵੱਸ ‘ਚ ਕਰਕੇ ਬ੍ਰਹਮਚਾਰਜ ਧਾਰਨ ਕਰਾਂਗਾ, ਤੂੰ ਮੇਰੇ ਅੰਗ ਸੰਗ ਵਿਚਰ…।”
ਭੈਰਵੀ ਇਕ ਟੱਕ ਮੁਨੀਵਰ ਨੂੰ ਦੇਖ ਰਹੀ ਹੈ।
“ਬੇਨਤੀ ਸਵੀਕਾਰ ਕਰ ਭੈਰਵੀ।” ਮੁਨੀਵਰ ਨੇ ਜਿਵੇਂ ਤਰਲਾ ਲਿਆ ਹੈ।
ਭੈਰਵੀ ਨੇ ਸਲੀਕੇ ਨਾਲ ਚਿੱਪੀ ਟੇਢੀ ਕਰਕੇ ਚੂਲੀ ਵਿਚ ਜਲ ਲਿਆ ਤੇ ਆਪਣੀ ਉਂਜਲ ਓਮੀ ਜੀ ਦੀ ਚੂਲੀ ਹੇਠਾਂ ਕਰ ਦਿੱਤੀ ਕਿ ਮਹਾਤਮਾ ਦੇ ਜਲ ਦੀ ਇਕ ਵੀ ਬੂੰਦ ਅਜਾਈਂ ਨਾ ਜਾਵੇ। ਅੱਖਾਂ ਬੰਦ ਕੀਤੀਆਂ ਨੇ ਤੇ ਨਿਮਰਤਾ ਨਾਲ ਕਿਹਾ ਹੈ, “ਮੈਂ ਬਚਨ ਦਿੰਦੀ ਹਾਂ, ਕਾਮ ਬਲੀ ਨੂੰ ਵਸ ‘ਚ ਕਰਨ ਲਈ ਮੁਨੀਵਰ ਦਾ ਤਨੋਂ ਮਨੋਂ ਸਾਥ ਦੇਵਾਂਗੀ…।”
ਦੋਵਾਂ ਨੇ ਚੂਲੀਆਂ ਵਿਚਲਾ ਜਲ ਧਰਤੀ ਮਾਤਾ ਨੂੰ ਅਰਪ ਦਿੱਤਾ ਹੈ।
ਓਮੀ ਜੀ ਉੱਠੇ, ਦੋਵੇਂ ਹੱਥ ਜੋੜ ਇਕ ਲੱਤ ‘ਤੇ ਖਲੋ ਪ੍ਰਾਰਥਨਾ ਕਰਨ ਲੱਗੇ, “ਹੇ ਕਾਮਦੇਵ, ਹੇ ਮਹਾਂਬਲੀ, ਬਲ ਬਖ਼ਸ਼ ਕਿ ਮੈਂ ਤੇਰੇ ਸੰਗ ਯੁੱਧ ਲੜ मवां…।”
ਭੈਰਵੀ ਨੇ ਕਿਹਾ, “ਹੇ ਕਾਮਦੇਵੀ ਰੱਤੀ, ਸ਼ਕਤੀ ਦੇ ਕਿ ਮੈਂ ਆਪਣਾ ਬਚਨ ਨਿਭਾ ਸਕਾਂ!”
ਉਨ੍ਹਾਂ ਇਕੱਠਿਆਂ ਧਰਤੀ ਨਮਸਕਾਰੀ, ਓਮੀ ਜੀ ਨੇ ਚਿੱਪੀ ਅਤੇ ਮ੍ਰਿਗਸ਼ਾਲਾ ਸਾਂਭ ਤੁਰਦਿਆਂ ਕਿਹਾ, “ਚਲੋ ਭੈਰਵੀ।”
ਤੇ ਭੈਰਵੀ ਉਨ੍ਹਾਂ ਦੇ ਨਾਲ ਹੋ ਤੁਰੀ।
ਉਹ ਦੋਵੇਂ ਇਕਾਂਤ ਵੱਲ ਜਾਣ ਲੱਗੇ, ਦਰਿਆ ਕੰਢੇ ਵਾਲੀ ਕੁਟੀਆ ਵਿਚ। ਰੁੱਖਾਂ ਦੇ ਝੁੰਡਾਂ ਵਿਚ ਨਿੱਕੀਆਂ-ਨਿੱਕੀਆਂ ਕੁਟੀਆਂ ਵਾਲਾ ਆਸ਼ਰਮ ਪਿੱਛੇ ਰਹਿਣ ਲੱਗਾ। ਰੁੱਖਾਂ ‘ਤੇ ਕਲੋਲ ਕਰਦੇ ਪੰਛੀ ਤੇ ਰੁੱਖਾਂ ਥੱਲੇ ਧਿਆਨ ਤੇ ਸਾਧਨਾ ਕਰਦੇ ਸਾਧੂ ਵੀ। ਆਸ਼ਰਮ ਦੇ ਮੁਖੀ ਸਾਈਂ ਬਾਬਾ ਨੇ ਉਨ੍ਹਾਂ ਨੂੰ ਜਾਂਦਿਆਂ ਵੇਖ ਹੌਕਾ ਭਰਿਆ, ਦੂਰੋਂ ਉਨ੍ਹਾਂ ਦਾ ਸਾਇਆ ਇਕ ਹੀ ਦਿਸਣ ਲੱਗਾ ਤਾਂ ਸਾਈਂ ਬਾਬਾ ਨੇ ਸੋਚਿਆ, “ਇਹ ਉਹ ਓਮੀ ਤਾਂ ਨਹੀਂ, ਉਹ ਅੱਖੜ ਸਾਧੂ, ਹਠੀ, ਜਪੀ, ਤਪੀ ਤੇ ਭੈਰਵੀ? ਭੈਰਵੀ ਕਿਹੜਾ ਉਹ ਰਹਿ ਗਈ ਹੈ…।”
ਚੁਫ਼ੇਰੇ ਉੱਤਰ ਰਹੀ ਰਾਤ ਦੀ ਕਾਲਖ, ਸੰਧਿਆਂ ਦੀ ਲਾਲੀ ਨੂੰ ਖਾਣ ਲੱਗੀ ਤੇ ਸਾਈਂ ਬਾਬਾ ਬੀਤ ਚੁੱਕੇ ‘ਚ ਗੁਆਚਣ ਲੱਗੇ।
ਓਮੀ ਜੀ ਦੀ ਕੁਟੀਆ ਵਿਚ ਵੱਜਦੇ ਅਲਾਰਮ ਨਾਲ ਸਾਈਂ ਬਾਬਾ ਦੀ ਜਾਗ ਖੁੱਲ੍ਹ ਗਈ ਸੀ, ਪਰ ਨੀਂਦ ਅਜੇ ਪੂਰੀ ਨਹੀਂ ਸੀ ਹੋਈ, ਰਾਤੀਂ ਸ਼ਰਧਾਲੂ ਦੇਰ ਤਕ ਬੈਠੇ ਰਹੇ ਸਨ। ਅਲਾਰਮ ਬੰਦ ਹੋਇਆ ਤਾਂ ਉਹ ਫੇਰ ਸੌਂ ਗਏ।
ਓਮੀ ਜੀ ਨੇ ਅਲਾਰਮ ਬੰਦ ਕੀਤਾ ਤੇ ਬੜੀ ਹੀ ਖ਼ਰਵੀ ਤਰ੍ਹਾਂ ‘ਹਰੀਓਮ’ ਕਹਿੰਦਿਆਂ ਸੇਵਕ ਨੂੰ ਆਵਾਜ਼ ਮਾਰੀ । ਅੱਖ ਤਾਂ ਸੇਵਕ ਦੀ ਵੀ ਅਲਾਰਮ ਨਾਲ ਖੁੱਲ੍ਹ ਗਈ ਸੀ, ਉੱਠਿਆ ਨਹੀਂ ਸੀ ਜਾਂਦਾ ਪਰ, ਪਰ ਓਮੀ ਜੀ ਦੂਜੀ ਆਵਾਜ਼ ਨਹੀਂ ਸਨ ਦਿੰਦੇ। ਪਹਿਲੀ ਆਵਾਜ਼ ਪਿਛੋਂ ਠਰੇ ਹੋਏ ਪਾਣੀ ਦੀ ਬਾਲਟੀ ਉਲੱਦ ਦਿੰਦੇ ਉਹਦੇ ਉਤੇ ਜਾਂ ਜੋ ਚੀਜ਼ ਹੱਥ ਆਵੇ।
ਮਰਿਆਦਾ ਨੂੰ ਲੈ ਕੇ ਬੜੇ ਸਖ਼ਤ ਸਨ ਓਮੀ ਜੀ। ਰਾਤ ਅੱਠ ਵਜੇ ਤੋਂ ਬਾਅਦ ਕੋਈ ਸ਼ਰਧਾਲੂ ਉਨ੍ਹਾਂ ਦੀ ਕੁਟੀਆ ’ਚ ਨਾ ਰਹਿ ਸਕਦਾ। ਔਰਤ ਤਾਂ ਸੂਰਜ ਛਿਪਣ ਤੋਂ ਪਿਛੋਂ ਉਨ੍ਹਾਂ ਦੇ ਮੱਥੇ ਨਾ ਲੱਗਦੀ, ਬੜਾ ਤਪ ਤੇਜ ਸੀ ਉਨ੍ਹਾਂ ਦਾ। ਉਹ ਸਭ ਨੂੰ ਕੱਸ ਕੇ ਰੱਖਦੇ, ਆਪਣੇ ਸਰੀਰ ਨੂੰ ਵੀ। ਕਈ ਵਾਰ ਸਾਈਂ ਬਾਬਾ ਪੋਲਾ ਜਿਹਾ ਕਹਿ ਵੀ ਦਿੰਦੇ, “ਸਖ਼ਤੀ ਘੱਟ ਕਰੋ ਮੁਨੀਵਰ, ਇਹ ਆਸ਼ਰਮ ਇਉਂ ਹੀ ਚੱਲਦੇ ਰਹਿੰਦੇ ਨੇ ਤੇ ਦੁਨੀਆਂ ਵੀ, ਇਹ ਲੋਕ ਰਾਮ ਤੇ ਕ੍ਰਿਸ਼ਨ ਵਰਗਿਆਂ ਤੋਂ ਨਹੀਂ ਸੁਧਰੇ, ਫਿਰ ਆਪਾਂ ਕੌਣ ਹਾਂ।”
ਸਾਈਂ ਬਾਬਾ ਮੁਖੀ ਹੋਣ ਕਰਕੇ ਓਮੀ ਜੀ ਉਨ੍ਹਾਂ ਦੀ ਗੱਲ ਨਹੀਂ ਸਨ ਕੱਟਦੇ ਪਰ ਅਜਿਹਾ ਮਰਿਆਦਾ-ਭੰਜਕ ਬਚਨ ਸੁਣ ਕੇ ਉਹ ਆਪਣੇ ਕੰਨ ਖਿੱਚ- ਖਿੱਚ ਲਾਲ ਕਰ ਲੈਂਦੇ, ਧਰਮ ਦੀ ਹਾਨੀ ਵੇਲੇ ਜਦੋਂ ਉਹ ਦੂਸਰੇ ਨੂੰ ਕੁਝ ਨਾ ਕਹਿ ਸਕਦੇ ਤਾਂ ਖ਼ੁਦ ਨੂੰ ਸਜ਼ਾ ਦਿੰਦੇ। ਕੋਈ ਔਰਤ ਕੁਵੇਲੇ ਮੱਥੇ ਲੱਗ ਜਾਵੇ ਜਾਂ ਛੂਹ ਜਾਵੇ ਤਾਂ ਉਹ ਸਣੇ ਵਸਤਰ ਪਾਣੀ ਵਿਚ ਵੜ ਜਾਂਦੇ, ਫਿਰ ਪਵਿੱਤਰ ਸ਼ਾਂਤ ਹੋ ਕੇ ਹੀ ਬਾਹਰ ਨਿਕਲਦੇ। ਭਰ ਸਿਆਲ ਵਿਚ ਰਾਤ ਨੂੰ ਬਾਹਰ ਦੁਬੱਚੇ ਵਿਚ ਜਲ ਭਰ ਦਿੱਤਾ ਜਾਂਦਾ, ਓਮੀ ਜੀ ਨੇਮ ਨਾਲ ਤੜਕਸਾਰ 4 ਵਜੇ ਉਸ ਵਿਚ ਇਸ਼ਨਾਨ ਕਰਦੇ, ਫਿਰ ਗੇਰੂਏ ਵਸਤਰ ਦੀ ਗਿਲਤੀ ਮਾਰ ਸਮਾਧੀ ‘ਚ ਲੀਨ ਹੋ ਜਾਂਦੇ। ਸਵਾ ਘੰਟੇ ਦੀ ਸਮਾਧੀ ਪਿਛੋਂ ਪੂਜਾ ਘਰ ਵਿਚ ਆਣ ਬਹਿੰਦੇ, ਸ਼ਰਧਾਲੂ ਅਤੇ ਹੋਰ ਸਾਧੂ ਉਨ੍ਹਾਂ ਤੋਂ ਪਿੱਛੋਂ ਆਉਣੇ ਸ਼ੁਰੂ ਹੁੰਦੇ, ਸਾਈਂ ਬਾਬਾ ਦਾ ਕੋਈ ਪੱਕਾ ਸਮਾਂ ਨਹੀਂ ਸੀ, ਉਹ ਕਦੇ ਵੀ ਆ ਜਾਂਦੇ, ਆਉਂਦੇ ਜ਼ਰੂਰ। ਜਿਵੇਂ ਉਨ੍ਹਾਂ ਦੇ ਚਿਹਰੇ ‘ਤੇ ਮੁਸਕਾਨ ਜ਼ਰੂਰ ਰਹਿੰਦੀ, ਸ਼ਾਂਤੀ ਅਤੇ ਸਹਿਜਤਾ ਵੀ।
ਸ਼ਰਧਾਲੂ ਸਾਈਂ ਬਾਬਾ ਨੂੰ ਆਸ਼ਰਮ ਦੇ ਮੁਖੀ ਅਤੇ ਓਮੀ ਜੀ ਨੂੰ ਜਤ ਸਤ ਵਾਲੇ ਹਠੀ ਯੋਗੀ ਕਰਕੇ ਪੂਜਦੇ। ਬੀਬੀਆਂ ਸਾਈਂ ਬਾਬਾ ਦੇ ਚਰਨ ਘੁੱਟ ਦਿੰਦੀਆਂ ਪਰ ਓਮੀ ਜੀ ਨੂੰ ਕੋਈ ਜਾਣੇ ਅਣਜਾਣੇ ਛੂਹ ਲੈਂਦੀ ਉਹ ਮਰਨ ਮਾਰਨ ‘ਤੇ ਆ ਜਾਂਦੇ ਤੇ ਜਾਣੇ ਅਣਜਾਣੇ ਛੂਹ ਲੈਣ ਵਾਲੀਆਂ ‘ਚ ਭੈਰਵੀ ਦਾ ਨਾਂ ਬਹੁਤੀ ਵਾਰੀ ਆਉਂਦਾ।
ਭੈਰਵੀ ਬੰਗਾਲਣ।
ਇਸ ਬੰਗਾਲਣ ਤੀਵੀਂ ਦੀ ਤੋਰ ‘ਚ ਕੋਈ ਰਿਦਮ ਸੀ ਤੇ ਬੋਲਾਂ ‘ਚ ਸੁਰ ਕਿ ਸਾਈਂ ਬਾਬਾ ਨੇ ਇਹਦਾ ਨਾਂ ਭੈਰਵੀ ਰੱਖਿਆ। ਭੈਰਵੀ, ਸਉਲੇ ਰੰਗ ਦੀ ਮਜ਼ਬੂਤ ਕਾਠੀ ਵਾਲੀ ਨਰੋਈ ਔਰਤ, ਜਦੋਂ ਸਰੋਵਰ ‘ਚੋਂ ਇਸ਼ਨਾਨ ਕਰਕੇ ਬਾਹਰ ਆਉਂਦੀ ਤਾਂ ਗਿੱਲੀ ਸਾੜ੍ਹੀ ‘ਚ ਲਿਪਟੀ ਕੁਨਾਰਕ ਮੰਦਿਰ ਦੀ ਮੂਰਤ ਜਾਪਦੀ।
ਆਸ਼ਰਮ ਵਿਚ ਹੋਰ ਵੀ ਔਰਤਾਂ ਸਨ ਜਿਨ੍ਹਾਂ ਨੂੰ ‘ਦੇਵੀਆਂ’ ਕਿਹਾ ਜਾਂਦਾ, ਉਹ ਆਸ਼ਰਮ ਦੇ ਇਕ ਪਾਸੇ ਬਣੇ ਦੇਵੀ ਵਾਸ ਵਿਚ ਰਹਿੰਦੀਆਂ ਸਨ। ਉਨ੍ਹਾਂ ‘ਚੋਂ ਕਈ ‘ਦੇਵੀਆਂ’ ਦੇ ਨਾਂ ਕਿਸੇ ਨਾ ਕਿਸੇ ਸਾਧੂ ਨਾਲ ਜੁੜੇ ਹੋਏ ਸਨ। ਪਰ ਭੈਰਵੀ ਦੀ ਅਜਿਹੀ ਗੱਲ ਕੋਈ ਨਹੀਂ ਸੀ ਕਰਦਾ। ਉਹ ਘੰਟਿਆਂ ਬੱਧੀ ਸਾਈਂ ਬਾਬਾ ਨਾਲ ਬਚਨ ਕਰਦੀ ਰਹਿੰਦੀ ਜਿਸ ਨੂੰ ਵਿਚਾਰ-ਚਰਚਾ ਕਹਿੰਦੇ। ਇਹ ਚਰਚਾ ਕਾਮ ਕ੍ਰੋਧ ਬਾਰੇ ਵੀ ਹੁੰਦੀ ਤੇ ਓਮੀ ਜੀ ਬਾਰੇ ਵੀ।
ਉਂਝ ਕਈ ਵਾਰੀ ਕਈਆਂ ਨੂੰ ਲੱਗਦਾ ਸੀ ਕਿ ਭੈਰਵੀ ਮਿਥ ਕੇ ਓਮੀ ਜੀ ਦੀ ਮਰਿਆਦਾ ਭੰਗ ਕਰਨ ‘ਤੇ ਤੁਲੀ ਹੋਈ ਹੈ। ਓਮੀ ਜੀ ਨੇ ਵੀ ਕਈ ਵਾਰੀ ਸਾਈਂ ਬਾਬਾ ਨੂੰ ਆਖਿਆ ਸੀ ਕਿ ਉਹ ਭੈਰਵੀ ਨੂੰ ਵਰਜਣ। ਪਰ ਸਾਈਂ ਬਾਬਾ ਹੱਸ ਕੇ ਟਾਲ ਦਿੰਦੇ ਜਾਂ ਕਦੇ-ਕਦੇਸ ਗੰਭੀਰ ਹੋ ਕੇ ਆਖਦੇ, “ਇੰਨੇ ਸਖ਼ਤ ਨਾ ਹੋਇਆ ਕਰੋ ਮੁਨੀਵਰ, ਟੁੱਟਣ ਦਾ ਭੈ ਰਹਿੰਦਾ।”
ਅੱਗੋਂ ਓਮੀ ਜੀ ਕਠੋਰਤਾ ਨਾਲ ਜਵਾਬ ਦਿੰਦੇ, “ਨਹੀਂ ਭਗਵਨ, ਮਰਿਆਦਾ ਪਾਲਣ ਸਾਡਾ ਧਰਮ ਹੈ, ਸਾਧੂ ਹੋਣ ਵੇਲੇ ਅਸੀਂ ਪ੍ਰਣ ਲਿਆ ਸੀ ਕਿ ਔਰਤ, ਦੌਲਤ ਤੇ ਸ਼ੌਹਰਤ ਤੋਂ ਦੂਰ ਰਹਾਂਗੇ। ਇਹ ਤਿੰਨੇ ਚੀਜ਼ਾਂ ਪਾਪ ਦੀ ਜੜ੍ਹ ਹਨ ਰਿਸ਼ੀਵਰ।”
“ਮੈਂ ਜਾਨ ਦੇ ਕੇ ਵੀ ਪ੍ਰਣ ਨਿਭਾਵਾਂਗਾ…।”
ਓਮੀ ਜੀ ਦੁਹਰਾਉਂਦੇ, “ ਭੈਰਵੀ ਤਾਂ ਕੀ ਕੋਈ ਅਪਸਰਾ ਵੀ ਮੇਰਾ ਸਤ ..
ਭੰਗ ਨਹੀਂ ਕਰ ਸਕਦੀ!” ਅਜਿਹੇ ਬਚਨ ਸੁਣ ਕੇ ਸਾਈਂ ਬਾਬਾ ਦੀ ਮੁਸਕਾਨ ਗਹਿਰੀ ਹੋ ਜਾਂਦੀ। ਮੁਸਕਾਨ, ਜਿਹੜੀ ਸਮੇਂ-ਸਮੇਂ ਗੂੜ੍ਹੀ, ਫਿੱਕੀ, ਡੂੰਘੀ ਤੇ ਪੇਤਲੀ ਹੁੰਦੀ ਰਹਿੰਦੀ ਪਰ ਖ਼ਤਮ ਨਹੀਂ ਸੀ ਹੁੰਦੀ ਤੇ ਉਹ ਸਹਿਜਤਾ ਨਾਲ ਆਖਦੇ, “ਈਸ਼ਵਰ ਕਿਰਪਾ ਕਰੋ, ਇੰਝ ਹੀ ਹੋਵੇ ਰਿਸ਼ੀਵਰ।”
ਸਾਈਂ ਬਾਬਾ ਰਾਧਾ-ਕ੍ਰਿਸ਼ਨ ਦੀ ਕਥਾ ਕਰਦੇ-ਕਰਦੇ ਜਦੋਂ ਕਦੇ ਮੌਜ ਵਿਚ ਆ ਜਾਂਦੇ ਤਾਂ ਰਾਧਾ ਦੀ ਸੁੰਦਰਤਾ ਦਾ ਬਿਆਨ ਬੜੇ ਹੀ ਰਸ ਨਾਲ ਕਰਦੇ, ਆਖਦੇ, “ਰਾਧਾ ਜਦੋਂ ਆਪਣੇ ਕਾਲੇ ਕੇਸ ਲਹਿਰਾ ਕੇ ਇਕ ਮੋਢੇ ਤੋਂ ਦੂਜੇ ਮੋਢੇ ‘ਤੇ ਸੁੱਟਦੀ ਤਾਂ ਹਵਾ ਦਾ ਰੁਖ਼ ਬਦਲ ਜਾਂਦਾ…।”
“ਇਹ ਦਿਨ ਅਤੇ ਰਾਤ ਰਾਧਾ ਦੀਆਂ ਪਲਕਾਂ ਦੇ ਝਪਕਣ ਦੀ ਖੇਡ ਸੀ माठी…।”
“ਉਹ ਹੱਸਦੀ ਤਾਂ ਮੰਦਰਾਂ ‘ਚ ਘੰਟੀਆਂ ਵੱਜ ਉਠਦੀਆਂ ਤੇ ਪੁਜਾਰੀ ਆਰਤੀ ਕਰਨ ਲੱਗ ਜਾਂਦੇ…।”
ਸਾਈਂ ਬਾਬਾ ਜਦੋਂ ਰਾਧਾ ਦੀ ਉਪਮਾ ਕਰਦੇ ਤਾਂ ਸਰੋਤਿਆਂ ਨੂੰ ਜਾਪਦਾ ਜਿਵੇਂ ‘ਬੰਗਾਲਣ ਭੈਰਵੀ’ ਦੀ ਉਪਮਾ ਕਰਦੇ ਹੋਣ। ਉਂਝ ਕਈ ਵਾਰ ਹਾਸੇ ਨਾਲ ਸਾਈਂ ਬਾਬਾ ਭੈਰਵੀ ਨੂੰ ਕਹਿ ਵੀ ਦਿੰਦੇ, “ਭੈਰਵੀ, ਤੇਰੇ ਕੇਸਾਂ ਅਤੇ ਅੱਖਾਂ ਦੀ ਚਮਕ, ਇਹ ਸਭ ‘ਮਛਲੀ’ ਦੀ ਕਿਰਪਾ ਹੈ…।”
ਭੈਰਵੀ ਹੁਣ ਭਾਵੇਂ ਮਾਸ ਮੱਛੀ ਨਹੀਂ ਸੀ ਖਾਂਦੀ ਪਰ ਬਹੁਤੇ ਸਾਧੂ ਉਹਦੀ ਪੁਰਾਣੀ ਖਾਧੀ ਤੋਂ ਵੀ ਔਖੇ ਰਹਿੰਦੇ, ਓਮੀ ਜੀ ਤਾਂ ਉਹਦੇ ਪਰਛਾਵੇਂ ਤੋਂ ਵੀ ਦੂਰ ਨੱਸਦੇ। ਓਮੀ ਜੀ ਕ੍ਰੋਧ ਨਾਲ ਤੇ ਸਾਈਂ ਬਾਬਾ ਮੌਜ ਨਾਲ ਭੈਰਵੀ ਨੂੰ ‘ਰੱਤੀ’ ਆਖਦੇ। ਕਾਮ ਦੀ ਦੇਵੀ ਰੱਤੀ।
ਭੈਰਵੀ ਉਨ੍ਹਾਂ ਦੋਵਾਂ ਦੀਆਂ ਗੱਲਾਂ ਸੁਣ ਹੱਸ ਪੈਂਦੀ। ਓਹੀ ‘ਮੰਦਰਾਂ ‘ਚ ਘੰਟੀਆਂ ਵਾਲਾ ਹਾਸਾ’ ਤੇ ਓਮੀ ਜੀ ਠਰੇ ਹੋਏ ਜਲ ‘ਚ ਵੜ ਕੇ ਸ਼ਾਂਤ ਹੁੰਦੇ ਅਤੇ ਸੇਵਕ ਉਸ ਭਿੱਟੇ ਹੋਏ ਪਾਣੀ ਨੂੰ ਛਿੱਟਾਂ ਤੋਂ ਬਚ ਕੇ ਬਦਲਦਾ ਤੇ ਨਿਰਮਲ ਜਲ ਭਰ ਦਿੰਦਾ।
ਸਿਆਲ ਦੇ ਇਕ ਦਿਨ ਸੰਧਿਆਂ ਦੀ ਆਰਤੀ ਹੋ ਰਹੀ ਸੀ, ਪੰਛੀ ਆਲ੍ਹਣਿਆਂ ਨੂੰ ਪਰਤ ਰਹੇ ਸਨ ਤੇ ਸ਼ਰਧਾਲੂ ਪੂਜਾ ਘਰ ‘ਚ ਇਕੱਠੇ ਹੋ ਰਹੇ ਸਨ। ਸਾਈਂ ਬਾਬਾ ਨੇ ਰਾਧਾ-ਕ੍ਰਿਸ਼ਨ ਦੀ ਪ੍ਰੇਮ ਕਥਾ ਛੋਹ ਲਈ। ਵਿਚੋਂ ਹੀ ਭੈਰਵੀ ਉਨ੍ਹਾਂ ਨਾਲ ਰਲ ਭਜਨ ਗਾਉਣ ਲੱਗੀ। ਕੇਸਰੀ ਸਾੜ੍ਹੀ ਵਿਚ ਲਿਪਟੀ ਭੈਰਵੀ ‘ਰਾਧਾ’ ਹੀ ਜਾਪਦੀ ਸੀ। ਸ਼ਰਧਾਲੂ ਝੂਮ ਰਹੇ ਸਨ, ਸਾਈਂ ਬਾਬਾ ਪੁਕਾਰ ਉੱਠੇ, “ਵਾਹ. ਰਾਧਾ ਵਾਹ…।” ਭੈਰਵੀ ਝੂਮ-ਝੂਮ ਗਾਉਣ ਲੱਗੀ, ਸਾਈਂ ਬਾਬਾ ਨੱਚਣ ਲੱਗੇ, “ਰਾਧੇ, ਰਾਧੇ, ਰਾਧੇ, ਰਾਧੇ.।”
ਉਨ੍ਹਾਂ ਦੇ ਨਾਲ ਸ਼ਰਧਾਲੂ ਵੀ ਨੱਚਣ ਲੱਗੇ, “ਰਾਧੇ-ਰਾਧੇ।”
ਭੈਰਵੀ ਦੇ ਨਾਲ ਦੂਜੀਆਂ ਦੇਵੀਆਂ ਵੀ ਨੱਚਣ ਲੱਗੀਆਂ) ਤੇ ਗਾਉਣ ही, “गये-गये…।”
ਸਾਰਾ ਆਸ਼ਰਮ ਨੱਚ ਰਿਹਾ ਸੀ, ਗਾ ਰਿਹਾ ਸੀ।
ਪਰ ਓਮੀ ਜੀ ਉਂਜ ਦੇ ਉਂਜ ਬੈਠੇ ਸਨ, ਕਠੋਰ, ਗੁਸੈਲ ਅਤੇ ਅਸ਼ਾਂਤ।
ਜਿਉਂ-ਜਿਉਂ ਸਾਈਂ ਬਾਬਾ ਮਗਨ ਹੋ ਰਹੇ ਸਨ, ਤਿਉਂ-ਤਿਉਂ ਓਮੀ ਜੀ ਦੇ ਮਸਤਕ ਉੱਤੇ ਤਿਊੜੀਆਂ ਵਧ ਰਹੀਆਂ ਸਨ। ਸੂਰਜ ਅਸਤਮ ਗਿਆ ਸੀ, ਕਿਸੇ ਨੇ ਵੀ ਰਾਤ ਦੀ ਆਰਤੀ ਨਹੀਂ ਸੀ ਉਤਾਰੀ। ਰੁੱਖਾਂ ਉੱਤੇ ਪੰਛੀਆਂ ਦੇ ਸ਼ਾਮ-ਮਿਲਣ ਦਾ ਸੰਗੀਤ ਵੀ ‘ਰਾਧੇ ਰਾਧੇ’ ਸੁਣਾਈ ਦਿੰਦਾ ਸੀ।
ਸਮੁੱਚਾ ਆਸ਼ਰਮ ਵਰਿੰਦਾਬਨ ਹੋ ਗਿਆ ਸੀ।
ਹਰ ਮਰਦ ਕ੍ਰਿਸ਼ਨ ਸੀ ਤੇ ਹਰ ਔਰਤ ਰਾਧਾ।
ਚੁਫ਼ੇਰੇ ਇਕ ਅਨੰਦ ਸੀ, ਪਰਮ ਅਨੰਦ ਕਿ ਓਮੀ ਜੀ ਦੀ ਕਹਿਰ ਭਰੀ ਆਵਾਜ਼ ਗੂੰਜ ਉੱਠੀ, “ਬੱਸ ਕਰੋ ਓ। ਠਹਿਰੋ ਓ…।”
ਸਭ ਠਠੰਬਰ ਕੇ ਰੁਕ ਗਏ, ਸਿਰਫ਼ ਸਾਈਂ ਬਾਬਾ ਤੇ ਭੈਰਵੀਂ ਝੂਮ ਰਹੇ ਸਨ,
“ਰਾਧੇ ਰਾਧੇ, ਰਾਧੇ ਰਾਧੇ।”
“ਕਲਯੁਗ ਘੋਰ ਕਲਯੁਗ।” ਓਮੀ ਜੀ ਚੀਕ ਉੱਠੇ ਸਨ।
ਭੈਰਵੀ ਕੰਬ ਕੇ ਰੁਕ ਗਈ ਪਰ ਸਾਈਂ ਨਹੀਂ, ਨਾ ਝੂਮਣੋਂ ਨਾ ਗਾਉਣੋਂ, ਨਾ ਲੈਅ ਬਦਲੀ, ਸਿਰਫ਼ ਸ਼ਬਦ ਬਦਲੇ, ‘ਰਾਧੇ ਰਾਧੇ’ ਦੀ ਥਾਂ ‘ਤੇ ‘ਕਲਯੁਗ… ਕਲਯੁਗ।’
ਭੈਰਵੀ ਨੇ ਡਰੀ ਹੋਈ ਨੇ ਓਮੀ ਜੀ ਵੱਲ ਵੇਖਿਆ, ਇਕ ਪਲ, ਫਿਰ ਸਾਈਂ ਬਾਬਾ ਵੱਲ ਵੇਖਦਿਆਂ ਜਿਵੇਂ ਉਹ ਡਰ ਲਹਿ ਗਿਆ ਹੋਵੇ, ਉਹ ਹੌਲ਼ੀ-ਹੌਲ਼ੀ ਝੂਮਣ. ਲੱਗੀ ਤੇ ਸਾਈਂ ਬਾਬਾ ਦੀ ਸੁਰ ਨਾਲ ਸੁਰ ਮਿਲਾਈ, ‘ਕਲਯੁਗ ਕਲਯੁਗ…।’
ਫਿਰ ਇਕ ਗੋਪੀ ਤੇ ਇਕ ਕ੍ਰਿਸ਼ਨ ‘ਕਲਯੁਗ ਕਲਯੁਗ…।’
ਫਿਰ ਇਕ ਹੋਰ ਗੋਪੀ ਤੇ ਇਕ ਹੋਰ ਕ੍ਰਿਸ਼ਨ, ‘ਕਲਯੁਗ ਕਲਯੁਗ…।’ ਫਿਰ ਸਾਰੀਆਂ ਗੋਪੀਆਂ ਤੇ ਸਾਰੇ ਕ੍ਰਿਸ਼ਨ, ‘ਕਲਯੁਗ ਕਲਯੁਗ…।’
ਭੈਰਵੀ ਦੇ ਕੇਸ ਖੁੱਲ੍ਹ ਗਏ ਤੇ ਹੋਰ ਦੇਵੀਆਂ ਦੇ ਵੀ।
ਪਤਾ ਹੀ ਨਾ ਲੱਗਾ ਭੈਰਵੀ ਕਦੋਂ ਓਮੀ ਜੀ ਦੇ ਚਰਨਾਂ ‘ਚ ਖੇਡਣ ਲੱਗੀ, ਉਸਦੇ ਕਾਲੇ ਕੋਮਲ ਕੇਸ ਓਮੀ ਜੀ ਦੀਆਂ ਨੰਗੀਆਂ ਲੱਤਾਂ ਨੂੰ ਛੂਹਣ ਲੱਗੇ, ਉਨ੍ਹਾਂ ਦਾ ਕ੍ਰੋਧ ਸੱਤਵੇਂ ਅਸਮਾਨ ਚੜ੍ਹਨ ਲੱਗਾ, ਲੱਗਾ ਜਿਵੇਂ ਉਹ ਕੋਈ ‘ਚੇਲੇ’ ਹੋਣ ’ਤੇ ‘ਡੋਲੀਆਂ’ ਖਿਡਾ ਰਹੇ ਹੋਣ। ਉਨ੍ਹਾਂ ਦੇ ਬੁੱਲ੍ਹ ਕੰਬਣ ਲੱਗੇ ਤੇ ਨੱਕ ਦੀ ਘੋੜੀ ਵੀ। ਉਹ ਪਲਟੇ ਤੇ ਫੁੰਕਾਰਦੇ ਹੋਏ ਬਾਹਰ ਨਿਕਲ ਗਏ। ਪਵਿੱਤਰ ਮੂਰਤੀਆਂ ਕੋਲੋਂ ਲੰਘਦਿਆਂ ਸਿਰ ਵੀ ਨਾ ਝੁਕਾਇਆ। ਸਾਹੋ ਸਾਹ, ਤਪੇ ਤਪਾਏ, ਉਹ ਠਰੇ ਪਾਣੀ ‘ਚ ਵੜਦਿਆਂ ਹੀ ਚੁੱਭੀ ਮਾਰ ਗਏ, ਜਿਵੇਂ ਜਲ ਸਮਾਧੀ ‘ਚ ਚਲੇ ਗਏ ਹੋਣ। ਪਾਣੀ ਖੌਲਣ ਲੱਗਾ, ਜਾਪਿਆ ਪਾਣੀ ਵਿਚ ਦੋ ਮਗਰਮੱਛ ਲੜ ਰਹੇ ਹੋਣ ਤੇ ਇਹ ‘ਜਲ ਸਮਾਧੀ’ ਨਹੀਂ ਸੀ।
ਪੂਜਾ ਘਰ ‘ਚੋਂ ਹਾਲੇ ਵੀ ‘ਕਲਯੁਗ ਕਲਯੁਗ’ ਦੀ ਆਵਾਜ਼ ਸੁਣਦੀ ਸੀ।
ਗਸ਼ਾਲਾ ਤੇ ਚਿੱਪੀ ਸੰਭਾਲੀ ਓਮੀ ਜੀ ਦੇ ਮਗਰ ਆਇਆ ਸੇਵਕ ਡਰ ਰਿਹਾ ਸੀ ਕਿਤੇ ਇਹ ‘ਕਲਯੁਗ’ ਮੁਨੀਵਰ ਦੀ ਜਾਨ ਨਾ ਲੈ ਲਵੇ। ਇੰਨੀ ਦੇਰ ਉਹ ਪਾਣੀ ਹੇਠ ਕਦੇ ਨਹੀਂ ਸਨ ਰਹੇ। ਆਖਰ ਉਹ ਬਾਹਰ ਆਏ ਤੇ ਉਬਲਦੇ ਰਿੱਝਦੇ ਕੁਟੀਆ ਵਿਚ ਜਾ ਵੜੇ, ਵਸਤਰ ਬਦਲੇ, ਸੇਵਕ ਕੋਲੋਂ ਗਸ਼ਾਲਾ ਤੇ ਚਿੱਪੀ ਫੜੀ ਤੇ ਅੰਦਰੋਂ ਬੈਰਾਗਣ ਵੀ। ਪੂਰੇ ਜਵੇ ਨਾਲ ਉਹ ਪੂਜਾ ਘਰ ਵਿਚ ਮੁੜ ਦਾਖ਼ਲ ਹੋਏ। ‘ਕਲਯੁਗ’ ਦੀ ‘ਸੁਰ’ ਸ਼ਾਂਤ ਸੀ ਤੇ ਸਾਰੇ ‘ਕਲਯੁਗੀ’ ਮੂਰਤੀਆਂ ਅੱਗੇ ਡੰਡੌਤ ਕਰ ਰਹੇ ਸਨ, ਅਲਸਾਏ ਜਹੇ ਬੜੇ ਆਨੰਦ ਵਿਚ।
ਸਾਈਂ ਬਾਬਾ ਨੇ ਓਮੀ ਜੀ ਦਾ ਸਵਾਗਤ ਕੀਤਾ, “ਆਓ ਮੁਨੀਵਰ ਆਓ, ਆਓ ਬਿਰਾਜੋ…।” ਪਰ ਓਮੀ ਜੀ ਖੜ੍ਹੇ ਰਹੇ ਤਾਂ ਸਾਈਂ ਬਾਬਾ ਮੁਸਕਰਾਉਂਦੇ ਹੋਏ ਬੋਲੇ, “ਕ੍ਰੋਧ ਨੂੰ ਜਾਣ ਦਿਓ ਮੁਨੀਵਰ ਤੇ ਸਾਨੂੰ ਕਲਯੁਗੀਆਂ ਨੂੰ ਮੁਆਫ਼ ਕਰ ਦਿਓ …।”
ਓਮੀ ਜੀ ਨੇ ਭਰਿਆਂ ਪੀਤਿਆਂ ਮ੍ਰਿਗਸ਼ਾਲਾ ਵਿਛਾਈ, ਵੈਰਾਗਣ ’ਤੇ ਬਾਂਹ ਟਿਕਾਉਂਦਿਆਂ ਤਣ ਕੇ ਬੈਠੇ ਤੇ ਇਕ ਇਕ ਸ਼ਬਦ ਚੱਬ ਕੇ ਬੋਲੇ, “ਦੇਖੋ ਸਾਈਂ ਬਾਬਾ, ਅੱਜ ਮੈਂ ਜਤ ਸਤ ਦੀ ਪ੍ਰੀਖਿਆ ਦੇਵਾਂਗਾ। ਮੈਂ ਦਰਿਆ ਕੰਢੇ ਵਾਲੀ ਕੁਟੀਆ ਵਿਚ ਜਾ ਰਿਹਾਂ, ਤੁਸੀਂ ਭੈਰਵੀ ਨਹੀਂ ਕਾਮਦੇਵੀ ਰੱਤੀ ਨੂੰ ਭੇਜੋ…।” ਉਨ੍ਹਾਂ ਨਫ਼ਰਤ ਨਾਲ ਭੈਰਵੀ ਵੱਲ ਦੇਖਿਆ, “ਜੇ ਇਹ ਮੇਰਾ ਸਤ ਭੰਗ ਕਰ ਦੇਵੇ ਤਾਂ ਮੈਂ ਜਲ ਸਮਾਧੀ ਲੈ ਲਵਾਂਗਾ ਪਰ…।” ਉਹ ਇਕ ਛਿਣ ਰੁਕੇ, “ਪਰ ਜੇ ਨਾ ਕਰ ਸਕੀ ਤਾਂ ਤੁਸੀਂ ਸਭ ਦੇਵੀਆਂ ਸਣੇ ਇਥੋਂ ਕਿਤੇ ਹੋਰ।”
ਅੱਜ ਪਹਿਲੀ ਵਾਰ ਸਾਈਂ ਬਾਬਾ ਦੇ ਸ਼ਾਂਤ ਚਿਹਰੇ ‘ਤੇ ਗੁੱਸੇ ਦਾ ਪਰਛਾਵਾਂ ਆਇਆ। ਉਨ੍ਹਾਂ ਕਠੋਰਤਾ ਨਾਲ ਓਮੀ ਜੀ ਵੱਲ ਵੇਖਿਆ ਪਰ ਬਾਣੀ ‘ਤੇ ਕਾਬੂ ਪਾ, ਕਹਿਣ ਲੱਗੇ, “ਮਹਾਂਪੁਰਸ਼ਾਂ ਨੇ ਕਿਹੈ ਮੁਨੀਵਰ ਕਿ ਪਰਤਿਆਵੇ ਨਹੀਂ ਲਈਦੇ ਨਾ ਆਪਣੇ ਨਾ ਕਿਸੇ ਹੋਰ ਦੇ, ਚੰਗੇ ਨਹੀਂ ਹੁੰਦੇ ਕਹਿੰਦੇ ਨੇ ਦੁੱਧ ਤੇ ਬੁੱਧ हिँटरिां…।”
“ਨਹੀਂ ਮਹਾਰਾਜ ਹੋਰ ਨਹੀਂ ਜਰਿਆ ਜਾਂਦਾ, ਨਾਲੇ ਇਹਨੂੰ ਵੀ ਪਤਾ ਲੱਗੇ ਕਿ ਬੰਗਾਲਣਾਂ ਦਾ ਜਾਦੂ ਸਾਧੂਆਂ ਉਤੇ ਅਜੇ ਵੀ ਨਹੀਂ ਚੱਲਦਾ…।”
“ਫਿਰ ਮੈਨੂੰ ਕਿਉਂ ਘਸੀਟਦੇ ਹੋ ਵਿਚ, ਇਹ ਤੁਹਾਡਾ ਤੇ ਭੈਰਵੀ ਦਾ ਝਗੜੇ, ਮੁਕਾ ਲਓ ਦੋਵੇਂ।” ਜਾਪਿਆ ਸਾਈਂ ਬਾਬਾ ਦੀ ਸ਼ਾਂਤੀ ਭੰਗ ਹੋ ਗਈ ਸੀ।
“ਨਹੀਂ ਭਗਵਨ, ਝਗੜਾ ਇਹ ਨਹੀਂ, ਝਗੜਾ ਸਾਧੂਆਂ ਦੀ ਮਰਿਆਦਾ ਦਾ ਹੈ, ਇੱਜ਼ਤ ਤੇ ਮਾਣ ਦਾ ਹੈ, ਆਸ਼ਰਮ ਦੀ ਆਨ ਦਾ ਹੈ… ਕਿ ਇਥੇ ਕਲਯੁਗ ਵਿਚ ਵੀ ਇਕ ਅਜਿਹਾ ਸਾਧੂ ਹੈ, ਜਿਸ ਨੇ ਕਾਮ ਵਸ ਕੀਤਾ ਹੋਇਐ…।” ਉਨ੍ਹਾਂ ‘ਇਕ’ ਉਤੇ ਜ਼ੋਰ ਦਿੱਤਾ ਸੀ।
“ਐਨਾ ਹੰਕਾਰ ਚੰਗਾ ਨਹੀਂ ਹੁੰਦਾ ਮੁਨੀਵਰ… ।” ਸਾਈਂ ਬਾਬਾ ਦੇ ਬੋਲਾਂ ਵਿਚ ਦੁੱਖ ਵੀ ਸੀ ਤੇ ਤਪਸ਼ ਵੀ। “ਮਨੁੱਖ ਮਨੁੱਖ ਐ, ਕਦੋਂ ਬਚਿਆ ਇਸ ਮਹਾਂਬਲੀ ਕੋਲੋਂ, ਬਸ ਜਿੰਨਾ ਕੁ ਬਚਾ ਸਕਦਾ, ਉਹ ਪ੍ਰਭੂ ਹੀ ਹੈ ਜੋ ਪਰਦਾ ਬਣਾਈ ਰੱਖਦੈ ਸਾਡਾ, ਪ੍ਰਾਰਥਨਾ ਕਰਿਆ ਕਰੋ ਸਾਡੀ ਪਤ ਢਕੀ ਰੱਖੇ ਉਹ…।”
“ਹੂੰਅ… ਇਹ ਕਮਜ਼ੋਰ ਮਨਾਂ ਦੀਆਂ ਗੱਲਾਂ ਨੇ, ਬਹਾਨੇ ਨੇ ਸਭ ਸਾਈਂ ਬਾਬਾ…,” ਓਮੀ ਨੇ ਚਿੱਪੀ ‘ਚੋਂ ਚੂਲੀ ਭਰੀ, “ਕਸਮ ਹੈ ਮੈਨੂੰ ਇਸ ਜਲ ਦੀ, ਚਿੱਪੀ ਦੀ, ਬੈਰਾਗਣ, ਮਿਰਗਸ਼ਾਲਾ ਤੇ ਸਾਧੂ ਭੇਖ ਦੀ, ਦਿਖਾ ਦਿਆਂਗਾ ਏਸ ਨੀਚ ਬੰਗਾਲਣ ਨੂੰ ਕਿ ਸਾਧੂ ਦਾ ਹੱਠ ਕੀ ਹੁੰਦੈ।” ਉਨ੍ਹਾਂ ਚੂਲੀ ਛੱਡੀ ਤੇ ਇਕਦਮ ਚਲੇ ਗਏ, ਬਿਨਾਂ ਪਰਣਾਮ ਕੀਤਿਆਂ।
ਭੈਰਵੀ ਦਾ ਸਾਉਲਾ ਰੰਗ ਏਦਾਂ ਹੋ ਗਿਆ ਜਿਵੇਂ ਕਿਸੇ ਨੇ ਤਾਂਬੇ ਨੂੰ ਤਪਾ ਦਿੱਤਾ ਹੋਵੇ, ਅਪਮਾਨ ਹੋਇਆ ਸਮਝ ਉਹ ਮਨ ਭਰ ਆਈ ਤੇ ਅੱਖਾਂ ਵੀ। ਸਾਈਂ ਬਾਬਾ ਦੁਖੀ ਹੋ ਗਏ, ਪਰ ਟਾਲਣ ਦੇ ਰੌਂਅ ‘ਚ ਬੋਲੇ, “ਉਹ ਮੂਰਖ ਹੈ ਭੈਰਵੀ, ਛੱਡੋ, ਆਪੇ ਪਰਤ ਆਵੇਗਾ…।”
ਪਰ ਭੈਰਵੀ ਨੇ ਉਨ੍ਹਾਂ ਦੇ ਚਰਨ ਫੜ ਲਏ, “ਨਹੀਂ ਗੁਰੂਦੇਵ, ਅੱਜ ਉਹ ਸਾਰੀਆਂ ਸੀਮਾਵਾਂ ਪਾਰ ਕਰ ਗਏ ਨੇ, ਜੇ ਹੰਕਾਰੀ ਦਾ ਹੰਕਾਰ ਨਾ ਤੋੜਿਆ ਤਾਂ ਆਸ਼ਰਮ ਲਈ ਚੰਗਾ ਨਹੀਂ ਹੋਵੇਗਾ…।”
“ਨਹੀਂ ਭੈਰਵੀ… ਕਮਲ ਨਹੀਂ ਕੁੱਟੀਦਾ.. ਤੂੰ ਵੀ ਉਹਦੇ ਵਾਂਗੂੰ… ਛੱਡ ਖੈੜ੍ਹਾ… ।” ਸਾਈਂ ਬਾਬਾ ਸਪਸ਼ਟ ਨਹੀਂ ਸਨ।
“ਮੈਂ ਤੁਹਾਤੋਂ ਕਦੇ ਕੁਝ ਨਹੀਂ ਮੰਗਿਆ ਸਾਈਂ ਬਾਬਾ, ਮੈਨੂੰ ਆਗਿਆ ਦਿਓ, ਬਲ ਬਖ਼ਸ਼ੋ।” ਭੈਰਵੀ ਨੇ ਹੱਥ ਜੋੜ ਦਿੱਤੇ ਸਨ। ਭੈਰਵੀ ਦਾ ਮਨ ਭਰ ਗਿਆ ਤੇ ਅੱਖਾਂ ਵੀ। ਸਾਈਂ ਬਾਬਾ ਸੋਚੀਂ ਪੈ ਗਏ, ਨਾਲ ਹੀ ਉਨ੍ਹਾਂ ਸ਼ਰਧਾਲੂਆਂ ਦੇ ਚਿਹਰਿਆਂ ਵੱਲ ਵੇਖਿਆ, ਸਭ ਓਮੀ ਜੀ ਦੇ ਵਰਤਾਓ ਤੋਂ ਦੁਖੀ ਜਾਪੇ। ਓਮੀ ਜੀ ਦਾ ‘ਕਿਤੇ ਹੋਰ ਜਾਣ ਬਾਰੇ’ ਕਹਿਣਾ ਵੀ ਯਾਦ ਆਉਣ ਲੱਗਾ, ਯਾਦ ਆਉਣ ਲੱਗਾ ਕਿ ਓਮੀ ਜੀ ਹਰ ਗੱਲ ‘ਚ ਆਪਣੇ-ਆਪ ਨੂੰ ਸਾਈਂ ਬਾਬਾ ਨਾਲੋਂ ਸਰੇਸ਼ਟ ਸਿੱਧ ਕਰਦੇ ਰਹਿੰਦੇ ਨੇ, ਉਹ ਕਿਵੇਂ ਨਾ ਕਿਵੇਂ ਸਹਿੰਦੇ ਰਹੇ ਨੇ। ਪਰ ਆਸ਼ਰਮ ‘ਚੋਂ ਹੀ ਚਲੇ ਜਾਣ ਨੂੰ ਕਹਿ ਦੇਣਾ । ਸਾਈਂ ਬਾਬਾ ਉੱਠ ਖਲੋਏ ਤੇ ਭੈਰਵੀ ਵੀ।
ਸਾਈਂ ਬਾਬਾ ਨੇ ਰਾਧਾ ਕ੍ਰਿਸ਼ਨ ਦੀ ਮੂਰਤੀ ਅੱਗੇ ਜਾ ਸਿਰ ਨਿਵਾਇਆ, ਭੈਰਵੀ ਨੇ ਵੀ। ਸਾਈਂ ਬਾਬਾ ਰਾਧਾ ਦੇ ਗਲ਼ ਵਿਚੋਂ ‘ਦੋ ਮੁਖੀ ਰੁਦਰਾਖਸਰ’ ਦੀ ਮਾਲਾ ਉਤਾਰੀ ਤੇ ਭੈਰਵੀ ਦੇ ਗਲ ‘ਚ ਪਾ ਆਸ਼ੀਰਵਾਦ ਦਿੰਦਿਆਂ ਕਿਹਾ, “ਜਾਹ ਭੈਰਵੀ, ਰਾਧਾ-ਕ੍ਰਿਸ਼ਨ ਤੇਰੇ ਅੰਗ ਸੰਗ ਰਹਿਣ।”
ਭੈਰਵੀ ਨੇ ਸਾਈਂ ਬਾਬਾ ਦੇ ਚਰਨ ਛੂਹੇ ਸਨ ਤੇ ਕਾਹਲੀ ਨਾਲ ਪੂਜਾ ਘਰ ‘ਚੋਂ ਬਾਹਰ ਚਲੀ ਗਈ ਸੀ। ਜਾਂਦਿਆਂ ਉਸ ਨੇ ਕਿਸੇ ਨਾਲ ਵੀ ਨਜ਼ਰ ਨਾ ਮਿਲਾਈ, ਸਾਈਂ ਬਾਬਾ ਨਾਲ ਵੀ ਨਹੀਂ। ਪਰ ਸਾਈਂ ਬਾਬਾ ਦਾ ਹੌਕਾ ਜ਼ਰੂਰ ਸੁਣ ਲਿਆ ਸੀ ਤੇ ਇਹ ਕਹਿਣਾ ਵੀ, “ਅੱਛਾ! ਜਿਵੇਂ ਤੇਰੀ ਰਜ਼ਾ।”
… ਸਾਈਂ ਬਾਬਾ ਨੇ ਹੌਕਾ ਭਰਿਆ ਹੈ, ਬੀਤੇ ‘ਚੋਂ ਬਾਹਰ ਆਏ ਨੇ, ਦੇਖਿਆ ਹੈ ਓਮੀ ਤੇ ਭੈਰਵੀ ਅੱਖਾਂ ਤੋਂ ਓਝਲ ਹੋ ਗਏ ਨੇ। ਸੇਵਕ ਸਾਹਮਣੇ ਪਰਸ਼ਾਦਾ ਲਈ ਖੜ੍ਹਾ ਹੈ। ਉਹ ਪਰਸ਼ਾਦਾ ਛਕਣ ਦਾ ਆਹਰ ਕਰਨ ਲੱਗੇ ਨੇ।
ਅੱਜ ਓਮੀ ਜੀ ਦੇ ਪਿੱਛੇ-ਪਿੱਛੇ ਜਾਂਦਿਆਂ ਉਸ ਦਿਨ ਬਾਰੇ ਸੋਚ ਕੇ ਮੁਸਕਰਾ ਪਈ ਹੈ ਭੈਰਵੀ…।
ਉਸ ਦਿਨ ਪਤਾ ਨਹੀਂ ਕਿਸ ਵੇਗ ਅਧੀਨ ਪਹੁੰਚ ਗਈ ਸੀ ਦਰਿਆ ਕੰਢੇ ਵਾਲੀ ਕੁਟੀਆ ਵਿਚ…।
ਜਾ ਕੇ ਓਮੀ ਜੀ ਨੂੰ ਪ੍ਰਣਾਮ ਕੀਤਾ ਸੀ ਤਾਂ ਉਨ੍ਹਾਂ ਇੰਝ ਹੈਰਾਨੀ ਨਾਲ . ਵੇਖਿਆ ਸੀ ਜਿਵੇਂ ਉਸਦੇ ਆਉਣ ਦਾ ਯਕੀਨ ਨਾ ਹੋਵੇ, ਫਿਰ ਉਹ ਨੇਤਰ ਮੁੰਦ ਕੇ ਸਮਾਧੀ ਲਾਉਣ ਵਾਂਗੂੰ ਬੈਠ ਗਏ ਸਨ, ਰਾਹ ਵਿਚ ਬੜਾ ਕੁਝ ਤੱਤਾ ਠੰਢਾ ਸੋਚਦੀ ਆਈ ਸੀ ਭੈਰਵੀ ਪਰ ਓਮੀ ਜੀ ਦੇ ਸਾਹਮਣੇ ਆ ਕੇ ਪਤਾ ਨਹੀਂ ਕਿਉਂ ਸਹਿਜ ਹੋ ਗਈ।
“ਆਪਾਂ ਕੁਝ ਗੱਲਾਂ ਤੈਅ ਕਰ ਲਈਏ ਮੁਨੀਵਰ…।”
“ਕਿਹੜੀਆਂ ਗੱਲਾਂ?” ਓਮੀ ਜੀ ਨੇ ਅੜਬਾਈ ਨਾਲ ਪੁੱਛਿਆ ਸੀ।
“ਇੰਝ ਨਾ ਕਰੋ ਮੁਨੀਵਰ,” ਭੈਰਵੀ ਨੇ ਬੇਹੱਦ ਨਿਮਰਤਾ ਨਾਲ ਕਿਹਾ ਸੀ, “ਖਰ੍ਹਵਾ ਨਾ ਬੋਲੋ, ਇਹ ਤਾਂ ਖੇਡ ਹੈ ਕੋਈ ਜੰਗ ਨਹੀਂ…।”
“ਮੇਰੇ ਲਈ ਇਹ ਜੰਗ ਹੀ ਹੈ ਤੂੰ ਤੈਅ ਕਰ ਕੀ ਕਰਨਾ।”
“ਦੇਖੋ ਮੁਨੀਵਰ।” ਭੈਰਵੀ ਓਮੀ ਜੀ ਦਾ ਹੱਥ ਫੜਨ ਲੱਗੀ ਤਾਂ ਉਹ ਹੱਥ ਝਟਕ ਕ੍ਰੋਧਿਤ ਹੋ ਕੇ ਚੀਕੇ, “ਖ਼ਬਰਦਾਰ ਜੇ ਮੈਨੂੰ ਛੂਹਿਆ ਤਾਂ…।”
ਭੈਰਵੀ ਪਲ ਕੁ ਚੁੱਪ ਰਹੀ ਫਿਰ ਬੋਲੀ, “ਇਹੀ ਤਾਂ ਤੈਅ ਕਰਨਾ ਮੁਨੀਵਰ, ਕਿ ਮੈਂ ਤੁਹਾਨੂੰ ਕਿਵੇਂ ਰਿਝਾਉਣਾ..?”
“ਕੀ ਮਤਲਬ ..?”
“ਮਤਲਬ ਤੁਹਾਨੂੰ ਮੋਹਿਤ ਕਿਵੇਂ ਕਰਨਾ? ਬਚਨਾਂ ਨਾਲ, ਛੂਹ ਕੇ ਕੇ ਜਾਂ ਆਪਣਾ ਤਨ ਦਿਖਾ ਕੇ।” ਉਸ ਨੇ ਓਮੀ ਨੂੰ ਗੌਰ ਨਾਲ ਦੇਖਿਆ ਤੇ ਬੋਲੀ, “ਨੇਤਰ ਤੁਸੀਂ ਖੋਲ੍ਹਦੇ ਨਹੀਂ, ਛੂਹਣ ਤੁਸੀਂ ਮੈਨੂੰ ਨਹੀਂ ਦਿੰਦੇ, ਸੁਣਦੇ ਤੁਸੀਂ ਮੈਨੂੰ ਨਹੀਂ… ਇੰਝ ਤਾਂ ਮੈਂ ਜਿੱਤ ਗਈ ਹਾਂ…।” ਉਹ ਵਿਸ਼ਵਾਸ ਨਾਲ ਮੁਸਕਰਾਈ ਸੀ। “ਕਿਵੇਂ ਜਿੱਤ ਗਈ ਐਂ ਤੂੰ…?” ਓਮੀ ਜੀ ਨੇ ਘੂਰ ਕੇ ਦੇਖਿਆ ਸੀ। “ਤੁਸੀਂ ਡਰਦੇ ਹੋ, ਅੱਖਾਂ ਖੋਲ੍ਹੋਗੇ ਤਾਂ ਡੋਲ ਜਾਓਗੇ, ਛੂਹ ਲਵਾਂਗੀ ਪਿਘਲ ਜਾਓਗੇ, ਸੁਣੋਗੇ ਅੰਦਰ ਉਤਰ ਜਾਵਾਂਗੀ..।”
“ਬਸ ਕੁਲਟਾ ਬਸ ਲੱਜ ਨਹੀਂ ਆਉਂਦੀ ਅਜਿਹੇ ਬਚਨ ਕਰਦਿਆਂ, ਇਹੀ ਸਿਖਾਇਆ ਸਾਈਂ ਬਾਬਾ ਨੇ..?”
“ਬਸ ਮੁਨੀਵਰ, ਸਾਈਂ ਬਾਬਾ ਬਾਰੇ ਨਹੀਂ ਕੁਝ ਕਹਿਣਾ ਤੇ ਗਾਲ੍ਹਾਂ ਮੈਂ ਵੀ ਨਹੀਂ ਬਰਦਾਸ਼ਤ ਕਰਾਂਗੀ, ਮੈਂ ਐਸੀ ਵੈਸੀ ਔਰਤ ਨਹੀਂ, ਮੈਨੂੰ ਵੀ ਗਿਆਨ ਹੈ, ਤਪੱਸਿਆ ਮੈਂ ਵੀ ਕੀਤੀ ਹੈ…।”
“ਹੂੰਅ… ਤਪੱਸਿਆ ਔਰ ਤੂੰ. ਇਹੀ ਕੁਝ ਸਿਖਾ ਕੇ ਭੇਜਿਆ ਸਾਈਂ ਬਾਬਾ ਨੇ ਕਿ ਗੱਲ੍ਹਾਂ ਨਾਲ ਜਿੱਤ ਕੇ ਆ ਜਾਵੀਂ.. ਇਓਂ ਨਹੀਂ ਜਾਣ ਦਿੰਦਾ ਮੈਂ… ਲੈ ਖੋਲ੍ਹ ਦਿੱਤੇ ਨੇ ਨੇਤਰ, ਦਿਖਾ ਕੀ ਦਿਖਾਉਨੀ ਐਂ ਆ ਛੂਹ ਲੈ ਜਿਥੋਂ ਛੂਹਣਾ।” ਉਨ੍ਹਾਂ ਗਿਲਤੀ ਲਾਹ ਦਿੱਤੀ, “ਕਰ ਜੋ ਕੁਲੱਛਣ ਕਰਨੇ ਨੇ. ਛੁੱਟੜ ਕਿਤੋਂ ਦੀ …।”
“ਗਾਲ੍ਹ ਨਹੀਂ ਮੁਨੀਵਰ, ਮੈਂ ਫਿਰ ਕਹਿਨੀ ਆਂ ਮੈਂ ਐਸੀ ਵੈਸੀ ਨਹੀਂ, ਜਤ ਸਤ ਵਾਲੀ ਹਾਂ ਮੈਂ ਵੀ… ਰਹੀ ਛੁੱਟੜ, ਜਿਸ ਮਰਦ ਨੇ ਮੈਨੂੰ ਛੱਡਿਆ ਉਸ ਨੂੰ ਮੈਂ ਛੱਡਣਾ ਸੀ ਨਾਮਰਦ ਨੂੰ ਪਰ ਵਾਹ ਮਰਦਾਂ ਦਾ ਸਮਾਜ ਤੁਹਾਡਾ…।” ਭੈਰਵੀ ਨੇ ਹੌਕਾ ਭਰਿਆ ਸੀ, “ਮੈਂ ਤਾਂ ਫਿਰ ਵੀ ਆਪਣਾ-ਆਪ ਦਰਿਆ ਸਪੁਰਦ ਕਰ ਦਿੱਤਾ ਸੀ, ਬਚਾ ਲਿਆ ਸਾਈਂ ਬਾਬਾ ਨੇ, ਰੁੜ੍ਹੀ ਜਾਂਦੀ ਨੂੰ ਤੇ ਲੈ ਆਏ ਇਥੇ…।” ਸਿਰ ਹਿਲਾ ਕੇ ਵਿਸ਼ਵਾਸ ਨਾਲ ਕਿਹਾ ਭੈਰਵੀ ਨੇ, “ਓਸੇ ਦਿਨ ਤੋਂ ਮੈਂ ਜਾਣਦੀ ਹਾਂ ਮੁਨੀਵਰ, ਤੁਸੀਂ ਪ੍ਰੇਸ਼ਾਨ ਹੋ, ਤੁਹਾਨੂੰ ਲੱਗਦਾ ਕਿ ਮੇਰੇ ਤੇ ਸਾਈਂ ਬਾਬਾ ਦਰਮਿਆਨ ਕੁਝ ਹੈ ਪਰ ਇਹ ਭਰਮ ਹੈ ਥੋਡਾ, ਅਜਿਹਾ ਕੋਈ ਸਬੰਧ ਨਹੀਂ ਸਾਡਾ …।”
“ਝੂਠ… ਕੋਰਾ ਝੂਠ, ਕੌਣ ਤਰੀਮਤ ਸੱਚ ਕਹਿੰਦੀ ਹੈ, ਐਸ ਮਾਮਲੇ ‘ਚ, ਇਹ ਜਾਤ ਤਾਂ ਥੱਲਿਓਂ ਉੱਠ ਕੇ।” ਓਮੀ ਜੀ ਨੇ ਮੂੰਹ ਫੇਰ ਲਿਆ ਸੀ।
ਭੈਰਵੀ ਹੱਸ ਪਈ ਸੀ, ਫਿੱਕਾ ਜਿਹਾ ਹਾਸਾ, “ਚੰਗਾ ਲੱਗਿਆ ਮੁਨੀਵਰ ਤੁਹਾਡਾ ਆਮ ਬੰਦਿਆਂ ਵਾਂਗੂੰ ਗੱਲਾਂ ਕਰਨਾ ਚੰਗਾ ਲੱਗਿਆ।” ਉਸ ਨੇ ਤਸੱਲੀ ਨਾਲ ਸਾਹ ਭਰ ਕੇ ਛੱਡਦਿਆਂ ਕਿਹਾ, “ਇਹ ਤਾਂ ਮੈਂ ਜਾਣਦੀ ਸੀ ਕਿ ਤੁਸੀਂ ਮੈਨੂੰ ਚਾਹੁੰਦੇ ਹੋ ਪਰ ਇੰਨਾ ਚਾਹੁੰਦੇ ਹੋ ਇਹ ਨਹੀਂ ਸੀ ਪਤਾ…।”
“ਕੀ ਬਕਵਾਸ ਹੈ? ਮੈਂ ਔਰ ਤੈਨੂੰ ਚਾਹੁੰਨਾਂ…? ਹੰਅ…?” ਓਮੀ ਜੀ ਨੇ ਮਜ਼ਾਕ ਉਡਾਉਣ ਵਾਂਗੂੰ ਕਿਹਾ ਸੀ।
“ਹਾਂ ਮੁਨੀਵਰ…।” ਗੰਭੀਰ ਹੋ ਗਈ ਸੀ ਭੈਰਵੀ, “ਤੁਸੀਂ ਓਸੇ ਦਿਨ ਤੋਂ ਚਾਹੁੰਦੇ ਹੋ ਮੈਨੂੰ, ਤੁਹਾਡੀ ਉਹ ਪਹਿਲੀ ਤੱਕਣੀ ਮੈਨੂੰ ਕਦੇ ਨਹੀਂ ਭੁੱਲੀ…।”
“ਕੀ ਭੌਂਕਦੀ ਐਂ…? ਮੈਂ ਔਰਤ ਦਾ ਖ਼ਿਆਲ ਤਕ ਨਹੀਂ ਮਨ ‘ਚ ਰਹਿਣ रिरा…।”
“ਇਹ ਸੱਚ ਹੈ, ਤੁਸੀਂ ਮੇਰਾ ਖ਼ਿਆਲ ਮਨ ‘ਚੋਂ ਕੱਢਣ ਦੇ ਯਤਨ ਬਹੁਤ ਕਰਦੇ ਹੋ, ਮੈਨੂੰ ਕੋਸਦੇ ਹੋ, ਝਿੜਕਦੇ ਹੋ, ਆਪਣੇ ਸਰੀਰ ਨੂੰ ਕਸ਼ਟ ਦਿੰਦੇ ਹੋ…।”
“ਝੂਠ, ਕਪਟ, ਬਸ ਕਰ ਕੁਲ੍ਹਣੀਏ, ਇਹ ਤ੍ਰਿਆ ਚਰਿੱਤਰ ਇਥੇ ਨਹੀਂ ਚੱਲਣੇ…।” ਆਖ ਕੇ ਓਮੀ ਜੀ ਉੱਠ ਖੜ੍ਹੇ ਸਨ। ਭੈਰਵੀ ਵੀ ਉੱਠ ਖਲੋਈ ਸੀ । ਉਸ ਨੇ ਹੱਥ ਜੋੜ ਲਏ ਸਨ, “ਸ਼ਾਂਤ ਮੁਨੀਵਰ ਸ਼ਾਂਤ, ਇਹ ਚਲਿੱਤਰ ਨਹੀਂ… ਮੈਂ ਕਿਵੇਂ ਯਕੀਨ ਦਿਵਾਵਾਂ? ਮੈਂ ਦਾਸੀ ਹਾਂ ਤੁਹਾਡੀ ਮਹਾਰਾਜ, ਨਹੀਂ ਤਾਂ ਇੰਨੇ ਤਿਰਸਕਾਰ ਤੋਂ ਬਾਅਦ…।” ਅੱਗੋਂ ਉਸਦਾ ਮਨ ਭਰ ਗਿਆ ਸੀ। ਉਹ ਹੱਥ ਜੋੜੀ ਗੋਡਿਆਂ ਭਾਰ ਬੈਠ ਗਈ ਸੀ। ਉਸਦੇ ਮੋਢੇ ਹਿੱਲ ਰਹੇ ਸਨ, ਹੌਲ਼ੀ-ਹੌਲ਼ੀ, ਰੋਂਦੀ ਦੇ।
ਓਮੀ ਜੀ ਦੀ ਆਵਾਜ਼ ਨਰਮ ਪੈ ਗਈ ਸੀ ਪਰ ਲਹਿਜਾ ਸਖ਼ਤ ਸੀ, “ਮੈਂ ਜਾਣਦਾਂ ਸਭ, ਇਹ ਅੱਥਰੂ, ਇਹ ਰੋਣਾ, ਹਥਿਆਰ ਨੇ ਇਸਤ੍ਰੀ ਦੇ।” ਭੈਰਵੀ ਕੁਝ ਨਹੀਂ ਸੀ ਬੋਲੀ ਪਰ ਉਸਦੇ ਹਟਕੋਰੇ ਤੇਜ਼ ਹੋ ਗਏ ਸਨ। ਓਮੀ ਜੀ ਨੇ ਹੇਠਾਂ ਵੇਖਿਆ ਭੈਰਵੀ ਦੀ ਸਾੜ੍ਹੀ ਦਾ ਪੱਲਾ ਮੋਢੇ ਤੋਂ ਲੱਥਾ ਹੋਇਆ ਸੀ। ਉਸਦੀ ਸਾਉਲੀ ਦੇਹ ਮੁਨੀ ਦੇ ਪੈਰਾਂ ‘ਚ ਸਮਰਪਿਤ ਸੀ। ਸੱਚਾ ਅਤੇ ਪੂਰਨ ਸਮਰਪਣ। ਉਹ ਪਸੀਜ ਗਏ ਤੇ ਡਰ ਵੀ। ਉਨ੍ਹਾਂ ਨੂੰ ਲੱਗਿਆ ਜੇ ਹੋਰ ਇਕ ਪਲ ਵੀ ਇੱਥੇ ਰੁਕੇ ਤਾਂ ਝੁਕ ਜਾਣਗੇ, ਝੁਕ ਕੇ ਭੈਰਵੀ ਨੂੰ ਉਠਾਉਣਗੇ ਤੇ ਗਲ ਨਾਲ ਲਾ ਲੈਣਗੇ। ਉਨ੍ਹਾਂ ਪਿੱਛੇ ਹਟ ਜਾਣ ਦਾ ਫ਼ੈਸਲਾ ਕੀਤਾ ਪਰ ਐਨ ਓਸੇ ਵੇਲੇ ਭੈਰਵੀ ਨੇ ਉਨ੍ਹਾਂ ਦੇ ਚਰਨ ਫੜ੍ਹ ਲਏ ਦੋਵਾਂ ਹੱਥਾਂ ਨਾਲ ਤੇ ਆਪਣਾ ਮਸਤਕ ਚਰਨਾਂ ‘ਤੇ ਰੱਖ ਦਿੱਤਾ। ਚਰਨਾਂ ‘ਤੇ ਡਿੱਗਦੇ ਖਾਰੇ ਹੰਝੂਆਂ ਨਾਲ ਮੁਨੀ ਦੇ ਅੰਦਰੋਂ ਕੁਝ ਖੁਰਨ ਲੱਗਾ, ਉਹ ਨਾਂਹ ਵਿਚ ਸਿਰ ਮਾਰਨ ਲੱਗੇ ਤੇ ਉਚਾਰਨ ਵੀ, “ਨਾ ਭੈਰਵੀ ਨਾ ਛੱਡ ਦੇ ਮੈਨੂੰ ਜਾਹ ਚਲੀ ਜਾਹ… ਮੇਰੀ ਵਰ੍ਹਿਆਂ ਦੀ ਕਮਾਈ ਖੂਹ ‘ਚ ਨਾ ਪਾ… ਦੇਖ ਮੈਂ ਹੱਥ ਜੋੜਦਾਂ…,” ਤੇ ਉਨ੍ਹਾਂ ਸੱਚਮੁਚ ਹੱਥ ਜੋੜ ਦਿੱਤੇ, ਲੱਗਿਆ ਉਹ ਵੀ ਰੋ ਪੈਣਗੇ। ਭੈਰਵੀ ਦੀ ਜਿਵੇਂ ਧਾਂਹ ਨਿਕਲ ਗਈ ਸੀ। ਉਹ ਉਨ੍ਹਾਂ ਦੀਆਂ ਲੱਤਾਂ ਨਾਲ ਲਿਪਟ ਗਈ। ਓਮੀ ਜੀ ਦਾ ਵਜੂਦ ਕੰਬ ਗਿਆ। ਉਹ ਝੁਕ ਕੇ ਭੈਰਵੀ ਨੂੰ ਉਠਾਉਣ ਲੱਗੇ ਤਾਂ ਉਨ੍ਹਾਂ ਦੇ ਕੋਸੇ ਹੰਝੂ ਭੈਰਵੀ ਦੀ ਨੰਗੀ ਪਿੱਠ ‘ਤੇ ਜਾ ਡਿੱਗੇ, ਭੈਰਵੀ ਤੜਪ ਉੱਠੀ ਸੀ ।
ਕੁਝ ਦੇਰ ਲਈ ਚਲਦੀ ਸ੍ਰਿਸ਼ਟੀ ਰੁਕ ਗਈ ਸੀ….।
ਵਗਦਾ ਪਾਣੀ, ਹਵਾ, ਚਲਦੇ ਸਾਹ, ਨੈਣ ਪਰਾਣ ਸਭ ਕੁਝ ਹੀ।
ਕੁਝ ਦੇਰ ਬਾਅਦ ਮ੍ਰਿਗਸ਼ਾਲਾ ਤੋਂ ਦੂਰ ਰੇਤੇ ਉਤੇ ਓਮੀ ਜੀ ਦੀ ਬਾਂਹ ‘ਤੇ ਸਿਰ ਰੱਖ ਕੇ ਅੱਖਾਂ ਮੀਟੀ ਪਈ ਸੀ ਭੈਰਵੀ। ਮੂਧੀ ਪਈ ਚਿੱਪੀ ਤੇ ਬੈਰਾਗਣ ਤੋਂ ਬੇਖ਼ਬਰ ਓਮੀ ਜੀ ਅੱਧ ਖੁੱਲ੍ਹੀਆਂ ਅੱਖਾਂ ਨਾਲ ਤਾਰਿਆਂ ਭਰੇ ਆਕਾਸ਼ ਨੂੰ ਨਿਹਾਰ ਰਹੇ ਸਨ। ਟਿਮਟਿਮਾਉਂਦੇ ਤੇ ਇਕ ਦੂਜੇ ਵਿਚ ਰਲਦੇ ਤਾਰਿਆਂ ਦਾ ਇਹ ਨਾਚ ਉਨ੍ਹਾਂ ਪਹਿਲੀ ਵਾਰ ਤੱਕਿਆ ਸੀ…। “ਇਹ ਅਰੰਭ ਹੈ ਜੀਵਨ ਦਾ।” ਉਨ੍ਹਾਂ ਅਨੰਦ ਮਹਿਸੂਸ ਕਰਦੇ ਸੋਚਿਆ।
“ਤੇ ਸ਼ਾਇਦ ਅੰਤ ਵੀ…।” ਅੰਦਰੋਂ ਕਿਤੋਂ ਆਵਾਜ਼ ਆਈ।
ਅਚਾਨਕ ਹੌਕਾ ਭਰਿਆ ਗਿਆ, ਉਹ ਉੱਠ ਬੈਠੇ ਪਰ ਭੈਰਵੀ ਨਹੀਂ। ਮੁਨੀਵਰ ਨੇ ਨਜ਼ਰ ਘੁਮਾਈ ਸੀ, ਘੁੰਮਦੀ-ਘੁੰਮਦੀ ਨਜ਼ਰ ਅਟਕ ਗਈ ਸੀ, ਮੂਧੀ ਪਈ ਚਿੱਪੀ ‘ਤੇ, ਸਿੱਧੀ ਪਈ ਭੈਰਵੀ ‘ਤੇ। ਸਿਰ ਗੋਡਿਆਂ ’ਤੇ ਆਣ ਟਿਕਿਆ मी…।
“ਕੀ ਹੋਇਐ ਮੁਨੀਵਰ?” ਭੈਰਵੀ ਜਿਵੇਂ ਬੰਦ ਅੱਖਾਂ ਨਾਲ ਸਭ ਕੁਝ ਦੇਖ ਰਹੀ ਸੀ…।
“ਮੇਰੇ ਜੀਵਨ ਦਾ ਅੰਤ ਹੋ ਗਿਐ…।” ਓਮੀ ਜੀ ਕਿਸੇ ਖੂਹ ‘ਚੋਂ ਬੋਲੇ ਸਨ, ਭੈਰਵੀ ਚੁੱਪ ਸੀ।
“ਮੇਰਾ ਹਠ ਹੀ ਮੇਰੀ ਹੋਂਦ ਸੀ…।”
“ਸਭ ਖ਼ਤਮ ਹੋ ਗਿਆ, ਹਠ ਵੀ ਤੇ ਹੋਂਦ ਵੀ…।”
ਭੈਰਵੀ ਉੱਠ ਕੇ ਬੈਠ ਗਈ ਸੀ।
“ਤੂੰ ਜਿੱਤ ਗਈ ਭੈਰਵੀ, ਜਾਹ ਸਾਰੇ ਆਸ਼ਰਮ ਨੂੰ ਦੱਸ ਕਿ ਓਮੀ ਮੁੱਕ ਗਿਐ…।” ਉਹ ਮੱਥੇ ‘ਤੇ ਹੱਥ ਮਾਰ ਰਹੇ ਸਨ।
“ਸੁਣੋ ਮੁਨੀਵਰ…।” ਭੈਰਵੀ ਨੇ ਉਨ੍ਹਾਂ ਦਾ ਹੱਥ ਫੜ੍ਹ ਲਿਆ ਸੀ, “ਮੈਂ ਤੁਹਾਡੀ ਦਾਸੀ ਹਾਂ ਤੁਹਾਡਾ ਅਪਮਾਨ ਨਹੀਂ ਸਹਿ ਸਕਦੀ, ਮੈਂ ਕਿਸੇ ਨੂੰ ਕੁਝ ਨਹੀਂ ऍमांगी…।”
ਓਮੀ ਜੀ ਨੇ ਠੰਡਾ ਸਾਹ ਭਰਿਆ ਸੀ।
“ਤੁਹਾਡੀ ਜਿੱਤ ਮੇਰੀ ਜਿੱਤ ਹੈ ਪ੍ਰਭੂ… ਆਸ਼ਰਮ ਦਾ ਯਸ਼ ਹੈ… ਸਾਧੂਆਂ ਦਾ ਮਾਣ ਹੈ… ਮੈਂ ਕਹਾਂਗੀ।” ਭੈਰਵੀ ਨੇ ਨੀਵੀਂ ਪਾਉਂਦਿਆਂ ਧੀਮੀ ਸੁਰ ਵਿਚ ਕਿਹਾ, “ਮੈਂ ਹਾਰ ਗਈ, ਮੁਨੀਵਰ ਨਹੀਂ ਡੋਲੇ…।”
“ਓ ਭੈਰਵੀ…।” ਓਮੀ ਜੀ ਨੂੰ ਬਹੁਤ ਪਿਆਰ ਆਇਆ, ਉਨ੍ਹਾਂ ਭੈਰਵੀ ਨੂੰ ਨਾਲ ਘੁੱਟ ਲਿਆ…।
ਸ੍ਰਿਸ਼ਟੀ ਫਿਰ ਰੁਕਣ ਲੱਗੀ ਸੀ…।
ਦੂਸਰੀ ਪ੍ਰਭਾਤ ਆਸ਼ਰਮ ਵਿਚ ਓਮੀ ਜੀ ਦਾ ਸਤਿਕਾਰ ਹੋਰ ਵਧ ਗਿਆ ਸੀ। ਪੂਜਾ ਵੇਲੇ ਭੈਰਵੀ ਨੇ ਖੜ੍ਹੀ ਹੋ ਕੇ ਬਖਸ਼ਿਸ਼ ਮੰਗੀ ਸੀ, ਕਿਹਾ ਸੀ, “ਮੇਰਾ ਗੁਨਾਹ ਬਖਸ਼ਣ ਯੋਗ ਨਹੀਂ, ਮੈਂ ਪੁੱਜੇ ਹੋਏ ਸਾਧੂ ਦੀ ਪ੍ਰੀਖਿਆ ਲਈ, ਮੁਨੀਵਰ ਚਾਹੁੰਦੇ ਤਾਂ ਮੈਨੂੰ ਸਾੜ ਕੇ ਸੁਆਹ ਕਰ ਦਿੰਦੇ ਪਰ ਇਹ ਬੜੇ ਕਿਰਪਾਲੂ ਨੇ, ਮੈਂ ਮੁਨੀਵਰ ਤੇ ਸੰਗਤ ਤੋਂ ਮੁਆਫ਼ੀ ਮੰਗਦੀ ਹਾਂ।” ਸ਼ਰਧਾਲੂ ਓਮੀ ਜੀ ਦੀ ਵਾਹ- ਵਾਹ ਕਰਨ ਲੱਗੇ।
ਓਮੀ ਜੀ ਅੱਖਾਂ ਮੀਟੀ, ਸ਼ਾਂਤ ਚਿੱਤ ਬੈਠੇ ਮਾਲਾ ਫੇਰਦੇ ਰਹੇ ਸਨ।
ਸਾਈਂ ਬਾਬਾ ਦੇ ਚਿਹਰੇ ‘ਤੇ ਨਿਰੰਤਰ ਖੇਡਦੀ ਮੁਸਕਾਨ ਉਂਝ ਦੀ ਉਂਝ ਨੱਚਦੀ ਰਹੀ ਸੀ। ਉਹ ਉੱਠੇ ਸਨ ਤੇ ਸਹਿਜ ਨਾਲ ਉਚਾਰਿਆ ਸੀ, “ਓਮੀ ਜੀ ਵੱਡੇ ਦਿਲ ਵਾਲੇ ਮਹਾਤਮਾ ਨੇ, ਜਿਨ੍ਹਾਂ ਨੇ ਮੈਨੂੰ ਵੀ ਆਸ਼ਰਮ ਵਿਚ ਰਹਿਣ ਦੀ .
ਆਗਿਆ ਦੇ ਦਿੱਤੀ ਹੈ, ਨਹੀਂ ਤਾਂ ਸ਼ਰਤ ਮੁਤਾਬਕ…।”
ਓਮੀ ਜੀ ਕੰਬ ਉੱਠੇ ਸਨ, ਉਹ ਦੌੜ ਕੇ ਸਾਈਂ ਬਾਬਾ ਦੇ ਚਰਨੀਂ ਪੈਣ ਲੱਗੇ ਕਿ ਸਾਈਂ ਬਾਬਾ ਨੇ ਉਨ੍ਹਾਂ ਨੂੰ ਕਲਾਵੇ ਵਿਚ ਲੈ ਲਿਆ ਸੀ। ਸੰਗਤ ਦੋਵਾਂ ਦੀ ਜੈ ਜੈ ਕਾਰ ਕਰਨ ਲੱਗੀ ਸੀ…।
ਉਨ੍ਹੀਂ ਦਿਨੀਂ ਓਮੀ ਜੀ ਦੇ ਬਦਲੇ ਵਰਤਾਅ ਤੋਂ ਸੇਵਕ ਹੈਰਾਨ ਹੁੰਦੇ ਤੇ ਸੰਗਤ ਵੀ। ਓਮੀ ਜੀ ਹੁਣ ਬੜੇ ਸ਼ਾਂਤ ਰਹਿੰਦੇ ਸਨ।
ਉਨ੍ਹੀਂ ਦਿਨੀਂ ਸਾਈਂ ਬਾਬਾ ਬੜਾ ਘੱਟ ਆਰਾਮ ਕਰਦੇ ਸਨ। ਉਹ ਰਾਤਾਂ ਨੂੰ ਆਸ਼ਰਮ ਦੀ ਪਰਿਕਰਮਾ ਸ਼ੁਰੂ ਕਰ ਦਿੱਤੀ ਸੀ। ਉਹ ਕਦੇ ਦਰਿਆ ਕੰਢੇ ਦੀ ਕੁਟੀਆ ਦੁਆਲੇ ਘੁੰਮਦੇ, ਕਦੇ ਓਮੀ ਜੀ ਦੀ ਕੁਟੀਆ ਦੁਆਲੇ ਤੇ ਕਦੇ ਦੇਵੀ- ਵਾਸ ਦੇ। ਜਿੱਧਰੋਂ ਪਰਿਕਰਮਾ ਕਰ ਰਹੇ ਹੁੰਦੇ ਓਧਰ ਕਿਸੇ ਨੂੰ ਅੱਗੇ ਨਾ ਜਾਣ ਦਿੰਦੇ, ਓਮੀ ਜੀ ਦੇ ਸੇਵਕ ਨੂੰ ਵੀ ਨਹੀਂ।
ਫਿਰ ਇਕ ਦਿਨ। ਉਨ੍ਹਾਂ ਭੈਰਵੀ ਨੂੰ ਆਖਿਆ ਸੀ, “ਭੈਰਵੀ ਮੈਂ ਕਿੰਨਾ ਕੁ ਚਿਰ ਧਿਆਨ ਰੱਖਾਂਗਾ, ਇਹ ਆਸ਼ਰਮ ਦੀ ਇੱਜ਼ਤ ਦਾ ਸਵਾਲ ਹੈ, ਤੇਰੀ ਤੇ ਮੁਨੀਵਰ ਦੀ ਇੱਜ਼ਤ ਦਾ ਵੀ…।”ਭੈਰਵੀ ਨੀਵੀਂ ਪਾਈ ਬੈਠੀ ਸੀ ਤਾਂ ਉਨ੍ਹਾਂ ਹੱਸ ਕੇ ਕਿਹਾ ਸੀ, “ਉਂਝ ਵੀ ਮੈਂ ਬੁੱਢਾ ਹੋ ਗਿਆ, ਐਨਾ ਫੇਰਾ ਤੋਰਾ ਨਹੀਂ ਹੁੰਦਾ… ਹੋਇਆ ਘੜੀ ਪਲ… ਪਰ ਤੁਸੀਂ ਤਾਂ ਨਾ ਭਾਈ, ਸਾਰੀ ਸਾਰੀ ਰਾਤ ਨਹੀਂ ਖੜ੍ਹਿਆ ਜਾਂਦਾ ਪੈਹਰੇ ‘ਤੇ…।”
ਭੈਰਵੀ ਸਹਿਮ ਗਈ ਸੀ ਤੇ ਸ਼ਰਮਾਅ ਵੀ। ਉਹਨੇ ਸਾਈਂ ਬਾਬਾ ਵੱਲ ਵੇਖਿਆ ਸੀ, ਅੱਜ ਮੁਸਕਾਨ ਦੇ ਨਾਲ-ਨਾਲ ਕਿਸੇ ਸੰਸੇ ਦਾ ਪਰਛਾਵਾਂ ਵੀ ਸੀ ਉਨ੍ਹਾਂ ਦੇ ਚਿਹਰੇ ਉੱਤੇ, ਉਹ ਹੌਕਾ ਭਰ ਕੇ ਬੋਲੇ ਸਨ, “ਤੈਨੂੰ ਪਿਓਆਂ ਵਾਂਗੂੰ ਮੋਹ ਕਰਦਾਂ ਭੈਰਵੀ, ਓਮੀ ਵੀ ਇਸ ਆਸ਼ਰਮ ਦੀ ਸ਼ੋਭਾ ਹੈ… ਬੜਾ ਨਾਂ ਹੈ ਉਹਦਾ ਭੈਰਵੀ, ਓਮੀ ਵੀ ਇਸ ਆਸ਼ਰਮ ਦੀ ਸ਼ੋਭਾ ਹੈ.. ਬੜਾ ਨਾਂ ਹੈ ਉਹਦਾ, ਮੈਂ ਤਾਂ ਨਾਂ ਦਾ ਮੁਖੀ ਹਾਂ, ਆਸ਼ਰਮ ਨੂੰ ਇਕ ਮਰਿਆਦਾ ਤੇ ਮਾਣ ਦਿੱਤਾ ਹੈ ਉਹਨੇ।” ਉਹ ਰੁਕੇ ਸਨ, ਫਿਰ ਕਿਹਾ ਸੀ, “ਤੁਹਾਡੇ ਬਾਰੇ ਉੱਠੀ ਕੋਈ ਵੀ ਗੱਲ ਮੈਥੋਂ ਸਹਿ ਨਹੀਂ ਹੋਣੀ…।” ਉਹ ਫਿਰ ਰੁਕੇ ਸਨ, ਜਿਵੇਂ ਕਹਿਣਾ ਬਹੁਤ ਔਖਾ ਹੋਵੇ, ਸਾਹ ਲਿਆ ਸੀ ਤੇ ਕਿਹਾ ਸੀ, “ਮੈਂ ਸਾਰਾ ਪ੍ਰਬੰਧ ਕਰ ਦਿੰਦਾ ਹਾਂ ਬੱਚੀਏ, ਤੁਸੀਂ ਕਿਤੇ ਹੋਰ ਚਲੇ না…।”
ਤ੍ਰਬਕੀ ਸੀ ਭੈਰਵੀ, ਅਚੰਭੇ ਨਾਲ ਸਾਈਂ ਬਾਬਾ ਵੱਲ ਵੇਖਿਆ ਸੀ, ਗੱਲ ਕਹਿ ਕੇ ਉਹ ਸਹਿਜ ਹੋ ਗਏ ਸਨ ਤੇ ਆਖ ਰਹੇ ਸਨ, “ਸੱਚਾ ਸੁੱਚਾ ਗ੍ਰਹਿਸਥੀ ਜੀਵਨ ਜਿਉਣਾ ਵੀ ਈਸ਼ਵਰ ਨੂੰ ਪਾਉਣ ਦਾ ਮਾਰਗ ਹੈ, ਦੇਖ, ਥੋਡਾ ਵਿਛੋੜਾ ਜ਼ਰ ਲਵਾਂਗਾ ਪਰ ਆਪਣੀ ਬੱਚੀ ਅਤੇ ਇਕ ਮੁਨੀਵਰ ਦੀ ਬੇਪਤੀ ਨਹੀਂ…।” ਆਪਣੇ ਆਪ ‘ਤੇ ਕਾਬੂ ਨਹੀਂ ਸੀ ਰਿਹਾ ਭੈਰਵੀ ਦਾ, ਉਹ ਆਪਣਾ ਸਿਰ ਸਾਈਂ ਬਾਬਾ ਦੀ ਝੋਲੀ ਵਿਚ ਸੁੱਟ, “ਬਾਪੂ… ਬਾਪੂ” ਆਖ ਕੇ ਫੁੱਟ-ਫੁੱਟ ਰੋਈ ਸੀ। ਉਦੋਂ ਹੀ ਕੁਟੀਆ ਦੇ ਬੂਹੇ ‘ਚ ਖੜ੍ਹੇ, ਓਮੀ ਜੀ ਅੱਖਾਂ ਪੂੰਝਦੇ, ਠਰੇ ਹੋਏ ਪਾਣੀ ਵਿਚ ਜਾ ਵੜੇ ਸਨ। ਕਿੰਨੀ ਹੀ ਦੇਰ ਸ਼ਾਂਤ ਬੈਠੇ ਕੋਈ ਫ਼ੈਸਲਾ ਕਰਦੇ ਰਹੇ ਸਨ ਤੇ ਫਿਰ।
ਉਸ ਦਿਨ ਸੰਧਿਆ ਵੇਲੇ ਮਿਰਗਸ਼ਾਲਾ ਤੇ ਬੈਠੇ ਓਮੀ ਜੀ ਨੇ ਚਿੱਪੀ ‘ਚੋਂ ਜਲ ਦੀ ਚੂਲੀ ਭਰ ਕੇ ਸਾਹਮਣੇ ਬੈਠੀ ਭੈਰਵੀ ਨੂੰ ਕਿਹਾ, “ਮੇਰਾ ਸਾਥ ਦੇ ਭੈਰਵੀ …।”
“ਭੈਰਵੀ …।”
166 ਮੁਨੀਵਰ ਦੀ ਆਵਾਜ਼ ਸੁਣ ਕੇ ਬੀਤੇ ‘ਚੋਂ ਬਾਹਰ ਆ ਗਈ ਹੈ ਭੈਰਵੀ।
ਪੰਜ ਇਹ ਪਹਿਲੀ ਰਾਤ ਹੈ…।
ਦੋਵਾਂ ਆਪਣੇ-ਆਪਣੇ ਵਸਤਰ ਉਤਾਰ ਦਿੱਤੇ ਨੇ। ਇਕ ਦੂਸਰੇ ਦੇ ਨਿਕਟ ਆਏ ਹਨ। ਚਾਨਣੀ ਰਾਤ ‘ਚ ਓਮੀ ਜੀ ਦਾ ਕਾਲਾ ਜਿਸਮ ਨਾਗ ਵਾਂਗੂ ਲਿਸ਼ਕਦਾ ਹੈ। ਸਾਕਾਰ ਕਾਮ ਰੂਪ। ਭੈਰਵੀ ਦੇ ਤਾਂਬੇ ਰੰਗੇ ਜਿਸਮ ਉਤੇ ਲਿਪਟ ਸਿਆਹ ਕਾਲੇ ਕੇਸ ਇੰਝ ਲੱਗਦੇ ਹਨ ਜਿਵੇਂ ਚੰਦਨ ਗੇਲੀ ਨੂੰ ਅਨੇਕਾਂ ਹੀ ਨਾਗ ਲਿਪਟੇ ਹੋਣ। ਭੈਰਵੀ ਦੀਆਂ ਚਮਕਦੀਆਂ ਅੱਖਾਂ ‘ਚ ਜਗ ਰਹੇ ਬੁਲਾਵੇ ਤੋਂ ਬਚਣ ਲਈ, ਓਮੀ ਜੀ ਨੇ ਨਜ਼ਰ ਝੁਕਾਈ ਪਰ ਝੁਕਾਈ ਹੋਈ ਨਜ਼ਰ ਚੱਕ ਵਰਗੀਆਂ ਗੋਲ ਛਾਤੀਆਂ ‘ਤੇ ਜੰਮ ਕੇ ਰਹਿ ਗਈ। ਅੰਦਰ ਝਰਨਾਹਟ ਛਿੜੀ ਹੈ ਜਿਸਮ ਦੀਆਂ ਉਚਾਣਾਂ ਤੋਂ ਥੱਲੇ ਵੇਖਦੇ ਹਨ ਤਾਂ ਧੁੰਨੀ ਦੇ ਡੂੰਘ ਵਿਚ ਡੁਬ ਜਾਣ ਦੇ ਡਰ ਨਾਲ ਝੁਣਝਣੀ ਆ ਜਾਂਦੀ ਹੈ। ਉਹ ਘੁੱਟ ਕੇ ਅੱਖਾਂ ਮੀਟ ਲੈਂਦੇ ਹਨ ਤੇ ਹੌਲ਼ੀ-ਹੌਲ਼ੀ ਉਚਾਰਦੇ ਹਨ, “ਨਹੀਂ… ਮੈਂ ਨਹੀਂ ਡੁੱਬਾਂਗਾ ਭੈਰਵੀ।” ਭੈਰਵੀ ਉਨ੍ਹਾਂ ਦੇ ਬਿਲਕੁਲ ਨਿਕਟ ਆ ਗਈ ਹੈ, ਜਿੱਥੇ ਸਾਹ ਇਕ ਦੂਜੇ ਨੂੰ ਛੂੰਹਦੇ ਨੇ, ਕੋਸੇ ਸਾਹ। ਭੈਰਵੀ ਫੁਸ ਫੁਸਾਉਂਦੀ ਹੈ, “ਮਨ ਉਤੇ ਕਾਬੂ ਪਾਓ ਮੁਨੀਵਰ…।”
“ਹਾਂ ਮੈਂ ਨਹੀਂ ਡੋਲਾਂਗਾ।” ਓਮੀ ਜੀ ਆਪਣੀਆਂ ਦੋਵੇਂ ਮੁੱਠਾਂ ਕੱਸ ਲੈਂਦੇ ਹਨ, “ਤੂੰ ਕੁਝ ਵੀ ਕਰੇਂ ਕਾਮ ਦੇਵੀ, ਪਰ ਮੈਂ…।” ਭੈਰਵੀ ਦੀਆਂ ਛਾਤੀਆਂ ਓਮੀ ਜੀ ਦੇ ਸਰੀਰ ਨਾਲ ਛੂਹ ਜਾਂਦੀਆਂ ਹਨ, ਉਹ ਸਿਸਕ ਉੱਠਦੇ ਹਨ। ਸਾਰਾ ਜ਼ੋਰ ਮੁੱਠੀਆਂ ਕੱਸਣ ਤੇ ਆਪਣੇ ਸਰੀਰ ਨੂੰ ਪਿਛਾਂਹ ਖਿੱਚਣ ਉਤੇ ਲਾ ਦਿੰਦੇ ਹਨ। ਪਰ ਸਰੀਰ ਜਿਵੇਂ ਭੈਰਵੀ ਦੇ ਜਿਸਮ ਦੇ ਦੋ ਬਿੰਦੂਆਂ ਨਾਲ ਜੁੜ ਗਿਆ ਹੋਵੇ, ਓਮੀ ਜੀ ਦੀ ਆਵਾਜ਼ ਬੰਦ ਹੋ ਜਾਂਦੀ ਹੈ…।
ਉਸ ਰਾਤ ਨਿੰਮੋਝੂਣੇ ਉਹ ਆਸ਼ਰਮ ‘ਚ ਪਰਤ ਆਉਂਦੇ ਹਨ।
ਦੂਸਰੀ ਅਤੇ ਤੀਸਰੀ ਰਾਤ ਵੀ ਇੰਝ ਹੀ ਵਾਪਰਦਾ ਹੈ।
ਚੌਥੀ ਰਾਤ…।
ਭੈਰਵੀ ਲੇਟੀ ਹੋਈ ਹੈ, ਓਮੀ ਜੀ ਇਕ-ਇਕ ਕਰਕੇ ਉਸਦੇ ਵਸਤਰ ਉਤਾਰਦੇ ਹੋਏ ਆਪਣੇ ਮਨ ‘ਤੇ ਕਾਬੂ ਰੱਖਦੇ ਹਨ। ਉਸਨੂੰ ਸਿਰ ਵਲੋਂ ਚੁੰਮਣਾ ਸ਼ੁਰੂ ਕਰਦੇ ਹਨ। ਭੈਰਵੀ ਮਚਲ ਉੱਠਦੀ ਹੈ। ਮੁਨੀਵਰ ਮਨ ‘ਤੇ ਅੰਕੁਸ਼ ਬਣਾਈ ਰੱਖਦੇ ਹਨ। ਪਰ ਭੈਰਵੀ ਦੀ ਹਿੱਕ ਦੀਆਂ ਉਚਾਈਆਂ ਤੋਂ ਤਿਲਕ ਜਾਂਦੇ ਹਨ…।
ਅੱਠਵੀਂ ਰਾਤ…।
ਪਿਛਲੀਆਂ ਰਾਤਾਂ ‘ਚ ਓਮੀ ਜੀ ਨੇ ਆਪਣੇ ਆਪ ਉਤੇ ਕਾਫੀ ਕਾਬੂ ਪਾ ਲਿਆ ਹੈ। ਅੱਜ ਉਹ ਲੇਟੇ ਹੋਏ ਹਨ। ਭੈਰਵੀ ਉਨ੍ਹਾਂ ਦੇ ਵਸਤਰ ਉਤਾਰ ਰਹੀ ਹੈ। ਉਹ ਪਏ ਰਹਿੰਦੇ ਹਨ ਸ਼ਾਂਤ। ਭੈਰਵੀ ਉਨ੍ਹਾਂ ਦੇ ਚਰਨਾਂ ‘ਚ ਬੈਠ ਜਾਂਦੀ ਹੈ। ਉਸਨੇ ਉਨ੍ਹਾਂ ਦੇ ਪੈਰ ਦੇ ਅੰਗੂਠੇ ਅਤੇ ਪਹਿਲੀ ਉਂਗਲ ਦੇ ਸੰਨ੍ਹ ਵਿਚ ਜੀਭ ਰੱਖ ਦਿੱਤੀ ਹੈ।
ਉਹ ਸਿਹਰ ਉੱਠਦੇ ਨੇ…।
ਤੇ ਦੋਵੇਂ ਨੀਵੀਂ ਪਾਈ ਆਸ਼ਰਮ ਵਿਚ ਪਰਤ ਆਏ ਨੇ।
ਓਮੀ ਜੀ ਨੂੰ ਲੱਗਦਾ ਹੈ ਕਿ ਉਹ ਕਦੇ ਵੀ ਜਿੱਤ ਨਹੀਂ ਸਕਣਗੇ। ਉਨ੍ਹਾਂ ਨੂੰ ਆਪਣੇ ਆਪ ’ਤੇ ਗੁੱਸਾ ਆਉਂਦਾ ਹੈ ਭੈਰਵੀ ’ਤੇ ਵੀ। ਕਹਿੰਦੇ ਨੇ, “ਸ਼ਾਸਤਰਾਂ ਵਿਚ ਸੱਚ ਕਿਹਾ ਹੈ, ਇਸਤਰੀ ਨਰਕ ਦਾ ਦੁਆਰ ਹੈ।”
ਭੈਰਵੀ ਨੂੰ ਵੀ ਖਿਝ ਚੜ੍ਹਦੀ ਹੈ, ਉਹ ਕੁਝ ਕਹਿਣ ਹੀ ਲੱਗਦੀ ਹੈ ਕਿ ਸਾਈਂ ਬਾਬਾ ਵਿਚਾਲੇ ਆ ਜਾਂਦੇ ਨੇ, “ਇਸਤਰੀ ਜਨਣੀ ਹੈ, ਮਾਤਾ ਹੈ ਮੁਨੀਵਰ, ਦੇਵੀ ਹੈ… ਹਾਂ ਕੁਝ ਇਸਤਰੀਆਂ ਬੁਰੀਆਂ ਹੋਣਗੀਆਂ… ਪਰ ਬੁਰੇ ਤਾਂ ਆਦਮੀ ਵੀ ਹੁੰਦੇ ਹਨ ਤੇ ਸਾਧੂਆਂ ਵਿਚ ਵੀ…।” ਓਮੀ ਜੀ ਸ਼ਾਂਤ ਨਹੀਂ ਸੀ ਹੋਏ, ਗੁੱਸੇ ਵਿਚ ਬੋਲੇ, “ਇਹ ਤੁਸੀਂ ਮੈਨੂੰ ਆਖ ਰਹੇ ਹੋ ਭਗਵਨ?” ਸਾਈਂ ਬਾਬਾ ਨੇ ਝੱਟ ਉਸ ਨੂੰ ਪਾਸੇ ਨਾਲ ਲਾ ਕੇ ਕਿਹਾ, “ਨਹੀਂ, ਨਹੀਂ ਮੁਨੀਵਰ, ਤੁਸੀਂ ਤਾਂ ਬਹੁਤ ਛੇਤੀ ਬ੍ਰਹਮ ਨੂੰ ਪਹੁੰਚਣ ਵਾਲੇ ਹੋ …।”
ਓਮੀ ਜੀ ਠੰਡਾ ਸਾਹ ਭਰਦੇ ਨੇ, “ਬਹੁਤ ਔਖਾ ਪੈਂਡਾ ਹੈ ਪ੍ਰਭੂ, ਸੋਚਦਾਂ ਆਪਣੇ ਆਪ ਬਾਰੇ ਕਿੰਨੇ ਭਰਮ ਸਿਰਜ ਲੈਂਦੇ ਹਾਂ ਅਸੀਂ, ਮੈਂ ਖ਼ੁਦ ਕਿਵੇਂ ਜਿਉਂ ਰਿਹਾ ਸਾਂ… ਆਪਣੇ ਆਪ ਨੂੰ ਕਿੱਡਾ ਵੱਡਾ ਰਿਸ਼ੀ ਸਮਝਦਾ ਸਾਂ, ਮਰਿਆਦਾ-ਪਾਲਕ, . ਬ੍ਰਹਮਚਾਰੀ ਪਰ…।”
ਸਾਈਂ ਬਾਬਾ ਨੇ ਥਾਪੜਾ ਦਿੱਤਾ, “ਹੌਸਲਾ ਰੱਖੋ ਸਾਧਨਾ ਦੇ ਮਾਰਗ ‘ਤੇ ਤੁਰੇ ਹੋ ਤਾਂ ਪ੍ਰਾਪਤੀ ਜ਼ਰੂਰ ਹੋਵੇਗੀ…।”
“ਇਹੀ ਤਾਂ ਸੋਚਦਾਂ ਸਾਈਂ ਬਾਬਾ ਕਿ ਇੰਨੀ ਦੇਰ ਕਿਉਂ ਕਰ ਦਿੱਤੀ ਤੁਰਨ ਨੂੰ, ਕਿੰਨੀ ਉਮਰ ਬੀਤ ਗਈ…।” ਉਹ ਠੰਡਾ ਸਾਹ ਭਰਦੇ ਨੇ, “ਇਕ ਗੱਲ ਕਹਾਂ ਸਾਈਂ ਬਾਬਾ, ਅੱਗੇ ਚੱਲ ਕੇ ਕੋਈ ਪ੍ਰਾਪਤੀ ਹੋਵੇ, ਪਤਾ ਨਹੀਂ, ਪਰ ਇਨ੍ਹਾਂ ਦਿਨਾਂ ਦਾ ਜੋ ਅਨੁਭਵ ਹੈ ਉਹ ਵੱਡੀ ਪ੍ਰਾਪਤੀ ਹੈ..।”
“ਅਨੁਭਵ…?” ਭੈਰਵੀ ਕਾਹਲੀ ਪੈ ਕੇ ਪੁੱਛਦੀ ਹੈ।
“ਹਾਂ ਭੈਰਵੀ, ਅਨੁਭਵ ਹੋਇਐ ਕਿ ਸਾਧੂ, ਰਿਸ਼ੀ, ਮੁਨੀ, ਮਹਾਤਮਾ, ਇਹ ਕੁਝ ਵੀ ਨਹੀਂ ਹੁੰਦਾ, ਇਹ ਭਰਮ ਹੈ ਸਭ, ਮਨੁੱਖ ਹੁੰਦਾ ਹੈ ਤੇ ਮਨੁੱਖ ਮਨੁੱਖ ਹੁੰਦਾ ਹੈ, ਹੋਰ ਕੁਝ ਨਹੀਂ। ਆਪਣੇ ਗੁਣਾਂ ਔਗੁਣਾਂ ਸਮੇਤ, ਬਾਕੀ ਸਭ ਪਰਦੇ ਨੇ, ਸਾਈਂ ਬਾਬਾ ਠੀਕ ਕਹਿੰਦੇ ਨੇ ਕਿ ਈਸ਼ਵਰ ਸਾਡਾ ਪਰਦਾ ਬਣਾਈ ਰੱਖੇ।” ਓਮੀ ਜੀ ਨੇ ਲੰਬਾ ਹੌਕਾ ਭਰਿਆ ਤੇ ਭੈਰਵੀ ਤੜਪ ਉੱਠੀ, “ਇੰਝ ਦਿਲ ਨਾ ਛੱਡੋ ਮੁਨੀਵਰ, ਦੁਨੀਆਂ ‘ਤੇ ਮਹਾਂਪੁਰਸ਼ ਵੀ ਹੁੰਦੇ ਨੇ, ਤਪੱਸਵੀ ਤੇ ਤਿਆਗੀ ਵੀ ਅਜੇ ਸਾਧਨਾ ‘ਚ ਫ਼ਰਕ ਹੈ ਉਂਝ ਮੈਂ ਵੇਖ ਰਹੀ ਹਾਂ, ਇਕ ਦਿਨ ਤੁਹਾਡਾ ਨਾਂ ਅਕਾਸ਼ ‘ਤੇ ਚਮਕੇਗਾ ਧਰੂਅ ਦੀ ਤਰ੍ਹਾਂ। ਕਿਉਂ ਸਾਈਂ ਬਾਬਾ…? ”
“ਹਾਂਅ: ।” ਸਾਈਂ ਬਾਬਾ ਮੁਸਕਰਾ ਪਏ ਨੇ ਪਰ ਓਮੀ ਜੀ ਨੂੰ ਹੁਲਾਰਾ ਨਹੀਂ ਆਇਆ। ਉਹ ਬੋਲੇ, “ਇਹ ਸਭ ਭੈਰਵੀ, ਹੁਣ ਝੂਠ ਲੱਗਦੈ ਜਿਵੇਂ ਮੇਰੇ ਸ਼ਰਧਾਲੂ ਧੋਖੇ ‘ਚ ਨੇ, ਕਿੰਨੀਆਂ ਕਹਾਣੀਆਂ ਜੋੜ ਦਿੱਤੀਆਂ ਨੇ ਮੇਰੇ ਨਾਲ ਇੰਝ ਹੀ… ਖੌਰੇ ਇਹ ਧਰੂਅ ਹੋਰੀਂ ਵੀ… ਕੀ ਪਤਾ…।”
“ਨਾ ਨਾ ਇੰਝ, ਇੰਨੇ ਵੀ ਨਿਰਾਸ਼ ਨਾ ਹੋਵੋ ਓਮੀ ਜੀ…” ਸਾਈਂ ਬਾਬਾ ਦੀ ਕੁਟੀਆ ਆ ਗਈ ਹੈ। ਭੈਰਵੀ ਤਾਂ ਖੌਰੇ ਲਘੂ ਸ਼ੰਕਾ ਲਈ ਅਗਾਂਹ ਵਧ ਗਈ ਜਾਂ ਉਹ ਇਸ਼ਨਾਨ ਕਰਕੇ ਹੀ ਸਾਈਂ ਬਾਬਾ ਦੀ ਕੁਟੀਆ ‘ਚ ਆਉਣਾ ਚਾਹੁੰਦੀ ਹੈ ਪਰ ਪਹਿਲਾਂ ਤੋਂ ਉਲਟ ਅੱਜ ਬਿਨਾਂ ਪਵਿੱਤਰ ਹੋਏ ਓਮੀ ਜੀ ਸਾਈਂ ਬਾਬਾ ਨਾਲ ਕੁਟੀਆ ‘ਚ ਆ ਗਏ ਨੇ। ਉਨ੍ਹਾਂ ਆਪੇ ਘੜੇ ‘ਚੋਂ ਪਾਣੀ ਪੀਤਾ ਤੇ ਸੇਵਕ ਨੂੰ ਪੁੱਛਿਆ ਕਿ ਰੋਟੀ ਪਈ ਹੈ ਕੋਈ ਲੰਗਰ ‘ਚ ਵੇਖ, ਲਿਆ ਭੁੱਖ ਬੜੀ ਲੱਗੀ ਐ। ਸੇਵਕ ਹੈਰਾਨ ਹੋ ਕੇ ਤੁਰ ਗਿਆ ਹੈ ਕਿਉਂਕਿ ਓਮੀ ਜੀ ਸੂਰਜ ਛਿਪਣ ਪਿਛੋਂ ਭੋਜਨ ਨਹੀਂ ਕਰਦੇ। ਓਮੀ ਜੀ ਨੂੰ ਆਮ ਬੰਦਿਆਂ ਵਾਂਗ ਵਰਤਾਅ ਕਰਦਿਆਂ ਵੇਖ ਸਾਈਂ ਬਾਬਾ ਦੇ ਚਿਹਰੇ ਦੀ ਮੁਸਕਰਾਹਟ ਗੂੜ੍ਹੀ ਹੋ ਗਈ ਹੈ। ਤਦੇ ਸੇਵਕ ਨੇ ਆਣ ਕੇ ਕਿਹਾ ਹੈ, “ਮੈਂ ਭੋਜਨ ਲਿਆ ਰਿਹਾ ਸਾਂ ਮੁਨੀਵਰ, ਦੇਵੀ ਭੈਰਵੀ ਨੇ ਮਨ੍ਹਾ ਕਰ ਦਿੱਤਾ…।” ਭੈਰਵੀ ਵੀ ਅੰਦਰ ਆ ਜਾਂਦੀ ਹੈ। ਸੇਵਕ ਸਹਿਮ ਗਿਆ ਹੈ ਕਿ ਓਮੀ ਜੀ ਭੈਰਵੀ ਨੂੰ ਬੁਰਾ ਭਲਾ ਕਹਿਣਗੇ ਪਰ ਓਮੀ ਜੀ ਸਹਿਜ ਭਾਵ ਨਾਲ ਬੋਲੇ, “ਬਹਿ ਜਾ ਭੈਰਵੀ, ਤੂੰ ਜਾ ਸੇਵਕ…।” ਸਾਈਂ ਬਾਬਾ ਮੁਸਕਰਾ ਰਹੇ ਨੇ ਕਿ ਭੈਰਵੀ ਕਾਹਲੀ ਨਾਲ ਬੋਲ ਉੱਠੀ ਹੈ, “ਇਹ ਕੀ ਕਰ ਰਹੇ ਹੋ ਮੁਨੀਵਰ, ਵਰ੍ਹਿਆਂ ਦੀ ਤਪੱਸਿਆ ਮਿੱਟੀ ‘ਚ ਰੋਲ ਰਹੇ ਹੋ, ਇੰਨੀ ਨਿਰਾਸਤਾ ਰਾਤ ਨੂੰ ਭੋਜਨ, ਥੋੜ੍ਹਾ ਧਿਆਨ ਕਰੋ… ਹੌਲ਼ੀ-ਹੌਲ਼ੀ ਅੰਤਰ ਆਵੇਗਾ ਤੁਸੀਂ ਦੇਖ ਨਹੀਂ ਰਹੇ, ਪਿਛਲੀਆਂ ਰਾਤਾਂ ਨਾਲੋਂ ਕਿੰਨਾ ਧੀਰਜ ਆ ਗਿਆ ਤੁਹਾਡੇ ‘ਚ…।”
ਤੇ ਭੈਰਵੀ ਅਧਿਕਾਰ ਨਾਲ ਬੋਲੀ, “ਮੈਂ ਤੁਹਾਨੂੰ ਇੰਝ ਨਹੀਂ ਕਰਨ ਦਿਆਂਗੀ, ਚਲੋ ਬਿਰਾਜੋ ਸਵੇਰੇ ਪੂਜਾ ‘ਚ ਜਾਣਾ ਹੈ…।”
ਬਿਨਾਂ ਇਕ ਵੀ ਸ਼ਬਦ ਬੋਲੇ ਓਮੀ ਜੀ ਕੁਟੀਆ ਵਿਚ ਚਲੇ ਗਏ ਤੇ ਭੈਰਵੀ ਸਾਈਂ ਬਾਬਾ ਨੂੰ ਪਰਣਾਮ ਕਰਕੇ ਦੇਵੀ-ਵਾਸ ਵੱਲ।
ਫਿਰ ਨੌਵੀ, ਦੱਸਵੀਂ, ਗਿਆਰਵੀਂ ਤੇ ਬਾਰ੍ਹਵੀਂ ਰਾਤ ਲੰਘ ਗਈ। ਅਭਿਆਸ ਦੀਆਂ ਰਾਤਾਂ.।
ਅਤੇ ਤੇਰ੍ਹਵੀਂ ਰਾਤ। ਤੇਰ੍ਹਵੀਂ ਰਾਤ, ਕੁਝ ਵੱਖਰਾ ਵਾਪਰਿਆ। ਪਹਿਲਾਂ ਪਹਿਲਾਂ ਓਮੀ ਜੀ ਭੈਰਵੀ ਦੇ ਜਿਸਮ ਦੀਆਂ ਗੋਲਾਈਆਂ ਵੇਖ ਮਚਲ ਉੱਠਦੇ, ਫਿਰ ਸਰੀਰਕ ਛੋਹਾਂ ਨਾਲ, ਫਿਰ ਭੈਰਵੀ ਦੇ ਕੋਸੇ ਸਾਹ ਤੇ ਕਾਮ-ਮੱਤੇ ਬੋਲ ਉਨ੍ਹਾਂ ਨੂੰ ਉਤੇਜਨਾ ਨਾਲ ਭਰ ਦਿੰਦੇ ਪਰ ਇਨ੍ਹਾਂ ਰਾਤਾਂ ਵਿਚ ਓਮੀ ਜੀ ਨੇ ਆਪਣਾ ਧਿਆਨ ਮਨ ਨੂੰ ਵੱਸ ‘ਚ ਕਰਨ ਲਈ ਲਾਈ ਰੱਖਿਆ। ਭੈਰਵੀ ਦੇ ਪੋਟਿਆਂ ਤੋਂ ਲੈ ਕੇ ਜੀਭ ਤਕ ਦੇ ਸਾਰੇ ਕਾਰਜ ਨਾਲੋਂ-ਨਲ ਚੱਲਦੇ ਰਹੇ ਅਤੇ ਸਾਧਨਾ ਵੀ। ਓਮੀ ਜੀ ਆਪਣਾ ਧਿਆਨ ਪਵਿੱਤਰਤਾ ‘ਤੇ ਕੇਂਦਰਤ ਕਰਦੇ। ਕਦੇ ਉਹ ਭੈਰਵੀ ਨੂੰ ਮਾਂ ਦੇ ਰੂਪ ਵਿਚ ਚਿਤਵਦੇਂ, ਕਦੇ ਪੂਜਨੀਕ ਦੇਵੀਆਂ ਦੇ। ਉਹ ਉਨ੍ਹਾਂ ਨਾਲ ਲਿਪਟਦੀ ਤਾਂ ਉਹ ਵਿਰੋਧ ਨਾ ਕਰਦੇ। ਸਗੋਂ ਆਪਣੇ-ਆਪ ਨੂੰ ਉਸਦੇ ਹਵਾਲੇ ਕਰ ਦਿੰਦੇ ਅਤੇ ਮਹਿਸੂਸ ਕਰਦੇ ਜਿਵੇਂ ਖ਼ੁਦ ਨੂੰ ਪਵਿੱਤਰ-ਗੰਗਾ ਦੇ ਹਵਾਲੇ ਕਰ ਦਿੱਤਾ ਹੋਵੇ।
ਇਹ ਵਿਧੀ ਸਾਈਂ ਬਾਬਾ ਨੇ ਦੱਸੀ ਸੀ। ਇੰਝ ਕਿੰਨੀਆਂ ਹੀ ਵਿਧੀਆਂ ‘ਚੋਂ ਲੰਘਦਿਆਂ ਉਹ ਮੰਜ਼ਲ ਦੇ ਕਰੀਬ ਪਹੁੰਚਣ ਵਾਲੇ ਨੇ ਤੇ ਅੱਜ ਤੇਰ੍ਹਵੀਂ ਰਾਤ ਹੈ।
ਇਸ ਰਾਤ ਤੋਂ ਇਕ ਦਿਨ ਪਹਿਲਾਂ।
ਸਾਈਂ ਬਾਬਾ ਨੂੰ ਓਮੀ ਜੀ ਅੰਦਰ ਵਾਪਰ ਰਹੇ ਪਰਿਵਰਤਨ ਦਾ ਅਨੁਭਵ ਹੋ ਗਿਆ ਸੀ। ਉਨ੍ਹਾਂ ਕੁਝ ਸਾਧੂਆਂ ਤੇ ਦੇਵੀਆਂ ਨੂੰ ਬੁਲਾ ਕੇ ਰਹੱਸਪੂਰਨ ਅੰਦਾਜ਼ ਵਿਚ ਕਿਹਾ ਸੀ, “ਆਸ਼ਰਮ ਵਿਚ ਕ੍ਰਿਸ਼ਮਾ ਵਾਪਰਨ ਵਾਲਾ ਹੈ। ਓਮੀ ਜੀ ਤੇ ਭੈਰਵੀ ਦੇਵੀ ਇਕ ਪ੍ਰਯੋਗ ਵਿਚ ਲੱਗੇ ਹੋਏ ਨੇ, ਮੇਰੇ ਆਦੇਸ਼ ਉਤੇ। ਪ੍ਰਾਰਥਨਾ ਕਰੋ ਉਹ ਸਫ਼ਲ ਹੋਣ ਤੇ ਇਕ ਵੱਡੇ ਉਤਸਵ ਦੀ ਤਿਆਰੀ ਵੀ। ਤਾਂ ਜੋ ਉਨ੍ਹਾਂ ਦਾ ਸਨਮਾਨ ਕਰ ਸਕੀਏ… । ਪਰ ਉਨ੍ਹਾਂ ਨੂੰ ਨਹੀਂ ਦੱਸਣਾ।”
ਤੇਰ੍ਹਵੀਂ ਰਾਤ ਮੁੱਕ ਰਹੀ ਹੈ ਤੇ ਦਿਨ ਚੜ੍ਹ ਰਿਹਾ ਹੈ। ਭੈਰਵੀ ਦੀਆਂ ਅੱਖਾਂ ’ਚ ਹੰਝੂ ਆ ਗਏ, ਖ਼ੁਸ਼ੀ ਨਾਲ। ਉਸ ਨੇ ਆਪਣਾ ਸਿਰ ਓਮੀ ਜੀ ਦੇ ਚਰਨਾਂ ਉਤੇ ਰੱਖ ਦਿੱਤਾ, “ਧੰਨ ਹੋ ਮੁਨੀਵਰ।”
ਓਮੀ ਜੀ ਵੀ ਖ਼ੁਸ਼ ਨੇ, ਪਰ ਉਨ੍ਹਾਂ ਕਿਹਾ, “ਡਰ ਲੱਗਦਾ ਭੈਰਵੀ, ਇਕ ਰਾਤ ਪਹਿਲਾਂ ਵੀ ਲੰਘ ਚੁੱਕੀ ਹੈ, ਜਿੱਦਣ ਮੈਂ। ਪਰ ਉਸ ਤੋਂ ਅਗਲੀ ਰਾਤ ਫਿਰ ਉਹੀ ਕੁਝ ਹੋਇਆ ਸੀ…।”
“ਇਹ ਉਸ ਤਰ੍ਹਾਂ ਦੀ ਰਾਤ ਨਹੀਂ ਪ੍ਰਭੂ, ਮੈਂ ਜਾਣਦੀ ਹਾਂ, ਅੱਜ ਮੈਨੂੰ ਅਹਿਸਾਸ ਹੁੰਦਾ ਰਿਹਾ ਹੈ ਕਿ ਮੈਂ ਕਿਸੇ ਸਾਧਾਰਨ ਮਨੁੱਖ ਦੇ ਨਾਲ ਨਹੀਂ ਸਗੋਂ ਮਹਾਨ ਤਪੱਸਵੀ ਦੇ ਸੰਗ ਵਿਚ ਹਾਂ, ਜਦੋਂ ਤੁਸੀਂ ਨੇਤਰ ਖੋਲ੍ਹ ਕੇ ਮੇਰੇ ਵੱਲ ਤੱਕਦੇ ਤਾਂ ਮੈਂ ਕੰਬ ਜਾਂਦੀ, ਕਾਮ ਨਾਲ ਨਹੀਂ, ਭੈਅ ਨਾਲ, ਮੁਨੀਵਰ, ਅੱਜ ਮੈਨੂੰ ਆਪ ਦੇ ਨੇਤਰਾਂ ਵਿਚੋਂ ਕਾਮ ਦੇ ਨਹੀਂ ਸ਼ਿਵ ਦੇ ਦਰਸ਼ਨ ਹੁੰਦੇ ਰਹੇ ਨੇ… ।”
“ਫਿਰ ਵੀ ਆਪਾਂ ਕੁਝ ਦਿਨ ਵੇਖਾਂਗੇ।”
“ਜੋ ਆਗਿਆ ਪ੍ਰਭੂ…।” ਭੈਰਵੀ ਨੇ ਪੂਰੀ ਸ਼ਰਧਾ ਨਾਲ ਕਿਹਾ ਹੈ। ਅਜੀਬ ਹਾਲਤ ਹੈ ਉਸਦੀ, ਉਹ ਨਹੀਂ ਜਾਣਦੀ ਕਿ ਰੋਵੇ ਜਾਂ ਹੱਸੇ। ਇਕੋ ਵੇਲੇ- ਬੇਹੱਦ ਖ਼ੁਸ਼ ਵੀ ਹੈ ਉਹ ਤੇ ਉਦਾਸ ਵੀ। ਪਤਾ ਨਹੀਂ ਕਿਉਂ।
ਤਿੰਨ ਦਿਨ ਤੇ ਤਿੰਨ ਰਾਤਾਂ ਹੋਰ ਲੰਘ ਗਈਆਂ। ਭੈਰਵੀ ਨੇ ਸੱਚਮੁਚ ਬਹੁਤ ਜ਼ੋਰ ਲਾਇਆ ਹੈ। ਪਰ ਓਮੀ ਜੀ ਅਡੋਲ ਰਹੇ ਨੇ। ਉਹ, ਉਨ੍ਹਾਂ ਦੇ ਸਰੀਰ ਨਾਲ ਖੇਡਦੀ ਰਹੀ ਹੈ, ਖਿਡਾਉਣੇ ਵਾਂਗੂੰ। ਪਰ ਉਹ ਇੰਝ ਰਹੇ ਜਿਵੇਂ ਕੱਪੜੇ ਦਾ ਗੁੱਡਾ ਹੋਣ, ਕੋਈ ਬਾਵਾ, ਜਿਸ ‘ਚ ਨਾ ਜਾਨ ਹੋਵੇ. ਨਾ ਭਾਵਨਾ ਤੇ ਇਹ ਰਾਤ ਵੀ ਗੁਜ਼ਰ ਗਈ ਹੈ। ਸਤਾਰਵਾਂ ਦਿਨ ਹੈ। ਅੰਮ੍ਰਿਤ ਵੇਲਾ। ਅਜੇ ਉਹ ਦਰਿਆ ਵਾਲੀ ਕੁਟੀਆ ਵਿਚੋਂ ਪਰਤੇ ਨਹੀਂ ਕਿ ਉਨ੍ਹਾਂ ਦੋਵਾਂ ਦੇ ਨਾਵਾਂ ਦੀ ਜੈ ਜੈ ਕਾਰ ਨਾਲ ਅਕਾਸ਼ ਗੂੰਜ ਉਠਿਆ ਹੈ। ਉਹ ਕੁਟੀਆ ‘ਚੋਂ ਬਾਹਰ ਆਏ ਤਾਂ ਕਿੰਨੇ ਹੀ ਹੱਥ ਉਨ੍ਹਾਂ ਉਤੇ ਫੁੱਲਾਂ ਦੀ ਵਰਖਾ ਕਰਨ ਲੱਗੇ। ਉਹ ਹੈਰਾਨ ਖੜ੍ਹੇ ਹਨ ਕਿ ਸਾਈਂ ਬਾਬਾ ਦੋ ਪੁਸ਼ਪ-ਹਾਰ ਫੜੀ ਪਰਗਟ ਹੋਏ, ਸਾਈਂ ਬਾਬਾ ਨੇ ਹਾਰ ਉਨ੍ਹਾਂ ਦੇ ਗਲਾਂ ‘ਚ ਪਾਏ। ਉਨ੍ਹਾਂ ਬਾਬਾ ਦੇ ਚਰਨ ਛੂਹੇ ਤੇ ਸਾਈਂ ਬਾਬਾ ਨੇ ਉਨ੍ਹਾਂ ਨੂੰ ਆਪਣੇ ਸੱਜੇ ਅਤੇ ਖੱਬੇ ਪਾਸੇ ਨਾਲ ਘੁੱਟਦਿਆਂ ਕਿਹਾ, “ਸ਼ਰਧਾਲੂ-ਜਨੋਂ ਇਹ ਦੋ ਪਾਕ ਰੂਹਾਂ ਨੇ ਜਿਨ੍ਹਾਂ ਨੇ ਕਾਮ ਵਰਗੇ ਮਹਾਂਬਲੀ ਨੂੰ ਜਿੱਤਿਆ ਹੈ, ਮੈਂ ਇਨ੍ਹਾਂ ਦੇ ਹਰ ਪਲ ਦਾ ਗਵਾਹ ਹਾਂ ਕਿ ਇਨ੍ਹਾਂ ਕਿਵੇਂ ਇਹ ਬਿਖੜਾ ਮਾਰਗ ਤੈਅ ਕੀਤਾ, ਅਸੀਂ ਪੂਰੇ ਸਤਿਕਾਰ ਨਾਲ ਇਨ੍ਹਾਂ ਨੂੰ ਆਸ਼ਰਮ ਵਿਚ ਲੈ ਜਾਵਾਂਗੇ…।”
ਸ਼ੋਭਾ ਯਾਤਰਾ ਆਸ਼ਰਮ ਵਿਚ ਪਹੁੰਚ ਗਈ ਹੈ। ਭੈਰਵੀ ਨੇ ਸਤਿਕਾਰ ਵਜੋਂ ਓਮੀ ਜੀ ਦੇ ਬਰਾਬਰ ਬੈਠਣ ਤੋਂ ਇਨਕਾਰ ਕਰ ਦਿੱਤਾ ਹੈ। ਸਾਈਂ ਬਾਬਾ ਤੋਂ ਆਗਿਆ ਲੈ ਉਹ ਉਤਸਵ ਦੇ ਪ੍ਰਬੰਧਾਂ ਵਿਚ ਰੁੱਝ ਗਈ ਹੈ। ਨਿਰਮਲ ਜਲ ਵਿਚ ਇਤਰ ਤੇ ਗੁਲਾਬ ਦੀਆਂ ਫੁੱਲ ਪੱਤੀਆਂ ਮਿਲਾ ਕੇ ਓਮੀ ਜੀ ਨੂੰ ਇਸ਼ਨਾਨ ਕਰਵਾਇਆ ਗਿਆ। ਕਈ ਤਰ੍ਹਾਂ ਦੇ ਮੇਵੇ ਪਿਸ਼ਤੇ ਬਦਾਮਾਂ ਵਾਲਾ ਦੁੱਧ ਛਕਾਇਆ ਗਿਆ। ਸ਼ਾਨਦਾਰ ਮੰਚ ਉਪਰ ਸਜਾਏ ਗਏ ਸਿੰਘਾਸਨ ‘ਤੇ ਸ਼ਸ਼ੋਭਿਤ ਹਨ ਓਮੀ ਜੀ, ਹਰ ਕੋਈ ਗੁਣਗਾਨ ਕਰ ਰਿਹਾ ਹੈ। ਉਨ੍ਹਾਂ ਦੇ ਨਾਲ ਆਸ਼ਰਮ ਦੀ ਉਸਤਤ ਵੀ ਹੋ ਰਹੀ ਹੈ। ਸ਼ਰਧਾਲੂ ਉਨ੍ਹਾਂ ਦੇ ਸਿਰੋਂ ਦੌਲਤ ਵਾਰ ਰਹੇ ਹਨ। ਦੌਲਤ ਦਾ ਇਕ ਢੇਰ ਉਨ੍ਹਾਂ ਦੇ ਚਰਨਾਂ ਵਿਚ ਵੀ ਹੈ।
ਇਹ ਸਭ ਕਾਸੇ ਨੂੰ ਦੇਖ ਸਾਈਂ ਬਾਬਾ ਦੇ ਚੇਤੇ ਵਿਚ ਅਚਾਨਕ ਓਮੀ ਜੀ ਦੇ ਵਿਚਾਰ ਲੰਘ ਜਾਂਦੇ ਹਨ। ਮੈਂ ਔਰਤ, ਦੌਲਤ ਤੇ ਸ਼ੌਹਰਤ ਤੋਂ ਦੂਰ ਰਹਾਂਗਾ। ਉਨ੍ਹਾਂ ਦੀ ਮੁਸਕਰਾਹਟ ਡੂੰਘੀ ਹੋ ਜਾਂਦੀ ਹੈ ਤੇ ਰਹੱਸਪੂਰਨ ਵੀ। ਉਹ ਹੌਲ਼ੀ ਦੇਣੇ ਉਚਾਰਦੇ ਨੇ, “ਸਭ ਮਾਇਆ ਹੈ।” ਉਦੋਂ ਹੀ ਸੁਣਿਆ ਭੈਰਵੀ ਕਿਸੇ ਨੂੰ ਕਹਿ ਰਹੀ ਹੈ, “ਸਭ ਸਾਈਂ ਬਾਬਾ ਦੀ ਕਿਰਪਾ ਹੈ।” ਉਹ ਅਸਹਿਜ ਹੋ ਜਾਂਦੇ ਹਨ, ਉਨ੍ਹਾਂ ਨੂੰ ਸਦਾ ਲੱਗਦੈ ਕਿ ਭੈਰਵੀ ਉਨ੍ਹਾਂ ਦੇ ਮਨ ਦੀ ਗੱਲ ਪੜ੍ਹ ਲੈਂਦੀ ਹੈ ਹੋਰ ਕੋਈ ਨਹੀਂ, ਓਮੀ ਜੀ ਵੀ ਨਹੀਂ, ਫਿਰ ਉਹ ਸੋਚਦੇ ਨੇ ਉਨ੍ਹਾਂ ਵਿਚ ਪੜ੍ਹਨ ਵਾਲਾ ਹੈ ਵੀ ਕੀ? ਆਸ਼ਰਮ ਦੇ ਸਭ ਤੋਂ ਸਰਲ ਤੇ ਸਿੱਧੇ ਸਾਧੂ ਮੰਨੇ ਜਾਂਦੇ ਨੇ ਉਹ। ਪਰ ਫਿਰ ਆਪ ਹੀ ਸੋਚ ਜਾਂਦੇ ਨੇ ਕਿਤੇ ਇੰਝ ਤਾਂ ਨਹੀਂ ਕਿ ਸਭ ਤੋਂ ਸਰਲ ਮਨੁੱਖ ਹੀ ਸਭ ਤੋਂ ਗੁੰਝਲਦਾਰ ਹੁੰਦਾ ਹੋਵੇ। ਸ਼ਾਇਦ ਇੰਝ ਹੀ ਹੋਵੇ।
“ਹਾਂ ਇੰਝ ਹੀ ਹੋਵੇਗਾ।” ਭੈਰਵੀ ਨੇ ਕਿਹਾ ਹੈ ਤਾਂ ਸਕਪਕਾ ਗਏ ਨੇ ਉਹ।
“ਕੀ! ਕੀ ਕਿਹਾ ਤੂੰ ਭੈਰਵੀ…?”
“ਦੇਖੋ ਪ੍ਰਭੂ ਸਭ ਲੋਕ ਓਮੀ ਜੀ ਦੀ ਚਰਨਾਮਤ ਚਾਹੁੰਦੇ ਨੇ, ਹੁਣ ਇਹ ਤਾਂ ਸੰਭਵ ਨਹੀਂ ਕਿ ਸਾਰੇ ਉਨ੍ਹਾਂ ਦੇ ਚਰਨ ਧੋਣ, ਮੈਂ ਪ੍ਰਬੰਧ ਕਰ ਲਿਐ, ਚਾਂਦੀ ਦੇ ਬਰਤਨ ਦਾ ਤੇ ਪੰਜ ਕੰਨਿਆਵਾਂ ਦਾ ਵੀ…।”
“ਤਾਂ ਫਿਰ…?” ਸਾਈਂ ਬਾਬਾ ਸਹਿਜ ਹੋ ਗਏ ਨੇ।
“ਕੁਝ ਦੇਵੀਆਂ ਤੇ ਸਾਧੂ ਕਹਿੰਦੇ ਨੇ ਕਿ ਕੰਜਕਾਂ ਦੀ ਉਮਰ ਵੱਡੀ ਹੈ… ਪਰ ਮੈਂ ਕਿਹਾ ਕਿ ਉਹ ਕੰਜਕਾਂ ਨਹੀਂ… ਕੁਆਰੀਆਂ ਕੰਨਿਆਵਾਂ ਹਨ, ਕੰਜਕਾਂ ਤੋਂ ਅਸੀਂ ਚਰਨੀਂ ਹੱਥ ਨਹੀਂ ਲਵਾਉਂਦੇ । ਪਰ ਇਹ ਕੰਨਿਆਵਾਂ ਮੁਨੀ ਜੀ ਦੇ ਚਰਨ पेटगीभा…।”
“ਠੀਕ ਐ ਜਿਵੇਂ ਤੂੰ ਕੀਤਾ…।” ਸਾਈਂ ਬਾਬਾ ਕੁਝ ਕਾਹਲੇ ਪੈ ਗਏ ਨੇ, ਇਹ ਸਾਰਾ ਕੁਝ ਜਲਦੀ ਸਮੇਟਣ ਲਈ।
ਪਵਿੱਤਰ ਜਲ ਆ ਗਿਆ ਹੈ, ਚਾਂਦੀ ਦਾ ਬਰਤਨ ਵੀ। ਬੜੇ ਸਲੀਕੇ ਨਾਲ ਸਜੀਆਂ ਸੰਵਰੀਆਂ ਪੰਜ ਕੁਆਰੀਆਂ ਕੰਨਿਆਵਾਂ ਨੇ ਸਾਰਾ ਕੁਝ ਸੰਭਾਲਿਆ ਹੋਇਆ ਹੈ, ਸਜੀਆਂ ਹੋਈਆਂ ਕੰਨਿਆਵਾਂ ਨੂੰ ਵੇਖ ਇਕ ਵਾਰੀ ਸਾਈਂ ਬਾਬਾ ਵੀ ਬਕੇ ਨੇ। ਉਨ੍ਹਾਂ ਗਹੁ ਨਾਲ ਭੈਰਵੀ ਵੱਲ ਦੇਖਿਆ ਹੈ, ਉਨ੍ਹਾਂ ਦੀ ਮੁਸਕਰਾਹਟ ਹੋਰ ਗੂੜ੍ਹੀ ਹੋ ਗਈ ਹੈ। ਦੋ ਕੰਨਿਆਵਾਂ ਨੇ ਬੜੀ ਨਜ਼ਾਕਤ ਨਾਲ ਓਮੀ ਜੀ ਦੇ ਦੋਵਾਂ ਚਰਨਾਂ ਨੂੰ ਫੜ੍ਹਿਆ ਹੈ। ਇਕ ਨੇ ਬੜੀ ਇੱਜ਼ਤ ਨਾਲ ਥੱਲੇ ਚਾਂਦੀ ਦਾ ਬਰਤਨ ਰੱਖਿਆ ਹੈ। ਓਮੀ ਜੀ ਬੜੇ ਹੁਲਾਸ ਵਿਚ ਨੇ, ਉਨ੍ਹਾਂ ਦੇ ਨਾਂ ਦੇ ਭਜਨ ਗਾਏ ਜਾ ਰਹੇ ਨੇ। ਲੱਗਦਾ ਜਿਵੇਂ ਉਹ ਸਵਰਗ ‘ਚ ਆ ਗਏ ਹੋਣ। ਸਾਰੇ ਪ੍ਰਬੰਧ ਨੂੰ ਭੱਜ ਭੱਜ ਸਿਰੇ ਚੜ੍ਹਾ ਰਹੀ ਭੈਰਵੀ ਵੱਲ ਬੜੇ ਪਿਆਰ ਨਾਲ ਤੱਕਦੇ ਨੇ। ਕੰਨਿਆਵਾਂ ਦਾ ਸਲੀਕਾ ਵੇਖ ਉਹ ਸਮਝ ਗਏ ਨੇ ਕਿ ਭੈਰਵੀ ਨੇ ਸਿਖਾਇਆ ਇਨ੍ਹਾਂ ਨੂੰ ਸਾਰਾ ਕੁਝ। ਨਿਰਮਲ ਜਲ ਬੜੀ ਨਰਮੀ ਨਾਲ ਉਨ੍ਹਾਂ ਦੇ ਚਰਨਾਂ ‘ਤੇ ਪੈ ਰਿਹਾ ਹੈ, ਓਦੂੰ ਵੀ ਨਰਮੀ ਨਾਲ ਦੋ ਕੰਨਿਆਵਾਂ ਉਨ੍ਹਾਂ ਦੇ ਚਰਨ ਪਲੋਸ-ਪਲੋਸ ਕੇ ਧੋ ਰਹੀਆਂ ਹਨ, ਅਚਾਨਕ ਮੁਨੀਵਰ ਦੀ ਨਜ਼ਰ ਥੱਲੇ ਚਲੀ ਜਾਂਦੀ ਹੈ, ਝੁਕ ਕੇ ਚਰਨ ਧੋ ਰਹੀਆਂ ਕੁਆਰੀਆਂ ਕੰਨਿਆਵਾਂ ਦੇ ਖੁੱਲ੍ਹੇ ਗਲਮਿਆਂ ਅੰਦਰ।
ਉਫ਼! ਇਹ ਕੀ ਹੋ ਰਿਹਾ? ਕਾਮ ਵਰਗੇ ਮਹਾਂਬਲੀ ਨੂੰ ਵਸ ‘ਚ ਕਰ ਲੈਣ ਵਾਲੇ ਮੁਨੀ ਦੇ ਜਯਘੋਸ਼ ਹੋ ਰਹੇ ਨੇ। ਪਰ ਉਨ੍ਹਾਂ ਦੇ ਮਨ ‘ਚ ਕੀ ਹੋਣ ਲੱਗਾ ਹੈ… ਮਨ ‘ਚ ਕੇਹਾ ਜਵਾਰ ਭਾਟਾ ਉਠ ਖੜ੍ਹਾ ਹੈ… ਉਹ ਕਦੇ ਥੱਲੇ ਵੇਂਹਦੇ ਹਨ ਕਦੇ ਸੂਰਜ ਵੱਲ…। ਮਨ ਵਿਚਲਾ ਜਵਾਰ ਭਾਟਾ ਤਨ ਵਿਚ ਭਰਦਾ ਜਾ ਰਿਹੈ। ਬੇਹੱਦ ਉਤੇਜਿਤ ਹੋ ਉਠੇ ਹਨ ਉਹ… ਏਨੇ ਉਤੇਜਿਤ ਕਿ ਉਨ੍ਹਾਂ ਦੀ ਉਤੇਜਨਾ ਨਾਲ ਭੈਰਵੀ ਪ੍ਰੇਸ਼ਾਨ ਹੋ ਗਈ ਹੈ ਤੇ ਸ਼ਾਇਦ ਸਾਈਂ ਬਾਬਾ ਵੀ…।
ਸਾਈਂ ਬਾਬਾ ਨੇ ਭੈਰਵੀ ਵੱਲ ਤੱਕਿਆ ਹੈ. ਅਰਥ ਪੂਰਨ ਤੱਕਣੀ… ਜਿਵੇਂ ਕਹਿ ਰਹੇ ਹੋਣ, “ਏਹਨਾਂ ਕੰਨਿਆਂ ਦੀ ਚੋਣ ਤੂੰ ਕਿਉਂ ਕੀਤੀ ਭੈਰਵੀ…?”
ਭੈਰਵੀ ਝੇਪ ਰਹੀ ਹੈ, ਕਾਹਲੀ ਨਾਲ ਕਹਿ ਰਹੀ ਹੈ, “ਸੂਰਜ ਪ੍ਰੇਸ਼ਾਨ ਕਰ ਰਿਹੈ ਮੁਨੀਵਰ ਨੂੰ ਨੇਤਰਾਂ ‘ਚ ਲਿਸ਼ਕੋਰ ਪੈ ਰਹੀ ਹੈ…।”
ਸਾਈਂ ਬਾਬਾ ਸਿਰ ਹਿਲਾਉਂਦੇ ਆਖ ਰਹੇ ਨੇ, “ਹਾਂ… ਹਾਂ!.. ਸੂਰਜ… ਓਮੀ ਜੀ ਦੇਖ ਰਹੇ ਨੇ ਕਿ ਸੂਰਜ ਕਦੋਂ ਛਿਪੇਗਾ…?”
ਚੰਦਰੀ
ਸੱਚ ਆਹਨਾਂ ਭਾਊ, ਮਾਰਨਾ ਤੇ ਮੈਂ ਆਪਣੀ ਮਾਂ ਨੂੰ ਸੀ ਤੇ ਮਰ ਗਈ ਮੇਰੇ ਹੱਥੋਂ ਮੇਰੇ ਘਰ ਦੀ, ਚੰਦਰੀ…।
ਕੀ ਆਖਿਆ ਈ, ਸੱਚ ਆਖਾਂ, ਤਾਂ ਕੋਈ ਕਸਮ ਪਵਾ ਲਓ, ਤਿਆਡੀ ਜਿਵੇਂ ਤਸੱਲੀ ਹੋਵੇ ਕਰ ਲਓ, ਮੈਂ ਤੇ ਸਾਰੀ ਸੱਚੀ ਕਰਾਂਗਾ, ਮੈਂ ਨਹੀਂ ਕਿਸੇ ਦਾ ਲ੍ਹਿਆਜ ਕਰਨ ਲੱਗਾ, ਨਾ ਮਾਂ ਦਾ ਨਾ ਪਿਉ ਦਾ…।
ਲੋਕ ਭਾਊ, ਜਿਵੇਂ ਆਂਹਦੇ ਨੇ ਆਪਣੀ ਲੁਕਾ ਲੈਂਦੇ ਨੇ, ਆਪਣੀ ਮਾੜੀ ਕੋਈ ਨਹੀਂ ਕਰਦਾ, ਪਰ ਕਸਮ ਏ ਭਾਊ ਹੁਣ ਕਸਮੀ ਕੇਹਦੀ ਖਾਵਾਂ, ਮੇਰਾ ਤੇ ਕੋਈ ਹੋਇਆ ਈ ਨਾ, ਨਾ ਰੱਬ ਨਾ ਸਾਕ। ਚਲੋ ਕਸਮ ਚੰਦਰੀ ਦੀ… ਥੋੜ੍ਹਾ ਚਿਰ ਈ ਸਈ, ਚੰਦਰੀ ਮੇਰੀ ਹੋਈ ਸੀ, ਉਦੋਂ ਉਹ ਮੇਰਾ ਰੱਬ ਹੁੰਦੀ ਸੀ ਭਾਊ, ਓਸੇ ਦੀ ਕਸਮ… ਓਤਰਾਂ ਕਸਮਾਂ ਨਾਲ ਕਿਹੜਾ ਸੱਚ ਬੋਲਿਆ ਜਾਂਦਾ ਜਿਵੇਂ ਆਂਹਦੇ ਨੇ… ਚੋਰਾਂ ਯਾਰਾਂ ਆਸ਼ਕਾਂ ਕਸਮਾਂ ਨਾਲ ਵਿਹਾਰ ਪਰ ਮੈਂ ਭਾਊ ਜਿੰਨੀ ਕਰਾਂਗਾ ਸੱਚੀ ਕਰਾਂਗਾ ਤੇ ਇਹ ਸੱਚ ਵੇ ਭਾਊ ਕਿ ਮਾਰਨਾ ਤੇ ਮੈਂ ਆਪਣੀ ਮਾਂ ਨੂੰ ਸੀ ਤੇ ਮਰ ਗਈ ਮੇਰੇ ਹੱਥੋਂ ਮੇਰੇ ਨਾਲ ਦੀ, ਚੰਦਰੀ…।…
ਵੇਖੋ ਏਤਰਾਂ ਨਹੀਂ, ਜੇ ਸੁਣਨੀ ਏ ਤੇ ਬਹਿ ਕੇ ਸੁਣੋ, ਮੈਂ ਤੇ ਅੱਗੇ ਈ ਨਹੀਂ ਕੂੰਦਾ ਕਿਸੇ ਨਾਲ, ਹੁਣ ਤਕ ਜੋ ਤੁਸਾਂ ਚੰਗਾ ਮੰਦਾ ਆਖਿਆ ਸੁਣਦਾ ਰਿਹਾਂ…। ਅੱਜ ਆਪ ਈ ਤੁਸਾਂ ਆਖਿਆ, ‘ਹੱਡ ਬੀਤੀ’ ਕਹਾਂ, ਹੁਣ ਇਉਂ ਵਿਚੋਂ ਉਠਕੇ ਜਾਣਾ ਤੇ ਗੱਲਾਂ ਕਰਨੀਆਂ ਇਹ ਨਹੀਂ ਠੀਕ ਭਾਊ, ਸੁਣਨੀ ਏ ਤੇ ਬਹਿ ਕੇ ਸੁਣੋ, ਨਿੱਠਕੇ, ਸਵਾਰੇ ਹੋ ਕੇ… ਹਾਂਅ।
ਤੇ ਭਾਊ, ਜਿੰਨੇ ਫੱਟ ਮੇਰੀ ਮਾਂ ਨੇ ਮੈਨੂੰ ਦਿੱਤੇ ਸੀ ਨੇ, ਭਰ ਜਾਂਦੇ ਖੌਰੇ, ਜੇ ਚੰਦਰੀ ਜਿੰਦਲ ਨਾ ਹੁੰਦੀ ਤੇ ਇਕ ਝੂਠ ਮਾਰਨ ਦੀ ਉਹਦੀ ਆਦਤ ਨਾ ਹੁੰਦੀ, ਝੂਠ ਤੇ ਭਾਊ ਚੰਦਰੀ ਉਹ ਮਾਰਦੀ ਸੀ ਜਿਹਦਾ ਜਵਾਬ ਨਹੀਂ ਸੀ… ਹੱਥਾਂ ‘ਤੇ ਸਰ੍ਹੋਂ ਜਮਾ ਦਿੰਦੀ… ਉਹ ਆਂਹਦੇ ਨੇ ਨਾ ਚਿੱਟਾ, ਝੂਠ ਚਿੱਟਾ ਝੂਠ ਮਾਰਦਿਆਂ ਮੈਂ ਉਹਨੂੰ ਈ ਤੱਕਿਆ ਤੇ ਝੂਠ ਮਾਰਕੇ ਉਹਦੇ ਉਤੇ ਅੜਨਾ ਵੀ ਉਹਨੂੰ ਈ ਆਉਂਦਾ ਸੀ…। ਭਾਊ ਜੇ ਕਿਧਰੇ ਉਹਨੇ ਆਖ ਦਿੱਤਾ ਨਾ ਕਿ ਮੱਝ ਦਾ ਦੁੱਧ ਕਾਲਾ ਏ, ਫਿਰ ਭਾਵੇਂ ਵੱਢੀ ਜਾਂਦੀ, ਉਹ ਕਾਲਾ ਈ ਰਹਿੰਦਾ ਭਾਊ ਚਿੱਟਾ ਨਾ ਹੁੰਦਾ…। ਢੀਠ ਏਡੀ ਕਿ ਮੈਂ ਕੁੱਟਦਾ-ਕੁੱਟਦਾ ਥੱਕ ਜਾਂਦਾ… ਤੇ ਰੋਣ ਲੱਗ ਪੈਂਦਾ… ਉਹ ਉੱਠ ਕੇ ਐਂਜ ਕੱਪੜੇ ਝਾੜਦੀ ਜਿਵੇਂ ਤਿਲਕ ਕੇ ਡਿੱਗੀ ਹੋਵੇ, ਪਾਣੀ ਦਾ ਗਲਾਸ ਭਰਦੀ ਤੇ ਮੇਰੇ ਮੂੰਹ ਨੂੰ ਲਾ ਦਿੰਦੀ… ਬਈ ਭਾਊ ਉਹ ਮਰਦੀ ਮਰ ਗਈ ਪਰ ਨਾ ਤਾਂ ਉਹਦੀ ਖਲੜੀ ‘ਚ ਡਰ ਆਇਆ ਰਤਾ ਤੇ ਨਾ ਉਹਨੇ ਝੂਠ ਮਾਰਨਾ ਛੱਡਿਆ…।
ਜ਼ਿੱਦ ਦੀ ਤੇ ਮੇਰੀ ਮਾਂ ਵੀ ਬੜੀ ਪੱਕੀ ਸੀ…। ਏਹਨਾਂ ਦੂੰਹ ਜ਼ਨਾਨੀਆਂ ਨੇ ਜਿੰਨਾ ਮੈਨੂੰ ਸੱਲਿਆ ਨਾ…, ਹੈਂ ਭਾਊ? ਆਹੋ, ਨੁਕਸ ਤੇ ਕੋਈ ਮੇਰੇ ‘ਚ ਵੀ ਹੋਵੇਗਾ, ਹੋਵੇਗਾ ਈ ਭਾਊ ਜਿਹੜੀ ਉਨ੍ਹਾਂ ਦੂਆਂ ਨੇ ਤੇ ਕਈ ਹੋਰਨਾਂ ਵੀ ਮੇਰੇ ‘ਤੇ ਕਾਠੀ ਪਾਈ ਰੱਖੀ ਏ…। ਏਥੇ ਜੇਲ੍ਹ ਵਿਚ ਈ ਵੇਖ ਲਓ…, ਹੈਂ… ਚੰਗਾ ਭਾਊ, ਨਹੀਂ ਕਰਦਾ, ਜੇਹਲ ਦੀ ਕੋਈ ਗੱਲ ਨਹੀਂ ਕਰਦਾ…।
ਹਾਅ ਜਿਹੜੀ ਗੱਲ ਕਰਕੇ ਮੇਰੀ ਮਾਂ ਨੇ ਮੈਨੂੰ ਤੰਦੂਰੇ ਤਾਈ ਰੱਖਿਆ ਸਾਰੀ ਉਮਰ, ਉਹਦਾ ਤੇ ਮੈਨੂੰ ਪਤਾਅ…। ਉਹ ਆਂਹਦੇ ਹੁੰਦੇ ਆ ਨਾ ਕਿ ਕੱਟਣ ਨੂੰ ਤੇ ਬੰਦਾ ਮਾਂ ਦੇ ਯਾਰ ਨਾਲ ਵੀ ਕੱਟ ਲੈਂਦਾ ਬਸ ਭਾਊ ਮੇਰੇ ਕੋਲੋਂ ਏਹੀਓ ਨਹੀਂ ਹੋਇਆ…। ਉਂਜ ਖੌਰੇ ਮੈਂ ਤੇ ਕੱਟ ਈ ਲੈਂਦਾ, ਜਿਵੇਂ ਆਂਹਦੇ ਨੇ, ਉਹ ਮੇਰਾ ਚਾਚਾ ਏ ਨਾ… ਓਹੀਓ, ਜਿਹਨੇ ਗਵਾਹੀ ਦੇਣੀ ਸੂ, ਉਹ ਮੇਰੇ ਹੱਡ ’ਤੇ ਲਾਉਂਦਾ ਰਹਿੰਦਾ…, “ਮਾਂ ਜਾਵਿਆ ਮਰ ਕਿਉਂ ਨਹੀਂ ਜਾਂਦਾ, ਸ਼ਰਮ ਨਹੀਂ ਆਉਂਦੀ ਗੱਬੂ ਗੋਛੇ ਖਾਂਦੇ ਨੂੰ, ਜਿੱਤਰਾਂ ਪਿਉ ਆਲੇ ਹੋਣ ਮੇਰਾ ਤੇ ਵੱਸ ਨਈਂ ਚਲਦਾ ਪੁੱਤਰਾ, ਨਹੀਂ ਤੇ ਇਹਨਾਂ ਸਰਦਾਰਾਂ ਦੀ ਤੇ ਤੇਰੀ ਮਾਂ ਦੀ ।” ਚਾਚਾ ਆਂਹਦਾ ਰਹਿੰਦਾ, “ਉਂਜ ਤੇ ਇਹ ਸਰਦਾਰ ਸਾਡੇ ਜੱਟਾਂ ਦੀ ਵੱਢੀ ਉਂਗਲ ’ਤੇ ਨਹੀਂ ਮੂਤਰਦੇ ਤੇ ਤਿਆਡੇ ਘਰ ਰੋਜ਼ ਗੱਟਾ ਗੱਬੂ ਗੋਛਿਆਂ ਦਾ ਆ ਜਾਂਦੈ…।”
ਹੈਂ ਜੀ…? ਪਿਉ ਮੇਰਾ? ਪਿਉ ਮੇਰਾ ਤੇ ਭਾਊ ਸਾਧ ਏ… ਉਹਦਾ ਕੀ ਆ, ਜਿਆ ਹੋਇਆ ਤਿਆ ਨਾ ਹੋਇਆ…। ਮੈਨੂੰ ਵੀ ਪਹਿਲਾਂ ਆਂਹਦੇ ਸਨ ਕਿ ਮੇਰਾ ਸੁਭਾਅ ਵੀ ਪਿਉ ‘ਤੇ ਗਿਆ ਏ… ਸਾਧੂ ਸੁਭਾਅ… ਜਮਾਂ ਠੰਢਾ… ਉੱਕਾ ਧੀਰਾ… ਜਿਵੇਂ ਆਂਹਦੇ ਨੇ ਅੱਖੀਂ ਵੇਖਕੇ ਮੱਖੀ ਖਾ ਜਾਣ ਵਾਲਾ… ਤੇ ਮਾਂ ਮੇਰੀ …? …
ਨਹੀਂ ਚੁੱਪ ਕੀ ਕਰਨਾ ਭਾਊ… ਸੋਚਨਾਂ ਮਾਂ ਦੀ ਗੱਲ ਨਾ ਈ ਕਰੀਏ, ਫੇਰ ਵੀ ਜਿਵੇਂ ਆਂਹਦੇ ਨੇ ‘ਜਰਮ’ ਦਿੱਤਾ ਏ ਓਸ…, ਗਿੱਲਿਓਂ ਸੁੱਕੇ ਕਰਦੀ ਰਹੀ ਆ… ਉਂਜ ਭਾਵੇਂ ਚਾਚਾ ਤੇ ਇਹ ਗਿੱਲਿਓਂ ਸੁੱਕੇ ਨੂੰ ਵੀ ਪਾਖੰਡ ਈ ਆਂਹਦਾ ਸੀ…, ਆਂਹਦਾ ਸੀ, “ਗਿੱਲੇ ਥਾਂ ਪਿਆ ਬਾਲ ਰੋਂਦਾ ਰਹਿੰਦਾ ਤੇ ਮਾਂ ਆਵਾਜਾਰ ਰਹਿੰਦੀ ਏ, ਸੁੱਕੇ ਥਾਂ ਅੰਜਾਣਾ ਸੌਂ ਜਾਂਦਾ ਏ ਤੇ ਖ਼ੁਦ ਵੀ ਸੁੱਤੀ ਰਹਿੰਦੀ ਏ ਰਮਾਨ ਨਾਲ…।”
ਚਲੋ ਚਾਚਾ ਤੇ ਦੁਖੀ ਬੰਦਾ, ਉਹਦਾ ਕੀ ਆ, ਛੜਾ ਛੜਾਂਗ, ਨਾ ਕਬੀਲਦਾਰੀ ਪਈ ਨਾ ਪਤਾ ਲੱਗਾ…। ਨਿੱਕੇ ਹੁੰਦਿਆਂ ਕਿਸੇ ਬਿਮਾਰੀ ਦੇ ਟੈਂਕ ਨਾਲ ਉਹਦੀ ਸੱਜੀ ਬਾਂਹ ਸੁੱਕ ਕੇ ਪਤਲੀ ਪੈ ਗਈ, ਸੱਜੀ ਅੱਖ ਵੀ ਸੁੰਗੜ ਗਈ ਤੇ ਹੁਣ ਚਾਚਾ ਜਦੋਂ ਗੱਲ ਕਰਦਾ ਤਾਂ ਅੱਖ ਮੀਟੀ ਜਾਪਦੀ ਏ, ਉਹਤੀ ਲੱਤ ਬਚ ਗਈ, ਨਹੀਂ ਤੇ ਲੋਕਾਂ ਉਹਦਾ ਨਾਂ ਕੈਦੋਂ ਧਰ ਲੈਣਾ ਸੀ… ਪਰ ਹੁਣ ਲੋਕ ਆਂਹਦੇ ਨੇ ਕਿ ਉਹਦੀ ਇਕ ਰਗ ਹੋਰਾਂ ਨਾਲੋਂ ਵਾਧੂ ਏ, ਏਸ ਕਰਕੇ ਉਹਦੀ ਪਿੱਠ ਪਿੱਛੇ ਲੋਕ ਉਹਨੂੰ ‘ਛਟੱਲੀ’ ਆਂਹਦੇ ਨੇ… ਤੇ ਆਂਹਦੇ ਨੇ ਉਹ ਬੜਾ ਖ਼ਤਰਨਾਕ ਛਟੱਲੀ ਏ… ਲਾਉਣੀਆਂ ਬੁਝਾਉਣੀਆਂ ਕਰਨ ਵਾਲਾ. ਜੀ ‘ਚ ਆਵੇ ਤੇ ਕੁਆਰੀਆਂ ਕੁੱਛੜ ਮੁੰਡੇ ਚੁਕਾ ਦੇਵੇ…। ਉਹ ਤੇ ਭਾਊ ਮੇਰੀ ਮਾਂ ਬਾਰੇ ਵੀ ਬਥੇਰਾ ਕੁਝ ਆਂਹਦਾ ਸੀ, ਪਰ ਮੈਂ ਆਹਨਾਂ ਮਾਂ ਦੀ ਗੱਲ ਨਾ ਕਰੀਏ, ਉਂਜ ਵੀ ਭਾਊ, ਕੀ ਆਖੇ ਬੰਦਾ ਕਿ ਮੇਰੀ ਮਾਂ ਚੰਗੀ ਨਹੀਂ ਸੀ… । ਨਾਲੇ ਸੋਚਨਾ ਵਾਂ ਨਿੱਕੀਆਂ-ਨਿੱਕੀਆਂ ਕੀ ਕਰਨੀਆਂ ਹੋਈਆਂ… *
ਹੈਂ ਭਾਊ? ਹਾਅ ਤੇ ਖਰੀ ਆਖੀ ਊ, ਏਂਹਨਾਂ ਨਿੱਕੀਆਂ ਗੱਲਾਂ ਤੋਂ ਈ ਵੱਡੇ ਪੁਆੜੇ ਪੈਂਦੇ ਨੇ, ਤੇ ਜਿਵੇਂ ਆਂਹਦੇ ਨੇ ਘਰ ਵੀ ਇਨ੍ਹਾਂ ਨਿੱਕੀਆਂ ਗੱਲਾਂ ਨਾਲਈ ਬੱਝਦਾ …
ਆਹੋ ਭਾਊ ਗੱਲ ਵੀ ਦੱਸਣੀ ਹੋਈ ਤੇ ਗੱਲ ਇਹ ਵੇ ਭਾਊ ਸਾਡਾ ਘਰ ਕਦੇ ਨਾ ਬੱਝਾ, ਘਰ ਏਤਰਾਂ ਸੀ ਸਾਡਾ ਜਿਵੇਂ ਸੁਆਣੀ ਕੋਈ ਹੋਵੇ ਈ ਨਾ…। ਮਾਂ ਮੇਰੀ ਭੜੋਲੀ ਵਿਚੋਂ ਆਟਾ ਮੁੱਕ ਜਾਣ ਪਿਛੋਂ ਪੀਣ ਛੱਟਣ ਬੈਂਹਦੀ, ਕਈ ਵਾਰ ਪੀਣ ਛੱਟਦੀ-ਛੱਟਦੀ ਵਿਚੇ ਛੱਡ ਕਿਸੇ ਨਾਲ ਮੁਕਾਣੇ ਟੁਰ ਜਾਂਦੀ ਜਾਂ ਕਿਸੇ ਦਾ ਅੰਜਾਣਾ ਜਮਾਉਣ। ਓਤਰਾਂ ਅੰਜਾਣਾ ਵੀ ਓਸ ਕੀ ਜਮਾਉਣਾ ਸੀ ਭਾਊ, ਉਹ ਤਾਂ ਅੰਜਾਣੇ ਵਾਲੇ ਘਰ ਅੱਪੜਣ ਤੋਂ ਪਹਿਲਾਂ ਦਸ ਘਰ ਭਉਂਦੀ, ਅਖੇ, “ਮੈਂ ਤੇ ਭੈਣਾਂ ਪੀਣ ਛੱਟਣ ਡਹੀ ਸਾਂ, ਆਹ ਗਿੱਲਾਂ ਵਾਲਿਆਂ ਸੁਨਾਹ ਘਲਾਇਓ ਨੇ, ਉਨ੍ਹਾਂ ਦੀ ਨਿੱਕੀ ਵਹੁਟੀ ਘਰ ਬਾਲ ਬੱਚਾ ਹੋਂਦਾ ਪਿਆ ਏ, ਓਧਰ ਚਲੀ ਆਂ।” ਤੇ ਦੱਸਦੇ ਨੇ ਕਿ ਜਦੋਂ ਉਹ ਅਗਲਿਆਂ ਘਰ ਅੱਪੜਦੀ ਬਾਲ ਮੰਜੀ ਦੀ ਹੀਅ ਫੜਕੇ ਤੁਰਨ ਲੱਗ ਪਿਆ ਹੁੰਦਾ…।
ਦਿਨ ਤਿਹਾਰ ‘ਤੇ ਸਾਡੇ ਘਰ ਨਵਾਂ ਭਾਂਡਾ ਜ਼ਰੂਰ ਆਉਂਦਾ ਪਰ ਕਿਸੇ ਆਏ ਗਏ ਤੋਂ ਚਮਚੇ ਕੌਲੀਆਂ ਅਸੀਂ ਸਰਦਾਰਾਂ ਘਰੋਂ ਈ ਮੰਗ ਖੜਦੇ। ਇਕ ਪਤੀਲਾ ਸੀ ਭਾਊ ਪਿੱਤਲ ਦਾ, ਕਾਲੇ ਥੱਲੇ ਵਾਲਾ, ਉਹ ਸੜ ਸੜ ਕੇ ਉਦੋਂ ਹੀ ਖਹਿੜਾ ਛੁਡਾ ਸਕਿਆ ਜਦੋਂ ਇਕ ਰਾਤ ਮਾਂ, ਬਾਪੂ ਨਾਲ ਲੜ ਕੇ ਸੁੱਤੀ ਸੀ ਤੇ ਦੁਖੀ ਹੋਏ ਬਾਪੂ ਨੇ ਭਾਂਡੇ ਬਿਨਾਂ ਮਾਂਜਿਓਂ ਸਰ੍ਹਾਣੇ ਰੱਖ ਦਿੱਤੇ ਸਾ ਨੇ। ਦੁੱਧ ਵਾਲੇ ਪਤੀਲੇ ਨੂੰ ਕੁੱਤਾ ਮੂੰਹ ਨਾ ਪਾਵੇ ਮੂਧਾ ਮਾਰ ਦਿੱਤਾ ਸੀ…। ਅੱਧੀ ਰਾਤ ਹੋਵੇਗੀ ਭਾਊ, ਚੰਨ ਪੂਰਾ ਚਮਕ ਰਿਹਾ ਸੀ… ਵਿਹੜੇ ਵਿਚ ਖਲੋਤੀ ਕਿੱਕਰ ਉਤੇ ਕੋਚਰੀ ਬੋਲ ਰਹੀ ਸੀ ਤੇ ਮੋਤੀ ਨੇ ਘਰ ਸਿਰ ‘ਤੇ ਚੁੱਕਿਆ ਹੋਇਆ ਸੀ। ਏਸ ਤਰ੍ਹਾਂ ਦੇ ਮੋਤੀ ਵਿਹੜੇ ਵਿਚ ਆਣ ਵੜੇ ਸਾਨ੍ਹ ਨੂੰ ਭੌਂਕਦਾ ਸੀ ਜਾਂ ਸੱਪ ਨੂੰ…, ਜਾਂ ਉਦੋਂ ਭੌਂਕਿਆ ਸੀ ਜਦੋਂ ਮੇਰੇ ਬਾਬੇ ਦੇ ਮਰਨ ‘ਤੇ ਵੱਡੇ ਸਰਦਾਰ ਹੋਰੀਂ ਕੁਆਣ ਆਏ ਸਨ। ਉਦੋਂ ਵੀ ਮੋਤੀ ਓਨਾ ਚਿਰ ‘ਖਫ਼ਾ ਖ਼ੂਨ’ ਹੋਇਆ ਰਿਹਾ ਸੀ, ਜਿੰਨਾ ਚਿਰ ਉਹ ਸਾਡੇ ਘਰ ਰਹੇ ਸਨ. ਖੌਰੇ ਕਿਉਂ? ਖੌਰੇ ਇਸ ਕਰਕੇ ਕਿ ਸਰਦਾਰ ਹੋਰੀਂ ਸਾਨ੍ਹ ਵਾਂਗੂੰ ਫੁੰਕਾਰਾ ਮਾਰਦੇ ਸਨ ਜਾਂ ਖੌਰੇ ਉਨ੍ਹਾਂ ਦੀ ਅੱਖ ਨਾਗ ਦੀ ਅੱਖ ਵਾਂਗੂੰ ਲਿਸ਼ਕਦੀ ਸੀ…। ਤੇ ਓਸ ਰਾਤ ਵੀ ਮੋਤੀ ਖੌਰੇ ਕਿਉਂ ਭੌਂਕਦਾ ਸੀ? ਮੈਂ ਤੇ ਅੰਜਾਣਾ ਬਾਲ ਸਾਂ ਭਾਊ, ਮੈਨੂੰ ਤੇ ਸਮਝ ਨਹੀਂ ਆਈ ਪਰ ਬਾਪੂ ਨੂੰ ਸਮਝ ਆ ਗਈ ਸੀ, ਜਾਂ ਖੌਰੇ ਬਾਪੂ ਨੂੰ ਵੀ ਮੋਤੀ ਵਾਂਗਰਾਂ ਭੁਲੇਖਾ ਲੱਗਾ ਸੀ… ਭੁਲੇਖਾ ਈ ਹੋਏਗਾ ਭਾਊ ਤਾਂ ਈ ਅਗਲੇ ਦਿਨ ਏਸ ਗੱਲੋਂ ਪਿੰਡ ‘ਚ ਬੜੀ ਹਾਸੜ ਮੱਚੀ ਸੀ… । ਮੂਧੇ ਮਾਰੇ ਪਤੀਲੇ ਦੇ ਕੰਢੇ ਵਿਚ ਚੰਨ ਏਤਰਾਂ ਚਮਕ ਰਿਹਾ ਸੀ ਜਿਵੇਂ ਨਾਗ ਦੀ ਅੱਖ ਹੋਵੇ ਤੇ ਪਤੀਲੇ ਦਾ ਕਾਲਾ ਥੱਲਾ, ਜਿਵੇਂ ਕਾਲੇ ਨਾਗ ਨੇ ਕੁੰਡਲੀ ਮਾਰੀ ਹੋਵੇ। ਬਾਪੂ ਨੇ ਸਿਰੋਂ ਉਲਾਰ ਕੇ ਏਨੇ ਜ਼ੋਰ ਨਾਲ ਡਾਂਗ ਮਾਰੀ ਕਿ ‘ਠੱਕ ਠਨਣ’ ਦੀ ‘ਵਾਜ਼ ਨਾਲ ਮੋਤੀ ਤੇ ਚੁੱਪ ਹੋ ਗਿਆ ਪਰ ਅਗਲੀ ਸਵੇਰ ਚਾਹ ਅਸੀਂ ਗਵਾਂਢੀਆਂ ਘਰੋਂ ਪਤੀਲਾ ਮੰਗ ਬਣਾਈ ਸੀ…। ਸਵੇਰੇ ਚਾਚੇ ਨੂੰ ਜਦੋਂ ਮੈਂ ਰਾਤ ਵਾਲੀ ਗੱਲ ਦੱਸੀ, ਪਹਿਲੋਂ ਤੇ ਉਹ ਬੜਾ ਹੱਸਿਆ, ਫੇਰ ਆਖਣ ਲੱਗਾ, “ਇਕ ਗੱਲੋਂ ਤੇ ਚੰਗਾ ਹੋਇਆ, ਪਿਉ ਤੇਰੇ ਨੇ ਡਾਂਗ ਤੇ ਮਾਰੀ, ਕਦੇ ਨਾਗ ਨੂੰ ਵੀ ਮਾਰੂ ਪੁੱਤਰਾ..।”
“ਨਾਗ ਕਿੱਥੇ ਵੇ ਚਾਚਾ?” ਮੇਰੇ ਕੋਲੋਂ ਐਵੇਂ ਈ ਪੁੱਛਿਆ ਗਿਆ। “ਨਾਗ…? ਨਾਗ ਤੇ ਤੇਰੀ ਮਾਂ ਦੀ ਬੁੱਕਲ ‘ਚ ਵੜਿਆ ਰਹਿੰਦੈ” ਮੈਂ ਸੁੰਨ ਤੇ ਚਾਚੇ ਦੇ ਬੋਲ ਜ਼ਹਿਰੀ ਹੋ ਗਏ ਸਨ, “ਨਾਗ ਨੂੰ ਤਾਂ ਮੈਂ ਈ ਮੁਕਾ ਦਿੰਦਾ, ਪਰ ਡਰਨਾ ਵਾਂ ਕਿ ਨਾਲ ਤੇਰੀ ਮਾਂ ਨਾ ਮੁੱਕ ਜਾਏ…।” ਚਾਚੇ ਨੇ ਆਪਣੀ ਠੀਕ ਬਾਂਹ ਨਾਲ ਸੁੱਕੀ ਬਾਂਹ ਨੂੰ ਏਤਰਾਂ ਘੁੱਟਿਆ ਜਿੱਤਰਾਂ ਨਾਗ ਨੂੰ ਮਸਲਦਾ ਹੈ। ਮੈਂ ਚਾਚੇ ਨੂੰ ਹੌਸਲਾ ਦਿੰਦਿਆਂ ਆਖਿਆ, “ਮੈਨੂੰ ਵੱਡਾ ਹੋ ਲੈਣ ਦੀ ਚਾਚਾ, ਨਾਗ ਨੂੰ ਮੈਂ ਮੁਕਾਊਂ…।” ਤੇ ਏਨੀ ਗੱਲ ਸੁਣ, ਜਦੋਂ ਚਾਚੇ ਨੇ ਮੇਰੇ ਵੱਲ ਵੇਖਿਆ ਤਾਂ ਮੈਨੂੰ ਉਹਦੇ ਕੋਲੋਂ ਬੜਾ ਡਰ ਆਇਆ ਭਾਊ । ਮੈਨੂੰ ਉਹਦੀ ਇਕ ਅੱਖ ਮੀਟੀ ਹੋਈ ਜਾਪੀ ਤੇ ਦੂਜੀ ਨਾਗ ਦੀ ਅੱਖ ਵਾਂਗੂੰ ਲਿਸ਼ਕਦੀ.. ਉਹ ਹੱਸਿਆ ਭਾਊ ਵੱਖਰੀ ਤਰ੍ਹਾਂ ਦਾ ਹਾਸਾ… ਓਦੋਂ ਮੈਨੂੰ ਵੀ ਉਹ ਛਟੱਲੀ ਜਾਪਿਆ ਸੀ, ਆਖਣ ਲੱਗਾ, “ਵੇਖ ਲਾਂਗੇ ਪੁੱਤਰਾ… ਤੇਰੇ ਪਿਉ ਨੇ ਬਿੱਲੀ ਨਾ ਮਾਰੀ ਤੂੰ ਕਿਹੜਾ…।” ਉਹਦੀ ਗੱਲ ਸੱਚੀ ਹੋਊ ਭਾਊ, ਪਿਉ ਮੇਰੇ ਨੇ ਸੱਪ ਦੇ ਭੁਲਾਵੇ ਪਤੀਲਾ ਭੰਨ ਲਿਆ ਸੀ, ਘਰ ਦਾ ਤੇ ਮੈਂ ਆਪਣੀ ਘਰ ਮੁਕਾ ਬੈਠਾ, ਚੰਦਰੀ…।
ਚੰਦਰੀ ਲੱਖ ਮਾੜੀ ਸੀ ਭਾਊ, ਪਰ ਮੇਰੇ ਲਈ ਉਹ ‘ਰੱਬ ਸੀ’… ਹੈਂ ਭਾਊ… ਕੀ ਦੱਸਾਂ, ਓਹਦੇ ਮਿਲਣ ਦੀ ਵੀ ਅਜਬ ਕਥਾ ਏ ਭਾਊ…।
ਇਕ ਵਾਰ ਸਾਡੀ ਕੰਪਨੀ ਕਾਹਨੂੰਵਾਲ ਵੱਲ ਮਸ਼ਕਾਂ ਕਰ ਰਹੀ ਸੀ… ਆਹੋ ਮੈਂ ਫ਼ੌਜੀ ਆਂ ਭਾਊ, ਘਰੋਂ ਅੱਕਿਆ ਈ ਮੈਂ ਫ਼ੌਜੀ ਹੋ ਗਿਆ ਸਾਂ…।
ਟੈਂਕਾਂ ਦੀ ਮਸ਼ਕ ਸੀ, ਇਹ ਇਕ ਤਰ੍ਹਾਂ ਦੀ ਲੜਾਈ ਹੁੰਦੀ ਆ ਭਾਊ, ਅਸੀਂ ਅੱਧੇ ਏਧਰ ਤੇ ਅੱਧੇ ਓਧਰ ਹੋ ਜਾਨੇ ਆਂ। ਸਾਡਾ ਮੇਜਰ ਸਾਹਿਬ ਬੜਾ ਪੜ੍ਹਿਆ-ਲਿਖਿਆ ਸੀ ਭਾਊ, ਓਸ ਆਖਣਾ, “ਲੜਾਈ ਤੇ ਜੁਆਨੋਂ ਫ਼ੌਜੀ ਦੀ ਜ਼ਿੰਦਗੀ ‘ਚ ਕਦੇ ਈ ਆਉਂਦੀ ਆ, ਬਸ ਆਹ ਮਸ਼ਕਾਂ ਈ ਨੇ… ਏਵੇਂ ਜ਼ਿੰਦਗੀ ਆ, ਕਦੇ ਮਿਲਦੀ ਆ ਜਿਉਣ ਲਈ, ਨਹੀਂ ਤੇ ਸਾਰੀ ਜ਼ਿੰਦਗੀ ਜਿਊਣ ਦੀਆਂ ਮਸ਼ਕਾਂ ਈ ਕਰੀਦੀਆਂ ਨੇ।” ਓਦੋਂ ਸਮਝ ਨਹੀਂ ਸੀ ਆਉਂਦੀ ਇਨ੍ਹਾਂ ਗੱਲਾਂ ਦੀ ਭਾਊ, ਹੁਣ ਜਦੋਂ ਸਮਝ ਆਈ ਏ ਜ਼ਿੰਦਗੀ ਮੁੱਕ ਗਈ ਆ…।
ਕੀ ਕਰੀਏ ਭਾਊ ਹਉਕਾ ਵੀ ਤੇ ਭਰਿਆ ਈ ਜਾਂਦਾ..।
ਹਾਂਅ ਤੇ ਉਥੇ ਕਾਹਨੂੰਵਾਲ ਦੇ ਨੇੜਲੇ ਪਿੰਡ ਸਾਡੇ ਨਾਲ ਦੇ ਮੁੰਡੇ ਦੇ ਨਾਨਕੇ ਸਨ ਤੇ ਉਹਦੇ ਨਾਨਕਿਆਂ ਦੇ ਨਾਲ ਦਾ ਘਰ ਸੀ ਚੰਦਰੀ ਦਾ, ਜਦੋਂ ਕਦੇ ਅਸੀਂ ਉਧਰ ਜਾਣਾ ਚੰਦਰੀ ਨੇ ਝੱਟ ਆ ਜਾਣਾ ਤੇ ਕਾਹਨੂੰਵਾਲ ਦੇ ਛੰਭ ਦੀਆਂ ਉਹ ਕਹਾਣੀਆਂ ਕਰਨੀਆਂ ਕਿ ਸਾਡੇ ਸਿਰ ਚਕਰਾ ਜਾਣੇ ਭਾਊ, ਏਡੇ ਲੰਮੇ-ਲੰਮੇ ਸੱਪ ਦੱਸਣੇ ਕਦੇ ਛਲੇਡੇ ਕਦੇ ਪਾਕਿਸਤਾਨੀਆਂ ਦੇ ਟੋਲੇ ਕਿ ਇਕ ਵਾਰੀ ਤੇ ਸੁਣਕੇ ਅਸੀਂ ਤਰੇਲੀਓਂ ਤਰੇਲੀ ਹੋ ਜਾਣਾ । ਲੋਕਾਂ ਬਥੇਰਾ ਆਖਣਾ ਕਿ ਇਹਨੂੰ ਝੂਠ ਮਾਰਨ ਦੀ ਆਦਤ ਆ ਤੇ ਸਾਨੂੰ ਵੀ ਪੱਕ ਹੋ ਗਿਆ ਕਿ ਝੂਠ ਮਾਰਦੀ ਆ ਪਰ ਜਦੋਂ ਉਹਨੇ ਗੱਲ ਕਰਨੀ ਨਾ ਭਾਊ ਲੱਗਣ ਲੱਗ ਪੈਣਾ ਕਿ ਸੱਚ ਏ…। .
ਇਕ ਦਿਨ ਤੇ ਭਾਊ ਹੱਦ ਈ ਕਰ ਛੱਡੀ ਓਸ, ਸਾਡੇ ਕੈਂਪ ‘ਚ ਆ ਵੜੀ ਤੇ ਆ ਵਲਿਆ ਸਾਡੇ ਮੇਜਰ ਸਾਹਿਬ ਨੂੰ । ਆਖਣ ਲੱਗੀ, “ਅੱਜ ਤੜਕੇ ਪਾਕਿਸਤਾਨੀ ਉਤਰੇ ਨੇ, ਛਾਤਿਆਂ ਨਾਲ ਪਿੰਡੋਂ ਬਾਹਰ, ਮੈਂ ਲੁਕ ਕੇ ਉਨ੍ਹਾਂ ਦੀਆਂ ਗੱਲਾਂ ਸੁਣੀਆਂ ਨੇ… ਉਹ ਆਪਣੇ ਨਾਲ ਬੜਾ ਗੋਲਾ ਬਰੂਦ ਲਿਆਏ ਜੇ… ਤੁਹਾਡੇ ਕੈਂਪ ਦੇ ਫ਼ੌਜੀ ਵੀ ਉਨ੍ਹਾਂ ਨਾਲ ਰਲੇ ਨੇ।” ਅਬਸਰ ਤੇ ਭਾਊ ਹੱਕੇ ਬੱਕੇ, ਉਤੋਂ ਓਸ ਆਖ ਦਿੱਤਾ ਕਿ ਮੈਂ ਤੇ ਅੱਕਾਂ ‘ਚ ਏਨੀ ਨੇੜੇ ਲੁਕੀ ਹੋਈ ਸਾਂ ਕਿ ਤਿਆਡੇ ਕੈਂਪ ਦੇ ਫ਼ੌਜੀਆਂ ਨੂੰ ਪਛਾਣ ਸਕਨੀ ਆਂ ਜਿਹੜੇ ਉਨ੍ਹਾਂ ਨੂੰ ਮਿਲਕੇ ਆਏ ਨੇ…। ਅਬਸਰਾਂ ਭਾਊ ਸ਼ਨਾਖ਼ਤੀ ‘ਪਰੇਟ’ ਰੱਖ ਲਈ…। ਚੰਦਰੀ ਤੇ ਭਾਊ ਇੰਜ ਤੁਰੀ ਫਿਰੇ ਕੈਂਪ ‘ਚ ਜਿਵੇਂ ਕੋਈ ਵੱਡਾ ਅਫ਼ਸਰ ‘ਮੁਆਨੇ’ ’ਤੇ ਆਇਆ ਹੋਵੇ। ਸਾਡੇ ਤੇ ਭਾਊ ਬਣ ਭਾ ਦੀ ਗਈ… ਅਸੀਂ ਜਿਹੜੇ ਜਿਹੜੇ ਬੰਦੇ ਉਹਦੇ ਪਿੰਡ ਜਾਂਦੇ ਸਾਂ ਸਾਡੀ ਤੇ ਜਾਨ ਈ ਚੰਦਰੀ ਦੇ ਹੱਥ ਸੀ। ਮੇਰੇ ਕੋਲ ਆਣ ਕੇ ਉਹ ਖਲੋ ਗਈ ਭਾਊ…, ਮੇਰੀ ਤੇ ਜਾਨ ਈ ਨਿਕਲ ਗਈ…, ਉਤਲਾ ਸਾਹ ਉਤਾਂਹ ਤੇ ਹੇਠਲਾਂ ਠਾਂਅ, ਦਿਲ ਮੇਰਾ ਧੱਕ ਧੱਕ ਕਰੇ…, ਮੈਂ ਤੇ ਜਿੰਨੀ ਵਾਰੀ ਓਹਦੇ ਪਿੰਡ ਗਿਆ
ਸਾਂ, ਕਦੇ ਵੀ ਉੱਚੀ-ਨੀਵੀਂ ਨਹੀਂ ਸੀ ਕੀਤੀ। ਦੂਜੇ ਮੁੰਡੇ ਟਿੱਚਰ ਮਖੌਲ ਕਰ ਲੈਂਦੇ ਪਰ ਮੈਂ ਕਦੇ ਨੀਵੀਂ ਨਹੀਂ ਸੀ ਚੁੱਕੀ ਤੇ ਉਹ ਖਲੋਈ ਵੀ ਮੇਰੇ ਅੱਗੇ। ਰੰਗ ਮੇਰਾ ਬੱਗਾ ਪੂਣੀ… ਮੇਰੀਆਂ ਤੇ ਲੱਤਾਂ ਕੰਬਣ ਲੱਗ ਪਈਆਂ, ਅਬਸਰਾਂ ਨੂੰ ਮੇਰੇ ‘ਤੇ ਪੂਰਾ ਸ਼ੱਕ ਹੋ ਗਿਆ…। ਮੈਂ ਤੇ ਭਾਊ ਡਿੱਗ ਹੀ ਪੈਣਾ ਸੀ ਕਿ ਚੰਦਰੀ ਖਿੜ-ਖਿੜ ਕਰਕੇ ਹੱਸ ਪਈ ਤੇ ਮੇਜਰ ਸਾਹਿਬ ਨੂੰ ਆਖਣ ਲੱਗੀ, “ਸਾਅਬ ਜੀ ਤੁਸੀਂ ਤੇ ਆਂਹਦੇ ਸੀ ਅਸੀਂ ਕੁੜੀਆਂ ਨਹੀਂ ਭਰਤੀ ਕਰਦੇ ਪਰ ਆਹ ਤੇ…।”
ਗੱਲ ਤੇ ਭਾਊ ਹੱਸਣ ਵਾਲੀ ਏ ਪਰ ਉਹ ਜਿਵੇਂ ਆਂਹਦੇ ਨੇ ਇਨ੍ਹਾਂ ਹੱਸਣ ਵਾਲੀਆਂ ਗੱਲ ਤੋਂ ਈ ਪਿੱਟਣੇ ਪੈਂਦੇ ਨੇ…। ਉਂਝ ਉਹਦੀ ਏਨੀ ਗੱਲ ਨਾਲ ਮੇਜਰ ਸਾਅਬ ਸੱਭੋ ਕੁਝ ਸਮਝ ਗਿਆ। ਉਹ ਮੇਜਰ ਬੜੀ ਬਲਾਅ ਸੀ ਭਾਊ, ਗੱਲ ਅਗਲੇ ਦੇ ਅੰਦਰ ਹੁੰਦੀ ਤੇ ਉਹ ਪੂਰਾ ਨਕਸ਼ਾ ਬਣਾ ਧਰਦਾ । ਉਹ ਜਿੰਨਾ ਪੜ੍ਹਿਆ ਲਿਖਿਆ ਸੀ ਭਾਊ ਓਨਾ ਈ ਸ਼ੁਗਲੀ… । ਉਹ ਸਾਨੂੰ ਪਿਆਰ ਵੀ ਬੜਾ ਕਰਦਾ, ਮੈਨੂੰ ਤੇ ਦੂਜਿਆਂ ਨਾਲੋਂ ਚੋਖਾ ਈ ਕਰਦਾ। ਕਦੇ ਕਦੇ ਮੈਨੂੰ ਲੱਗਦਾ ਕਿ ਮੇਰਾ ਦੁਖ ਉਹਨੇ ਆਪਣਾ ਈ ਸਮਝ ਲਿਆ ਹੋਵੇ…। ਆਹੋ ਭਾਊ ਅਸੀਂ ਸਾਰੇ ਉਹਦੇ ਨਾਲ ਦਿਲ ਦੀ ਕਰ ਲੈਂਦੇ ਸਾਂ, ਉਹਦੇ ਕਰਕੇ ਤੇ ਸਾਡਾ ਜੀਅ ਲੱਗਾ ਰਹਿੰਦਾ, ਉਹਦੇ ਕਰਕੇ ਅਸੀਂ ਡਸਿਪਲਨ ‘ਚ ਨਿੱਕੀ-ਮੋਟੀ ਢਿੱਲ ਮਾਰ ਲੈਂਦੇ, ਨੇੜੇ ਦੇ ਕਿਸੇ ਪਿੰਡ ’ਚ ਘੁੰਮ ਆਉਂਦੇ, ਨਹੀਂ ਤੇ ਭਾਊ ਫ਼ੌਜ ਕੀ ਤੇ ਇਧਰ ਉਧਰ ਭਉਣਾ ਕੀ? ਮੇਰੇ ਨਾਲ ਮੇਜਰ ਸਾਅਬ ਦਾ ਜਿਹੜਾ ਚੋਖਾ ਮੋਹ ਸੀ, ਖੌਰੇ ਏਸ ਕਰਕੇ ਸੀ ਕਿ ਮੈਂ ਵੀ ਓਹਦੇ ਵਾਂਗਰਾਂ ਛੁੱਟੀ ਨਾ ਜਾਂ…
ਮੈਂ ਭਾਊ…? ਮੈਂ ਛੁੱਟੀ ਕੀਹਦੇ ਕੋਲ ਜਾਣਾ ਸੀ ਤੇ ਕੀ ਕਰਨ? ਚਾਚੇ ਕੋਲੋਂ ਹੱਡ ‘ਤੇ ਲਿਆਉਣ ਜਾਂਦਾ ਕਿ ਪਿਉ ਦਾ ਉਤਰਿਆ ਮੂੰਹ ਵੇਖਣ। ਮਾਂ ਦਾ ਮੂੰਹ ਤੇ ਭਾਊ ਕਦੇ ਵੇਖਿਆ ਈ ਨਹੀਂ, ਜਦੋਂ ਦੀ ਸੁਰਤ ਸੰਭਾਲੀ ਆ…। ਉਹ ਤੇ ‘ਮੇਸ਼ਾਂ ਆਪਣਾ ਮੂੰਹ ਸੁਰਖੀ ਪੌਡਰ ਥੱਪ ਕੇ ਛਿਪਾਈ ਰੱਖਦੀ ਆ…।
ਤਾਂ ਈ ਭਾਊ ਏਸ ਗੱਲੋਂ ਚੰਦਰੀ ਨਾਲ ਮੇਰਾ ਝਗੜਾ ਹੁੰਦਾ, ਮੈਂ ਪਹਿਲੇ ਦਿਨ ਈ ਉਹਦੇ ਅੱਗੇ ਹੱਥ ਬੰਨ੍ਹੇ ਸਾ ਨੇ ਕਿ ਵੇਖ ਤੂੰ ਕਦੇ ਸੁਰਖੀ ਪੌਂਡਰ ਨਾ ਲਾਈਂ, ਮੈਨੂੰ ਏਸ ਪੌਡਰ ਕੋਲੋਂ ਤੇ ਸੁਰਖੀ ਕੋਲੋਂ ਡਾਢੀ ਘਿਣ ਆਉਂਦੀ ਆ, ਇਕ ਗੱਲ ਹੋਰ ਵੀ ਸੀ ਭਾਊ, ਛੁੱਟੀ ਨਾ ਜਾਣ ਦੀ, ਸੋਚਦਾ ਸਾਂ ਪਿੰਡ ਮੈਨੂੰ ਭੁੱਲ ਜਾਵੇ ਤੇ ਫੇਰ ਕਿਸੇ ਰਾਤ ਜਾਵਾਂ ਤੇ ਸੱਪਾਂ ਦੀਆਂ ਸਿਰੀਆਂ ਫੇਹ ਕੇ ਪਰਤ ਆਵਾਂ, ਪਰ ਭਾਊ…।
ਚੰਗਾ ਕੀਤਾ ਈ ਪਾਣੀ ਦੀ ਲੋੜ ਸੀ ਭਾਊ…।
ਹਾਂ ਭਾਊ, ਗੱਲ ਕਰਦਾ ਪਿਆ ਸਾਂ ਮੇਜਰ ਸਾਅਬ ਦੀ, ਉਹਦੇ ਬਾਰੇ ਆਂਹਦੇ ਨੇ ਵੱਡੇ-ਵੱਡੇ ਖਤਰੇ ਮੁੱਲ ਲੈ ਕੇ ਜੁਆਨਾਂ ਕੋਲੋਂ ਕੰਮ ਵੀ ਬੜਾ ਲੈਂਦਾ ਏ ਤੇ ਸ਼ੁਗਲ ਵੀ ਰੱਜ ਕੇ ਕਰਦਾ ਏ… । ਬੱਸ ਭਾਊ ਉਹਦੇ ਸ਼ੁਗਲ ਨੇ ਈ ਚੰਦਰੀ ਦਾ ਤੇ ਮੇਰਾ ਗੰਢ ਚਤਰਾਵਾ ਕਰ ਦਿੱਤਾ…। ਮੈਂ ਸਾਰੀ ਉਮਰ ਤੀਵੀਂ ਤੋਂ ਦੂਰ ਰਹਿਣ ਦੀ ਸਹੁੰ ਖਾਈ ਬੈਠਾ ਸਾਂ ਪਰ ਕੀ ਪਤਾ ਸੀ ਕਿ ਮੇਜਰ ਸਾਅਬ ਤੇ ਮੇਰੇ ਨਾਲ ਦੇ ਜੁਆਨ ਵੀ ਪੱਕੀ ਧਾਰੀ ਬੈਠੇ ਨੇ ਕਿ ਇਹਨੂੰ ਤੀਵੀਂ ਨਾਲ ਬੰਨ੍ਹਣਾ ਜ਼ਰੂਰ ਆ.। ਮੈਂ ਤੇ ਭਾਊ, ਜਦੋਂ ਮੇਰੇ ਨਾਲ ਦੇ ਕਿਸੇ ਚੰਗੀ ਮੰਦੀ ਥਾਂ ’ਤੇ ਜਾਂਦੇ, ਮੈਂ ਨਾ ਜਾਂਦਾ। ਕਿਧਰੇ ਵੀ, ਕਿੱਤਰਾਂ ਦਾ ਵੀ, ਤੀਵੀਂ ਦਾ ਮਾਮਲਾ ਹੁੰਦਾ, ਮੈਂ ਓਹਤੋਂ ਦੂਰ ਈ ਰਹਿੰਦਾ…
ਹੈਂ ਭਾਊ…? ਪੁੱਛਿਆ ਸੀ ਭਾਊ…, ਮੈਂ ਚੰਦਰੀ ਨੂੰ ਪੁੱਛਿਆ ਸੀ ਕਿ ਉਹਨੂੰ ਮੇਰੇ ਵਿਚ ਕੀ ਦਿਸਦਾ ਏ, ਆਖਣ ਲੱਗੀ, ਜਦੋਂ ਤੂੰ ਸਾਡੇ ਪਿੰਡ ਆਉਨੈਂ ਦੂਜੇ ਮੁੰਡਿਆਂ ਨਾਲ, ਉਹ ਸਾਰੇ ਆਨੇ ਪਾੜ ਪਾੜ ਵੇਂਹਦੇ ਨੇ, ਪਰ ਤੂੰ ਕਦੇ ਨੀਵੀਂ ਨਹੀਂ ਚੁੱਕਦਾ, ਸਾਡੇ ਪਿੰਡ ਦੀਆਂ ਬੁੱਢੀਆਂ ਤੇਰੀ ਬੜੀ ਸਿਫ਼ਤ ਕਰਦੀਆਂ ਨੇ…।”
ਹੈਂ ਜੀ… ਹੋਵੇਗਾ, ਜੀ, ਤੀਵੀਆਂ ਪੱਟਣ ਦਾ ਇਹ ਤਰੀਕਾ ਹੋਵੇਗਾ, ਪਰ ਮੈਂ ਸੱਚ ਆਹਨਾਂ ਭਾਊ, ਮੈਂ ਤੇ ਆਪਣੀ ਮਾਂ ਕਰਕੇ ਤੀਵੀਂ ਜਾਤ ਨੂੰ ਈ ਭੈੜਾ ਮੰਨਦਾਂ। ਮੈਨੂੰ ਤੇ ਇਹ ਸਾਰੀਆਂ ਬਲਾਵਾਂ ਜਾਪਦੀਆਂ। ਪਰ ਮੈਂ ਮੇਜਰ ਸਾਅਬ ਦਾ ਆਖਾ ਨਹੀਂ ਮੋੜ ਸਕਦਾ, ਉਹ ਬੰਦਾ ਈ ਇਓ ਜਿਆ ਭਾਊ, ਉਹ ਕਿਸੇ ਦਾ ਮਾੜਾ ਤੇ ਕਰ ਈ ਨਹੀਂ ਸਕਦਾ, ਉਤੇ ਰੱਬ ਥੱਲੇ ਉਹ, ਜਦੋਂ ਕਰੂ ਭਲਾ ਈ ਕਰੂ। ਤਾਂ ਈ ਭਾਊ ਉਹ ਪੰਜ ਕਰੇ ਪੰਜਾਹ ਕਰੇ· ਓਹਦਾ ਕੀਤਾ ਵਲੱਦ ਨਹੀਂ ਹੁੰਦਾ..। ਓਸ ਦਿਨ ਮੇਜਰ ਸਾਅਬ ਮੈਨੂੰ ਹੁਕਮ ਕੀਤਾ ਕਿ ਮੈਂ ਚੰਦਰੀ ਨੂੰ ਪਿੰਡ ਪੁਚਾ ਆਵਾਂ ਤੇ ਇਕ ਘੰਟੇ ‘ਚ ਪਰਤ ਕੇ ਰਪੋਟ ਕਰਾਂ । ਤੇ ਜਦੋਂ ਅਸੀਂ ਕੈਂਪੋਂ ਬਾਹਰ ਨਿਕਲ ਮੋਰਚਿਆਂ ਕੋਲੋਂ ਲੰਘੇ, ਉਹ ਤੇ ਭਾਊ ਖਲੋ ਗਈ ਪੈਰ ਗੱਡ ਕੇ, ਇਕ ਹੱਥ ਢਾਕ ਉਤੇ ਰੱਖ ਲਿਆ ਤੇ ਮੇਜਰ ਸਾਅਬ ਵਾਂਗੂੰ ਉਂਗਲ ਸਿੱਧੀ ਕਰਕੇ ਪੁੱਛਣ ਲੱਗੀ, “ਐਹ ਕੀ ਨੇ ਘੁਰਨੇ ਜਿਹੇ…? ”
“ਇਹ ਸਾਡੇ ਮੋਰਚੇ ਨੇ ਰਾਤੀਂ ਸਾਡੀ ਮਸ਼ਕ ਹੁੰਦੀ ਏਂ ਏਥੇ ਈ…।’
“ਤੇਰਾ ਮੋਰਚਾ ਕਿਹੜੈ…?”
“ਔਹ ਨੁੱਕਰ ਵਾਲਾ।” ਮੈਂ ਭਾਊ ਫਾਲਨ ਹੋਇਆ ਖੜ੍ਹਾ ਸਾਂ।
“ਠੀਕ ਐ, ਅੱਜ ਰਾਤੀਂ ਮੈਂ ਤੈਨੂੰ ਮਿਲਣ ਆਵਾਂਗੀ…।” ਉਹਨੇ ਹੁਕਮ ਚਾੜ੍ਹਿਆ।
“ਨਾ-ਨਾ-ਨਾ, ਵੇਖੀਂ ਇਹ ਜ਼ੁਲਮ ਨਾ ਕਰਹੀਂ…, ਰਾਤੀਂ ਏਧਰ ਸਿਵਲੀਅਨ ਨੂੰ ਆਉਣ ਦਾ ਹੁਕਮ ਨਹੀਂ।”
ਨੌਂ ਵਜੇ ਤੋਂ ਪਿੱਛੋਂ ਨਹੀਂ ਨਾ ਹੁਕਮ, ਮੈਂ ਪਹਿਲੋਂ ਈ ਏਸ ਘੁਰਨੇ ‘ਚ ਬੈਠੀ वेदांगी…।”
ਉਹਨੇ ਤੇ ਜਿਵੇਂ ਪਹਿਲੋਂ ਈ ਸਾਰੀ ਸਕੀਮ ਘੜੀ ਹੋਵੇ। ਮੈਂ ਹੱਥ ਜੋੜੇ, ਉਹਦੇ ਪੈਰੀਂ ਪੈਣ ਤਕ ਗਿਆ, ਪਰ ਓਸ ਅਜਿਹਾ ਦਬਕਾ ਮਾਰਿਆ ਕਿ ਮੇਰੇ ਮੂੰਹ
’ਤੇ ਜੰਦਰਾ ਵੱਜ ਗਿਆ, ਆਖਣ ਲੱਗੀ, “ਦੱਸ ਦਿਆਂ ਫੇਰ ਤੇਰੇ ਸਾਅਬ ਨੂੰ, . ਏਹੀਓ ਰਲਿਆ ਹੋਇਐ ਪਾਕਿਸਤਾਨੀਆਂ ਨਾਲ…।”
ਚੰਦਰੀ ਤੇ ਭਾਊ ਚੰਦਰੀ ਹੈ ਈ ਸੀ, ਫ਼ੌਜ ਦੀ ਨੌਕਰੀ ਓਦੂੰ ਵੀ ਚੰਦਰੀ ਆ…। ਤੁਸੀਂ ਆਪਣੀ ਮਰਜ਼ੀ ਨਾਲ ਛੱਡ ਵੀ ਨਹੀਂ ਸਕਦੇ… । ਬੜਾ ਖੱਜਲ ਕਰਦੇ ਨੇ…। ਨਹੀਂ ਤੇ ਜਿਵੇਂ ਮੇਰੇ ਨਾਲ ਉਹ ਜ਼ਿੱਦ ਕਰਨ ਡਹੀ ਸੀ ਨਾ, ਮੈਂ ਉਹਨੂੰ ਥਾਏਂ ਮਾਰ ਦੇਂਦਾ।
ਕੀ ਆਖਿਆ ਈ…? ਆਹੋ ਭਾਊ ਹੁਣ ਕਿਹੜਾ ਮੈਂ ਉਹਨੂੰ ਛੱਡਿਆ ਏ…। ਬੱਸ ਭਾਊ ਉਹਦੀ ਇਹੀਓ ਜ਼ਿੱਦ ਲੈ ਬੈਠੀ, ਉਹਨੂੰ ਵੀ ਤੇ ਮੈਨੂੰ ਵੀ…। ਓਸ ਰਾਤ ਭਾਊ ਉਹਨੂੰ ਮੈਂ ਪਿੰਡ ਛੱਡ ਕੇ ਪਰਤ ਆਇਆ, ਸੋਚਿਆ ਕਿਹੜਾ ਆਉਣ ਡਹੀ ਏ ਅੱਧੀ ਰਾਤੀਂ। ਆਣ ਕੇ ਰਪੋਟ ਕਰ ਦਿੱਤੀ । ਰਾਤੀਂ ਮਸ਼ਕ ਦਾ ‘ਸੈਰਨ’ ਵੱਜਿਆ, ਫਾਲਨ ਹੋਏ, ਹੁਕਮ ਮਿਲਿਆ ਕਿ ‘ਕੰਟਰੋਲ’ ਰੇਖਾ ਵੱਲ ਦੁਸ਼ਮਣ ਦੇ ਟੈਂਕ ਵਧ ਰਹੇ ਨੇ, ਪੰਦਰਾਂ ਮਿੰਟਾਂ ਵਿਚ ‘ਅੰਟੀ ਮੀਨ’ ਵਿਛਾ ਕੇ ਆਪੋ ਆਪਣੇ ਮੋਰਚਿਆਂ ਵਿਚ ਪੁਜੀਸ਼ਨਾਂ ਲਓ। ਜਦੋਂ ਮੈਂ ਤੇ ਮੇਰਾ ਸਾਥੀ ਬੰਸਾ ‘ਮੀਨ’ ਵਿਛਾ ਕੇ ਮੋਰਚਿਆਂ ਵਲ ਵਧੇ ਤਾਂ ਚਾਣਚੱਕ ਬੰਸਾ ਪੀੜ ਨਾਲ ਕੁਰਾਹ ਉਠਿਆ, “ਕੱਚ ਵੱਜ ਗਿਆ. ਮੇਰੇ ਕੱਚ…, ਮੇਰਾ ਤੇ ਪੈਰ ਗਿਆ…, ਓਏ ਮੇਰਿਆ ਰੱਬਾ…।” ਮੈਂ ਰੁਕਿਆ ਤਾਂ ਉਹ ਕੂਕਿਆ, “ਤੂੰ ਆਪਣੇ ਮੋਰਚੇ ਵਿਚ ਜਾ ਕੇ ਪੁਜੀਸ਼ਨ ਲੈ, ਮੇਰੇ ਤੋਂ ਨਹੀਂ ਹਿੱਲਿਆ ਜਾਂਦਾ ਮੈਂ ਇਸੇ ਮੋਰਚੇ ਵਿਚ ਵੜ ਜਾਨਾਂ… ਤੂੰ ਸਾਂਭ ਲਵੀਂ…”। ਮੈਂ ਖਿਆਲਿਆ ਈ ਨਾ ਕਿ ਫ਼ੌਜੀ ਬੂਟ ਵਿਚੋਂ ਕੱਚ ਕਿਵੇਂ ਵੱਜ ਗਿਆ, ਮੈਂ ਨੱਸ ਕੇ ਮੋਰਚੇ ਅੰਦਰ ਛਾਲ ਮਾਰੀ ਤੇ ਭਾਊ ਮੇਰੀ ਚੀਕ ਨਿਕਲ ਗਈ। ਮੋਰਚੇ ਵਿਚ ਮੈਂ ‘ਕੱਲਾ ਨਹੀਂ ਸਾਂ, ਡਰ ਨਾਲ ਮੇਰੀ ਰੀੜ੍ਹ ਦੀ ਹੱਡੀ ਕੰਬ ਗਈ ਤੇ ਉਹ ਉੱਚੀ-ਉੱਚੀ ਹੱਸ ਰਹੀ ਸੀ ਤੇ ਮੈਨੂੰ ਗੁੱਸਾ ਚੜ੍ਹ ਰਿਹਾ ਸੀ, ਗੁੱਸਾ ਵੀ ਏਨਾ ਭਾਊ, ਜੀਅ ‘ਚ ਆਵੇ ਤਾਂ ਰਫ਼ਲ ਦਾ ਸਾਰਾ ਮੈਗਜ਼ੀਨ ਇਹਦੀ ਹਿੱਕ ‘ਚ ਖਾਲੀ ਕਰ ਦਿਆਂ ਜਾਂ ਸੰਗੀਨ ਖੋਭ ਦਿਆਂ ਇਹਦੇ ਢਿੱਡ ‘ਚ…। ਦੁਰ ਫਿੱਟੇ ਮੂੰਹ ਤੇਰੇ.. ਆਖਦਿਆਂ ਮੈਂ ਉਹਦੇ ਉਤੇ ਟੁੱਟ ਪਿਆ, ਮੈਂ ਉਹਦੀ ਬਾਂਹ ਫੜੀ ਭਾਊ, ਦਿਲ ‘ਚ ਸੀ ਕਿ ਧਰੂਹ ਕੇ ਬਾਹਰ ਕੱਢਾਂ ਤੇ ਧੱਕੇ ਮਾਰਦਾ ਮੇਜਰ ਸਾਅਬ ਕੋਲੇ ਲੈ ਜਾਵਾਂ। ਪਰ ਭਾਊ, ਉਹ ਚੰਦਰੀ ਸੀ, ਕੋਈ ਆਮ ਕੁੜੀ ਨਹੀਂ, ਉਹਨੇ ਝਟਕੇ ਨਾਲ ਮੇਰੇ ਹੱਥੋਂ ਬਾਂਹ ਛੁਡਾ ਲਈ ਤੇ ਹੱਥ ‘ਤੇ ਹੱਥ ਮਾਰਕੇ ਹੱਸੀ, ਫੇਰ ਹੱਸਣਾ ਬੰਦ ਕਰਕੇ ਆਖਿਆ ਸੂ, “ਮਰਦ ਤੇ ਜਿਹਦੀ ਬਾਂਹ ਫੜ ਲਏ ਛੱਡਦਾ ਨਹੀਂ, ਪਰ ਤੂੰ ਤੇ…।” ਇਹ ਮਿਹਣਾ ਮੇਰੇ ਅੰਦਰ ਲਹਿ ਗਿਆ ਭਾਊ…। ਮੈਂ ਰਫ਼ਲ ਮੋਰਚੇ ਦੀ ਕੰਧ ਨਾਲ ਖਲਿਆਰ ਦਿੱਤੀ, ਪੂਰੇ ਨ੍ਹੇਰੇ ‘ਚ ਵੀ ਉਹ ਮੈਨੂੰ ਦਿਸ ਰਹੀ ਸੀ, ਸਾਲਮ ਦੀ ਸਾਲਮ, ਮੈਂ ਝਪਟ ਕੇ ਉਹਦੀ ਬਾਂਹ ਫੜੀ, ਮਰੋੜਾ ਚਾੜ੍ਹਿਆ, ਚੰਦਰੀ ਗੇੜਾ ਖਾ ਗਈ ਤੇ ਉਹਦੀ ਕੰਡ ਮੇਰੇ ਵੱਲ ਹੋ ਗਈ, ਮੈਂ ਉਹਨੂੰ ਪਿੱਛੂ ਜੰਫਾ ਮਾਰ ਲਿਆ ਤੇ ਧੱਕ ਕੇ ਮੋਰਚੇ ‘ਚੋਂ ਬਾਹਰ ਕੱਢਣ ਲੱਗਾ, ਓਸ ਦੋਵੇਂ ਲੱਤਾਂ ਅੜਾ ਲਈਆਂ, ਇਕ ਘੋਲ ਸੀ ਭਾਊ, ਸਾਡੇ ਦੁੰਹ ਵਿਚ, ਉਹ ਅੰਦਰ ਨੂੰ ਧੱਕ ਰਹੀ ਸੀ . ਤੇ ਮੈਂ ਬਾਹਰ ਨੂੰ, ਜ਼ੋਰ ਭਾਊ ਉਹਨੇ ਵੀ ਬੜਾ ਮਾਰਿਆ ਪਰ ਮੈਂ ਜਿਹੇ ਪੈਰ ਗੱਡੇ ਕਿ ਉਹ ਚੱਪਾ ਭਰ ਵੀ ਮੈਨੂੰ ਪਿਛਾਂਹ ਨਾ ਕਰ ਸਕੀ ਤੇ ਸੱਚ ਇਹ ਵੀ ਏ ਭਾਊ, ਮੈਂ ਆਪਣੀ ਪੂਰੀ ਵਾਹ ਲਾਈ ਕਿ ਉਹਦੀਆਂ ਲੱਤਾਂ ਨਾ ਮੋੜ ਸਕਿਆ…।
ਸੋਚਣਾ ਕੀ ਐ ਭਾਊ..? ਮੇਰਾ ਤੇ ਬਹੁਤੀਆਂ ਜ਼ਨਾਨੀਆਂ ਨਾਲ ਵਾਹ ਨਹੀਂ ਪਿਆ, ਪਰ ਸੱਚ ਆਹਨਾ ਉਹਦੇ ਵਰਗੀ ਜ਼ੋਰਾਵਰ, ਅੱਥਰੀ ਤੇ ਮੂੰਹਜ਼ੋਰ ਤੀਵੀਂ ਕੀ ਹੋਣੀ ਏ ਕਿਧਰੇ।
ਮੋਰਚਿਓਂ ਬਾਹਰ ਟੈਂਕਾਂ ਨੇ ਖੌਰੂ ਪਾਇਆ ਹੋਇਆ ਸੀ ਤੇ ਅੰਦਰ ਅਸੀਂ…। ਕੋਈ ਹੋਰ ਹੁੰਦਾ ਟੈਂਕਾਂ ਦੀ ਗੜਗੜਾਹਟ ਨਾਲ ਈ ਸਹਿਮ ਜਾਂਦਾ, ਪਰ ਅਸ਼ਕੇ ਉਸ ਸ਼ੀਹਣੀ ਦੇ ਭਾਊ… ਲੱਤਾਂ ਓਸ ਮੋਰਚੇ ਦੇ ਲਾਂਘੇ ‘ਚ ਲਾ. ਕੇ ਅਕੜਾਈਆਂ ਹੋਈਆਂ ਸਨ, ਸਿਰ ਸਾਡੇ ਮੋਰਚੇ ਦੀ ਛੱਤ ਨੂੰ ਪਏ ਲੱਗਦੇ ਸਨ, ਏਸ ਪਕੜ ਦੇ ਵਿਚੋਂ ਵੀ ਭਾਊ ਖੌਰੇ ਕਿੱਤਰਾਂ ਓਸ ਬਾਂਹ ਵਧਾ ਕੇ ਰਫ਼ਲ ਚੁੱਕ ਲਈ ਤੇ ਆਖਣ ਲੱਗੀ, “ਤੇਰੇ ਐਸ ਟੈਂਕ ਨੂੰ ਤੇ ਚੁੱਪ ਕਰਾਵਾਂ।”
ਮੈਂ ਠਠੰਬਰ ਗਿਆ, ਉਹ ਨਾ ਹੋਵੇ, ਕੋਈ ਚੰਨ ਚਾੜ੍ਹ ਦਵੇ। ਉਹਨੂੰ ਹੋਰ ਸ਼ਰਾਰਤ ਸੁੱਝੀ, ਮੇਜਰ ਸਾਹਬ ਵਾਂਗੂੰ ਭਾਰੀ ਆਵਾਜ਼ ਕਰਕੇ ਗਰਜੀ, “ਟੈਨਸ਼ਅਨ”। ਪਤਾ ਈ ਨਹੀਂ ਲੱਗਾ ਭਾਊ, ਕਦੋਂ ਮੇਰੇ ਕੋਲੋਂ ਜੱਫਾ ਛੱਡ ਹੋ ਗਿਆ। ਸਾਡਾ ਫ਼ੌਜੀਆਂ ਦਾ ਇਹੋ ਦੁੱਖ ਏ ਭਾਊ, ਬੰਦੇ ਤੇ ਅਸੀਂ ਰਹਿੰਦੇ ਈ ਨਹੀਂ, ਮਸ਼ੀਨਾਂ ਬਣ ਜਾਨੇ ਆਂ…। ਪਰ ਮੈਨੂੰ ਛੇਤੀ ਪਤਾ ਲੱਗ ਗਿਆ ਕਿ ਉਹ ਮੇਰੇ ਨਾਲ ਧੋਖਾ ਕਰ ਗਈ ਏ, ਮੈਂ ਸੰਭਲ ਗਿਆ, ਉਹ ਅਜੇ ਮੇਰੀ ਹਾਲਤ ’ਤੇ ਹੱਸਦੀ ਪਈ ਸੀ ਕਿ ਮੈਂ ਉਹਦੇ ਹੱਥੋਂ ਰਫ਼ਲ ਖੋਹ ਲਈ, ਮੇਰੇ ਅੰਦਰ ਚੜ੍ਹੀ ਗੁੱਸੇ ਦੀ ਕਾਂਗ ਲਹਿ ਗਈ ਸੀ। ਰਫ਼ਲ ਮੋਢੇ ਪਾ ਮੈਂ ਆਪਣੇ ਦੋਵੇਂ ਹੱਥ ਉਹਦੇ ਮੋਢਿਆਂ ‘ਤੇ ਰੱਖ ਦਿੱਤੇ, ਹੁਣ ਅੰਦਰ ਹੋਰ ਈ ਕਾਂਗਾਂ ਚੜ੍ਹ ਪਈਆਂ ਸਨ, ਉਹਦੇ ਸਾਹ ਮੇਰੇ ਸਾਹਾਂ ਨਾਲ ਟਕਰਾਂਦੇ ਪਏ ਸਨ…। ਖੌਰੇ ਓਸ ਕਿਹੜਾ ਮੁਸ਼ਕਣਾ ਤੇਲ ਜਾਂ ਸਾਬਣ ਲਾਇਆ ਸੀ ਕਿ ਉਹਦੇ ਸਰੀਰੋਂ ਉੱਠਦੀ ਮਹਿਕ ਮੇਰੇ ਸਿਰ ਨੂੰ ਚੜ੍ਹਣ ਡਹੀ ਸੀ । ਮੈਂ ਉਹਨੂੰ ਨਾਲ ਘੁੱਟਿਆ ਤਾਂ ਉਹਦੇ ਕੋਲੋਂ ਸੇਕ ਆਉਂਦਾ ਪਿਆ ਸੀ… ਮੈਂ ਉਹਨੂੰ ਲੈ ਕੇ ਮੋਰਚੇ ‘ਚ ਲੰਮਾ ਪਾਓਣ ਲੱਗਾ, ਉਸ ਮੈਨੂੰ ਛਿਣਕਿਆ ਤੇ ਪਰ੍ਹਾਂ ਵਗਾਹ ਮਾਰਿਆ, ਨ੍ਹੇਰੇ ‘ਚ ਵੀ ਮੈਂ ਵੇਖਿਆ ਕਿ ਉਹ ਬਿਫ਼ਰੀ ਖਲੋਤੀ ਸੀ, ਢਾਕਾਂ ‘ਤੇ ਹੱਥ ਰੱਖੀ ਤੇ ਆਖ ਰਹੀ ਸੀ, “ਏਤਰਾਂ ਨਹੀਂ, ਇਓ ਜੇਈ ਨਈਂ ਚੰਦਰੀ…, ਹੈਂਅ… ਤੇਰੀ ਜੁਰੱਅਤ ਕਿੱਤਰਾਂ ਪਏ… ਹੱਸਣਾ ਖੇਡਣਾ ਵੱਖਰੀ ਗੱਲ ਏ ਪਰ ਇੱਜ਼ਤ ਨਾਲ ਖੇਡਣਾਂ, ਨਾ ਨਾ ਫ਼ੌਜੀਆ, ਇਹ ਨਹੀਂ ਹੋਣਾ… ਇਹ ਸੌਂਪਣਾਂ ਤੇ ਮੈਂ ਆਪਣੇ ਨਾਲ ਦੇ ਨੂੰ ਕਰਨੀਆਂ।”
ਬੜਾ ਗੁੱਸਾ ਚੜ੍ਹਿਆ, ਭਾਊ, ਮਨ ’ਚ ਆਖਿਆ, “ਓਹ ਜਾਹ ਪਰ੍ਹਾਂ… ਕੀ ਪਲਾਲ ਕਰਨ ਡਹੀ ਆ, ਤੁਰੀ ਫਿਰਦੀ ਆ ਰਾਤ ਨੂੰ ਫ਼ੌਜੀਆਂ ਦੇ ਕੈਂਪ ‘ਚ ਤੇ ਆਂਹਦੀ ਆ ਚੰਦਰੀ ਐਹੋ ਜਿਹੀ ਨਹੀਂ …।”
ਕੁਝ ਆਖਣ ਈ ਲੱਗਾ ਸਾਂ ਕਿ ਰੌਸ਼ਨੀ ਮੋਰਚੇ ‘ਚ ਆਈ…। ਮੇਜਰ ਸਾਅਬ ਸਨ ਟਾਰਚਾਂ ਫੜੀ ਹੋਰ ਜੁਆਨਾਂ ਨਾਲ। ਚੰਦਰੀ ਖਲੋਤੀ ਸੀ ਆਕੜ ਕੇ ਤੇ ਮੈਂ ਪਿਆ ਸਾਂ ਜਿਵੇਂ ਦੁਸ਼ਮਣ ਦੇ ਪੈਰਾਂ ਵਿਚ ਬੇਵੱਸ ਹੋ ਕੇ ਡਿੱਗਾ ਹੋਵਾਂ। ਮੇਜਰ ਅਬ ਨੂੰ ਵੇਖਕੇ ਮੈਂ ਸਹਿਮ ਗਿਆ। ਡਰ ਤੇ ਸ਼ਰਮ ਨਾਲ ਪਾਣੀ ਪਾਣੀ ਹੋਏ ਤੋਂ ਮੈਥੋਂ ਭਾਊ ਸਲੂਟ ਵੀ ਨਾ ਵੱਜਾ। ਤਦੇ ਮੇਜਰ ਸਾਅਬ ਉੱਚੀ ਉੱਚੀ ਹੱਸ ਪਏ…, ਫੇਰ ਦੂਜੇ ਮੁੰਡੇ ਹੱਸੇ…, ਫੇਰ ਚੰਦਰੀ ਹੱਸੀ ਤੇ ਫਿਰ ਕਿਤੇ ਭਾਊ ਮੈਨੂੰ ਸਾਹ ਆਇਆ…। ਮੈਂ ਹੌਲ਼ੀ-ਹੌਲ਼ੀ ਉਠਿਆ ਤੇ ਆਲੇ-ਦੁਆਲ਼ੇ ਮੂਰਖਾਂ ਵਾਂਗੂੰ ਵੇਖਣ ਲੱਗਾ। ਉਨ੍ਹਾਂ ਬਣਤ ਬਣਾਈ ਸੀ ਮੈਨੂੰ ਫਾਉਣ ਦੀ, ਤੇ ਫਾਹ ਲਿਆ… ਸਵੇਰੇ ਮੇਜਰ ਸਾਹਿਬ ਖ਼ੁਦ ਪੁੱਜਾ ਚੰਦਰੀ ਦੇ ਪਿੰਡ, ਉਥੇ ਸਾਡੇ ਨਾਲ ਦੇ ਮੁੰਡੇ ਦੇ ਨਾਨਕਿਆਂ ਤੇ ਸਰਪੰਚ ਨੂੰ ਲੈ ਕੇ ਚੰਦਰੀ ਦੇ ਘਰ ਗਏ ਤੇ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ। ਆਂਹਦੇ ਨੇ ਫ਼ੌਜ ਵਿਚ ਏਤਰਾਂ ਨਹੀਂ ਹੁੰਦਾ, ਪਰ ਸਾਡੇ ਮੇਜਰ ਸਾਅਬ ਬਾਰੇ ਵੀ ਫ਼ੌਜ ਵਿਚ ਇਹ ਗੱਲ ਸੀ ਕਿ ਉਹ ਕੁਝ ਵੀ ਕਰ ਸਕਦਾ, ਖਾਸ ਕਰਕੇ ਆਪਣੇ ਜੁਆਨਾਂ ਲਈ ਤੇ ਕਈ ਵਾਰ ਉਹ ਉਤਲੇ ਅਬਸਰਾਂ ਨਾਲ ਵੀ ਇੱਟ-ਖੜੱਕਾ ਲੈ ਲੈਂਦਾ, ਉਹ ਔਖੇ ਤੇ ਹੁੰਦੇ ਪਰ ਜਿਵੇਂ ਆਂਹਦੇ ਨੇ ਵਗਦੇ ਢੱਗੇ ਦੀ ਛੜ ਸਹਿ ਲਈਦੀ ਏ ਉਹਦੀ ਨਿੱਕੀ ਮੋਟੀ ਜਰ ਲੈਂਦੇ…।
ਮੈਂ ਵੀ ਜਰ ਗਿਆ ਭਾਊ, ਚੰਦਰੀ ਨਾਲ ਆਪਣਾ ਵਿਆਹ, ਮਨੋਂ ਇਨਕਾਰੀ ਹੋਣ ‘ਤੇ ਵੀ…।
ਇਨਕਾਰੀ ਭਾਊ…? ਸੱਚੀ ਕਰਾਂ, ਚੰਦਰੀ ਨੂੰ ਮੈਂ ਚੰਗੀ ਕੁੜੀ ਨਹੀਂ ਸੀ ਮੰਨਦਾ… ਮੈਨੂੰ ਜਾਪਦਾ ਪਤਾ ਨਹੀਂ ਏਸ ਕਿੱਥੇ ਕਿੱਥੇ ਖੇਹ ਖਾਧੀ ਹੋਵੇ। ਜੀਅ ’ਚ ਆਉਂਦਾ ਇਹ ਸੁੱਚੀ ਨਹੀਂ ਭਾਊ, ਜਿਵੇਂ ਮੈਂ ਆਂ ਪਰ ਭਾਊ ਮੈਨੂੰ ਪਹਿਲੀ ਰਾਤ ਈ ਚਾਨਣ ਹੋ ਗਿਆ… ਓਸ ਨੇ ਸੱਚ ਨਾਲ ਈ.ਆਪਣੀ ਇੱਜ਼ਤ ਨਾਲ ਦੇ ਲਈ ਸਾਂਭ ਰੱਖੀ ਸੀ, ਮੇਰੇ ਤੇ ਭਾਊ ਸਾਰੇ ਸ਼ੱਕ ਸੂਬੇ ਧੋਤੇ ਗਏ…। ਮੈਂ ਉਹਨੂੰ ਛੇੜਾਂ ਤੇ ਉਹ ਮੇਰੇ ਕੋਲੋਂ ਛੇੜੀ ਨਾ ਜਾਵੇ।
ਗੱਲ ਹੱਸਣ ਵਾਲੀ ਨਹੀਂ ਭਾਊ ਸਹੁੰ ਰੱਬ ਦੀ… ਮੈਂ ਹੁਣ ਕਿੱਤਰਾਂ ਦੱਸਾਂ ਧਿਆਨੂੰ…? ਹੈ ਤੇ ਇਹ ਬੰਦੇ ਦੀ ਨਮੋਸ਼ੀ, ਪਰ ਜਦੋਂ ਮੁੱਢ ’ਚ ਈ ਕਿਸਮਤ ਖਾਧੀ ਏ ਕਿ ਕਰਨੀ ਏ ਤੇ ਸੱਚੀ ਕਰਨੀ ਏ ਫਿਰ ਝੂਠ ਕਾਹਨੂੰ ਮਾਰਨਾ ਹੋਇਆ… ਤੇ ਸੱਚੀ ਇਹ ਵੇ ਭਾਊ ਕਿ ਉਹਨੂੰ ਛੇੜਨ ਲਈ ਮੈਨੂੰ ਤਰੈ ਦਿਨ ਲੱਗੇ… ਤੇ ਉਹ ਤਰੈ ਦਿਨ ਜਿਤਰਾਂ ਮੈਂ ਕੱਢੇ ਮੈਨੂੰ ਈ ਪਤੈ… ਉਹਦੀ ਪੀੜ ਨਾਲ ਮੈਂ ਪੀੜ ਪੀੜ ਹੋ ਜਾਣਾ…
ਕਦੇ ਸੋਚਾਂ, ਭਾਊ ਜ਼ਨਾਨੀ ਚਲਾਕ ਆ ਚਲਿੱਤਰ ਨਾ ਕਰਦੀ ਹੋਵੇ… ਹੋਵੇ ਨਾ ਮੇਰਾ ਉੱਲੂ ਬਣਾਉਂਦੀ ਹੋਵੇ ਜਦੋਂ ਉਹਦੇ ਵੱਲ ਤੱਕਾਂ। ਜਾਪੇ, ਨਹੀਂ… ਤੇ ਹੈ ਵੀ ਨਹੀਂ ਸੀ ਭਾਊ, ਇਹ ਉਹ ਚੰਦਰੀ ਤੇ ਹੈ ਈ ਨਹੀਂ ਸੀ… ਜਿੱਤਰਾਂ ਉਹਨੇ ਆਉਂਦਿਆਂ ਈ ਮੇਰੇ ਨਾਲ ਤੇ ਘਰ ਨਾਲ ਮੋਹ ਪਾਇਆ, ਮੈਂ ਹੈਰਾਨ, ਏਤਰਾਂ ਜਿਵੇਂ ਪਹਿਲਾਂ ਉਹਦਾ ਕੋਈ ਹੁੰਦਾ ਈ ਨਾ ਹੋਵੇ, ਨਾ ਕੋਈ ਸਕਾ ਸਾਕ ਤੇ ਨਾ ਕੋਈ ਘਰ। ਜਿੱਤਰਾਂ ਭਾਊ ਉਹਨੂੰ ਮਸਾਂ ਘਰ ਲੱਭਾ ਹੋਵੇ। ਉਹਦੀਆਂ ਇਹ ਗੱਲਾਂ ਉਹਦਾ ਤਬਾਰ ਬੰਨ੍ਹਾ ਦਿੰਦਿਆਂ, ਮੈਨੂੰ ਉਹਦਾ ਬੜਾ ਪਿਆਰ ਆਉਂਦਾ ਤੇ ਮੇਰਾ ਉਹਨੂੰ ਦੁੱਖ ਦੇਣ ਨੂੰ ਜੀਅ ਨਾ ਕਰਦਾ। ਇਕ ਗੱਲੋਂ ਸੰਗ ਵੀ ਆਉਣੀ ਕਿ ਜੇ ਯਾਰਾਂ ਬੇਲੀਆਂ ਨੂੰ ਪਤਾ ਲੱਗ ਜਾਏ ਬਈ ਦੂੰਹ ਰਾਤਾਂ ‘ਚ ਇਹਦੇ ਕੋਲੋਂ ਖਾਲ ਨਹੀਂ ਟੱਪ ਹੋਇਆ ਲਾਹਣਤਾਂ ਪਾਉਣ…।
ਫੋਟੋ ਯਾਰਾਂ ਬੇਲੀਆਂ ਤੇ ਨਹੀਂ ਭਾਊ… ਤੀਸਰੇ ਦਿਨ ਚਾਚੇ ਜ਼ਰੂਰ ਛਟੱਲਪੁਣਾ
ਵਿਖਾਇਆ, “ਵੇਖ ਓਹ ਘਸੁੰਨਾ, ਪਿਉ ਵਾਂਗੂ ਸਾਧ ਨਾ ਬਣਿਆ ਰਹੀਂ…। ਕੰਨ ਖੋਲ੍ਹ ਕੇ ਸੁਣ, ਤੀਮੀਂ ਵੀ ਪੁੱਤਰਾ ਇਕ ਵਕਤ ਚਾਹੁੰਦੀ ਆ ਕਿ ਬੰਦਾ ਬੇਦਰਦ ਹੋ ਜਾਏ…।” ਬੜੀ ਸ਼ਰਮ ਆਈ ਭਾਊ ਤੇ ਗੁੱਸਾ ਵੀ… । ਮੈਂ ਤੇ ਬੜਾ ਖਿਆਲ ਰੱਖਿਆ ਸੀ ਕਿ ਘਰਦਿਆਂ ਤਕ ਸਾਡੀ ਘੁਸਰ ਮੁਸਰ ਵੀ ਨਾ ਅਪੜੇ ਪਰ ਚਾਚੇ ਨੇ ਜਿਵੇਂ ਕੰਨ ਅੰਦਰ ਈ ਛੱਡ ਰੱਖੇ ਸਨ। ਫੇਰ ਤੀਸਰੀ ਰਾਤ ਮੈਂ ਬੇਦਰਦ ਹੋ ਗਿਆ ਸਾਂ ਭਾਊ ਤੇ ਓਹੀਓ ਗੱਲ ਹੋਈ ਜਿਹਦਾ ਡਰ ਸੀ…। ਚੰਦਰੀ ਦੀ ਚੀਕ ਸੁਣ ਪਿਉ ਮੇਰਾ ਬੂਹਾ ਖੜਕਾਉਣ ਆ ਲੱਗਾ, ਉੱਠਕੇ ਬੂਹਾ ਖੋਹਲਦੇ ਨੂੰ ਮੈਨੂੰ ਚੰਦਰੀ ਨੇ ਬਾਹੋਂ ਫੜ ਵਰਜਿਆ ਤੇ ਬਾਹਰ ਮਾਂ ਮੇਰੀ ਮੇਰੇ ਪਿਉ ਨੂੰ ਧਰੂਹ ਕੇ ਲੈ ਗਈ… ਪਿਉ ਨਾਲ ਹੋਈ ਕਪੁੱਤ ਅੰਦਰ ਵੀ ਸੁਣਦੀ ਸੀ ਸਾਨੂੰ “ਇਹਨੇ ਨਹੀਂ ਸਾਰੀ ਉਮਰ ਬੰਦਾ ਬਣਨਾ… ਘੁੱਗੂ ਜਿਆ… ਜਾ ਲੱਗਾ ਪੁੱਤਰ ਦੀਆਂ ਬਰੂਹਾਂ ਨਾਲ… ਔਂਤਰਾ ਬਿੱਜੂ ਜਿਹਾ ਨਾ ਹੋਵੇ…।” ਸਵੇਰੇ ਜਦੋਂ ਚੰਦਰੀ ਚਾਦਰ ਦੇ ਨਾਲ ਦਰੀ ਅਤੇ ਖੇਸ ਵੀ ਸੁੱਕਣੇ ਪਾ ਰਹੀ ਸੀ ਤਾਂ ਮਾਂ ਮੇਰੀ ਏਤਰਾਂ ਦੇ ਬੋਲ ਕਬੋਲ ਸਾਨੂੰ ਵੀ ਬੋਲਦੀ ਪਈ ਸੀ, ਪਰ ਪਤਾ ਨਹੀਂ ਸੀ ਲੱਗਦਾ ਭਾਊ ਉਹ ਦੁਖੀ ਏ ਜਾਂ ਖ਼ੁਸ਼। A
ਉਂਝ ਮੈਂ ਖ਼ੁਸ਼ ਸਾਂ ਭਾਊ, ਮੈਨੂੰ ਤੇ ਜਿੱਤਰਾਂ ਖੰਭ ਲੱਗ ਗਏ ਹੋਣ ਸਾਡੇ ਤੇ ਘਰ ਦੀ ਵਜਾ ਈ ਬਦਲ ਗਈ ਸੀ…। ਚੰਦਰੀ ਨੇ ਪੂਰਾ ਘਰ ਸਾਂਭ ਲਿਆ ਸੀ… ਚਾਚਾ ਵੀ ਡਾਹਢਾ ਖ਼ੁਸ਼, ਪਰ ਉਹ ਸਮਝਾਉਣੀਆਂ ਬਹੁਤ ਕਰਦਾ, ਉਦੋਂ ਦੀਆਂ ਤੇ ਚੋਖੀਆਂ ਈ ਜਦੋਂ ਤੋਂ ਉਹਨੂੰ ਰਾਤਾਂ ਨੂੰ ਦਿਸਣੋਂ ਹਟਿਆ ਸੀ…। ਪਿੰਡ ‘ਚ ਬੜੇ ਮਖੌਲ ਹੁੰਦੇ ਉਹਨੂੰ, ਏਸ ਗੱਲ ਨੂੰ ਉਹ ਦਿਲ ‘ਤੇ ਲਾ ਬੈਠਾ, ਰੋਗ ਤੇ ਪਤਾ ਨਹੀਂ ਏਡਾ ਵੱਡਾ ਹੈ ਵੀ ਸੀ ਕਿ ਨਹੀਂ ਪਰ ਉਹ ਦਿਨ ਦੇ ਛਪਾਅ ਨਾਲ ਈ ਘਰ ਆ ਜਾਂਦਾ ਤੇ ਟਿਕਾਣੇ ਲੱਗ ਕੇ ਬਹਿ ਜਾਂਦਾ। ਉਹ ਵਹਿਮੀ ਵੀ ਬੜਾ ਹੋ ਗਿਆ ਸੀ,
ਰਾਤੀਂ ਐਵੇਂ ਹੋਕਰੇ ਮਾਰਦਾ ਰਹਿੰਦਾ । ਚੰਦਰੀ ਦਾ ਫ਼ਿਕਰ ਤੇ ਉਹਨੂੰ ਵੱਢ-ਵੱਢ ਖਾਂਦਾ। ਮੈਨੂੰ ਵੇਖਦਿਆਂ ਈ ਉਹਦੀ ਜ਼ਬਾਨ ‘ਤੇ ਆ ਜਾਂਦਾ, “ਵੇਖੀਂ ਪੁੱਤਰਾ… देधी वियवे…।”
ਮੁੰਡੇ ਮੈਨੂੰ ਵੱਖ ਮਖੌਲ ਕਰਦੇ, “ਵੇਖੀਂ ਫ਼ੌਜੀਆ, ਚਾਚਾ ਸਾਨੂੰ ਚੰਗਾ ਭਲਾ ਜਾਪਦਾ, ਇਹ ਅੰਧਰਾਤਾ ਤੇ ਪਖੰਡ ਈ ਆ ਉਹਦਾ, ਉਹ ਤੇ ਮਚਲਾ ਬਣ ਕੇ ਤੇਰੀ ਜ਼ਨਾਨੀ ਤਾੜਦਾ, ਵੇਖੀਂ ਕਿਧਰੇ।”
ਇਹ ਵੇਖੀ ਕਿਧਰੇ, ਮੈਨੂੰ ਡਾਹਢਾ ਦੁਖੀ ਕਰਦਾ ਤੇ ਮੈਂ ਚੰਦਰੀ ਨੂੰ ਸਮਝਾਉਣੀਆਂ ਕਰਨ ਡਹਿ ਪੈਂਦਾ। ਪਰ ਉਹ ਬੁਰਾ ਮੰਨ ਜਾਂਦੀ ਤੇ ਪਹਿਲੀਆਂ ਰਾਤਾਂ ਦੇ ਮਾਣ, ਹਿੱਕ ਤਾਣ, ਮੈਨੂੰ ਪੁੱਛਦੀ, “ਅਜੇ ਵੀ ਮੇਰੇ ‘ਤੇ ਸ਼ੱਕ ਆ…।” ਉਹਨੇ ਏਤਰਾਂ ਆਖਣਾ ਭਾਊ ਕਿ ਮੇਰੇ ਸਾਰੇ ਸੰਸਾਰੇ ਜਾਂਦੇ ਰਹਿਣੇ। ਉਂਜ ਵੀ ਮੈਂ ਉਹਦੇ ਕੋਲੋਂ ਖ਼ੁਸ਼ ਸਾਂ, ਉਹਨੇ ਘਰ ਜੋ ਸੰਭਾਲ ਲਿਆ ਸੀ, ਕੰਮ ਨਾਲ ਉਹਨੇ ਅਗਲਾ ਪਿਛਲਾ ਗੰਦ ਕੱਢ ਦਿੱਤਾ ਸੀ…। ਅਸਾਂ ਭਾਊ ਪਹਿਲੀ ਛੁੱਟੀ ਵਿਚ ਈ ਇਕ ਪੱਕੀ ਬੈਠਕ ਬਣਾ ਲਈ, ਪਲੱਸਤਰ ਕਰਕੇ, ਫ਼ਰਸ਼ ਲਾ ਕੇ ਉਹਦੇ ਵਿਚ ਗੱਦਿਆਂ ਵਾਲਾ ਬੈੱਡ ਲਿਆ ਡਾਹਿਆ… ਰਾਤੀਂ ਨੀਲੇ ਰੰਗ ਦਾ ਨਿੱਕਾ ਲਾਟੂ ਜਗਾ ਕੇ ਜਦੋਂ ਅਸੀਂ ਪਿਆਰ ਕਰਦੇ ਸਭ ਕੁਝ ਈ ਵਿਸਰ ਜਾਂਦਾ । ਪਰ ਉਹਦੀਆਂ ਦੋ ਗੱਲਾਂ ਮੈਨੂੰ ਪੁੱਜ ਕੇ ਦੁਖੀ ਕਰਦੀਆਂ, ਇਕ ਤੇ ਉਹਦੀ ਝੂਠ ਮਾਰਨ ਦੀ ਆਦਤ ਤੇ ਦੂਜੀ ਉਹ ‘ਫਰੰਤੂ’ ਬੜੀ ਸੀ ਭਾਊ। ਜਿੰਨਾ ਚਿਰ ਉਹ ਆਨੀਂ- ਬਹਾਨੀਂ ਚਾਰ ਘਰ ਭੌਂ ਨਾ ਲੈਂਦੀ, ਉਹਨੂੰ ਜਿਵੇਂ ਰੋਟੀ ਨਾ ਚੰਗੀ ਲੱਗਦੀ। ਜੇ ਉਹ ਭੌਂ ਕੇ ਈ ਆ ਜਾਇਆ ਕਰੇ ਤਾਂ ਖੈਰ ਸੱਲਾ । ਪਰ ਉਹਨੇ ਤੇ ਭਾਊ ਝੂਠ ਨਾਲ ਵਖ਼ਤ ਪਾ ਦੇਣਾ… ਓਹੀਓ ਕਾਹਨੂੰਵਾਲ ਦੇ ਸੱਪਾਂ ਤੇ ਛਲੇਡਿਆਂ ਦੀਆਂ ਗੱਲਾਂ ਸਾਡੇ ਪਿੰਡ ਲਾਗਿਓਂ ਲੰਘਦੀ ਨਹਿਰ ਨਾਲ ਜੋੜਨ ਲੱਗ ਪਈ… । ਕਿਸੇ ਉਲ੍ਹਾਮਾ ਦੇਣਾ, ਮੈਨੂੰ ਡਾਹਢਾ ਰੰਜ ਆਉਣਾ, ਮਾਂ ਨੇ ਵੱਖਰਾ ਭੰਡਣਾ ਮੇਜਰ ਸਾਅਬ ਦੇ ਅਗਲੇ ਪਿਛਲੇ ਪਿੱਟ ਧਰਨੇ।
ਮੈਂ ਦੁਖੀ ਹੋ ਕੇ ਚੰਦਰੀ ਨੂੰ ਕੁੱਟਣ ਲੱਗ ਪੈਣਾ, ਕੁੱਟਦਿਆਂ-ਕੁੱਟਦਿਆਂ ਥੱਕ ਜਾਣਾ… ਸਹੁੰ ਭਾਊ ਦੀ ਮੈਂ ਤੇ ਓਧਰ ਗਈ ਈ ਨਹੀਂ…” ਮੈਂ ਉਹਨੂੰ ਅੱਖੀਂ ਵੇਖਿਆ ਹੋਣਾ ਓਧਰ, ਪਰ ਓਸ ਆਖਣਾ, “ਨਾ, ਸਹੁੰ ਭਾਊ ਦੀ।” ਇਕ ਝੂਠ, ਤੇ ਦੂਜਾ ‘ਸਹੁੰ ਭਾਊ ਦੀ’ ਉਹਨੂੰ ਏਤਰਾਂ ਰਵਾਂ ਸੀ ਕਿ ਪੁੱਛੋ ਕੁਝ ਨਾ।
ਮੈਂ ਆਖਣਾ, “ਬੂਹਾ ਮਾਰ ਆ…।”
“ਮਾਰ ਆਈ ਆਂ…।”
“ਨਹੀਂ ਖੁੱਲ੍ਹਾ ਏ…।”
“ਮੈਂ ਹੱਥੀਂ ਮਾਰਿਆ, ਵੱਜਾ ਕਿਉਂ ਨਹੀਂ…?”
“ਤੂੰ ਮਾਰਿਆ ਈ ਨਹੀਂ ਚੰਦਰੀਏ…।”
“ਸਹੁੰ ਭਾਊ ਦੀ, ਮੈਂ ਕੋਈ ਝੂਠ ਮਾਰਨੀ ਆਂ…।”
ਮੈਂ ਪੁੱਛਣਾ, “ਪਸ਼ੂਆਂ ਨੂੰ ਪਾਣੀ ਡਾਹ ਦਿੱਤਾ ਈ…?”
“ਆਹੋ ਦੋ ਵਾਰੀ…।”
“ਪਰ ਚਾਚਾ ਤੇ ਆਂਹਦੈ, ਇਕ ਵਾਰੀ ਵੀ ਨਹੀਂ..।”
“ਮੈਂ ਕੋਈ ਝੂਠ ਮਾਰਨੀ ਆਂ…।”
ਮੈਂ ਪੁੱਛਣਾ, “ਚੰਗਾ ਅੰਦਰ ਕੀ ਲੈਣ ਆਇਆ ਸੀ…?”
“ਅੰਦਰ ਤੇ ਨਹੀਂ ਆਇਆ…।”
“ਮੈਂ ਉਹਨੂੰ ਆਪ ਵੇਖਿਐ ਅੰਦਰੋਂ ਨਿਕਲਦਿਆਂ…।”
“ਸਹੁੰ ਭਾਊ ਦੀ…।”
ਮੈਂ ਸਿਰ ਪਿੱਟ ਲੈਣਾ ਭਾਊ। ਮਾਂ ਨੇ ਵੱਖ ਛਿੱਬੀਆਂ ਦੇਣੀਆਂ, ਚਾਰੇ ਵੱਖ ਆਰਾਂ ਲਾਉਣੀਆਂ। ਅੱਕ ਕੇ ਮੇਜਰ ਸਾਅਬ ਨੂੰ ਬੁਲਾਇਆ, ਉਨ੍ਹਾਂ ਚੰਦਰੀ ਦੇ ਸਿਰ ‘ਤੇ ਹੱਥ ਰੱਖਿਆ, ਪੁੱਛਿਆ, “ਏਤਰਾਂ ਕਿਉਂ ਕਰਨੀ ਏ ਪੁੱਤਰ ਤੈਨੂੰ ਕੋਈ. ਦੁਖ ਏ ਤਾਂ ਮੈਨੂੰ ਦੱਸ ਮੇਰੀ ਬੀਬੀ ਧੀ…।”
ਭਾਊ ਉਹ ਬੜਾ ਰੋਈ, ਰੋਈ ਜਾਵੇ, ਮੇਰੇ ਵੱਲੋਂ ਆਖੇ, “ਇਹਦੇ ਵਲੋਂ ਕੀ ਦੁਖ ਹੋਵੇ। ਇਹ ਬੰਦਾ ਨਹੀਂ ਦੇਵਤਾ ਏ, ਬਸ ਮੈਂ ਈ ਚੰਦਰੀ ਆਂ…।”
“ਲੈ ਹੈ, ਤੂੰ ਕਿਉਂ ਚੰਦਰੀ ਏਂ ਬੀਬਾ…।” ਨਾਲ ਈ ਮੇਜਰ ਸਾਅਬ ਮੈਨੂੰ ਬੋਲੇ, “ਨਾਲੇ ਬਈ, ਤੂੰ ਇਹਦਾ ਨਾਂ ਕਿਉਂ ਨਹੀਂ ਲੈਂਦਾ? ਤੂੰ ਕਿਉਂ ਚੰਦਰੀ भायें…?”
ਮੈਂ ਦੱਸਿਆ ਭਾਊ ਕਿ ਵਿਆਹ ਪਿਛੋਂ ਮੈਂ ਬੜੀ ਕੋਸ਼ਿਸ਼ ਕੀਤੀ ਸੀ, ਇਹਦਾ ਅਸਲੀ ਨਾਂ ਲੈਣ ਦੀ ਪਰ ਮੈਂ ‘ਗੁਰਨਾਮ ਕੁਰ’ ‘ਗੁਰਨਾਮ ਕੁਰ’ ਆਖੀ ਜਾਣਾ ਤੇ ਇਹਨੇ ਇੰਜ ਮੇਰੇ ਵੱਲ ਵੇਖੀ ਜਾਣਾ ਜਿਵੇਂ ਮੈਂ ਕਿਸੇ ਹੋਰ ਨਾਲ ਗੱਲ ਕਰਦਾ ਹੋਵਾਂ। ਇਹਨੂੰ ਤੇ ਚੰਦਰੀ ਆਖਿਆਂ ਈ ਸਮਝ ਪੈਂਦੀ…।
ਓਸ ਦਿਨ ਉਹਨੇ ਮੇਜਰ ਸਾਹਿਬ ਅੱਗੇ ਬੜੀਆਂ ਗੱਲਾਂ ਕੀਤੀਆਂ ਭਾਊ, ਮੈਨੂੰ ਵੀ ਓਸ ਦਿਨ ਈ ਪਤਾ ਲੱਗਾ ਕਿ ਉਹਨੂੰ ਚੰਦਰੀ ਕਿਉਂ ਆਂਹਦੇ ਨੇ…? ਜਿਸ ਦਿਨ ਉਹ ਜੰਮੀ ਸੀ ਨਾ ਭਾਊ, ਉਸ ਦਿਨ ਉਹਦਾ ਪਿਉ ਤੇ ਵੱਡਾ ਭਰਾ ਐਕਸੀਡੈਂਟ ‘ਚ ਮਾਰੇ ਗਏ ਸਨ…। ਉਹਦੀ ਭਰਜਾਈ ਨਿੱਕੇ ਸਿਰ ਧਰ ਦਿੱਤੀ ਸੀ, ਉਹ ਭਰਜਾਈ ਤੇ ਉਹਨੂੰ ਵੇਖ ਨਹੀਂ ਸੀ ਸੁਖਾਂਦੀ। ਦੂਜੇ ਲੋਕ ਵੀ ਉਹਦੇ ਨਾਲ ਚੰਗਾ ਨਹੀਂ ਸੀ ਵਰਤਦੇ, ਮਾੜਾ ਮੋਟਾ ਮਾਂ ਈ ਕਰਦੀ ਸੀ ਬੱਸ, ਬਾਕੀ ਤੇ ਉਹਨੂੰ ਚੰਦਰੀ ਚੰਦਰੀ ਆਖ ਹਰ ਵੇਲੇ ਸਤਾਉਂਦੇ । ਓਸ ਦਿਨ ਨਾਲੇ ਉਹ ਰੋਂਦੀ ਜਾਵੇ ਨਾਲੇ ਮੇਜਰ ਸਾਹਿਬ ਨੂੰ ਦੱਸਦੀ ਜਾਵੇ, “ਨਿੱਕੇ ਹੁੰਦਿਆਂ ਏਨੇ ਝੂਠ ਮਾਰਨੇ ਪਏ
ਸਾਅਬ ਜੀ ਕਿ ਹੁਣ ਮੈਨੂੰ ਪਤਾ ਈ ਨਹੀਂ ਲਗਦਾ ਮੇਰੇ ਕੋਲੋਂ ਝੂਠ ਮਾਰਿਆ ਜਾਂਦਾ ਏ ਮੈਂ ਏਸ ਬੰਦੇ ਨੂੰ ਤਾਅ ਕੇ ਉੱਕੀ ਈ ਨਹੀਂ ਰਾਜ਼ੀ ਪਰ ਕਰਾਂ ਕੀ…? ਜਹਾਨ ਚੰਦਰਾ ਏਨਾ ਭੈੜਾ ਵਰਤਿਆ ਏ ਮੇਰੇ ਨਾਲ ਕਿ ਹੁਣ ਵੱਸ ਈ ਨਹੀਂ ਮੇਰੇ…।” ਆਂਹਦੀ “ਜਿੱਸਰਾਂ ਅੱਜ ਤੁਸਾਂ ਪਿਉ ਬਣ ਕੇ ਸਿਰ ‘ਤੇ ਹੱਥ ਧਰਿਐ ਸਾਅਬ ਜੀ ਕਦੀ ਨਿੱਕੀ ਉਮਰੇ ਕਿਸੇ ਨੇ ਧਰਿਆ ਹੁੰਦਾ, ਮੈਂ ਚੰਦਰੀ ਨਾ ਹੁੰਦੀ।” ਆਖ ਉਹ ਉੱਚੀ-ਉੱਚੀ ਰੋਈ, ਰੋਂਦਿਆਂ ਉਹਦੀ ਗਿੱਗੀ ਬੱਝ ਗਈ, ਰੋਏ ਮੇਜਰ ਸਾਅਬ ਵੀ, ਮਨ ਮੇਰਾ ਵੀ ਭਰਿਆ ਤੇ ਓਸ ਦਿਨ ਮੈਂ ਚੰਦਰੀ ਨੂੰ ਉਹਦੀਆਂ ਆਦਤਾਂ ਪਾਰੋਂ ਬਰੀ ਕਰ ਛੱਡਿਆ।
ਮੇਜਰ ਸਾਅਬ ਮਿਨੂੰ ਤਾੜਨਾ ਕਰਕੇ ਤੁਰ ਗਏ ਕਿ ਮੈਂ ਚੰਦਰੀ ਨੂੰ ਚੰਗਾ ‘ ਰੱਖਿਆ ਕਰਾਂ.. ਚੰਦਰੀ ਦਾ ਮੁੱਖ ਸੁਣਕੇ ਮੇਰਾ ਮਨ ਵੀ ਪੰਘਰਿਆ ਪਿਆ ਸੀ, ਸੋਚਾਂ ਨਾਲ ਈ ਲੈ ਜਾਵਾਂ ਪਰ ਉਹਦੀਆਂ ਆਦਤਾਂ ਕਰਕੇ ਡਰ ਲਗਦਾ ਸੀ, ਨਾ ਤੇ ਉਹਨੇ ਝੂਠ ਮਾਰਨਾ ਛੱਡਣਾ ਸੀ ਤੇ ਉਹਦੇ ਫਰੰਤੂ ਹੋਣ ‘ਤੇ ਵੀ ਫ਼ੌਜੀਆਂ ਨੇ ਸੌ ਸੌ ਝੇਡਾਂ ਕਰਨੀਆਂ ਸਨ, ਬੱਝ ਕੇ ਓਸ ਰਹਿਣਾ ਨਹੀਂ ਸੀ…।
ਮਾਂ ਵੱਖਰਾ, ਚੰਦਰੀ ਦੇ ਆਖਣ ਮੂਜਬ, ਉਹਨੂੰ ਸੂਲੀ ਚਾੜ੍ਹੀ ਰੱਖਦੀ, ਚੰਦਰੀ ਦੱਸਦੀ, “ਤੇਰੇ ਟੁਰ ਜਾਣ ਪਿਛੋਂ ਬੇਬੇ ਮੇਰੀ ਬੜੀ ਰੱਤ ਪੀਂਦੀ ਊ, ਕਦੇ ਮੇਰੇ ਮਾਪਿਆਂ ਨੂੰ ਪਿੱਟਦੀ ਆ ਕਦੇ ਸਾਅਬ ਨੂੰ ਕਦੇ ਮੇਰਾ ਟਰੰਕ ਖੋਹਲ ਮੇਰੇ ਨਵੇਂ ਕੱਪੜੇ ਪਾ, ਮੇਰਾ ਸੁਰਖੀ ਪੌਡਰ ਲਾ, ਸ਼ਹਿਰ ਟੁਰ ਜਾਂਦੀ ਆ ਤੇ ਮਿਨੂੰ ਬਾਹਰੋਂ ਜੰਦਰਾ ਮਾਰ ਜਾਂਦੀ ਆ…।” ਚੰਦਰੀ ਦੁਖੀ ਹੋ ਕੇ ਹੋਰ ਦੱਸਦੀ, “ਮੈਨੂੰ ਤੇ ਬੈਠਕ ‘ਚ ਵੀ ਨਹੀਂ ਸੌਣ ਦੇਂਦੀ, ਬੇਬੇ ਆਂਹਦੀ ਆ, ਏਸ ਪੱਖੇ ਦੀ ‘ਵਾ ਬੜੀ ਆ… ਨਾਲੇ ਬੈੱਡ ’ਤੇ ਸੌਂ ਕੇ ਓਹਦੇ ਲੱਕ ਨੂੰ ਰਮਾਨ ਰਹਿੰਦਾ, ਮਿਨੂੰ ਪੁਰਾਣੇ ਕੋਠੇ ‘ਚ ਬੇਬੇ ਦੇ ਮੰਜੇ ‘ਤੇ ਨੀਂਦਰ ਨਹੀਂ ਪੈਂਦੀ…।” ਸੁਣ ਕੇ ਮੈਂ ਬੜਾ ਤੜਫਣਾ ਭਾਊ… ਮਾਂ ਨੇ ਖੌਰੇ ਹੋਰ ਕਿੰਨਾ ਲਹੂ ਚੂਸਣਾ ਹਾਲੇ। ਫੇਰ ਜੀਅ ‘ਚ ਆਉਣਾ ਚੰਦਰੀ ਝੂਠ ਨਾ ਮਾਰਦੀ ਹੋਵੇ, ਝੂਠ ਪਾਰੋਂ ਚੰਦਰੀ ਦਾ ‘ਤਬਾਰ ਮਾਰਿਆ ਗਿਆ ਸੀ। ਮੈਂ ਉਹਦੀ ਗੱਲ ‘ਤੇ ਕੰਨ ਨਹੀਂ ਸਾਂ ਧਰਦਾ । ਕਈ ਵਾਰ ਚਾਚੇ ਅੱਧੀ ਰਾਤੀਂ ‘ਸੱਪ ਸੱਪ’ ਦਾ ਰੌਲਾ ਪਾ ਦੇਣਾ, ਮੈਂ ਪਾਗ਼ਲਾਂ ਹਾਰ ਘਰ ‘ਚ ਸੱਪ ਲੱਭਦੇ ਫਿਰਨਾ ਤਾਂ ਚੰਦਰੀ ਆਖਣਾ, “ਸੱਪ ਸੁੱਪ ਕੋਈ ਨਹੀਂ, ਤੂੰ ਐਵੇਂ ਚਾਚੇ ਪਿੱਛੇ ਲੱਗ ਬੁੱਧੂ ਨਾ ਬਣਿਆ ਕਰ।” ਕਦੇ ਓਸ ਆਖਣਾ, “ਤੇਰੀ ਮਾਂ ਤੰਗ ਕਰਦੀ ਆ ਕਿ ਚਾਚੇ ਨੂੰ ਰੋਟੀ ਮੈਂ ਦਿਆ ਕਰਾਂ… ਮਿਨੂੰ ਨਹੀਂ ਚੰਗਾ ਲੱਗਦਾ, ਉਹਦੇ ਤੇ ਨਖਰੇ ਈ ਬੜੇ ਨੇ…।”
ਕਦੇ ਆਖਣਾ, “ਜੇ ਮਿਨੂੰ ਬਚਾਉਣਾ ਤੇ ਨਾਲ ਲੈ ਚੱਲ, ਨਹੀਂ ਏਨਾ ਮਿਨੂੰ ਮਾਰ ਦੇਣਾ। ਤੇਰਾ ਚਾਚਾ ਤੇ ਤੇਰੀ ਮਾਂ ਮੇਰੀ ਜਾਨ ਦੇ ਪਿੱਛੇ ਪਏ ਨੇ…।” ਪਰ ਮੈਂ ਏਹੀਓ ਸੋਚਦਾ ਰਿਹਾ ਭਾਊ, ਹੋਵੇ ਤਾਂ ਝੂਠ ਮਾਰਦੀ ਆ।
.ਓਸ ਮਿਨੂੰ ਚਿੱਠੀ ਵੀ ਲਿਖੀ, “ਮੈਂ ਸਾਰੀ ਸਾਰੀ ਰਾਤ ਬਹਿ ਕੇ ਕੱਟਨੀ ਆਂ… ਜੇ ਮੇਰੀ ਜਾਨ ਚਾਹੁੰਨਾ ਤੇ ਘੜੀਓਂ ਪਹਿਲਾਂ ਆ ਕੇ ਲੈ ਜਾ… ਇਹ ਝੂਠ ਨਹੀਂ, ਮੇਰਾ ਤਰਲਾ ਤੇਰੇ ਅੱਗੇ, ਮੈਨੂੰ ਆਪਣੀ ਮਾਂ ਤੋਂ ਬਚਾ ਲੈ…।”
ਮਾਂ ਤੋਂ ਭਾਊ ਮੈਂ ਬਚਪਣ ਤੋਂ ਸਤਿਆ ਹੋਇਆ ਸਾਂ ਬੜੀ ਵਾਰ ਦਿਲ ‘ਚ ਉਬਾਲ ਉਠਦੇ ਉਹਦਾ ਫਾਹ ਵੱਢਣ ਦੇ…।
ਤਾਂ ਵੀ ਭਾਊ, ਮੈਂ ਚੰਦਰੀ ਦੀ ਚਿੱਠੀ ਨੂੰ ਖੌਰੇ ਨਾ ਈ ਗੌਲਦਾ ਜੇ ਚਾਚੇ ਦੀ ਚਿੱਠੀ ਨਾ ਆ ਜਾਂਦੀ, “ਸੰਗਾ ਕਰ ਓਏ ਮਾਂ ਜਾਵਿਆ, ਮਰ ਕਿਉਂ ਨਹੀਂ ਜਾਂਦਾ ਤੂੰ ਵੱਡਾ ਸਹੱਦਾਂ ਦਾ ਰਾਖਾ, ਘਰ ਤੇਰੇ ਨੂੰ ਪੁੱਤਰਾ ਸੰਨ ਲੱਗ ਗਈ ਆ… ਸੱਪ ਬੈਠਕ ‘ਚ ਆਣ ਵੜਿਆ…।”
ਅੱਗ ਲੱਗ ਗਈ ਭਾਊ ਕੁਝ ਨਾ ਸੁੱਝਾ, ਨਾ ਮੇਜਰ ਸਾਹਿਬ ਨੂੰ ਮਿਲਿਆ, ਨਾ ਛੁੱਟੀ ਲਈ ਬਸ ਘਰ ਨੂੰ ਭੱਜ ਵਗਿਆ…।
ਰਾਤੀਂ ਜਦੋਂ ਘਰ ਦੀ ਪਿਛਲੀ ਕੰਧ ਟੱਪੀ ਵਿਹੜੇ ‘ਚ ਨ੍ਹੇਰਾ ਸੀ ਪਰ ਬੈਠਕ ‘ਚ ਨੀਲਾ ਲਾਟੂ ਪਿਆ ਜਗਦਾ ਸੀ… ਵਿਹੜੇ ‘ਚ ਕੋਈ ਭੌਂ ਰਿਹਾ ਸੀ… ਤਾਰਿਆਂ ਦੀ ਲੋਅ ਸੀ, ਉਂਜ ਵੀ ਭਾਊ ਅਸੀਂ ਫ਼ੌਜੀ ਨ੍ਹੇਰੇ ‘ਚ ਵੀ ਵੇਖ ਚਾਖ ਲੈਨੇ ਆਂ, ਮੈਂ ਸਿੰਝਾਤਾ, ਚਾਚਾ ਸੀ… ਵਿਚਾਰਾ ਬੱਜਾ ਰੱਤਾ ਹੋ ਕੇ ਵੀ ਰਾਖੀ ਕਰਨ ਡਿਆ…, “ਕੋਈ ਨਹੀਂ ਚਾਚਾ, ਅੱਜ ਲਾਹ ਦਿਆਂਗਾ ਤੇਰੇ ਸਾਰੇ ਲਾਂਏ।” ਮੈਂ ਮਨ ‘ਚ ਆਖਿਆ। ਚੰਦਰੀ ਦੇ ਬੋਲ ਵੀ ਮੇਰੇ ਕੰਨਾਂ ‘ਚ ਸਾਂਅ ਸਾਂਅ ਪਏ ਕਰਦੇ ਸਨ “ਮਿਨੂੰ ਆਪਣੀ ਮਾਂ ਕੋਲੋਂ ਬਚਾ ਲਾ… ।” ਪਹਿਲਾਂ ਬੁੱਢੜੀ ਦਾ ਫਸਤਾ ਵੱਢਾਂ ਫੇਰ ਸੱਪਾਂ ਦੀਆਂ ਸਿਰੀਆਂ…। ਤੱਦੇ ਭਾਊ ਚਾਚਾ ਮਾਂ ਦੇ ਕੋਠੇ ਵੱਲ ਜਾਂਦਾ ਦਿਸਿਆ, ਮੈਂ ਛਹ ਗਿਆ। ਅੰਦਰੋਂ ਉੱਚੀ ਬੋਲਣ ਦੀ ‘ਵਾਜ਼ ਆਈ, ਜਿਵੇਂ ਕੋਈ ਚਾਚੇ ਨੂੰ ਝਿੜਕਦਾ ਹੋਵੇ…। ਚਾਚਾ ਝੱਬਦੇ ਬਾਹਰ ਆ ਗਿਆ, ਜਿੱਤਰਾਂ ਕਿਸੇ ਮਗਰ ਪੈ ਕੇ ਨਸਾਇਆ ਹੋਵੇ…। ਜਾਪਦਾ ਈ ਨਹੀਂ ਸੀ ਕਿ ਚਾਚੇ ਨੂੰ ਅੰਧਰਾਤਾ ਹੋਵੇ । ਮੇਰਾ ਮੱਥਾ ਠਣਕਿਆ, ਚਾਚਾ ਹੁਣ ਬੈਠਕ ਵੱਲ ਜਾਂਦਾ ਪਿਆ ਸੀ… ਬੜਾ ਕੁਝ ਭਾਊ ਮੇਰੇ ਅੰਦਰ ਰਲਗੱਡ ਹੋਣ ਲੱਗਾ…
ਚਾਚਾ ਘਰ ਦੀ ਰਾਖੀ ਪਿਆ ਕਰਦਾ…
ਪਿਉ ਮੇਰਾ ਤੇ ਸਾਧ ਏ…
ਸ਼ਰਮ ਨਹੀਂ ਆਉਂਦੀ ਗੱਭੂ ਗੋਸ਼ੇ ਖਾਂਦੇ ਨੂੰ…
ਸਰਦਾਰਾਂ ਦੀ ਮਾਂ ਦੀ …
ਵੇਖੀਂ ਫ਼ੌਜੀਆ ਚਾਚੇ ਦਾ ਅੰਧਰਾਤਾ ਪਖੰਡ ਈ…
ਪਿਉ ਨੂੰ ਰਾਤੀਂ ਪਤੀਲਾ ਨਹੀਂ ਦਿਸਿਆ…
ਓਹਂ ਜਾਣੈ…
ਬੜੀ ਮੂੰਹ ਜ਼ੋਰ ‘ਤੇ ਡਾਹਢੀ ਆ…
ਚੰਦਰੀ ਇਹੋ ਜਿਹੀ ਨਹੀਂ…
ਚਾਚਾ ਕੀ ਲੈਣ ਆਇਆ ਸੀ ਅੰਦਰ..
ਇਹਦੀ ਇਕ ਰਗ ਵਧ ਆ ਦੂਜਿਆਂ ਨਾਲੋਂ…
ਮੇਜਰ ਸਾਅਬ… ਪਾਕਿਸਤਾਨੀਆਂ ਦੇ ਟੋਲੇ… ਏਡੇ ਲੰਮੇ ਲੰਮੇ ਸੱਪ…
ਚੰਦਰੀ ਵਾਂਗਰਾਂ ਖੌਰੇ ਚਾਚਾ ਵੀ ਝੂਠ ਈ ਮਾਰਦਾ ਹੋਵੇ…
ਮਾਂ ਆਂਹਦੀ ਆ. ਚਾਚੇ ਨੂੰ ਰੋਟੀ ਤੂੰ ਦਿਆ ਕਰ ਮਿਨੂੰ ਆਪਣੀ ਮਾਂ ਤੋਂ ਬਚਾਲਾ… ਮਾਂ ਤੋਂ ਬਚਾਲਾ ਮਾਂ ਤੋਂ ਬਚਾਲਾ ਬਚਾਲਾ। … ..
ਰਾਹ ‘ਚੋਂ ਲਏ ਅਧੀਏ ਵਿਚੋਂ ਬਚਦੀ ਦਾਰੂ ਵੀ ਅੰਦਰ ਸੁੱਟ ਲਈ…।
ਮੇਰੇ ਹੱਥ ਕਹੀ ਆ ਗਈ… ਮੈਂ ਛਾਲ ਮਾਰ ਕੇ ਅੰਦਰ ਮਾਂ ਦੇ ਸਿਰ ‘ਤੇ ਜਾ ਖਲੋਇਆ, ਉਹ ਗੋਡਿਆਂ ‘ਚ ਸਿਰ ਦੇਈ ਬੈਠੀ ਸੀ । ਗੁੱਸਾ ਤੇ ਨਸ਼ਾ ਮੇਰੇ ਸਿਰ ਨੂੰ ਚੜ੍ਹਿਆ ਤੇ ਮੈਂ ਅੰਨ੍ਹਾ ਹੋ ਗਿਆ ਮੇਰੀ ਮਾਰ ਨਾਲ ਉਹਦਾ ਸਰੀਰ ਤਾਂ ਕੀ ਮੰਜੇ ਦੇ ਹੀਆਂ ਸੇਰੂ ਵੀ ਵੱਖ ਵੱਖ ਹੋ ਗਏ…। ਉਥੋਂ ਸਿੱਧਾ ਮੈਂ ਬੈਠਕ ਵਿਚ ਗਿਆ… ਨੀਲਾ ਲਾਟੂ ਬੁੱਝ ਗਿਆ ਸੀ ਤੇ ਬੈਠਕ ਖਾਲੀ ਸੀ…
ਮੈਂ ਚਾਚੇ ਨੂੰ ਆਣ ਵਲਿਆ ਜਿਹੜਾ ਰੌਲਾ ਪਾ ਰਿਹਾ ਸੀ, ਉੱਚੀ-ਉੱਚੀ, “ਬਹੁੜ ਓਏ ਪਿੰਡਾਂ ਅਸੀਂ ਲੁੱਟੇ ਗਏ…,
ਮੈਂ ਉਹਨੂੰ ਹਲੂਣ ਕੇ ਪੁੱਛ ਰਿਹਾ ਸਾਂ, “ਚੰਦਰੀ ਕਿੱਥੇ ਆ…? ਸੱਪ ਕਿੱਥੇ भा…? … ऍम ए… रॅम देठीभा…।”
ਅੱਗੋਂ ਉਹ ਮਿਨੂੰ ਝੰਜੋੜ ਕੇ ਆਖਣ ਲੱਗਾ, “ਹੋਸ਼ ਕਰ ਓਏ ਹੋਸ਼ ਤੂੰ ਆਪਣੇ ਹੱਥੀਂ… ਤੂੰ ਮਾਂ ਦੇ ਭੁਲਾਵੇਂ ਉਹ ਤੇਰੀ ਮਾਂ ਨਹੀਂ ਸੀ ਕੰਜਰਾ ਚੰਦਰੀ ਸੀ ਤੇਰੇ ਨਾਲ ਦੀ।”
ਓਦੋਂ ਮਿਨੂੰ ਲੱਗਾ ਭਾਊ ਲੱਗਾ ਕਿ ਉਹ ਮੇਰੀ ਪਹਿਲੀ ਸੱਟ ‘ਤੇ ਈ ਉਠ ਖਲੋਤੀ ਸੀ, ਓਸ ਚੀਕ ਵੀ ਮਾਰੀ ਸੀ, ਫੇਰ ਓਸ ਮਿਨੂੰ ਪਛਾਣ ਲਿਆ ਸੀ, ਫੇਰ ਨਹੀਂ ਓਹ ਕੂਈ… ਭਾਊ ਉਹ ਜ਼ੋਰਾਵਰ ਤੇ ਅੱਥਰੀ ਚੰਦਰੀ ਜਿਹੜੀ ਮੋਰਚੇ ਵਿਚ ਪੈਰ ਅੜਾ ਲੈਂਦੀ ਤੇ ਮੇਰੇ ਕੋਲੋਂ ਰਤਾ ਮਾਸਾ ਵੀ ਨਾ ਹਿੱਲਦੀ ਮੈਂ ਉਹਦੇ ਟੋਟੇ ਕਰ ਦਿੱਤੇ ਆਪਣੀ ਮਾਂ ਦੇ ਭੁਲਾਵੇਂ ਜਿਹੜੀ ਓਦੋਂ ਬੈਠਕ ‘ਚ ਸੁੱਤੀ ਹੋਈ ਸੀ, ਚੰਦਰੀ ਦੇ ਆਖਣ ਮੂਜਬ… ਜਿੱਥੇ ਪੱਖੇ ਦੀ ਵਾਅ ਬੜੀ ਸੀ ਤੇ ਜਿੱਥੇ ਬੈੱਡ ‘ਤੇ ਸੌਂ ਕੇ ਉਹਦੇ ਲੱਕ ਨੂੰ ਰਮਾਨ ਰਹਿੰਦਾ ਸੀ ਤੇ ਜਿਹੜੀ ਹੁਣ ਗਲੀ ਵਿਚ ਨੱਸ ਨੱਸ ਕੇ ਤੇ ਚੀਕ ਚੀਕ ਕੇ ਮੁਲਖ ਕੱਠਾ ਕਰਨ ਡਹੀ ਸੀ…।
ਹੈਂ ਭਾਊ… ਕਿਹੜੀ ਗੱਲ? ਨਹੀਂ ਭਾਊ ਗੱਲ ਕੀ ਲੁਕਾਣੀ ਆ ਉਹ ਤੇ ਚਾਚੇ ਈ ਡੱਕਿਆ ਸੀ ਕਿ ਕਿਸੇ ਕੋਲ ਨਾ ਕਰਾਂ ਉਹ ਵੀ ਕਰ ਦੇਨਾਂ। ਪਿੰਡ ਨੇ ਭਾਊ ਮਿਨੂੰ ਉਦੋਂ ਆਣ ਫੜਿਆ, ਜਦੋਂ ਮੈਂ ਚੰਦਰੀ ਵਲੋਂ ਸੁਣਕੇ ਪਾਗ਼ਲ ਹੋਇਆ ਚਾਚੇ ਨੂੰ ਧਰੂਹ ਰਿਹਾ ਸੀ ਤੇ ਪੁੱਛਦਾ ਪਿਆ ਸਾਂ, “ਦੱਸ ਸੱਪ ਕਿੱਥੇ ਆ…।” ਪਰ ਚਾਚੇ ਸੱਪ ਕੀ ਦੱਸਣਾ ਸੀ ਓਸ ਤੇ ਪਿੰਡ ਨਾਲ ਰਲਕੇ ਆਪ ਮਿਨੂੰ ਬੰਨ੍ਹਿਆ ਫਿਰ ਆਪ ਈ ਪੁਲਿਸ ਕੋਲ ਫੜਾਇਆ ਤੇ ਆਪ ਈ ਮੌਕੇ ਦਾ ਗਵਾਹ ਬਣ ਗਿਆ, ਕੀ ਆਂਹਦੇ ਨੇ ਉਹਨੂੰ, ਚਸ਼ਮਦੀਦ ਆਂਹਦਾ ਸੀ, ਬਈ ਜੇ ਉਹ ਗਵਾਹ ਨਾ ਬਣੇ ਤਾਂ ਮੇਰੀ ਮਾਂ ਗਵਾਹ ਬਣਦੀ ਫੇਰ ਮੈਂ ਬੱਝ ਜਾਣਾ ਸੀ, ਛੁੱਟਣਾ ਨਹੀਂ ਸੀ… ਤੇ ਚਾਚਾ ਆਂਹਦਾ ਸੀ, “ਪੁੱਤਰਾ ਜੇ ਤੂੰ ਬੱਝ ਜਾਵੇਂ ਫੇਰ ਸੱਪ ਨੂੰ ਕੌਣ ਮਾਰੇ।”
ਚਾਚਾ ਭਾਊ…? ਆਹੋ ਭਾਊ, ਉਹ ਖੌਰੇ ਕਿਉਂ ਨਹੀਂ ਮਾਰਦਾ ਸੱਪ ਨੂੰ…? ਖੌਰੇ ਤਕੜਾ ਨਹੀਂ ਰਹਿੰਦਾ ਤਾਂ ਕਰਕੇ ਜਾਂ ਖੌਰੇ ਅੰਦਰ ਹੋਣ ਤੋਂ ਡਰਦਾ ਹੋਵੇ, ਬੱਝ ਜਾਣ ਤੋਂ । ਫੇਰ ਮੇਰੀ ਮਾਂ ਦਾ ਖ਼ਿਆਲ ਕੌਣ ਕਰੂ ਪਿਉ ਮੇਰਾ ਭਾਊ ਸਾਧ ਏ… ਜਿਆ ਹੋਇਆ ਤਿਆ ਨਾ ਹੋਇਆ…।
ਹੁਣ ਮੈਂ ਇੰਜੁਆਏ ਕਰਦੀ ਆਂ
ਮੈਂ ਰੇਪ ਨੂੰ ਇੰਜੁਆਏ ਕਰਦੀ ਆਂ ਅੱਜ ਕੱਲ…।
ਅੱਜ ਕੱਲ ਹੋਰ ਵੀ ਕਿੰਨਾ ਕੁੱਛ ਇੰਜੁਆਏ ਕਰਦੀ ਆਂ…।
ਹੋਰ ਕਿੰਨਾ ਕੁੱਛ?
ਹਾਂਅ ਕਿੰਨਾ ਹੀ ਕੁੱਛ, ਜਿਸ ਤੋਂ ਨਫ਼ਰਤ ਸੀ ਕਦੇ, ਕਮੀਨਗੀ, ਮੱਕਾਰੀ ਝੂਠ ਤੇ… ਤੇ ਸੈਹਬ ਜੀਆਂ ਦੀਆ ਗਾਲ੍ਹਾਂ…।
ਸੈਹਬ ਜੀ?
ਸੈਹਬ ਜੀ ਸੋਢੀ ਪਾਤਸ਼ਾਹ, ਗੁਰੂ ਸਾਹਬ ਜੀ ਦੀ ਕੁੱਲ ‘ਚੋਂ ਨੇ, ਹਿੱਕ ਫੁਲਾਕੇ ਆਖਦੇ ਨੇ, “ਅਸੀਂ ਭੈਣ ਚੋ, ਅਸੀਂ ਗੁਰੂਆਂ ਦੀ ਕੁੱਲ ਵਿਚੋਂ, ਇਕ ਲੋਕ ਭੈਣ ਚੋ, ਸਾਲੇ ਕੁੱਤੇ, ਨੀਚ ਭੈਣ ਚੋ।”
‘ਭੈਣ ਚੋਂ’ ਇਹਨਾਂ ਦਾ ਤਕੀਆ ਕਲਾਮ ਐ, ਗਾਲ੍ਹਾਂ ਤੇ ਗੰਦਮੰਦ ਏਹਨਾਂ ਦੇ ਮੁੱਖੋਂ ਇੰਜ ਨਿਕਲਦੈ, ਸੈਹਜ ਭਾਅ, ਕਿ ਬੱਸ…।
ਪਹਿਲਾਂ ਤਾਂ ਮੈਂ ਸ਼ਰਮ ਨਾਲ ਮਰਨ ਵਾਲੀ ਹੋ ਜਾਂਦੀ, ਜਦੋਂ ਕਿਤੇ…।
ਕਦੋਂ ਕਿਤੇ?
ਓਦੋਂ ਅਜੇ ਗੁਰੂ ਘਰ ‘ਚ ਆਇਆਂ ਕੁੱਛ ਹੀ ਦਿਨ ਹੋਏ ਸਨ ਮੈਨੂੰ, ਸੈਹਬ ਜੀ ਓਦਣ ਬਾਗ ਦਾ ਚੱਕਰ ਲਾ ਕੇ ਪਰਤ ਰਹੇ ਸਨ ਸਵੇਰੇ ਸਵੇਰੇ, ਪਿੱਛੇ ਪਿੱਛੇ ਅਸੀਂ ਕਿ ਗੋਹੇ ਦਾ ਟੋਕਰਾ ਚੁੱਕੀ ਜਾਂਦੀ ਦੀ ਨੂੰਹ ਨੇ ਅਵਾਜ਼ ਮਾਰਕੇ ਕਿਹਾ, “ਸੈਹਬ ਜੀ ਮੇਰੇ ‘ਤੇ ਵੀ ਕਿਰਪਾ ਕਰਦੋ ਨਿਮਾਣੀ ‘ਤੇ। ਨਾਲ ਹੀ ਉਹ ਮੇਰੇ ਵੱਲ ਕੁਨੱਖਾ ਜਿਹਾ ਝਾਕੀ। ਸੱਭ ਨੂੰ ਬੁਰਾ ਲੱਗਾ ਸੀ । ਸੈਹਬ ਜੀ ਨੂੰ ਗੁੱਸਾ ਚੜ੍ਹਿਆ, ਬੁੜਬੁੜਾਏ… “ਭੈਣ ਚੋ… ਪਾਗਲ ਸਾਲੀ ॥” ਪਰ ਉਹ ਓਵੇਂ ਖੜ੍ਹੀ ਸੀ ਸਿਰ ‘ਤੇ ਟੋਕਰਾ ਚੁੱਕੀ…। ਸੈਹਬ ਜੀ ਉੱਚੀ ਸਾਰੇ ਬੋਲੇ, “ਭੈਣ ਚੋ ਬਾਂਸ, ਲੈ ਲਾ ਹਰਾਮਦੀਏ ਬਾਂਸ…।” ਮੈਂ ਮੂੰਹ ‘ਚ ਚੁੰਨੀ ਲੈ ਲਈ ਪਰ ਉਹ ਤੀਵੀਂ ਬੋਲੀ, “ਸੈਹਬ ਜੀ ਕੈ ਪੋਰੀ ਦਾ?” “ਭੈਣ ਚੋ ਬਾਰਾ ਦਾ ਲੈ ਕੁੱਤੀਏ ਬਾਰਾਂ ਦਾ ।” ਮੈਂ ਕੰਨਾਂ ‘ਤੇ ਹੱਥ ਧਰਾਂ, ਪਰ ਉਹ ਤੀਵੀਂ ਨਾ ਹੱਸੀ, ਨਾ ਸ਼ਰਮਾਈ, ਓਹਨੇ ਉਥੇ ਈ ਟੋਕਰਾ ਵਗਾਹ ਮਾਰਿਆ ਤੇ ਪਤਾ ਨਹੀਂ ਕਿੱਥੇ ਛਪਨ ਹੋ ਗਈ।
ਇਹ ਤਾਂ ਦੂਜੇ ਦਿਨ ਦੁਪੈਹਰੇ ਹੀ ਪਤਾ ਲੱਗਾ, ਜਦੋਂ ਓਹ ‘ਦਸਵੰਧ’ ਦੇ ਰੁਪਏ ਮੱਥਾ ਟੇਕਦੀ ਸ਼ੁਕਰਾਨਾ ਕਰ ਰਹੀ ਸੀ, “ਮੈਂ ਤਾਂ ਸੈਹਬ ਜੀ ਕੱਲਏ ਬਾਰਾਂ ਨੰਬਰ ‘ਤੇ ਹਜ਼ਾਰ ਲਾਤਾ ਤੀ, ਥੋਡੀ ਕਿਰਪਾ ਨਾਲ ਹੋਗੀਆਂ ਪੌਂ ਬਾਰਾਂ…।”
ਕਦੋਂ ਫੇਰ?
ਜਦੋਂ ਸ਼ਾਮ ਦੇ ਦੀਵਾਨ ਪਿੱਛੋਂ ਸੈਹਬ ਜੀ ਮਸਤੀ ‘ਚ ਬੈਠੇ ਸਨ, ਪੂਰੇ ‘ਨੰਦ ‘ਚ, ਕਿ ਚੰਗੇ ਭਲੇ ਸਰਦਾਰ ਦਿਸਦੇ ਬੰਦੇ ਨੇ ਇਕਦਮ ਸੈਹਬ ਜੀਆਂ ਦੇ ਚਰਨ ਆ ਫੜੇ, ਓਹ ਬਕੇ, “ਖੜ੍ਹ ਤੇਰੀ ਭੈਣ ਦੀ…।”
“ਸੈਹਬ ਜੀ ਕੇਹੜੀ ਦੀ, ਛੋਟੀ ਦੀ ਜਾਂ ਵੱਡੀ ਦੀ ਮਾਅਰਾਜ?” ਉਸਨੇ ਬੜੀ ਆਜ਼ਜ਼ੀ ਨਾਲ ਪੁੱਛਿਆ।
“ਦੋਨਾਂ ਦੀਓ ਭੈਣ ਚੋ ਕੁੱਤਿਆ…।”
ਮੈਨੂੰ ਬੜੀ ਘਿਣ ਆਈ ਤੇ ਖਿੱਝ ਵੀ, ਉਹਦੇ ਗੁੱਟ ਉੱਤੇ ਅਜੇ ਵੀ ਘਸਮੈਲੀ ਜਹੀ ਰੱਖੜੀ ਲਟਕ ਰਹੀ ਸੀ, ਥੋਡਾ ਬੈਅਜੇ ਬੇੜਾ ਐਹੋ ਜਹੇ ਭਰਾਮਾਂ ਦਾ ਲੱਖ … ਲਾਅਣਤ ਥੋਡੀਆਂ ਸਰਦਾਰੀਆਂ ‘ਤੇ ਕੁੱਤਿਓ ਸਿਰਫ਼ ਪੈਸੇ ਪਿੱਛੇ।” ਮੈਂ ਜੀਭ ਦੰਦਾਂ ਥੱਲੇ ਲੈ ਲਈ…।
ਅਗਲੇ ਦਿਨ ਓਹੀ ਆਦਮੀ ਨਿੰਮੋਝੂਣਾ ਹੋਇਆ ਕੈਹ ਰਿਹਾ ਸੀ, “ਸੈਹਬ ਜੀ ਨੇ ਤਾਂ ਫੁੱਲ ਕਿਰਪਾ ਕਰ’ਤੀ ਤੀ, ਮੇਰੇ ਭਾਗ ਮਾੜੇ, ਮੈਥੋਂ ਸਹੀ’ ਸਾਬ ਕਤਾਬ ਨੀਂ ਲੱਗਿਆ, ਊਂ ਨੰਬਰ ਜਮਾਂ ਸੈਹਬ ਜੀ ਦੇ ਹੁਕਮ ਵਾਲਾ ਆਇਐ ਅੱਜ…”
ਮੈਨੂੰ ਗੁੱਸਾ ਨਈਂ ਤਰਸ ਆਇਆ, ਭੋਲੇ ਲੋਕ, ਸਿੱਧੇ, ਸਾਊ ਵਿਚਾਰੇ, ਗਾਲ੍ਹਾਂ ਨੂੰ ਈ ਪ੍ਰਸ਼ਾਦ ਸਮਝਦੇ ਨੇ।
“ਸੈਹਬ ਜੀਆਂ ਨੂੰ ਗਾਲ੍ਹਾਂ ਨਹੀਂ ਕੱਢਣੀਆਂ ਚਾਹੀਦੀਆਂ.. ਨਾਲੇ ਏਹ ਸੱਟੇ ਵਰਗਾ ਨਜੈਜ਼ ਧੰਦਾ?” ਝਿਜਕਦੀ ਜਹੀ ਨੇ ਮੈਂ ਕਾਮਰੇਡ ਕੋਲ ਗੱਲ ਕੀਤੀ, ਸਿਆਣਾ ਸਮਝ ਕੇ।
ਮੂੰਹ ਨਾਲ ‘ਚਣਚ ਚਣਚ’ ਕਰਨ ਪਿੱਛੋਂ, ਕਾਮਰੇਡ ਮੈਨੂੰ ਸਮਝਾਉਣ ਲੱਗਾ, “ਨਹੀਂ ਨਹੀਂ ਨਿੱਕੇ ਬੀਬੀ ਜੀ, ਕਿੱਥੇ ਸੈਹਬ ਜੀਆਂ ਵਰਗੇ ਯੁੱਗ ਪੁਰਸ਼, ਕਿੱਥੇ ਸੱਟਾ? ਏਹ ਕਿਵੇਂ ਸੋਚ ਲਿਆ ਤੁਸੀਂ…?”
“ਨਹੀਂ… ਸੈਹਬ ਜੀ ਤਾਂ ਮਹਾਨ ਨੇ ਪਰ ਮੇਰਾ ਮਤਲਬ ਗਰੀਬ ਲੋਕ ਉਜੜ ਰਹੇ ਨੇ, ਸੈਹਬ ਜੀ ਰੋਕਣ ਉਹਨਾਂ ਨੂੰ ।” ਮੈਂ ਛਿੱਥੀ ਜੇਹੀ ਪੈ ਗਈ, ਮੈਂ ਕਾਮਰੇਡ ਸਮਝ ਕੇ ਮਸਲਾ ਉਠਾਇਆ ਸੀ ਪਰ ਓਹ ਕੈਹ ਰਹਿਆ ਸੀ, “ਦੇਖੋ ਨਿੱਕੇ ਬੀਬੀ ਜੀ ਗਾਲ੍ਹਾਂ ਤਾਂ ਲੋਕਾਂ ਪ੍ਰਤੀ ਪਿਆਰ ਐ ਸੈਹਬ ਜੀਆਂ ਦਾ… ਨਈਂ ਤਾਂ ਗਾਲ੍ਹ ਪਿੱਛੇ ਕਤਲ ਹੋ ਜਾਂਦੇ ਨੇ ਜੀ, ਪਰ ਸੈਹਬ ਜੀ ਦਾ ਏਹ ਵਰਤਾਅ ਸਿੱਧ ਕਰਦੈ ਕਿ ਓਹ ਲੋਕ ਮਨਾਂ ਤੇ ਰਾਜ ਕਰਦੇ ਨੇ ਰਾਜ…।”
“ਪਰ ਸੱਟਾ?” ਮੈਂ ਕਾਮਰੇਡ ਨੂੰ ਮੁੱਦੇ ਉੱਪਰ ਰੱਖਣਾ ਚਾਹੁੰਦੀ ਸੀ। `
“ਏਹ ਵੀ ਅਜੀਬ ਉਲਟ ਫੇਰ ਹੋਇਆ ਜੀ, ਬਹੁਤ ਚਿਰ ਪਹਿਲਾਂ ਇਕ ਬੂਬਨਾ ਆ ਬੈਠਾ ਆਪਣੇ ਸਿਵਿਆਂ ’ਚ, ਦਾਰੂ ਪੀਂਦਾ, ਸਿਗਟਾਂ ਫੂਕਦਾ, ਗੰਦ ਬਕਦਾ, ਉਹਨੇ ਸਮਾਜ ਦਾ ਵੱਡਾ ਹਿੱਸਾ ਮਗਰ ਲਾ ਲਿਆ। ਆਹ ਸੱਟੇ ਦੀ ਬੈਅਬਤ ਵੀ ਉਹਨੇ ਲਾਈ ਲੋਕਾਂ ਨੂੰ, ਪਰ ਲੋਕ ਕਾਹਨੂੰ, ਨਿੱਕੇ ਬੀਬੀ ਜੀ, ਭੀੜ ਕਹੋ ਭੀੜ, ਲੋਕ ਤਾਂ ਓਹ ਹੁੰਦੇ ਨੇ ਜੋ ਸਮਾਜ ਦੇ ਵਿਕਾਸ ਦੀ ਵਗਦੀ ਧਾਰਾ।”
“ਫੇਰ ਉਹ ਸਾਧ ਦਾ ਕੀ ਹੋਇਆ ਕਾਮਰੇਡ ਜੀ…?” ਮੈਂ ਟੋਕ ਦਿੱਤਾ, ਮੈਨੂੰ ਪਤਾ ਸੀ ਕਿ ਕਾਮਰੇਡ ਨੇ ਲੈਕਚਰ ਸ਼ੁਰੂ ਕਰ ਲੈਣੈ ਤੇ ਸਿਧਾਂਤ ਸਮਝਾਉਂਦਿਆਂ ਅਸਲੀ ਗੱਲ ਭੁੱਲ ਜਾਣੀ ਐ।
“ਹਾਂ ਜੀ, ਓਹ ਸਾਧੜਾ, ਓਹ ਤਾਂ ਜੀ ਵੱਧਦਾ ਈ ਜਾਵੇ, ਉਹਨੇ ਤਾਂ ਜੀ ਗਲਬਾ ਈ ਪਾ ਲਿਆ, ਲੋਕਾਂ ਦੀ ਐਨੀ ਲੁੱਟ ਖਸੁੱਟ ਕਿ ਪੁੱਛੋ ਨਾ, ਨਾਰੀ ਸ਼ਕਤੀ ਤਾਂ ਗੁੰਮਰਾਹ ਹੋਈ ਹੀ ਹੋਈ, ਚੰਗੇ ਚੰਗੇ ਪੜ੍ਹੇ ਲਿਖੇ ਸੱਜਣ ਵੀ ਕੋਈ ਸ਼ਰਾਬ ਲੈ ਕੇ ਜਾ ਰਿਹੈ, ਕੋਈ ਸਿਗਟਾਂ ਦੇ ਬੰਡਲ, ਕੋਈ ਲੱਡੂਆਂ ਦਾ ਲੰਗਰ ਲਵਾ ਰਿਹੈ ਗੱਲ ਮੁਕਾਓ, ਗੱਲ ਬਰਦਾਸ਼ਤੋਂ ਬਾਹਰ ਹੋ ਗਈ, ਅਸੀਂ ਸੈਹਬ ਜੀਆਂ ਕੋਲ ਜਾ ਪੇਸ਼ ਹੋਏ ਕਿ ਆਪ ਜੀ ਦੇ ਹੁੰਦਿਆਂ ਇਕ ਬੂਬਨਾ ਆਹ ਲੁੱਚ-ਪੌਹ ਕਰੇ ਕਿਰਪਾ ਕਰੋ ਜੀ…। ਮੈਨੂੰ ਮਾਣ ਐ ਜੀ, ਸੈਹਬ ਜੀਆਂ ਨੇ ਮੇਰਾ ਸੁਝਾਓ ਰੱਦ ਨਈਂ ਕੀਤਾ ਕਦੇ …।”
“ਫੇਰ ..?”
“ਬੱਸ ਫੇਰ ਕੀ ਜੀ, ਸੈਹਬ ਜੀ ਖ਼ੁਦ ਚੱਲ ਪਏ ਉੱਠਕੇ, ਸਿਵਿਆਂ ਤੱਕ ਪੂਰਾ ਕਾਫ਼ਲਾ ਬਣ ਗਿਆ ਜੀ, ਮੈਂ ਤਾਂ ਸੈਹਬ ਜੀਆਂ ਲਈ ਸਦਾ ਮੂਹਰਲੀਆਂ ਸਫ਼ਾਂ ‘ਚ ਰੈਹ ਕੇ ਲੜਿਆ ਜੀ, ਓਦਣ ਵੀ, ਜਿਓਂ ਹੀ ਸੈਹਬ ਜੀਆਂ ਨੇ ਅਦੇਸ਼ ਦਿੱਤਾ ਕਿ ਬਾਹਰ ਕਰੋ ਏਥੋਂ, ਏਸ ਸ਼ਰਾਬੀ ਕਬਾਬੀ ਤੇ ਤਮਾਕੂ ਪੀਣੇ ਨੂੰ। ਸਭ ਤੋਂ ਪਹਿਲਾਂ ਮੈਂ ਓਦਣੇ ਧੂਣੇ ‘ਚੋਂ ਉਹਦਾ ਚਿਮਟਾ ਪੱਟਿਆ, ਓਹਦੇ ਮੌਰਾਂ ‘ਚ ਦੋ ਕੁ ਚਿਮਟੇ ਜੜਕੇ, ਅਜੇ ਮੈਂ ‘ਇਨਕਲਾਬ ਜ਼ਿੰਦਾਬਾਦ’ ਦਾ ਇਕੋ ਨਾਅਰਾ ਲਾਇਆ ਸੀ ਕਿ ਲੋਕ ਰੋਹ ਪ੍ਰਚੰਡ ਹੋ ਉਠਿਆ, ਓਸ ਕਪਟੀ ਨੂੰ ਭੱਜਦੇ ਨੂੰ ਰਾਹ ਨਾ ਲੱਭਾ, ਏਹ ਤਾਂ ਸੈਹਬ ਜੀਆਂ ਨੇ ਓਹਦੇ ‘ਤੇ ਦਿਆ ਕਰਕੇ ਸਾਨੂੰ ਡੱਕ ਦਿੱਤਾ ਕਿ ਨਾ ਬਈ ਸੱਟ ਫੇਟ ਨਈਂ ਮਾਰਨੀ, ਓਹ ਵੀ ਰੱਬ ਦਾ ਜੀਅ ਐ…। ਬਹੁਤ ਵੱਡਾ ਦਿਲ ਐ ਜੀ ਸੈਹਬ ਜੀਆਂ ਦਾ। ਪਰ ਨਿੱਕੇ ਬੀਬੀ ਜੀ ਜਿਹਨਾਂ ਨੇ ਓਸ ਚਲਿੱਤਰੀ ਨਾਲ ਰਲਕੇ ਸੈਹਬ ਜੀਆਂ ਦੇ ਪੁਰਖਿਆਂ ਦੀ ‘ਮੁਕੱਦਸ’ ਜਗ੍ਹਾ ਨੂੰ ‘ਨਾਪਾਕ’ ਕਰਨ ‘ਚ ਮੋਹਰੀ ਭੂਮਿਕਾ ਨਿਭਾਈ ਸੀ ਉਹਨਾਂ ਮੋਹਰੀਆਂ ਨੂੰ ਉਹ ਪ੍ਰਸ਼ਾਦ ਦਿੱਤਾ ਗਾਲ੍ਹਾਂ ਦਾ ਕਿ ਕੀ ਦੱਸਾਂ… ਸੈਹਬ ਜੀ ਤਾਂ ਉਹਨਾਂ ਦੇ ਪਾਪ ਧੋ ਰਹੇ ਸਨ ਪਰ ਕਿਸਮਤ ਦੇਖੋ ਉਹਨਾਂ ਦੀ, ਚੰਗੀ ਪਤਾ ਨਈਂ ਮਾੜੀ, ਉਹਨਾਂ ਨੂੰ ਸੱਟੇ ਦਾ ਐਸਾ ਭੁਸ ਪੈ ਚੁੱਕਾ ਸੀ ਕਿ ਸੈਹਬ ਜੀਆਂ ਦੀਆਂ ਗਾਲ੍ਹਾਂ ਦੇ ਪ੍ਰਸ਼ਾਦ ਉਤੇ ਵੀ, ਜਾ ਸੱਟਾ ਲਾਇਆ ਸਭ ਨੇ ਤੇ ਕੁਦਰਤ ਦੇ ਰੰਗ ਦੇਖੋ ਜਾਂ ਸੈਹਬ ਜੀਆਂ ਦੇ ਖੇਲ ਕਿ ਓਸ ਦਿਨ ਸੱਟੇ ਦਾ ਜਿੰਨਾ ਪੈਸਾ, ਆਪਣੇ ਲਾਕੇ ‘ਚ ਨਿਕਲਿਆ, ਕੀ ਨਿਕਲਿਆ ਹੋਣਾ ਕਿਤੇ, ਮੀਂਹ ਵਾਂਗੂੰ ਧਨ ਬਰਸਿਆ…। ਬਸ! ਓਹ ਦਿਨ ਤੇ ਆਹ ਦਿਨ, ਲੋਕ ਮੁੜ ਮੁੜ ਸੈਹਬ ਜੀਆਂ ਦੀ ਮੇਹਰ ਚਾਹੁੰਦੇ ਨੇ… ਤੇ ਸੈਹਬ ਜੀ ਤਾਂ ਮੇਹਰ ਕਰਦੇ ਰੈਂਹਦੇ ਨੇ ਪਰ ਦੱਸਦੇ ਨੇ ਕਿ ਲੋਕਾਂ ਤੋਂ ਹਸਾਬ ਲੌਣ ਵਿਚ ਗੜਬੜ ਹੋ ਜਾਂਦੀ ਐ ਬਹੁਤੀ ਵਾਰੀ… ਉਹ ਪਹਿਲੇ ਦਿਨ ਵਾਲੀ ਗੱਲ ਨੀ ਬਣੀ ਮੁੜਕੇ…।” ਮੈਂ ਹਾਂ ਵਿਚ ਸਿਰ ਹਿਲਾ ਰਹੀ ਸਾਂ ਤੇ ਕਾਮਰੇਡ ਕੈਹ ਰਿਹਾ ਸੀ, “ਬਾਕੀ ਰਹੀ ਗਾਲ੍ਹ ਦੀ ਗੱਲ ਨਿੱਕੇ ਬੀਬੀ ਜੀ ਇਹ ਪ੍ਰਸ਼ਾਦ ਹਰ ਕਿਸੇ ਨੂੰ ਨਹੀਂ ਮਿਲਦਾ। ਵੀਹ ਸਾਲ ਹੋ ਗਏ ਮੈਨੂੰ ਔਂਦਿਆਂ ਤਰਸਦਾਂ, ਕਦੇ ਮੈਨੂੰ ਵੀ…।” ਕਾਮਰੇਡ ਸ਼ਾਇਦ ਹੋਰ ਵਿਖਾਲਾ ਕਰਦਾ ਪਰ ਜਦ ਨੂੰ ਸੈਹਬ ਜੀਆਂ ਦਾ ਸੇਵਕ ਕਾਮਰੇਡ ਵਾਸਤੇ ਲਿਫਾਫਾ ਲੈ ਆਇਆ ਓਦੋਂ ਪਤਾ ਨਈਂ ਸੀ ਪਰ ਛੇਤੀ ਜਾਣ ਗਈ ਮੈਂ ਕਿ ਸੈਹਬ ਜੀ ਸੱਭ ਜਾਣਦੇ ਨੇ ਕੀਹਨੂੰ ਕੀ ਚਾਹੀਦੈ । ਕਾਮਰੇਡ ਨੇ ਲਫਾਫਾ ਦੋਨਾਂ ਹੱਥਾਂ ‘ਚ ਲਿਆ ਮੱਥੇ ਨੂੰ ਲਾਇਆ “ਧੰਨਵਾਦ, ਸ਼ੁਕਰੀਆ, ਬੈਂਕਸ,” ਕਹਿਣ ਲੱਗਾ। ਉਦੋਂ ਹੀ ਓਹਦੀਆਂ ਅੱਖਾਂ ‘ਚ ਮੈਂ ਗੌਹ ਨਾਲ ਝਾਕੀ, ਕਾਮਰੇਡ ਲੱਖ ਮਾਹਰ ਹੋਵੇ ਪਰ ਓਹਦੀਆਂ ਪਲਕਾਂ ਪਿੱਛੇ ਖਚਰੇਪਣ ਦੀਆਂ ਲੀਕਾਂ ਮੈਂ ਦੇਖ ਈ ਲਈਆਂ, ਆਖਰ ਮੇਰੀ ਸਾਇਕਾਲੋਜੀ ਦੀ ਐਮ.ਏ. ਕਿੱਥੇ ਕੰਮ ਆਉਂਦੀ ਹੋਰ। ਕਾਮਰੇਡ ਝੁਕਿਆ ਝੁਕਿਆ ਹੀ ਬਾਹਰ ਨਿਕਲ ਗਿਆ।
ਕਾਮਰੇਡ?
ਕਾਮਰੇਡ ਏਸ ਇਲਾਕੇ ਜਾਣਿਆ ਪਛਾਣਿਆ ਬੰਦੈ, ਸੈਹਬ ਜੀਆਂ ਦਾ ਖ਼ਾਸਮਖ਼ਾਸ, ਇਕ ਪਰਚਾ ਵੀ ਕੱਢਦੈ ਪੰਜਾਬੀ ‘ਚ, ਹਰ ਹੋਰਨਾਂ ਕਾਮਰੇਡਾਂ ਵਾਂਗੂ ‘ਧਰਮ ਨੂੰ ਅਫ਼ੀਮ’ ਕਹਿ ਕੇ ਨਹੀਂ ਭੇਡਦਾ, ਸਗੋਂ ਸੈਹਬ ਜੀਆਂ ਨੂੰ ਸੱਚੇ ਸਮਾਜਵਾਦੀ ਸਿੱਧ ਕਰਦੇ ਰੈਂਹਦੈ। ਗਰੀਬਾਂ ਦਾ ਭਲਾ ਕਰਨ ਵਾਲੇ, ਸਭ ਨੂੰ ਇਕ ਅੱਖ ਨਾਲ ਦੇਖਣ ਵਾਲੇ, ਅਸਲੀ ਕਾਮਰੇਡ ਦੱਸਦੇ ਸੈਹਬ ਜੀਆਂ ਨੂੰ । ਕਾਮਰੇਡ ਨੇ ਕਾਂਗਰਸ ਨਾਲ ਰਲਕੇ ਚੋਣ ਵੀ ਲੜੀ ਸੀ ਵਿਧਾਨ ਸਭਾ ਦੀ, ਸੁਣਿਐ ਸੈਹਬ ਜੀ ਦਿੱਲੀ ਤੱਕ ਗਏ ਸੀ ਟਿਕਟ ਦੁਔਣ ਅਤੇ ਖਰਚਾ ਵੀ ਬਹੁਤਾ ਸੈਹਬ ਜੀਆਂ ਨੇ ਕੀਤਾ ਸੀ, ਦੱਸਦੇ ਨੇ ਬੜਾ ਮਾਣ ਸੀ ਸੈਹਬ ਜੀਆਂ ਨੂੰ ਗਰੀਬ ਗੁਰਬੇ ਉਤੇ ਜਿਹਨਾਂ ਦਾ ਉਹ ਭਲਾ ਕਰਦੇ ਸਨ, ਜਿਹੜੇ ਉਹਨਾਂ ਦੇ ‘ਘੜੇ ਦੀਆਂ ਮੱਛੀਆਂ’ ਸਨ ਪਰ ਕਾਮਰੇਡ ਜੀ ਬੁਰੀ ਤਰ੍ਹਾਂ ਹਾਰੇ ਸਨ… ਓਦੋਂ ਤੋਂ ਸੈਹਬ ਜੀ ਇਲਾਕੇ ਵਾਲਿਆਂ ਨੂੰ ਬਹੁਤਾ ਈ ਪ੍ਰਸ਼ਾਦ ਦੇਣ ਲੱਗੇ ਨੇ ਗਾਲ੍ਹਾਂ ਦਾ ।
ਹੁਣ ਸੁਣਿਐ ਕਿ ਕਾਮਰੇਡ ਦਾ ਮੁੰਡਾ ਉਹਦੇ ਨਾਲ ਤੱਤਾ ਠੰਡਾ ਹੁੰਦੈ ਰਹਿੰਦੈ, ਸਿਧਾਂਤ ਤੋਂ ਭਟਕਿਆ ਦੱਸਦੈ ਉਹਨੂੰ। ਉਹ ਤਾਂ ਕਾਮਰੇਡ ਦੇ ਜ਼ੋਰ ਲੌਣ ‘ਤੇ ਵੀ ਸੈਹਬ ਜੀਆਂ ਦੇ ਚਰਨੀਂ ਲੱਗਣ ਨਈਂ ਆਉਂਦਾ । ਹਾਲਾਂਕਿ ਮੈਂ ਉਸਨੂੰ ਮਿਲਣਾ ਚਾਹੁੰਦੀਆਂ ਪਰ ਉਹ ਮੂੰਹ ਨਈਂ ਕਰਦਾ ਗੁਰੂ ਘਰ ਵੱਲ।
ਗੁਰੂ ਘਰ ਵਿਚ? ਕਿੱਦਾਂ ਆ ਗਈ?
ਮੈਂ… ਦੇਖੋ ਪਹਿਲਾਂ ਤਾਂ ਏਹੇ ਗੁਰੂ ਘਰ ਈ ਨਹੀਂ..।
ਫੇਰ ਕੀ ਐ?
ਪਤਾ ਨਹੀਂ, ਪਰ ਗੁਰੂ ਘਰ ਏਦਾਂ ਦੇ ਨਹੀਂ ਹੁੰਦੇ।
ਕਿੱਦਾਂ ਦੇ ਹੁੰਦੇ ਨੇ ਫੇਰ?
ਏਦਾਂ ਦੇ ਨਹੀਂ ਹੁੰਦੇ ਬੱਸ… ਮੈਂ ਸੈਹਬ ਜੀਆਂ ਦੇ ਛੋਟੇ ਭਰਾ ਨੂੰ ਮੰਗੀ ਹੋਈ ਸਾਂ, ਐਮ.ਏ. ਕਰਕੇ ‘ਪੀ-ਐਚ.ਡੀ.’ ਕਰ ਰਹੀ ਸਾਂ। ਘਰਦੇ ਛੇਤੀ ਵਿਆਹ ਨੂੰ ਜ਼ੋਰ ਪਾਉਂਦੇ, ਮੈਂ ਕੁਝ ਬਣਨਾ ਚਾਹੁੰਦੀ ਸਾਂ। ਅਰਦਾਸ ਕਰਦੀ ਕਿ ਕਿਵੇਂ ਨੇ ਕਿਵੇਂ ‘ਡੀਲੇਅ’ ਹੋ ਜਾਵੇ, ਵਿਆਹ ਟਲ ਜਾਵੇ ਅਜੇ… ਤੇ ਮੇਰੀ ਸੁਣੀ ਗਈ, ਸੈਹਬ ਜੀਆਂ ਦਾ ਛੋਟਾ ਭਰਾ, ਮੇਰਾ ਮੰਗੇਤਰ ‘ਐਕਸੀਡੈਂਟ’ ਨਾਲ ਚਲ ਵਸਿਆ। ਮੈਨੂੰ ਲੱਗਿਆ ਸੀ ਕਿ ਮੇਰੀ ਸੁਣੀ ਗਈ ਪਰ ਕਿੱਥੇ? ਪਰ ਕਾਹਨੂੰ…?
ਮੇਰੇ ਮਾਂ ਪਿਉ ਮੈਨੂੰ ਸੈਹਬ ਜੀਆਂ ਨੂੰ ਸੌਂਪ ਗਏ। ਪਿੱਛੋਂ ਪਤਾ ਲੱਗਾ ਕਿ ਮੇਰੇ ਮਾਪੇ ਮੇਰੇ ਕਰਕੇ ਗੁਰੂ ਘਰ ਨਾਲ ਜੁੜਨਾ ਚਾਹੁੰਦੇ ਸਨ ਤਾਂ ਕਿ ਮੇਰੇ ਭਰਾ ਤੇ ਭੈਣਾਂ ਅਮਰੀਕਾ ਵਸ ਜਾਣ ਤੇ ਮਾਪੇ ਖ਼ੁਦ ਵੀ। ਅੱਜ ਵੀ ਯਾਦ ਐ, ਮੈਨੂੰ ਸੈਹਬ ਜੀਆਂ ਮੂਹਰੇ ਖੜ੍ਹੇ ਕਰ, ਸਿਰ ਝੁਕਾ ਹੱਥ ਜੋੜ ਬੜੀ ਅਧੀਨਗੀ ਨਾਲ ਕਿਹਾ ਸੀ ਪਾਪਾ ਨੇ, “ਇਹ ਤਾਂਜੀ ਥੋਡੀਓ ਆ ਬੱਸ…।”
ਮੈਂ ਕੀ ਸੀ, ‘ਬੱਸ ਥੋਡੀਓ’ ਥੋਡੀ ‘ਧੀ’ ਕਿਓਂ ਨਈਂ ਕਿਹਾ। ਪਾਪਾ ਤੋਂ ਵੀ ਵੱਡੀ ਉਮਰ ਦੇ ਸੈਹਬ ਜੀਆਂ ਤੋਂ ਭੈਅ ਆਇਆ ਸੀ ਮੈਨੂੰ।
ਸੈਹਬ ਜੀਆਂ ਦੀ ਸਕੀ ਘਰਵਾਲੀ, ਇੱਕੋ ਇਕ ਧੀ ਨਾਲ ਅਮਰੀਕਾ ਵੱਸਦੀ ਸੀ, ਬੜੀ ਦੇਰ ਤੋਂ ਬੜੀ ਖਾਤਰ ਹੋਈ ਸੀ ਮੇਰੀ, ਸੈਹਬ ਜੀਆਂ ਦੇ ਮੇਹਲਾਂ ‘ਚ। ਏਥੇ ਰੈਂਹਦੀਆਂ ਮਾਈਆਂ ਬੀਬੀਆਂ ਨੇ ਬੜੀ ਰੀਝ ਨਾਲ ਸਜਾਇਆ ਮੈਨੂੰ, ਨਾਲੋ ਨਾਲ ਸਿਖਾਇਆ ਤੇ ਸਮਝਾਇਆ ਵੀ ਬੜਾ ਕੁਝ। ਊਂ ਸੱਚ ਦੱਸਾਂ, ਏਨਾ ਮੋਮੋ ਠੱਗਣੀਆਂ ਨੇ ਬੜੇ ਤਰੀਕੇ ਤੇ ਸਲੀਕੇ ਨਾਲ ਸੈਹਬ ਜੀਆਂ ਦਾ ਤੈਹਤ ਬਠਾਇਆ ਮੇਰੇ ਅੰਦਰ, ਸੈਹਬ ਜੀ ਆਉਣ ਤਾਂ ਉਠਕੇ ਖੜ ਜਾਣੇ, ਨੀਵੀਂ ਪਾ ਕੇ ਬੋਲਣਾ ਤਾਂ ਕੀ, ਉੱਚੀ ਸਾਹ ਵੀ ਨਹੀਂ ਲੈਣਾ.. ਬਰਾਬਰ ਨਹੀਂ ਬੈਠਣਾ…।
ਏਹੋ ਜੇਹੀਆਂ ਮੱਤਾਂ ਹੀ ਮਾਂ ਦਿੰਦੀ ਆਈ ਸੀ, “ਭਾਗ ਖੁੱਲਗੇ ਤੇਰੇ… ਸੈਹਬ ਜੀਆਂ ਨੇ ਆਪ ਮੰਗਕੇ ਲਿਐ ਤੈਨੂੰ ਆਖਦੇ ਸੀ, ਕੀ ਹੋ ਗਿਆ ਮੇਰਾ ਭਰਾ ਨੀਂ ਰਿਹਾ, ਅਮਾਨਤ ਐ ਸਾਡੀ, ਗੁਰੂ ਘਰ ਦੀ ਨਹੀਂ ਵਿਆਹ ਹੋਇਆ ਤਾਂ ਕੀ ਐ ਮੰਗ ਤਾਂ ਸਾਡੀ ਐ, ਨਾਲੇ ਗੁਰੂ ਕੁਲ ਨੂੰ ਪਰਵਾਈ ਹੋਈ ਹੋਰ ਕਿਤੇ ਕਿਵੇਂ ਜਾ ਸਕਦੀ ने…।”
ਸਮਝ ਨਹੀਂ ਸੀ ਲੱਗਦੀ ਮੈਨੂੰ, ‘ਡਾਇਲ’ ਘੁੰਮੇ ਪਏ ਸਨ ਮੇਰੇ, ਸੈਹਬ ਜੀ ਕੀ ਲੱਗਦੇ ਨੇ ਮੇਰੇ? ਹੁਣ ਤੱਕ ਤਾਂ ਮੈਂ ਪਿਤਾ ਤੁੱਲ ਸਮਝਦੀ ਆਈ ਸਾਂ, ਪਰ ਮਾਈਆਂ ਬੀਬੀਆਂ ਦੀਆਂ ਗੱਲਾਂ ਸ਼ੱਕੀ ਜੇਹੀਆਂ ਲੱਗਦੀਆਂ, ਦਿਲ ਬੁਰੀ ਤਰ੍ਹਾਂ ਧੜਕਦਾ, ਮਨ ਕਹੇ ‘ਜ਼ਰੂਰ ਕੁਛ ਗ਼ਲਤ ਹੋਣ ਵਾਲੈ…।’
ਸੈਹਬ ਜੀ ਆ ਗਏ, ਕਮਰਾ ਦੈਹਸ਼ਤ ਨਾਲ ਭਰ ਗਿਆ, ਡਰੀਆਂ ਜਹੀਆਂ ਮਾਈਆਂ ਬੀਬੀਆਂ ਚਰਨ ਛੂਹਣ ਦੇ ਚੱਕਰ ‘ਚ ਇਕ ਦੂਜੀ ਵਿਚ ਵੱਜ ਰਹੀਆਂ ਸਨ। ਚਾਂਦੀ ਦੀ ਟਰੇਅ ‘ਚ ਸੋਹਣੇ ਦੋ ਗਲਾਸਾਂ ‘ਚ ਦੁੱਧ ਪੱਤੀ ਲੈ ਕੇ ਆਈ ਬੀਬੀ ਬਚਦੀ ਬਚਦੀ ਵੀ ਕਿਸੇ ਨਾਲ ਜਾ ਟਕਰਾਈ, ਰਤਾ ਕੁ ਦੁੱਧ ਛਲਕ ਕੇ ਟਰੇਅ ‘ਚ ਪੈ ਗਿਆ, “ਭੈਣ ਚੋ ਅੱਖਾਂ ਨੇ ਕਿ ਭੂੰਡ ਕੇ ਟੁੱਟੇ।”
ਇਹ ਪਹਿਲਾ ‘ਬਚਨ’ ਸੀ ਸੈਹਬ ਜੀਆਂ ਦਾ ਜੋ ਮੇਰੇ ਕੰਨੀਂ ਪਿਆ।
ਮੇਰੀ ਜੀਭ ਆਪਣੇ ਆਪ ਦੰਦਾਂ ਥੱਲੇ ਆ ਗਈ, ਸ਼ਰਮ ਤੇ ਡਰ ਨਾਲ ਸੁੰਗੜ ਗਈ ਮੈਂ।
“ਭੈਣ ਚੋ ਜਾਂਦੀਆਂ ਨੀ ਹੁਣ, ਥਣ ਲੈਣ ਨੂੰ ਖੜ੍ਹੀਓਂ…।”
ਉਹ ਇਕ ਦੂਜੀ ਦੇ ਮੂਹਰੇ ਨਿਕਲਣ ਲੱਗੀਆਂ। ਘਬਰਾਈ ਹੋਈ ਮੈਂ ਵੀ ਉਹਨਾਂ ਦੇ ਨਾਲ ਹੀ ਤੁਰ ਪਈ।
“ਤੂੰ ਭੈਣ ਚੋ ਕਿੱਥੇ ਤੁਰ ਚੱਲੀ ਏਸ ਚੌਣੇ ਨਾਲ? ਆਪਣੀ ਥਾਂ ਪਛਾਣ, ਏਹਨਾਂ ਭੈਣ ਚੋ ਕੁੱਤੀਆਂ ਨੇ ਕੁੱਛ ਨਈਂ ਦੱਸਿਆ ਤੈਨੂੰ?”
ਮੈਂ ਕੰਬਕੇ ਥਾਏਂ ਰੁਕ ਗਈ।
“ਬੈਠ…।” ਸੈਹਬ ਜੀ ਬੈੱਡ ਤੇ ਬੈਠਦੇ ਬੋਲੇ।
ਮੈਂ ਜਿੱਥੇ ਖੜ੍ਹੀ ਸੀ ਓਥੇ ਹੀ ਬੈਠ ਗਈ। ਓਹ ਹੋਰ ਹੀ ਤਰ੍ਹਾਂ ਹੱਸੇ ਵਿਅੰਗ ਨਾਲ, ਬੋਲੇ, “ਹੂੰਅ… ਐੱਸੇ, ਭੈਣ ਚੋ ਪੀ-ਐਚ.ਡੀ., ਆਹੀ ਕੁੱਛ ਸਿੱਖਿਐ, ਮੈਂ ਭੈਣ ਚੋ ਸਮਝਦਾ ਸੀ ਕਿ ਤੂੰ ਭੈਣ ਚੋ ਐਧਰ ਆ ਮੇਰੇ ਕੋਲ…।”
ਮਾਈਆਂ ਦਾ ਸਖਾਇਆ ਸਭ ਭੁੱਲ ਗਿਆ ਮੈਨੂੰ, ਜਾ ਕੇ ਬੈਂਡ ਦੀ ਨੁਕਰੇ ਬੈਠ ਗਈ, “ਹੱਅਤ ਭੈਣ ਚੋ ।” ਉਹਨਾਂ ਬਹੁਤ ਗੁੱਸੇ ‘ਚ ਮੇਰੇ ਵੱਲ ਵੇਖਿਆ ਤੇ ਪਹਿਲੀ ਉਂਗਲ ਨਾਲ ਆਪਣੇ ਪੈਰਾਂ ਵੱਲ ਇਸ਼ਾਰਾ ਕਰਕੇ ਮੈਨੂੰ ਮੇਰੀ ‘ਥਾਂ’ ਦਿਖਾਈ ਮੈਂ ਚਰਨਾਂ ‘ਚ ਜਾ ਬੈਠੀ,
“ਅੱਜ ਤੋਂ ਤੂੰ ਭੈਣ ਚੋ ਅੱਥੇ ਰੈਹਣੇ ਅੱਥੇ।”
ਉਹਨਾਂ ਇਕ ਲੰਬਾ ਭਾਸ਼ਨ ਦਿੱਤਾ, ਗੱਲਾਂ ਓਹੀ, ਕਿਵੇਂ ਰੈਹਣੈ, ਕਿਵੇਂ ਬਹਿਣੇ, ਕਿਵੇਂ ਤੁਰਨੇ.. ਮੈਨੂੰ ਖਿੱਝ ਚੜ੍ਹਨ ਲੱਗੀ, ਸੈਹਜ ਹੋਣ ਲਈ ਦਮ ਬਾਰੇ ਕਿਹਾ ਮੈਂ
“ਚਾਹ ਠੰਡੀ ਹੋ ਰਹੀ ਐ।”
ਉਹਨਾਂ ਇਸ਼ਾਰਾ ਕੀਤਾ, ‘ਚੱਕਲਿਆ’ ਤੇ ਫਰਿੱਜ ਵੱਲ ਹੱਥ ਕਰਕੇ ਕਿਹਾ, “ਪਾਣੀ ਵੀ ਲਿਆ।” ਮੈਂ ਸੁੱਖ ਦਾ ਸਾਹ ਲਿਆ, ਮੈਨੂੰ ਪਾਣੀ ਦੀ ਬਹੁਤ ਲੋੜ ਸੀ। ਉਹਨਾਂ ਚਾਂਦੀ ਦੀ ਡੱਬੀ ਖੋਲ੍ਹੀ, ਵਿਚੋਂ ਕਾਲੀ ਦਵਾਈ ਦੀ ਵੱਡੀ ਸਾਰੀ ਗੋਲੀ ਵੱਟਕੇ ਮੈਨੂੰ ਪੁੱਛਿਆ, “ਜਾਣਦੀ ਐ ਇਹ ਕੀ ਐ?”
ਮੈਂ ਸੈਹਮੀ ਜਿਹੀ ਨੇ ਨਾਂਹ ਵਿਚ ਸਿਰ ਹਿਲਾਇਆ, ਉਂਜ ਮੈਨੂੰ ਪਤਾ ਸੀ ਕਿ ‘ਫੀਮ ਐ, ਮੇਰੇ ਨਾਨਾ ਜੀ ਪੱਕੇ ਲੱਗੇ ਹੋਏ ਸਨ। ਨਾਨਕੇ ਗਈ ਨੇ ਮੈਂ ਕਈ ਵਾਰੀ ਮਾਮਿਆਂ ਦੀਆਂ ਕੁੜੀਆਂ ਨਾਲ ਰਲਕੇ, ਨਾਨੇ ਦੀ ਡੱਬੀ ‘ਚੋਂ ਚੋਰੀ ਕਰਕੇ ਖਾਧੀ ਸੀ। ਬੜਾ ਜੀਅ ਲੱਗਦਾ, ਚਾਅ ਜਿਹਾ ਚੜ੍ਹਦਾ, ਅਸੀਂ ਸਾਰੀ ਸਾਰੀ ਰਾਤ ਨਾ ਸੌਂਦੀਆਂ, ਦਰੀਆਂ, ਨਾਲੇ… ਕੰਮ ਦੇ ਆਹੂ ਲਾ ਦੇਣੇ। ਮੈਥੋਂ ਹਉਕਾ ਭਰਿਆ ਗਿਆ।
ਸੈਹਬ ਜੀਆਂ ਨੇ, ਮੋਠਾਂ ਦੇ ਦਾਣੇ ਜਿੰਨੀ, ਮੇਰੇ ਵੱਲ ਕਰਕੇ ਕਿਹਾ, “ਆਹ ਭੈਣ ਚੋ ਦਵਾਈ ਲੈ ਲਾ ਭੋਰਾ, ਤਨ ਮਨ ਸੂਤ ਹੋ ਜੂ, ਪ੍ਰਸ਼ਾਦ ਐ, ਚਿੱਤ ਸ਼ਾਂਤ ਰੱਖੂ ਭੈਣ ਚੋ…।” ਮੈਂ ਦੋਵੇਂ ਹੱਥ ਕਰਕੇ ਪ੍ਰਸ਼ਾਦ ਲੈ ਲਿਆ, ਮੈਨੂੰ ਏਹਦੀ ਵੀ ਲੋੜ ਸੀ, ਪਾਣੀ ਵਾਂਗੂੰ। ਪਾਣੀ ਨਾਲ ਛੱਕ ਕੇ ਚਾਹ ਪੀਣ ਲੱਗੀ, ਸੈਹਬ ਜੀਆਂ ਦਾ ਭਾਸ਼ਨ ਚੱਲਦਾ ਰਿਹਾ…। ਤਿੰਨ ਚਾਰ ਵਾਰ ਫੋਨ ਵੱਜਿਆ, ਉਹਨਾਂ ‘ਭੈਣ ਚੋ ਭੈਣ ਚੋ’ ਕਰਕੇ ਗੱਲ ਕੀਤੀ ਤੇ ਫੇਰ ਰਸੀਵਰ ਲਾਹ ਕੇ ਰੱਖ ਦਿੱਤਾ ਮੇਰੀ ਬਾਂਹ ਫੜ੍ਹ ਕੇ ਕੈਹਣ ਲੱਗੇ, “ਅੱਜ ਭੈਣ ਚੋ ਤੂੰ ਤੇ ਮੈਂ, ਦੋਨੋਂ ਬੱਸ।” ਮੈਂ ਡਰੀ ਹੋਈ ਨੇ ਉਹਨਾਂ ਵੱਲ ਵੇਖਿਆ ਉਹ ਹੱਸਕੇ ਬੋਲੇ, “ਤੂੰ ਭੈਣ ਚੋ ਪੜ੍ਹੀ ਲਿਖੀ ਐਂ, ‘ਜੂਨੀਵਰਸਟੀ’ ਤੱਕ ਧੱਕੇ ਖਾਧੇ ਨੇ, ਭੈਣ ਚੋ ਬਥੇਰਾ ਕੁੱਛ ਜਾਣਦੀ ਹੋਮੇਂਗੀ..।” ਮੈਂ ਓਦਾਂ ਹੀ ਡਰੀ ਘਬਰਾਈ ਉਹਨਾਂ ਵੱਲ ਤੱਕਦੀ ਤੇ ਨੀਵੀਂ ਪਾ ਲੈਂਦੀ। ਉਹ ਇਕ ਟਕ ਮੇਰੇ ਵੱਲ ਦੇਖ ਰਹੇ ਸਨ, ਫੇਰ ਓਹ ਹੱਸੇ, ਮੈਨੂੰ ਥੱਲਿਓਂ ਉਠਾਕੇ ਬਰਾਬਰ ਬਠਾ ਲਿਆ, “ਤੂੰ ਘਾਰ ਨਾ ਭੈਣ ਚੋ, ਮੈਂ ਤਾਂ ਹੱਸਦਾਂ, ਤੂੰ ਪਾਕ ਸਾਫ਼ ਐਂ, ਭੈਣ ਤੋ ਸਾਰਾ ਪਤਾ ਕਰਾਏ ਆ ਮੈਂ…।”
ਮੈਂ ਬੈੱਡ ‘ਤੇ ਔਖੀ ਜਿਹੀ ਬੈਠੀ ਸੀ, ਸੈਹਬ ਜੀ ਮੈਨੂੰ ਪਾਸੇ ਨਾਲ ਘੁੱਟ ਰਹੇ ਸਨ, ਮੇਰਾ ਜਿਸਮ ਕੰਬ ਰਿਹਾ ਸੀ, ਮੈਂ ਸਿਰ ਘੁਮਾਕੇ ਨੱਕ ਦੂਰ ਕਰਨਾ ਚਾਹੁਦੀ ਸਾਂ, ਹਮਕ ਜਹੀ ਆਉਂਦੀ ਸੀ ਉਹਨਾਂ ਕੋਲੋਂ, ਅਜੀਹ ਜਿਹੇ ਮੁਸ਼ਕ ਤੋਂ ਜੀਅ ਕਾਹਲਾ ਪੈਂਦਾ। ਕਦੇ ਕਦੇ ਪਾਪਾ ਮੈਨੂੰ ਇੰਜ ਘੁੱਟਿਆ ਕਰਦੇ ਸਨ ਪਾਸੇ ਨਾਲ, ਮੈਂ ਉਹਨਾਂ ਦੇ ਮੋਢੇ ਨਾਲ ਸਿਰ ਜੋੜ ਲੈਂਦੀ, ਅੱਖਾਂ ਮੀਚ ਡੂੰਘਾ ਸਾਹ ਖਿੱਚਦੀ, ਉਹਨਾਂ ਦੇ ਮੁੜ੍ਹਕੇ ਦੀ ਮੈਹਕ ਬੜੀ ਚੰਗੀ ਲੱਗਦੀ, ਪਾਪਾ ਹੌਲ਼ੀ ਹੌਲ਼ੀ ਮੇਰਾ ਸਿਰ ਪਲੋਸਦੇ. ਪਰ ਸੈਹਬ ਜੀਆਂ ਦਾ ਹੱਥ ਮੇਰੀ ਛਾਤੀ ਮਸਲ ਰਿਹਾ ਸੀ। ਪਤਾ ਨਹੀਂ ਕੀ ਹੋਇਆ ਮੈਨੂੰ?
ਯੱਕਦਮ ਉਹਨਾਂ ਦਾ ਹੱਥ ਝਟਕ ਦਿੱਤਾ, ਖੜ੍ਹੀ ਹੋ ਕੇ ਜ਼ੋਰ ਨਾਲ ਪੁੱਛਿਆ, “ਕੀ ਕਰਦੇ ਓਂ ਤੁਸੀਂ..?” ਤੁਸੀਂ ਮੇਰੇ ਪਾਪਾ ਤੋਂ ਵੀ ਵੱਡੇ ਹੋ ਕੇ.. ਮੈਂ ਥੋਡੀ ਧੀਆਂ ਵਰਗੀ… ।” ਮੈਨੂੰ ਸਾਹ ਚੜ੍ਹ ਗਿਆ, ਮੇਰਾ ਮਨ ਕਰਦਾ ਸੀ ਪਰ ਮੈਂ ਰੋ ਕੇ ਕਮਜ਼ੋਰ ਨਹੀਂ ਸੀ ਹੋਣਾ ਚਾਹੁੰਦੀ। ਮੈਂ ਜੀਹਨੂੰ ਦਲੇਰ ਕੁੜੀ ਸਮਝਿਆ ਜਾਂਦਾ ਸੀ, ਜੀਹਨੇ ਇਕ ਠਰਕੀ ਪ੍ਰੋਫੈਸਰ ਨੂੰ ਸਿੱਧਾ ਕੀਤਾ ਸੀ… ਜੇਹੜੀ ਕਿਸੇ ਦੀ ਪ੍ਰਵਾਹ ਨਹੀਂ ਸੀ ਕਰਦੀ… ਜੀਹਨੂੰ ਆਪਣੇ ਮਾਪਿਆਂ ਤੇ ਮਾਣ ਸੀ ਖਾਸ ਕਰ ਆਪਣੇ ਪਾਪਾ ‘ਤੇ… ਪਾਪਾ ਦੀ ਯਾਦ ਆਉਂਦਿਆਂ ਹੀ ਮੈਥੋਂ ਆਪਣਾ ਆਪ ਡੱਕ ਨਾ ਹੋਇਆ, “ਪਾਪਾ ਇਹ ਕੀ ਕੀਤਾ ਤੁਸੀਂ… ਓ ਪਾਪਾ ਐਡੀ ਕੇਹੜੀ ਮਜਬੂਰੀ…।”
ਮੇਰਾ ਕੜ੍ਹ ਪਾਟ ਗਿਆ, ਹੜ੍ਹ ਦੇ ਵੇਗ ਵਾਂਗੂੰ ਅੰਦਰੋਂ ਕੁਝ ਬਾਹਰ ਨੂੰ ਆਇਆ, ਏਹੋ ਜੇਹੀਆਂ ਧਾਹਾਂ, ਲੱਗਿਆ ਕਿ ਧਰਤੀ ਨਹੀਂ ਤਾਂ ਏਹ ਗੁਰੂ ਘਰ ਜ਼ਰੂਰ ਹਿੱਲੂ…। ਸੈਹਬ ਜੀ ਘਬਰਾ ਗਏ, ਉਹਨਾਂ ਬੂਹਾ ਖੋਲ੍ਹ ਅਵਾਜ਼ ਮਾਰੀ, “ਕੋਈ ਹੈ ਭੈਣ ਚੋ…?” ਮਾਈਆਂ ਬੀਬੀਆਂ ਜਿਵੇਂ ਪਹਿਲਾਂ ਹੀ ਕੰਧੀਂ ਕੌਮੀਂ ਲੱਗੀਆਂ ਹੋਣ, ਉਹ ਗਿਰਝਾਂ ਵਾਂਗੂੰ ਕਮਰੇ ‘ਚ ਆਗੀਆਂ, ਦਿਲਾਸਾ ਦਿੰਦੀਆਂ, ਦਿਲ ਧਰਾਉਂਦੀਆਂ ਅਤੇ ਉਹ ਮੈਨੂੰ ਕਮਜਾਤਾਂ ਲੱਗੀਆਂ, ਹਰਾਬੜਾਂ, ਕਲ੍ਹਣੀਆਂ, ਮੇਰਾ ਮਾਸ ਭੁੰਨਕੇ ਸੈਹਬ ਜੀ ਮੂਹਰੇ ਪਰੋਸਣ ਵਾਲੀਆਂ, ਜੀ ਕੀਤਾ, ਮੂੰਹ ਨੋਚ ਲਵਾਂ ਏਹਨਾਂ ਦੇ, ਤਦ ਨੂੰ ਸੈਹਬ ਜੀ ਦੁਬਾਰਾ ਅੰਦਰ ਆ ਗਏ, ਨਾਲ ਉਹਨਾਂ ਦੇ ਦੋ ਚੁੜੇਲਾਂ ਹੋਰ, ਹੱਟੀਆਂ ਕੱਟੀਆਂ, ਡਰਾਉਣੀਆਂ ਸ਼ਕਲਾਂ ਵਾਲੀਆਂ, ਉਹਨਾਂ ਨੂੰ ਦੇਖਕੇ ਸਾਰੀਆਂ ਸੈਹਮ ਗਈਆਂ, ਮੈਂ ਹੋਰ ਡਰ ਗਈ। ਸੇਹਬ ਜੀ ਨੇ ਕਿਹਾ, “ਤੁਸੀਂ ਭੈਣ ਚੋ ਜਾਓ ਬਾਹਰ, ਕੰਮ ਤੇ ਬਿੰਬੋ ਸਾਂਭ ਲੈਣਗੀਆਂ ਆਪੇ…।”
ਮਾਈਆਂ ਬੀਬੀਆਂ ਪੈਰ ਜਹੇ ਮਲਣ ਲੱਗੀਆਂ ਤਾਂ ਸੈਹਬ ਜੀ ਚੀਕ ਉੱਠੇ, “ਜਾਨੀਓਂ ਕਿ ਨਹੀਂ ਭੈਣ ਚੋ.।”
ਉਹ ਖਿਸਕਣ ਲੱਗੀਆਂ। ਮੈਂ ਇਕ ਮਾਈ ਦੀ ਬਾਂਹ ਫੜ੍ਹ ਲਈ, ਪਰ ਬਿੰਬੋ ਨੇ ਮੇਰੇ ਹੱਥੋਂ ਬਾਂਹ ਛੁਡਾਕੇ, ਮਾਈ ਨੂੰ ਬਾਹਰ ਨੂੰ ਧੱਕਾ ਮਾਰਿਆ ਤੇ ਮੈਨੂੰ ਬੈੱਡ ਵੱਲ, ਕੰਮ ਨੇ ਕਮਰਾ ਬੰਦ ਕਰ ਦਿੱਤਾ, ਮੈਂ ਬੈੱਡ ਤੇ ਮੂਧੇ ਮੂੰਹ ਪੈ ਕੇ ਰੋਣ ਲੱਗੀ। ਬਿੰਬੋ ਤੇ ਕੰਮੇ ਢਾਕਾਂ ਤੇ ਹੱਥ ਰੱਖੀ ਮੇਰੇ ਸਰਾਣੇ ਖੜ੍ਹੀਆਂ ਸਨ । ਸੈਹਬ ਜੀ ਨਰਮੀ ਨਾਲ ਸਮਝਾ ਰਹੇ ਸਨ ਮੈਨੂੰ, “ਹੇਖਾਂ ਭੈਣ ਚੋ, ਸਿਆਣੀ ਬਿਆਣੀ ਹੋ ਕੇ ਚੰਗਾ ਜਲੂਸ ਕੱਢਿਐ ਤੂੰ, ਮੇਰਾ ਨਾਲੇ ਆਪਣਾ, ਕਿੰਨਾ ਸਮਝਾਇਆ ਭੈਣ ਚੋ, ਸ਼ੁਦਾਅ ਨਾ ਕੁਦਆ, ਮੈਂ ਮਾੜਾ ਨੀ ਭੈਣ ਚੋ, ਪਰ ਹੱਦ ਕਰਤੀ ਤੂੰ।” ਉਹ ਡਾਢੇ ਪ੍ਰੇਸ਼ਾਨ ਵੀ ਲੱਗੇ, “ਮੈਂ ਭੈਣ ਚੋ ਤੇਰੇ ਨਾਲ ਧੱਕਾ ਨੀ ਕਰਨਾ ਚਾਹੁੰਦਾ ਪਰ ਤੂੰ ਭੈਣ ਚੋ ਮੇਰੀ ‘ਪੋਜੀਸ਼ਨ’ ਵੀ ਦੇਖ… ਏਥੇ ਭੈਣ ਚੋ ਸਾਰੀ ਦੁਨੀਆ ਥੱਲੇ ਪੈਣ ਨੂੰ ਫਿਰਦੀ ਐ ਤੇਰੀ ਭੈਣ ਚੋ ਮੱਤ ਮਾਰੀ ਗਈ ਐ…।” ਮੈਂ ਉਚੀ ਉਚੀ ਰੋਣ ਲੱਗੀ, ਬਿੰਬੋ ਪੂਰੇ ਜ਼ੋਰ ਨਾਲ ਮੇਰਾ ਸਿਰ ਦੱਬਕੇ ਮੇਰਾ ਮੂੰਹ ਬਿਸਤਰੇ ‘ਚ ਘਸੋਣ ਲੱਗੀ ਕਿ ਮੇਰੀ ‘ਵਾਜ ਬਾਹਰ ਨਾ ਜਾਵੇ, ਸਾਹ ਘੁੱਟ ਹੋਣ ਲੱਗਾ ਤਾਂ ਮੈਨੂੰ ਰੋਣਾ ਭੁੱਲ ਗਿਆ, ਗੁੱਸਾ ਚੜ੍ਹਿਆ ਵਾ ਵਰੋਲੇ ਵਾਂਗੂੰ, ਪਤਾ ਨਹੀਂ ਮੇਰੇ ‘ਚ ਕਿੱਥੋਂ ਐਨੀ ਤਾਕਤ ਆ ਗਈ, ਮੈਂ ਉੱਠੀ ਤਿੰਨ ਚਾਰ ਚਪੇੜਾਂ ਬਿੰਬੋ ਦੇ ਮੂੰਹ ‘ਤੇ ਜੜ੍ਹ ਦਿੱਤੀਆਂ, ਉਹ ਬੌਂਦਲ ਗਈ, ਮੈਂ ‘ਨੇਰੀ ਵਾਂਗੂੰ ਕੰਮੋ ਵੱਲ ਵਧੀ, ਦੋਵੇਂ ਹੱਥ ਜੋੜ ਉਹਦੀ ਛਾਤੀ ‘ਚ ਮਾਰੇ, ਡਿੱਗਦੀ ਡਿੱਗਦੀ ਉਹ ਕੰਧ ਨਾਲ ਜਾ ਲੱਗੀ। ਡੌਰ ਭੌਰ ਹੋਈਆਂ ਦੈਂਤਣੀਆਂ ਮੇਰੇ ‘ਤੇ ਝਪਟਣ ਲਈ ਸੈਹਬ ਜੀ ਦਾ ਇਸ਼ਾਰਾ ਚਾਹੁੰਦੀਆਂ ਸਨ ਕਿ ਮੈਂ ਸੈਹਬ ਜੀ ਵੱਲ ਮੂੰਹ ਕਰਕੇ ਗਰਜਣ ਲੱਗੀ, “ਕੱਢੋ ਬਾਹਰ ਏਹਨਾਂ ਕੁੱਤੀਆਂ ਚੁੜੇਲਾਂ ਨੂੰ, ਬਾਹਰ ਕਰੋ ਹਰਾਮ ਦੀਆਂ ਜਣੀਆਂ ਨੂੰ, ਮੈਂ ਮੁੜ ਏਹਨਾਂ ਦੀ ਸ਼ਕਲ ਨਾ ਵੇਖਾਂ ਕਦੇ ਕੰਜਰੀਆਂ ਕਿਤੋਂ ਦੀਆਂ.।”
ਆਪਣੀ ਬੋਲੀ ‘ਤੇ ਮੈਂ ਖ਼ੁਦ ਹੈਰਾਨ ਸਾਂ। ਸੈਹਬ ਜੀਆਂ ਦੇ ਜੀਅ ਵਿਚ ਪਤਾ ਨਹੀਂ ਕੀ ਆਈ? ਉਹਨਾਂ ਨੂੰ ਬਾਹਰ ਕੱਢਿਆ, ਦਰਵਾਜ਼ਾ ਬੰਦ ਕੀਤਾ ਤੇ ਕੁੱਝ ਨਿੰਮੋਝੂਣੇ ਤੇ ਕੁਝ ਉਤਸ਼ਾਹ ਨਾਲ ਕੈਹਣ ਲੱਗੇ, “ਤੂੰ ਭੈਣ ਚੋ ਕਮਾਲ ਕਰਤੀ, ਹੈਂ ਬਈ, ਮੈਂ ਭੈਣ ਚੋਂ ਐਂ ਈ ਚਾਹੁੰਦਾ ਸੀ… ਤੂੰ ਸਾਂਭ ਲਏਂਗੀ ਗੁਰੂ ਘਰ, ਪਹਿਲੀ ਤਾਂ ਭੈਅ ਚੋਅ ਏਹਨਾਂ ਤੋਂ ਡਰਦੀ, ਧੀ ਨੂੰ ਲੈ ਕੇ ਅਮਰੀਕਾ ਜਾ ਬੈਠੀ… ਪਰ ਤੂੰ… ਸੁਆਦ ਆ ਗਿਆ ਭੈਣ ਚੋ ।” ਮੈਂ ਕੁੱਝ ਨਹੀਂ ਬੋਲੀ।
ਉਹ ਫੇਰ ਬੋਲੇ, “ਦੇਖ ਮੈਂ ਫੇਰ ਕੈਹਨਾਂ ਭੈਣ ਚੋ ਮੈਂ ਨਈਂ ਸੀ ਚੌਂਹਦਾ ਕਿ ਭੈਣ ਚੋ ਕੰਮੋ ਬਿੰਬੋ ਏਸ ਕਮਰੇ ‘ਚ ਆਉਣ, ਮੈਂ ਪਾਗਲ ਐਂ ਭੈਣ ਚੋ ਜਿਹੜਾ ਐਹੋ ਜਹੀਆਂ ਜੂਠਾਂ ਨੂੰ ਤੇਰੇ ਸਿਰ ਚੜਾਊਂਗਾ… ਚੰਗਾ ਕੀਤਾ ਤੂੰ, ਭੈਣ ਚੋ ਚਵਲਾਂ ਨੂੰ ਭਜਾਤਾ…।” ਓਹ ਮੈਨੂੰ ਖ਼ੁਸ਼ ਕਰਨ ਦੇ ਯਤਨ ‘ਚ ਸਨ, “ਮੇਰੇ ਗੰਨਮੈਨਾਂ ਤੇ ਸੇਵਕਾਂ ਨੂੰ ਪਹਿਲਾਂ ਤੋਂ ਈ ਹੁਕਮ ਨਾ ਭੈਣ ਚੋ ਏਧਰ ਆਉਣ ਦਾ, ਹੁਣ ਏਹਨਾਂ ਨੂੰ ਵੀ ਖਿੱਚਦੂ ਭੈਣ ਚੋ. ਏਧਰ ਤੂੰ, ਬੱਸ ਤੂੰ ਈ ਤੂੰ… ਸੱਚ ਦੱਸਾਂ, ਤੂੰ ਭੈਣ ਚੋ ਜਮਾਂ ਓਦਾਂ ਦੀ ਐਂ ਜਿੱਦਾਂ ਦੀ ਮੈਂ ਭੈਣ ਚੋ ਚਾਹੁੰਦਾ ਸੀ…।”
“ਤੁਸੀਂ ਜਿੱਦਾਂ ਮੈਨੂੰ ਨੋਚਣਾ ਚਾਹੁੰਦੇ ਹੋ ਨੋਚ ਲਓ ਓਦਾਂ ਹੀ,” ਮੈਂ ਮਨ ਵਿਚ ਹੀ ਕਿਹਾ ਤੇ ਸੋਚਣ ਲੱਗੀ ਕਿ ਹੁਣ ਕੀ ਹੋਊ? ਕੀ ਵਾਪਰੂ ਮੇਰੇ ਨਾਲ? ਸੋਚੀਂ ਪਈ ਪਈ ਭਕੀ ਮੈਂ, ਪਤਾ ਈ ਨਾ ਲੱਗਾ, ਗੱਲਾਂ ਕਰਦੇ ਕਰਦੇ ਸੈਹਬ ਜੀ ਨੇ ਕਦੋਂ ਮੇਰੇ ਮੋਢੇ ਤੋਂ ਬਾਹ ਵਲ਼ਾ ਕੇ, ਮੈਨੂੰ ਕਲਾਵੇ ‘ਚ ਲੈ ਲਿਆ। ਓਹ ਪਛਤਾ ਰਹੇ ਸਨ, “ਤੂੰ ਭੈਣ ਚੋ ਪੜ੍ਹੀ ਲਿਖੀ ਸਿਆਣੀ ਕੁੜੀ ਐਂ, ਸਭ ਸਮਝਦੀ ਐਂ, ਸਭ ਕੁਝ ਹੁੰਦੇ ਸੁੰਦੇ ਮੈਂ ਭੈਣ ’ਚੋ ਕੱਲਾ ਆਂ ਉਦਾਸ ਦੇਖ ਮੇਰਾ ਕੋਈ ਨਈਂ ਭੈਣ ਚੋ, ਮੈਨੂੰ ਭੈਣ ਚੋ ਤੇਰੀ ਬਹੁਤ ਲੋੜ ਐ, ਏਥੇ ਸਭ ਕੁੱਤੇ ਮੈਨੂੰ ਚੂੰਢਣ ਵਾਲੇ ਨੇ ਭੈਣ ਚੋ… ਆਹ ਜਿੰਨੀਆਂ ਫਿਰਦੀਆਂ ਭੈਣ ਚੋ ਜੋਕਾਂ ਨੇ ਜੋਕਾਂ, ਮੇਰਾ ਲਹੂ ਪੀਣੀਆਂ… ਤੇਰੇ ਤੋਂ ਬਿਨਾਂ ਸਭ ਸਾਲੇ ਭੈਣ ਚੋ…” ਉਹ ਮਨ ਜੇਹਾ ਭਰਨ ਲੱਗੇ ਤੇ- ਹਉਕਾ ਵੀ, ਮੈਂ ਵੀ ਓਦੋਂ ਬੰਦਿਆਂ ਦੇ ਰੰਗ ਢੰਗ ਨਈਂ ਸੀ ਜਾਣੀ, ਪਿਘਲ ਚੱਲੀ ਸਾਂ… ਪਿਘਲ ਹੀ ਜਾਂਦੀ ਖੌਰੇ, ਜੇ ‘ਰਾਤ ਕਟਾਉਣ ਵਾਲੀ’ ਤੇ ‘ਸਾਰੀ ਦੁਨੀਆ ਦੇ ਥੱਲੇ ਪੈਣ’ ਵਾਲੀ ਗੱਲ ਨਾ ਕਹੀ ਹੁੰਦੀ ਸੈਹਬ ਜੀਆਂ ਨੇ। ਏਹਨਾਂ ਗੱਲਾਂ ਨੇ ਪੱਥਰ ਕਰਤਾ ਮੈਨੂੰ, ਸੈਹਬ ਜੀ ਵਾਸਤੇ ਘਿਰਣਾ ਨਾਲ ਭਰ ਗਈ ਮੈਂ, ਨਫ਼ਰਤ ਨਾਲ ਥੁੱਕ ਅੰਦਰ ਲੰਘੌਦਿਆਂ ਕੁੱਛ ਕੈਹਣਾ ਚਾਹਿਆ, ਪਰ ਕੁੱਛ ਨਾ ਕਹਿ ਹੋਇਆ, ਨਾ ਹੀ ਕੋਈ ਵਿਰੋਧ ਕਰ ਹੋਇਆ, ਸੈਹਬ ਜੀ ਨੇ ਮੈਨੂੰ ਬੈੱਡ ਤੇ ਬਠਾਇਆ ਮੈਂ ਬੈਠ ਗਈ, ਲਟਾਇਆ ਮੈਂ ਲੇਟ ਗਈ, ਸਿੱਲ ਦੀ ਸਿੱਲ… । ਮੈਂ ਦੰਦਾਂ ਥੱਲੇ ਜੀਭ ਘੁੱਟ ਲਈ, ਘੁੱਟਕੇ ਅੱਖਾਂ ਮੀਟ ਲਈਆਂ, ਮੈਂ ਤਾਂ ਅੱਜ ਤੱਕ ਕਿਸੇ ਸਾਹਮਣੇ ਕੱਪੜੇ ਨਹੀਂ ਸਨ ਬਦਲੇ, ਕਿਸੇ ਸਹੇਲੀ ਸਾਹਮਣੇ ਵੀ ਨਹੀਂ…। ਵਰ੍ਹਿਆਂ ਤੋਂ ਸਾਂਭ ਸਾਂਭ ਰੱਖੀਂ ਇੱਜ਼ਤ ਤੂੰਬਾ ਤੂੰਬਾ ਹੋਣ ਲੱਗੀ… ਕਿਸੇ ਸਹੇਲੀ ਸਾਹਮਣੇ ਵੀ ਨਹੀਂ…। ਵਰ੍ਹਿਆਂ ਤੋਂ ਸਾਂਭ ਸਾਂਭ ਰੱਖੀ ਇੱਜ਼ਤ ਤੂੰਬਾ ਤੂੰਬਾ ਹੋਣ ਲੱਗੀ… ਸੈਹਬ ਜੀ ਮੈਨੂੰ ਸੱਚਮੁੱਚ ਹੀ ਨੋਚ ਰਹੇ ਸਨ ਦਰਿੰਦੇ ਵਾਂਗੂੰ ਗਾਲ੍ਹਾਂ ਬੱਕਦੇ ਦੰਦੀਆਂ ਵੱਢਦੇ ਘਰੂਟ ਭਰਦੇ ਮਸਲਦੇ, ਓਹ ਮੈਨੂੰ ਸਾਰੇ ਪਾਸਿਆਂ ਤੋਂ ਪੀੜ ਨਾਲ ਪਰੁੰਨ ਰਹੇ ਸਨ ਦਰਦ ਐਨਾ ਕਿ ਪੱਥਰ ਵੀ ਰੋ ਪਵੇ, ਪਰ ਓਹ ਰਾਤ ਤੇ ਆਹ ਦਿਨ, ਮੁੜ ਮੈਂ ਨਾ ਅੱਖ ਚੋਂ ਅੱਥਰੂ ਸੁੱਟਿਆ ਨਾ ਸੀਅ वोडी…।
“ਤੂੰ ਭੈਣ ਚੋ ‘ਐਨਜੁਆਏ’ ਨਈਂ ਕੀਤਾ।” ਮੇਰੇ ਉੱਤੇ ਲਾਸ਼ ਵਾਂਗੂ ਵਿਛੇ ਪਏ ਸੈਹਬ ਜੀਆਂ ਨੇ ਹੋਕਦੇ ਹੋਏ ਕਿਹਾ ਸੀ।
“ਰੈਪ ਨੂੰ ਕੋਣ ‘ਐਨਜੁਆਏ ਕਰਦੇ?” ਆਖ ਮੈਂ ਉਹਨਾਂ ਨੂੰ ਆਪਣੇ ਓਤੋਂ ਵਗਾਹ ਮਾਰਿਆ ਤੇ ਬਾਥਰੂਮ ‘ਚ ਜਾ ਕੇ ਨਫ਼ਰਤ ਨਾਲ ਥੁੱਕ ਦਿੱਤਾ, ਦੰਦਾਂ ‘ਚ ਆਉਣ ਕਰਕੇ ਜੀਭ ਵੱਢੀ ਗਈ ਸੀ, ਮੂੰਹ ਵੀ ਖੂਨ ਨਾਲ ਭਰਿਆ ਪਿਆ ਸੀ ਤੇ ਮਨ ਰੋਹ ਨਾਲ, “ਭੈਣ ਚੋ,” ਕਿਨੇ ਹੀ ਪਰਦੇ ਪਾੜਕੇ ਮੇਰੇ ਅੰਦਰ “ਭੇਣ ਚੋ’ ਨਿਕਲਿਆ।
ਮੈਂ ਕੁਰਲੀਆਂ ਕਰਦੀ ਰਹੀ ਤੇ ਹਰ ਕੁਰਲੀ ਨਾਲ ਵਾਸ਼ਵੇਸ਼ਨ ‘ਚ ‘ਭੈਣ ਚੋ’ ਬੁੱਕਦੀ ਰਹੀ। ਬਾਹਰ ਆ ਕੇ ਮੈਂ ਕਮਰੇ ਦੀ ਕੁੰਡੀ ਲਾਹੀ ਤੇ ਅਵਾਜ਼ ਮਾਰੀ, “ਕਈ ਹੈ ਭੈਂ..?” ਸੈਹਬ ਜੀ ਛੇਤੀ ਦੇਣੇ ਬਾਥਰੂਮ ‘ਚ ਜਾ ਵੜੇ ਹੈਰਾਨ ਜਹੇ। ਮੈਂ ਦੇਖਿਆ ਉਹ ਕੁੱਝ ਸੈਹਮੇ ਜਹੇ ਵੀ ਸਨ। ਮੈਂ ਉਹਨਾਂ ਨੂੰ ਉੱਕਾ ਈ ‘ਇਗਨੌਰ’ ਕਰ ਦਿੱਤਾ। ਮਾਈਆਂ ਬੀਬੀਆਂ ਭੱਜੀਆਂ. ਆਈਆਂ ਇਕ ਹਮ-ਉਮਰ ਜਹੀ ਮੈਨੂੰ ਚੰਗੀ ਲੱਗੀ, “ਕੀ ਨਾਂ ਏ ਤੇਰਾ? ”
“ਕਾਂਤੀ ਆ, ਨਿੱਕੇ ਬੀਬੀ ਸੇਹਬਾ ਕਾਂਤੀ ।” ਓਹ ਦੋਵੇਂ ਹੱਥ ਜੋੜ ਨੀਵੀਂ ਪਾ ਬੋਲੀ ।
“ਜਾਹ ਚਾਹ ਲਿਆਓ ਪਹਿਲਾਂ, ਫੇਰ ਭੋਜਨ ਤਿਆਰ ਕਰੋ ਜਾਓ ਹੈਂ …।”
ਪਰ ਮੈਂ ਚਾਹ ਕੇ ਵੀ ਗਾਲ੍ਹ ਨਾ ਕੱਢ ਸਕੀ। ਪਹਿਲਾ ਦਿਨ ਸੀ, ਹੁਣ ਤਾਂ ਆਮ ਜੇਹੀ ਗੱਲ ਐ, ਬੜੀ ਸੈਹਜ ਹੋ ਗਈ ਆਂ। ਕਾਂਤੀ ਨਾਲ ਬਹੁਤ ਬਣਦੀ ਐ ਮੇਰੀ। ਬਹੁਤ ਦੇਰ ਤੋਂ ਸੈਹਬ ਜੀਆਂ ਦੀ ਸੇਵਾ ‘ਚ ਐ ਉਹ। ਛੋਟੀਆਂ ਵੱਡੀਆਂ ਬਥੇਰੀਆਂ ਬੀਬੀਆਂ ਨੇ, ਪਰ ਉਹਨਾਂ ਵਿਚੋਂ ਬਹੁਤੀਆਂ ਚੁਗਲਖੋਰ ਨੇ ਮੀਸਣੀਆਂ। ਕਾਂਤੀ ਸਿੱਧੀ ਐ, ਦਿਲ ਦੀ ਸਾਫ਼, ਕੰਮ ਦੀ ਵੀ ਸਚਿਆਰੀ ਐ, ਮੇਰੇ ਹਾਣ ਪ੍ਰਵਾਣ ਵੀ ਐ…।”
ਮੈਂ ਕਾਂਤੀ ਨੂੰ ਪੁੱਛਿਆ, “ਏਹ ਔਰਤਾਂ ਏਥੇ ਕਿਵੇਂ ਰਹੀ ਜਾਂਦੀਆਂ ਨੇ, ਏਹਨਾਂ ਦੇ ਘਰਦੇ ਸੌਹਰੇ ਪੇਕੇ?”
“ਬਹੁਤੀਆਂ ਦੇ ਘਰ ਵਾਲੇ ਸ਼ਰਾਬੀ ਕਬਾਬੀ ਨੇ… ਕਈਆਂ ਦਾ ਦਾਜ ਪਿੱਛੇ ਝਗੜੈ, ਕੋਈ ਵਿਧਵੈ, ਕਿਸੇ ਦੇ ਮੁੰਡਾ ਨੀ ਹੋਇਆ, ਬੱਸ ਨਈਂ ਬਣੀ ਸੌਹਰਿਆਂ ਨਾਲ… ਤੇ ਆ ਗਈਆਂ ਗੁਰੂ ਘਰ ਗੁਰੂ ਘਰ ਤੋਂ ਬਿਨਾਂ ਕੌਣ ਪਨਾਹ ਦਿੰਦੈ ਨਿੱਕੇ ਬੀਬੀ ਸੈਹਬਾ… ਊਂ ਵੀ ਗੁਰੂ ਘਰ ਦੀ ਸੇਵਾ ਭਾਗਾਂ ਨਾਲ ਮਿਲਦੀ ਐ ਸੈਹਬ ਜੀਆਂ ਦੇ ਕੈਹਣ ਵਾਂਗੂੰ… ਸਾਡੇ ਭਾਗ ਚੰਗੇ ਨੇ ਜੀ…।” ਕਾਂਤੀ ‘ਚ ਆਸਥਾ ਵੀ ਪੂਰੀ ਐ।
“ਛੱਡ ਕਾਂਤੀ, ਕੋਈ ਆਪਣੀ ਗੱਲ ਕਰ।” ਮੈਂ ਪਿਆਰ ਨਾਲ ਕੈਹਣਾ।
ਅਸੀਂ ਆਪਣੀਆਂ ਗੱਲਾਂ ਕਰਨੀਆਂ, ਮਨ ਦੀਆਂ, ਕਾਂਤੀ ਮੈਨੂੰ ਨਵੀਆਂ ਨਵੀਆਂ ਗਾਲ੍ਹਾਂ ਸੁਣੌਦੀ, ਜੇਹੜੀਆਂ ਓਹਨੇ ਪਸ਼ੂ ਵਾੜੇ ‘ਚੋਂ ਸੁਣੀਆਂ ਹੁੰਦੀਆਂ ਕੰਧ ਓਹਲਿਓਂ। ਓਧਰ ਕਿੰਨੇ ਹੀ ਅੰਬਰਸਰੀਏ ਨੇ, ਭਾਊ, ਜਿਹਨਾਂ ‘ਚ ਬਹੁਤੇ ‘ਕਰੀਮੀਨਲ’ ਨੇ, ਭਗੌੜੇ ‘ਬਾਡਰ ਦੇ ਆਰ ਪਾਰ ਜਾਣ ਵਾਲੇ ਤੇ ਕੋਈ ਕੋਈ ਕਾਤਲ ਵੀ…। ਦੇਖਣ ਨੂੰ ਪੂਰੇ ਸੰਤ ਸਰੂਪ, ਚਿੱਟੇ ਤੇ ਭਗਵੇ ਚੋਲੇ, ਬੀਬੀਆਂ ਦਾੜ੍ਹੀਆਂ, ਸੈਹਬ ਜੀਆਂ ਦੀ ਮੈਹਮਾਂ ਕਰਦਿਆਂ ਮੂੰਹ ਸੁੱਕਦੇ ਉਹਨਾਂ ਦਾ, “ਮੈਂ ਭਾਊ ਦੋ ਤਰੈ ਵਾਰ ਪਾਰ ਹੋਅ ਆਇਆਂ, ਸੈਹਬ ਜੀਆਂ ਦੀ ਕਿਰਪਾ ਨਾਲ ਇਕ ਕਤਲ ਵੀ ਹੋਅ ਗਿਆ ਸੀ ਮੇਰੇ ਕੋਲੋਂ, ਮੈਂ ਤੇ ਭਾਊ ਅੰਦਰ ਹੋਅ ਗਿਆ ਸਾਂ ਪਰ ਪਿਉ ਮੇਰੇ ਨੇ ਅਰਜ਼ ਕੀਤੀ ਸੈਹਬ ਜੀਆਂ ‘ਗਾੜੀ… ਤੇ ਵੇਖ ਭਊ ਸੈਹਬ ਜੀਆਂ ਦੇ ਰੰਗ, ਪੁਲਸ ਨੇ ਬਥੇਰਾ ਮੱਥਾ ਮਾਰਿਆ, ਸਰਕਾਰੀ ਵਕੀਲ ਬੜਾ ਸਿਰ ਖਪਾਇਆ ਪਰ ਮੇਰੇ ‘ਕਾਗਤ’ ਈ ਨਈਂ ਲੱਭੇ, ਜੱਜ ਆਖਣ ਲੱਗਾ, “ਮਿੰਨੂ ਪਤਾਅ, ਬੰਦਾ ਤੇ ਤੂੰ ਮਾਰੇਆ ਪਰ ਕਰਾਂ ਕੀ, ਤੇਰਾ ਸੈਹਬ ਡਾਢਾਅ, ਏਸ ਪਾਰੋਂ ਬਰੀ ਕਰਨਾ ਪੈਣਾ ਤਿਨੂੰ…।” ਕਾਂਤੀ ਸੁਣਾਉਂਦੀ ਤੇ ਮੈਂ ਹੱਸ ਹੱਸ ਦੂਹਰੀ ਹੁੰਦੀ। ਬਹੁਤ ਵੱਡਾ ਗੁਣ ਐ ਕਾਂਤੀ ‘ਚ ਏਹ ਕਿ ਕਿਸੇ ਦੀ ਵੀ ਰੀਸ ਹੂ-ਬ-ਹੂ ਲਾ ਲੈਂਦੀ ਐ। ਕੰਮੋ ਤੇ ਬਿੰਬੇ ਵੀ ਮੈਂ ਓਥੇ ਈ ਰੱਖੀਆਂ ਨੇ ਅੱਜਕੱਲ੍ਹ ਪਸ਼ੂਵਾੜੇ ‘ਚ। ਭਾਊਆਂ ਦੇ ਨਾਲ ਈ ਗੁਤਾਵਾ ਰੁਲਾਉਂਦੀਆਂ, ਕੱਖ ਪੱਠੇ ਤੇ ਗੋਹੇ ਕੂੜੇ ਦੀ ਸੇਵਾ ਕਰਦੀਆਂ ਉਹ ਸਾਰੇ ਪਸ਼ੂਆਂ ਨੂੰ ਖ਼ੁਸ਼ ਰੱਖਦੀਆਂ ਨੇ। ਮੈਹਲਾਂ ‘ਚ ਆਉਣ ਦੀ ਆਗਿਆ ਨਹੀਂ ਉਹਨਾਂ ਨੂੰ । ਏਧਰ ਮੈਂ ਕਾਂਤੀ ਨੂੰ ਪ੍ਰਧਾਨ ਬਣਾਇਆ ਹੋਇਐ। ਕਾਂਤੀ ਨੇ ਕਾਮਰੇਡ ਨੂੰ ਨਾਲ ਲੈ ਕੇ ਮੈਂ ਕਈਆਂ ਬੀਬੀਆਂ ਦੇ ਰੌਲੇ ਨਬੇੜ ਕੇ ਘਰੋ ਘਰੀ ਤੋਰ ਦਿੱਤੀਆਂ ਨੇ, ਸੁਖੀ ਵਸਦੀਆਂ ਨੇ।
ਰੁਝੇਵੇਂ ਬਹੁਤ ਵਧ ਗਏ ਨੇ ਮੇਰੇ, ਸੈਹਬ ਜੀਆਂ ਨੂੰ ਘੱਟ ਹੀ ਤਕਲੀਫ਼ ਦੇਈ ਦੀ ਐ। ਉਹਨਾਂ ਦਾ ਅੱਧਾ ਨਹੀਂ, ਸਾਰਾ ਹੀ ਫ਼ਿਕਰ ਲਾਹ ਦਿੱਤੇ ਮੈਂ। ਪਿਛਲੇ ਚਹੁੰ ਸਾਲਾਂ ‘ਚ ਵੇਹਲਾ ਕਰ ਦਿੱਤੈ ਉਹਨਾਂ ਨੂੰ। ਨਸ਼ਾ ਵਧਾ ਦਿੱਤੈ ਉਹਨਾਂ ਦਾ। ਸਿੱਧਾ ਮੱਧ ਪ੍ਰਦੇਸ਼ ਤੋਂ ਦੁੱਧ ਮੰਗਾਉਨੀਆਂ, ‘ਪਿਓਰ’, ਕੇਸਰ, ਕਸਤੂਰੀ ਤੇ ਭਸਮਾਂ ਪਾ ਕੇ ਆਪਣੇ ਸਾਹਮਣੇ ਤਿਆਰ ਕਰਵੋਨੀਆਂ। ਚਾਂਦੀ ਦੇ ਚਮਚੇ ਨਾਲ ਦਿੰਨੀਆਂ ਸੈਹਬ ਜੀਆਂ ਨੂੰ, ਚਵਨਪ੍ਰਾਸ਼ ਵਾਂਗੂੰ। ਅਨੰਦ ‘ਚ ਰੈਂਹਦੇ ਨੇ ਓਹ। ਆਪ ਵੀ ਛਕਦੀ ਆਂ, ਸੈਹਬ ਜੀਆਂ ਦੇ ਕੈਹਣ ਵਾਂਗੂੰ, ਚਿੱਤ ਸ਼ਾਂਤ ਰੈਂਹਦੈ, ਲਿਵ ਲੱਗੀ ਰੈਂਹਦੀ ਐ… ਬਹੁਤ ਕੁਛ ਭੁਲਾਈ ਰੱਖਦੀ ਐ ਇਹ ਦਵਾਈ, ਸੈਹਬ ਜੀ ਏਹਨੂੰ ਦਵਾਈ ਕੈਂਹਦੇ ਨੇ, ਹੈ ਵੀ ਸੱਚਮੁੱਚ ਸ਼ਾਹੀ ਵਸਤ ਐ, ਮਾੜੇ ਲੋਕਾਂ ਬਦਨਾਮ ਕਰਤੀ, ਚਵਲਾਂ ਦੇ ਵੱਸ ਪੈ ਕੇ ਆਭਾ ਖੋ ਗੀ ਏਹਦੀ ਰ ਮੂੰਹ ਮਾਰਨ ਲੱਗ ’ਗੇ। ਖ਼ੈਰ ਸੈਹਬ ਜੀ ਬੜੇ ਖ਼ੁਸ਼ ਰੈਂਹਦੇ ਨੇ ਅੱਜ ਕੱਲ, ਮਸਤ। ਵੱਡਾ ਰੰਗਦਾਰ ਟੀ.ਵੀ. ਤੇ ਕੇਬਲ ਲਵਾ ਦਿੱਤੀ ਆ ਸੈਹਬ ਜੀਆਂ ਦੇ ਕਮਰੇ ‘ਚ ਮੈਂ। ਓਹ ਟੀ.ਵੀ. ਦੇਖਦੇ ਨੇ ਜਾਂ ਕਾਮਰੇਡ ਵਰਗੇ ਬੇਲੀਆਂ ਨਾਲ ਗੱਪਸ਼ੱਪ ਕਰਦੇ ਨੇ ਜਾਂ ਕਦੇ ਕਦੇ ਮੇਰੇ ਕੈਹਣ ਤੇ ਦੀਵਾਨ ‘ਚ ਦਰਸ਼ਨ ਦਿੰਦੇ ਨੇ, ਚੁੱਪ ਚਾਪ। ਪ੍ਰਵਚਨ ਸਿਰਫ਼ ਮੈਂ ਕਰਦੀ ਆਂ। ਲੋਕ ਮੇਰੇ ਪ੍ਰਵਚਨ ਓਨੀ ਹੀ ਸ਼ਰਧਾ ਨਾਲ ਸ੍ਰਵਣ ਕਰਦੇ ਨੇ, ਜਿੰਨੀ ਸ਼ਰਧਾ ਨਾਲ ਮੇਰੀਆਂ ਗਾਲ੍ਹਾਂ। ਮੈਂ ਗਾਲ੍ਹਾਂ ਵੀ ਚੁਣ ਚੁਣਕੇ ਕੱਢਦੀਆਂ, ਮੋਟੀਆਂ ਮੋਟੀਆਂ, ਚੋਂਦੀਆਂ ਚੋਂਦੀਆਂ, ਸੱਚ ਦੱਸਾਂ, ਜਦੋਂ ਕਿਸੇ ਮੂੰਹ-ਜ਼ੋਰ ਮਰਦ ਨੂੰ ਮੂੰਹ ਭਰਕੇ ਗਾਲ੍ਹ ਕੱਢਦੀਆਂ, ਪੂਰੀ ਗੰਦੀ ਗਾਲ੍ਹਾਂ ਤਾਂ ਸੁਆਦ ਆ ਜਾਂਦੇ। ਲੱਗਦੈ, ਕਿ ਸਦੀਆਂ ਤੋਂ ਔਰਤ ਨੂੰ ਲੱਗੀਆਂ ਬੇੜੀਆਂ, ਇਕ ਇਕ ਕਰਕੇ ਟੁੱਟ ਰਹੀਆਂ ਹੋਣ।
ਓਦਣ ਰਾਣਿਆਂ ਦੇ ਮੁੰਡਾ ਥੋੜ੍ਹੀ ਜਹੀ ਨਰਾਜ਼ਗੀ ਦਿਖਾਉਣ ਲੱਗਾ। ਓਹ ਚਾਰ ਕੁ ਦਿਨ ਜੇਲ੍ਹ ‘ਚ ਰੈਹਕੇ ਆਇਐ, ਆਪਣੇ ਆਪ ਨੂੰ ਵੈਲੀ ਹੀ ਸਮਝਣ ਲੱਗ ਪਿਐ। ਅਖੇ, “ਨਿੱਕੇ ਬੀਬੀ ਜੀ, ਮੇਰਾ ਨੰਬਰ ਕਦੋਂ ਲੱਗੂ, ਮੈਨੂੰ ਬਹੁਤ ਚਿਰ ਹੋ ਗਿਆ…।” ਮੈਨੂੰ ਓਹਦੀ ਟੇਡੀ ਜਹੀ ਗੱਲ ‘ਤੇ ਗੁੱਸਾ ਆ ਗਿਆ। ਮੈਂ ਓਹ ਗਾਲ੍ਹ ਵਾਹੀ ਕਿ ਰਹੇ ਰੱਬ ਦਾ ਨਾਂ । ਉਂਜ ਕਾਂਤੀ ਦੇ ਕੈਹਣ ਵਾਂਗੂ, ਸ਼ੈਦ ਓਹਦੇ ਮਨ ‘ਚ ਕੁਛ ਨਾ ਹੋਵੇ, ਕਿਉਂਕਿ ਸ਼ਰਧਾ ਬੜੀ ਐ ਸਾਡੇ ਵਾਸਤੇ ਸੰਗਤ ‘ਚ। ਮਗਰੋਂ ਮੈਂ ਤੇ ਕਾਂਤੀ ਕਮਰੇ ‘ਚ ਬੜਾ ਹੱਸੀਆਂ। ਕਾਂਤੀ ਨੇ ਮੇਰੀ ਰੀਸ ਲਾ ਲਾ ਵੱਖੀਆਂ ਦੂਖਣ लाडोभा…।
“ਖੜ੍ਹ ਤੇਰੇ ਵੱਡੇ ਵੈਲੀ ਦੀ ਭੈਣ ਦੀ ਕਾਲੇ ਖੋਤੇ ਦਾ…।”
ਕਾਂਤੀ ਮੈਨੂੰ ਵਾਰ ਵਾਰ ਛੇੜੇ, “ਨਿੱਕੇ ਬੀਬੀ ਜੀ, ਭਲਾ ਕਾਲਾ ਖੇਤਾ ਕਿਓਂ ਚਿੱਟਾ ਕਿਓਂ ਨੀ…, ਅਸੀਂ ਐਨਾ ‘ਇੰਜੁਆਏ’ ਕਰਦੀਆ ਕਿ ਬੱਸ…।
ਉਂਜ ਮੈਂ ਕਾਂਤੀ ਨੂੰ ਕੈਹਣਾ ਚਾਹੁੰਦੀ ਕਿ ਕਾਂਤੀ ਏਹਨਾਂ ਭੈਣ ਚੋ ਮਰਦਾਂ ਦੀ ਅੱਧੀਓ ਬਹਤੀ ਤਾਕਤ ਏਹਨਾਂ ਦੀ ਬੋਲੀ ‘ਚ ਐ. ਆਹ ਗਾਲ੍ਹ ‘ਚ । ਜੇ ਆਪਾਂ ਏਹਨਾਂ ਦੀ ਭੈਣ ਦੀ ਦੇਣੈ ਤਾਂ ਏਹਨਾਂ ਦੀ ਭਾਸ਼ਾ ਬੋਲਣੀ ਪਊ… ਆਪਣਾ ਸਿੱਕਾ ਤਾਂ ਚੱਲੂ । ਪੂਰਾ ਸਿੱਕਾ ਚੱਲਦੈ ਮੇਰਾ, ਹੇਠਲੀ ਉੱਤੇ ਆ ਗੀ, ਸੈਹਬ ਜੀ ਐਕਟਿਵ ਨਹੀਂ ਰਹੇ ਹੁਣ, ਹੁਣ ਸਿਰਫ਼ ਮੈਂ, ਮੈਂ ਨਿੱਕੇ ਬੀਬੀ ਸੈਹਬਾ। ਉਂਜ ਹੁਣ ਕੈਹਣ ‘ਤੇ ਕਾਂਤੀ ਨੇ ਟੋਕਣਾ ਸ਼ੁਰੂ ਕਰ ਦਿੱਤੈ ਸਭ ਨੂੰ, “ਇਹ ਨਿੱਕੇ ਕੀ ਹੋਇਆ? ਸਿੱਧਾ ਬੀਬੀ ਜੀ ਕਿਹਾ ਕਰੋ ਬੀਬੀ ਸੈਹਬਾ…।”
ਸਾਰੇ ਕੋਸ਼ਿਸ਼ ਕਰਦੇ ਨੇ ‘ਬੀਬੀ ਸੈਹਬਾ’ ਈ ਕੈਹਣ, ਜੇ ਭੁੱਲ ਭੁਲੇਖੇ ਕੋਈ ‘ਨਿੱਕੇ’ ਕੈਹ ਦਿੰਦੈ ਮੇਰੇ ਮੱਥੇ ਤਿਓੜੀ ਪੈ ਜਾਂਦੀ ਐ, ਉਂਜ ‘ਨਿੱਕੇ’ ਦਾ ਮਤਲਬ ਵੀ ਕੀ ਐ? ਜਦੋਂ ਮੈਂ ਈ ਆਂ ਸਭ ਕੁਝ ‘ਆਲ-ਇਨ-ਆਲ । ਪੰਜ ਕਰਾਂ ਪੰਜਾਹ ਕਰਾਂ, ਕਿਸੇ ਦੀ ਜ਼ੁਰੱਅਤ ਨਈ ਕਿ ਸੁਆਲ ਕਰ ਜਾਵੇ। ਪਰ ਕੋਈ ਹੈ ਜੋ ਸੁਆਲ ਕਰਦੈ। ਕੌਣ ਐ ਜੋ ਸੁਆਲ ਕਰਦੈ?
ਕੈਂਹਦੇ ਨੇ ਕਿ ਬੰਦੇ ਦੀ ਜ਼ਮੀਰ ਸੁਆਲ ਕਰਦੀ ਰੈਂਹਦੀ ਐ, ਪਰ ਮੈਨੂੰ ਪਤੈ ਕਿ ਜਦੋਂ ਦਾ ਸੁਮੀਤ ਆਉਣ ਲੱਗਿਐ ਏਥੇ, ਮੇਰੀ ਜ਼ਮੀਰ ਓਦੋਂ ਦੇ ਈ ਬਹੁਤੇ ਸੁਆਲ ਕਰਨ ਲੱਗੀ ਐ…।”
ਸੁਮੀਤ?
ਸੁਮੀਤ ਕਾਮਰੇਡ ਦਾ ਬੇਟਾ, ਰੂਸ ਤੋਂ ਪੜ੍ਹਕੇ ਆਇਐ, ਵਿਦਵਾਨ ਐ, ਬਹੁਤ ਸਿਆਣੈ, ਕਾਮਰੇਡ ਵਾਲੇ ਮਾਸਕ ਪਰਚੇ ਨੂੰ ਰੋਜ਼ਾਨਾ ਅਖ਼ਬਾਰ ‘ਚ ਬਦਲ ਲਿਐ ਓਹਨੇ। ਸੱਚਾ ਬੰਦੈ, ਸੱਚੀ ਗੱਲ ਕੈਹਣ ‘ਚ ਓਹ ਸੈਹਬ ਜੀਆਂ ਤੇ ਕਾਮਰੇਡ ਦੀ ਵੀ ਪ੍ਰਵਾਹ ਨਹੀਂ ਕਰਦਾ, ਮੂੰਹ ‘ਤੇ ਮਾਰਦੈ, ਮੈਨੂੰ ਓਹਦੀ ਏਹੀ ਗੱਲ ਚੰਗੀ ਲੱਗਦੀ ਐ, ਸਾਡੇ ਏਥੇ ਰੋਜ਼ ਪੱਚੀ ਪੱਚੀ ਪਾਠ ਕਰਨ ਵਾਲੇ, ਸੈਹਬ ਜੀਆਂ ਮੂਹਰੇ ਮਿਣ ਮਿਣ ਕਰਨ ਲੱਗ ਜਾਂਦੇ ਨੇ । ਸੁਮੀਤ ਤਾਂ ਗੁਰੂ ਘਰ ਈ ਨਹੀਂ ਸੀ ਆਉਂਦਾ। ਕੈਂਹਦਾ ਨਾ ਮੈਂ ਕੋਈ ਪਾਪ ਕਰਦਾ ਨਾ ਮੈਨੂੰ ਲਾਲਚ ਐ ਕੋਈ। ਇਹ ਤਾਂ ਮੈਂ ਲੈ ਕੇ ਆਈ ਸਾਂ ਓਹਨੂੰ, ਏਹ ਚਰਚਾ ਕਰਕੇ, ਕਿ ਗੁਰੂ ਘਰ ਦੀ ਅੰਨੀ ਜ਼ਮੀਨ ਜੈਦਾਦ, ਲੋੜਵੰਦਾਂ ਲਈ ਕਿਵੇਂ ਵਰਤੀ ਜਾਵੇ…। “ਪੈਹਲਾਂ ਤੁਸੀਂ ਗਾਲ੍ਹਾਂ ਬੰਦ ਕਰੋ ਤਾਂ ਕਿ ਸੱਟਾ ਬੰਦ ਹੋਵੇ।” ਸੁਮੀਤ ਨੇ ਸਿੱਧੀ ਗੱਲ ਕੀਤੀ ਸੀ, ਬਿਨਾਂ ਮੇਰਾ ਲਿਹਾਜ ਕੀਤਿਆਂ।
“ਕਾਸ਼ ਮੈਂ ਕਰ ਸਕਦੀ ਸੁਮੀਤ।” ਮੈਂ ਹਉਕਾ ਭਰਿਆ ਸੀ, “ਮੈਂ ਕੋਸ਼ਿਸ਼ ਕਰ ਚੁੱਕੀ ਆਂ, ਪਰ ਲੋਕ ਨਹੀਂ ਸਮਝਦੇ ।”
“ਏਹਦੇ ਵਿਚ ਕੀ ਐ? ਤੁਸੀਂ ਗਾਲ੍ਹਾਂ ਦੇਣੀਆਂ ਬੰਦ ਕਰ ਦਿਓ, ਬੱਸ।” ਸੁਮੀਤ ਦੇ ਰਵੱਈਏ ਤੋਂ ਲੱਗਿਆ ਕਿ ਓਹ ਮੈਥੋਂ ਖ਼ੁਸ਼ ਨਹੀਂ। ਮੈਂ ਮੁਸਕਰਾਈ, “ਨਹੀਂ ਸੁਮੀਤ, ਏਹ ਏਨਾ ਸੌਖਾ ਨਹੀਂ, ‘ਨੈਟਵਰਕ’ ਐ ਪੂਰਾ। ਬਹੁਤ ਹੱਥ ਨੇ ਇਹਦੇ ਪਿੱਛੇ,
ਵੱਡੇ ਵੱਡੇ ਲੋਕਾਂ ਦੇ। ਮੈਂ ਛੱਡਦੀਆਂ ਤਾਂ ਸਾਰਾ ਕੁਝ ਮੁੜ ਸੈਹਬ ਜੀਆਂ ਕੋਲ ਚਲਾ ਜਾਊ, ਉਹਨਾਂ ਦੇ ਨਾਲ ਦੇ ਬੁਰੇ ਬੰਦੇ ਫੇਰ ਸਰਗਰਮ ਹੋ ਜਾਣਗੇ… ਹੁਣ ਤਾਂ ਮੈਂ ਕਿੰਨਾ ਕੁੱਛ ਚੰਗਾ ਵੀ ਕਰੀ ਜਾਂਨੀ ਆਂ.।”
“ਚੰਗਾ ਕੀ ਕਰਦੇ ਓਂ ਤੁਸੀਂ?”
ਮੈਂ ਸਮਝ ਗਈ ਕਿ ਏਹ ਬੰਦਾ ਹਰ ਗੱਲ ਦੀ ਤੈਹ ਤੱਕ ਜਾਣ ਵਾਲੈ, ਮੈਂ ਕੈਹ ਦਿੱਤਾ, “ਹੁਣ ਤਾਂ ਮੈਨੂੰ ਖ਼ੁਦ ਨੂੰ ਵੀ ਨਹੀਂ ਪਤਾ ਸੁਮੀਤ ਕਿ ਗੁਰੂ ਘਰ ਦੀ ਮਾਇਆ ਨਾਲ ਕਿੰਨੀਆਂ ਕੁੜੀਆਂ ਦੇ ਘਰ ਵਸਾਏ ਨੇ ਮੈਂ.. ਕਿੰਨੀਆਂ ਬੱਚੀਆਂ ਦੀ ਪੜ੍ਹਾਈ ਦਾ ਖਰਚ ਮੇਰੇ ਜਿੰਮੇ ਐ, ‘ਲਾਕੇ’ ‘ਚ ਕਿੰਨੇ ਨਸ਼ਾ-ਛੁਡਾਊ ਕੇਂਦਰ ਮੈਂ ਚਲਾ ਰਹੀ ਆਂ ਪਰਦੇ ਪਿੱਛੇ।”
ਦੇਖ ਰਹੀ ਸਾਂ ਕਿ ਉਹ ਨਰਮ ਪੈ ਰਿਹਾ ਸੀ ਤੇ ਮੈਂ ਕਿਹਾ, “ਪਰ ਫੇਰ ਵੀ ਮੇਰੀ ਇਕ ਸੀਮਾ ਹੈ ਸੁਮੀਤ, ਮੈਨੂੰ ਤੇਰੀ ਲੋੜ ਹੈ, ਤੂੰ ਸਾਥ ਦੇ, ਆਪਾਂ ਕੁੱਛ ਵੱਡਾ वीष्टे…।”
“ਮਾਫ ਕਰਨਾ ਪੈਹਲਾਂ ਮੈਂ ਤੁਹਾਨੂੰ ਗਲਤ ਸਮਝਦਾ ਰਿਹਾ।” ਉਸਨੇ ਤਪਾਕ ਨਾਲ ਕਿਹਾ ਤੇ ਖ਼ੁਸ਼ੀ ਖ਼ੁਸ਼ੀ ਗੁਰੂ ਘਰ ਆਉਣ ਲੱਗਾ।
ਸੁਮੀਤ ਜਦੋਂ ਦੋਵੇਂ ਹੱਥ ਜੋੜ ਪੂਰੇ ਅਦਬ ਨਾਲ ਨਮਸਕਾਰ ਕਰਦੈ ਤਾਂ ਲੰਮੇ ਪੈ ਕੇ ਮੱਥਾ ਟੇਕਣ ਵਾਲੇ ਹਜ਼ਾਰਾਂ ਨਾਲੋਂ ਵੱਧ ਸਕੂਨ ਦਿੰਦੇ।
ਸੁਮੀਤ ਦੇ ਗੁਰੂ ਘਰ ਆਉਣ ਨਾਲ ਸਾਰੇ ਹੈਰਾਨ ਹੋਏ ਤੇ ਖ਼ੁਸ਼ ਵੀ, ਕਾਂਤੀ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਸ਼ਰਾਰਤ ਨਾਲ ਕਿਹਾ, “ਏਹ ਝੋਟਾ ਕਿਵੇਂ ਚੋਅ ਲਿਆ ਤੁਸੀਂ?” ਹਾਸੇ ‘ਚ ਕਈ ਵਾਰ ਕਹੀ ਗੱਲ ਫੇਰ ਦੁਹਰਾਈ ਮੈਂ, “ਏਹ ਸਾਇਕਾਲੋਜੀ’ ਐ ਕਾਂਤੀ…।” ਤੇ ਅਸੀਂ ਖੂਬ ਹੱਸੀਆਂ…।
ਪਰ ਏਹਨਾਂ ਹਾਸਿਆਂ ਦੌਰਾਨ, ਕਦੇ ਕਦੇ, ਧੁਰ ਅੰਦਰੋਂ, ਇਕ ਟੀਸ ਉਠਦੀ ਐ, ਜੇਹੜੀ ਇਹ ਨਹੀਂ ਭੁੱਲਣ ਦੇਂਦੀ ਕਿ ਸੈਹਬ ਜੀ ਨਾਂ ਦੇ ਬੰਦੇ ਨੇ, ਮੈਨੂੰ ਕੀ ਤੋਂ ਕੀ ਬਣਾਤਾ। ਓਹ ਨਿੱਕੀਆਂ ਨਿੱਕੀਆਂ ਕਿੰਨੀਆਂ ਈ ਖੁਸ਼ੀਆਂ ਆਪਣਾ ਘਰ, … ਆਪਣਾ ਘਰਵਾਲਾ, ਆਪਣੇ ਬੱਚੇ ਸਭ ਖੋਹ ਲਿਆ ਤੇ ਦੇ ‘ਤਾਂ ‘ਗੁਰੂ ਘਰ’। ਜਿਥੇ ਜਦੋਂ,ਚਾਹੇ ਅਣਚਾਹੇ ਕੰਮ ਭੁਗਤਾ ਮੈਂ ਆਪਣੇ ਬਾਰੇ ਸੋਚਦੀ ਆਂ ਤਾਂ ਐਨਾ ਖਾਲੀਪਣ ਮੈਹਸੂਸ ਹੁਂਦੈ, ਐਨੀ ਇਕੱਲ ਕਿ ਭੈਅ ਆਉਂਦੈ। ਫੇਰ ਸੋਚਦੀ ਆਂ ਕਿ ਕੱਲੇ ਸੋਹਬ ਜੀ ਕਿਓਂ ਮੇਰੇ ਮਾਪੇ ਵੀ ਓਨੇ ਈ ਦੋਸ਼ੀ ਨੇ । ਆਪ ਤਾਂ ਸਾਰਾ ਟੱਬਰ ਅਮਰੀਕਾ ਜਾ ਵੱਸਿਆ ਤੇ ਧੀ ਵਿਚਾਰੀ ਕੱਲੀ ਕਾਰੀ… ਬੜਾ ਗੁੱਸਾ ਆਉਂਦੈ ਬੜਾ ਜੀਅ ਕਰਦੈ ਉਹਨਾਂ ਨੂੰ ਗਾਲ੍ਹਾਂ ਦੇਣ ਨੂੰ । ਉਂਜ ਮਾਪਿਆਂ ਨੂੰ ਤਾਂ ਜਦੋਂ ਏਥੇ ਆਏ ਸਨ ਪਿਛਲੇ ਸਾਲ, ਪ੍ਰਸ਼ਾਦ ਦੇ ਹੀ ਦਿੰਦੀ, ਓਹ ਕੁੱਤੇ ਖਾਣੀ ਕਰਦੀ, ਪਰ ਕਾਂਤੀ ਨੇ ਰੋਕ ਲਿਆ, “ਹਾੜ੍ਹੇ ਬੀਬੀ ਜੀ, ਨਾ ਬੀਬੀ ਜੀ, ਓਹ ਜਾਣੇ, ਫੇਰ ਵੀ ਮਾਂ ਪਿਓ ਨੇ.. ਮੇਰੇ ਕਰਕੇ ਜਾਣ ਦੋ…।”
ਮੈਂ ਭਰੀ ਪੀਤੀ ਰਹਿ ਗਈ, ਪਰ ਮਿਲੀ ਨਈਂ ਉਹਨਾਂ ਨੂੰ। ਉਹਨਾਂ ਦਸਵੰਧ ਵੀ ਭੇਜਿਆ ਮੋਟਾ ਸਾਰਾ, ਮੈਂ ਕੋਲੋਂ ਹੋਰ ਪੈਸੇ ਪਾ ਕੇ ਮੋੜ ‘ਤਾ ਤੇ ਲਿਖ ਦਿੱਤਾ, ‘ਕਿ ਧੀ.ਵੇਚੀ ਐ ਤੁਸੀਂ ਕਿਤੇ ਘਾਟੇ ‘ਚ ਨਾ ਰਹਿਓ। ਗਾਲ੍ਹਾਂ ਤਾਂ ਨਾ ਕੱਢ ਸਕੀ ਪਰ ਏਨੀ ਕੁ ਸੱਟ ਮਾਰਕੇ ਕੁੱਛ ਧਰਵਾਸ ਮਿਲਿਆ ਪਰ ਸੈਹਬ ਜੀ ਦਾ ਜ਼ਾਹਰਾ ਤੌਰ ‘ਤੇ ਕੁਛ ਨਈਂ ਕਰ ਸਕੀ। ਇਕ ਭਰਮਾਂ ਤੇ ਕਰਾਰੀ ਸੱਟ ਮਾਰਨ ਦੀ ਉਡੀਕ ‘ਚ, ਬੜੀਆਂ ਚੋਟਾਂ ਮੁਲਤਵੀ ਕਰ ਰਹੀ ਆਂ। ਸੈਹਬ ਜੀਆਂ ਦਾ ਗੁਨਾਹ ਵੀ ਵੱਡੈ… ਬਹੁਤ ਵੱਡੈ… ਬੀਤਿਆ ਯਾਦ ਆਉਂਦੈ ਤਾਂ ਬਲ ਉੱਠਦੀ ਆਂ…। ਉਂਜ ਤਾਂ ਹੁਣ ਕਾਂਤੀ ਨੂੰ ਵਰਜ ਛੱਡਿਐ ਕਿ ਪੁਰਾਣੀਆਂ ਗੱਲਾਂ ਨਾ ਛੇੜਿਆ ਕਰੇ ਪਰ ਕਦੇ ਨਾ ਕਦੇ, ਕੋਈ ਨਾ ਕੋਈ ਗੱਲ, ਸਾਂਹਵੇਂ ਆ ਹੀ ਜਾਂਦੀ ਐ, ਜੀਹਦੇ ਨਾਲ ਤਨ ਮਨ ਅੱਛ ਉਠੇ, ਚਿੱਤ ਕਾਹਲਾ ਪੈ ਜਾਏ ਬਦਲੇ ਲੈਣ ਲਈ… ਕਿ ਅਚਾਨਕ, ਇਕ ਦਿਨ ਕਾਂਤੀ ਨੇ ਪੁੱਛਿਆ, “ਬੀਬੀ ਜੀ, ਭਲਾ ਸਿਮਰਨ ਕਿੱਡੀ ਕੁ ਹੋ ਗਈ ਹੋਊ…?’ ਕਾਂਤੀ ਨੇ ਤਾਂ ਸੈਹਬਨ ਪੁੱਛਿਆ ਸੀ ਪਰ ਮੇਰਾ ਮਨ ਓਧੇੜ ਬੁਣ ਕਰਨ ਲੱਗਾ… ਜਾਲ ਬੁਣਨ ਲੱਗਾ ਸਿਮਰਨ ਵਾਸਤੇ…।
ਸਿਮਰਨ?
ਸਿਮਰਨ, ਸੈਹਬ ਜੀਆਂ ਦੀ ਇਕੋ ਇਕ ਧੀ। ਮਾਂ ਨਾਲ ਅਮਰੀਕਾ ‘ਚ ਵੱਸਦੀ ਐ, ਵਿਆਹੁਣਯੋਗ ਐ, ਸੈਹਬ ਜੀ ਵੀ ਓਹਦੀ ਚਿੰਤਾ ਕਰਦੇ ਨੇ ਕਦੇ ਕਦੇ ਉਹਨਾਂ ਦੀ ਚਿੰਤਾ ਦੂਰ ਕਰਨ ਲਈ ਕਾਮਰੇਡ ਸੁਮੀਤ ਦਾ ਨਾਂਅ ਪੇਸ਼ ਕਰਨਾ ਆਪਣਾ ਫਰਜ਼ ਸਮਝੈ। ਮੈਂ ਹੱਸਦੀ ਆਂ, “ਦੇਖ ਲੋ ਕਾਮਰੇਡ ਜੀ ਧਰਮ ਅਤੇ ਕਮਿਊਨਿਜ਼ਮ ਦੀ ਏਸ ਕੁੜਮਾਚਾਰੀ ‘ਤੇ ਕਿਤੇ ‘ਰੂਸ’ ਨੂੰ ਏਤਰਾਜ਼ ਨਾ ਹੋਵੇ?”
ਸੁਮੀਤ ਨੂੰ ਅਸੀਂ ਬਹੁਤੀ ਵਾਰੀ ਰੂਸ ਕਹਿ ਕੇ ਬੁਲੌਨੇ ਆਂ, ਓਹ ਰੂਸ ਦੀਆਂ ਬਾਤਾਂ ਵੀ ਬਹੁਤ ਪੌਂਦੇ।
ਸੈਹਬ ਜੀ ਕੈਂਹਦੇ, “ਫਰਕ ਤਾਂ ਭੈਣ ਚੋ ਹੋਰ ਵੀ ਐ ਕਾਮਰੇਡਾ, ਧੀ ਸਾਡੀ ਆ ਰਹੀ ਐ ਭੈਣ ਚੋ ਅਮਰੀਕਾ ਤੋਂ ਤੇ ਮੁੰਡਾ ਤੇਰਾ ਭੈਣ ਚੋ ਆਇਐ ਰੂਸ ਤੋਂ, ਸਾਲੀ ਨਿਰੀ ਭੁੱਖ ਨੰਗ ਚੋਂ..।”
“ਹਾਂ ਜੀ… ਹਾਂ ਜੀ… ।” ਕਾਮਰੇਡ ਹੀ ਹੀ ਕਰਕੇ ਹੱਸਦਾ ਤਾਂ ਮੈਂ ਸੋਚਦੀ ਕਿ ਜੇ ਸੁਮੀਤ ਹੁੰਦਾ ਤਾਂ ਓਹ ਸੈਹਬ ਜੀਆਂ ਨਾਲ ਬੈਹਸ ਕਰਦਾ ਤੇ ਸਿੱਧ ਕਰਦਾ ਕਿ ਕਾਰੀਗਰ ਨੇ ‘ਪਰਫੈਕਟ’ ਸਾਜ਼ ਬਣਾਇਆ ਪਰ ਵਜੌਣ ਵਾਲੇ ਨੂੰ ਵਜੌਣਾ ਨਹੀਂ ਆਇਆ ਤਾਂ ਸਾਜ਼ ਨਹੀਂ ਗਲਤ, ਓਹ ਵਜੌਣ ਵਾਲਾ ਗਲਤ ਐ… ਦੋਸ਼ੀ ਐ…।
ਕਾਮਰੇਡ ਹੱਸਦਾ ਹੱਸਦਾ ਕੈਂਹਦੈ, “ਹੁਣ ਤਾਂ ਸੈਹਬ ਜੀਓ, ਸਭ ਕੁੱਝ ਬੀਬੀ ਜੀ ਦੇ ਹੱਥ ਆ, ਨਾ ਏਹਨਾਂ ਦੀ ਰੂਸ ਮੋੜੇ ਨਾ ਅਮਰੀਕਾ ।” ਪਰ ਸਿਮਰਨ ਅਮਰੀਕਾ ਤੋਂ ਔਣੇ ਹੀ ਨਹੀਂ ਸੀ ਚੌਂਹਦੀ। ਏਥੇ ਆਉਣ ਦਾ ਨਾਂ ਹੀ ਨਹੀਂ ਸੀ ਲੈਂਦੀ ਉਹ… ਬਹੁਤ ਲੇਲੇ ਪੇਪੇ ਕਰਨੇ ਪਏ, ਕਦੇ ਗੁਰੂ-ਘਰ ਦੀਆਂ ਜੈਦਾਦਾਂ ਸੰਭਾਲਣ ਦਾ ਲਾਲਚ… ਕਦੇ ਮੈਂ ਵੀ ਤੇਰੀ ਮਾਂ ਆਂ… ਮੇਰਾ ਵੀ ਹੱਕ ਐ ਤੇਰੇ ‘ਤੇ ਤੇਰੇ ਬਿਨਾਂ ਮੇਰੇ ਕੌਣ ਐ? ਵਿਆਹ ਵੀ ਤਾਂ ਇੰਡੀਆ ‘ਚ ਹੀ ਕਰਾਏਂਗੀ ਤੂੰ ਤੇਰੇ ਲਈ ਬਹੁਤ ਮੁੰਡੇ ਦੇਖੇ ਨੇ ਮੈਂ, ਵੱਡੇ ਘਰਾਂ ਦੇ, ਪੜ੍ਹੇ ਲਿਖੇ, ਸੋਹਣੇ ਸੁਨੱਖੇ, ਤੂੰ ਕਿ ਵਾਰ ਜ਼ਰੂਰ ਆ…। ਆਖਰ ਓਹ ਮੰਨ ਗਈ ਤੇ ਉਹ ਆ ਰਹੀ ਸੀ। ਮੇਰੀ ਟੈਂਸਨ ਵੱਧ ਗਈ ਐ ਤੇ ਕਸ਼ਮਕਸ਼ ਵੀ… ਕਦੇ ਸੋਚਦੀ ਆਂ ਹੁਣ ਪਤਾ ਲੱਗੂ ਸੈਹਬ ਜੀਆਂ ਨੂੰ ਹੁਣ ਠੰਡ ਪਊ ਮੇਰੇ ਕਦੇ ਸੋਚਦੀਆਂ ਉਹਦਾ ਕੀ ਦੋਸ਼ ਐ…?
ਹਾਂ, ਸਿਮਰਨ ਦਾ ਕੀ ਦੋਸ਼ ਐ?
ਓਹਦਾ ਦੋਸ਼ ਐ ਕਿ ਓਹ ਸੈਹਬ ਜੀਆਂ ਦੀ ਧੀ ਐ… ਤੇ ਮੇਰਾ ਕੀ ਦੋਸ਼ ਸੀ? ਤੇ ਉਹਨਾਂ ਬੀਬੀਆਂ ਦਾ ਦੋਸ਼? ਜਿਹਨਾਂ ਦਾ ਰੇਪ ਕੀਤਾ ਸੈਹਬ ਜੀਆਂ ਨੇ ਕੈਸੋ ਤੇ ਬਿੰਬੋ ਤੋਂ ਕੇਹਰ ਦੁਆਇਆ ਜਿਹਨਾਂ ‘ਤੇ ਜੇ ਕਿਸੇ ਨੂੰ ਦਿਨ ਚੜ੍ਹ ਜਾਵੇ ਤਾਂ ਡਾਕਟਰ ਕੋਲ ਨਹੀਂ ਲੈ ਕੇ ਜਾਣਾ ਕਿ ਗੱਲ ਨਾ ਬਾਹਰ ਨਿਕਲ ਜੇ ਏਥੇ ਹੀ ਸੁਆਹ ਖੇਹ ਦੇ ਕਾੜ੍ਹੇ ਦੇਣੇ, ਸੁੱਚੇ ਸੁਹਾਗੇ ਵਾਲੀਆਂ ਬੱਤੀਆਂ ਵੱਟ ਵੱਟ ਕੰਮੋ ਤੇ ਬਿੰਬੇ ਨੇ ਅੰਦਰ ਰੱਖਣੀਆਂ ਧੱਕੇ ਨਾਲ । ਏਹਨਾਂ ਕਲਜੋਗਣਾਂ ਨੇ ਹੱਖ ਪਾ ਪਾ ਸਫਾਈਆਂ ਕਰਨੀਆਂ ਤੇ ਐਡੇ ਜ਼ੁਲਮ ਤੋਂ ਬਾਅਦ ਜੇ ਕਿਸੇ ਨੇ ਮਰ ਜਾਣਾ ਤਾਂ ਉੱਘ ਸੁੱਘ ਨਾ ਨਿਕਲਣ ਦੇਣੀ, ਲਾਸ਼ ਭਾਊਆਂ ਹਵਾਲੇ ਕਰ ਦੇਣੀ। ਏਹੋ ਕੁੱਛ ਕਰਾਇਐ ਸੈਹਬ ਜੀਆਂ ਨੇ ਗੁਰੂ ਘਰ ‘ਚ। ਜੇਹੜੇ ਜਦੋਂ ਗੁਰੂ ਬਣ ਬਣ ਗੱਲਾਂ ਕਰਦੇ ਨੇ ਤਾਂ ਜੀਅ ਕਰਦੇ ਜੀਭ ਖਿੱਚ ਲਾਂ । ਗੁੱਸੇ ਨਾਲ ਭਰ ਜਾਨੀ ਆਂ, ਸੇਹਬ ਜੀਆਂ ਲਈ ਮਣਾਂ ਮੂੰਹ ਗੁੱਸਾ, ਖਿੱਤੀ ਬੈਠੀ ਆ ਕਿ ਸੁਮੀਤ ਆ ਗਿਐ, “ਕੀ ਸੋਚ ਰਹੇ ਓ?” ਓਹਨੇ ਤਾਂ ਐਂਵੇਂ ਪੁੱਛਣ ਲਈ ਪੁੱਛਿਐ, ਪਰ ਮੈਂ, “ਸੋਚਦੀ ਆਂ, ਸੈਹਬ ਜੀਆਂ ਨੂੰ ਓਦੋਂ ਈ ਮੱਤ ਆਉ ਜਦੋਂ ਓਹਨਾਂ ਦੀ ਆਪਣੀ ਧੀ ਨਾਲ ‘ਰੇਪ’ ਹੋਇਆ.।” ਗੁੱਸੇ ‘ਚ ਆਂ, ਓਸੇ ਰੌਂਅ ‘ਚ ਗੱਲ ਮੱਲੋ ਮੱਲੀ ਮੂੰਹੋਂ ਨਿਕਲ ਗਈ। ਏਹ ਤਾਂ ਕਿਸੇ ਨੂੰ ਵੀ ਨਹੀਂ ਸੀ ਦੱਸਣੀ, ਸੁਮੀਤ ਨੂੰ ਤਾਂ ਬਿਲਕੁਲ ਹੀ ਨਹੀਂ। ਕਾਂਤੀ ਵੀ ਹੱਥਲਾ ਕੰਮ ਛੱਡਕੇ ਮੇਰੇ ਵੱਲ ਵੇਖਣ ਲੱਗੀ ਐ ਪਰ ਸੁਮੀਤ ਤਾਂ ਸਾਰੇ ਦਾ ਸਾਰਾ ਸੁਆਲ ਬਣ ਗਿਐ, “ਕੀ ਕਰੋਗੇ ਤੁਸੀਂ ਸਿਮਰਨ ਨਾਲ?” ਓਸਨੇ ਬੇਹੱਦ ਰੁੱਖੇਪਣ ਅਤੇ ਸਖ਼ਤੀ ਜਹੀ ਨਾਲ ਪੁੱਛਿਐ, ਚੰਗਾ ਨਹੀਂ ਲੱਗਿਆ ਮੈਨੂੰ, ਖ਼ੁਦ ਨੂੰ ਰੋਕਦੀ ਰੋਕਦੀ ਵੀ ਮੈਂ ਤੈਸ਼ ‘ਚ ਆ ਗਈ ਐਂ, “ਮੈਂ ਭੇਜੂ ਓਹਨੂੰ ਪਸ਼ੂਵਾੜੇ ‘ਚ।”
“ਓਥੇ ਓਹਦਾ ਕੋਈ ਕੀ ਵਗਾੜ ਲੂ?” ਸੁਮੀਤ ਸਿਮਰਨ ਵੱਲ ਖੜ੍ਹਦਾ ਜਾਪਿਐ ਤੇ ਮੈਨੂੰ ਚੈਲੇਂਜ ਕਰਦਾ ਵੀ।
“ਓਥੇ? ਓਥੇ ਓਹ ਸੇਵਾਦਾਰ ਨੇ ਕਿਹੜੇ ਕੱਟੀਆਂ ਨਾਲ ‘ਇੰਟਰਕੋਰਸ’
ਕਰਦੇ ਨੇ।” ਮੈਨੂੰ ਭੁੱਲ ਹੀ ਗਿਆ ਕਿ ਏਹਨਾਂ ਦੇ ਰਿਸ਼ਤੇ ਦੀ ਗੱਲ ਚੱਲਦੀ ਐ।
“ਇੰਟਰਕੋਰਸ ?” ਉਸਨੇ ਮੇਰੇ ਵੱਲ ਹੈਰਾਨੀ ਨਾਲ ਵੇਖਿਐ, ਮੈਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਐ, ਪਰ ਮੈਂ ਬੋਲੀ ਨਹੀਂ, ਚਾਹੁੰਦੀ ਸਾਂ ਓਹ ਵੀ ਚੁੱਪ ਰਹੇ ਪਰ ਓਹ ਨਹੀਂ ਰਿਹਾ, “ਮਾਫ਼ ਕਰਨਾ, ਤੁਸੀਂ ਜੋ ਕਹਿਣਾ ਚਾਹੁੰਦੇ ਹੋ, ਓਹ ਹੈ ‘ਸੈਕਸੂਅਲ ਇੰਟਰਕੋਰਟਸ’, ‘ਇੰਟਰਕੋਰਸ’ ਦਾ ਅਰਥ ਹੈ ਆਦਾਨ-ਪ੍ਰਦਾਨ ਲੈਣ- ਦੇਣ, ਸਮਝੇ।” ਓਹ ਜਿਵੇਂ ਕਿਸੇ ਬੱਚੇ ਨੂੰ ਸਮਝਾ ਰਿਹਾ ਹੋਵੇ, ਅੱਗੇ ਵੀ ਜਦੋਂ ਕਿਸੇ ਨਾਲ ਬੈਹਸ ਕਰਦਾ ਉਹ ਉਤੇਜਤ ਹੁੰਦਾ ਤਾਂ ‘ਸਮਝੇ’ ‘ਸਮਝੇ’ ਬਹੁਤ ਕੈਂਹਦੇ, “ਅਸੀਂ ਜਦੋਂ ਆਪਸ ਵਿਚ ਚਰਚਾ ਕਰਦੇ ਹਾਂ ਓਹ ਵੀ ‘ਇੰਟਰਕੋਰਸ” ਹੈ, “ਇੰਟਲੈਕੂਚਅਲ ਇੰਟਰਕੋਰਸ’ ਵਿਚਾਰਾਂ ਦਾ ਆਦਾਨ-ਪ੍ਰਦਾਨ ਸਮਝੇ, ਅਰ ਕਿਸੇ ਬੇਜੁਬਾਨ ਨਾਲ ‘ਇੰਟਰਕੋਰਸ’? ਕਿਸੇ ਪਸ਼ੂ ਨਾਲ? ਹੋ ਈ ਨਹੀਂ ਸਕਦਾ, ਮਾਫ਼ ਕਰਨਾ ਓਹ ‘ਰੇਪ’ ਹੁੰਦਾ ਹੈ ‘ਰੇਪ’ ਸਮਝੇ।’
ਗੁੱਸਾ ਤਾਂ ਪਹਿਲਾਂ ਈ ਬਥੇਰਾ ਆਇਆ ਹੋਇਆ ਪਰ ਓਹਦੇ ਇੰਜ ਸਮਝਾਉਣ ‘ਤੇ ਉੱਤੋਂ ਦੀ ਹੋ ਗਿਐ, “ਰੇਪ ਨੂੰ ਮੇਰੇ ਤੋਂ ਵੱਧ ਕੌਣ ਜਾਣ ਸਕਦੈ?” ਮੈਂ ਚੀਕ ਉਠੀ ਸਾਂ, “ਤੇ ਤੂੰ ਤੂੰ ਸਿਰਫ਼ ਓਹ ਜਾਣਦੈ.. ਓਹੀ ਸਿਰਫ਼, ‘ਇੰਟਲੈਕੂਚਅਲ ਇੰਟਰਕੋਰਟਸ’… ‘ਸੈਕਸੂਅਲ ਇੰਟਰਕੋਰਸ’ ਤੇ ‘ਰੇਪ’. ਤੇਰੀ ਔਕਾਤ ਨਹੀਂ ਏਹ…।” ਨਾ ਚਾਹੁੰਦਿਆਂ ਵੀ ਮੈਥੋਂ ਕੈਹ ਹੋ ਗਿਐ।
“ਮਾਫ਼ ਕਰਨਾ ‘ਰੇਪ’ ਬਾਰੇ ਤੁਸੀਂ ਵੀ ਕੁੱਝ ਨਹੀਂ ਜਾਣਦੇ।” ਓਹ ਮੇਰੇ ਵੱਲ ਉਂਗਲੀ ਕਰਕੇ ਕੈਹ ਰਿਹੈ, “ਜੋ ਕੁੱਝ ਤੁਹਾਡੇ ਨਾਲ ਹੋਇਆ ਓਸ ਵਿਚ ਤੁਹਾਡੀ ਮਰਜ਼ੀ ਨਹੀਂ ਸੀ ਬੱਸ ਅਜੇਹੇ ‘ਰੇਪ’ ਏਥੇ ਸੌ ਵਿਆਹੁਤਾ ਜੋੜਿਆਂ ਚੋਂ ਸਤਾਨਵੇਂ ਨਾਲ ਹੁੰਦੇ ਨੇ… ਸੌ ਚੋਂ ਸਤਾਨਵੇਂ ਸਮਝੇ।”
ਓਹਦਾ ਬੈਹਸ ਵਾਲਾ ਕੀੜਾ ਹਮੇਸ਼ਾ ਕੱਟਦਾ ਰੈਂਹਦੈ, ਕਦੇ ਨਹੀਂ ਟਿਕਦਾ, ਕਿਸੇ ਸਾਮ੍ਹਣੇ ਵੀ ਨਹੀਂ, ਯੱਧਾ ਦਲੀਆਂ ਦੇਣ ਦਾ ਉਂਜ ਵੀ, ਮੇਰੇ ਵੱਲ ਕੋਈ . ਉਂਗਲ ਕਰਕੇ ਗੱਲ ਕਰੇ ਸੈਹ ਨਹੀਂ ਹੁੰਦਾ, ਪਰ ਓਹ ਤਾਂ, “ਮਾਫ਼ ਕਰਨਾ, ਬੇਸ਼ੱਕ ਤੁਹਾਨੂੰ ਬੁਰਾ ਲੱਗੇ ਪਰ ਮੈਂ ਕੈਹ ਦੇਣਾ ਚਾਹੁੰਨਾਂ ਅੱਜ, ਬਹੁਤ ਸਮਾਂ ਹੋ ਗਿਆ ਹੁਣ ‘ਰੇਪ’ ‘ਰੇਪ’ ਚਿੱਲੌਣਾ ਬੰਦ ਕਰੋ, ਸਮਝੇ, ਤੇ ਕਿਸੇ ਓਸ ਨੂੰ ਮਿਲੋ ਜਿਸ ਨਾਲ ਸੱਚਮੁੱਚ ਰੇਪ ਹੋਇਆ ਹੋਵੇ, ਫੇਰ ਪਤਾ ਲੱਗੂ ਕਿ ‘ਰੇਪ’ ਕੀ ਖੋਹ ਲੈਂਦੈ, ਸਮਝੇ?”
ਮੇਰੇ ਮੱਥੇ ‘ਚੋਂ ਸੇਕ ਨਿਕਲਣ ਲੱਗੇ ਚੋਦਿਆ ਸਮਝੇ ਦਾ, ਜੀਅ ਕਰਦੈ ਏਹਦੇ ਕੁੱਛ ਚੱਕ ਕੇ ਮਾਰਾਂ । ਪਹਿਲੀ ਵਾਰੀ ਭੈੜਾ ਲੱਗਿਐ ਸੁਮੀਤ, ਬਹੁਤ ਭੈੜਾ, ਸੈਹਬ ਜੀਆਂ ਤੇ ਕਾਮਰੇਡ ਨੂੰ ਸੱਚੀਆਂ ਸੁਣੋਂਦਾ ਜਿੰਨਾ ਚੰਗਾ ਲੱਗਦਾ ਹੁੰਦਾ ਸੀ ਅੱਜ ਓਸਤੋਂ ਕਿਤੇ ਵੱਧ ਬੁਰਾ ਲੱਗੈ, ਪਰ ਉਸਨੂੰ ਕੋਈ ਪ੍ਰਵਾਹ ਨਹੀਂ, ਬੈਹਸ ਵਾਲਾ ਕੀੜਾ ਕੱਟ ਰਿਹੈ ਤੇ ਓਹ ਕੈਹ ਰਿਹੈ, “ਤੁਹਾਨੂੰ ਮਾਫ਼ ਕਰਨਾ ਤੁਹਾਡੇ ਏਸ ‘ਸੋ ਕਾਲ ਰੇਪ’ ਨੇ ਬਹੁਤ ਕੁਝ ਦਿੱਤੈ, ਏਹ ਤਾਮ-ਝਾਮ… ਏਹ ਨਾਮ ਏਹ ਸਭ ਸਮਝੇ..।” ਮੈਂ ਚੌਂਹਨੀ ਆਂ ਕਿ ਉਹ ਚੁੱਪ ਕਰਕੇ ਚਲਾ ਜਾਵੇ । ਸ਼ੈਦ ਉਸਨੇ ਵੀ ਮੇਰਾ ਤਮਤਮਾਇਆ ਚਿਹਰਾ ਤੇ ਅੱਗ ਵਰੌਂਦੀਆਂ ਅੱਖਾਂ ਦੇਖ ਲਈਆਂ। ਓਹ ਚਲਾ ਗਿਐ ਪਰ ਚੁੱਪ ਕਰਕੇ ਨਹੀਂ, ਜਾਂਦਾ ਜਾਂਦਾ ਹੋਰ ਸੱਟ ਮਾਰ ਗਿਐ, “ਮੈਂ ਸੋਚਦਾ ਰੈਂਹਦਾ ਸਾਂ ਕਿ ਤੁਸੀਂ ਏਥੇ ਕਿਵੇਂ ਰਹੀ ਜਾਨੇਂ ਓਂ, ਏਸ ਜਗ੍ਹਾ ‘ਅਣਫਿੱਟ’ ਓਂ ਤੁਸੀਂ, ਪਰ ਨਹੀਂ ਤੁਸੀਂ ਜ਼ਿਆਦਾ ਫਿੱਟਓਂ, ਮਾਫ਼ ਕਰਨਾ ਜ਼ਿਆਦਾ ਖ਼ਤਰਨਾਕ ਵੀ, ਸਮਝੇ, ਮੈਂ ਜੋ ਆਪਣੇ ਫਾਦਰ ਤੇ ਸੈਹਬ ਜੀਆਂ ਦੇ ਜ਼ੋਰ ਲੌਣ ‘ਤੇ ਵੀ ਏਧਰ ਮੂੰਹ ਨਹੀਂ ਸਾਂ ਕਰਦਾ, ਤੁਹਾਥੋਂ ਮਾਤ ਖਾ गिभ…।”
ਮੈਂ ਸਕਤੇ ਵਿਚ ਆਂ…।
“ਜਲ… ਬੀਬੀ ਜੀ ਜਲ, ।” ਕਾਂਤੀ ਸੈਹਮੀ ਜਹੀ ਕੈਹ ਰਹੀ ਐ। ਮੇਰੀ ਸੁਰਤ ਪਰਤ ਆਈ ਐ… ਚੇਤੇ ਆਇਐ ਕਿ ਸੁਮੀਤ ਕੀ ਕੀ ਬੋਲ ਗਿਐ। ਕਰੋਧ ਦਿਮਾਗ ਨੂੰ ਚੜ੍ਹਿਐ, ਭੈਣ ਚੋ ਐਥੇ ਆ ਕੇ ਬੋਲ ਗਿਆ ਗੁਰੂ ਘਰ ‘ਚ ਮੇਰੇ ਗੁਰੂ ਘਰ ‘ਚ ਮੈਨੂੰ, ਬੀਬੀ ਸੈਬਾ ਨੂੰ ਮੈਂ ਓਹਨੂੰ ਭੈਣ ਚੋ ਕੁੱਤੇ ਨੂੰ ਜਾਣ ਕਿਮੇਂ ਦੇ ‘ਤਾ… ਮੈਂ ਉਹਦੇ ਸੀਰਮੇ ਕਿਓਂ ਨਾ ਪੀ ਗਈ…।
“ਕਾਂਤੀ… ਈ, ਗੱਡੀ ਕੱਢਾਅ ਸਿਧਾਂਤਕਾਰ ਦੀ ਭੈਣ ਦੇ ਦੇ ਕੇ ਆਵਾਂ।” ਜਿਪਸੀ ਵੀ, ਤੇ ਸਾਰੇ ਮੁੰਡੇ ਏਸ ਵੱਡੇ
ਮੇਰਾ ਪੂਰਾ ਸਰੀਰ ਤਪ ਰਿਹੈ। ਨਾਲ ਕਾਂਤੀ ਬੈਠੀ ਐ, ਮੂਹਰੇ ਡਰੈਵਰ ਨਾਲ ਗੰਨਮੈਨ ਪਿੱਛੇ ਜਿਪਸੀ ‘ਚ ਬੰਦੂਕਾਂ ਵਾਲੇ ਸੱਤ ਅੱਠ ਮੈਂ ਹੱਥਾਂ ‘ਤੇ ਦੰਦੀਆਂ ਵੱਢਦੀਆਂ, ਭੈਣ ਚੋ ਵੱਡਾ ਫਿਲਾਸਫਰ ਸਾਲਾ… ਸਾਲਿਆ ਤੇਰੇ ਸਾਰੇ ਤਰਕ ਦਿੰਨੀਆਂ ਤੇਰੀ ਭੈਣ ਦੇ। ਭੈਣ ਦੇ ਯਾਰ ਨੂੰ ਜ਼ਰਾ ਇੱਜ਼ਤ ਕੀ ਦੇ ‘ਤੀ ਸਾਲਾ ਸਿਰ ‘ਤੇ ਈ ਚੜ੍ਹ ਬੈਠਾ… ਏਹਦਾ ਪਿਓ ਠੀਕ ਕੇਂਹਦਾ ਸੀ ਕਿ ਬੀਬੀ ਜੀ ਏਹੇ ਬੱਚਾ ਅਜੇ, ਐਨੀ ਫੂਕ ਨਾ ਛਕਾਓ ਤੰਗ ਕਰੂ ਏਹਨਾ ਸਭ ਭੈਣ ਚੋਦਾਂ ਨੂੰ ਥਾਂ ਸਿਰ ਰੱਖੇ ਸਾਲਾ ਮੇਰੇ ਵੱਲ ਉਂਗਲ ਉਠੋਂਦੈ, ਮੇਰੇ ਵੱਲ ਕੁੱਤਾ ਮੈਨੂੰ ਭੌਂਕਦੇ, ਮੈਨੂੰ ਮੈਂ ਏਹਨੂੰ ਕੀ ਸਮਝਦੀ ਸੀ ਤੇ ਏਹ ਸਾਲਾ ਸਾਲੇ ਨੂੰ ਬਿਨਾਂ ਗੰਨਮੈਨਾਂ ਤੋਂ ਮਿਲਾਂ ਜਾਂਦੀ ਕੱਲੀ ਸੈਹਬ ਜੀ ਨੇ ਬਥੇਰਾ ਕੈਹਣਾ, “ਲੋਕ ਭੈਣ ਚੋ ਚੰਗੇ ਨਈਂ… ਤੂੰ ਭੈਣ ਚੋ ਰੋਅਬ ਨਾ ਛੱਡਿਆ ਕਰ ਭੈਣ ਚੋ ਠਾਠ ਨਾਲ ਬਾਹਰ ਨਿਕਲਿਆ ਕਰ, ਜਾਹੋ ਜਲਾਲ ਨਾਲ ਭੈਣ ਚੋ…।” ਮੈਂ ਸੋਚਦਾ ਸੈਹਬ ਜੀ ਚੌਧਰ ਨਹੀਂ ਛੱਡ ਸਕਦੇ ਮੇਰੇ ਰਾਹੀਂ ਸੱਤਾ ਸੁੱਖ ਭੋਗਣਾ ਚੌਂਹਦੇ ਨੇ ਕੈਹਣਾ, ਛੱਡ ਮਨਾਂ, ਕੀ ਲੈਣੇ ਡਫਾਂਗ ਤੋਂ.. ਨਾਲੇ ਨਵਾਂ ਮੁੰਡੇ, ਸਮਝਦਾਰ ਐ। ਹਾਣ ਪ੍ਰਵਾਣ ਐ… ਪਰ ਏਹ ਭੈਣ ਚੋ ਸਾਲਾ ਕੰਮ ਦਾ ਨਾ ਕਾਰ ਦਾ ਜੱਬਾਂ ਦੇ ਭੇੜ ਤੋਂ ਬਿਨਾਂ ਕੱਖ ਪੱਲੇ ਨੀ ਸਾਲੇ ਦੇ ਤੇ ਧੋਂਸ ਐਂ ਦਿੰਦੈ ਸਾਲਾ ਜਿਵੇਂ ਮਹਾਰਾਜਾ ਪਟਿਆਲਾ ਹੋਵੇ ਸਾਲਾ ਖੁਸਰਾ ਭੈਣ ਚੋ। ਸਾਲਾ ਅਜੇ ਕੱਲ੍ਹ ਤੱਕ ਭੈਣ ਚਦੌਂਦਾ ਰਿਹੈ ਕੇ ‘ਰੇਪ’ ਤਾਂ ਅਮਰੀਕਾ ਕਰ ਰਿਹੈ ਸਾਰੀ ਦੁਨੀਆ ਨਾਲ ਤੇ ਅੱਜ ਅਮਰੀਕਾ ਤੇ ਫ਼ਿਦਾ ਹੋਇਆ ਫਿਰਦੈ ਸਾਲਾ ਰੂਸ ਦਾ ਢੇਕਾ ਸਿਮਰਨ ਦਾ… ਮੈਂ ਦਿੰਨੀਆਂ ਤੈਨੂੰ ਸਿਮਰਨ ਦਾ ਡੋਲਾ ਤੈਨੂੰ ਭੈਣ ਦਿਆ ਯਾਰਾ … ਸਮਝੌਨੀਆਂ ‘ਰੇਪ’ ਦੇ ਅਰਥ ਭੈ ਚੋ ਸਾਲਾ ਕਹਿਆ ਕਰੇ, “ਰੇਪ’ ਨੂੰ ਇੰਜੁਆਏ ਕਰਨ ਦੀ ਗੱਲ ਮਨ ਨਈਂ ਲੱਗਦੀ, ਜੀਹਦੇ ਨਾਲ ‘ਰੇਪ ਹੁੰਦੈ ਓਹ ‘ਇੰਜੁਆਏ’ ਨਈਂ ਕਰ ਸਕਦਾ ਸਮਝੇ…।” ਸਾਲਿਆ ਸਿਧਾਂਤਾਂ ਦਿਆ.. ਕਦੇ ਕਿਤਾਬਾਂ ਦੀ… ਚੋਂ ਬਾਹਰ ਨਿਕਲੇ ਤਾਂ ਸਮਝੇਂ… ਭੈਣ ਚੋ ਕੁੱਤਿਆ ਕਦੇ ਭੌਂਕਣਾ ਛੱਡ ਕੰਨਾਂ ਤੋਂ ਕੰਮ ਲਏਂ ਤਾਂ ਪਤਾ ਲੱਗੇ ਕਿ ਕੋਈ ਕੀ ਕੈਂਹਦੈ ਮੈਂ ਕਦੋਂ ਕੈਹਨੀਆਂ ਸਾਲਿਆ ਕਿ ਜੀਹਦੇ ਨਾਲ ‘ਰੇਪ’ ਹੁੰਦੈ ਓਹ ‘ਇੰਜੁਆਏ’ ਕਰਦੈ, ਮੈਂ ਕੈਹਨੀਆਂ ਕਿ ਜਿਹੜਾ ਰੇਪ ਕਰਦੈ ਓਹ ਇੰਜੁਆਏ ਕਰਦੈ ਤੇ ਮੈਂ ਅੱਜਕੱਲ੍ਹ ਰੇਪ ਨੂੰ ਇੰਜੁਆਏ ਕਰਦੀ ਆਂ ਹੋਰ ਕਿੰਨਾ ਕੁੱਝ ਇੰਜੁਆਏ ਕਰਦੀ ਆਂ ਓਹ ਦੱਸਦੀਆਂ ਤੈਨੂੰ ਆ ਕੇ ਅੱਜ ਟੱਕਰਦੀਆਂ ਤੈਨੂੰ ਭੈਣ ਚੋ…।
ਜੀ ਬੀਬੀ ਜੀ
ਇਹਨੀਂ ਦਿਨੀਂ ਬਹੁਤ ਉਦਾਸ ਹੋ ਜਾਂਦੀ ਹੈ ਸਿਮਰਨ! ਜਿਓਂ-ਜਿਓਂ ਬਰਫ਼ ਪਵੇਗੀ ਤਿਓਂ-ਤਿਓਂ ਉਸਦੀ ਉਦਾਸੀ ਵੱਧਦੀ ਜਾਵੇਗੀ। ਪੋਟਾ-ਪੋਟਾ, ਗਿੱਠ- ਗਿੱਠ, ਫੇਰ ਹੱਥ-ਹੱਥ ਉਚੀ ਹੋ ਰਹੀ ਬਰਫ਼ ਨਾਲ ਸਿਮਰਨ ਦੁਆਲੇ ਯਾਦਾਂ ਦੇ ਕੋਟ ਉਸਰਦੇ ਜਾਣਗੇ…।
ਅੱਕ ਕੇ ਉਸਨੇ ਬਾਰੀ ਬੰਦ ਕਰ ਦਿੱਤੀ ਹੈ। ਕੌਫੀ ਕਲਰ ਦਾ ਭਾਰਾ ਪਰਦਾ ਖਿੱਚ ਦਿੱਤਾ ਹੈ, ਉਹ ਅੰਦਰ ਪਰਤ ਆਈ ਹੈ। ਅੰਦਰ ਪਰਦਿਆਂ ਤੋਂ ਲੈ ਕੇ ਬੈਡ ਸ਼ੀਟ ਤਕ ਡਾਰਕ ਕੌਫ਼ੀ ਕਲਰ ਹੈ, ਉਸਦਾ ਆਪਣਾ ਕੋਟ ਵੀ। ਉਸਨੇ ਕੰਧ ਘੜੀ ਵੱਲ ਵੇਖਿਆ ਹੈ, ਸੂਈ ਦੀ ਨੋਕ ‘ਤੇ ਬਣਿਆ ਸੂਰਜ ਢਲ ਰਿਹਾ ਹੈ। ਉਸਨੇ ਕੁਝ ਸੋਚਿਆ ਹੈ, ਫਿਰ ਕੋਟ ਦੀ ਜੇਬ ‘ਚ ਹੱਥ ਪਾ ਕੇ ਰਿਮੋਟ ਬੈਲ ਦਾ ਬਟਨ ਦੱਬਿਆ ਹੈ। ਕਿਚਨ ਵਿਚ ਹਲਕੀ ਜਿਹੀ ਚੂੰ ਹੋਈ ਹੈ, ਚਿੜੀ ਦੇ ਕੂਕਣ ਜਿੰਨੀ। ਨਾਲ ਹੀ ਡਮਰੂ ਅੰਦਰ ਆਇਆ ਹੈ, ਗੋਰਾ ਚਿੱਟਾ-ਨਿਪਾਲੀ ਗੱਭਰੂ, ਗੱਠੇ ਸਰੀਰ ਵਾਲਾ। ਉਹ ਪੋਲੇ ਪੈਰੀਂ ਪਰ ਛੋਹਲੀ ਤੋਰ ਤੁਰਦਾ ਸਿਮਰਨ ਕੋਲ ਆ ਥੋੜ੍ਹਾ ਜਿਹਾ ਝੁਕਿਆ ਹੈ। ਸਿਮਰਨ ਨੇ ਅਲਮਾਰੀ ਵੱਲ ਇਸ਼ਾਰਾ ਕੀਤਾ ਹੈ, ਡਮਰੂ ਨੇ ਬਿਨਾਂ ਆਵਾਜ਼ ਅਲਮਾਰੀ ਖੋਲ੍ਹ ਵਿਸਕੀ ਖੋਲ੍ਹ ਵਿਸਕੀ ਦੀ ਬੋਤਲ ਕੱਢ ਮੇਜ਼ ‘ਤੇ ਰੱਖੀ ਹੈ। ਸਿਮਰਨ ਮੇਜ਼ ਕੋਲ ਕੁਰਸੀ ‘ਤੇ ਬੈਠ ਗਈ ਹੈ। ਡਮਰੂ ਗਲਾਸ ਤੋਂ ਲੈ ਕੇ ਸਿਗਰਟ ਪੈਕਟ ਅਤੇ ਐਸ ਟਰੇਅ ਇੰਜ ਟਿਕਾਉਂਦਾ ਹੈ ਕਿ ਸਾਰਾ ਕੁਝ ਸੌਖਿਆਂ ਸਿਮਰਨ ਦੀ ਪਹੁੰਚ ਵਿਚ ਰਹੇ।
ਸਿਮਰਨ ਬੋਤਲ ਨੂੰ ਘੂਰ ਰਹੀ ਹੈ ਜਿਸ ਵਿਚੋਂ ਅੱਧੀ ਵਿਸਕੀ ਪਹਿਲਾਂ ਹੀ ਪੀਤੀ ਹੋਈ ਹੈ। ਉਹ ਫ਼ੈਸਲਾ ਨਹੀਂ ਕਰ ਪਾਉਂਦੀ ਕਿ ਬੋਤਲ ਨੂੰ ਅੱਧੀ ਖਾਲੀ ਕਹੇ ਜਾਂ ਅੱਧੀ ਭਰੀ ਹੋਈ। ਉਸ ਨੂੰ ਆਪਣੀ ਲੰਘ ਗਈ ਅੱਧੀ ਜ਼ਿੰਦਗੀ ਯਾਦ ਆਉਂਦੀ ਹੈ। ਕਿਸ ਲੇਖੇ ਲੱਗੀ ਜ਼ਿੰਦਗੀ? ਵਿਅਰਥ ਚਲੀ ਗਈ। ਉਸਦੇ ਮੱਥੇ ’ਤੇ ਵਲ ਪੈ ਗਏ।
ਡਮਰੂ ਨੂੰ ਆਪਣੀ ਭੁਲ ਦਾ ਅਹਿਸਾਸ ਹੋ ਗਿਆ ਹੈ, ਇਸ ਤੋਂ ਪਹਿਲਾਂ ਕਿ ਸਿਮਰਨ ਬੋਤਲ ਨੂੰ ਕੰਧ ਨਾਲ ਮਾਰੇ, ਉਹ ਫੁਰਤੀ ਨਾਲ ਬੋਤਲ ਉਠਾ ਲੈਂਦਾ ਹੈ। ਨਵੀਂ ਬੋਤਲ ਕੱਢ ਮੇਜ਼ ‘ਤੇ ਰੱਖਦਾ ਹੈ ਅਤੇ ਪੂਰੇ ਦਾ ਪੂਰਾ ਝੁਕ ਕੇ ਮੁਆਫ਼ੀ ਮੰਗਦਾ ਹੈ ਤੇ ਬਾਹਰ ਜਾਣ ਦੀ ਆਗਿਆ ਵੀ, ਮੂਡ ਖ਼ਰਾਬ ਹੋਣ ਦੇ ਡਰੋਂ ਸਿਮਰਨ ਸਿਰ ਹਿਲਾ ਦਿੰਦੀ ਹੈ, ਮੁਸਕਰਾਉਣ ਦਾ ਯਤਨ ਕਰਦੀ ਹੈ।
ਅੱਧੀ ਭਰੀ ਜਾਂ ਖਾਲੀ ਬੋਤਲ ਡਮਰੂ ਨਾਲ ਹੀ ਬਾਹਰ ਲੈ ਜਾਂਦਾ ਹੈ। ਅਧੂਰੀ ਜਾਂ ਵਰਤੀ ਹੋਈ ਚੀਜ਼ ਸਿਮਰਨ ਆਪਣੇ ਕੋਲ ਨਹੀਂ ਸਹਿ ਸਕਦੀ। ਉਹ ਬੋਤਲ ਵੀ ਆਪ ਖੋਲ੍ਹਦੀ ਹੈ, ਔਖੀ ਹੋ ਕੇ। ਪਹਿਲਾਂ ਪਹਿਲਾਂ ਮੈਡਮ ਨੂੰ ਔਖੀ ਹੁੰਦੀ ਵੇਖ ਡਮਰੂ ਪ੍ਰੇਸ਼ਾਨ ਹੋ ਜਾਇਆ ਕਰਦਾ ਸੀ, ਹੁਣ ਤਾ ਆਦੀ ਹੋ ਗਿਆ ਹੈ।
ਆਦੀ ਤਾਂ ਉਹ ਬਹੁਤ ਸਾਰੀਆਂ ਗੱਲਾਂ ਦਾ ਤੇ ਕੰਮਾਂ ਦਾ ਹੋ ਗਿਆ ਹੈ, ਸਿਰਫ਼ ਬੋਲਣ ਨੂੰ ਛੱਡ ਕੇ। ਢੇਰ ਸਾਰੀਆਂ ਗੱਲਾਂ ਕਰਨ ਵਾਲੇ ਡਮਰੂ ਲਈ ਚੁੱਪ ਰਹਿਣਾ ਬਹੁਤ ਮੁਸ਼ਕਿਲ ਹੈ। ਸ਼ੁਰੂ ਵਿਚ ਮੈਡਮ ਟੋਕਦੀ ਤਾਂ ਉਹ ਬਹੁਤ ਔਖਾ ਹੁੰਦਾ ਫਿਰ ਜੀਭ ਟੁੱਕਣ ਵਾਲਾ ਫਾਰਮੂਲਾ ਕੰਮ ਆਇਆ ਸੀ ਭਾਵੇਂ ਜੀਭ ਦਾ ਦਰਦ ਉਹਦੀ ਜਾਨ ਕੱਢਦਾ ਰਹਿੰਦਾ, ਮੈਡਮ ਨੇ ਹੀ ਦੱਸਿਆ ਸੀ ਕਿ ਜਦੋਂ ਬੋਲਣ ਤੋਂ ਨਾ ਰਿਹਾ ਜਾਵੇ ਤਾਂ ਜੀਭ ‘ਤੇ ਦੰਦੀ ਵੱਢ ਲਿਆ ਕਰ ਜਾਂ ਜੀਭ ਦੰਦਾਂ ਥੱਲੇ ਦੱਬ ਲਿਆ ਕਰ। ਸ਼ੁਰੂ ਵਿਚ ਤਾਂ ਜੀਭ ਦੰਦਾਂ ਥੱਲੇ ਹੀ ਰਹਿੰਦੀ, ਹੁਣ ਜਾ ਕੇ ਸੌਖੀ ਹੋਈ ਹੈ।
ਸਿਮਰਨ ਨੂੰ ਇਹ ਤਰੀਕਾ ਉਹਦੀ ਮਾਂ ਨੇ ਸਿਖਾਇਆ ਸੀ ਜਦੋਂ ਉਹਦੀ ਗਾਉਣ ਦੀ ਆਦਤ ਛੁਡਾਈ ਸੀ, ਹੁਣ ਵੀ ਉਹ ਇਹੀ ਤਰੀਕਾ ਵਰਤਦੀ ਹੈ। ਜਦੋਂ ਕਦੇ ਬੀਤੇ ਨੂੰ ਯਾਦ ਕਰਨਾ ਹੋਵੇ ਜਾਂ ਯਾਦਾਂ ਤੋਂ ਪਿੱਛਾ ਛੁਡਾਉਣਾ ਹੋਵੇ, ਵਿਚਾਰੀ 6 ਜੀਭ ਦੰਦਾਂ ਥੱਲੇ ਆ ਹੀ ਜਾਂਦੀ ਹੈ।
ਡਮਰੂ ਅੰਦਰ ਆਇਆ ਹੈ, ਟਰੇਅ ਵਿਚ ਤਲੇ ਹੋਏ ਕਾਜੂ ਤੇ ਵੱਡਾ ਸਾਰਾ ਲੌਂਗਾ ਕੁਦਰਤੀ ਬਰਫ਼ ਦਾ ਹੈ। ਸਿਮਰਨ ਵਿਸਕੀ ‘ਚ ਬਰਫ਼ ਪਾਵੇ ਨਾ ਪਾਵੇ ਪਰ ਇਹ ਉਸਦੇ ਸਾਹਮਣੇ ਰਹਿਣੀ ਚਾਹੀਦੀ ਹੈ। ਇਹ ਇਸ ਸਿਆਲ ਦੀ ਪਹਿਲੀ ਬਰਫ਼ ਹੈ।
ਪੈਗ ਬਣਾ ਰਹੀ ਸਿਮਰਨ ਮਨ ਹੀ ਮਨ ਆਲੇ-ਦੁਆਲੇ ਦੂਰ ਤਕ ਫੈਲੀ ਦੁੱਧ ਚਿੱਟੀ ਬਰਫ਼ ਵੇਖ ਰਹੀ ਹੈ। ਬਰਫ਼ ਦਾ ਸਾਗਰ ਤੇ ਸਾਗਰ ਵਿਚ ਨਿੱਕਾ ਜਿਹਾ ਟਾਪੂ ਉਸਦਾ ਘਰ ਤੇ ਘਰ ਵਿਚ ਉਹ ਤੇ ਉਸਦਾ ਡਮਰੂ। ਉਹਦੇ ਚਿਹਰੇ ‘ਤੇ ਮੁਸਕਰਾਹਟ ਫੈਲ ਗਈ ਹੈ। ਉਸ ਨੇ ਅੱਖਾਂ ਮੀਟ ਕੇ ਮਨ ਹੀ ਮਨ ਇਸ ਰੁੱਤ ਦੀ ਪਹਿਲੀ ਬਰਫ਼ ਦਾ ਸਵਾਗਤ ਕੀਤਾ ਹੈ, ਜਿਵੇਂ ਕਦੇ ਏਸ ਬਰਫ਼ ਨੇ ਸਿਮਰਨ ਦਾ ਸਵਾਗਤ ਕੀਤਾ ਸੀ, ਚੁੱਪ ਸਵਾਗਤ। ਏਨੀ ਚੁੱਪ ਕਿ ਉਦੋਂ ਜਦੋਂ ਉਸਨੇ ਬਰਫ਼ ਦੇ ਏਸ ਸੁਆਗਤ ਦਾ ਹੁੰਗਾਰਾ ਭਰਨ ਲਈ ਪਲਕਾਂ ਝਪਕੀਆਂ ਸਨ ਤਾਂ ਪਲਕਾਂ ਦੇ ਝਪਕਣ ਦੀ ਆਵਾਜ਼ ਸੁਣਕੇ ਹੈਰਾਨ ਰਹਿ ਗਈ ਸੀ, ਹੁਣ ਤਾਂ ਆਦੀ ਹੋ ਗਈ ਹੈ।
ਉਸਨੇ ਵਿਸਕੀ ਦੀਆਂ ਕੁਝ ਘੁੱਟਾਂ ਭਰੀਆਂ ਹਨ, ਸਿਗਰਟ ਬਾਲ ਕੇ ਆਰਾਮ ਕੁਰਸੀ ਨਾਲ ਢੋਅ ਲਾ ਲਈ ਹੈ। ਕਸ਼ ਖਿਚਦਿਆਂ ਉਹ ਧੂਏ ਦੇ ਛੱਲੇ ਬਨਾਉਣ ਲੱਗੀ। ਛੱਲਿਆਂ ਵਿਚੋਂ ਕੁਝ ਸ਼ਕਲਾਂ ਬਣਨ ਲੱਗੀਆਂ, ਫਿਰ ਆਪ ਮੁਹਾਰੇ ਹੀ ਉਨ੍ਹਾਂ ਦਿਨਾਂ ਦੀਆਂ ਯਾਦਾਂ ਨੇ ਆਣ ਵਲ੍ਹਿਆ।
ਉਹਨੀਂ ਦਿਨੀਂ ਪੰਜਾਬ ਦੇ ਇਕ ਕਸਬੇ ‘ਚ ਵੱਸਦੇ ਸਨ ਉਹ। ਮਾਂ ਬਾਪ, ਛੋਟਾ ਭਰਾ ਤੇ ਅੱਕੀ। ਅੱਕੀ ਉਹਦਾ ਨਾਂ ਉਹਦੇ ਪਿਉ ਨੇ ਰੱਖਿਆ ਸੀ । ਨਾਨੀ ਦੱਸਦੀ, “ਅੱਕੀਏ ਤੇਰੀ ਮਾਂ ਤੋਂ ਪਿਛੋਂ ਮੇਰੇ ਚਾਰ ਧੀਆਂ ਹੋਰ ਹੋਈਆਂ ਸੀ, ਤੇਰੇ ਪਿਓ . ਨੂੰ ਵਹਿਮ ਸੀ ਕਿ ਅੱਗੋਂ ਤੇਰੀ ਮਾਂ ਵੀ ਮੇਰੇ ਵਾਂਗੂੰ ਧੀਆਂ ਨਾ ਜੰਮ ਧਰੇ। ਤਾਂ ਈ ਪਹਿਲੀ ਧੀ ਤੋਂ ਅੱਕ ਕੇ ਓਸ ਤੇਰਾ ਨਾਂ ਅੱਕੀ ਰੱਖਿਆ ਸੀ…।”
ਪਰ ਅੱਕੀ ਨੇ ਕਾਲਜ ਜਾਣ ਤੋਂ ਪਹਿਲਾਂ ਪਹਿਲਾਂ ਆਪਣਾ ਨਾਂ ਬਦਲ ਕੇ ਸਿਮਰਨ ਰੱਖ ਲਿਆ ਸੀ। ਘਰ ਵਿਚ ਦਾਦੇ ਤੋਂ ਮਗਰੋਂ ਪਿਓ ਦਾ ਰਾਜ ਸੀ। ਨਾ ਕਦੇ ਦਾਦੀ ਨੇ ਉੱਚਾ ਸਾਹ ਲਿਆ ਸੀ, ਨਾ ਮਾਂ ਨੇ, ਅੱਗੋਂ ਹੋਸ਼ ਸੰਭਾਲਦੀ ਸਿਮਰਨ ਨੂੰ ਵੀ ਤਾੜਣਾ ਕਰ ਦਿੱਤੀ ਗਈ ਸੀ। ਪਿਓ ਦੀ ਉਮਰ ਅਜੇ ਢਾਲੇ ਨਹੀਂ ਸੀ ਪਈ ਕਿ ਛੋਟਾ ਭਰਾ ਜਵਾਨੀ ਚੜ੍ਹਣ ਲੱਗਾ। ਅੱਠਵੀਂ ‘ਚੋਂ ਦੋ ਵਾਰੀ ਫੇਲ੍ਹ ਹੋ ਕੇ ਉਹ ਪਿਓ ਨਾਲ ਫੈਕਟਰੀ ਜਾਣ ਲੱਗਾ। ਉਸ ਨੇ ਹਰ ਤਰ੍ਹਾਂ ਪਿਓ ਦਾ ਲਹਿਜਾ ਅਪਣਾ ਲਿਆ ਸੀ। ਫੈਕਟਰੀ ਤੇ ਘਰ ਵਿਚ ਵੀ ਸਿਮਰਨ ਵੱਡੀ ਸੀ ਤੇ ਬੀ.ਏ. ਤਕ ਹਰ ਕਲਾਸ ਵਿਚ ਫਸਟ ਆਉਂਦੀ ਰਹੀ ਸੀ ਪਰ ਛੋਟੇ ਭਰਾ ਲਈਉਹ ਕਮ-ਅਕਲ ਤੇ ਵਾਧੂ ਸ਼ੈਅ ਸੀ। ਉਹ ਤਾਂ ਮਾਂ ਨੂੰ ਵੀ ਅੱਖਾਂ ਕੱਢ ਲੈਂਦਾ ਸੀ, ਪਿਓ ਦੀ ਰੀਸ ਅਤੇ ਸਹਿ ਨਾਲ। ਸਿਮਰਨ ਪੜ੍ਹ ਰਹੀ ਹੁੰਦੀ, ਉਹ ਆ ਕੇ ਲਾਈਟ ਬੁਝਾ ਦਿੰਦਾ ਤੇ ਹੁਕਮ ਚਾੜ੍ਹਦਾ, “ਸੌਂ ਜਾਂ ਵੱਡੀਏ ਪੜ੍ਹਾਕੇ ਤੇ ਹੋਰਾਂ ਨੂੰ ਵੀ ਸੌਣ ਦੇ । ਤੇਰੇ ਵਾਂਗੂ ਵਿਹਲੇ ਨਹੀਂ ਸਾਰੇ…।” ਆਪਣੇ ਤੋਂ ਤਿੰਨ ਸਾਲ ਛੋਟੇ ਨਲਾਇਕ ਭਰਾ ਦੀਆਂ ਵਧੀਕੀਆਂ ਚੁਭਦੀਆਂ ਬਹੁਤ ਪਰ ਘਰ ਵਿਚ ਕੁੜੀਆਂ ਉਭਾਸਰ ਨਹੀਂ ਸਕਦੀਆਂ ਸਨ।
ਸਿਮਰਨ ਨੇ ਮਾਂ ਨੂੰ ਮੋਮਬੱਤੀ ਵਾਂਗ ਬਲਦਿਆਂ ਦੇਖਿਆ ਸੀ। ਸੁਬਹ ਚਾਰ ਵਜੇ ਤੋਂ ਰਾਤ ਗਿਆਰਾਂ ਵਜੇ ਤਕ ਮਾਂ ਖੜ੍ਹੀ ਲੱਤ ਰਹਿੰਦੀ। ਪਿਓ ਨਹਾ ਰਿਹਾ ਹੁੰਦਾ ਮਾਂ ਤੋਲੀਆ ਫੜੀ ਬਾਥਰੂਮ ਦੇ ਬੂਹੇ ‘ਚ ਖੜ੍ਹੀ ਹੁੰਦੀ, ਉਦੋਂ ਹੀ ਭਰਾ ਆਵਾਜ਼ ਮਾਰਦਾ, “ਮਾਂ ਮੇਰੇ ਬੂਟ?” ਮਾਂ ਸਾਹੋ ਸਾਹ ਹੋਈ ਭੱਜਦੀ ਰਹਿੰਦੀ। ਫਿਰ ਸਿਮਰਨ ਵੀ ਇੰਜ ਹੀ ਭੱਜਣ ਲੱਗੀ, ਪਰ ਉਸਦੇ ਅੰਦਰ ਇਕ ਰੋਹ ਵੀ ਚੱਲਦਾ ਰਹਿੰਦਾ। ਉਹ ਬੁੜਬੁੜਾਉਂਦੀ, “ਸਾਨੂੰ ਕਾਹਨੂੰ ਜੰਮਣਾ ਸੀ ਮਾਂ।” ਜਾਂ, “ਔਰਤ ਕਿਉਂ ਬਣਾਈ ਰੱਬਾ…।” ਫਿਰ ਇਹ ਬੁੜਬੁੜਾਉਣਾ ਗੁਣਗਾਉਣ ‘ਚ ਬਦਲਿਆ… “ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ…।”
ਉਹ ਗਾਉਣ ਲੱਗ ਪਈ, “ਮੈਂ ਕੰਡਿਆਲੀ ਥੋਹਰ ਵੇ ਸੱਜਣਾ ।” ਪਰ ਉਹ ਸੱਜਣਾਂ ਦੀ ਥਾਂ ਰੱਬਾ ਆਖਦੀ ਜਾਂ ਮਾਏਂ! ਸੱਜਣ ਤਾਂ ਕੋਈ ਕਿਤੇ ਹੈ ਹੀ ਨਹੀਂ ਸੀ। ਉਹ ਗਾਉਂਦੀ ਗਈ, ਸਹੇਲੀਆਂ ਵਿਚ, ਕਲਾਸ ਵਿਚ, ਫਿਰ ਕਾਲਜ ਦੀ ਸਟੇਜ ‘ਤੇ। ਏਨਾ ਦਰਦ ਕਿ ਸਰੋਤੇ ਮਨ ਭਰ ਲੈਂਦੇ ।
ਪਰ ਮੇਘਨਾ ਨੇ ਰੋਕ ਦਿੱਤਾ ਸੀ…। ਸਹੇਲੀ ਸੀ ਉਸਦੀ ਮੇਘਨਾ। ਸੀ ਵਾਜ਼ ਬੋਲਡ…। ਬਹਾਦਰ ਕੁੜੀ । ਵਿਦਰੋਹੀ ਸੁਭਆ ਦੀ। ਕਹਿਣ ਲੱਗੀ, “ਬਥੇਰਾ ਦਰਦ ਸਹਿ ਲਿਆ ਤੇ ਗਾ ਲਿਆ.. ਬਥੇਰੇ ਦੁਖੜੇ ਰੋ ਲਏ… ਹੁਣ ਬੱਸ।” ਉਹ ਰੋਹ-ਭਰੇ ਗੀਤ ਗਾਉਣ ਲੱਗੀ। ਸਰੋਤੇ ਵਿਦਰੋਹੀ ਹੋ ਉਠਦੇ। ਪਰ ਸਾਰੇ ਰੋਹ ਦੇ ਬਾਵਜੂਦ ਉਹ ਦਰਦ ਤੋਂ ਪਾਸਾ ਨਾ ਵੱਟ ਸਕੀ। ਉਹ ਗੁਣਗੁਣਾਉਂਦੀ ‘ਤੇ ਮਨ ਭਰ ਲੈਂਦੀ। ਮਨ ਭਰ ਲੈਂਦੀ ਤੇ ਗੁਣਗੁਣਾਉਂਦੀ…।
ਉਸਨੂੰ ਪਤਾ ਨਾ ਲੱਗਦਾ ਕਿ ਉਸਦਾ ਕੀ ਗੁਆਚ ਗਿਆ ਹੈ? ਉਹ ਕਿਸਨੂੰ ਉਡੀਕਦੀ ਹੈ? ਅੰਦਰੋਂ ਕਿਤੋਂ ਹਉਕਾ ਉਠਦਾ ਤਾਂ ਉਸਦਾ ਸਾਰਾ ਵਜੂਦ ਹਿਲ ਜਾਂਦਾ…।
ਉਹ ਕੰਬ ਗਈ ਹੈ। ਅੰਦਰੋਂ ਹਉਕਾ ਉਠਿਆ ਹੈ। ਉਸਨੇ ਹੱਥ ਵਧਾ ਕੇ ਗਿਲਾਸ ਚੁੱਕਿਆ ਤੇ ਇਕੋ ਸਾਹ ਅੰਦਰ ਸੁੱਟ ਲਿਆ ਹੈ। ਨਵੀਂ ਸਿਗਰਟ ਬਾਲੀ ਹੈ। ਦੋ ਚਾਰ ਕਸ਼ ਖਿੱਚੇ ਹਨ ਤੇ ਐਸ਼ ਟਰੇਅ ਵਿਚ ਮਸਲ ਦਿੱਤੀ ਹੈ…।
ਉਹਨੀਂ ਦਿਨੀਂ ਹੀ ਪ੍ਰੋ. ਵਿਕਾਸ ਕਾਲਜ ਵਿਚ ਆਇਆ ਸੀ ਨਵਾਂ ਨਵਾਂ, ਨਵੀਂ ਨਿਯੁਕਤੀ। ਮੇਘਨਾ ਦੀ ਭੂਆ ਦਾ ਮੁੰਡਾ। ਉਸ ਰਾਹੀਂ ਨੇੜ ਹੋਇਆ ਸੀ। ਮੇਘਨਾ ਨੇ ਕਿਹਾ ਸੀ, “ਵੀਰ ਜੀ ਤੁਸੀਂ ਪਹਿਲੇ ਹੋ, ਜਿਸ ਨਾਲ ਸਿਮਰਨ ਨੇ ਗੱਲ ਕੀਤੀ ਹੈ…। ਨਹੀਂ ਤਾਂ ਕਿਸੇ ਮੁੰਡੇ ਵੱਲ ਦੇਖਿਆ ਨਹੀਂ ਇਸ ਨੇ।” ਸਿਮਰਨ ਨੂੰ ਜਾਪਿਆ ਜਿਵੇਂ ਉਹ ਇਸਨੂੰ ਹੀ ਉਡੀਕਦੀ ਹੋਵੇ ਜਿਵੇਂ ਗੁਆਚਿਆ ਲੱਭ. ਗਿਆ ਹੋਵੇ, ਉਹ ਸ਼ਰਮਾ ਗਈ ਸੀ ਜਾਂ ਡਰ ਗਈ ਸੀ ਪਤਾ ਨਹੀਂ, ਉਹ ਘਰ ਨੂੰ ‘ਭੱਜ ਆਈ ਸੀ।
ਪਰ ਅੱਜ ਉਸ ਨੇ ਕੱਲੀ ਨੇ ਪੁਲ ਪਾਰ ਕਰ ਲਿਆ ਸੀ। ਕਸਬੇ ਵਿਚੋਂ ਵੱਡੀ ਨਹਿਰ ਲੰਘਦੀ ਸੀ। ਨਹਿਰੋਂ ਪਾਰ ਕਾਲਜ ਜਾਣ ਲਈ ਪੁਲ ਪਾਰ ਕਰਨਾ ਪੈਂਦਾ, ਸਿਮਰਨ ਕਦੇ ਵੀ ਕੱਲੀ ਪੁਲ ਤੋਂ ਨਾ ਲੰਘਦੀ, ਹਮੇਸ਼ਾ ਕਿਸੇ ਕੁੜੀ ਨੂੰ ਨਾਲ ਰੱਖਦੀ। ਉਹ ਆਖਦੀ, “ਮੈਨੂੰ ਸਭ ਕੁਝ ਰੁਕਿਆ ਰੁਕਿਆ ਲੱਗਦੈ । ਵਰ੍ਹਿਆਂ ਤੋਂ।… ਵਰ੍ਹਿਆਂ ਤੋਂ ਕਿਓਂ ਪੀੜ੍ਹੀਆਂ ਤੋਂ…। ਪੀੜ੍ਹੀਆਂ ਤੋਂ ਮੇਰੀ ਮਾਂ, ਮੇਰੀ ਮਾਂ ਦੀ ਮਾਂ, ਮੇਰਾ ਭਰਾ, ਪਿਓ ਤੇ ਪਿਓ ਦਾ ਪਿਓ..।” ਉਹਨੂੰ ਸਾਹ ਚੜ੍ਹ ਜਾਂਦਾ, ਕੁੜੀਆਂ ਹੈਰਾਨ ਹੋ ਜਾਂਦੀਆਂ। ਉਹ ਆਖੀ ਜਾਂਦੀ, “ਜਿਵੇਂ ਇਕੋ ਜਿਹਾ ਕੁਝ ਵਾਪਰੀ ਜਾਂਦੈ। ਸਮਾਂ ਇਕੋ ਥਾਂ ਖੜੇ। ਮੈਂ ਤਾਂ ਅੱਕ ਜਾਂਦੀ ਹਾਂ । ਬਸ ਪੁਲ ਪਾਰ ਕਰਦਿਆਂ ਜਦੋਂ ਪਾਣੀ ਵਗਦਾ ਵੇਖਦੀ ਹਾਂ ਤਾਂ ਲੱਗਦੈ ਕਿ ਸਮਾਂ ਚੱਲ ਰਿਹਾ ਹੈ ਤੇ ਮੇਰਾ ਜੀਅ ਤੁਰ ਰਹੇ ਸਮੇਂ ਦੇ ਨਾਲ ਤੁਰ ਜਾਣ ਨੂੰ ਕਰਦੈ ਡਰ ਐ, ਕਿਤੇ ਮੈਂ ਪੁਲ ਤੋਂ ਛਾਲ ਨਾ ਮਾਰ ਦਿਆਂ…।” ਕੁਝ ਕੁੜੀਆਂ ਹੱਸ ਪੈਂਦੀਆਂ, ਕੁਝ ਡਰ ਜਾਂਦੀਆਂ।
ਪਰ ਉਸ ਦਿਨ ਸਮਾਂ ਜਿਵੇਂ ਹਰ ਥਾਂ ਚੱਲ ਪਿਆ ਸੀ। ਸਦੀਆਂ ਤੋਂ ਅਹਿੱਲ ਖੜ੍ਹੇ ਜਾਪਦੇ ਬਰੋਟੇ ਦੇ ਪੱਤਿਆਂ ‘ਚੋਂ ਵੀ ਗੀਤ ਸੁਣਦੇ ਸਨ ਉਸ ਨੂੰ । ਰੁਕੀ ਹੋਈ ਜ਼ਿੰਦਗੀ ਨੂੰ ਜਿਵੇਂ ਖੰਭ ਲੱਗ ਗਏ ਹੋਣ। ਉਹ ਉਡਦੀ-ਉਡਦੀ ਘਰ ਨੂੰ ਆ ਰਹੀ ਸੀ, ਗਾਉਂਦੀ ਹੋਈ। ਉਸਨੂੰ ਨਹੀਂ ਸੀ ਪਤਾ ਕਿ ਮੁਹੱਲੇ ਦੇ ਮੋੜ ਤੇ ਹੋਰ ਮੁਸਟੰਡਿਆਂ ਵਿਚ ਉਸਦਾ ਭਰਾ ਵੀ ਖੜਾ ਸੀ। ਘਰ ਆਉਂਦਿਆਂ ਈ ਉਹ ਗਰਜਿਆ ਸੀ, “ਏਹ ਲਤਾ ਮੰਗੇਸ਼ ਕੌਰ ।” ਦੀਦੀ, ਭੈਣ ਜਾਂ ਸਿਮਰਨ ਤਾਂ ਉਸ ਨੇ ਅੱਗੇ ਵੀ ਕਦੀ ਨਹੀਂ ਸੀ ਕਹਿਆ ਪਰ ਅੱਜ ਤਾਂ, “ਗਲ ਵੱਢ ਕੇ ਬੰਬੇ ਨੂੰ ਪਾਰਸਲ ਕਰਦੂ, ਜੇ ਅੱਜ ਤੋਂ ਬਾਅਦ ਤੇਰੇ ਮੂੰਹੋਂ.।”
“ਵੇ ਹੋਇਆ ਕੀ ਐ…?” ਮਾਂ ਬਾਹਲੀ ਡਰ ਗਈ ਸੀ।
“ਇਹਨੂੰ ਪੁੱਛ ਵੱਡੀ ਕਲਾਕਾਰ ਨੂੰ, ਮੈਥੋਂ ਨਈਂ ਲੋਕਾਂ ਦੀਆਂ ਗੱਲਾਂ ਸੁਣੀਆਂ ਜਾਂਦੀਆਂ…।”
ਅਤੇ ਉਹ ਫ਼ੈਕਟਰੀ ਤੁਰ ਗਿਆ ਸੀ। ਪਿਓ ਨੂੰ ਉਸ ਨੇ ਕੀ ਕਿਹਾ, ਪਤਾ ਨਹੀਂ। ਪਰ ਪਿਓ ਨੇ ਆਉਂਦਿਆਂ ਹੀ ਮਾਂ ਨਾਲ ਕੁੱਤੇ ਖਾਣੀ ਕੀਤੀ ਸੀ। ਸਿਮਰਨ ਸਾਹਮਣੇ ਨਹੀਂ ਸੀ ਹੋਈ। ਮਾਂ ਨੂੰ ਰੋਂਦੀ ਨੂੰ ਸੁਣਦੀ ਰਹੀ ਸੀ। ਦੂਜੇ ਦਿਨ ਮਾਂ ਨੇ ਰੋਂਦੀ ਰੋਂਦੀ ਨੇ ਹੀ ਕਾਲਜ ਜਾਣ ਤੋਂ ਡੱਕ ਦਿੱਤਾ ਸੀ। ਸਿਮਰਨ ਰੁਕ ਗਈ ਸੀ। ਜਿੱਦ ਨਹੀਂ ਸੀ ਕੀਤੀ। ਮੇਘਨਾ ਆਈ ਸੀ, ਪਤਾ ਲੈਣ ਤਾਂ ਸਿਮਰਨ ਨੇ ਬਿਨਾਂ ਲੁਕਾਅ ਦੇ ਦੱਸ ਦਿੱਤਾ ਕਿ ਉਹ ਅੱਜ ਤੋਂ ਬਾਅਦ ਕਾਲਜ ਨਹੀਂ ਜਾਵੇਗੀ।
“ਪਰ ਤੇਰੀ ਐਮ.ਏ…।”
“ਖਸਮਾਂ ਨੂੰ ਖਾਂਦੀ ਐਮ.ਏ. ਮੈਂ ਮਾਂ ਨੂੰ ਰੋਂਦੀ ਨਹੀਂ ਵੇਖ ਸਕਦੀ…।”
“ਪਰ ਤੂੰ ਇਹ ਦੱਸ ਮੇਘਨਾ ਜਿਹੜੀਆਂ ਕੁੜੀਆਂ ਕਾਲਜ ਨਹੀਂ ਜਾਂਦੀਆਂ ਉਹ ਖ਼ਰਾਬ ਨਹੀਂ ਹੁੰਦੀਆਂ…।”
“ਤੂੰ ਖ਼ਰਾਬ ਹੋਣੈ…।” ਮੇਘਨਾ ਸੁਭਾਅ ਮੁਤਾਬਿਕ ਹੱਸੀ ਸੀ।
“ਕਾਹਨੂੰ ਮੇਘਨਾ… ਬੱਸ ਐਵੇਂ ਮਨ ‘ਚ ਰੋਸ ਜਿਹਾ ਆਉਂਦੈ ਕਿਉਂ ਬੇਗੁਨਾਹ ਨੂੰ…?”
ਉਹ ਗੁਆਚੀ ਜਿਹੀ ਬੋਲੀ ਸੀ ਤੇ ਕੋਈ ਦਰਦ ਉਹਦੇ ਹੋਠਾਂ ’ਤੇ ਆ ਗਿਆ ਸੀ। ਓਦਣ ਪਹਿਲੇ ਦਿਨ ਮਾਂ ਨੇ ਗਾਉਣ ਤੋਂ ਵਰਜਿਆ ਸੀ।
ਉਹ ਕੁਝ ਗੁਨਗਨਾਉਂਦੇ ਲੱਗੀ ਹੈ ਪਰ ਜੀਭ ਦੰਦਾਂ ਥੱਲੇ ਆ ਗਈ ਹੈ। ਝੁੰਜਲਾ ਕੇ ਉਸ ਨੇ ਪੈਗ ਬਣਾ ਲਿਆ ਹੈ। ਵੱਡਾ ਸਾਰਾ ਘੁੱਟ ਭਰਕੇ ਮੂੰਹ ‘ਚ ਹੀ ਫੇਰ ਰਹੀ ਹੈ, ਜਿਵੇਂ ਜੀਭ ਨੂੰ ‘ਟਕੋਰ ਕਰ ਰਹੀ ਹੋਵੇ। ਜੀਭ ਨੂੰ ਸਕੂਨ ਮਿਲ ਰਿਹਾ ਹੈ, ਉਸ ਦੇ ਚਿਹਰੇ ‘ਤੇ ਤਸੱਲੀ ਭਰੀ ਮੁਸਕਾਨ ਫੈਲ ਰਹੀ ਹੈ…।
ਜਦੋਂ ਉਹ ਵੱਡੀ ਹੋ ਰਹੀ ਸੀ ਓਦੋਂ ਦਾਦੇ ਅਤੇ ਪਿਉ ਦੇ ਚੰਗੇ ਮੰਦੇ ਬੋਲਾਂ ਮੂਹਰੇ ਦਾਦੀ ਅਤੇ ਮਾਂ ਨੂੰ ਚੁੱਪ ਵੇਖਕੇ ਸੋਚਿਆ ਕਰਦੀ ਸੀ ਕਿ ਔਰਤ ਤੇ ਮਰਦ ਦੇ ਹੋਰ ਫ਼ਰਕਾਂ ਨਾਲ ਇਕ ਫ਼ਰਕ ਇਹ ਵੀ ਹੁੰਦਾ ਹੈ ਕਿ ਔਰਤਾਂ ਦੇ ਕੰਨ ਹੁੰਦੇ ਹਨ ਤੇ ਮਰਦਾਂ ਦੀ ਜ਼ੁਬਾਨ। ਤਾਂ ਹੀ ਹੁਣ ਆਪਣੇ ਘਰ ਵਿਚ ਕਿਸੇ ਮਰਦ ਦੇ ਬੋਲ ਨਹੀਂ ਸੁਣ ਸਕਦੀ। ਉਹ ਬੋਲ ਤਾਂ ਉਕਾ ਹੀ ਨਹੀਂ ਜਿਹੜਾ ਉਸਦਾ ਨਾਨਾ, ਦਾਦਾ ਤੇ ਪਿਓ ਬੋਲਿਆ ਕਰਦਾ ਸੀ।
‘ਉਹਨੀਂ ਦਿਨੀਂ” ਮੇਘਨਾ ਦਾ ਬੜਾ ਸਹਾਰਾ ਸੀ । ਮੇਘਨਾ ਉਸ ਨੂੰ ਇਧਰ ਉਧਰ ਦਾ ਬਹੁਤ ਕੁਝ ਦੱਸਦੀ। ਦੁਨੀਆਂ ਭਰ ਦੀਆਂ ਖ਼ਬਰਾਂ ਦਿੰਦੀ ਤੇ ਪ੍ਰੋ. ਵਿਕਾਸ ਨੂੰ ਵੀ ਮਿਲਾ ਦਿੰਦੀ। ਉਹ ਬਹੁਤ ਪਿਆਰ ਕਰਦਾ ਸੀ ਸਿਮਰਨ ਨੂੰ ਜਾਂ ਪਿਆਰ ਦੀਆਂ ਗੱਲਾਂ ਕਰਦਾ ਸੀ। ਉਹ ਦੂਜਿਆਂ ਤੋਂ ਵੱਖਰਾ ਜਾਪਦਾ। ਔਰਤ ਦੀ ਆਜ਼ਾਦੀ ਬਾਰੇ ਬੋਲਦਾ । ਮਰਦ ਦੀ ਕਬਜ਼ੇ ਦੀ ਭਾਵਨਾ ਬਾਰੇ ਆਖਦਾ, “ਔਰਤ ਵਸਤੂ ਨਹੀਂ ਹੁੰਦੀ।” ਉਨ੍ਹਾਂ ਦੀਆਂ ਕਿੰਨੀਆਂ ਹੀ ਦੁਪਹਿਰਾਂ ਮੇਘਨਾ ਦੇ ਘਰ ਲੰਘਦੀਆ। ਇਕ ਵਾਰੀ ਉਹ ਘਰ ਵੀ ਆਇਆ ਸੀ । ਪਿਓ ਤੇ ਭਰਾ ਦੇ ਪਿਛੋਂ ਮਾਂ ਉਹਨੂੰ ਦੇਖਕੇ ਬੜੀ ਖੁਸ਼ ਹੋਈ ਸੀ, ਪਰ ਉਹ ਜਿੰਨਾ ਚਿਰ ਰਿਹਾ ਮਾਂ ਪੱਤੇ ਵਾਂਗੂੰ ਕੰਬਦੀ ਰਹੀ। ਉਹ ਖਾਣ ਪੀਣ ਨੂੰ ਚੀਜ਼ ਲੈਣ ਜਾਂਦੀ ਬੀਹੀ ‘ਚ ਨਿਗ੍ਹਾ ਮਾਰ ਆਉਂਦੀ। ਅਜਿਹੇ ਇਕ ਮੌਕੇ ਪ੍ਰੋ. ਨੇ ਸਿਮਰਨ ਦੀ ਬਾਂਹ ਫੜਕੇ ਨਾਲ ਬਿਠਾ ਲਿਆ। ਇੰਜ ਹੱਕ ਨਾਲ ਕੋਲ ਬਿਠਾਉਣਾ, ਉਹਨੂੰ ਬੜਾ ਚੰਗਾ ਲੱਗਿਆ। ਉਸ ਨੇ ਬੇਝਿਜਕ ਕਿਹਾ, “ਮੈਨੂੰ ਲੈ ਚੱਲ ਵਿਕਾਸ. ਆਪਣੇ ਨਾਲ ਕਿਤੇ ਦੂਰ ਲੈ ਚੱਲ…।”
ਇਹ ਹੁਣ ਪ੍ਰੋਫ਼ੈਸਰ ਹੱਥੋਂ ਉਸਦੀ ਬਾਂਹ ਛੁੱਟ ਗਈ। ਉਹ ਬਕ ਕੇ ਖੜਾ ਹੋ ਗਿਆ ਫੇਰ ਜਿਵੇਂ ਲੱਤਾਂ ਨੇ ਭਾਰ ਨਾ ਝੱਲਿਆ ਹੋਵੇ ਉਹ ਮੁੜ ਬੈਠ ਗਿਆ।
“ਤੂੰ ਮੈਨੂੰ ਚੰਗਾ ਲੱਗਦੈਂ ਵਿਕਾਸ, ਹੋਰਾਂ ਨਾਲੋਂ ਵੱਖਰਾ। ਮੈਂ ਕਿਸੇ ਵੀ ਮਰਦ ਨਾਲ ਨਰਕ ਨਹੀਂ ਭੋਗਣਾ । ਮੇਰੀ ਹੋਣੀ ਦਾ ਮੈਨੂੰ ਪਤੈ. । ਮੇਰੀ ਹੋਣੀ ਵਗਦਾ ਪਾਣੀ ਐ…। ਤੂੰ ਮੈਨੂੰ ਲੈ ਚੱਲ।” ਸਿਮਰਨ ਨੇ ਇਕ ਤਰ੍ਹਾ ਤਰਲਾ ਲਿਆ।
ਪਰ ਪ੍ਰੋ, ਸਮਝਾਉਣੀਆਂ ‘ਤੇ ਉਤਰ ਆਇਆ, “ਲਿਸਨ… । ਆਈ ਸੇ… । ਇੱਜ਼ਤ। ਸਰਵਿਸ । ਦੇਖ ਹੌਲ਼ੀ-ਹੌਲ਼ੀ ਸਭ ਠੀਕ ਹੋ ਜਾਏਗਾ ਸਿਆਣੀ ਬਣ… ਮੈਂ ਠੀਕ ਕਰਾਂਗਾ ਸਭ ਕੁਝ ਹੈਂ, ਓ.ਕੇ.।” ਤੇ ਉਹ ਬਿਨਾਂ ਕੁਝ ਖਾਧੇ ਪੀਤੇ ਉਹਦੀ ਗੱਲ ਥਪਥਪਾ ਕੇ ਛੇਤੀ ਛੇਤੀ ਤੁਰ ਗਿਆ ਸੀ। ਮਾਂ ਨੇ ਸੁਖ ਦਾ ਸਾਹ ਲਿਆ ਸੀ ਤੇ ਸ਼ਾਇਦ ਸਿਮਰਨ ਨੇ ਵੀ…। …
ਡਮਰੂ ਚੱਕਰ ਲਾਉਣ ਆਇਆ ਹੈ, ਝੁਕਿਆ ਹੈ। ਹੁਕਮ ਦਾ ਕੋਈ ਇਸ਼ਾਰਾ ਨਹੀਂ… ਉਹ ਵਾਪਸ ਚਲਾ ਗਿਆ ਹੈ। ਇਸ ਵਾਰ ਉਸਦੀ ਤੋਰ ਬਦਲੀ ਹੋਈ ਹੈ। ਅੱਖਾਂ ਸੁਰਖ਼ ਨੇ ਤੇ ਚਿਹਰਾ ਵੀ। ਉਹ ਅੱਧੀ ਖਾਲੀ ਬੋਤਲ ਨੂੰ ਪੂਰੀ ਖਾਲੀ ਕਰ ਰਿਹਾ ਹੈ…।
ਸਿਮਰਨ ਨੇ ਨਵੀਂ ਸਿਗਰਟ ਬਾਲੀ ਹੈ, ਤਾਂ ਬੀਤੇ ਦਾ ਨਵਾਂ ਚੈਪਟਰ ਅੱਖਾਂ ਮੂਹਰੇ ਆ ਗਿਆ ਹੈ
ਉਹ ਨਵਾਂ ਬੰਦਾ ਸੀ ਜੋ ਭਰਾ ਨਾਲ ਘਰ ਆਇਆ ਸੀ। ਉਨ੍ਹਾਂ ਸ਼ਰਾਬ ਵੀ ਪੀਤੀ ਸੀ ਬੈਠਕ ਵਿਚ। ਨਿੱਕ ਸੁੱਕ ਪੁਚਾਉਣ ਦਾ ‘ਆਡਰ’ ਭਰਾ ਨੇ ਸਿਮਰਨ ਨੂੰ ਦਿੱਤਾ ਸੀ। ਉਹ ਬੰਦਾ ਖਾ ਪੀ ਘੱਟ ਰਿਹਾ ਸੀ, ਸਿਮਰਨ ਨੂੰ ਜ਼ਿਆਦਾ ਤਾੜ ਰਿਹਾ ਸੀ। ਗੱਲਾਂ ‘ਚੋਂ ਪਤਾ ਲੱਗਾ ਸੀ ਕਿ ਉਹ ਕਾਫੀ ਸਮੇਂ ਤੋਂ ਏਥੇ ਹੀ ਬੈਂਕ ਮੈਨੇਜਰ ਹੈ, ਹੁਣ ਉਸਦੀ ਬਦਲੀ ਪੰਜਾਬ ਤੋਂ ਬਾਹਰ ਹੋਣ ਵਾਲੀ ਹੈ। ਉਹ ਬਾਰ ਬਾਰ ਭਰਾ ਨੂੰ ਕਹਿ ਰਿਹਾ ਸੀ, “ਸੇਵਾ ਦੱਸ ਛੋਟੇ ਭਾਈ ਕੋਈ ਸੇਵਾ। ਕੇਰਾਂ ਪਰਖ ਤਾਂ ਸਹੀ ਕੀ ਪੁਰਜੀਆਂ ਜਿਹੀਆਂ ਬਣਾਈਆਂ ਜਾਨੈ ਹੱਥ ਮਿਲਾ ਕੇਰਾਂ… ਕਰੋੜਾਂ ‘ਚ ਖੇਡਣ ਲਾਦੂੰ ਡੀਅਰ ਕਰੋੜਾਂ ‘ਚ… ।” ਸਿਮਰਨ ਨੂੰ ਲੱਗਿਆ, ਜਿਵੇਂ … ਉਹ ਉਸਨੂੰ ਸੁਣਾ ਰਿਹਾ ਹੋਵੇ। ਜਾਣ ਵੇਲੇ ਉਸ ਨੇ ਪਿਓ ਅਤੇ ਮਾਂ ਦੇ ਪੈਰੀਂ ਹੱਥ ਲਾਏ ਸਨ। ਭਰਾ ਨੂੰ ਜੱਫੀ ਪਾਈ ਸੀ ਤੇ ਸਿਮਰਨ ਨੂੰ ਹੱਥ ਹਿਲਾ ਕੇ ਬਾਏ ਕਿਹਾ ਸੀ। ਉਹਦੇ ਜਾਣ ਪਿਛੋਂ ਘਰ ਵਿਚ ਉਹਦੀਆਂ ਹੀ ਗੱਲਾਂ ਹੁੰਦੀਆਂ ਰਹੀਆਂ ਸਨ, ਭਰਾ ਤਾਂ ਉਹਦੀਆਂ ਸਿਫ਼ਤਾਂ ਦੇ ਪੁਲ ਤੇ ਪੁਲ ਉਸਾਰ ਰਿਹਾ ਸੀ ਤੇ ਸਿਮਰਨ ਦੀ ਛੇਵੀਂ ਇੰਦਰੀ ਕਹਿ ਰਹੀ ਸੀ, “ਸਿਮਰਨ ਬੱਚੀਏ… ਹੋਵੇ ਨਾ ਹੋਵੇ ਤੇਰਾ ਪਾਣੀ ਇਨ੍ਹਾਂ ਪੁਲਾਂ ਹੇਠੋਂ ਲੰਘੂ…।”
ਉਹੀ ਗੱਲ ਹੋਈ ਸੀ… ਮਿਸਟਰ ਮੈਨੇਜਰ ਜੋ ਸਿਮਰਨ ਤੋਂ ਡੇਢੀ ਉਮਰ ਦਾ ਸੀ। ਬੱਚਾ ਨਾ ਹੋਣ ਕਰਕੇ ਪਹਿਲੀ ਪਤਨੀ ਤੋਂ ਤਲਾਕ ਲੈ ਚੁੱਕਾ ਸੀ, ਮਾਂ ਬਾਪ ਗੁਜ਼ਰ ਚੁੱਕੇ ਸਨ ਕੱਲਾ ਹੀ ਸੀ… ਨਾ ਕੋਈ ਅੱਗੇ ਨਾ ਪਿੱਛੇ..।
ਉਹ ਉਨ੍ਹਾਂ ਦੇ ਘਰ ਵਿਚ ਛਾ ਗਿਆ ਸੀ। ਉਸਨੇ ਭਰਾ ਦੇ ਜਨਮ ਦਿਨ ‘ਤੇ ਸੋਨੇ ਦੀ ਚੈਨ ਗਿਫ਼ਟ ਕੀਤੀ ਸੀ, ਪੰਜ ਤੋਲੇ ਦੀ। ਉਸ ਨਾਲ ਵਿਆਹ ਦੀ ਗੱਲ ਤੁਰ ਪਈ ਸੀ ਤੇ ਸਿਮਰਨ ਚੁੱਪ ਸੀ। ਨਾ ਹਾਂ, ਨਾ ਨਾਂਹ… ।
ਮੇਘਨਾ ਆਈ ਸੀ ਧੱਕੇ ਨਾਲ ਘਰ ਲੈ ਗਈ, “ਇਓਂ ਅੱਖਾਂ ਮੀਚਿਆਂ ਤਾਂ ਨਹੀਂ ਸਰਨਾ ਤੈਨੂੰ ਦਿਸ ਰਿਹੈ ਸਿਮਰਨ, ਸਾਹਮਣੇ ਖੂਹ ਐ, ਫਿਰ ਜਾਣ ਬੁਝ … ਕੇ…।” ਮੇਘਨਾ ਫ਼ਿਕਰਮੰਦ ਸੀ। ਸਿਮਰਨ ਹੱਸੀ ਸੀ ਬੇਰੰਗ ਜਿਹਾ ਹਾਸਾ…।
ਪ੍ਰੋ. ਵੀ ਆ ਗਿਆ ਸੀ। ਬੇ ਸਿਰ ਪੈਰ ਦੀਆਂ ਮਾਰਦਾ ਰਿਹਾ ਸੀ… “ਤੂੰ ਇਉਂ ਚੁੱਪ ਨਾ ਰਹਿ.. ਤੂੰ ਸਾਫ਼ ਨਾਂਹ ਕਰਦੇ । ਹਾਲਾਤ ਤੋਂ ਭੱਜਣਾ ਨਹੀਂ ਬਦਲਣਾ ਚਾਹੀਦੈ… ਬੀਜੀ ਨਾਲ ਗੱਲ ਕਰੀਏ… ਕੁਝ ਸਮਝ ਨਹੀਂ ਆਉਂਦਾ ਮੈਂ … ਕੀ ਕਰਾਂ ਮੈਨੂੰ ਦੱਸ।” ਉਹ ਸਿਮਰਨ ਨਾਲ ਅੱਖ ਨਹੀਂ ਸੀ ਮਿਲਾ ਰਿਹਾ। ਕਦੇ ਮੱਥਾ ਫੜ ਲੈਂਦਾ, ਕਦੇ ਨਹੁੰ ਨਾਲ ਕੁਰਸੀ ਦੀ ਬਾਂਹ ਖੁਰਚਦਾ, ਕਦੇ ਪੈਰ ਨਾਲ ਜ਼ਮੀਨ ‘ਤੇ ਘੇਰੇ ਜਿਹੇ ਬਣਾਉਂਦਾ। ਸਿਮਰਨ ਉਹਦੀ ਦੋਚਿੱਤੀ ਤਾੜਕੇ ਫਿਰ ਹੱਸ ਪਈ। ਉਹ ਚੌਕਿਆ ਤਾਂ ਸਿਮਰਨ ਬੋਲੀ, “ਕਿਤੇ ਘੁੰਮਣ ਚੱਲੀਏ…?”
ਨੂੰ “ਪਰ ਤੇਰੇ ਘਰ ਦੇ?” ਪ੍ਰੋ. ਬਕਿਆ ਸੀ।
“ਵਿਆਹ ਦੀ ਸ਼ਾਪਿੰਗ ਨਹੀਂ ਕਰਨੀ?” ਸਿਮਰਨ ਸਹਿਜਤਾ ਨਾਲ ਬੋਲੀ ਸੀ।
“ਹਾਂ ਹਾਂ… ਜ਼ਰੂਰ…।” ਉਹ ਹੜਬੜਾ ਗਿਆ ਸੀ।
ਦੂਜੇ ਦਿਨ ਸਿਮਰਨ ਮਾਂ ਨੂੰ ਦੱਸ ਕੇ ਮੇਘਨਾ ਨਾਲ ਸ਼ਹਿਰ ਤੁਰ ਗਈ ਸੀ। ਉਥੇ ਪ੍ਰੋ. ਵੀ ਆ ਗਿਆ ਸੀ। ਸਿਮਰਨ ਨੇ ਸ਼ਾਪਿੰਗ ਘੱਟ ਤੇ ਖ਼ਰਮਸਤੀ ਵੱਧ ਕੀਤੀ ਸੀ। ਉਹ ਦੁਕਾਨਦਾਰਾਂ ਤਕ ਨੂੰ ਮਖੌਲ ਕਰਦੀ ਰਹੀ ਸੀ। ਜਿਸ ਚੀਜ਼ ਨੂੰ ਜੀਅ ਕਰਦਾ, ਉਹ ਖਾਂਦੀ ਤੇ ਖਵਾਉਂਦੀ ਰਹੀ ਸੀ। ਖੱਟਾ, ਮਿੱਠਾਂ, ਨਮਕੀਨ, ਤੱਤਾ, ਠੰਡਾ, ਜੀਵਨ ਦੇ ਜੋ ਸਵਾਦ ਉਸ ਨਹੀਂ ਸਨ ਚੱਖੇ, ਅੱਜ ਸਭ ਚੱਖਣੇ ਚਾਹੁੰਦੀ ਸੀ ਉਹ। ਮੇਘਨਾ ਦਾ ਦੋਸਤ ਅਚਾਨਕ ਮਿਲ ਗਿਆ ਜਾਂ ਘਰੋਂ ਪ੍ਰੋਗਰਾਮ ਬਣਾ ਕੇ ਗਏ ਸੀ ਉਹ, ਪਰ ਸਿਮਰਨ ਲਈ ਚੰਗਾ ਹੀ ਹੋਇਆ। ਉਹ ਪ੍ਰੋ. ਨਾਲ ਇਕੱਲੀ ਰਹਿਣਾ ਚਾਹੁੰਦੀ ਸੀ। ਆਪਣੀ ਮਰਜ਼ੀ ਦੀਆਂ ਚਾਹਤ ਦੀਆਂ ਰੱਜ ਕੇ ਗੱਲਾਂ ਕਰਨੀਆਂ ਚਾਹੁੰਦੀ ਸੀ। ਪਰ ਪ੍ਰੋ. ਡਰ ਗਿਆ ਸੀ। ਉਹਨੇ ਮਨੋਵਿਗਿਆਨ ਦੀਆਂ ਲੀਹਾਂ ‘ਤੇ ਚੱਲਦਿਆਂ, ਇਹ ਸਿੱਟਾ ਕੱਢਿਆ ਕਿ ਸਿਮਰਨ ਜੀਵੇਗੀ ਨਹੀਂ, ਅੱਵਲ ਤਾਂ ਅੱਜ ਰਾਤ ਹੀ ਨਹੀਂ ਵਿਆਹ ਤੋਂ ਪਹਿਲਾਂ ਤਾਂ ਜ਼ਰੂਰ ਮਰ ਜਾਵੇਗੀ। ਉਸ ਨੇ ਕਿਹਾ ਸੀ, “ਦੇਖ ਸਿਮਰਨ, ਮੌਤ ਕਿਸੇ ਚੀਜ਼ ਦਾ ਹੱਲ ਨਹੀਂ। ਖ਼ੁਦਕੁਸ਼ੀ ਬੁਜ਼ਦਿਲ ਕਰਦੇ ਐ…।” ਸਿਮਰਨ ਉਹਦੀ ਗੱਲ ਕੱਟਕੇ ਬੋਲੀ ਸੀ, “ਕੁਝ ਸੂਟ ਇੱਥੇ ਸੀਣੇ ਦੇ ਦਈਏ… ਉਹ ਲੈਣ ਦੇ ਬਹਾਨੇ ਦੋ ਦਿਨ ਬਾਅਦ ਫਿਰ ਆਜਾਂਗੇ।” ਏਨਾ ਸੁਣਕੇ ਪ੍ਰੋ. ਦਾ ਮਨੋਵਿਗਿਆਨਕ ਧਰਿਆ ਧਰਾਇਆ ਰਹਿ ਗਿਆ ਤੇ ਉਹ ਘਸੇ ਪਿੱਟੇ ਪੁਰਾਣੇ ਖ਼ਿਆਲ ਨੂੰ ਦੁਹਰਾਉਣ ਲੱਗਾ ਕਿ ਔਰਤ ਜਾਤ ਨੂੰ ਕੋਈ ਨਹੀਂ ਸਮਝ ਸਕਦਾ..? ਰਿਸ਼ੀ ਮੁਨੀ ਵੀ ਨਹੀਂ? ਉਸਨੂੰ ਸੋਚਵਾਨ ਤੇ ਚੁੱਪ ਦੇਖ ਸਿਮਰਨ ਬੋਲੀ ਸੀ, “ਤੂੰ ਕਦੇ ਅੱਜ ’ਚ ਨਹੀਂ ਜਿਓਂ ਸਕਦਾ?”
ਤੇ ਉਹ ਉਠਕੇ ਹੋਟਲ ‘ਚੋਂ ਬਾਹਰ ਆ ਗਈ ਸੀ। ਘਰ ਪਿਓ ਤੇ ਭਰਾ ਔਖੇ ਹੋਏ ਤਾਂ ਮਾਂ ਨੇ ਇਹ ਕਹਿ ਕੇ ਟਾਲ ਦਿੱਤਾ, “ਕੁੜੀਆਂ ਕੱਤਰੀਆਂ ਦੀਆਂ ਸੌ ਪਰਦੇ ਦੀਆਂ ਚੀਜ਼ਾਂ ਹੁੰਦੀਆਂ, ਜਿਹੜੀਆਂ ਉਹ ਸਹੇਲੀ ਨਾਲ ਜਾ ਕੇ ਖਰੀਦ ਸਕਦੀ ਸੀ…।”
ਪਰ ਦੋ ਦਿਨ ਬਾਅਦ ਉਨ੍ਹਾਂ ਮਾਂ ਨੂੰ ਮੱਲੋਜ਼ੋਰੀ ਨਾਲ ਤੋਰ ਦਿੱਤਾ ਸੀ। ਉਧਰ ਸਿਮਰਨ ਨੇ ਵੀ ਮਰਨ ਮਿੱਟੀ ਚੁੱਕੀ ਹੋਈ ਸੀ। ਵਰ੍ਹਿਆਂ ਤੋਂ ਭਰ ਰਿਹਾ ਰੋਹ ਦਾ ਪਿਆਲਾ ਨੱਕੋ ਨੱਕ ਹੋਇਆ ਪਿਆ ਸੀ। ਮਾਂ-ਪਿਉ ਦੀ ਬੇਇਤਬਾਰੀ ਉਸ ਨੂੰ ਤੋੜਨ ਤਕ ਲੈ ਗਈ। ਸਿਮਰਨ ਨੇ ਮਾਂ ਨੂੰ ਆਖ ਦਿੱਤਾ, “ਸਾਫ਼ ਗੱਲ ਐ ਮਾਂ, ਮੈਂ ਤੇ ਮੇਘਨਾ ਨੇ ਫ਼ਿਲਮ ਦੇਖਣੀ ਐ, ਤੂੰ ਕਿਸੇ ਗੁਰਦਵਾਰੇ ਕੀਰਤਨ ਸੁਣ ਲੈ ਦੋ ਘੜੀ…।” ‘ਉਹ ਜਾਣੇ’ ਆਖ ਮਾਂ ਗੁਰਦਵਾਰੇ ਚਲੀ ਗਈ ਸੀ ਤੇ ਜਾਂਦੀ ਜਾਂਦੀ ਦੋਵੇਂ ਹੱਥ ਜੋੜ ਇੰਨਾ ਹੀ ਆਖ ਸਕੀ ਸੀ, “ਮੇਰੇ ਹੱਥਾਂ ਵੱਲ ਵੇਖੀਂ ਧੀਏ… ਝਾਂਟਾ ਨਾ ਪਟਾਈਂ ਮੇਰਾ…।”
ਮੇਘਨਾ ਆਪਣੇ ਦੋਸਤ ਨਾਲ ਤੁਰ ਗਈ ਤਾਂ ਸਿਮਰਨ ਪ੍ਰੋਫ਼ੈਸਰ ਨਾਲ ਹੋਟਲ ਆ ਗਈ। ਉਨ੍ਹਾਂ ਹਾਲ ਵਿਚ ਬੈਠ ਕੇ ਚਾਹ ਮੰਗਵਾਈ ਤੇ ਪ੍ਰੋ. ਗੱਲਾਂ ਕਰਦਾ ਨਾਲੋਂ ਨਾਲ ਕਮਰਾ ਬੁੱਕ ਕਰਵਾਉਣ ਜਾਂ ਨਾ ਕਰਵਾਉਣ ਬਾਰੇ ਸੋਚ ਰਿਹਾ ਸੀ। ਨਾਲ ਹੀ ਪਿਛਲੇ ਦੋ ਦਿਨ ਜਿਹੜੀ ਉਸ ਨੇ ਅੱਜ ਲਈ ਨਵੀਂ ਮਨੋਵਿਗਿਆਨਕ ਤਿਆਰੀ ਕੀਤੀ ਸੀ ਉਹਦੇ ਬਾਰੇ ਲੈਕਚਰ ਦੇਣ ਲੱਗਾ…।
ਸਿਮਰਨ ਨੇ ਮਨ ਵਿਚ ਸੋਚਿਆ ਸੀ, “ਕਾਸ਼! ਪ੍ਰੋ. ਨੇ ਮਨੋਵਿਗਿਆਨ ਤੋਂ. ਬਿਨਾਂ ਸਰੀਰ ਵਿਗਿਆਨ ਦਾ ਕੋਈ ਚੈਪਟਰ ਵੀ ਪੜ੍ਹਿਆ ਹੁੰਦਾ।” ਉਸ ਨੇ ਮਨ ਹੀ ਮਨ ਵਿਚ ਆਖਿਆ… ਮੈਂ ਜੋ ਚਾਹੁੰਦੀ ਰਹੀ ਹਾਂ ਪ੍ਰੋ. ਉਹ ਮੈਨੂੰ ਮਿਲਿਆ ਨਹੀਂ, . ਮੈਂ ਵੀਹ ਵਰ੍ਹੇ ਜਿਹੜਾ ਕੁਝ ਸਾਂਭ ਸਾਂਭ ਰੱਖਿਐ, ਉਹ ਜਿਸ ਬੰਦੇ ਨੂੰ ਸੌਂਪਣਾ ਸੀ ਉਹ ਤੂੰ ਨਹੀਂ… ਪਰ ਫੇਰ ਵੀ ਤੂੰ ਮੇਰੇ ਵਾਂਗੂੰ ਅਣਲਗ ਤਾਂ ਹੈਂ, ਮਿਸਟਰ ਮੈਨੇਜਰ ਵਾਂਗੂੰ ਸੈਕਿੰਡ ਹੈਂਡ ਤਾਂ ਨਹੀਂ…।”
ਉਹ ਅਜੇ ਸੋਚ ਹੀ ਰਹੀ ਸੀ ਕਿ ਇਹ ਗੱਲਾਂ ਪ੍ਰੋ. ਨੂੰ ਆਖੇ ਜਾਂ ਨਾ ਕਿ ਬਾਹਰੋਂ ਮਿਸਟਰ ਮੈਨੇਜਰ ਆ ਗਿਆ। ਬੜੇ ਹੱਕ ਨਾਲ ਕੁਰਸੀ ਖਿੱਚ ਕੇ ਬੈਠ ਗਿਆ ਤੇ ਜਿਵੇਂ ਸਭ ਕੁਝ ਜਾਣਦਾ ਹੋਵੇ, ਪ੍ਰੋ. ਨੂੰ ਆਖਣ ਲੱਗਾ, “ਚੰਗਾ ਹੋਇਆ ਤੁਸੀਂ ਵੀ ਮਿਲ ਗਏ, ਛੋਟੇ ਨੇ ਕਿਹਾ ਸੀ ਸਿਮਰਨ ਹੁਣੀਂ ਸ਼ਾਪਿੰਗ ਕਰਨ ਲਈ ਗਈਆਂ ਨੇ ਤੁਸੀਂ ਵੀ ਚਲੇ ਜਾਓ ਪਰ ਮਾਂ ਜੀ…?”
ਸਿਮਰਨ ਆਪਣੇ ‘ਤੇ ਕਾਬੂ ਪਾ ਚੁੱਕੀ ਸੀ ਪਰ ਪ੍ਰੋ. ਬਹੁਤ ਘਬਰਾ ਗਿਆ ਸੀ। “ਨਹੀਂ ਨਹੀਂ ਮੈਂ ਤਾਂ ਅਚਾਨਕ ਸਿਮਰਨ ਮੇਰੀ ਸਟੂਡੈਂਟ ਹੈ ਅਚਾਨਕ ਮਿਲ ਪਈ… ਸ਼ਹਿਰ ਵਿਚ, ਪਹਿਲੀ ਵਾਰ ਮਿਲੇ ਆ ਨਾ, ਸੋਚਿਆ ਚਾਹ ਪੀ ਲਈਏ… ਸਿਮਰਨ ਸਾਡੇ ਕਾਲਜ ਦੀ ਸਭ ਤੋਂ ਵਧੀਆ ਸਟੂਡੈਂਟ ਹੈ ਕਲ੍ਹ ਕਾਲਜ ਨਹੀਂ ਸੀ ਆਈ, ਮੈਂ ਸੋਚਿਆ ਪੁੱਛ ਲਵਾਂ, ਠੀਕ ਤਾਂ ਹੈ…?”
ਪ੍ਰੋ. ਨੂੰ ਇਹ ਵੀ ਭੁੱਲ ਗਿਆ ਸੀ ਕਿ ਕੱਲ ਐਤਵਾਰ ਸੀ ਤੇ ਸਿਮਰਨ ਨੂੰ ਕਾਲਜ ਤੋਂ ਹਟੀ ਨੂੰ ਕਿੰਨੇ ਹੀ ਦਿਨ ਹੋ ਗਏ ਸਨ। ਪ੍ਰੋ. ਕਹਿ ਰਿਹਾ ਸੀ, “ਪਰ ਸਿਮਰਨ ਤੁਸੀਂ ਦੱਸਿਆ ਹੀ ਨਹੀਂ, ਮਾਂ ਜੀ ਨਾਲ ਨੇ, ਕਿੱਥੇ ਨੇ…? ਬੁਲਾਓ ਉਨ੍ਹਾਂ ਨੂੰ।” ਮਿਸਟਰ ਮੈਨੇਜਰ ਖ਼ੁਸ਼ ਹੋ ਰਿਹਾ ਸੀ, ਪ੍ਰੋ. ਦੀ ਹਾਲਤ ਉਤੇ ਸਿਮਰਨ ਨੂੰ ਇਕ ਚੜ੍ਹਦੀ ਇਕ ਲਹਿੰਦੀ ਸੀ। ਸਿਮਰਨ ਨੇ ਬੇਰੁਖੀ ਨਾਲ ਕਿਹਾ, “ਮਾਂ ਜੀ ਗੁਰਦਵਾਰੇ ਗਏ ਨੇ… ਮੇਘਨਾ ਫ਼ਿਲਮ ਦੀਆਂ ਟਿਕਟਾਂ ਲੈਣ… ਅਸੀਂ ਸਾਰਿਆਂ ਫ਼ਿਲਮ ਵੇਖਣੀ ਐ…।” ਉਸ ਨੇ ਪ੍ਰੋ. ਨੂੰ ਵਿਚ ਜੋੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਇਕ ਲਤ ਖੜ੍ਹਾ ਹੋ ਗਿਆ, “ਠੀਕ ਐ ਤੁਸੀਂ ਫ਼ਿਲਮ ਦੇਖੋ… ਮੈਂ ਚਲਦਾਂ ਸਟੂਡੈਂਟ ਤੇ ਟੀਚਰ ਦਾ .. ਬਾਪ ਬੇਟੀ ਵਾਲਾ ਰਿਸ਼ਤਾ ਹੁੰਦੈ।” ਪ੍ਰੋ. ਘਬਰਾਹਟ ਵਿਚ ਪਤਾ ਨਹੀਂ ਕੀ-ਕੀ ਕਹਿ ਰਿਹਾ ਸੀ, ਉਠਣ ਲੱਗੇ ਤੋਂ ਹੱਥ ਵੱਜ ਕੇ ਪਾਣੀ ਦਾ ਗਲਾਸ ਉਲਟ ਗਿਆ, ਸਿਮਰਨ ਨੂੰ ਏਨਾ ਗੁੱਸਾ ਚੜ੍ਹਿਆ ਕਿ ਦੋਨਾਂ ਨੂੰ ਉਥੇ ਛੱਡ ਪੈਰ ਪਟਕਦੀ ਹੋਟਲ ਤੋਂ ਬਾਹਰ ਆ ਗਈ।
ਮਿਸਟਰ ਮੈਨੇਜਰ ਮਗਰ ਭੱਜਿਆ ਪਰ ਜਦ ਨੂੰ ਉਹ ਆਟੋ ਵਿਚ ਬੈਠ ਚੁੱਕੀ ਸੀ, “ਗੁਰਦੁਆਰਾ ਦੁਖ ਨਿਵਾਰਨ।” ਉਸ ਨੇ ਇੰਨੀ ਜ਼ੋਰ ਨਾਲ ਕਿਹਾ ਕਿ ਆਟੋ ਵਾਲੇ ਨੇ ਮੁੜਕੇ ਉਹਦੇ ਮੂੰਹ ਵੱਲ ਵੇਖਿਆ, ਪਰ ਉਸ ਨੂੰ ਕੋਈ ਪ੍ਰਵਾਹ ਨਹੀਂ ਸੀ। ਉਸ ਨੇ ਆਟੋ ਦੇ ਫ਼ਰਸ਼ ‘ਤੇ ਜ਼ੋਰ ਨਾਲ ਪੈਰ ਮਾਰਿਆ ਤੇ ਬੁੜ-ਬੁੜਾਈ, “ਰਿਸ਼ਤਾ… ਬਾਪ ਬੇਟੀ ਮਾਈ ਫੁੱਟ।” ਪਰ ਇਹ ਸ਼ਬਦ ਆਟੋ ਦੀ ਆਵਾਜ਼ ਵਿਚ ਦੱਬ ਗਏ…।
ਗੁੱਸਾ ਹੁਣ ਵੀ ਆਇਆ ਹੈ, ਉਹ ਸਾਰਾ ਕੁਝ ਯਾਦ ਕਰ ਕਸੀਸ ਵੱਟੀ ਹੈ ਤੇ ਨੀਟ ਪੈਗ ਅੰਦਰ ਸੁੱਟ ਲਿਆ ਹੈ।
ਵਿਆਹ ਤੋਂ ਕੁਝ ਦਿਨ ਪਹਿਲਾਂ ਜਦੋਂ ਮਿਸਟਰ ਮੈਨੇਜਰ ਨੇ ਸਿਮਰਨ ਦੇ ਪਸੰਦ ਦੀਆਂ ਚੀਜ਼ਾਂ ਖਰੀਦਣ ਲਈ ਫ਼ੋਨ ਕੀਤਾ ਸੀ, ਤਾਂ ਸਿਮਰਨ ਨੇ ਗੁੱਸੇ ਨਾਲ ਕਹਿ ਦਿੱਤਾ ਸੀ, “ਇਹ ਸਭ ਕੁਝ ਧਰਿਆ ਧਰਾਇਆ ਰਹਿ ਜਾਣੈ ਮਿਸਟਰ ਮੈਨੇਜਰ, ਤੁਸੀਂ ਮੇਰਾ ਯਕੀਨ ਕਰੋ, ਮੈਨੂੰ ਪਾ ਨਹੀਂ ਸਕੋਗੇ…।”
“ਮੈਂ ਤੁਹਾਡੇ ਮਾਪਿਆਂ ਨੂੰ ਜ਼ੁਬਾਨ ਦੇ ਚੁੱਕਾ ਹਾਂ ਸਿਮਰਨ, ਮੈਂ ਉਨ੍ਹਾਂ ਭਲੇ ਲੋਕਾਂ ਦਾ ਦਿਲ ਨਹੀਂ ਤੋੜ ਸਕਦਾ… ਮੈਂ ਤੈਨੂੰ ਹਰ ਤਰ੍ਹਾਂ ਨਾਲ ਸੁਖੀ ਰੱਖਾਂਗਾ ਸਿਮਰਨ।” ਉਹ ਆਵਾਜ਼ ਵਿਚ ਆਜ਼ਜ਼ੀ ਲਿਆ ਰਿਹਾ ਸੀ, ਪਰ ਸਿਮਰਨ ਨੇ ਉਸਦਾ ਖਚਰਾਪਣ ਫੜ ਲਿਆ ਸੀ… । ਉਸ ਨੂੰ ਫ਼ੋਨ ਉਤੇ ਵੀ ਉਸ ਦੀਆਂ ਅੱਖਾਂ ਦਿਸਦੀਆਂ, ਜਿਹੜੀਆਂ ਉਹਦੇ ਬੋਲਾਂ ਦਾ ਸਾਥ ਨਹੀਂ ਸਨ ਦਿੰਦੀਆਂ ਤੇ ਸਿਮਰਨ ਨੂੰ ਉਸਦੀ ਆਵਾਜ਼ ਨਾਲ ਇਹ ਸੁਣਦਾ ਸੀ ਕਿ ਤੂੰ ਇਕ ਵਾਰੀ ਮੇਰੇ ਕਾਬੂ ਆ ता, ऐधीं देव…।
“ਦੇਖੋ ਤੁਸੀਂ ਸਮਝਦੇ ਨਹੀਂ ਮੇਰੀ ਪਸੰਦ ਹੋਰ ਹੈ ਤੁਸੀਂ ਮੇਰਾ ਖ਼ਿਆਲ ਛੱਡ ਦਿਓ ਪਲੀਜ਼।” ਸਿਮਰਨ ਨੇ ਸੱਚੀ ਮੁੱਚੀ ਅਧੀਨਗੀ ਨਾਲ ਕਿਹਾ ਸੀ। ਪਰ ਅੱਗੋਂ ਉਹ ਬੋਲਿਆ, “ਇਹ ਮੇਰਾ ਨਹੀਂ, ਤੁਹਾਡੇ ਘਰਦਿਆਂ ਦਾ ਫ਼ੈਸਲਾ ਹੈ, ਮੈਂ ਤਾਂ ਹੁਣ ਵਿਆਹ ਕਰਵਾਉਣਾ ਹੀ ਨਹੀਂ ਸੀ… ਪਰ ਮੈਂ ਬਾਪੂ ਜੀ ਤੇ ਬੀਜੀ ਨੂੰ ਜੁਆਬ ਨਹੀਂ ਦੇ ਸਕਦਾਂ…।” ਪਰ ਸਿਮਰਨ ਨੂੰ ਇਹ ਸੁਣਿਆ ਸੀ, “ਤੇਰੇ ਵਰਗੀ ਚੀਜ਼ ਨੂੰ ਮੈਂ ਕਿਸ ਤਰ੍ਹਾਂ ਛੱਡ ਸਕਦਾ ਹਾਂ…?”
“ਤੁਸੀਂ ਮੈਨੂੰ ਕਿਸੇ ਵੀ ਤਰ੍ਹਾਂ ਪਾ ਨਹੀਂ ਸਕੋਗੇ।” ਸਿਮਰਨ ਨੇ ਹਲਕੀ ਜਿਹੀ ਧਮਕੀ ਦਿੱਤੀ ਸੀ, “ਕੀ ਖੋਣਾ ਤੇ ਕੀ ਪਾਉਣਾ ਸਿਮਰਨ ਜੀ, ਇਹ ਤਾਂ ਸਭ ਸੰਜੋਗਾਂ ਦੇ ਵੱਸ ਹੈ ਜਿਵੇਂ ਉਹ ਉਪਰ ਵਾਲਾ ਚਾਹੁੰਦੈ, ਓਵੇਂ ਹੋਈ ਜਾਂਦੈ.. ਅਸੀਂ ਕੌਣ ਆ ਭਲਾ…।” ਸਿਮਰਨ ਨੂੰ ਇੰਜ ਸੁਣਿਆ ਸੀ ਕਿ ਜਿਸ ਚੀਜ਼ ਨੂੰ ਪਾਉਣ ਦਾ ਖ਼ਿਆਲ ਮੈਂ ਕਰ ਲੈਂਦਾ ਹਾਂ, ਉਸ ਨੂੰ ਪਾ ਕੇ ਹੀ ਰਹਿੰਦਾ ਹਾਂ।
ਸਿਮਰਨ ਨੇ ਬਿਨਾਂ ਕੁਝ ਕਹੇ ਫ਼ੋਨ ਕੱਟ ਦਿੱਤਾ। ਘੰਟੀ ਫੇਰ ਵੱਜੀ, ਉਹੀ ਸੀ, “ਨਾ ਸਿਮਰਨ ਫ਼ੋਨ ਨਾ ਰੱਖਣਾ, ਮੇਰੀ ਗੱਲ ਸੁਣ ਲੈ ਪਲੀਜ਼ ਇਸ ਨੂੰ ਧਮਕੀ ਨਾ ਸਮਝਣਾ, ਮੈਂ ਪ੍ਰੋ. ਵਾਲੀ ਗੱਲ ਬਾਪੂ ਜੀ ਹੋਰਾਂ ਨੂੰ ਦੱਸ ਸਕਦਾ ਹਾਂ ਪਰ ਮੈਂ ਦੱਸਾਂਗਾ ਨਹੀਂ… ਮੈਂ ਉਨ੍ਹਾਂ ਦੀ ਬਹੁਤ ਇੱਜ਼ਤ ਕਰਦਾ ਹਾਂ… ਉਂਜ ਵੀ ਹੁਣ ਉਨ੍ਹਾਂ ਦੀ ਇੱਜ਼ਤ ਮੇਰੀ ਇੱਜ਼ਤ ਹੈ… ਮੈਂ ਤੈਨੂੰ ਬਹੁਤ ਚਾਹੁੰਦਾ ਹਾਂ ਸਿਮਰਨ ਤੈਨੂੰ ਕੋਈ ਕੁਝ ਕਹੇ ਇਹ ਮੈਂ ਸਹਿ ਨਹੀਂ ਸਕਾਂਗਾ… ਨਾਲੇ ਅੱਜ ਕੱਲ੍ਹ ਵਿਆਹ ਤੋਂ ਪਹਿਲੇ ਸਬੰਧਾਂ ਬਾਰੇ ਕੌਣ ‘ਕੇਅਰ’ ਕਰਦੈ ਸੋ ਤੁਸੀਂ ਹੁਣ।” ਇਹ ਗੱਲ ਪੂਰੀ ਦੀ ਪੂਰੀ ਧਮਕੀ ਵੀ ਸੀ ਤੇ ਸਿਮਰਨ ਦੀਆਂ ਗੱਲਾਂ ਦੇ ਜੁਆਬ ਵਿਚ ਮਿਸਟਰ ਮੈਨੇਜਰ ਵਲੋਂ ਕਿਹਾ ਹੋਇਆ, ‘ਆਈ ਡੌਟ ਕੇਅਰ।’ ਸਿਮਰਨ ਨੇ ਫ਼ੋਨ ਰੱਖਕੇ ਸਿਰ ਫੜ੍ਹ ਲਿਆ ਸੀ।
ਓਦੋਂ ਮੇਘਨਾ ਨੇ ਸੰਭਾਲਿਆ ਸੀ ਉਸਨੂੰ ਉਸਦਾ ਸਿਰ ਆਪਣੀ ਗੋਦ ਵਿਚ ਰੱਖ ਲਿਆ ਸੀ। ਮਨ ਭਰ ਗਿਆ ਸੀ ਸਿਮਰਨ ਦਾ, ‘ਇੰਜ ਕਦੇ ਮਾਂ ਨੇ ਹੌਸਲਾ ਦਿੱਤਾ ਹੁੰਦਾ ਜਾਂ ਪਿਓ ਨੇ।’ ਉਸ ਨੇ ਭਰੇ ਮਨ ਨਾਲ ਹੀ ਕਿਹਾ ਸੀ, “ਮੇਘਨਾ ਸੈਕਿੰਡ ਹੈਂਡ ਤਾਂ ਮੈਂ ਕਿਤਾਬ ਨਹੀਂ ਸੀ ਪੜ੍ਹਦੀ।”
“ਓ… ਨੋ…।” ਮੇਘਨਾ ਆਖ ਰਹੀ ਸੀ, “ਪ੍ਰਾਬਲਮ ਇਹ ਨਹੀਂ… ਸੈਕਿੰਡ… ਇਸ ਯੁਗ ਵਿਚ ਸੈਕਿੰਡ ਹੈਂਡ ਕੋਈ ਈਸ਼ੂ ਨਹੀਂ… ਈਸ਼ੂ ਹੈ ਆਪਣੀ ਮਰਜ਼ੀ ਆਪਣੀ ਇੱਛਾ ਅਨੁਸਾਰ ਜਿਉਣਾ । ਦੇਖ ਇਹ ਆਊਟ ਡੇਟਿਡ ਗੱਲਾਂ ते डेवीभां…।”
‘ਮਤਲਬ…?” ਸਿਮਰਨ ਉਠ ਕੇ ਬੈਠ ਗਈ ਸੀ।
“ਮਤਲਬ ਇਹ ਕਿ ਮਾਡਰਨ ਔਰਤ ਬਣ… ਮਾਡਰਨ ਸੋਚ ਅਪਣਾ.. ਨਹੀਂ ਸਮਝਦੀ?”
“ਨਹੀਂ!” ਸਿਮਰਨ ਨੇ ਸਿਰ ਹਿਲਾਇਆ।
“ਦੇਖ ਸਦੀਆਂ ਤੋਂ ਸਾਨੂੰ ਜੁੱਤੀ ਹੇਠ ਰੱਖਿਆ ਮਰਦਾਂ ਨੇ ਹੁਣ ਅਸੀਂ ਇਨ੍ਹਾਂ ਨੂੰ ਜੁੱਤੀ ਹੇਠ ਰੱਖਣੈ ਬੱਸ ।” ਮੇਘਨਾ ਸੱਜੇ ਹੱਥ ਦੀ ਮੁੱਕੀ ਖੱਬੇ ਹੱਥ ਦੀ ਤਲੀ ‘ਤੇ ਰਗੜਦਿਆਂ ਦੰਦ ਪੀਹ ਕੇ ਬੋਲ ਰਹੀ ਸੀ ਤਾਂ ਸਿਮਰਨ ਅੱਖਾਂ ਅੱਗੋਂ ਮਾਂ ਦਾ ਸਾਰਾ ਜੀਵਨ ਲੰਘ ਗਿਆ।
ਮੇਘਨਾ ਬੋਲ ਰਹੀ ਸੀ, “ਬਦਲ ਭਾਰਤੀ ਨਾਰੀ ਬਦਲ. ਹਿੰਮਤ ਕਰ… ਕਿਸੇ ਭਗਵਾਨ ਨੇ ਨਹੀਂ ਆਉਣਾ ਤੈਨੂੰ ਮਰਦ ਦੇ ਪਿੰਜਰੇ ਵਿਚੋਂ…।”
ਉਸਦੀ ਗੱਲ ਕੱਟ ਦਿੱਤੀ ਸਿਮਰਨ ਨੇ, “ਪਰ ਤੂੰ ਇਹ ਲੈਕਚਰ ਕਿਓਂ ਦੇਣ ਲੱਗ ਪਈ ਏਂ ਪ੍ਰੋ. ਵਾਂਗੂੰ… ਮੈਨੂੰ ਨਫ਼ਰਤ ਐ ਲੈਕਚਰਾਂ ਤੋਂ, ਲੈਕਚਰ ਦੇਣ ਵਾਲੇ ਆਪ ਕੀ ਕਰਦੇ ਨੇ, ਮੈਨੂੰ ਪਤੈ ਤੂੰ ਹੀ ਦੱਸ ਤੂੰ ਜਿਹਨੂੰ ਰੋਜ਼ ਮਿਲਦੀ ਆਂ, ਰੱਖੇਂਗੀ सॅडी बॅले…?”
“ਬਿਲਕੁਲ ਉਹ ਮੇਰੀ ਜੁੱਤੀ ਥੱਲੇ ਐ… ।” ਮੇਘਨਾ ਸਹਿਜ ਸੀ।
“ਹੁਣ ਹੀ ਹੈ ਮੇਘਨਾ, ਤੂੰ ਵਿਆਹ ਪਿਛੋਂ ਦੇਖੀਂ ਫੇਰ ਨਹੀਂ ਰਹਿੰਦਾ ਤੇਰੀ … सॅडी बॅले…।”
“ਪਰ ਮੈਂ ਵਿਆਹ ਕਰ ਕਿਉਂ ਇਹਦੇ ਨਾਲ।” ਮੇਘਨ ਹੱਸ ਪਈ ਸੀ, “ਜੇ ਇਓਂ ਹਰ ਮਿਲਣ ਗਿਲਣ ਵਾਲੇ ਨਾਲ ਵਿਆਹ ਕਰਨ ਲੱਗੀ, ਫਿਰ ਤਾਂ ਏਸੇ ਕੰਮ ਜੋਗੀ ਆਂ ਮੈਂ।” ਸਿਮਰਨ ਹੈਰਾਨੀ ਨਾਲ ਉਹਦੇ ਮੂੰਹ ਵੱਲ ਵੇਖ ਰਹੀ ਸੀ।
“ਹੈਰਾਨ ਨਾ ਹੋ ਸਿਮਰਨ ਆਪਣਾ ਆਪ ਬਦਲ… ਪੱਛੜਾਪਣ ਛੱਡ… ਮੈਂ ਠੀਕ ਕਹਿੰਨੀ ਆਂ ਤੈਨੂੰ, ਵਿਆਹ ਲਈ ਪ੍ਰੋਫ਼ੈਸਰ ਠੀਕ ਐ। ਡਮਰੂ ਐ ਪੂਰਾ ਡਮਰੂ ਜਿਵੇਂ ਵਜਾਏਂਗੀ ਉਵੇਂ ਵੱਜੂ । ਮੇਰਾ ਤਾਂ ਭਰਾ ਲੱਗਦੈ ਨਹੀਂ ਏਦੂੰ ਵਧੀਆ ਪਤੀ ਕਿੱਥੇ ਮਿਲਦੈ ।” ਮੇਘਨਾ ਨੇ ਹਾਉਕਾ ਭਰਿਆ।
ਸਿਮਰਨ ਨੂੰ ਹੈਰਾਨੀ ਨਾਲ ਚੱਕਰ ਆ ਰਹੇ ਸਨ। ਮੇਘਨਾ ਕਹਿ ਰਹੀ ਸੀ, “ਇਹ ਮੌਕਾ ਹੱਥੋਂ ਨਾ ਗਵਾ ਉਂਜ ਮੈਨੇਜਰ ਵੀ ਮਾੜਾ ਨਹੀਂ, ਵੈਲ ਸੈਟਿਡ ਐ… … ਫਿਰ ਉਮਰ ‘ਚ ਵੱਡਾ ਐ ਤੈਥੋਂ, ਪੂਰੇ ਲਾਡ ਲਡਾਊ । ਪਰ ਜੇ ਤੈਨੂੰ ਨਹੀਂ ਪਸੰਦ ਤਾਂ ਪ੍ਰੋ. ਵਾਲਾ ਮੌਕਾ ਨਾ ਗਵਾ । ਤੂੰ ਅੱਜ ਦੀ ਖ਼ੁਸ਼ਕਿਸਮਤ ਕੁੜੀ ਐਂ ਸਿਮਰਨ…।” ਮੇਘਨਾ ਨੇ ਇਕ ਹਾਉਕਾ ਹੋਰ ਭਰਿਆ “ਜਿਸ ਕੋਲ ਚੁਣਨ ਲਈ ਮੌਕਾ ਹੈ… ਤੇਰਾ ਤਾਂ ਸਵੰਬਰ ਹੋ ਰਿਹੈ ਸਵੈਮ-ਵਰ।”
“ਤੂੰ ਕੀ ਕਹੀ ਜਾਨੀਂ ਐਂ ਮੇਘਨਾ, ਮੇਰੇ ਤਾਂ ਕੁਝ ਪੱਲੇ ਨਹੀਂ ਪੈਂਦਾ, ਮੈਂ ਮਰਦੀ ਜਾਨੀ ਆਂ ਖ਼ੁਸ਼ਕਿਮਸਤ ਦੱਸਦੀ ਐ…।’
“ਇਹ ਤਾਂ ਸੋਚਣ ਦਾ ਢੰਗ ਐ ਸਿਮਰਨ, ਅੱਜ ਦੀ ਔਰਤ ਇੰਜ ਹੀ ਸੋਚਦੀ ਹੈ, ਪੈਸੇ ਵਾਲਾ ਪਤੀ ਹੋਵੇ, ਪਿੱਛੇ ਪਿੱਛੇ ਫਿਰੇ ਪੁੱਛ ਕੇ ਚੱਲੇ…।”
“ਪਤੀ ਨਹੀਂ, ਨੌਕਰ ਭਾਲਦੀ ਐਂ ਤੂੰ ਤਾਂ।” ਮਿਸਰਨ ਫਿੱਕਾ ਜਿਹਾ ਹੱਸੀ ਸੀ।
“ਆਫ਼ ਕੋਰਸ… ਬਿਲਕੁਲ ।” ਮੇਘਨਾ ਗੰਭੀਰ ਸੀ, “ਉਹ ਸਵੇਰੇ ਚਾਹ ਬਣਾਕੇ ਮੈਨੂੰ ਉਠਾਵੇ, ਮੈਂ ਬਾਥਰੂਮ ‘ਚ ਹੋਵਾਂ ਉਹ ਟਾਵਲ ਲਈ ਬਾਹਰ ਖੜ੍ਹਾ ਹੋਵੇ… ਦੇਖੀਂ ਤੂੰ ਮੈਂ ਅਜਿਹਾ ਬੰਦਾ ਲੱਭ ਕੇ ਹੀ ਵਿਆਹ ਕਰਾਂਗੀ ਸਿਮਰਨ।”
“ਗੱਲਾਂ ਤਾ ਤੇਰੀਆਂ ਠੀਕ ਨੇ, ਪਰ ਪਤੀ ਤਾਂ ਪਤੀ ਹੋਵੇ ਮੇਘਨਾ… ਡੋਰੂ ਨਹੀਂ …।”
“ਉਫ਼ ਹੋ… ਮੁੜ ਮੁੜ ਉਹੀ ਗੱਲ ਤੁਹਾਡਾ ਕੁਝ ਨਹੀਂ ਹੋ ਸਕਦਾ ਦੇਵੀ ਜੀ, ਗੁੱਡ ਬਾਏ… ਕਰੋ ਪੇਸ਼ਾਚ ਵਿਆਹ…।”
“ਪੇਸ਼ਾਚ ਵਿਆਹ…?” ਸਿਮਰਨ ਨੇ ਉਤਸੁਕਤਾ ਨਾਲ ਪੁੱਛਿਆ।
“ਹਾਂ ਪੇਸ਼ਾਚ ਵਿਆਹ ਮਨੂੰ ਨੇ ਅਸ਼ਟ ਵਿਆਹ ਵਿਧਾਨ ਬਣਾਇਆ ਜਿਹੜਾ ਉਸ ਵਿਚ ਅੱਠਵੀਂ ਤਰ੍ਹਾਂ ਦਾ ਵਿਆਹ ਹੈ, ਰੋਂਦੀ ਕੁਰਲਾਉਂਦੀ ਕੰਨਿਆਂ ਨੂੰ ਵਿਆਹ ਕੇ ਲੈ ਜਾਣਾ…।”
ਸੁਣਕੇ ਸਿਮਰਨ ਕੰਬ ਗਈ ਸੀ।
ਹਵਾ ਘੁੰਮੀ ਹੈ ਤਾਂ ਬਾਰੀ ਵਿਚ ਖੜ੍ਹੀ ਸਿਮਰਨ ਸੀਤ ਬੁੱਲੇ ਨਾਲ ਕੰਬ ਗਈ ਹੈ। ਪਿੱਛੇ ਹੱਟ ਗਈ ਹੈ ਉਹ, ਪੈਗ ‘ਚੋਂ ਦੋ ਘੁੱਟਾਂ ਭਰੀਆਂ ਹਨ, ਨਮਕੀਨ ਲਿਆ ਹੈ। ਸਿਗਰਟ ਦੇ ਕਸ਼ ਖਿੱਚੇ ਹਨ ਅਤੇ…।
ਵਿਆਹ ਵਾਲੇ ਦਿਨ ਤਕ ਪ੍ਰੋ. ਵਿਕਾਸ ਨੂੰ ਆਸ ਸੀ ਕਿ ਸਿਮਰਨ ਕਿਸੇ ਵੀ ਤਰ੍ਹਾਂ ਹੋਣੀ ਨੂੰ ਟਾਲ ਦੇਵੇਗੀ ਜਾਂ ਹੋਣੀ ਆਪੇ ਟਲ ਜਾਵੇਗੀ। ਪਰ ਸਿਮਰਨ ਪਤਾ ਨਹੀਂ ਕੀ ਮਿਥੀ ਬੈਠੀ ਸੀ । ਉਹ ਪ੍ਰੋ. ਨੂੰ ਵੀ ਮਿਲ ਰਹੀ ਸੀ, ਜਦੋਂ ਉਹ ਦੇ ਕੋਲ ਹੁੰਦੀ ਤਾਂ ਉਸਦੀ ਹੀ ਹੁੰਦੀ । ਘਰ ਹੁੰਦੀ ਤਾਂ ਘਰਦਿਆਂ ਦੀ ਮਰਜ਼ੀ ਤੋਂ ਭੋਰਾ ਵੀ ਇਧਰ ਉਧਰ ਨਾ ਹੁੰਦੀ। ਮਾਂ ਸਭ ਕੁਝ ਜਾਣਦੀ ਹੋਣ ਕਰਕੇ ਸਹਿਮੀ ਰਹਿੰਦੀ। ਉਸਦੇ ਸੰਸੇ ਨਾ ਮੁੱਕਦੇ। ਉਸਨੇ ਵਿਆਹ ਦੇ ਦਿਨ ਤੱਕ ਪੂਰੀ ਰਾਖੀ ਕੀਤੀ ਸੀ, ਸਿਮਰਨ ਦੀ। ਉਹ ਗੁਰੂਆਂ ਦੀਆਂ ਤਸਵੀਰਾਂ ਅੱਗੇ ਅਰਦਾਸਾਂ ਕਰਦੀ ਰਹਿੰਦੀ ਕਿ ਉਸਦੀ ਧੀ ਦੀ ਡੋਲੀ ਸੁੱਖੀ ਸਾਂਦੀ ਵਿਦਾਅ ਹੋ ਜਾਵੇ। ਸਿਮਰਨ ਦਾ ਜੀ ਕਰਦਾ ਉਹ ਮਾਂ ਨੂੰ ਆਖੇ, “ਦੇਖ ਮਾਂ, ਜੇ ਤੂੰ ਚਾਹੁੰਨੀ ਐਂ ਮੈਂ ਸਾਰੀ ਉਮਰ ਤੇਰੀ ਧੀ ਬਣਕੇ ਰਹਾਂ ਤਾਂ ਮੈਨੂੰ ਰਾਂਝਣ ਦੇ ਲੜ ਲਾ ਦੇ… । ਮੇਰੀ ਏਨੀ ਕੁ ਮੰਨ ਲੈ… ਇਹ ਮੈਨੇਜਰ ਮੈਨੂੰ ਪਸੰਦ ਨਹੀਂ.. ਮੈਨੂੰ ਪ੍ਰੋ. ਨਾਲ ਤੋਰਦੇ ਮਾਂ…,” ਮਾਂ ਤਸਵੀਰਾਂ ਅੱਗੋਂ ਹੱਟ ਸਿਮਰਨ ਅੱਗੇ ਹੱਥ ਜੋੜਦੀ, “ਦੇਖ ਮੇਰੀ ਬੀਬੀ ਧੀ ਦੇਖ ਖ਼ਾਨਦਾਨ ਤੇਰਾ थिए… डेग डा…।”
ਪਰ ਸਿਮਰਨ ਨੂੰ ਕੁਝ ਨਾ ਸੁਣਦਾ। ਉਹ ਮਨ ਹੀ ਮਨ ਆਖਦੀ, “ਬੱਸ ਮਾਂ ਬੱਸ… ਮੈਨੂੰ ਲੈਕਚਰ ਨਾ ਦੇ ਪਿਓ ਦੀ ਪੱਗ ਤੇ ਭਰਾ ਦੀ ਇੱਜ਼ਤ ਦਾ ਵਾਸਤਾ ਨਾ ਪਾ… ਇਹ ਦੋਵੇਂ ਇਸ ਕਾਬਲ ਨਹੀਂ ਮੇਰੇ ਜੰਮਣ ਤੇ ਮੇਰਾ ਨਾ ਅੱਕੀ ਰੱਖਣ ਵਾਲਾ ਪਿਓ, ਬਿਨਾਂ ਗੱਲੋਂ ਹਰ ਵੇਲੇ ਫਟਕਾਰਨ ਵਾਲਾ ਭਰਾ, ਜਿਸਨੇ ਬੇਗੁਨਾਹ ਨੂੰ ਪੜ੍ਹਨੋਂ ਹਟਾ ਲਿਆ… ਉਨ੍ਹਾਂ ਮੇਰੇ ਲਈ ਕਦੇ ਨਹੀਂ ਸੋਚਿਆ ਮਾਂ, ਫਿਰ ਮੈਂ ਹੀ ਕਿਉਂ..? ”
ਪਰ ਇਹ ਗੱਲਾਂ ਉਹ ਆਖਦੀ ਨਾ ਸਗੋਂ ਮਾਂ ਦੀ ਤਸੱਲੀ ਕਰਾ ਦਿੰਦੀ, “ਮੈਂ ਕਿਤੇ ਨਹੀਂ ਜਾਂਦੀ ਮਾਂ, ਐਵੇਂ ਫ਼ਿਕਰ ਨਾ ਕਰਿਆ ਕਰ।”
ਅੰਦਰੋਂ ਉਹ ਕਹਿੰਦੀ, “ਪ੍ਰੋ. ’ਚ ਦਮ ਈ ਨਹੀਂ ਅੰਮੀਏ ਨਹੀਂ ਤਾਂ…।” ਕਦੇ ਮਾਂ ਪੁੱਛਦੀ… “ਤੈਨੂੰ ਮੇਰਾ ਮੋਹ ਨਹੀਂ ਆਉਂਦਾ ਸਿਮਰਨ?” ਜਾਂ ਮਨ ਭਰ ਲੈਂਦੀ ਤਾਂ ਸਿਮਰਨ ਆਖਦੀ, “ਲੈ ਮਾਂ ਦਾ ਮੋਹ ਤਾਂ ਹਰਿਕ ਨੂੰ ਆਉਂਦੈ…।”
ਪਰ ਮਨ ਵਿਚ ਆਖਦੀ, “ਕੀ ਕਰਾਂ ਅੰਮੜੀਏ ਤੂੰ ਵੀ ਧੀ ਲਈ ਕੁਝ ਨਹੀਂ ਕੀਤਾ, ਜੋ ਤੂੰ ਕੀਤੈ ਉਹ ਤਾਂ ਆਪਣੇ ਬੱਚਿਆਂ ਲਈ ਜਾਨਵਰ ਵੀ ਕਰਦੇ ਐ, ਪਾਲ ਪੋਸ ਕੇ ਉਡਾਰ ਤਾਂ ਉਹ ਵੀ ਕਰ ਈ ਦਿੰਦੇ ਐ.।”
ਪਤਾ ਨਹੀਂ ਕਿਉਂ ਹੱਸ ਪਈ ਹੈ ਸਿਮਰਨ, ਹੱਸਦੀ ਹੱਸਦੀ ਨੇ ਅੱਖਾਂ ਭਰ ਲਈਆਂ ਨੇ ਅਤੇ ਮਨ ਵੀ ਮਾਂ ਯਾਦ ਆ ਗਈ ਹੈ ਸ਼ਾਇਦ…।
ਵਿਆਹ ਵਾਲੇ ਦਿਨ ਪਿਓ ਤੇ ਭਰਾ ਬਾਰੇ ਸਾਫ਼ ਆਖ ਦਿੱਤਾ ਸੀ ਮਾਂ ਨੂੰ, “ਮਾਂ ਏਹਨਾਂ ਦੋਵਾਂ ਨੂੰ ਕਹਿੰਦੇ ਝੂਠੇ ਹੇਜ਼ ਨਾ ਵਿਖਾਉਣ ਜਦੋਂ ਚੀਜ਼ ਦਾ ਮੁੱਲ ਵੱਟ ਲਈਏ ਉਹ ਆਪਣੀ ਨਹੀਂ ਰਹਿੰਦੀ।” ਏਨਾ ਕਹਿੰਦੀ ਦੀ ਉਹਦੀ ਧਾਹ ਨਿੱਕਲ ਚੱਲੀ ਸੀ ਪਰ ਉਹ ਨੇ ਮੂੰਹ ਫੇਰ ਕੇ ਹਾਉਕੇ ਨਾਲ ਹੀ ਸਾਰ ਲਿਆ।
ਓਦੋਂ ਥੋੜ੍ਹੀ ਦੇਰ ਪਹਿਲਾਂ ਹੀ ਪਤਾ ਲੱਗਿਆ ਸੀ, ਮੇਘਨਾ ਨੇ ਹੀ ਦੱਸਿਆ ਸੀ ਕਿ ਮਿਸਟਰ ਮੈਨੇਜਰ ਨੇ ਭਰਾ ਦੇ ਨਾਂ ਬਹੁਤ ਵੱਡਾ ਲੋਨ ਮੰਜੂਰ ਕੀਤਾ ਸੀ…। ਓਦਣ ਪਹਿਲੇ ਦਿਨ ਪਿਓ ਤੇ ਭਰਾ ਵਲੋਂ ਅੱਖਾਂ ਕੱਢਣ ਦੇ ਜੁਆਬ ਵਿਚ ਉਸ ਨੀਵੀਂ ਨਹੀਂ ਸੀ ਪਾਈ, ਅੱਖਾਂ ਕੱਢੀਆਂ ਸਨ, ਕਿਹਾ ਕੁਝ ਨਹੀਂ ਸੀ। ਉਂਜ ਮਨ ‘ਚ ਬਹੁਤ ਕੁਝ ਸੀ ਕਿ ਆਖੇ, “ਤੁਸੀਂ ਅੱਖਾਂ ਕੱਢਣ ਦਾ ਹੱਕ ਗੁਆ ਲਿਐ… ਹੁਣ ਮੈਂ ਥੋਡੀ ਨਹੀਂ, ਮਿਸਟਰ ਮੈਨੇਜਰ ਦੀ ਮਾਲਕੀ ਹਾਂ. ਲੋਨ ਵੱਟੇ ਗਹਿਣੇ ਤਾਂ ਮੈਂ ਹੀ ਪਈ ਆ…।” ਸੋਚਿਆ ਸੀ ਭਰਾ ਨੂੰ ਆਖੇ ਕਿ ਭੈਣਾਂ ਦਾ ਸੌਦਾ ਕਰਨ ਵਾਲੇ ਭਰਾ ਗੁੱਸਾ ਨਹੀਂ ਸਿਆਣਪ ਵਰਤਦੇ ਐ…।
ਪਰ ਉਹ ਚੁੱਪ ਰਹੀ ਸੀ। ਉਸਨੇ ਕੋਈ ਵੀ ਸ਼ਗਨ ਜਾਂ ਰਸਮ ਚੱਜ ਸੁਰ ਨਾਲ ਨਹੀਂ ਸੀ ਕੀਤੀ। ਰਿਸ਼ਤੇਦਾਰ ਸਾਰੇ ਹੈਰਾਨ ਸਨ। ਸਿਮਰਨ ਏਸ ਨਾਟਕ ਦੀ ਨਾਇਕਾ ਹੁੰਦੀ ਵੀ ਦਰਸ਼ਕ ਬਣੀ ਹੋਈ ਸੀ । ਉਂਜ ਉਸਦੇ ਜੀਅ ਵਿਚ ਖੌਰੂ ਪੈਂਦਾ ਸੀ। ਪੱਲੇ ਤੈਂਡੇ ਲਾਗੀਂ ਵਾਲੇ ਸ਼ਬਦ ਤੋਂ ਖਿੱਝ ਉਠਦੀ ਸੀ ਉਹ। ਉਸਦਾ ਜੀਅ ਕੀਤਾ ਆਖੇ, “ਪਲੇ ਲੱਗਣ ਨੂੰ ਮੈਂ ਲੰਗੜੀ ਆਂ… ਏਹਦੇ ਵਰਗੀ ਆਂ ਏਹਦੇ ਬਰਾਬਰ ਦੀ ਧਿਰ, ਫਿਰ ਏਹਦੇ ਹੱਥ ‘ਚ ਮੇਰਾ ਹੱਥ ਕਿਉਂ ਨਹੀਂ ਦਿੰਦੇ।” ਪਰ ਉਹ ਬੋਲੀ ਨਹੀਂ ਸੀ।
ਉਂਜ ਉਸ ਨੇ ਵਿਦਾਅ ਹੋਣ ਵੇਲੇ ਸਾਰਿਆਂ ਨੂੰ ਹੈਰਾਨ ਹੀ ਨਹੀਂ ਪ੍ਰੇਸ਼ਾਨ ਵੀ ਕਰ ਦਿੱਤਾ ਸੀ । ਉਹ ਨਾ ਪਿਓ ਨੂੰ ਮਿਲੀ, ਨਾ ਭਰਾ ਨੂੰ, ਨਾ ਮਾਂ ਦੇ ਗਲ ਲੱਗ ਕੇ ਰੋਈ । ਮੇਘਨਾ ਨੂੰ ਜੱਫੀ ਪਾਈ ਤੇ ਉਸਦੇ ਕੰਨ ਵਿਚ ਕਿਹਾ, “ਪ੍ਰੋ. ਸੋਚਦੈ ਮੈਂ ਮਰ ਜੂੰ… ਪਹਿਲਾਂ ਸੋਚਿਆ ਸੀ ਕਿ ਅੱਜ ਜਦੋਂ ਗੱਡੀ ਪੁੱਲ ਤੋਂ ਲੰਘੂ ਛਾਲ ਮਾਰ ਦੂੰਗੀ ਪਰ ਹੁਣ ਨਹੀਂ।” ਅੱਗੋਂ ਉਸ ਨੇ ਮਨ ‘ਚ ਕਿਹਾ, “ਮਾਰੂੰ ਉਸ ਵਪਾਰੀ ਨੂੰ ਜਿਹੜਾ ਲੋਨ ਨਾਲ ਮੈਨੂੰ ਖ਼ਰੀਦ ਕੇ ਲੈ ਚੱਲਿਐ…।” ਮੇਘਨਾ ਨੇ ਨਾਲ ਘੁੱਟਦਿਆਂ ਉਸ ਦੇ ਮੋਢੇ ਥਪਥਪਾਏ ਸਨ ਤੇ ਉਹ ਮਾਂ ਸਮੇਤ ਕੁਝ ਹੋਰਨਾਂ ਦੀਆਂ ਅੱਖਾਂ ‘ਚੋਂ ਵਗਦੇ ਸੱਚੇ ਝੂਠ ਤੇ ਪੁਲ ਥੱਲਿਉਂ ਲੰਘਦੇ ਪਾਣੀਆਂ ਨੂੰ ਪਿੱਛੇ ਛੱਡ ਆਈ ਸੀ…।
ਉਹ ਬਾਰੀ ਬੰਦ ਕਰਨ ਲਈ ਉਠੀ ਹੈ। ਬਾਹਰ ਸ਼ਾਮ ਉਤਰ ਰਹੀ ਹੈ…। ਪਹਾੜੀ ਸ਼ਾਮ। ਬਹੁਤ ਇਕੱਲੀ ਤੇ ਉਦਾਸ ਹੁੰਦੀ ਹੈ ਪਹਾੜੀ ਸ਼ਾਮ…। ਠੰਡੀ ਯੱਖ, ਉਦਾਸੀ ਨੇ ਚੁਫੇਰਿਉਂ ਵਲ ਲਿਆ ਹੈ ਸਿਮਰਨ ਨੂੰ। ਪਤਾ ਨਹੀਂ ਕਿਉਂ ਉਹ ਬਾਰੀ ਵਿਚ ਹੀ ਖਲੋਤੀ ਰਹਿ ਗਈ ਹੈ… । ਬਾਹਰ ਦੇਖਦੀ ਹੋਈ…।
ਮਿਸਟਰ ਮੈਨੇਜਰ ਇੰਜ ਵਰਤਾਅ ਕਰ ਰਿਹਾ ਸੀ ਜਿਵੇਂ ਕੋਈ ਵੱਡੀ ਜੰਗ ਜਿੱਤ ਲਈ ਹੋਵੇ। ਭਾਵੇਂ ਬਿਨਾਂ ਸੰਗ ਸ਼ਰਮ ਤੋਂ ਸਿਮਰਨ ਦਾ ਰੁੱਖਾ ਵਰਤਾਅ ਉਸਨੂੰ ਦੁਖੀ ਕਰਦਾ ਸੀ ਪਰ ਪੰਜ ਫੁੱਟ ਅੱਠ ਇੰਚ ਲੰਮੀ 20 ਵਰ੍ਹਿਆਂ ਦੀ ਬੇਹੱਦ ਸੁਨੱਖੀ ਮੁਟਿਆਰ ਨਾਲ ਵਿਆਹ ਕਰਨਾ ਉਸਨੂੰ ਸਭ ਕੁਝ ਭੁਲਾ ਦਿੰਦਾ ਤੇ ਉਹ ਪਾਗ਼ਲਾਂ ਵਾਂਗ ਸਿਮਰਨ ਵੱਲ ਵੇਖੀ ਜਾਂਦਾ। ਵਾਰੇ ਵਾਰੇ ਜਾਣ ਵਾਲੀ ਨਿਗਾ। ਪਰ ਸਿਮਰਨ ਨੇ ਮਿੱਥ ਲਿਆ ਸੀ ਕਿ ਨਾ ਇਸ ਤੋਂ ਪ੍ਰਭਾਵਿਤ ਹੋਣਾ ਹੈ ਨਾ ਰੀਐਕਟ ਕਰਨਾ ਹੈ…। ਰਾਤੀਂ ਜਦੋਂ ਉਸ ਨੇ ਸਿਮਰਨ ਦੇ ਸਾਹਮਣੇ ਸੁਹਾਗ ਰਾਤ ਨੂੰ ਜੀਵਨ ਦੀ ‘ਅਤਿ ਮਹੱਤਵਪੂਰਨ’ ਰਾਤ ਦੱਸਦਿਆਂ ਕਿੰਨਾ ਕੁਝ ਹੀ ਆਖਿਆ ਤਾਂ ਸਿਮਰਨ ਨੇ ਬਿਨਾਂ ਉਤੇਜਿਤ ਹੋਇਆਂ ਇੰਜ ਸੁਣ ਲਿਆ ਜਿਵੇਂ ਕਲਾਸ ਵਿਚ ਨਾਗਰਿਕ ਸ਼ਾਸਤਰ ਦੇ ਲੈਕਚਰ ਸੁਣ ਲੈਂਦੀ ਸੀ।
ਓਦੋਂ ਤਾਂ ਹੱਦ ਹੀ ਹੋ ਗਈ ਜਦੋਂ ਛਿੱਥਾ ਜਿਹਾ ਪੈਂਦਿਆਂ ਮਿਸਟਰ ਮੈਨੇਜਰ ਨੇ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ ਕਾਰਜ ਨੂੰ ਨਿਪਟਾਇਆ ਤੇ ਬਦਲਾ ਲੈਣ ਲਈ ਸਿਮਰਨ ਨੂੰ ਆਖਿਆ, “ਆਖਿਰ ਮੈਂ ਤੈਨੂੰ ਪਾ ਹੀ ਲਿਆ ਸਿਮਰਨ ।”
“ਮੈਂ ਤਾਂ ਨਹੀਂ ਸਮਝਦੀ ।” ਉਦੋਂ ਉਹ ਏਨੀ ਸਹਿਜ ਸੀ ਕਿ ਖ਼ੁਦ ਉਸ ਨੂੰ ਵੀ ਹੈਰਾਨੀ ਹੋਈ ਸੀ, “ਇਹ ਕੁਝ ਤਾਂ ਮੈਂ ਤੇ ਵਿਕਾਸ ਅਕਸਰ ਹੀ ਕਰਦੇ ਸਾਂ” ਤੇ ਉਹ ਬਾਥਰੂਮ ਚਲੀ ਗਈ ਸੀ।
ਇਹ ਪਹਿਲੀ ਵੱਡੀ ਸੱਟ ਸੀ ਜੋ ਸਿਮਰਨ ਨੇ ਮਿਸਟਰ ਮੈਨੇਜਰ ਨੂੰ ਮਾਰੀ ਸੀ ਅਤੇ ਉਸ ਦੀ ਤੜਫ਼ ਨੇ ਸਿਮਰਨ ਨੂੰ ਬਹੁਤ ਰਾਹਤ ਦਿੱਤੀ ਸੀ, ਫਿਰ ਤਾਂ ਇਕ ਦੌਰ ਸ਼ੁਰੂ ਹੋ ਗਿਆ ਸੀ ਸਾੜਨ ਅਤੇ ਸੜਨ ਦਾ।
ਮਿਸਟਰ ਮੈਨੇਜਰ ਦੀ ਬਦਲੀ ਇਸ ਪਹਾੜੀ ਪਰਦੇਸ ਦੀ ਹੋ ਗਈ ਸੀ। ਉਸਨੂੰ ਆਸ ਸੀ ਕਿ ਪੰਜਾਬੋਂ ਦੂਰ ਪਹਾੜੀ ਮਾਹੌਲ ਵਿਚ ਸਿਮਰਨ ਬਦਲ ਜਾਵੇਗੀ। ਉਸ ਨੇ ਚੰਗਾ ਘਰ ਲੈ ਲਿਆ ਸੀ। ਬਰਫ਼ਾਂ ਲੱਦੇ ਪਹਾੜ, ਸੇਬਾਂ ਦੇ ਬਗੀਚੇ, ਖੁਰਮਾਨੀ ਤੇ ਪਲਮ ਦੇ ਰੁੱਖਾਂ ਨੂੰ ਜਦੋਂ ਫੁੱਲ ਖਿੜਦੇ ਤਾਂ ਇਹ ਸਭ ਦੇਖ ਪੱਥਰਾਂ ਵਿਚ ਵੀ ਜ਼ਿੰਦਗੀ ਧੜਕ ਪੈਂਦੀ। ਪਰ ਸਿਮਰਨ ਜ਼ਿੰਦਗੀ ਮਾਨਣ ਲਈ ਮਿਸਟਰ ਮੈਨੇਜਰ ਨਾਲ ਨਹੀਂ ਸੀ ਆਈ। ਉਸ ਨੇ ਤਾਂ ਜਿਵੇਂ ਪੂਰੀ ਮਰਦ-ਜਾਤ ਤੋਂ ਬਦਲਾ ਲੈਣਾ ਸੀ ਤੇ ਉਹ ਬਦਲਾ ਲੈਣ ਲੱਗੀ। ਪਹਿਲਾ ਸੁਨੇਹਾ ਪਿਓ ਤੇ ਭਰਾ ਲਈ ਸੀ ਕਿ ਉਹ ਉਹਦੇ ਲਈ ਮਰ ਗਏ ਤੇ ਉਹ ਉਨ੍ਹਾਂ ਲਈ…। ਮਾਂ ਨੂੰ ਉਸ ਨੇ ਕੁਝ ਨਾ ਕਿਹਾ ਚੰਗਾ ਨਾ ਮਾੜਾ। ਉਹ ਦੌਰ ਦੁੱਖਾਂ ਦਾ ਦੌਰ ਸੀ। ਇਸ ਦੌਰ ਵਿਚ ਸਿਮਰਨ ਨੇ ਮਿਸਟਰ ਮੈਨੇਜਰ ਨੂੰ ਪੁੱਜ ਕੇ ਮਾਨਸਿਕ ਕਸ਼ਟ ਦਿੱਤੇ ਤੇ ਉਸ ਤੋਂ ਰੱਜਕੇ ਸਰੀਰਕ ਕਸ਼ਟ ਲਏ ਅਤੇ ਜਾਣਿਆ ਕਿ ਮਾਨਸਿਕ ਕਸ਼ਟ ਦੇ ਸਾਹਵੇਂ ਸਰੀਰਕ ਕਸ਼ਟ ਕੁਝ ਵੀ ਨਹੀਂ ਹੁੰਦਾ।
ਉਹ ਬਾਹਰੋਂ ਆਉਂਦੀ ਤਾਂ ਮਿਸਟਰ ਮੈਨੇਜਰ ਪੁੱਛਦਾ, “ਐਨੀ ਦੇਰ ਕਿੱਥੇ ਲਾਈ…?” ਉਹ ਬੇਪਰਵਾਹੀ ਨਾਲ ਕਹਿੰਦੀ, “ਏਥੇ ਪ੍ਰੋ. ਵਿਕਾਸ ਆਇਆ ਹੋਇਆ ਅੱਜਕਲ੍ਹ ਉਸ ਕੋਲ ਰੁਕ ਗਈ ਸਾਂ।”
“ਕੀ… ਈ…? ਉਹ ਕੁੱਤਾ ਇਥੇ ਵੀ ਆ ਗਿਆ…?”
“ਤਾਂ… ਆਉਣਾ ਈ ਸੀ ਉਸ…।”
“ਮਿਲ ਆਈ ਯਾਰ ਨੂੰ ਕੁੱਤੀਏ…?”
ਉਹ ਮੁਸਕਰਾਉਂਦੀ ਤਾਂ ਉਹ ਉਠਦਾ ਤੇ ਉਸ ਨੂੰ ਕੁੱਟਣ ਲੱਗ ਪੈਂਦਾ।
ਉਹ ਚਪੇੜ ਮਾਰਦਾ ਤਾਂ ਸਿਮਰਨ ਕਹਿੰਦੀ, “ਉਹਦੇ ਚੁੰਮਣਾਂ ਅੱਗੇ ਤੇਰੀਆਂ ਚਪੇੜਾਂ… ਉਂ.. ਹੂੰ । ਉਹਦੇ ਇਕ ਚੁੰਮਣ ਪਿੱਛੇ ਤੇਰੀਆਂ ਹਜ਼ਾਰਾਂ ਚਪੇੜਾਂ ਖਾ ਸਕਦੀ ਹਾਂ ।” ਉਹ ਪਾਗਲ ਹੋ ਜਾਂਦਾ ਕੁੱਟਦਾ-ਕੁੱਟਦਾ ਹੱਫ ਜਾਂਦਾ ਦਾਰੂ ਪੀਂਦਾ ਤੇ ਬੇਸੁਧ ਹੋ ਕੇ ਪੈ ਜਾਂਦਾ।
ਸਿਮਰਨ ਦਾ ਪੋਰ ਪੋਰ ਦੁੱਖਦਾ ਪਰ ਏਸ ਦਰਦ ਵਿਚੋਂ ਵੀ ਕੋਈ ਸਵਾਦ ਆਉਂਦਾ ਉਸ ਨੂੰ। ਕਈ ਵਾਰ ਤਾਂ ਉਸ ਨੂੰ ਵੀ ਲੱਗਣ ਲੱਗਦਾ ਜਿਵੇਂ ਸੱਚਮੁਚ ਹੀ ਵਿਕਾਸ ਨੇ ਉਸ ਨੂੰ ਚੁੰਮਿਆ ਹੋਵੇ।
ਕਦੇ ਉਹ ਦੇਰ ਨਾਲ ਆਉਂਦੀ ਤਾਂ ਮਿਸਟਰ ਮੈਨੇਜਰ ਪੁੱਛਦਾ, “ਰੋਟੀ…?” ਉਹ ਹੱਸ ਪੈਂਦੀ, “ਕੀ ਦੱਸਾਂ? ਅੱਜ ਇਕ ਮੁੰਡਾ ਮਿਲ ਪਿਆ, ਉਹਦੀਆਂ ਅੱਖਾਂ ਤੇ ਬੁੱਲ ਜਮਾਂ ਵਿਕਾਸ ਵਰਗੇ ਓਸ ਧੱਕੇ ਨਾਲ ਹੀ ਡਿਨਰ ਕਰਵਾ ਦਿੱਤਾ। ਮੈਂ ਮਨ੍ਹਾਂ ਹੀ ਨਾ ਕਰ ਸਕਦੀ.। ਸਗੋਂ ਆਉਣ ਵੇਲੇ ਉਸ ਨੇ ਮੇਰਾ ਹੱਥ ਚੁੰਮ ਲਿਆ…।” ਤਾਂ ਗੁੱਸੇ ਨਾਲ ਪਗਲਾਇਆ ਮਿਸਟਰ ਮੈਨੇਜਰ ਉਠਦਾ ਤੇ ਬਲਦੀ-ਬਲਦੀ ਸਿਗਰਟ ਨਾਲ ਉਸਦਾ ਹੱਥ ਲੂਹ ਦਿੰਦਾ ।
ਉਸਦੇ ਮੂੰਹੋਂ ਹਲਕੀ ਜਿਹੀ ਚੀਕ ਨਿਕਲ ਗਈ ਹੈ, ਹੱਥੋਂ ਸਿਗਰਟ ਵੀ ਫ਼ਰਸ਼ ‘ਤੇ ਜਾ ਡਿੱਗੀ ਹੈ, ਜਿਵੇਂ ਹੁਣ ਹੱਥ ਲੂਹਿਆ ਗਿਆ ਹੋਵੇ। ਉਹ ਇਕ ਹੋਰ ਪੈਗ ਨੀਟ ਹੀ ਅੰਦਰ ਸੁੱਟਦੀ ਹੈ, ਸਿਗਰਟ ਨਹੀਂ ਬਾਲਦੀ ਬਹੁਤ ਦੁਖੀ ਜਾਪਦੀ .. ਹੈ…। ਦੁਖ ਭਰੇ ਦਿਨ ਯਾਦ ਆਉਣ ‘ਤੇ ਵੀ ਦੁਖੀ ਕਰਦੇ ਨੇ।
ਇਕ ਪੈਗ ਹੋਰ ਪਾ ਕੇ ਉਸ ਬੋਤਲ ਨੂੰ ਘੋਖਿਆ ਹੈ, ਅਧੀਉਂ ਵੱਧ ਖਾਲੀ ਹੋ ਗਈ ਹੈ ਉਸਦੀ ਜ਼ਿੰਦਗੀ ਵਾਂਗੂੰ। ਕਿਸ ਲੇਖੇ ਲੱਗੀ ਉਸ ਦੀ ਜ਼ਿੰਦਗੀ ਤੇ ਇਹ ਦਾਰੂ ? ਬੱਸ ਸਵੇਰੇ ਇਕ ਸਿਰਦਰਦ ਦੇ ਜਾਏਗੀ ਤੇ ਬੱਸ। ਉਹ ਪੈਗ ਅੰਦਰ ਸੁਟਦੀ ਹੈ ਤੇ…।
ਥੱਕ ਗਏ ਸਨ ਦੋਵੇਂ, ਮਿਸਟਰ ਮੈਨੇਜਰ ਕੁੱਟ ਕੁੱਟ ਕੇ ਤੇ ਸਿਮਰਨ ਝੂਠ ਬੋਲ ਬੋਲ ਕੇ। ਦੋਵੇਂ ਕਿਸੇ ਫ਼ੈਸਲੇ ‘ਤੇ ਪੁੱਜਣਾ ਚਾਹੁੰਦੇ ਸਨ । ਸਿਮਰਨ ਨੂੰ ਖ਼ਬਰ ਮਿਲੀ ਸੀ ਕਿ ਪ੍ਰੋ. ਵਿਕਾਸ ਦਾ ਵਿਆਹ ਹੋ ਗਿਐ ਤੇ ਮੇਘਨਾ ਦਾ ਪਿਛਲੇ ਛੇ ਮਹੀਨੇ ਤੋਂ ਕੁਝ ਪਤਾ ਨਹੀਂ.. । ਕੋਈ ਕਹਿੰਦਾ ਬੰਬੇ ਚਲੀ ਗਈ… । ਕੋਈ ਕਹਿੰਦੈ, “ਆਪਣੇ ਕਿਸੇ ਯਾਰ ਨਾਲ ਭੱਜ ਗਈ…।” ਕੋਈ ਦੱਸਦਾ, “ਨਹਿਰ ‘ਚ ਛਾਲ ਮਾਰਕੇ ਮਰ ਗਈ ਐ…।” ਦੋਵਾਂ ਖ਼ਬਰਾਂ ਨੇ ਸਿਮਰਨ ਨੂੰ ਬਹੁਤ ਉਦਾਸ ਕਰ ਦਿੱਤਾ ਸੀ। ਉਹ ਮਿਸਟਰ ਮੈਨੇਜਰ ਨੂੰ ਬਿਲਕੁਲ ਛੱਡ ਦੇਣਾ ਚਾਹੁੰਦੀ ਸੀ ਜਾਂ ਅਪਣਾ ਲੈਣਾ ਚਾਹੁੰਦੀ ਸੀ…। ਉਸ ਦਿਨ ਵੀ ਦੇਰ ਨਾਲ ਘਰ ਆਈ ਸੀ ਉਹ, ਐਵੇਂ ਭਟਕਦੀ ਰਹੀ ਸੀ, ਉਚੇ ਨੀਵੇਂ ਥਾਵਾਂ ‘ਤੇ…।
ਉਸ ਦਿਨ ਅੰਦਰ ਵੜਦਿਆਂ ਕੋਈ ਤਬਦੀਲੀ ਮਹਿਸੂਸ ਹੋਈ ਸੀ ਸਿਮਰਨ ਨੂੰ। ਤਾਜ਼ੇ ਫੁੱਲਾਂ ਦੀ ਮਹਿਕ ਆਈ ਸੀ…। ਬੈਡ ਸੀਟ ਬਦਲੀ ਹੋਈ ਸੀ। ਮਿਸਟਰ ਮੈਨੇਜਰ ਬਿਨਾਂ ਸ਼ਰਾਬ ਪੀਤੇ ਤੋਂ ਉਸ ਨੂੰ ਉਡੀਕ ਰਿਹਾ ਸੀ ਤੇ ਉਹਦੇ ਲਈ ਆਪ ਪਾਣੀ ਲੈ ਕੇ ਆਇਆ ਸੀ। ਸਿਮਰਨ ਹੈਰਾਨ ਸੀ ਪਰ ਅੰਦਰੋਂ ਕਿਤੋਂ ਖ਼ੁਸ਼ ਹੋਈ ਸੀ, ਬਹੁਤ ਚੰਗਾ ਲੱਗਿਆ ਸੀ ਉਸਨੂੰ ।
“ਸਿੰਮੀਂ ਸਿਮਰ ।” ਇੰਜ ਉਹ ਪਹਿਲਾਂ ਪਹਿਲਾਂ ਬੁਲਾਇਆ ਕਰਦਾ . ਸੀ ਪਰ ਸਿਮਰਨ ਚਿੜ੍ਹ ਜਾਂਦੀ ਸੀ। ਅੱਜ ਪਿਆਰਾ ਲੱਗਿਆ ਸੀ ਇਹ ਸੰਬੋਧਨ।
“ਲੈ ਪਾਣੀ ਪੀ ਲੈ ਸਿੰਮੀਂ… ਮੈਂ ਚਾਹ ਲੈ ਕੇ ਆਉਂਨੈ।”
“ਪ੍ਰੋ. ਵਿਕਾਸ ਦਾ ਵਿਆਹ ਹੋ ਗਿਐ…।” ਸਿਮਰਨ ਨੇ ਪਤਾ ਨਹੀਂ ਕਿਉਂ ਦੱਸਿਆ ਸੀ ਉਸਨੂੰ।
“ਅੱਛਾ. ਚਲੋ ਚੰਗਾ ਹੋਇਐ… ।” ਕਹਿੰਦਾ ਕਹਿੰਦਾ ਉਹ ਰੁਕ ਗਿਆ ਸੀ ਤੇ ਗੱਲ ਬਦਲ ਕੇ ਬੋਲਿਆ ਸੀ, “ਮੈਨੂੰ ਕੀ ਲੱਗਦੈ ਖ਼ੁਸ਼ ਰਹੂ ਉਹ…?”
“ਇੱਥੇ ਹੀ ਆਇਆ ਹੋਇਆ ਉਹ ਹਨੀਮੂਨ ਮਨਾਉਣ ।” ਪਤਾ ਨਹੀਂ ਕਿਉਂ ਸਿਮਰਨ ਨੇ ਝੂਠ ਬੋਲਿਆ ਸੀ।
“ਅੱਛਾ.. ਕੱਲ ਘਰ ਬੁਲਾ ਲਈਏ ਉਨ੍ਹਾਂ ਨੂੰ।” ਮਿਸਟਰ ਮੈਨੇਜਰ ਨੇ ਕਿਹਾ ਤਾਂ ਉਸ ਨੂੰ ਏਨਾ ਸਹਿਜ ਵੇਖ ਸਿਮਰਨ ਅਸਹਿਜ ਹੋਣ ਲੱਗੀ।
“ਇਕੱਠੇ ਨਹੀਂ ਆਉਣ ਲੱਗੇ ਉਹ। ਉਹ ਤਾਂ ਅੱਜ ਵੀ ਮੇਰੇ ਨਾਲ ਰਿਹੈ… ਉਹ ਬੈਠੀ ਰਹੀ ਹੈ ਕੱਲੀ ਹੋਟਲ ਵਿਚ ਕੱਲ ਵੀ ਅਸੀਂ ਉਪਰ ਘੁੰਮਣ ਜਾ ਰਹੇ ਹਾਂ ਮੈਂ ਤੇ ਵਿਕਾਸ..।” ਕਹਿੰਦੀ-ਕਹਿੰਦੀ ਉਹ ਬਾਥਰੂਮ ਵਿਚ ਚਲੀ ਗਈ ਸੀ। ਅੱਜ ਪਹਿਲੀ ਵਾਰ ਮਿਸਟਰ ਮੈਨੇਜਰ ਸਾਹਵੇਂ ਝੂਠ ਬੋਲਦੇ ਚੰਗਾ ਨਹੀਂ ਸੀ ਲੱਗਿਆ ਤੇ ਉਹ ਟੂਟੀ ਖੋਲ੍ਹਕੇ ਪਾਣੀ ਦੇ ਸ਼ੋਰ ਵਿਚ ਰੱਜਕੇ ਰੋਈ ਸੀ…।
ਉਹ ਮੂੰਹ ਹੱਥ ਧੋ ਕੇ ਬਾਹਰ ਆਈ ਸੀ ਤਾਂ ਮਿਸਟਰ ਮੈਨੇਜਰ ਦੀ ਇਹ ਕਹਿਣ ਦੀ ਹਿੰਮਤ ਹੀ ਨਹੀਂ ਹੋਈ ਕਿ ਖਾਣਾ ਇਕੱਠੇ ਖਾਵਾਂਗੇ। ਮੈਂ ਤੇਰੇ ਪਸੰਦ ਦੀ ਮਸ਼ਰੂਮ ਬਣਾਈ ਐ। ਉਹ ਦੋਵੇਂ ਆਪੋ ਆਪਣੇ ਥਾਂ ਜਾਗਦੇ ਪਏ ਸੁੱਤੇ ਹੋਣ ਦਾ ਢੋਂਗ ਕਰਦੇ ਰਹੇ ਸਾਰੀ ਰਾਤ। ਉਂਜ ਉਸ ਰਾਤ ਸਿਮਰਨ ਨੇ ਫ਼ੈਸਲਾ ਕੀਤਾ ਸੀ ਕਿ ਕੱਲ ਸਵੇਰੇ ਸਭ ਸੱਚੋ ਸੱਚ ਦੱਸਕੇ ਸਮਝੌਤਾ ਕਰ ਲੈਣੈ। ਸਵੇਰੇ ਜਦੋਂ ਇਹ ਸੈਰ ਤੋਂ ਪਰਤਣਗੇ, ਉਹ ਘਰ ਸਵਾਰੇਗੀ ਅਤੇ ਚਾਹ ਬਣਾਕੇ ਕਹੇਗੀ, “ਲਓ ਬਲਰਾਜ ਚਾਹ ਲਓ…।” ਮਿਸਟਰ ਮੈਨੇਜਰ ਕਹਿੰਦੀ ਕਹਿੰਦੀ ਅੱਕ ਗਈ ਸੀ ਉਹ। ਪਰ ਓਸ ਕੱਲ ਨੇ ਨਹੀਂ ਸੀ ਆਉਣਾ ਤੇ ਨਾ ਹੀ ਆਈ। ਬਲਰਾਜ ਸਵੇਰੇ ਸੈਰ ਕਰਨ ਲਈ ਘਰੋਂ ਨਿਕਲੇ, ਮੁੜ ਵਾਪਸ ਨਹੀਂ ਪਰਤੇ। ‘ਡੈਡ ਬੌਡੀ’ ਆਈ ਸੀ ਉਨ੍ਹਾਂ ਦੀ। ਕਹਿੰਦੇ, “ਕੋਈ ਗੱਡੀ ਫੇਟ ਮਾਰ ਗਈ…।’
ਸਿਮਰਨ ਬਹੁਤ ਰੋਈ ਸੀ ਬਲਰਾਜ ਲਈ… । ਬਲਰਾਜ ਤੋਂ ਵੀ ਵੱਧ ਓਸ ਬੱਚੇ ਲਈ ਰੋਈ ਸੀ ਜਿਸ ਬੱਚੇ ਨੂੰ ਉਹ ਬਲਰਾਜ ਨੂੰ ਦੱਸੇ ਬਿਨਾਂ ਡਾਕਟਰ ਦੀਆਂ ਕੈਂਚੀਆਂ ਦੇ ਹਵਾਲੇ ਕਰ ਆਈ ਸੀ…।
ਹੁਣ ਉਹ ਕਦੇ ਕਦੇ ਬਹੁਤ ਝੂਰਦੀ ਹੈ। ਬਲਰਾਜ ਵਾਲੀ ਮਿਲੀ ਨੌਕਰੀ ਕਰਦਿਆਂ ਗਿਲਟੀ ਫੀਲ ਕਰਦੀ ਹੈ। ਫਿਰ ਕਦੇ-ਕਦੇ ਆਪਣੇ ਆਪ ਨੂੰ ਜਸਟੀਫਾਈ ਕਰਨ ਲੱਗਦੀ ਹੈ ਕਿ ਔਰਤ ਜਿਸ ਨੂੰ ਪਿਆਰ ਨਹੀਂ ਕਰਦੀ ਉਸਦਾ ਬੱਚਾ ਕਿਉਂ ਜੰਮੇ। ਫਿਰ ਆਪ ਹੀ ਆਪਣੇ ਆਪ ਨੂੰ ਪੁੱਛਦੀ, “ਕੀ ਪ੍ਰੋ. ਦਾ ਬੱਚਾ ਜੰਮੇ ਜਿਸ ਵਿਚ ਗੌਟਸ ਹੀ ਨਹੀਂ.? ” ਉਹ ਮੇਘਨਾ ਨੂੰ ਯਾਦ ਕਰਦੀ, “ਦੱਸ ਮੇਘਨਾ ਮੈਂ ਬੱਚਾ ਕਿਸ ਦਾ ਜੰਮਾ ‘ਡਮਰੂ’ ਦਾ?” ਇਹ ਸਵਾਲ ਸਿਮਰਨ ਦੇ ਚੁਫ਼ੇਰੇ ਫੈਲਦਾ ਹੈ। ਜਿੱਥੇ ਪਲਕਾਂ ਝਪਕਣ ਦੀ ਆਵਾਜ਼ ਵੀ ਸੁਣਦੀ ਹੈ, ਓਸ ਚੁੱਪ ਵਿਚ ‘ਡਮਰੂ’ ਦੇ ਵੱਜਣ ਦਾ ਕੰਨ ਪਾੜਵਾਂ ਸ਼ੋਰ ਸੁਣਦਾ ਹੈ ਸਿਮਰਨ ਨੂੰ । ਜਿਸ ਵਿਚ ਕਿੰਨੇ ਹੀ ਸਵਾਲ ਤਾਂਡਵ ਨੱਚਦੇ ਨੇ…।
ਸਿਮਰਨ ਦਾ ਅੰਤਰਮਨ ਸਾਗਰ ਮੰਥਨ ਦੀ ਅਵਸਥਾ ‘ਚ ਪੁੱਜਦਾ ਹੈ। ਅੰਦਰ ਕਿਤੇ ਬਿਜਲੀ ਵਾਂਗੂੰ ਕਿਸੇ ਜੁਆਬ ਦਾ ਉਤਰ ਲਿਸ਼ਕ ਜਾਂਦਾ ਹੈ ਕਿ ਲੂਣਾ ਤੇ ਸੁੰਦਰਾਂ ਕਿਸੇ ਬਾਰ੍ਹਾਂ ਜਾਂ ਅਠਾਰਾਂ ਵਰ੍ਹਿਆਂ ਦੇ ਨੌਜਵਾਨ ਨੂੰ ਨਹੀਂ ਪੂਰਨ ਨੂੰ ਚਾਹੁੰਦੀਆਂ ਸਨ ਪੂਰਨ-ਮਨੁੱਖ ਯਾਨਿ ‘ਪਰਫੈਕਟ ਮੈਨ। ਮੇਘਨਾ ਸ਼ਾਇਦ ਉਸੇ ਦੀ ਤਲਾਸ਼ ਵਿਚ ਭਟਕ ਗਈ ਹੋਵੇ। ਮੈਨੂੰ ਵੀ ਉਸ ਪੂਰਨ ਦੀ ਤਲਾਸ਼ ਹੈ।
ਇਹ ਸੋਚਦੀ ਹੋਈ ਸਿਮਰਨ ਆਵਾਜ਼ ਮਾਰਦੀ ਹੈ, “ਡਮਰੂ ਜੀ…।” ਪੂਰੇ ਹੱਕ ਨਾਲ ਮਾਰੀ ਆਵਾਜ਼ ਵਿਚੋਂ ਵੀ ਖਿੱਝ ਝਲਕ ਜਾਂਦੀ ਹੈ। ਭਾਵੇਂ ਇਸ ਰੁੱਤ ਦੀ ਪਹਿਲੀ ਬਰਫ਼ ਵਾਂਗੂੰ ਇਹ ਉਸਦੀ ਅੱਜ ਦੀ ਪਹਿਲੀ ਆਵਾਜ਼ ਹੈ।
“ਜੀ ਬੀਬੀ ਜੀ…।” ਉਹ ਆ ਕੇ ਝੁਕ ਗਿਆ ਹੈ।
ਸਿਮਰਨ ਉਸ ਨੂੰ ਉਪਰੋਂ ਹੇਠਾਂ ਤਕ ਦੇਖਦੀ ਹੈ, ਝੁਕੇ ਹੋਏ ਨੂੰ। ਇਕੋ ਵਾਰੀ ਉਸ ਨੂੰ ਚੰਗਾ ਵੀ ਲੱਗ ਰਿਹਾ ਹੈ, ਝੁਕਿਆ ਹੋਇਆ ਪਰ ਉਸ ਦੇ ਝੁਕਣ ‘ਤੇ ਖਿੱਝ ਵੀ ਚੜ੍ਹਦੀ ਹੈ…।
“ਮੇਰੀ ਜੁੱਤੀ ਉਤਾਰੋ…।”
“ਜੀ ਬੀਬੀ ਜੀ …।”
“ਖਾਣਾ ਬਣ ਗਿਆ ਹੈ…?”
“ਜੀ ਬੀਬੀ ਜੀ…।”
“ਮੈਂ ਨਹਾ ਰਹੀ ਹੂੰ ਟਾਵਲ ਲੈ ਕੇ ਖੜ੍ਹੇ ਹੋ ਜਾਓ…।”
“ਜੀ ਬੀਬੀ ਜੀ…।”
“ਮੇਰਾ ਅੰਡਰਵੀਅਰ ਧੋ ਦਿਓ…।”
“ਜੀ ਬੀਬੀ ਜੀ…।”
“ਤੂੰ ਮੇਰਾ ਡਮਰੂ ਹੈ ਨਾ…?”
“ਜੀ ਬੀਬੀ ਜੀ…।”
“ਜਿਵੇਂ ਵਜਾਵਾਂ ਵੱਜੇਂਗਾ…।”
“ਜੀ ਬੀਬੀ ਜੀ…।”
“ਆ ਨੱਚੀਏ…।” ਉਹ ਉਸ ਨਾਲ ਨੱਚਣ ਲੱਗਦਾ ਹੈ।
“ਆ ਹੱਸੀਏ…।” ਉਹ ਉਸ ਦੇ ਨਾਲ ਹੱਸਣ ਲੱਗਦਾ ਹੈ।
ਹੱਸਦੀ ਹੱਸਦੀ ਸਿਮਰਨ ਅਚਾਨਕ ਰੋਣ ਲੱਗ ਪੈਂਦੀ ਹੈ। ਉਸ ਨੂੰ ਰੋਂਦੀ ਨੂੰ ਵੇਖ ਡਮਰੂ ਵੀ ਰੋਣ ਲੱਗ ਜਾਂਦਾ ਹੈ…।
ਡਮਰੂ ਨੇ ਇਹੀ ਸਿਖਿਆ ਹੈ ਕਿ ਜਦੋਂ ਮੈਡਮ ਚੁੱਪ ਰਹੇ, ਚੁੱਪ ਰਹਿਣਾ ਹੈ। ਗੱਲਾਂ ਕਰੇ, ਗੱਲਾਂ ਕਰਨੀਆਂ ਹਨ। ਨੱਚੇ ਤਾਂ ਨੱਚਣਾ, ਹੱਸੇ ਤਾਂ ਹੱਸਣਾ, ਰੋਵੇ ਤਾਂ ਰੋਣਾ ਹੈ।
ਪਰ ਜਦੋਂ ਰੋਂਦੀ ਹੋਈ ਸਿਮਰਨ ਬਾਰ-ਬਾਰ ਇਹ ਆਖਦੀ ਹੈ, “ਨਹੀਂ, ਨਹੀਂ ਪਤੀ ਡਮਰੂ ਨਹੀਂ ਹੁੰਦਾ ਪਤੀ ਤਾਂ ਪਤੀ ਹੁੰਦਾ ਹੈ…।”
ਉਦੋਂ ਡਮਰੂ ਚੁੱਪ ਰਹਿੰਦਾ ਹੈ, ਉਹ ਨਹੀਂ ਜਾਣਦਾ ਕਿ ਉਹ ਮੈਡਮ ਦੀ ਇਸ ਗੱਲ ਦਾ ਕੀ ਜੁਆਬ ਦੇਵੇ…?
ਪਾਤਸ਼ਾਹ
ਮਾਸਟਰ ਅਜੈਬ ਸਿੰਘ ਸੰਗਲ ਨਾਲ ਨੂੜਿਆ, ਨਮੋਸ਼ੀ ਦਾ ਝੰਬਿਆ, ਗੋਡਿਆਂ ‘ਚ ਸਿਰ ਦੇਈਂ ਬੈਠਾ ਸੀ। ਆਪਣੇ ਪੂਰੇ ਇਲਾਕੇ ਵਿਚ ਜਾਣਿਆ- ਪਛਾਣਿਆ ਤੇ ਸਤਿਕਾਰਿਆ ਜਾਂਦਾ ਸੀ ਉਹ।
ਮਾਸਟਰ ਅਜੈਬ ਸਿੰਘ, ਮਿਹਨਤੀ, ਸੂਝਵਾਨ, ਮਿੱਠ ਬੋਲੜਾ ਤੇ ਹਰ ਕਿਸੇ ਦੇ ਕੰਮ ਆਉਣ ਵਾਲਾ। ਪਿਛਲੇ ਵੀਹ ਸਾਲਾਂ ਵਿਚ ਉਹ ਹਜ਼ਾਰਾਂ ਹੀ ਵਿਦਿਆਰਥੀਆਂ ਨੂੰ ਪੜ੍ਹਾ ਚੁੱਕਾ ਸੀ।
ਜ਼ਰਾ ਜਿੰਨਾ ਸਿਰ ਚੁੱਕ ਉਹ ਚੋਰੀ-ਚੋਰੀ ਦੁਆਲੇ ਵੇਖਦਾ, ਕਿਤੇ ਕੋਈ ਜਾਣ-ਪਛਾਣ ਵਾਲ਼ਾ ਤਾਂ ਨਹੀਂ ਵੇਖ ਰਿਹਾ ਪਰ ਜਿੱਥੋਂ ਤਕ ਉਸਦੀ ਨਿਗ੍ਹਾ ਜਾਂਦੀ ਸੀ, ਸਾਰੀ ਭੀੜ ਸੇਵਾ ਵਿਚ ਰੁਝੀ ਹੋਈ ਸੀ।
ਉਹਦੇ ਸਾਹਮਣੇ ਕੁਟੀਆ ਸੀ ਮਹੱਲ ਵਰਗੀ, ਜਿਸਨੂੰ ਕਿੰਨੇ ਹੀ ਸੇਵਕ ਧੋਣ ਲੱਗੇ ਹੋਏ ਸਨ। ਉਨ੍ਹਾਂ ਸਰੋਵਰ ਦੇ ਪਾਣੀ ਵਿਚ ਦੁੱਧ ਅਤੇ ਇਤਰ ਮਿਲਾ ਕੇ ਪਵਿੱਤਰ ਜਲ ਤਿਆਰ ਕੀਤਾ ਹੋਇਆ ਸੀ। ਜਦੋਂ ਉਹ ਸੰਗਮਰਮਰੀ ਫ਼ਰਸ਼ ‘ਤੇ ਬਾਲਟੀਆਂ ਡੋਲਦੇ ਤਾਂ ਪਵਿੱਤਰ ਜਲ ‘ਚੋਂ ਉਠਦੀਆਂ ਖ਼ੁਸ਼ਬੂ ਦੀਆਂ ਲਪਟਾਂ ਅਜੈਬ ਸਿੰਘ ਨੂੰ ਧੁਰ ਅੰਦਰ ਤਕ ਲੂਹ ਦਿੰਦੀਆਂ। ਕੁਟੀਆ ਦੁਆਲੇ ਘਾਹ ‘ਤੇ ਫੁੱਲਾਂ ਬੂਟਿਆਂ ਨਾਲ ਲੱਦੇ ਮੈਦਾਨ ਦੀ ਸਫ਼ਾਈ ਵੀ ਕੁਝ ਸੇਵਕ ਬੜੀ ਸ਼ਰਧਾ ਨਾਲ ਕਰ ਰਹੇ ਸਨ। ਮੈਦਾਨ ਅਤੇ ਕੁਟੀਆ ਨੂੰ ਕਿਲ੍ਹੇ ਵਰਗੀ ਫਸੀਲ ਨੇ ਚੁਫੇਰਿਉਂ ਵਲਿਆ ਹੋਇਆ ਸੀ। ਫਸੀਲ ‘ਤੇ ਚੜ੍ਹੀਆਂ ਵੇਲਾਂ ਦੀ ਕਾਂਟ ਛਾਂਟ ਅਤੇ ਫਲੱਡ ਲਾਈਟਾਂ ਦੀ ਸਾਫ਼-ਸਫ਼ਾਈ ਵਾਸਤੇ ਕੁਝ ਹੋਰ ਸੇਵਕ ਚਮਗਿੱਦੜਾਂ ਵਾਂਗ ਚਿੰਬੜੇ ਹੋਏ ਸਨ।
ਉਹਦੀ ਰਾਖੀ ਲਈ ਲਾਇਆ ਮੁੰਡੂ ਟੂਟੀ ‘ਤੇ ਨਹਾ ਰਿਹਾ ਸੀ। ਘੁੰਮਦੀ- ਘੁੰਮਦੀ ਉਹਦੀ ਨਿਗ੍ਹਾ ਆਪਣੇ ਗਿੱਟੇ ‘ਤੇ ਆ ਟਿਕੀ, ਜਿਸ ਦੁਆਲੇ ਮਸ਼ੀਨੀ ਸੰਗਲ ਨੂੰ ਤਿੰਨ-ਚਾਰ ਵਲ ਪਾ ਕੇ ਵੱਡਾ ਸਾਰਾ ਜਿੰਦਰਾ ਮਾਰਿਆ ਹੋਇਆ ਸੀ। ਉਸਨੇ ਪੈਰ ਨੂੰ ਹਿਲਾਉਣਾ ਚਾਹਿਆ ਪਰ ਜਿਵੇਂ ਪੈਰ ਨਾਲ ਪੱਥਰ ਬੱਝੇ ਹੋਣ। ਹਿੱਲਦਾ ਤਾਂ ਸਰੀਰ ਦਾ ਕੋਈ ਵੀ ਅੰਗ ਨਹੀਂ ਸੀ, ਆਪਣੇ ਬੱਚਿਆਂ ਵਰਗੇ ਮਛੋਰਾਂ ਤੋਂ ਕੁੱਟ ਤੇ ਗਾਲ੍ਹਾਂ ਖਾਣ ਪਿਛੋਂ ਸਰੀਰ ਤਾਂ ਕੀ ਉਸਦੀ ਰੂਹ ਵੀ ਪਿੰਜੀ ਗਈ ਸੀ। ਸੰਗਲ ਉਸਨੂੰ ਬਾਪ ਦੀ ਮੋਟੇ ਮਣਕਿਆਂ ਵਾਲੀ ਮਾਲਾ ਵਾਂਗੂੰ ਦਿੱਸਣ ਲੱਗਾ ਤੇ ਉਸਦਾ ਮਨ ਬਾਪੂ ਪ੍ਰਤੀ ਗੁੱਸੇ ਨਾਲ ਭਰਨ ਲੱਗਾ।
ਉਸਦਾ ਬਾਪੂ, ਜਿਹੜਾ ਹੁਣ ਏਸ ਡੇਰੇ ਵਿਚ ਪਾਤਸ਼ਾਹ ਦੇ ਚਰਨੀਂ ਆ ਲੱਗਾ ਸੀ ਤੇ ਉਸਦੇ ਕਹਿਣ ਵਾਂਗੂੰ ਉਸਨੇ ਸਾਰੇ ਦੁਨਿਆਵੀ ਰਿਸ਼ਤੇ ਤਿਆਗ ਦਿੱਤੇ ਸਨ। ਪਾਤਸ਼ਾਹ ਦੀ ਮਿਹਰ ਨਾਲ ਮੋਹ ਮਾਇਆ ਤੋਂ ਮੁਕਤ ਹੋ ਗਿਆ ਸੀ। ਜੇ ਉਸਨੂੰ ਚਿੰਤਾ ਸੀ ਤਾਂ ਸਿਰਫ਼ ਆਪਣੇ ਪ੍ਰਲੋਕ ਦੀ, ਜਿਸ ਨੂੰ ਸੁਧਾਰਨ ਲਈ ਉਸਨੇ ਆਪਣੀ ਸਾਰੀ ਜ਼ਮੀਨ ਡੇਰੇ ਨੂੰ ਮੱਥਾ ਟੇਕ ਦਿੱਤੀ ਸੀ। ਜਿਸ ਜ਼ਮੀਨ ਦੀ ਵੱਟ ਛਾਂਗਣ ਤੋਂ ਬਾਪੂ ਵੀਹ ਵਾਰੀ ਸ਼ਰੀਕਾਂ ਨਾਲ ਲੜਿਆ ਸੀ । ਉਸਨੇਂ ਤਾਂ ਆਪਣੀਆਂ ਤਿੰਨੇ ਧੀਆਂ ਇਸ ਲਈ ਲੋੜਕੂ ਘਰਾਂ ‘ਚ ਵਿਆਹੀਆਂ ਸਨ ਕਿ ਲੈਣ ਦੇਣ ਦੇ ਝਮੇਲੇ ‘ਚ ਕਿਤੇ ਜ਼ਮੀਨ ਦਾ ਓਰਾ ਨਾ ਰੱਖਣਾ ਪੈ ਜਾਵੇ। ਹੁਣ ਉਹੀ ਜ਼ਮੀਨ ਬਾਪੂ ਨੇ ਡੇਰੇ ਨੂੰ ਮੱਥਾ ਟੇਕ ਦਿੱਤੀ ਸੀ, ਸਾਰੀ ਦੀ ਸਾਰੀ, ਅੱਠ ਦੇ ਅੱਠ ਕਿੱਲੇ, ਸੋਚ ਕੇ ਅੰਦਰੋਂ ਲਾਟ ਨਿਕਲਦੀ ਸੀ ਅਜੈਬ ਸਿੰਘ ਦੇ।
ਪਿਛਲੇ ਮਹੀਨੇ ਅਜੈਬ ਸਿੰਘ ਦਾ ਵੱਡਾ ਪੁੱਤ ਜੀਤ ਐਕਸੀਡੈਂਟ ਵਿਚ ਚੱਲ ਵਸਿਆ ਸੀ। ਦੁੱਖਾਂ ਦਾ ਪਹਾੜ ਟੁੱਟ ਪਿਆ ਸੀ। ਜੀਤ ਦੀ ਮਾਂ ਦੀ ਦੰਦਲ ਟੁੱਟਦੀ ਤਾਂ ਜੀਤ ਦੀ ਘਰਵਾਲੀ ਪਛਾੜ ਖਾ ਕੇ ਡਿੱਗ ਪੈਂਦੀ। ਵਿਲੂੰ-ਵਿਲੂੰ ਕਰਦੇ ਜੀਤ ਦੇ ਦੋਵੇਂ ਜੁਆਕ ਵੱਡਿਆਂ ਨੂੰ ਰੋਂਦਿਆਂ ਵੇਖ ਕਦੇ ਉੱਚੀ-ਉੱਚੀ ਰੋਣ ਲੱਗ ਪੈਂਦੇ, ਕਦੇ ਏਨੇ ਸਹਿਮ ਜਾਂਦੇ ਕਿ ਉੱਚੀ ਸਾਹ ਵੀ ਨਾ ਲੈਂਦੇ, ਬਿੱਟ-ਬਿੱਟ ਵੇਖੀ ਜਾਂਦੇ ਬੱਸ। ਅਜੈਬ ਸਿੰਘ ਦਾ ਛੋਟਾ ਪੁੱਤ ਬੀਰਾ, “ਤੂੰ ਕਿੱਥੇ ਤੁਰ ਗਿਐਂ ਬਾਈ” ਆਖ ਕੇ ਧਾਹ ਮਾਰਦਾ ਤਾਂ ਅਜੈਬ ਸਿੰਘ ਦਾ ਸਾਰਾ ਵਜੂਦ ਕੰਬ ਜਾਂਦਾ। ਪਰ ਉਹ ਡੋਲਿਆ ਨਹੀਂ ਸੀ, ਸੰਭਲ ਜਾਂਦਾ ਸੀ। ਉਹ ਆਪਣੀ ਘਰਵਾਲੀ ਨੂੰ ਆਖਦਾ ਰਹਿੰਦਾ ਸੀ, “ਨਾ ਰੋ ਬਲਵੰਤ ਕੁਰੇ, ਤੂੰ ਨਾ ਰੋ, ਬਹੂ ਨੂੰ ਸਾਂਭ ਤੂੰ, ਐਹਨਾਂ ਮਾਸੂਮਾਂ ਨੂੰ ਸਾਂਭ।” ਦੋ ਸਾਲ ਦੀ ਪੋਤੀ ਗੁੱਡੋ ਤੇ ਸਾਲ ਦੇ ਪੋਤੇ ਬਿੱਟੂ ਨੂੰ ਬੁੱਕਲ ‘ਚ ਲੈ ਕੇ ਉਹ ਕਹਿੰਦਾ ਰਹਿੰਦਾ, “ਦੇਖ ਜੇ ਤੂੰ ਉਹਦੀ ਮਾਂ ਏਂ ਨਾ, ਤਾਂ ਉਹ ਮੇਰਾ ਵੀ ਪੁੱਤ ਸੀ… ਪਰ ਆਪਣਾ ਰੋਣਾ ਨਹੀਂ ਬਣਦਾ ਆਪਾਂ ਇਨ੍ਹਾਂ ਨੂੰ ਸਾਂਭੀਏ ਬਲਵੰਤ बुठे…।”
ਮਸੋਸ ਕਰਨ ਆਇਆਂ ਨਾਲ ਉਹ ਗੱਲਾਂ ਕਰਦਾ ਵਿਚ-ਵਿਚ ਬਾਹਰ ਗੇਟ ਵੱਲ ਵੇਖ ਲੈਂਦਾ, ਸ਼ਾਇਦ ਬਾਪੂ ਆ ਜਾਵੇ। ਉਹ ਬਾਪੂ ਦੇ ਮੋਢੇ ਨਾਲ ਲੱਗ ਜੀਤ ਪੁੱਤ ਦਾ ਗ਼ਮ ਹੌਲਾ ਕਰ ਲਵੇ। ਸੁਨੇਹਾ ਤਾਂ ਬਾਪੂ ਨੂੰ ਉਦਣ ਹੀ ਭੇਜ ਦਿੱਤਾ ਸੀ, ਪਰ ਬਾਪੂ ਆਇਆ ਭੋਗ ਵਾਲੇ ਦਿਨ ਹੀ ਸੀ, ਡੇਰੇ ਦੇ ਪੰਜ ਛੇ ਸੇਵਕਾਂ ਨਾਲ। ਲੰਮਾ ਸਾਰਾ ਚੋਲਾ ਪਾਈ, ਅੱਖਾਂ ਮੀਟੀ ਸਿਮਰਨਾ ਫੇਰਦਾ, ਇਓਂ ਨਿਰਲੇਪ ਜਿਹਾ ਬੈਠਾ ਬਾਪੂ ਅਜੈਬ ਸਿੰਘ ਨੂੰ ਬੜਾ ਓਪਰਾ ਜਾਪਿਆ ਸੀ।
ਭੋਗ ਪੈਣ ਵੇਲੇ ਬਾਪੂ ਨੇ ਆਪਣੇ ਆਪ ਹੀ ਮਾਈਕ ਫੜ੍ਹ ਲਿਆ ਸੀ।
ਉਸਨੂੰ ਇੰਝ ਬੋਲਦਾ ਕਿਸੇ ਨੇ ਵੇਖਿਆ ਸੁਣਿਆ ਨਹੀਂ ਸੀ ਕਦੇ। ਉਹ ਬੋਲਿਆ ਵੀ ਉਘੜ ਦੁੱਗੜਾ ਸੀ, “ਸਾਧ ਸੰਗਤੇ, ਦੇਖੋ ਭਾਈ..।” ਡੇਰੇ ਵਿਚੋਂ ਸੁਣੀ ਕਥਾ ਦੀ • ਭੈੜੀ ਤਰ੍ਹਾਂ ਨਾਲ ਨਕਲ ਕਰ ਰਿਹਾ ਸੀ ਉਹ, “ਭਾਈ ਸੌ ਹੱਥ ਰੱਸਾ ਭਾਈ ਹੋਣਾ ਤਾਂ ਉਹੀ ਐ ਜੋ ਪਾਤਸ਼ਾਹ ਨੂੰ ਭਾਵੇ ਪਰ ਬੰਦਾ ਵੀ ਭਾਈ… ਭੁੱਲ ਈ ਜਾਂਦੈ… ਮੈਂ ਬਹੁਤ ਜ਼ੋਰ ਲਾਇਆ ਟੱਬਰ ਨੂੰ ਪਾਅਸ਼ਾਹ ਦੇ ਲੜ ਲੱਗ ਜੋ ਪਰ ਮੇਰੀ ਕਿਸੇ ਨਹੀਂ ਸੁਣੀ… ਝੂਠੀਆਂ ਪੜ੍ਹਾਈਆਂ ਨੇ ਪੱਟੀ ਮੇਸ ਕਰਤੀ ਭਾਈ… ਸੱਚ ਆਖਾਂ ਤਾਂ ਜੈਬ ਸੂੰਹ ਨੂੰ ਵੀ… ਏਸ ਪੜ੍ਹਾਈ ਦਾ ਝੂਠਾ ਮਾਣ ਲੈ ਡੁੱਬਿਆ… ਮੈਂ ਬਹੁਤ ਕਲਪਿਆ, ਜਦੋਂ ਜੀਤ ਨੇ ਦਾਹੜੀ ਮੁਨਾਈ… ਪਰ ਏਹਨੇ ਕੁਛ ਨਾ ਕਿਹਾ ਮੈਂ ਤਾਂ ਫਿਰ ਘਰ ਈਂ ਛੱਡ ਤਾ… ਮੈਂ ਪਾਅਸ਼ਾਹ ਦੇ ਚਰਨੀਂ ਲੱਗ ਆਪਣੀਆਂ ਭੁੱਲਾਂ ਬਖਸ਼ਾ ਲੀਆਂ… ਮੈਂ ਤਾਂ ਥੋਨੂੰ ਵੀ ਕਹਿਨਾਂ ਸਾਰਿਆਂ ਨੂੰ ਛੱਡੋ ਭਾਈ, ਏਹ ਝੂਠੇ ਮਾਣ ਤੇ ਲੱਗ ਜੋ ਪਾਤਸ਼ਾਹ ਦੇ ਚਰਨੀਂ ਤੂੰ ਵੀ ਜੈਬ ਸਿਆਂ ਭਾਈ… ਹਾਲੇ ਵੀ ਡੁੱਲੇ ਬੇਰਾਂ ਦਾ ਆਹ ਛੋਟੇ ਨੂੰ ਸਾਂਭ ਜਿਹੜਾ ਸਿਰ ਮੂੰਹ ਮੁਨਾਈ ਫਿਰਦੈ ਦੇਖ ਉਹਦੀ ਲਾਠੀ ਦੀ ‘ਵਾਜ਼ ।” ਗੁੱਸਾ ਆ ਗਿਆ ਸੀ ਅਜੈਬ ਸਿੰਘ ਨੂੰ, ਪਤਾ ਹੀ ਨਾ ਲੱਗਾ ਕਦੋਂ ਉਸ ਬਾਪੂ ਹੱਥੋਂ ਮਾਈਕ ਖੋਹ ਲਿਆ ਤੇ ਪਾਠੀ ਨੂੰ ਅਰਦਾਸ ਕਰਨ ਲਈ ਕਹਿ ਦਿੱਤਾ ਸੀ। ਬਾਪੂ ਦੇ ਨਾਲ ਆਏ ਡੇਰੇ ਦੇ ਸੇਵਕ ਬਾਪੂ ਨਾਲੋਂ ਵੀ ‘ਜ਼ਿਆਦਾ ਬੇਇੱਜ਼ਤੀ ਮੰਨ ਗਏ ਸਨ। ਉਹ ਬਾਪੂ ਨੂੰ ਨਾਲ ਲੈ ਕੇ ਅਵਾ-ਤਵਾ ਬੋਲਦੇ, ਅਰਦਾਸ ਹੋਣ ਤੋਂ ਪਹਿਲਾਂ ਹੀ ਡੇਰੇ ਦੇ ਰਾਹ ਪੈ ਗਏ ਸਨ। ਇਕ ਦੋ ਰਿਸ਼ਤੇਦਾਰਾਂ ਨੇ ਕਿਹਾ ਵੀ ਸੀ ਅਜੈਬ ਸਿਹੁੰ ਨੂੰ ਕਿ ਬਾਪੂ ਨੂੰ ਮੋੜ ਲਿਆਵੇ ਪਰ ਮਨ ਹੀ ਨਹੀਂ ਸੀ ਮੰਨਿਆ ਉਸਦਾ, ਉਸਨੇ ਸੋਚਿਆ ਸੀ ਕਿ ਜੇ ਡੇਰੇ ਵਾਲਿਆਂ ਦੇ ਲੜ ਲੱਗ ਕੇ ਬੰਦਾ ਇੰਨਾ ਹੀ ਨਿਰਮੋਹਾ ਤੇ ਪੱਥਰ ਹੋ ਜਾਂਦੈ… ਤਾਂ ਹੁਣ ਕੀ ਮੋੜਨਾ ਬਾਪੂ ਨੂੰ। ਉਂਜ ਬਾਪੂ ਹੁਣ ਬਾਪੂ ਰਹਿ ਹੀ ਕਿੱਥੇ ਗਿਆ ਸੀ…।
ਡੇਰੇ ਆਉਂਦਾ ਜਾਂਦਾ ਤਾਂ ਉਹ ਪਹਿਲਾਂ ਤੋਂ ਹੀ ਸੀ ਪਰ ਪਿਛਲੇ ਦੋ ਸਾਲਾਂ ਤੋਂ ਜਦੋਂ ਦੀ ਬੇਬੇ ਪੂਰੀ ਹੋਈ ਸੀ, ਉਹ ਉਥੇ ਪੱਕਾ ਹੀ ਡੇਰਾ ਲਾ ਕੇ ਬੈਠ ਗਿਆ ਸੀ। ਘਰ ਤਾਂ ਉਹ ਛੇ ਮਹੀਨੇ ਪਿੱਛੋਂ ਹੀ ਆਉਂਦਾ ਸੀ, ਸਿਰਫ਼ ਠੇਕਾ ਲੈਣ, ਆਪਣੀ ਜ਼ਮੀਨ ਦਾ ਆਪਣੇ ਪੁੱਤ ਕੋਲੋਂ ਤੇ ਲਿਜਾ ਕੇ ਡੇਰੇ ਮੱਥਾ ਟੇਕ ਦਿੰਦਾ ਸੀ। ਅਜੈਬ ਸਿੰਘ ਸਣੇ ਟੱਬਰ ਔਖਾ ਤਾਂ ਬਹੁਤ ਹੁੰਦਾ ਸੀ, ਪਰ ਫਿਰ ਇਹ ਸੋਚ ਕੇ ਮਨ ਮਾਰ ਲੈਂਦਾ ਕਿ ਚੱਲ ਹੋਊ ਬਾਪੂ ਦਾ ਵੀ ਹੱਕ ਐ, ਜੇ ਉਸਨੂੰ ਇਉਂ ਹੀ ਖੁਸ਼ੀ ਮਿਲਦੀ ਐ ਤਾਂ ਇਹੀ ਸਹੀ।
ਠੇਕਾ ਲੈਣ ਵਾਲੇ ਦਿਨ ਬਾਪੂ ਡੇਰੇ ਦੀ ਗੱਡੀ ਵਿਚ ਆਉਂਦਾ, ਦੋ ਚਾਰ ਸੇਵਕ ਉਹਦੇ ਨਾਲ ਹੁੰਦੇ ਜਿਹੜੇ ਘਰ ਦੀਆਂ ਨੂੰਹਾਂ-ਧੀਆਂ ਸਿਰ ਢੱਕ ਕੇ ਰੱਖਣ ਦਾ ਆਦੇਸ਼ ਦਿੰਦੇ, ਗੁਰੂ ਵਾਲੇ ਬਣਨ ਦੀ ਤਾੜਨਾ ਕਰਦੇ, ਦੁੱਧ ਛੱਕਦੇ ਤੇ ਘਰ ਵਿਚਲੀ ਹਰ ਚੰਗੀ ਸ਼ੈਅ ਨੂੰ ਡੇਰੇ ਵਿਚ ਲੈ ਜਾਣ ਵਾਲੀਆਂ ਨਜ਼ਰਾਂ ਨਾਲ ਘੂਰਦੇ। ਪੈਸੇ ਫੜ ਕੇ ਬਾਪੂ ਚਿੱਟੀ ਰੁਮਾਲੀ ਵਿਚ ਲਪੇਟਦਾ ਤੇ ਮੱਥਾ ਟੇਕਣ ਵਾਂਗੂੰ ਦੋਵੇਂ ਹੱਥਾਂ ਨਾਲ ਸੇਵਕ ਦੇ ਹਵਾਲੇ ਕਰ ਦਿੰਦਾ ਤੇ ਆਖਦਾ, “ਮੈਂ ਥੋਡਾ ਭਲਾ ਹੀ ਕਰਦੈਂ ਭਾਈ, ਚਾਹੇ ਧੱਕੇ ਨਾਲ ਹੀ ਸਮਝ ਲੋ। ਦਾਨ ਦਿੱਤੇ ਤੋਂ ਧਨ ਘਟਦਾ ਨਹੀਂ…।” ਸਿਰ ਹਿਲਾ ਕੇ ਬਾਪੂ ਵੀ ਗੱਲ ਦੀ ਹਮਾਇਤ ਕਰਦਾ। ਸੇਵਕ, ਟੱਬਰ ‘ਤੇ ਅਹਿਸਾਨ ਕਰਨ ਵਾਂਗੂੰ ਚਾਲੀ ਹਜ਼ਾਰ ਰੁਪਿਆ, ਗੋਡੇ ਹੇਠਲੇ ਬੈਗ ਵਿਚ ਲਾਪ੍ਰਵਾਹੀ ਨਾਲ ਰੱਖ ਲੈਂਦਾ ਸੀ।
ਸਾਰਾ ਟੱਬਰ ਡੇਰੇ ਤੋਂ ਪੁੱਜ ਕੇ ਦੁਖੀ ਸੀ, ਉਹ ਕਦੇ ਵੀ ਡੇਰੇ ਵੱਲ ਮੂੰਹ ਨਾ ਕਰਦੇ ਜੇ…। ਅਜੈਬ ਸਿੰਘ ਨੂੰ ਡੇਰੇ ਆਉਣਾ ਹੀ ਪਿਆ ਸੀ ਕੱਲ। ਉਹ ਕਿਸੇ ਸਾਥੀ ਅਧਿਆਪਕ ਦੀ ਪਾਰਟੀ ‘ਚੋਂ ਆਇਆ ਸੀ। ਉਹ ਸ਼ਰਾਬ ਨਹੀਂ ਸੀ ਪੀਂਦਾ ਪਰ ਕਿਸੇ ਪਾਰਟੀ ਵਿਚ ਬਹੁਤ ਜ਼ੋਰ ਦੇਣ ‘ਤੇ ਇਕ ਦੋ ਪੈਗ ਲੈ ਲੈਂਦਾ ਸੀ। ਕਲ੍ਹ ਵੀ ਉਸਨੇ ਦੋ ਕੁ ਪੈਗ ਪੀਤੇ ਹੋਏ ਸਨ, ਪਰ ਉਹ ਠੀਕ-ਠਾਕ ਸੀ। ਰੋਜ਼ ਵਾਂਗੂੰ ਪੋਤੀ ਗੁੱਡੋ ਨੂੰ ਬੁੱਕਲ ‘ਚ ਲੈ ਕੇ ਲਾਡ ਹੀ ਕਰਨ ਲੱਗਾ ਸੀ ਕਿ ਘਬਰਾਈ ਹੋਈ ਬਲਵੰਤ ਕੁਰ ਨੇ ਕਿਹਾ ਸੀ, “ਸੁਣੋ ਜੀ, ਪਟਵਾਰੀ ਆ ਕੇ ਗਿਐ, ਕਹਿੰਦਾ ਸੀ ਅੱਜ ਡੇਰੇ ਵਾਲੇ ਆਪਣੀ ਜ਼ਮੀਨ ਦੇ ਨੰਬਰ ਲੈ ਕੇ ਗਏ ਨੇ. ।” ਜ਼ਮੀਨ ਖਿਸਕ ਗਈ ਸੀ ਪੈਰਾਂ ਹੇਠੋਂ। ਗੁੱਡੋ ਨੂੰ ਬੁੱਕਲ ‘ਚੋਂ ਉਤਾਰ ਅਜੇ ਉਹ ਸਿੱਧਾ ਹੀ ਹੋਇਆ ਸੀ ਕਿ ਛੋਟਾ ਪੁੱਤ ਬੀਰਾ ਉਸਨੂੰ ਬੈਠਕ ਦੇ ਬੂਹੇ ‘ਚ ਖੜ੍ਹਾ ਦਿੱਸਿਆ ਸੀ, ਬੜਾ ਹੀ ਦੁਖੀ ਤੇ ਗੁੱਸੇ ਵਿਚ।
“ਬੀਰੇ ਸਕੂਟਰ ਕੱਢੀ ਬਾਹਰ..।”
“ਕਿਉਂ …?”
“ਮੈਂ ਬਾਪੂ ਨੂੰ ਮਿਲਣ ਜਾਣੈ…।”
ਗੱਲ ਪੂਰੀ ਨਹੀਂ ਸੀ ਕਰਨ ਦਿੱਤੀ ਬੀਰੇ ਨੇ, । “ਹੁਣ ਕੀ ਕਰਨੈ ਬਾਪੂ ਨੂੰ ਮਿਲ ਕੇ, ਨਾ ਮੈਂ ਪੁੱਛਦੈ ਹੁਣ ਕੀ ਕਰਨੈ ਜਦੋਂ ਮੈਂ ਕਹਿੰਦਾ ਸੀ ਉਹ ਡੇਰੇ ਨੂੰ ਅੱਸੀ ਹਜ਼ਾਰ ਜਜੀਆ ਨਾ ਭਰੇ ਸਾਲ ਦਾ ਬਾਪੂ ਨੂੰ ਲੈ ਆਓ ਐਥੇ.. ਮੰਨੇ ਕਿਸੇ ਨੇ भेठी…?”
ਬੀਰਾ ਲੋਹਾ ਲਾਖਾ ਹੋ ਕੇ ਚਾਰ ਪੈਰ ਅੱਗੇ ਆਇਆ ਸੀ। ਫਿਰ ਆਪਣੀ ਮਾਂ ਵੱਲ ਹੱਥ ਕਰਕੇ ਬੋਲਿਆ ਸੀ, “ਮੈਂ ਨੀਂ ਸੀ ਕਹਿੰਦਾ ਤੈਨੂੰ ਕਿ ਉਨ੍ਹਾਂ ਕੰਜਰਾਂ ਨੂੰ ਨਾ ਵਾੜਿਆ ਕਰ ਘਰੇ ਪਰ ਤੈਂ ਮੰਨੀ ਤੂੰ ਤਾਂ ਛੰਤ ਜੀ ਛੰਤ ਜੀ ਕਰਦੀ ਦੁੱਧ ਛਕਾਉਂਦੀ ਸੀ ਥੱਕਦੀ ਹੁਣ ਹੁਣ ਲੱਗੂ ਪਤਾ… ਸੱਪਾਂ ਨੂੰ ਦੁੱਧ ਪਿਲਾਉਣ रा…।”
‘ਹੌਸਲਾ ਰੱਖ ਪੁੱਤ ਅਜੇ ਕੀ ਵਿਗੜਿਐ… ਮੈਂ ਚੱਲਿਆਂ ਬਾਪੂ ਨੂੰ …ਲੈਣ …।”
ਅਜੈਬ ਸਿੰਘ ਨੇ ਠੰਡ ਵਰਤਾਉਣੀ ਚਾਹੀ ਸੀ ਪਰ ਬੀਰਾ ਹੋਰ ਭੜਕ ਪਿਆ ਸੀ, “ਹੁਣ ਨਾ ਆ ਗਿਆ ਬਾਪੂ…।” ਫਿਰ ਥੋੜ੍ਹਾ ਗੰਭੀਰ ਹੋ ਗਿਆ ਸੀ, “ਉਸ ਡੇਰੇ ਨੂੰ ਤੁਸੀਂ ਨਹੀਂ ਜਾਣਦੇ ਪਾਪਾ, ਸਾਡੇ ਕਾਲਜ ‘ਚ ਆਉਂਦੇ ਨੇ ਉਥੋਂ ਦੇ ਮੁੰਡੇ, ਉਹ ਦੱਸਦੇ ਐ ਕਿ ਉਥੇ ਕੋਈ ਸੰਤ ਸੁੰਤ ਨਹੀਂ ਰਹਿੰਦਾ, ਦੁਨੀਆਂ ਭਰ ਦੇ ਬਦਮਾਸ਼ਾਂ ਨਾਲ ਭਰਿਐ ਪਿਐ ਸਾਰਾ ਡੇਰਾ।”
“ਬੱਸ ਕਰ ਵੇ ਚੰਦਰਿਆ ਬੱਸ ਕਰ ਕਿਉਂ।” ਪਰ ਨਹੀਂ ਸੀ ਬੋਲਣ ਦਿੱਤਾ ਬੀਰੇ ਨੇ ਮਾਂ ਨੂੰ…।
“ਤੂੰ ਬੱਸ ਕਰ ਤੂੰ… ਤੇਰੇ ਵਰਗੀਆਂ ਬੁੜੀਆਂ ਦੇ ਸਿਰ ‘ਤੇ ਚਲਦੇ ਨੇ ਇਹ ਢਕੌਂਸਲੇ… ਸਾਡੇ ਕਾਲਜੇ ਨੂੰ ਹੱਥ ਪਾ ਲਿਆ ਉਨ੍ਹਾਂ ਤੈਨੂੰ ਅਜੇ ਵੀ ਹੁਣ ਤਾਂ … ਸ਼ਰਮ…।”
“ਬੀਰੇ ਏ…।” ਬਹੁਤ ਉੱਚੀ ਬੋਲਿਆ ਸੀ ਅਜੈਬ ਸਿੰਘ, ਮਾਂ ਵੱਲ ਬੀਰੇ ” ਦਾ ਇਹ ਵਰਤਾਅ ਚੰਗਾ ਨਹੀਂ ਸੀ ਲੱਗਿਆ। ਉਹਨੇ ਏਨੀ ਉੱਚਾ ਬੋਲਣ ਨਾਲ ਕਦੋਂ ਦੀ ਸਹਿਮੀ ਖੜੀ ਗੁੱਡੋ ਨੇ ਅਜਿਹੀ ਲੇਰ ਮਾਰੀ ਸੀ ਕਿ ਸਾਰੇ ਘਰ ਵਿਚ ਸੁੰਨ ਵਰਤ ਗਈ ਸੀ। ਸਭ ਕੁਝ ਭੁੱਲ ਕੇ ਅਜੈਬ ਸਿੰਘ ਨੇ ਗੁੱਡੋ ਨੂੰ ਚੁੱਕ ਕੇ ਹਿੱਕ ਨਾਲ ਲਾਇਆ ਸੀ ਤਾਂ ਉਹ ਡਡਿਆ ਕੇ ਰੋਣ ਲੱਗੀ ਸੀ।
ਅਜੈਬ ਸਿੰਘ ਦਾ ਸਿਰ ਮੁੜ ਗੋਡਿਆਂ ‘ਤੇ ਆ ਟਿਕਿਆ ਸੀ, ਗੋਡੇ ਉਸਨੇ ਇੰਝ ਹਿੱਕ ਨਾਲ ਘੁਟੇ ਸਨ, ਜਿਵੇਂ ਹਿੱਕ ਨਾਲ ਗੁੱਡੋ ਲੱਗੀ ਹੋਵੇ। ਰਾਤੀਂ ਉਹਨੇ ਬੜੀ ਰਿਹਾੜ ਕੀਤੀ ਹੋਵੇਗੀ, “ਪਾਪਾ ਪਾਪਾ” ਆਖਦੀ ਰੋਂਦੀ ਹੀ ਸੌਂ ਗਈ ਹੋਵੇਗੀ ਤੇ ਸੁੱਤੀ ਪਈ ਵੀ ਨਿੱਕੇ-ਨਿੱਕੇ ਹਟਕੋਰੇ ਤੇ ਹਉਕੇ ਲੈਂਦੀ ਰਹੀ ਹੋਵੇਗੀ । ਬਹੁਤ ਓਦਰ ਜਾਂਦੀ ਸੀ ਗੁੱਡੋ, ਅਜੈਬ ਸਿੰਘ ਤੋਂ ਬਿਨਾਂ। ਜੀਤ ਦੇ ਤੁਰ ਜਾਣ ਪਿਛੋਂ ਜੀਤ ਦੇ ਘਰਵਾਲੀ ਆਪਣੇ ਬਿੱਟੂ ਦਾ ਵਸਾਹ ਨਹੀਂ ਖਾਂਦੀ ਉਵੇਂ ਗੁੱਡੋ ਅਜੈਬ ਸਿੰਘ ਦਾ ਭੋਰਾ ਵਿਸਾਹ ਨਹੀਂ ਖਾਂਦੀ। ਪਿਛੇ ਜਿਹੇ ਉਸਨੂੰ ਬਾਹਰ ਰਹਿਣਾ ਪੈ ਗਿਆ ਸੀ ਦੋ ਦਿਨ, ਰੋ-ਰੋ ਬੁਰਾ ਹਾਲ ਕਰ ਲਿਆ ਸੀ ਗੁੱਡੋ ਨੇ। ਉਦਰੇਵੇਂ ਨਾਲ ਬੁਖਾਰ ਚੜ੍ਹਾ ਲਿਆ ਸੀ। ਅਜੈਬ ਸਿੰਘ ਰਾਤ ਬਾਹਰ ਨਹੀਂ ਰਹਿੰਦਾ ਕਿਤੇ ਹੁਣ। ਪਰ ਹੁਣ ਤਾਂ ਪਤਾ ਨਹੀਂ. ਕਿੰਨੀਆਂ ਰਾਤਾਂ ਇਥੇ…।
ਕੱਲ੍ਹ ਉਹ ਕੱਲਾ ਹੀ ਆ ਗਿਆ ਸੀ ਡੇਰੇ । ਬੀਰੇ ਨੂੰ ਉਹ ਨਾਲ ਨਹੀਂ ਸੀ ਲਿਆਇਆ ਕਿ ਨਵਾਂ ਖੂਨ ਐਂ, ਨਾ ਜਾਣੇ ਉਚਾ ਨੀਵਾਂ ਬੋਲ ਜਾਵੇ। ਉਹ ਤਾਂ ਬਾਪੂ ਦਾ ਮਿੰਨਤ ਤਰਲਾ ਕਰ ਲਵੇਗਾ। ਕਹੇਗਾ, “ਕਿਉਂ ਉਜਾੜਨ ਲੱਗਿਆਂ ਬਾਪੂ ਟੱਬਰ ਨੂੰ, ਪਾਤਸ਼ਾਹ ਨੂੰ ਕੀ ਘਾਟੈ… ਤੂੰ ਜੁਆਕਾਂ ਵੱਲ ਵੇਖ ਕਿਉਂ ਘਾਣ ਕਰਨ ਲੱਗੈਂ?” ਉਹ ਭੋਗ ਵਾਲੇ ਦਿਨ ਦੀ ਮੁਆਫ਼ੀ ਮੰਗ ਲਵੇਗਾ, ਬਾਪੂ ਤੋਂ ਵੀ, ਡੇਰੇ ਵਾਲਿਆਂ ਤੋਂ ਵੀ। ਇਹੀ ਸਭ ਸੋਚਦਾ ਉਹ ਡੇਰੇ ਆਣ ਪਹੁੰਚਿਆ ਸੀ।
ਡੇਰੇ ਤੋਂ ਬਾਹਰ ਹੀ ਤਿੰਨ ਚਾਰ ਸੇਵਕ ਮਿਲ ਪਏ ਸਨ। ਚਿੱਟੇ ਚੋਲੇ, ਪੈਰੀਂ ਪਊਏ ਤੇ ਹੱਥਾਂ ਵਿਚ ਮਾਲਾ, ਮਨੁੱਖ ਤਾਂ ਉਹ ਜਾਪਦੇ ਹੀ ਨਹੀਂ ਸਨ, ਜਿਵੇਂ ਦੇਵਤੇ ਉਤਰ ਆਏ ਹੋਣ ਧਰਤੀ ‘ਤੇ। ਉਨ੍ਹਾਂ ਨੂੰ ਵੇਖ ਕੇ ਤਸੱਲੀ ਹੋ ਗਈ ਸੀ ਅਜੈਬ ਸਿੰਘ ਦੀ, ਜਿਥੇ ਇਹੋ-ਜਿਹੇ ਫਰਿਸ਼ਤੇ ਵੱਸਦੇ ਹੋਣ, ਉਥੇ ਉਹਦੇ ਨਾਲ ਧੱਕਾ ਨਹੀਂ ਹੋਵੇਗਾ। ਉਸਨੇ ਨਹੀਂ ਸਨ ਪਛਾਣੇ ਕਿ ਇਹ ਉਹੀ ਸੇਵਕ ਸਨ, ਜਿਹੜੇ ਜੀਤ ਦੇ ਭੋਗ ਵੇਲੇ ਗਏ ਸਨ ਬਾਪੂ ਨਾਲ ਤੇ ਬਾਪੂ ਨਾਲੋਂ ਵੀ ਜ਼ਿਆਦਾ ਬੇਇੱਜ਼ਤੀ ਮੰਨ ਕੇ ਆਏ ਸਨ।
ਉਸਨੇ ਬਹੁਤ ਝੁਕ ਕੇ ਫਤਹਿ ਬੁਲਾਈ ਸੀ, ਏਦਾਂ ਝੁਕਿਆ ਉਹ ਬੜਾ ਓਪਰਾ ਜਾਪਦਾ ਸੀ, ਉਹਨੂੰ ਏਸ ਤਰ੍ਹਾਂ ਝੁਕਣ ਦੀ ਜਾਂਚ ਜੁ ਨਹੀਂ ਸੀ। ਅੱਗੋਂ ਸੇਵਕਾਂ ਵੀ ਬੜੇ ਪਿਆਰ ਨਾਲ ਜੁਆਬ ਦਿੱਤਾ ਸੀ, ਫਤਹਿ ਦਾ, ਝੁਕ ਕੇ। ਉਹ ਝੁਕੇ ਹੋਏ ਬੜੇ ਚੰਗੇ ਲੱਗਦੇ ਸਨ, ਉਨ੍ਹਾਂ ਦੀ ਆਦਤ ਜੁ ਬਣ ਗਈ ਸੀ।
“ਦੱਸ ਭਾਈ ਗੁਰਮੁਖਾ ਪਾਅਸ਼ਾਹ ਮਿਹਰ ਕਰੇ ਕਿੱਦਾਂ ਦਰਸ਼ਨ हिँडे…?”
“ਜੀ ਮੇਰੇ ਬਾਪੂ ਜੀ ਨੇ ਇਥੇ ਅਮਰ ਸਿੰਘ ਉਨ੍ਹਾਂ ਨੂੰ ਮਿਲਣਾ मी…।”
“ਅਮਰ ਸਿੰਘ?” ਉਨ੍ਹਾਂ ਸਾਰਿਆਂ ਨੇ ਦੁਹਰਾਇਆ ਤੇ ਫੇਰ ਉਨ੍ਹਾਂ ਵਿਚੋਂ ਇਕ ਬੋਲਿਆ ਸੀ, “ਪਾਅਸ਼ਾਹ ਮਿਹਰ ਕਰੇ ਭਾਊ ਅਮਰ ਸਿੰਘ ਤੇ ਇਥੇ वष्टी ते…।”
“ਜੀ ਉਹ ਲਖਣਪੁਰ ਤੋਂ ਨੇ…।”.
“ਅੱਛਾ-ਅੱਛਾ।” ਉਨ੍ਹਾਂ ਦੇ ਚਿਹਰੇ ਚਮਕੇ, ਅਜੈਬ ਸਿੰਘ ਨੂੰ ਜਾਪਿਆ ਕਿ ਉਹਦੇ ਬਾਪੂ ਨੂੰ ਸਾਰੇ ਹੀ ਜਾਣਦੇ ਹਨ ਇਥੇ, ਜਾਨਣ ਵੀ ਕਿਉਂ ਨਾ, ਅੱਸੀ ਹਜ਼ਾਰ ਤਾਂ ਉਹ ਦਸਵੰਧ ਮੱਥਾ ਟੇਕਦੇ ਸਾਲ ਦਾ। ਪਰ ਉਦੋਂ ਉਹਦਾ ਮਨ ਬੁਝ ਗਿਆ, ਜਦੋਂ ਇਕ ਨੇ ਕਿਹਾ, “ਅੰਗਰ ਸਿੰਘ ਜਿਹੜਾ ਡੰਗਰਾਂ ਦੀ ਸੇਵਾ ਕਰਦੈ, ਪਾਅਸ਼ਾਹ ਮਿਹਰ ਕਰੇ, ਲੱਤੋਂ ਜਰਾ ਲੰਗਾ ਕੇ ਤੁਰਦੈ ਨਾ?”
“ਨਹੀਂ… ਜੀ ਨਹੀਂ, ਉਹ ਤਾਂ ਨਹੀਂ ਮੇਰੇ ਬਾਪੂ ਜੀ…।” ਅਜੈਬ ਸਿੰਘ ਉਨ੍ਹਾਂ ਦੇ ਖਚਰੇਪਣ ਨੂੰ ਨਹੀਂ ਸੀ ਤਾੜ ਸਕਿਆ।
“ਅੱਛਾ ਅੱਛਾ ।” ਚਿੱਟੀ ਦਾਹੜੀ ਵਾਲਾ ਝੁਕਿਆ ਤੇ ਆਪਣੀ ਮੋਟੀ ਪਿੰਜਣੀ ਤੇ ਜ਼ੋਰ ਦੀ ਧੱਫਾ ਮਾਰਦਿਆਂ ਮੁੱਠੀ ਘੁੱਟ ਲਈ ਜਿਵੇਂ ਮੱਛਰ ਨਹੀਂ ਮੁੱਠ ਵਿਚ ਅਮਰ ਸਿੰਘ ਆ ਗਿਆ ਹੋਵੇ।
“ਮਿਲ ਗਿਐ ਭਾਊ… ਪਾਅਸ਼ਾਹ ਮਿਹਰ ਕਰੇ।” ਤੇ ਸਾਥੀਆਂ ਵੱਲ ਕਰਕੇ ਹੱਸਿਆ, “ਓਏ ਉਹ ਅਮਰੂ… ਉਹ ਜਿਹੜਾ ਲੰਗਰ ‘ਚ ਬਾਲਣ ਝੋਕਦਾ ਉਹ ਸੁੱਕਿਆ ਜਿਆ…।” ਉਹਨੇ ਆਪਣੀ ਦਾਹੜੀ ਟਟੋਲ ਕੇ ਠੋਡੀ ਨੂੰ ਫੜਿਆ ਤੇ ਕਿਹਾ, “ਜੀਹਦੇ ਇਥੇ ਕੁ ਦਾਹੜੀ ਏ… ਬੱਕਰ ਦਾਹੜੀਆ… ਉਹੀਏ ਨਾ ਭਾਊ … ਪਾਅਸ਼ਾਹ ਮਿਹਰ ਕਰੇ।”
ਅਜੈਬ ਸਿੰਘ ਨੂੰ ਜਾਪਿਆ ਕਿ ਉਹ ਜਾਣ ਬੁਝ ਕੇ ਉਹਦੀ ਤੇ ਉਹਦੇ ਬਾਪੂ ਦੀ ਬੇਇੱਜ਼ਤੀ ਕਰ ਰਹੇ ਨੇ, ਉਹ ਥੋੜ੍ਹਾ ਖਿਝ ਕੇ ਬੋਲਿਆ, “ਨਹੀਂ ਜੀ, ਉਹ ਨਹੀਂ, ਮੇਰਾ ਬਾਪੂ ਅਮਰ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਲਖਣਪੁਰ ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ ਵਾਲਾ ਹੈ ਜੀ…।” ਉਹਦੀ ਖਿੱਝ ਹੋਰ ਵੱਧਦੀ ਉਦੋਂ ਹੀ ਚਿੱਟੀ ਦਾਹੜੀ ਵਾਲੇ ਨੇ ਪੈਂਤਰਾ ਬਦਲਿਆ ਤੇ ਕਹਿਣ ਲੱਗਾ, “ਖੈਰ, ਪਾਅਸ਼ਾਹ ਮਿਹਰ ਕਰੇ ਗੁਰਮੁੱਖਾ ਅਸੀਂ ਤੈਨੂੰ ਪ੍ਰਬੰਧਕਾਂ ਤਕ ਅਪੜਾ ਦਿੰਨੇ ਆਂ, ਫਿਰ ਉਹ ਜਾਨਣ ਤੇ ਉਨ੍ਹਾਂ ਦਾ ਕੰਮ..।”
ਅਜੈਬ ਸਿੰਘ ਡਰਿਆ-ਡਰਿਆ ਚੁਫ਼ੇਰੇ ਵੇਖ ਰਿਹਾ ਸੀ, ਚੋਲਿਆਂ ਵਾਲੇ ਨਿੱਕੇ ਵੱਡੇ ਕਿੰਨੇ ਹੀ ਬਾਬੇ ਤਮਾਸ਼ਬੀਨਾਂ ਵਾਂਗ ਉਹਦੇ ਦੁਆਲੇ ਜੁੜੇ ਹੋਏ ਸਨ। ਉਹ ਇਕ ਆਲੀਸ਼ਾਨ ਕੋਠੀ ਵੱਲ ਵਧ ਰਹੇ ਸਨ ਤੇ ਅਜੈਬ ਸਿੰਘ ਪਾਤਸ਼ਾਹ ਮੂਹਰੇ ਪੇਸ਼ ਹੋਣ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਸੀ।
ਪਾਤਸ਼ਾਹ ਦੀ ਪੂਰੀ ਦਹਿਸ਼ਤ ਸੀ ਇਸ ਇਲਾਕੇ ਵਿਚ, ਪਤਾ ਨਹੀਂ ਕਿੰਨੀਆਂ ਮਿੱਥਾਂ ਤੇ ਅਫ਼ਵਾਹਾਂ ਫੈਲਾ ਦਿੱਤੀਆਂ ਸਨ ਉਸ ਬਾਰੇ ਉਸਦੇ ਸ਼ਰਧਾਲੂਆਂ ਨੇ ਕਿ ਉਸਦੇ ਵੱਲ ਸਿੱਧਾ ਨਹੀਂ ਵੇਖ ਸਕਦਾ ਕੋਈ… । ਵੱਡੇ-ਵੱਡੇ ਨਾਢੂ ਖਾਂ ਸਾਹਵੇਂ ਹੁੰਦਿਆਂ ਈ ਚਰਨਾਂ ‘ਤੇ ਢਹਿ ਪੈਂਦੇ ਨੇ. ਤੇ ਢਹਿ ਪੈਂਦੇ ਨੇ ਕਿ ਜੇ ਕਿਸੇ ਮਿਹਰ ਦੀ ਨਿਗ੍ਹਾ ਕਰ ਦੇਵੇ, ਖੁਸ਼ੀਆ ਬਖ਼ਸ਼ ਦੇਵੇ ਤਾਂ ਵਾਰੇ ਨਿਆਰੇ… ਸੱਤੇ ਕੁੱਲਾਂ ਤਰ ਜਾਂਦੀਆਂ ਨੇ ਜੇ ਰੱਬ ਨਾ ਕਰੇ ਕਿਤੇ ਕ੍ਰੋਧ ਆ ਜਾਵੇ ਭਸਮ ਬੱਸ ਸਭ ਖ਼ਤਮ ਹੋ ਜਾਂਦੈ…।
ਅਜੈਬ ਸਿੰਘ ਬਹੁਤ ਭਰਿਆ ਹੋਇਆ ਸੀ। ਜਿਸ ਕਮਰੇ ਵਿਚ ਉਹ ਪਹੁੰਚੇ ਸਨ, ਉਸ ਕਮਰੇ ਦੀ ਸਾਹਮਣੀ ਕੰਧ ਨਾਲ ਗਦੈਲੇ ਉਪਰ ਗੋਲ ਸਿਰਹਾਣੇ ਦੀ ਢੋਅ ਲਾਈ ਬੈਠੇ ਸ਼ਖ਼ਸ ਦੀ ਸ਼ਾਨ ਪਾਤਸ਼ਾਹ ਨਾਲੋਂ ਘੱਟ ਨਹੀਂ ਸੀ ਪਰ ਇਸ ਤੋਂ ਪਹਿਲਾਂ ਕਿ ਉਸ ਉਸਨੂੰ ਪਾਤਸ਼ਾਹ ਸਮਝ ਕੇ ਕੋਈ ਗੱਲ ਕਰਦਾ, ਉਸਨੂੰ ਨਾਲ ਲੈ ਕੇ ਆਇਆ ਸੇਵਕ ਬੋਲਿਆ ਸੀ, “ਬਾਬਾ ਦਿਆ ਸਿੰਘ ਜੀ, ਇਹ ਲਖਣਪੁਰ ਤੋਂ ਆ… ਕਿਸੇ ਅਮਰ ਸਿੰਘ ਨੂੰ ਮਿਲਣਾ ਚਾਹੁੰਦੈ ਆਂਹਦਾ ਏਹਦਾ ਪਿਓ ਏ…ਉਹ …।”
ਸੱਪ ਦੀਆਂ ਅੱਖਾਂ ਵਾਲੇ ਪ੍ਰਬੰਧਕ ਬਾਬਾ ਦਿਆ ਸਿੰਘ ਨੇ ਜਦੋਂ ਬਿਨਾਂ ਝਖਕੇ ਅੱਖਾਂ ਏਧਰ-ਓਧਰ ਫੇਰੀਆਂ ਤਾਂ ਅਜੈਬ ਸਿੰਘ ਨੇ ਇਕ ਪਲ ਸੁੱਖ ਦਾ ਸਾਹ ਲਿਆ ਕਿ ਚਲੋ ਇਹ ਪਾਤਸ਼ਾਹ ਤਾਂ ਨਹੀਂ…।
ਜਦੋਂ ਉਹ ਸੱਪ ਅੱਖਾ ਪ੍ਰਬੰਧਕ ਬੋਲਿਆ ਤਾਂ ਅਜੈਬ ਸਿੰਘ ਹੈਰਾਨੀ ਨਾਲ ਉਹਦੇ ਵੱਲ ਵੇਖਿਆ, ਏਨੇ ਕੂਲੇ ਤੇ ਮਿੱਠੇ ਬੋਲ ਉਸਨੇ ਆਪਣੀ ਜ਼ਿੰਦਗੀ ‘ਚ ਪਹਿਲੀ ਵਾਰੀ ਸੁਣੇ ਸਨ । ਬਾਬਾ ਦਿਆ ਸਿੰਘ ਕਹਿ ਰਿਹਾ ਸੀ, “ਵਾਹ ਜੀ ਵਾਹ… ਧੰਨ ਭਾਗ… ਤੁਸੀਂ ਬਾਪੂ ਅਮਰ ਸਿੰਘ ਜੀ ਦੇ ਸੈਹਬਜ਼ਾਦੇ ਓ… ਆਓ… ਜੀ ਆਇਆਂ ਨੂੰ… ਅੱਜ ਤਾਂ ਪਾਅਸ਼ਾਹ ਆਪ ਵੱਸਿਆ ਏ ਤੁਹਾਡੇ ਅੰਦਰ ਆਓ, ਏਥੇ ਮੇਰੇ ਕੋਲ ਬੈਠੋ।” ਅਜੈਬ ਸਿੰਘ ਝਿਜਕਦਾ ਜਿਹਾ ਗਦੈਲੇ ਦੀ ਨੁੱਕਰ ‘ਤੇ ਬੈਠ ਗਿਆ ਸੀ । ਬਾਬਾ ਦਿਆ ਸਿੰਘ ਨੇ ਫਿਰ ਕਿਹਾ ਸੀ, “ਬਾਪੂ ਅਮਰ ਸਿੰਘ ਹੋਰਾਂ ਦਾ ਕੀ ਲੇਖਾ ਜੀ… ਇਹੋ ਜਿਹੀ ਆਤਮਾ ਤੇ ਕਦੀ ਈ ਆਉਂਦੀ ਏ ਸੰਸਾਰ ‘ਤੇ ਉਹ ਤੁਹਾਡੇ ਈ ਨਹੀਂ, ਸਾਡੇ ਵੀ ਬਾਪੂ ਜੀ ਨੇ…।” ਅਜੈਬ ਸਿੰਘ ਦੇ ਦਿਲ ਨੂੰ ਢਾਰਸ ਮਿਲਣ ਲੱਗੀ ਸੀ, ਉਸਨੂੰ ਯਕੀਨ ਹੋ ਗਿਆ ਸੀ ਏਥੇ ਉਸਨੂੰ ਨਿਆਂ ਮਿਲੇਗਾ।
ਅਜੈਬ ਸਿੰਘ ਠੀਕ ਹੋ ਕੇ ਬਹਿ ਗਿਆ ਸੀ ਨਰਮ ਗਦੈਲੇ ‘ਤੇ। ਨਰਮ ਨਰਮ ਬੋਲਾਂ ਨੇ ਉਹਦੀ ਚਿੰਤਾ ਦੂਰ ਕਰ ਦਿੱਤੀ ਸੀ। ਉਸਨੇ ਸੋਚਿਆ ਸੀ ਕਿ ਹੁਣ ਜਦੋਂ ਡੇਰੇ ਦੇ ਏਡੇ ਵੱਡੇ ਪ੍ਰਬੰਧਕ ਨੇ ਉਹਦੇ ਪਿਓ ਨੂੰ ਆਪਣਾ ਪਿਓ ਆਖ ਦਿੱਤੈ, ਫਿਰ ਚਿੰਤਾ ਕਾਹਦੀ । ਪਰ ਉਹ ਨਹੀਂ ਸੀ ਜਾਣਦਾ ਕਿ ਲੋੜ ਵੇਲੇ ਤਾਂ ਇਹ ਲੋਕ… ।
“ਦੱਸੋ ਕਿਵੇਂ ਦਰਸ਼ਨ ਦਿੱਤੇ…?”
“ਜੀ ਬਾਪੂ ਜੀ ਨੂੰ ਮਿਲਣਾ ਸੀ…।”
ਪਰ ਉਹਦੇ ਬੋਲਾਂ ਨਾਲ ਦਿਆ ਸਿੰਘ ਜ਼ਰਾ ਕੁ ਕਿਆ, ਸ਼ਰਾਬ ਦੀ ਬੋਅ ਨਾਲ ਉਸਨੇ ਨੱਕ ਵੱਟਿਆ, ਥੋੜ੍ਹਾ ਪਿੱਛੇ ਹਟਿਆ, ਉਸਦੀਆਂ ਅੱਖਾਂ ਅਜੈਬ ਸਿੰਘ ‘ਤੇ ਗੱਡੀਆਂ ਗਈਆਂ। ਬਾਬਾ ਦਿਆ ਸਿੰਘ ਦਾ ਸ਼ਾਤਰ ਦਿਮਾਗ ਇਸੇ ਪਲ ਕਿੰਨੇ ਮਨਸੂਬੇ ਘੜ ਗਿਆ ਸੀ।
“ਤੁਸੀਂ ਇਥੇ ਹੀ ਸਜੋ, ਦੁੱਧ ਛਕੋ, ਮੈਂ ਭੇਜਦਾਂ ਕਿਸੇ ਨੂੰ ਬਾਪੂ ਜੀ ਵੱਲ…।” ਬਾਬਾ ਦਿਆ ਸਿੰਘ ਉਠਦਾ ਹੋਇਆ ਬੋਲਿਆ ਸੀ।
ਉਹਦੇ ਜਾਣ ਪਿਛੋਂ ਅਜੈਬ ਸਿੰਘ ਨੇ ਕਮਰੇ ਵਿਚ ਨਿਗ੍ਹਾ ਮਾਰੀ ਸੀ। ਸਾਰਾ ਕਮਰਾ ਵਿਦੇਸ਼ੀ ਚੀਜ਼ਾਂ ਨਾਲ ਭਰਿਆ ਪਿਆ ਸੀ । ਰੰਗਦਾਰ ਟੀ.ਵੀ. ਤੋਂ ਲੈ ਟਾਰਚ ਤਕ, ਹੈਂਗਰਾਂ ‘ਤੇ ਟੰਗੇ ਰੇਸ਼ਮੀ ਚੋਲਿਆਂ ਤੋਂ ਲੈ ਕੇ ਬੂਹੇ ਬਾਰੀਆਂ ਦੇ ਪਰਦਿਆਂ ਤਕ, ਸਭ ਕੁਝ ਵਿਦੇਸ਼ੀ ਸੀ। ਬਾਹਰ ਦੀ ਗਰਮੀ ਦੇ ਸਾੜੇ ਪਿੰਡੇ ਨੂੰ ਏ.ਸੀ. ਦੀ ਠੰਡਕ ਸਹਿਲਾ ਰਹੀ ਸੀ। ਫਰਿੱਜ ਦੇ ਠੰਡੇ ਠਾਰ ਦੁੱਧ ਨੇ ਉਹਦੇ ਅੰਦਰ ਠੰਢ ਵਰਤਾ ਦਿੱਤੀ ਸੀ । ਬਾਬਾ ਦਿਆ ਸਿੰਘ ਦੇ ਨਰਮ ਬੋਲਾਂ ਅਤੇ ਕਮਰੇ ਅੰਦਰਲੇ ਵਾਤਾਵਰਨ ਨੇ ਅਜੈਬ ਸਿੰਘ ਉਤੇ ਸੁਖ ਅਤੇ ਆਨੰਦ ਦੀ ਚਾਦਰ ਜਿਹੀ ਤਾਣ ਦਿੱਤੀ ਸੀ, ਬੇਹੋਸ਼ੀ ਵਰਗੀ। ਜਿਸਨੇ ਉਸਨੂੰ ਬਹੁਤ ਕੁਝ ਭੁਲਾ ਦਿੱਤਾ ਸੀ। ਉਹ ਇੰਨਾ ਮੋਹਿਆ ਗਿਆ ਸੀ ਜੇ ਇਸ ਹਾਲਤ ਵਿਚ ਬਾਬਾ ਦਿਆ ਸਿੰਘ ਉਸਨੂੰ ਜ਼ਮੀਨ ਅਤੇ ਬਾਪੂ ਦਾ ਖ਼ਿਆਲ ਛੱਡਣ ਲਈ ਆਖਦਾ ਤਾਂ ਉਹ ਝੱਟ ਹਾਂ ਕਰ ਦਿੰਦਾ। ਸ਼ਾਇਦ ਉਸਦੇ ਬਾਪੂ ਨਾਲ ਵੀ ਇੰਝ ਹੀ ਹੋਇਆ ਸੀ। ਇਸ ਕਮਰੇ ਦੇ ਵਾਤਾਵਰਨ ਨੇ ਉਨ੍ਹਾਂ ਵਰਗੇ ਕਿੰਨਿਆਂ ਨੂੰ ਲੁੱਟਿਆ ਤੇ ਠੱਗਿਆ ਸੀ…।
ਬਾਬਾ ਦਿਆ ਸਿੰਘ ਵਾਪਸ ਆ ਗਿਆ ਤੇ ਉਸਨੇ ਆਪਣੀ ਮਿੱਠੀ ਬਾਣੀ ਦੀ ਬੀਨ ਵਜਾਉਣੀ ਸ਼ੁਰੂ ਕਰ ਦਿੱਤੀ ਸੀ। ਕੀਲਿਆ ਬੈਠਾ ਅਜੈਬ ਸਿੰਘ ਅੱਖਾਂ ਨੂੰ ਵੀ ਕੰਨ ਬਣਾ ਕੇ ਸੁਣ ਰਿਹਾ ਸੀ। ਅਜੈਬ ਸਿੰਘ ਦੇ ਤਨ ਅਤੇ ਮਨ ਨੂੰ ਨਾ ਕਿਹਾ ਜਾਣ ਵਾਲਾ ਸੁਖ ਮਿਲ ਰਿਹਾ ਸੀ। ਉਦੋਂ ਹੀ ਬੂਹਾ ਖੁੱਲ੍ਹਿਆ ਸੀ. ਤੇ ਤਿੰਨ ਚਾਰ ਨਵੀਂ ਉਮਰ ਦੇ ਮੁੰਡੇ ਅੰਦਰ ਆਏ ਸਨ । ਚੌਂਕਿਆ ਸੀ ਅਜੈਬ ਸਿੰਘ, ਜਦੋਂ ਇਕ ਤਾਂ ਬਾਬਾ ਦਿਆ ਸਿੰਘ ਨੂੰ ਮੁਖਾਤਿਬ ਹੋਇਆ ਸੀ ਤੇ ਦੂਜੇ ਅਜੈਬ ਸਿੰਘ ਵੱਲ ਇੰਝ ਦੇਖਣ ਲੱਗੇ ਸਨ, ਜਿਵੇਂ ਕਸਾਈ ਬੱਕਰੇ ਵੱਲ ਦੇਖਦਾ ਹੁੰਦਾ ਹੈ।
ਪਹਿਲੇ ਨੇ ਕਿਹਾ ਸੀ, “ਬਾਬਾ ਜੀ… ਬਾਪੂ ਅਮਰ ਸਿੰਘ ਬਹੁਤ ਗੁੱਸੇ ‘ਚ ਨੇ… ਉਹ ਕਹਿੰਦੇ ਨੇ… ਏ ਕੁਸੰਗੀ ਐ… ਸ਼ਰਾਬੀ ਕਬਾਬੀ ਐ… ਉਹ ਕਹਿੰਦੇ ਨੇ ਉਨ੍ਹਾਂ ਏਸ ਹਰਾਮੀ ਕਰਕੇ ਘਰ ਛੱਡਿਐ ਉਹ ਕਹਿੰਦੇ ਨੇ ਏਹ ਕੰਜਰ ਦਾਰੂ ਪੀ .. ਕੇ ਉਨ੍ਹਾਂ ਦੀ ਦਾਹੜੀ ਪੁੱਟ ਦਿੰਦਾ ਸੀ… ਉਹ ਕਹਿੰਦੇ ਨੇ ਮੈਂ ਏਹਦੇ ਮੱਥੇ ਨਹੀਂ ਲੱਗਣਾ…।” ਮੁੰਡਾ ਇਉਂ ਬੋਲ ਰਿਹਾ ਸੀ ਜਿਵੇਂ ਸਭ ਕੁਝ ਰਟਿਆ ਹੋਵੇ। ਅਜੈਬ ਸਿੰਘ ਸੁੰਨ ਹੁੰਦਾ ਜਾ ਰਿਹਾ ਸੀ, “ਨਹੀਂ ਨਹੀਂ ਇਹ ਕਿਵੇਂ ਹੋ ਸਕਦੈ… ਇਹ ਤਾਂ ਬੜੇ ਸੱਜਣ ਪੁਰਸ਼ ਨੇ…।”
ਅਜੈਬ ਸਿੰਘ ਨੇ ਵੀ ਸਹਿਮਤੀ ‘ਚ ਸਿਰ ਹਿਲਾਇਆ ਸੀ ਪਰ ਮੁੰਡਾ ਕਦੋਂ ਮੰਨਣ ਵਾਲਾ ਸੀ, ਉਹ ਫਿਰ ਬੋਲਿਆ ਸੀ ਟੇਪ ਰਿਕਾਰਡ ਵਾਂਗੂੰ, “ਜੀ ਉਹ ਕਹਿੰਦੇ ਨੇ… ਏਸ ਪਾਪੀ ਦੀ ਹੁਣ ਵੀ ਸ਼ਰਾਬ ਪੀਤੀ ਹੋਊ.. ਭਾਵੇਂ ਸੁੰਘ ਕੇ ਵੇਖ ਲਓ…।” ਦੂਜੇ ਮੁੰਡੇ ਅੱਗੇ ਵਧੇ ਸਨ ਤਾਂ ਬਾਬਾ ਦਿਆ ਸਿੰਘ ਬੋਲਿਆ ਸੀ, “ਜੀਅ ਸਦਕੇ ਦੇਖੋ… ਇਹ ਪੜ੍ਹੇ ਲਿਖੇ ਗੁਰਮੁਖ ਪਿਆਰੇ ਨੇ ਸ਼ਰਾਬ ਪੀ ਕੇ ਡੇਰੇ ਵਿਚ ਕਿਵੇਂ ਆ ਸਕਦੇ ਨੇ।”
ਪਰ ਅਜੈਬ ਸਿੰਘ ਦਾ ਰੰਗ ਪੀਲਾ ਪੈ ਗਿਆ ਸੀ। ਮੱਥਾ ਪਸੀਨੇ ਨਾਲ ਭਿੱਜ ਗਿਆ ਸੀ। ਉਸਨੇ ਤਰਸੇਵੇਂ ਭਰੀਆਂ ਨਜ਼ਰਾਂ ਨਾਲ ਬਾਬਾ ਦਿਆ ਸਿੰਘ ਵੱਲ ਵੇਖਿਆ ਸੀ ਪਰ ਉਹ ਸੱਪ ਅੱਖੇ ਦੀਆਂ ਅੱਖਾਂ ‘ਚ ਕੋਈ ਭਾਵ ਨਹੀਂ ਸੀ। ਉਦੋਂ ਹੀ ਮੁੰਡਿਆਂ ਹੁਕਮ ਚਾੜ੍ਹ ਦਿੱਤਾ, “ਮੂੰਹ ਖੋਲ੍ਹ ਸਾਹ ਲੈ… ।” ਤੇ ਫਿਰ ਉਹ ਇਕੱਠੇ ਹੀ ਚੀਖੇ ਸਨ, “ਪੀਤੀ ਏ ਜੀ… ਏਹਨੇ ਦਾਰੂ ਪੀਤੀ ਏ…।”
ਇਕ ਨੇ ਉਸਨੂੰ ਗਿੱਚੀ ਤੋਂ ਫੜ੍ਹ ਹਲੂਣਿਆ, “ਦੱਸ ਓਏ… ਪੀਤੀ ਏ ਕਿ ਕਰੇ …।”
ਕੁਝ ਤਾਂ ਗਿਚੀਉਂ ਹਲੂਣੇ ਜਾਣ ਨਾਲ ਤੇ ਕੁਝ ਉਸ ਆਪ ਹੀ ਹਾਂ ਵਿਚ ਸਿਰ ਹਿਲਾ ਦਿੱਤਾ ਸੀ।
“ਓ… ਹੋਅ… ।” ਬਾਬਾ ਦਿਆ ਸਿੰਘ ਨੇ ਮੱਥੇ ਵਿਚ ਹੱਥ ਮਾਰਿਆ, “ਤੁਹਾਡੇ ਕੋਲੋਂ ਇਹ ਆਸ ਨਹੀਂ ਸੀ ਗੁਰਮੁਖ ਪਿਆਰਿਓ…।”
ਉਸ ਪਿੱਛੋਂ ਅਜੈਬ ਸਿੰਘ ਦੀ ਪੱਗ ਲੱਥ ਗਈ, ਦਾਹੜੀ ਖਿਲਰ ਗਈ, ਮੁੰਡਿਆਂ ਦੇ ਹੱਥ ਇੰਜ ਤੇਜ਼ੀ ਨਾਲ ਚੱਲੇ ਸਨ ਕਿ ਬਾਬਾ ਦਿਆ ਸਿੰਘ ਕੀ ਕਹਿ ਰਿਹਾ ਹੈ, ਅਜੈਬ ਸਿੰਘ ਨੂੰ ਕੁਝ ਨਹੀਂ ਸੀ ਸੁਣ ਰਿਹਾ। ਹਾਂ ਮੁੰਡੇ ਜਦੋਂ ਉਸਨੂੰ ਧੂਹ ਕੇ ਲਿਜਾਣ ਲੱਗੇ ਸਨ ਤਾਂ ਦੋ ਗੱਲਾਂ ਸੁਣੀਆਂ ਸਨ। ਇਕ ਤਾਂ ਉਸੇ ਮੁੰਡੇ ਨੇ ਕਹੀ ਸੀ, “ਜੀ ਉਹ ਕਹਿੰਦੇ ਨੇ ਇਹ ਦੁਸ਼ਟ ਸ਼ਰਾਬ ਪੀ ਕੇ ਟੱਬਰ ਨੂੰ ਤੰਗ ਕਰਦੈ, ਇਸ ਨੂੰ ਇਥੇ ਹੀ ਸੰਗਲ ਲਾ ਦਿਓ…।”
ਦੂਜੀ ਬਾਬਾ ਦਿਆ ਸਿੰਘ ਨੇ ਕਹੀ ਸੀ, “ਠੀਕ ਐ ਭਾਈ, ਲੈ ਜਾਓ ਇਸਨੂੰ… ਲਾ ਦਿਓ ਸੰਗਲ… ਤੇ ਜਾਂਦੇ ਹੋਏ ਬੀਬੀ ਸੱਤੋ ਨੂੰ ਘੱਲ ਜਾਇਓ… ਮੇਰਾ ਆਸਣ ਬਦਲ ਜਾਵੇ ਨਾਲ ਸਰੋਵਰ ਜਲ ਦਾ ਛਿੱਟਾ ਦੇ ਜਾਵੇ..।”
ਸਰੋਵਰ ਜਲ ਹੁਣ ਵੀ ਡੁਲ੍ਹ ਰਿਹਾ ਹੈ ਕੁਟੀਆ ਵਿਚ। ਉਹੀ ਮੁੰਡੇ, ਜਿਨ੍ਹਾਂ ਰਾਤੀਂ ਉਨ੍ਹਾਂ ਨੂੰ ਬੰਨਣ ਵੇਲੇ ਮਣ-ਮਣ ਪੱਕੇ ਦੀ ਗਾਲ੍ਹਾਂ ਕੱਢੀਆਂ ਸਨ, ਗੰਦ ਬਕਿਆ ਸੀ, ਧੀ ਭੈਣ ਇਕ ਕੀਤੀ ਸੀ, ਉਹੀ ਹੁਣ ਬੀਬੀ ਰਾਣੇ ਬਣੇ ‘ਸਤਿਨਾਮ ਵਾਹਿਗੁਰੂ’ ਦੀ ਤਾਲ ‘ਤੇ ਸੰਗਮਰਮਰ ਚਮਕਾ ਰਹੇ ਸਨ।
ਰਾਤ ਜਦੋਂ ਮੁੰਡੇ ਉਹਨੂੰ ਗਾਲਾਂ ਕੱਢਦੇ ਕੁੱਟਦੇ-ਮਾਰਦੇ ਸੰਗਲ ਨਾਲ ਬੰਨ੍ਹ ਰਹੇ ਸਨ ਤਾਂ ਉਸਨੂੰ ਲੱਗਿਆ ਸੀ ਕਿ ਗੱਲ ਸਿਰਫ਼ ਉਸਦੇ ਸ਼ਰਾਬ ਪੀਣ ਦੀ ਨਹੀਂ, ਅਸਲ ਗੱਲ ਵਿਚੋਂ ਕੋਈ ਹੋਰ ਐ… । ਬਾਬਾ ਦਿਆ ਸਿੰਘ ਕੋਲ ਬੈਠਾ ਜਿਵੇਂ ਉਹ ਖ਼ੁਦ ਨੂੰ ਦੋਸ਼ੀ ਮਹਿਸੂਸ ਕਰ ਰਿਹਾ ਸੀ, ਹੁਣ ਉਹ ਉਵੇਂ ਨਹੀਂ ਸੀ ਸੋਚਦਾ, ਬੀਰੇ ਪੁੱਤ ਦੀ ਆਖੀ ਇਕ-ਇਕ ਗੱਲ ਯਾਦ ਆ ਰਹੀ ਸੀ।
ਰਾਤੀਂ ਉਹ ਅਜੈਬ ਸਿੰਘ ਮੂਹਰੇ ਰੋਟੀ ਇਉਂ ਸੁੱਟ ਗਏ ਸਨ ਜਿਵੇਂ ਕੁੱਤੇ ਮੂਹਰੇ ਸੁੱਟੀਦੀ ਐ। ਮੈਲਾ ਜਿਹਾ ਮੁਸ਼ਕ ਮਾਰਦਾ ਖੇਸ ਸੁੱਟਦਿਆਂ ਇਕ ਮੁੰਡੇ ਨੇ ਕਿਹਾ ਸੀ, “ਲੈ ਫੜ ਖੱਫਣ ਲੈ ਲਈਂ ਉਤੇ।” ਉਦੋਂ ਅਜੈਬ ਸਿੰਘ ਨੇ ਵੀ ਸੋਚਿਆ ਸੀ ਕਿ ਹਾਂ ਉਸਨੂੰ ਹੁਣ ਖੱਫਣ ਹੀ ਚਾਹੀਦਾ ਸੀ। ਇੰਨੀ ਬੇਇੱਜ਼ਤੀ ਬਾਅਦ ਜਿਉਣ ਦਾ ਵੀ ਕੀ ਹੱਜ ਐ? ਹੁਣ ਤਾਂ ਉਹ ਚੁਫ਼ੇਰੇ ਇੰਝ ਵੇਖਦਾ ਸੀ ਕਿ ਕਿਤੇ ਕੋਈ ਜਾਣੂ ਨਾ ਵੇਖ ਲਵੇ।
ਪਲ ਹੀ ਪਲ ਕੁਟੀਆ ਵਿਚ ਸੇਵਾ ਕਰ ਰਹੇ ਬਹੁਤੇ ਸੇਵਕ ਰੁਕ ਗਏ ਸਨ। ਅਜੈਬ ਸਿੰਘ ਨੇ ਮਹਿਸੂਸ ਕੀਤਾ ਕੋਈ ਖ਼ਾਸ ਆਦਮੀ ਸੀ । ਕਈ ਜਣੇ ਇਹਦੇ ਪੈਰੀਂ ਹੱਥ ਲਾ ਰਹੇ ਸਨ, ਕਿਤੇ ਇਨ੍ਹਾਂ ਦਾ ਪਾਤਸ਼ਾਹ ਹੀ ਨਾ ਹੋਵੇ?… ਹਾਂ ਉਹੀ ਲੱਗਦੈ ਸੱਤ ਅੱਠ ਗੰਨਮੈਨਾਂ ਵਿਚ ਘਿਰਿਆ ਉਚਾ ਲੰਮਾ, ਕਾਲੀਆਂ ਐਨਕਾਂ, ਕਾਲੀ ਸਿਆਹ ਦਾਹੜੀ, ਖੜਵੀਆਂ ਮੁੱਛਾਂ, ਪੈਰੀਂ ਹੱਥ ਲਾਉਣ ਵਾਲਿਆਂ ਨੂੰ ਥਾਪੀਆਂ ਦਿੰਦਾ, ਉਹਵੇ ਵੱਲ ਹੀ ਆ ਰਿਹਾ ਸੀ। ਅਜੈਬ ਸਿੰਘ ਵੀ ਉਠ ਕੇ ਖੜ੍ਹਾ ਹੋ ਗਿਆ ਸੀ, ਪਰ ਉਹ ਝੁਕਿਆ ਨਹੀਂ ਸੀ। ਇਉਂ ਬੰਦਿਆਂ ਸਾਹਮਣੇ ਝੁਕਣ ਤੇ ਪੈਰੀਂ ਹੱਥ ਲਾਉਣੇ ਉਹ ਠੀਕ ਨਹੀਂ ਸੀ ਸਮਝਦਾ। ਉਹ ਤਾਂ ਆਪਣੇ ਪੈਰੀਂ ਹੱਥ ਲਾਉਣ ਵਾਲੇ ਵਿਦਿਆਰਥੀਆਂ ਨੂੰ ਵੀ ਵਰਜ਼ ਦਿੰਦਾ ਸੀ ਪਰ ਇਥੇ ਇਸ ਡੇਰੇ ਵਿਚ ਉਸਨੇ ਵੇਖਿਆ ਸੀ ਕਿ ਬਹੁਤੇ ਸਨ ਜਿਨ੍ਹਾਂ ਦੀ ਰੀੜ੍ਹ ਦੀ ਹੱਡੀ ਹੀ ਨਹੀਂ ਸੀ।
ਉਹ ਕਿਸੇ ਨਾ ਕਿਸੇ ਅੱਗੇ ਝੁਕੇ ਹੀ ਰਹਿੰਦੇ ਸਨ। ਆਉਣ ਵਾਲੇ ਨੇ ਸੱਪ ਵਾਂਗੂੰ ਫੁਕਾਰਾ ਮਾਰਿਆ ਸੀ, “ਕਿਉਂ ਲੱਥ ਗਈ ਸ਼ਰਾਬ..?”
ਪਰ ਅਜੈਬ ਸਿੰਘ ਨਹੀਂ ਸੀ ਬੋਲਿਆ, ਉਹੀ ਬੋਲਿਆ ਸੀ, “ਗੱਲ ਸੁਣ ਲੈ ਕੰਨ ਖੋਲ੍ਹ ਕੇ, ਅਮਰ ਸਿੰਘ ਹੁਣ ਸਾਡਾ ਪਿਓ ਏ, ਜੇ ਉਹਦੇ ਨਾਲ ਉੱਚੀ ਨੀਵੀਂ ਕੀਤੀ ਨਾ ਕਦੇ।” ਗੱਲ ਅਧੂਰੀ ਛੱਡ ਉਹ ਕੁਟੀਆ ਵੱਲ ਤੁਰ ਗਿਆ ਸੀ।
” ਗੱਲ ਸੁਣ ਬੇਟਾ।” ਪਹਿਲੀ ਵਾਰੀ ਪਹਿਰੇ ਵਾਲੇ ਮੁੰਡੇ ਨੂੰ ਬੁਲਾਇਆ ਸੀ ਅਜੈਬ ਸਿੰਘ ਨੇ, “ਇਹ ਪਾਤਸ਼ਾਹ ਸੀ…?”
“ਕੀ ਆਖਿਐ… ਪਾਤਸ਼ਾਹ..?” ਮੁੰਡਾ ਤਾਂ ਉਹਦੇ ਗਲ ਹੀ ਪੈ ਗਿਆ ਸੀ, ਜਿਵੇਂ ਉਹਨੇ ਬਹੁਤ ਮਾੜੀ ਗੱਲ ਕਰ ਦਿੱਤੀ ਹੋਵੇ, “ਓਏ ਜਾਹ ਓਏ, ਤੇਰੀ ਸੜ ਜਾਏ ਜੀਭ ਤੇਰੀ.. ਕੀੜੇ ਪੈਣ… ਇਹ ਤੇ ਸਾਡਾ ਸਕਿਓਰਿਟੀ ਇੰਚਾਰਜ ਸੀ… ਕਿੱਥੇ ਪਾਅਸ਼ਾਹ ਤੇ ਕਿੱਥੇ?” ਅਜੈਬ ਸਿੰਘ ਨੂੰ ਆਪਣੇ ਆਪ ‘ਤੇ ਖਿਝ ਵੀ ਆਈ ਸੀ ।
ਖਿਝ ਤਾਂ ਅੱਜ ਸਵੇਰੇ ਵੀ ਆਈ ਸੀ.. ਨਹੀਂ ਸਵੇਰੇ ਖਿਝ ਨਹੀਂ ਘਿਣ ਆਈ ਸੀ ਆਪਣੇ ਆਪ ਉਤੇ। ਸਵੇਰੇ ਜਦੋਂ ਇਹ ਮੁੰਡਾ ਸੰਗਲ ਫੜ੍ਹ ਕੇ ਕੁੱਤਿਆਂ ਵਾਂਗੂ ਉਸਨੂੰ ਜੰਗਲ ਪਾਣੀ ਲੈ ਗਿਆ ਸੀ, ਉਵੇਂ ਸੰਗਲ ਫੜੀ ਪਿੱਠ ਕਰਕੇ ਖੜ੍ਹਦਾ ਬੋਲਿਆ ਸੀ, “ਛੇਤੀ ਬਹਿ ਕੇ ਉਠ ਨਹੀਂ ਤੇ ਮੈਂ ਤੇਰੀ ।” ਬੈਠਣ ਤੋਂ ਪਹਿਲਾਂ ਉਹਦਾ ਆਖਣ ਦਾ ਜੀਅ ਸੀ ਕਿ ਮੈਂ ਭੱਜਦਾ ਨਹੀਂ ਬੇਟਾ, ਸੰਗਲ ਖੋਲ੍ਹ ਦੇ । ਪਰ ਬੁੱਲ੍ਹ ਹੀ ਸੀਅ ਲਏ ਸਨ ਉਸਨੇ, ਪਿਛੋਂ ਕਈ ਵਾਰ ਇਹ ਗੱਲ ਆਖਣ ਨੂੰ ਜੀਅ ਕੀਤਾ ਸੀ ਕਿ ਜੇ ਖੋਲ੍ਹਣਾ ਨਹੀਂ, ਥੋੜ੍ਹਾ ਢਿੱਲਾ ਹੀ ਕਰ ਦਿਓ… ਜਾਂ ਏਸ ਪੈਰ ਨਾਲੋਂ ਖੋਲ੍ਹ ਕੇ ਦੂਜੇ ਪੈਰ ਨਾਲ… ਪਰ…।
ਜਿਵੇਂ ਕਰੰਟ ਵੱਜਾ ਹੋਵੇ ਪੈਰਾਂ ‘ਤੇ। ਉਹਨੇ ਛੇਤੀ ਨਾਲ ਪੈਰ ਪਿੱਛੇ ਖਿੱਚੇ। ਕੋਈ ਉਸਦੇ ਪੈਰਾਂ ‘ਤੇ ਝੁਕਿਆ ਸੀ। ਫਿਰ ਉਠਿਆ ਨਹੀਂ ਸੀ, ਪੈਰੀਂ ਹੱਥ ਲਾ ਉਥੇ ਹੀ ਬੈਠ ਗਿਆ ਸੀ, ਉਹਦੇ ਪੈਰਾਂ ਦੇ ਕੋਲ। ਦੇਖਣ ਨੂੰ ਬਾਕੀਆਂ ਵਰਗਾ ਹੀ ਸੀ ਉਹ ਪੱਚੀ ਕੁ ਸਾਲਾਂ ਦਾ, ਚੋਲੇ ਵਾਲਾ…।
“ਸਰ।” ਦੁੱਖ ਨਾਲ ਫੁਸਫੁਸਾਇਆ ਸੀ ਉਹ।
ਅਜੈਬ ਸਿੰਘ ਹੈਰਾਨੀ ਨਾਲ ਵੇਖ ਰਿਹਾ ਸੀ। ਪਛਾਣ ਨਹੀਂ ਸੀ ਆਈ ਉਹਦੀ।
“ਸਰ… ਮੈਂ ਸੁਖਵਿੰਦਰ, ਸੁੱਖੀ ਸਰ… ਮੈਂ ਤੁਹਾਡੇ ਕੋਲ ਪੜ੍ਹਿਆ ਸਰ. ਸਮਰਾਲੇ…।”
ਅਜੈਬ ਸਿੰਘ ਯਾਦ ਕਰਨ ਲੱਗਾ ਸੀ, ਸੁਖਵਿੰਦਰ ਨੇ ਉਸਦੀ ਮਧੋਲੀ ਪਈ ਪੱਗ ਚੁੱਕ ਕੇ ਤਾੜੀ ਸੀ। ਬੜੀ ਇੱਜ਼ਤ ਨਾਲ ਉਸਨੂੰ ਫੜਾਉਂਦਿਆਂ ਕਿਹਾ ਸੀ, “ਪੱਗ ਬੰਨ੍ਹ ਲਓ ਸਰ।” ਅਜੈਬ ਸਿੰਘ ਨੇ ਪੱਗ ਫੜ੍ਹ ਕੇ ਮੋਢਿਆਂ ‘ਤੇ ਰੱਖ ਲਈ ਸੀ ਤੇ ਉਵੇਂ ਦੇਖਦਾ ਰਿਹਾ ਸੀ, ਸੁਖਵਿੰਦਰ ਵੱਲ ਹੈਰਾਨ ਜਿਹਾ।
ਸੁਖਵਿੰਦਰ ਨੇ ਤਪਾਕ ਨਾਲ ਕਿਹਾ ਸੀ, “ਮੈਂ ਤੁਹਾਨੂੰ ਹੁਣੇ ਵੇਖਿਆ ਸਰ” ਅਜੈਬ ਸਿੰਘ ਇਕ ਆਸ ਨਾਲ ਟਿਕਟਿਕੀ ਬੰਨ੍ਹ ਕੇ ਸੁਖਵਿੰਦਰ ਵੱਲ ਦੇਖਣ ਲੱਗਾ ਸੀ। ਕਿੰਨਾ ਕੁਝ ਸੀ ਪੁੱਛਣ ਤੇ ਦੱਸਣ ਵਾਲਾ । ਅਜੈਬ ਸਿੰਘ ਦੇ ਅੰਦਰ ਉਥਲ ਪੁਥਲ ਹੋਣ ਲੱਗੀ ਸੀ ਕਿ ਕੁਟੀਆ ਵਿਚ ਪਹਿਲਾਂ ਵਾਂਗੂ ਫੇਰ ਹਲਚਲ ਹੋਈ ਸੀ। ਅਜੈਬ ਸਿੰਘ ਨੇ ਵੇਖਿਆ ਕਿ ਇਕ ਬੜੀ ਉਜਲੀ ਸ਼ਖ਼ਸੀਅਤ ਕੁਟੀਆ ਵਿਚ ਦਾਖ਼ਲ ਹੋ ਰਹੀ ਸੀ। ਪੇਚਦਾਰ ਪੱਗ, ਅਚਕਨ ਅਤੇ ਚੂੜੀਦਾਰ ਪਜਾਮਾ। ਗੋਰਾ ਰੰਗ, ਸਫ਼ੈਦ ਰੇਸ਼ਮੀ ਦਾਹੜਾ, ਚਿੱਟੀਆਂ ਐਨਕਾਂ, ਚੋਲਿਆਂ ਵਾਲਿਆਂ ਨਾਲੋਂ ਹਰ ਤਰ੍ਹਾਂ ਨਾਲ ਵੱਖਰਾ ਸੀ ਉਹ। ਗੰਨਮੈਨ ਉਹਦੇ ਨਾਲ ਵੀ ਬਹੁਤ ਸਨ। ਸਕਿਉਰਿਟੀ ਇੰਚਾਰਜ ਵਾਂਗੂੰ, ਲੋਕ ਉਹਦੇ ਵੀ ਪੈਰੀਂ ਹੱਥ ਲਾ ਰਹੇ ਸਨ।
ਅਜੈਬ ਸਿੰਘ ਨੇ ਸੋਚਿਆ ਸ਼ਾਇਦ ਇਹੀ ਪਾਤਸ਼ਾਹ ਹੋਵੇ…।
ਉਹ ਸੁਖਵਿੰਦਰ ਨੂੰ ਪੁੱਛਣ ਹੀ ਲੱਗਾ ਸੀ ਕਿ ਉਹ ਸ਼ਖ਼ਸੀਅਤ ਸਣੇ ਲਾਮ ਲਸ਼ਕਰ ਉਹਦੇ ਸਿਰ ‘ਤੇ ਆਣ ਖੜੀ ਹੋਈ ਸੀ । ਸੁਖਵਿੰਦਰ ਨੇ ਪੈਰੀਂ ਹੱਥ ਲਾਏ ਸਨ ਪਰ ਅਜੈਬ ਸਿੰਘ ਨਹੀਂ ਸੀ ਝੁਕਿਆ, ਉਂਝ ਉਹ ਖੜ੍ਹਾ ਜ਼ਰੂਰ ਹੋ ਗਿਆ ਸੀ।
“ਇਹ ਨੇਤਾ ਜੀ ਨੇ।” ਸੁਖਵਿੰਦਰ ਦੱਸ ਰਿਹਾ ਸੀ, “ਐਮ.ਪੀ. ਰਹਿ ਚੁੱਕੇ ਨੇ .।”
“ਤਾਂ ਇਹ ਵੀ ਪਾਤਸ਼ਾਹ ਨਹੀਂ…।” ਅੰਦਰੇ ਅੰਦਰ ਸੋਚਿਆ ਸੀ ਅਜੈਬ ਸਿੰਘ ਨੇ।
ਅਜੈਬ ਸਿੰਘ ਦੇ ਸਾਹਬ ਸਲਾਮਤ ਨਾ ਕਹਿਣ ਤੇ ਅੰਦਰੋਂ ਸ਼ਾਇਦ ਚਿੜ ਗਿਆ ਸੀ ਨੇਤਾ ਜੀ। ਤਾਂ ਹੀ ਵਿਅੰਗ ਨਾਲ ਕਿਹਾ ਸੀ, ਉਸਨੇ, “ਅੱਛਾ ਇਹ ਨੇ ਉਹ ਟੀਚਰ” ਫਿਰ ਉਹ ਅਜੈਬ ਸਿੰਘ ਨੂੰ ਸੰਬੋਧਿਤ ਹੋਇਆ ਸੀ, “ਸਟੂਡੈਂਟਸ ਨੂੰ ਕੀ ਸਿਖਾਓ ਤੁਸੀਂ ਸ਼ਰਾਬ ਪੀਣਾ… ਪੇਰੈਂਟਸ ਨੂੰ ਤੰਗ ਕਰਨਾ ਫਾਦਰ ਦੀ … ਦਾਹੜੀ ਪੁੱਟਣਾ… ਕਿਸੇ ਟੀਚਰ ਨੂੰ ਸੋਭਾ ਦਿੰਦੈ ਇਹ ਕੁਝ।”
“ਸੁਣਿਆ ਸੀ ਤਾਂ ਬੁਰਾ ਲੱਗਿਆ ਸੀ ਕਿ ਕਿਸੇ ਟੀਚਰ ਨੂੰ ਸੰਗਲ ਨਾਲ ਬੰਨਿਐਂ। ਪਰ ਤੁਸੀਂ.. ਤੁਸੀਂ ਤਾਂ ਹੋ ਹੀ ਇਸ ਲਾਇਕ।”
ਸਵੈਮਾਣ ਛਲਣੀ ਛਲਣੀ ਹੋ ਗਿਆ ਸੀ ਅਜੈਬ ਸਿੰਘ ਦਾ, ਪਰ ਨਹੀਂ ਸੀ ਬੋਲਣਾ ਉਸਨੇ ਤੇ ਨਹੀਂ ਸੀ ਬੋਲਿਆ। ਨੇਤਾ ਦੇ ਚਲੇ ਜਾਣ ਪਿਛੋਂ ਸੁਖਵਿੰਦਰ ਨਾਲ ਅੱਖਾਂ ਮਿਲਾਉਂਦੇ ਨੂੰ ਲੱਗੇ ਪਲ ਜਿਵੇਂ ਵਰ੍ਹਿਆਂ ਜਿੱਡੇ ਹੋ ਗਏ ਹੋਣ। ਫਿਰ ਵੀ ਉਸਨੇ ਸੋਚਿਆ ਸੀ ਕਿ ਸੁਖਵਿੰਦਰ ਨਾਲ ਤਾਂ ਬੋਲਣਾ ਹੀ ਪਵੇਗਾ, ਉਸਨੇ ਉਹਦੇ ਮੋਢੇ ‘ਤੇ ਹੱਥ ਰੱਖਦਿਆਂ ਕਿਹਾ ਸੀ, “ਸੁੱਖੀ ਬੇਟੇ ਮੈਂ ਸੱਚ ਕਹਿਨਾਂ. ਮੈਂ ਸ਼ਰਾਬ ਪੀ ਕੇ ਬਾਪੂ ਅਤੇ ਟੱਬਰ ਨੂੰ ਤੰਗ ਨਹੀਂ ਕਰਦਾ ਬੇਟੇ…।” ਅੱਗੋਂ ਬੋਲਿਆ ਨਹੀਂ ਗਿਆ ਸੀ ਉਸ ਤੋਂ। ਸੁਖਵਿੰਦਰ ਬੋਲਿਆ ਸੀ, “ਮੈਨੂੰ ਪਤੈ ਸਰ ਸਭ ਪਤੈ.. ਤੁਸੀਂ ਕੁਝ ਨਾ ਕਹੋ।”
“ਪਰ ਇਹ ਮੈਨੂੰ ਵਾਰ-ਵਾਰ ਸ਼ਰਾਬੀ ਸ਼ਰਾਬੀ ਆਖੀ ਜਾਂਦੇ ਨੇ… ਮੈਂ ਤਾਂ ਬਾਪੂ ਨੂੰ ਮਿਲਣ ਆਇਆ ਸੀ ਕਿ ਜ਼ਮੀਨ ਦੇ ਨੰਬਰ ਕਿਉਂ ਲਏ ਨੇ ਪਰ ਇਹ ਉਹ ਗੱਲ ਈ ਨਹੀਂ ਕਰਨ ਦਿੰਦੇ।” ਦੁਖੀ ਅਜੈਬ ਸਿੰਘ ਨੂੰ ਮਸਾਂ ਮਿਲਿਆ ਸੀ ਸੁਖਵਿੰਦਰ…।
ਉਸਨੇ ਕਿਹਾ ਸੀ, “ਸਰ ਤੁਸੀਂ ਹੁਣ ਬਾਪੂ ਜੀ ਨੂੰ ਮਿਲ ਕੇ ਕੀ ਕਰੋਗੇ…?” “ਹਾਂ ਸਰ… ।” ਸੁਖਵਿੰਦਰ ਨੇ ਨੀਵੀਂ ਪਾ ਲਈ ਸੀ… “ਹੁਣ ਤਕ ਰਜਿਸਟਰੀ ਹੋ ਗਈ ਹੋਵੇਗੀ ਸਰ।”
“ਅਜੈਬ ਸਿੰਘ ਬੇ-ਯਕੀਨੀ ਨਾਲ ਦੇਖਦਾ ਰਿਹਾ ਸੀ ਸੁਖਵਿੰਦਰ ਵੱਲ ਅੱਖਾਂ ਪਾੜ-ਪਾੜ…। ਉਹ ਕਹਿ ਰਿਹਾ ਸੀ, “ਏਸੇ ਕਰਕੇ ਤੁਹਾਨੂੰ ਕਲ੍ਹ ਦਾ ਬੰਨ੍ਹਿਆ ਹੋਇਆ ਸਰ… ਕਿ ਤੁਸੀਂ ਜਾ ਕੇ ਕੋਈ ਚਾਰਾਜੋਈ ਨਾ ਕਰੋ ਸ਼ਰਾਬ ਕਰਕੇ ਨਹੀਂ… ਸ਼ਰਾਬ ਤਾਂ ਹੋ ਸਕਦੇ ਜਿਨ੍ਹਾਂ ਰਾਤੀਂ ਤੁਹਾਨੂੰ ਬੰਨ੍ਹਿਆ ਸੀ… ਉਨ੍ਹਾਂ ਵੀ ਪੀਤੀ ਹੋਵੇ …।”
ਪਰ ਅਜੈਬ ਸਿੰਘ ਨੇ ਜਿਵੇਂ ਸੁਣਿਆ ਹੀ ਨਹੀਂ ਸੀ, ਪਲ ਦੀ ਪਲ ਉਹ ਆਪਣੀ ਬੰਨ੍ਹ ਬੰਨ੍ਹਾਈ, ਕੁੱਟਮਾਰ, ਜਿੱਲਤ, ਬੇਇੱਜ਼ਤੀ ਸਭ ਭੁੱਲ ਗਿਆ ਸੀ, ਅੱਖਾਂ ਮੂਹਰੇ ਘੁੰਮ ਰਿਹਾ ਸੀ ਤਾਂ ਬੱਸ, ਅੱਠ ਕਿੱਲੇ ਦਾ ਚੌਰਸ ਟੱਕ ਵਿਚ ਮੋਟਰ… ਰਿਟਾਇਰ ਹੋਣ ਪਿਛੋਂ ਦੇ ਸੁਪਨੇ, ਪੋਤੇ-ਪੋਤੀ ਨਾਲ ਬੰਨੇ ਬੰਨੇ ਘੁੰਮਣਾ.. ਸਭ ਮਿੱਟੀ ਹੋ ਗਿਆ ਸੀ, ‘ਜਾਹ ਓਏ ਬਾਪੂ…’ ਹਉਕਾ ਨਿਕਲ ਗਿਆ ਸੀ ਉਹਦਾ।
ਪਰ ਸੁਖਵਿੰਦਰ ਕਾਹਲੀ ਨਾਲ ਬੋਲਿਆ ਸੀ, “ਨਹੀਂ ਸਰ ਨਹੀਂ, ਤੁਹਾਡੇ ਬਾਪੂ ਜੀ ਨੇ ਪਹਿਲਾਂ ਤਾਂ ਹਾਂ ਕਰ ਦਿੱਤੀ ਸੀ… ਮੱਥਾ ਟੇਕਣ ਦੀ ਪਰ ਪਿਛੋਂ ਉਹ ਅੜ ਗਿਆ ਸੀ… ਉਹ ਤਾਂ ਤੁਹਾਨੂੰ ਬਹੁਤ ਸੁਨੇਹੇ ਭੇਜਦਾ ਰਿਹਾ ਸਰ… । ਪਰ ਸੁਨੇਹੇ ਲਿਜਾਣ ਵਾਲਾ ਆਦਮੀ ਵੀ ਇਨ੍ਹਾਂ ਦਾ ਹੀ ਸੀ… ਉਹ ਆ ਕੇ ਤੁਹਾਡੇ ਵੱਲੋਂ ਝੂਠ ਹੀ ਆਖ ਦਿੰਦਾ ਕਿ ਉਹ ਕਹਿੰਦੇ ਨੇ ਕਿ ਬਾਪੂ ਸਾਡੇ ਵਲੋਂ ਮਰ ਗਿਆ, ਅਸੀਂ ਉਹਦੇ ਵਲੋਂ ਜੋ ਮਰਜ਼ੀ ਕਰੇ ਅਸੀਂ ਉਹਦੀ ਜ਼ਮੀਨ ‘ਤੇ ਥੁੱਕਦੇ ਵੀ ਨਹੀਂ…।” ..
ਅਜੈਬ ਸਿੰਘ ਮੱਥੇ ‘ਚ ਹੱਥ ਮਾਰ ਰਿਹਾ ਸੀ, ਕਲ੍ਹ ਰਾਤੀਂ ਤੋਤੇ ਵਾਂਗੂੰ ਬੋਲਦਾ ਉਹ ਮੁੰਡਾ ਉਸਨੂੰ ਯਾਦ ਆ ਰਿਹਾ ਸੀ, “ਉਹ ਕਹਿੰਦੇ ਨੇ।”
“ਥੋਡੇ ਬਾਪੂ ਜੀ ਤਾਂ ਬਹੁਤ ਰੋਂਦੇ ਸੀ ਸਰ.. ਮੈਨੂੰ ਨਹੀਂ ਸੀ ਪਤਾ ਕਿ ਉਹ ਥੋਡੇ ਬਾਪੂ ਜੀ ਨੇ ਨਹੀਂ ਤਾਂ.. ਮੈਂ ਜ਼ਰੂਰ ਆਉਂਦਾ ਸਰ।”
ਅਜੈਬ ਸਿੰਘ ਦੀਆਂ ਮੁੱਠੀਆਂ ਮੀਟੀਆਂ ਗਈਆਂ, “ਏਡਾ ਵੱਡਾ ਧੋਖਾ… ਬੀਰਾ ਠੀਕ ਈ ਕਹਿੰਦਾ ਸੀ…।”
“ਬੀਰਾ ਆਇਆ ਸੀ ਸਵੇਰੇ ਸਰ… ਤੁਹਾਡਾ ਛੋਟਾ ਬੇਟਾ ਤੁਹਾਡਾ ਪਤਾ ਲੈਣ ।” ਸੁਖਵਿੰਦਰ ਨੇ ਕਿਹਾ ਤਾਂ ਡਰ ਗਿਆ ਸੀ ਅਜੈਬ ਸਿੰਘ, “ਫੇਰ?” ਉਸਨੇ ਸੁਖਵਿੰਦਰ ਦੀ ਬਾਂਹ ਫੜ੍ਹ ਲਈ ਸੀ, “ਫੇਰ ਕੀ ਹੋਇਆ ਬੀਰੇ ਨੂੰ?”
“ਕੁਛ ਨਹੀਂ ਸਰ… ਉਹਨੂੰ ਆਖ ਦਿੱਤਾ ਬਾਬਾ ਦਿਆ ਸਿੰਘ ਨੇ ਕਿ ਤੇਰੇ ਦਾਦੇ ਅਮਰ ਸਿੰਘ ਨੂੰ ਬਾਹਰਲੇ ਮੁਲਕ ਦੀ ਸੈਰ ਕਰਵਾਉਣੀ ਸੀ… ਜੈਦਾਦ ਦੇ ਵੇਰਵੇ ਲਈ ਜ਼ਮੀਨ ਦੇ ਨੰਬਰ ਚਾਹੀਦੇ ਸਨ… ਕੁਦਰਤੀ ਤੇਰੇ ਪਾਪਾ ਵੀ ਆ ਗਏ… ਉਹ ਦਿੱਲੀ ਚੜ੍ਹਾਉਣ ਗਏ ਨੇ. ਕਲ੍ਹ ਤਕ ਆ ਜਾਣਗੇ ਘਰੇ ਉਹ ਘਰ ਚਲਾ ਗਿਆ ਸਰ…।” ਬੀਰੇ ਦਾ ਘਰ ਚਲਾ ਜਾਣਾ ਸੁਣ ਕੇ ਸੁਖ ਦਾ ਸਾਹ ਵੀ ਆਇਆ . ਤੇ ਇਕ ਵਰੋਲਾ ਵੀ ਚੜ੍ਹਿਆ ਦਿਮਾਗ ਨੂੰ । “ਇਹ ਡੇਰੈ ਕਿ ਬੁੱਚੜਖਾਨਾ.?”
1 ਉਸਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ ਕੁਟੀਆਂ ਵੱਲ ਮੂੰਹ ਕਰਕੇ ਲਲਕਾਰਾ ਮਾਰੇ ਜਾਂ ਧਾਹ? ਉਸਨੂੰ ਆਪਣਾ ਆਪਾ ਡੋਲ ਗਿਆ ਜਾਪਿਆ: ਉਹਦਾ ਜੀਅ ਕੀਤਾ ਕਿ ਜੀਤ ਪੁੱਤ ਦਾ ਨਾਂਅ ਲੈ ਕੇ ਵੈਣ ਪਾਵੇ ਤੀਵੀਆਂ ਵਾਂਗੂੰ ਛਾਤੀ ਅਤੇ ਪੱਟਾਂ ‘ਤੇ ਦੁਹੱਥੜ ਮਾਰ ਕੇ ਪਿੱਟੇ ਪਲਾਂ ਛਿਣਾਂ ਵਿਚ ਉਹਦੇ ਮਨ ਵਿਚੋਂ ਕਿੰਨਾ ਕੁਝ ਲੰਘ ਗਿਆ। ਵਿਹੜੇ ‘ਚ ਪਈ ਜੀਤ ਪੁੱਤ ਦੀ ਲਾਸ਼: ਦੰਦਲ ਪੈ ਕੇ ਬੇਸੁਰਤ ਹੋਈ ਜੀਤ ਦੀ ਮਾਂ ਪਛਾਣ ਖਾ ਕੇ ਡਿੱਗੀ ਜੀਤ ਦੀ ਬਹੂ … ਹਟਕੋਰੇ ਭਰਦੀ ਗੁੱਡੋ ਸਹਿਮਿਆ ਹੋਇਆ ਬਿੱਟੂ, ਬੈਠਕ ਦੇ ਬੂਹੇ ’ਚ ਖੜ੍ਹਾ ਗੁੱਸੇ ਨਾਲ ਭਰਿਆ ਬੀਰਾ ਤੇ ਤੇ ਉਨ੍ਹਾਂ ਦੇ ਖੇਤਾਂ ਵਿਚ ਚਲਦੇ ਡੇਰੇ ਦੇ ਟਰੈਕਟਰ ਜੀਤ ਪੁੱਤ ਦੀ ਲਾਸ਼ ਵਾਂਗੂੰ ਹੀ ਵਿਹੜੇ ਵਿਚ ਪਈ ਬੀਰੇ ਪੁੱਤ ਦੀ “ਨਹੀਂ: ਈ…।” ਜ਼ੋਰ ਦੀ ਚੀਕਿਆ ਸੀ ਉਹ।
ਅਚਾਨਕ ਜਿਵੇਂ ਭੂਚਾਲ ਆ ਗਿਆ ਹੋਵੇ। ਪੁਲਿਸ ਨਾਲ ਭਰੀਆਂ ਜਿਪਸੀਆਂ ਅਸਲੇ ਨਾਲ ਲੈਸ ਚੋਲਿਆਂ ਵਾਲਿਆਂ ਨਾਲ਼ ਭਰੀਆਂ ਜੀਪਾਂ, ਅੱਗੇ ਵੀ ਪਿੱਛੇ ਵੀ, ਵਿਚਕਾਰ ਸਫ਼ੈਦ ਲੰਬੀ ਵਿਦੇਸ਼ੀ ਕਾਰੀ । ਜੈਕਾਰੇ ‘ਤੇ ਜੈਕਾਰਾ । ਜਿੱਥੇ ਕਿਸੇ ਦਾ ਕੰਮ ਸੀ, ਉਸਨੇ ਉਥੇ ਹੀ ਛੱਡ ਦਿੱਤਾ ਸੀ। ਹੱਥ ਜੋੜ ਕੇ ਸਿਰ ਨਿਵਾ ਕੇ ਸਭ ਬੁੱਤ ਬਣ ਗਏ ਸਨ । ਡਰਿਆ-ਡਰਿਆ ਅਜੈਬ ਸਿੰਘ ਵੀ ਖੜ੍ਹ ਗਿਆ ਸੀ। ਸੁਖਵਿੰਦਰ ਨੇ ਹੱਥ ਜੋੜ ਕੇ ਬੁੱਤ ਦੀ ਮੁਦਰਾ ‘ਚ ਖੜਦਿਆਂ ਹੌਲੀ ਜਿਹੀ ਕਿਹਾ ਸੀ, “ਪਾਅਸ਼ਾਹ ਆ ਗਏ…।”
ਪਾਤਸ਼ਾਹ ਦੀ ਗੱਡੀ ਸਿੱਧੀ ਕੁਟੀਆ ਵਿਚ ਜਾ ਵੜੀ ਸੀ। ਬਾਹਰ ਲੋਕਾਂ ਦਾ ਹਜੂਮ ਜੁੜ ਗਿਆ ਸੀ, ਦਰਸ਼ਨਾਂ ਵਾਸਤੇ।
ਉਦੋਂ ਹੀ ਪੁੱਛਿਆ ਸੀ ਅਜੈਬ ਸਿੰਘ ਨੇ ਸੁਖਵਿੰਦਰ ਨੂੰ, “ਤੂੰ ਇਥੇ ਕੀ ਕਰਦੈਂ ਬੇਟੇ…?”
ਅਜੈਬ ਸਿੰਘ ਵੱਲ ਵੇਖ ਫਿੱਕਾ ਜਿਹਾ ਮੁਸਕਰਾਇਆ ਸੀ ਸੁਖਵਿੰਦਰ ਤੇ ਆਖਣ ਲੱਗਾ ਸੀ, “ਪੁਲ ਬੰਨਦੈਂ ਸਰ ਇਨ੍ਹਾਂ ਦੇ ਪ੍ਰੈਸ ‘ਚ ਤੇ ਇਨ੍ਹਾਂ ਦੀਆਂ ਕਰਤੂਤਾਂ ਤੇ ਪਰਦੇ ਪਾਉਨਾਂ, ਝੂਠ ਦਾ ਸੱਚ ਤੇ ਸੱਚ ਦਾ ਝੂਠ ਬਣਾਈ ਜਾਨਾ..।” ਫਿਰ ਠੰਡਾ ਸਾਹ ਭਰ ਕੇ ਆਖਣ ਲੱਗਾ ਸੀ, “ਸਾਡੀ ਪੰਜ ਕਿਲ੍ਹੇ ਜ਼ਮੀਨ ਸੀ ਸਰ ਇਥੇ, ਡੇਰੇ ਦੇ ਨਾਲ ਲਗਦੀ ਇਨ੍ਹਾਂ ਕਈ ਸਾਲ ਪਹਿਲਾਂ ਡੇਰੇ ਵਿਚ ਰਲਾ ਲਈ ਸੀ. ਕਹਿੰਦੇ ਸੀ ਬੇਟ ਵਿਚ ਦੁੱਗਣੀ ਦੇ ਦਿਆਂਗੇ ਮੇਰਾ ਬਾਪੂ ਸਰ… ਬੇਟ ਦੀ ਤਿਆਰੀ ਕਰਦਾ ਹੀ ਪੂਰਾ ਹੋ ਗਿਆ… ਬੇਬੇ ਮੇਰੀ ਲੰਗਰ ‘ਚ ਸੇਵਾ ਕਰਦੀ ਐ… ਭਰਾ ਮੇਰਾ ਛੋਟਾ ਇਕ ਡੇਰੇ ‘ਚ ਖੇਤੀ ਕਰਦੈ ਇਨ੍ਹਾਂ ਦੀ ਇਕ ਇਨ੍ਹਾਂ ਦੇ ਡੰਗਰ ਸਾਂਭਦੈ, ਮੈਂ, ਦੱਸਿਆ ਸਰ।”
ਬਹੁਤ ਉਦਾਸ ਹੋ ਗਿਆ ਸੀ ਸੁਖਵਿੰਦਰ, ਫਿਰ ਕੁਟੀਆ ਵੱਲ ਵੇਖਦਾ ਬੋਲਿਆ ਸੀ, “ਹੁਣ ਤਾਂ ਬੱਸ ਮੇਰੀ ਬੇਬੇ ਨੂੰ ਇਕ ਆਸ ਐ ਸਰ.. ਕਿ ਸ਼ਾਇਦ ਕਿਤੇ ਪਾਅਸ਼ਾਹ ਮਿਹਰ ਕਰ ਦਏ।”
ਗੱਲ ਸੁਣਦਾ-ਸੁਣਦਾ ਅਜੈਬ ਸਿੰਘ ਬੈਠਿਆ ਨਹੀਂ ਕੰਧ ਨਾਲ ਢੇਰੀ ਹੋ ਗਿਆ ਸੀ। ਸਭ ਕੁਝ ਖ਼ਤਮ ਹੋ ਗਿਆ ਸੀ ਉਸਦਾ, ਪੁੱਟਿਆ-ਲੁੱਟਿਆ ਗਿਆ ਸੀ… ਪਰ ਸੁਖਵਿੰਦਰ ਦੀ ਗੱਲ ਵਾਂਗੂ ਕਿ ਸ਼ਾਇਦ ਉਹ ਇਕ ਆਸ ਨਾਲ ਬੋਲਿਆ ਸੀ, “ਸੁੱਖੀ ਬੇਟੇ ਕਿਤੇ ਕੋਈ ਦਾਦ ਫਰਿਆ..?”
“ਨੋ ਸਰ… ਕਿਤੇ ਨਹੀਂ… ਸੁਣੀ ਹਰ ਥਾਂ ਜਾਵੇਗੀ, ਪਰ ਕਬੂਲ ਕਿਤੇ ਨਹੀਂ ਹੋਵੇਗੀ…।”
“ਪਰ ਬੇਟੇ ਪਾਤਸ਼ਾਹ ਤਾਂ ਪੰਦਰਾਂ ਦਿਨਾਂ ਬਾਅਦ ਮੁੜਿਐ ਤੇ ਇਹ ਸਾਰਾ ਕੁਝ ਉਹਦੇ ਪਿੱਛੋਂ ਆਖਰ ਮੈਂ ਉਸਨੂੰ ਕਹਾਂ ਤਾਂ ਸਹੀ…।”
“ਨਹੀਂ ਸਰ…।” ਸਮਝਾਉਣ ਦੇ ਲਹਿਜੇ ‘ਚ ਕਿਹਾ ਸੀ ਸੁਖਵਿੰਦਰ ਨੇ, “ਇਹ ਜਿਹੜੇ ਕੱਲ੍ਹ ਦੇ ਜਿੰਨੇ ਵੀ ਪ੍ਰਬੰਧਕ ਤੁਸੀਂ ਇਥੇ ਦੇਖੇ ਨੇ ਸਰ… ਇਹ ਸਾਰੇ ਛੋਟੇ-ਛੋਟੇ ਪਾਅਸ਼ਾਹ ਨੇ ਇਨ੍ਹਾਂ ਨੂੰ ਛੋਟ ਐ.. ਜਿੰਨੀ ਜੀਹਦੀ ਪਰੋਖੋਂ ਐਂ ਲੁੱਟਮਾਰ ਕਰ ਲਏ… ਕਈ ਵਾਰ ਤਾਂ ਪਾਅਸ਼ਾਹ ਨੂੰ ਪਤਾ ਵੀ ਨਹੀਂ ਹੁੰਦਾ ਤੁਸੀਂ ਮੂੰਹ ਹੱਥ ਧੋ ਕੇ ਪੱਗ ਬੰਨ੍ਹ ਲਓ ਸਰ ਕੁਝ ਖਾ ਲਓ…।”
ਪਰ ਅਜੈਬ ਸਿੰਘ ਨੂੰ ਖਾਣ-ਪੀਣ ਕਦੋਂ ਸੁਝਦਾ ਸੀ। ਉਹਦਾ ਧਿਆਨ ਰਹਿ ਰਹਿ ਕੇ ਆਪਣੀ ਸੋਨੇ ਵਰਗੀ ਜ਼ਮੀਨ ਵੱਲ ਚਲੇ ਜਾਂਦਾ ਸੀ । ਉਸਨੂੰ ਲੱਗਦਾ ਸੀ ਅਜੇ ਕੁਝ ਨਹੀਂ ਵਿਗੜਿਆ। ਉਂਜ ਏਡੀ ਛੇਤੀ ਯਕੀਨ ਆਵੇ ਵੀ ਕਿਵੇਂ, ਅਜੇ ਥੋੜ੍ਹੀ ਦੇਰ ਪਹਿਲਾਂ ਤਾਂ ਸਭ ਕੁਝ ਉਸਦਾ ਆਪਣਾ ਸੀ… ਇਹ ਤਾਂ ਸੁਖਵਿੰਦਰ ਨੇ… ਹੋ ਸਕਦੈ ਸੁਖਵਿੰਦਰ ਨੂੰ ਭੁਲੇਖਾ ਲੱਗਾ ਹੋਵੇ ਪਰ ਨਹੀਂ ਡੇਰੇ ਬਾਰੇ ਜਿੰਨਾ ਕੁ ਉਹ ਜਾਣਦਾ ਸੀ… ਉਹੀ ਬਹੁਤ ਸੀ ਮੰਨਣ ਲਈ… ਕਿ ਭਾਣਾ ਤਾਂ ਵਰਤ ਗਿਐ ਅਜੈਬ ਸਿਆਂ…।
ਉਸ ਹੌਲ਼ੀ-ਹੌਲ਼ੀ ਨਜ਼ਰ ਉਠਾਈ ਸੀ। ਸੁਖਵਿੰਦਰ ਵੱਲ ਵੇਖਦਾ ਰਿਹਾ ਸੀ, ਬੜੀ ਪੀੜ ਤੇ ਵੇਦਨਾ ਸੀ ਉਹਦੀ ਨਜ਼ਰ ਵਿਚ ਤੇ ਉਹ ਯਾਚਨਾ ਕਰਦਾ ਬੋਲਿਆ ਸੀ, “ਸੁਖੀ ਬੇਟੇ ਬੇਟੇ ਮੇਰੇ ਕੋਲ ਇਕ ਬਾਲਟੀ ਪਾਣੀ ਐ… ਤੇ ਉਹ ਸਰੋਵਰ ਐ ਨਾ ਉਸ ਵਿਚੋਂ ਇਕ ਬਾਲਟੀ ਕੱਢ ਦਈਏ ਜਾਂ ਪਾ ਦਈਏ… ਉਸਨੂੰ ਕੋਈ ਫ਼ਰਕ ਨਹੀਂ ਪੈਂਦਾ ਤੇਰਾ ਪਾਤਸ਼ਾਹ ਤਾਂ ਸਰੋਵਰ ਐ ਬੇਟੇ…।” ਅਜੈਬ ਸਿੰਘ ਨੇ ਉਹਦੇ ਅੱਗੇ ਦੋਵੇਂ ਹੱਥ ਜੋੜ ਦਿੱਤੇ ਸਨ, “ਸੁਖੀ ਤੂੰ ਬਹੁਤ ਸੇਵਾ ਕੀਤੀ ਅੇ ਪਾਤਸ਼ਾਹ ਦੀ ਜਾ ਉਹਨੂੰ ਕਹਿ ਮੇਰੀ ਇਕ ਬਾਲਟੀ ਪਾਣੀ ਦੀ ਮੋੜ ਦੇਵੇ ਦੇਖ ਜਿਵੇਂ ਪਾਤਸ਼ਾਹ ਹੁਕਮ ਕਰੂ ਅਸੀਂ ਉਵੇਂ ਕਰਾਂਗੇ ਸਾਰਾ ਟੱਬਰ.. ਅਸੀਂ ਉਹਦੇ ਸੇਵਕ ਬਣ ਜਾਂਗੇ… ਅਸੀਂ ਛੇ ਮਹੀਨੇ ਪਿਛੋਂ ਜਿੰਨੇ ਉਹ ਕਹੂ ਤੂੰ ਜਾ ਮੱਲ… ਕਹਿ ਉਹਨੂੰ ਮੇਰਾ ਟੱਬਰ ਰੁਲਜੂ ਪੁੱਤ ਜਾਹ ਸੁੱਖੀ।”
ਸੁਖਵਿੰਦਰ ਨੇ ਹੱਥ ਫੜ੍ਹ ਲਏ ਸਨ ਉਸਦੇ। ਮਨ ਭਰ ਗਿਆ ਸੀ. ਸੁਖਵਿੰਦਰ ਦਾ ਵੀ। ਪਰ ਉਹਦਾ ਚਿਹਰਾ ਸਖ਼ਤ ਹੁੰਦਾ ਗਿਆ ਸੀ, ਉਸਨੇ ਅਜੈਬ ਸਿੰਘ ਦੀਆਂ ਅੱਖਾਂ ‘ਚ ਝਾਕਦਿਆਂ ਆਪਣੇ ਮਨ ‘ਤੇ ਕਾਬੂ ਪਾ ਲਿਆ ਸੀ ਤੇ ਕਰੜੇ ਬੋਲਾਂ ਨਾਲ ਬੋਲਿਆ ਸੀ, “ਇਕ ਗੱਲਾਂ ਕਹਾਂ ਸਰ, ਜੋ ਹੋਣਾ ਸੀ ਹੋ ਗਿਆ ਮੇਰੀ ਗੱਲ ਸਮਝੋ ਸਰ.. ਇੱਲਾਂ ਦੇ ਆਲ੍ਹਣੇ ‘ਚੋਂ ਮਾਸ ਤੇ ਗੰਗਾ ਗਈਆਂ ਹੱਡੀਆਂ… ਪਰ ਮੈਂ ਤੁਹਾਨੂੰ ਇੰਝ ਟੁੱਟਦਿਆਂ ਨਹੀਂ ਵੇਖ ਸਕਦਾ ਸਰ। ਤੁਸੀਂ ਕਿਸੇ ਮੂਹਰੇ ਗਿੜਗਿੜਾਉ ਨਾ. ਪਾਤਸ਼ਾਹ ਮੂਹਰੇ ਵੀ ਨਹੀਂ.. ਕੋਈ ਫ਼ਾਇਦਾ ਨਹੀਂ ਸਰ… ਮੇਰਾ ਯਕੀਨ ਕਰੋ।” ਉਸਨੇ ਅਜੈਬ ਸਿੰਘ ਦੇ ਹੱਥਾਂ ਨੂੰ ਜ਼ੋਰ ਨਾਲ ਘੁੱਟਿਆ ਸੀ ਤੇ ਕਿਹਾ ਸੀ, “ਅਸੀਂ ਸਭ ਕੁਝ ਕਰਕੇ ਦੇਖ ਲਿਐ ਸਰ ਨਾਲੇ ਪਹਿਲਾਂ ਮੈਂ ਨਿਆਣਾ ਸੀ ਤੇ ਫੇਰ ਇਨ੍ਹਾਂ ਦੇ ਮੁੱਢ ਬੈਠ ਕੇ ਲੜਨਾ ਵੀ ਔਖੈ ਸਰ ਪਰ ਤੁਸੀਂ ਮੇਰਾ ਯਕੀਨ ਕਰੋ ਯਕੀਨ ਕਰੋ ਸਰ ਕਿ ਜ਼ਮੀਨ ਸਿਰਫ਼ ਰਜਿਸਟਰੀ ਕਰਵਾਉਣ ਨਾਲ ਹੀ ਕਿਸੇ ਦੀ ਨਹੀਂ ਹੋ ਜਾਂਦੀ ਜ਼ਮੀਨ ਤਾਂ ਉਹਦੀ ਹੁੰਦੀ… ਜਿਹਦੇ…।”
“ਹਾਂਅ… ।” ਫੁੰਕਾਰੇ ਵਾਂਗੂੰ ਨਿਕਲਿਆ ਸੀ ਇਹ ਸ਼ਬਦ ਅਜੈਬ ਸਿੰਘ ਦੇ …, “…।”
ਸੁਖਵਿੰਦਰ ਦੇ ਬੋਲਾਂ ਵਿਚ ਅਜਿਹਾ ਸੇਕ ਸੀ ਕਿ ਅਜੈਬ ਸਿੰਘ ਦਾ ਮਨ ਖਿੰਗਰ ਹੋਣ ਲੱਗਾ ਸੀ। ਰੋਣਾ ਥੰਮ ਗਿਆ ਸੀ ਤੇ ਅੰਦਰੋਂ ਇਕ ਰੋਹ ਸਿਰ ਚੁੱਕਣ ਲੱਗਾ ਸੀ, “ਤੁਸੀਂ ਪੱਗ ਬੰਨ੍ਹ ਲਓ ਸਰ ਤੇ ਘਰ ਜਾਓ ਗੁਰਿੰਦਰ ਸਿੰਘ ਆ गिने…।”
“ਗੁਰਿੰਦਰ ਸਿੰਘ ਕੌਣ? ” ਅਜੈਬ ਸਿੰਘ ਨੇ ਮੋਢਿਆਂ ਤੋਂ ਪੱਗ ਚੁੱਕਦਿਆਂ ਪੁੱਛਿਆ ਸੀ।
“ਪਾਅਸ਼ਾਹ ਦਾ ਮੁਖਤਾਰੇ ਆਮ ਆਮ ਬਾਪੂ ਜੀ ਦਾ ਮੁਖਤਿਆਰਨਾਮਾ ਵੀ ਇਹਦੇ ਨਾਂਅ ਸੀ। ਰਜਿਸਟਰੀ ਹੋ ਗਈ ਸਰ ।” ਰੋਕਦਿਆਂ ਵੀ ਠੰਡਾ ਸਾਹ ਭਰਿਆ ਗਿਆ ਸੀ ਸੁਖਵਿੰਦਰ ਕੋਲੋਂ।
ਇਕ ਝਟਕਾ ਲੱਗਾ ਸੀ ਅਜੈਬ ਸਿੰਘ ਨੂੰ, ਪਰ ਉਹ ਸੰਭਲ ਗਿਆ ਸੀ ਤੇ ਸਿਰ ਤੇ ਪੱਗ ਬੰਨਣ ਲੱਗ ਪਿਆ ਸੀ, ਟਿਕਾਅ-ਟਿਕਾਅ ਕੇ, ਚਿਣ ਚਿਣ ਕੇ, ਸੋਚ ਸੋਚ ਕੇ ਬਿਨਾਂ ਅੱਖਾਂ ਝਪਕਿਆ। ਉਸਦਾ ਏਹ ਰੂਪ ਵੇਖ ਤ੍ਰਭਕਿਆ ਸੀ ਸੁਖਵਿੰਦਰ।
ਉਹ ਕੁਝ ਆਖਣ ਹੀ ਲੱਗਾ ਸੀ ਕਿ ਬਾਬਾ ਦਿਆ ਸਿੰਘ ਦੇ ਕੂਲੇ-ਕੂਲੇ, ਮਿੱਠੇ ਬੋਲ ਸੁਣਾਈ ਦਿੱਤੇ ਸਨ, “ਲਓ ਜੀ ਗੁਰਮੁਖ ਪਿਆਰਿਓ ਮਿਲ ਗਈਆਂ ਨੇ’ ਖ਼ੁਸ਼ੀਆਂ, ਕਰਮਾਂ ਵਾਲੇ ਹੋ ਤੁਸੀਂ ਵੱਡੇ ਭਆਗ ਨੇ ਕੋਈ ਵੱਡਾ ਪੁੰਨ ਕੀਤੈ ਪਿਛਲੇ ਜਨਮ ‘ਚੋ।”
ਉਹ ਇੰਜ ਬੋਲ ਰਿਹਾ ਸੀ ਜਿਵੇਂ ਕੁਝ ਹੋਇਆ ਈ ਨਾ ਹੋਵੇ। ਅਜੈਬ ਸਿੰਘ ਉਹਦੀ ਇਸ ਢੀਠਤਾ ਅਤੇ ਬੇਸ਼ਮਰੀ ਤੋਂ ਹੈਰਾਨ ਸੀ ਪਰ ਸੁਖਵਿੰਦਰ ਨੂੰ ਪਤਾ ਸੀ ਕਿ ਬਾਬਾ ਦਿਆ ਸਿੰਘ ਜ਼ਮੀਨ ਦੀ ਜਾਂ ਬਾਪੂ ਅਮਰ ਸਿੰਘ ਦੀ ਕੋਈ ਗੱਲ ਨਹੀਂ ਕਰੇਗਾ ਨਾ ਹੀ ਅਜੈਬ ਸਿੰਘ ਨੂੰ ਕਰਨ ਦੇਵੇਗਾ। ਹੋਰ ਦੀਆਂ ਹੋਰ ਕਰੀ ਜਾਏਗਾ। ਬੱਸ ਇਹੀ ਤਾਂ ਕਮਾਲ ਐ ਬਾਬਾ ਦਿਆ ਸਿੰਘ ਦਾ ਜਿਸ ਕਰਕੇ ਉਹ ਪਾਅਸ਼ਾਹ ਦਾ ਪਿਆਰਾ ਕਿਰਪਾ ਪਾਤਰ ਐ।
ਬਾਬਾ ਦਿਆ ਸਿੰਘ ਕਹਿ ਰਿਹਾ ਸੀ, “ਪਾਅਸ਼ਾਹ ਬੜੀ ਮਿਹਰ ਕੀਤੀ ਮਾਸਟਰ ਜੀ, ਊਂ ਮੈਂ ਕਿਹੜਾ ਕੋਈ ਕਸਰ ਛੱਡੀ ਐ… ਮੈਂ ਤਾਂ ਪਾਅਸ਼ਾਹ ਦੇ ਆਉਂਦਿਆਂ ਹੀ ਚਰਨ ਫੜ੍ਹ ਲਏ ਮੈਖਿਆ ਪਾਤਸ਼ਾਹ ਅਸੀਂ ਜੀਣ ਭੁੱਲਣਹਾਰੇ ਆਂ ਤੂੰ ਬਖਸ਼ਿੰਦ ਪਿਤਾ ਏਂ… ਜੀਆਂ ਦੀਆਂ ਭੁੱਲਾਂ ਨਾ ਚਿਤਾਰ ਪਾਅਸ਼ਾਹ ਬੱਸ ਇਕ ਵਾਰੀ ਬਖ਼ਸ਼ ਲੋ ਮੇਰੇ ਭਰਾ ਨੂੰ, ਅੱਗੇ ਤੋਂ ਨਾ ਉਹ ਸ਼ਰਾਬ ਨੂੰ ਮੂੰਹ ਲਾਉਣ, ਨਾ ਪਰਿਵਾਰ ਨੂੰ ਤੰਗ ਕਰਨ ਦੇਖੋ ਮੈਂ ਬਚਨ ਕਰ ਆਇਆ ਪਾਅਸ਼ਾਹ ਨਾਲ ਹੁਣ ਤੁਸੀਂ ਮੇਰੇ ਬਚਨ ਦੀ ਲਾਜ ਰੱਖਣੀ।”
ਉਸਨੇ ਅਜੈਬ ਸਿੰਘ ਮੂਹਰੇ ਹੱਥ ਜੋੜ ਦਿੱਤੇ ਸਨ, ਫਿਰ ਕੁਝ ਭੁੱਲਿਆ ਚੇਤੇ ਆਉਣ ਵਾਂਗੂੰ ਕਾਹਲੀ ਨਾਲ ਬੋਲਿਆ ਸੀ, “ਓਏ ਮੁੰਡਿਆ ਸੰਗਲ ਖੋਲ੍ਹ…।”
ਮੁੰਡਾ ਭੱਜ ਕੇ ਸੰਗਲ ਖੋਲ੍ਹਣ ਲੱਗਾ ਸੀ। ਬਾਬਾ ਦਿਆ ਸਿੰਘ ਕਹਿ ਰਿਹਾ ਸੀ, “ਬੜੀ ਮਿਹਰ ਕੀਤੀ ਪਾਅਸ਼ਾਹ ਨੇ ਸੱਚਾ ਦੱਸਾਂ ਅਜੈਬ ਸਿੰਘ… ਤੇਰੀ ਕਿਸਮਤ ‘ਤੇ ਰਸ਼ਕ ਆ ਰਿਹੈ।”
“ਸਾਰੀ ਉਮਰ ਲੰਘ ਗਈ ਸੇਵਾ ਕਰਦਿਆਂ ਦੀ ਪਰ ਏਨੀਆਂ ਖ਼ੁਸ਼ੀਆਂ ਕਦੇ ਨਹੀਂ ਮਿਲੀਆਂ ਸਾਨੂੰ ਤੁਹਾਡਾ ਤਾਂ ਕੋਈ ਪਿਛਲੇ ਜਨਮ ਦਾ ਜਦ ਮੈਂ ਪਾਅਸ਼ਾਹ ਨੂੰ ਅਰਜ ਕੀਤੀ ਕਿ ਅਜੈਬ ਸਿੰਘ ਦਾ ਸੰਗਲ ਖੋਲ੍ਹਣ ਦਾ ਹੁਕਮ ਦਿਓ… ਤਾਂ ਪਤੈ ਪਾਅਸ਼ਾਹ ਤਰੁੱਠ ਈ ਪੈ ਤੁਹਾਡੇ ‘ਤੇ ਵਜਦ ‘ਚ ਆ ਗਏ… ਨੇਤਰਾਂ ‘ਚ ਜਲ ਆ ਗਿਆ. ਦੇਹ ਨੂੰ ਪੁਲਕਾਵਲੀ ਆ ਗਈ ਤੇ ਆਖਣ ਲੱਗੇ… “ਦਿਆ ਸਿੰਘਾ, ਤੂੰ ਅਜੈਬ ਸਿੰਘ ਦੀ ਏਸ ਸੰਗਲ ਦੀ ਗੱਲ ਕਰਦੈਂ ਮੈਂ ਉਹਦੇ ਸਾਰੇ ਸੰਗਲ ਕੱਟ ਦਿੱਤੇ ਨੇ, ਚੁਰਾਸੀ ਵਾਲੇ..।”
ਕਿਸੇ ਕੋਲ ਖੜ੍ਹੇ ਨੇ ਜੈਕਾਰਾ ਛੱਡ ਦਿੱਤਾ ਸੀ।
“ਵਾਹ ਜੀ ਵਾਹ.. ਵਧਾਈਆਂ ਜੀ… ਵਧਾਈਆਂ ਮਾਸਟਰ ਜੀ…ਵਧਾਈਆਂ…।”
“ਭੰਡ ਸਾਲੇ… ਸਾਲੇ ਖੁਸਰੇ ।” ਸੁਖਵਿੰਦਰ ਗੁੱਸੇ ਅਤੇ ਨਫ਼ਰਤ ਨਾਲ ਬੁੜਬੁੜਾ ਰਿਹਾ ਸੀ।
ਅਜੈਬ ਸਿੰਘ ਦੇ ਅੰਦਰ ਅੱਗ ਬਲਣ ਲੱਗ ਪਈ ਸੀ, “ਜ਼ਮੀਨ ਮੇਰੀ ਇਹ ਲੈ ਗਏ ਸਾਰੀ, ਦੀ ਸੀ ਕੁੱਟਮਾਰ ਤੇ ਬੇਇੱਜ਼ਤੀ ਇਨ੍ਹਾਂ ਮੇਰੀ ਕਰ ਲਈ ਹੱਦੋਂ ਵੱਧ, ਹੁਣ ਹੋਰ ਮੇਰਾ ਕੀ…।”
ਉਸਦੀਆਂ ਅੱਖਾਂ ‘ਚੋਂ ਲਹੂ ਚੋਣ ਲੱਗਾ, ਜਬਾੜਾ ਕੱਸਿਆ ਗਿਆ, ਗਰਦਨ ਦੀਆਂ ਨਾੜਾਂ ਤਣੀਆਂ ਗਈਆਂ। ਉਹਦੀ ਹਾਲਤ ਤੋਂ ਬੇਖ਼ਬਰ ਬਾਬਾ ਦਿਆ ਸਿੰਘ ਬੋਲਿਆ ਸੀ, “ਚਲੋ ਗੁਰਮੁਖ ਪਿਆਰਿਓ..। ਦਰਸ਼ਨ ਕਰ ਲਓ ਪਾਅਸ਼ਾਹ ਦੇ… ਆਓ ਲੈ ਲਓ ਤੇ ਹੋਰ ਖ਼ੁਸ਼ੀਆਂ… ਅੱਜ ਤਾਂ ਪਾਅਸ਼ਾਹ…।”
ਪਰ ਅਜੈਬ ਸਿੰਘ ਦੀ ਸੱਜੀ ਬਾਹਰ ਉਠ ਗਈ ਸੀ। ਉਸਨੇ ਬਾਬਾ ਦਿਆ ਸਿੰਘ ਦੇ ਮੂੰਹ ‘ਤੇ ਬਰਾਬਰ ਲਿਜਾਅ ਪੰਜਾ ਫੈਲਾਅ ਦਿੱਤਾ ਸੀ ਅਤੇ ਪੂਰੇ ਜ਼ੋਰ ਨਾਲ ਦਹਾੜਿਆ ਸੀ, “ਬਅਸ ਬਅਸ. ਦਿਆ ਸਿੰਘ ਬਅਸ… ਕੌਣ ਪਾਤਸ਼ਾਹ ਓਏ ਉਹ … …?”
ਅਜੈਬ ਸਿੰਘ ਨੇ ਮੁੱਠੀ ਮੀਟ ਕੇ ਪਹਿਲੀ ਉਂਗਲੀ ਕੁਟੀਆ ਵੱਲ ਸੇਧੀ ਸੀ, “ਨਹੀਂ… ਉਹ ਨਹੀਂ… ਮੈਂ ।” ਉਸਨੇ ਅੰਗੂਠੇ ਨਾਲ ਹਿੱਕ ਠਕੇਰੀ ਸੀ, “ਪਾਤਸ਼ਾਹ ਮੈਂ… ਜੀਹਨੇ ਆਪਣਾ ਸਭ ਕੁਝ ਦੇ ਦਿੱਤੈ ਉਹਨੂੰ…।”
ਕੁਟੀਆ ਵਿਚ ਚੁੱਪ ਵਰਤ ਗਈ ਸੀ ਅਜੈਬ ਸਿੰਘ ਦੇ ਬੋਲ ਫਿਰ ਗੂੰਜੇ ਸਨ, “ਗੱਲ ਸੁਣ ਛੋਟੇ ਪਾਤਸ਼ਾਹ, ਜਾਹ ਕਹਿ ਦੇ ਆਪਣੇ ਓਸ ਵੱਡੇ ਪਾਤਸ਼ਾਹ ਨੂੰ ਕਿ ਪਾਤਸ਼ਾਹ ਉਹ ਨਹੀਂ… ਮੈਂ ਹਾਂ ਮੈਂ… ਮੈਂ ਅਜੈਬ ਸਿੰਘ ਪੁੱਤਰ ਅਮਰ ਸਿੰਘ ਪੁੱਤਰ ਅਰਜਣ ਸਿੰਘ ਵਾਸੀ ਲਖਣਪੁਰ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਤੇ ਸੁਣ ਇਕ ਗੱਲ ਹੋਰ ਸੁਣ।” ਉਸ ਦੀ ਬੁਲੰਦ ਆਵਾਜ਼ ਨੇ ਬਾਬਾ ਦਿਆ ਸਿੰਘ ਦੀ ‘ਸੁਣੋ-ਸੁਣੋ’ ਦੀ ਮਿਣਮਿਣ ਸਖ਼ਤੀ ਨਾਲ ਦਬਾ ਦਿੱਤੀ ਸੀ, “ਕਹਿ ਦੇ ਉਸ ਨੂੰ ਕਿ ਸਿਰਫ਼ ਰਜਿਸਟਰੀ ਕਰਾਉਣ ਨਾਲ ਜ਼ਮੀਨ ਉਹਦੀ ਨਹੀਂ ਹੋ ਗਈ… ਦੇਖੂੰ… ਮੈਂ ਉਹਦਾ ਕਿਹੜਾ ਟਰੈਕਟਰ ਐਸ ਪਾਤਸ਼ਾਹ ਦੀ ਹਿੱਕ ‘ਤੋਂ ਲੰਘ ਕੇ ਜ਼ਮੀਨ ‘ਚ ਜਾਓ …।”
ਅਜੈਬ ਸਿੰਘ ਹਿੱਕ ਥਾਪੜੀ ਸੀ ਤੇ ਕਿਲ੍ਹੇ ਵਰਗੀਆਂ ਕੁਟੀਆਂ ਵਿਚੋਂ ਬਾਹਰ ਨੂੰ ਤੁਰ ਪਿਆ ਸੀ ਮੁਖ ਦਰਵਾਜ਼ੇ ਵੱਲ।
ਉਸਦੀ ਤੋਰ ‘ਚ ਪਾਤਸ਼ਾਹਾਂ ਵਾਲੀ ਸ਼ਾਨ ਸੀ । ਉਸਨੂੰ ਰੋਕਣ ਜਾਂ ਟੋਕਣ ਦੀ ਕਿਸੇ ‘ਚ ਵੀ ਹਿੰਮਤ ਨਹੀਂ ਸੀ। ਸਭ ਆਪੋ-ਆਪਣੀ ਥਾਂ ਜੰਮ ਗਏ ਸਨ, ਸਿਵਾਏ ਸੁਖਵਿੰਦਰ ਦੇ, ਜਿਹੜਾ ਉਸਦੀਆਂ ਪੈੜਾਂ ‘ਚ ਪੈਰ ਧਰਦਾ ਬਾਹਰ ਜਾ ਰਿਹਾ ਸੀ।
ਸਾਹਿਤਕਾਰ ਦੇ ਧਰਮ ਤੋਂ ਮੈਂ ਕਦੇ ਭੱਜਿਆ ਨਹੀ : ਸੁਖਜੀਤ
-ਮੁਲਾਕਾਤੀ : ਡਾ. ਰਵੀ ਰਵਿੰਦਰ
? ਸੁਖਜੀਤ ਜੀ, ਓਸ ਸੁਖਜੀਤ ਨਾਲ ਸਾਡਾ ਤੁਆਰਫ਼ ਕਰਵਾਓ, ਜਿਹੜਾ ਸਾਹਿਤਕਾਰ ਨਹੀਂ ਸਗੋਂ ਵਿਅਕਤੀ ਸੁਖਜੀਤ ਹੈ।
– ਰਵੀ ਜੀ, ਮੈਂ ਛੋਟੀ ਉਮਰੇ ਬਹੁਤ ਕੁਝ ਹੰਢਾਇਆ। ਕਿਸਾਨ ਸੁਖਜੀਤ, ਖਿਡਾਰੀ, ਸਰਪੰਚ, ਰਾਜਨੀਤਕ, ਵੈਲੀ, ਬਦਮਾਸ਼, ਸੰਤ ਜਾਂ ਸੁਆਮੀ ਸੁਖਜੀਤ ਤੇ ਲੇਖਕ ਸੁਰਜੀਤ। ਪਰ ਸੱਚੀ ਗੱਲ ਐ ਕਿ ਮੇਰੇ ਸਾਰੇ ਰੂਪਾਂ ‘ਤੇ ਲੇਖਕ ਸਦਾ ਭਾਰੂ ਰਿਹਾ। ਜਿਵੇਂ ਕੋਈ ਵੈਲ ਜਾਂ ਜਨੂੰਨ ਤੁਹਾਡੇ ਲਹੂ ‘ਚ ਘੁਲ ਜਾਵੇ। ਇਸ ਤਰ੍ਹਾਂ ਰਚਨਾ, ਸਿਰਜਣਾ ਮੇਰੇ ਲਹੂ ਵਿਚ ਐ। ਜਿਥੋਂ ਤਕ ਮੇਰੀ ਸ਼ਖ਼ਸੀਅਤ ਦਾ ਸੁਆਲ ਐ, ਇਸ ਬਾਰੇ ਮੈਂ ਸੋਚਦਾਂ ਕਿ ਇਕ ਤਾਂ ਤੁਸੀਂ ਉਹ ਹੁੰਦੇ ਹੋ, ਜੋ ਤੁਸੀਂ ਆਪਣੇ ਆਪ ਨੂੰ ਸਮਝਦੇ ਹੋ ਜਾਂ ਦਿਖਾਉਂਦੇ ਹੋ। ਇਕ ਉਹ ਹੁੰਦੇ ਹੋ, ਜੋ ਲੋਕ ਤੁਹਾਨੂੰ ਸਮਝਦੇ ਹਨ ਤੇ ਤੀਜਾ ਅਸਲ ਵਿਚ ਜੋ ਤੁਸੀਂ ਹੁੰਦੇ ਹੋ। ਜਿਥੋਂ ਤਕ ਮੇਰੇ ਲੇਖਕ ਹੋਣ ਦਾ ਸਵਾਲ ਹੈ, ਉਹ ਮੈਂ ਹਾਂ ਵੀ ਤੇ ਦਿਖਾਉਣਾ ਵੀ ਚਾਹੁੰਦਾ ਹਾਂ। ਰਹੀ ਗੱਲ ਵਿਅਕਤੀ ਸੁਖਜੀਤ ਦੀ। ਰਵੀ ਜੀ, ਬੰਦਾ ਬੜੀ ਗੁੰਝਲਦਾਰ ਸ਼ੈਅ ਹੈ। ਦੁਨੀਆਂ ‘ਚ ਦਰਅਸਲ ਬੰਦੇ ਤੋਂ ਵੱਧ ਜਟਿਲ ਕੁਝ ਵੀ ਨਹੀਂ। ਪਹਿਲਾਂ ਤਾ ਬੰਦਾ ਉਹ ਬਣਦਾ ਜੋ ਉਸ ਦੇ ਜੀਨ ਉਸ ਨੂੰ ਬਣਾਉਂਦੇ ਨੇ। ਫੇਰ ਉਸ ਦਾ ਵਾਤਾਵਰਣ ਉਸ ਨੂੰ ਸਿਰਜਣਾ ਸ਼ੁਰੂ ਕਰਦਾ। ਥੋੜ੍ਹਾ ਹੋਰ ਵੱਡਾ ਹੁੰਦਾ ਤਾਂ ਉਸ ਦਾ ਅਨੁਭਵ ਰੰਗ ਦਿਖਾਉਣਾ ਸ਼ੁਰੂ ਕਰਦਾ। ਰਹਿੰਦੀ ਖੂੰਹਦੀ ਕਸਰ ਅਧਿਐਨ ਕੱਢ ਦਿੰਦੈ।
? ਜਿਹੜਾ ਸੁਖਜੀਤ ਅੱਜ ਸਾਡੇ ਸਾਹਮਣੇ ਹੈ, ਉਸ ਦੀ ਸਿਰਜਣਾ ਕਿਵੇਂ ਹੋਈ ਹੈ? ਥੋੜ੍ਹਾ ਖੁੱਲ੍ਹ ਕੇ ਦੱਸੋਗੇ।
:- ਜੱਦੀ ਪਿੰਡ ਸਾਡਾ ਰਾਈਆਂ, ਭੈਣੀ ਸਾਹਿਬ ਕੋਲ। ਮੇਰੇ ਪਿਤਾ ਜੀ ਹੋਰੀਂ ਚਾਰ ਭਰਾ ਸਨ। ਪਿਤਾ ਜੀ ਸਭ ਤੋਂ ਛੋਟੇ ਨੇ। ਵਿਆਹੇ ਹੋਏ ਸਿਰਫ਼ ਦੋ, ਸਭ ਤੋਂ ਵੱਡਾ ਤਾਇਆ ਤੇ ਮੇਰੇ ਪਿਤਾ ਜੀ। ਸੰਨ ’47 ‘ਚ ਇਨ੍ਹਾਂ ਦਾ ਵਿਆਹ ਹੋਇਆ। ਮੇਰੀ ਮਾਂ ਪਿਤਾ ਜੀ ਤੋਂ ਦਸ ਸਾਲ ਛੋਟੀ ਸੀ ਤੇ ਸੋਹਣੀ ਵੀ ਬੜੀ ਸੀ । ਕੰਮ ਚੰਗਾ ਸੀ । ਖਾਂਦਾ ਪੀਂਦਾ ਜੱਟ ਪਰਿਵਾਰ ਸੀ। ਪਰ ਪਿਤਾ ਜੀ ਨੇ ਉਦੋਂ ਹੀ ਪਿੰਡ ਛੱਡ ਦਿੱਤਾ ਅਤੇ ਬੇਟ ‘ਚ ਆ ਕੇ ਬਹੁਤ ਸਾਰੀ ਜ਼ਮੀਨ ਲੈ ਲਈ। ਬੜੇ ਚਿਰ ਪਿਛੋਂ ਇਕ ਵਾਰੀ ਲੜਦਿਆਂ ਵੱਡੇ ਤਾਏ ਨੇ ਪਿਤਾ ਜੀ ਨੂੰ ਮਿਹਣਾ ਮਾਰਿਆ, “ਮੇਰੇ ਵਿਆਹ ਪਿੱਛੋਂ ਤੁਸੀਂ ਸਾਲਿਓ ਨਿਆਣੇ ਜਮਾਈ ਗਏ, ਤੇ ਜਦੋਂ ਹੋਇਆ ਤੇਰਾ ਵਿਆਹ ਚਾਰ ਦਿਨ ਨਹੀਂ ਕੱਟੇ। ਆਵਦੀ ਨੂੰ ਲੈ ਕੇ ਬੇਟ ‘ਚ ਆ ਬੈਠਾ।”
ਉਸ ਦਿਨ ਪਿਛੋਂ ਉਹ ਤਾਇਆ ਮੈਨੂੰ ਵਿਚਾਰਾ ਲੱਗਣ ਲੱਗ ਪਿਆ। ਇਹੀ ਕਾਰਨ ਐ ਕਿ ਮੈਂ ਅੱਜ ਤਕ ਪਿਤਾ ਜੀ ਦੇ ਜ਼ੋਰ ਲਾਉਣ ‘ਤੇ ਵੀ ਪਿੰਡੋਂ ਹਿੱਸਾ ਨਹੀਂ ਲੈਣ ਦਿੰਦਾ। ਵੈਸੇ ਤਾਂ ਰਵੀ ਜੀ, ਜਿਵੇਂ ਆਪਾਂ ਪਹਿਲਾਂ ਕਿਹਾ ਕਿ ਬੰਦੇ ਤੋਂ ਵੱਧ ਜਟਿਲ ਕੁਝ ਵੀ ਨਹੀਂ। ਪਰ ਮੈਨੂੰ ਲਗਦੈ ਕਿ ਜੇ ਮੇਰੇ ਲਹੂ ‘ਚ ਸੰਵੇਦਨਾ ਨਾ ਹੁੰਦੀ, ਜੇ ਮੈਂ ਲੇਖਕ ਨਾ ਹੁੰਦਾ ਤਾਂ ਇਹ ਘਟਨਾ ਮੈਨੂੰ ਸਾਰੀ ਉਮਰ ਡਿਸਟਰਬ ਨਾ ਕਰਦੀ। ਮੈਨੂੰ ਤਾਇਆ ਡਿਸਟਰਬ ਕਰਦਾ। ਦੂਸਰੇ ਦੋਵੇਂ ਅੰਗਹੀਣ ਛੜੇ ਤਾਏ ਡਿਸਟਰਬ ਕਰਦੇ। ਇਹ ਸੋਚਣਾ ਹੀ ਡਿਸਟਰਬ ਕਰਦਾ ਕਿ ਉਹ ਸੋਲਾਂ ਸਤਾਰਾਂ ਵਰ੍ਹਿਆਂ ਦੀ ਮੇਰੀ ਮਾਂ ਜੇ ਉਨ੍ਹਾਂ ‘ਚ ਫਸ ਜਾਂਦੀ । ਜੇ ਪਿਤਾ ਜੀ ਇਹ ਫ਼ੈਸਲਾ ਨਾ ਲੈਂਦੇ। ਸੋਚਦਾਂ ਮੇਰਾ ਬਾਪ ਮੇਰੀ ਮਾਂ ਨੂੰ ਕਿੰਨਾ ਚਾਹੁੰਦਾ ਹੋਵੇਗਾ। ਜੋ ਭਰਿਆ ਭਰਾਇਆ ਘਰ, ਏਡਾ ਵੱਡਾ ਲਾਣਾ ਛੋੜ ਕੇ ਕਿਸੇ ਅਣਜਾਣ ਥਾਂ ਰੋਹੀ ਬੀਆਬਾਨ ‘ਚ ਆ ਬੈਠਾ। ਮੇਰੀ ਮਾਂ ਕਈ ਵਾਰ ਮੇਰੇ ਬਾਪ ਨਾਲ ਲੜਦੀ ਮਿਹਣਾ ਮਾਰਦੀ, “ਤੈਂ ਮੈਨੂੰ ਰੋਹੀ ਬੀਆਬਾਨ ‘ਚ ਲਿਆਕੇ ਰੋਲਤਾ। ਨਾ ਕੋਈ ਆਂਢ-ਗੁਆਂਢ, ਨਾ ਕੋਈ ਨੇੜੇ ਸ਼ਹਿਰ…।” ਮਾਂ ਵੀ ਘੁੱਗ ਵਸਦੇ ਪਿੰਡ ਰਣਸੀਂਹ ਕੇ ਧੂਰਕੋਟ ਤੋਂ ਆਈ ਸੀ। ਚਾਰ ਭਰਾਵਾਂ ਦੀ ਛੋਟੀ ਲਾਡਲੀ ਭੈਣ। ਅਸੀਂ ਤਿੰਨ ਭਰਾ ਸਾਂ। ਭੈਣ ਕੋਈ ਨਹੀਂ, ਮੈਂ ਵੱਡਾ ਹਾਂ। ਕੰਮ ਪਹਿਲਾਂ ਨਾ ਮੇਰੇ ਬਾਪ ਨੇ ਕੀਤਾ ਸੀ, ਨਾ ਮੇਰੀ ਮਾਂ ਨੇ। ਪਹਿਲਾਂ ਜ਼ਮੀਨ ਵਟਾਈ ‘ਤੇ ਦਿੱਤੀ, ਮਜਾਰਿਆਂ ਨੂੰ । ਫੇਰ ਦੱਬਣ ਦੇ ਡਰੋਂ ਆਪ ਖੇਤੀ ਕਰ ਲਈ। ਵੀਹ ਦੇ ਕਰੀਬ ਮੱਝਾਂ ਗਾਵਾਂ ਰੱਖ ਲਈਆਂ। ਕੰਮ ਵੱਸੋਂ ਬਾਹਰਾ ਹੋ ਜਾਂਦਾ। ਉਂਜ ਵੀ ਜਿਹੜਾ ਕੋਲ ਪੈਸਾ ਸੀ, ਉਹਦੀ ਜ਼ਮੀਨ ਖ਼ਰੀਦ ਲਈ। ਮਾਲ ਡੰਗਰ ਤੇ ਸੰਦ ਭਾਂਡਾ ਲੈ ਲਿਆ। ਦੂਜਾ ਪਿਤਾ ਜੀ ਨੂੰ ਵਿਆਜ ਦਾ ਭੁੱਸ ਪੈ ਗਿਆ। ਕੰਜੂਸੀ ਵਰਤਣ ਲੱਗੇ। ਨੌਕਰ ਵੀ ਨਹੀਂ ਸਨ ਰੱਖਦੇ। ਬੜਾ ਕਲੇਸ਼ ਪੈਂਦਾ । ਮੈਂ ਉਮਰੋਂ ਛੋਟਾ ਪਰ ਉਂਜ ਵੱਡਾ ਪੁੱਤਰ ਸਾਂ। ਇਸ ਲਈ ਦੋਨਾਂ ਦੇ ਗੁੱਸੇ ਦਾ ਸ਼ਿਕਾਰ ਹੋ ਜਾਂਦਾ। ਬਾਪ ਕੋਲੋਂ ਰੇਂਜ ਕੇ ਕੁੱਟ ਖਾਧੀ, ਕਸਰ ਕੋਈ ਮਾਂ ਨੇ ਵੀ ਨਹੀਂ ਛੱਡੀ। ਪਿਓ ਨਿਰਦਈ ਜਾਪਦਾ। ਮਾਂ ਦੇ ਰਵੱਈਏ ਨੇ ਮਾਂ ਨਾਲ ਮੋਹ ਪਿਆ ਨਾ ਰਹਿਣ ਦਿੱਤਾ। ਕੱਲਾ ਬਹਿ ਕੇ ਰੋਂਦਾ ਜਾਂ ਗਾਵਾਂ ਦੇ, ਮੱਝਾਂ ਦੇ ਗਲ ਲੱਗ ਦੁਖ ਦਸਦਾ। ਉਦੋਂ ਤਕ ਆਲ਼ੇ- ਦੁਆਲ਼ੇ ‘ਚ ਕੋਈ ਨਹੀਂ ਸੀ ਜਿਹਦੇ ਨਾਲ ਮਨ ਸਾਂਝਾ ਕਰਦਾ। ਸਵੇਰੇ ਮੂੰਹ ਨ੍ਹੇਰੇ ਉੱਠ ਪਸ਼ੂਆ ਦਾ ਗੋਹਾ ਕੂੜਾ, ਪੱਠਾ ਦੱਥਾ ਕਰਦਿਆਂ ਸਕੂਲ ਦਾ ਟਾਇਮ ਹੋ ਜਾਂਦਾ। ਭੱਜੋ ਨੱਠੀ ‘ਚ ਸਕੂਲ ਜਾਣਾ। ਛੁੱਟੀ ਹੁੰਦਿਆਂ ਸਿੱਧਾ ਘਰੇ। ਤਹਿਤ ਬੈਠ ਗਿਆ ਸੀ ਮਾਂ ਬਾਪ ਦਾ। ‘ਦੋ ਤਾਂ ਮੀਲ ਨੇ ਐਨਾ ਚਿਰ ਕਿੱਥੇ ਲੱਗ ਗਿਆ? ਪਸ਼ੂ ਭੁੱਖੇ ਰਾਟ ਪਾਈ ਜਾਂਦੇ ਆ।’ ਮਾਂ ਨੇ ਕਹਿਣਾ, ‘ਇਨ੍ਹਾਂ ਨੂੰ ਤੇਰਾ ਪਿਓ ਛੱਡ।’ ਪਿਓ ਨੇ ਕਹਿਣਾ, ‘ਤੇਰੀਆਂ ਮਾਵਾਂ ਰੰਭੀ ਜਾਂਦੀਆਂ ਨੇ।’ ਕਹਾਣੀ ‘ਆਦਮਖੋਰ’ ‘ਚ ਕੀਤਾ ਵੀ ਐ ਮੈਂ ਕੁਝ ਜ਼ਿਕਰ। ਵੱਡੇ ਹੋ ਕੇ ਕਾਰਨ ਲੱਭਦਿਆਂ ਭਾਵੇਂ ਮਾਂ ਬਾਪ ਨੂੰ ਬਰੀ ਕਰ ਦਿੱਤਾ, ਪਰ ਉਦੋਂ ਤਕ ਦੇਰ ਹੋ ਚੁੱਕੀ ਸੀ। ਬੱਸ, ਮਨ ਕੂਲਾ ਵੀ ਹੁੰਦਾ ਗਿਆ ਤੇ ਸਖ਼ਤ ਵੀ।
? ਬਚਪਨ ਦੀਆਂ ਕੁਝ ਘਟਨਾਵਾਂ ਜਿਨ੍ਹਾਂ ਨੇ ਸੰਵੇਦਨਾ ਨੂੰ ਟੁੰਬਿਆ।
-ਹਾਂ, ਬਹੁਤ ਨੇ ਰਵੀ ਜੀ। ਪਿਤਾ ਜੀ ਵਿਆਜ ‘ਤੇ ਪੈਸੇ ਦਿੰਦੇ। ਉਹ ਗ਼ਰੀਬ ਲੋਕ ਸਨ ਸਾਰਾ ਪਿੰਡ। ਕਹਿਣ ਨੂੰ ਤਾਂ ਰਾਜਪੂਤ ਕਹਾਉਂਦੇ ਨੇ, ਪਰ ਉਹ ਪਾਕਿਸਤਾਨੋਂ ਉੱਠ ਕੇ ਆਏ ਸਨ, ਝਨਾਂ ਦੇ ਕੰਢਿਉਂ, ਹੈਂਡ ਟੂ ਮਾਉਥ। ਉਨ੍ਹਾਂ ਦੀਆਂ ਤੀਵੀਆਂ ਕੰਮ ਕਰਦੀਆਂ। ਬਾਹਰ ਜੱਟਾਂ ਦੇ ਖੇਤਾਂ ‘ਚ। ਸਾਡੇ ਉਥੇ ਜੱਟਾਂ ਦੇ 14-15 ਟੱਬਰ ਸਨ। ਸਾਰੇ ਆਪੋ ਆਪਣੀਆਂ ਜ਼ਮੀਨਾਂ ‘ਤੇ ਬੈਠੇ ਸਨ ਘਰ ਬਣਾ ਕੇ। ਬੰਦੇ ਉਨ੍ਹਾਂ ਦੇ ਮੰਡੀਆਂ ‘ਚ ਦਲਾਲੀ ਕਰਦੇ ਤੇ ਕੱਟਿਆਂ ਵੱਛਿਆਂ ਦਾ ਵਪਾਰ ਕਰਦੇ। ਜਦੋਂ ਮੈਂ ਵਿਆਜ ਲੈਣ ਉਨ੍ਹਾਂ ਦੇ ਘਰਾਂ ‘ਚ ਜਾਂਦਾ ਤਾਂ ਜੁਆਕ ਰੋਟੀ ਲਈ ਰੋ ਰਹੇ ਹੁੰਦੇ, ਰੋਟੀ ਵੀ ਕਾਹਨੂੰ ਖਿਚੜੀ। ਅਜਿਹੀ ਹਾਲਤ ‘ਚ ਮੈਂ ਖਾਲੀ ਹੱਥ ਪਰਤ ਆਉਂਦਾ। ਤਕਾਜ਼ਾ ਹੀ ਨਾ ਕਰਦਾ। ਆ ਕੇ ਝੂਠ ਬੋਲਦਾ ਕਿ ਉਨ੍ਹਾਂ ਦੇ ਘਰ ਕੋਈ ਨਹੀਂ ਸੀ ਜਾਂ ਕੁਝ ਹੋਰ। ਕੁਝ ਸਮਾਂ ਤਾਂ ਇਹ ਗੱਲ ਚੱਲੀ ਤੇ ਫੇਰ ਖਾਲੀ ਹੱਥ ਆਉਣ ‘ਤੇ ਮਾਰ ਪੈਣ ਲੱਗੀ। ‘ਸਾਲਾ ਵੱਡਾ ਹਾਤਿਮ ਕਿੱਥੋਂ ਜੰਮ ਪਿਆ ਸਾਡੇ ਘਰੇ।’ ਮੈਂ ਉਨ੍ਹਾਂ ਲੋਕਾਂ ਨੂੰ ਪੱਠਿਆਂ ਦੀ ਭਰੀ, ਕੋਈ ਗੰਨਾ ਵਗੈਰਾ ਤੋਂ ਡੱਕਦਾ ਨਹੀਂ ਸਾਂ। ਪਰ ਬਾਪੂ ਮੇਰਾ ਉਨ੍ਹਾਂ ਨੂੰ ਗਾਲ੍ਹੀ ਡਹਿ ਪੈਂਦਾ। ਸਾਰੇ ਜੱਟ ਇਓਂ ਹੀ ਕਰਦੇ ਸਨ। ਉਹ ਅੱਗੋਂ ਉਭਾਸਰਦੇ ਨਾ। ਸਗੋਂ ਮਿੰਨਤ ਤਰਲਾ ਕਰਦੇ ਰਹਿੰਦੇ। ਮੇਰਾ ਮਨ ਭਰ ਜਾਂਦਾ। ਮੈਨੂੰ ਗਾਲ੍ਹਾਂ ਪੈਂਦੀਆਂ। ਮਾਂ ਵੀ ਕਹਿੰਦੀ, ‘ਤੂੰ ਤਾਂ ਆਥਣ ਨੂੰ ਘਰ ਲੁਟਾ ਦੇਵੇਂ… ਤੈਨੂੰ ਲੁੱਟਕੇ ਖਾ ਜਾਣ ਇਹ ਲੋਕ।’ ਛੋਟੇ ਭਰਾ ਵੀ ਮੈਨੂੰ ਖਿਝਾਉਂਦੇ ‘ਹਾਤਮਤਾਈ’ ਕਹਿ ਕੇ ਚਿੜਾਉਂਦੇ ਤੇ ਰਵਾਉਂਦੇ। ਬੱਸ, ਉਹੀ ਮਨ ਕੂਲਾ ਤੇ ਸਖ਼ਤ। ਅੰਦਰੇ ਅੰਦਰ ਕਈ ਕੁਝ ਵਾਪਰਦਾ ਗਿਆ। ਅੱਜ ਸੋਚਦਾ ਹਾਂ ਕਿ ਆਖ਼ਰ ਉਹ ਕਿਹੜੇ ਹਾਲਾਤ ਸਨ ਕਿ ਇਕ ਪਿਤਾ ਛੇਵੀ ‘ਚ ਪੜ੍ਹਦੇ ਪੁੱਤਰ ਨੂੰ ਹੱਥੀਂ ਅਫ਼ੀਮ ਦਿੰਦਾ ਖਾਣ ਲਈ… ਗੱਲ ਇਉਂ ਹੋਈ ਸੀ ਕਿ ਸਾਰੀ ਕਣਕ ਹੱਥੀਂ ਵੱਢਣੀ ਸੀ, ਕਣਕ ਦੇ ਕੀਲੇ ਜ਼ਿਆਦਾ ਸੀ। ਕਣਕ ਵਿਚ ਘੱਟ ਸੀ। ਪੋਹਲੀ, ਜੁਆਸਾਂ, ਲੇਹ ਦੇ ਕੰਡੇ ਤੇ ਕੱਖ ਕਾਨ ਵੱਧ ਸੀ। ਵਢਾਵੇ ਪੈਸੇ ਵੱਧ ਮੰਗਦੇ ਸਨ। ਮੇਰੀਆਂ ਛੁੱਟੀਆਂ ਮੁੱਕਣ ਵਾਲੀਆਂ ਸੀ ਸਕੂਲ ਦੀਆਂ। ਕਣਕ ਕਾਫੀ ਰਹਿੰਦੀ ਸੀ ਵੱਢਣ ਵਾਲੀ । ਬਾਪ ਵੀ ਸ਼ਾਇਦ ਥੱਕ ਚੁੱਕਿਆ ਸੀ ਦੁਪਹਿਰ ਨੂੰ । ਗਰਮੀ ਵੀ, ਕੰਡੇ ਵੀ ਕਹਿਣ ਕਿ ਥੋਡਾ ਦੇਣਾ ਕੀ ਐ। ਬਾਪ ਨੇ ਮਾਂ ਮੇਰੀ ਨੂੰ ਚਾਹ ਬਣਾਉਣ ਲਈ ਕਿਹਾ ਕੈੜੀ ਜਿਹੀ, ਤੇ ਪਤਾ ਨਹੀਂ ਕਦੋਂ ਦਾ ਸਾਂਭਿਆ ਮੋਮੀ ਕਾਗਜ਼ ਲਿਆ ਵਿਚੋਂ ਮੋਠਾਂ ਦੇ ਦਾਣੇ ਜਿੰਨੀ ਫੀਮ ਦੇ ਕੇ ਕਿਹਾ ‘ਪਾਣੀ ਨਾਲ ਖਾ ਕੇ ਚਾਹ ਪੀ ਲੈ ਫੇਰ ਟੱਕਰਦੇ ਆਂ ਕੰਡਿਆਂ ਨੂੰ। ਉਨ੍ਹਾਂ ਆਪ ਵੀ ਖਾਧੀ। ਤੇ ਸੱਚਮੁਚ 15 ਕੁ ਮਿੰਟ ਪਿਛੋਂ ਨਾ ਮੈਨੂੰ ਲੇਹ ਦਿਸੇ ਨਾ ਪੋਹਲੀ। ਬੱਸ ਮੈਂ ਆਥਣ ਤਕ ਪੱਬਾਂ ਭਾਰ ਰਿਹਾ। ਉਂਜ ਕਾਮਾ ਮੈਂ ਬਹੁਤ ਵਧੀਆ ਸੀ। ਬਚਪਨ ਤੋਂ ਹੀ ਮਾਂ ਬਾਪ ਵਲੋਂ ਵਾਗਾਂ ਖਿੱਚਣ ‘ਤੇ ਕੰਮ ਲਈ ਮਾਰ ਖਾਣ ਕਰਕੇ ਕੰਮ ਮੈਨੂੰ ਔੜਦਾ ਵੀ ਤੇ ਨਿੱਬੜਦਾ ਵੀ ਬੜਾ ਸੀ। ਮਨ ਹਰਾਮੀ ਨਹੀਂ ਸੀ ਮੇਰਾ। ਮੈਂ ਮੰਨਦਾਂ ਇਹ ਮੇਰੇ ਲੇਖਕ ਹੋਣ ਕਰਕੇ ਹੀ ਸੀ। ਸੁਭਾਅ ਮੇਰਾ ਮਿਹਨਤੀ ਸੀ ਹਿੰਮਤੀ। ਅੱਗੇ ਜਾ ਕੇ ਬੜਾ ਕੰਮ ਦਿੱਤਾ ਇਸ ਸੁਭਾ ਨੇ।
? ਇਹ ਵਿਅਕਤੀ ਸੁਖਜੀਤ ਸਾਹਿਤਕਾਰ ਸੁਖਜੀਤ ਕਿਵੇਂ ਬਣ ਜਾਂਦਾ वै।
– ਰਵੀ ਜੀ, ਮੇਰੇ ਪਿਤਾ ਜੀ ਦਾ ਇਕ ਹੋਰ ਰੂਪ ਵੀ ਸੀ। ਉਨ੍ਹਾਂ ਦਾ ਗ੍ਰੰਥਾਂ, ਸ਼ਾਸਤਰਾਂ ਤੇ ਗੁਰਬਾਣੀ ਨਾਲ ਪਿਆਰ । ਮੁੱਢੋਂ ਹੀ ਘਰ ‘ਚ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਸਨ, ਟੀਕਿਆਂ ਵਾਲੀਆਂ। ਮਹਾਂਭਾਰਤ ਤੇ ਰਮਾਇਣ ਸੀ। ਤੁਸੀਂ ਮੰਨਣਾ ਨਹੀਂ ਕਿ ਤੀਜੀ ਜਮਾਤ ‘ਚ ਮੈਂ ਮਹਾਂਭਾਰਤ ਤੇ ਰਮਾਇਣ ਪੜ੍ਹ ਲਈ ਸੀ। ਸਵੇਰੇ ਸ਼ਾਮ ਪਾਠ ਵੀ ਕਰਦਾ ਸਾਂ। ਮੈਂ ਜਿਹੜੀ ਪਹਿਲੀ ਕਿਤਾਬ ਖਰੀਦੀ ਪੰਜਵੀਂ ‘ਚ ਪੜ੍ਹਦਿਆਂ, ਉਹ ਹੀਰ ਵਾਰਸ ਸ਼ਾਹ ਸੀ। ਦੁਕਾਨਦਾਰ ਦੇਵੇ ਨਾ, ਮਖੌਲ ਕਰੇ। ‘ਕਿਸਨੇ ਮੰਗਾਈ ਏ? ਭਾਬੀ ਨੇ ਜਾਂ… ।’ ਪੜ੍ਹਦਾ-ਪੜ੍ਹਦਾ ਲਿਖਣ ਵੀ ਮੈਂ ਉਦੋਂ ਕੁ ਹੀ ਲੱਗ ਗਿਆ। ਮੇਰਾ ਮਾਮਾ ਹਰਬੰਸ ਫ਼ੌਜੀ ਸੀ। ਉਹ ਗੀਤ, ਕਵਿਤਾਵਾਂ ਤੇ ਕਹਾਣੀਆਂ ਲਿਖਦਾ। ਨਾਵਲ ਵੀ ਲਿਖੇ ਇਕ ਦੋ ਉਹਨੇ। ਫ਼ੌਜੀ ਰਸਾਲੇ ‘ਚ ਹੀ ਛਪਦਾ। ਛੁੱਟੀ ਆਇਆ ਸਾਡੇ ਕੋਲ ਰਹਿੰਦਾ। ਉਹਨੂੰ ਵੇਖ ਮੈਂ ਵੀ ਪ੍ਰਚੱਲਤ ਗੀਤਾਂ ਦੇ ਤਰਜ ‘ਤੇ ‘ਅੱਗ ਢਾਕੇ ‘ਚ ਫ਼ੌਜਾਂ ਨੇ ਜਾ ਲਾਈ ਰਾਤ ਨੂੰ ਵਰਗੇ ਗੀਤ ਲਿਖਣੇ ਸ਼ੁਰੂ ਕੀਤੇ। ਜਿਥੋਂ ਮੈਨੂੰ ਐਕਸਪੋਜ਼ਰ ਮਿਲਿਆ। ਉਨ੍ਹਾਂ ਦਿਨਾਂ ‘ਚ ਹੀ ਫ਼ੌਜ ਨੇ ਸਾਡੇ ਖੇਤਾਂ ‘ਚ ਮੋਰਚੇ ਆ ਬਣਾਏ। ਸਾਡੇ ਘਰੋਂ ਦੁੱਧ ਲੱਸੀ ਚਾਹ ਪੀਂਦੇ ਗੱਲਾਂ ਕਰਦੇ। ਮੇਰੇ ਮਨ ‘ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋ ਗਈ। ਸਕੂਲ ਦੇ ਮੈਗਜ਼ੀਨ ‘ਚ ਦੇਸ਼ ਪਿਆਰ ਦੀਆਂ ਕਵਿਤਾਵਾਂ ਤੇ ‘ਵਤਨਪ੍ਰੀਤ’ ਵਰਗੀ ਕਹਾਣੀ ਏਸੇ ਦਾ ਨਤੀਜਾ ਸੀ। ਉਦੋਂ ਤੋਂ ਫ਼ੌਜੀ ਮੈਨੂੰ ਚੰਗੇ ਲੱਗਣ ਲੱਗੇ। ਉਨ੍ਹਾਂ ਦੇ ਹਥਿਆਰ ਖਿੱਚ ਪਾਉਂਦੇ। ਬਾਅਦ ‘ਚ ਮੈਂ ਸੈਕਿੰਡ ਲੈਫਟੀਨੈਂਟ ਲਈ ਕੋਸ਼ਿਸ਼ ਵੀ ਕੀਤੀ, ਪਰ.. ਪਰ ਦੇਸ਼ ਪ੍ਰੇਮ ਦੀ ਭਾਵਨਾ ਮੇਰੇ ਅੰਦਰ ਘਰ ਕਰ ਗਈ। ਪ੍ਰੇਮ ਸੰਵੇਦਨਾ ਦੀ ਪਹਿਲੀ ਸ਼ਰਤ ਹੈ ਤੇ ਸੰਵੇਦਨਾ ਸਿਰਜਣਾ ਦੀ ਪਹਿਲੀ ਪੌੜੀ। ਬੱਸ ਫੇਰ ਕੀ ਸੀ ਚੱਲ ਸੋ ਚੱਲ।
? ਕੁਝ ਅੱਲੜ੍ਹ ਉਮਰ ਦੇ ਅਨੁਭਵ ਵੀ ਹੋਣਗੇ, ਜਿਹੜੇ ਲੇਖਕ ਬਣਨ ‘ਚ ਸਹਾਈ ਹੋਵੇ। .:
– ਬਿਲਕੁਲ ਰਵੀ ਜੀ। ਜਿਸ ਵਿਚਾਰ ਨੂੰ, ਵਿਅਕਤੀ ਨੂੰ ਜਿੰਨਾ ਤੁਸੀਂ ਦਬਾਓਗੇ ਓਨਾ ਹੀ ਫੈਲੇਗਾ। ਮੈਨੂੰ ਬੜਾ ਦਬਾਇਆ ਗਿਆ। ਜਿਹੜੇ ਸਾਡੇ ਮੁਜਾਰੇ ਸਨ, ਉਨ੍ਹਾਂ ਲੋਕਾਂ ਦੇ ਰਹਿਣ-ਸਹਿਣ ‘ਚ ਖੁੱਲਾਪਣ ਸੀ । ਤੀਮੀਆ ਉਨ੍ਹਾਂ ਦੀਆਂ ਉਹੋ ਜਿਹੀਆਂ ਸਨ ਜੇਹੋ ਜਿਹੀਆਂ ਸਾਹਿਤ ਵਿਚ ਆਪਾਂ ਪੋਠੋਹਾਰਨਾਂ ਬਾਰੇ ਪੜ੍ਹਦੇ ਆਂ। ਉਨ੍ਹਾਂ ਰੱਜ ਕੇ ਦੰਦਾਸਾ ਮਲਣਾ, ਕੱਜਲ ਪਾਉਣਾ, ਅੱਖਾਂ ਨਾਲ ਗੱਲਾਂ ਕਰਨੀਆਂ। ਮਾਂ ਮੇਰੀ ਨੇ ਮੈਨੂੰ ਹਮੇਸ਼ਾ ਘੁਰ ਕੇ ਰੱਖਦਾ ਕਿ ਇਨ੍ਹਾਂ ਵੱਲ ਵੇਖਣਾ ਨਹੀਂ, ਇਨ੍ਹਾਂ ਨਾਲ ਮਤਲਬ ਦਾ ਬੋਲਣੈ । ਮਾਂ ਮੇਰੀ ਨੂੰ ਆਪਣੇ ਨਾਮਧਾਰੀ ਹੋਣ ‘ਤੇ ਹੰਕਾਰ ਵਰਗਾ ਮਾਣ ਸੀ। ਉਂਜ ਇਹ ਸ਼ਾਇਦ ਹਰ ਨਾਮਧਾਰੀ ਨੂੰ ਹੈ, ਸਰਵਸ੍ਰੇਸ਼ਟ ਹੋਣ ਦਾ ਮਾਣ। ਗੁਰੂ ਵਾਲੇ ਹੋਣ ਦਾ ਮਾਣ। ਮੇਰੀ ਮਾਂ ਬੜੀ ਕੱਟੜ ਸੀ, ਉਸ ਨੇ ਬੜਾ ਦਬਾਇਆ ਮੈਨੂੰ । ਉਨ੍ਹਾਂ ਤੀਮੀਆਂ ਨੇ ਬਣ ਫਬ ਕੇ, ਸੁੱਥਣਾਂ ਟੰਗ ਕੇ ਝੋਨਾ ਲਾਉਣਾ ਜਾਂ ਹੋਰ ਕੰਮ ਕਰਨੇਂ, ਉਨ੍ਹਾਂ ਦੀਆਂ ਗੋਲ ਪਿੰਜਣੀਆਂ ਨੇ ਮੱਲੋਮੱਲੀ ਧਿਆਨ ਖਿੱਚਣਾ। ਜੁਆਨ ਹੋ ਰਿਹਾ ਸਾਂ ਪਰ ਮਾਂ ਦਾ ਡਰ ਏਨਾ ਕਿ ਕੰਬ ਜਾਣਾ, ਅੰਦਰ ਹੀ ਅੰਦਰ ਬੜਾ ਕੁਝ ਵਾਪਰਨਾ। ਇਹ ਵੀ ਕਾਰਨ ਐ ਲੇਖਕ ਹੋ ਜਾਣ ਦਾ। ਨਾਮਧਾਰੀ ਤੇ ਸਨਾਤਨੀ ਇਕੋ ਚੀਜ਼ ਹੈ। ਸਾਡੇ ਆਲ਼ੇ-ਦੁਆਲ਼ੇ ਉਹੀ ਲੋਕ ਸਨ ਜਿਨ੍ਹਾਂ ਨੂੰ ਮੇਰੀ ਮਾਂ ਕਮੀਣ ਕਹਿੰਦੀ। ਅਖੇ, ਇਨ੍ਹਾਂ ਨਾਲ ਵਰਤਣਾ ਨਹੀਂ, ਨਾਲ ਖਾਣਾ ਪੀਣਾ ਨਹੀਂ ਸਾਡੇ ਉਹੀ ਦੋਸਤ ਸਨ ਨਾਲ ਖੇਡਣ ਵਾਲੇ ਹਾਣੀ। ਉਥੋਂ ਮਨ ‘ਚ ਵਿਦਰੋਹ ਸ਼ੁਰੂ ਹੋਇਆ ਤੇ ਉਹ ਵਿਦਰੋਹ ਰਚਨਾਵਾਂ ‘ਚ ਨਿਕਲਣ ਲੱਗਾ। ਕਾਲਜ ਜਾਣ ਵੇਲੇ ਮੇਰਾ ਬੜਾ ਜੀਅ ਕਰਨਾ ਕਿ ਪੈਂਟ ਸ਼ਰਟ ਪਾਵਾਂ, ਰੰਗ ਬਦਲ- ਬਦਲ ਪੇਚਦਾਰ ਪੱਗਾਂ ਬੰਨਾਂ, ਪਰ ਮਾਂ ਮੇਰੀ ਮੂਹਰੇ ਆ ਜਾਂਦੀ ਤੇ ਮੈਂ ਗੋਲ ਪੱਗ ਤੇ ਪਜਾਮੀ ਨਾਲ ਕਾਲਜ ਜਾਂਦਾ। ਕਈ ਵਾਰੀ ਕੋਈ ਮੁੰਡਾ ਗੁਰਦਵਾਰੇ ਦਾ ਭਾਈ ਕਹਿ ਦਿੰਦਾ। ਜੀਅ ਕਰਦਾ ਕਿ ਚੀਖ ਕੇ ਕਹਾਂ ਕਿ ਮੈਂ ਜੱਟ ਆਂ ਜੱਟ। ਚੁੱਪ ਈ ਰਹਿ ਜਾਂਦਾ। ਨਾ ਕੰਟੀਨ ਜਾਣ ਦਾ ਹੁਕਮ ਸੀ, ਨਾ ਸਿਨੇਮੇ ਜਾਣ ਦਾ। ਬੱਸ ਆਪਣੀ ਭੜਾਸ ਕਾਗਜ਼ਾਂ ‘ਤੇ ਕੱਢਣ ਲੱਗਾ।
? ਸਾਹਿਤਕਾਰੀ ਦਾ ਸਬੰਧ ਜੀਵਨ ਅਨੁਭਵ, ਵਿਚਾਰਧਾਰਾਈ ਪਰਪੱਕਤਾ ਜਾਂ ਫਿਰ ਸਾਹਿਤਕ ਸਾਧਨਾ ਤਿੰਨਾਂ ਵਿਚੋਂ ਕਿਸ ਨਾਲ ਵਧੇਰੇ ਹੈ? ਜਾਂ ਫਿਰ ‘ਗੁਰੂ ਬਿਨਾਂ ਗਤ ਨਹੀਂ’ ਵਾਲੀ ਗੱਲ ਇੱਥੇ ਵੀ ਢੁੱਕਦੀ ਹੈ।
– ਇਨ੍ਹਾਂ ਤਿੰਨਾਂ ਤੋਂ ਵੀ ਵੱਖਰੀ ਸ਼ੈਅ ਜਿਹੜੀ ਜੀਵਨ ਵਿਚ ਨਿਰਣਾਇਕ ਸਿੱਧ ਹੁੰਦੀ ਐ, ਉਹ ਐ ਵਿਅਕਤੀਆਂ, ਵਰਤਾਰਿਆਂ ਨੂੰ ਸਮਝਣ ਲਈ ਵਿਸ਼ਲੇਸ਼ਣੀ ਨੀਝ ਦਾ ਹੋਣਾ। ਇਹੀ ਨੀਝ ਮੈਨੂੰ ਖੇਤੀ ‘ਚ ਸਹਾਈ ਹੋਈ, ਇਹੀ ਸਰਪੰਚੀ ਦੌਰਾਨ ਅਤੇ ਇਸੇ ਨੀਝ ਨੇ ਮੈਨੂੰ ਬਦਮਾਸ਼ੀ ‘ਚ ਸਥਾਪਤ ਕੀਤਾ। (ਹੱਸ ਕੇ) ਹੁਣ ਸਵਾਮੀ ਹੁੰਦਿਆਂ ਬੜੀ ਸਹਾਈ ਹੋ ਰਹੀ ਐ। ਜਿਹੜਾ ਬੰਦਾ ਆਪਣੇ ਆਲੇ-ਦੁਆਲੇ ਤੁਰਦੇ ਫਿਰਦੇ ਹੱਡ ਮਾਸ ਦੇ ਬੰਦਿਆਂ ਨੂੰ ਨਹੀਂ ਸਮਝ ਸਕਦਾ, ਉਹ ਪਾਤਰਾਂ ਨਾਲ ਕੀ ਨਿਆਂ ਕਰੂਗਾ? ਇਸੇ ਲਈ ਮੇਰੀ ਸਾਹਿਤਕਾਰੀ ਦਾ ਪਹਿਲਾ ਧੁਰਾ ਇਹ ਵਿਸ਼ਲੇਸ਼ਣੀ ਨੀਝ ਹੀ ਹੈ। ਦੂਜਾ ਅਨੁਭਵ ਹੈ। ਅਨੁਭਵ ਤੁਹਾਡੀ ਸਾਹਿਤਕਾਰੀ ਨੂੰ ਪ੍ਰਮਾਣਿਕਤਾ ਬਖਸ਼ਦੈ। ਸਾਹਿਤਕ ਸਾਧਨਾ ਸਾਹਿਤਕਾਰੀ ‘ਚ ਨਿਖਾਰ ਲਿਆਉਂਦੀ ਐ। ਰਹੀ ਗੱਲ ਵਿਚਾਰਧਾਰਾ ਦੀ, ਮੇਰੇ ਲਈ ਇਸ ਦਾ ਅਰਥ ਸੱਚਮੁਚ ਹੀ ਵਿਚਾਰਾਂ ਦੀ ਧਾਰਾ ਹੈ ਨਾ ਕਿ ਵਿਚਾਰਾਂ ਦੀ ਜੜ੍ਹਤਾ। ਸਾਡੇ ਬਹੁਤ ਲੇਖਕ ਰੌਲਾ ਤਾਂ ਵਿਚਾਰਧਾਰਾ ਦਾ ਪਾਉਂਦੇ ਨੇ, ਪਰ ਉਹ ਭੁਗਤਦੇ ਵਿਚਾਰ ਜੜ੍ਹਤਾਂ ਦੇ ਹੱਕ ‘ਚ ਨੇ।
? ਕਹਿੰਦੇ ਰਹੋ।
– ਨੀਝ, ਉਹ ਵੀ ਵਿਸ਼ੇਸ਼ਣੀ। ਇਹ ਮੈਨੂੰ ਮੇਰੇ ਸਾਹਿਤਕ ਗੁਰੂ ਸੁਰਜੀਤ ਖੁਰਸ਼ੀਦੀ ਹੋਰਾਂ ਨੇ ਵੀ ਬਖ਼ਸ਼ੀ। ਬੱਸ ਕਮਾਲ ਸਨ ਉਹ ਵੀ। ਬੜਾ ਸਾਥ ਮਾਣਿਆ ਉਨ੍ਹਾਂ ਦਾ। ਬੜੇ ਕੰਨ ਖਿੱਚੇ ਉਨ੍ਹਾਂ ਮੇਰੇ। ਸਿੱਖਿਆ ਤਾਂ ਮੈਂ ਸਤਿਗੁਰੂ ਜਗਜੀਤ ਸਿੰਘ ਹੁਰਾਂ ਪਾਸੋਂ ਵੀ ਬਹੁਤ ਕੁਝ ਹੈ। ਜਿਹੜੀ ਗੱਲ ਆਪਾਂ ਪੜ੍ਹਦੇ ਹੁੰਦੇ ਹਾਂ ‘ਅਸੰਭਵ’ ਸ਼ਬਦ ਬਾਰੇ ਕਿ ਮੂਰਖਾਂ ਦੀ ਡਿਕਸ਼ਨਰੀ ‘ਚੋਂ ਮਿਲਦੈ, ਗੁਰੂ ਜੀ ਕੋਲ ਕੰਮ ਕਰਦਿਆਂ ਮੈਨੂੰ ਇਹ ਪ੍ਰਾਪਤੀ ਹੋਈ ਕਿ ‘ਅਸੰਭਵ’ ਕੁਝ ਨਹੀਂ ਹੁੰਦਾ। ਕੁਝ ਅਜਿਹੇ ਕੰਮ ਹੋਏ ਰਵੀ ਜੀ ਕਿ ਪੁੱਛੋ ਨਾ ਅੱਛਾ, ਜਿਹੜੀ ਗੱਲ ਮੈਂ ਕਹਿਣੀ ਚਾਹੁੰਨਾਂ ਉਹ ਇਹ ਹੈ ਕਿ ਇਹ ਸੰਭਵ ਤਾਂ ਹੋ ਸਕਿਆ ਜੇ ਮੈਂ ਲੇਖਕ ਹਾਂ। ਮੈਂ ਅੱਜ ਹੀ ਕਹਿੰਨਾਂ ਕਿ ਕੋਈ ਵੀ ਅਸੰਭਵ ਕਾਰਜ ਹੋਵੇ, ਜੋ ਕਿਸੇ ਵੀ ਤਰ੍ਹਾਂ ਹੁੰਦਾ ਨਾ ਹੋਵੇ। ਉਨ੍ਹਾਂ ਸਤਿਗੁਰੂ ਜਗਜੀਤ ਸਿੰਘ ਕਰਵਾਉਣਾ ਚਾਹੁੰਦੇ ਹੋਣ ਅਤੇ ਮੈਂ ਕਰਨਾ ਹੋਵੇ ਤਾਂ ਇਹ ਹੋ ਹੀ ਨਹੀਂ ਸਕਦਾ ਕਿ ਕਾਰਜ ਰਾਸ ਨਾ ਹੋਵੇ। ਡੇਰੇ ਮੁੱਢ ਜੱਦੀ ਜ਼ਮੀਨ ਵਾਲੇ ਜੱਟਾਂ ਤੋਂ ਜ਼ਮੀਨ ਲੈਣੀ ਬੜਾ ਮੁਸ਼ਕਿਲ ਕੰਮ ਸੀ, ਪਰ ਅਜਿਹੇ ਕੰਮ ਮੈਂ ਸਹਿਜੇ ਹੀ ਕਰ ਲਏ… ਹੋਰ ਬੜੇ ਕੰਮ ਨੇ ਅਜਿਹੇ ਜੋ ਮੈਂ ਤੇ ਗੁਰੂ ਜੀ ਜਾਣਦੇ ਆਂ। ਉਨ੍ਹਾਂ ਬਾਰੇ ਮੈਂ ਦੱਸ ਨਹੀਂ ਸਕਦਾ ਕਿਉਂਕਿ ਉਥੇ ਜੋ ਵੀ ਕੀਤਾ ਉਨ੍ਹਾਂ ਦੀ ਕਿਰਪਾ ਨਾਲ… ਉਹ ਮੈਨੂੰ ਪਿਆਰ ਕਰਦੇ ਸਨ ਤੇ ਮੇਰਾ ਧਰਮ ਨਹੀਂ ਉਹ ਭੇਦ ਦੱਸਣੇ ਉਂਜ ਵੀ ਹਰਪਾਲ ਨਾਲ ਵਾਅਦੈ ਕਿ ਐਹੋ ਜਿਹਾ ਕੁਝ ਨਹੀਂ ਲਿਖਣਾ।
? … ਤੇ ਫੇਰ ਸਾਹਿਤਕਾਰ ਦਾ ਧਰਮ।
ਸਾਹਿਤਕਾਰ ਦੇ ਧਰਮ ਤੋਂ ਮੈਂ ਕਦੇ ਭੱਜਿਆ ਨਹੀਂ। ਸਮਾਂ ਆਉਣ ‘ਤੇ ਉਹ ਹਰ ਗੱਲ ਕਰਾਂਗਾ ਜੋ ਕਰਨੀ ਬਣਦੀ ਹੈ ਤੇ ਅੱਜ ਤਕ ਕਰਦਾ ਵੀ ਰਿਹਾਂ। ਇਹ ਤੁਸੀਂ ਵੀ ਜਾਣਦੇ ਹੋ ਕਿ ਡਰ ਮੇਰੀ ਖੱਲੜੀ ‘ਚ ਉੱਕਾ ਈ ਨਹੀਂ। ਹਾਂ ਮੇਰਾ ਇਕ ਦੁਖਾਂਤ ਜ਼ਰੂਰ ਐ ਕਿ ਜਦੋਂ ਵੀ ਮੈਂ ਡੇਰਾਵਾਦ ਬਾਰੇ ਕੁਝ ਲਿਖਦਾ ਹਾਂ ਤਾਂ ਸਿੱਧਾ ਹੀ ਇਹ ਸਮਝਿਆ ਜਾਂਦੈ ਕਿ ਉਹ ਭੈਣੀ ਸਾਹਿਬ ਬਾਰੇ ਹੈ। ਜੇ ਕਿਸੇ ਸਾਧ ਸੰਤ ਬਾਰੇ ਲਿਖਦਾ ਹਾਂ ਤਾਂ ਸਮਝਿਆ ਜਾਂਦਾ ਕਿ ਗੁਰੂ ਜੀ ਬਾਰੇ ਹੈ ਜਦਕਿ ਮੈਂ ਹੋਰ ਬਹੁਤ ਨਿੱਕੇ ਮੋਟੇ ਡੇਰੇ ਦੇਖੇ ਨੇ ਤੇ ਸੰਤ ਵੀ। ਪਰ ਭੈਣੀ ਸਾਹਿਬ ਰਿਹਾ ਹੋਣ ਕਰਕੇ ਮੇਰੀ ਕੀਤੀ ਕੋਈ ਵੀ ਗੱਲ ਜੋ ਚਾਹੇ ਕਿਸੇ ਵੀ ਸਾਧ ਸੰਤ ਬਾਰੇ ਹੋਵੇ ਜਾਂ ਫਿਰ ਸਮੁੱਚੇ ਡੇਰਾਵਾਦ ਬਾਰੇ ਹੋਵੇ, ਉਹ ਭੈਣੀ ਸਾਹਿਬ ਬਾਰੇ ਹੀ ਸਮਝੀ ਜਾਂਦੀ ਹੈ। ਬਾਕੀ ਕੁਝ ਮੇਰੇ ਵਿਰੋਧੀ ਵੀ ਜਾਣ ਬੁੱਝ ਕੇ ਸਿਰਫ਼ ਇਹੀ ਕੰਮ ਕਰਦੇ ਨੇ। ਕਿਉਂਕਿ ਸਾਡੀ ਰਾਜਨੀਤੀ ‘ਚ ਦੋ ਤਰਾਂ ਦੇ ਲੋਕ ਨੇ। ਇਕ ਤਾਂ ਆਪਣੇ ਪੱਟਾਂ ‘ਤੇ ਜ਼ੋਰ ਨਾਲ ਅੱਗੇ ਵਧਦੇ ਨੇ, ਵਜੇ ਕੰਪੀਟੀਟਰ ਅੱਗੇ ਟੋਏ ਪੱਟ ਕੇ ਰਕਾਵਟਾਂ ਖੜੀਆਂ ਕਰਦੇ ਅੱਗੇ ਵਧਣਾ ਚਾਹੁੰਦੇ ਨੇ । ਕਿਉਂਕਿ ਉਨ੍ਹਾਂ ਦੀ ਹਿੱਕ ਜਾਂ ਪੱਟਾਂ ‘ਚ ਜ਼ੋਰ ਨਹੀਂ ਹੁੰਦਾ ਜਿਵੇਂ ਮੈਂ ਦੱਸਿਆ ਕਿ ਲੇਖਕ ਜਿਹੜਾ ਹੁੰਦਾ ਉਹ ਨਿਆਂਕਾਰੀ ਹੁੰਦਾ, ਸੱਚਾ ਸੱਚਾ ਕੰਮ ਕਰਨ ਵਾਲਾ ਮਿਹਨਤੀ। ਮੈਂ ਤਾਂ ਅਜਿਹਾ ਸਾਂ ਤੇ ਹਾਂ। ਮੈਂ ਬਦਮਾਸ਼ੀ ਵੀ ਕੀਤੀ ਤਾਂ ਸੱਚੀ ਬਦਮਾਸ਼ੀ। ਗ਼ਰੀਬਾਂ ਨਾਲ, ਬੜਿਆਂ ਨਾਲ ਖੜ੍ਹਨ ਵਾਲੀ। ਜਾਬਰ ਨਾਲ ਟੱਕਰ ਲੈਣ ਵਾਲੀ। ਬੜੀਆਂ ਉਦਾਹਰਣਾਂ ਨੇ ਮੇਰੇ ਕੋਲ। ਪਰ ਇਹ ਤਾਂ ਹੀ ਸੀ ਕਿ ਮੈਂ ਲੇਖਕ ਸਾਂ ਤੇ ਹਾਂ।
? ਪਰ ਇਲਜ਼ਾਮ ਤਾਂ ਸਾਡੇ ਸਾਹਿਤਕਾਰਾਂ ਤੇ ਇਹ ਲੱਗਦਾ ਹੈ ਕਿ ਇਨ੍ਹਾਂ ਦੀ ਕਥਨੀ ਤੇ ਕਰਨੀ ‘ਚ ਵੱਡੇ ਪਾੜੇ ਹੁੰਦੇ ਨੇ। ਇਹ ਸਿਰਫ਼ ਆਪਣੀਆਂ ਲਿਖਤਾਂ ‘ਚ ਹੀ ਅਣਖੀ ਤੇ ਦਲੇਰ ਹੁੰਦੇ ਨੇ, ਅਸਲ ਜੀਵਨ ‘ਚ ਨਹੀਂ।
– ਇਹ ਜਿਹੜੀ ਲੇਖਕਾਂ ਦੀ ਗੱਲ, ਦਲੇਰੀ ਦੀ ਗੱਲ ਤੁਸੀਂ ਕਰਦੇ ਓ, ਇਸ ਬਾਰੇ ਮੈਂ ਹੋਰ ਤਰੀਕੇ ਨਾਲ ਸੋਚਦਾਂ। ਮੈਂ ਇਹ ਸਮਝਦਾਂ ਕਿ ਲੇਖਕ ਚੰਗੇ ਹੁੰਦੇ ਨੇ, ਸਾਊ ਜਾਂ ਬੀਬੇ। ਆਪਣੀ ਰਚਨਾ ‘ਚ ਇਹ ਕਈ ਵਾਰ ਉਹ ਹੁੰਦੇ ਨੇ ਜੋ ਇਹ ਆਮ ਜੀਵਨ ‘ਚ ਨਹੀਂ ਹੁੰਦੇ। ਸਾਹਿਤ ਸਭਾ ਮਾਛੀਵਾੜਾ ਦੀ ਗੱਲ ਐ। ਖੁਰਸ਼ੀਦੀ ਜੀ ਪ੍ਰਧਾਨ ਸਨ ਉਦੋਂ। ਕ੍ਰਿਸ਼ਨ ਭਨੋਟ ਨਾਲ ਪਿੰਡ ‘ਚ ਧੱਕਾ ਹੋ ਰਿਹਾ ਸੀ। ਕ੍ਰਿਸ਼ਨ ਭਨੋਟ ਵੀ ਸਾਹਿਤ ਸਭਾ ਮਾਛੀਵਾੜਾ ਦਾ ਪ੍ਰਧਾਨ ਰਿਹਾ ਸੀ। ਖੁਰਸ਼ੀਦੀ ਜੀ ਨੇ ਸਭਾ ਵਿਚ ਗੱਲ ਰੱਖੀ ਕਿ ਭਨੋਟ ਦੇ ਹੱਕ ਵਿਚ ਮਤਾ ਪਾ ਦੇਈਏ ਤੇ ਜਿਹੜੇ ਉਹਨੂੰ ਤੰਗ ਕਰਦੇ ਨੇ ਉਨ੍ਹਾਂ ਦੀ ਨਿੰਦਾ ਕਰੀਏ… ਬੜੇ ਚੰਗੇ ਬੰਦੇ ਸਨ ਜੁੜੇ- ਹਰਬੰਸ ਜੀ, ਨਸੀਮ ਜੀ। ਪਰ ਉਨ੍ਹਾਂ ਮਤਾ ਨਾ ਪਾਇਆ। ਖੁਰਸ਼ੀਦੀ ਜੀ ਨੇ ਇਹ ਲਿਖਕੇ ਅਸਤੀਫ਼ਾ ਦੇ ਦਿੱਤਾ ਕਿ ਉਹ ਅਜਿਹੀ ਨਿਪੁੰਸਕ ਸਭਾ ਦੇ ਪ੍ਰਧਾਨ ਨਹੀਂ ਰਹਿ ਸਕਦੇ। ਪਰ ਅੱਜ ਉਹੀ ਸਾਰੇ ਖੁਰਸ਼ੀਦੀ ਜੀ ਦੀ ਯਾਦ ‘ਚ ਇਨਾਮ ਦਿੰਦੇ ਨੇ। ਭਨੋਟ ਜੀ ਵੀ ਆਉਂਦੇ ਨੇ। ਮੈਨੂੰ ਤਾਂ ਭਾਈ ਲੇਖਕਾਂ ਦਾ ਇਹ ਚੰਗਾਪਣ ਈ ਲੱਗਦੈ, ਵੱਡਪਣ।
? ਪੰਜਾਬੀ ਸਾਹਿਤਕਾਰੀ ਬਾਰੇ ਇਹ ਵੀ ਕਿਹਾ ਜਾਂਦਾ ਰਿਹਾ ਹੈ ਕਿ ਇਸ ਕੋਲ ਦਾਰਸ਼ਨਿਕ ਦ੍ਰਿਸ਼ਟੀ ਦੀ ਘਾਟ ਹੈ। ਪਰ ਤੁਹਾਡੀ ਕਹਾਣੀ ‘ਅੰਤਰਾ’ ਅਤੇ ‘ਕਾਮਬਲੀ’ ਪੜ੍ਹਦਿਆਂ ਇਹ ਇਲਜ਼ਾਮ ਗ਼ਲਤ ਜਾਪਣ ਲਗਦਾ ਹੈ। ਤੁਸੀਂ ਜੀਵਨ, ਮੌਤ, ਕਾਮ ਅਤੇ ਪਿਆਰ ਦੇ ਸਰਬਕਾਲਿਕ ਥੀਮਾਂ ਬਾਰੇ ਵਿਸ਼ੇਸ਼ ਤੌਰ ‘ਤੇ ਕਥਾ ਸਿਰਜਣਾ ਕੀਤੀ ਹੈ। ਦਾਰਸ਼ਨਿਕ ਦ੍ਰਿਸ਼ਟੀ ਵਾਲੀਆਂ ਅਜਿਹੀਆਂ ਕਹਾਣੀਆਂ ਦੀ ਸਿਰਜਣਾ ਕਿਵੇਂ ਸੰਭਵ ਹੋਈ?
– ਪੰਜਾਬੀ ਮਾਨਸਿਕਤਾ ਗ਼ੁਲਾਮੀ ਦੇ ਗਲਬੇ ਹੇਠ ਇਕ ਲੰਮਾ ਅਰਸਾ ਰਹੀ ਐ। ਪਹਿਲਾਂ ਤਾਂ ਮੁਸਲਿਮ ਹਮਲਾਵਰਾਂ ਨੇ ਕਈ ਸਦੀਆਂ ਆਪਣੇ ਸੁਹਜ ਸੁਆਦ ਅਤੇ ਸਭਿਆਚਾਰ ਦਾ ਇਸ ਧਰਤੀ ‘ਤੇ ਬੋਲਬਾਲਾ ਰੱਖਿਆ। ਉਨ੍ਹਾਂ ਦੀ ਜੀਵਨ ਵਿਧੀ, ਚੱਜ ਅਚਾਰ ਅਤੇ ਕਲਾ ਕੌਸ਼ਲਤਾ ਨੇ ਸਾਡੀ ਮਾਨਸਿਕਤਾ ਨੂੰ ਪ੍ਰਭਾਵਿਤ ਕਰੀ ਰੱਖਿਆ। ਫਿਰ ਅੰਗਰੇਜ਼ੀ ਰਾਜ ਦੇ ਕਾਇਮ ਹੋਣ ਪਿਛੋਂ ਅਸੀਂ ਜੀਵਨ ਨੂੰ ਪੱਛਮੀ ਦ੍ਰਿਸ਼ਟੀਕੋਣ ਤੋਂ ਦੇਖਣ ਲੱਗੇ। ਪੱਛਮੀ ਸੋਚ, ਪੱਛਮੀ ਵਸਤਾਂ ਅਤੇ ਪੱਛਮੀ ਤੌਰ ਤਰੀਕੇ ਸਾਡੀ ਮਾਨਸਿਕਤਾ ‘ਤੇ ਇਸ ਕਦਰ ਹਾਵੀ ਹੋਏ ਕਿ ਅੰਗਰੇਜ਼ਾਂ ਦੇ 200 ਸਾਲ ਦੇ ਸ਼ਾਸਨ ਪਿਛੋਂ ਜਿਹੜੀ ਕੌਮ ਸਾਹਮਣੇ ਆਈ, ਉਸ ਵਿਚੋਂ ਭਾਰਤੀ ਅੰਗਰੇਜ਼ਾਂ ਦੀ ਭਾਹ ਮਾਰਨ ਲੱਗੀ। ਮੁਹੰਮਦ ਬਿਨ ਕਾਸਿਮ ਦੇ ਹਮਲਿਆ ਤੋਂ ਲੈ ਕੇ ਅੰਗਰੇਜ਼ੀ ਸ਼ਾਸਨ ਤਕ ਪੰਜਾਬੀ ਮਾਨਸਿਕਤਾ ਕੋਲ ਆਪਣੇ ਵਿਰਸੇ ਨੂੰ ਘੋਖਣ, ਸਮਝਣ ਅਤੇ ਸਲਾਹੁਣ ਦੀ ਸਮਰਥਾ ਹੀ ਬਾਕੀ ਨਹੀਂ ਬਚੀ ਸੀ। ਸਾਨੂੰ ਹੋਰ ਓਪਰੀ ਸ਼ੈਅ ਚੰਗੇਰੀ ਅਤੇ ਆਪਣੀ ਸ਼ੈਅ ਨਕਾਰਾ ਜਾਪਣ ਲੱਗੀ। ਇਸੇ ਮਾਨਸਿਕਤਾ ਕਾਰਨ ਹੀ ਅਸੀਂ ਲੰਮਾ ਅਰਸਾ ਭਾਰਤੀ ਦਰਸ਼ਨ ਅਤੇ ਹਿੰਦੂ ਧਰਮ ਪ੍ਰਤੀ ਅਵੇਸਲੇ ਰਹੇ। ਦੂਜਾ ਨੁਕਸਾਨ ਸਾਡਾ ਇਸ ਵਿਚਾਰਧਾਰਾ ਨੇ ਕੀਤਾ ਕਿ ਜੋ ਤਰਕ ਦੀ ਕਸਵੱਟੀ ‘ਤੇ ਪੂਰਾ ਨਹੀਂ ਉਤਰਦਾ ਉਸ ਨੂੰ ਰੱਦ ਕਰੋ । ਆਧੁਨਿਕਤਾ ਦੇ ਏਸ ਏਜੰਡੇ ਨੇ ਵੀ ਭਾਰਤੀ ਦਰਸ਼ਨ ਦੀ ਪਰੰਪਰਾ ਨੂੰ ਢਾਹ ਹੀ ਲਾਈ ਹੈ। ਹਾਲਾਂਕਿ ਹੁਣ ਇਹ ਮਹਿਸੂਸ ਕੀਤਾ ਜਾਣ ਲੱਗੈ ਕਿ ਬਹੁਤ ਕੁਝ ਅਜਿਹਾ ਵੀ ਹੈ ਜਿਸ ਨੂੰ ਤਰਕ ਰਾਹੀਂ ਨਹੀਂ, ਸਗੋਂ ਵਿਚਾਰ ਰਾਹੀਂ, ਅਨੁਭਵ ਰਾਹੀਂ ਅਤੇ ਸੰਵੇਦਨਾ ਰਾਹੀਂ ਹੀ ਸਮਝਿਆ ਜਾ ਸਕਦੈ। ਮੈਂ ਸਦਾ ਹੀ ਮੁਕਤ ਚਿੰਤਨ ਦਾ ਮੁਦੱਈ ਰਿਹਾਂ। ਕੋਈ ਇਕ ਜੀਵਨ ਦ੍ਰਿਸ਼ਟੀਕੋਣ, ਕੋਈ ਇਕ ਲਹਿਰ ਮੈਨੂੰ ਬੰਨ੍ਹ ਕੇ ਨਹੀਂ ਰੱਖ ਸਕੀ। ਦੂਜਾ, ਗਿਆਨ ਨੂੰ ਮੈਂ ਕਦੇ ਟੁਕੜਿਆਂ ਵਿਚ ਵੰਡ ਕੇ ਦੇਖਣ ਦਾ ਹਾਮੀ ਨਹੀਂ। ਜੀਵਨ, ਮੌਤ, ਕਾਮ ਤੇ ਪਿਆਰ ਨੂੰ ਮੈਂ ਜਿੰਨੇ ਕੁ ਕੋਣਾਂ ਤੋਂ ਦੇਖ ਸਕਿਆ ਹੋਵਾਂਗਾ, ਸਮਝ ਸਕਿਆ ਹੋਵਾਂਗਾ, ਉਸੇ ਸਮਝ ਨੂੰ ਹੀ ਮੈਂ ਆਪਣੀਆਂ ਕਹਾਣੀਆਂ ਵਿਚ ਪੇਸ਼ ਕੀਤੈ। ਭਾਰਤੀ ਦਰਸ਼ਨ ਅਤੇ ਹਿੰਦੂ ਧਰਮ ਵਿਚ ਮੇਰੀ ਰੁਚੀ ਵੀ ਦਾਰਸ਼ਨਿਕ ਦ੍ਰਿਸ਼ਟੀ ਦੀ ਸਿਰਜਣਾ ਵਿਚ ਸਹਾਈ ਹੋਈ ਹੈ।
? ਤੁਹਾਡੀਆਂ ਕਹਾਣੀਆਂ ਪੜ੍ਹਦਿਆਂ ਕਈ ਬਹੁਪੱਖੀ ਅਤੇ ਉਲਟ ਦਿਸ਼ਾਵੀ ਪਾਤਰਾਂ, ਸਥਿਤੀਆਂ ਅਤੇ ਅਨੁਭਵਾਂ ਨਾਲ ਵਾਹ ਪੈਂਦਾ ਹੈ। ‘ਅੰਤਰਾ’ ਦਾ ਅਰਥ ਸ਼ਾਸਤਰੀ, ਅਰਥ ਸ਼ਾਸਤਰੀ ਲਗਦਾ ਹੈ, ‘ਚੰਦਰੀ’ ਦਾ ਫ਼ੌਜੀ, ਫ਼ੌਜੀ ਲਗਦਾ ਹੈ, ‘ਹੁਣ ਮੈਂ ਇੰਜੁਆਇ ਕਰਦੀ ਆਂ’ ਦਾ ਸਾਧ, ਸਾਧ ਲਗਦਾ ਹੈ ਅਤੇ ‘ਹਜ਼ਾਰ ਕਹਾਣੀਆਂ ਦਾ ਬਾਪ’ ਦਾ ਮਠਾੜੂ, ਮਠਾੜੂ ਲਗਦਾ ਹੈ ਤੇ ਸੈਣੀ, ਸੈਣੀ ਜਾਪਦਾ ਹੈ। ਅਜਿਹੇ ਬਹੁਦਿਸ਼ਾਵੀ ਅਤੇ ਪ੍ਰਮਾਣਿਕ ਪਾਤਰ ਸਿਰਜਣ ਪਿੱਛੇ ਪ੍ਰਮੁੱਖ ਯੋਗਦਾਨ ਅਨੁਭਵ ਦਾ ਹੈ ਜਾਂ ਅਧਿਐਨ ਦਾ।
– ਇਨ੍ਹਾਂ ਜਾਂ ਹੋਰ ਪਾਤਰਾਂ ਦੀ ਸਿਰਜਣਾ ਵਿਚ ਪਹਿਲਾ ਸਥਾਨ ਅਨੁਭਵ ਦਾ ਹੈ। ਮੈਂ ਬਹੁਤ ਸਾਰੇ ਖੇਤਰਾਂ ਵਿਚ ਵਿਚਰਿਆ। ਵਿਚਰਿਆ ਹੀ ਨਹੀਂ, ਸਗੋਂ ਉਥੇ ਖੁਭ ਕੇ ਕੰਮ ਕੀਤੈ। ਜਿਸ ਖੇਤਰ ਵਿਚ ਵੀ ਪੈਰ ਰੱਖਿਆ ਜਾਂ ਰੱਖਣਾ ਪਿਆ ਤਾਂ ਉਥੇ ਪੂਰੇ ਮਨ ਨਾਲ ਕੰਮ ਕੀਤਾ। ਜੀਅ ਲਾ ਕੇ। ਕਿਉਂਕਿ ਮੈਂ ਇਸ ਗੱਲ ਦਾ ਮੁਦੱਈ ਹਾਂ ਕਿ ਕੰਮ ਚਾਹੇ ਜੁੱਤੀਆਂ ਗੰਢਣ ਦਾ ਹੀ ਕਰੋ, ਪਰ ਕਰੋ ਪੂਰੇ ਮਨ ਨਾਲ। ਮੁਹਾਰਤ ਹਾਸਲ ਕਰੋ ਉਸ ਕੰਮ ਵਿਚ। ਲੋਕ ਕਹਿਣ ਕਿ ਯਾਰ ਜੁੱਤੀ ਨੂੰ ਟਾਂਕਾ ਲਆਉਣਾ ਤਾਂ ਫਲਾਣੇ ਕੋਲੋਂ। ਸੋ ਮੈਂ ਉਸ ਖੇਤਰ ਦੇ ਸਾਰੇ ਪੱਖਾਂ ਨੂੰ ਘੋਖਦਾਂ। ਵਾਹ ਪੈਣ ਵਾਲੇ ਪਾਤਰਾਂ ਨਾਲ ਇਕਸੁਰ ਹੁੰਨਾਂ। ਏਸੇ ਲਈ ਪਾਤਰ ਚਿਤਰਣ ਸਮੇਂ ਐਵੇਂ ਉਤੋਂ ਉਤੋਂ ਲੀਪਾ ਪੋਚੀ ਨਹੀਂ ਕੀਤੀ ਕਦੇ। ਕਰ ਹੀ ਨਹੀਂ ਹੁੰਦੀ। ਪਾਤਰ ਮੇਰੇ ਸਾਰੇ ਐਵੇਂ ਕੋਈ ਕਲਪਨਾ ਨਹੀਂ ਹੁੰਦੇ। ਗੱਲ ਸਿਰਫ਼ ‘ਅੰਤਰਾ’, ‘ਚੰਦਰੀ’ ਜਾਂ ‘ਹਜ਼ਾਰ ਕਹਾਣੀਆ ਦਾ ਬਾਪ’ ਦੀ ਹੀ ਨਹੀਂ। ਮੇਰੀ ਕੋਈ ਵੀ ਕਹਾਣੀ ਕੋਰੀ ਕਲਪਨਾ ਨਹੀਂ, ਮੇਰੇ ਆਪਣੇ ਅਨੁਭਵ ‘ਚ ਵਾਪਰੇ ਯਥਾਰਥ ਨੇ। ਸਭ ਪਾਤਰ ਮੇਰੇ ਜਾਣੇ ਪਛਾਣੇ ਨੇ। ਹੱਡ ਮਾਸ ਦੇ। ਮੂੰਹ ਜ਼ੋਰ। ਇਹ ਕੋਈ ਘੜੇ ਹੋਏ ਮੋਮੀ ਪਾਤਰ ਨਹੀਂ ਕਿ ਮੈਂ ਜਿਵੇਂ ਚਾਹਾਂ ਕਰਵਾਈ ਜਾਵਾਂ। ਉਂਜ ਵੀ ਮੈਂ ਕਦੇ ਕੱਚੀ ਰਚਨਾ ਕਾਗਜ਼ ‘ਤੇ ਨਹੀਂ ਉਤਾਰਦਾ। ਕਹਾਣੀ ਮੇਰੇ ਅੰਦਰ ਪੱਕਦੀ ਹੈ, ਰਿੱਝਦੀ ਹੈ, ਰਿੜਦੀ ਜਾਂਦੀ ਹੈ, ਮੰਥਨ ਹੁੰਦਾ ਹੈ, ਖੌਰੂ ਪਾਉਂਦੇ ਨੇ ਪਾਤਰ। ਫੇਰ ਐਨ ਜਿਵੇਂ ਸਹੀ ਦਿਨਾਂ ‘ਤੇ ਸਹੀ ਸਮੇਂ ‘ਤੇ ਬੱਚਾ ਜਨਮ ਲੈਂਦਾ ਸਿਰਜਣਾ ਦੇ ਪਲਾਂ ਦਾ ਕੋਈ ਰਹੱਸ ਜ਼ਰੂਰ ਹੁੰਦੈ ਰਵੀ ਜੀ। ਸਹੀ ਅਰਥਾਂ ‘ਚ ਬੰਦਾ ਲੇਖਕ ਹੀ ਉਦੋਂ ਹੁੰਦੈ। ਮੇਰੀ ਨਿੱਕੀ ਜਿਹੀ ਧੀ ਜਪੁਜੀ ਹੱਸਦੀ ਹੁੰਦੀ ਐ ‘ਉਦੋਂ ਪਾਪਾ ਨੂੰ ਕੁਝ ਵੀ ਮਨਾ ਲੋ। ਉਂਜ ਇਹਦੇ ਬਾਰੇ ਆਪਣੀ ਭਾਬੀ ਗੁਰਦੀਪ ਨੂੰ ਪੁੱਛਿਉ ਕਿ ਮੇਰੀ ਕੀ ਹਾਲਤ ਹੁੰਦੀ ਐ ਉਦੋਂ। ਉਹ ਮੇਰੇ ਮਨ ਦੀਆਂ ਸਭ ਅਵਸਥਾਵਾਂ ਦੀ ਗਵਾਹ ਹੈ। ਮੇਰੀ ਪਾਠਕ ਵੀ ਪਹਿਲੀ ਉਹੀ ਹੈ। ਉਂਜ ਰਵੀ ਜੀ ਇਹ ਸ਼ਕਤੀ ਪਿਆਰ ਵਿਚ ਹੀ ਹੈ ਕਿ ਪ੍ਰੇਮੀ ਤੁਹਾਨੂੰ ਤੁਹਾਥੋਂ ਵੱਧ ਜਾਣ नारे…।
ਬਾਕੀ ਰਹੀ ਅਧਿਐਨ ਦੀ ਗੱਲ ਇਸ ਤੋਂ ਤਾਂ ਤੁਸੀਂ ਮੁੱਕਰ ਹੀ ਨਹੀਂ ਸਕਦੇ। ਅਧਿਐਨ ਤੋਂ ਬਿਨਾਂ ਅਨੁਭਵ ਅਜਾਈਂ ਚਲਾ ਜਾਂਦੈ, ਅਧਿਐਨ ਵੀ ਨਿੱਠ ਕੇ ਕੀਤਾ ਅਤੇ ਕਰਦਾਂ। ਅਨੁਭਵ ‘ਚੋਂ ਪ੍ਰਾਪਤ ਵਸਤ ਨੂੰ, ਵਿਚਾਰ ਨੂੰ ਸ਼ੇਪ ਅਧਿਐਨ ਹੀ ਦਿੰਦੈ।
ਕਦੋਂ ਲੇਖਕ ਹੋਣ ‘ਤੇ ਮਾਣ ਮਹਿਸੂਮ ਹੋਇਐ।
ਬਿਲਕੁਲ ਰਵੀ ਜੀ। ਲੇਖਕ ਤਾਂ ਕਿੱਡਾ ਖ਼ੁਸ਼ਕਿਸਮਤ ਹੁੰਦੈ ਕਿ ਆਪਣੇ ਮਨ ਦੀਆਂ ਕਰ ਸਕਦਾ। ਵਿਚਾਰ ਪ੍ਰਗਟ ਕਰ ਸਕਦਾ ਸੱਚਮੁਚ ਆਪਣੇ ਆਪ ‘ਤੇ ਮਾਣ ਹੁੰਦੈ ਕਿ ਸਾਡੇ ਵਰਗਾ ਕੌਣ ਹੈ। ਕਿੰਨੀ ਦੁਨੀਆਂ ਦਿਲ ਦੀਆਂ ਦਿਲ ‘ਚ ਲੈ ਕੇ ਜਹਾਨੋਂ ਤੁਰੀ ਜਾਂਦੀ ਐ। ਪਰ ਲੇਖਕ ਆਪਣੇ ਹੀ ਨਹੀਂ ਕਿੰਨੇ ਹੋਰ ਲੋਕਾਂ ਦੇ ਦੁੱਖਾਂ ਨੂੰ, ਸੁੱਖਾਂ ਨੂੰ, ਚਾਵਾਂ ਨੂੰ, ਰੀਝਾਂ ਨੂੰ, ਚੰਗੀਆਂ ਨੂੰ ਮੰਦੀਆਂ ਨੂੰ ਜ਼ਬਾਨ ਦਿੰਦਾ, ਰਚਨਾ ਕਰਦੈ ਰੱਬ ਵਾਂਗੂੰ। ਤਾਂ ਹੀ ਤਾਂ ਮੁਸਲਿਮ ਲੋਕ ਲੇਖਕ ਨੂੰ ਜ਼ੁਜ-ਏ-ਪੈਗ਼ੰਬਰ ਮੰਨਦੇ ਨੇ ਕਿ ਲੇਖਕ ਰੱਬ ਤਾਂ ਨਹੀਂ ਹੁੰਦਾ, ਪਰ ਰੱਬ ਦਾ ਇਕ ਹਿੱਸਾ ਜ਼ਰੂਰ ਹੁੰਦੈ।
? ਤੁਹਾਡੀਆਂ ਦੋ ਕਹਾਣੀਆਂ ‘ਬਰਫ਼’ ਅਤੇ ‘ਹੁਣ ਮੈਂ ਇੰਜੁਆਇ ਕਰਦੀ ਹਾਂ’ ਸਭ ਤੋਂ ਵੱਧ ਚਰਚਿਤ ਵੀ ਰਹੀਆਂ ਹਨ ਅਤੇ ਵਿਵਾਦਿਤ ਵੀ। ‘ਬਰਫ਼’ ਕਹਾਣੀ ਰਿਸ਼ਤਿਆਂ ਵਿਚਲੇ ਟੈਬੂ ਦੀ ਮਿੱਥ ਭੰਜਨਾ ਕਰਕੇ ਵਧੇਰੇ ਵਿਵਾਦਿਤ ਸੀ। ‘ਹੁਣ ਮੈਂ ਇੰਜੁਆਇ ਕਰਦੀ ਹਾਂ’ ਆਪਣੀ ਗਾਲ੍ਹਾਂ ਵਾਲੀ ਭਾਸ਼ਾ ਕਰਕੇ। ਇਸ ਤਰ੍ਹਾਂ ਦੇ ਵਿਵਾਦ ਕਿਉਂ ਪੈਦਾ ਹੁੰਦੇ ਹਨ? ਕੀ ਸਾਹਿਤ ਨੂੰ ਕਿਸੇ ਮਰਿਆਦਾ ਵਿਚ ਰਹਿਣਾ ਚਾਹੀਦਾ ਹੈ ਜਾਂ ਫਿਰ ਤੁਸੀਂ ਸਾਹਿਤ ਦੀ ਕੋਈ ਵੱਖਰੀ ਭੂਮਿਕਾ ਮੰਨਣ ਕਰਕੇ ਅਜਿਹੀਆਂ ਕਹਾਣੀਆਂ ਦੀ ਸਿਰਜਣਾ ਕਰਦੇ ਹੋ।
– ਰਵੀ ਜੀ, ਇਸ ਸੁਆਲ ਦਾ ਜਵਾਬ ਮੈਂ ਸੁਆਲ ਕਰਕੇ ਦਿੰਦਾ ਹਾਂ। ਕਹਿੰਦੇ ਨੇ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੈ। ਫੇਰ ਸਮਾਜ ਵਿਚ ਜੋ ਵਾਪਰਦਾ ਹੈ ਜਦੋਂ ਉਹ ਦਿਖਾਈਏ ਤਾਂ ਸਵਾਲ ਕਿਉਂ ਉਠਦੇ ਨੇ? ਉਂਜ ਸਾਹਿਤ ਦੀ ਭੂਮਿਕਾ ਸਿਰਫ਼ ਸ਼ੀਸ਼ੇ ਦੀ ਨਹੀਂ। ਸ਼ੀਸ਼ਾ ਤਾਂ ਬਾਹਰੋਂ ਉਤੋਂ ਉਤੋਂ ਹੀ ਦਿਖਾਵੇਗਾ। ਪਰ ਸਾਹਿਤ ਤਾਂ, ਖ਼ਾਸ ਤੌਰ ’ਤੇ ਸਾਡੀ ਪੰਜਾਬੀ ਕਹਾਣੀ, ਸਮਾਜ ਨੂੰ ਧੁਰ ਅੰਦਰ ਤਕ ਖੰਘਾਲਦੀ ਹੈ। ਉਹ ਦਿਖਾ ਰਹੀ ਹੈ ਜਿਸਨੂੰ ਦੇਖਣ ਤੋਂ ਅਸੀਂ ਕੰਨੀ ਕਤਰਾਉਂਦੇ ਹਾਂ। ਮਰਿਆਦਾ ਹੁੰਦੀ ਹੈ, ਹੋਣੀ ਵੀ ਚਾਹੀਦੀ ਹੈ, ਪਰ ਕਿਹੜੀ ਮਰਿਆਦਾ? ਕੀ ਸਾਡੇ ਸਾਹਿਤ ਦੀ ਇਹ ਮਰਿਆਦਾ ਨਹੀਂ, ਇਹ ਧਰਮ ਨਹੀਂ ਕਿ ਸਮਾਜ ਦਾ ਕੁਹਜ ਵੀ ਦਿਖਾਵੇ। ਪਾਖੰਡ ਦੇ ਆਡੰਬਰ ਦੇ ਥੱਲੇ ਲਕੋਏ ਜਾ ਰਹੇ ਅਸਲ ਨੂੰ ਨੰਗਾ ਕਰੇ। ਮੈਂ ਸਾਹਿਤ ਦੀ ਇਹ ਭੂਮਿਕਾ ਮੰਨਦਾ ਹਾਂ।
? ਤੁਹਾਡੀਆਂ ਕਹਾਣੀਆਂ ਵਿਚ ਕਾਮ ਦੇ ਵੀ ਅਨੇਕ ਰੂਪ ਦਿਖਾਈ ਦਿੰਦੇ ਹਨ। ‘ਅੰਤਰਾ’ ਵਿਚਲਾ ਕਾਮ, ‘ਬਰਫ਼’ ਵਿਚਲਾ ਕਾਮ, ‘ਕਾਮਬਲੀ’ ਦਾ ਕਾਮ ਅਤੇ ‘ਹੁਣ ਮੈਂ ਇੰਜੁਆਇ ਕਰਦੀ ਹਾਂ’ ਦਾ ਕਾਮ ਇਕ ਰੂਪ ਹੁੰਦੇ ਹੋਏ ਵੀ ਅਨੇਕ ਰੂਪ ਹੈ। ਕੀ ਕਾਮ ਦਾ ਹਰ ਰੂਪ ਪਾਤਰ ਆਪਣੇ ਨਾਲ ਲੈ ਕੇ ਆਉਂਦਾ ਹੈ ਜਾਂ ਫਿਰ ਕਾਮ ਦੇ ਸਰੂਪ ਨੂੰ ਪ੍ਰਗਟ ਕਰਨ ਲਈ ਤੁਸੀਂ ਪਾਤਰ ਘੜਦੇ ਹੋ।
-ਸਾਡੇ ਸ਼ਾਸਤਰਾਂ ਵਿਚ ਸਮੁੱਚੇ ਪਦਾਰਥਾਂ ਦਾ ਚਾਰ ਭਾਗਾਂ ਵਿਚ ਵਰਗੀਕਰਨ ਕੀਤਾ ਗਿਐ ਜਿਹਨੂੰ ਚਤੁਰਵਰਗ ਕਹਿੰਦੇ ਨੇ। ਧਰਮ, ਅਰਥ, ਕਾਮ, ਮੋਕਸ਼। ਇਨ੍ਹਾਂ ਨੂੰ ਪ੍ਰਾਪਤ ਕਰਾਉਣ ਵਾਲੇ ਸ਼ਾਸਤਰ ਵੀ ਚਾਰ ਤਰ੍ਹਾਂ ਦੇ ਨੇ। ਜਿਵੇਂ ਸਿਮਰਤੀਆਂ ਧਰਮ ਸ਼ਾਸਤਰ ਐ। ਮਹਾਂਰਿਸ਼ੀ ਸ਼ੁੱਕਰ, ਬ੍ਰਹਿਸਪਤੀ, ਕਣਕ ਤੇ ਚਾਣਕਿਆ ਹੋਰਾਂ ਦੇ ਗ੍ਰੰਥ ਅਰਥ ਸ਼ਾਸਤਰ ਨੇ। ਉਪਨਿਸ਼ਦ, ਗੀਤਾ ਆਦਿ ਮੋਕਸ਼ ਸ਼ਾਸਤਰ ਐ। ਇਸੇ ਤਰ੍ਹਾਂ ਰਿਸ਼ੀ ਵਾਤਸਾਇਨ ਵਰਗਿਆਂ ਦੇ ਕਾਮ ਸੂਤਰ ਵਗੈਰਾ ਕਾਮ ਸ਼ਾਸਤਰ ਨੇ । ਸੋ ਕਾਮ, ਧਰਮ, ਅਰਥ ਤੇ ਮੋਕਸ਼ ਜਿੰਨਾ ਹੀ ਮਹੱਤਵਪੂਰਨ ਹੈ। ਸਗੋਂ ਅੱਜ ਜਦੋਂ ਮਰਿਆਦਾਵਾਂ ਟੁੱਟ ਰਹੀਆਂ ਨੇ। ਵਰਣ ਆਸ਼ਰਮ ਨਹੀਂ ਰਹੇ। ਸਭ ਪਾਸੇ ਕਾਮ ਮਨੁੱਖ ਪ੍ਰਮੁੱਖ ਹੈ। ਕਈ ਵਾਰੀ ਦੇਖਿਐ ਸਾਧੂ ਸੰਤ ਬੈਠੇ ਆਪਸ ਵਿਚ ਮਖੌਲ ਨਾਲ ਚਰਚਾ ਕਰਦੇ ਨੇ :
ਇਹ ਬੱਚੇ ਕਿਸਦੇ ਹਨ?
ਬ੍ਰਹਮਚਾਰੀਆਂ ਦੇ।
ਇਸ ਮਹਿਲ ਕਿਸ ਦੇ ਹਨ?
ਤਿਆਗੀਆਂ ਦੇ।
ਇਹ ਸ਼ੋਰ ਕੌਣ ਮਚਾ ਰਹੇ ਨੇ?
ਮੋਨੀ ਸਾਧੂ।
ਇਸ ਤਰ੍ਹਾਂ ਦੀ ਹਾਲਤ ਵਿਚ ਕਿਸੇ ਪਦਾਰਥ ਬਾਰੇ ਸਪਸ਼ਟ ਕੁਝ ਨਹੀਂ ਕਿਹਾ ਜਾ ਸਕਦਾ। ਕਾਮ ਦਾ ਸਬੰਧ ਮਨੁੱਖੀ ਹੋਂਦ ਨਾਲ ਵੀ ਹੈ, ਜਸ਼ਨ ਨਾਲ ਵੀ ਹੈ, ਖ਼ਬਤ ਨਾਲ ਵੀ ਹੈ। ਕਾਮ ਦੀ ਲੀਲ੍ਹਾ ਅਪਰੰਮਪਾਰ।
? ‘ਅੰਤਰਾ’, ‘ਸਤਾਈ ਮੀਲ’, ‘ਜੀ ਬੀਬੀ ਜੀ’, ‘ਕਾਮਬਲੀ’ ਅਤੇ ‘ਹੁਣ ਮੈਂ ਇੰਜੁਆਇ ਕਰਦੀ ਹਾਂ’ ਕਹਾਣੀਆਂ ਵਿਚ ਤੁਸੀਂ ਨਾਰੀ ਮਨ ਦੀਆਂ ਅਨੇਕ ਪਰਤਾਂ ਫਰੋਲੀਆਂ ਹਨ। ਮਰਦ ਕਹਾਣੀਕਾਰ ਹੋ ਕੇ ਵੀ ਨਾਰੀ ਮਨ ਦੀਆਂ ਬਾਰੀਕੀਆਂ, ਸੰਵੇਦਨਾਵਾਂ ਅਤੇ ਜਟਿਲਤਾਵਾਂ ਨੂੰ ਕਿਵੇਂ ਪਕੜ ਲੈਂਦੇ ਹੋ।
– ਮੇਰੀ ਨਜ਼ਰ ‘ਚ ਸਾਹਿਤਕਾਰ ਨਾ ਮਰਦ ਹੁੰਦੈ, ਨਾ ਨਾਰੀ। ਉਹ ਮਨੁੱਖ ਹੁੰਦੈ ਬਸ। ਮਨੁੱਖ ਇਨ੍ਹਾਂ ਦੋਹਾਂ ਦਾ ਸੰਤੁਲਿਤ ਸਰੂਪ ਐ। ਵੈਸੇ ਤਾਂ ਮਰਦ ਵੀ ਸਿਰਫ਼ ਮਰਦ ਨਹੀਂ ਹੁੰਦਾ ਅਤੇ ਔਰਤ ਵੀ ਸਿਰਫ਼ ਔਰਤ ਨਹੀਂ ਹੁੰਦੀ। ਇਹ ਮਰਦਾਵੇਂ ਅਤੇ ਨਾਰੀ ਗੁਣਾਂ ਦੇ ਸੁਮੇਲ ਹੁੰਦੇ ਨੇ। ਸਾਰੀ ਖੇਡ ਇਨ੍ਹਾਂ ਗੁਣਾਂ ਦੀ ਮਾਤਰਾ ਦੇ ਵਾਧ ਘਾਟ ਦੀ ਹੀ ਹੁੰਦੀ ਐ। ਇਸੇ ਸੋਝੀ ਦੀ ਘਾਟ ਨੇ ਹੀ ਦੋਹਾਂ ਵਿਚ ਵੱਡੇ-ਵੱਡੇ ਦੁਫੇੜ ਖੜੇ ਕੀਤੇ ਨੇ। ਦੋਵੇਂ ਹੀ ਵੱਖਰੇ-ਵੱਖਰੇ ਟਾਪੂਆਂ ਜਾਂ ਵੱਖਰੇ-ਵੱਖਰੇ ਗ੍ਰਹਿਆਂ ਤੋਂ ਆਏ ਜੀਵ ਵਾਂਗ ਪੇਸ਼ ਕੀਤੇ ਜਾਂਦੇ ਨੇ । ਇਨ੍ਹਾਂ ਵਿਚਲੇ ਅੰਤਰਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਫ਼ਰਕ ਹਮੇਸ਼ਾ ਸਨ ਅਤੇ ਅੱਜ ਵੀ ਹਨ। ਪਰ ਬਹੁਤੇ ਫ਼ਰਕ ਤਾਕਤ ਦੀ ਖੇਡ ਦੇ ਸਿਰਜੇ ਨੇ ਅਤੇ ਤਾਕਤ ਬਹੁਤਾ ਸਮਾਂ ਮਰਦ ਦੇ ਹੱਥ ‘ਚ ਰਹੀ ਐ। ਸਾਹਿਤਕਾਰ ਲਈ ਮਹੱਤਵਪੂਰਨ ਵੇਦਨਾ ਨਹੀਂ, ਸਗੋਂ ਸੰਵੇਦਨਾ ਹੁੰਦੀ ਹੈ। ਵੇਦਨਾ ਦੇ ਵਹਿਣ ਵਿਚ ਵਹਿ ਜਾਣ ਦਾ ਡਰ ਬਣਿਆ ਰਹਿੰਦੈ। ਸੰਵੇਦਨਾ ਦੌਰਾਨ ਸੰਤੁਲਿਤ ਦ੍ਰਿਸ਼ਟੀ ਬਰਕਰਾਰ ਰਹਿੰਦੀ ਐ।
ਬਾਕੀ ਰਹੀ ਨਾਰੀ ਮਨ ਦੀਆਂ ਪਰਤਾਂ ਫਰੋਲਣ ਦੀ। ਕੁਝ ਸੋਝੀ ਅਧਿਐਨ ਨੇ ਦਿੱਤੀ, ਕੁਝ ਅਨੁਭਵ ਨੇ ਅਤੇ ਬਾਕੀ ਸੰਵੇਦਨਾ ਨੇ। ਬੁੱਧ, ਕਬੀਰ ਅਤੇ ਗੁਰੂ ਗੋਬਿੰਦ ਸਿੰਘ ਹੋਰਾਂ ਦੇ ਅਧਿਐਨ ਨਾਲ ਨਾਰੀ ਮਨ ਦੇ ਅਨੇਕ ਦਿਸਹੱਦਿਆਂ ਦੇ ਦੀਦਾਰ ਹੋਏ।
? ਵਿਸ਼ਵ ਪੱਧਰ ‘ਤੇ ਸਾਹਿਤ ਦੀ ਪੜਚੋਲ ਸਬੰਧੀ ਤਿੰਨ ਤਰ੍ਹਾਂ ਦੇ ਵਿਚਾਰ ਹਨ : ਕਈ ਕਹਿੰਦੇ ਹਨ ਕਿ ਸਿਰਜਕ ਹੀ ਆਪਣੇ ਰਚੇ ਸਾਹਿਤ ਦਾ ਅੰਤਿਮ ਨਿਰਣੇਕਾਰ ਹੁੰਦਾ ਹੈ। ਕਈ ਕਹਿੰਦੇ ਹਨ ਇਹ ਕਾਰਜ ਸਾਹਿਤ ਸਮੀਖਿਅਕਾਂ ਦਾ ਹੈ। ਪਰ ਕਈਆਂ ਦਾ ਇਹ ਵੀ ਮੰਨਣਾ ਹੈ ਕਿ ਅਸਲ ਨਿਰਣਾਇਕ ਪਾਠਕ ਹੁੰਦਾ ਹੈ। ਇਸ ਸਬੰਧੀ ਤੁਹਾਡਾ ਕੀ ਵਿਚਾਰ ਹੈ।
ਸਾਹਿਤ ਸਿਰਜਣਾ ਇਕ ਤਰ੍ਹਾਂ ਨਾਲ ਬੱਚਾ ਜਣਨ ਵਰਗਾ ਕਾਰਜ ਈ ਐ ਜਦੋਂ ਸਾਹਿਤਕਾਰ ਅਨੁਭਵ ਦੇ ਬੀਜ ਨੂੰ ਆਪਣੇ ਜ਼ਿਹਨ ਵਿਚ ਸਾਧਨਾ ਨਾਲ ਪਾਲਦੈ, ਨੀਝ ਨਾਲ ਸੁਆਰਦੈ ਤਾਂ ਜਾ ਕੇ ਸਾਹਿਤਕ ਕਿਰਤ ਦਾ ਜਨਮ ਹੁੰਦੈ। ਮਾਂ ਕਦੇ ਵੀ ਆਪਣੇ ਬੱਚੇ ਦੀ ਨਿਰਣਾਇਕ ਨਹੀਂ ਹੁੰਦੀ। ਨਿਰਣਾ ਤਾਂ ਸਮਾਜ ਨੇ, ਜਾਂ ਫਿਰ ਸਮਾਜ ਦੇ ਵਿਸ਼ੇਸ਼ੱਗਾਂ ਨੇ ਹੀ ਕਰਨਾ ਹੁੰਦੈ। ਸਾਹਿਤਕਾਰੀ ਦਾ ਸਮਾਜ ਪਾਠਕ ਨੇ ਅਤੇ ਵਿਸ਼ੇਸ਼ੱਗ ਸਾਹਿਤ ਸਮੀਖਿਅਕ ਨੇ। ਆਪਣੇ ਖੇਤਰ ਦੇ ਹੰਢੇ ਵਰਤੇ ਵਿਦਵਾਨ ਹੋਣ ਕਾਰਨ ਮਹੱਤਤਾ ਹਮੇਸ਼ਾ ਸਮੀਖਿਅਕਾਂ ਦੀ ਹੁੰਦੀ ਐ। ਪਰ ਫਿਰ ਵੀ ਸਮੀਖਿਅਕਾਂ ਦਾ ਫ਼ੈਸਲਾ ਅੰਤਿਮ ਨਹੀਂ ਸਵੀਕਾਰਿਆ ਜਾਣਾ ਚਾਹੀਦਾ। ਕਈ . ਵਾਰ ਪਾਠਕ ਅਜਿਹੇ ਮੁੱਲਵਾਨ ਨੁਕਤੇ ਉਭਾਰਦੇ ਨੇ ਕਿ ਸਮੀਖਿਅਕ ਉਨ੍ਹਾਂ ਸਾਹਮਣੇ ਬੌਣੇ ਜਾਪਣ ਲੱਗਦੇ ਨੇ। ਰਹੀ ਗੱਲ ਪੰਜਾਬੀ ਕਹਾਣੀ ਸਮੀਖਿਆ ਦੀ, ਡਾ. ਹਰਿਭਜਨ ਸਿੰਘ ਤੋਂ ਬਾਅਦ ਅੱਜ ਸਿਰਫ਼ ਤਿੰਨ-ਚਾਰ ਸਮੀਖਿਅਕ ਹੀ ਕਹਾਣੀ ਨਾਲ ਨਿਆਂ ਕਰ ਰਹੇ ਨੇ, ਬਾਕੀ ਤਾਂ ਕਹਾਣੀ ਨੂੰ ਵਾਰਤਕ ਵਿਚ ਸਮਾਉਣ ਦਾ ਕਾਰਜ ਹੀ ਕਰਦੇ ਨੇ।
ਇਕ ਸਮੀਖਿਅਕ ਨੇ ਡਾ. ਰਜਨੀਸ਼ ਬਹਾਦਰ । ਬੜਾ ਕੰਮ ਕਰ ਰਹੇ ਨੇ। ਉਨ੍ਹਾਂ ਮੇਰੀ ਕਿਤਾਬ ਬਾਰੇ ਲਿਖਿਆ। ‘ਅੰਤਰਾ’ ਕਹਾਣੀ ਬਾਰੇ ਵੀ ਬੜਾ ਨਿੱਠ ਕੇ ਲਿਖਿਆ। ਪਰ ਮੇਰੀ ‘ਸਤਾਈ ਮੀਲ’ ਕਹਾਣੀ ਬਾਰੇ ਲਿਖਦਿਆਂ ਉਹ ਐਮ.ਪੀ. ਨੂੰ ਐਸ.ਪੀ. ਲਿਖੀ ਜਾਂਦੇ ਨੇ । ਕੋਈ ਮਿਸ ਪ੍ਰਿੰਟ ਵੀ ਨਹੀਂ। ਇਉਂ ਲੱਗਾ ਕਿ ਉਨ੍ਹਾਂ ਕਹਾਣੀ ਪੜ੍ਹੀ ਹੀ ਨਹੀਂ।
ਡਾ. ਬਲਦੇਵ ਧਾਲੀਵਾਲ ਨੇ ‘ਜਲ ਭਰਮ’ ਬਾਰੇ ਜਿਵੇਂ ਲਿਖਿਆ ਮੈਂ ਹੈਰਾਨ ਹੋ ਗਿਆ ਕਿ ਕਿਸੇ ਹੋਰ ਨੇ ਉਵੇਂ ਨਹੀਂ ਫੜਿਆ। ਮੈਂ ਵਾਕਈ ਉਹ ਨਕਸਲਾਈਟ ਲਹਿਰ ਦੇ ਪੰਜਾਬ ਵਿਚਲੇ ਪਤਨ ਬਾਰੇ ਫੈਂਟਅਸੀ ਲਿਖੀ ਸੀ। ਸਿਰਫ਼ ਉਨ੍ਹਾਂ ਫੜੀ। ਮੈਨੂੰ ਲੱਗਦੈ ਕਿ ਸਾਡੇ ਕਈ ਸਮੀਖਿਅਕ ਬੁੱਧੀਜੀਵੀ ਵੀ ਨੇ। ਸਮਰੱਥਾ ਵੀ ਰੱਖਦੇ ਨੇ ਪਰ ਮਾਫ਼ ਕਰਨਾ, ਕਿਤੇ ਸੁਹਿਰਦਤਾ ਦੀ ਕਮੀ ਐਂ। ‘ਪ੍ਰਵਚਨ’ ਪੜ੍ਹਦਿਆਂ ਮੈਂ ਮਹਿਸੂਸ ਕੀਤਾ ਕਿ ਜਿਵੇਂ ਕਹਾਣੀਕਾਰਾਂ ਦੀਆਂ ਕਹਾਣੀਆਂ ਬਾਰੇ ਸਮੀਖਿਅਕਾਂ ਨੂੰ ਗੱਲਾਂ ਕਰਨੀਆਂ ਚਾਹੀਦੀਆਂ ਸਨ, ਉਵੇਂ ਕੀਤੀਆਂ ਨਹੀਂ ਗਈਆਂ। ‘ਪੁਲ’ ਸਾਂਵਲ ਧਾਮੀ ਦੀ ਜਿੱਡੀ ਵੱਡੀ ਤੇ ਕਮਾਲ ਦੀ ਕਹਾਣੀ ਹੈ, ਉਹਦੇ ਉਤੇ ਡਾ. ਰਾਹੀ ਨੇ ਤਾਂ ਪਾਏਦਾਰ ਗੱਲਾਂ ਕੀਤੀਆਂ ਪਰ ਹਾਜ਼ਰ ਦੂਜੇ ਸਮੀਖਿਅਕਾਂ ਨੇ ਇੰਜ ਜਾਹਿਰ ਕੀਤਾ ਜਿਵੇਂ ਜਾਂ ਤਾਂ ਉਨ੍ਹਾਂ ਦੇ ਸਮਝ ਨਹੀਂ ਆਈ ਜਾਂ ਜਾਣ ਬੁਝ ਕੇ ਛੁਟਿਆਉਣੀ ਚਾਹੁੰਦੇ ਸਨ। ਇਹ ਦੋਵੇਂ ਹੀ ਗੋਲਾਂ ਪੰਜਾਬੀ ਕਹਾਣੀ ਲਈ ਮੰਦਭਾਗੀਆਂ ਨੇ । ਰਵੀ ਜੀ, ਗੁਸਤਾਖ਼ੀ ਮੁਆਫ਼, ਜਦੋਂ ਤਕ ਸਾਹਿਤ ‘ਚ ਡੇਰੇ ਬਣਦੇ ਰਹਿਣਗੇ, ਗੁੱਟ ਉਭਾਰਨੇ ਢਾਹੁਣੇ ਜਾਰੀ ਰਹਿਣਗੇ, ਉਦੋਂ ਤਕ ਅਸੀਂ ਇਸ ਲਈ ਜ਼ਿੰਮੇਵਾਰ ਸਮੀਖਿਅਕਾਂ ਤੋਂ ਕੋਈ ਆਸ ਨਹੀਂ ਰੱਖ ਸਕੇ। ਕਿਉਂਕਿ ਚਾਹੇ ਧਰਮ ਹੋਵੇ ਚਾਹੇ ਸਾਹਿਤ ਜਦੋਂ ਸੰਗਠਨ ਬਣ ਜਾਂਦੈ ਤਾਂ ਖ਼ਤਰਨਾਕ ਹੋ ਜਾਂਦੈ ਕਲਿਆਣਕਾਰੀ ਨਹੀਂ ਰਹਿੰਦਾ।
? ਇਕ ਪਾਸੇ ਤਾਂ ਸਾਡੇ ਕੋਲ ਪੰਜਾਬੀ ਕਹਾਣੀ ਵਿਚ ‘ਅੰਤਰਾ’ ਵਰਗੀਆਂ ਕਹਾਣੀਆਂ ਹਨ, ਜਿਨ੍ਹਾਂ ਨੂੰ ਹਰ ਵਾਰ ਪੜ੍ਹਦਿਆਂ ਨਵੇਂ ਅਰਥ ਪ੍ਰਾਪਤ ਹੁੰਦੇ ਹਨ। ਦੂਜੇ ਪਾਸੇ ਬਿਲਕੁਲ ਸਪਾਟ ਕਹਾਣੀ ਵੀ ਹੈ, ਸਿਰਫ਼ ਘਟਨਾਵੀ ਵਰਨਣ ਵਾਂਗ। ਫ਼ਰਕ ਕਿੱਥੇ ਰਹਿ ਜਾਂਦਾ ਹੈ, ਰਚਨਾ ਪ੍ਰਕਿਰਿਆ ਵਿਚ ਜਾਂ ਕਿਤੇ ਹੋਰ।
ਜਦੋਂ ‘ਅੰਤਰਾ’ ਲਿਖੀ ਉਦੋਂ ਮੈਂ ਮੁੜ ਤੋਂ ਵੇਦ ਪੜ੍ਹ ਰਿਹਾ ਸਾਂ। ਅਚਾਨਕ ਹੋਂਦ ਦੀਆਂ ਚਾਰ ਹਾਲਤਾਂ ਬਾਰੇ ਪੜ੍ਹਦਿਆਂ ਚੱਕਰ ‘ਚ ਪੈ ਗਿਆ। ਉਥੇ ਵਿਆਖਿਆ ਨਹੀਂ ਸੀ। ਫਿਰ ਮੇਰਾ ਜੀਵਨ ਅਨੁਭਵ, ਪੜ੍ਹਿਆ ਸੁਣਿਆ ਤੇ ਅਧਿਐਨ ਸਾਰਾ ਕੰਮ ਆਇਆ। ਰਹੱਸ, ਅਚਾਨਕ ਜਿਵੇਂ ਪਟੱਕ ਦੇਣੇ ਅੱਖ ਖੁੱਲ੍ਹੇ। ਦਰਅਸਲ ਉਹ ਚੱਕਰ ਨਹੀਂ ਸੀ, ਮੰਥਨ ਸੀ, ਜਿਵੇਂ ਦੁੱਧ ਰਿੜਕੀ ਦੈ। ਰਿੜਕਦਿਆਂ-ਰਿੜਕਦਿਆਂ ਮੱਖਣ ਆ ਜਾਂਦੈ। ਮੱਖਣ ਉਸੇ ਤਰ੍ਹਾਂ ਨਹੀਂ ਕੱਢ ਲਿਆ ਜਾਂਦਾ, ਰਿੜਕੇ ਹੋਏ ਨੂੰ ਟਿਕਣ ਦਈਦੈ। ਰੁੱਤ ਦੇ ਹਿਸਾਬ ਨਾਲ ਠੰਡਾ ਤੱਤਾ ਪਾਣੀ ਪਾਈਦੈ ਧਾਰ ਬੰਨ੍ਹਕੇ, ਮੱਖਣ ਨੂੰ ਇਕੱਠਾ ਕਰਨ ਲਈ। ਬੱਸ ਇਉਂ ਨਿਕਲੀ ਸੀ ‘ਅੰਤਰਾ’ ਓਸ ਮੰਥਨ ‘ਚੋਂ। ਉਂਜ ਤਾਂ ਹਰ ਕਹਾਣੀ ਇੰਜ ਹੀ ਆਉਂਦੀ ਹੈ ਪਰ ਕਈ ਵਾਰ ਜਿਵੇਂ ਦੁੱਧ ਪੂਰਾ ਨਹੀਂ ਜੰਮਿਆ ਹੁੰਦਾ। ਜਿਵੇਂ ਕਦੇ ਰਿੜਕਿਆ ਘੱਟ ਜਾਵੇ, ਜਾਂ ਫਿਰ ਜਿਵੇਂ ਬੁੜੀਆਂ ਦੇ ਕਹਿਣ ਵਾਂਗੂ ਥੱਲੇ ਸ਼ੂਕਣੀ ਫਿਰਗੀ, ਅੱਜ ਨਹੀਂ ਮੱਖਣ ਕੱਚ ਪੱਕ ਰਹਿ ਜਾਂਦੈ। ਮੈਂ ਲੇਖਕਾਂ ‘ਚ ਵੀ ਇਹ ਫ਼ਰਕ ਮੰਨਦਾ। ਜਿਵੇਂ ਸੁੱਘੜ ਤੇ ਸਚਿਆਰੀ ਤੀਵੀਂ ਮੱਖਣ ਕੱਢਦੀ ਐ। ਤੇ ਇਕ ਹੁੰਦੀ ਐ ਕੁੱਢਰ, ਜਿਹੜੀ ਖਲ੍ਹਾਰਾ ਪਾ ਬੈਂਹਦੀ ਐ।
? ਸੁਣਨ ‘ਚ ਤਾਂ ਇਹ ਵੀ ਆਇਆ ਹੈ ਕਿ ਕਈ ਲੇਖਕ ਤੁਹਾਨੂੰ ਅਜਿਹੇ ਕੰਮ ਵੀ ਕਰਨ ਲਈ ਕਹਿੰਦੇ ਰਹੇ ਨੇ, ਜਿਹੜੇ ਨਾ ਤਾਂ ਸਾਹਿਤਕਾਰੀ ਦੇ ਧਰਮ ‘ਚ ਆਉਂਦੇ ਹਨ, ਨਾ ਮਨੁੱਖਤਾ ਦੇ ਧਰਮ ‘ਚ।
– (ਗੰਭੀਰ ਹੋ ਕੇ) (ਕੁਝ ਦੇਰ ਚੁੱਪ) ਲੇਖਕਾਂ ਨੇ, ਸਾਰਿਆਂ ਨੇ ਨਹੀਂ ਪਰ ਬਹੁਤਿਆਂ ਨੇ, ਬੜਾ ਕੁਝ ਕੀਤੈ। ਕਈ ਤਾਂ ਆਪਣੇ ਧੀਆਂ ਪੁੱਤਾਂ ਨੂੰ ਧਮਕਾਉਂਦੇ ਰਹੇ, ਮੇਰਾ ਨਾਂ ਲੈ ਕੇ। ‘ਜੇ ਤੂੰ ਪਿਆਰ ਕਰਨੋ ਨਾ ਹਟੀ ਜਾਂ ਨਾ ਹਟਿਆ ਤਾਂ ਸੁਖਜੀਤ ਅੰਕਲ ਤੋਂ ਮਰਵਾ ਦਿਆਂਗੇ, ਤੈਨੂੰ ਵੀ ਤੇਰੇ ਉਹਨੂੰ ਵੀ। ਹੋਰ ਬਥੇਰੇ ਕੇਸ ਨੇ ਜ਼ਮੀਨਾਂ ਦੇ, ਕਬਜ਼ਿਆਂ ਦੇ ਮੈਂ ਕਦੇ ਪਿੱਠ ਨਹੀਂ ਸੀ ਦਿਖਾਈ ਲੇਖਕਾਂ ਨੂੰ। ਟੂਰਨਾਮੈਂਟਾਂ, ਸਮਾਗਮਾਂ ਤੇ ਬੜਾ ਪੈਸਾ ਲੈਂਦੇ ਸਨ। ਪਰ ਦੁੱਖ ਮੈਨੂੰ ਇਹ ਨੀ ਕਿ ਮੈਂ ਇਨ੍ਹਾਂ ਦੇ ਕੰਮ ਆਇਆ। ਉਹ ਤਾਂ ਮੈਂ ਆਉਂਦਾ ਈ ਸਾਂ । ਲੇਖਕਾਂ ਦੇ ਕੰਮ ਆ ਕੇ ਸਗੋਂ ਖ਼ੁਸ਼ੀ ਹੁੰਦੀ ਸੀ। ਪਰ ਦੁੱਖ ਇਹ ਹੈ ਕਿ ਬਾਅਦ ‘ਚ ਉਨ੍ਹਾਂ ਕਦੇ ਸੁੱਖ ਸਾਂਦ ਵੀ ਨੀਂ ਪੁੱਛੀ ਅੱਜ ਤਕ। ਕਈ ਲੇਖਕ ਤਾਂ ਮੈਨੂੰ ਇਹ ਵੀ ਕਹਿੰਦੇ ਰਹੇ, ‘ਤੂੰ ਸਰਪੰਚੀ ਕਰੀ ਚੱਲ, ਕਹਾਣੀਆਂ ਕਹੂਣੀਆਂ ਅਸੀਂ ਲਿਖੀ ਜਾਵਾਂਗੇ। ਸਾਨੂੰ ਤੇਰੀ ਸਰਪੰਚੀ ‘ਚ ਫਾਇਦੈ।’ ਹੋਰ ਦੱਸਾਂ । ਬਥੇਰਾ ਕੁਛ ਐ, ਪਰ ਜਾਣ ਦਿਉ ਰਵੀ ਜੀ। ਸ਼ਿਅਰ ਸੁਣੋ:
ਬਹੁਤ ਗੱਲਾਂ, ਜੋ ਹਾਲੇ ਤੀਕ ਤੈਨੂੰ ਵੀ ਨਹੀਂ ਦੱਸੀਆਂ ਮੁਹੱਬਤ ਵਿਚ ਅਸੀਂ ਕੁਝ ਭੇਦ ਦਿਲ ਤੋਂ ਵੀ ਲਕੋਏ ਨੇ
Credit – ਸੁਖਜੀਤ